ਨਹਮਯਾਹ
1 ਹਕਲਯਾਹ ਦੇ ਪੁੱਤਰ ਨਹਮਯਾਹ*+ ਦੀਆਂ ਗੱਲਾਂ: ਮੈਂ 20ਵੇਂ ਸਾਲ ਦੇ ਪਹਿਲੇ ਮਹੀਨੇ ਕਿਸਲੇਵ ਵਿਚ ਸ਼ੂਸ਼ਨ*+ ਦੇ ਕਿਲੇ* ਵਿਚ ਸੀ। 2 ਉਸ ਸਮੇਂ ਮੇਰਾ ਇਕ ਭਰਾ ਹਨਾਨੀ+ ਹੋਰਨਾਂ ਆਦਮੀਆਂ ਨਾਲ ਯਹੂਦਾਹ ਤੋਂ ਆਇਆ ਅਤੇ ਮੈਂ ਉਨ੍ਹਾਂ ਨੂੰ ਗ਼ੁਲਾਮੀ ਤੋਂ ਬਚੇ ਯਹੂਦੀਆਂ ਬਾਰੇ ਪੁੱਛਿਆ+ ਅਤੇ ਯਰੂਸ਼ਲਮ ਬਾਰੇ ਵੀ ਪੁੱਛਿਆ। 3 ਉਨ੍ਹਾਂ ਨੇ ਜਵਾਬ ਦਿੱਤਾ: “ਜ਼ਿਲ੍ਹੇ ਵਿਚ ਉਨ੍ਹਾਂ ਲੋਕਾਂ ਦਾ ਮਾੜਾ ਹਾਲ ਹੈ ਜੋ ਗ਼ੁਲਾਮੀ ਵਿੱਚੋਂ ਬਚ ਕੇ ਆਏ ਸਨ ਤੇ ਉਨ੍ਹਾਂ ਦੀ ਬੇਇੱਜ਼ਤੀ ਕੀਤੀ ਜਾਂਦੀ ਹੈ।+ ਯਰੂਸ਼ਲਮ ਦੀਆਂ ਕੰਧਾਂ ਢੱਠੀਆਂ ਪਈਆਂ ਹਨ+ ਅਤੇ ਇਸ ਦੇ ਦਰਵਾਜ਼ੇ ਅੱਗ ਨਾਲ ਸਾੜ ਦਿੱਤੇ ਗਏ ਹਨ।”+
4 ਇਹ ਗੱਲਾਂ ਸੁਣਦਿਆਂ ਹੀ ਮੈਂ ਥੱਲੇ ਬੈਠ ਕੇ ਰੋਣ ਲੱਗ ਪਿਆ ਤੇ ਕਈ ਦਿਨਾਂ ਤਕ ਸੋਗ ਮਨਾਇਆ, ਵਰਤ ਰੱਖਿਆ+ ਅਤੇ ਆਕਾਸ਼ਾਂ ਦੇ ਪਰਮੇਸ਼ੁਰ ਅੱਗੇ ਦੁਆ ਕੀਤੀ। 5 ਮੈਂ ਕਿਹਾ: “ਹੇ ਆਕਾਸ਼ਾਂ ਦੇ ਪਰਮੇਸ਼ੁਰ ਯਹੋਵਾਹ, ਤੂੰ ਮਹਾਨ ਅਤੇ ਸ਼ਰਧਾ ਦੇ ਲਾਇਕ ਹੈਂ। ਤੂੰ ਆਪਣਾ ਇਕਰਾਰ ਪੂਰਾ ਕਰਦਾ ਹੈਂ ਅਤੇ ਜੋ ਤੈਨੂੰ ਪਿਆਰ ਕਰਦੇ ਹਨ ਅਤੇ ਤੇਰੇ ਹੁਕਮ ਮੰਨਦੇ ਹਨ, ਤੂੰ ਉਨ੍ਹਾਂ ਨੂੰ ਅਟੱਲ ਪਿਆਰ ਕਰਦਾ ਹੈਂ।+ 6 ਕਿਰਪਾ ਕਰ ਕੇ ਤੇਰੇ ਕੰਨ ਅਤੇ ਤੇਰੀਆਂ ਅੱਖਾਂ ਤੇਰੇ ਸੇਵਕ ਦੀ ਦੁਆ ਵੱਲ ਲੱਗੀਆਂ ਰਹਿਣ ਜੋ ਮੈਂ ਅੱਜ, ਹਾਂ, ਦਿਨ-ਰਾਤ ਤੇਰੇ ਇਜ਼ਰਾਈਲੀ ਸੇਵਕਾਂ ਲਈ ਕਰਦਾ ਹਾਂ।+ ਨਾਲੇ ਮੈਂ ਉਨ੍ਹਾਂ ਪਾਪਾਂ ਨੂੰ ਕਬੂਲ ਕਰਦਾ ਹਾਂ ਜੋ ਇਜ਼ਰਾਈਲ ਦੇ ਲੋਕਾਂ ਨੇ ਤੇਰੇ ਖ਼ਿਲਾਫ਼ ਕੀਤੇ ਹਨ। ਹਾਂ, ਮੈਂ ਅਤੇ ਮੇਰੇ ਪਿਤਾ ਦੇ ਘਰਾਣੇ ਨੇ ਪਾਪ ਕੀਤਾ ਹੈ।+ 7 ਅਸੀਂ ਤੇਰੇ ਖ਼ਿਲਾਫ਼ ਭੈੜੇ ਕੰਮ ਕੀਤੇ ਹਨ+ ਤੇ ਤੇਰੇ ਉਨ੍ਹਾਂ ਹੁਕਮਾਂ, ਨਿਯਮਾਂ ਅਤੇ ਫ਼ੈਸਲਿਆਂ ਦੀ ਪਾਲਣਾ ਨਹੀਂ ਕੀਤੀ ਜੋ ਤੂੰ ਆਪਣੇ ਸੇਵਕ ਮੂਸਾ ਨੂੰ ਦਿੱਤੇ ਸਨ।+
8 “ਕਿਰਪਾ ਕਰ ਕੇ ਉਸ ਗੱਲ ਨੂੰ ਯਾਦ ਕਰ ਜਿਸ ਦਾ ਹੁਕਮ* ਤੂੰ ਆਪਣੇ ਸੇਵਕ ਮੂਸਾ ਨੂੰ ਦਿੱਤਾ ਸੀ: ‘ਜੇ ਤੁਸੀਂ ਬੇਵਫ਼ਾਈ ਕੀਤੀ, ਤਾਂ ਮੈਂ ਤੁਹਾਨੂੰ ਕੌਮਾਂ ਵਿਚ ਖਿੰਡਾ ਦਿਆਂਗਾ।+ 9 ਪਰ ਜੇ ਤੁਸੀਂ ਮੇਰੇ ਵੱਲ ਮੁੜੋਗੇ ਤੇ ਮੇਰੇ ਹੁਕਮ ਮੰਨੋਗੇ ਅਤੇ ਉਨ੍ਹਾਂ ਉੱਤੇ ਚੱਲੋਗੇ, ਤਾਂ ਫਿਰ ਭਾਵੇਂ ਤੁਹਾਡੇ ਖਿੰਡੇ ਹੋਏ ਲੋਕ ਆਕਾਸ਼ਾਂ ਦੇ ਸਿਰਿਆਂ ʼਤੇ ਹੋਣ, ਮੈਂ ਉਨ੍ਹਾਂ ਨੂੰ ਉੱਥੋਂ ਵੀ ਇਕੱਠਾ ਕਰ ਲਵਾਂਗਾ+ ਅਤੇ ਉਨ੍ਹਾਂ ਨੂੰ ਉਸ ਜਗ੍ਹਾ ਲੈ ਆਵਾਂਗਾ ਜਿਹੜੀ ਮੈਂ ਆਪਣੇ ਨਾਂ ਦੀ ਮਹਿਮਾ ਲਈ ਚੁਣੀ ਹੈ।’+ 10 ਉਹ ਤੇਰੇ ਸੇਵਕ ਅਤੇ ਤੇਰੇ ਹੀ ਲੋਕ ਹਨ ਜਿਨ੍ਹਾਂ ਨੂੰ ਤੂੰ ਆਪਣੀ ਵੱਡੀ ਤਾਕਤ ਅਤੇ ਆਪਣੇ ਸ਼ਕਤੀਸ਼ਾਲੀ ਹੱਥ ਨਾਲ ਛੁਡਾਇਆ ਹੈ।+ 11 ਇਸ ਲਈ ਹੇ ਯਹੋਵਾਹ, ਆਪਣੇ ਸੇਵਕ ਦੀ ਦੁਆ ਵੱਲ ਕੰਨ ਲਾ ਅਤੇ ਆਪਣੇ ਉਨ੍ਹਾਂ ਸੇਵਕਾਂ ਦੀ ਦੁਆ ਸੁਣ ਜੋ ਤੇਰੇ ਨਾਂ ਦਾ ਡਰ ਮੰਨ ਕੇ ਖ਼ੁਸ਼ ਹੁੰਦੇ ਹਨ। ਕਿਰਪਾ ਕਰ ਕੇ ਆਪਣੇ ਸੇਵਕ ਨੂੰ ਅੱਜ ਕਾਮਯਾਬੀ ਬਖ਼ਸ਼ ਅਤੇ ਇਹ ਆਦਮੀ ਮੇਰੇ ʼਤੇ ਰਹਿਮ ਕਰੇ।”+
ਇਸ ਵੇਲੇ ਮੈਂ ਰਾਜੇ ਦਾ ਸਾਕੀ ਸੀ।+
2 ਰਾਜਾ ਅਰਤਹਸ਼ਸਤਾ ਦੇ ਰਾਜ+ ਦੇ 20ਵੇਂ ਸਾਲ,+ ਨੀਸਾਨ* ਦੇ ਮਹੀਨੇ ਵਿਚ ਉਸ ਅੱਗੇ ਦਾਖਰਸ ਰੱਖਿਆ ਗਿਆ ਅਤੇ ਮੈਂ ਹਮੇਸ਼ਾ ਵਾਂਗ ਦਾਖਰਸ ਚੁੱਕ ਕੇ ਰਾਜੇ ਨੂੰ ਦਿੱਤਾ।+ ਪਰ ਮੈਂ ਪਹਿਲਾਂ ਕਦੇ ਵੀ ਉਸ ਦੀ ਹਜ਼ੂਰੀ ਵਿਚ ਇੰਨਾ ਉਦਾਸ ਨਹੀਂ ਸੀ। 2 ਇਸ ਲਈ ਰਾਜੇ ਨੇ ਮੈਨੂੰ ਕਿਹਾ: “ਤੂੰ ਬੀਮਾਰ ਤਾਂ ਲੱਗਦਾ ਨਹੀਂ, ਫਿਰ ਤੂੰ ਇੰਨਾ ਉਦਾਸ ਕਿਉਂ ਹੈਂ? ਇਹ ਜ਼ਰੂਰ ਤੇਰੇ ਮਨ ਦੀ ਉਦਾਸੀ ਹੈ।” ਇਹ ਸੁਣ ਕੇ ਮੈਂ ਬਹੁਤ ਡਰ ਗਿਆ।
3 ਫਿਰ ਮੈਂ ਰਾਜੇ ਨੂੰ ਕਿਹਾ: “ਰਾਜਾ ਯੁਗੋ-ਯੁਗ ਜੀਵੇ! ਮੈਂ ਉਦਾਸ ਕਿਉਂ ਨਾ ਹੋਵਾਂ ਜਦ ਉਹ ਸ਼ਹਿਰ, ਹਾਂ, ਉਹ ਜਗ੍ਹਾ ਜਿੱਥੇ ਮੇਰੇ ਪਿਉ-ਦਾਦਿਆਂ ਨੂੰ ਦਫ਼ਨਾਇਆ ਗਿਆ ਹੈ, ਉਜਾੜ ਪਈ ਹੈ ਅਤੇ ਉਸ ਸ਼ਹਿਰ ਦੇ ਦਰਵਾਜ਼ੇ ਅੱਗ ਨਾਲ ਸੜ ਕੇ ਸੁਆਹ ਹੋ ਗਏ ਹਨ?”+ 4 ਫਿਰ ਰਾਜੇ ਨੇ ਮੈਨੂੰ ਪੁੱਛਿਆ: “ਤੂੰ ਕੀ ਚਾਹੁੰਦਾ ਹੈਂ?” ਮੈਂ ਉਸੇ ਵੇਲੇ ਆਕਾਸ਼ਾਂ ਦੇ ਪਰਮੇਸ਼ੁਰ ਨੂੰ ਪ੍ਰਾਰਥਨਾ ਕੀਤੀ।+ 5 ਫਿਰ ਮੈਂ ਰਾਜੇ ਨੂੰ ਜਵਾਬ ਦਿੱਤਾ: “ਜੇ ਰਾਜੇ ਨੂੰ ਚੰਗਾ ਲੱਗੇ ਅਤੇ ਜੇ ਤੇਰੇ ਸੇਵਕ ʼਤੇ ਤੇਰੀ ਮਿਹਰ ਹੈ, ਤਾਂ ਮੈਨੂੰ ਯਹੂਦਾਹ ਨੂੰ ਘੱਲ ਦੇ, ਹਾਂ, ਉਸ ਸ਼ਹਿਰ ਨੂੰ ਜਿੱਥੇ ਮੇਰੇ ਪਿਉ-ਦਾਦਿਆਂ ਨੂੰ ਦਫ਼ਨਾਇਆ ਗਿਆ ਹੈ ਤਾਂਕਿ ਮੈਂ ਉਸ ਨੂੰ ਦੁਬਾਰਾ ਬਣਾਵਾਂ।”+ 6 ਫਿਰ ਰਾਜੇ ਨੇ, ਜਿਸ ਨਾਲ ਉਸ ਦੀ ਮਹਾਰਾਣੀ ਬੈਠੀ ਸੀ, ਮੈਨੂੰ ਪੁੱਛਿਆ: “ਤੇਰਾ ਸਫ਼ਰ ਕਿੰਨੇ ਚਿਰ ਦਾ ਹੋਵੇਗਾ ਅਤੇ ਤੂੰ ਕਦੋਂ ਵਾਪਸ ਆਏਂਗਾ?” ਮੈਂ ਉਸ ਨੂੰ ਪੱਕਾ ਸਮਾਂ ਦੱਸ ਦਿੱਤਾ+ ਤੇ ਰਾਜਾ ਮੈਨੂੰ ਖ਼ੁਸ਼ੀ-ਖ਼ੁਸ਼ੀ ਭੇਜਣ ਲਈ ਤਿਆਰ ਹੋ ਗਿਆ।+
7 ਫਿਰ ਮੈਂ ਰਾਜੇ ਨੂੰ ਕਿਹਾ: “ਜੇ ਰਾਜੇ ਨੂੰ ਚੰਗਾ ਲੱਗੇ, ਤਾਂ ਮੈਨੂੰ ਦਰਿਆ ਪਾਰ ਦੇ ਇਲਾਕੇ*+ ਦੇ ਰਾਜਪਾਲਾਂ ਲਈ ਚਿੱਠੀਆਂ ਦਿੱਤੀਆਂ ਜਾਣ ਤਾਂਕਿ ਉਹ ਮੈਨੂੰ ਆਪਣੇ ਇਲਾਕੇ ਵਿੱਚੋਂ ਸਹੀ-ਸਲਾਮਤ ਲੰਘਣ ਦੇਣ ਅਤੇ ਮੈਂ ਯਹੂਦਾਹ ਪਹੁੰਚ ਜਾਵਾਂ, 8 ਨਾਲੇ ‘ਸ਼ਾਹੀ ਬਗ਼ੀਚੇ’* ਦੇ ਰਾਖੇ ਆਸਾਫ਼ ਲਈ ਇਕ ਚਿੱਠੀ ਦਿੱਤੀ ਜਾਵੇ ਤਾਂਕਿ ਉਹ ਮੈਨੂੰ ‘ਭਵਨ* ਦੇ ਕਿਲੇ’+ ਦੇ ਦਰਵਾਜ਼ਿਆਂ, ਸ਼ਹਿਰ ਦੀਆਂ ਕੰਧਾਂ+ ਅਤੇ ਉਸ ਘਰ ਲਈ ਸ਼ਤੀਰੀਆਂ ਵਾਸਤੇ ਲੱਕੜ ਦੇਵੇ ਜਿੱਥੇ ਮੈਂ ਜਾਵਾਂਗਾ।” ਇਸ ਲਈ ਰਾਜੇ ਨੇ ਮੈਨੂੰ ਚਿੱਠੀਆਂ ਦੇ ਦਿੱਤੀਆਂ+ ਕਿਉਂਕਿ ਮੇਰੇ ਪਰਮੇਸ਼ੁਰ ਦਾ ਮਿਹਰ ਭਰਿਆ ਹੱਥ ਮੇਰੇ ਉੱਤੇ ਸੀ।+
9 ਫਿਰ ਮੈਂ ਦਰਿਆ ਪਾਰ ਦੇ ਇਲਾਕੇ ਦੇ ਰਾਜਪਾਲਾਂ ਕੋਲ ਆਇਆ ਅਤੇ ਉਨ੍ਹਾਂ ਨੂੰ ਰਾਜੇ ਦੀਆਂ ਚਿੱਠੀਆਂ ਦਿੱਤੀਆਂ। ਰਾਜੇ ਨੇ ਮੇਰੇ ਨਾਲ ਫ਼ੌਜ ਦੇ ਮੁਖੀਆਂ ਅਤੇ ਘੋੜਸਵਾਰਾਂ ਨੂੰ ਵੀ ਘੱਲਿਆ ਸੀ। 10 ਜਦੋਂ ਹੋਰੋਨੀ ਸਨਬੱਲਟ+ ਅਤੇ ਅੰਮੋਨੀ+ ਅਧਿਕਾਰੀ* ਟੋਬੀਯਾਹ+ ਨੂੰ ਪਤਾ ਲੱਗਾ ਕਿ ਕੋਈ ਇਜ਼ਰਾਈਲ ਦੇ ਲੋਕਾਂ ਵਾਸਤੇ ਭਲਾ ਕੰਮ ਕਰਨ ਆਇਆ ਹੈ, ਤਾਂ ਉਨ੍ਹਾਂ ਨੂੰ ਬੁਰਾ ਲੱਗਾ।
11 ਅਖ਼ੀਰ ਮੈਂ ਯਰੂਸ਼ਲਮ ਆਇਆ ਅਤੇ ਉੱਥੇ ਤਿੰਨ ਦਿਨ ਰਿਹਾ। 12 ਮੈਂ ਰਾਤ ਨੂੰ ਕੁਝ ਆਦਮੀਆਂ ਨਾਲ ਉੱਠਿਆ ਤੇ ਮੈਂ ਕਿਸੇ ਨੂੰ ਨਹੀਂ ਦੱਸਿਆ ਕਿ ਮੇਰੇ ਪਰਮੇਸ਼ੁਰ ਨੇ ਮੇਰੇ ਮਨ ਵਿਚ ਕੀ ਪਾਇਆ ਸੀ ਕਿ ਮੈਨੂੰ ਯਰੂਸ਼ਲਮ ਵਾਸਤੇ ਕੀ ਕਰਨਾ ਚਾਹੀਦਾ ਹੈ। ਮੇਰੇ ਕੋਲ ਇੱਕੋ ਜਾਨਵਰ ਸੀ ਜਿਸ ʼਤੇ ਮੈਂ ਸਵਾਰ ਸੀ। 13 ਮੈਂ ਰਾਤ ਨੂੰ “ਵਾਦੀ ਦੇ ਫਾਟਕ”+ ਥਾਣੀਂ ਗਿਆ ਅਤੇ “ਵੱਡੇ ਸੱਪ ਦੇ ਚਸ਼ਮੇ” ਦੇ ਸਾਮ੍ਹਣਿਓਂ ਦੀ ਹੁੰਦਾ ਹੋਇਆ “ਸੁਆਹ ਦੇ ਢੇਰ ਦੇ ਫਾਟਕ”+ ਨੂੰ ਗਿਆ ਅਤੇ ਮੈਂ ਯਰੂਸ਼ਲਮ ਦੀਆਂ ਢਹਿ ਚੁੱਕੀਆਂ ਕੰਧਾਂ ਅਤੇ ਅੱਗ ਨਾਲ ਸੜ ਚੁੱਕੇ ਉਸ ਦੇ ਦਰਵਾਜ਼ਿਆਂ ਦੀ ਜਾਂਚ-ਪੜਤਾਲ ਕੀਤੀ।+ 14 ਮੈਂ ਚਸ਼ਮਾ ਫਾਟਕ+ ਕੋਲੋਂ ਦੀ ਹੁੰਦਾ ਹੋਇਆ “ਰਾਜੇ ਦੇ ਸਰੋਵਰ” ਨੂੰ ਗਿਆ ਅਤੇ ਉੱਥੇ ਉਸ ਜਾਨਵਰ ਦੇ ਲੰਘਣ ਲਈ ਜਗ੍ਹਾ ਕਾਫ਼ੀ ਨਹੀਂ ਸੀ ਜਿਸ ʼਤੇ ਮੈਂ ਸਵਾਰ ਸੀ। 15 ਪਰ ਮੈਂ ਰਾਤ ਨੂੰ ਘਾਟੀ+ ਵੱਲ ਨੂੰ ਚੜ੍ਹਦਾ ਗਿਆ ਤੇ ਕੰਧ ਦਾ ਮੁਆਇਨਾ ਕਰਦਾ ਗਿਆ। ਉਸ ਤੋਂ ਬਾਅਦ ਮੈਂ ਮੁੜਿਆ ਤੇ “ਵਾਦੀ ਦੇ ਫਾਟਕ” ਰਾਹੀਂ ਵਾਪਸ ਆ ਗਿਆ।
16 ਅਧਿਕਾਰੀਆਂ+ ਨੂੰ ਨਹੀਂ ਸੀ ਪਤਾ ਕਿ ਮੈਂ ਕਿੱਥੇ ਗਿਆ ਸੀ ਤੇ ਕੀ ਕਰ ਰਿਹਾ ਸੀ ਕਿਉਂਕਿ ਮੈਂ ਅਜੇ ਤਕ ਯਹੂਦੀਆਂ, ਪੁਜਾਰੀਆਂ, ਪ੍ਰਧਾਨਾਂ, ਅਧਿਕਾਰੀਆਂ ਅਤੇ ਬਾਕੀ ਦੇ ਕਾਮਿਆਂ ਨੂੰ ਕੁਝ ਨਹੀਂ ਦੱਸਿਆ ਸੀ। 17 ਅਖ਼ੀਰ ਮੈਂ ਉਨ੍ਹਾਂ ਨੂੰ ਕਿਹਾ: “ਤੁਸੀਂ ਦੇਖ ਰਹੇ ਹੋ ਕਿ ਅਸੀਂ ਕਿੰਨੀ ਮਾੜੀ ਹਾਲਤ ਵਿਚ ਹਾਂ, ਯਰੂਸ਼ਲਮ ਕਿਵੇਂ ਉਜਾੜ ਪਿਆ ਹੈ ਅਤੇ ਇਸ ਦੇ ਦਰਵਾਜ਼ੇ ਅੱਗ ਨਾਲ ਸੜ ਗਏ ਹਨ। ਆਓ ਆਪਾਂ ਯਰੂਸ਼ਲਮ ਦੀਆਂ ਕੰਧਾਂ ਨੂੰ ਦੁਬਾਰਾ ਉਸਾਰੀਏ ਤਾਂਕਿ ਸਾਡੀ ਹੋਰ ਬੇਇੱਜ਼ਤੀ ਨਾ ਹੋਵੇ।” 18 ਫਿਰ ਮੈਂ ਉਨ੍ਹਾਂ ਨੂੰ ਦੱਸਿਆ ਕਿ ਕਿਵੇਂ ਮੇਰੇ ਪਰਮੇਸ਼ੁਰ ਦਾ ਮਿਹਰ ਭਰਿਆ ਹੱਥ ਮੇਰੇ ਉੱਤੇ ਸੀ+ ਅਤੇ ਮੈਂ ਉਹ ਗੱਲਾਂ ਵੀ ਦੱਸੀਆਂ ਜੋ ਰਾਜੇ ਨੇ ਮੈਨੂੰ ਕਹੀਆਂ ਸਨ।+ ਇਹ ਸੁਣ ਕੇ ਉਨ੍ਹਾਂ ਨੇ ਕਿਹਾ: “ਚਲੋ ਫਿਰ ਉੱਠੀਏ ਤੇ ਉਸਾਰੀ ਦਾ ਕੰਮ ਕਰੀਏ।” ਇਸ ਤਰ੍ਹਾਂ ਉਨ੍ਹਾਂ ਨੇ ਇਹ ਚੰਗਾ ਕੰਮ ਕਰਨ ਲਈ ਆਪਣੇ ਆਪ ਨੂੰ* ਤਕੜਾ ਕੀਤਾ।+
19 ਫਿਰ ਜਦੋਂ ਹੋਰੋਨੀ ਸਨਬੱਲਟ, ਅੰਮੋਨੀ+ ਅਧਿਕਾਰੀ* ਟੋਬੀਯਾਹ+ ਅਤੇ ਅਰਬੀ ਗਸ਼ਮ+ ਨੇ ਇਸ ਬਾਰੇ ਸੁਣਿਆ, ਤਾਂ ਉਹ ਸਾਡਾ ਮਜ਼ਾਕ ਉਡਾਉਣ ਲੱਗੇ+ ਤੇ ਸਾਨੂੰ ਨੀਵਾਂ ਦਿਖਾਉਂਦੇ ਹੋਏ ਕਹਿਣ ਲੱਗੇ: “ਇਹ ਤੁਸੀਂ ਕੀ ਕਰ ਰਹੇ ਹੋ? ਕੀ ਤੁਸੀਂ ਰਾਜੇ ਖ਼ਿਲਾਫ਼ ਬਗਾਵਤ ਕਰ ਰਹੇ ਹੋ?”+ 20 ਪਰ ਮੈਂ ਜਵਾਬ ਦਿੱਤਾ: “ਆਕਾਸ਼ਾਂ ਦਾ ਪਰਮੇਸ਼ੁਰ ਸਾਨੂੰ ਸਫ਼ਲਤਾ ਬਖ਼ਸ਼ੇਗਾ+ ਅਤੇ ਅਸੀਂ ਉਸ ਦੇ ਸੇਵਕ ਉੱਠਾਂਗੇ ਅਤੇ ਉਸਾਰੀ ਦਾ ਕੰਮ ਕਰਾਂਗੇ; ਪਰ ਯਰੂਸ਼ਲਮ ਵਿਚ ਤੁਹਾਡਾ ਨਾ ਕੋਈ ਹਿੱਸਾ, ਨਾ ਹੱਕ ਤੇ ਨਾ ਹੀ ਕੋਈ ਯਾਦਗਾਰ* ਹੈ।”+
3 ਮਹਾਂ ਪੁਜਾਰੀ ਅਲਯਾਸ਼ੀਬ+ ਅਤੇ ਉਸ ਦੇ ਪੁਜਾਰੀ ਭਰਾ ਭੇਡ ਫਾਟਕ+ ਬਣਾਉਣ ਲਈ ਉੱਠੇ। ਉਨ੍ਹਾਂ ਨੇ ਇਸ ਨੂੰ ਪਵਿੱਤਰ* ਕੀਤਾ+ ਅਤੇ ਇਸ ਦੇ ਦਰਵਾਜ਼ੇ ਲਗਾਏ; ਉਨ੍ਹਾਂ ਨੇ ਇਸ ਨੂੰ ਮੇਆਹ ਦੇ ਬੁਰਜ ਤਕ+ ਅਤੇ ਉੱਥੋਂ ਹਨਨੇਲ ਦੇ ਬੁਰਜ ਤਕ ਪਵਿੱਤਰ ਕੀਤਾ।+ 2 ਉਨ੍ਹਾਂ ਤੋਂ ਅਗਲੇ ਹਿੱਸੇ ਦੀ ਉਸਾਰੀ ਯਰੀਹੋ+ ਦੇ ਆਦਮੀ ਕਰ ਰਹੇ ਸਨ; ਅਤੇ ਉਨ੍ਹਾਂ ਤੋਂ ਅੱਗੇ ਇਮਰੀ ਦਾ ਪੁੱਤਰ ਜ਼ਕੂਰ ਉਸਾਰੀ ਕਰ ਰਿਹਾ ਸੀ।
3 ਹੱਸਨਾਹ ਦੇ ਪੁੱਤਰਾਂ ਨੇ ਮੱਛੀ ਫਾਟਕ+ ਦੀ ਉਸਾਰੀ ਕੀਤੀ; ਉਨ੍ਹਾਂ ਨੇ ਇਸ ਦੀ ਚੁਗਾਠ ਲਗਾਈ+ ਅਤੇ ਫਿਰ ਇਸ ਨੂੰ ਦਰਵਾਜ਼ੇ, ਕੁੰਡੇ ਅਤੇ ਹੋੜੇ ਲਗਾਏ। 4 ਉਨ੍ਹਾਂ ਤੋਂ ਅਗਲੇ ਹਿੱਸੇ ਦੀ ਮੁਰੰਮਤ ਊਰੀਯਾਹ ਦੇ ਪੁੱਤਰ ਅਤੇ ਹਕੋਸ ਦੇ ਪੋਤੇ ਮਰੇਮੋਥ+ ਨੇ ਕੀਤੀ, ਉਨ੍ਹਾਂ ਤੋਂ ਅੱਗੇ ਬਰਕਯਾਹ ਦੇ ਪੁੱਤਰ ਅਤੇ ਮਸ਼ੇਜ਼ਬੇਲ ਦੇ ਪੋਤੇ ਮਸ਼ੂਲਾਮ+ ਨੇ ਮੁਰੰਮਤ ਦਾ ਕੰਮ ਕੀਤਾ ਅਤੇ ਉਨ੍ਹਾਂ ਤੋਂ ਅੱਗੇ ਬਆਨਾ ਦੇ ਪੁੱਤਰ ਸਾਦੋਕ ਨੇ ਮੁਰੰਮਤ ਕੀਤੀ। 5 ਉਨ੍ਹਾਂ ਤੋਂ ਅੱਗੇ ਤਕੋਆ ਦੇ ਲੋਕਾਂ+ ਨੇ ਮੁਰੰਮਤ ਦਾ ਕੰਮ ਕੀਤਾ, ਪਰ ਉਨ੍ਹਾਂ ਦੇ ਮੰਨੇ-ਪ੍ਰਮੰਨੇ ਆਦਮੀਆਂ ਨੇ ਆਪਣੇ ਮਾਲਕਾਂ ਦੇ ਕੰਮ ਵਿਚ ਹੱਥ ਵਟਾਉਣ ਲਈ ਆਪਣੇ ਆਪ ਨੂੰ ਨੀਵਾਂ ਨਹੀਂ ਕੀਤਾ।*
6 ਪਾਸੇਆਹ ਦੇ ਪੁੱਤਰ ਯੋਯਾਦਾ ਅਤੇ ਬਸੋਦਯਾਹ ਦੇ ਪੁੱਤਰ ਮਸ਼ੂਲਾਮ ਨੇ “ਪੁਰਾਣੇ ਸ਼ਹਿਰ ਦੇ ਫਾਟਕ”+ ਦੀ ਮੁਰੰਮਤ ਕੀਤੀ; ਉਨ੍ਹਾਂ ਨੇ ਇਸ ਦੀ ਚੁਗਾਠ ਲਗਾਈ ਅਤੇ ਫਿਰ ਇਸ ਨੂੰ ਦਰਵਾਜ਼ੇ, ਕੁੰਡੇ ਅਤੇ ਹੋੜੇ ਲਗਾਏ। 7 ਉਨ੍ਹਾਂ ਤੋਂ ਅੱਗੇ ਗਿਬਓਨੀ+ ਮਲਟਯਾਹ ਅਤੇ ਮੇਰੋਨੋਥੀ ਯਾਦੋਨ ਨੇ ਮੁਰੰਮਤ ਦਾ ਕੰਮ ਕੀਤਾ ਜੋ ਗਿਬਓਨ ਤੇ ਮਿਸਪਾਹ+ ਦੇ ਆਦਮੀ ਸਨ। ਉਹ ਦਰਿਆ ਪਾਰ ਦੇ ਇਲਾਕੇ*+ ਦੇ ਰਾਜਪਾਲ ਦੇ ਅਧਿਕਾਰ ਹੇਠ ਸਨ।* 8 ਉਨ੍ਹਾਂ ਤੋਂ ਅੱਗੇ ਹਰਹਾਯਾਹ ਦੇ ਪੁੱਤਰ ਸੁਨਿਆਰੇ ਉਜ਼ੀਏਲ ਨੇ ਮੁਰੰਮਤ ਦਾ ਕੰਮ ਕੀਤਾ ਅਤੇ ਉਸ ਤੋਂ ਅੱਗੇ ਹਨਨਯਾਹ ਨੇ ਮੁਰੰਮਤ ਕੀਤੀ ਜੋ ਖ਼ੁਸ਼ਬੂਦਾਰ ਤੇਲ* ਬਣਾਉਂਦਾ ਸੀ; ਉਨ੍ਹਾਂ ਨੇ ਯਰੂਸ਼ਲਮ ਵਿਚ “ਚੌੜੀ ਕੰਧ”+ ਤਕ ਸੜਕ ਬਣਾਈ।* 9 ਉਨ੍ਹਾਂ ਤੋਂ ਅੱਗੇ ਹੂਰ ਦੇ ਪੁੱਤਰ ਰਫਾਯਾਹ ਨੇ ਮੁਰੰਮਤ ਦਾ ਕੰਮ ਕੀਤਾ ਜੋ ਅੱਧੇ ਯਰੂਸ਼ਲਮ ਜ਼ਿਲ੍ਹੇ ਦਾ ਹਾਕਮ ਸੀ। 10 ਉਨ੍ਹਾਂ ਤੋਂ ਅੱਗੇ ਹਰੂਮਫ ਦੇ ਪੁੱਤਰ ਯਦਾਯਾਹ ਨੇ ਆਪਣੇ ਘਰ ਦੇ ਸਾਮ੍ਹਣੇ ਮੁਰੰਮਤ ਕੀਤੀ ਅਤੇ ਉਸ ਤੋਂ ਅੱਗੇ ਹਸ਼ਬਨਯਾਹ ਦੇ ਪੁੱਤਰ ਹਟੂਸ਼ ਨੇ ਮੁਰੰਮਤ ਦਾ ਕੰਮ ਕੀਤਾ।
11 ਹਾਰੀਮ ਦੇ ਪੁੱਤਰ+ ਮਲਕੀਯਾਹ ਅਤੇ ਪਹਥ-ਮੋਆਬ ਦੇ ਪੁੱਤਰ+ ਹਸ਼ੂਬ ਨੇ ਇਕ ਹੋਰ ਹਿੱਸੇ* ਦੀ ਅਤੇ “ਤੰਦੂਰਾਂ ਦੇ ਬੁਰਜ”+ ਦੀ ਮੁਰੰਮਤ ਕੀਤੀ। 12 ਉਨ੍ਹਾਂ ਤੋਂ ਅੱਗੇ ਹੱਲੋਹੇਸ਼ ਦੇ ਪੁੱਤਰ ਸ਼ਲੂਮ ਨੇ ਆਪਣੀਆਂ ਧੀਆਂ ਨਾਲ ਮਿਲ ਕੇ ਮੁਰੰਮਤ ਦਾ ਕੰਮ ਕੀਤਾ। ਉਹ ਅੱਧੇ ਯਰੂਸ਼ਲਮ ਜ਼ਿਲ੍ਹੇ ਦਾ ਹਾਕਮ ਸੀ।
13 ਹਾਨੂਨ ਅਤੇ ਜ਼ਾਨੋਆਹ ਦੇ ਵਾਸੀਆਂ+ ਨੇ “ਵਾਦੀ ਦੇ ਫਾਟਕ”+ ਦੀ ਮੁਰੰਮਤ ਕੀਤੀ; ਉਨ੍ਹਾਂ ਨੇ ਇਸ ਦੀ ਉਸਾਰੀ ਕੀਤੀ ਅਤੇ ਇਸ ਨੂੰ ਦਰਵਾਜ਼ੇ, ਕੁੰਡੇ ਅਤੇ ਹੋੜੇ ਲਗਾਏ ਅਤੇ ਉਨ੍ਹਾਂ ਨੇ “ਸੁਆਹ ਦੇ ਢੇਰ ਦੇ ਫਾਟਕ” ਤਕ 1,000 ਹੱਥ* ਲੰਬੀ ਕੰਧ ਦੀ ਮੁਰੰਮਤ ਕੀਤੀ।+ 14 “ਸੁਆਹ ਦੇ ਢੇਰ ਦੇ ਫਾਟਕ” ਦੀ ਮੁਰੰਮਤ ਰੇਕਾਬ ਦੇ ਪੁੱਤਰ ਮਲਕੀਯਾਹ ਨੇ ਕੀਤੀ ਜੋ ਅੱਧੇ ਬੈਤ-ਹਕਰਮ+ ਜ਼ਿਲ੍ਹੇ ਦਾ ਹਾਕਮ ਸੀ; ਉਸ ਨੇ ਇਸ ਦੀ ਉਸਾਰੀ ਕੀਤੀ ਤੇ ਇਸ ਨੂੰ ਦਰਵਾਜ਼ੇ, ਕੁੰਡੇ ਅਤੇ ਹੋੜੇ ਲਗਾਏ।
