ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • nwt 1 ਕੁਰਿੰਥੀਆਂ 1:1 - 16:24
  • 1 ਕੁਰਿੰਥੀਆਂ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • 1 ਕੁਰਿੰਥੀਆਂ
  • ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
1 ਕੁਰਿੰਥੀਆਂ

ਕੁਰਿੰਥੀਆਂ ਨੂੰ ਪਹਿਲੀ ਚਿੱਠੀ

1 ਮੈਂ ਪੌਲੁਸ ਜਿਸ ਨੂੰ ਪਰਮੇਸ਼ੁਰ ਦੀ ਇੱਛਾ ਨਾਲ ਮਸੀਹ ਯਿਸੂ ਦਾ ਰਸੂਲ ਬਣਨ ਲਈ ਸੱਦਿਆ ਗਿਆ ਹੈ,+ ਸਾਡੇ ਭਰਾ ਸੋਸਥਨੇਸ ਨਾਲ ਮਿਲ ਕੇ 2 ਕੁਰਿੰਥੁਸ ਵਿਚ ਪਰਮੇਸ਼ੁਰ ਦੀ ਮੰਡਲੀ+ ਨੂੰ ਯਾਨੀ ਤੁਹਾਨੂੰ ਚਿੱਠੀ ਲਿਖ ਰਿਹਾ ਹਾਂ। ਤੁਹਾਨੂੰ ਮਸੀਹ ਯਿਸੂ ਦੇ ਚੇਲਿਆਂ ਦੇ ਤੌਰ ਤੇ ਪਵਿੱਤਰ ਕੀਤਾ ਗਿਆ ਹੈ+ ਅਤੇ ਪਵਿੱਤਰ ਸੇਵਕ ਬਣਨ ਲਈ ਸੱਦਿਆ ਗਿਆ ਹੈ। ਨਾਲੇ ਮੈਂ ਉਨ੍ਹਾਂ ਸਾਰਿਆਂ ਨੂੰ ਵੀ ਇਹ ਚਿੱਠੀ ਲਿਖ ਰਿਹਾ ਹਾਂ ਜਿਹੜੇ ਹਰ ਜਗ੍ਹਾ ਸਾਡੇ ਸਾਰਿਆਂ ਦੇ ਪ੍ਰਭੂ ਯਿਸੂ ਮਸੀਹ ਦਾ ਨਾਂ ਲੈਂਦੇ ਹਨ:+

3 ਸਾਡਾ ਪਿਤਾ ਪਰਮੇਸ਼ੁਰ ਅਤੇ ਪ੍ਰਭੂ ਯਿਸੂ ਮਸੀਹ ਤੁਹਾਨੂੰ ਅਪਾਰ ਕਿਰਪਾ ਅਤੇ ਸ਼ਾਂਤੀ ਬਖ਼ਸ਼ਣ।

4 ਮੈਂ ਹਮੇਸ਼ਾ ਤੁਹਾਡੇ ਲਈ ਆਪਣੇ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ ਕਿ ਉਸ ਨੇ ਮਸੀਹ ਯਿਸੂ ਦੇ ਰਾਹੀਂ ਤੁਹਾਡੇ ਉੱਤੇ ਅਪਾਰ ਕਿਰਪਾ ਕੀਤੀ ਹੈ 5 ਕਿਉਂਕਿ ਮਸੀਹ ਨਾਲ ਏਕਤਾ ਵਿਚ ਬੱਝੇ ਹੋਣ ਕਰਕੇ ਤੁਹਾਨੂੰ ਸਭ ਕੁਝ ਦਿੱਤਾ ਗਿਆ ਹੈ ਯਾਨੀ ਤੁਹਾਨੂੰ ਪਰਮੇਸ਼ੁਰ ਦੇ ਬਚਨ ਦਾ ਐਲਾਨ ਕਰਨ ਦੀ ਪੂਰੀ ਕਾਬਲੀਅਤ ਬਖ਼ਸ਼ੀ ਗਈ ਹੈ ਅਤੇ ਉਸ ਦੇ ਬਚਨ ਦਾ ਪੂਰਾ ਗਿਆਨ ਦਿੱਤਾ ਗਿਆ ਹੈ,+ 6 ਠੀਕ ਜਿਵੇਂ ਮਸੀਹ ਬਾਰੇ ਗਵਾਹੀ+ ਸੁਣ ਕੇ ਤੁਸੀਂ ਮਜ਼ਬੂਤ ਹੋਏ ਹੋ 7 ਜਿਸ ਕਰਕੇ ਤੁਹਾਡੇ ਕੋਲ ਕਿਸੇ ਵੀ ਵਰਦਾਨ ਦੀ ਘਾਟ ਨਹੀਂ ਹੈ ਅਤੇ ਤੁਸੀਂ ਸਾਡੇ ਪ੍ਰਭੂ ਯਿਸੂ ਮਸੀਹ ਦੇ ਪ੍ਰਗਟ ਹੋਣ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹੋ।+ 8 ਨਾਲੇ ਪਰਮੇਸ਼ੁਰ ਅੰਤ ਤਕ ਤੁਹਾਨੂੰ ਮਜ਼ਬੂਤ ਕਰਦਾ ਰਹੇਗਾ ਤਾਂਕਿ ਸਾਡੇ ਪ੍ਰਭੂ ਯਿਸੂ ਮਸੀਹ ਦੇ ਦਿਨ ਕੋਈ ਵੀ ਤੁਹਾਡੇ ਉੱਤੇ ਕਿਸੇ ਕਾਰਨ ਦੋਸ਼ ਨਾ ਲਾ ਸਕੇ।+ 9 ਪਰਮੇਸ਼ੁਰ ਵਫ਼ਾਦਾਰ ਹੈ+ ਜਿਸ ਨੇ ਤੁਹਾਨੂੰ ਆਪਣੇ ਪੁੱਤਰ ਅਤੇ ਸਾਡੇ ਪ੍ਰਭੂ ਯਿਸੂ ਮਸੀਹ ਨਾਲ ਹਿੱਸੇਦਾਰ ਬਣਨ ਲਈ ਸੱਦਿਆ ਹੈ।

10 ਭਰਾਵੋ, ਮੈਂ ਸਾਡੇ ਪ੍ਰਭੂ ਯਿਸੂ ਮਸੀਹ ਦੇ ਨਾਂ ʼਤੇ ਤੁਹਾਨੂੰ ਸਾਰਿਆਂ ਨੂੰ ਤਾਕੀਦ ਕਰਦਾ ਹਾਂ ਕਿ ਤੁਸੀਂ ਸਾਰੇ ਆਪਸ ਵਿਚ ਸਹਿਮਤ ਹੋਵੋ ਅਤੇ ਤੁਹਾਡੇ ਵਿਚ ਫੁੱਟ ਨਾ ਪਈ ਹੋਵੇ,+ ਸਗੋਂ ਤੁਸੀਂ ਪੂਰੀ ਤਰ੍ਹਾਂ ਇਕ ਮਨ ਹੋਵੋ ਅਤੇ ਇੱਕੋ ਜਿਹੀ ਸੋਚ ਰੱਖੋ+ 11 ਕਿਉਂਕਿ ਮੇਰੇ ਭਰਾਵੋ, ਕਲੋਏ ਦੇ ਪਰਿਵਾਰ ਦੇ ਕੁਝ ਮੈਂਬਰਾਂ ਨੇ ਮੈਨੂੰ ਤੁਹਾਡੇ ਬਾਰੇ ਦੱਸਿਆ ਹੈ ਕਿ ਤੁਹਾਡੇ ਵਿਚ ਝਗੜੇ ਹੁੰਦੇ ਹਨ। 12 ਮੇਰੇ ਕਹਿਣ ਦਾ ਮਤਲਬ ਹੈ ਕਿ ਤੁਹਾਡੇ ਵਿੱਚੋਂ ਕੋਈ ਕਹਿੰਦਾ ਹੈ, “ਮੈਂ ਪੌਲੁਸ ਦਾ ਚੇਲਾ ਹਾਂ,” ਕੋਈ ਕਹਿੰਦਾ ਹੈ, “ਮੈਂ ਤਾਂ ਅਪੁੱਲੋਸ ਦਾ ਚੇਲਾ ਹਾਂ,”+ ਕੋਈ ਹੋਰ ਕਹਿੰਦਾ ਹੈ, “ਮੈਂ ਤਾਂ ਕੇਫ਼ਾਸ* ਦਾ ਚੇਲਾ ਹਾਂ,” ਤੇ ਕੋਈ ਹੋਰ ਕਹਿੰਦਾ ਹੈ, “ਮੈਂ ਮਸੀਹ ਦਾ ਚੇਲਾ ਹਾਂ।” 13 ਤੁਸੀਂ ਤਾਂ ਮਸੀਹ ਦੀਆਂ ਵੰਡੀਆਂ ਪਾ ਲਈਆਂ ਹਨ। ਕੀ ਪੌਲੁਸ ਨੂੰ ਤੁਹਾਡੀ ਖ਼ਾਤਰ ਸੂਲ਼ੀ ʼਤੇ ਟੰਗਿਆ ਗਿਆ ਸੀ? ਜਾਂ ਕੀ ਤੁਸੀਂ ਪੌਲੁਸ ਦੇ ਨਾਂ ʼਤੇ ਬਪਤਿਸਮਾ ਲਿਆ ਸੀ? 14 ਮੈਂ ਪਰਮੇਸ਼ੁਰ ਦਾ ਸ਼ੁਕਰ ਕਰਦਾ ਹਾਂ ਕਿ ਮੈਂ ਕਰਿਸਪੁਸ+ ਤੇ ਗਾਉਸ+ ਨੂੰ ਛੱਡ ਤੁਹਾਡੇ ਵਿੱਚੋਂ ਕਿਸੇ ਨੂੰ ਬਪਤਿਸਮਾ ਨਹੀਂ ਦਿੱਤਾ 15 ਤਾਂਕਿ ਤੁਹਾਡੇ ਵਿੱਚੋਂ ਕੋਈ ਇਹ ਨਾ ਕਹੇ ਕਿ ਤੁਸੀਂ ਮੇਰੇ ਨਾਂ ʼਤੇ ਬਪਤਿਸਮਾ ਲਿਆ ਸੀ। 16 ਹਾਂ, ਮੈਨੂੰ ਇੰਨਾ ਪਤਾ ਹੈ ਕਿ ਮੈਂ ਸਤਫ਼ਨਾਸ ਦੇ ਪਰਿਵਾਰ+ ਨੂੰ ਬਪਤਿਸਮਾ ਦਿੱਤਾ ਸੀ। ਬਾਕੀਆਂ ਦੇ ਬਾਰੇ ਤਾਂ ਮੈਨੂੰ ਯਾਦ ਨਹੀਂ ਕਿ ਮੈਂ ਕਿਸੇ ਹੋਰ ਨੂੰ ਬਪਤਿਸਮਾ ਦਿੱਤਾ ਹੋਵੇ। 17 ਮਸੀਹ ਨੇ ਮੈਨੂੰ ਬਪਤਿਸਮਾ ਦੇਣ ਲਈ ਨਹੀਂ, ਸਗੋਂ ਖ਼ੁਸ਼ ਖ਼ਬਰੀ ਸੁਣਾਉਣ ਲਈ ਘੱਲਿਆ ਹੈ।+ ਮੈਂ ਵਿਦਵਾਨਾਂ* ਦੀ ਭਾਸ਼ਾ ਵਿਚ ਖ਼ੁਸ਼ ਖ਼ਬਰੀ ਨਹੀਂ ਸੁਣਾਉਂਦਾ ਕਿਉਂਕਿ ਜੇ ਮੈਂ ਇਸ ਤਰ੍ਹਾਂ ਕਰਾਂਗਾ, ਤਾਂ ਤਸੀਹੇ ਦੀ ਸੂਲ਼ੀ* ਉੱਤੇ ਮਸੀਹ ਦਾ ਮਰਨਾ ਵਿਅਰਥ ਸਾਬਤ ਹੋਵੇਗਾ।

18 ਜਿਹੜੇ ਲੋਕ ਵਿਨਾਸ਼ ਦੇ ਰਾਹ ਉੱਤੇ ਚੱਲ ਰਹੇ ਹਨ, ਉਨ੍ਹਾਂ ਲਈ ਤਸੀਹੇ ਦੀ ਸੂਲ਼ੀ* ਦਾ ਸੰਦੇਸ਼ ਮੂਰਖਤਾ ਹੈ,+ ਪਰ ਜਿਹੜੇ ਬਚਾਏ ਜਾ ਰਹੇ ਹਨ ਯਾਨੀ ਸਾਡੇ ਲਈ ਇਹ ਪਰਮੇਸ਼ੁਰ ਦੀ ਤਾਕਤ ਦਾ ਸਬੂਤ ਹੈ।+ 19 ਕਿਉਂਕਿ ਧਰਮ-ਗ੍ਰੰਥ ਵਿਚ ਲਿਖਿਆ ਹੈ: “ਮੈਂ ਬੁੱਧੀਮਾਨਾਂ ਦੀ ਬੁੱਧ ਨੂੰ ਮਿਟਾ ਦਿਆਂਗਾ ਅਤੇ ਗਿਆਨਵਾਨਾਂ ਦੇ ਗਿਆਨ ਨੂੰ ਠੁਕਰਾ ਦਿਆਂਗਾ।”+ 20 ਕਿੱਥੇ ਹਨ ਇਸ ਦੁਨੀਆਂ* ਦੇ ਬੁੱਧੀਮਾਨ? ਕਿੱਥੇ ਹਨ ਗ੍ਰੰਥੀ?* ਕਿੱਥੇ ਹਨ ਬਹਿਸ ਕਰਨ ਵਾਲੇ? ਕੀ ਪਰਮੇਸ਼ੁਰ ਨੇ ਦੁਨੀਆਂ ਦੀ ਬੁੱਧ ਨੂੰ ਮੂਰਖਤਾ ਸਾਬਤ ਨਹੀਂ ਕੀਤਾ? 21 ਭਾਵੇਂ ਦੁਨੀਆਂ ਨੇ ਆਪਣੀ ਬੁੱਧ ਉੱਤੇ ਭਰੋਸਾ ਰੱਖ ਕੇ ਪਰਮੇਸ਼ੁਰ ਨੂੰ ਨਹੀਂ ਜਾਣਿਆ,+ ਪਰ ਪਰਮੇਸ਼ੁਰ ਨੂੰ ਆਪਣੀ ਬੁੱਧ ਦੇ ਮੁਤਾਬਕ+ ਇਹ ਗੱਲ ਚੰਗੀ ਲੱਗੀ ਕਿ ਉਹ ਉਸ ਸੰਦੇਸ਼ ਦੇ ਪ੍ਰਚਾਰ ਰਾਹੀਂ ਨਿਹਚਾ ਕਰਨ ਵਾਲੇ ਲੋਕਾਂ ਨੂੰ ਬਚਾਵੇ ਜੋ ਦੂਸਰਿਆਂ ਦੀਆਂ ਨਜ਼ਰਾਂ ਵਿਚ ਮੂਰਖਤਾ ਹੈ।+

22 ਯਹੂਦੀ ਲੋਕ ਨਿਸ਼ਾਨੀਆਂ ਦੇਖਣੀਆਂ ਚਾਹੁੰਦੇ ਹਨ+ ਅਤੇ ਯੂਨਾਨੀ ਲੋਕ* ਬੁੱਧ ਦੀ ਭਾਲ ਵਿਚ ਹਨ, 23 ਪਰ ਅਸੀਂ ਮਸੀਹ ਦੇ ਸੂਲ਼ੀ ʼਤੇ ਟੰਗੇ ਜਾਣ ਦਾ ਪ੍ਰਚਾਰ ਕਰਦੇ ਹਾਂ। ਮਸੀਹ ਦਾ ਸੂਲ਼ੀ ʼਤੇ ਟੰਗਿਆ ਜਾਣਾ ਯਹੂਦੀਆਂ ਲਈ ਠੋਕਰ ਦਾ ਕਾਰਨ ਹੈ ਅਤੇ ਹੋਰ ਕੌਮਾਂ ਦੇ ਲੋਕਾਂ ਲਈ ਮੂਰਖਤਾ ਹੈ।+ 24 ਪਰ ਜਿਹੜੇ ਵੀ ਯਹੂਦੀ ਅਤੇ ਯੂਨਾਨੀ ਸੱਦੇ ਗਏ ਹਨ, ਉਨ੍ਹਾਂ ਲਈ ਮਸੀਹ ਪਰਮੇਸ਼ੁਰ ਦੀ ਤਾਕਤ ਅਤੇ ਪਰਮੇਸ਼ੁਰ ਦੀ ਬੁੱਧ ਹੈ।+ 25 ਪਰਮੇਸ਼ੁਰ ਦੀ ਜਿਸ ਚੀਜ਼ ਨੂੰ ਮੂਰਖ ਸਮਝਿਆ ਜਾਂਦਾ ਹੈ, ਉਹ ਇਨਸਾਨਾਂ ਨਾਲੋਂ ਜ਼ਿਆਦਾ ਬੁੱਧੀਮਾਨ ਹੈ ਅਤੇ ਪਰਮੇਸ਼ੁਰ ਦੀ ਜਿਸ ਚੀਜ਼ ਨੂੰ ਕਮਜ਼ੋਰ ਸਮਝਿਆ ਜਾਂਦਾ ਹੈ, ਉਹ ਇਨਸਾਨਾਂ ਨਾਲੋਂ ਜ਼ਿਆਦਾ ਤਾਕਤਵਰ ਹੈ।+

26 ਭਰਾਵੋ, ਤੁਸੀਂ ਆਪਣੇ ਹੀ ਮਾਮਲੇ ਵਿਚ ਦੇਖ ਸਕਦੇ ਹੋ ਕਿ ਪਰਮੇਸ਼ੁਰ ਨੇ ਜਿਨ੍ਹਾਂ ਨੂੰ ਸੱਦਿਆ ਹੈ, ਉਨ੍ਹਾਂ ਵਿੱਚੋਂ ਜ਼ਿਆਦਾ ਜਣੇ ਇਨਸਾਨਾਂ ਦੀਆਂ ਨਜ਼ਰਾਂ ਵਿਚ ਬੁੱਧੀਮਾਨ ਅਤੇ ਤਾਕਤਵਰ ਨਹੀਂ ਹਨ+ ਜਾਂ ਉਨ੍ਹਾਂ ਵਿੱਚੋਂ ਜ਼ਿਆਦਾ ਜਣਿਆਂ ਦਾ ਜਨਮ ਉੱਚੇ ਖ਼ਾਨਦਾਨਾਂ ਵਿਚ ਨਹੀਂ ਹੋਇਆ ਹੈ।+ 27 ਪਰ ਪਰਮੇਸ਼ੁਰ ਨੇ ਉਨ੍ਹਾਂ ਨੂੰ ਚੁਣਿਆ ਹੈ ਜਿਨ੍ਹਾਂ ਨੂੰ ਦੁਨੀਆਂ ਮੂਰਖ ਸਮਝਦੀ ਹੈ ਤਾਂਕਿ ਉਹ ਬੁੱਧੀਮਾਨਾਂ ਨੂੰ ਸ਼ਰਮਿੰਦਾ ਕਰੇ। ਨਾਲੇ ਪਰਮੇਸ਼ੁਰ ਨੇ ਉਨ੍ਹਾਂ ਨੂੰ ਚੁਣਿਆ ਹੈ ਜਿਨ੍ਹਾਂ ਨੂੰ ਦੁਨੀਆਂ ਕਮਜ਼ੋਰ ਸਮਝਦੀ ਹੈ ਤਾਂਕਿ ਉਹ ਤਾਕਤਵਰ ਲੋਕਾਂ ਨੂੰ ਸ਼ਰਮਿੰਦਾ ਕਰੇ।+ 28 ਪਰਮੇਸ਼ੁਰ ਨੇ ਉਨ੍ਹਾਂ ਨੂੰ ਚੁਣਿਆ ਹੈ ਜਿਨ੍ਹਾਂ ਨੂੰ ਦੁਨੀਆਂ ਮਾਮੂਲੀ ਤੇ ਤੁੱਛ ਸਮਝਦੀ ਹੈ ਅਤੇ ਜਿਨ੍ਹਾਂ ਨੂੰ ਐਵੇਂ ਸਮਝਿਆ ਜਾਂਦਾ ਹੈ ਤਾਂਕਿ ਉਹ ਉਨ੍ਹਾਂ ਨੂੰ ਖ਼ਤਮ ਕਰੇ ਜਿਨ੍ਹਾਂ ਨੂੰ ਦੁਨੀਆਂ ਅਹਿਮ ਸਮਝਦੀ ਹੈ+ 29 ਤਾਂਕਿ ਕੋਈ ਵੀ ਇਨਸਾਨ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਸ਼ੇਖ਼ੀ ਨਾ ਮਾਰੇ। 30 ਪਰਮੇਸ਼ੁਰ ਕਰਕੇ ਹੀ ਤੁਸੀਂ ਮਸੀਹ ਯਿਸੂ ਨਾਲ ਏਕਤਾ ਵਿਚ ਬੱਝੇ ਹੋ। ਮਸੀਹ ਨੇ ਸਾਡੇ ʼਤੇ ਪਰਮੇਸ਼ੁਰ ਦੀ ਬੁੱਧ ਜ਼ਾਹਰ ਕੀਤੀ ਹੈ ਅਤੇ ਉਸ ਨੇ ਸਾਨੂੰ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਧਰਮੀ ਗਿਣੇ ਜਾਣ ਦੇ ਕਾਬਲ ਬਣਾਇਆ।+ ਉਹ ਸਾਨੂੰ ਪਵਿੱਤਰ ਕਰ ਸਕਦਾ ਹੈ+ ਅਤੇ ਉਸ ਦੀ ਰਿਹਾਈ ਦੀ ਕੀਮਤ ਦੇ ਜ਼ਰੀਏ ਸਾਨੂੰ ਮੁਕਤ ਕੀਤਾ ਜਾ ਸਕਦਾ ਹੈ+ 31 ਤਾਂਕਿ ਉਸੇ ਤਰ੍ਹਾਂ ਹੋਵੇ ਜਿਵੇਂ ਧਰਮ-ਗ੍ਰੰਥ ਵਿਚ ਲਿਖਿਆ ਹੈ: “ਜੇ ਕੋਈ ਸ਼ੇਖ਼ੀ ਮਾਰੇ, ਤਾਂ ਉਹ ਯਹੋਵਾਹ* ਬਾਰੇ ਸ਼ੇਖ਼ੀ ਮਾਰੇ।”+

2 ਇਸ ਲਈ, ਭਰਾਵੋ, ਜਦੋਂ ਮੈਂ ਤੁਹਾਡੇ ਕੋਲ ਪਰਮੇਸ਼ੁਰ ਦੇ ਪਵਿੱਤਰ ਭੇਤ+ ਦਾ ਐਲਾਨ ਕਰਨ ਆਇਆ ਸੀ, ਤਾਂ ਮੈਂ ਵੱਡੇ-ਵੱਡੇ ਸ਼ਬਦ ਵਰਤ ਕੇ+ ਜਾਂ ਬੁੱਧੀਮਾਨ ਹੋਣ ਦਾ ਦਿਖਾਵਾ ਕਰ ਕੇ ਤੁਹਾਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। 2 ਮੈਂ ਸਿਰਫ਼ ਯਿਸੂ ਮਸੀਹ ਅਤੇ ਉਸ ਨੂੰ ਸੂਲ਼ੀ ʼਤੇ ਟੰਗੇ ਜਾਣ ਵੱਲ ਤੁਹਾਡਾ ਧਿਆਨ ਖਿੱਚਣ ਦਾ ਫ਼ੈਸਲਾ ਕੀਤਾ ਸੀ।+ 3 ਜਦੋਂ ਮੈਂ ਤੁਹਾਡੇ ਕੋਲ ਆਇਆ ਸੀ, ਉਦੋਂ ਮੈਂ ਕਮਜ਼ੋਰ ਤੇ ਡਰਿਆ ਹੋਇਆ ਸੀ ਅਤੇ ਥਰ-ਥਰ ਕੰਬ ਰਿਹਾ ਸੀ; 4 ਮੈਂ ਤੁਹਾਨੂੰ ਆਪਣੇ ਗਿਆਨ ਨਾਲ ਕਾਇਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਸਗੋਂ ਮੇਰੀ ਬੋਲੀ ਅਤੇ ਪ੍ਰਚਾਰ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਤਾਕਤ ਦਾ ਸਬੂਤ ਸੀ+ 5 ਤਾਂਕਿ ਤੁਸੀਂ ਇਨਸਾਨੀ ਬੁੱਧ ਉੱਤੇ ਨਹੀਂ, ਸਗੋਂ ਪਰਮੇਸ਼ੁਰ ਦੀ ਤਾਕਤ ਉੱਤੇ ਨਿਹਚਾ ਕਰੋ।

6 ਅਸੀਂ ਸਮਝਦਾਰ ਲੋਕਾਂ ਨੂੰ ਬੁੱਧ ਦੀਆਂ ਗੱਲਾਂ ਦੱਸਦੇ ਹਾਂ।+ ਪਰ ਇਹ ਗੱਲਾਂ ਨਾ ਤਾਂ ਇਸ ਦੁਨੀਆਂ* ਦੀ ਬੁੱਧ ਦੀਆਂ ਹਨ ਅਤੇ ਨਾ ਹੀ ਇਸ ਦੁਨੀਆਂ ਦੇ ਹਾਕਮਾਂ ਦੀ ਬੁੱਧ ਦੀਆਂ ਹਨ ਜਿਹੜੇ ਖ਼ਤਮ ਹੋ ਜਾਣਗੇ।+ 7 ਪਰ ਅਸੀਂ ਪਰਮੇਸ਼ੁਰ ਦੀ ਬੁੱਧ ਦੀਆਂ ਗੱਲਾਂ ਦੱਸਦੇ ਹਾਂ ਜੋ ਉਸ ਦੇ ਪਵਿੱਤਰ ਭੇਤ+ ਵਿਚ ਲੁਕੀਆਂ ਹੋਈਆਂ ਸਨ। ਉਸ ਨੇ ਇਸ ਦੁਸ਼ਟ ਦੁਨੀਆਂ ਦੇ ਸ਼ੁਰੂ ਹੋਣ ਤੋਂ ਪਹਿਲਾਂ ਇਸ ਬੁੱਧ ਅਨੁਸਾਰ ਕੰਮ ਕਰਨ ਦਾ ਫ਼ੈਸਲਾ ਕੀਤਾ ਸੀ ਤਾਂਕਿ ਸਾਨੂੰ ਮਹਿਮਾ ਮਿਲੇ। 8 ਇਸ ਬੁੱਧ ਨੂੰ ਦੁਨੀਆਂ* ਦਾ ਕੋਈ ਵੀ ਹਾਕਮ ਸਮਝ ਨਹੀਂ ਸਕਿਆ।+ ਜੇ ਉਹ ਸਮਝੇ ਹੁੰਦੇ, ਤਾਂ ਸਾਡੇ ਮਹਿਮਾਵਾਨ ਪ੍ਰਭੂ ਨੂੰ ਸੂਲ਼ੀ ਉੱਤੇ ਨਾ ਟੰਗਦੇ। 9 ਧਰਮ-ਗ੍ਰੰਥ ਵਿਚ ਇਸੇ ਤਰ੍ਹਾਂ ਲਿਖਿਆ ਗਿਆ ਹੈ: “ਪਰਮੇਸ਼ੁਰ ਨੇ ਜਿਹੜੀਆਂ ਚੀਜ਼ਾਂ ਆਪਣੇ ਪਿਆਰ ਕਰਨ ਵਾਲਿਆਂ ਲਈ ਤਿਆਰ ਕੀਤੀਆਂ ਹਨ, ਉਨ੍ਹਾਂ ਚੀਜ਼ਾਂ ਨੂੰ ਨਾ ਅੱਖਾਂ ਨੇ ਕਦੀ ਦੇਖਿਆ, ਨਾ ਕੰਨਾਂ ਨੇ ਕਦੀ ਸੁਣਿਆ ਅਤੇ ਨਾ ਹੀ ਕਦੀ ਉਹ ਕਿਸੇ ਇਨਸਾਨ ਦੇ ਮਨ ਵਿਚ ਆਈਆਂ।”+ 10 ਪਰ ਪਰਮੇਸ਼ੁਰ ਨੇ ਆਪਣੀ ਪਵਿੱਤਰ ਸ਼ਕਤੀ ਦੇ ਜ਼ਰੀਏ+ ਸਾਨੂੰ ਇਨ੍ਹਾਂ ਬਾਰੇ ਦੱਸਿਆ ਹੈ+ ਕਿਉਂਕਿ ਇਹ ਸ਼ਕਤੀ ਸਾਰੀਆਂ ਚੀਜ਼ਾਂ ਦੀ, ਇੱਥੋਂ ਤਕ ਕਿ ਪਰਮੇਸ਼ੁਰ ਦੇ ਡੂੰਘੇ ਭੇਤਾਂ ਦੀ ਵੀ ਜਾਂਚ ਕਰਦੀ ਹੈ।+

11 ਕੋਈ ਇਨਸਾਨ ਦੂਸਰੇ ਇਨਸਾਨ ਦੇ ਦਿਲ ਦੀ ਗੱਲ ਨਹੀਂ ਜਾਣ ਸਕਦਾ। ਹਰ ਇਨਸਾਨ ਆਪਣੇ ਹੀ ਦਿਲ* ਦੀ ਗੱਲ ਜਾਣਦਾ ਹੈ। ਇਸੇ ਤਰ੍ਹਾਂ ਕੋਈ ਵੀ ਇਨਸਾਨ ਪਰਮੇਸ਼ੁਰ ਦੇ ਦਿਲ ਦੀਆਂ ਗੱਲਾਂ ਨਹੀਂ ਜਾਣ ਸਕਿਆ ਹੈ, ਉਹ ਸਿਰਫ਼ ਪਰਮੇਸ਼ੁਰ ਦੀ ਸ਼ਕਤੀ ਦੁਆਰਾ ਜ਼ਾਹਰ ਕੀਤੀਆਂ ਗੱਲਾਂ ਹੀ ਜਾਣ ਸਕਦਾ ਹੈ। 12 ਪਰਮੇਸ਼ੁਰ ਦੀ ਸ਼ਕਤੀ+ ਸਾਡੀ ਅਗਵਾਈ ਕਰਦੀ ਹੈ, ਨਾ ਕਿ ਦੁਨੀਆਂ ਦੀ ਸੋਚ ਤਾਂਕਿ ਅਸੀਂ ਉਨ੍ਹਾਂ ਗੱਲਾਂ ਨੂੰ ਜਾਣ ਸਕੀਏ ਜੋ ਪਰਮੇਸ਼ੁਰ ਨੇ ਸਾਨੂੰ ਪਿਆਰ ਨਾਲ ਦੱਸੀਆਂ ਹਨ। 13 ਅਸੀਂ ਇਹ ਗੱਲਾਂ ਦੂਸਰਿਆਂ ਨੂੰ ਵੀ ਦੱਸਦੇ ਹਾਂ, ਪਰ ਅਸੀਂ ਇਨਸਾਨੀ ਬੁੱਧ ਦੁਆਰਾ ਸਿਖਾਏ ਸ਼ਬਦ ਵਰਤ ਕੇ ਨਹੀਂ,+ ਸਗੋਂ ਪਵਿੱਤਰ ਸ਼ਕਤੀ ਦੁਆਰਾ ਸਿਖਾਏ ਸ਼ਬਦ ਵਰਤ ਕੇ+ ਦੱਸਦੇ ਹਾਂ ਕਿਉਂਕਿ ਅਸੀਂ ਪਰਮੇਸ਼ੁਰ ਦੀਆਂ ਗੱਲਾਂ ਪਰਮੇਸ਼ੁਰ ਦੇ ਸ਼ਬਦਾਂ ਨਾਲ ਸਮਝਾਉਂਦੇ ਹਾਂ।

14 ਪਰ ਆਪਣੀਆਂ ਇੱਛਾਵਾਂ ਅਨੁਸਾਰ ਚੱਲਣ ਵਾਲਾ ਇਨਸਾਨ* ਪਰਮੇਸ਼ੁਰ ਦੀ ਸ਼ਕਤੀ ਦੁਆਰਾ ਜ਼ਾਹਰ ਕੀਤੀਆਂ ਗੱਲਾਂ ਨੂੰ ਕਬੂਲ ਨਹੀਂ ਕਰਦਾ ਕਿਉਂਕਿ ਉਹ ਗੱਲਾਂ ਉਸ ਲਈ ਮੂਰਖਤਾ ਹਨ। ਉਹ ਉਨ੍ਹਾਂ ਗੱਲਾਂ ਨੂੰ ਸਮਝ ਨਹੀਂ ਸਕਦਾ ਕਿਉਂਕਿ ਉਨ੍ਹਾਂ ਗੱਲਾਂ ਦੀ ਜਾਂਚ ਕਰਨ ਲਈ ਪਵਿੱਤਰ ਸ਼ਕਤੀ ਦੀ ਲੋੜ ਹੈ। 15 ਪਰ ਪਰਮੇਸ਼ੁਰ ਦੀ ਸ਼ਕਤੀ ਦੀ ਅਗਵਾਈ ਵਿਚ ਚੱਲਣ ਵਾਲਾ ਇਨਸਾਨ* ਸਾਰੀਆਂ ਗੱਲਾਂ ਦੀ ਜਾਂਚ ਕਰਦਾ ਹੈ,+ ਪਰ ਇਸ ਇਨਸਾਨ ਦੀ ਜਾਂਚ ਕੋਈ ਵੀ ਨਹੀਂ ਕਰ ਸਕਦਾ। 16 ਧਰਮ-ਗ੍ਰੰਥ ਵਿਚ ਲਿਖਿਆ ਹੈ: “ਯਹੋਵਾਹ* ਦੇ ਮਨ ਨੂੰ ਕੌਣ ਜਾਣ ਸਕਿਆ ਹੈ ਤਾਂਕਿ ਉਸ ਨੂੰ ਸਿਖਾਵੇ?”+ ਪਰ ਸਾਡੇ ਵਿਚ ਮਸੀਹ ਦਾ ਮਨ ਹੈ।+

3 ਇਸ ਲਈ ਭਰਾਵੋ, ਮੈਂ ਤੁਹਾਡੇ ਨਾਲ ਉੱਦਾਂ ਗੱਲ ਨਹੀਂ ਕਰ ਸਕਿਆ ਜਿਵੇਂ ਪਰਮੇਸ਼ੁਰ ਦੀ ਸ਼ਕਤੀ ਦੀ ਅਗਵਾਈ ਵਿਚ ਚੱਲਣ ਵਾਲੇ ਇਨਸਾਨਾਂ ਨਾਲ ਕੀਤੀ ਜਾਂਦੀ ਹੈ,+ ਸਗੋਂ ਮੈਂ ਉੱਦਾਂ ਗੱਲ ਕੀਤੀ ਜਿਵੇਂ ਆਪਣੀਆਂ ਇੱਛਾਵਾਂ ਮੁਤਾਬਕ ਚੱਲਣ ਵਾਲੇ ਇਨਸਾਨਾਂ ਨਾਲ ਕੀਤੀ ਜਾਂਦੀ ਹੈ। ਤੁਸੀਂ ਤਾਂ ਮਸੀਹ ਦੇ ਰਾਹ ਉੱਤੇ ਨਿਆਣਿਆਂ+ ਵਾਂਗ ਚੱਲਦੇ ਹੋ। 2 ਮੈਂ ਤੁਹਾਨੂੰ ਪੀਣ ਲਈ ਦੁੱਧ ਦਿੱਤਾ ਸੀ, ਨਾ ਕਿ ਰੋਟੀ ਕਿਉਂਕਿ ਤੁਸੀਂ ਰੋਟੀ ਨੂੰ ਹਜ਼ਮ ਕਰਨ ਦੇ ਕਾਬਲ ਨਹੀਂ ਸੀ। ਅਸਲ ਵਿਚ, ਤੁਸੀਂ ਅਜੇ ਵੀ ਇਸ ਕਾਬਲ ਨਹੀਂ ਹੋ+ 3 ਕਿਉਂਕਿ ਤੁਸੀਂ ਹਾਲੇ ਵੀ ਆਪਣੀਆਂ ਇੱਛਾਵਾਂ ਮੁਤਾਬਕ ਚੱਲਦੇ ਹੋ।+ ਜਦ ਤੁਸੀਂ ਇਕ-ਦੂਜੇ ਨਾਲ ਈਰਖਾ ਅਤੇ ਝਗੜੇ ਕਰਦੇ ਹੋ, ਤਾਂ ਕੀ ਇਸ ਤੋਂ ਪਤਾ ਨਹੀਂ ਲੱਗਦਾ ਕਿ ਤੁਸੀਂ ਆਪਣੀਆਂ ਇੱਛਾਵਾਂ ਮੁਤਾਬਕ+ ਅਤੇ ਦੁਨੀਆਂ ਦੇ ਲੋਕਾਂ ਵਾਂਗ ਚੱਲਦੇ ਹੋ? 4 ਜਦੋਂ ਕੋਈ ਕਹਿੰਦਾ ਹੈ: “ਮੈਂ ਪੌਲੁਸ ਦਾ ਚੇਲਾ ਹਾਂ,” ਪਰ ਕੋਈ ਹੋਰ ਕਹਿੰਦਾ ਹੈ: “ਮੈਂ ਤਾਂ ਅਪੁੱਲੋਸ+ ਦਾ ਚੇਲਾ ਹਾਂ,” ਤਾਂ ਕੀ ਤੁਸੀਂ ਦੁਨੀਆਂ ਦੇ ਲੋਕਾਂ ਵਾਂਗ ਨਹੀਂ ਚੱਲ ਰਹੇ?

