ਤਿਮੋਥਿਉਸ ਨੂੰ ਦੂਜੀ ਚਿੱਠੀ
1 ਮੈਂ ਪੌਲੁਸ, ਪਰਮੇਸ਼ੁਰ ਦੀ ਇੱਛਾ ਅਤੇ ਮਸੀਹ ਯਿਸੂ ਰਾਹੀਂ ਮਿਲਣ ਵਾਲੀ ਜ਼ਿੰਦਗੀ ਦੇ ਵਾਅਦੇ ਅਨੁਸਾਰ+ ਮਸੀਹ ਯਿਸੂ ਦਾ ਰਸੂਲ ਹਾਂ 2 ਅਤੇ ਮੈਂ ਆਪਣੇ ਪਿਆਰੇ ਬੇਟੇ ਤਿਮੋਥਿਉਸ+ ਨੂੰ ਇਹ ਚਿੱਠੀ ਲਿਖ ਰਿਹਾ ਹਾਂ:
ਪਿਤਾ ਪਰਮੇਸ਼ੁਰ ਅਤੇ ਸਾਡਾ ਪ੍ਰਭੂ ਯਿਸੂ ਮਸੀਹ ਤੈਨੂੰ ਅਪਾਰ ਕਿਰਪਾ, ਦਇਆ ਤੇ ਸ਼ਾਂਤੀ ਬਖ਼ਸ਼ਣ।
3 ਮੈਂ ਆਪਣੇ ਪਿਉ-ਦਾਦਿਆਂ ਵਾਂਗ ਅਤੇ ਸਾਫ਼ ਜ਼ਮੀਰ ਨਾਲ ਪਰਮੇਸ਼ੁਰ ਦੀ ਭਗਤੀ ਕਰਦਾ ਹਾਂ ਅਤੇ ਉਸ ਦਾ ਸ਼ੁਕਰਗੁਜ਼ਾਰ ਹਾਂ ਕਿ ਮੈਂ ਦਿਨ-ਰਾਤ ਫ਼ਰਿਆਦਾਂ ਕਰਦੇ ਹੋਏ ਕਦੀ ਵੀ ਤੇਰਾ ਜ਼ਿਕਰ ਕਰਨਾ ਨਹੀਂ ਭੁੱਲਦਾ। 4 ਮੈਂ ਤੇਰੇ ਹੰਝੂਆਂ ਨੂੰ ਯਾਦ ਕਰ-ਕਰ ਕੇ ਤੈਨੂੰ ਮਿਲਣ ਲਈ ਤਰਸ ਰਿਹਾ ਹਾਂ ਤਾਂਕਿ ਤੈਨੂੰ ਮਿਲ ਕੇ ਮੇਰਾ ਦਿਲ ਖ਼ੁਸ਼ੀ ਨਾਲ ਭਰ ਜਾਵੇ। 5 ਮੈਂ ਤੇਰੀ ਸੱਚੀ* ਨਿਹਚਾ ਨੂੰ ਯਾਦ ਕਰਦਾ ਹਾਂ+ ਜੋ ਪਹਿਲਾਂ ਮੈਂ ਤੇਰੀ ਨਾਨੀ ਲੋਇਸ ਅਤੇ ਤੇਰੀ ਮਾਤਾ ਯੂਨੀਕਾ ਵਿਚ ਦੇਖੀ ਸੀ, ਪਰ ਮੈਨੂੰ ਪੂਰਾ ਯਕੀਨ ਹੈ ਕਿ ਇਹ ਨਿਹਚਾ ਤੇਰੇ ਵਿਚ ਵੀ ਹੈ।
6 ਇਸੇ ਕਰਕੇ ਮੈਂ ਤੈਨੂੰ ਯਾਦ ਕਰਾਉਂਦਾ ਹਾਂ ਕਿ ਤੂੰ ਪਰਮੇਸ਼ੁਰ ਦੀ ਉਸ ਦਾਤ ਨੂੰ ਪੂਰੇ ਜੋਸ਼ ਨਾਲ ਇਸਤੇਮਾਲ ਕਰਦਾ ਰਹਿ* ਜੋ ਤੈਨੂੰ ਉਦੋਂ ਮਿਲੀ ਸੀ ਜਦੋਂ ਮੈਂ ਤੇਰੇ ਉੱਤੇ ਆਪਣੇ ਹੱਥ ਰੱਖੇ ਸਨ।+ 7 ਪਰਮੇਸ਼ੁਰ ਤੋਂ ਮਿਲੀ ਪਵਿੱਤਰ ਸ਼ਕਤੀ ਸਾਨੂੰ ਡਰਪੋਕ ਨਹੀਂ ਬਣਾਉਂਦੀ,+ ਸਗੋਂ ਸਾਡੇ ਅੰਦਰ ਤਾਕਤ,+ ਪਿਆਰ ਤੇ ਸਮਝ ਪੈਦਾ ਕਰਦੀ ਹੈ। 8 ਇਸ ਲਈ ਸਾਡੇ ਪ੍ਰਭੂ ਬਾਰੇ ਗਵਾਹੀ ਦੇਣ ਵਿਚ ਸ਼ਰਮਿੰਦਗੀ ਮਹਿਸੂਸ ਨਾ ਕਰ+ ਤੇ ਨਾ ਹੀ ਪ੍ਰਭੂ ਦੀ ਖ਼ਾਤਰ ਮੇਰੇ ਕੈਦ ਵਿਚ ਹੋਣ ਕਰਕੇ ਸ਼ਰਮਿੰਦਗੀ ਮਹਿਸੂਸ ਕਰ। ਪਰ ਤੂੰ ਪਰਮੇਸ਼ੁਰ ਦੀ ਤਾਕਤ ਉੱਤੇ ਭਰੋਸਾ ਰੱਖ ਕੇ ਖ਼ੁਸ਼ ਖ਼ਬਰੀ ਦੀ ਖ਼ਾਤਰ+ ਦੁੱਖ ਝੱਲਣ ਲਈ ਤਿਆਰ ਰਹਿ।+ 9 ਉਸ ਨੇ ਸਾਨੂੰ ਬਚਾਇਆ ਅਤੇ ਆਪਣੇ ਪਵਿੱਤਰ ਸੇਵਕ ਬਣਨ ਲਈ ਸੱਦਿਆ।+ ਇਹ ਸੱਦਾ ਸਾਨੂੰ ਆਪਣੇ ਕੰਮਾਂ ਕਰਕੇ ਨਹੀਂ, ਸਗੋਂ ਉਸ ਦੇ ਮਕਸਦ ਅਤੇ ਅਪਾਰ ਕਿਰਪਾ ਕਰਕੇ ਮਿਲਿਆ ਹੈ+ ਜੋ ਉਸ ਨੇ ਸਾਡੇ ਉੱਤੇ ਮਸੀਹ ਯਿਸੂ ਰਾਹੀਂ ਬਹੁਤ ਹੀ ਲੰਬਾ ਸਮਾਂ ਪਹਿਲਾਂ ਕੀਤੀ ਸੀ, 10 ਪਰ ਹੁਣ ਸਾਡੇ ਮੁਕਤੀਦਾਤਾ ਯਿਸੂ ਮਸੀਹ ਦੇ ਪ੍ਰਗਟ ਹੋਣ ਨਾਲ ਇਹ ਗੱਲ ਸਾਫ਼ ਜ਼ਾਹਰ ਹੋ ਗਈ ਹੈ ਕਿ ਸਾਡੇ ਉੱਤੇ ਅਪਾਰ ਕਿਰਪਾ ਕੀਤੀ ਗਈ ਹੈ।+ ਉਸ ਨੇ ਮੌਤ ਨੂੰ ਖ਼ਤਮ ਕਰ ਦਿੱਤਾ ਹੈ+ ਅਤੇ ਖ਼ੁਸ਼ ਖ਼ਬਰੀ ਰਾਹੀਂ+ ਸਾਨੂੰ ਸਾਫ਼-ਸਾਫ਼ ਦੱਸਿਆ ਹੈ ਕਿ ਅਸੀਂ ਅਵਿਨਾਸ਼ੀ ਜ਼ਿੰਦਗੀ+ ਕਿਵੇਂ ਪਾ ਸਕਦੇ ਹਾਂ।+ 11 ਇਸੇ ਖ਼ੁਸ਼ ਖ਼ਬਰੀ ਦਾ ਐਲਾਨ ਕਰਨ ਲਈ ਮੈਨੂੰ ਪ੍ਰਚਾਰਕ, ਰਸੂਲ ਤੇ ਸਿੱਖਿਅਕ ਬਣਾਇਆ ਗਿਆ ਹੈ।+
