ਕੁਰਿੰਥੀਆਂ ਨੂੰ ਦੂਜੀ ਚਿੱਠੀ
1 ਮੈਂ ਪੌਲੁਸ, ਪਰਮੇਸ਼ੁਰ ਦੀ ਇੱਛਾ ਨਾਲ ਮਸੀਹ ਯਿਸੂ ਦਾ ਰਸੂਲ ਹਾਂ ਅਤੇ ਸਾਡੇ ਭਰਾ ਤਿਮੋਥਿਉਸ+ ਨਾਲ ਮਿਲ ਕੇ ਕੁਰਿੰਥੁਸ ਵਿਚ ਪਰਮੇਸ਼ੁਰ ਦੀ ਮੰਡਲੀ ਨੂੰ ਅਤੇ ਪੂਰੇ ਅਖਾਯਾ+ ਦੇ ਸਾਰੇ ਪਵਿੱਤਰ ਸੇਵਕਾਂ ਨੂੰ ਇਹ ਚਿੱਠੀ ਲਿਖ ਰਿਹਾ ਹਾਂ:
2 ਸਾਡਾ ਪਿਤਾ ਪਰਮੇਸ਼ੁਰ ਅਤੇ ਪ੍ਰਭੂ ਯਿਸੂ ਮਸੀਹ ਤੁਹਾਨੂੰ ਅਪਾਰ ਕਿਰਪਾ ਅਤੇ ਸ਼ਾਂਤੀ ਬਖ਼ਸ਼ਣ।
3 ਸਾਡੇ ਪ੍ਰਭੂ ਯਿਸੂ ਮਸੀਹ ਦੇ ਪਰਮੇਸ਼ੁਰ ਅਤੇ ਪਿਤਾ ਦੀ ਮਹਿਮਾ ਹੋਵੇ+ ਜਿਹੜਾ ਦਇਆ ਕਰਨ ਵਾਲਾ ਪਿਤਾ ਹੈ+ ਅਤੇ ਹਰ ਤਰ੍ਹਾਂ ਦੇ ਹਾਲਾਤਾਂ ਵਿਚ ਦਿਲਾਸਾ ਦੇਣ ਵਾਲਾ ਪਰਮੇਸ਼ੁਰ ਹੈ।+ 4 ਪਰਮੇਸ਼ੁਰ ਸਾਡੀਆਂ ਸਾਰੀਆਂ ਮੁਸੀਬਤਾਂ* ਵਿਚ ਸਾਨੂੰ ਦਿਲਾਸਾ* ਦਿੰਦਾ ਹੈ+ ਤਾਂਕਿ ਅਸੀਂ ਉਸ ਤੋਂ ਦਿਲਾਸਾ ਪਾ ਕੇ ਉਸ ਦਿਲਾਸੇ ਨਾਲ ਹਰ ਤਰ੍ਹਾਂ ਦੀ ਮੁਸੀਬਤ* ਵਿਚ ਦੂਸਰਿਆਂ ਨੂੰ ਦਿਲਾਸਾ ਦੇ ਸਕੀਏ।+ 5 ਜਿਵੇਂ ਅਸੀਂ ਮਸੀਹ ਦੀ ਖ਼ਾਤਰ ਬਹੁਤ ਸਾਰੇ ਕਸ਼ਟ ਸਹਿੰਦੇ ਹਾਂ,+ ਉਸੇ ਤਰ੍ਹਾਂ ਮਸੀਹ ਰਾਹੀਂ ਸਾਨੂੰ ਬਹੁਤ ਦਿਲਾਸਾ ਵੀ ਮਿਲਦਾ ਹੈ। 6 ਇਸ ਲਈ ਜੇ ਅਸੀਂ ਕਿਸੇ ਮੁਸੀਬਤ* ਦਾ ਸਾਮ੍ਹਣਾ ਕਰਦੇ ਹਾਂ, ਤਾਂ ਇਹ ਤੁਹਾਡੇ ਦਿਲਾਸੇ ਅਤੇ ਮੁਕਤੀ ਲਈ ਹੈ। ਜੇ ਸਾਨੂੰ ਦਿਲਾਸਾ ਦਿੱਤਾ ਜਾ ਰਿਹਾ ਹੈ, ਤਾਂ ਇਹ ਤੁਹਾਡੇ ਦਿਲਾਸੇ ਲਈ ਹੈ ਤਾਂਕਿ ਤੁਸੀਂ ਇਸ ਦਿਲਾਸੇ ਦੀ ਮਦਦ ਨਾਲ ਉਹ ਸਾਰੇ ਕਸ਼ਟ ਸਹਿ ਸਕੋ ਜਿਹੜੇ ਅਸੀਂ ਸਹਿੰਦੇ ਹਾਂ। 7 ਪਰ ਸਾਨੂੰ ਪੂਰੀ ਉਮੀਦ ਹੈ ਕਿ ਤੁਸੀਂ ਵਫ਼ਾਦਾਰ ਰਹੋਗੇ ਕਿਉਂਕਿ ਅਸੀਂ ਜਾਣਦੇ ਹਾਂ ਕਿ ਜਿਵੇਂ ਤੁਸੀਂ ਸਾਡੇ ਵਾਂਗ ਕਸ਼ਟ ਸਹਿੰਦੇ ਹੋ, ਉਸੇ ਤਰ੍ਹਾਂ ਸਾਡੇ ਵਾਂਗ ਤੁਹਾਨੂੰ ਦਿਲਾਸਾ ਵੀ ਮਿਲੇਗਾ।+
8 ਭਰਾਵੋ, ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਏਸ਼ੀਆ ਜ਼ਿਲ੍ਹੇ ਵਿਚ ਕਿੰਨੀਆਂ ਮੁਸੀਬਤਾਂ ਝੱਲੀਆਂ ਸਨ।+ ਉਨ੍ਹਾਂ ਮੁਸੀਬਤਾਂ ਨੂੰ ਝੱਲਣਾ ਸਾਡੀ ਸ਼ਕਤੀਓਂ ਬਾਹਰ ਸੀ ਅਤੇ ਸਾਡੇ ਬਚਣ ਦੀ ਕੋਈ ਉਮੀਦ ਨਹੀਂ ਸੀ।+ 9 ਅਸਲ ਵਿਚ, ਸਾਨੂੰ ਪੂਰਾ ਯਕੀਨ ਹੋ ਗਿਆ ਸੀ ਕਿ ਸਾਨੂੰ ਮੌਤ ਦੀ ਸਜ਼ਾ ਦਾ ਹੁਕਮ ਮਿਲ ਚੁੱਕਾ ਸੀ। ਇਹ ਇਸ ਕਰਕੇ ਹੋਇਆ ਤਾਂਕਿ ਅਸੀਂ ਆਪਣੇ ਉੱਤੇ ਨਹੀਂ, ਸਗੋਂ ਪਰਮੇਸ਼ੁਰ ਉੱਤੇ ਭਰੋਸਾ ਰੱਖੀਏ+ ਜਿਹੜਾ ਮਰੇ ਹੋਏ ਲੋਕਾਂ ਨੂੰ ਜੀਉਂਦਾ ਕਰਦਾ ਹੈ। 10 ਉਸ ਨੇ ਸਾਨੂੰ ਦਰਦਨਾਕ ਮੌਤ ਤੋਂ ਬਚਾਇਆ ਅਤੇ ਬਚਾਵੇਗਾ; ਸਾਨੂੰ ਪੂਰਾ ਭਰੋਸਾ ਹੈ ਕਿ ਉਹ ਅੱਗੇ ਵੀ ਸਾਨੂੰ ਬਚਾਉਂਦਾ ਰਹੇਗਾ।+ 11 ਸਾਡੀ ਮਦਦ ਕਰਨ ਲਈ ਤੁਸੀਂ ਵੀ ਫ਼ਰਿਆਦ ਕਰ ਸਕਦੇ ਹੋ+ ਕਿਉਂਕਿ ਸਾਡੇ ਲਈ ਕੀਤੀਆਂ ਬਹੁਤ ਜਣਿਆਂ ਦੀਆਂ ਪ੍ਰਾਰਥਨਾਵਾਂ ਸੁਣੀਆਂ ਜਾਣਗੀਆਂ। ਫਿਰ ਬਹੁਤ ਸਾਰੇ ਲੋਕ ਸਾਡੇ ਲਈ ਪਰਮੇਸ਼ੁਰ ਦਾ ਧੰਨਵਾਦ ਵੀ ਕਰਨਗੇ।+
12 ਅਸੀਂ ਇਹ ਗੱਲ ਬੜੇ ਮਾਣ ਨਾਲ ਅਤੇ ਸਾਫ਼ ਜ਼ਮੀਰ ਨਾਲ ਕਹਿ ਸਕਦੇ ਹਾਂ ਕਿ ਅਸੀਂ ਦੁਨੀਆਂ ਸਾਮ੍ਹਣੇ ਤੇ ਖ਼ਾਸ ਕਰਕੇ ਤੁਹਾਡੇ ਸਾਮ੍ਹਣੇ ਪਵਿੱਤਰਤਾ ਅਤੇ ਸਾਫ਼ਦਿਲੀ ਨਾਲ ਚੱਲੇ ਜੋ ਪਰਮੇਸ਼ੁਰ ਨੇ ਸਿਖਾਈ ਹੈ। ਅਸੀਂ ਦੁਨਿਆਵੀ ਬੁੱਧ ਉੱਤੇ ਭਰੋਸਾ ਨਹੀਂ ਰੱਖਿਆ,+ ਸਗੋਂ ਪਰਮੇਸ਼ੁਰ ਦੀ ਅਪਾਰ ਕਿਰਪਾ ਉੱਤੇ ਭਰੋਸਾ ਰੱਖਿਆ। 13 ਅਸੀਂ ਤੁਹਾਨੂੰ ਉਹੀ ਗੱਲਾਂ ਲਿਖ ਰਹੇ ਹਾਂ ਜਿਨ੍ਹਾਂ ਨੂੰ ਤੁਸੀਂ ਆਸਾਨੀ ਨਾਲ ਪੜ੍ਹ* ਅਤੇ ਸਮਝ ਸਕਦੇ ਹੋ। ਮੈਨੂੰ ਉਮੀਦ ਹੈ ਕਿ ਤੁਸੀਂ ਇਨ੍ਹਾਂ ਗੱਲਾਂ ਨੂੰ ਪੂਰੀ ਤਰ੍ਹਾਂ ਸਮਝੋਗੇ, 14 ਜਿਵੇਂ ਤੁਸੀਂ ਕੁਝ ਹੱਦ ਤਕ ਇਹ ਵੀ ਸਮਝਦੇ ਹੋ ਕਿ ਤੁਸੀਂ ਸਾਡੇ ਉੱਤੇ ਮਾਣ ਕਰ ਸਕਦੇ ਹੋ, ਠੀਕ ਜਿਵੇਂ ਅਸੀਂ ਵੀ ਸਾਡੇ ਪ੍ਰਭੂ ਯਿਸੂ ਦੇ ਦਿਨ ਤੁਹਾਡੇ ਉੱਤੇ ਮਾਣ ਕਰਾਂਗੇ।
15 ਇਸ ਲਈ ਮੈਂ ਇਸੇ ਭਰੋਸੇ ਕਰਕੇ ਦੂਸਰੀ ਵਾਰ ਤੁਹਾਡੇ ਕੋਲ ਆਉਣ ਦਾ ਇਰਾਦਾ ਕੀਤਾ ਸੀ ਤਾਂਕਿ ਤੁਹਾਨੂੰ ਦੁਬਾਰਾ ਖ਼ੁਸ਼ੀ ਮਿਲੇ।* 16 ਮੇਰਾ ਇਰਾਦਾ ਸੀ ਕਿ ਮਕਦੂਨੀਆ ਜਾਂਦੇ ਹੋਏ ਮੈਂ ਤੁਹਾਨੂੰ ਮਿਲਾਂ ਅਤੇ ਫਿਰ ਮਕਦੂਨੀਆ ਤੋਂ ਵਾਪਸ ਤੁਹਾਡੇ ਕੋਲ ਆਵਾਂ। ਨਾਲੇ ਮੈਂ ਚਾਹੁੰਦਾ ਸੀ ਕਿ ਉੱਥੋਂ ਯਹੂਦਿਯਾ ਜਾਣ ਵੇਲੇ ਤੁਸੀਂ ਸਫ਼ਰ ਦੌਰਾਨ ਥੋੜ੍ਹੀ ਦੂਰ ਮੇਰੇ ਨਾਲ ਆ ਜਾਂਦੇ।+ 17 ਤੁਹਾਨੂੰ ਕੀ ਲੱਗਦਾ ਕਿ ਮੈਂ ਇਹ ਇਰਾਦਾ ਬਿਨਾਂ ਸੋਚੇ-ਸਮਝੇ ਕੀਤਾ ਸੀ? ਜਾਂ ਕੀ ਮੈਂ ਆਪਣੀਆਂ ਸੁਆਰਥੀ ਇੱਛਾਵਾਂ ਪੂਰੀਆਂ ਕਰਨ ਦੇ ਇਰਾਦੇ ਨਾਲ ਹੀ ਸਭ ਕੁਝ ਕਰਦਾ ਹਾਂ ਅਤੇ ਇਸੇ ਕਰਕੇ ਪਹਿਲਾਂ “ਹਾਂ, ਹਾਂ” ਕਹਿੰਦਾ ਹਾਂ ਤੇ ਫਿਰ “ਨਾਂਹ, ਨਾਂਹ”? 18 ਜਿਵੇਂ ਤੁਸੀਂ ਪਰਮੇਸ਼ੁਰ ʼਤੇ ਭਰੋਸਾ ਕਰ ਸਕਦੇ ਹੋ, ਉਸੇ ਤਰ੍ਹਾਂ ਤੁਸੀਂ ਸਾਡੇ ʼਤੇ ਇਹ ਭਰੋਸਾ ਰੱਖ ਸਕਦੇ ਹੋ ਕਿ ਜਦੋਂ ਅਸੀਂ ਤੁਹਾਨੂੰ “ਹਾਂ” ਕਹਿੰਦੇ ਹਾਂ, ਤਾਂ ਇਸ ਦਾ ਮਤਲਬ “ਨਾਂਹ” ਨਹੀਂ ਹੁੰਦਾ। 19 ਪਰਮੇਸ਼ੁਰ ਦਾ ਪੁੱਤਰ ਯਿਸੂ ਮਸੀਹ, ਜਿਸ ਬਾਰੇ ਮੈਂ, ਸਿਲਵਾਨੁਸ* ਤੇ ਤਿਮੋਥਿਉਸ+ ਨੇ ਤੁਹਾਨੂੰ ਪ੍ਰਚਾਰ ਕੀਤਾ ਸੀ, ਪਹਿਲਾਂ “ਹਾਂ” ਅਤੇ ਫਿਰ “ਨਾਂਹ” ਨਹੀਂ, ਸਗੋਂ ਹਮੇਸ਼ਾ “ਹਾਂ” ਹੈ 20 ਕਿਉਂਕਿ ਪਰਮੇਸ਼ੁਰ ਦੇ ਵਾਅਦੇ ਭਾਵੇਂ ਜਿੰਨੇ ਮਰਜ਼ੀ ਹੋਣ, ਉਹ ਸਾਰੇ ਮਸੀਹ ਦੇ ਜ਼ਰੀਏ “ਹਾਂ” ਸਾਬਤ ਹੋਏ ਹਨ।+ ਇਸ ਲਈ ਉਸੇ ਰਾਹੀਂ ਅਸੀਂ ਪਰਮੇਸ਼ੁਰ ਨੂੰ “ਆਮੀਨ” ਕਹਿੰਦੇ ਹਾਂ+ ਜਿਸ ਨਾਲ ਪਰਮੇਸ਼ੁਰ ਦੀ ਮਹਿਮਾ ਹੁੰਦੀ ਹੈ। 21 ਪਰ ਉਹ ਪਰਮੇਸ਼ੁਰ ਹੀ ਹੈ ਜਿਹੜਾ ਇਹ ਗਾਰੰਟੀ ਦਿੰਦਾ ਹੈ ਕਿ ਤੁਸੀਂ ਅਤੇ ਅਸੀਂ ਮਸੀਹ ਦੇ ਹਾਂ ਅਤੇ ਜਿਸ ਨੇ ਸਾਨੂੰ ਚੁਣਿਆ ਹੈ।+ 22 ਉਸ ਨੇ ਸਾਡੇ ਉੱਤੇ ਆਪਣੀ ਮੁਹਰ ਵੀ ਲਾਈ ਹੈ+ ਅਤੇ ਭਵਿੱਖ ਵਿਚ ਮਿਲਣ ਵਾਲੀ ਵਿਰਾਸਤ ਦੇ ਬਿਆਨੇ ਦੇ ਤੌਰ ਤੇ* ਪਵਿੱਤਰ ਸ਼ਕਤੀ+ ਸਾਡੇ ਦਿਲਾਂ ਵਿਚ ਪਾਈ ਹੈ।
23 ਮੈਂ ਇਸ ਕਰਕੇ ਅਜੇ ਤਕ ਕੁਰਿੰਥੁਸ ਨਹੀਂ ਆਇਆ ਕਿ ਮੈਂ ਤੁਹਾਨੂੰ ਹੋਰ ਉਦਾਸ ਨਾ ਕਰਾਂ। ਜੇ ਇਹ ਗੱਲ ਝੂਠ ਹੈ, ਤਾਂ ਪਰਮੇਸ਼ੁਰ ਮੇਰੇ ਖ਼ਿਲਾਫ਼ ਗਵਾਹੀ ਦੇਵੇ। 24 ਇੱਦਾਂ ਨਹੀਂ ਹੈ ਕਿ ਅਸੀਂ ਤੁਹਾਡੀ ਨਿਹਚਾ ਦੇ ਸੰਬੰਧ ਵਿਚ ਤੁਹਾਡੇ ਉੱਤੇ ਹੁਕਮ ਚਲਾਉਣ ਵਾਲੇ ਹਾਂ,+ ਸਗੋਂ ਅਸੀਂ ਤੁਹਾਡੀ ਖ਼ੁਸ਼ੀ ਲਈ ਤੁਹਾਡੇ ਨਾਲ ਮਿਲ ਕੇ ਕੰਮ ਕਰਨ ਵਾਲੇ ਹਾਂ ਕਿਉਂਕਿ ਤੁਸੀਂ ਆਪਣੀ ਨਿਹਚਾ ਕਰਕੇ ਹੀ ਮਜ਼ਬੂਤੀ ਨਾਲ ਖੜ੍ਹੇ ਹੋ।
2 ਮੈਂ ਮਨ ਵਿਚ ਠਾਣ ਲਿਆ ਹੈ ਕਿ ਮੈਂ ਅਗਲੀ ਵਾਰ ਤੁਹਾਡੇ ਕੋਲ ਆ ਕੇ ਤੁਹਾਨੂੰ ਉਦਾਸ ਨਹੀਂ ਕਰਾਂਗਾ। 2 ਜੇ ਮੈਂ ਤੁਹਾਨੂੰ ਉਦਾਸ ਕਰ ਦਿੱਤਾ, ਤਾਂ ਮੈਨੂੰ ਕੌਣ ਖ਼ੁਸ਼ ਕਰੇਗਾ? ਸਿਰਫ਼ ਉਹੀ ਜਿਨ੍ਹਾਂ ਨੂੰ ਮੈਂ ਉਦਾਸ ਕੀਤਾ ਹੈ। 3 ਇਸੇ ਕਰਕੇ ਮੈਂ ਤੁਹਾਨੂੰ ਇਹ ਗੱਲਾਂ ਲਿਖੀਆਂ ਸਨ ਤਾਂਕਿ ਜਦੋਂ ਮੈਂ ਆਵਾਂ, ਤਾਂ ਮੈਂ ਤੁਹਾਡੇ ਕਰਕੇ ਉਦਾਸ ਨਾ ਹੋਵਾਂ, ਸਗੋਂ ਖ਼ੁਸ਼ ਹੋਵਾਂ ਕਿਉਂਕਿ ਮੈਨੂੰ ਪੂਰਾ ਯਕੀਨ ਹੈ ਕਿ ਜਿਨ੍ਹਾਂ ਗੱਲਾਂ ਤੋਂ ਮੈਨੂੰ ਖ਼ੁਸ਼ੀ ਹੁੰਦੀ ਹੈ, ਉਨ੍ਹਾਂ ਗੱਲਾਂ ਤੋਂ ਤੁਹਾਨੂੰ ਸਾਰਿਆਂ ਨੂੰ ਵੀ ਖ਼ੁਸ਼ੀ ਹੁੰਦੀ ਹੈ। 4 ਮੈਂ ਬਹੁਤ ਕਸ਼ਟ ਅਤੇ ਦੁਖੀ ਮਨ ਨਾਲ ਹੰਝੂ ਵਹਾ-ਵਹਾ ਕੇ ਇਹ ਗੱਲਾਂ ਲਿਖੀਆਂ ਸਨ। ਪਰ ਮੈਂ ਤੁਹਾਨੂੰ ਉਦਾਸ ਨਹੀਂ ਕਰਨਾ ਚਾਹੁੰਦਾ ਸੀ,+ ਸਗੋਂ ਮੈਂ ਦੱਸਣਾ ਚਾਹੁੰਦਾ ਸੀ ਕਿ ਮੈਂ ਤੁਹਾਨੂੰ ਬੇਹੱਦ ਪਿਆਰ ਕਰਦਾ ਹਾਂ।
5 ਜੇ ਕਿਸੇ ਆਦਮੀ ਨੇ ਉਦਾਸ ਕੀਤਾ ਹੈ,+ ਤਾਂ ਉਸ ਨੇ ਮੈਨੂੰ ਨਹੀਂ, ਸਗੋਂ ਤੁਹਾਨੂੰ ਸਾਰਿਆਂ ਨੂੰ ਕੁਝ ਹੱਦ ਤਕ ਉਦਾਸ ਕੀਤਾ ਹੈ। ਪਰ ਮੈਂ ਇਹ ਗੱਲ ਸਖ਼ਤ ਸ਼ਬਦਾਂ ਵਿਚ ਨਹੀਂ ਕਹਿਣੀ ਚਾਹੁੰਦਾ। 6 ਤੁਹਾਡੇ ਵਿੱਚੋਂ ਜ਼ਿਆਦਾਤਰ ਭਰਾਵਾਂ ਨੇ ਉਸ ਨੂੰ ਜੋ ਤਾੜਨਾ ਦਿੱਤੀ ਹੈ, ਉਹ ਕਾਫ਼ੀ ਹੈ। 7 ਹੁਣ ਤੁਹਾਨੂੰ ਉਸ ਨੂੰ ਦਿਲੋਂ ਮਾਫ਼ ਕਰ ਦੇਣਾ ਚਾਹੀਦਾ ਹੈ ਅਤੇ ਉਸ ਨੂੰ ਦਿਲਾਸਾ ਦੇਣਾ ਚਾਹੀਦਾ ਹੈ+ ਤਾਂਕਿ ਉਹ ਹੱਦੋਂ ਵੱਧ ਉਦਾਸੀ ਵਿਚ ਨਾ ਡੁੱਬ ਜਾਵੇ।+ 8 ਇਸ ਲਈ ਮੈਂ ਤੁਹਾਨੂੰ ਤਾਕੀਦ ਕਰਦਾ ਹਾਂ ਕਿ ਤੁਸੀਂ ਉਸ ਨੂੰ ਆਪਣੇ ਪਿਆਰ ਦਾ ਭਰੋਸਾ ਦਿਵਾਓ।+ 9 ਮੈਂ ਇਹ ਜਾਣਨ ਲਈ ਵੀ ਤੁਹਾਨੂੰ ਚਿੱਠੀ ਲਿਖੀ ਸੀ ਕਿ ਤੁਸੀਂ ਸਾਰੀਆਂ ਗੱਲਾਂ ਵਿਚ ਆਗਿਆਕਾਰ ਹੋ ਜਾਂ ਨਹੀਂ। 10 ਜੇ ਤੁਸੀਂ ਕਿਸੇ ਨੂੰ ਮਾਫ਼ ਕਰਦੇ ਹੋ, ਤਾਂ ਮੈਂ ਵੀ ਮਾਫ਼ ਕਰਦਾ ਹਾਂ। ਅਸਲ ਵਿਚ ਮੈਂ ਜਿਹੜੀ ਵੀ ਗ਼ਲਤੀ ਮਾਫ਼ ਕੀਤੀ ਹੈ (ਜੇ ਮੈਂ ਕੋਈ ਗ਼ਲਤੀ ਮਾਫ਼ ਕੀਤੀ ਹੈ), ਉਹ ਮੈਂ ਤੁਹਾਡੇ ਫ਼ਾਇਦੇ ਲਈ ਹੀ ਮਾਫ਼ ਕੀਤੀ ਹੈ ਅਤੇ ਮਸੀਹ ਇਸ ਗੱਲ ਦਾ ਗਵਾਹ ਹੈ। 11 ਇਸ ਤਰ੍ਹਾਂ ਕਰਨਾ ਜ਼ਰੂਰੀ ਹੈ ਤਾਂਕਿ ਸ਼ੈਤਾਨ ਸਾਡੇ ʼਤੇ ਹਾਵੀ ਨਾ ਹੋ ਜਾਵੇ*+ ਕਿਉਂਕਿ ਅਸੀਂ ਉਸ ਦੀਆਂ ਚਾਲਾਂ* ਤੋਂ ਅਣਜਾਣ ਨਹੀਂ ਹਾਂ।+
