ਹਿਜ਼ਕੀਏਲ
1 ਜਦੋਂ ਮੈਂ 30ਵੇਂ ਸਾਲ ਦੇ ਚੌਥੇ ਮਹੀਨੇ ਦੀ 5 ਤਾਰੀਖ਼ ਨੂੰ ਕਿਬਾਰ ਦਰਿਆ+ ਦੇ ਲਾਗੇ ਰਹਿੰਦੇ ਗ਼ੁਲਾਮ ਲੋਕਾਂ ਦੇ ਨਾਲ ਸੀ,+ ਤਾਂ ਆਕਾਸ਼ ਖੁੱਲ੍ਹ ਗਏ ਅਤੇ ਮੈਨੂੰ ਪਰਮੇਸ਼ੁਰ ਵੱਲੋਂ ਦਰਸ਼ਣ* ਮਿਲਣੇ ਸ਼ੁਰੂ ਹੋਏ। 2 ਉਦੋਂ ਰਾਜਾ ਯਹੋਯਾਕੀਨ+ ਦੀ ਗ਼ੁਲਾਮੀ ਦਾ ਪੰਜਵਾਂ ਸਾਲ ਚੱਲ ਰਿਹਾ ਸੀ। ਉਸ ਮਹੀਨੇ ਦੀ 5 ਤਾਰੀਖ਼ ਨੂੰ 3 ਕਸਦੀਆਂ+ ਦੇ ਦੇਸ਼ ਵਿਚ ਕਿਬਾਰ ਦਰਿਆ ਦੇ ਲਾਗੇ ਪੁਜਾਰੀ ਬੂਜ਼ੀ ਦੇ ਪੁੱਤਰ ਹਿਜ਼ਕੀਏਲ* ਨੂੰ ਯਹੋਵਾਹ ਦਾ ਸੰਦੇਸ਼ ਮਿਲਿਆ। ਉੱਥੇ ਯਹੋਵਾਹ ਦੀ ਸ਼ਕਤੀ* ਉਸ ਉੱਤੇ ਆਈ।+
4 ਮੈਂ ਦਰਸ਼ਣ ਵਿਚ ਉੱਤਰ ਵੱਲੋਂ ਤੇਜ਼ ਹਨੇਰੀ+ ਅਤੇ ਇਕ ਬਹੁਤ ਹੀ ਵੱਡਾ ਬੱਦਲ ਆਉਂਦਾ ਦੇਖਿਆ ਜਿਸ ਵਿੱਚੋਂ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਸਨ।*+ ਬੱਦਲ ਦੇ ਆਲੇ-ਦੁਆਲੇ ਤੇਜ਼ ਰੌਸ਼ਨੀ ਚਮਕ ਰਹੀ ਸੀ ਅਤੇ ਅੱਗ ਦੇ ਵਿਚਕਾਰ ਸੋਨੇ-ਚਾਂਦੀ* ਵਰਗੀ ਇਕ ਚਮਕਦੀ ਚੀਜ਼ ਦਿਖਾਈ ਦੇ ਰਹੀ ਸੀ।+ 5 ਅੱਗ ਵਿਚ ਚਾਰ ਜਣੇ ਸਨ ਜੋ ਜੀਉਂਦੇ ਪ੍ਰਾਣੀਆਂ ਵਰਗੇ ਦਿਸਦੇ ਸਨ+ ਅਤੇ ਹਰ ਪ੍ਰਾਣੀ ਦੇਖਣ ਵਿਚ ਇਨਸਾਨ ਵਰਗਾ ਲੱਗਦਾ ਸੀ। 6 ਹਰੇਕ ਦੇ ਚਾਰ ਮੂੰਹ ਅਤੇ ਚਾਰ ਖੰਭ ਸਨ।+ 7 ਉਨ੍ਹਾਂ ਦੇ ਪੈਰ ਸਿੱਧੇ ਅਤੇ ਵੱਛੇ ਦੇ ਖੁਰਾਂ ਵਰਗੇ ਸਨ ਜੋ ਲਿਸ਼ਕਦੇ ਤਾਂਬੇ ਵਾਂਗ ਚਮਕ ਰਹੇ ਸਨ।+ 8 ਉਨ੍ਹਾਂ ਦੇ ਚਾਰੇ ਪਾਸਿਆਂ ਦੇ ਖੰਭਾਂ ਹੇਠ ਹੱਥ ਸਨ ਜੋ ਇਨਸਾਨਾਂ ਦੇ ਹੱਥਾਂ ਵਰਗੇ ਸਨ ਅਤੇ ਉਨ੍ਹਾਂ ਚਾਰਾਂ ਦੇ ਮੂੰਹ ਅਤੇ ਖੰਭ ਸਨ। 9 ਉਨ੍ਹਾਂ ਦੇ ਖੰਭ ਇਕ-ਦੂਜੇ ਨੂੰ ਛੂਹ ਰਹੇ ਸਨ। ਜਦੋਂ ਉਹ ਅੱਗੇ ਵਧਦੇ ਸਨ, ਤਾਂ ਉਹ ਸਾਰੇ ਆਪਣੇ ਨੱਕ ਦੀ ਸੇਧ ਵਿਚ ਚੱਲਦੇ ਸਨ; ਉਹ ਇੱਧਰ-ਉੱਧਰ ਨਹੀਂ ਮੁੜਦੇ ਸਨ।+
10 ਚਾਰੇ ਪ੍ਰਾਣੀ ਦੇਖਣ ਨੂੰ ਇਸ ਤਰ੍ਹਾਂ ਦੇ ਸਨ: ਸਾਮ੍ਹਣੇ ਵਾਲੇ ਪਾਸੇ ਆਦਮੀ ਦਾ ਮੂੰਹ, ਸੱਜੇ ਪਾਸੇ ਸ਼ੇਰ ਦਾ ਮੂੰਹ,+ ਖੱਬੇ ਪਾਸੇ ਬਲਦ ਦਾ ਮੂੰਹ+ ਅਤੇ ਪਿਛਲੇ ਪਾਸੇ ਉਕਾਬ+ ਦਾ ਮੂੰਹ।+ 11 ਹਾਂ, ਉਨ੍ਹਾਂ ਦੇ ਮੂੰਹ ਇਸ ਤਰ੍ਹਾਂ ਦੇ ਸਨ। ਉਨ੍ਹਾਂ ਨੇ ਆਪਣੇ ਖੰਭ ਉੱਪਰ ਵੱਲ ਫੈਲਾਏ ਹੋਏ ਸਨ। ਹਰੇਕ ਦੇ ਦੋ ਖੰਭ ਸਨ ਜੋ ਇਕ-ਦੂਜੇ ਨੂੰ ਛੂਹ ਰਹੇ ਸਨ ਅਤੇ ਦੋ ਹੋਰ ਖੰਭਾਂ ਨੇ ਉਨ੍ਹਾਂ ਦੇ ਸਰੀਰ ਢਕੇ ਹੋਏ ਸਨ।+
12 ਪਰਮੇਸ਼ੁਰ ਦੀ ਸ਼ਕਤੀ ਉਨ੍ਹਾਂ ਨੂੰ ਜਿੱਥੇ ਵੀ ਜਾਣ ਲਈ ਪ੍ਰੇਰਦੀ ਸੀ, ਉਹ ਅੱਗੇ ਵਧਦੇ ਹੋਏ ਆਪਣੇ ਨੱਕ ਦੀ ਸੇਧ ਵਿਚ ਚੱਲਦੇ ਸਨ;+ ਉਹ ਇੱਧਰ-ਉੱਧਰ ਨਹੀਂ ਮੁੜਦੇ ਸਨ। 13 ਉਹ ਜੀਉਂਦੇ ਪ੍ਰਾਣੀ ਦੇਖਣ ਨੂੰ ਮੱਘਦੇ ਹੋਏ ਕੋਲਿਆਂ ਵਰਗੇ ਲੱਗਦੇ ਸਨ ਅਤੇ ਉਨ੍ਹਾਂ ਜੀਉਂਦੇ ਪ੍ਰਾਣੀਆਂ ਦੇ ਵਿਚਕਾਰ ਅੱਗ ਦੀਆਂ ਮਸ਼ਾਲਾਂ ਵਰਗੀ ਕੋਈ ਚੀਜ਼ ਇੱਧਰ-ਉੱਧਰ ਘੁੰਮ ਰਹੀ ਸੀ ਅਤੇ ਅੱਗ ਵਿੱਚੋਂ ਬਿਜਲੀ ਲਿਸ਼ਕ ਰਹੀ ਸੀ।+ 14 ਜੀਉਂਦੇ ਪ੍ਰਾਣੀ ਬਿਜਲੀ ਵਾਂਗ ਅੱਗੇ ਵਧਦੇ ਅਤੇ ਵਾਪਸ ਆਉਂਦੇ ਸਨ।
15 ਜਦੋਂ ਮੈਂ ਚਾਰ ਮੂੰਹਾਂ ਵਾਲੇ ਉਨ੍ਹਾਂ ਜੀਉਂਦੇ ਪ੍ਰਾਣੀਆਂ+ ਨੂੰ ਦੇਖ ਰਿਹਾ ਸੀ, ਤਾਂ ਮੈਂ ਹਰੇਕ ਜੀਉਂਦੇ ਪ੍ਰਾਣੀ ਦੇ ਕੋਲ ਜ਼ਮੀਨ ਉੱਤੇ ਇਕ-ਇਕ ਪਹੀਆ ਦੇਖਿਆ। 16 ਚਾਰੇ ਪਹੀਏ ਕੀਮਤੀ ਪੱਥਰ ਸਬਜ਼ਾ ਵਾਂਗ ਚਮਕ ਰਹੇ ਸਨ ਅਤੇ ਸਾਰੇ ਪਹੀਏ ਇੱਕੋ ਜਿਹੇ ਸਨ। ਉਨ੍ਹਾਂ ਦੀ ਬਣਾਵਟ ਦੇਖਣ ਨੂੰ ਇਸ ਤਰ੍ਹਾਂ ਦੀ ਲੱਗਦੀ ਸੀ ਜਿਵੇਂ ਪਹੀਏ ਦੇ ਅੰਦਰ ਪਹੀਆ ਹੋਵੇ।* 17 ਜਦੋਂ ਪਹੀਏ ਚੱਲਦੇ ਸਨ, ਤਾਂ ਉਹ ਬਿਨਾਂ ਮੁੜੇ ਕਿਸੇ ਵੀ ਦਿਸ਼ਾ ਵਿਚ ਜਾ ਸਕਦੇ ਸਨ। 18 ਪਹੀਏ ਇੰਨੇ ਉੱਚੇ ਸਨ ਕਿ ਦੇਖਣ ਵਾਲਾ ਦੰਗ ਰਹਿ ਜਾਵੇ ਅਤੇ ਪਹੀਆਂ ਦੇ ਬਾਹਰਲੇ ਪਾਸੇ ਅੱਖਾਂ ਹੀ ਅੱਖਾਂ ਸਨ।+ 19 ਜਦੋਂ ਜੀਉਂਦੇ ਪ੍ਰਾਣੀ ਅੱਗੇ ਵਧਦੇ ਸਨ, ਤਾਂ ਪਹੀਏ ਵੀ ਉਨ੍ਹਾਂ ਦੇ ਨਾਲ ਅੱਗੇ ਵਧਦੇ ਸਨ ਅਤੇ ਜਦੋਂ ਜੀਉਂਦੇ ਪ੍ਰਾਣੀ ਜ਼ਮੀਨ ਤੋਂ ਉੱਪਰ ਜਾਂਦੇ ਸਨ, ਤਾਂ ਪਹੀਏ ਵੀ ਉੱਪਰ ਜਾਂਦੇ ਸਨ।+ 20 ਪਰਮੇਸ਼ੁਰ ਦੀ ਸ਼ਕਤੀ ਜੀਉਂਦੇ ਪ੍ਰਾਣੀਆਂ ਨੂੰ ਜਿੱਥੇ ਵੀ ਜਾਣ ਲਈ ਪ੍ਰੇਰਦੀ ਸੀ ਅਤੇ ਸ਼ਕਤੀ ਜਿੱਥੇ ਵੀ ਜਾਂਦੀ ਸੀ, ਉਹ ਜਾਂਦੇ ਸਨ। ਪਹੀਏ ਵੀ ਜੀਉਂਦੇ ਪ੍ਰਾਣੀਆਂ ਦੇ ਨਾਲ ਉੱਪਰ ਜਾਂਦੇ ਸਨ ਕਿਉਂਕਿ ਜੋ ਸ਼ਕਤੀ ਉਨ੍ਹਾਂ ਜੀਉਂਦੇ ਪ੍ਰਾਣੀਆਂ ਨੂੰ ਸੇਧ ਦਿੰਦੀ ਸੀ, ਉਹੀ ਸ਼ਕਤੀ ਉਨ੍ਹਾਂ ਪਹੀਆਂ ਵਿਚ ਵੀ ਸੀ। 21 ਜਦੋਂ ਜੀਉਂਦੇ ਪ੍ਰਾਣੀ ਅੱਗੇ ਵਧਦੇ ਸਨ, ਤਾਂ ਪਹੀਏ ਵੀ ਅੱਗੇ ਵਧਦੇ ਸਨ ਅਤੇ ਜਦੋਂ ਉਹ ਖੜ੍ਹ ਜਾਂਦੇ ਸਨ, ਤਾਂ ਪਹੀਏ ਵੀ ਖੜ੍ਹ ਜਾਂਦੇ ਸਨ। ਜਦੋਂ ਉਹ ਜ਼ਮੀਨ ਤੋਂ ਉੱਪਰ ਨੂੰ ਜਾਂਦੇ ਸਨ, ਤਾਂ ਪਹੀਏ ਵੀ ਉਨ੍ਹਾਂ ਦੇ ਨਾਲ ਉੱਪਰ ਨੂੰ ਜਾਂਦੇ ਸਨ ਕਿਉਂਕਿ ਜੋ ਸ਼ਕਤੀ ਉਨ੍ਹਾਂ ਜੀਉਂਦੇ ਪ੍ਰਾਣੀਆਂ ਨੂੰ ਸੇਧ ਦਿੰਦੀ ਸੀ, ਉਹੀ ਸ਼ਕਤੀ ਉਨ੍ਹਾਂ ਪਹੀਆਂ ਵਿਚ ਵੀ ਸੀ।
22 ਜੀਉਂਦੇ ਪ੍ਰਾਣੀਆਂ ਦੇ ਸਿਰਾਂ ਉੱਪਰ ਕੁਝ ਸੀ ਜੋ ਦੇਖਣ ਨੂੰ ਫ਼ਰਸ਼ ਵਰਗਾ ਲੱਗਦਾ ਸੀ ਅਤੇ ਇਹ ਬਰਫ਼ ਵਾਂਗ ਲਿਸ਼ਕ ਰਿਹਾ ਸੀ ਅਤੇ ਬੇਹੱਦ ਸ਼ਾਨਦਾਰ ਸੀ। ਇਹ ਉਨ੍ਹਾਂ ਦੇ ਸਿਰਾਂ ਉੱਪਰ ਫੈਲਿਆ ਹੋਇਆ ਸੀ।+ 23 ਫ਼ਰਸ਼ ਦੇ ਹੇਠਾਂ ਉਨ੍ਹਾਂ ਦੇ ਖੰਭ ਸਿੱਧੇ ਸਨ* ਅਤੇ ਇਕ-ਦੂਜੇ ਦੀ ਸੇਧ ਵਿਚ ਸਨ। ਹਰੇਕ ਪ੍ਰਾਣੀ ਦੇ ਦੋ ਖੰਭਾਂ ਨੇ ਉਸ ਦੇ ਸਰੀਰ ਦੇ ਇਕ ਪਾਸੇ ਨੂੰ ਅਤੇ ਦੋ ਹੋਰ ਖੰਭਾਂ ਨੇ ਦੂਜੇ ਪਾਸੇ ਨੂੰ ਢਕਿਆ ਹੋਇਆ ਸੀ। 24 ਜਦ ਮੈਂ ਉਨ੍ਹਾਂ ਦੇ ਖੰਭਾਂ ਦੀ ਆਵਾਜ਼ ਸੁਣੀ, ਤਾਂ ਇਹ ਤੇਜ਼ ਵਹਿੰਦੇ ਪਾਣੀਆਂ ਦੀ ਆਵਾਜ਼ ਵਰਗੀ ਅਤੇ ਸਰਬਸ਼ਕਤੀਮਾਨ ਦੀ ਆਵਾਜ਼ ਵਰਗੀ ਸੀ।+ ਉਨ੍ਹਾਂ ਦੇ ਚੱਲਣ ਦੀ ਆਵਾਜ਼ ਸੈਨਾ ਦੀ ਆਵਾਜ਼ ਵਰਗੀ ਸੀ। ਜਦੋਂ ਉਹ ਖੜ੍ਹ ਜਾਂਦੇ ਸਨ, ਤਾਂ ਉਹ ਆਪਣੇ ਖੰਭ ਹੇਠਾਂ ਕਰ ਲੈਂਦੇ ਸਨ।
25 ਉਨ੍ਹਾਂ ਦੇ ਸਿਰਾਂ ਉੱਪਰਲੇ ਫ਼ਰਸ਼ ਦੇ ਉੱਤੋਂ ਇਕ ਆਵਾਜ਼ ਆ ਰਹੀ ਸੀ। (ਜਦੋਂ ਉਹ ਖੜ੍ਹ ਜਾਂਦੇ ਸਨ, ਤਾਂ ਉਹ ਆਪਣੇ ਖੰਭ ਹੇਠਾਂ ਕਰ ਲੈਂਦੇ ਸਨ।) 26 ਉਨ੍ਹਾਂ ਦੇ ਸਿਰਾਂ ਉੱਤੇ ਫੈਲੇ ਫ਼ਰਸ਼ ਉੱਪਰ ਨੀਲਮ ਪੱਥਰ ਵਰਗੀ ਕੋਈ ਚੀਜ਼ ਸੀ+ ਅਤੇ ਇਹ ਸਿੰਘਾਸਣ ਵਰਗੀ ਲੱਗਦੀ ਸੀ।+ ਉਸ ਸਿੰਘਾਸਣ ਉੱਪਰ ਕੋਈ ਬੈਠਾ ਹੋਇਆ ਸੀ ਜੋ ਇਕ ਇਨਸਾਨ ਵਰਗਾ ਨਜ਼ਰ ਆਉਂਦਾ ਸੀ।+ 27 ਮੈਂ ਦੇਖਿਆ ਕਿ ਉਹ ਲੱਕ ਤੋਂ ਲੈ ਕੇ ਉੱਪਰ ਤਕ ਸੋਨੇ-ਚਾਂਦੀ ਵਾਂਗ ਚਮਕਦਾ ਸੀ+ ਅਤੇ ਉਸ ਦੇ ਆਲੇ-ਦੁਆਲੇ ਅੱਗ ਸੀ। ਲੱਕ ਤੋਂ ਲੈ ਕੇ ਹੇਠਾਂ ਤਕ ਉਹ ਅੱਗ ਵਰਗਾ ਦਿਸਦਾ ਸੀ+ ਅਤੇ ਉਸ ਦੇ ਆਲੇ-ਦੁਆਲੇ ਤੇਜ਼ ਚਮਕ ਸੀ। 28 ਹਾਂ, ਉਸ ਦੇ ਆਲੇ-ਦੁਆਲੇ ਫੈਲੀ ਤੇਜ਼ ਰੌਸ਼ਨੀ ਇਸ ਤਰ੍ਹਾਂ ਨਜ਼ਰ ਆਉਂਦੀ ਸੀ ਜਿਵੇਂ ਮੀਂਹ ਤੋਂ ਬਾਅਦ ਬੱਦਲਾਂ ਵਿਚ ਸਤਰੰਗੀ ਪੀਂਘ+ ਹੁੰਦੀ ਹੈ। ਇਹ ਦੇਖਣ ਨੂੰ ਯਹੋਵਾਹ ਦੀ ਮਹਿਮਾ ਵਰਗੀ ਲੱਗਦੀ ਸੀ।+ ਜਦ ਮੈਂ ਇਹ ਸਭ ਕੁਝ ਦੇਖਿਆ, ਤਾਂ ਮੈਂ ਮੂੰਹ ਭਾਰ ਡਿਗ ਪਿਆ ਅਤੇ ਮੈਂ ਕਿਸੇ ਦੇ ਗੱਲ ਕਰਨ ਦੀ ਆਵਾਜ਼ ਸੁਣੀ।
2 ਫਿਰ ਉਸ ਨੇ ਮੈਨੂੰ ਕਿਹਾ: “ਹੇ ਮਨੁੱਖ ਦੇ ਪੁੱਤਰ,* ਆਪਣੇ ਪੈਰਾਂ ʼਤੇ ਖੜ੍ਹਾ ਹੋ ਤਾਂਕਿ ਮੈਂ ਤੇਰੇ ਨਾਲ ਗੱਲ ਕਰਾਂ।”+ 2 ਜਦੋਂ ਉਸ ਨੇ ਮੈਨੂੰ ਇਹ ਕਿਹਾ, ਤਾਂ ਉਸ ਦੀ ਸ਼ਕਤੀ ਮੇਰੇ ਅੰਦਰ ਆ ਗਈ ਅਤੇ ਉਸ ਸ਼ਕਤੀ ਨੇ ਮੈਨੂੰ ਮੇਰੇ ਪੈਰਾਂ ʼਤੇ ਖੜ੍ਹਾ ਕਰ ਦਿੱਤਾ+ ਤਾਂਕਿ ਮੈਂ ਉਸ ਦੀ ਗੱਲ ਸੁਣ ਸਕਾਂ ਜੋ ਮੇਰੇ ਨਾਲ ਗੱਲ ਕਰ ਰਿਹਾ ਸੀ।
3 ਉਸ ਨੇ ਮੈਨੂੰ ਅੱਗੇ ਕਿਹਾ: “ਹੇ ਮਨੁੱਖ ਦੇ ਪੁੱਤਰ, ਮੈਂ ਤੈਨੂੰ ਇਜ਼ਰਾਈਲ ਦੇ ਲੋਕਾਂ ਕੋਲ, ਹਾਂ, ਉਨ੍ਹਾਂ ਬਾਗ਼ੀ ਕੌਮਾਂ* ਕੋਲ ਘੱਲ ਰਿਹਾ ਹਾਂ+ ਜਿਨ੍ਹਾਂ ਨੇ ਮੇਰੇ ਖ਼ਿਲਾਫ਼ ਬਗਾਵਤ ਕੀਤੀ ਹੈ।+ ਉਹ ਅਤੇ ਉਨ੍ਹਾਂ ਦੇ ਪਿਉ-ਦਾਦੇ ਅੱਜ ਤਕ ਮੇਰੇ ਹੁਕਮਾਂ ਦੀ ਉਲੰਘਣਾ ਕਰਦੇ ਆਏ ਹਨ।+ 4 ਮੈਂ ਤੈਨੂੰ ਢੀਠ* ਅਤੇ ਪੱਥਰ-ਦਿਲ ਲੋਕਾਂ ਕੋਲ ਭੇਜ ਰਿਹਾ ਹਾਂ+ ਅਤੇ ਤੂੰ ਉਨ੍ਹਾਂ ਨੂੰ ਕਹੀਂ, ‘ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ।’ 5 ਚਾਹੇ ਉਹ ਤੇਰੀ ਗੱਲ ਸੁਣਨ ਜਾਂ ਸੁਣਨ ਤੋਂ ਇਨਕਾਰ ਕਰਨ ਕਿਉਂਕਿ ਉਹ ਬਾਗ਼ੀ ਘਰਾਣੇ ਦੇ ਲੋਕ ਹਨ,+ ਪਰ ਉਨ੍ਹਾਂ ਨੂੰ ਇਹ ਜ਼ਰੂਰ ਪਤਾ ਲੱਗ ਜਾਵੇਗਾ ਕਿ ਉਨ੍ਹਾਂ ਵਿਚ ਇਕ ਨਬੀ ਹੁੰਦਾ ਸੀ।+
6 “ਪਰ ਹੇ ਮਨੁੱਖ ਦੇ ਪੁੱਤਰ, ਤੂੰ ਉਨ੍ਹਾਂ ਤੋਂ ਨਾ ਡਰੀਂ+ ਅਤੇ ਨਾ ਹੀ ਉਨ੍ਹਾਂ ਦੀਆਂ ਗੱਲਾਂ ਸੁਣ ਕੇ ਘਬਰਾਈਂ, ਭਾਵੇਂ ਕਿ ਤੂੰ ਕੰਡਿਆਂ ਅਤੇ ਕੰਡਿਆਲ਼ੀਆਂ ਝਾੜੀਆਂ* ਨਾਲ ਘਿਰਿਆ ਹੋਇਆ ਹੈਂ+ ਅਤੇ ਬਿੱਛੂਆਂ ਦੇ ਵਿਚਕਾਰ ਰਹਿੰਦਾ ਹੈਂ। ਉਨ੍ਹਾਂ ਦੀਆਂ ਗੱਲਾਂ ਤੋਂ ਨਾ ਡਰੀਂ+ ਅਤੇ ਉਨ੍ਹਾਂ ਦੇ ਚਿਹਰੇ ਦੇਖ ਕੇ ਖ਼ੌਫ਼ ਨਾ ਖਾਈਂ+ ਕਿਉਂਕਿ ਉਹ ਬਾਗ਼ੀ ਘਰਾਣੇ ਦੇ ਲੋਕ ਹਨ। 7 ਤੂੰ ਉਨ੍ਹਾਂ ਨੂੰ ਮੇਰੀਆਂ ਗੱਲਾਂ ਜ਼ਰੂਰ ਦੱਸੀਂ, ਭਾਵੇਂ ਉਹ ਤੇਰੀ ਗੱਲ ਸੁਣਨ ਜਾਂ ਨਾ ਸੁਣਨ ਕਿਉਂਕਿ ਉਹ ਬਾਗ਼ੀ ਘਰਾਣੇ ਦੇ ਲੋਕ ਹਨ।+
8 “ਪਰ ਹੇ ਮਨੁੱਖ ਦੇ ਪੁੱਤਰ, ਮੈਂ ਤੈਨੂੰ ਜੋ ਦੱਸ ਰਿਹਾ ਹਾਂ, ਉਸ ਨੂੰ ਸੁਣ। ਤੂੰ ਇਸ ਬਾਗ਼ੀ ਘਰਾਣੇ ਦੇ ਲੋਕਾਂ ਵਾਂਗ ਬਾਗ਼ੀ ਨਾ ਬਣੀਂ। ਆਪਣਾ ਮੂੰਹ ਖੋਲ੍ਹ ਅਤੇ ਮੈਂ ਜੋ ਤੈਨੂੰ ਦੇ ਰਿਹਾ ਹਾਂ, ਉਸ ਨੂੰ ਖਾ ਲੈ।”+
9 ਫਿਰ ਮੈਂ ਦੇਖਿਆ ਕਿ ਇਕ ਹੱਥ ਮੇਰੇ ਵੱਲ ਵਧਿਆ ਹੋਇਆ ਸੀ+ ਅਤੇ ਉਸ ਹੱਥ ਵਿਚ ਇਕ ਲਪੇਟਵੀਂ ਪੱਤਰੀ* ਸੀ ਜਿਸ ਉੱਤੇ ਕੁਝ ਲਿਖਿਆ ਹੋਇਆ ਸੀ।+ 10 ਜਦੋਂ ਉਸ ਨੇ ਉਹ ਪੱਤਰੀ ਮੇਰੇ ਸਾਮ੍ਹਣੇ ਖੋਲ੍ਹੀ, ਤਾਂ ਮੈਂ ਦੇਖਿਆ ਕਿ ਉਸ ਦੇ ਅੱਗੇ-ਪਿੱਛੇ ਕੁਝ ਲਿਖਿਆ ਹੋਇਆ ਸੀ।+ ਉਸ ਉੱਤੇ ਕੀਰਨੇ,* ਵਿਰਲਾਪ ਅਤੇ ਵੈਣ ਲਿਖੇ ਹੋਏ ਸਨ।+
3 ਫਿਰ ਉਸ ਨੇ ਮੈਨੂੰ ਕਿਹਾ: “ਹੇ ਮਨੁੱਖ ਦੇ ਪੁੱਤਰ, ਤੇਰੇ ਸਾਮ੍ਹਣੇ ਜੋ ਪਿਆ ਹੈ,* ਉਸ ਨੂੰ ਖਾ ਲੈ। ਇਸ ਪੱਤਰੀ ਨੂੰ ਖਾ ਲੈ ਅਤੇ ਜਾ ਕੇ ਇਜ਼ਰਾਈਲ ਦੇ ਘਰਾਣੇ ਨਾਲ ਗੱਲ ਕਰ।”+
2 ਇਸ ਲਈ ਮੈਂ ਆਪਣਾ ਮੂੰਹ ਖੋਲ੍ਹਿਆ ਅਤੇ ਉਸ ਨੇ ਮੈਨੂੰ ਉਹ ਪੱਤਰੀ ਖਾਣ ਨੂੰ ਦਿੱਤੀ। 3 ਉਸ ਨੇ ਮੈਨੂੰ ਅੱਗੇ ਕਿਹਾ: “ਹੇ ਮਨੁੱਖ ਦੇ ਪੁੱਤਰ, ਇਸ ਪੱਤਰੀ ਨੂੰ ਖਾਹ ਜੋ ਮੈਂ ਤੈਨੂੰ ਦੇ ਰਿਹਾ ਹਾਂ ਅਤੇ ਇਸ ਨਾਲ ਆਪਣਾ ਢਿੱਡ ਭਰ।” ਇਸ ਲਈ ਮੈਂ ਉਹ ਪੱਤਰੀ ਖਾਣ ਲੱਗ ਪਿਆ ਅਤੇ ਉਹ ਮੇਰੇ ਮੂੰਹ ਨੂੰ ਸ਼ਹਿਦ ਵਾਂਗ ਮਿੱਠੀ ਲੱਗੀ।+
4 ਉਸ ਨੇ ਮੈਨੂੰ ਕਿਹਾ: “ਹੇ ਮਨੁੱਖ ਦੇ ਪੁੱਤਰ, ਇਜ਼ਰਾਈਲ ਦੇ ਘਰਾਣੇ ਦੇ ਲੋਕਾਂ ਕੋਲ ਜਾਹ ਅਤੇ ਉਨ੍ਹਾਂ ਨੂੰ ਮੇਰੀਆਂ ਗੱਲਾਂ ਦੱਸ। 5 ਮੈਂ ਤੈਨੂੰ ਉਨ੍ਹਾਂ ਲੋਕਾਂ ਕੋਲ ਨਹੀਂ ਘੱਲ ਰਿਹਾ ਜਿਨ੍ਹਾਂ ਦੀ ਬੋਲੀ ਤੇਰੇ ਲਈ ਸਮਝਣੀ ਔਖੀ ਹੈ ਜਾਂ ਜਿਨ੍ਹਾਂ ਦੀ ਭਾਸ਼ਾ ਤੂੰ ਨਹੀਂ ਜਾਣਦਾ, ਸਗੋਂ ਮੈਂ ਤੈਨੂੰ ਇਜ਼ਰਾਈਲ ਦੇ ਘਰਾਣੇ ਕੋਲ ਘੱਲ ਰਿਹਾ ਹਾਂ। 6 ਤੈਨੂੰ ਦੇਸ਼-ਦੇਸ਼ ਦੇ ਲੋਕਾਂ ਕੋਲ ਨਹੀਂ ਘੱਲਿਆ ਜਾ ਰਿਹਾ ਜਿਨ੍ਹਾਂ ਦੀ ਬੋਲੀ ਤੇਰੇ ਲਈ ਸਮਝਣੀ ਔਖੀ ਹੈ ਜਾਂ ਜਿਨ੍ਹਾਂ ਦੀ ਭਾਸ਼ਾ ਤੂੰ ਨਹੀਂ ਜਾਣਦਾ ਅਤੇ ਜਿਨ੍ਹਾਂ ਦੀਆਂ ਗੱਲਾਂ ਤੂੰ ਨਹੀਂ ਸਮਝ ਸਕਦਾ। ਜੇ ਮੈਂ ਤੈਨੂੰ ਉਨ੍ਹਾਂ ਲੋਕਾਂ ਕੋਲ ਘੱਲਦਾ, ਤਾਂ ਉਹ ਤੇਰੀ ਗੱਲ ਸੁਣਦੇ।+ 7 ਪਰ ਇਜ਼ਰਾਈਲ ਦੇ ਘਰਾਣੇ ਦੇ ਲੋਕ ਤੇਰੀ ਗੱਲ ਸੁਣਨ ਤੋਂ ਇਨਕਾਰ ਕਰਨਗੇ ਕਿਉਂਕਿ ਉਹ ਮੇਰੀ ਗੱਲ ਨਹੀਂ ਸੁਣਨੀ ਚਾਹੁੰਦੇ।+ ਇਜ਼ਰਾਈਲ ਦੇ ਘਰਾਣੇ ਦੇ ਸਾਰੇ ਲੋਕ ਢੀਠ ਅਤੇ ਪੱਥਰ-ਦਿਲ ਹਨ।+ 8 ਦੇਖ! ਜਿੰਨੇ ਉਹ ਢੀਠ ਹਨ, ਮੈਂ ਤੈਨੂੰ ਉੱਨਾ ਹੀ ਮਜ਼ਬੂਤ ਬਣਾਇਆ ਹੈ।*+ 9 ਮੈਂ ਤੇਰਾ ਮੱਥਾ ਹੀਰੇ ਵਾਂਗ ਕਠੋਰ ਅਤੇ ਚਕਮਾਕ ਪੱਥਰ ਨਾਲੋਂ ਜ਼ਿਆਦਾ ਸਖ਼ਤ ਬਣਾ ਦਿੱਤਾ ਹੈ।+ ਉਨ੍ਹਾਂ ਤੋਂ ਨਾ ਡਰੀਂ ਅਤੇ ਨਾ ਹੀ ਉਨ੍ਹਾਂ ਦੇ ਚਿਹਰੇ ਦੇਖ ਕੇ ਖ਼ੌਫ਼ ਖਾਈਂ+ ਕਿਉਂਕਿ ਉਹ ਬਾਗ਼ੀ ਘਰਾਣੇ ਦੇ ਲੋਕ ਹਨ।”
10 ਉਸ ਨੇ ਮੈਨੂੰ ਅੱਗੇ ਕਿਹਾ: “ਹੇ ਮਨੁੱਖ ਦੇ ਪੁੱਤਰ, ਮੈਂ ਤੈਨੂੰ ਜੋ ਵੀ ਦੱਸ ਰਿਹਾ ਹਾਂ, ਉਸ ਨੂੰ ਸੁਣ ਅਤੇ ਆਪਣੇ ਦਿਲ ਵਿਚ ਬਿਠਾ। 11 ਆਪਣੇ ਗ਼ੁਲਾਮ ਲੋਕਾਂ* ਕੋਲ ਜਾਹ+ ਅਤੇ ਉਨ੍ਹਾਂ ਨਾਲ ਗੱਲ ਕਰ। ਉਨ੍ਹਾਂ ਨੂੰ ਕਹਿ, ‘ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ,’ ਭਾਵੇਂ ਉਹ ਤੇਰੀ ਗੱਲ ਸੁਣਨ ਜਾਂ ਨਾ ਸੁਣਨ।”+
12 ਫਿਰ ਇਕ ਸ਼ਕਤੀ ਮੈਨੂੰ ਚੁੱਕ ਕੇ ਲੈ ਗਈ+ ਅਤੇ ਮੈਂ ਆਪਣੇ ਪਿੱਛਿਓਂ ਇਕ ਆਵਾਜ਼ ਸੁਣੀ ਜੋ ਉੱਚੀ ਗੜਗੜਾਹਟ ਵਰਗੀ ਸੀ। ਉਸ ਆਵਾਜ਼ ਨੇ ਕਿਹਾ: “ਯਹੋਵਾਹ ਦੇ ਸਥਾਨ ਵਿਚ ਉਸ ਦੀ ਮਹਿਮਾ ਦੀ ਜੈ-ਜੈ ਕਾਰ ਹੋਵੇ।” 13 ਜੀਉਂਦੇ ਪ੍ਰਾਣੀਆਂ ਦੇ ਖੰਭਾਂ ਦੀ ਆਵਾਜ਼ ਆ ਰਹੀ ਸੀ ਕਿਉਂਕਿ ਖੰਭ ਇਕ-ਦੂਜੇ ਵਿਚ ਵੱਜ ਰਹੇ ਸਨ।+ ਨਾਲੇ ਉਨ੍ਹਾਂ ਦੇ ਲਾਗੇ ਪਹੀਆਂ ਦੀ ਆਵਾਜ਼+ ਅਤੇ ਉੱਚੀ ਗੜਗੜਾਹਟ ਦੀ ਆਵਾਜ਼ ਵੀ ਆ ਰਹੀ ਸੀ। 14 ਉਹ ਸ਼ਕਤੀ ਮੈਨੂੰ ਚੁੱਕ ਕੇ ਆਪਣੇ ਨਾਲ ਲੈ ਗਈ। ਉਸ ਵੇਲੇ ਮੇਰਾ ਮਨ ਗੁੱਸੇ ਅਤੇ ਕੁੜੱਤਣ ਨਾਲ ਭਰਿਆ ਹੋਇਆ ਸੀ। ਯਹੋਵਾਹ ਦੀ ਸ਼ਕਤੀ* ਮੇਰੇ ਉੱਤੇ ਜ਼ਬਰਦਸਤ ਢੰਗ ਨਾਲ ਕੰਮ ਕਰ ਰਹੀ ਸੀ। 15 ਇਸ ਲਈ ਮੈਂ ਤੇਲ-ਆਬੀਬ ਵਿਚ ਕਿਬਾਰ ਦਰਿਆ ਲਾਗੇ ਵੱਸੇ ਗ਼ੁਲਾਮ ਲੋਕਾਂ ਕੋਲ ਚਲਾ ਗਿਆ+ ਅਤੇ ਉੱਥੇ ਉਨ੍ਹਾਂ ਦੇ ਨਾਲ ਰਿਹਾ। ਮੈਂ ਉਨ੍ਹਾਂ ਨਾਲ ਹੁੰਦਿਆਂ ਸੱਤ ਦਿਨ ਬੇਸੁਧ ਰਿਹਾ।+
16 ਸੱਤਾਂ ਦਿਨਾਂ ਬਾਅਦ ਮੈਨੂੰ ਯਹੋਵਾਹ ਦਾ ਇਹ ਸੰਦੇਸ਼ ਮਿਲਿਆ:
17 “ਹੇ ਮਨੁੱਖ ਦੇ ਪੁੱਤਰ, ਮੈਂ ਤੈਨੂੰ ਇਜ਼ਰਾਈਲ ਦੇ ਘਰਾਣੇ ਦਾ ਪਹਿਰੇਦਾਰ ਨਿਯੁਕਤ ਕੀਤਾ ਹੈ;+ ਜਦੋਂ ਤੂੰ ਮੇਰੇ ਮੂੰਹੋਂ ਸੰਦੇਸ਼ ਸੁਣੇ, ਤਾਂ ਤੂੰ ਮੇਰੇ ਵੱਲੋਂ ਉਨ੍ਹਾਂ ਨੂੰ ਜ਼ਰੂਰ ਖ਼ਬਰਦਾਰ ਕਰੀਂ।+ 18 ਜਦੋਂ ਮੈਂ ਕਿਸੇ ਦੁਸ਼ਟ ਨੂੰ ਕਹਾਂ, ‘ਤੂੰ ਜ਼ਰੂਰ ਮਰੇਂਗਾ,’ ਪਰ ਤੂੰ ਉਸ ਨੂੰ ਖ਼ਬਰਦਾਰ ਨਹੀਂ ਕਰਦਾ ਕਿ ਉਹ ਆਪਣੇ ਬੁਰੇ ਰਾਹ ਤੋਂ ਮੁੜ ਆਵੇ ਅਤੇ ਜੀਉਂਦਾ ਰਹੇ,+ ਤਾਂ ਉਹ ਆਪਣੇ ਗੁਨਾਹ ਕਰਕੇ ਮਰੇਗਾ ਕਿਉਂਕਿ ਉਹ ਦੁਸ਼ਟ ਹੈ,+ ਪਰ ਮੈਂ ਤੇਰੇ ਤੋਂ ਉਸ ਦੇ ਖ਼ੂਨ ਦਾ ਲੇਖਾ ਲਵਾਂਗਾ।*+ 19 ਦੂਜੇ ਪਾਸੇ, ਜੇ ਤੂੰ ਦੁਸ਼ਟ ਨੂੰ ਖ਼ਬਰਦਾਰ ਕਰਦਾ ਹੈਂ, ਪਰ ਫਿਰ ਵੀ ਉਹ ਦੁਸ਼ਟਤਾ ਛੱਡ ਕੇ ਆਪਣੇ ਬੁਰੇ ਰਾਹ ਤੋਂ ਨਹੀਂ ਮੁੜਦਾ, ਤਾਂ ਉਹ ਆਪਣੇ ਗੁਨਾਹ ਕਰਕੇ ਮਰੇਗਾ, ਪਰ ਤੂੰ ਜ਼ਰੂਰ ਆਪਣੀ ਜਾਨ ਬਚਾ ਲਵੇਂਗਾ।+ 20 ਪਰ ਜਦੋਂ ਕੋਈ ਧਰਮੀ ਇਨਸਾਨ ਸਹੀ ਕੰਮ ਕਰਨੇ ਛੱਡ ਕੇ ਗ਼ਲਤ ਕੰਮ* ਕਰਦਾ ਹੈ, ਤਾਂ ਮੈਂ ਉਸ ਦੇ ਸਾਮ੍ਹਣੇ ਠੋਕਰ ਦਾ ਪੱਥਰ ਰੱਖਾਂਗਾ ਅਤੇ ਉਹ ਮਰ ਜਾਵੇਗਾ।+ ਜੇ ਤੂੰ ਉਸ ਨੂੰ ਖ਼ਬਰਦਾਰ ਨਹੀਂ ਕਰਦਾ, ਤਾਂ ਉਹ ਆਪਣੇ ਪਾਪ ਕਰਕੇ ਮਰੇਗਾ ਅਤੇ ਉਸ ਦੇ ਸਹੀ ਕੰਮਾਂ ਨੂੰ ਯਾਦ ਨਹੀਂ ਰੱਖਿਆ ਜਾਵੇਗਾ, ਪਰ ਮੈਂ ਤੇਰੇ ਤੋਂ ਉਸ ਦੇ ਖ਼ੂਨ ਦਾ ਲੇਖਾ ਲਵਾਂਗਾ।*+ 21 ਪਰ ਜੇ ਤੂੰ ਉਸ ਧਰਮੀ ਇਨਸਾਨ ਨੂੰ ਖ਼ਬਰਦਾਰ ਕਰਦਾ ਹੈਂ ਕਿ ਉਹ ਪਾਪ ਨਾ ਕਰੇ ਅਤੇ ਉਹ ਪਾਪ ਨਹੀਂ ਕਰਦਾ, ਤਾਂ ਉਹ ਜ਼ਰੂਰ ਜੀਉਂਦਾ ਰਹੇਗਾ ਕਿਉਂਕਿ ਉਸ ਨੂੰ ਖ਼ਬਰਦਾਰ ਕੀਤਾ ਗਿਆ ਸੀ+ ਅਤੇ ਤੂੰ ਆਪਣੀ ਜਾਨ ਬਚਾ ਲਵੇਂਗਾ।”
22 ਉੱਥੇ ਯਹੋਵਾਹ ਦੀ ਸ਼ਕਤੀ* ਮੇਰੇ ਉੱਤੇ ਆਈ ਅਤੇ ਉਸ ਨੇ ਮੈਨੂੰ ਕਿਹਾ: “ਉੱਠ ਅਤੇ ਘਾਟੀ ਵਿਚ ਜਾਹ ਅਤੇ ਉੱਥੇ ਮੈਂ ਤੇਰੇ ਨਾਲ ਗੱਲ ਕਰਾਂਗਾ।” 23 ਇਸ ਲਈ ਮੈਂ ਉੱਠ ਕੇ ਘਾਟੀ ਵਿਚ ਚਲਾ ਗਿਆ। ਉੱਥੇ ਮੈਂ ਯਹੋਵਾਹ ਦੀ ਮਹਿਮਾ ਦੇਖੀ,+ ਜਿਹੋ ਜਿਹੀ ਮਹਿਮਾ ਮੈਂ ਕਿਬਾਰ ਦਰਿਆ ਦੇ ਲਾਗੇ ਦੇਖੀ ਸੀ।+ ਉਸ ਵੇਲੇ ਮੈਂ ਆਪਣੇ ਮੂੰਹ ਭਾਰ ਡਿਗ ਗਿਆ। 24 ਫਿਰ ਪਰਮੇਸ਼ੁਰ ਦੀ ਸ਼ਕਤੀ ਮੇਰੇ ਅੰਦਰ ਆ ਗਈ ਅਤੇ ਇਸ ਨੇ ਮੈਨੂੰ ਮੇਰੇ ਪੈਰਾਂ ʼਤੇ ਖੜ੍ਹਾ ਕਰ ਦਿੱਤਾ।+ ਫਿਰ ਉਸ ਨੇ ਮੇਰੇ ਨਾਲ ਗੱਲ ਕਰਦੇ ਹੋਏ ਕਿਹਾ:
“ਤੂੰ ਆਪਣੇ ਘਰ ਜਾਹ ਅਤੇ ਅੰਦਰੋਂ ਦਰਵਾਜ਼ਾ ਬੰਦ ਕਰ ਲੈ। 25 ਹੇ ਮਨੁੱਖ ਦੇ ਪੁੱਤਰ, ਉਹ ਤੈਨੂੰ ਰੱਸੀਆਂ ਨਾਲ ਬੰਨ੍ਹਣਗੇ ਤਾਂਕਿ ਤੂੰ ਉਨ੍ਹਾਂ ਵਿਚਕਾਰ ਤੁਰ-ਫਿਰ ਨਾ ਸਕੇਂ। 26 ਮੈਂ ਤੇਰੀ ਜੀਭ ਤੇਰੇ ਤਾਲੂ ਨਾਲ ਲਾ ਦਿਆਂਗਾ ਤਾਂਕਿ ਤੂੰ ਗੁੰਗਾ ਹੋ ਜਾਵੇਂ ਅਤੇ ਉਨ੍ਹਾਂ ਨੂੰ ਤਾੜਨਾ ਨਾ ਦੇ ਸਕੇਂ ਕਿਉਂਕਿ ਉਹ ਬਾਗ਼ੀ ਘਰਾਣੇ ਦੇ ਲੋਕ ਹਨ। 27 ਪਰ ਜਦੋਂ ਮੈਂ ਤੇਰੇ ਨਾਲ ਗੱਲ ਕਰਾਂਗਾ, ਤਾਂ ਮੈਂ ਤੇਰਾ ਮੂੰਹ ਖੋਲ੍ਹ ਦਿਆਂਗਾ ਅਤੇ ਤੂੰ ਉਨ੍ਹਾਂ ਨੂੰ ਕਹੀਂ,+ ‘ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ।’ ਜਿਹੜਾ ਸੁਣਨਾ ਚਾਹੁੰਦਾ ਹੈ, ਉਹ ਸੁਣੇ+ ਅਤੇ ਜਿਹੜਾ ਨਹੀਂ ਸੁਣਨਾ ਚਾਹੁੰਦਾ, ਉਹ ਨਾ ਸੁਣੇ ਕਿਉਂਕਿ ਉਹ ਬਾਗ਼ੀ ਘਰਾਣੇ ਦੇ ਲੋਕ ਹਨ।+
4 “ਹੇ ਮਨੁੱਖ ਦੇ ਪੁੱਤਰ, ਇਕ ਇੱਟ ਲੈ ਕੇ ਆਪਣੇ ਸਾਮ੍ਹਣੇ ਰੱਖ ਅਤੇ ਉਸ ਉੱਤੇ ਯਰੂਸ਼ਲਮ ਸ਼ਹਿਰ ਦੀ ਤਸਵੀਰ ਉੱਕਰ। 2 ਇਸ ਦੀ ਘੇਰਾਬੰਦੀ ਕਰ,+ ਇਸ ਦੀ ਘੇਰਾਬੰਦੀ ਕਰਨ ਲਈ ਕੰਧ ਉਸਾਰ,+ ਇਸ ʼਤੇ ਹਮਲਾ ਕਰਨ ਲਈ ਇਕ ਟਿੱਲਾ ਬਣਾ,+ ਇਸ ਦੇ ਆਲੇ-ਦੁਆਲੇ ਛਾਉਣੀ ਪਾ ਅਤੇ ਇਸ ਦੇ ਚਾਰ-ਚੁਫੇਰੇ ਕਿਲਾਤੋੜ ਯੰਤਰ* ਖੜ੍ਹੇ ਕਰ।+ 3 ਫਿਰ ਲੋਹੇ ਦਾ ਇਕ ਤਵਾ ਲੈ ਕੇ ਆਪਣੇ ਅਤੇ ਸ਼ਹਿਰ ਦੇ ਵਿਚਾਲੇ ਲੋਹੇ ਦੀ ਕੰਧ ਵਾਂਗ ਖੜ੍ਹਾ ਕਰ। ਫਿਰ ਤੂੰ ਸ਼ਹਿਰ ਵੱਲ ਘੂਰੀ ਵੱਟ ਕੇ ਦੇਖੀਂ। ਇਸ ਤਰ੍ਹਾਂ ਤੂੰ ਦਿਖਾਈਂ ਕਿ ਸ਼ਹਿਰ ਦੀ ਘੇਰਾਬੰਦੀ ਕਿਵੇਂ ਕੀਤੀ ਜਾਵੇਗੀ। ਇਹ ਇਜ਼ਰਾਈਲ ਦੇ ਘਰਾਣੇ ਲਈ ਇਕ ਨਿਸ਼ਾਨੀ ਹੋਵੇਗੀ।+
4 “ਫਿਰ ਤੂੰ ਆਪਣੇ ਖੱਬੇ ਪਾਸੇ ਵੱਖ ਲੈ ਕੇ ਲੰਮਾ ਪੈ ਜਾਈਂ ਅਤੇ ਇਜ਼ਰਾਈਲ ਦੇ ਘਰਾਣੇ ਦੇ ਪਾਪ ਆਪਣੇ* ਉੱਤੇ ਚੁੱਕੀਂ।+ ਜਿੰਨੇ ਦਿਨ ਤੂੰ ਆਪਣੇ ਖੱਬੇ ਪਾਸੇ ਵੱਖ ਲੈ ਕੇ ਲੰਮਾ ਪਵੇਂਗਾ, ਉੱਨੇ ਦਿਨ ਤੂੰ ਉਨ੍ਹਾਂ ਦੇ ਪਾਪ ਚੁੱਕੀਂ। 5 ਜਿੰਨੇ ਸਾਲ ਉਨ੍ਹਾਂ ਨੇ ਪਾਪ ਕੀਤੇ ਹਨ, ਉਸ ਮੁਤਾਬਕ ਮੈਂ ਤੇਰੇ ਲਈ 390 ਦਿਨ ਠਹਿਰਾਏ ਹਨ+ ਅਤੇ ਤੂੰ ਉੱਨੇ ਦਿਨ ਇਜ਼ਰਾਈਲ ਦੇ ਘਰਾਣੇ ਦੇ ਪਾਪ ਆਪਣੇ ਉੱਤੇ ਚੁੱਕੇਂਗਾ। ਇਕ ਦਿਨ ਇਕ ਸਾਲ ਦੇ ਬਰਾਬਰ ਹੋਵੇਗਾ।
6 “ਜਦੋਂ ਤੂੰ ਇਹ ਦਿਨ ਪੂਰੇ ਕਰ ਲਵੇਂ, ਤਾਂ ਤੂੰ ਆਪਣੇ ਸੱਜੇ ਪਾਸੇ ਵੱਖ ਲੈ ਕੇ ਲੰਮਾ ਪੈ ਜਾਈਂ ਅਤੇ ਤੂੰ 40 ਦਿਨਾਂ ਤਕ ਯਹੂਦਾਹ ਦੇ ਘਰਾਣੇ ਦੇ ਪਾਪ ਆਪਣੇ ਉੱਤੇ ਚੁੱਕੀਂ।+ ਮੈਂ ਤੇਰੇ ਲਈ ਇਕ-ਇਕ ਸਾਲ ਦੇ ਬਦਲੇ ਇਕ-ਇਕ ਦਿਨ ਠਹਿਰਾਇਆ ਹੈ। 7 ਤੂੰ ਆਪਣੇ ਚੋਗੇ ਦੀ ਬਾਂਹ ਉੱਪਰ ਚੜ੍ਹਾ ਕੇ ਯਰੂਸ਼ਲਮ ਦੀ ਘੇਰਾਬੰਦੀ+ ਵੱਲ ਘੂਰੀ ਵੱਟ ਕੇ ਦੇਖੀਂ ਅਤੇ ਇਸ ਦੇ ਖ਼ਿਲਾਫ਼ ਭਵਿੱਖਬਾਣੀ ਕਰੀਂ।
8 “ਦੇਖ! ਮੈਂ ਤੈਨੂੰ ਰੱਸੀਆਂ ਨਾਲ ਬੰਨ੍ਹਾਗਾਂ ਤਾਂਕਿ ਤੂੰ ਉਦੋਂ ਤਕ ਵੱਖ ਨਾ ਲੈ ਸਕੇਂ ਜਦ ਤਕ ਘੇਰਾਬੰਦੀ ਦੇ ਦਿਨ ਪੂਰੇ ਨਹੀਂ ਹੋ ਜਾਂਦੇ।
9 “ਤੂੰ ਕਣਕ, ਜੌਂ, ਰਵਾਂਹ ਦੀਆਂ ਫਲੀਆਂ, ਦਾਲਾਂ, ਬਾਜਰਾ ਅਤੇ ਘਟੀਆ ਕਿਸਮ ਦੀ ਕਣਕ ਲਈਂ ਅਤੇ ਇਨ੍ਹਾਂ ਨੂੰ ਇਕ ਭਾਂਡੇ ਵਿਚ ਪਾਈਂ ਅਤੇ ਆਪਣੇ ਲਈ ਇਨ੍ਹਾਂ ਦੀ ਰੋਟੀ ਪਕਾਈਂ। ਤੂੰ 390 ਦਿਨ ਇਹ ਰੋਟੀ ਖਾਈਂ+ ਜਦ ਤੂੰ ਖੱਬੇ ਪਾਸੇ ਵੱਖ ਲੈ ਕੇ ਲੰਮਾ ਪਿਆ ਹੋਵੇਂਗਾ। 10 ਤੂੰ ਰੋਜ਼ 20 ਸ਼ੇਕੇਲ* ਭੋਜਨ ਤੋਲ ਕੇ ਖਾਈਂ। ਤੂੰ ਰੋਜ਼ਾਨਾ ਮਿਥੇ ਹੋਏ ਸਮੇਂ ਤੇ ਭੋਜਨ ਖਾਈਂ।
11 “ਅਤੇ ਤੂੰ ਹੀਨ* ਦਾ ਛੇਵਾਂ ਹਿੱਸਾ ਮਿਣ ਕੇ ਪਾਣੀ ਪੀਵੀਂ। ਤੂੰ ਹਰ ਰੋਜ਼ ਮਿਥੇ ਹੋਏ ਸਮੇਂ ਤੇ ਪਾਣੀ ਪੀਵੀਂ।
12 “ਤੂੰ ਇਸ ਨੂੰ ਉਸੇ ਤਰ੍ਹਾਂ ਖਾਵੇਂਗਾ ਜਿਵੇਂ ਬਾਜਰੇ ਦੀ ਇਕ ਗੋਲ ਰੋਟੀ ਪਕਾ ਕੇ ਖਾਧੀ ਜਾਂਦੀ ਹੈ; ਤੂੰ ਇਨਸਾਨਾਂ ਦੇ ਸੁੱਕੇ ਗੂੰਹ ਦੀ ਅੱਗ ਬਾਲ਼ ਕੇ ਇਸ ਨੂੰ ਲੋਕਾਂ ਦੀਆਂ ਅੱਖਾਂ ਸਾਮ੍ਹਣੇ ਪਕਾਈਂ।” 13 ਯਹੋਵਾਹ ਨੇ ਅੱਗੇ ਕਿਹਾ: “ਇਸੇ ਤਰ੍ਹਾਂ ਇਜ਼ਰਾਈਲੀ ਉਨ੍ਹਾਂ ਕੌਮਾਂ ਵਿਚ ਰਹਿੰਦਿਆਂ ਅਸ਼ੁੱਧ ਰੋਟੀ ਖਾਣਗੇ ਜਿਨ੍ਹਾਂ ਵਿਚ ਮੈਂ ਉਨ੍ਹਾਂ ਨੂੰ ਖਿੰਡਾ ਦਿਆਂਗਾ।”+
14 ਫਿਰ ਮੈਂ ਕਿਹਾ: “ਹੇ ਸਾਰੇ ਜਹਾਨ ਦੇ ਮਾਲਕ ਯਹੋਵਾਹ, ਇੱਦਾਂ ਨਾ ਹੋਵੇ। ਮੈਂ ਜਵਾਨੀ ਤੋਂ ਲੈ ਕੇ ਹੁਣ ਤਕ ਅਜਿਹੇ ਜਾਨਵਰ ਦਾ ਮਾਸ ਖਾ ਕੇ ਆਪਣੇ ਆਪ ਨੂੰ ਭ੍ਰਿਸ਼ਟ ਨਹੀਂ ਕੀਤਾ ਜੋ ਮਰਿਆ ਪਿਆ ਹੋਵੇ ਜਾਂ ਜਿਸ ਨੂੰ ਕਿਸੇ ਜੰਗਲੀ ਜਾਨਵਰ ਨੇ ਮਾਰਿਆ ਹੋਵੇ।+ ਮੈਂ ਤਾਂ ਕਦੇ ਅਸ਼ੁੱਧ ਮਾਸ ਨੂੰ ਮੂੰਹ ਵੀ ਨਹੀਂ ਲਾਇਆ।”+
15 ਫਿਰ ਉਸ ਨੇ ਮੈਨੂੰ ਕਿਹਾ: “ਠੀਕ ਹੈ, ਮੈਂ ਤੈਨੂੰ ਇਨਸਾਨਾਂ ਦੇ ਸੁੱਕੇ ਗੂੰਹ ਦੀ ਬਜਾਇ ਪਸ਼ੂਆਂ ਦਾ ਗੋਹਾ ਵਰਤਣ ਦੀ ਇਜਾਜ਼ਤ ਦਿੰਦਾ ਹਾਂ ਅਤੇ ਤੂੰ ਇਸ ਦੀ ਅੱਗ ਬਾਲ਼ ਕੇ ਆਪਣੇ ਲਈ ਰੋਟੀ ਪਕਾ ਸਕਦਾ ਹੈਂ।” 16 ਫਿਰ ਉਸ ਨੇ ਮੈਨੂੰ ਕਿਹਾ: “ਹੇ ਮਨੁੱਖ ਦੇ ਪੁੱਤਰ, ਮੈਂ ਯਰੂਸ਼ਲਮ ਵਿੱਚੋਂ ਰੋਟੀ ਖ਼ਤਮ ਕਰ ਦਿਆਂਗਾ*+ ਅਤੇ ਲੋਕ ਚਿੰਤਾ ਵਿਚ ਡੁੱਬੇ ਹੋਏ ਤੋਲ ਕੇ ਰੋਟੀ ਖਾਣਗੇ+ ਅਤੇ ਡਰ ਨਾਲ ਸਹਿਮੇ ਹੋਏ ਮਿਣ-ਮਿਣ ਕੇ ਪਾਣੀ ਪੀਣਗੇ।+ 17 ਰੋਟੀ ਅਤੇ ਪਾਣੀ ਦੀ ਥੁੜ੍ਹ ਹੋਣ ਕਰਕੇ ਇਸ ਤਰ੍ਹਾਂ ਹੋਵੇਗਾ ਅਤੇ ਉਹ ਇਕ-ਦੂਜੇ ਵੱਲ ਦੇਖ ਕੇ ਹੱਕੇ-ਬੱਕੇ ਰਹਿ ਜਾਣਗੇ ਅਤੇ ਆਪਣੀਆਂ ਗ਼ਲਤੀਆਂ ਕਰਕੇ ਹੌਲੀ-ਹੌਲੀ ਮਰ ਜਾਣਗੇ।
5 “ਹੇ ਮਨੁੱਖ ਦੇ ਪੁੱਤਰ, ਤੂੰ ਇਕ ਤਿੱਖੀ ਤਲਵਾਰ ਲੈ ਅਤੇ ਨਾਈ ਦੇ ਉਸਤਰੇ ਵਾਂਗ ਉਸ ਨਾਲ ਆਪਣੇ ਸਿਰ ਅਤੇ ਦਾੜ੍ਹੀ ਦੀ ਹਜਾਮਤ ਕਰ। ਫਿਰ ਤੂੰ ਉਨ੍ਹਾਂ ਵਾਲ਼ਾਂ ਨੂੰ ਤੱਕੜੀ ਵਿਚ ਤੋਲ ਕੇ ਤਿੰਨ ਹਿੱਸਿਆਂ ਵਿਚ ਵੰਡ ਦੇਈਂ। 2 ਜਦ ਘੇਰਾਬੰਦੀ ਦੇ ਦਿਨ ਪੂਰੇ ਹੋ ਜਾਣ, ਤਾਂ ਤੂੰ ਵਾਲ਼ਾਂ ਦਾ ਇਕ ਹਿੱਸਾ ਲੈ ਕੇ ਸ਼ਹਿਰ ਅੰਦਰ ਅੱਗ ਵਿਚ ਸਾੜ ਦੇਈਂ।+ ਫਿਰ ਤੂੰ ਦੂਜੇ ਹਿੱਸੇ ਨੂੰ ਸ਼ਹਿਰ ਦੇ ਹਰ ਪਾਸੇ ਤਲਵਾਰ ਨਾਲ ਵੱਢ ਸੁੱਟੀਂ+ ਅਤੇ ਫਿਰ ਤੀਜੇ ਹਿੱਸੇ ਨੂੰ ਹਵਾ ਵਿਚ ਖਿਲਾਰ ਦੇਈਂ ਅਤੇ ਮੈਂ ਤਲਵਾਰ ਲੈ ਕੇ ਉਨ੍ਹਾਂ ਦਾ ਪਿੱਛਾ ਕਰਾਂਗਾ।+
3 “ਤੂੰ ਤੀਸਰੇ ਹਿੱਸੇ ਵਿੱਚੋਂ ਕੁਝ ਵਾਲ਼ ਲੈ ਕੇ ਆਪਣੇ ਚੋਗੇ ਦੇ ਪੱਲੇ ਵਿਚ ਵੀ ਬੰਨ੍ਹ ਲਈਂ 4 ਅਤੇ ਕੁਝ ਵਾਲ਼ ਅੱਗ ਵਿਚ ਸੁੱਟ ਕੇ ਸਾੜ ਦੇਈਂ। ਇੱਥੋਂ ਹੀ ਇਜ਼ਰਾਈਲ ਦੇ ਸਾਰੇ ਘਰਾਣੇ ਵਿਚ ਅੱਗ ਫੈਲੇਗੀ।+
5 “ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: ‘ਇਹ ਯਰੂਸ਼ਲਮ ਸ਼ਹਿਰ ਹੈ। ਮੈਂ ਇਸ ਨੂੰ ਕੌਮਾਂ ਦੇ ਵਿਚਕਾਰ ਕਾਇਮ ਕੀਤਾ ਹੈ ਅਤੇ ਹੋਰ ਦੇਸ਼ ਇਸ ਦੇ ਆਲੇ-ਦੁਆਲੇ ਵੱਸੇ ਹੋਏ ਹਨ। 6 ਪਰ ਇਸ ਨੇ ਮੇਰੇ ਹੁਕਮਾਂ ਤੇ ਨਿਯਮਾਂ ਦੇ ਖ਼ਿਲਾਫ਼ ਬਗਾਵਤ ਕੀਤੀ ਹੈ ਅਤੇ ਆਪਣੇ ਆਲੇ-ਦੁਆਲੇ ਦੀਆਂ ਕੌਮਾਂ ਤੇ ਦੇਸ਼ਾਂ ਨਾਲੋਂ ਵੀ ਜ਼ਿਆਦਾ ਬੁਰੇ ਕੰਮ ਕੀਤੇ ਹਨ।+ ਸ਼ਹਿਰ ਦੇ ਲੋਕਾਂ ਨੇ ਮੇਰੇ ਹੁਕਮਾਂ ਨੂੰ ਠੁਕਰਾ ਦਿੱਤਾ ਅਤੇ ਉਹ ਮੇਰੇ ਨਿਯਮਾਂ ʼਤੇ ਨਹੀਂ ਚੱਲੇ।’
7 “ਇਸ ਲਈ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: ‘ਤੂੰ ਆਪਣੇ ਆਲੇ-ਦੁਆਲੇ ਦੀਆਂ ਸਾਰੀਆਂ ਕੌਮਾਂ ਨਾਲੋਂ ਕਿਤੇ ਬੁਰਾ ਸੀ ਅਤੇ ਤੂੰ ਮੇਰੇ ਹੁਕਮਾਂ ਅਤੇ ਕਾਨੂੰਨਾਂ ਮੁਤਾਬਕ ਚੱਲਣ ਦੀ ਬਜਾਇ ਆਪਣੇ ਆਲੇ-ਦੁਆਲੇ ਦੀਆਂ ਕੌਮਾਂ ਦੇ ਕਾਨੂੰਨਾਂ ਮੁਤਾਬਕ ਚੱਲਿਆ,+ 8 ਇਸ ਲਈ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: “ਹੇ ਯਰੂਸ਼ਲਮ, ਮੈਂ ਤੇਰੇ ਖ਼ਿਲਾਫ਼ ਹਾਂ+ ਅਤੇ ਮੈਂ ਤੇਰਾ ਨਿਆਂ ਕਰ ਕੇ ਤੈਨੂੰ ਕੌਮਾਂ ਸਾਮ੍ਹਣੇ ਸਜ਼ਾ ਦਿਆਂਗਾ।+ 9 ਤੇਰੇ ਸਾਰੇ ਘਿਣਾਉਣੇ ਕੰਮਾਂ ਕਰਕੇ ਮੈਂ ਤੇਰੇ ਨਾਲ ਉਹ ਕਰਾਂਗਾ ਜੋ ਮੈਂ ਨਾ ਪਹਿਲਾਂ ਕਦੇ ਕੀਤਾ ਅਤੇ ਨਾ ਹੀ ਦੁਬਾਰਾ ਕਰਾਂਗਾ।+
10 “‘“ਇਸ ਲਈ ਤੇਰੇ ਵਿਚ ਪਿਤਾ ਆਪਣੇ ਪੁੱਤਰਾਂ ਨੂੰ ਖਾਣਗੇ+ ਅਤੇ ਪੁੱਤਰ ਆਪਣੇ ਪਿਤਾਵਾਂ ਨੂੰ ਖਾਣਗੇ। ਮੈਂ ਤੇਰਾ ਨਿਆਂ ਕਰ ਕੇ ਤੈਨੂੰ ਸਜ਼ਾ ਦਿਆਂਗਾ ਅਤੇ ਤੇਰੇ ਬਚੇ ਹੋਏ ਲੋਕਾਂ ਨੂੰ ਹਰ ਦਿਸ਼ਾ ਵਿਚ ਖਿੰਡਾ ਦਿਆਂਗਾ।”’+
11 “ਇਸ ਲਈ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: ‘ਤੂੰ ਆਪਣੀਆਂ ਸਾਰੀਆਂ ਘਿਣਾਉਣੀਆਂ ਮੂਰਤਾਂ ਅਤੇ ਆਪਣੇ ਸਾਰੇ ਘਿਣਾਉਣੇ ਕੰਮਾਂ ਨਾਲ ਮੇਰੇ ਪਵਿੱਤਰ ਸਥਾਨ ਨੂੰ ਭ੍ਰਿਸ਼ਟ ਕੀਤਾ,+ ਇਸ ਕਰਕੇ ਮੈਨੂੰ ਆਪਣੀ ਜਾਨ ਦੀ ਸਹੁੰ, ਮੈਂ ਵੀ ਤੈਨੂੰ ਠੁਕਰਾ* ਦਿਆਂਗਾ; ਮੇਰੀਆਂ ਅੱਖਾਂ ਵਿਚ ਤੇਰੇ ਲਈ ਜ਼ਰਾ ਵੀ ਤਰਸ ਨਹੀਂ ਹੋਵੇਗਾ ਅਤੇ ਮੈਂ ਤੇਰੇ ʼਤੇ ਰਹਿਮ ਨਹੀਂ ਕਰਾਂਗਾ।+ 12 ਤੇਰੇ ਇਕ-ਤਿਹਾਈ ਲੋਕ ਮਹਾਂਮਾਰੀ* ਜਾਂ ਕਾਲ਼ ਨਾਲ ਮਰਨਗੇ ਅਤੇ ਇਕ-ਤਿਹਾਈ ਲੋਕਾਂ ਨੂੰ ਸ਼ਹਿਰ ਵਿਚ ਹਰ ਪਾਸੇ ਤਲਵਾਰ ਨਾਲ ਵੱਢਿਆ ਜਾਵੇਗਾ।+ ਮੈਂ ਤੇਰੇ ਇਕ-ਤਿਹਾਈ ਲੋਕਾਂ ਨੂੰ ਹਰ ਦਿਸ਼ਾ ਵਿਚ ਖਿੰਡਾ ਦਿਆਂਗਾ ਅਤੇ ਤਲਵਾਰ ਲੈ ਕੇ ਉਨ੍ਹਾਂ ਦਾ ਪਿੱਛਾ ਕਰਾਂਗਾ।+ 13 ਫਿਰ ਕਿਤੇ ਜਾ ਕੇ ਮੇਰਾ ਗੁੱਸਾ ਠੰਢਾ ਹੋਵੇਗਾ ਅਤੇ ਉਨ੍ਹਾਂ ਦੇ ਵਿਰੁੱਧ ਮੇਰਾ ਕ੍ਰੋਧ ਸ਼ਾਂਤ ਹੋਵੇਗਾ ਅਤੇ ਮੈਨੂੰ ਚੈਨ ਆਵੇਗਾ।+ ਜਦੋਂ ਉਨ੍ਹਾਂ ਦੇ ਖ਼ਿਲਾਫ਼ ਮੇਰੇ ਗੁੱਸੇ ਦਾ ਕਹਿਰ ਥੰਮ੍ਹ ਜਾਵੇਗਾ, ਉਦੋਂ ਉਨ੍ਹਾਂ ਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਨੇ ਇਹ ਗੱਲ ਇਸ ਕਰਕੇ ਕਹੀ ਹੈ ਕਿਉਂਕਿ ਮੈਂ ਮੰਗ ਕਰਦਾ ਹਾਂ ਕਿ ਸਿਰਫ਼ ਮੇਰੀ ਹੀ ਭਗਤੀ ਕੀਤੀ ਜਾਵੇ।+
14 “‘ਮੈਂ ਤੈਨੂੰ ਬਰਬਾਦ ਕਰ ਦਿਆਂਗਾ ਅਤੇ ਤੇਰਾ ਹਸ਼ਰ ਦੇਖ ਕੇ ਆਲੇ-ਦੁਆਲੇ ਦੀਆਂ ਕੌਮਾਂ ਦੇ ਲੋਕ ਅਤੇ ਤੇਰੇ ਕੋਲੋਂ ਲੰਘਣ ਵਾਲੇ ਲੋਕ ਤੇਰਾ ਮਜ਼ਾਕ ਉਡਾਉਣਗੇ।+ 15 ਜਦੋਂ ਮੈਂ ਗੁੱਸੇ ਵਿਚ ਆ ਕੇ ਤੇਰਾ ਨਿਆਂ ਕਰਾਂਗਾ ਅਤੇ ਕ੍ਰੋਧਵਾਨ ਹੋ ਕੇ ਤੈਨੂੰ ਸਜ਼ਾ ਦਿਆਂਗਾ, ਤਾਂ ਤੇਰਾ ਹਸ਼ਰ ਦੇਖ ਕੇ ਆਲੇ-ਦੁਆਲੇ ਦੀਆਂ ਕੌਮਾਂ ਦੇ ਲੋਕ ਤੇਰਾ ਮਜ਼ਾਕ ਉਡਾਉਣਗੇ ਅਤੇ ਤੇਰੇ ਨਾਲ ਘਿਰਣਾ ਕਰਨਗੇ+ ਅਤੇ ਖ਼ੌਫ਼ ਖਾਣਗੇ। ਇਸ ਤੋਂ ਉਨ੍ਹਾਂ ਨੂੰ ਚੇਤਾਵਨੀ ਮਿਲੇਗੀ। ਮੈਂ ਯਹੋਵਾਹ ਹਾਂ ਜਿਸ ਨੇ ਇਹ ਗੱਲ ਕਹੀ ਹੈ।
16 “‘ਮੈਂ ਉਨ੍ਹਾਂ ਨੂੰ ਖ਼ਤਮ ਕਰਨ ਲਈ ਉਨ੍ਹਾਂ ਉੱਤੇ ਕਾਲ਼ ਦੇ ਜਾਨਲੇਵਾ ਤੀਰ ਚਲਾਵਾਂਗਾ। ਮੈਂ ਤੀਰ ਚਲਾ ਕੇ ਤੈਨੂੰ ਮਾਰ-ਮੁਕਾਵਾਂਗਾ।+ ਮੈਂ ਤੇਰੇ ਵਿੱਚੋਂ ਰੋਟੀ ਖ਼ਤਮ ਕਰ ਦਿਆਂਗਾ* ਜਿਸ ਕਰਕੇ ਕਾਲ਼ ਤੇਰੇ ਲਈ ਹੋਰ ਵੀ ਭਿਆਨਕ ਹੋ ਜਾਵੇਗਾ।+ 17 ਮੈਂ ਤੇਰੇ ਖ਼ਿਲਾਫ਼ ਕਾਲ਼ ਅਤੇ ਖੂੰਖਾਰ ਜੰਗਲੀ ਜਾਨਵਰ ਘੱਲਾਂਗਾ+ ਜੋ ਤੇਰੇ ਤੋਂ ਤੇਰੇ ਬੱਚੇ ਖੋਹ ਲੈਣਗੇ। ਤੇਰੇ ਵਿਚ ਹਰ ਪਾਸੇ ਮਹਾਂਮਾਰੀ ਅਤੇ ਖ਼ੂਨ-ਖ਼ਰਾਬਾ ਹੋਵੇਗਾ ਅਤੇ ਮੈਂ ਤੇਰੇ ਖ਼ਿਲਾਫ਼ ਤਲਵਾਰ ਘੱਲਾਂਗਾ।+ ਮੈਂ ਯਹੋਵਾਹ ਹਾਂ ਜਿਸ ਨੇ ਇਹ ਗੱਲ ਕਹੀ ਹੈ।’”
6 ਮੈਨੂੰ ਦੁਬਾਰਾ ਯਹੋਵਾਹ ਦਾ ਇਹ ਸੰਦੇਸ਼ ਮਿਲਿਆ: 2 “ਹੇ ਮਨੁੱਖ ਦੇ ਪੁੱਤਰ, ਇਜ਼ਰਾਈਲ ਦੇ ਪਹਾੜਾਂ ਵੱਲ ਮੂੰਹ ਕਰ ਕੇ ਉਨ੍ਹਾਂ ਦੇ ਖ਼ਿਲਾਫ਼ ਭਵਿੱਖਬਾਣੀ ਕਰ। 3 ਤੂੰ ਕਹੀਂ, ‘ਹੇ ਇਜ਼ਰਾਈਲ ਦੇ ਪਹਾੜੋ, ਸਾਰੇ ਜਹਾਨ ਦੇ ਮਾਲਕ ਯਹੋਵਾਹ ਦਾ ਸੰਦੇਸ਼ ਸੁਣੋ: ਸਾਰੇ ਜਹਾਨ ਦਾ ਮਾਲਕ ਯਹੋਵਾਹ ਪਹਾੜਾਂ, ਪਹਾੜੀਆਂ, ਨਦੀਆਂ ਅਤੇ ਘਾਟੀਆਂ ਨੂੰ ਕਹਿੰਦਾ ਹੈ: “ਦੇਖੋ! ਮੈਂ ਤੁਹਾਡੇ ਖ਼ਿਲਾਫ਼ ਤਲਵਾਰ ਘੱਲਾਂਗਾ ਅਤੇ ਮੈਂ ਤੁਹਾਡੀਆਂ ਉੱਚੀਆਂ ਥਾਵਾਂ ਨੂੰ ਢਾਹ ਦਿਆਂਗਾ। 4 ਤੁਹਾਡੀਆਂ ਵੇਦੀਆਂ ਢਾਹ ਦਿੱਤੀਆਂ ਜਾਣਗੀਆਂ ਅਤੇ ਤੁਹਾਡੀਆਂ ਧੂਪ ਦੀਆਂ ਵੇਦੀਆਂ ਤੋੜ ਦਿੱਤੀਆਂ ਜਾਣਗੀਆਂ+ ਅਤੇ ਮੈਂ ਤਲਵਾਰ ਨਾਲ ਵੱਢੇ ਲੋਕਾਂ ਨੂੰ ਤੁਹਾਡੀਆਂ ਘਿਣਾਉਣੀਆਂ ਮੂਰਤਾਂ* ਦੇ ਅੱਗੇ ਸੁੱਟਾਂਗਾ।+ 5 ਮੈਂ ਇਜ਼ਰਾਈਲ ਦੇ ਲੋਕਾਂ ਦੀਆਂ ਲਾਸ਼ਾਂ ਉਨ੍ਹਾਂ ਦੀਆਂ ਘਿਣਾਉਣੀਆਂ ਮੂਰਤਾਂ ਅੱਗੇ ਸੁੱਟਾਂਗਾ ਅਤੇ ਤੁਹਾਡੀਆਂ ਹੱਡੀਆਂ ਤੁਹਾਡੀਆਂ ਵੇਦੀਆਂ ਦੇ ਆਲੇ-ਦੁਆਲੇ ਖਿਲਾਰਾਂਗਾ।+ 6 ਤੁਸੀਂ ਜਿੱਥੇ ਕਿਤੇ ਵੀ ਵੱਸਦੇ ਹੋ, ਉੱਥੇ ਦੇ ਸ਼ਹਿਰ ਤਬਾਹ ਕਰ ਦਿੱਤੇ ਜਾਣਗੇ,+ ਉੱਚੀਆਂ ਥਾਵਾਂ ਢਾਹ ਦਿੱਤੀਆਂ ਜਾਣਗੀਆਂ ਅਤੇ ਉਹ ਬਰਬਾਦ ਪਈਆਂ ਰਹਿਣਗੀਆਂ।+ ਤੁਹਾਡੀਆਂ ਵੇਦੀਆਂ ਨੂੰ ਢਾਹ ਕੇ ਚਕਨਾਚੂਰ ਕਰ ਦਿੱਤਾ ਜਾਵੇਗਾ, ਤੁਹਾਡੀਆਂ ਘਿਣਾਉਣੀਆਂ ਮੂਰਤਾਂ ਨੂੰ ਨਾਸ਼ ਕੀਤਾ ਜਾਵੇਗਾ, ਤੁਹਾਡੀਆਂ ਧੂਪ ਦੀਆਂ ਵੇਦੀਆਂ ਤੋੜ ਦਿੱਤੀਆਂ ਜਾਣਗੀਆਂ ਅਤੇ ਤੁਹਾਡੇ ਹੱਥਾਂ ਦੇ ਕੰਮਾਂ ਨੂੰ ਨਸ਼ਟ ਕਰ ਦਿੱਤਾ ਜਾਵੇਗਾ। 7 ਤਲਵਾਰ ਨਾਲ ਵੱਢੇ ਗਏ ਲੋਕਾਂ ਦੀਆਂ ਲਾਸ਼ਾਂ ਤੁਹਾਡੇ ਵਿਚ ਪਈਆਂ ਰਹਿਣਗੀਆਂ+ ਅਤੇ ਤੁਹਾਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ।+
8 “‘“ਪਰ ਮੈਂ ਕੁਝ ਲੋਕਾਂ ਨੂੰ ਛੱਡ ਦਿਆਂਗਾ ਕਿਉਂਕਿ ਜਦੋਂ ਤੁਹਾਨੂੰ ਹੋਰ ਦੇਸ਼ਾਂ ਵਿਚ ਖਿੰਡਾ ਦਿੱਤਾ ਜਾਵੇਗਾ, ਤਾਂ ਤੁਹਾਡੇ ਵਿੱਚੋਂ ਕੁਝ ਜਣੇ ਹੋਰ ਕੌਮਾਂ ਵਿਚ ਹੋਣ ਕਰਕੇ ਤਲਵਾਰ ਤੋਂ ਬਚ ਜਾਣਗੇ।+ 9 ਜਦੋਂ ਬਚੇ ਹੋਏ ਲੋਕ ਹੋਰ ਕੌਮਾਂ ਵਿਚ ਗ਼ੁਲਾਮ ਹੋਣਗੇ, ਤਾਂ ਉਹ ਉੱਥੇ ਮੈਨੂੰ ਯਾਦ ਕਰਨਗੇ।+ ਉਨ੍ਹਾਂ ਨੂੰ ਅਹਿਸਾਸ ਹੋਵੇਗਾ ਕਿ ਜਦੋਂ ਉਹ ਦਿਲੋਂ ਮੇਰੇ ਤੋਂ ਦੂਰ ਹੋ ਗਏ ਸਨ ਅਤੇ ਉਨ੍ਹਾਂ ਨੇ ਮੇਰੇ ਨਾਲ ਵਿਸ਼ਵਾਸਘਾਤ ਕੀਤਾ ਸੀ*+ ਅਤੇ ਉਹ ਹਵਸ ਭਰੀਆਂ ਨਜ਼ਰਾਂ ਨਾਲ ਆਪਣੀਆਂ ਘਿਣਾਉਣੀਆਂ ਮੂਰਤਾਂ ਨੂੰ ਦੇਖਦੇ ਸਨ,+ ਤਾਂ ਮੇਰਾ ਦਿਲ ਕਿੰਨਾ ਤੜਫਿਆ ਸੀ। ਉਹ ਆਪਣੇ ਸਾਰੇ ਦੁਸ਼ਟ ਅਤੇ ਘਿਣਾਉਣੇ ਕੰਮਾਂ ਕਰਕੇ ਸ਼ਰਮਿੰਦੇ ਹੋਣਗੇ ਅਤੇ ਉਨ੍ਹਾਂ ਕੰਮਾਂ ਨਾਲ ਘਿਰਣਾ ਕਰਨਗੇ।+ 10 ਉਨ੍ਹਾਂ ਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ ਅਤੇ ਮੈਂ ਉਨ੍ਹਾਂ ਨੂੰ ਤਬਾਹ ਕਰਨ ਦੀਆਂ ਫੋਕੀਆਂ ਧਮਕੀਆਂ ਨਹੀਂ ਦਿੱਤੀਆਂ ਸਨ।”’+
11 “ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: ‘ਦੁੱਖ ਦੇ ਮਾਰੇ ਆਪਣੇ ਹੱਥ ʼਤੇ ਹੱਥ ਮਾਰ ਅਤੇ ਆਪਣੇ ਪੈਰ ਪਟਕਾ-ਪਟਕਾ ਕੇ ਜ਼ਮੀਨ ʼਤੇ ਮਾਰ ਅਤੇ ਇਜ਼ਰਾਈਲ ਦੇ ਘਰਾਣੇ ਦੇ ਸਾਰੇ ਦੁਸ਼ਟ ਅਤੇ ਘਿਣਾਉਣੇ ਕੰਮਾਂ ਕਰਕੇ ਸੋਗ ਮਨਾ ਕਿਉਂਕਿ ਉਹ ਤਲਵਾਰ, ਕਾਲ਼ ਅਤੇ ਮਹਾਂਮਾਰੀ ਨਾਲ ਮਰਨਗੇ।+ 12 ਜਿਹੜਾ ਦੂਰ ਹੋਵੇਗਾ, ਉਹ ਮਹਾਂਮਾਰੀ ਨਾਲ ਮਰੇਗਾ, ਜਿਹੜਾ ਨੇੜੇ ਹੋਵੇਗਾ, ਉਹ ਤਲਵਾਰ ਨਾਲ ਮਰੇਗਾ ਅਤੇ ਜਿਹੜਾ ਇਨ੍ਹਾਂ ਦੋਵਾਂ ਤੋਂ ਜੀਉਂਦਾ ਬਚ ਜਾਵੇਗਾ, ਉਹ ਕਾਲ਼ ਨਾਲ ਮਰੇਗਾ; ਉਦੋਂ ਹੀ ਮੇਰੇ ਗੁੱਸੇ ਦਾ ਕਹਿਰ ਥੰਮ੍ਹੇਗਾ।+ 13 ਤਲਵਾਰ ਨਾਲ ਵੱਢੇ ਗਏ ਲੋਕਾਂ ਦੀਆਂ ਲਾਸ਼ਾਂ ਉਨ੍ਹਾਂ ਦੀਆਂ ਘਿਣਾਉਣੀਆਂ ਮੂਰਤਾਂ ਅੱਗੇ, ਉਨ੍ਹਾਂ ਦੀਆਂ ਵੇਦੀਆਂ ਦੇ ਆਲੇ-ਦੁਆਲੇ,+ ਹਰ ਉੱਚੀ ਪਹਾੜੀ ਉੱਤੇ, ਸਾਰੇ ਪਹਾੜਾਂ ਉੱਤੇ, ਹਰੇਕ ਹਰੇ-ਭਰੇ ਦਰਖ਼ਤ ਥੱਲੇ ਅਤੇ ਵੱਡੇ-ਵੱਡੇ ਦਰਖ਼ਤਾਂ ਦੀਆਂ ਟਾਹਣੀਆਂ ਥੱਲੇ ਪਈਆਂ ਹੋਣਗੀਆਂ ਜਿੱਥੇ ਉਹ ਆਪਣੀਆਂ ਸਾਰੀਆਂ ਘਿਣਾਉਣੀਆਂ ਮੂਰਤਾਂ ਨੂੰ ਖ਼ੁਸ਼ ਕਰਨ ਲਈ ਖ਼ੁਸ਼ਬੂਦਾਰ ਭੇਟਾਂ ਚੜ੍ਹਾਉਂਦੇ ਸਨ।+ ਤਦ ਤੁਹਾਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ।+ 14 ਮੈਂ ਉਨ੍ਹਾਂ ਦੇ ਖ਼ਿਲਾਫ਼ ਆਪਣਾ ਹੱਥ ਚੁੱਕਾਂਗਾ ਅਤੇ ਉਨ੍ਹਾਂ ਦੇ ਦੇਸ਼ ਨੂੰ ਤਬਾਹ ਕਰ ਦਿਆਂਗਾ ਅਤੇ ਉਨ੍ਹਾਂ ਦੇ ਬਸੇਰੇ ਦਿਬਲਾਹ ਦੀ ਉਜਾੜ ਨਾਲੋਂ ਵੀ ਜ਼ਿਆਦਾ ਵੀਰਾਨ ਹੋਣਗੇ ਅਤੇ ਉਨ੍ਹਾਂ ਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ।’”
7 ਮੈਨੂੰ ਦੁਬਾਰਾ ਯਹੋਵਾਹ ਦਾ ਸੰਦੇਸ਼ ਮਿਲਿਆ: 2 “ਹੇ ਮਨੁੱਖ ਦੇ ਪੁੱਤਰ, ਸਾਰੇ ਜਹਾਨ ਦਾ ਮਾਲਕ ਯਹੋਵਾਹ ਇਜ਼ਰਾਈਲ ਦੇਸ਼ ਨੂੰ ਕਹਿੰਦਾ ਹੈ: ‘ਅੰਤ ਆ ਗਿਆ ਹੈ! ਸਾਰੇ ਦੇਸ਼ ਦਾ ਅੰਤ ਆ ਗਿਆ ਹੈ। 3 ਤੇਰਾ ਅੰਤ ਆ ਚੁੱਕਾ ਹੈ। ਮੈਂ ਤੇਰੇ ਉੱਤੇ ਆਪਣਾ ਕ੍ਰੋਧ ਵਰ੍ਹਾਵਾਂਗਾ ਅਤੇ ਤੇਰੇ ਚਾਲ-ਚਲਣ ਅਨੁਸਾਰ ਤੇਰਾ ਨਿਆਂ ਕਰਾਂਗਾ ਅਤੇ ਤੇਰੇ ਤੋਂ ਤੇਰੇ ਸਾਰੇ ਘਿਣਾਉਣੇ ਕੰਮਾਂ ਦਾ ਲੇਖਾ ਲਵਾਂਗਾ। 4 ਮੇਰੀਆਂ ਅੱਖਾਂ ਵਿਚ ਤੇਰੇ ਲਈ ਜ਼ਰਾ ਵੀ ਤਰਸ ਨਹੀਂ ਹੋਵੇਗਾ ਅਤੇ ਮੈਂ ਤੇਰੇ ʼਤੇ ਰਹਿਮ ਨਹੀਂ ਕਰਾਂਗਾ+ ਕਿਉਂਕਿ ਮੈਂ ਤੇਰੇ ਚਾਲ-ਚਲਣ ਅਨੁਸਾਰ ਤੈਨੂੰ ਸਜ਼ਾ ਦਿਆਂਗਾ ਅਤੇ ਤੈਨੂੰ ਆਪਣੇ ਘਿਣਾਉਣੇ ਕੰਮਾਂ ਦਾ ਅੰਜਾਮ ਭੁਗਤਣਾ ਪਵੇਗਾ।+ ਤੈਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ।’+
5 “ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: ‘ਦੇਖ! ਇਕ ਬਿਪਤਾ ਆ ਰਹੀ ਹੈ, ਹਾਂ, ਅਜਿਹੀ ਬਿਪਤਾ ਜਿਹੜੀ ਪਹਿਲਾਂ ਕਦੇ ਨਹੀਂ ਆਈ।+ 6 ਅੰਤ ਆ ਰਿਹਾ ਹੈ; ਇਹ ਜ਼ਰੂਰ ਆਵੇਗਾ; ਇਹ ਤੇਰੇ ਖ਼ਿਲਾਫ਼ ਉੱਠ ਖੜ੍ਹਾ ਹੋਵੇਗਾ।* ਦੇਖ! ਇਹ ਆ ਰਿਹਾ ਹੈ। 7 ਦੇਸ਼ ਵਿਚ ਰਹਿਣ ਵਾਲਿਆ, ਤੇਰੀ ਵਾਰੀ ਆ ਗਈ ਹੈ।* ਸਮਾਂ ਆ ਰਿਹਾ ਹੈ, ਉਹ ਦਿਨ ਨੇੜੇ ਹੈ।+ ਪਹਾੜਾਂ ਤੋਂ ਖ਼ੁਸ਼ੀਆਂ ਮਨਾਉਣ ਦੀ ਆਵਾਜ਼ ਨਹੀਂ, ਸਗੋਂ ਚੀਕ-ਚਿਹਾੜੇ ਦੀ ਆਵਾਜ਼ ਆ ਰਹੀ ਹੈ।
8 “‘ਮੈਂ ਬਹੁਤ ਜਲਦ ਆਪਣਾ ਸਾਰਾ ਗੁੱਸਾ ਤੇਰੇ ʼਤੇ ਕੱਢਾਂਗਾ+ ਅਤੇ ਤੇਰੇ ਉੱਤੇ ਆਪਣਾ ਕ੍ਰੋਧ ਵਰ੍ਹਾਵਾਂਗਾ+ ਅਤੇ ਮੈਂ ਤੇਰੇ ਚਾਲ-ਚਲਣ ਅਨੁਸਾਰ ਤੇਰਾ ਨਿਆਂ ਕਰਾਂਗਾ ਅਤੇ ਤੇਰੇ ਤੋਂ ਤੇਰੇ ਸਾਰੇ ਘਿਣਾਉਣੇ ਕੰਮਾਂ ਦਾ ਲੇਖਾ ਲਵਾਂਗਾ। 9 ਮੇਰੀਆਂ ਅੱਖਾਂ ਵਿਚ ਤੇਰੇ ਲਈ ਜ਼ਰਾ ਵੀ ਤਰਸ ਨਹੀਂ ਹੋਵੇਗਾ ਅਤੇ ਮੈਂ ਤੇਰੇ ʼਤੇ ਰਹਿਮ ਨਹੀਂ ਕਰਾਂਗਾ+ ਕਿਉਂਕਿ ਮੈਂ ਤੇਰੇ ਚਾਲ-ਚਲਣ ਅਨੁਸਾਰ ਤੈਨੂੰ ਸਜ਼ਾ ਦਿਆਂਗਾ ਅਤੇ ਤੈਨੂੰ ਆਪਣੇ ਘਿਣਾਉਣੇ ਕੰਮਾਂ ਦਾ ਅੰਜਾਮ ਭੁਗਤਣਾ ਪਵੇਗਾ। ਤੈਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਤੈਨੂੰ ਸਜ਼ਾ ਦੇ ਰਿਹਾ ਹਾਂ।+
10 “‘ਦੇਖ! ਉਹ ਦਿਨ ਆ ਰਿਹਾ ਹੈ।+ ਦੇਖ! ਤੇਰੀ ਵਾਰੀ ਆ ਗਈ ਹੈ;* ਤੈਨੂੰ ਸਜ਼ਾ ਦੇਣ ਲਈ ਡੰਡਾ ਤਿਆਰ ਹੈ ਅਤੇ ਤੇਰੇ ਦੁਸ਼ਮਣ ਨੇ ਗੁਸਤਾਖ਼ੀ ਦੀ ਹੱਦ ਪਾਰ ਕਰ ਦਿੱਤੀ ਹੈ।* 11 ਹਿੰਸਾ ਨੇ ਵਧ ਕੇ ਦੁਸ਼ਟ ਕੰਮਾਂ ਦੀ ਸਜ਼ਾ ਦੇਣ ਵਾਲੇ ਡੰਡੇ ਦਾ ਰੂਪ ਧਾਰ ਲਿਆ ਹੈ।+ ਨਾ ਤਾਂ ਉਹ ਤੇ ਨਾ ਹੀ ਉਨ੍ਹਾਂ ਦੀ ਧਨ-ਦੌਲਤ ਅਤੇ ਨਾ ਹੀ ਉਨ੍ਹਾਂ ਦੀ ਭੀੜ ਅਤੇ ਨਾ ਹੀ ਉਨ੍ਹਾਂ ਦੀ ਸ਼ਾਨੋ-ਸ਼ੌਕਤ ਬਚੇਗੀ। 12 ਉਹ ਸਮਾਂ ਆਵੇਗਾ, ਹਾਂ, ਉਹ ਦਿਨ ਆਵੇਗਾ। ਨਾ ਤਾਂ ਖ਼ਰੀਦਣ ਵਾਲਾ ਖ਼ੁਸ਼ ਹੋਵੇ ਅਤੇ ਨਾ ਹੀ ਵੇਚਣ ਵਾਲਾ ਸੋਗ ਮਨਾਵੇ ਕਿਉਂਕਿ ਉਨ੍ਹਾਂ ਦੀ ਸਾਰੀ ਭੀੜ ʼਤੇ ਕ੍ਰੋਧ ਵਰ੍ਹੇਗਾ।*+ 13 ਆਪਣੀ ਜ਼ਮੀਨ ਵੇਚਣ ਵਾਲਾ ਦੁਬਾਰਾ ਜ਼ਮੀਨ ʼਤੇ ਨਹੀਂ ਮੁੜੇਗਾ, ਚਾਹੇ ਉਸ ਦੀ ਜਾਨ ਕਿਉਂ ਨਾ ਬਖ਼ਸ਼ ਦਿੱਤੀ ਜਾਵੇ ਕਿਉਂਕਿ ਦਰਸ਼ਣ ਵਿਚ ਦੱਸੀਆਂ ਗੱਲਾਂ ਸਾਰੇ ਲੋਕਾਂ ਨਾਲ ਵਾਪਰਨਗੀਆਂ। ਕੋਈ ਵਾਪਸ ਨਹੀਂ ਆਵੇਗਾ ਅਤੇ ਆਪਣੇ ਗੁਨਾਹਾਂ ਕਾਰਨ* ਕੋਈ ਵੀ ਆਪਣੀ ਜਾਨ ਨਹੀਂ ਬਚਾ ਸਕੇਗਾ।
14 “‘ਉਨ੍ਹਾਂ ਨੇ ਤੁਰ੍ਹੀ ਵਜਾਈ ਹੈ+ ਅਤੇ ਹਰ ਕੋਈ ਤਿਆਰ ਹੈ, ਪਰ ਕੋਈ ਵੀ ਲੜਾਈ ਲਈ ਨਹੀਂ ਜਾ ਰਿਹਾ ਕਿਉਂਕਿ ਮੇਰਾ ਕ੍ਰੋਧ ਸਾਰੇ ਲੋਕਾਂ ʼਤੇ ਭੜਕਿਆ ਹੋਇਆ ਹੈ।+ 15 ਸ਼ਹਿਰੋਂ ਬਾਹਰ ਤਲਵਾਰ ਹੈ+ ਅਤੇ ਅੰਦਰ ਮਹਾਂਮਾਰੀ ਅਤੇ ਕਾਲ਼ ਹੈ। ਜਿਹੜਾ ਸ਼ਹਿਰੋਂ ਬਾਹਰ ਹੈ, ਉਹ ਤਲਵਾਰ ਨਾਲ ਮਾਰਿਆ ਜਾਵੇਗਾ ਅਤੇ ਜਿਹੜਾ ਸ਼ਹਿਰ ਦੇ ਅੰਦਰ ਹੈ, ਉਹ ਕਾਲ਼ ਅਤੇ ਮਹਾਂਮਾਰੀ ਨਾਲ ਮਾਰਿਆ ਜਾਵੇਗਾ।+ 16 ਜਿਹੜੇ ਬਚ ਕੇ ਭੱਜ ਨਿਕਲਣਗੇ, ਉਹ ਪਹਾੜਾਂ ʼਤੇ ਚਲੇ ਜਾਣਗੇ ਅਤੇ ਹਰੇਕ ਆਪਣੇ ਗੁਨਾਹ ਦੇ ਕਾਰਨ ਸੋਗ ਮਨਾਵੇਗਾ ਜਿਵੇਂ ਘਾਟੀਆਂ ਵਿਚ ਘੁੱਗੀਆਂ ਹੂੰਗਦੀਆਂ ਹਨ।+ 17 ਉਨ੍ਹਾਂ ਸਾਰਿਆਂ ਦੇ ਹੱਥਾਂ ਵਿਚ ਜਾਨ ਨਹੀਂ ਰਹੇਗੀ ਅਤੇ ਉਨ੍ਹਾਂ ਦੇ ਗੋਡਿਆਂ ਤੋਂ ਪਾਣੀ ਟਪਕੇਗਾ।*+ 18 ਉਨ੍ਹਾਂ ਨੇ ਤੱਪੜ ਪਾਏ ਹੋਏ ਹਨ+ ਅਤੇ ਉਹ ਡਰ ਨਾਲ ਕੰਬ ਰਹੇ ਹਨ। ਹਰ ਕਿਸੇ ਨੂੰ ਸ਼ਰਮਿੰਦਾ ਕੀਤਾ ਜਾਵੇਗਾ ਅਤੇ ਉਨ੍ਹਾਂ ਦੇ ਸਿਰ ਗੰਜੇ ਹੋ ਜਾਣਗੇ।*+
19 “‘ਉਹ ਆਪਣੀ ਚਾਂਦੀ ਗਲੀਆਂ ਵਿਚ ਸੁੱਟ ਦੇਣਗੇ ਅਤੇ ਉਨ੍ਹਾਂ ਨੂੰ ਆਪਣੇ ਸੋਨੇ ਤੋਂ ਘਿਣ ਆਵੇਗੀ। ਯਹੋਵਾਹ ਦੇ ਕ੍ਰੋਧ ਦੇ ਦਿਨ ਨਾ ਤਾਂ ਉਨ੍ਹਾਂ ਦੀ ਚਾਂਦੀ ਅਤੇ ਨਾ ਹੀ ਉਨ੍ਹਾਂ ਦਾ ਸੋਨਾ ਉਨ੍ਹਾਂ ਨੂੰ ਬਚਾ ਸਕੇਗਾ।+ ਉਹ ਨਾ ਤਾਂ ਸੰਤੁਸ਼ਟ ਹੋਣਗੇ ਅਤੇ ਨਾ ਹੀ ਉਨ੍ਹਾਂ ਦੇ ਢਿੱਡ ਭਰਨਗੇ ਕਿਉਂਕਿ ਉਨ੍ਹਾਂ ਦਾ ਸੋਨਾ-ਚਾਂਦੀ ਉਨ੍ਹਾਂ ਲਈ ਠੋਕਰ ਦਾ ਪੱਥਰ ਬਣ ਗਿਆ ਹੈ ਜਿਸ ਨੇ ਉਨ੍ਹਾਂ ਤੋਂ ਪਾਪ ਕਰਾਇਆ ਹੈ। 20 ਉਨ੍ਹਾਂ ਨੂੰ ਆਪਣੇ ਗਹਿਣਿਆਂ ਦੀ ਖ਼ੂਬਸੂਰਤੀ ʼਤੇ ਘਮੰਡ ਸੀ ਅਤੇ ਉਨ੍ਹਾਂ ਨੇ ਇਨ੍ਹਾਂ* ਨਾਲ ਆਪਣੇ ਲਈ ਘਿਣਾਉਣੇ ਬੁੱਤ, ਹਾਂ, ਘਿਣਾਉਣੀਆਂ ਮੂਰਤਾਂ ਬਣਾਈਆਂ।+ ਇਸੇ ਕਰਕੇ ਮੈਂ ਉਨ੍ਹਾਂ ਦੇ ਸੋਨੇ-ਚਾਂਦੀ ਨੂੰ ਉਨ੍ਹਾਂ ਦੀਆਂ ਨਜ਼ਰਾਂ ਵਿਚ ਘਿਣਾਉਣਾ ਬਣਾ ਦਿਆਂਗਾ। 21 ਮੈਂ ਇਹ ਸਭ* ਲੁੱਟ ਦੇ ਮਾਲ ਵਜੋਂ ਵਿਦੇਸ਼ੀਆਂ ਅਤੇ ਦੁਨੀਆਂ ਦੇ ਦੁਸ਼ਟ ਲੋਕਾਂ ਦੇ ਹੱਥਾਂ ਵਿਚ ਦੇ ਦਿਆਂਗਾ ਅਤੇ ਉਹ ਇਸ ਨੂੰ ਭ੍ਰਿਸ਼ਟ ਕਰਨਗੇ।
22 “‘ਮੈਂ ਉਨ੍ਹਾਂ ਤੋਂ ਆਪਣਾ ਮੂੰਹ ਫੇਰ ਲਵਾਂਗਾ+ ਅਤੇ ਉਹ ਮੇਰੇ ਗੁਪਤ ਸਥਾਨ* ਨੂੰ ਭ੍ਰਿਸ਼ਟ ਕਰਨਗੇ ਅਤੇ ਲੁਟੇਰੇ ਅੰਦਰ ਆ ਕੇ ਇਸ ਨੂੰ ਭ੍ਰਿਸ਼ਟ ਕਰਨਗੇ।+
23 “‘ਜ਼ੰਜੀਰਾਂ* ਬਣਾ+ ਕਿਉਂਕਿ ਸਾਰੇ ਦੇਸ਼ ਵਿਚ ਲੋਕਾਂ ਨਾਲ ਅਨਿਆਂ ਕਰ ਕੇ ਉਨ੍ਹਾਂ ਦੇ ਖ਼ਿਲਾਫ਼ ਗ਼ਲਤ ਫ਼ੈਸਲੇ ਸੁਣਾਏ ਜਾਂਦੇ ਹਨ ਅਤੇ ਫਿਰ ਉਨ੍ਹਾਂ ਨੂੰ ਜਾਨੋਂ ਮਾਰ ਦਿੱਤਾ ਜਾਂਦਾ ਹੈ।+ ਪੂਰਾ ਸ਼ਹਿਰ ਹਿੰਸਾ ਨਾਲ ਭਰਿਆ ਹੋਇਆ ਹੈ।+ 24 ਮੈਂ ਕੌਮਾਂ ਦੇ ਬੁਰੇ ਤੋਂ ਬੁਰੇ ਲੋਕਾਂ ਨੂੰ ਲਿਆਵਾਂਗਾ+ ਅਤੇ ਉਹ ਉਨ੍ਹਾਂ ਦੇ ਘਰਾਂ ʼਤੇ ਕਬਜ਼ਾ ਕਰ ਲੈਣਗੇ।+ ਮੈਂ ਤਾਕਤਵਰ ਆਦਮੀਆਂ ਦਾ ਘਮੰਡ ਚੂਰ-ਚੂਰ ਕਰ ਦਿਆਂਗਾ ਅਤੇ ਉਨ੍ਹਾਂ ਦੇ ਪਵਿੱਤਰ ਸਥਾਨ ਭ੍ਰਿਸ਼ਟ ਕੀਤੇ ਜਾਣਗੇ।+ 25 ਜਦੋਂ ਉਨ੍ਹਾਂ ʼਤੇ ਦੁੱਖ ਆਵੇਗਾ, ਤਾਂ ਉਹ ਸ਼ਾਂਤੀ ਦੀ ਤਲਾਸ਼ ਕਰਨਗੇ, ਪਰ ਉਨ੍ਹਾਂ ਨੂੰ ਸ਼ਾਂਤੀ ਨਹੀਂ ਮਿਲੇਗੀ।+ 26 ਉਨ੍ਹਾਂ ʼਤੇ ਇਕ ਤੋਂ ਬਾਅਦ ਇਕ ਤਬਾਹੀ ਆਵੇਗੀ ਅਤੇ ਉਨ੍ਹਾਂ ਨੂੰ ਇਕ ਤੋਂ ਬਾਅਦ ਇਕ ਖ਼ਬਰ ਮਿਲੇਗੀ ਅਤੇ ਉਹ ਬੇਕਾਰ ਹੀ ਨਬੀ ਤੋਂ ਦਰਸ਼ਣ ਦੀ ਆਸ ਰੱਖਣਗੇ।+ ਪੁਜਾਰੀਆਂ ਦੀ ਸਿੱਖਿਆ ਅਤੇ ਬਜ਼ੁਰਗਾਂ ਦੀ ਸਲਾਹ ਕਿਸੇ ਕੰਮ ਨਹੀਂ ਆਵੇਗੀ।+ 27 ਰਾਜਾ ਸੋਗ ਮਨਾਵੇਗਾ+ ਅਤੇ ਮੁਖੀ ਨਿਰਾਸ਼ਾ* ਦਾ ਲਿਬਾਸ ਪਾਵੇਗਾ ਅਤੇ ਦੇਸ਼ ਦੇ ਲੋਕਾਂ ਦੇ ਹੱਥ ਡਰ ਦੇ ਮਾਰੇ ਕੰਬਣਗੇ। ਮੈਂ ਉਨ੍ਹਾਂ ਨਾਲ ਉਨ੍ਹਾਂ ਦੇ ਚਾਲ-ਚਲਣ ਅਨੁਸਾਰ ਸਲੂਕ ਕਰਾਂਗਾ ਅਤੇ ਉਨ੍ਹਾਂ ਦਾ ਉਸੇ ਤਰ੍ਹਾਂ ਨਿਆਂ ਕਰਾਂਗਾ ਜਿਵੇਂ ਉਨ੍ਹਾਂ ਨੇ ਦੂਜਿਆਂ ਦਾ ਨਿਆਂ ਕੀਤਾ ਹੈ। ਉਨ੍ਹਾਂ ਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ।’”+
8 ਫਿਰ ਛੇਵੇਂ ਸਾਲ ਦੇ ਛੇਵੇਂ ਮਹੀਨੇ ਦੀ 5 ਤਾਰੀਖ਼ ਨੂੰ ਜਦੋਂ ਮੈਂ ਆਪਣੇ ਘਰ ਬੈਠਾ ਹੋਇਆ ਸੀ ਅਤੇ ਯਹੂਦਾਹ ਦੇ ਬਜ਼ੁਰਗ ਮੇਰੇ ਸਾਮ੍ਹਣੇ ਬੈਠੇ ਹੋਏ ਸਨ, ਤਾਂ ਉੱਥੇ ਸਾਰੇ ਜਹਾਨ ਦੇ ਮਾਲਕ ਯਹੋਵਾਹ ਦੀ ਸ਼ਕਤੀ* ਮੇਰੇ ਉੱਤੇ ਆਈ। 2 ਫਿਰ ਮੈਨੂੰ ਕੋਈ ਨਜ਼ਰ ਆਇਆ ਜੋ ਦੇਖਣ ਨੂੰ ਅੱਗ ਵਰਗਾ ਲੱਗਦਾ ਸੀ; ਉਹ ਲੱਕ ਤੋਂ ਲੈ ਕੇ ਹੇਠਾਂ ਤਕ ਅੱਗ ਵਰਗਾ ਦਿਸਦਾ ਸੀ+ ਅਤੇ ਲੱਕ ਤੋਂ ਲੈ ਕੇ ਉੱਪਰ ਤਕ ਸੋਨੇ-ਚਾਂਦੀ* ਵਾਂਗ ਚਮਕਦਾ ਸੀ।+ 3 ਫਿਰ ਉਸ ਨੇ ਇਕ ਹੱਥ ਜਿਹਾ ਵਧਾ ਕੇ ਮੈਨੂੰ ਸਿਰ ਦੇ ਵਾਲ਼ਾਂ ਤੋਂ ਫੜਿਆ ਅਤੇ ਪਰਮੇਸ਼ੁਰ ਵੱਲੋਂ ਮਿਲੇ ਦਰਸ਼ਣਾਂ ਵਿਚ ਇਕ ਸ਼ਕਤੀ ਨੇ ਮੈਨੂੰ ਧਰਤੀ ਅਤੇ ਆਕਾਸ਼ ਵਿਚਾਲੇ ਚੁੱਕ ਲਿਆ। ਫਿਰ ਉਹ ਮੈਨੂੰ ਯਰੂਸ਼ਲਮ ਵਿਚ ਅੰਦਰਲੇ ਵਿਹੜੇ ਦੇ ਦਰਵਾਜ਼ੇ ʼਤੇ ਲੈ ਗਈ ਜੋ ਮੰਦਰ ਦੇ ਉੱਤਰ ਵੱਲ ਸੀ।+ ਉੱਥੇ ਇਕ ਘਿਣਾਉਣੀ ਮੂਰਤ ਸੀ ਜੋ ਪਰਮੇਸ਼ੁਰ ਦੇ ਗੁੱਸੇ ਨੂੰ ਭੜਕਾਉਂਦੀ ਸੀ।+ 4 ਅਤੇ ਦੇਖੋ, ਉੱਥੇ ਮੈਂ ਇਜ਼ਰਾਈਲ ਦੇ ਪਰਮੇਸ਼ੁਰ ਦੀ ਮਹਿਮਾ ਦੇਖੀ,+ ਜਿਹੋ ਜਿਹੀ ਮਹਿਮਾ ਮੈਂ ਘਾਟੀ ਵਿਚ ਦੇਖੀ ਸੀ।+
5 ਫਿਰ ਉਸ ਨੇ ਮੈਨੂੰ ਕਿਹਾ: “ਹੇ ਮਨੁੱਖ ਦੇ ਪੁੱਤਰ, ਕਿਰਪਾ ਕਰ ਕੇ ਆਪਣੀਆਂ ਨਜ਼ਰਾਂ ਚੁੱਕ ਕੇ ਉੱਤਰ ਵੱਲ ਦੇਖ।” ਇਸ ਲਈ ਮੈਂ ਉੱਤਰ ਵੱਲ ਦੇਖਿਆ ਅਤੇ ਉੱਥੇ ਵੇਦੀ ਦੇ ਦਰਵਾਜ਼ੇ ਦੇ ਉੱਤਰ ਵੱਲ ਇਕ ਘਿਣਾਉਣੀ ਮੂਰਤ ਸੀ ਜੋ ਗੁੱਸਾ ਭੜਕਾਉਂਦੀ ਸੀ। 6 ਉਸ ਨੇ ਮੈਨੂੰ ਕਿਹਾ: “ਹੇ ਮਨੁੱਖ ਦੇ ਪੁੱਤਰ, ਕੀ ਤੂੰ ਦੇਖਦਾ ਹੈਂ ਕਿ ਇਜ਼ਰਾਈਲ ਦਾ ਘਰਾਣਾ ਇੱਥੇ ਕਿੰਨੇ ਬੁਰੇ ਅਤੇ ਘਿਣਾਉਣੇ ਕੰਮ ਕਰ ਰਿਹਾ ਹੈ+ ਜਿਨ੍ਹਾਂ ਕਰਕੇ ਮੈਂ ਆਪਣੇ ਹੀ ਪਵਿੱਤਰ ਸਥਾਨ ਤੋਂ ਦੂਰ ਹੋ ਗਿਆ ਹਾਂ?+ ਪਰ ਤੂੰ ਇਨ੍ਹਾਂ ਤੋਂ ਵੀ ਬੁਰੇ ਅਤੇ ਘਿਣਾਉਣੇ ਕੰਮ ਦੇਖੇਂਗਾ।”
7 ਫਿਰ ਉਹ ਮੈਨੂੰ ਵਿਹੜੇ ਦੇ ਦਰਵਾਜ਼ੇ ʼਤੇ ਲੈ ਗਿਆ ਅਤੇ ਉੱਥੇ ਮੈਂ ਕੰਧ ਵਿਚ ਇਕ ਮਘੋਰਾ ਦੇਖਿਆ। 8 ਉਸ ਨੇ ਮੈਨੂੰ ਕਿਹਾ: “ਹੇ ਮਨੁੱਖ ਦੇ ਪੁੱਤਰ, ਕਿਰਪਾ ਕਰ ਕੇ ਕੰਧ ਵਿਚਲੇ ਮਘੋਰੇ ਨੂੰ ਵੱਡਾ ਕਰ।” ਇਸ ਲਈ ਮੈਂ ਉਹ ਮਘੋਰਾ ਵੱਡਾ ਕੀਤਾ ਅਤੇ ਮੈਨੂੰ ਅੰਦਰ ਜਾਣ ਲਈ ਇਕ ਰਸਤਾ ਨਜ਼ਰ ਆਇਆ। 9 ਫਿਰ ਉਸ ਨੇ ਮੈਨੂੰ ਕਿਹਾ: “ਅੰਦਰ ਜਾਹ ਅਤੇ ਦੇਖ ਕਿ ਲੋਕ ਉੱਥੇ ਕਿੰਨੇ ਦੁਸ਼ਟ ਅਤੇ ਘਿਣਾਉਣੇ ਕੰਮ ਕਰ ਰਹੇ ਹਨ।” 10 ਤਦ ਮੈਂ ਅੰਦਰ ਗਿਆ ਅਤੇ ਉੱਥੇ ਮੈਂ ਹਰ ਕਿਸਮ ਦੇ ਘਿਸਰਨ ਵਾਲੇ ਜੀਵ-ਜੰਤੂਆਂ, ਅਸ਼ੁੱਧ ਜਾਨਵਰਾਂ+ ਅਤੇ ਇਜ਼ਰਾਈਲ ਦੇ ਘਰਾਣੇ ਦੀਆਂ ਘਿਣਾਉਣੀਆਂ ਮੂਰਤਾਂ* ਦੇਖੀਆਂ+ ਜੋ ਸਾਰੀ ਕੰਧ ʼਤੇ ਉੱਕਰੀਆਂ ਹੋਈਆਂ ਸਨ। 11 ਇਜ਼ਰਾਈਲ ਦੇ ਘਰਾਣੇ ਦੇ 70 ਬਜ਼ੁਰਗ ਉਨ੍ਹਾਂ ਅੱਗੇ ਖੜ੍ਹੇ ਸਨ ਅਤੇ ਉਨ੍ਹਾਂ ਵਿਚ ਸ਼ਾਫਾਨ+ ਦਾ ਪੁੱਤਰ ਯਜ਼ਨਯਾਹ ਵੀ ਸੀ। ਹਰ ਕਿਸੇ ਦੇ ਹੱਥ ਵਿਚ ਧੂਪਦਾਨ ਸੀ ਜਿਸ ਵਿੱਚੋਂ ਖ਼ੁਸ਼ਬੂਦਾਰ ਧੂਪ ਦਾ ਧੂੰਆਂ ਉੱਠ ਰਿਹਾ ਸੀ।+ 12 ਉਸ ਨੇ ਮੈਨੂੰ ਕਿਹਾ: “ਹੇ ਮਨੁੱਖ ਦੇ ਪੁੱਤਰ, ਕੀ ਤੂੰ ਦੇਖਦਾ ਹੈਂ ਕਿ ਇਜ਼ਰਾਈਲ ਦੇ ਘਰਾਣੇ ਦੇ ਬਜ਼ੁਰਗ ਹਨੇਰੇ ਵਿਚ ਕੀ ਕਰ ਰਹੇ ਹਨ? ਕੀ ਤੂੰ ਦੇਖਦਾ ਹੈਂ ਕਿ ਉਹ ਆਪਣੇ ਅੰਦਰਲੇ ਕਮਰਿਆਂ ਵਿਚ ਕੀ ਕਰ ਰਹੇ ਹਨ ਜਿੱਥੇ ਉਨ੍ਹਾਂ ਨੇ ਮੂਰਤਾਂ ਸਜਾ ਕੇ ਰੱਖੀਆਂ ਹੋਈਆਂ ਹਨ? ਉਹ ਕਹਿ ਰਹੇ ਹਨ, ‘ਯਹੋਵਾਹ ਸਾਨੂੰ ਨਹੀਂ ਦੇਖ ਰਿਹਾ। ਯਹੋਵਾਹ ਨੇ ਦੇਸ਼ ਨੂੰ ਛੱਡ ਦਿੱਤਾ ਹੈ।’”+
13 ਉਸ ਨੇ ਮੈਨੂੰ ਅੱਗੇ ਕਿਹਾ: “ਤੂੰ ਉਨ੍ਹਾਂ ਨੂੰ ਇਨ੍ਹਾਂ ਤੋਂ ਵੀ ਬੁਰੇ ਅਤੇ ਘਿਣਾਉਣੇ ਕੰਮ ਕਰਦਿਆਂ ਦੇਖੇਂਗਾ।” 14 ਇਸ ਲਈ ਉਹ ਮੈਨੂੰ ਯਹੋਵਾਹ ਦੇ ਘਰ ਦੇ ਉੱਤਰੀ ਦਰਵਾਜ਼ੇ ʼਤੇ ਲੈ ਆਇਆ ਅਤੇ ਮੈਂ ਦੇਖਿਆ ਕਿ ਉੱਥੇ ਤੀਵੀਆਂ ਬੈਠੀਆਂ ਹੋਈਆਂ ਸਨ ਅਤੇ ਤਮੂਜ਼ ਦੇਵਤੇ ਲਈ ਰੋ ਰਹੀਆਂ ਸਨ।
15 ਉਸ ਨੇ ਮੈਨੂੰ ਅੱਗੇ ਕਿਹਾ: “ਹੇ ਮਨੁੱਖ ਦੇ ਪੁੱਤਰ, ਕੀ ਤੂੰ ਇਹ ਸਭ ਕੁਝ ਦੇਖਦਾ ਹੈਂ? ਤੂੰ ਇਨ੍ਹਾਂ ਤੋਂ ਵੀ ਬੁਰੇ ਅਤੇ ਘਿਣਾਉਣੇ ਕੰਮ ਦੇਖੇਂਗਾ।”+ 16 ਇਸ ਲਈ ਉਹ ਮੈਨੂੰ ਯਹੋਵਾਹ ਦੇ ਘਰ ਦੇ ਅੰਦਰਲੇ ਵਿਹੜੇ ਵਿਚ ਲੈ ਗਿਆ।+ ਉੱਥੇ ਯਹੋਵਾਹ ਦੇ ਮੰਦਰ ਦੇ ਦਰਵਾਜ਼ੇ ਕੋਲ ਦਲਾਨ ਅਤੇ ਵੇਦੀ ਦੇ ਵਿਚਕਾਰ 25 ਆਦਮੀ ਸਨ ਜਿਨ੍ਹਾਂ ਨੇ ਯਹੋਵਾਹ ਦੇ ਮੰਦਰ ਵੱਲ ਪਿੱਠ ਕੀਤੀ ਹੋਈ ਸੀ ਅਤੇ ਉਨ੍ਹਾਂ ਦੇ ਮੂੰਹ ਪੂਰਬ ਵੱਲ ਸਨ; ਉਹ ਪੂਰਬ ਵਿਚ ਸੂਰਜ ਅੱਗੇ ਮੱਥਾ ਟੇਕ ਰਹੇ ਸਨ।+
17 ਫਿਰ ਉਸ ਨੇ ਮੈਨੂੰ ਕਿਹਾ: “ਹੇ ਮਨੁੱਖ ਦੇ ਪੁੱਤਰ, ਕੀ ਤੂੰ ਇਹ ਸਭ ਕੁਝ ਦੇਖਦਾ ਹੈਂ? ਕੀ ਯਹੂਦਾਹ ਦਾ ਘਰਾਣਾ ਇਹ ਸੋਚਦਾ ਹੈ ਕਿ ਘਿਣਾਉਣੇ ਕੰਮ ਕਰਨੇ ਅਤੇ ਦੇਸ਼ ਵਿਚ ਖ਼ੂਨ-ਖ਼ਰਾਬਾ ਕਰਨਾ+ ਅਤੇ ਮੈਨੂੰ ਗੁੱਸਾ ਚੜ੍ਹਾਉਣਾ ਕੋਈ ਛੋਟੀ ਜਿਹੀ ਗੱਲ ਹੈ? ਨਾਲੇ ਉਹ ਮੇਰੇ ਨੱਕ ਕੋਲ ਟਾਹਣੀ* ਲਿਆਉਂਦੇ ਹਨ। 18 ਇਸ ਲਈ ਮੈਂ ਉਨ੍ਹਾਂ ʼਤੇ ਆਪਣੇ ਗੁੱਸੇ ਦਾ ਕਹਿਰ ਵਰ੍ਹਾਵਾਂਗਾ। ਮੇਰੀਆਂ ਅੱਖਾਂ ਵਿਚ ਉਨ੍ਹਾਂ ਲਈ ਜ਼ਰਾ ਵੀ ਤਰਸ ਨਹੀਂ ਹੋਵੇਗਾ ਅਤੇ ਮੈਂ ਉਨ੍ਹਾਂ ʼਤੇ ਰਹਿਮ ਨਹੀਂ ਕਰਾਂਗਾ।+ ਭਾਵੇਂ ਉਹ ਚੀਕ-ਚੀਕ ਕੇ ਮੇਰੇ ਅੱਗੇ ਦੁਹਾਈ ਦੇਣ, ਪਰ ਮੈਂ ਉਨ੍ਹਾਂ ਦੀ ਦੁਹਾਈ ਵੱਲ ਕੰਨ ਨਹੀਂ ਲਾਵਾਂਗਾ।”+
9 ਫਿਰ ਉਸ ਨੇ ਮੇਰੇ ਕੰਨਾਂ ਵਿਚ ਉੱਚੀ ਆਵਾਜ਼ ਵਿਚ ਕਿਹਾ: “ਸ਼ਹਿਰ ਨੂੰ ਸਜ਼ਾ ਦੇਣ ਲਈ ਆਦਮੀਆਂ ਨੂੰ ਬੁਲਾ; ਹਰੇਕ ਦੇ ਹੱਥ ਵਿਚ ਨਾਸ਼ ਕਰਨ ਵਾਲਾ ਹਥਿਆਰ ਹੋਵੇ!”