12 ਮੈਂ ਇਸੇ ਕਰਕੇ ਦੁੱਖ ਝੱਲ ਰਿਹਾ ਹਾਂ,+ ਪਰ ਮੈਂ ਸ਼ਰਮਿੰਦਾ ਨਹੀਂ ਹਾਂ।+ ਮੈਂ ਪਰਮੇਸ਼ੁਰ ਨੂੰ ਜਾਣਦਾ ਹਾਂ ਅਤੇ ਮੈਨੂੰ ਉਸ ਉੱਤੇ ਭਰੋਸਾ ਹੈ। ਮੈਨੂੰ ਪੂਰਾ ਯਕੀਨ ਹੈ ਕਿ ਮੈਂ ਜੋ ਅਮਾਨਤ ਉਸ ਨੂੰ ਸੌਂਪੀ ਹੈ, ਉਹ ਨਿਆਂ ਦੇ ਦਿਨ ਤਕ ਉਸ ਅਮਾਨਤ ਦੀ ਰਾਖੀ ਕਰਨ ਦੇ ਕਾਬਲ ਹੈ।+ 13 ਤੂੰ ਮੇਰੇ ਤੋਂ ਜੋ ਸਹੀ* ਸਿੱਖਿਆਵਾਂ+ ਸੁਣੀਆਂ ਹਨ, ਉਨ੍ਹਾਂ ਦੇ ਨਮੂਨੇ* ਮੁਤਾਬਕ ਨਿਹਚਾ ਅਤੇ ਪਿਆਰ ਨਾਲ ਚੱਲਦਾ ਰਹਿ। ਤੇਰੇ ਵਿਚ ਇਹ ਨਿਹਚਾ ਅਤੇ ਪਿਆਰ ਯਿਸੂ ਮਸੀਹ ਨਾਲ ਏਕਤਾ ਵਿਚ ਬੱਝਾ ਹੋਣ ਕਰਕੇ ਹੈ। 14 ਇਸ ਬਹੁਮੁੱਲੀ ਅਮਾਨਤ ਦੀ ਪਵਿੱਤਰ ਸ਼ਕਤੀ ਦੀ ਮਦਦ ਨਾਲ ਰਾਖੀ ਕਰ ਜੋ ਸਾਡੇ ਵਿਚ ਵੱਸਦੀ ਹੈ।+
15 ਤੂੰ ਇਹ ਜਾਣਦਾ ਹੈਂ ਕਿ ਏਸ਼ੀਆ ਜ਼ਿਲ੍ਹੇ+ ਵਿਚ ਫੁਗਿਲੁਸ, ਹਰਮੁਗਨੇਸ ਅਤੇ ਹੋਰ ਸਾਰੇ ਆਦਮੀ ਮੇਰਾ ਸਾਥ ਛੱਡ ਗਏ ਹਨ। 16 ਪਰਮੇਸ਼ੁਰ ਦੀ ਦਇਆ ਉਨੇਸਿਫੁਰੁਸ ਦੇ ਪਰਿਵਾਰ+ ਉੱਤੇ ਹੁੰਦੀ ਰਹੇ ਕਿਉਂਕਿ ਉਹ ਅਕਸਰ ਮੈਨੂੰ ਹੌਸਲਾ ਦਿੰਦਾ ਰਿਹਾ ਅਤੇ ਉਹ ਇਸ ਗੱਲੋਂ ਸ਼ਰਮਿੰਦਾ ਨਹੀਂ ਹੈ ਕਿ ਮੈਂ ਜੇਲ੍ਹ ਵਿਚ ਬੇੜੀਆਂ ਨਾਲ ਜਕੜਿਆ ਹੋਇਆ ਹਾਂ। 17 ਇਸ ਦੀ ਬਜਾਇ, ਉਸ ਨੇ ਰੋਮ ਵਿਚ ਹੁੰਦਿਆਂ ਬਹੁਤ ਜਤਨ ਕਰ ਕੇ ਮੈਨੂੰ ਲੱਭਿਆ। 18 ਯਹੋਵਾਹ* ਪਰਮੇਸ਼ੁਰ ਨਿਆਂ ਦੇ ਦਿਨ ਉਸ ਉੱਤੇ ਦਇਆ ਕਰੇ। ਤੂੰ ਚੰਗੀ ਤਰ੍ਹਾਂ ਜਾਣਦਾ ਹੈਂ ਕਿ ਅਫ਼ਸੁਸ ਵਿਚ ਉਸ ਨੇ ਮੇਰੀ ਕਿੰਨੀ ਸੇਵਾ ਕੀਤੀ ਸੀ।
2 ਇਸ ਲਈ ਮੇਰੇ ਬੇਟੇ,+ ਤੂੰ ਉਸ ਅਪਾਰ ਕਿਰਪਾ ਰਾਹੀਂ ਤਕੜਾ ਹੁੰਦਾ ਰਹਿ ਜੋ ਮਸੀਹ ਯਿਸੂ ਨਾਲ ਏਕਤਾ ਵਿਚ ਬੱਝੇ ਹੋਣ ਕਰਕੇ ਮਿਲਦੀ ਹੈ। 2 ਨਾਲੇ ਜੋ ਗੱਲਾਂ ਤੂੰ ਮੇਰੇ ਤੋਂ ਸੁਣੀਆਂ ਸਨ ਅਤੇ ਜਿਨ੍ਹਾਂ ਦੀ ਬਹੁਤ ਸਾਰੇ ਗਵਾਹਾਂ ਨੇ ਹਾਮੀ ਭਰੀ ਸੀ,+ ਉਹ ਗੱਲਾਂ ਤੂੰ ਵਫ਼ਾਦਾਰ ਭਰਾਵਾਂ ਨੂੰ ਸੌਂਪ ਤਾਂਕਿ ਉਹ ਵੀ ਅੱਗੋਂ ਦੂਸਰਿਆਂ ਨੂੰ ਸਿਖਾਉਣ ਦੇ ਕਾਬਲ ਬਣਨ। 3 ਤੂੰ ਮਸੀਹ ਯਿਸੂ ਦਾ ਵਧੀਆ ਫ਼ੌਜੀ+ ਹੋਣ ਦੇ ਨਾਤੇ ਮੁਸੀਬਤਾਂ ਝੱਲਣ ਲਈ ਤਿਆਰ ਰਹਿ।