5 ਤਾਂ ਫਿਰ, ਅਪੁੱਲੋਸ ਕੌਣ ਹੈ? ਨਾਲੇ ਪੌਲੁਸ ਕੌਣ ਹੈ? ਇਹ ਸਿਰਫ਼ ਸੇਵਕ ਹਨ+ ਜਿਹੜੇ ਪ੍ਰਭੂ ਦੁਆਰਾ ਦਿੱਤਾ ਹੋਇਆ ਕੰਮ ਕਰਦੇ ਹਨ ਅਤੇ ਜਿਨ੍ਹਾਂ ਦੇ ਰਾਹੀਂ ਤੁਸੀਂ ਨਿਹਚਾ ਕਰਨੀ ਸ਼ੁਰੂ ਕੀਤੀ ਸੀ। 6 ਮੈਂ ਬੀ ਬੀਜਿਆ,+ ਅਪੁੱਲੋਸ ਨੇ ਪਾਣੀ ਦਿੱਤਾ,+ ਪਰ ਪਰਮੇਸ਼ੁਰ ਉਸ ਨੂੰ ਵਧਾਉਂਦਾ ਰਿਹਾ, 7 ਇਸ ਲਈ ਨਾ ਤਾਂ ਬੀ ਬੀਜਣ ਵਾਲਾ ਕੁਝ ਹੈ ਅਤੇ ਨਾ ਹੀ ਪਾਣੀ ਦੇਣ ਵਾਲਾ, ਸਗੋਂ ਪਰਮੇਸ਼ੁਰ ਦੀ ਹੀ ਵਡਿਆਈ ਕੀਤੀ ਜਾਣੀ ਚਾਹੀਦੀ ਹੈ ਜਿਹੜਾ ਬੀ ਨੂੰ ਵਧਾਉਂਦਾ ਹੈ।+ 8 ਬੀ ਬੀਜਣ ਵਾਲਾ ਅਤੇ ਇਸ ਨੂੰ ਪਾਣੀ ਦੇਣ ਵਾਲਾ ਮਿਲ ਕੇ* ਕੰਮ ਕਰਦੇ ਹਨ, ਪਰ ਹਰੇਕ ਨੂੰ ਆਪੋ-ਆਪਣੀ ਮਿਹਨਤ ਦਾ ਫਲ ਮਿਲੇਗਾ+ 9 ਕਿਉਂਕਿ ਅਸੀਂ ਪਰਮੇਸ਼ੁਰ ਨਾਲ ਮਿਲ ਕੇ ਕੰਮ ਕਰਦੇ ਹਾਂ। ਤੁਸੀਂ ਹੀ ਪਰਮੇਸ਼ੁਰ ਦਾ ਖੇਤ ਹੋ ਜਿਸ ਵਿਚ ਉਹ ਖੇਤੀ ਕਰ ਰਿਹਾ ਹੈ ਅਤੇ ਤੁਸੀਂ ਪਰਮੇਸ਼ੁਰ ਦੀ ਇਮਾਰਤ ਹੋ।+

10 ਪਰਮੇਸ਼ੁਰ ਨੇ ਮੇਰੇ ਉੱਤੇ ਜੋ ਅਪਾਰ ਕਿਰਪਾ ਕੀਤੀ ਹੈ, ਉਸ ਕਰਕੇ ਮੈਂ ਇਕ ਮਾਹਰ ਰਾਜ ਮਿਸਤਰੀ ਵਾਂਗ ਨੀਂਹ ਰੱਖੀ ਸੀ,+ ਪਰ ਕੋਈ ਹੋਰ ਉਸ ਨੀਂਹ ਉੱਤੇ ਉਸਾਰੀ ਕਰ ਰਿਹਾ ਹੈ। ਹਰੇਕ ਜਣਾ ਧਿਆਨ ਰੱਖੇ ਕਿ ਉਹ ਇਸ ਉੱਤੇ ਕਿਵੇਂ ਉਸਾਰੀ ਕਰਦਾ ਹੈ। 11 ਜਿਹੜੀ ਨੀਂਹ ਰੱਖੀ ਜਾ ਚੁੱਕੀ ਹੈ, ਉਸ ਦੀ ਜਗ੍ਹਾ ਕੋਈ ਹੋਰ ਨੀਂਹ ਨਹੀਂ ਰੱਖੀ ਜਾ ਸਕਦੀ। ਇਹ ਨੀਂਹ ਯਿਸੂ ਮਸੀਹ ਹੈ।+ 12 ਕੋਈ ਇਸ ਨੀਂਹ ਉੱਤੇ ਸੋਨੇ, ਚਾਂਦੀ ਅਤੇ ਕੀਮਤੀ ਪੱਥਰਾਂ ਨਾਲ ਉਸਾਰੀ ਕਰਦਾ ਹੈ ਅਤੇ ਕੋਈ ਲੱਕੜ, ਘਾਹ ਅਤੇ ਪਰਾਲੀ ਨਾਲ ਉਸਾਰੀ ਕਰਦਾ ਹੈ। 13 ਪਰ ਪਰੀਖਿਆ ਦੇ ਸਮੇਂ ਹਰੇਕ ਦਾ ਕੰਮ ਸਾਮ੍ਹਣੇ ਆ ਜਾਵੇਗਾ ਕਿਉਂਕਿ ਅੱਗ ਸਭ ਕੁਝ ਜ਼ਾਹਰ ਕਰ ਦੇਵੇਗੀ+ ਅਤੇ ਸਾਬਤ ਕਰ ਦੇਵੇਗੀ ਕਿ ਹਰੇਕ ਦਾ ਕੰਮ ਕਿਹੋ ਜਿਹਾ ਹੈ। 14 ਜੇ ਕਿਸੇ ਦੀ ਇਸ ਨੀਂਹ ਉੱਤੇ ਉਸਾਰੀ ਇਮਾਰਤ ਅੱਗ ਵਿਚ ਨਹੀਂ ਸੜਦੀ, ਤਾਂ ਉਸ ਨੂੰ ਇਨਾਮ ਮਿਲੇਗਾ। 15 ਜੇ ਕਿਸੇ ਦੀ ਇਮਾਰਤ ਸੜ ਜਾਂਦੀ ਹੈ, ਤਾਂ ਉਸ ਨੂੰ ਨੁਕਸਾਨ ਸਹਿਣਾ ਪਵੇਗਾ, ਪਰ ਉਹ ਆਪ ਬਚ ਜਾਵੇਗਾ। ਉਸ ਦੀ ਹਾਲਤ ਉਸ ਇਨਸਾਨ ਵਰਗੀ ਹੋਵੇਗੀ ਜਿਹੜਾ ਅੱਗ ਵਿਚ ਸੜਨ ਤੋਂ ਬਚ ਗਿਆ ਹੋਵੇ।

16 ਕੀ ਤੁਸੀਂ ਨਹੀਂ ਜਾਣਦੇ ਕਿ ਤੁਸੀਂ ਪਰਮੇਸ਼ੁਰ ਦਾ ਮੰਦਰ ਹੋ+ ਅਤੇ ਤੁਹਾਡੇ ਵਿਚ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਵੱਸਦੀ ਹੈ?+ 17 ਜੇ ਕੋਈ ਪਰਮੇਸ਼ੁਰ ਦੇ ਮੰਦਰ ਨੂੰ ਤਬਾਹ ਕਰਦਾ ਹੈ, ਤਾਂ ਪਰਮੇਸ਼ੁਰ ਉਸ ਨੂੰ ਖ਼ਤਮ ਕਰ ਦੇਵੇਗਾ ਕਿਉਂਕਿ ਪਰਮੇਸ਼ੁਰ ਦਾ ਮੰਦਰ ਪਵਿੱਤਰ ਹੈ ਅਤੇ ਇਹ ਮੰਦਰ ਤੁਸੀਂ ਹੋ।+

18 ਕੋਈ ਵੀ ਆਪਣੇ ਆਪ ਨੂੰ ਧੋਖਾ ਨਾ ਦੇਵੇ: ਜੇ ਤੁਹਾਡੇ ਵਿੱਚੋਂ ਕੋਈ ਇਹ ਸੋਚਦਾ ਹੈ ਕਿ ਉਹ ਦੁਨੀਆਂ* ਦੀਆਂ ਨਜ਼ਰਾਂ ਵਿਚ ਬੁੱਧੀਮਾਨ ਹੈ, ਤਾਂ ਉਹ ਮੂਰਖ ਬਣੇ ਤਾਂਕਿ ਉਹ ਸੱਚ-ਮੁੱਚ ਬੁੱਧੀਮਾਨ ਬਣ ਜਾਵੇ। 19 ਇਸ ਦੁਨੀਆਂ ਦੀ ਬੁੱਧ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਮੂਰਖਤਾ ਹੈ ਕਿਉਂਕਿ ਧਰਮ-ਗ੍ਰੰਥ ਵਿਚ ਲਿਖਿਆ ਹੈ: “ਉਹ ਬੁੱਧੀਮਾਨਾਂ ਨੂੰ ਉਨ੍ਹਾਂ ਦੀ ਆਪਣੀ ਹੀ ਚਤਰਾਈ ਵਿਚ ਫਸਾਉਂਦਾ ਹੈ।”+ 20 ਇਹ ਵੀ ਲਿਖਿਆ ਹੈ: “ਯਹੋਵਾਹ* ਜਾਣਦਾ ਹੈ ਕਿ ਬੁੱਧੀਮਾਨਾਂ ਦੀਆਂ ਦਲੀਲਾਂ ਵਿਅਰਥ ਹਨ।”+ 21 ਇਸ ਲਈ ਕੋਈ ਵੀ ਇਨਸਾਨਾਂ ਬਾਰੇ ਸ਼ੇਖ਼ੀ ਨਾ ਮਾਰੇ ਕਿਉਂਕਿ ਸਭ ਕੁਝ ਤੁਹਾਡਾ ਹੀ ਹੈ, 22 ਚਾਹੇ ਉਹ ਪੌਲੁਸ ਹੋਵੇ ਜਾਂ ਅਪੁੱਲੋਸ ਜਾਂ ਕੇਫ਼ਾਸ*+ ਜਾਂ ਦੁਨੀਆਂ ਜਾਂ ਜ਼ਿੰਦਗੀ ਜਾਂ ਮੌਤ ਜਾਂ ਮੌਜੂਦਾ ਸਮੇਂ ਦੀਆਂ ਚੀਜ਼ਾਂ ਜਾਂ ਆਉਣ ਵਾਲੇ ਸਮੇਂ ਦੀਆਂ ਚੀਜ਼ਾਂ। ਸਭ ਕੁਝ ਤੁਹਾਡਾ ਹੀ ਹੈ 23 ਅਤੇ ਤੁਸੀਂ ਮਸੀਹ ਦੇ ਹੋ+ ਅਤੇ ਮਸੀਹ ਪਰਮੇਸ਼ੁਰ ਦਾ ਹੈ।

4 ਅਸੀਂ ਚਾਹੁੰਦੇ ਹਾਂ ਕਿ ਲੋਕ ਸਾਨੂੰ ਮਸੀਹ ਦੇ ਨੌਕਰ* ਅਤੇ ਅਜਿਹੇ ਪ੍ਰਬੰਧਕ ਸਮਝਣ ਜਿਨ੍ਹਾਂ ਨੂੰ ਪਰਮੇਸ਼ੁਰ ਦੇ ਪਵਿੱਤਰ ਭੇਤਾਂ+ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। 2 ਹਰ ਪ੍ਰਬੰਧਕ ਤੋਂ ਵਫ਼ਾਦਾਰੀ ਦੀ ਆਸ ਰੱਖੀ ਜਾਂਦੀ ਹੈ। 3 ਮੇਰੇ ਲਈ ਇਹ ਗੱਲ ਕੋਈ ਅਹਿਮੀਅਤ ਨਹੀਂ ਰੱਖਦੀ ਕਿ ਤੁਸੀਂ ਮੇਰੇ ਤੋਂ ਪੁੱਛ-ਪੜਤਾਲ ਕਰੋ ਜਾਂ ਇਨਸਾਨਾਂ ਦੀ ਕਚਹਿਰੀ ਮੇਰੀ ਪੁੱਛ-ਪੜਤਾਲ ਕਰੇ। ਮੈਂ ਆਪ ਵੀ ਆਪਣੀ ਜਾਂਚ ਨਹੀਂ ਕਰਦਾ 4 ਕਿਉਂਕਿ ਮੇਰੀ ਜ਼ਮੀਰ ਸਾਫ਼ ਹੈ। ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਮੈਂ ਧਰਮੀ ਸਾਬਤ ਹੋ ਗਿਆ ਹਾਂ, ਸਗੋਂ ਮੇਰੀ ਜਾਂਚ ਕਰਨ ਵਾਲਾ ਤਾਂ ਯਹੋਵਾਹ* ਹੈ।+ 5 ਇਸ ਲਈ ਪ੍ਰਭੂ ਦੇ ਆਉਣ ਦੇ ਮਿਥੇ ਸਮੇਂ ਤੋਂ ਪਹਿਲਾਂ ਕਿਸੇ ਦਾ ਨਿਆਂ ਨਾ ਕਰੋ।+ ਉਹ ਹਨੇਰੇ ਵਿਚ ਲੁਕੀਆਂ ਗੱਲਾਂ ਨੂੰ ਚਾਨਣ ਵਿਚ ਲਿਆਵੇਗਾ ਅਤੇ ਮਨ ਦੇ ਇਰਾਦਿਆਂ ਨੂੰ ਜ਼ਾਹਰ ਕਰੇਗਾ। ਉਦੋਂ ਹਰ ਕੋਈ ਪਰਮੇਸ਼ੁਰ ਤੋਂ ਵਡਿਆਈ ਪਾਵੇਗਾ ਜਿਸ ਦੇ ਉਹ ਲਾਇਕ ਹੈ।+

6 ਭਰਾਵੋ, ਮੈਂ ਆਪਣੀ ਅਤੇ ਅਪੁੱਲੋਸ+ ਦੀ ਮਿਸਾਲ ਵਰਤ ਕੇ ਇਹ ਗੱਲਾਂ ਤੁਹਾਡੇ ਭਲੇ ਲਈ ਕਹੀਆਂ ਹਨ ਤਾਂਕਿ ਤੁਸੀਂ ਇਸ ਅਸੂਲ ਤੋਂ ਸਿੱਖੋ: “ਜੋ ਲਿਖਿਆ ਗਿਆ ਹੈ, ਉਸ ਤੋਂ ਵਾਧੂ ਕੁਝ ਨਾ ਕਰੋ” ਤਾਂਕਿ ਤੁਸੀਂ ਘਮੰਡ ਨਾਲ ਫੁੱਲ ਨਾ ਜਾਓ+ ਅਤੇ ਇਕ ਜਣੇ ਨੂੰ ਦੂਸਰੇ ਨਾਲੋਂ ਚੰਗਾ ਨਾ ਸਮਝੋ। 7 ਤੁਹਾਡੇ ਵਿਚ ਕਿਹੜੀ ਖ਼ੂਬੀ ਹੈ ਜੋ ਦੂਜਿਆਂ ਵਿਚ ਨਹੀਂ ਹੈ? ਤੁਹਾਡੇ ਕੋਲ ਕੀ ਹੈ ਜੋ ਤੁਹਾਨੂੰ ਪਰਮੇਸ਼ੁਰ ਤੋਂ ਨਹੀਂ ਮਿਲਿਆ ਹੈ?+ ਜੇ ਤੁਹਾਨੂੰ ਸਭ ਕੁਝ ਪਰਮੇਸ਼ੁਰ ਤੋਂ ਮਿਲਿਆ ਹੈ, ਤਾਂ ਫਿਰ ਤੁਸੀਂ ਇਸ ਤਰ੍ਹਾਂ ਸ਼ੇਖ਼ੀਆਂ ਕਿਉਂ ਮਾਰਦੇ ਹੋ ਜਿਵੇਂ ਕਿ ਤੁਸੀਂ ਸਭ ਕੁਝ ਆਪਣੀ ਤਾਕਤ ਨਾਲ ਪ੍ਰਾਪਤ ਕੀਤਾ ਹੈ?

8 ਕੀ ਤੁਸੀਂ ਪਹਿਲਾਂ ਹੀ ਸੰਤੁਸ਼ਟ ਹੋ ਚੁੱਕੇ ਹੋ? ਕੀ ਤੁਸੀਂ ਪਹਿਲਾਂ ਹੀ ਅਮੀਰ ਬਣ ਗਏ ਹੋ? ਕੀ ਤੁਸੀਂ ਸਾਡੇ ਤੋਂ ਬਿਨਾਂ ਹੀ ਰਾਜਿਆਂ ਵਜੋਂ ਰਾਜ ਕਰਨਾ ਸ਼ੁਰੂ ਕਰ ਦਿੱਤਾ ਹੈ?+ ਅਸਲ ਵਿਚ, ਮੇਰੀ ਇਹੀ ਇੱਛਾ ਹੈ ਕਿ ਤੁਸੀਂ ਸੱਚ-ਮੁੱਚ ਰਾਜ ਕਰਨਾ ਸ਼ੁਰੂ ਕਰ ਦਿੱਤਾ ਹੁੰਦਾ ਤਾਂਕਿ ਅਸੀਂ ਵੀ ਤੁਹਾਡੇ ਨਾਲ ਰਾਜ ਕਰ ਸਕਦੇ।+ 9 ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਪਰਮੇਸ਼ੁਰ ਸਾਨੂੰ ਰਸੂਲਾਂ ਨੂੰ ਉਨ੍ਹਾਂ ਲੋਕਾਂ ਵਾਂਗ ਨੁਮਾਇਸ਼ ਵਿਚ ਅਖ਼ੀਰ ʼਤੇ ਲੈ ਕੇ ਆਇਆ ਹੈ ਜਿਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ।+ ਅਸੀਂ ਸਾਰੀ ਦੁਨੀਆਂ, ਦੂਤਾਂ ਅਤੇ ਇਨਸਾਨਾਂ ਲਈ ਤਮਾਸ਼ਾ ਬਣੇ ਹੋਏ ਹਾਂ।+ 10 ਮਸੀਹ ਕਰਕੇ ਸਾਨੂੰ ਮੂਰਖ ਸਮਝਿਆ ਜਾਂਦਾ ਹੈ,+ ਪਰ ਤੁਸੀਂ ਮਸੀਹ ਦੇ ਚੇਲੇ ਹੋਣ ਕਰਕੇ ਆਪਣੇ ਆਪ ਨੂੰ ਬੜੇ ਅਕਲਮੰਦ ਸਮਝਦੇ ਹੋ। ਅਸੀਂ ਕਮਜ਼ੋਰ ਹਾਂ, ਪਰ ਤੁਸੀਂ ਤਾਕਤਵਰ ਹੋ; ਤੁਹਾਡੀ ਇੱਜ਼ਤ ਕੀਤੀ ਜਾਂਦੀ ਹੈ, ਪਰ ਸਾਨੂੰ ਬੇਇੱਜ਼ਤ ਕੀਤਾ ਜਾਂਦਾ ਹੈ। 11 ਹੁਣ ਤਕ ਅਸੀਂ ਭੁੱਖੇ-ਪਿਆਸੇ ਹਾਂ+ ਅਤੇ ਲੀਰਾਂ ਪਾਈ* ਫਿਰਦੇ ਹਾਂ ਅਤੇ ਬੇਘਰ ਹਾਂ ਅਤੇ ਦੂਜਿਆਂ ਤੋਂ ਕੁੱਟ* ਖਾਂਦੇ ਹਾਂ+ 12 ਅਤੇ ਆਪਣੇ ਹੱਥੀਂ ਮਿਹਨਤ ਕਰਦੇ ਹਾਂ।+ ਜਦੋਂ ਲੋਕ ਸਾਡੀ ਬੇਇੱਜ਼ਤੀ ਕਰਦੇ ਹਨ, ਤਾਂ ਅਸੀਂ ਉਨ੍ਹਾਂ ਨੂੰ ਅਸੀਸਾਂ ਦਿੰਦੇ ਹਾਂ।+ ਜਦੋਂ ਸਾਡੇ ਉੱਤੇ ਜ਼ੁਲਮ ਕੀਤੇ ਜਾਂਦੇ ਹਨ, ਤਾਂ ਅਸੀਂ ਧੀਰਜ ਨਾਲ ਸਹਿ ਲੈਂਦੇ ਹਾਂ।+ 13 ਜਦੋਂ ਸਾਨੂੰ ਬਦਨਾਮ ਕੀਤਾ ਜਾਂਦਾ ਹੈ, ਤਾਂ ਅਸੀਂ ਨਰਮਾਈ ਨਾਲ ਜਵਾਬ ਦਿੰਦੇ ਹਾਂ।*+ ਹੁਣ ਤਕ ਸਾਨੂੰ ਦੁਨੀਆਂ ਦਾ ਗੰਦ ਅਤੇ ਕੂੜਾ-ਕਰਕਟ ਸਮਝਿਆ ਜਾਂਦਾ ਹੈ।

14 ਮੈਂ ਤੁਹਾਨੂੰ ਸ਼ਰਮਿੰਦਾ ਕਰਨ ਲਈ ਇਹ ਗੱਲਾਂ ਨਹੀਂ ਲਿਖ ਰਿਹਾ, ਸਗੋਂ ਆਪਣੇ ਪਿਆਰੇ ਬੱਚਿਆਂ ਵਾਂਗ ਨਸੀਹਤ ਦੇਣ ਲਈ ਲਿਖ ਰਿਹਾ ਹਾਂ। 15 ਭਾਵੇਂ ਤੁਹਾਨੂੰ ਮਸੀਹ ਦੇ ਰਾਹ ਦੀ ਸਿੱਖਿਆ ਦੇਣ ਲਈ 10,000 ਸਿੱਖਿਅਕ* ਹੋਣ, ਪਰ ਤੁਹਾਡੇ ਪਿਤਾ ਬਹੁਤੇ ਨਹੀਂ ਹਨ। ਤੁਹਾਨੂੰ ਖ਼ੁਸ਼ ਖ਼ਬਰੀ ਸੁਣਾ ਕੇ ਅਤੇ ਮਸੀਹ ਯਿਸੂ ਦੇ ਰਾਹ ਉੱਤੇ ਚੱਲਣਾ ਸਿਖਾ ਕੇ ਮੈਂ ਤੁਹਾਡਾ ਪਿਤਾ ਬਣਿਆ।+ 16 ਇਸ ਲਈ ਮੈਂ ਤੁਹਾਨੂੰ ਤਾਕੀਦ ਕਰਦਾ ਹਾਂ ਕਿ ਤੁਸੀਂ ਮੇਰੀ ਮਿਸਾਲ ਉੱਤੇ ਚੱਲੋ।+ 17 ਇਸੇ ਕਰਕੇ ਮੈਂ ਤਿਮੋਥਿਉਸ ਨੂੰ ਤੁਹਾਡੇ ਕੋਲ ਘੱਲ ਰਿਹਾ ਹਾਂ ਕਿਉਂਕਿ ਮਸੀਹ ਦੀ ਸੇਵਾ ਵਿਚ ਉਹ ਮੇਰਾ ਪਿਆਰਾ ਤੇ ਵਫ਼ਾਦਾਰ ਬੱਚਾ ਹੈ। ਉਹ ਤੁਹਾਨੂੰ ਮੇਰੇ ਕੰਮ ਕਰਨ ਦੇ ਸਾਰੇ ਤਰੀਕੇ ਯਾਦ ਕਰਾਵੇਗਾ ਜਿਹੜੇ ਮੈਂ ਮਸੀਹ ਯਿਸੂ ਦੀ ਸੇਵਾ ਕਰਦੇ ਹੋਏ ਵਰਤਦਾ ਹਾਂ,+ ਜਿਵੇਂ ਮੈਂ ਹਰ ਜਗ੍ਹਾ ਸਾਰੀਆਂ ਮੰਡਲੀਆਂ ਨੂੰ ਇਹ ਤਰੀਕੇ ਸਿਖਾਉਂਦਾ ਹਾਂ।

18 ਤੁਹਾਡੇ ਵਿੱਚੋਂ ਕਈ ਇਹ ਸੋਚਦੇ ਹਨ ਕਿ ਮੈਂ ਤੁਹਾਡੇ ਕੋਲ ਨਹੀਂ ਆ ਰਿਹਾ, ਇਸੇ ਲਈ ਉਹ ਘਮੰਡ ਨਾਲ ਫੁੱਲੇ ਹੋਏ ਹਨ। 19 ਪਰ ਜੇ ਯਹੋਵਾਹ* ਨੇ ਚਾਹਿਆ, ਤਾਂ ਮੈਂ ਜਲਦੀ ਹੀ ਤੁਹਾਡੇ ਕੋਲ ਆਵਾਂਗਾ। ਮੈਂ ਆ ਕੇ ਇਹ ਨਹੀਂ ਦੇਖਾਂਗਾ ਕਿ ਘਮੰਡ ਨਾਲ ਫੁੱਲੇ ਹੋਏ ਲੋਕ ਕੀ ਕਹਿੰਦੇ ਹਨ, ਸਗੋਂ ਇਹ ਦੇਖਾਂਗਾ ਕਿ ਉਹ ਪਰਮੇਸ਼ੁਰ ਦੀ ਸ਼ਕਤੀ ਦੀ ਸੇਧ ਵਿਚ ਚੱਲਦੇ ਹਨ ਜਾਂ ਨਹੀਂ। 20 ਕਿਸੇ ਦੀਆਂ ਗੱਲਾਂ ਤੋਂ ਨਹੀਂ, ਸਗੋਂ ਪਰਮੇਸ਼ੁਰ ਦੀ ਸ਼ਕਤੀ ਮੁਤਾਬਕ ਕੀਤੇ ਉਸ ਦੇ ਕੰਮਾਂ ਤੋਂ ਪਤਾ ਲੱਗਦਾ ਹੈ ਕਿ ਉਹ ਪਰਮੇਸ਼ੁਰ ਦੇ ਰਾਜ ਅਧੀਨ ਹੈ ਜਾਂ ਨਹੀਂ। 21 ਤੁਸੀਂ ਕੀ ਚਾਹੁੰਦੇ ਹੋ? ਮੈਂ ਤੁਹਾਡੇ ਕੋਲ ਡੰਡਾ ਲੈ ਕੇ ਆਵਾਂ+ ਜਾਂ ਫਿਰ ਪਿਆਰ ਤੇ ਨਰਮਾਈ ਨਾਲ ਆਵਾਂ?

5 ਅਸਲ ਵਿਚ ਮੈਨੂੰ ਖ਼ਬਰ ਮਿਲੀ ਹੈ ਕਿ ਤੁਹਾਡੇ ਵਿਚ ਹਰਾਮਕਾਰੀ*+ ਹੁੰਦੀ ਹੈ ਅਤੇ ਇਹੋ ਜਿਹੀ ਹਰਾਮਕਾਰੀ* ਦੁਨੀਆਂ ਦੇ ਲੋਕਾਂ ਵਿਚ ਵੀ ਨਹੀਂ ਹੁੰਦੀ। ਕਿਸੇ ਨੇ ਆਪਣੇ ਹੀ ਪਿਤਾ ਦੀ ਪਤਨੀ ਨੂੰ ਰੱਖਿਆ ਹੋਇਆ ਹੈ।+ 2 ਕੀ ਤੁਹਾਨੂੰ ਇਸ ਗੱਲ ʼਤੇ ਘਮੰਡ ਹੈ? ਕੀ ਤੁਹਾਨੂੰ ਦੁਖੀ ਨਹੀਂ ਹੋਣਾ ਚਾਹੀਦਾ+ ਅਤੇ ਇਹ ਕੁਕਰਮ ਕਰਨ ਵਾਲੇ ਆਦਮੀ ਨੂੰ ਆਪਣੇ ਵਿੱਚੋਂ ਕੱਢ ਨਹੀਂ ਦੇਣਾ ਚਾਹੀਦਾ?+ 3 ਭਾਵੇਂ ਮੈਂ ਤੁਹਾਡੇ ਨਾਲ ਨਹੀਂ ਹਾਂ, ਪਰ ਮੇਰਾ ਮਨ ਤੁਹਾਡੇ ਨਾਲ ਹੈ ਅਤੇ ਮੈਂ ਇਹ ਕੰਮ ਕਰਨ ਵਾਲੇ ਆਦਮੀ ਦਾ ਆਪਣੇ ਵੱਲੋਂ ਤਾਂ ਨਿਆਂ ਕਰ ਦਿੱਤਾ ਹੈ, ਜਿਵੇਂ ਕਿ ਮੈਂ ਤੁਹਾਡੇ ਨਾਲ ਹੋਵਾਂ। 4 ਇਸ ਲਈ ਜਦੋਂ ਤੁਸੀਂ ਸਾਡੇ ਪ੍ਰਭੂ ਯਿਸੂ ਦੇ ਨਾਂ ʼਤੇ ਇਕੱਠੇ ਹੋਵੋਗੇ, ਤਾਂ ਮੇਰਾ ਮਨ ਅਤੇ ਸਾਡੇ ਪ੍ਰਭੂ ਯਿਸੂ ਦੀ ਸ਼ਕਤੀ ਤੁਹਾਡੇ ਨਾਲ ਹੋਵੇਗੀ। 5 ਤੁਸੀਂ ਉਸ ਆਦਮੀ ਨੂੰ ਸ਼ੈਤਾਨ ਦੇ ਹਵਾਲੇ ਕਰ ਦਿਓ*+ ਤਾਂਕਿ ਮੰਡਲੀ ਵਿੱਚੋਂ ਉਸ ਦਾ ਬੁਰਾ ਅਸਰ ਖ਼ਤਮ ਹੋ ਜਾਵੇ ਅਤੇ ਪ੍ਰਭੂ ਦੇ ਦਿਨ ਦੌਰਾਨ ਮੰਡਲੀ ਦਾ ਰਵੱਈਆ ਸਹੀ ਰਹੇ।+

6 ਤੁਹਾਡਾ ਇਸ ਗੱਲ ʼਤੇ ਘਮੰਡ ਕਰਨਾ ਠੀਕ ਨਹੀਂ ਹੈ। ਕੀ ਤੁਸੀਂ ਨਹੀਂ ਜਾਣਦੇ ਕਿ ਥੋੜ੍ਹੇ ਜਿਹੇ ਖਮੀਰ ਨਾਲ ਆਟੇ ਦੀ ਪੂਰੀ ਤੌਣ ਖਮੀਰੀ ਹੋ ਜਾਂਦੀ ਹੈ?+ 7 ਖਮੀਰ ਵਾਲੀ ਪੁਰਾਣੀ ਤੌਣ ਨੂੰ ਸੁੱਟ ਦਿਓ ਤਾਂਕਿ ਤੁਸੀਂ ਆਟੇ ਦੀ ਨਵੀਂ ਤੌਣ ਬਣ ਸਕੋ ਕਿਉਂਕਿ ਤੁਹਾਡੇ ਵਿਚ ਖਮੀਰ ਬਿਲਕੁਲ ਨਹੀਂ ਹੈ। ਅਸਲ ਵਿਚ, ਪਸਾਹ ਦੇ ਲੇਲੇ ਮਸੀਹ+ ਦੀ ਕੁਰਬਾਨੀ ਦਿੱਤੀ ਜਾ ਚੁੱਕੀ ਹੈ।+ 8 ਇਸ ਲਈ ਆਓ ਆਪਾਂ ਇਹ ਤਿਉਹਾਰ* ਖਮੀਰ ਵਾਲੀ ਪੁਰਾਣੀ ਤੌਣ ਅਤੇ ਬੁਰਾਈ ਤੇ ਦੁਸ਼ਟਤਾ ਦੇ ਖਮੀਰ ਨਾਲ ਨਹੀਂ, ਸਗੋਂ ਸਾਫ਼ਦਿਲੀ ਅਤੇ ਸੱਚ ਦੀ ਬੇਖਮੀਰੀ ਰੋਟੀ ਨਾਲ ਮਨਾਈਏ।+

9 ਮੈਂ ਆਪਣੀ ਚਿੱਠੀ ਵਿਚ ਤੁਹਾਨੂੰ ਲਿਖਿਆ ਸੀ ਕਿ ਤੁਸੀਂ ਹਰਾਮਕਾਰਾਂ* ਨਾਲ ਸੰਗਤ ਕਰਨੀ* ਛੱਡ ਦਿਓ। 10 ਮੇਰੇ ਕਹਿਣ ਦਾ ਇਹ ਮਤਲਬ ਨਹੀਂ ਸੀ ਕਿ ਤੁਸੀਂ ਦੁਨੀਆਂ+ ਦੇ ਹਰਾਮਕਾਰਾਂ* ਜਾਂ ਲੋਭੀਆਂ ਜਾਂ ਦੂਸਰਿਆਂ ਨੂੰ ਲੁੱਟਣ ਵਾਲਿਆਂ ਜਾਂ ਮੂਰਤੀ-ਪੂਜਕਾਂ ਨਾਲ ਸੰਗਤ ਕਰਨੀ ਪੂਰੀ ਤਰ੍ਹਾਂ ਛੱਡ ਦਿਓ ਕਿਉਂਕਿ ਇੱਦਾਂ ਤਾਂ ਫਿਰ ਤੁਹਾਨੂੰ ਦੁਨੀਆਂ ਹੀ ਛੱਡਣੀ ਪਵੇਗੀ।+ 11 ਪਰ ਮੈਂ ਤੁਹਾਨੂੰ ਇਹ ਲਿਖ ਰਿਹਾ ਹਾਂ ਕਿ ਜੇ ਕੋਈ ਭਰਾ ਹਰਾਮਕਾਰ* ਜਾਂ ਲੋਭੀ+ ਜਾਂ ਮੂਰਤੀ-ਪੂਜਕ ਜਾਂ ਗਾਲ਼ਾਂ ਕੱਢਣ ਵਾਲਾ* ਜਾਂ ਸ਼ਰਾਬੀ+ ਜਾਂ ਦੂਸਰਿਆਂ ਨੂੰ ਲੁੱਟਣ ਵਾਲਾ ਹੋਵੇ,+ ਤਾਂ ਤੁਸੀਂ ਉਸ ਨਾਲ ਸੰਗਤ ਕਰਨੀ* ਛੱਡ ਦਿਓ,+ ਇੱਥੋਂ ਤਕ ਕਿ ਉਸ ਨਾਲ ਰੋਟੀ ਵੀ ਨਾ ਖਾਓ। 12 ਮੈਨੂੰ ਕੀ ਲੋੜ ਹੈ ਬਾਹਰਲਿਆਂ ਦਾ ਨਿਆਂ ਕਰਨ ਦੀ? ਕੀ ਤੁਹਾਨੂੰ ਮੰਡਲੀ ਦੇ ਲੋਕਾਂ ਦਾ ਨਿਆਂ ਨਹੀਂ ਕਰਨਾ ਚਾਹੀਦਾ 13 ਜਦ ਕਿ ਪਰਮੇਸ਼ੁਰ ਬਾਹਰਲਿਆਂ ਦਾ ਨਿਆਂ ਕਰਦਾ ਹੈ?+ ਧਰਮ-ਗ੍ਰੰਥ ਵਿਚ ਲਿਖਿਆ ਹੈ: “ਆਪਣੇ ਵਿੱਚੋਂ ਦੁਸ਼ਟ ਇਨਸਾਨ ਨੂੰ ਕੱਢ ਦਿਓ।”+

6 ਜਦੋਂ ਤੁਹਾਡਾ ਕਿਸੇ ਭਰਾ ਨਾਲ ਕੋਈ ਝਗੜਾ ਹੁੰਦਾ ਹੈ,+ ਤਾਂ ਤੁਸੀਂ ਨਿਆਂ ਵਾਸਤੇ ਪਵਿੱਤਰ ਸੇਵਕਾਂ ਕੋਲ ਜਾਣ ਦੀ ਬਜਾਇ ਅਦਾਲਤ ਵਿਚ ਉਨ੍ਹਾਂ ਲੋਕਾਂ ਸਾਮ੍ਹਣੇ ਜਾਣ ਦਾ ਹੀਆ ਕਿਉਂ ਕਰਦੇ ਹੋ ਜੋ ਪਰਮੇਸ਼ੁਰ ਦੇ ਰਾਹਾਂ ʼਤੇ ਨਹੀਂ ਚੱਲਦੇ? 2 ਜਾਂ ਕੀ ਤੁਸੀਂ ਇਸ ਗੱਲ ਤੋਂ ਅਣਜਾਣ ਹੋ ਕਿ ਪਵਿੱਤਰ ਸੇਵਕ ਦੁਨੀਆਂ ਦਾ ਨਿਆਂ ਕਰਨਗੇ?+ ਜੇ ਤੁਸੀਂ ਦੁਨੀਆਂ ਦਾ ਨਿਆਂ ਕਰਨਾ ਹੈ, ਤਾਂ ਕੀ ਤੁਸੀਂ ਛੋਟੇ-ਮੋਟੇ ਮਸਲਿਆਂ ਨੂੰ ਹੱਲ ਕਰਨ ਦੇ ਕਾਬਲ ਨਹੀਂ ਹੋ? 3 ਕੀ ਤੁਸੀਂ ਨਹੀਂ ਜਾਣਦੇ ਕਿ ਅਸੀਂ ਦੂਤਾਂ ਦਾ ਨਿਆਂ ਕਰਾਂਗੇ?+ ਤਾਂ ਫਿਰ ਅਸੀਂ ਇਸ ਜ਼ਿੰਦਗੀ ਦੇ ਮਸਲਿਆਂ ਦਾ ਨਿਆਂ ਕਿਉਂ ਨਹੀਂ ਕਰ ਸਕਦੇ? 4 ਜੇ ਤੁਸੀਂ ਇਸ ਜ਼ਿੰਦਗੀ ਦੇ ਮਸਲਿਆਂ ਨੂੰ ਹੱਲ ਕਰਨਾ ਹੈ,+ ਤਾਂ ਤੁਸੀਂ ਮੰਡਲੀ ਤੋਂ ਬਾਹਰਲੇ ਲੋਕਾਂ ਨੂੰ ਆਪਣੇ ਨਿਆਂਕਾਰ ਕਿਉਂ ਬਣਾਉਂਦੇ ਹੋ? 5 ਮੈਂ ਤੁਹਾਨੂੰ ਸ਼ਰਮਿੰਦਾ ਕਰਨ ਲਈ ਤੁਹਾਡੇ ਨਾਲ ਇਸ ਬਾਰੇ ਗੱਲ ਕਰ ਰਿਹਾ ਹਾਂ। ਕੀ ਤੁਹਾਡੇ ਵਿਚ ਕੋਈ ਵੀ ਬੁੱਧੀਮਾਨ ਨਹੀਂ ਹੈ ਜਿਹੜਾ ਆਪਣੇ ਭਰਾਵਾਂ ਦਾ ਨਿਆਂ ਕਰ ਸਕੇ? 6 ਇਸ ਦੀ ਬਜਾਇ, ਭਰਾ ਹੀ ਭਰਾ ਨੂੰ ਅਦਾਲਤ ਵਿਚ ਘੜੀਸਦਾ ਹੈ ਅਤੇ ਉਹ ਵੀ ਅਵਿਸ਼ਵਾਸੀਆਂ ਸਾਮ੍ਹਣੇ!