15 ਕਾਲਹੋਜ਼ਾ ਦੇ ਪੁੱਤਰ ਸ਼ਲੂਨ ਨੇ ਚਸ਼ਮਾ ਫਾਟਕ+ ਦੀ ਮੁਰੰਮਤ ਕੀਤੀ ਜੋ ਮਿਸਪਾਹ+ ਜ਼ਿਲ੍ਹੇ ਦਾ ਹਾਕਮ ਸੀ; ਉਸ ਨੇ ਇਸ ਦੀ ਛੱਤ ਸਮੇਤ ਇਸ ਦੀ ਉਸਾਰੀ ਕੀਤੀ, ਇਸ ਨੂੰ ਦਰਵਾਜ਼ੇ, ਕੁੰਡੇ ਅਤੇ ਹੋੜੇ ਲਗਾਏ। ਨਾਲੇ ਉਸ ਨੇ “ਰਾਜੇ ਦੇ ਬਾਗ਼” ਨੂੰ ਜਾਂਦੀ “ਨਹਿਰ+ ਦੇ ਸਰੋਵਰ” ਦੀ ਕੰਧ ਦੀ ਮੁਰੰਮਤ+ ਉਸ ਪੌੜੀ ਤਕ ਕੀਤੀ+ ਜੋ ਦਾਊਦ ਦੇ ਸ਼ਹਿਰ+ ਤੋਂ ਥੱਲੇ ਨੂੰ ਜਾਂਦੀ ਸੀ।
16 ਉਸ ਤੋਂ ਅੱਗੇ ਅਜ਼ਬੂਕ ਦੇ ਪੁੱਤਰ ਨਹਮਯਾਹ ਨੇ, ਜੋ ਅੱਧੇ ਬੈਤ-ਸੂਰ+ ਜ਼ਿਲ੍ਹੇ ਦਾ ਹਾਕਮ ਸੀ, ਦਾਊਦ ਦੇ ਕਬਰਸਤਾਨ+ ਦੇ ਸਾਮ੍ਹਣਿਓਂ ਲੈ ਕੇ ਖੋਦੇ ਹੋਏ ਸਰੋਵਰ ਤਕ ਮੁਰੰਮਤ ਦਾ ਕੰਮ ਕੀਤਾ+ ਤੇ ਉੱਥੋਂ “ਤਾਕਤਵਰ ਯੋਧਿਆਂ ਦੇ ਘਰ” ਤਕ ਮੁਰੰਮਤ ਕੀਤੀ।
17 ਉਸ ਤੋਂ ਅੱਗੇ ਇਨ੍ਹਾਂ ਲੇਵੀਆਂ ਨੇ ਮੁਰੰਮਤ ਦਾ ਕੰਮ ਕੀਤਾ: ਬਾਨੀ ਦਾ ਪੁੱਤਰ ਰਹੂਮ; ਉਸ ਤੋਂ ਅੱਗੇ ਹਸ਼ਬਯਾਹ ਨੇ ਆਪਣੇ ਜ਼ਿਲ੍ਹੇ ਵੱਲੋਂ ਮੁਰੰਮਤ ਦਾ ਕੰਮ ਕੀਤਾ ਜੋ ਅੱਧੇ ਕਈਲਾਹ+ ਜ਼ਿਲ੍ਹੇ ਦਾ ਹਾਕਮ ਸੀ। 18 ਉਸ ਤੋਂ ਅੱਗੇ ਉਨ੍ਹਾਂ ਦੇ ਭਰਾਵਾਂ ਨੇ ਮੁਰੰਮਤ ਦਾ ਕੰਮ ਕੀਤਾ: ਹੇਨਾਦਾਦ ਦਾ ਪੁੱਤਰ ਬੱਵਈ ਜੋ ਅੱਧੇ ਕਈਲਾਹ ਜ਼ਿਲ੍ਹੇ ਦਾ ਹਾਕਮ ਸੀ।
19 ਉਸ ਤੋਂ ਅੱਗੇ ਯੇਸ਼ੂਆ ਦਾ ਪੁੱਤਰ+ ਤੇ ਮਿਸਪਾਹ ਦਾ ਹਾਕਮ ਏਜ਼ਰ ਇਕ ਹੋਰ ਹਿੱਸੇ ਦੀ ਮੁਰੰਮਤ ਕਰ ਰਿਹਾ ਸੀ ਜੋ ਟੇਕਾਂ ਵਾਲੀ ਪੱਕੀ ਕੰਧ+ ਕੋਲ ਹਥਿਆਰਾਂ ਦੇ ਭੰਡਾਰ ਨੂੰ ਜਾਂਦੀ ਚੜ੍ਹਾਈ ਸਾਮ੍ਹਣੇ ਸੀ।
20 ਉਸ ਤੋਂ ਅੱਗੇ ਜ਼ੱਬਈ+ ਦੇ ਪੁੱਤਰ ਬਾਰੂਕ ਨੇ ਜ਼ੋਰਾਂ-ਸ਼ੋਰਾਂ ਨਾਲ ਕੰਮ ਕੀਤਾ ਅਤੇ ਇਕ ਦੂਸਰੇ ਹਿੱਸੇ ਦੀ ਮੁਰੰਮਤ ਕੀਤੀ ਜੋ ਟੇਕਾਂ ਵਾਲੀ ਪੱਕੀ ਕੰਧ ਤੋਂ ਲੈ ਕੇ ਮਹਾਂ ਪੁਜਾਰੀ ਅਲਯਾਸ਼ੀਬ+ ਦੇ ਘਰ ਦੇ ਦਰਵਾਜ਼ੇ ਤਕ ਸੀ।
21 ਉਸ ਤੋਂ ਅੱਗੇ ਊਰੀਯਾਹ ਦੇ ਪੁੱਤਰ ਅਤੇ ਹਕੋਸ ਦੇ ਪੋਤੇ ਮਰੇਮੋਥ+ ਨੇ ਇਕ ਹੋਰ ਹਿੱਸੇ ਦੀ ਮੁਰੰਮਤ ਕੀਤੀ ਜੋ ਅਲਯਾਸ਼ੀਬ ਦੇ ਘਰ ਦੇ ਦਰਵਾਜ਼ੇ ਤੋਂ ਲੈ ਕੇ ਅਲਯਾਸ਼ੀਬ ਦੇ ਘਰ ਦੇ ਅਖ਼ੀਰ ਤਕ ਸੀ।
22 ਉਸ ਤੋਂ ਅੱਗੇ ਪੁਜਾਰੀਆਂ ਯਾਨੀ ਯਰਦਨ ਜ਼ਿਲ੍ਹੇ*+ ਦੇ ਆਦਮੀਆਂ ਨੇ ਮੁਰੰਮਤ ਦਾ ਕੰਮ ਕੀਤਾ। 23 ਉਨ੍ਹਾਂ ਤੋਂ ਅੱਗੇ ਬਿਨਯਾਮੀਨ ਅਤੇ ਹਸ਼ੂਬ ਨੇ ਆਪਣੇ ਘਰ ਦੇ ਸਾਮ੍ਹਣੇ ਮੁਰੰਮਤ ਦਾ ਕੰਮ ਕੀਤਾ। ਉਨ੍ਹਾਂ ਤੋਂ ਅੱਗੇ ਮਾਸੇਯਾਹ ਦੇ ਪੁੱਤਰ ਅਤੇ ਅਨਨਯਾਹ ਦੇ ਪੋਤੇ ਅਜ਼ਰਯਾਹ ਨੇ ਆਪਣੇ ਘਰ ਦੇ ਨੇੜੇ ਮੁਰੰਮਤ ਕੀਤੀ। 24 ਉਸ ਤੋਂ ਅੱਗੇ ਹੇਨਾਦਾਦ ਦੇ ਪੁੱਤਰ ਬਿਨੂਈ ਨੇ ਇਕ ਹੋਰ ਹਿੱਸੇ ਦੀ ਮੁਰੰਮਤ ਕੀਤੀ ਜੋ ਅਜ਼ਰਯਾਹ ਦੇ ਘਰ ਤੋਂ ਲੈ ਕੇ ਟੇਕਾਂ ਵਾਲੀ ਪੱਕੀ ਕੰਧ ਤਕ+ ਅਤੇ ਉੱਥੋਂ ਕੋਨੇ ਤਕ ਸੀ।
25 ਉਸ ਤੋਂ ਅੱਗੇ ਊਜ਼ਈ ਦੇ ਪੁੱਤਰ ਪਲਾਲ ਨੇ ਟੇਕਾਂ ਵਾਲੀ ਪੱਕੀ ਕੰਧ ਦੇ ਸਾਮ੍ਹਣੇ ਅਤੇ ਉਸ ਬੁਰਜ ਦੇ ਸਾਮ੍ਹਣੇ ਮੁਰੰਮਤ ਕੀਤੀ ਜੋ ਰਾਜੇ ਦੇ ਘਰ*+ ਤੋਂ ਨਿਕਲਦਾ ਹੈ ਯਾਨੀ “ਉੱਪਰਲਾ ਬੁਰਜ” ਜੋ ਪਹਿਰੇਦਾਰਾਂ ਦੇ ਵਿਹੜੇ+ ਦਾ ਹੈ। ਉਸ ਤੋਂ ਅੱਗੇ ਪਰੋਸ਼ ਦਾ ਪੁੱਤਰ+ ਪਦਾਯਾਹ ਸੀ।
26 ਓਫਲ+ ਵਿਚ ਰਹਿਣ ਵਾਲੇ ਮੰਦਰ ਦੇ ਸੇਵਾਦਾਰਾਂ*+ ਨੇ ਪੂਰਬ ਵੱਲ ਜਲ ਫਾਟਕ+ ਦੇ ਸਾਮ੍ਹਣੇ ਤਕ ਅਤੇ ਬਾਹਰ ਨੂੰ ਨਿਕਲੇ ਬੁਰਜ ਤਕ ਮੁਰੰਮਤ ਦਾ ਕੰਮ ਕੀਤਾ।
27 ਉਨ੍ਹਾਂ ਤੋਂ ਅੱਗੇ ਤਕੋਆ ਦੇ ਲੋਕਾਂ+ ਨੇ ਇਕ ਦੂਸਰੇ ਹਿੱਸੇ ਦੀ ਮੁਰੰਮਤ ਕੀਤੀ ਜੋ ਬਾਹਰ ਨੂੰ ਨਿਕਲੇ ਵੱਡੇ ਬੁਰਜ ਦੇ ਸਾਮ੍ਹਣਿਓਂ ਲੈ ਕੇ ਓਫਲ ਦੀ ਕੰਧ ਤਕ ਸੀ।
28 ਪੁਜਾਰੀਆਂ ਨੇ ਘੋੜਾ ਫਾਟਕ+ ਦੇ ਉੱਪਰ ਮੁਰੰਮਤ ਦਾ ਕੰਮ ਕੀਤਾ, ਹਰੇਕ ਨੇ ਆਪੋ-ਆਪਣੇ ਘਰ ਦੇ ਸਾਮ੍ਹਣੇ।
29 ਉਨ੍ਹਾਂ ਤੋਂ ਅੱਗੇ ਇੰਮੇਰ ਦੇ ਪੁੱਤਰ ਸਾਦੋਕ+ ਨੇ ਆਪਣੇ ਘਰ ਦੇ ਸਾਮ੍ਹਣੇ ਮੁਰੰਮਤ ਕੀਤੀ।
ਉਸ ਤੋਂ ਅੱਗੇ ਸ਼ਕਨਯਾਹ ਦੇ ਪੁੱਤਰ ਸ਼ਮਾਯਾਹ ਨੇ ਮੁਰੰਮਤ ਦਾ ਕੰਮ ਕੀਤਾ ਜੋ ਪੂਰਬੀ ਫਾਟਕ+ ਦਾ ਰਾਖਾ ਸੀ।
30 ਉਸ ਤੋਂ ਅੱਗੇ ਸ਼ਲਮਯਾਹ ਦੇ ਪੁੱਤਰ ਹਨਨਯਾਹ ਅਤੇ ਸਾਲਾਫ ਦੇ ਛੇਵੇਂ ਪੁੱਤਰ ਹਾਨੂਨ ਨੇ ਇਕ ਹੋਰ ਹਿੱਸੇ ਦੀ ਮੁਰੰਮਤ ਕੀਤੀ।
ਉਸ ਤੋਂ ਅੱਗੇ ਬਰਕਯਾਹ ਦੇ ਪੁੱਤਰ ਮਸ਼ੂਲਾਮ+ ਨੇ ਆਪਣੇ ਵੱਡੇ ਕਮਰੇ ਅੱਗੇ ਮੁਰੰਮਤ ਦਾ ਕੰਮ ਕੀਤਾ।
31 ਉਸ ਤੋਂ ਅੱਗੇ ਸੁਨਿਆਰਿਆਂ ਦੇ ਸੰਘ ਦੇ ਸਦੱਸ ਮਲਕੀਯਾਹ ਨੇ ਮੰਦਰ ਦੇ ਸੇਵਾਦਾਰਾਂ*+ ਅਤੇ ਵਪਾਰੀਆਂ ਦੇ ਘਰ ਤਕ ਅਤੇ ਨਿਰੀਖਣ ਫਾਟਕ ਦੇ ਸਾਮ੍ਹਣੇ ਤੇ ਉੱਥੋਂ ਕੋਨੇ ਦੇ ਚੁਬਾਰੇ ਤਕ ਮੁਰੰਮਤ ਦਾ ਕੰਮ ਕੀਤਾ।
32 ਸੁਨਿਆਰਿਆਂ ਅਤੇ ਵਪਾਰੀਆਂ ਨੇ ਕੋਨੇ ਦੇ ਚੁਬਾਰੇ ਅਤੇ ਭੇਡ ਫਾਟਕ+ ਦੇ ਵਿਚਕਾਰ ਮੁਰੰਮਤ ਦਾ ਕੰਮ ਕੀਤਾ।
4 ਜਿਉਂ ਹੀ ਸਨਬੱਲਟ+ ਨੇ ਸੁਣਿਆ ਕਿ ਅਸੀਂ ਕੰਧ ਦੁਬਾਰਾ ਬਣਾ ਰਹੇ ਸੀ, ਤਾਂ ਉਸ ਨੂੰ ਬਹੁਤ ਬੁਰਾ ਲੱਗਾ* ਤੇ ਉਸ ਨੂੰ ਗੁੱਸਾ ਚੜ੍ਹ ਗਿਆ ਅਤੇ ਉਹ ਯਹੂਦੀਆਂ ਦਾ ਮਜ਼ਾਕ ਉਡਾਉਂਦਾ ਰਿਹਾ। 2 ਉਸ ਨੇ ਆਪਣੇ ਭਰਾਵਾਂ ਅਤੇ ਸਾਮਰਿਯਾ ਦੀ ਫ਼ੌਜ ਦੀ ਮੌਜੂਦਗੀ ਵਿਚ ਕਿਹਾ: “ਇਹ ਕਮਜ਼ੋਰ ਯਹੂਦੀ ਕਰ ਕੀ ਰਹੇ ਹਨ? ਕੀ ਉਹ ਆਪਣੇ ਦਮ ਤੇ ਇਹ ਕੰਮ ਕਰ ਲੈਣਗੇ? ਕੀ ਉਹ ਬਲ਼ੀਆਂ ਚੜ੍ਹਾਉਣਗੇ? ਕੀ ਉਹ ਇਕ ਦਿਨ ਵਿਚ ਕੰਮ ਖ਼ਤਮ ਕਰ ਲੈਣਗੇ? ਕੀ ਉਹ ਮਲਬੇ ਦੇ ਢੇਰਾਂ ਵਿੱਚੋਂ ਸੜੇ ਹੋਏ ਪੱਥਰਾਂ ਨੂੰ ਨਵਾਂ ਬਣਾ ਲੈਣਗੇ?”+
3 ਉਸ ਦੇ ਨਾਲ ਖੜ੍ਹੇ ਅੰਮੋਨੀ+ ਟੋਬੀਯਾਹ+ ਨੇ ਕਿਹਾ: “ਉਹ ਜੋ ਕੰਧ ਬਣਾ ਰਹੇ ਹਨ, ਉਸ ਉੱਤੇ ਜੇ ਇਕ ਲੂੰਬੜੀ ਵੀ ਚੜ੍ਹ ਜਾਵੇ, ਤਾਂ ਉਨ੍ਹਾਂ ਦੀ ਪੱਥਰਾਂ ਦੀ ਕੰਧ ਢਹਿ-ਢੇਰੀ ਹੋ ਜਾਵੇਗੀ।”
4 ਹੇ ਸਾਡੇ ਪਰਮੇਸ਼ੁਰ, ਸਾਡੀ ਸੁਣ ਕਿਉਂਕਿ ਸਾਡਾ ਅਪਮਾਨ ਕੀਤਾ ਜਾ ਰਿਹਾ ਹੈ।+ ਉਨ੍ਹਾਂ ਵੱਲੋਂ ਕੀਤੇ ਅਪਮਾਨ ਨੂੰ ਉਨ੍ਹਾਂ ਦੇ ਹੀ ਸਿਰਾਂ ʼਤੇ ਪਾ ਦੇ+ ਤੇ ਉਨ੍ਹਾਂ ਨੂੰ ਗ਼ੁਲਾਮੀ ਦੇ ਦੇਸ਼ ਵਿਚ ਲੁੱਟ ਦਾ ਮਾਲ ਬਣਾ ਦੇ। 5 ਉਨ੍ਹਾਂ ਦੇ ਅਪਰਾਧ ਨੂੰ ਨਾ ਢਕ ਤੇ ਨਾ ਹੀ ਉਨ੍ਹਾਂ ਦੇ ਪਾਪ ਨੂੰ ਆਪਣੇ ਅੱਗੋਂ ਮਿਟਾ+ ਕਿਉਂਕਿ ਉਨ੍ਹਾਂ ਨੇ ਉਸਾਰੀ ਕਰਨ ਵਾਲਿਆਂ ਦੀ ਬੇਇੱਜ਼ਤੀ ਕੀਤੀ ਹੈ।
6 ਇਸ ਲਈ ਅਸੀਂ ਕੰਧ ਬਣਾਉਂਦੇ ਰਹੇ ਅਤੇ ਪੂਰੀ ਕੰਧ ਨੂੰ ਜੋੜ ਕੇ ਅੱਧੀ ਉਚਾਈ ਤਕ ਦੁਬਾਰਾ ਬਣਾ ਦਿੱਤਾ ਗਿਆ ਤੇ ਲੋਕ ਦਿਲ ਲਾ ਕੇ ਕੰਮ ਕਰਦੇ ਰਹੇ।
7 ਜਿਉਂ ਹੀ ਸਨਬੱਲਟ, ਟੋਬੀਯਾਹ,+ ਅਰਬੀਆਂ,+ ਅੰਮੋਨੀਆਂ ਅਤੇ ਅਸ਼ਦੋਦੀਆਂ+ ਨੇ ਸੁਣਿਆ ਕਿ ਯਰੂਸ਼ਲਮ ਦੀਆਂ ਕੰਧਾਂ ਦੀ ਮੁਰੰਮਤ ਦਾ ਕੰਮ ਚੱਲੀ ਜਾ ਰਿਹਾ ਹੈ ਅਤੇ ਪਾੜ ਭਰੇ ਜਾ ਰਹੇ ਹਨ, ਤਾਂ ਉਨ੍ਹਾਂ ਨੂੰ ਬਹੁਤ ਗੁੱਸਾ ਚੜ੍ਹਿਆ। 8 ਉਨ੍ਹਾਂ ਨੇ ਮਿਲ ਕੇ ਸਾਜ਼ਸ਼ ਘੜੀ ਕਿ ਉਹ ਆ ਕੇ ਯਰੂਸ਼ਲਮ ਨਾਲ ਲੜਨਗੇ ਅਤੇ ਇਸ ਵਿਚ ਹਲਚਲ ਮਚਾ ਦੇਣਗੇ। 9 ਪਰ ਅਸੀਂ ਆਪਣੇ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਦੇ ਰਹੇ ਅਤੇ ਦਿਨ-ਰਾਤ ਉਨ੍ਹਾਂ ਖ਼ਿਲਾਫ਼ ਪਹਿਰਾ ਲਾਈ ਰੱਖਿਆ।
10 ਪਰ ਯਹੂਦਾਹ ਦੇ ਲੋਕ ਕਹਿ ਰਹੇ ਸਨ: “ਕੰਮ ਕਰਨ ਵਾਲਿਆਂ* ਦੀ ਤਾਕਤ ਖ਼ਤਮ ਹੋ ਚੁੱਕੀ ਹੈ ਅਤੇ ਬਹੁਤ ਸਾਰਾ ਮਲਬਾ ਬਾਕੀ ਪਿਆ ਹੈ; ਅਸੀਂ ਕਦੇ ਵੀ ਕੰਧ ਨਹੀਂ ਬਣਾ ਪਾਵਾਂਗੇ।”
11 ਸਾਡੇ ਦੁਸ਼ਮਣ ਕਹਿੰਦੇ ਰਹੇ: “ਇਸ ਤੋਂ ਪਹਿਲਾਂ ਕਿ ਉਨ੍ਹਾਂ ਨੂੰ ਪਤਾ ਲੱਗੇ ਜਾਂ ਉਹ ਸਾਨੂੰ ਦੇਖ ਲੈਣ, ਅਸੀਂ ਉਨ੍ਹਾਂ ਵਿਚਕਾਰ ਜਾ ਕੇ ਉਨ੍ਹਾਂ ਨੂੰ ਮਾਰ ਦਿਆਂਗੇ ਤੇ ਕੰਮ ਰੋਕ ਦਿਆਂਗੇ।”
12 ਉਨ੍ਹਾਂ ਲਾਗੇ ਰਹਿੰਦੇ ਯਹੂਦੀ ਜਦੋਂ ਵੀ ਆਉਂਦੇ ਸਨ, ਤਾਂ ਉਹ ਸਾਨੂੰ ਵਾਰ-ਵਾਰ* ਕਹਿੰਦੇ ਸਨ: “ਉਹ ਚਾਰੇ ਪਾਸਿਓਂ ਆ ਕੇ ਸਾਡੇ ʼਤੇ ਹਮਲਾ ਕਰ ਦੇਣਗੇ।”
13 ਇਸ ਲਈ ਮੈਂ ਕੰਧ ਦੇ ਪਿੱਛੇ ਸਭ ਤੋਂ ਨੀਵੀਆਂ ਅਤੇ ਖੁੱਲ੍ਹੀਆਂ ਥਾਵਾਂ ʼਤੇ ਆਦਮੀ ਤੈਨਾਤ ਕੀਤੇ ਅਤੇ ਮੈਂ ਪਰਿਵਾਰਾਂ ਅਨੁਸਾਰ ਉਨ੍ਹਾਂ ਨੂੰ ਉਨ੍ਹਾਂ ਦੀਆਂ ਤਲਵਾਰਾਂ, ਉਨ੍ਹਾਂ ਦੇ ਨੇਜ਼ਿਆਂ ਅਤੇ ਉਨ੍ਹਾਂ ਦੀਆਂ ਕਮਾਨਾਂ ਸਣੇ ਖੜ੍ਹੇ ਕੀਤਾ। 14 ਜਦੋਂ ਮੈਂ ਉਨ੍ਹਾਂ ਨੂੰ ਡਰੇ ਹੋਏ ਦੇਖਿਆ, ਤਾਂ ਮੈਂ ਇਕਦਮ ਉੱਠਿਆ ਅਤੇ ਪ੍ਰਧਾਨਾਂ, ਅਧਿਕਾਰੀਆਂ ਅਤੇ ਬਾਕੀ ਲੋਕਾਂ ਨੂੰ ਕਿਹਾ:+ “ਉਨ੍ਹਾਂ ਤੋਂ ਨਾ ਡਰੋ।+ ਯਹੋਵਾਹ ਨੂੰ ਯਾਦ ਰੱਖੋ ਜੋ ਮਹਾਨ ਅਤੇ ਸ਼ਰਧਾ ਦੇ ਲਾਇਕ ਹੈ;+ ਆਪਣੇ ਭਰਾਵਾਂ, ਆਪਣੇ ਧੀਆਂ-ਪੁੱਤਰਾਂ, ਆਪਣੀਆਂ ਪਤਨੀਆਂ ਅਤੇ ਘਰਾਂ ਖ਼ਾਤਰ ਲੜੋ।”
15 ਫਿਰ ਸਾਡੇ ਦੁਸ਼ਮਣਾਂ ਨੇ ਸੁਣਿਆ ਕਿ ਸਾਨੂੰ ਪਤਾ ਲੱਗ ਗਿਆ ਹੈ ਕਿ ਉਹ ਕੀ ਕਰ ਰਹੇ ਸਨ ਅਤੇ ਸੱਚੇ ਪਰਮੇਸ਼ੁਰ ਨੇ ਉਨ੍ਹਾਂ ਦੀ ਯੋਜਨਾ ਨੂੰ ਨਾਕਾਮ ਕਰ ਦਿੱਤਾ ਹੈ। ਇਸ ਲਈ ਅਸੀਂ ਸਾਰੇ ਵਾਪਸ ਜਾ ਕੇ ਕੰਧ ਬਣਾਉਣ ਲੱਗ ਪਏ। 16 ਉਸ ਦਿਨ ਤੋਂ ਬਾਅਦ ਮੇਰੇ ਅੱਧੇ ਆਦਮੀ ਕੰਮ ਕਰਦੇ ਸਨ+ ਅਤੇ ਉਨ੍ਹਾਂ ਵਿੱਚੋਂ ਅੱਧੇ ਆਦਮੀ ਸੰਜੋਆਂ ਪਾ ਕੇ ਨੇਜ਼ੇ, ਢਾਲਾਂ ਤੇ ਕਮਾਨਾਂ ਫੜੀ ਖੜ੍ਹੇ ਰਹਿੰਦੇ ਸਨ। ਅਤੇ ਹਾਕਮ+ ਯਹੂਦਾਹ ਦੇ ਸਾਰੇ ਘਰਾਣੇ ਦੇ ਲੋਕਾਂ ਪਿੱਛੇ ਖੜ੍ਹਦੇ ਸਨ 17 ਜੋ ਕੰਧ ਬਣਾ ਰਹੇ ਸਨ। ਭਾਰ ਢੋਣ ਵਾਲੇ ਇਕ ਹੱਥ ਨਾਲ ਕੰਮ ਕਰਦੇ ਸਨ ਅਤੇ ਦੂਜੇ ਹੱਥ ਵਿਚ ਹਥਿਆਰ* ਫੜੀ ਰੱਖਦੇ ਸਨ। 18 ਉਸਾਰੀ ਕਰਨ ਵਾਲਾ ਹਰ ਬੰਦਾ ਉਸਾਰੀ ਕਰਦੇ ਵੇਲੇ ਆਪਣੇ ਲੱਕ ਨਾਲ ਤਲਵਾਰ ਬੰਨ੍ਹੀ ਰੱਖਦਾ ਸੀ ਅਤੇ ਨਰਸਿੰਗਾ ਵਜਾਉਣ ਵਾਲਾ+ ਮੇਰੇ ਨਾਲ ਖੜ੍ਹਾ ਰਹਿੰਦਾ ਸੀ।
19 ਫਿਰ ਮੈਂ ਪ੍ਰਧਾਨਾਂ, ਅਧਿਕਾਰੀਆਂ ਅਤੇ ਬਾਕੀ ਲੋਕਾਂ ਨੂੰ ਕਿਹਾ: “ਕੰਮ ਬਹੁਤ ਵੱਡਾ ਤੇ ਜ਼ਿਆਦਾ ਹੈ ਅਤੇ ਅਸੀਂ ਕੰਧ ਬਣਾਉਂਦੇ ਹੋਏ ਇਕ-ਦੂਜੇ ਤੋਂ ਬਹੁਤ ਦੂਰ-ਦੂਰ ਫੈਲੇ ਹੋਏ ਹਾਂ। 20 ਜਦੋਂ ਤੁਸੀਂ ਨਰਸਿੰਗੇ ਦੀ ਆਵਾਜ਼ ਸੁਣੋ, ਤਾਂ ਸਾਡੇ ਕੋਲ ਇਕੱਠੇ ਹੋ ਜਾਇਓ। ਸਾਡਾ ਪਰਮੇਸ਼ੁਰ ਸਾਡੇ ਲਈ ਲੜੇਗਾ।”+
21 ਇਸ ਲਈ ਅਸੀਂ ਪਹੁ ਫੁੱਟਣ ਤੋਂ ਲੈ ਕੇ ਤਾਰੇ ਨਿਕਲਣ ਤਕ ਕੰਮ ਕਰਦੇ ਰਹਿੰਦੇ ਸੀ ਅਤੇ ਅੱਧੇ ਆਦਮੀ ਨੇਜ਼ੇ ਫੜੀ ਖੜ੍ਹੇ ਰਹਿੰਦੇ ਸਨ। 22 ਉਸ ਸਮੇਂ ਮੈਂ ਲੋਕਾਂ ਨੂੰ ਕਿਹਾ: “ਹਰ ਆਦਮੀ ਆਪਣੇ ਸੇਵਾਦਾਰ ਸਣੇ ਯਰੂਸ਼ਲਮ ਵਿਚ ਰਾਤ ਕੱਟੇ। ਉਹ ਰਾਤ ਨੂੰ ਸਾਡੀ ਰਾਖੀ ਕਰਨਗੇ ਅਤੇ ਦਿਨ ਵੇਲੇ ਕੰਮ ਕਰਨਗੇ।” 23 ਇਸ ਲਈ ਨਾ ਮੈਂ, ਨਾ ਮੇਰੇ ਭਰਾਵਾਂ ਨੇ, ਨਾ ਮੇਰੇ ਸੇਵਾਦਾਰਾਂ ਨੇ+ ਅਤੇ ਨਾ ਹੀ ਮੇਰੇ ਮਗਰ-ਮਗਰ ਚੱਲਣ ਵਾਲੇ ਪਹਿਰੇਦਾਰਾਂ ਨੇ ਕਦੇ ਆਪਣੇ ਕੱਪੜੇ ਲਾਹੇ। ਸਾਡੇ ਵਿੱਚੋਂ ਹਰੇਕ ਜਣਾ ਆਪਣੇ ਸੱਜੇ ਹੱਥ ਵਿਚ ਆਪਣਾ ਹਥਿਆਰ ਫੜੀ ਰੱਖਦਾ ਸੀ।
5 ਪਰ ਆਦਮੀਆਂ ਅਤੇ ਉਨ੍ਹਾਂ ਦੀਆਂ ਪਤਨੀਆਂ ਨੇ ਆਪਣੇ ਯਹੂਦੀ ਭਰਾਵਾਂ ਖ਼ਿਲਾਫ਼ ਉੱਚੀ-ਉੱਚੀ ਦੁਹਾਈ ਦਿੱਤੀ।+ 2 ਕੁਝ ਕਹਿ ਰਹੇ ਸਨ: “ਸਾਡੇ ਧੀਆਂ-ਪੁੱਤਰਾਂ ਸਣੇ ਸਾਡੀ ਗਿਣਤੀ ਬਹੁਤ ਜ਼ਿਆਦਾ ਹੈ। ਸਾਨੂੰ ਖਾਣ ਲਈ ਅਤੇ ਜੀਉਂਦੇ ਰਹਿਣ ਲਈ ਅਨਾਜ ਮਿਲਣਾ ਚਾਹੀਦਾ।” 3 ਕਈ ਹੋਰ ਕਹਿ ਰਹੇ ਸਨ: “ਕਾਲ਼ ਦੌਰਾਨ ਅਨਾਜ ਲੈਣ ਲਈ ਸਾਨੂੰ ਆਪਣੇ ਖੇਤ, ਆਪਣੇ ਅੰਗੂਰਾਂ ਦੇ ਬਾਗ਼ ਅਤੇ ਆਪਣੇ ਘਰ ਗਹਿਣੇ ਰੱਖਣੇ ਪੈ ਰਹੇ ਹਨ।” 4 ਕੁਝ ਹੋਰ ਕਹਿ ਰਹੇ ਸਨ: “ਰਾਜੇ ਨੂੰ ਨਜ਼ਰਾਨਾ ਦੇਣ ਲਈ ਅਸੀਂ ਆਪਣੇ ਖੇਤ ਅਤੇ ਆਪਣੇ ਅੰਗੂਰਾਂ ਦੇ ਬਾਗ਼ ਗਿਰਵੀ ਰੱਖ ਕੇ ਪੈਸੇ ਉਧਾਰ ਲਏ ਹਨ।+ 5 ਸਾਡਾ ਤੇ ਸਾਡੇ ਭਰਾਵਾਂ ਦਾ ਸਰੀਰ ਅਤੇ ਖ਼ੂਨ ਇੱਕੋ ਹੀ ਹੈ* ਅਤੇ ਸਾਡੇ ਬੱਚੇ ਵੀ ਉਨ੍ਹਾਂ ਦੇ ਬੱਚਿਆਂ ਵਰਗੇ ਹੀ ਹਨ; ਫਿਰ ਵੀ ਸਾਡੇ ਧੀਆਂ-ਪੁੱਤਰਾਂ ਨੂੰ ਗ਼ੁਲਾਮੀ ਕਰਨੀ ਪੈ ਰਹੀ ਹੈ ਅਤੇ ਸਾਡੀਆਂ ਕੁਝ ਧੀਆਂ ਤਾਂ ਪਹਿਲਾਂ ਹੀ ਗ਼ੁਲਾਮੀ ਕਰ ਰਹੀਆਂ ਹਨ।+ ਪਰ ਇਸ ਨੂੰ ਰੋਕਣਾ ਸਾਡੇ ਵੱਸ ਦੀ ਗੱਲ ਨਹੀਂ ਕਿਉਂਕਿ ਸਾਡੇ ਖੇਤ ਅਤੇ ਸਾਡੇ ਅੰਗੂਰਾਂ ਦੇ ਬਾਗ਼ ਦੂਜਿਆਂ ਕੋਲ ਹਨ।”
6 ਜਦੋਂ ਮੈਂ ਉਨ੍ਹਾਂ ਦੀ ਦੁਹਾਈ ਅਤੇ ਇਹ ਗੱਲਾਂ ਸੁਣੀਆਂ, ਤਾਂ ਮੈਨੂੰ ਬਹੁਤ ਗੁੱਸਾ ਆਇਆ। 7 ਇਸ ਲਈ ਮੈਂ ਆਪਣੇ ਮਨ ਵਿਚ ਇਨ੍ਹਾਂ ਗੱਲਾਂ ਬਾਰੇ ਸੋਚ-ਵਿਚਾਰ ਕੀਤਾ ਅਤੇ ਮਸਲੇ ਨੂੰ ਪ੍ਰਧਾਨਾਂ ਅਤੇ ਅਧਿਕਾਰੀਆਂ ਕੋਲ ਲੈ ਗਿਆ ਤੇ ਉਨ੍ਹਾਂ ਨੂੰ ਕਿਹਾ: “ਤੁਹਾਡੇ ਵਿੱਚੋਂ ਹਰੇਕ ਜਣਾ ਆਪਣੇ ਹੀ ਭਰਾ ਕੋਲੋਂ ਵਿਆਜ* ਮੰਗ ਰਿਹਾ ਹੈ।”+