12 ਜਦੋਂ ਮੈਂ ਮਸੀਹ ਬਾਰੇ ਖ਼ੁਸ਼ ਖ਼ਬਰੀ ਸੁਣਾਉਣ ਲਈ ਤ੍ਰੋਆਸ ਪਹੁੰਚਿਆ,+ ਤਾਂ ਉੱਥੇ ਮੈਨੂੰ ਪ੍ਰਭੂ ਦਾ ਕੰਮ ਕਰਨ ਦਾ ਮੌਕਾ ਮਿਲਿਆ।* 13 ਪਰ ਉੱਥੇ ਮੈਂ ਆਪਣੇ ਭਰਾ ਤੀਤੁਸ+ ਨੂੰ ਨਹੀਂ ਦੇਖਿਆ ਜਿਸ ਕਰਕੇ ਮੇਰੇ ਦਿਲ* ਨੂੰ ਚੈਨ ਨਾ ਮਿਲਿਆ। ਇਸ ਲਈ ਮੈਂ ਉੱਥੇ ਦੇ ਭਰਾਵਾਂ ਨੂੰ ਅਲਵਿਦਾ ਕਹਿ ਕੇ ਮਕਦੂਨੀਆ+ ਚਲਾ ਗਿਆ।
14 ਪਰ ਮੈਂ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ ਜਿਹੜਾ ਜਿੱਤ ਦੇ ਜਲੂਸ ਵਿਚ ਹਮੇਸ਼ਾ ਸਾਡੀ ਅਗਵਾਈ ਕਰਦਾ ਹੈ ਅਤੇ ਸਾਨੂੰ ਮਸੀਹ ਦੇ ਨਾਲ-ਨਾਲ ਲੈ ਕੇ ਜਾਂਦਾ ਹੈ ਅਤੇ ਸਾਡੇ ਰਾਹੀਂ ਆਪਣੇ ਗਿਆਨ ਦੀ ਖ਼ੁਸ਼ਬੂ ਸਾਰੇ ਪਾਸੇ ਫੈਲਾਉਂਦਾ ਹੈ। 15 ਮਸੀਹ ਦਾ ਐਲਾਨ ਕਰਨ ਕਰਕੇ ਅਸੀਂ ਪਰਮੇਸ਼ੁਰ ਲਈ ਖ਼ੁਸ਼ਬੂ ਹਾਂ ਜੋ ਬਚਾਏ ਜਾਣ ਵਾਲੇ ਅਤੇ ਨਾਸ਼ ਹੋਣ ਵਾਲੇ ਲੋਕਾਂ ਵਿਚ ਫੈਲੀ ਹੋਈ ਹੈ। 16 ਨਾਸ਼ ਹੋਣ ਵਾਲਿਆਂ ਲਈ ਇਹ ਮੌਤ ਦੀ ਬਦਬੂ ਹੈ ਜਿਸ ਦਾ ਅੰਤ ਮੌਤ ਹੈ+ ਅਤੇ ਬਚਾਏ ਜਾਣ ਵਾਲਿਆਂ ਲਈ ਇਹ ਜ਼ਿੰਦਗੀ ਦੀ ਖ਼ੁਸ਼ਬੂ ਹੈ ਜਿਸ ਦਾ ਅੰਤ ਜ਼ਿੰਦਗੀ ਹੈ। ਕੌਣ ਇਹ ਸੇਵਾ ਕਰਨ ਦੇ ਯੋਗ ਹੈ? 17 ਅਸੀਂ ਯੋਗ ਹਾਂ ਕਿਉਂਕਿ ਬਹੁਤ ਸਾਰੇ ਲੋਕਾਂ ਤੋਂ ਉਲਟ ਅਸੀਂ ਪਰਮੇਸ਼ੁਰ ਦੇ ਬਚਨ ਦਾ ਸੌਦਾ ਨਹੀਂ ਕਰਦੇ,*+ ਸਗੋਂ ਅਸੀਂ ਮਸੀਹ ਨਾਲ ਮਿਲ ਕੇ ਪੂਰੀ ਸਾਫ਼ਦਿਲੀ ਨਾਲ ਇਸ ਬਾਰੇ ਦੱਸਦੇ ਹਾਂ। ਹਾਂ, ਪਰਮੇਸ਼ੁਰ ਨੇ ਸਾਨੂੰ ਇਹ ਕੰਮ ਕਰਨ ਲਈ ਘੱਲਿਆ ਹੈ ਅਤੇ ਅਸੀਂ ਉਸ ਦੇ ਸਾਮ੍ਹਣੇ ਇਹ ਕੰਮ ਕਰਦੇ ਹਾਂ।
3 ਕੀ ਅਸੀਂ ਤੁਹਾਡੇ ਨਾਲ ਆਪਣੀ ਜਾਣ-ਪਛਾਣ ਨਵੇਂ ਸਿਰਿਓਂ ਕਰਾਈਏ? ਜਾਂ ਕੀ ਅਸੀਂ ਹੋਰਨਾਂ ਲੋਕਾਂ ਵਾਂਗ ਤੁਹਾਡੇ ਕੋਲ ਸਿਫ਼ਾਰਸ਼ੀ ਚਿੱਠੀਆਂ ਲੈ ਕੇ ਆਈਏ ਜਾਂ ਤੁਹਾਡੇ ਤੋਂ ਸਿਫ਼ਾਰਸ਼ੀ ਚਿੱਠੀਆਂ ਲਈਏ? 2 ਤੁਸੀਂ ਆਪ ਹੀ ਸਾਡੀ ਸਿਫ਼ਾਰਸ਼ੀ ਚਿੱਠੀ ਹੋ+ ਜਿਹੜੀ ਸਾਡੇ ਦਿਲਾਂ ਉੱਤੇ ਲਿਖੀ ਹੋਈ ਹੈ ਅਤੇ ਜਿਸ ਬਾਰੇ ਸਾਰੇ ਲੋਕ ਜਾਣਦੇ ਅਤੇ ਪੜ੍ਹਦੇ ਹਨ। 3 ਇਹ ਗੱਲ ਸਾਫ਼ ਹੈ ਕਿ ਤੁਸੀਂ ਮਸੀਹ ਦੀ ਚਿੱਠੀ ਹੋ ਜਿਸ ਨੂੰ ਅਸੀਂ ਆਪਣੀ ਸੇਵਕਾਈ+ ਰਾਹੀਂ ਸਿਆਹੀ ਨਾਲ ਨਹੀਂ, ਸਗੋਂ ਜੀਉਂਦੇ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਨਾਲ ਲਿਖਿਆ ਹੈ ਅਤੇ ਉਹ ਵੀ ਪੱਥਰ ਦੀਆਂ ਫੱਟੀਆਂ ਉੱਤੇ ਨਹੀਂ,+ ਸਗੋਂ ਦਿਲਾਂ ਉੱਤੇ।+
4 ਮਸੀਹ ਦੇ ਜ਼ਰੀਏ ਅਸੀਂ ਪੂਰੇ ਭਰੋਸੇ ਨਾਲ ਪਰਮੇਸ਼ੁਰ ਦੇ ਸਾਮ੍ਹਣੇ ਇਹ ਗੱਲ ਕਹਿ ਸਕਦੇ ਹਾਂ। 5 ਪਰ ਅਸੀਂ ਇਹ ਨਹੀਂ ਕਹਿੰਦੇ ਕਿ ਅਸੀਂ ਖ਼ੁਦ-ਬ-ਖ਼ੁਦ ਇਸ ਕੰਮ ਦੇ ਕਾਬਲ ਬਣ ਗਏ, ਸਗੋਂ ਪਰਮੇਸ਼ੁਰ ਨੇ ਸਾਨੂੰ ਇਸ ਯੋਗ ਬਣਾਇਆ ਹੈ।+ 6 ਉਸ ਨੇ ਸਾਨੂੰ ਨਵੇਂ ਇਕਰਾਰ ਅਤੇ ਪਵਿੱਤਰ ਸ਼ਕਤੀ ਦੇ ਸੇਵਕ ਬਣਨ ਦੇ ਯੋਗ ਬਣਾਇਆ ਹੈ,+ ਨਾ ਕਿ ਲਿਖਤੀ ਕਾਨੂੰਨ ਦੇ+ ਕਿਉਂਕਿ ਲਿਖਤੀ ਕਾਨੂੰਨ ਇਨਸਾਨ ਨੂੰ ਮੌਤ ਦੀ ਸਜ਼ਾ ਦਿੰਦਾ ਹੈ,+ ਪਰ ਪਵਿੱਤਰ ਸ਼ਕਤੀ ਜ਼ਿੰਦਗੀ ਦਿੰਦੀ ਹੈ।+
7 ਜੇ ਪੱਥਰ ਦੀਆਂ ਫੱਟੀਆਂ+ ਉੱਤੇ ਲਿਖਿਆ ਮੌਤ ਦੀ ਸਜ਼ਾ ਦੇਣ ਵਾਲਾ ਕਾਨੂੰਨ ਇੰਨੀ ਮਹਿਮਾ ਨਾਲ ਦਿੱਤਾ ਗਿਆ ਸੀ ਕਿ ਉਸ ਮਹਿਮਾ ਕਰਕੇ ਮੂਸਾ ਦੇ ਚਮਕ ਰਹੇ ਚਿਹਰੇ ਨੂੰ ਇਜ਼ਰਾਈਲੀ ਦੇਖ ਨਾ ਸਕੇ+ ਜੋ ਮਹਿਮਾ ਖ਼ਤਮ ਹੋ ਜਾਣੀ ਸੀ, 8 ਤਾਂ ਕੀ ਪਵਿੱਤਰ ਸ਼ਕਤੀ+ ਨੂੰ ਇਸ ਤੋਂ ਵੀ ਕਿਤੇ ਜ਼ਿਆਦਾ ਮਹਿਮਾ ਨਾਲ ਨਹੀਂ ਦਿੱਤਾ ਜਾਣਾ ਚਾਹੀਦਾ?+ 9 ਜੇ ਮੌਤ ਦੀ ਸਜ਼ਾ ਦੇਣ ਵਾਲੇ ਲਿਖਤੀ ਕਾਨੂੰਨ+ ਦੀ ਇੰਨੀ ਮਹਿਮਾ ਸੀ,+ ਤਾਂ ਫਿਰ ਉਸ ਸੇਵਾ ਦੀ ਕਿੰਨੀ ਜ਼ਿਆਦਾ ਮਹਿਮਾ ਹੋਵੇਗੀ ਜਿਸ ਰਾਹੀਂ ਇਨਸਾਨਾਂ ਨੂੰ ਧਰਮੀ ਠਹਿਰਾਇਆ ਜਾਂਦਾ ਹੈ!+ 10 ਅਸਲ ਵਿਚ, ਜਿਸ ਲਿਖਤੀ ਕਾਨੂੰਨ ਦੀ ਪਹਿਲਾਂ ਇੰਨੀ ਮਹਿਮਾ ਸੀ, ਉਸ ਦੀ ਮਹਿਮਾ ਖ਼ਤਮ ਕਰ ਦਿੱਤੀ ਗਈ ਹੈ ਕਿਉਂਕਿ ਨਵੇਂ ਇਕਰਾਰ ਦੀ ਮਹਿਮਾ ਇਸ ਤੋਂ ਕਿਤੇ ਜ਼ਿਆਦਾ ਹੈ।+ 11 ਜੇ ਖ਼ਤਮ ਹੋ ਜਾਣ ਵਾਲਾ ਲਿਖਤੀ ਕਾਨੂੰਨ ਇੰਨੀ ਮਹਿਮਾ ਨਾਲ ਦਿੱਤਾ ਗਿਆ ਸੀ,+ ਤਾਂ ਜ਼ਰਾ ਸੋਚੋ ਕਿ ਨਵੇਂ ਇਕਰਾਰ ਦੀ ਮਹਿਮਾ ਕਿੰਨੀ ਜ਼ਿਆਦਾ ਹੋਵੇਗੀ ਜੋ ਹਮੇਸ਼ਾ ਰਹੇਗਾ!+
12 ਇਸ ਲਈ ਇਹ ਉਮੀਦ ਹੋਣ ਕਰਕੇ+ ਅਸੀਂ ਬੇਝਿਜਕ ਹੋ ਕੇ ਗੱਲ ਕਰਦੇ ਹਾਂ 13 ਅਤੇ ਅਸੀਂ ਮੂਸਾ ਵਾਂਗ ਨਹੀਂ ਕਰਦੇ। ਉਹ ਕੱਪੜੇ ਨਾਲ ਆਪਣਾ ਚਿਹਰਾ ਢਕ ਲੈਂਦਾ ਸੀ+ ਤਾਂਕਿ ਇਜ਼ਰਾਈਲੀ ਲਿਖਤੀ ਕਾਨੂੰਨ ਦੀ ਮਹਿਮਾ ਨਾ ਦੇਖਣ ਜਿਹੜੀ ਖ਼ਤਮ ਕਰ ਦਿੱਤੀ ਜਾਣੀ ਸੀ। 14 ਪਰ ਉਨ੍ਹਾਂ ਦੇ ਮਨਾਂ ਉੱਤੇ ਪਰਦਾ ਪਿਆ ਹੋਇਆ ਸੀ।+ ਅੱਜ ਵੀ ਜਦੋਂ ਪੁਰਾਣਾ ਇਕਰਾਰ ਪੜ੍ਹਿਆ ਜਾਂਦਾ ਹੈ, ਤਾਂ ਇਹ ਪਰਦਾ ਉਨ੍ਹਾਂ ਦੇ ਮਨਾਂ ʼਤੇ ਪਿਆ ਰਹਿੰਦਾ ਹੈ+ ਕਿਉਂਕਿ ਇਹ ਪਰਦਾ ਸਿਰਫ਼ ਮਸੀਹ ਦੇ ਰਾਹੀਂ ਹੀ ਹਟਾਇਆ ਜਾ ਸਕਦਾ ਹੈ।+ 15 ਅਸਲ ਵਿਚ, ਅੱਜ ਵੀ ਜਦੋਂ ਮੂਸਾ ਦੀਆਂ ਲਿਖਤਾਂ ਪੜ੍ਹੀਆਂ ਜਾਂਦੀਆਂ ਹਨ,+ ਤਾਂ ਉਨ੍ਹਾਂ ਦੇ ਦਿਲਾਂ ʼਤੇ ਪਰਦਾ ਪਿਆ ਰਹਿੰਦਾ ਹੈ।+ 16 ਪਰ ਜਿਹੜਾ ਯਹੋਵਾਹ* ਵੱਲ ਮੁੜਦਾ ਹੈ, ਉਸ ਦੇ ਮਨ ਤੋਂ ਇਹ ਪਰਦਾ ਹਟਾ ਦਿੱਤਾ ਜਾਂਦਾ ਹੈ।+ 17 ਯਹੋਵਾਹ* ਅਦਿੱਖ* ਹੈ+ ਅਤੇ ਜਿੱਥੇ ਯਹੋਵਾਹ* ਦੀ ਪਵਿੱਤਰ ਸ਼ਕਤੀ ਹੁੰਦੀ ਹੈ, ਉੱਥੇ ਆਜ਼ਾਦੀ ਹੁੰਦੀ ਹੈ।+ 18 ਸਾਡੇ ਸਾਰਿਆਂ ਦੇ ਚਿਹਰੇ ਉੱਤੇ ਪਰਦਾ ਨਹੀਂ ਪਿਆ ਹੋਇਆ ਹੈ ਅਤੇ ਅਸੀਂ ਸ਼ੀਸ਼ੇ ਵਾਂਗ ਯਹੋਵਾਹ* ਦੀ ਮਹਿਮਾ ਝਲਕਾਉਂਦੇ ਹਾਂ। ਇਸ ਤਰ੍ਹਾਂ ਕਰਦੇ ਹੋਏ ਅਸੀਂ ਬਦਲ ਕੇ ਉਸ ਵਰਗੇ ਬਣਦੇ ਜਾਂਦੇ ਹਾਂ ਅਤੇ ਸਾਡੀ ਮਹਿਮਾ ਹੋਰ ਵੀ ਵਧਦੀ ਜਾਂਦੀ ਹੈ। ਫਿਰ ਅਸੀਂ ਹੂ-ਬਹੂ ਉਸ ਤਰ੍ਹਾਂ ਦੇ ਬਣਦੇ ਜਾਂਦੇ ਹਾਂ ਜਿਸ ਤਰ੍ਹਾਂ ਦਾ ਅਦਿੱਖ ਪਰਮੇਸ਼ੁਰ ਯਹੋਵਾਹ* ਸਾਨੂੰ ਬਣਾਉਂਦਾ ਹੈ।*+
4 ਸਾਨੂੰ ਸੇਵਾ ਦਾ ਇਹ ਕੰਮ ਪਰਮੇਸ਼ੁਰ ਦੀ ਦਇਆ ਸਦਕਾ ਮਿਲਿਆ ਹੈ, ਇਸ ਲਈ ਅਸੀਂ ਹਾਰ ਨਹੀਂ ਮੰਨਦੇ। 2 ਪਰ ਅਸੀਂ ਬੇਈਮਾਨੀ ਤੇ ਬੇਸ਼ਰਮੀ ਭਰੇ ਕੰਮ ਕਰਨੇ ਛੱਡ ਦਿੱਤੇ ਹਨ। ਨਾਲੇ ਅਸੀਂ ਨਾ ਤਾਂ ਮੱਕਾਰੀਆਂ ਕਰਦੇ ਹਾਂ ਅਤੇ ਨਾ ਹੀ ਪਰਮੇਸ਼ੁਰ ਦੇ ਬਚਨ ਦੀਆਂ ਗੱਲਾਂ ਨੂੰ ਤੋੜ-ਮਰੋੜ ਕੇ* ਪੇਸ਼ ਕਰਦੇ ਹਾਂ,+ ਸਗੋਂ ਲੋਕਾਂ ਨੂੰ ਸੱਚਾਈ ਬਾਰੇ ਦੱਸਦੇ ਹਾਂ। ਇਸ ਤਰ੍ਹਾਂ ਅਸੀਂ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਸਾਰੇ ਲੋਕਾਂ* ਸਾਮ੍ਹਣੇ ਚੰਗੀ ਮਿਸਾਲ ਬਣਦੇ ਹਾਂ।+ 3 ਅਸੀਂ ਜਿਸ ਖ਼ੁਸ਼ ਖ਼ਬਰੀ ਦਾ ਐਲਾਨ ਕਰਦੇ ਹਾਂ, ਜੇ ਉਹ ਲੁਕੀ* ਹੋਈ ਹੈ, ਤਾਂ ਉਹ ਅਸਲ ਵਿਚ ਨਾਸ਼ ਹੋਣ ਵਾਲੇ ਲੋਕਾਂ ਤੋਂ ਲੁਕੀ ਹੋਈ ਹੈ। 4 ਅਜਿਹੇ ਅਵਿਸ਼ਵਾਸੀ ਲੋਕਾਂ ਦੇ ਮਨ ਦੀਆਂ ਅੱਖਾਂ ਇਸ ਦੁਨੀਆਂ ਦੇ ਈਸ਼ਵਰ+ ਨੇ ਅੰਨ੍ਹੀਆਂ ਕੀਤੀਆਂ ਹੋਈਆਂ ਹਨ+ ਤਾਂਕਿ ਉਨ੍ਹਾਂ ਉੱਤੇ ਮਸੀਹ ਬਾਰੇ, ਜਿਹੜਾ ਹੂ-ਬਹੂ ਪਰਮੇਸ਼ੁਰ ਵਰਗਾ ਹੈ,+ ਸ਼ਾਨਦਾਰ ਖ਼ੁਸ਼ ਖ਼ਬਰੀ ਦਾ ਚਾਨਣ ਨਾ ਚਮਕੇ।+ 5 ਅਸੀਂ ਆਪਣੇ ਬਾਰੇ ਨਹੀਂ, ਸਗੋਂ ਯਿਸੂ ਮਸੀਹ ਬਾਰੇ ਪ੍ਰਚਾਰ ਕਰਦੇ ਹਾਂ ਕਿ ਉਹੀ ਪ੍ਰਭੂ ਹੈ ਅਤੇ ਅਸੀਂ ਇਹ ਵੀ ਦੱਸਦੇ ਹਾਂ ਕਿ ਅਸੀਂ ਯਿਸੂ ਦੀ ਖ਼ਾਤਰ ਤੁਹਾਡੇ ਗ਼ੁਲਾਮ ਹਾਂ। 6 ਕਿਉਂਕਿ ਪਰਮੇਸ਼ੁਰ ਨੇ ਹੀ ਕਿਹਾ ਸੀ: “ਹਨੇਰੇ ਵਿੱਚੋਂ ਚਾਨਣ ਚਮਕੇ।”+ ਉਸ ਨੇ ਮਸੀਹ* ਦੇ ਰਾਹੀਂ ਸਾਡੇ ਦਿਲਾਂ ਉੱਤੇ ਆਪਣੇ ਸ਼ਾਨਦਾਰ ਗਿਆਨ ਦਾ ਚਾਨਣ ਚਮਕਾ ਕੇ ਇਨ੍ਹਾਂ ਨੂੰ ਰੌਸ਼ਨ ਕੀਤਾ ਹੈ।+
7 ਪਰ ਸਾਡੇ ਕੋਲ ਸੇਵਾ ਦਾ ਇਹ ਖ਼ਾਸ ਕੰਮ ਹੈ,+ ਜਿਵੇਂ ਮਿੱਟੀ ਦੇ ਭਾਂਡਿਆਂ ਵਿਚ ਖ਼ਜ਼ਾਨਾ।+ ਇਸ ਤੋਂ ਇਹ ਗੱਲ ਜ਼ਾਹਰ ਹੁੰਦੀ ਹੈ ਕਿ ਸਾਡੇ ਕੋਲ ਜੋ ਤਾਕਤ ਹੈ, ਉਹ ਇਨਸਾਨੀ ਤਾਕਤ ਨਾਲੋਂ ਕਿਤੇ ਵਧ ਕੇ ਹੈ ਅਤੇ ਇਹ ਤਾਕਤ ਸਾਡੀ ਆਪਣੀ ਨਹੀਂ, ਸਗੋਂ ਸਾਨੂੰ ਪਰਮੇਸ਼ੁਰ ਤੋਂ ਮਿਲੀ ਹੈ।+ 8 ਅਸੀਂ ਮੁਸੀਬਤਾਂ ਨਾਲ ਘਿਰੇ ਹੋਏ ਤਾਂ ਹਾਂ, ਪਰ ਪੂਰੀ ਤਰ੍ਹਾਂ ਫਸੇ ਹੋਏ ਨਹੀਂ ਹਾਂ; ਅਸੀਂ ਉਲਝਣ ਵਿਚ ਤਾਂ ਹਾਂ, ਪਰ ਇਸ ਤਰ੍ਹਾਂ ਨਹੀਂ ਕਿ ਕੋਈ ਰਾਹ ਨਹੀਂ ਹੈ;+ 9 ਸਾਡੇ ਉੱਤੇ ਅਤਿਆਚਾਰ ਤਾਂ ਕੀਤੇ ਜਾਂਦੇ ਹਨ, ਪਰ ਸਾਡਾ ਸਾਥ ਨਹੀਂ ਛੱਡਿਆ ਜਾਂਦਾ;+ ਸਾਨੂੰ ਡੇਗਿਆ ਤਾਂ ਜਾਂਦਾ ਹੈ, ਪਰ ਅਸੀਂ ਨਾਸ਼ ਨਹੀਂ ਹੁੰਦੇ।+ 10 ਯਿਸੂ ਵਾਂਗ ਸਾਡੇ ਉੱਤੇ ਵੀ ਹਮੇਸ਼ਾ ਮੌਤ ਦਾ ਖ਼ਤਰਾ ਮੰਡਲਾਉਂਦਾ ਰਹਿੰਦਾ ਹੈ+ ਜਿਸ ਤੋਂ ਜ਼ਾਹਰ ਹੁੰਦਾ ਹੈ ਕਿ ਅਸੀਂ ਵੀ ਯਿਸੂ ਵਾਂਗ ਦੁੱਖ ਝੱਲਦੇ ਹਾਂ। 11 ਅਸੀਂ ਜੀਉਂਦੇ ਤਾਂ ਹਾਂ, ਪਰ ਯਿਸੂ ਦੀ ਖ਼ਾਤਰ ਅਸੀਂ ਹਮੇਸ਼ਾ ਮੌਤ ਦਾ ਸਾਮ੍ਹਣਾ ਕਰਦੇ ਹਾਂ+ ਜਿਸ ਤੋਂ ਜ਼ਾਹਰ ਹੁੰਦਾ ਹੈ ਕਿ ਅਸੀਂ ਵੀ ਯਿਸੂ ਵਾਂਗ ਦੁੱਖ ਝੱਲਦੇ ਹਾਂ। 12 ਇਸ ਲਈ ਭਾਵੇਂ ਸਾਨੂੰ ਮੌਤ ਦਾ ਸਾਮ੍ਹਣਾ ਕਰਨਾ ਪੈਂਦਾ ਹੈ, ਪਰ ਇਸ ਕਰਕੇ ਤੁਹਾਨੂੰ ਜ਼ਿੰਦਗੀ ਮਿਲਦੀ ਹੈ।