7 ਅਸਲ ਵਿਚ, ਜਦੋਂ ਤੁਸੀਂ ਇਕ-ਦੂਜੇ ਉੱਤੇ ਮੁਕੱਦਮੇ ਕਰਦੇ ਹੋ, ਤਾਂ ਤੁਹਾਡੀ ਪਹਿਲਾਂ ਹੀ ਹਾਰ ਹੋ ਚੁੱਕੀ ਹੁੰਦੀ ਹੈ। ਇਸ ਦੀ ਬਜਾਇ, ਤੁਸੀਂ ਆਪ ਹੀ ਬੇਇਨਸਾਫ਼ੀ ਕਿਉਂ ਨਹੀਂ ਸਹਿ ਲੈਂਦੇ?+ ਤੁਸੀਂ ਠੱਗੀ ਕਿਉਂ ਨਹੀਂ ਸਹਾਰ ਲੈਂਦੇ? 8 ਤੁਸੀਂ ਤਾਂ ਆਪ ਸਗੋਂ ਬੇਇਨਸਾਫ਼ੀ ਤੇ ਠੱਗੀ ਕਰਦੇ ਹੋ ਅਤੇ ਉਹ ਵੀ ਆਪਣੇ ਹੀ ਭਰਾਵਾਂ ਨਾਲ।

9 ਕੀ ਤੁਸੀਂ ਨਹੀਂ ਜਾਣਦੇ ਕਿ ਕੁਧਰਮੀ ਲੋਕ ਪਰਮੇਸ਼ੁਰ ਦੇ ਰਾਜ ਦੇ ਵਾਰਸ ਨਹੀਂ ਬਣਨਗੇ?+ ਧੋਖਾ ਨਾ ਖਾਓ।* ਹਰਾਮਕਾਰ,*+ ਮੂਰਤੀ-ਪੂਜਕ,+ ਗ਼ੈਰ ਆਦਮੀ ਜਾਂ ਤੀਵੀਂ ਨਾਲ ਸੰਬੰਧ ਰੱਖਣ ਵਾਲੇ,+ ਜਨਾਨੜੇ,*+ ਮੁੰਡੇਬਾਜ਼,*+ 10 ਚੋਰ, ਲੋਭੀ,+ ਸ਼ਰਾਬੀ,+ ਗਾਲ਼ਾਂ ਕੱਢਣ ਵਾਲੇ* ਤੇ ਦੂਸਰਿਆਂ ਨੂੰ ਲੁੱਟਣ ਵਾਲੇ ਪਰਮੇਸ਼ੁਰ ਦੇ ਰਾਜ ਦੇ ਵਾਰਸ ਨਹੀਂ ਬਣਨਗੇ।+ 11 ਤੁਹਾਡੇ ਵਿੱਚੋਂ ਕੁਝ ਜਣੇ ਪਹਿਲਾਂ ਅਜਿਹੇ ਹੀ ਸਨ। ਪਰ ਹੁਣ ਤੁਹਾਨੂੰ ਧੋ ਕੇ ਸ਼ੁੱਧ+ ਅਤੇ ਪਵਿੱਤਰ ਕੀਤਾ ਗਿਆ ਹੈ।+ ਤੁਹਾਨੂੰ ਸਾਡੇ ਪਰਮੇਸ਼ੁਰ ਦੀ ਸ਼ਕਤੀ ਨਾਲ ਪ੍ਰਭੂ ਯਿਸੂ ਮਸੀਹ ਦੇ ਨਾਂ ʼਤੇ ਧਰਮੀ ਠਹਿਰਾਇਆ ਗਿਆ ਹੈ।+

12 ਸਾਰੀਆਂ ਚੀਜ਼ਾਂ ਮੇਰੇ ਲਈ ਜਾਇਜ਼ ਹਨ, ਪਰ ਸਾਰੀਆਂ ਚੀਜ਼ਾਂ ਫ਼ਾਇਦੇਮੰਦ ਨਹੀਂ।+ ਸਾਰੀਆਂ ਚੀਜ਼ਾਂ ਮੇਰੇ ਲਈ ਜਾਇਜ਼ ਹਨ, ਪਰ ਮੈਂ ਕਿਸੇ ਵੀ ਚੀਜ਼ ਦਾ ਗ਼ੁਲਾਮ ਨਹੀਂ ਬਣਾਂਗਾ। 13 ਭੋਜਨ ਢਿੱਡ ਲਈ ਅਤੇ ਢਿੱਡ ਭੋਜਨ ਲਈ ਹੁੰਦਾ ਹੈ; ਪਰ ਪਰਮੇਸ਼ੁਰ ਇਨ੍ਹਾਂ ਦੋਵਾਂ ਨੂੰ ਖ਼ਤਮ ਕਰੇਗਾ।+ ਸਰੀਰ ਨੂੰ ਹਰਾਮਕਾਰੀ* ਕਰਨ ਲਈ ਨਹੀਂ, ਸਗੋਂ ਪ੍ਰਭੂ ਦੇ ਕੰਮ ਲਈ ਵਰਤਿਆ ਜਾਣਾ ਚਾਹੀਦਾ ਹੈ+ ਅਤੇ ਪ੍ਰਭੂ ਸਰੀਰ ਦੀ ਦੇਖ-ਭਾਲ ਕਰਦਾ ਹੈ। 14 ਪਰ ਪਰਮੇਸ਼ੁਰ ਨੇ ਆਪਣੀ ਸ਼ਕਤੀ ਨਾਲ+ ਪ੍ਰਭੂ ਨੂੰ ਜੀਉਂਦਾ ਕੀਤਾ ਸੀ+ ਅਤੇ ਉਹ ਸਾਨੂੰ ਵੀ ਮਰੇ ਹੋਇਆਂ ਵਿੱਚੋਂ ਦੁਬਾਰਾ ਜੀਉਂਦਾ ਕਰੇਗਾ।+

15 ਕੀ ਤੁਸੀਂ ਨਹੀਂ ਜਾਣਦੇ ਕਿ ਤੁਹਾਡੇ ਸਰੀਰ ਮਸੀਹ ਦੇ ਅੰਗ ਹਨ?+ ਤਾਂ ਫਿਰ, ਕੀ ਮੈਂ ਮਸੀਹ ਦੇ ਅੰਗ ਲਿਜਾ ਕੇ ਵੇਸਵਾ ਦੇ ਅੰਗਾਂ ਨਾਲ ਜੋੜ ਦਿਆਂ? ਮੈਂ ਇੱਦਾਂ ਕਦੀ ਨਹੀਂ ਕਰਾਂਗਾ! 16 ਕੀ ਤੁਸੀਂ ਨਹੀਂ ਜਾਣਦੇ ਕਿ ਜਿਹੜਾ ਵੇਸਵਾ ਨਾਲ ਜੁੜ ਜਾਂਦਾ ਹੈ, ਉਹ ਉਸ ਨਾਲ ਇਕ ਸਰੀਰ ਹੋ ਜਾਂਦਾ ਹੈ? ਪਰਮੇਸ਼ੁਰ ਕਹਿੰਦਾ ਹੈ: “ਉਹ ਦੋਵੇਂ ਇਕ ਸਰੀਰ ਹੋਣਗੇ।”+ 17 ਪਰ ਜਿਹੜਾ ਪ੍ਰਭੂ ਨਾਲ ਜੁੜ ਜਾਂਦਾ ਹੈ, ਉਹ ਉਸ ਨਾਲ ਇਕ ਮਨ ਹੋ ਜਾਂਦਾ ਹੈ।+ 18 ਹਰਾਮਕਾਰੀ* ਤੋਂ ਭੱਜੋ!+ ਬਾਕੀ ਸਾਰੇ ਪਾਪਾਂ ਦਾ ਸਰੀਰ ਉੱਤੇ ਸਿੱਧਾ ਅਸਰ ਨਹੀਂ ਪੈਂਦਾ, ਪਰ ਜਿਹੜਾ ਹਰਾਮਕਾਰੀ ਕਰਨ ਵਿਚ ਲੱਗਾ ਰਹਿੰਦਾ ਹੈ, ਉਹ ਆਪਣੇ ਹੀ ਸਰੀਰ ਦੇ ਖ਼ਿਲਾਫ਼ ਪਾਪ ਕਰਦਾ ਹੈ।+ 19 ਕੀ ਤੁਸੀਂ ਨਹੀਂ ਜਾਣਦੇ ਕਿ ਤੁਹਾਡਾ ਸਰੀਰ ਪਰਮੇਸ਼ੁਰ ਤੋਂ ਮਿਲੀ ਪਵਿੱਤਰ ਸ਼ਕਤੀ+ ਦਾ ਮੰਦਰ ਹੈ+ ਜੋ ਤੁਹਾਡੇ ਵਿਚ ਵੱਸਦੀ ਹੈ? ਨਾਲੇ ਤੁਹਾਡਾ ਆਪਣੇ ਉੱਤੇ ਕੋਈ ਅਧਿਕਾਰ ਨਹੀਂ ਹੈ+ 20 ਕਿਉਂਕਿ ਤੁਹਾਨੂੰ ਵੱਡੀ ਕੀਮਤ ਚੁਕਾ ਕੇ ਖ਼ਰੀਦਿਆ ਗਿਆ ਹੈ।+ ਇਸ ਕਰਕੇ ਆਪਣਾ ਸਰੀਰ ਪਰਮੇਸ਼ੁਰ ਦੀ ਮਹਿਮਾ ਕਰਨ ਲਈ ਵਰਤੋ।+

7 ਹੁਣ ਮੈਂ ਉਨ੍ਹਾਂ ਸਵਾਲਾਂ ਦੇ ਜਵਾਬ ਦਿੰਦਾ ਹਾਂ ਜਿਹੜੇ ਤੁਸੀਂ ਚਿੱਠੀ ਲਿਖ ਕੇ ਮੈਨੂੰ ਪੁੱਛੇ ਸਨ: ਆਦਮੀ ਲਈ ਚੰਗਾ ਹੈ ਕਿ ਉਹ ਕਿਸੇ ਤੀਵੀਂ ਨੂੰ ਨਾ ਛੋਹੇ।* 2 ਪਰ ਹਰ ਪਾਸੇ ਹਰਾਮਕਾਰੀ* ਫੈਲੀ ਹੋਣ ਕਰਕੇ ਹਰ ਆਦਮੀ ਦੀ ਆਪਣੀ ਪਤਨੀ ਹੋਵੇ+ ਅਤੇ ਹਰ ਤੀਵੀਂ ਦਾ ਆਪਣਾ ਪਤੀ ਹੋਵੇ।+ 3 ਪਤੀ ਆਪਣੀ ਪਤਨੀ ਦਾ ਹੱਕ* ਪੂਰਾ ਕਰੇ। ਇਸੇ ਤਰ੍ਹਾਂ ਪਤਨੀ ਵੀ ਆਪਣੇ ਪਤੀ ਦਾ ਹੱਕ ਪੂਰਾ ਕਰੇ।+ 4 ਪਤਨੀ ਦਾ ਆਪਣੇ ਸਰੀਰ ਉੱਤੇ ਅਧਿਕਾਰ ਨਹੀਂ ਹੁੰਦਾ, ਸਗੋਂ ਉਸ ਦੇ ਪਤੀ ਦਾ ਹੁੰਦਾ ਹੈ; ਇਸੇ ਤਰ੍ਹਾਂ ਪਤੀ ਦਾ ਆਪਣੇ ਸਰੀਰ ਉੱਤੇ ਅਧਿਕਾਰ ਨਹੀਂ ਹੁੰਦਾ, ਸਗੋਂ ਪਤਨੀ ਦਾ ਹੁੰਦਾ ਹੈ। 5 ਦੋਵੇਂ ਇਕ-ਦੂਜੇ ਨੂੰ ਇਸ ਹੱਕ ਤੋਂ ਵਾਂਝਾ ਨਾ ਰੱਖਣ, ਪਰ ਜੇ ਤੁਸੀਂ ਪ੍ਰਾਰਥਨਾ ਕਰਨ ਲਈ ਸਮਾਂ ਕੱਢਣ ਵਾਸਤੇ ਇਸ ਤਰ੍ਹਾਂ ਕਰਦੇ ਵੀ ਹੋ, ਤਾਂ ਇਹ ਤੁਹਾਡੀ ਦੋਵਾਂ ਦੀ ਰਜ਼ਾਮੰਦੀ ਨਾਲ ਥੋੜ੍ਹੇ ਸਮੇਂ ਲਈ ਹੀ ਹੋਣਾ ਚਾਹੀਦਾ ਹੈ। ਇਸ ਤੋਂ ਬਾਅਦ ਤੁਸੀਂ ਦੁਬਾਰਾ ਇਕੱਠੇ ਹੋਵੋ। ਕਿਤੇ ਇੱਦਾਂ ਨਾ ਹੋਵੇ ਕਿ ਤੁਹਾਡੇ ਵਿਚ ਸੰਜਮ ਦੀ ਘਾਟ ਆ ਜਾਣ ਕਰਕੇ ਸ਼ੈਤਾਨ ਤੁਹਾਨੂੰ ਲੁਭਾਉਣ ਲੱਗ ਪਵੇ। 6 ਪਰ ਇਹ ਸਿਰਫ਼ ਮੇਰੀ ਸਲਾਹ ਹੈ, ਨਾ ਕਿ ਹੁਕਮ। 7 ਪਰ ਮੈਂ ਚਾਹੁੰਦਾ ਹਾਂ ਕਿ ਸਾਰੇ ਮੇਰੇ ਵਾਂਗ ਕੁਆਰੇ ਰਹਿਣ। ਫਿਰ ਵੀ, ਪਰਮੇਸ਼ੁਰ ਨੇ ਸਾਰਿਆਂ ਨੂੰ ਦਾਤ ਬਖ਼ਸ਼ੀ ਹੈ,+ ਕਈਆਂ ਨੂੰ ਵਿਆਹ ਦੀ ਦਾਤ ਅਤੇ ਕਈਆਂ ਨੂੰ ਕੁਆਰੇ ਰਹਿਣ ਦੀ ਦਾਤ।

8 ਹੁਣ ਮੈਂ ਅਣਵਿਆਹਿਆਂ* ਅਤੇ ਵਿਧਵਾਵਾਂ ਨੂੰ ਕਹਿੰਦਾ ਹਾਂ ਕਿ ਉਨ੍ਹਾਂ ਲਈ ਮੇਰੇ ਵਾਂਗ ਅਣਵਿਆਹੇ ਰਹਿਣਾ ਚੰਗਾ ਹੈ।+ 9 ਪਰ ਜੇ ਉਹ ਸੰਜਮ ਨਹੀਂ ਰੱਖ ਸਕਦੇ, ਤਾਂ ਉਹ ਵਿਆਹ ਕਰਾ ਲੈਣ ਕਿਉਂਕਿ ਕਾਮ ਦੀ ਅੱਗ ਵਿਚ ਸੜਨ ਨਾਲੋਂ ਵਿਆਹ ਕਰਾਉਣਾ ਚੰਗਾ ਹੈ।+

10 ਵਿਆਹੇ ਲੋਕਾਂ ਨੂੰ ਮੈਂ ਇਹ ਹਿਦਾਇਤਾਂ ਦਿੰਦਾ ਹਾਂ, ਅਸਲ ਵਿਚ ਮੈਂ ਨਹੀਂ, ਸਗੋਂ ਪ੍ਰਭੂ ਦਿੰਦਾ ਹੈ ਕਿ ਪਤਨੀ ਆਪਣੇ ਪਤੀ ਤੋਂ ਅਲੱਗ ਨਾ ਹੋਵੇ।+ 11 ਪਰ ਜੇ ਉਹ ਉਸ ਤੋਂ ਅਲੱਗ ਹੁੰਦੀ ਹੈ, ਤਾਂ ਉਹ ਅਣਵਿਆਹੀ ਰਹੇ ਜਾਂ ਫਿਰ ਆਪਣੇ ਪਤੀ ਨਾਲ ਦੁਬਾਰਾ ਸੁਲ੍ਹਾ ਕਰ ਲਵੇ। ਪਤੀ ਵੀ ਆਪਣੀ ਪਤਨੀ ਨੂੰ ਨਾ ਛੱਡੇ।+

12 ਪਰ ਦੂਸਰਿਆਂ ਨੂੰ ਪ੍ਰਭੂ ਨਹੀਂ, ਸਗੋਂ ਮੈਂ ਕਹਿੰਦਾ ਹਾਂ:+ ਜੇ ਕਿਸੇ ਭਰਾ ਦੀ ਪਤਨੀ ਅਵਿਸ਼ਵਾਸੀ ਹੈ ਅਤੇ ਉਹ ਉਸ ਨਾਲ ਰਹਿਣ ਲਈ ਸਹਿਮਤ ਹੈ, ਤਾਂ ਉਹ ਆਪਣੀ ਪਤਨੀ ਨੂੰ ਨਾ ਛੱਡੇ। 13 ਇਸੇ ਤਰ੍ਹਾਂ ਜੇ ਕਿਸੇ ਪਤਨੀ ਦਾ ਪਤੀ ਅਵਿਸ਼ਵਾਸੀ ਹੈ ਅਤੇ ਉਹ ਉਸ ਨਾਲ ਰਹਿਣ ਲਈ ਸਹਿਮਤ ਹੈ, ਤਾਂ ਉਹ ਆਪਣੇ ਪਤੀ ਨੂੰ ਨਾ ਛੱਡੇ। 14 ਕਿਉਂਕਿ ਮਸੀਹੀ ਪਤਨੀ ਨਾਲ ਰਿਸ਼ਤਾ ਹੋਣ ਕਰਕੇ ਅਵਿਸ਼ਵਾਸੀ ਪਤੀ ਪਵਿੱਤਰ ਹੁੰਦਾ ਹੈ ਅਤੇ ਮਸੀਹੀ ਪਤੀ ਨਾਲ ਰਿਸ਼ਤਾ ਹੋਣ ਕਰਕੇ ਅਵਿਸ਼ਵਾਸੀ ਪਤਨੀ ਪਵਿੱਤਰ ਹੁੰਦੀ ਹੈ; ਨਹੀਂ ਤਾਂ ਉਨ੍ਹਾਂ ਦੇ ਬੱਚੇ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਅਸ਼ੁੱਧ ਹੁੰਦੇ, ਪਰ ਹੁਣ ਉਹ ਪਵਿੱਤਰ ਹਨ। 15 ਪਰ ਜੇ ਅਵਿਸ਼ਵਾਸੀ ਪਤੀ ਜਾਂ ਪਤਨੀ ਆਪਣੇ ਜੀਵਨ ਸਾਥੀ ਨੂੰ ਛੱਡਣ* ਦਾ ਫ਼ੈਸਲਾ ਕਰਦਾ ਹੈ, ਤਾਂ ਉਹ ਉਸ ਨੂੰ ਜਾਣ ਦੇਵੇ; ਅਜਿਹੀ ਹਾਲਤ ਵਿਚ ਕਿਸੇ ਵੀ ਭਰਾ ਜਾਂ ਭੈਣ ਦਾ ਆਪਣੇ ਜੀਵਨ ਸਾਥੀ ਪ੍ਰਤੀ ਕੋਈ ਫ਼ਰਜ਼ ਨਹੀਂ ਰਹਿ ਜਾਂਦਾ। ਪਰਮੇਸ਼ੁਰ ਨੇ ਤੁਹਾਨੂੰ ਸ਼ਾਂਤੀ ਲਈ ਸੱਦਿਆ ਹੈ।+ 16 ਪਤਨੀਓ, ਜੇ ਤੁਸੀਂ ਆਪਣੇ ਪਤੀਆਂ ਦੀ ਮਸੀਹੀ ਬਣਨ ਵਿਚ ਮਦਦ ਕਰੋ, ਤਾਂ ਕੀ ਪਤਾ ਉਹ ਬਚ ਜਾਣ?+ ਜਾਂ ਪਤੀਓ, ਜੇ ਤੁਸੀਂ ਆਪਣੀਆਂ ਪਤਨੀਆਂ ਦੀ ਮਸੀਹੀ ਬਣਨ ਵਿਚ ਮਦਦ ਕਰੋ, ਤਾਂ ਕੀ ਪਤਾ ਉਹ ਬਚ ਜਾਣ?

17 ਯਹੋਵਾਹ* ਨੇ ਹਰੇਕ ਨੂੰ ਜੋ ਹਿੱਸਾ ਦਿੱਤਾ ਹੈ ਅਤੇ ਜਿਸ ਹਾਲਤ ਵਿਚ ਸੱਦਿਆ ਹੈ, ਉਹ ਉਸੇ ਹਾਲਤ ਵਿਚ ਰਹੇ।+ ਮੈਂ ਸਾਰੀਆਂ ਮੰਡਲੀਆਂ ਨੂੰ ਇਹੀ ਹਿਦਾਇਤ ਦਿੰਦਾ ਹਾਂ। 18 ਕੀ ਕਿਸੇ ਸੁੰਨਤ ਕੀਤੇ ਇਨਸਾਨ ਨੂੰ ਸੱਦਿਆ ਗਿਆ ਸੀ?+ ਉਹ ਉਸੇ ਹਾਲਤ ਵਿਚ ਰਹੇ। ਕੀ ਕਿਸੇ ਬੇਸੁੰਨਤੇ ਇਨਸਾਨ ਨੂੰ ਸੱਦਿਆ ਗਿਆ ਸੀ? ਉਹ ਸੁੰਨਤ ਨਾ ਕਰਾਵੇ।+ 19 ਇਹ ਗੱਲ ਕੋਈ ਮਾਅਨੇ ਨਹੀਂ ਰੱਖਦੀ ਕਿ ਕਿਸੇ ਨੇ ਸੁੰਨਤ ਕਰਾਈ ਹੋਈ ਹੈ ਜਾਂ ਨਹੀਂ,+ ਸਗੋਂ ਪਰਮੇਸ਼ੁਰ ਦੇ ਹੁਕਮਾਂ ਨੂੰ ਮੰਨਣਾ ਜ਼ਰੂਰੀ ਹੈ।+ 20 ਹਰ ਕਿਸੇ ਨੂੰ ਜਿਸ ਹਾਲਤ ਵਿਚ ਸੱਦਿਆ ਗਿਆ ਸੀ, ਉਹ ਉਸੇ ਹਾਲਤ ਵਿਚ ਰਹੇ।+ 21 ਕੀ ਤੁਹਾਨੂੰ ਗ਼ੁਲਾਮੀ ਦੀ ਹਾਲਤ ਵਿਚ ਸੱਦਿਆ ਗਿਆ ਸੀ? ਤੁਸੀਂ ਇਸ ਬਾਰੇ ਚਿੰਤਾ ਨਾ ਕਰੋ।+ ਪਰ ਜੇ ਤੁਸੀਂ ਆਜ਼ਾਦ ਹੋ ਸਕਦੇ ਹੋ, ਤਾਂ ਮੌਕਾ ਹੱਥੋਂ ਨਾ ਜਾਣ ਦਿਓ 22 ਕਿਉਂਕਿ ਜਿਸ ਨੂੰ ਗ਼ੁਲਾਮੀ ਦੀ ਹਾਲਤ ਵਿਚ ਪ੍ਰਭੂ ਦਾ ਚੇਲਾ ਬਣਨ ਲਈ ਸੱਦਿਆ ਗਿਆ ਸੀ, ਉਸ ਨੂੰ ਆਜ਼ਾਦ ਕੀਤਾ ਗਿਆ ਹੈ+ ਅਤੇ ਪ੍ਰਭੂ ਉਸ ਦਾ ਮਾਲਕ ਹੈ। ਇਸੇ ਤਰ੍ਹਾਂ ਜਿਸ ਨੂੰ ਆਜ਼ਾਦ ਹਾਲਤ ਵਿਚ ਸੱਦਿਆ ਗਿਆ ਸੀ, ਉਹ ਮਸੀਹ ਦਾ ਗ਼ੁਲਾਮ ਹੈ। 23 ਤੁਹਾਨੂੰ ਵੱਡੀ ਕੀਮਤ ਚੁਕਾ ਕੇ ਖ਼ਰੀਦਿਆ ਗਿਆ ਸੀ,+ ਇਸ ਲਈ ਇਨਸਾਨਾਂ ਦੀ ਗ਼ੁਲਾਮੀ ਕਰਨੀ ਛੱਡ ਦਿਓ। 24 ਭਰਾਵੋ, ਹਰ ਕਿਸੇ ਨੂੰ ਜਿਸ ਹਾਲਤ ਵਿਚ ਸੱਦਿਆ ਗਿਆ ਸੀ, ਉਹ ਪਰਮੇਸ਼ੁਰ ਦੇ ਸਾਮ੍ਹਣੇ ਉਸੇ ਹਾਲਤ ਵਿਚ ਰਹੇ।

25 ਹੁਣ ਮੈਂ ਕੁਆਰੇ ਲੋਕਾਂ ਬਾਰੇ ਗੱਲ ਕਰਦਾ ਹਾਂ।* ਉਨ੍ਹਾਂ ਲਈ ਮੈਨੂੰ ਪ੍ਰਭੂ ਤੋਂ ਕੋਈ ਹੁਕਮ ਨਹੀਂ ਮਿਲਿਆ ਹੈ, ਸਗੋਂ ਪ੍ਰਭੂ ਦੀ ਦਇਆ ਸਦਕਾ ਭਰੋਸੇਯੋਗ ਸੇਵਕ ਹੋਣ ਦੇ ਨਾਤੇ ਮੈਂ ਆਪਣੇ ਵੱਲੋਂ ਸਲਾਹ ਦਿੰਦਾ ਹਾਂ।+ 26 ਇਸ ਲਈ ਮੈਂ ਸੋਚਦਾ ਹਾਂ ਕਿ ਮੌਜੂਦਾ ਮੁਸ਼ਕਲ ਹਾਲਾਤਾਂ ਨੂੰ ਦੇਖਦੇ ਹੋਏ ਆਦਮੀ ਜਿਸ ਹਾਲਤ ਵਿਚ ਹੈ, ਉਸੇ ਹਾਲਤ ਵਿਚ ਰਹੇ। 27 ਕੀ ਤੂੰ ਪਤਨੀ ਨਾਲ ਬੰਧਨ ਵਿਚ ਬੱਝਾ ਹੋਇਆ ਹੈਂ? ਤੂੰ ਆਜ਼ਾਦ ਹੋਣ ਬਾਰੇ ਨਾ ਸੋਚ।+ ਕੀ ਤੇਰੀ ਪਤਨੀ ਨਹੀਂ ਹੈ? ਆਪਣੇ ਲਈ ਪਤਨੀ ਦੀ ਭਾਲ ਕਰਨੀ ਛੱਡ ਦੇ। 28 ਪਰ ਜੇ ਤੂੰ ਵਿਆਹ ਕਰਾਉਂਦਾ ਵੀ ਹੈਂ, ਤਾਂ ਤੂੰ ਕੋਈ ਗੁਨਾਹ ਨਹੀਂ ਕਰਦਾ। ਜੇ ਕੋਈ ਕੁਆਰਾ ਵਿਆਹ ਕਰਾਉਂਦਾ ਹੈ, ਤਾਂ ਉਹ ਵੀ ਕੋਈ ਗੁਨਾਹ ਨਹੀਂ ਕਰਦਾ। ਪਰ ਜਿਹੜੇ ਲੋਕ ਵਿਆਹ ਕਰਾਉਂਦੇ ਹਨ, ਉਨ੍ਹਾਂ ਨੂੰ ਜ਼ਿੰਦਗੀ ਵਿਚ ਮੁਸੀਬਤਾਂ ਦਾ ਸਾਮ੍ਹਣਾ ਕਰਨਾ ਪਵੇਗਾ।* ਪਰ ਮੈਂ ਤੁਹਾਨੂੰ ਇਨ੍ਹਾਂ ਤੋਂ ਬਚਾਉਣਾ ਚਾਹੁੰਦਾ ਹਾਂ।

29 ਇਸ ਤੋਂ ਇਲਾਵਾ ਭਰਾਵੋ, ਇਸ ਗੱਲ ʼਤੇ ਵੀ ਗੌਰ ਕਰੋ ਕਿ ਸਮਾਂ ਥੋੜ੍ਹਾ ਰਹਿ ਗਿਆ ਹੈ।+ ਇਸ ਲਈ ਹੁਣ ਤੋਂ ਜਿਨ੍ਹਾਂ ਦੀਆਂ ਪਤਨੀਆਂ ਹਨ, ਉਹ ਇਸ ਤਰ੍ਹਾਂ ਹੋਣ ਜਿਵੇਂ ਉਨ੍ਹਾਂ ਦੀਆਂ ਪਤਨੀਆਂ ਨਹੀਂ ਹਨ। 30 ਜਿਹੜੇ ਰੋਂਦੇ ਹਨ, ਉਹ ਉਨ੍ਹਾਂ ਵਰਗੇ ਹੋਣ ਜਿਹੜੇ ਨਹੀਂ ਰੋਂਦੇ ਅਤੇ ਜਿਹੜੇ ਖ਼ੁਸ਼ੀਆਂ ਮਨਾਉਂਦੇ ਹਨ, ਉਹ ਉਨ੍ਹਾਂ ਵਰਗੇ ਹੋਣ ਜਿਹੜੇ ਖ਼ੁਸ਼ੀਆਂ ਨਹੀਂ ਮਨਾਉਂਦੇ ਅਤੇ ਜਿਹੜੇ ਚੀਜ਼ਾਂ ਖ਼ਰੀਦਦੇ ਹਨ, ਉਹ ਉਨ੍ਹਾਂ ਵਰਗੇ ਹੋਣ ਜਿਨ੍ਹਾਂ ਕੋਲ ਕੁਝ ਨਹੀਂ ਹੈ 31 ਅਤੇ ਜਿਹੜੇ ਦੁਨੀਆਂ ਨੂੰ ਵਰਤਦੇ ਹਨ, ਉਹ ਉਨ੍ਹਾਂ ਵਰਗੇ ਹੋਣ ਜਿਹੜੇ ਦੁਨੀਆਂ ਨੂੰ ਪੂਰੀ ਤਰ੍ਹਾਂ ਨਹੀਂ ਵਰਤਦੇ ਕਿਉਂਕਿ ਇਹ ਦੁਨੀਆਂ ਬਦਲਦੀ ਜਾ ਰਹੀ ਹੈ। 32 ਅਸਲ ਵਿਚ ਮੇਰੀ ਇਹੀ ਇੱਛਾ ਹੈ ਕਿ ਤੁਸੀਂ ਚਿੰਤਾ ਤੋਂ ਮੁਕਤ ਹੋ ਜਾਵੋ। ਕੁਆਰੇ ਆਦਮੀ ਨੂੰ ਸਿਰਫ਼ ਪ੍ਰਭੂ ਦੇ ਕੰਮ ਦੀ ਚਿੰਤਾ ਹੁੰਦੀ ਹੈ ਕਿਉਂਕਿ ਉਹ ਪ੍ਰਭੂ ਨੂੰ ਖ਼ੁਸ਼ ਕਰਨਾ ਚਾਹੁੰਦਾ ਹੈ। 33 ਪਰ ਵਿਆਹੇ ਆਦਮੀ ਨੂੰ ਇਸ ਦੁਨੀਆਂ ਵਿਚ ਜ਼ਿੰਦਗੀ ਦੇ ਕੰਮ-ਧੰਦਿਆਂ ਦੀ ਚਿੰਤਾ ਹੁੰਦੀ ਹੈ+ ਕਿਉਂਕਿ ਉਹ ਆਪਣੀ ਪਤਨੀ ਨੂੰ ਖ਼ੁਸ਼ ਕਰਨਾ ਚਾਹੁੰਦਾ ਹੈ 34 ਅਤੇ ਉਸ ਦਾ ਧਿਆਨ ਦੋ ਪਾਸੇ ਹੁੰਦਾ ਹੈ। ਇਸ ਤੋਂ ਇਲਾਵਾ, ਅਣਵਿਆਹੀ ਤੀਵੀਂ ਜਾਂ ਕੁਆਰੀ ਕੁੜੀ ਨੂੰ ਪ੍ਰਭੂ ਦੇ ਕੰਮ ਦੀ ਚਿੰਤਾ ਹੁੰਦੀ ਹੈ+ ਤਾਂਕਿ ਉਸ ਦਾ ਤਨ ਅਤੇ ਮਨ* ਪਵਿੱਤਰ ਰਹੇ। ਪਰ ਵਿਆਹੀ ਤੀਵੀਂ ਨੂੰ ਦੁਨੀਆਂ ਵਿਚ ਜ਼ਿੰਦਗੀ ਦੇ ਕੰਮ-ਧੰਦਿਆਂ ਦੀ ਚਿੰਤਾ ਹੁੰਦੀ ਹੈ ਕਿਉਂਕਿ ਉਹ ਆਪਣੇ ਪਤੀ ਨੂੰ ਖ਼ੁਸ਼ ਕਰਨਾ ਚਾਹੁੰਦੀ ਹੈ। 35 ਪਰ ਮੈਂ ਇਹ ਗੱਲਾਂ ਤੁਹਾਡੇ ਉੱਤੇ ਕੋਈ ਬੰਦਸ਼ ਲਾਉਣ ਲਈ ਨਹੀਂ, ਸਗੋਂ ਤੁਹਾਡੇ ਫ਼ਾਇਦੇ ਲਈ ਹੀ ਕਹਿ ਰਿਹਾ ਹਾਂ। ਮੈਂ ਤੁਹਾਨੂੰ ਸਹੀ ਕੰਮ ਕਰਨ ਦੀ ਪ੍ਰੇਰਣਾ ਦੇ ਰਿਹਾ ਹਾਂ ਤਾਂਕਿ ਤੁਸੀਂ ਬਿਨਾਂ ਧਿਆਨ ਭਟਕਾਏ ਲਗਨ ਨਾਲ ਪ੍ਰਭੂ ਦੀ ਸੇਵਾ ਕਰ ਸਕੋ।

36 ਜੇ ਕਿਸੇ ਇਨਸਾਨ ਨੂੰ ਲੱਗਦਾ ਹੈ ਕਿ ਕੁਆਰਾ ਰਹਿ ਕੇ ਉਹ ਆਪਣੀ ਕਾਮ ਇੱਛਾ ʼਤੇ ਕਾਬੂ ਨਹੀਂ ਰੱਖ ਪਾ ਰਿਹਾ* ਅਤੇ ਜੇ ਉਹ ਜਵਾਨੀ ਦੀ ਕੱਚੀ ਉਮਰ ਲੰਘ ਚੁੱਕਾ ਹੈ, ਤਾਂ ਉਸ ਲਈ ਇਹੀ ਚੰਗਾ ਹੈ ਕਿ ਉਹ ਵਿਆਹ ਕਰਾ ਲਵੇ। ਇੱਦਾਂ ਕਰ ਕੇ ਉਹ ਕੋਈ ਗੁਨਾਹ ਨਹੀਂ ਕਰੇਗਾ।+ 37 ਪਰ ਜੇ ਕਿਸੇ ਨੇ ਵਿਆਹ ਨਾ ਕਰਾਉਣ ਦਾ ਮਨ ਬਣਾ ਲਿਆ ਹੈ ਅਤੇ ਉਹ ਇਸ ਦੀ ਲੋੜ ਮਹਿਸੂਸ ਨਹੀਂ ਕਰਦਾ, ਸਗੋਂ ਉਸ ਨੇ ਆਪਣੀ ਇੱਛਾ ʼਤੇ ਕਾਬੂ ਰੱਖਿਆ ਹੋਇਆ ਹੈ ਅਤੇ ਵਿਆਹ ਨਾ ਕਰਾਉਣ ਦਾ ਆਪਣੇ ਮਨ ਵਿਚ ਪੱਕਾ ਫ਼ੈਸਲਾ ਕੀਤਾ ਹੋਇਆ ਹੈ, ਤਾਂ ਇਹ ਉਸ ਲਈ ਚੰਗੀ ਗੱਲ ਹੈ।+ 38 ਇਸੇ ਤਰ੍ਹਾਂ ਜਿਹੜਾ ਵਿਆਹ ਕਰਾਉਂਦਾ ਹੈ, ਇਹ ਉਸ ਲਈ ਵੀ ਚੰਗੀ ਗੱਲ ਹੈ, ਪਰ ਜਿਹੜਾ ਵਿਆਹ ਨਹੀਂ ਕਰਾਉਂਦਾ, ਤਾਂ ਇਹ ਉਸ ਲਈ ਹੋਰ ਵੀ ਚੰਗੀ ਗੱਲ ਹੈ।+