+ 4 ਕੋਈ ਵੀ ਫ਼ੌਜੀ ਜ਼ਿੰਦਗੀ ਦੇ ਕਿਸੇ ਹੋਰ ਕੰਮ-ਧੰਦੇ* ਵਿਚ ਨਹੀਂ ਪੈਂਦਾ* ਤਾਂਕਿ ਉਹ ਉਸ ਆਦਮੀ ਦੀ ਮਨਜ਼ੂਰੀ ਪਾ ਸਕੇ ਜਿਸ ਨੇ ਉਸ ਨੂੰ ਫ਼ੌਜੀ ਭਰਤੀ ਕੀਤਾ ਸੀ। 5 ਇਸ ਤੋਂ ਇਲਾਵਾ, ਜੇ ਖੇਡਾਂ ਵਿਚ ਹਿੱਸਾ ਲੈਣ ਵਾਲਾ ਖਿਡਾਰੀ ਨਿਯਮਾਂ ਮੁਤਾਬਕ ਨਹੀਂ ਖੇਡਦਾ, ਤਾਂ ਉਸ ਨੂੰ ਇਨਾਮ* ਨਹੀਂ ਮਿਲਦਾ।+ 6 ਮਿਹਨਤ ਕਰਨ ਵਾਲੇ ਕਿਸਾਨ ਨੂੰ ਹੀ ਸਭ ਤੋਂ ਪਹਿਲਾਂ ਆਪਣੀ ਫ਼ਸਲ ਦਾ ਹਿੱਸਾ ਮਿਲਣਾ ਚਾਹੀਦਾ ਹੈ। 7 ਮੈਂ ਜੋ ਵੀ ਕਹਿ ਰਿਹਾ ਹਾਂ, ਉਸ ਬਾਰੇ ਸੋਚ-ਵਿਚਾਰ ਕਰਦਾ ਰਹਿ ਅਤੇ ਪਰਮੇਸ਼ੁਰ ਤੈਨੂੰ ਸਾਰੀਆਂ ਗੱਲਾਂ ਦੀ ਸਮਝ ਬਖ਼ਸ਼ੇਗਾ।
8 ਯਾਦ ਰੱਖ ਕਿ ਯਿਸੂ ਮਸੀਹ ਨੂੰ ਮਰੇ ਹੋਇਆਂ ਵਿੱਚੋਂ ਜੀਉਂਦਾ ਕੀਤਾ ਗਿਆ ਸੀ+ ਅਤੇ ਉਹ ਦਾਊਦ ਦੀ ਸੰਤਾਨ*+ ਵਿੱਚੋਂ ਸੀ; ਮੈਂ ਇਸੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦਾ ਹਾਂ+ 9 ਅਤੇ ਇਸੇ ਲਈ ਮੈਂ ਦੁੱਖ ਝੱਲ ਰਿਹਾ ਹਾਂ ਅਤੇ ਅਪਰਾਧੀ ਦੇ ਤੌਰ ਤੇ ਕੈਦ ਵਿਚ ਹਾਂ।+ ਪਰ ਪਰਮੇਸ਼ੁਰ ਦੇ ਬਚਨ ਨੂੰ ਕੈਦ ਨਹੀਂ ਕੀਤਾ ਜਾ ਸਕਦਾ।+ 10 ਇਸ ਕਰਕੇ ਮੈਂ ਚੁਣੇ ਹੋਇਆਂ ਦੀ ਖ਼ਾਤਰ ਸਭ ਕੁਝ ਸਹਿ ਰਿਹਾ ਹਾਂ+ ਤਾਂਕਿ ਉਹ ਵੀ ਮਸੀਹ ਯਿਸੂ ਰਾਹੀਂ ਮੁਕਤੀ ਅਤੇ ਹਮੇਸ਼ਾ ਕਾਇਮ ਰਹਿਣ ਵਾਲੀ ਮਹਿਮਾ ਪਾ ਸਕਣ। 11 ਇਸ ਗੱਲ ʼਤੇ ਭਰੋਸਾ ਕੀਤਾ ਜਾ ਸਕਦਾ ਹੈ: ਜੇ ਅਸੀਂ ਉਸ ਨਾਲ ਮਰ ਚੁੱਕੇ ਹਾਂ, ਤਾਂ ਅਸੀਂ ਉਸ ਨਾਲ ਜੀਵਾਂਗੇ ਵੀ;+ 12 ਜੇ ਅਸੀਂ ਦੁੱਖ ਸਹਿੰਦੇ ਰਹਾਂਗੇ, ਤਾਂ ਉਸ ਦੇ ਨਾਲ ਰਾਜਿਆਂ ਵਜੋਂ ਰਾਜ ਵੀ ਕਰਾਂਗੇ;+ ਜੇ ਅਸੀਂ ਉਸ ਨੂੰ ਜਾਣਨ ਤੋਂ ਇਨਕਾਰ ਕਰਦੇ ਹਾਂ, ਤਾਂ ਉਹ ਵੀ ਸਾਨੂੰ ਜਾਣਨ ਤੋਂ ਇਨਕਾਰ ਕਰੇਗਾ;+ 13 ਭਾਵੇਂ ਅਸੀਂ ਬੇਵਫ਼ਾ ਹੋ ਜਾਈਏ, ਪਰ ਉਹ ਹਮੇਸ਼ਾ ਵਫ਼ਾਦਾਰ ਰਹਿੰਦਾ ਕਿਉਂਕਿ ਉਹ ਆਪਣੇ ਸੁਭਾਅ ਤੋਂ ਉਲਟ ਕੁਝ ਵੀ ਨਹੀਂ ਕਰ ਸਕਦਾ।
14 ਉਨ੍ਹਾਂ ਨੂੰ ਇਹ ਗੱਲਾਂ ਚੇਤੇ ਕਰਾਉਂਦਾ ਰਹਿ ਅਤੇ ਪਰਮੇਸ਼ੁਰ ਦੇ ਸਾਮ੍ਹਣੇ ਹਿਦਾਇਤ ਦੇ* ਕਿ ਉਹ ਸ਼ਬਦਾਂ ਬਾਰੇ ਬਹਿਸਬਾਜ਼ੀ ਨਾ ਕਰਨ। ਬਹਿਸਬਾਜ਼ੀ ਦਾ ਕੋਈ ਫ਼ਾਇਦਾ ਨਹੀਂ ਹੁੰਦਾ, ਸਗੋਂ ਇਹ ਸੁਣਨ ਵਾਲਿਆਂ ਦੀ ਨਿਹਚਾ ਬਰਬਾਦ ਕਰ ਦਿੰਦੀ ਹੈ। 15 ਤੂੰ ਆਪਣੀ ਪੂਰੀ ਵਾਹ ਲਾ ਕੇ ਆਪਣੇ ਆਪ ਨੂੰ ਅਜਿਹਾ ਸੇਵਕ ਸਾਬਤ ਕਰ ਜਿਸ ਨੂੰ ਪਰਮੇਸ਼ੁਰ ਦੀ ਮਨਜ਼ੂਰੀ ਹਾਸਲ ਹੋਈ ਹੈ ਅਤੇ ਜਿਸ ਨੂੰ ਆਪਣੇ ਕੰਮ ਤੋਂ ਕੋਈ ਸ਼ਰਮਿੰਦਗੀ ਨਹੀਂ ਹੈ ਅਤੇ ਜਿਹੜਾ ਸੱਚਾਈ ਦੇ ਬਚਨ ਨੂੰ ਸਹੀ ਢੰਗ ਨਾਲ ਸਿਖਾਉਂਦਾ ਅਤੇ ਸਮਝਾਉਂਦਾ ਹੈ।