13 ਧਰਮ-ਗ੍ਰੰਥ ਵਿਚ ਲਿਖਿਆ ਹੈ: “ਮੈਂ ਨਿਹਚਾ ਕੀਤੀ, ਇਸ ਲਈ ਮੈਂ ਕਿਹਾ।”+ ਸਾਡੇ ਵਿਚ ਵੀ ਇਹੀ ਨਿਹਚਾ ਹੈ। ਅਸੀਂ ਵੀ ਨਿਹਚਾ ਕਰਦੇ ਹਾਂ ਜਿਸ ਕਰਕੇ ਅਸੀਂ ਗੱਲ ਕਰਦੇ ਹਾਂ 14 ਕਿਉਂਕਿ ਅਸੀਂ ਜਾਣਦੇ ਹਾਂ ਕਿ ਜਿਸ ਨੇ ਯਿਸੂ ਨੂੰ ਦੁਬਾਰਾ ਜੀਉਂਦਾ ਕੀਤਾ ਸੀ, ਉਹ ਯਿਸੂ ਦੇ ਨਾਲ ਸਾਨੂੰ ਵੀ ਦੁਬਾਰਾ ਜੀਉਂਦਾ ਕਰੇਗਾ ਅਤੇ ਤੁਹਾਡੇ ਨਾਲ ਸਾਨੂੰ ਉਸ ਦੇ ਸਾਮ੍ਹਣੇ ਪੇਸ਼ ਕਰੇਗਾ।+ 15 ਇਹ ਸਭ ਕੁਝ ਤੁਹਾਡੀ ਖ਼ਾਤਰ ਹੋਇਆ ਤਾਂਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਉੱਤੇ ਪਰਮੇਸ਼ੁਰ ਦੀ ਅਪਾਰ ਕਿਰਪਾ ਹੋਵੇ ਕਿਉਂਕਿ ਹੋਰ ਬਹੁਤ ਸਾਰੇ ਲੋਕ ਪਰਮੇਸ਼ੁਰ ਦਾ ਧੰਨਵਾਦ ਕਰ ਰਹੇ ਹਨ ਜਿਸ ਕਰਕੇ ਉਸ ਦੀ ਮਹਿਮਾ ਹੋ ਰਹੀ ਹੈ।+
16 ਇਸ ਲਈ ਅਸੀਂ ਹਾਰ ਨਹੀਂ ਮੰਨਦੇ, ਭਾਵੇਂ ਅਸੀਂ ਬਾਹਰੋਂ ਖ਼ਤਮ ਹੁੰਦੇ ਜਾ ਰਹੇ ਹਾਂ, ਪਰ ਅੰਦਰੋਂ ਦਿਨ-ਬਦਿਨ ਨਵੇਂ ਬਣਾਏ ਜਾ ਰਹੇ ਹਾਂ। 17 ਭਾਵੇਂ ਸਾਡੀਆਂ ਮੁਸੀਬਤਾਂ ਥੋੜ੍ਹੇ ਸਮੇਂ ਲਈ ਅਤੇ ਮਾਮੂਲੀ ਹਨ, ਪਰ ਇਨ੍ਹਾਂ ਕਰਕੇ ਸਾਨੂੰ ਜੋ ਮਹਿਮਾ ਮਿਲੇਗੀ, ਉਹ ਇਨ੍ਹਾਂ ਤੋਂ ਕਿਤੇ ਜ਼ਿਆਦਾ ਸ਼ਾਨਦਾਰ ਹੋਵੇਗੀ ਅਤੇ ਹਮੇਸ਼ਾ ਰਹੇਗੀ।+ 18 ਇਸ ਲਈ ਅਸੀਂ ਆਪਣੀ ਨਜ਼ਰ ਦਿਸਣ ਵਾਲੀਆਂ ਚੀਜ਼ਾਂ ਉੱਤੇ ਨਹੀਂ, ਸਗੋਂ ਨਾ ਦਿਸਣ ਵਾਲੀਆਂ ਚੀਜ਼ਾਂ ਉੱਤੇ ਲਾਈ ਰੱਖਦੇ ਹਾਂ+ ਕਿਉਂਕਿ ਦਿਸਣ ਵਾਲੀਆਂ ਚੀਜ਼ਾਂ ਥੋੜ੍ਹੇ ਸਮੇਂ ਲਈ ਹਨ, ਪਰ ਨਾ ਦਿਸਣ ਵਾਲੀਆਂ ਚੀਜ਼ਾਂ ਹਮੇਸ਼ਾ ਰਹਿਣਗੀਆਂ।
5 ਅਸੀਂ ਜਾਣਦੇ ਹਾਂ ਕਿ ਧਰਤੀ ਉਤਲਾ ਸਾਡਾ ਘਰ* ਯਾਨੀ ਇਹ ਤੰਬੂ ਢਹਿ ਜਾਵੇਗਾ+ ਅਤੇ ਪਰਮੇਸ਼ੁਰ ਸਾਨੂੰ ਸਵਰਗ ਵਿਚ ਕਦੀ ਨਾ ਢਹਿਣ ਵਾਲਾ ਘਰ ਦੇਵੇਗਾ ਜੋ ਇਨਸਾਨੀ ਹੱਥਾਂ ਨਾਲ ਨਹੀਂ ਬਣਾਇਆ ਗਿਆ ਹੈ।+ 2 ਧਰਤੀ ਉਤਲੇ ਇਸ ਘਰ* ਵਿਚ ਅਸੀਂ ਹਉਕੇ ਭਰਦੇ ਹਾਂ ਅਤੇ ਸਾਡੀ ਦਿਲੀ ਤਮੰਨਾ ਹੈ ਕਿ ਸਾਨੂੰ ਸਵਰਗੀ ਘਰ ਮਿਲੇ ਅਤੇ ਇਹ ਘਰ ਸਾਨੂੰ ਕੱਪੜੇ ਵਾਂਗ ਢਕ ਲਵੇਗਾ।+ 3 ਜਦੋਂ ਅਸੀਂ ਇਸ ਨੂੰ ਪਹਿਨ ਲਵਾਂਗੇ, ਤਾਂ ਅਸੀਂ ਨੰਗੇ ਨਹੀਂ ਪਾਏ ਜਾਵਾਂਗੇ। 4 ਅਸਲ ਵਿਚ ਅਸੀਂ ਇਸ ਤੰਬੂ ਵਿਚ ਹਉਕੇ ਭਰਦੇ ਹਾਂ ਅਤੇ ਭਾਰੇ ਬੋਝ ਹੇਠ ਦੱਬੇ ਹੋਏ ਹਾਂ। ਇਹ ਨਹੀਂ ਹੈ ਕਿ ਅਸੀਂ ਇਸ ਤੰਬੂ ਨੂੰ ਲਾਹੁਣਾ ਚਾਹੁੰਦੇ ਹਾਂ, ਸਗੋਂ ਅਸੀਂ ਸਵਰਗੀ ਘਰ ਨੂੰ ਪਹਿਨਣਾ ਚਾਹੁੰਦੇ ਹਾਂ+ ਤਾਂਕਿ ਹਮੇਸ਼ਾ ਦੀ ਜ਼ਿੰਦਗੀ ਮਰਨਹਾਰ ਜ਼ਿੰਦਗੀ ਦੀ ਜਗ੍ਹਾ ਲੈ ਲਵੇ।+ 5 ਪਰਮੇਸ਼ੁਰ ਨੇ ਇਸੇ ਵਾਸਤੇ ਸਾਨੂੰ ਤਿਆਰ ਕੀਤਾ ਹੈ+ ਅਤੇ ਸਾਨੂੰ ਭਵਿੱਖ ਵਿਚ ਮਿਲਣ ਵਾਲੀ ਵਿਰਾਸਤ ਦੇ ਬਿਆਨੇ ਦੇ ਤੌਰ ਤੇ* ਪਵਿੱਤਰ ਸ਼ਕਤੀ ਦਿੱਤੀ ਹੈ।+
6 ਇਸ ਲਈ ਅਸੀਂ ਹਮੇਸ਼ਾ ਪੂਰਾ ਭਰੋਸਾ ਰੱਖਦੇ ਹਾਂ ਅਤੇ ਜਾਣਦੇ ਹਾਂ ਕਿ ਇਸ ਘਰ ਯਾਨੀ ਸਰੀਰ ਵਿਚ ਰਹਿੰਦੇ ਹੋਏ ਅਸੀਂ ਪ੍ਰਭੂ ਤੋਂ ਦੂਰ ਹਾਂ।+ 7 ਅਸੀਂ ਇਹ ਗੱਲ ਜਾਣਦੇ ਹਾਂ ਕਿਉਂਕਿ ਅਸੀਂ ਦਿਸਣ ਵਾਲੀਆਂ ਚੀਜ਼ਾਂ ਅਨੁਸਾਰ ਨਹੀਂ, ਸਗੋਂ ਨਿਹਚਾ ਅਨੁਸਾਰ ਚੱਲਦੇ ਹਾਂ। 8 ਪਰ ਅਸੀਂ ਪੂਰਾ ਭਰੋਸਾ ਰੱਖਦੇ ਹਾਂ ਅਤੇ ਚਾਹੁੰਦੇ ਹਾਂ ਕਿ ਅਸੀਂ ਇਸ ਸਰੀਰ ਵਿਚ ਰਹਿਣ ਦੀ ਬਜਾਇ ਪ੍ਰਭੂ ਦੇ ਨਾਲ ਰਹੀਏ।+ 9 ਇਸ ਲਈ ਚਾਹੇ ਅਸੀਂ ਉਸ ਦੇ ਨਾਲ ਰਹੀਏ ਜਾਂ ਉਸ ਤੋਂ ਦੂਰ ਰਹੀਏ, ਸਾਡਾ ਇਰਾਦਾ ਇਹੀ ਹੈ ਕਿ ਅਸੀਂ ਉਸ ਨੂੰ ਖ਼ੁਸ਼ ਕਰੀਏ 10 ਕਿਉਂਕਿ ਅਸੀਂ ਸਾਰੇ ਮਸੀਹ ਦੇ ਨਿਆਂ ਦੇ ਸਿੰਘਾਸਣ ਦੇ ਸਾਮ੍ਹਣੇ ਪੇਸ਼ ਹੋਵਾਂਗੇ ਤਾਂਕਿ ਹਰੇਕ ਨੂੰ ਆਪੋ-ਆਪਣੇ ਚੰਗੇ-ਮਾੜੇ ਕੰਮਾਂ ਦਾ ਫਲ ਦਿੱਤਾ ਜਾਵੇ+ ਜੋ ਉਸ ਨੇ ਇਨਸਾਨੀ ਸਰੀਰ ਵਿਚ ਰਹਿੰਦਿਆਂ ਕੀਤੇ ਸਨ।
11 ਇਸ ਲਈ ਅਸੀਂ ਜਾਣਦੇ ਹਾਂ ਕਿ ਸਾਡੇ ਅੰਦਰ ਪ੍ਰਭੂ ਦਾ ਡਰ ਹੋਣਾ ਚਾਹੀਦਾ ਹੈ, ਇਸ ਕਰਕੇ ਅਸੀਂ ਲੋਕਾਂ ਨੂੰ ਆਪਣੇ ਵਿਸ਼ਵਾਸਾਂ ਬਾਰੇ ਕਾਇਲ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਪਰ ਪਰਮੇਸ਼ੁਰ ਚੰਗੀ ਤਰ੍ਹਾਂ ਜਾਣਦਾ ਹੈ ਕਿ ਅਸੀਂ ਕਿਹੋ ਜਿਹੇ ਇਨਸਾਨ ਹਾਂ। ਪਰ ਮੈਨੂੰ ਉਮੀਦ ਹੈ ਕਿ ਤੁਸੀਂ* ਵੀ ਚੰਗੀ ਤਰ੍ਹਾਂ ਜਾਣਦੇ ਹੋ ਕਿ ਅਸੀਂ ਕਿਹੋ ਜਿਹੇ ਇਨਸਾਨ ਹਾਂ। 12 ਅਸੀਂ ਨਵੇਂ ਸਿਰਿਓਂ ਤੁਹਾਡੇ ਨਾਲ ਆਪਣੀ ਜਾਣ-ਪਛਾਣ ਨਹੀਂ ਕਰਾਉਂਦੇ, ਸਗੋਂ ਤੁਹਾਨੂੰ ਹੱਲਾਸ਼ੇਰੀ ਦਿੰਦੇ ਹਾਂ ਕਿ ਤੁਸੀਂ ਸਾਡੇ ਉੱਤੇ ਮਾਣ ਕਰੋ ਤਾਂਕਿ ਤੁਸੀਂ ਉਨ੍ਹਾਂ ਲੋਕਾਂ ਨੂੰ ਜਵਾਬ ਦੇ ਸਕੋ ਜਿਹੜੇ ਬਾਹਰੀ ਰੂਪ ਉੱਤੇ ਸ਼ੇਖ਼ੀਆਂ ਮਾਰਦੇ ਹਨ,+ ਨਾ ਕਿ ਉਸ ਉੱਤੇ ਜੋ ਦਿਲ ਵਿਚ ਹੈ। 13 ਜੇ ਅਸੀਂ ਪਾਗਲ ਹਾਂ,+ ਤਾਂ ਅਸੀਂ ਪਰਮੇਸ਼ੁਰ ਦੀ ਖ਼ਾਤਰ ਪਾਗਲ ਹਾਂ; ਜੇ ਅਸੀਂ ਸਮਝਦਾਰ ਹਾਂ, ਤਾਂ ਅਸੀਂ ਤੁਹਾਡੀ ਖ਼ਾਤਰ ਸਮਝਦਾਰ ਹਾਂ। 14 ਮਸੀਹ ਦਾ ਪਿਆਰ ਸਾਨੂੰ ਪ੍ਰੇਰਦਾ* ਹੈ ਕਿਉਂਕਿ ਅਸੀਂ ਇਹੀ ਸਿੱਟਾ ਕੱਢਿਆ ਹੈ ਕਿ ਇਕ ਆਦਮੀ ਸਾਰਿਆਂ ਦੀ ਖ਼ਾਤਰ ਮਰਿਆ+ ਕਿਉਂਕਿ ਸਾਰੇ ਲੋਕ ਪਹਿਲਾਂ ਹੀ ਮਰ ਚੁੱਕੇ ਸਨ। 15 ਉਹ ਸਾਰਿਆਂ ਦੀ ਖ਼ਾਤਰ ਮਰਿਆ ਤਾਂਕਿ ਜਿਹੜੇ ਜੀ ਰਹੇ ਹਨ, ਉਹ ਅੱਗੇ ਤੋਂ ਆਪਣੇ ਲਈ ਨਹੀਂ,+ ਸਗੋਂ ਉਸ ਲਈ ਜੀਉਣ ਜੋ ਉਨ੍ਹਾਂ ਦੀ ਖ਼ਾਤਰ ਮਰਿਆ ਅਤੇ ਦੁਬਾਰਾ ਜੀਉਂਦਾ ਕੀਤਾ ਗਿਆ।
16 ਇਸ ਕਰਕੇ ਹੁਣ ਤੋਂ ਅਸੀਂ ਕਿਸੇ ਨੂੰ ਵੀ ਇਨਸਾਨੀ ਨਜ਼ਰੀਏ ਤੋਂ ਨਹੀਂ ਦੇਖਦੇ।+ ਜੇ ਅਸੀਂ ਮਸੀਹ ਨੂੰ ਪਹਿਲਾਂ ਇਨਸਾਨੀ ਨਜ਼ਰੀਏ ਤੋਂ ਦੇਖਦੇ ਵੀ ਸੀ, ਪਰ ਹੁਣ ਅਸੀਂ ਉਸ ਨੂੰ ਇਸ ਨਜ਼ਰੀਏ ਤੋਂ ਬਿਲਕੁਲ ਨਹੀਂ ਦੇਖਦੇ।+ 17 ਇਸ ਲਈ ਜੇ ਕੋਈ ਇਨਸਾਨ ਮਸੀਹ ਨਾਲ ਏਕਤਾ ਵਿਚ ਬੱਝਾ ਹੋਇਆ ਹੈ, ਤਾਂ ਉਹ ਨਵੀਂ ਸ੍ਰਿਸ਼ਟੀ ਹੈ;+ ਪੁਰਾਣੀਆਂ ਚੀਜ਼ਾਂ ਖ਼ਤਮ ਹੋ ਚੁੱਕੀਆਂ ਹਨ ਅਤੇ ਦੇਖੋ! ਨਵੀਆਂ ਚੀਜ਼ਾਂ ਹੋਂਦ ਵਿਚ ਆ ਗਈਆਂ ਹਨ। 18 ਪਰ ਸਾਰੀਆਂ ਚੀਜ਼ਾਂ ਪਰਮੇਸ਼ੁਰ ਵੱਲੋਂ ਹਨ ਜਿਸ ਨੇ ਮਸੀਹ ਦੇ ਰਾਹੀਂ ਸਾਡੇ ਨਾਲ ਸੁਲ੍ਹਾ ਕੀਤੀ+ ਅਤੇ ਸਾਨੂੰ ਸੁਲ੍ਹਾ ਕਰਾਉਣ ਦਾ ਕੰਮ ਸੌਂਪਿਆ।+ 19 ਇਸ ਦਾ ਮਤਲਬ ਹੈ ਕਿ ਪਰਮੇਸ਼ੁਰ ਮਸੀਹ ਰਾਹੀਂ ਲੋਕਾਂ ਨਾਲ ਸੁਲ੍ਹਾ ਕਰ ਰਿਹਾ ਸੀ+ ਅਤੇ ਉਸ ਨੇ ਲੋਕਾਂ ਨੂੰ ਉਨ੍ਹਾਂ ਦੇ ਪਾਪਾਂ ਲਈ ਦੋਸ਼ੀ ਨਹੀਂ ਠਹਿਰਾਇਆ।+ ਉਸ ਨੇ ਸਾਨੂੰ ਇਸ ਸੰਦੇਸ਼ ਦਾ ਪ੍ਰਚਾਰ ਕਰਨ ਦਾ ਕੰਮ ਦਿੱਤਾ ਕਿ ਲੋਕ ਪਰਮੇਸ਼ੁਰ ਨਾਲ ਸੁਲ੍ਹਾ ਕਰ ਸਕਦੇ ਹਨ।+
20 ਇਸ ਲਈ ਅਸੀਂ ਮਸੀਹ ਦੀ ਜਗ੍ਹਾ ਰਾਜਦੂਤਾਂ+ ਦੇ ਤੌਰ ਤੇ ਕੰਮ ਕਰਦੇ ਹਾਂ।+ ਦੇਖਿਆ ਜਾਵੇ ਤਾਂ ਪਰਮੇਸ਼ੁਰ ਸਾਡੇ ਰਾਹੀਂ ਲੋਕਾਂ ਨੂੰ ਬੇਨਤੀ ਕਰ ਰਿਹਾ ਹੈ ਅਤੇ ਮਸੀਹ ਦੀ ਜਗ੍ਹਾ ਅਸੀਂ ਬੇਨਤੀ ਕਰਦੇ ਹਾਂ: “ਪਰਮੇਸ਼ੁਰ ਨਾਲ ਸੁਲ੍ਹਾ ਕਰੋ।” 21 ਜਿਸ ਨੇ ਕਦੀ ਪਾਪ ਨਹੀਂ ਕੀਤਾ ਸੀ,+ ਉਸ ਨੂੰ ਪਰਮੇਸ਼ੁਰ ਨੇ ਸਾਡੇ ਪਾਪਾਂ ਦੀ ਖ਼ਾਤਰ ਬਲ਼ੀ ਚੜ੍ਹਾਇਆ* ਤਾਂਕਿ ਉਸ ਦੇ ਜ਼ਰੀਏ ਅਸੀਂ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਧਰਮੀ ਠਹਿਰਾਏ ਜਾਈਏ।+
6 ਅਸੀਂ ਪਰਮੇਸ਼ੁਰ ਨਾਲ ਮਿਲ ਕੇ ਕੰਮ ਕਰਦੇ ਹਾਂ,+ ਇਸ ਲਈ ਅਸੀਂ ਤੁਹਾਨੂੰ ਤਾਕੀਦ ਵੀ ਕਰਦੇ ਹਾਂ ਕਿ ਤੁਸੀਂ ਪਰਮੇਸ਼ੁਰ ਦੀ ਅਪਾਰ ਕਿਰਪਾ ਪ੍ਰਾਪਤ ਕਰ ਕੇ ਇਸ ਦਾ ਮਕਸਦ ਨਾ ਭੁੱਲੋ।+ 2 ਪਰਮੇਸ਼ੁਰ ਕਹਿੰਦਾ ਹੈ: “ਮਿਹਰ ਪਾਉਣ ਦੇ ਸਮੇਂ ਮੈਂ ਤੇਰੀ ਸੁਣੀ ਅਤੇ ਮੁਕਤੀ ਦੇ ਦਿਨ ਮੈਂ ਤੇਰੀ ਮਦਦ ਕੀਤੀ।”+ ਦੇਖੋ! ਖ਼ਾਸ ਤੌਰ ਤੇ ਹੁਣ ਮਿਹਰ ਪਾਉਣ ਦਾ ਸਮਾਂ ਹੈ। ਦੇਖੋ! ਮੁਕਤੀ ਦਾ ਦਿਨ ਹੁਣ ਹੈ।
3 ਅਸੀਂ ਨਹੀਂ ਚਾਹੁੰਦੇ ਕਿ ਸਾਡੀ ਸੇਵਕਾਈ ਵਿਚ ਕੋਈ ਨੁਕਸ ਕੱਢੇ, ਇਸ ਲਈ ਅਸੀਂ ਦੂਸਰਿਆਂ ਲਈ ਠੋਕਰ ਦਾ ਕਾਰਨ ਨਹੀਂ ਬਣਦੇ,+ 4 ਸਗੋਂ ਅਸੀਂ ਹਰ ਗੱਲ ਵਿਚ ਆਪਣੇ ਆਪ ਨੂੰ ਪਰਮੇਸ਼ੁਰ ਦੇ ਸੇਵਕ ਸਾਬਤ ਕਰਦੇ ਹਾਂ,+ ਜਿਵੇਂ ਕਿ ਬਹੁਤ ਸਾਰੀਆਂ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰ ਕੇ, ਕਸ਼ਟ ਸਹਿ ਕੇ, ਤੰਗੀਆਂ ਕੱਟ ਕੇ, ਮੁਸ਼ਕਲਾਂ ਸਹਿ ਕੇ,+ 5 ਕੁੱਟ ਖਾ ਕੇ, ਜੇਲ੍ਹ ਜਾ ਕੇ,+ ਫ਼ਸਾਦੀ ਲੋਕਾਂ ਦਾ ਸਾਮ੍ਹਣਾ ਕਰ ਕੇ, ਸਖ਼ਤ ਮਿਹਨਤ ਕਰ ਕੇ, ਰਾਤਾਂ ਨੂੰ ਉਣੀਂਦੇ ਰਹਿ ਕੇ, ਕਈ ਵਾਰ ਭੁੱਖੇ ਰਹਿ ਕੇ,+ 6 ਸਾਫ਼-ਸੁਥਰੀ ਜ਼ਿੰਦਗੀ ਜੀ ਕੇ, ਗਿਆਨ ਅਨੁਸਾਰ ਚੱਲ ਕੇ, ਧੀਰਜ ਨਾਲ ਮੁਸ਼ਕਲਾਂ ਸਹਿ ਕੇ,+ ਦਇਆ ਕਰ ਕੇ,+ ਪਵਿੱਤਰ ਸ਼ਕਤੀ ਦੀ ਅਗਵਾਈ ਵਿਚ ਚੱਲ ਕੇ, ਸੱਚਾ* ਪਿਆਰ ਕਰ ਕੇ,+ 7 ਸੱਚ ਬੋਲ ਕੇ ਅਤੇ ਪਰਮੇਸ਼ੁਰ ਦੀ ਤਾਕਤ ਦਾ ਸਹਾਰਾ ਲੈ ਕੇ;+ ਸੱਜੇ* ਅਤੇ ਖੱਬੇ ਹੱਥ ਵਿਚ* ਧਾਰਮਿਕਤਾ ਦੇ ਹਥਿਆਰ+ ਫੜ ਕੇ, 8 ਵਡਿਆਏ ਜਾਣ ਦੇ ਸਮੇਂ ਅਤੇ ਬੇਇੱਜ਼ਤ ਕੀਤੇ ਜਾਣ ਦੇ ਸਮੇਂ, ਬਦਨਾਮ ਕੀਤੇ ਜਾਣ ਵੇਲੇ ਅਤੇ ਸ਼ੋਭਾ ਕੀਤੇ ਜਾਣ ਵੇਲੇ। ਹਾਲਾਂਕਿ ਸਾਨੂੰ ਧੋਖੇਬਾਜ਼ ਸਮਝਿਆ ਜਾਂਦਾ ਹੈ, ਪਰ ਅਸੀਂ ਸੱਚ ਬੋਲਦੇ ਹਾਂ, 9 ਸਾਨੂੰ ਅਜਨਬੀ ਸਮਝਿਆ ਜਾਂਦਾ ਹੈ, ਪਰ ਫਿਰ ਵੀ ਪਛਾਣਿਆ ਜਾਂਦਾ ਹੈ, ਲੱਗਦਾ ਹੈ ਕਿ ਅਸੀਂ ਮਰਨ ਕਿਨਾਰੇ ਹਾਂ,* ਪਰ ਦੇਖੋ! ਅਸੀਂ ਜੀਉਂਦੇ ਹਾਂ,+ ਸਾਨੂੰ ਸਜ਼ਾ* ਦਿੱਤੀ ਜਾਂਦੀ ਹੈ, ਪਰ ਮੌਤ ਦੇ ਹਵਾਲੇ ਨਹੀਂ ਕੀਤਾ ਜਾਂਦਾ,+ 10 ਲੋਕਾਂ ਨੂੰ ਲੱਗਦਾ ਕਿ ਅਸੀਂ ਬਹੁਤ ਦੁਖੀ ਹਾਂ, ਪਰ ਅਸੀਂ ਹਮੇਸ਼ਾ ਖ਼ੁਸ਼ ਰਹਿੰਦੇ ਹਾਂ, ਸਾਨੂੰ ਗ਼ਰੀਬ ਸਮਝਿਆ ਜਾਂਦਾ ਹੈ, ਪਰ ਅਸੀਂ ਬਹੁਤਿਆਂ ਨੂੰ ਅਮੀਰ ਬਣਾਉਂਦੇ ਹਾਂ, ਦੂਜਿਆਂ ਨੂੰ ਲੱਗਦਾ ਕਿ ਸਾਡੇ ਪੱਲੇ ਕੁਝ ਵੀ ਨਹੀਂ, ਪਰ ਸਾਡੇ ਕੋਲ ਸਭ ਕੁਝ ਹੈ।+