39 ਇਕ ਪਤਨੀ ਆਪਣੇ ਪਤੀ ਦੇ ਜੀਉਂਦੇ-ਜੀ ਉਸ ਨਾਲ ਬੰਧਨ ਵਿਚ ਬੱਝੀ ਹੁੰਦੀ ਹੈ।+ ਪਰ ਜੇ ਉਸ ਦਾ ਪਤੀ ਮੌਤ ਦੀ ਨੀਂਦ ਸੌਂ ਜਾਵੇ, ਤਾਂ ਉਹ ਜਿਸ ਨਾਲ ਚਾਹੇ ਵਿਆਹ ਕਰਾ ਸਕਦੀ ਹੈ, ਪਰ ਸਿਰਫ਼ ਪ੍ਰਭੂ ਦੇ ਕਿਸੇ ਚੇਲੇ ਨਾਲ।+ 40 ਪਰ ਮੇਰੀ ਸਲਾਹ ਹੈ ਕਿ ਜੇ ਉਹ ਦੁਬਾਰਾ ਵਿਆਹ ਨਹੀਂ ਕਰਾਉਂਦੀ, ਤਾਂ ਉਹ ਹੋਰ ਵੀ ਖ਼ੁਸ਼ ਰਹੇਗੀ। ਮੈਨੂੰ ਭਰੋਸਾ ਹੈ ਕਿ ਮੈਂ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਪ੍ਰੇਰਣਾ ਨਾਲ ਇਹ ਗੱਲ ਕਹੀ ਹੈ।

8 ਹੁਣ ਮੈਂ ਮੂਰਤੀਆਂ ਅੱਗੇ ਚੜ੍ਹਾਈਆਂ ਗਈਆਂ ਖਾਣ ਵਾਲੀਆਂ ਚੀਜ਼ਾਂ ਬਾਰੇ ਸਵਾਲ ਦਾ ਜਵਾਬ ਦਿੰਦਾ ਹਾਂ:+ ਅਸੀਂ ਜਾਣਦੇ ਹਾਂ ਕਿ ਸਾਨੂੰ ਸਾਰਿਆਂ ਨੂੰ ਇਸ ਬਾਰੇ ਗਿਆਨ ਹੈ।+ ਗਿਆਨ ਹੋਣ ਕਰਕੇ ਇਨਸਾਨ ਘਮੰਡ ਨਾਲ ਫੁੱਲ ਜਾਂਦਾ ਹੈ, ਪਰ ਪਿਆਰ ਹੱਲਾਸ਼ੇਰੀ ਦਿੰਦਾ ਹੈ।+ 2 ਜੇ ਕੋਈ ਸੋਚਦਾ ਹੈ ਕਿ ਉਹ ਕੋਈ ਗੱਲ ਜਾਣਦਾ ਹੈ, ਤਾਂ ਉਹ ਅਸਲ ਵਿਚ ਉਸ ਗੱਲ ਨੂੰ ਉੱਨੀ ਚੰਗੀ ਤਰ੍ਹਾਂ ਨਹੀਂ ਜਾਣਦਾ ਜਿੰਨੀ ਚੰਗੀ ਤਰ੍ਹਾਂ ਉਸ ਨੂੰ ਜਾਣਨਾ ਚਾਹੀਦਾ ਹੈ। 3 ਪਰ ਜੇ ਕੋਈ ਪਰਮੇਸ਼ੁਰ ਨਾਲ ਪਿਆਰ ਕਰਦਾ ਹੈ, ਤਾਂ ਉਹ ਉਸ ਨੂੰ ਜਾਣਦਾ ਹੈ।

4 ਹੁਣ ਮੂਰਤੀਆਂ ਨੂੰ ਚੜ੍ਹਾਈਆਂ ਗਈਆਂ ਖਾਣ ਵਾਲੀਆਂ ਚੀਜ਼ਾਂ ਸੰਬੰਧੀ ਅਸੀਂ ਜਾਣਦੇ ਹਾਂ ਕਿ ਮੂਰਤੀਆਂ ਕੁਝ ਵੀ ਨਹੀਂ ਹਨ+ ਅਤੇ ਸਿਰਫ਼ ਇੱਕੋ ਪਰਮੇਸ਼ੁਰ ਹੈ।+ 5 ਭਾਵੇਂ ਸਵਰਗ ਵਿਚ ਅਤੇ ਧਰਤੀ ʼਤੇ ਬਹੁਤ ਸਾਰਿਆਂ ਨੂੰ ਈਸ਼ਵਰ ਕਿਹਾ ਜਾਂਦਾ ਹੈ+ ਅਤੇ ਬਹੁਤ ਸਾਰੇ “ਈਸ਼ਵਰ” ਤੇ ਬਹੁਤ ਸਾਰੇ “ਪ੍ਰਭੂ” ਹਨ, 6 ਪਰ ਅਸਲ ਵਿਚ ਸਾਡਾ ਇੱਕੋ ਪਰਮੇਸ਼ੁਰ ਹੈ+ ਜੋ ਸਾਡਾ ਪਿਤਾ+ ਹੈ। ਸਾਰੀਆਂ ਚੀਜ਼ਾਂ ਉਸ ਵੱਲੋਂ ਹਨ ਅਤੇ ਅਸੀਂ ਉਸ ਲਈ ਹਾਂ।+ ਨਾਲੇ ਇੱਕੋ ਪ੍ਰਭੂ ਹੈ ਯਿਸੂ ਮਸੀਹ ਜਿਸ ਰਾਹੀਂ ਸਾਰੀਆਂ ਚੀਜ਼ਾਂ ਹਨ+ ਅਤੇ ਅਸੀਂ ਵੀ ਉਸ ਰਾਹੀਂ ਹਾਂ।

7 ਪਰ ਸਾਰਿਆਂ ਨੂੰ ਇਹ ਗਿਆਨ ਨਹੀਂ ਹੈ।+ ਕੁਝ ਮਸੀਹੀ ਪਹਿਲਾਂ ਮੂਰਤੀਆਂ ਦੀ ਪੂਜਾ ਕਰਦੇ ਹੁੰਦੇ ਸਨ, ਇਸ ਕਰਕੇ ਜਦੋਂ ਉਹ ਮੂਰਤੀਆਂ ਨੂੰ ਚੜ੍ਹਾਈ ਕੋਈ ਚੀਜ਼ ਖਾਂਦੇ ਹਨ, ਤਾਂ ਉਨ੍ਹਾਂ ਨੂੰ ਉਹ ਮੂਰਤੀਆਂ ਚੇਤੇ ਆ ਜਾਂਦੀਆਂ ਹਨ।+ ਇਸ ਕਰਕੇ ਉਨ੍ਹਾਂ ਦੀ ਜ਼ਮੀਰ ਕਮਜ਼ੋਰ ਹੋਣ ਕਾਰਨ ਭ੍ਰਿਸ਼ਟ ਹੋ ਜਾਂਦੀ ਹੈ।+ 8 ਪਰ ਭੋਜਨ ਕਰਕੇ ਅਸੀਂ ਪਰਮੇਸ਼ੁਰ ਦੇ ਨੇੜੇ ਨਹੀਂ ਆਉਂਦੇ।+ ਜੇ ਅਸੀਂ ਇਹ ਚੀਜ਼ਾਂ ਨਹੀਂ ਖਾਂਦੇ, ਤਾਂ ਸਾਨੂੰ ਕੋਈ ਘਾਟਾ ਨਹੀਂ ਹੁੰਦਾ ਅਤੇ ਜੇ ਅਸੀਂ ਖਾਂਦੇ ਹਾਂ, ਤਾਂ ਸਾਨੂੰ ਕੋਈ ਫ਼ਾਇਦਾ ਨਹੀਂ ਹੁੰਦਾ।+ 9 ਪਰ ਇਸ ਗੱਲ ਦਾ ਧਿਆਨ ਰੱਖੋ ਕਿ ਫ਼ੈਸਲਾ ਕਰਨ ਦਾ ਤੁਹਾਡਾ ਹੱਕ ਕਮਜ਼ੋਰ ਲੋਕਾਂ ਦੀ ਨਿਹਚਾ ਦੇ ਰਾਹ ਵਿਚ ਰੁਕਾਵਟ ਨਾ ਖੜ੍ਹੀ ਕਰੇ।+ 10 ਜੇ ਕੋਈ ਇਨਸਾਨ ਦੇਖੇ ਕਿ ਤੁਹਾਨੂੰ ਗਿਆਨ ਹੈ ਅਤੇ ਤੁਸੀਂ ਮੰਦਰ ਵਿਚ ਬੈਠ ਕੇ ਭੋਜਨ ਕਰ ਰਹੇ ਹੋ ਜਿੱਥੇ ਮੂਰਤੀਆਂ ਦੀ ਪੂਜਾ ਕੀਤੀ ਜਾਂਦੀ ਹੈ, ਤਾਂ ਕੀ ਉਸ ਕਮਜ਼ੋਰ ਇਨਸਾਨ ਦੀ ਜ਼ਮੀਰ ਨੂੰ ਵੀ ਇਸ ਹੱਦ ਤਕ ਹੱਲਾਸ਼ੇਰੀ ਨਹੀਂ ਮਿਲੇਗੀ ਕਿ ਉਹ ਵੀ ਮੂਰਤੀਆਂ ਨੂੰ ਚੜ੍ਹਾਈਆਂ ਚੀਜ਼ਾਂ ਖਾਣ ਲੱਗ ਪਵੇ? 11 ਅਸਲ ਵਿਚ, ਤੁਹਾਡੇ ਗਿਆਨ ਕਰਕੇ ਉਹ ਕਮਜ਼ੋਰ ਇਨਸਾਨ ਤਬਾਹ* ਹੁੰਦਾ ਹੈ ਜੋ ਤੁਹਾਡਾ ਭਰਾ ਹੈ ਅਤੇ ਜਿਸ ਲਈ ਮਸੀਹ ਨੇ ਆਪਣੀ ਜਾਨ ਦਿੱਤੀ ਸੀ।+ 12 ਪਰ ਜਦੋਂ ਤੁਸੀਂ ਆਪਣੇ ਭਰਾਵਾਂ ਖ਼ਿਲਾਫ਼ ਇਹ ਪਾਪ ਕਰਦੇ ਹੋ ਅਤੇ ਉਨ੍ਹਾਂ ਦੀ ਕਮਜ਼ੋਰ ਜ਼ਮੀਰ ਨੂੰ ਸੱਟ ਮਾਰਦੇ ਹੋ,+ ਤਾਂ ਤੁਸੀਂ ਅਸਲ ਵਿਚ ਮਸੀਹ ਦੇ ਖ਼ਿਲਾਫ਼ ਪਾਪ ਕਰਦੇ ਹੋ। 13 ਇਸ ਲਈ ਜੇ ਖਾਣ-ਪੀਣ ਵਾਲੀਆਂ ਚੀਜ਼ਾਂ ਮੇਰੇ ਭਰਾ ਦੀ ਨਿਹਚਾ ਦੇ ਰਾਹ ਵਿਚ ਰੁਕਾਵਟ ਬਣਦੀਆਂ ਹਨ, ਤਾਂ ਮੈਂ ਕਦੀ ਵੀ ਮੀਟ ਨਹੀਂ ਖਾਵਾਂਗਾ ਤਾਂਕਿ ਮੈਂ ਆਪਣੇ ਭਰਾ ਦੀ ਨਿਹਚਾ ਦੇ ਰਾਹ ਵਿਚ ਰੁਕਾਵਟ ਖੜ੍ਹੀ ਨਾ ਕਰਾਂ।+

9 ਕੀ ਮੈਨੂੰ ਆਪਣੀ ਮਰਜ਼ੀ ਮੁਤਾਬਕ ਚੱਲਣ ਦੀ ਆਜ਼ਾਦੀ ਨਹੀਂ ਹੈ? ਕੀ ਮੈਂ ਰਸੂਲ ਨਹੀਂ ਹਾਂ? ਕੀ ਮੈਂ ਸਾਡੇ ਪ੍ਰਭੂ ਯਿਸੂ ਨੂੰ ਨਹੀਂ ਦੇਖਿਆ ਹੈ?+ ਕੀ ਤੁਸੀਂ ਪ੍ਰਭੂ ਲਈ ਕੀਤੀ ਮੇਰੀ ਸੇਵਾ ਦਾ ਫਲ ਨਹੀਂ ਹੋ? 2 ਭਾਵੇਂ ਮੈਂ ਦੂਸਰਿਆਂ ਲਈ ਰਸੂਲ ਨਹੀਂ ਹਾਂ, ਪਰ ਮੈਂ ਜ਼ਰੂਰ ਤੁਹਾਡੇ ਲਈ ਰਸੂਲ ਹਾਂ ਕਿਉਂਕਿ ਤੁਸੀਂ ਹੀ ਇਸ ਗੱਲ ਦੀ ਮੁਹਰ ਹੋ ਕਿ ਮੈਂ ਪ੍ਰਭੂ ਦਾ ਰਸੂਲ ਹਾਂ।

3 ਜਿਹੜੇ ਮੇਰੇ ਉੱਤੇ ਦੋਸ਼ ਲਾਉਂਦੇ ਹਨ, ਉਨ੍ਹਾਂ ਨੂੰ ਮੈਂ ਆਪਣੀ ਸਫ਼ਾਈ ਵਿਚ ਇਹ ਕਹਿੰਦਾ ਹਾਂ: 4 ਕੀ ਸਾਨੂੰ ਖਾਣ-ਪੀਣ ਦਾ ਹੱਕ* ਨਹੀਂ ਹੈ? 5 ਕੀ ਸਾਨੂੰ ਆਪਣੀ ਮਸੀਹੀ ਪਤਨੀ ਨੂੰ ਆਪਣੇ ਨਾਲ ਲਿਜਾਣ ਦਾ ਹੱਕ ਨਹੀਂ ਹੈ,+ ਠੀਕ ਜਿਵੇਂ ਬਾਕੀ ਰਸੂਲਾਂ ਅਤੇ ਪ੍ਰਭੂ ਦੇ ਭਰਾਵਾਂ+ ਅਤੇ ਕੇਫ਼ਾਸ*+ ਕੋਲ ਹੈ? 6 ਜਾਂ ਕੀ ਸਿਰਫ਼ ਮੈਨੂੰ ਤੇ ਬਰਨਾਬਾਸ+ ਨੂੰ ਹੀ ਆਪਣੇ ਗੁਜ਼ਾਰੇ ਵਾਸਤੇ ਕੰਮ-ਧੰਦਾ ਕਰਨ ਦੀ ਲੋੜ ਹੈ? 7 ਕਿਹੜਾ ਫ਼ੌਜੀ ਹੈ ਜਿਹੜਾ ਆਪਣੇ ਖ਼ਰਚੇ ʼਤੇ ਫ਼ੌਜ ਵਿਚ ਸੇਵਾ ਕਰਦਾ ਹੈ? ਕਿਹੜਾ ਇਨਸਾਨ ਹੈ ਜਿਹੜਾ ਅੰਗੂਰਾਂ ਦਾ ਬਾਗ਼ ਲਾਉਂਦਾ ਹੈ ਅਤੇ ਇਸ ਦਾ ਫਲ ਨਹੀਂ ਖਾਂਦਾ?+ ਜਾਂ ਕਿਹੜਾ ਚਰਵਾਹਾ ਹੈ ਜਿਹੜਾ ਭੇਡਾਂ-ਬੱਕਰੀਆਂ ਦੀ ਦੇਖ-ਭਾਲ ਕਰਦਾ ਹੈ, ਪਰ ਉਨ੍ਹਾਂ ਦਾ ਦੁੱਧ ਨਹੀਂ ਪੀਂਦਾ?

8 ਕੀ ਮੈਂ ਇਹ ਗੱਲਾਂ ਇਨਸਾਨੀ ਨਜ਼ਰੀਏ ਤੋਂ ਕਹਿ ਰਿਹਾ ਹਾਂ? ਕੀ ਇਹ ਗੱਲਾਂ ਮੂਸਾ ਦੇ ਕਾਨੂੰਨ ਵਿਚ ਵੀ ਨਹੀਂ ਲਿਖੀਆਂ ਹੋਈਆਂ? 9 ਮੂਸਾ ਦੇ ਕਾਨੂੰਨ ਵਿਚ ਲਿਖਿਆ ਹੋਇਆ ਹੈ: “ਤੂੰ ਗਹਾਈ ਕਰ ਰਹੇ ਬਲਦ ਦੇ ਮੂੰਹ ʼਤੇ ਛਿੱਕਲੀ ਨਾ ਚਾੜ੍ਹ।”+ ਕੀ ਇੱਥੇ ਸਿਰਫ਼ ਇਹੀ ਗੱਲ ਕੀਤੀ ਗਈ ਹੈ ਕਿ ਪਰਮੇਸ਼ੁਰ ਨੂੰ ਬਲਦਾਂ ਦਾ ਫ਼ਿਕਰ ਹੈ? 10 ਜਾਂ ਕੀ ਉਸ ਨੇ ਇਹ ਗੱਲ ਅਸਲ ਵਿਚ ਸਾਡੇ ਵਾਸਤੇ ਕਹੀ ਹੈ? ਇਹ ਵਾਕਈ ਸਾਡੇ ਵਾਸਤੇ ਲਿਖੀ ਗਈ ਹੈ ਕਿਉਂਕਿ ਜਿਹੜਾ ਇਨਸਾਨ ਹਲ਼ ਵਾਹੁੰਦਾ ਹੈ ਅਤੇ ਜਿਹੜਾ ਇਨਸਾਨ ਗਹਾਈ ਕਰਦਾ ਹੈ, ਉਹ ਇਸ ਆਸ ਨਾਲ ਹੀ ਕਰਦਾ ਹੈ ਕਿ ਉਸ ਨੂੰ ਦਾਣੇ ਮਿਲਣਗੇ।

11 ਜੇ ਅਸੀਂ ਤੁਹਾਡੇ ਵਿਚ ਪਰਮੇਸ਼ੁਰੀ ਚੀਜ਼ਾਂ ਦੇ ਬੀ ਬੀਜੇ ਹਨ, ਤਾਂ ਕੀ ਇਸ ਗੱਲ ਦੀ ਆਸ ਰੱਖਣੀ ਗ਼ਲਤ ਹੈ ਕਿ ਤੁਸੀਂ ਸਾਡੀਆਂ ਭੌਤਿਕ ਲੋੜਾਂ ਪੂਰੀਆਂ ਕਰੋ?+ 12 ਜੇ ਦੂਸਰੇ ਲੋਕਾਂ ਨੂੰ ਤੁਹਾਡੇ ਤੋਂ ਮਦਦ ਮੰਗਣ ਦਾ ਹੱਕ* ਹੈ, ਤਾਂ ਕੀ ਸਾਡਾ ਜ਼ਿਆਦਾ ਹੱਕ ਨਹੀਂ ਬਣਦਾ? ਪਰ ਅਸੀਂ ਕਦੀ ਆਪਣੇ ਇਸ ਹੱਕ ਨੂੰ ਇਸਤੇਮਾਲ ਨਹੀਂ ਕੀਤਾ,+ ਸਗੋਂ ਅਸੀਂ ਸਭ ਕੁਝ ਸਹਿ ਲੈਂਦੇ ਹਾਂ ਤਾਂਕਿ ਅਸੀਂ ਮਸੀਹ ਬਾਰੇ ਖ਼ੁਸ਼ ਖ਼ਬਰੀ ਦੇ ਰਾਹ ਵਿਚ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਨਾ ਖੜ੍ਹੀ ਕਰੀਏ।+ 13 ਕੀ ਤੁਸੀਂ ਨਹੀਂ ਜਾਣਦੇ ਕਿ ਮੰਦਰ ਵਿਚ ਪਵਿੱਤਰ ਸੇਵਾ ਦੇ ਕੰਮ ਕਰਨ ਵਾਲਿਆਂ ਨੂੰ ਮੰਦਰ ਵਿੱਚੋਂ ਭੋਜਨ ਮਿਲਦਾ ਹੈ ਅਤੇ ਵੇਦੀ ਉੱਤੇ ਸੇਵਾ ਕਰਨ ਵਾਲਿਆਂ ਨੂੰ ਵੇਦੀ ਤੋਂ ਬਲ਼ੀ ਦਾ ਹਿੱਸਾ ਮਿਲਦਾ ਹੈ?+ 14 ਇਸ ਤਰ੍ਹਾਂ, ਪ੍ਰਭੂ ਨੇ ਹੁਕਮ ਦਿੱਤਾ ਸੀ ਕਿ ਖ਼ੁਸ਼ ਖ਼ਬਰੀ ਦਾ ਐਲਾਨ ਕਰਨ ਵਾਲੇ ਖ਼ੁਸ਼ ਖ਼ਬਰੀ ਦੇ ਆਸਰੇ ਹੀ ਆਪਣਾ ਗੁਜ਼ਾਰਾ ਕਰਨ।+

15 ਪਰ ਮੈਂ ਇਨ੍ਹਾਂ ਵਿੱਚੋਂ ਕਿਸੇ ਵੀ ਪ੍ਰਬੰਧ ਨੂੰ ਨਹੀਂ ਵਰਤਿਆ।+ ਮੈਂ ਇਹ ਗੱਲਾਂ ਇਸ ਲਈ ਨਹੀਂ ਲਿਖ ਰਿਹਾ ਕਿ ਮੇਰੇ ਲਈ ਅਜਿਹੇ ਪ੍ਰਬੰਧ ਕੀਤੇ ਜਾਣ। ਇਸ ਨਾਲੋਂ ਤਾਂ ਮੇਰਾ ਮਰ ਜਾਣਾ ਹੀ ਚੰਗਾ ਹੈ! ਮੈਂ ਇਹ ਨਹੀਂ ਚਾਹੁੰਦਾ ਕਿ ਕੋਈ ਮੇਰੇ ਤੋਂ ਮੇਰਾ ਸ਼ੇਖ਼ੀ ਮਾਰਨ ਦਾ ਕਾਰਨ ਖੋਹ ਲਵੇ।+ 16 ਜੇ ਮੈਂ ਖ਼ੁਸ਼ ਖ਼ਬਰੀ ਸੁਣਾਉਂਦਾ ਹਾਂ, ਤਾਂ ਮੇਰੇ ਕੋਲ ਸ਼ੇਖ਼ੀ ਮਾਰਨ ਦਾ ਕੋਈ ਕਾਰਨ ਨਹੀਂ ਕਿਉਂਕਿ ਖ਼ੁਸ਼ ਖ਼ਬਰੀ ਸੁਣਾਉਣੀ ਤਾਂ ਮੇਰੇ ਲਈ ਜ਼ਰੂਰੀ ਹੈ। ਲਾਹਨਤ ਹੈ ਮੇਰੇ ʼਤੇ ਜੇ ਮੈਂ ਖ਼ੁਸ਼ ਖ਼ਬਰੀ ਨਾ ਸੁਣਾਵਾਂ!+ 17 ਜੇ ਮੈਂ ਖ਼ੁਸ਼ੀ-ਖ਼ੁਸ਼ੀ ਇਹ ਕੰਮ ਕਰਦਾ ਹਾਂ, ਤਾਂ ਮੈਨੂੰ ਇਨਾਮ ਮਿਲਦਾ ਹੈ। ਪਰ ਜੇ ਮੈਂ ਆਪਣੀ ਇੱਛਾ ਤੋਂ ਉਲਟ ਇਹ ਕੰਮ ਕਰਦਾ ਹਾਂ, ਤਾਂ ਵੀ ਮੈਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ।+ 18 ਤਾਂ ਫਿਰ, ਮੇਰਾ ਇਨਾਮ ਕੀ ਹੈ? ਇਹੀ ਕਿ ਮੈਂ ਖ਼ੁਸ਼ ਖ਼ਬਰੀ ਮੁਫ਼ਤ ਵਿਚ ਸੁਣਾਵਾਂ ਤਾਂਕਿ ਮੈਂ ਖ਼ੁਸ਼ ਖ਼ਬਰੀ ਦੇ ਪ੍ਰਚਾਰਕ ਦੇ ਤੌਰ ਤੇ ਆਪਣੇ ਅਧਿਕਾਰ* ਦਾ ਗ਼ਲਤ ਇਸਤੇਮਾਲ ਨਾ ਕਰਾਂ।

19 ਭਾਵੇਂ ਮੈਂ ਸਾਰੇ ਲੋਕਾਂ ਤੋਂ ਆਜ਼ਾਦ ਹਾਂ, ਫਿਰ ਵੀ ਮੈਂ ਆਪਣੇ ਆਪ ਨੂੰ ਸਾਰਿਆਂ ਦਾ ਗ਼ੁਲਾਮ ਬਣਾਇਆ ਹੈ ਤਾਂਕਿ ਮੈਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਮਸੀਹ ਦੇ ਰਾਹ ਉੱਤੇ ਲੈ ਆਵਾਂ। 20 ਮੈਂ ਯਹੂਦੀਆਂ ਲਈ ਯਹੂਦੀ ਬਣਿਆ ਤਾਂਕਿ ਮੈਂ ਯਹੂਦੀਆਂ ਨੂੰ ਲੈ ਆਵਾਂ;+ ਜਿਹੜੇ ਮੂਸਾ ਦੇ ਕਾਨੂੰਨ ਅਧੀਨ ਹਨ, ਮੈਂ ਉਨ੍ਹਾਂ ਲਈ ਇਸ ਕਾਨੂੰਨ ਉੱਤੇ ਚੱਲਣ ਵਾਲਾ ਬਣਿਆ ਤਾਂਕਿ ਮੈਂ ਉਨ੍ਹਾਂ ਨੂੰ ਲੈ ਆਵਾਂ ਜਿਹੜੇ ਇਸ ਕਾਨੂੰਨ ਅਧੀਨ ਹਨ, ਭਾਵੇਂ ਮੈਂ ਆਪ ਇਸ ਕਾਨੂੰਨ ਅਧੀਨ ਨਹੀਂ ਹਾਂ।+ 21 ਮੈਂ ਉਨ੍ਹਾਂ ਵਰਗਾ ਬਣਿਆ ਜਿਨ੍ਹਾਂ ਕੋਲ ਮੂਸਾ ਦਾ ਕਾਨੂੰਨ ਨਹੀਂ ਹੈ ਤਾਂਕਿ ਮੈਂ ਉਨ੍ਹਾਂ ਨੂੰ ਲੈ ਆਵਾਂ ਜਿਨ੍ਹਾਂ ਕੋਲ ਇਹ ਕਾਨੂੰਨ ਨਹੀਂ ਹੈ, ਭਾਵੇਂ ਕਿ ਮੈਂ ਖ਼ੁਦ ਪਰਮੇਸ਼ੁਰ ਦੇ ਕਾਨੂੰਨ ਉੱਤੇ ਚੱਲਦਾ ਹਾਂ ਅਤੇ ਮਸੀਹ ਦੇ ਕਾਨੂੰਨ ਦੇ ਅਧੀਨ ਹਾਂ।+ 22 ਮੈਂ ਕਮਜ਼ੋਰ ਲੋਕਾਂ ਲਈ ਕਮਜ਼ੋਰ ਬਣਿਆ ਤਾਂਕਿ ਮੈਂ ਕਮਜ਼ੋਰ ਲੋਕਾਂ ਨੂੰ ਲੈ ਆਵਾਂ।+ ਮੈਂ ਹਰ ਤਰ੍ਹਾਂ ਦੇ ਲੋਕਾਂ ਲਈ ਸਾਰਾ ਕੁਝ ਬਣਿਆ ਤਾਂਕਿ ਮੈਂ ਹਰ ਸੰਭਵ ਤਰੀਕੇ ਨਾਲ ਕੁਝ ਲੋਕਾਂ ਨੂੰ ਬਚਾ ਸਕਾਂ। 23 ਮੈਂ ਸਭ ਕੁਝ ਖ਼ੁਸ਼ ਖ਼ਬਰੀ ਦੀ ਖ਼ਾਤਰ ਕਰਦਾ ਹਾਂ ਤਾਂਕਿ ਮੈਂ ਦੂਸਰਿਆਂ ਨੂੰ ਇਹ ਖ਼ੁਸ਼ ਖ਼ਬਰੀ ਸੁਣਾ ਸਕਾਂ।+

24 ਕੀ ਤੁਸੀਂ ਨਹੀਂ ਜਾਣਦੇ ਕਿ ਦੌੜ ਵਿਚ ਸਾਰੇ ਦੌੜਦੇ ਹਨ, ਪਰ ਇਨਾਮ ਇੱਕੋ ਨੂੰ ਮਿਲਦਾ ਹੈ? ਇਸ ਤਰ੍ਹਾਂ ਦੌੜੋ ਕਿ ਤੁਸੀਂ ਇਨਾਮ ਜਿੱਤ ਸਕੋ।+ 25 ਇਸ ਤੋਂ ਇਲਾਵਾ, ਖੇਡ ਮੁਕਾਬਲਿਆਂ ਵਿਚ ਹਿੱਸਾ ਲੈਣ ਵਾਲੇ ਸਾਰੇ ਖਿਡਾਰੀ ਹਰ ਗੱਲ ਵਿਚ ਸੰਜਮ ਰੱਖਦੇ ਹਨ। ਉਹ ਤਾਂ ਨਾਸ਼ ਹੋ ਜਾਣ ਵਾਲਾ ਮੁਕਟ ਜਿੱਤਣ ਲਈ ਇਹ ਸਭ ਕੁਝ ਕਰਦੇ ਹਨ,+ ਪਰ ਅਸੀਂ ਕਦੀ ਨਾਸ਼ ਨਾ ਹੋਣ ਵਾਲਾ ਮੁਕਟ ਜਿੱਤਣ ਲਈ ਸਭ ਕੁਝ ਕਰਦੇ ਹਾਂ।+ 26 ਇਸ ਲਈ ਮੈਂ ਇਸ ਤਰ੍ਹਾਂ ਨਹੀਂ ਦੌੜਦਾ ਕਿ ਮੈਨੂੰ ਪਤਾ ਹੀ ਨਹੀਂ ਕਿ ਮੈਂ ਕਿੱਧਰ ਨੂੰ ਜਾ ਰਿਹਾ ਹਾਂ।+ ਮੈਂ ਅਜਿਹਾ ਮੁੱਕੇਬਾਜ਼ ਨਹੀਂ ਹਾਂ ਜਿਹੜਾ ਹਵਾ ਵਿਚ ਮੁੱਕੇ ਮਾਰਦਾ ਹੈ; 27 ਪਰ ਮੈਂ ਆਪਣੇ ਸਰੀਰ ਨੂੰ ਮਾਰ-ਕੁੱਟ ਕੇ*+ ਇਸ ਨੂੰ ਆਪਣਾ ਗ਼ੁਲਾਮ ਬਣਾਉਂਦਾ ਹਾਂ ਤਾਂਕਿ ਇੱਦਾਂ ਨਾ ਹੋਵੇ ਕਿ ਦੂਸਰਿਆਂ ਨੂੰ ਪ੍ਰਚਾਰ ਕਰਨ ਤੋਂ ਬਾਅਦ ਮੈਂ ਆਪ ਕਿਸੇ ਕਾਰਨ ਨਾਮਨਜ਼ੂਰ* ਹੋ ਜਾਵਾਂ।

10 ਭਰਾਵੋ, ਮੈਂ ਚਾਹੁੰਦਾ ਹਾਂ ਕਿ ਤੁਸੀਂ ਇਹ ਗੱਲ ਜਾਣ ਲਓ ਕਿ ਸਾਡੇ ਸਾਰੇ ਪਿਉ-ਦਾਦੇ ਬੱਦਲ ਦੇ ਥੱਲੇ ਸਨ+ ਅਤੇ ਉਹ ਸਾਰੇ ਸਮੁੰਦਰ ਵਿੱਚੋਂ ਦੀ ਲੰਘੇ ਸਨ+ 2 ਅਤੇ ਜਦੋਂ ਉਹ ਬੱਦਲ ਥੱਲੇ ਸਨ ਅਤੇ ਜਦੋਂ ਉਹ ਸਮੁੰਦਰ ਵਿੱਚੋਂ ਦੀ ਲੰਘੇ ਸਨ, ਤਾਂ ਉਨ੍ਹਾਂ ਸਾਰਿਆਂ ਨੇ ਮੂਸਾ ਦੀ ਅਗਵਾਈ ਵਿਚ ਚੱਲ ਕੇ ਬਪਤਿਸਮਾ ਲਿਆ ਸੀ। 3 ਉਨ੍ਹਾਂ ਸਾਰਿਆਂ ਨੇ ਪਰਮੇਸ਼ੁਰ ਵੱਲੋਂ ਦਿੱਤਾ ਇੱਕੋ ਜਿਹਾ ਭੋਜਨ ਖਾਧਾ ਸੀ+ 4 ਅਤੇ ਸਾਰਿਆਂ ਨੇ ਪਰਮੇਸ਼ੁਰ ਵੱਲੋਂ ਦਿੱਤਾ ਇੱਕੋ ਜਿਹਾ ਪਾਣੀ ਪੀਤਾ ਸੀ।+ ਉਹ ਪਰਮੇਸ਼ੁਰ ਦੀ ਚਟਾਨ ਵਿੱਚੋਂ ਪਾਣੀ ਪੀਂਦੇ ਸਨ ਜੋ ਉਨ੍ਹਾਂ ਦੇ ਨਾਲ-ਨਾਲ ਜਾਂਦੀ ਸੀ ਅਤੇ ਉਹ ਚਟਾਨ ਮਸੀਹ ਨੂੰ ਦਰਸਾਉਂਦੀ ਸੀ।*+ 5 ਪਰ ਪਰਮੇਸ਼ੁਰ ਉਨ੍ਹਾਂ ਵਿੱਚੋਂ ਜ਼ਿਆਦਾਤਰ ਲੋਕਾਂ ਤੋਂ ਖ਼ੁਸ਼ ਨਹੀਂ ਸੀ, ਇਸ ਲਈ ਉਹ ਉਜਾੜ ਵਿਚ ਮਾਰੇ ਗਏ ਸਨ।+

6 ਇਹ ਗੱਲਾਂ ਸਾਡੇ ਲਈ ਸਬਕ ਹਨ ਕਿ ਅਸੀਂ ਉਨ੍ਹਾਂ ਵਾਂਗ ਬੁਰੀਆਂ ਚੀਜ਼ਾਂ ਦੀ ਇੱਛਾ ਨਾ ਰੱਖੀਏ।+ 7 ਨਾ ਹੀ ਮੂਰਤੀ-ਪੂਜਾ ਕਰੀਏ, ਜਿਵੇਂ ਉਨ੍ਹਾਂ ਵਿੱਚੋਂ ਕੁਝ ਲੋਕਾਂ ਨੇ ਕੀਤੀ ਸੀ। ਉਨ੍ਹਾਂ ਬਾਰੇ ਲਿਖਿਆ ਹੈ: “ਲੋਕਾਂ ਨੇ ਬੈਠ ਕੇ ਖਾਧਾ-ਪੀਤਾ ਅਤੇ ਫਿਰ ਉੱਠ ਕੇ ਮੌਜ-ਮਸਤੀ ਕਰਨ ਲੱਗੇ।”+ 8 ਨਾ ਹੀ ਅਸੀਂ ਹਰਾਮਕਾਰੀ* ਕਰੀਏ, ਜਿਵੇਂ ਉਨ੍ਹਾਂ ਵਿੱਚੋਂ ਕਈਆਂ ਨੇ ਹਰਾਮਕਾਰੀ* ਕੀਤੀ ਸੀ ਜਿਸ ਕਰਕੇ ਇਕ ਦਿਨ ਵਿਚ 23,000 ਲੋਕ ਮਾਰੇ ਗਏ।+ 9 ਨਾ ਹੀ ਅਸੀਂ ਯਹੋਵਾਹ* ਨੂੰ ਪਰਖੀਏ,+ ਜਿਵੇਂ ਉਨ੍ਹਾਂ ਵਿੱਚੋਂ ਕਈਆਂ ਨੇ ਉਸ ਨੂੰ ਪਰਖਿਆ ਸੀ ਅਤੇ ਇਸ ਕਰਕੇ ਉਹ ਸੱਪਾਂ ਦੇ ਡੰਗਣ ਨਾਲ ਮਾਰੇ ਗਏ ਸਨ।+ 10 ਨਾ ਹੀ ਬੁੜ-ਬੁੜ ਕਰੀਏ, ਜਿਵੇਂ ਉਨ੍ਹਾਂ ਵਿੱਚੋਂ ਕੁਝ ਲੋਕਾਂ ਨੇ ਬੁੜ-ਬੁੜ ਕੀਤੀ ਸੀ+ ਜਿਸ ਕਰਕੇ ਉਹ ਨਾਸ਼ ਕਰਨ ਵਾਲੇ ਦੇ ਹੱਥੋਂ ਮਾਰੇ ਗਏ।+ 11 ਉਨ੍ਹਾਂ ਨਾਲ ਜੋ ਕੁਝ ਹੋਇਆ, ਉਹ ਸਾਡੇ ਲਈ ਉਦਾਹਰਣਾਂ ਹਨ ਅਤੇ ਇਹ ਗੱਲਾਂ ਸਾਨੂੰ ਚੇਤਾਵਨੀ ਦੇਣ ਲਈ ਲਿਖੀਆਂ ਗਈਆਂ ਸਨ+ ਜਿਨ੍ਹਾਂ ਉੱਤੇ ਯੁਗਾਂ ਦੇ ਅੰਤ ਆ ਗਏ ਹਨ।

