ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • nwt ਗਲਾਤੀਆਂ 1:1 - 6:18
  • ਗਲਾਤੀਆਂ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਗਲਾਤੀਆਂ
  • ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
ਗਲਾਤੀਆਂ

ਗਲਾਤੀਆਂ ਨੂੰ ਚਿੱਠੀ

1 ਮੈਂ ਪੌਲੁਸ ਇਕ ਰਸੂਲ ਹਾਂ ਅਤੇ ਮੈਨੂੰ ਕਿਸੇ ਇਨਸਾਨ ਵੱਲੋਂ ਜਾਂ ਕਿਸੇ ਇਨਸਾਨ ਰਾਹੀਂ ਰਸੂਲ ਨਿਯੁਕਤ ਨਹੀਂ ਕੀਤਾ ਗਿਆ, ਸਗੋਂ ਮੈਨੂੰ ਯਿਸੂ ਮਸੀਹ+ ਅਤੇ ਪਿਤਾ ਪਰਮੇਸ਼ੁਰ+ ਨੇ ਨਿਯੁਕਤ ਕੀਤਾ ਸੀ ਜਿਸ ਨੇ ਮਸੀਹ ਨੂੰ ਮਰਿਆਂ ਹੋਇਆਂ ਵਿੱਚੋਂ ਜੀਉਂਦਾ ਕੀਤਾ ਸੀ। 2 ਜਿਹੜੇ ਭਰਾ ਮੇਰੇ ਨਾਲ ਹਨ, ਮੈਂ ਉਨ੍ਹਾਂ ਸਾਰਿਆਂ ਨਾਲ ਮਿਲ ਕੇ ਗਲਾਤੀਆ* ਦੀਆਂ ਮੰਡਲੀਆਂ ਨੂੰ ਇਹ ਚਿੱਠੀ ਲਿਖ ਰਿਹਾ ਹਾਂ:

3 ਸਾਡਾ ਪਿਤਾ ਪਰਮੇਸ਼ੁਰ ਅਤੇ ਪ੍ਰਭੂ ਯਿਸੂ ਮਸੀਹ ਤੁਹਾਨੂੰ ਅਪਾਰ ਕਿਰਪਾ ਅਤੇ ਸ਼ਾਂਤੀ ਬਖ਼ਸ਼ਣ। 4 ਸਾਡੇ ਪਿਤਾ ਪਰਮੇਸ਼ੁਰ+ ਦੀ ਇੱਛਾ ਪੂਰੀ ਕਰਦੇ ਹੋਏ ਯਿਸੂ ਨੇ ਸਾਡੇ ਪਾਪਾਂ ਦੀ ਖ਼ਾਤਰ ਆਪਣੀ ਜਾਨ ਕੁਰਬਾਨ ਕੀਤੀ+ ਤਾਂਕਿ ਉਹ ਸਾਨੂੰ ਇਸ ਦੁਸ਼ਟ ਦੁਨੀਆਂ*+ ਤੋਂ ਬਚਾ ਸਕੇ। 5 ਪਰਮੇਸ਼ੁਰ ਦੀ ਮਹਿਮਾ ਹਮੇਸ਼ਾ-ਹਮੇਸ਼ਾ ਹੁੰਦੀ ਰਹੇ। ਆਮੀਨ।

6 ਮੈਂ ਹੈਰਾਨ ਹਾਂ ਕਿ ਤੁਸੀਂ ਪਰਮੇਸ਼ੁਰ ਤੋਂ ਕਿੰਨੀ ਜਲਦੀ ਮੂੰਹ ਮੋੜ ਲਿਆ ਜਿਸ ਨੇ ਤੁਹਾਨੂੰ ਮਸੀਹ ਦੀ ਅਪਾਰ ਕਿਰਪਾ ਸਦਕਾ ਸੱਦਿਆ ਸੀ ਅਤੇ ਹੁਣ ਤੁਸੀਂ ਕੋਈ ਹੋਰ ਖ਼ੁਸ਼ ਖ਼ਬਰੀ ਸੁਣਨ ਲੱਗ ਪਏ ਹੋ।+ 7 ਦੇਖਿਆ ਜਾਵੇ, ਤਾਂ ਕੋਈ ਹੋਰ ਖ਼ੁਸ਼ ਖ਼ਬਰੀ ਹੈ ਹੀ ਨਹੀਂ; ਸਗੋਂ ਕੁਝ ਲੋਕ ਤੁਹਾਨੂੰ ਉਲਝਣ ਵਿਚ ਪਾ ਰਹੇ ਹਨ+ ਅਤੇ ਮਸੀਹ ਬਾਰੇ ਖ਼ੁਸ਼ ਖ਼ਬਰੀ ਨੂੰ ਤੋੜ-ਮਰੋੜ ਕੇ ਪੇਸ਼ ਕਰਨਾ ਚਾਹੁੰਦੇ ਹਨ। 8 ਪਰ ਜੇ ਅਸੀਂ ਜਾਂ ਸਵਰਗੋਂ ਕੋਈ ਦੂਤ ਇਸ ਖ਼ੁਸ਼ ਖ਼ਬਰੀ ਤੋਂ ਇਲਾਵਾ ਜੋ ਅਸੀਂ ਤੁਹਾਨੂੰ ਸੁਣਾਈ ਸੀ, ਕੋਈ ਹੋਰ ਖ਼ੁਸ਼ ਖ਼ਬਰੀ ਸੁਣਾਵੇ, ਤਾਂ ਉਹ ਸਰਾਪਿਆ ਜਾਵੇ। 9 ਅਸੀਂ ਹੁਣੇ ਜੋ ਕਿਹਾ ਹੈ, ਮੈਂ ਦੁਬਾਰਾ ਕਹਿੰਦਾ ਹਾਂ ਕਿ ਜਿਹੜਾ ਵੀ ਤੁਹਾਨੂੰ ਉਸ ਖ਼ੁਸ਼ ਖ਼ਬਰੀ ਤੋਂ ਸਿਵਾਇ ਜਿਸ ਉੱਤੇ ਤੁਸੀਂ ਵਿਸ਼ਵਾਸ ਕੀਤਾ ਹੈ, ਕੋਈ ਹੋਰ ਖ਼ੁਸ਼ ਖ਼ਬਰੀ ਸੁਣਾਵੇ, ਉਹ ਸਰਾਪਿਆ ਜਾਵੇ।

10 ਕੀ ਮੈਂ ਇਨਸਾਨਾਂ ਦੀ ਮਨਜ਼ੂਰੀ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਜਾਂ ਪਰਮੇਸ਼ੁਰ ਦੀ? ਕੀ ਮੈਂ ਇਨਸਾਨਾਂ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ? ਜੇ ਮੈਂ ਅਜੇ ਵੀ ਇਨਸਾਨਾਂ ਨੂੰ ਖ਼ੁਸ਼ ਕਰ ਰਿਹਾ ਹਾਂ, ਤਾਂ ਮੈਂ ਮਸੀਹ ਦਾ ਦਾਸ ਨਹੀਂ ਹਾਂ। 11 ਭਰਾਵੋ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਜਿਹੜੀ ਖ਼ੁਸ਼ ਖ਼ਬਰੀ ਮੈਂ ਤੁਹਾਨੂੰ ਸੁਣਾਈ ਹੈ, ਉਹ ਇਨਸਾਨਾਂ ਤੋਂ ਨਹੀਂ ਹੈ+ 12 ਕਿਉਂਕਿ ਮੈਨੂੰ ਇਹ ਕਿਸੇ ਇਨਸਾਨ ਤੋਂ ਨਹੀਂ ਮਿਲੀ ਅਤੇ ਨਾ ਹੀ ਕਿਸੇ ਨੇ ਮੈਨੂੰ ਸਿਖਾਈ, ਸਗੋਂ ਇਹ ਖ਼ੁਸ਼ ਖ਼ਬਰੀ ਯਿਸੂ ਮਸੀਹ ਨੇ ਖ਼ੁਦ ਮੇਰੇ ਉੱਤੇ ਪ੍ਰਗਟ ਕੀਤੀ ਸੀ।

13 ਤੁਸੀਂ ਸੁਣਿਆ ਹੈ ਕਿ ਯਹੂਦੀ ਧਰਮ ਵਿਚ ਹੁੰਦਿਆਂ ਮੈਂ ਕਿਹੋ ਜਿਹਾ ਇਨਸਾਨ ਸੀ।+ ਉਸ ਵੇਲੇ ਮੈਂ ਪਰਮੇਸ਼ੁਰ ਦੀ ਮੰਡਲੀ ਉੱਤੇ ਬੇਰਹਿਮੀ ਨਾਲ ਅਤਿਆਚਾਰ ਕਰਦਾ ਸੀ ਅਤੇ ਉਸ ਦਾ ਨਾਮੋ-ਨਿਸ਼ਾਨ ਮਿਟਾਉਣ ਦੀ ਕੋਸ਼ਿਸ਼ ਕਰਦਾ ਸੀ।+ 14 ਮੈਂ ਯਹੂਦੀ ਧਰਮ ਵਿਚ ਆਪਣੀ ਉਮਰ ਦੇ ਬਹੁਤ ਸਾਰੇ ਯਹੂਦੀਆਂ ਨਾਲੋਂ ਜ਼ਿਆਦਾ ਤਰੱਕੀ ਕਰ ਰਿਹਾ ਸੀ ਕਿਉਂਕਿ ਮੈਂ ਆਪਣੇ ਪਿਉ-ਦਾਦਿਆਂ ਦੀਆਂ ਰੀਤਾਂ ʼਤੇ ਉਨ੍ਹਾਂ ਨਾਲੋਂ ਜ਼ਿਆਦਾ ਜੋਸ਼ ਨਾਲ ਚੱਲਦਾ ਹੁੰਦਾ ਸੀ।+ 15 ਪਰ ਮੈਨੂੰ ਇਸ ਦੁਨੀਆਂ ਵਿਚ ਪੈਦਾ ਕਰਨ ਵਾਲੇ ਅਤੇ ਆਪਣੀ ਅਪਾਰ ਕਿਰਪਾ+ ਕਰ ਕੇ ਮੈਨੂੰ ਸੱਦਣ ਵਾਲੇ ਪਰਮੇਸ਼ੁਰ ਨੇ ਜਦੋਂ ਇਹ ਠੀਕ ਸਮਝਿਆ 16 ਕਿ ਉਹ ਮੇਰੇ ਰਾਹੀਂ ਆਪਣੇ ਪੁੱਤਰ ਬਾਰੇ ਦੱਸੇ ਅਤੇ ਮੇਰੇ ਰਾਹੀਂ ਕੌਮਾਂ ਨੂੰ ਉਸ ਬਾਰੇ ਖ਼ੁਸ਼ ਖ਼ਬਰੀ ਸੁਣਾਵੇ,+ ਤਾਂ ਮੈਂ ਉਦੋਂ ਕਿਸੇ ਇਨਸਾਨ ਦੀ ਸਲਾਹ ਨਹੀਂ ਲਈ 17 ਅਤੇ ਨਾ ਹੀ ਮੈਂ ਉਨ੍ਹਾਂ ਕੋਲ ਯਰੂਸ਼ਲਮ ਗਿਆ ਜੋ ਮੇਰੇ ਤੋਂ ਪਹਿਲਾਂ ਰਸੂਲ ਬਣੇ ਸਨ, ਸਗੋਂ ਮੈਂ ਅਰਬ ਨੂੰ ਚਲਾ ਗਿਆ ਅਤੇ ਫਿਰ ਦਮਿਸਕ+ ਵਾਪਸ ਆ ਗਿਆ।

18 ਫਿਰ ਤਿੰਨ ਸਾਲ ਬਾਅਦ ਮੈਂ ਯਰੂਸ਼ਲਮ ਵਿਚ ਕੇਫ਼ਾਸ*+ ਨੂੰ ਮਿਲਣ ਗਿਆ+ ਅਤੇ ਉਸ ਨਾਲ 15 ਦਿਨ ਰਿਹਾ। 19 ਮੈਂ ਬੱਸ ਇਕ ਹੋਰ ਰਸੂਲ, ਯਾਕੂਬ+ ਨੂੰ ਹੀ ਮਿਲਿਆ ਜਿਹੜਾ ਪ੍ਰਭੂ ਦਾ ਭਰਾ ਹੈ। 20 ਹੁਣ ਪਰਮੇਸ਼ੁਰ ਗਵਾਹ ਹੈ ਕਿ ਮੈਂ ਜੋ ਗੱਲਾਂ ਤੁਹਾਨੂੰ ਲਿਖ ਰਿਹਾ ਹਾਂ, ਉਹ ਸਾਰੀਆਂ ਸੱਚੀਆਂ ਹਨ।