+ 16 ਪਰ ਖੋਖਲੀਆਂ ਗੱਲਾਂ ਨੂੰ ਨਕਾਰ ਜੋ ਪਵਿੱਤਰ ਗੱਲਾਂ ਦੇ ਉਲਟ ਹਨ+ ਕਿਉਂਕਿ ਅਜਿਹੀਆਂ ਗੱਲਾਂ ਪਿੱਛੇ ਲੱਗ ਕੇ ਲੋਕ ਬੁਰੇ ਤੋਂ ਬੁਰੇ ਹੁੰਦੇ ਜਾਣਗੇ। 17 ਉਨ੍ਹਾਂ ਦੀਆਂ ਖੋਖਲੀਆਂ ਗੱਲਾਂ ਪੱਕੇ ਫੋੜੇ ਵਾਂਗ ਫੈਲਣਗੀਆਂ। ਹਮਿਨਾਉਸ ਤੇ ਫ਼ਿਲੇਤੁਸ ਇਹੋ ਜਿਹੇ ਲੋਕ ਹਨ।+ 18 ਇਹ ਆਦਮੀ ਸੱਚਾਈ ਦੇ ਰਾਹ ਤੋਂ ਭਟਕ ਗਏ ਹਨ ਅਤੇ ਕਹਿੰਦੇ ਹਨ ਕਿ ਮਰੇ ਹੋਇਆਂ ਨੂੰ ਜੀਉਂਦਾ ਕੀਤਾ ਜਾ ਚੁੱਕਾ ਹੈ+ ਅਤੇ ਉਹ ਕੁਝ ਲੋਕਾਂ ਦੀ ਨਿਹਚਾ ਨੂੰ ਬਰਬਾਦ ਕਰ ਰਹੇ ਹਨ। 19 ਇਸ ਦੇ ਬਾਵਜੂਦ, ਪਰਮੇਸ਼ੁਰ ਦੁਆਰਾ ਧਰੀ ਪੱਕੀ ਨੀਂਹ ਹਮੇਸ਼ਾ ਮਜ਼ਬੂਤ ਰਹਿੰਦੀ ਹੈ ਅਤੇ ਇਸ ਉੱਤੇ ਇਹ ਮੁਹਰ ਲੱਗੀ ਹੋਈ ਹੈ: “ਯਹੋਵਾਹ* ਉਨ੍ਹਾਂ ਨੂੰ ਜਾਣਦਾ ਹੈ ਜੋ ਉਸ ਦੇ ਆਪਣੇ ਹਨ”+ ਅਤੇ “ਯਹੋਵਾਹ* ਦਾ ਨਾਂ ਲੈਣ ਵਾਲਾ ਹਰ ਇਨਸਾਨ+ ਬੁਰਾਈ ਨੂੰ ਤਿਆਗ ਦੇਵੇ।”
20 ਇਕ ਵੱਡੇ ਘਰ ਵਿਚ ਸਿਰਫ਼ ਸੋਨੇ-ਚਾਂਦੀ ਦੇ ਭਾਂਡੇ ਹੀ ਨਹੀਂ ਹੁੰਦੇ, ਸਗੋਂ ਲੱਕੜ ਤੇ ਮਿੱਟੀ ਦੇ ਭਾਂਡੇ ਵੀ ਹੁੰਦੇ ਹਨ। ਇਨ੍ਹਾਂ ਵਿੱਚੋਂ ਕੁਝ ਆਦਰ ਦੇ ਕੰਮਾਂ ਲਈ ਅਤੇ ਕੁਝ ਨਿਰਾਦਰ ਦੇ ਕੰਮਾਂ ਲਈ ਵਰਤੇ ਜਾਂਦੇ ਹਨ। 21 ਇਸ ਲਈ ਜਿਹੜਾ ਇਨਸਾਨ ਨਿਰਾਦਰ ਦੇ ਕੰਮਾਂ ਲਈ ਵਰਤੇ ਜਾਣ ਵਾਲੇ ਭਾਂਡਿਆਂ ਤੋਂ ਦੂਰ ਰਹਿੰਦਾ ਹੈ, ਉਹ ਆਦਰ ਦੇ ਕੰਮ ਲਈ ਵਰਤਿਆ ਜਾਣ ਵਾਲਾ ਭਾਂਡਾ ਬਣੇਗਾ ਜੋ ਪਵਿੱਤਰ ਅਤੇ ਆਪਣੇ ਮਾਲਕ ਲਈ ਫ਼ਾਇਦੇਮੰਦ ਅਤੇ ਹਰ ਚੰਗੇ ਕੰਮ ਲਈ ਤਿਆਰ ਕੀਤਾ ਗਿਆ ਹੈ। 22 ਇਸ ਕਰਕੇ ਜਵਾਨੀ ਦੀਆਂ ਇੱਛਾਵਾਂ ਤੋਂ ਦੂਰ ਭੱਜ, ਪਰ ਸਾਫ਼ ਦਿਲ ਨਾਲ ਪਰਮੇਸ਼ੁਰ ਦਾ ਨਾਂ ਲੈਣ ਵਾਲੇ ਲੋਕਾਂ ਵਾਂਗ ਸਹੀ ਕੰਮ ਕਰ ਅਤੇ ਨਿਹਚਾ, ਪਿਆਰ ਅਤੇ ਸ਼ਾਂਤੀ ਦੇ ਰਾਹ ਉੱਤੇ ਚੱਲਦਾ ਰਹਿ।
23 ਇਸ ਤੋਂ ਇਲਾਵਾ, ਮੂਰਖਤਾ ਭਰੀ ਅਤੇ ਫ਼ਜ਼ੂਲ ਬਹਿਸਬਾਜ਼ੀ ਵਿਚ ਨਾ ਪੈ+ ਕਿਉਂਕਿ ਤੂੰ ਜਾਣਦਾ ਹੈਂ ਕਿ ਇਸ ਕਰਕੇ ਲੜਾਈ-ਝਗੜੇ ਹੁੰਦੇ ਹਨ। 24 ਪਰਮੇਸ਼ੁਰ ਦੇ ਸੇਵਕ ਨੂੰ ਲੜਨ ਦੀ ਲੋੜ ਨਹੀਂ, ਸਗੋਂ ਉਸ ਨੂੰ ਸਾਰਿਆਂ ਨਾਲ ਨਰਮਾਈ* ਨਾਲ ਪੇਸ਼ ਆਉਣਾ ਚਾਹੀਦਾ ਹੈ+ ਅਤੇ ਉਹ ਸਿਖਾਉਣ ਦੇ ਕਾਬਲ ਹੋਵੇ ਅਤੇ ਬੁਰਾ ਸਲੂਕ ਹੋਣ ਵੇਲੇ ਆਪਣੇ ਉੱਤੇ ਕਾਬੂ ਰੱਖੇ।