ਨਾਲੇ ਉਨ੍ਹਾਂ ਕਰਕੇ ਮੈਂ ਇਕ ਵੱਡੀ ਸਭਾ ਬੁਲਾਈ। 8 ਮੈਂ ਉਨ੍ਹਾਂ ਨੂੰ ਕਿਹਾ: “ਸਾਡੇ ਹੱਥ-ਵੱਸ ਜੋ ਸੀ, ਉਹ ਕਰ ਕੇ ਅਸੀਂ ਆਪਣੇ ਯਹੂਦੀ ਭਰਾਵਾਂ ਨੂੰ ਵਾਪਸ ਖ਼ਰੀਦਿਆ ਜਿਨ੍ਹਾਂ ਨੂੰ ਕੌਮਾਂ ਦੇ ਹੱਥ ਵੇਚ ਦਿੱਤਾ ਗਿਆ ਸੀ; ਪਰ ਕੀ ਤੁਸੀਂ ਹੁਣ ਆਪਣੇ ਹੀ ਭਰਾਵਾਂ ਨੂੰ ਵੇਚ ਦਿਓਗੇ+ ਅਤੇ ਕੀ ਸਾਨੂੰ ਫਿਰ ਉਨ੍ਹਾਂ ਨੂੰ ਖ਼ਰੀਦਣਾ ਪਵੇਗਾ?” ਇਹ ਸੁਣ ਕੇ ਉਨ੍ਹਾਂ ਦੀ ਬੋਲਤੀ ਬੰਦ ਹੋ ਗਈ ਅਤੇ ਉਹ ਇਕ ਵੀ ਗੱਲ ਨਾ ਕਹਿ ਸਕੇ। 9 ਫਿਰ ਮੈਂ ਕਿਹਾ: “ਜੋ ਤੁਸੀਂ ਕਰ ਰਹੇ ਹੋ, ਉਹ ਠੀਕ ਨਹੀਂ। ਕੀ ਤੁਹਾਨੂੰ ਸਾਡੇ ਪਰਮੇਸ਼ੁਰ ਦਾ ਡਰ ਰੱਖ ਕੇ ਨਹੀਂ ਚੱਲਣਾ ਚਾਹੀਦਾ+ ਤਾਂਕਿ ਕੌਮਾਂ, ਹਾਂ, ਸਾਡੇ ਦੁਸ਼ਮਣ ਸਾਡੀ ਬਦਨਾਮੀ ਨਾ ਕਰ ਸਕਣ? 10 ਨਾਲੇ ਮੈਂ, ਮੇਰੇ ਭਰਾ ਅਤੇ ਮੇਰੇ ਸੇਵਾਦਾਰ ਉਨ੍ਹਾਂ ਨੂੰ ਪੈਸਾ ਅਤੇ ਅਨਾਜ ਉਧਾਰ ਦੇ ਰਹੇ ਹਾਂ। ਮੇਰੀ ਬੇਨਤੀ ਹੈ ਕਿ ਆਪਾਂ ਵਿਆਜ ʼਤੇ ਉਧਾਰ ਦੇਣਾ ਬੰਦ ਕਰ ਦੇਈਏ।+ 11 ਕਿਰਪਾ ਕਰ ਕੇ ਅੱਜ ਹੀ ਉਨ੍ਹਾਂ ਦੇ ਖੇਤ, ਉਨ੍ਹਾਂ ਦੇ ਅੰਗੂਰਾਂ ਦੇ ਬਾਗ਼, ਉਨ੍ਹਾਂ ਦੇ ਜ਼ੈਤੂਨ ਦੇ ਬਾਗ਼ ਅਤੇ ਉਨ੍ਹਾਂ ਦੇ ਘਰ ਵਾਪਸ ਕਰ ਦਿਓ।+ ਨਾਲੇ ਉਨ੍ਹਾਂ ਨੂੰ ਪੈਸੇ ਦਾ, ਅਨਾਜ ਦਾ, ਨਵੇਂ ਦਾਖਰਸ ਦਾ ਅਤੇ ਤੇਲ ਦਾ ਸੌਵਾਂ ਹਿੱਸਾ* ਮੋੜ ਦਿਓ ਜੋ ਤੁਸੀਂ ਉਨ੍ਹਾਂ ਤੋਂ ਵਿਆਜ ਵਜੋਂ ਲੈਂਦੇ ਹੋ।”
12 ਇਹ ਸੁਣ ਕੇ ਉਨ੍ਹਾਂ ਨੇ ਕਿਹਾ: “ਅਸੀਂ ਇਹ ਸਭ ਉਨ੍ਹਾਂ ਨੂੰ ਮੋੜ ਦਿਆਂਗੇ ਅਤੇ ਬਦਲੇ ਵਿਚ ਕੁਝ ਨਹੀਂ ਮੰਗਾਂਗੇ। ਅਸੀਂ ਐਨ ਉਸੇ ਤਰ੍ਹਾਂ ਕਰਾਂਗੇ ਜਿੱਦਾਂ ਤੂੰ ਕਹਿੰਦਾ ਹੈਂ।” ਇਸ ਲਈ ਮੈਂ ਪੁਜਾਰੀਆਂ ਨੂੰ ਬੁਲਾਇਆ ਅਤੇ ਉਨ੍ਹਾਂ ਆਦਮੀਆਂ ਨੂੰ ਸਹੁੰ ਚੁਕਾਈ ਕਿ ਉਹ ਇਹ ਵਾਅਦਾ ਪੂਰਾ ਕਰਨ। 13 ਨਾਲੇ ਮੈਂ ਆਪਣੇ ਕੱਪੜੇ ਦੇ ਪੱਲੇ ਝਾੜੇ* ਤੇ ਕਿਹਾ: “ਸੱਚਾ ਪਰਮੇਸ਼ੁਰ ਇਸੇ ਤਰ੍ਹਾਂ ਉਸ ਹਰ ਆਦਮੀ ਨੂੰ ਉਸ ਦੇ ਘਰ ਤੋਂ ਅਤੇ ਉਸ ਦੀ ਜਾਇਦਾਦ ਤੋਂ ਝਾੜੇ ਜੋ ਇਹ ਵਾਅਦਾ ਪੂਰਾ ਨਾ ਕਰੇ। ਉਸ ਨੂੰ ਇਸੇ ਤਰ੍ਹਾਂ ਝਾੜਿਆ ਜਾਵੇ ਅਤੇ ਖਾਲੀ ਕੀਤਾ ਜਾਵੇ।” ਇਹ ਸੁਣ ਕੇ ਸਾਰੀ ਮੰਡਲੀ ਨੇ ਕਿਹਾ: “ਆਮੀਨ!”* ਫਿਰ ਉਨ੍ਹਾਂ ਨੇ ਯਹੋਵਾਹ ਦੀ ਵਡਿਆਈ ਕੀਤੀ ਅਤੇ ਲੋਕਾਂ ਨੇ ਆਪਣੇ ਵਾਅਦੇ ਦੇ ਮੁਤਾਬਕ ਕੀਤਾ।
14 ਇਸ ਤੋਂ ਇਲਾਵਾ, ਰਾਜੇ ਅਰਤਹਸ਼ਸਤਾ+ ਨੇ ਜਿਸ ਦਿਨ ਤੋਂ ਮੈਨੂੰ ਯਹੂਦਾਹ ਦੇਸ਼ ਵਿਚ ਉਨ੍ਹਾਂ ਦਾ ਰਾਜਪਾਲ ਬਣਾਇਆ ਹੈ,+ ਹਾਂ, ਰਾਜਾ ਅਰਤਹਸ਼ਸਤਾ ਦੇ ਰਾਜ ਦੇ 20ਵੇਂ ਸਾਲ+ ਤੋਂ ਲੈ ਕੇ 32ਵੇਂ ਸਾਲ ਤਕ+ ਯਾਨੀ 12 ਸਾਲਾਂ ਤਕ ਨਾ ਮੈਂ ਤੇ ਨਾ ਹੀ ਮੇਰੇ ਭਰਾਵਾਂ ਨੇ ਉਹ ਖਾਣਾ ਖਾਧਾ ਜੋ ਰਾਜਪਾਲ ਲਈ ਠਹਿਰਾਇਆ ਜਾਂਦਾ ਸੀ।+ 15 ਪਰ ਮੇਰੇ ਤੋਂ ਪਹਿਲਾਂ ਹੋਏ ਰਾਜਪਾਲ ਲੋਕਾਂ ʼਤੇ ਬੋਝ ਪਾਉਂਦੇ ਸਨ ਅਤੇ ਉਹ ਹਰ ਰੋਜ਼ ਉਨ੍ਹਾਂ ਤੋਂ ਰੋਟੀ ਅਤੇ ਦਾਖਰਸ ਬਦਲੇ 40 ਸ਼ੇਕੇਲ* ਚਾਂਦੀ ਲੈਂਦੇ ਸਨ। ਨਾਲੇ ਉਨ੍ਹਾਂ ਦੇ ਸੇਵਾਦਾਰ ਲੋਕਾਂ ʼਤੇ ਜ਼ੁਲਮ ਕਰਦੇ ਸਨ। ਪਰ ਪਰਮੇਸ਼ੁਰ ਦਾ ਡਰ ਹੋਣ ਕਰਕੇ+ ਮੈਂ ਇਸ ਤਰ੍ਹਾਂ ਨਹੀਂ ਕੀਤਾ।+
16 ਇਸ ਤੋਂ ਇਲਾਵਾ, ਮੈਂ ਇਹ ਕੰਧ ਬਣਾਉਣ ਵਿਚ ਹੱਥ ਵਟਾਇਆ ਅਤੇ ਅਸੀਂ ਕਿਸੇ ਦਾ ਖੇਤ ਨਹੀਂ ਲਿਆ;+ ਮੇਰੇ ਸਾਰੇ ਸੇਵਾਦਾਰ ਉੱਥੇ ਕੰਮ ਕਰਨ ਵਿਚ ਜੁਟੇ ਹੋਏ ਸਨ। 17 ਮੇਰੇ ਮੇਜ਼ ਤੋਂ 150 ਯਹੂਦੀ ਤੇ ਅਧਿਕਾਰੀ ਖਾਣਾ ਖਾਂਦੇ ਸਨ, ਨਾਲੇ ਉਹ ਲੋਕ ਵੀ ਖਾਂਦੇ ਸਨ ਜੋ ਕੌਮਾਂ ਵਿੱਚੋਂ ਸਾਡੇ ਕੋਲ ਆਏ ਸਨ। 18 ਮੇਰੇ ਪੈਸਿਆਂ ਨਾਲ* ਹਰ ਰੋਜ਼ ਇਕ ਬਲਦ, ਛੇ ਪਲ਼ੀਆਂ ਹੋਈਆਂ ਭੇਡਾਂ ਅਤੇ ਪੰਛੀ ਤਿਆਰ ਕੀਤੇ ਜਾਂਦੇ ਸਨ ਅਤੇ ਦਸਾਂ ਦਿਨਾਂ ਵਿਚ ਇਕ ਵਾਰ ਸਾਨੂੰ ਤਰ੍ਹਾਂ-ਤਰ੍ਹਾਂ ਦਾ ਦਾਖਰਸ ਬਹੁਤਾਤ ਵਿਚ ਦਿੱਤਾ ਜਾਂਦਾ ਸੀ। ਇਸ ਦੇ ਬਾਵਜੂਦ ਮੈਂ ਉਸ ਖਾਣੇ ਦੀ ਮੰਗ ਨਹੀਂ ਕੀਤੀ ਜੋ ਰਾਜਪਾਲ ਲਈ ਠਹਿਰਾਇਆ ਜਾਂਦਾ ਸੀ ਕਿਉਂਕਿ ਲੋਕੀ ਤਾਂ ਪਹਿਲਾਂ ਹੀ ਸੇਵਾ ਦੇ ਬੋਝ ਥੱਲੇ ਦੱਬੇ ਹੋਏ ਸਨ। 19 ਹੇ ਮੇਰੇ ਪਰਮੇਸ਼ੁਰ, ਇਨ੍ਹਾਂ ਲੋਕਾਂ ਖ਼ਾਤਰ ਮੈਂ ਜੋ ਕੁਝ ਕੀਤਾ ਹੈ, ਉਸ ਦੇ ਬਦਲੇ ਮੈਨੂੰ ਯਾਦ ਰੱਖੀਂ ਅਤੇ ਮੇਰੇ ʼਤੇ ਮਿਹਰ ਕਰੀਂ।*+
6 ਜਿਉਂ ਹੀ ਸਨਬੱਲਟ, ਟੋਬੀਯਾਹ,+ ਅਰਬੀ ਗਸ਼ਮ+ ਅਤੇ ਸਾਡੇ ਬਾਕੀ ਦੁਸ਼ਮਣਾਂ ਨੂੰ ਖ਼ਬਰ ਮਿਲੀ ਕਿ ਮੈਂ ਕੰਧ ਦੁਬਾਰਾ ਬਣਾ ਲਈ ਹੈ+ ਅਤੇ ਇਸ ਵਿਚ ਕੋਈ ਪਾੜ ਨਹੀਂ ਬਚਿਆ (ਭਾਵੇਂ ਕਿ ਮੈਂ ਉਸ ਸਮੇਂ ਤਕ ਦਰਵਾਜ਼ਿਆਂ ਦੇ ਪੱਲੇ ਨਹੀਂ ਲਗਾਏ ਸਨ),+ 2 ਤਾਂ ਸਨਬੱਲਟ ਅਤੇ ਗਸ਼ਮ ਨੇ ਤੁਰੰਤ ਮੈਨੂੰ ਇਹ ਸੰਦੇਸ਼ ਭੇਜਿਆ: “ਆ, ਆਪਾਂ ਓਨੋ+ ਦੇ ਮੈਦਾਨ ਦੇ ਕਿਸੇ ਇਕ ਪਿੰਡ ਵਿਚ ਮਿਲਣ ਲਈ ਇਕ ਸਮਾਂ ਮਿਥੀਏ।” ਪਰ ਉਹ ਮੈਨੂੰ ਨੁਕਸਾਨ ਪਹੁੰਚਾਉਣ ਦੀ ਸਾਜ਼ਸ਼ ਘੜ ਰਹੇ ਸਨ। 3 ਇਸ ਲਈ ਮੈਂ ਇਹ ਕਹਿ ਕੇ ਸੰਦੇਸ਼ ਦੇਣ ਵਾਲਿਆਂ ਨੂੰ ਉਨ੍ਹਾਂ ਕੋਲ ਭੇਜਿਆ: “ਮੈਂ ਇਕ ਵੱਡੇ ਕੰਮ ਵਿਚ ਰੁੱਝਿਆ ਹੋਇਆ ਹਾਂ, ਮੈਂ ਨਹੀਂ ਆ ਸਕਦਾ। ਤੁਹਾਡੇ ਕੋਲ ਆਉਣ ਲਈ ਮੈਂ ਕੰਮ ਕਿਉਂ ਰੋਕਾਂ?” 4 ਉਨ੍ਹਾਂ ਨੇ ਮੈਨੂੰ ਚਾਰ ਵਾਰ ਇੱਕੋ ਸੰਦੇਸ਼ ਭੇਜਿਆ ਅਤੇ ਮੈਂ ਹਰ ਵਾਰ ਇੱਕੋ ਜਵਾਬ ਦਿੱਤਾ।
5 ਫਿਰ ਸਨਬੱਲਟ ਨੇ ਆਪਣੇ ਸੇਵਾਦਾਰ ਨੂੰ ਉਹੀ ਸੰਦੇਸ਼ ਦੇ ਕੇ ਪੰਜਵੀਂ ਵਾਰ ਮੇਰੇ ਕੋਲ ਭੇਜਿਆ ਅਤੇ ਉਸ ਦੇ ਹੱਥ ਵਿਚ ਇਕ ਖੁੱਲ੍ਹੀ ਚਿੱਠੀ ਸੀ। 6 ਇਸ ਵਿਚ ਲਿਖਿਆ ਸੀ: “ਕੌਮਾਂ ਵਿਚ ਇਹ ਸੁਣਨ ਨੂੰ ਆਇਆ ਹੈ ਅਤੇ ਗਸ਼ਮ+ ਵੀ ਇਹ ਕਹਿ ਰਿਹਾ ਹੈ ਕਿ ਤੂੰ ਅਤੇ ਯਹੂਦੀ ਵਿਦਰੋਹ ਕਰਨ ਲਈ ਸਾਜ਼ਸ਼ ਘੜ ਰਹੇ ਹੋ।+ ਇਸੇ ਕਰਕੇ ਤੂੰ ਇਹ ਕੰਧ ਬਣਾ ਰਿਹਾ ਹੈਂ; ਇਨ੍ਹਾਂ ਖ਼ਬਰਾਂ ਅਨੁਸਾਰ ਤੂੰ ਉਨ੍ਹਾਂ ਦਾ ਰਾਜਾ ਬਣਨ ਵਾਲਾ ਹੈਂ। 7 ਨਾਲੇ ਤੂੰ ਨਬੀ ਠਹਿਰਾਏ ਹਨ ਕਿ ਉਹ ਸਾਰੇ ਯਰੂਸ਼ਲਮ ਵਿਚ ਤੇਰੇ ਬਾਰੇ ਇਹ ਐਲਾਨ ਕਰਨ, ‘ਯਹੂਦਾਹ ਵਿਚ ਇਕ ਰਾਜਾ ਹੈ!’ ਹੁਣ ਇਹ ਗੱਲਾਂ ਰਾਜੇ ਨੂੰ ਦੱਸੀਆਂ ਜਾਣਗੀਆਂ। ਇਸ ਲਈ ਆ, ਆਪਾਂ ਮਿਲ ਕੇ ਇਸ ਬਾਰੇ ਗੱਲ ਕਰੀਏ।”
8 ਪਰ ਮੈਂ ਉਸ ਨੂੰ ਇਹ ਜਵਾਬ ਭੇਜਿਆ: “ਜੋ ਗੱਲਾਂ ਤੂੰ ਕਹਿ ਰਿਹਾ ਹੈਂ, ਉੱਦਾਂ ਦਾ ਕੁਝ ਨਹੀਂ ਹੋਇਆ; ਇਹ ਤੇਰੀਆਂ ਮਨਘੜਤ* ਗੱਲਾਂ ਹਨ।” 9 ਅਸਲ ਵਿਚ ਉਹ ਸਾਰੇ ਸਾਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੇ ਸਨ ਕਿਉਂਕਿ ਉਨ੍ਹਾਂ ਨੇ ਸੋਚਿਆ: “ਉਨ੍ਹਾਂ ਦੇ ਹੱਥ ਕੰਮ ਵਿਚ ਢਿੱਲੇ ਪੈ ਜਾਣਗੇ ਅਤੇ ਕੰਮ ਵਿੱਚੇ ਰੁਕ ਜਾਵੇਗਾ।”+ ਹੁਣ ਹੇ ਪਰਮੇਸ਼ੁਰ, ਮੈਂ ਦੁਆ ਕਰਦਾ ਹਾਂ ਕਿ ਮੇਰੇ ਹੱਥ ਤਕੜੇ ਕਰ।+
10 ਫਿਰ ਮੈਂ ਦਲਾਯਾਹ ਦੇ ਪੁੱਤਰ ਅਤੇ ਮਹੇਟਬੇਲ ਦੇ ਪੋਤੇ ਸ਼ਮਾਯਾਹ ਦੇ ਘਰ ਗਿਆ ਜਦੋਂ ਉਹ ਉੱਥੇ ਬੰਦ ਸੀ। ਉਸ ਨੇ ਕਿਹਾ: “ਆ, ਆਪਾਂ ਸੱਚੇ ਪਰਮੇਸ਼ੁਰ ਦੇ ਭਵਨ ਵਿਚ, ਹਾਂ, ਮੰਦਰ ਦੇ ਅੰਦਰ ਮਿਲਣ ਲਈ ਸਮਾਂ ਮਿਥੀਏ ਅਤੇ ਮੰਦਰ ਦੇ ਦਰਵਾਜ਼ੇ ਬੰਦ ਕਰ ਲਈਏ ਕਿਉਂਕਿ ਉਹ ਤੈਨੂੰ ਮਾਰਨ ਆ ਰਹੇ ਹਨ। ਉਹ ਤੈਨੂੰ ਰਾਤ ਨੂੰ ਕਤਲ ਕਰਨ ਲਈ ਆ ਰਹੇ ਹਨ।” 11 ਪਰ ਮੈਂ ਕਿਹਾ: “ਕੀ ਮੇਰੇ ਵਰਗੇ ਆਦਮੀ ਨੂੰ ਭੱਜਣਾ ਚਾਹੀਦਾ? ਕੀ ਮੇਰੇ ਵਰਗਾ ਆਦਮੀ ਮੰਦਰ ਵਿਚ ਜਾ ਕੇ ਜੀਉਂਦਾ ਰਹਿ ਸਕਦਾ?+ ਮੈਂ ਅੰਦਰ ਨਹੀਂ ਜਾਵਾਂਗਾ!” 12 ਫਿਰ ਮੈਨੂੰ ਅਹਿਸਾਸ ਹੋਇਆ ਕਿ ਪਰਮੇਸ਼ੁਰ ਨੇ ਉਸ ਨੂੰ ਨਹੀਂ ਭੇਜਿਆ ਸੀ, ਪਰ ਟੋਬੀਯਾਹ ਅਤੇ ਸਨਬੱਲਟ+ ਨੇ ਮੇਰੇ ਖ਼ਿਲਾਫ਼ ਇਹ ਭਵਿੱਖਬਾਣੀ ਕਰਨ ਲਈ ਉਸ ਨੂੰ ਭਾੜੇ ʼਤੇ ਰੱਖਿਆ ਸੀ। 13 ਮੈਨੂੰ ਡਰਾਉਣ ਲਈ ਅਤੇ ਮੇਰੇ ਤੋਂ ਪਾਪ ਕਰਾਉਣ ਲਈ ਉਸ ਨੂੰ ਭਾੜੇ ʼਤੇ ਰੱਖਿਆ ਗਿਆ ਤਾਂਕਿ ਉਨ੍ਹਾਂ ਨੂੰ ਮੇਰਾ ਨਾਂ ਬਦਨਾਮ ਕਰਨ ਅਤੇ ਮੇਰੇ ʼਤੇ ਦੋਸ਼ ਲਾਉਣ ਲਈ ਕੋਈ ਕਾਰਨ ਮਿਲ ਸਕੇ।
14 ਹੇ ਮੇਰੇ ਪਰਮੇਸ਼ੁਰ, ਤੂੰ ਟੋਬੀਯਾਹ,+ ਸਨਬੱਲਟ ਅਤੇ ਇਨ੍ਹਾਂ ਦੇ ਕੰਮਾਂ ਨੂੰ, ਨਾਲੇ ਨਬੀਆ ਨੋਆਦਯਾਹ ਅਤੇ ਬਾਕੀ ਨਬੀਆਂ ਨੂੰ ਯਾਦ ਰੱਖੀਂ ਜੋ ਮੈਨੂੰ ਡਰਾਉਣ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਸਨ।
15 ਐਲੂਲ* ਦੀ 25 ਤਾਰੀਖ਼ ਨੂੰ ਕੰਧ ਬਣਾਉਣ ਦਾ ਕੰਮ ਪੂਰਾ ਹੋ ਗਿਆ, ਕੁੱਲ 52 ਦਿਨਾਂ ਵਿਚ।
16 ਜਿਉਂ ਹੀ ਸਾਡੇ ਸਾਰੇ ਦੁਸ਼ਮਣਾਂ ਨੇ ਇਸ ਬਾਰੇ ਸੁਣਿਆ ਅਤੇ ਆਲੇ-ਦੁਆਲੇ ਦੀਆਂ ਸਾਰੀਆਂ ਕੌਮਾਂ ਨੇ ਇਹ ਦੇਖਿਆ, ਤਾਂ ਉਹ ਬਹੁਤ ਸ਼ਰਮਿੰਦਾ ਹੋਏ*+ ਅਤੇ ਉਨ੍ਹਾਂ ਨੂੰ ਪਤਾ ਲੱਗ ਗਿਆ ਕਿ ਸਾਡੇ ਪਰਮੇਸ਼ੁਰ ਦੀ ਮਦਦ ਨਾਲ ਹੀ ਇਹ ਕੰਮ ਪੂਰਾ ਹੋਇਆ ਸੀ। 17 ਉਨ੍ਹਾਂ ਦਿਨਾਂ ਵਿਚ ਟੋਬੀਯਾਹ ਨੂੰ ਯਹੂਦਾਹ ਦੇ ਪ੍ਰਧਾਨ+ ਬਹੁਤ ਸਾਰੀਆਂ ਚਿੱਠੀਆਂ ਭੇਜ ਰਹੇ ਸਨ ਅਤੇ ਟੋਬੀਯਾਹ ਉਨ੍ਹਾਂ ਨੂੰ ਜਵਾਬ ਦਿੰਦਾ ਸੀ। 18 ਯਹੂਦਾਹ ਵਿਚ ਕਈਆਂ ਨੇ ਉਸ ਦੇ ਵਫ਼ਾਦਾਰ ਰਹਿਣ ਦੀ ਸਹੁੰ ਖਾਧੀ ਸੀ ਕਿਉਂਕਿ ਉਹ ਆਰਹ ਦੇ ਪੁੱਤਰ+ ਸ਼ਕਨਯਾਹ ਦਾ ਜਵਾਈ ਸੀ ਅਤੇ ਉਸ ਦੇ ਪੁੱਤਰ ਯਹੋਹਾਨਾਨ ਨੇ ਬਰਕਯਾਹ ਦੇ ਪੁੱਤਰ ਮਸ਼ੂਲਾਮ+ ਦੀ ਧੀ ਨਾਲ ਵਿਆਹ ਕਰਾਇਆ ਸੀ। 19 ਨਾਲੇ ਉਹ ਮੈਨੂੰ ਹਮੇਸ਼ਾ ਉਸ ਬਾਰੇ ਚੰਗੀਆਂ ਗੱਲਾਂ ਦੱਸਦੇ ਰਹਿੰਦੇ ਸਨ ਅਤੇ ਫਿਰ ਮੇਰੀਆਂ ਕਹੀਆਂ ਗੱਲਾਂ ਉਸ ਨੂੰ ਦੱਸਦੇ ਸਨ। ਫਿਰ ਟੋਬੀਯਾਹ ਮੈਨੂੰ ਡਰਾਉਣ ਲਈ ਚਿੱਠੀਆਂ ਭੇਜਦਾ ਸੀ।+
7 ਜਿਉਂ ਹੀ ਕੰਧ ਦੁਬਾਰਾ ਬਣ ਕੇ ਤਿਆਰ ਹੋ ਗਈ,+ ਮੈਂ ਦਰਵਾਜ਼ੇ ਲਗਾਏ;+ ਫਿਰ ਦਰਬਾਨਾਂ,+ ਗਾਇਕਾਂ+ ਅਤੇ ਲੇਵੀਆਂ+ ਨੂੰ ਠਹਿਰਾਇਆ ਗਿਆ। 2 ਫਿਰ ਮੈਂ ਆਪਣੇ ਭਰਾ ਹਨਾਨੀ+ ਨਾਲ ਕਿਲੇ+ ਦੇ ਮੁਖੀ ਹਨਨਯਾਹ ਨੂੰ ਯਰੂਸ਼ਲਮ ਦਾ ਨਿਗਰਾਨ ਠਹਿਰਾਇਆ ਕਿਉਂਕਿ ਉਹ ਸਭ ਤੋਂ ਭਰੋਸੇਯੋਗ ਆਦਮੀ ਸੀ ਅਤੇ ਹੋਰ ਕਈਆਂ ਨਾਲੋਂ ਜ਼ਿਆਦਾ ਸੱਚੇ ਪਰਮੇਸ਼ੁਰ ਦਾ ਡਰ ਮੰਨਦਾ ਸੀ।+ 3 ਇਸ ਲਈ ਮੈਂ ਉਨ੍ਹਾਂ ਨੂੰ ਕਿਹਾ: “ਯਰੂਸ਼ਲਮ ਦੇ ਦਰਵਾਜ਼ੇ ਧੁੱਪ ਚੜ੍ਹਨ ਤੋਂ ਪਹਿਲਾਂ ਖੋਲ੍ਹੇ ਨਾ ਜਾਣ ਅਤੇ ਜਦੋਂ ਹਾਲੇ ਉਹ ਪਹਿਰਾ ਦਿੰਦੇ ਹੋਣ, ਤਾਂ ਉਹ ਦਰਵਾਜ਼ੇ ਬੰਦ ਕਰ ਕੇ ਕੁੰਡਾ ਲਗਾ ਦੇਣ। ਯਰੂਸ਼ਲਮ ਦੇ ਵਾਸੀਆਂ ਨੂੰ ਪਹਿਰੇਦਾਰ ਠਹਿਰਾਓ, ਹਰੇਕ ਨੂੰ ਉਸ ਲਈ ਠਹਿਰਾਈ ਪਹਿਰੇ ਦੀ ਚੌਂਕੀ ਉੱਤੇ ਅਤੇ ਹਰੇਕ ਨੂੰ ਉਸ ਦੇ ਘਰ ਦੇ ਸਾਮ੍ਹਣੇ।” 4 ਸ਼ਹਿਰ ਬਹੁਤ ਖੁੱਲ੍ਹਾ ਅਤੇ ਵੱਡਾ ਸੀ। ਇਸ ਵਿਚ ਥੋੜ੍ਹੇ ਹੀ ਲੋਕ ਸਨ+ ਅਤੇ ਘਰ ਦੁਬਾਰਾ ਨਹੀਂ ਬਣਾਏ ਗਏ ਸਨ।
5 ਪਰ ਮੇਰੇ ਪਰਮੇਸ਼ੁਰ ਨੇ ਮੇਰੇ ਮਨ ਵਿਚ ਇਹ ਗੱਲ ਪਾਈ ਕਿ ਮੈਂ ਪ੍ਰਧਾਨਾਂ, ਅਧਿਕਾਰੀਆਂ ਅਤੇ ਲੋਕਾਂ ਨੂੰ ਇਕੱਠਾ ਕਰ ਕੇ ਉਨ੍ਹਾਂ ਦੀ ਵੰਸ਼ਾਵਲੀ ਅਨੁਸਾਰ ਉਨ੍ਹਾਂ ਦੇ ਨਾਂ ਦਰਜ ਕਰਾਂ।+ ਫਿਰ ਮੈਨੂੰ ਉਹ ਕਿਤਾਬ ਲੱਭੀ ਜਿਸ ਵਿਚ ਉਨ੍ਹਾਂ ਲੋਕਾਂ ਦੀ ਵੰਸ਼ਾਵਲੀ ਦਰਜ ਸੀ ਜੋ ਪਹਿਲਾਂ ਆਏ ਸਨ। ਮੈਂ ਦੇਖਿਆ ਕਿ ਇਸ ਵਿਚ ਇਹ ਲਿਖਿਆ ਸੀ:
6 ਜ਼ਿਲ੍ਹੇ ਦੇ ਇਹ ਲੋਕ ਉਨ੍ਹਾਂ ਗ਼ੁਲਾਮਾਂ ਵਿੱਚੋਂ ਆਏ ਸਨ ਜਿਨ੍ਹਾਂ ਨੂੰ ਬਾਬਲ ਦਾ ਰਾਜਾ ਨਬੂਕਦਨੱਸਰ+ ਗ਼ੁਲਾਮ ਬਣਾ ਕੇ ਲੈ ਗਿਆ ਸੀ+ ਤੇ ਜੋ ਬਾਅਦ ਵਿਚ ਯਰੂਸ਼ਲਮ ਅਤੇ ਯਹੂਦਾਹ ਨੂੰ ਮੁੜ ਆਏ ਸਨ, ਹਾਂ, ਹਰ ਕੋਈ ਆਪੋ-ਆਪਣੇ ਸ਼ਹਿਰ ਨੂੰ ਮੁੜ ਆਇਆ ਸੀ।+ 7 ਉਹ ਜ਼ਰੁਬਾਬਲ,+ ਯੇਸ਼ੂਆ,+ ਨਹਮਯਾਹ, ਅਜ਼ਰਯਾਹ, ਰਾਮਯਾਹ, ਨਹਮਾਨੀ, ਮਾਰਦਕਈ, ਬਿਲਸ਼ਾਨ, ਮਿਸਪਾਰ, ਬਿਗਵਈ, ਨਹੂਮ ਅਤੇ ਬਆਨਾਹ ਨਾਲ ਆਏ ਸਨ।
ਇਹ ਇਜ਼ਰਾਈਲੀ ਆਦਮੀਆਂ ਦੀ ਗਿਣਤੀ ਸੀ:+ 8 ਪਰੋਸ਼ ਦੇ ਪੁੱਤਰ ਸਨ 2,172; 9 ਸ਼ਫਟਯਾਹ ਦੇ ਪੁੱਤਰ 372; 10 ਆਰਹ ਦੇ ਪੁੱਤਰ+ 652; 11 ਪਹਥ-ਮੋਆਬ ਦੇ ਪੁੱਤਰਾਂ+ ਵਿੱਚੋਂ ਯੇਸ਼ੂਆ ਤੇ ਯੋਆਬ ਦੇ ਪੁੱਤਰ+ 2,818; 12 ਏਲਾਮ ਦੇ ਪੁੱਤਰ+ 1,254; 13 ਜ਼ੱਤੂ ਦੇ ਪੁੱਤਰ 845; 14 ਜ਼ੱਕਈ ਦੇ ਪੁੱਤਰ 760; 15 ਬਿਨੂਈ ਦੇ ਪੁੱਤਰ 648; 16 ਬੇਬਈ ਦੇ ਪੁੱਤਰ 628; 17 ਅਜ਼ਗਾਦ ਦੇ ਪੁੱਤਰ 2,322; 18 ਅਦੋਨੀਕਾਮ ਦੇ ਪੁੱਤਰ 667; 19 ਬਿਗਵਈ ਦੇ ਪੁੱਤਰ 2,067; 20 ਆਦੀਨ ਦੇ ਪੁੱਤਰ 655; 21 ਹਿਜ਼ਕੀਯਾਹ ਦੇ ਘਰਾਣੇ ਵਿੱਚੋਂ ਆਟੇਰ ਦੇ ਪੁੱਤਰ 98; 22 ਹਾਸ਼ੁਮ ਦੇ ਪੁੱਤਰ 328; 23 ਬੇਸਾਈ ਦੇ ਪੁੱਤਰ 324; 24 ਹਾਰੀਫ ਦੇ ਪੁੱਤਰ 112; 25 ਗਿਬਓਨ ਦੇ ਪੁੱਤਰ+ 95; 26 ਬੈਤਲਹਮ ਅਤੇ ਨਟੋਫਾਹ ਦੇ ਆਦਮੀ 188; 27 ਅਨਾਥੋਥ+ ਦੇ ਆਦਮੀ 128; 28 ਬੈਤ-ਅਜ਼ਮਾਵਥ ਦੇ ਆਦਮੀ 42; 29 ਕਿਰਯਥ-ਯਾਰੀਮ,+ ਕਫੀਰਾਹ ਅਤੇ ਬਏਰੋਥ+ ਦੇ ਆਦਮੀ 743; 30 ਰਾਮਾਹ ਤੇ ਗਬਾ+ ਦੇ ਆਦਮੀ 621; 31 ਮਿਕਮਾਸ+ ਦੇ ਆਦਮੀ 122; 32 ਬੈਤੇਲ+ ਤੇ ਅਈ+ ਦੇ ਆਦਮੀ 123; 33 ਇਕ ਹੋਰ ਨਬੋ ਦੇ ਆਦਮੀ 52; 34 ਇਕ ਹੋਰ ਏਲਾਮ ਦੇ ਪੁੱਤਰ 1,254; 35 ਹਾਰੀਮ ਦੇ ਪੁੱਤਰ 320; 36 ਯਰੀਹੋ ਦੇ ਪੁੱਤਰ 345; 37 ਲੋਦ, ਹਦੀਦ ਤੇ ਓਨੋ+ ਦੇ ਪੁੱਤਰ 721; 38 ਸਨਾਹ ਦੇ ਪੁੱਤਰ 3,930.