2 ਮੈਂ ਛੇ ਆਦਮੀਆਂ ਨੂੰ ਉੱਪਰਲੇ ਦਰਵਾਜ਼ੇ ਵੱਲੋਂ ਆਉਂਦੇ ਦੇਖਿਆ+ ਜੋ ਉੱਤਰ ਵੱਲ ਸੀ ਅਤੇ ਹਰੇਕ ਦੇ ਹੱਥ ਵਿਚ ਚਕਨਾਚੂਰ ਕਰਨ ਵਾਲਾ ਹਥਿਆਰ ਸੀ। ਉਨ੍ਹਾਂ ਦੇ ਨਾਲ ਇਕ ਆਦਮੀ ਸੀ ਜਿਸ ਨੇ ਮਲਮਲ ਦੇ ਕੱਪੜੇ ਪਾਏ ਹੋਏ ਸਨ ਅਤੇ ਉਸ ਦੇ ਲੱਕ ʼਤੇ ਲਿਖਾਰੀ* ਦੀ ਕਲਮ-ਦਵਾਤ ਵਾਲੀ ਡੱਬੀ ਬੰਨ੍ਹੀ ਹੋਈ ਸੀ। ਉਹ ਸਾਰੇ ਅੰਦਰ ਆ ਕੇ ਤਾਂਬੇ ਦੀ ਵੇਦੀ+ ਦੇ ਲਾਗੇ ਖੜ੍ਹੇ ਹੋ ਗਏ।
3 ਫਿਰ ਇਜ਼ਰਾਈਲ ਦੇ ਪਰਮੇਸ਼ੁਰ ਦੀ ਮਹਿਮਾ+ ਜੋ ਕਰੂਬੀਆਂ ਦੇ ਉੱਤੇ ਠਹਿਰੀ ਹੋਈ ਸੀ, ਹੁਣ ਪਵਿੱਤਰ ਸਥਾਨ ਦੇ ਦਰਵਾਜ਼ੇ ʼਤੇ ਆ ਗਈ+ ਅਤੇ ਉਸ* ਨੇ ਮਲਮਲ ਦੇ ਕੱਪੜਿਆਂ ਵਾਲੇ ਆਦਮੀ ਨੂੰ ਬੁਲਾਇਆ ਜਿਸ ਦੇ ਲੱਕ ʼਤੇ ਲਿਖਾਰੀ ਦੀ ਕਲਮ-ਦਵਾਤ ਵਾਲੀ ਡੱਬੀ ਬੰਨ੍ਹੀ ਹੋਈ ਸੀ। 4 ਯਹੋਵਾਹ ਨੇ ਉਸ ਨੂੰ ਕਿਹਾ: “ਯਰੂਸ਼ਲਮ ਸ਼ਹਿਰ ਦੇ ਵਿੱਚੋਂ ਦੀ ਲੰਘ ਅਤੇ ਉਨ੍ਹਾਂ ਸਾਰੇ ਲੋਕਾਂ ਦੇ ਮੱਥੇ ʼਤੇ ਨਿਸ਼ਾਨ ਲਾ ਜਿਹੜੇ ਸ਼ਹਿਰ ਵਿਚ ਹੁੰਦੇ ਸਾਰੇ ਘਿਣਾਉਣੇ ਕੰਮਾਂ+ ਕਰਕੇ ਹਉਕੇ ਭਰਦੇ ਹਨ ਅਤੇ ਦੁੱਖ ਦੇ ਮਾਰੇ ਹੂੰਗਦੇ ਹਨ।”+
5 ਫਿਰ ਉਸ ਨੇ ਮੇਰੇ ਸੁਣਦਿਆਂ ਬਾਕੀਆਂ ਨੂੰ ਕਿਹਾ: “ਤੁਸੀਂ ਇਸ ਆਦਮੀ ਦੇ ਪਿੱਛੇ-ਪਿੱਛੇ ਸ਼ਹਿਰ ਵਿਚ ਜਾਓ ਅਤੇ ਲੋਕਾਂ ਨੂੰ ਮਾਰੋ। ਤੁਹਾਡੀਆਂ ਅੱਖਾਂ ਤਰਸ ਨਾ ਖਾਣ ਅਤੇ ਨਾ ਹੀ ਕਿਸੇ ʼਤੇ ਰਹਿਮ ਕਰੋ।+ 6 ਤੁਸੀਂ ਬੁੱਢਿਆਂ, ਮੁੰਡਿਆਂ, ਕੁਆਰੀਆਂ ਕੁੜੀਆਂ, ਨਿਆਣਿਆਂ ਅਤੇ ਔਰਤਾਂ ਨੂੰ ਪੂਰੀ ਤਰ੍ਹਾਂ ਮਾਰ-ਮੁਕਾਓ।+ ਪਰ ਤੁਸੀਂ ਉਨ੍ਹਾਂ ਲੋਕਾਂ ਦੇ ਨੇੜੇ ਨਾ ਜਾਇਓ ਜਿਨ੍ਹਾਂ ਦੇ ਨਿਸ਼ਾਨ ਲੱਗਾ ਹੋਇਆ ਹੈ।+ ਤੁਸੀਂ ਇਹ ਕੰਮ ਮੇਰੇ ਪਵਿੱਤਰ ਸਥਾਨ ਤੋਂ ਸ਼ੁਰੂ ਕਰੋ।”+ ਇਸ ਲਈ ਉਨ੍ਹਾਂ ਨੇ ਸਭ ਤੋਂ ਪਹਿਲਾਂ ਬਜ਼ੁਰਗਾਂ ਨੂੰ ਮਾਰ ਸੁੱਟਿਆ ਜਿਹੜੇ ਮੰਦਰ ਦੇ ਸਾਮ੍ਹਣੇ ਸਨ।+ 7 ਫਿਰ ਉਸ ਨੇ ਉਨ੍ਹਾਂ ਨੂੰ ਕਿਹਾ: “ਮੰਦਰ ਨੂੰ ਭ੍ਰਿਸ਼ਟ ਕਰੋ ਅਤੇ ਇਸ ਦੇ ਵਿਹੜਿਆਂ ਨੂੰ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਨਾਲ ਭਰ ਦਿਓ।+ ਜਾਓ!” ਇਸ ਲਈ ਉਹ ਚਲੇ ਗਏ ਅਤੇ ਉਨ੍ਹਾਂ ਨੇ ਸ਼ਹਿਰ ਦੇ ਲੋਕਾਂ ਨੂੰ ਮਾਰ ਸੁੱਟਿਆ।
8 ਜਦ ਲੋਕਾਂ ਨੂੰ ਮਾਰਿਆ ਜਾ ਰਿਹਾ ਸੀ, ਤਾਂ ਮੈਂ ਹੀ ਇਕੱਲਾ ਬਚ ਗਿਆ। ਫਿਰ ਮੈਂ ਮੂੰਹ ਭਾਰ ਡਿਗ ਕੇ ਦੁਹਾਈ ਦਿੱਤੀ: “ਹਾਇ! ਸਾਰੇ ਜਹਾਨ ਦੇ ਮਾਲਕ ਯਹੋਵਾਹ, ਕੀ ਤੂੰ ਯਰੂਸ਼ਲਮ ʼਤੇ ਆਪਣਾ ਗੁੱਸਾ ਵਰ੍ਹਾ ਕੇ ਇਜ਼ਰਾਈਲ ਦੇ ਬਾਕੀ ਬਚੇ ਸਾਰੇ ਲੋਕਾਂ ਨੂੰ ਨਾਸ਼ ਕਰ ਸੁੱਟੇਂਗਾ?”+
9 ਫਿਰ ਉਸ ਨੇ ਮੈਨੂੰ ਕਿਹਾ: “ਇਜ਼ਰਾਈਲ ਦੇ ਘਰਾਣੇ ਅਤੇ ਯਹੂਦਾਹ ਦੇ ਘਰਾਣੇ ਨੇ ਘੋਰ ਪਾਪ ਕੀਤੇ ਹਨ।+ ਪੂਰਾ ਦੇਸ਼ ਖ਼ੂਨ-ਖ਼ਰਾਬੇ ਨਾਲ ਭਰਿਆ ਹੋਇਆ ਹੈ+ ਅਤੇ ਸ਼ਹਿਰ ਵਿਚ ਹਰ ਪਾਸੇ ਭ੍ਰਿਸ਼ਟਾਚਾਰ ਫੈਲਿਆ ਹੋਇਆ ਹੈ।+ ਉਹ ਕਹਿੰਦੇ ਹਨ, ‘ਯਹੋਵਾਹ ਨੇ ਦੇਸ਼ ਨੂੰ ਛੱਡ ਦਿੱਤਾ ਹੈ ਅਤੇ ਯਹੋਵਾਹ ਸਾਨੂੰ ਨਹੀਂ ਦੇਖ ਰਿਹਾ।’+ 10 ਇਸ ਲਈ ਮੇਰੀਆਂ ਅੱਖਾਂ ਵਿਚ ਉਨ੍ਹਾਂ ਲਈ ਜ਼ਰਾ ਵੀ ਤਰਸ ਨਹੀਂ ਹੋਵੇਗਾ ਅਤੇ ਮੈਂ ਉਨ੍ਹਾਂ ʼਤੇ ਰਹਿਮ ਨਹੀਂ ਕਰਾਂਗਾ।+ ਮੈਂ ਉਨ੍ਹਾਂ ਦੇ ਚਾਲ-ਚਲਣ ਅਨੁਸਾਰ ਉਨ੍ਹਾਂ ਨੂੰ ਸਜ਼ਾ ਦਿਆਂਗਾ।”
11 ਫਿਰ ਮੈਂ ਮਲਮਲ ਦੇ ਕੱਪੜਿਆਂ ਵਾਲੇ ਉਸ ਆਦਮੀ ਨੂੰ ਵਾਪਸ ਆਉਂਦਿਆਂ ਦੇਖਿਆ ਜਿਸ ਦੇ ਲੱਕ ʼਤੇ ਲਿਖਾਰੀ ਦੀ ਕਲਮ-ਦਵਾਤ ਵਾਲੀ ਡੱਬੀ ਬੰਨ੍ਹੀ ਹੋਈ ਸੀ ਅਤੇ ਉਸ ਨੇ ਕਿਹਾ: “ਮੈਂ ਉਹ ਸਭ ਕੀਤਾ ਜੋ ਤੂੰ ਮੈਨੂੰ ਹੁਕਮ ਦਿੱਤਾ ਸੀ।”
10 ਫਿਰ ਮੈਂ ਦੇਖਿਆ ਕਿ ਉਨ੍ਹਾਂ ਕਰੂਬੀਆਂ ਦੇ ਸਿਰਾਂ ਉੱਤੇ ਫੈਲੇ ਫ਼ਰਸ਼ ਉੱਪਰ ਨੀਲਮ ਪੱਥਰ ਵਰਗੀ ਕੋਈ ਚੀਜ਼ ਸੀ ਅਤੇ ਇਹ ਦੇਖਣ ਨੂੰ ਸਿੰਘਾਸਣ ਵਰਗੀ ਲੱਗਦੀ ਸੀ।+ 2 ਫਿਰ ਉਸ* ਨੇ ਮਲਮਲ ਦੇ ਕੱਪੜਿਆਂ ਵਾਲੇ ਆਦਮੀ ਨੂੰ ਕਿਹਾ:+ “ਪਹੀਆਂ ਦੇ ਵਿਚਕਾਰ,+ ਕਰੂਬੀਆਂ ਦੇ ਥੱਲੇ ਜਾਹ ਅਤੇ ਕਰੂਬੀਆਂ ਦੇ ਵਿਚਕਾਰੋਂ ਆਪਣੇ ਦੋਵੇਂ ਹੱਥਾਂ ਨਾਲ ਮੱਘਦੇ ਹੋਏ ਕੋਲੇ+ ਚੁੱਕ ਕੇ ਸ਼ਹਿਰ ʼਤੇ ਸੁੱਟ ਦੇ।”+ ਉਹ ਮੇਰੇ ਦੇਖਦੇ-ਦੇਖਦੇ ਪਹੀਆਂ ਵਿਚਕਾਰ ਚਲਾ ਗਿਆ।
3 ਜਦ ਉਹ ਆਦਮੀ ਪਹੀਆਂ ਦੇ ਵਿਚਕਾਰ ਗਿਆ, ਤਾਂ ਕਰੂਬੀ ਮੰਦਰ ਦੇ ਸੱਜੇ ਪਾਸੇ ਖੜ੍ਹੇ ਸਨ ਅਤੇ ਅੰਦਰਲਾ ਵਿਹੜਾ ਬੱਦਲ ਨਾਲ ਭਰ ਗਿਆ। 4 ਯਹੋਵਾਹ ਦੀ ਮਹਿਮਾ+ ਜੋ ਕਰੂਬੀਆਂ ਦੇ ਉੱਤੇ ਠਹਿਰੀ ਹੋਈ ਸੀ, ਪਵਿੱਤਰ ਸਥਾਨ ਦੇ ਦਰਵਾਜ਼ੇ ʼਤੇ ਆ ਗਈ ਅਤੇ ਮੰਦਰ ਹੌਲੀ-ਹੌਲੀ ਬੱਦਲ ਨਾਲ ਭਰ ਗਿਆ+ ਅਤੇ ਵਿਹੜਾ ਯਹੋਵਾਹ ਦੀ ਮਹਿਮਾ ਦੇ ਨੂਰ ਨਾਲ ਭਰਿਆ ਹੋਇਆ ਸੀ। 5 ਕਰੂਬੀਆਂ ਦੇ ਖੰਭਾਂ ਦੀ ਆਵਾਜ਼ ਬਾਹਰਲੇ ਵਿਹੜੇ ਵਿਚ ਵੀ ਸੁਣਾਈ ਦਿੰਦੀ ਸੀ ਅਤੇ ਇਹ ਆਵਾਜ਼ ਸਰਬਸ਼ਕਤੀਮਾਨ ਪਰਮੇਸ਼ੁਰ ਦੀ ਆਵਾਜ਼ ਵਰਗੀ ਸੀ।+
6 ਫਿਰ ਉਸ ਨੇ ਮਲਮਲ ਦੇ ਕੱਪੜਿਆਂ ਵਾਲੇ ਆਦਮੀ ਨੂੰ ਹੁਕਮ ਦਿੱਤਾ: “ਤੂੰ ਪਹੀਆਂ ਅਤੇ ਕਰੂਬੀਆਂ ਦੇ ਵਿਚਕਾਰੋਂ ਅੱਗ ਲੈ।” ਤਦ ਉਹ ਪਹੀਆਂ ਦੇ ਵਿਚਕਾਰ ਗਿਆ ਅਤੇ ਇਕ ਪਹੀਏ ਦੇ ਲਾਗੇ ਖੜ੍ਹ ਗਿਆ। 7 ਫਿਰ ਇਕ ਕਰੂਬੀ ਨੇ ਆਪਣਾ ਹੱਥ ਵਧਾ ਕੇ ਕਰੂਬੀਆਂ ਦੇ ਵਿਚਕਾਰੋਂ ਥੋੜ੍ਹੀ ਜਿਹੀ ਅੱਗ ਲਈ+ ਅਤੇ ਮਲਮਲ ਦੇ ਕੱਪੜਿਆਂ ਵਾਲੇ ਆਦਮੀ ਦੇ ਦੋਵਾਂ ਹੱਥਾਂ ʼਤੇ ਰੱਖ ਦਿੱਤੀ।+ ਫਿਰ ਉਹ ਆਦਮੀ ਅੱਗ ਲੈ ਕੇ ਬਾਹਰ ਚਲਾ ਗਿਆ। 8 ਕਰੂਬੀਆਂ ਦੇ ਖੰਭਾਂ ਹੇਠ ਹੱਥ ਸਨ ਜੋ ਇਨਸਾਨਾਂ ਦੇ ਹੱਥਾਂ ਵਰਗੇ ਸਨ।+
9 ਮੈਂ ਦੇਖਿਆ ਕਿ ਕਰੂਬੀਆਂ ਦੇ ਲਾਗੇ ਚਾਰ ਪਹੀਏ ਸਨ; ਹਰੇਕ ਕਰੂਬੀ ਦੇ ਲਾਗੇ ਇਕ ਪਹੀਆ ਸੀ। ਸਾਰੇ ਪਹੀਏ ਕੀਮਤੀ ਪੱਥਰ ਸਬਜ਼ਾ ਵਾਂਗ ਚਮਕ ਰਹੇ ਸਨ।+ 10 ਚਾਰੇ ਪਹੀਏ ਇੱਕੋ ਜਿਹੇ ਸਨ ਅਤੇ ਦੇਖਣ ਨੂੰ ਇਸ ਤਰ੍ਹਾਂ ਲੱਗਦੇ ਸਨ ਜਿਵੇਂ ਪਹੀਏ ਦੇ ਅੰਦਰ ਪਹੀਆ ਹੋਵੇ। 11 ਜਦੋਂ ਪਹੀਏ ਚੱਲਦੇ ਸਨ, ਤਾਂ ਉਹ ਬਿਨਾਂ ਮੁੜੇ ਕਿਸੇ ਵੀ ਦਿਸ਼ਾ ਵਿਚ ਜਾ ਸਕਦੇ ਸਨ ਕਿਉਂਕਿ ਉਹ ਬਿਨਾਂ ਮੁੜੇ ਉੱਧਰ ਹੀ ਜਾਂਦੇ ਸਨ ਜਿੱਧਰ ਕਰੂਬੀ ਦਾ ਸਿਰ ਹੁੰਦਾ ਸੀ।* 12 ਉਨ੍ਹਾਂ ਕਰੂਬੀਆਂ ਦੇ ਸਰੀਰ, ਪਿੱਠ, ਹੱਥ ਅਤੇ ਖੰਭ ਅੱਖਾਂ ਨਾਲ ਭਰੇ ਹੋਏ ਸਨ। ਉਨ੍ਹਾਂ ਚਾਰਾਂ ਦੇ ਲਾਗੇ ਜਿਹੜੇ ਪਹੀਏ ਸਨ, ਉਨ੍ਹਾਂ ʼਤੇ ਵੀ ਅੱਖਾਂ ਹੀ ਅੱਖਾਂ ਸਨ।+ 13 ਫਿਰ ਮੈਂ ਇਕ ਆਵਾਜ਼ ਸੁਣੀ ਜਿਸ ਨੇ ਉਨ੍ਹਾਂ ਪਹੀਆਂ ਨੂੰ ਕਿਹਾ: “ਪਹੀਓ, ਅੱਗੇ ਵਧੋ!”
14 ਹਰੇਕ* ਦੇ ਚਾਰ ਮੂੰਹ ਸਨ; ਇਕ ਮੂੰਹ ਕਰੂਬੀ ਦਾ, ਦੂਜਾ ਮੂੰਹ ਆਦਮੀ* ਦਾ, ਤੀਜਾ ਮੂੰਹ ਸ਼ੇਰ ਦਾ ਅਤੇ ਚੌਥਾ ਮੂੰਹ ਉਕਾਬ ਦਾ।+
15 ਇਹ ਉਹੀ ਜੀਉਂਦੇ ਪ੍ਰਾਣੀ ਸਨ* ਜੋ ਮੈਂ ਕਿਬਾਰ ਦਰਿਆ ਦੇ ਲਾਗੇ ਦੇਖੇ ਸਨ।+ ਜਦੋਂ ਕਰੂਬੀ ਉੱਪਰ ਉੱਠਦੇ ਸਨ 16 ਅਤੇ ਜਦੋਂ ਕਰੂਬੀ ਚੱਲਦੇ ਸਨ, ਤਾਂ ਪਹੀਏ ਵੀ ਉਨ੍ਹਾਂ ਦੇ ਨਾਲ-ਨਾਲ ਚੱਲਦੇ ਸਨ ਅਤੇ ਜਦੋਂ ਕਰੂਬੀ ਜ਼ਮੀਨ ਤੋਂ ਉਤਾਹਾਂ ਜਾਣ ਲਈ ਆਪਣੇ ਖੰਭ ਉੱਪਰ ਕਰਦੇ ਸਨ, ਤਾਂ ਵੀ ਪਹੀਏ ਆਪਣੀ ਦਿਸ਼ਾ ਨਹੀਂ ਬਦਲਦੇ ਸਨ ਅਤੇ ਨਾ ਹੀ ਕਰੂਬੀਆਂ ਤੋਂ ਦੂਰ ਜਾਂਦੇ ਸਨ।+ 17 ਜਦੋਂ ਉਹ ਖੜ੍ਹ ਜਾਂਦੇ ਸਨ, ਤਾਂ ਪਹੀਏ ਵੀ ਖੜ੍ਹ ਜਾਂਦੇ ਸਨ। ਜਦੋਂ ਉਹ ਜ਼ਮੀਨ ਤੋਂ ਉੱਪਰ ਜਾਂਦੇ ਸਨ, ਤਾਂ ਪਹੀਏ ਵੀ ਉਨ੍ਹਾਂ ਦੇ ਨਾਲ ਉੱਪਰ ਜਾਂਦੇ ਸਨ ਕਿਉਂਕਿ ਜੋ ਸ਼ਕਤੀ ਉਨ੍ਹਾਂ ਜੀਉਂਦੇ ਪ੍ਰਾਣੀਆਂ ਨੂੰ ਸੇਧ ਦਿੰਦੀ ਸੀ, ਉਹੀ ਸ਼ਕਤੀ ਉਨ੍ਹਾਂ ਪਹੀਆਂ ਵਿਚ ਵੀ ਸੀ।
18 ਫਿਰ ਯਹੋਵਾਹ ਦੀ ਮਹਿਮਾ+ ਪਵਿੱਤਰ ਸਥਾਨ ਦੇ ਦਰਵਾਜ਼ੇ ਤੋਂ ਹਟ ਕੇ ਕਰੂਬੀਆਂ ਦੇ ਉੱਤੇ ਠਹਿਰ ਗਈ।+ 19 ਮੈਂ ਦੇਖਿਆ ਕਿ ਕਰੂਬੀ ਆਪਣੇ ਖੰਭ ਉੱਪਰ ਚੁੱਕ ਕੇ ਜ਼ਮੀਨ ਤੋਂ ਉਤਾਹਾਂ ਚਲੇ ਗਏ। ਜਦੋਂ ਉਹ ਗਏ, ਤਾਂ ਪਹੀਏ ਵੀ ਉਨ੍ਹਾਂ ਦੇ ਨਾਲ ਚਲੇ ਗਏ। ਫਿਰ ਉਹ ਜਾ ਕੇ ਯਹੋਵਾਹ ਦੇ ਮੰਦਰ ਦੇ ਪੂਰਬੀ ਦਰਵਾਜ਼ੇ ʼਤੇ ਰੁਕ ਗਏ ਅਤੇ ਇਜ਼ਰਾਈਲ ਦੇ ਪਰਮੇਸ਼ੁਰ ਦੀ ਮਹਿਮਾ ਉਨ੍ਹਾਂ ਦੇ ਉੱਪਰ ਸੀ।+
20 ਇਹ ਉਹੀ ਜੀਉਂਦੇ ਪ੍ਰਾਣੀ ਸਨ* ਜਿਨ੍ਹਾਂ ਨੂੰ ਮੈਂ ਕਿਬਾਰ ਦਰਿਆ ਦੇ ਲਾਗੇ ਇਜ਼ਰਾਈਲ ਦੇ ਪਰਮੇਸ਼ੁਰ ਦੇ ਸਿੰਘਾਸਣ ਦੇ ਥੱਲੇ ਦੇਖਿਆ ਸੀ।+ ਇਸ ਲਈ ਮੈਂ ਜਾਣ ਗਿਆ ਕਿ ਉਹ ਕਰੂਬੀ ਸਨ। 21 ਚਾਰੇ ਕਰੂਬੀਆਂ ਦੇ ਚਾਰ-ਚਾਰ ਮੂੰਹ ਅਤੇ ਚਾਰ-ਚਾਰ ਖੰਭ ਸਨ ਅਤੇ ਉਨ੍ਹਾਂ ਦੇ ਖੰਭਾਂ ਹੇਠ ਹੱਥ ਸਨ ਜੋ ਇਨਸਾਨਾਂ ਦੇ ਹੱਥਾਂ ਵਰਗੇ ਸਨ।+ 22 ਇਨ੍ਹਾਂ ਦੇ ਮੂੰਹ ਉਨ੍ਹਾਂ ਜੀਉਂਦੇ ਪ੍ਰਾਣੀਆਂ ਦੇ ਮੂੰਹਾਂ ਵਰਗੇ ਸਨ ਜਿਹੜੇ ਮੈਂ ਕਿਬਾਰ ਦਰਿਆ ਦੇ ਲਾਗੇ ਦੇਖੇ ਸਨ।+ ਉਹ ਅੱਗੇ ਵਧਦੇ ਹੋਏ ਆਪਣੇ ਨੱਕ ਦੀ ਸੇਧ ਵਿਚ ਚੱਲਦੇ ਸਨ।+
11 ਫਿਰ ਇਕ ਸ਼ਕਤੀ ਮੈਨੂੰ ਚੁੱਕ ਕੇ ਯਹੋਵਾਹ ਦੇ ਘਰ ਦੇ ਪੂਰਬੀ ਦਰਵਾਜ਼ੇ ʼਤੇ ਲੈ ਆਈ ਜਿਸ ਦਾ ਮੂੰਹ ਪੂਰਬ ਵੱਲ ਸੀ।+ ਉੱਥੇ ਮੈਂ ਦਰਵਾਜ਼ੇ ਕੋਲ 25 ਆਦਮੀ ਦੇਖੇ ਜੋ ਲੋਕਾਂ ਦੇ ਹਾਕਮ ਸਨ+ ਅਤੇ ਉਨ੍ਹਾਂ ਵਿਚ ਅੱਜ਼ੂਰ ਦਾ ਪੁੱਤਰ ਯਅਜ਼ਨਾਯਾਹ ਅਤੇ ਬਨਾਯਾਹ ਦਾ ਪੁੱਤਰ ਪਲਟਯਾਹ ਵੀ ਸੀ। 2 ਫਿਰ ਉਸ* ਨੇ ਮੈਨੂੰ ਕਿਹਾ: “ਹੇ ਮਨੁੱਖ ਦੇ ਪੁੱਤਰ, ਇਹ ਆਦਮੀ ਸਾਜ਼ਸ਼ਾਂ ਘੜ ਰਹੇ ਹਨ ਅਤੇ ਸ਼ਹਿਰ ਵਿਚ* ਲੋਕਾਂ ਨੂੰ ਬੁਰਾ ਕਰਨ ਦੀਆਂ ਸਲਾਹਾਂ ਦੇ ਰਹੇ ਹਨ। 3 ਉਹ ਕਹਿ ਰਹੇ ਹਨ, ‘ਕੀ ਇਹ ਸਮਾਂ ਘਰ ਉਸਾਰਨ ਦਾ ਨਹੀਂ?+ ਇਹ ਸ਼ਹਿਰ* ਇਕ ਪਤੀਲਾ* ਹੈ+ ਅਤੇ ਅਸੀਂ ਇਸ ਵਿਚਲਾ ਮਾਸ ਹਾਂ।’
4 “ਇਸ ਲਈ ਹੇ ਮਨੁੱਖ ਦੇ ਪੁੱਤਰ, ਭਵਿੱਖਬਾਣੀ ਕਰ, ਹਾਂ, ਇਨ੍ਹਾਂ ਦੇ ਖ਼ਿਲਾਫ਼ ਭਵਿੱਖਬਾਣੀ ਕਰ।”+
5 ਫਿਰ ਯਹੋਵਾਹ ਦੀ ਸ਼ਕਤੀ ਮੇਰੇ ਉੱਤੇ ਆਈ+ ਅਤੇ ਉਸ ਨੇ ਮੈਨੂੰ ਕਿਹਾ, “ਤੂੰ ਕਹਿ, ‘ਯਹੋਵਾਹ ਇਹ ਕਹਿੰਦਾ ਹੈ: “ਹੇ ਇਜ਼ਰਾਈਲ ਦੇ ਘਰਾਣੇ, ਤੂੰ ਠੀਕ ਕਿਹਾ ਹੈ ਅਤੇ ਮੈਂ ਜਾਣਦਾ ਹਾਂ ਕਿ ਤੂੰ ਕੀ ਸੋਚ ਰਿਹਾ ਹੈਂ। 6 ਤੂੰ ਇਸ ਸ਼ਹਿਰ ਵਿਚ ਬਹੁਤ ਸਾਰੇ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਹੈ ਅਤੇ ਇਸ ਦੀਆਂ ਗਲੀਆਂ ਨੂੰ ਲਾਸ਼ਾਂ ਨਾਲ ਭਰ ਦਿੱਤਾ ਹੈ।”’”+ 7 “ਇਸ ਲਈ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: ‘ਤੂੰ ਇਸ ਸ਼ਹਿਰ ਵਿਚ ਜਿਹੜੀਆਂ ਲਾਸ਼ਾਂ ਖਿਲਾਰੀਆਂ ਹਨ, ਉਹ ਮਾਸ ਹੈ ਅਤੇ ਇਹ ਸ਼ਹਿਰ ਪਤੀਲਾ ਹੈ।+ ਪਰ ਤੈਨੂੰ ਇਸ ਵਿੱਚੋਂ ਬਾਹਰ ਕੱਢਿਆ ਜਾਵੇਗਾ।’”
8 “ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ, ‘ਤੂੰ ਤਲਵਾਰ ਤੋਂ ਡਰਦਾ ਹੈਂ,+ ਪਰ ਮੈਂ ਤੇਰੇ ਖ਼ਿਲਾਫ਼ ਤਲਵਾਰ ਹੀ ਲਿਆਵਾਂਗਾ, 9 ਮੈਂ ਤੈਨੂੰ ਸ਼ਹਿਰ ਵਿੱਚੋਂ ਬਾਹਰ ਕੱਢ ਕੇ ਵਿਦੇਸ਼ੀਆਂ ਦੇ ਹਵਾਲੇ ਕਰਾਂਗਾ ਅਤੇ ਤੈਨੂੰ ਸਜ਼ਾ ਦਿਆਂਗਾ।+ 10 ਤੂੰ ਤਲਵਾਰ ਨਾਲ ਮਾਰਿਆ ਜਾਵੇਂਗਾ+ ਅਤੇ ਮੈਂ ਇਜ਼ਰਾਈਲ ਦੀ ਸਰਹੱਦ ʼਤੇ ਤੇਰਾ ਨਿਆਂ ਕਰ ਕੇ ਤੈਨੂੰ ਸਜ਼ਾ ਦਿਆਂਗਾ+ ਅਤੇ ਤੈਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ।+ 11 ਇਹ ਸ਼ਹਿਰ ਤੇਰੇ ਲਈ ਪਤੀਲਾ ਸਾਬਤ ਨਹੀਂ ਹੋਵੇਗਾ ਅਤੇ ਨਾ ਹੀ ਤੂੰ ਇਸ ਵਿਚਲਾ ਮਾਸ ਹੋਵੇਂਗਾ; ਮੈਂ ਇਜ਼ਰਾਈਲ ਦੀ ਸਰਹੱਦ ʼਤੇ ਤੇਰਾ ਨਿਆਂ ਕਰ ਕੇ ਤੈਨੂੰ ਸਜ਼ਾ ਦਿਆਂਗਾ 12 ਅਤੇ ਤੈਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ ਕਿਉਂਕਿ ਤੂੰ ਮੇਰੇ ਨਿਯਮਾਂ ਅਤੇ ਕਾਨੂੰਨਾਂ ਮੁਤਾਬਕ ਚੱਲਣ ਦੀ ਬਜਾਇ+ ਆਪਣੇ ਆਲੇ-ਦੁਆਲੇ ਦੀਆਂ ਕੌਮਾਂ ਦੇ ਕਾਨੂੰਨਾਂ ਮੁਤਾਬਕ ਚੱਲਿਆ ਹੈਂ।’”+
13 ਜਿਉਂ ਹੀ ਮੈਂ ਭਵਿੱਖਬਾਣੀ ਕੀਤੀ, ਤਾਂ ਬਨਾਯਾਹ ਦਾ ਪੁੱਤਰ ਪਲਟਯਾਹ ਮਰ ਗਿਆ ਅਤੇ ਮੈਂ ਮੂੰਹ ਭਾਰ ਡਿਗ ਕੇ ਦੁਹਾਈ ਦਿੱਤੀ: “ਹਾਇ! ਸਾਰੇ ਜਹਾਨ ਦੇ ਮਾਲਕ ਯਹੋਵਾਹ, ਕੀ ਤੂੰ ਇਜ਼ਰਾਈਲ ਦੇ ਬਾਕੀ ਬਚੇ ਲੋਕਾਂ ਨੂੰ ਨਾਸ਼ ਕਰ ਸੁੱਟੇਂਗਾ?”+
14 ਮੈਨੂੰ ਦੁਬਾਰਾ ਯਹੋਵਾਹ ਦਾ ਇਹ ਸੰਦੇਸ਼ ਮਿਲਿਆ: 15 “ਹੇ ਮਨੁੱਖ ਦੇ ਪੁੱਤਰ, ਯਰੂਸ਼ਲਮ ਦੇ ਵਾਸੀਆਂ ਨੇ ਤੇਰੇ ਭਰਾਵਾਂ ਨੂੰ, ਜਿਨ੍ਹਾਂ ਨੂੰ ਦੁਬਾਰਾ ਜ਼ਮੀਨ ਖ਼ਰੀਦਣ ਦਾ ਹੱਕ ਹੈ ਅਤੇ ਇਜ਼ਰਾਈਲ ਦੇ ਸਾਰੇ ਘਰਾਣੇ ਨੂੰ ਕਿਹਾ ਹੈ, ‘ਯਹੋਵਾਹ ਤੋਂ ਦੂਰ ਰਹੋ। ਇਹ ਦੇਸ਼ ਸਾਡਾ ਹੈ; ਇਹ ਸਾਨੂੰ ਵਿਰਾਸਤ ਵਜੋਂ ਦਿੱਤਾ ਗਿਆ ਹੈ।’ 16 ਇਸ ਲਈ ਤੂੰ ਕਹਿ, ‘ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: “ਹਾਲਾਂਕਿ ਮੈਂ ਉਨ੍ਹਾਂ ਨੂੰ ਬੰਦੀ ਬਣਾ ਕੇ ਦੂਰ-ਦੁਰਾਡੀਆਂ ਕੌਮਾਂ ਵਿਚ ਭੇਜ ਦਿੱਤਾ ਹੈ ਅਤੇ ਉਨ੍ਹਾਂ ਨੂੰ ਦੂਜੇ ਦੇਸ਼ਾਂ ਵਿਚ ਖਿੰਡਾ ਦਿੱਤਾ ਹੈ,+ ਪਰ ਮੈਂ ਉਨ੍ਹਾਂ ਦੇਸ਼ਾਂ ਵਿਚ ਥੋੜ੍ਹੇ ਸਮੇਂ ਲਈ ਉਨ੍ਹਾਂ ਵਾਸਤੇ ਪਵਿੱਤਰ ਸਥਾਨ ਬਣਾਂਗਾ।”’+
17 “ਇਸ ਲਈ ਤੂੰ ਕਹਿ, ‘ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: “ਮੈਂ ਤੈਨੂੰ ਜਿਨ੍ਹਾਂ ਕੌਮਾਂ ਅਤੇ ਦੇਸ਼ਾਂ ਵਿਚ ਖਿੰਡਾ ਦਿੱਤਾ ਸੀ, ਮੈਂ ਤੈਨੂੰ ਉੱਥੋਂ ਇਕੱਠਾ ਕਰ ਕੇ ਇਜ਼ਰਾਈਲ ਦੇਸ਼ ਦਿਆਂਗਾ।+ 18 ਅਤੇ ਉਹ ਉੱਥੇ ਵਾਪਸ ਆਉਣਗੇ ਅਤੇ ਉੱਥੋਂ ਸਾਰੀਆਂ ਘਿਣਾਉਣੀਆਂ ਚੀਜ਼ਾਂ ਕੱਢ ਦੇਣਗੇ ਅਤੇ ਘਿਣਾਉਣੇ ਕੰਮਾਂ ਦਾ ਅੰਤ ਕਰ ਦੇਣਗੇ।+ 19 ਮੈਂ ਉਨ੍ਹਾਂ ਨੂੰ ਇਕ ਮਨ ਕਰਾਂਗਾ+ ਅਤੇ ਉਨ੍ਹਾਂ ਦੇ ਮਨ ਦਾ ਸੁਭਾਅ ਨਵਾਂ ਬਣਾਵਾਂਗਾ+ ਅਤੇ ਮੈਂ ਉਨ੍ਹਾਂ ਦੇ ਸਰੀਰਾਂ ਵਿੱਚੋਂ ਪੱਥਰ ਦਾ ਦਿਲ ਕੱਢ ਕੇ+ ਉਨ੍ਹਾਂ ਨੂੰ ਮਾਸ ਦਾ ਦਿਲ* ਦਿਆਂਗਾ+ 20 ਤਾਂਕਿ ਉਹ ਮੇਰੇ ਨਿਯਮਾਂ ਅਤੇ ਕਾਨੂੰਨਾਂ ਮੁਤਾਬਕ ਚੱਲ ਕੇ ਉਨ੍ਹਾਂ ਦੀ ਪਾਲਣਾ ਕਰਨ। ਫਿਰ ਉਹ ਮੇਰੇ ਲੋਕ ਹੋਣਗੇ ਅਤੇ ਮੈਂ ਉਨ੍ਹਾਂ ਦਾ ਪਰਮੇਸ਼ੁਰ ਹੋਵਾਂਗਾ।”’
21 “‘“ਪਰ ਜਿਨ੍ਹਾਂ ਲੋਕਾਂ ਦਾ ਮਨ ਘਿਣਾਉਣੀਆਂ ਚੀਜ਼ਾਂ ਅਤੇ ਘਿਣਾਉਣੇ ਕੰਮਾਂ ਵਿਚ ਲੱਗਾ ਹੋਇਆ ਹੈ, ਮੈਂ ਉਨ੍ਹਾਂ ਦੇ ਚਾਲ-ਚਲਣ ਅਨੁਸਾਰ ਉਨ੍ਹਾਂ ਨੂੰ ਸਜ਼ਾ ਦਿਆਂਗਾ,” ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ।’”
22 ਫਿਰ ਕਰੂਬੀਆਂ ਨੇ ਆਪਣੇ ਖੰਭ ਉੱਪਰ ਚੁੱਕੇ ਅਤੇ ਪਹੀਏ ਉਨ੍ਹਾਂ ਦੇ ਨੇੜੇ ਸਨ+ ਅਤੇ ਇਜ਼ਰਾਈਲ ਦੇ ਪਰਮੇਸ਼ੁਰ ਦੀ ਮਹਿਮਾ ਉਨ੍ਹਾਂ ਦੇ ਉੱਤੇ ਸੀ।+ 23 ਇਸ ਤੋਂ ਬਾਅਦ ਯਹੋਵਾਹ ਦੀ ਮਹਿਮਾ+ ਸ਼ਹਿਰ ਤੋਂ ਉੱਪਰ ਉੱਠ ਕੇ ਇਕ ਪਹਾੜ ʼਤੇ ਠਹਿਰ ਗਈ ਜੋ ਸ਼ਹਿਰ ਦੇ ਪੂਰਬ ਵੱਲ ਸੀ।+ 24 ਫਿਰ ਪਰਮੇਸ਼ੁਰ ਵੱਲੋਂ ਮਿਲੇ ਦਰਸ਼ਣਾਂ ਵਿਚ ਇਕ ਸ਼ਕਤੀ ਨੇ ਮੈਨੂੰ ਉੱਪਰ ਚੁੱਕਿਆ ਅਤੇ ਉਹ ਮੈਨੂੰ ਕਸਦੀਮ ਵਿਚ ਬੰਦੀ ਬਣਾਏ ਗਏ ਲੋਕਾਂ ਕੋਲ ਲੈ ਗਈ। ਫਿਰ ਜੋ ਦਰਸ਼ਣ ਮੈਂ ਦੇਖ ਰਿਹਾ ਸੀ, ਉਹ ਖ਼ਤਮ ਹੋ ਗਿਆ। 25 ਮੈਂ ਬੰਦੀ ਬਣਾਏ ਲੋਕਾਂ ਨੂੰ ਉਹ ਸਾਰੀਆਂ ਗੱਲਾਂ ਦੱਸਣ ਲੱਗਾ ਜੋ ਯਹੋਵਾਹ ਨੇ ਮੈਨੂੰ ਦਰਸ਼ਣ ਵਿਚ ਦਿਖਾਈਆਂ ਸਨ।
12 ਮੈਨੂੰ ਦੁਬਾਰਾ ਯਹੋਵਾਹ ਦਾ ਸੰਦੇਸ਼ ਮਿਲਿਆ: 2 “ਹੇ ਮਨੁੱਖ ਦੇ ਪੁੱਤਰ, ਤੂੰ ਬਾਗ਼ੀ ਘਰਾਣੇ ਦੇ ਲੋਕਾਂ ਵਿਚਕਾਰ ਰਹਿੰਦਾ ਹੈਂ। ਉਨ੍ਹਾਂ ਦੀਆਂ ਅੱਖਾਂ ਤਾਂ ਹਨ, ਪਰ ਉਹ ਦੇਖਦੇ ਨਹੀਂ ਅਤੇ ਉਨ੍ਹਾਂ ਦੇ ਕੰਨ ਤਾਂ ਹਨ, ਪਰ ਉਹ ਸੁਣਦੇ ਨਹੀਂ+ ਕਿਉਂਕਿ ਉਹ ਬਾਗ਼ੀ ਘਰਾਣੇ ਦੇ ਲੋਕ ਹਨ।+ 3 ਪਰ ਤੂੰ, ਹੇ ਮਨੁੱਖ ਦੇ ਪੁੱਤਰ, ਗ਼ੁਲਾਮੀ ਵਿਚ ਜਾਣ ਲਈ ਆਪਣਾ ਸਾਮਾਨ ਬੰਨ੍ਹ। ਫਿਰ ਦਿਨ ਵੇਲੇ ਤੂੰ ਲੋਕਾਂ ਦੇ ਦੇਖਦੇ-ਦੇਖਦੇ ਗ਼ੁਲਾਮੀ ਵਿਚ ਚਲਾ ਜਾਈਂ। ਤੂੰ ਉਨ੍ਹਾਂ ਦੇ ਦੇਖਦੇ-ਦੇਖਦੇ ਆਪਣੇ ਘਰ ਤੋਂ ਕਿਸੇ ਹੋਰ ਥਾਂ ਗ਼ੁਲਾਮੀ ਵਿਚ ਜਾਈਂ। ਸ਼ਾਇਦ ਉਹ ਇਸ ਗੱਲ ਵੱਲ ਧਿਆਨ ਦੇਣ, ਭਾਵੇਂ ਕਿ ਉਹ ਬਾਗ਼ੀ ਘਰਾਣੇ ਦੇ ਲੋਕ ਹਨ। 4 ਤੂੰ ਦਿਨ ਵੇਲੇ ਲੋਕਾਂ ਦੇ ਦੇਖਦੇ-ਦੇਖਦੇ ਗ਼ੁਲਾਮੀ ਵਿਚ ਜਾਣ ਲਈ ਆਪਣਾ ਸਾਮਾਨ ਬਾਹਰ ਲਿਆਈਂ ਅਤੇ ਫਿਰ ਸ਼ਾਮੀਂ ਉਨ੍ਹਾਂ ਦੇ ਦੇਖਦੇ-ਦੇਖਦੇ ਤੂੰ ਇਸ ਤਰ੍ਹਾਂ ਉੱਥੋਂ ਚਲਾ ਜਾਈਂ ਜਿਵੇਂ ਤੈਨੂੰ ਬੰਦੀ ਬਣਾ ਕੇ ਲਿਜਾਇਆ ਜਾ ਰਿਹਾ ਹੋਵੇ।+
5 “ਜਦ ਉਹ ਤੈਨੂੰ ਦੇਖ ਰਹੇ ਹੋਣਗੇ, ਤਾਂ ਤੂੰ ਕੰਧ ਵਿਚ ਮਘੋਰਾ ਕਰੀਂ ਅਤੇ ਆਪਣਾ ਸਾਮਾਨ ਲੈ ਕੇ ਇਸ ਥਾਣੀਂ ਬਾਹਰ ਨਿਕਲ ਜਾਈਂ।+ 6 ਤੂੰ ਉਨ੍ਹਾਂ ਦੀਆਂ ਨਜ਼ਰਾਂ ਸਾਮ੍ਹਣੇ ਹਨੇਰੇ ਵਿਚ ਆਪਣਾ ਸਾਮਾਨ ਮੋਢੇ ਉੱਤੇ ਚੁੱਕ ਕੇ ਚਲਾ ਜਾਈਂ। ਤੂੰ ਆਪਣਾ ਚਿਹਰਾ ਢਕ ਲਈਂ ਤਾਂਕਿ ਤੈਨੂੰ ਜ਼ਮੀਨ ਨਾ ਦਿਖਾਈ ਦੇਵੇ ਕਿਉਂਕਿ ਮੈਂ ਤੈਨੂੰ ਇਜ਼ਰਾਈਲ ਦੇ ਘਰਾਣੇ ਲਈ ਨਿਸ਼ਾਨੀ ਦੇ ਤੌਰ ਤੇ ਠਹਿਰਾਇਆ ਹੈ।”+
7 ਮੈਂ ਠੀਕ ਉਸੇ ਤਰ੍ਹਾਂ ਕੀਤਾ ਜਿਵੇਂ ਮੈਨੂੰ ਹੁਕਮ ਮਿਲਿਆ ਸੀ। ਦਿਨ ਵੇਲੇ ਮੈਂ ਆਪਣਾ ਸਾਮਾਨ ਬਾਹਰ ਲਿਆਇਆ ਜਿਵੇਂ ਮੈਨੂੰ ਬੰਦੀ ਬਣਾ ਕੇ ਲਿਜਾਇਆ ਜਾ ਰਿਹਾ ਹੋਵੇ ਅਤੇ ਸ਼ਾਮੀਂ ਮੈਂ ਕੰਧ ਵਿਚ ਆਪਣੇ ਹੱਥ ਨਾਲ ਮਘੋਰਾ ਕੀਤਾ। ਜਦੋਂ ਹਨੇਰਾ ਹੋ ਗਿਆ, ਤਾਂ ਮੈਂ ਆਪਣਾ ਸਾਮਾਨ ਬਾਹਰ ਕੱਢਿਆ ਅਤੇ ਉਨ੍ਹਾਂ ਦੇ ਦੇਖਦੇ-ਦੇਖਦੇ ਆਪਣਾ ਸਾਮਾਨ ਮੋਢੇ ਉੱਤੇ ਚੁੱਕ ਕੇ ਤੁਰ ਪਿਆ।
8 ਫਿਰ ਮੈਨੂੰ ਸਵੇਰੇ ਯਹੋਵਾਹ ਦਾ ਸੰਦੇਸ਼ ਮਿਲਿਆ: 9 “ਹੇ ਮਨੁੱਖ ਦੇ ਪੁੱਤਰ, ਕੀ ਇਜ਼ਰਾਈਲ ਦੇ ਘਰਾਣੇ, ਹਾਂ, ਉਸ ਬਾਗ਼ੀ ਘਰਾਣੇ ਨੇ ਤੈਨੂੰ ਪੁੱਛਿਆ ਨਹੀਂ, ‘ਤੂੰ ਇਹ ਕੀ ਕਰ ਰਿਹਾ ਹੈਂ?’ 10 ਤੂੰ ਉਨ੍ਹਾਂ ਨੂੰ ਕਹੀਂ, ‘ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: “ਇਹ ਸੰਦੇਸ਼ ਯਰੂਸ਼ਲਮ ਦੇ ਮੁਖੀ+ ਅਤੇ ਸ਼ਹਿਰ ਵਿਚ ਰਹਿੰਦੇ ਇਜ਼ਰਾਈਲ ਦੇ ਸਾਰੇ ਘਰਾਣੇ ਬਾਰੇ ਹੈ।”’
11 “ਤੂੰ ਉਨ੍ਹਾਂ ਨੂੰ ਕਹੀਂ, ‘ਮੈਂ ਤੁਹਾਡੇ ਲਈ ਇਕ ਨਿਸ਼ਾਨੀ ਹਾਂ।+ ਮੈਂ ਜੋ ਵੀ ਕੀਤਾ, ਉਨ੍ਹਾਂ ਨਾਲ ਇਸੇ ਤਰ੍ਹਾਂ ਕੀਤਾ ਜਾਵੇਗਾ। ਉਨ੍ਹਾਂ ਨੂੰ ਬੰਦੀ ਬਣਾ ਕੇ ਗ਼ੁਲਾਮੀ ਵਿਚ ਲਿਜਾਇਆ ਜਾਵੇਗਾ।+ 12 ਉਨ੍ਹਾਂ ਦਾ ਮੁਖੀ ਆਪਣਾ ਸਾਮਾਨ ਮੋਢੇ ਉੱਤੇ ਚੁੱਕ ਕੇ ਹਨੇਰੇ ਵਿਚ ਤੁਰ ਪਵੇਗਾ। ਉਹ ਕੰਧ ਵਿਚ ਇਕ ਮਘੋਰਾ ਕਰੇਗਾ ਅਤੇ ਇਸ ਥਾਣੀਂ ਆਪਣਾ ਸਾਮਾਨ ਚੁੱਕ ਕੇ ਬਾਹਰ ਨਿਕਲ ਜਾਵੇਗਾ।+ ਉਹ ਆਪਣਾ ਚਿਹਰਾ ਢਕੇਗਾ ਤਾਂਕਿ ਉਸ ਨੂੰ ਜ਼ਮੀਨ ਦਿਖਾਈ ਨਾ ਦੇਵੇ।’ 13 ਮੈਂ ਉਸ ਉੱਤੇ ਆਪਣਾ ਜਾਲ਼ ਪਾਵਾਂਗਾ ਅਤੇ ਉਹ ਮੇਰੇ ਜਾਲ਼ ਵਿਚ ਫਸ ਜਾਵੇਗਾ।+ ਫਿਰ ਮੈਂ ਉਸ ਨੂੰ ਕਸਦੀਆਂ ਦੇ ਦੇਸ਼ ਬਾਬਲ ਲੈ ਆਵਾਂਗਾ, ਪਰ ਉਹ ਦੇਸ਼ ਨੂੰ ਦੇਖ ਨਹੀਂ ਸਕੇਗਾ ਅਤੇ ਉੱਥੇ ਹੀ ਮਰ ਜਾਵੇਗਾ।+ 14 ਮੈਂ ਉਸ ਦੇ ਮਦਦਗਾਰਾਂ ਅਤੇ ਉਸ ਦੇ ਫ਼ੌਜੀਆਂ ਨੂੰ ਜੋ ਉਸ ਦੇ ਆਲੇ-ਦੁਆਲੇ ਰਹਿੰਦੇ ਹਨ, ਹਰ ਦਿਸ਼ਾ ਵਿਚ ਖਿੰਡਾ ਦਿਆਂਗਾ+ ਅਤੇ ਮੈਂ ਤਲਵਾਰ ਲੈ ਕੇ ਉਨ੍ਹਾਂ ਦਾ ਪਿੱਛਾ ਕਰਾਂਗਾ।+ 15 ਜਦ ਮੈਂ ਉਨ੍ਹਾਂ ਨੂੰ ਕੌਮਾਂ ਅਤੇ ਦੇਸ਼ਾਂ ਵਿਚ ਖਿੰਡਾ ਦਿਆਂਗਾ, ਤਦ ਉਨ੍ਹਾਂ ਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ। 16 ਪਰ ਮੈਂ ਉਨ੍ਹਾਂ ਵਿੱਚੋਂ ਕੁਝ ਜਣਿਆਂ ਨੂੰ ਜੀਉਂਦੇ ਰਹਿਣ ਦਿਆਂਗਾ। ਉਹ ਤਲਵਾਰ, ਕਾਲ਼ ਅਤੇ ਮਹਾਂਮਾਰੀ ਨਾਲ ਨਹੀਂ ਮਰਨਗੇ ਤਾਂਕਿ ਉਹ ਉਨ੍ਹਾਂ ਕੌਮਾਂ ਵਿਚ ਆਪਣੇ ਸਾਰੇ ਘਿਣਾਉਣੇ ਕੰਮਾਂ ਬਾਰੇ ਦੱਸਣ ਜਿੱਥੇ ਉਹ ਜਾਣਗੇ; ਉਨ੍ਹਾਂ ਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ।”
17 ਮੈਨੂੰ ਦੁਬਾਰਾ ਯਹੋਵਾਹ ਦਾ ਸੰਦੇਸ਼ ਮਿਲਿਆ: 18 “ਹੇ ਮਨੁੱਖ ਦੇ ਪੁੱਤਰ, ਤੂੰ ਡਰਦੇ-ਡਰਦੇ ਰੋਟੀ ਖਾਹ ਅਤੇ ਘਬਰਾਹਟ ਅਤੇ ਚਿੰਤਾ ਵਿਚ ਡੁੱਬੇ ਹੋਏ ਪਾਣੀ ਪੀ।+ 19 ਦੇਸ਼ ਦੇ ਲੋਕਾਂ ਨੂੰ ਕਹਿ, ‘ਸਾਰੇ ਜਹਾਨ ਦਾ ਮਾਲਕ ਯਹੋਵਾਹ ਇਜ਼ਰਾਈਲ ਵਿਚ ਯਰੂਸ਼ਲਮ ਦੇ ਵਾਸੀਆਂ ਨੂੰ ਕਹਿੰਦਾ ਹੈ: “ਲੋਕ ਚਿੰਤਾ ਵਿਚ ਡੁੱਬੇ ਹੋਏ ਰੋਟੀ ਖਾਣਗੇ ਅਤੇ ਡਰ ਨਾਲ ਸਹਿਮੇ ਹੋਏ ਪਾਣੀ ਪੀਣਗੇ+ ਕਿਉਂਕਿ ਉੱਥੇ ਰਹਿਣ ਵਾਲੇ ਸਾਰੇ ਲੋਕਾਂ ਵੱਲੋਂ ਕੀਤੇ ਜਾਂਦੇ ਖ਼ੂਨ-ਖ਼ਰਾਬੇ ਕਰਕੇ ਉਨ੍ਹਾਂ ਦਾ ਦੇਸ਼ ਪੂਰੀ ਤਰ੍ਹਾਂ ਤਬਾਹ ਹੋ ਜਾਵੇਗਾ।+ 20 ਲੋਕਾਂ ਨਾਲ ਆਬਾਦ ਸ਼ਹਿਰ ਉੱਜੜ ਜਾਣਗੇ ਅਤੇ ਦੇਸ਼ ਨੂੰ ਵੀਰਾਨ ਕਰ ਦਿੱਤਾ ਜਾਵੇਗਾ+ ਅਤੇ ਤੁਹਾਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ।”’”+
21 ਮੈਨੂੰ ਦੁਬਾਰਾ ਯਹੋਵਾਹ ਦਾ ਸੰਦੇਸ਼ ਮਿਲਿਆ: 22 “ਹੇ ਮਨੁੱਖ ਦੇ ਪੁੱਤਰ, ਇਜ਼ਰਾਈਲ ਵਿਚ ਲੋਕ ਇਹ ਕਿਹੋ ਜਿਹੀ ਕਹਾਵਤ ਬੋਲਦੇ ਹਨ, ‘ਦਿਨ ਲੰਘਦੇ ਜਾ ਰਹੇ ਹਨ, ਪਰ ਕੋਈ ਵੀ ਦਰਸ਼ਣ ਅਜੇ ਤਕ ਪੂਰਾ ਨਹੀਂ ਹੋਇਆ’?+ 23 ਇਸ ਲਈ ਤੂੰ ਉਨ੍ਹਾਂ ਨੂੰ ਕਹਿ, ‘ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: “ਮੈਂ ਇਸ ਕਹਾਵਤ ਨੂੰ ਮਿਟਾ ਦਿਆਂਗਾ ਅਤੇ ਇਜ਼ਰਾਈਲ ਵਿਚ ਲੋਕ ਇਹ ਕਹਾਵਤ ਫਿਰ ਕਦੇ ਨਹੀਂ ਬੋਲਣਗੇ।’” ਪਰ ਤੂੰ ਉਨ੍ਹਾਂ ਨੂੰ ਕਹਿ, ‘ਉਹ ਦਿਨ ਨੇੜੇ ਹਨ+ ਜਦ ਹਰ ਦਰਸ਼ਣ ਪੂਰਾ ਹੋਵੇਗਾ।’ 24 ਫਿਰ ਇਜ਼ਰਾਈਲ ਦੇ ਘਰਾਣੇ ਵਿਚ ਕੋਈ ਵੀ ਝੂਠਾ ਦਰਸ਼ਣ ਨਹੀਂ ਦੇਖੇਗਾ ਜਾਂ ਫਾਲ* ਪਾ ਕੇ ਧੋਖਾ ਦੇਣ ਵਾਲੀਆਂ* ਗੱਲਾਂ ਨਹੀਂ ਦੱਸੇਗਾ।+ 25 ‘“ਕਿਉਂਕਿ ਮੈਂ ਯਹੋਵਾਹ ਗੱਲ ਕਰਾਂਗਾ। ਮੈਂ ਜੋ ਵੀ ਕਹਾਂਗਾ, ਉਹ ਬਿਨਾਂ ਦੇਰ ਕੀਤਿਆਂ ਪੂਰਾ ਹੋਵੇਗਾ।+ ਓਏ ਬਾਗ਼ੀ ਘਰਾਣੇ, ਮੈਂ ਤੁਹਾਡੇ ਜੀਉਂਦੇ-ਜੀ+ ਜੋ ਵੀ ਕਹਾਂਗਾ, ਉਸ ਨੂੰ ਜ਼ਰੂਰ ਪੂਰਾ ਕਰਾਂਗਾ,” ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ।’”
26 ਮੈਨੂੰ ਦੁਬਾਰਾ ਯਹੋਵਾਹ ਦਾ ਸੰਦੇਸ਼ ਮਿਲਿਆ: 27 “ਹੇ ਮਨੁੱਖ ਦੇ ਪੁੱਤਰ, ਇਜ਼ਰਾਈਲ ਦੇ ਲੋਕ* ਇਹ ਕਹਿ ਰਹੇ ਹਨ, ‘ਇਹ ਆਦਮੀ ਜੋ ਦਰਸ਼ਣ ਦੇਖਦਾ ਹੈ, ਉਹ ਲੰਬੇ ਸਮੇਂ ਬਾਅਦ ਪੂਰਾ ਹੋਵੇਗਾ ਅਤੇ ਇਸ ਦੀਆਂ ਭਵਿੱਖਬਾਣੀਆਂ ਸਾਲਾਂ ਬਾਅਦ ਪੂਰੀਆਂ ਹੋਣਗੀਆਂ।’+ 28 ਇਸ ਲਈ ਉਨ੍ਹਾਂ ਨੂੰ ਕਹਿ, ‘ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: “‘ਮੇਰੀ ਕੋਈ ਵੀ ਗੱਲ ਪੂਰੀ ਹੋਣ ਵਿਚ ਦੇਰ ਨਹੀਂ ਲੱਗੇਗੀ; ਮੈਂ ਜੋ ਕਹਿੰਦਾ ਹਾਂ, ਉਹ ਜ਼ਰੂਰ ਪੂਰਾ ਹੋਵੇਗਾ,’ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ।”’”
13 ਮੈਨੂੰ ਦੁਬਾਰਾ ਯਹੋਵਾਹ ਦਾ ਇਹ ਸੰਦੇਸ਼ ਮਿਲਿਆ: 2 “ਹੇ ਮਨੁੱਖ ਦੇ ਪੁੱਤਰ, ਇਜ਼ਰਾਈਲ ਦੇ ਨਬੀਆਂ ਖ਼ਿਲਾਫ਼ ਭਵਿੱਖਬਾਣੀ ਕਰ+ ਅਤੇ ਜਿਹੜੇ ਮਨਘੜਤ ਭਵਿੱਖਬਾਣੀਆਂ ਕਰਦੇ ਹਨ,+ ਉਨ੍ਹਾਂ ਨੂੰ ਕਹਿ, ‘ਯਹੋਵਾਹ ਦਾ ਸੰਦੇਸ਼ ਸੁਣੋ। 3 ਸਾਰੇ ਜਹਾਨ ਦਾ ਮਾਲਕ ਯਹੋਵਾਹ ਇਹ ਕਹਿੰਦਾ ਹੈ: “ਲਾਹਨਤ ਹੈ ਉਨ੍ਹਾਂ ਮੂਰਖ ਨਬੀਆਂ ਉੱਤੇ ਜਿਹੜੇ ਆਪਣੀ ਸੋਚ ਮੁਤਾਬਕ ਚੱਲਦੇ ਹਨ, ਜਦ ਕਿ ਉਨ੍ਹਾਂ ਨੇ ਕੋਈ ਦਰਸ਼ਣ ਨਹੀਂ ਦੇਖਿਆ!+ 4 ਹੇ ਇਜ਼ਰਾਈਲ, ਤੇਰੇ ਨਬੀ ਖੰਡਰਾਂ ਵਿਚ ਰਹਿੰਦੀਆਂ ਲੂੰਬੜੀਆਂ ਵਰਗੇ ਬਣ ਗਏ ਹਨ। 5 ਤੁਸੀਂ ਇਜ਼ਰਾਈਲ ਦੇ ਘਰਾਣੇ ਲਈ ਪੱਥਰ ਦੀਆਂ ਕੰਧਾਂ ਦੇ ਟੁੱਟੇ ਹਿੱਸਿਆਂ ਨੂੰ ਬਣਾਉਣ ਲਈ ਨਹੀਂ ਜਾਓਗੇ+ ਜਿਸ ਕਰਕੇ ਇਜ਼ਰਾਈਲ ਯਹੋਵਾਹ ਦੇ ਦਿਨ ਯੁੱਧ ਵਿਚ ਖੜ੍ਹਾ ਨਹੀਂ ਰਹਿ ਸਕੇਗਾ।”+ 6 “ਉਨ੍ਹਾਂ ਨੇ ਝੂਠੇ ਦਰਸ਼ਣ ਦੇਖੇ ਹਨ ਅਤੇ ਝੂਠੀਆਂ ਭਵਿੱਖਬਾਣੀਆਂ ਕੀਤੀਆਂ ਹਨ। ਉਹ ਕਹਿ ਰਹੇ ਹਨ, ‘ਇਹ ਯਹੋਵਾਹ ਦਾ ਸੰਦੇਸ਼ ਹੈ,’ ਜਦ ਕਿ ਯਹੋਵਾਹ ਨੇ ਉਨ੍ਹਾਂ ਨੂੰ ਨਹੀਂ ਭੇਜਿਆ। ਉਹ ਉਮੀਦ ਰੱਖਦੇ ਹਨ ਕਿ ਉਨ੍ਹਾਂ ਦੀਆਂ ਗੱਲਾਂ ਪੂਰੀਆਂ ਹੋਣਗੀਆਂ।+ 7 ਜਦ ਤੁਸੀਂ ਕਹਿੰਦੇ ਹੋ, ‘ਇਹ ਯਹੋਵਾਹ ਦਾ ਸੰਦੇਸ਼ ਹੈ,’ ਹਾਲਾਂਕਿ ਮੈਂ ਇਸ ਬਾਰੇ ਕੁਝ ਨਹੀਂ ਦੱਸਿਆ, ਤਾਂ ਕੀ ਇਸ ਦਾ ਇਹ ਮਤਲਬ ਨਹੀਂ ਕਿ ਤੁਸੀਂ ਝੂਠਾ ਦਰਸ਼ਣ ਦੇਖਿਆ ਹੈ ਅਤੇ ਝੂਠੀ ਭਵਿੱਖਬਾਣੀ ਕੀਤੀ ਹੈ?”’