+ 25 ਉਹ ਉਨ੍ਹਾਂ ਲੋਕਾਂ ਨੂੰ ਨਰਮਾਈ ਨਾਲ ਸਿਖਾਵੇ ਜਿਹੜੇ ਉਸ ਦੀਆਂ ਗੱਲਾਂ ਨਾਲ ਸਹਿਮਤ ਨਹੀਂ ਹੁੰਦੇ।+ ਹੋ ਸਕਦਾ ਹੈ ਕਿ ਪਰਮੇਸ਼ੁਰ ਉਨ੍ਹਾਂ ਨੂੰ ਤੋਬਾ ਕਰਨ* ਦਾ ਮੌਕਾ ਦੇਵੇ ਤਾਂਕਿ ਉਹ ਸੱਚਾਈ ਦਾ ਸਹੀ ਗਿਆਨ ਪ੍ਰਾਪਤ ਕਰ ਲੈਣ+ 26 ਅਤੇ ਉਨ੍ਹਾਂ ਨੂੰ ਅਹਿਸਾਸ ਹੋ ਜਾਵੇ ਕਿ ਸ਼ੈਤਾਨ ਨੇ ਆਪਣੀ ਮਰਜ਼ੀ ਪੂਰੀ ਕਰਾਉਣ ਲਈ ਉਨ੍ਹਾਂ ਨੂੰ ਆਪਣੇ ਫੰਦੇ ਵਿਚ ਜੀਉਂਦੇ-ਜੀ ਫਸਾ ਲਿਆ ਹੈ। ਫਿਰ ਸ਼ਾਇਦ ਉਹ ਹੋਸ਼ ਵਿਚ ਆ ਕੇ ਉਸ ਦੇ ਫੰਦੇ ਤੋਂ ਬਚ ਜਾਣ।+
3 ਪਰ ਇਹ ਜਾਣ ਲੈ ਕਿ ਆਖ਼ਰੀ ਦਿਨ+ ਮੁਸੀਬਤਾਂ ਨਾਲ ਭਰੇ ਹੋਣਗੇ ਜਿਨ੍ਹਾਂ ਦਾ ਸਾਮ੍ਹਣਾ ਕਰਨਾ ਬਹੁਤ ਮੁਸ਼ਕਲ ਹੋਵੇਗਾ। 2 ਕਿਉਂਕਿ ਲੋਕ ਆਪਣੇ ਆਪ ਨੂੰ ਪਿਆਰ ਕਰਨ ਵਾਲੇ,* ਪੈਸੇ ਦੇ ਪ੍ਰੇਮੀ, ਸ਼ੇਖ਼ੀਬਾਜ਼, ਹੰਕਾਰੀ, ਨਿੰਦਿਆ ਕਰਨ ਵਾਲੇ, ਮਾਤਾ-ਪਿਤਾ ਦੇ ਅਣਆਗਿਆਕਾਰ, ਨਾਸ਼ੁਕਰੇ, ਵਿਸ਼ਵਾਸਘਾਤੀ, 3 ਨਿਰਮੋਹੀ, ਕਿਸੇ ਵੀ ਗੱਲ ʼਤੇ ਰਾਜ਼ੀ ਨਾ ਹੋਣ ਵਾਲੇ, ਬਦਨਾਮ ਕਰਨ ਵਾਲੇ, ਅਸੰਜਮੀ, ਵਹਿਸ਼ੀ, ਭਲਾਈ ਨਾਲ ਨਫ਼ਰਤ ਕਰਨ ਵਾਲੇ, 4 ਧੋਖੇਬਾਜ਼, ਜ਼ਿੱਦੀ ਅਤੇ ਘਮੰਡ ਨਾਲ ਫੁੱਲੇ ਹੋਏ ਹੋਣਗੇ। ਉਹ ਪਰਮੇਸ਼ੁਰ ਨਾਲ ਪਿਆਰ ਕਰਨ ਦੀ ਬਜਾਇ ਮੌਜ-ਮਸਤੀ ਦੇ ਪ੍ਰੇਮੀ ਹੋਣਗੇ 5 ਅਤੇ ਉਹ ਭਗਤੀ ਦਾ ਦਿਖਾਵਾ ਤਾਂ ਕਰਨਗੇ, ਪਰ ਇਸ ਮੁਤਾਬਕ ਆਪਣੀ ਜ਼ਿੰਦਗੀ ਨਹੀਂ ਜੀਉਣਗੇ;+ ਇਨ੍ਹਾਂ ਲੋਕਾਂ ਤੋਂ ਦੂਰ ਰਹਿ। 6 ਇਨ੍ਹਾਂ ਵਿੱਚੋਂ ਹੀ ਕੁਝ ਆਦਮੀ ਚਲਾਕੀ ਨਾਲ ਹੋਰਨਾਂ ਦੇ ਘਰਾਂ ਵਿਚ ਵੜ ਕੇ ਪਾਪ ਨਾਲ ਲੱਦੀਆਂ ਡਾਂਵਾਡੋਲ ਤੀਵੀਆਂ ਨੂੰ ਆਪਣੇ ਵੱਸ ਵਿਚ ਕਰ ਲੈਂਦੇ ਹਨ ਜੋ ਵੱਖ-ਵੱਖ ਇੱਛਾਵਾਂ ਦੀਆਂ ਗ਼ੁਲਾਮ ਹਨ। 7 ਇਹ ਤੀਵੀਆਂ ਸਿੱਖਦੀਆਂ ਤਾਂ ਰਹਿੰਦੀਆਂ ਹਨ, ਪਰ ਸੱਚਾਈ ਨੂੰ ਕਦੀ ਵੀ ਪੂਰੀ ਤਰ੍ਹਾਂ ਨਹੀਂ ਸਮਝਦੀਆਂ।
8 ਜਿਵੇਂ ਯੰਨੇਸ ਤੇ ਯੰਬਰੇਸ ਨੇ ਮੂਸਾ ਦਾ ਵਿਰੋਧ ਕੀਤਾ ਸੀ, ਉਸੇ ਤਰ੍ਹਾਂ ਇਹ ਆਦਮੀ ਵੀ ਸੱਚਾਈ ਦਾ ਵਿਰੋਧ ਕਰਦੇ ਰਹਿੰਦੇ ਹਨ। ਇਨ੍ਹਾਂ ਆਦਮੀਆਂ ਦੇ ਮਨ ਪੂਰੀ ਤਰ੍ਹਾਂ ਭ੍ਰਿਸ਼ਟ ਹੋ ਚੁੱਕੇ ਹਨ ਅਤੇ ਮਸੀਹੀ ਸਿੱਖਿਆਵਾਂ ਤੋਂ ਉਲਟ ਚੱਲਣ ਕਰਕੇ ਪਰਮੇਸ਼ੁਰ ਨੇ ਇਨ੍ਹਾਂ ਨੂੰ ਨਾਮਨਜ਼ੂਰ ਕਰ ਦਿੱਤਾ ਹੈ। 9 ਪਰ ਇਹ ਆਦਮੀ ਕਦੇ ਵੀ ਆਪਣੇ ਇਰਾਦਿਆਂ ਵਿਚ ਕਾਮਯਾਬ ਨਹੀਂ ਹੋਣਗੇ ਕਿਉਂਕਿ ਯੰਨੇਸ ਤੇ ਯੰਬਰੇਸ ਵਾਂਗ ਇਨ੍ਹਾਂ ਦੀ ਮੂਰਖਤਾ ਸਾਰਿਆਂ ਸਾਮ੍ਹਣੇ ਪੂਰੀ ਤਰ੍ਹਾਂ ਜ਼ਾਹਰ ਹੋ ਜਾਵੇਗੀ।