39 ਪੁਜਾਰੀ:+ ਯੇਸ਼ੂਆ ਦੇ ਘਰਾਣੇ ਵਿੱਚੋਂ ਯਦਾਯਾਹ ਦੇ ਪੁੱਤਰ 973; 40 ਇੰਮੇਰ ਦੇ ਪੁੱਤਰ 1,052; 41 ਪਸ਼ਹੂਰ ਦੇ ਪੁੱਤਰ+ 1,247; 42 ਹਾਰੀਮ ਦੇ ਪੁੱਤਰ+ 1,017.
43 ਲੇਵੀ:+ ਹੋਦਵਾਹ ਦੇ ਪੁੱਤਰਾਂ ਵਿੱਚੋਂ ਕਦਮੀਏਲ ਦੇ ਘਰਾਣੇ+ ਵਿੱਚੋਂ ਯੇਸ਼ੂਆ ਦੇ ਪੁੱਤਰ 74; 44 ਗਾਇਕ:+ ਆਸਾਫ਼+ ਦੇ ਪੁੱਤਰ 148. 45 ਦਰਬਾਨ:+ ਸ਼ਲੂਮ ਦੇ ਪੁੱਤਰ, ਆਟੇਰ ਦੇ ਪੁੱਤਰ, ਟਲਮੋਨ ਦੇ ਪੁੱਤਰ, ਅੱਕੂਬ+ ਦੇ ਪੁੱਤਰ, ਹਟੀਟਾ ਦੇ ਪੁੱਤਰ, ਸ਼ੋਬਾਈ ਦੇ ਪੁੱਤਰ 138.
46 ਮੰਦਰ ਦੇ ਸੇਵਾਦਾਰ:*+ ਸੀਹਾ ਦੇ ਪੁੱਤਰ, ਹਸੂਫਾ ਦੇ ਪੁੱਤਰ, ਟਬਾਓਥ ਦੇ ਪੁੱਤਰ, 47 ਕੇਰੋਸ ਦੇ ਪੁੱਤਰ, ਸੀਆ ਦੇ ਪੁੱਤਰ, ਪਾਦੋਨ ਦੇ ਪੁੱਤਰ, 48 ਲਬਾਨਾਹ ਦੇ ਪੁੱਤਰ, ਹਗਾਬਾਹ ਦੇ ਪੁੱਤਰ, ਸਲਮਾਈ ਦੇ ਪੁੱਤਰ, 49 ਹਨਾਨ ਦੇ ਪੁੱਤਰ, ਗਿੱਦੇਲ ਦੇ ਪੁੱਤਰ, ਗਾਹਰ ਦੇ ਪੁੱਤਰ, 50 ਰਾਯਾਹ ਦੇ ਪੁੱਤਰ, ਰਸੀਨ ਦੇ ਪੁੱਤਰ, ਨਕੋਦਾ ਦੇ ਪੁੱਤਰ, 51 ਗਜ਼ਾਮ ਦੇ ਪੁੱਤਰ, ਉਜ਼ਾ ਦੇ ਪੁੱਤਰ, ਪਾਸੇਆਹ ਦੇ ਪੁੱਤਰ, 52 ਬੇਸਈ ਦੇ ਪੁੱਤਰ, ਮਊਨੀਮ ਦੇ ਪੁੱਤਰ, ਨਫੀਸ਼ਸੀਮ ਦੇ ਪੁੱਤਰ, 53 ਬਕਬੂਕ ਦੇ ਪੁੱਤਰ, ਹਕੂਫਾ ਦੇ ਪੁੱਤਰ, ਹਰਹੂਰ ਦੇ ਪੁੱਤਰ, 54 ਬਸਲੀਥ ਦੇ ਪੁੱਤਰ, ਮਹੀਦਾ ਦੇ ਪੁੱਤਰ, ਹਰਸ਼ਾ ਦੇ ਪੁੱਤਰ, 55 ਬਰਕੋਸ ਦੇ ਪੁੱਤਰ, ਸੀਸਰਾ ਦੇ ਪੁੱਤਰ, ਤਾਮਹ ਦੇ ਪੁੱਤਰ, 56 ਨਸੀਹ ਦੇ ਪੁੱਤਰ ਅਤੇ ਹਟੀਫਾ ਦੇ ਪੁੱਤਰ।
57 ਸੁਲੇਮਾਨ ਦੇ ਸੇਵਕਾਂ ਦੇ ਪੁੱਤਰ:+ ਸੋਟਈ ਦੇ ਪੁੱਤਰ, ਸੋਫਰਥ ਦੇ ਪੁੱਤਰ, ਪਰੀਦਾ ਦੇ ਪੁੱਤਰ, 58 ਯਾਲਾਹ ਦੇ ਪੁੱਤਰ, ਦਰਕੋਨ ਦੇ ਪੁੱਤਰ, ਗਿੱਦੇਲ ਦੇ ਪੁੱਤਰ, 59 ਸ਼ਫਟਯਾਹ ਦੇ ਪੁੱਤਰ, ਹਟੀਲ ਦੇ ਪੁੱਤਰ, ਪੋਕਰਥ-ਹੱਸਬਾਇਮ ਦੇ ਪੁੱਤਰ ਅਤੇ ਆਮੋਨ ਦੇ ਪੁੱਤਰ। 60 ਮੰਦਰ ਦੇ ਸੇਵਾਦਾਰਾਂ*+ ਤੇ ਸੁਲੇਮਾਨ ਦੇ ਸੇਵਕਾਂ ਦੇ ਪੁੱਤਰਾਂ ਦੀ ਕੁੱਲ ਗਿਣਤੀ 392 ਸੀ।
61 ਜਿਹੜੇ ਤੇਲ-ਮੇਲਹ, ਤੇਲ-ਹਰਸ਼ਾ, ਕਰੂਬ, ਅਦੋਨ ਤੇ ਇੰਮੇਰ ਤੋਂ ਉਤਾਂਹ ਗਏ ਸਨ, ਪਰ ਸਬੂਤ ਨਹੀਂ ਦੇ ਸਕੇ ਕਿ ਉਨ੍ਹਾਂ ਦੇ ਪਿਤਾ ਦਾ ਘਰਾਣਾ ਅਤੇ ਵੰਸ਼ ਇਜ਼ਰਾਈਲੀਆਂ ਵਿੱਚੋਂ ਸੀ ਜਾਂ ਨਹੀਂ, ਉਹ ਇਹ ਸਨ:+ 62 ਦਲਾਯਾਹ ਦੇ ਪੁੱਤਰ, ਟੋਬੀਯਾਹ ਦੇ ਪੁੱਤਰ, ਨਕੋਦਾ ਦੇ ਪੁੱਤਰ 642. 63 ਪੁਜਾਰੀਆਂ ਵਿੱਚੋਂ ਸਨ: ਹੱਬਯਾਹ ਦੇ ਪੁੱਤਰ, ਹਕੋਸ ਦੇ ਪੁੱਤਰ,+ ਉਸ ਬਰਜ਼ਿੱਲਈ+ ਦੇ ਪੁੱਤਰ ਜਿਸ ਨੇ ਗਿਲਆਦ ਦੇ ਬਰਜ਼ਿੱਲਈ ਦੀਆਂ ਧੀਆਂ ਵਿੱਚੋਂ ਇਕ ਨਾਲ ਵਿਆਹ ਕਰਾਇਆ ਸੀ ਤੇ ਉਨ੍ਹਾਂ ਦੇ ਨਾਂ ਤੋਂ ਜਾਣਿਆ ਜਾਂਦਾ ਸੀ। 64 ਇਨ੍ਹਾਂ ਲੋਕਾਂ ਨੇ ਆਪਣੀ ਵੰਸ਼ਾਵਲੀ ਸਾਬਤ ਕਰਨ ਲਈ ਆਪਣੇ ਦਸਤਾਵੇਜ਼ਾਂ ਨੂੰ ਭਾਲਿਆ, ਪਰ ਉਹ ਉਨ੍ਹਾਂ ਨੂੰ ਲੱਭੇ ਨਹੀਂ, ਇਸ ਲਈ ਉਨ੍ਹਾਂ ਨੂੰ ਪੁਜਾਰੀਆਂ ਵਜੋਂ ਸੇਵਾ ਕਰਨ ਦੇ ਅਯੋਗ ਠਹਿਰਾਇਆ ਗਿਆ।*+ 65 ਰਾਜਪਾਲ*+ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਤਦ ਤਕ ਅੱਤ ਪਵਿੱਤਰ ਚੀਜ਼ਾਂ ਵਿੱਚੋਂ ਨਾ ਖਾਣ+ ਜਦ ਤਕ ਕੋਈ ਅਜਿਹਾ ਪੁਜਾਰੀ ਨਹੀਂ ਆਉਂਦਾ ਜੋ ਊਰੀਮ ਤੇ ਤੁੰਮੀਮ ਦੀ ਸਲਾਹ ਲੈ ਸਕੇ।+
66 ਸਾਰੀ ਮੰਡਲੀ ਦੀ ਕੁੱਲ ਗਿਣਤੀ 42,360 ਸੀ।+ 67 ਇਸ ਤੋਂ ਇਲਾਵਾ, ਉਨ੍ਹਾਂ ਦੇ 7,337 ਨੌਕਰ-ਨੌਕਰਾਣੀਆਂ ਸਨ;+ ਉਨ੍ਹਾਂ ਕੋਲ 245 ਗਾਇਕ-ਗਾਇਕਾਵਾਂ ਵੀ ਸਨ।+ 68 ਉਨ੍ਹਾਂ ਕੋਲ 736 ਘੋੜੇ, 245 ਖੱਚਰ, 69 435 ਊਠ ਤੇ 6,720 ਗਧੇ ਸਨ।
70 ਪਿਤਾਵਾਂ ਦੇ ਘਰਾਣਿਆਂ ਦੇ ਕੁਝ ਮੁਖੀਆਂ ਨੇ ਕੰਮ ਲਈ ਦਾਨ ਦਿੱਤਾ।+ ਰਾਜਪਾਲ* ਨੇ ਖ਼ਜ਼ਾਨੇ ਲਈ 1,000 ਦਰਾਖਮਾ* ਸੋਨਾ, 50 ਕਟੋਰੇ ਅਤੇ ਪੁਜਾਰੀਆਂ ਦੇ 530 ਚੋਗੇ ਦਿੱਤੇ।+ 71 ਪਿਤਾਵਾਂ ਦੇ ਘਰਾਣਿਆਂ ਦੇ ਕੁਝ ਮੁਖੀਆਂ ਨੇ ਕੰਮ ਵਾਲੇ ਖ਼ਜ਼ਾਨੇ ਲਈ 20,000 ਦਰਾਖਮਾ ਸੋਨਾ ਅਤੇ 2,200 ਮਾਈਨਾ* ਚਾਂਦੀ ਦਿੱਤੀ। 72 ਬਾਕੀ ਲੋਕਾਂ ਨੇ 20,000 ਦਰਾਖਮਾ ਸੋਨਾ, 2,000 ਮਾਈਨਾ ਚਾਂਦੀ ਅਤੇ ਪੁਜਾਰੀਆਂ ਦੇ 67 ਚੋਗੇ ਦਿੱਤੇ।
73 ਅਤੇ ਪੁਜਾਰੀ, ਲੇਵੀ, ਦਰਬਾਨ, ਗਾਇਕ,+ ਕੁਝ ਲੋਕ, ਮੰਦਰ ਦੇ ਸੇਵਾਦਾਰ* ਅਤੇ ਬਾਕੀ ਦਾ ਸਾਰਾ ਇਜ਼ਰਾਈਲ ਆਪਣੇ ਸ਼ਹਿਰਾਂ ਵਿਚ ਵੱਸ ਗਿਆ।+ ਜਦੋਂ ਸੱਤਵਾਂ ਮਹੀਨਾ ਆਇਆ,+ ਤਾਂ ਇਜ਼ਰਾਈਲੀ ਆਪਣੇ ਸ਼ਹਿਰਾਂ ਵਿਚ ਵੱਸ ਚੁੱਕੇ ਸਨ।+
8 ਫਿਰ ਸਾਰੇ ਲੋਕ ਇਕ ਮਨ ਹੋ ਕੇ ਜਲ ਫਾਟਕ+ ਦੇ ਸਾਮ੍ਹਣੇ ਚੌਂਕ ਵਿਚ ਇਕੱਠੇ ਹੋਏ ਅਤੇ ਉਨ੍ਹਾਂ ਨੇ ਨਕਲਨਵੀਸ* ਅਜ਼ਰਾ+ ਨੂੰ ਮੂਸਾ ਦੇ ਕਾਨੂੰਨ+ ਦੀ ਉਹ ਕਿਤਾਬ ਲਿਆਉਣ ਲਈ ਕਿਹਾ ਜਿਸ ਨੂੰ ਮੰਨਣ ਦਾ ਹੁਕਮ ਯਹੋਵਾਹ ਨੇ ਇਜ਼ਰਾਈਲ ਨੂੰ ਦਿੱਤਾ ਸੀ।+ 2 ਇਸ ਲਈ ਅਜ਼ਰਾ ਪੁਜਾਰੀ ਸੱਤਵੇਂ ਮਹੀਨੇ ਦੀ ਪਹਿਲੀ ਤਾਰੀਖ਼+ ਨੂੰ ਕਾਨੂੰਨ ਦੀ ਕਿਤਾਬ ਮੰਡਲੀ ਦੇ ਅੱਗੇ, ਹਾਂ, ਆਦਮੀਆਂ, ਔਰਤਾਂ ਅਤੇ ਉਨ੍ਹਾਂ ਸਾਰਿਆਂ ਅੱਗੇ ਲੈ ਆਇਆ+ ਜੋ ਗੱਲਾਂ ਨੂੰ ਸੁਣ ਕੇ ਸਮਝ ਸਕਦੇ ਸਨ। 3 ਉਸ ਨੇ ਜਲ ਫਾਟਕ ਦੇ ਸਾਮ੍ਹਣੇ ਚੌਂਕ ਵਿਚ ਪਹੁ ਫੁੱਟਣ ਤੋਂ ਲੈ ਕੇ ਦੁਪਹਿਰ ਤਕ ਇਸ ਕਾਨੂੰਨ ਵਿੱਚੋਂ ਆਦਮੀਆਂ, ਔਰਤਾਂ ਅਤੇ ਉਨ੍ਹਾਂ ਸਾਰਿਆਂ ਅੱਗੇ ਉੱਚੀ ਆਵਾਜ਼ ਵਿਚ ਪੜ੍ਹਿਆ+ ਜੋ ਸਮਝ ਸਕਦੇ ਸਨ; ਲੋਕਾਂ ਨੇ ਧਿਆਨ ਨਾਲ ਕਾਨੂੰਨ ਦੀ ਕਿਤਾਬ ਦੀਆਂ ਗੱਲਾਂ ਸੁਣੀਆਂ।+ 4 ਨਕਲਨਵੀਸ* ਅਜ਼ਰਾ ਲੱਕੜ ਦੇ ਉਸ ਮੰਚ ʼਤੇ ਖੜ੍ਹਾ ਸੀ ਜੋ ਇਸ ਮੌਕੇ ਲਈ ਤਿਆਰ ਕੀਤਾ ਗਿਆ ਸੀ; ਉਸ ਨਾਲ ਉਸ ਦੇ ਸੱਜੇ ਪਾਸੇ ਮਤਿਥਯਾਹ, ਸ਼ਮਾ, ਅਨਾਯਾਹ, ਊਰੀਯਾਹ, ਹਿਲਕੀਯਾਹ ਅਤੇ ਮਾਸੇਯਾਹ ਖੜ੍ਹੇ ਸਨ; ਉਸ ਦੇ ਖੱਬੇ ਪਾਸੇ ਪਦਾਯਾਹ, ਮੀਸ਼ਾਏਲ, ਮਲਕੀਯਾਹ,+ ਹਾਸ਼ੁਮ, ਹਸ਼-ਬਦਾਨਾਹ, ਜ਼ਕਰਯਾਹ ਅਤੇ ਮਸ਼ੂਲਾਮ ਸਨ।
5 ਅਜ਼ਰਾ ਸਾਰੇ ਲੋਕਾਂ ਤੋਂ ਉੱਚੀ ਜਗ੍ਹਾ ʼਤੇ ਖੜ੍ਹਾ ਸੀ ਤੇ ਉਸ ਨੇ ਸਾਰੇ ਲੋਕਾਂ ਦੇ ਦੇਖਦਿਆਂ ਕਿਤਾਬ ਖੋਲ੍ਹੀ। ਜਦੋਂ ਉਸ ਨੇ ਇਸ ਨੂੰ ਖੋਲ੍ਹਿਆ, ਤਾਂ ਸਾਰੇ ਲੋਕ ਖੜ੍ਹੇ ਹੋ ਗਏ। 6 ਫਿਰ ਅਜ਼ਰਾ ਨੇ ਸੱਚੇ ਤੇ ਮਹਾਨ ਪਰਮੇਸ਼ੁਰ ਯਹੋਵਾਹ ਦੀ ਵਡਿਆਈ ਕੀਤੀ ਅਤੇ ਸਾਰੇ ਲੋਕਾਂ ਨੇ ਹੱਥ ਉੱਪਰ ਚੁੱਕ ਕੇ ਕਿਹਾ, “ਆਮੀਨ!* ਆਮੀਨ!”+ ਫਿਰ ਉਨ੍ਹਾਂ ਨੇ ਜ਼ਮੀਨ ʼਤੇ ਮੂੰਹ ਭਾਰ ਲੰਮੇ ਪੈ ਕੇ ਯਹੋਵਾਹ ਅੱਗੇ ਮੱਥਾ ਟੇਕਿਆ। 7 ਯੇਸ਼ੂਆ, ਬਾਨੀ, ਸ਼ੇਰੇਬਯਾਹ,+ ਯਾਮੀਨ, ਅੱਕੂਬ, ਸ਼ਬਥਈ, ਹੋਦੀਯਾਹ, ਮਾਸੇਯਾਹ, ਕਲੀਟਾ, ਅਜ਼ਰਯਾਹ, ਯੋਜ਼ਾਬਾਦ,+ ਹਨਾਨ ਤੇ ਪਲਾਯਾਹ, ਜੋ ਲੇਵੀ ਸਨ, ਲੋਕਾਂ ਨੂੰ ਕਾਨੂੰਨ ਸਮਝਾ ਰਹੇ ਸਨ+ ਤੇ ਲੋਕ ਖੜ੍ਹੇ ਰਹੇ। 8 ਉਹ ਇਸ ਕਿਤਾਬ ਵਿੱਚੋਂ, ਹਾਂ, ਸੱਚੇ ਪਰਮੇਸ਼ੁਰ ਦੇ ਕਾਨੂੰਨ ਵਿੱਚੋਂ ਉੱਚੀ ਆਵਾਜ਼ ਵਿਚ ਪੜ੍ਹ ਕੇ ਸੁਣਾਉਂਦੇ ਰਹੇ ਤੇ ਇਸ ਨੂੰ ਸਾਫ਼-ਸਾਫ਼ ਸਮਝਾਉਂਦੇ ਰਹੇ ਅਤੇ ਇਸ ਦਾ ਅਰਥ ਦੱਸਦੇ ਰਹੇ; ਇਸ ਤਰ੍ਹਾਂ ਉਨ੍ਹਾਂ ਨੇ ਪੜ੍ਹੀਆਂ ਜਾ ਰਹੀਆਂ ਗੱਲਾਂ ਸਮਝਣ ਵਿਚ ਲੋਕਾਂ ਦੀ ਮਦਦ ਕੀਤੀ।*+
9 ਉਸ ਵੇਲੇ ਦੇ ਰਾਜਪਾਲ* ਨਹਮਯਾਹ, ਪੁਜਾਰੀ ਤੇ ਨਕਲਨਵੀਸ* ਅਜ਼ਰਾ+ ਅਤੇ ਲੋਕਾਂ ਨੂੰ ਸਿਖਾਉਣ ਵਾਲੇ ਲੇਵੀਆਂ ਨੇ ਸਾਰੇ ਲੋਕਾਂ ਨੂੰ ਕਿਹਾ: “ਇਹ ਦਿਨ ਤੁਹਾਡੇ ਪਰਮੇਸ਼ੁਰ ਯਹੋਵਾਹ ਲਈ ਪਵਿੱਤਰ ਹੈ।+ ਸੋਗ ਨਾ ਮਨਾਓ ਤੇ ਨਾ ਹੀ ਰੋਵੋ।” ਕਿਉਂਕਿ ਸਾਰੇ ਲੋਕ ਕਾਨੂੰਨ ਦੀਆਂ ਗੱਲਾਂ ਸੁਣ ਕੇ ਰੋ ਰਹੇ ਸਨ। 10 ਉਸ ਨੇ ਉਨ੍ਹਾਂ ਨੂੰ ਕਿਹਾ: “ਜਾਓ, ਵਧੀਆ ਤੋਂ ਵਧੀਆ ਚੀਜ਼ਾਂ* ਖਾਓ ਅਤੇ ਮਿੱਠਾ ਪੀਓ ਅਤੇ ਉਨ੍ਹਾਂ ਲਈ ਵੀ ਖਾਣ-ਪੀਣ ਦੀਆਂ ਚੀਜ਼ਾਂ ਵਿੱਚੋਂ ਹਿੱਸਾ ਘੱਲੋ+ ਜਿਨ੍ਹਾਂ ਕੋਲ ਤਿਆਰ ਕਰਨ ਲਈ ਕੁਝ ਨਹੀਂ ਹੈ; ਕਿਉਂਕਿ ਇਹ ਦਿਨ ਸਾਡੇ ਪ੍ਰਭੂ ਲਈ ਪਵਿੱਤਰ ਹੈ, ਤੁਸੀਂ ਉਦਾਸ ਨਾ ਹੋਵੋ ਕਿਉਂਕਿ ਯਹੋਵਾਹ ਦਾ ਆਨੰਦ ਤੁਹਾਡਾ ਮਜ਼ਬੂਤ ਗੜ੍ਹ* ਹੈ।” 11 ਲੇਵੀ ਸਾਰੇ ਲੋਕਾਂ ਨੂੰ ਇਹ ਕਹਿ ਕੇ ਸ਼ਾਂਤ ਕਰ ਰਹੇ ਸਨ: “ਚੁੱਪ ਹੋ ਜਾਓ! ਕਿਉਂਕਿ ਇਹ ਦਿਨ ਪਵਿੱਤਰ ਹੈ, ਤੁਸੀਂ ਉਦਾਸ ਨਾ ਹੋਵੋ।” 12 ਇਸ ਲਈ ਸਾਰੇ ਲੋਕ ਚਲੇ ਗਏ ਤਾਂਕਿ ਉਹ ਖਾਣ-ਪੀਣ ਅਤੇ ਖਾਣ-ਪੀਣ ਦੀਆਂ ਚੀਜ਼ਾਂ ਵਿੱਚੋਂ ਹਿੱਸੇ ਭੇਜਣ ਤੇ ਖ਼ੁਸ਼ੀਆਂ ਮਨਾਉਣ+ ਕਿਉਂਕਿ ਉਹ ਉਨ੍ਹਾਂ ਗੱਲਾਂ ਨੂੰ ਸਮਝ ਗਏ ਸਨ ਜੋ ਉਨ੍ਹਾਂ ਨੂੰ ਦੱਸੀਆਂ ਗਈਆਂ ਸਨ।+
13 ਦੂਜੇ ਦਿਨ ਸਾਰੇ ਲੋਕਾਂ ਦੇ ਪਿਤਾਵਾਂ ਦੇ ਘਰਾਣਿਆਂ ਦੇ ਮੁਖੀ, ਪੁਜਾਰੀ ਅਤੇ ਲੇਵੀ ਨਕਲਨਵੀਸ* ਅਜ਼ਰਾ ਕੋਲ ਇਕੱਠੇ ਹੋਏ ਤਾਂਕਿ ਕਾਨੂੰਨ ਦੀਆਂ ਗੱਲਾਂ ਦੀ ਹੋਰ ਸਮਝ ਹਾਸਲ ਕਰਨ। 14 ਫਿਰ ਉਨ੍ਹਾਂ ਨੇ ਮੂਸਾ ਰਾਹੀਂ ਦਿੱਤੇ ਯਹੋਵਾਹ ਦੇ ਕਾਨੂੰਨ ਵਿਚ ਇਹ ਲਿਖਿਆ ਦੇਖਿਆ ਕਿ ਇਜ਼ਰਾਈਲੀ ਸੱਤਵੇਂ ਮਹੀਨੇ ਵਿਚ ਤਿਉਹਾਰ ਦੌਰਾਨ ਛੱਪਰਾਂ ਵਿਚ ਵੱਸਣ+ 15 ਅਤੇ ਉਹ ਆਪਣੇ ਸਾਰੇ ਸ਼ਹਿਰਾਂ ਅਤੇ ਸਾਰੇ ਯਰੂਸ਼ਲਮ ਵਿਚ ਇਹ ਐਲਾਨ+ ਅਤੇ ਘੋਸ਼ਣਾ ਕਰਨ: “ਪਹਾੜੀ ਇਲਾਕੇ ਵਿਚ ਜਾਓ ਅਤੇ ਛੱਪਰ ਬਣਾਉਣ ਲਈ ਜ਼ੈਤੂਨ ਦੇ ਦਰਖ਼ਤਾਂ, ਚੀਲ੍ਹ ਦੇ ਦਰਖ਼ਤਾਂ, ਮਹਿੰਦੀ ਦੇ ਦਰਖ਼ਤਾਂ ਤੇ ਖਜੂਰ ਦੇ ਦਰਖ਼ਤਾਂ ਦੀਆਂ ਪੱਤਿਆਂ ਵਾਲੀਆਂ ਟਾਹਣੀਆਂ ਅਤੇ ਹੋਰਨਾਂ ਦਰਖ਼ਤਾਂ ਦੀਆਂ ਪੱਤਿਆਂ ਵਾਲੀਆਂ ਟਾਹਣੀਆਂ ਲਿਆਓ, ਠੀਕ ਜਿਵੇਂ ਲਿਖਿਆ ਹੈ।”
16 ਲੋਕ ਗਏ ਅਤੇ ਆਪਣੇ ਲਈ ਛੱਪਰ ਬਣਾਉਣ ਵਾਸਤੇ ਟਾਹਣੀਆਂ ਲਿਆਏ। ਹਰ ਕੋਈ ਆਪਣੀ ਛੱਤ ਉੱਤੇ, ਆਪਣੇ ਵਿਹੜਿਆਂ ਵਿਚ, ਸੱਚੇ ਪਰਮੇਸ਼ੁਰ ਦੇ ਭਵਨ ਦੇ ਵਿਹੜਿਆਂ ਵਿਚ,+ ਜਲ ਫਾਟਕ ਦੇ ਚੌਂਕ ਵਿਚ+ ਅਤੇ ਇਫ਼ਰਾਈਮ ਦੇ ਫਾਟਕ ਦੇ ਚੌਂਕ+ ਵਿਚ ਛੱਪਰ ਬਣਾਉਣ ਵਾਸਤੇ ਟਾਹਣੀਆਂ ਲੈ ਕੇ ਆਇਆ। 17 ਇਸ ਤਰ੍ਹਾਂ ਗ਼ੁਲਾਮੀ ਵਿੱਚੋਂ ਵਾਪਸ ਆਏ ਮੰਡਲੀ ਦੇ ਸਾਰੇ ਲੋਕਾਂ ਨੇ ਛੱਪਰ ਬਣਾਏ ਅਤੇ ਉਨ੍ਹਾਂ ਛੱਪਰਾਂ ਵਿਚ ਰਹਿਣ ਲੱਗੇ। ਇਜ਼ਰਾਈਲੀਆਂ ਨੇ ਨੂਨ ਦੇ ਪੁੱਤਰ ਯਹੋਸ਼ੁਆ+ ਦੇ ਦਿਨਾਂ ਤੋਂ ਲੈ ਕੇ ਉਸ ਦਿਨ ਤਕ ਇਸ ਤਰ੍ਹਾਂ ਨਹੀਂ ਕੀਤਾ ਸੀ ਜਿਸ ਕਰਕੇ ਬਹੁਤ ਖ਼ੁਸ਼ੀਆਂ ਮਨਾਈਆਂ ਗਈਆਂ।+ 18 ਪਹਿਲੇ ਦਿਨ ਤੋਂ ਲੈ ਕੇ ਆਖ਼ਰੀ ਦਿਨ ਤਕ ਹਰ ਰੋਜ਼ ਸੱਚੇ ਪਰਮੇਸ਼ੁਰ ਦੇ ਕਾਨੂੰਨ ਦੀ ਕਿਤਾਬ ਵਿੱਚੋਂ ਪੜ੍ਹਿਆ ਜਾਂਦਾ ਸੀ।+ ਉਨ੍ਹਾਂ ਨੇ ਸੱਤ ਦਿਨ ਤਿਉਹਾਰ ਮਨਾਇਆ ਅਤੇ ਅੱਠਵੇਂ ਦਿਨ ਖ਼ਾਸ ਸਭਾ ਰੱਖੀ ਗਈ, ਠੀਕ ਜਿਵੇਂ ਮੰਗ ਕੀਤੀ ਗਈ ਸੀ।+
9 ਇਸ ਮਹੀਨੇ ਦੀ 24 ਤਾਰੀਖ਼ ਨੂੰ ਇਜ਼ਰਾਈਲੀ ਇਕੱਠੇ ਹੋਏ; ਤੱਪੜ ਪਹਿਨੀ ਅਤੇ ਆਪਣੇ ʼਤੇ ਧੂੜ ਪਾਈ ਉਨ੍ਹਾਂ ਨੇ ਵਰਤ ਰੱਖਿਆ।+ 2 ਫਿਰ ਇਜ਼ਰਾਈਲ ਦੀ ਪੀੜ੍ਹੀ ਦੇ ਲੋਕਾਂ ਨੇ ਆਪਣੇ ਆਪ ਨੂੰ ਪਰਦੇਸੀਆਂ ਤੋਂ ਵੱਖ ਕੀਤਾ+ ਤੇ ਉਨ੍ਹਾਂ ਨੇ ਖੜ੍ਹੇ ਹੋ ਕੇ ਆਪਣੇ ਪਾਪਾਂ ਅਤੇ ਆਪਣੇ ਪੂਰਵਜਾਂ ਦੀਆਂ ਗ਼ਲਤੀਆਂ ਨੂੰ ਕਬੂਲ ਕੀਤਾ।+ 3 ਫਿਰ ਉਹ ਆਪੋ-ਆਪਣੀ ਜਗ੍ਹਾ ਖੜ੍ਹੇ ਹੋਏ ਅਤੇ ਉਨ੍ਹਾਂ ਨੇ ਸਵੇਰੇ ਤਿੰਨ ਘੰਟੇ* ਆਪਣੇ ਪਰਮੇਸ਼ੁਰ ਯਹੋਵਾਹ ਦੇ ਕਾਨੂੰਨ ਦੀ ਕਿਤਾਬ ਵਿੱਚੋਂ ਉੱਚੀ ਆਵਾਜ਼ ਵਿਚ ਪੜ੍ਹਿਆ;+ ਅਗਲੇ ਤਿੰਨ ਘੰਟੇ ਉਹ ਆਪਣੇ ਪਰਮੇਸ਼ੁਰ ਯਹੋਵਾਹ ਅੱਗੇ ਆਪਣੇ ਪਾਪਾਂ ਨੂੰ ਕਬੂਲ ਕਰਦੇ ਰਹੇ ਅਤੇ ਉਸ ਅੱਗੇ ਮੱਥਾ ਟੇਕਿਆ।
4 ਯੇਸ਼ੂਆ, ਬਾਨੀ, ਕਦਮੀਏਲ, ਸ਼ਬਨਯਾਹ, ਬੁੰਨੀ, ਸ਼ੇਰੇਬਯਾਹ,+ ਬਾਨੀ ਅਤੇ ਕੇਨਾਨੀ ਲੇਵੀਆਂ ਦੇ ਮੰਚ ʼਤੇ ਖੜ੍ਹੇ ਹੋਏ+ ਅਤੇ ਉਹ ਆਪਣੇ ਪਰਮੇਸ਼ੁਰ ਯਹੋਵਾਹ ਅੱਗੇ ਉੱਚੀ-ਉੱਚੀ ਦੁਹਾਈ ਦੇਣ ਲੱਗੇ। 5 ਲੇਵੀ ਯੇਸ਼ੂਆ, ਕਦਮੀਏਲ, ਬਾਨੀ, ਹਸ਼ਬਨਯਾਹ, ਸ਼ੇਰੇਬਯਾਹ, ਹੋਦੀਯਾਹ, ਸ਼ਬਨਯਾਹ ਅਤੇ ਪਥਹਯਾਹ ਨੇ ਕਿਹਾ: “ਉੱਠੋ ਅਤੇ ਆਪਣੇ ਪਰਮੇਸ਼ੁਰ ਯਹੋਵਾਹ ਦੀ ਯੁਗਾਂ-ਯੁਗਾਂ ਤਕ* ਮਹਿਮਾ ਕਰੋ।+ ਹੇ ਪਰਮੇਸ਼ੁਰ, ਉਨ੍ਹਾਂ ਨੂੰ ਆਪਣੇ ਸ਼ਾਨਦਾਰ ਨਾਂ ਦਾ ਗੁਣਗਾਨ ਕਰਨ ਦੇ ਜੋ ਕਿਸੇ ਵੀ ਬਰਕਤ ਤੇ ਵਡਿਆਈ ਨਾਲੋਂ ਕਿਤੇ ਉੱਚਾ ਹੈ।