21 ਇਸ ਤੋਂ ਬਾਅਦ ਮੈਂ ਸੀਰੀਆ ਅਤੇ ਕਿਲਿਕੀਆ ਦੇ ਇਲਾਕਿਆਂ ਨੂੰ ਗਿਆ।+ 22 ਪਰ ਯਹੂਦਿਯਾ ਦੀਆਂ ਮੰਡਲੀਆਂ ਵਿਚ ਮਸੀਹ ਦੇ ਚੇਲਿਆਂ ਨੇ ਮੈਨੂੰ ਕਦੇ ਨਹੀਂ ਦੇਖਿਆ ਸੀ। 23 ਉਹ ਸਿਰਫ਼ ਇਹੀ ਸੁਣਦੇ ਹੁੰਦੇ ਸਨ: “ਜੋ ਆਦਮੀ ਪਹਿਲਾਂ ਸਾਡੇ ਉੱਤੇ ਜ਼ੁਲਮ ਕਰਦਾ ਹੁੰਦਾ ਸੀ,+ ਹੁਣ ਉਹ ਉਸੇ ਧਰਮ ਦੀ ਖ਼ੁਸ਼ ਖ਼ਬਰੀ ਸੁਣਾਉਂਦਾ ਹੈ ਜਿਸ ਧਰਮ ਦਾ ਉਹ ਨਾਮੋ-ਨਿਸ਼ਾਨ ਮਿਟਾਉਣ ʼਤੇ ਤੁਲਿਆ ਹੋਇਆ ਸੀ।”+ 24 ਇਸ ਲਈ ਉਹ ਮੇਰੇ ਕਰਕੇ ਪਰਮੇਸ਼ੁਰ ਦੀ ਮਹਿਮਾ ਕਰਨ ਲੱਗੇ।

2 ਫਿਰ 14 ਸਾਲ ਬਾਅਦ ਮੈਂ ਬਰਨਾਬਾਸ+ ਨਾਲ ਦੁਬਾਰਾ ਯਰੂਸ਼ਲਮ ਗਿਆ ਅਤੇ ਮੈਂ ਤੀਤੁਸ ਨੂੰ ਵੀ ਆਪਣੇ ਨਾਲ ਲੈ ਗਿਆ।+ 2 ਮੈਂ ਪ੍ਰਭੂ ਦੇ ਕਹਿਣ ʼਤੇ ਉੱਥੇ ਗਿਆ ਸੀ। ਉੱਥੇ ਮੈਂ ਸਿਰਫ਼ ਜ਼ਿੰਮੇਵਾਰ ਭਰਾਵਾਂ ਨੂੰ ਹੀ ਉਸ ਖ਼ੁਸ਼ ਖ਼ਬਰੀ ਬਾਰੇ ਦੱਸਿਆ ਜੋ ਮੈਂ ਗ਼ੈਰ-ਯਹੂਦੀ ਕੌਮਾਂ ਨੂੰ ਸੁਣਾ ਰਿਹਾ ਸੀ ਕਿਉਂਕਿ ਮੈਂ ਨਹੀਂ ਚਾਹੁੰਦਾ ਸੀ ਕਿ ਮੈਂ ਜੋ ਪ੍ਰਚਾਰ ਕਰ ਰਿਹਾ ਸੀ ਅਤੇ ਕਰ ਚੁੱਕਾ ਸੀ, ਉਹ ਵਿਅਰਥ ਸਾਬਤ ਹੋਵੇ। 3 ਉਸ ਵੇਲੇ ਤੀਤੁਸ+ ਵੀ ਮੇਰੇ ਨਾਲ ਸੀ। ਭਾਵੇਂ ਉਹ ਯੂਨਾਨੀ ਸੀ, ਫਿਰ ਵੀ ਉੱਥੇ ਉਸ ਨੂੰ ਸੁੰਨਤ ਕਰਾਉਣ ਲਈ ਮਜਬੂਰ ਨਹੀਂ ਕੀਤਾ ਗਿਆ।+ 4 ਸੁੰਨਤ ਦਾ ਮਸਲਾ ਉਨ੍ਹਾਂ ਝੂਠੇ ਭਰਾਵਾਂ ਨੇ ਖੜ੍ਹਾ ਕੀਤਾ ਸੀ ਜੋ ਦੱਬੇ ਪੈਰੀਂ ਮੰਡਲੀ ਵਿਚ ਆ ਵੜੇ ਸਨ।+ ਉਹ ਚੁੱਪ-ਚੁਪੀਤੇ ਸਾਡੀ ਜਾਸੂਸੀ ਕਰਨ ਆਏ ਸਨ ਤਾਂਕਿ ਮਸੀਹ ਯਿਸੂ ਦੇ ਚੇਲੇ ਹੋਣ ਕਰਕੇ ਮਿਲੀ ਆਜ਼ਾਦੀ ਸਾਡੇ ਤੋਂ ਖੋਹ ਲੈਣ+ ਅਤੇ ਸਾਨੂੰ ਪੂਰੀ ਤਰ੍ਹਾਂ ਮੂਸਾ ਦੇ ਕਾਨੂੰਨ ਦੇ ਗ਼ੁਲਾਮ ਬਣਾ ਲੈਣ,+ 5 ਪਰ ਅਸੀਂ ਇਕ ਪਲ* ਲਈ ਵੀ ਉਨ੍ਹਾਂ ਅੱਗੇ ਨਹੀਂ ਝੁਕੇ+ ਤਾਂਕਿ ਖ਼ੁਸ਼ ਖ਼ਬਰੀ ਦੀ ਸੱਚਾਈ ਤੁਹਾਡੇ ਕੋਲ ਹੀ ਰਹੇ।

6 ਪਰ ਜਿਨ੍ਹਾਂ ਭਰਾਵਾਂ ਨੂੰ ਖ਼ਾਸ ਸਮਝਿਆ ਜਾਂਦਾ ਸੀ,+ ਉਨ੍ਹਾਂ ਨੇ ਅਸਲ ਵਿਚ ਮੈਨੂੰ ਕੋਈ ਨਵੀਂ ਗੱਲ ਨਹੀਂ ਦੱਸੀ। (ਉਹ ਪਹਿਲਾਂ ਜੋ ਵੀ ਸਨ, ਇਸ ਨਾਲ ਮੈਨੂੰ ਕੋਈ ਫ਼ਰਕ ਨਹੀਂ ਪੈਂਦਾ ਕਿਉਂਕਿ ਪਰਮੇਸ਼ੁਰ ਕਿਸੇ ਇਨਸਾਨ ਦਾ ਬਾਹਰੀ ਰੂਪ ਜਾਂ ਰੁਤਬਾ ਨਹੀਂ ਦੇਖਦਾ) 7 ਇਸ ਦੀ ਬਜਾਇ, ਜਦੋਂ ਉਨ੍ਹਾਂ ਨੇ ਦੇਖਿਆ ਕਿ ਮੈਨੂੰ ਗ਼ੈਰ-ਯਹੂਦੀ* ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ,+ ਠੀਕ ਜਿਵੇਂ ਪਤਰਸ ਨੂੰ ਯਹੂਦੀ ਲੋਕਾਂ* ਕੋਲ ਜਾਣ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ 8 (ਕਿਉਂਕਿ ਜਿਸ ਨੇ ਪਤਰਸ ਨੂੰ ਯਹੂਦੀ ਲੋਕਾਂ ਲਈ ਰਸੂਲ ਹੋਣ ਦਾ ਅਧਿਕਾਰ ਦਿੱਤਾ ਸੀ, ਉਸ ਨੇ ਹੀ ਮੈਨੂੰ ਗ਼ੈਰ-ਯਹੂਦੀ ਲੋਕਾਂ ਲਈ ਰਸੂਲ ਹੋਣ ਦਾ ਅਧਿਕਾਰ ਦਿੱਤਾ ਸੀ)+ 9 ਅਤੇ ਜਦੋਂ ਉਨ੍ਹਾਂ ਨੇ ਦੇਖਿਆ ਕਿ ਪਰਮੇਸ਼ੁਰ ਨੇ ਮੇਰੇ ʼਤੇ ਅਪਾਰ ਕਿਰਪਾ ਕੀਤੀ ਸੀ,+ ਤਾਂ ਯਾਕੂਬ,+ ਕੇਫ਼ਾਸ* ਅਤੇ ਯੂਹੰਨਾ ਨੇ, ਜਿਨ੍ਹਾਂ ਨੂੰ ਮੰਡਲੀ ਦੇ ਥੰਮ੍ਹ ਸਮਝਿਆ ਜਾਂਦਾ ਸੀ, ਮੇਰੇ ਅਤੇ ਬਰਨਾਬਾਸ ਨਾਲ+ ਸੱਜਾ ਹੱਥ ਮਿਲਾ ਕੇ ਦਿਖਾਇਆ ਕਿ ਅਸੀਂ ਸਾਰੇ ਭਾਈਵਾਲ ਹਾਂ ਅਤੇ ਅਸੀਂ ਗ਼ੈਰ-ਯਹੂਦੀਆਂ ਕੋਲ ਜਾਈਏ ਅਤੇ ਉਹ ਯਹੂਦੀਆਂ ਕੋਲ ਜਾਣ। 10 ਉਨ੍ਹਾਂ ਨੇ ਸਿਰਫ਼ ਇਕ ਗੱਲ ਕਹੀ ਸੀ ਕਿ ਅਸੀਂ ਗ਼ਰੀਬ ਭਰਾਵਾਂ ਦਾ ਧਿਆਨ ਰੱਖੀਏ। ਮੈਂ ਜੀ-ਜਾਨ ਨਾਲ ਇਸੇ ਤਰ੍ਹਾਂ ਕਰਨ ਦੀ ਕੋਸ਼ਿਸ਼ ਕੀਤੀ ਹੈ।+

11 ਪਰ ਜਦੋਂ ਕੇਫ਼ਾਸ*+ ਅੰਤਾਕੀਆ+ ਆਇਆ ਸੀ, ਤਾਂ ਮੈਂ ਉਸ ਦੇ ਮੂੰਹ ʼਤੇ ਕਿਹਾ ਕਿ ਉਹ ਬਿਲਕੁਲ ਗ਼ਲਤ ਕਰ ਰਿਹਾ ਸੀ।* 12 ਪਹਿਲਾਂ ਉਹ ਗ਼ੈਰ-ਯਹੂਦੀਆਂ ਨਾਲ ਬੈਠ ਕੇ ਖਾਂਦਾ-ਪੀਂਦਾ ਹੁੰਦਾ ਸੀ,+ ਪਰ ਫਿਰ ਜਦੋਂ ਯਾਕੂਬ ਕੋਲੋਂ ਕੁਝ ਭਰਾ ਆਏ,+ ਤਾਂ ਜਿਨ੍ਹਾਂ ਨੇ ਸੁੰਨਤ ਕਰਵਾਈ ਹੋਈ ਸੀ, ਉਨ੍ਹਾਂ ਤੋਂ ਡਰ ਕੇ ਉਸ ਨੇ ਗ਼ੈਰ-ਯਹੂਦੀਆਂ ਨਾਲ ਖਾਣਾ-ਪੀਣਾ ਛੱਡ ਦਿੱਤਾ ਤੇ ਉਨ੍ਹਾਂ ਤੋਂ ਦੂਰ-ਦੂਰ ਰਹਿਣ ਲੱਗਾ।+ 13 ਉਸ ਨੂੰ ਦੇਖ ਕੇ ਬਾਕੀ ਦੇ ਯਹੂਦੀ ਵੀ ਇਹੀ ਪਖੰਡ ਕਰਨ ਲੱਗ ਪਏ, ਇੱਥੋਂ ਤਕ ਕਿ ਬਰਨਾਬਾਸ ਵੀ ਉਨ੍ਹਾਂ ਦੇ ਪਿੱਛੇ ਲੱਗ ਕੇ ਇਹੋ ਪਖੰਡ ਕਰਨ ਲੱਗ ਪਿਆ। 14 ਪਰ ਜਦੋਂ ਮੈਂ ਦੇਖਿਆ ਕਿ ਉਹ ਖ਼ੁਸ਼ ਖ਼ਬਰੀ ਦੀ ਸੱਚਾਈ ਮੁਤਾਬਕ ਨਹੀਂ ਚੱਲ ਰਹੇ ਸਨ,+ ਤਾਂ ਮੈਂ ਕੇਫ਼ਾਸ* ਨੂੰ ਉਨ੍ਹਾਂ ਸਾਰਿਆਂ ਦੇ ਸਾਮ੍ਹਣੇ ਕਿਹਾ: “ਜੇ ਤੂੰ ਯਹੂਦੀ ਹੁੰਦੇ ਹੋਏ ਯਹੂਦੀਆਂ ਵਾਂਗ ਨਹੀਂ, ਸਗੋਂ ਗ਼ੈਰ-ਯਹੂਦੀਆਂ ਵਾਂਗ ਜੀ ਰਿਹਾ ਹੈਂ, ਤਾਂ ਫਿਰ ਤੂੰ ਗ਼ੈਰ-ਯਹੂਦੀਆਂ ਨੂੰ ਯਹੂਦੀਆਂ ਦੇ ਰੀਤਾਂ-ਰਿਵਾਜਾਂ ਉੱਤੇ ਚੱਲਣ ਲਈ ਕਿਉਂ ਮਜਬੂਰ ਕਰ ਰਿਹਾ ਹੈਂ?”+