+ 10 ਪਰ ਤੂੰ ਮੇਰੀ ਸਿੱਖਿਆ, ਮੇਰੀ ਜ਼ਿੰਦਗੀ,+ ਮੇਰੇ ਮਕਸਦ, ਮੇਰੀ ਨਿਹਚਾ, ਮੇਰੇ ਧੀਰਜ, ਮੇਰੇ ਪਿਆਰ ਤੇ ਮੇਰੀ ਸਹਿਣ-ਸ਼ਕਤੀ ਨੂੰ ਧਿਆਨ ਨਾਲ ਦੇਖਿਆ ਹੈ। 11 ਨਾਲੇ ਤੂੰ ਜਾਣਦਾ ਹੈਂ ਕਿ ਮੈਂ ਅੰਤਾਕੀਆ,+ ਇਕੁਨਿਉਮ+ ਅਤੇ ਲੁਸਤ੍ਰਾ+ ਵਿਚ ਕਿੰਨੇ ਅਤਿਆਚਾਰ ਅਤੇ ਦੁੱਖ ਸਹੇ ਸਨ। ਮੈਂ ਇਹ ਸਾਰੇ ਅਤਿਆਚਾਰ ਸਹੇ ਅਤੇ ਪ੍ਰਭੂ ਨੇ ਮੈਨੂੰ ਇਨ੍ਹਾਂ ਸਾਰਿਆਂ ਵਿੱਚੋਂ ਬਚਾਇਆ।+ 12 ਅਸਲ ਵਿਚ, ਜਿਹੜੇ ਵੀ ਯਿਸੂ ਮਸੀਹ ਦੇ ਚੇਲੇ ਬਣ ਕੇ ਪਰਮੇਸ਼ੁਰ ਦੀ ਭਗਤੀ ਕਰਦਿਆਂ ਜ਼ਿੰਦਗੀ ਜੀਉਣੀ ਚਾਹੁੰਦੇ ਹਨ, ਉਹ ਸਾਰੇ ਸਤਾਏ ਜਾਣਗੇ।+ 13 ਪਰ ਦੁਸ਼ਟ ਅਤੇ ਫਰੇਬੀ ਇਨਸਾਨ ਬੁਰੇ ਤੋਂ ਬੁਰੇ ਹੁੰਦੇ ਜਾਣਗੇ ਅਤੇ ਉਹ ਦੂਸਰਿਆਂ ਨੂੰ ਗੁਮਰਾਹ ਕਰਨਗੇ ਅਤੇ ਆਪ ਵੀ ਗੁਮਰਾਹ ਹੋਣਗੇ।+
14 ਪਰ ਤੂੰ ਉਨ੍ਹਾਂ ਗੱਲਾਂ ਉੱਤੇ ਚੱਲਦਾ ਰਹਿ ਜਿਹੜੀਆਂ ਤੂੰ ਸਿੱਖੀਆਂ ਹਨ ਅਤੇ ਜਿਨ੍ਹਾਂ ਬਾਰੇ ਤੈਨੂੰ ਸਮਝਾ ਕੇ ਯਕੀਨ ਦਿਵਾਇਆ ਗਿਆ ਹੈ।+ ਤੂੰ ਜਾਣਦਾ ਹੈਂ ਕਿ ਤੂੰ ਉਹ ਗੱਲਾਂ ਕਿਨ੍ਹਾਂ ਤੋਂ ਸਿੱਖੀਆਂ ਸਨ 15 ਅਤੇ ਤੂੰ ਬਚਪਨ ਤੋਂ+ ਪਵਿੱਤਰ ਲਿਖਤਾਂ ਨੂੰ ਜਾਣਦਾ ਹੈਂ+ ਜੋ ਤੈਨੂੰ ਮੁਕਤੀ ਪਾਉਣ ਲਈ ਬੁੱਧੀਮਾਨ ਬਣਾ ਸਕਦੀਆਂ ਹਨ ਕਿਉਂਕਿ ਤੂੰ ਮਸੀਹ ਯਿਸੂ ਉੱਤੇ ਨਿਹਚਾ ਕੀਤੀ ਹੈ।+ 16 ਪੂਰਾ ਧਰਮ-ਗ੍ਰੰਥ ਪਰਮੇਸ਼ੁਰ ਦੀ ਸ਼ਕਤੀ ਦੀ ਪ੍ਰੇਰਣਾ ਨਾਲ ਲਿਖਿਆ ਗਿਆ ਹੈ+ ਅਤੇ ਇਹ ਸਿਖਾਉਣ,+ ਤਾੜਨ, ਸੁਧਾਰਨ* ਅਤੇ ਪਰਮੇਸ਼ੁਰ ਦੇ ਸਹੀ ਮਿਆਰਾਂ ਮੁਤਾਬਕ ਅਨੁਸ਼ਾਸਨ ਦੇਣ ਲਈ ਫ਼ਾਇਦੇਮੰਦ ਹੈ+ 17 ਤਾਂਕਿ ਪਰਮੇਸ਼ੁਰ ਦਾ ਸੇਵਕ ਹਰ ਚੰਗਾ ਕੰਮ ਕਰਨ ਲਈ ਪੂਰੀ ਤਰ੍ਹਾਂ ਕਾਬਲ ਅਤੇ ਹਰ ਪੱਖੋਂ ਤਿਆਰ ਹੋਵੇ।
4 ਜਦੋਂ ਮਸੀਹ ਯਿਸੂ ਪ੍ਰਗਟ ਹੋਵੇਗਾ+ ਅਤੇ ਆਪਣੇ ਰਾਜ ਵਿਚ ਹਕੂਮਤ ਕਰੇਗਾ,+ ਤਾਂ ਉਹ ਜੀਉਂਦਿਆਂ ਅਤੇ ਮਰਿਆਂ ਦਾ ਨਿਆਂ ਕਰੇਗਾ।+ ਮੈਂ ਉਸ ਦੀ ਅਤੇ ਪਰਮੇਸ਼ੁਰ ਦੀ ਹਜ਼ੂਰੀ ਵਿਚ ਤੈਨੂੰ ਗੰਭੀਰਤਾ ਨਾਲ ਹੁਕਮ ਦਿੰਦਾ ਹਾਂ 2 ਕਿ ਪਰਮੇਸ਼ੁਰ ਦੇ ਬਚਨ ਦਾ ਪ੍ਰਚਾਰ ਕਰ;+ ਤੂੰ ਚੰਗੇ ਅਤੇ ਬੁਰੇ ਹਾਲਾਤਾਂ ਵਿਚ ਜੋਸ਼ ਨਾਲ* ਇਹ ਕੰਮ ਕਰ। ਪੂਰੇ ਧੀਰਜ ਨਾਲ ਅਤੇ ਸਿਖਾਉਣ ਦੀ ਕਲਾ ਵਰਤ ਕੇ ਤਾੜਨਾ ਦੇ,+ ਸਖ਼ਤੀ ਨਾਲ ਸਮਝਾ+ ਅਤੇ ਹੱਲਾਸ਼ੇਰੀ ਦੇ 3 ਕਿਉਂਕਿ ਅਜਿਹਾ ਸਮਾਂ ਆਵੇਗਾ ਜਦੋਂ ਲੋਕ ਸਹੀ* ਸਿੱਖਿਆ ਨੂੰ ਬਰਦਾਸ਼ਤ ਨਹੀਂ ਕਰਨਗੇ,+ ਸਗੋਂ ਆਪਣੀਆਂ ਇੱਛਾਵਾਂ ਮੁਤਾਬਕ ਆਪਣੇ ਆਲੇ-ਦੁਆਲੇ ਅਜਿਹੇ ਸਿੱਖਿਅਕ ਇਕੱਠੇ ਕਰਨਗੇ ਜੋ ਉਨ੍ਹਾਂ ਦੇ ਮਨ ਨੂੰ ਭਾਉਣ ਵਾਲੀਆਂ ਗੱਲਾਂ ਸੁਣਾਉਣਗੇ।