6 “ਤੂੰ ਇਕੱਲਾ ਹੀ ਯਹੋਵਾਹ ਹੈਂ;+ ਤੂੰ ਆਕਾਸ਼ਾਂ ਨੂੰ ਬਣਾਇਆ, ਹਾਂ, ਆਕਾਸ਼ਾਂ ਦੇ ਆਕਾਸ਼ ਤੇ ਉਨ੍ਹਾਂ ਦੀ ਸਾਰੀ ਫ਼ੌਜ ਨੂੰ, ਧਰਤੀ ਅਤੇ ਇਸ ਉੱਤੇ ਜੋ ਕੁਝ ਹੈ, ਸਮੁੰਦਰ ਅਤੇ ਉਨ੍ਹਾਂ ਵਿਚ ਜੋ ਕੁਝ ਹੈ, ਸਭ ਕੁਝ ਤੂੰ ਹੀ ਰਚਿਆ ਹੈ। ਤੂੰ ਇਨ੍ਹਾਂ ਦਾ ਜੀਵਨ ਕਾਇਮ ਰੱਖਦਾ ਹੈਂ ਤੇ ਆਕਾਸ਼ਾਂ ਦੀ ਫ਼ੌਜ ਤੇਰੇ ਅੱਗੇ ਝੁਕਦੀ ਹੈ। 7 ਤੂੰ ਹੀ ਸੱਚਾ ਪਰਮੇਸ਼ੁਰ ਯਹੋਵਾਹ ਹੈਂ ਜਿਸ ਨੇ ਅਬਰਾਮ ਨੂੰ ਚੁਣਿਆ+ ਤੇ ਉਸ ਨੂੰ ਕਸਦੀਆਂ ਦੇ ਊਰ ਵਿੱਚੋਂ ਬਾਹਰ ਲੈ ਆਇਆ+ ਤੇ ਉਸ ਦਾ ਨਾਂ ਅਬਰਾਹਾਮ ਰੱਖਿਆ।+ 8 ਤੂੰ ਦੇਖਿਆ ਕਿ ਉਸ ਦਾ ਦਿਲ ਤੇਰੇ ਪ੍ਰਤੀ ਵਫ਼ਾਦਾਰ ਸੀ,+ ਇਸ ਲਈ ਤੂੰ ਉਸ ਨਾਲ ਇਕਰਾਰ ਕੀਤਾ ਕਿ ਤੂੰ ਉਸ ਨੂੰ ਤੇ ਉਸ ਦੀ ਸੰਤਾਨ* ਨੂੰ ਕਨਾਨੀਆਂ, ਹਿੱਤੀਆਂ, ਅਮੋਰੀਆਂ, ਪਰਿੱਜੀਆਂ, ਯਬੂਸੀਆਂ ਅਤੇ ਗਿਰਗਾਸ਼ੀਆਂ ਦਾ ਦੇਸ਼ ਦੇਵੇਂਗਾ;+ ਤੂੰ ਆਪਣੇ ਵਾਅਦੇ ਨਿਭਾਏ ਕਿਉਂਕਿ ਤੂੰ ਹਮੇਸ਼ਾ ਉਹੀ ਕਰਦਾ ਹੈਂ ਜੋ ਸਹੀ ਹੈ।
9 “ਤੂੰ ਮਿਸਰ ਵਿਚ ਸਾਡੇ ਪਿਉ-ਦਾਦਿਆਂ ਦਾ ਦੁੱਖ ਦੇਖਿਆ+ ਅਤੇ ਲਾਲ ਸਮੁੰਦਰ ʼਤੇ ਉਨ੍ਹਾਂ ਦੀ ਦੁਹਾਈ ਸੁਣੀ। 10 ਫਿਰ ਤੂੰ ਫ਼ਿਰਊਨ, ਉਸ ਦੇ ਸਾਰੇ ਸੇਵਕਾਂ ਅਤੇ ਉਸ ਦੇ ਦੇਸ਼ ਦੇ ਸਾਰੇ ਲੋਕਾਂ ਸਾਮ੍ਹਣੇ ਕਰਾਮਾਤਾਂ ਤੇ ਚਮਤਕਾਰ ਕੀਤੇ+ ਕਿਉਂਕਿ ਤੂੰ ਜਾਣਦਾ ਸੀ ਕਿ ਉਹ ਹੰਕਾਰ ਵਿਚ ਆ ਕੇ ਉਨ੍ਹਾਂ ਨਾਲ ਪੇਸ਼ ਆਏ।+ ਤੂੰ ਆਪਣਾ ਨਾਂ ਉੱਚਾ ਕੀਤਾ ਜੋ ਅੱਜ ਤਕ ਹੈ।+ 11 ਤੂੰ ਉਨ੍ਹਾਂ ਅੱਗੇ ਸਮੁੰਦਰ ਨੂੰ ਪਾੜ ਸੁੱਟਿਆ ਜਿਸ ਕਰਕੇ ਉਹ ਸਮੁੰਦਰ ਵਿਚ ਸੁੱਕੀ ਜ਼ਮੀਨ ਤੋਂ ਦੀ ਲੰਘ ਗਏ।+ ਤੂੰ ਉਨ੍ਹਾਂ ਦਾ ਪਿੱਛਾ ਕਰਨ ਵਾਲਿਆਂ ਨੂੰ ਡੂੰਘਾਈਆਂ ਵਿਚ ਇਵੇਂ ਸੁੱਟਿਆ ਜਿਵੇਂ ਤੂਫ਼ਾਨੀ ਪਾਣੀਆਂ ਵਿਚ ਇਕ ਪੱਥਰ ਸੁੱਟਿਆ ਗਿਆ ਹੋਵੇ।+ 12 ਤੂੰ ਦਿਨੇ ਬੱਦਲ ਦੇ ਥੰਮ੍ਹ ਨਾਲ ਉਨ੍ਹਾਂ ਦੀ ਅਗਵਾਈ ਕਰਦਾ ਸੀ ਅਤੇ ਰਾਤ ਨੂੰ ਅੱਗ ਦੇ ਥੰਮ੍ਹ ਨਾਲ ਉਨ੍ਹਾਂ ਦੇ ਰਾਹ ਨੂੰ ਰੌਸ਼ਨ ਕਰਦਾ ਸੀ ਜਿਸ ਰਾਹ ਥਾਣੀਂ ਉਨ੍ਹਾਂ ਨੇ ਜਾਣਾ ਸੀ।+ 13 ਤੂੰ ਸੀਨਈ ਪਹਾੜ ʼਤੇ ਉਤਰਿਆ+ ਅਤੇ ਉਨ੍ਹਾਂ ਨਾਲ ਸਵਰਗ ਤੋਂ ਗੱਲ ਕੀਤੀ+ ਤੇ ਉਨ੍ਹਾਂ ਨੂੰ ਸਹੀ ਫ਼ੈਸਲੇ ਸੁਣਾਏ ਅਤੇ ਸੱਚਾਈ ਦੇ ਕਾਨੂੰਨ,* ਚੰਗੇ ਨਿਯਮ ਤੇ ਹੁਕਮ ਦਿੱਤੇ।+ 14 ਤੂੰ ਉਨ੍ਹਾਂ ਨੂੰ ਆਪਣੇ ਪਵਿੱਤਰ ਸਬਤ ਬਾਰੇ ਦੱਸਿਆ+ ਤੇ ਉਨ੍ਹਾਂ ਨੂੰ ਆਪਣੇ ਸੇਵਕ ਮੂਸਾ ਦੇ ਜ਼ਰੀਏ ਹੁਕਮ ਤੇ ਨਿਯਮ ਦਿੱਤੇ, ਨਾਲੇ ਕਾਨੂੰਨ ਦਿੱਤਾ। 15 ਜਦੋਂ ਉਹ ਭੁੱਖੇ ਸਨ, ਤਾਂ ਤੂੰ ਉਨ੍ਹਾਂ ਨੂੰ ਆਕਾਸ਼ੋਂ ਰੋਟੀ ਦਿੱਤੀ+ ਅਤੇ ਜਦੋਂ ਉਹ ਪਿਆਸੇ ਸਨ, ਤਾਂ ਤੂੰ ਚਟਾਨ ਵਿੱਚੋਂ ਪਾਣੀ ਕੱਢਿਆ+ ਅਤੇ ਤੂੰ ਉਨ੍ਹਾਂ ਨੂੰ ਉਸ ਦੇਸ਼ ਵਿਚ ਵੜਨ ਤੇ ਉਸ ਉੱਤੇ ਕਬਜ਼ਾ ਕਰਨ ਲਈ ਕਿਹਾ ਜੋ ਤੂੰ ਉਨ੍ਹਾਂ ਨੂੰ ਦੇਣ ਦੀ ਸਹੁੰ ਖਾਧੀ ਸੀ।*
16 “ਪਰ ਉਨ੍ਹਾਂ ਨੇ, ਹਾਂ, ਸਾਡੇ ਪਿਉ-ਦਾਦਿਆਂ ਨੇ ਗੁਸਤਾਖ਼ੀ ਕੀਤੀ+ ਅਤੇ ਉਹ ਢੀਠ ਹੋ ਗਏ*+ ਤੇ ਉਨ੍ਹਾਂ ਨੇ ਤੇਰੇ ਹੁਕਮ ਨਹੀਂ ਮੰਨੇ। 17 ਉਨ੍ਹਾਂ ਨੇ ਸੁਣਨ ਤੋਂ ਇਨਕਾਰ ਕਰ ਦਿੱਤਾ+ ਤੇ ਉਨ੍ਹਾਂ ਨੇ ਤੇਰੇ ਸ਼ਾਨਦਾਰ ਕੰਮਾਂ ਨੂੰ ਯਾਦ ਨਹੀਂ ਰੱਖਿਆ ਜੋ ਤੂੰ ਉਨ੍ਹਾਂ ਵਿਚਕਾਰ ਕੀਤੇ ਸਨ, ਸਗੋਂ ਉਹ ਢੀਠ ਹੋ ਗਏ* ਅਤੇ ਉਨ੍ਹਾਂ ਨੇ ਮਿਸਰ ਦੀ ਗ਼ੁਲਾਮੀ ਵਿਚ ਮੁੜ ਜਾਣ ਲਈ ਇਕ ਮੁਖੀ ਠਹਿਰਾਇਆ।+ ਪਰ ਤੂੰ ਅਜਿਹਾ ਪਰਮੇਸ਼ੁਰ ਹੈਂ ਜੋ ਮਾਫ਼ ਕਰਨ ਲਈ ਤਿਆਰ ਰਹਿੰਦਾ, ਜੋ ਰਹਿਮਦਿਲ* ਅਤੇ ਦਇਆਵਾਨ ਹੈ, ਜੋ ਛੇਤੀ ਗੁੱਸਾ ਨਹੀਂ ਕਰਦਾ ਅਤੇ ਅਟੱਲ ਪਿਆਰ ਨਾਲ ਭਰਪੂਰ ਹੈ+ ਤੇ ਤੂੰ ਉਨ੍ਹਾਂ ਨੂੰ ਤਿਆਗਿਆ ਨਹੀਂ।+ 18 ਜਦੋਂ ਉਨ੍ਹਾਂ ਨੇ ਆਪਣੇ ਲਈ ਧਾਤ ਨਾਲ ਵੱਛੇ ਦਾ ਬੁੱਤ* ਬਣਾਇਆ ਤੇ ਕਿਹਾ, ‘ਇਹ ਤੇਰਾ ਪਰਮੇਸ਼ੁਰ ਹੈ ਜੋ ਤੈਨੂੰ ਮਿਸਰ ਵਿੱਚੋਂ ਕੱਢ ਲਿਆਇਆ ਸੀ,’+ ਅਤੇ ਉਨ੍ਹਾਂ ਨੇ ਨਿਰਾਦਰ ਭਰੇ ਵੱਡੇ-ਵੱਡੇ ਕੰਮ ਕੀਤੇ, 19 ਤਾਂ ਵੀ ਤੂੰ ਆਪਣੀ ਵੱਡੀ ਦਇਆ ਦੇ ਕਰਕੇ ਉਨ੍ਹਾਂ ਨੂੰ ਉਜਾੜ ਵਿਚ ਨਹੀਂ ਤਿਆਗਿਆ।+ ਦਿਨੇ ਬੱਦਲ ਦਾ ਥੰਮ੍ਹ ਰਾਹ ਵਿਚ ਉਨ੍ਹਾਂ ਦੀ ਅਗਵਾਈ ਕਰਨ ਤੋਂ ਅਤੇ ਰਾਤ ਨੂੰ ਅੱਗ ਦਾ ਥੰਮ੍ਹ ਉਨ੍ਹਾਂ ਦੇ ਰਾਹ ਨੂੰ ਰੌਸ਼ਨ ਕਰਨ ਤੋਂ ਹਟਿਆ ਨਹੀਂ ਜਿਸ ਰਾਹ ਥਾਣੀਂ ਉਨ੍ਹਾਂ ਨੇ ਜਾਣਾ ਸੀ।+ 20 ਤੂੰ ਉਨ੍ਹਾਂ ਨੂੰ ਡੂੰਘੀ ਸਮਝ ਦੇਣ ਲਈ ਆਪਣੀ ਸ਼ਕਤੀ* ਦਿੱਤੀ+ ਅਤੇ ਉਨ੍ਹਾਂ ਨੂੰ ਮੰਨ ਖੁਆਉਣਾ ਨਹੀਂ ਛੱਡਿਆ+ ਤੇ ਜਦੋਂ ਉਹ ਪਿਆਸੇ ਸਨ, ਤਾਂ ਤੂੰ ਉਨ੍ਹਾਂ ਨੂੰ ਪਾਣੀ ਦਿੱਤਾ।+ 21 ਤੂੰ 40 ਸਾਲਾਂ ਤਕ ਉਨ੍ਹਾਂ ਨੂੰ ਉਜਾੜ ਵਿਚ ਖਾਣਾ ਦਿੰਦਾ ਰਿਹਾ।+ ਉਨ੍ਹਾਂ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੋਈ। ਉਨ੍ਹਾਂ ਦੇ ਕੱਪੜੇ ਨਹੀਂ ਫਟੇ+ ਤੇ ਨਾ ਹੀ ਉਨ੍ਹਾਂ ਦੇ ਪੈਰ ਸੁੱਜੇ।
22 “ਤੂੰ ਰਾਜਾਂ ਅਤੇ ਕੌਮਾਂ ਦੇ ਹਿੱਸੇ ਵੰਡ ਕੇ ਉਨ੍ਹਾਂ ਨੂੰ ਦੇ ਦਿੱਤੇ।+ ਉਨ੍ਹਾਂ ਨੇ ਸੀਹੋਨ+ ਦੇ ਦੇਸ਼ ਯਾਨੀ ਹਸ਼ਬੋਨ+ ਦੇ ਰਾਜੇ ਦੇ ਦੇਸ਼ ਉੱਤੇ ਅਤੇ ਬਾਸ਼ਾਨ ਦੇ ਰਾਜੇ ਓਗ+ ਦੇ ਦੇਸ਼ ਉੱਤੇ ਕਬਜ਼ਾ ਕਰ ਲਿਆ। 23 ਤੂੰ ਉਨ੍ਹਾਂ ਦੇ ਪੁੱਤਰਾਂ ਦੀ ਗਿਣਤੀ ਨੂੰ ਆਕਾਸ਼ ਦੇ ਤਾਰਿਆਂ ਜਿੰਨਾ ਵਧਾਇਆ।+ ਫਿਰ ਤੂੰ ਉਨ੍ਹਾਂ ਨੂੰ ਉਸ ਦੇਸ਼ ਵਿਚ ਲੈ ਆਇਆਂ ਜਿਸ ਦਾ ਵਾਅਦਾ ਤੂੰ ਉਨ੍ਹਾਂ ਦੇ ਪਿਉ-ਦਾਦਿਆਂ ਨਾਲ ਕੀਤਾ ਸੀ ਕਿ ਉਹ ਉਸ ਵਿਚ ਦਾਖ਼ਲ ਹੋਣਗੇ ਤੇ ਉਸ ʼਤੇ ਕਬਜ਼ਾ ਕਰਨਗੇ।+ 24 ਇਸ ਲਈ ਉਨ੍ਹਾਂ ਦੇ ਪੁੱਤਰ ਉਸ ਦੇਸ਼ ਵਿਚ ਗਏ+ ਤੇ ਉਸ ਉੱਤੇ ਕਬਜ਼ਾ ਕਰ ਲਿਆ ਅਤੇ ਤੂੰ ਕਨਾਨੀਆਂ ਨੂੰ ਉਨ੍ਹਾਂ ਦੇ ਅਧੀਨ ਕਰ ਦਿੱਤਾ+ ਜੋ ਉਸ ਦੇਸ਼ ਦੇ ਵਾਸੀ ਸਨ। ਤੂੰ ਉਨ੍ਹਾਂ ਨੂੰ, ਹਾਂ, ਉਨ੍ਹਾਂ ਦੇ ਰਾਜਿਆਂ ਤੇ ਉਸ ਦੇਸ਼ ਦੀਆਂ ਕੌਮਾਂ ਨੂੰ ਉਨ੍ਹਾਂ ਦੇ ਹੱਥ ਵਿਚ ਦੇ ਦਿੱਤਾ ਤਾਂਕਿ ਉਹ ਉਨ੍ਹਾਂ ਨਾਲ ਜੋ ਚਾਹੁਣ, ਕਰਨ। 25 ਉਨ੍ਹਾਂ ਨੇ ਕਿਲੇਬੰਦ ਸ਼ਹਿਰਾਂ ਅਤੇ ਉਪਜਾਊ ਜ਼ਮੀਨ ਨੂੰ ਕਬਜ਼ੇ ਵਿਚ ਲੈ ਲਿਆ+ ਅਤੇ ਉਨ੍ਹਾਂ ਨੇ ਹਰ ਤਰ੍ਹਾਂ ਦੀਆਂ ਵਧੀਆ ਚੀਜ਼ਾਂ ਨਾਲ ਭਰੇ ਘਰਾਂ, ਪੁੱਟੇ ਹੋਏ ਖੂਹਾਂ, ਅੰਗੂਰਾਂ ਦੇ ਬਾਗ਼ਾਂ, ਜ਼ੈਤੂਨ ਦੇ ਬਾਗ਼ਾਂ ਅਤੇ ਫਲਾਂ ਨਾਲ ਲੱਦੇ ਬਹੁਤ ਸਾਰੇ ਦਰਖ਼ਤਾਂ ʼਤੇ ਕਬਜ਼ਾ ਕਰ ਲਿਆ।+ ਇਸ ਲਈ ਉਹ ਖਾ ਕੇ ਰੱਜ ਗਏ ਤੇ ਮੋਟੇ ਹੋ ਗਏ ਅਤੇ ਉਹ ਤੇਰੀ ਵੱਡੀ ਭਲਾਈ ਦੇ ਕਾਰਨ ਬਹੁਤ ਖ਼ੁਸ਼ ਸਨ।
26 “ਪਰ ਉਹ ਅਣਆਗਿਆਕਾਰ ਹੋ ਗਏ ਤੇ ਉਨ੍ਹਾਂ ਨੇ ਤੇਰੇ ਖ਼ਿਲਾਫ਼ ਬਗਾਵਤ ਕੀਤੀ+ ਅਤੇ ਤੇਰੇ ਕਾਨੂੰਨ ਵੱਲ ਪਿੱਠ ਕਰ ਲਈ।* ਉਨ੍ਹਾਂ ਨੇ ਤੇਰੇ ਨਬੀਆਂ ਨੂੰ ਮਾਰ ਦਿੱਤਾ ਜਿਨ੍ਹਾਂ ਨੇ ਉਨ੍ਹਾਂ ਨੂੰ ਤੇਰੇ ਕੋਲ ਮੋੜ ਲਿਆਉਣ ਲਈ ਉਨ੍ਹਾਂ ਨੂੰ ਖ਼ਬਰਦਾਰ ਕੀਤਾ ਸੀ ਅਤੇ ਉਨ੍ਹਾਂ ਨੇ ਨਿਰਾਦਰ ਭਰੇ ਵੱਡੇ-ਵੱਡੇ ਕੰਮ ਕੀਤੇ।+ 27 ਇਸ ਲਈ ਤੂੰ ਉਨ੍ਹਾਂ ਨੂੰ ਉਨ੍ਹਾਂ ਦੇ ਦੁਸ਼ਮਣਾਂ ਦੇ ਹੱਥ ਵਿਚ ਦੇ ਦਿੱਤਾ+ ਜੋ ਉਨ੍ਹਾਂ ਉੱਤੇ ਅਤਿਆਚਾਰ ਕਰਦੇ ਰਹੇ।+ ਪਰ ਉਹ ਆਪਣੇ ਦੁੱਖ ਦੇ ਵੇਲੇ ਤੇਰੇ ਅੱਗੇ ਦੁਹਾਈ ਦਿੰਦੇ ਸਨ ਅਤੇ ਤੂੰ ਸਵਰਗ ਤੋਂ ਉਨ੍ਹਾਂ ਦੀ ਸੁਣਦਾ ਸੀ; ਤੂੰ ਆਪਣੀ ਵੱਡੀ ਦਇਆ ਕਰਕੇ ਉਨ੍ਹਾਂ ਨੂੰ ਉਨ੍ਹਾਂ ਦੇ ਦੁਸ਼ਮਣਾਂ ਦੇ ਹੱਥੋਂ ਛੁਡਾਉਣ ਲਈ ਕਿਸੇ-ਨਾ-ਕਿਸੇ ਨੂੰ ਘੱਲਦਾ ਸੀ।+
28 “ਪਰ ਜਿਉਂ ਹੀ ਉਨ੍ਹਾਂ ਨੂੰ ਰਾਹਤ ਮਿਲਦੀ ਸੀ, ਉਹ ਫਿਰ ਤੋਂ ਉਹੀ ਕਰਨ ਲੱਗ ਪੈਂਦੇ ਸਨ ਜੋ ਤੇਰੀਆਂ ਨਜ਼ਰਾਂ ਵਿਚ ਬੁਰਾ ਸੀ+ ਅਤੇ ਤੂੰ ਉਨ੍ਹਾਂ ਨੂੰ ਤਿਆਗ ਦਿੰਦਾ ਸੀ ਤੇ ਉਨ੍ਹਾਂ ਦੇ ਦੁਸ਼ਮਣਾਂ ਦੇ ਹੱਥ ਵਿਚ ਦੇ ਦਿੰਦਾ ਸੀ ਜੋ ਉਨ੍ਹਾਂ ਉੱਤੇ ਰਾਜ ਕਰਦੇ ਸਨ।*+ ਉਹ ਫਿਰ ਤੋਂ ਤੇਰੇ ਵੱਲ ਮੁੜਦੇ ਸਨ ਤੇ ਮਦਦ ਲਈ ਪੁਕਾਰਦੇ ਸਨ+ ਅਤੇ ਤੂੰ ਸਵਰਗ ਤੋਂ ਉਨ੍ਹਾਂ ਦੀ ਸੁਣਦਾ ਸੀ ਤੇ ਆਪਣੀ ਵੱਡੀ ਦਇਆ ਕਰਕੇ ਉਨ੍ਹਾਂ ਨੂੰ ਵਾਰ-ਵਾਰ ਛੁਡਾਉਂਦਾ ਸੀ।+ 29 ਭਾਵੇਂ ਤੂੰ ਉਨ੍ਹਾਂ ਨੂੰ ਆਪਣੇ ਕਾਨੂੰਨ ਵੱਲ ਵਾਪਸ ਲਿਆਉਣ ਲਈ ਚੇਤਾਵਨੀ ਦਿੰਦਾ ਸੀ, ਪਰ ਉਨ੍ਹਾਂ ਨੇ ਗੁਸਤਾਖ਼ੀ ਕੀਤੀ ਅਤੇ ਤੇਰੇ ਹੁਕਮ ਨਹੀਂ ਮੰਨੇ;+ ਉਨ੍ਹਾਂ ਨੇ ਤੇਰੇ ਨਿਯਮਾਂ ਖ਼ਿਲਾਫ਼ ਜਾ ਕੇ ਪਾਪ ਕੀਤਾ ਜਿਨ੍ਹਾਂ ਨੂੰ ਮੰਨ ਕੇ ਇਨਸਾਨ ਜੀਉਂਦਾ ਰਹਿ ਸਕਦਾ ਹੈ।+ ਪਰ ਉਨ੍ਹਾਂ ਨੇ ਢੀਠ ਹੋ ਕੇ ਤੇਰੇ ਵੱਲ ਪਿੱਠ ਕਰ ਲਈ ਤੇ ਆਪਣੀ ਗਰਦਨ ਅਕੜਾ ਲਈ ਅਤੇ ਸੁਣਨ ਤੋਂ ਇਨਕਾਰ ਕਰ ਦਿੱਤਾ। 30 ਤੂੰ ਕਈ ਸਾਲ ਉਨ੍ਹਾਂ ਨਾਲ ਧੀਰਜ ਰੱਖਿਆ+ ਅਤੇ ਆਪਣੀ ਸ਼ਕਤੀ ਨਾਲ ਨਬੀਆਂ ਰਾਹੀਂ ਉਨ੍ਹਾਂ ਨੂੰ ਚੇਤਾਵਨੀ ਦਿੰਦਾ ਰਿਹਾ, ਪਰ ਉਨ੍ਹਾਂ ਨੇ ਸੁਣਨ ਤੋਂ ਇਨਕਾਰ ਕਰ ਦਿੱਤਾ। ਅਖ਼ੀਰ ਤੂੰ ਉਨ੍ਹਾਂ ਨੂੰ ਦੇਸ਼ਾਂ ਦੀਆਂ ਕੌਮਾਂ ਦੇ ਹੱਥ ਵਿਚ ਦੇ ਦਿੱਤਾ।+ 31 ਤੂੰ ਆਪਣੀ ਵੱਡੀ ਦਇਆ ਦੇ ਕਰਕੇ ਉਨ੍ਹਾਂ ਨੂੰ ਨਾਸ਼ ਨਹੀਂ ਕੀਤਾ+ ਤੇ ਨਾ ਉਨ੍ਹਾਂ ਨੂੰ ਛੱਡਿਆ ਕਿਉਂਕਿ ਤੂੰ ਦਇਆਵਾਨ ਅਤੇ ਰਹਿਮਦਿਲ* ਪਰਮੇਸ਼ੁਰ ਹੈਂ।+
32 “ਹੇ ਸਾਡੇ ਪਰਮੇਸ਼ੁਰ ਤੂੰ ਜੋ ਮਹਾਨ, ਤਾਕਤਵਰ ਅਤੇ ਸ਼ਰਧਾ ਦੇ ਲਾਇਕ ਹੈਂ, ਜਿਸ ਨੇ ਆਪਣਾ ਇਕਰਾਰ ਪੂਰਾ ਕੀਤਾ ਅਤੇ ਅਟੱਲ ਪਿਆਰ ਦਿਖਾਇਆ ਹੈ,+ ਹੁਣ ਤੂੰ ਉਨ੍ਹਾਂ ਸਾਰੇ ਦੁੱਖਾਂ ਨੂੰ ਹਲਕਾ ਨਾ ਸਮਝੀਂ ਜੋ ਅੱਸ਼ੂਰ ਦੇ ਰਾਜਿਆਂ ਦੇ ਦਿਨਾਂ ਤੋਂ+ ਅੱਜ ਤਕ ਸਾਡੇ ਉੱਤੇ, ਸਾਡੇ ਰਾਜਿਆਂ, ਸਾਡੇ ਹਾਕਮਾਂ,+ ਸਾਡੇ ਪੁਜਾਰੀਆਂ,+ ਸਾਡੇ ਨਬੀਆਂ,+ ਸਾਡੇ ਪਿਉ-ਦਾਦਿਆਂ ਅਤੇ ਤੇਰੇ ਸਾਰੇ ਲੋਕਾਂ ʼਤੇ ਆਏ ਹਨ। 33 ਸਾਡੇ ʼਤੇ ਜੋ ਬੀਤੀ, ਤੂੰ ਉਸ ਸਭ ਵਿਚ ਸਹੀ ਠਹਿਰਿਆ ਹੈਂ ਕਿਉਂਕਿ ਤੂੰ ਵਫ਼ਾਦਾਰੀ ਦਿਖਾਈ ਹੈ; ਪਰ ਬੁਰੇ ਕੰਮ ਤਾਂ ਅਸੀਂ ਕੀਤੇ।+ 34 ਜਿੱਥੋਂ ਤਕ ਸਾਡੇ ਰਾਜਿਆਂ, ਸਾਡੇ ਹਾਕਮਾਂ, ਸਾਡੇ ਪੁਜਾਰੀਆਂ ਅਤੇ ਸਾਡੇ ਪਿਉ-ਦਾਦਿਆਂ ਦੀ ਗੱਲ ਹੈ, ਉਨ੍ਹਾਂ ਨੇ ਤੇਰਾ ਕਾਨੂੰਨ ਨਹੀਂ ਮੰਨਿਆ ਤੇ ਨਾ ਹੀ ਤੇਰੇ ਹੁਕਮਾਂ ਅਤੇ ਤੇਰੀਆਂ ਨਸੀਹਤਾਂ* ਵੱਲ ਧਿਆਨ ਦਿੱਤਾ ਜਿਨ੍ਹਾਂ ਰਾਹੀਂ ਤੂੰ ਉਨ੍ਹਾਂ ਨੂੰ ਖ਼ਬਰਦਾਰ ਕੀਤਾ ਸੀ। 35 ਇੱਥੋਂ ਤਕ ਕਿ ਜਦੋਂ ਉਹ ਆਪਣੇ ਰਾਜ ਵਿਚ ਤੇਰੀ ਅਪਾਰ ਭਲਾਈ ਦਾ ਮਜ਼ਾ ਲੈ ਰਹੇ ਸਨ ਅਤੇ ਉਸ ਖੁੱਲ੍ਹੇ ਅਤੇ ਉਪਜਾਊ ਦੇਸ਼ ਵਿਚ ਸਨ ਜੋ ਤੂੰ ਉਨ੍ਹਾਂ ਨੂੰ ਦਿੱਤਾ ਸੀ, ਤਾਂ ਵੀ ਉਨ੍ਹਾਂ ਨੇ ਤੇਰੀ ਸੇਵਾ ਨਹੀਂ ਕੀਤੀ+ ਅਤੇ ਆਪਣੇ ਬੁਰੇ ਕੰਮਾਂ ਤੋਂ ਨਹੀਂ ਮੁੜੇ। 36 ਇਸ ਲਈ ਅੱਜ ਅਸੀਂ ਗ਼ੁਲਾਮ ਹਾਂ,+ ਹਾਂ, ਉਸ ਦੇਸ਼ ਵਿਚ ਗ਼ੁਲਾਮ ਹਾਂ ਜਿਹੜਾ ਤੂੰ ਸਾਡੇ ਪਿਉ-ਦਾਦਿਆਂ ਨੂੰ ਦਿੱਤਾ ਸੀ ਕਿ ਉਹ ਉਸ ਦਾ ਫਲ ਅਤੇ ਚੰਗੀਆਂ ਚੀਜ਼ਾਂ ਖਾਣ। 37 ਇਸ ਦੀ ਢੇਰ ਸਾਰੀ ਪੈਦਾਵਾਰ ਉਨ੍ਹਾਂ ਰਾਜਿਆਂ ਲਈ ਹੈ ਜਿਨ੍ਹਾਂ ਨੂੰ ਤੂੰ ਸਾਡੇ ਪਾਪਾਂ ਕਰਕੇ ਸਾਡੇ ʼਤੇ ਠਹਿਰਾਇਆ ਹੈ।+ ਉਹ ਸਾਡੇ ਸਰੀਰਾਂ ਅਤੇ ਸਾਡੇ ਪਸ਼ੂਆਂ ʼਤੇ ਮਨ-ਮਰਜ਼ੀ ਨਾਲ ਰਾਜ ਕਰਦੇ ਹਨ। ਅਸੀਂ ਬਹੁਤ ਦੁਖੀ ਹਾਂ।
38 “ਇਸ ਸਭ ਕਰਕੇ ਅਸੀਂ ਲਿਖਤੀ ਰੂਪ ਵਿਚ ਇਕ ਪੱਕਾ ਇਕਰਾਰ ਕਰਦੇ ਹਾਂ+ ਅਤੇ ਸਾਡੇ ਹਾਕਮ, ਸਾਡੇ ਲੇਵੀ ਅਤੇ ਸਾਡੇ ਪੁਜਾਰੀ ਇਸ ਉੱਤੇ ਆਪਣੀ ਮੁਹਰ ਲਾ ਕੇ ਇਸ ਨੂੰ ਤਸਦੀਕ ਕਰਨਗੇ।”+
10 ਇਸ ਉੱਤੇ ਆਪਣੀ ਮੁਹਰ ਲਗਾ ਕੇ ਤਸਦੀਕ ਕਰਨ ਵਾਲੇ+ ਇਹ ਸਨ:
ਹਕਲਯਾਹ ਦਾ ਪੁੱਤਰ ਰਾਜਪਾਲ* ਨਹਮਯਾਹ
ਅਤੇ ਸਿਦਕੀਯਾਹ, 2 ਸਰਾਯਾਹ, ਅਜ਼ਰਯਾਹ, ਯਿਰਮਿਯਾਹ, 3 ਪਸ਼ਹੂਰ, ਅਮਰਯਾਹ, ਮਲਕੀਯਾਹ, 4 ਹਟੂਸ਼, ਸ਼ਬਨਯਾਹ, ਮੱਲੂਕ, 5 ਹਾਰੀਮ,+ ਮਰੇਮੋਥ, ਓਬਦਯਾਹ, 6 ਦਾਨੀਏਲ,+ ਗਿਨਥੋਨ, ਬਾਰੂਕ, 7 ਮਸ਼ੂਲਾਮ, ਅਬੀਯਾਹ, ਮੀਯਾਮੀਨ, 8 ਮਾਜ਼ਯਾਹ, ਬਿਲਗਈ ਅਤੇ ਸ਼ਮਾਯਾਹ; ਇਹ ਪੁਜਾਰੀ ਹਨ।
9 ਨਾਲੇ ਲੇਵੀ: ਅਜ਼ਨਯਾਹ ਦਾ ਪੁੱਤਰ ਯੇਸ਼ੂਆ, ਹੇਨਾਦਾਦ ਦੇ ਪੁੱਤਰਾਂ ਵਿੱਚੋਂ ਬਿਨੂਈ, ਕਦਮੀਏਲ+ 10 ਅਤੇ ਉਨ੍ਹਾਂ ਦੇ ਭਰਾ ਸ਼ਬਨਯਾਹ, ਹੋਦੀਯਾਹ, ਕਲੀਟਾ, ਪਲਾਯਾਹ, ਹਨਾਨ, 11 ਮੀਕਾ, ਰਹੋਬ, ਹਸ਼ਬਯਾਹ, 12 ਜ਼ਕੂਰ, ਸ਼ੇਰੇਬਯਾਹ,+ ਸ਼ਬਨਯਾਹ, 13 ਹੋਦੀਯਾਹ, ਬਾਨੀ ਅਤੇ ਬਨੀਨੂ।