15 ਅਸੀਂ ਜੋ ਜਨਮ ਤੋਂ ਯਹੂਦੀ ਹਾਂ ਅਤੇ ਹੋਰ ਪਾਪੀ ਕੌਮਾਂ ਵਰਗੇ ਨਹੀਂ ਹਾਂ, 16 ਇਹ ਗੱਲ ਜਾਣਦੇ ਹਾਂ ਕਿ ਕਿਸੇ ਇਨਸਾਨ ਨੂੰ ਮੂਸਾ ਦੇ ਕਾਨੂੰਨ ਅਨੁਸਾਰ ਕੰਮ ਕਰਨ ਕਰਕੇ ਨਹੀਂ, ਸਗੋਂ ਯਿਸੂ ਮਸੀਹ ʼਤੇ ਨਿਹਚਾ ਕਰਨ ਕਰਕੇ ਹੀ ਧਰਮੀ ਠਹਿਰਾਇਆ ਜਾਂਦਾ ਹੈ।+ ਇਸੇ ਲਈ ਅਸੀਂ ਮਸੀਹ ਯਿਸੂ+ ʼਤੇ ਨਿਹਚਾ ਕਰਦੇ ਹਾਂ ਤਾਂਕਿ ਅਸੀਂ ਮਸੀਹ ʼਤੇ ਨਿਹਚਾ ਕਰਨ ਕਰਕੇ ਧਰਮੀ ਠਹਿਰਾਏ ਜਾ ਸਕੀਏ, ਨਾ ਕਿ ਮੂਸਾ ਦੇ ਕਾਨੂੰਨ ʼਤੇ ਚੱਲਣ ਕਰਕੇ ਕਿਉਂਕਿ ਕਿਸੇ ਵੀ ਇਨਸਾਨ ਨੂੰ ਇਸ ਕਾਨੂੰਨ ਅਨੁਸਾਰ ਕੰਮ ਕਰਨ ਕਰਕੇ ਧਰਮੀ ਨਹੀਂ ਠਹਿਰਾਇਆ ਜਾਵੇਗਾ।+ 17 ਹੁਣ ਅਸੀਂ ਤਾਂ ਮਸੀਹ ਰਾਹੀਂ ਧਰਮੀ ਠਹਿਰਾਏ ਜਾਣ ਦੀ ਕੋਸ਼ਿਸ਼ ਕਰਦੇ ਹਾਂ। ਪਰ ਜੇ ਫਿਰ ਵੀ ਸਾਨੂੰ ਪਾਪੀ ਸਮਝਿਆ ਜਾਂਦਾ ਹੈ, ਤਾਂ ਕੀ ਇਸ ਦਾ ਇਹ ਮਤਲਬ ਹੈ ਕਿ ਮਸੀਹ ਸਾਨੂੰ ਪਾਪ ਕਰਨ ਲਈ ਉਕਸਾਉਂਦਾ ਹੈ? ਬਿਲਕੁਲ ਨਹੀਂ! 18 ਜੇ ਮੈਂ ਉਨ੍ਹਾਂ ਚੀਜ਼ਾਂ ਨੂੰ ਦੁਬਾਰਾ ਉਸਾਰਾਂ ਜਿਨ੍ਹਾਂ ਨੂੰ ਮੈਂ ਢਾਹ ਚੁੱਕਾ ਹਾਂ, ਤਾਂ ਮੈਂ ਦਿਖਾਉਂਦਾ ਹਾਂ ਕਿ ਮੈਂ ਇਸ ਕਾਨੂੰਨ ਮੁਤਾਬਕ ਗੁਨਾਹਗਾਰ ਹਾਂ। 19 ਇਸ ਕਾਨੂੰਨ ʼਤੇ ਚੱਲ ਕੇ ਮੈਂ ਕਾਨੂੰਨ ਦੀਆਂ ਨਜ਼ਰਾਂ ਵਿਚ ਮਰ ਚੁੱਕਾ ਹਾਂ+ ਤਾਂਕਿ ਮੈਂ ਪਰਮੇਸ਼ੁਰ ਲਈ ਜੀ ਸਕਾਂ। 20 ਮੈਨੂੰ ਹੁਣ ਮਸੀਹ ਨਾਲ ਸੂਲ਼ੀ ʼਤੇ ਟੰਗਿਆ ਗਿਆ ਹੈ।+ ਇਸ ਲਈ ਹੁਣ ਮੈਂ ਆਪਣੇ ਲਈ ਨਹੀਂ ਜੀਉਂਦਾ,+ ਸਗੋਂ ਮੈਂ ਮਸੀਹ ਨਾਲ ਏਕਤਾ ਵਿਚ ਰਹਿ ਕੇ ਜੀਉਂਦਾ ਹਾਂ।* ਵਾਕਈ ਜੋ ਜ਼ਿੰਦਗੀ ਮੈਂ ਹੁਣ ਜੀ ਰਿਹਾ ਹਾਂ, ਉਹ ਮੈਂ ਪਰਮੇਸ਼ੁਰ ਦੇ ਪੁੱਤਰ ਉੱਤੇ ਨਿਹਚਾ ਕਰ ਕੇ ਜੀ ਰਿਹਾ ਹਾਂ+ ਜਿਸ ਨੇ ਮੇਰੇ ਨਾਲ ਪਿਆਰ ਕੀਤਾ ਅਤੇ ਮੇਰੀ ਖ਼ਾਤਰ ਆਪਣੀ ਜਾਨ ਕੁਰਬਾਨ ਕੀਤੀ ਸੀ।+ 21 ਮੈਂ ਪਰਮੇਸ਼ੁਰ ਦੀ ਅਪਾਰ ਕਿਰਪਾ ਨੂੰ ਨਹੀਂ ਠੁਕਰਾਉਂਦਾ+ ਕਿਉਂਕਿ ਜੇ ਇਨਸਾਨਾਂ ਨੂੰ ਮੂਸਾ ਦੇ ਕਾਨੂੰਨ ਦੇ ਜ਼ਰੀਏ ਧਰਮੀ ਠਹਿਰਾਇਆ ਜਾਂਦਾ ਹੈ, ਤਾਂ ਫਿਰ ਮਸੀਹ ਦੇ ਮਰਨ ਦਾ ਕੋਈ ਫ਼ਾਇਦਾ ਨਹੀਂ ਹੋਇਆ।+

3 ਹੇ ਨਾਸਮਝ ਗਲਾਤੀਓ, ਕਿਸ ਨੇ ਤੁਹਾਨੂੰ ਭਰਮਾਇਆ ਹੈ?+ ਤੁਹਾਨੂੰ ਤਾਂ ਯਿਸੂ ਮਸੀਹ ਦੇ ਸੂਲ਼ੀ ʼਤੇ ਟੰਗੇ ਜਾਣ ਬਾਰੇ ਇੰਨੀ ਚੰਗੀ ਤਰ੍ਹਾਂ ਸਮਝਾਇਆ ਗਿਆ ਸੀ ਜਿਵੇਂ ਕਿ ਇਹ ਤੁਹਾਡੀਆਂ ਅੱਖਾਂ ਸਾਮ੍ਹਣੇ ਹੋਇਆ ਹੋਵੇ।+ 2 ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਹਾਂ: ਕੀ ਤੁਹਾਨੂੰ ਮੂਸਾ ਦੇ ਕਾਨੂੰਨ ਅਨੁਸਾਰ ਕੰਮ ਕਰਨ ਕਰਕੇ ਪਵਿੱਤਰ ਸ਼ਕਤੀ ਮਿਲੀ ਸੀ ਜਾਂ ਫਿਰ ਖ਼ੁਸ਼ ਖ਼ਬਰੀ ਉੱਤੇ ਨਿਹਚਾ ਕਰਨ ਕਰਕੇ?+ 3 ਕੀ ਤੁਸੀਂ ਇੰਨੇ ਨਾਸਮਝ ਹੋ? ਤੁਸੀਂ ਪਵਿੱਤਰ ਸ਼ਕਤੀ ਅਨੁਸਾਰ ਚੱਲਣਾ ਸ਼ੁਰੂ ਕੀਤਾ ਸੀ। ਕੀ ਹੁਣ ਤੁਸੀਂ ਇਨਸਾਨੀ ਸੋਚ ਮੁਤਾਬਕ ਆਪਣੀ ਮੰਜ਼ਲ ʼਤੇ ਪਹੁੰਚਣਾ ਚਾਹੁੰਦੇ ਹੋ?+ 4 ਕੀ ਤੁਸੀਂ ਇੰਨੇ ਦੁੱਖ ਐਵੇਂ ਹੀ ਝੱਲੇ ਸਨ? ਮੈਂ ਨਹੀਂ ਮੰਨਦਾ ਕਿ ਤੁਸੀਂ ਸਾਰੇ ਦੁੱਖ ਐਵੇਂ ਹੀ ਝੱਲੇ ਸਨ। 5 ਇਸ ਲਈ, ਜਿਹੜਾ ਤੁਹਾਨੂੰ ਪਵਿੱਤਰ ਸ਼ਕਤੀ ਦਿੰਦਾ ਹੈ ਅਤੇ ਤੁਹਾਡੇ ਵਿਚ ਕਰਾਮਾਤਾਂ ਕਰਦਾ ਹੈ,+ ਕੀ ਉਹ ਇਸ ਲਈ ਕਰਦਾ ਹੈ ਕਿਉਂਕਿ ਤੁਸੀਂ ਮੂਸਾ ਦੇ ਕਾਨੂੰਨ ਅਨੁਸਾਰ ਕੰਮ ਕਰਦੇ ਹੋ ਜਾਂ ਫਿਰ ਇਸ ਕਰਕੇ ਕਿ ਤੁਸੀਂ ਖ਼ੁਸ਼ ਖ਼ਬਰੀ ਉੱਤੇ ਨਿਹਚਾ ਕਰਦੇ ਹੋ? 6 ਯਾਦ ਕਰੋ ਕਿ “ਅਬਰਾਹਾਮ ਨੇ ਯਹੋਵਾਹ* ਉੱਤੇ ਨਿਹਚਾ ਕੀਤੀ ਜਿਸ ਕਰਕੇ ਉਸ ਨੂੰ ਧਰਮੀ ਗਿਣਿਆ ਗਿਆ।”+

7 ਤੁਸੀਂ ਇਹ ਗੱਲ ਤਾਂ ਜਾਣਦੇ ਹੀ ਹੋ ਕਿ ਜਿਹੜੇ ਲੋਕ ਨਿਹਚਾ ਮੁਤਾਬਕ ਚੱਲਦੇ ਹਨ, ਉਹ ਅਬਰਾਹਾਮ ਦੇ ਪੁੱਤਰ ਹਨ।+ 8 ਧਰਮ-ਗ੍ਰੰਥ ਨੇ ਪਹਿਲਾਂ ਹੀ ਦੱਸਿਆ ਸੀ ਕਿ ਪਰਮੇਸ਼ੁਰ ਗ਼ੈਰ-ਯਹੂਦੀ ਕੌਮਾਂ ਵਿੱਚੋਂ ਨਿਹਚਾ ਕਰਨ ਵਾਲੇ ਲੋਕਾਂ ਨੂੰ ਧਰਮੀ ਠਹਿਰਾਏਗਾ ਜਿਸ ਕਰਕੇ ਧਰਮ-ਗ੍ਰੰਥ ਨੇ ਅਬਰਾਹਾਮ ਨੂੰ ਪਹਿਲਾਂ ਹੀ ਇਹ ਖ਼ੁਸ਼ ਖ਼ਬਰੀ ਦੇ ਦਿੱਤੀ ਸੀ: “ਤੇਰੇ ਰਾਹੀਂ ਸਾਰੀਆਂ ਕੌਮਾਂ ਨੂੰ ਬਰਕਤ ਮਿਲੇਗੀ।”+ 9 ਇਸ ਲਈ ਜਿਵੇਂ ਅਬਰਾਹਾਮ ਨੂੰ ਨਿਹਚਾ ਕਰਨ ਕਰਕੇ ਬਰਕਤਾਂ ਦਿੱਤੀਆਂ ਗਈਆਂ ਸਨ, ਉਸੇ ਤਰ੍ਹਾਂ ਨਿਹਚਾ ਮੁਤਾਬਕ ਚੱਲਣ ਵਾਲੇ ਲੋਕਾਂ ਨੂੰ ਵੀ ਬਰਕਤਾਂ ਦਿੱਤੀਆਂ ਜਾ ਰਹੀਆਂ ਹਨ।+