12 ਇਸ ਲਈ ਜਿਹੜਾ ਸੋਚਦਾ ਹੈ ਕਿ ਉਹ ਖੜ੍ਹਾ ਹੈ, ਉਹ ਖ਼ਬਰਦਾਰ ਰਹੇ ਕਿ ਕਿਤੇ ਡਿਗ ਨਾ ਪਵੇ।+ 13 ਤੁਹਾਡੇ ਉੱਤੇ ਅਜਿਹੀ ਕੋਈ ਪਰੀਖਿਆ ਨਹੀਂ ਆਈ ਜੋ ਦੂਸਰੇ ਲੋਕਾਂ ਉੱਤੇ ਨਾ ਆਈ ਹੋਵੇ।+ ਪਰ ਪਰਮੇਸ਼ੁਰ ਵਫ਼ਾਦਾਰ ਹੈ। ਇਸ ਲਈ ਜਿੰਨਾ ਤੁਸੀਂ ਬਰਦਾਸ਼ਤ ਕਰ ਸਕਦੇ ਹੋ, ਉਸ ਤੋਂ ਵੱਧ ਉਹ ਤੁਹਾਨੂੰ ਪਰੀਖਿਆ ਵਿਚ ਨਹੀਂ ਪੈਣ ਦੇਵੇਗਾ।+ ਇਸ ਦੀ ਬਜਾਇ, ਉਹ ਪਰੀਖਿਆ ਦੇ ਵੇਲੇ ਤੁਹਾਡੇ ਲਈ ਰਾਹ ਵੀ ਖੋਲ੍ਹ ਦੇਵੇਗਾ ਤਾਂਕਿ ਤੁਸੀਂ ਉਸ ਪਰੀਖਿਆ ਦਾ ਸਾਮ੍ਹਣਾ ਕਰ ਸਕੋ।+

14 ਇਸ ਲਈ ਮੇਰੇ ਪਿਆਰੇ ਭਰਾਵੋ, ਮੂਰਤੀ-ਪੂਜਾ ਤੋਂ ਭੱਜੋ।+ 15 ਤੁਸੀਂ ਆਪ ਸਮਝਦਾਰ ਹੋ, ਇਸ ਲਈ ਆਪ ਫ਼ੈਸਲਾ ਕਰੋ ਕਿ ਮੈਂ ਸਹੀ ਕਹਿ ਰਿਹਾ ਹਾਂ ਜਾਂ ਨਹੀਂ। 16 ਧੰਨਵਾਦ ਦੇ ਜਿਸ ਪਿਆਲੇ ਲਈ ਅਸੀਂ ਪ੍ਰਾਰਥਨਾ ਵਿਚ ਧੰਨਵਾਦ ਕਰਦੇ ਹਾਂ, ਕੀ ਇਹ ਮਸੀਹ ਦੇ ਖ਼ੂਨ ਵਿਚ ਹਿੱਸੇਦਾਰੀ ਨਹੀਂ ਹੈ?+ ਅਸੀਂ ਜਿਹੜੀ ਰੋਟੀ ਤੋੜਦੇ ਹਾਂ, ਕੀ ਇਹ ਮਸੀਹ ਦੇ ਸਰੀਰ ਵਿਚ ਹਿੱਸੇਦਾਰੀ ਨਹੀਂ ਹੈ?+ 17 ਇੱਕੋ ਰੋਟੀ ਹੈ, ਇਸ ਲਈ ਭਾਵੇਂ ਅਸੀਂ ਬਹੁਤ ਸਾਰੇ ਹਾਂ, ਫਿਰ ਵੀ ਇਕ ਸਰੀਰ ਹਾਂ+ ਕਿਉਂਕਿ ਅਸੀਂ ਸਾਰੇ ਇਹ ਇੱਕੋ ਰੋਟੀ ਖਾਂਦੇ ਹਾਂ।

18 ਪੈਦਾਇਸ਼ੀ ਇਜ਼ਰਾਈਲ ਉੱਤੇ ਗੌਰ ਕਰੋ: ਜਿਹੜੇ ਬਲ਼ੀਆਂ ਦਾ ਹਿੱਸਾ ਖਾਂਦੇ ਹਨ, ਕੀ ਉਹ ਵੇਦੀ ਦੇ ਨਾਲ ਹਿੱਸੇਦਾਰ ਨਹੀਂ ਹੁੰਦੇ?+ 19 ਮੇਰੇ ਕਹਿਣ ਦਾ ਕੀ ਮਤਲਬ ਹੈ? ਕੀ ਮੂਰਤੀਆਂ ਨੂੰ ਚੜ੍ਹਾਈਆਂ ਗਈਆਂ ਬਲ਼ੀਆਂ ਕੋਈ ਮਾਅਨੇ ਰੱਖਦੀਆਂ ਹਨ ਜਾਂ ਫਿਰ ਕੀ ਮੂਰਤੀਆਂ ਕੁਝ ਹਨ? 20 ਨਹੀਂ; ਮੈਂ ਇਹ ਕਹਿ ਰਿਹਾ ਹਾਂ ਕਿ ਦੁਨੀਆਂ ਦੇ ਲੋਕ ਜਿਹੜੀਆਂ ਬਲ਼ੀਆਂ ਚੜ੍ਹਾਉਂਦੇ ਹਨ,+ ਉਹ ਪਰਮੇਸ਼ੁਰ ਨੂੰ ਨਹੀਂ, ਸਗੋਂ ਦੁਸ਼ਟ ਦੂਤਾਂ ਨੂੰ ਚੜ੍ਹਾਉਂਦੇ ਹਨ। ਮੈਂ ਨਹੀਂ ਚਾਹੁੰਦਾ ਕਿ ਤੁਸੀਂ ਦੁਸ਼ਟ ਦੂਤਾਂ ਦੇ ਨਾਲ ਹਿੱਸੇਦਾਰ ਬਣੋ।+ 21 ਇਹ ਨਹੀਂ ਹੋ ਸਕਦਾ ਕਿ ਤੁਸੀਂ ਯਹੋਵਾਹ* ਦਾ ਪਿਆਲਾ ਵੀ ਪੀਓ ਤੇ ਦੁਸ਼ਟ ਦੂਤਾਂ ਦਾ ਪਿਆਲਾ ਵੀ ਪੀਓ; ਤੁਸੀਂ “ਯਹੋਵਾਹ* ਦੇ ਮੇਜ਼” ਤੋਂ ਵੀ ਖਾਓ+ ਅਤੇ ਦੁਸ਼ਟ ਦੂਤਾਂ ਦੇ ਮੇਜ਼ ਤੋਂ ਵੀ ਖਾਓ। 22 ਜਾਂ ਫਿਰ ਅਸੀਂ ਕੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ? ‘ਕੀ ਅਸੀਂ ਯਹੋਵਾਹ* ਦਾ ਗੁੱਸਾ ਭੜਕਾ ਰਹੇ ਹਾਂ’?*+ ਕੀ ਸਾਡੇ ਵਿਚ ਉਸ ਦੇ ਗੁੱਸੇ ਦਾ ਸਾਮ੍ਹਣਾ ਕਰਨ ਦੀ ਤਾਕਤ ਹੈ?

23 ਸਾਰੀਆਂ ਗੱਲਾਂ ਜਾਇਜ਼ ਹਨ, ਪਰ ਸਾਰੀਆਂ ਗੱਲਾਂ ਫ਼ਾਇਦੇਮੰਦ ਨਹੀਂ ਹੁੰਦੀਆਂ। ਸਾਰੀਆਂ ਗੱਲਾਂ ਜਾਇਜ਼ ਹਨ, ਪਰ ਸਾਰੀਆਂ ਗੱਲਾਂ ਤੋਂ ਹੌਸਲਾ ਨਹੀਂ ਮਿਲਦਾ।+ 24 ਹਰ ਕੋਈ ਆਪਣਾ ਹੀ ਫ਼ਾਇਦਾ ਨਾ ਸੋਚੇ, ਸਗੋਂ ਹਮੇਸ਼ਾ ਦੂਸਰਿਆਂ ਦੇ ਭਲੇ ਬਾਰੇ ਸੋਚੇ।+

25 ਮੀਟ ਦੀਆਂ ਦੁਕਾਨਾਂ ਵਿਚ ਜੋ ਵੀ ਵਿੱਕਦਾ ਹੈ, ਖਾ ਲਓ। ਤੁਹਾਨੂੰ ਆਪਣੀ ਜ਼ਮੀਰ ਕਰਕੇ ਕੋਈ ਸਵਾਲ ਪੁੱਛਣ ਦੀ ਲੋੜ ਨਹੀਂ ਹੈ 26 ਕਿਉਂਕਿ “ਧਰਤੀ ਅਤੇ ਇਸ ਦੀ ਹਰ ਚੀਜ਼ ਯਹੋਵਾਹ* ਦੀ ਹੈ।”+ 27 ਜੇ ਕੋਈ ਅਵਿਸ਼ਵਾਸੀ ਇਨਸਾਨ ਤੁਹਾਨੂੰ ਆਪਣੇ ਘਰ ਰੋਟੀ ʼਤੇ ਬੁਲਾਉਂਦਾ ਹੈ ਅਤੇ ਤੁਸੀਂ ਜਾਣਾ ਚਾਹੁੰਦੇ ਹੋ, ਤਾਂ ਤੁਹਾਡੇ ਸਾਮ੍ਹਣੇ ਜੋ ਵੀ ਰੱਖਿਆ ਜਾਂਦਾ ਹੈ, ਖਾ ਲਓ ਅਤੇ ਆਪਣੀ ਜ਼ਮੀਰ ਕਰਕੇ ਕੋਈ ਸਵਾਲ ਨਾ ਪੁੱਛੋ। 28 ਪਰ ਜੇ ਕੋਈ ਤੁਹਾਨੂੰ ਦੱਸੇ, “ਇਹ ਭੋਜਨ ਮੂਰਤੀਆਂ ਨੂੰ ਚੜ੍ਹਾਈ ਗਈ ਬਲ਼ੀ ਵਿੱਚੋਂ ਹੈ,” ਤਾਂ ਜਿਸ ਨੇ ਤੁਹਾਨੂੰ ਦੱਸਿਆ ਹੈ ਉਸ ਕਰਕੇ ਅਤੇ ਜ਼ਮੀਰ ਕਰਕੇ ਤੁਸੀਂ ਨਾ ਖਾਓ।+ 29 ਮੈਂ ਇੱਥੇ ਤੁਹਾਡੀ ਜ਼ਮੀਰ ਦੀ ਗੱਲ ਨਹੀਂ ਕਰ ਰਿਹਾ, ਸਗੋਂ ਦੂਸਰੇ ਇਨਸਾਨ ਦੀ ਜ਼ਮੀਰ ਦੀ ਗੱਲ ਕਰ ਰਿਹਾ ਹਾਂ। ਮੇਰੀ ਆਜ਼ਾਦੀ ਕਿਸੇ ਦੂਸਰੇ ਇਨਸਾਨ ਦੀ ਜ਼ਮੀਰ ਅਨੁਸਾਰ ਕਿਉਂ ਪਰਖੀ ਜਾਵੇ?+ 30 ਜੇ ਮੈਂ ਪਰਮੇਸ਼ੁਰ ਦਾ ਧੰਨਵਾਦ ਕਰ ਕੇ ਕੋਈ ਚੀਜ਼ ਖਾਂਦਾ ਹਾਂ, ਤਾਂ ਫਿਰ ਮੇਰੀ ਨਿੰਦਿਆ ਕਿਉਂ ਕੀਤੀ ਜਾਂਦੀ ਹੈ ਜਦ ਕਿ ਮੈਂ ਉਸ ਚੀਜ਼ ਲਈ ਧੰਨਵਾਦ ਕੀਤਾ ਹੈ?+

31 ਇਸ ਲਈ ਤੁਸੀਂ ਚਾਹੇ ਖਾਂਦੇ, ਚਾਹੇ ਪੀਂਦੇ, ਚਾਹੇ ਕੁਝ ਹੋਰ ਕਰਦੇ ਹੋ, ਸਾਰਾ ਕੁਝ ਪਰਮੇਸ਼ੁਰ ਦੀ ਮਹਿਮਾ ਲਈ ਕਰੋ।+ 32 ਧਿਆਨ ਰੱਖੋ ਕਿ ਤੁਸੀਂ ਯਹੂਦੀਆਂ ਤੇ ਯੂਨਾਨੀਆਂ* ਨੂੰ ਨਾਰਾਜ਼ ਨਾ ਕਰੋ ਅਤੇ ਪਰਮੇਸ਼ੁਰ ਦੀ ਮੰਡਲੀ ਦੀ ਨਿਹਚਾ ਦੇ ਰਾਹ ਵਿਚ ਰੁਕਾਵਟ ਨਾ ਬਣੋ,+ 33 ਜਿਵੇਂ ਮੈਂ ਸਾਰੀਆਂ ਗੱਲਾਂ ਵਿਚ ਸਾਰੇ ਲੋਕਾਂ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕਰਦਾ ਹਾਂ ਅਤੇ ਆਪਣੇ ਹੀ ਭਲੇ ਬਾਰੇ ਨਹੀਂ,+ ਸਗੋਂ ਬਹੁਤਿਆਂ ਦੇ ਭਲੇ ਬਾਰੇ ਸੋਚਦਾ ਹਾਂ ਤਾਂਕਿ ਉਹ ਬਚਾਏ ਜਾਣ।+

11 ਤੁਸੀਂ ਮੇਰੀ ਰੀਸ ਕਰੋ ਜਿਵੇਂ ਮੈਂ ਮਸੀਹ ਦੀ ਰੀਸ ਕਰਦਾ ਹਾਂ।+

2 ਮੈਂ ਇਸ ਗੱਲੋਂ ਤੁਹਾਡੀ ਤਾਰੀਫ਼ ਕਰਦਾ ਹਾਂ ਕਿ ਤੁਸੀਂ ਸਾਰੀਆਂ ਗੱਲਾਂ ਵਿਚ ਮੈਨੂੰ ਚੇਤੇ ਕਰਦੇ ਹੋ ਅਤੇ ਉਨ੍ਹਾਂ ਗੱਲਾਂ ʼਤੇ ਪੂਰੀ ਤਰ੍ਹਾਂ ਚੱਲਦੇ ਹੋ ਜਿਹੜੀਆਂ ਮੈਂ ਤੁਹਾਨੂੰ ਸਿਖਾਈਆਂ ਸਨ। 3 ਪਰ ਮੈਂ ਚਾਹੁੰਦਾ ਹਾਂ ਕਿ ਤੁਸੀਂ ਇਹ ਗੱਲ ਜਾਣ ਲਵੋ ਕਿ ਹਰ ਆਦਮੀ ਦਾ ਸਿਰ* ਮਸੀਹ ਹੈ+ ਅਤੇ ਹਰ ਤੀਵੀਂ ਦਾ ਸਿਰ ਆਦਮੀ ਹੈ+ ਅਤੇ ਮਸੀਹ ਦਾ ਸਿਰ ਪਰਮੇਸ਼ੁਰ ਹੈ।+ 4 ਜਿਹੜਾ ਆਦਮੀ ਆਪਣਾ ਸਿਰ ਢਕ ਕੇ ਪ੍ਰਾਰਥਨਾ ਜਾਂ ਭਵਿੱਖਬਾਣੀ ਕਰਦਾ ਹੈ, ਉਹ ਆਪਣੇ ਸਿਰ ਦੀ ਬੇਇੱਜ਼ਤੀ ਕਰਦਾ ਹੈ। 5 ਪਰ ਜਿਹੜੀ ਤੀਵੀਂ ਨੰਗੇ ਸਿਰ ਪ੍ਰਾਰਥਨਾ ਜਾਂ ਭਵਿੱਖਬਾਣੀ ਕਰਦੀ ਹੈ,+ ਉਹ ਆਪਣੇ ਸਿਰ ਦੀ ਬੇਇੱਜ਼ਤੀ ਕਰਦੀ ਹੈ ਕਿਉਂਕਿ ਉਹ ਉਸ ਤੀਵੀਂ ਵਰਗੀ ਹੈ ਜਿਸ ਦਾ ਸਿਰ ਮੁੰਨਿਆ ਗਿਆ ਹੋਵੇ।* 6 ਜੇ ਤੀਵੀਂ ਆਪਣਾ ਸਿਰ ਨਹੀਂ ਢਕਦੀ, ਤਾਂ ਉਹ ਆਪਣੇ ਵਾਲ਼ ਕਟਵਾ ਲਵੇ। ਪਰ ਜੇ ਵਾਲ਼ ਕਟਵਾਉਣੇ ਜਾਂ ਸਿਰ ਮੁੰਨਾਉਣਾ ਉਸ ਲਈ ਸ਼ਰਮ ਦੀ ਗੱਲ ਹੈ, ਤਾਂ ਉਹ ਆਪਣਾ ਸਿਰ ਢਕੇ।

7 ਆਦਮੀ ਨੂੰ ਆਪਣਾ ਸਿਰ ਨਹੀਂ ਢਕਣਾ ਚਾਹੀਦਾ ਕਿਉਂਕਿ ਉਹ ਪਰਮੇਸ਼ੁਰ ਦਾ ਸਰੂਪ+ ਅਤੇ ਉਸ ਦੀ ਸ਼ਾਨ ਹੈ; ਪਰ ਤੀਵੀਂ, ਆਦਮੀ ਦੀ ਸ਼ਾਨ ਹੈ। 8 ਪਰਮੇਸ਼ੁਰ ਨੇ ਆਦਮੀ ਨੂੰ ਤੀਵੀਂ ਦੇ ਸਰੀਰ ਤੋਂ ਨਹੀਂ ਬਣਾਇਆ ਸੀ, ਸਗੋਂ ਤੀਵੀਂ ਨੂੰ ਆਦਮੀ ਦੇ ਸਰੀਰ ਤੋਂ ਬਣਾਇਆ ਸੀ।+ 9 ਨਾਲੇ ਆਦਮੀ ਨੂੰ ਤੀਵੀਂ ਦੀ ਖ਼ਾਤਰ ਨਹੀਂ, ਸਗੋਂ ਤੀਵੀਂ ਨੂੰ ਆਦਮੀ ਦੀ ਖ਼ਾਤਰ ਬਣਾਇਆ ਗਿਆ ਸੀ।+ 10 ਇਸ ਕਰਕੇ ਅਤੇ ਦੂਤਾਂ ਕਰਕੇ ਤੀਵੀਂ ਨੂੰ ਇਹ ਦਿਖਾਉਣ ਲਈ ਆਪਣਾ ਸਿਰ ਢਕਣਾ ਚਾਹੀਦਾ ਹੈ ਕਿ ਉਹ ਅਧਿਕਾਰ ਰੱਖਣ ਵਾਲਿਆਂ ਦੇ ਅਧੀਨ ਹੈ।+

11 ਇਸ ਤੋਂ ਇਲਾਵਾ, ਪ੍ਰਭੂ ਦੀ ਮੰਡਲੀ ਵਿਚ ਨਾ ਆਦਮੀ ਤੀਵੀਂ ਤੋਂ ਬਿਨਾਂ ਹੈ ਤੇ ਨਾ ਹੀ ਤੀਵੀਂ ਆਦਮੀ ਤੋਂ ਬਿਨਾਂ ਹੈ। 12 ਜਿਵੇਂ ਤੀਵੀਂ ਨੂੰ ਆਦਮੀ ਦੇ ਸਰੀਰ ਤੋਂ ਬਣਾਇਆ ਗਿਆ ਸੀ,+ ਉਸੇ ਤਰ੍ਹਾਂ ਆਦਮੀ ਤੀਵੀਂ ਤੋਂ ਜਨਮ ਲੈਂਦਾ ਹੈ, ਪਰ ਸਾਰੀਆਂ ਚੀਜ਼ਾਂ ਪਰਮੇਸ਼ੁਰ ਤੋਂ ਹਨ।+ 13 ਤੁਸੀਂ ਆਪ ਫ਼ੈਸਲਾ ਕਰੋ: ਕੀ ਤੀਵੀਂ ਲਈ ਨੰਗੇ ਸਿਰ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਨੀ ਠੀਕ ਹੈ? 14 ਕੀ ਤੁਸੀਂ ਇਹ ਨਹੀਂ ਸਿੱਖਿਆ ਕਿ ਕੁਦਰਤੀ ਤੌਰ ਤੇ ਆਦਮੀ ਲਈ ਲੰਬੇ ਵਾਲ਼ ਰੱਖਣੇ ਸ਼ਰਮ ਦੀ ਗੱਲ ਹੈ 15 ਅਤੇ ਤੀਵੀਂ ਦੇ ਲੰਬੇ ਵਾਲ਼ ਉਸ ਦੀ ਸ਼ਾਨ ਹੁੰਦੇ ਹਨ? ਹਾਂ, ਇਹ ਉਸ ਦੀ ਸ਼ਾਨ ਹੁੰਦੇ ਹਨ ਕਿਉਂਕਿ ਉਸ ਨੂੰ ਵਾਲ਼ ਸਿਰ ਢਕਣ ਲਈ ਹੀ ਦਿੱਤੇ ਗਏ ਹਨ। 16 ਪਰ ਜੇ ਕੋਈ ਇਨਸਾਨ ਬਹਿਸ ਕਰਦਾ ਹੈ ਕਿ ਇਸ ਰਿਵਾਜ ਦੀ ਬਜਾਇ ਕਿਸੇ ਹੋਰ ਰਿਵਾਜ ਉੱਤੇ ਚੱਲਿਆ ਜਾਵੇ, ਤਾਂ ਉਹ ਜਾਣ ਲਵੇ ਕਿ ਨਾ ਸਾਡੇ ਵਿਚ ਅਤੇ ਨਾ ਹੀ ਪਰਮੇਸ਼ੁਰ ਦੀਆਂ ਮੰਡਲੀਆਂ ਵਿਚ ਕੋਈ ਹੋਰ ਰਿਵਾਜ ਹੈ।

17 ਪਰ ਇਹ ਹਿਦਾਇਤਾਂ ਦਿੰਦੇ ਹੋਏ ਮੈਂ ਤੁਹਾਡੀ ਕੋਈ ਤਾਰੀਫ਼ ਨਹੀਂ ਕਰਦਾ ਕਿਉਂਕਿ ਜਦੋਂ ਤੁਸੀਂ ਇਕੱਠੇ ਹੁੰਦੇ ਹੋ, ਤਾਂ ਤੁਹਾਨੂੰ ਫ਼ਾਇਦਾ ਨਹੀਂ, ਸਗੋਂ ਨੁਕਸਾਨ ਹੀ ਹੁੰਦਾ ਹੈ। 18 ਸਭ ਤੋਂ ਪਹਿਲਾਂ ਤਾਂ ਮੈਨੂੰ ਖ਼ਬਰ ਮਿਲੀ ਹੈ ਕਿ ਜਦੋਂ ਤੁਸੀਂ ਮੰਡਲੀ ਵਿਚ ਇਕੱਠੇ ਹੁੰਦੇ ਹੋ, ਤਾਂ ਤੁਹਾਡੇ ਵਿਚ ਫੁੱਟ ਪਈ ਹੁੰਦੀ ਹੈ। ਮੈਂ ਕੁਝ ਹੱਦ ਤਕ ਇਸ ਗੱਲ ʼਤੇ ਯਕੀਨ ਵੀ ਕਰਦਾ ਹਾਂ। 19 ਬਿਨਾਂ ਸ਼ੱਕ ਤੁਹਾਡੇ ਵਿਚ ਧੜੇਬਾਜ਼ੀਆਂ ਹੋਣੀਆਂ ਹੀ ਹਨ+ ਤਾਂਕਿ ਜਿਨ੍ਹਾਂ ਇਨਸਾਨਾਂ ਤੋਂ ਪਰਮੇਸ਼ੁਰ ਖ਼ੁਸ਼ ਹੈ, ਉਹ ਤੁਹਾਡੇ ਵਿਚ ਵੱਖਰੇ ਨਜ਼ਰ ਆਉਣ।

20 ਇਸ ਲਈ ਜਦੋਂ ਤੁਸੀਂ ਪ੍ਰਭੂ ਦਾ ਸ਼ਾਮ ਦਾ ਭੋਜਨ+ ਖਾਣ ਲਈ ਇਕ ਜਗ੍ਹਾ ਇਕੱਠੇ ਹੁੰਦੇ ਹੋ, ਤਾਂ ਤੁਸੀਂ ਸਹੀ ਹਾਲਤ ਵਿਚ ਨਹੀਂ ਹੁੰਦੇ 21 ਕਿਉਂਕਿ ਜਦੋਂ ਇਹ ਭੋਜਨ ਖਾਣ ਦਾ ਸਮਾਂ ਆਉਂਦਾ ਹੈ, ਤਾਂ ਸਾਰੇ ਆਪੋ-ਆਪਣਾ ਸ਼ਾਮ ਦਾ ਭੋਜਨ ਪਹਿਲਾਂ ਹੀ ਖਾ ਲੈਂਦੇ ਹਨ, ਇਸ ਕਰਕੇ ਕੋਈ ਭੁੱਖਾ ਹੁੰਦਾ ਹੈ ਅਤੇ ਕੋਈ ਜ਼ਿਆਦਾ ਪੀ ਕੇ ਸ਼ਰਾਬੀ ਹੋਇਆ ਹੁੰਦਾ ਹੈ। 22 ਕੀ ਤੁਸੀਂ ਆਪਣੇ ਘਰ ਖਾ-ਪੀ ਨਹੀਂ ਸਕਦੇ? ਜਾਂ ਕੀ ਤੁਸੀਂ ਪਰਮੇਸ਼ੁਰ ਦੀ ਮੰਡਲੀ ਨੂੰ ਤੁੱਛ ਸਮਝਦੇ ਹੋ ਅਤੇ ਜਿਨ੍ਹਾਂ ਕੋਲ ਕੁਝ ਵੀ ਨਹੀਂ ਹੈ, ਉਨ੍ਹਾਂ ਨੂੰ ਬੇਇੱਜ਼ਤ ਕਰਦੇ ਹੋ? ਹੁਣ ਮੈਂ ਤੁਹਾਨੂੰ ਕੀ ਕਹਾਂ? ਕੀ ਮੈਂ ਤੁਹਾਡੀ ਤਾਰੀਫ਼ ਕਰਾਂ? ਇਸ ਗੱਲ ਵਿਚ ਮੈਂ ਤੁਹਾਡੀ ਤਾਰੀਫ਼ ਨਹੀਂ ਕਰਦਾ।

23 ਪ੍ਰਭੂ ਨੇ ਜੋ ਕੁਝ ਮੈਨੂੰ ਦੱਸਿਆ ਹੈ, ਮੈਂ ਉਹੀ ਕੁਝ ਤੁਹਾਨੂੰ ਸਿਖਾਇਆ ਹੈ ਕਿ ਜਿਸ ਰਾਤ+ ਪ੍ਰਭੂ ਯਿਸੂ ਨੂੰ ਧੋਖੇ ਨਾਲ ਫੜਵਾਇਆ ਜਾਣਾ ਸੀ, ਉਸ ਰਾਤ ਉਸ ਨੇ ਇਕ ਰੋਟੀ ਲਈ 24 ਅਤੇ ਪ੍ਰਾਰਥਨਾ ਵਿਚ ਧੰਨਵਾਦ ਕਰ ਕੇ ਤੋੜੀ ਅਤੇ ਕਿਹਾ: “ਇਹ ਰੋਟੀ ਮੇਰੇ ਸਰੀਰ ਨੂੰ ਦਰਸਾਉਂਦੀ ਹੈ+ ਜੋ ਤੁਹਾਡੇ ਲਈ ਕੁਰਬਾਨ ਕੀਤਾ ਜਾਵੇਗਾ। ਮੇਰੀ ਯਾਦ ਵਿਚ ਇਸ ਤਰ੍ਹਾਂ ਕਰਦੇ ਰਹੋ।”+ 25 ਅਤੇ ਉਸ ਨੇ ਪਸਾਹ ਦਾ ਖਾਣਾ ਖਾਣ ਤੋਂ ਬਾਅਦ ਦਾਖਰਸ ਦਾ ਪਿਆਲਾ ਲੈ ਕੇ+ ਇਸੇ ਤਰ੍ਹਾਂ ਕੀਤਾ ਅਤੇ ਕਿਹਾ: “ਇਹ ਪਿਆਲਾ ਮੇਰੇ ਲਹੂ ਦੁਆਰਾ ਕੀਤੇ ਗਏ ਨਵੇਂ ਇਕਰਾਰ ਨੂੰ ਦਰਸਾਉਂਦਾ ਹੈ।+ ਜਦੋਂ ਵੀ ਤੁਸੀਂ ਇਸ ਵਿੱਚੋਂ ਪੀਓ, ਤਾਂ ਮੇਰੀ ਯਾਦ ਵਿਚ ਇਸ ਤਰ੍ਹਾਂ ਕਰਦੇ ਰਹੋ।”+ 26 ਜਦੋਂ ਵੀ ਤੁਸੀਂ ਇਹ ਰੋਟੀ ਖਾਂਦੇ ਹੋ ਅਤੇ ਇਸ ਪਿਆਲੇ ਵਿੱਚੋਂ ਪੀਂਦੇ ਹੋ, ਤਾਂ ਤੁਸੀਂ ਪ੍ਰਭੂ ਦੇ ਆਉਣ ਤਕ ਉਸ ਦੀ ਮੌਤ ਦਾ ਐਲਾਨ ਕਰਦੇ ਹੋ।

27 ਇਸ ਕਰਕੇ ਜਿਹੜਾ ਇਨਸਾਨ ਯੋਗ ਨਾ ਹੁੰਦੇ ਹੋਏ ਵੀ ਪ੍ਰਭੂ ਦੀ ਰੋਟੀ ਖਾਂਦਾ ਹੈ ਜਾਂ ਉਸ ਦੇ ਪਿਆਲੇ ਵਿੱਚੋਂ ਪੀਂਦਾ ਹੈ, ਉਹ ਪ੍ਰਭੂ ਦੇ ਸਰੀਰ ਅਤੇ ਲਹੂ ਦੇ ਖ਼ਿਲਾਫ਼ ਪਾਪ ਕਰਦਾ ਹੈ। 28 ਹਰ ਇਨਸਾਨ ਪਹਿਲਾਂ ਆਪਣੇ ਆਪ ਨੂੰ ਪਰਖੇ ਕਿ ਉਹ ਯੋਗ ਹੈ,+ ਫਿਰ ਹੀ ਉਹ ਇਹ ਰੋਟੀ ਖਾਵੇ ਅਤੇ ਇਸ ਪਿਆਲੇ ਵਿੱਚੋਂ ਪੀਵੇ। 29 ਜਿਹੜਾ ਇਨਸਾਨ ਇਹ ਰੋਟੀ ਖਾਂਦਾ ਹੈ ਅਤੇ ਪਿਆਲੇ ਵਿੱਚੋਂ ਪੀਂਦਾ ਹੈ, ਪਰ ਇਹ ਨਹੀਂ ਸਮਝਦਾ ਕਿ ਇਹ ਦੋਵੇਂ ਚੀਜ਼ਾਂ ਪ੍ਰਭੂ ਦੇ ਸਰੀਰ ਨੂੰ ਦਰਸਾਉਂਦੀਆਂ ਹਨ, ਤਾਂ ਉਹ ਆਪਣੇ ਆਪ ਨੂੰ ਸਜ਼ਾ ਦੇ ਲਾਇਕ ਠਹਿਰਾਉਂਦਾ ਹੈ। 30 ਇਸੇ ਕਰਕੇ ਤੁਹਾਡੇ ਵਿਚ ਜ਼ਿਆਦਾ ਜਣੇ ਕਮਜ਼ੋਰ ਅਤੇ ਬੀਮਾਰ ਹਨ ਅਤੇ ਕਈ ਤਾਂ ਮੌਤ ਦੀ ਨੀਂਦ ਸੌਂ ਗਏ ਹਨ।*+ 31 ਪਰ ਜੇ ਅਸੀਂ ਸਮਝ ਜਾਂਦੇ ਹਾਂ ਕਿ ਅਸੀਂ ਕਿਹੋ ਜਿਹੇ ਹਾਂ, ਤਾਂ ਅਸੀਂ ਸਜ਼ਾ ਦੇ ਲਾਇਕ ਨਹੀਂ ਹੋਵਾਂਗੇ। 32 ਪਰ ਜਦੋਂ ਅਸੀਂ ਸਜ਼ਾ ਦੇ ਲਾਇਕ ਠਹਿਰਦੇ ਹਾਂ, ਤਾਂ ਯਹੋਵਾਹ* ਸਾਨੂੰ ਅਨੁਸ਼ਾਸਨ ਦਿੰਦਾ ਹੈ+ ਤਾਂਕਿ ਦੁਨੀਆਂ ਦੇ ਨਾਲ ਸਾਨੂੰ ਵੀ ਸਜ਼ਾ ਨਾ ਮਿਲੇ।+ 33 ਇਸ ਕਰਕੇ ਮੇਰੇ ਭਰਾਵੋ, ਜਦੋਂ ਤੁਸੀਂ ਪ੍ਰਭੂ ਦਾ ਸ਼ਾਮ ਦਾ ਭੋਜਨ ਖਾਣ ਲਈ ਇਕੱਠੇ ਹੁੰਦੇ ਹੋ, ਤਾਂ ਇਕ-ਦੂਜੇ ਦੀ ਉਡੀਕ ਕਰੋ। 34 ਜੇ ਕੋਈ ਭੁੱਖਾ ਹੈ, ਤਾਂ ਉਹ ਆਪਣੇ ਘਰੇ ਰੋਟੀ ਖਾਵੇ ਤਾਂਕਿ ਤੁਸੀਂ ਸਜ਼ਾ ਲਈ ਇਕੱਠੇ ਨਾ ਹੋਵੋ।+ ਪਰ ਬਾਕੀ ਰਹਿੰਦੇ ਮਸਲਿਆਂ ਨੂੰ ਮੈਂ ਉੱਥੇ ਆ ਕੇ ਹੱਲ ਕਰਾਂਗਾ।

12 ਹੁਣ ਭਰਾਵੋ, ਮੈਂ ਚਾਹੁੰਦਾ ਹਾਂ ਕਿ ਤੁਸੀਂ ਪਵਿੱਤਰ ਸ਼ਕਤੀ ਰਾਹੀਂ ਮਿਲੀਆਂ ਦਾਤਾਂ+ ਸੰਬੰਧੀ ਅਣਜਾਣ ਨਾ ਰਹੋ। 2 ਤੁਸੀਂ ਜਾਣਦੇ ਹੋ ਕਿ ਜਦੋਂ ਤੁਸੀਂ ਦੁਨੀਆਂ ਦੇ ਲੋਕ* ਸੀ, ਤਾਂ ਉਦੋਂ ਤੁਹਾਨੂੰ ਗੁਮਰਾਹ ਕੀਤਾ ਗਿਆ ਸੀ ਜਿਸ ਕਰਕੇ ਤੁਸੀਂ ਬੇਜ਼ਬਾਨ ਮੂਰਤੀਆਂ ਦੀ ਪੂਜਾ ਕਰਦੇ ਸੀ+ ਅਤੇ ਉਨ੍ਹਾਂ ਦੇ ਪਿੱਛੇ ਲੱਗੇ ਹੋਏ ਸੀ। 3 ਇਸ ਲਈ, ਮੈਂ ਚਾਹੁੰਦਾ ਹਾਂ ਕਿ ਤੁਸੀਂ ਇਹ ਗੱਲ ਸਮਝ ਜਾਓ ਕਿ ਪਰਮੇਸ਼ੁਰ ਦੀ ਸ਼ਕਤੀ ਦੀ ਪ੍ਰੇਰਣਾ ਨਾਲ ਬੋਲਣ ਵਾਲਾ ਇਨਸਾਨ ਇਹ ਨਹੀਂ ਕਹਿੰਦਾ: “ਯਿਸੂ ਸਰਾਪਿਆ ਹੋਇਆ ਹੈ!” ਨਾਲੇ ਪਵਿੱਤਰ ਸ਼ਕਤੀ ਦੀ ਮਦਦ ਤੋਂ ਬਿਨਾਂ ਕੋਈ ਇਹ ਨਹੀਂ ਕਹਿ ਸਕਦਾ: “ਯਿਸੂ ਹੀ ਪ੍ਰਭੂ ਹੈ!”+