8 “‘ਇਸ ਲਈ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: “‘ਤੁਸੀਂ ਝੂਠੀਆਂ ਗੱਲਾਂ ਕਹੀਆਂ ਹਨ ਅਤੇ ਤੁਸੀਂ ਜੋ ਦਰਸ਼ਣ ਦੇਖੇ ਹਨ, ਉਹ ਝੂਠੇ ਹਨ, ਇਸ ਲਈ ਮੈਂ ਤੁਹਾਡੇ ਖ਼ਿਲਾਫ਼ ਹਾਂ,’ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ।”+ 9 ਮੇਰਾ ਹੱਥ ਉਨ੍ਹਾਂ ਨਬੀਆਂ ਦੇ ਖ਼ਿਲਾਫ਼ ਉੱਠੇਗਾ ਜੋ ਝੂਠੇ ਦਰਸ਼ਣ ਦੇਖਦੇ ਹਨ ਅਤੇ ਝੂਠੀਆਂ ਭਵਿੱਖਬਾਣੀਆਂ ਕਰਦੇ ਹਨ।+ ਉਹ ਉਨ੍ਹਾਂ ਲੋਕਾਂ ਵਿਚਕਾਰ ਨਹੀਂ ਹੋਣਗੇ ਜੋ ਮੇਰੇ ਕਰੀਬੀ ਹਨ ਅਤੇ ਨਾ ਹੀ ਉਨ੍ਹਾਂ ਬਾਰੇ ਇਜ਼ਰਾਈਲ ਦੇ ਘਰਾਣੇ ਦੀ ਕਿਤਾਬ ਵਿਚ ਲਿਖਿਆ ਜਾਵੇਗਾ ਅਤੇ ਨਾ ਹੀ ਉਹ ਇਜ਼ਰਾਈਲ ਵਾਪਸ ਆਉਣਗੇ। ਤੁਹਾਨੂੰ ਜਾਣਨਾ ਹੀ ਪਵੇਗਾ ਕਿ ਮੈਂ ਸਾਰੇ ਜਹਾਨ ਦਾ ਮਾਲਕ ਯਹੋਵਾਹ ਹਾਂ।+ 10 ਇਹ ਸਭ ਕੁਝ ਇਸ ਕਰਕੇ ਹੋਵੇਗਾ ਕਿਉਂਕਿ ਉਨ੍ਹਾਂ ਨੇ ਮੇਰੇ ਲੋਕਾਂ ਨੂੰ ਇਹ ਕਹਿ ਕੇ ਕੁਰਾਹੇ ਪਾਇਆ ਹੈ, “ਸ਼ਾਂਤੀ ਹੈ ਬਈ ਸ਼ਾਂਤੀ!” ਜਦ ਕਿ ਸ਼ਾਂਤੀ ਹੈ ਨਹੀਂ।+ ਜਦ ਕੋਈ ਕਮਜ਼ੋਰ ਕੰਧ ਬਣਾਈ ਜਾਂਦੀ ਹੈ, ਤਾਂ ਉਹ ਇਸ ਉੱਤੇ ਚਿੱਟੀ ਕਲੀ ਫੇਰਦੇ ਹਨ।’*+
11 “ਚਿੱਟੀ ਕਲੀ ਫੇਰਨ ਵਾਲਿਆਂ ਨੂੰ ਕਹਿ ਕਿ ਇਹ ਕੰਧ ਡਿਗ ਪਵੇਗੀ। ਮੋਹਲੇਧਾਰ ਮੀਂਹ ਪਵੇਗਾ, ਗੜੇ ਪੈਣਗੇ ਅਤੇ ਤੇਜ਼ ਹਨੇਰੀਆਂ ਚੱਲਣਗੀਆਂ ਜਿਨ੍ਹਾਂ ਕਰਕੇ ਇਹ ਕੰਧ ਡਿਗ ਪਵੇਗੀ।+ 12 ਅਤੇ ਜਦੋਂ ਕੰਧ ਡਿਗੇਗੀ, ਤਾਂ ਲੋਕ ਤੁਹਾਨੂੰ ਪੁੱਛਣਗੇ: ‘ਕੰਧ ਉੱਤੇ ਕਲੀ ਫੇਰਨ ਦਾ ਕੀ ਫ਼ਾਇਦਾ ਹੋਇਆ?’+
13 “ਇਸ ਲਈ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: ‘ਮੈਂ ਕ੍ਰੋਧ ਵਿਚ ਆ ਕੇ ਤੇਜ਼ ਹਨੇਰੀਆਂ ਚਲਾਵਾਂਗਾ ਅਤੇ ਗੁੱਸੇ ਵਿਚ ਆ ਕੇ ਮੋਹਲੇਧਾਰ ਮੀਂਹ ਵਰ੍ਹਾਵਾਂਗਾ ਅਤੇ ਤੈਸ਼ ਵਿਚ ਆ ਕੇ ਗੜੇ ਪਾਵਾਂਗਾ। 14 ਜਿਸ ਕੰਧ ਉੱਤੇ ਤੁਸੀਂ ਕਲੀ ਫੇਰੀ ਹੈ, ਮੈਂ ਉਹ ਕੰਧ ਢਾਹ ਦਿਆਂਗਾ ਅਤੇ ਜ਼ਮੀਨ ʼਤੇ ਡੇਗ ਦਿਆਂਗਾ ਅਤੇ ਉਸ ਦੀਆਂ ਨੀਂਹਾਂ ਤਕ ਦਿਸਣ ਲੱਗ ਪੈਣਗੀਆਂ। ਜਦੋਂ ਸ਼ਹਿਰ ਡਿਗੇਗਾ, ਤਾਂ ਤੁਸੀਂ ਇਸ ਦੇ ਅੰਦਰ ਹੀ ਨਾਸ਼ ਹੋ ਜਾਓਗੇ ਅਤੇ ਤੁਹਾਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ।’
15 “‘ਜਦ ਕੰਧ ਉੱਤੇ ਅਤੇ ਉਸ ʼਤੇ ਕਲੀ ਫੇਰਨ ਵਾਲਿਆਂ ʼਤੇ ਮੇਰੇ ਗੁੱਸੇ ਦਾ ਕਹਿਰ ਥੰਮ੍ਹ ਜਾਵੇਗਾ, ਤਾਂ ਮੈਂ ਤੁਹਾਨੂੰ ਕਹਾਂਗਾ: “ਹੁਣ ਨਾ ਕੰਧ ਰਹੀ ਅਤੇ ਨਾ ਹੀ ਉਸ ʼਤੇ ਕਲੀ ਫੇਰਨ ਵਾਲੇ।+ 16 ਇਜ਼ਰਾਈਲ ਦੇ ਉਹ ਨਬੀ ਨਹੀਂ ਰਹੇ ਜਿਨ੍ਹਾਂ ਨੇ ਯਰੂਸ਼ਲਮ ਬਾਰੇ ਭਵਿੱਖਬਾਣੀਆਂ ਕੀਤੀਆਂ ਸਨ ਅਤੇ ਸ਼ਾਂਤੀ ਦੇ ਦਰਸ਼ਣ ਦੇਖੇ ਸਨ, ਜਦ ਕਿ ਸ਼ਾਂਤੀ ਹੈ ਨਹੀਂ,”’+ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ।
17 “ਹੇ ਮਨੁੱਖ ਦੇ ਪੁੱਤਰ, ਤੂੰ ਆਪਣੇ ਲੋਕਾਂ ਦੀਆਂ ਧੀਆਂ ਵੱਲ ਧਿਆਨ ਦੇ ਜੋ ਮਨਘੜਤ ਭਵਿੱਖਬਾਣੀਆਂ ਕਰਦੀਆਂ ਹਨ। ਤੂੰ ਉਨ੍ਹਾਂ ਦੇ ਖ਼ਿਲਾਫ਼ ਭਵਿੱਖਬਾਣੀ ਕਰ। 18 ਉਨ੍ਹਾਂ ਨੂੰ ਕਹਿ, ‘ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: “ਲਾਹਨਤ ਹੈ ਉਨ੍ਹਾਂ ਔਰਤਾਂ ਉੱਤੇ ਜੋ ਲੋਕਾਂ ਦੀਆਂ ਜਾਨਾਂ ਦਾ ਸ਼ਿਕਾਰ ਕਰਨ ਲਈ ਬਾਹਾਂ ʼਤੇ ਬੰਨ੍ਹਣ ਲਈ ਫੀਤੇ* ਬਣਾਉਂਦੀਆਂ ਹਨ ਅਤੇ ਹਰ ਕੱਦ-ਕਾਠ ਦੇ ਲੋਕਾਂ ਦੇ ਸਿਰਾਂ ਲਈ ਨਕਾਬ ਬਣਾਉਂਦੀਆਂ ਹਨ। ਕੀ ਤੁਸੀਂ ਮੇਰੇ ਲੋਕਾਂ ਦੀਆਂ ਜਾਨਾਂ ਦਾ ਸ਼ਿਕਾਰ ਕਰਦੀਆਂ ਹੋ ਅਤੇ ਆਪਣੀਆਂ ਜਾਨਾਂ ਬਚਾਉਣ ਦੀ ਕੋਸ਼ਿਸ਼ ਕਰਦੀਆਂ ਹੋ? 19 ਕੀ ਤੁਸੀਂ ਮੁੱਠੀ ਭਰ ਜੌਂ ਅਤੇ ਰੋਟੀ ਦੇ ਟੁਕੜਿਆਂ ਲਈ ਮੇਰੇ ਲੋਕਾਂ ਵਿਚ ਮੈਨੂੰ ਬਦਨਾਮ ਕਰਦੀਆਂ ਹੋ+ ਅਤੇ ਜਿਹੜੇ ਮਰਨ ਦੇ ਲਾਇਕ ਨਹੀਂ ਹਨ, ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰਦੀਆਂ ਹੋ ਅਤੇ ਜਿਹੜੇ ਜੀਉਂਦੇ ਰਹਿਣ ਦੇ ਲਾਇਕ ਨਹੀਂ ਹਨ, ਉਨ੍ਹਾਂ ਨੂੰ ਜੀਉਂਦਾ ਰੱਖਦੀਆਂ ਹੋ? ਤੁਸੀਂ ਮੇਰੇ ਲੋਕਾਂ ਨੂੰ ਝੂਠ ਬੋਲ ਕੇ ਇਹ ਸਭ ਕਰਦੀਆਂ ਹੋ ਜਿਹੜੇ ਤੁਹਾਡੇ ਝੂਠ ਸੁਣਦੇ ਹਨ।”’+
20 “ਇਸ ਲਈ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: ‘ਹੇ ਔਰਤੋ, ਮੈਂ ਤੁਹਾਡੇ ਫੀਤਿਆਂ ਕਰਕੇ ਤੁਹਾਡੇ ਖ਼ਿਲਾਫ਼ ਹਾਂ ਜਿਨ੍ਹਾਂ ਨਾਲ ਤੁਸੀਂ ਲੋਕਾਂ ਦਾ ਪੰਛੀਆਂ ਵਾਂਗ ਸ਼ਿਕਾਰ ਕਰਦੀਆਂ ਹੋ। ਮੈਂ ਤੁਹਾਡੀਆਂ ਬਾਹਾਂ ਤੋਂ ਇਨ੍ਹਾਂ ਨੂੰ ਲਾਹ ਸੁੱਟਾਂਗਾ ਅਤੇ ਉਨ੍ਹਾਂ ਨੂੰ ਆਜ਼ਾਦ ਕਰਾਂਗਾ ਜਿਨ੍ਹਾਂ ਦਾ ਤੁਸੀਂ ਪੰਛੀਆਂ ਵਾਂਗ ਸ਼ਿਕਾਰ ਕਰਦੀਆਂ ਹੋ। 21 ਮੈਂ ਤੁਹਾਡੇ ਨਕਾਬ ਪਾੜ ਸੁੱਟਾਂਗਾ ਅਤੇ ਆਪਣੇ ਲੋਕਾਂ ਨੂੰ ਤੁਹਾਡੇ ਹੱਥੋਂ ਛੁਡਾਵਾਂਗਾ। ਉਹ ਫਿਰ ਕਦੇ ਵੀ ਤੁਹਾਡਾ ਸ਼ਿਕਾਰ ਨਹੀਂ ਬਣਨਗੇ ਅਤੇ ਤੁਹਾਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ।+ 22 ਤੁਸੀਂ ਝੂਠ ਬੋਲ ਕੇ ਧਰਮੀ ਇਨਸਾਨ ਦਾ ਹੌਸਲਾ ਢਾਹਿਆ ਹੈ+ ਜਦ ਕਿ ਮੈਂ ਉਸ ਨੂੰ ਦੁਖੀ ਨਹੀਂ ਕਰਨਾ ਚਾਹੁੰਦਾ ਸੀ ਅਤੇ ਤੁਸੀਂ ਦੁਸ਼ਟ ਇਨਸਾਨ ਨੂੰ ਹੱਲਾਸ਼ੇਰੀ ਦਿੱਤੀ ਹੈ*+ ਜਿਸ ਕਰਕੇ ਉਹ ਬੁਰੇ ਰਾਹ ਤੋਂ ਵਾਪਸ ਨਹੀਂ ਮੁੜਦਾ। ਇਸ ਲਈ ਉਹ ਜੀਉਂਦਾ ਨਹੀਂ ਰਹੇਗਾ।+ 23 ਇਸ ਲਈ ਹੇ ਔਰਤੋ, ਤੁਸੀਂ ਅੱਗੇ ਤੋਂ ਕਦੇ ਝੂਠੇ ਦਰਸ਼ਣ ਨਹੀਂ ਦੇਖੋਗੀਆਂ ਅਤੇ ਫਾਲ* ਪਾਉਣ ਦਾ ਕੰਮ ਨਹੀਂ ਕਰੋਗੀਆਂ।+ ਮੈਂ ਆਪਣੇ ਲੋਕਾਂ ਨੂੰ ਤੁਹਾਡੇ ਹੱਥੋਂ ਛੁਡਾਵਾਂਗਾ ਅਤੇ ਤੁਹਾਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ।’”
14 ਫਿਰ ਇਜ਼ਰਾਈਲ ਦੇ ਕੁਝ ਬਜ਼ੁਰਗ ਆ ਕੇ ਮੇਰੇ ਸਾਮ੍ਹਣੇ ਬੈਠ ਗਏ+ 2 ਅਤੇ ਮੈਨੂੰ ਯਹੋਵਾਹ ਦਾ ਸੰਦੇਸ਼ ਮਿਲਿਆ: 3 “ਹੇ ਮਨੁੱਖ ਦੇ ਪੁੱਤਰ, ਇਨ੍ਹਾਂ ਆਦਮੀਆਂ ਨੇ ਆਪਣੀਆਂ ਘਿਣਾਉਣੀਆਂ ਮੂਰਤਾਂ* ਪਿੱਛੇ ਚੱਲਣ ਦਾ ਪੱਕਾ ਮਨ ਬਣਾਇਆ ਹੋਇਆ ਹੈ ਅਤੇ ਇਨ੍ਹਾਂ ਨੇ ਲੋਕਾਂ ਸਾਮ੍ਹਣੇ ਠੋਕਰ ਦਾ ਪੱਥਰ ਰੱਖਿਆ ਹੈ ਜੋ ਉਨ੍ਹਾਂ ਤੋਂ ਪਾਪ ਕਰਾਉਂਦਾ ਹੈ। ਇਨ੍ਹਾਂ ਨੂੰ ਕੀ ਹੱਕ ਹੈ ਕਿ ਇਹ ਮੇਰੇ ਤੋਂ ਕੁਝ ਪੁੱਛਣ?+ 4 ਹੁਣ ਤੂੰ ਉਨ੍ਹਾਂ ਨਾਲ ਗੱਲ ਕਰ ਅਤੇ ਕਹਿ, ‘ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: “ਜੇ ਕਿਸੇ ਇਜ਼ਰਾਈਲੀ ਨੇ ਆਪਣੀਆਂ ਘਿਣਾਉਣੀਆਂ ਮੂਰਤਾਂ ਪਿੱਛੇ ਚੱਲਣ ਦਾ ਪੱਕਾ ਮਨ ਬਣਾਇਆ ਹੋਇਆ ਹੈ ਅਤੇ ਉਹ ਲੋਕਾਂ ਸਾਮ੍ਹਣੇ ਠੋਕਰ ਦਾ ਪੱਥਰ ਰੱਖਦਾ ਹੈ ਜੋ ਉਨ੍ਹਾਂ ਤੋਂ ਪਾਪ ਕਰਾਉਂਦਾ ਹੈ ਅਤੇ ਫਿਰ ਉਹ ਇਕ ਨਬੀ ਤੋਂ ਕੁਝ ਪੁੱਛਣ ਲਈ ਆਉਂਦਾ ਹੈ, ਤਾਂ ਮੈਂ ਯਹੋਵਾਹ ਆਪ ਉਸ ਨੂੰ ਜਵਾਬ ਦਿਆਂਗਾ। ਜਿੰਨੀਆਂ ਉਸ ਦੀਆਂ ਘਿਣਾਉਣੀਆਂ ਮੂਰਤਾਂ ਹਨ, ਉੱਨੀ ਉਸ ਨੂੰ ਸਜ਼ਾ ਮਿਲੇਗੀ। 5 ਮੈਂ ਇਜ਼ਰਾਈਲ ਦੇ ਘਰਾਣੇ ਦੇ ਲੋਕਾਂ ਦੇ ਦਿਲਾਂ ਵਿਚ ਖ਼ੌਫ਼ ਪੈਦਾ ਕਰਾਂਗਾ* ਕਿਉਂਕਿ ਉਹ ਸਾਰੇ ਮੇਰੇ ਤੋਂ ਦੂਰ ਹੋ ਗਏ ਹਨ ਅਤੇ ਆਪਣੀਆਂ ਘਿਣਾਉਣੀਆਂ ਮੂਰਤਾਂ ਪਿੱਛੇ ਚੱਲਦੇ ਹਨ।”’+
6 “ਇਸ ਲਈ ਇਜ਼ਰਾਈਲ ਦੇ ਘਰਾਣੇ ਨੂੰ ਕਹਿ, ‘ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: “ਮੇਰੇ ਕੋਲ ਵਾਪਸ ਆ ਜਾਓ ਅਤੇ ਆਪਣੀਆਂ ਘਿਣਾਉਣੀਆਂ ਮੂਰਤਾਂ ਤੋਂ ਮੂੰਹ ਫੇਰ ਲਓ ਅਤੇ ਸਾਰੇ ਘਿਣਾਉਣੇ ਕੰਮ ਕਰਨੋਂ ਹਟ ਜਾਓ।+ 7 ਜੇ ਕੋਈ ਇਜ਼ਰਾਈਲੀ ਜਾਂ ਪਰਦੇਸੀ ਇਜ਼ਰਾਈਲ ਵਿਚ ਰਹਿੰਦਿਆਂ ਆਪਣੇ ਆਪ ਨੂੰ ਮੇਰੇ ਤੋਂ ਵੱਖ ਕਰਦਾ ਹੈ ਅਤੇ ਆਪਣੀਆਂ ਘਿਣਾਉਣੀਆਂ ਮੂਰਤਾਂ ਪਿੱਛੇ ਚੱਲਣ ਦਾ ਪੱਕਾ ਮਨ ਬਣਾਉਂਦਾ ਹੈ ਅਤੇ ਲੋਕਾਂ ਸਾਮ੍ਹਣੇ ਠੋਕਰ ਦਾ ਪੱਥਰ ਰੱਖਦਾ ਹੈ ਜੋ ਉਨ੍ਹਾਂ ਤੋਂ ਪਾਪ ਕਰਾਉਂਦਾ ਹੈ ਅਤੇ ਫਿਰ ਉਹ ਮੇਰੇ ਨਬੀ ਤੋਂ ਕੁਝ ਪੁੱਛਣ ਲਈ ਆਉਂਦਾ ਹੈ,+ ਤਾਂ ਮੈਂ ਯਹੋਵਾਹ ਉਸ ਨੂੰ ਆਪ ਜਵਾਬ ਦਿਆਂਗਾ। 8 ਮੈਂ ਉਸ ਆਦਮੀ ਦਾ ਵਿਰੋਧੀ ਬਣਾਂਗਾ ਅਤੇ ਉਸ ਦਾ ਉਹ ਹਸ਼ਰ ਕਰਾਂਗਾ ਜਿਸ ਨੂੰ ਦੇਖ ਕੇ ਲੋਕਾਂ ਨੂੰ ਚੇਤਾਵਨੀ ਮਿਲੇਗੀ ਅਤੇ ਉਹ ਉਸ ਬਾਰੇ ਕਹਾਵਤਾਂ ਘੜਨਗੇ। ਮੈਂ ਆਪਣੇ ਲੋਕਾਂ ਵਿੱਚੋਂ ਉਸ ਦਾ ਨਾਮੋ-ਨਿਸ਼ਾਨ ਮਿਟਾ ਦਿਆਂਗਾ;+ ਤੁਹਾਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ।”’
9 “‘ਪਰ ਜੇ ਉਹ ਨਬੀ ਮੂਰਖ ਬਣ ਜਾਂਦਾ ਹੈ ਅਤੇ ਉਸ ਆਦਮੀ ਨੂੰ ਜਵਾਬ ਦਿੰਦਾ ਹੈ, ਤਾਂ ਅਸਲ ਵਿਚ ਮੈਂ ਯਹੋਵਾਹ ਨੇ ਹੀ ਉਸ ਨਬੀ ਨੂੰ ਮੂਰਖ ਬਣਾਇਆ ਹੈ।+ ਮੈਂ ਉਸ ਦੇ ਖ਼ਿਲਾਫ਼ ਆਪਣਾ ਹੱਥ ਚੁੱਕਾਂਗਾ ਅਤੇ ਉਸ ਨੂੰ ਆਪਣੀ ਪਰਜਾ ਇਜ਼ਰਾਈਲ ਵਿੱਚੋਂ ਨਾਸ਼ ਕਰ ਦਿਆਂਗਾ। 10 ਉਹ ਆਦਮੀ ਅਤੇ ਨਬੀ ਦੋਵੇਂ ਗੁਨਾਹਗਾਰ ਹਨ; ਉਨ੍ਹਾਂ ਨੂੰ ਆਪਣੇ ਗੁਨਾਹਾਂ ਦਾ ਅੰਜਾਮ ਭੁਗਤਣਾ ਪਵੇਗਾ 11 ਤਾਂਕਿ ਇਹ ਦੇਖ ਕੇ ਇਜ਼ਰਾਈਲ ਦਾ ਘਰਾਣਾ ਭਟਕ ਕੇ ਮੇਰੇ ਤੋਂ ਦੂਰ ਜਾਣਾ ਛੱਡ ਦੇਵੇ ਅਤੇ ਆਪਣੇ ਸਾਰੇ ਗ਼ਲਤ ਕੰਮਾਂ ਨਾਲ ਖ਼ੁਦ ਨੂੰ ਭ੍ਰਿਸ਼ਟ ਕਰਨੋਂ ਹਟ ਜਾਵੇ। ਫਿਰ ਉਹ ਮੇਰੇ ਲੋਕ ਹੋਣਗੇ ਅਤੇ ਮੈਂ ਉਨ੍ਹਾਂ ਦਾ ਪਰਮੇਸ਼ੁਰ ਹੋਵਾਂਗਾ,’+ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ।”
12 ਮੈਨੂੰ ਦੁਬਾਰਾ ਯਹੋਵਾਹ ਦਾ ਸੰਦੇਸ਼ ਮਿਲਿਆ: 13 “ਹੇ ਮਨੁੱਖ ਦੇ ਪੁੱਤਰ, ਜੇ ਕੋਈ ਦੇਸ਼ ਮੇਰੇ ਨਾਲ ਵਿਸ਼ਵਾਸਘਾਤ ਕਰ ਕੇ ਮੇਰੇ ਖ਼ਿਲਾਫ਼ ਪਾਪ ਕਰਦਾ ਹੈ, ਤਾਂ ਮੈਂ ਉਸ ਦੇ ਖ਼ਿਲਾਫ਼ ਆਪਣਾ ਹੱਥ ਚੁੱਕਾਂਗਾ ਅਤੇ ਉਸ ਦੇਸ਼ ਵਿੱਚੋਂ ਰੋਟੀ ਖ਼ਤਮ ਕਰ ਦਿਆਂਗਾ।*+ ਮੈਂ ਉੱਥੇ ਕਾਲ਼ ਪਾ ਕੇ+ ਇਨਸਾਨਾਂ ਅਤੇ ਜਾਨਵਰਾਂ ਨੂੰ ਮਾਰ-ਮੁਕਾਵਾਂਗਾ।”+ 14 “‘ਭਾਵੇਂ ਉਸ ਦੇਸ਼ ਵਿਚ ਇਹ ਤਿੰਨ ਆਦਮੀ ਨੂਹ,+ ਦਾਨੀਏਲ+ ਅਤੇ ਅੱਯੂਬ+ ਵੀ ਹੋਣ, ਤਾਂ ਵੀ ਉਹ ਆਪਣੀ ਧਾਰਮਿਕਤਾ* ਕਾਰਨ ਸਿਰਫ਼ ਆਪਣੀ ਹੀ ਜਾਨ ਬਚਾ ਸਕਣਗੇ,’+ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ।”
15 “‘ਜਾਂ ਮੰਨ ਲਓ ਕਿ ਮੈਂ ਉਸ ਦੇਸ਼ ਵਿਚ ਖੂੰਖਾਰ ਜੰਗਲੀ ਜਾਨਵਰ ਭੇਜਦਾ ਹਾਂ ਅਤੇ ਉਹ ਉੱਥੋਂ ਦੇ ਬਹੁਤ ਸਾਰੇ ਲੋਕਾਂ ਨੂੰ ਮਾਰ ਸੁੱਟਦੇ ਹਨ* ਅਤੇ ਦੇਸ਼ ਨੂੰ ਵੀਰਾਨ ਬਣਾ ਦਿੰਦੇ ਹਨ ਕਿਉਂਕਿ ਜੰਗਲੀ ਜਾਨਵਰਾਂ ਦੇ ਡਰ ਕਰਕੇ ਉੱਥੋਂ ਕੋਈ ਵੀ ਨਹੀਂ ਲੰਘਦਾ,+ 16 ਤਾਂ ਮੈਨੂੰ ਆਪਣੀ ਜਾਨ ਦੀ ਸਹੁੰ, ਜੇ ਉੱਥੇ ਇਹ ਤਿੰਨ ਆਦਮੀ ਵੀ ਹੋਣ, ਤਾਂ ਉਹ ਆਪਣੇ ਧੀਆਂ-ਪੁੱਤਰਾਂ ਦੀ ਜਾਨ ਨਹੀਂ ਬਚਾ ਸਕਣਗੇ; ਉਹ ਸਿਰਫ਼ ਆਪਣੀ ਹੀ ਜਾਨ ਬਚਾ ਸਕਣਗੇ ਅਤੇ ਦੇਸ਼ ਤਬਾਹ ਹੋ ਜਾਵੇਗਾ,’ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ।”
17 “‘ਜਾਂ ਮੰਨ ਲਓ ਕਿ ਮੈਂ ਉਸ ਦੇਸ਼ ʼਤੇ ਤਲਵਾਰ ਭੇਜਦਾ ਹਾਂ+ ਅਤੇ ਕਹਿੰਦਾ ਹਾਂ, “ਇਸ ਦੇਸ਼ ਵਿਚ ਤਲਵਾਰ ਚੱਲੇ” ਅਤੇ ਉੱਥੇ ਇਨਸਾਨਾਂ ਅਤੇ ਜਾਨਵਰਾਂ ਦਾ ਨਾਮੋ-ਨਿਸ਼ਾਨ ਮਿਟਾ ਦਿੰਦਾ ਹਾਂ,+ 18 ਤਾਂ ਮੈਨੂੰ ਆਪਣੀ ਜਾਨ ਦੀ ਸਹੁੰ, ਜੇ ਉੱਥੇ ਇਹ ਤਿੰਨ ਆਦਮੀ ਵੀ ਹੋਣ, ਤਾਂ ਉਹ ਆਪਣੇ ਧੀਆਂ-ਪੁੱਤਰਾਂ ਦੀ ਜਾਨ ਨਹੀਂ ਬਚਾ ਸਕਣਗੇ; ਉਹ ਸਿਰਫ਼ ਆਪਣੀ ਹੀ ਜਾਨ ਬਚਾ ਸਕਣਗੇ,’ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ।”
19 “‘ਜਾਂ ਮੰਨ ਲਓ ਕਿ ਮੈਂ ਉਸ ਦੇਸ਼ ਵਿਚ ਮਹਾਂਮਾਰੀ ਫੈਲਾਉਂਦਾ ਹਾਂ+ ਅਤੇ ਆਪਣਾ ਗੁੱਸਾ ਵਰ੍ਹਾ ਕੇ ਖ਼ੂਨ ਵਹਾਉਂਦਾ ਹਾਂ ਅਤੇ ਉੱਥੇ ਇਨਸਾਨਾਂ ਅਤੇ ਜਾਨਵਰਾਂ ਦਾ ਨਾਮੋ-ਨਿਸ਼ਾਨ ਮਿਟਾ ਦਿੰਦਾ ਹਾਂ, 20 ਤਾਂ ਮੈਨੂੰ ਆਪਣੀ ਜਾਨ ਦੀ ਸਹੁੰ, ਜੇ ਉੱਥੇ ਇਹ ਤਿੰਨ ਆਦਮੀ ਨੂਹ,+ ਦਾਨੀਏਲ+ ਅਤੇ ਅੱਯੂਬ+ ਵੀ ਹੋਣ, ਤਾਂ ਉਹ ਆਪਣੇ ਧੀਆਂ-ਪੁੱਤਰਾਂ ਦੀ ਜਾਨ ਨਹੀਂ ਬਚਾ ਸਕਣਗੇ; ਉਹ ਆਪਣੀ ਧਾਰਮਿਕਤਾ* ਕਾਰਨ ਸਿਰਫ਼ ਆਪਣੀ ਹੀ ਜਾਨ ਬਚਾ ਸਕਣਗੇ,’+ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ।”
21 “ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: ‘ਯਰੂਸ਼ਲਮ ਦਾ ਵੀ ਇਹੀ ਹਸ਼ਰ ਹੋਵੇਗਾ ਜਦ ਮੈਂ ਇਸ ਨੂੰ ਇਨ੍ਹਾਂ ਚਾਰ ਤਰੀਕਿਆਂ ਨਾਲ ਯਾਨੀ ਤਲਵਾਰ, ਕਾਲ਼, ਖੂੰਖਾਰ ਜੰਗਲੀ ਜਾਨਵਰਾਂ ਅਤੇ ਮਹਾਂਮਾਰੀ ਨਾਲ ਸਜ਼ਾ ਦਿਆਂਗਾ+ ਅਤੇ ਇਸ ਵਿੱਚੋਂ ਇਨਸਾਨਾਂ ਅਤੇ ਜਾਨਵਰਾਂ ਦਾ ਨਾਮੋ-ਨਿਸ਼ਾਨ ਮਿਟਾ ਦਿਆਂਗਾ।+ 22 ਪਰ ਉਨ੍ਹਾਂ ਵਿੱਚੋਂ ਕੁਝ ਧੀਆਂ-ਪੁੱਤਰ ਬਚ ਜਾਣਗੇ ਅਤੇ ਸ਼ਹਿਰ ਤੋਂ ਬਾਹਰ ਲਿਜਾਏ ਜਾਣਗੇ।+ ਉਹ ਤੁਹਾਡੇ ਕੋਲ ਆਉਣਗੇ ਅਤੇ ਜਦ ਤੁਸੀਂ ਉਨ੍ਹਾਂ ਦਾ ਚਾਲ-ਚਲਣ ਅਤੇ ਕੰਮ ਦੇਖੋਗੇ, ਤਾਂ ਤੁਹਾਨੂੰ ਜ਼ਰੂਰ ਤਸੱਲੀ ਮਿਲੇਗੀ ਕਿ ਮੈਂ ਯਰੂਸ਼ਲਮ ʼਤੇ ਬਿਪਤਾ ਲਿਆ ਕੇ ਉਨ੍ਹਾਂ ਨਾਲ ਜੋ ਵੀ ਕੀਤਾ, ਸਹੀ ਕੀਤਾ।’”
23 “‘ਉਨ੍ਹਾਂ ਦਾ ਚਾਲ-ਚਲਣ ਅਤੇ ਕੰਮ ਦੇਖ ਕੇ ਤੁਹਾਨੂੰ ਜ਼ਰੂਰ ਤਸੱਲੀ ਮਿਲੇਗੀ ਅਤੇ ਤੁਸੀਂ ਜਾਣ ਜਾਓਗੇ ਕਿ ਮੈਂ ਯਰੂਸ਼ਲਮ ਨਾਲ ਜੋ ਵੀ ਕੀਤਾ, ਉਹ ਬਿਨਾਂ ਵਜ੍ਹਾ ਨਹੀਂ ਕੀਤਾ,’+ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ।”
15 ਮੈਨੂੰ ਦੁਬਾਰਾ ਯਹੋਵਾਹ ਦਾ ਸੰਦੇਸ਼ ਮਿਲਿਆ: 2 “ਹੇ ਮਨੁੱਖ ਦੇ ਪੁੱਤਰ, ਕੀ ਅੰਗੂਰੀ ਵੇਲ ਦੀ ਲੱਕੜ ਜੰਗਲ ਦੇ ਹੋਰ ਦਰਖ਼ਤਾਂ ਜਾਂ ਟਾਹਣੀਆਂ ਨਾਲੋਂ ਵਧੀਆ ਹੁੰਦੀ ਹੈ? 3 ਕੀ ਇਸ ਦੀ ਲੱਕੜ ਦੀ ਥੰਮ੍ਹੀ ਬਣਾ ਕੇ ਕਿਸੇ ਕੰਮ ਲਈ ਵਰਤੀ ਜਾ ਸਕਦੀ ਹੈ? ਜਾਂ ਕੀ ਲੋਕ ਭਾਂਡੇ ਟੰਗਣ ਲਈ ਇਸ ਦੀਆਂ ਕਿੱਲੀਆਂ ਬਣਾਉਂਦੇ ਹਨ? 4 ਦੇਖ! ਇਹ ਅੱਗ ਬਾਲ਼ਣ ਦੇ ਕੰਮ ਆਉਂਦੀ ਹੈ ਅਤੇ ਅੱਗ ਇਸ ਦੇ ਦੋਵੇਂ ਸਿਰਿਆਂ ਨੂੰ ਭਸਮ ਕਰ ਦਿੰਦੀ ਹੈ ਅਤੇ ਵਿਚਕਾਰਲੇ ਹਿੱਸੇ ਨੂੰ ਸਾੜ ਕੇ ਸੁਆਹ ਕਰ ਦਿੰਦੀ ਹੈ। ਕੀ ਇਸ ਤੋਂ ਬਾਅਦ ਇਹ ਕਿਸੇ ਕੰਮ ਦੀ ਰਹਿ ਜਾਂਦੀ ਹੈ? 5 ਅੱਗ ਵਿਚ ਸਾੜੇ ਜਾਣ ਤੋਂ ਪਹਿਲਾਂ ਇਹ ਕਿਸੇ ਕੰਮ ਜੋਗੀ ਨਹੀਂ ਸੀ ਅਤੇ ਅੱਗ ਵਿਚ ਸੜ ਕੇ ਸੁਆਹ ਹੋਣ ਤੋਂ ਬਾਅਦ ਤਾਂ ਇਹ ਬਿਲਕੁਲ ਵੀ ਕਿਸੇ ਕੰਮ ਦੀ ਨਹੀਂ ਰਹੀ।”
6 “ਇਸ ਲਈ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: ‘ਜਿਵੇਂ ਮੈਂ ਜੰਗਲ ਦੇ ਹੋਰ ਦਰਖ਼ਤਾਂ ਵਿੱਚੋਂ ਅੰਗੂਰੀ ਵੇਲ ਦੀ ਲੱਕੜ ਅੱਗ ਬਾਲ਼ਣ ਲਈ ਦਿੱਤੀ ਹੈ, ਉਸੇ ਤਰ੍ਹਾਂ ਮੈਂ ਯਰੂਸ਼ਲਮ ਦੇ ਵਾਸੀਆਂ ਨਾਲ ਪੇਸ਼ ਆਵਾਂਗਾ।+ 7 ਮੈਂ ਉਨ੍ਹਾਂ ਦਾ ਵਿਰੋਧੀ ਬਣ ਗਿਆ ਹਾਂ। ਉਹ ਅੱਗ ਵਿੱਚੋਂ ਬਚ ਨਿਕਲੇ ਹਨ, ਫਿਰ ਵੀ ਅੱਗ ਬਾਅਦ ਵਿਚ ਉਨ੍ਹਾਂ ਨੂੰ ਭਸਮ ਕਰ ਦੇਵੇਗੀ। ਜਦੋਂ ਮੈਂ ਉਨ੍ਹਾਂ ਦਾ ਵਿਰੋਧੀ ਬਣਾਂਗਾ, ਤਾਂ ਤੁਹਾਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ।’”+
8 “‘ਅਤੇ ਮੈਂ ਸਾਰੇ ਦੇਸ਼ ਨੂੰ ਤਬਾਹ ਕਰ ਦਿਆਂਗਾ+ ਕਿਉਂਕਿ ਉਨ੍ਹਾਂ ਨੇ ਵਿਸ਼ਵਾਸਘਾਤ ਕੀਤਾ ਹੈ,’+ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ।”
16 ਮੈਨੂੰ ਦੁਬਾਰਾ ਯਹੋਵਾਹ ਦਾ ਸੰਦੇਸ਼ ਮਿਲਿਆ: 2 “ਹੇ ਮਨੁੱਖ ਦੇ ਪੁੱਤਰ, ਯਰੂਸ਼ਲਮ ਨਗਰੀ ਨੂੰ ਉਸ ਦੇ ਘਿਣਾਉਣੇ ਕੰਮਾਂ ਬਾਰੇ ਦੱਸ।+ 3 ਤੂੰ ਉਸ ਨੂੰ ਕਹੀਂ, ‘ਸਾਰੇ ਜਹਾਨ ਦਾ ਮਾਲਕ ਯਹੋਵਾਹ ਯਰੂਸ਼ਲਮ ਨੂੰ ਕਹਿੰਦਾ ਹੈ: “ਤੇਰੇ ਪੂਰਵਜ ਕਨਾਨੀ ਸਨ ਅਤੇ ਤੇਰਾ ਜਨਮ ਉਨ੍ਹਾਂ ਦੇ ਦੇਸ਼ ਵਿਚ ਹੋਇਆ ਸੀ। ਤੇਰਾ ਪਿਤਾ ਅਮੋਰੀ ਸੀ+ ਅਤੇ ਤੇਰੀ ਮਾਂ ਹਿੱਤੀ ਸੀ।+ 4 ਜਿਸ ਦਿਨ ਤੂੰ ਪੈਦਾ ਹੋਈ ਸੀ, ਉਸ ਦਿਨ ਤੇਰਾ ਨਾੜੂ ਨਹੀਂ ਕੱਟਿਆ ਗਿਆ ਸੀ, ਨਾ ਤੈਨੂੰ ਪਾਣੀ ਨਾਲ ਨਲ੍ਹਾਇਆ ਗਿਆ ਸੀ, ਨਾ ਹੀ ਤੇਰੇ ʼਤੇ ਲੂਣ ਮਲ਼ਿਆ ਗਿਆ ਸੀ ਅਤੇ ਨਾ ਹੀ ਤੈਨੂੰ ਕੱਪੜਿਆਂ ਵਿਚ ਲਪੇਟਿਆ ਗਿਆ ਸੀ। 5 ਕਿਸੇ ਨੇ ਵੀ ਤੇਰੇ ʼਤੇ ਤਰਸ ਖਾ ਕੇ ਇਹ ਸਭ ਕੁਝ ਨਹੀਂ ਕੀਤਾ। ਕਿਸੇ ਨੂੰ ਵੀ ਤੇਰੇ ʼਤੇ ਰਹਿਮ ਨਹੀਂ ਆਇਆ, ਸਗੋਂ ਤੈਨੂੰ ਬਾਹਰ ਸੁੱਟ ਦਿੱਤਾ ਗਿਆ ਕਿਉਂਕਿ ਤੇਰੇ ਪੈਦਾ ਹੋਣ ਦੇ ਦਿਨ ਤੋਂ ਹੀ ਤੇਰੇ ਨਾਲ ਨਫ਼ਰਤ ਕੀਤੀ ਗਈ।
6 “‘“ਜਦੋਂ ਮੈਂ ਤੇਰੇ ਕੋਲੋਂ ਲੰਘਿਆ, ਤਾਂ ਮੈਂ ਤੈਨੂੰ ਆਪਣੇ ਹੀ ਖ਼ੂਨ ਵਿਚ ਹੱਥ-ਪੈਰ ਮਾਰਦਿਆਂ ਦੇਖਿਆ ਅਤੇ ਤੂੰ ਆਪਣੇ ਹੀ ਖ਼ੂਨ ਵਿਚ ਪਈ ਹੋਈ ਸੀ ਅਤੇ ਮੈਂ ਕਿਹਾ: ‘ਜੀਉਂਦੀ ਰਹਿ!’ ਹਾਂ, ਜਦ ਮੈਂ ਤੈਨੂੰ ਆਪਣੇ ਹੀ ਖ਼ੂਨ ਵਿਚ ਪਈ ਹੋਈ ਨੂੰ ਦੇਖਿਆ, ਤਾਂ ਮੈਂ ਕਿਹਾ: ‘ਜੀਉਂਦੀ ਰਹਿ!’ 7 ਮੈਂ ਤੇਰੀ ਗਿਣਤੀ ਮੈਦਾਨ ਵਿਚ ਉੱਗਣ ਵਾਲੇ ਪੌਦਿਆਂ ਵਾਂਗ ਬਹੁਤ ਵਧਾਈ। ਤੂੰ ਵੱਡੀ ਹੋਈ ਅਤੇ ਜਵਾਨੀ ਵਿਚ ਪੈਰ ਰੱਖਿਆ ਅਤੇ ਤੂੰ ਵਧੀਆ ਤੋਂ ਵਧੀਆ ਗਹਿਣੇ ਪਾਏ। ਤੇਰੀਆਂ ਛਾਤੀਆਂ ਸੁਡੌਲ ਹੋਈਆਂ ਅਤੇ ਤੇਰੇ ਵਾਲ਼ ਵਧੇ, ਪਰ ਤੂੰ ਅਜੇ ਵੀ ਪੂਰੀ ਤਰ੍ਹਾਂ ਨੰਗੀ ਸੀ।”’
8 “‘ਜਦੋਂ ਮੈਂ ਤੇਰੇ ਕੋਲੋਂ ਦੀ ਲੰਘਿਆ, ਤਾਂ ਮੈਂ ਦੇਖਿਆ ਕਿ ਤੇਰੀ ਉਮਰ ਪਿਆਰ ਕਰਨ ਦੇ ਲਾਇਕ ਹੋ ਗਈ ਸੀ। ਇਸ ਲਈ ਮੈਂ ਤੇਰੇ ʼਤੇ ਆਪਣੀ ਚਾਦਰ* ਪਾ ਕੇ+ ਤੇਰਾ ਨੰਗੇਜ਼ ਢਕ ਦਿੱਤਾ। ਮੈਂ ਸਹੁੰ ਖਾ ਕੇ ਤੇਰੇ ਨਾਲ ਇਕਰਾਰ ਕੀਤਾ ਅਤੇ ਤੂੰ ਮੇਰੀ ਹੋ ਗਈ,’ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ। 9 ‘ਇਸ ਲਈ ਮੈਂ ਤੈਨੂੰ ਪਾਣੀ ਨਾਲ ਨਲ੍ਹਾਇਆ ਅਤੇ ਤੇਰੇ ਸਰੀਰ ਤੋਂ ਖ਼ੂਨ ਸਾਫ਼ ਕੀਤਾ ਅਤੇ ਤੇਰੇ ਤੇਲ ਮਲ਼ਿਆ।+ 10 ਫਿਰ ਮੈਂ ਤੈਨੂੰ ਕਢਾਈ ਵਾਲੀ ਪੁਸ਼ਾਕ ਪੁਆਈ ਅਤੇ ਤੇਰੇ ਪੈਰੀਂ ਵਧੀਆ ਚਮੜੇ* ਦੀ ਜੁੱਤੀ ਪਾਈ ਅਤੇ ਤੈਨੂੰ ਵਧੀਆ ਮਲਮਲ ਦੇ ਕੱਪੜੇ ਨਾਲ ਕੱਜਿਆ ਅਤੇ ਮਹਿੰਗੇ-ਮਹਿੰਗੇ ਕੱਪੜੇ ਪੁਆਏ। 11 ਮੈਂ ਤੈਨੂੰ ਗਹਿਣਿਆਂ ਨਾਲ ਸ਼ਿੰਗਾਰਿਆ। ਤੇਰੇ ਹੱਥਾਂ ਵਿਚ ਕੰਗਣ ਅਤੇ ਗਲ਼ੇ ਵਿਚ ਹਾਰ ਪਾਇਆ। 12 ਮੈਂ ਤੇਰੇ ਨੱਕ ਵਿਚ ਨੱਥ ਅਤੇ ਕੰਨਾਂ ਵਿਚ ਵਾਲ਼ੀਆਂ ਪਾਈਆਂ ਅਤੇ ਤੇਰੇ ਸਿਰ ਉੱਤੇ ਇਕ ਸੋਹਣਾ ਮੁਕਟ ਰੱਖਿਆ। 13 ਤੂੰ ਖ਼ੁਦ ਨੂੰ ਸੋਨੇ-ਚਾਂਦੀ ਨਾਲ ਸ਼ਿੰਗਾਰਦੀ ਰਹਿੰਦੀ ਸੀ ਅਤੇ ਤੂੰ ਵਧੀਆ ਮਲਮਲ ਦੇ ਮਹਿੰਗੇ-ਮਹਿੰਗੇ ਅਤੇ ਕਢਾਈ ਵਾਲੇ ਕੱਪੜੇ ਪਾਉਂਦੀ ਸੀ। ਤੂੰ ਮੈਦੇ, ਸ਼ਹਿਦ ਅਤੇ ਤੇਲ ਨਾਲ ਬਣੇ ਪਕਵਾਨ ਖਾਂਦੀ ਸੀ। ਅਤੇ ਜਦੋਂ ਤੂੰ ਵੱਡੀ ਹੋਈ, ਤਾਂ ਤੇਰੀ ਖ਼ੂਬਸੂਰਤੀ ਡੁੱਲ੍ਹ-ਡੁੱਲ੍ਹ ਪੈਂਦੀ ਸੀ+ ਅਤੇ ਤੂੰ ਰਾਣੀ ਬਣਨ ਦੇ ਲਾਇਕ ਹੋ ਗਈ।’”
14 “‘ਮੈਂ ਤੈਨੂੰ ਆਪਣੀ ਸ਼ਾਨੋ-ਸ਼ੌਕਤ ਬਖ਼ਸ਼ੀ ਜਿਸ ਕਰਕੇ ਤੇਰੀ ਖ਼ੂਬਸੂਰਤੀ ਨੂੰ ਚਾਰ ਚੰਨ ਲੱਗ ਗਏ*+ ਅਤੇ ਤੇਰੀ ਖ਼ੂਬਸੂਰਤੀ ਕਰਕੇ ਕੌਮਾਂ ਵਿਚ ਤੇਰੇ* ਚਰਚੇ ਹੋਣ ਲੱਗੇ,’+ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ।”
15 “‘ਪਰ ਤੂੰ ਆਪਣੀ ਖ਼ੂਬਸੂਰਤੀ ʼਤੇ ਘਮੰਡ ਕਰਨ ਲੱਗ ਪਈ+ ਅਤੇ ਆਪਣੀ ਮਸ਼ਹੂਰੀ ਦਾ ਫ਼ਾਇਦਾ ਉਠਾ ਕੇ ਵੇਸਵਾ ਬਣ ਗਈ।+ ਤੂੰ ਹਰ ਆਉਂਦੇ-ਜਾਂਦੇ ਬੰਦੇ ਦੀਆਂ ਬਾਹਾਂ ਵਿਚ ਚਲੀ ਗਈ ਅਤੇ ਉਸ ਨਾਲ ਖੁੱਲ੍ਹ ਕੇ ਵੇਸਵਾਗਿਰੀ ਕੀਤੀ।+ 16 ਤੂੰ ਆਪਣੇ ਕੁਝ ਰੰਗ-ਬਰੰਗੇ ਕੱਪੜੇ ਲਏ ਅਤੇ ਉਨ੍ਹਾਂ ਨਾਲ ਉੱਚੀਆਂ ਥਾਵਾਂ ਨੂੰ ਸਜਾਇਆ ਜਿੱਥੇ ਤੂੰ ਵੇਸਵਾਗਿਰੀ ਕਰਦੀ ਸੀ।+ ਇਹ ਸਾਰੇ ਕੰਮ ਨਹੀਂ ਹੋਣੇ ਚਾਹੀਦੇ ਸਨ ਅਤੇ ਨਾ ਹੀ ਕਦੇ ਕੀਤੇ ਜਾਣੇ ਚਾਹੀਦੇ ਹਨ। 17 ਮੈਂ ਤੈਨੂੰ ਸੋਨੇ-ਚਾਂਦੀ ਦੇ ਜੋ ਗਹਿਣੇ ਦਿੱਤੇ ਸਨ, ਤੂੰ ਉਨ੍ਹਾਂ ਸੋਹਣੇ ਗਹਿਣਿਆਂ ਨਾਲ ਆਦਮੀਆਂ ਦੀਆਂ ਮੂਰਤਾਂ ਬਣਾਈਆਂ ਅਤੇ ਉਨ੍ਹਾਂ ਨਾਲ ਵੇਸਵਾਗਿਰੀ ਕੀਤੀ।+ 18 ਤੂੰ ਆਪਣੇ ਕਢਾਈ ਵਾਲੇ ਕੱਪੜਿਆਂ ਨਾਲ ਉਨ੍ਹਾਂ ਮੂਰਤਾਂ ਨੂੰ ਕੱਜਿਆ ਅਤੇ ਉਨ੍ਹਾਂ ਅੱਗੇ ਮੇਰਾ ਧੂਪ ਧੁਖਾਇਆ+ ਅਤੇ ਭੇਟ ਵਜੋਂ ਮੇਰਾ ਤੇਲ ਚੜ੍ਹਾਇਆ। 19 ਨਾਲੇ ਮੈਂ ਤੈਨੂੰ ਮੈਦੇ, ਤੇਲ ਅਤੇ ਸ਼ਹਿਦ ਦੀ ਬਣੀ ਜੋ ਰੋਟੀ ਖੁਆਉਂਦਾ ਸੀ, ਤੂੰ ਉਹ ਵੀ ਉਨ੍ਹਾਂ ਅੱਗੇ ਚੜ੍ਹਾਈ ਤਾਂਕਿ ਉਸ ਦੀ ਖ਼ੁਸ਼ਬੂ ਤੋਂ ਉਨ੍ਹਾਂ ਨੂੰ ਖ਼ੁਸ਼ੀ ਹੋਵੇ।+ ਹਾਂ, ਤੂੰ ਇਹ ਸਭ ਕੁਝ ਕੀਤਾ,’ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ।”
20 “‘ਅਤੇ ਤੂੰ ਮੂਰਤਾਂ ਅੱਗੇ ਆਪਣੇ ਧੀਆਂ-ਪੁੱਤਰਾਂ ਦੀ ਬਲ਼ੀ ਦੇ ਦਿੱਤੀ+ ਜੋ ਤੂੰ ਮੇਰੇ ਲਈ ਪੈਦਾ ਕੀਤੇ ਸਨ।+ ਕੀ ਇਹ ਸਭ ਕਰ ਕੇ ਤੂੰ ਵੇਸਵਾਗਿਰੀ ਦੀ ਹੱਦ ਨਹੀਂ ਕਰ ਦਿੱਤੀ? 21 ਤੂੰ ਮੇਰੇ ਪੁੱਤਰ ਮਾਰ ਦਿੱਤੇ ਅਤੇ ਅੱਗ ਵਿਚ* ਉਨ੍ਹਾਂ ਦੀ ਬਲ਼ੀ ਦਿੱਤੀ।+ 22 ਤੂੰ ਇਨ੍ਹਾਂ ਸਾਰੇ ਘਿਣਾਉਣੇ ਕੰਮਾਂ ਅਤੇ ਵੇਸਵਾਗਿਰੀ ਵਿਚ ਇੰਨੀ ਜ਼ਿਆਦਾ ਰੁੱਝ ਗਈ ਕਿ ਤੂੰ ਆਪਣੇ ਬਚਪਨ ਦੇ ਦਿਨਾਂ ਨੂੰ ਭੁੱਲ ਗਈ ਜਦੋਂ ਤੂੰ ਪੂਰੀ ਤਰ੍ਹਾਂ ਨੰਗੀ ਸੀ ਅਤੇ ਆਪਣੇ ਹੀ ਖ਼ੂਨ ਵਿਚ ਹੱਥ-ਪੈਰ ਮਾਰ ਰਹੀ ਸੀ। 23 ਇਨ੍ਹਾਂ ਸਾਰੇ ਬੁਰੇ ਕੰਮਾਂ ਕਰਕੇ ਲਾਹਨਤ ਹੈ, ਹਾਂ, ਲਾਹਨਤ ਹੈ ਤੇਰੇ ਉੱਤੇ!’+ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ। 24 ‘ਤੂੰ ਹਰ ਚੌਂਕ ਵਿਚ ਆਪਣੇ ਲਈ ਟਿੱਲਾ ਅਤੇ ਉੱਚੀ ਥਾਂ ਬਣਾਈ। 25 ਤੂੰ ਹਰ ਗਲੀ ਵਿਚ ਉਸ ਜਗ੍ਹਾ ਉੱਚੀਆਂ ਥਾਵਾਂ ਬਣਾਈਆਂ ਜਿੱਥੇ ਸਾਰਿਆਂ ਨੂੰ ਇਹ ਨਜ਼ਰ ਆਉਣ। ਤੂੰ ਹਰ ਆਉਂਦੇ-ਜਾਂਦੇ ਬੰਦੇ ਦੀਆਂ ਬਾਹਾਂ ਵਿਚ ਜਾ ਕੇ* ਆਪਣੀ ਖ਼ੂਬਸੂਰਤੀ ਨੂੰ ਘਿਣਾਉਣਾ ਬਣਾਇਆ+ ਅਤੇ ਤੇਰੀ ਬਦਚਲਣੀ ਦਿਨੋ-ਦਿਨ ਵਧਦੀ ਗਈ।+ 26 ਤੂੰ ਕਾਮ-ਵਾਸ਼ਨਾ ਵਿਚ ਡੁੱਬੇ ਹੋਏ ਆਪਣੇ ਗੁਆਂਢੀ ਮਿਸਰੀਆਂ ਨਾਲ ਵੇਸਵਾਗਿਰੀ ਕੀਤੀ+ ਅਤੇ ਤੂੰ ਵਾਰ-ਵਾਰ ਬਦਚਲਣੀ ਕਰ ਕੇ ਮੇਰਾ ਗੁੱਸਾ ਭੜਕਾਇਆ। 27 ਹੁਣ ਮੈਂ ਤੇਰੇ ਖ਼ਿਲਾਫ਼ ਆਪਣਾ ਹੱਥ ਚੁੱਕਾਂਗਾ ਅਤੇ ਤੇਰਾ ਭੋਜਨ ਘਟਾ ਦਿਆਂਗਾ।+ ਮੈਂ ਤੈਨੂੰ ਫਲਿਸਤੀਆਂ ਦੀਆਂ ਧੀਆਂ ਦੇ ਰਹਿਮ ਉੱਤੇ ਛੱਡ ਦਿਆਂਗਾ ਜੋ ਤੈਨੂੰ ਨਫ਼ਰਤ ਕਰਦੀਆਂ ਹਨ+ ਅਤੇ ਤੇਰੇ ਬੇਸ਼ਰਮੀ ਭਰੇ ਕੰਮ ਦੇਖ ਕੇ ਦੰਗ ਰਹਿ ਗਈਆਂ ਹਨ।+
28 “‘ਪਰ ਇੰਨੀ ਬਦਚਲਣੀ ਕਰ ਕੇ ਵੀ ਤੇਰਾ ਜੀ ਨਹੀਂ ਭਰਿਆ, ਇਸ ਲਈ ਤੂੰ ਅੱਸ਼ੂਰੀਆਂ ਨਾਲ ਵੇਸਵਾਗਿਰੀ ਕੀਤੀ,+ ਪਰ ਉਨ੍ਹਾਂ ਨਾਲ ਵੀ ਵੇਸਵਾਗਿਰੀ ਕਰ ਕੇ ਤੇਰਾ ਜੀ ਨਹੀਂ ਭਰਿਆ। 29 ਇਸ ਲਈ ਤੂੰ ਵਪਾਰੀਆਂ ਦੇ ਦੇਸ਼* ਵਿਚ ਅਤੇ ਕਸਦੀਆਂ ਨਾਲ ਵੀ ਵੇਸਵਾ ਦੇ ਕੰਮ ਕੀਤੇ,+ ਪਰ ਤਾਂ ਵੀ ਤੇਰਾ ਜੀ ਨਹੀਂ ਭਰਿਆ। 30 ਤੇਰਾ ਦਿਲ ਕਿੰਨਾ ਬੀਮਾਰ* ਸੀ* ਜਦ ਤੂੰ ਇਕ ਬੇਸ਼ਰਮ ਵੇਸਵਾ ਵਾਂਗ ਇਹ ਸਾਰੇ ਕੰਮ ਕੀਤੇ!’+ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ। 31 ਪਰ ਜਦ ਤੂੰ ਹਰ ਗਲੀ ਵਿਚ ਉਸ ਜਗ੍ਹਾ ਟਿੱਲਾ ਬਣਾਇਆ ਜਿੱਥੇ ਸਾਰੇ ਉਸ ਨੂੰ ਦੇਖ ਸਕਣ ਅਤੇ ਤੂੰ ਹਰ ਚੌਂਕ ਵਿਚ ਆਪਣੇ ਲਈ ਉੱਚੀ ਥਾਂ ਬਣਾਈ, ਤਾਂ ਤੂੰ ਇਕ ਵੇਸਵਾ ਵਾਂਗ ਪੇਸ਼ ਨਹੀਂ ਆਈ ਕਿਉਂਕਿ ਤੂੰ ਆਪਣੇ ਕੰਮ ਦੇ ਪੈਸੇ ਲੈਣ ਤੋਂ ਇਨਕਾਰ ਕੀਤਾ। 32 ਤੂੰ ਹਰਾਮਕਾਰੀ ਕਰਨ ਵਾਲੀ ਪਤਨੀ ਹੈਂ ਜੋ ਆਪਣੇ ਪਤੀ ਨੂੰ ਛੱਡ ਕੇ ਅਜਨਬੀਆਂ ਕੋਲ ਜਾਂਦੀ ਹੈ।+ 33 ਲੋਕ ਸਾਰੀਆਂ ਵੇਸਵਾਵਾਂ ਨੂੰ ਤੋਹਫ਼ੇ ਦਿੰਦੇ ਹਨ,+ ਪਰ ਤੂੰ ਤਾਂ ਖ਼ੁਦ ਆਪਣੇ ਸਾਰੇ ਯਾਰਾਂ ਨੂੰ ਤੋਹਫ਼ੇ ਦਿੰਦੀ ਹੈਂ।+ ਤੂੰ ਪੈਸੇ ਦੇ ਕੇ ਸਾਰੇ ਪਾਸਿਓਂ ਆਦਮੀਆਂ ਨੂੰ ਆਪਣੇ ਕੋਲ ਬੁਲਾਉਂਦੀ ਹੈਂ ਤਾਂਕਿ ਉਹ ਆ ਕੇ ਤੇਰੇ ਨਾਲ ਹਰਾਮਕਾਰੀ ਕਰਨ।+ 34 ਤੂੰ ਵੇਸਵਾ ਦਾ ਕੰਮ ਕਰਨ ਵਾਲੀਆਂ ਦੂਜੀਆਂ ਔਰਤਾਂ ਨਾਲੋਂ ਵੱਖਰੀ ਹੈਂ। ਕੋਈ ਵੀ ਤੇਰੇ ਵਾਂਗ ਵੇਸਵਾਗਿਰੀ ਨਹੀਂ ਕਰਦੀ! ਬੰਦੇ ਤੈਨੂੰ ਪੈਸੇ ਨਹੀਂ ਦਿੰਦੇ, ਸਗੋਂ ਤੂੰ ਉਨ੍ਹਾਂ ਨੂੰ ਪੈਸੇ ਦਿੰਦੀ ਹੈਂ। ਤੂੰ ਦੂਜੀਆਂ ਵੇਸਵਾਵਾਂ ਤੋਂ ਉਲਟ ਹੈਂ।’
35 “ਇਸ ਲਈ, ਹੇ ਵੇਸਵਾ,+ ਯਹੋਵਾਹ ਦਾ ਸੰਦੇਸ਼ ਸੁਣ। 36 ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: ‘ਕਿਉਂਕਿ ਤੂੰ ਕਾਮ-ਵਾਸ਼ਨਾ ਦੀ ਹੱਦ ਕਰ ਦਿੱਤੀ ਅਤੇ ਆਪਣੇ ਯਾਰਾਂ ਅਤੇ ਆਪਣੀਆਂ ਸਾਰੀਆਂ ਭ੍ਰਿਸ਼ਟ ਅਤੇ ਘਿਣਾਉਣੀਆਂ ਮੂਰਤਾਂ* ਨਾਲ ਵੇਸਵਾਗਿਰੀ ਕਰਦਿਆਂ ਆਪਣਾ ਨੰਗੇਜ਼ ਉਘਾੜਿਆ+ ਅਤੇ ਉਨ੍ਹਾਂ ਮੂਰਤਾਂ ਅੱਗੇ ਆਪਣੇ ਪੁੱਤਰਾਂ ਦੀਆਂ ਬਲ਼ੀਆਂ ਦਾ ਖ਼ੂਨ ਚੜ੍ਹਾਇਆ,+ 37 ਇਸ ਲਈ ਮੈਂ ਤੇਰੇ ਸਾਰੇ ਯਾਰਾਂ ਨੂੰ ਇਕੱਠਾ ਕਰਾਂਗਾ ਜਿਨ੍ਹਾਂ ਨੂੰ ਤੂੰ ਖ਼ੁਸ਼ ਕੀਤਾ ਹੈ। ਜਿਨ੍ਹਾਂ ਨਾਲ ਤੂੰ ਪਿਆਰ ਕਰਦੀ ਹੈਂ ਅਤੇ ਜਿਨ੍ਹਾਂ ਨਾਲ ਤੂੰ ਨਫ਼ਰਤ ਕਰਦੀ ਹੈਂ, ਮੈਂ ਸਾਰੇ ਪਾਸਿਓਂ ਉਨ੍ਹਾਂ ਨੂੰ ਤੇਰੇ ਖ਼ਿਲਾਫ਼ ਇਕੱਠਾ ਕਰਾਂਗਾ ਅਤੇ ਉਨ੍ਹਾਂ ਸਾਮ੍ਹਣੇ ਤੇਰਾ ਨੰਗੇਜ਼ ਉਘਾੜਾਂਗਾ ਅਤੇ ਉਹ ਤੈਨੂੰ ਪੂਰੀ ਤਰ੍ਹਾਂ ਨੰਗਾ ਦੇਖਣਗੇ।+
38 “‘ਅਤੇ ਮੈਂ ਤੇਰਾ ਨਿਆਂ ਕਰ ਕੇ ਤੈਨੂੰ ਉਹੀ ਸਜ਼ਾ ਦਿਆਂਗਾ ਜੋ ਬਦਚਲਣ ਔਰਤਾਂ+ ਅਤੇ ਖ਼ੂਨ ਵਹਾਉਣ ਵਾਲੀਆਂ ਔਰਤਾਂ+ ਨੂੰ ਦਿੱਤੀ ਜਾਂਦੀ ਹੈ ਅਤੇ ਮੈਂ ਗੁੱਸੇ ਅਤੇ ਈਰਖਾ ਨਾਲ ਭਰ ਕੇ ਤੇਰਾ ਖ਼ੂਨ ਵਹਾਵਾਂਗਾ।+ 39 ਮੈਂ ਤੈਨੂੰ ਉਨ੍ਹਾਂ ਦੇ ਹੱਥਾਂ ਵਿਚ ਦੇ ਦਿਆਂਗਾ। ਉਹ ਤੇਰੇ ਟਿੱਲੇ ਢਾਹ ਦੇਣਗੇ, ਤੇਰੀਆਂ ਉੱਚੀਆਂ ਥਾਵਾਂ ਡੇਗ ਦੇਣਗੇ,+ ਤੇਰੇ ਕੱਪੜੇ ਲਾਹ ਸੁੱਟਣਗੇ,+ ਤੇਰੇ ਸੋਹਣੇ-ਸੋਹਣੇ ਗਹਿਣੇ ਲੈ ਲੈਣਗੇ+ ਅਤੇ ਤੈਨੂੰ ਪੂਰੀ ਤਰ੍ਹਾਂ ਨੰਗਾ ਕਰ ਦੇਣਗੇ। 40 ਉਹ ਤੇਰੇ ਖ਼ਿਲਾਫ਼ ਭੀੜ ਇਕੱਠੀ ਕਰਨਗੇ+ ਅਤੇ ਤੈਨੂੰ ਪੱਥਰ ਮਾਰਨਗੇ+ ਅਤੇ ਆਪਣੀਆਂ ਤਲਵਾਰਾਂ ਨਾਲ ਤੈਨੂੰ ਵੱਢ ਸੁੱਟਣਗੇ।+ 41 ਉਹ ਤੇਰੇ ਘਰਾਂ ਨੂੰ ਅੱਗ ਨਾਲ ਸਾੜ ਸੁੱਟਣਗੇ+ ਅਤੇ ਬਹੁਤ ਸਾਰੀਆਂ ਔਰਤਾਂ ਸਾਮ੍ਹਣੇ ਤੈਨੂੰ ਸਜ਼ਾ ਦੇਣਗੇ। ਅਤੇ ਮੈਂ ਤੇਰੀ ਵੇਸਵਾਗਿਰੀ ਦਾ ਅੰਤ ਕਰ ਦਿਆਂਗਾ+ ਅਤੇ ਤੂੰ ਪੈਸੇ ਦੇਣੇ ਬੰਦ ਕਰ ਦੇਵੇਂਗੀ। 42 ਜਦੋਂ ਮੈਂ ਤੇਰੇ ʼਤੇ ਆਪਣਾ ਪੂਰਾ ਗੁੱਸਾ ਕੱਢ ਲਵਾਂਗਾ,+ ਤਾਂ ਮੇਰਾ ਕ੍ਰੋਧ ਸ਼ਾਂਤ ਹੋ ਜਾਵੇਗਾ+ ਅਤੇ ਮੈਨੂੰ ਚੈਨ ਮਿਲੇਗਾ। ਫਿਰ ਅੱਗੇ ਤੋਂ ਮੈਨੂੰ ਤੇਰੇ ʼਤੇ ਗੁੱਸਾ ਨਹੀਂ ਆਵੇਗਾ।’
43 “ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ, ‘ਕਿਉਂਕਿ ਤੂੰ ਆਪਣੇ ਬਚਪਨ ਦੇ ਦਿਨਾਂ ਨੂੰ ਭੁੱਲ ਗਈ+ ਅਤੇ ਇਹ ਸਾਰੇ ਕੰਮ ਕਰ ਕੇ ਮੇਰਾ ਗੁੱਸਾ ਭੜਕਾਇਆ ਹੈ, ਇਸ ਲਈ ਹੁਣ ਮੈਂ ਤੈਨੂੰ ਤੇਰੇ ਕੰਮਾਂ ਦੀ ਸਜ਼ਾ ਦਿਆਂਗਾ। ਤੂੰ ਅੱਗੇ ਤੋਂ ਆਪਣੇ ਸ਼ਰਮਨਾਕ ਚਾਲ-ਚਲਣ ਮੁਤਾਬਕ ਘਿਣਾਉਣੇ ਕੰਮ ਨਹੀਂ ਕਰ ਪਾਵੇਂਗੀ।
44 “‘ਦੇਖ! ਲੋਕ ਤੇਰੇ ਬਾਰੇ ਇਹ ਕਹਾਵਤ ਕਹਿਣਗੇ: “ਜਿਹੋ ਜਿਹੀ ਮਾਂ, ਉਹੋ ਜਿਹੀ ਧੀ!”+ 45 ਤੂੰ ਬਿਲਕੁਲ ਆਪਣੀ ਮਾਂ ਵਰਗੀ ਹੈਂ ਜਿਸ ਨੇ ਆਪਣੇ ਪਤੀ ਅਤੇ ਬੱਚਿਆਂ ਨਾਲ ਨਫ਼ਰਤ ਕੀਤੀ। ਤੂੰ ਆਪਣੀਆਂ ਭੈਣਾਂ ਵਰਗੀ ਹੈਂ ਜਿਨ੍ਹਾਂ ਨੇ ਆਪਣੇ ਪਤੀਆਂ ਅਤੇ ਬੱਚਿਆਂ ਨਾਲ ਨਫ਼ਰਤ ਕੀਤੀ। ਤੇਰੀ ਮਾਂ ਹਿੱਤੀ ਸੀ ਅਤੇ ਤੇਰਾ ਪਿਤਾ ਅਮੋਰੀ ਸੀ।’”+
46 “‘ਤੇਰੀ ਵੱਡੀ ਭੈਣ ਸਾਮਰਿਯਾ+ ਹੈ ਜੋ ਆਪਣੀਆਂ ਧੀਆਂ* ਨਾਲ ਤੇਰੇ ਉੱਤਰ ਵਿਚ* ਵੱਸਦੀ ਹੈ+ ਅਤੇ ਤੇਰੀ ਛੋਟੀ ਭੈਣ ਸਦੂਮ+ ਆਪਣੀਆਂ ਧੀਆਂ+ ਨਾਲ ਤੇਰੇ ਦੱਖਣ ਵਿਚ* ਵੱਸਦੀ ਹੈ। 47 ਤੂੰ ਨਾ ਸਿਰਫ਼ ਉਨ੍ਹਾਂ ਦੇ ਰਾਹਾਂ ʼਤੇ ਤੁਰੀ ਅਤੇ ਉਨ੍ਹਾਂ ਵਰਗੇ ਘਿਣਾਉਣੇ ਕੰਮ ਕੀਤੇ, ਸਗੋਂ ਤੂੰ ਥੋੜ੍ਹੇ ਹੀ ਸਮੇਂ ਵਿਚ ਉਨ੍ਹਾਂ ਤੋਂ ਵੀ ਜ਼ਿਆਦਾ ਬਦਚਲਣ ਬਣ ਗਈ।+ 48 ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ, ‘ਮੈਨੂੰ ਆਪਣੀ ਜਾਨ ਦੀ ਸਹੁੰ, ਤੇਰੀ ਭੈਣ ਸਦੂਮ ਅਤੇ ਉਸ ਦੀਆਂ ਧੀਆਂ ਨੇ ਵੀ ਉਹ ਕੰਮ ਨਹੀਂ ਕੀਤੇ ਜੋ ਤੂੰ ਅਤੇ ਤੇਰੀਆਂ ਧੀਆਂ ਨੇ ਕੀਤੇ ਹਨ। 49 ਦੇਖ! ਤੇਰੀ ਭੈਣ ਸਦੂਮ ਨੇ ਇਹ ਗੁਨਾਹ ਕੀਤਾ ਸੀ: ਉਹ ਅਤੇ ਉਸ ਦੀਆਂ ਧੀਆਂ+ ਹੰਕਾਰੀ ਸਨ+ ਅਤੇ ਉਨ੍ਹਾਂ ਕੋਲ ਭਰਪੂਰ ਭੋਜਨ ਸੀ+ ਅਤੇ ਉਹ ਬੇਫ਼ਿਕਰ ਜ਼ਿੰਦਗੀ ਜੀਉਂਦੀਆਂ ਸਨ;+ ਫਿਰ ਵੀ ਉਨ੍ਹਾਂ ਨੇ ਕਿਸੇ ਦੁਖੀ ਅਤੇ ਗ਼ਰੀਬ ਦੀ ਮਦਦ ਨਹੀਂ ਕੀਤੀ।+ 50 ਉਨ੍ਹਾਂ ਨੇ ਹੰਕਾਰ ਨਹੀਂ ਛੱਡਿਆ+ ਅਤੇ ਮੇਰੀਆਂ ਨਜ਼ਰਾਂ ਵਿਚ ਘਿਣਾਉਣੇ ਕੰਮ ਕਰਦੀਆਂ ਰਹੀਆਂ,+ ਇਸ ਲਈ ਮੈਂ ਉਨ੍ਹਾਂ ਨੂੰ ਖ਼ਤਮ ਕਰਨਾ ਜ਼ਰੂਰੀ ਸਮਝਿਆ।+
51 “‘ਜਿੰਨੇ ਪਾਪ ਤੂੰ ਕੀਤੇ ਹਨ, ਉਸ ਤੋਂ ਅੱਧੇ ਵੀ ਸਾਮਰਿਯਾ+ ਨੇ ਨਹੀਂ ਕੀਤੇ। ਤੂੰ ਉਨ੍ਹਾਂ ਦੇ ਮੁਕਾਬਲੇ ਜ਼ਿਆਦਾ ਘਿਣਾਉਣੇ ਕੰਮ ਕਰਦੀ ਰਹੀ ਅਤੇ ਤੇਰੇ ਸਾਰੇ ਘਿਣਾਉਣੇ ਕੰਮਾਂ ਕਰਕੇ ਲੱਗਦਾ ਕਿ ਤੇਰੀਆਂ ਭੈਣਾਂ ਤੇਰੇ ਨਾਲੋਂ ਚੰਗੀਆਂ* ਹਨ।+ 52 ਇਸ ਤਰ੍ਹਾਂ ਤੂੰ ਆਪਣੀਆਂ ਭੈਣਾਂ ਦੇ ਚਾਲ-ਚਲਣ ਨੂੰ ਸਹੀ ਠਹਿਰਾਇਆ ਹੈ,* ਇਸ ਲਈ ਹੁਣ ਤੂੰ ਬੇਇੱਜ਼ਤੀ ਸਹਿ। ਤੂੰ ਉਨ੍ਹਾਂ ਨਾਲੋਂ ਜ਼ਿਆਦਾ ਘਿਣਾਉਣੇ ਪਾਪ ਕੀਤੇ ਹਨ, ਇਸ ਕਰਕੇ ਉਹ ਤੇਰੇ ਨਾਲੋਂ ਘੱਟ ਗੁਨਾਹਗਾਰ ਹਨ। ਤੇਰੇ ਕੰਮਾਂ ਕਰਕੇ ਲੱਗਦਾ ਕਿ ਤੇਰੀਆਂ ਭੈਣਾਂ ਤੇਰੇ ਨਾਲੋਂ ਚੰਗੀਆਂ* ਹਨ, ਇਸ ਲਈ ਹੁਣ ਤੂੰ ਸ਼ਰਮਿੰਦੀ ਹੋ ਅਤੇ ਬੇਇੱਜ਼ਤੀ ਸਹਿ।’
53 “‘ਅਤੇ ਮੈਂ ਉਨ੍ਹਾਂ ਦੇ ਗ਼ੁਲਾਮਾਂ, ਸਦੂਮ ਅਤੇ ਉਸ ਦੀਆਂ ਧੀਆਂ ਦੇ ਗ਼ੁਲਾਮਾਂ ਅਤੇ ਸਾਮਰਿਯਾ ਅਤੇ ਉਸ ਦੀਆਂ ਧੀਆਂ ਦੇ ਗ਼ੁਲਾਮਾਂ ਨੂੰ ਇਕੱਠਾ ਕਰਾਂਗਾ; ਉਨ੍ਹਾਂ ਦੇ ਨਾਲ-ਨਾਲ ਮੈਂ ਤੇਰੇ ਗ਼ੁਲਾਮਾਂ ਨੂੰ ਵੀ ਇਕੱਠਾ ਕਰਾਂਗਾ+ 54 ਤਾਂਕਿ ਤੂੰ ਬੇਇੱਜ਼ਤੀ ਸਹੇਂ। ਤੇਰੇ ਕੰਮਾਂ ਕਰਕੇ ਤੇਰੀਆਂ ਭੈਣਾਂ ਨੂੰ ਤਸੱਲੀ ਹੋਈ, ਇਸ ਲਈ ਤੂੰ ਸ਼ਰਮ ਨਾਲ ਪਾਣੀ-ਪਾਣੀ ਹੋਵੇਂਗੀ। 55 ਤੇਰੀਆਂ ਭੈਣਾਂ ਸਦੂਮ, ਸਾਮਰਿਯਾ ਅਤੇ ਉਨ੍ਹਾਂ ਦੀਆਂ ਧੀਆਂ ਆਪਣੀ ਪਹਿਲਾਂ ਵਾਲੀ ਹਾਲਤ ਵਿਚ ਆ ਜਾਣਗੀਆਂ ਅਤੇ ਤੂੰ ਅਤੇ ਤੇਰੀਆਂ ਧੀਆਂ ਵੀ ਆਪਣੀ ਪਹਿਲਾਂ ਵਾਲੀ ਹਾਲਤ ਵਿਚ ਆ ਜਾਣਗੀਆਂ।+ 56 ਜਦੋਂ ਤੂੰ ਘਮੰਡ ਨਾਲ ਫੁੱਲੀ ਹੋਈ ਸੀ, ਤਾਂ ਤੂੰ ਆਪਣੀ ਭੈਣ ਸਦੂਮ ਨੂੰ ਇਸ ਲਾਇਕ ਵੀ ਨਹੀਂ ਸਮਝਦੀ ਸੀ ਕਿ ਤੂੰ ਆਪਣੀ ਜ਼ਬਾਨ ਨਾਲ ਉਸ ਦਾ ਜ਼ਿਕਰ ਕਰੇਂ, 57 ਜਦ ਤਕ ਤੇਰੀ ਆਪਣੀ ਦੁਸ਼ਟਤਾ ਦਾ ਪਰਦਾਫ਼ਾਸ਼ ਨਹੀਂ ਹੋ ਗਿਆ।+ ਹੁਣ ਸੀਰੀਆ ਦੀਆਂ ਧੀਆਂ ਅਤੇ ਉਸ ਦੇ ਗੁਆਂਢੀ ਤੇਰਾ ਮਜ਼ਾਕ ਉਡਾਉਂਦੇ ਹਨ ਅਤੇ ਤੇਰੇ ਆਸੇ-ਪਾਸੇ ਫਲਿਸਤੀਆਂ ਦੀਆਂ ਧੀਆਂ+ ਤੈਨੂੰ ਤੁੱਛ ਸਮਝਦੀਆਂ ਹਨ। 58 ਤੈਨੂੰ ਆਪਣੇ ਸ਼ਰਮਨਾਕ ਚਾਲ-ਚਲਣ ਅਤੇ ਘਿਣਾਉਣੇ ਕੰਮਾਂ ਦਾ ਅੰਜਾਮ ਭੁਗਤਣਾ ਪਵੇਗਾ,’ ਯਹੋਵਾਹ ਕਹਿੰਦਾ ਹੈ।”
59 “ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: ‘ਜਿਵੇਂ ਤੂੰ ਕੀਤਾ ਹੈ, ਮੈਂ ਤੇਰੇ ਨਾਲ ਵੀ ਉਸੇ ਤਰ੍ਹਾਂ ਕਰਾਂਗਾ+ ਕਿਉਂਕਿ ਤੂੰ ਆਪਣੀ ਸਹੁੰ ਨੂੰ ਤੁੱਛ ਸਮਝ ਕੇ ਮੇਰਾ ਇਕਰਾਰ ਤੋੜਿਆ।+ 60 ਪਰ ਮੈਂ ਆਪਣਾ ਇਕਰਾਰ ਯਾਦ ਰੱਖਾਂਗਾ ਜੋ ਮੈਂ ਤੇਰੇ ਨਾਲ ਤੇਰੇ ਬਚਪਨ ਦੇ ਦਿਨਾਂ ਵਿਚ ਕੀਤਾ ਸੀ ਅਤੇ ਮੈਂ ਤੇਰੇ ਨਾਲ ਹਮੇਸ਼ਾ ਕਾਇਮ ਰਹਿਣ ਵਾਲਾ ਇਕਰਾਰ ਕਰਾਂਗਾ।+ 61 ਜਦ ਤੂੰ ਆਪਣੀਆਂ ਵੱਡੀਆਂ ਅਤੇ ਛੋਟੀਆਂ ਭੈਣਾਂ ਦਾ ਸੁਆਗਤ ਕਰੇਂਗੀ, ਤਾਂ ਤੂੰ ਆਪਣੇ ਚਾਲ-ਚਲਣ ਨੂੰ ਯਾਦ ਕਰ ਕੇ ਸ਼ਰਮਿੰਦੀ ਹੋਵੇਂਗੀ।+ ਮੈਂ ਉਨ੍ਹਾਂ ਨੂੰ ਧੀਆਂ ਵਜੋਂ ਤੈਨੂੰ ਦੇ ਦਿਆਂਗਾ, ਪਰ ਇਸ ਕਰਕੇ ਨਹੀਂ ਕਿ ਤੇਰੇ ਨਾਲ ਇਕਰਾਰ ਕੀਤਾ ਗਿਆ ਹੈ।’
62 “‘ਅਤੇ ਮੈਂ ਤੇਰੇ ਨਾਲ ਇਕਰਾਰ ਕਰਾਂਗਾ ਅਤੇ ਤੈਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ। 63 ਤੇਰੇ ਸਾਰੇ ਗ਼ਲਤ ਕੰਮਾਂ ਦੇ ਬਾਵਜੂਦ ਜਦੋਂ ਮੈਂ ਤੇਰੇ ਪਾਪ ਮਿਟਾ ਦਿਆਂਗਾ,+ ਤਾਂ ਤੂੰ ਆਪਣੇ ਕੰਮਾਂ ਨੂੰ ਯਾਦ ਕਰ ਕੇ ਇੰਨੀ ਸ਼ਰਮਿੰਦੀ ਹੋਵੇਂਗੀ ਕਿ ਤੂੰ ਆਪਣਾ ਮੂੰਹ ਤਕ ਨਹੀਂ ਖੋਲ੍ਹੇਂਗੀ,’+ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ।”
17 ਮੈਨੂੰ ਦੁਬਾਰਾ ਯਹੋਵਾਹ ਦਾ ਸੰਦੇਸ਼ ਮਿਲਿਆ: 2 “ਹੇ ਮਨੁੱਖ ਦੇ ਪੁੱਤਰ, ਇਜ਼ਰਾਈਲ ਦੇ ਘਰਾਣੇ ਬਾਰੇ ਇਕ ਬੁਝਾਰਤ ਪਾ ਅਤੇ ਕਹਾਵਤ ਕਹਿ।+ 3 ਤੂੰ ਕਹੀਂ, ‘ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: “ਇਕ ਵੱਡਾ ਉਕਾਬ+ ਲਬਾਨੋਨ ਆਇਆ।+ ਉਸ ਦੇ ਵੱਡੇ-ਵੱਡੇ ਅਤੇ ਰੰਗ-ਬਰੰਗੇ ਖੰਭ ਸਨ ਅਤੇ ਉਸ ਨੇ ਦਿਆਰ ਦੀ ਸਭ ਤੋਂ ਉੱਪਰਲੀ ਟਾਹਣੀ ਤੋੜੀ।+ 4 ਉਹ ਦਿਆਰ ਦੀ ਸਭ ਤੋਂ ਉੱਪਰਲੀ ਲਗਰ ਤੋੜ ਕੇ ਵਪਾਰੀਆਂ ਦੇ ਦੇਸ਼* ਵਿਚ ਲੈ ਆਇਆ ਅਤੇ ਉਸ ਨੂੰ ਵਪਾਰੀਆਂ ਦੇ ਸ਼ਹਿਰ ਵਿਚ ਲਾ ਦਿੱਤਾ।+ 5 ਫਿਰ ਉਸ ਨੇ ਦੇਸ਼ ਦੇ ਕੁਝ ਬੀ ਲਏ+ ਅਤੇ ਉਨ੍ਹਾਂ ਨੂੰ ਇਕ ਉਪਜਾਊ ਖੇਤ ਵਿਚ ਬੀਜ ਦਿੱਤਾ। ਉਸ ਨੇ ਉਨ੍ਹਾਂ ਨੂੰ ਉਸ ਜਗ੍ਹਾ ਬੀਜਿਆ ਜਿੱਥੇ ਬਹੁਤ ਸਾਰਾ ਪਾਣੀ ਸੀ ਤਾਂਕਿ ਉਹ ਬੇਦ ਦੇ ਦਰਖ਼ਤ ਵਾਂਗ ਵਧਣ। 6 ਫਿਰ ਬੀ ਪੁੰਗਰੇ ਅਤੇ ਇਕ ਅੰਗੂਰੀ ਵੇਲ ਉੱਗੀ।+ ਇਹ ਵੇਲ ਉੱਚੀ ਨਹੀਂ ਸੀ, ਪਰ ਇਸ ਦੀਆਂ ਟਾਹਣੀਆਂ ਫੈਲੀਆਂ ਹੋਈਆਂ ਸਨ। ਇਸ ਦੇ ਪੱਤੇ ਥੱਲੇ ਨੂੰ ਝੁਕੇ ਹੋਏ ਸਨ ਅਤੇ ਜੜ੍ਹਾਂ ਜ਼ਮੀਨ ਵਿਚ ਵਧੀਆਂ ਹੋਈਆਂ ਸਨ। ਇਸ ਤਰ੍ਹਾਂ ਇਹ ਇਕ ਵੇਲ ਬਣੀ ਅਤੇ ਇਸ ਦੀਆਂ ਲਗਰਾਂ ਅਤੇ ਟਾਹਣੀਆਂ ਨਿਕਲੀਆਂ।+
7 “‘“ਅਤੇ ਫਿਰ ਇਕ ਹੋਰ ਵੱਡਾ ਉਕਾਬ ਆਇਆ+ ਜਿਸ ਦੇ ਵੱਡੇ-ਵੱਡੇ ਖੰਭ ਸਨ।+ ਜਿਸ ਕਿਆਰੀ ਵਿਚ ਅੰਗੂਰੀ ਵੇਲ ਨੂੰ ਲਾਇਆ ਗਿਆ ਸੀ, ਉੱਥੋਂ ਇਸ ਨੇ ਆਪਣੀਆਂ ਜੜ੍ਹਾਂ ਬੇਸਬਰੀ ਨਾਲ ਉਕਾਬ ਵੱਲ ਵਧਾਈਆਂ। ਇਸ ਨੇ ਆਪਣੇ ਪੱਤੇ ਅਤੇ ਟਾਹਣੀਆਂ ਉਕਾਬ ਵੱਲ ਫੈਲਾਈਆਂ ਤਾਂਕਿ ਉਹ ਇਸ ਨੂੰ ਸਿੰਜੇ।+ 8 ਇਹ ਵੇਲ ਪਹਿਲਾਂ ਹੀ ਚੰਗੇ ਖੇਤ ਵਿਚ ਲਾਈ ਗਈ ਸੀ ਜਿੱਥੇ ਬਹੁਤ ਸਾਰਾ ਪਾਣੀ ਸੀ ਤਾਂਕਿ ਇਸ ਦੀਆਂ ਟਾਹਣੀਆਂ ਨਿਕਲਣ, ਇਹ ਫਲ ਦੇਵੇ ਅਤੇ ਬਹੁਤ ਵੱਡੀ ਵੇਲ ਬਣੇ।”’+
9 “ਤੂੰ ਕਹੀਂ, ‘ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: “ਕੀ ਇਹ ਵੇਲ ਵਧੇ-ਫੁੱਲੇਗੀ? ਕੀ ਕੋਈ ਇਸ ਨੂੰ ਜੜ੍ਹੋਂ ਨਹੀਂ ਪੁੱਟ ਸੁੱਟੇਗਾ+ ਤਾਂਕਿ ਇਸ ਦਾ ਫਲ ਗਲ਼-ਸੜ ਜਾਵੇ ਅਤੇ ਇਸ ਦੀਆਂ ਕਰੂੰਬਲਾਂ ਸੁੱਕ ਜਾਣ?+ ਇਹ ਪੂਰੀ ਤਰ੍ਹਾਂ ਸੁੱਕ ਜਾਵੇਗੀ ਜਿਸ ਕਰਕੇ ਇਸ ਨੂੰ ਜੜ੍ਹੋਂ ਪੁੱਟਣ ਲਈ ਨਾ ਤਾਂ ਕਿਸੇ ਤਾਕਤਵਰ ਹੱਥ ਦੀ ਅਤੇ ਨਾ ਹੀ ਬਹੁਤ ਸਾਰੇ ਲੋਕਾਂ ਦੀ ਲੋੜ ਪਵੇਗੀ। 10 ਹਾਲਾਂਕਿ ਇਹ ਵੇਲ ਇਕ ਜਗ੍ਹਾ ਤੋਂ ਪੁੱਟ ਕੇ ਦੂਜੀ ਜਗ੍ਹਾ ਲਾਈ ਗਈ ਹੈ, ਪਰ ਕੀ ਇਹ ਵਧੇ-ਫੁੱਲੇਗੀ? ਕੀ ਇਹ ਪੂਰੀ ਤਰ੍ਹਾਂ ਸੁੱਕ ਨਹੀਂ ਜਾਵੇਗੀ ਜਦੋਂ ਪੂਰਬ ਤੋਂ ਹਵਾ ਵਗੇਗੀ? ਇਹ ਬਾਗ਼ ਵਿਚ ਸੁੱਕ ਜਾਵੇਗੀ ਜਿੱਥੇ ਇਹ ਪੁੰਗਰੀ ਸੀ।”’”
11 ਮੈਨੂੰ ਦੁਬਾਰਾ ਯਹੋਵਾਹ ਦਾ ਸੰਦੇਸ਼ ਮਿਲਿਆ, ਉਸ ਨੇ ਮੈਨੂੰ ਕਿਹਾ: 12 “ਕਿਰਪਾ ਕਰ ਕੇ ਇਸ ਬਾਗ਼ੀ ਘਰਾਣੇ ਦੇ ਲੋਕਾਂ ਨੂੰ ਦੱਸ, ‘ਕੀ ਤੁਸੀਂ ਇਨ੍ਹਾਂ ਗੱਲਾਂ ਦਾ ਮਤਲਬ ਨਹੀਂ ਸਮਝਦੇ?’ ਤੂੰ ਕਹੀਂ, ‘ਦੇਖੋ! ਬਾਬਲ ਦਾ ਰਾਜਾ ਯਰੂਸ਼ਲਮ ਆਇਆ ਅਤੇ ਉਹ ਇਸ ਦੇ ਰਾਜੇ ਅਤੇ ਹਾਕਮਾਂ ਨੂੰ ਆਪਣੇ ਨਾਲ ਬਾਬਲ ਲੈ ਗਿਆ।+ 13 ਇਸ ਤੋਂ ਇਲਾਵਾ, ਉਸ ਨੇ ਸ਼ਾਹੀ ਸੰਤਾਨ* ਵਿੱਚੋਂ ਇਕ ਜਣੇ ਨੂੰ ਲਿਆ+ ਅਤੇ ਉਸ ਨਾਲ ਇਕ ਇਕਰਾਰ ਕੀਤਾ ਅਤੇ ਉਸ ਨੂੰ ਸਹੁੰ ਖੁਆਈ।+ ਫਿਰ ਉਹ ਦੇਸ਼ ਦੇ ਮੰਨੇ-ਪ੍ਰਮੰਨੇ ਬੰਦਿਆਂ ਨੂੰ ਲੈ ਗਿਆ+ 14 ਤਾਂਕਿ ਉਹ ਉਨ੍ਹਾਂ ਦੇ ਰਾਜ ਨੂੰ ਥੱਲੇ ਲਾ ਦੇਵੇ ਅਤੇ ਇਹ ਰਾਜ ਦੁਬਾਰਾ ਨਾ ਉੱਠ ਸਕੇ। ਉਨ੍ਹਾਂ ਦਾ ਰਾਜ ਤਾਂ ਹੀ ਕਾਇਮ ਰਹਿ ਸਕਦਾ ਸੀ ਜੇ ਇਜ਼ਰਾਈਲ ਦੇ ਲੋਕ ਉਸ ਦੇ ਇਕਰਾਰ ਦੀ ਪਾਲਣਾ ਕਰਦੇ।+ 15 ਪਰ ਅਖ਼ੀਰ ਰਾਜੇ ਨੇ ਉਸ ਦੇ ਖ਼ਿਲਾਫ਼ ਬਗਾਵਤ ਕਰ ਦਿੱਤੀ+ ਅਤੇ ਮਿਸਰ ਨੂੰ ਆਪਣੇ ਬੰਦੇ ਘੱਲ ਕੇ ਉੱਥੋਂ ਆਪਣੇ ਲਈ ਘੋੜੇ ਅਤੇ ਵੱਡੀ ਸੈਨਾ ਮੰਗਵਾਈ।+ ਕੀ ਉਹ ਕਾਮਯਾਬ ਹੋਵੇਗਾ? ਕੀ ਇਹ ਕੰਮ ਕਰਨ ਵਾਲਾ ਸਜ਼ਾ ਤੋਂ ਬਚ ਪਾਵੇਗਾ? ਕੀ ਉਹ ਇਕਰਾਰ ਤੋੜ ਕੇ ਆਪਣੀ ਜਾਨ ਬਚਾ ਸਕੇਗਾ?’+
16 “‘“ਮੈਨੂੰ ਆਪਣੀ ਜਾਨ ਦੀ ਸਹੁੰ,” ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ, “ਉਹ ਬਾਬਲ ਵਿਚ ਮਰ ਜਾਵੇਗਾ ਜਿੱਥੇ ਉਹ ਰਾਜਾ* ਰਹਿੰਦਾ ਹੈ ਜਿਸ ਨੇ ਉਸ* ਨੂੰ ਰਾਜਾ ਬਣਾਇਆ ਸੀ ਅਤੇ ਜਿਸ ਦੀ ਸਹੁੰ ਨੂੰ ਉਸ ਨੇ ਤੁੱਛ ਸਮਝ ਕੇ ਉਸ ਨਾਲ ਕੀਤਾ ਇਕਰਾਰ ਤੋੜਿਆ ਸੀ।+ 17 ਜਦ ਉਸ ʼਤੇ ਹਮਲਾ ਕਰਨ ਲਈ ਟਿੱਲੇ ਉਸਾਰੇ ਜਾਣਗੇ ਅਤੇ ਬਹੁਤ ਸਾਰੇ ਲੋਕਾਂ ਨੂੰ ਮਾਰਨ ਲਈ ਕੰਧਾਂ ਉਸਾਰ ਕੇ ਘੇਰਾਬੰਦੀ ਕੀਤੀ ਜਾਵੇਗੀ, ਤਾਂ ਫ਼ਿਰਊਨ ਦੀ ਵੱਡੀ ਸੈਨਾ ਅਤੇ ਉਸ ਦੀਆਂ ਅਣਗਿਣਤ ਫ਼ੌਜੀ ਟੁਕੜੀਆਂ ਲੜਾਈ ਵਿਚ ਉਸ ਦੇ ਕਿਸੇ ਕੰਮ ਨਹੀਂ ਆਉਣਗੀਆਂ।+ 18 ਉਸ ਨੇ ਸਹੁੰ ਨੂੰ ਤੁੱਛ ਸਮਝ ਕੇ ਇਕਰਾਰ ਤੋੜਿਆ ਹੈ। ਭਾਵੇਂ ਕਿ ਉਸ ਨੇ ਉਸ ਨਾਲ ਵਾਅਦਾ ਕੀਤਾ ਸੀ,* ਪਰ ਉਸ ਨੇ ਇਹ ਸਭ ਕੁਝ ਕੀਤਾ ਜਿਸ ਕਰਕੇ ਉਹ ਨਹੀਂ ਬਚੇਗਾ।”’
19 “‘ਇਸ ਲਈ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: “ਮੈਨੂੰ ਆਪਣੀ ਜਾਨ ਦੀ ਸਹੁੰ, ਉਸ ਨੇ ਮੇਰੀ ਸਹੁੰ ਨੂੰ ਤੁੱਛ ਸਮਝ ਕੇ ਮੇਰਾ ਇਕਰਾਰ ਤੋੜਿਆ ਹੈ, ਇਸ ਕਰਕੇ ਮੈਂ ਉਸ ਨੂੰ ਸਜ਼ਾ ਦਿਆਂਗਾ।+ 20 ਮੈਂ ਉਸ ਉੱਤੇ ਆਪਣਾ ਜਾਲ਼ ਪਾਵਾਂਗਾ ਅਤੇ ਉਹ ਮੇਰੇ ਜਾਲ਼ ਵਿਚ ਫਸ ਜਾਵੇਗਾ।+ ਮੈਂ ਉਸ ਨੂੰ ਬਾਬਲ ਲੈ ਆਵਾਂਗਾ ਅਤੇ ਉੱਥੇ ਉਸ ਦਾ ਨਿਆਂ ਕਰਾਂਗਾ ਕਿਉਂਕਿ ਉਸ ਨੇ ਮੇਰੇ ਨਾਲ ਵਿਸ਼ਵਾਸਘਾਤ ਕੀਤਾ ਹੈ।+ 21 ਉਸ ਦੇ ਜਿਹੜੇ ਵੀ ਫ਼ੌਜੀ ਜਾਨ ਬਚਾ ਕੇ ਭੱਜਣਗੇ, ਉਹ ਤਲਵਾਰ ਨਾਲ ਮਾਰੇ ਜਾਣਗੇ ਅਤੇ ਬਾਕੀ ਬਚੇ ਫ਼ੌਜੀ ਹਰ ਦਿਸ਼ਾ* ਵਿਚ ਖਿੰਡ ਜਾਣਗੇ।+ ਫਿਰ ਤੁਹਾਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਨੇ ਆਪ ਇਹ ਗੱਲ ਕਹੀ ਹੈ।”’+
22 “‘ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: “ਮੈਂ ਉੱਚੇ ਦਿਆਰ ਦੀ ਸਭ ਤੋਂ ਉੱਪਰਲੀ ਲਗਰ ਲੈ ਕੇ ਲਾਵਾਂਗਾ।+ ਇਸ ਦੀਆਂ ਸਭ ਤੋਂ ਉੱਪਰਲੀਆਂ ਟਾਹਣੀਆਂ ਤੋਂ ਇਕ ਨਰਮ ਲਗਰ ਤੋੜਾਂਗਾ+ ਅਤੇ ਮੈਂ ਆਪ ਉਸ ਨੂੰ ਇਕ ਉੱਚੇ ਅਤੇ ਵੱਡੇ ਪਹਾੜ ʼਤੇ ਲਾਵਾਂਗਾ।+ 23 ਮੈਂ ਇਸ ਨੂੰ ਇਜ਼ਰਾਈਲ ਦੇ ਉੱਚੇ ਪਹਾੜ ʼਤੇ ਲਾਵਾਂਗਾ। ਇਸ ਦੀਆਂ ਟਾਹਣੀਆਂ ਵਧਣਗੀਆਂ ਅਤੇ ਇਹ ਫਲ ਦੇਵੇਗਾ ਅਤੇ ਇਕ ਵੱਡਾ ਦਿਆਰ ਬਣ ਜਾਵੇਗਾ। ਹਰ ਕਿਸਮ ਦੇ ਪੰਛੀ ਇਸ ਦੇ ਥੱਲੇ ਬਸੇਰਾ ਕਰਨਗੇ ਅਤੇ ਇਸ ਦੇ ਪੱਤਿਆਂ ਦੀ ਛਾਂ ਹੇਠਾਂ ਰਹਿਣਗੇ। 24 ਮੈਦਾਨ ਦੇ ਸਾਰੇ ਦਰਖ਼ਤਾਂ ਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਨੇ ਆਪ ਉੱਚੇ ਦਰਖ਼ਤ ਨੂੰ ਨੀਵਾਂ ਅਤੇ ਨੀਵੇਂ ਦਰਖ਼ਤ ਨੂੰ ਉੱਚਾ ਕੀਤਾ ਹੈ;+ ਮੈਂ ਹਰੇ-ਭਰੇ ਦਰਖ਼ਤ ਨੂੰ ਸੁਕਾ ਦਿੱਤਾ ਹੈ ਅਤੇ ਸੁੱਕੇ ਦਰਖ਼ਤ ਨੂੰ ਹਰਿਆ-ਭਰਿਆ ਬਣਾ ਦਿੱਤਾ ਹੈ।+ ਮੈਂ ਯਹੋਵਾਹ ਹਾਂ ਜਿਸ ਨੇ ਆਪ ਇਹ ਗੱਲ ਕਹੀ ਹੈ ਅਤੇ ਪੂਰੀ ਕੀਤੀ ਹੈ।”’”
18 ਫਿਰ ਮੈਨੂੰ ਦੁਬਾਰਾ ਯਹੋਵਾਹ ਦਾ ਸੰਦੇਸ਼ ਮਿਲਿਆ: 2 “ਇਸ ਕਹਾਵਤ ਦਾ ਕੀ ਮਤਲਬ ਹੈ ਜੋ ਤੁਸੀਂ ਇਜ਼ਰਾਈਲ ਵਿਚ ਬੋਲਦੇ ਹੋ, ‘ਖੱਟੇ ਅੰਗੂਰ ਖਾਧੇ ਪਿਉ ਨੇ, ਦੰਦ ਖੱਟੇ ਹੋਏ ਪੁੱਤਰਾਂ ਦੇ’?+
3 “‘ਮੈਨੂੰ ਆਪਣੀ ਜਾਨ ਦੀ ਸਹੁੰ,’ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ, ‘ਤੁਸੀਂ ਇਜ਼ਰਾਈਲ ਵਿਚ ਅੱਗੇ ਤੋਂ ਇਹ ਕਹਾਵਤ ਨਹੀਂ ਵਰਤੋਗੇ। 4 ਦੇਖੋ! ਸਾਰੀਆਂ ਜਾਨਾਂ ਮੇਰੀਆਂ ਹਨ। ਜਿਵੇਂ ਪਿਉ ਦੀ ਜਾਨ ਮੇਰੀ ਹੈ, ਉਸੇ ਤਰ੍ਹਾਂ ਪੁੱਤਰ ਦੀ ਜਾਨ ਵੀ ਮੇਰੀ ਹੈ। ਜਿਹੜਾ ਇਨਸਾਨ* ਪਾਪ ਕਰਦਾ ਹੈ, ਉਹੀ ਮਰੇਗਾ।
5 “‘ਮੰਨ ਲਓ ਕਿ ਇਕ ਆਦਮੀ ਧਰਮੀ ਹੈ ਅਤੇ ਉਹ ਸਹੀ ਕੰਮ ਕਰਦਾ ਅਤੇ ਨਿਆਂ ਮੁਤਾਬਕ ਚੱਲਦਾ ਹੈ। 6 ਉਹ ਪਹਾੜਾਂ ʼਤੇ ਮੂਰਤਾਂ ਸਾਮ੍ਹਣੇ ਚੜ੍ਹਾਈਆਂ ਬਲ਼ੀਆਂ ਨਹੀਂ ਖਾਂਦਾ;+ ਉਹ ਇਜ਼ਰਾਈਲ ਦੇ ਘਰਾਣੇ ਦੀਆਂ ਘਿਣਾਉਣੀਆਂ ਮੂਰਤਾਂ* ʼਤੇ ਆਸ ਨਹੀਂ ਲਾਉਂਦਾ; ਉਹ ਆਪਣੇ ਗੁਆਂਢੀ ਦੀ ਪਤਨੀ ਨਾਲ ਹਰਾਮਕਾਰੀ ਨਹੀਂ ਕਰਦਾ+ ਜਾਂ ਕਿਸੇ ਔਰਤ ਨਾਲ ਮਾਹਵਾਰੀ ਦੌਰਾਨ ਸੰਬੰਧ ਨਹੀਂ ਬਣਾਉਂਦਾ;+ 7 ਉਹ ਕਿਸੇ ਨਾਲ ਬੁਰਾ ਸਲੂਕ ਨਹੀਂ ਕਰਦਾ,+ ਸਗੋਂ ਉਹ ਕਰਜ਼ਦਾਰ ਦੀ ਗਹਿਣੇ ਰੱਖੀ ਚੀਜ਼ ਵਾਪਸ ਮੋੜ ਦਿੰਦਾ ਹੈ;+ ਉਹ ਕਿਸੇ ਨੂੰ ਨਹੀਂ ਲੁੱਟਦਾ,+ ਸਗੋਂ ਆਪਣੀ ਰੋਟੀ ਭੁੱਖਿਆਂ ਨੂੰ ਦਿੰਦਾ ਹੈ+ ਅਤੇ ਆਪਣੇ ਕੱਪੜੇ ਨਾਲ ਕਿਸੇ ਹੋਰ ਦਾ ਤਨ ਢੱਕਦਾ ਹੈ;+ 8 ਉਹ ਵਿਆਜ ਨਹੀਂ ਲੈਂਦਾ ਜਾਂ ਸੂਦਖੋਰੀ ਨਹੀਂ ਕਰਦਾ,+ ਉਹ ਕਿਸੇ ਨਾਲ ਬੇਇਨਸਾਫ਼ੀ ਨਹੀਂ ਕਰਦਾ;+ ਉਹ ਦੋ ਜਣਿਆਂ ਦੇ ਮਸਲੇ ਦਾ ਸਹੀ ਨਿਆਂ ਕਰਦਾ ਹੈ;+ 9 ਉਹ ਹਮੇਸ਼ਾ ਮੇਰੇ ਨਿਯਮਾਂ ਅਤੇ ਹੁਕਮਾਂ ਦੀ ਪਾਲਣਾ ਕਰਦਾ ਹੈ ਤਾਂਕਿ ਉਹ ਵਫ਼ਾਦਾਰੀ ਦੇ ਰਾਹ ʼਤੇ ਚੱਲਦਾ ਰਹੇ। ਅਜਿਹਾ ਆਦਮੀ ਧਰਮੀ ਹੈ, ਉਹ ਜ਼ਰੂਰ ਜੀਉਂਦਾ ਰਹੇਗਾ,’+ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ।
10 “‘ਪਰ ਮੰਨ ਲਓ ਕਿ ਉਸ ਆਦਮੀ ਦੇ ਘਰ ਪੁੱਤਰ ਪੈਦਾ ਹੁੰਦਾ ਹੈ ਜੋ ਲੁਟੇਰਾ+ ਜਾਂ ਕਾਤਲ*+ ਬਣ ਜਾਂਦਾ ਹੈ ਜਾਂ ਹੋਰ ਇਹੋ ਜਿਹੇ ਕੰਮ ਕਰਦਾ ਹੈ 11 (ਭਾਵੇਂ ਕਿ ਪਿਤਾ ਨੇ ਇਹੋ ਜਿਹੇ ਕੰਮ ਨਹੀਂ ਕੀਤੇ)—ਉਹ ਪਹਾੜਾਂ ʼਤੇ ਮੂਰਤਾਂ ਸਾਮ੍ਹਣੇ ਚੜ੍ਹਾਈਆਂ ਬਲ਼ੀਆਂ ਖਾਂਦਾ ਹੈ; ਉਹ ਆਪਣੇ ਗੁਆਂਢੀ ਦੀ ਪਤਨੀ ਨਾਲ ਹਰਾਮਕਾਰੀ ਕਰਦਾ ਹੈ, 12 ਉਹ ਲੋੜਵੰਦ ਅਤੇ ਗ਼ਰੀਬ ਨਾਲ ਬੁਰਾ ਸਲੂਕ ਕਰਦਾ ਹੈ,+ ਦੂਜਿਆਂ ਨੂੰ ਲੁੱਟਦਾ ਹੈ, ਕਿਸੇ ਦੀ ਗਹਿਣੇ ਰੱਖੀ ਚੀਜ਼ ਵਾਪਸ ਨਹੀਂ ਮੋੜਦਾ, ਘਿਣਾਉਣੀਆਂ ਮੂਰਤਾਂ ʼਤੇ ਆਸ ਲਾਉਂਦਾ ਹੈ,+ ਘਿਣਾਉਣੇ ਕੰਮ ਕਰਦਾ ਹੈ,+ 13 ਉਹ ਸੂਦਖੋਰੀ ਕਰਦਾ ਹੈ ਅਤੇ ਵਿਆਜ ਲੈਂਦਾ ਹੈ।+ ਅਜਿਹਾ ਪੁੱਤਰ ਜੀਉਂਦਾ ਨਹੀਂ ਰਹੇਗਾ। ਇਨ੍ਹਾਂ ਸਾਰੇ ਘਿਣਾਉਣੇ ਕੰਮਾਂ ਕਰਕੇ ਉਸ ਨੂੰ ਜ਼ਰੂਰ ਮੌਤ ਦੇ ਘਾਟ ਉਤਾਰਿਆ ਜਾਵੇਗਾ। ਉਹ ਆਪਣੀ ਮੌਤ ਲਈ ਆਪ ਜ਼ਿੰਮੇਵਾਰ ਹੋਵੇਗਾ।*
14 “‘ਪਰ ਮੰਨ ਲਓ ਕਿ ਕਿਸੇ ਆਦਮੀ ਦਾ ਪੁੱਤਰ ਆਪਣੇ ਪਿਤਾ ਦੇ ਸਾਰੇ ਪਾਪ ਦੇਖਦਾ ਹੈ, ਪਰ ਉਹ ਆਪ ਇਹੋ ਜਿਹੇ ਕੰਮ ਨਹੀਂ ਕਰਦਾ। 15 ਉਹ ਪਹਾੜਾਂ ʼਤੇ ਮੂਰਤਾਂ ਸਾਮ੍ਹਣੇ ਚੜ੍ਹਾਈਆਂ ਬਲ਼ੀਆਂ ਨਹੀਂ ਖਾਂਦਾ; ਉਹ ਇਜ਼ਰਾਈਲ ਦੇ ਘਰਾਣੇ ਦੀਆਂ ਘਿਣਾਉਣੀਆਂ ਮੂਰਤਾਂ ʼਤੇ ਆਸ ਨਹੀਂ ਲਾਉਂਦਾ; ਉਹ ਆਪਣੇ ਗੁਆਂਢੀ ਦੀ ਪਤਨੀ ਨਾਲ ਹਰਾਮਕਾਰੀ ਨਹੀਂ ਕਰਦਾ; 16 ਉਹ ਕਿਸੇ ਨਾਲ ਬੁਰਾ ਸਲੂਕ ਨਹੀਂ ਕਰਦਾ, ਉਹ ਕਰਜ਼ਦਾਰ ਦੀ ਗਹਿਣੇ ਰੱਖੀ ਚੀਜ਼ ʼਤੇ ਕਬਜ਼ਾ ਨਹੀਂ ਕਰਦਾ; ਉਹ ਕਿਸੇ ਨੂੰ ਨਹੀਂ ਲੁੱਟਦਾ, ਉਹ ਆਪਣੀ ਰੋਟੀ ਭੁੱਖਿਆਂ ਨੂੰ ਦਿੰਦਾ ਹੈ ਅਤੇ ਆਪਣੇ ਕੱਪੜੇ ਨਾਲ ਕਿਸੇ ਹੋਰ ਦਾ ਤਨ ਢੱਕਦਾ ਹੈ; 17 ਉਹ ਗ਼ਰੀਬ ਨੂੰ ਨਹੀਂ ਸਤਾਉਂਦਾ; ਉਹ ਸੂਦਖੋਰੀ ਨਹੀਂ ਕਰਦਾ ਜਾਂ ਵਿਆਜ ਨਹੀਂ ਲੈਂਦਾ; ਉਹ ਹਮੇਸ਼ਾ ਮੇਰੇ ਹੁਕਮਾਂ ਅਤੇ ਨਿਯਮਾਂ ਦੀ ਪਾਲਣਾ ਕਰਦਾ ਹੈ। ਅਜਿਹਾ ਆਦਮੀ ਆਪਣੇ ਪਿਤਾ ਦੇ ਪਾਪਾਂ ਕਾਰਨ ਨਹੀਂ ਮਰੇਗਾ। ਉਹ ਜ਼ਰੂਰ ਜੀਉਂਦਾ ਰਹੇਗਾ। 18 ਉਸ ਦਾ ਪਿਤਾ ਆਪਣੇ ਪਾਪ ਕਾਰਨ ਮਰੇਗਾ ਕਿਉਂਕਿ ਉਹ ਠੱਗੀਆਂ ਮਾਰਦਾ ਸੀ, ਆਪਣੇ ਭਰਾ ਨੂੰ ਲੁੱਟਦਾ ਸੀ ਅਤੇ ਆਪਣੇ ਲੋਕਾਂ ਵਿਚਕਾਰ ਗ਼ਲਤ ਕੰਮ ਕਰਦਾ ਸੀ।
19 “‘ਪਰ ਤੁਸੀਂ ਕਹੋਗੇ: “ਪੁੱਤਰ ਨੂੰ ਆਪਣੇ ਪਿਤਾ ਦੇ ਪਾਪਾਂ ਦਾ ਕਸੂਰਵਾਰ ਕਿਉਂ ਨਹੀਂ ਠਹਿਰਾਇਆ ਜਾਂਦਾ?” ਕਿਉਂਕਿ ਪੁੱਤਰ ਨੇ ਸਹੀ ਕੰਮ ਕੀਤੇ ਹਨ ਅਤੇ ਉਹ ਨਿਆਂ ਮੁਤਾਬਕ ਚੱਲਿਆ ਹੈ। ਨਾਲੇ ਉਸ ਨੇ ਮੇਰੇ ਸਾਰੇ ਨਿਯਮਾਂ ਦੀ ਪਾਲਣਾ ਕੀਤੀ ਹੈ, ਇਸ ਕਰਕੇ ਉਹ ਜ਼ਰੂਰ ਜੀਉਂਦਾ ਰਹੇਗਾ।+ 20 ਜਿਹੜਾ ਇਨਸਾਨ* ਪਾਪ ਕਰਦਾ ਹੈ, ਉਹੀ ਮਰੇਗਾ।+ ਪੁੱਤਰ ਨੂੰ ਆਪਣੇ ਪਿਤਾ ਦੇ ਪਾਪਾਂ ਦਾ ਕਸੂਰਵਾਰ ਨਹੀਂ ਠਹਿਰਾਇਆ ਜਾਵੇਗਾ ਅਤੇ ਨਾ ਹੀ ਪਿਤਾ ਨੂੰ ਆਪਣੇ ਪੁੱਤਰ ਦੇ ਪਾਪਾਂ ਦਾ ਕਸੂਰਵਾਰ ਠਹਿਰਾਇਆ ਜਾਵੇਗਾ। ਧਰਮੀ ਇਨਸਾਨ ਨੂੰ ਹੀ ਆਪਣੇ ਸਹੀ ਕੰਮਾਂ ਦਾ ਫਲ ਮਿਲੇਗਾ ਅਤੇ ਦੁਸ਼ਟ ਇਨਸਾਨ ਨੂੰ ਹੀ ਆਪਣੇ ਦੁਸ਼ਟ ਕੰਮਾਂ ਦਾ ਫਲ ਮਿਲੇਗਾ।+
21 “‘ਪਰ ਜੇ ਕੋਈ ਦੁਸ਼ਟ ਇਨਸਾਨ ਆਪਣੇ ਸਾਰੇ ਪਾਪਾਂ ਨੂੰ ਛੱਡ ਕੇ ਮੁੜ ਆਵੇ ਅਤੇ ਮੇਰੇ ਨਿਯਮਾਂ ਦੀ ਪਾਲਣਾ ਕਰੇ, ਸਹੀ ਕੰਮ ਕਰੇ ਅਤੇ ਨਿਆਂ ਮੁਤਾਬਕ ਚੱਲੇ, ਤਾਂ ਉਹ ਜ਼ਰੂਰ ਜੀਉਂਦਾ ਰਹੇਗਾ। ਉਹ ਨਹੀਂ ਮਰੇਗਾ।+ 22 ਉਸ ਨੇ ਜੋ ਵੀ ਅਪਰਾਧ ਕੀਤੇ ਹਨ, ਉਨ੍ਹਾਂ ਲਈ ਉਸ ਨੂੰ ਦੋਸ਼ੀ ਨਹੀਂ ਠਹਿਰਾਇਆ ਜਾਵੇਗਾ।*+ ਸਹੀ ਕੰਮ ਕਰਨ ਕਰਕੇ ਉਹ ਜੀਉਂਦਾ ਰਹੇਗਾ।’+
23 “‘ਕੀ ਮੈਨੂੰ ਦੁਸ਼ਟ ਇਨਸਾਨ ਦੀ ਮੌਤ ਤੋਂ ਖ਼ੁਸ਼ੀ ਹੁੰਦੀ ਹੈ?’+ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ। ‘ਕੀ ਮੈਂ ਇਹ ਨਹੀਂ ਚਾਹੁੰਦਾ ਕਿ ਉਹ ਆਪਣੇ ਰਾਹਾਂ ਤੋਂ ਮੁੜੇ ਅਤੇ ਜੀਉਂਦਾ ਰਹੇ?’+
24 “‘ਪਰ ਜਦ ਕੋਈ ਧਰਮੀ ਇਨਸਾਨ ਸਹੀ ਕੰਮ ਕਰਨੇ ਛੱਡ ਕੇ ਗ਼ਲਤ ਕੰਮ* ਕਰੇ ਅਤੇ ਦੁਸ਼ਟਾਂ ਵਾਂਗ ਸਾਰੇ ਘਿਣਾਉਣੇ ਕੰਮ ਕਰੇ, ਤਾਂ ਕੀ ਉਹ ਜੀਉਂਦਾ ਰਹੇਗਾ? ਉਸ ਦਾ ਕੋਈ ਵੀ ਸਹੀ ਕੰਮ ਯਾਦ ਨਹੀਂ ਰੱਖਿਆ ਜਾਵੇਗਾ।+ ਵਿਸ਼ਵਾਸਘਾਤ ਅਤੇ ਪਾਪ ਕਰਨ ਕਰਕੇ ਉਹ ਮਰ ਜਾਵੇਗਾ।+
25 “‘ਪਰ ਤੁਸੀਂ ਕਹੋਗੇ: “ਯਹੋਵਾਹ ਜੋ ਵੀ ਕਰਦਾ ਹੈ, ਗ਼ਲਤ ਕਰਦਾ ਹੈ।”+ ਹੇ ਇਜ਼ਰਾਈਲ ਦੇ ਘਰਾਣੇ, ਕਿਰਪਾ ਕਰ ਕੇ ਮੇਰੀ ਗੱਲ ਸੁਣ। ਕੀ ਮੇਰੇ ਕੰਮ ਗ਼ਲਤ ਹਨ?+ ਜਾਂ ਫਿਰ ਕੀ ਤੁਹਾਡੇ ਕੰਮ ਗ਼ਲਤ ਹਨ?+
26 “‘ਜਦ ਕੋਈ ਧਰਮੀ ਇਨਸਾਨ ਸਹੀ ਕੰਮ ਕਰਨੇ ਛੱਡ ਕੇ ਗ਼ਲਤ ਕੰਮ ਕਰੇ, ਤਾਂ ਉਹ ਮਰ ਜਾਵੇਗਾ। ਹਾਂ, ਉਹ ਆਪਣੇ ਗ਼ਲਤ ਕੰਮਾਂ ਕਾਰਨ ਹੀ ਮਰੇਗਾ।
27 “‘ਜਦ ਕੋਈ ਦੁਸ਼ਟ ਇਨਸਾਨ ਆਪਣੀ ਦੁਸ਼ਟਤਾ ਛੱਡ ਕੇ ਸਹੀ ਕੰਮ ਕਰਨ ਲੱਗ ਪਵੇ ਅਤੇ ਨਿਆਂ ਮੁਤਾਬਕ ਚੱਲੇ, ਤਾਂ ਉਹ ਆਪਣੀ ਜਾਨ ਬਚਾ ਲਵੇਗਾ।+ 28 ਜਦ ਉਸ ਨੂੰ ਅਹਿਸਾਸ ਹੁੰਦਾ ਹੈ ਕਿ ਉਸ ਨੇ ਕਿੰਨੇ ਗ਼ਲਤ ਕੰਮ ਕੀਤੇ ਹਨ ਅਤੇ ਉਹ ਵਾਪਸ ਮੁੜ ਆਉਂਦਾ ਹੈ, ਤਾਂ ਉਹ ਜ਼ਰੂਰ ਜੀਉਂਦਾ ਰਹੇਗਾ। ਉਹ ਨਹੀਂ ਮਰੇਗਾ।
29 “‘ਪਰ ਇਜ਼ਰਾਈਲ ਦਾ ਘਰਾਣਾ ਕਹੇਗਾ: “ਯਹੋਵਾਹ ਜੋ ਵੀ ਕਰਦਾ ਹੈ, ਗ਼ਲਤ ਕਰਦਾ ਹੈ।” ਹੇ ਇਜ਼ਰਾਈਲ ਦੇ ਘਰਾਣੇ, ਕੀ ਵਾਕਈ ਮੇਰੇ ਕੰਮ ਗ਼ਲਤ ਹਨ?+ ਜਾਂ ਫਿਰ ਕੀ ਤੁਹਾਡੇ ਕੰਮ ਗ਼ਲਤ ਹਨ?’