11 ਕੁਰਿੰਥੀ ਭਰਾਵੋ, ਅਸੀਂ ਤੁਹਾਡੇ ਨਾਲ ਖੁੱਲ੍ਹ ਕੇ ਗੱਲ ਕਰਦੇ ਹਾਂ ਅਤੇ ਅਸੀਂ ਆਪਣੇ ਦਿਲਾਂ ਦੇ ਦਰਵਾਜ਼ੇ ਤੁਹਾਡੇ ਲਈ ਖੋਲ੍ਹੇ ਹਨ। 12 ਸਾਡੇ ਪਿਆਰ ਵਿਚ ਕਮੀ ਨਹੀਂ, ਸਗੋਂ ਤੁਹਾਡੇ ਪਿਆਰ ਵਿਚ ਕਮੀ ਹੈ।+ 13 ਮੈਂ ਤੁਹਾਨੂੰ ਆਪਣੇ ਬੱਚੇ ਸਮਝ ਕੇ ਕਹਿ ਰਿਹਾ ਹਾਂ ਕਿ ਤੁਸੀਂ ਵੀ ਸਾਡੇ ਨਾਲ ਇਸੇ ਤਰ੍ਹਾਂ ਪੇਸ਼ ਆਓ। ਹਾਂ, ਤੁਸੀਂ ਵੀ ਆਪਣੇ ਦਿਲਾਂ ਦੇ ਦਰਵਾਜ਼ੇ ਖੋਲ੍ਹੋ।+
14 ਅਵਿਸ਼ਵਾਸੀਆਂ ਨਾਲ ਮੇਲ-ਜੋਲ ਨਾ ਰੱਖੋ।*+ ਧਾਰਮਿਕਤਾ ਦਾ ਦੁਸ਼ਟਤਾ ਨਾਲ ਕੀ ਸੰਬੰਧ?+ ਜਾਂ ਚਾਨਣ ਦਾ ਹਨੇਰੇ ਨਾਲ ਕੀ ਮੇਲ?+ 15 ਨਾਲੇ ਮਸੀਹ ਅਤੇ ਸ਼ੈਤਾਨ* ਦੀ ਆਪਸ ਵਿਚ ਕੀ ਸਾਂਝ?+ ਜਾਂ ਨਿਹਚਾਵਾਨ* ਇਨਸਾਨ ਦਾ ਅਵਿਸ਼ਵਾਸੀ ਇਨਸਾਨ ਨਾਲ ਕੀ ਰਿਸ਼ਤਾ?*+ 16 ਪਰਮੇਸ਼ੁਰ ਦੇ ਮੰਦਰ ਵਿਚ ਮੂਰਤੀਆਂ ਦਾ ਕੀ ਕੰਮ?+ ਕਿਉਂਕਿ ਅਸੀਂ ਜੀਉਂਦੇ ਪਰਮੇਸ਼ੁਰ ਦਾ ਮੰਦਰ ਹਾਂ,+ ਜਿਵੇਂ ਪਰਮੇਸ਼ੁਰ ਨੇ ਕਿਹਾ ਸੀ: “ਮੈਂ ਉਨ੍ਹਾਂ ਵਿਚ ਵੱਸਾਂਗਾ+ ਅਤੇ ਉਨ੍ਹਾਂ ਵਿਚ ਤੁਰਾਂ-ਫਿਰਾਂਗਾ ਅਤੇ ਮੈਂ ਉਨ੍ਹਾਂ ਦਾ ਪਰਮੇਸ਼ੁਰ ਹੋਵਾਂਗਾ ਅਤੇ ਉਹ ਮੇਰੇ ਲੋਕ ਹੋਣਗੇ।”+ 17 “‘ਇਸ ਲਈ ਉਨ੍ਹਾਂ ਵਿੱਚੋਂ ਨਿਕਲ ਆਓ ਅਤੇ ਆਪਣੇ ਆਪ ਨੂੰ ਵੱਖ ਕਰੋ,’ ਯਹੋਵਾਹ* ਕਹਿੰਦਾ ਹੈ, ‘ਅਸ਼ੁੱਧ ਚੀਜ਼ ਨੂੰ ਹੱਥ ਲਾਉਣਾ ਬੰਦ ਕਰੋ’”;+ “‘ਅਤੇ ਮੈਂ ਤੁਹਾਨੂੰ ਕਬੂਲ ਕਰਾਂਗਾ।’”+ 18 “‘ਅਤੇ ਮੈਂ ਤੁਹਾਡਾ ਪਿਤਾ ਬਣਾਂਗਾ+ ਅਤੇ ਤੁਸੀਂ ਮੇਰੇ ਧੀਆਂ-ਪੁੱਤਰ ਬਣੋਗੇ,’+ ਸਰਬਸ਼ਕਤੀਮਾਨ ਪਰਮੇਸ਼ੁਰ ਯਹੋਵਾਹ* ਕਹਿੰਦਾ ਹੈ।”
7 ਇਸ ਲਈ ਪਿਆਰੇ ਭਰਾਵੋ, ਸਾਡੇ ਨਾਲ ਇਹ ਵਾਅਦੇ ਕੀਤੇ ਹੋਣ ਕਰਕੇ+ ਆਓ ਆਪਾਂ ਤਨ ਅਤੇ ਮਨ* ਦੀ ਸਾਰੀ ਗੰਦਗੀ ਤੋਂ ਆਪਣੇ ਆਪ ਨੂੰ ਸ਼ੁੱਧ ਕਰੀਏ+ ਅਤੇ ਪਰਮੇਸ਼ੁਰ ਦਾ ਡਰ ਰੱਖਦੇ ਹੋਏ ਪਵਿੱਤਰ ਬਣਦੇ ਜਾਈਏ।
2 ਆਪਣੇ ਦਿਲਾਂ ਵਿਚ ਸਾਨੂੰ ਥਾਂ ਦਿਓ।+ ਅਸੀਂ ਕਿਸੇ ਦਾ ਕੁਝ ਨਹੀਂ ਵਿਗਾੜਿਆ, ਅਸੀਂ ਕਿਸੇ ਨੂੰ ਗੁਮਰਾਹ ਨਹੀਂ ਕੀਤਾ ਅਤੇ ਅਸੀਂ ਕਿਸੇ ਦਾ ਫ਼ਾਇਦਾ ਨਹੀਂ ਉਠਾਇਆ।+ 3 ਮੈਂ ਇਹ ਗੱਲਾਂ ਤੁਹਾਡੇ ਉੱਤੇ ਦੋਸ਼ ਲਾਉਣ ਲਈ ਨਹੀਂ ਕਹਿ ਰਿਹਾ ਹਾਂ। ਜਿਵੇਂ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ, ਚਾਹੇ ਅਸੀਂ ਜੀਵੀਏ ਜਾਂ ਮਰੀਏ, ਤੁਸੀਂ ਸਾਡੇ ਦਿਲਾਂ ਵਿਚ ਵੱਸਦੇ ਹੋ। 4 ਮੈਂ ਤੁਹਾਡੇ ਨਾਲ ਬੇਝਿਜਕ ਹੋ ਕੇ ਗੱਲ ਕਰ ਸਕਦਾ ਹਾਂ। ਮੈਨੂੰ ਤੁਹਾਡੇ ਉੱਤੇ ਬਹੁਤ ਮਾਣ ਹੈ। ਮੈਨੂੰ ਬਹੁਤ ਹੌਸਲਾ ਮਿਲਿਆ ਹੈ ਅਤੇ ਇੰਨੇ ਦੁੱਖਾਂ ਦੇ ਬਾਵਜੂਦ ਵੀ ਮੇਰਾ ਦਿਲ ਖ਼ੁਸ਼ੀ ਨਾਲ ਭਰਿਆ ਹੋਇਆ ਹੈ।+
5 ਅਸਲ ਵਿਚ, ਜਦੋਂ ਅਸੀਂ ਮਕਦੂਨੀਆ+ ਪਹੁੰਚੇ, ਤਾਂ ਉੱਥੇ ਸਾਨੂੰ ਚੈਨ ਨਾ ਮਿਲਿਆ। ਅਸੀਂ ਹਰ ਤਰ੍ਹਾਂ ਦਾ ਦੁੱਖ ਸਹਿੰਦੇ ਰਹੇ: ਬਾਹਰ ਝਗੜੇ ਸਨ ਅਤੇ ਸਾਡੇ ਮਨ ਵਿਚ ਚਿੰਤਾ ਸੀ। 6 ਫਿਰ ਵੀ, ਨਿਰਾਸ਼ ਲੋਕਾਂ+ ਨੂੰ ਦਿਲਾਸਾ ਦੇਣ ਵਾਲੇ ਪਰਮੇਸ਼ੁਰ ਨੇ ਸਾਨੂੰ ਤੀਤੁਸ ਦੇ ਸਾਥ ਰਾਹੀਂ ਦਿਲਾਸਾ ਦਿੱਤਾ। 7 ਪਰ ਉਸ ਦੇ ਸਾਥ ਦੇ ਨਾਲ-ਨਾਲ ਸਾਨੂੰ ਇਸ ਗੱਲ ਤੋਂ ਵੀ ਦਿਲਾਸਾ ਮਿਲਿਆ ਕਿ ਤੀਤੁਸ ਨੂੰ ਤੁਹਾਡੇ ਕਰਕੇ ਹੌਸਲਾ ਮਿਲਿਆ ਸੀ। ਉਸ ਨੇ ਵਾਪਸ ਆ ਕੇ ਸਾਨੂੰ ਦੱਸਿਆ ਕਿ ਤੁਸੀਂ ਮੈਨੂੰ ਮਿਲਣ ਲਈ ਤਰਸ ਰਹੇ ਹੋ ਅਤੇ ਤੁਸੀਂ ਗਹਿਰੀ ਉਦਾਸੀ ਮਹਿਸੂਸ ਕੀਤੀ ਹੈ ਅਤੇ ਤੁਹਾਨੂੰ ਮੇਰਾ ਬਹੁਤ ਫ਼ਿਕਰ ਹੈ। ਇਹ ਜਾਣ ਕੇ ਮੈਨੂੰ ਹੋਰ ਵੀ ਖ਼ੁਸ਼ੀ ਹੋਈ ਹੈ।
8 ਇਸ ਲਈ ਜੇ ਮੇਰੀ ਚਿੱਠੀ ਨੇ ਤੁਹਾਨੂੰ ਉਦਾਸ ਕੀਤਾ ਹੈ,+ ਤਾਂ ਮੈਨੂੰ ਕੋਈ ਅਫ਼ਸੋਸ ਨਹੀਂ। ਭਾਵੇਂ ਪਹਿਲਾਂ ਮੈਨੂੰ ਅਫ਼ਸੋਸ ਹੋਇਆ ਸੀ (ਕਿਉਂਕਿ ਮੇਰੀ ਚਿੱਠੀ ਨੇ ਤੁਹਾਨੂੰ ਉਦਾਸ ਕੀਤਾ ਸੀ, ਪਰ ਸਿਰਫ਼ ਥੋੜ੍ਹੇ ਸਮੇਂ ਲਈ), 9 ਪਰ ਹੁਣ ਮੈਂ ਖ਼ੁਸ਼ ਹਾਂ, ਇਸ ਲਈ ਨਹੀਂ ਕਿ ਤੁਸੀਂ ਉਦਾਸ ਹੋਏ ਸੀ, ਸਗੋਂ ਇਸ ਲਈ ਕਿ ਉਦਾਸ ਹੋਣ ਕਰਕੇ ਤੁਸੀਂ ਤੋਬਾ ਕੀਤੀ। ਤੁਹਾਡੀ ਉਦਾਸੀ ਪਰਮੇਸ਼ੁਰ ਦੀ ਇੱਛਾ ਅਨੁਸਾਰ ਸੀ ਜਿਸ ਕਰਕੇ ਤੁਹਾਨੂੰ ਸਾਡੀਆਂ ਗੱਲਾਂ ਤੋਂ ਕੋਈ ਨੁਕਸਾਨ ਨਹੀਂ ਹੋਇਆ। 10 ਪਰਮੇਸ਼ੁਰ ਦੀ ਇੱਛਾ ਅਨੁਸਾਰ ਉਦਾਸ ਹੋਣ ਨਾਲ ਇਨਸਾਨ ਨੂੰ ਤੋਬਾ ਕਰਨ ਦੀ ਪ੍ਰੇਰਣਾ ਮਿਲਦੀ ਹੈ+ ਅਤੇ ਇਹ ਉਸ ਨੂੰ ਮੁਕਤੀ ਦੇ ਰਾਹ ਪਾਉਂਦੀ ਹੈ ਜਿਸ ਕਰਕੇ ਬਾਅਦ ਵਿਚ ਕੋਈ ਪਛਤਾਵਾ ਨਹੀਂ ਹੁੰਦਾ। ਪਰ ਦੁਨਿਆਵੀ ਤਰੀਕੇ ਨਾਲ ਉਦਾਸ ਹੋਣ ਦਾ ਅੰਜਾਮ ਮੌਤ ਹੁੰਦਾ ਹੈ। 11 ਦੇਖੋ, ਪਰਮੇਸ਼ੁਰ ਦੀ ਇੱਛਾ ਅਨੁਸਾਰ ਉਦਾਸ ਹੋਣ ਕਰਕੇ ਤੁਸੀਂ ਕਿੰਨੀ ਗੰਭੀਰਤਾ ਨਾਲ ਕਦਮ ਚੁੱਕਿਆ ਅਤੇ ਆਪਣੇ ਆਪ ਨੂੰ ਬੇਦਾਗ਼ ਸਾਬਤ ਕੀਤਾ, ਗ਼ਲਤ ਕੰਮ ਪ੍ਰਤੀ ਗੁੱਸਾ ਜ਼ਾਹਰ ਕੀਤਾ, ਪਰਮੇਸ਼ੁਰ ਦੇ ਡਰ ਦਾ ਸਬੂਤ ਦਿੱਤਾ, ਤੋਬਾ ਕਰਨ ਦੀ ਦਿਲੀ ਇੱਛਾ ਜ਼ਾਹਰ ਕੀਤੀ ਅਤੇ ਗ਼ਲਤੀ ਨੂੰ ਸੁਧਾਰਨ ਵਿਚ ਜੋਸ਼ ਦਿਖਾਇਆ!+ ਤੁਸੀਂ ਹਰ ਤਰੀਕੇ ਨਾਲ ਦਿਖਾਇਆ ਕਿ ਤੁਸੀਂ ਇਸ ਮਾਮਲੇ ਨੂੰ ਸਹੀ ਢੰਗ ਨਾਲ ਨਜਿੱਠਿਆ।* 12 ਮੈਂ ਤੁਹਾਨੂੰ ਉਸ ਇਨਸਾਨ ਕਰਕੇ ਚਿੱਠੀ ਨਹੀਂ ਲਿਖੀ ਸੀ ਜਿਸ ਨੇ ਗ਼ਲਤ ਕੰਮ ਕੀਤਾ ਸੀ+ ਜਾਂ ਜਿਸ ਦੇ ਖ਼ਿਲਾਫ਼ ਗ਼ਲਤ ਕੰਮ ਕੀਤਾ ਗਿਆ ਸੀ, ਸਗੋਂ ਇਸ ਕਰਕੇ ਲਿਖੀ ਸੀ ਤਾਂਕਿ ਪਰਮੇਸ਼ੁਰ ਦੇ ਸਾਮ੍ਹਣੇ ਇਹ ਗੱਲ ਜ਼ਾਹਰ ਹੋ ਜਾਵੇ ਕਿ ਤੁਸੀਂ ਕਿੰਨੀ ਗੰਭੀਰਤਾ ਨਾਲ ਸਾਡੀਆਂ ਗੱਲਾਂ ਮੁਤਾਬਕ ਚੱਲਦੇ ਹੋ। 13 ਸਾਨੂੰ ਇਸ ਗੱਲ ਤੋਂ ਹੌਸਲਾ ਮਿਲਿਆ ਹੈ।
ਪਰ ਹੌਸਲਾ ਮਿਲਣ ਦੇ ਨਾਲ-ਨਾਲ ਅਸੀਂ ਤੀਤੁਸ ਦੀ ਖ਼ੁਸ਼ੀ ਦੇਖ ਕੇ ਹੋਰ ਵੀ ਖ਼ੁਸ਼ ਹੋਏ। ਤੁਸੀਂ ਸਾਰਿਆਂ ਨੇ ਤੀਤੁਸ ਦਾ ਜੀਅ* ਤਰੋ-ਤਾਜ਼ਾ ਕੀਤਾ। 14 ਮੈਂ ਤੁਹਾਡੇ ਉੱਤੇ ਮਾਣ ਕਰਦੇ ਹੋਏ ਤੀਤੁਸ ਨੂੰ ਤੁਹਾਡੇ ਬਾਰੇ ਜੋ ਦੱਸਿਆ ਸੀ, ਉਸ ਕਰਕੇ ਮੈਨੂੰ ਸ਼ਰਮਿੰਦਾ ਨਹੀਂ ਹੋਣਾ ਪਿਆ ਹੈ। ਪਰ ਠੀਕ ਜਿਵੇਂ ਤੁਹਾਨੂੰ ਦੱਸੀਆਂ ਸਾਡੀਆਂ ਸਾਰੀਆਂ ਗੱਲਾਂ ਸੱਚੀਆਂ ਸਨ, ਉਸੇ ਤਰ੍ਹਾਂ ਉਹ ਗੱਲਾਂ ਵੀ ਸੱਚ ਸਾਬਤ ਹੋਈਆਂ ਹਨ ਜਿਨ੍ਹਾਂ ਕਰਕੇ ਅਸੀਂ ਤੀਤੁਸ ਸਾਮ੍ਹਣੇ ਤੁਹਾਡੇ ʼਤੇ ਮਾਣ ਕੀਤਾ ਸੀ। 15 ਨਾਲੇ ਜਦੋਂ ਉਹ ਯਾਦ ਕਰਦਾ ਹੈ ਕਿ ਤੁਸੀਂ ਸਾਰੇ ਕਿੰਨੇ ਆਗਿਆਕਾਰ ਹੋ+ ਅਤੇ ਤੁਸੀਂ ਕਿੰਨੇ ਆਦਰ-ਸਤਿਕਾਰ ਨਾਲ ਉਸ ਨਾਲ ਪੇਸ਼ ਆਏ, ਤਾਂ ਤੁਹਾਡੇ ਲਈ ਉਸ ਦਾ ਪਿਆਰ ਹੋਰ ਵੀ ਵਧ ਜਾਂਦਾ ਹੈ। 16 ਮੈਨੂੰ ਖ਼ੁਸ਼ੀ ਹੈ ਕਿ ਮੈਂ ਹਰ ਗੱਲ ਵਿਚ ਤੁਹਾਡੇ ʼਤੇ ਭਰੋਸਾ ਕਰ ਸਕਦਾ ਹਾਂ।
8 ਹੁਣ ਭਰਾਵੋ, ਅਸੀਂ ਤੁਹਾਨੂੰ ਪਰਮੇਸ਼ੁਰ ਦੀ ਅਪਾਰ ਕਿਰਪਾ ਬਾਰੇ ਦੱਸਣਾ ਚਾਹੁੰਦੇ ਹਾਂ ਜੋ ਮਕਦੂਨੀਆ ਦੀਆਂ ਮੰਡਲੀਆਂ ਉੱਤੇ ਹੋਈ।+ 2 ਜਦੋਂ ਉੱਥੇ ਦੇ ਭਰਾ ਸਖ਼ਤ ਅਜ਼ਮਾਇਸ਼ ਦੌਰਾਨ ਕਸ਼ਟ ਸਹਿ ਰਹੇ ਸਨ, ਤਾਂ ਉਨ੍ਹਾਂ ਨੇ ਇੰਨੇ ਗ਼ਰੀਬ ਹੁੰਦੇ ਹੋਏ ਵੀ ਖ਼ੁਸ਼ੀ-ਖ਼ੁਸ਼ੀ ਦਾਨ ਦੇ ਕੇ ਆਪਣੀ ਖੁੱਲ੍ਹ-ਦਿਲੀ ਦਾ ਸਬੂਤ ਦਿੱਤਾ। 3 ਮੈਂ ਇਸ ਗੱਲ ਦਾ ਗਵਾਹ ਹਾਂ ਕਿ ਉਨ੍ਹਾਂ ਨੇ ਆਪਣੀ ਹੈਸੀਅਤ ਅਨੁਸਾਰ,+ ਸਗੋਂ ਹੈਸੀਅਤ ਤੋਂ ਵੀ ਵੱਧ ਦਿੱਤਾ।+ 4 ਉਹ ਆਪ ਆ ਕੇ ਸਾਡੀਆਂ ਮਿੰਨਤਾਂ ਕਰਦੇ ਰਹੇ ਕਿ ਉਨ੍ਹਾਂ ਨੂੰ ਵੀ ਪਵਿੱਤਰ ਸੇਵਕਾਂ ਵਾਸਤੇ ਰਾਹਤ ਕੰਮ* ਵਿਚ ਹਿੱਸਾ ਲੈਣ ਲਈ ਦਿਲ ਖੋਲ੍ਹ ਕੇ ਦਾਨ ਦੇਣ ਦਾ ਸਨਮਾਨ ਦਿੱਤਾ ਜਾਵੇ।+ 5 ਉਨ੍ਹਾਂ ਨੇ ਸਾਡੀ ਆਸ ਤੋਂ ਵੱਧ ਦਿੱਤਾ ਕਿਉਂਕਿ ਇਸ ਤੋਂ ਪਹਿਲਾਂ ਉਨ੍ਹਾਂ ਨੇ ਪਰਮੇਸ਼ੁਰ ਦੀ ਇੱਛਾ ਮੁਤਾਬਕ ਆਪਣੇ ਆਪ ਨੂੰ ਪ੍ਰਭੂ ਦੀ ਸੇਵਾ ਲਈ ਅਤੇ ਸਾਡੀ ਸੇਵਾ ਲਈ ਦਿੱਤਾ। 6 ਇਸ ਕਰਕੇ ਅਸੀਂ ਤੀਤੁਸ ਨੂੰ ਹੱਲਾਸ਼ੇਰੀ ਦਿੱਤੀ+ ਕਿ ਉਸ ਨੇ ਤੁਹਾਡੇ ਤੋਂ ਦਾਨ ਇਕੱਠਾ ਕਰਨ ਦਾ ਜੋ ਕੰਮ ਸ਼ੁਰੂ ਕੀਤਾ ਸੀ, ਉਸ ਨੂੰ ਪੂਰਾ ਵੀ ਕਰੇ। 7 ਫਿਰ ਵੀ, ਜਿਵੇਂ ਤੁਸੀਂ ਹਰ ਗੱਲ ਵਿਚ ਯਾਨੀ ਨਿਹਚਾ ਵਿਚ, ਗੱਲ ਕਰਨ ਦੀ ਕਾਬਲੀਅਤ ਵਿਚ, ਗਿਆਨ ਵਿਚ, ਪੂਰੀ ਲਗਨ ਨਾਲ ਕੰਮ ਕਰਨ ਵਿਚ ਅਤੇ ਦੂਸਰਿਆਂ ਨੂੰ ਦਿਲੋਂ ਪਿਆਰ ਕਰਨ ਵਿਚ ਅੱਗੇ ਹੋ ਜਿਵੇਂ ਅਸੀਂ ਤੁਹਾਨੂੰ ਕਰਦੇ ਹਾਂ, ਉਸੇ ਤਰ੍ਹਾਂ ਤੁਸੀਂ ਖੁੱਲ੍ਹੇ ਦਿਲ ਨਾਲ ਦਾਨ ਦੇਣ ਵਿਚ ਵੀ ਅੱਗੇ ਹੋਵੋ।+