14 ਲੋਕਾਂ ਦੇ ਮੁਖੀ: ਪਰੋਸ਼, ਪਹਥ-ਮੋਆਬ,+ ਏਲਾਮ, ਜ਼ੱਤੂ, ਬਾਨੀ, 15 ਬੁੰਨੀ, ਅਜ਼ਗਾਦ, ਬੇਬਈ, 16 ਅਦੋਨੀਯਾਹ, ਬਿਗਵਈ, ਆਦੀਨ, 17 ਆਟੇਰ, ਹਿਜ਼ਕੀਯਾਹ, ਅੱਜ਼ੂਰ, 18 ਹੋਦੀਯਾਹ, ਹਾਸ਼ੁਮ, ਬੇਸਾਈ, 19 ਹਾਰੀਫ, ਅਨਾਥੋਥ, ਨੇਬਾਈ, 20 ਮਗਪੀਆਸ਼, ਮਸ਼ੂਲਾਮ, ਹੇਜ਼ੀਰ, 21 ਮਸ਼ੇਜ਼ਬੇਲ, ਸਾਦੋਕ, ਯੱਦੂਆ, 22 ਪਲਟਯਾਹ, ਹਨਾਨ, ਅਨਾਯਾਹ, 23 ਹੋਸ਼ੇਆ, ਹਨਨਯਾਹ, ਹਸ਼ੂਬ, 24 ਹੱਲੋਹੇਸ਼, ਪਿਲਹਾ, ਸ਼ੋਬੇਕ, 25 ਰਹੂਮ, ਹਸ਼ਬਨਾਹ, ਮਾਸੇਯਾਹ, 26 ਅਹੀਯਾਹ, ਹਨਾਨ, ਆਨਾਨ, 27 ਮੱਲੂਕ, ਹਾਰੀਮ ਅਤੇ ਬਆਨਾਹ।
28 ਬਾਕੀ ਲੋਕਾਂ ਯਾਨੀ ਪੁਜਾਰੀਆਂ, ਲੇਵੀਆਂ, ਦਰਬਾਨਾਂ, ਗਾਇਕਾਂ, ਮੰਦਰ ਦੇ ਸੇਵਾਦਾਰਾਂ* ਅਤੇ ਜਿਨ੍ਹਾਂ ਨੇ ਵੀ ਸੱਚੇ ਪਰਮੇਸ਼ੁਰ ਦੇ ਕਾਨੂੰਨ ਦੀ ਪਾਲਣਾ ਕਰਨ ਲਈ ਆਪਣੇ ਆਪ ਨੂੰ ਦੇਸ਼ਾਂ ਦੀਆਂ ਕੌਮਾਂ ਤੋਂ ਵੱਖ ਕੀਤਾ ਸੀ,+ ਉਨ੍ਹਾਂ ਨੇ ਆਪਣੀਆਂ ਪਤਨੀਆਂ, ਆਪਣੇ ਪੁੱਤਰਾਂ, ਆਪਣੀਆਂ ਧੀਆਂ ਸਣੇ ਅਤੇ ਉਨ੍ਹਾਂ ਸਾਰਿਆਂ ਨੇ ਜਿਨ੍ਹਾਂ ਨੂੰ ਗਿਆਨ ਅਤੇ ਸਮਝ ਸੀ,* 29 ਆਪਣੇ ਭਰਾਵਾਂ, ਆਪਣੇ ਮੰਨੇ-ਪ੍ਰਮੰਨੇ ਆਦਮੀਆਂ ਨਾਲ ਮਿਲ ਕੇ ਸਹੁੰ ਖਾਧੀ ਅਤੇ ਕਿਹਾ ਕਿ ਜੇ ਉਨ੍ਹਾਂ ਨੇ ਇਹ ਸਹੁੰ ਪੂਰੀ ਨਾ ਕੀਤੀ, ਤਾਂ ਉਨ੍ਹਾਂ ʼਤੇ ਸਰਾਪ ਪਵੇ। ਉਨ੍ਹਾਂ ਨੇ ਸਹੁੰ ਖਾਧੀ ਕਿ ਉਹ ਸੱਚੇ ਪਰਮੇਸ਼ੁਰ ਦੇ ਕਾਨੂੰਨ ਮੁਤਾਬਕ ਚੱਲਣਗੇ ਜੋ ਉਸ ਨੇ ਆਪਣੇ ਸੇਵਕ ਮੂਸਾ ਰਾਹੀਂ ਦਿੱਤਾ ਸੀ ਅਤੇ ਸਾਡੇ ਪ੍ਰਭੂ ਯਹੋਵਾਹ ਦੇ ਸਾਰੇ ਹੁਕਮਾਂ, ਉਸ ਦੇ ਨਿਆਵਾਂ ਅਤੇ ਉਸ ਦੇ ਨਿਯਮਾਂ ਦੀ ਧਿਆਨ ਨਾਲ ਪਾਲਣਾ ਕਰਨਗੇ। 30 ਅਸੀਂ ਆਪਣੀਆਂ ਧੀਆਂ ਦੇਸ਼ ਦੀਆਂ ਕੌਮਾਂ ਨੂੰ ਨਹੀਂ ਦਿਆਂਗੇ ਅਤੇ ਉਨ੍ਹਾਂ ਦੀਆਂ ਧੀਆਂ ਆਪਣੇ ਪੁੱਤਰਾਂ ਲਈ ਨਹੀਂ ਲਵਾਂਗੇ।+
31 ਜੇ ਦੇਸ਼ ਦੀਆਂ ਕੌਮਾਂ ਸਬਤ ਵਾਲੇ ਦਿਨ ਆਪਣਾ ਮਾਲ ਅਤੇ ਤਰ੍ਹਾਂ-ਤਰ੍ਹਾਂ ਦਾ ਅਨਾਜ ਵੇਚਣ ਨੂੰ ਲਿਆਈਆਂ, ਤਾਂ ਅਸੀਂ ਸਬਤ ਵਾਲੇ ਦਿਨ ਜਾਂ ਕਿਸੇ ਹੋਰ ਪਵਿੱਤਰ ਦਿਨ ʼਤੇ ਉਨ੍ਹਾਂ ਤੋਂ ਕੋਈ ਚੀਜ਼ ਨਹੀਂ ਖ਼ਰੀਦਾਂਗੇ।+ ਅਸੀਂ ਸੱਤਵੇਂ ਸਾਲ ਦੀ ਪੈਦਾਵਾਰ ਅਤੇ ਹਰ ਤਰ੍ਹਾਂ ਦਾ ਕਰਜ਼ਾ ਵੀ ਛੱਡ ਦਿਆਂਗੇ।+
32 ਨਾਲੇ ਅਸੀਂ ਆਪਣੇ ਸਿਰ ਇਹ ਜ਼ਿੰਮੇਵਾਰੀ ਲਈ ਕਿ ਸਾਡੇ ਵਿੱਚੋਂ ਹਰੇਕ ਜਣਾ ਸਾਡੇ ਪਰਮੇਸ਼ੁਰ ਦੇ ਭਵਨ* ਦੀ ਸੇਵਾ ਲਈ ਹਰ ਸਾਲ ਇਕ-ਤਿਹਾਈ ਸ਼ੇਕੇਲ* ਦੇਵੇਗਾ+ 33 ਜੋ ਚਿਣ ਕੇ ਰੱਖੀਆਂ ਜਾਂਦੀਆਂ ਰੋਟੀਆਂ*+ ਲਈ, ਬਾਕਾਇਦਾ ਚੜ੍ਹਾਏ ਜਾਂਦੇ ਅਨਾਜ ਦੇ ਚੜ੍ਹਾਵੇ,+ ਸਬਤਾਂ ਅਤੇ ਮੱਸਿਆ* ਵੇਲੇ ਬਾਕਾਇਦਾ ਚੜ੍ਹਾਈ ਜਾਂਦੀ ਹੋਮ-ਬਲ਼ੀ+ ਅਤੇ ਠਹਿਰਾਈਆਂ ਹੋਈਆਂ ਦਾਅਵਤਾਂ ਲਈ,+ ਪਵਿੱਤਰ ਚੀਜ਼ਾਂ ਲਈ, ਇਜ਼ਰਾਈਲ ਦੇ ਪਾਪਾਂ ਦੇ ਪ੍ਰਾਸਚਿਤ ਲਈ ਚੜ੍ਹਾਈਆਂ ਜਾਂਦੀਆਂ ਪਾਪ-ਬਲ਼ੀਆਂ+ ਵਾਸਤੇ ਅਤੇ ਸਾਡੇ ਪਰਮੇਸ਼ੁਰ ਦੇ ਭਵਨ ਦੇ ਸਾਰੇ ਕੰਮਾਂ ਲਈ ਹੋਵੇਗਾ।
34 ਨਾਲੇ ਅਸੀਂ ਗੁਣੇ ਪਾ ਕੇ ਤੈਅ ਕੀਤਾ ਕਿ ਸਾਡੇ ਪਿਤਾਵਾਂ ਦੇ ਘਰਾਣਿਆਂ ਅਨੁਸਾਰ ਪੁਜਾਰੀ, ਲੇਵੀ ਅਤੇ ਲੋਕ ਹਰ ਸਾਲ ਠਹਿਰਾਏ ਹੋਏ ਸਮਿਆਂ ʼਤੇ ਸਾਡੇ ਪਰਮੇਸ਼ੁਰ ਦੇ ਭਵਨ ਵਿਚ ਸਾਡੇ ਪਰਮੇਸ਼ੁਰ ਯਹੋਵਾਹ ਦੀ ਵੇਦੀ ਉੱਤੇ ਬਾਲ਼ਣ ਲਈ ਲੱਕੜ ਲਿਆਉਣਗੇ ਜਿਵੇਂ ਮੂਸਾ ਦੇ ਕਾਨੂੰਨ ਵਿਚ ਲਿਖਿਆ ਹੋਇਆ ਹੈ।+ 35 ਅਸੀਂ ਹਰ ਸਾਲ ਯਹੋਵਾਹ ਦੇ ਭਵਨ ਵਿਚ ਆਪਣੀ ਜ਼ਮੀਨ ਦੀ ਪਹਿਲੀ ਪੈਦਾਵਾਰ ਦਾ ਪੱਕਿਆ ਹੋਇਆ ਫਲ ਅਤੇ ਹਰ ਤਰ੍ਹਾਂ ਦੇ ਫਲਦਾਰ ਦਰਖ਼ਤ ਦੇ ਪਹਿਲੇ ਪੱਕੇ ਫਲ ਵੀ ਲਿਆਵਾਂਗੇ,+ 36 ਨਾਲੇ ਆਪਣੇ ਪੁੱਤਰਾਂ ਵਿੱਚੋਂ ਜੇਠੇ, ਆਪਣੇ ਪਸ਼ੂਆਂ ਵਿੱਚੋਂ ਜੇਠੇ, ਆਪਣੇ ਗਾਂਵਾਂ-ਬਲਦਾਂ ਵਿੱਚੋਂ ਜੇਠੇ ਅਤੇ ਭੇਡਾਂ-ਬੱਕਰੀਆਂ ਵਿੱਚੋਂ ਜੇਠੇ,+ ਠੀਕ ਜਿਵੇਂ ਮੂਸਾ ਦੇ ਕਾਨੂੰਨ ਵਿਚ ਲਿਖਿਆ ਹੈ। ਅਸੀਂ ਉਨ੍ਹਾਂ ਨੂੰ ਆਪਣੇ ਪਰਮੇਸ਼ੁਰ ਦੇ ਭਵਨ ਵਿਚ ਪੁਜਾਰੀਆਂ ਕੋਲ ਲਿਆਵਾਂਗੇ ਜੋ ਸਾਡੇ ਪਰਮੇਸ਼ੁਰ ਦੇ ਭਵਨ ਵਿਚ ਸੇਵਾ ਕਰਦੇ ਹਨ।+ 37 ਨਾਲੇ ਅਸੀਂ ਆਪਣੇ ਪਰਮੇਸ਼ੁਰ ਦੇ ਭਵਨ ਦੇ ਭੰਡਾਰਾਂ*+ ਵਿਚ ਪੁਜਾਰੀਆਂ ਕੋਲ ਆਪਣੀ ਪਹਿਲੀ ਫ਼ਸਲ ਦੇ ਦਾਣਿਆਂ ਦਾ ਮੋਟਾ ਆਟਾ,+ ਆਪਣੇ ਦਾਨ, ਹਰ ਤਰ੍ਹਾਂ ਦੇ ਦਰਖ਼ਤ ਦਾ ਫਲ,+ ਨਵਾਂ ਦਾਖਰਸ ਅਤੇ ਤੇਲ+ ਲਿਆਵਾਂਗੇ। ਅਸੀਂ ਆਪਣੀ ਜ਼ਮੀਨ ਦਾ ਦਸਵਾਂ ਹਿੱਸਾ ਵੀ ਲੇਵੀਆਂ ਲਈ ਲਿਆਵਾਂਗੇ+ ਕਿਉਂਕਿ ਲੇਵੀ ਸਾਡੇ ਖੇਤੀ-ਬਾੜੀ ਵਾਲੇ ਸਾਰੇ ਸ਼ਹਿਰਾਂ ਵਿੱਚੋਂ ਦਸਵਾਂ ਹਿੱਸਾ ਇਕੱਠਾ ਕਰਦੇ ਹਨ।
38 ਜਦੋਂ ਲੇਵੀ ਦਸਵਾਂ ਹਿੱਸਾ ਇਕੱਠਾ ਕਰਨ, ਤਾਂ ਉਸ ਸਮੇਂ ਪੁਜਾਰੀ ਯਾਨੀ ਹਾਰੂਨ ਦਾ ਪੁੱਤਰ ਲੇਵੀਆਂ ਦੇ ਨਾਲ ਹੋਵੇ; ਲੇਵੀ ਦਸਵੇਂ ਹਿੱਸੇ ਦਾ ਦਸਵਾਂ ਹਿੱਸਾ ਸਾਡੇ ਪਰਮੇਸ਼ੁਰ ਦੇ ਭਵਨ ਦੇ ਭੰਡਾਰ ਦੇ ਕਮਰਿਆਂ* ਵਿਚ ਦੇਣ।+ 39 ਇਜ਼ਰਾਈਲੀ ਅਤੇ ਲੇਵੀਆਂ ਦੇ ਪੁੱਤਰ ਅਨਾਜ ਦਾ ਦਾਨ, ਨਵਾਂ ਦਾਖਰਸ ਅਤੇ ਤੇਲ+ ਭੰਡਾਰਾਂ* ਵਿਚ ਲਿਆਉਣ।+ ਉੱਥੇ ਹੀ ਪਵਿੱਤਰ ਸਥਾਨ ਦੇ ਭਾਂਡੇ ਹਨ, ਨਾਲੇ ਉੱਥੇ ਹੀ ਸੇਵਾ ਕਰਨ ਵਾਲੇ ਪੁਜਾਰੀ, ਦਰਬਾਨ ਤੇ ਗਾਇਕ ਹਨ। ਅਸੀਂ ਆਪਣੇ ਪਰਮੇਸ਼ੁਰ ਦੇ ਭਵਨ ਪ੍ਰਤੀ ਲਾਪਰਵਾਹੀ ਨਹੀਂ ਦਿਖਾਵਾਂਗੇ।+
11 ਹੁਣ ਲੋਕਾਂ ਦੇ ਹਾਕਮ ਯਰੂਸ਼ਲਮ ਵਿਚ ਰਹਿ ਰਹੇ ਸਨ;+ ਪਰ ਬਾਕੀ ਲੋਕਾਂ ਨੇ ਗੁਣੇ ਪਾਏ+ ਤਾਂਕਿ ਹਰ ਦਸਾਂ ਵਿੱਚੋਂ ਇਕ ਨੂੰ ਪਵਿੱਤਰ ਸ਼ਹਿਰ ਯਰੂਸ਼ਲਮ ਵਿਚ ਰਹਿਣ ਲਈ ਲਿਆਂਦਾ ਜਾਵੇ; ਬਾਕੀ ਨੌਂ ਦੂਜੇ ਸ਼ਹਿਰਾਂ ਵਿਚ ਰਹੇ। 2 ਇਸ ਤੋਂ ਇਲਾਵਾ, ਲੋਕਾਂ ਨੇ ਉਨ੍ਹਾਂ ਸਾਰੇ ਆਦਮੀਆਂ ਨੂੰ ਅਸੀਸ ਦਿੱਤੀ ਜੋ ਆਪਣੀ ਇੱਛਾ ਨਾਲ ਯਰੂਸ਼ਲਮ ਵਿਚ ਰਹਿਣ ਲਈ ਤਿਆਰ ਸਨ।
3 ਇਹ ਜ਼ਿਲ੍ਹੇ ਦੇ ਉਹ ਮੁਖੀ ਹਨ ਜੋ ਯਰੂਸ਼ਲਮ ਵਿਚ ਰਹੇ। (ਬਾਕੀ ਸਾਰਾ ਇਜ਼ਰਾਈਲ, ਪੁਜਾਰੀ, ਲੇਵੀ, ਮੰਦਰ ਦੇ ਸੇਵਾਦਾਰ*+ ਅਤੇ ਸੁਲੇਮਾਨ ਦੇ ਸੇਵਕਾਂ ਦੇ ਪੁੱਤਰ+ ਯਹੂਦਾਹ ਦੇ ਦੂਜੇ ਸ਼ਹਿਰਾਂ ਵਿਚ ਰਹੇ, ਹਾਂ, ਹਰ ਕੋਈ ਆਪਣੇ ਸ਼ਹਿਰ ਵਿਚ ਆਪੋ-ਆਪਣੀ ਵਿਰਾਸਤ ਵਿਚ ਰਿਹਾ।+
4 ਨਾਲੇ ਯਰੂਸ਼ਲਮ ਵਿਚ ਯਹੂਦਾਹ ਅਤੇ ਬਿਨਯਾਮੀਨ ਦੇ ਕੁਝ ਲੋਕ ਵੀ ਰਹੇ।) ਯਹੂਦਾਹ ਦੇ ਲੋਕਾਂ ਵਿੱਚੋਂ ਸਨ ਅਥਾਯਾਹ ਜੋ ਉਜ਼ੀਯਾਹ ਦਾ ਪੁੱਤਰ ਸੀ, ਉਜ਼ੀਯਾਹ ਜ਼ਕਰਯਾਹ ਦਾ, ਜ਼ਕਰਯਾਹ ਅਮਰਯਾਹ ਦਾ, ਅਮਰਯਾਹ ਸ਼ਫਟਯਾਹ ਦਾ ਅਤੇ ਸ਼ਫਟਯਾਹ ਮਹਲਲੇਲ ਦਾ ਪੁੱਤਰ ਸੀ ਜੋ ਪਰਸ ਦੇ ਪੁੱਤਰਾਂ ਵਿੱਚੋਂ ਸਨ+ 5 ਅਤੇ ਮਾਸੇਯਾਹ ਬਾਰੂਕ ਦਾ ਪੁੱਤਰ ਸੀ, ਬਾਰੂਕ ਕਾਲਹੋਜ਼ਾ ਦਾ, ਕਾਲਹੋਜ਼ਾ ਹਜ਼ਾਯਾਹ ਦਾ, ਹਜ਼ਾਯਾਹ ਅਦਾਯਾਹ ਦਾ, ਅਦਾਯਾਹ ਯੋਯਾਰੀਬ ਦਾ, ਯੋਯਾਰੀਬ ਜ਼ਕਰਯਾਹ ਦਾ ਪੁੱਤਰ ਸੀ ਤੇ ਜ਼ਕਰਯਾਹ ਸ਼ੇਲਾਹੀਆਂ ਦੇ ਪਰਿਵਾਰ ਵਿੱਚੋਂ ਸੀ। 6 ਯਰੂਸ਼ਲਮ ਵਿਚ ਵੱਸਦੇ ਪਰਸ ਦੇ ਕੁੱਲ 468 ਪੁੱਤਰ ਸਨ ਜੋ ਕਾਬਲ ਆਦਮੀ ਸਨ।
7 ਇਹ ਬਿਨਯਾਮੀਨ ਦੇ ਲੋਕ ਸਨ: ਸੱਲੂ+ ਜੋ ਮਸ਼ੂਲਾਮ ਦਾ ਪੁੱਤਰ ਸੀ, ਮਸ਼ੂਲਾਮ ਯੋਏਦ ਦਾ, ਯੋਏਦ ਪਦਾਯਾਹ ਦਾ, ਪਦਾਯਾਹ ਕੋਲਾਯਾਹ ਦਾ, ਕੋਲਾਯਾਹ ਮਾਸੇਯਾਹ ਦਾ, ਮਾਸੇਯਾਹ ਈਥੀਏਲ ਦਾ ਅਤੇ ਈਥੀਏਲ ਯਿਸ਼ਾਯਾਹ ਦਾ ਪੁੱਤਰ ਸੀ 8 ਅਤੇ ਉਸ ਤੋਂ ਬਾਅਦ ਸਨ ਗੱਬੀ ਤੇ ਸੱਲਈ, ਕੁੱਲ 928 ਜਣੇ; 9 ਜ਼ਿਕਰੀ ਦਾ ਪੁੱਤਰ ਯੋਏਲ ਉਨ੍ਹਾਂ ਦਾ ਨਿਗਰਾਨ ਸੀ ਅਤੇ ਸ਼ਹਿਰ ਦਾ ਦੂਜਾ ਨਿਗਰਾਨ ਹਸਨੂਆਹ ਦਾ ਪੁੱਤਰ ਯਹੂਦਾਹ ਸੀ।
10 ਪੁਜਾਰੀਆਂ ਵਿੱਚੋਂ: ਯੋਯਾਰੀਬ ਦਾ ਪੁੱਤਰ ਯਦਾਯਾਹ, ਯਾਕੀਨ,+ 11 ਸਰਾਯਾਹ ਜੋ ਹਿਲਕੀਯਾਹ ਦਾ ਪੁੱਤਰ ਸੀ, ਹਿਲਕੀਯਾਹ ਮਸ਼ੂਲਾਮ ਦਾ, ਮਸ਼ੂਲਾਮ ਸਾਦੋਕ ਦਾ, ਸਾਦੋਕ ਮਰਾਯੋਥ ਦਾ ਅਤੇ ਮਰਾਯੋਥ ਅਹੀਟੂਬ+ ਦਾ ਪੁੱਤਰ ਸੀ ਜੋ ਸੱਚੇ ਪਰਮੇਸ਼ੁਰ ਦੇ ਭਵਨ* ਵਿਚ ਆਗੂ ਸੀ 12 ਅਤੇ ਉਨ੍ਹਾਂ ਦੇ ਭਰਾ ਜੋ ਭਵਨ ਵਿਚ ਸੇਵਾ ਕਰਦੇ ਸਨ, 822 ਜਣੇ; ਅਦਾਯਾਹ ਜੋ ਯਰੋਹਾਮ ਦਾ ਪੁੱਤਰ ਸੀ, ਯਰੋਹਾਮ ਪਲਲਯਾਹ ਦਾ, ਪਲਲਯਾਹ ਅਮਸੀ ਦਾ, ਅਮਸੀ ਜ਼ਕਰਯਾਹ ਦਾ, ਜ਼ਕਰਯਾਹ ਪਸ਼ਹੂਰ+ ਦਾ ਤੇ ਪਸ਼ਹੂਰ ਮਲਕੀਯਾਹ ਦਾ ਪੁੱਤਰ ਸੀ 13 ਅਤੇ ਉਨ੍ਹਾਂ ਦੇ ਭਰਾ ਯਾਨੀ ਪਿਤਾਵਾਂ ਦੇ ਘਰਾਣਿਆਂ ਦੇ ਮੁਖੀ, ਕੁੱਲ 242 ਜਣੇ; ਅਮਸ਼ਸਾਈ ਜੋ ਅਜ਼ਰਏਲ ਦਾ ਪੁੱਤਰ ਸੀ, ਅਜ਼ਰਏਲ ਅਹਜ਼ਈ ਦਾ, ਅਹਜ਼ਈ ਮਸ਼ੀਲੇਮੋਥ ਦਾ ਅਤੇ ਮਸ਼ੀਲੇਮੋਥ ਇੰਮੇਰ ਦਾ ਪੁੱਤਰ ਸੀ 14 ਅਤੇ ਉਨ੍ਹਾਂ ਦੇ ਭਰਾ ਜੋ ਤਾਕਤਵਰ ਅਤੇ ਦਲੇਰ ਆਦਮੀ ਸਨ, ਕੁੱਲ 128 ਜਣੇ; ਉਨ੍ਹਾਂ ਦਾ ਨਿਗਰਾਨ ਜ਼ਬਦੀਏਲ ਸੀ ਜੋ ਇਕ ਮੰਨੇ-ਪ੍ਰਮੰਨੇ ਪਰਿਵਾਰ ਵਿੱਚੋਂ ਸੀ।
15 ਲੇਵੀਆਂ ਵਿੱਚੋਂ: ਸ਼ਮਾਯਾਹ+ ਜੋ ਹਸ਼ੂਬ ਦਾ ਪੁੱਤਰ ਸੀ, ਹਸ਼ੂਬ ਅਜ਼ਰੀਕਾਮ ਦਾ, ਅਜ਼ਰੀਕਾਮ ਹਸ਼ਬਯਾਹ ਦਾ ਤੇ ਹਸ਼ਬਯਾਹ ਬੁੰਨੀ ਦਾ ਪੁੱਤਰ ਸੀ 16 ਅਤੇ ਲੇਵੀਆਂ ਦੇ ਮੁਖੀਆਂ ਵਿੱਚੋਂ ਸ਼ਬਥਈ+ ਅਤੇ ਯੋਜ਼ਾਬਾਦ+ ਜੋ ਸੱਚੇ ਪਰਮੇਸ਼ੁਰ ਦੇ ਭਵਨ ਦੇ ਬਾਹਰਲੇ ਕੰਮ ਦੀ ਨਿਗਰਾਨੀ ਕਰਦੇ ਸਨ; 17 ਮੀਕਾਹ ਦਾ ਪੁੱਤਰ, ਜ਼ਬਦੀ ਦਾ ਪੋਤਾ ਅਤੇ ਆਸਾਫ਼+ ਦਾ ਪੜਪੋਤਾ ਮਤਨਯਾਹ+ ਗਾਇਕੀ ਦਾ ਸੰਚਾਲਕ ਸੀ ਜੋ ਪ੍ਰਾਰਥਨਾ ਵੇਲੇ ਉਸਤਤ ਕਰਨ ਵਿਚ ਅਗਵਾਈ ਕਰਦਾ ਸੀ+ ਅਤੇ ਉਸ ਦਾ ਭਰਾ ਬਕਬੁਕਯਾਹ ਜੋ ਦੂਜੇ ਦਰਜੇ ਤੇ ਸੀ ਅਤੇ ਅਬਦਾ ਜੋ ਸ਼ਮੂਆ ਦਾ ਪੁੱਤਰ, ਗਾਲਾਲ ਦਾ ਪੋਤਾ ਅਤੇ ਯਦੂਥੂਨ ਦਾ ਪੜਪੋਤਾ ਸੀ।+ 18 ਪਵਿੱਤਰ ਸ਼ਹਿਰ ਵਿਚ ਸਾਰੇ ਲੇਵੀਆਂ ਦੀ ਗਿਣਤੀ 284 ਸੀ।
19 ਦਰਬਾਨ ਸਨ ਅੱਕੂਬ ਤੇ ਟਲਮੋਨ+ ਅਤੇ ਉਨ੍ਹਾਂ ਦੇ ਭਰਾ ਜੋ ਦਰਵਾਜ਼ਿਆਂ ʼਤੇ ਪਹਿਰਾ ਦਿੰਦੇ ਸਨ, ਕੁੱਲ 172 ਜਣੇ।
20 ਬਾਕੀ ਇਜ਼ਰਾਈਲ, ਪੁਜਾਰੀ ਅਤੇ ਲੇਵੀ ਯਹੂਦਾਹ ਦੇ ਬਾਕੀ ਸਾਰੇ ਸ਼ਹਿਰਾਂ ਵਿਚ ਸਨ, ਹਾਂ, ਹਰ ਕੋਈ ਵਿਰਾਸਤ ਵਿਚ ਮਿਲੀ ਆਪਣੀ ਜਾਇਦਾਦ* ਵਿਚ ਸੀ। 21 ਮੰਦਰ ਦੇ ਸੇਵਾਦਾਰ*+ ਓਫਲ+ ਵਿਚ ਰਹਿੰਦੇ ਸਨ ਅਤੇ ਸੀਹਾ ਤੇ ਗਿਸ਼ਪਾ ਮੰਦਰ ਦੇ ਸੇਵਾਦਾਰਾਂ* ਦੇ ਨਿਗਰਾਨ ਸਨ।
22 ਆਸਾਫ਼ ਦੇ ਪੁੱਤਰਾਂ ਯਾਨੀ ਗਾਇਕਾਂ ਵਿੱਚੋਂ ਉਜ਼ੀ ਯਰੂਸ਼ਲਮ ਵਿਚ ਲੇਵੀਆਂ ਦਾ ਨਿਗਰਾਨ ਸੀ ਜੋ ਬਾਨੀ ਦਾ ਪੁੱਤਰ ਸੀ, ਬਾਨੀ ਹਸ਼ਬਯਾਹ ਦਾ, ਹਸ਼ਬਯਾਹ ਮਤਨਯਾਹ+ ਦਾ ਅਤੇ ਮਤਨਯਾਹ ਮੀਕਾ ਦਾ ਪੁੱਤਰ ਸੀ; ਉਜ਼ੀ ਸੱਚੇ ਪਰਮੇਸ਼ੁਰ ਦੇ ਭਵਨ ਦੇ ਕੰਮ ਦਾ ਨਿਗਰਾਨ ਸੀ। 23 ਉਨ੍ਹਾਂ ਦੇ ਸੰਬੰਧ ਵਿਚ ਇਕ ਸ਼ਾਹੀ ਹੁਕਮ ਸੀ+ ਅਤੇ ਹਰ ਦਿਨ ਦੀ ਲੋੜ ਮੁਤਾਬਕ ਗਾਇਕਾਂ ਲਈ ਇਕ ਪੱਕਾ ਇੰਤਜ਼ਾਮ ਕੀਤਾ ਗਿਆ ਸੀ। 24 ਯਹੂਦਾਹ ਦੇ ਪੁੱਤਰ ਜ਼ਰਾਹ ਦੇ ਪੁੱਤਰਾਂ ਵਿੱਚੋਂ ਮਸ਼ੇਜ਼ਬੇਲ ਦਾ ਪੁੱਤਰ ਪਥਹਯਾਹ ਲੋਕਾਂ ਦੇ ਹਰ ਮਾਮਲੇ ਸੰਬੰਧੀ ਰਾਜੇ ਦਾ ਸਲਾਹਕਾਰ ਸੀ।*
25 ਜਿੱਥੋਂ ਤਕ ਪਿੰਡਾਂ ਅਤੇ ਉਨ੍ਹਾਂ ਦੇ ਖੇਤਾਂ ਦੀ ਗੱਲ ਹੈ, ਯਹੂਦਾਹ ਦੇ ਕੁਝ ਲੋਕ ਕਿਰਯਥ-ਅਰਬਾ+ ਤੇ ਇਸ ਦੇ ਅਧੀਨ ਆਉਂਦੇ* ਕਸਬਿਆਂ ਵਿਚ ਰਹਿੰਦੇ ਸਨ, ਨਾਲੇ ਦੀਬੋਨ ਤੇ ਇਸ ਦੇ ਅਧੀਨ ਆਉਂਦੇ ਕਸਬਿਆਂ, ਯਕਬਸਏਲ+ ਤੇ ਇਸ ਦੇ ਪਿੰਡਾਂ ਵਿਚ, 26 ਯੇਸ਼ੂਆ, ਮੋਲਾਦਾਹ,+ ਬੈਤ-ਪਾਲਟ+ ਵਿਚ, 27 ਹਸਰ-ਸ਼ੂਆਲ,+ ਬਏਰ-ਸ਼ਬਾ ਤੇ ਇਸ ਦੇ ਅਧੀਨ ਆਉਂਦੇ* ਕਸਬਿਆਂ ਵਿਚ, 28 ਸਿਕਲਗ,+ ਮਕੋਨਾਹ ਤੇ ਇਸ ਦੇ ਅਧੀਨ ਆਉਂਦੇ* ਕਸਬਿਆਂ ਵਿਚ, 29 ਏਨ-ਰਿੰਮੋਨ,+ ਸੋਰਾਹ+ ਅਤੇ ਯਰਮੂਥ ਵਿਚ, 30 ਜ਼ਾਨੋਆਹ,+ ਅਦੁਲਾਮ ਤੇ ਇਨ੍ਹਾਂ ਦੇ ਪਿੰਡਾਂ ਵਿਚ, ਲਾਕੀਸ਼+ ਤੇ ਇਸ ਦੇ ਖੇਤਾਂ ਵਿਚ ਅਤੇ ਅਜ਼ੇਕਾਹ+ ਤੇ ਇਸ ਦੇ ਅਧੀਨ ਆਉਂਦੇ* ਕਸਬਿਆਂ ਵਿਚ। ਉਹ ਬਏਰ-ਸ਼ਬਾ ਤੋਂ ਲੈ ਕੇ ਹਿੰਨੋਮ ਵਾਦੀ+ ਤਕ ਵੱਸ ਗਏ।*