30 “‘ਇਸ ਲਈ ਹੇ ਇਜ਼ਰਾਈਲ ਦੇ ਘਰਾਣੇ, ਮੈਂ ਹਰ ਇਨਸਾਨ ਦਾ ਉਸ ਦੇ ਕੰਮਾਂ ਅਨੁਸਾਰ ਨਿਆਂ ਕਰਾਂਗਾ,’+ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ। ‘ਆਪਣੇ ਸਾਰੇ ਪਾਪਾਂ ਨੂੰ ਛੱਡ ਕੇ ਮੁੜੋ, ਹਾਂ, ਪੂਰੀ ਤਰ੍ਹਾਂ ਮੁੜੋ ਤਾਂਕਿ ਉਹ ਤੁਹਾਡੇ ਲਈ ਠੋਕਰ ਦਾ ਪੱਥਰ ਨਾ ਬਣਨ ਅਤੇ ਤੁਹਾਨੂੰ ਸਜ਼ਾ ਨਾ ਮਿਲੇ। 31 ਤੁਸੀਂ ਆਪਣੇ ਸਾਰੇ ਅਪਰਾਧ ਛੱਡ ਦਿਓ+ ਅਤੇ ਆਪਣੇ ਦਿਲਾਂ ਨੂੰ ਅਤੇ ਆਪਣੀ ਸੋਚ ਨੂੰ ਬਦਲੋ।+ ਹੇ ਇਜ਼ਰਾਈਲ ਦੇ ਘਰਾਣੇ, ਤੂੰ ਕਿਉਂ ਆਪਣੀ ਜਾਨ ਗੁਆਉਣੀ ਚਾਹੁੰਦਾ ਹੈਂ?’+
32 “‘ਮੈਨੂੰ ਕਿਸੇ ਦੀ ਮੌਤ ਤੋਂ ਖ਼ੁਸ਼ੀ ਨਹੀਂ ਹੁੰਦੀ,’+ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ। ‘ਇਸ ਲਈ ਮੁੜੋ ਅਤੇ ਜੀਉਂਦੇ ਰਹੋ।’”+
19 “ਤੂੰ ਇਜ਼ਰਾਈਲ ਦੇ ਮੁਖੀਆਂ ਬਾਰੇ ਵਿਰਲਾਪ* ਦਾ ਗੀਤ ਗਾ 2 ਅਤੇ ਉਨ੍ਹਾਂ ਨੂੰ ਕਹਿ,
‘ਤੇਰੀ ਮਾਂ ਇਕ ਸ਼ੇਰਨੀ ਸੀ ਜੋ ਸ਼ੇਰਾਂ ਵਿਚ ਰਹਿੰਦੀ ਸੀ।
ਉਹ ਤਾਕਤਵਰ ਜਵਾਨ ਸ਼ੇਰਾਂ ਵਿਚ ਲੰਮੀ ਪੈਂਦੀ ਸੀ ਅਤੇ ਆਪਣੇ ਬੱਚੇ ਪਾਲਦੀ ਸੀ।
3 ਉਸ ਨੇ ਆਪਣੇ ਇਕ ਬੱਚੇ ਨੂੰ ਪਾਲਿਆ ਅਤੇ ਉਹ ਤਾਕਤਵਰ ਜਵਾਨ ਸ਼ੇਰ ਬਣ ਗਿਆ।+
ਉਸ ਨੇ ਸ਼ਿਕਾਰ ਨੂੰ ਪਾੜ ਖਾਣਾ ਸਿੱਖਿਆ
ਅਤੇ ਉਹ ਇਨਸਾਨਾਂ ਨੂੰ ਵੀ ਖਾਣ ਲੱਗਾ।
4 ਕੌਮਾਂ ਨੇ ਉਸ ਬਾਰੇ ਸੁਣਿਆ ਅਤੇ ਟੋਆ ਪੁੱਟ ਕੇ ਉਸ ਨੂੰ ਫੜ ਲਿਆ
ਅਤੇ ਉਸ ਦੇ ਨੱਕ ਵਿਚ ਨਕੇਲ ਪਾ ਕੇ ਉਸ ਨੂੰ ਮਿਸਰ ਲੈ ਆਏ।+
5 ਸ਼ੇਰਨੀ ਨੇ ਉਸ ਦਾ ਇੰਤਜ਼ਾਰ ਕੀਤਾ ਅਤੇ ਅਖ਼ੀਰ ਜਦ ਉਸ ਦੇ ਵਾਪਸ ਆਉਣ ਦੀ ਕੋਈ ਉਮੀਦ ਨਾ ਰਹੀ,
ਤਾਂ ਉਸ ਨੇ ਆਪਣੇ ਇਕ ਹੋਰ ਬੱਚੇ ਨੂੰ ਇਕ ਤਾਕਤਵਰ ਜਵਾਨ ਸ਼ੇਰ ਬਣਾ ਕੇ ਘੱਲਿਆ।
6 ਉਹ ਵੀ ਸ਼ੇਰਾਂ ਵਿਚ ਤੁਰਨ-ਫਿਰਨ ਲੱਗਾ ਅਤੇ ਇਕ ਤਾਕਤਵਰ ਜਵਾਨ ਸ਼ੇਰ ਬਣ ਗਿਆ।
ਉਸ ਨੇ ਸ਼ਿਕਾਰ ਨੂੰ ਪਾੜ ਖਾਣਾ ਸਿੱਖਿਆ ਅਤੇ ਉਹ ਇਨਸਾਨਾਂ ਨੂੰ ਵੀ ਖਾਣ ਲੱਗਾ।+
7 ਉਹ ਉਨ੍ਹਾਂ ਦੇ ਮਜ਼ਬੂਤ ਬੁਰਜਾਂ ਵਿਚਕਾਰ ਸ਼ਿਕਾਰ ਦੀ ਭਾਲ ਵਿਚ ਘੁੰਮਦਾ ਸੀ।
ਉਸ ਨੇ ਉਨ੍ਹਾਂ ਦੇ ਸ਼ਹਿਰ ਤਬਾਹ ਕਰ ਦਿੱਤੇ ਅਤੇ ਉਸ ਦੀ ਗਰਜ ਵੀਰਾਨ ਦੇਸ਼ ਵਿਚ ਸੁਣਾਈ ਦਿੱਤੀ।+
8 ਆਲੇ-ਦੁਆਲੇ ਦੇ ਜ਼ਿਲ੍ਹਿਆਂ ਤੋਂ ਕੌਮਾਂ ਉਸ ਨੂੰ ਜਾਲ਼ ਪਾ ਕੇ ਫੜਨ ਆਈਆਂ
ਅਤੇ ਉਨ੍ਹਾਂ ਨੇ ਟੋਆ ਪੁੱਟ ਕੇ ਉਸ ਨੂੰ ਫੜ ਲਿਆ।
9 ਉਨ੍ਹਾਂ ਨੇ ਉਸ ਦੇ ਨੱਕ ਵਿਚ ਨਕੇਲ ਪਾ ਕੇ ਉਸ ਨੂੰ ਪਿੰਜਰੇ ਵਿਚ ਸੁੱਟ ਦਿੱਤਾ ਅਤੇ ਉਸ ਨੂੰ ਬਾਬਲ ਦੇ ਰਾਜੇ ਕੋਲ ਲੈ ਆਏ।
ਉੱਥੇ ਉਨ੍ਹਾਂ ਨੇ ਉਸ ਨੂੰ ਕੈਦ ਕਰ ਲਿਆ ਤਾਂਕਿ ਉਸ ਦੀ ਗਰਜ ਇਜ਼ਰਾਈਲ ਦੇ ਪਹਾੜਾਂ ʼਤੇ ਕਦੇ ਸੁਣਾਈ ਨਾ ਦੇਵੇ।
10 ਤੇਰੀ ਮਾਂ ਤੇਰੇ ਖ਼ੂਨ ਵਿਚ ਇਕ ਅੰਗੂਰੀ ਵੇਲ ਵਾਂਗ ਸੀ*+ ਜੋ ਪਾਣੀਆਂ ਕੋਲ ਲਗਾਈ ਗਈ ਸੀ।
ਭਰਪੂਰ ਪਾਣੀ ਹੋਣ ਕਰਕੇ ਉਸ ਨੂੰ ਬਹੁਤ ਫਲ ਲੱਗੇ ਅਤੇ ਉਹ ਟਾਹਣੀਆਂ ਨਾਲ ਭਰ ਗਈ।
11 ਇਸ ਦੀਆਂ ਟਾਹਣੀਆਂ* ਮਜ਼ਬੂਤ ਸਨ ਜਿਨ੍ਹਾਂ ਤੋਂ ਹਾਕਮਾਂ ਦੇ ਰਾਜ-ਡੰਡੇ ਬਣਾਏ ਗਏ।
ਇਹ ਵਧਦੀ ਗਈ ਅਤੇ ਦੂਜੇ ਦਰਖ਼ਤਾਂ ਤੋਂ ਵੀ ਉੱਚੀ ਹੋ ਗਈ
ਅਤੇ ਆਪਣੀ ਉਚਾਈ ਅਤੇ ਸੰਘਣੇ ਪੱਤਿਆਂ ਨਾਲ ਭਰੀ ਹੋਣ ਕਾਰਨ ਦੂਰੋਂ ਨਜ਼ਰ ਆਉਣ ਲੱਗ ਪਈ।
12 ਪਰ ਗੁੱਸੇ ਵਿਚ ਉਸ ਨੂੰ ਜੜ੍ਹੋਂ ਪੁੱਟ ਕੇ+ ਜ਼ਮੀਨ ʼਤੇ ਸੁੱਟ ਦਿੱਤਾ ਗਿਆ
ਅਤੇ ਪੂਰਬ ਤੋਂ ਵਗਦੀ ਹਵਾ ਨੇ ਉਸ ਦੇ ਫਲ ਸੁੱਕਾ ਦਿੱਤੇ।
ਉਸ ਦੀਆਂ ਮਜ਼ਬੂਤ ਟਾਹਣੀਆਂ ਤੋੜ ਦਿੱਤੀਆਂ ਗਈਆਂ।
ਉਹ ਸੁੱਕ ਗਈਆਂ+ ਅਤੇ ਅੱਗ ਨੇ ਉਨ੍ਹਾਂ ਨੂੰ ਸਾੜ ਸੁੱਟਿਆ।+
13 ਹੁਣ ਉਸ ਵੇਲ ਨੂੰ ਉਜਾੜ ਵਿਚ ਲਾਇਆ ਗਿਆ ਹੈ
ਜਿੱਥੇ ਜ਼ਮੀਨ ਸੁੱਕੀ ਅਤੇ ਪਿਆਸੀ ਹੈ।+
14 ਉਸ ਦੀਆਂ ਟਾਹਣੀਆਂ* ਤੋਂ ਅੱਗ ਫੈਲੀ ਅਤੇ ਇਸ ਨੇ ਲਗਰਾਂ ਅਤੇ ਫਲਾਂ ਨੂੰ ਸਾੜ ਸੁੱਟਿਆ
ਅਤੇ ਇਸ ਦੀ ਕੋਈ ਮਜ਼ਬੂਤ ਟਾਹਣੀ ਨਹੀਂ ਬਚੀ ਜੋ ਹਾਕਮ ਦਾ ਰਾਜ-ਡੰਡਾ ਬਣੇ।+
“‘ਇਹ ਵਿਰਲਾਪ ਦਾ ਗੀਤ ਹੈ ਅਤੇ ਇਹ ਵਿਰਲਾਪ ਦਾ ਗੀਤ ਹੀ ਰਹੇਗਾ।’”
20 ਫਿਰ ਸੱਤਵੇਂ ਸਾਲ ਦੇ ਪੰਜਵੇਂ ਮਹੀਨੇ ਦੀ 10 ਤਾਰੀਖ਼ ਨੂੰ ਇਜ਼ਰਾਈਲ ਦੇ ਕੁਝ ਬਜ਼ੁਰਗ ਯਹੋਵਾਹ ਦੀ ਮਰਜ਼ੀ ਜਾਣਨ ਆਏ ਅਤੇ ਉਹ ਆ ਕੇ ਮੇਰੇ ਸਾਮ੍ਹਣੇ ਬੈਠ ਗਏ। 2 ਉਸ ਵੇਲੇ ਮੈਨੂੰ ਯਹੋਵਾਹ ਦਾ ਇਹ ਸੰਦੇਸ਼ ਮਿਲਿਆ: 3 “ਹੇ ਮਨੁੱਖ ਦੇ ਪੁੱਤਰ, ਤੂੰ ਇਜ਼ਰਾਈਲ ਦੇ ਬਜ਼ੁਰਗਾਂ ਨਾਲ ਗੱਲ ਕਰ ਅਤੇ ਉਨ੍ਹਾਂ ਨੂੰ ਕਹਿ, ‘ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: “ਕੀ ਤੁਸੀਂ ਮੇਰੀ ਮਰਜ਼ੀ ਜਾਣਨ ਆਏ ਹੋ? ‘ਮੈਨੂੰ ਆਪਣੀ ਜਾਨ ਦੀ ਸਹੁੰ, ਮੈਂ ਤੁਹਾਨੂੰ ਕੁਝ ਨਹੀਂ ਦੱਸਾਂਗਾ,’+ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ।”’
4 “ਹੇ ਮਨੁੱਖ ਦੇ ਪੁੱਤਰ, ਕੀ ਤੂੰ ਉਨ੍ਹਾਂ ਦਾ ਨਿਆਂ ਕਰਨ* ਲਈ ਤਿਆਰ ਹੈਂ? ਕੀ ਤੂੰ ਉਨ੍ਹਾਂ ਦਾ ਨਿਆਂ ਕਰਨ ਲਈ ਤਿਆਰ ਹੈਂ? ਉਨ੍ਹਾਂ ਨੂੰ ਦੱਸ ਕਿ ਉਨ੍ਹਾਂ ਦੇ ਪਿਉ-ਦਾਦਿਆਂ ਨੇ ਕਿੰਨੇ ਘਿਣਾਉਣੇ ਕੰਮ ਕੀਤੇ ਸਨ।+ 5 ਉਨ੍ਹਾਂ ਨੂੰ ਕਹਿ, ‘ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: “ਜਿਸ ਦਿਨ ਮੈਂ ਇਜ਼ਰਾਈਲ ਨੂੰ ਚੁਣਿਆ ਸੀ,+ ਉਸ ਦਿਨ ਮੈਂ ਯਾਕੂਬ ਦੇ ਘਰਾਣੇ ਦੀ ਸੰਤਾਨ* ਨਾਲ ਵੀ ਸਹੁੰ ਖਾਧੀ ਸੀ ਅਤੇ ਮੈਂ ਮਿਸਰ ਵਿਚ ਉਨ੍ਹਾਂ ਸਾਮ੍ਹਣੇ ਆਪਣੇ ਆਪ ਨੂੰ ਜ਼ਾਹਰ ਕੀਤਾ ਸੀ।+ ਹਾਂ, ਮੈਂ ਉਨ੍ਹਾਂ ਨਾਲ ਸਹੁੰ ਖਾਧੀ ਸੀ ਅਤੇ ਕਿਹਾ ਸੀ, ‘ਮੈਂ ਤੁਹਾਡਾ ਪਰਮੇਸ਼ੁਰ ਯਹੋਵਾਹ ਹਾਂ।’ 6 ਉਸ ਦਿਨ ਮੈਂ ਸਹੁੰ ਖਾਧੀ ਸੀ ਕਿ ਮੈਂ ਉਨ੍ਹਾਂ ਨੂੰ ਮਿਸਰ ਵਿੱਚੋਂ ਬਾਹਰ ਕੱਢ ਕੇ ਉਸ ਦੇਸ਼ ਵਿਚ ਲੈ ਆਵਾਂਗਾ ਜੋ ਮੈਂ ਉਨ੍ਹਾਂ ਲਈ ਚੁਣਿਆ* ਸੀ ਅਤੇ ਜਿੱਥੇ ਦੁੱਧ ਅਤੇ ਸ਼ਹਿਦ ਦੀਆਂ ਨਦੀਆਂ ਵਗਦੀਆਂ ਹਨ।+ ਇਹ ਦੇਸ਼ ਸਾਰੇ ਦੇਸ਼ਾਂ ਨਾਲੋਂ ਸੋਹਣਾ* ਸੀ। 7 ਫਿਰ ਮੈਂ ਉਨ੍ਹਾਂ ਨੂੰ ਕਿਹਾ: ‘ਤੁਹਾਡੇ ਵਿੱਚੋਂ ਹਰੇਕ ਜਣਾ ਆਪਣੇ ਸਾਮ੍ਹਣਿਓਂ ਘਿਣਾਉਣੀਆਂ ਮੂਰਤਾਂ* ਸੁੱਟ ਦੇਵੇ; ਤੁਸੀਂ ਮਿਸਰ ਦੀਆਂ ਘਿਣਾਉਣੀਆਂ ਮੂਰਤਾਂ ਨਾਲ ਖ਼ੁਦ ਨੂੰ ਭ੍ਰਿਸ਼ਟ ਨਾ ਕਰੋ।+ ਮੈਂ ਤੁਹਾਡਾ ਪਰਮੇਸ਼ੁਰ ਯਹੋਵਾਹ ਹਾਂ।’+
8 “‘“ਪਰ ਉਨ੍ਹਾਂ ਨੇ ਮੇਰੇ ਖ਼ਿਲਾਫ਼ ਬਗਾਵਤ ਕੀਤੀ ਅਤੇ ਉਹ ਮੇਰੀ ਗੱਲ ਸੁਣਨ ਲਈ ਤਿਆਰ ਨਹੀਂ ਸਨ। ਉਨ੍ਹਾਂ ਨੇ ਆਪਣੇ ਸਾਮ੍ਹਣਿਓਂ ਘਿਣਾਉਣੀਆਂ ਮੂਰਤਾਂ ਨਹੀਂ ਸੁੱਟੀਆਂ ਅਤੇ ਨਾ ਹੀ ਮਿਸਰ ਦੀਆਂ ਘਿਣਾਉਣੀਆਂ ਮੂਰਤਾਂ ਨੂੰ ਛੱਡਿਆ।+ ਇਸ ਲਈ ਮੈਂ ਵਾਅਦਾ ਕੀਤਾ ਕਿ ਮੈਂ ਮਿਸਰ ਵਿਚ ਉਨ੍ਹਾਂ ʼਤੇ ਆਪਣਾ ਕ੍ਰੋਧ ਵਰ੍ਹਾਵਾਂਗਾ ਅਤੇ ਉਨ੍ਹਾਂ ਉੱਤੇ ਆਪਣਾ ਸਾਰਾ ਗੁੱਸਾ ਕੱਢਾਂਗਾ। 9 ਪਰ ਮੈਂ ਜੋ ਵੀ ਕੀਤਾ, ਉਹ ਆਪਣੇ ਨਾਂ ਦੀ ਖ਼ਾਤਰ ਕੀਤਾ ਤਾਂਕਿ ਕੌਮਾਂ ਵਿਚ ਮੇਰਾ ਨਾਂ ਪਲੀਤ ਨਾ ਹੋਵੇ ਜਿਨ੍ਹਾਂ ਵਿਚਕਾਰ ਉਹ ਰਹਿ ਰਹੇ ਸਨ।+ ਜਦ ਮੈਂ ਉਨ੍ਹਾਂ* ਨੂੰ ਮਿਸਰ ਵਿੱਚੋਂ ਬਾਹਰ ਕੱਢ ਲਿਆਇਆ ਸੀ, ਤਾਂ ਮੈਂ ਇਨ੍ਹਾਂ ਕੌਮਾਂ ਸਾਮ੍ਹਣੇ ਉਨ੍ਹਾਂ* ਅੱਗੇ ਆਪਣੇ ਆਪ ਨੂੰ ਜ਼ਾਹਰ ਕੀਤਾ ਸੀ।+ 10 ਇਸ ਲਈ ਮੈਂ ਉਨ੍ਹਾਂ ਨੂੰ ਮਿਸਰ ਵਿੱਚੋਂ ਬਾਹਰ ਕੱਢ ਲਿਆਇਆ ਅਤੇ ਫਿਰ ਉਜਾੜ ਵਿਚ ਲੈ ਗਿਆ।+
11 “‘“ਫਿਰ ਮੈਂ ਉਨ੍ਹਾਂ ਨੂੰ ਆਪਣੇ ਨਿਯਮ ਅਤੇ ਕਾਨੂੰਨ ਦਿੱਤੇ+ ਤਾਂਕਿ ਜਿਹੜਾ ਵੀ ਉਨ੍ਹਾਂ ਮੁਤਾਬਕ ਚੱਲੇ, ਉਹ ਜੀਉਂਦਾ ਰਹੇ।+ 12 ਮੈਂ ਉਨ੍ਹਾਂ ਲਈ ਆਪਣੇ ਸਬਤ ਵੀ ਠਹਿਰਾਏ+ ਜੋ ਮੇਰੇ ਅਤੇ ਉਨ੍ਹਾਂ ਵਿਚਕਾਰ ਇਕ ਨਿਸ਼ਾਨੀ ਸਨ+ ਤਾਂਕਿ ਉਨ੍ਹਾਂ ਨੂੰ ਯਾਦ ਰਹੇ ਕਿ ਮੈਂ ਯਹੋਵਾਹ ਉਨ੍ਹਾਂ ਨੂੰ ਪਵਿੱਤਰ ਕਰ ਰਿਹਾ ਹਾਂ।
13 “‘“ਪਰ ਉਜਾੜ ਵਿਚ ਇਜ਼ਰਾਈਲ ਦੇ ਘਰਾਣੇ ਨੇ ਮੇਰੇ ਖ਼ਿਲਾਫ਼ ਬਗਾਵਤ ਕੀਤੀ।+ ਉਹ ਮੇਰੇ ਨਿਯਮਾਂ ʼਤੇ ਨਹੀਂ ਚੱਲੇ ਅਤੇ ਉਨ੍ਹਾਂ ਨੇ ਮੇਰੇ ਕਾਨੂੰਨਾਂ ਨੂੰ ਠੁਕਰਾ ਦਿੱਤਾ ਜਿਨ੍ਹਾਂ ਉੱਤੇ ਚੱਲ ਕੇ ਇਨਸਾਨ ਜੀਉਂਦਾ ਰਹਿੰਦਾ ਹੈ। ਉਨ੍ਹਾਂ ਨੇ ਮੇਰੇ ਸਬਤਾਂ ਨੂੰ ਪੂਰੀ ਤਰ੍ਹਾਂ ਭ੍ਰਿਸ਼ਟ ਕੀਤਾ। ਇਸ ਲਈ ਮੈਂ ਵਾਅਦਾ ਕੀਤਾ ਕਿ ਮੈਂ ਉਜਾੜ ਵਿਚ ਉਨ੍ਹਾਂ ʼਤੇ ਆਪਣਾ ਕ੍ਰੋਧ ਵਰ੍ਹਾ ਕੇ ਉਨ੍ਹਾਂ ਨੂੰ ਖ਼ਤਮ ਕਰ ਦਿਆਂਗਾ।+ 14 ਪਰ ਮੈਂ ਜੋ ਵੀ ਕੀਤਾ, ਉਹ ਆਪਣੇ ਨਾਂ ਦੀ ਖ਼ਾਤਰ ਕੀਤਾ ਤਾਂਕਿ ਕੌਮਾਂ ਵਿਚ ਮੇਰਾ ਨਾਂ ਪਲੀਤ ਨਾ ਹੋਵੇ ਜਿਨ੍ਹਾਂ ਦੀਆਂ ਨਜ਼ਰਾਂ ਸਾਮ੍ਹਣੇ ਮੈਂ ਉਨ੍ਹਾਂ* ਨੂੰ ਬਾਹਰ ਕੱਢ ਲਿਆਇਆ ਸੀ।+ 15 ਮੈਂ ਉਜਾੜ ਵਿਚ ਉਨ੍ਹਾਂ ਨਾਲ ਸਹੁੰ ਵੀ ਖਾਧੀ ਸੀ ਕਿ ਮੈਂ ਉਨ੍ਹਾਂ ਨੂੰ ਸਾਰੇ ਦੇਸ਼ਾਂ ਨਾਲੋਂ ਸੋਹਣੇ ਦੇਸ਼* ਵਿਚ ਜਿੱਥੇ ਦੁੱਧ ਅਤੇ ਸ਼ਹਿਦ ਦੀਆਂ ਨਦੀਆਂ ਵਗਦੀਆਂ ਹਨ,+ ਨਹੀਂ ਲੈ ਕੇ ਜਾਵਾਂਗਾ ਜੋ ਮੈਂ ਉਨ੍ਹਾਂ ਨੂੰ ਦਿੱਤਾ ਸੀ+ 16 ਕਿਉਂਕਿ ਉਨ੍ਹਾਂ ਨੇ ਮੇਰੇ ਕਾਨੂੰਨਾਂ ਨੂੰ ਠੁਕਰਾ ਦਿੱਤਾ, ਉਹ ਮੇਰੇ ਨਿਯਮਾਂ ʼਤੇ ਨਹੀਂ ਚੱਲੇ ਅਤੇ ਮੇਰੇ ਸਬਤਾਂ ਨੂੰ ਭ੍ਰਿਸ਼ਟ ਕੀਤਾ। ਉਨ੍ਹਾਂ ਦਾ ਦਿਲ ਆਪਣੀਆਂ ਘਿਣਾਉਣੀਆਂ ਮੂਰਤਾਂ ਵੱਲ ਲੱਗਾ ਹੋਇਆ ਸੀ।+
17 “‘“ਪਰ ਮੈਨੂੰ* ਉਨ੍ਹਾਂ ʼਤੇ ਤਰਸ ਆਇਆ ਜਿਸ ਕਰਕੇ ਮੈਂ ਉਨ੍ਹਾਂ ਨੂੰ ਨਾਸ਼ ਨਹੀਂ ਕੀਤਾ; ਮੈਂ ਉਜਾੜ ਵਿਚ ਉਨ੍ਹਾਂ ਦਾ ਨਾਮੋ-ਨਿਸ਼ਾਨ ਨਹੀਂ ਮਿਟਾਇਆ। 18 ਮੈਂ ਉਜਾੜ ਵਿਚ ਉਨ੍ਹਾਂ ਦੇ ਪੁੱਤਰਾਂ ਨੂੰ ਕਿਹਾ:+ ‘ਆਪਣੇ ਪਿਉ-ਦਾਦਿਆਂ ਦੇ ਨਿਯਮਾਂ ਮੁਤਾਬਕ ਨਾ ਚੱਲੋ+ ਅਤੇ ਨਾ ਹੀ ਉਨ੍ਹਾਂ ਦੇ ਕਾਨੂੰਨਾਂ ਦੀ ਪਾਲਣਾ ਕਰੋ ਅਤੇ ਨਾ ਹੀ ਉਨ੍ਹਾਂ ਦੀਆਂ ਘਿਣਾਉਣੀਆਂ ਮੂਰਤਾਂ ਨਾਲ ਖ਼ੁਦ ਨੂੰ ਭ੍ਰਿਸ਼ਟ ਕਰੋ। 19 ਮੈਂ ਤੁਹਾਡਾ ਪਰਮੇਸ਼ੁਰ ਯਹੋਵਾਹ ਹਾਂ। ਮੇਰੇ ਨਿਯਮਾਂ ʼਤੇ ਚੱਲੋ ਅਤੇ ਮੇਰੇ ਕਾਨੂੰਨਾਂ ਦੀ ਪਾਲਣਾ ਕਰੋ।+ 20 ਮੇਰੇ ਸਬਤਾਂ ਨੂੰ ਪਵਿੱਤਰ ਮੰਨਿਓ+ ਜੋ ਮੇਰੇ ਅਤੇ ਤੁਹਾਡੇ ਵਿਚਕਾਰ ਨਿਸ਼ਾਨੀ ਹੋਵੇਗੀ ਤਾਂਕਿ ਤੁਹਾਨੂੰ ਯਾਦ ਰਹੇ ਕਿ ਮੈਂ ਤੁਹਾਡਾ ਪਰਮੇਸ਼ੁਰ ਯਹੋਵਾਹ ਹਾਂ।’+
21 “‘“ਪਰ ਉਨ੍ਹਾਂ ਦੇ ਪੁੱਤਰਾਂ ਨੇ ਮੇਰੇ ਖ਼ਿਲਾਫ਼ ਬਗਾਵਤ ਕੀਤੀ।+ ਉਹ ਮੇਰੇ ਨਿਯਮਾਂ ʼਤੇ ਨਹੀਂ ਚੱਲੇ ਅਤੇ ਉਨ੍ਹਾਂ ਨੇ ਮੇਰੇ ਕਾਨੂੰਨਾਂ ਨੂੰ ਠੁਕਰਾ ਦਿੱਤਾ ਜਿਨ੍ਹਾਂ ਉੱਤੇ ਚੱਲ ਕੇ ਇਨਸਾਨ ਜੀਉਂਦਾ ਰਹਿੰਦਾ ਹੈ। ਉਨ੍ਹਾਂ ਨੇ ਮੇਰੇ ਸਬਤਾਂ ਨੂੰ ਭ੍ਰਿਸ਼ਟ ਕੀਤਾ। ਇਸ ਲਈ ਮੈਂ ਵਾਅਦਾ ਕੀਤਾ ਕਿ ਮੈਂ ਉਜਾੜ ਵਿਚ ਉਨ੍ਹਾਂ ʼਤੇ ਆਪਣਾ ਕ੍ਰੋਧ ਵਰ੍ਹਾਵਾਂਗਾ ਅਤੇ ਉਨ੍ਹਾਂ ਉੱਤੇ ਆਪਣਾ ਸਾਰਾ ਗੁੱਸਾ ਕੱਢਾਂਗਾ।+ 22 ਪਰ ਮੈਂ ਆਪਣੇ ਨਾਂ ਦੀ ਖ਼ਾਤਰ+ ਇੱਦਾਂ ਕਰਨ ਤੋਂ ਖ਼ੁਦ ਨੂੰ ਰੋਕਿਆ+ ਤਾਂਕਿ ਉਨ੍ਹਾਂ ਕੌਮਾਂ ਵਿਚ ਮੇਰਾ ਨਾਂ ਪਲੀਤ ਨਾ ਹੋਵੇ ਜਿਨ੍ਹਾਂ ਦੀਆਂ ਨਜ਼ਰਾਂ ਸਾਮ੍ਹਣੇ ਮੈਂ ਉਨ੍ਹਾਂ* ਨੂੰ ਬਾਹਰ ਕੱਢ ਲਿਆਇਆ ਸੀ। 23 ਨਾਲੇ ਮੈਂ ਉਨ੍ਹਾਂ ਨਾਲ ਉਜਾੜ ਵਿਚ ਸਹੁੰ ਖਾਧੀ ਕਿ ਮੈਂ ਉਨ੍ਹਾਂ ਨੂੰ ਕੌਮਾਂ ਵਿਚ ਖਿੰਡਾ ਦਿਆਂਗਾ ਅਤੇ ਦੇਸ਼ਾਂ ਵਿਚ ਤਿੱਤਰ-ਬਿੱਤਰ ਕਰ ਦਿਆਂਗਾ+ 24 ਕਿਉਂਕਿ ਉਨ੍ਹਾਂ ਨੇ ਮੇਰੇ ਕਾਨੂੰਨਾਂ ਦੀ ਪਾਲਣਾ ਨਹੀਂ ਕੀਤੀ, ਉਨ੍ਹਾਂ ਨੇ ਮੇਰੇ ਨਿਯਮਾਂ ਨੂੰ ਠੁਕਰਾ ਦਿੱਤਾ+ ਅਤੇ ਮੇਰੇ ਸਬਤਾਂ ਨੂੰ ਭ੍ਰਿਸ਼ਟ ਕੀਤਾ। ਉਹ ਆਪਣੇ ਪਿਉ-ਦਾਦਿਆਂ ਦੀਆਂ ਘਿਣਾਉਣੀਆਂ ਮੂਰਤਾਂ ਦੇ ਪਿੱਛੇ-ਪਿੱਛੇ ਚੱਲੇ।+ 25 ਮੈਂ ਉਨ੍ਹਾਂ ਨੂੰ ਅਜਿਹੇ ਨਿਯਮਾਂ ʼਤੇ ਚੱਲਣ ਦਿੱਤਾ ਜੋ ਉਨ੍ਹਾਂ ਦੇ ਭਲੇ ਲਈ ਨਹੀਂ ਸਨ ਅਤੇ ਉਨ੍ਹਾਂ ਕਾਨੂੰਨਾਂ ਦੀ ਪਾਲਣਾ ਕਰਨ ਦਿੱਤੀ ਜਿਨ੍ਹਾਂ ʼਤੇ ਚੱਲ ਕੇ ਉਹ ਜੀਉਂਦੇ ਨਹੀਂ ਰਹਿ ਸਕਦੇ ਸਨ।+ 26 ਜਦ ਉਨ੍ਹਾਂ ਨੇ ਅੱਗ ਵਿਚ ਆਪਣੇ ਹਰ ਜੇਠੇ ਬੱਚੇ ਦੀ ਬਲ਼ੀ ਦਿੱਤੀ,*+ ਤਾਂ ਮੈਂ ਉਨ੍ਹਾਂ ਨੂੰ ਉਨ੍ਹਾਂ ਦੀਆਂ ਚੜ੍ਹਾਈਆਂ ਬਲ਼ੀਆਂ ਨਾਲ ਭ੍ਰਿਸ਼ਟ ਹੋਣ ਦਿੱਤਾ ਤਾਂਕਿ ਉਨ੍ਹਾਂ ਨੂੰ ਨਾਸ਼ ਕਰ ਸੁੱਟਾਂ ਅਤੇ ਉਹ ਜਾਣ ਲੈਣ ਕਿ ਮੈਂ ਯਹੋਵਾਹ ਹਾਂ।”’
27 “ਇਸ ਲਈ ਹੇ ਮਨੁੱਖ ਦੇ ਪੁੱਤਰ, ਇਜ਼ਰਾਈਲ ਦੇ ਘਰਾਣੇ ਨਾਲ ਗੱਲ ਕਰ ਅਤੇ ਉਨ੍ਹਾਂ ਨੂੰ ਕਹਿ, ‘ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: “ਤੁਹਾਡੇ ਪਿਉ-ਦਾਦਿਆਂ ਨੇ ਇਹ ਸਭ ਕੁਝ ਕਰ ਕੇ ਵੀ ਮੇਰੇ ਨਾਲ ਵਿਸ਼ਵਾਸਘਾਤ ਕੀਤਾ ਅਤੇ ਮੇਰੀ ਬੇਅਦਬੀ ਕੀਤੀ। 28 ਮੈਂ ਉਨ੍ਹਾਂ ਨੂੰ ਉਸ ਦੇਸ਼ ਵਿਚ ਲੈ ਆਇਆ ਜਿਸ ਨੂੰ ਦੇਣ ਦੀ ਮੈਂ ਉਨ੍ਹਾਂ ਨਾਲ ਸਹੁੰ ਖਾਧੀ ਸੀ।+ ਜਦ ਉਨ੍ਹਾਂ ਨੇ ਸਾਰੀਆਂ ਉੱਚੀਆਂ ਪਹਾੜੀਆਂ ਅਤੇ ਹਰੇ-ਭਰੇ ਦਰਖ਼ਤਾਂ ਨੂੰ ਦੇਖਿਆ,+ ਤਾਂ ਉਹ ਬਲ਼ੀਆਂ ਅਤੇ ਘਿਣਾਉਣੇ ਚੜ੍ਹਾਵੇ ਚੜ੍ਹਾਉਣ ਲੱਗ ਪਏ। ਉਨ੍ਹਾਂ ਨੇ ਉੱਥੇ ਆਪਣੀਆਂ ਖ਼ੁਸ਼ਬੂਦਾਰ ਭੇਟਾਂ ਚੜ੍ਹਾਈਆਂ ਅਤੇ ਪੀਣ ਦੀਆਂ ਭੇਟਾਂ ਡੋਲ੍ਹੀਆਂ। 29 ਇਸ ਲਈ ਮੈਂ ਉਨ੍ਹਾਂ ਨੂੰ ਪੁੱਛਿਆ, ‘ਤੁਸੀਂ ਇਸ ਉੱਚੀ ਥਾਂ ਉੱਤੇ ਕਿਉਂ ਜਾਂਦੇ ਹੋ? (ਅੱਜ ਵੀ ਇਸ ਨੂੰ ਉੱਚੀ ਥਾਂ ਕਿਹਾ ਜਾਂਦਾ ਹੈ।)’”’+
30 “ਇਸ ਲਈ ਇਜ਼ਰਾਈਲ ਦੇ ਘਰਾਣੇ ਨੂੰ ਕਹਿ, ‘ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: “ਕੀ ਹੁਣ ਤੁਸੀਂ ਵੀ ਆਪਣੇ ਪਿਉ-ਦਾਦਿਆਂ ਵਾਂਗ ਘਿਣਾਉਣੀਆਂ ਮੂਰਤਾਂ ਪਿੱਛੇ ਜਾ ਕੇ ਹਰਾਮਕਾਰੀ* ਕਰ ਰਹੇ ਹੋ ਅਤੇ ਖ਼ੁਦ ਨੂੰ ਭ੍ਰਿਸ਼ਟ ਕਰ ਰਹੇ ਹੋ?+ 31 ਤੁਸੀਂ ਅੱਜ ਦੇ ਦਿਨ ਤਕ ਘਿਣਾਉਣੀਆਂ ਮੂਰਤਾਂ ਸਾਮ੍ਹਣੇ ਅੱਗ ਵਿਚ ਆਪਣੇ ਪੁੱਤਰਾਂ ਦੀਆਂ ਬਲ਼ੀਆਂ ਚੜ੍ਹਾ ਕੇ ਆਪਣੇ ਆਪ ਨੂੰ ਭ੍ਰਿਸ਼ਟ ਕਰ ਰਹੇ ਹੋ।+ ਤਾਂ ਫਿਰ, ਹੇ ਇਜ਼ਰਾਈਲ ਦੇ ਘਰਾਣੇ ਦੇ ਲੋਕੋ, ਕੀ ਤੁਸੀਂ ਉਮੀਦ ਰੱਖਦੇ ਹੋ ਕਿ ਮੈਂ ਤੁਹਾਨੂੰ ਆਪਣੀ ਮਰਜ਼ੀ ਦੱਸਾਂਗਾ?”’+
“‘ਮੈਨੂੰ ਆਪਣੀ ਜਾਨ ਦੀ ਸਹੁੰ,’ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ, ‘ਮੈਂ ਤੁਹਾਨੂੰ ਆਪਣੀ ਮਰਜ਼ੀ ਨਹੀਂ ਦੱਸਾਂਗਾ।+ 32 ਤੁਸੀਂ ਆਪਣੇ ਮਨ ਵਿਚ ਕਹਿੰਦੇ ਹੋ, “ਆਓ ਆਪਾਂ ਹੋਰ ਕੌਮਾਂ ਅਤੇ ਦੇਸ਼ਾਂ ਦੇ ਲੋਕਾਂ ਵਰਗੇ ਬਣੀਏ ਜੋ ਲੱਕੜ ਤੇ ਪੱਥਰਾਂ ਦੀ ਪੂਜਾ* ਕਰਦੇ ਹਨ।”+ ਪਰ ਤੁਹਾਡੀ ਇਹ ਇੱਛਾ ਕਦੇ ਪੂਰੀ ਨਹੀਂ ਹੋਵੇਗੀ।’”
33 “‘ਮੈਨੂੰ ਆਪਣੀ ਜਾਨ ਦੀ ਸਹੁੰ,’ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ, ‘ਮੈਂ ਤੁਹਾਡੇ ਉੱਤੇ ਰਾਜੇ ਵਜੋਂ ਰਾਜ ਕਰਾਂਗਾ ਅਤੇ ਤੁਹਾਨੂੰ ਆਪਣੇ ਬਲਵੰਤ ਹੱਥ ਅਤੇ ਤਾਕਤਵਰ ਬਾਂਹ* ਨਾਲ ਸਜ਼ਾ ਦਿਆਂਗਾ ਅਤੇ ਮੈਂ ਤੁਹਾਡੇ ਉੱਤੇ ਆਪਣੇ ਗੁੱਸੇ ਦਾ ਕਹਿਰ ਵਰ੍ਹਾਵਾਂਗਾ।+ 34 ਮੈਂ ਤੁਹਾਨੂੰ ਆਪਣੇ ਬਲਵੰਤ ਹੱਥ ਅਤੇ ਤਾਕਤਵਰ ਬਾਂਹ ਨਾਲ ਅਤੇ ਗੁੱਸੇ ਦੇ ਕਹਿਰ ਨਾਲ ਕੌਮਾਂ ਅਤੇ ਦੇਸ਼ਾਂ ਵਿੱਚੋਂ ਕੱਢ ਕੇ ਇਕੱਠਾ ਕਰਾਂਗਾ ਜਿਨ੍ਹਾਂ ਵਿਚ ਮੈਂ ਤੁਹਾਨੂੰ ਖਿੰਡਾਇਆ ਸੀ।+ 35 ਮੈਂ ਤੁਹਾਨੂੰ ਕੌਮਾਂ ਦੀ ਉਜਾੜ ਵਿਚ ਲਿਆਵਾਂਗਾ ਅਤੇ ਉੱਥੇ ਤੁਹਾਡੇ ਨਾਲ ਆਮ੍ਹੋ-ਸਾਮ੍ਹਣੇ ਮੁਕੱਦਮਾ ਲੜਾਂਗਾ।+
36 “‘ਜਿੱਦਾਂ ਮੈਂ ਮਿਸਰ ਦੀ ਉਜਾੜ ਵਿਚ ਤੁਹਾਡੇ ਪਿਉ-ਦਾਦਿਆਂ ਨਾਲ ਮੁਕੱਦਮਾ ਲੜਿਆ ਸੀ, ਉਸੇ ਤਰ੍ਹਾਂ ਮੈਂ ਤੁਹਾਡੇ ਨਾਲ ਮੁਕੱਦਮਾ ਲੜਾਂਗਾ,’ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ। 37 ‘ਮੈਂ ਤੁਹਾਨੂੰ ਚਰਵਾਹੇ ਦੇ ਡੰਡੇ ਥੱਲਿਓਂ ਲੰਘਾਵਾਂਗਾ+ ਅਤੇ ਤੁਹਾਨੂੰ ਇਕਰਾਰ ਦੇ ਬੰਧਨ ਵਿਚ ਬੰਨ੍ਹਾਂਗਾ। 38 ਪਰ ਮੈਂ ਤੁਹਾਡੇ ਵਿੱਚੋਂ ਬਾਗ਼ੀਆਂ ਨੂੰ ਅਤੇ ਮੇਰੇ ਖ਼ਿਲਾਫ਼ ਗੁਨਾਹ ਕਰਨ ਵਾਲਿਆਂ ਨੂੰ ਕੱਢ ਦਿਆਂਗਾ।+ ਮੈਂ ਉਨ੍ਹਾਂ ਨੂੰ ਪਰਾਏ ਦੇਸ਼ ਵਿੱਚੋਂ ਕੱਢ ਲਿਆਵਾਂਗਾ, ਪਰ ਉਹ ਇਜ਼ਰਾਈਲ ਦੇਸ਼ ਵਿਚ ਨਹੀਂ ਜਾਣਗੇ;+ ਤੁਹਾਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ।’
39 “ਹੇ ਇਜ਼ਰਾਈਲ ਦੇ ਘਰਾਣੇ ਦੇ ਲੋਕੋ, ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: ‘ਤੁਸੀਂ ਜਾਓ ਅਤੇ ਆਪਣੀਆਂ ਘਿਣਾਉਣੀਆਂ ਮੂਰਤਾਂ ਦੀ ਭਗਤੀ ਕਰੋ।+ ਪਰ ਬਾਅਦ ਵਿਚ ਜੇ ਤੁਸੀਂ ਮੇਰੀ ਗੱਲ ਨਾ ਸੁਣੀ, ਤਾਂ ਤੁਹਾਨੂੰ ਇਸ ਦਾ ਅੰਜਾਮ ਭੁਗਤਣਾ ਪਵੇਗਾ ਅਤੇ ਤੁਸੀਂ ਅੱਗੇ ਤੋਂ ਆਪਣੀਆਂ ਬਲ਼ੀਆਂ ਅਤੇ ਘਿਣਾਉਣੀਆਂ ਮੂਰਤਾਂ ਨਾਲ ਮੇਰੇ ਪਵਿੱਤਰ ਨਾਂ ਨੂੰ ਪਲੀਤ ਨਹੀਂ ਕਰ ਸਕੋਗੇ।’+
40 “‘ਇਜ਼ਰਾਈਲ ਦਾ ਸਾਰਾ ਘਰਾਣਾ ਦੇਸ਼ ਵਿਚ ਮੇਰੇ ਪਵਿੱਤਰ ਪਹਾੜ ʼਤੇ, ਹਾਂ, ਇਜ਼ਰਾਈਲ ਦੇ ਉੱਚੇ ਪਹਾੜ ʼਤੇ+ ਮੇਰੀ ਭਗਤੀ ਕਰੇਗਾ,’+ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ। ‘ਮੈਂ ਉੱਥੇ ਉਨ੍ਹਾਂ ਤੋਂ ਖ਼ੁਸ਼ ਹੋਵਾਂਗਾ ਅਤੇ ਮੈਂ ਤੁਹਾਡੇ ਤੋਂ ਉਮੀਦ ਰੱਖਾਂਗਾ ਕਿ ਤੁਸੀਂ ਆਪਣਾ ਦਾਨ ਅਤੇ ਆਪਣੀਆਂ ਭੇਟਾਂ ਦਾ ਪਹਿਲਾ ਫਲ, ਹਾਂ, ਆਪਣੀਆਂ ਸਾਰੀਆਂ ਪਵਿੱਤਰ ਚੀਜ਼ਾਂ ਲੈ ਕੇ ਆਓ।+ 41 ਮੈਂ ਤੁਹਾਡੇ ਖ਼ੁਸ਼ਬੂਦਾਰ ਚੜ੍ਹਾਵਿਆਂ ਕਰਕੇ ਤੁਹਾਡੇ ਤੋਂ ਖ਼ੁਸ਼ ਹੋਵਾਂਗਾ ਜਦ ਮੈਂ ਤੁਹਾਨੂੰ ਉਨ੍ਹਾਂ ਕੌਮਾਂ ਵਿੱਚੋਂ ਵਾਪਸ ਲਿਆਵਾਂਗਾ ਅਤੇ ਉਨ੍ਹਾਂ ਦੇਸ਼ਾਂ ਤੋਂ ਇਕੱਠਾ ਕਰਾਂਗਾ ਜਿਨ੍ਹਾਂ ਵਿਚ ਮੈਂ ਤੁਹਾਨੂੰ ਖਿੰਡਾਇਆ ਸੀ;+ ਅਤੇ ਮੈਂ ਕੌਮਾਂ ਦੀਆਂ ਨਜ਼ਰਾਂ ਸਾਮ੍ਹਣੇ ਤੁਹਾਡੇ ਵਿਚ ਆਪਣੀ ਪਵਿੱਤਰਤਾ ਜ਼ਾਹਰ ਕਰਾਂਗਾ।’+
42 “‘ਅਤੇ ਜਦ ਮੈਂ ਤੁਹਾਨੂੰ ਇਜ਼ਰਾਈਲ ਦੇਸ਼ ਵਿਚ ਵਾਪਸ ਲਿਆਵਾਂਗਾ+ ਜਿਸ ਨੂੰ ਦੇਣ ਦੀ ਸਹੁੰ ਮੈਂ ਤੁਹਾਡੇ ਪਿਉ-ਦਾਦਿਆਂ ਨਾਲ ਖਾਧੀ ਸੀ, ਤਾਂ ਤੁਹਾਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ।+ 43 ਉੱਥੇ ਤੁਸੀਂ ਆਪਣੇ ਚਾਲ-ਚਲਣ ਅਤੇ ਸਾਰੇ ਕੰਮਾਂ ਨੂੰ ਯਾਦ ਕਰੋਗੇ ਜਿਨ੍ਹਾਂ ਰਾਹੀਂ ਤੁਸੀਂ ਖ਼ੁਦ ਨੂੰ ਭ੍ਰਿਸ਼ਟ ਕੀਤਾ ਸੀ+ ਅਤੇ ਤੁਹਾਨੂੰ ਆਪਣੇ ਸਾਰੇ ਬੁਰੇ ਕੰਮਾਂ ਕਰਕੇ ਆਪਣੇ ਆਪ* ਤੋਂ ਘਿਣ ਆਵੇਗੀ।+ 44 ਹੇ ਇਜ਼ਰਾਈਲ ਦੇ ਘਰਾਣੇ ਦੇ ਲੋਕੋ, ਜਦ ਮੈਂ ਆਪਣੇ ਨਾਂ ਦੀ ਖ਼ਾਤਰ ਤੁਹਾਡੇ ਨਾਲ ਇਸ ਤਰ੍ਹਾਂ ਕਰਾਂਗਾ+ ਅਤੇ ਤੁਹਾਡੇ ਨਾਲ ਤੁਹਾਡੇ ਭ੍ਰਿਸ਼ਟ ਚਾਲ-ਚਲਣ ਅਤੇ ਦੁਸ਼ਟ ਕੰਮਾਂ ਮੁਤਾਬਕ ਸਲੂਕ ਨਹੀਂ ਕਰਾਂਗਾ, ਤਦ ਤੁਹਾਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ,’ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ।”
45 ਫਿਰ ਮੈਨੂੰ ਦੁਬਾਰਾ ਯਹੋਵਾਹ ਦਾ ਸੰਦੇਸ਼ ਮਿਲਿਆ: 46 “ਹੇ ਮਨੁੱਖ ਦੇ ਪੁੱਤਰ, ਦੱਖਣ ਵੱਲ ਆਪਣਾ ਮੂੰਹ ਕਰ ਅਤੇ ਦੱਖਣ ਨੂੰ ਕਹਿ ਅਤੇ ਦੱਖਣ ਦੇ ਜੰਗਲੀ ਇਲਾਕੇ ਖ਼ਿਲਾਫ਼ ਭਵਿੱਖਬਾਣੀ ਕਰ। 47 ਦੱਖਣ ਦੇ ਜੰਗਲ ਨੂੰ ਕਹਿ, ‘ਯਹੋਵਾਹ ਦਾ ਸੰਦੇਸ਼ ਸੁਣ। ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: “ਦੇਖ! ਮੈਂ ਤੇਰੇ ਵਿਚ ਅੱਗ ਲਾਉਣ ਜਾ ਰਿਹਾ ਹਾਂ+ ਅਤੇ ਇਹ ਤੇਰੇ ਸਾਰੇ ਹਰੇ-ਭਰੇ ਅਤੇ ਸੁੱਕੇ ਦਰਖ਼ਤਾਂ ਨੂੰ ਸਾੜ ਸੁੱਟੇਗੀ। ਅੱਗ ਦਾ ਇਹ ਭਾਂਬੜ ਨਹੀਂ ਬੁਝੇਗਾ।+ ਇਸ ਨਾਲ ਦੱਖਣ ਤੋਂ ਲੈ ਕੇ ਉੱਤਰ ਤਕ ਸਾਰਿਆਂ ਦੇ ਮੂੰਹ ਝੁਲ਼ਸ ਜਾਣਗੇ 48 ਅਤੇ ਸਾਰੇ ਲੋਕ ਦੇਖਣਗੇ ਕਿ ਮੈਂ ਯਹੋਵਾਹ ਹਾਂ ਜਿਸ ਨੇ ਆਪ ਇਹ ਅੱਗ ਲਗਾਈ ਹੈ, ਇਸ ਕਰਕੇ ਇਹ ਬੁਝਾਈ ਨਹੀਂ ਜਾ ਸਕੇਗੀ।”’”+
49 ਮੈਂ ਕਿਹਾ: “ਹਾਇ! ਸਾਰੇ ਜਹਾਨ ਦੇ ਮਾਲਕ ਯਹੋਵਾਹ। ਉਹ ਮੇਰੇ ਬਾਰੇ ਕਹਿ ਰਹੇ ਹਨ, ‘ਕੀ ਇਹ ਆਦਮੀ ਬੁਝਾਰਤਾਂ* ਨਹੀਂ ਪਾ ਰਿਹਾ?’”
21 ਮੈਨੂੰ ਦੁਬਾਰਾ ਯਹੋਵਾਹ ਦਾ ਸੰਦੇਸ਼ ਮਿਲਿਆ: 2 “ਹੇ ਮਨੁੱਖ ਦੇ ਪੁੱਤਰ, ਆਪਣਾ ਮੂੰਹ ਯਰੂਸ਼ਲਮ ਵੱਲ ਕਰ ਕੇ ਪਵਿੱਤਰ ਸਥਾਨਾਂ ਦੇ ਖ਼ਿਲਾਫ਼ ਐਲਾਨ ਕਰ ਅਤੇ ਇਜ਼ਰਾਈਲ ਖ਼ਿਲਾਫ਼ ਭਵਿੱਖਬਾਣੀ ਕਰ। 3 ਇਜ਼ਰਾਈਲ ਨੂੰ ਕਹਿ, ‘ਯਹੋਵਾਹ ਇਹ ਕਹਿੰਦਾ ਹੈ: “ਮੈਂ ਤੇਰੇ ਖ਼ਿਲਾਫ਼ ਹਾਂ ਅਤੇ ਮੈਂ ਤੇਰੇ ʼਤੇ ਹਮਲਾ ਕਰਨ ਲਈ ਮਿਆਨ ਵਿੱਚੋਂ ਆਪਣੀ ਤਲਵਾਰ ਕੱਢਾਂਗਾ+ ਅਤੇ ਤੇਰੇ ਵਿੱਚੋਂ ਧਰਮੀ ਅਤੇ ਦੁਸ਼ਟ ਨੂੰ ਵੱਢ ਸੁੱਟਾਂਗਾ। 4 ਮੇਰੀ ਤਲਵਾਰ ਮਿਆਨ ਵਿੱਚੋਂ ਨਿਕਲੇਗੀ ਅਤੇ ਦੱਖਣ ਤੋਂ ਲੈ ਕੇ ਉੱਤਰ ਤਕ ਸਾਰਿਆਂ ʼਤੇ ਚੱਲੇਗੀ ਅਤੇ ਮੈਂ ਤੇਰੇ ਵਿੱਚੋਂ ਧਰਮੀ ਅਤੇ ਦੁਸ਼ਟ ਨੂੰ ਵੱਢ ਸੁੱਟਾਂਗਾ। 5 ਸਾਰੇ ਲੋਕਾਂ ਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਨੇ ਖੁਦ ਆਪਣੀ ਤਲਵਾਰ ਮਿਆਨ ਵਿੱਚੋਂ ਕੱਢੀ ਹੈ। ਇਹ ਵਾਪਸ ਮਿਆਨ ਵਿਚ ਨਹੀਂ ਜਾਵੇਗੀ।”’+
6 “ਹੇ ਮਨੁੱਖ ਦੇ ਪੁੱਤਰ, ਉਨ੍ਹਾਂ ਸਾਮ੍ਹਣੇ ਡਰ ਦੇ ਮਾਰੇ ਹਉਕੇ ਭਰ, ਹਾਂ, ਦੁੱਖ ਦੇ ਮਾਰੇ ਹਉਕੇ ਭਰ।+ 7 ਅਤੇ ਜੇ ਉਹ ਤੈਨੂੰ ਪੁੱਛਣ, ‘ਤੂੰ ਹਉਕੇ ਕਿਉਂ ਭਰ ਰਿਹਾ ਹੈਂ?’ ਤਾਂ ਤੂੰ ਉਨ੍ਹਾਂ ਨੂੰ ਕਹੀਂ, ‘ਉਸ ਖ਼ਬਰ ਦੇ ਕਾਰਨ।’ ਇਹ ਜ਼ਰੂਰ ਆਵੇਗੀ ਅਤੇ ਇਸ ਨੂੰ ਸੁਣ ਕੇ ਸਾਰਿਆਂ ਦੇ ਦਿਲ ਡਰ ਦੇ ਮਾਰੇ ਪਿਘਲ ਜਾਣਗੇ, ਉਨ੍ਹਾਂ ਦੇ ਹੱਥਾਂ ਵਿਚ ਜਾਨ ਨਹੀਂ ਰਹੇਗੀ, ਉਹ ਹਿੰਮਤ ਹਾਰ ਜਾਣਗੇ ਅਤੇ ਉਨ੍ਹਾਂ ਦੇ ਗੋਡਿਆਂ ਤੋਂ ਪਾਣੀ ਟਪਕੇਗਾ।*+ ‘ਦੇਖ! ਇਹ ਜ਼ਰੂਰ ਆਵੇਗੀ ਅਤੇ ਇਸ ਤਰ੍ਹਾਂ ਜ਼ਰੂਰ ਹੋਵੇਗਾ,’ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ।”
8 ਮੈਨੂੰ ਦੁਬਾਰਾ ਯਹੋਵਾਹ ਦਾ ਸੰਦੇਸ਼ ਮਿਲਿਆ: 9 “ਹੇ ਮਨੁੱਖ ਦੇ ਪੁੱਤਰ, ਭਵਿੱਖਬਾਣੀ ਕਰ ਅਤੇ ਕਹਿ, ‘ਯਹੋਵਾਹ ਇਹ ਕਹਿੰਦਾ ਹੈ: “ਇਕ ਤਲਵਾਰ, ਹਾਂ, ਇਕ ਤਲਵਾਰ+ ਤਿੱਖੀ ਕੀਤੀ ਗਈ ਹੈ ਅਤੇ ਲਿਸ਼ਕਾਈ ਗਈ ਹੈ। 10 ਇਸ ਨੂੰ ਵੱਡੀ ਗਿਣਤੀ ਵਿਚ ਲੋਕਾਂ ਨੂੰ ਵੱਢਣ ਲਈ ਤਿੱਖਾ ਕੀਤਾ ਗਿਆ ਹੈ; ਇਹ ਲਿਸ਼ਕਾਈ ਗਈ ਹੈ ਅਤੇ ਇਹ ਬਿਜਲੀ ਵਾਂਗ ਚਮਕਦੀ ਹੈ।”’”
“ਕੀ ਸਾਨੂੰ ਖ਼ੁਸ਼ੀਆਂ ਨਹੀਂ ਮਨਾਉਣੀਆਂ ਚਾਹੀਦੀਆਂ?”
“‘ਕੀ ਇਹ* ਮੇਰੇ ਆਪਣੇ ਪੁੱਤਰ ਦੇ ਰਾਜ-ਡੰਡੇ ਨੂੰ ਠੁਕਰਾ ਦੇਵੇਗੀ,+ ਜਿਵੇਂ ਇਹ ਸਾਰੇ ਦਰਖ਼ਤਾਂ ਨੂੰ ਠੁਕਰਾਉਂਦੀ ਹੈ?
11 “‘ਇਹ ਲਿਸ਼ਕਾਉਣ ਲਈ ਅਤੇ ਹੱਥ ਵਿਚ ਫੜਨ ਲਈ ਦਿੱਤੀ ਗਈ ਹੈ। ਇਹ ਤਲਵਾਰ ਤਿੱਖੀ ਕੀਤੀ ਗਈ ਹੈ ਅਤੇ ਲਿਸ਼ਕਾਈ ਗਈ ਹੈ ਤਾਂਕਿ ਵੱਢਣ ਵਾਲੇ ਦੇ ਹੱਥ ਵਿਚ ਦਿੱਤੀ ਜਾਵੇ।+
12 “‘ਹੇ ਮਨੁੱਖ ਦੇ ਪੁੱਤਰ, ਉੱਚੀ-ਉੱਚੀ ਰੋ ਅਤੇ ਕੀਰਨੇ ਪਾ+ ਕਿਉਂਕਿ ਇਹ ਤਲਵਾਰ ਮੇਰੇ ਲੋਕਾਂ ʼਤੇ ਚੱਲਣ ਵਾਲੀ ਹੈ; ਇਹ ਇਜ਼ਰਾਈਲ ਦੇ ਸਾਰੇ ਮੁਖੀਆਂ ʼਤੇ ਚੱਲੇਗੀ।+ ਮੇਰੇ ਲੋਕਾਂ ਦੇ ਨਾਲ-ਨਾਲ ਉਹ ਵੀ ਇਸ ਤਲਵਾਰ ਦੇ ਸ਼ਿਕਾਰ ਹੋਣਗੇ। ਇਸ ਲਈ ਦੁੱਖ ਦੇ ਮਾਰੇ ਆਪਣੇ ਪੱਟਾਂ ʼਤੇ ਹੱਥ ਮਾਰ। 13 ਜਾਂਚ-ਪੜਤਾਲ ਕੀਤੀ ਗਈ ਹੈ।+ ਜੇ ਤਲਵਾਰ ਨੇ ਰਾਜ-ਡੰਡਾ ਠੁਕਰਾ ਦਿੱਤਾ, ਤਾਂ ਕੀ ਹੋਵੇਗਾ? ਇਹ* ਖ਼ਤਮ ਹੋ ਜਾਵੇਗਾ,’+ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ।
14 “ਹੇ ਮਨੁੱਖ ਦੇ ਪੁੱਤਰ, ਭਵਿੱਖਬਾਣੀ ਕਰ ਅਤੇ ਹੱਥ ʼਤੇ ਹੱਥ ਮਾਰ ਕੇ ਤਿੰਨ ਵਾਰ ਕਹਿ, ‘ਇਕ ਤਲਵਾਰ!’ ਇਹ ਤਲਵਾਰ ਲੋਕਾਂ ਨੂੰ ਵੱਢਣ ਲਈ ਹੈ ਅਤੇ ਇਹ ਉਨ੍ਹਾਂ ਦੇ ਆਲੇ-ਦੁਆਲੇ ਘੁੰਮਦੀ ਹੈ। ਇਹ ਤਲਵਾਰ ਵੱਢ-ਵੱਢ ਕੇ ਲਾਸ਼ਾਂ ਦੇ ਢੇਰ ਲਾ ਦੇਵੇਗੀ।+ 15 ਉਨ੍ਹਾਂ ਦੇ ਦਿਲ ਡਰ ਦੇ ਮਾਰੇ ਪਿਘਲ ਜਾਣਗੇ+ ਅਤੇ ਬਹੁਤ ਸਾਰੇ ਲੋਕ ਸ਼ਹਿਰ ਦੇ ਦਰਵਾਜ਼ਿਆਂ ਕੋਲ ਡਿਗਣਗੇ; ਮੈਂ ਵੱਡੀ ਗਿਣਤੀ ਵਿਚ ਤਲਵਾਰ ਨਾਲ ਲੋਕਾਂ ਨੂੰ ਵੱਢਾਂਗਾ। ਹਾਂ, ਇਹ ਬਿਜਲੀ ਵਾਂਗ ਚਮਕਦੀ ਹੈ ਅਤੇ ਵੱਡੀ ਗਿਣਤੀ ਵਿਚ ਲੋਕਾਂ ਨੂੰ ਵੱਢਣ ਲਈ ਲਿਸ਼ਕਾਈ ਗਈ ਹੈ। 16 ਤੇਜ਼ੀ ਨਾਲ ਸੱਜੇ-ਖੱਬੇ ਵੱਢ। ਤੈਨੂੰ ਜਿੱਧਰ ਜਾਣ ਦਾ ਹੁਕਮ ਦਿੱਤਾ ਜਾਂਦਾ ਹੈ, ਉੱਧਰ ਜਾਹ। 17 ਮੈਂ ਵੀ ਹੱਥ ʼਤੇ ਹੱਥ ਮਾਰਾਂਗਾ ਅਤੇ ਸਜ਼ਾ ਦਿਆਂਗਾ ਅਤੇ ਫਿਰ ਹੀ ਮੇਰਾ ਗੁੱਸਾ ਸ਼ਾਂਤ ਹੋਵੇਗਾ।+ ਮੈਂ ਯਹੋਵਾਹ ਹਾਂ ਜਿਸ ਨੇ ਆਪ ਇਹ ਗੱਲ ਕਹੀ ਹੈ।”
18 ਫਿਰ ਮੈਨੂੰ ਦੁਬਾਰਾ ਯਹੋਵਾਹ ਦਾ ਸੰਦੇਸ਼ ਮਿਲਿਆ: 19 “ਹੇ ਮਨੁੱਖ ਦੇ ਪੁੱਤਰ, ਬਾਬਲ ਦੇ ਰਾਜੇ ਦੀ ਤਲਵਾਰ ਲਈ ਦੋ ਰਾਹਾਂ ʼਤੇ ਨਿਸ਼ਾਨ ਲਾ। ਦੋਵੇਂ ਰਾਹ ਇੱਕੋ ਹੀ ਦੇਸ਼ ਤੋਂ ਸ਼ੁਰੂ ਹੋਣਗੇ। ਜਿੱਥੇ ਸੜਕ ਤੋਂ ਦੋ ਰਾਹ ਨਿਕਲਣਗੇ ਅਤੇ ਇਹ ਰਾਹ ਦੋ ਸ਼ਹਿਰਾਂ ਨੂੰ ਜਾਣਗੇ, ਉੱਥੇ ਨਿਸ਼ਾਨ ਲਈ ਮੀਲ-ਪੱਥਰ* ਖੜ੍ਹਾ ਕਰ। 20 ਤੂੰ ਤਲਵਾਰ ਲਈ ਦੋਵੇਂ ਰਾਹਾਂ ʼਤੇ ਨਿਸ਼ਾਨ ਲਾ ਕਿ ਅੰਮੋਨੀਆਂ ਦੇ ਸ਼ਹਿਰ ਰੱਬਾਹ+ ʼਤੇ ਹਮਲਾ ਕਰਨ ਲਈ ਕਿਸ ਰਾਹ ਜਾਣਾ ਹੈ ਅਤੇ ਯਹੂਦਾਹ ਵਿਚ ਕਿਲੇਬੰਦ ਸ਼ਹਿਰ ਯਰੂਸ਼ਲਮ ʼਤੇ ਹਮਲਾ ਕਰਨ ਲਈ ਕਿਸ ਰਾਹ ਜਾਣਾ ਹੈ।+ 21 ਬਾਬਲ ਦਾ ਰਾਜਾ ਫਾਲ* ਪਾਉਣ ਲਈ ਸੜਕ ਦੇ ਦੁਰਾਹੇ ʼਤੇ ਰੁਕਦਾ ਹੈ ਜਿੱਥੋਂ ਦੋ ਰਾਹ ਨਿਕਲਦੇ ਹਨ। ਉਹ ਆਪਣੇ ਤੀਰ ਹਿਲਾਉਂਦਾ ਹੈ। ਉਹ ਆਪਣੇ ਬੁੱਤਾਂ* ਤੋਂ ਪੁੱਛਦਾ ਹੈ; ਉਹ ਜਾਨਵਰ ਦੀ ਕਲੇਜੀ ਦੀ ਜਾਂਚ ਕਰਦਾ ਹੈ। 22 ਉਸ ਦੇ ਸੱਜੇ ਹੱਥ ਵਿਚ ਫਾਲ ਦਾ ਜਵਾਬ ਹੈ ਕਿ ਉਹ ਯਰੂਸ਼ਲਮ ਜਾਵੇ, ਕਿਲਾਤੋੜ ਯੰਤਰ ਖੜ੍ਹੇ ਕਰੇ, ਕਤਲੇਆਮ ਦਾ ਹੁਕਮ ਦੇਵੇ, ਯੁੱਧ ਦਾ ਐਲਾਨ ਕਰੇ, ਦਰਵਾਜ਼ੇ ਤੋੜਨ ਵਾਲੇ ਯੰਤਰ ਖੜ੍ਹੇ ਕਰੇ, ਹਮਲਾ ਕਰਨ ਲਈ ਟਿੱਲਾ ਉਸਾਰੇ ਅਤੇ ਘੇਰਾਬੰਦੀ ਲਈ ਕੰਧ ਬਣਾਵੇ।+ 23 ਪਰ ਜਿਨ੍ਹਾਂ* ਨੇ ਉਨ੍ਹਾਂ* ਨਾਲ ਸਹੁੰ ਖਾਧੀ ਸੀ,+ ਉਨ੍ਹਾਂ ਦੀ ਨਜ਼ਰ ਵਿਚ ਇਹ ਫਾਲ ਝੂਠਾ ਹੋਵੇਗਾ। ਪਰ ਰਾਜਾ ਉਨ੍ਹਾਂ ਦਾ ਅਪਰਾਧ ਯਾਦ ਕਰੇਗਾ ਅਤੇ ਉਨ੍ਹਾਂ ਨੂੰ ਬੰਦੀ ਬਣਾ ਕੇ ਲੈ ਜਾਵੇਗਾ।+
24 “ਇਸ ਲਈ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: ‘ਤੁਸੀਂ ਆਪਣੇ ਗੁਨਾਹ ਜ਼ਾਹਰ ਕਰ ਕੇ ਅਤੇ ਆਪਣੇ ਸਾਰੇ ਕੰਮਾਂ ਰਾਹੀਂ ਆਪਣੇ ਪਾਪ ਪ੍ਰਗਟ ਕਰ ਕੇ ਆਪਣਾ ਅਪਰਾਧ ਚੇਤੇ ਕਰਾਇਆ ਹੈ। ਹੁਣ ਕਿਉਂਕਿ ਤੁਹਾਨੂੰ ਯਾਦ ਕੀਤਾ ਗਿਆ ਹੈ, ਇਸ ਲਈ ਦੁਸ਼ਮਣ ਤੁਹਾਨੂੰ ਜ਼ਬਰਦਸਤੀ ਲੈ ਜਾਵੇਗਾ।’
25 “ਪਰ ਤੇਰੀ ਵਾਰੀ ਆ ਗਈ ਹੈ, ਹੇ ਇਜ਼ਰਾਈਲ ਦੇ ਦੁਸ਼ਟ ਮੁਖੀ।+ ਤੂੰ ਬੁਰੀ ਤਰ੍ਹਾਂ ਜ਼ਖ਼ਮੀ ਹੈਂ। ਤੈਨੂੰ ਸਜ਼ਾ ਦੇ ਕੇ ਖ਼ਤਮ ਕਰਨ ਦਾ ਸਮਾਂ ਆ ਗਿਆ ਹੈ। 26 ਸਾਰੇ ਜਹਾਨ ਦਾ ਮਾਲਕ ਯਹੋਵਾਹ ਇਹ ਕਹਿੰਦਾ ਹੈ: ‘ਪਗੜੀ ਲਾਹ ਦੇ ਅਤੇ ਮੁਕਟ ਉਤਾਰ ਦੇ।+ ਕੋਈ ਵੀ ਚੀਜ਼ ਪਹਿਲਾਂ ਵਰਗੀ ਨਹੀਂ ਰਹੇਗੀ।+ ਨੀਵੇਂ ਨੂੰ ਉੱਚਾ+ ਅਤੇ ਉੱਚੇ ਨੂੰ ਨੀਵਾਂ ਕਰ।+ 27 ਮੈਂ ਇਸ ਨੂੰ ਬਰਬਾਦ ਕਰ ਦਿਆਂਗਾ, ਬਰਬਾਦ ਕਰ ਦਿਆਂਗਾ, ਹਾਂ, ਬਰਬਾਦ ਕਰ ਦਿਆਂਗਾ। ਇਹ ਕਿਸੇ ਨੂੰ ਨਹੀਂ ਮਿਲੇਗਾ ਜਦ ਤਕ ਉਹ ਨਹੀਂ ਆਉਂਦਾ ਜਿਸ ਦਾ ਇਸ ʼਤੇ ਕਾਨੂੰਨੀ ਹੱਕ ਹੈ+ ਅਤੇ ਮੈਂ ਇਹ ਉਸ ਨੂੰ ਦਿਆਂਗਾ।’+
28 “ਹੇ ਮਨੁੱਖ ਦੇ ਪੁੱਤਰ, ਭਵਿੱਖਬਾਣੀ ਕਰ ਅਤੇ ਕਹਿ, ‘ਸਾਰੇ ਜਹਾਨ ਦਾ ਮਾਲਕ ਯਹੋਵਾਹ ਅੰਮੋਨੀਆਂ ਦੀਆਂ ਬੇਇੱਜ਼ਤੀ ਭਰੀਆਂ ਗੱਲਾਂ ਸੁਣ ਕੇ ਉਨ੍ਹਾਂ ਦੇ ਖ਼ਿਲਾਫ਼ ਕਹਿੰਦਾ ਹੈ: “ਇਕ ਤਲਵਾਰ! ਹਾਂ, ਇਕ ਤਲਵਾਰ ਵੱਡੀ ਗਿਣਤੀ ਵਿਚ ਲੋਕਾਂ ਨੂੰ ਵੱਢਣ ਲਈ ਮਿਆਨ ਵਿੱਚੋਂ ਕੱਢੀ ਗਈ ਹੈ; ਇਹ ਵੱਢਣ ਲਈ ਲਿਸ਼ਕਾਈ ਗਈ ਹੈ ਅਤੇ ਬਿਜਲੀ ਵਾਂਗ ਚਮਕਦੀ ਹੈ। 29 ਭਾਵੇਂ ਤੇਰੇ ਬਾਰੇ ਝੂਠੇ ਦਰਸ਼ਣ ਦੇਖੇ ਗਏ ਹਨ ਅਤੇ ਝੂਠੇ ਫਾਲ ਪਾਏ ਗਏ ਹਨ, ਤਾਂ ਵੀ ਤੈਨੂੰ ਮਾਰਿਆ ਜਾਵੇਗਾ ਅਤੇ ਵੱਢੇ ਹੋਏ ਦੁਸ਼ਟ ਆਦਮੀਆਂ ਦੇ ਢੇਰ* ʼਤੇ ਸੁੱਟਿਆ ਜਾਵੇਗਾ। ਦੁਸ਼ਟਾਂ ਦਾ ਦਿਨ ਆ ਗਿਆ ਹੈ, ਹਾਂ, ਉਨ੍ਹਾਂ ਨੂੰ ਸਜ਼ਾ ਦੇ ਕੇ ਖ਼ਤਮ ਕਰਨ ਦਾ ਸਮਾਂ ਆ ਗਿਆ ਹੈ। 30 ਤਲਵਾਰ ਨੂੰ ਮਿਆਨ ਵਿਚ ਪਾ। ਮੈਂ ਉਸ ਜਗ੍ਹਾ ਤੇਰਾ ਨਿਆਂ ਕਰਾਂਗਾ ਜਿੱਥੇ ਤੂੰ ਜੰਮਿਆ ਸੀ* ਅਤੇ ਜਿੱਥੋਂ ਤੂੰ ਆਇਆਂ ਹੈਂ। 31 ਮੈਂ ਤੇਰੇ ʼਤੇ ਆਪਣਾ ਕ੍ਰੋਧ ਵਰ੍ਹਾਵਾਂਗਾ। ਮੈਂ ਤੈਨੂੰ ਆਪਣੇ ਗੁੱਸੇ ਦੀ ਅੱਗ ਨਾਲ ਸਾੜ ਸੁੱਟਾਂਗਾ ਅਤੇ ਤੈਨੂੰ ਜ਼ਾਲਮਾਂ ਦੇ ਹਵਾਲੇ ਕਰ ਦਿਆਂਗਾ ਜੋ ਤਬਾਹੀ ਮਚਾਉਣ ਵਿਚ ਮਾਹਰ ਹਨ।+ 32 ਤੂੰ ਅੱਗ ਲਈ ਬਾਲ਼ਣ ਬਣ ਜਾਵੇਂਗਾ;+ ਦੇਸ਼ ਵਿਚ ਤੇਰਾ ਖ਼ੂਨ ਵਹਾਇਆ ਜਾਵੇਗਾ ਅਤੇ ਫਿਰ ਤੈਨੂੰ ਕਦੇ ਯਾਦ ਨਹੀਂ ਕੀਤਾ ਜਾਵੇਗਾ ਕਿਉਂਕਿ ਮੈਂ ਯਹੋਵਾਹ ਹਾਂ ਜਿਸ ਨੇ ਆਪ ਇਹ ਗੱਲ ਕਹੀ ਹੈ।”’”
22 ਫਿਰ ਮੈਨੂੰ ਦੁਬਾਰਾ ਯਹੋਵਾਹ ਦਾ ਸੰਦੇਸ਼ ਮਿਲਿਆ: 2 “ਹੇ ਮਨੁੱਖ ਦੇ ਪੁੱਤਰ, ਕੀ ਤੂੰ ਇਸ ਖ਼ੂਨੀ ਸ਼ਹਿਰ+ ਨੂੰ ਸਜ਼ਾ ਦਾ ਫ਼ੈਸਲਾ ਸੁਣਾਉਣ* ਅਤੇ ਇਸ ਦੇ ਸਾਰੇ ਘਿਣਾਉਣੇ ਕੰਮਾਂ ਬਾਰੇ ਦੱਸਣ ਲਈ ਤਿਆਰ ਹੈਂ?+ 3 ਤੂੰ ਕਹੀਂ, ‘ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: “ਹੇ ਖ਼ੂਨ ਨਾਲ ਲੱਥ-ਪੱਥ ਸ਼ਹਿਰ,+ ਤੇਰਾ ਸਮਾਂ ਆ ਗਿਆ ਹੈ।+ ਤੂੰ ਆਪਣੇ ਆਪ ਨੂੰ ਭ੍ਰਿਸ਼ਟ ਕਰਨ ਲਈ ਘਿਣਾਉਣੀਆਂ ਮੂਰਤਾਂ* ਬਣਾਉਂਦਾ ਹੈਂ।+ 4 ਇੰਨਾ ਖ਼ੂਨ ਵਹਾਉਣ ਕਰਕੇ ਤੂੰ ਦੋਸ਼ੀ ਹੈਂ+ ਅਤੇ ਤੇਰੀਆਂ ਘਿਣਾਉਣੀਆਂ ਮੂਰਤਾਂ ਨੇ ਤੈਨੂੰ ਅਸ਼ੁੱਧ ਕਰ ਦਿੱਤਾ ਹੈ।+ ਤੂੰ ਆਪਣੇ ਦਿਨ ਘਟਾ ਲਏ ਹਨ ਅਤੇ ਤੇਰੇ ਤੋਂ ਲੇਖਾ ਲੈਣ ਦੇ ਸਾਲ ਆ ਗਏ ਹਨ। ਇਸ ਕਰਕੇ ਮੈਂ ਤੇਰਾ ਉਹ ਹਸ਼ਰ ਕਰਾਂਗਾ ਜਿਸ ਨੂੰ ਦੇਖ ਕੇ ਕੌਮਾਂ ਤੈਨੂੰ ਮਜ਼ਾਕ ਕਰਨਗੀਆਂ ਅਤੇ ਸਾਰੇ ਦੇਸ਼ ਤੇਰਾ ਮਖੌਲ ਉਡਾਉਣਗੇ।+ 5 ਦੂਰ ਅਤੇ ਨੇੜੇ ਦੇ ਦੇਸ਼ ਤੈਨੂੰ ਠੱਠਾ ਕਰਨਗੇ।+ ਤੂੰ ਬਦਨਾਮ ਸ਼ਹਿਰ ਹੈਂ ਅਤੇ ਤੇਰੇ ਵਿਚ ਗੜਬੜੀ ਫੈਲੀ ਹੋਈ ਹੈ। 6 ਦੇਖ! ਤੇਰੇ ਵਿਚ ਇਜ਼ਰਾਈਲ ਦੇ ਸਾਰੇ ਮੁਖੀ ਖ਼ੂਨ ਵਹਾਉਣ ਲਈ ਆਪਣੇ ਅਧਿਕਾਰ ਦਾ ਇਸਤੇਮਾਲ ਕਰਦੇ ਹਨ।+ 7 ਤੇਰੇ ਵਿਚ ਲੋਕ ਆਪਣੇ ਮਾਤਾ-ਪਿਤਾ ਦੀ ਬੇਇੱਜ਼ਤੀ ਕਰਦੇ ਹਨ।+ ਉਹ ਪਰਦੇਸੀਆਂ ਨਾਲ ਠੱਗੀ ਮਾਰਦੇ ਹਨ, ਯਤੀਮਾਂ* ਅਤੇ ਵਿਧਵਾਵਾਂ ਨਾਲ ਬਦਸਲੂਕੀ ਕਰਦੇ ਹਨ।”’”+
8 “‘ਤੂੰ ਮੇਰੇ ਪਵਿੱਤਰ ਸਥਾਨਾਂ ਨੂੰ ਤੁੱਛ ਸਮਝਿਆ ਅਤੇ ਮੇਰੇ ਸਬਤਾਂ ਨੂੰ ਭ੍ਰਿਸ਼ਟ ਕੀਤਾ।+ 9 ਤੇਰੇ ਵਿਚ ਦੂਜਿਆਂ ਨੂੰ ਬਦਨਾਮ ਕਰਨ ਵਾਲੇ ਲੋਕ ਰਹਿੰਦੇ ਹਨ ਜਿਨ੍ਹਾਂ ਦਾ ਕੰਮ ਖ਼ੂਨ ਵਹਾਉਣਾ ਹੈ।+ ਉਹ ਤੇਰੇ ਪਹਾੜਾਂ ʼਤੇ ਬਲ਼ੀਆਂ ਖਾਂਦੇ ਹਨ ਅਤੇ ਤੇਰੇ ਵਿਚਕਾਰ ਬਦਚਲਣੀ ਕਰਨ ਵਿਚ ਲੱਗੇ ਰਹਿੰਦੇ ਹਨ।+ 10 ਤੇਰੇ ਵਿਚ ਲੋਕ ਆਪਣੇ ਪਿਤਾ ਦੇ ਵਿਛਾਉਣੇ ਦਾ ਨਿਰਾਦਰ ਕਰਦੇ ਹਨ*+ ਅਤੇ ਉਨ੍ਹਾਂ ਔਰਤਾਂ ਨਾਲ ਸੰਬੰਧ ਬਣਾਉਂਦੇ ਹਨ ਜੋ ਮਾਹਵਾਰੀ ਕਰਕੇ ਅਸ਼ੁੱਧ ਹਨ।+ 11 ਤੇਰੇ ਵਿਚ ਕੋਈ ਆਪਣੇ ਗੁਆਂਢੀ ਦੀ ਪਤਨੀ ਨਾਲ ਘਿਣਾਉਣਾ ਕੰਮ ਕਰਦਾ ਹੈ,+ ਕੋਈ ਆਪਣੀ ਹੀ ਨੂੰਹ ਨਾਲ ਬਦਚਲਣੀ ਕਰਦਾ ਹੈ+ ਅਤੇ ਕੋਈ ਆਪਣੀ ਹੀ ਭੈਣ ਨਾਲ ਜ਼ਬਰਦਸਤੀ ਕਰਦਾ ਹੈ ਜੋ ਉਸ ਦੇ ਪਿਤਾ ਦੀ ਧੀ ਹੈ।+ 12 ਤੇਰੇ ਵਿਚ ਲੋਕ ਖ਼ੂਨ ਵਹਾਉਣ ਲਈ ਰਿਸ਼ਵਤ ਲੈਂਦੇ ਹਨ।+ ਉਹ ਵਿਆਜ ʼਤੇ ਪੈਸਾ ਉਧਾਰ ਦਿੰਦੇ ਹਨ,+ ਸੂਦਖੋਰੀ ਕਰਦੇ ਹਨ ਅਤੇ ਆਪਣੇ ਗੁਆਂਢੀ ਤੋਂ ਧੱਕੇ ਨਾਲ ਪੈਸਾ ਲੈਂਦੇ ਹਨ।+ ਹਾਂ, ਤੂੰ ਮੈਨੂੰ ਪੂਰੀ ਤਰ੍ਹਾਂ ਭੁੱਲ ਗਿਆ ਹੈਂ,’ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ।
13 “‘ਦੇਖ! ਜਦੋਂ ਮੈਂ ਤੇਰੀ ਬੇਈਮਾਨੀ ਦੀ ਕਮਾਈ ਅਤੇ ਤੇਰੇ ਵਿਚ ਹੁੰਦੇ ਖ਼ੂਨ-ਖ਼ਰਾਬੇ ਨੂੰ ਦੇਖਦਾ ਹਾਂ, ਤਾਂ ਮੈਂ ਘਿਰਣਾ ਨਾਲ ਆਪਣੇ ਹੱਥ ʼਤੇ ਹੱਥ ਮਾਰਦਾ ਹਾਂ। 14 ਜਿਸ ਦਿਨ ਮੈਂ ਤੇਰੇ ਖ਼ਿਲਾਫ਼ ਕਾਰਵਾਈ ਕਰਾਂਗਾ, ਤਾਂ ਕੀ ਉਸ ਦਿਨ ਤੇਰਾ ਦਿਲ ਮਜ਼ਬੂਤ ਰਹੇਗਾ ਅਤੇ ਤੇਰੇ ਹੱਥਾਂ ਵਿਚ ਤਾਕਤ ਰਹੇਗੀ?+ ਮੈਂ ਯਹੋਵਾਹ ਹਾਂ ਜਿਸ ਨੇ ਆਪ ਇਹ ਗੱਲ ਕਹੀ ਹੈ ਅਤੇ ਮੈਂ ਤੇਰੇ ਖ਼ਿਲਾਫ਼ ਜ਼ਰੂਰ ਕਾਰਵਾਈ ਕਰਾਂਗਾ। 15 ਮੈਂ ਤੈਨੂੰ ਕੌਮਾਂ ਵਿਚ ਖਿੰਡਾ ਦਿਆਂਗਾ ਅਤੇ ਦੇਸ਼ਾਂ ਵਿਚ ਤਿੱਤਰ-ਬਿੱਤਰ ਕਰ ਦਿਆਂਗਾ+ ਅਤੇ ਤੇਰੀ ਅਸ਼ੁੱਧਤਾ ਦਾ ਅੰਤ ਕਰ ਦਿਆਂਗਾ।+ 16 ਤੈਨੂੰ ਦੂਜੀਆਂ ਕੌਮਾਂ ਦੇ ਸਾਮ੍ਹਣੇ ਬੇਇੱਜ਼ਤ ਕੀਤਾ ਜਾਵੇਗਾ ਅਤੇ ਤੈਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ।’”+
17 ਫਿਰ ਮੈਨੂੰ ਦੁਬਾਰਾ ਯਹੋਵਾਹ ਦਾ ਸੰਦੇਸ਼ ਮਿਲਿਆ: 18 “ਹੇ ਮਨੁੱਖ ਦੇ ਪੁੱਤਰ, ਇਜ਼ਰਾਈਲ ਦਾ ਘਰਾਣਾ ਮੇਰੇ ਲਈ ਧਾਤ ਦੀ ਮੈਲ਼ ਵਾਂਗ ਬੇਕਾਰ ਬਣ ਗਿਆ ਹੈ। ਉਹ ਸਾਰੇ ਭੱਠੀ ਵਿਚ ਪਾਏ ਤਾਂਬੇ, ਟੀਨ, ਲੋਹੇ ਅਤੇ ਸਿੱਕੇ ਵਰਗੇ ਹਨ। ਉਹ ਚਾਂਦੀ ਦੀ ਮੈਲ਼ ਵਰਗੇ ਬਣ ਗਏ ਹਨ।+
19 “ਇਸ ਲਈ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: ‘ਕਿਉਂਕਿ ਤੁਸੀਂ ਸਾਰੇ ਧਾਤ ਦੀ ਮੈਲ਼ ਵਾਂਗ ਬੇਕਾਰ ਬਣ ਗਏ ਹੋ,+ ਇਸ ਕਰਕੇ ਮੈਂ ਤੁਹਾਨੂੰ ਯਰੂਸ਼ਲਮ ਵਿਚ ਇਕੱਠਾ ਕਰਨ ਜਾ ਰਿਹਾ ਹਾਂ। 20 ਜਿਵੇਂ ਚਾਂਦੀ, ਤਾਂਬਾ, ਲੋਹਾ, ਸਿੱਕਾ ਅਤੇ ਟੀਨ ਇਕੱਠਾ ਕਰ ਕੇ ਭੱਠੀ ਵਿਚ ਪਾਇਆ ਜਾਂਦਾ ਹੈ ਅਤੇ ਅੱਗ ਨੂੰ ਹੋਰ ਤੇਜ਼ ਕਰਨ ਲਈ ਹਵਾ ਦਿੱਤੀ ਜਾਂਦੀ ਹੈ ਤਾਂਕਿ ਇਹ ਸਾਰੀਆਂ ਧਾਤਾਂ ਪਿਘਲ ਜਾਣ, ਉਸੇ ਤਰ੍ਹਾਂ ਮੈਂ ਕ੍ਰੋਧ ਅਤੇ ਗੁੱਸੇ ਵਿਚ ਆ ਕੇ ਤੁਹਾਨੂੰ ਇਕੱਠਾ ਕਰਾਂਗਾ ਅਤੇ ਆਪਣੇ ਗੁੱਸੇ ਦੀ ਅੱਗ ਨੂੰ ਹਵਾ ਦੇ ਕੇ ਤੁਹਾਨੂੰ ਪਿਘਲਾ ਦਿਆਂਗਾ।+ 21 ਹਾਂ, ਮੈਂ ਤੁਹਾਨੂੰ ਇਕੱਠਾ ਕਰਾਂਗਾ ਅਤੇ ਆਪਣੇ ਗੁੱਸੇ ਦੀ ਅੱਗ ਨੂੰ ਹਵਾ ਦਿਆਂਗਾ+ ਅਤੇ ਤੁਸੀਂ ਸ਼ਹਿਰ ਦੇ ਅੰਦਰ ਪਿਘਲ ਜਾਓਗੇ।+ 22 ਜਿਵੇਂ ਚਾਂਦੀ ਭੱਠੀ ਵਿਚ ਪਿਘਲ ਜਾਂਦੀ ਹੈ, ਉਸੇ ਤਰ੍ਹਾਂ ਤੁਸੀਂ ਵੀ ਸ਼ਹਿਰ ਵਿਚ ਪਿਘਲ ਜਾਓਗੇ ਅਤੇ ਤੁਹਾਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਨੇ ਹੀ ਤੁਹਾਡੇ ਉੱਤੇ ਆਪਣੇ ਗੁੱਸੇ ਦੀ ਅੱਗ ਵਰ੍ਹਾਈ ਹੈ।’”
23 ਮੈਨੂੰ ਦੁਬਾਰਾ ਯਹੋਵਾਹ ਦਾ ਸੰਦੇਸ਼ ਮਿਲਿਆ: 24 “ਹੇ ਮਨੁੱਖ ਦੇ ਪੁੱਤਰ, ਉਸ ਨੂੰ ਕਹਿ, ‘ਤੂੰ ਉਹ ਦੇਸ਼ ਹੈਂ ਜਿਸ ਨੂੰ ਮੇਰੇ ਕ੍ਰੋਧ ਦੇ ਦਿਨ ਨਾ ਤਾਂ ਸ਼ੁੱਧ ਕੀਤਾ ਜਾਵੇਗਾ ਅਤੇ ਨਾ ਹੀ ਇੱਥੇ ਮੀਂਹ ਪਵੇਗਾ। 25 ਤੇਰੇ ਨਬੀ ਸਾਜ਼ਸ਼ਾਂ ਘੜਦੇ ਹਨ।+ ਉਹ ਸ਼ਿਕਾਰ ਨੂੰ ਪਾੜਨ ਵਾਲੇ ਗਰਜਦੇ ਸ਼ੇਰ ਵਾਂਗ ਹਨ।+ ਉਹ ਲੋਕਾਂ ਨੂੰ ਨਿਗਲ਼ ਰਹੇ ਹਨ। ਉਹ ਖ਼ਜ਼ਾਨਿਆਂ ਅਤੇ ਕੀਮਤੀ ਚੀਜ਼ਾਂ ʼਤੇ ਕਬਜ਼ਾ ਕਰ ਰਹੇ ਹਨ। ਉਨ੍ਹਾਂ ਨੇ ਬਹੁਤ ਸਾਰੀਆਂ ਔਰਤਾਂ ਨੂੰ ਵਿਧਵਾ ਬਣਾ ਦਿੱਤਾ ਹੈ। 26 ਤੇਰੇ ਪੁਜਾਰੀਆਂ ਨੇ ਮੇਰੇ ਕਾਨੂੰਨ ਦੀ ਉਲੰਘਣਾ ਕੀਤੀ ਹੈ+ ਅਤੇ ਉਹ ਮੇਰੇ ਪਵਿੱਤਰ ਸਥਾਨਾਂ ਨੂੰ ਭ੍ਰਿਸ਼ਟ ਕਰ ਰਹੇ ਹਨ।+ ਉਹ ਪਵਿੱਤਰ ਅਤੇ ਆਮ ਚੀਜ਼ਾਂ ਵਿਚ ਫ਼ਰਕ ਨਹੀਂ ਕਰਦੇ,+ ਲੋਕਾਂ ਨੂੰ ਸ਼ੁੱਧ ਅਤੇ ਅਸ਼ੁੱਧ ਵਿਚ ਫ਼ਰਕ ਨਹੀਂ ਦੱਸਦੇ,+ ਮੇਰੇ ਸਬਤਾਂ ਨੂੰ ਮਨਾਉਣ ਤੋਂ ਇਨਕਾਰ ਕਰਦੇ ਹਨ ਅਤੇ ਮੇਰੀ ਬੇਅਦਬੀ ਕਰਦੇ ਹਨ। 27 ਉਸ ਦੇ ਹਾਕਮ ਸ਼ਿਕਾਰ ਨੂੰ ਪਾੜਨ ਵਾਲੇ ਬਘਿਆੜਾਂ ਵਰਗੇ ਹਨ; ਉਹ ਬੇਈਮਾਨੀ ਦੀ ਕਮਾਈ ਲਈ ਲੋਕਾਂ ਦਾ ਖ਼ੂਨ ਵਹਾਉਂਦੇ ਅਤੇ ਉਨ੍ਹਾਂ ਨੂੰ ਜਾਨੋਂ ਮਾਰਦੇ ਹਨ।+ 28 ਉਸ ਦੇ ਨਬੀ ਉਨ੍ਹਾਂ ਦੇ ਬੁਰੇ ਕੰਮਾਂ ʼਤੇ ਚਿੱਟੀ ਕਲੀ ਫੇਰਦੇ ਹਨ। ਉਹ ਝੂਠੇ ਦਰਸ਼ਣ ਦੇਖਦੇ ਅਤੇ ਝੂਠੇ ਫਾਲ* ਪਾਉਂਦੇ ਹਨ+ ਅਤੇ ਕਹਿੰਦੇ ਹਨ: “ਸਾਰੇ ਜਹਾਨ ਦਾ ਮਾਲਕ ਯਹੋਵਾਹ ਇਹ ਕਹਿੰਦਾ ਹੈ,” ਜਦ ਕਿ ਯਹੋਵਾਹ ਨੇ ਤਾਂ ਇਹ ਕਿਹਾ ਹੀ ਨਹੀਂ। 29 ਦੇਸ਼ ਦੇ ਲੋਕਾਂ ਨੇ ਠੱਗੀਆਂ ਮਾਰੀਆਂ ਹਨ, ਲੁੱਟ-ਮਾਰ ਕੀਤੀ ਹੈ,+ ਲੋੜਵੰਦਾਂ ਅਤੇ ਗ਼ਰੀਬਾਂ ਨਾਲ ਬਦਸਲੂਕੀ ਕੀਤੀ ਹੈ, ਪਰਦੇਸੀਆਂ ਨਾਲ ਧੋਖਾਧੜੀ ਕੀਤੀ ਹੈ ਅਤੇ ਉਨ੍ਹਾਂ ਨਾਲ ਨਿਆਂ ਨਹੀਂ ਕੀਤਾ।’
30 “‘ਮੈਂ ਉਨ੍ਹਾਂ ਵਿਚ ਇਕ ਅਜਿਹੇ ਆਦਮੀ ਨੂੰ ਲੱਭ ਰਿਹਾ ਸੀ ਜੋ ਪੱਥਰ ਦੀ ਕੰਧ ਦੀ ਮੁਰੰਮਤ ਕਰ ਸਕੇ ਜਾਂ ਦੇਸ਼ ਦੇ ਲੋਕਾਂ ਦੀ ਖ਼ਾਤਰ ਮੇਰੇ ਸਾਮ੍ਹਣੇ ਕੰਧ ਦੇ ਪਾੜ ਵਿਚ ਖੜ੍ਹਾ ਹੋ ਸਕੇ ਤਾਂਕਿ ਦੇਸ਼ ਨਾਸ਼ ਨਾ ਹੋਵੇ,+ ਪਰ ਮੈਨੂੰ ਅਜਿਹਾ ਕੋਈ ਆਦਮੀ ਨਾ ਲੱਭਾ। 31 ਇਸ ਲਈ ਮੈਂ ਉਨ੍ਹਾਂ ʼਤੇ ਆਪਣਾ ਕ੍ਰੋਧ ਵਰ੍ਹਾਵਾਂਗਾ ਅਤੇ ਉਨ੍ਹਾਂ ਨੂੰ ਆਪਣੇ ਗੁੱਸੇ ਦੀ ਅੱਗ ਨਾਲ ਭਸਮ ਕਰ ਦਿਆਂਗਾ। ਮੈਂ ਉਨ੍ਹਾਂ ਦੇ ਚਾਲ-ਚਲਣ ਅਨੁਸਾਰ ਉਨ੍ਹਾਂ ਨੂੰ ਸਜ਼ਾ ਦਿਆਂਗਾ,’ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ।”
23 ਮੈਨੂੰ ਦੁਬਾਰਾ ਯਹੋਵਾਹ ਦਾ ਸੰਦੇਸ਼ ਮਿਲਿਆ: 2 “ਹੇ ਮਨੁੱਖ ਦੇ ਪੁੱਤਰ, ਦੋ ਔਰਤਾਂ ਸਨ ਜੋ ਇੱਕੋ ਮਾਂ ਦੀਆਂ ਧੀਆਂ ਸਨ।+ 3 ਉਹ ਆਪਣੀ ਜਵਾਨੀ ਤੋਂ ਹੀ ਮਿਸਰ ਵਿਚ ਵੇਸਵਾਵਾਂ ਬਣ ਗਈਆਂ+ ਅਤੇ ਉੱਥੇ ਉਨ੍ਹਾਂ ਨੇ ਹਰਾਮਕਾਰੀ ਕੀਤੀ ਅਤੇ ਆਪਣਾ ਕੁਆਰਾਪਣ ਗੁਆ ਦਿੱਤਾ। 4 ਉਨ੍ਹਾਂ ਵਿੱਚੋਂ ਵੱਡੀ ਦਾ ਨਾਂ ਆਹਾਲਾਹ* ਸੀ ਅਤੇ ਛੋਟੀ ਦਾ ਨਾਂ ਆਹਾਲੀਬਾਹ* ਸੀ। ਉਹ ਮੇਰੀਆਂ ਹੋ ਗਈਆਂ ਅਤੇ ਉਨ੍ਹਾਂ ਨੇ ਮੇਰੇ ਲਈ ਧੀਆਂ-ਪੁੱਤਰ ਪੈਦਾ ਕੀਤੇ। ਆਹਾਲਾਹ ਸਾਮਰਿਯਾ ਹੈ+ ਅਤੇ ਆਹਾਲੀਬਾਹ ਯਰੂਸ਼ਲਮ ਹੈ।
5 “ਹਾਲਾਂਕਿ ਆਹਾਲਾਹ ਮੇਰੀ ਸੀ, ਇਸ ਦੇ ਬਾਵਜੂਦ ਉਹ ਵੇਸਵਾ ਦੇ ਕੰਮ ਕਰਨ ਲੱਗ ਪਈ।+ ਉਹ ਆਪਣੀ ਹਵਸ ਮਿਟਾਉਣ ਲਈ ਆਪਣੇ ਅੱਸ਼ੂਰੀ ਯਾਰਾਂ ਕੋਲ ਜਾਣ ਲੱਗੀ+ ਜੋ ਉਸ ਦੇ ਗੁਆਂਢੀ ਸਨ।+ 6 ਉਸ ਦੇ ਯਾਰ ਨੀਲੀਆਂ ਪੁਸ਼ਾਕਾਂ ਪਹਿਨਣ ਵਾਲੇ ਰਾਜਪਾਲ ਅਤੇ ਅਧਿਕਾਰੀ ਸਨ ਜੋ ਸਾਰੇ ਗੱਭਰੂ ਜਵਾਨ ਸਨ ਅਤੇ ਘੋੜਿਆਂ ʼਤੇ ਸਵਾਰੀ ਕਰਦੇ ਸਨ। 7 ਉਹ ਅੱਸ਼ੂਰੀਆਂ ਦੇ ਸਾਰੇ ਮੰਨੇ-ਪ੍ਰਮੰਨੇ ਬੰਦਿਆਂ ਨਾਲ ਵੇਸਵਾਗਿਰੀ ਕਰਦੀ ਰਹੀ। ਉਸ ਨੇ ਖ਼ੁਦ ਨੂੰ ਉਨ੍ਹਾਂ ਦੀਆਂ ਘਿਣਾਉਣੀਆਂ ਮੂਰਤਾਂ* ਨਾਲ ਭ੍ਰਿਸ਼ਟ ਕੀਤਾ+ ਜਿਨ੍ਹਾਂ ਕੋਲ ਉਹ ਆਪਣੀ ਹਵਸ ਮਿਟਾਉਣ ਜਾਂਦੀ ਸੀ। 8 ਉਹ ਮਿਸਰ ਵਿਚ ਜੋ ਵੇਸਵਾ ਦੇ ਕੰਮ ਕਰਦੀ ਸੀ, ਉਸ ਨੇ ਉਹ ਕੰਮ ਨਹੀਂ ਛੱਡੇ। ਉਹ ਆਪਣੀ ਜਵਾਨੀ ਤੋਂ ਹੀ ਮਿਸਰੀਆਂ ਨਾਲ ਸੁੱਤੀ ਅਤੇ ਉਸ ਨੇ ਆਪਣਾ ਕੁਆਰਾਪਣ ਗੁਆ ਦਿੱਤਾ। ਉਹ ਉਸ ਨਾਲ ਆਪਣੀ ਹਵਸ ਮਿਟਾਉਂਦੇ* ਰਹੇ।+ 9 ਇਸ ਲਈ ਮੈਂ ਉਸ ਨੂੰ ਉਸ ਦੇ ਅੱਸ਼ੂਰੀ ਯਾਰਾਂ ਦੇ ਹੱਥ ਵਿਚ ਦੇ ਦਿੱਤਾ+ ਜਿਨ੍ਹਾਂ ਨਾਲ ਉਹ ਆਪਣੀ ਹਵਸ ਮਿਟਾਉਂਦੀ ਸੀ। 10 ਉਨ੍ਹਾਂ ਨੇ ਉਸ ਨੂੰ ਨੰਗੀ ਕਰ ਦਿੱਤਾ+ ਅਤੇ ਉਸ ਦੇ ਧੀਆਂ-ਪੁੱਤਰ ਖੋਹ ਲਏ+ ਅਤੇ ਉਸ ਨੂੰ ਤਲਵਾਰ ਨਾਲ ਵੱਢ ਸੁੱਟਿਆ। ਉਹ ਔਰਤਾਂ ਵਿਚ ਬਦਨਾਮ ਹੋ ਗਈ। ਅੱਸ਼ੂਰੀਆਂ ਨੇ ਉਸ ਦਾ ਨਿਆਂ ਕਰ ਕੇ ਉਸ ਨੂੰ ਸਜ਼ਾ ਦਿੱਤੀ।
11 “ਜਦ ਉਸ ਦੀ ਭੈਣ ਆਹਾਲੀਬਾਹ ਨੇ ਇਹ ਸਭ ਕੁਝ ਦੇਖਿਆ, ਤਾਂ ਉਹ ਆਪਣੀ ਹਵਸ ਮਿਟਾਉਣ ਲਈ ਆਪਣੀ ਭੈਣ ਤੋਂ ਵੀ ਜ਼ਿਆਦਾ ਬਦਚਲਣੀ ਕਰਨ ਲੱਗ ਪਈ ਅਤੇ ਉਸ ਨਾਲੋਂ ਵੀ ਕਿਤੇ ਵੱਧ ਵੇਸਵਾਗਿਰੀ ਕੀਤੀ।+ 12 ਉਹ ਆਪਣੀ ਹਵਸ ਮਿਟਾਉਣ ਲਈ ਆਪਣੇ ਗੁਆਂਢੀ ਅੱਸ਼ੂਰੀਆਂ ਕੋਲ ਜਾਣ ਲੱਗੀ।+ ਉਸ ਦੇ ਯਾਰ ਬੇਸ਼ਕੀਮਤੀ ਪੁਸ਼ਾਕਾਂ ਪਹਿਨਣ ਵਾਲੇ ਰਾਜਪਾਲ ਅਤੇ ਅਧਿਕਾਰੀ ਸਨ ਜੋ ਸਾਰੇ ਗੱਭਰੂ ਜਵਾਨ ਸਨ ਅਤੇ ਘੋੜਿਆਂ ʼਤੇ ਸਵਾਰੀ ਕਰਦੇ ਸਨ। 13 ਮੈਂ ਦੇਖਿਆ ਕਿ ਉਸ ਨੇ ਵੀ ਖ਼ੁਦ ਨੂੰ ਭ੍ਰਿਸ਼ਟ ਕਰ ਲਿਆ ਅਤੇ ਉਹ ਦੋਵੇਂ ਇੱਕੋ ਰਾਹ ਤੁਰੀਆਂ ਸਨ।+ 14 ਪਰ ਉਹ ਵਧ-ਚੜ੍ਹ ਕੇ ਵੇਸਵਾ ਦੇ ਕੰਮ ਕਰਦੀ ਰਹੀ। ਉਸ ਨੇ ਕੰਧ ʼਤੇ ਕਸਦੀ ਆਦਮੀਆਂ ਦੀਆਂ ਤਸਵੀਰਾਂ ਉੱਕਰੀਆਂ ਦੇਖੀਆਂ ਜੋ ਸੰਧੂਰੀ* ਰੰਗ ਨਾਲ ਰੰਗੀਆਂ ਹੋਈਆਂ ਸਨ। 15 ਉਨ੍ਹਾਂ ਨੇ ਆਪਣੇ ਲੱਕ ਦੁਆਲੇ ਕਮਰਬੰਦ ਬੰਨ੍ਹੇ ਹੋਏ ਸਨ ਅਤੇ ਸਿਰਾਂ ʼਤੇ ਲਹਿਰਾਉਂਦੀਆਂ ਪਗੜੀਆਂ ਬੰਨ੍ਹੀਆਂ ਹੋਈਆਂ ਸਨ। ਉਹ ਸਾਰੇ ਬਾਬਲੀ ਯੋਧੇ ਲੱਗਦੇ ਸਨ ਅਤੇ ਕਸਦੀਆਂ ਦੇ ਦੇਸ਼ ਵਿਚ ਪੈਦਾ ਹੋਏ ਸਨ। 16 ਉਨ੍ਹਾਂ ਨੂੰ ਦੇਖਦੇ ਸਾਰ ਹੀ ਉਸ ਦੇ ਅੰਦਰ ਹਵਸ ਪੈਦਾ ਹੋ ਗਈ ਅਤੇ ਉਸ ਨੇ ਕਸਦੀਮ ਵਿਚ ਉਨ੍ਹਾਂ ਨੂੰ ਸੁਨੇਹਾ ਘੱਲਿਆ।+ 17 ਇਸ ਲਈ ਬਾਬਲੀ ਉਸ ਨਾਲ ਹਮਬਿਸਤਰ ਹੋਣ ਲਈ ਆਉਂਦੇ ਰਹੇ ਅਤੇ ਉਨ੍ਹਾਂ ਨੇ ਆਪਣੀ ਹਵਸ ਨਾਲ* ਉਸ ਨੂੰ ਭ੍ਰਿਸ਼ਟ ਕੀਤਾ। ਭ੍ਰਿਸ਼ਟ ਹੋਣ ਤੋਂ ਬਾਅਦ ਉਸ ਨੂੰ ਉਨ੍ਹਾਂ ਨਾਲ ਘਿਣ ਹੋ ਗਈ ਅਤੇ ਉਸ ਨੇ ਉਨ੍ਹਾਂ ਤੋਂ ਆਪਣਾ ਮੂੰਹ ਫੇਰ ਲਿਆ।
18 “ਜਦ ਉਹ ਬੇਸ਼ਰਮ ਹੋ ਕੇ ਵੇਸਵਾਗਿਰੀ ਕਰਦੀ ਰਹੀ ਅਤੇ ਆਪਣਾ ਨੰਗੇਜ਼ ਦਿਖਾਉਂਦੀ ਰਹੀ,+ ਤਾਂ ਮੈਨੂੰ ਉਸ ਤੋਂ ਘਿਣ ਹੋ ਗਈ ਅਤੇ ਮੈਂ ਉਸ ਤੋਂ ਆਪਣਾ ਮੂੰਹ ਫੇਰ ਲਿਆ, ਜਿਵੇਂ ਉਸ ਦੀ ਭੈਣ ਨਾਲ ਘਿਣ ਹੋਣ ਕਰਕੇ ਮੈਂ ਆਪਣਾ ਮੂੰਹ ਫੇਰ ਲਿਆ ਸੀ।+ 19 ਉਹ ਵਧ-ਚੜ੍ਹ ਕੇ ਵੇਸਵਾ ਦੇ ਕੰਮ ਕਰਦੀ ਰਹੀ।+ ਉਹ ਆਪਣੀ ਜਵਾਨੀ ਦੇ ਦਿਨਾਂ ਨੂੰ ਯਾਦ ਕਰਦੀ ਸੀ ਜਦੋਂ ਉਸ ਨੇ ਮਿਸਰ ਵਿਚ ਵੇਸਵਾਗਿਰੀ ਕੀਤੀ ਸੀ।+ 20 ਉਹ ਉਨ੍ਹਾਂ ਆਦਮੀਆਂ ਦੀਆਂ ਰਖੇਲਾਂ ਵਾਂਗ ਆਪਣੇ ਯਾਰਾਂ ਨਾਲ ਹਵਸ ਮਿਟਾਉਂਦੀ ਰਹੀ ਜਿਨ੍ਹਾਂ ਦੇ ਗੁਪਤ ਅੰਗ ਗਧਿਆਂ ਅਤੇ ਘੋੜਿਆਂ ਵਰਗੇ ਹਨ। 21 ਹੇ ਆਹਾਲੀਬਾਹ, ਤੂੰ ਬੇਸ਼ਰਮੀ ਭਰੇ ਕੰਮ ਕਰਨ ਲਈ ਉਤਾਵਲੀ ਰਹਿੰਦੀ ਸੀ ਜੋ ਤੂੰ ਜਵਾਨ ਹੁੰਦਿਆਂ ਮਿਸਰ ਵਿਚ ਕਰਦੀ ਸੀ।+ ਉੱਥੇ ਉਨ੍ਹਾਂ ਨੇ ਤੇਰੇ ਨਾਲ ਹਰਾਮਕਾਰੀ ਕੀਤੀ ਸੀ।+
22 “ਇਸ ਲਈ ਹੇ ਆਹਾਲੀਬਾਹ, ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: ‘ਮੈਂ ਤੇਰੇ ਯਾਰਾਂ ਨੂੰ ਤੇਰੇ ਖ਼ਿਲਾਫ਼ ਭੜਕਾ ਰਿਹਾ ਹਾਂ+ ਜਿਨ੍ਹਾਂ ਤੋਂ ਤੂੰ ਘਿਣ ਕਰਦਿਆਂ ਮੂੰਹ ਫੇਰ ਲਿਆ ਸੀ। ਮੈਂ ਹਰ ਪਾਸਿਓਂ ਉਨ੍ਹਾਂ ਨੂੰ ਇਕੱਠਾ ਕਰ ਕੇ ਤੇਰੇ ਖ਼ਿਲਾਫ਼ ਲਿਆਵਾਂਗਾ,+ 23 ਹਾਂ, ਬਾਬਲੀਆਂ+ ਅਤੇ ਸਾਰੇ ਕਸਦੀਆਂ,+ ਪਕੋਦ,+ ਸ਼ੋਆ, ਕੋਆ ਦੇ ਆਦਮੀਆਂ ਅਤੇ ਸਾਰੇ ਅੱਸ਼ੂਰੀਆਂ ਨੂੰ। ਉਹ ਸਾਰੇ ਰਾਜਪਾਲ ਅਤੇ ਅਧਿਕਾਰੀ ਹਨ ਜੋ ਖ਼ਾਸ ਤੌਰ ਤੇ ਚੁਣੇ ਹੋਏ ਹਨ। ਉਹ ਗੱਭਰੂ ਜਵਾਨ ਅਤੇ ਯੋਧੇ ਹਨ ਅਤੇ ਘੋੜਿਆਂ ਦੀ ਸਵਾਰੀ ਕਰਦੇ ਹਨ। 24 ਉਹ ਬਹੁਤ ਸਾਰੇ ਯੁੱਧ ਦੇ ਰਥਾਂ ਅਤੇ ਵੱਡੀ ਫ਼ੌਜ ਨਾਲ ਤੇਰੇ ʼਤੇ ਹਮਲਾ ਕਰਨਗੇ। ਫ਼ੌਜੀਆਂ ਦੇ ਹੱਥਾਂ ਵਿਚ ਛੋਟੀਆਂ* ਅਤੇ ਵੱਡੀਆਂ ਢਾਲਾਂ ਹੋਣਗੀਆਂ ਅਤੇ ਉਨ੍ਹਾਂ ਦੇ ਸਿਰਾਂ ʼਤੇ ਟੋਪ ਹੋਣਗੇ। ਉਹ ਤੈਨੂੰ ਚਾਰੇ ਪਾਸਿਓਂ ਘੇਰ ਲੈਣਗੇ। ਮੈਂ ਉਨ੍ਹਾਂ ਨੂੰ ਤੇਰਾ ਨਿਆਂ ਕਰਨ ਦਾ ਅਧਿਕਾਰ ਦਿਆਂਗਾ ਅਤੇ ਉਹ ਆਪਣੇ ਤਰੀਕੇ ਨਾਲ ਤੇਰਾ ਨਿਆਂ ਕਰਨਗੇ।+ 25 ਮੈਂ ਆਪਣਾ ਗੁੱਸਾ ਤੇਰੇ ʼਤੇ ਵਰ੍ਹਾਵਾਂਗਾ ਅਤੇ ਉਹ ਗੁੱਸੇ ਵਿਚ ਆ ਕੇ ਤੇਰਾ ਬਹੁਤ ਮਾੜਾ ਹਾਲ ਕਰਨਗੇ। ਉਹ ਤੇਰੇ ਨੱਕ-ਕੰਨ ਵੱਢ ਸੁੱਟਣਗੇ ਅਤੇ ਜਿਹੜੇ ਲੋਕ ਬਚ ਜਾਣਗੇ, ਉਹ ਤਲਵਾਰ ਨਾਲ ਮਾਰੇ ਜਾਣਗੇ। ਉਹ ਤੇਰੇ ਧੀਆਂ-ਪੁੱਤਰਾਂ ਨੂੰ ਲੈ ਜਾਣਗੇ ਅਤੇ ਜਿਹੜੇ ਬਚ ਜਾਣਗੇ, ਉਨ੍ਹਾਂ ਨੂੰ ਅੱਗ ਭਸਮ ਕਰ ਦੇਵੇਗੀ।+ 26 ਉਹ ਤੇਰੇ ਕੱਪੜੇ ਲਾਹ ਦੇਣਗੇ+ ਅਤੇ ਤੇਰੇ ਸੋਹਣੇ-ਸੋਹਣੇ ਗਹਿਣੇ ਖੋਹ ਲੈਣਗੇ।+ 27 ਮੈਂ ਤੇਰੀ ਬਦਚਲਣੀ ਅਤੇ ਵੇਸਵਾਗਿਰੀ ਦਾ ਅੰਤ ਕਰ ਦਿਆਂਗਾ+ ਜੋ ਤੂੰ ਮਿਸਰ ਵਿਚ ਸ਼ੁਰੂ ਕੀਤੀ ਸੀ।+ ਤੂੰ ਉਨ੍ਹਾਂ ਵੱਲ ਦੇਖਣਾ ਬੰਦ ਕਰ ਦੇਵੇਂਗੀ ਅਤੇ ਅੱਗੇ ਤੋਂ ਮਿਸਰ ਨੂੰ ਕਦੇ ਯਾਦ ਨਹੀਂ ਕਰੇਂਗੀ।’
28 “ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: ‘ਮੈਂ ਤੈਨੂੰ ਉਨ੍ਹਾਂ ਲੋਕਾਂ ਦੇ ਹੱਥ ਵਿਚ ਦੇ ਦਿਆਂਗਾ ਜਿਨ੍ਹਾਂ ਨਾਲ ਤੂੰ ਨਫ਼ਰਤ ਕਰਦੀ ਹੈਂ ਅਤੇ ਜਿਨ੍ਹਾਂ ਤੋਂ ਤੂੰ ਘਿਣ ਕਰਦਿਆਂ ਆਪਣਾ ਮੂੰਹ ਫੇਰ ਲਿਆ ਸੀ।+ 29 ਉਹ ਤੇਰੇ ਨਾਲ ਨਫ਼ਰਤ ਭਰਿਆ ਸਲੂਕ ਕਰਨਗੇ ਅਤੇ ਤੇਰੀ ਮਿਹਨਤ ਦੀ ਕਮਾਈ ਹੜੱਪ ਲੈਣਗੇ+ ਅਤੇ ਤੈਨੂੰ ਪੂਰੀ ਤਰ੍ਹਾਂ ਨੰਗੀ ਕਰ ਦੇਣਗੇ। ਸਾਰੇ ਤੇਰੀ ਬਦਚਲਣੀ ਦਾ ਨੰਗੇਜ਼ ਦੇਖਣਗੇ ਅਤੇ ਤੇਰੇ ਬੇਸ਼ਰਮੀ ਭਰੇ ਕੰਮਾਂ ਅਤੇ ਵੇਸਵਾਗਿਰੀ ਦਾ ਪਰਦਾਫ਼ਾਸ਼ ਕੀਤਾ ਜਾਵੇਗਾ।+ 30 ਤੇਰੇ ਨਾਲ ਇਹ ਸਭ ਕੁਝ ਇਸ ਲਈ ਹੋਵੇਗਾ ਕਿਉਂਕਿ ਤੂੰ ਵੇਸਵਾ ਵਾਂਗ ਦੂਜੀਆਂ ਕੌਮਾਂ ਦੇ ਮਗਰ ਗਈ+ ਅਤੇ ਉਨ੍ਹਾਂ ਦੀਆਂ ਘਿਣਾਉਣੀਆਂ ਮੂਰਤਾਂ ਨਾਲ ਖ਼ੁਦ ਨੂੰ ਭ੍ਰਿਸ਼ਟ ਕੀਤਾ।+ 31 ਤੂੰ ਵੀ ਆਪਣੀ ਭੈਣ ਦੇ ਰਾਹ ʼਤੇ ਤੁਰੀ,+ ਇਸ ਲਈ ਮੈਂ ਉਸ ਦਾ ਪਿਆਲਾ ਤੇਰੇ ਹੱਥ ਵਿਚ ਦਿਆਂਗਾ।’+