4 ਦਾਤਾਂ ਤਾਂ ਵੱਖੋ-ਵੱਖਰੀਆਂ ਹਨ, ਪਰ ਪਵਿੱਤਰ ਸ਼ਕਤੀ ਇੱਕੋ ਹੈ।+ 5 ਸੇਵਾ ਵੱਖੋ-ਵੱਖਰੀ ਤਰ੍ਹਾਂ ਦੀ ਹੈ,+ ਪਰ ਪ੍ਰਭੂ ਇੱਕੋ ਹੈ। 6 ਕੰਮ ਵੱਖੋ-ਵੱਖਰੇ ਹੁੰਦੇ ਹਨ, ਪਰ ਇੱਕੋ ਪਰਮੇਸ਼ੁਰ ਹੈ ਜਿਹੜਾ ਹਰੇਕ ਨੂੰ ਇਹ ਕੰਮ ਕਰਨ ਦੇ ਕਾਬਲ ਬਣਾਉਂਦਾ ਹੈ।+ 7 ਪਵਿੱਤਰ ਸ਼ਕਤੀ ਉਨ੍ਹਾਂ ਨੂੰ ਜੋ ਵੀ ਕਰਨ ਦੀ ਯੋਗਤਾ ਬਖ਼ਸ਼ਦੀ ਹੈ, ਉਸ ਤੋਂ ਸਾਫ਼ ਦਿਖਾਈ ਦਿੰਦਾ ਹੈ ਕਿ ਪਰਮੇਸ਼ੁਰ ਦੂਸਰਿਆਂ ਦੇ ਫ਼ਾਇਦੇ ਲਈ ਉਨ੍ਹਾਂ ਨੂੰ ਪਵਿੱਤਰ ਸ਼ਕਤੀ ਦਿੰਦਾ ਹੈ।+ 8 ਮਿਸਾਲ ਲਈ, ਪਵਿੱਤਰ ਸ਼ਕਤੀ ਦੀ ਮਦਦ ਨਾਲ ਕੋਈ ਜਣਾ ਬੁੱਧੀਮਾਨੀ ਦੀਆਂ ਗੱਲਾਂ ਕਰਦਾ ਹੈ* ਅਤੇ ਇਸੇ ਸ਼ਕਤੀ ਦੀ ਮਦਦ ਨਾਲ ਕੋਈ ਹੋਰ ਗਿਆਨ ਦੀਆਂ ਗੱਲਾਂ ਦੱਸਦਾ ਹੈ 9 ਅਤੇ ਇਸੇ ਸ਼ਕਤੀ ਦੀ ਮਦਦ ਨਾਲ ਕੋਈ ਨਿਹਚਾ ਕਰਦਾ ਹੈ,+ ਕਿਸੇ ਨੂੰ ਬੀਮਾਰਾਂ ਨੂੰ ਚੰਗਾ ਕਰਨ ਦੀਆਂ ਦਾਤਾਂ ਮਿਲਦੀਆਂ ਹਨ,+ 10 ਕੋਈ ਕਰਾਮਾਤਾਂ ਕਰਦਾ ਹੈ,+ ਕੋਈ ਭਵਿੱਖਬਾਣੀਆਂ ਕਰਦਾ ਹੈ, ਕੋਈ ਇਹ ਸਮਝ ਸਕਦਾ ਹੈ ਕਿ ਕੋਈ ਸੰਦੇਸ਼ ਪਰਮੇਸ਼ੁਰ ਤੋਂ ਹੈ ਜਾਂ ਨਹੀਂ,+ ਕੋਈ ਵੱਖੋ-ਵੱਖਰੀਆਂ ਬੋਲੀਆਂ ਵਿਚ ਗੱਲ ਕਰਦਾ ਹੈ+ ਅਤੇ ਕੋਈ ਹੋਰ ਦੂਸਰੀ ਬੋਲੀ ਵਿਚ ਕਹੀਆਂ ਗੱਲਾਂ ਦਾ ਅਨੁਵਾਦ ਕਰਦਾ ਹੈ।+ 11 ਇਹੀ ਸ਼ਕਤੀ ਇਹ ਸਾਰੇ ਕੰਮ ਕਰਦੀ ਹੈ ਅਤੇ ਹਰ ਇਕ ਨੂੰ ਆਪਣੀ ਇੱਛਾ ਅਨੁਸਾਰ ਦਾਤਾਂ ਦਿੰਦੀ ਹੈ।

12 ਜਿਵੇਂ ਸਰੀਰ ਇਕ ਹੁੰਦਾ ਹੈ, ਪਰ ਇਸ ਦੇ ਕਈ ਅੰਗ ਹੁੰਦੇ ਹਨ ਅਤੇ ਬਹੁਤ ਹੁੰਦੇ ਹੋਏ ਵੀ ਸਾਰੇ ਅੰਗਾਂ ਨਾਲ ਇਕ ਸਰੀਰ ਬਣਦਾ ਹੈ,+ ਇਸੇ ਤਰ੍ਹਾਂ ਮਸੀਹ ਦਾ ਸਰੀਰ ਹੈ। 13 ਅਸੀਂ ਚਾਹੇ ਯਹੂਦੀ ਹਾਂ ਜਾਂ ਯੂਨਾਨੀ,* ਗ਼ੁਲਾਮ ਹਾਂ ਜਾਂ ਆਜ਼ਾਦ, ਅਸੀਂ ਸਾਰਿਆਂ ਨੇ ਇਕ ਸਰੀਰ ਬਣਨ ਲਈ ਇੱਕੋ ਸ਼ਕਤੀ ਰਾਹੀਂ ਬਪਤਿਸਮਾ ਲਿਆ ਹੈ ਅਤੇ ਸਾਨੂੰ ਸਾਰਿਆਂ ਨੂੰ ਇੱਕੋ ਸ਼ਕਤੀ ਮਿਲੀ ਹੈ।

14 ਸਰੀਰ ਸਿਰਫ਼ ਇੱਕੋ ਅੰਗ ਦਾ ਨਹੀਂ ਬਣਿਆ ਹੁੰਦਾ, ਸਗੋਂ ਕਈ ਅੰਗਾਂ ਨਾਲ ਮਿਲ ਕੇ ਬਣਿਆ ਹੁੰਦਾ ਹੈ।+ 15 ਜੇ ਪੈਰ ਕਹੇ: “ਮੈਂ ਹੱਥ ਨਹੀਂ ਹਾਂ, ਇਸ ਕਰਕੇ ਮੈਂ ਸਰੀਰ ਦਾ ਹਿੱਸਾ ਨਹੀਂ ਹਾਂ,” ਤਾਂ ਕੀ ਇਹ ਸਰੀਰ ਦਾ ਅੰਗ ਨਹੀਂ ਹੁੰਦਾ? 16 ਅਤੇ ਜੇ ਕੰਨ ਕਹੇ: “ਮੈਂ ਅੱਖ ਨਹੀਂ ਹਾਂ, ਇਸ ਕਰਕੇ ਮੈਂ ਸਰੀਰ ਦਾ ਹਿੱਸਾ ਨਹੀਂ ਹਾਂ,” ਤਾਂ ਕੀ ਇਹ ਸਰੀਰ ਦਾ ਅੰਗ ਨਹੀਂ ਹੁੰਦਾ? 17 ਜੇ ਪੂਰਾ ਸਰੀਰ ਅੱਖ ਹੀ ਹੁੰਦਾ, ਤਾਂ ਫਿਰ ਸਾਨੂੰ ਸੁਣਾਈ ਕਿਵੇਂ ਦਿੰਦਾ? ਜੇ ਪੂਰਾ ਸਰੀਰ ਕੰਨ ਹੀ ਹੁੰਦਾ, ਤਾਂ ਫਿਰ ਅਸੀਂ ਸੁੰਘਦੇ ਕਿਵੇਂ? 18 ਪਰ ਪਰਮੇਸ਼ੁਰ ਨੂੰ ਜਿਵੇਂ ਚੰਗਾ ਲੱਗਿਆ, ਉਸ ਨੇ ਸਰੀਰ ਦੇ ਹਰ ਅੰਗ ਨੂੰ ਆਪੋ-ਆਪਣੀ ਜਗ੍ਹਾ ਲਾਇਆ ਹੈ।

19 ਜੇ ਇਹ ਸਾਰੇ ਇੱਕੋ ਅੰਗ ਹੁੰਦੇ, ਤਾਂ ਕੀ ਇਹ ਵਾਕਈ ਸਰੀਰ ਹੁੰਦਾ? 20 ਇਹ ਸਾਰੇ ਕਈ ਅੰਗ ਹਨ, ਪਰ ਸਰੀਰ ਇਕ ਹੈ। 21 ਅੱਖ ਹੱਥ ਨੂੰ ਨਹੀਂ ਕਹਿ ਸਕਦੀ: “ਮੈਨੂੰ ਤੇਰੀ ਲੋੜ ਨਹੀਂ ਹੈ,” ਜਾਂ ਸਿਰ ਪੈਰ ਨੂੰ ਨਹੀਂ ਕਹਿ ਸਕਦਾ: “ਮੈਨੂੰ ਤੇਰੀ ਲੋੜ ਨਹੀਂ ਹੈ।” 22 ਇਸ ਦੀ ਬਜਾਇ, ਸਰੀਰ ਦੇ ਜਿਹੜੇ ਅੰਗ ਕਮਜ਼ੋਰ ਲੱਗਦੇ ਹਨ, ਅਸਲ ਵਿਚ ਸਾਨੂੰ ਉਨ੍ਹਾਂ ਦੀ ਵੀ ਲੋੜ ਹੁੰਦੀ ਹੈ। 23 ਸਰੀਰ ਦੇ ਜਿਹੜੇ ਅੰਗ ਸਾਨੂੰ ਸੋਹਣੇ ਨਹੀਂ ਲੱਗਦੇ, ਅਸੀਂ ਉਨ੍ਹਾਂ ਨੂੰ ਚੰਗੀ ਤਰ੍ਹਾਂ ਢਕ ਕੇ ਰੱਖਦੇ ਹਾਂ+ ਅਤੇ ਜਿਨ੍ਹਾਂ ਅੰਗਾਂ ਤੋਂ ਸਾਨੂੰ ਸ਼ਰਮ ਆਉਂਦੀ ਹੈ, ਉਨ੍ਹਾਂ ਦਾ ਅਸੀਂ ਜ਼ਿਆਦਾ ਧਿਆਨ ਰੱਖਦੇ ਹਾਂ, 24 ਜਦ ਕਿ ਸਾਨੂੰ ਸੋਹਣੇ ਅੰਗਾਂ ਦਾ ਇੰਨਾ ਧਿਆਨ ਰੱਖਣ ਦੀ ਲੋੜ ਨਹੀਂ ਪੈਂਦੀ। ਪਰਮੇਸ਼ੁਰ ਨੇ ਸਰੀਰ ਨੂੰ ਇਸ ਤਰ੍ਹਾਂ ਬਣਾਇਆ ਹੈ ਕਿ ਜਿਹੜੇ ਅੰਗ ਦੂਸਰੇ ਅੰਗਾਂ ਨਾਲੋਂ ਘੱਟ ਸੋਹਣੇ ਹਨ, ਉਨ੍ਹਾਂ ਅੰਗਾਂ ਨੂੰ ਜ਼ਿਆਦਾ ਆਦਰ ਦਿੱਤਾ ਜਾਂਦਾ ਹੈ 25 ਤਾਂਕਿ ਸਰੀਰ ਵਿਚ ਫੁੱਟ ਨਾ ਪਵੇ, ਸਗੋਂ ਸਾਰੇ ਅੰਗ ਮਿਲ ਕੇ ਇਕ-ਦੂਜੇ ਦਾ ਖ਼ਿਆਲ ਰੱਖਣ।+ 26 ਜੇ ਇਕ ਅੰਗ ਦੁੱਖ ਝੱਲਦਾ ਹੈ, ਤਾਂ ਬਾਕੀ ਅੰਗ ਵੀ ਉਸ ਨਾਲ ਦੁੱਖ ਝੱਲਦੇ ਹਨ;+ ਜਾਂ ਜੇ ਇਕ ਅੰਗ ਦੀ ਵਡਿਆਈ ਹੁੰਦੀ ਹੈ, ਤਾਂ ਦੂਸਰੇ ਅੰਗ ਵੀ ਉਸ ਨਾਲ ਖ਼ੁਸ਼ ਹੁੰਦੇ ਹਨ।+

27 ਤੁਸੀਂ ਮਸੀਹ ਦਾ ਸਰੀਰ ਹੋ+ ਅਤੇ ਤੁਹਾਡੇ ਵਿੱਚੋਂ ਹਰੇਕ ਜਣਾ ਉਸ ਦੇ ਸਰੀਰ ਦਾ ਅੰਗ ਹੈ।+ 28 ਪਰਮੇਸ਼ੁਰ ਨੇ ਮੰਡਲੀ ਵਿਚ ਹਰੇਕ ਨੂੰ ਨਿਯੁਕਤ ਕੀਤਾ ਹੈ: ਪਹਿਲਾ ਰਸੂਲ,+ ਦੂਸਰਾ ਨਬੀ,+ ਤੀਸਰਾ ਸਿੱਖਿਅਕ,+ ਫਿਰ ਕਰਾਮਾਤਾਂ ਕਰਨ ਦੀ ਯੋਗਤਾ,+ ਬੀਮਾਰਾਂ ਨੂੰ ਚੰਗਾ ਕਰਨ ਦੀ ਦਾਤ,+ ਦੂਸਰਿਆਂ ਦੀ ਮਦਦ ਕਰਨ ਦੀ ਯੋਗਤਾ, ਅਗਵਾਈ ਕਰਨ ਦੀ ਯੋਗਤਾ+ ਅਤੇ ਵੱਖੋ-ਵੱਖਰੀਆਂ ਬੋਲੀਆਂ ਬੋਲਣ ਦੀ ਯੋਗਤਾ।+ 29 ਪਰ ਕੀ ਸਾਰੇ ਜਣੇ ਰਸੂਲ ਹਨ? ਕੀ ਸਾਰੇ ਜਣੇ ਨਬੀ ਹਨ? ਕੀ ਸਾਰੇ ਜਣੇ ਸਿੱਖਿਅਕ ਹਨ? ਕੀ ਸਾਰੇ ਜਣੇ ਕਰਾਮਾਤਾਂ ਕਰਦੇ ਹਨ? 30 ਕੀ ਸਾਰਿਆਂ ਕੋਲ ਬੀਮਾਰਾਂ ਨੂੰ ਚੰਗਾ ਕਰਨ ਦੀ ਦਾਤ ਹੈ? ਕੀ ਸਾਰੇ ਵੱਖੋ-ਵੱਖਰੀਆਂ ਬੋਲੀਆਂ ਬੋਲਦੇ ਹਨ?+ ਕੀ ਸਾਰੇ ਦੂਸਰੀਆਂ ਬੋਲੀਆਂ ਵਿਚ ਕਹੀਆਂ ਗੱਲਾਂ ਦਾ ਅਨੁਵਾਦ ਕਰਦੇ ਹਨ?+ 31 ਪਰ ਤੁਸੀਂ ਪਰਮੇਸ਼ੁਰ ਤੋਂ ਉੱਤਮ ਦਾਤਾਂ ਹਾਸਲ ਕਰਨ ਦਾ ਹਮੇਸ਼ਾ ਜਤਨ ਕਰਦੇ ਰਹੋ।+ ਹੁਣ ਮੈਂ ਤੁਹਾਨੂੰ ਇਕ ਰਾਹ ਦਿਖਾਉਂਦਾ ਹਾਂ ਜੋ ਇਨ੍ਹਾਂ ਤੋਂ ਕਿਤੇ ਵਧੀਆ ਹੈ।+

13 ਜੇ ਮੈਂ ਇਨਸਾਨਾਂ ਅਤੇ ਦੂਤਾਂ ਦੀਆਂ ਬੋਲੀਆਂ ਬੋਲਾਂ, ਪਰ ਪਿਆਰ ਨਾ ਕਰਾਂ, ਤਾਂ ਮੈਂ ਟਣ-ਟਣ ਕਰਨ ਵਾਲੇ ਘੜਿਆਲ ਜਾਂ ਛਣ-ਛਣ ਕਰਨ ਵਾਲੇ ਛੈਣੇ ਵਰਗਾ ਹਾਂ। 2 ਜੇ ਮੇਰੇ ਕੋਲ ਭਵਿੱਖਬਾਣੀਆਂ ਕਰਨ ਦੀ ਦਾਤ ਹੋਵੇ, ਜੇ ਮੈਨੂੰ ਸਾਰੇ ਪਵਿੱਤਰ ਭੇਤਾਂ ਦੀ ਸਮਝ ਹੋਵੇ, ਜੇ ਮੈਨੂੰ ਪੂਰਾ ਗਿਆਨ ਹੋਵੇ,+ ਜੇ ਮੇਰੇ ਵਿਚ ਆਪਣੀ ਨਿਹਚਾ ਨਾਲ ਪਹਾੜਾਂ ਨੂੰ ਇੱਧਰੋਂ ਉੱਧਰ ਕਰਨ ਦੀ ਤਾਕਤ ਹੋਵੇ, ਪਰ ਮੈਂ ਪਿਆਰ ਨਾ ਕਰਾਂ, ਤਾਂ ਮੈਂ ਕੁਝ ਵੀ ਨਹੀਂ ਹਾਂ।*+ 3 ਜੇ ਮੈਂ ਆਪਣੀ ਧਨ-ਦੌਲਤ ਦੂਸਰਿਆਂ ਦਾ ਢਿੱਡ ਭਰਨ ਲਈ ਦੇ ਦਿਆਂ+ ਅਤੇ ਜੇ ਮੈਂ ਆਪਣੀ ਜਾਨ ਕੁਰਬਾਨ ਕਰ ਦਿਆਂ ਤਾਂਕਿ ਮੈਂ ਇਸ ਗੱਲ ʼਤੇ ਸ਼ੇਖ਼ੀ ਮਾਰ ਸਕਾਂ, ਪਰ ਪਿਆਰ ਨਾ ਕਰਾਂ,+ ਤਾਂ ਇਹ ਸਭ ਵਿਅਰਥ ਹੈ।

4 ਪਿਆਰ+ ਧੀਰਜਵਾਨ*+ ਅਤੇ ਦਿਆਲੂ+ ਹੈ। ਪਿਆਰ ਈਰਖਾ ਨਹੀਂ ਕਰਦਾ,+ ਸ਼ੇਖ਼ੀਆਂ ਨਹੀਂ ਮਾਰਦਾ, ਘਮੰਡ ਨਾਲ ਨਹੀਂ ਫੁੱਲਦਾ,+ 5 ਬਦਤਮੀਜ਼ੀ ਨਾਲ* ਪੇਸ਼ ਨਹੀਂ ਆਉਂਦਾ,+ ਆਪਣੇ ਬਾਰੇ ਹੀ ਨਹੀਂ ਸੋਚਦਾ,+ ਗੁੱਸੇ ਵਿਚ ਭੜਕਦਾ ਨਹੀਂ।+ ਇਹ ਗਿਲੇ-ਸ਼ਿਕਵਿਆਂ* ਦਾ ਹਿਸਾਬ ਨਹੀਂ ਰੱਖਦਾ।+ 6 ਇਹ ਬੁਰਾਈ ਤੋਂ ਖ਼ੁਸ਼ ਨਹੀਂ ਹੁੰਦਾ,+ ਪਰ ਸੱਚਾਈ ਤੋਂ ਖ਼ੁਸ਼ ਹੁੰਦਾ ਹੈ। 7 ਇਹ ਸਭ ਕੁਝ ਬਰਦਾਸ਼ਤ ਕਰ ਲੈਂਦਾ ਹੈ,+ ਸਾਰੀਆਂ ਗੱਲਾਂ ਉੱਤੇ ਭਰੋਸਾ ਕਰਦਾ ਹੈ,+ ਸਾਰੀਆਂ ਗੱਲਾਂ ਦੀ ਆਸ ਰੱਖਦਾ ਹੈ,+ ਕਿਸੇ ਗੱਲ ਵਿਚ ਹਿੰਮਤ ਨਹੀਂ ਹਾਰਦਾ।+

8 ਪਿਆਰ ਕਦੇ ਖ਼ਤਮ* ਨਹੀਂ ਹੁੰਦਾ। ਪਰ ਭਵਿੱਖਬਾਣੀਆਂ ਕਰਨ ਅਤੇ ਵੱਖੋ-ਵੱਖ ਬੋਲੀਆਂ ਬੋਲਣ ਦੀਆਂ ਦਾਤਾਂ* ਜਾਂ ਗਿਆਨ, ਸਭ ਕੁਝ ਖ਼ਤਮ ਹੋ ਜਾਵੇਗਾ। 9 ਸਾਡਾ ਗਿਆਨ ਹਾਲੇ ਅਧੂਰਾ ਹੈ+ ਅਤੇ ਅਸੀਂ ਅਧੂਰੀਆਂ ਭਵਿੱਖਬਾਣੀਆਂ ਕਰਦੇ ਹਾਂ। 10 ਪਰ ਜਦ ਸਾਡੇ ਕੋਲ ਮੁਕੰਮਲ ਗਿਆਨ ਹੋਵੇਗਾ ਅਤੇ ਅਸੀਂ ਮੁਕੰਮਲ ਭਵਿੱਖਬਾਣੀਆਂ ਕਰ ਪਾਵਾਂਗੇ, ਤਦ ਅਧੂਰਾ ਗਿਆਨ ਅਤੇ ਅਧੂਰੀਆਂ ਭਵਿੱਖਬਾਣੀਆਂ ਖ਼ਤਮ ਹੋ ਜਾਣਗੀਆਂ। 11 ਜਦ ਮੈਂ ਨਿਆਣਾ ਸੀ, ਤਦ ਮੈਂ ਨਿਆਣਿਆਂ ਵਾਂਗ ਬੋਲਦਾ ਸੀ, ਨਿਆਣਿਆਂ ਵਾਂਗ ਸੋਚਦਾ ਸੀ ਅਤੇ ਮੇਰੀ ਸਮਝ ਵੀ ਨਿਆਣਿਆਂ ਵਰਗੀ ਸੀ, ਪਰ ਹੁਣ ਮੈਂ ਵੱਡਾ ਹੋ ਗਿਆ ਹਾਂ, ਇਸ ਲਈ ਮੈਂ ਨਿਆਣਪੁਣਾ ਛੱਡ ਦਿੱਤਾ ਹੈ। 12 ਹੁਣ ਅਸੀਂ ਧਾਤ ਦੇ ਸ਼ੀਸ਼ੇ* ਵਿਚ ਧੁੰਦਲਾ ਜਿਹਾ ਦੇਖਦੇ ਹਾਂ, ਪਰ ਬਾਅਦ ਵਿਚ ਸਾਫ਼-ਸਾਫ਼* ਦੇਖਾਂਗੇ। ਮੈਨੂੰ ਅਜੇ ਅਧੂਰਾ ਗਿਆਨ ਹੈ, ਪਰ ਫਿਰ ਮੈਨੂੰ ਮੁਕੰਮਲ* ਗਿਆਨ ਹੋਵੇਗਾ, ਜਿਵੇਂ ਪਰਮੇਸ਼ੁਰ ਮੈਨੂੰ ਮੁਕੰਮਲ ਤੌਰ ਤੇ ਜਾਣਦਾ ਹੈ। 13 ਪਰ ਨਿਹਚਾ, ਆਸ਼ਾ ਅਤੇ ਪਿਆਰ ਰਹਿਣਗੇ। ਫਿਰ ਵੀ ਇਨ੍ਹਾਂ ਤਿੰਨਾਂ ਵਿੱਚੋਂ ਪਿਆਰ ਉੱਤਮ ਹੈ।+

14 ਪਿਆਰ ਦੇ ਰਾਹ ʼਤੇ ਚੱਲੋ, ਪਰ ਪਵਿੱਤਰ ਸ਼ਕਤੀ ਰਾਹੀਂ ਮਿਲਣ ਵਾਲੀਆਂ ਦਾਤਾਂ ਨੂੰ, ਖ਼ਾਸ ਕਰਕੇ ਭਵਿੱਖਬਾਣੀਆਂ ਕਰਨ ਦੀ ਦਾਤ ਨੂੰ ਪ੍ਰਾਪਤ ਕਰਨ ਦਾ ਜਤਨ ਕਰਦੇ ਰਹੋ।+ 2 ਜਿਹੜਾ ਹੋਰ ਬੋਲੀ ਵਿਚ ਗੱਲ ਕਰਦਾ ਹੈ, ਉਸ ਦੀ ਗੱਲ ਨੂੰ ਕੋਈ ਵੀ ਨਹੀਂ ਸਮਝਦਾ,+ ਸਿਰਫ਼ ਪਰਮੇਸ਼ੁਰ ਹੀ ਸਮਝਦਾ ਹੈ। ਭਾਵੇਂ ਉਹ ਪਵਿੱਤਰ ਸ਼ਕਤੀ ਰਾਹੀਂ ਪਵਿੱਤਰ ਭੇਤ+ ਦੱਸਦਾ ਹੈ, ਫਿਰ ਵੀ ਕੋਈ ਉਸ ਦੀ ਗੱਲ ਨਹੀਂ ਸਮਝਦਾ। 3 ਪਰ ਜਿਹੜਾ ਭਵਿੱਖਬਾਣੀ ਕਰਦਾ ਹੈ, ਉਹ ਆਪਣੀਆਂ ਗੱਲਾਂ ਨਾਲ ਦੂਸਰਿਆਂ ਨੂੰ ਤਕੜਾ ਕਰਦਾ ਹੈ ਅਤੇ ਉਨ੍ਹਾਂ ਨੂੰ ਹੌਸਲਾ ਤੇ ਦਿਲਾਸਾ ਦਿੰਦਾ ਹੈ। 4 ਜਿਹੜਾ ਹੋਰ ਬੋਲੀ ਵਿਚ ਗੱਲ ਕਰਦਾ ਹੈ, ਉਹ ਆਪਣੇ ਆਪ ਨੂੰ ਤਕੜਾ ਕਰਦਾ ਹੈ, ਪਰ ਜਿਹੜਾ ਭਵਿੱਖਬਾਣੀ ਕਰਦਾ ਹੈ, ਉਹ ਮੰਡਲੀ ਨੂੰ ਤਕੜਾ ਕਰਦਾ ਹੈ। 5 ਮੈਂ ਚਾਹੁੰਦਾ ਹਾਂ ਕਿ ਤੁਸੀਂ ਸਾਰੇ ਹੋਰ ਬੋਲੀਆਂ ਬੋਲੋ,+ ਪਰ ਬਿਹਤਰ ਇਹ ਹੋਵੇਗਾ ਕਿ ਤੁਸੀਂ ਭਵਿੱਖਬਾਣੀਆਂ ਕਰੋ।+ ਅਸਲ ਵਿਚ, ਭਵਿੱਖਬਾਣੀ ਕਰਨੀ ਹੋਰ ਬੋਲੀਆਂ ਬੋਲਣ ਨਾਲੋਂ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਜੇ ਹੋਰ ਬੋਲੀ ਵਿਚ ਕਹੀਆਂ ਗੱਲਾਂ ਦਾ ਅਨੁਵਾਦ ਨਹੀਂ ਕੀਤਾ ਜਾਂਦਾ,* ਤਾਂ ਮੰਡਲੀ ਤਕੜੀ ਨਹੀਂ ਹੋਵੇਗੀ। 6 ਭਰਾਵੋ, ਜੇ ਮੈਂ ਹੁਣ ਆ ਕੇ ਤੁਹਾਡੇ ਨਾਲ ਹੋਰ ਬੋਲੀਆਂ ਵਿਚ ਗੱਲ ਕਰਾਂ, ਤਾਂ ਤੁਹਾਨੂੰ ਇਸ ਤੋਂ ਕੀ ਫ਼ਾਇਦਾ ਹੋਵੇਗਾ? ਜੇ ਮੈਂ ਤੁਹਾਨੂੰ ਪਰਮੇਸ਼ੁਰ ਦਾ ਸੰਦੇਸ਼ ਸੁਣਾਵਾਂ+ ਜਾਂ ਗਿਆਨ ਦਿਆਂ+ ਜਾਂ ਭਵਿੱਖਬਾਣੀ ਕਰਾਂ ਜਾਂ ਸਿੱਖਿਆ ਦਿਆਂ, ਤਾਂ ਤੁਹਾਨੂੰ ਫ਼ਾਇਦਾ ਹੋਵੇਗਾ।

7 ਇਹ ਇਸੇ ਤਰ੍ਹਾਂ ਹੈ ਜਿਵੇਂ ਬੰਸਰੀ ਤੇ ਰਬਾਬ ਵਰਗੇ ਸਾਜ਼ ਵਜਾਏ ਜਾਂਦੇ ਹਨ। ਪਰ ਜੇ ਵਜਾਉਂਦੇ ਵੇਲੇ ਸੁਰ ਨਾ ਬਦਲੀ ਜਾਵੇ, ਤਾਂ ਕਿਸ ਤਰ੍ਹਾਂ ਪਤਾ ਲੱਗੇਗਾ ਕਿ ਬੰਸਰੀ ਜਾਂ ਰਬਾਬ ਉੱਤੇ ਕਿਹੜਾ ਰਾਗ ਵਜਾਇਆ ਜਾ ਰਿਹਾ ਹੈ? 8 ਜੇ ਤੁਰ੍ਹੀ ਦੀ ਆਵਾਜ਼ ਸਹੀ ਨਾ ਕੱਢੀ ਜਾਵੇ, ਤਾਂ ਕੌਣ ਲੜਾਈ ਲਈ ਤਿਆਰ ਹੋਵੇਗਾ? 9 ਇਸੇ ਤਰ੍ਹਾਂ ਜੇ ਤੁਹਾਡੀ ਬੋਲੀ ਆਸਾਨੀ ਨਾਲ ਸਮਝ ਨਹੀਂ ਆਉਂਦੀ, ਤਾਂ ਦੂਸਰਿਆਂ ਨੂੰ ਕਿਵੇਂ ਪਤਾ ਲੱਗੇਗਾ ਕਿ ਕੀ ਕਿਹਾ ਜਾ ਰਿਹਾ ਹੈ? ਤੁਹਾਡੀਆਂ ਗੱਲਾਂ ਦਾ ਕੋਈ ਫ਼ਾਇਦਾ ਨਹੀਂ ਹੋਵੇਗਾ। 10 ਸ਼ਾਇਦ ਦੁਨੀਆਂ ਵਿਚ ਕਈ ਤਰ੍ਹਾਂ ਦੀਆਂ ਬੋਲੀਆਂ ਹਨ, ਪਰ ਕੋਈ ਵੀ ਬੋਲੀ ਇਸ ਤਰ੍ਹਾਂ ਦੀ ਨਹੀਂ ਹੈ ਜਿਸ ਦਾ ਕੋਈ ਅਰਥ ਨਾ ਹੋਵੇ। 11 ਇਸ ਲਈ ਜੇ ਮੈਨੂੰ ਕਿਸੇ ਬੋਲੀ ਦਾ ਮਤਲਬ ਸਮਝ ਨਹੀਂ ਆਉਂਦਾ, ਤਾਂ ਮੈਂ ਗੱਲ ਕਰਨ ਵਾਲੇ ਇਨਸਾਨ ਲਈ ਵਿਦੇਸ਼ੀ ਹੋਵਾਂਗਾ ਅਤੇ ਉਹ ਇਨਸਾਨ ਮੇਰੇ ਲਈ ਵਿਦੇਸ਼ੀ ਹੋਵੇਗਾ। 12 ਇਹੀ ਗੱਲ ਤੁਹਾਡੇ ਉੱਤੇ ਵੀ ਲਾਗੂ ਹੁੰਦੀ ਹੈ ਕਿਉਂਕਿ ਤੁਹਾਡੇ ਅੰਦਰ ਪਵਿੱਤਰ ਸ਼ਕਤੀ ਦੀਆਂ ਦਾਤਾਂ ਪ੍ਰਾਪਤ ਕਰਨ ਦੀ ਬਹੁਤ ਇੱਛਾ ਹੈ, ਇਸ ਲਈ ਤੁਸੀਂ ਮੰਡਲੀ ਨੂੰ ਤਕੜਾ ਕਰਨ ਦੇ ਇਰਾਦੇ ਨਾਲ ਪਵਿੱਤਰ ਸ਼ਕਤੀ ਦੀਆਂ ਵੱਧ ਤੋਂ ਵੱਧ ਦਾਤਾਂ ਪ੍ਰਾਪਤ ਕਰਨ ਦੀ ਪੂਰੀ ਕੋਸ਼ਿਸ਼ ਕਰੋ।+

13 ਇਸ ਲਈ ਜਿਹੜਾ ਹੋਰ ਬੋਲੀ ਬੋਲਦਾ ਹੈ, ਉਹ ਪ੍ਰਾਰਥਨਾ ਕਰੇ ਕਿ ਉਹ ਆਪਣੀਆਂ ਗੱਲਾਂ ਦਾ ਅਨੁਵਾਦ ਕਰ ਸਕੇ*+ 14 ਕਿਉਂਕਿ ਜੇ ਮੈਂ ਕਿਸੇ ਹੋਰ ਬੋਲੀ ਵਿਚ ਪ੍ਰਾਰਥਨਾ ਕਰਦਾ ਹਾਂ, ਤਾਂ ਮੈਂ ਪਵਿੱਤਰ ਸ਼ਕਤੀ ਰਾਹੀਂ ਮਿਲੀ ਦਾਤ ਅਨੁਸਾਰ ਪ੍ਰਾਰਥਨਾ ਕਰਦਾ ਹਾਂ, ਪਰ ਮੈਂ ਆਪਣੀ ਪ੍ਰਾਰਥਨਾ ਦਾ ਮਤਲਬ ਨਹੀਂ ਸਮਝਦਾ। 15 ਤਾਂ ਫਿਰ, ਕੀ ਕਰਨਾ ਚਾਹੀਦਾ ਹੈ? ਮੈਂ ਪਵਿੱਤਰ ਸ਼ਕਤੀ ਰਾਹੀਂ ਮਿਲੀ ਦਾਤ ਅਨੁਸਾਰ ਪ੍ਰਾਰਥਨਾ ਕਰਾਂਗਾ, ਪਰ ਮੈਂ ਉਨ੍ਹਾਂ ਸ਼ਬਦਾਂ ਵਿਚ ਪ੍ਰਾਰਥਨਾ ਵੀ ਕਰਾਂਗਾ ਜਿਨ੍ਹਾਂ ਦਾ ਮਤਲਬ ਮੈਨੂੰ ਸਮਝ ਆਉਂਦਾ ਹੈ। ਨਾਲੇ ਮੈਂ ਪਵਿੱਤਰ ਸ਼ਕਤੀ ਰਾਹੀਂ ਮਿਲੀ ਦਾਤ ਅਨੁਸਾਰ ਪਰਮੇਸ਼ੁਰ ਦੀ ਮਹਿਮਾ ਦੇ ਗੀਤ ਗਾਵਾਂਗਾ, ਪਰ ਮੈਂ ਮਹਿਮਾ ਦੇ ਗੀਤਾਂ ਦਾ ਮਤਲਬ ਸਮਝਦੇ ਹੋਏ ਇਨ੍ਹਾਂ ਨੂੰ ਗਾਵਾਂਗਾ। 16 ਨਹੀਂ ਤਾਂ, ਜੇ ਤੁਸੀਂ ਪਵਿੱਤਰ ਸ਼ਕਤੀ ਦੀ ਦਾਤ ਅਨੁਸਾਰ ਪਰਮੇਸ਼ੁਰ ਦੀ ਮਹਿਮਾ ਕਰਦੇ ਹੋ, ਤਾਂ ਤੁਹਾਡੇ ਵਿਚ ਬੈਠਾ ਆਮ ਬੰਦਾ ਤੁਹਾਡੀ ਧੰਨਵਾਦ ਦੀ ਪ੍ਰਾਰਥਨਾ ਤੋਂ ਬਾਅਦ “ਆਮੀਨ” ਕਿਵੇਂ ਕਹੇਗਾ ਕਿਉਂਕਿ ਉਸ ਨੂੰ ਪਤਾ ਹੀ ਨਹੀਂ ਲੱਗੇਗਾ ਕਿ ਤੁਸੀਂ ਕੀ ਕਹਿ ਰਹੇ ਹੋ? 17 ਇਹ ਸੱਚ ਹੈ ਕਿ ਤੁਸੀਂ ਸੋਹਣੇ ਤਰੀਕੇ ਨਾਲ ਪ੍ਰਾਰਥਨਾ ਵਿਚ ਧੰਨਵਾਦ ਕਰਦੇ ਹੋ, ਪਰ ਇਸ ਨਾਲ ਆਮ ਬੰਦਾ ਤਕੜਾ ਨਹੀਂ ਹੋਵੇਗਾ। 18 ਮੈਂ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ ਕਿ ਮੈਂ ਤੁਹਾਡੇ ਸਾਰਿਆਂ ਨਾਲੋਂ ਜ਼ਿਆਦਾ ਬੋਲੀਆਂ ਬੋਲ ਸਕਦਾ ਹਾਂ। 19 ਫਿਰ ਵੀ ਮੈਂ ਮੰਡਲੀ ਵਿਚ ਸਿੱਖਿਆ ਦੇਣ ਲਈ ਕਿਸੇ ਹੋਰ ਬੋਲੀ ਵਿਚ ਦਸ ਹਜ਼ਾਰ ਸ਼ਬਦ ਬੋਲਣ ਦੀ ਬਜਾਇ ਸਿਰਫ਼ ਪੰਜ ਸ਼ਬਦ ਹੀ ਬੋਲਾਂਗਾ ਜਿਹੜੇ ਸਮਝੇ ਜਾ ਸਕਦੇ ਹਨ।+