+ 4 ਉਹ ਸੱਚਾਈ ਦੀਆਂ ਗੱਲਾਂ ਸੁਣਨ ਤੋਂ ਇਨਕਾਰ ਕਰਨਗੇ, ਪਰ ਝੂਠੀਆਂ ਕਹਾਣੀਆਂ ਵੱਲ ਆਪਣੇ ਕੰਨ ਲਾਉਣਗੇ। 5 ਪਰ ਤੂੰ ਸਾਰੀਆਂ ਗੱਲਾਂ ਵਿਚ ਖ਼ਬਰਦਾਰ ਰਹਿ,* ਦੁੱਖ ਝੱਲ,+ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਅਤੇ ਸੇਵਾ ਦਾ ਆਪਣਾ ਕੰਮ ਚੰਗੀ ਤਰ੍ਹਾਂ ਕਰ।+
6 ਮੈਨੂੰ ਹੁਣ ਪੀਣ ਦੀ ਭੇਟ* ਵਾਂਗ ਡੋਲ੍ਹਿਆ ਜਾ ਰਿਹਾ ਹੈ+ ਅਤੇ ਮੇਰੇ ਛੁਟਕਾਰੇ ਦਾ ਸਮਾਂ+ ਨੇੜੇ ਆ ਗਿਆ ਹੈ। 7 ਮੈਂ ਚੰਗੀ ਲੜਾਈ ਲੜੀ ਹੈ,+ ਮੈਂ ਆਪਣੀ ਦੌੜ ਪੂਰੀ ਕਰ ਲਈ ਹੈ,+ ਮੈਂ ਮਸੀਹੀ ਸਿੱਖਿਆਵਾਂ ਉੱਤੇ ਪੂਰੀ ਤਰ੍ਹਾਂ ਚੱਲਿਆ ਹਾਂ। 8 ਹੁਣ ਮੇਰੇ ਲਈ ਧਾਰਮਿਕਤਾ ਦਾ ਮੁਕਟ ਰੱਖਿਆ ਹੋਇਆ ਹੈ।+ ਸਹੀ ਨਿਆਂ ਕਰਨ ਵਾਲਾ ਪ੍ਰਭੂ+ ਮੈਨੂੰ ਇਹ ਇਨਾਮ ਨਿਆਂ ਦੇ ਦਿਨ ਦੇਵੇਗਾ।+ ਪਰ ਸਿਰਫ਼ ਮੈਨੂੰ ਹੀ ਨਹੀਂ, ਸਗੋਂ ਉਨ੍ਹਾਂ ਸਾਰਿਆਂ ਨੂੰ ਵੀ ਦੇਵੇਗਾ ਜਿਹੜੇ ਉਸ ਦੇ ਪ੍ਰਗਟ ਹੋਣ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ।
9 ਮੇਰੇ ਕੋਲ ਜਲਦੀ ਤੋਂ ਜਲਦੀ ਆਉਣ ਦੀ ਕੋਸ਼ਿਸ਼ ਕਰ। 10 ਦੇਮਾਸ+ ਨੇ ਮੈਨੂੰ ਛੱਡ ਦਿੱਤਾ ਹੈ ਕਿਉਂਕਿ ਉਸ ਨੂੰ ਇਸ ਦੁਨੀਆਂ* ਨਾਲ ਪਿਆਰ ਸੀ ਅਤੇ ਉਹ ਥੱਸਲੁਨੀਕਾ ਨੂੰ ਚਲਾ ਗਿਆ ਹੈ। ਕਰੇਸਕੇਸ ਗਲਾਤੀਆ ਨੂੰ ਅਤੇ ਤੀਤੁਸ ਦਲਮਾਤੀਆ ਨੂੰ ਚਲਾ ਗਿਆ ਹੈ। 11 ਇਕੱਲਾ ਲੂਕਾ ਹੀ ਮੇਰੇ ਕੋਲ ਹੈ। ਮਰਕੁਸ ਨੂੰ ਆਪਣੇ ਨਾਲ ਲੈਂਦਾ ਆਈਂ ਕਿਉਂਕਿ ਸੇਵਾ ਦੇ ਕੰਮ ਵਿਚ ਮੈਨੂੰ ਉਸ ਤੋਂ ਬਹੁਤ ਮਦਦ ਮਿਲਦੀ ਹੈ। 12 ਪਰ ਮੈਂ ਤੁਖੀਕੁਸ+ ਨੂੰ ਅਫ਼ਸੁਸ ਘੱਲ ਦਿੱਤਾ ਹੈ। 13 ਆਉਂਦਾ ਹੋਇਆ ਆਪਣੇ ਨਾਲ ਮੇਰਾ ਚੋਗਾ ਵੀ ਲੈ ਆਈਂ ਜਿਹੜਾ ਮੈਂ ਤ੍ਰੋਆਸ ਵਿਚ ਕਾਰਪੁਸ ਕੋਲ ਛੱਡ ਦਿੱਤਾ ਸੀ, ਨਾਲੇ ਕਿਤਾਬਾਂ, ਖ਼ਾਸ ਕਰਕੇ ਚੰਮ-ਪੱਤਰ ਵੀ ਲੈ ਆਈਂ।
14 ਸਿਕੰਦਰ ਠਠਿਆਰ* ਨੇ ਮੈਨੂੰ ਬੜੇ ਦੁੱਖ ਦਿੱਤੇ ਹਨ। ਯਹੋਵਾਹ* ਉਸ ਨੂੰ ਉਸ ਦੀ ਕਰਨੀ ਦਾ ਫਲ ਦੇਵੇਗਾ।+ 15 ਤੂੰ ਵੀ ਉਸ ਤੋਂ ਖ਼ਬਰਦਾਰ ਰਹੀਂ ਕਿਉਂਕਿ ਉਸ ਨੇ ਸਾਡੇ ਸੰਦੇਸ਼ ਦਾ ਬਹੁਤ ਹੀ ਵਿਰੋਧ ਕੀਤਾ ਸੀ।