32 “ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ:
‘ਤੂੰ ਆਪਣੀ ਭੈਣ ਦਾ ਡੂੰਘਾ ਅਤੇ ਚੌੜਾ ਪਿਆਲਾ ਪੀਵੇਂਗੀ,+
ਇਸ ਪਿਆਲੇ ਵਿਚ ਹਾਸਾ ਅਤੇ ਮਜ਼ਾਕ ਭਰਿਆ ਹੋਇਆ ਹੈ,
ਇਸ ਲਈ ਲੋਕ ਤੇਰੇ ʼਤੇ ਹੱਸਣਗੇ ਅਤੇ ਤੇਰਾ ਮਜ਼ਾਕ ਉਡਾਉਣਗੇ।+
33 ਤੇਰੀ ਭੈਣ ਸਾਮਰਿਯਾ ਦਾ ਪਿਆਲਾ
ਖ਼ੌਫ਼ ਅਤੇ ਤਬਾਹੀ ਨਾਲ ਭਰਿਆ ਹੋਇਆ ਹੈ,
ਤੂੰ ਇਸ ਨੂੰ ਪੀ ਕੇ ਸ਼ਰਾਬੀ ਹੋ ਜਾਵੇਂਗੀ ਅਤੇ ਦੁੱਖ ਵਿਚ ਡੁੱਬ ਜਾਵੇਂਗੀ।
34 ਤੈਨੂੰ ਆਖ਼ਰੀ ਬੂੰਦ ਤਕ ਇਹ ਪੀਣਾ ਹੀ ਪਵੇਗਾ+
ਅਤੇ ਤੈਨੂੰ ਇਸ ਦੀਆਂ ਠੀਕਰੀਆਂ ਚਬਾਉਣੀਆਂ ਪੈਣਗੀਆਂ।
ਤੂੰ ਦੁੱਖ ਦੇ ਮਾਰੇ ਆਪਣੀਆਂ ਛਾਤੀਆਂ ਕੱਟੇ-ਵੱਢੇਂਗੀ।
“ਕਿਉਂਕਿ ਮੈਂ ਆਪ ਇਹ ਗੱਲ ਕਹੀ ਹੈ,” ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ।’
35 “ਇਸ ਲਈ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: ‘ਕਿਉਂਕਿ ਤੂੰ ਮੈਨੂੰ ਭੁੱਲ ਗਈ ਹੈਂ ਅਤੇ ਤੂੰ ਮੇਰਾ ਘੋਰ ਅਪਮਾਨ ਕੀਤਾ ਹੈ,*+ ਇਸ ਕਰਕੇ ਤੈਨੂੰ ਆਪਣੀ ਬਦਚਲਣੀ ਅਤੇ ਵੇਸਵਾਗਿਰੀ ਦੇ ਕੰਮਾਂ ਦਾ ਅੰਜਾਮ ਭੁਗਤਣਾ ਪਵੇਗਾ।’”
36 ਫਿਰ ਯਹੋਵਾਹ ਨੇ ਮੈਨੂੰ ਕਿਹਾ: “ਹੇ ਮਨੁੱਖ ਦੇ ਪੁੱਤਰ, ਕੀ ਤੂੰ ਆਹਾਲਾਹ ਅਤੇ ਆਹਾਲੀਬਾਹ+ ਨੂੰ ਸਜ਼ਾ ਦਾ ਫ਼ੈਸਲਾ ਸੁਣਾਉਣ ਅਤੇ ਉਨ੍ਹਾਂ ਦੇ ਘਿਣਾਉਣੇ ਕੰਮਾਂ ਬਾਰੇ ਦੱਸਣ ਲਈ ਤਿਆਰ ਹੈਂ? 37 ਉਨ੍ਹਾਂ ਨੇ ਹਰਾਮਕਾਰੀ* ਕੀਤੀ ਹੈ+ ਅਤੇ ਉਨ੍ਹਾਂ ਦੇ ਹੱਥ ਖ਼ੂਨ ਨਾਲ ਰੰਗੇ ਹੋਏ ਹਨ। ਉਨ੍ਹਾਂ ਨੇ ਨਾ ਸਿਰਫ਼ ਆਪਣੀਆਂ ਘਿਣਾਉਣੀਆਂ ਮੂਰਤਾਂ ਨਾਲ ਹਰਾਮਕਾਰੀ ਕੀਤੀ ਹੈ, ਸਗੋਂ ਮੂਰਤਾਂ ਦੇ ਭੋਜਨ ਲਈ ਅੱਗ ਵਿਚ ਆਪਣੇ ਪੁੱਤਰਾਂ ਦੀਆਂ ਬਲ਼ੀਆਂ ਚੜ੍ਹਾਈਆਂ ਹਨ* ਜੋ ਉਨ੍ਹਾਂ ਨੇ ਮੇਰੇ ਲਈ ਪੈਦਾ ਕੀਤੇ ਸਨ।+ 38 ਇਸ ਤੋਂ ਇਲਾਵਾ ਉਨ੍ਹਾਂ ਨੇ ਮੇਰੇ ਨਾਲ ਇਹ ਕੀਤਾ: ਉਨ੍ਹਾਂ ਨੇ ਉਸ ਦਿਨ ਮੇਰੇ ਪਵਿੱਤਰ ਸਥਾਨ ਨੂੰ ਪਲੀਤ ਕੀਤਾ ਅਤੇ ਮੇਰੇ ਸਬਤਾਂ ਨੂੰ ਭ੍ਰਿਸ਼ਟ ਕੀਤਾ। 39 ਆਪਣੀਆਂ ਘਿਣਾਉਣੀਆਂ ਮੂਰਤਾਂ ਅੱਗੇ ਆਪਣੇ ਪੁੱਤਰਾਂ ਦੀ ਬਲ਼ੀ ਦੇਣ ਤੋਂ ਬਾਅਦ+ ਉਹ ਉਸੇ ਦਿਨ ਮੇਰੇ ਪਵਿੱਤਰ ਸਥਾਨ ਵਿਚ ਆਏ ਅਤੇ ਇਸ ਨੂੰ ਭ੍ਰਿਸ਼ਟ ਕੀਤਾ।+ ਉਨ੍ਹਾਂ ਨੇ ਮੇਰੇ ਘਰ ਵਿਚ ਇਸ ਤਰ੍ਹਾਂ ਕੀਤਾ। 40 ਉਨ੍ਹਾਂ ਨੇ ਦੂਰੋਂ-ਦੂਰੋਂ ਆਦਮੀਆਂ ਨੂੰ ਬੁਲਾਉਣ ਲਈ ਸੁਨੇਹਾ ਘੱਲਿਆ।+ ਜਦ ਉਹ ਆ ਰਹੇ ਸਨ, ਤਾਂ ਹੇ ਆਹਾਲੀਬਾਹ, ਤੂੰ ਨਹਾ ਕੇ ਆਪਣੀਆਂ ਅੱਖਾਂ ਵਿਚ ਸੁਰਮਾ ਪਾਇਆ ਅਤੇ ਗਹਿਣਿਆਂ ਨਾਲ ਖ਼ੁਦ ਨੂੰ ਸ਼ਿੰਗਾਰਿਆ+ 41 ਅਤੇ ਤੂੰ ਆਲੀਸ਼ਾਨ ਪਲੰਘ ʼਤੇ ਬੈਠ ਗਈ।+ ਇਸ ਦੇ ਸਾਮ੍ਹਣੇ ਮੇਜ਼ ਰੱਖਿਆ ਹੋਇਆ ਸੀ+ ਜਿਸ ਉੱਤੇ ਤੂੰ ਮੇਰਾ ਧੂਪ+ ਅਤੇ ਤੇਲ+ ਰੱਖਿਆ। 42 ਉੱਥੇ ਰੰਗਰਲੀਆਂ ਮਨਾਉਣ ਵਾਲੇ ਆਦਮੀਆਂ ਦਾ ਸ਼ੋਰ ਸੁਣਾਈ ਦਿੱਤਾ ਜਿਨ੍ਹਾਂ ਵਿਚ ਉਜਾੜ ਤੋਂ ਲਿਆਂਦੇ ਸ਼ਰਾਬੀ ਵੀ ਸਨ। ਉਨ੍ਹਾਂ ਨੇ ਔਰਤਾਂ ਦੇ ਹੱਥਾਂ ਵਿਚ ਕੰਗਣ ਪਾਏ ਅਤੇ ਸਿਰਾਂ ʼਤੇ ਸੋਹਣੇ ਮੁਕਟ ਰੱਖੇ।
43 “ਫਿਰ ਮੈਂ ਉਸ ਔਰਤ ਬਾਰੇ ਜੋ ਹਰਾਮਕਾਰੀ ਕਰ ਕੇ ਥੱਕ ਚੁੱਕੀ ਸੀ, ਕਿਹਾ: ‘ਪਰ ਉਹ ਔਰਤ ਵੇਸਵਾ ਦੇ ਕੰਮ ਕਰਦੀ ਰਹੇਗੀ।’ 44 ਉਹ ਆਦਮੀ ਉਸ ਕੋਲ ਜਾਂਦੇ ਰਹੇ, ਜਿਵੇਂ ਕੋਈ ਵੇਸਵਾ ਦੇ ਕੋਲ ਜਾਂਦਾ ਹੈ। ਇਸੇ ਤਰ੍ਹਾਂ ਉਹ ਬਦਚਲਣ ਔਰਤਾਂ ਆਹਾਲਾਹ ਅਤੇ ਆਹਾਲੀਬਾਹ ਕੋਲ ਜਾਂਦੇ ਰਹੇ। 45 ਪਰ ਹਰਾਮਕਾਰੀ ਅਤੇ ਖ਼ੂਨ ਵਹਾਉਣ ਕਰਕੇ ਧਰਮੀ ਲੋਕ ਉਸ* ਦਾ ਨਿਆਂ ਕਰਨਗੇ ਅਤੇ ਉਸ ਨੂੰ ਸਜ਼ਾ ਦੇਣਗੇ ਜਿਸ ਦੇ ਉਹ ਲਾਇਕ ਹੈ।+ ਉਹ ਦੋਵੇਂ ਬਦਚਲਣ ਹਨ ਅਤੇ ਉਨ੍ਹਾਂ ਦੇ ਹੱਥ ਖ਼ੂਨ ਨਾਲ ਰੰਗੇ ਹੋਏ ਹਨ।+
46 “ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: ‘ਉਨ੍ਹਾਂ ਦੇ ਖ਼ਿਲਾਫ਼ ਇਕ ਫ਼ੌਜ ਲਿਆਂਦੀ ਜਾਵੇਗੀ ਅਤੇ ਉਹ ਉਨ੍ਹਾਂ ਦਾ ਅਜਿਹਾ ਹਸ਼ਰ ਕਰਨਗੇ ਕਿ ਸਾਰੇ ਲੋਕ ਖ਼ੌਫ਼ ਖਾਣਗੇ ਅਤੇ ਉਨ੍ਹਾਂ ਨੂੰ ਲੁੱਟ ਲਿਆ ਜਾਵੇਗਾ।+ 47 ਫ਼ੌਜ ਉਨ੍ਹਾਂ ʼਤੇ ਵਗਾਹ ਕੇ ਪੱਥਰ ਮਾਰੇਗੀ+ ਅਤੇ ਉਨ੍ਹਾਂ ਨੂੰ ਤਲਵਾਰਾਂ ਨਾਲ ਵੱਢ ਸੁੱਟੇਗੀ। ਉਹ ਉਨ੍ਹਾਂ ਦੇ ਧੀਆਂ-ਪੁੱਤਰਾਂ ਨੂੰ ਮਾਰ ਮੁਕਾਵੇਗੀ+ ਅਤੇ ਉਨ੍ਹਾਂ ਦੇ ਘਰਾਂ ਨੂੰ ਅੱਗ ਨਾਲ ਸਾੜ ਸੁੱਟੇਗੀ।+ 48 ਮੈਂ ਦੇਸ਼ ਵਿੱਚੋਂ ਸਾਰੀ ਬਦਚਲਣੀ ਦਾ ਅੰਤ ਕਰ ਦਿਆਂਗਾ ਅਤੇ ਸਾਰੀਆਂ ਔਰਤਾਂ ਇਸ ਤੋਂ ਸਬਕ ਸਿੱਖਣਗੀਆਂ ਅਤੇ ਉਹ ਤੁਹਾਡੇ ਵਾਂਗ ਬਦਚਲਣੀ ਨਹੀਂ ਕਰਨਗੀਆਂ।+ 49 ਉਹ ਤੁਹਾਨੂੰ ਤੁਹਾਡੀ ਬਦਚਲਣੀ ਅਤੇ ਪਾਪਾਂ ਦੀ ਸਜ਼ਾ ਦੇਣਗੇ ਜੋ ਤੁਸੀਂ ਘਿਣਾਉਣੀਆਂ ਮੂਰਤਾਂ ਦੀ ਭਗਤੀ ਕਰ ਕੇ ਕੀਤੇ ਹਨ ਅਤੇ ਤੁਹਾਨੂੰ ਜਾਣਨਾ ਹੀ ਪਵੇਗਾ ਮੈਂ ਸਾਰੇ ਜਹਾਨ ਦਾ ਮਾਲਕ ਯਹੋਵਾਹ ਹਾਂ।’”+
24 ਮੈਨੂੰ ਨੌਵੇਂ ਸਾਲ ਦੇ ਦਸਵੇਂ ਮਹੀਨੇ ਦੀ 10 ਤਾਰੀਖ਼ ਨੂੰ ਦੁਬਾਰਾ ਯਹੋਵਾਹ ਦਾ ਸੰਦੇਸ਼ ਮਿਲਿਆ: 2 “ਹੇ ਮਨੁੱਖ ਦੇ ਪੁੱਤਰ, ਇਹ ਤਾਰੀਖ਼* ਲਿਖ ਲੈ ਕਿਉਂਕਿ ਇਸ ਦਿਨ ਬਾਬਲ ਦੇ ਰਾਜੇ ਨੇ ਯਰੂਸ਼ਲਮ ʼਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਹੈ।+ 3 ਤੂੰ ਇਸ ਬਾਗ਼ੀ ਘਰਾਣੇ ਬਾਰੇ ਇਕ ਕਹਾਵਤ ਵਰਤ ਕੇ ਇਹ ਕਹਿ:
“‘ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ:
“ਇਕ ਪਤੀਲਾ* ਲੈ ਕੇ ਉਸ ਨੂੰ ਅੱਗ ʼਤੇ ਰੱਖ ਅਤੇ ਉਸ ਵਿਚ ਪਾਣੀ ਪਾ।+
4 ਪਤੀਲੇ ਵਿਚ ਮੀਟ ਦੇ ਟੁਕੜੇ,+ ਵਧੀਆ-ਵਧੀਆ ਟੁਕੜੇ ਪਾ,
ਇਸ ਵਿਚ ਪੱਟ ਅਤੇ ਮੋਢਾ ਪਾ; ਇਸ ਨੂੰ ਵਧੀਆ-ਵਧੀਆ ਹੱਡੀਆਂ ਨਾਲ ਭਰ ਦੇ।
5 ਇੱਜੜ ਵਿੱਚੋਂ ਸਭ ਤੋਂ ਵਧੀਆ ਭੇਡ ਲੈ+ ਅਤੇ ਪਤੀਲੇ ਦੇ ਹੇਠਾਂ ਚਾਰੇ ਪਾਸੇ ਲੱਕੜਾਂ ਰੱਖ।
ਟੁਕੜਿਆਂ ਨੂੰ ਉਬਾਲ ਅਤੇ ਹੱਡੀਆਂ ਨੂੰ ਰਿੰਨ੍ਹ।”’
6 “ਇਸ ਲਈ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ:
‘ਲਾਹਨਤ ਹੈ ਇਸ ਖ਼ੂਨੀ ਸ਼ਹਿਰ ਉੱਤੇ!+ ਇਹ ਜੰਗਾਲਿਆ ਹੋਇਆ ਪਤੀਲਾ ਹੈ ਜਿਸ ਦਾ ਜੰਗਾਲ ਨਹੀਂ ਲਾਹਿਆ ਗਿਆ।
ਇਸ ਵਿੱਚੋਂ ਇਕ-ਇਕ ਕਰ ਕੇ ਟੁਕੜੇ ਬਾਹਰ ਕੱਢ;+ ਇਨ੍ਹਾਂ ʼਤੇ ਗੁਣੇ ਨਾ ਪਾ।
7 ਇਸ ਸ਼ਹਿਰ ਨੇ ਜੋ ਖ਼ੂਨ ਵਹਾਇਆ ਹੈ,+ ਉਹ ਇਸ ਦੇ ਅੰਦਰ ਹੀ ਹੈ;
ਇਸ ਨੇ ਖ਼ੂਨ ਸੁੱਕੀ ਚਟਾਨ ʼਤੇ ਡੋਲ੍ਹਿਆ ਹੈ।
ਇਸ ਨੇ ਖ਼ੂਨ ਧਰਤੀ ʼਤੇ ਨਹੀਂ ਡੋਲ੍ਹਿਆ ਅਤੇ ਇਸ ਨੂੰ ਮਿੱਟੀ ਨਾਲ ਨਹੀਂ ਢਕਿਆ।+
9 “ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ:
‘ਲਾਹਨਤ ਹੈ ਇਸ ਖ਼ੂਨੀ ਸ਼ਹਿਰ ਉੱਤੇ!+
ਮੈਂ ਅੱਗ ਲਈ ਲੱਕੜਾਂ ਦਾ ਉੱਚਾ ਢੇਰ ਲਾ ਦਿਆਂਗਾ।
10 ਲੱਕੜਾਂ ਚਿਣ ਅਤੇ ਅੱਗ ਬਾਲ਼,
ਮੀਟ ਨੂੰ ਚੰਗੀ ਤਰ੍ਹਾਂ ਉਬਾਲ, ਤਰੀ ਡੋਲ੍ਹ ਦੇ ਅਤੇ ਹੱਡੀਆਂ ਨੂੰ ਸਾੜ ਸੁੱਟ।
11 ਖਾਲੀ ਪਤੀਲੇ ਨੂੰ ਗਰਮ ਕਰਨ ਲਈ ਮੱਘਦੇ ਕੋਲਿਆਂ ʼਤੇ ਰੱਖ
ਤਾਂਕਿ ਇਸ ਦਾ ਤਾਂਬਾ ਸੇਕ ਨਾਲ ਲਾਲ ਹੋ ਜਾਵੇ।
ਇਸ ਦੀ ਮੈਲ਼ ਇਸੇ ਵਿਚ ਪਿਘਲ ਜਾਵੇਗੀ+ ਅਤੇ ਜੰਗਾਲ ਭਸਮ ਹੋ ਜਾਵੇਗਾ।
12 ਜੰਗਾਲ ਇੰਨਾ ਪੱਕਾ ਹੈ ਕਿ ਇਹ ਲਹੇਗਾ ਨਹੀਂ,+
ਇਸ ਨੂੰ ਲਾਹੁਣਾ ਖਿਝ ਚੜ੍ਹਾਉਣ ਵਾਲਾ ਅਤੇ ਥਕਾ ਦੇਣ ਵਾਲਾ ਕੰਮ ਹੈ।
ਇਸ ਜੰਗਾਲ ਖਾਧੇ ਪਤੀਲੇ ਨੂੰ ਅੱਗ ਵਿਚ ਸੁੱਟ ਦੇ।’
13 “‘ਤੂੰ ਆਪਣੀ ਬਦਚਲਣੀ ਕਰਕੇ ਅਸ਼ੁੱਧ ਸੀ।+ ਮੈਂ ਤੈਨੂੰ ਸ਼ੁੱਧ ਕਰਨ ਦੀ ਕੋਸ਼ਿਸ਼ ਕੀਤੀ, ਪਰ ਤੂੰ ਆਪਣੀ ਅਸ਼ੁੱਧਤਾ ਤੋਂ ਸ਼ੁੱਧ ਹੋਣ ਤੋਂ ਇਨਕਾਰ ਕੀਤਾ। ਤੂੰ ਤਦ ਤਕ ਸ਼ੁੱਧ ਨਹੀਂ ਹੋਵੇਂਗੀ, ਜਦ ਤਕ ਤੇਰੇ ʼਤੇ ਮੈਂ ਆਪਣਾ ਗੁੱਸਾ ਕੱਢ ਨਹੀਂ ਲੈਂਦਾ।+ 14 ਮੈਂ ਯਹੋਵਾਹ ਹਾਂ ਜਿਸ ਨੇ ਆਪ ਇਹ ਗੱਲ ਕਹੀ ਹੈ। ਇਸ ਤਰ੍ਹਾਂ ਜ਼ਰੂਰ ਹੋਵੇਗਾ। ਮੈਂ ਉਨ੍ਹਾਂ ਨੂੰ ਸਜ਼ਾ ਦੇਣ ਤੋਂ ਪਿੱਛੇ ਨਹੀਂ ਹਟਾਂਗਾ ਅਤੇ ਮੈਨੂੰ ਇਸ ਗੱਲ ਦਾ ਕੋਈ ਅਫ਼ਸੋਸ ਜਾਂ ਪਛਤਾਵਾ ਨਹੀਂ ਹੋਵੇਗਾ।+ ਉਹ ਤੇਰੇ ਚਾਲ-ਚਲਣ ਅਤੇ ਤੇਰੇ ਕੰਮਾਂ ਅਨੁਸਾਰ ਤੇਰਾ ਨਿਆਂ ਕਰਨਗੇ,’ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ।”
15 ਫਿਰ ਮੈਨੂੰ ਦੁਬਾਰਾ ਯਹੋਵਾਹ ਦਾ ਸੰਦੇਸ਼ ਮਿਲਿਆ: 16 “ਹੇ ਮਨੁੱਖ ਦੇ ਪੁੱਤਰ, ਜਿਸ ਨੂੰ ਤੂੰ ਪਿਆਰ ਕਰਦਾ ਹੈਂ, ਮੈਂ ਉਸ ਨੂੰ ਇੱਕੋ ਝਟਕੇ ਨਾਲ ਤੇਰੇ ਤੋਂ ਖੋਹ ਲਵਾਂਗਾ।+ ਤੂੰ ਨਾ ਸੋਗ ਮਨਾਈਂ,* ਨਾ ਰੋਈਂ ਅਤੇ ਨਾ ਹੀ ਹੰਝੂ ਵਹਾਈਂ। 17 ਤੂੰ ਮਨ ਹੀ ਮਨ ਰੋਈਂ ਅਤੇ ਮਾਤਮ ਸੰਬੰਧੀ ਕੋਈ ਰੀਤੀ-ਰਿਵਾਜ ਨਾ ਕਰੀਂ।+ ਆਪਣੀ ਪਗੜੀ ਬੰਨ੍ਹੀਂ+ ਅਤੇ ਪੈਰੀਂ ਜੁੱਤੀ ਪਾਈਂ।+ ਆਪਣੀਆਂ ਮੁੱਛਾਂ* ਨਾ ਢਕੀਂ+ ਅਤੇ ਨਾ ਦੂਜਿਆਂ ਵੱਲੋਂ ਲਿਆਂਦੀ ਰੋਟੀ* ਖਾਈਂ।”+
18 ਮੈਂ ਸਵੇਰੇ ਲੋਕਾਂ ਨਾਲ ਗੱਲ ਕੀਤੀ ਅਤੇ ਸ਼ਾਮੀਂ ਮੇਰੀ ਪਤਨੀ ਦੀ ਮੌਤ ਹੋ ਗਈ। ਇਸ ਲਈ ਮੈਂ ਸਵੇਰੇ ਉਹੀ ਕੀਤਾ ਜੋ ਮੈਨੂੰ ਹੁਕਮ ਮਿਲਿਆ ਸੀ। 19 ਲੋਕ ਮੈਨੂੰ ਪੁੱਛ ਰਹੇ ਸਨ: “ਕੀ ਤੂੰ ਸਾਨੂੰ ਨਹੀਂ ਦੱਸੇਂਗਾ ਕਿ ਤੂੰ ਜੋ ਕੁਝ ਕਰ ਰਿਹਾ ਹੈਂ, ਉਸ ਦਾ ਸਾਡੇ ਨਾਲ ਕੀ ਤਅੱਲਕ ਹੈ?” 20 ਮੈਂ ਉਨ੍ਹਾਂ ਨੂੰ ਕਿਹਾ: “ਮੈਨੂੰ ਯਹੋਵਾਹ ਦਾ ਇਹ ਸੰਦੇਸ਼ ਮਿਲਿਆ ਹੈ, 21 ‘ਇਜ਼ਰਾਈਲ ਦੇ ਘਰਾਣੇ ਨੂੰ ਦੱਸ: “ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ, ‘ਮੈਂ ਆਪਣੇ ਪਵਿੱਤਰ ਸਥਾਨ ਨੂੰ ਭ੍ਰਿਸ਼ਟ ਕਰਨ ਵਾਲਾ ਹਾਂ+ ਜਿਸ ʼਤੇ ਤੁਹਾਨੂੰ ਬਹੁਤ ਮਾਣ ਹੈ, ਜਿਸ ਨੂੰ ਤੁਸੀਂ ਬਹੁਤ ਪਿਆਰ ਕਰਦੇ ਹੋ ਅਤੇ ਜਿਸ ਨੂੰ ਤੁਸੀਂ ਦਿਲੋਂ ਚਾਹੁੰਦੇ ਹੋ। ਤੁਸੀਂ ਆਪਣੇ ਜਿਨ੍ਹਾਂ ਧੀਆਂ-ਪੁੱਤਰਾਂ ਨੂੰ ਪਿੱਛੇ ਛੱਡ ਆਏ ਹੋ, ਉਹ ਤਲਵਾਰ ਨਾਲ ਮਾਰੇ ਜਾਣਗੇ।+ 22 ਫਿਰ ਤੁਸੀਂ ਵੀ ਉਹੀ ਕਰੋਗੇ ਜੋ ਮੈਂ ਕੀਤਾ ਹੈ। ਤੁਸੀਂ ਆਪਣੀਆਂ ਮੁੱਛਾਂ ਨਹੀਂ ਢਕੋਗੇ ਅਤੇ ਦੂਜਿਆਂ ਵੱਲੋਂ ਲਿਆਂਦੀ ਰੋਟੀ ਨਹੀਂ ਖਾਓਗੇ।+ 23 ਤੁਸੀਂ ਆਪਣੇ ਸਿਰਾਂ ʼਤੇ ਪਗੜੀਆਂ ਬੰਨ੍ਹੋਗੇ ਅਤੇ ਆਪਣੇ ਪੈਰੀਂ ਜੁੱਤੀ ਪਾਓਗੇ। ਤੁਸੀਂ ਨਾ ਤਾਂ ਸੋਗ ਮਨਾਓਗੇ ਅਤੇ ਨਾ ਹੀ ਰੋਵੋਗੇ। ਇਸ ਦੀ ਬਜਾਇ, ਤੁਸੀਂ ਆਪਣੀਆਂ ਗ਼ਲਤੀਆਂ ਕਰਕੇ ਆਪਣੀਆਂ ਜ਼ਿੰਦਗੀਆਂ ਤਬਾਹ ਕਰ ਲਓਗੇ ਅਤੇ ਥੱਕ-ਟੁੱਟ ਜਾਓਗੇ।+ ਤੁਸੀਂ ਇਕ-ਦੂਜੇ ਸਾਮ੍ਹਣੇ ਰੋਵੋਗੇ। 24 ਹਿਜ਼ਕੀਏਲ ਤੁਹਾਡੇ ਲਈ ਇਕ ਨਿਸ਼ਾਨੀ ਵਾਂਗ ਹੈ।+ ਜੋ ਉਸ ਨੇ ਕੀਤਾ, ਤੁਸੀਂ ਵੀ ਕਰੋਗੇ। ਜਦ ਇਸ ਤਰ੍ਹਾਂ ਹੋਵੇਗਾ, ਤਾਂ ਤੁਹਾਨੂੰ ਜਾਣਨਾ ਹੀ ਪਵੇਗਾ ਕਿ ਮੈਂ ਸਾਰੇ ਜਹਾਨ ਦਾ ਮਾਲਕ ਯਹੋਵਾਹ ਹਾਂ।’”’”
25 “ਹੇ ਮਨੁੱਖ ਦੇ ਪੁੱਤਰ, ਮੈਂ ਉਨ੍ਹਾਂ ਦੇ ਕਿਲੇ ਨੂੰ, ਹਾਂ, ਉਸ ਖ਼ੂਬਸੂਰਤ ਚੀਜ਼ ਨੂੰ ਖੋਹ ਲਵਾਂਗਾ ਜਿਸ ਤੋਂ ਉਨ੍ਹਾਂ ਨੂੰ ਖ਼ੁਸ਼ੀ ਮਿਲਦੀ ਹੈ, ਜਿਸ ਨੂੰ ਉਹ ਪਿਆਰ ਕਰਦੇ ਹਨ ਅਤੇ ਜਿਸ ਨੂੰ ਉਹ ਦਿਲੋਂ ਚਾਹੁੰਦੇ ਹਨ ਅਤੇ ਉਨ੍ਹਾਂ ਦੇ ਧੀਆਂ-ਪੁੱਤਰ ਖੋਹ ਲਵਾਂਗਾ।+ ਜਿਸ ਦਿਨ ਮੈਂ ਇਸ ਤਰ੍ਹਾਂ ਕਰਾਂਗਾ, 26 ਉਸ ਦਿਨ ਜਿਹੜਾ ਬਚ ਜਾਵੇਗਾ, ਉਹ ਆ ਕੇ ਤੈਨੂੰ ਇਸ ਦੀ ਖ਼ਬਰ ਦੇਵੇਗਾ।+ 27 ਉਸ ਦਿਨ ਤੂੰ ਆਪਣਾ ਮੂੰਹ ਖੋਲ੍ਹੇਂਗਾ ਅਤੇ ਉਸ ਇਨਸਾਨ ਨਾਲ ਗੱਲ ਕਰੇਂਗਾ ਜੋ ਆਪਣੀ ਜਾਨ ਬਚਾ ਕੇ ਆਇਆ ਹੈ ਅਤੇ ਤੂੰ ਅੱਗੇ ਤੋਂ ਗੁੰਗਾ ਨਹੀਂ ਰਹੇਂਗਾ।+ ਤੂੰ ਉਨ੍ਹਾਂ ਲਈ ਇਕ ਨਿਸ਼ਾਨੀ ਵਾਂਗ ਹੋਵੇਂਗਾ ਅਤੇ ਉਨ੍ਹਾਂ ਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ।”
25 ਮੈਨੂੰ ਦੁਬਾਰਾ ਯਹੋਵਾਹ ਦਾ ਸੰਦੇਸ਼ ਮਿਲਿਆ: 2 “ਹੇ ਮਨੁੱਖ ਦੇ ਪੁੱਤਰ, ਆਪਣਾ ਮੂੰਹ ਅੰਮੋਨੀ ਲੋਕਾਂ+ ਵੱਲ ਕਰ ਅਤੇ ਉਨ੍ਹਾਂ ਦੇ ਖ਼ਿਲਾਫ਼ ਭਵਿੱਖਬਾਣੀ ਕਰ।+ 3 ਤੂੰ ਅੰਮੋਨੀਆਂ ਬਾਰੇ ਇਹ ਕਹੀਂ, ‘ਸਾਰੇ ਜਹਾਨ ਦੇ ਮਾਲਕ ਯਹੋਵਾਹ ਦਾ ਸੰਦੇਸ਼ ਸੁਣੋ। ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: “ਜਦ ਮੇਰੇ ਪਵਿੱਤਰ ਸਥਾਨ ਨੂੰ ਭ੍ਰਿਸ਼ਟ ਕੀਤਾ ਗਿਆ, ਇਜ਼ਰਾਈਲ ਦੇਸ਼ ਨੂੰ ਤਬਾਹ ਕੀਤਾ ਗਿਆ ਅਤੇ ਯਹੂਦਾਹ ਦੇ ਘਰਾਣੇ ਦੇ ਲੋਕਾਂ ਨੂੰ ਬੰਦੀ ਬਣਾ ਕੇ ਲਿਜਾਇਆ ਗਿਆ, ਤਾਂ ਤੂੰ ਕਿਹਾ, ‘ਚੰਗਾ ਹੋਇਆ!’ 4 ਇਸ ਲਈ ਮੈਂ ਤੈਨੂੰ ਪੂਰਬ ਦੇ ਲੋਕਾਂ ਦੇ ਹਵਾਲੇ ਕਰ ਦਿਆਂਗਾ ਜੋ ਤੇਰੇ ʼਤੇ ਕਬਜ਼ਾ ਕਰਨਗੇ। ਉਹ ਤੇਰੇ ਵਿਚ ਆਪਣੇ ਡੇਰੇ* ਲਾਉਣਗੇ ਅਤੇ ਤੰਬੂ ਗੱਡਣਗੇ। ਉਹ ਤੇਰੇ ਦੇਸ਼ ਦੀ ਪੈਦਾਵਾਰ ਖਾਣਗੇ ਅਤੇ ਤੇਰੀਆਂ ਭੇਡਾਂ-ਬੱਕਰੀਆਂ ਦਾ ਦੁੱਧ ਪੀਣਗੇ। 5 ਮੈਂ ਰੱਬਾਹ+ ਸ਼ਹਿਰ ਨੂੰ ਊਠਾਂ ਲਈ ਚਰਾਂਦ ਅਤੇ ਅੰਮੋਨੀਆਂ ਦੇ ਦੇਸ਼ ਨੂੰ ਭੇਡਾਂ-ਬੱਕਰੀਆਂ ਲਈ ਆਰਾਮ ਕਰਨ ਦੀ ਜਗ੍ਹਾ ਬਣਾ ਦਿਆਂਗਾ ਅਤੇ ਤੈਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ।”’”
6 “ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: ‘ਤੂੰ ਇਜ਼ਰਾਈਲ ਦੇਸ਼ ਦਾ ਹਾਲ ਦੇਖ ਕੇ ਤਾੜੀਆਂ ਵਜਾਈਆਂ+ ਅਤੇ ਆਪਣੇ ਪੈਰ ਜ਼ਮੀਨ ʼਤੇ ਮਾਰੇ ਅਤੇ ਤੈਨੂੰ ਉਨ੍ਹਾਂ ਦੀ ਬੇਇੱਜ਼ਤੀ ਕਰ ਕੇ ਖ਼ੁਸ਼ੀ ਮਿਲੀ,+ 7 ਇਸ ਲਈ ਮੈਂ ਤੇਰੇ ਖ਼ਿਲਾਫ਼ ਆਪਣਾ ਹੱਥ ਚੁੱਕਾਂਗਾ ਅਤੇ ਤੈਨੂੰ ਦੂਜੀਆਂ ਕੌਮਾਂ ਦੇ ਹਵਾਲੇ ਕਰ ਦਿਆਂਗਾ ਅਤੇ ਉਹ ਤੈਨੂੰ ਲੁੱਟਣਗੇ। ਮੈਂ ਤੈਨੂੰ ਕੌਮਾਂ ਵਿੱਚੋਂ ਮਿਟਾ ਦਿਆਂਗਾ ਅਤੇ ਦੇਸ਼ਾਂ ਵਿੱਚੋਂ ਤੇਰਾ ਨਾਸ਼ ਕਰ ਦਿਆਂਗਾ।+ ਮੈਂ ਤੇਰਾ ਨਾਮੋ-ਨਿਸ਼ਾਨ ਮਿਟਾ ਦਿਆਂਗਾ ਅਤੇ ਤੈਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ।’
8 “ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: ‘ਮੋਆਬ+ ਅਤੇ ਸੇਈਰ+ ਨੇ ਕਿਹਾ ਹੈ: “ਦੇਖੋ, ਯਹੂਦਾਹ ਦਾ ਘਰਾਣਾ ਬਾਕੀ ਸਾਰੀਆਂ ਕੌਮਾਂ ਵਰਗਾ ਹੈ,” 9 ਮੈਂ ਮੋਆਬ ਦੇ ਸਰਹੱਦੀ ਸ਼ਹਿਰਾਂ ʼਤੇ ਹਮਲਾ ਕਰਾਵਾਂਗਾ, ਨਾਲੇ ਇਸ ਦੇ ਸੋਹਣੇ ਸ਼ਹਿਰ* ਬੈਤ-ਯਸ਼ੀਮੋਥ, ਬਆਲ-ਮੀਓਨ ਅਤੇ ਦੂਰ ਕਿਰਯਾਥੈਮ+ ਉੱਤੇ ਵੀ। 10 ਮੈਂ ਅੰਮੋਨੀਆਂ ਦੇ ਨਾਲ-ਨਾਲ ਮੋਆਬੀਆਂ ਨੂੰ ਪੂਰਬ ਦੇ ਲੋਕਾਂ+ ਦੇ ਹਵਾਲੇ ਕਰ ਦਿਆਂਗਾ ਜੋ ਉਨ੍ਹਾਂ ʼਤੇ ਕਬਜ਼ਾ ਕਰਨਗੇ ਅਤੇ ਫਿਰ ਕੌਮਾਂ ਵਿਚ ਅੰਮੋਨੀਆਂ ਨੂੰ ਕਦੇ ਯਾਦ ਨਹੀਂ ਕੀਤਾ ਜਾਵੇਗਾ।+ 11 ਮੈਂ ਮੋਆਬ ਨੂੰ ਸਜ਼ਾ ਦਿਆਂਗਾ+ ਅਤੇ ਉਨ੍ਹਾਂ ਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ।’
12 “ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: ‘ਅਦੋਮ ਨੇ ਯਹੂਦਾਹ ਦੇ ਘਰਾਣੇ ਨਾਲ ਵੈਰ ਰੱਖਦਿਆਂ ਉਸ ਤੋਂ ਬਦਲਾ ਲਿਆ ਅਤੇ ਇਸ ਤਰ੍ਹਾਂ ਉਹ ਘੋਰ ਪਾਪ ਦਾ ਦੋਸ਼ੀ ਬਣਿਆ ਹੈ;+ 13 ਇਸ ਲਈ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: “ਮੈਂ ਅਦੋਮ ਦੇ ਖ਼ਿਲਾਫ਼ ਵੀ ਆਪਣਾ ਹੱਥ ਚੁੱਕਾਂਗਾ ਅਤੇ ਇਨਸਾਨਾਂ ਅਤੇ ਪਾਲਤੂ ਪਸ਼ੂਆਂ ਨੂੰ ਮਾਰ ਸੁੱਟਾਂਗਾ ਅਤੇ ਮੈਂ ਅਦੋਮ ਨੂੰ ਤਬਾਹ ਕਰ ਦਿਆਂਗਾ।+ ਤੇਮਾਨ ਤੋਂ ਲੈ ਕੇ ਦਦਾਨ ਤਕ ਲੋਕ ਤਲਵਾਰ ਨਾਲ ਮਾਰੇ ਜਾਣਗੇ।+ 14 ‘ਮੈਂ ਆਪਣੀ ਪਰਜਾ ਇਜ਼ਰਾਈਲ ਦੇ ਹੱਥੋਂ ਅਦੋਮ ਤੋਂ ਬਦਲਾ ਲਵਾਂਗਾ।+ ਉਹ ਅਦੋਮ ʼਤੇ ਮੇਰਾ ਗੁੱਸਾ ਅਤੇ ਕ੍ਰੋਧ ਵਰ੍ਹਾਉਣਗੇ ਅਤੇ ਫਿਰ ਅਦੋਮ ਜਾਣੇਗਾ ਕਿ ਮੈਂ ਉਸ ਨੂੰ ਸਜ਼ਾ ਦਿੱਤੀ ਹੈ,’+ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ।”’
15 “ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: ‘ਇਜ਼ਰਾਈਲੀਆਂ ਨਾਲ ਪੁਰਾਣੀ ਦੁਸ਼ਮਣੀ ਅਤੇ ਘਿਰਣਾ ਹੋਣ ਕਰਕੇ ਫਲਿਸਤੀਆਂ ਨੇ ਉਨ੍ਹਾਂ ਤੋਂ ਬਦਲਾ ਲੈਣ ਅਤੇ ਉਨ੍ਹਾਂ ਨੂੰ ਨਾਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ।+ 16 ਇਸ ਲਈ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: “ਮੈਂ ਫਲਿਸਤੀਆਂ ਦੇ ਖ਼ਿਲਾਫ਼ ਆਪਣਾ ਹੱਥ ਚੁੱਕਾਂਗਾ+ ਅਤੇ ਮੈਂ ਕਰੇਤੀਆਂ ਨੂੰ ਨਾਸ਼ ਕਰ ਦਿਆਂਗਾ+ ਅਤੇ ਸਮੁੰਦਰ ਦੇ ਕੰਢੇ ʼਤੇ ਵੱਸੇ ਬਾਕੀ ਲੋਕਾਂ ਨੂੰ ਮਾਰ ਸੁੱਟਾਂਗਾ।+ 17 ਮੈਂ ਕ੍ਰੋਧਵਾਨ ਹੋ ਕੇ ਉਨ੍ਹਾਂ ਨੂੰ ਸਜ਼ਾ ਦਿਆਂਗਾ ਅਤੇ ਉਨ੍ਹਾਂ ਤੋਂ ਪੂਰਾ ਬਦਲਾ ਲਵਾਂਗਾ। ਜਦੋਂ ਮੈਂ ਉਨ੍ਹਾਂ ਤੋਂ ਬਦਲਾ ਲਵਾਂਗਾ, ਤਾਂ ਉਨ੍ਹਾਂ ਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ।”’”
26 ਮੈਨੂੰ 11ਵੇਂ ਸਾਲ ਵਿਚ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਯਹੋਵਾਹ ਦਾ ਸੰਦੇਸ਼ ਮਿਲਿਆ: 2 “ਹੇ ਮਨੁੱਖ ਦੇ ਪੁੱਤਰ, ਸੋਰ ਨੇ ਯਰੂਸ਼ਲਮ ਬਾਰੇ ਕਿਹਾ ਹੈ,+ ‘ਚੰਗਾ ਹੋਇਆ! ਜਿਸ ਦਰਵਾਜ਼ੇ ਰਾਹੀਂ ਸਾਰੀਆਂ ਕੌਮਾਂ ਅੰਦਰ ਆਉਂਦੀਆਂ ਸਨ, ਉਸ ਨੂੰ ਤੋੜ ਦਿੱਤਾ ਗਿਆ ਹੈ।+ ਹੁਣ ਸਾਰਾ ਕੁਝ ਮੇਰੇ ਕੋਲ ਆਵੇਗਾ ਅਤੇ ਮੈਂ ਅਮੀਰ ਹੋ ਜਾਵਾਂਗਾ ਕਿਉਂਕਿ ਉਸ ਨੂੰ ਤਬਾਹ ਕਰ ਦਿੱਤਾ ਗਿਆ ਹੈ’; 3 ਇਸ ਲਈ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: ‘ਹੇ ਸੋਰ, ਮੈਂ ਤੇਰੇ ਖ਼ਿਲਾਫ਼ ਹਾਂ ਅਤੇ ਮੈਂ ਸਮੁੰਦਰ ਦੀਆਂ ਲਹਿਰਾਂ ਵਾਂਗ ਬਹੁਤ ਸਾਰੀਆਂ ਕੌਮਾਂ ਨੂੰ ਤੇਰੇ ʼਤੇ ਹਮਲਾ ਕਰਨ ਲਈ ਲਿਆਵਾਂਗਾ। 4 ਕੌਮਾਂ ਸੋਰ ਦੀਆਂ ਕੰਧਾਂ ਢਾਹ ਦੇਣਗੀਆਂ ਅਤੇ ਇਸ ਦੇ ਬੁਰਜਾਂ ਨੂੰ ਚਕਨਾਚੂਰ ਕਰ ਦੇਣਗੀਆਂ।+ ਮੈਂ ਇਸ ਦੀ ਮਿੱਟੀ ਤਕ ਖੁਰਚ ਸੁੱਟਾਂਗਾ ਅਤੇ ਇਸ ਨੂੰ ਸੁੱਕੀ ਅਤੇ ਪੱਧਰੀ ਚਟਾਨ ਬਣਾ ਦਿਆਂਗਾ। 5 ਇਹ ਸਮੁੰਦਰ ਵਿਚਕਾਰ ਜਾਲ਼ ਸੁਕਾਉਣ ਵਾਲੀ ਜਗ੍ਹਾ ਬਣ ਜਾਵੇਗਾ।’+
“‘ਕੌਮਾਂ ਇਸ ਨੂੰ ਲੁੱਟ ਲੈਣਗੀਆਂ। ਮੈਂ ਆਪ ਇਹ ਗੱਲ ਕਹੀ ਹੈ,’ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ। 6 ‘ਇਸ ਦੇ ਪੇਂਡੂ ਇਲਾਕਿਆਂ ਵਿਚ ਰਹਿਣ ਵਾਲੇ ਤਲਵਾਰ ਨਾਲ ਵੱਢੇ ਜਾਣਗੇ ਅਤੇ ਲੋਕਾਂ ਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ।’
7 “ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: ‘ਮੈਂ ਸੋਰ ʼਤੇ ਹਮਲਾ ਕਰਨ ਲਈ ਉੱਤਰ ਵੱਲੋਂ ਬਾਬਲ ਦੇ ਰਾਜੇ ਨਬੂਕਦਨੱਸਰ* ਨੂੰ ਲਿਆ ਰਿਹਾ ਹਾਂ;+ ਉਹ ਰਾਜਿਆਂ ਦਾ ਰਾਜਾ ਹੈ+ ਜਿਸ ਕੋਲ ਘੋੜੇ,+ ਯੁੱਧ ਦੇ ਰਥ,+ ਘੋੜਸਵਾਰ ਅਤੇ ਵੱਡੀ ਤਾਦਾਦ ਵਿਚ ਫ਼ੌਜ* ਹੈ। 8 ਉਹ ਤੇਰੇ ਪੇਂਡੂ ਇਲਾਕਿਆਂ ਵਿਚ ਰਹਿੰਦੇ ਲੋਕਾਂ ਨੂੰ ਤਲਵਾਰ ਨਾਲ ਵੱਢ ਸੁੱਟੇਗਾ, ਘੇਰਾਬੰਦੀ ਕਰਨ ਲਈ ਕੰਧ ਉਸਾਰੇਗਾ, ਤੇਰੇ ʼਤੇ ਹਮਲਾ ਕਰਨ ਲਈ ਟਿੱਲਾ ਬਣਾਵੇਗਾ ਅਤੇ ਢਾਲਾਂ ਦੀ ਕੰਧ ਬਣਾ ਕੇ ਤੇਰਾ ਟਾਕਰਾ ਕਰੇਗਾ। 9 ਉਹ ਆਪਣੇ ਕਿਲਾਤੋੜ ਯੰਤਰਾਂ* ਨਾਲ ਤੇਰੀਆਂ ਕੰਧਾਂ ਤੋੜ ਦੇਵੇਗਾ ਅਤੇ ਕੁਹਾੜਿਆਂ* ਨਾਲ ਤੇਰੇ ਬੁਰਜਾਂ ਨੂੰ ਢਾਹ ਸੁੱਟੇਗਾ। 10 ਉਸ ਦੇ ਘੋੜੇ ਇੰਨੇ ਜ਼ਿਆਦਾ ਹੋਣਗੇ ਕਿ ਉਹ ਤੈਨੂੰ ਧੂੜ ਨਾਲ ਭਰ ਦੇਣਗੇ ਅਤੇ ਜਦ ਉਹ ਤੇਰੇ ਦਰਵਾਜ਼ਿਆਂ ਥਾਣੀਂ ਅੰਦਰ ਆਵੇਗਾ, ਤਾਂ ਉਸ ਦੇ ਘੋੜਿਆਂ, ਪਹੀਆਂ ਅਤੇ ਰਥਾਂ ਦਾ ਸ਼ੋਰ ਤੇਰੀਆਂ ਕੰਧਾਂ ਨੂੰ ਹਿਲਾ ਦੇਵੇਗਾ। ਉਹ ਇਸ ਤਰ੍ਹਾਂ ਅੰਦਰ ਵੜੇਗਾ ਜਿਵੇਂ ਢੱਠੀਆਂ ਕੰਧਾਂ ਵਾਲੇ ਸ਼ਹਿਰ ਵਿਚ ਆਦਮੀ ਦਗੜ-ਦਗੜ ਕਰਦੇ ਵੜ ਆਉਂਦੇ ਹਨ। 11 ਉਸ ਦੇ ਘੋੜਿਆਂ ਦੇ ਖੁਰ ਤੇਰੀਆਂ ਸਾਰੀਆਂ ਗਲੀਆਂ ਨੂੰ ਲਤਾੜਣਗੇ;+ ਉਹ ਤੇਰੇ ਲੋਕਾਂ ਨੂੰ ਤਲਵਾਰ ਨਾਲ ਵੱਢ ਸੁੱਟੇਗਾ ਅਤੇ ਤੇਰੇ ਮਜ਼ਬੂਤ ਥੰਮ੍ਹ ਜ਼ਮੀਨ ʼਤੇ ਡਿਗ ਕੇ ਚਕਨਾਚੂਰ ਹੋ ਜਾਣਗੇ। 12 ਉਹ ਤੇਰੀ ਧਨ-ਦੌਲਤ ਖੋਹ ਲੈਣਗੇ, ਤੇਰੇ ਵਪਾਰ ਦਾ ਮਾਲ ਲੁੱਟ ਲੈਣਗੇ,+ ਤੇਰੀਆਂ ਕੰਧਾਂ ਢਾਹ ਦੇਣਗੇ ਅਤੇ ਤੇਰੇ ਸੋਹਣੇ-ਸੋਹਣੇ ਘਰਾਂ ਨੂੰ ਮਲਬੇ ਦਾ ਢੇਰ ਬਣਾ ਦੇਣਗੇ; ਫਿਰ ਉਹ ਤੇਰੇ ਪੱਥਰ, ਲੱਕੜ ਦਾ ਸਾਮਾਨ ਅਤੇ ਮਿੱਟੀ ਪਾਣੀ ਵਿਚ ਸੁੱਟ ਦੇਣਗੇ।’
13 “‘ਮੈਂ ਤੇਰੇ ਗਾਉਣ ਦੀ ਆਵਾਜ਼ ਬੰਦ ਕਰ ਦਿਆਂਗਾ ਅਤੇ ਤੇਰੇ ਰਬਾਬਾਂ ਦਾ ਸੰਗੀਤ ਫਿਰ ਕਦੇ ਸੁਣਾਈ ਨਹੀਂ ਦੇਵੇਗਾ।+ 14 ਮੈਂ ਤੈਨੂੰ ਸੁੱਕੀ ਅਤੇ ਪੱਧਰੀ ਚਟਾਨ ਬਣਾ ਦਿਆਂਗਾ ਅਤੇ ਤੂੰ ਜਾਲ਼ ਸੁਕਾਉਣ ਵਾਲੀ ਜਗ੍ਹਾ ਬਣ ਜਾਵੇਂਗਾ।+ ਤੈਨੂੰ ਦੁਬਾਰਾ ਕਦੇ ਨਹੀਂ ਬਣਾਇਆ ਜਾਵੇਗਾ ਕਿਉਂਕਿ ਮੈਂ ਯਹੋਵਾਹ ਹਾਂ ਜਿਸ ਨੇ ਆਪ ਇਹ ਗੱਲ ਕਹੀ ਹੈ,’ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ।
15 “ਸਾਰੇ ਜਹਾਨ ਦਾ ਮਾਲਕ ਯਹੋਵਾਹ ਸੋਰ ਨੂੰ ਕਹਿੰਦਾ ਹੈ: ‘ਜਦ ਤੇਰੇ ਵਿਚ ਕਤਲੇਆਮ ਹੋਵੇਗਾ ਅਤੇ ਮਰ ਰਹੇ ਲੋਕ ਦਰਦ ਨਾਲ ਹੂੰਗ ਰਹੇ ਹੋਣਗੇ, ਤਾਂ ਕੀ ਤੇਰੇ ਡਿਗਣ ਦੀ ਆਵਾਜ਼ ਸੁਣ ਕੇ ਟਾਪੂ ਥਰ-ਥਰ ਨਹੀਂ ਕੰਬਣਗੇ?+ 16 ਸਮੁੰਦਰ ਦੇ ਸਾਰੇ ਹਾਕਮ* ਆਪੋ-ਆਪਣੇ ਸਿੰਘਾਸਣ ਤੋਂ ਹੇਠਾਂ ਉੱਤਰ ਆਉਣਗੇ, ਆਪਣੇ ਚੋਗੇ* ਤੇ ਕਢਾਈ ਵਾਲੇ ਕੱਪੜੇ ਲਾਹ ਦੇਣਗੇ ਅਤੇ ਡਰ ਨਾਲ ਥਰ-ਥਰ ਕੰਬਣਗੇ। ਉਹ ਜ਼ਮੀਨ ʼਤੇ ਬੈਠਣਗੇ, ਲਗਾਤਾਰ ਕੰਬਣਗੇ ਅਤੇ ਹੱਕੇ-ਬੱਕੇ ਹੋ ਕੇ ਤੇਰੇ ਵੱਲ ਦੇਖਣਗੇ।+ 17 ਉਹ ਤੇਰੇ ਲਈ ਵਿਰਲਾਪ*+ ਦਾ ਗੀਤ ਗਾਉਣਗੇ ਅਤੇ ਤੈਨੂੰ ਕਹਿਣਗੇ:
“ਹਾਇ! ਤੂੰ ਨਾਸ਼ ਹੋ ਗਿਆ,+
ਤੂੰ ਉਹ ਸ਼ਹਿਰ ਸੀ ਜਿਸ ਦੀ ਵਡਿਆਈ ਕੀਤੀ ਜਾਂਦੀ ਸੀ ਅਤੇ ਲੋਕ ਸਮੁੰਦਰਾਂ ਤੋਂ ਆ ਕੇ ਤੇਰੇ ਵਿਚ ਵੱਸੇ ਹੋਏ ਸਨ;+
ਤੇਰਾ ਅਤੇ ਤੇਰੇ* ਵਾਸੀਆਂ ਦਾ ਸਮੁੰਦਰ ʼਤੇ ਰਾਜ ਸੀ,
ਧਰਤੀ ਦੇ ਸਾਰੇ ਵਾਸੀਆਂ ʼਤੇ ਤੇਰਾ ਖ਼ੌਫ਼ ਛਾਇਆ ਹੋਇਆ ਸੀ!
18 ਤੇਰੇ ਡਿਗਣ ਦੇ ਦਿਨ ਟਾਪੂ ਥਰ-ਥਰ ਕੰਬਣਗੇ,
ਤੇਰੀ ਤਬਾਹੀ ਕਰਕੇ ਸਮੁੰਦਰ ਦੇ ਟਾਪੂ ਘਬਰਾ ਜਾਣਗੇ।”’+
19 “ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: ‘ਜਦ ਮੈਂ ਤੈਨੂੰ ਬੇਆਬਾਦ ਸ਼ਹਿਰਾਂ ਵਾਂਗ ਉਜਾੜ ਦਿਆਂਗਾ ਅਤੇ ਠਾਠਾਂ ਮਾਰਦੇ ਪਾਣੀਆਂ ਨਾਲ ਤੈਨੂੰ ਰੋੜ੍ਹ ਦਿਆਂਗਾ ਅਤੇ ਜ਼ੋਰਦਾਰ ਪਾਣੀਆਂ ਨਾਲ ਡੋਬ ਦਿਆਂਗਾ,+ 20 ਤਾਂ ਦੂਸਰਿਆਂ ਵਾਂਗ ਮੈਂ ਤੈਨੂੰ ਵੀ ਕਬਰ* ਵਿਚ ਸੁੱਟ ਦਿਆਂਗਾ ਜਿੱਥੇ ਲੰਬੇ ਸਮੇਂ ਤੋਂ ਮਰੇ ਹੋਏ ਲੋਕ ਪਏ ਹਨ; ਪੁਰਾਣੇ ਸਮਿਆਂ ਤੋਂ ਤਬਾਹ ਹੋਏ ਸ਼ਹਿਰਾਂ ਵਾਂਗ ਮੈਂ ਤੈਨੂੰ ਧਰਤੀ ਦੀਆਂ ਡੂੰਘਾਈਆਂ ਵਿਚ ਅਤੇ ਕਬਰ ਵਿਚ ਸੁੱਟ ਦਿਆਂਗਾ ਜਿੱਥੇ ਬਾਕੀ ਲੋਕ ਜਾਂਦੇ ਹਨ+ ਤਾਂਕਿ ਤੈਨੂੰ ਵਸਾਇਆ ਨਾ ਜਾ ਸਕੇ। ਫਿਰ ਮੈਂ ਜੀਉਂਦਿਆਂ ਦੇ ਦੇਸ਼ ਦੀ ਸ਼ੋਭਾ ਵਧਾਵਾਂਗਾ।*
21 “‘ਮੈਂ ਤੇਰੇ ʼਤੇ ਅਚਾਨਕ ਕਹਿਰ ਢਾਹਾਂਗਾ ਅਤੇ ਤੇਰਾ ਨਾਮੋ-ਨਿਸ਼ਾਨ ਮਿਟ ਜਾਵੇਗਾ।+ ਉਹ ਤੈਨੂੰ ਲੱਭਣਗੇ, ਪਰ ਤੇਰਾ ਕੋਈ ਅਤਾ-ਪਤਾ ਨਹੀਂ ਲੱਗੇਗਾ,’ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ।”
27 ਮੈਨੂੰ ਦੁਬਾਰਾ ਯਹੋਵਾਹ ਦਾ ਸੰਦੇਸ਼ ਮਿਲਿਆ: 2 “ਹੇ ਮਨੁੱਖ ਦੇ ਪੁੱਤਰ, ਸੋਰ ਬਾਰੇ ਵਿਰਲਾਪ* ਦਾ ਗੀਤ ਗਾ+ 3 ਅਤੇ ਸੋਰ ਨੂੰ ਕਹਿ,
‘ਤੂੰ ਸਮੁੰਦਰ ਦੇ ਕੰਢੇ ʼਤੇ ਵੱਸਦਾ ਹੈਂ,
ਤੂੰ ਬਹੁਤ ਸਾਰੇ ਟਾਪੂਆਂ ਦੀਆਂ ਕੌਮਾਂ ਨਾਲ ਵਪਾਰ ਕਰਦਾ ਹੈਂ,
ਸਾਰੇ ਜਹਾਨ ਦਾ ਮਾਲਕ ਯਹੋਵਾਹ ਤੈਨੂੰ ਕਹਿੰਦਾ ਹੈ:
“ਹੇ ਸੋਰ, ਤੂੰ ਆਪ ਇਹ ਗੱਲ ਕਹੀ ਹੈ, ‘ਮੇਰੀ ਖ਼ੂਬਸੂਰਤੀ ਬੇਮਿਸਾਲ ਹੈ।’+
4 ਤੇਰੇ ਇਲਾਕੇ ਸਮੁੰਦਰ ਦੇ ਵਿਚਕਾਰ ਹਨ
ਅਤੇ ਤੇਰੇ ਬਣਾਉਣ ਵਾਲਿਆਂ ਨੇ ਤੇਰੀ ਖ਼ੂਬਸੂਰਤੀ ਨੂੰ ਚਾਰ ਚੰਨ ਲਾਏ ਹਨ।
5 ਉਨ੍ਹਾਂ ਨੇ ਤੇਰੇ ਸਾਰੇ ਫੱਟੇ ਸਨੀਰ+ ਤੋਂ ਲਿਆਂਦੀ ਸਨੋਬਰ ਦੀ ਲੱਕੜ ਦੇ ਬਣਾਏ ਹਨ,
ਉਨ੍ਹਾਂ ਨੇ ਤੇਰੇ ਬਾਦਬਾਨ ਦਾ ਖੰਭਾ ਲਬਾਨੋਨ ਤੋਂ ਲਿਆਂਦੇ ਦਿਆਰ ਦਾ ਬਣਾਇਆ ਹੈ।
6 ਉਨ੍ਹਾਂ ਨੇ ਤੇਰੇ ਚੱਪੂ ਬਾਸ਼ਾਨ ਦੇ ਬਲੂਤਾਂ ਤੋਂ ਬਣਾਏ
ਅਤੇ ਤੇਰਾ ਅਗਲਾ ਪਾਸਾ ਕਿੱਤੀਮ+ ਦੇ ਟਾਪੂਆਂ ਤੋਂ ਲਿਆਂਦੀ ਸਰੂ ਦੀ ਲੱਕੜ ਦਾ ਬਣਾਇਆ
ਜਿਸ ʼਤੇ ਹਾਥੀ-ਦੰਦ ਨਾਲ ਨਕਾਸ਼ੀ ਕੀਤੀ ਗਈ ਸੀ।
7 ਤੇਰਾ ਬਾਦਬਾਨ ਮਿਸਰ ਤੋਂ ਲਿਆਂਦੀ ਰੰਗਦਾਰ ਮਲਮਲ ਦਾ ਬਣਾਇਆ ਗਿਆ ਸੀ
ਅਤੇ ਤੇਰੇ ਉੱਪਰਲੇ ਪਾਸੇ ਲੱਗਾ ਸ਼ਾਮਿਆਨਾ ਅਲੀਸ਼ਾਹ+ ਟਾਪੂਆਂ ਤੋਂ ਲਿਆਂਦੇ ਨੀਲੇ ਧਾਗੇ ਅਤੇ ਬੈਂਗਣੀ ਉੱਨ ਦਾ ਬਣਿਆ ਸੀ।
8 ਸੀਦੋਨ ਅਤੇ ਅਰਵਾਦ+ ਦੇ ਵਾਸੀ ਤੇਰੇ ਚੱਪੂ ਚਲਾਉਂਦੇ ਸਨ।
ਹੇ ਸੋਰ, ਤੇਰੇ ਆਪਣੇ ਹੁਨਰਮੰਦ ਆਦਮੀ ਤੇਰੇ ਮਲਾਹ ਸਨ।+
9 ਗਬਾਲ+ ਦੇ ਤਜਰਬੇਕਾਰ* ਅਤੇ ਹੁਨਰਮੰਦ ਆਦਮੀਆਂ ਨੇ ਤੇਰੀਆਂ ਦਰਜਾਂ ਭਰੀਆਂ।+
ਸਮੁੰਦਰ ਦੇ ਸਾਰੇ ਜਹਾਜ਼ ਅਤੇ ਉਨ੍ਹਾਂ ਦੇ ਮਲਾਹ ਤੇਰੇ ਨਾਲ ਵਪਾਰ ਕਰਨ ਆਉਂਦੇ ਸਨ।
10 ਤੇਰੀ ਫ਼ੌਜ ਵਿਚ ਫਾਰਸ, ਲੂਦੀਮ ਅਤੇ ਫੂਟ+ ਦੇ ਆਦਮੀ ਤੇਰੇ ਯੋਧੇ ਸਨ।
ਉਹ ਤੇਰੇ ਵਿਚ ਆਪਣੀਆਂ ਢਾਲਾਂ ਅਤੇ ਟੋਪ ਟੰਗਦੇ ਸਨ ਅਤੇ ਉਨ੍ਹਾਂ ਨੇ ਤੇਰੀ ਸ਼ੋਭਾ ਵਧਾਈ।
11 ਤੇਰੀ ਫ਼ੌਜ ਵਿਚ ਅਰਵਾਦ ਦੇ ਆਦਮੀ ਤੇਰੀਆਂ ਕੰਧਾਂ ਉੱਤੇ ਚਾਰੇ ਪਾਸੇ ਤੈਨਾਤ ਸਨ
ਬਹਾਦਰ ਆਦਮੀ ਤੇਰੇ ਬੁਰਜਾਂ ʼਤੇ ਪਹਿਰਾ ਦਿੰਦੇ ਸਨ।
ਉਹ ਤੇਰੀਆਂ ਕੰਧਾਂ ਉੱਤੇ ਚਾਰੇ ਪਾਸੇ ਗੋਲ ਢਾਲਾਂ ਟੰਗਦੇ ਸਨ
ਅਤੇ ਉਨ੍ਹਾਂ ਨੇ ਤੇਰੀ ਖ਼ੂਬਸੂਰਤੀ ਨੂੰ ਚਾਰ ਚੰਨ ਲਾਏ ਸਨ।
12 “‘“ਤੇਰੀ ਬੇਸ਼ੁਮਾਰ ਧਨ-ਦੌਲਤ ਕਰਕੇ ਤਰਸ਼ੀਸ਼+ ਤੇਰੇ ਨਾਲ ਵਪਾਰ ਕਰਦਾ ਸੀ।+ ਇਸ ਦੇ ਲੋਕ ਤੇਰੀਆਂ ਚੀਜ਼ਾਂ ਦੇ ਬਦਲੇ ਤੈਨੂੰ ਚਾਂਦੀ, ਲੋਹਾ, ਟੀਨ ਅਤੇ ਸਿੱਕਾ ਦਿੰਦੇ ਸਨ।+ 13 ਯਾਵਾਨ, ਤੂਬਲ+ ਅਤੇ ਮਸ਼ੇਕ+ ਤੇਰੇ ਨਾਲ ਵਪਾਰ ਕਰਦੇ ਸਨ ਅਤੇ ਤੇਰੀਆਂ ਚੀਜ਼ਾਂ ਦੇ ਬਦਲੇ ਤੈਨੂੰ ਗ਼ੁਲਾਮ+ ਅਤੇ ਤਾਂਬੇ ਦੀਆਂ ਚੀਜ਼ਾਂ ਦਿੰਦੇ ਸਨ। 14 ਤੋਗਰਮਾਹ+ ਦਾ ਘਰਾਣਾ ਤੇਰੀਆਂ ਚੀਜ਼ਾਂ ਦੇ ਬਦਲੇ ਤੈਨੂੰ ਘੋੜੇ ਅਤੇ ਖੱਚਰ ਦਿੰਦਾ ਸੀ। 15 ਦਦਾਨ+ ਦੇ ਲੋਕ ਤੇਰੇ ਨਾਲ ਵਪਾਰ ਕਰਦੇ ਸਨ; ਤੂੰ ਬਹੁਤ ਸਾਰੇ ਟਾਪੂਆਂ ਉੱਤੇ ਵਪਾਰੀਆਂ ਨੂੰ ਕੰਮ ਉੱਤੇ ਰੱਖਿਆ ਹੋਇਆ ਸੀ; ਉਹ ਤੈਨੂੰ ਨਜ਼ਰਾਨੇ ਵਿਚ ਹਾਥੀ-ਦੰਦ+ ਅਤੇ ਆਬਨੂਸ ਦੀ ਲੱਕੜ ਦਿੰਦੇ ਸਨ। 16 ਤੇਰੇ ਕੋਲ ਬੇਸ਼ੁਮਾਰ ਚੀਜ਼ਾਂ ਹੋਣ ਕਰਕੇ ਅਦੋਮ ਤੇਰੇ ਨਾਲ ਵਪਾਰ ਕਰਦਾ ਸੀ। ਇਸ ਦੇ ਲੋਕ ਤੇਰੀਆਂ ਚੀਜ਼ਾਂ ਦੇ ਬਦਲੇ ਤੈਨੂੰ ਫਿਰੋਜ਼ਾ, ਬੈਂਗਣੀ ਉੱਨ, ਕਢਾਈ ਵਾਲੇ ਰੰਗਦਾਰ ਕੱਪੜੇ, ਵਧੀਆ ਕੱਪੜੇ, ਮੂੰਗੇ ਅਤੇ ਬੇਸ਼ਕੀਮਤੀ ਲਾਲ ਪੱਥਰ ਦਿੰਦੇ ਸਨ।
17 “‘“ਯਹੂਦਾਹ ਅਤੇ ਇਜ਼ਰਾਈਲ ਤੇਰੇ ਨਾਲ ਵਪਾਰ ਕਰਦੇ ਸਨ। ਉਹ ਤੇਰੀਆਂ ਚੀਜ਼ਾਂ ਦੇ ਬਦਲੇ ਤੈਨੂੰ ਮਿੰਨੀਥ+ ਦੀ ਕਣਕ, ਵਧੀਆ-ਵਧੀਆ ਖਾਣ ਵਾਲੀਆਂ ਚੀਜ਼ਾਂ, ਸ਼ਹਿਦ,+ ਤੇਲ ਅਤੇ ਬਲਸਾਨ+ ਦਿੰਦੇ ਸਨ।+
18 “‘“ਤੇਰੇ ਕੋਲ ਬੇਸ਼ੁਮਾਰ ਚੀਜ਼ਾਂ ਅਤੇ ਧਨ-ਦੌਲਤ ਹੋਣ ਕਰਕੇ ਦਮਿਸਕ+ ਤੇਰੇ ਨਾਲ ਵਪਾਰ ਕਰਦਾ ਸੀ ਅਤੇ ਤੈਨੂੰ ਹਲਬੋਨ ਦਾ ਦਾਖਰਸ ਅਤੇ ਜ਼ਹਾਰ* ਦੀ ਉੱਨ ਵੇਚਦਾ ਸੀ। 19 ਊਜ਼ਾਲ ਵਿਚ ਵਦਾਨ ਅਤੇ ਯਾਵਾਨ ਤੇਰੀਆਂ ਚੀਜ਼ਾਂ ਦੇ ਬਦਲੇ ਤੈਨੂੰ ਲੋਹੇ ਦੀਆਂ ਚੀਜ਼ਾਂ, ਦਾਲਚੀਨੀ ਅਤੇ ਕੁਸਾ* ਦਿੰਦੇ ਸਨ। 20 ਦਦਾਨ+ ਤੈਨੂੰ ਘੋੜੇ ਦੀ ਕਾਠੀ ਲਈ ਕੱਪੜਾ ਵੇਚਦਾ ਸੀ। 21 ਤੂੰ ਅਰਬੀਆਂ ਅਤੇ ਕੇਦਾਰ+ ਦੇ ਸਾਰੇ ਮੁਖੀਆਂ ਨੂੰ ਕੰਮ ਉੱਤੇ ਰੱਖਿਆ ਹੋਇਆ ਸੀ। ਉਹ ਲੇਲਿਆਂ, ਭੇਡੂਆਂ ਅਤੇ ਬੱਕਰਿਆਂ ਦੇ ਵਪਾਰੀ ਸਨ।+ 22 ਸ਼ਬਾ ਅਤੇ ਰਾਮਾਹ+ ਤੇਰੇ ਨਾਲ ਵਪਾਰ ਕਰਦੇ ਸਨ; ਉਹ ਤੇਰੀਆਂ ਚੀਜ਼ਾਂ ਦੇ ਬਦਲੇ ਤੈਨੂੰ ਹਰ ਤਰ੍ਹਾਂ ਦਾ ਵਧੀਆ ਤੋਂ ਵਧੀਆ ਅਤਰ, ਕੀਮਤੀ ਪੱਥਰ ਅਤੇ ਸੋਨਾ ਦਿੰਦੇ ਸਨ।+ 23 ਹਾਰਾਨ,+ ਕਨੇਹ, ਅਦਨ,+ ਸ਼ਬਾ+ ਦੇ ਵਪਾਰੀ, ਅੱਸ਼ੂਰ+ ਅਤੇ ਕਿਲਮਦ ਤੇਰੇ ਨਾਲ ਵਪਾਰ ਕਰਦੇ ਸਨ। 24 ਉਹ ਸੋਹਣੇ-ਸੋਹਣੇ ਕੱਪੜੇ, ਰੰਗਦਾਰ ਕਢਾਈ ਵਾਲੇ ਨੀਲੇ ਚੋਗੇ ਅਤੇ ਰੰਗ-ਬਰੰਗੇ ਕਾਲੀਨ ਰੱਸਿਆਂ ਨਾਲ ਚੰਗੀ ਤਰ੍ਹਾਂ ਬੰਨ੍ਹ ਕੇ ਲਿਆਉਂਦੇ ਸਨ ਅਤੇ ਤੇਰੇ ਬਾਜ਼ਾਰ ਵਿਚ ਵੇਚਦੇ ਸਨ।
26 ਤੇਰੇ ਚੱਪੂ ਚਲਾਉਣ ਵਾਲੇ ਤੈਨੂੰ ਦੂਰ ਸਮੁੰਦਰ ਵਿਚ ਲੈ ਆਏ ਹਨ;
ਪੂਰਬ ਵੱਲੋਂ ਵਗਦੀ ਹਵਾ ਨੇ ਤੈਨੂੰ ਸਮੁੰਦਰ ਦੇ ਵਿਚਕਾਰ ਤਬਾਹ ਕਰ ਦਿੱਤਾ ਹੈ।
27 ਤੇਰੀ ਧਨ-ਦੌਲਤ, ਤੇਰੀਆਂ ਚੀਜ਼ਾਂ, ਤੇਰੇ ਵਪਾਰ ਦਾ ਮਾਲ, ਤੇਰੇ ਮਲਾਹ ਅਤੇ ਜਹਾਜ਼ ਦੇ ਚਾਲਕ,
ਤੇਰੀਆਂ ਦਰਜਾਂ ਭਰਨ ਵਾਲੇ, ਤੇਰੇ ਵਪਾਰੀ+ ਅਤੇ ਤੇਰੇ ਸਾਰੇ ਯੋਧੇ,+
ਹਾਂ, ਤੇਰੇ ਵਿਚ ਸਵਾਰ ਸਾਰੇ ਲੋਕ* ਤੇਰੀ ਤਬਾਹੀ ਦੇ ਦਿਨ ਸਮੁੰਦਰ ਦੇ ਵਿਚਕਾਰ ਡੁੱਬ ਜਾਣਗੇ।+
28 ਤੇਰੇ ਮਲਾਹਾਂ ਦਾ ਚੀਕ-ਚਿਹਾੜਾ ਸੁਣ ਕੇ ਸਮੁੰਦਰ ਕੰਢੇ ਦੇ ਇਲਾਕੇ ਕੰਬ ਜਾਣਗੇ।
29 ਸਾਰੇ ਚੱਪੂ ਚਲਾਉਣ ਵਾਲੇ, ਮਲਾਹ ਅਤੇ ਜਹਾਜ਼ ਦੇ ਚਾਲਕ
ਆਪਣੇ ਜਹਾਜ਼ਾਂ ਤੋਂ ਉੱਤਰ ਕੇ ਜ਼ਮੀਨ ʼਤੇ ਖੜ੍ਹ ਜਾਣਗੇ।
30 ਉਹ ਚੀਕ-ਚਿਹਾੜਾ ਪਾਉਣਗੇ ਅਤੇ ਤੇਰੇ ਕਰਕੇ ਭੁੱਬਾਂ ਮਾਰ-ਮਾਰ ਕੇ ਰੋਣਗੇ+
ਉਹ ਆਪਣੇ ਸਿਰਾਂ ʼਤੇ ਮਿੱਟੀ ਪਾਉਣਗੇ ਅਤੇ ਸੁਆਹ ਵਿਚ ਲੰਮੇ ਪੈਣਗੇ।
31 ਉਹ ਆਪਣੇ ਸਿਰ ਗੰਜੇ ਕਰਨਗੇ ਅਤੇ ਤੱਪੜ ਪਾਉਣਗੇ;
ਉਹ ਤੇਰੇ ਕਰਕੇ ਰੋਣ-ਕੁਰਲਾਉਣਗੇ ਅਤੇ ਕੀਰਨੇ ਪਾਉਣਗੇ।
32 ਉਹ ਵਿਰਲਾਪ ਕਰਦੇ ਹੋਏ ਤੇਰੇ ਲਈ ਮਾਤਮ ਦਾ ਇਹ ਗੀਤ ਗਾਉਣਗੇ ਅਤੇ ਵੈਣ ਪਾਉਣਗੇ:
‘ਸੋਰ ਵਰਗਾ ਕੌਣ ਹੈ ਜੋ ਹੁਣ ਸਮੁੰਦਰ ਦੀਆਂ ਗਹਿਰਾਈਆਂ ਵਿਚ ਖ਼ਾਮੋਸ਼ ਪਿਆ ਹੈ?+
33 ਜਦੋਂ ਸਮੁੰਦਰ ਰਾਹੀਂ ਤੇਰਾ ਸਾਮਾਨ ਆਉਂਦਾ ਸੀ, ਤਾਂ ਤੂੰ ਬਹੁਤ ਸਾਰੀਆਂ ਕੌਮਾਂ ਨੂੰ ਖ਼ੁਸ਼ ਕਰਦਾ ਸੀ।+
ਤੇਰੀ ਬੇਸ਼ੁਮਾਰ ਧਨ-ਦੌਲਤ ਅਤੇ ਵਪਾਰ ਦੇ ਮਾਲ ਨੇ ਧਰਤੀ ਦੇ ਰਾਜਿਆਂ ਨੂੰ ਅਮੀਰ ਬਣਾਇਆ।+
34 ਹੁਣ ਤੂੰ ਤਬਾਹ ਹੋ ਕੇ ਸਮੁੰਦਰ ਦੀਆਂ ਗਹਿਰਾਈਆਂ ਵਿਚ ਪਿਆ ਹੈਂ,+
ਤੇਰਾ ਸਾਰਾ ਮਾਲ ਅਤੇ ਤੇਰੇ ਲੋਕ ਤੇਰੇ ਨਾਲ ਡੁੱਬ ਗਏ ਹਨ।+
35 ਟਾਪੂਆਂ ਦੇ ਸਾਰੇ ਵਾਸੀ ਤੇਰੇ ਵੱਲ ਹੈਰਾਨੀ ਨਾਲ ਦੇਖਣਗੇ,+
ਉਨ੍ਹਾਂ ਦੇ ਰਾਜੇ ਖ਼ੌਫ਼ ਨਾਲ ਥਰ-ਥਰ ਕੰਬਣਗੇ+
ਉਨ੍ਹਾਂ ਦੇ ਚਿਹਰਿਆਂ ਦਾ ਰੰਗ ਪੀਲ਼ਾ ਪੈ ਜਾਵੇਗਾ।
36 ਕੌਮਾਂ ਦੇ ਵਪਾਰੀ ਤੇਰਾ ਹਾਲ ਦੇਖ ਕੇ ਸੀਟੀ ਵਜਾਉਣਗੇ।*
ਅਚਾਨਕ ਤੇਰਾ ਅੰਤ ਹੋ ਜਾਵੇਗਾ ਅਤੇ ਇਹ ਖ਼ੌਫ਼ਨਾਕ ਹੋਵੇਗਾ,
ਹਮੇਸ਼ਾ ਲਈ ਤੇਰਾ ਨਾਮੋ-ਨਿਸ਼ਾਨ ਮਿਟ ਜਾਵੇਗਾ।’”’”+
28 ਮੈਨੂੰ ਦੁਬਾਰਾ ਯਹੋਵਾਹ ਦਾ ਸੰਦੇਸ਼ ਮਿਲਿਆ: 2 “ਹੇ ਮਨੁੱਖ ਦੇ ਪੁੱਤਰ, ਸੋਰ ਦੇ ਆਗੂ ਨੂੰ ਕਹਿ, ‘ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ:
“ਤੇਰਾ ਦਿਲ ਘਮੰਡੀ ਹੋ ਗਿਆ ਹੈ+ ਅਤੇ ਤੂੰ ਕਹਿੰਦਾ ਹੈਂ, ‘ਮੈਂ ਈਸ਼ਵਰ ਹਾਂ।
ਮੈਂ ਸਮੁੰਦਰ ਦੇ ਵਿਚਕਾਰ ਈਸ਼ਵਰ ਦੇ ਸਿੰਘਾਸਣ ʼਤੇ ਬੈਠਾ ਹੋਇਆ ਹਾਂ।’+
ਭਾਵੇਂ ਤੂੰ ਆਪਣੇ ਮਨ ਵਿਚ ਸੋਚਦਾ ਹੈਂ ਕਿ ਤੂੰ ਈਸ਼ਵਰ ਹੈਂ,
ਪਰ ਤੂੰ ਈਸ਼ਵਰ ਨਹੀਂ, ਸਗੋਂ ਇਕ ਮਾਮੂਲੀ ਜਿਹਾ ਇਨਸਾਨ ਹੈਂ।
3 ਤੂੰ ਸੋਚਦਾ ਹੈਂ ਕਿ ਤੂੰ ਦਾਨੀਏਲ ਨਾਲੋਂ ਬੁੱਧੀਮਾਨ ਹੈਂ+
ਅਤੇ ਕੋਈ ਭੇਤ ਤੇਰੇ ਤੋਂ ਲੁਕਿਆ ਹੋਇਆ ਨਹੀਂ ਹੈ।
4 ਤੂੰ ਆਪਣੀ ਬੁੱਧੀ ਅਤੇ ਸੂਝ-ਬੂਝ ਨਾਲ ਅਮੀਰ ਬਣਿਆ ਹੈਂ,
ਤੂੰ ਸੋਨੇ-ਚਾਂਦੀ ਨਾਲ ਆਪਣੇ ਖ਼ਜ਼ਾਨੇ ਭਰ ਰਿਹਾ ਹੈਂ।+
5 ਤੂੰ ਹੁਨਰਮੰਦੀ ਨਾਲ ਵਪਾਰ ਕਰ ਕੇ ਬੇਸ਼ੁਮਾਰ ਧਨ-ਦੌਲਤ ਕਮਾਈ ਹੈ,+
ਧਨ-ਦੌਲਤ ਕਰਕੇ ਤੇਰਾ ਦਿਲ ਘਮੰਡੀ ਹੋ ਗਿਆ ਹੈ।”’
6 “‘ਇਸ ਲਈ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ:
“ਕਿਉਂਕਿ ਤੂੰ ਆਪਣੇ ਮਨ ਵਿਚ ਸੋਚਦਾ ਹੈਂ ਕਿ ਤੂੰ ਈਸ਼ਵਰ ਹੈਂ,
7 ਇਸ ਕਰਕੇ ਮੈਂ ਤੇਰੇ ਖ਼ਿਲਾਫ਼ ਵਿਦੇਸ਼ੀਆਂ ਨੂੰ ਲਿਆ ਰਿਹਾ ਹਾਂ ਜੋ ਕੌਮਾਂ ਵਿਚ ਸਭ ਤੋਂ ਬੇਰਹਿਮ ਹਨ,+
ਉਹ ਆਪਣੀਆਂ ਤਲਵਾਰਾਂ ਕੱਢਣਗੇ ਅਤੇ ਤੇਰੀ ਹਰ ਖ਼ੂਬਸੂਰਤ ਚੀਜ਼ ਤਬਾਹ ਕਰ ਦੇਣਗੇ ਜੋ ਤੂੰ ਆਪਣੀ ਬੁੱਧ ਨਾਲ ਹਾਸਲ ਕੀਤੀ ਹੈ
ਅਤੇ ਉਹ ਤੇਰੀ ਸ਼ਾਨੋ-ਸ਼ੌਕਤ ਮਿੱਟੀ ਵਿਚ ਰੋਲ਼ ਦੇਣਗੇ।+
9 ਕੀ ਤੂੰ ਆਪਣੇ ਜਾਨੋਂ ਮਾਰਨ ਵਾਲੇ ਨੂੰ ਕਹੇਂਗਾ, ‘ਮੈਂ ਈਸ਼ਵਰ ਹਾਂ’?
ਜਿਹੜੇ ਤੈਨੂੰ ਭ੍ਰਿਸ਼ਟ ਕਰਨਗੇ, ਉਨ੍ਹਾਂ ਦੇ ਹੱਥਾਂ ਵਿਚ ਤੂੰ ਮਾਮੂਲੀ ਜਿਹਾ ਇਨਸਾਨ ਹੋਵੇਂਗਾ, ਨਾ ਕਿ ਈਸ਼ਵਰ।”’
10 ‘ਤੂੰ ਵਿਦੇਸ਼ੀਆਂ ਦੇ ਹੱਥੋਂ ਬੇਸੁੰਨਤੇ ਲੋਕਾਂ ਵਾਂਗ ਮਰੇਂਗਾ
ਕਿਉਂਕਿ ਮੈਂ ਆਪ ਇਹ ਗੱਲ ਕਹੀ ਹੈ,’ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ।”
11 ਮੈਨੂੰ ਦੁਬਾਰਾ ਯਹੋਵਾਹ ਦਾ ਸੰਦੇਸ਼ ਮਿਲਿਆ: 12 “ਹੇ ਮਨੁੱਖ ਦੇ ਪੁੱਤਰ, ਸੋਰ ਦੇ ਰਾਜੇ ਲਈ ਵਿਰਲਾਪ* ਦਾ ਗੀਤ ਗਾ ਅਤੇ ਉਸ ਨੂੰ ਕਹਿ, ‘ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ:
13 ਤੂੰ ਪਰਮੇਸ਼ੁਰ ਦੇ ਬਾਗ਼ ਅਦਨ ਵਿਚ ਸੀ।
ਤੈਨੂੰ ਹਰ ਕੀਮਤੀ ਪੱਥਰ ਨਾਲ ਸਜਾਇਆ ਗਿਆ ਸੀ
ਹਾਂ, ਲਾਲ ਪੱਥਰ, ਪੁਖਰਾਜ ਅਤੇ ਯਸ਼ਬ; ਸਬਜ਼ਾ, ਸੁਲੇਮਾਨੀ ਅਤੇ ਹਰਾ ਪੱਥਰ;* ਨੀਲਮ, ਫਿਰੋਜ਼ਾ+ ਅਤੇ ਪੰਨਾ;
ਇਨ੍ਹਾਂ ਨੂੰ ਸੋਨੇ ਦੇ ਖ਼ਾਨਿਆਂ ਵਿਚ ਜੜਿਆ ਗਿਆ ਸੀ।
ਤੇਰੇ ਸਿਰਜੇ ਜਾਣ ਦੇ ਦਿਨ ਇਹ ਤਿਆਰ ਕੀਤੇ ਗਏ ਸਨ।
14 ਮੈਂ ਤੈਨੂੰ ਚੁਣ ਕੇ ਰਾਖੀ ਕਰਨ ਵਾਲੇ ਕਰੂਬੀ ਵਜੋਂ ਨਿਯੁਕਤ ਕੀਤਾ।
ਤੂੰ ਪਰਮੇਸ਼ੁਰ ਦੇ ਪਵਿੱਤਰ ਪਹਾੜ ਉੱਤੇ ਸੀ+ ਅਤੇ ਬਲ਼ਦੇ ਹੋਏ ਪੱਥਰਾਂ ਵਿਚਕਾਰ ਘੁੰਮਦਾ ਸੀ।
16 ਤੂੰ ਆਪਣੇ ਵਪਾਰ ਦੇ ਵਾਧੇ ਕਾਰਨ+ ਹਿੰਸਕ ਬਣ ਗਿਆ ਅਤੇ ਪਾਪ ਕਰਨ ਲੱਗਾ।+
ਇਸ ਲਈ ਭ੍ਰਿਸ਼ਟ ਹੋਣ ਕਰਕੇ ਮੈਂ ਤੈਨੂੰ ਪਰਮੇਸ਼ੁਰ ਦੇ ਪਹਾੜ ਤੋਂ ਕੱਢ ਦਿਆਂਗਾ ਅਤੇ ਤੈਨੂੰ ਖ਼ਤਮ ਕਰ ਦਿਆਂਗਾ,+
ਹੇ ਰਾਖੀ ਕਰਨ ਵਾਲੇ ਕਰੂਬੀ, ਮੈਂ ਤੈਨੂੰ ਬਲ਼ਦੇ ਹੋਏ ਪੱਥਰਾਂ ਵਿੱਚੋਂ ਬਾਹਰ ਸੁੱਟ ਦਿਆਂਗਾ।
17 ਖ਼ੂਬਸੂਰਤ ਹੋਣ ਕਰਕੇ ਤੇਰਾ ਦਿਲ ਘਮੰਡੀ ਹੋ ਗਿਆ।+
ਆਪਣੀ ਸ਼ਾਨੋ-ਸ਼ੌਕਤ ਕਰਕੇ ਤੂੰ ਆਪਣੀ ਬੁੱਧੀ ਭ੍ਰਿਸ਼ਟ ਕਰ ਲਈ।+
ਮੈਂ ਤੈਨੂੰ ਧਰਤੀ ਉੱਤੇ ਸੁੱਟ ਦਿਆਂਗਾ।+
ਮੈਂ ਤੈਨੂੰ ਰਾਜਿਆਂ ਸਾਮ੍ਹਣੇ ਤਮਾਸ਼ਾ ਬਣਾ ਦਿਆਂਗਾ।
18 ਤੂੰ ਘੋਰ ਗੁਨਾਹ ਅਤੇ ਬੇਈਮਾਨੀ ਨਾਲ ਵਪਾਰ ਕਰ ਕੇ ਆਪਣੇ ਪਵਿੱਤਰ ਸਥਾਨ ਭ੍ਰਿਸ਼ਟ ਕਰ ਲਏ ਹਨ।
ਮੈਂ ਤੇਰੇ ਵਿਚ ਅੱਗ ਲਾਵਾਂਗਾ ਜੋ ਤੈਨੂੰ ਭਸਮ ਕਰ ਦੇਵੇਗੀ।+
ਮੈਂ ਤੈਨੂੰ ਧਰਤੀ ਉੱਤੇ ਸਭ ਦੀਆਂ ਨਜ਼ਰਾਂ ਸਾਮ੍ਹਣੇ ਸਾੜ ਕੇ ਸੁਆਹ ਕਰ ਦਿਆਂਗਾ।
19 ਕੌਮਾਂ ਵਿਚ ਤੈਨੂੰ ਜਾਣਨ ਵਾਲੇ ਸਾਰੇ ਲੋਕ ਹੈਰਾਨੀ ਨਾਲ ਤੇਰੇ ਵੱਲ ਦੇਖਣਗੇ।+
ਅਚਾਨਕ ਤੇਰਾ ਅੰਤ ਹੋ ਜਾਵੇਗਾ ਅਤੇ ਇਹ ਖ਼ੌਫ਼ਨਾਕ ਹੋਵੇਗਾ
ਅਤੇ ਤੇਰਾ ਨਾਮੋ-ਨਿਸ਼ਾਨ ਹਮੇਸ਼ਾ ਲਈ ਮਿਟ ਜਾਵੇਗਾ।”’”+
20 ਮੈਨੂੰ ਦੁਬਾਰਾ ਯਹੋਵਾਹ ਦਾ ਸੰਦੇਸ਼ ਮਿਲਿਆ: 21 “ਹੇ ਮਨੁੱਖ ਦੇ ਪੁੱਤਰ, ਸੀਦੋਨ ਵੱਲ ਆਪਣਾ ਮੂੰਹ ਕਰ+ ਅਤੇ ਇਸ ਦੇ ਖ਼ਿਲਾਫ਼ ਭਵਿੱਖਬਾਣੀ ਕਰ। 22 ਤੂੰ ਕਹੀਂ, ‘ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ:
“ਹੇ ਸੀਦੋਨ, ਮੈਂ ਤੇਰੇ ਖ਼ਿਲਾਫ਼ ਹਾਂ ਅਤੇ ਤੇਰੇ ਵਿਚਕਾਰ ਮੇਰੀ ਮਹਿਮਾ ਕੀਤੀ ਜਾਵੇਗੀ;
ਜਦੋਂ ਮੈਂ ਤੈਨੂੰ ਸਜ਼ਾ ਦਿਆਂਗਾ ਅਤੇ ਤੇਰੇ ਰਾਹੀਂ ਮੈਨੂੰ ਪਵਿੱਤਰ ਕੀਤਾ ਜਾਵੇਗਾ,
ਤਾਂ ਲੋਕਾਂ ਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ।
23 ਮੈਂ ਸੀਦੋਨ ਵਿਚ ਮਹਾਂਮਾਰੀ ਘੱਲਾਂਗਾ ਅਤੇ ਉਸ ਦੀਆਂ ਗਲੀਆਂ ਵਿਚ ਖ਼ੂਨ ਵਹੇਗਾ
ਜਦੋਂ ਸਾਰੇ ਪਾਸਿਓਂ ਤਲਵਾਰ ਉਸ ਉੱਤੇ ਹਮਲਾ ਕਰੇਗੀ, ਤਾਂ ਉਸ ਵਿਚ ਲੋਕ ਮਾਰੇ ਜਾਣਗੇ;
ਉਨ੍ਹਾਂ ਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ।+
24 “‘“ਫਿਰ ਇਜ਼ਰਾਈਲ ਦਾ ਘਰਾਣਾ ਕੰਡਿਆਲ਼ੀਆਂ ਝਾੜੀਆਂ ਅਤੇ ਦਰਦਨਾਕ ਕੰਡਿਆਂ ਵਰਗੀਆਂ ਕੌਮਾਂ ਨਾਲ ਘਿਰਿਆ ਨਹੀਂ ਹੋਵੇਗਾ+ ਜਿਹੜੀਆਂ ਉਸ ਨਾਲ ਨਫ਼ਰਤ ਭਰਿਆ ਸਲੂਕ ਕਰਦੀਆਂ ਹਨ; ਲੋਕਾਂ ਨੂੰ ਜਾਣਨਾ ਹੀ ਪਵੇਗਾ ਕਿ ਮੈਂ ਸਾਰੇ ਜਹਾਨ ਦਾ ਮਾਲਕ ਯਹੋਵਾਹ ਹਾਂ।”’
25 “‘ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: “ਜਦੋਂ ਮੈਂ ਇਜ਼ਰਾਈਲ ਦੇ ਘਰਾਣੇ ਨੂੰ ਉਨ੍ਹਾਂ ਸਾਰੀਆਂ ਕੌਮਾਂ ਵਿੱਚੋਂ ਇਕੱਠਾ ਕਰਾਂਗਾ ਜਿਨ੍ਹਾਂ ਵਿਚ ਉਹ ਖਿੰਡ ਗਿਆ ਸੀ,+ ਤਾਂ ਮੈਂ ਉਸ ਰਾਹੀਂ ਕੌਮਾਂ ਦੀਆਂ ਨਜ਼ਰਾਂ ਵਿਚ ਪਵਿੱਤਰ ਠਹਿਰਾਂਗਾ।+ ਉਹ ਆਪਣੇ ਦੇਸ਼ ਵਿਚ ਵੱਸਣਗੇ+ ਜੋ ਮੈਂ ਆਪਣੇ ਸੇਵਕ ਯਾਕੂਬ ਨੂੰ ਦਿੱਤਾ ਸੀ।+ 26 ਉਹ ਉੱਥੇ ਸੁਰੱਖਿਅਤ ਵੱਸਣਗੇ+ ਅਤੇ ਘਰ ਬਣਾਉਣਗੇ ਅਤੇ ਅੰਗੂਰੀ ਬਾਗ਼ ਲਾਉਣਗੇ।+ ਮੈਂ ਉਨ੍ਹਾਂ ਦੇ ਆਲੇ-ਦੁਆਲੇ ਦੇ ਸਾਰੇ ਲੋਕਾਂ ਨੂੰ ਸਜ਼ਾ ਦਿਆਂਗਾ ਜਿਹੜੇ ਉਨ੍ਹਾਂ ਨਾਲ ਨਫ਼ਰਤ ਭਰਿਆ ਸਲੂਕ ਕਰਦੇ ਹਨ। ਇਸ ਤੋਂ ਬਾਅਦ ਉਹ ਸੁਰੱਖਿਅਤ ਵੱਸਣਗੇ+ ਅਤੇ ਉਨ੍ਹਾਂ ਨੂੰ ਜਾਣਨਾ ਹੀ ਪਵੇਗਾ ਕਿ ਮੈਂ ਉਨ੍ਹਾਂ ਦਾ ਪਰਮੇਸ਼ੁਰ ਯਹੋਵਾਹ ਹਾਂ।”’”
29 ਮੈਨੂੰ ਦਸਵੇਂ ਸਾਲ ਦੇ ਦਸਵੇਂ ਮਹੀਨੇ ਦੀ 12 ਤਾਰੀਖ਼ ਨੂੰ ਯਹੋਵਾਹ ਦਾ ਇਹ ਸੰਦੇਸ਼ ਮਿਲਿਆ: 2 “ਹੇ ਮਨੁੱਖ ਦੇ ਪੁੱਤਰ, ਮਿਸਰ ਦੇ ਰਾਜੇ ਫ਼ਿਰਊਨ ਵੱਲ ਆਪਣਾ ਮੂੰਹ ਕਰ ਅਤੇ ਉਸ ਦੇ ਖ਼ਿਲਾਫ਼ ਅਤੇ ਸਾਰੇ ਮਿਸਰ ਦੇ ਖ਼ਿਲਾਫ਼ ਭਵਿੱਖਬਾਣੀ ਕਰ।+ 3 ਤੂੰ ਇਹ ਕਹੀਂ: ‘ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ:
“ਹੇ ਮਿਸਰ ਦੇ ਰਾਜੇ ਫ਼ਿਰਊਨ, ਮੈਂ ਤੇਰੇ ਖ਼ਿਲਾਫ਼ ਹਾਂ,+
ਤੂੰ ਨੀਲ ਦਰਿਆ ਦੀਆਂ ਨਹਿਰਾਂ ਵਿਚ ਰਹਿਣ ਵਾਲਾ ਵੱਡਾ ਸਮੁੰਦਰੀ ਜੀਵ ਹੈਂ+
ਤੂੰ ਕਹਿੰਦਾ ਹੈਂ, ‘ਨੀਲ ਦਰਿਆ ਮੇਰਾ ਹੈ।
ਮੈਂ ਇਸ ਨੂੰ ਆਪਣੇ ਲਈ ਬਣਾਇਆ ਹੈ।’+
4 ਪਰ ਮੈਂ ਤੇਰੇ ਜਬਾੜ੍ਹਿਆਂ ਵਿਚ ਕੁੰਡੀਆਂ ਪਾਵਾਂਗਾ ਅਤੇ ਤੇਰੇ ਨੀਲ ਦਰਿਆ ਦੀਆਂ ਮੱਛੀਆਂ ਨੂੰ ਤੇਰੀ ਚਮੜੀ* ਨਾਲ ਚੰਬੇੜ ਦਿਆਂਗਾ।
ਮੈਂ ਤੈਨੂੰ ਅਤੇ ਤੇਰੀ ਚਮੜੀ* ਨਾਲ ਚਿੰਬੜੀਆਂ ਮੱਛੀਆਂ ਨੂੰ ਤੇਰੇ ਨੀਲ ਦਰਿਆ ਵਿੱਚੋਂ ਬਾਹਰ ਕੱਢ ਲਿਆਵਾਂਗਾ।
5 ਮੈਂ ਤੈਨੂੰ ਅਤੇ ਤੇਰੇ ਨੀਲ ਦਰਿਆ ਦੀਆਂ ਸਾਰੀਆਂ ਮੱਛੀਆਂ ਨੂੰ ਉਜਾੜ ਵਿਚ ਪਿਆ ਰਹਿਣ ਦਿਆਂਗਾ।
ਤੂੰ ਰੜੇ ਮੈਦਾਨ ਵਿਚ ਡਿਗੇਂਗਾ ਅਤੇ ਕੋਈ ਵੀ ਤੇਰੀ ਲਾਸ਼ ਨੂੰ ਚੁੱਕ ਕੇ ਨਹੀਂ ਦਫ਼ਨਾਵੇਗਾ।+
ਮੈਂ ਤੇਰਾ ਮਾਸ ਧਰਤੀ ਦੇ ਜੰਗਲੀ ਜਾਨਵਰਾਂ ਅਤੇ ਆਕਾਸ਼ ਦੇ ਪੰਛੀਆਂ ਨੂੰ ਖਾਣ ਲਈ ਦਿਆਂਗਾ।+
6 ਫਿਰ ਮਿਸਰ ਦੇ ਸਾਰੇ ਵਾਸੀਆਂ ਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ
ਕਿਉਂਕਿ ਇਜ਼ਰਾਈਲ ਦੇ ਘਰਾਣੇ ਲਈ ਉਨ੍ਹਾਂ ਦਾ ਸਹਾਰਾ ਸਿਰਫ਼ ਇਕ ਕਾਨੇ ਵਾਂਗ ਸੀ।+
7 ਜਦੋਂ ਉਨ੍ਹਾਂ ਨੇ ਤੇਰਾ ਹੱਥ ਫੜਿਆ, ਤਾਂ ਤੂੰ ਫਿੱਸ ਗਿਆ,
ਤੇਰੇ ਕਰਕੇ ਉਨ੍ਹਾਂ ਦਾ ਮੋਢਾ ਜ਼ਖ਼ਮੀ ਹੋ ਗਿਆ।
8 “‘ਇਸ ਲਈ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: “ਮੈਂ ਤੇਰੇ ਖ਼ਿਲਾਫ਼ ਤਲਵਾਰ ਲਿਆ ਰਿਹਾ ਹਾਂ+ ਅਤੇ ਮੈਂ ਤੇਰੇ ਵਿੱਚੋਂ ਇਨਸਾਨਾਂ ਅਤੇ ਜਾਨਵਰਾਂ ਨੂੰ ਵੱਢ ਸੁੱਟਾਂਗਾ। 9 ਮਿਸਰ ਤਬਾਹ ਹੋ ਜਾਵੇਗਾ ਅਤੇ ਉਜਾੜ ਬਣ ਜਾਵੇਗਾ;+ ਉਨ੍ਹਾਂ ਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ ਕਿਉਂਕਿ ਤੂੰ* ਕਹਿੰਦਾ ਹੈਂ, ‘ਨੀਲ ਦਰਿਆ ਮੇਰਾ ਹੈ। ਮੈਂ ਹੀ ਇਸ ਨੂੰ ਬਣਾਇਆ ਹੈ।’+ 10 ਇਸ ਲਈ ਮੈਂ ਤੇਰੇ ਅਤੇ ਤੇਰੇ ਨੀਲ ਦਰਿਆ ਦੇ ਖ਼ਿਲਾਫ਼ ਹਾਂ। ਮੈਂ ਮਿਗਦੋਲ+ ਤੋਂ ਲੈ ਕੇ ਸਵੇਨੇਹ+ ਤਕ, ਇੱਥੋਂ ਤਕ ਕਿ ਇਥੋਪੀਆ ਦੀ ਸਰਹੱਦ ਤਕ ਪੂਰੇ ਮਿਸਰ ਨੂੰ ਤਬਾਹ ਕਰ ਕੇ ਸੁੱਕੀ, ਵੀਰਾਨ ਅਤੇ ਬੰਜਰ ਜ਼ਮੀਨ ਬਣਾ ਦਿਆਂਗਾ।+ 11 ਕੋਈ ਵੀ ਇਨਸਾਨ ਜਾਂ ਪਾਲਤੂ ਜਾਨਵਰ ਇਸ ਵਿੱਚੋਂ ਦੀ ਨਹੀਂ ਲੰਘੇਗਾ+ ਅਤੇ 40 ਸਾਲ ਤਕ ਇੱਥੇ ਕੋਈ ਨਹੀਂ ਵੱਸੇਗਾ। 12 ਮੈਂ ਮਿਸਰ ਨੂੰ ਸਭ ਤੋਂ ਵੀਰਾਨ ਦੇਸ਼ਾਂ ਨਾਲੋਂ ਵੀ ਵੀਰਾਨ ਕਰ ਦਿਆਂਗਾ ਅਤੇ ਇਸ ਦੇ ਸ਼ਹਿਰ 40 ਸਾਲ ਤਕ ਪੂਰੀ ਤਰ੍ਹਾਂ ਉਜਾੜ ਪਏ ਰਹਿਣਗੇ।+ ਮੈਂ ਮਿਸਰੀਆਂ ਨੂੰ ਦੂਸਰੀਆਂ ਕੌਮਾਂ ਵਿਚ ਖਿੰਡਾ ਦਿਆਂਗਾ ਅਤੇ ਦੇਸ਼ਾਂ ਵਿਚ ਤਿੱਤਰ-ਬਿੱਤਰ ਕਰ ਦਿਆਂਗਾ।”+
13 “‘ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: “ਮੈਂ 40 ਸਾਲ ਬਾਅਦ ਮਿਸਰੀਆਂ ਨੂੰ ਉਨ੍ਹਾਂ ਸਾਰੇ ਦੇਸ਼ਾਂ ਤੋਂ ਇਕੱਠਾ ਕਰਾਂਗਾ ਜਿੱਥੇ ਉਹ ਖਿੰਡ ਗਏ ਸਨ।+ 14 ਮੈਂ ਮਿਸਰੀ ਗ਼ੁਲਾਮਾਂ ਨੂੰ ਉਨ੍ਹਾਂ ਦੀ ਜਨਮ-ਭੂਮੀ ਪਥਰੋਸ+ ਵਾਪਸ ਲਿਆਵਾਂਗਾ। ਉੱਥੇ ਉਨ੍ਹਾਂ ਦੇ ਰਾਜ ਦੀ ਕੋਈ ਅਹਿਮੀਅਤ ਨਹੀਂ ਹੋਵੇਗੀ। 15 ਮਿਸਰ ਬਾਕੀ ਰਾਜਾਂ ਨਾਲੋਂ ਕਮਜ਼ੋਰ ਹੋ ਜਾਵੇਗਾ ਅਤੇ ਫਿਰ ਕਦੇ ਦੂਸਰੀਆਂ ਕੌਮਾਂ ʼਤੇ ਇਸ ਦਾ ਦਬਦਬਾ ਨਹੀਂ ਹੋਵੇਗਾ।+ ਮੈਂ ਉਨ੍ਹਾਂ ਨੂੰ ਇੰਨਾ ਛੋਟਾ ਕਰ ਦਿਆਂਗਾ ਕਿ ਉਹ ਹੋਰ ਕੌਮਾਂ ਨੂੰ ਆਪਣੇ ਅਧੀਨ ਨਹੀਂ ਕਰ ਸਕਣਗੇ।+ 16 ਇਜ਼ਰਾਈਲ ਦਾ ਘਰਾਣਾ ਫਿਰ ਕਦੇ ਉਨ੍ਹਾਂ ʼਤੇ ਭਰੋਸਾ ਨਹੀਂ ਕਰੇਗਾ,+ ਸਗੋਂ ਇਜ਼ਰਾਈਲੀਆਂ ਨੂੰ ਇਹ ਗੱਲ ਯਾਦ ਆਵੇਗੀ ਕਿ ਉਨ੍ਹਾਂ ਨੇ ਮਿਸਰੀਆਂ ਤੋਂ ਮਦਦ ਮੰਗ ਕੇ ਗ਼ਲਤੀ ਕੀਤੀ ਸੀ। ਉਨ੍ਹਾਂ ਨੂੰ ਜਾਣਨਾ ਹੀ ਪਵੇਗਾ ਕਿ ਮੈਂ ਸਾਰੇ ਜਹਾਨ ਦਾ ਮਾਲਕ ਯਹੋਵਾਹ ਹਾਂ।”’”
17 ਫਿਰ ਮੈਨੂੰ 27ਵੇਂ ਸਾਲ ਦੇ ਪਹਿਲੇ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਯਹੋਵਾਹ ਦਾ ਇਹ ਸੰਦੇਸ਼ ਮਿਲਿਆ: 18 “ਹੇ ਮਨੁੱਖ ਦੇ ਪੁੱਤਰ, ਬਾਬਲ ਦੇ ਰਾਜੇ ਨਬੂਕਦਨੱਸਰ*+ ਨੇ ਸੋਰ ਉੱਤੇ ਹਮਲਾ ਕਰਨ ਵੇਲੇ ਆਪਣੀ ਫ਼ੌਜ ਤੋਂ ਸਖ਼ਤ ਮਿਹਨਤ ਕਰਾਈ।+ ਸਾਰਿਆਂ ਦੇ ਸਿਰ ਗੰਜੇ ਹੋ ਗਏ ਅਤੇ ਮੋਢੇ ਛਿੱਲੇ ਗਏ। ਪਰ ਉਸ ਨੂੰ ਅਤੇ ਉਸ ਦੀ ਫ਼ੌਜ ਨੂੰ ਆਪਣੀ ਮਿਹਨਤ ਦੀ ਕੋਈ ਮਜ਼ਦੂਰੀ ਨਹੀਂ ਮਿਲੀ ਜੋ ਉਸ ਨੇ ਸੋਰ ਉੱਤੇ ਹਮਲਾ ਕਰਨ ਵੇਲੇ ਕੀਤੀ ਸੀ।
19 “ਇਸ ਲਈ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ, ‘ਮੈਂ ਮਿਸਰ ਨੂੰ ਬਾਬਲ ਦੇ ਰਾਜੇ ਨਬੂਕਦਨੱਸਰ ਦੇ ਹੱਥ ਵਿਚ ਦੇ ਰਿਹਾ ਹਾਂ।+ ਉਹ ਮਿਸਰ ਦੀ ਸਾਰੀ ਧਨ-ਦੌਲਤ ਲੁੱਟ ਕੇ ਲੈ ਜਾਵੇਗਾ ਅਤੇ ਇਹ ਧਨ-ਦੌਲਤ ਉਸ ਦੀ ਫ਼ੌਜ ਦੀ ਮਜ਼ਦੂਰੀ ਹੋਵੇਗੀ।’
20 “‘ਉਸ ਨੇ ਸੋਰ ਉੱਤੇ ਹਮਲਾ ਕਰ ਕੇ ਮੇਰੇ ਲਈ ਕੰਮ ਕੀਤਾ, ਇਸ ਲਈ ਮੈਂ ਉਸ ਦੀ ਮਿਹਨਤ ਦੀ ਮਜ਼ਦੂਰੀ ਵਜੋਂ ਉਸ ਨੂੰ ਮਿਸਰ ਦੇ ਦਿਆਂਗਾ,’+ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ।
21 “ਉਸ ਦਿਨ ਮੈਂ ਇਜ਼ਰਾਈਲ ਦੇ ਘਰਾਣੇ ਲਈ ਇਕ ਸਿੰਗ ਉਗਾਵਾਂਗਾ*+ ਅਤੇ ਮੈਂ ਤੈਨੂੰ ਉਨ੍ਹਾਂ ਵਿਚ ਬੋਲਣ ਦਾ ਮੌਕਾ ਦਿਆਂਗਾ; ਉਨ੍ਹਾਂ ਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ।”
30 ਫਿਰ ਮੈਨੂੰ ਦੁਬਾਰਾ ਯਹੋਵਾਹ ਦਾ ਸੰਦੇਸ਼ ਮਿਲਿਆ: 2 “ਹੇ ਮਨੁੱਖ ਦੇ ਪੁੱਤਰ, ਭਵਿੱਖਬਾਣੀ ਕਰ, ‘ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ:
“ਰੋਵੋ-ਕੁਰਲਾਓ ਅਤੇ ਕਹੋ, ‘ਹਾਇ, ਉਹ ਦਿਨ ਆ ਰਿਹਾ ਹੈ!’