20 ਭਰਾਵੋ, ਨਿਆਣਿਆਂ ਵਾਲੀ ਸਮਝ ਨਾ ਰੱਖੋ,+ ਸਗੋਂ ਬੁਰਾਈ ਵਿਚ ਨਿਆਣੇ ਬਣੋ;+ ਪਰ ਸਮਝ ਵਿਚ ਸਿਆਣੇ ਬਣੋ।+ 21 ਮੂਸਾ ਦੇ ਕਾਨੂੰਨ ਵਿਚ ਇਹ ਲਿਖਿਆ ਹੈ: “‘ਮੈਂ ਹੋਰ ਭਾਸ਼ਾਵਾਂ ਬੋਲਣ ਵਾਲੇ ਲੋਕਾਂ ਅਤੇ ਅਜਨਬੀਆਂ ਰਾਹੀਂ ਇਸ ਪਰਜਾ ਨਾਲ ਗੱਲ ਕਰਾਂਗਾ, ਫਿਰ ਵੀ ਉਹ ਮੇਰੀ ਗੱਲ ਸੁਣਨ ਤੋਂ ਇਨਕਾਰ ਕਰਨਗੇ,’ ਯਹੋਵਾਹ* ਕਹਿੰਦਾ ਹੈ।”+ 22 ਇਸ ਕਰਕੇ ਹੋਰ ਬੋਲੀਆਂ ਬੋਲਣ ਦੀ ਦਾਤ ਨਿਹਚਾਵਾਨਾਂ ਲਈ ਨਹੀਂ, ਸਗੋਂ ਅਵਿਸ਼ਵਾਸੀ ਲੋਕਾਂ ਲਈ ਇਕ ਨਿਸ਼ਾਨੀ ਹੈ,+ ਜਦ ਕਿ ਭਵਿੱਖਬਾਣੀਆਂ ਕਰਨ ਦੀ ਦਾਤ ਅਵਿਸ਼ਵਾਸੀ ਲੋਕਾਂ ਲਈ ਨਹੀਂ, ਸਗੋਂ ਨਿਹਚਾਵਾਨਾਂ ਲਈ ਇਕ ਨਿਸ਼ਾਨੀ ਹੈ। 23 ਇਸ ਲਈ ਜੇ ਪੂਰੀ ਮੰਡਲੀ ਇਕ ਜਗ੍ਹਾ ਇਕੱਠੀ ਹੁੰਦੀ ਹੈ ਅਤੇ ਸਾਰੇ ਜਣੇ ਵੱਖੋ-ਵੱਖਰੀਆਂ ਬੋਲੀਆਂ ਵਿਚ ਗੱਲ ਕਰਦੇ ਹਨ, ਤਾਂ ਕੀ ਉੱਥੇ ਆਉਣ ਵਾਲੇ ਆਮ ਬੰਦੇ ਜਾਂ ਅਵਿਸ਼ਵਾਸੀ ਲੋਕ ਤੁਹਾਨੂੰ ਪਾਗਲ ਨਹੀਂ ਕਹਿਣਗੇ? 24 ਪਰ ਜੇ ਤੁਸੀਂ ਸਾਰੇ ਭਵਿੱਖਬਾਣੀਆਂ ਕਰਦੇ ਹੋ ਅਤੇ ਕੋਈ ਅਵਿਸ਼ਵਾਸੀ ਜਾਂ ਆਮ ਬੰਦਾ ਆਉਂਦਾ ਹੈ, ਤਾਂ ਉਸ ਨੂੰ ਤੁਹਾਡੇ ਸਾਰਿਆਂ ਦੀਆਂ ਗੱਲਾਂ ਤੋਂ ਤਾੜਨਾ ਮਿਲੇਗੀ ਅਤੇ ਉਹ ਧਿਆਨ ਨਾਲ ਆਪਣੀ ਜਾਂਚ ਕਰਨ ਲਈ ਪ੍ਰੇਰਿਤ ਹੋਵੇਗਾ। 25 ਫਿਰ ਉਸ ਦੇ ਦਿਲ ਦੇ ਭੇਤ ਜ਼ਾਹਰ ਹੋ ਜਾਣਗੇ ਅਤੇ ਉਹ ਗੋਡਿਆਂ ਭਾਰ ਬੈਠ ਕੇ ਪਰਮੇਸ਼ੁਰ ਨੂੰ ਮੱਥਾ ਟੇਕੇਗਾ ਅਤੇ ਕਹੇਗਾ: “ਪਰਮੇਸ਼ੁਰ ਵਾਕਈ ਤੁਹਾਡੇ ਨਾਲ ਹੈ।”+

26 ਤਾਂ ਫਿਰ ਭਰਾਵੋ, ਕੀ ਕਰਨਾ ਚਾਹੀਦਾ ਹੈ? ਜਦੋਂ ਤੁਸੀਂ ਇਕੱਠੇ ਹੁੰਦੇ ਹੋ, ਤਾਂ ਕੋਈ ਜ਼ਬੂਰ ਗਾਉਂਦਾ ਹੈ, ਕੋਈ ਸਿਖਾਉਂਦਾ ਹੈ, ਕੋਈ ਪਰਮੇਸ਼ੁਰ ਦਾ ਸੰਦੇਸ਼ ਸੁਣਾਉਂਦਾ ਹੈ, ਕੋਈ ਹੋਰ ਬੋਲੀ ਬੋਲਦਾ ਹੈ ਅਤੇ ਕੋਈ ਅਨੁਵਾਦ ਕਰਦਾ ਹੈ।+ ਸਭ ਕੁਝ ਇਕ-ਦੂਜੇ ਨੂੰ ਤਕੜਾ ਕਰਨ ਲਈ ਹੀ ਕਰੋ। 27 ਜੇ ਕਿਸੇ ਨੇ ਹੋਰ ਬੋਲੀ ਬੋਲਣੀ ਹੈ, ਤਾਂ ਦੋ ਜਾਂ ਤਿੰਨ ਤੋਂ ਵੱਧ ਜਣੇ ਹੋਰ ਬੋਲੀ ਵਿਚ ਗੱਲ ਨਾ ਕਰਨ ਅਤੇ ਸਾਰੇ ਵਾਰੀ-ਵਾਰੀ ਗੱਲ ਕਰਨ। ਕੋਈ ਜਣਾ ਉਨ੍ਹਾਂ ਦੀਆਂ ਗੱਲਾਂ ਦਾ ਅਰਥ ਸਮਝਾਵੇ।*+ 28 ਪਰ ਜੇ ਉੱਥੇ ਅਨੁਵਾਦ ਕਰਨ ਲਈ* ਕੋਈ ਨਹੀਂ ਹੈ, ਤਾਂ ਉਹ ਮੰਡਲੀ ਵਿਚ ਚੁੱਪ ਰਹੇ ਅਤੇ ਆਪਣੇ ਮਨ ਵਿਚ ਪਰਮੇਸ਼ੁਰ ਨਾਲ ਗੱਲ ਕਰੇ। 29 ਨਾਲੇ ਦੋ ਜਾਂ ਤਿੰਨ ਨਬੀ+ ਹੀ ਗੱਲ ਕਰਨ ਅਤੇ ਦੂਸਰੇ ਉਨ੍ਹਾਂ ਦਾ ਮਤਲਬ ਸਮਝਣ ਦੀ ਕੋਸ਼ਿਸ਼ ਕਰਨ। 30 ਪਰ ਜੇ ਕਿਸੇ ਨੂੰ ਉੱਥੇ ਬੈਠੇ-ਬੈਠੇ ਪਰਮੇਸ਼ੁਰ ਤੋਂ ਸੰਦੇਸ਼ ਮਿਲਦਾ ਹੈ, ਤਾਂ ਜਿਹੜਾ ਪਹਿਲਾਂ ਗੱਲ ਕਰ ਰਿਹਾ ਹੈ, ਉਹ ਚੁੱਪ ਕਰ ਜਾਵੇ। 31 ਤੁਸੀਂ ਸਾਰੇ ਇਕ-ਇਕ ਕਰ ਕੇ ਭਵਿੱਖਬਾਣੀਆਂ ਕਰ ਸਕਦੇ ਹੋ ਤਾਂਕਿ ਸਾਰੇ ਜਣੇ ਸਿੱਖਣ ਅਤੇ ਸਾਰਿਆਂ ਨੂੰ ਹੱਲਾਸ਼ੇਰੀ ਮਿਲੇ।+ 32 ਪਵਿੱਤਰ ਸ਼ਕਤੀ ਦੀਆਂ ਦਾਤਾਂ ਇਸਤੇਮਾਲ ਕਰਦੇ ਵੇਲੇ ਨਬੀ ਆਪਣੇ ਆਪ ਨੂੰ ਕਾਬੂ ਵਿਚ ਰੱਖਣ 33 ਕਿਉਂਕਿ ਪਰਮੇਸ਼ੁਰ ਗੜਬੜੀ ਦਾ ਪਰਮੇਸ਼ੁਰ ਨਹੀਂ, ਸਗੋਂ ਸ਼ਾਂਤੀ ਦਾ ਪਰਮੇਸ਼ੁਰ ਹੈ।+

ਜਿਵੇਂ ਪਵਿੱਤਰ ਸੇਵਕਾਂ ਦੀਆਂ ਸਾਰੀਆਂ ਮੰਡਲੀਆਂ ਵਿਚ ਹੁੰਦਾ ਹੈ, 34 ਤੀਵੀਆਂ ਮੰਡਲੀਆਂ ਵਿਚ ਚੁੱਪ ਰਹਿਣ ਕਿਉਂਕਿ ਉਨ੍ਹਾਂ ਨੂੰ ਬੋਲਣ ਦੀ ਇਜਾਜ਼ਤ ਨਹੀਂ ਹੈ।+ ਇਸ ਦੀ ਬਜਾਇ, ਉਹ ਅਧੀਨ ਰਹਿਣ,+ ਜਿਵੇਂ ਮੂਸਾ ਦੇ ਕਾਨੂੰਨ ਵਿਚ ਵੀ ਕਿਹਾ ਗਿਆ ਹੈ। 35 ਜੇ ਉਨ੍ਹਾਂ ਨੂੰ ਕੋਈ ਗੱਲ ਸਮਝ ਨਹੀਂ ਆਉਂਦੀ, ਤਾਂ ਉਹ ਘਰੇ ਆਪਣੇ ਪਤੀਆਂ ਨੂੰ ਪੁੱਛਣ ਕਿਉਂਕਿ ਤੀਵੀਆਂ ਲਈ ਮੰਡਲੀ ਵਿਚ ਬੋਲਣਾ ਸ਼ਰਮ ਦੀ ਗੱਲ ਹੈ।

36 ਕੀ ਪਰਮੇਸ਼ੁਰ ਦਾ ਬਚਨ ਤੁਹਾਡੇ ਤੋਂ ਆਇਆ ਸੀ ਜਾਂ ਸਿਰਫ਼ ਤੁਹਾਨੂੰ ਹੀ ਮਿਲਿਆ ਸੀ?

37 ਜੇ ਕੋਈ ਸੋਚਦਾ ਹੈ ਕਿ ਉਹ ਨਬੀ ਹੈ ਜਾਂ ਉਸ ਨੂੰ ਪਵਿੱਤਰ ਸ਼ਕਤੀ ਦੀ ਦਾਤ ਮਿਲੀ ਹੈ, ਤਾਂ ਉਸ ਨੂੰ ਇਹ ਸਵੀਕਾਰ ਕਰਨਾ ਚਾਹੀਦਾ ਹੈ ਕਿ ਮੈਂ ਜੋ ਲਿਖ ਰਿਹਾ ਹਾਂ, ਉਹ ਪ੍ਰਭੂ ਦਾ ਹੁਕਮ ਹੈ। 38 ਪਰ ਜੇ ਕੋਈ ਇਸ ਨੂੰ ਠੁਕਰਾਉਂਦਾ ਹੈ, ਤਾਂ ਉਸ ਨੂੰ ਵੀ ਠੁਕਰਾਇਆ ਜਾਵੇਗਾ।* 39 ਇਸ ਕਰਕੇ ਮੇਰੇ ਭਰਾਵੋ, ਤੁਸੀਂ ਭਵਿੱਖਬਾਣੀਆਂ ਕਰਨ ਦੀ ਦਾਤ ਪ੍ਰਾਪਤ ਕਰਨ ਦਾ ਪੂਰਾ ਜਤਨ ਕਰੋ,+ ਪਰ ਜਿਹੜੇ ਹੋਰ ਬੋਲੀਆਂ ਬੋਲਦੇ ਹਨ, ਉਨ੍ਹਾਂ ਨੂੰ ਨਾ ਰੋਕੋ।+ 40 ਪਰ ਸਾਰੇ ਕੰਮ ਸਲੀਕੇ ਨਾਲ ਅਤੇ ਸਹੀ ਢੰਗ ਨਾਲ ਕਰੋ।+

15 ਭਰਾਵੋ, ਮੈਂ ਤੁਹਾਨੂੰ ਉਸ ਖ਼ੁਸ਼ ਖ਼ਬਰੀ ਬਾਰੇ ਯਾਦ ਕਰਾਉਣਾ ਚਾਹੁੰਦਾ ਹਾਂ ਜੋ ਮੈਂ ਤੁਹਾਨੂੰ ਸੁਣਾਈ ਸੀ+ ਅਤੇ ਜਿਸ ਨੂੰ ਤੁਸੀਂ ਕਬੂਲ ਕੀਤਾ ਹੈ ਅਤੇ ਜਿਸ ਦੇ ਮੁਤਾਬਕ ਚੱਲਦੇ ਰਹਿਣ ਦਾ ਤੁਸੀਂ ਪੱਕਾ ਇਰਾਦਾ ਕੀਤਾ ਹੈ। 2 ਜੋ ਖ਼ੁਸ਼ ਖ਼ਬਰੀ ਮੈਂ ਤੁਹਾਨੂੰ ਸੁਣਾਈ ਸੀ, ਉਸ ਰਾਹੀਂ ਤੁਹਾਨੂੰ ਬਚਾਇਆ ਜਾ ਰਿਹਾ ਹੈ, ਬਸ਼ਰਤੇ ਕਿ ਤੁਸੀਂ ਉਸ ਉੱਤੇ ਪੱਕੇ ਰਹੋ। ਨਹੀਂ ਤਾਂ ਤੁਹਾਡੇ ਲਈ ਨਿਹਚਾ ਕਰਨੀ ਵਿਅਰਥ ਹੈ।

3 ਮੈਂ ਜੋ ਸਭ ਤੋਂ ਜ਼ਰੂਰੀ ਗੱਲ ਸਿੱਖੀ ਸੀ, ਉਹ ਤੁਹਾਨੂੰ ਵੀ ਦੱਸੀ ਹੈ ਕਿ ਧਰਮ-ਗ੍ਰੰਥ ਅਨੁਸਾਰ ਮਸੀਹ ਸਾਡੇ ਪਾਪਾਂ ਦੀ ਖ਼ਾਤਰ ਮਰਿਆ,+ 4 ਉਸ ਨੂੰ ਦਫ਼ਨਾਇਆ ਗਿਆ+ ਅਤੇ ਧਰਮ-ਗ੍ਰੰਥ ਅਨੁਸਾਰ+ ਉਸ ਨੂੰ ਤੀਜੇ ਦਿਨ+ ਜੀਉਂਦਾ ਕੀਤਾ ਗਿਆ,+ 5 ਉਹ ਕੇਫ਼ਾਸ* ਦੇ ਸਾਮ੍ਹਣੇ ਅਤੇ ਫਿਰ ਬਾਰਾਂ ਰਸੂਲਾਂ ਦੇ ਸਾਮ੍ਹਣੇ ਪ੍ਰਗਟ ਹੋਇਆ।+ 6 ਇਸ ਤੋਂ ਬਾਅਦ ਉਹ ਇਕ ਵਾਰ 500 ਤੋਂ ਜ਼ਿਆਦਾ ਭਰਾਵਾਂ ਦੇ ਸਾਮ੍ਹਣੇ ਪ੍ਰਗਟ ਹੋਇਆ+ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਹਾਲੇ ਵੀ ਸਾਡੇ ਨਾਲ ਹਨ, ਪਰ ਕੁਝ ਮੌਤ ਦੀ ਨੀਂਦ ਸੌਂ ਚੁੱਕੇ ਹਨ। 7 ਫਿਰ ਉਹ ਯਾਕੂਬ ਦੇ ਸਾਮ੍ਹਣੇ ਪ੍ਰਗਟ ਹੋਇਆ+ ਤੇ ਫਿਰ ਸਾਰੇ ਰਸੂਲਾਂ ਦੇ ਸਾਮ੍ਹਣੇ।+ 8 ਪਰ ਅਖ਼ੀਰ ਵਿਚ ਉਹ ਮੇਰੇ ਸਾਮ੍ਹਣੇ ਵੀ ਪ੍ਰਗਟ ਹੋਇਆ,+ ਜਿਵੇਂ ਮੈਂ ਸਮੇਂ ਤੋਂ ਪਹਿਲਾਂ ਜੰਮਿਆ ਹੋਵਾਂ।

9 ਮੈਂ ਸਾਰੇ ਰਸੂਲਾਂ ਵਿੱਚੋਂ ਛੋਟਾ ਰਸੂਲ ਹਾਂ ਅਤੇ ਮੈਂ ਤਾਂ ਰਸੂਲ ਕਹਾਉਣ ਦੇ ਲਾਇਕ ਵੀ ਨਹੀਂ ਹਾਂ ਕਿਉਂਕਿ ਮੈਂ ਪਰਮੇਸ਼ੁਰ ਦੀ ਮੰਡਲੀ ਉੱਤੇ ਅਤਿਆਚਾਰ ਕੀਤੇ ਸਨ।+ 10 ਪਰ ਅੱਜ ਮੈਂ ਜੋ ਵੀ ਹਾਂ, ਉਹ ਪਰਮੇਸ਼ੁਰ ਦੀ ਅਪਾਰ ਕਿਰਪਾ ਦੇ ਕਾਰਨ ਹੀ ਹਾਂ। ਉਸ ਨੇ ਮੇਰੇ ਉੱਤੇ ਜੋ ਅਪਾਰ ਕਿਰਪਾ ਕੀਤੀ ਹੈ, ਉਹ ਵਿਅਰਥ ਸਾਬਤ ਨਹੀਂ ਹੋਈ, ਸਗੋਂ ਮੈਂ ਬਾਕੀ ਸਾਰੇ ਰਸੂਲਾਂ ਨਾਲੋਂ ਜ਼ਿਆਦਾ ਮਿਹਨਤ ਕੀਤੀ ਹੈ। ਪਰ ਇਹ ਮੈਂ ਆਪਣੀ ਤਾਕਤ ਨਾਲ ਨਹੀਂ, ਸਗੋਂ ਆਪਣੇ ਉੱਤੇ ਹੋਈ ਪਰਮੇਸ਼ੁਰ ਦੀ ਅਪਾਰ ਕਿਰਪਾ ਸਦਕਾ ਕੀਤੀ ਹੈ। 11 ਪਰ ਮੈਂ ਅਤੇ ਦੂਸਰੇ ਰਸੂਲ, ਅਸੀਂ ਸਾਰੇ ਇੱਕੋ ਸੰਦੇਸ਼ ਦਾ ਪ੍ਰਚਾਰ ਕਰਦੇ ਹਾਂ ਅਤੇ ਤੁਸੀਂ ਇਸ ਸੰਦੇਸ਼ ਉੱਤੇ ਨਿਹਚਾ ਕੀਤੀ ਹੈ।

12 ਹੁਣ ਜੇ ਅਸੀਂ ਇਹ ਪ੍ਰਚਾਰ ਕਰਦੇ ਹਾਂ ਕਿ ਮਸੀਹ ਨੂੰ ਮਰੇ ਹੋਇਆਂ ਵਿੱਚੋਂ ਜੀਉਂਦਾ ਕਰ ਦਿੱਤਾ ਗਿਆ ਹੈ,+ ਤਾਂ ਫਿਰ ਤੁਹਾਡੇ ਵਿੱਚੋਂ ਕਈ ਜਣੇ ਇਹ ਕਿਉਂ ਕਹਿੰਦੇ ਹਨ ਕਿ ਮਰੇ ਹੋਏ ਲੋਕਾਂ ਨੂੰ ਜੀਉਂਦਾ ਨਹੀਂ ਕੀਤਾ ਜਾਵੇਗਾ? 13 ਜੇ ਮਰੇ ਹੋਇਆਂ ਨੂੰ ਜੀਉਂਦਾ ਨਹੀਂ ਕੀਤਾ ਜਾਵੇਗਾ, ਤਾਂ ਇਸ ਦਾ ਮਤਲਬ ਹੈ ਕਿ ਮਸੀਹ ਨੂੰ ਵੀ ਜੀਉਂਦਾ ਨਹੀਂ ਕੀਤਾ ਗਿਆ। 14 ਜੇ ਮਸੀਹ ਨੂੰ ਜੀਉਂਦਾ ਨਹੀਂ ਕੀਤਾ ਗਿਆ ਹੈ, ਤਾਂ ਸਾਡਾ ਪ੍ਰਚਾਰ ਕਰਨਾ ਵਿਅਰਥ ਹੈ ਅਤੇ ਤੁਹਾਡੇ ਲਈ ਨਿਹਚਾ ਕਰਨੀ ਵੀ ਵਿਅਰਥ ਹੈ। 15 ਨਾਲੇ ਅਸੀਂ ਪਰਮੇਸ਼ੁਰ ਦੇ ਝੂਠੇ ਗਵਾਹ ਸਾਬਤ ਹੁੰਦੇ ਹਾਂ+ ਕਿਉਂਕਿ ਅਸੀਂ ਪਰਮੇਸ਼ੁਰ ਦੇ ਬਾਰੇ ਝੂਠੀ ਗਵਾਹੀ ਦਿੰਦੇ ਹਾਂ ਕਿ ਉਸ ਨੇ ਮਸੀਹ ਨੂੰ ਜੀਉਂਦਾ ਕੀਤਾ ਹੈ।+ ਜੇ ਮਰੇ ਹੋਏ ਲੋਕਾਂ ਨੂੰ ਵਾਕਈ ਜੀਉਂਦਾ ਨਹੀਂ ਕੀਤਾ ਜਾਣਾ ਹੈ, ਤਾਂ ਫਿਰ ਪਰਮੇਸ਼ੁਰ ਨੇ ਮਸੀਹ ਨੂੰ ਵੀ ਜੀਉਂਦਾ ਨਹੀਂ ਕੀਤਾ ਹੈ। 16 ਜੇ ਮਰੇ ਹੋਏ ਲੋਕਾਂ ਨੂੰ ਜੀਉਂਦਾ ਨਹੀਂ ਕੀਤਾ ਜਾਣਾ ਹੈ, ਤਾਂ ਫਿਰ ਮਸੀਹ ਨੂੰ ਵੀ ਜੀਉਂਦਾ ਨਹੀਂ ਕੀਤਾ ਗਿਆ ਹੈ। 17 ਇਸ ਤੋਂ ਇਲਾਵਾ, ਜੇ ਮਸੀਹ ਨੂੰ ਜੀਉਂਦਾ ਨਹੀਂ ਕੀਤਾ ਗਿਆ ਹੈ, ਤਾਂ ਤੁਹਾਡੇ ਲਈ ਨਿਹਚਾ ਕਰਨੀ ਵਿਅਰਥ ਹੈ; ਤੁਸੀਂ ਅਜੇ ਵੀ ਪਾਪੀ ਹੋ।+ 18 ਤਾਂ ਫਿਰ, ਜਿਹੜੇ ਮਸੀਹੀ ਮੌਤ ਦੀ ਨੀਂਦ ਸੌਂ ਚੁੱਕੇ ਹਨ, ਉਹ ਅਸਲ ਵਿਚ ਹਮੇਸ਼ਾ ਲਈ ਖ਼ਤਮ ਹੋ ਗਏ ਹਨ।+ 19 ਜੇ ਅਸੀਂ ਇਸੇ ਜ਼ਿੰਦਗੀ ਲਈ ਹੀ ਮਸੀਹ ਉੱਤੇ ਆਸ ਰੱਖੀ ਹੋਈ ਹੈ, ਤਾਂ ਸਾਡੀ ਹਾਲਤ ਸਾਰੇ ਇਨਸਾਨਾਂ ਨਾਲੋਂ ਜ਼ਿਆਦਾ ਤਰਸਯੋਗ ਹੈ।

20 ਪਰ ਜਿਹੜੇ ਲੋਕ ਮੌਤ ਦੀ ਨੀਂਦ ਸੌਂ ਚੁੱਕੇ ਹਨ, ਉਨ੍ਹਾਂ ਵਿੱਚੋਂ ਮਸੀਹ ਨੂੰ ਸਭ ਤੋਂ ਪਹਿਲਾਂ* ਜੀਉਂਦਾ ਕਰ ਦਿੱਤਾ ਗਿਆ ਹੈ।+ 21 ਜਿਵੇਂ ਇਕ ਆਦਮੀ ਦੇ ਜ਼ਰੀਏ ਮੌਤ ਆਈ ਸੀ,+ ਉਸੇ ਤਰ੍ਹਾਂ ਇਕ ਆਦਮੀ ਦੇ ਜ਼ਰੀਏ ਹੀ ਮਰੇ ਹੋਏ ਲੋਕਾਂ ਨੂੰ ਜੀਉਂਦਾ ਕੀਤਾ ਜਾਵੇਗਾ।+ 22 ਠੀਕ ਜਿਵੇਂ ਆਦਮ ਕਰਕੇ ਸਾਰੇ ਮਰਦੇ ਹਨ,+ ਉਸੇ ਤਰ੍ਹਾਂ ਮਸੀਹ ਕਰਕੇ ਸਾਰਿਆਂ ਨੂੰ ਜੀਉਂਦਾ ਕੀਤਾ ਜਾਵੇਗਾ।+ 23 ਪਰ ਸਾਰਿਆਂ ਨੂੰ ਆਪੋ-ਆਪਣੀ ਵਾਰੀ ਸਿਰ: ਸਭ ਤੋਂ ਪਹਿਲਾਂ* ਮਸੀਹ ਨੂੰ+ ਤੇ ਫਿਰ ਉਸ ਦੀ ਮੌਜੂਦਗੀ ਦੌਰਾਨ ਉਨ੍ਹਾਂ ਨੂੰ ਜੀਉਂਦਾ ਕੀਤਾ ਜਾਵੇਗਾ ਜਿਹੜੇ ਮਸੀਹ ਦੇ ਹਨ।+ 24 ਅਖ਼ੀਰ ਵਿਚ ਜਦੋਂ ਮਸੀਹ ਸਾਰੀਆਂ ਸਰਕਾਰਾਂ ਅਤੇ ਅਧਿਕਾਰ ਤੇ ਤਾਕਤ ਰੱਖਣ ਵਾਲਿਆਂ ਨੂੰ ਖ਼ਤਮ ਕਰ ਦੇਵੇਗਾ, ਤਾਂ ਉਹ ਆਪਣੇ ਪਿਤਾ ਪਰਮੇਸ਼ੁਰ ਨੂੰ ਰਾਜ ਵਾਪਸ ਸੌਂਪ ਦੇਵੇਗਾ।+ 25 ਉਸ ਲਈ ਉਦੋਂ ਤਕ ਰਾਜੇ ਵਜੋਂ ਰਾਜ ਕਰਨਾ ਜ਼ਰੂਰੀ ਹੈ ਜਦੋਂ ਤਕ ਪਰਮੇਸ਼ੁਰ ਸਾਰੇ ਦੁਸ਼ਮਣਾਂ ਨੂੰ ਉਸ ਦੇ ਪੈਰਾਂ ਹੇਠ ਨਹੀਂ ਕਰ ਦਿੰਦਾ।+ 26 ਨਾਲੇ ਆਖ਼ਰੀ ਦੁਸ਼ਮਣ ਮੌਤ ਨੂੰ ਵੀ ਖ਼ਤਮ ਕਰ ਦਿੱਤਾ ਜਾਵੇਗਾ।+ 27 ਪਰਮੇਸ਼ੁਰ ਨੇ “ਸਾਰੀਆਂ ਚੀਜ਼ਾਂ ਉਸ ਦੇ ਪੈਰਾਂ ਹੇਠ ਕਰ ਦਿੱਤੀਆਂ ਹਨ।”+ ਪਰ ਇਸ ਗੱਲ ਦਾ ਕਿ ‘ਸਾਰੀਆਂ ਚੀਜ਼ਾਂ ਉਸ ਦੇ ਅਧੀਨ ਕੀਤੀਆਂ ਗਈਆਂ ਹਨ,’+ ਇਹ ਮਤਲਬ ਨਹੀਂ ਹੈ ਕਿ ਪਰਮੇਸ਼ੁਰ ਜਿਸ ਨੇ ਸਾਰੀਆਂ ਚੀਜ਼ਾਂ ਉਸ ਦੇ ਅਧੀਨ ਕੀਤੀਆਂ ਹਨ, ਆਪ ਵੀ ਉਸ ਦੇ ਅਧੀਨ ਹੋ ਗਿਆ ਹੈ।+ 28 ਇਸ ਦੀ ਬਜਾਇ, ਸਾਰੀਆਂ ਚੀਜ਼ਾਂ ਪੁੱਤਰ ਦੇ ਅਧੀਨ ਹੋ ਜਾਣ ਤੋਂ ਬਾਅਦ ਪੁੱਤਰ ਆਪ ਵੀ ਪਰਮੇਸ਼ੁਰ ਦੇ ਅਧੀਨ ਹੋ ਜਾਵੇਗਾ ਜਿਸ ਨੇ ਸਾਰੀਆਂ ਚੀਜ਼ਾਂ ਪੁੱਤਰ ਦੇ ਅਧੀਨ ਕੀਤੀਆਂ ਹਨ+ ਤਾਂਕਿ ਪਰਮੇਸ਼ੁਰ ਹੀ ਸਾਰਿਆਂ ਲਈ ਸਭ ਕੁਝ ਹੋਵੇ।+

29 ਜੇ ਮਰੇ ਹੋਏ ਲੋਕਾਂ ਨੂੰ ਜੀਉਂਦਾ ਨਹੀਂ ਕੀਤਾ ਜਾਵੇਗਾ, ਤਾਂ ਉਨ੍ਹਾਂ ਲੋਕਾਂ ਨੂੰ ਕੀ ਫ਼ਾਇਦਾ ਜਿਹੜੇ ਮਰਨ ਦੇ ਇਰਾਦੇ ਨਾਲ ਬਪਤਿਸਮਾ ਲੈਂਦੇ ਹਨ?+ ਤਾਂ ਫਿਰ ਉਹ ਇਸ ਇਰਾਦੇ ਨਾਲ ਬਪਤਿਸਮਾ ਲੈਂਦੇ ਹੀ ਕਿਉਂ ਹਨ? 30 ਅਸੀਂ ਵੀ ਹਰ ਵੇਲੇ ਖ਼ਤਰਿਆਂ ਦਾ ਕਿਉਂ ਸਾਮ੍ਹਣਾ ਕਰਦੇ ਹਾਂ?+ 31 ਮੈਂ ਹਰ ਰੋਜ਼ ਮੌਤ ਦਾ ਸਾਮ੍ਹਣਾ ਕਰਦਾ ਹਾਂ। ਭਰਾਵੋ, ਇਹ ਗੱਲ ਉੱਨੀ ਹੀ ਸੱਚ ਹੈ ਜਿੰਨੀ ਇਹ ਕਿ ਮੈਨੂੰ ਤੁਹਾਡੇ ਉੱਤੇ ਮਾਣ ਹੈ ਕਿ ਤੁਸੀਂ ਸਾਡੇ ਪ੍ਰਭੂ ਮਸੀਹ ਯਿਸੂ ਦੇ ਚੇਲੇ ਹੋ। 32 ਜੇ ਮੈਂ ਦੂਸਰੇ ਇਨਸਾਨਾਂ ਵਾਂਗ ਹੀ* ਅਫ਼ਸੁਸ ਵਿਚ ਜੰਗਲੀ ਜਾਨਵਰਾਂ ਨਾਲ ਲੜਿਆ ਹਾਂ,+ ਤਾਂ ਫਿਰ ਮੈਨੂੰ ਕੀ ਫ਼ਾਇਦਾ? ਜੇ ਮਰੇ ਹੋਏ ਲੋਕਾਂ ਨੂੰ ਜੀਉਂਦਾ ਨਹੀਂ ਕੀਤਾ ਜਾਵੇਗਾ, ਤਾਂ “ਆਓ ਆਪਾਂ ਖਾਈਏ-ਪੀਏ ਕਿਉਂਕਿ ਕੱਲ੍ਹ ਨੂੰ ਤਾਂ ਅਸੀਂ ਮਰਨਾ ਹੀ ਹੈ।”+ 33 ਧੋਖਾ ਨਾ ਖਾਓ, ਬੁਰੀਆਂ ਸੰਗਤਾਂ ਚੰਗੀਆਂ ਆਦਤਾਂ* ਵਿਗਾੜ ਦਿੰਦੀਆਂ ਹਨ।+ 34 ਹੋਸ਼ ਵਿਚ ਆਓ ਅਤੇ ਸਹੀ ਕੰਮ ਕਰੋ ਅਤੇ ਪਾਪ ਕਰਨ ਵਿਚ ਨਾ ਲੱਗੇ ਰਹੋ ਕਿਉਂਕਿ ਤੁਹਾਡੇ ਵਿੱਚੋਂ ਕੁਝ ਜਣਿਆਂ ਨੂੰ ਪਰਮੇਸ਼ੁਰ ਦਾ ਬਿਲਕੁਲ ਵੀ ਗਿਆਨ ਨਹੀਂ ਹੈ। ਮੈਂ ਤੁਹਾਨੂੰ ਇਹ ਗੱਲ ਇਸ ਕਰਕੇ ਕਹਿ ਰਿਹਾ ਹਾਂ ਤਾਂਕਿ ਤੁਹਾਨੂੰ ਸ਼ਰਮਿੰਦਗੀ ਮਹਿਸੂਸ ਹੋਵੇ।

35 ਫਿਰ ਵੀ ਕੋਈ ਪੁੱਛੇਗਾ: “ਮਰੇ ਹੋਏ ਲੋਕਾਂ ਨੂੰ ਕਿਵੇਂ ਜੀਉਂਦਾ ਕੀਤਾ ਜਾਵੇਗਾ? ਨਾਲੇ ਜੀਉਂਦੇ ਹੋਣ ਤੋਂ ਬਾਅਦ ਉਨ੍ਹਾਂ ਦਾ ਸਰੀਰ ਕਿਹੋ ਜਿਹਾ ਹੋਵੇਗਾ?”+ 36 ਓਏ ਨਾਸਮਝ ਬੰਦਿਆ! ਤੂੰ ਜੋ ਬੀ ਬੀਜਦਾ ਹੈਂ, ਉਹ ਉੱਨਾ ਚਿਰ ਨਹੀਂ ਉੱਗਦਾ* ਜਿੰਨਾ ਚਿਰ ਉਹ ਮਰ ਨਹੀਂ ਜਾਂਦਾ। 37 ਤੂੰ ਜਦੋਂ ਬੀਜਦਾ ਹੈਂ, ਤਾਂ ਤੂੰ ਪੌਦੇ* ਨੂੰ ਨਹੀਂ ਬੀਜਦਾ ਜੋ ਉੱਗੇਗਾ, ਸਿਰਫ਼ ਬੀ ਬੀਜਦਾ ਹੈਂ, ਚਾਹੇ ਉਹ ਕਣਕ ਦਾ ਹੋਵੇ ਜਾਂ ਫਿਰ ਕਿਸੇ ਹੋਰ ਅਨਾਜ ਦਾ। 38 ਪਰ ਪਰਮੇਸ਼ੁਰ ਨੂੰ ਜਿਵੇਂ ਚੰਗਾ ਲੱਗਦਾ ਹੈ, ਉਹ ਇਸ ਨੂੰ ਸਰੀਰ ਦਿੰਦਾ ਹੈ ਅਤੇ ਹਰ ਤਰ੍ਹਾਂ ਦੇ ਬੀਆਂ ਨੂੰ ਵੱਖੋ-ਵੱਖਰਾ ਸਰੀਰ ਦਿੰਦਾ ਹੈ। 39 ਸਾਰੇ ਸਰੀਰ ਇੱਕੋ ਜਿਹੇ ਨਹੀਂ ਹੁੰਦੇ, ਇਨਸਾਨਾਂ ਦਾ ਸਰੀਰ ਹੋਰ ਹੁੰਦਾ ਹੈ, ਜਾਨਵਰਾਂ ਦਾ ਸਰੀਰ ਹੋਰ ਹੁੰਦਾ ਹੈ, ਪੰਛੀਆਂ ਦਾ ਸਰੀਰ ਹੋਰ ਹੁੰਦਾ ਹੈ ਅਤੇ ਮੱਛੀਆਂ ਦਾ ਸਰੀਰ ਹੋਰ ਹੁੰਦਾ ਹੈ। 40 ਸਵਰਗੀ ਸਰੀਰ ਵੀ ਹੁੰਦੇ ਹਨ+ ਅਤੇ ਇਨਸਾਨੀ ਸਰੀਰ ਵੀ ਹੁੰਦੇ ਹਨ;+ ਪਰ ਸਵਰਗੀ ਸਰੀਰਾਂ ਦੀ ਸ਼ਾਨ ਵੱਖਰੀ ਹੁੰਦੀ ਹੈ ਅਤੇ ਇਨਸਾਨੀ ਸਰੀਰਾਂ ਦੀ ਸ਼ਾਨ ਵੱਖਰੀ ਹੁੰਦੀ ਹੈ। 41 ਸੂਰਜ ਦੀ ਚਮਕ ਹੋਰ ਹੁੰਦੀ ਹੈ ਅਤੇ ਚੰਦ ਦੀ ਚਮਕ ਹੋਰ ਹੁੰਦੀ ਹੈ+ ਅਤੇ ਤਾਰਿਆਂ ਦੀ ਚਮਕ ਹੋਰ ਹੁੰਦੀ ਹੈ; ਅਸਲ ਵਿਚ ਇਕ ਤਾਰੇ ਦੀ ਚਮਕ ਦੂਸਰੇ ਤਾਰੇ ਨਾਲੋਂ ਵੱਖਰੀ ਹੁੰਦੀ ਹੈ।