10 ਜਿਹੜੇ ਲੋਕ ਮੂਸਾ ਦੇ ਕਾਨੂੰਨ ਅਨੁਸਾਰ ਕੀਤੇ ਜਾਣ ਵਾਲੇ ਕੰਮਾਂ ਉੱਤੇ ਭਰੋਸਾ ਰੱਖਦੇ ਹਨ, ਉਹ ਸਾਰੇ ਸਰਾਪੇ ਹੋਏ ਹਨ ਕਿਉਂਕਿ ਧਰਮ-ਗ੍ਰੰਥ ਵਿਚ ਲਿਖਿਆ ਗਿਆ ਹੈ: “ਸਰਾਪਿਆ ਹੈ ਉਹ ਇਨਸਾਨ ਜਿਹੜਾ ਮੂਸਾ ਦੇ ਕਾਨੂੰਨ ਦੀ ਕਿਤਾਬ ਵਿਚ ਲਿਖੀ ਹਰ ਗੱਲ ਪੂਰੀ ਨਹੀਂ ਕਰਦਾ।”+ 11 ਇਸ ਤੋਂ ਇਲਾਵਾ, ਅਸੀਂ ਇਹ ਗੱਲ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਪਰਮੇਸ਼ੁਰ ਮੂਸਾ ਦੇ ਕਾਨੂੰਨ ਦੇ ਜ਼ਰੀਏ ਕਿਸੇ ਨੂੰ ਧਰਮੀ ਨਹੀਂ ਠਹਿਰਾਉਂਦਾ+ ਕਿਉਂਕਿ ਲਿਖਿਆ ਹੋਇਆ ਹੈ: “ਧਰਮੀ ਆਪਣੀ ਨਿਹਚਾ ਸਦਕਾ ਜੀਉਂਦਾ ਰਹੇਗਾ।”+ 12 ਮੂਸਾ ਦੇ ਕਾਨੂੰਨ ਦਾ ਨਿਹਚਾ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, ਸਗੋਂ ਇਸ ਵਿਚ ਲਿਖਿਆ ਹੈ, “ਜਿਹੜਾ ਇਨ੍ਹਾਂ ਹੁਕਮਾਂ ਉੱਤੇ ਚੱਲਦਾ ਹੈ, ਉਹ ਇਨ੍ਹਾਂ ਕਰਕੇ ਜੀਉਂਦਾ ਰਹੇਗਾ।”+ 13 ਮਸੀਹ ਨੇ ਸਾਨੂੰ ਖ਼ਰੀਦ ਕੇ+ ਮੂਸਾ ਦੇ ਕਾਨੂੰਨ ਦੇ ਸਰਾਪ ਤੋਂ ਮੁਕਤ ਕੀਤਾ ਹੈ। ਉਸ ਨੇ ਸਾਡਾ ਸਰਾਪ ਆਪਣੇ ʼਤੇ ਲੈ ਲਿਆ ਹੈ+ ਕਿਉਂਕਿ ਲਿਖਿਆ ਹੈ: “ਸੂਲ਼ੀ ਉੱਤੇ ਟੰਗਿਆ ਇਨਸਾਨ ਸਰਾਪਿਆ ਹੁੰਦਾ ਹੈ।”+ 14 ਉਸ ਨੇ ਇਹ ਇਸ ਲਈ ਕੀਤਾ ਤਾਂਕਿ ਅਬਰਾਹਾਮ ਨਾਲ ਜਿਨ੍ਹਾਂ ਬਰਕਤਾਂ ਦਾ ਵਾਅਦਾ ਕੀਤਾ ਗਿਆ ਸੀ, ਉਹ ਮਸੀਹ ਯਿਸੂ ਰਾਹੀਂ ਗ਼ੈਰ-ਯਹੂਦੀ ਕੌਮਾਂ ਨੂੰ ਮਿਲਣ+ ਅਤੇ ਸਾਨੂੰ ਸਾਰਿਆਂ ਨੂੰ ਆਪਣੀ ਨਿਹਚਾ ਕਰਕੇ ਵਾਅਦਾ ਕੀਤੀ ਹੋਈ ਪਵਿੱਤਰ ਸ਼ਕਤੀ ਮਿਲੇ।+

15 ਭਰਾਵੋ, ਮੈਂ ਤੁਹਾਨੂੰ ਇਕ ਮਿਸਾਲ ਦਿੰਦਾ ਹਾਂ: ਜਦੋਂ ਕੋਈ ਇਕਰਾਰ ਪੱਕਾ ਕਰ ਦਿੱਤਾ ਜਾਂਦਾ ਹੈ, ਚਾਹੇ ਕਿਸੇ ਇਨਸਾਨ ਨੇ ਹੀ ਇਸ ਨੂੰ ਪੱਕਾ ਕਿਉਂ ਨਾ ਕੀਤਾ ਹੋਵੇ, ਤਾਂ ਇਸ ਨੂੰ ਕੋਈ ਵੀ ਤੋੜ ਨਹੀਂ ਸਕਦਾ ਅਤੇ ਨਾ ਹੀ ਇਸ ਵਿਚ ਕੁਝ ਜੋੜ ਸਕਦਾ ਹੈ। 16 ਇਹ ਵਾਅਦੇ ਅਬਰਾਹਾਮ ਅਤੇ ਉਸ ਦੀ ਸੰਤਾਨ* ਨਾਲ ਕੀਤੇ ਗਏ ਸਨ।+ ਧਰਮ-ਗ੍ਰੰਥ ਇਹ ਨਹੀਂ ਕਹਿੰਦਾ: “ਅਤੇ ਤੇਰੀਆਂ ਸੰਤਾਨਾਂ* ਨੂੰ,” ਜਿਵੇਂ ਕਿ ਉਹ ਬਹੁਤੇ ਲੋਕਾਂ ਦੀ ਗੱਲ ਕਰ ਰਿਹਾ ਹੋਵੇ, ਪਰ ਉਹ ਸਿਰਫ਼ ਇਕ ਜਣੇ ਦੀ ਗੱਲ ਕਰ ਰਿਹਾ ਸੀ: “ਅਤੇ ਤੇਰੀ ਸੰਤਾਨ* ਨੂੰ,” ਜੋ ਕਿ ਮਸੀਹ ਹੈ।+ 17 ਮੇਰੇ ਕਹਿਣ ਦਾ ਮਤਲਬ ਹੈ: ਪਰਮੇਸ਼ੁਰ ਨੇ ਇਕਰਾਰ ਪਹਿਲਾਂ ਕੀਤਾ ਸੀ, ਜਦ ਕਿ ਮੂਸਾ ਦਾ ਕਾਨੂੰਨ 430 ਸਾਲ ਬਾਅਦ ਦਿੱਤਾ ਗਿਆ ਸੀ,+ ਇਸ ਲਈ ਇਹ ਕਾਨੂੰਨ ਇਸ ਇਕਰਾਰ ਨੂੰ ਅਤੇ ਉਸ ਦੇ ਵਾਅਦੇ ਨੂੰ ਰੱਦ ਨਹੀਂ ਕਰਦਾ। 18 ਜੇ ਮੂਸਾ ਦੇ ਕਾਨੂੰਨ ਦੇ ਰਾਹੀਂ ਵਿਰਾਸਤ ਮਿਲਦੀ ਹੈ, ਤਾਂ ਫਿਰ ਵਾਅਦੇ ਦਾ ਕੋਈ ਮਤਲਬ ਨਹੀਂ ਰਿਹਾ, ਪਰ ਪਰਮੇਸ਼ੁਰ ਨੇ ਮਿਹਰਬਾਨ ਹੋ ਕੇ ਅਬਰਾਹਾਮ ਨੂੰ ਵਾਅਦੇ ਅਨੁਸਾਰ ਹੀ ਵਿਰਾਸਤ ਦਿੱਤੀ।+

19 ਤਾਂ ਫਿਰ, ਇਹ ਕਾਨੂੰਨ ਕਿਉਂ ਦਿੱਤਾ ਗਿਆ ਸੀ? ਸਾਡੇ ਪਾਪ ਜ਼ਾਹਰ ਕਰਨ ਲਈ।+ ਇਹ ਕਾਨੂੰਨ ਸੰਤਾਨ* ਦੇ ਆਉਣ ਤਕ ਹੀ ਰਹਿਣਾ ਸੀ+ ਜਿਸ ਨਾਲ ਵਾਅਦਾ ਕੀਤਾ ਗਿਆ ਸੀ। ਇਹ ਕਾਨੂੰਨ ਦੂਤਾਂ+ ਦੇ ਜ਼ਰੀਏ ਇਕ ਵਿਚੋਲੇ ਦੇ ਹੱਥੀਂ ਦਿੱਤਾ ਗਿਆ ਸੀ।+ 20 ਜਦੋਂ ਦੋ ਜਣੇ ਆਪਸ ਵਿਚ ਇਕਰਾਰ ਕਰਦੇ ਹਨ, ਤਾਂ ਵਿਚੋਲੇ ਦੀ ਲੋੜ ਪੈਂਦੀ ਹੈ। ਪਰ ਪਰਮੇਸ਼ੁਰ ਇਕੱਲੇ ਨੇ ਵਾਅਦਾ ਕੀਤਾ ਸੀ। 21 ਤਾਂ ਫਿਰ, ਕੀ ਇਹ ਕਾਨੂੰਨ ਪਰਮੇਸ਼ੁਰ ਦੇ ਵਾਅਦਿਆਂ ਦੇ ਖ਼ਿਲਾਫ਼ ਹੈ? ਬਿਲਕੁਲ ਨਹੀਂ ਕਿਉਂਕਿ ਜੇ ਕਿਸੇ ਕਾਨੂੰਨ ਰਾਹੀਂ ਇਨਸਾਨਾਂ ਨੂੰ ਜੀਵਨ ਮਿਲ ਸਕਦਾ, ਤਾਂ ਫਿਰ ਕਾਨੂੰਨ ਰਾਹੀਂ ਹੀ ਇਨਸਾਨ ਨੂੰ ਧਰਮੀ ਠਹਿਰਾਇਆ ਜਾਂਦਾ। 22 ਪਰ ਧਰਮ-ਗ੍ਰੰਥ ਨੇ ਹਰ ਇਨਸਾਨ ਨੂੰ ਪਾਪ ਦੇ ਹਵਾਲੇ ਕੀਤਾ ਹੋਇਆ ਹੈ ਤਾਂਕਿ ਯਿਸੂ ਮਸੀਹ ʼਤੇ ਨਿਹਚਾ ਕਰਨ ਵਾਲੇ ਲੋਕ ਪਰਮੇਸ਼ੁਰ ਦੇ ਵਾਅਦੇ ਦੇ ਵਾਰਸ ਬਣਨ।

23 ਪਰ ਮਸੀਹ ਉੱਤੇ ਨਿਹਚਾ ਕਰਨ* ਤੋਂ ਪਹਿਲਾਂ ਅਸੀਂ ਇਸ ਕਾਨੂੰਨ ਦੀ ਨਿਗਰਾਨੀ ਅਧੀਨ ਸੀ ਤੇ ਇਸ ਦੇ ਗ਼ੁਲਾਮ ਸੀ ਅਤੇ ਇਸ ਸਮੇਂ ਦੌਰਾਨ ਅਸੀਂ ਉਡੀਕ ਕਰ ਰਹੇ ਸੀ ਕਿ ਪਰਮੇਸ਼ੁਰ ਇਸ ਨਿਹਚਾ ਬਾਰੇ ਕੀ ਪ੍ਰਗਟ ਕਰੇਗਾ।+ 24 ਇਸ ਲਈ ਇਹ ਕਾਨੂੰਨ ਸਾਡਾ ਰਖਵਾਲਾ* ਬਣ ਕੇ ਸਾਨੂੰ ਮਸੀਹ ਕੋਲ ਲੈ ਕੇ ਆਇਆ ਹੈ+ ਤਾਂਕਿ ਸਾਨੂੰ ਨਿਹਚਾ ਕਰਨ ਕਰਕੇ ਧਰਮੀ ਠਹਿਰਾਇਆ ਜਾਵੇ।+ 25 ਪਰ ਹੁਣ ਅਸੀਂ ਮਸੀਹ ਉੱਤੇ ਨਿਹਚਾ ਕਰਦੇ ਹਾਂ,+ ਇਸ ਲਈ ਅਸੀਂ ਇਸ ਰਖਵਾਲੇ* ਦੇ ਅਧੀਨ ਨਹੀਂ ਹਾਂ।+

26 ਅਸਲ ਵਿਚ, ਮਸੀਹ ਯਿਸੂ+ ʼਤੇ ਨਿਹਚਾ ਕਰਨ ਕਰਕੇ ਤੁਸੀਂ ਸਾਰੇ ਪਰਮੇਸ਼ੁਰ ਦੇ ਪੁੱਤਰ ਹੋ।+ 27 ਤੁਸੀਂ ਸਾਰੇ ਬਪਤਿਸਮਾ ਲੈ ਕੇ ਮਸੀਹ ਨਾਲ ਏਕਤਾ ਵਿਚ ਹੋ ਅਤੇ ਤੁਸੀਂ ਮਸੀਹ ਨੂੰ ਪਹਿਨ ਲਿਆ ਹੈ।+ 28 ਇਸ ਲਈ ਹੁਣ ਨਾ ਤਾਂ ਕੋਈ ਯਹੂਦੀ ਹੈ, ਨਾ ਯੂਨਾਨੀ,*+ ਨਾ ਗ਼ੁਲਾਮ, ਨਾ ਆਜ਼ਾਦ,+ ਨਾ ਆਦਮੀ ਅਤੇ ਨਾ ਔਰਤ+ ਕਿਉਂਕਿ ਮਸੀਹ ਯਿਸੂ ਦੇ ਚੇਲੇ ਹੋਣ ਕਰਕੇ ਤੁਸੀਂ ਸਾਰੇ ਇਕ ਹੋ।+ 29 ਨਾਲੇ ਜੇ ਤੁਸੀਂ ਮਸੀਹ ਦੇ ਹੋ, ਤਾਂ ਤੁਸੀਂ ਅਸਲ ਵਿਚ ਅਬਰਾਹਾਮ ਦੀ ਸੰਤਾਨ*+ ਅਤੇ ਵਾਅਦੇ+ ਮੁਤਾਬਕ ਵਾਰਸ+ ਹੋ।