3 ਉਹ ਦਿਨ ਨੇੜੇ ਹੈ, ਹਾਂ, ਯਹੋਵਾਹ ਦਾ ਦਿਨ ਨੇੜੇ ਹੈ।+
ਉਹ ਕਾਲੀਆਂ ਘਟਾਵਾਂ ਦਾ ਦਿਨ ਹੈ,+ ਉਸ ਦਿਨ ਕੌਮਾਂ ਦਾ ਨਿਆਂ ਕੀਤਾ ਜਾਵੇਗਾ।+
4 ਮਿਸਰ ਦੇ ਖ਼ਿਲਾਫ਼ ਇਕ ਤਲਵਾਰ ਚੱਲੇਗੀ, ਜਦ ਇੱਥੇ ਲੋਕ ਮਰਨਗੇ ਤਦ ਇਥੋਪੀਆ ਵਿਚ ਦਹਿਸ਼ਤ ਫੈਲੇਗੀ;
ਇਸ ਦੀ ਧਨ-ਦੌਲਤ ਲੁੱਟ ਲਈ ਗਈ ਹੈ ਅਤੇ ਇਸ ਦੀਆਂ ਨੀਂਹਾਂ ਢਾਹ ਦਿੱਤੀਆਂ ਗਈਆਂ ਹਨ।+
5 ਇਥੋਪੀਆ,+ ਫੂਟ,+ ਲੂਦ ਅਤੇ ਹੋਰ ਕੌਮਾਂ ਦੇ ਲੋਕ
ਅਤੇ ਕੂਬ ਦੇ ਨਾਲ-ਨਾਲ ਇਕਰਾਰ ਕੀਤੇ ਹੋਏ ਦੇਸ਼ ਦੇ ਪੁੱਤਰ,*
ਇਹ ਸਾਰੇ ਤਲਵਾਰ ਨਾਲ ਮਾਰੇ ਜਾਣਗੇ।”’
6 ਯਹੋਵਾਹ ਇਹ ਕਹਿੰਦਾ ਹੈ:
‘ਮਿਸਰ ਦੇ ਮਦਦਗਾਰ ਵੀ ਡਿਗ ਪੈਣਗੇ,
ਇਸ ਦੀ ਤਾਕਤ ਅਤੇ ਘਮੰਡ ਚੂਰ-ਚੂਰ ਕਰ ਦਿੱਤਾ ਜਾਵੇਗਾ।’+
“‘ਉਹ ਦੇਸ਼ ਵਿਚ ਮਿਗਦੋਲ+ ਤੋਂ ਲੈ ਕੇ ਸਵੇਨੇਹ+ ਤਕ ਤਲਵਾਰ ਨਾਲ ਮਾਰੇ ਜਾਣਗੇ,’ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ। 7 ‘ਉਨ੍ਹਾਂ ਨੂੰ ਸਭ ਤੋਂ ਵੀਰਾਨ ਦੇਸ਼ਾਂ ਨਾਲੋਂ ਵੀ ਵੀਰਾਨ ਕਰ ਦਿੱਤਾ ਜਾਵੇਗਾ ਅਤੇ ਇਸ ਦੇ ਸ਼ਹਿਰਾਂ ਨੂੰ ਪੂਰੀ ਤਰ੍ਹਾਂ ਉਜਾੜ ਦਿੱਤਾ ਜਾਵੇਗਾ।+ 8 ਜਦ ਮੈਂ ਮਿਸਰ ਵਿਚ ਅੱਗ ਲਾਵਾਂਗਾ ਅਤੇ ਇਸ ਦੇ ਸਾਥੀਆਂ ਨੂੰ ਕੁਚਲ ਦਿਆਂਗਾ, ਤਾਂ ਉਨ੍ਹਾਂ ਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ। 9 ਉਸ ਦਿਨ ਮੈਂ ਜਹਾਜ਼ਾਂ ʼਤੇ ਸੰਦੇਸ਼ ਦੇਣ ਵਾਲੇ ਬੰਦੇ ਭੇਜ ਕੇ ਇਥੋਪੀਆ ਨੂੰ ਭੈ-ਭੀਤ ਕਰਾਂਗਾ ਜਿਸ ਨੂੰ ਆਪਣੇ ʼਤੇ ਹੱਦੋਂ ਵੱਧ ਭਰੋਸਾ ਹੈ। ਮਿਸਰ ਦੀ ਤਬਾਹੀ ਦੇ ਦਿਨ ਉਸ ਵਿਚ ਦਹਿਸ਼ਤ ਫੈਲੇਗੀ ਕਿਉਂਕਿ ਉਹ ਦਿਨ ਜ਼ਰੂਰ ਆਵੇਗਾ।’
10 “ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: ‘ਮੈਂ ਬਾਬਲ ਦੇ ਰਾਜੇ ਨਬੂਕਦਨੱਸਰ* ਦੇ ਹੱਥੋਂ ਮਿਸਰ ਦੀ ਭੀੜ ਨੂੰ ਨਾਸ਼ ਕਰ ਦਿਆਂਗਾ।+ 11 ਇਸ ਦੇਸ਼ ਨੂੰ ਤਬਾਹ ਕਰਨ ਲਈ ਉਸ ਨੂੰ ਅਤੇ ਉਸ ਦੀਆਂ ਫ਼ੌਜਾਂ ਨੂੰ ਲਿਆਂਦਾ ਜਾਵੇਗਾ ਜੋ ਕੌਮਾਂ ਵਿਚ ਸਭ ਤੋਂ ਬੇਰਹਿਮ ਹਨ।+ ਉਹ ਮਿਸਰ ਦੇ ਖ਼ਿਲਾਫ਼ ਆਪਣੀਆਂ ਤਲਵਾਰਾਂ ਕੱਢਣਗੇ ਅਤੇ ਹਰ ਪਾਸੇ ਲਾਸ਼ਾਂ ਹੀ ਲਾਸ਼ਾਂ ਵਿਛਾ ਦੇਣਗੇ।+ 12 ਮੈਂ ਨੀਲ ਦਰਿਆ ਦੀਆਂ ਨਹਿਰਾਂ+ ਸੁਕਾ ਦਿਆਂਗਾ ਅਤੇ ਇਸ ਦੇਸ਼ ਨੂੰ ਦੁਸ਼ਟਾਂ ਦੇ ਹੱਥ ਵੇਚ ਦਿਆਂਗਾ। ਮੈਂ ਵਿਦੇਸ਼ੀਆਂ ਦੇ ਹੱਥੋਂ ਇਸ ਦੇਸ਼ ਨੂੰ ਅਤੇ ਇਸ ਦੀ ਹਰੇਕ ਚੀਜ਼ ਨੂੰ ਤਬਾਹ ਕਰਾਵਾਂਗਾ।+ ਮੈਂ ਯਹੋਵਾਹ ਹਾਂ ਜਿਸ ਨੇ ਆਪ ਇਹ ਗੱਲ ਕਹੀ ਹੈ।’
13 “ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: ‘ਮੈਂ ਘਿਣਾਉਣੀਆਂ ਮੂਰਤਾਂ* ਨੂੰ ਚੂਰ-ਚੂਰ ਕਰ ਦਿਆਂਗਾ ਅਤੇ ਨੋਫ* ਦੇ ਨਿਕੰਮੇ ਦੇਵਤਿਆਂ ਦਾ ਖ਼ਾਤਮਾ ਕਰ ਦਿਆਂਗਾ।+ ਇਸ ਤੋਂ ਬਾਅਦ ਮਿਸਰ ʼਤੇ ਕੋਈ ਮਿਸਰੀ ਰਾਜ ਨਹੀਂ ਕਰੇਗਾ ਅਤੇ ਮੈਂ ਮਿਸਰ ਵਿਚ ਦਹਿਸ਼ਤ ਫੈਲਾਵਾਂਗਾ।+ 14 ਮੈਂ ਪਥਰੋਸ+ ਨੂੰ ਉਜਾੜ ਦਿਆਂਗਾ, ਸੋਆਨ ਨੂੰ ਅੱਗ ਲਾਵਾਂਗਾ ਅਤੇ ਨੋ* ਨੂੰ ਸਜ਼ਾ ਦਿਆਂਗਾ।+ 15 ਮੈਂ ਮਿਸਰ ਦੇ ਮਜ਼ਬੂਤ ਗੜ੍ਹ ਸੀਨ ʼਤੇ ਆਪਣਾ ਗੁੱਸਾ ਵਰ੍ਹਾਵਾਂਗਾ ਅਤੇ ਨੋ ਦੇ ਲੋਕਾਂ ਨੂੰ ਨਾਸ਼ ਕਰ ਸੁੱਟਾਂਗਾ। 16 ਮੈਂ ਮਿਸਰ ਨੂੰ ਅੱਗ ਲਾਵਾਂਗਾ, ਸੀਨ ʼਤੇ ਦਹਿਸ਼ਤ ਛਾ ਜਾਵੇਗੀ, ਨੋ ਦੀਆਂ ਕੰਧਾਂ ਤੋੜ ਦਿੱਤੀਆਂ ਜਾਣਗੀਆਂ ਅਤੇ ਨੋਫ* ʼਤੇ ਦਿਨ-ਦਿਹਾੜੇ ਹਮਲਾ ਹੋਵੇਗਾ। 17 ਓਨ* ਅਤੇ ਫੀਬਸਬ ਦੇ ਜਵਾਨ ਤਲਵਾਰ ਨਾਲ ਮਾਰੇ ਜਾਣਗੇ ਅਤੇ ਇਨ੍ਹਾਂ ਸ਼ਹਿਰਾਂ ਦੇ ਲੋਕ ਬੰਦੀ ਬਣਾ ਕੇ ਲਿਜਾਏ ਜਾਣਗੇ। 18 ਜਦ ਮੈਂ ਮਿਸਰ ਦਾ ਜੂਲਾ ਭੰਨ ਸੁੱਟਾਂਗਾ, ਤਾਂ ਤਪਨਹੇਸ ਵਿਚ ਦਿਨੇ ਹੀ ਹਨੇਰਾ ਛਾ ਜਾਵੇਗਾ।+ ਇਸ ਦੀ ਤਾਕਤ ਅਤੇ ਘਮੰਡ ਚੂਰ-ਚੂਰ ਹੋ ਜਾਵੇਗਾ,+ ਬੱਦਲ ਇਸ ਨੂੰ ਢਕ ਲੈਣਗੇ ਅਤੇ ਇਸ ਦੇ ਕਸਬਿਆਂ ਦੇ ਲੋਕ ਬੰਦੀ ਬਣਾ ਕੇ ਲਿਜਾਏ ਜਾਣਗੇ।+ 19 ਮੈਂ ਮਿਸਰ ਨੂੰ ਸਜ਼ਾ ਦਿਆਂਗਾ ਅਤੇ ਉਨ੍ਹਾਂ ਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ।’”
20 ਫਿਰ ਮੈਨੂੰ 11ਵੇਂ ਸਾਲ ਦੇ ਪਹਿਲੇ ਮਹੀਨੇ ਦੀ 7 ਤਾਰੀਖ਼ ਨੂੰ ਯਹੋਵਾਹ ਦਾ ਸੰਦੇਸ਼ ਮਿਲਿਆ: 21 “ਹੇ ਮਨੁੱਖ ਦੇ ਪੁੱਤਰ, ਮੈਂ ਮਿਸਰ ਦੇ ਰਾਜੇ ਫ਼ਿਰਊਨ ਦੀ ਬਾਂਹ ਭੰਨ ਸੁੱਟੀ ਹੈ; ਕੋਈ ਵੀ ਉਸ ਦੀ ਬਾਂਹ ਉੱਤੇ ਪੱਟੀ ਨਹੀਂ ਬੰਨ੍ਹੇਗਾ ਜਿਸ ਕਰਕੇ ਇਹ ਠੀਕ ਨਹੀਂ ਹੋਵੇਗੀ। ਇਸ ਲਈ ਉਸ ਦੀ ਬਾਂਹ ਵਿਚ ਇੰਨੀ ਜਾਨ ਨਹੀਂ ਹੋਵੇਗੀ ਕਿ ਉਹ ਤਲਵਾਰ ਚੁੱਕ ਸਕੇ।”
22 “ਇਸ ਲਈ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: ‘ਮੈਂ ਮਿਸਰ ਦੇ ਰਾਜੇ ਫ਼ਿਰਊਨ ਦੇ ਖ਼ਿਲਾਫ਼ ਹਾਂ+ ਅਤੇ ਮੈਂ ਉਸ ਦੀ ਮਜ਼ਬੂਤ ਬਾਂਹ ਅਤੇ ਟੁੱਟੀ ਹੋਈ ਬਾਂਹ ਭੰਨ ਦਿਆਂਗਾ+ ਅਤੇ ਮੈਂ ਉਸ ਦੇ ਹੱਥ ਵਿੱਚੋਂ ਤਲਵਾਰ ਡੇਗ ਦਿਆਂਗਾ।+ 23 ਫਿਰ ਮੈਂ ਮਿਸਰੀਆਂ ਨੂੰ ਦੂਸਰੀਆਂ ਕੌਮਾਂ ਵਿਚ ਖਿੰਡਾ ਦਿਆਂਗਾ ਅਤੇ ਦੇਸ਼ਾਂ ਵਿਚ ਤਿੱਤਰ-ਬਿੱਤਰ ਕਰ ਦਿਆਂਗਾ।+ 24 ਪਰ ਮੈਂ ਬਾਬਲ ਦੇ ਰਾਜੇ ਦੀਆਂ ਬਾਹਾਂ ਮਜ਼ਬੂਤ ਕਰਾਂਗਾ*+ ਅਤੇ ਆਪਣੀ ਤਲਵਾਰ ਉਸ ਦੇ ਹੱਥ ਵਿਚ ਫੜਾਵਾਂਗਾ।+ ਮੈਂ ਫ਼ਿਰਊਨ ਦੀਆਂ ਬਾਹਾਂ ਭੰਨ ਸੁੱਟਾਂਗਾ ਅਤੇ ਉਹ ਉਸ ਦੇ ਸਾਮ੍ਹਣੇ* ਇਕ ਮਰ ਰਹੇ ਇਨਸਾਨ ਵਾਂਗ ਉੱਚੀ-ਉੱਚੀ ਹੂੰਗੇਗਾ। 25 ਮੈਂ ਬਾਬਲ ਦੇ ਰਾਜੇ ਦੀਆਂ ਬਾਹਾਂ ਮਜ਼ਬੂਤ ਕਰਾਂਗਾ, ਪਰ ਫ਼ਿਰਊਨ ਦੀਆਂ ਬਾਹਾਂ ਵਿਚ ਜਾਨ ਨਹੀਂ ਰਹੇਗੀ। ਜਦ ਮੈਂ ਬਾਬਲ ਦੇ ਰਾਜੇ ਦੇ ਹੱਥ ਵਿਚ ਆਪਣੀ ਤਲਵਾਰ ਫੜਾਵਾਂਗਾ ਅਤੇ ਉਹ ਇਸ ਨੂੰ ਮਿਸਰ ʼਤੇ ਚਲਾਵੇਗਾ,+ ਤਾਂ ਉਨ੍ਹਾਂ ਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ। 26 ਫਿਰ ਮੈਂ ਮਿਸਰੀਆਂ ਨੂੰ ਦੂਸਰੀਆਂ ਕੌਮਾਂ ਵਿਚ ਖਿੰਡਾ ਦਿਆਂਗਾ ਅਤੇ ਦੇਸ਼ਾਂ ਵਿਚ ਤਿੱਤਰ-ਬਿੱਤਰ ਕਰ ਦਿਆਂਗਾ+ ਅਤੇ ਉਨ੍ਹਾਂ ਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ।’”
31 ਮੈਨੂੰ 11ਵੇਂ ਸਾਲ ਦੇ ਤੀਸਰੇ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਦੁਬਾਰਾ ਯਹੋਵਾਹ ਦਾ ਸੰਦੇਸ਼ ਮਿਲਿਆ: 2 “ਹੇ ਮਨੁੱਖ ਦੇ ਪੁੱਤਰ, ਮਿਸਰ ਦੇ ਰਾਜੇ ਫ਼ਿਰਊਨ ਅਤੇ ਉਸ ਦੀਆਂ ਭੀੜਾਂ ਨੂੰ ਕਹਿ,+
‘ਤੇਰੀ ਮਹਾਨਤਾ ਦੀ ਤੁਲਨਾ ਕਿਸ ਨਾਲ ਕੀਤੀ ਜਾ ਸਕਦੀ ਹੈ?
3 ਇਕ ਅੱਸ਼ੂਰੀ ਸੀ ਜੋ ਲਬਾਨੋਨ ਦਾ ਦਿਆਰ ਸੀ,
ਉਸ ਦੀਆਂ ਟਾਹਣੀਆਂ ਸੋਹਣੀਆਂ ਅਤੇ ਹਰੀਆਂ-ਭਰੀਆਂ ਸਨ;
ਉਹ ਇੰਨਾ ਉੱਚਾ ਸੀ ਕਿ ਉਸ ਦਾ ਸਿਰਾ ਬੱਦਲਾਂ ਨੂੰ ਛੂੰਹਦਾ ਸੀ।
4 ਪਾਣੀਆਂ ਨੇ ਇਸ ਨੂੰ ਵਧਾਇਆ-ਫੁਲਾਇਆ ਅਤੇ ਪਾਣੀ ਦੇ ਡੂੰਘੇ ਚਸ਼ਮਿਆਂ ਨੇ ਇਸ ਨੂੰ ਉੱਚਾ ਕੀਤਾ।
ਜਿੱਥੇ ਇਸ ਨੂੰ ਲਾਇਆ ਗਿਆ ਸੀ, ਉੱਥੇ ਚਾਰੇ ਪਾਸੇ ਚਸ਼ਮੇ ਸਨ;
ਇਨ੍ਹਾਂ ਦੇ ਪਾਣੀ ਮੈਦਾਨ ਦੇ ਸਾਰੇ ਦਰਖ਼ਤਾਂ ਨੂੰ ਸਿੰਜਦੇ ਸਨ।
5 ਇਸ ਲਈ ਇਹ ਮੈਦਾਨ ਦੇ ਹੋਰ ਦਰਖ਼ਤਾਂ ਨਾਲੋਂ ਉੱਚਾ ਹੋ ਗਿਆ।
ਇਹ ਟਾਹਣੀਆਂ ਨਾਲ ਭਰ ਗਿਆ ਅਤੇ ਟਾਹਣੀਆਂ ਲੰਬੀਆਂ ਹੁੰਦੀਆਂ ਗਈਆਂ
ਕਿਉਂਕਿ ਚਸ਼ਮੇ ਪਾਣੀ ਨਾਲ ਭਰੇ ਹੋਏ ਸਨ।
6 ਆਕਾਸ਼ ਦੇ ਸਾਰੇ ਪੰਛੀ ਇਸ ਦੀਆਂ ਟਾਹਣੀਆਂ ʼਤੇ ਆਲ੍ਹਣੇ ਪਾਉਂਦੇ ਸਨ,
ਸਾਰੇ ਜੰਗਲੀ ਜਾਨਵਰ ਇਸ ਦੀਆਂ ਟਾਹਣੀਆਂ ਹੇਠਾਂ ਬੱਚੇ ਦਿੰਦੇ ਸਨ
ਅਤੇ ਇਸ ਦੀ ਛਾਂ ਹੇਠਾਂ ਸਾਰੀਆਂ ਵੱਡੀਆਂ ਕੌਮਾਂ ਵੱਸਦੀਆਂ ਸਨ।
7 ਇਸ ਦੀ ਖ਼ੂਬਸੂਰਤੀ ਅਤੇ ਟਾਹਣੀਆਂ ਦੀ ਲੰਬਾਈ ਬੇਮਿਸਾਲ ਸੀ
ਕਿਉਂਕਿ ਇਸ ਦੀਆਂ ਜੜ੍ਹਾਂ ਡੂੰਘੇ ਪਾਣੀਆਂ ਵਿਚ ਫੈਲੀਆਂ ਹੋਈਆਂ ਸਨ।
8 ਪਰਮੇਸ਼ੁਰ ਦੇ ਬਾਗ਼+ ਵਿਚ ਕੋਈ ਵੀ ਦਿਆਰ ਇਸ ਦੇ ਬਰਾਬਰ ਨਹੀਂ ਸੀ।
ਕਿਸੇ ਵੀ ਸਨੋਬਰ ਦੇ ਦਰਖ਼ਤ ਦੀਆਂ ਟਾਹਣੀਆਂ ਇਸ ਵਰਗੀਆਂ ਨਹੀਂ ਸਨ
ਅਤੇ ਨਾ ਹੀ ਕਿਸੇ ਚਨਾਰ ਦੀਆਂ ਟਾਹਣੀਆਂ ਇਸ ਦੇ ਸਾਮ੍ਹਣੇ ਕੁਝ ਸਨ।
ਪਰਮੇਸ਼ੁਰ ਦੇ ਬਾਗ਼ ਵਿਚ ਕੋਈ ਵੀ ਦਰਖ਼ਤ ਇਸ ਜਿੰਨਾ ਸੁੰਦਰ ਨਹੀਂ ਸੀ।
9 ਮੈਂ ਇਸ ਨੂੰ ਹਰਿਆ-ਭਰਿਆ ਬਣਾ ਕੇ ਸੁੰਦਰਤਾ ਬਖ਼ਸ਼ੀ,
ਸੱਚੇ ਪਰਮੇਸ਼ੁਰ ਦੇ ਅਦਨ ਦੇ ਬਾਗ਼ ਦੇ ਸਾਰੇ ਦਰਖ਼ਤ ਇਸ ਨਾਲ ਈਰਖਾ ਕਰਦੇ ਸਨ।’
10 “ਇਸ ਲਈ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: ‘ਕਿਉਂਕਿ ਇਹ* ਇੰਨਾ ਲੰਬਾ ਹੋ ਗਿਆ ਅਤੇ ਇਸ ਦਾ ਸਿਰਾ ਬੱਦਲਾਂ ਨੂੰ ਛੂਹਣ ਲੱਗਾ ਅਤੇ ਆਪਣੀ ਉਚਾਈ ਕਰਕੇ ਇਸ ਦਾ ਦਿਲ ਹੰਕਾਰਿਆ ਗਿਆ, 11 ਇਸ ਕਰਕੇ ਮੈਂ ਇਸ ਨੂੰ ਕੌਮਾਂ ਦੇ ਤਾਕਤਵਰ ਹਾਕਮ ਦੇ ਹਵਾਲੇ ਕਰ ਦਿਆਂਗਾ।+ ਉਹ ਜ਼ਰੂਰ ਇਸ ਦੇ ਖ਼ਿਲਾਫ਼ ਕਾਰਵਾਈ ਕਰੇਗਾ ਅਤੇ ਮੈਂ ਇਸ ਦੀ ਦੁਸ਼ਟਤਾ ਕਾਰਨ ਇਸ ਨੂੰ ਠੁਕਰਾ ਦਿਆਂਗਾ। 12 ਕੌਮਾਂ ਦੇ ਸਭ ਤੋਂ ਬੇਰਹਿਮ ਵਿਦੇਸ਼ੀ ਇਸ ਨੂੰ ਵੱਢ ਕੇ ਪਹਾੜਾਂ ʼਤੇ ਛੱਡ ਦੇਣਗੇ, ਇਸ ਦੇ ਪੱਤੇ ਸਾਰੀਆਂ ਘਾਟੀਆਂ ਵਿਚ ਡਿਗਣਗੇ ਅਤੇ ਇਸ ਦੀਆਂ ਟਾਹਣੀਆਂ ਟੁੱਟ ਕੇ ਦੇਸ਼ ਦੇ ਸਾਰੇ ਚਸ਼ਮਿਆਂ ਵਿਚ ਪਈਆਂ ਰਹਿਣਗੀਆਂ।+ ਧਰਤੀ ਦੀਆਂ ਸਾਰੀਆਂ ਕੌਮਾਂ ਇਸ ਨੂੰ ਛੱਡ ਕੇ ਇਸ ਦੀ ਛਾਂ ਹੇਠੋਂ ਚਲੀਆਂ ਜਾਣਗੀਆਂ। 13 ਇਸ ਦੇ ਡਿਗੇ ਹੋਏ ਤਣੇ ʼਤੇ ਆਕਾਸ਼ ਦੇ ਸਾਰੇ ਪੰਛੀ ਅਤੇ ਇਸ ਦੀਆਂ ਟਾਹਣੀਆਂ ʼਤੇ ਸਾਰੇ ਜੰਗਲੀ ਜਾਨਵਰ ਵੱਸਣਗੇ।+ 14 ਇਹ ਇਸ ਲਈ ਹੋਵੇਗਾ ਤਾਂਕਿ ਪਾਣੀਆਂ ਕੰਢੇ ਲੱਗਾ ਕੋਈ ਵੀ ਦਰਖ਼ਤ ਇੰਨਾ ਉੱਚਾ ਨਾ ਹੋਵੇ ਜਾਂ ਆਪਣਾ ਸਿਰਾ ਬੱਦਲਾਂ ਤਕ ਨਾ ਲੈ ਜਾਵੇ ਅਤੇ ਪਾਣੀ ਨਾਲ ਸਿੰਜੇ ਹੋਏ ਕਿਸੇ ਵੀ ਦਰਖ਼ਤ ਦੀ ਉਚਾਈ ਬੱਦਲਾਂ ਨੂੰ ਛੂਹ ਨਾ ਸਕੇ। ਇਹ ਸਾਰੇ ਦਰਖ਼ਤ ਮੌਤ ਦੇ ਹਵਾਲੇ ਕੀਤੇ ਜਾਣਗੇ ਅਤੇ ਇਹ ਧਰਤੀ ਦੀਆਂ ਡੂੰਘਾਈਆਂ ਵਿਚ, ਹਾਂ, ਟੋਏ* ਵਿਚ ਸੁੱਟੇ ਜਾਣਗੇ ਜਿੱਥੇ ਸਾਰੇ ਇਨਸਾਨ ਜਾਂਦੇ ਹਨ।’
15 “ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: ‘ਜਿਸ ਦਿਨ ਇਹ ਦਰਖ਼ਤ ਕਬਰ ਵਿਚ ਜਾਵੇਗਾ, ਉਸ ਦਿਨ ਮੈਂ ਲੋਕਾਂ ਤੋਂ ਸੋਗ ਕਰਾਵਾਂਗਾ। ਇਸ ਲਈ ਮੈਂ ਡੂੰਘੇ ਪਾਣੀਆਂ ਨੂੰ ਢਕ ਦਿਆਂਗਾ ਅਤੇ ਇਸ ਦੇ ਪਾਣੀ ਨਾਲ ਨੱਕੋ-ਨੱਕ ਭਰੇ ਚਸ਼ਮਿਆਂ ਨੂੰ ਵਗਣੋਂ ਰੋਕ ਦਿਆਂਗਾ। ਮੈਂ ਇਸ ਦਰਖ਼ਤ ਕਰਕੇ ਲਬਾਨੋਨ ਵਿਚ ਹਨੇਰਾ ਕਰ ਦਿਆਂਗਾ ਅਤੇ ਮੈਦਾਨ ਦੇ ਸਾਰੇ ਦਰਖ਼ਤ ਸੁੱਕ ਜਾਣਗੇ। 16 ਜਦ ਮੈਂ ਇਸ ਨੂੰ ਉਨ੍ਹਾਂ ਸਾਰਿਆਂ ਨਾਲ ਕਬਰ* ਵਿਚ ਸੁੱਟਾਂਗਾ ਜੋ ਟੋਏ* ਵਿਚ ਜਾਂਦੇ ਹਨ, ਤਾਂ ਇਸ ਦੇ ਡਿਗਣ ਦੀ ਆਵਾਜ਼ ਸੁਣ ਕੇ ਕੌਮਾਂ ਥਰ-ਥਰ ਕੰਬਣਗੀਆਂ। ਫਿਰ ਧਰਤੀ ਹੇਠਾਂ ਅਦਨ ਦੇ ਸਾਰੇ ਦਰਖ਼ਤਾਂ,+ ਲਬਾਨੋਨ ਦੇ ਸਭ ਤੋਂ ਵਧੀਆ ਅਤੇ ਮਨਭਾਉਂਦੇ ਦਰਖ਼ਤਾਂ ਅਤੇ ਚੰਗੀ ਤਰ੍ਹਾਂ ਸਿੰਜੇ ਹੋਏ ਦਰਖ਼ਤਾਂ ਨੂੰ ਦਿਲਾਸਾ ਮਿਲੇਗਾ। 17 ਇਸ ਦੇ ਨਾਲ ਉਹ ਵੀ ਕਬਰ* ਵਿਚ ਉਨ੍ਹਾਂ ਕੋਲ ਚਲੇ ਗਏ ਹਨ ਜਿਹੜੇ ਤਲਵਾਰ ਨਾਲ ਮਾਰੇ ਗਏ ਹਨ।+ ਨਾਲੇ ਇਸ ਦੇ ਸਾਥੀ* ਵੀ ਉੱਥੇ ਚਲੇ ਗਏ ਹਨ ਜਿਹੜੇ ਕੌਮਾਂ ਵਿਚ ਇਸ ਦੀ ਛਾਂ ਹੇਠਾਂ ਵੱਸਦੇ ਸਨ।’+
18 “‘ਅਦਨ ਦੇ ਕਿਹੜੇ ਦਰਖ਼ਤ ਦੀ ਸ਼ਾਨੋ-ਸ਼ੌਕਤ ਅਤੇ ਮਹਾਨਤਾ ਤੇਰੇ ਵਰਗੀ ਹੈ?+ ਪਰ ਤੈਨੂੰ ਅਦਨ ਦੇ ਦਰਖ਼ਤਾਂ ਨਾਲ ਧਰਤੀ ਦੀਆਂ ਡੂੰਘਾਈਆਂ ਵਿਚ ਜ਼ਰੂਰ ਸੁੱਟਿਆ ਜਾਵੇਗਾ। ਤੂੰ ਉੱਥੇ ਤਲਵਾਰ ਨਾਲ ਮਾਰੇ ਗਏ ਬੇਸੁੰਨਤੇ ਲੋਕਾਂ ਵਿਚ ਪਿਆ ਰਹੇਂਗਾ। ਇਹ ਸਭ ਕੁਝ ਫ਼ਿਰਊਨ ਅਤੇ ਉਸ ਦੀਆਂ ਭੀੜਾਂ ਨਾਲ ਵਾਪਰੇਗਾ,’ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ।”
32 ਮੈਨੂੰ 12ਵੇਂ ਸਾਲ ਦੇ 12ਵੇਂ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਦੁਬਾਰਾ ਯਹੋਵਾਹ ਦਾ ਸੰਦੇਸ਼ ਮਿਲਿਆ: 2 “ਹੇ ਮਨੁੱਖ ਦੇ ਪੁੱਤਰ, ਮਿਸਰ ਦੇ ਰਾਜੇ ਫ਼ਿਰਊਨ ਲਈ ਇਕ ਵਿਰਲਾਪ* ਦਾ ਗੀਤ ਗਾ ਅਤੇ ਉਸ ਨੂੰ ਕਹਿ,
‘ਤੂੰ ਕੌਮਾਂ ਦੀਆਂ ਨਜ਼ਰਾਂ ਵਿਚ ਤਾਕਤਵਰ ਜਵਾਨ ਸ਼ੇਰ ਵਰਗਾ ਸੀ,
ਪਰ ਤੈਨੂੰ ਚੁੱਪ ਕਰਾ ਦਿੱਤਾ ਗਿਆ ਹੈ।
ਤੂੰ ਇਕ ਵੱਡੇ ਸਮੁੰਦਰੀ ਜੀਵ ਵਰਗਾ ਸੀ+ ਅਤੇ ਆਪਣੇ ਦਰਿਆਵਾਂ ਵਿਚ ਉਛਾਲ਼ੇ ਮਾਰਦਾ ਸੀ,
ਤੂੰ ਆਪਣੇ ਪੈਰਾਂ ਨਾਲ ਪਾਣੀ ਨੂੰ ਘਚੋਲਦਾ ਸੀ ਅਤੇ ਦਰਿਆਵਾਂ* ਨੂੰ ਗੰਦਾ ਕਰਦਾ ਸੀ।’
3 ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ:
‘ਮੈਂ ਬਹੁਤ ਸਾਰੀਆਂ ਕੌਮਾਂ ਦੇ ਵੱਡੇ ਦਲ ਰਾਹੀਂ ਤੈਨੂੰ ਫੜਨ ਲਈ ਆਪਣਾ ਜਾਲ਼ ਪਾਵਾਂਗਾ
ਅਤੇ ਉਹ ਤੈਨੂੰ ਮੇਰੇ ਜਾਲ਼ ਵਿਚ ਫੜ ਕੇ ਬਾਹਰ ਕੱਢ ਲਿਆਉਣਗੇ।
4 ਮੈਂ ਤੈਨੂੰ ਜ਼ਮੀਨ ਉੱਤੇ ਛੱਡ ਦਿਆਂਗਾ;
ਮੈਂ ਤੈਨੂੰ ਖੁੱਲ੍ਹੇ ਮੈਦਾਨ ਵਿਚ ਸੁੱਟ ਦਿਆਂਗਾ।
ਮੈਂ ਆਕਾਸ਼ ਦੇ ਸਾਰੇ ਪੰਛੀ ਤੇਰੇ ਉੱਤੇ ਬਿਠਾਵਾਂਗਾ
ਅਤੇ ਪੂਰੀ ਧਰਤੀ ਦੇ ਜੰਗਲੀ ਜਾਨਵਰਾਂ ਨੂੰ ਤੇਰੇ ਮਾਸ ਨਾਲ ਰਜਾਵਾਂਗਾ।+
5 ਮੈਂ ਤੇਰਾ ਮਾਸ ਪਹਾੜਾਂ ਉੱਤੇ ਸੁੱਟ ਦਿਆਂਗਾ
ਅਤੇ ਤੇਰੀ ਲਾਸ਼ ਦੀ ਰਹਿੰਦ-ਖੂੰਹਦ ਨਾਲ ਘਾਟੀਆਂ ਨੂੰ ਭਰ ਦਿਆਂਗਾ।+
6 ਤੇਰੇ ਵਿੱਚੋਂ ਖ਼ੂਨ ਦੀਆਂ ਜੋ ਫੁਹਾਰਾਂ ਨਿਕਲਣਗੀਆਂ, ਉਸ ਨਾਲ ਮੈਂ ਜ਼ਮੀਨ ਨੂੰ ਪਹਾੜਾਂ ਤਕ ਤਰ ਕਰ ਦਿਆਂਗਾ
ਅਤੇ ਉਸ* ਨਾਲ ਚਸ਼ਮਿਆਂ ਨੂੰ ਭਰ ਦਿਆਂਗਾ।’
7 ‘ਜਦੋਂ ਮੈਂ ਤੈਨੂੰ ਖ਼ਤਮ ਕਰਾਂਗਾ, ਤਾਂ ਮੈਂ ਆਕਾਸ਼ਾਂ ਨੂੰ ਢਕ ਦਿਆਂਗਾ ਅਤੇ ਉਨ੍ਹਾਂ ਦੇ ਤਾਰਿਆਂ ਦੀ ਰੌਸ਼ਨੀ ਬੁਝਾ ਦਿਆਂਗਾ।
ਮੈਂ ਸੂਰਜ ਨੂੰ ਬੱਦਲਾਂ ਨਾਲ ਢਕ ਦਿਆਂਗਾ
ਅਤੇ ਚੰਦ ਆਪਣੀ ਰੌਸ਼ਨੀ ਨਹੀਂ ਦੇਵੇਗਾ।+
8 ਮੈਂ ਤੇਰੇ ਕਰਕੇ ਆਕਾਸ਼ ਦੀਆਂ ਸਾਰੀਆਂ ਜੋਤਾਂ ਬੁਝਾ ਦਿਆਂਗਾ
ਅਤੇ ਤੇਰੇ ਪੂਰੇ ਦੇਸ਼ ਵਿਚ ਹਨੇਰਾ ਕਰ ਦਿਆਂਗਾ,’ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ।
9 ‘ਜਦੋਂ ਮੈਂ ਤੇਰੇ ਬੰਦੀ ਬਣਾਏ ਲੋਕਾਂ ਨੂੰ ਅਣਜਾਣ ਦੇਸ਼ਾਂ ਦੀਆਂ ਹੋਰ ਕੌਮਾਂ ਵਿਚ ਲਿਜਾਵਾਂਗਾ,
ਤਾਂ ਮੈਂ ਦੇਸ਼-ਦੇਸ਼ ਦੇ ਲੋਕਾਂ ਦੇ ਮਨ ਪਰੇਸ਼ਾਨੀ ਨਾਲ ਭਰ ਦਿਆਂਗਾ।+
10 ਮੈਂ ਦੇਸ਼-ਦੇਸ਼ ਦੇ ਲੋਕਾਂ ਵਿਚ ਦਹਿਸ਼ਤ ਫੈਲਾਵਾਂਗਾ,
ਜਦੋਂ ਮੈਂ ਉਨ੍ਹਾਂ ਦੇ ਰਾਜਿਆਂ ਸਾਮ੍ਹਣੇ ਆਪਣੀ ਤਲਵਾਰ ਲਹਿਰਾਵਾਂਗਾ, ਤਾਂ ਉਹ ਤੇਰੇ ਕਰਕੇ ਖ਼ੌਫ਼ ਨਾਲ ਥਰ-ਥਰ ਕੰਬਣਗੇ।
ਜਦੋਂ ਤੂੰ ਡਿਗੇਂਗਾ, ਉਸ ਦਿਨ ਉਹ ਲਗਾਤਾਰ ਕੰਬਣਗੇ ਕਿ ਕਿਤੇ ਉਹ ਆਪਣੀ ਜਾਨ ਤੋਂ ਹੱਥ ਨਾ ਧੋ ਬੈਠਣ।’
11 ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ:
‘ਬਾਬਲ ਦੇ ਰਾਜੇ ਦੀ ਤਲਵਾਰ ਤੇਰੇ ਖ਼ਿਲਾਫ਼ ਆਵੇਗੀ।+
12 ਮੈਂ ਤਾਕਤਵਰ ਯੋਧਿਆਂ ਦੀਆਂ ਤਲਵਾਰਾਂ ਨਾਲ ਤੇਰੀਆਂ ਭੀੜਾਂ ਨੂੰ ਵੱਢ ਸੁੱਟਾਂਗਾ।
ਉਹ ਸਾਰੇ ਜਣੇ ਕੌਮਾਂ ਵਿਚ ਸਭ ਤੋਂ ਬੇਰਹਿਮ ਹਨ।+
ਉਹ ਮਿਸਰ ਦੇ ਘਮੰਡ ਨੂੰ ਚੂਰ-ਚੂਰ ਕਰ ਦੇਣਗੇ ਅਤੇ ਉਸ ਦੀਆਂ ਸਾਰੀਆਂ ਭੀੜਾਂ ਦਾ ਨਾਮੋ-ਨਿਸ਼ਾਨ ਮਿਟਾ ਦੇਣਗੇ।+
13 ਮੈਂ ਉਸ ਦੇ ਪਾਣੀਆਂ ਦੇ ਕੋਲ ਰਹਿੰਦੇ ਸਾਰੇ ਪਾਲਤੂ ਪਸ਼ੂਆਂ ਨੂੰ ਮਾਰ ਦਿਆਂਗਾ,+
ਉਸ ਦੇ ਪਾਣੀਆਂ ਨੂੰ ਨਾ ਤਾਂ ਕਿਸੇ ਇਨਸਾਨ ਦੇ ਪੈਰ ਅਤੇ ਨਾ ਹੀ ਕਿਸੇ ਪਾਲਤੂ ਪਸ਼ੂ ਦੇ ਖੁਰ ਫਿਰ ਕਦੇ ਗੰਦਾ ਕਰਨਗੇ।’+
14 ‘ਮੈਂ ਉਦੋਂ ਉਸ ਦੇਸ਼ ਦੇ ਪਾਣੀਆਂ ਨੂੰ ਸਾਫ਼ ਕਰਾਂਗਾ
ਅਤੇ ਦਰਿਆਵਾਂ ਦਾ ਪਾਣੀ ਤੇਲ ਵਾਂਗ ਵਹਾਵਾਂਗਾ,’ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ।
15 ‘ਜਦੋਂ ਮੈਂ ਮਿਸਰ ਨੂੰ ਉਜਾੜ ਦਿਆਂਗਾ ਅਤੇ ਇਸ ਦਾ ਸਭ ਕੁਝ ਤਬਾਹ ਕਰ ਦਿਆਂਗਾ ਜਿਸ ਨਾਲ ਇਹ ਭਰਿਆ ਹੋਇਆ ਹੈ+
ਅਤੇ ਜਦੋਂ ਮੈਂ ਇਸ ਦੇ ਸਾਰੇ ਵਾਸੀਆਂ ਨੂੰ ਮਾਰ-ਮੁਕਾਵਾਂਗਾ,
ਤਾਂ ਉਨ੍ਹਾਂ ਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ।+
16 ਇਹ ਵਿਰਲਾਪ ਦਾ ਗੀਤ ਹੈ ਅਤੇ ਲੋਕ ਜ਼ਰੂਰ ਇਹ ਗੀਤ ਗਾਉਣਗੇ;
ਕੌਮਾਂ ਦੀਆਂ ਧੀਆਂ ਇਹ ਗੀਤ ਗਾਉਣਗੀਆਂ।
ਉਹ ਮਿਸਰ ਅਤੇ ਇਸ ਦੀਆਂ ਸਾਰੀਆਂ ਭੀੜਾਂ ਲਈ ਇਹ ਗੀਤ ਗਾਉਣਗੀਆਂ,’ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ।”
17 ਫਿਰ ਮੈਨੂੰ 12ਵੇਂ ਸਾਲ ਦੇ ਮਹੀਨੇ* ਦੀ 15 ਤਾਰੀਖ਼ ਨੂੰ ਯਹੋਵਾਹ ਦਾ ਇਹ ਸੰਦੇਸ਼ ਮਿਲਿਆ: 18 “ਹੇ ਮਨੁੱਖ ਦੇ ਪੁੱਤਰ, ਮਿਸਰ ਦੀਆਂ ਭੀੜਾਂ ਲਈ ਰੋ-ਕੁਰਲਾ। ਉਸ ਨੂੰ ਅਤੇ ਤਾਕਤਵਰ ਕੌਮਾਂ ਦੀਆਂ ਧੀਆਂ ਨੂੰ ਟੋਏ* ਵਿਚ ਜਾਣ ਵਾਲੇ ਲੋਕਾਂ ਨਾਲ ਧਰਤੀ ਦੀਆਂ ਗਹਿਰਾਈਆਂ ਵਿਚ ਸੁੱਟ ਦੇ।
19 “‘ਤੈਨੂੰ ਕੀ ਲੱਗਦਾ ਕਿ ਤੂੰ ਦੂਜਿਆਂ ਨਾਲੋਂ ਜ਼ਿਆਦਾ ਖ਼ੂਬਸੂਰਤ ਹੈਂ? ਕਬਰ ਵਿਚ ਜਾਹ ਅਤੇ ਉੱਥੇ ਬੇਸੁੰਨਤੇ ਲੋਕਾਂ ਨਾਲ ਲੰਮਾ ਪੈ!’
20 “‘ਉਹ ਤਲਵਾਰ ਨਾਲ ਵੱਢੇ ਹੋਏ ਲੋਕਾਂ ਵਿਚ ਡਿਗਣਗੇ।+ ਉਸ ਨੂੰ ਤਲਵਾਰ ਦੇ ਹਵਾਲੇ ਕਰ ਦਿੱਤਾ ਗਿਆ ਹੈ; ਉਸ ਨੂੰ ਅਤੇ ਉਸ ਦੀਆਂ ਭੀੜਾਂ ਨੂੰ ਧੂਹ ਕੇ ਲੈ ਜਾਓ।
21 “‘ਸਭ ਤੋਂ ਤਾਕਤਵਰ ਯੋਧੇ ਉਸ ਨਾਲ ਅਤੇ ਉਸ ਦੇ ਮਦਦਗਾਰਾਂ ਨਾਲ ਕਬਰ* ਦੀਆਂ ਡੂੰਘਾਈਆਂ ਤੋਂ ਗੱਲ ਕਰਨਗੇ। ਉਹ ਜ਼ਰੂਰ ਕਬਰ ਵਿਚ ਜਾਣਗੇ ਅਤੇ ਉੱਥੇ ਉਹ ਤਲਵਾਰ ਨਾਲ ਵੱਢੇ ਗਏ ਬੇਸੁੰਨਤੇ ਲੋਕਾਂ ਵਾਂਗ ਲੰਮੇ ਪਏ ਰਹਿਣਗੇ। 22 ਉੱਥੇ ਅੱਸ਼ੂਰ ਅਤੇ ਉਸ ਦੀ ਸਾਰੀ ਮੰਡਲੀ ਹੈ। ਉਨ੍ਹਾਂ ਦੀਆਂ ਕਬਰਾਂ ਉਸ* ਦੇ ਚਾਰੇ ਪਾਸੇ ਹਨ ਅਤੇ ਉਹ ਸਾਰੇ ਤਲਵਾਰ ਨਾਲ ਵੱਢੇ ਗਏ ਹਨ।+ 23 ਉਸ ਨੂੰ ਟੋਏ* ਦੀਆਂ ਡੂੰਘਾਈਆਂ ਵਿਚ ਦਫ਼ਨਾਇਆ ਗਿਆ ਹੈ ਅਤੇ ਉਸ ਦੀ ਸਾਰੀ ਮੰਡਲੀ ਉਸ ਦੀ ਕਬਰ ਦੇ ਚਾਰੇ ਪਾਸੇ ਹੈ। ਉਹ ਸਾਰੇ ਤਲਵਾਰ ਨਾਲ ਵੱਢੇ ਗਏ ਹਨ ਕਿਉਂਕਿ ਉਨ੍ਹਾਂ ਨੇ ਜੀਉਂਦਿਆਂ ਦੇ ਦੇਸ਼ ਵਿਚ ਦਹਿਸ਼ਤ ਫੈਲਾਈ ਸੀ।
24 “‘ਉੱਥੇ ਏਲਾਮ+ ਅਤੇ ਉਸ ਦੀਆਂ ਸਾਰੀਆਂ ਭੀੜਾਂ ਹਨ ਅਤੇ ਉਹ ਉਸ ਦੀ ਕਬਰ ਦੇ ਚਾਰੇ ਪਾਸੇ ਹਨ। ਉਹ ਸਾਰੇ ਤਲਵਾਰ ਨਾਲ ਵੱਢੇ ਗਏ ਅਤੇ ਬੇਸੁੰਨਤੇ ਹੀ ਧਰਤੀ ਦੀਆਂ ਡੂੰਘਾਈਆਂ ਵਿਚ ਚਲੇ ਗਏ। ਉਨ੍ਹਾਂ ਨੇ ਜੀਉਂਦਿਆਂ ਦੇ ਦੇਸ਼ ਵਿਚ ਦਹਿਸ਼ਤ ਫੈਲਾਈ ਸੀ। ਹੁਣ ਉਹ ਉਨ੍ਹਾਂ ਲੋਕਾਂ ਨਾਲ ਸ਼ਰਮਿੰਦਗੀ ਝੱਲਣਗੇ ਜਿਹੜੇ ਟੋਏ* ਵਿਚ ਜਾਂਦੇ ਹਨ। 25 ਉਨ੍ਹਾਂ ਨੇ ਉਸ ਦਾ ਬਿਸਤਰਾ ਮਾਰੇ ਗਏ ਲੋਕਾਂ ਵਿਚ ਵਿਛਾਇਆ ਹੈ ਅਤੇ ਉਸ ਦੀਆਂ ਕਬਰਾਂ ਦੇ ਚਾਰੇ ਪਾਸੇ ਉਸ ਦੀਆਂ ਭੀੜਾਂ ਹਨ। ਉਹ ਸਾਰੇ ਬੇਸੁੰਨਤੇ ਹਨ ਅਤੇ ਤਲਵਾਰ ਨਾਲ ਵੱਢੇ ਗਏ ਹਨ ਕਿਉਂਕਿ ਉਨ੍ਹਾਂ ਨੇ ਜੀਉਂਦਿਆਂ ਦੇ ਦੇਸ਼ ਵਿਚ ਦਹਿਸ਼ਤ ਫੈਲਾਈ ਸੀ; ਹੁਣ ਉਹ ਉਨ੍ਹਾਂ ਲੋਕਾਂ ਨਾਲ ਸ਼ਰਮਿੰਦਗੀ ਝੱਲਣਗੇ ਜਿਹੜੇ ਟੋਏ* ਵਿਚ ਜਾਂਦੇ ਹਨ। ਉਸ ਨੂੰ ਮਾਰੇ ਗਏ ਲੋਕਾਂ ਵਿਚ ਸੁੱਟਿਆ ਗਿਆ ਹੈ।
26 “‘ਉੱਥੇ ਹੀ ਮਸ਼ੇਕ ਅਤੇ ਤੂਬਲ+ ਅਤੇ ਉਨ੍ਹਾਂ* ਦੀਆਂ ਸਾਰੀਆਂ ਭੀੜਾਂ ਹਨ। ਉਨ੍ਹਾਂ* ਦੇ ਲੋਕਾਂ ਦੀਆਂ ਕਬਰਾਂ ਉਸ* ਦੇ ਚਾਰੇ ਪਾਸੇ ਹਨ। ਉਹ ਸਾਰੇ ਬੇਸੁੰਨਤੇ ਹਨ ਅਤੇ ਤਲਵਾਰ ਨਾਲ ਆਰ-ਪਾਰ ਵਿੰਨ੍ਹੇ ਗਏ ਹਨ ਕਿਉਂਕਿ ਉਨ੍ਹਾਂ ਨੇ ਜੀਉਂਦਿਆਂ ਦੇ ਦੇਸ਼ ਵਿਚ ਦਹਿਸ਼ਤ ਫੈਲਾਈ ਸੀ। 27 ਕੀ ਉਹ ਮਾਰੇ ਗਏ ਬੇਸੁੰਨਤੇ ਤਾਕਤਵਰ ਯੋਧਿਆਂ ਨਾਲ ਨਹੀਂ ਪਏ ਰਹਿਣਗੇ? ਇਹ ਯੋਧੇ ਆਪਣੇ ਹਥਿਆਰਾਂ ਸਮੇਤ ਕਬਰ* ਵਿਚ ਚਲੇ ਗਏ ਸਨ। ਯੋਧਿਆਂ ਦੀਆਂ ਤਲਵਾਰਾਂ ਉਨ੍ਹਾਂ ਦੇ ਸਿਰਾਂ ਥੱਲੇ* ਅਤੇ ਉਨ੍ਹਾਂ ਦੇ ਪਾਪ ਉਨ੍ਹਾਂ ਦੀਆਂ ਹੱਡੀਆਂ ਉੱਪਰ ਰੱਖੇ ਜਾਣਗੇ ਕਿਉਂਕਿ ਉਨ੍ਹਾਂ ਤਾਕਤਵਰ ਯੋਧਿਆਂ ਨੇ ਜੀਉਂਦਿਆਂ ਦੇ ਦੇਸ਼ ਵਿਚ ਦਹਿਸ਼ਤ ਫੈਲਾਈ ਸੀ। 28 ਪਰ ਤੈਨੂੰ ਕੁਚਲ ਕੇ ਬੇਸੁੰਨਤੇ ਲੋਕਾਂ ਵਿਚ ਸੁੱਟਿਆ ਜਾਵੇਗਾ ਅਤੇ ਤੂੰ ਉੱਥੇ ਤਲਵਾਰ ਨਾਲ ਵੱਢੇ ਗਏ ਲੋਕਾਂ ਨਾਲ ਲੰਮਾ ਪਿਆ ਰਹੇਂਗਾ।
29 “‘ਉੱਥੇ ਅਦੋਮ,+ ਉਸ ਦੇ ਰਾਜੇ ਅਤੇ ਉਸ ਦੇ ਸਾਰੇ ਮੁਖੀ ਹਨ। ਉਹ ਤਾਕਤਵਰ ਹੁੰਦੇ ਹੋਏ ਵੀ ਉਨ੍ਹਾਂ ਲੋਕਾਂ ਵਿਚ ਸੁੱਟੇ ਗਏ ਜਿਹੜੇ ਤਲਵਾਰ ਨਾਲ ਵੱਢੇ ਗਏ ਸਨ; ਉਹ ਵੀ ਉਨ੍ਹਾਂ ਲੋਕਾਂ ਨਾਲ ਪਏ ਰਹਿਣਗੇ ਜਿਹੜੇ ਬੇਸੁੰਨਤੇ ਹਨ+ ਅਤੇ ਟੋਏ* ਵਿਚ ਜਾਂਦੇ ਹਨ।
30 “‘ਉੱਥੇ ਉੱਤਰ ਦੇ ਸਾਰੇ ਹਾਕਮ* ਅਤੇ ਸਾਰੇ ਸੀਦੋਨੀ ਹਨ।+ ਭਾਵੇਂ ਉਨ੍ਹਾਂ ਨੇ ਆਪਣੀ ਤਾਕਤ ਨਾਲ ਦਹਿਸ਼ਤ ਫੈਲਾਈ ਸੀ, ਫਿਰ ਵੀ ਉਹ ਬੇਇੱਜ਼ਤ ਹੋ ਕੇ ਉਨ੍ਹਾਂ ਲੋਕਾਂ ਕੋਲ ਚਲੇ ਗਏ ਹਨ ਜਿਹੜੇ ਤਲਵਾਰ ਨਾਲ ਵੱਢੇ ਗਏ ਸਨ। ਉੱਥੇ ਉਹ ਤਲਵਾਰ ਨਾਲ ਵੱਢੇ ਗਏ ਲੋਕਾਂ ਨਾਲ ਬੇਸੁੰਨਤੇ ਹੀ ਪਏ ਰਹਿਣਗੇ ਅਤੇ ਉਨ੍ਹਾਂ ਲੋਕਾਂ ਨਾਲ ਸ਼ਰਮਿੰਦਗੀ ਝੱਲਣਗੇ ਜਿਹੜੇ ਟੋਏ* ਵਿਚ ਜਾਂਦੇ ਹਨ।
31 “‘ਫ਼ਿਰਊਨ ਇਹ ਸਭ ਕੁਝ ਦੇਖੇਗਾ ਅਤੇ ਉਸ ਦੀਆਂ ਭੀੜਾਂ ਨਾਲ ਜੋ ਹੋਇਆ, ਉਸ ਕਰਕੇ ਉਸ ਨੂੰ ਦਿਲਾਸਾ ਮਿਲੇਗਾ;+ ਫ਼ਿਰਊਨ ਅਤੇ ਉਸ ਦੀ ਸਾਰੀ ਫ਼ੌਜ ਨੂੰ ਤਲਵਾਰ ਨਾਲ ਵੱਢ ਦਿੱਤਾ ਜਾਵੇਗਾ,’ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ।
32 “‘ਫ਼ਿਰਊਨ ਨੇ ਜੀਉਂਦਿਆਂ ਦੇ ਦੇਸ਼ ਵਿਚ ਦਹਿਸ਼ਤ ਫੈਲਾਈ ਸੀ, ਇਸ ਲਈ ਉਸ ਨੂੰ ਅਤੇ ਉਸ ਦੀਆਂ ਸਾਰੀਆਂ ਭੀੜਾਂ ਨੂੰ ਬੇਸੁੰਨਤੇ ਲੋਕਾਂ ਨਾਲ ਮੌਤ ਦੀ ਨੀਂਦ ਸੁਲਾ ਦਿੱਤਾ ਜਾਵੇਗਾ ਜਿਹੜੇ ਤਲਵਾਰ ਨਾਲ ਵੱਢੇ ਗਏ ਸਨ,’ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ।”
33 ਮੈਨੂੰ ਯਹੋਵਾਹ ਦਾ ਇਹ ਸੰਦੇਸ਼ ਮਿਲਿਆ: 2 “ਹੇ ਮਨੁੱਖ ਦੇ ਪੁੱਤਰ, ਆਪਣੇ ਲੋਕਾਂ ਨਾਲ ਗੱਲ ਕਰ ਅਤੇ ਉਨ੍ਹਾਂ ਨੂੰ ਕਹਿ,+
“‘ਮੰਨ ਲਓ ਕਿ ਮੈਂ ਕਿਸੇ ਦੇਸ਼ ਦੇ ਖ਼ਿਲਾਫ਼ ਤਲਵਾਰ ਲਿਆਉਂਦਾ ਹਾਂ+ ਅਤੇ ਉਸ ਦੇਸ਼ ਦੇ ਸਾਰੇ ਲੋਕ ਇਕ ਆਦਮੀ ਨੂੰ ਲੈ ਕੇ ਆਪਣਾ ਪਹਿਰੇਦਾਰ ਬਣਾਉਂਦੇ ਹਨ। 3 ਜਦੋਂ ਉਹ ਦੇਖਦਾ ਹੈ ਕਿ ਦੇਸ਼ ਦੇ ਖ਼ਿਲਾਫ਼ ਤਲਵਾਰ ਆ ਰਹੀ ਹੈ, ਤਾਂ ਉਹ ਨਰਸਿੰਗਾ ਵਜਾ ਕੇ ਲੋਕਾਂ ਨੂੰ ਖ਼ਬਰਦਾਰ ਕਰਦਾ ਹੈ।+ 4 ਜੇ ਕੋਈ ਨਰਸਿੰਗੇ ਦੀ ਆਵਾਜ਼ ਤਾਂ ਸੁਣਦਾ ਹੈ, ਪਰ ਚੇਤਾਵਨੀ ਵੱਲ ਧਿਆਨ ਨਹੀਂ ਦਿੰਦਾ+ ਅਤੇ ਤਲਵਾਰ ਆ ਕੇ ਉਸ ਦੀ ਜਾਨ ਲੈ ਲੈਂਦੀ ਹੈ,* ਤਾਂ ਉਹ ਆਪਣੀ ਮੌਤ ਲਈ ਆਪ ਜ਼ਿੰਮੇਵਾਰ ਹੋਵੇਗਾ।*+ 5 ਉਸ ਨੇ ਨਰਸਿੰਗੇ ਦੀ ਆਵਾਜ਼ ਸੁਣ ਕੇ ਵੀ ਚੇਤਾਵਨੀ ਵੱਲ ਧਿਆਨ ਨਹੀਂ ਦਿੱਤਾ। ਇਸ ਲਈ ਉਹ ਆਪਣੀ ਮੌਤ ਲਈ ਆਪ ਜ਼ਿੰਮੇਵਾਰ ਹੋਵੇਗਾ। ਜੇ ਉਸ ਨੇ ਚੇਤਾਵਨੀ ਵੱਲ ਧਿਆਨ ਦਿੱਤਾ ਹੁੰਦਾ, ਤਾਂ ਉਸ ਦੀ ਜਾਨ ਬਚ ਜਾਂਦੀ।
6 “‘ਪਰ ਜੇ ਪਹਿਰੇਦਾਰ ਤਲਵਾਰ ਆਉਂਦੀ ਦੇਖ ਕੇ ਨਰਸਿੰਗਾ ਨਹੀਂ ਵਜਾਉਂਦਾ+ ਅਤੇ ਲੋਕਾਂ ਨੂੰ ਖ਼ਬਰਦਾਰ ਨਹੀਂ ਕਰਦਾ ਅਤੇ ਤਲਵਾਰ ਆ ਕੇ ਉਨ੍ਹਾਂ ਵਿੱਚੋਂ ਕਿਸੇ ਦੀ ਜਾਨ ਲੈ ਲੈਂਦੀ ਹੈ, ਤਾਂ ਉਹ ਇਨਸਾਨ ਆਪਣੇ ਗੁਨਾਹ ਕਰਕੇ ਮਰੇਗਾ, ਪਰ ਮੈਂ ਪਹਿਰੇਦਾਰ ਤੋਂ ਉਸ ਦੇ ਖ਼ੂਨ ਦਾ ਲੇਖਾ ਲਵਾਂਗਾ।’*+
7 ‘ਹੇ ਮਨੁੱਖ ਦੇ ਪੁੱਤਰ, ਮੈਂ ਤੈਨੂੰ ਇਜ਼ਰਾਈਲ ਦੇ ਘਰਾਣੇ ਦਾ ਪਹਿਰੇਦਾਰ ਨਿਯੁਕਤ ਕੀਤਾ ਹੈ; ਜਦੋਂ ਤੂੰ ਮੇਰੇ ਮੂੰਹੋਂ ਸੰਦੇਸ਼ ਸੁਣੇ, ਤਾਂ ਤੂੰ ਮੇਰੇ ਵੱਲੋਂ ਉਨ੍ਹਾਂ ਨੂੰ ਜ਼ਰੂਰ ਖ਼ਬਰਦਾਰ ਕਰੀਂ।+ 8 ਜਦੋਂ ਮੈਂ ਕਿਸੇ ਦੁਸ਼ਟ ਨੂੰ ਕਹਾਂ, ‘ਓਏ ਦੁਸ਼ਟਾ! ਤੂੰ ਜ਼ਰੂਰ ਮਰੇਂਗਾ,’+ ਪਰ ਤੂੰ ਉਸ ਨੂੰ ਖ਼ਬਰਦਾਰ ਨਹੀਂ ਕਰਦਾ ਕਿ ਉਹ ਆਪਣੇ ਬੁਰੇ ਰਾਹ ਤੋਂ ਮੁੜ ਆਵੇ, ਤਾਂ ਉਹ ਦੁਸ਼ਟ ਆਪਣੇ ਗੁਨਾਹ ਕਰਕੇ ਮਰੇਗਾ,+ ਪਰ ਮੈਂ ਤੇਰੇ ਤੋਂ ਉਸ ਦੇ ਖ਼ੂਨ ਦਾ ਲੇਖਾ ਲਵਾਂਗਾ। 9 ਦੂਜੇ ਪਾਸੇ, ਜੇ ਤੂੰ ਦੁਸ਼ਟ ਨੂੰ ਖ਼ਬਰਦਾਰ ਕਰਦਾ ਹੈਂ ਕਿ ਉਹ ਆਪਣੇ ਬੁਰੇ ਰਾਹ ਤੋਂ ਮੁੜ ਆਵੇ, ਪਰ ਉਹ ਮੁੜਨ ਤੋਂ ਇਨਕਾਰ ਕਰਦਾ ਹੈ, ਤਾਂ ਉਹ ਆਪਣੇ ਗੁਨਾਹ ਕਰਕੇ ਮਰੇਗਾ,+ ਪਰ ਤੂੰ ਜ਼ਰੂਰ ਆਪਣੀ ਜਾਨ ਬਚਾ ਲਵੇਂਗਾ।+
10 “ਹੇ ਮਨੁੱਖ ਦੇ ਪੁੱਤਰ, ਇਜ਼ਰਾਈਲ ਦੇ ਘਰਾਣੇ ਨੂੰ ਕਹਿ, ‘ਤੁਸੀਂ ਕਹਿੰਦੇ ਹੋ: “ਅਸੀਂ ਆਪਣੀ ਬਗਾਵਤ ਅਤੇ ਪਾਪਾਂ ਦੇ ਬੋਝ ਹੇਠ ਦੱਬੇ ਹੋਏ ਹਾਂ ਜਿਸ ਕਰਕੇ ਸਾਡੇ ਕਦਮ ਮੌਤ ਵੱਲ ਵਧ ਰਹੇ ਹਨ।+ ਤਾਂ ਫਿਰ, ਅਸੀਂ ਕਿੱਦਾਂ ਜੀਉਂਦੇ ਰਹਿ ਸਕਦੇ ਹਾਂ?”’+ 11 ਉਨ੍ਹਾਂ ਨੂੰ ਕਹਿ, ‘ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ, “ਮੈਨੂੰ ਆਪਣੀ ਜਾਨ ਦੀ ਸਹੁੰ, ਮੈਨੂੰ ਕਿਸੇ ਦੁਸ਼ਟ ਇਨਸਾਨ ਦੀ ਮੌਤ ਤੋਂ ਖ਼ੁਸ਼ੀ ਨਹੀਂ ਹੁੰਦੀ,+ ਸਗੋਂ ਇਸ ਗੱਲ ਤੋਂ ਖ਼ੁਸ਼ੀ ਹੁੰਦੀ ਹੈ ਕਿ ਉਹ ਆਪਣੇ ਬੁਰੇ ਰਾਹਾਂ ਤੋਂ ਮੁੜੇ+ ਅਤੇ ਜੀਉਂਦਾ ਰਹੇ।+ ਹੇ ਇਜ਼ਰਾਈਲ ਦੇ ਘਰਾਣੇ, ਮੁੜ ਆ, ਆਪਣੇ ਬੁਰੇ ਰਾਹਾਂ ਤੋਂ ਮੁੜ ਆ।+ ਤੂੰ ਕਿਉਂ ਆਪਣੀ ਜਾਨ ਗੁਆਉਣੀ ਚਾਹੁੰਦਾ ਹੈਂ?”’+
12 “ਹੇ ਮਨੁੱਖ ਦੇ ਪੁੱਤਰ, ਆਪਣੇ ਲੋਕਾਂ ਨੂੰ ਕਹਿ, ‘ਜਦੋਂ ਕੋਈ ਧਰਮੀ ਇਨਸਾਨ ਬਗਾਵਤ ਕਰਦਾ ਹੈ, ਤਾਂ ਉਸ ਦੇ ਸਹੀ ਕੰਮ ਉਸ ਨੂੰ ਨਹੀਂ ਬਚਾਉਣਗੇ;+ ਇਸੇ ਤਰ੍ਹਾਂ ਜਦੋਂ ਕੋਈ ਦੁਸ਼ਟ ਆਪਣੇ ਬੁਰੇ ਰਾਹ ਤੋਂ ਮੁੜ ਆਉਂਦਾ ਹੈ, ਤਾਂ ਉਹ ਆਪਣੇ ਦੁਸ਼ਟ ਕੰਮਾਂ ਕਰਕੇ ਡਿਗੇਗਾ ਨਹੀਂ।+ ਨਾਲੇ ਜਦੋਂ ਕੋਈ ਧਰਮੀ ਇਨਸਾਨ ਪਾਪ ਕਰਦਾ ਹੈ, ਤਾਂ ਉਸ ਦੇ ਸਹੀ ਕੰਮ ਉਸ ਨੂੰ ਬਚਾ ਨਹੀਂ ਸਕਣਗੇ।+ 13 ਜਦੋਂ ਮੈਂ ਕਿਸੇ ਧਰਮੀ ਨੂੰ ਕਹਿੰਦਾ ਹਾਂ: “ਤੂੰ ਜ਼ਰੂਰ ਜੀਉਂਦਾ ਰਹੇਂਗਾ,” ਪਰ ਉਹ ਇਹ ਸੋਚਣ ਲੱਗ ਪੈਂਦਾ ਹੈ ਕਿ ਉਸ ਨੇ ਪਹਿਲਾਂ ਜੋ ਸਹੀ ਕੰਮ ਕੀਤੇ ਸਨ, ਉਹ ਉਸ ਨੂੰ ਬਚਾ ਲੈਣਗੇ ਜਿਸ ਕਰਕੇ ਉਹ ਗ਼ਲਤ ਕੰਮ* ਕਰਨ ਲੱਗ ਪੈਂਦਾ ਹੈ,+ ਤਾਂ ਉਸ ਦੇ ਸਹੀ ਕੰਮਾਂ ਨੂੰ ਯਾਦ ਨਹੀਂ ਰੱਖਿਆ ਜਾਵੇਗਾ। ਪਰ ਉਹ ਆਪਣੇ ਗ਼ਲਤ ਕੰਮਾਂ ਕਰਕੇ ਜ਼ਰੂਰ ਮਰ ਜਾਵੇਗਾ।+
14 “‘ਜਦੋਂ ਮੈਂ ਕਿਸੇ ਦੁਸ਼ਟ ਨੂੰ ਕਹਿੰਦਾ ਹਾਂ: “ਤੂੰ ਜ਼ਰੂਰ ਮਰ ਜਾਵੇਂਗਾ,” ਪਰ ਜੇ ਉਹ ਆਪਣੇ ਪਾਪ ਦੇ ਰਾਹ ਤੋਂ ਮੁੜ ਆਉਂਦਾ ਹੈ ਅਤੇ ਸਹੀ ਕੰਮ ਕਰਦਾ ਹੈ ਅਤੇ ਨਿਆਂ ਮੁਤਾਬਕ ਚੱਲਦਾ ਹੈ+ 15 ਅਤੇ ਉਹ ਗਹਿਣੇ ਰੱਖੀ ਚੀਜ਼ ਮੋੜ ਦਿੰਦਾ ਹੈ,+ ਲੁੱਟੀ ਹੋਈ ਚੀਜ਼ ਵਾਪਸ ਦੇ ਦਿੰਦਾ ਹੈ+ ਅਤੇ ਗ਼ਲਤ ਕੰਮ ਛੱਡ ਕੇ ਉਨ੍ਹਾਂ ਨਿਯਮਾਂ ਉੱਤੇ ਚੱਲਦਾ ਹੈ ਜਿਨ੍ਹਾਂ ʼਤੇ ਚੱਲ ਕੇ ਜ਼ਿੰਦਗੀ ਮਿਲ ਸਕਦੀ ਹੈ, ਤਾਂ ਉਹ ਜ਼ਰੂਰ ਜੀਉਂਦਾ ਰਹੇਗਾ।+ ਉਹ ਨਹੀਂ ਮਰੇਗਾ। 16 ਉਸ ਨੇ ਜੋ ਵੀ ਪਾਪ ਕੀਤੇ ਹਨ, ਉਨ੍ਹਾਂ ਲਈ ਉਸ ਨੂੰ ਦੋਸ਼ੀ ਨਹੀਂ ਠਹਿਰਾਇਆ ਜਾਵੇਗਾ।*+ ਉਹ ਜ਼ਰੂਰ ਜੀਉਂਦਾ ਰਹੇਗਾ ਕਿਉਂਕਿ ਉਹ ਸਹੀ ਕੰਮ ਕਰਦਾ ਹੈ ਅਤੇ ਨਿਆਂ ਮੁਤਾਬਕ ਚੱਲਦਾ ਹੈ।’+
17 “ਪਰ ਤੇਰੇ ਲੋਕ ਕਹਿੰਦੇ ਹਨ, ‘ਯਹੋਵਾਹ ਜੋ ਵੀ ਕਰਦਾ ਹੈ, ਗ਼ਲਤ ਕਰਦਾ ਹੈ,’ ਜਦ ਕਿ ਉਨ੍ਹਾਂ ਦੇ ਆਪਣੇ ਕੰਮ ਗ਼ਲਤ ਹਨ।
18 “ਜਦ ਕੋਈ ਧਰਮੀ ਇਨਸਾਨ ਸਹੀ ਕੰਮ ਕਰਨੇ ਛੱਡ ਕੇ ਗ਼ਲਤ ਕੰਮ ਕਰਦਾ ਹੈ, ਤਾਂ ਉਹ ਜ਼ਰੂਰ ਮਰੇਗਾ।+ 19 ਪਰ ਜਦ ਕੋਈ ਦੁਸ਼ਟ ਇਨਸਾਨ ਆਪਣੀ ਦੁਸ਼ਟਤਾ ਛੱਡ ਕੇ ਸਹੀ ਕੰਮ ਕਰਦਾ ਹੈ ਅਤੇ ਨਿਆਂ ਮੁਤਾਬਕ ਚੱਲਦਾ ਹੈ, ਤਾਂ ਉਹ ਜ਼ਰੂਰ ਜੀਉਂਦਾ ਰਹੇਗਾ।+
20 “ਪਰ ਤੁਸੀਂ ਕਹਿੰਦੇ ਹੋ, ‘ਯਹੋਵਾਹ ਜੋ ਵੀ ਕਰਦਾ ਹੈ, ਗ਼ਲਤ ਕਰਦਾ ਹੈ।’+ ਹੇ ਇਜ਼ਰਾਈਲ ਦੇ ਘਰਾਣੇ, ਮੈਂ ਤੁਹਾਡੇ ਵਿੱਚੋਂ ਹਰੇਕ ਦਾ ਨਿਆਂ ਉਸ ਦੇ ਕੰਮਾਂ ਅਨੁਸਾਰ ਕਰਾਂਗਾ।”
21 ਫਿਰ ਸਾਡੀ ਗ਼ੁਲਾਮੀ ਦੇ 12ਵੇਂ ਸਾਲ ਦੇ ਦਸਵੇਂ ਮਹੀਨੇ ਦੀ 5 ਤਾਰੀਖ਼ ਨੂੰ ਇਕ ਆਦਮੀ ਮੇਰੇ ਕੋਲ ਆਇਆ ਜੋ ਯਰੂਸ਼ਲਮ ਤੋਂ ਆਪਣੀ ਜਾਨ ਬਚਾ ਕੇ ਭੱਜ ਆਇਆ ਸੀ।+ ਉਸ ਨੇ ਮੈਨੂੰ ਦੱਸਿਆ: “ਸ਼ਹਿਰ ਉੱਤੇ ਕਬਜ਼ਾ ਕਰ ਲਿਆ ਗਿਆ ਹੈ!”+
22 ਉਸ ਆਦਮੀ ਦੇ ਆਉਣ ਤੋਂ ਇਕ ਦਿਨ ਪਹਿਲਾਂ ਸ਼ਾਮ ਨੂੰ ਯਹੋਵਾਹ ਦੀ ਸ਼ਕਤੀ* ਮੇਰੇ ਉੱਤੇ ਆਈ ਸੀ ਅਤੇ ਸਵੇਰੇ ਉਸ ਆਦਮੀ ਦੇ ਆਉਣ ਤੋਂ ਪਹਿਲਾਂ ਹੀ ਉਸ ਨੇ ਮੇਰਾ ਮੂੰਹ ਖੋਲ੍ਹ ਦਿੱਤਾ ਸੀ। ਇਸ ਲਈ ਮੇਰਾ ਮੂੰਹ ਖੁੱਲ੍ਹ ਗਿਆ ਅਤੇ ਮੈਂ ਗੁੰਗਾ ਨਹੀਂ ਰਿਹਾ।+
23 ਫਿਰ ਮੈਨੂੰ ਯਹੋਵਾਹ ਦਾ ਸੰਦੇਸ਼ ਮਿਲਿਆ: 24 “ਹੇ ਮਨੁੱਖ ਦੇ ਪੁੱਤਰ, ਇਨ੍ਹਾਂ ਤਬਾਹ ਹੋ ਚੁੱਕੇ ਸ਼ਹਿਰਾਂ ਦੇ ਲੋਕ+ ਇਜ਼ਰਾਈਲ ਦੇਸ਼ ਬਾਰੇ ਕਹਿ ਰਹੇ ਹਨ, ‘ਅਬਰਾਹਾਮ ਤਾਂ ਇਕੱਲਾ ਹੀ ਸੀ, ਫਿਰ ਵੀ ਉਹ ਇਸ ਦੇਸ਼ ਦਾ ਮਾਲਕ ਬਣਿਆ।+ ਪਰ ਅਸੀਂ ਬਹੁਤ ਸਾਰੇ ਹਾਂ; ਇਸ ਲਈ ਅਸੀਂ ਹੀ ਇਸ ਦੇਸ਼ ਦੇ ਮਾਲਕ ਹਾਂ।’
25 “ਇਸ ਲਈ ਉਨ੍ਹਾਂ ਨੂੰ ਕਹਿ, ‘ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: “ਤੁਸੀਂ ਖ਼ੂਨ ਸਣੇ ਮਾਸ ਖਾਂਦੇ ਹੋ,+ ਆਪਣੀਆਂ ਘਿਣਾਉਣੀਆਂ ਮੂਰਤਾਂ* ਉੱਤੇ ਭਰੋਸਾ ਰੱਖਦੇ ਹੋ ਅਤੇ ਖ਼ੂਨ ਵਹਾਉਂਦੇ ਹੋ।+ ਤਾਂ ਫਿਰ, ਤੁਹਾਨੂੰ ਇਸ ਦੇਸ਼ ਦੇ ਮਾਲਕ ਕਿਉਂ ਬਣਾਇਆ ਜਾਵੇ? 26 ਤੁਸੀਂ ਆਪਣੀ ਤਲਵਾਰ ʼਤੇ ਭਰੋਸਾ ਰੱਖਦੇ ਹੋ,+ ਘਿਣਾਉਣੇ ਕੰਮ ਕਰਦੇ ਹੋ ਅਤੇ ਆਪਣੇ ਗੁਆਂਢੀ ਦੀ ਪਤਨੀ ਨਾਲ ਹਰਾਮਕਾਰੀ ਕਰਦੇ ਹੋ।+ ਤਾਂ ਫਿਰ, ਤੁਹਾਨੂੰ ਇਸ ਦੇਸ਼ ਦੇ ਮਾਲਕ ਕਿਉਂ ਬਣਾਇਆ ਜਾਵੇ?”’+
27 “ਤੂੰ ਉਨ੍ਹਾਂ ਨੂੰ ਕਹੀਂ, ‘ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: “ਮੈਨੂੰ ਆਪਣੀ ਜਾਨ ਦੀ ਸਹੁੰ, ਜਿਹੜੇ ਬਰਬਾਦ ਹੋਏ ਸ਼ਹਿਰਾਂ ਵਿਚ ਰਹਿੰਦੇ ਹਨ, ਉਹ ਤਲਵਾਰ ਨਾਲ ਮਾਰੇ ਜਾਣਗੇ, ਜਿਹੜੇ ਮੈਦਾਨ ਵਿਚ ਰਹਿੰਦੇ ਹਨ, ਮੈਂ ਉਨ੍ਹਾਂ ਨੂੰ ਜੰਗਲੀ ਜਾਨਵਰਾਂ ਦਾ ਭੋਜਨ ਬਣਾਵਾਂਗਾ; ਜਿਹੜੇ ਕਿਲਿਆਂ ਅਤੇ ਗੁਫ਼ਾਵਾਂ ਵਿਚ ਰਹਿੰਦੇ ਹਨ, ਉਹ ਬੀਮਾਰੀ ਨਾਲ ਮਰਨਗੇ।+ 28 ਮੈਂ ਦੇਸ਼ ਨੂੰ ਪੂਰੀ ਤਰ੍ਹਾਂ ਉਜਾੜ ਤੇ ਵੀਰਾਨ ਬਣਾ ਦਿਆਂਗਾ+ ਅਤੇ ਇਸ ਦੀ ਤਾਕਤ ਤੇ ਘਮੰਡ ਚੂਰ-ਚੂਰ ਕਰ ਦਿਆਂਗਾ। ਇਜ਼ਰਾਈਲ ਦੇ ਪਹਾੜ ਵੀਰਾਨ ਹੋ ਜਾਣਗੇ+ ਅਤੇ ਉਨ੍ਹਾਂ ਵਿੱਚੋਂ ਦੀ ਕੋਈ ਨਹੀਂ ਲੰਘੇਗਾ। 29 ਉਨ੍ਹਾਂ ਦੇ ਸਾਰੇ ਘਿਣਾਉਣੇ ਕੰਮਾਂ+ ਕਰਕੇ ਜਦੋਂ ਮੈਂ ਉਨ੍ਹਾਂ ਦੇ ਦੇਸ਼ ਨੂੰ ਪੂਰੀ ਤਰ੍ਹਾਂ ਉਜਾੜ ਤੇ ਵੀਰਾਨ ਬਣਾ ਦਿਆਂਗਾ,+ ਤਾਂ ਉਨ੍ਹਾਂ ਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ।”’
30 “ਹੇ ਮਨੁੱਖ ਦੇ ਪੁੱਤਰ, ਤੇਰੇ ਲੋਕ ਕੰਧਾਂ ਕੋਲ ਅਤੇ ਘਰਾਂ ਦੇ ਦਰਵਾਜ਼ਿਆਂ ʼਤੇ ਖੜ੍ਹ ਕੇ ਤੇਰੇ ਬਾਰੇ ਗੱਲਾਂ ਕਰ ਰਹੇ ਹਨ।+ ਹਰ ਕੋਈ ਆਪਣੇ ਭਰਾ ਨੂੰ ਕਹਿ ਰਿਹਾ ਹੈ, ‘ਆ ਆਪਾਂ ਚੱਲੀਏ ਅਤੇ ਯਹੋਵਾਹ ਦਾ ਸੰਦੇਸ਼ ਸੁਣੀਏ।’ 31 ਉਹ ਮੇਰੇ ਲੋਕਾਂ ਵਜੋਂ ਇਕੱਠੇ ਹੋ ਕੇ ਤੇਰੇ ਸਾਮ੍ਹਣੇ ਬੈਠਣਗੇ ਅਤੇ ਉਹ ਤੇਰੀਆਂ ਗੱਲਾਂ ਤਾਂ ਸੁਣਨਗੇ, ਪਰ ਉਨ੍ਹਾਂ ਮੁਤਾਬਕ ਚੱਲਣਗੇ ਨਹੀਂ।+ ਉਹ ਆਪਣੇ ਮੂੰਹ ਨਾਲ ਤੇਰੀ ਚਾਪਲੂਸੀ ਕਰਨਗੇ,* ਪਰ ਉਨ੍ਹਾਂ ਦੇ ਦਿਲਾਂ ਵਿਚ ਬੇਈਮਾਨੀ ਦੀ ਕਮਾਈ ਦਾ ਲਾਲਚ ਹੈ। 32 ਦੇਖ! ਤੂੰ ਉਨ੍ਹਾਂ ਲਈ ਪਿਆਰ ਦਾ ਗੀਤ ਗਾਉਣ ਵਾਲੇ ਵਾਂਗ ਹੈ ਜੋ ਤਾਰਾਂ ਵਾਲਾ ਸਾਜ਼ ਵਧੀਆ ਢੰਗ ਨਾਲ ਵਜਾ ਕੇ ਸੁਰੀਲੀ ਆਵਾਜ਼ ਵਿਚ ਗਾਉਂਦਾ ਹੈ। ਉਹ ਤੇਰੀਆਂ ਗੱਲਾਂ ਤਾਂ ਸੁਣਨਗੇ, ਪਰ ਉਨ੍ਹਾਂ ਮੁਤਾਬਕ ਚੱਲਣਗੇ ਨਹੀਂ। 33 ਇਹ ਗੱਲਾਂ ਜ਼ਰੂਰ ਪੂਰੀਆਂ ਹੋਣਗੀਆਂ ਅਤੇ ਜਦੋਂ ਇਹ ਪੂਰੀਆਂ ਹੋਣਗੀਆਂ, ਤਾਂ ਉਨ੍ਹਾਂ ਨੂੰ ਜਾਣਨਾ ਹੀ ਪਵੇਗਾ ਕਿ ਉਨ੍ਹਾਂ ਵਿਚ ਇਕ ਨਬੀ ਹੁੰਦਾ ਸੀ।”+
34 ਮੈਨੂੰ ਦੁਬਾਰਾ ਯਹੋਵਾਹ ਦਾ ਸੰਦੇਸ਼ ਮਿਲਿਆ: 2 “ਹੇ ਮਨੁੱਖ ਦੇ ਪੁੱਤਰ, ਇਜ਼ਰਾਈਲ ਦੇ ਚਰਵਾਹਿਆਂ ਦੇ ਖ਼ਿਲਾਫ਼ ਭਵਿੱਖਬਾਣੀ ਕਰ। ਹਾਂ, ਭਵਿੱਖਬਾਣੀ ਕਰ ਅਤੇ ਉਨ੍ਹਾਂ ਨੂੰ ਕਹਿ, ‘ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: “ਲਾਹਨਤ ਹੈ ਇਜ਼ਰਾਈਲ ਦੇ ਚਰਵਾਹਿਆਂ ਉੱਤੇ+ ਜਿਹੜੇ ਆਪਣਾ ਢਿੱਡ ਭਰਨ ਵਿਚ ਲੱਗੇ ਹੋਏ ਹਨ! ਕੀ ਚਰਵਾਹਿਆਂ ਨੂੰ ਭੇਡਾਂ ਦਾ ਢਿੱਡ ਨਹੀਂ ਭਰਨਾ ਚਾਹੀਦਾ?+ 3 ਤੁਸੀਂ ਜਾਨਵਰਾਂ ਦੀ ਚਰਬੀ ਖਾਂਦੇ ਹੋ, ਉੱਨ ਦੇ ਕੱਪੜੇ ਪਾਉਂਦੇ ਹੋ ਅਤੇ ਮੋਟੇ-ਤਾਜ਼ੇ ਜਾਨਵਰ ਵੱਢਦੇ ਹੋ,+ ਪਰ ਭੇਡਾਂ ਦਾ ਢਿੱਡ ਨਹੀਂ ਭਰਦੇ।+ 4 ਤੁਸੀਂ ਕਮਜ਼ੋਰਾਂ ਨੂੰ ਤਕੜਾ ਨਹੀਂ ਕੀਤਾ, ਬੀਮਾਰਾਂ ਨੂੰ ਚੰਗਾ ਨਹੀਂ ਕੀਤਾ, ਜ਼ਖ਼ਮੀਆਂ ਦੇ ਮਲ੍ਹਮ-ਪੱਟੀ ਨਹੀਂ ਕੀਤੀ, ਭਟਕੀਆਂ ਨੂੰ ਵਾਪਸ ਨਹੀਂ ਲਿਆਂਦਾ ਅਤੇ ਗੁਆਚੀਆਂ ਨੂੰ ਲੱਭਣ ਨਹੀਂ ਗਏ।+ ਇਸ ਦੀ ਬਜਾਇ, ਤੁਸੀਂ ਉਨ੍ਹਾਂ ਨਾਲ ਸਖ਼ਤੀ ਤੇ ਬੇਰਹਿਮੀ ਨਾਲ ਪੇਸ਼ ਆਏ।+ 5 ਭੇਡਾਂ ਦਾ ਕੋਈ ਚਰਵਾਹਾ ਨਹੀਂ ਸੀ, ਇਸ ਕਰਕੇ ਉਹ ਖਿੰਡ-ਪੁੰਡ ਗਈਆਂ।+ ਉਹ ਤਿੱਤਰ-ਬਿੱਤਰ ਹੋ ਗਈਆਂ ਅਤੇ ਮੈਦਾਨ ਦੇ ਸਾਰੇ ਜੰਗਲੀ ਜਾਨਵਰਾਂ ਦਾ ਭੋਜਨ ਬਣ ਗਈਆਂ। 6 ਮੇਰੀਆਂ ਭੇਡਾਂ ਸਾਰੇ ਪਹਾੜਾਂ ਅਤੇ ਸਾਰੀਆਂ ਉੱਚੀਆਂ ਪਹਾੜੀਆਂ ʼਤੇ ਭਟਕਦੀਆਂ ਰਹੀਆਂ; ਮੇਰੀਆਂ ਭੇਡਾਂ ਸਾਰੀ ਧਰਤੀ ʼਤੇ ਖਿੱਲਰ ਗਈਆਂ। ਕਿਸੇ ਨੇ ਵੀ ਉਨ੍ਹਾਂ ਦੀ ਤਲਾਸ਼ ਨਹੀਂ ਕੀਤੀ ਅਤੇ ਨਾ ਹੀ ਉਨ੍ਹਾਂ ਨੂੰ ਲੱਭਿਆ।
7 “‘“ਇਸ ਲਈ ਹੇ ਚਰਵਾਹਿਓ, ਯਹੋਵਾਹ ਦਾ ਸੰਦੇਸ਼ ਸੁਣੋ: 8 ‘“ਮੈਨੂੰ ਆਪਣੀ ਜਾਨ ਦੀ ਸਹੁੰ,” ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ, “ਮੇਰੀਆਂ ਭੇਡਾਂ ਸ਼ਿਕਾਰ ਬਣ ਗਈਆਂ ਅਤੇ ਹਰ ਜੰਗਲੀ ਜਾਨਵਰ ਦਾ ਭੋਜਨ ਬਣ ਗਈਆਂ ਕਿਉਂਕਿ ਉਨ੍ਹਾਂ ਦਾ ਕੋਈ ਚਰਵਾਹਾ ਨਹੀਂ ਸੀ ਅਤੇ ਮੇਰੇ ਚਰਵਾਹਿਆਂ ਨੇ ਮੇਰੀਆਂ ਭੇਡਾਂ ਦੀ ਭਾਲ ਨਹੀਂ ਕੀਤੀ। ਉਹ ਮੇਰੀਆਂ ਭੇਡਾਂ ਦਾ ਢਿੱਡ ਭਰਨ ਦੀ ਬਜਾਇ ਆਪਣਾ ਢਿੱਡ ਭਰਨ ਵਿਚ ਲੱਗੇ ਰਹੇ,”’ 9 ਇਸ ਲਈ ਹੇ ਚਰਵਾਹਿਓ, ਯਹੋਵਾਹ ਦਾ ਸੰਦੇਸ਼ ਸੁਣੋ। 10 ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: ‘ਮੈਂ ਚਰਵਾਹਿਆਂ ਦੇ ਖ਼ਿਲਾਫ਼ ਹਾਂ। ਮੈਂ ਉਨ੍ਹਾਂ ਤੋਂ ਆਪਣੀਆਂ ਭੇਡਾਂ ਦਾ ਹਿਸਾਬ ਲਵਾਂਗਾ।* ਮੈਂ ਉਨ੍ਹਾਂ ਨੂੰ ਆਪਣੀਆਂ ਭੇਡਾਂ ਦਾ ਢਿੱਡ ਭਰਨ* ਦੀ ਜ਼ਿੰਮੇਵਾਰੀ ਤੋਂ ਹਟਾ ਦਿਆਂਗਾ+ ਅਤੇ ਫਿਰ ਚਰਵਾਹੇ ਅੱਗੇ ਤੋਂ ਆਪਣਾ ਢਿੱਡ ਨਹੀਂ ਭਰ ਸਕਣਗੇ। ਮੈਂ ਆਪਣੀਆਂ ਭੇਡਾਂ ਨੂੰ ਉਨ੍ਹਾਂ ਦੇ ਮੂੰਹੋਂ ਛੁਡਾਵਾਂਗਾ ਅਤੇ ਉਹ ਅੱਗੇ ਤੋਂ ਉਨ੍ਹਾਂ ਦਾ ਭੋਜਨ ਨਹੀਂ ਬਣਨਗੀਆਂ।’”
11 “‘ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: “ਦੇਖੋ, ਮੈਂ ਖ਼ੁਦ ਆਪਣੀਆਂ ਭੇਡਾਂ ਦੀ ਤਲਾਸ਼ ਕਰਾਂਗਾ ਅਤੇ ਉਨ੍ਹਾਂ ਦੀ ਦੇਖ-ਭਾਲ ਕਰਾਂਗਾ।+ 12 ਜਿਵੇਂ ਇਕ ਚਰਵਾਹਾ ਆਪਣੀਆਂ ਤਿੱਤਰ-ਬਿੱਤਰ ਹੋਈਆਂ ਭੇਡਾਂ ਨੂੰ ਲੱਭ ਕੇ ਲਿਆਉਂਦਾ ਹੈ ਅਤੇ ਉਨ੍ਹਾਂ ਦਾ ਢਿੱਡ ਭਰਦਾ ਹੈ, ਉਸੇ ਤਰ੍ਹਾਂ ਮੈਂ ਆਪਣੀਆਂ ਭੇਡਾਂ ਦੀ ਦੇਖ-ਭਾਲ ਕਰਾਂਗਾ।+ ਮੈਂ ਉਨ੍ਹਾਂ ਨੂੰ ਉਨ੍ਹਾਂ ਸਾਰੀਆਂ ਥਾਵਾਂ ਤੋਂ ਬਚਾ ਕੇ ਲਿਆਵਾਂਗਾ ਜਿੱਥੇ ਉਹ ਕਾਲੀਆਂ ਘਟਾਵਾਂ ਅਤੇ ਘੁੱਪ ਹਨੇਰੇ ਦੇ ਦਿਨ+ ਖਿੰਡ-ਪੁੰਡ ਗਈਆਂ ਸਨ। 13 ਮੈਂ ਉਨ੍ਹਾਂ ਨੂੰ ਕੌਮਾਂ ਵਿੱਚੋਂ ਕੱਢ ਕੇ ਅਤੇ ਦੇਸ਼ਾਂ ਵਿੱਚੋਂ ਇਕੱਠਾ ਕਰ ਕੇ ਉਨ੍ਹਾਂ ਦੇ ਦੇਸ਼ ਵਾਪਸ ਲਿਆਵਾਂਗਾ। ਮੈਂ ਇਜ਼ਰਾਈਲ ਦੇ ਪਹਾੜਾਂ ਉੱਤੇ, ਪਾਣੀ ਦੇ ਚਸ਼ਮਿਆਂ ਕੋਲ ਅਤੇ ਦੇਸ਼ ਦੇ ਸਾਰੇ ਰਿਹਾਇਸ਼ੀ ਇਲਾਕਿਆਂ ਵਿਚ ਉਨ੍ਹਾਂ ਦਾ ਢਿੱਡ ਭਰਾਂਗਾ।+ 14 ਮੈਂ ਉਨ੍ਹਾਂ ਨੂੰ ਹਰੀ-ਭਰੀ ਚਰਾਂਦ ਵਿਚ ਚਰਾਵਾਂਗਾ। ਜਿਸ ਜਗ੍ਹਾ ਉਹ ਚਰਨਗੀਆਂ, ਉਹ ਜਗ੍ਹਾ ਇਜ਼ਰਾਈਲ ਦੇ ਉੱਚੇ ਪਹਾੜਾਂ ʼਤੇ ਹੋਵੇਗੀ।+ ਉਹ ਹਰੀਆਂ-ਭਰੀਆਂ ਚਰਾਂਦਾਂ ਵਿਚ ਬੈਠਣਗੀਆਂ+ ਅਤੇ ਇਜ਼ਰਾਈਲ ਦੇ ਪਹਾੜਾਂ ʼਤੇ ਸਭ ਤੋਂ ਵਧੀਆਂ ਚਰਾਂਦਾਂ ਵਿਚ ਚਰਨਗੀਆਂ।”
15 “‘“ਮੈਂ ਖ਼ੁਦ ਆਪਣੀਆਂ ਭੇਡਾਂ ਦਾ ਢਿੱਡ ਭਰਾਂਗਾ+ ਅਤੇ ਮੈਂ ਖ਼ੁਦ ਉਨ੍ਹਾਂ ਨੂੰ ਆਰਾਮ ਕਰਨ ਲਈ ਲੈ ਕੇ ਜਾਵਾਂਗਾ,”+ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ। 16 “ਮੈਂ ਗੁਆਚੀ ਹੋਈ ਭੇਡ ਦੀ ਤਲਾਸ਼ ਕਰਾਂਗਾ,+ ਭਟਕੀ ਹੋਈ ਨੂੰ ਵਾਪਸ ਲਿਆਵਾਂਗਾ, ਜ਼ਖ਼ਮੀ ਦੇ ਮਲ੍ਹਮ-ਪੱਟੀ ਕਰਾਂਗਾ ਅਤੇ ਕਮਜ਼ੋਰ ਨੂੰ ਤਕੜੀ ਕਰਾਂਗਾ; ਪਰ ਮੋਟੀ ਅਤੇ ਤਕੜੀ ਭੇਡ ਨੂੰ ਮਾਰ ਸੁੱਟਾਂਗਾ। ਮੈਂ ਉਸ ਦਾ ਨਿਆਂ ਕਰ ਕੇ ਉਸ ਨੂੰ ਸਜ਼ਾ ਦਿਆਂਗਾ।”
17 “‘ਹੇ ਮੇਰੀਓ ਭੇਡੋ, ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: “ਮੈਂ ਇੱਜੜ ਦੀਆਂ ਭੇਡਾਂ ਦਾ, ਭੇਡੂਆਂ ਅਤੇ ਬੱਕਰਿਆਂ ਦਾ ਨਿਆਂ ਕਰਨ ਵਾਲਾ ਹਾਂ।+ 18 ਕੀ ਤੁਹਾਡੇ ਲਈ ਇੰਨਾ ਕਾਫ਼ੀ ਨਹੀਂ ਕਿ ਤੁਸੀਂ ਸਭ ਤੋਂ ਵਧੀਆ ਚਰਾਂਦਾਂ ਵਿਚ ਚਰਦੇ ਹੋ? ਹੁਣ ਤੁਸੀਂ ਆਪਣੀਆਂ ਬਾਕੀ ਚਰਾਂਦਾਂ ਨੂੰ ਆਪਣੇ ਪੈਰਾਂ ਨਾਲ ਕਿਉਂ ਮਿੱਧਦੇ ਹੋ? ਅਤੇ ਤੁਸੀਂ ਆਪ ਤਾਂ ਸਾਫ਼-ਸੁਥਰਾ ਪਾਣੀ ਪੀ ਲਿਆ, ਪਰ ਹੁਣ ਆਪਣੇ ਪੈਰਾਂ ਨਾਲ ਪਾਣੀ ਨੂੰ ਗੰਦਾ ਕਿਉਂ ਕਰਦੇ ਹੋ? 19 ਕੀ ਹੁਣ ਮੇਰੀਆਂ ਭੇਡਾਂ ਇਨ੍ਹਾਂ ਚਰਾਂਦਾਂ ਵਿਚ ਚਰਨ ਜਿਨ੍ਹਾਂ ਨੂੰ ਤੁਸੀਂ ਆਪਣੇ ਪੈਰਾਂ ਹੇਠ ਮਿੱਧਿਆ ਹੈ ਅਤੇ ਉਹ ਪਾਣੀ ਪੀਣ ਜਿਸ ਨੂੰ ਤੁਸੀਂ ਆਪਣੇ ਪੈਰਾਂ ਨਾਲ ਗੰਦਾ ਕੀਤਾ ਹੈ?”