8 ਮੈਂ ਤੁਹਾਨੂੰ ਹੁਕਮ ਨਹੀਂ ਦੇ ਰਿਹਾ, ਸਗੋਂ ਮੈਂ ਤੁਹਾਨੂੰ ਦੂਸਰਿਆਂ ਦੀ ਲਗਨ ਬਾਰੇ ਦੱਸਣਾ ਚਾਹੁੰਦਾ ਹਾਂ। ਨਾਲੇ ਮੈਂ ਇਹ ਦੇਖਣਾ ਚਾਹੁੰਦਾ ਹਾਂ ਕਿ ਤੁਹਾਡਾ ਪਿਆਰ ਕਿੰਨਾ ਕੁ ਸੱਚਾ ਹੈ। 9 ਤੁਸੀਂ ਸਾਡੇ ਪ੍ਰਭੂ ਯਿਸੂ ਮਸੀਹ ਦੀ ਅਪਾਰ ਕਿਰਪਾ ਬਾਰੇ ਜਾਣਦੇ ਹੋ ਕਿ ਭਾਵੇਂ ਉਹ ਅਮੀਰ ਸੀ, ਪਰ ਤੁਹਾਡੀ ਖ਼ਾਤਰ ਗ਼ਰੀਬ ਬਣਿਆ+ ਤਾਂਕਿ ਤੁਸੀਂ ਉਸ ਦੀ ਗ਼ਰੀਬੀ ਦੇ ਜ਼ਰੀਏ ਅਮੀਰ ਬਣ ਜਾਓ।
10 ਇਸ ਮਾਮਲੇ ਵਿਚ ਮੈਂ ਤੁਹਾਨੂੰ ਸਲਾਹ ਦਿੰਦਾ ਹਾਂ:+ ਇਹ ਕੰਮ ਤੁਹਾਡੇ ਆਪਣੇ ਫ਼ਾਇਦੇ ਲਈ ਹੈ ਕਿਉਂਕਿ ਇਕ ਸਾਲ ਪਹਿਲਾਂ ਤੁਸੀਂ ਇਹ ਕੰਮ ਕਰਨਾ ਸ਼ੁਰੂ ਹੀ ਨਹੀਂ ਕੀਤਾ ਸੀ, ਸਗੋਂ ਇਹ ਕੰਮ ਵਾਕਈ ਕਰਨਾ ਵੀ ਚਾਹੁੰਦੇ ਸੀ। 11 ਇਸ ਲਈ ਜਿਸ ਜੋਸ਼ ਨਾਲ ਤੁਸੀਂ ਇਹ ਕੰਮ ਸ਼ੁਰੂ ਕੀਤਾ ਸੀ, ਉਸੇ ਜੋਸ਼ ਨਾਲ ਇਹ ਕੰਮ ਆਪਣੀ ਹੈਸੀਅਤ ਅਨੁਸਾਰ ਪੂਰਾ ਵੀ ਕਰੋ। 12 ਪਰਮੇਸ਼ੁਰ ਦਿਲੋਂ ਦਿੱਤੇ ਦਾਨ ਨੂੰ ਕਬੂਲ ਕਰਦਾ ਹੈ ਕਿਉਂਕਿ ਉਹ ਇਨਸਾਨ ਤੋਂ ਉਨ੍ਹਾਂ ਚੀਜ਼ਾਂ ਦੀ ਹੀ ਉਮੀਦ ਰੱਖਦਾ ਹੈ ਜਿਹੜੀਆਂ ਉਹ ਦੇ ਸਕਦਾ ਹੈ,+ ਨਾ ਕਿ ਜਿਹੜੀਆਂ ਉਹ ਨਹੀਂ ਦੇ ਸਕਦਾ। 13 ਮੈਂ ਇਹ ਨਹੀਂ ਚਾਹੁੰਦਾ ਕਿ ਦੂਸਰਿਆਂ ਲਈ ਸੌਖਾ ਹੋਵੇ ਅਤੇ ਤੁਹਾਡੇ ਉੱਤੇ ਬੋਝ ਪਵੇ, 14 ਪਰ ਮੈਂ ਇਹ ਚਾਹੁੰਦਾ ਹਾਂ ਕਿ ਹੁਣ ਤੁਹਾਡੇ ਵਾਧੇ ਕਰਕੇ ਉਨ੍ਹਾਂ ਦਾ ਘਾਟਾ ਪੂਰਾ ਹੋਵੇ ਅਤੇ ਉਨ੍ਹਾਂ ਦੇ ਵਾਧੇ ਕਰਕੇ ਤੁਹਾਡਾ ਘਾਟਾ ਪੂਰਾ ਹੋਵੇ ਅਤੇ ਇਸ ਤਰ੍ਹਾਂ ਬਰਾਬਰੀ ਹੋਵੇ। 15 ਠੀਕ ਜਿਵੇਂ ਲਿਖਿਆ ਹੈ: “ਜਿਸ ਕੋਲ ਜ਼ਿਆਦਾ ਸੀ, ਉਸ ਕੋਲ ਬਹੁਤ ਜ਼ਿਆਦਾ ਨਹੀਂ ਸੀ ਅਤੇ ਜਿਸ ਕੋਲ ਥੋੜ੍ਹਾ ਸੀ, ਉਸ ਕੋਲ ਬਿਲਕੁਲ ਹੀ ਥੋੜ੍ਹਾ ਨਹੀਂ ਸੀ।”+
16 ਅਸੀਂ ਪਰਮੇਸ਼ੁਰ ਦਾ ਧੰਨਵਾਦ ਕਰਦੇ ਹਾਂ ਕਿ ਸਾਡੇ ਵਾਂਗ ਤੀਤੁਸ ਨੂੰ ਵੀ ਤੁਹਾਡਾ ਬਹੁਤ ਫ਼ਿਕਰ ਹੈ+ 17 ਕਿਉਂਕਿ ਉਹ ਨਾ ਸਿਰਫ਼ ਸਾਡੇ ਹੱਲਾਸ਼ੇਰੀ ਦੇਣ ਕਰਕੇ ਤੁਹਾਡੇ ਕੋਲ ਆਉਣ ਲਈ ਮੰਨਿਆ, ਸਗੋਂ ਉਹ ਆਪ ਆਪਣੀ ਇੱਛਾ ਨਾਲ ਤੁਹਾਡੇ ਕੋਲ ਆਉਣ ਲਈ ਉਤਾਵਲਾ ਹੈ। 18 ਪਰ ਅਸੀਂ ਉਸ ਦੇ ਨਾਲ ਉਸ ਭਰਾ ਨੂੰ ਵੀ ਘੱਲ ਰਹੇ ਹਾਂ ਜਿਸ ਦੀਆਂ ਸਿਫ਼ਤਾਂ ਸਾਰੀਆਂ ਮੰਡਲੀਆਂ ਵਿਚ ਹੁੰਦੀਆਂ ਹਨ ਕਿਉਂਕਿ ਉਹ ਖ਼ੁਸ਼ ਖ਼ਬਰੀ ਦੀ ਖ਼ਾਤਰ ਬਹੁਤ ਕੰਮ ਕਰਦਾ ਹੈ। 19 ਇੰਨਾ ਹੀ ਨਹੀਂ, ਸਗੋਂ ਮੰਡਲੀਆਂ ਨੇ ਉਸ ਨੂੰ ਚੁਣਿਆ ਹੈ ਕਿ ਪਿਆਰ ਨਾਲ ਦਿੱਤੇ ਇਸ ਦਾਨ ਨੂੰ ਪਹੁੰਚਾਉਣ ਲਈ ਉਹ ਸਾਡੇ ਨਾਲ ਜਾਵੇ। ਇਹ ਦਾਨ ਪਹੁੰਚਾ ਕੇ ਅਸੀਂ ਪ੍ਰਭੂ ਦੀ ਮਹਿਮਾ ਕਰਾਂਗੇ ਅਤੇ ਸਾਬਤ ਕਰਾਂਗੇ ਕਿ ਅਸੀਂ ਦੂਸਰਿਆਂ ਦੀ ਮਦਦ ਕਰਨੀ ਚਾਹੁੰਦੇ ਹਾਂ। 20 ਇਸ ਤਰ੍ਹਾਂ ਅਸੀਂ ਧਿਆਨ ਰੱਖਦੇ ਹਾਂ ਕਿ ਖੁੱਲ੍ਹੇ ਦਿਲ ਨਾਲ ਦਿੱਤੇ ਇਸ ਦਾਨ ਨੂੰ ਪਹੁੰਚਾਉਣ ਦੇ ਕੰਮ ਵਿਚ ਸਾਡੇ ਉੱਤੇ ਕੋਈ ਦੋਸ਼ ਨਾ ਲਾ ਸਕੇ।+ 21 ਅਸੀਂ ‘ਸਿਰਫ਼ ਯਹੋਵਾਹ* ਦੀਆਂ ਨਜ਼ਰਾਂ ਵਿਚ ਹੀ ਨਹੀਂ, ਸਗੋਂ ਇਨਸਾਨਾਂ ਦੀਆਂ ਨਜ਼ਰਾਂ ਵਿਚ ਵੀ ਸਾਰੇ ਕੰਮ ਈਮਾਨਦਾਰੀ ਨਾਲ ਕਰਦੇ ਹਾਂ।’+
22 ਇਸ ਤੋਂ ਇਲਾਵਾ, ਅਸੀਂ ਉਨ੍ਹਾਂ ਦੇ ਨਾਲ ਇਕ ਹੋਰ ਭਰਾ ਨੂੰ ਘੱਲ ਰਹੇ ਹਾਂ। ਅਸੀਂ ਉਸ ਨੂੰ ਕਈ ਕੰਮਾਂ ਵਿਚ ਪਰਖ ਕੇ ਦੇਖਿਆ ਹੈ ਕਿ ਉਹ ਮਿਹਨਤੀ ਹੈ। ਤੁਹਾਡੇ ਉੱਤੇ ਪੂਰਾ ਭਰੋਸਾ ਹੋਣ ਕਰਕੇ ਉਹ ਹੋਰ ਵੀ ਜ਼ਿਆਦਾ ਮਿਹਨਤ ਕਰੇਗਾ। 23 ਪਰ ਜੇ ਕਿਸੇ ਨੂੰ ਤੀਤੁਸ ਉੱਤੇ ਕੋਈ ਇਤਰਾਜ਼ ਹੈ, ਤਾਂ ਮੈਂ ਦੱਸਣਾ ਚਾਹੁੰਦਾ ਹਾਂ ਕਿ ਉਹ ਮੇਰਾ ਸਾਥੀ ਹੈ ਅਤੇ ਮੇਰੇ ਨਾਲ ਮਿਲ ਕੇ ਤੁਹਾਡੇ ਭਲੇ ਲਈ ਕੰਮ ਕਰਦਾ ਹੈ। ਨਾਲੇ ਜੇ ਕਿਸੇ ਨੂੰ ਸਾਡੇ ਭਰਾਵਾਂ ਉੱਤੇ ਕੋਈ ਇਤਰਾਜ਼ ਹੈ, ਤਾਂ ਮੈਂ ਦੱਸਣਾ ਚਾਹੁੰਦਾ ਹਾਂ ਕਿ ਉਹ ਮੰਡਲੀਆਂ ਦੁਆਰਾ ਘੱਲੇ ਗਏ ਹਨ* ਅਤੇ ਮਸੀਹ ਦੀ ਮਹਿਮਾ ਕਰਦੇ ਹਨ। 24 ਇਸ ਲਈ ਉਨ੍ਹਾਂ ਲਈ ਆਪਣੇ ਪਿਆਰ ਦਾ ਸਬੂਤ ਦਿਓ+ ਅਤੇ ਮੰਡਲੀਆਂ ਨੂੰ ਦਿਖਾਓ ਕਿ ਅਸੀਂ ਤੁਹਾਡੇ ਉੱਤੇ ਕਿਉਂ ਮਾਣ ਕਰਦੇ ਹਾਂ।
9 ਹੁਣ ਮੈਂ ਤੁਹਾਨੂੰ ਪਵਿੱਤਰ ਸੇਵਕਾਂ+ ਦੀ ਮਦਦ* ਕਰਨ ਸੰਬੰਧੀ ਲਿਖਣ ਬਾਰੇ ਜ਼ਰੂਰੀ ਨਹੀਂ ਸਮਝਦਾ 2 ਕਿਉਂਕਿ ਮੈਂ ਜਾਣਦਾ ਹਾਂ ਕਿ ਤੁਸੀਂ ਮਦਦ ਕਰਨ ਲਈ ਤਿਆਰ ਹੋ। ਮੈਂ ਤੁਹਾਡੇ ਉੱਤੇ ਮਾਣ ਕਰਦਿਆਂ ਮਕਦੂਨੀਆ ਦੇ ਮਸੀਹੀਆਂ ਨੂੰ ਦੱਸਿਆ ਕਿ ਅਖਾਯਾ ਦੇ ਭਰਾ ਇਕ ਸਾਲ ਤੋਂ ਮਦਦ ਦੇਣ ਲਈ ਤਿਆਰ ਹਨ। ਤੁਹਾਡੇ ਜੋਸ਼ ਨੇ ਮਕਦੂਨੀਆ ਦੇ ਜ਼ਿਆਦਾਤਰ ਮਸੀਹੀਆਂ ਵਿਚ ਜੋਸ਼ ਭਰ ਦਿੱਤਾ ਹੈ। 3 ਮੈਂ ਭਰਾਵਾਂ ਨੂੰ ਘੱਲ ਰਿਹਾ ਹਾਂ ਤਾਂਕਿ ਜਿਸ ਗੱਲੋਂ ਅਸੀਂ ਤੁਹਾਡੇ ਉੱਤੇ ਮਾਣ ਕਰਦੇ ਹਾਂ, ਉਹ ਬੇਕਾਰ ਸਾਬਤ ਨਾ ਹੋਵੇ, ਪਰ ਤੁਸੀਂ ਸੱਚ-ਮੁੱਚ ਤਿਆਰ ਰਹੋ, ਜਿਵੇਂ ਕਿ ਮੈਂ ਦੱਸਿਆ ਸੀ ਕਿ ਤੁਸੀਂ ਤਿਆਰ ਰਹੋਗੇ। 4 ਨਹੀਂ ਤਾਂ, ਜੇ ਮਕਦੂਨੀਆ ਦੇ ਭਰਾਵਾਂ ਨੇ ਮੇਰੇ ਨਾਲ ਆ ਕੇ ਦੇਖਿਆ ਕਿ ਤੁਸੀਂ ਤਿਆਰ ਨਹੀਂ ਹੋ, ਤਾਂ ਸਾਨੂੰ ਅਤੇ ਤੁਹਾਨੂੰ ਸ਼ਰਮਿੰਦਾ ਹੋਣਾ ਪਵੇਗਾ ਕਿ ਅਸੀਂ ਤੁਹਾਡੇ ਉੱਤੇ ਭਰੋਸਾ ਕੀਤਾ। 5 ਇਸ ਲਈ ਮੈਂ ਭਰਾਵਾਂ ਨੂੰ ਸਾਡੇ ਤੋਂ ਪਹਿਲਾਂ ਤੁਹਾਡੇ ਕੋਲ ਆਉਣ ਲਈ ਹੱਲਾਸ਼ੇਰੀ ਦੇਣੀ ਜ਼ਰੂਰੀ ਸਮਝੀ ਤਾਂਕਿ ਉਹ ਖੁੱਲ੍ਹੇ ਦਿਲ ਨਾਲ ਦਿੱਤਾ ਤੁਹਾਡਾ ਦਾਨ ਤਿਆਰ ਰੱਖਣ ਜਿਸ ਨੂੰ ਦੇਣ ਦਾ ਤੁਸੀਂ ਵਾਅਦਾ ਕੀਤਾ ਸੀ। ਫਿਰ ਜਦੋਂ ਅਸੀਂ ਆਈਏ, ਤਾਂ ਇਹ ਦਾਨ ਤਿਆਰ ਹੋਵੇ। ਇਸ ਤੋਂ ਇਹ ਸਾਬਤ ਹੋਵੇਗਾ ਕਿ ਤੁਸੀਂ ਇਹ ਦਾਨ ਖੁੱਲ੍ਹੇ ਦਿਲ ਨਾਲ ਦਿੱਤਾ ਹੈ, ਨਾ ਕਿ ਅਸੀਂ ਤੁਹਾਡੇ ਤੋਂ ਜ਼ਬਰਦਸਤੀ ਲਿਆ ਹੈ।
6 ਇਸ ਮਾਮਲੇ ਵਿਚ ਜਿਹੜਾ ਇਨਸਾਨ ਕੰਜੂਸੀ ਨਾਲ ਬੀਜਦਾ ਹੈ, ਉਹ ਥੋੜ੍ਹਾ ਵੱਢੇਗਾ ਅਤੇ ਜਿਹੜਾ ਖੁੱਲ੍ਹੇ ਦਿਲ ਨਾਲ ਬੀਜਦਾ ਹੈ, ਉਹ ਬਹੁਤ ਵੱਢੇਗਾ।+ 7 ਹਰੇਕ ਜਣਾ ਉਹੀ ਕਰੇ ਜੋ ਉਸ ਨੇ ਆਪਣੇ ਦਿਲ ਵਿਚ ਧਾਰਿਆ ਹੈ, ਨਾ ਕਿ ਬੇਦਿਲੀ ਨਾਲ* ਜਾਂ ਮਜਬੂਰੀ ਨਾਲ+ ਕਿਉਂਕਿ ਪਰਮੇਸ਼ੁਰ ਖ਼ੁਸ਼ੀ ਨਾਲ ਦੇਣ ਵਾਲੇ ਨੂੰ ਪਿਆਰ ਕਰਦਾ ਹੈ।+
8 ਇਸ ਤੋਂ ਇਲਾਵਾ, ਪਰਮੇਸ਼ੁਰ ਤੁਹਾਡੇ ਉੱਤੇ ਆਪਣੀ ਅਪਾਰ ਕਿਰਪਾ ਹੋਰ ਵੀ ਜ਼ਿਆਦਾ ਕਰ ਸਕਦਾ ਹੈ ਤਾਂਕਿ ਤੁਹਾਡੇ ਕੋਲ ਹਮੇਸ਼ਾ ਆਪਣੀਆਂ ਲੋੜਾਂ ਮੁਤਾਬਕ ਸਭ ਕੁਝ ਹੋਵੇ ਅਤੇ ਚੰਗੇ ਕੰਮ ਕਰਨ ਲਈ ਤੁਹਾਡੇ ਕੋਲ ਬਹੁਤ ਕੁਝ ਹੋਵੇ।+ 9 (ਜਿਵੇਂ ਲਿਖਿਆ ਹੈ: “ਉਸ ਨੇ ਖੁੱਲ੍ਹੇ ਦਿਲ ਨਾਲ ਵੰਡਿਆ ਹੈ; ਉਸ ਨੇ ਗ਼ਰੀਬਾਂ ਨੂੰ ਦਿੱਤਾ ਹੈ। ਉਸ ਦੇ ਸਹੀ ਕੰਮਾਂ ਦਾ ਫਲ ਸਦਾ ਰਹਿੰਦਾ ਹੈ।”+ 10 ਜਿਹੜਾ ਬੀਜਣ ਵਾਲੇ ਨੂੰ ਭਰਪੂਰ ਮਾਤਰਾ ਵਿਚ ਬੀ ਦਿੰਦਾ ਹੈ ਅਤੇ ਲੋਕਾਂ ਨੂੰ ਖਾਣ ਲਈ ਰੋਟੀ ਦਿੰਦਾ ਹੈ, ਉਹ ਤੁਹਾਨੂੰ ਵੀ ਭਰਪੂਰ ਮਾਤਰਾ ਵਿਚ ਬੀ ਦੇਵੇਗਾ ਅਤੇ ਤੁਹਾਡੇ ਸਹੀ ਕੰਮਾਂ ਦੇ ਫਲ ਵਧਾਵੇਗਾ।) 11 ਪਰਮੇਸ਼ੁਰ ਤੁਹਾਨੂੰ ਭਰਪੂਰ ਬਰਕਤਾਂ ਦਿੰਦਾ ਹੈ ਤਾਂਕਿ ਤੁਸੀਂ ਵੀ ਹਰ ਤਰੀਕੇ ਨਾਲ ਦਿਲ ਖੋਲ੍ਹ ਕੇ ਦਿਓ ਅਤੇ ਸਾਡੀਆਂ ਕੋਸ਼ਿਸ਼ਾਂ ਸਦਕਾ ਇਸ ਖੁੱਲ੍ਹ-ਦਿਲੀ ਕਰਕੇ ਪਰਮੇਸ਼ੁਰ ਦਾ ਧੰਨਵਾਦ ਕੀਤਾ ਜਾਵੇ 12 ਕਿਉਂਕਿ ਸੇਵਾ ਦੇ ਇਸ ਕੰਮ ਸਦਕਾ ਨਾ ਸਿਰਫ਼ ਪਵਿੱਤਰ ਸੇਵਕਾਂ ਦੀਆਂ ਲੋੜਾਂ ਚੰਗੀ ਤਰ੍ਹਾਂ ਪੂਰੀਆਂ ਹੋਣਗੀਆਂ,+ ਸਗੋਂ ਲੋਕ ਪਰਮੇਸ਼ੁਰ ਦਾ ਬਹੁਤ ਧੰਨਵਾਦ ਵੀ ਕਰਨਗੇ। 13 ਤੁਹਾਡਾ ਇਹ ਰਾਹਤ ਕੰਮ* ਇਸ ਗੱਲ ਦਾ ਸਬੂਤ ਹੈ ਕਿ ਤੁਸੀਂ ਮਸੀਹ ਬਾਰੇ ਖ਼ੁਸ਼ ਖ਼ਬਰੀ ਦੇ ਸੰਦੇਸ਼ ਮੁਤਾਬਕ ਚੱਲਦੇ ਹੋ ਜਿਸ ਦਾ ਤੁਸੀਂ ਪ੍ਰਚਾਰ ਕਰਦੇ ਹੋ ਅਤੇ ਤੁਸੀਂ ਉਨ੍ਹਾਂ ਲਈ ਅਤੇ ਸਾਰਿਆਂ ਲਈ ਖੁੱਲ੍ਹੇ ਦਿਲ ਨਾਲ ਦਾਨ ਦਿੰਦੇ ਹੋ। ਇਹ ਦੇਖ ਕੇ ਉਹ ਪਰਮੇਸ਼ੁਰ ਦੀ ਵਡਿਆਈ ਕਰਦੇ ਹਨ।+ 14 ਨਾਲੇ ਉਹ ਤੁਹਾਡੇ ਵਾਸਤੇ ਪਰਮੇਸ਼ੁਰ ਅੱਗੇ ਫ਼ਰਿਆਦ ਕਰ ਕੇ ਤੁਹਾਡੇ ਲਈ ਆਪਣਾ ਪਿਆਰ ਜ਼ਾਹਰ ਕਰਦੇ ਹਨ ਕਿਉਂਕਿ ਪਰਮੇਸ਼ੁਰ ਨੇ ਤੁਹਾਡੇ ਉੱਤੇ ਅਪਾਰ ਕਿਰਪਾ ਕੀਤੀ ਹੈ।
15 ਆਓ ਆਪਾਂ ਇਸ ਬੇਸ਼ਕੀਮਤੀ ਵਰਦਾਨ ਲਈ* ਪਰਮੇਸ਼ੁਰ ਦਾ ਧੰਨਵਾਦ ਕਰੀਏ।
10 ਹੁਣ ਮੈਂ ਪੌਲੁਸ ਤੁਹਾਨੂੰ ਮਸੀਹ ਦੀ ਨਰਮਾਈ ਅਤੇ ਦਇਆ ਦਾ ਵਾਸਤਾ ਦੇ ਕੇ ਬੇਨਤੀ ਕਰਦਾ ਹਾਂ+ ਕਿ ਮੇਰੀਆਂ ਗੱਲਾਂ ਮੁਤਾਬਕ ਚੱਲੋ, ਭਾਵੇਂ ਤੁਹਾਡੇ ਵਿੱਚੋਂ ਕਈ ਕਹਿੰਦੇ ਹਨ ਕਿ ਮੈਂ ਦੇਖਣ ਨੂੰ ਤਾਂ ਮਾਮੂਲੀ ਜਿਹਾ ਲੱਗਦਾ ਹਾਂ,+ ਪਰ ਮੈਂ ਆਪਣੀਆਂ ਚਿੱਠੀਆਂ ਵਿਚ ਸਿੱਧੀਆਂ ਗੱਲਾਂ ਲਿਖਣ ਤੋਂ ਨਹੀਂ ਡਰਦਾ।+ 2 ਮੈਂ ਉਮੀਦ ਰੱਖਦਾ ਹਾਂ ਕਿ ਜਦੋਂ ਮੈਂ ਤੁਹਾਡੇ ਨਾਲ ਹੋਵਾਂ, ਤਾਂ ਮੈਨੂੰ ਉਨ੍ਹਾਂ ਲੋਕਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਲੋੜ ਨਾ ਪਵੇ ਜਿਹੜੇ ਸੋਚਦੇ ਹਨ ਕਿ ਅਸੀਂ ਦੁਨਿਆਵੀ ਸੋਚ ਅਨੁਸਾਰ ਚੱਲਦੇ ਹਾਂ। 3 ਭਾਵੇਂ ਅਸੀਂ ਇਸ ਦੁਨੀਆਂ ਵਿਚ ਰਹਿੰਦੇ ਹਾਂ, ਪਰ ਅਸੀਂ ਦੁਨਿਆਵੀ ਤਰੀਕੇ ਨਾਲ ਲੜਾਈ ਨਹੀਂ ਲੜਦੇ 4 ਕਿਉਂਕਿ ਅਸੀਂ ਇਨਸਾਨੀ ਹਥਿਆਰਾਂ ਨਾਲ ਨਹੀਂ,+ ਸਗੋਂ ਪਰਮੇਸ਼ੁਰ ਵੱਲੋਂ ਦਿੱਤੇ ਸ਼ਕਤੀਸ਼ਾਲੀ ਹਥਿਆਰਾਂ ਨਾਲ ਲੜਾਈ ਲੜਦੇ ਹਾਂ।+ ਇਨ੍ਹਾਂ ਦੀ ਮਦਦ ਨਾਲ ਅਸੀਂ ਕਿਲਿਆਂ ਵਰਗੇ ਮਜ਼ਬੂਤ ਵਿਚਾਰਾਂ ਨੂੰ ਢਾਹ ਸਕਦੇ ਹਾਂ। 5 ਅਸੀਂ ਲੋਕਾਂ ਦੀਆਂ ਗ਼ਲਤ ਦਲੀਲਾਂ ਨੂੰ ਅਤੇ ਪਰਮੇਸ਼ੁਰ ਦੇ ਗਿਆਨ ਦੇ ਖ਼ਿਲਾਫ਼ ਖੜ੍ਹੀ ਹੋਣ ਵਾਲੀ ਹਰ ਉੱਚੀ ਰੁਕਾਵਟ ਨੂੰ ਪਾਰ ਕਰਦੇ ਹਾਂ+ ਅਤੇ ਹਰ ਸੋਚ ਨੂੰ ਕਾਬੂ ਕਰ ਕੇ ਮਸੀਹ ਦੇ ਆਗਿਆਕਾਰ ਬਣਾਉਂਦੇ ਹਾਂ। 6 ਜਿੰਨੀ ਛੇਤੀ ਤੁਸੀਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਆਗਿਆਕਾਰ ਸਾਬਤ ਕਰੋਗੇ,+ ਉੱਨੀ ਛੇਤੀ ਅਸੀਂ ਉਨ੍ਹਾਂ ਸਾਰਿਆਂ ਨੂੰ ਸਜ਼ਾ ਦਿਆਂਗੇ ਜਿਹੜੇ ਅਣਆਗਿਆਕਾਰੀ ਕਰਦੇ ਹਨ।