31 ਬਿਨਯਾਮੀਨ ਦੇ ਲੋਕ ਗਬਾ+ ਵਿਚ ਸਨ, ਨਾਲੇ ਮਿਕਮਾਸ਼, ਅੱਯਾਹ, ਬੈਤੇਲ+ ਤੇ ਇਸ ਦੇ ਅਧੀਨ ਆਉਂਦੇ* ਕਸਬਿਆਂ ਵਿਚ, 32 ਅਨਾਥੋਥ,+ ਨੋਬ,+ ਅਨਨਯਾਹ, 33 ਹਾਸੋਰ, ਰਾਮਾਹ,+ ਗਿੱਤਾਯਿਮ, 34 ਹਦੀਦ, ਸਬੋਈਮ, ਨਬਲਾਟ, 35 ਲੋਦ, ਓਨੋ,+ ਕਾਰੀਗਰਾਂ ਦੀ ਘਾਟੀ ਵਿਚ। 36 ਯਹੂਦਾਹ ਦੇ ਲੇਵੀਆਂ ਦੀਆਂ ਕੁਝ ਟੋਲੀਆਂ ਬਿਨਯਾਮੀਨ ਦੇ ਇਲਾਕੇ ਵਿਚ ਵੱਸ ਗਈਆਂ।
12 ਇਹ ਉਹ ਪੁਜਾਰੀ ਅਤੇ ਲੇਵੀ ਸਨ ਜੋ ਸ਼ਾਲਤੀਏਲ+ ਦੇ ਪੁੱਤਰ ਜ਼ਰੁਬਾਬਲ+ ਅਤੇ ਯੇਸ਼ੂਆ+ ਦੇ ਨਾਲ ਗਏ: ਸਰਾਯਾਹ, ਯਿਰਮਿਯਾਹ, ਅਜ਼ਰਾ, 2 ਅਮਰਯਾਹ, ਮੱਲੂਕ, ਹਟੂਸ਼, 3 ਸ਼ਕਨਯਾਹ, ਰਹੂਮ, ਮਰੇਮੋਥ, 4 ਇੱਦੋ, ਗਿਨਥੋਈ, ਅਬੀਯਾਹ, 5 ਮੀਯਾਮੀਨ, ਮਾਦਯਾਹ, ਬਿਲਗਾਹ, 6 ਸ਼ਮਾਯਾਹ, ਯੋਯਾਰੀਬ, ਯਦਾਯਾਹ, 7 ਸੱਲੂ, ਆਮੋਕ, ਹਿਲਕੀਯਾਹ ਅਤੇ ਯਦਾਯਾਹ। ਇਹ ਯੇਸ਼ੂਆ ਦੇ ਦਿਨਾਂ ਵਿਚ ਪੁਜਾਰੀਆਂ ਅਤੇ ਉਨ੍ਹਾਂ ਦੇ ਭਰਾਵਾਂ ਦੇ ਮੁਖੀ ਸਨ।
8 ਯੇਸ਼ੂਆ, ਬਿਨੂਈ, ਕਦਮੀਏਲ,+ ਸ਼ੇਰੇਬਯਾਹ, ਯਹੂਦਾਹ ਅਤੇ ਮਤਨਯਾਹ+ ਲੇਵੀ ਸਨ। ਮਤਨਯਾਹ ਆਪਣੇ ਭਰਾਵਾਂ ਨਾਲ ਧੰਨਵਾਦ ਦੇ ਗੀਤਾਂ ਵਿਚ ਅਗਵਾਈ ਕਰਦਾ ਸੀ। 9 ਉਨ੍ਹਾਂ ਦੇ ਸਾਮ੍ਹਣੇ ਉਨ੍ਹਾਂ ਦੇ ਭਰਾ ਬਕਬੁਕਯਾਹ ਅਤੇ ਉੱਨੀ ਪਹਿਰਾ ਦੇਣ ਲਈ* ਖੜ੍ਹਦੇ ਸਨ। 10 ਯੇਸ਼ੂਆ ਤੋਂ ਯੋਯਾਕੀਮ ਪੈਦਾ ਹੋਇਆ, ਯੋਯਾਕੀਮ ਤੋਂ ਅਲਯਾਸ਼ੀਬ+ ਅਤੇ ਅਲਯਾਸ਼ੀਬ ਤੋਂ ਯੋਯਾਦਾ ਪੈਦਾ ਹੋਇਆ।+ 11 ਯੋਯਾਦਾ ਤੋਂ ਯੋਨਾਥਾਨ ਅਤੇ ਯੋਨਾਥਾਨ ਤੋਂ ਯੱਦੂਆ ਪੈਦਾ ਹੋਇਆ।
12 ਯੋਯਾਕੀਮ ਦੇ ਦਿਨਾਂ ਵਿਚ ਇਹ ਪੁਜਾਰੀ ਸਨ ਜੋ ਪਿਤਾਵਾਂ ਦੇ ਘਰਾਣਿਆਂ ਦੇ ਮੁਖੀ ਸਨ: ਸਰਾਯਾਹ+ ਵੱਲੋਂ ਮਿਰਾਯਾਹ; ਯਿਰਮਿਯਾਹ ਵੱਲੋਂ ਹਨਨਯਾਹ; 13 ਅਜ਼ਰਾ+ ਵੱਲੋਂ ਮਸ਼ੂਲਾਮ; ਅਮਰਯਾਹ ਵੱਲੋਂ ਯਹੋਹਾਨਾਨ; 14 ਮਲੂਕੀ ਵੱਲੋਂ ਯੋਨਾਥਾਨ; ਸ਼ਬਨਯਾਹ ਵੱਲੋਂ ਯੂਸੁਫ਼; 15 ਹਾਰੀਮ+ ਵੱਲੋਂ ਅਦਨਾ; ਮਰਾਯੋਥ ਵੱਲੋਂ ਹਲਕਈ; 16 ਇੱਦੋ ਵੱਲੋਂ ਜ਼ਕਰਯਾਹ; ਗਿਨਥੋਨ ਵੱਲੋਂ ਮਸ਼ੂਲਾਮ; 17 ਅਬੀਯਾਹ+ ਵੱਲੋਂ ਜ਼ਿਕਰੀ; ਮਿਨਯਾਮੀਨ ਵੱਲੋਂ . . .;* ਮੋਅਦਯਾਹ ਵੱਲੋਂ ਪਿਲਟਾਈ; 18 ਬਿਲਗਾਹ+ ਵੱਲੋਂ ਸ਼ਮੂਆ; ਸ਼ਮਾਯਾਹ ਵੱਲੋਂ ਯਹੋਨਾਥਾਨ; 19 ਯੋਯਾਰੀਬ ਵੱਲੋਂ ਮਤਨਈ; ਯਦਾਯਾਹ+ ਵੱਲੋਂ ਉਜ਼ੀ; 20 ਸੱਲਈ ਵੱਲੋਂ ਕੱਲਈ; ਆਮੋਕ ਵੱਲੋਂ ਏਬਰ; 21 ਹਿਲਕੀਯਾਹ ਵੱਲੋਂ ਹਸ਼ਬਯਾਹ; ਯਦਾਯਾਹ ਵੱਲੋਂ ਨਥਨੀਏਲ।
22 ਅਲਯਾਸ਼ੀਬ, ਯੋਯਾਦਾ, ਯੋਹਾਨਾਨ ਅਤੇ ਯੱਦੂਆ+ ਦੇ ਦਿਨਾਂ ਵਿਚ ਲੇਵੀਆਂ ਅਤੇ ਪੁਜਾਰੀਆਂ ਦੇ ਪਿਤਾਵਾਂ ਦੇ ਘਰਾਣਿਆਂ ਦੇ ਮੁਖੀਆਂ ਦੇ ਨਾਂ ਫਾਰਸੀ ਦਾਰਾ ਦੀ ਹਕੂਮਤ ਤਕ ਦਰਜ ਕੀਤੇ ਗਏ ਸਨ।
23 ਉਨ੍ਹਾਂ ਲੇਵੀਆਂ ਦੇ ਨਾਂ, ਜੋ ਪਿਤਾਵਾਂ ਦੇ ਘਰਾਣਿਆਂ ਦੇ ਮੁਖੀ ਸਨ, ਅਲਯਾਸ਼ੀਬ ਦੇ ਪੁੱਤਰ ਯੋਹਾਨਾਨ ਦੇ ਦਿਨਾਂ ਤਕ ਸਮਿਆਂ ਦੇ ਇਤਿਹਾਸ ਦੀ ਕਿਤਾਬ ਵਿਚ ਦਰਜ ਕੀਤੇ ਗਏ ਸਨ। 24 ਲੇਵੀਆਂ ਦੇ ਮੁਖੀ ਸਨ ਹਸ਼ਬਯਾਹ, ਸ਼ੇਰੇਬਯਾਹ ਅਤੇ ਕਦਮੀਏਲ ਦਾ ਪੁੱਤਰ+ ਯੇਸ਼ੂਆ।+ ਉਨ੍ਹਾਂ ਦੇ ਭਰਾ ਉਨ੍ਹਾਂ ਦੇ ਸਾਮ੍ਹਣੇ ਖੜ੍ਹ ਕੇ ਸੱਚੇ ਪਰਮੇਸ਼ੁਰ ਦੇ ਬੰਦੇ ਦਾਊਦ ਦੀਆਂ ਹਿਦਾਇਤਾਂ ਅਨੁਸਾਰ ਪਰਮੇਸ਼ੁਰ ਦੀ ਉਸਤਤ ਤੇ ਧੰਨਵਾਦ ਕਰਦੇ ਸਨ।+ ਪਹਿਰੇਦਾਰਾਂ ਦੀ ਇਕ ਟੋਲੀ ਦੂਜੀ ਟੋਲੀ ਦੇ ਨਾਲ-ਨਾਲ ਖੜ੍ਹੀ ਹੁੰਦੀ ਸੀ। 25 ਮਤਨਯਾਹ,+ ਬਕਬੁਕਯਾਹ, ਓਬਦਯਾਹ, ਮਸ਼ੂਲਾਮ, ਟਲਮੋਨ ਅਤੇ ਅੱਕੂਬ+ ਦਰਬਾਨ ਸਨ+ ਜੋ ਦਰਵਾਜ਼ਿਆਂ ਦੇ ਨਾਲ ਲੱਗਦੇ ਭੰਡਾਰਾਂ ਦੀ ਰਾਖੀ ਕਰਦੇ ਸਨ। 26 ਇਹ ਯੇਸ਼ੂਆ+ ਦੇ ਪੁੱਤਰ ਅਤੇ ਯੋਸਾਦਾਕ ਦੇ ਪੋਤੇ ਯੋਯਾਕੀਮ ਦੇ ਦਿਨਾਂ ਵਿਚ ਅਤੇ ਰਾਜਪਾਲ ਨਹਮਯਾਹ ਅਤੇ ਪੁਜਾਰੀ ਤੇ ਨਕਲਨਵੀਸ* ਅਜ਼ਰਾ+ ਦੇ ਦਿਨਾਂ ਵਿਚ ਸੇਵਾ ਕਰਦੇ ਸਨ।
27 ਯਰੂਸ਼ਲਮ ਦੀਆਂ ਕੰਧਾਂ ਦੇ ਉਦਘਾਟਨ ਵੇਲੇ ਉਨ੍ਹਾਂ ਨੇ ਲੇਵੀਆਂ ਦੀ ਭਾਲ ਕੀਤੀ ਤੇ ਜਿੱਥੇ ਕਿਤੇ ਵੀ ਉਹ ਰਹਿੰਦੇ ਸਨ, ਉਹ ਉਨ੍ਹਾਂ ਨੂੰ ਉੱਥੋਂ ਯਰੂਸ਼ਲਮ ਲਿਆਏ ਤਾਂਕਿ ਉਹ ਛੈਣੇ, ਤਾਰਾਂ ਵਾਲੇ ਸਾਜ਼ ਅਤੇ ਰਬਾਬਾਂ ਵਜਾਉਂਦਿਆਂ, ਧੰਨਵਾਦ ਦੇ ਗੀਤ ਗਾਉਂਦਿਆਂ+ ਤੇ ਖ਼ੁਸ਼ੀਆਂ ਮਨਾਉਂਦਿਆਂ ਉਦਘਾਟਨ ਕਰਨ। 28 ਗਾਇਕਾਂ ਦੇ ਪੁੱਤਰ* ਜ਼ਿਲ੍ਹੇ* ਤੋਂ ਇਕੱਠੇ ਹੋਏ, ਨਾਲੇ ਯਰੂਸ਼ਲਮ ਦੇ ਚਾਰੇ ਪਾਸਿਓਂ, ਨਟੋਫਾਥੀਆਂ ਦੇ ਪਿੰਡਾਂ+ ਤੋਂ, 29 ਬੈਤ-ਗਿਲਗਾਲ+ ਤੋਂ ਅਤੇ ਗਬਾ+ ਤੇ ਅਜ਼ਮਾਵਥ ਦੇ ਖੇਤਾਂ ਤੋਂ+ ਕਿਉਂਕਿ ਗਾਇਕਾਂ ਨੇ ਸਾਰੇ ਯਰੂਸ਼ਲਮ ਦੇ ਆਲੇ-ਦੁਆਲੇ ਆਪਣੇ ਲਈ ਪਿੰਡ ਉਸਾਰ ਲਏ ਸਨ। 30 ਪੁਜਾਰੀਆਂ ਅਤੇ ਲੇਵੀਆਂ ਨੇ ਆਪਣੇ ਆਪ ਨੂੰ ਸ਼ੁੱਧ ਕੀਤਾ ਅਤੇ ਉਨ੍ਹਾਂ ਨੇ ਲੋਕਾਂ, ਦਰਵਾਜ਼ਿਆਂ+ ਅਤੇ ਕੰਧ+ ਨੂੰ ਵੀ ਸ਼ੁੱਧ ਕੀਤਾ।+
31 ਫਿਰ ਮੈਂ ਯਹੂਦਾਹ ਦੇ ਹਾਕਮਾਂ ਨੂੰ ਕੰਧ ਉੱਤੇ ਲਿਆਇਆ। ਇਸ ਤੋਂ ਇਲਾਵਾ, ਮੈਂ ਧੰਨਵਾਦ ਦੇ ਗੀਤ ਗਾਉਣ ਵਾਲੀਆਂ ਦੋ ਟੋਲੀਆਂ ਠਹਿਰਾਈਆਂ ਅਤੇ ਉਨ੍ਹਾਂ ਦੇ ਮਗਰ ਚੱਲਣ ਲਈ ਲੋਕਾਂ ਦੇ ਸਮੂਹ ਠਹਿਰਾਏ। ਇਕ ਟੋਲੀ ਕੰਧ ਦੇ ਉੱਤੇ ਸੱਜੇ ਪਾਸੇ ਵੱਲ “ਸੁਆਹ ਦੇ ਢੇਰ ਦੇ ਫਾਟਕ”+ ਵੱਲ ਗਈ। 32 ਹੋਸ਼ਾਯਾਹ ਅਤੇ ਯਹੂਦਾਹ ਦੇ ਅੱਧੇ ਹਾਕਮ ਉਨ੍ਹਾਂ ਦੇ ਮਗਰ-ਮਗਰ ਚੱਲ ਰਹੇ ਸਨ 33 ਅਤੇ ਉਨ੍ਹਾਂ ਦੇ ਨਾਲ ਅਜ਼ਰਯਾਹ, ਅਜ਼ਰਾ, ਮਸ਼ੂਲਾਮ, 34 ਯਹੂਦਾਹ, ਬਿਨਯਾਮੀਨ, ਸ਼ਮਾਯਾਹ ਅਤੇ ਯਿਰਮਿਯਾਹ ਸਨ। 35 ਉਨ੍ਹਾਂ ਦੇ ਨਾਲ ਪੁਜਾਰੀਆਂ ਦੇ ਕੁਝ ਪੁੱਤਰ ਸਨ ਜਿਨ੍ਹਾਂ ਨੇ ਤੁਰ੍ਹੀਆਂ ਫੜੀਆਂ ਹੋਈਆਂ ਸਨ:+ ਯੋਨਾਥਾਨ ਜੋ ਜ਼ਕਰਯਾਹ ਦਾ ਪੁੱਤਰ ਸੀ, ਜ਼ਕਰਯਾਹ ਸ਼ਮਾਯਾਹ ਦਾ, ਸ਼ਮਾਯਾਹ ਮਤਨਯਾਹ ਦਾ, ਮਤਨਯਾਹ ਮੀਕਾਯਾਹ ਦਾ, ਮੀਕਾਯਾਹ ਜ਼ਕੂਰ ਦਾ ਅਤੇ ਜ਼ਕੂਰ ਆਸਾਫ਼ ਦਾ ਪੁੱਤਰ ਸੀ+ 36 ਅਤੇ ਉਸ ਦੇ ਭਰਾਵਾਂ ਸ਼ਮਾਯਾਹ, ਅਜ਼ਰਏਲ, ਮਿਲਲਈ, ਗਿਲਲਈ, ਮਾਈ, ਨਥਨੀਏਲ, ਯਹੂਦਾਹ ਅਤੇ ਹਨਾਨੀ ਨੇ ਸੱਚੇ ਪਰਮੇਸ਼ੁਰ ਦੇ ਬੰਦੇ ਦਾਊਦ ਦੇ ਸਾਜ਼ ਫੜੇ ਹੋਏ ਸਨ;+ ਨਕਲਨਵੀਸ* ਅਜ਼ਰਾ+ ਉਨ੍ਹਾਂ ਦੇ ਅੱਗੇ-ਅੱਗੇ ਗਿਆ। 37 ਚਸ਼ਮਾ ਫਾਟਕ+ ਤੋਂ ਹੁੰਦੇ ਹੋਏ ਉਹ ਸਿੱਧੇ “ਦਾਊਦ ਦੇ ਘਰ” ਕੋਲੋਂ ਜਾਂਦੀ ਉੱਚੀ ਕੰਧ ਦੀ ਚੜ੍ਹਾਈ ਰਾਹੀਂ “ਦਾਊਦ ਦੇ ਸ਼ਹਿਰ+ ਦੀਆਂ ਪੌੜੀਆਂ”+ ਪਾਰ ਕਰ ਕੇ ਪੂਰਬ ਵੱਲ ਜਲ ਫਾਟਕ+ ਨੂੰ ਗਏ।
38 ਧੰਨਵਾਦ ਦੇ ਗੀਤ ਗਾਉਣ ਵਾਲੀ ਦੂਜੀ ਟੋਲੀ ਦੂਜੇ ਪਾਸੇ* ਗਈ ਤੇ ਮੈਂ ਅਤੇ ਅੱਧੇ ਲੋਕ ਟੋਲੀ ਦੇ ਪਿੱਛੇ-ਪਿੱਛੇ ਕੰਧ ਉੱਤੇ “ਤੰਦੂਰਾਂ ਦੇ ਬੁਰਜ”+ ਉੱਤੋਂ ਦੀ ਹੁੰਦੇ ਹੋਏ “ਚੌੜੀ ਕੰਧ”+ ਤਕ ਗਏ 39 ਅਤੇ ਉੱਥੋਂ ਟੋਲੀ “ਇਫ਼ਰਾਈਮ ਦੇ ਫਾਟਕ”+ ਉੱਤੋਂ “ਪੁਰਾਣੇ ਸ਼ਹਿਰ ਦੇ ਫਾਟਕ”+ ਤਕ ਅਤੇ ਉੱਥੋਂ ਮੱਛੀ ਫਾਟਕ+ ਤਕ, ਉੱਥੋਂ “ਹਨਨੇਲ ਦੇ ਬੁਰਜ,”+ “ਮੇਆਹ ਦੇ ਬੁਰਜ” ਅਤੇ ਭੇਡ ਫਾਟਕ+ ਤਕ ਗਈ; ਉਹ “ਪਹਿਰੇਦਾਰਾਂ ਦੇ ਫਾਟਕ” ʼਤੇ ਆ ਕੇ ਰੁਕ ਗਏ।
40 ਕੁਝ ਸਮੇਂ ਬਾਅਦ ਧੰਨਵਾਦ ਦੇ ਗੀਤ ਗਾਉਣ ਵਾਲੀਆਂ ਦੋਵੇਂ ਟੋਲੀਆਂ ਸੱਚੇ ਪਰਮੇਸ਼ੁਰ ਦੇ ਭਵਨ ਦੇ ਸਾਮ੍ਹਣੇ ਆ ਕੇ ਖੜ੍ਹ ਗਈਆਂ; ਮੈਂ ਅਤੇ ਮੇਰੇ ਨਾਲ ਦੇ ਅੱਧੇ ਅਧਿਕਾਰੀ ਵੀ ਰੁਕ ਗਏ 41 ਅਤੇ ਪੁਜਾਰੀ ਅਲਯਾਕੀਮ, ਮਾਸੇਯਾਹ, ਮਿਨਯਾਮੀਨ, ਮੀਕਾਯਾਹ, ਅਲਯੋਏਨਾਈ, ਜ਼ਕਰਯਾਹ ਅਤੇ ਹਨਨਯਾਹ ਤੁਰ੍ਹੀਆਂ ਫੜੀ ਖੜ੍ਹੇ ਸਨ, 42 ਨਾਲੇ ਮਾਸੇਯਾਹ, ਸ਼ਮਾਯਾਹ, ਅਲਆਜ਼ਾਰ, ਉਜ਼ੀ, ਯਹੋਹਾਨਾਨ, ਮਲਕੀਯਾਹ, ਏਲਾਮ ਅਤੇ ਏਜ਼ਰ ਵੀ ਖੜ੍ਹੇ ਸਨ। ਗਾਇਕਾਂ ਨੇ ਯਿਜ਼ਰਹਯਾਹ ਦੀ ਨਿਗਰਾਨੀ ਅਧੀਨ ਉੱਚੀ ਆਵਾਜ਼ ਵਿਚ ਗਾਇਆ।
43 ਉਸ ਦਿਨ ਉਨ੍ਹਾਂ ਨੇ ਬਹੁਤ ਬਲ਼ੀਆਂ ਚੜ੍ਹਾਈਆਂ ਅਤੇ ਖ਼ੁਸ਼ੀਆਂ ਮਨਾਈਆਂ+ ਕਿਉਂਕਿ ਸੱਚੇ ਪਰਮੇਸ਼ੁਰ ਨੇ ਉਨ੍ਹਾਂ ਨੂੰ ਬਹੁਤ ਖ਼ੁਸ਼ੀਆਂ ਬਖ਼ਸ਼ੀਆਂ ਸਨ। ਔਰਤਾਂ ਅਤੇ ਬੱਚਿਆਂ ਨੇ ਵੀ ਖ਼ੁਸ਼ੀਆਂ ਮਨਾਈਆਂ।+ ਯਰੂਸ਼ਲਮ ਵਿਚ ਉਨ੍ਹਾਂ ਦੇ ਖ਼ੁਸ਼ੀਆਂ ਮਨਾਉਣ ਦੀ ਆਵਾਜ਼ ਇੰਨੀ ਉੱਚੀ ਸੀ ਕਿ ਇਹ ਦੂਰ-ਦੂਰ ਤਕ ਸੁਣਾਈ ਦਿੰਦੀ ਸੀ।+
44 ਉਸ ਦਿਨ ਪਹਿਲੇ ਫਲਾਂ,+ ਦਾਨ+ ਅਤੇ ਦਸਵੇਂ ਹਿੱਸੇ+ ਲਈ ਬਣਾਏ ਭੰਡਾਰਾਂ ਦੀ ਨਿਗਰਾਨੀ ਲਈ ਆਦਮੀ ਠਹਿਰਾਏ ਗਏ।+ ਇਨ੍ਹਾਂ ਭੰਡਾਰਾਂ ਵਿਚ ਉਨ੍ਹਾਂ ਨੇ ਸ਼ਹਿਰਾਂ ਦੇ ਖੇਤਾਂ ਵਿੱਚੋਂ ਉਹ ਹਿੱਸੇ ਲਿਆਉਣੇ ਸਨ ਜੋ ਮੂਸਾ ਦੇ ਕਾਨੂੰਨ ਵਿਚ ਪੁਜਾਰੀਆਂ ਅਤੇ ਲੇਵੀਆਂ ਲਈ ਠਹਿਰਾਏ ਗਏ ਸਨ।+ ਸੇਵਾ ਕਰ ਰਹੇ ਪੁਜਾਰੀਆਂ ਅਤੇ ਲੇਵੀਆਂ ਕਰਕੇ ਯਹੂਦਾਹ ਵਿਚ ਬਹੁਤ ਖ਼ੁਸ਼ੀਆਂ ਮਨਾਈਆਂ ਜਾ ਰਹੀਆਂ ਸਨ। 45 ਗਾਇਕਾਂ ਤੇ ਦਰਬਾਨਾਂ ਦੇ ਨਾਲ-ਨਾਲ ਪੁਜਾਰੀ ਤੇ ਲੇਵੀ ਆਪਣੇ ਪਰਮੇਸ਼ੁਰ ਦੀ ਸੇਵਾ ਸੰਬੰਧੀ ਜ਼ਿੰਮੇਵਾਰੀਆਂ ਪੂਰੀਆਂ ਕਰਨ ਅਤੇ ਸ਼ੁੱਧ ਕਰਨ ਦਾ ਫ਼ਰਜ਼ ਨਿਭਾਉਣ ਲੱਗੇ ਜਿਵੇਂ ਦਾਊਦ ਅਤੇ ਉਸ ਦੇ ਪੁੱਤਰ ਸੁਲੇਮਾਨ ਨੇ ਹਿਦਾਇਤਾਂ ਦਿੱਤੀਆਂ ਸਨ। 46 ਬਹੁਤ ਸਮਾਂ ਪਹਿਲਾਂ ਦਾਊਦ ਅਤੇ ਆਸਾਫ਼ ਦੇ ਦਿਨਾਂ ਵਿਚ ਗਾਇਕਾਂ ਅਤੇ ਪਰਮੇਸ਼ੁਰ ਦੀ ਉਸਤਤ ਤੇ ਧੰਨਵਾਦ ਦੇ ਗੀਤਾਂ ਲਈ ਨਿਰਦੇਸ਼ਕ* ਹੁੰਦੇ ਸਨ।+ 47 ਜ਼ਰੁਬਾਬਲ+ ਦੇ ਦਿਨਾਂ ਦੌਰਾਨ ਅਤੇ ਨਹਮਯਾਹ ਦੇ ਦਿਨਾਂ ਦੌਰਾਨ ਸਾਰਾ ਇਜ਼ਰਾਈਲ ਰੋਜ਼ ਦੀ ਲੋੜ ਮੁਤਾਬਕ ਗਾਇਕਾਂ ਅਤੇ ਦਰਬਾਨਾਂ ਨੂੰ ਹਿੱਸਾ ਦਿੰਦਾ ਸੀ।+ ਉਹ ਲੇਵੀਆਂ ਲਈ ਵੀ ਇਕ ਹਿੱਸਾ ਅਲੱਗ ਰੱਖਦੇ ਸਨ+ ਅਤੇ ਲੇਵੀ ਵੀ ਹਾਰੂਨ ਦੀ ਔਲਾਦ ਲਈ ਹਿੱਸਾ ਅਲੱਗ ਰੱਖਦੇ ਸਨ।
13 ਉਸ ਦਿਨ ਲੋਕਾਂ ਸਾਮ੍ਹਣੇ ਮੂਸਾ ਦੀ ਕਿਤਾਬ ਪੜ੍ਹ ਕੇ ਸੁਣਾਈ ਗਈ+ ਅਤੇ ਉਸ ਵਿਚ ਇਹ ਲਿਖਿਆ ਸੀ ਕਿ ਸੱਚੇ ਪਰਮੇਸ਼ੁਰ ਦੀ ਮੰਡਲੀ ਵਿਚ ਨਾ ਕੋਈ ਅੰਮੋਨੀ ਤੇ ਨਾ ਕੋਈ ਮੋਆਬੀ+ ਕਦੇ ਦਾਖ਼ਲ ਹੋਵੇ+ 2 ਕਿਉਂਕਿ ਉਨ੍ਹਾਂ ਨੇ ਇਜ਼ਰਾਈਲੀਆਂ ਨੂੰ ਰੋਟੀ-ਪਾਣੀ ਨਹੀਂ ਦਿੱਤਾ ਸੀ, ਸਗੋਂ ਉਨ੍ਹਾਂ ਨੂੰ ਸਰਾਪ ਦੇਣ ਲਈ ਉਨ੍ਹਾਂ ਨੇ ਬਿਲਾਮ ਨੂੰ ਭਾੜੇ ʼਤੇ ਰੱਖਿਆ ਸੀ।+ ਪਰ ਸਾਡੇ ਪਰਮੇਸ਼ੁਰ ਨੇ ਉਸ ਸਰਾਪ ਨੂੰ ਬਰਕਤ ਵਿਚ ਬਦਲ ਦਿੱਤਾ।+ 3 ਮੂਸਾ ਦੇ ਕਾਨੂੰਨ ਦੀਆਂ ਗੱਲਾਂ ਸੁਣਦੇ ਸਾਰ ਉਨ੍ਹਾਂ ਨੇ ਇਜ਼ਰਾਈਲ ਤੋਂ ਉਨ੍ਹਾਂ ਸਾਰਿਆਂ ਨੂੰ ਅਲੱਗ ਕਰਨਾ ਸ਼ੁਰੂ ਕਰ ਦਿੱਤਾ ਜੋ ਵਿਦੇਸ਼ੀ* ਸਨ।+
4 ਇਸ ਤੋਂ ਪਹਿਲਾਂ, ਸਾਡੇ ਪਰਮੇਸ਼ੁਰ ਦੇ ਭਵਨ* ਦੇ ਭੰਡਾਰਾਂ* ਦਾ ਨਿਗਰਾਨ+ ਪੁਜਾਰੀ ਅਲਯਾਸ਼ੀਬ+ ਸੀ ਜੋ ਟੋਬੀਯਾਹ+ ਦਾ ਰਿਸ਼ਤੇਦਾਰ ਸੀ। 5 ਉਸ ਨੇ ਇਕ ਵੱਡਾ ਭੰਡਾਰ* ਟੋਬੀਯਾਹ ਨੂੰ ਦੇ ਦਿੱਤਾ ਸੀ ਜਿੱਥੇ ਪਹਿਲਾਂ ਉਹ ਅਨਾਜ ਦਾ ਚੜ੍ਹਾਵਾ, ਲੋਬਾਨ, ਭਾਂਡੇ ਅਤੇ ਲੇਵੀਆਂ, ਗਾਇਕਾਂ ਤੇ ਦਰਬਾਨਾਂ ਲਈ ਅਨਾਜ, ਨਵੇਂ ਦਾਖਰਸ ਤੇ ਤੇਲ ਦਾ ਦਸਵਾਂ ਹਿੱਸਾ+ ਅਤੇ ਪੁਜਾਰੀਆਂ ਲਈ ਦਾਨ ਰੱਖਦੇ ਸਨ।+
6 ਇਸ ਸਾਰੇ ਸਮੇਂ ਦੌਰਾਨ ਮੈਂ ਯਰੂਸ਼ਲਮ ਵਿਚ ਨਹੀਂ ਸੀ ਕਿਉਂਕਿ ਬਾਬਲ ਦੇ ਰਾਜੇ ਅਰਤਹਸ਼ਸਤਾ+ ਦੇ ਰਾਜ ਦੇ 32ਵੇਂ ਸਾਲ+ ਮੈਂ ਰਾਜੇ ਕੋਲ ਚਲਾ ਗਿਆ ਸੀ; ਕੁਝ ਸਮੇਂ ਬਾਅਦ ਮੈਂ ਰਾਜੇ ਤੋਂ ਛੁੱਟੀ ਮੰਗੀ। 7 ਫਿਰ ਮੈਂ ਯਰੂਸ਼ਲਮ ਆਇਆ ਅਤੇ ਦੇਖਿਆ ਕਿ ਅਲਯਾਸ਼ੀਬ+ ਨੇ ਟੋਬੀਯਾਹ+ ਦੀ ਖ਼ਾਤਰ ਕਿੰਨਾ ਭੈੜਾ ਕੰਮ ਕੀਤਾ ਸੀ। ਉਸ ਨੇ ਸੱਚੇ ਪਰਮੇਸ਼ੁਰ ਦੇ ਭਵਨ ਦੇ ਵਿਹੜੇ ਵਿਚ ਇਕ ਭੰਡਾਰ ਟੋਬੀਯਾਹ ਨੂੰ ਦੇ ਦਿੱਤਾ ਸੀ। 8 ਇਹ ਦੇਖ ਕੇ ਮੈਨੂੰ ਬਹੁਤ ਗੁੱਸਾ ਚੜ੍ਹਿਆ, ਇਸ ਲਈ ਮੈਂ ਟੋਬੀਯਾਹ ਦਾ ਸਾਰਾ ਸਾਮਾਨ ਭੰਡਾਰ* ਵਿੱਚੋਂ ਕੱਢ ਕੇ ਸੁੱਟ ਦਿੱਤਾ। 9 ਇਸ ਤੋਂ ਬਾਅਦ ਮੇਰੇ ਹੁਕਮ ʼਤੇ ਉਨ੍ਹਾਂ ਨੇ ਭੰਡਾਰਾਂ* ਨੂੰ ਸ਼ੁੱਧ ਕੀਤਾ; ਉੱਥੇ ਮੈਂ ਸੱਚੇ ਪਰਮੇਸ਼ੁਰ ਦੇ ਭਵਨ ਦੇ ਭਾਂਡੇ ਦੁਬਾਰਾ ਰੱਖ ਦਿੱਤੇ,+ ਨਾਲੇ ਅਨਾਜ ਦਾ ਚੜ੍ਹਾਵਾ ਅਤੇ ਲੋਬਾਨ+ ਵੀ ਰੱਖ ਦਿੱਤਾ।