20 “‘ਇਸ ਲਈ ਸਾਰੇ ਜਹਾਨ ਦਾ ਮਾਲਕ ਯਹੋਵਾਹ ਉਨ੍ਹਾਂ ਨੂੰ ਕਹਿੰਦਾ ਹੈ: “ਦੇਖੋ, ਮੈਂ ਆਪ ਮੋਟੀ ਭੇਡ ਵਿਚ ਅਤੇ ਲਿੱਸੀ ਭੇਡ ਵਿਚ ਨਿਆਂ ਕਰਾਂਗਾ 21 ਕਿਉਂਕਿ ਤੁਸੀਂ ਪਾਸੇ ਅਤੇ ਮੋਢੇ ਮਾਰ ਕੇ ਸਾਰੀਆਂ ਬੀਮਾਰ ਭੇਡਾਂ ਨੂੰ ਧੱਕਦੇ ਰਹੇ ਅਤੇ ਸਿੰਗ ਮਾਰ ਕੇ ਉਨ੍ਹਾਂ ਨੂੰ ਭਜਾਉਂਦੇ ਰਹੇ ਜਦ ਤਕ ਉਹ ਦੂਰ-ਦੂਰ ਤਕ ਖਿੱਲਰ ਨਾ ਗਈਆਂ। 22 ਮੈਂ ਆਪਣੀਆਂ ਭੇਡਾਂ ਨੂੰ ਬਚਾਵਾਂਗਾ ਅਤੇ ਉਹ ਅੱਗੇ ਤੋਂ ਕਿਸੇ ਦਾ ਸ਼ਿਕਾਰ ਨਹੀਂ ਬਣਨਗੀਆਂ+ ਅਤੇ ਮੈਂ ਭੇਡਾਂ ਦਾ ਨਿਆਂ ਕਰਾਂਗਾ। 23 ਮੈਂ ਆਪਣੇ ਸੇਵਕ ਦਾਊਦ ਨੂੰ ਉਨ੍ਹਾਂ ਦਾ ਚਰਵਾਹਾ ਨਿਯੁਕਤ ਕਰਾਂਗਾ+ ਅਤੇ ਉਹ ਉਨ੍ਹਾਂ ਦਾ ਢਿੱਡ ਭਰੇਗਾ। ਉਹ ਆਪ ਉਨ੍ਹਾਂ ਦਾ ਢਿੱਡ ਭਰੇਗਾ ਅਤੇ ਉਨ੍ਹਾਂ ਦਾ ਚਰਵਾਹਾ ਬਣੇਗਾ।+ 24 ਮੈਂ ਯਹੋਵਾਹ ਉਨ੍ਹਾਂ ਦਾ ਪਰਮੇਸ਼ੁਰ ਹੋਵਾਂਗਾ+ ਅਤੇ ਮੇਰਾ ਸੇਵਕ ਦਾਊਦ ਉਨ੍ਹਾਂ ਦਾ ਮੁਖੀ ਹੋਵੇਗਾ।+ ਮੈਂ ਯਹੋਵਾਹ ਹਾਂ ਜਿਸ ਨੇ ਆਪ ਇਹ ਗੱਲ ਕਹੀ ਹੈ।
25 “‘“ਅਤੇ ਮੈਂ ਉਨ੍ਹਾਂ ਨਾਲ ਸ਼ਾਂਤੀ ਦਾ ਇਕਰਾਰ ਕਰਾਂਗਾ।+ ਮੈਂ ਦੇਸ਼ ਵਿੱਚੋਂ ਖੂੰਖਾਰ ਜੰਗਲੀ ਜਾਨਵਰਾਂ ਨੂੰ ਖ਼ਤਮ ਕਰ ਦਿਆਂਗਾ+ ਤਾਂਕਿ ਉਹ ਉਜਾੜ ਵਿਚ ਸੁਰੱਖਿਅਤ ਵੱਸਣ ਅਤੇ ਜੰਗਲਾਂ ਵਿਚ ਸੌਂ ਸਕਣ।+ 26 ਮੈਂ ਉਨ੍ਹਾਂ ਨੂੰ ਅਤੇ ਆਪਣੀ ਪਹਾੜੀ ਦੇ ਆਲੇ-ਦੁਆਲੇ ਦੇ ਇਲਾਕੇ ਨੂੰ ਬਰਕਤ ਦਾ ਕਾਰਨ ਬਣਾਵਾਂਗਾ+ ਅਤੇ ਮੈਂ ਸਮੇਂ ਸਿਰ ਮੀਂਹ ਵਰ੍ਹਾਵਾਂਗਾ। ਉਨ੍ਹਾਂ ʼਤੇ ਬਰਕਤਾਂ ਦਾ ਮੀਂਹ ਵਰ੍ਹੇਗਾ।+ 27 ਮੈਦਾਨ ਦੇ ਦਰਖ਼ਤ ਆਪਣਾ ਫਲ ਦੇਣਗੇ ਅਤੇ ਜ਼ਮੀਨ ਆਪਣੀ ਪੈਦਾਵਾਰ ਦੇਵੇਗੀ।+ ਉਹ ਦੇਸ਼ ਵਿਚ ਸੁਰੱਖਿਅਤ ਵੱਸਣਗੇ। ਜਦ ਮੈਂ ਉਨ੍ਹਾਂ ਦੇ ਜੂਲੇ ਭੰਨ ਸੁੱਟਾਂਗਾ+ ਅਤੇ ਉਨ੍ਹਾਂ ਲੋਕਾਂ ਤੋਂ ਛੁਡਾਵਾਂਗਾ ਜਿਨ੍ਹਾਂ ਨੇ ਉਨ੍ਹਾਂ ਨੂੰ ਗ਼ੁਲਾਮ ਬਣਾਇਆ ਸੀ, ਤਾਂ ਉਨ੍ਹਾਂ ਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ। 28 ਫਿਰ ਉਹ ਕੌਮਾਂ ਦਾ ਸ਼ਿਕਾਰ ਨਹੀਂ ਬਣਨਗੇ ਅਤੇ ਨਾ ਹੀ ਧਰਤੀ ਦੇ ਜੰਗਲੀ ਜਾਨਵਰ ਉਨ੍ਹਾਂ ਨੂੰ ਪਾੜ ਖਾਣਗੇ। ਉਹ ਸੁਰੱਖਿਅਤ ਵੱਸਣਗੇ ਅਤੇ ਉਨ੍ਹਾਂ ਨੂੰ ਕੋਈ ਨਹੀਂ ਡਰਾਵੇਗਾ।+
29 “‘“ਮੈਂ ਉਨ੍ਹਾਂ ਲਈ ਇਕ ਬਾਗ਼ ਲਾਵਾਂਗਾ ਜੋ ਮਸ਼ਹੂਰ ਹੋਵੇਗਾ ਜਿਸ ਕਰਕੇ ਉਹ ਦੇਸ਼ ਵਿਚ ਕਾਲ਼ ਨਾਲ ਨਹੀਂ ਮਰਨਗੇ+ ਅਤੇ ਕੌਮਾਂ ਅੱਗੇ ਤੋਂ ਉਨ੍ਹਾਂ ਨੂੰ ਬੇਇੱਜ਼ਤ ਨਹੀਂ ਕਰਨਗੀਆਂ।+ 30 ‘ਫਿਰ ਉਨ੍ਹਾਂ ਨੂੰ ਜਾਣਨਾ ਹੀ ਪਵੇਗਾ ਕਿ ਮੈਂ ਉਨ੍ਹਾਂ ਦਾ ਪਰਮੇਸ਼ੁਰ ਯਹੋਵਾਹ ਉਨ੍ਹਾਂ ਦੇ ਨਾਲ ਹਾਂ ਅਤੇ ਇਜ਼ਰਾਈਲ ਦਾ ਘਰਾਣਾ ਮੇਰੇ ਲੋਕ ਹਨ,’+ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ।”’
31 “‘ਹੇ ਮੇਰੀਓ ਭੇਡੋ,+ ਤੁਸੀਂ ਇਨਸਾਨ ਹੀ ਹੋ ਅਤੇ ਮੈਂ ਤੁਹਾਡਾ ਪਰਮੇਸ਼ੁਰ ਹਾਂ ਜੋ ਤੁਹਾਡੀ ਦੇਖ-ਭਾਲ ਕਰਦਾ ਹੈ,’ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ।”
35 ਮੈਨੂੰ ਦੁਬਾਰਾ ਯਹੋਵਾਹ ਦਾ ਸੰਦੇਸ਼ ਮਿਲਿਆ: 2 “ਹੇ ਮਨੁੱਖ ਦੇ ਪੁੱਤਰ, ਸੇਈਰ ਦੇ ਪਹਾੜੀ ਇਲਾਕੇ+ ਵੱਲ ਆਪਣਾ ਮੂੰਹ ਕਰ ਅਤੇ ਇਸ ਦੇ ਖ਼ਿਲਾਫ਼ ਭਵਿੱਖਬਾਣੀ ਕਰ।+ 3 ਇਸ ਨੂੰ ਕਹਿ, ‘ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: “ਹੇ ਸੇਈਰ ਦੇ ਪਹਾੜੀ ਇਲਾਕੇ, ਮੈਂ ਤੇਰੇ ਖ਼ਿਲਾਫ਼ ਹਾਂ। ਮੈਂ ਤੇਰੇ ਖ਼ਿਲਾਫ਼ ਆਪਣਾ ਹੱਥ ਚੁੱਕਾਂਗਾ ਅਤੇ ਤੈਨੂੰ ਉਜਾੜ ਤੇ ਵੀਰਾਨ ਬਣਾ ਦਿਆਂਗਾ।+ 4 ਮੈਂ ਤੇਰੇ ਸ਼ਹਿਰਾਂ ਨੂੰ ਖੰਡਰ ਬਣਾ ਦਿਆਂਗਾ। ਤੂੰ ਉਜਾੜ ਤੇ ਵੀਰਾਨ ਹੋ ਜਾਵੇਂਗਾ+ ਅਤੇ ਤੈਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ। 5 ਜਦੋਂ ਇਜ਼ਰਾਈਲੀਆਂ ʼਤੇ ਬਿਪਤਾ ਆਈ ਅਤੇ ਉਨ੍ਹਾਂ ਨੂੰ ਸਜ਼ਾ ਦਿੱਤੀ ਗਈ, ਤਾਂ ਤੂੰ ਉਨ੍ਹਾਂ ਨੂੰ ਤਲਵਾਰ ਦੇ ਹਵਾਲੇ ਕੀਤਾ+ ਕਿਉਂਕਿ ਤੂੰ ਹਮੇਸ਼ਾ ਉਨ੍ਹਾਂ ਨਾਲ ਦੁਸ਼ਮਣੀ ਰੱਖੀ।”’+
6 “‘ਇਸ ਲਈ ਮੈਨੂੰ ਆਪਣੀ ਜਾਨ ਦੀ ਸਹੁੰ,’ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ, ‘ਮੈਂ ਤੇਰੀ ਮੌਤ* ਤੈਅ ਕਰ ਦਿੱਤੀ ਹੈ ਅਤੇ ਮੌਤ ਤੇਰਾ ਪਿੱਛਾ ਕਰੇਗੀ।+ ਹਾਂ, ਮੌਤ ਤੇਰਾ ਪਿੱਛਾ ਕਰੇਗੀ ਕਿਉਂਕਿ ਤੂੰ ਉਨ੍ਹਾਂ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਜਿਨ੍ਹਾਂ ਲੋਕਾਂ ਨਾਲ ਤੂੰ ਨਫ਼ਰਤ ਕੀਤੀ।+ 7 ਮੈਂ ਸੇਈਰ ਦੇ ਪਹਾੜੀ ਇਲਾਕੇ ਨੂੰ ਉਜਾੜ ਅਤੇ ਵੀਰਾਨ ਬਣਾ ਦਿਆਂਗਾ+ ਅਤੇ ਇਸ ਇਲਾਕੇ ਵਿੱਚੋਂ ਦੀ ਲੰਘਣ ਵਾਲੇ ਅਤੇ ਵਾਪਸ ਆਉਣ ਵਾਲੇ ਨੂੰ ਖ਼ਤਮ ਕਰ ਦਿਆਂਗਾ। 8 ਮੈਂ ਇਸ ਦੇ ਪਹਾੜਾਂ ਨੂੰ ਲਾਸ਼ਾਂ ਨਾਲ ਭਰ ਦਿਆਂਗਾ ਅਤੇ ਤਲਵਾਰ ਨਾਲ ਮਾਰੇ ਗਏ ਲੋਕ ਤੇਰੀਆਂ ਪਹਾੜੀਆਂ, ਤੇਰੀਆਂ ਘਾਟੀਆਂ ਅਤੇ ਤੇਰੇ ਪਾਣੀ ਦੇ ਸਾਰੇ ਚਸ਼ਮਿਆਂ ਵਿਚ ਡਿਗਣਗੇ। 9 ਮੈਂ ਤੈਨੂੰ ਪੂਰੀ ਤਰ੍ਹਾਂ ਤਬਾਹ ਕਰ ਦਿਆਂਗਾ ਅਤੇ ਤੇਰੇ ਸ਼ਹਿਰਾਂ ਵਿਚ ਕੋਈ ਨਹੀਂ ਵੱਸੇਗਾ+ ਅਤੇ ਤੈਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ।’
10 “ਭਾਵੇਂ ਕਿ ਯਹੋਵਾਹ ਉੱਥੇ ਸੀ, ਫਿਰ ਵੀ ਤੂੰ ਕਿਹਾ, ‘ਇਹ ਦੋਵੇਂ ਕੌਮਾਂ ਅਤੇ ਦੋਵੇਂ ਦੇਸ਼ ਮੇਰੇ ਹੋ ਜਾਣਗੇ ਅਤੇ ਅਸੀਂ ਇਨ੍ਹਾਂ ʼਤੇ ਕਬਜ਼ਾ ਕਰ ਲਵਾਂਗੇ,+ 11 ਇਸ ਲਈ ਮੈਨੂੰ ਆਪਣੀ ਜਾਨ ਦੀ ਸਹੁੰ,’ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ, ‘ਜਿਵੇਂ ਤੂੰ ਉਨ੍ਹਾਂ ਨਾਲ ਈਰਖਾ ਕੀਤੀ ਅਤੇ ਗੁੱਸੇ ਵਿਚ ਆ ਕੇ ਉਨ੍ਹਾਂ ਨਾਲ ਨਫ਼ਰਤ ਭਰਿਆ ਸਲੂਕ ਕੀਤਾ, ਮੈਂ ਵੀ ਤੇਰੇ ਨਾਲ ਉਸੇ ਤਰ੍ਹਾਂ ਸਲੂਕ ਕਰਾਂਗਾ।+ ਜਦੋਂ ਮੈਂ ਤੇਰਾ ਨਿਆਂ ਕਰਾਂਗਾ, ਤਾਂ ਮੈਂ ਉਨ੍ਹਾਂ ਸਾਮ੍ਹਣੇ ਆਪਣੇ ਆਪ ਨੂੰ ਜ਼ਾਹਰ ਕਰਾਂਗਾ। 12 ਫਿਰ ਤੈਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਨੇ ਆਪ ਤੇਰੀਆਂ ਸਾਰੀਆਂ ਬੇਇੱਜ਼ਤੀ ਭਰੀਆਂ ਗੱਲਾਂ ਸੁਣੀਆਂ ਜੋ ਤੂੰ ਇਜ਼ਰਾਈਲ ਦੇ ਪਹਾੜਾਂ ਦੇ ਖ਼ਿਲਾਫ਼ ਕਹੀਆਂ ਸਨ। ਤੂੰ ਕਿਹਾ, “ਉਨ੍ਹਾਂ ਨੂੰ ਤਬਾਹ ਕਰ ਦਿੱਤਾ ਗਿਆ ਹੈ। ਉਨ੍ਹਾਂ ਨੂੰ ਸਾਡੇ ਹਵਾਲੇ ਕਰ ਦਿੱਤਾ ਗਿਆ ਹੈ ਤਾਂਕਿ ਅਸੀਂ ਉਨ੍ਹਾਂ ਨੂੰ ਹੜੱਪ ਜਾਈਏ।” 13 ਤੂੰ ਹੰਕਾਰ ਵਿਚ ਆ ਕੇ ਮੇਰੇ ਖ਼ਿਲਾਫ਼ ਬੋਲਿਆ ਅਤੇ ਮੇਰੇ ਖ਼ਿਲਾਫ਼ ਬਹੁਤ ਸਾਰੀਆਂ ਗੱਲਾਂ ਕਹੀਆਂ।+ ਮੈਂ ਇਹ ਸਾਰੀਆਂ ਗੱਲਾਂ ਸੁਣੀਆਂ।’
14 “ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: ‘ਜਦ ਮੈਂ ਤੈਨੂੰ ਉਜਾੜ ਤੇ ਵੀਰਾਨ ਬਣਾ ਦਿਆਂਗਾ, ਤਾਂ ਸਾਰੀ ਧਰਤੀ ਖ਼ੁਸ਼ੀਆਂ ਮਨਾਵੇਗੀ, 15 ਜਿਵੇਂ ਤੂੰ ਇਜ਼ਰਾਈਲ ਦੇ ਘਰਾਣੇ ਦੀ ਵਿਰਾਸਤ ਦੀ ਤਬਾਹੀ ਵੇਲੇ ਖ਼ੁਸ਼ੀਆਂ ਮਨਾਈਆਂ ਸਨ। ਮੈਂ ਵੀ ਤੇਰਾ ਉਹੀ ਹਾਲ ਕਰਾਂਗਾ।+ ਹੇ ਸੇਈਰ ਦੇ ਪਹਾੜੀ ਇਲਾਕੇ, ਹਾਂ, ਸਾਰੇ ਅਦੋਮ, ਤੂੰ ਤਬਾਹ ਹੋ ਕੇ ਖੰਡਰ ਬਣ ਜਾਵੇਂਗਾ।+ ਉਨ੍ਹਾਂ ਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ।’”
36 “ਹੇ ਮਨੁੱਖ ਦੇ ਪੁੱਤਰ, ਇਜ਼ਰਾਈਲ ਦੇ ਪਹਾੜਾਂ ਬਾਰੇ ਭਵਿੱਖਬਾਣੀ ਕਰ ਅਤੇ ਕਹਿ, ‘ਹੇ ਇਜ਼ਰਾਈਲ ਦੇ ਪਹਾੜੋ, ਯਹੋਵਾਹ ਦਾ ਸੰਦੇਸ਼ ਸੁਣੋ। 2 ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: “ਦੁਸ਼ਮਣਾਂ ਨੇ ਤੇਰੇ ਖ਼ਿਲਾਫ਼ ਕਿਹਾ ਹੈ, ‘ਵਾਹ! ਪੁਰਾਣੇ ਜ਼ਮਾਨੇ ਦੀਆਂ ਉੱਚੀਆਂ ਥਾਵਾਂ ʼਤੇ ਸਾਡਾ ਕਬਜ਼ਾ ਹੋ ਗਿਆ ਹੈ।’”’+
3 “ਇਸ ਕਰਕੇ ਭਵਿੱਖਬਾਣੀ ਕਰ ਅਤੇ ਕਹਿ, ‘ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: “ਉਨ੍ਹਾਂ ਨੇ ਤੁਹਾਨੂੰ ਤਬਾਹ ਕਰ ਦਿੱਤਾ ਹੈ ਅਤੇ ਤੁਹਾਡੇ ਉੱਤੇ ਹਰ ਦਿਸ਼ਾ ਤੋਂ ਹਮਲਾ ਕੀਤਾ ਹੈ ਤਾਂਕਿ ਕੌਮਾਂ ਦੇ ਬਚੇ ਹੋਏ ਲੋਕ ਤੁਹਾਡੇ ਉੱਤੇ ਕਬਜ਼ਾ ਕਰ ਲੈਣ। ਲੋਕ ਤੁਹਾਡੇ ਬਾਰੇ ਗੱਲਾਂ ਕਰ ਰਹੇ ਹਨ ਅਤੇ ਤੁਹਾਨੂੰ ਬਦਨਾਮ ਕਰ ਰਹੇ ਹਨ,+ 4 ਇਸ ਲਈ ਹੇ ਇਜ਼ਰਾਈਲ ਦੇ ਪਹਾੜੋ, ਸਾਰੇ ਜਹਾਨ ਦੇ ਮਾਲਕ ਯਹੋਵਾਹ ਦਾ ਸੰਦੇਸ਼ ਸੁਣੋ। ਸਾਰੇ ਜਹਾਨ ਦਾ ਮਾਲਕ ਯਹੋਵਾਹ ਪਹਾੜਾਂ, ਪਹਾੜੀਆਂ, ਪਾਣੀ ਦੇ ਚਸ਼ਮਿਆਂ, ਘਾਟੀਆਂ, ਵੀਰਾਨ ਖੰਡਰਾਂ+ ਅਤੇ ਉੱਜੜੇ ਸ਼ਹਿਰਾਂ ਨੂੰ ਕਹਿੰਦਾ ਹੈ ਜਿਨ੍ਹਾਂ ਨੂੰ ਆਲੇ-ਦੁਆਲੇ ਦੀਆਂ ਕੌਮਾਂ ਦੇ ਬਚੇ ਹੋਏ ਲੋਕਾਂ ਨੇ ਲੁੱਟਿਆ ਸੀ ਅਤੇ ਜਿਨ੍ਹਾਂ ਦਾ ਮਜ਼ਾਕ ਉਡਾਇਆ ਸੀ;+ 5 ਇਨ੍ਹਾਂ ਬਾਰੇ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: ‘ਕੌਮਾਂ ਦੇ ਬਚੇ ਹੋਏ ਲੋਕਾਂ ਅਤੇ ਸਾਰੇ ਅਦੋਮ ਦੇ ਖ਼ਿਲਾਫ਼ ਮੇਰੇ ਗੁੱਸੇ ਦੀ ਅੱਗ ਭੜਕੇਗੀ+ ਅਤੇ ਮੈਂ ਉਨ੍ਹਾਂ ਨੂੰ ਦੋਸ਼ੀ ਠਹਿਰਾਵਾਂਗਾ। ਉਨ੍ਹਾਂ ਨੇ ਮੇਰੇ ਦੇਸ਼ ਨਾਲ ਨਫ਼ਰਤ ਕੀਤੀ ਅਤੇ ਖ਼ੁਸ਼ੀ-ਖ਼ੁਸ਼ੀ ਇਸ ʼਤੇ ਕਬਜ਼ਾ ਕੀਤਾ+ ਤਾਂਕਿ ਉਹ ਇਸ ਦੀਆਂ ਚਰਾਂਦਾਂ ਨੂੰ ਹੜੱਪ ਲੈਣ ਅਤੇ ਲੁੱਟ ਲੈਣ।’”’+
6 “ਇਸ ਲਈ ਇਜ਼ਰਾਈਲ ਦੇਸ਼ ਬਾਰੇ ਭਵਿੱਖਬਾਣੀ ਕਰ ਅਤੇ ਪਹਾੜਾਂ, ਪਹਾੜੀਆਂ, ਪਾਣੀ ਦੇ ਚਸ਼ਮਿਆਂ ਅਤੇ ਘਾਟੀਆਂ ਨੂੰ ਕਹਿ, ‘ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: “ਦੇਖੋ, ਮੈਂ ਗੁੱਸੇ ਅਤੇ ਕ੍ਰੋਧ ਵਿਚ ਆ ਕੇ ਬੋਲਾਂਗਾ ਕਿਉਂਕਿ ਤੁਹਾਨੂੰ ਕੌਮਾਂ ਦੇ ਹੱਥੋਂ ਬੇਇੱਜ਼ਤੀ ਸਹਿਣੀ ਪਈ ਹੈ।”’+
7 “ਇਸ ਲਈ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: ‘ਮੈਂ ਆਪਣਾ ਹੱਥ ਚੁੱਕ ਕੇ ਸਹੁੰ ਖਾਂਦਾ ਹਾਂ ਕਿ ਤੁਹਾਡੇ ਆਲੇ-ਦੁਆਲੇ ਦੀਆਂ ਕੌਮਾਂ ਨੂੰ ਵੀ ਬੇਇੱਜ਼ਤੀ ਸਹਿਣੀ ਪਵੇਗੀ।+ 8 ਪਰ ਹੇ ਇਜ਼ਰਾਈਲ ਦੇ ਪਹਾੜੋ, ਤੁਸੀਂ ਮੇਰੀ ਪਰਜਾ ਇਜ਼ਰਾਈਲ ਲਈ ਟਾਹਣੀਆਂ ਅਤੇ ਫਲ ਪੈਦਾ ਕਰੋਗੇ+ ਕਿਉਂਕਿ ਉਹ ਜਲਦੀ ਵਾਪਸ ਆਵੇਗੀ। 9 ਮੈਂ ਤੁਹਾਡੇ ਨਾਲ ਹਾਂ ਅਤੇ ਮੈਂ ਤੁਹਾਡੇ ਵੱਲ ਧਿਆਨ ਦਿਆਂਗਾ। ਤੁਹਾਡੇ ʼਤੇ ਵਾਹੀ ਅਤੇ ਬੀਜਾਈ ਕੀਤੀ ਜਾਵੇਗੀ। 10 ਮੈਂ ਤੁਹਾਡੇ ਲੋਕਾਂ ਦੀ, ਹਾਂ, ਇਜ਼ਰਾਈਲ ਦੇ ਪੂਰੇ ਘਰਾਣੇ ਦੀ ਗਿਣਤੀ ਵਧਾਵਾਂਗਾ। ਸ਼ਹਿਰ ਵਸਾਏ ਜਾਣਗੇ+ ਅਤੇ ਖੰਡਰ ਦੁਬਾਰਾ ਉਸਾਰੇ ਜਾਣਗੇ।+ 11 ਮੈਂ ਤੁਹਾਡੇ ਲੋਕਾਂ ਅਤੇ ਤੁਹਾਡੇ ਪਾਲਤੂ ਪਸ਼ੂਆਂ ਦੀ ਗਿਣਤੀ ਵਧਾਵਾਂਗਾ;+ ਉਹ ਵਧਣ-ਫੁੱਲਣਗੇ। ਮੈਂ ਤੁਹਾਨੂੰ ਪਹਿਲਾਂ ਵਾਂਗ ਆਬਾਦ ਕਰਾਂਗਾ+ ਅਤੇ ਤੁਹਾਨੂੰ ਪਹਿਲਾਂ ਨਾਲੋਂ ਜ਼ਿਆਦਾ ਖ਼ੁਸ਼ਹਾਲ ਬਣਾਵਾਂਗਾ।+ ਤੁਹਾਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ।+ 12 ਮੈਂ ਆਪਣੀ ਪਰਜਾ ਇਜ਼ਰਾਈਲ ਨੂੰ ਤੁਹਾਡੇ ਉੱਤੇ ਵਾਪਸ ਲਿਆਵਾਂਗਾ ਅਤੇ ਉਹ ਤੁਹਾਡੇ ʼਤੇ ਕਬਜ਼ਾ ਕਰਨਗੇ।+ ਤੁਸੀਂ ਉਨ੍ਹਾਂ ਦੀ ਵਿਰਾਸਤ ਬਣ ਜਾਓਗੇ ਅਤੇ ਉਨ੍ਹਾਂ ਨੂੰ ਦੁਬਾਰਾ ਕਦੇ ਬੇਔਲਾਦ ਨਹੀਂ ਕਰੋਗੇ।’”+
13 “ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: ‘ਉਹ ਤੁਹਾਨੂੰ ਕਹਿ ਰਹੇ ਹਨ, “ਤੂੰ ਉਹ ਦੇਸ਼ ਹੈਂ ਜਿਹੜਾ ਲੋਕਾਂ ਨੂੰ ਨਿਗਲ਼ ਜਾਂਦਾ ਹੈ ਅਤੇ ਆਪਣੀਆਂ ਕੌਮਾਂ ਦੇ ਬੱਚੇ ਮਾਰ ਸੁੱਟਦਾ ਹੈਂ,”’ 14 ‘ਇਸ ਲਈ ਤੂੰ ਅੱਗੇ ਤੋਂ ਆਪਣੇ ਲੋਕਾਂ ਨੂੰ ਨਹੀਂ ਨਿਗਲ਼ੇਂਗਾ ਜਾਂ ਆਪਣੀਆਂ ਕੌਮਾਂ ਨੂੰ ਬੇਔਲਾਦ ਨਹੀਂ ਕਰੇਂਗਾ,’ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ। 15 ‘ਮੈਂ ਫਿਰ ਕਦੇ ਤੈਨੂੰ ਕੌਮਾਂ ਦੇ ਹੱਥੋਂ ਬੇਇੱਜ਼ਤੀ ਨਹੀਂ ਸਹਿਣ ਦਿਆਂਗਾ ਜਾਂ ਤੈਨੂੰ ਲੋਕਾਂ ਦੇ ਤਾਅਨੇ-ਮਿਹਣੇ ਨਹੀਂ ਸੁਣਨ ਦਿਆਂਗਾ+ ਅਤੇ ਤੂੰ ਆਪਣੀਆਂ ਕੌਮਾਂ ਲਈ ਠੋਕਰ ਦਾ ਕਾਰਨ ਨਹੀਂ ਬਣੇਂਗਾ,’ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ।”
16 ਫਿਰ ਮੈਨੂੰ ਦੁਬਾਰਾ ਯਹੋਵਾਹ ਦਾ ਸੰਦੇਸ਼ ਮਿਲਿਆ: 17 “ਹੇ ਮਨੁੱਖ ਦੇ ਪੁੱਤਰ, ਜਦ ਇਜ਼ਰਾਈਲ ਦਾ ਘਰਾਣਾ ਆਪਣੇ ਦੇਸ਼ ਵਿਚ ਰਹਿ ਰਿਹਾ ਸੀ, ਤਾਂ ਉਨ੍ਹਾਂ ਨੇ ਇਸ ਨੂੰ ਆਪਣੇ ਚਾਲ-ਚਲਣ ਅਤੇ ਆਪਣੇ ਕੰਮਾਂ ਨਾਲ ਅਸ਼ੁੱਧ ਕਰ ਦਿੱਤਾ।+ ਜਿਵੇਂ ਮਾਹਵਾਰੀ ਦੌਰਾਨ ਇਕ ਔਰਤ ਅਸ਼ੁੱਧ ਹੁੰਦੀ ਹੈ, ਉਸੇ ਤਰ੍ਹਾਂ ਉਨ੍ਹਾਂ ਦਾ ਚਾਲ-ਚਲਣ ਮੇਰੀਆਂ ਨਜ਼ਰਾਂ ਵਿਚ ਅਸ਼ੁੱਧ ਸੀ।+ 18 ਉਨ੍ਹਾਂ ਨੇ ਦੇਸ਼ ਵਿਚ ਖ਼ੂਨ ਵਹਾਇਆ ਸੀ ਅਤੇ ਆਪਣੀਆਂ ਘਿਣਾਉਣੀਆਂ ਮੂਰਤਾਂ* ਨਾਲ ਸਾਰੇ ਦੇਸ਼ ਨੂੰ ਅਸ਼ੁੱਧ ਕਰ ਦਿੱਤਾ ਸੀ,+ ਇਸ ਲਈ ਮੈਂ ਉਨ੍ਹਾਂ ʼਤੇ ਆਪਣਾ ਗੁੱਸਾ ਵਰ੍ਹਾਇਆ।+ 19 ਇਸ ਕਰਕੇ ਮੈਂ ਉਨ੍ਹਾਂ ਨੂੰ ਕੌਮਾਂ ਵਿਚ ਖਿੰਡਾ ਦਿੱਤਾ ਅਤੇ ਦੇਸ਼ਾਂ ਵਿਚ ਤਿੱਤਰ-ਬਿੱਤਰ ਕਰ ਦਿੱਤਾ।+ ਮੈਂ ਉਨ੍ਹਾਂ ਦੇ ਚਾਲ-ਚਲਣ ਅਤੇ ਕੰਮਾਂ ਅਨੁਸਾਰ ਉਨ੍ਹਾਂ ਦਾ ਨਿਆਂ ਕੀਤਾ। 20 ਪਰ ਜਦ ਉਹ ਦੂਜੀਆਂ ਕੌਮਾਂ ਵਿਚ ਗਏ, ਤਾਂ ਉੱਥੇ ਦੇ ਲੋਕਾਂ ਨੇ ਉਨ੍ਹਾਂ ਬਾਰੇ ਇਹ ਕਹਿ ਕੇ ਮੇਰੇ ਪਵਿੱਤਰ ਨਾਂ ਨੂੰ ਪਲੀਤ ਕੀਤਾ,+ ‘ਇਹ ਯਹੋਵਾਹ ਦੇ ਲੋਕ ਹਨ, ਪਰ ਇਨ੍ਹਾਂ ਨੂੰ ਉਸ ਦਾ ਦੇਸ਼ ਛੱਡਣਾ ਪਿਆ।’ 21 ਇਸ ਲਈ ਮੈਂ ਆਪਣੇ ਪਵਿੱਤਰ ਨਾਂ ਦੀ ਖ਼ਾਤਰ ਕਦਮ ਚੁੱਕਾਂਗਾ ਜਿਸ ਨੂੰ ਇਜ਼ਰਾਈਲ ਦੇ ਘਰਾਣੇ ਨੇ ਦੂਜੀਆਂ ਕੌਮਾਂ ਵਿਚ ਪਲੀਤ ਕੀਤਾ ਹੈ ਜਿੱਥੇ ਉਹ ਚਲੇ ਗਏ ਹਨ।”+
22 “ਇਸ ਲਈ ਇਜ਼ਰਾਈਲ ਦੇ ਘਰਾਣੇ ਨੂੰ ਕਹਿ, ‘ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: “ਹੇ ਇਜ਼ਰਾਈਲ ਦੇ ਘਰਾਣੇ, ਮੈਂ ਤੁਹਾਡੀ ਖ਼ਾਤਰ ਨਹੀਂ, ਸਗੋਂ ਆਪਣੇ ਪਵਿੱਤਰ ਨਾਂ ਦੀ ਖ਼ਾਤਰ ਕਦਮ ਚੁੱਕ ਰਿਹਾ ਹਾਂ ਜਿਸ ਨੂੰ ਤੁਸੀਂ ਕੌਮਾਂ ਵਿਚ ਪਲੀਤ ਕੀਤਾ ਹੈ ਜਿੱਥੇ ਤੁਸੀਂ ਚਲੇ ਗਏ ਹੋ।”’+ 23 ‘ਮੈਂ ਜ਼ਰੂਰ ਆਪਣੇ ਮਹਾਨ ਨਾਂ ਨੂੰ ਪਵਿੱਤਰ ਕਰਾਂਗਾ+ ਜਿਸ ਨੂੰ ਕੌਮਾਂ ਵਿਚ ਪਲੀਤ ਕੀਤਾ ਗਿਆ ਅਤੇ ਜਿਸ ਨੂੰ ਤੁਸੀਂ ਕੌਮਾਂ ਵਿਚ ਪਲੀਤ ਕੀਤਾ। ਜਦ ਕੌਮਾਂ ਦੀਆਂ ਨਜ਼ਰਾਂ ਸਾਮ੍ਹਣੇ ਮੈਂ ਤੁਹਾਡੇ ਵਿਚ ਆਪਣੀ ਪਵਿੱਤਰਤਾ ਜ਼ਾਹਰ ਕਰਾਂਗਾ, ਤਾਂ ਉਨ੍ਹਾਂ ਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ,’+ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ। 24 ਮੈਂ ਤੁਹਾਨੂੰ ਕੌਮਾਂ ਤੋਂ ਵਾਪਸ ਲਵਾਂਗਾ ਅਤੇ ਤੁਹਾਨੂੰ ਸਾਰੇ ਦੇਸ਼ਾਂ ਤੋਂ ਇਕੱਠਾ ਕਰ ਕੇ ਤੁਹਾਡੇ ਦੇਸ਼ ਵਿਚ ਲਿਆਵਾਂਗਾ।+ 25 ਮੈਂ ਤੁਹਾਡੇ ʼਤੇ ਸਾਫ਼ ਪਾਣੀ ਛਿੜਕ ਕੇ ਤੁਹਾਨੂੰ ਸ਼ੁੱਧ ਕਰਾਂਗਾ;+ ਮੈਂ ਤੁਹਾਨੂੰ ਤੁਹਾਡੀ ਸਾਰੀ ਅਸ਼ੁੱਧਤਾ ਅਤੇ ਤੁਹਾਡੀਆਂ ਸਾਰੀਆਂ ਘਿਣਾਉਣੀਆਂ ਮੂਰਤਾਂ ਤੋਂ ਸ਼ੁੱਧ ਕਰਾਂਗਾ।+ 26 ਮੈਂ ਤੁਹਾਨੂੰ ਨਵਾਂ ਦਿਲ ਦਿਆਂਗਾ+ ਅਤੇ ਤੁਹਾਡੇ ਮਨ ਦਾ ਸੁਭਾਅ ਨਵਾਂ ਬਣਾਵਾਂਗਾ+ ਅਤੇ ਮੈਂ ਤੁਹਾਡੇ ਸਰੀਰਾਂ ਵਿੱਚੋਂ ਪੱਥਰ ਦਾ ਦਿਲ ਕੱਢ ਕੇ+ ਤੁਹਾਨੂੰ ਮਾਸ ਦਾ ਦਿਲ* ਦਿਆਂਗਾ। 27 ਮੈਂ ਆਪਣੀ ਸ਼ਕਤੀ ਨਾਲ ਤੁਹਾਡੀ ਸੋਚ ਬਦਲਾਂਗਾ ਤਾਂਕਿ ਤੁਸੀਂ ਮੇਰੇ ਨਿਯਮਾਂ ʼਤੇ ਚੱਲੋ।+ ਤੁਸੀਂ ਮੇਰੇ ਕਾਨੂੰਨਾਂ ਦੀ ਪਾਲਣਾ ਕਰੋਗੇ ਅਤੇ ਉਨ੍ਹਾਂ ਮੁਤਾਬਕ ਚੱਲੋਗੇ। 28 ਫਿਰ ਤੁਸੀਂ ਉਸ ਦੇਸ਼ ਵਿਚ ਵੱਸੋਗੇ ਜੋ ਮੈਂ ਤੁਹਾਡੇ ਪਿਉ-ਦਾਦਿਆਂ ਨੂੰ ਦਿੱਤਾ ਸੀ ਅਤੇ ਤੁਸੀਂ ਮੇਰੇ ਲੋਕ ਹੋਵੋਗੇ ਅਤੇ ਮੈਂ ਤੁਹਾਡਾ ਪਰਮੇਸ਼ੁਰ ਹੋਵਾਂਗਾ।’+
29 “‘ਮੈਂ ਤੁਹਾਨੂੰ ਤੁਹਾਡੀ ਸਾਰੀ ਅਸ਼ੁੱਧਤਾ ਤੋਂ ਬਚਾਵਾਂਗਾ ਅਤੇ ਅਨਾਜ ਨੂੰ ਹੁਕਮ ਦਿਆਂਗਾ ਕਿ ਉਹ ਭਰਪੂਰ ਪੈਦਾਵਾਰ ਦੇਵੇ। ਮੈਂ ਤੁਹਾਡੇ ਉੱਤੇ ਕਾਲ਼ ਨਹੀਂ ਪੈਣ ਦਿਆਂਗਾ।+ 30 ਮੈਂ ਦਰਖ਼ਤਾਂ ਦੇ ਫਲ ਅਤੇ ਖੇਤਾਂ ਦੀ ਪੈਦਾਵਾਰ ਵਧਾਵਾਂਗਾ ਤਾਂਕਿ ਤੁਹਾਨੂੰ ਦੁਬਾਰਾ ਕਦੇ ਕੌਮਾਂ ਵਿਚ ਕਾਲ਼ ਦੇ ਕਾਰਨ ਸ਼ਰਮਿੰਦਗੀ ਨਾ ਸਹਿਣੀ ਪਵੇ।+ 31 ਫਿਰ ਤੁਸੀਂ ਆਪਣੇ ਬੁਰੇ ਚਾਲ-ਚਲਣ ਅਤੇ ਕੰਮਾਂ ਨੂੰ ਯਾਦ ਕਰੋਗੇ ਜੋ ਚੰਗੇ ਨਹੀਂ ਸਨ ਅਤੇ ਆਪਣੇ ਪਾਪਾਂ ਅਤੇ ਘਿਣਾਉਣੇ ਕੰਮਾਂ ਕਰਕੇ ਤੁਹਾਨੂੰ ਆਪਣੇ ਤੋਂ ਘਿਣ ਆਵੇਗੀ।+ 32 ਪਰ ਇਹ ਜਾਣ ਲਓ: ਮੈਂ ਇਹ ਤੁਹਾਡੀ ਖ਼ਾਤਰ ਨਹੀਂ ਕਰ ਰਿਹਾ,’+ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ। ‘ਹੇ ਇਜ਼ਰਾਈਲ ਦੇ ਘਰਾਣੇ, ਆਪਣੇ ਚਾਲ-ਚਲਣ ਕਰਕੇ ਸ਼ਰਮਸਾਰ ਹੋ ਅਤੇ ਬੇਇੱਜ਼ਤੀ ਮਹਿਸੂਸ ਕਰ।’
33 “ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: ‘ਜਿਸ ਦਿਨ ਮੈਂ ਤੁਹਾਨੂੰ ਤੁਹਾਡੇ ਸਾਰੇ ਪਾਪਾਂ ਤੋਂ ਸ਼ੁੱਧ ਕਰਾਂਗਾ, ਉਸ ਦਿਨ ਮੈਂ ਸ਼ਹਿਰਾਂ ਨੂੰ ਆਬਾਦ ਕਰਾਂਗਾ+ ਅਤੇ ਖੰਡਰਾਂ ਨੂੰ ਦੁਬਾਰਾ ਉਸਾਰਾਂਗਾ।+ 34 ਉਸ ਵੀਰਾਨ ਦੇਸ਼ ਦੀ ਜ਼ਮੀਨ ਵਾਹੀ ਜਾਵੇਗੀ ਜਿਸ ਨੂੰ ਰਾਹਗੀਰ ਵੀਰਾਨ ਪਈ ਦੇਖਦੇ ਸਨ। 35 ਲੋਕ ਕਹਿਣਗੇ: “ਇਹ ਵੀਰਾਨ ਦੇਸ਼ ਅਦਨ ਦੇ ਬਾਗ਼+ ਵਰਗਾ ਬਣ ਗਿਆ ਹੈ। ਜੋ ਸ਼ਹਿਰ ਢਾਹ ਕੇ ਖੰਡਰ ਬਣਾ ਦਿੱਤੇ ਗਏ ਸਨ, ਹੁਣ ਉਨ੍ਹਾਂ ਦੀ ਕਿਲੇਬੰਦੀ ਕੀਤੀ ਗਈ ਹੈ ਅਤੇ ਉੱਥੇ ਲੋਕ ਵੱਸਦੇ ਹਨ।”+ 36 ਤੁਹਾਡੇ ਆਲੇ-ਦੁਆਲੇ ਬਚੀਆਂ ਕੌਮਾਂ ਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ ਜਿਸ ਨੇ ਖੰਡਰਾਂ ਨੂੰ ਬਣਾਇਆ ਹੈ ਅਤੇ ਵੀਰਾਨ ਦੇਸ਼ ਦੀ ਜ਼ਮੀਨ ʼਤੇ ਪੇੜ-ਪੌਦੇ ਲਾਏ ਹਨ। ਮੈਂ ਯਹੋਵਾਹ ਨੇ ਆਪ ਇਹ ਗੱਲ ਕਹੀ ਹੈ ਅਤੇ ਪੂਰੀ ਵੀ ਕੀਤੀ ਹੈ।’+
37 “ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: ‘ਮੈਂ ਇਜ਼ਰਾਈਲ ਦੇ ਘਰਾਣੇ ਨੂੰ ਇਹ ਗੁਜ਼ਾਰਸ਼ ਕਰਨ ਦੀ ਇਜਾਜ਼ਤ ਦਿਆਂਗਾ ਕਿ ਮੈਂ ਭੇਡਾਂ-ਬੱਕਰੀਆਂ ਵਾਂਗ ਉਨ੍ਹਾਂ ਦੇ ਲੋਕਾਂ ਦੀ ਗਿਣਤੀ ਵਧਾਵਾਂ। 38 ਜਿਵੇਂ ਤਿਉਹਾਰ ਦੌਰਾਨ ਯਰੂਸ਼ਲਮ ਪਵਿੱਤਰ ਲੋਕਾਂ ਦੇ ਝੁੰਡਾਂ* ਨਾਲ ਭਰਿਆ ਹੁੰਦਾ ਹੈ,+ ਉਸੇ ਤਰ੍ਹਾਂ ਖੰਡਰ ਹੋ ਚੁੱਕੇ ਸ਼ਹਿਰ ਲੋਕਾਂ ਦੇ ਝੁੰਡਾਂ ਨਾਲ ਭਰ ਜਾਣਗੇ+ ਅਤੇ ਉਨ੍ਹਾਂ ਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ।’”
37 ਫਿਰ ਯਹੋਵਾਹ ਦੀ ਸ਼ਕਤੀ* ਮੇਰੇ ਉੱਤੇ ਆਈ ਅਤੇ ਯਹੋਵਾਹ ਆਪਣੀ ਸ਼ਕਤੀ ਨਾਲ ਮੈਨੂੰ ਚੁੱਕ ਕੇ ਇਕ ਘਾਟੀ ਦੇ ਵਿਚਕਾਰ ਲੈ ਆਇਆ+ ਅਤੇ ਇਹ ਘਾਟੀ ਹੱਡੀਆਂ ਨਾਲ ਭਰੀ ਹੋਈ ਸੀ। 2 ਉਸ ਨੇ ਮੈਨੂੰ ਉਨ੍ਹਾਂ ਦੇ ਆਲੇ-ਦੁਆਲੇ ਘੁਮਾਇਆ ਅਤੇ ਮੈਂ ਦੇਖਿਆ ਕਿ ਘਾਟੀ ਵਿਚ ਹੱਡੀਆਂ ਹੀ ਹੱਡੀਆਂ ਪਈਆਂ ਸਨ ਅਤੇ ਇਹ ਪੂਰੀ ਤਰ੍ਹਾਂ ਸੁੱਕੀਆਂ ਹੋਈਆਂ ਸਨ।+ 3 ਉਸ ਨੇ ਮੈਨੂੰ ਪੁੱਛਿਆ: “ਹੇ ਮਨੁੱਖ ਦੇ ਪੁੱਤਰ, ਕੀ ਇਨ੍ਹਾਂ ਹੱਡੀਆਂ ਵਿਚ ਜਾਨ ਪੈ ਸਕਦੀ ਹੈ? ਫਿਰ ਮੈਂ ਕਿਹਾ: “ਹੇ ਸਾਰੇ ਜਹਾਨ ਦੇ ਮਾਲਕ ਯਹੋਵਾਹ, ਸਿਰਫ਼ ਤੂੰ ਹੀ ਇਸ ਦਾ ਜਵਾਬ ਜਾਣਦਾ ਹੈਂ।”+ 4 ਇਸ ਲਈ ਉਸ ਨੇ ਮੈਨੂੰ ਕਿਹਾ: “ਇਨ੍ਹਾਂ ਹੱਡੀਆਂ ਬਾਰੇ ਭਵਿੱਖਬਾਣੀ ਕਰ ਅਤੇ ਇਨ੍ਹਾਂ ਨੂੰ ਕਹਿ, ‘ਹੇ ਸੁੱਕੀ ਹੱਡੀਓ, ਯਹੋਵਾਹ ਦਾ ਸੰਦੇਸ਼ ਸੁਣੋ:
5 “‘ਸਾਰੇ ਜਹਾਨ ਦਾ ਮਾਲਕ ਯਹੋਵਾਹ ਇਨ੍ਹਾਂ ਹੱਡੀਆਂ ਨੂੰ ਕਹਿੰਦਾ ਹੈ: “ਮੈਂ ਤੁਹਾਡੇ ਵਿਚ ਸਾਹ ਪਾਵਾਂਗਾ ਅਤੇ ਤੁਹਾਡੇ ਵਿਚ ਜਾਨ ਆ ਜਾਵੇਗੀ।+ 6 ਮੈਂ ਤੁਹਾਡੇ ਉੱਤੇ ਨਾੜਾਂ ਅਤੇ ਮਾਸ ਲਾਵਾਂਗਾ, ਤੁਹਾਨੂੰ ਚਮੜੀ ਨਾਲ ਢਕਾਂਗਾ ਅਤੇ ਤੁਹਾਡੇ ਵਿਚ ਸਾਹ ਪਾਵਾਂਗਾ। ਇਸ ਤਰ੍ਹਾਂ ਤੁਹਾਡੇ ਵਿਚ ਜਾਨ ਆ ਜਾਵੇਗੀ ਅਤੇ ਤੁਹਾਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ।”’”
7 ਫਿਰ ਮੈਂ ਭਵਿੱਖਬਾਣੀ ਕੀਤੀ, ਠੀਕ ਜਿਵੇਂ ਮੈਨੂੰ ਹੁਕਮ ਮਿਲਿਆ ਸੀ। ਮੈਂ ਜਿਉਂ ਹੀ ਭਵਿੱਖਬਾਣੀ ਕੀਤੀ, ਤਾਂ ਮੈਨੂੰ ਖੜ-ਖੜ ਦੀ ਆਵਾਜ਼ ਸੁਣਾਈ ਦੇਣ ਲੱਗੀ ਅਤੇ ਹੱਡੀਆਂ ਇਕ-ਦੂਜੇ ਨਾਲ ਜੁੜਨ ਲੱਗ ਪਈਆਂ। 8 ਫਿਰ ਮੈਂ ਦੇਖਿਆ ਕਿ ਹੱਡੀਆਂ ਉੱਤੇ ਨਾੜਾਂ ਅਤੇ ਮਾਸ ਚੜ੍ਹਨ ਲੱਗਾ ਅਤੇ ਚਮੜੀ ਨੇ ਹੱਡੀਆਂ ਨੂੰ ਢਕ ਲਿਆ। ਪਰ ਇਨ੍ਹਾਂ ਵਿਚ ਅਜੇ ਸਾਹ ਨਹੀਂ ਸੀ।
9 ਫਿਰ ਉਸ ਨੇ ਮੈਨੂੰ ਕਿਹਾ: “ਹਵਾ ਨੂੰ ਭਵਿੱਖਬਾਣੀ ਕਰ। ਹੇ ਮਨੁੱਖ ਦੇ ਪੁੱਤਰ, ਭਵਿੱਖਬਾਣੀ ਕਰ ਅਤੇ ਹਵਾ ਨੂੰ ਕਹਿ, ‘ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: “ਹੇ ਹਵਾ,* ਚਾਰੇ ਦਿਸ਼ਾਵਾਂ ਤੋਂ ਆ ਅਤੇ ਇਨ੍ਹਾਂ ਮਾਰੇ ਗਏ ਲੋਕਾਂ ਉੱਤੇ ਵਗ ਤਾਂਕਿ ਇਨ੍ਹਾਂ ਵਿਚ ਜਾਨ ਆ ਜਾਵੇ।”’”
10 ਇਸ ਲਈ ਮੈਂ ਭਵਿੱਖਬਾਣੀ ਕੀਤੀ, ਠੀਕ ਜਿਵੇਂ ਉਸ ਨੇ ਮੈਨੂੰ ਹੁਕਮ ਦਿੱਤਾ ਸੀ। ਫਿਰ ਉਨ੍ਹਾਂ ਵਿਚ ਸਾਹ ਆ ਗਿਆ ਅਤੇ ਉਹ ਜੀਉਂਦੇ ਹੋਣ ਲੱਗ ਪਏ ਅਤੇ ਆਪਣੇ ਪੈਰਾਂ ʼਤੇ ਖੜ੍ਹੇ ਹੋਣੇ ਸ਼ੁਰੂ ਹੋ ਗਏ।+ ਉਨ੍ਹਾਂ ਜੀਉਂਦੇ ਹੋਏ ਲੋਕਾਂ ਦੀ ਇਕ ਬਹੁਤ ਵੱਡੀ ਫ਼ੌਜ ਸੀ।
11 ਫਿਰ ਉਸ ਨੇ ਮੈਨੂੰ ਕਿਹਾ: “ਹੇ ਮਨੁੱਖ ਦੇ ਪੁੱਤਰ, ਇਹ ਹੱਡੀਆਂ ਇਜ਼ਰਾਈਲ ਦਾ ਸਾਰਾ ਘਰਾਣਾ ਹੈ।+ ਉਹ ਕਹਿ ਰਹੇ ਹਨ, ‘ਸਾਡੀਆਂ ਹੱਡੀਆਂ ਸੁੱਕ ਗਈਆਂ ਹਨ ਅਤੇ ਸਾਡੀ ਉਮੀਦ ਖ਼ਤਮ ਹੋ ਗਈ ਹੈ।+ ਅਸੀਂ ਪੂਰੀ ਤਰ੍ਹਾਂ ਨਾਸ਼ ਹੋ ਗਏ ਹਾਂ।’ 12 ਇਸ ਲਈ ਭਵਿੱਖਬਾਣੀ ਕਰ ਅਤੇ ਉਨ੍ਹਾਂ ਨੂੰ ਕਹਿ, ‘ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: “ਹੇ ਮੇਰੇ ਲੋਕੋ, ਮੈਂ ਤੁਹਾਡੀਆਂ ਕਬਰਾਂ ਖੋਲ੍ਹਾਂਗਾ+ ਅਤੇ ਤੁਹਾਨੂੰ ਤੁਹਾਡੀਆਂ ਕਬਰਾਂ ਵਿੱਚੋਂ ਉਠਾਵਾਂਗਾ ਅਤੇ ਤੁਹਾਨੂੰ ਇਜ਼ਰਾਈਲ ਦੇਸ਼ ਵਿਚ ਵਾਪਸ ਲੈ ਆਵਾਂਗਾ।+ 13 ਹੇ ਮੇਰੇ ਲੋਕੋ, ਜਦ ਮੈਂ ਤੁਹਾਡੀਆਂ ਕਬਰਾਂ ਖੋਲ੍ਹ ਕੇ ਤੁਹਾਨੂੰ ਕਬਰਾਂ ਵਿੱਚੋਂ ਉਠਾਵਾਂਗਾ, ਤਾਂ ਤੁਹਾਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ।”’+ 14 ‘ਮੈਂ ਤੁਹਾਡੇ ਵਿਚ ਆਪਣੀ ਸ਼ਕਤੀ ਪਾਵਾਂਗਾ ਅਤੇ ਤੁਹਾਡੇ ਵਿਚ ਜਾਨ ਆ ਜਾਵੇਗੀ।+ ਮੈਂ ਤੁਹਾਨੂੰ ਤੁਹਾਡੇ ਦੇਸ਼ ਵਿਚ ਵਸਾਵਾਂਗਾ ਅਤੇ ਤੁਹਾਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਨੇ ਆਪ ਇਹ ਗੱਲ ਕਹੀ ਹੈ ਅਤੇ ਪੂਰੀ ਵੀ ਕੀਤੀ ਹੈ,’ ਯਹੋਵਾਹ ਕਹਿੰਦਾ ਹੈ।”
15 ਮੈਨੂੰ ਦੁਬਾਰਾ ਯਹੋਵਾਹ ਦਾ ਸੰਦੇਸ਼ ਮਿਲਿਆ: 16 “ਹੇ ਮਨੁੱਖ ਦੇ ਪੁੱਤਰ, ਤੂੰ ਇਕ ਸੋਟੀ ਲੈ ਅਤੇ ਉਸ ਉੱਤੇ ਲਿਖ, ‘ਯਹੂਦਾਹ ਅਤੇ ਇਜ਼ਰਾਈਲ ਦੇ ਲੋਕਾਂ ਲਈ ਜੋ ਉਸ ਦੇ ਨਾਲ ਹਨ।’*+ ਫਿਰ ਤੂੰ ਇਕ ਹੋਰ ਸੋਟੀ ਲੈ ਅਤੇ ਉਸ ਉੱਤੇ ਲਿਖ, ‘ਇਫ਼ਰਾਈਮ ਦੀ ਸੋਟੀ, ਯੂਸੁਫ਼ ਅਤੇ ਇਜ਼ਰਾਈਲ ਦੇ ਸਾਰੇ ਘਰਾਣੇ ਲਈ ਜੋ ਉਸ ਦੇ ਨਾਲ ਹਨ।’*+ 17 ਫਿਰ ਦੋਵੇਂ ਸੋਟੀਆਂ ਨੂੰ ਇਕ-ਦੂਜੇ ਦੇ ਨੇੜੇ ਲਿਆ ਤਾਂਕਿ ਉਹ ਤੇਰੇ ਹੱਥ ਵਿਚ ਇਕ ਸੋਟੀ ਬਣ ਜਾਣ।+ 18 ਜਦ ਤੇਰੇ ਲੋਕ* ਤੈਨੂੰ ਕਹਿਣ, ‘ਕੀ ਤੂੰ ਸਾਨੂੰ ਇਨ੍ਹਾਂ ਗੱਲਾਂ ਦਾ ਮਤਲਬ ਨਹੀਂ ਦੱਸੇਂਗਾ?’ 19 ਤਾਂ ਤੂੰ ਉਨ੍ਹਾਂ ਨੂੰ ਕਹੀਂ, ‘ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: “ਮੈਂ ਯੂਸੁਫ਼ ਦੀ ਸੋਟੀ ਨੂੰ, ਜੋ ਇਫ਼ਰਾਈਮ ਦੇ ਹੱਥ ਵਿਚ ਹੈ ਅਤੇ ਇਜ਼ਰਾਈਲ ਦੇ ਸਾਰੇ ਗੋਤਾਂ ਨੂੰ ਲੈ ਲਵਾਂਗਾ ਜੋ ਉਸ ਦੇ ਨਾਲ ਹਨ। ਮੈਂ ਉਨ੍ਹਾਂ ਨੂੰ ਯਹੂਦਾਹ ਦੀ ਸੋਟੀ ਨਾਲ ਜੋੜ ਦਿਆਂਗਾ ਅਤੇ ਮੈਂ ਉਨ੍ਹਾਂ ਨੂੰ ਇਕ ਸੋਟੀ ਬਣਾਵਾਂਗਾ+ ਅਤੇ ਉਹ ਦੋਵੇਂ ਮੇਰੇ ਹੱਥ ਵਿਚ ਇਕ ਬਣ ਜਾਣਗੀਆਂ।”’ 20 ਤੂੰ ਜਿਨ੍ਹਾਂ ਸੋਟੀਆਂ ʼਤੇ ਲਿਖਿਆ ਹੈ, ਉਹ ਤੇਰੇ ਹੱਥ ਵਿਚ ਹੋਣ ਤਾਂਕਿ ਲੋਕ ਉਨ੍ਹਾਂ ਨੂੰ ਦੇਖਣ।
21 “ਫਿਰ ਤੂੰ ਉਨ੍ਹਾਂ ਨੂੰ ਕਹੀਂ, ‘ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: “ਮੈਂ ਇਜ਼ਰਾਈਲੀਆਂ ਨੂੰ ਉਨ੍ਹਾਂ ਕੌਮਾਂ ਵਿੱਚੋਂ ਲਵਾਂਗਾ ਜਿੱਥੇ ਉਹ ਚਲੇ ਗਏ ਹਨ ਅਤੇ ਮੈਂ ਉਨ੍ਹਾਂ ਨੂੰ ਹਰ ਦਿਸ਼ਾ ਤੋਂ ਇਕੱਠਾ ਕਰ ਕੇ ਉਨ੍ਹਾਂ ਦੇ ਦੇਸ਼ ਵਾਪਸ ਲਿਆਵਾਂਗਾ।+ 22 ਮੈਂ ਇਜ਼ਰਾਈਲ ਦੇ ਪਹਾੜਾਂ ਉੱਤੇ ਉਨ੍ਹਾਂ ਦੇ ਦੇਸ਼ ਵਿਚ ਉਨ੍ਹਾਂ ਨੂੰ ਇਕ ਕੌਮ ਬਣਾਵਾਂਗਾ+ ਅਤੇ ਉਨ੍ਹਾਂ ਸਾਰਿਆਂ ਉੱਤੇ ਇੱਕੋ ਰਾਜਾ ਰਾਜ ਕਰੇਗਾ।+ ਉਹ ਅੱਗੇ ਤੋਂ ਦੋ ਵੱਖ-ਵੱਖ ਕੌਮਾਂ ਨਹੀਂ ਹੋਣਗੇ ਅਤੇ ਨਾ ਹੀ ਉਹ ਦੋ ਰਾਜਾਂ ਵਿਚ ਵੰਡੇ ਹੋਏ ਹੋਣਗੇ।+ 23 ਫਿਰ ਉਹ ਅੱਗੇ ਤੋਂ ਖ਼ੁਦ ਨੂੰ ਆਪਣੀਆਂ ਘਿਣਾਉਣੀਆਂ ਮੂਰਤਾਂ,* ਆਪਣੇ ਘਿਣਾਉਣੇ ਕੰਮਾਂ ਅਤੇ ਗੁਨਾਹਾਂ ਨਾਲ ਭ੍ਰਿਸ਼ਟ ਨਹੀਂ ਕਰਨਗੇ।+ ਮੈਂ ਉਨ੍ਹਾਂ ਦੀ ਮਦਦ ਕਰਾਂਗਾ ਕਿ ਉਹ ਵਿਸ਼ਵਾਸਘਾਤ ਕਰਨਾ ਛੱਡ ਦੇਣ ਜਿਸ ਕਰਕੇ ਉਨ੍ਹਾਂ ਨੇ ਪਾਪ ਕੀਤੇ ਹਨ। ਮੈਂ ਉਨ੍ਹਾਂ ਨੂੰ ਸ਼ੁੱਧ ਕਰਾਂਗਾ। ਉਹ ਮੇਰੇ ਲੋਕ ਹੋਣਗੇ ਅਤੇ ਮੈਂ ਉਨ੍ਹਾਂ ਦਾ ਪਰਮੇਸ਼ੁਰ ਹੋਵਾਂਗਾ।+
24 “‘“ਮੇਰਾ ਸੇਵਕ ਦਾਊਦ ਉਨ੍ਹਾਂ ਦਾ ਰਾਜਾ ਹੋਵੇਗਾ+ ਅਤੇ ਉਨ੍ਹਾਂ ਸਾਰਿਆਂ ਦਾ ਇੱਕੋ ਚਰਵਾਹਾ ਹੋਵੇਗਾ।+ ਉਹ ਮੇਰੇ ਕਾਨੂੰਨਾਂ ʼਤੇ ਚੱਲਣਗੇ ਅਤੇ ਮੇਰੇ ਨਿਯਮਾਂ ਦੀ ਧਿਆਨ ਨਾਲ ਪਾਲਣਾ ਕਰਨਗੇ।+ 25 ਉਹ ਤੁਹਾਡੇ ਪਿਉ-ਦਾਦਿਆਂ ਦੇ ਦੇਸ਼ ਵਿਚ ਵੱਸਣਗੇ+ ਜੋ ਮੈਂ ਆਪਣੇ ਸੇਵਕ ਯਾਕੂਬ ਨੂੰ ਦਿੱਤਾ ਸੀ। ਉਹ, ਉਨ੍ਹਾਂ ਦੇ ਬੱਚੇ* ਅਤੇ ਉਨ੍ਹਾਂ ਦੇ ਬੱਚਿਆਂ ਦੇ ਬੱਚੇ+ ਉੱਥੇ ਹਮੇਸ਼ਾ ਲਈ ਵੱਸਣਗੇ+ ਅਤੇ ਮੇਰਾ ਸੇਵਕ ਦਾਊਦ ਹਮੇਸ਼ਾ ਲਈ ਉਨ੍ਹਾਂ ਦਾ ਮੁਖੀ* ਹੋਵੇਗਾ।+
26 “‘“ਮੈਂ ਉਨ੍ਹਾਂ ਨਾਲ ਸ਼ਾਂਤੀ ਦਾ ਇਕਰਾਰ ਕਰਾਂਗਾ;+ ਉਨ੍ਹਾਂ ਨਾਲ ਇਹ ਇਕਰਾਰ ਹਮੇਸ਼ਾ ਕਾਇਮ ਰਹੇਗਾ। ਮੈਂ ਉਨ੍ਹਾਂ ਨੂੰ ਉਨ੍ਹਾਂ ਦੇ ਦੇਸ਼ ਵਿਚ ਵਸਾਵਾਂਗਾ ਅਤੇ ਉਨ੍ਹਾਂ ਦੀ ਗਿਣਤੀ ਵਧਾਵਾਂਗਾ+ ਅਤੇ ਮੈਂ ਹਮੇਸ਼ਾ ਲਈ ਉਨ੍ਹਾਂ ਵਿਚ ਆਪਣਾ ਪਵਿੱਤਰ ਸਥਾਨ ਖੜ੍ਹਾ ਕਰਾਂਗਾ। 27 ਮੇਰਾ ਤੰਬੂ* ਉਨ੍ਹਾਂ ਦੇ ਵਿਚ* ਹੋਵੇਗਾ ਅਤੇ ਮੈਂ ਉਨ੍ਹਾਂ ਦਾ ਪਰਮੇਸ਼ੁਰ ਹੋਵਾਂਗਾ ਅਤੇ ਉਹ ਮੇਰੇ ਲੋਕ ਹੋਣਗੇ।+ 28 ਜਦ ਮੇਰਾ ਪਵਿੱਤਰ ਸਥਾਨ ਹਮੇਸ਼ਾ ਲਈ ਉਨ੍ਹਾਂ ਵਿਚ ਕਾਇਮ ਹੋਵੇਗਾ, ਤਾਂ ਕੌਮਾਂ ਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਇਜ਼ਰਾਈਲ ਨੂੰ ਪਵਿੱਤਰ ਕਰ ਰਿਹਾ ਹਾਂ।”’”+
38 ਫਿਰ ਮੈਨੂੰ ਦੁਬਾਰਾ ਯਹੋਵਾਹ ਦਾ ਸੰਦੇਸ਼ ਮਿਲਿਆ: 2 “ਹੇ ਮਨੁੱਖ ਦੇ ਪੁੱਤਰ, ਮਾਗੋਗ ਦੇਸ਼ ਦੇ ਗੋਗ+ ਵੱਲ ਆਪਣਾ ਮੂੰਹ ਕਰ ਜੋ ਮਸ਼ੇਕ ਅਤੇ ਤੂਬਲ+ ਦਾ ਮੁਖੀ ਹੈ ਅਤੇ ਉਸ ਦੇ ਖ਼ਿਲਾਫ਼ ਭਵਿੱਖਬਾਣੀ ਕਰ।+ 3 ਉਸ ਨੂੰ ਕਹਿ, ‘ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: “ਹੇ ਮਸ਼ੇਕ ਅਤੇ ਤੂਬਲ ਦੇ ਮੁਖੀ ਗੋਗ, ਮੈਂ ਤੇਰੇ ਖ਼ਿਲਾਫ਼ ਹਾਂ। 4 ਮੈਂ ਤੈਨੂੰ ਮੋੜ ਕੇ ਹੋਰ ਰਾਹ ਪਾ ਦਿਆਂਗਾ ਅਤੇ ਤੇਰੇ ਜਬਾੜ੍ਹਿਆਂ ਵਿਚ ਕੁੰਡੀਆਂ ਪਾ ਕੇ+ ਤੈਨੂੰ, ਤੇਰੀ ਸਾਰੀ ਫ਼ੌਜ, ਤੇਰੇ ਘੋੜਿਆਂ ਅਤੇ ਘੋੜਸਵਾਰਾਂ ਨੂੰ ਲੈ ਆਵਾਂਗਾ+ ਜਿਨ੍ਹਾਂ ਨੇ ਬੇਸ਼ਕੀਮਤੀ ਪੁਸ਼ਾਕਾਂ ਪਾਈਆਂ ਹੋਈਆਂ ਹਨ। ਉਸ ਦੀ ਵੱਡੀ ਫ਼ੌਜ ਛੋਟੀਆਂ* ਤੇ ਵੱਡੀਆਂ ਢਾਲਾਂ ਅਤੇ ਤਲਵਾਰਾਂ ਨਾਲ ਲੈਸ ਹੈ; 5 ਫਾਰਸ, ਇਥੋਪੀਆ ਅਤੇ ਫੂਟ+ ਵੀ ਉਨ੍ਹਾਂ ਦੇ ਨਾਲ ਹਨ ਅਤੇ ਸਾਰਿਆਂ ਦੇ ਹੱਥਾਂ ਵਿਚ ਛੋਟੀਆਂ ਢਾਲਾਂ ਅਤੇ ਸਿਰਾਂ ʼਤੇ ਟੋਪ ਹਨ; 6 ਗੋਮਰ ਅਤੇ ਉਸ ਦੀਆਂ ਸਾਰੀਆਂ ਫ਼ੌਜੀ ਟੁਕੜੀਆਂ, ਉੱਤਰ ਦੀਆਂ ਦੂਰ-ਦੁਰਾਡੀਆਂ ਥਾਵਾਂ ਤੋਂ ਤੋਗਰਮਾਹ+ ਦਾ ਘਰਾਣਾ ਅਤੇ ਉਸ ਦੀਆਂ ਸਾਰੀਆਂ ਫ਼ੌਜੀ ਟੁਕੜੀਆਂ, ਹਾਂ, ਬਹੁਤ ਸਾਰੇ ਦੇਸ਼ਾਂ ਦੇ ਲੋਕ ਤੇਰੇ ਨਾਲ ਹਨ।+
7 “‘“ਤੂੰ ਤਿਆਰ-ਬਰ-ਤਿਆਰ ਹੋ। ਨਾਲੇ ਤੇਰੀਆਂ ਸਾਰੀਆਂ ਫ਼ੌਜਾਂ ਵੀ ਤਿਆਰ ਹੋਣ ਜੋ ਤੇਰੇ ਕੋਲ ਇਕੱਠੀਆਂ ਹੋਈਆਂ ਹਨ। ਤੂੰ ਉਨ੍ਹਾਂ ਦਾ ਸੈਨਾਪਤੀ* ਹੋਵੇਂਗਾ।
8 “‘“ਬਹੁਤ ਦਿਨਾਂ ਬਾਅਦ ਤੇਰੇ ਵੱਲ ਧਿਆਨ ਦਿੱਤਾ ਜਾਵੇਗਾ।* ਅਖ਼ੀਰ ਬਹੁਤ ਸਾਲਾਂ ਬਾਅਦ ਤੂੰ ਉਸ ਦੇਸ਼ ਉੱਤੇ ਹਮਲਾ ਕਰੇਂਗਾ ਜਿਸ ਦੇ ਲੋਕ ਤਲਵਾਰ ਦਾ ਕਹਿਰ ਝੱਲਣ ਤੋਂ ਬਾਅਦ ਸੰਭਲ ਚੁੱਕੇ ਹਨ। ਉਨ੍ਹਾਂ ਨੂੰ ਬਹੁਤ ਸਾਰੀਆਂ ਕੌਮਾਂ ਵਿੱਚੋਂ ਲੈ ਕੇ ਇਜ਼ਰਾਈਲ ਦੇ ਪਹਾੜਾਂ ਉੱਤੇ ਇਕੱਠਾ ਕੀਤਾ ਗਿਆ ਹੈ ਜਿਹੜੇ ਲੰਮੇ ਸਮੇਂ ਤਕ ਉਜਾੜ ਪਏ ਸਨ। ਇਸ ਦੇਸ਼ ਦੇ ਵਾਸੀਆਂ ਨੂੰ ਹੋਰ ਦੇਸ਼ਾਂ ਤੋਂ ਵਾਪਸ ਲਿਆਂਦਾ ਗਿਆ ਹੈ ਅਤੇ ਉਹ ਸਾਰੇ ਸੁਰੱਖਿਅਤ ਵੱਸਦੇ ਹਨ।+ 9 ਤੂੰ ਤੂਫ਼ਾਨ ਵਾਂਗ ਉਨ੍ਹਾਂ ʼਤੇ ਹਮਲਾ ਕਰੇਂਗਾ। ਤੂੰ ਉਸ ਦੇਸ਼ ਨੂੰ ਆਪਣੀਆਂ ਫ਼ੌਜੀ ਟੁਕੜੀਆਂ ਅਤੇ ਬਹੁਤ ਸਾਰੇ ਦੇਸ਼ਾਂ ਦੇ ਲੋਕਾਂ ਨਾਲ ਬੱਦਲਾਂ ਵਾਂਗ ਢਕ ਲਵੇਂਗਾ ਜੋ ਤੇਰੇ ਨਾਲ ਹਨ।”’
10 “ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: ‘ਉਸ ਦਿਨ ਤੇਰੇ ਮਨ ਵਿਚ ਕਈ ਤਰ੍ਹਾਂ ਦੇ ਵਿਚਾਰ ਆਉਣਗੇ ਅਤੇ ਤੂੰ ਬੁਰਾ ਕਰਨ ਦੀ ਸਾਜ਼ਸ਼ ਘੜੇਂਗਾ। 11 ਤੂੰ ਕਹੇਂਗਾ: “ਮੈਂ ਉਸ ਦੇਸ਼ ਉੱਤੇ ਹਮਲਾ ਕਰਾਂਗਾ ਜਿਸ ਦੇ ਪਿੰਡਾਂ ਦੁਆਲੇ ਸੁਰੱਖਿਆ ਲਈ ਕੰਧਾਂ ਨਹੀਂ ਹਨ।+ ਮੈਂ ਬਿਨਾਂ ਕਿਸੇ ਡਰ ਦੇ ਸੁਰੱਖਿਅਤ ਵੱਸਦੇ ਲੋਕਾਂ ʼਤੇ ਹਮਲਾ ਕਰਾਂਗਾ। ਉਹ ਸਾਰੇ ਪੇਂਡੂ ਇਲਾਕਿਆਂ ਵਿਚ ਰਹਿੰਦੇ ਹਨ ਜਿਨ੍ਹਾਂ ਦੀ ਸੁਰੱਖਿਆ ਲਈ ਕੋਈ ਕੰਧ, ਕੁੰਡਾ ਜਾਂ ਦਰਵਾਜ਼ਾ ਨਹੀਂ ਹੈ।” 12 ਤੂੰ ਇਹ ਇਸ ਕਰਕੇ ਕਰੇਂਗਾ ਤਾਂਕਿ ਤੂੰ ਲੁੱਟ ਦਾ ਬਹੁਤ ਸਾਰਾ ਮਾਲ ਇਕੱਠਾ ਕਰ ਸਕੇਂ ਅਤੇ ਉਨ੍ਹਾਂ ਆਬਾਦ ਥਾਵਾਂ ʼਤੇ ਹਮਲਾ ਕਰ ਸਕੇਂ ਜੋ ਪਹਿਲਾਂ ਤਬਾਹ ਹੋਈਆਂ ਸਨ।+ ਨਾਲੇ ਹੋਰ ਕੌਮਾਂ ਵਿੱਚੋਂ ਇਕੱਠੇ ਕੀਤੇ ਗਏ ਲੋਕਾਂ+ ਨੂੰ ਆਪਣੇ ਅਧੀਨ ਕਰ ਲਵੇਂ ਜਿਹੜੇ ਧਨ-ਦੌਲਤ ਅਤੇ ਜਾਇਦਾਦ ਜਮ੍ਹਾ ਕਰ ਰਹੇ ਹਨ+ ਅਤੇ ਧਰਤੀ ਦੇ ਵਿਚਕਾਰ ਰਹਿੰਦੇ ਹਨ।
13 “‘ਸ਼ਬਾ,+ ਦਦਾਨ,+ ਤਰਸ਼ੀਸ਼ ਦੇ ਵਪਾਰੀ+ ਅਤੇ ਇਸ ਦੇ ਸਾਰੇ ਯੋਧੇ* ਤੈਨੂੰ ਪੁੱਛਣਗੇ: “ਕੀ ਤੂੰ ਲੁੱਟ-ਮਾਰ ਕਰਨ ਲਈ ਉਸ ਦੇਸ਼ ʼਤੇ ਹਮਲਾ ਕਰਨ ਜਾ ਰਿਹਾ ਹੈਂ? ਕੀ ਤੂੰ ਇਸ ਲਈ ਆਪਣੀਆਂ ਫ਼ੌਜਾਂ ਤਿਆਰ ਕੀਤੀਆਂ ਹਨ ਤਾਂਕਿ ਉਹ ਸੋਨਾ-ਚਾਂਦੀ ਖੋਹ ਲੈਣ, ਧਨ-ਦੌਲਤ ਅਤੇ ਜਾਇਦਾਦ ਲੁੱਟ ਲੈਣ ਅਤੇ ਲੁੱਟ ਦੇ ਬਹੁਤ ਸਾਰੇ ਮਾਲ ʼਤੇ ਕਬਜ਼ਾ ਕਰ ਲੈਣ?”’
14 “ਇਸ ਲਈ ਹੇ ਮਨੁੱਖ ਦੇ ਪੁੱਤਰ, ਭਵਿੱਖਬਾਣੀ ਕਰ ਅਤੇ ਗੋਗ ਨੂੰ ਕਹਿ, ‘ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: “ਉਸ ਦਿਨ ਤੈਨੂੰ ਅਹਿਸਾਸ ਹੋਵੇਗਾ ਕਿ ਮੇਰੀ ਪਰਜਾ ਇਜ਼ਰਾਈਲ ਸੁਰੱਖਿਅਤ ਵੱਸਦੀ ਹੈ।+ 15 ਤੂੰ ਆਪਣੇ ਦੇਸ਼ ਤੋਂ, ਹਾਂ, ਉੱਤਰ ਦੀਆਂ ਦੂਰ-ਦੁਰਾਡੀਆਂ ਥਾਵਾਂ ਤੋਂ ਆਵੇਂਗਾ+ ਅਤੇ ਆਪਣੇ ਨਾਲ ਬਹੁਤ ਸਾਰੇ ਦੇਸ਼ਾਂ ਦੀ ਵੱਡੀ ਫ਼ੌਜ ਲਿਆਵੇਂਗਾ। ਉਨ੍ਹਾਂ ਸਾਰਿਆਂ ਦਾ ਵੱਡਾ ਦਲ ਘੋੜਿਆਂ ʼਤੇ ਸਵਾਰ ਹੋ ਕੇ ਆਵੇਗਾ।+ 16 ਤੂੰ ਮੇਰੀ ਪਰਜਾ ਇਜ਼ਰਾਈਲ ਦੇ ਖ਼ਿਲਾਫ਼ ਇਸ ਤਰ੍ਹਾਂ ਆਵੇਂਗਾ, ਜਿਵੇਂ ਬੱਦਲ ਆ ਕੇ ਦੇਸ਼ ਨੂੰ ਢਕ ਲੈਂਦੇ ਹਨ। ਹੇ ਗੋਗ, ਆਖ਼ਰੀ ਦਿਨਾਂ ਵਿਚ ਮੈਂ ਤੈਨੂੰ ਆਪਣੇ ਦੇਸ਼ ਦੇ ਖ਼ਿਲਾਫ਼ ਲਿਆਵਾਂਗਾ+ ਤਾਂਕਿ ਜਦ ਮੈਂ ਤੇਰੇ ਰਾਹੀਂ ਕੌਮਾਂ ਸਾਮ੍ਹਣੇ ਆਪਣੀ ਪਵਿੱਤਰਤਾ ਜ਼ਾਹਰ ਕਰਾਂ, ਤਾਂ ਉਨ੍ਹਾਂ ਨੂੰ ਪਤਾ ਲੱਗ ਜਾਵੇ ਕਿ ਮੈਂ ਕੌਣ ਹਾਂ।”’+
17 “ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: ‘ਕੀ ਤੂੰ ਉਹੀ ਨਹੀਂ ਜਿਸ ਬਾਰੇ ਮੈਂ ਪੁਰਾਣੇ ਸਮਿਆਂ ਵਿਚ ਆਪਣੇ ਸੇਵਕਾਂ, ਹਾਂ, ਇਜ਼ਰਾਈਲ ਦੇ ਨਬੀਆਂ ਰਾਹੀਂ ਦੱਸਿਆ ਸੀ? ਉਨ੍ਹਾਂ ਨੇ ਕਈ ਸਾਲਾਂ ਤਕ ਭਵਿੱਖਬਾਣੀਆਂ ਕੀਤੀਆਂ ਕਿ ਤੈਨੂੰ ਉਨ੍ਹਾਂ ਦੇ ਖ਼ਿਲਾਫ਼ ਲਿਆਂਦਾ ਜਾਵੇਗਾ।’
18 “‘ਜਿਸ ਦਿਨ ਗੋਗ ਇਜ਼ਰਾਈਲ ਦੇਸ਼ ʼਤੇ ਹਮਲਾ ਕਰੇਗਾ, ਉਸ ਦਿਨ ਮੇਰੇ ਡਾਢੇ ਗੁੱਸੇ ਦੀ ਅੱਗ ਭੜਕ ਉੱਠੇਗੀ,’ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ।+ 19 ‘ਮੈਂ ਗੁੱਸੇ ਅਤੇ ਕ੍ਰੋਧ ਵਿਚ ਆ ਕੇ ਬੋਲਾਂਗਾ ਅਤੇ ਉਸ ਦਿਨ ਇਜ਼ਰਾਈਲ ਦੇਸ਼ ਵਿਚ ਇਕ ਜ਼ਬਰਦਸਤ ਭੁਚਾਲ਼ ਆਵੇਗਾ। 20 ਮੇਰੇ ਕਰਕੇ ਸਮੁੰਦਰ ਦੀਆਂ ਮੱਛੀਆਂ, ਆਸਮਾਨ ਦੇ ਪੰਛੀ, ਜੰਗਲੀ ਜਾਨਵਰ, ਜ਼ਮੀਨ ʼਤੇ ਘਿਸਰਨ ਵਾਲੇ ਜੀਵ-ਜੰਤੂ ਅਤੇ ਧਰਤੀ ਦੇ ਸਾਰੇ ਇਨਸਾਨ ਕੰਬਣਗੇ, ਪਹਾੜ ਢਹਿ-ਢੇਰੀ ਹੋ ਜਾਣਗੇ,+ ਚਟਾਨਾਂ ਡਿਗ ਜਾਣਗੀਆਂ ਅਤੇ ਸਾਰੀਆਂ ਕੰਧਾਂ ਢਹਿ ਜਾਣਗੀਆਂ।’
21 “‘ਮੈਂ ਆਪਣੇ ਸਾਰੇ ਪਹਾੜਾਂ ʼਤੇ ਗੋਗ ਦੇ ਖ਼ਿਲਾਫ਼ ਇਕ ਤਲਵਾਰ ਬੁਲਾਵਾਂਗਾ,’ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ। ‘ਹਰ ਕੋਈ ਆਪਣੇ ਭਰਾ ਦੇ ਖ਼ਿਲਾਫ਼ ਤਲਵਾਰ ਚੁੱਕੇਗਾ।+ 22 ਮੈਂ ਉਸ ਦਾ ਨਿਆਂ ਕਰਾਂਗਾ* ਅਤੇ ਉਸ ਉੱਤੇ ਮਹਾਂਮਾਰੀ ਲਿਆ ਕੇ+ ਅਤੇ ਖ਼ੂਨ ਵਹਾ ਕੇ ਉਸ ਨੂੰ ਸਜ਼ਾ ਦਿਆਂਗਾ। ਮੈਂ ਉਸ ਉੱਤੇ, ਉਸ ਦੀਆਂ ਫ਼ੌਜਾਂ ਉੱਤੇ ਅਤੇ ਉਸ ਦੇ ਨਾਲ ਬਹੁਤ ਸਾਰੇ ਦੇਸ਼ਾਂ ਦੇ ਲੋਕਾਂ ਉੱਤੇ ਮੋਹਲੇਧਾਰ ਮੀਂਹ, ਗੜੇ,+ ਅੱਗ+ ਅਤੇ ਗੰਧਕ+ ਵਰ੍ਹਾਵਾਂਗਾ।+ 23 ਮੈਂ ਜ਼ਰੂਰ ਬਹੁਤ ਸਾਰੀਆਂ ਕੌਮਾਂ ਸਾਮ੍ਹਣੇ ਆਪਣੇ ਆਪ ਨੂੰ ਉੱਚਾ ਕਰਾਂਗਾ, ਆਪਣੇ ਆਪ ਨੂੰ ਪਵਿੱਤਰ ਕਰਾਂਗਾ ਅਤੇ ਜ਼ਾਹਰ ਕਰਾਂਗਾ ਕਿ ਮੈਂ ਕੌਣ ਹਾਂ। ਉਨ੍ਹਾਂ ਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ।’
39 “ਹੇ ਮਨੁੱਖ ਦੇ ਪੁੱਤਰ, ਤੂੰ ਗੋਗ ਦੇ ਖ਼ਿਲਾਫ਼ ਭਵਿੱਖਬਾਣੀ ਕਰ+ ਅਤੇ ਉਸ ਨੂੰ ਕਹਿ, ‘ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: “ਹੇ ਮਸ਼ੇਕ ਅਤੇ ਤੂਬਲ+ ਦੇ ਮੁਖੀ ਗੋਗ, ਮੈਂ ਤੇਰੇ ਖ਼ਿਲਾਫ਼ ਹਾਂ। 2 ਮੈਂ ਤੈਨੂੰ ਮੋੜ ਕੇ ਹੋਰ ਰਾਹ ਪਾ ਦਿਆਂਗਾ ਅਤੇ ਤੈਨੂੰ ਉੱਤਰ ਦੀਆਂ ਦੂਰ-ਦੁਰਾਡੀਆਂ ਥਾਵਾਂ ਤੋਂ ਆਉਣ ਲਈ ਮਜਬੂਰ ਕਰਾਂਗਾ+ ਅਤੇ ਤੈਨੂੰ ਇਜ਼ਰਾਈਲ ਦੇ ਪਹਾੜਾਂ ʼਤੇ ਲੈ ਆਵਾਂਗਾ। 3 ਮੈਂ ਤੇਰੇ ਉੱਤੇ ਵਾਰ ਕਰਾਂਗਾ ਅਤੇ ਤੇਰੇ ਖੱਬੇ ਹੱਥ ਤੋਂ ਕਮਾਨ ਅਤੇ ਤੇਰੇ ਸੱਜੇ ਹੱਥ ਤੋਂ ਤੀਰ ਡੇਗ ਦਿਆਂਗਾ। 4 ਤੂੰ ਇਜ਼ਰਾਈਲ ਦੇ ਪਹਾੜਾਂ ʼਤੇ ਡਿਗੇਂਗਾ।+ ਨਾਲੇ ਤੇਰੀਆਂ ਫ਼ੌਜੀ ਟੁਕੜੀਆਂ ਅਤੇ ਬਹੁਤ ਸਾਰੇ ਦੇਸ਼ਾਂ ਦੇ ਲੋਕ ਡਿਗਣਗੇ ਜੋ ਤੇਰੇ ਨਾਲ ਹਨ। ਮੈਂ ਤੈਨੂੰ ਹਰ ਕਿਸਮ ਦੇ ਸ਼ਿਕਾਰੀ ਪੰਛੀਆਂ ਅਤੇ ਮੈਦਾਨ ਦੇ ਸਾਰੇ ਜੰਗਲੀ ਜਾਨਵਰਾਂ ਦਾ ਭੋਜਨ ਬਣਾਵਾਂਗਾ।”’+
5 “‘ਤੂੰ ਰੜੇ ਮੈਦਾਨ ਵਿਚ ਡਿਗੇਂਗਾ+ ਕਿਉਂਕਿ ਮੈਂ ਆਪ ਇਹ ਗੱਲ ਕਹੀ ਹੈ,’ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ।
6 “‘ਮੈਂ ਮਾਗੋਗ ʼਤੇ ਅੱਗ ਭੇਜਾਂਗਾ+ ਅਤੇ ਉਨ੍ਹਾਂ ਉੱਤੇ ਵੀ ਜਿਹੜੇ ਟਾਪੂਆਂ ʼਤੇ ਸੁਰੱਖਿਅਤ ਵੱਸਦੇ ਹਨ ਅਤੇ ਉਨ੍ਹਾਂ ਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ। 7 ਮੈਂ ਆਪਣੀ ਪਰਜਾ ਇਜ਼ਰਾਈਲ ʼਤੇ ਆਪਣਾ ਪਵਿੱਤਰ ਨਾਂ ਜ਼ਾਹਰ ਕਰਾਂਗਾ ਅਤੇ ਅੱਗੇ ਤੋਂ ਆਪਣਾ ਪਵਿੱਤਰ ਨਾਂ ਪਲੀਤ ਨਹੀਂ ਹੋਣ ਦਿਆਂਗਾ। ਕੌਮਾਂ ਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ,+ ਇਜ਼ਰਾਈਲ ਦਾ ਪਵਿੱਤਰ ਪਰਮੇਸ਼ੁਰ ਹਾਂ।’+
8 “‘ਹਾਂ, ਇਹ ਭਵਿੱਖਬਾਣੀ ਜ਼ਰੂਰ ਪੂਰੀ ਹੋਵੇਗੀ,’ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ। ‘ਇਹ ਉਹੀ ਦਿਨ ਹੈ ਜਿਸ ਬਾਰੇ ਮੈਂ ਦੱਸਿਆ ਸੀ। 9 ਇਜ਼ਰਾਈਲ ਦੇ ਸ਼ਹਿਰਾਂ ਦੇ ਵਾਸੀ ਬਾਹਰ ਜਾਣਗੇ ਅਤੇ ਹਥਿਆਰਾਂ ਨਾਲ ਅੱਗ ਬਾਲ਼ਣਗੇ। ਉਹ ਸੱਤ ਸਾਲ ਛੋਟੀਆਂ* ਅਤੇ ਵੱਡੀਆਂ ਢਾਲਾਂ, ਕਮਾਨਾਂ, ਤੀਰਾਂ, ਲੜਾਈ ਦੇ ਡੰਡਿਆਂ* ਅਤੇ ਨੇਜ਼ਿਆਂ ਨਾਲ ਅੱਗ ਬਾਲ਼ਣਗੇ।+ 10 ਉਨ੍ਹਾਂ ਨੂੰ ਮੈਦਾਨਾਂ ਜਾਂ ਜੰਗਲਾਂ ਵਿੱਚੋਂ ਬਾਲ਼ਣ ਲਈ ਲੱਕੜਾਂ ਇਕੱਠੀਆਂ ਨਹੀਂ ਕਰਨੀਆਂ ਪੈਣਗੀਆਂ ਕਿਉਂਕਿ ਉਹ ਇਨ੍ਹਾਂ ਹਥਿਆਰਾਂ ਨਾਲ ਹੀ ਅੱਗ ਬਾਲ਼ਣਗੇ।
“‘ਉਹ ਉਨ੍ਹਾਂ ਲੋਕਾਂ ਨੂੰ ਲੁੱਟਣਗੇ ਜਿਨ੍ਹਾਂ ਨੇ ਉਨ੍ਹਾਂ ਨੂੰ ਲੁੱਟਿਆ ਸੀ ਅਤੇ ਉਨ੍ਹਾਂ ਲੋਕਾਂ ਤੋਂ ਚੀਜ਼ਾਂ ਖੋਹਣਗੇ ਜਿਨ੍ਹਾਂ ਨੇ ਉਨ੍ਹਾਂ ਤੋਂ ਚੀਜ਼ਾਂ ਖੋਹੀਆਂ ਸਨ,’ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ।
11 “‘ਉਸ ਦਿਨ ਮੈਂ ਗੋਗ+ ਨੂੰ ਇਜ਼ਰਾਈਲ ਦੀ ਘਾਟੀ ਵਿਚ ਇਕ ਕਬਰਸਤਾਨ ਦਿਆਂਗਾ। ਇਹ ਘਾਟੀ ਸਮੁੰਦਰ ਦੇ ਪੂਰਬ ਵੱਲ ਹੈ ਅਤੇ ਲੋਕ ਇਸ ਘਾਟੀ ਵਿੱਚੋਂ ਦੀ ਲੰਘਦੇ ਹਨ। ਪਰ ਹੁਣ ਇਹ ਘਾਟੀ ਉਨ੍ਹਾਂ ਦਾ ਰਾਹ ਰੋਕੇਗੀ। ਇੱਥੇ ਉਹ ਗੋਗ ਅਤੇ ਉਸ ਦੀਆਂ ਭੀੜਾਂ ਨੂੰ ਦਫ਼ਨਾਉਣਗੇ ਅਤੇ ਇਸ ਦਾ ਨਾਂ ਹਮੋਨ-ਗੋਗ ਦੀ ਘਾਟੀ*+ ਰੱਖਣਗੇ। 12 ਇਜ਼ਰਾਈਲ ਦਾ ਘਰਾਣਾ ਦੇਸ਼ ਨੂੰ ਸ਼ੁੱਧ ਕਰਨ ਲਈ ਸੱਤ ਮਹੀਨਿਆਂ ਤਕ ਉਨ੍ਹਾਂ ਨੂੰ ਦਫ਼ਨਾਉਂਦਾ ਰਹੇਗਾ।+ 13 ਦੇਸ਼ ਦੇ ਸਾਰੇ ਲੋਕ ਉਨ੍ਹਾਂ ਨੂੰ ਦਫ਼ਨਾਉਣ ਦੇ ਕੰਮ ਵਿਚ ਲੱਗ ਜਾਣਗੇ ਅਤੇ ਇਹ ਕੰਮ ਕਰਨ ਕਰਕੇ ਉਹ ਮਸ਼ਹੂਰ ਹੋ ਜਾਣਗੇ ਜਿਸ ਦਿਨ ਮੈਂ ਆਪਣੀ ਮਹਿਮਾ ਕਰਾਵਾਂਗਾ,’+ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ।
14 “‘ਦੇਸ਼ ਨੂੰ ਸ਼ੁੱਧ ਕਰਨ ਲਈ ਆਦਮੀਆਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਜਾਵੇਗੀ ਕਿ ਉਹ ਦੇਸ਼ ਵਿੱਚੋਂ ਦੀ ਲਗਾਤਾਰ ਲੰਘਣ ਅਤੇ ਜ਼ਮੀਨ ʼਤੇ ਪਈਆਂ ਬਾਕੀ ਲਾਸ਼ਾਂ ਨੂੰ ਦਫ਼ਨਾਉਣ। ਉਹ ਸੱਤ ਮਹੀਨਿਆਂ ਤਕ ਲਾਸ਼ਾਂ ਨੂੰ ਲੱਭਦੇ ਰਹਿਣਗੇ। 15 ਜਦ ਉਨ੍ਹਾਂ ਨੂੰ ਦੇਸ਼ ਵਿੱਚੋਂ ਦੀ ਲੰਘਦਿਆਂ ਕਿਸੇ ਇਨਸਾਨ ਦੀ ਹੱਡੀ ਦਿਖਾਈ ਦੇਵੇਗੀ, ਤਾਂ ਉਹ ਉਸ ਦੇ ਕੋਲ ਇਕ ਨਿਸ਼ਾਨ ਲਾਉਣਗੇ। ਫਿਰ ਜਿਨ੍ਹਾਂ ਨੂੰ ਦਫ਼ਨਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ, ਉਹ ਉਸ ਨੂੰ ਹਮੋਨ-ਗੋਗ ਦੀ ਘਾਟੀ+ ਵਿਚ ਦਫ਼ਨਾਉਣਗੇ। 16 ਉੱਥੇ ਇਕ ਸ਼ਹਿਰ ਹੋਵੇਗਾ ਜਿਸ ਦਾ ਨਾਂ ਹਮੋਨਾ* ਹੋਵੇਗਾ। ਉਹ ਦੇਸ਼ ਨੂੰ ਸ਼ੁੱਧ ਕਰਨਗੇ।’+
17 “ਹੇ ਮਨੁੱਖ ਦੇ ਪੁੱਤਰ, ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: ‘ਹਰ ਕਿਸਮ ਦੇ ਪੰਛੀਆਂ ਅਤੇ ਸਾਰੇ ਜੰਗਲੀ ਜਾਨਵਰਾਂ ਨੂੰ ਕਹਿ, “ਇਕੱਠੇ ਹੋ ਜਾਓ ਅਤੇ ਆਓ। ਮੇਰੀ ਬਲ਼ੀ ਦੇ ਆਲੇ-ਦੁਆਲੇ ਇਕੱਠੇ ਹੋ ਜਾਓ ਜੋ ਮੈਂ ਤੁਹਾਡੇ ਲਈ ਤਿਆਰ ਕਰ ਰਿਹਾ ਹਾਂ। ਮੈਂ ਇਜ਼ਰਾਈਲ ਦੇ ਪਹਾੜਾਂ ਉੱਤੇ ਇਕ ਵੱਡੀ ਬਲ਼ੀ ਤਿਆਰ ਕੀਤੀ ਹੈ।+ ਤੁਸੀਂ ਮਾਸ ਖਾਓਗੇ ਅਤੇ ਖ਼ੂਨ ਪੀਓਗੇ।+ 18 ਤੁਸੀਂ ਬਾਸ਼ਾਨ ਦੇ ਸਾਰੇ ਪਲ਼ੇ ਹੋਏ ਭੇਡੂਆਂ, ਲੇਲਿਆਂ, ਬੱਕਰਿਆਂ ਅਤੇ ਬਲਦਾਂ ਦਾ, ਹਾਂ, ਸੂਰਮਿਆਂ ਦਾ ਮਾਸ ਖਾਓਗੇ ਅਤੇ ਧਰਤੀ ਦੇ ਮੁਖੀਆਂ ਦਾ ਖ਼ੂਨ ਪੀਓਗੇ। 19 ਮੈਂ ਤੁਹਾਡੇ ਲਈ ਜੋ ਬਲ਼ੀ ਤਿਆਰ ਕਰ ਰਿਹਾ ਹਾਂ, ਤੁਸੀਂ ਉਸ ਦੀ ਚਰਬੀ ਤੁੰਨ-ਤੁੰਨ ਕੇ ਖਾਓਗੇ ਅਤੇ ਉਦੋਂ ਤਕ ਉਸ ਦਾ ਖ਼ੂਨ ਪੀਓਗੇ ਜਦ ਤਕ ਤੁਹਾਨੂੰ ਖ਼ੂਨ ਦਾ ਨਸ਼ਾ ਨਹੀਂ ਹੋ ਜਾਂਦਾ।”’
20 “‘ਤੁਸੀਂ ਮੇਰੇ ਮੇਜ਼ ਤੋਂ ਘੋੜਿਆਂ, ਰਥਵਾਨਾਂ, ਸੂਰਮਿਆਂ ਅਤੇ ਹਰ ਤਰ੍ਹਾਂ ਦੇ ਯੋਧਿਆਂ ਦਾ ਮਾਸ ਰੱਜ ਕੇ ਖਾਓਗੇ,’+ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ।
21 “‘ਮੈਂ ਕੌਮਾਂ ਵਿਚ ਆਪਣੀ ਮਹਿਮਾ ਦਿਖਾਵਾਂਗਾ ਅਤੇ ਸਾਰੀਆਂ ਕੌਮਾਂ ਦੇਖਣਗੀਆਂ ਕਿ ਮੈਂ ਨਿਆਂ ਕਰ ਕੇ ਉਨ੍ਹਾਂ ਨੂੰ ਸਜ਼ਾ ਦਿੱਤੀ ਹੈ ਅਤੇ ਆਪਣੀ ਤਾਕਤ* ਦਿਖਾਈ ਹੈ।+ 22 ਉਸ ਦਿਨ ਤੋਂ ਇਜ਼ਰਾਈਲ ਦੇ ਘਰਾਣੇ ਨੂੰ ਜਾਣਨਾ ਹੀ ਪਵੇਗਾ ਕਿ ਮੈਂ ਉਨ੍ਹਾਂ ਦਾ ਪਰਮੇਸ਼ੁਰ ਯਹੋਵਾਹ ਹਾਂ। 23 ਅਤੇ ਕੌਮਾਂ ਨੂੰ ਜਾਣਨਾ ਹੀ ਪਵੇਗਾ ਕਿ ਇਜ਼ਰਾਈਲ ਦਾ ਘਰਾਣਾ ਆਪਣੇ ਗੁਨਾਹਾਂ ਕਰਕੇ ਅਤੇ ਮੇਰੇ ਨਾਲ ਵਿਸ਼ਵਾਸਘਾਤ ਕਰਨ ਕਰਕੇ ਗ਼ੁਲਾਮੀ ਵਿਚ ਗਿਆ ਸੀ।+ ਇਸ ਲਈ ਮੈਂ ਉਨ੍ਹਾਂ ਤੋਂ ਆਪਣਾ ਮੂੰਹ ਲੁਕਾ ਲਿਆ+ ਅਤੇ ਉਨ੍ਹਾਂ ਨੂੰ ਦੁਸ਼ਮਣਾਂ ਦੇ ਹਵਾਲੇ ਕਰ ਦਿੱਤਾ+ ਅਤੇ ਉਹ ਸਾਰੇ ਤਲਵਾਰ ਨਾਲ ਮਾਰੇ ਗਏ। 24 ਮੈਂ ਉਨ੍ਹਾਂ ਨਾਲ ਉਨ੍ਹਾਂ ਦੀ ਅਸ਼ੁੱਧਤਾ ਅਤੇ ਉਨ੍ਹਾਂ ਦੇ ਅਪਰਾਧਾਂ ਮੁਤਾਬਕ ਪੇਸ਼ ਆਇਆ ਅਤੇ ਮੈਂ ਉਨ੍ਹਾਂ ਤੋਂ ਆਪਣਾ ਮੂੰਹ ਲੁਕਾ ਲਿਆ।’
25 “ਇਸ ਲਈ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: ‘ਮੈਂ ਯਾਕੂਬ ਦੇ ਬੰਦੀ ਬਣਾਏ ਲੋਕਾਂ ਨੂੰ ਉਨ੍ਹਾਂ ਦੇ ਦੇਸ਼ ਵਿਚ ਵਾਪਸ ਲਿਆਵਾਂਗਾ+ ਅਤੇ ਇਜ਼ਰਾਈਲ ਦੇ ਸਾਰੇ ਘਰਾਣੇ ʼਤੇ ਦਇਆ ਕਰਾਂਗਾ+ ਅਤੇ ਮੈਂ ਪੂਰੀ ਤਾਕਤ ਨਾਲ ਆਪਣੇ ਪਵਿੱਤਰ ਨਾਂ ਦੀ ਰੱਖਿਆ ਕਰਾਂਗਾ।+ 26 ਉਨ੍ਹਾਂ ਨੇ ਮੇਰੇ ਨਾਲ ਜੋ ਵਿਸ਼ਵਾਸਘਾਤ ਕੀਤਾ ਹੈ, ਉਸ ਦੀ ਬੇਇੱਜ਼ਤੀ ਸਹਿਣ ਤੋਂ ਬਾਅਦ+ ਉਹ ਆਪਣੇ ਦੇਸ਼ ਵਿਚ ਸੁਰੱਖਿਅਤ ਵੱਸਣਗੇ ਅਤੇ ਉਨ੍ਹਾਂ ਨੂੰ ਕੋਈ ਨਹੀਂ ਡਰਾਵੇਗਾ।+ 27 ਜਦ ਮੈਂ ਉਨ੍ਹਾਂ ਨੂੰ ਕੌਮਾਂ ਵਿੱਚੋਂ ਵਾਪਸ ਲਿਆਵਾਂਗਾ ਅਤੇ ਉਨ੍ਹਾਂ ਨੂੰ ਦੁਸ਼ਮਣਾਂ ਦੇ ਦੇਸ਼ਾਂ ਤੋਂ ਇਕੱਠਾ ਕਰਾਂਗਾ,+ ਤਾਂ ਮੈਂ ਕੌਮਾਂ ਦੀਆਂ ਨਜ਼ਰਾਂ ਸਾਮ੍ਹਣੇ ਉਨ੍ਹਾਂ ਵਿਚ ਆਪਣੀ ਪਵਿੱਤਰਤਾ ਜ਼ਾਹਰ ਕਰਾਂਗਾ।’+