7 ਤੁਸੀਂ ਕਿਸੇ ਚੀਜ਼ ਨੂੰ ਬਾਹਰੋਂ ਹੀ ਦੇਖ ਕੇ ਉਸ ਬਾਰੇ ਆਪਣੀ ਰਾਇ ਕਾਇਮ ਕਰਦੇ ਹੋ। ਜੇ ਕਿਸੇ ਨੂੰ ਭਰੋਸਾ ਹੈ ਕਿ ਉਹ ਮਸੀਹ ਦਾ ਚੇਲਾ ਹੈ, ਤਾਂ ਉਹ ਇਸ ਗੱਲ ʼਤੇ ਵਿਚਾਰ ਕਰੇ: ਜਿਵੇਂ ਉਹ ਮਸੀਹ ਦਾ ਚੇਲਾ ਹੈ, ਉਸੇ ਤਰ੍ਹਾਂ ਅਸੀਂ ਵੀ ਮਸੀਹ ਦੇ ਚੇਲੇ ਹਾਂ। 8 ਪ੍ਰਭੂ ਨੇ ਸਾਨੂੰ ਅਧਿਕਾਰ ਦਿੱਤਾ ਹੈ ਕਿ ਅਸੀਂ ਤੁਹਾਨੂੰ ਤਕੜਾ ਕਰੀਏ, ਨਾ ਕਿ ਤੁਹਾਡਾ ਹੌਸਲਾ ਢਾਹੀਏ। ਜੇ ਮੈਂ ਆਪਣੇ ਇਸ ਅਧਿਕਾਰ ਉੱਤੇ ਕੁਝ ਜ਼ਿਆਦਾ ਹੀ ਸ਼ੇਖ਼ੀ ਮਾਰਦਾ ਹਾਂ,+ ਤਾਂ ਮੈਂ ਸ਼ਰਮਿੰਦਗੀ ਮਹਿਸੂਸ ਨਹੀਂ ਕਰਦਾ। 9 ਮੈਂ ਇਹ ਨਹੀਂ ਚਾਹੁੰਦਾ ਕਿ ਤੁਹਾਨੂੰ ਇੱਦਾਂ ਲੱਗੇ ਕਿ ਮੈਂ ਆਪਣੀਆਂ ਚਿੱਠੀਆਂ ਰਾਹੀਂ ਤੁਹਾਨੂੰ ਡਰਾ ਰਿਹਾ ਹਾਂ। 10 ਉਹ ਕਹਿੰਦੇ ਹਨ: “ਉਸ ਦੀਆਂ ਚਿੱਠੀਆਂ ਤਾਂ ਪ੍ਰਭਾਵਸ਼ਾਲੀ ਅਤੇ ਦਮਦਾਰ ਹਨ, ਪਰ ਜਦੋਂ ਉਹ ਸਾਡੇ ਨਾਲ ਹੁੰਦਾ ਹੈ, ਤਾਂ ਉਹ ਮਾਮੂਲੀ ਜਿਹਾ ਲੱਗਦਾ ਹੈ ਅਤੇ ਜਦੋਂ ਉਹ ਗੱਲ ਕਰਦਾ ਹੈ, ਤਾਂ ਬੇਕਾਰ ਦੀਆਂ ਗੱਲਾਂ ਕਰਦਾ ਹੈ।” 11 ਇਹ ਕਹਿਣ ਵਾਲਾ ਬੰਦਾ ਇਸ ਗੱਲ ʼਤੇ ਗੌਰ ਕਰੇ ਕਿ ਤੁਹਾਡੇ ਨਾਲ ਨਾ ਹੁੰਦਿਆਂ ਹੋਇਆਂ ਅਸੀਂ ਆਪਣੀਆਂ ਚਿੱਠੀਆਂ ਵਿਚ ਜੋ ਕਹਿੰਦੇ ਹਾਂ, ਅਸੀਂ ਤੁਹਾਡੇ ਨਾਲ ਹੁੰਦਿਆਂ ਉਹ ਕਰਾਂਗੇ ਵੀ।+ 12 ਅਸੀਂ ਉਨ੍ਹਾਂ ਲੋਕਾਂ ਦੀ ਬਰਾਬਰੀ ਕਰਨ ਜਾਂ ਉਨ੍ਹਾਂ ਨਾਲ ਆਪਣੀ ਤੁਲਨਾ ਕਰਨ ਦਾ ਹੀਆ ਨਹੀਂ ਕਰਦੇ ਜਿਹੜੇ ਆਪਣੇ ਆਪ ਨੂੰ ਉੱਚਾ ਕਰਦੇ ਹਨ।+ ਜਦੋਂ ਉਹ ਖ਼ੁਦ ਨੂੰ ਆਪਣੇ ਹੀ ਮਿਆਰਾਂ ਮੁਤਾਬਕ ਪਰਖਦੇ ਹਨ ਅਤੇ ਆਪਣੀ ਤੁਲਨਾ ਆਪਣੇ ਆਪ ਨਾਲ ਹੀ ਕਰਦੇ ਹਨ, ਤਾਂ ਉਹ ਦਿਖਾਉਂਦੇ ਹਨ ਕਿ ਉਹ ਬੇਸਮਝ ਹਨ।+
13 ਪਰ ਅਸੀਂ ਆਪਣੇ ਕੰਮ ਦੀਆਂ ਹੱਦਾਂ ਤੋਂ ਬਾਹਰ ਜਾ ਕੇ ਸ਼ੇਖ਼ੀਆਂ ਨਹੀਂ ਮਾਰਾਂਗੇ, ਸਗੋਂ ਪਰਮੇਸ਼ੁਰ ਨੇ ਸਾਡੇ ਇਲਾਕੇ ਦੀ ਜੋ ਹੱਦ ਠਹਿਰਾਈ ਹੈ ਜਿਸ ਵਿਚ ਤੁਸੀਂ ਵੀ ਹੋ, ਅਸੀਂ ਉਸ ਹੱਦ ਵਿਚ ਰਹਿ ਕੇ ਸ਼ੇਖ਼ੀਆਂ ਮਾਰਾਂਗੇ।+ 14 ਇਸ ਤਰ੍ਹਾਂ ਨਹੀਂ ਹੈ ਕਿ ਅਸੀਂ ਆਪਣੇ ਇਲਾਕੇ ਦੀ ਹੱਦ ਤੋਂ ਬਾਹਰ ਜਾ ਕੇ ਤੁਹਾਡੇ ਕੋਲ ਆਏ ਸੀ, ਸਗੋਂ ਅਸੀਂ ਹੀ ਪਹਿਲੀ ਵਾਰ ਤੁਹਾਡੇ ਕੋਲ ਮਸੀਹ ਬਾਰੇ ਖ਼ੁਸ਼ ਖ਼ਬਰੀ ਲੈ ਕੇ ਆਏ ਸੀ।+ 15 ਹਾਂ, ਅਸੀਂ ਆਪਣੀਆਂ ਹੱਦਾਂ ਤੋਂ ਬਾਹਰ ਜਾ ਕੇ ਕਿਸੇ ਹੋਰ ਦੀ ਮਿਹਨਤ ʼਤੇ ਸ਼ੇਖ਼ੀਆਂ ਨਹੀਂ ਮਾਰਦੇ। ਪਰ ਸਾਨੂੰ ਉਮੀਦ ਹੈ ਕਿ ਤੁਹਾਡੀ ਨਿਹਚਾ ਲਗਾਤਾਰ ਵਧਣ ਕਰਕੇ ਸਾਡੇ ਇਲਾਕੇ ਵਿਚ ਸਾਡਾ ਕੰਮ ਹੋਰ ਤਰੱਕੀ ਕਰਦਾ ਜਾਵੇਗਾ। ਫਿਰ ਅਸੀਂ ਹੋਰ ਜ਼ਿਆਦਾ ਕੰਮ ਕਰ ਸਕਾਂਗੇ 16 ਅਤੇ ਅਸੀਂ ਤੁਹਾਡੇ ਇਲਾਕੇ ਤੋਂ ਅੱਗੇ ਹੋਰ ਇਲਾਕਿਆਂ ਵਿਚ ਵੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਸਕਾਂਗੇ ਤਾਂਕਿ ਅਸੀਂ ਕਿਸੇ ਹੋਰ ਦੇ ਇਲਾਕੇ ਵਿਚ ਹੋਏ ਕੰਮ ਉੱਤੇ ਸ਼ੇਖ਼ੀ ਨਾ ਮਾਰੀਏ। 17 “ਪਰ ਜੇ ਕੋਈ ਸ਼ੇਖ਼ੀ ਮਾਰੇ, ਤਾਂ ਉਹ ਯਹੋਵਾਹ* ਬਾਰੇ ਸ਼ੇਖ਼ੀ ਮਾਰੇ।”+ 18 ਕਿਉਂਕਿ ਜਿਹੜਾ ਇਨਸਾਨ ਆਪਣੀ ਸ਼ਲਾਘਾ ਆਪ ਕਰਦਾ ਹੈ, ਉਸ ਨੂੰ ਕਬੂਲ ਨਹੀਂ ਕੀਤਾ ਜਾਂਦਾ,+ ਸਗੋਂ ਜਿਸ ਦੀ ਸ਼ਲਾਘਾ ਯਹੋਵਾਹ* ਕਰਦਾ ਹੈ, ਉਸ ਨੂੰ ਕਬੂਲ ਕੀਤਾ ਜਾਂਦਾ ਹੈ।+
11 ਮੈਂ ਚਾਹੁੰਦਾ ਹਾਂ ਕਿ ਤੁਸੀਂ ਮੇਰੀ ਥੋੜ੍ਹੀ ਜਿਹੀ ਨਾਸਮਝੀ ਨੂੰ ਬਰਦਾਸ਼ਤ ਕਰ ਲਓ। ਅਸਲ ਵਿਚ ਤੁਸੀਂ ਮੈਨੂੰ ਬਰਦਾਸ਼ਤ ਕਰ ਵੀ ਰਹੇ ਹੋ! 2 ਪਰਮੇਸ਼ੁਰ ਵਾਂਗ ਮੈਨੂੰ ਵੀ ਤੁਹਾਡਾ ਬਹੁਤ ਫ਼ਿਕਰ ਹੈ ਕਿਉਂਕਿ ਮੈਂ ਆਪ ਇਕ ਆਦਮੀ ਨਾਲ ਯਾਨੀ ਮਸੀਹ ਨਾਲ ਤੁਹਾਡੀ ਕੁੜਮਾਈ ਕਰਾਈ ਹੈ ਅਤੇ ਮੈਂ ਤੁਹਾਨੂੰ ਉਸ ਕੋਲ ਪਾਕ* ਕੁਆਰੀ ਵਜੋਂ ਲੈ ਕੇ ਜਾਣਾ ਚਾਹੁੰਦਾ ਹਾਂ।+ 3 ਪਰ ਮੈਨੂੰ ਡਰ ਹੈ ਕਿ ਜਿਵੇਂ ਸੱਪ ਨੇ ਚਲਾਕੀ ਨਾਲ ਹੱਵਾਹ ਨੂੰ ਭਰਮਾਇਆ ਸੀ,+ ਕਿਤੇ ਉਸੇ ਤਰ੍ਹਾਂ ਕੋਈ ਤੁਹਾਡੀ ਸੋਚ ਨੂੰ ਵੀ ਖ਼ਰਾਬ ਕਰ ਕੇ ਤੁਹਾਡੀ ਸਾਫ਼ਦਿਲੀ ਅਤੇ ਪਵਿੱਤਰਤਾ* ਖ਼ਤਮ ਨਾ ਕਰ ਦੇਵੇ ਜਿਸ ਉੱਤੇ ਸਿਰਫ਼ ਮਸੀਹ ਦਾ ਹੱਕ ਹੈ।+ 4 ਮੈਂ ਇਸ ਲਈ ਇਹ ਕਹਿੰਦਾ ਹਾਂ ਕਿਉਂਕਿ ਤੁਸੀਂ ਉਸ ਇਨਸਾਨ ਨੂੰ ਤਾਂ ਝੱਟ ਬਰਦਾਸ਼ਤ ਕਰ ਲੈਂਦੇ ਹੋ ਜਿਹੜਾ ਆ ਕੇ ਕਿਸੇ ਹੋਰ ਯਿਸੂ ਦਾ ਪ੍ਰਚਾਰ ਕਰਦਾ ਹੈ ਜਿਸ ਦਾ ਅਸੀਂ ਪ੍ਰਚਾਰ ਨਹੀਂ ਕੀਤਾ ਸੀ ਜਾਂ ਤੁਹਾਡੇ ਵਿਚ ਮਨ ਦਾ ਜੋ ਸੁਭਾਅ ਪੈਦਾ ਕੀਤਾ ਗਿਆ ਸੀ, ਉਸ ਦੀ ਬਜਾਇ ਉਹ ਤੁਹਾਡੇ ਵਿਚ ਕੋਈ ਹੋਰ ਮਨ ਦਾ ਸੁਭਾਅ ਪੈਦਾ ਕਰਦਾ ਹੈ ਜਾਂ ਤੁਸੀਂ ਜਿਸ ਖ਼ੁਸ਼ ਖ਼ਬਰੀ ਨੂੰ ਕਬੂਲ ਕੀਤਾ ਸੀ,+ ਉਸ ਦੀ ਬਜਾਇ ਕਿਸੇ ਹੋਰ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦਾ ਹੈ। 5 ਮੈਂ ਸਮਝਦਾ ਹਾਂ ਕਿ ਮੈਂ ਤੁਹਾਡੇ ਮਹਾਂ ਰਸੂਲਾਂ ਨਾਲੋਂ ਕਿਸੇ ਵੀ ਗੱਲ ਵਿਚ ਘੱਟ ਸਾਬਤ ਨਹੀਂ ਹੋਇਆ।+ 6 ਪਰ ਜੇ ਮੇਰੇ ਅੰਦਰ ਚੰਗੀ ਤਰ੍ਹਾਂ ਗੱਲ ਕਰਨ ਦੀ ਯੋਗਤਾ ਨਹੀਂ ਵੀ ਹੈ,+ ਤਾਂ ਵੀ ਮੈਂ ਗਿਆਨ ਵਿਚ ਘੱਟ ਨਹੀਂ ਹਾਂ। ਅਸਲ ਵਿਚ, ਅਸੀਂ ਤੁਹਾਨੂੰ ਸਾਰੀਆਂ ਗੱਲਾਂ ਵਿਚ ਆਪਣੇ ਗਿਆਨ ਦਾ ਹਰ ਤਰੀਕੇ ਨਾਲ ਸਬੂਤ ਦਿੱਤਾ ਹੈ।
7 ਮੈਂ ਤੁਹਾਨੂੰ ਉੱਚਾ ਕਰਨ ਲਈ ਆਪਣੇ ਆਪ ਨੂੰ ਨੀਵਾਂ ਕੀਤਾ ਅਤੇ ਖ਼ੁਸ਼ੀ-ਖ਼ੁਸ਼ੀ ਤੁਹਾਨੂੰ ਮੁਫ਼ਤ ਵਿਚ ਪਰਮੇਸ਼ੁਰ ਦੀ ਖ਼ੁਸ਼ ਖ਼ਬਰੀ ਸੁਣਾਈ। ਕੀ ਇਸ ਤਰ੍ਹਾਂ ਕਰ ਕੇ ਮੈਂ ਕੋਈ ਗੁਨਾਹ ਕੀਤਾ?+ 8 ਮੈਂ ਤੁਹਾਡੀ ਸੇਵਾ ਕਰਨ ਲਈ ਦੂਸਰੀਆਂ ਮੰਡਲੀਆਂ ਤੋਂ ਚੀਜ਼ਾਂ ਲਈਆਂ।*+ 9 ਪਰ ਤੁਹਾਡੇ ਨਾਲ ਹੁੰਦਿਆਂ ਜਦੋਂ ਮੈਨੂੰ ਕਿਸੇ ਚੀਜ਼ ਦੀ ਲੋੜ ਪਈ, ਤਾਂ ਮੈਂ ਕਿਸੇ ਉੱਤੇ ਵੀ ਬੋਝ ਨਹੀਂ ਬਣਿਆ ਕਿਉਂਕਿ ਮਕਦੂਨੀਆ ਤੋਂ ਆਏ ਭਰਾਵਾਂ ਨੇ ਮੇਰੀਆਂ ਲੋੜਾਂ ਪੂਰੀਆਂ ਕਰਨ ਲਈ ਮੈਨੂੰ ਬਹੁਤ ਕੁਝ ਦਿੱਤਾ।+ ਹਾਂ, ਮੈਂ ਪੂਰਾ ਧਿਆਨ ਰੱਖਿਆ ਕਿ ਮੈਂ ਤੁਹਾਡੇ ਲਈ ਬੋਝ ਨਾ ਬਣਾਂ ਅਤੇ ਨਾ ਹੀ ਕਦੇ ਬਣਾਂਗਾ।+ 10 ਜਿਵੇਂ ਇਹ ਗੱਲ ਪੱਕੀ ਹੈ ਕਿ ਮਸੀਹ ਬਾਰੇ ਸੱਚਾਈ ਮੇਰੇ ਅੰਦਰ ਹੈ, ਉਸੇ ਤਰ੍ਹਾਂ ਇਹ ਗੱਲ ਵੀ ਪੱਕੀ ਹੈ ਕਿ ਮੈਂ ਪੂਰੇ ਅਖਾਯਾ ਵਿਚ ਇਸ ਗੱਲ ʼਤੇ ਸ਼ੇਖ਼ੀ ਮਾਰਨ ਤੋਂ ਨਹੀਂ ਹਟਾਂਗਾ।+ 11 ਮੈਂ ਤੁਹਾਡੇ ʼਤੇ ਬੋਝ ਕਿਉਂ ਨਹੀਂ ਬਣਿਆ? ਇਸ ਲਈ ਕਿ ਮੈਂ ਤੁਹਾਨੂੰ ਪਿਆਰ ਨਹੀਂ ਕਰਦਾ? ਪਰਮੇਸ਼ੁਰ ਜਾਣਦਾ ਹੈ ਕਿ ਮੈਂ ਪਿਆਰ ਕਰਦਾ ਹਾਂ।
12 ਪਰ ਮੈਂ ਜੋ ਕਰ ਰਿਹਾ ਹਾਂ, ਉਹ ਕਰਦਾ ਰਹਾਂਗਾ+ ਤਾਂਕਿ ਮੈਂ ਉਨ੍ਹਾਂ ਲੋਕਾਂ ਨੂੰ ਕੋਈ ਮੌਕਾ ਨਾ ਦਿਆਂ ਜਿਹੜੇ ਉਨ੍ਹਾਂ ਗੱਲਾਂ* ਵਿਚ ਸਾਡੀ ਬਰਾਬਰੀ ਕਰਨ ਦਾ ਬਹਾਨਾ ਭਾਲਦੇ ਹਨ ਜਿਨ੍ਹਾਂ ʼਤੇ ਉਹ ਸ਼ੇਖ਼ੀਆਂ ਮਾਰਦੇ ਹਨ। 13 ਅਜਿਹੇ ਆਦਮੀ ਝੂਠੇ ਰਸੂਲ ਅਤੇ ਧੋਖੇਬਾਜ਼ ਹਨ ਅਤੇ ਮਸੀਹ ਦੇ ਰਸੂਲ ਹੋਣ ਦਾ ਦਿਖਾਵਾ ਕਰਦੇ ਹਨ।+ 14 ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿਉਂਕਿ ਸ਼ੈਤਾਨ ਵੀ ਚਾਨਣ ਦਾ ਦੂਤ ਹੋਣ ਦਾ ਦਿਖਾਵਾ ਕਰਦਾ ਹੈ।+ 15 ਇਸ ਲਈ ਮੈਂ ਇਸ ਗੱਲੋਂ ਹੈਰਾਨ ਨਹੀਂ ਹਾਂ ਕਿ ਉਸ ਦੇ ਸੇਵਕ ਵੀ ਸਹੀ ਕੰਮ ਕਰਨ ਦਾ ਦਿਖਾਵਾ ਕਰਦੇ ਹਨ। ਪਰ ਉਨ੍ਹਾਂ ਦਾ ਅੰਤ ਉਨ੍ਹਾਂ ਦੇ ਕੰਮਾਂ ਅਨੁਸਾਰ ਹੀ ਹੋਵੇਗਾ।+
16 ਮੈਂ ਦੁਬਾਰਾ ਕਹਿੰਦਾ ਹਾਂ ਕਿ ਕੋਈ ਵੀ ਇਹ ਨਾ ਸੋਚੇ ਕਿ ਮੈਂ ਨਾਸਮਝ ਹਾਂ। ਪਰ ਜੇ ਤੁਸੀਂ ਮੈਨੂੰ ਨਾਸਮਝ ਮੰਨਦੇ ਵੀ ਹੋ, ਤਾਂ ਵੀ ਤੁਸੀਂ ਮੈਨੂੰ ਬਰਦਾਸ਼ਤ ਕਰ ਲਓ ਤਾਂਕਿ ਮੈਂ ਵੀ ਉਨ੍ਹਾਂ ਵਾਂਗ ਥੋੜ੍ਹੀ ਜਿਹੀ ਸ਼ੇਖ਼ੀ ਮਾਰ ਸਕਾਂ। 17 ਮੈਂ ਹੁਣ ਪ੍ਰਭੂ ਦੀ ਮਿਸਾਲ ਉੱਤੇ ਚੱਲ ਕੇ ਨਹੀਂ, ਸਗੋਂ ਇਕ ਨਾਸਮਝ ਇਨਸਾਨ ਵਾਂਗ ਗੱਲ ਕਰ ਰਿਹਾ ਹਾਂ ਜਿਹੜਾ ਆਪਣੇ ਉੱਤੇ ਹੱਦੋਂ ਵੱਧ ਭਰੋਸਾ ਕਰ ਕੇ ਸ਼ੇਖ਼ੀਆਂ ਮਾਰਦਾ ਹੈ। 18 ਬਹੁਤ ਸਾਰੇ ਲੋਕ ਦੁਨਿਆਵੀ ਚੀਜ਼ਾਂ ਉੱਤੇ ਸ਼ੇਖ਼ੀਆਂ ਮਾਰ ਰਹੇ ਹਨ, ਇਸ ਲਈ ਮੈਂ ਵੀ ਸ਼ੇਖ਼ੀਆਂ ਮਾਰਾਂਗਾ। 19 ਇਹ ਕਿੱਦਾਂ ਹੋ ਸਕਦਾ ਕਿ ਤੁਸੀਂ ਇੰਨੇ “ਸਮਝਦਾਰ” ਹੁੰਦੇ ਹੋਏ ਨਾਸਮਝ ਲੋਕਾਂ ਨੂੰ ਖ਼ੁਸ਼ੀ-ਖ਼ੁਸ਼ੀ ਬਰਦਾਸ਼ਤ ਕਰਦੇ ਹੋ? 20 ਅਸਲ ਵਿਚ, ਤੁਸੀਂ ਹਰ ਉਸ ਇਨਸਾਨ ਨੂੰ ਬਰਦਾਸ਼ਤ ਕਰਦੇ ਹੋ ਜਿਹੜਾ ਤੁਹਾਨੂੰ ਆਪਣਾ ਗ਼ੁਲਾਮ ਬਣਾਉਂਦਾ ਹੈ, ਤੁਹਾਡੀਆਂ ਚੀਜ਼ਾਂ ਹੜੱਪ ਲੈਂਦਾ ਹੈ, ਤੁਹਾਡਾ ਸਭ ਕੁਝ ਖੋਹ ਲੈਂਦਾ ਹੈ ਅਤੇ ਆਪਣੇ ਆਪ ਨੂੰ ਤੁਹਾਡੇ ਤੋਂ ਉੱਚਾ ਕਰਦਾ ਹੈ ਅਤੇ ਤੁਹਾਡੇ ਮੂੰਹ ʼਤੇ ਚਪੇੜਾਂ ਮਾਰਦਾ ਹੈ।