4 ਹੁਣ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਵਾਰਸ ਜਦ ਤਕ ਬੱਚਾ ਹੁੰਦਾ ਹੈ, ਉਸ ਵਿਚ ਅਤੇ ਗ਼ੁਲਾਮ ਵਿਚ ਕੋਈ ਫ਼ਰਕ ਨਹੀਂ ਹੁੰਦਾ। ਭਾਵੇਂ ਬੱਚਾ ਸਾਰੀਆਂ ਚੀਜ਼ਾਂ ਦਾ ਮਾਲਕ ਹੁੰਦਾ ਹੈ, 2 ਪਰ ਉਹ ਆਪਣੇ ਪਿਤਾ ਦੇ ਠਹਿਰਾਏ ਦਿਨ ਤਕ ਦੇਖ-ਭਾਲ ਕਰਨ ਵਾਲਿਆਂ ਅਤੇ ਘਰ ਦੇ ਪ੍ਰਬੰਧਕਾਂ ਦੇ ਅਧੀਨ ਰਹਿੰਦਾ ਹੈ। 3 ਇਸੇ ਤਰ੍ਹਾਂ ਜਦੋਂ ਅਸੀਂ ਬੱਚੇ ਸੀ, ਤਾਂ ਅਸੀਂ ਵੀ ਦੁਨੀਆਂ ਦੇ ਬੁਨਿਆਦੀ ਅਸੂਲਾਂ ਦੇ ਗ਼ੁਲਾਮ ਹੁੰਦੇ ਸੀ।+ 4 ਪਰ ਜਦੋਂ ਮਿਥਿਆ ਸਮਾਂ ਪੂਰਾ ਹੋਇਆ, ਤਾਂ ਪਰਮੇਸ਼ੁਰ ਨੇ ਆਪਣਾ ਪੁੱਤਰ ਘੱਲਿਆ ਜੋ ਇਕ ਤੀਵੀਂ ਤੋਂ ਪੈਦਾ ਹੋਇਆ ਸੀ+ ਅਤੇ ਮੂਸਾ ਦੇ ਕਾਨੂੰਨ ਦੇ ਅਧੀਨ ਸੀ+ 5 ਤਾਂਕਿ ਜਿਹੜੇ ਲੋਕ ਇਸ ਕਾਨੂੰਨ ਦੇ ਅਧੀਨ ਹਨ,+ ਉਨ੍ਹਾਂ ਨੂੰ ਖ਼ਰੀਦ ਕੇ ਛੁਡਾਇਆ ਜਾ ਸਕੇ ਅਤੇ ਸਾਨੂੰ ਪੁੱਤਰਾਂ ਵਜੋਂ ਅਪਣਾਇਆ ਜਾ ਸਕੇ।+

6 ਹੁਣ ਕਿਉਂਕਿ ਤੁਸੀਂ ਪੁੱਤਰ ਹੋ, ਇਸ ਲਈ ਪਰਮੇਸ਼ੁਰ ਨੇ ਉਹੀ ਪਵਿੱਤਰ ਸ਼ਕਤੀ+ ਤੁਹਾਡੇ ਦਿਲਾਂ ਵਿਚ ਪਾਈ ਹੈ+ ਜੋ ਉਸ ਦੇ ਪੁੱਤਰ ਕੋਲ ਹੈ। ਇਹ ਸ਼ਕਤੀ ਤੁਹਾਨੂੰ “ਅੱਬਾ,* ਹੇ ਪਿਤਾ!” ਪੁਕਾਰਨ ਲਈ ਪ੍ਰੇਰਦੀ ਹੈ।+ 7 ਇਸ ਲਈ ਹੁਣ ਤੁਸੀਂ ਗ਼ੁਲਾਮ ਨਹੀਂ ਰਹੇ, ਸਗੋਂ ਪੁੱਤਰ ਹੋ; ਜੇ ਤੁਸੀਂ ਪੁੱਤਰ ਹੋ, ਤਾਂ ਫਿਰ ਪਰਮੇਸ਼ੁਰ ਨੇ ਤੁਹਾਨੂੰ ਵਾਰਸ ਵੀ ਬਣਾਇਆ ਹੈ।+

8 ਪਰ ਜਦੋਂ ਤੁਸੀਂ ਪਰਮੇਸ਼ੁਰ ਨੂੰ ਨਹੀਂ ਜਾਣਦੇ ਸੀ, ਉਦੋਂ ਤੁਸੀਂ ਉਨ੍ਹਾਂ ਦੇ ਗ਼ੁਲਾਮ ਸੀ ਜੋ ਅਸਲ ਵਿਚ ਈਸ਼ਵਰ ਨਹੀਂ ਹਨ। 9 ਹੁਣ ਤੁਸੀਂ ਪਰਮੇਸ਼ੁਰ ਨੂੰ ਜਾਣਦੇ ਹੋ ਜਾਂ ਕਹਿ ਲਓ ਕਿ ਪਰਮੇਸ਼ੁਰ ਤੁਹਾਨੂੰ ਜਾਣਦਾ ਹੈ, ਤਾਂ ਫਿਰ ਤੁਸੀਂ ਬੇਕਾਰ ਤੇ ਫ਼ਜ਼ੂਲ ਦੀਆਂ ਬੁਨਿਆਦੀ ਗੱਲਾਂ ਵੱਲ ਵਾਪਸ ਕਿਉਂ ਜਾ ਰਹੇ ਹੋ+ ਅਤੇ ਦੁਬਾਰਾ ਉਨ੍ਹਾਂ ਦੀ ਗ਼ੁਲਾਮੀ ਕਿਉਂ ਕਰਨੀ ਚਾਹੁੰਦੇ ਹੋ?+ 10 ਤੁਸੀਂ, ਬਹੁਤ ਧਿਆਨ ਨਾਲ ਖ਼ਾਸ ਦਿਨ, ਮਹੀਨੇ,+ ਸਮੇਂ* ਅਤੇ ਸਾਲ ਮਨਾਉਂਦੇ ਹੋ। 11 ਮੈਨੂੰ ਡਰ ਹੈ ਕਿ ਮੈਂ ਤੁਹਾਡੇ ʼਤੇ ਜੋ ਮਿਹਨਤ ਕੀਤੀ ਹੈ, ਉਹ ਕਿਤੇ ਬੇਕਾਰ ਨਾ ਚਲੀ ਜਾਵੇ।

12 ਭਰਾਵੋ, ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਮੇਰੇ ਵਰਗੇ ਬਣੋ ਕਿਉਂਕਿ ਪਹਿਲਾਂ ਮੈਂ ਵੀ ਤੁਹਾਡੇ ਵਾਂਗ ਜੋਸ਼ ਨਾਲ ਇਨ੍ਹਾਂ ਗੱਲਾਂ ʼਤੇ ਚੱਲਦਾ ਸੀ।+ ਤੁਸੀਂ ਮੇਰੇ ਨਾਲ ਕੋਈ ਬੁਰਾ ਸਲੂਕ ਨਹੀਂ ਕੀਤਾ। 13 ਪਰ ਤੁਸੀਂ ਜਾਣਦੇ ਹੋ ਕਿ ਮੇਰੀ ਬੀਮਾਰੀ ਕਰਕੇ ਮੈਨੂੰ ਪਹਿਲੀ ਵਾਰ ਤੁਹਾਨੂੰ ਖ਼ੁਸ਼ ਖ਼ਬਰੀ ਸੁਣਾਉਣ ਦਾ ਮੌਕਾ ਮਿਲਿਆ। 14 ਬੇਸ਼ੱਕ ਮੇਰੀ ਬੀਮਾਰੀ ਤੁਹਾਡੇ ਲਈ ਅਜ਼ਮਾਇਸ਼ ਸੀ, ਫਿਰ ਵੀ ਤੁਸੀਂ ਮੇਰੇ ਨਾਲ ਘਿਰਣਾ ਨਹੀਂ ਕੀਤੀ ਜਾਂ ਮੇਰੇ ਮੂੰਹ ʼਤੇ ਨਹੀਂ ਥੁੱਕਿਆ। ਪਰ ਤੁਸੀਂ ਮੇਰਾ ਇਸ ਤਰ੍ਹਾਂ ਸੁਆਗਤ ਕੀਤਾ ਜਿਵੇਂ ਮੈਂ ਪਰਮੇਸ਼ੁਰ ਦਾ ਦੂਤ ਹੋਵਾਂ ਜਾਂ ਮਸੀਹ ਯਿਸੂ ਹੋਵਾਂ। 15 ਤਾਂ ਫਿਰ, ਹੁਣ ਤੁਹਾਡੀ ਉਹ ਖ਼ੁਸ਼ੀ ਕਿੱਥੇ ਗਈ? ਕਿਉਂਕਿ ਮੈਨੂੰ ਪੂਰਾ ਯਕੀਨ ਹੈ ਕਿ ਜੇ ਮੁਮਕਿਨ ਹੁੰਦਾ, ਤਾਂ ਤੁਸੀਂ ਆਪਣੀਆਂ ਅੱਖਾਂ ਵੀ ਕੱਢ ਕੇ ਮੈਨੂੰ ਦੇ ਦੇਣੀਆਂ ਸਨ।+ 16 ਤਾਂ ਕੀ ਤੁਹਾਨੂੰ ਸੱਚ ਦੱਸਣ ਕਰਕੇ ਮੈਂ ਤੁਹਾਡਾ ਦੁਸ਼ਮਣ ਬਣ ਗਿਆ ਹਾਂ? 17 ਕੁਝ ਲੋਕ ਤੁਹਾਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰਦੇ ਹਨ, ਪਰ ਉਨ੍ਹਾਂ ਦਾ ਇਰਾਦਾ ਨੇਕ ਨਹੀਂ ਹੈ। ਉਹ ਤੁਹਾਨੂੰ ਮੇਰੇ ਤੋਂ ਦੂਰ ਕਰਨਾ ਚਾਹੁੰਦੇ ਹਨ ਤਾਂਕਿ ਤੁਸੀਂ ਬੜੇ ਜੋਸ਼ ਨਾਲ ਉਨ੍ਹਾਂ ਦੇ ਪਿੱਛੇ-ਪਿੱਛੇ ਜਾਓ। 18 ਪਰ ਜੇ ਕੋਈ ਇਨਸਾਨ ਨੇਕ ਇਰਾਦੇ ਨਾਲ ਤੁਹਾਨੂੰ ਆਪਣੇ ਵੱਲ ਖਿੱਚਣਾ ਚਾਹੇ, ਤਾਂ ਇਹ ਚੰਗੀ ਗੱਲ ਹੈ। ਉਹ ਨਾ ਸਿਰਫ਼ ਉਦੋਂ ਇਸ ਤਰ੍ਹਾਂ ਕਰੇ ਜਦੋਂ ਮੈਂ ਤੁਹਾਡੇ ਨਾਲ ਹੋਵਾਂ, ਸਗੋਂ ਹਮੇਸ਼ਾ ਕਰੇ। 19 ਮੇਰੇ ਪਿਆਰੇ ਬੱਚਿਓ,+ ਮੈਂ ਤੁਹਾਡੇ ਲਈ ਫਿਰ ਤੋਂ ਜਣਨ-ਪੀੜਾਂ ਸਹਿ ਰਿਹਾ ਹਾਂ ਅਤੇ ਉਦੋਂ ਤਕ ਸਹਿੰਦਾ ਰਹਾਂਗਾ ਜਦ ਤਕ ਤੁਹਾਡਾ ਸੁਭਾਅ ਮਸੀਹ ਵਰਗਾ ਨਹੀਂ ਹੋ ਜਾਂਦਾ। 20 ਕਾਸ਼! ਮੈਂ ਤੁਹਾਡੇ ਕੋਲ ਹੁੰਦਾ ਅਤੇ ਤੁਹਾਡੇ ਨਾਲ ਪਿਆਰ ਨਾਲ ਗੱਲ ਕਰਦਾ ਕਿਉਂਕਿ ਮੈਨੂੰ ਪਤਾ ਨਹੀਂ ਲੱਗ ਰਿਹਾ ਕਿ ਮੈਂ ਤੁਹਾਨੂੰ ਕਿਵੇਂ ਸਮਝਾਵਾਂ।