16 ਮੇਰੇ ਮੁਕੱਦਮੇ ਦੀ ਪਹਿਲੀ ਪੇਸ਼ੀ ਵੇਲੇ ਕੋਈ ਵੀ ਮੇਰੇ ਨਾਲ ਨਹੀਂ ਆਇਆ, ਸਗੋਂ ਉਹ ਸਾਰੇ ਮੇਰਾ ਸਾਥ ਛੱਡ ਗਏ। ਫਿਰ ਵੀ ਮੇਰੀ ਇਹੋ ਦੁਆ ਹੈ ਕਿ ਪਰਮੇਸ਼ੁਰ ਉਨ੍ਹਾਂ ਤੋਂ ਇਸ ਦਾ ਲੇਖਾ ਨਾ ਲਵੇ। 17 ਪਰ ਪ੍ਰਭੂ ਨੇ ਮੇਰਾ ਸਾਥ ਦਿੱਤਾ ਅਤੇ ਮੈਨੂੰ ਤਾਕਤ ਬਖ਼ਸ਼ੀ ਤਾਂਕਿ ਮੇਰੇ ਰਾਹੀਂ ਚੰਗੀ ਤਰ੍ਹਾਂ ਖ਼ੁਸ਼ ਖ਼ਬਰੀ ਦਾ ਪ੍ਰਚਾਰ ਹੋਵੇ ਅਤੇ ਸਾਰੀਆਂ ਕੌਮਾਂ ਦੇ ਲੋਕ ਖ਼ੁਸ਼ ਖ਼ਬਰੀ ਸੁਣਨ+ ਅਤੇ ਮੈਨੂੰ ਸ਼ੇਰ ਦੇ ਮੂੰਹੋਂ ਬਚਾਇਆ ਗਿਆ।+ 18 ਪ੍ਰਭੂ ਮੈਨੂੰ ਹਰ ਤਰ੍ਹਾਂ ਦੀ ਬੁਰਾਈ ਤੋਂ ਬਚਾ ਕੇ ਆਪਣੇ ਸਵਰਗੀ ਰਾਜ ਵਿਚ ਲੈ ਜਾਵੇਗਾ।+ ਉਸ ਦੀ ਮਹਿਮਾ ਹਮੇਸ਼ਾ-ਹਮੇਸ਼ਾ ਹੁੰਦੀ ਰਹੇ। ਆਮੀਨ।
19 ਪਰਿਸਕਾ* ਤੇ ਅਕੂਲਾ ਨੂੰ+ ਅਤੇ ਉਨੇਸਿਫੁਰੁਸ ਦੇ ਪਰਿਵਾਰ+ ਨੂੰ ਮੇਰੇ ਵੱਲੋਂ ਨਮਸਕਾਰ।
20 ਅਰਾਸਤੁਸ+ ਕੁਰਿੰਥੁਸ ਵਿਚ ਰਹਿ ਗਿਆ ਅਤੇ ਮੈਂ ਤ੍ਰੋਫ਼ਿਮੁਸ+ ਨੂੰ ਬੀਮਾਰ ਹੋਣ ਕਰਕੇ ਮਿਲੇਤੁਸ ਵਿਚ ਛੱਡ ਆਇਆ ਸੀ। 21 ਸਰਦੀਆਂ ਸ਼ੁਰੂ ਹੋਣ ਤੋਂ ਪਹਿਲਾਂ-ਪਹਿਲਾਂ ਮੇਰੇ ਕੋਲ ਆਉਣ ਦੀ ਪੂਰੀ ਕੋਸ਼ਿਸ਼ ਕਰੀਂ।
ਯਬੂਲੁਸ, ਪੂਦੇਸ, ਲੀਨੁਸ, ਕਲੋਦੀਆ ਤੇ ਬਾਕੀ ਸਾਰੇ ਭਰਾਵਾਂ ਵੱਲੋਂ ਤੈਨੂੰ ਨਮਸਕਾਰ।
22 ਤੇਰੇ ਸਹੀ ਰਵੱਈਏ ਕਰਕੇ ਪ੍ਰਭੂ ਤੇਰੇ ਨਾਲ ਰਹੇ। ਤੁਹਾਡੇ ਸਾਰਿਆਂ ਉੱਤੇ ਉਸ ਦੀ ਅਪਾਰ ਕਿਰਪਾ ਹੋਵੇ।
ਜਾਂ, “ਬਿਨਾਂ ਕਿਸੇ ਛਲ-ਕਪਟ ਦੇ।”
ਜਾਂ, “ਉਸ ਦਾਤ ਨੂੰ ਅੱਗ ਵਾਂਗ ਬਲ਼ਦੀ ਰੱਖ।”
ਜਾਂ, “ਗੁਣਕਾਰੀ; ਫ਼ਾਇਦੇਮੰਦ।”
ਜਾਂ, “ਰੂਪ-ਰੇਖਾ।”
ਵਧੇਰੇ ਜਾਣਕਾਰੀ 1.5 ਦੇਖੋ।
ਜਾਂ ਸੰਭਵ ਹੈ, “ਰੋਜ਼ ਦੇ ਕੰਮਾਂ-ਕਾਰਾਂ।”
ਯੂਨਾ, “ਫਸਦਾ।”
ਯੂਨਾ, “ਮੁਕਟ।”
ਯੂਨਾ, “ਬੀ।”
ਯੂਨਾ, “ਚੰਗੀ ਤਰ੍ਹਾਂ ਗਵਾਹੀ ਦੇ।”
ਵਧੇਰੇ ਜਾਣਕਾਰੀ 1.5 ਦੇਖੋ।
ਵਧੇਰੇ ਜਾਣਕਾਰੀ 1.5 ਦੇਖੋ।
ਜਾਂ, “ਸਮਝਦਾਰੀ।”
ਜਾਂ, “ਆਪਣਾ ਮਨ ਬਦਲਣ।”
ਜਾਂ, “ਸੁਆਰਥੀ।”
ਜਾਂ, “ਟੇਢੀਆਂ ਗੱਲਾਂ ਨੂੰ ਸਿੱਧਾ ਕਰਨ।”
ਜਾਂ, “ਬਿਨਾਂ ਦੇਰ ਕੀਤਿਆਂ; ਸਮੇਂ ਦੀ ਨਜ਼ਾਕਤ ਨੂੰ ਧਿਆਨ ਵਿਚ ਰੱਖਦਿਆਂ।”
ਜਾਂ, “ਗੁਣਕਾਰੀ; ਫ਼ਾਇਦੇਮੰਦ।”
ਜਾਂ, “ਹੋਸ਼ ਵਿਚ ਰਹਿ।”
ਇੱਥੇ ਪੌਲੁਸ ਨੇ ਆਪਣੀ ਤੁਲਨਾ “ਪੀਣ ਦੀ ਭੇਟ” ਨਾਲ ਕਰ ਕੇ ਆਪਣੀ ਇੱਛਾ ਜ਼ਾਹਰ ਕੀਤੀ ਸੀ ਕਿ ਉਹ ਆਪਣੇ ਮਸੀਹੀ ਭੈਣਾਂ-ਭਰਾਵਾਂ ਲਈ ਆਪਣਾ ਸਭ ਕੁਝ ਕੁਰਬਾਨ ਕਰਨ ਲਈ ਤਿਆਰ ਸੀ।
ਜਾਂ, “ਯੁਗ।” ਸ਼ਬਦਾਵਲੀ ਦੇਖੋ।
ਯਾਨੀ, ਤਾਂਬੇ ਦਾ ਕੰਮ ਕਰਨ ਵਾਲਾ।
ਵਧੇਰੇ ਜਾਣਕਾਰੀ 1.5 ਦੇਖੋ।
ਇਸ ਨੂੰ ਪ੍ਰਿਸਕਿੱਲਾ ਵੀ ਕਿਹਾ ਜਾਂਦਾ ਹੈ।