21 ਸਾਨੂੰ ਇਹ ਕਹਿੰਦਿਆਂ ਸ਼ਰਮ ਆਉਂਦੀ ਹੈ ਕਿਉਂਕਿ ਕਈਆਂ ਨੂੰ ਲੱਗਦਾ ਹੈ ਕਿ ਅਸੀਂ ਆਪਣੇ ਰਸੂਲ ਹੋਣ ਦੇ ਅਧਿਕਾਰ ਨੂੰ ਸਹੀ ਤਰੀਕੇ ਨਾਲ ਇਸਤੇਮਾਲ ਕਰਨ ਵਿਚ ਕਮਜ਼ੋਰ ਹਾਂ।
ਪਰ ਜੇ ਦੂਸਰੇ ਦਲੇਰੀ ਦਿਖਾਉਂਦੇ ਹਨ, ਤਾਂ ਮੈਂ ਵੀ ਦਲੇਰੀ ਦਿਖਾਉਂਦਾ ਹਾਂ, ਫਿਰ ਭਾਵੇਂ ਕੋਈ ਮੈਨੂੰ ਨਾਸਮਝ ਕਹੇ। 22 ਕੀ ਉਹ ਇਬਰਾਨੀ ਹਨ? ਮੈਂ ਵੀ ਹਾਂ।+ ਕੀ ਉਹ ਇਜ਼ਰਾਈਲੀ ਹਨ? ਮੈਂ ਵੀ ਹਾਂ। ਕੀ ਉਹ ਅਬਰਾਹਾਮ ਦੀ ਸੰਤਾਨ* ਹਨ? ਮੈਂ ਵੀ ਹਾਂ।+ 23 ਕੀ ਉਹ ਮਸੀਹ ਦੇ ਸੇਵਕ ਹਨ? ਮੈਂ ਪਾਗਲਾਂ ਵਾਂਗ ਚੀਕ-ਚੀਕ ਕੇ ਕਹਿੰਦਾ ਹਾਂ ਕਿ ਮੈਂ ਉਨ੍ਹਾਂ ਨਾਲੋਂ ਕਿਤੇ ਵੱਧ ਕੇ ਹਾਂ: ਮੈਂ ਉਨ੍ਹਾਂ ਨਾਲੋਂ ਜ਼ਿਆਦਾ ਕੰਮ ਕੀਤਾ ਹੈ,+ ਜ਼ਿਆਦਾ ਵਾਰ ਜੇਲ੍ਹ ਗਿਆ ਹਾਂ,+ ਅਣਗਿਣਤ ਵਾਰ ਕੁੱਟ ਖਾਧੀ ਹੈ ਅਤੇ ਕਈ ਵਾਰ ਮਰਦੇ-ਮਰਦੇ ਬਚਿਆ ਹਾਂ।+ 24 ਮੈਂ ਪੰਜ ਵਾਰ ਯਹੂਦੀਆਂ ਦੇ ਹੱਥੋਂ ਇਕ ਘੱਟ ਚਾਲੀ ਕੋਰੜੇ ਖਾਧੇ,+ 25 ਤਿੰਨ ਵਾਰ ਮੈਨੂੰ ਡੰਡਿਆਂ ਨਾਲ ਕੁੱਟਿਆ ਗਿਆ,+ ਇਕ ਵਾਰ ਮੈਨੂੰ ਪੱਥਰ ਮਾਰੇ ਗਏ,+ ਤਿੰਨ ਵਾਰ ਸਫ਼ਰ ਕਰਦਿਆਂ ਮੇਰਾ ਜਹਾਜ਼ ਤਬਾਹ ਹੋਇਆ,+ ਇਕ ਦਿਨ ਅਤੇ ਇਕ ਰਾਤ ਮੈਂ ਸਮੁੰਦਰ ਦੇ ਪਾਣੀਆਂ ਵਿਚ ਕੱਟੀ; 26 ਮੈਂ ਜ਼ਿਆਦਾ ਸਫ਼ਰ ਕੀਤਾ, ਦਰਿਆਵਾਂ ਵਿਚ ਖ਼ਤਰਿਆਂ ਦਾ ਸਾਮ੍ਹਣਾ ਕੀਤਾ, ਡਾਕੂਆਂ ਦੇ ਖ਼ਤਰਿਆਂ ਦਾ ਸਾਮ੍ਹਣਾ ਕੀਤਾ, ਆਪਣੀ ਕੌਮ ਦੇ ਲੋਕਾਂ ਤੋਂ ਅਤੇ ਹੋਰ ਕੌਮਾਂ ਦੇ ਲੋਕਾਂ ਤੋਂ ਖ਼ਤਰਿਆਂ ਦਾ ਸਾਮ੍ਹਣਾ ਕੀਤਾ,+ ਸ਼ਹਿਰਾਂ ਵਿਚ,+ ਉਜਾੜ ਵਿਚ ਅਤੇ ਸਮੁੰਦਰ ਵਿਚ ਖ਼ਤਰਿਆਂ ਦਾ ਸਾਮ੍ਹਣਾ ਕੀਤਾ, ਪਖੰਡੀ ਭਰਾਵਾਂ ਦੇ ਖ਼ਤਰਿਆਂ ਦਾ ਸਾਮ੍ਹਣਾ ਕੀਤਾ, 27 ਮੈਂ ਉਨ੍ਹਾਂ ਤੋਂ ਵੱਧ ਖ਼ੂਨ-ਪਸੀਨਾ ਵਹਾਇਆ, ਕਈ-ਕਈ ਰਾਤਾਂ ਜਾਗ ਕੇ ਕੱਟੀਆਂ,+ ਭੁੱਖ-ਪਿਆਸ ਸਹਾਰੀ,+ ਕਈ ਵਾਰ ਖਾਣ ਲਈ ਕੁਝ ਨਹੀਂ ਸੀ,+ ਮੈਨੂੰ ਠੰਢ ਵਿਚ ਰਹਿਣਾ ਪਿਆ ਤੇ ਕਈ ਵਾਰ ਤਨ ਢਕਣ ਜੋਗੇ ਵੀ ਕੱਪੜੇ ਨਹੀਂ ਸਨ।
28 ਇਨ੍ਹਾਂ ਤੋਂ ਇਲਾਵਾ, ਮੈਨੂੰ ਦਿਨ-ਰਾਤ ਸਾਰੀਆਂ ਮੰਡਲੀਆਂ ਦੀ ਚਿੰਤਾ ਸਤਾਉਂਦੀ ਰਹਿੰਦੀ ਹੈ।+ 29 ਜੇ ਕੋਈ ਕਮਜ਼ੋਰ ਹੈ, ਤਾਂ ਮੈਨੂੰ ਦੁੱਖ ਹੁੰਦਾ ਹੈ। ਜੇ ਕੋਈ ਗੁਮਰਾਹ ਹੁੰਦਾ ਹੈ, ਤਾਂ ਮੈਨੂੰ ਗੁੱਸਾ ਆਉਂਦਾ ਹੈ।
30 ਜੇ ਮੇਰੇ ਲਈ ਸ਼ੇਖ਼ੀਆਂ ਮਾਰਨੀਆਂ ਜ਼ਰੂਰੀ ਹਨ, ਤਾਂ ਮੈਂ ਉਨ੍ਹਾਂ ਗੱਲਾਂ ʼਤੇ ਸ਼ੇਖ਼ੀਆਂ ਮਾਰਾਂਗਾ ਜਿਨ੍ਹਾਂ ਤੋਂ ਮੇਰੀਆਂ ਕਮਜ਼ੋਰੀਆਂ ਜ਼ਾਹਰ ਹੁੰਦੀਆਂ ਹਨ। 31 ਸਾਡੇ ਪ੍ਰਭੂ ਯਿਸੂ ਦਾ ਪਿਤਾ ਪਰਮੇਸ਼ੁਰ, ਜਿਸ ਦਾ ਗੁਣਗਾਨ ਯੁਗੋ-ਯੁਗ ਹੋਣਾ ਚਾਹੀਦਾ ਹੈ, ਜਾਣਦਾ ਹੈ ਕਿ ਮੈਂ ਝੂਠ ਨਹੀਂ ਬੋਲ ਰਿਹਾ। 32 ਰਾਜਾ ਅਰਿਤਾਸ ਦੇ ਅਧੀਨ ਦਮਿਸਕ ਦੇ ਰਾਜਪਾਲ ਨੇ ਮੈਨੂੰ ਫੜਨ ਲਈ ਸ਼ਹਿਰ ਉੱਤੇ ਪਹਿਰਾ ਲਾਇਆ ਹੋਇਆ ਸੀ, 33 ਪਰ ਭਰਾਵਾਂ ਨੇ ਮੈਨੂੰ ਇਕ ਟੋਕਰੀ ਵਿਚ ਬਿਠਾ ਕੇ ਸ਼ਹਿਰ ਦੀ ਕੰਧ ਵਿਚ ਰੱਖੀ ਬਾਰੀ ਥਾਣੀਂ ਥੱਲੇ ਉਤਾਰ ਦਿੱਤਾ+ ਅਤੇ ਮੈਂ ਉਸ ਦੇ ਹੱਥੋਂ ਬਚ ਨਿਕਲਿਆ।
12 ਮੈਨੂੰ ਸ਼ੇਖ਼ੀ ਮਾਰਨੀ ਪਵੇਗੀ, ਭਾਵੇਂ ਇਸ ਦਾ ਮੈਨੂੰ ਕੋਈ ਫ਼ਾਇਦਾ ਨਹੀਂ ਹੈ। ਪਰ ਫਿਰ ਵੀ ਹੁਣ ਮੈਂ ਪ੍ਰਭੂ ਦੁਆਰਾ ਦਿਖਾਏ ਦਰਸ਼ਣਾਂ+ ਅਤੇ ਉਸ ਵੱਲੋਂ ਦਿੱਤੇ ਸੰਦੇਸ਼ਾਂ ਬਾਰੇ ਗੱਲ ਕਰਾਂਗਾ।+ 2 ਮੈਂ ਮਸੀਹ ਦੇ ਇਕ ਚੇਲੇ ਨੂੰ ਜਾਣਦਾ ਹਾਂ ਜਿਸ ਨੂੰ 14 ਸਾਲ ਪਹਿਲਾਂ ਤੀਸਰੇ ਸਵਰਗ ਨੂੰ ਚੁੱਕ ਲਿਆ ਗਿਆ ਸੀ। ਮੈਨੂੰ ਨਹੀਂ ਪਤਾ ਕਿ ਉਸ ਨੂੰ ਸਰੀਰ ਵਿਚ ਚੁੱਕਿਆ ਗਿਆ ਸੀ ਜਾਂ ਫਿਰ ਸਰੀਰ ਤੋਂ ਬਿਨਾਂ; ਪਰਮੇਸ਼ੁਰ ਹੀ ਜਾਣਦਾ ਹੈ। 3 ਹਾਂ, ਮੈਂ ਅਜਿਹੇ ਆਦਮੀ ਨੂੰ ਜਾਣਦਾ ਹਾਂ। ਮੈਨੂੰ ਨਹੀਂ ਪਤਾ ਕਿ ਉਸ ਨੂੰ ਸਰੀਰ ਵਿਚ ਲਿਜਾਇਆ ਗਿਆ ਸੀ ਜਾਂ ਫਿਰ ਸਰੀਰ ਤੋਂ ਬਿਨਾਂ; ਪਰਮੇਸ਼ੁਰ ਹੀ ਜਾਣਦਾ ਹੈ। 4 ਉਸ ਨੂੰ ਸੋਹਣੇ ਬਾਗ਼* ਵਿਚ ਲਿਜਾਇਆ ਗਿਆ ਜਿੱਥੇ ਉਸ ਨੇ ਅਜਿਹੀਆਂ ਗੱਲਾਂ ਸੁਣੀਆਂ ਜੋ ਦੱਸੀਆਂ ਨਹੀਂ ਜਾ ਸਕਦੀਆਂ ਅਤੇ ਜਿਨ੍ਹਾਂ ਨੂੰ ਦੱਸਣ ਦੀ ਇਨਸਾਨ ਨੂੰ ਇਜਾਜ਼ਤ ਨਹੀਂ ਹੈ। 5 ਮੈਂ ਅਜਿਹੇ ਆਦਮੀ ਬਾਰੇ ਸ਼ੇਖ਼ੀ ਮਾਰਾਂਗਾ। ਪਰ ਮੈਂ ਆਪਣੇ ਬਾਰੇ ਨਹੀਂ, ਸਗੋਂ ਆਪਣੀਆਂ ਕਮਜ਼ੋਰੀਆਂ ਬਾਰੇ ਹੀ ਸ਼ੇਖ਼ੀ ਮਾਰਾਂਗਾ। 6 ਜੇ ਮੈਂ ਕਦੀ ਸ਼ੇਖ਼ੀ ਮਾਰਨੀ ਵੀ ਚਾਹਾਂ, ਤਾਂ ਮੈਂ ਮੂਰਖਤਾ ਨਹੀਂ ਕਰਾਂਗਾ ਕਿਉਂਕਿ ਮੈਂ ਸੱਚ ਹੀ ਬੋਲਾਂਗਾ। ਪਰ ਮੈਂ ਸ਼ੇਖ਼ੀ ਮਾਰਨ ਤੋਂ ਆਪਣੇ ਆਪ ਨੂੰ ਰੋਕਦਾ ਹਾਂ ਤਾਂਕਿ ਕੋਈ ਮੇਰੀ ਹੱਦੋਂ ਵੱਧ ਸ਼ਲਾਘਾ ਨਾ ਕਰੇ, ਸਿਵਾਇ ਇਸ ਦੇ ਕਿ ਉਹ ਮੈਨੂੰ ਜੋ ਕਰਦਿਆਂ ਦੇਖਦੇ ਹਨ ਜਾਂ ਕਹਿੰਦਿਆਂ ਸੁਣਦੇ ਹਨ। 7 ਪਰਮੇਸ਼ੁਰ ਦੁਆਰਾ ਮੈਨੂੰ ਦਿੱਤੇ ਗਏ ਸ਼ਾਨਦਾਰ ਸੰਦੇਸ਼ਾਂ ਕਰਕੇ ਕੋਈ ਮੈਨੂੰ ਜ਼ਿਆਦਾ ਨਾ ਸਮਝੇ।
ਕਿਤੇ ਅਜਿਹਾ ਨਾ ਹੋਵੇ ਕਿ ਮੈਂ ਘਮੰਡ ਨਾਲ ਫੁੱਲ ਜਾਵਾਂ, ਇਸ ਲਈ ਮੈਨੂੰ ਦੁੱਖ ਦੇਣ ਵਾਸਤੇ ਮੇਰੇ ਸਰੀਰ ਵਿਚ ਇਕ ਕੰਡਾ ਚੋਭਿਆ ਗਿਆ ਹੈ+ ਜੋ ਸ਼ੈਤਾਨ ਦੇ ਦੂਤ ਵਾਂਗ ਮੈਨੂੰ ਥੱਪੜ ਮਾਰਦਾ ਹੈ* ਤਾਂਕਿ ਮੈਂ ਘਮੰਡ ਨਾਲ ਫੁੱਲ ਨਾ ਜਾਵਾਂ। 8 ਇਸ ਵਾਸਤੇ ਮੈਂ ਪ੍ਰਭੂ ਅੱਗੇ ਤਿੰਨ ਵਾਰ ਤਰਲੇ ਕੀਤੇ ਕਿ ਉਹ ਮੇਰੇ ਸਰੀਰ ਵਿੱਚੋਂ ਇਹ ਕੰਡਾ ਕੱਢ ਦੇਵੇ। 9 ਪਰ ਉਸ ਨੇ ਕਿਹਾ: “ਮੈਂ ਤੇਰੇ ਉੱਤੇ ਜੋ ਅਪਾਰ ਕਿਰਪਾ ਕੀਤੀ ਹੈ, ਉਹੀ ਬਹੁਤ ਹੈ। ਜਦੋਂ ਤੂੰ ਕਮਜ਼ੋਰ ਹੁੰਦਾ ਹੈਂ, ਉਦੋਂ ਮੇਰੀ ਤਾਕਤ ਪੂਰੀ ਤਰ੍ਹਾਂ ਤੇਰੇ ਨਾਲ ਹੁੰਦੀ ਹੈ।”+ ਇਸ ਕਰਕੇ ਮੈਂ ਆਪਣੀਆਂ ਕਮਜ਼ੋਰੀਆਂ ਉੱਤੇ ਖ਼ੁਸ਼ੀ-ਖ਼ੁਸ਼ੀ ਸ਼ੇਖ਼ੀਆਂ ਮਾਰਾਂਗਾ ਤਾਂਕਿ ਮੈਂ ਹਮੇਸ਼ਾ ਮਸੀਹ ਦੀ ਤਾਕਤ ਦੀ ਪਨਾਹ ਵਿਚ ਰਹਾਂ। 10 ਇਸ ਲਈ ਮੈਂ ਮਸੀਹ ਦੀ ਖ਼ਾਤਰ ਖ਼ੁਸ਼ੀ-ਖ਼ੁਸ਼ੀ ਕਮਜ਼ੋਰੀਆਂ, ਬੇਇੱਜ਼ਤੀ, ਤੰਗੀਆਂ, ਅਤਿਆਚਾਰਾਂ ਅਤੇ ਮੁਸ਼ਕਲਾਂ ਦਾ ਸਾਮ੍ਹਣਾ ਕਰਦਾ ਹਾਂ ਕਿਉਂਕਿ ਜਦੋਂ ਮੈਂ ਕਮਜ਼ੋਰ ਹੁੰਦਾ ਹਾਂ, ਉਦੋਂ ਮੈਂ ਤਾਕਤਵਰ ਹੁੰਦਾ ਹਾਂ।+
11 ਹਾਂ, ਮੈਂ ਨਾਸਮਝ ਬਣ ਗਿਆ ਹਾਂ। ਤੁਸੀਂ ਮੈਨੂੰ ਨਾਸਮਝ ਬਣਨ ਲਈ ਮਜਬੂਰ ਕੀਤਾ ਕਿਉਂਕਿ ਤੁਸੀਂ ਦੂਸਰਿਆਂ ਸਾਮ੍ਹਣੇ ਮੇਰੀਆਂ ਸਿਫ਼ਤਾਂ ਨਹੀਂ ਕੀਤੀਆਂ। ਮੈਂ ਕਿਸੇ ਵੀ ਗੱਲ ਵਿਚ ਤੁਹਾਡੇ ਮਹਾਂ ਰਸੂਲਾਂ ਨਾਲੋਂ ਘੱਟ ਸਾਬਤ ਨਹੀਂ ਹੋਇਆ, ਭਾਵੇਂ ਕਿ ਮੈਂ ਤੁਹਾਡੀਆਂ ਨਜ਼ਰਾਂ ਵਿਚ ਕੁਝ ਵੀ ਨਹੀਂ ਹਾਂ।+ 12 ਤੁਹਾਨੂੰ ਨਿਸ਼ਾਨੀਆਂ, ਚਮਤਕਾਰ ਤੇ ਕਰਾਮਾਤਾਂ ਦਿਖਾਉਣ ਦੇ ਨਾਲ-ਨਾਲ ਮੈਂ ਬਹੁਤ ਧੀਰਜ ਨਾਲ ਆਪਣੇ ਰਸੂਲ ਹੋਣ ਦੇ ਸਬੂਤ ਵੀ ਦਿੱਤੇ।+ 13 ਤੁਹਾਨੂੰ ਕਿਹੜਾ ਸਨਮਾਨ ਨਹੀਂ ਮਿਲਿਆ ਜੋ ਬਾਕੀ ਦੀਆਂ ਮੰਡਲੀਆਂ ਨੂੰ ਮਿਲਿਆ ਹੈ? ਸ਼ਾਇਦ ਇਹੀ ਕਿ ਮੈਂ ਤੁਹਾਡੇ ਲਈ ਬੋਝ ਨਹੀਂ ਬਣਿਆ?+ ਕਿਰਪਾ ਕਰ ਕੇ ਮੇਰੀ ਇਹ ਗ਼ਲਤੀ ਮਾਫ਼ ਕਰ ਦਿਓ।
14 ਦੇਖੋ! ਮੈਂ ਤੀਸਰੀ ਵਾਰ ਤੁਹਾਡੇ ਕੋਲ ਆਉਣ ਲਈ ਤਿਆਰ ਹਾਂ, ਪਰ ਮੈਂ ਇਸ ਵਾਰ ਵੀ ਤੁਹਾਡੇ ਲਈ ਬੋਝ ਨਹੀਂ ਬਣਾਂਗਾ। ਮੈਂ ਤੁਹਾਡੀਆਂ ਚੀਜ਼ਾਂ ਨਹੀਂ ਚਾਹੁੰਦਾ,+ ਸਗੋਂ ਤੁਹਾਨੂੰ ਚਾਹੁੰਦਾ ਹਾਂ। ਬੱਚਿਆਂ+ ਤੋਂ ਇਹ ਉਮੀਦ ਨਹੀਂ ਕੀਤੀ ਜਾਂਦੀ ਕਿ ਉਹ ਆਪਣੇ ਮਾਪਿਆਂ ਲਈ ਪੈਸੇ ਜੋੜ-ਜੋੜ ਕੇ ਰੱਖਣ, ਸਗੋਂ ਮਾਪਿਆਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਆਪਣੇ ਬੱਚਿਆਂ ਲਈ ਪੈਸੇ ਜੋੜਨ। 15 ਜਿੱਥੋਂ ਤਕ ਮੇਰੀ ਗੱਲ ਹੈ, ਮੈਂ ਆਪਣਾ ਸਭ ਕੁਝ, ਸਗੋਂ ਆਪਣੇ ਆਪ ਨੂੰ ਵੀ ਖ਼ੁਸ਼ੀ-ਖ਼ੁਸ਼ੀ ਤੁਹਾਡੇ ʼਤੇ ਵਾਰਨ ਲਈ ਤਿਆਰ ਹਾਂ।+ ਜੇ ਮੈਂ ਤੁਹਾਨੂੰ ਇੰਨਾ ਪਿਆਰ ਕਰਦਾ ਹਾਂ, ਤਾਂ ਕੀ ਤੁਹਾਨੂੰ ਵੀ ਮੈਨੂੰ ਉੱਨਾ ਹੀ ਪਿਆਰ ਨਹੀਂ ਕਰਨਾ ਚਾਹੀਦਾ? 16 ਜੋ ਵੀ ਹੈ, ਮੈਂ ਤੁਹਾਡੇ ਉੱਤੇ ਬੋਝ ਨਹੀਂ ਪਾਇਆ ਹੈ।+ ਪਰ ਤੁਸੀਂ ਕਹਿੰਦੇ ਹੋ, ਮੈਂ “ਧੋਖੇਬਾਜ਼” ਹਾਂ ਅਤੇ ਮੈਂ “ਚਲਾਕੀ” ਨਾਲ ਤੁਹਾਨੂੰ ਫਸਾਇਆ ਹੈ। 17 ਕੀ ਮੈਂ ਉਨ੍ਹਾਂ ਭਰਾਵਾਂ ਦੇ ਜ਼ਰੀਏ ਤੁਹਾਡਾ ਫ਼ਾਇਦਾ ਉਠਾਇਆ ਜਿਨ੍ਹਾਂ ਨੂੰ ਮੈਂ ਤੁਹਾਡੇ ਕੋਲ ਘੱਲਿਆ ਸੀ? 18 ਮੈਂ ਤੀਤੁਸ ਨੂੰ ਤੁਹਾਡੇ ਕੋਲ ਆਉਣ ਦੀ ਹੱਲਾਸ਼ੇਰੀ ਦਿੱਤੀ ਅਤੇ ਮੈਂ ਉਸ ਦੇ ਨਾਲ ਇਕ ਭਰਾ ਨੂੰ ਘੱਲਿਆ। ਕੀ ਤੀਤੁਸ ਨੇ ਕਿਸੇ ਵੀ ਤਰ੍ਹਾਂ ਤੁਹਾਡਾ ਫ਼ਾਇਦਾ ਉਠਾਇਆ?+ ਕੀ ਅਸੀਂ ਦੋਵਾਂ ਨੇ ਇੱਕੋ ਮਕਸਦ ਨਾਲ ਕੰਮ ਨਹੀਂ ਕੀਤਾ? ਕੀ ਅਸੀਂ ਕਦਮ ਨਾਲ ਕਦਮ ਮਿਲਾ ਕੇ ਇੱਕੋ ਰਾਹ ʼਤੇ ਨਹੀਂ ਚੱਲੇ?