21 ਤੁਸੀਂ ਜਿਹੜੇ ਮੂਸਾ ਦੇ ਕਾਨੂੰਨ ਅਧੀਨ ਹੋਣਾ ਚਾਹੁੰਦੇ ਹੋ, ਮੈਨੂੰ ਦੱਸੋ, ਕੀ ਤੁਸੀਂ ਨਹੀਂ ਸੁਣਿਆ ਕਿ ਇਹ ਕਾਨੂੰਨ ਕੀ ਕਹਿੰਦਾ ਹੈ? 22 ਮਿਸਾਲ ਲਈ, ਇਸ ਵਿਚ ਲਿਖਿਆ ਹੈ ਕਿ ਅਬਰਾਹਾਮ ਦੇ ਦੋ ਪੁੱਤਰ ਸਨ, ਇਕ ਗ਼ੁਲਾਮ ਤੀਵੀਂ+ ਤੋਂ ਅਤੇ ਦੂਜਾ ਆਜ਼ਾਦ ਤੀਵੀਂ+ ਤੋਂ; 23 ਗ਼ੁਲਾਮ ਤੀਵੀਂ ਦਾ ਪੁੱਤਰ ਕੁਦਰਤੀ ਤਰੀਕੇ ਨਾਲ ਪੈਦਾ ਹੋਇਆ ਸੀ,+ ਪਰ ਆਜ਼ਾਦ ਤੀਵੀਂ ਦਾ ਪੁੱਤਰ ਪਰਮੇਸ਼ੁਰ ਦੇ ਵਾਅਦੇ ਮੁਤਾਬਕ ਪੈਦਾ ਹੋਇਆ ਸੀ।+ 24 ਇਨ੍ਹਾਂ ਗੱਲਾਂ ਦਾ ਇਕ ਹੋਰ ਮਤਲਬ ਹੈ; ਇਹ ਤੀਵੀਆਂ ਦੋ ਇਕਰਾਰਾਂ ਨੂੰ ਦਰਸਾਉਂਦੀਆਂ ਹਨ। ਇਕ ਇਕਰਾਰ ਸੀਨਈ ਪਹਾੜ+ ਉੱਤੇ ਕੀਤਾ ਗਿਆ ਸੀ ਜਿਸ ਦੇ ਅਧੀਨ ਪੈਦਾ ਹੋਣ ਵਾਲੇ ਬੱਚੇ ਗ਼ੁਲਾਮ ਹੁੰਦੇ ਹਨ ਅਤੇ ਹਾਜਰਾ ਇਸ ਇਕਰਾਰ ਨੂੰ ਦਰਸਾਉਂਦੀ ਹੈ। 25 ਹਾਜਰਾ ਅਰਬ ਦੇ ਸੀਨਈ ਪਹਾੜ ਨੂੰ ਦਰਸਾਉਂਦੀ ਹੈ+ ਅਤੇ ਉਹ ਅੱਜ ਦੇ ਯਰੂਸ਼ਲਮ ਦੇ ਸਮਾਨ ਹੈ ਕਿਉਂਕਿ ਯਰੂਸ਼ਲਮ ਅਤੇ ਇਸ ਦੇ ਬੱਚੇ* ਗ਼ੁਲਾਮ ਹਨ। 26 ਪਰ ਉੱਪਰਲਾ ਯਰੂਸ਼ਲਮ ਆਜ਼ਾਦ ਹੈ ਅਤੇ ਇਹ ਸਾਡੀ ਮਾਂ ਹੈ।

27 ਧਰਮ-ਗ੍ਰੰਥ ਵਿਚ ਲਿਖਿਆ ਹੈ: “ਹੇ ਬਾਂਝ ਤੀਵੀਂ ਜਿਸ ਦੇ ਬੱਚੇ ਨਹੀਂ ਹੋਏ, ਤੂੰ ਖ਼ੁਸ਼ੀਆਂ ਮਨਾ; ਅਤੇ ਤੂੰ ਜਿਸ ਨੂੰ ਜਣਨ-ਪੀੜਾਂ ਨਹੀਂ ਲੱਗੀਆਂ, ਉੱਚੀ ਆਵਾਜ਼ ਵਿਚ ਖ਼ੁਸ਼ੀਆਂ ਮਨਾ ਕਿਉਂਕਿ ਛੁੱਟੜ ਤੀਵੀਂ ਦੇ ਬੱਚੇ ਉਸ ਤੀਵੀਂ ਨਾਲੋਂ ਜ਼ਿਆਦਾ ਹੋਣਗੇ ਜਿਸ ਦਾ ਪਤੀ ਹੈ।”+ 28 ਭਰਾਵੋ, ਇਸਹਾਕ ਵਾਂਗ ਤੁਸੀਂ ਵੀ ਪਰਮੇਸ਼ੁਰ ਦੇ ਵਾਅਦੇ ਅਨੁਸਾਰ ਪੈਦਾ ਹੋਏ ਬੱਚੇ ਹੋ।+ 29 ਪਰ ਜਿਵੇਂ ਕੁਦਰਤੀ ਤਰੀਕੇ ਨਾਲ ਪੈਦਾ ਹੋਇਆ ਪੁੱਤਰ ਪਵਿੱਤਰ ਸ਼ਕਤੀ ਰਾਹੀਂ ਪੈਦਾ ਹੋਏ ਪੁੱਤਰ ਨੂੰ ਸਤਾਉਣ ਲੱਗ ਪਿਆ,+ ਇਸੇ ਤਰ੍ਹਾਂ ਅੱਜ ਵੀ ਹੁੰਦਾ ਹੈ।+ 30 ਪਰ ਧਰਮ-ਗ੍ਰੰਥ ਵਿਚ ਕੀ ਲਿਖਿਆ ਗਿਆ ਹੈ? “ਗ਼ੁਲਾਮ ਔਰਤ ਤੇ ਇਸ ਦੇ ਪੁੱਤਰ ਨੂੰ ਘਰੋਂ ਕੱਢ ਦੇ ਕਿਉਂਕਿ ਗ਼ੁਲਾਮ ਔਰਤ ਦਾ ਪੁੱਤਰ ਆਜ਼ਾਦ ਔਰਤ ਦੇ ਪੁੱਤਰ ਨਾਲ ਹਰਗਿਜ਼ ਵਾਰਸ ਨਹੀਂ ਬਣੇਗਾ।”+ 31 ਇਸ ਲਈ ਭਰਾਵੋ, ਅਸੀਂ ਗ਼ੁਲਾਮ ਤੀਵੀਂ ਦੇ ਬੱਚੇ ਨਹੀਂ ਹਾਂ, ਸਗੋਂ ਆਜ਼ਾਦ ਤੀਵੀਂ ਦੇ ਬੱਚੇ ਹਾਂ।

5 ਇਸੇ ਆਜ਼ਾਦੀ ਲਈ ਮਸੀਹ ਨੇ ਸਾਨੂੰ ਆਜ਼ਾਦ ਕੀਤਾ ਹੈ। ਇਸ ਲਈ ਇਸ ਆਜ਼ਾਦੀ ਦੀ ਰਾਖੀ ਕਰੋ+ ਅਤੇ ਗ਼ੁਲਾਮੀ ਦਾ ਜੂਲਾ ਆਪਣੀਆਂ ਧੌਣਾਂ ਉੱਤੇ ਦੁਬਾਰਾ ਨਾ ਰੱਖੋ।+

2 ਧਿਆਨ ਨਾਲ ਮੇਰੀ ਗੱਲ ਸੁਣੋ! ਮੈਂ ਪੌਲੁਸ ਤੁਹਾਨੂੰ ਦੱਸ ਰਿਹਾ ਹਾਂ ਕਿ ਜੇ ਤੁਸੀਂ ਆਪਣੀ ਸੁੰਨਤ ਕਰਾਓਗੇ, ਤਾਂ ਮਸੀਹ ਨੇ ਜੋ ਵੀ ਕੀਤਾ ਹੈ, ਉਸ ਦਾ ਤੁਹਾਨੂੰ ਕੋਈ ਫ਼ਾਇਦਾ ਨਹੀਂ ਹੋਵੇਗਾ।+ 3 ਨਾਲੇ ਸੁੰਨਤ ਕਰਾਉਣ ਵਾਲੇ ਇਨਸਾਨ ਨੂੰ ਮੈਂ ਇਕ ਵਾਰ ਫਿਰ ਯਾਦ ਕਰਾਉਂਦਾ ਹਾਂ ਕਿ ਉਸ ਨੂੰ ਮੂਸਾ ਦੇ ਕਾਨੂੰਨ ਦੀ ਹਰ ਗੱਲ ਪੂਰੀ ਕਰਨੀ ਪਵੇਗੀ।+ 4 ਤੁਹਾਡੇ ਵਿੱਚੋਂ ਜਿਹੜੇ ਵੀ ਇਸ ਕਾਨੂੰਨ ਅਨੁਸਾਰ ਆਪਣੇ ਆਪ ਨੂੰ ਧਰਮੀ ਠਹਿਰਾਉਣ ਦੀ ਕੋਸ਼ਿਸ਼ ਕਰਦੇ ਹਨ,+ ਉਹ ਮਸੀਹ ਤੋਂ ਦੂਰ ਹੋ ਚੁੱਕੇ ਹਨ ਅਤੇ ਉਸ ਦੀ ਅਪਾਰ ਕਿਰਪਾ ਗੁਆ ਬੈਠੇ ਹਨ। 5 ਪਰ ਸਾਨੂੰ ਉਮੀਦ ਹੈ ਕਿ ਸਾਨੂੰ ਪਵਿੱਤਰ ਸ਼ਕਤੀ ਰਾਹੀਂ ਨਿਹਚਾ ਦੇ ਆਧਾਰ ʼਤੇ ਧਰਮੀ ਠਹਿਰਾਇਆ ਜਾਵੇਗਾ। ਅਸੀਂ ਇਸ ਉਮੀਦ ਦੇ ਪੂਰਾ ਹੋਣ ਦੀ ਬੇਸਬਰੀ ਨਾਲ ਉਡੀਕ ਕਰਦੇ ਹਾਂ। 6 ਮਸੀਹ ਯਿਸੂ ਨਾਲ ਏਕਤਾ ਵਿਚ ਹੋਣ ਕਰਕੇ ਸੁੰਨਤ ਕਰਾਉਣੀ ਜਾਂ ਨਾ ਕਰਾਉਣੀ ਕੋਈ ਮਾਅਨੇ ਨਹੀਂ ਰੱਖਦੀ,+ ਸਗੋਂ ਪਿਆਰ ਨਾਲ ਨਿਹਚਾ ਦੇ ਕੰਮ ਕਰਨੇ ਜ਼ਰੂਰੀ ਹਨ।

7 ਤੁਸੀਂ ਤਾਂ ਸੱਚਾਈ ਦੇ ਰਾਹ ʼਤੇ ਚੰਗੇ-ਭਲੇ ਚੱਲ* ਰਹੇ ਸੀ।+ ਫਿਰ ਕਿਸ ਨੇ ਤੁਹਾਨੂੰ ਸੱਚਾਈ ਦੇ ਰਾਹ ʼਤੇ ਚੱਲਦੇ ਰਹਿਣ ਤੋਂ ਰੋਕ ਦਿੱਤਾ? 8 ਪਰਮੇਸ਼ੁਰ ਨੇ ਆਪਣੀਆਂ ਦਲੀਲਾਂ ਨਾਲ ਤੁਹਾਨੂੰ ਇਸ ਰਾਹ ʼਤੇ ਚੱਲਣ ਤੋਂ ਨਹੀਂ ਰੋਕਿਆ ਜਿਸ ਨੇ ਤੁਹਾਨੂੰ ਸੱਦਿਆ ਸੀ। 9 ਥੋੜ੍ਹਾ ਜਿਹਾ ਖਮੀਰ ਆਟੇ ਦੀ ਪੂਰੀ ਤੌਣ ਨੂੰ ਖਮੀਰਾ ਕਰ ਦਿੰਦਾ ਹੈ।+ 10 ਮੈਨੂੰ ਭਰੋਸਾ ਹੈ ਕਿ ਤੁਸੀਂ ਜੋ ਪ੍ਰਭੂ ਨਾਲ ਏਕਤਾ ਵਿਚ ਹੋ,+ ਮੇਰੀ ਗੱਲ ਨਾਲ ਸਹਿਮਤ ਹੋ। ਪਰ ਜੋ ਇਨਸਾਨ ਤੁਹਾਡੇ ਲਈ ਮੁਸੀਬਤ ਖੜ੍ਹੀ ਕਰਦਾ ਹੈ,+ ਉਹ ਜਿਹੜਾ ਮਰਜ਼ੀ ਹੋਵੇ, ਉਸ ਨੂੰ ਸਜ਼ਾ ਜ਼ਰੂਰ ਮਿਲੇਗੀ ਜਿਸ ਦੇ ਉਹ ਲਾਇਕ ਹੈ। 11 ਪਰ ਭਰਾਵੋ, ਜਿੱਥੋਂ ਤਕ ਮੇਰੀ ਗੱਲ ਹੈ, ਜੇ ਮੈਂ ਹਾਲੇ ਵੀ ਸੁੰਨਤ ਕਰਾਉਣ ਦਾ ਪ੍ਰਚਾਰ ਕਰ ਰਿਹਾ ਹਾਂ, ਤਾਂ ਫਿਰ ਮੇਰੇ ਉੱਤੇ ਜ਼ੁਲਮ ਕਿਉਂ ਕੀਤਾ ਜਾ ਰਿਹਾ ਹੈ? ਜੇ ਮੈਂ ਸੁੰਨਤ ਦਾ ਪ੍ਰਚਾਰ ਕਰਦਾ ਹਾਂ, ਤਾਂ ਮਸੀਹ ਦੀ ਸੂਲ਼ੀ+ ਦਾ ਮਸਲਾ ਹੀ ਖ਼ਤਮ ਹੋ ਗਿਆ ਹੈ। ਇਸ ਕਰਕੇ ਇਹ ਕਿਸੇ ਲਈ ਠੋਕਰ ਦਾ ਕਾਰਨ ਨਹੀਂ ਹੋਣੀ ਚਾਹੀਦੀ। 12 ਮੈਂ ਚਾਹੁੰਦਾ ਹਾਂ ਕਿ ਤੁਹਾਨੂੰ ਕੁਰਾਹੇ ਪਾਉਣ ਦੀ ਕੋਸ਼ਿਸ਼ ਕਰ ਰਹੇ ਆਦਮੀ ਆਪਣਾ ਹੀ ਅੰਗ ਕਟਵਾ ਲੈਣ।*