42 ਜਿਹੜੇ ਮਰੇ ਹੋਏ ਲੋਕ ਜੀਉਂਦੇ ਹੋਣਗੇ, ਉਨ੍ਹਾਂ ਨਾਲ ਵੀ ਇਸੇ ਤਰ੍ਹਾਂ ਹੋਵੇਗਾ। ਜਿਹੜਾ ਸਰੀਰ ਦੱਬਿਆ* ਜਾਂਦਾ ਹੈ, ਉਹ ਨਾਸ਼ ਹੋ ਜਾਂਦਾ ਹੈ, ਪਰ ਜਿਹੜੇ ਸਰੀਰ ਨੂੰ ਜੀਉਂਦਾ ਕੀਤਾ ਜਾਂਦਾ ਹੈ, ਉਹ ਅਵਿਨਾਸ਼ੀ ਹੁੰਦਾ ਹੈ।+ 43 ਜਿਹੜਾ ਸਰੀਰ ਦੱਬਿਆ* ਜਾਂਦਾ ਹੈ, ਉਹ ਘਿਣਾਉਣੀ ਹਾਲਤ ਵਿਚ ਹੁੰਦਾ ਹੈ, ਪਰ ਜਿਹੜੇ ਸਰੀਰ ਨੂੰ ਜੀਉਂਦਾ ਕੀਤਾ ਜਾਂਦਾ ਹੈ, ਉਹ ਮਹਿਮਾਵਾਨ ਹੁੰਦਾ ਹੈ।+ ਜਿਹੜਾ ਸਰੀਰ ਦੱਬਿਆ* ਜਾਂਦਾ ਹੈ, ਉਹ ਕਮਜ਼ੋਰ ਹੁੰਦਾ ਹੈ, ਪਰ ਜਿਹੜੇ ਸਰੀਰ ਨੂੰ ਜੀਉਂਦਾ ਕੀਤਾ ਜਾਂਦਾ ਹੈ, ਉਹ ਤਾਕਤਵਰ ਹੁੰਦਾ ਹੈ।+ 44 ਇਨਸਾਨੀ ਸਰੀਰ ਨੂੰ ਦੱਬਿਆ* ਜਾਂਦਾ ਹੈ, ਪਰ ਇਸ ਨੂੰ ਸਵਰਗੀ* ਸਰੀਰ ਵਿਚ ਜੀਉਂਦਾ ਕੀਤਾ ਜਾਂਦਾ ਹੈ। ਜੇ ਇਨਸਾਨੀ ਸਰੀਰ ਹੈ, ਤਾਂ ਸਵਰਗੀ ਸਰੀਰ ਵੀ ਹੈ। 45 ਧਰਮ-ਗ੍ਰੰਥ ਵਿਚ ਲਿਖਿਆ ਹੈ: “ਪਹਿਲਾ ਆਦਮ ਜੀਉਂਦਾ ਇਨਸਾਨ ਬਣਿਆ।”+ ਆਖ਼ਰੀ ਆਦਮ ਸਵਰਗੀ ਸਰੀਰ ਧਾਰ ਕੇ ਜੀਵਨ ਦੇਣ ਵਾਲਾ ਬਣਿਆ।+ 46 ਪਰ ਪਹਿਲਾ ਸਰੀਰ ਸਵਰਗੀ ਨਹੀਂ ਹੁੰਦਾ, ਸਗੋਂ ਇਨਸਾਨੀ ਹੁੰਦਾ ਹੈ ਅਤੇ ਬਾਅਦ ਵਿਚ ਸਵਰਗੀ ਸਰੀਰ ਮਿਲਦਾ ਹੈ। 47 ਪਹਿਲਾ ਆਦਮੀ ਧਰਤੀ ਤੋਂ ਸੀ ਅਤੇ ਉਸ ਨੂੰ ਮਿੱਟੀ ਤੋਂ ਬਣਾਇਆ ਗਿਆ ਸੀ;+ ਦੂਸਰਾ ਆਦਮੀ ਸਵਰਗੋਂ ਸੀ।+ 48 ਇਸ ਦੁਨੀਆਂ ਦੇ ਲੋਕ ਉਸ ਵਰਗੇ ਹਨ ਜਿਸ ਨੂੰ ਪਰਮੇਸ਼ੁਰ ਨੇ ਮਿੱਟੀ ਤੋਂ ਬਣਾਇਆ ਸੀ ਅਤੇ ਜਿਹੜੇ ਸਵਰਗੀ ਹਨ ਉਹ ਉਸ ਵਰਗੇ ਹਨ ਜਿਹੜਾ ਸਵਰਗ ਨੂੰ ਗਿਆ ਸੀ।+ 49 ਜਿਵੇਂ ਸਾਡਾ ਰੂਪ ਉਸ ਵਰਗਾ ਹੈ ਜਿਸ ਨੂੰ ਮਿੱਟੀ ਤੋਂ ਬਣਾਇਆ ਗਿਆ ਸੀ,+ ਇਸੇ ਤਰ੍ਹਾਂ ਸਾਡਾ ਰੂਪ ਉਸ ਵਰਗਾ ਹੋਵੇਗਾ ਜਿਹੜਾ ਸਵਰਗ ਨੂੰ ਗਿਆ ਸੀ।+

50 ਪਰ ਭਰਾਵੋ, ਮੈਂ ਪੱਕੇ ਤੌਰ ਤੇ ਕਹਿੰਦਾ ਹਾਂ ਕਿ ਹੱਡ-ਮਾਸ ਦੇ ਸਰੀਰ ਪਰਮੇਸ਼ੁਰ ਦੇ ਰਾਜ ਦੇ ਵਾਰਸ ਨਹੀਂ ਬਣਨਗੇ ਅਤੇ ਨਾ ਹੀ ਨਾਸ਼ਵਾਨ ਸਰੀਰ ਅਵਿਨਾਸ਼ੀ ਬਣਨਗੇ। 51 ਸੁਣੋ! ਮੈਂ ਤੁਹਾਨੂੰ ਇਕ ਪਵਿੱਤਰ ਭੇਤ ਦੱਸਦਾ ਹਾਂ: ਸਾਡੇ ਵਿੱਚੋਂ ਸਾਰੇ ਜਣੇ ਮੌਤ ਦੀ ਨੀਂਦ ਨਹੀਂ ਸੌਣਗੇ, ਪਰ ਅਸੀਂ ਸਾਰੇ ਬਦਲ ਜਾਵਾਂਗੇ।+ 52 ਅਸੀਂ ਆਖ਼ਰੀ ਤੁਰ੍ਹੀ ਵਜਾਏ ਜਾਣ ਵੇਲੇ ਇਕ ਪਲ ਵਿਚ, ਹਾਂ, ਅੱਖ ਝਮਕਦਿਆਂ ਹੀ ਬਦਲ ਜਾਵਾਂਗੇ। ਤੁਰ੍ਹੀ ਵਜਾਈ ਜਾਵੇਗੀ+ ਅਤੇ ਮਰੇ ਹੋਏ ਲੋਕ ਅਵਿਨਾਸ਼ੀ ਸਰੀਰ ਵਿਚ ਜੀਉਂਦੇ ਹੋ ਜਾਣਗੇ ਅਤੇ ਅਸੀਂ ਬਦਲ ਜਾਵਾਂਗੇ। 53 ਨਾਸ਼ਵਾਨ ਸਰੀਰ ਬਦਲ ਕੇ ਅਵਿਨਾਸ਼ੀ ਬਣ ਜਾਵੇਗਾ+ ਅਤੇ ਮਰਨਹਾਰ ਸਰੀਰ ਬਦਲ ਕੇ ਅਮਰ ਬਣ ਜਾਵੇਗਾ।+ 54 ਪਰ ਜਦੋਂ ਨਾਸ਼ਵਾਨ ਸਰੀਰ ਅਵਿਨਾਸ਼ੀ ਬਣ ਜਾਵੇਗਾ ਅਤੇ ਮਰਨਹਾਰ ਸਰੀਰ ਅਮਰ ਬਣ ਜਾਵੇਗਾ, ਉਦੋਂ ਧਰਮ-ਗ੍ਰੰਥ ਦੀ ਇਹ ਗੱਲ ਪੂਰੀ ਹੋਵੇਗੀ: “ਮੌਤ ਨੂੰ ਹਮੇਸ਼ਾ ਲਈ ਨਿਗਲ਼ ਲਿਆ ਗਿਆ ਹੈ।”+ 55 “ਮੌਤ, ਕਿੱਥੇ ਹੈ ਤੇਰੀ ਜਿੱਤ? ਮੌਤ, ਕਿੱਥੇ ਹੈ ਤੇਰਾ ਡੰਗ?”+ 56 ਪਾਪ ਉਹ ਡੰਗ ਹੈ ਜਿਸ ਦਾ ਅੰਜਾਮ ਮੌਤ ਹੁੰਦਾ ਹੈ+ ਅਤੇ ਮੂਸਾ ਦਾ ਕਾਨੂੰਨ ਪਾਪ ਨੂੰ ਤਾਕਤ ਬਖ਼ਸ਼ਦਾ ਹੈ।+ 57 ਪਰ ਅਸੀਂ ਪਰਮੇਸ਼ੁਰ ਦਾ ਧੰਨਵਾਦ ਕਰਦੇ ਹਾਂ ਕਿ ਉਹ ਸਾਨੂੰ ਸਾਡੇ ਪ੍ਰਭੂ ਯਿਸੂ ਮਸੀਹ ਰਾਹੀਂ ਮੌਤ ਉੱਤੇ ਜਿੱਤ ਦਿਵਾਉਂਦਾ ਹੈ!+

58 ਇਸ ਲਈ ਮੇਰੇ ਪਿਆਰੇ ਭਰਾਵੋ, ਤਕੜੇ ਹੋਵੋ,+ ਦ੍ਰਿੜ੍ਹ ਬਣੋ ਅਤੇ ਪ੍ਰਭੂ ਦੇ ਕੰਮ ਵਿਚ ਹਮੇਸ਼ਾ ਰੁੱਝੇ ਰਹੋ+ ਕਿਉਂਕਿ ਤੁਸੀਂ ਜਾਣਦੇ ਹੋ ਕਿ ਪ੍ਰਭੂ ਦੇ ਕੰਮ ਵਿਚ ਤੁਹਾਡੀ ਮਿਹਨਤ ਬੇਕਾਰ ਨਹੀਂ ਜਾਂਦੀ।+

16 ਹੁਣ ਪਵਿੱਤਰ ਸੇਵਕਾਂ ਲਈ ਦਾਨ ਇਕੱਠਾ ਕਰਨ+ ਬਾਰੇ ਜਿਹੜੀਆਂ ਹਿਦਾਇਤਾਂ ਮੈਂ ਗਲਾਤੀਆ ਦੀਆਂ ਮੰਡਲੀਆਂ ਨੂੰ ਦਿੱਤੀਆਂ ਸਨ, ਤੁਸੀਂ ਵੀ ਉਨ੍ਹਾਂ ਹਿਦਾਇਤਾਂ ਅਨੁਸਾਰ ਚੱਲੋ। 2 ਹਰ ਹਫ਼ਤੇ ਦੇ ਪਹਿਲੇ ਦਿਨ* ਤੁਹਾਡੇ ਵਿੱਚੋਂ ਹਰੇਕ ਜਣਾ ਆਪਣੀ ਕਮਾਈ ਅਨੁਸਾਰ ਕੁਝ ਪੈਸੇ ਵੱਖਰੇ ਰੱਖ ਲਵੇ ਤਾਂਕਿ ਜਦ ਮੈਂ ਆਵਾਂ, ਤਾਂ ਉਦੋਂ ਤੁਹਾਨੂੰ ਦਾਨ ਇਕੱਠਾ ਕਰਨ ਦੀ ਲੋੜ ਨਾ ਪਵੇ। 3 ਤੁਸੀਂ ਚਿੱਠੀਆਂ ਵਿਚ ਜਿਨ੍ਹਾਂ ਭਰਾਵਾਂ ਬਾਰੇ ਲਿਖੋਗੇ ਕਿ ਉਹ ਭਰੋਸੇਯੋਗ ਹਨ, ਮੈਂ ਉੱਥੇ ਆ ਕੇ ਉਨ੍ਹਾਂ ਭਰਾਵਾਂ ਦੇ ਹੱਥ ਤੁਹਾਡਾ ਪਿਆਰ ਨਾਲ ਦਿੱਤਾ ਦਾਨ ਯਰੂਸ਼ਲਮ ਨੂੰ ਘੱਲ ਦਿਆਂਗਾ।+ 4 ਪਰ ਜੇ ਇਹ ਠੀਕ ਲੱਗਾ ਕਿ ਮੈਂ ਵੀ ਉੱਥੇ ਜਾਵਾਂ, ਤਾਂ ਮੈਂ ਵੀ ਉਨ੍ਹਾਂ ਨਾਲ ਚਲਾ ਜਾਵਾਂਗਾ।

5 ਪਰ ਮੈਂ ਮਕਦੂਨੀਆ ਦਾ ਚੱਕਰ ਲਾ ਕੇ ਤੁਹਾਡੇ ਕੋਲ ਆਵਾਂਗਾ ਕਿਉਂਕਿ ਮੈਂ ਮਕਦੂਨੀਆ ਜ਼ਰੂਰ ਜਾਣਾ ਹੈ।+ 6 ਮੈਂ ਸ਼ਾਇਦ ਕੁਝ ਸਮਾਂ ਤੁਹਾਡੇ ਨਾਲ ਰਹਾਂ ਜਾਂ ਸ਼ਾਇਦ ਸਿਆਲ ਵੀ ਤੁਹਾਡੇ ਨਾਲ ਹੀ ਕੱਟਾਂ, ਫਿਰ ਤੁਸੀਂ ਮੈਨੂੰ ਵਿਦਾ ਕਰਨ ਲਈ ਮੇਰੇ ਨਾਲ ਕੁਝ ਦੂਰ ਤਕ ਆ ਜਾਇਓ। 7 ਮੈਂ ਇਸ ਵੇਲੇ ਤੁਹਾਨੂੰ ਸਿਰਫ਼ ਜਾਂਦੇ-ਜਾਂਦੇ ਹੀ ਮਿਲਣਾ ਨਹੀਂ ਚਾਹੁੰਦਾ, ਸਗੋਂ ਮੈਨੂੰ ਉਮੀਦ ਹੈ ਕਿ ਜੇ ਯਹੋਵਾਹ* ਨੇ ਚਾਹਿਆ, ਤਾਂ ਮੈਂ ਤੁਹਾਡੇ ਨਾਲ ਕੁਝ ਸਮਾਂ ਰਹਾਂਗਾ।+ 8 ਪਰ ਮੈਂ ਪੰਤੇਕੁਸਤ ਦੇ ਤਿਉਹਾਰ ਤਕ ਇੱਥੇ ਅਫ਼ਸੁਸ+ ਵਿਚ ਹੀ ਰਹਾਂਗਾ 9 ਕਿਉਂਕਿ ਮੈਨੂੰ ਸੇਵਾ ਕਰਨ ਦਾ ਵੱਡਾ ਮੌਕਾ ਮਿਲਿਆ ਹੈ,*+ ਪਰ ਇਸ ਕੰਮ ਦੇ ਵਿਰੋਧੀ ਬਹੁਤ ਹਨ।

10 ਪਰ ਜੇ ਤਿਮੋਥਿਉਸ+ ਉੱਥੇ ਆਇਆ, ਤਾਂ ਇਸ ਗੱਲ ਦਾ ਖ਼ਿਆਲ ਰੱਖਿਓ ਕਿ ਤੁਹਾਡੇ ਨਾਲ ਹੁੰਦਿਆਂ ਉਸ ਨੂੰ ਕਿਸੇ ਗੱਲ ਦਾ ਡਰ ਨਾ ਹੋਵੇ ਕਿਉਂਕਿ ਉਹ ਵੀ ਮੇਰੇ ਵਾਂਗ ਯਹੋਵਾਹ* ਦਾ ਕੰਮ ਕਰ ਰਿਹਾ ਹੈ।+ 11 ਇਸ ਲਈ ਕੋਈ ਵੀ ਉਸ ਨੂੰ ਐਵੇਂ ਨਾ ਸਮਝੇ। ਜਦੋਂ ਉਹ ਮੇਰੇ ਕੋਲ ਆਵੇ, ਤਾਂ ਤੁਸੀਂ ਉਸ ਨਾਲ ਕੁਝ ਦੂਰ ਤਕ ਆ ਜਾਇਓ ਅਤੇ ਉਸ ਨੂੰ ਸਹੀ-ਸਲਾਮਤ ਵਿਦਾ ਕਰਿਓ ਕਿਉਂਕਿ ਮੈਂ ਭਰਾਵਾਂ ਨਾਲ ਉਸ ਦੀ ਉਡੀਕ ਕਰ ਰਿਹਾ ਹਾਂ।

12 ਮੈਂ ਸਾਡੇ ਭਰਾ ਅਪੁੱਲੋਸ+ ਨੂੰ ਬਹੁਤ ਤਾਕੀਦ ਕੀਤੀ ਸੀ ਕਿ ਉਹ ਭਰਾਵਾਂ ਨਾਲ ਤੁਹਾਡੇ ਕੋਲ ਆਵੇ, ਪਰ ਇਸ ਵੇਲੇ ਉਸ ਦਾ ਤੁਹਾਡੇ ਕੋਲ ਆਉਣ ਦਾ ਇਰਾਦਾ ਨਹੀਂ ਸੀ। ਉਹ ਮੌਕਾ ਮਿਲਣ ʼਤੇ ਜ਼ਰੂਰ ਆਵੇਗਾ।

13 ਖ਼ਬਰਦਾਰ ਰਹੋ,+ ਨਿਹਚਾ ਵਿਚ ਪੱਕੇ ਰਹੋ,+ ਦਲੇਰ*+ ਅਤੇ ਤਕੜੇ ਬਣੋ।+ 14 ਤੁਸੀਂ ਸਾਰੇ ਕੰਮ ਪਿਆਰ ਨਾਲ ਕਰੋ।+

15 ਤੁਸੀਂ ਜਾਣਦੇ ਹੋ ਕਿ ਸਤਫ਼ਨਾਸ ਦਾ ਪਰਿਵਾਰ ਅਖਾਯਾ ਦਾ ਪਹਿਲਾ ਫਲ ਹੈ ਅਤੇ ਇਸ ਪਰਿਵਾਰ ਨੇ ਪੂਰੀ ਲਗਨ ਨਾਲ ਪਵਿੱਤਰ ਸੇਵਕਾਂ ਦੀ ਸੇਵਾ ਕੀਤੀ ਹੈ। ਇਸ ਲਈ ਭਰਾਵੋ, ਮੈਂ ਤੁਹਾਨੂੰ ਤਾਕੀਦ ਕਰਦਾ ਹਾਂ ਕਿ 16 ਤੁਸੀਂ ਅਜਿਹੇ ਲੋਕਾਂ ਦੇ ਅਧੀਨ ਰਹੋ ਅਤੇ ਉਨ੍ਹਾਂ ਦੇ ਵੀ ਅਧੀਨ ਰਹੋ ਜਿਹੜੇ ਸਾਨੂੰ ਸਹਿਯੋਗ ਦਿੰਦੇ ਹਨ ਅਤੇ ਸਖ਼ਤ ਮਿਹਨਤ ਕਰਦੇ ਹਨ।+ 17 ਮੈਂ ਇਸ ਗੱਲੋਂ ਖ਼ੁਸ਼ ਹਾਂ ਕਿ ਸਤਫ਼ਨਾਸ,+ ਫਰਤੂਨਾਤੁਸ ਤੇ ਅਖਾਇਕੁਸ ਮੇਰੇ ਨਾਲ ਹਨ ਕਿਉਂਕਿ ਉਨ੍ਹਾਂ ਨੇ ਤੁਹਾਡੀ ਕਮੀ ਪੂਰੀ ਕੀਤੀ ਅਤੇ ਤੁਹਾਡੇ ਬਦਲੇ ਉਨ੍ਹਾਂ ਨੇ ਮੇਰੀ ਸੇਵਾ ਕੀਤੀ। 18 ਉਨ੍ਹਾਂ ਨੇ ਮੇਰੇ ਅਤੇ ਤੁਹਾਡੇ ਜੀਅ* ਨੂੰ ਤਰੋ-ਤਾਜ਼ਾ ਕੀਤਾ ਹੈ। ਇਸ ਲਈ ਅਜਿਹੇ ਭਰਾਵਾਂ ਦੀ ਕਦਰ ਕਰੋ।

19 ਏਸ਼ੀਆ ਦੀਆਂ ਮੰਡਲੀਆਂ ਵੱਲੋਂ ਤੁਹਾਨੂੰ ਨਮਸਕਾਰ। ਅਕੂਲਾ ਤੇ ਪਰਿਸਕਾ* ਅਤੇ ਉਨ੍ਹਾਂ ਦੇ ਘਰ ਇਕੱਠੀ ਹੁੰਦੀ ਮੰਡਲੀ+ ਵੱਲੋਂ ਤੁਹਾਨੂੰ ਬਹੁਤ-ਬਹੁਤ ਮਸੀਹੀ ਪਿਆਰ। 20 ਸਾਰੇ ਭਰਾਵਾਂ ਵੱਲੋਂ ਤੁਹਾਨੂੰ ਨਮਸਕਾਰ। ਪਿਆਰ ਨਾਲ ਚੁੰਮ ਕੇ ਇਕ-ਦੂਜੇ ਦਾ ਸੁਆਗਤ ਕਰੋ।

21 ਮੈਂ ਪੌਲੁਸ ਆਪਣੇ ਹੱਥੀਂ ਤੁਹਾਨੂੰ ਨਮਸਕਾਰ ਲਿਖ ਰਿਹਾ ਹਾਂ।

22 ਜਿਹੜਾ ਇਨਸਾਨ ਪ੍ਰਭੂ ਨਾਲ ਪਿਆਰ ਨਹੀਂ ਕਰਦਾ, ਉਸ ਨੂੰ ਸਰਾਪ ਲੱਗੇ। ਹੇ ਸਾਡੇ ਪ੍ਰਭੂ, ਆ! 23 ਪ੍ਰਭੂ ਯਿਸੂ ਦੀ ਅਪਾਰ ਕਿਰਪਾ ਤੁਹਾਡੇ ʼਤੇ ਹੋਵੇ। 24 ਤੁਹਾਨੂੰ ਮਸੀਹ ਯਿਸੂ ਦੇ ਸਾਰੇ ਚੇਲਿਆਂ ਨੂੰ ਮੇਰਾ ਪਿਆਰ।

ਪਤਰਸ ਰਸੂਲ ਦਾ ਇਕ ਹੋਰ ਨਾਂ।

ਜਾਂ, “ਛਲ-ਕਪਟ।”

ਸ਼ਬਦਾਵਲੀ ਦੇਖੋ।

ਸ਼ਬਦਾਵਲੀ ਦੇਖੋ।

ਜਾਂ, “ਯੁਗ।” ਸ਼ਬਦਾਵਲੀ ਦੇਖੋ।

ਯਾਨੀ, ਮੂਸਾ ਦੇ ਕਾਨੂੰਨ ਦੇ ਮਾਹਰ।

ਇੱਥੇ ਯੂਨਾਨੀ ਭਾਸ਼ਾ ਬੋਲਣ ਵਾਲੇ ਗ਼ੈਰ-ਯਹੂਦੀ ਲੋਕਾਂ ਦੀ ਗੱਲ ਕੀਤੀ ਗਈ ਹੈ।

ਵਧੇਰੇ ਜਾਣਕਾਰੀ 1.5 ਦੇਖੋ।

ਜਾਂ, “ਯੁਗ।” ਸ਼ਬਦਾਵਲੀ ਦੇਖੋ।

ਜਾਂ, “ਯੁਗ।” ਸ਼ਬਦਾਵਲੀ ਦੇਖੋ।

ਯੂਨਾ, “ਪਨੈਵਮਾ।” ਸ਼ਬਦਾਵਲੀ, “ਰੂਆਖ; ਪਨੈਵਮਾ” ਦੇਖੋ।

ਜਾਂ, “ਇਨਸਾਨੀ ਸੋਚ ਰੱਖਣ ਵਾਲਾ।”

ਜਾਂ, “ਪਰਮੇਸ਼ੁਰੀ ਸੋਚ ਰੱਖਣ ਵਾਲਾ ਇਨਸਾਨ।”

ਵਧੇਰੇ ਜਾਣਕਾਰੀ 1.5 ਦੇਖੋ।

ਜਾਂ, “ਇੱਕੋ ਮਕਸਦ ਨਾਲ।”

ਜਾਂ, “ਯੁਗ।” ਸ਼ਬਦਾਵਲੀ ਦੇਖੋ।

ਵਧੇਰੇ ਜਾਣਕਾਰੀ 1.5 ਦੇਖੋ।

ਪਤਰਸ ਰਸੂਲ ਦਾ ਇਕ ਹੋਰ ਨਾਂ।

ਜਾਂ, “ਅਧੀਨ ਕੰਮ ਕਰਨ ਵਾਲੇ।”

ਵਧੇਰੇ ਜਾਣਕਾਰੀ 1.5 ਦੇਖੋ।

ਯੂਨਾ, “ਨੰਗੇ।”

ਯੂਨਾ, “ਮੁੱਕੇ।”

ਯੂਨਾ, “ਅਸੀਂ ਬੇਨਤੀ ਕਰਦੇ ਹਾਂ।”

ਜਾਂ, “ਰਖਵਾਲੇ।”

ਵਧੇਰੇ ਜਾਣਕਾਰੀ 1.5 ਦੇਖੋ।

ਯੂਨਾ, “ਪੋਰਨੀਆ।” ਸ਼ਬਦਾਵਲੀ ਦੇਖੋ।

ਯੂਨਾ, “ਪੋਰਨੀਆ।” ਸ਼ਬਦਾਵਲੀ ਦੇਖੋ।

ਯਾਨੀ, ਉਸ ਨੂੰ ਮੰਡਲੀ ਵਿੱਚੋਂ ਛੇਕ ਦਿਓ।

ਯਾਨੀ, ਬੇਖ਼ਮੀਰੀ ਰੋਟੀ ਦਾ ਤਿਉਹਾਰ।

ਸ਼ਬਦਾਵਲੀ, “ਹਰਾਮਕਾਰੀ” ਦੇਖੋ।

ਜਾਂ, “ਮੇਲ-ਜੋਲ ਰੱਖਣਾ।”

ਸ਼ਬਦਾਵਲੀ, “ਹਰਾਮਕਾਰੀ” ਦੇਖੋ।

ਸ਼ਬਦਾਵਲੀ, “ਹਰਾਮਕਾਰੀ” ਦੇਖੋ।

ਜਾਂ, “ਬੁਰਾ-ਭਲਾ ਕਹਿਣ ਵਾਲਾ।”

ਜਾਂ, “ਮੇਲ-ਜੋਲ ਰੱਖਣਾ।”

ਜਾਂ, “ਗੁਮਰਾਹ ਨਾ ਹੋਵੋ।”

ਸ਼ਬਦਾਵਲੀ, “ਹਰਾਮਕਾਰੀ” ਦੇਖੋ।

ਯਾਨੀ, ਜਿਹੜੇ ਆਦਮੀ ਆਪਣੇ ਨਾਲ ਦੂਜੇ ਆਦਮੀਆਂ ਨੂੰ ਸਰੀਰਕ ਸੰਬੰਧ ਬਣਾਉਣ ਦਿੰਦੇ ਹਨ।

ਯਾਨੀ, ਜਿਹੜੇ ਆਦਮੀ ਦੂਜੇ ਆਦਮੀਆਂ ਨਾਲ ਸਰੀਰਕ ਸੰਬੰਧ ਬਣਾਉਂਦੇ ਹਨ।

ਜਾਂ, “ਬੁਰਾ-ਭਲਾ ਕਹਿਣ ਵਾਲੇ।”

ਯੂਨਾ, “ਪੋਰਨੀਆ।” ਸ਼ਬਦਾਵਲੀ ਦੇਖੋ।

ਯੂਨਾ, “ਪੋਰਨੀਆ।” ਸ਼ਬਦਾਵਲੀ ਦੇਖੋ।

ਯਾਨੀ, ਸਰੀਰਕ ਸੰਬੰਧ ਬਣਾਉਣੇ।

ਯੂਨਾਨੀ ਸ਼ਬਦ “ਪੋਰਨੀਆ” ਦਾ ਬਹੁਵਚਨ। ਸ਼ਬਦਾਵਲੀ ਦੇਖੋ।

ਯਾਨੀ, ਜਿਨਸੀ ਲੋੜਾਂ।

ਅਣਵਿਆਹੇ ਲਈ ਯੂਨਾਨੀ ਸ਼ਬਦ ਦੇ ਮਤਲਬ ਅਨੁਸਾਰ ਇੱਥੇ ਉਨ੍ਹਾਂ ਲੋਕਾਂ ਦੀ ਗੱਲ ਕੀਤੀ ਗਈ ਹੈ ਜਿਨ੍ਹਾਂ ਦੇ ਜੀਵਨ ਸਾਥੀ ਦੀ ਮੌਤ ਹੋ ਚੁੱਕੀ ਹੈ ਜਾਂ ਜਿਨ੍ਹਾਂ ਦਾ ਛੱਡ-ਛਡਈਆ ਜਾਂ ਤਲਾਕ ਹੋ ਚੁੱਕਾ ਹੈ।

ਜਾਂ, “ਤੋਂ ਅਲੱਗ ਹੋਣ।”

ਵਧੇਰੇ ਜਾਣਕਾਰੀ 1.5 ਦੇਖੋ।

ਜਾਂ, “ਹੁਣ ਮੈਂ ਉਨ੍ਹਾਂ ਬਾਰੇ ਗੱਲ ਕਰਦਾ ਹਾਂ ਜਿਨ੍ਹਾਂ ਨੇ ਕਦੇ ਵਿਆਹ ਨਹੀਂ ਕਰਾਇਆ।”

ਯੂਨਾ, “ਸਰੀਰ ਵਿਚ ਕਸ਼ਟ ਝੱਲਣਾ ਪਵੇਗਾ।”

ਯੂਨਾ, “ਪਨੈਵਮਾ।” ਸ਼ਬਦਾਵਲੀ, “ਰੂਆਖ; ਪਨੈਵਮਾ” ਦੇਖੋ।

ਜਾਂ, “ਆਪਣੇ ਕੁਆਰੇਪਣ ਦੇ ਸੰਬੰਧ ਵਿਚ ਗ਼ਲਤ ਤਰੀਕੇ ਨਾਲ ਪੇਸ਼ ਆ ਰਿਹਾ ਹੈ।”

ਰੋਮੀ 14:​15, ਫੁਟਨੋਟ ਦੇਖੋ।

ਯੂਨਾ, “ਅਧਿਕਾਰ।”

ਪਤਰਸ ਰਸੂਲ ਦਾ ਇਕ ਹੋਰ ਨਾਂ।

ਯੂਨਾ, “ਅਧਿਕਾਰ।”

ਜਾਂ, “ਹੱਕ।”

ਜਾਂ, “ਸਜ਼ਾ ਦੇ ਕੇ; ਸਖ਼ਤ ਅਨੁਸ਼ਾਸਨ ਵਿਚ ਰੱਖ ਕੇ।”

ਜਾਂ, “ਅਯੋਗ।”

ਜਾਂ, “ਉਹ ਚਟਾਨ ਮਸੀਹ ਸੀ।”

ਸ਼ਬਦਾਵਲੀ ਦੇਖੋ।

ਸ਼ਬਦਾਵਲੀ ਦੇਖੋ।

ਵਧੇਰੇ ਜਾਣਕਾਰੀ 1.5 ਦੇਖੋ।

ਵਧੇਰੇ ਜਾਣਕਾਰੀ 1.5 ਦੇਖੋ।

ਵਧੇਰੇ ਜਾਣਕਾਰੀ 1.5 ਦੇਖੋ।

ਵਧੇਰੇ ਜਾਣਕਾਰੀ 1.5 ਦੇਖੋ।

ਯਾਨੀ, ਯਹੋਵਾਹ ਦੇ ਨਾਲ-ਨਾਲ ਕਿਸੇ ਹੋਰ ਦੀ ਵੀ ਭਗਤੀ ਕਰ ਕੇ ਉਸ ਦਾ ਗੁੱਸਾ ਭੜਕਾਉਣਾ ਜਾਂ ਉਸ ਦੇ ਦਿਲ ਵਿਚ ਈਰਖਾ ਪੈਦਾ ਕਰਨੀ।

ਵਧੇਰੇ ਜਾਣਕਾਰੀ 1.5 ਦੇਖੋ।

1 ਕੁਰਿੰ 1:​22, ਫੁਟਨੋਟ ਦੇਖੋ।

ਯਾਨੀ, ਮੁਖੀ।

ਯਾਨੀ, ਬਦਚਲਣੀ ਦੀ ਸਜ਼ਾ।

ਜ਼ਾਹਰ ਹੈ ਕਿ ਇੱਥੇ ਉਨ੍ਹਾਂ ਮਸੀਹੀਆਂ ਦੀ ਗੱਲ ਕੀਤੀ ਗਈ ਹੈ ਜਿਨ੍ਹਾਂ ਦਾ ਪਰਮੇਸ਼ੁਰ ਨਾਲ ਰਿਸ਼ਤਾ ਬਿਲਕੁਲ ਖ਼ਤਮ ਹੋ ਗਿਆ ਹੈ।

ਵਧੇਰੇ ਜਾਣਕਾਰੀ 1.5 ਦੇਖੋ।

ਯਾਨੀ, ਅਵਿਸ਼ਵਾਸੀ।

ਜਾਂ, “ਦਾ ਸੰਦੇਸ਼ ਦਿੰਦਾ ਹੈ।”

1 ਕੁਰਿੰ 1:​22, ਫੁਟਨੋਟ ਦੇਖੋ।

ਜਾਂ, “ਮੈਂ ਨਿਕੰਮਾ ਹਾਂ।”

ਜਾਂ, “ਸਹਿਣਸ਼ੀਲ।”

ਜਾਂ, “ਰੁੱਖੇ ਤਰੀਕੇ ਨਾਲ।”

ਜਾਂ, “ਗ਼ਲਤੀਆਂ।”

ਜਾਂ, “ਨਾਕਾਮ।”

ਯਾਨੀ, ਹੋਰ ਭਾਸ਼ਾ ਵਿਚ ਗੱਲ ਕਰਨ ਦੀ ਚਮਤਕਾਰੀ ਦਾਤ।

ਪੁਰਾਣੇ ਜ਼ਮਾਨਿਆਂ ਵਿਚ ਲੋਕ ਧਾਤ ਦੇ ਸ਼ੀਸ਼ੇ ਇਸਤੇਮਾਲ ਕਰਦੇ ਸਨ।

ਯੂਨਾ, “ਆਮ੍ਹੋ-ਸਾਮ੍ਹਣੇ।”

ਜਾਂ, “ਸਹੀ।”

ਜਾਂ, “ਦਾ ਮਤਲਬ ਨਹੀਂ ਸਮਝਾਇਆ ਜਾਂਦਾ।”

ਜਾਂ, “ਦਾ ਮਤਲਬ ਸਮਝਾ ਸਕੇ।”

ਵਧੇਰੇ ਜਾਣਕਾਰੀ 1.5 ਦੇਖੋ।

ਜਾਂ, “ਦਾ ਅਨੁਵਾਦ ਕਰੇ।”

ਜਾਂ, “ਮਤਲਬ ਸਮਝਾਉਣ ਲਈ।”

ਜਾਂ ਸੰਭਵ ਹੈ, “ਜੇ ਕੋਈ ਅਣਜਾਣ ਰਹਿਣਾ ਚਾਹੁੰਦਾ ਹੈ, ਤਾਂ ਉਹ ਅਣਜਾਣ ਹੀ ਰਹੇਗਾ।”

ਪਤਰਸ ਰਸੂਲ ਦਾ ਇਕ ਹੋਰ ਨਾਂ।

ਯੂਨਾ, “ਪਹਿਲੇ ਫਲ ਦੇ ਤੌਰ ਤੇ।”

ਯੂਨਾ, “ਪਹਿਲੇ ਫਲ।”

ਜਾਂ ਸੰਭਵ ਹੈ, “ਇਨਸਾਨੀ ਨਜ਼ਰੀਏ ਨਾਲ।”

ਜਾਂ, “ਚੰਗੇ ਚਾਲ-ਚਲਣ ਨੂੰ।”

ਯੂਨਾ, “ਜੀਉਂਦਾ ਹੁੰਦਾ।”

ਯੂਨਾ, “ਸਰੀਰ।”

ਯੂਨਾ, “ਬੀਜਿਆ।”

ਯੂਨਾ, “ਬੀਜਿਆ।”

ਯੂਨਾ, “ਬੀਜਿਆ।”

ਯੂਨਾ, “ਬੀਜਿਆ।”

ਯੂਨਾ, “ਪਨੈਵਮਾ।” ਸ਼ਬਦਾਵਲੀ, “ਰੂਆਖ; ਪਨੈਵਮਾ” ਦੇਖੋ।

ਮੱਤੀ 28:​1, ਫੁਟਨੋਟ ਦੇਖੋ।

ਵਧੇਰੇ ਜਾਣਕਾਰੀ 1.5 ਦੇਖੋ।

ਯੂਨਾ, “ਮੇਰੇ ਲਈ ਸੇਵਾ ਕਰਨ ਦਾ ਵੱਡਾ ਦਰਵਾਜ਼ਾ ਖੁੱਲ੍ਹਿਆ ਹੈ।”

ਵਧੇਰੇ ਜਾਣਕਾਰੀ 1.5 ਦੇਖੋ।

ਯੂਨਾ, “ਮਰਦ ਬਣੋ।”

ਯੂਨਾ, “ਪਨੈਵਮਾ।” ਸ਼ਬਦਾਵਲੀ, “ਰੂਆਖ; ਪਨੈਵਮਾ” ਦੇਖੋ।

ਇਸ ਨੂੰ ਪ੍ਰਿਸਕਿੱਲਾ ਵੀ ਕਿਹਾ ਜਾਂਦਾ ਹੈ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