19 ਇਸ ਚਿੱਠੀ ਨੂੰ ਪੜ੍ਹਦੇ ਹੋਏ ਕੀ ਤੁਸੀਂ ਇਹ ਸੋਚ ਰਹੇ ਹੋ ਕਿ ਅਸੀਂ ਤੁਹਾਡੇ ਸਾਮ੍ਹਣੇ ਆਪਣੀ ਸਫ਼ਾਈ ਪੇਸ਼ ਕਰ ਰਹੇ ਹਾਂ? ਮਸੀਹ ਦੇ ਚੇਲੇ ਹੋਣ ਦੇ ਨਾਤੇ ਅਸੀਂ ਪਰਮੇਸ਼ੁਰ ਸਾਮ੍ਹਣੇ ਸੱਚ ਬੋਲ ਰਹੇ ਹਾਂ। ਪਰ ਪਿਆਰੇ ਭਰਾਵੋ, ਅਸੀਂ ਜੋ ਵੀ ਕਰਦੇ ਹਾਂ, ਤੁਹਾਨੂੰ ਤਕੜਾ ਕਰਨ ਲਈ ਹੀ ਕਰਦੇ ਹਾਂ। 20 ਮੈਂ ਡਰਦਾ ਹਾਂ ਕਿ ਮੈਂ ਆ ਕੇ ਕਿਤੇ ਇਹ ਨਾ ਦੇਖਾਂ ਕਿ ਤੁਹਾਡਾ ਰਵੱਈਆ ਉਹੋ ਜਿਹਾ ਨਹੀਂ ਹੈ ਜਿਹੋ ਜਿਹਾ ਮੈਂ ਚਾਹੁੰਦਾ ਹਾਂ ਅਤੇ ਮੈਂ ਤੁਹਾਡੇ ਨਾਲ ਉਹੋ ਜਿਹੇ ਤਰੀਕੇ ਨਾਲ ਪੇਸ਼ ਨਾ ਆਵਾਂ ਜਿਹੋ ਜਿਹੇ ਤਰੀਕੇ ਨਾਲ ਤੁਸੀਂ ਚਾਹੁੰਦੇ ਹੋ। ਮੈਂ ਇਹ ਨਹੀਂ ਦੇਖਣਾ ਚਾਹੁੰਦਾ ਕਿ ਤੁਹਾਡੇ ਵਿਚ ਝਗੜੇ, ਈਰਖਾ, ਗੁੱਸੇ ਵਿਚ ਭੜਕਣਾ, ਫੁੱਟ, ਤੁਹਮਤਾਂ, ਚੁਗ਼ਲੀਆਂ, ਘਮੰਡ ਅਤੇ ਗੜਬੜੀ ਹੈ। 21 ਮੈਨੂੰ ਡਰ ਹੈ ਕਿ ਜਦੋਂ ਮੈਂ ਦੁਬਾਰਾ ਆਇਆ, ਤਾਂ ਮੇਰਾ ਪਰਮੇਸ਼ੁਰ ਤੁਹਾਡੇ ਸਾਮ੍ਹਣੇ ਮੈਨੂੰ ਸ਼ਰਮਿੰਦਾ ਕਰੇਗਾ ਅਤੇ ਮੈਨੂੰ ਉਨ੍ਹਾਂ ਕਈ ਲੋਕਾਂ ਕਰਕੇ ਸੋਗ ਮਨਾਉਣਾ ਪਵੇਗਾ ਜਿਹੜੇ ਪਾਪੀ ਕੰਮਾਂ ਵਿਚ ਲੱਗੇ ਹੋਏ ਸਨ, ਪਰ ਉਨ੍ਹਾਂ ਨੇ ਅਜੇ ਤਕ ਆਪਣੇ ਗੰਦੇ-ਮੰਦੇ ਕੰਮਾਂ, ਹਰਾਮਕਾਰੀ* ਅਤੇ ਬੇਸ਼ਰਮ* ਹੋ ਕੇ ਗ਼ਲਤ ਕੰਮ ਕਰਨ ਤੋਂ ਤੋਬਾ ਨਹੀਂ ਕੀਤੀ ਹੈ।
13 ਹੁਣ ਮੈਂ ਤੀਸਰੀ ਵਾਰ ਤੁਹਾਡੇ ਕੋਲ ਆ ਰਿਹਾ ਹਾਂ। “ਦੋ ਜਾਂ ਤਿੰਨ ਗਵਾਹਾਂ ਦੇ ਬਿਆਨ ਦੇ ਆਧਾਰ ʼਤੇ ਹੀ ਹਰ ਮਸਲੇ ਦਾ ਫ਼ੈਸਲਾ ਕੀਤਾ ਜਾਵੇ।”+ 2 ਭਾਵੇਂ ਮੈਂ ਤੁਹਾਡੇ ਨਾਲ ਨਹੀਂ ਹਾਂ, ਫਿਰ ਵੀ ਮੇਰੀਆਂ ਗੱਲਾਂ ਨੂੰ ਇਸ ਤਰ੍ਹਾਂ ਲਓ ਜਿਵੇਂ ਮੈਂ ਦੂਜੀ ਵਾਰ ਤੁਹਾਡੇ ਨਾਲ ਹੋਵਾਂ। ਜਿਨ੍ਹਾਂ ਲੋਕਾਂ ਨੇ ਪਹਿਲਾਂ ਪਾਪ ਕੀਤਾ ਸੀ, ਮੈਂ ਉਨ੍ਹਾਂ ਨੂੰ ਅਤੇ ਬਾਕੀ ਸਾਰਿਆਂ ਨੂੰ ਦੁਬਾਰਾ ਚੇਤਾਵਨੀ ਦਿੰਦਾ ਹਾਂ ਕਿ ਜੇ ਮੈਂ ਫਿਰ ਕਦੇ ਆਇਆ, ਤਾਂ ਮੈਂ ਪਾਪ ਕਰਨ ਵਾਲਿਆਂ ਨੂੰ ਨਹੀਂ ਬਖ਼ਸ਼ਾਂਗਾ। 3 ਇਸ ਤੋਂ ਤੁਹਾਨੂੰ ਇਹ ਸਬੂਤ ਮਿਲ ਜਾਵੇਗਾ ਕਿ ਮਸੀਹ ਸੱਚ-ਮੁੱਚ ਮੇਰੇ ਰਾਹੀਂ ਗੱਲ ਕਰਦਾ ਹੈ। ਮਸੀਹ ਤੁਹਾਡੇ ਨਾਲ ਪੇਸ਼ ਆਉਣ ਵੇਲੇ ਕਮਜ਼ੋਰ ਨਹੀਂ ਹੈ, ਸਗੋਂ ਸ਼ਕਤੀਸ਼ਾਲੀ ਹੈ। 4 ਇਹ ਸੱਚ ਹੈ ਕਿ ਕਮਜ਼ੋਰ* ਹੋਣ ਕਰਕੇ ਉਸ ਨੂੰ ਸੂਲ਼ੀ ʼਤੇ ਟੰਗਿਆ ਗਿਆ ਸੀ, ਪਰ ਉਹ ਪਰਮੇਸ਼ੁਰ ਦੀ ਤਾਕਤ ਸਦਕਾ ਹੁਣ ਜੀਉਂਦਾ ਹੈ।+ ਇਹ ਵੀ ਸੱਚ ਹੈ ਕਿ ਅਸੀਂ ਵੀ ਕਮਜ਼ੋਰ ਹਾਂ ਜਿਵੇਂ ਉਹ ਪਹਿਲਾਂ ਕਮਜ਼ੋਰ ਸੀ, ਪਰ ਪਰਮੇਸ਼ੁਰ ਦੀ ਤਾਕਤ ਸਦਕਾ+ ਹੀ ਅਸੀਂ ਉਸ ਦੇ ਨਾਲ ਜੀਵਨ ਗੁਜ਼ਾਰਾਂਗੇ+ ਜੋ ਤੁਹਾਡੇ ਉੱਤੇ ਕੰਮ ਕਰਦੀ ਹੈ।
5 ਆਪਣੇ ਆਪ ਨੂੰ ਪਰਖਦੇ ਰਹੋ ਕਿ ਤੁਸੀਂ ਮਸੀਹੀ ਰਾਹ ਉੱਤੇ ਚੱਲ ਰਹੇ ਹੋ ਜਾਂ ਨਹੀਂ; ਆਪਣੀ ਜਾਂਚ ਕਰਦੇ ਰਹੋ ਕਿ ਤੁਸੀਂ ਕਿਹੋ ਜਿਹੇ ਇਨਸਾਨ ਹੋ।+ ਜਾਂ ਕੀ ਤੁਹਾਨੂੰ ਅਹਿਸਾਸ ਨਹੀਂ ਹੈ ਕਿ ਯਿਸੂ ਮਸੀਹ ਤੁਹਾਡੇ ਨਾਲ ਏਕਤਾ ਵਿਚ ਬੱਝਾ ਹੋਇਆ ਹੈ? ਜੇ ਨਹੀਂ ਹੈ, ਤਾਂ ਇਸ ਦਾ ਮਤਲਬ ਹੈ ਕਿ ਤੁਹਾਨੂੰ ਨਾਮਨਜ਼ੂਰ ਕੀਤਾ ਗਿਆ ਹੈ। 6 ਸਾਨੂੰ ਨਾਮਨਜ਼ੂਰ ਨਹੀਂ ਕੀਤਾ ਗਿਆ ਹੈ ਅਤੇ ਮੈਂ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੋ ਜਾਵੇਗਾ।
7 ਅਸੀਂ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਦੇ ਹਾਂ ਕਿ ਤੁਸੀਂ ਕੋਈ ਵੀ ਗ਼ਲਤ ਕੰਮ ਨਾ ਕਰੋ। ਮੇਰਾ ਮਕਸਦ ਦੂਜਿਆਂ ਨੂੰ ਇਹ ਦਿਖਾਉਣਾ ਨਹੀਂ ਹੈ ਕਿ ਸਾਨੂੰ ਮਨਜ਼ੂਰ ਕੀਤਾ ਗਿਆ ਹੈ, ਸਗੋਂ ਇਹ ਹੈ ਕਿ ਤੁਸੀਂ ਸਹੀ ਕੰਮ ਕਰੋ, ਭਾਵੇਂ ਦੂਸਰਿਆਂ ਨੂੰ ਲੱਗੇ ਕਿ ਸਾਨੂੰ ਨਾਮਨਜ਼ੂਰ ਕੀਤਾ ਗਿਆ ਹੈ। 8 ਅਸੀਂ ਸੱਚਾਈ ਦੇ ਖ਼ਿਲਾਫ਼ ਕੁਝ ਨਹੀਂ ਕਰ ਸਕਦੇ, ਪਰ ਸਿਰਫ਼ ਸੱਚਾਈ ਲਈ ਕੁਝ ਕਰ ਸਕਦੇ ਹਾਂ। 9 ਜਦੋਂ ਅਸੀਂ ਕਮਜ਼ੋਰ ਹੁੰਦੇ ਹਾਂ ਅਤੇ ਤੁਸੀਂ ਤਾਕਤਵਰ ਹੁੰਦੇ ਹੋ, ਤਾਂ ਸਾਨੂੰ ਹਮੇਸ਼ਾ ਖ਼ੁਸ਼ੀ ਹੁੰਦੀ ਹੈ। ਅਸੀਂ ਇਹੀ ਪ੍ਰਾਰਥਨਾ ਕਰਦੇ ਹਾਂ ਕਿ ਤੁਸੀਂ ਆਪਣੇ ਆਪ ਨੂੰ ਸੁਧਾਰਦੇ ਰਹੋ। 10 ਮੈਂ ਤੁਹਾਡੇ ਤੋਂ ਦੂਰ ਹੁੰਦੇ ਹੋਏ ਇਹ ਗੱਲਾਂ ਇਸ ਕਰਕੇ ਲਿਖੀਆਂ ਹਨ ਤਾਂਕਿ ਜਦੋਂ ਮੈਂ ਤੁਹਾਡੇ ਨਾਲ ਹੋਵਾਂ, ਤਾਂ ਮੈਨੂੰ ਆਪਣੇ ਅਧਿਕਾਰ ਨੂੰ ਸਖ਼ਤੀ ਨਾਲ ਨਾ ਵਰਤਣਾ ਪਵੇ।+ ਪ੍ਰਭੂ ਨੇ ਮੈਨੂੰ ਇਹ ਅਧਿਕਾਰ ਤੁਹਾਨੂੰ ਤਕੜਾ ਕਰਨ ਲਈ ਦਿੱਤਾ ਹੈ, ਨਾ ਕਿ ਤੁਹਾਡਾ ਹੌਸਲਾ ਢਾਹੁਣ ਲਈ।
11 ਅਖ਼ੀਰ ਵਿਚ, ਭਰਾਵੋ, ਮੈਂ ਤੁਹਾਨੂੰ ਹੱਲਾਸ਼ੇਰੀ ਦਿੰਦਾ ਹਾਂ ਕਿ ਤੁਸੀਂ ਹਮੇਸ਼ਾ ਖ਼ੁਸ਼ ਰਹੋ, ਆਪਣੇ ਆਪ ਨੂੰ ਸੁਧਾਰਦੇ ਰਹੋ, ਦਿਲਾਸਾ ਪਾਉਂਦੇ ਰਹੋ,+ ਇੱਕੋ ਜਿਹੀ ਸੋਚ ਰੱਖੋ+ ਅਤੇ ਸ਼ਾਂਤੀ ਨਾਲ ਰਹੋ।+ ਪਿਆਰ ਤੇ ਸ਼ਾਂਤੀ ਦਾ ਪਰਮੇਸ਼ੁਰ+ ਤੁਹਾਡੇ ਨਾਲ ਹੋਵੇਗਾ। 12 ਪਿਆਰ ਨਾਲ ਚੁੰਮ ਕੇ ਇਕ-ਦੂਸਰੇ ਦਾ ਸੁਆਗਤ ਕਰੋ। 13 ਸਾਰੇ ਪਵਿੱਤਰ ਸੇਵਕਾਂ ਵੱਲੋਂ ਤੁਹਾਨੂੰ ਨਮਸਕਾਰ।
14 ਪ੍ਰਭੂ ਯਿਸੂ ਮਸੀਹ ਦੀ ਅਪਾਰ ਕਿਰਪਾ ਅਤੇ ਪਰਮੇਸ਼ੁਰ ਦਾ ਪਿਆਰ ਅਤੇ ਪਵਿੱਤਰ ਸ਼ਕਤੀ* ਤੁਹਾਡੇ ਸਾਰਿਆਂ ਨਾਲ ਹੋਵੇ ਜਿਸ ਤੋਂ ਸਾਨੂੰ ਸਾਰਿਆਂ ਨੂੰ ਫ਼ਾਇਦਾ ਹੁੰਦਾ ਹੈ।
ਜਾਂ, “ਅਜ਼ਮਾਇਸ਼ਾਂ।”
ਜਾਂ, “ਹੱਲਾਸ਼ੇਰੀ।”
ਜਾਂ, “ਅਜ਼ਮਾਇਸ਼।”
ਜਾਂ, “ਅਜ਼ਮਾਇਸ਼।”
ਜਾਂ ਸੰਭਵ ਹੈ, “ਜਿਹੜੀਆਂ ਤੁਸੀਂ ਪਹਿਲਾਂ ਹੀ ਚੰਗੀ ਤਰ੍ਹਾਂ ਜਾਣਦੇ ਹੋ।”
ਜਾਂ ਸੰਭਵ ਹੈ, “ਤਾਂਕਿ ਤੁਹਾਨੂੰ ਦੋ ਵਾਰ ਫ਼ਾਇਦਾ ਹੋਵੇ।”
ਸੀਲਾਸ ਦਾ ਇਕ ਹੋਰ ਨਾਂ।
ਜਾਂ, “ਦੀ ਗਾਰੰਟੀ ਦੇ ਤੌਰ ਤੇ।”
ਜਾਂ, “ਸਾਡੇ ਨਾਲ ਚਲਾਕੀ ਨਾ ਕਰ ਜਾਵੇ।”
ਜਾਂ, “ਇਰਾਦਿਆਂ।”
ਯੂਨਾ, “ਮੇਰੇ ਲਈ ਸੇਵਾ ਕਰਨ ਦਾ ਦਰਵਾਜ਼ਾ ਖੁੱਲ੍ਹਿਆ।”
ਯੂਨਾ, “ਪਨੈਵਮਾ।” ਸ਼ਬਦਾਵਲੀ, “ਰੂਆਖ; ਪਨੈਵਮਾ” ਦੇਖੋ।
ਜਾਂ, “ਨੂੰ ਮੁਨਾਫ਼ਾ ਕਮਾਉਣ ਲਈ ਨਹੀਂ ਵਰਤਦੇ; ਨੂੰ ਕਮਾਈ ਦਾ ਸਾਧਨ ਨਹੀਂ ਬਣਾਉਂਦੇ।”
ਵਧੇਰੇ ਜਾਣਕਾਰੀ 1.5 ਦੇਖੋ।
ਵਧੇਰੇ ਜਾਣਕਾਰੀ 1.5 ਦੇਖੋ।
ਯੂਨਾ, “ਪਨੈਵਮਾ।” ਸ਼ਬਦਾਵਲੀ, “ਰੂਆਖ; ਪਨੈਵਮਾ” ਦੇਖੋ।
ਵਧੇਰੇ ਜਾਣਕਾਰੀ 1.5 ਦੇਖੋ।
ਵਧੇਰੇ ਜਾਣਕਾਰੀ 1.5 ਦੇਖੋ।
ਵਧੇਰੇ ਜਾਣਕਾਰੀ 1.5 ਦੇਖੋ।
ਜਾਂ ਸੰਭਵ ਹੈ, “ਯਹੋਵਾਹ ਦੀ ਪਵਿੱਤਰ ਸ਼ਕਤੀ ਸਾਨੂੰ ਬਣਾਉਂਦੀ ਹੈ।”
ਯੂਨਾ, “ਗੱਲਾਂ ਵਿਚ ਮਿਲਾਵਟ ਕਰ ਕੇ।”
ਯੂਨਾ, “ਲੋਕਾਂ ਦੀ ਜ਼ਮੀਰ।”
ਜਾਂ, “ਪਰਦੇ ਪਿੱਛੇ ਲੁਕੀ।”
ਯੂਨਾ, “ਮਸੀਹ ਦੇ ਚਿਹਰੇ ਰਾਹੀਂ।”
ਇਸ ਅਧਿਆਇ ਵਿਚ “ਘਰ” ਹੱਡ-ਮਾਸ ਦੇ ਸਰੀਰ ਨੂੰ ਜਾਂ ਸਵਰਗੀ ਸਰੀਰ ਨੂੰ ਦਰਸਾਉਂਦਾ ਹੈ।
ਜਾਂ, “ਨਿਵਾਸ-ਸਥਾਨ।”
ਜਾਂ, “ਦੀ ਗਾਰੰਟੀ ਦੇ ਤੌਰ ਤੇ।”
ਯੂਨਾ, “ਤੁਹਾਡੀਆਂ ਜ਼ਮੀਰਾਂ।”
ਜਾਂ, “ਮਜਬੂਰ ਕਰਦਾ।”
ਯੂਨਾ, “ਸਾਡੀ ਖ਼ਾਤਰ ਪਾਪ ਬਣਾਇਆ।”
ਜਾਂ, “ਬਿਨਾਂ ਕਿਸੇ ਛਲ-ਕਪਟ ਦੇ।”
ਸ਼ਾਇਦ ਹਮਲਾ ਕਰਨ ਲਈ।
ਸ਼ਾਇਦ ਆਪਣਾ ਬਚਾਅ ਕਰਨ ਲਈ।
ਜਾਂ, “ਸਾਨੂੰ ਮਰਨ ਦੇ ਲਾਇਕ ਸਮਝਿਆ ਜਾਂਦਾ ਹੈ।”
ਜਾਂ, “ਅਨੁਸ਼ਾਸਨ।”
ਯੂਨਾ, “ਅਵਿਸ਼ਵਾਸੀਆਂ ਨਾਲ ਇੱਕੋ ਜੂਲੇ ਹੇਠ ਨਾ ਆਓ ਜਿਹੜਾ ਸਾਵਾਂ ਨਹੀਂ ਹੈ।”
ਯੂਨਾ, “ਬਲਿਆਲ।” ਇਬਰਾਨੀ ਵਿਚ ਇਸ ਦਾ ਮਤਲਬ ਹੈ “ਨਿਕੰਮਾ।”
ਜਾਂ, “ਵਫ਼ਾਦਾਰ।”
ਜਾਂ, “ਹਿੱਸੇਦਾਰੀ।”
ਵਧੇਰੇ ਜਾਣਕਾਰੀ 1.5 ਦੇਖੋ।
ਵਧੇਰੇ ਜਾਣਕਾਰੀ 1.5 ਦੇਖੋ।
ਯੂਨਾ, “ਪਨੈਵਮਾ।” ਸ਼ਬਦਾਵਲੀ, “ਰੂਆਖ; ਪਨੈਵਮਾ” ਦੇਖੋ।
ਜਾਂ, “ਵਿਚ ਬੇਦਾਗ਼; ਬੇਕਸੂਰ ਹੋ।”
ਯੂਨਾ, “ਪਨੈਵਮਾ।” ਸ਼ਬਦਾਵਲੀ, “ਰੂਆਖ; ਪਨੈਵਮਾ” ਦੇਖੋ।
ਜਾਂ, “ਸੇਵਾ।”
ਵਧੇਰੇ ਜਾਣਕਾਰੀ 1.5 ਦੇਖੋ।
ਯੂਨਾ, “ਮੰਡਲੀਆਂ ਦੇ ਰਸੂਲ ਹਨ।”
ਜਾਂ, “ਸੇਵਾ।”
ਜਾਂ, “ਹਿਚਕਿਚਾਉਂਦੇ ਹੋਏ।”
ਜਾਂ, “ਸੇਵਾ।”
ਜਾਂ, “ਇਸ ਵਰਦਾਨ ਲਈ ਜਿਸ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ।”
ਵਧੇਰੇ ਜਾਣਕਾਰੀ 1.5 ਦੇਖੋ।
ਵਧੇਰੇ ਜਾਣਕਾਰੀ 1.5 ਦੇਖੋ।
ਜਾਂ, “ਬੇਦਾਗ਼।”
ਜਾਂ, “ਸ਼ੁੱਧਤਾ।”
ਯੂਨਾ, “ਨੂੰ ਲੁੱਟਿਆ।”
ਜਾਂ, “ਪਦਵੀ।”
ਯੂਨਾ, “ਬੀ।”
ਸ਼ਬਦਾਵਲੀ ਦੇਖੋ।
ਜਾਂ, “ਕੁੱਟਦਾ ਹੈ।”
ਯੂਨਾ, “ਪੋਰਨੀਆ।” ਸ਼ਬਦਾਵਲੀ ਦੇਖੋ।
ਜਾਂ, “ਢੀਠ।” ਸ਼ਬਦਾਵਲੀ, “ਬੇਸ਼ਰਮੀ” ਦੇਖੋ।
ਯਾਨੀ, ਇਨਸਾਨ।
ਯੂਨਾ, “ਪਨੈਵਮਾ।” ਸ਼ਬਦਾਵਲੀ, “ਰੂਆਖ; ਪਨੈਵਮਾ” ਦੇਖੋ।