13 ਭਰਾਵੋ, ਤੁਹਾਨੂੰ ਆਜ਼ਾਦੀ ਪ੍ਰਾਪਤ ਕਰਨ ਲਈ ਸੱਦਿਆ ਗਿਆ ਸੀ; ਪਰ ਇਸ ਆਜ਼ਾਦੀ ਨੂੰ ਸਰੀਰ ਦੀਆਂ ਗ਼ਲਤ ਇੱਛਾਵਾਂ ਪੂਰੀਆਂ ਕਰਨ ਦਾ ਮੌਕਾ ਨਾ ਸਮਝੋ,+ ਸਗੋਂ ਪਿਆਰ ਨਾਲ ਇਕ-ਦੂਜੇ ਦੀ ਸੇਵਾ ਕਰੋ+ 14 ਕਿਉਂਕਿ ਮੂਸਾ ਦੇ ਕਾਨੂੰਨ ਦਾ ਨਿਚੋੜ ਇਹ ਹੁਕਮ ਹੈ: “ਤੂੰ ਆਪਣੇ ਗੁਆਂਢੀ ਨੂੰ ਉਵੇਂ ਪਿਆਰ ਕਰ ਜਿਵੇਂ ਤੂੰ ਆਪਣੇ ਆਪ ਨੂੰ ਕਰਦਾ ਹੈਂ।”+ 15 ਪਰ ਜੇ ਤੁਸੀਂ ਇਕ-ਦੂਜੇ ਨੂੰ ਵੱਢ ਖਾਣ ਵਿਚ ਲੱਗੇ ਰਹੋਗੇ,+ ਤਾਂ ਖ਼ਬਰਦਾਰ ਰਹੋ, ਕਿਤੇ ਤੁਸੀਂ ਇਕ-ਦੂਜੇ ਦਾ ਨਾਸ਼ ਨਾ ਕਰ ਬੈਠੋ।+

16 ਪਰ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਤੁਸੀਂ ਪਵਿੱਤਰ ਸ਼ਕਤੀ ਅਨੁਸਾਰ ਚੱਲਦੇ ਰਹੋ,+ ਇਸ ਤਰ੍ਹਾਂ ਤੁਸੀਂ ਸਰੀਰ ਦੀ ਕੋਈ ਵੀ ਗ਼ਲਤ ਇੱਛਾ ਪੂਰੀ ਨਹੀਂ ਕਰੋਗੇ।+ 17 ਕਿਉਂਕਿ ਸਰੀਰ ਦੀਆਂ ਇੱਛਾਵਾਂ ਪਵਿੱਤਰ ਸ਼ਕਤੀ ਦੇ ਵਿਰੁੱਧ ਹਨ ਅਤੇ ਪਵਿੱਤਰ ਸ਼ਕਤੀ ਸਰੀਰ ਦੀਆਂ ਇੱਛਾਵਾਂ ਦੇ ਵਿਰੁੱਧ ਹੈ; ਇਹ ਇਕ-ਦੂਜੇ ਦੇ ਖ਼ਿਲਾਫ਼ ਹਨ ਜਿਸ ਕਰਕੇ ਤੁਸੀਂ ਜੋ ਕਰਨਾ ਚਾਹੁੰਦੇ ਹੋ, ਉਹ ਨਹੀਂ ਕਰਦੇ।+ 18 ਇਸ ਤੋਂ ਇਲਾਵਾ, ਜੇ ਤੁਸੀਂ ਪਵਿੱਤਰ ਸ਼ਕਤੀ ਦੀ ਅਗਵਾਈ ਵਿਚ ਚੱਲਦੇ ਹੋ, ਤਾਂ ਤੁਸੀਂ ਮੂਸਾ ਦੇ ਕਾਨੂੰਨ ਦੇ ਅਧੀਨ ਨਹੀਂ ਹੋ।

19 ਹੁਣ ਸਰੀਰ ਦੇ ਕੰਮ ਸਾਫ਼ ਦੇਖੇ ਜਾ ਸਕਦੇ ਹਨ ਅਤੇ ਇਹ ਕੰਮ ਹਨ: ਹਰਾਮਕਾਰੀ,*+ ਗੰਦ-ਮੰਦ, ਬੇਸ਼ਰਮ* ਹੋ ਕੇ ਗ਼ਲਤ ਕੰਮ ਕਰਨੇ,+ 20 ਮੂਰਤੀ-ਪੂਜਾ, ਜਾਦੂਗਰੀ,*+ ਵੈਰ, ਝਗੜੇ, ਈਰਖਾ, ਗੁੱਸੇ ਵਿਚ ਭੜਕਣਾ, ਮਤਭੇਦ, ਫੁੱਟ, ਧੜੇਬਾਜ਼ੀ, 21 ਖਾਰ ਖਾਣੀ, ਸ਼ਰਾਬੀ ਹੋਣਾ,+ ਪਾਰਟੀਆਂ ਵਿਚ ਰੰਗਰਲੀਆਂ ਮਨਾਉਣੀਆਂ ਅਤੇ ਹੋਰ ਇਹੋ ਜਿਹੇ ਕੰਮ।+ ਮੈਂ ਤੁਹਾਨੂੰ ਇਨ੍ਹਾਂ ਕੰਮਾਂ ਤੋਂ ਖ਼ਬਰਦਾਰ ਕਰ ਰਿਹਾ ਹਾਂ, ਜਿਵੇਂ ਮੈਂ ਪਹਿਲਾਂ ਵੀ ਤੁਹਾਨੂੰ ਖ਼ਬਰਦਾਰ ਕਰ ਚੁੱਕਾ ਹਾਂ ਕਿ ਜਿਹੜੇ ਲੋਕ ਇਨ੍ਹਾਂ ਕੰਮਾਂ ਵਿਚ ਲੱਗੇ ਰਹਿੰਦੇ ਹਨ, ਉਹ ਪਰਮੇਸ਼ੁਰ ਦੇ ਰਾਜ ਦੇ ਵਾਰਸ ਨਹੀਂ ਬਣਨਗੇ।+

22 ਦੂਜੇ ਪਾਸੇ, ਪਵਿੱਤਰ ਸ਼ਕਤੀ ਅਨੁਸਾਰ ਚੱਲ ਕੇ ਇਹ ਗੁਣ* ਪੈਦਾ ਹੁੰਦੇ ਹਨ: ਪਿਆਰ, ਖ਼ੁਸ਼ੀ, ਸ਼ਾਂਤੀ, ਧੀਰਜ, ਦਇਆ, ਭਲਾਈ,*+ ਨਿਹਚਾ, 23 ਨਰਮਾਈ, ਸੰਜਮ।+ ਅਜਿਹੇ ਗੁਣਾਂ ਖ਼ਿਲਾਫ਼ ਕੋਈ ਕਾਨੂੰਨ ਨਹੀਂ ਹੈ। 24 ਇਸ ਤੋਂ ਇਲਾਵਾ, ਜਿਹੜੇ ਮਸੀਹ ਯਿਸੂ ਦੇ ਹਨ, ਉਨ੍ਹਾਂ ਨੇ ਆਪਣੇ ਸਰੀਰ ਦੀਆਂ ਲਾਲਸਾਵਾਂ ਅਤੇ ਬੁਰੀਆਂ ਇੱਛਾਵਾਂ ਨੂੰ ਮਾਰ ਦਿੱਤਾ ਹੈ।*+

25 ਜੇ ਅਸੀਂ ਪਵਿੱਤਰ ਸ਼ਕਤੀ ਅਨੁਸਾਰ ਜ਼ਿੰਦਗੀ ਜੀਉਂਦੇ ਹਾਂ, ਤਾਂ ਆਓ ਆਪਾਂ ਇਸ ਸ਼ਕਤੀ ਦੀ ਅਗਵਾਈ ਵਿਚ ਚੱਲਦੇ ਰਹੀਏ।+ 26 ਆਓ ਆਪਾਂ ਨਾ ਹੀ ਹੰਕਾਰ ਕਰੀਏ,+ ਨਾ ਹੀ ਮੁਕਾਬਲਾ ਕਰਨ ਲਈ ਇਕ-ਦੂਜੇ ਨੂੰ ਉਕਸਾਈਏ+ ਅਤੇ ਨਾ ਹੀ ਇਕ-ਦੂਜੇ ਨਾਲ ਈਰਖਾ ਕਰੀਏ।

6 ਭਰਾਵੋ, ਜੇ ਕੋਈ ਇਨਸਾਨ ਅਣਜਾਣੇ ਵਿਚ ਗ਼ਲਤ ਕਦਮ ਉਠਾ ਲਵੇ, ਤਾਂ ਤੁਸੀਂ ਜਿਹੜੇ ਸਮਝਦਾਰ ਹੋ,* ਉਸ ਨੂੰ ਨਰਮਾਈ ਨਾਲ ਸੁਧਾਰਨ ਦੀ ਕੋਸ਼ਿਸ਼ ਕਰੋ।+ ਪਰ ਤੁਸੀਂ ਆਪਣੇ ਉੱਤੇ ਵੀ ਨਜ਼ਰ ਰੱਖੋ,+ ਕਿਤੇ ਤੁਸੀਂ ਵੀ ਭਰਮਾਏ ਨਾ ਜਾਓ।+ 2 ਇਕ-ਦੂਜੇ ਦਾ ਬੋਝ ਉਠਾਉਂਦੇ ਰਹੋ+ ਅਤੇ ਇਸ ਤਰ੍ਹਾਂ ਮਸੀਹ ਦਾ ਕਾਨੂੰਨ ਪੂਰਾ ਕਰੋ+ 3 ਕਿਉਂਕਿ ਜੇ ਕੋਈ ਕੁਝ ਨਾ ਹੁੰਦੇ ਹੋਏ ਵੀ ਆਪਣੇ ਆਪ ਨੂੰ ਕੁਝ ਸਮਝੇ,+ ਤਾਂ ਉਹ ਆਪਣੇ ਆਪ ਨੂੰ ਧੋਖਾ ਦੇ ਰਿਹਾ ਹੈ। 4 ਹਰ ਇਨਸਾਨ ਖ਼ੁਦ ਆਪਣੇ ਕੰਮ ਦੀ ਜਾਂਚ ਕਰੇ।+ ਇਸ ਤਰ੍ਹਾਂ ਕਰਨ ਨਾਲ ਉਹ ਆਪਣੇ ਕੰਮ ਤੋਂ ਖ਼ੁਸ਼ ਹੋਵੇਗਾ। ਉਹ ਆਪਣੀ ਤੁਲਨਾ ਕਿਸੇ ਹੋਰ ਨਾਲ ਨਾ ਕਰੇ+ 5 ਕਿਉਂਕਿ ਹਰੇਕ ਨੂੰ ਆਪੋ-ਆਪਣਾ ਭਾਰ* ਚੁੱਕਣਾ ਪਵੇਗਾ।+

6 ਇਸ ਤੋਂ ਇਲਾਵਾ, ਹਰ ਕੋਈ ਜਿਸ ਨੂੰ ਪਰਮੇਸ਼ੁਰ ਦੇ ਬਚਨ ਦੀ ਸਿੱਖਿਆ* ਦਿੱਤੀ ਜਾ ਰਹੀ ਹੈ, ਉਹ ਆਪਣੇ ਸਿੱਖਿਅਕ ਨਾਲ ਆਪਣੀ ਹਰ ਚੰਗੀ ਚੀਜ਼ ਸਾਂਝੀ ਕਰੇ।+