10 ਮੈਨੂੰ ਇਹ ਵੀ ਪਤਾ ਲੱਗਾ ਕਿ ਲੇਵੀਆਂ ਨੂੰ ਉਨ੍ਹਾਂ ਦਾ ਹਿੱਸਾ+ ਨਹੀਂ ਦਿੱਤਾ ਜਾਂਦਾ ਸੀ+ ਜਿਸ ਕਰਕੇ ਲੇਵੀ ਅਤੇ ਗਾਇਕ ਆਪਣਾ ਕੰਮ ਛੱਡ ਕੇ ਆਪੋ-ਆਪਣੇ ਖੇਤ ਨੂੰ ਚਲੇ ਗਏ।+ 11 ਇਸ ਲਈ ਮੈਂ ਅਧਿਕਾਰੀਆਂ ਨੂੰ ਝਿੜਕਦੇ ਹੋਏ ਕਿਹਾ:+ “ਸੱਚੇ ਪਰਮੇਸ਼ੁਰ ਦੇ ਭਵਨ ਪ੍ਰਤੀ ਲਾਪਰਵਾਹੀ ਕਿਉਂ ਦਿਖਾਈ ਗਈ?”+ ਫਿਰ ਮੈਂ ਉਨ੍ਹਾਂ ਨੂੰ ਇਕੱਠਾ ਕੀਤਾ ਅਤੇ ਉਨ੍ਹਾਂ ਨੂੰ ਦੁਬਾਰਾ ਉਨ੍ਹਾਂ ਦੇ ਕੰਮਾਂ ʼਤੇ ਲਗਾ ਦਿੱਤਾ। 12 ਫਿਰ ਸਾਰਾ ਯਹੂਦਾਹ ਅਨਾਜ, ਨਵੇਂ ਦਾਖਰਸ ਅਤੇ ਤੇਲ ਦਾ ਦਸਵਾਂ ਹਿੱਸਾ+ ਭੰਡਾਰਾਂ ਵਿਚ ਲਿਆਇਆ।+ 13 ਫਿਰ ਮੈਂ ਪੁਜਾਰੀ ਸ਼ਲਮਯਾਹ, ਨਕਲਨਵੀਸ* ਸਾਦੋਕ ਅਤੇ ਲੇਵੀਆਂ ਵਿੱਚੋਂ ਪਦਾਯਾਹ ਨੂੰ ਭੰਡਾਰਾਂ ਦਾ ਨਿਗਰਾਨ ਠਹਿਰਾਇਆ ਅਤੇ ਜ਼ਕੂਰ ਦੇ ਪੁੱਤਰ ਤੇ ਮਤਨਯਾਹ ਦੇ ਪੋਤੇ ਹਨਾਨ ਨੂੰ ਉਨ੍ਹਾਂ ਦੀ ਮਦਦ ਲਈ ਠਹਿਰਾਇਆ ਕਿਉਂਕਿ ਇਹ ਭਰੋਸੇਯੋਗ ਆਦਮੀ ਸਨ। ਇਹ ਜ਼ਿੰਮੇਵਾਰੀ ਉਨ੍ਹਾਂ ਦੀ ਸੀ ਕਿ ਉਹ ਆਪਣੇ ਭਰਾਵਾਂ ਨੂੰ ਉਨ੍ਹਾਂ ਦਾ ਹਿੱਸਾ ਦੇਣ।
14 ਹੇ ਮੇਰੇ ਪਰਮੇਸ਼ੁਰ, ਇਸ ਸਭ ਕਰਕੇ ਮੈਨੂੰ ਯਾਦ ਰੱਖੀਂ+ ਅਤੇ ਮੇਰੇ ਉਨ੍ਹਾਂ ਕੰਮਾਂ ਨੂੰ ਨਾ ਮਿਟਾਈਂ ਜਿਹੜੇ ਮੈਂ ਅਟੱਲ ਪਿਆਰ ਦੇ ਕਰਕੇ ਆਪਣੇ ਪਰਮੇਸ਼ੁਰ ਦੇ ਭਵਨ ਲਈ ਤੇ ਇਸ ਵਿਚ ਕੀਤੀ ਜਾਂਦੀ ਸੇਵਾ* ਲਈ ਕੀਤੇ ਹਨ।+
15 ਉਨ੍ਹਾਂ ਦਿਨਾਂ ਵਿਚ ਮੈਂ ਦੇਖਿਆ ਕਿ ਯਹੂਦਾਹ ਵਿਚ ਲੋਕ ਸਬਤ ਵਾਲੇ ਦਿਨ ਚੁਬੱਚਿਆਂ ਵਿਚ ਅੰਗੂਰ ਮਿੱਧ ਰਹੇ ਸਨ,+ ਅਨਾਜ ਦੇ ਢੇਰ ਗਧਿਆਂ ʼਤੇ ਲੱਦ ਕੇ ਲਿਆ ਰਹੇ ਸਨ, ਦਾਖਰਸ, ਅੰਗੂਰ, ਅੰਜੀਰਾਂ ਅਤੇ ਹਰ ਤਰ੍ਹਾਂ ਦਾ ਮਾਲ ਸਬਤ ਵਾਲੇ ਦਿਨ ਯਰੂਸ਼ਲਮ ਵਿਚ ਲਿਆ ਰਹੇ ਸਨ।+ ਇਸ ਲਈ ਮੈਂ ਉਨ੍ਹਾਂ ਨੂੰ ਚੇਤਾਵਨੀ ਦਿੱਤੀ ਕਿ ਉਹ ਉਸ ਦਿਨ ਕੋਈ ਸਾਮਾਨ ਨਾ ਵੇਚਣ।* 16 ਸ਼ਹਿਰ ਵਿਚ ਰਹਿੰਦੇ ਸੋਰ ਦੇ ਲੋਕ ਮੱਛੀਆਂ ਅਤੇ ਹਰ ਤਰ੍ਹਾਂ ਦਾ ਸਾਮਾਨ ਲਿਆ ਕੇ ਸਬਤ ਵਾਲੇ ਦਿਨ ਯਹੂਦਾਹ ਦੇ ਲੋਕਾਂ ਨੂੰ ਅਤੇ ਯਰੂਸ਼ਲਮ ਵਿਚ ਵੇਚ ਰਹੇ ਸਨ।+ 17 ਇਸ ਲਈ ਮੈਂ ਯਹੂਦਾਹ ਦੇ ਹਾਕਮਾਂ ਨੂੰ ਝਿੜਕਿਆ ਅਤੇ ਕਿਹਾ: “ਤੁਸੀਂ ਇਹ ਕਿੱਦਾਂ ਦਾ ਭੈੜਾ ਕੰਮ ਕਰ ਰਹੇ ਹੋ? ਤੁਸੀਂ ਤਾਂ ਸਬਤ ਦੇ ਦਿਨ ਨੂੰ ਵੀ ਭ੍ਰਿਸ਼ਟ ਕਰ ਦਿੱਤਾ! 18 ਕੀ ਤੁਹਾਡੇ ਪਿਉ-ਦਾਦਿਆਂ ਨੇ ਵੀ ਇਸੇ ਤਰ੍ਹਾਂ ਨਹੀਂ ਕੀਤਾ ਸੀ ਜਿਸ ਕਰਕੇ ਸਾਡਾ ਪਰਮੇਸ਼ੁਰ ਸਾਡੇ ਉੱਤੇ ਅਤੇ ਇਸ ਸ਼ਹਿਰ ਉੱਤੇ ਇਹ ਸਾਰੀ ਤਬਾਹੀ ਲਿਆਇਆ ਸੀ? ਹੁਣ ਤੁਸੀਂ ਸਬਤ ਨੂੰ ਭ੍ਰਿਸ਼ਟ ਕਰ ਕੇ ਇਜ਼ਰਾਈਲ ਉੱਤੇ ਭੜਕੀ ਕ੍ਰੋਧ ਦੀ ਅੱਗ ਨੂੰ ਹੋਰ ਕਿਉਂ ਭੜਕਾ ਰਹੇ ਹੋ?”+
19 ਮੈਂ ਹੁਕਮ ਦਿੱਤਾ ਕਿ ਹਨੇਰਾ ਹੋਣ ਤੋਂ ਪਹਿਲਾਂ ਯਾਨੀ ਸਬਤ ਸ਼ੁਰੂ ਹੋਣ ਤੋਂ ਪਹਿਲਾਂ ਯਰੂਸ਼ਲਮ ਦੇ ਦਰਵਾਜ਼ੇ ਬੰਦ ਕਰ ਦਿੱਤੇ ਜਾਣ। ਮੈਂ ਇਹ ਵੀ ਕਿਹਾ ਕਿ ਸਬਤ ਦੇ ਖ਼ਤਮ ਹੋਣ ਤਕ ਇਨ੍ਹਾਂ ਨੂੰ ਖੋਲ੍ਹਿਆ ਨਾ ਜਾਵੇ ਅਤੇ ਮੈਂ ਆਪਣੇ ਕੁਝ ਸੇਵਾਦਾਰਾਂ ਨੂੰ ਦਰਵਾਜ਼ਿਆਂ ʼਤੇ ਖੜ੍ਹੇ ਕੀਤਾ ਤਾਂਕਿ ਸਬਤ ਦੇ ਦਿਨ ਕਿਸੇ ਤਰ੍ਹਾਂ ਦਾ ਮਾਲ ਅੰਦਰ ਨਾ ਲਿਆਂਦਾ ਜਾਵੇ। 20 ਇਸ ਲਈ ਵਪਾਰੀਆਂ ਅਤੇ ਹਰ ਤਰ੍ਹਾਂ ਦਾ ਸੌਦਾ ਵੇਚਣ ਵਾਲਿਆਂ ਨੇ ਇਕ-ਦੋ ਵਾਰ ਯਰੂਸ਼ਲਮ ਦੇ ਬਾਹਰ ਰਾਤ ਬਿਤਾਈ। 21 ਫਿਰ ਮੈਂ ਉਨ੍ਹਾਂ ਨੂੰ ਚੇਤਾਵਨੀ ਦਿੱਤੀ ਅਤੇ ਉਨ੍ਹਾਂ ਨੂੰ ਕਿਹਾ: “ਤੁਸੀਂ ਕਿਉਂ ਰਾਤ ਨੂੰ ਕੰਧ ਦੇ ਸਾਮ੍ਹਣੇ ਬੈਠੇ ਰਹਿੰਦੇ ਹੋ? ਜੇ ਤੁਸੀਂ ਦੁਬਾਰਾ ਇੱਦਾਂ ਕੀਤਾ, ਤਾਂ ਮੈਨੂੰ ਤੁਹਾਡੇ ਨਾਲ ਸਖ਼ਤੀ ਵਰਤਣੀ ਪੈਣੀ।” ਇਸ ਤੋਂ ਬਾਅਦ ਉਹ ਦੁਬਾਰਾ ਕਦੇ ਸਬਤ ਦੇ ਦਿਨ ਨਹੀਂ ਆਏ।
22 ਮੈਂ ਲੇਵੀਆਂ ਨੂੰ ਕਿਹਾ ਕਿ ਉਹ ਬਾਕਾਇਦਾ ਆਪਣੇ ਆਪ ਨੂੰ ਸ਼ੁੱਧ ਕਰਨ ਅਤੇ ਸਬਤ ਦੇ ਦਿਨ ਨੂੰ ਪਵਿੱਤਰ ਰੱਖਣ ਲਈ+ ਆ ਕੇ ਦਰਵਾਜ਼ਿਆਂ ʼਤੇ ਪਹਿਰੇਦਾਰੀ ਕਰਨ। ਹੇ ਮੇਰੇ ਪਰਮੇਸ਼ੁਰ, ਮੇਰੇ ਇਸ ਕੰਮ ਕਰਕੇ ਵੀ ਮੈਨੂੰ ਯਾਦ ਰੱਖੀਂ ਅਤੇ ਮੇਰੇ ʼਤੇ ਤਰਸ ਕਰੀਂ ਕਿਉਂਕਿ ਤੇਰਾ ਅਟੱਲ ਪਿਆਰ ਬੇਸ਼ੁਮਾਰ ਹੈ।+
23 ਉਨ੍ਹਾਂ ਦਿਨਾਂ ਵਿਚ ਮੈਂ ਇਹ ਵੀ ਦੇਖਿਆ ਕਿ ਯਹੂਦੀਆਂ ਨੇ ਅਸ਼ਦੋਦੀ,+ ਅੰਮੋਨੀ ਅਤੇ ਮੋਆਬੀ+ ਔਰਤਾਂ+ ਨਾਲ ਵਿਆਹ ਕਰਾਏ ਸਨ।* 24 ਉਨ੍ਹਾਂ ਦੇ ਅੱਧੇ ਪੁੱਤਰ ਅਸ਼ਦੋਦੀ ਭਾਸ਼ਾ ਅਤੇ ਅੱਧੇ ਵੱਖੋ-ਵੱਖਰੀਆਂ ਕੌਮਾਂ ਦੀ ਭਾਸ਼ਾ ਬੋਲਦੇ ਸਨ, ਪਰ ਉਨ੍ਹਾਂ ਵਿੱਚੋਂ ਕਿਸੇ ਨੂੰ ਵੀ ਯਹੂਦੀਆਂ ਦੀ ਭਾਸ਼ਾ ਬੋਲਣੀ ਨਹੀਂ ਆਉਂਦੀ ਸੀ। 25 ਇਸ ਲਈ ਮੈਂ ਉਨ੍ਹਾਂ ਨੂੰ ਝਿੜਕਿਆ ਅਤੇ ਉਨ੍ਹਾਂ ਨੂੰ ਫਿਟਕਾਰਿਆ ਤੇ ਕੁਝ ਆਦਮੀਆਂ ਨੂੰ ਕੁੱਟਿਆ,+ ਉਨ੍ਹਾਂ ਦੇ ਵਾਲ਼ ਪੁੱਟੇ ਤੇ ਉਨ੍ਹਾਂ ਨੂੰ ਪਰਮੇਸ਼ੁਰ ਦੀ ਸਹੁੰ ਖੁਆਈ: “ਤੁਸੀਂ ਆਪਣੀਆਂ ਧੀਆਂ ਉਨ੍ਹਾਂ ਦੇ ਪੁੱਤਰਾਂ ਨੂੰ ਨਹੀਂ ਦਿਓਗੇ ਅਤੇ ਉਨ੍ਹਾਂ ਦੀਆਂ ਧੀਆਂ ਆਪਣੇ ਪੁੱਤਰਾਂ ਜਾਂ ਆਪਣੇ ਲਈ ਨਹੀਂ ਲਓਗੇ।+ 26 ਕੀ ਇਜ਼ਰਾਈਲ ਦੇ ਰਾਜੇ ਸੁਲੇਮਾਨ ਨੇ ਇਨ੍ਹਾਂ ਕਰਕੇ ਹੀ ਪਾਪ ਨਹੀਂ ਕੀਤਾ ਸੀ? ਬਹੁਤ ਸਾਰੀਆਂ ਕੌਮਾਂ ਵਿਚ ਉਸ ਵਰਗਾ ਕੋਈ ਰਾਜਾ ਨਹੀਂ ਸੀ;+ ਪਰਮੇਸ਼ੁਰ ਉਸ ਨੂੰ ਪਿਆਰ ਕਰਦਾ ਸੀ+ ਜਿਸ ਕਰਕੇ ਪਰਮੇਸ਼ੁਰ ਨੇ ਉਸ ਨੂੰ ਸਾਰੇ ਇਜ਼ਰਾਈਲ ਦਾ ਰਾਜਾ ਬਣਾਇਆ। ਪਰ ਵਿਦੇਸ਼ੀ ਪਤਨੀਆਂ ਨੇ ਤਾਂ ਉਸ ਤੋਂ ਵੀ ਪਾਪ ਕਰਵਾਇਆ।+ 27 ਤੁਸੀਂ ਵਿਦੇਸ਼ੀ ਔਰਤਾਂ ਨਾਲ ਵਿਆਹ ਕਰਾ ਕੇ ਸਾਡੇ ਪਰਮੇਸ਼ੁਰ ਨਾਲ ਕਿੰਨੀ ਬੇਵਫ਼ਾਈ ਕੀਤੀ ਹੈ!+ ਯਕੀਨ ਨਹੀਂ ਹੁੰਦਾ! ਤੁਸੀਂ ਇੰਨਾ ਘਿਣਾਉਣਾ ਕੰਮ ਕਿੱਦਾਂ ਕਰ ਸਕਦੇ ਹੋ?”
28 ਮਹਾਂ ਪੁਜਾਰੀ ਅਲਯਾਸ਼ੀਬ+ ਦੇ ਪੁੱਤਰ ਯੋਯਾਦਾ+ ਦਾ ਇਕ ਪੁੱਤਰ ਹੋਰੋਨੀ ਸਨਬੱਲਟ+ ਦਾ ਜਵਾਈ ਬਣ ਗਿਆ ਸੀ। ਇਸ ਲਈ ਮੈਂ ਉਸ ਨੂੰ ਆਪਣੇ ਕੋਲੋਂ ਭਜਾ ਦਿੱਤਾ।
29 ਹੇ ਮੇਰੇ ਪਰਮੇਸ਼ੁਰ, ਉਨ੍ਹਾਂ ਨੂੰ ਯਾਦ ਰੱਖ ਕਿਉਂਕਿ ਉਨ੍ਹਾਂ ਨੇ ਪੁਜਾਰੀਆਂ ਦੇ ਅਹੁਦੇ ਨੂੰ ਅਤੇ ਪੁਜਾਰੀਆਂ ਤੇ ਲੇਵੀਆਂ ਨਾਲ ਕੀਤੇ ਇਕਰਾਰ ਨੂੰ ਭ੍ਰਿਸ਼ਟ ਕੀਤਾ ਹੈ।+
30 ਮੈਂ ਉਨ੍ਹਾਂ ਨੂੰ ਵਿਦੇਸ਼ੀਆਂ ਦੇ ਹਰ ਤਰ੍ਹਾਂ ਦੇ ਬੁਰੇ ਅਸਰ ਤੋਂ ਸ਼ੁੱਧ ਕੀਤਾ ਅਤੇ ਮੈਂ ਪੁਜਾਰੀਆਂ ਅਤੇ ਲੇਵੀਆਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ, ਹਾਂ, ਹਰੇਕ ਨੂੰ ਆਪੋ-ਆਪਣੀ ਜ਼ਿੰਮੇਵਾਰੀ ਦਿੱਤੀ+ 31 ਅਤੇ ਠਹਿਰਾਏ ਹੋਏ ਸਮਿਆਂ ʼਤੇ ਲੱਕੜ ਅਤੇ ਪੱਕੇ ਹੋਏ ਪਹਿਲੇ ਫਲ ਲਿਆਉਣ ਦਾ ਇੰਤਜ਼ਾਮ ਕੀਤਾ।+
ਹੇ ਮੇਰੇ ਪਰਮੇਸ਼ੁਰ, ਮੈਨੂੰ ਯਾਦ ਰੱਖੀਂ ਤੇ ਮੇਰੇ ʼਤੇ ਮਿਹਰ ਕਰੀਂ।*+
ਮਤਲਬ “ਯਾਹ ਦਿਲਾਸਾ ਦਿੰਦਾ ਹੈ।”
ਜਾਂ, “ਸੂਸਾ।”
ਜਾਂ, “ਮਹਿਲ।”
ਜਾਂ, “ਜਿਹੜੀ ਚੇਤਾਵਨੀ।”
ਵਧੇਰੇ ਜਾਣਕਾਰੀ 2.15 ਦੇਖੋ।
ਅਜ਼ 4:10, ਫੁਟਨੋਟ ਦੇਖੋ।
ਜਾਂ, “ਰਾਜੇ ਦੇ ਜੰਗਲ।”
ਜਾਂ, “ਮੰਦਰ।”
ਇਬ, “ਸੇਵਕ।”
ਇਬ, “ਆਪਣੇ ਹੱਥਾਂ ਨੂੰ।”
ਇਬ, “ਸੇਵਕ।”
ਜਾਂ, “ਅਧਿਕਾਰ।”
ਜਾਂ, “ਸਮਰਪਿਤ।”
ਇਬ, “ਆਪਣੀਆਂ ਧੌਣਾਂ ਨਾ ਨਿਵਾਈਆਂ।”
ਅਜ਼ 4:10, ਫੁਟਨੋਟ ਦੇਖੋ।
ਇਬ, “ਦੇ ਸਿੰਘਾਸਣ ਦੇ ਸਨ।”
ਜਾਂ, “ਅਤਰ।”
ਜਾਂ, “ਪੱਥਰਾਂ ਦੀਆਂ ਸਿਲਾਂ ਨਾਲ ਸੜਕ ਬਣਾਈ।”
ਜਾਂ, “ਮਿਣੇ ਹੋਏ ਹਿੱਸੇ।”
ਲਗਭਗ 445 ਮੀਟਰ (1,460 ਫੁੱਟ)। ਵਧੇਰੇ ਜਾਣਕਾਰੀ 2.14 ਦੇਖੋ।
ਜਾਂ ਸੰਭਵ ਹੈ, “ਨੇੜਲੇ ਜ਼ਿਲ੍ਹੇ।”
ਜਾਂ, “ਮਹਿਲ।”
ਜਾਂ, “ਨਥੀਨੀਮ।” ਇਬ, “ਦਿੱਤੇ ਗਏ ਲੋਕ।”
ਜਾਂ, “ਨਥੀਨੀਮ।” ਇਬ, “ਦਿੱਤੇ ਗਏ ਲੋਕ।”
ਜਾਂ, “ਉਸ ਨੂੰ ਠੇਸ ਪਹੁੰਚੀ।”
ਜਾਂ, “ਭਾਰ ਢੋਣ ਵਾਲਿਆਂ।”
ਇਬ, “ਦਸ ਵਾਰ।”
ਜਾਂ, “ਬਰਛਾ।”
ਇਬ, “ਸਾਡੇ ਭਰਾਵਾਂ ਦਾ ਮਾਸ ਸਾਡੇ ਮਾਸ ਵਰਗਾ ਹੈ।”
ਜਾਂ, “ਮੁਨਾਫ਼ਾ।”
ਜਾਂ, “ਇਕ ਪ੍ਰਤਿਸ਼ਤ,” ਯਾਨੀ ਮਹੀਨੇ ਦੀ ਮਹੀਨੇ।
ਇਬ, “ਆਪਣਾ ਉੱਪਰਲਾ ਪੱਲਾ ਝਾੜਿਆ।”
ਜਾਂ, “ਇਸੇ ਤਰ੍ਹਾਂ ਹੋਵੇ!”
ਇਕ ਸ਼ੇਕੇਲ 11.4 ਗ੍ਰਾਮ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।
ਜਾਂ, “ਮੇਰੇ ਲਈ।”
ਜਾਂ, “ਮੇਰਾ ਭਲਾ ਕਰੀਂ।”
ਇਬ, “ਤੇਰੇ ਦਿਲ ਵਿੱਚੋਂ।”
ਵਧੇਰੇ ਜਾਣਕਾਰੀ 2.15 ਦੇਖੋ।
ਇਬ, “ਉਹ ਆਪਣੀਆਂ ਹੀ ਨਜ਼ਰਾਂ ਵਿਚ ਬਹੁਤ ਡਿਗ ਗਏ।”
ਜਾਂ, “ਨਥੀਨੀਮ।” ਇਬ, “ਦਿੱਤੇ ਗਏ ਲੋਕ।”
ਜਾਂ, “ਨਥੀਨੀਮ।” ਇਬ, “ਦਿੱਤੇ ਗਏ ਲੋਕ।”
ਜਾਂ, “ਉਨ੍ਹਾਂ ਨੂੰ ਅਸ਼ੁੱਧ ਠਹਿਰਾ ਕੇ ਪੁਜਾਰੀਆਂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ।”
ਜਾਂ, “ਤਿਰਸ਼ਾਥਾ,” ਕਿਸੇ ਜ਼ਿਲ੍ਹੇ ਦੇ ਰਾਜਪਾਲ ਨੂੰ ਦਿੱਤਾ ਗਿਆ ਇਕ ਫਾਰਸੀ ਖ਼ਿਤਾਬ।
ਜਾਂ, “ਤਿਰਸ਼ਾਥਾ,” ਕਿਸੇ ਜ਼ਿਲ੍ਹੇ ਦੇ ਰਾਜਪਾਲ ਨੂੰ ਦਿੱਤਾ ਗਿਆ ਇਕ ਫਾਰਸੀ ਖ਼ਿਤਾਬ।
ਮੰਨਿਆ ਜਾਂਦਾ ਹੈ ਕਿ ਦਰਾਖਮਾ ਸੋਨੇ ਦੇ ਫਾਰਸੀ ਸਿੱਕੇ ਦਾਰਕ ਦੇ ਬਰਾਬਰ ਸੀ ਜਿਸ ਦਾ ਭਾਰ 8.4 ਗ੍ਰਾਮ ਸੀ। ਪਰ ਇਹ ਯੂਨਾਨੀ ਸ਼ਾਸਤਰ ਵਿਚ ਦੱਸਿਆ ਦਰਾਖਮਾ ਨਹੀਂ ਹੈ। ਵਧੇਰੇ ਜਾਣਕਾਰੀ 2.14 ਦੇਖੋ।
ਇਬਰਾਨੀ ਲਿਖਤਾਂ ਵਿਚ ਜ਼ਿਕਰ ਕੀਤਾ ਇਕ ਮਾਈਨਾ 570 ਗ੍ਰਾਮ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।
ਜਾਂ, “ਨਥੀਨੀਮ।” ਇਬ, “ਦਿੱਤੇ ਗਏ ਲੋਕ।”
ਜਾਂ, “ਗ੍ਰੰਥੀ।”
ਜਾਂ, “ਗ੍ਰੰਥੀ।”
ਜਾਂ, “ਇਸੇ ਤਰ੍ਹਾਂ ਹੋਵੇ!”
ਜਾਂ, “ਉਨ੍ਹਾਂ ਨੇ ਇਸ ਤਰ੍ਹਾਂ ਪੜ੍ਹਿਆ ਕਿ ਸੁਣਨ ਵਾਲਿਆਂ ਨੂੰ ਸਮਝ ਆ ਜਾਵੇ।”
ਜਾਂ, “ਤਿਰਸ਼ਾਥਾ,” ਕਿਸੇ ਜ਼ਿਲ੍ਹੇ ਦੇ ਰਾਜਪਾਲ ਨੂੰ ਦਿੱਤਾ ਗਿਆ ਇਕ ਫਾਰਸੀ ਖ਼ਿਤਾਬ।
ਜਾਂ, “ਗ੍ਰੰਥੀ।”
ਇਬ, “ਚਰਬੀ ਵਾਲੀਆਂ ਚੀਜ਼ਾਂ।”
ਜਾਂ, “ਤਾਕਤ।”
ਜਾਂ, “ਗ੍ਰੰਥੀ।”
ਇਬ, “ਦਿਨ ਦਾ ਚੌਥਾ ਹਿੱਸਾ।”
ਜਾਂ, “ਹਮੇਸ਼ਾ-ਹਮੇਸ਼ਾ ਲਈ।”
ਇਬ, “ਬੀ।”
ਜਾਂ, “ਭਰੋਸੇਯੋਗ ਕਾਨੂੰਨ।”
ਇਬ, “ਆਪਣਾ ਹੱਥ ਚੁੱਕਿਆ ਸੀ।”
ਇਬ, “ਆਪਣੀਆਂ ਗਰਦਨਾਂ ਅਕੜਾਈ ਰੱਖੀਆਂ।”
ਇਬ, “ਆਪਣੀਆਂ ਗਰਦਨਾਂ ਅਕੜਾਈ ਰੱਖੀਆਂ।”
ਜਾਂ, “ਹਮਦਰਦ।”
ਜਾਂ, “ਢਾਲ਼ ਕੇ।”
ਇਬ, “ਭਲੀ ਸ਼ਕਤੀ।”
ਇਬ, “ਤੇਰੇ ਕਾਨੂੰਨ ਨੂੰ ਆਪਣੀ ਪਿੱਠ ਪਿੱਛੇ ਸੁੱਟ ਦਿੱਤਾ।”
ਜਾਂ, “ਉਨ੍ਹਾਂ ਨੂੰ ਕੁਚਲਦੇ ਸਨ।”
ਜਾਂ, “ਹਮਦਰਦ।”
ਜਾਂ, “ਚੇਤਾਵਨੀਆਂ।”
ਜਾਂ, “ਤਿਰਸ਼ਾਥਾ,” ਕਿਸੇ ਜ਼ਿਲ੍ਹੇ ਦੇ ਰਾਜਪਾਲ ਨੂੰ ਦਿੱਤਾ ਗਿਆ ਇਕ ਫਾਰਸੀ ਖ਼ਿਤਾਬ।
ਜਾਂ, “ਨਥੀਨੀਮ।” ਇਬ, “ਦਿੱਤੇ ਗਏ ਲੋਕ।”
ਜਾਂ ਸੰਭਵ ਹੈ, “ਜਿਨ੍ਹਾਂ ਦੀ ਇੰਨੀ ਉਮਰ ਸੀ ਕਿ ਉਹ ਸਮਝ ਸਕਦੇ ਸਨ।”
ਜਾਂ, “ਮੰਦਰ।”
ਇਕ ਸ਼ੇਕੇਲ 11.4 ਗ੍ਰਾਮ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।
ਯਾਨੀ, ਚੜ੍ਹਾਵੇ ਦੀਆਂ ਰੋਟੀਆਂ।
ਸ਼ਬਦਾਵਲੀ ਦੇਖੋ।
ਜਾਂ, “ਰੋਟੀ ਖਾਣ ਵਾਲੇ ਕਮਰਿਆਂ।”
ਜਾਂ, “ਰੋਟੀ ਖਾਣ ਵਾਲੇ ਕਮਰਿਆਂ।”
ਜਾਂ, “ਰੋਟੀ ਖਾਣ ਵਾਲੇ ਕਮਰਿਆਂ।”
ਜਾਂ, “ਨਥੀਨੀਮ।” ਇਬ, “ਦਿੱਤੇ ਗਏ ਲੋਕ।”
ਜਾਂ, “ਮੰਦਰ।”
ਜਾਂ, “ਆਪਣੀ ਵਿਰਾਸਤ।”
ਜਾਂ, “ਨਥੀਨੀਮ।” ਇਬ, “ਦਿੱਤੇ ਗਏ ਲੋਕ।”
ਜਾਂ, “ਨਥੀਨੀਮ।” ਇਬ, “ਦਿੱਤੇ ਗਏ ਲੋਕ।”
ਇਬ, “ਰਾਜੇ ਦਾ ਸੱਜਾ ਹੱਥ ਸੀ।”
ਜਾਂ, “ਆਲੇ-ਦੁਆਲੇ ਦੇ।”
ਜਾਂ, “ਆਲੇ-ਦੁਆਲੇ ਦੇ।”
ਜਾਂ, “ਆਲੇ-ਦੁਆਲੇ ਦੇ।”
ਜਾਂ, “ਆਲੇ-ਦੁਆਲੇ ਦੇ।”
ਜਾਂ, “ਡੇਰੇ ਲਾਏ।”
ਜਾਂ, “ਆਲੇ-ਦੁਆਲੇ ਦੇ।”
ਜਾਂ ਸੰਭਵ ਹੈ, “ਸੇਵਾ ਦੌਰਾਨ।”
ਜ਼ਾਹਰ ਹੈ ਕਿ ਇਬਰਾਨੀ ਲਿਖਤ ਵਿਚ ਇੱਥੇ ਕੋਈ ਨਾਂ ਨਹੀਂ ਹੈ।
ਜਾਂ, “ਗ੍ਰੰਥੀ।”
ਜਾਂ, “ਸਿਖਲਾਈ ਪ੍ਰਾਪਤ ਗਾਇਕ।”
ਯਾਨੀ, ਯਰਦਨ ਦੇ ਆਲੇ-ਦੁਆਲੇ ਦਾ ਜ਼ਿਲ੍ਹਾ।
ਜਾਂ, “ਗ੍ਰੰਥੀ।”
ਜਾਂ, “ਸਾਮ੍ਹਣੇ।”
ਇਬ, “ਮੁਖੀ।”
ਜਾਂ, “ਜੋ ਇਜ਼ਰਾਈਲੀ ਤੇ ਵਿਦੇਸ਼ੀ ਮਾਤਾ-ਪਿਤਾ ਤੋਂ ਪੈਦਾ ਹੋਏ ਸਨ।”
ਜਾਂ, “ਮੰਦਰ।”
ਜਾਂ, “ਰੋਟੀ ਖਾਣ ਵਾਲੇ ਕਮਰਿਆਂ।”
ਜਾਂ, “ਰੋਟੀ ਖਾਣਾ ਵਾਲਾ ਕਮਰਾ।”
ਜਾਂ, “ਰੋਟੀ ਖਾਣ ਵਾਲੇ ਕਮਰੇ।”
ਜਾਂ, “ਰੋਟੀ ਖਾਣ ਵਾਲੇ ਕਮਰਿਆਂ।”
ਜਾਂ, “ਗ੍ਰੰਥੀ।”
ਜਾਂ, “ਰਖਵਾਲੀ।”
ਜਾਂ ਸੰਭਵ ਹੈ, “ਉਸ ਦਿਨ ਉਨ੍ਹਾਂ ਨੂੰ ਚੇਤਾਵਨੀ ਦਿੱਤੀ ਕਿ ਉਹ ਕੋਈ ਸਾਮਾਨ ਨਾ ਵੇਚਣ।”
ਜਾਂ, “ਆਪਣੇ ਘਰਾਂ ਵਿਚ ਲੈ ਆਏ ਸਨ।”
ਜਾਂ, “ਮੇਰਾ ਭਲਾ ਕਰੀਂ।”