7 ਧੋਖਾ ਨਾ ਖਾਓ: ਕੋਈ ਵੀ ਪਰਮੇਸ਼ੁਰ ਨੂੰ ਮੂਰਖ ਨਹੀਂ ਬਣਾ ਸਕਦਾ।* ਇਨਸਾਨ ਜੋ ਬੀਜਦਾ ਹੈ, ਉਹੀ ਵੱਢਦਾ ਹੈ;+ 8 ਜਿਹੜਾ ਇਨਸਾਨ ਸਰੀਰ ਦੀਆਂ ਗ਼ਲਤ ਇੱਛਾਵਾਂ ਅਨੁਸਾਰ ਬੀਜਦਾ ਹੈ, ਉਹ ਸਰੀਰ ਤੋਂ ਵਿਨਾਸ਼ ਦੀ ਫ਼ਸਲ ਵੱਢੇਗਾ, ਪਰ ਜਿਹੜਾ ਇਨਸਾਨ ਪਵਿੱਤਰ ਸ਼ਕਤੀ ਅਨੁਸਾਰ ਬੀਜਦਾ ਹੈ, ਉਹ ਪਵਿੱਤਰ ਸ਼ਕਤੀ ਦੁਆਰਾ ਹਮੇਸ਼ਾ ਦੀ ਜ਼ਿੰਦਗੀ ਦੀ ਫ਼ਸਲ ਵੱਢੇਗਾ।+ 9 ਇਸ ਲਈ, ਆਓ ਆਪਾਂ ਚੰਗੇ ਕੰਮ ਕਰਨੇ ਨਾ ਛੱਡੀਏ ਕਿਉਂਕਿ ਜੇ ਅਸੀਂ ਹਿੰਮਤ ਨਹੀਂ ਹਾਰਾਂਗੇ, ਤਾਂ ਸਮਾਂ ਆਉਣ ਤੇ ਅਸੀਂ ਚੰਗੀ ਫ਼ਸਲ ਜ਼ਰੂਰ ਵੱਢਾਂਗੇ।+ 10 ਤਾਂ ਫਿਰ, ਜਦ ਤਕ ਸਾਡੇ ਕੋਲ ਮੌਕਾ* ਹੈ, ਆਓ ਆਪਾਂ ਸਾਰਿਆਂ ਦਾ ਭਲਾ ਕਰਦੇ ਰਹੀਏ, ਪਰ ਖ਼ਾਸ ਕਰਕੇ ਆਪਣੇ ਮਸੀਹੀ ਭੈਣਾਂ-ਭਰਾਵਾਂ ਦਾ।

11 ਦੇਖੋ, ਮੈਂ ਤੁਹਾਨੂੰ ਇਹ ਚਿੱਠੀ ਆਪਣੇ ਹੱਥੀਂ ਕਿੰਨੇ ਵੱਡੇ-ਵੱਡੇ ਅੱਖਰਾਂ ਨਾਲ ਲਿਖੀ ਹੈ।

12 ਉਹ ਸਾਰੇ ਲੋਕ ਜੋ ਦੂਜਿਆਂ ਦੀਆਂ ਨਜ਼ਰਾਂ ਵਿਚ ਚੰਗੇ ਬਣਨਾ ਚਾਹੁੰਦੇ ਹਨ, ਉਹੀ ਤੁਹਾਨੂੰ ਸੁੰਨਤ ਕਰਾਉਣ ਲਈ ਮਜਬੂਰ ਕਰਦੇ ਹਨ, ਪਰ ਉਹ ਇਸ ਤਰ੍ਹਾਂ ਇਸ ਲਈ ਕਰਦੇ ਹਨ ਤਾਂਕਿ ਉਨ੍ਹਾਂ ਨੂੰ ਮਸੀਹ ਦੀ ਤਸੀਹੇ ਦੀ ਸੂਲ਼ੀ* ਖ਼ਾਤਰ ਜ਼ੁਲਮ ਨਾ ਝੱਲਣੇ ਪੈਣ। 13 ਜਿਹੜੇ ਸੁੰਨਤ ਕਰਵਾਉਂਦੇ ਵੀ ਹਨ, ਉਹ ਆਪ ਮੂਸਾ ਦੇ ਕਾਨੂੰਨ ਦੀ ਪਾਲਣਾ ਨਹੀਂ ਕਰਦੇ,+ ਪਰ ਉਹ ਚਾਹੁੰਦੇ ਹਨ ਕਿ ਤੁਸੀਂ ਵੀ ਸੁੰਨਤ ਕਰਾਓ ਤਾਂਕਿ ਉਹ ਤੁਹਾਡੇ ਕਰਕੇ* ਦੂਜਿਆਂ ਸਾਮ੍ਹਣੇ ਸ਼ੇਖ਼ੀ ਮਾਰ ਸਕਣ। 14 ਪਰ ਸਾਡੇ ਪ੍ਰਭੂ ਯਿਸੂ ਮਸੀਹ ਦੀ ਤਸੀਹੇ ਦੀ ਸੂਲ਼ੀ ਤੋਂ ਸਿਵਾਇ ਮੈਂ ਹੋਰ ਕਿਸੇ ਵੀ ਚੀਜ਼ ʼਤੇ ਸ਼ੇਖ਼ੀ ਨਹੀਂ ਮਾਰਨੀ ਚਾਹੁੰਦਾ+ ਜਿਸ ਦੇ ਰਾਹੀਂ ਦੁਨੀਆਂ ਮੇਰੀਆਂ ਨਜ਼ਰਾਂ ਵਿਚ ਮਰ ਚੁੱਕੀ ਹੈ* ਅਤੇ ਮੈਂ ਇਸ ਦੀਆਂ ਨਜ਼ਰਾਂ ਵਿਚ ਮਰ ਚੁੱਕਾ ਹਾਂ।* 15 ਸੁੰਨਤ ਕਰਾਉਣੀ ਜਾਂ ਨਾ ਕਰਾਉਣੀ ਕੋਈ ਮਾਅਨੇ ਨਹੀਂ ਰੱਖਦੀ,+ ਪਰ ਨਵੀਂ ਸ੍ਰਿਸ਼ਟੀ ਮਾਅਨੇ ਰੱਖਦੀ ਹੈ।+ 16 ਮੇਰੀ ਦੁਆ ਹੈ ਕਿ ਇਸ ਅਸੂਲ ਮੁਤਾਬਕ ਸਹੀ ਢੰਗ ਨਾਲ ਚੱਲਣ ਵਾਲੇ ਸਾਰੇ ਲੋਕਾਂ ਉੱਤੇ ਯਾਨੀ ਪਰਮੇਸ਼ੁਰ ਦੇ ਇਜ਼ਰਾਈਲ ਉੱਤੇ ਦਇਆ ਹੋਵੇ ਅਤੇ ਇਸ ਨੂੰ ਸ਼ਾਂਤੀ ਮਿਲੇ।+

17 ਹੁਣ ਤੋਂ ਕੋਈ ਵੀ ਮੇਰੇ ਲਈ ਮੁਸੀਬਤ ਨਾ ਖੜ੍ਹੀ ਕਰੇ ਕਿਉਂਕਿ ਮੇਰੇ ਸਰੀਰ ਉੱਤੇ ਨਿਸ਼ਾਨ ਦਾਗ਼ੇ ਹੋਏ ਹਨ ਕਿ ਮੈਂ ਯਿਸੂ ਦਾ ਦਾਸ ਹਾਂ।+

18 ਭਰਾਵੋ, ਤੁਹਾਡੇ ਸਹੀ ਰਵੱਈਏ ਕਰਕੇ ਸਾਡੇ ਪ੍ਰਭੂ ਯਿਸੂ ਮਸੀਹ ਦੀ ਅਪਾਰ ਕਿਰਪਾ ਤੁਹਾਡੇ ʼਤੇ ਹੋਵੇ। ਆਮੀਨ।

ਗਲਾਤੀਆ ਦਾ ਇਲਾਕਾ ਅੱਜ ਦੇ ਤੁਰਕੀ ਵਿਚ ਅੰਕਾਰਾ ਸ਼ਹਿਰ ਦੇ ਆਲੇ-ਦੁਆਲੇ ਦਾ ਇਲਾਕਾ ਸੀ।

ਜਾਂ, “ਯੁਗ।” ਸ਼ਬਦਾਵਲੀ ਦੇਖੋ।

ਪਤਰਸ ਦਾ ਇਕ ਹੋਰ ਨਾਂ।

ਯੂਨਾ, “ਇਕ ਘੰਟੇ।”

ਜਾਂ, “ਬੇਸੁੰਨਤੇ।”

ਜਾਂ, “ਜਿਨ੍ਹਾਂ ਨੇ ਸੁੰਨਤ ਕਰਾਈ ਹੈ।”

ਪਤਰਸ ਦਾ ਇਕ ਹੋਰ ਨਾਂ।

ਪਤਰਸ ਦਾ ਇਕ ਹੋਰ ਨਾਂ।

ਜਾਂ, “ਉਹ ਦੋਸ਼ੀ ਸੀ।”

ਪਤਰਸ ਦਾ ਇਕ ਹੋਰ ਨਾਂ।

ਯੂਨਾ, “ਇਸ ਲਈ ਹੁਣ ਮੈਂ ਨਹੀਂ, ਸਗੋਂ ਮਸੀਹ ਮੇਰੇ ਵਿਚ ਜੀਉਂਦਾ ਹੈ।”

ਵਧੇਰੇ ਜਾਣਕਾਰੀ 1.5 ਦੇਖੋ।

ਯੂਨਾ, “ਬੀ।”

ਯੂਨਾ, “ਬੀਜਾਂ।”

ਯੂਨਾ, “ਬੀ।”

ਯੂਨਾ, “ਬੀ।”

ਜਾਂ, “ਮਸੀਹੀ ਧਰਮ ਦੇ ਆਉਣ।”

ਜਾਂ, “ਸਿੱਖਿਅਕ।”

ਜਾਂ, “ਸਿੱਖਿਅਕ।”

ਰੋਮੀ 1:​16, ਫੁਟਨੋਟ ਦੇਖੋ।

ਯੂਨਾ, “ਬੀ।”

ਇਕ ਇਬਰਾਨੀ ਜਾਂ ਅਰਾਮੀ ਸ਼ਬਦ ਜਿਸ ਦਾ ਮਤਲਬ ਹੈ “ਹੇ ਪਿਤਾ।”

ਯਾਨੀ, ਜਿਹੜੇ ਸਮੇਂ ਤਿਉਹਾਰਾਂ ਵਾਸਤੇ ਰੱਖੇ ਹੁੰਦੇ ਸਨ।

ਯਾਨੀ, ਇਸ ਦੇ ਵਾਸੀ।

ਯੂਨਾ, “ਦੌੜ।”

ਜਾਂ, “ਗੁਪਤ ਅੰਗ ਕਟਵਾ ਲੈਣ; ਖੁਸਰੇ ਬਣ ਜਾਣ।” ਇਸ ਤਰ੍ਹਾਂ ਉਨ੍ਹਾਂ ਨੇ ਮੂਸਾ ਦੇ ਕਾਨੂੰਨ ਦੀ ਪਾਲਣਾ ਕਰਨ ਦੇ ਯੋਗ ਨਹੀਂ ਰਹਿਣਾ ਸੀ ਜਿਸ ਦਾ ਉਹ ਇੰਨਾ ਸਮਰਥਨ ਕਰਦੇ ਸਨ।

ਯੂਨਾ, “ਪੋਰਨੀਆ।” ਸ਼ਬਦਾਵਲੀ ਦੇਖੋ।

ਜਾਂ, “ਢੀਠ।” ਸ਼ਬਦਾਵਲੀ, “ਬੇਸ਼ਰਮੀ” ਦੇਖੋ।

ਜਾਂ, “ਜਾਦੂ-ਟੂਣਾ।”

ਯੂਨਾ, “ਫਲ।”

ਇਹ ਗੁਣ ਨੇਕ ਅਤੇ ਚੰਗੇ ਚਾਲ-ਚਲਣ ਵਾਲੇ ਇਨਸਾਨ ਵਿਚ ਹੁੰਦਾ ਹੈ ਜੋ ਦੂਸਰਿਆਂ ਲਈ ਚੰਗੇ ਕੰਮ ਕਰ ਕੇ ਆਪਣੀ ਭਲਾਈ ਦਾ ਸਬੂਤ ਦਿੰਦਾ ਹੈ।

ਯੂਨਾ, “ਸੂਲ਼ੀ ʼਤੇ ਟੰਗ ਦਿੱਤਾ ਹੈ।”

ਜਾਂ, “ਤੁਸੀਂ ਜਿਹੜੇ ਪਵਿੱਤਰ ਸ਼ਕਤੀ ਦੀ ਅਗਵਾਈ ਵਿਚ ਚੱਲਦੇ ਹੋ।”

ਜਾਂ, “ਆਪੋ-ਆਪਣੀ ਜ਼ਿੰਮੇਵਾਰੀ ਦਾ ਭਾਰ।”

ਜਾਂ, “ਸਿੱਖਿਆ ਜ਼ਬਾਨੀ।”

ਯੂਨਾ, “ਪਰਮੇਸ਼ੁਰ ਦਾ ਮਜ਼ਾਕ ਨਹੀਂ ਉਡਾ ਸਕਦਾ।”

ਯੂਨਾ, “ਮਿਥਿਆ ਸਮਾਂ।”

ਸ਼ਬਦਾਵਲੀ ਦੇਖੋ।

ਯੂਨਾ, “ਤੁਹਾਡੇ ਸਰੀਰ ਬਾਰੇ।”

ਜਾਂ, “ਸੂਲ਼ੀ ʼਤੇ ਟੰਗੀ ਹੋਈ ਹੈ।”

ਜਾਂ, “ਸੂਲ਼ੀ ʼਤੇ ਟੰਗਿਆ ਹੋਇਆ ਹਾਂ।”

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