28 “‘ਜਦ ਮੈਂ ਉਨ੍ਹਾਂ ਨੂੰ ਕੌਮਾਂ ਵਿਚ ਬੰਦੀ ਬਣਾ ਕੇ ਭੇਜਾਂਗਾ ਅਤੇ ਫਿਰ ਉਨ੍ਹਾਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਲਿਆਵਾਂਗਾ ਅਤੇ ਉਨ੍ਹਾਂ ਵਿੱਚੋਂ ਇਕ ਨੂੰ ਵੀ ਉੱਥੇ ਨਹੀਂ ਛੱਡਾਂਗਾ,+ ਤਾਂ ਉਨ੍ਹਾਂ ਨੂੰ ਜਾਣਨਾ ਹੀ ਪਵੇਗਾ ਕਿ ਮੈਂ ਉਨ੍ਹਾਂ ਦਾ ਪਰਮੇਸ਼ੁਰ ਯਹੋਵਾਹ ਹਾਂ। 29 ਫਿਰ ਮੈਂ ਕਦੇ ਉਨ੍ਹਾਂ ਤੋਂ ਆਪਣਾ ਮੂੰਹ ਨਹੀਂ ਲੁਕਾਵਾਂਗਾ+ ਕਿਉਂਕਿ ਮੈਂ ਇਜ਼ਰਾਈਲ ਦੇ ਘਰਾਣੇ ʼਤੇ ਆਪਣੀ ਸ਼ਕਤੀ ਪਾਵਾਂਗਾ,’+ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ।”
40 ਸਾਡੀ ਗ਼ੁਲਾਮੀ ਦੇ 25ਵੇਂ ਸਾਲ+ ਦੇ ਸ਼ੁਰੂ ਵਿਚ, ਜੋ ਕਿ ਯਰੂਸ਼ਲਮ ਦੀ ਤਬਾਹੀ ਦਾ 14ਵਾਂ ਸਾਲ ਸੀ, ਪਹਿਲੇ ਮਹੀਨੇ ਦੀ 10 ਤਾਰੀਖ਼ ਨੂੰ+ ਯਹੋਵਾਹ ਦੀ ਸ਼ਕਤੀ ਮੇਰੇ ਉੱਤੇ ਆਈ ਅਤੇ ਉਹ ਮੈਨੂੰ ਸ਼ਹਿਰ ਵਿਚ ਲੈ ਗਿਆ।+ 2 ਪਰਮੇਸ਼ੁਰ ਵੱਲੋਂ ਮਿਲੇ ਦਰਸ਼ਣਾਂ ਵਿਚ ਉਹ ਮੈਨੂੰ ਇਜ਼ਰਾਈਲ ਵਿਚ ਲੈ ਆਇਆ ਅਤੇ ਉਸ ਨੇ ਮੈਨੂੰ ਇਕ ਬਹੁਤ ਉੱਚੇ ਪਹਾੜ ʼਤੇ ਖੜ੍ਹਾ ਕਰ ਦਿੱਤਾ+ ਜਿਸ ਉੱਤੇ ਦੱਖਣ ਵਾਲੇ ਪਾਸੇ ਇਕ ਇਮਾਰਤ ਸੀ ਜੋ ਦੇਖਣ ਨੂੰ ਇਕ ਸ਼ਹਿਰ ਵਰਗੀ ਸੀ।
3 ਜਦ ਉਹ ਮੈਨੂੰ ਉੱਥੇ ਲੈ ਗਿਆ, ਤਾਂ ਮੈਂ ਇਕ ਆਦਮੀ ਦੇਖਿਆ ਜਿਸ ਦਾ ਰੂਪ ਤਾਂਬੇ ਵਰਗਾ ਸੀ।+ ਉਸ ਦੇ ਹੱਥ ਵਿਚ ਸਣ ਦੀ ਰੱਸੀ ਅਤੇ ਮਿਣਤੀ ਕਰਨ ਲਈ ਇਕ ਕਾਨਾ* ਸੀ+ ਅਤੇ ਉਹ ਦਰਵਾਜ਼ੇ ʼਤੇ ਖੜ੍ਹਾ ਸੀ। 4 ਉਸ ਆਦਮੀ ਨੇ ਮੈਨੂੰ ਕਿਹਾ: “ਹੇ ਮਨੁੱਖ ਦੇ ਪੁੱਤਰ, ਜੋ ਮੈਂ ਤੈਨੂੰ ਦਿਖਾਉਂਦਾ ਹਾਂ, ਉਸ ਨੂੰ ਗੌਰ ਨਾਲ ਦੇਖ, ਧਿਆਨ ਨਾਲ ਸੁਣ ਅਤੇ ਉਸ ਵੱਲ ਪੂਰਾ ਧਿਆਨ ਦੇ* ਕਿਉਂਕਿ ਤੈਨੂੰ ਇਸੇ ਕਰਕੇ ਇੱਥੇ ਲਿਆਂਦਾ ਗਿਆ ਹੈ। ਤੂੰ ਜੋ ਕੁਝ ਦੇਖੇਂਗਾ, ਉਹ ਸਭ ਕੁਝ ਇਜ਼ਰਾਈਲ ਦੇ ਘਰਾਣੇ ਨੂੰ ਦੱਸੀਂ।”+
5 ਫਿਰ ਮੈਂ ਮੰਦਰ* ਦੇ ਬਾਹਰ ਚਾਰੇ ਪਾਸੇ ਇਕ ਕੰਧ ਦੇਖੀ। ਉਸ ਆਦਮੀ ਦੇ ਹੱਥ ਵਿਚ ਮਿਣਤੀ ਕਰਨ ਲਈ ਇਕ ਕਾਨਾ ਸੀ ਜੋ ਛੇ ਹੱਥ ਲੰਬਾ ਸੀ। (ਕਾਨੇ ਦੀ ਲੰਬਾਈ ਵਿਚ ਹਰ ਹੱਥ ਨਾਲ ਚੱਪਾ ਕੁ ਲੰਬਾਈ ਜੋੜੀ ਗਈ ਸੀ)* ਉਸ ਨੇ ਕੰਧ ਨੂੰ ਮਿਣਨਾ ਸ਼ੁਰੂ ਕੀਤਾ। ਕੰਧ ਦੀ ਮੋਟਾਈ ਇਕ ਕਾਨਾ ਅਤੇ ਉਚਾਈ ਇਕ ਕਾਨਾ ਸੀ।
6 ਫਿਰ ਉਹ ਪੂਰਬੀ ਦਰਵਾਜ਼ੇ ਕੋਲ ਆਇਆ+ ਅਤੇ ਇਸ ਦੀਆਂ ਪੌੜੀਆਂ ਚੜ੍ਹਿਆ। ਫਿਰ ਉਸ ਨੇ ਦਰਵਾਜ਼ੇ ਦੀ ਦਹਿਲੀਜ਼ ਨੂੰ ਮਿਣਿਆ। ਇਸ ਦੀ ਚੁੜਾਈ ਇਕ ਕਾਨਾ ਅਤੇ ਦੂਜੇ ਪਾਸੇ ਦੀ ਦਹਿਲੀਜ਼ ਦੀ ਚੁੜਾਈ ਵੀ ਇਕ ਕਾਨਾ ਸੀ। 7 ਹਰ ਪਹਿਰੇਦਾਰ ਦੀ ਕੋਠੜੀ ਦੀ ਲੰਬਾਈ ਇਕ ਕਾਨਾ ਸੀ ਅਤੇ ਚੁੜਾਈ ਇਕ ਕਾਨਾ ਸੀ। ਅਤੇ ਪਹਿਰੇਦਾਰਾਂ ਦੀਆਂ ਕੋਠੜੀਆਂ ਵਿਚਲੀ ਵਿੱਥ ਪੰਜ-ਪੰਜ ਹੱਥ ਸੀ।+ ਅੰਦਰਲੇ ਪਾਸੇ ਦੇ ਦਰਵਾਜ਼ੇ ਦੀ ਦਲਾਨ ਕੋਲ ਜੋ ਦਹਿਲੀਜ਼ ਸੀ, ਉਹ ਇਕ ਕਾਨਾ ਸੀ।
8 ਫਿਰ ਉਸ ਨੇ ਅੰਦਰਲੇ ਪਾਸੇ ਦੇ ਦਰਵਾਜ਼ੇ ਦੀ ਦਲਾਨ ਨੂੰ ਮਿਣਿਆ ਅਤੇ ਇਹ ਇਕ ਕਾਨਾ ਸੀ। 9 ਫਿਰ ਉਸ ਨੇ ਦਰਵਾਜ਼ੇ ਦੀ ਦਲਾਨ ਨੂੰ ਮਿਣਿਆ ਜੋ ਕਿ ਅੱਠ ਹੱਥ ਸੀ ਅਤੇ ਉਸ ਨੇ ਇਸ ਦੇ ਦੋਹਾਂ ਪਾਸਿਆਂ ਦੇ ਥੰਮ੍ਹਾਂ ਨੂੰ ਮਿਣਿਆ ਜੋ ਦੋ-ਦੋ ਹੱਥ ਸਨ। ਦਲਾਨ ਦਰਵਾਜ਼ੇ ਦੇ ਅੰਦਰਲੇ ਪਾਸੇ ਸੀ।
10 ਪੂਰਬੀ ਦਰਵਾਜ਼ੇ ਦੇ ਦੋਵੇਂ ਪਾਸਿਆਂ ʼਤੇ ਪਹਿਰੇਦਾਰਾਂ ਦੀਆਂ ਤਿੰਨ-ਤਿੰਨ ਕੋਠੜੀਆਂ ਸਨ। ਉਨ੍ਹਾਂ ਸਾਰੀਆਂ ਕੋਠੜੀਆਂ ਦਾ ਨਾਪ ਇੱਕੋ ਜਿੰਨਾ ਸੀ ਅਤੇ ਇਨ੍ਹਾਂ ਦੇ ਦੋਹਾਂ ਪਾਸਿਆਂ ਦੇ ਥੰਮ੍ਹਾਂ ਦਾ ਨਾਪ ਵੀ ਇੱਕੋ ਜਿੰਨਾ ਸੀ।
11 ਫਿਰ ਉਸ ਨੇ ਦਰਵਾਜ਼ੇ ਦੇ ਲਾਂਘੇ ਦੀ ਚੁੜਾਈ ਮਿਣੀ ਜੋ ਕਿ 10 ਹੱਥ ਸੀ ਅਤੇ ਦਰਵਾਜ਼ੇ ਦੀ ਚੁੜਾਈ 13 ਹੱਥ ਸੀ।
12 ਦੋਵੇਂ ਪਾਸੇ ਪਹਿਰੇਦਾਰਾਂ ਦੀਆਂ ਕੋਠੜੀਆਂ ਦੀ ਕੁਝ ਜਗ੍ਹਾ ਦੇ ਸਾਮ੍ਹਣੇ ਇਕ ਨੀਵੀਂ ਕੰਧ ਕੀਤੀ ਹੋਈ ਸੀ। ਇਹ ਜਗ੍ਹਾ ਇਕ ਹੱਥ ਸੀ। ਦੋਵੇਂ ਪਾਸਿਆਂ ਦੀਆਂ ਕੋਠੜੀਆਂ ਛੇ-ਛੇ ਹੱਥ ਸਨ।
13 ਫਿਰ ਉਸ ਨੇ ਇਕ ਕੋਠੜੀ ਦੀ ਛੱਤ* ਤੋਂ ਲੈ ਕੇ ਦੂਜੇ ਪਾਸੇ ਦੀ ਕੋਠੜੀ ਦੀ ਛੱਤ ਤਕ ਦਰਵਾਜ਼ੇ ਦੀ ਮਿਣਤੀ ਕੀਤੀ ਅਤੇ ਇਹ 25 ਹੱਥ ਚੌੜਾ ਸੀ ਅਤੇ ਹਰ ਕੋਠੜੀ ਦਾ ਬੂਹਾ ਦੂਜੀ ਕੋਠੜੀ ਦੇ ਸਾਮ੍ਹਣੇ ਸੀ।+ 14 ਫਿਰ ਉਸ ਨੇ ਦੋਵੇਂ ਪਾਸੇ ਦੇ ਥੰਮ੍ਹਾਂ ਦੀ ਮਿਣਤੀ ਕੀਤੀ ਅਤੇ ਇਨ੍ਹਾਂ ਦੀ ਉਚਾਈ 60 ਹੱਥ ਸੀ। ਨਾਲੇ ਵਿਹੜੇ ਦੇ ਚਾਰੇ ਪਾਸੇ ਥੰਮ੍ਹਾਂ ਦੀ ਉਚਾਈ ਵੀ 60 ਹੱਥ ਸੀ। 15 ਦਰਵਾਜ਼ੇ ਦੇ ਅਗਲੇ ਪਾਸੇ ਦੇ ਲਾਂਘੇ ਤੋਂ ਲੈ ਕੇ ਦਰਵਾਜ਼ੇ ਦੇ ਅੰਦਰਲੇ ਪਾਸੇ ਦੀ ਦਲਾਨ ਦੇ ਬਾਹਰਲੇ ਸਿਰੇ ਤਕ ਦੀ ਲੰਬਾਈ 50 ਹੱਥ ਸੀ।
16 ਦਰਵਾਜ਼ੇ ਦੇ ਅੰਦਰਲੇ ਪਾਸੇ ਪਹਿਰੇਦਾਰਾਂ ਦੀਆਂ ਕੋਠੜੀਆਂ ਅਤੇ ਉਨ੍ਹਾਂ ਦੇ ਦੋਵੇਂ ਪਾਸਿਆਂ ਦੇ ਥੰਮ੍ਹਾਂ ਲਈ ਰੌਸ਼ਨਦਾਨ ਸਨ ਜੋ ਬਾਹਰੋਂ ਛੋਟੇ ਅਤੇ ਅੰਦਰੋਂ ਵੱਡੇ ਸਨ।+ ਦਲਾਨ ਦੇ ਦੋਵੇਂ ਪਾਸੇ ਵੀ ਰੌਸ਼ਨਦਾਨ ਸਨ ਅਤੇ ਹਰ ਥੰਮ੍ਹ ਉੱਤੇ ਖਜੂਰ ਦਾ ਦਰਖ਼ਤ ਉੱਕਰਿਆ ਹੋਇਆ ਸੀ।+
17 ਫਿਰ ਉਹ ਮੈਨੂੰ ਬਾਹਰਲੇ ਵਿਹੜੇ ਵਿਚ ਲੈ ਆਇਆ ਅਤੇ ਮੈਂ ਦੇਖਿਆ ਕਿ ਵਿਹੜੇ ਦੇ ਆਲੇ-ਦੁਆਲੇ ਪੱਥਰ ਦਾ ਫ਼ਰਸ਼ ਸੀ ਜਿੱਥੇ ਰੋਟੀ ਖਾਣ ਵਾਲੇ 30 ਕਮਰੇ ਸਨ।+ 18 ਹਰ ਦਰਵਾਜ਼ੇ ਦੇ ਦੋਵੇਂ ਪਾਸੇ ਫ਼ਰਸ਼ ਦੀ ਲੰਬਾਈ ਦਰਵਾਜ਼ੇ ਦੀ ਲੰਬਾਈ ਜਿੰਨੀ ਸੀ। ਇਹ ਹੇਠਲਾ ਫ਼ਰਸ਼ ਸੀ।
19 ਫਿਰ ਉਸ ਨੇ ਹੇਠਲੇ ਦਰਵਾਜ਼ੇ ਦੇ ਅਗਲੇ ਪਾਸੇ ਤੋਂ ਲੈ ਕੇ ਅੰਦਰਲੇ ਵਿਹੜੇ ਦੇ ਦਰਵਾਜ਼ੇ ਤਕ ਦੀ ਦੂਰੀ* ਮਿਣੀ। ਪੂਰਬ ਵਾਲੇ ਪਾਸੇ ਇਹ ਦੂਰੀ 100 ਹੱਥ ਸੀ ਅਤੇ ਉੱਤਰ ਵਾਲੇ ਪਾਸੇ ਵੀ 100 ਹੱਥ ਸੀ।
20 ਬਾਹਰਲੇ ਵਿਹੜੇ ਦੇ ਉੱਤਰ ਵੱਲ ਇਕ ਦਰਵਾਜ਼ਾ ਸੀ ਅਤੇ ਉਸ ਨੇ ਇਸ ਦੀ ਲੰਬਾਈ ਤੇ ਚੁੜਾਈ ਮਿਣੀ। 21 ਦਰਵਾਜ਼ੇ ਦੇ ਦੋਵੇਂ ਪਾਸੇ ਪਹਿਰੇਦਾਰਾਂ ਦੀਆਂ ਤਿੰਨ-ਤਿੰਨ ਕੋਠੜੀਆਂ ਸਨ। ਇਨ੍ਹਾਂ ਦੇ ਦੋਵੇਂ ਪਾਸਿਆਂ ਦੇ ਥੰਮ੍ਹਾਂ ਦੀ ਅਤੇ ਦਲਾਨ ਦੀ ਮਿਣਤੀ ਪਹਿਲੇ ਦਰਵਾਜ਼ੇ ਜਿੰਨੀ ਸੀ। ਇਸ ਦੀ ਲੰਬਾਈ 50 ਹੱਥ ਅਤੇ ਚੁੜਾਈ 25 ਹੱਥ ਸੀ। 22 ਇਸ ਦੇ ਰੌਸ਼ਨਦਾਨਾਂ, ਦਲਾਨ ਅਤੇ ਥੰਮ੍ਹਾਂ ʼਤੇ ਉੱਕਰੇ ਖਜੂਰ ਦੇ ਦਰਖ਼ਤਾਂ+ ਦਾ ਨਾਪ ਪੂਰਬੀ ਦਰਵਾਜ਼ੇ ਦੇ ਰੌਸ਼ਨਦਾਨਾਂ, ਦਲਾਨ ਅਤੇ ਥੰਮ੍ਹਾਂ ʼਤੇ ਉੱਕਰੇ ਖਜੂਰ ਦੇ ਦਰਖ਼ਤਾਂ ਜਿੰਨਾ ਸੀ। ਇਸ ਦਰਵਾਜ਼ੇ ਤਕ ਜਾਣ ਲਈ ਸੱਤ ਪੌੜੀਆਂ ਚੜ੍ਹਨੀਆਂ ਪੈਂਦੀਆਂ ਸਨ ਅਤੇ ਇਸ ਦੀ ਦਲਾਨ ਉਨ੍ਹਾਂ ਦੇ ਸਾਮ੍ਹਣੇ ਸੀ।
23 ਉੱਤਰੀ ਦਰਵਾਜ਼ੇ ਅਤੇ ਪੂਰਬੀ ਦਰਵਾਜ਼ੇ ਦੇ ਬਿਲਕੁਲ ਸਾਮ੍ਹਣੇ ਅੰਦਰਲੇ ਵਿਹੜੇ ਵਿਚ ਇਕ-ਇਕ ਦਰਵਾਜ਼ਾ ਸੀ। ਫਿਰ ਉਸ ਨੇ ਇਕ ਦਰਵਾਜ਼ੇ ਤੋਂ ਲੈ ਕੇ ਦੂਜੇ ਦਰਵਾਜ਼ੇ ਤਕ ਦੀ ਦੂਰੀ ਮਿਣੀ ਅਤੇ ਇਹ ਦੂਰੀ 100 ਹੱਥ ਸੀ।
24 ਫਿਰ ਉਹ ਮੈਨੂੰ ਦੱਖਣ ਵਾਲੇ ਪਾਸੇ ਲੈ ਆਇਆ ਅਤੇ ਉੱਥੇ ਮੈਂ ਇਕ ਦਰਵਾਜ਼ਾ ਦੇਖਿਆ।+ ਉਸ ਨੇ ਇਸ ਦੇ ਦੋਵੇਂ ਪਾਸਿਆਂ ਦੇ ਥੰਮ੍ਹਾਂ ਅਤੇ ਦਲਾਨ ਦੀ ਮਿਣਤੀ ਕੀਤੀ ਅਤੇ ਇਨ੍ਹਾਂ ਦਾ ਨਾਪ ਵੀ ਦੂਜੇ ਥੰਮ੍ਹਾਂ ਅਤੇ ਦਲਾਨ ਜਿੰਨਾ ਸੀ। 25 ਇਸ ਦੇ ਪਾਸਿਆਂ ʼਤੇ ਅਤੇ ਦਲਾਨ ਦੇ ਦੋਵੇਂ ਪਾਸਿਆਂ ʼਤੇ ਰੌਸ਼ਨਦਾਨ ਸਨ, ਜਿਵੇਂ ਦੂਜੇ ਦਰਵਾਜ਼ਿਆਂ ਵਿਚ ਰੌਸ਼ਨਦਾਨ ਸਨ। ਦਰਵਾਜ਼ੇ ਦੀ ਲੰਬਾਈ 50 ਹੱਥ ਅਤੇ ਚੁੜਾਈ 25 ਹੱਥ ਸੀ। 26 ਇਸ ਦਰਵਾਜ਼ੇ ਤਕ ਜਾਣ ਲਈ ਸੱਤ ਪੌੜੀਆਂ ਚੜ੍ਹਨੀਆਂ ਪੈਂਦੀਆਂ ਸਨ+ ਅਤੇ ਇਸ ਦੀ ਦਲਾਨ ਉਨ੍ਹਾਂ ਦੇ ਸਾਮ੍ਹਣੇ ਸੀ। ਇਸ ਦੇ ਦੋਵੇਂ ਪਾਸਿਆਂ ʼਤੇ ਇਕ-ਇਕ ਥੰਮ੍ਹ ਸੀ ਜਿਨ੍ਹਾਂ ʼਤੇ ਖਜੂਰ ਦੇ ਦਰਖ਼ਤ ਉੱਕਰੇ ਹੋਏ ਸਨ।
27 ਅੰਦਰਲੇ ਵਿਹੜੇ ਵਿਚ ਦੱਖਣੀ ਦਰਵਾਜ਼ੇ ਦੇ ਬਿਲਕੁਲ ਸਾਮ੍ਹਣੇ ਇਕ ਦਰਵਾਜ਼ਾ ਸੀ ਅਤੇ ਉਸ ਨੇ ਦੱਖਣ ਵਾਲੇ ਪਾਸੇ ਇਕ ਦਰਵਾਜ਼ੇ ਤੋਂ ਲੈ ਕੇ ਦੂਜੇ ਦਰਵਾਜ਼ੇ ਤਕ ਦੀ ਦੂਰੀ ਮਿਣੀ ਅਤੇ ਇਹ ਦੂਰੀ 100 ਹੱਥ ਸੀ। 28 ਇਸ ਤੋਂ ਬਾਅਦ ਉਹ ਮੈਨੂੰ ਦੱਖਣੀ ਦਰਵਾਜ਼ੇ ਰਾਹੀਂ ਅੰਦਰਲੇ ਵਿਹੜੇ ਵਿਚ ਲੈ ਆਇਆ। ਜਦ ਉਸ ਨੇ ਦੱਖਣੀ ਦਰਵਾਜ਼ੇ ਦੀ ਮਿਣਤੀ ਕੀਤੀ, ਤਾਂ ਇਸ ਦਾ ਨਾਪ ਵੀ ਬਾਕੀ ਦਰਵਾਜ਼ਿਆਂ ਜਿੰਨਾ ਸੀ। 29 ਇਸ ਦੇ ਪਹਿਰੇਦਾਰਾਂ ਦੀਆਂ ਕੋਠੜੀਆਂ, ਦੋਵੇਂ ਪਾਸੇ ਦੇ ਥੰਮ੍ਹਾਂ ਅਤੇ ਇਸ ਦੀ ਦਲਾਨ ਦਾ ਨਾਪ ਵੀ ਦੂਜਿਆਂ ਜਿੰਨਾ ਸੀ। ਇਸ ਦੇ ਪਾਸਿਆਂ ʼਤੇ ਅਤੇ ਦਲਾਨ ਦੇ ਦੋਵੇਂ ਪਾਸਿਆਂ ʼਤੇ ਰੌਸ਼ਨਦਾਨ ਸਨ। ਦਰਵਾਜ਼ੇ ਦੀ ਲੰਬਾਈ 50 ਹੱਥ ਅਤੇ ਚੁੜਾਈ 25 ਹੱਥ ਸੀ।+ 30 ਅੰਦਰਲੇ ਵਿਹੜੇ ਦੇ ਸਾਰੇ ਦਰਵਾਜ਼ਿਆਂ ਵਿਚ ਦਲਾਨਾਂ ਸਨ ਅਤੇ ਇਨ੍ਹਾਂ ਦੀ ਲੰਬਾਈ 25 ਹੱਥ ਤੇ ਚੁੜਾਈ 5 ਹੱਥ ਸੀ। 31 ਇਸ ਦੀ ਦਲਾਨ ਬਾਹਰਲੇ ਵਿਹੜੇ ਵੱਲ ਸੀ ਅਤੇ ਇਸ ਦੇ ਦੋਵੇਂ ਥੰਮ੍ਹਾਂ ʼਤੇ ਖਜੂਰ ਦੇ ਦਰਖ਼ਤ ਉੱਕਰੇ ਹੋਏ ਸਨ।+ ਇਸ ਦਰਵਾਜ਼ੇ ਤਕ ਜਾਣ ਲਈ ਅੱਠ ਪੌੜੀਆਂ ਚੜ੍ਹਨੀਆਂ ਪੈਂਦੀਆਂ ਸਨ।+
32 ਫਿਰ ਉਹ ਮੈਨੂੰ ਪੂਰਬ ਵੱਲੋਂ ਅੰਦਰਲੇ ਵਿਹੜੇ ਵਿਚ ਲੈ ਆਇਆ ਅਤੇ ਉਸ ਨੇ ਦਰਵਾਜ਼ੇ ਦੀ ਮਿਣਤੀ ਕੀਤੀ ਅਤੇ ਇਸ ਦਾ ਨਾਪ ਵੀ ਬਾਕੀ ਦਰਵਾਜ਼ਿਆਂ ਜਿੰਨਾ ਸੀ। 33 ਇਸ ਦੇ ਪਹਿਰੇਦਾਰਾਂ ਦੀਆਂ ਕੋਠੜੀਆਂ, ਦੋਵੇਂ ਪਾਸਿਆਂ ਦੇ ਥੰਮ੍ਹਾਂ ਅਤੇ ਇਸ ਦੀ ਦਲਾਨ ਦਾ ਨਾਪ ਵੀ ਦੂਜਿਆਂ ਜਿੰਨਾ ਸੀ। ਇਸ ਦੇ ਪਾਸਿਆਂ ʼਤੇ ਅਤੇ ਦਲਾਨ ਦੇ ਦੋਵੇਂ ਪਾਸਿਆਂ ʼਤੇ ਰੌਸ਼ਨਦਾਨ ਸਨ। ਦਰਵਾਜ਼ੇ ਦੀ ਲੰਬਾਈ 50 ਹੱਥ ਅਤੇ ਚੁੜਾਈ 25 ਹੱਥ ਸੀ। 34 ਇਸ ਦੀ ਦਲਾਨ ਬਾਹਰਲੇ ਵਿਹੜੇ ਵੱਲ ਸੀ ਅਤੇ ਇਸ ਦੇ ਦੋਵੇਂ ਥੰਮ੍ਹਾਂ ʼਤੇ ਖਜੂਰ ਦੇ ਦਰਖ਼ਤ ਉੱਕਰੇ ਹੋਏ ਸਨ। ਇਸ ਦਰਵਾਜ਼ੇ ਤਕ ਜਾਣ ਲਈ ਅੱਠ ਪੌੜੀਆਂ ਚੜ੍ਹਨੀਆਂ ਪੈਂਦੀਆਂ ਸਨ।
35 ਫਿਰ ਉਹ ਮੈਨੂੰ ਉੱਤਰੀ ਦਰਵਾਜ਼ੇ ਵਿਚ ਲੈ ਆਇਆ+ ਅਤੇ ਇਸ ਦੀ ਮਿਣਤੀ ਕੀਤੀ; ਇਸ ਦਾ ਨਾਪ ਵੀ ਦੂਜਿਆਂ ਜਿੰਨਾ ਸੀ। 36 ਇਸ ਦੇ ਪਹਿਰੇਦਾਰਾਂ ਦੀਆਂ ਕੋਠੜੀਆਂ, ਦੋਵੇਂ ਪਾਸਿਆਂ ਦੇ ਥੰਮ੍ਹਾਂ ਅਤੇ ਇਸ ਦੀ ਦਲਾਨ ਦਾ ਨਾਪ ਵੀ ਦੂਜਿਆਂ ਜਿੰਨਾ ਸੀ। ਇਸ ਦੇ ਪਾਸਿਆਂ ʼਤੇ ਰੌਸ਼ਨਦਾਨ ਸਨ। ਦਰਵਾਜ਼ੇ ਦੀ ਲੰਬਾਈ 50 ਹੱਥ ਅਤੇ ਚੁੜਾਈ 25 ਹੱਥ ਸੀ। 37 ਇਸ ਦੇ ਦੋਵੇਂ ਥੰਮ੍ਹ ਬਾਹਰਲੇ ਵਿਹੜੇ ਵੱਲ ਨੂੰ ਸਨ ਜਿਨ੍ਹਾਂ ʼਤੇ ਖਜੂਰ ਦੇ ਦਰਖ਼ਤ ਉੱਕਰੇ ਹੋਏ ਸਨ। ਇਸ ਦਰਵਾਜ਼ੇ ਤਕ ਜਾਣ ਲਈ ਅੱਠ ਪੌੜੀਆਂ ਚੜ੍ਹਨੀਆਂ ਪੈਂਦੀਆਂ ਸਨ।
38 ਦਰਵਾਜ਼ੇ ਦੇ ਦੋਵੇਂ ਥੰਮ੍ਹਾਂ ਦੇ ਕੋਲ ਇਕ ਰੋਟੀ ਖਾਣ ਵਾਲਾ ਕਮਰਾ ਸੀ ਜਿਸ ਦਾ ਬੂਹਾ ਸੀ ਅਤੇ ਉੱਥੇ ਹੋਮ-ਬਲ਼ੀਆਂ ਨੂੰ ਧੋਤਾ ਜਾਂਦਾ ਸੀ।+
39 ਦਰਵਾਜ਼ੇ ਦੀ ਦਲਾਨ ਦੇ ਦੋਵੇਂ ਪਾਸੇ ਦੋ-ਦੋ ਮੇਜ਼ ਸਨ ਜਿਨ੍ਹਾਂ ʼਤੇ ਹੋਮ-ਬਲ਼ੀਆਂ,+ ਪਾਪ-ਬਲ਼ੀਆਂ+ ਅਤੇ ਦੋਸ਼-ਬਲ਼ੀਆਂ+ ਦੇ ਜਾਨਵਰਾਂ ਨੂੰ ਵੱਢਿਆ ਜਾਂਦਾ ਸੀ। 40 ਉੱਤਰੀ ਦਰਵਾਜ਼ੇ ਵੱਲ ਜਾਂਦੇ ਰਾਹ ʼਤੇ ਲਾਂਘੇ ਦੇ ਬਾਹਰ ਮੇਜ਼ ਸਨ। ਦਰਵਾਜ਼ੇ ਦੀ ਦਲਾਨ ਦੇ ਬਾਹਰ ਦੋ-ਦੋ ਮੇਜ਼ ਸਨ। 41 ਦਰਵਾਜ਼ੇ ਦੇ ਦੋਵੇਂ ਪਾਸੇ ਚਾਰ-ਚਾਰ ਮੇਜ਼ ਸਨ। ਕੁੱਲ ਮਿਲਾ ਕੇ ਅੱਠ ਮੇਜ਼ ਸਨ ਜਿਨ੍ਹਾਂ ʼਤੇ ਬਲ਼ੀਆਂ ਦੇ ਜਾਨਵਰ ਵੱਢੇ ਜਾਂਦੇ ਸਨ। 42 ਹੋਮ-ਬਲ਼ੀਆਂ ਲਈ ਚਾਰ ਮੇਜ਼ ਤਰਾਸ਼ੇ ਹੋਏ ਪੱਥਰਾਂ ਦੇ ਬਣੇ ਹੋਏ ਸਨ। ਇਨ੍ਹਾਂ ਮੇਜ਼ਾਂ ਦੀ ਲੰਬਾਈ ਡੇਢ ਹੱਥ, ਚੁੜਾਈ ਡੇਢ ਹੱਥ ਅਤੇ ਉਚਾਈ ਇਕ ਹੱਥ ਸੀ। ਇਨ੍ਹਾਂ ਉੱਤੇ ਹੋਮ-ਬਲ਼ੀਆਂ ਅਤੇ ਬਲ਼ੀਆਂ ਨੂੰ ਵੱਢਣ ਲਈ ਸੰਦ ਰੱਖੇ ਜਾਂਦੇ ਸਨ। 43 ਅੰਦਰਲੀਆਂ ਕੰਧਾਂ ʼਤੇ ਚਾਰੇ ਪਾਸੇ ਚੱਪਾ ਕੁ ਚੌੜੀਆਂ ਅੰਗੀਠੀਆਂ ਬਣੀਆਂ ਹੋਈਆਂ ਸਨ ਅਤੇ ਮੇਜ਼ਾਂ ʼਤੇ ਭੇਟ ਕੀਤੇ ਜਾਨਵਰਾਂ ਦਾ ਮਾਸ ਰੱਖਿਆ ਜਾਂਦਾ ਸੀ।
44 ਅੰਦਰਲੇ ਦਰਵਾਜ਼ੇ ਦੇ ਬਾਹਰ ਗਾਇਕਾਂ ਲਈ ਰੋਟੀ ਖਾਣ ਵਾਲੇ ਕਮਰੇ ਸਨ।+ ਇਹ ਉੱਤਰੀ ਦਰਵਾਜ਼ੇ ਦੇ ਲਾਗੇ ਅੰਦਰਲੇ ਵਿਹੜੇ ਵਿਚ ਸਨ। ਇਨ੍ਹਾਂ ਦਾ ਮੂੰਹ ਦੱਖਣ ਵੱਲ ਸੀ। ਪੂਰਬੀ ਦਰਵਾਜ਼ੇ ਦੇ ਲਾਗੇ ਇਕ ਹੋਰ ਰੋਟੀ ਖਾਣ ਵਾਲਾ ਕਮਰਾ ਸੀ ਜਿਸ ਦਾ ਮੂੰਹ ਉੱਤਰ ਵੱਲ ਸੀ।
45 ਉਸ ਨੇ ਮੈਨੂੰ ਕਿਹਾ: “ਰੋਟੀ ਖਾਣ ਵਾਲੇ ਜਿਸ ਕਮਰੇ ਦਾ ਮੂੰਹ ਦੱਖਣ ਵੱਲ ਹੈ, ਉਹ ਉਨ੍ਹਾਂ ਪੁਜਾਰੀਆਂ ਲਈ ਹੈ ਜਿਨ੍ਹਾਂ ਨੂੰ ਮੰਦਰ ਵਿਚ ਸੇਵਾ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।+ 46 ਰੋਟੀ ਖਾਣ ਵਾਲੇ ਜਿਸ ਕਮਰੇ ਦਾ ਮੂੰਹ ਉੱਤਰ ਵੱਲ ਹੈ, ਉਹ ਉਨ੍ਹਾਂ ਪੁਜਾਰੀਆਂ ਲਈ ਹੈ ਜਿਨ੍ਹਾਂ ਨੂੰ ਵੇਦੀ ʼਤੇ ਸੇਵਾ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।+ ਉਹ ਸਾਦੋਕ ਦੇ ਪੁੱਤਰ ਹਨ+ ਅਤੇ ਉਨ੍ਹਾਂ ਲੇਵੀਆਂ ਵਿੱਚੋਂ ਹਨ ਜਿਨ੍ਹਾਂ ਨੂੰ ਯਹੋਵਾਹ ਦੇ ਹਜ਼ੂਰ ਆ ਕੇ ਉਸ ਦੀ ਸੇਵਾ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।”+
47 ਫਿਰ ਉਸ ਨੇ ਅੰਦਰਲੇ ਵਿਹੜੇ ਨੂੰ ਮਿਣਿਆ। ਇਸ ਦੀ ਲੰਬਾਈ 100 ਹੱਥ ਅਤੇ ਚੁੜਾਈ 100 ਹੱਥ ਸੀ ਅਤੇ ਇਹ ਚੌਰਸ ਸੀ। ਵੇਦੀ ਮੰਦਰ ਦੇ ਸਾਮ੍ਹਣੇ ਸੀ।
48 ਫਿਰ ਉਹ ਮੈਨੂੰ ਮੰਦਰ ਦੀ ਦਲਾਨ ਵਿਚ ਲੈ ਆਇਆ।+ ਉਸ ਨੇ ਦਲਾਨ ਦੇ ਦੋਵੇਂ ਥੰਮ੍ਹਾਂ ਨੂੰ ਮਿਣਿਆ। ਥੰਮ੍ਹਾਂ ਦੇ ਇਕ ਪਾਸੇ ਦੀ ਚੁੜਾਈ ਪੰਜ ਹੱਥ ਅਤੇ ਦੂਜੇ ਪਾਸੇ ਦੀ ਚੁੜਾਈ ਤਿੰਨ ਹੱਥ ਸੀ। ਇਕ ਥੰਮ੍ਹ ਦਰਵਾਜ਼ੇ ਦੇ ਖੱਬੇ ਪਾਸੇ ਅਤੇ ਦੂਜਾ ਥੰਮ੍ਹ ਸੱਜੇ ਪਾਸੇ ਸੀ।
49 ਦਲਾਨ ਦੀ ਲੰਬਾਈ 20 ਹੱਥ ਅਤੇ ਚੁੜਾਈ 11* ਹੱਥ ਸੀ। ਦਲਾਨ ਤਕ ਜਾਣ ਲਈ ਪੌੜੀਆਂ ਚੜ੍ਹਨੀਆਂ ਪੈਂਦੀਆਂ ਸਨ। ਇਸ ਦੇ ਦੋਵੇਂ ਥੰਮ੍ਹਾਂ ਦੇ ਕੋਲ ਦੋ ਹੋਰ ਥੰਮ੍ਹ ਸਨ, ਦੋਵੇਂ ਪਾਸੇ ਇਕ-ਇਕ ਥੰਮ੍ਹ ਸੀ।+
41 ਫਿਰ ਉਹ ਮੈਨੂੰ ਪਵਿੱਤਰ ਸਥਾਨ ਦੇ ਬਾਹਰਲੇ ਕਮਰੇ* ਵਿਚ ਲੈ ਆਇਆ ਅਤੇ ਉਸ ਨੇ ਇਸ ਦੇ ਦੋਵੇਂ ਪਾਸਿਆਂ ਦੇ ਥੰਮ੍ਹਾਂ ਦੀ ਮਿਣਤੀ ਕੀਤੀ; ਦੋਵੇਂ ਥੰਮ੍ਹਾਂ ਦੇ ਇਕ ਪਾਸੇ ਦੀ ਚੁੜਾਈ ਛੇ-ਛੇ ਹੱਥ* ਸੀ। 2 ਥੰਮ੍ਹਾਂ ਦੇ ਦੂਜੇ ਪਾਸੇ ਦੀ ਚੁੜਾਈ ਪੰਜ-ਪੰਜ ਹੱਥ ਸੀ। ਕਮਰੇ ਦੇ ਲਾਂਘੇ ਦੀ ਚੁੜਾਈ 10 ਹੱਥ ਸੀ। ਉਸ ਨੇ ਕਮਰੇ ਦੀ ਮਿਣਤੀ ਕੀਤੀ ਜਿਸ ਦੀ ਲੰਬਾਈ 40 ਹੱਥ ਅਤੇ ਚੁੜਾਈ 20 ਹੱਥ ਸੀ।
3 ਫਿਰ ਉਹ ਅੰਦਰਲੇ ਕਮਰੇ* ਵਿਚ ਗਿਆ ਅਤੇ ਉਸ ਨੇ ਲਾਂਘੇ ਦੇ ਇਕ ਪਾਸੇ ਦੇ ਥੰਮ੍ਹ ਦੀ ਮਿਣਤੀ ਕੀਤੀ ਅਤੇ ਇਸ ਦੇ ਇਕ ਪਾਸੇ ਦੀ ਚੁੜਾਈ ਦੋ ਹੱਥ ਸੀ ਅਤੇ ਦੂਜੇ ਪਾਸੇ ਦੀ ਚੁੜਾਈ ਸੱਤ ਹੱਥ ਸੀ। ਕਮਰੇ ਦੇ ਲਾਂਘੇ ਦੀ ਚੁੜਾਈ ਛੇ ਹੱਥ ਸੀ। 4 ਇਸ ਤੋਂ ਬਾਅਦ ਉਸ ਨੇ ਅੰਦਰਲੇ ਕਮਰੇ ਨੂੰ ਮਿਣਿਆ ਜੋ ਬਾਹਰਲੇ ਕਮਰੇ ਦੇ ਬਿਲਕੁਲ ਸਾਮ੍ਹਣੇ ਸੀ ਅਤੇ ਇਸ ਦੀ ਲੰਬਾਈ 20 ਹੱਥ ਅਤੇ ਚੁੜਾਈ 20 ਹੱਥ ਸੀ।+ ਉਸ ਨੇ ਮੈਨੂੰ ਕਿਹਾ: “ਇਹ ਅੱਤ ਪਵਿੱਤਰ ਕਮਰਾ ਹੈ।”+
5 ਫਿਰ ਉਸ ਨੇ ਮੰਦਰ ਦੀ ਕੰਧ ਦੀ ਮਿਣਤੀ ਕੀਤੀ ਅਤੇ ਇਸ ਦੀ ਮੋਟਾਈ ਛੇ ਹੱਥ ਸੀ। ਮੰਦਰ ਦੇ ਆਲੇ-ਦੁਆਲੇ ਦੀਆਂ ਕੋਠੜੀਆਂ ਦੀ ਚੁੜਾਈ ਚਾਰ ਹੱਥ ਸੀ।+ 6 ਇਨ੍ਹਾਂ ਕੋਠੜੀਆਂ ਦੀਆਂ ਤਿੰਨ ਮੰਜ਼ਲਾਂ ਸਨ ਜੋ ਕਿ ਇਕ-ਦੂਜੇ ਦੇ ਉੱਪਰ ਸਨ। ਹਰ ਮੰਜ਼ਲ ʼਤੇ 30 ਕੋਠੜੀਆਂ ਸਨ। ਇਹ ਕੋਠੜੀਆਂ ਮੰਦਰ ਦੀ ਕੰਧ ਦੇ ਵਾਧਰੇ ʼਤੇ ਟਿਕੀਆਂ ਹੋਈਆਂ ਸਨ, ਪਰ ਕੋਠੜੀਆਂ ਦੇ ਬਾਲੇ ਮੰਦਰ ਦੀ ਕੰਧ ਵਿਚ ਨਹੀਂ ਠੋਕੇ ਗਏ ਸਨ।*+ 7 ਦੂਜੀ ਮੰਜ਼ਲ ਦੀਆਂ ਕੋਠੜੀਆਂ ਪਹਿਲੀ ਮੰਜ਼ਲ ਦੀਆਂ ਕੋਠੜੀਆਂ ਨਾਲੋਂ ਚੌੜੀਆਂ ਸਨ ਅਤੇ ਤੀਜੀ ਮੰਜ਼ਲ ਦੀਆਂ ਕੋਠੜੀਆਂ ਦੂਜੀ ਮੰਜ਼ਲ ਨਾਲੋਂ ਚੌੜੀਆਂ ਸਨ। ਪਹਿਲੀ, ਦੂਜੀ ਅਤੇ ਤੀਜੀ ਮੰਜ਼ਲ ਤਕ ਜਾਣ ਲਈ ਮੰਦਰ ਦੇ ਦੋਵੇਂ ਪਾਸੇ ਘੁਮਾਅਦਾਰ ਪੌੜੀਆਂ ਸਨ।+
8 ਮੈਂ ਮੰਦਰ ਦੇ ਆਲੇ-ਦੁਆਲੇ ਇਕ ਉੱਚਾ ਚਬੂਤਰਾ ਦੇਖਿਆ ਅਤੇ ਜ਼ਮੀਨ ਤੋਂ ਲੈ ਕੇ ਚਬੂਤਰੇ ਦੇ ਉੱਪਰਲੇ ਸਿਰੇ ਤਕ ਮੰਦਰ ਦੀਆਂ ਕੋਠੜੀਆਂ ਦੀਆਂ ਨੀਂਹਾਂ ਦੀ ਉਚਾਈ ਪੂਰਾ ਇਕ ਕਾਨਾ ਸੀ। ਇਹ ਕਾਨਾ ਛੇ ਹੱਥ ਲੰਬਾ ਸੀ। 9 ਕੋਠੜੀਆਂ ਦੀ ਬਾਹਰਲੀ ਕੰਧ ਦੀ ਚੁੜਾਈ ਪੰਜ ਹੱਥ ਸੀ। ਇਸ ਕੰਧ ਦੇ ਨਾਲ-ਨਾਲ ਖੁੱਲ੍ਹੀ ਜਗ੍ਹਾ* ਸੀ ਜੋ ਮੰਦਰ ਦਾ ਹਿੱਸਾ ਸੀ।
10 ਮੰਦਰ ਅਤੇ ਰੋਟੀ ਖਾਣ ਵਾਲੇ ਕਮਰਿਆਂ*+ ਵਿਚਕਾਰ ਜਗ੍ਹਾ ਸੀ ਜਿਸ ਦੀ ਚੁੜਾਈ ਹਰ ਪਾਸੇ 20 ਹੱਥ ਸੀ। 11 ਉੱਤਰ ਵੱਲ ਕੋਠੜੀਆਂ ਅਤੇ ਖੁੱਲ੍ਹੀ ਜਗ੍ਹਾ ਵਿਚਕਾਰ ਇਕ ਲਾਂਘਾ ਸੀ ਅਤੇ ਦੱਖਣ ਵੱਲ ਵੀ ਇਕ ਲਾਂਘਾ ਸੀ। ਮੰਦਰ ਦੇ ਚਾਰੇ ਪਾਸੇ ਖੁੱਲ੍ਹੀ ਜਗ੍ਹਾ ਦੀ ਚੁੜਾਈ ਪੰਜ ਹੱਥ ਸੀ।
12 ਪੱਛਮ ਵਾਲੇ ਪਾਸੇ ਖੁੱਲ੍ਹੀ ਜਗ੍ਹਾ ਦੇ ਸਾਮ੍ਹਣੇ ਇਕ ਇਮਾਰਤ ਸੀ ਜਿਸ ਦੀ ਚੁੜਾਈ 70 ਹੱਥ ਅਤੇ ਲੰਬਾਈ 90 ਹੱਥ ਸੀ; ਇਸ ਇਮਾਰਤ ਦੀ ਕੰਧ ਦੀ ਮੋਟਾਈ ਚਾਰੇ ਪਾਸਿਓਂ ਪੰਜ ਹੱਥ ਸੀ।
13 ਫਿਰ ਉਸ ਨੇ ਮੰਦਰ ਨੂੰ ਮਿਣਿਆ ਅਤੇ ਇਸ ਦੀ ਲੰਬਾਈ 100 ਹੱਥ ਸੀ। ਉਸ ਨੇ ਖੁੱਲ੍ਹੀ ਜਗ੍ਹਾ, ਇਮਾਰਤ* ਅਤੇ ਇਸ ਦੀਆਂ ਕੰਧਾਂ ਨੂੰ ਮਿਣਿਆ ਅਤੇ ਇਨ੍ਹਾਂ ਦੀ ਲੰਬਾਈ ਕੁੱਲ ਮਿਲਾ ਕੇ 100 ਹੱਥ ਸੀ। 14 ਪੂਰਬ ਵੱਲ ਮੰਦਰ ਦੇ ਅਗਲੇ ਪਾਸੇ ਦੀ ਚੁੜਾਈ ਅਤੇ ਖੁੱਲ੍ਹੀ ਜਗ੍ਹਾ ਦੀ ਚੁੜਾਈ ਕੁੱਲ ਮਿਲਾ ਕੇ 100 ਹੱਥ ਸੀ।
15 ਉਸ ਨੇ ਮੰਦਰ ਦੇ ਪਿਛਲੇ ਪਾਸੇ ਖੁੱਲ੍ਹੀ ਜਗ੍ਹਾ ਦੇ ਸਾਮ੍ਹਣੇ ਵਾਲੀ ਇਮਾਰਤ ਦੀ ਲੰਬਾਈ ਅਤੇ ਇਸ ਦੇ ਦੋਵੇਂ ਪਾਸਿਆਂ ਦੀਆਂ ਡਿਉਢੀਆਂ ਦੀ ਲੰਬਾਈ ਮਿਣੀ ਜੋ ਕੁੱਲ ਮਿਲਾ ਕੇ 100 ਹੱਥ ਸੀ।
ਉਸ ਨੇ ਬਾਹਰਲੇ ਕਮਰੇ, ਅੰਦਰਲੇ ਕਮਰੇ+ ਅਤੇ ਵਿਹੜੇ ਦੇ ਸਾਮ੍ਹਣੇ ਵਾਲੀ ਦਲਾਨ ਦੀ ਵੀ ਮਿਣਤੀ ਕੀਤੀ। 16 ਨਾਲੇ ਉਸ ਨੇ ਇਨ੍ਹਾਂ ਤਿੰਨੇ ਥਾਵਾਂ ਦੀਆਂ ਦਹਿਲੀਜ਼ਾਂ, ਰੌਸ਼ਨਦਾਨਾਂ ਜੋ ਬਾਹਰੋਂ ਛੋਟੇ ਅਤੇ ਅੰਦਰੋਂ ਵੱਡੇ ਸਨ+ ਅਤੇ ਡਿਉਢੀਆਂ ਦੀ ਮਿਣਤੀ ਕੀਤੀ। ਦਹਿਲੀਜ਼ ਦੇ ਨੇੜੇ ਫ਼ਰਸ਼ ਤੋਂ ਲੈ ਕੇ ਰੌਸ਼ਨਦਾਨਾਂ ਤਕ ਲੱਕੜ ਦੇ ਫੱਟੇ ਲੱਗੇ ਹੋਏ ਸਨ+ ਅਤੇ ਰੌਸ਼ਨਦਾਨ ਢਕੇ ਹੋਏ ਸਨ। 17 ਲਾਂਘੇ ਦੇ ਉੱਪਰਲੇ ਹਿੱਸੇ, ਅੰਦਰਲੇ ਕਮਰੇ, ਬਾਹਰਲੇ ਕਮਰੇ ਅਤੇ ਆਲੇ-ਦੁਆਲੇ ਦੀ ਸਾਰੀ ਕੰਧ ਦੀ ਮਿਣਤੀ ਕੀਤੀ ਗਈ। 18 ਇਸ ਕੰਧ ਉੱਤੇ ਕਰੂਬੀ ਅਤੇ ਖਜੂਰ ਦੇ ਦਰਖ਼ਤ ਉੱਕਰੇ ਹੋਏ ਸਨ।+ ਦੋ ਕਰੂਬੀਆਂ ਦੇ ਵਿਚਕਾਰ ਇਕ ਖਜੂਰ ਦਾ ਦਰਖ਼ਤ ਸੀ ਅਤੇ ਹਰ ਕਰੂਬੀ ਦੇ ਦੋ ਮੂੰਹ ਸਨ। 19 ਇਨਸਾਨ ਦਾ ਮੂੰਹ ਇਕ ਪਾਸੇ ਦੇ ਖਜੂਰ ਦੇ ਦਰਖ਼ਤ ਵੱਲ ਸੀ ਅਤੇ ਸ਼ੇਰ* ਦਾ ਮੂੰਹ ਦੂਜੇ ਪਾਸੇ ਦੇ ਖਜੂਰ ਦੇ ਦਰਖ਼ਤ ਵੱਲ ਸੀ।+ ਇਹ ਪੂਰੇ ਮੰਦਰ ਵਿਚ ਇਸੇ ਤਰ੍ਹਾਂ ਉੱਕਰੇ ਹੋਏ ਸਨ। 20 ਪਵਿੱਤਰ ਸਥਾਨ ਦੀ ਕੰਧ ਉੱਤੇ ਫ਼ਰਸ਼ ਤੋਂ ਲੈ ਕੇ ਲਾਂਘੇ ਦੇ ਉੱਪਰ ਤਕ ਕਰੂਬੀ ਅਤੇ ਖਜੂਰ ਦੇ ਦਰਖ਼ਤ ਉੱਕਰੇ ਹੋਏ ਸਨ।
21 ਬਾਹਰਲੇ ਪਵਿੱਤਰ ਕਮਰੇ ਦੀਆਂ ਚੁਗਾਠਾਂ* ਚੌਰਸ ਸਨ।+ ਅੰਦਰਲੇ ਪਵਿੱਤਰ ਕਮਰੇ* ਦੇ ਸਾਮ੍ਹਣੇ ਕੁਝ ਸੀ 22 ਜੋ ਇਕ ਲੱਕੜ ਦੀ ਵੇਦੀ+ ਵਰਗਾ ਲੱਗਦਾ ਸੀ ਅਤੇ ਇਹ ਤਿੰਨ ਹੱਥ ਉੱਚਾ ਅਤੇ ਦੋ ਹੱਥ ਲੰਬਾ ਸੀ। ਇਸ ਦੇ ਕੋਨਿਆਂ ਦੇ ਸਿਰਿਆਂ ਉੱਤੇ ਕੁਝ ਲੱਗਾ ਹੋਇਆ ਸੀ ਅਤੇ ਇਸ ਦਾ ਥੱਲਾ* ਅਤੇ ਇਸ ਦੇ ਪਾਸੇ ਲੱਕੜ ਦੇ ਬਣੇ ਹੋਏ ਸਨ। ਉਸ ਆਦਮੀ ਨੇ ਮੈਨੂੰ ਕਿਹਾ: “ਇਹ ਮੇਜ਼ ਯਹੋਵਾਹ ਦੇ ਸਾਮ੍ਹਣੇ ਪਿਆ ਹੈ।”+
23 ਬਾਹਰਲੇ ਪਵਿੱਤਰ ਕਮਰੇ ਦਾ ਇਕ ਦਰਵਾਜ਼ਾ ਸੀ ਅਤੇ ਅੰਦਰਲੇ ਪਵਿੱਤਰ ਕਮਰੇ ਦਾ ਵੀ ਇਕ ਦਰਵਾਜ਼ਾ ਸੀ।+ 24 ਹਰ ਦਰਵਾਜ਼ੇ ਦੇ ਦੋ ਤਖ਼ਤੇ ਸਨ ਅਤੇ ਤਖ਼ਤਿਆਂ ਦੇ ਦੋ-ਦੋ ਪੱਲੇ ਸਨ ਜੋ ਚੂਲਾਂ ʼਤੇ ਮੁੜ ਕੇ ਦੂਹਰੇ ਹੋ ਜਾਂਦੇ ਸਨ। 25 ਕੰਧਾਂ ਵਾਂਗ ਪਵਿੱਤਰ ਸਥਾਨ ਦੇ ਦਰਵਾਜ਼ਿਆਂ ਉੱਤੇ ਵੀ ਕਰੂਬੀ ਅਤੇ ਖਜੂਰ ਦੇ ਦਰਖ਼ਤ ਉੱਕਰੇ ਹੋਏ ਸਨ।+ ਦਲਾਨ ਦੇ ਸਾਮ੍ਹਣੇ ਬਾਹਰਲੇ ਪਾਸੇ ਲੱਕੜ ਦਾ ਇਕ ਵਾਧਰਾ ਬਣਿਆ ਹੋਇਆ ਸੀ। 26 ਦਲਾਨ ਦੇ ਦੋਵੇਂ ਪਾਸੇ, ਮੰਦਰ ਦੀਆਂ ਕੋਠੜੀਆਂ ਦੀਆਂ ਕੰਧਾਂ ਉੱਤੇ ਅਤੇ ਵਾਧਰੇ ਉੱਤੇ ਖਜੂਰ ਦੇ ਦਰਖ਼ਤ ਉੱਕਰੇ ਹੋਏ ਸਨ ਅਤੇ ਰੌਸ਼ਨਦਾਨ ਬਣੇ ਹੋਏ ਸਨ ਜੋ ਬਾਹਰੋਂ ਛੋਟੇ ਅਤੇ ਅੰਦਰੋਂ ਵੱਡੇ ਸਨ।+
42 ਫਿਰ ਉਹ ਮੈਨੂੰ ਉੱਤਰ ਵੱਲ ਬਾਹਰਲੇ ਵਿਹੜੇ ਵਿਚ ਲੈ ਗਿਆ।+ ਅਤੇ ਉੱਥੇ ਉਹ ਮੈਨੂੰ ਰੋਟੀ ਖਾਣ ਵਾਲੇ ਕਮਰਿਆਂ ਦੀ ਇਮਾਰਤ ਵਿਚ ਲੈ ਗਿਆ। ਇਹ ਇਮਾਰਤ ਖੁੱਲ੍ਹੀ ਥਾਂ ਦੇ ਨਾਲ+ ਅਤੇ ਇਕ ਹੋਰ ਇਮਾਰਤ* ਦੇ ਉੱਤਰ ਵੱਲ ਸੀ।+ 2 ਇਸ ਇਮਾਰਤ ਦਾ ਲਾਂਘਾ ਉੱਤਰ ਵਾਲੇ ਪਾਸੇ ਸੀ ਅਤੇ ਉਸ ਪਾਸਿਓਂ ਇਮਾਰਤ ਦੀ ਲੰਬਾਈ 100 ਹੱਥ* ਅਤੇ ਚੁੜਾਈ 50 ਹੱਥ ਸੀ। 3 ਇਹ 20 ਹੱਥ ਚੌੜੇ ਅੰਦਰਲੇ ਵਿਹੜੇ ਅਤੇ ਬਾਹਰਲੇ ਵਿਹੜੇ ਦੇ ਫ਼ਰਸ਼ ਦੇ ਵਿਚਕਾਰ ਸੀ।+ ਇਸ ਇਮਾਰਤ ਦੇ ਦੋ ਹਿੱਸੇ ਸਨ ਅਤੇ ਦੋਵੇਂ ਹਿੱਸੇ ਤਿੰਨ-ਤਿੰਨ ਮੰਜ਼ਲਾਂ ਉੱਚੇ ਸਨ ਜਿਨ੍ਹਾਂ ਦੀਆਂ ਬਾਲਕੋਨੀਆਂ ਇਕ-ਦੂਜੇ ਦੇ ਆਮ੍ਹੋ-ਸਾਮ੍ਹਣੇ ਸਨ। 4 ਇਨ੍ਹਾਂ ਦੋਵਾਂ ਹਿੱਸਿਆਂ ਦੇ ਵਿਚਕਾਰ 10 ਹੱਥ ਚੌੜਾ ਅਤੇ 100 ਹੱਥ* ਲੰਬਾ ਇਕ ਰਸਤਾ ਸੀ+ ਅਤੇ ਰੋਟੀ ਖਾਣ ਵਾਲੇ ਕਮਰਿਆਂ ਦੇ ਲਾਂਘੇ ਉੱਤਰ ਵੱਲ ਸਨ। 5 ਉੱਪਰਲੀ ਮੰਜ਼ਲ ਦੇ ਕਮਰੇ ਹੇਠਲੀ ਅਤੇ ਵਿਚਕਾਰਲੀ ਮੰਜ਼ਲ ਦੇ ਕਮਰਿਆਂ ਨਾਲੋਂ ਘੱਟ ਚੌੜੇ ਸਨ ਕਿਉਂਕਿ ਬਾਲਕੋਨੀਆਂ ਲਈ ਜ਼ਿਆਦਾ ਜਗ੍ਹਾ ਛੱਡੀ ਗਈ ਸੀ। 6 ਰੋਟੀ ਖਾਣ ਵਾਲੇ ਕਮਰੇ ਦੀਆਂ ਤਿੰਨ ਮੰਜ਼ਲਾਂ ਸਨ, ਪਰ ਵਿਹੜੇ ਦੇ ਥੰਮ੍ਹਾਂ ਵਾਂਗ ਇਨ੍ਹਾਂ ਵਿਚ ਥੰਮ੍ਹ ਨਹੀਂ ਵਰਤੇ ਗਏ ਸਨ। ਇਸੇ ਕਰਕੇ ਉੱਪਰਲੀ ਮੰਜ਼ਲ ਦੇ ਕਮਰੇ ਹੇਠਲੀ ਅਤੇ ਵਿਚਕਾਰਲੀ ਮੰਜ਼ਲ ਦੇ ਕਮਰਿਆਂ ਨਾਲੋਂ ਛੋਟੇ ਸਨ।
7 ਬਾਹਰਲੇ ਵਿਹੜੇ ਵੱਲ ਰੋਟੀ ਖਾਣ ਵਾਲੇ ਕਮਰਿਆਂ ਦੇ ਨੇੜੇ ਅਤੇ ਦੂਜੇ ਪਾਸੇ ਦੇ ਕਮਰਿਆਂ ਦੇ ਸਾਮ੍ਹਣੇ ਇਕ ਪੱਥਰ ਦੀ ਕੰਧ ਸੀ ਜਿਸ ਦੀ ਲੰਬਾਈ 50 ਹੱਥ ਸੀ। 8 ਜਿਹੜੇ ਕਮਰੇ ਬਾਹਰਲੇ ਵਿਹੜੇ ਵੱਲ ਸਨ, ਉਨ੍ਹਾਂ ਦੀ ਲੰਬਾਈ 50 ਹੱਥ ਸੀ, ਪਰ ਜਿਹੜੇ ਕਮਰੇ ਪਵਿੱਤਰ ਸਥਾਨ ਵੱਲ ਸਨ, ਉਨ੍ਹਾਂ ਦੀ ਲੰਬਾਈ 100 ਹੱਥ ਸੀ। 9 ਰੋਟੀ ਖਾਣ ਵਾਲੇ ਕਮਰਿਆਂ ਦਾ ਦਰਵਾਜ਼ਾ ਪੂਰਬ ਵੱਲ ਸੀ ਜਿਸ ਰਾਹੀਂ ਬਾਹਰਲੇ ਵਿਹੜੇ ਤੋਂ ਇਮਾਰਤ ਦੇ ਅੰਦਰ ਆਇਆ ਜਾ ਸਕਦਾ ਸੀ।
10 ਦੱਖਣ ਵੱਲ ਵੀ ਰੋਟੀ ਖਾਣ ਵਾਲੇ ਕਮਰੇ ਸਨ ਜੋ ਖੁੱਲ੍ਹੀ ਜਗ੍ਹਾ ਅਤੇ ਇਮਾਰਤ* ਦੇ ਨੇੜੇ ਸਨ। ਵਿਹੜੇ ਦੀ ਕੰਧ ਇਨ੍ਹਾਂ ਕਮਰਿਆਂ ਦੇ ਪੂਰਬ ਵੱਲ ਸੀ।+ 11 ਉੱਤਰ ਵੱਲ ਦੇ ਕਮਰਿਆਂ ਵਾਂਗ ਹੀ ਇਨ੍ਹਾਂ ਕਮਰਿਆਂ ਦੇ ਸਾਮ੍ਹਣੇ ਵੀ ਇਕ ਰਸਤਾ ਸੀ।+ ਇਨ੍ਹਾਂ ਕਮਰਿਆਂ ਦੀ ਲੰਬਾਈ, ਚੁੜਾਈ, ਬਾਹਰ ਜਾਣ ਵਾਲੇ ਰਸਤੇ ਅਤੇ ਪੂਰਾ ਨਕਸ਼ਾ ਉੱਤਰ ਵੱਲ ਦੀ ਇਮਾਰਤ ਵਰਗਾ ਸੀ। ਇਨ੍ਹਾਂ ਕਮਰਿਆਂ ਦੇ ਲਾਂਘੇ 12 ਵੀ ਰੋਟੀ ਖਾਣ ਵਾਲੇ ਉਨ੍ਹਾਂ ਕਮਰਿਆਂ ਵਾਂਗ ਸਨ ਜੋ ਦੱਖਣ ਵੱਲ ਸਨ। ਰਸਤੇ ਦੇ ਸਿਰੇ ʼਤੇ ਇਕ ਦਰਵਾਜ਼ਾ ਸੀ ਜੋ ਪੂਰਬ ਵਾਲੇ ਪਾਸੇ ਪੱਥਰ ਦੀ ਕੰਧ ਦੇ ਨਾਲ ਸੀ ਜਿੱਥੋਂ ਅੰਦਰ ਆਇਆ ਜਾ ਸਕਦਾ ਸੀ।+
13 ਫਿਰ ਉਸ ਆਦਮੀ ਨੇ ਮੈਨੂੰ ਕਿਹਾ: “ਖੁੱਲ੍ਹੀ ਜਗ੍ਹਾ ਦੇ ਕੋਲ ਉੱਤਰ ਅਤੇ ਦੱਖਣ ਵੱਲ ਜੋ ਰੋਟੀ ਖਾਣ ਵਾਲੇ ਕਮਰੇ ਹਨ,+ ਉਹ ਪਵਿੱਤਰ ਹਨ। ਯਹੋਵਾਹ ਦੇ ਹਜ਼ੂਰ ਜਾਣ ਵਾਲੇ ਪੁਜਾਰੀ ਇੱਥੇ ਅੱਤ ਪਵਿੱਤਰ ਭੇਟਾਂ ਖਾਂਦੇ ਹਨ।+ ਇੱਥੇ ਉਹ ਅੱਤ ਪਵਿੱਤਰ ਭੇਟਾਂ, ਅਨਾਜ ਦੇ ਚੜ੍ਹਾਵੇ, ਪਾਪ-ਬਲ਼ੀਆਂ ਅਤੇ ਦੋਸ਼-ਬਲ਼ੀਆਂ ਰੱਖਦੇ ਹਨ ਕਿਉਂਕਿ ਇਹ ਜਗ੍ਹਾ ਪਵਿੱਤਰ ਹੈ।+ 14 ਪੁਜਾਰੀ ਜੋ ਲਿਬਾਸ ਪਾ ਕੇ ਸੇਵਾ ਕਰਦੇ ਹਨ, ਉਹ ਉਸ ਲਿਬਾਸ ਵਿਚ ਪਵਿੱਤਰ ਸਥਾਨ ਤੋਂ ਬਾਹਰਲੇ ਵਿਹੜੇ ਵਿਚ ਨਾ ਜਾਣ ਕਿਉਂਕਿ ਇਹ ਲਿਬਾਸ ਪਵਿੱਤਰ ਹੈ।+ ਉਹ ਹੋਰ ਕੱਪੜੇ ਪਾ ਕੇ ਉਨ੍ਹਾਂ ਥਾਵਾਂ ʼਤੇ ਜਾਣ ਜਿੱਥੇ ਆਮ ਲੋਕਾਂ ਨੂੰ ਆਉਣ ਦੀ ਇਜਾਜ਼ਤ ਹੈ।”
15 ਜਦ ਉਹ ਪੂਰੇ ਮੰਦਰ* ਦੀ ਮਿਣਤੀ ਕਰ ਚੁੱਕਿਆ, ਤਾਂ ਉਹ ਮੈਨੂੰ ਪੂਰਬੀ ਦਰਵਾਜ਼ੇ ਰਾਹੀਂ ਬਾਹਰ ਲੈ ਗਿਆ+ ਅਤੇ ਉਸ ਨੇ ਪੂਰੀ ਜਗ੍ਹਾ ਨੂੰ ਮਿਣਿਆ।
16 ਉਸ ਨੇ ਮਿਣਤੀ ਕਰਨ ਵਾਲੇ ਕਾਨੇ* ਨਾਲ ਪੂਰਬੀ ਪਾਸੇ ਨੂੰ ਮਿਣਿਆ। ਇਕ ਪਾਸੇ ਤੋਂ ਲੈ ਕੇ ਦੂਜੇ ਪਾਸੇ ਤਕ ਇਸ ਦੀ ਲੰਬਾਈ 500 ਕਾਨੇ ਸੀ।
17 ਉਸ ਨੇ ਉੱਤਰੀ ਪਾਸੇ ਨੂੰ ਮਿਣਿਆ ਅਤੇ ਇਸ ਦੀ ਲੰਬਾਈ 500 ਕਾਨੇ ਸੀ।
18 ਉਸ ਨੇ ਦੱਖਣੀ ਪਾਸੇ ਨੂੰ ਮਿਣਿਆ ਅਤੇ ਇਸ ਦੀ ਲੰਬਾਈ 500 ਕਾਨੇ ਸੀ।
19 ਫਿਰ ਉਸ ਨੇ ਪੱਛਮੀ ਪਾਸੇ ਜਾ ਕੇ ਮਿਣਤੀ ਕੀਤੀ ਅਤੇ ਇਸ ਦੀ ਲੰਬਾਈ 500 ਕਾਨੇ ਸੀ।
20 ਉਸ ਨੇ ਚਾਰੇ ਪਾਸਿਆਂ ਨੂੰ ਮਿਣਿਆ। ਇਸ ਦੇ ਆਲੇ-ਦੁਆਲੇ ਇਕ ਕੰਧ ਸੀ+ ਜਿਸ ਦੀ ਲੰਬਾਈ 500 ਕਾਨੇ ਅਤੇ ਚੁੜਾਈ 500 ਕਾਨੇ ਸੀ।+ ਇਹ ਕੰਧ ਪਵਿੱਤਰ ਥਾਂ ਨੂੰ ਸਾਧਾਰਣ ਥਾਂ ਤੋਂ ਵੱਖ ਕਰਨ ਲਈ ਕੀਤੀ ਗਈ ਸੀ।+
43 ਫਿਰ ਉਹ ਮੈਨੂੰ ਪੂਰਬੀ ਦਰਵਾਜ਼ੇ ʼਤੇ ਲੈ ਗਿਆ।+ 2 ਉੱਥੇ ਮੈਂ ਪੂਰਬ ਵੱਲੋਂ ਇਜ਼ਰਾਈਲ ਦੇ ਪਰਮੇਸ਼ੁਰ ਦੀ ਮਹਿਮਾ ਆਉਂਦੀ ਦੇਖੀ+ ਅਤੇ ਉਸ ਦੀ ਆਵਾਜ਼ ਠਾਠਾਂ ਮਾਰਦੇ ਪਾਣੀਆਂ ਵਰਗੀ ਸੀ+ ਅਤੇ ਧਰਤੀ ਉਸ ਦੀ ਮਹਿਮਾ ਨਾਲ ਰੁਸ਼ਨਾ ਉੱਠੀ।+ 3 ਮੈਂ ਜੋ ਦੇਖਿਆ ਸੀ, ਉਹ ਉਸ ਦਰਸ਼ਣ ਵਰਗਾ ਸੀ ਜੋ ਮੈਂ ਉਦੋਂ ਦੇਖਿਆ ਸੀ ਜਦੋਂ ਮੈਂ* ਸ਼ਹਿਰ ਨੂੰ ਤਬਾਹ ਕਰਨ ਆਇਆ ਸੀ। ਉੱਥੇ ਮੈਂ ਜੋ ਦੇਖਿਆ, ਉਹ ਬਿਲਕੁਲ ਉਸੇ ਵਰਗਾ ਸੀ ਜੋ ਮੈਂ ਕਿਬਾਰ ਦਰਿਆ ਦੇ ਨੇੜੇ ਦੇਖਿਆ ਸੀ।+ ਫਿਰ ਮੈਂ ਗੋਡਿਆਂ ਭਾਰ ਬੈਠ ਕੇ ਜ਼ਮੀਨ ʼਤੇ ਸਿਰ ਨਿਵਾਇਆ।
4 ਫਿਰ ਪੂਰਬੀ ਦਰਵਾਜ਼ੇ ਵੱਲੋਂ ਯਹੋਵਾਹ ਦੀ ਮਹਿਮਾ ਮੰਦਰ* ਵਿਚ ਆਈ।+ 5 ਇਕ ਸ਼ਕਤੀ ਮੈਨੂੰ ਚੁੱਕ ਕੇ ਅੰਦਰਲੇ ਵਿਹੜੇ ਵਿਚ ਲੈ ਆਈ। ਮੈਂ ਦੇਖਿਆ ਕਿ ਮੰਦਰ ਯਹੋਵਾਹ ਦੀ ਮਹਿਮਾ ਨਾਲ ਭਰ ਗਿਆ ਸੀ।+ 6 ਮੰਦਰ ਵਿਚ ਇਕ ਆਦਮੀ ਸੀ ਜੋ ਮੇਰੇ ਨਾਲ ਗੱਲ ਕਰ ਰਿਹਾ ਸੀ ਅਤੇ ਉਹ ਆਦਮੀ ਮੇਰੇ ਕੋਲ ਆ ਕੇ ਖੜ੍ਹਾ ਹੋ ਗਿਆ।+ 7 ਉਸ ਨੇ ਮੈਨੂੰ ਕਿਹਾ:
“ਹੇ ਮਨੁੱਖ ਦੇ ਪੁੱਤਰ, ਇਹ ਮੇਰੇ ਸਿੰਘਾਸਣ ਦੀ ਥਾਂ+ ਅਤੇ ਪੈਰ ਰੱਖਣ ਦੀ ਚੌਂਕੀ ਹੈ+ ਜਿੱਥੇ ਮੈਂ ਹਮੇਸ਼ਾ ਇਜ਼ਰਾਈਲੀਆਂ ਵਿਚ ਵੱਸਾਂਗਾ।+ ਇਜ਼ਰਾਈਲ ਦੇ ਘਰਾਣੇ ਦੇ ਲੋਕ ਅਤੇ ਉਨ੍ਹਾਂ ਦੇ ਰਾਜੇ ਹਰਾਮਕਾਰੀ* ਕਰ ਕੇ ਅਤੇ ਆਪਣੇ ਮਰੇ ਹੋਏ ਰਾਜਿਆਂ* ਦੀਆਂ ਲਾਸ਼ਾਂ ਨਾਲ ਅੱਗੇ ਤੋਂ ਮੇਰੇ ਪਵਿੱਤਰ ਨਾਂ ਨੂੰ ਪਲੀਤ ਨਹੀਂ ਕਰਨਗੇ।+ 8 ਉਨ੍ਹਾਂ ਨੇ ਮੇਰੀ ਦਹਿਲੀਜ਼ ਦੇ ਨਾਲ ਆਪਣੀਆਂ ਦਹਿਲੀਜ਼ਾਂ ਅਤੇ ਮੇਰੀ ਚੁਗਾਠ ਦੇ ਨਾਲ ਆਪਣੀਆਂ ਚੁਗਾਠਾਂ ਖੜ੍ਹੀਆਂ ਕੀਤੀਆਂ। ਮੇਰੇ ਅਤੇ ਉਨ੍ਹਾਂ ਦੇ ਵਿਚਕਾਰ ਸਿਰਫ਼ ਇਕ ਕੰਧ ਸੀ।+ ਉਨ੍ਹਾਂ ਨੇ ਘਿਣਾਉਣੇ ਕੰਮ ਕਰ ਕੇ ਮੇਰੇ ਪਵਿੱਤਰ ਨਾਂ ਨੂੰ ਪਲੀਤ ਕੀਤਾ ਜਿਸ ਕਰਕੇ ਮੈਂ ਉਨ੍ਹਾਂ ਨੂੰ ਗੁੱਸੇ ਵਿਚ ਆ ਕੇ ਖ਼ਤਮ ਕਰ ਦਿੱਤਾ।+ 9 ਇਸ ਲਈ ਹੁਣ ਉਹ ਆਪਣੇ ਹਰਾਮਕਾਰੀ ਦੇ ਕੰਮਾਂ ਅਤੇ ਆਪਣੇ ਮਰੇ ਹੋਏ ਰਾਜਿਆਂ ਦੀਆਂ ਲਾਸ਼ਾਂ ਨੂੰ ਮੇਰੇ ਤੋਂ ਦੂਰ ਕਰਨ। ਫਿਰ ਮੈਂ ਹਮੇਸ਼ਾ ਉਨ੍ਹਾਂ ਵਿਚ ਵੱਸਾਂਗਾ।+
10 “ਪਰ ਹੇ ਮਨੁੱਖ ਦੇ ਪੁੱਤਰ, ਤੂੰ ਇਜ਼ਰਾਈਲ ਦੇ ਘਰਾਣੇ ਨੂੰ ਮੰਦਰ ਬਾਰੇ ਇਕ-ਇਕ ਗੱਲ ਦੱਸ+ ਤਾਂਕਿ ਉਹ ਆਪਣੇ ਗੁਨਾਹਾਂ ਕਰਕੇ ਸ਼ਰਮਿੰਦੇ ਹੋਣ।+ ਉਹ ਮੰਦਰ ਦੇ ਨਮੂਨੇ ਦੀ ਜਾਂਚ ਕਰਨ।* 11 ਜੇ ਉਹ ਆਪਣੇ ਸਾਰੇ ਕੰਮਾਂ ਕਰ ਕੇ ਸ਼ਰਮਿੰਦੇ ਹੋਣ, ਤਾਂ ਤੂੰ ਉਨ੍ਹਾਂ ਨੂੰ ਮੰਦਰ ਦੇ ਨਮੂਨੇ, ਇਸ ਦੇ ਨਕਸ਼ੇ, ਇਸ ਦੇ ਬਾਹਰਲੇ ਦਰਵਾਜ਼ਿਆਂ ਅਤੇ ਇਸ ਦੇ ਲਾਂਘਿਆਂ ਬਾਰੇ ਦੱਸੀਂ।+ ਉਨ੍ਹਾਂ ਨੂੰ ਇਸ ਦੇ ਨਮੂਨੇ ਅਤੇ ਨਿਯਮ ਅਤੇ ਇਸ ਦੇ ਨਮੂਨੇ ਤੇ ਕਾਨੂੰਨ ਦਿਖਾ। ਤੂੰ ਉਨ੍ਹਾਂ ਦੇ ਸਾਮ੍ਹਣੇ ਇਹ ਸਾਰੀਆਂ ਗੱਲਾਂ ਲਿਖ ਲੈ ਤਾਂਕਿ ਉਹ ਇਸ ਦੇ ਨਮੂਨੇ ʼਤੇ ਗੌਰ ਕਰਨ ਅਤੇ ਇਸ ਦੇ ਨਿਯਮਾਂ ਦੀ ਪਾਲਣਾ ਕਰਨ।+ 12 ਇਹ ਮੰਦਰ ਦਾ ਕਾਨੂੰਨ ਹੈ: ਪਹਾੜ ਦੀ ਚੋਟੀ ʼਤੇ ਸਾਰਾ ਇਲਾਕਾ ਅੱਤ ਪਵਿੱਤਰ ਹੈ।+ ਦੇਖ! ਇਹੀ ਮੰਦਰ ਦਾ ਕਾਨੂੰਨ ਹੈ।
13 “ਵੇਦੀ ਦਾ ਨਾਪ ਹੱਥਾਂ ਦੀ ਮਿਣਤੀ ਅਨੁਸਾਰ ਲਿਆ ਗਿਆ ਹੈ।+ (ਹਰ ਹੱਥ ਨਾਲ ਚੱਪਾ ਕੁ ਲੰਬਾਈ ਜੋੜੀ ਗਈ ਸੀ)* ਇਸ ਦਾ ਥੱਲਾ ਇਕ ਹੱਥ ਉੱਚਾ ਹੈ ਅਤੇ ਇਹ ਉੱਪਰ ਵਾਲੇ ਛੋਟੇ ਹਿੱਸੇ ਨਾਲੋਂ ਇਕ ਹੱਥ ਚੌੜਾ ਹੈ। ਥੱਲੇ ਦੇ ਚਾਰੇ ਪਾਸੇ ਇਕ ਗਿੱਠ* ਉੱਚੀ ਬਨੇਰੀ ਬਣੀ ਹੋਈ ਹੈ। ਇਹ ਵੇਦੀ ਦਾ ਥੱਲਾ ਹੈ। 14 ਵੇਦੀ ਦੇ ਥੱਲੇ ਤੋਂ ਉੱਪਰ ਵਾਲਾ ਛੋਟਾ ਹਿੱਸਾ ਦੋ ਹੱਥ ਉੱਚਾ ਹੈ ਅਤੇ ਇਹ ਹਿੱਸਾ ਉੱਪਰ ਵਾਲੇ ਵੱਡੇ ਹਿੱਸੇ ਨਾਲੋਂ ਇਕ ਹੱਥ ਚੌੜਾ ਹੈ। ਵੱਡਾ ਹਿੱਸਾ ਚਾਰ ਹੱਥ ਉੱਚਾ ਹੈ ਅਤੇ ਇਹ ਹਿੱਸਾ ਸਭ ਤੋਂ ਉੱਪਰ ਵਾਲੇ ਹਿੱਸੇ ਨਾਲੋਂ ਇਕ ਹੱਥ ਚੌੜਾ ਹੈ। 15 ਸਭ ਤੋਂ ਉੱਪਰਲੇ ਹਿੱਸੇ ʼਤੇ ਚਾਰ ਹੱਥ ਉੱਚੀ ਭੱਠੀ ਹੈ ਅਤੇ ਇਸ ਦੇ ਕੋਨਿਆਂ ʼਤੇ ਉੱਪਰ ਨੂੰ ਚਾਰ ਸਿੰਗ ਬਣੇ ਹੋਏ ਹਨ।+ 16 ਵੇਦੀ ਦੀ ਭੱਠੀ ਚੌਰਸ ਹੈ ਅਤੇ ਇਸ ਦੀ ਲੰਬਾਈ 12 ਹੱਥ ਅਤੇ ਚੁੜਾਈ 12 ਹੱਥ ਹੈ।+ 17 ਵੱਡੇ ਹਿੱਸੇ ਦੀ ਲੰਬਾਈ 14 ਹੱਥ ਅਤੇ ਚੁੜਾਈ 14 ਹੱਥ ਹੈ ਅਤੇ ਇਸ ਦੇ ਚਾਰੇ ਪਾਸੇ ਦੀ ਬਨੇਰੀ ਅੱਧਾ ਕੁ ਹੱਥ ਉੱਚੀ ਹੈ। ਇਸ ਦਾ ਥੱਲਾ ਚਾਰੇ ਪਾਸਿਓਂ ਇਕ ਹੱਥ ਬਾਹਰ ਨਿਕਲਿਆ ਹੋਇਆ ਹੈ।
“ਅਤੇ ਵੇਦੀ ਦੀਆਂ ਪੌੜੀਆਂ ਪੂਰਬ ਵੱਲ ਹਨ।”
18 ਫਿਰ ਉਸ ਆਦਮੀ ਨੇ ਮੈਨੂੰ ਕਿਹਾ: “ਹੇ ਮਨੁੱਖ ਦੇ ਪੁੱਤਰ, ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: ‘ਵੇਦੀ ਨੂੰ ਬਣਾਉਣ ਵੇਲੇ ਇਨ੍ਹਾਂ ਹਿਦਾਇਤਾਂ ਨੂੰ ਮੰਨਿਆ ਜਾਵੇ ਤਾਂਕਿ ਹੋਮ-ਬਲ਼ੀਆਂ ਚੜ੍ਹਾਈਆਂ ਜਾਣ ਅਤੇ ਵੇਦੀ ਉੱਤੇ ਖ਼ੂਨ ਛਿੜਕਿਆ ਜਾਵੇ।’+
19 “‘ਤੂੰ ਪਾਪ-ਬਲ਼ੀ ਲਈ ਇੱਜੜ ਵਿੱਚੋਂ ਇਕ ਜਵਾਨ ਬਲਦ ਲਈਂ+ ਅਤੇ ਸਾਦੋਕ ਦੇ ਪਰਿਵਾਰ ਦੇ ਲੇਵੀ ਪੁਜਾਰੀਆਂ ਨੂੰ ਦੇਈਂ+ ਜਿਹੜੇ ਮੇਰੇ ਹਜ਼ੂਰ ਆ ਕੇ ਮੇਰੀ ਸੇਵਾ ਕਰਦੇ ਹਨ,’ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ। 20 ‘ਤੂੰ ਇਸ ਦਾ ਥੋੜ੍ਹਾ ਜਿਹਾ ਖ਼ੂਨ ਲੈ ਕੇ ਵੇਦੀ ਦੇ ਚਾਰੇ ਸਿੰਗਾਂ, ਵੱਡੇ ਹਿੱਸੇ ਦੇ ਚਾਰੇ ਕੋਨਿਆਂ ਅਤੇ ਚਾਰੇ ਪਾਸੇ ਦੀ ਬਨੇਰੀ ਉੱਤੇ ਲਾਈਂ ਤਾਂਕਿ ਵੇਦੀ ਪਾਪ ਤੋਂ ਸ਼ੁੱਧ ਹੋ ਜਾਵੇ।+ 21 ਫਿਰ ਤੂੰ ਪਾਪ-ਬਲ਼ੀ ਦੇ ਜਵਾਨ ਬਲਦ ਨੂੰ ਪਵਿੱਤਰ ਸਥਾਨ ਤੋਂ ਬਾਹਰ ਮੰਦਰ ਵਿਚ ਠਹਿਰਾਈ ਹੋਈ ਜਗ੍ਹਾ ʼਤੇ ਸਾੜ ਦੇਈਂ।+ 22 ਦੂਸਰੇ ਦਿਨ ਤੂੰ ਪਾਪ-ਬਲ਼ੀ ਲਈ ਇਕ ਬਿਨਾਂ ਨੁਕਸ ਵਾਲਾ ਬੱਕਰਾ ਲਈਂ ਅਤੇ ਪੁਜਾਰੀ ਵੇਦੀ ਨੂੰ ਪਾਪ ਤੋਂ ਸ਼ੁੱਧ ਕਰਨਗੇ, ਠੀਕ ਜਿਵੇਂ ਉਨ੍ਹਾਂ ਨੇ ਜਵਾਨ ਬਲਦ ਦੇ ਖ਼ੂਨ ਨਾਲ ਵੇਦੀ ਨੂੰ ਸ਼ੁੱਧ ਕੀਤਾ ਸੀ।’
23 “‘ਵੇਦੀ ਨੂੰ ਪਾਪ ਤੋਂ ਸ਼ੁੱਧ ਕਰਨ ਤੋਂ ਬਾਅਦ ਤੂੰ ਇੱਜੜ ਵਿੱਚੋਂ ਬਿਨਾਂ ਨੁਕਸ ਵਾਲਾ ਇਕ ਜਵਾਨ ਬਲਦ ਅਤੇ ਬਿਨਾਂ ਨੁਕਸ ਵਾਲਾ ਇਕ ਭੇਡੂ ਚੜ੍ਹਾਈਂ। 24 ਤੂੰ ਉਨ੍ਹਾਂ ਨੂੰ ਯਹੋਵਾਹ ਦੇ ਅੱਗੇ ਲਿਆਈਂ ਅਤੇ ਪੁਜਾਰੀ ਉਨ੍ਹਾਂ ʼਤੇ ਲੂਣ ਛਿੜਕਣਗੇ+ ਅਤੇ ਉਨ੍ਹਾਂ ਨੂੰ ਯਹੋਵਾਹ ਅੱਗੇ ਹੋਮ-ਬਲ਼ੀ ਵਜੋਂ ਚੜ੍ਹਾਉਣਗੇ। 25 ਤੂੰ ਰੋਜ਼ ਸੱਤ ਦਿਨ ਪਾਪ-ਬਲ਼ੀ ਲਈ ਇਕ ਬੱਕਰਾ, ਇੱਜੜ ਵਿੱਚੋਂ ਇਕ ਜਵਾਨ ਬਲਦ ਅਤੇ ਇਕ ਭੇਡੂ ਚੜ੍ਹਾਈਂ; ਤੂੰ ਬਿਨਾਂ ਨੁਕਸ ਵਾਲੇ* ਜਾਨਵਰ ਚੜ੍ਹਾਈਂ।+ 26 ਉਹ ਉਦਘਾਟਨ ਵਾਸਤੇ ਸੱਤ ਦਿਨ ਵੇਦੀ ਨੂੰ ਪਾਪ ਤੋਂ ਸ਼ੁੱਧ ਕਰਨ। 27 ਜਦ ਇਹ ਦਿਨ ਪੂਰੇ ਹੋ ਜਾਣ, ਤਾਂ ਅੱਠਵੇਂ ਦਿਨ+ ਅਤੇ ਇਸ ਤੋਂ ਬਾਅਦ ਪੁਜਾਰੀ ਵੇਦੀ ʼਤੇ ਤੁਹਾਡੀਆਂ* ਹੋਮ-ਬਲ਼ੀਆਂ ਅਤੇ ਸ਼ਾਂਤੀ-ਬਲ਼ੀਆਂ ਚੜ੍ਹਾਉਣਗੇ ਅਤੇ ਮੈਨੂੰ ਤੁਹਾਡੇ ਤੋਂ ਖ਼ੁਸ਼ੀ ਹੋਵੇਗੀ,’+ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ।”
44 ਉਹ ਮੈਨੂੰ ਪਵਿੱਤਰ ਸਥਾਨ ਦੇ ਬਾਹਰਲੇ ਦਰਵਾਜ਼ੇ ਕੋਲ ਵਾਪਸ ਲੈ ਆਇਆ ਜੋ ਪੂਰਬ ਵੱਲ ਸੀ+ ਅਤੇ ਇਹ ਦਰਵਾਜ਼ਾ ਬੰਦ ਸੀ।+ 2 ਫਿਰ ਯਹੋਵਾਹ ਨੇ ਮੈਨੂੰ ਕਿਹਾ: “ਇਹ ਦਰਵਾਜ਼ਾ ਬੰਦ ਰਹੇਗਾ। ਇਹ ਖੋਲ੍ਹਿਆ ਨਹੀਂ ਜਾਵੇਗਾ ਅਤੇ ਕੋਈ ਵੀ ਇਨਸਾਨ ਇਸ ਰਾਹੀਂ ਅੰਦਰ ਨਹੀਂ ਆਵੇਗਾ ਕਿਉਂਕਿ ਇਜ਼ਰਾਈਲ ਦਾ ਪਰਮੇਸ਼ੁਰ ਯਹੋਵਾਹ ਇਸ ਰਾਹੀਂ ਅੰਦਰ ਆਇਆ ਹੈ+ ਜਿਸ ਕਰਕੇ ਇਸ ਨੂੰ ਬੰਦ ਰੱਖਿਆ ਜਾਵੇ। 3 ਪਰ ਮੁਖੀ ਇਸ ਦਰਵਾਜ਼ੇ ਅੰਦਰ ਬੈਠ ਕੇ ਯਹੋਵਾਹ ਸਾਮ੍ਹਣੇ ਰੋਟੀ ਖਾਵੇਗਾ+ ਕਿਉਂਕਿ ਉਹ ਮੁਖੀ ਹੈ। ਉਹ ਦਰਵਾਜ਼ੇ ਦੀ ਦਲਾਨ ਵਿਚ ਆਵੇਗਾ ਅਤੇ ਇੱਥੋਂ ਹੀ ਬਾਹਰ ਜਾਵੇਗਾ।”+
4 ਫਿਰ ਉਹ ਮੈਨੂੰ ਉੱਤਰੀ ਦਰਵਾਜ਼ੇ ਰਾਹੀਂ ਮੰਦਰ ਦੇ ਸਾਮ੍ਹਣੇ ਲੈ ਆਇਆ। ਮੈਂ ਦੇਖਿਆ ਕਿ ਯਹੋਵਾਹ ਦਾ ਮੰਦਰ ਯਹੋਵਾਹ ਦੀ ਮਹਿਮਾ ਨਾਲ ਭਰਿਆ ਹੋਇਆ ਸੀ।+ ਇਸ ਲਈ ਮੈਂ ਗੋਡਿਆਂ ਭਾਰ ਬੈਠ ਕੇ ਜ਼ਮੀਨ ʼਤੇ ਸਿਰ ਨਿਵਾਇਆ।+ 5 ਫਿਰ ਯਹੋਵਾਹ ਨੇ ਮੈਨੂੰ ਕਿਹਾ: “ਹੇ ਮਨੁੱਖ ਦੇ ਪੁੱਤਰ, ਮੈਂ ਤੈਨੂੰ ਯਹੋਵਾਹ ਦੇ ਮੰਦਰ ਬਾਰੇ ਜੋ ਵੀ ਨਿਯਮ ਅਤੇ ਕਾਨੂੰਨ ਦੱਸ ਰਿਹਾ ਹਾਂ, ਤੂੰ ਉਨ੍ਹਾਂ ਵੱਲ ਧਿਆਨ ਦੇ,* ਉਨ੍ਹਾਂ ਨੂੰ ਧਿਆਨ ਨਾਲ ਦੇਖ ਅਤੇ ਸੁਣ। ਮੰਦਰ ਦੇ ਦਰਵਾਜ਼ੇ ਅਤੇ ਪਵਿੱਤਰ ਸਥਾਨ ਦੇ ਸਾਰੇ ਬਾਹਰਲੇ ਦਰਵਾਜ਼ਿਆਂ ਨੂੰ ਧਿਆਨ ਨਾਲ ਦੇਖ।+ 6 ਤੂੰ ਇਜ਼ਰਾਈਲ ਦੇ ਬਾਗ਼ੀ ਘਰਾਣੇ ਨੂੰ ਕਹੀਂ, ‘ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: “ਹੇ ਇਜ਼ਰਾਈਲ ਦੇ ਘਰਾਣੇ ਦੇ ਲੋਕੋ, ਬੱਸ! ਬਹੁਤ ਹੋ ਗਏ ਤੁਹਾਡੇ ਘਿਣਾਉਣੇ ਕੰਮ! 7 ਤੁਸੀਂ ਮੇਰੇ ਪਵਿੱਤਰ ਸਥਾਨ ਵਿਚ ਪਰਦੇਸੀਆਂ ਨੂੰ ਲਿਆਉਂਦੇ ਹੋ ਜਿਨ੍ਹਾਂ ਦੇ ਦਿਲ ਅਤੇ ਸਰੀਰ ਬੇਸੁੰਨਤੇ ਹਨ। ਉਹ ਮੇਰੇ ਮੰਦਰ ਨੂੰ ਪਲੀਤ ਕਰਦੇ ਹਨ। ਇਕ ਪਾਸੇ ਤਾਂ ਤੁਸੀਂ ਮੈਨੂੰ ਰੋਟੀ, ਚਰਬੀ ਅਤੇ ਖ਼ੂਨ ਚੜ੍ਹਾਉਂਦੇ ਹੋ, ਪਰ ਦੂਜੇ ਪਾਸੇ ਤੁਸੀਂ ਘਿਣਾਉਣੇ ਕੰਮ ਕਰ ਕੇ ਮੇਰੇ ਇਕਰਾਰ ਨੂੰ ਤੋੜ ਰਹੇ ਹੋ। 8 ਤੁਸੀਂ ਮੇਰੀਆਂ ਪਵਿੱਤਰ ਚੀਜ਼ਾਂ ਦੀ ਸਾਂਭ-ਸੰਭਾਲ ਨਹੀਂ ਕਰਦੇ,+ ਸਗੋਂ ਤੁਸੀਂ ਮੇਰੇ ਪਵਿੱਤਰ ਸਥਾਨ ਦੀਆਂ ਜ਼ਿੰਮੇਵਾਰੀਆਂ ਦੂਜਿਆਂ ਨੂੰ ਸੌਂਪਦੇ ਹੋ।”’
9 “‘ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: “ਇਜ਼ਰਾਈਲ ਵਿਚ ਰਹਿੰਦਾ ਕੋਈ ਵੀ ਪਰਦੇਸੀ ਜਿਸ ਦਾ ਦਿਲ ਅਤੇ ਸਰੀਰ ਬੇਸੁੰਨਤਾ ਹੈ, ਮੇਰੇ ਪਵਿੱਤਰ ਸਥਾਨ ਅੰਦਰ ਨਹੀਂ ਵੜ ਸਕਦਾ।”’
10 “‘ਜਦ ਇਜ਼ਰਾਈਲ ਆਪਣੀਆਂ ਘਿਣਾਉਣੀਆਂ ਮੂਰਤਾਂ* ਦੇ ਪਿੱਛੇ ਲੱਗ ਕੇ ਮੇਰੇ ਤੋਂ ਦੂਰ ਹੋ ਗਿਆ ਸੀ, ਉਦੋਂ ਲੇਵੀ ਵੀ ਮੇਰੇ ਤੋਂ ਦੂਰ ਹੋ ਗਏ ਸਨ,+ ਇਸ ਲਈ ਲੇਵੀਆਂ ਨੂੰ ਆਪਣੇ ਗੁਨਾਹਾਂ ਦਾ ਅੰਜਾਮ ਭੁਗਤਣਾ ਪਵੇਗਾ। 11 ਫਿਰ ਉਹ ਮੇਰੇ ਪਵਿੱਤਰ ਸਥਾਨ ਵਿਚ ਸੇਵਕਾਂ ਵਜੋਂ ਮੰਦਰ ਦੇ ਦਰਵਾਜ਼ਿਆਂ ਦੀ ਨਿਗਰਾਨੀ ਕਰਨਗੇ+ ਅਤੇ ਮੰਦਰ ਵਿਚ ਸੇਵਾ ਕਰਨਗੇ। ਉਹ ਲੋਕਾਂ ਲਈ ਹੋਮ-ਬਲ਼ੀਆਂ ਅਤੇ ਹੋਰ ਬਲ਼ੀਆਂ ਦੇ ਜਾਨਵਰਾਂ ਨੂੰ ਵੱਢਣਗੇ ਅਤੇ ਲੋਕਾਂ ਦੇ ਸਾਮ੍ਹਣੇ ਖੜ੍ਹੇ ਹੋ ਕੇ ਉਨ੍ਹਾਂ ਦੀ ਸੇਵਾ ਕਰਨਗੇ। 12 ਉਨ੍ਹਾਂ ਨੇ ਲੋਕਾਂ ਦੀ ਉਨ੍ਹਾਂ ਦੀਆਂ ਘਿਣਾਉਣੀਆਂ ਮੂਰਤਾਂ ਦੇ ਸਾਮ੍ਹਣੇ ਸੇਵਾ ਕੀਤੀ ਅਤੇ ਉਹ ਇਜ਼ਰਾਈਲ ਦੇ ਘਰਾਣੇ ਲਈ ਠੋਕਰ ਦਾ ਪੱਥਰ ਬਣੇ ਜਿਸ ਕਰਕੇ ਉਨ੍ਹਾਂ ਨੇ ਪਾਪ ਕੀਤਾ।+ ਇਸੇ ਕਰਕੇ ਮੈਂ ਆਪਣਾ ਹੱਥ ਚੁੱਕ ਕੇ ਉਨ੍ਹਾਂ ਦੇ ਖ਼ਿਲਾਫ਼ ਸਹੁੰ ਖਾਧੀ ਕਿ ਉਨ੍ਹਾਂ ਨੂੰ ਆਪਣੇ ਗੁਨਾਹਾਂ ਦਾ ਅੰਜਾਮ ਭੁਗਤਣਾ ਹੀ ਪਵੇਗਾ,’ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ। 13 ਉਹ ਪੁਜਾਰੀਆਂ ਵਜੋਂ ਮੇਰੇ ਹਜ਼ੂਰ ਆ ਕੇ ਮੇਰੀ ਸੇਵਾ ਨਹੀਂ ਕਰਨਗੇ ਜਾਂ ਮੇਰੀਆਂ ਪਵਿੱਤਰ ਤੇ ਅੱਤ ਪਵਿੱਤਰ ਚੀਜ਼ਾਂ ਦੇ ਨੇੜੇ ਨਹੀਂ ਆਉਣਗੇ। ਉਨ੍ਹਾਂ ਨੂੰ ਆਪਣੇ ਘਿਣਾਉਣੇ ਕੰਮਾਂ ਕਰਕੇ ਬੇਇੱਜ਼ਤੀ ਸਹਿਣੀ ਪਵੇਗੀ। 14 ਪਰ ਮੈਂ ਉਨ੍ਹਾਂ ਨੂੰ ਮੰਦਰ ਵਿਚ ਜ਼ਿੰਮੇਵਾਰੀਆਂ ਦਿਆਂਗਾ ਤਾਂਕਿ ਉਹ ਉੱਥੇ ਸੇਵਾ ਦੇ ਸਾਰੇ ਕੰਮ ਕਰਨ।’+
15 “‘ਜਦੋਂ ਇਜ਼ਰਾਈਲੀ ਮੇਰੇ ਤੋਂ ਦੂਰ ਹੋ ਗਏ ਸਨ, ਉਦੋਂ ਲੇਵੀ ਪੁਜਾਰੀਆਂ ਵਜੋਂ ਸੇਵਾ ਕਰ ਰਹੇ ਸਾਦੋਕ ਦੇ ਪੁੱਤਰਾਂ+ ਨੇ ਮੇਰੇ ਪਵਿੱਤਰ ਸਥਾਨ ਵਿਚ ਜ਼ਿੰਮੇਵਾਰੀਆਂ ਸੰਭਾਲੀਆਂ ਸਨ।+ ਉਹ ਮੇਰੇ ਹਜ਼ੂਰ ਆ ਕੇ ਮੇਰੀ ਸੇਵਾ ਕਰਨਗੇ ਅਤੇ ਮੇਰੇ ਸਾਮ੍ਹਣੇ ਖੜ੍ਹ ਕੇ ਮੈਨੂੰ ਚਰਬੀ ਅਤੇ ਖ਼ੂਨ ਚੜ੍ਹਾਉਣਗੇ,’+ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ। 16 ‘ਉਹੀ ਮੇਰੇ ਪਵਿੱਤਰ ਸਥਾਨ ਅੰਦਰ ਵੜਨਗੇ ਅਤੇ ਮੇਰੇ ਮੇਜ਼* ਕੋਲ ਆ ਕੇ ਮੇਰੀ ਸੇਵਾ ਕਰਨਗੇ+ ਅਤੇ ਮੇਰੇ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣਗੇ।+
17 “‘ਜਦ ਉਹ ਅੰਦਰਲੇ ਵਿਹੜੇ ਦੇ ਦਰਵਾਜ਼ਿਆਂ ਵਿਚ ਆਉਣ, ਤਾਂ ਉਨ੍ਹਾਂ ਨੇ ਮਲਮਲ ਦੇ ਕੱਪੜੇ ਪਾਏ ਹੋਣ।+ ਜਦ ਉਹ ਅੰਦਰਲੇ ਵਿਹੜੇ ਦੇ ਦਰਵਾਜ਼ਿਆਂ ਵਿਚ ਆਉਣ ਜਾਂ ਸੇਵਾ ਕਰਨ ਲਈ ਅੰਦਰ ਆਉਣ, ਤਾਂ ਉਹ ਉੱਨ ਦੇ ਕੱਪੜੇ ਨਾ ਪਾ ਕੇ ਆਉਣ। 18 ਉਨ੍ਹਾਂ ਨੇ ਆਪਣੇ ਸਿਰਾਂ ʼਤੇ ਮਲਮਲ ਦੀਆਂ ਪਗੜੀਆਂ ਬੰਨ੍ਹੀਆਂ ਹੋਣ ਅਤੇ ਮਲਮਲ ਦੇ ਕਛਹਿਰੇ ਪਾਏ ਹੋਣ।+ ਉਹ ਅਜਿਹੇ ਕੱਪੜੇ ਨਾ ਪਾਉਣ ਜਿਨ੍ਹਾਂ ਕਰਕੇ ਉਨ੍ਹਾਂ ਨੂੰ ਪਸੀਨਾ ਆਵੇ। 19 ਜਦੋਂ ਉਹ ਬਾਹਰਲੇ ਵਿਹੜੇ ਵਿਚ ਜਾਣ ਜਿੱਥੇ ਲੋਕ ਹੁੰਦੇ ਹਨ, ਤਾਂ ਉਹ ਆਪਣੇ ਸੇਵਾ ਵਾਲੇ ਕੱਪੜੇ ਲਾਹ ਕੇ+ ਰੋਟੀ ਖਾਣ ਵਾਲੇ ਪਵਿੱਤਰ ਕਮਰਿਆਂ* ਵਿਚ ਰੱਖ ਦੇਣ।+ ਫਿਰ ਉਹ ਹੋਰ ਕੱਪੜੇ ਪਾ ਕੇ ਬਾਹਰਲੇ ਵਿਹੜੇ ਵਿਚ ਜਾਣ ਤਾਂਕਿ ਉਨ੍ਹਾਂ ਦੇ ਪਵਿੱਤਰ ਕੱਪੜਿਆਂ ਨਾਲ ਦੂਜੇ ਲੋਕ ਪਵਿੱਤਰ ਨਾ ਹੋ ਜਾਣ। 20 ਉਹ ਆਪਣੇ ਸਿਰ ਨਾ ਮੁਨਾਉਣ+ ਅਤੇ ਆਪਣੇ ਵਾਲ਼ ਲੰਬੇ ਨਾ ਕਰਨ। ਉਹ ਆਪਣੇ ਸਿਰ ਦੇ ਵਾਲ਼ ਕਟਵਾਉਣ। 21 ਪੁਜਾਰੀ ਦਾਖਰਸ ਪੀ ਕੇ ਅੰਦਰਲੇ ਵਿਹੜੇ ਵਿਚ ਨਾ ਆਉਣ।+ 22 ਉਹ ਕਿਸੇ ਵਿਧਵਾ ਜਾਂ ਤਲਾਕਸ਼ੁਦਾ ਤੀਵੀਂ ਨਾਲ ਵਿਆਹ ਨਾ ਕਰਾਉਣ,+ ਪਰ ਉਹ ਇਜ਼ਰਾਈਲ ਦੇ ਲੋਕਾਂ ਵਿੱਚੋਂ ਕਿਸੇ ਕੁਆਰੀ ਕੁੜੀ ਜਾਂ ਕਿਸੇ ਪੁਜਾਰੀ ਦੀ ਵਿਧਵਾ ਨਾਲ ਵਿਆਹ ਕਰਾ ਸਕਦੇ ਹਨ।’+
23 “‘ਉਹ ਮੇਰੇ ਲੋਕਾਂ ਨੂੰ ਪਵਿੱਤਰ ਤੇ ਆਮ ਚੀਜ਼ਾਂ ਵਿਚ ਅਤੇ ਸ਼ੁੱਧ ਤੇ ਅਸ਼ੁੱਧ ਚੀਜ਼ਾਂ ਵਿਚ ਫ਼ਰਕ ਕਰਨਾ ਸਿਖਾਉਣ।+ 24 ਉਹ ਨਿਆਂਕਾਰਾਂ ਵਜੋਂ ਮੁਕੱਦਮਿਆਂ ਦੀ ਸੁਣਵਾਈ ਕਰਨ+ ਅਤੇ ਮੇਰੇ ਕਾਨੂੰਨਾਂ ਮੁਤਾਬਕ ਨਿਆਂ ਕਰਨ।+ ਉਹ ਮੇਰੇ ਸਾਰੇ ਤਿਉਹਾਰਾਂ ਬਾਰੇ ਮੇਰੇ ਕਾਨੂੰਨ ਅਤੇ ਨਿਯਮ ਮੰਨਣ+ ਅਤੇ ਮੇਰੇ ਸਬਤਾਂ ਨੂੰ ਪਵਿੱਤਰ ਮੰਨਣ। 25 ਉਹ ਕਿਸੇ ਮਰੇ ਹੋਏ ਇਨਸਾਨ ਦੇ ਨੇੜੇ ਨਾ ਜਾਣ, ਨਹੀਂ ਤਾਂ ਉਹ ਅਸ਼ੁੱਧ ਹੋ ਜਾਣਗੇ। ਪਰ ਉਹ ਆਪਣੇ ਮਾਂ-ਪਿਉ, ਧੀ-ਪੁੱਤਰ, ਭਰਾ ਜਾਂ ਕੁਆਰੀ ਭੈਣ ਦੀ ਮੌਤ ਵੇਲੇ ਅਸ਼ੁੱਧ ਹੋ ਸਕਦੇ ਹਨ।+ 26 ਪੁਜਾਰੀ ਸ਼ੁੱਧ ਹੋਣ ਤੋਂ ਬਾਅਦ ਸੱਤ ਦਿਨ ਇੰਤਜ਼ਾਰ ਕਰੇ। 27 ਜਿਸ ਦਿਨ ਉਹ ਪਵਿੱਤਰ ਸਥਾਨ ਵਿਚ ਸੇਵਾ ਕਰਨ ਲਈ ਅੰਦਰਲੇ ਵਿਹੜੇ ਵਿਚ ਆਵੇ, ਤਾਂ ਉਹ ਆਪਣੇ ਲਈ ਪਾਪ-ਬਲ਼ੀ ਚੜ੍ਹਾਵੇ,’+ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ।
28 “‘ਇਹ ਉਨ੍ਹਾਂ ਦੀ ਵਿਰਾਸਤ ਹੋਵੇਗੀ: ਮੈਂ ਉਨ੍ਹਾਂ ਦੀ ਵਿਰਾਸਤ ਹਾਂ।+ ਤੁਸੀਂ ਉਨ੍ਹਾਂ ਨੂੰ ਇਜ਼ਰਾਈਲ ਵਿਚ ਕੋਈ ਜ਼ਮੀਨ ਨਹੀਂ ਦੇਣੀ ਕਿਉਂਕਿ ਮੈਂ ਉਨ੍ਹਾਂ ਦੀ ਵਿਰਾਸਤ ਹਾਂ। 29 ਉਹੀ ਅਨਾਜ ਦਾ ਚੜ੍ਹਾਵਾ, ਪਾਪ-ਬਲ਼ੀ ਅਤੇ ਦੋਸ਼-ਬਲ਼ੀ ਖਾਣਗੇ।+ ਇਜ਼ਰਾਈਲ ਵਿਚ ਹਰ ਅਰਪਿਤ ਚੀਜ਼ ਉਨ੍ਹਾਂ ਦੀ ਹੋਵੇਗੀ।+ 30 ਤੁਹਾਡੀ ਹਰ ਫ਼ਸਲ ਦਾ ਪਹਿਲਾ ਅਤੇ ਉੱਤਮ ਫਲ ਅਤੇ ਹਰ ਤਰ੍ਹਾਂ ਦਾ ਦਾਨ ਪੁਜਾਰੀਆਂ ਦਾ ਹੋਵੇਗਾ।+ ਤੁਸੀਂ ਆਪਣੀ ਫ਼ਸਲ ਦੇ ਪਹਿਲੇ ਦਾਣਿਆਂ ਦਾ ਮੋਟਾ ਆਟਾ ਪੁਜਾਰੀਆਂ ਨੂੰ ਦੇਣਾ।+ ਇਸ ਨਾਲ ਤੁਹਾਡੇ ਘਰਾਣਿਆਂ ʼਤੇ ਬਰਕਤ ਰਹੇਗੀ।+ 31 ਪੁਜਾਰੀ ਅਜਿਹੇ ਕਿਸੇ ਵੀ ਪੰਛੀ ਜਾਂ ਜਾਨਵਰ ਦਾ ਮਾਸ ਨਾ ਖਾਣ ਜੋ ਮਰਿਆ ਪਿਆ ਹੋਵੇ ਜਾਂ ਜਿਸ ਨੂੰ ਜੰਗਲੀ ਜਾਨਵਰਾਂ ਨੇ ਮਾਰਿਆ ਹੋਵੇ।’+
45 “‘ਜਦ ਤੁਸੀਂ ਦੇਸ਼ ਦੀ ਜ਼ਮੀਨ ਦੀ ਵੰਡ ਕਰ ਕੇ ਇਜ਼ਰਾਈਲੀਆਂ ਨੂੰ ਵਿਰਾਸਤ ਵਜੋਂ ਦਿਓਗੇ,+ ਤਾਂ ਤੁਸੀਂ ਦੇਸ਼ ਦੀ ਜ਼ਮੀਨ ਦਾ ਕੁਝ ਹਿੱਸਾ ਯਹੋਵਾਹ ਨੂੰ ਦਾਨ ਵਜੋਂ ਦੇਣਾ ਜੋ ਕਿ ਪਵਿੱਤਰ ਹੋਵੇਗਾ।+ ਇਸ ਦੀ ਲੰਬਾਈ 25,000 ਹੱਥ ਅਤੇ ਚੁੜਾਈ 10,000 ਹੱਥ* ਹੋਣੀ ਚਾਹੀਦੀ ਹੈ।+ ਇਹ ਸਾਰਾ ਇਲਾਕਾ ਪਵਿੱਤਰ ਹੋਵੇਗਾ। 2 ਇਸ ਹਿੱਸੇ ਵਿਚ ਜ਼ਮੀਨ ਦਾ ਇਕ ਚੌਰਸ ਟੁਕੜਾ ਪਵਿੱਤਰ ਸਥਾਨ ਲਈ ਹੋਵੇਗਾ ਜਿਸ ਦੀ ਲੰਬਾਈ 500 ਹੱਥ ਅਤੇ ਚੁੜਾਈ 500* ਹੱਥ ਹੋਵੇਗੀ।+ ਪਵਿੱਤਰ ਸਥਾਨ ਦੇ ਚਾਰੇ ਪਾਸੇ 50-50 ਹੱਥ ਚੌੜੀਆਂ ਚਰਾਂਦਾਂ ਹੋਣਗੀਆਂ।+ 3 ਇਸ ਹਿੱਸੇ ਵਿੱਚੋਂ ਤੁਸੀਂ 25,000 ਲੰਬੀ ਅਤੇ 10,000 ਚੌੜੀ ਜਗ੍ਹਾ ਮਿਣਿਓ ਅਤੇ ਇਸ ਦੇ ਅੰਦਰ ਮੰਦਰ ਹੋਵੇਗਾ ਜੋ ਅੱਤ ਪਵਿੱਤਰ ਹੋਵੇਗਾ। 4 ਜ਼ਮੀਨ ਦਾ ਇਹ ਪਵਿੱਤਰ ਹਿੱਸਾ ਪੁਜਾਰੀਆਂ ਲਈ ਹੋਵੇਗਾ+ ਜੋ ਸੇਵਕਾਂ ਵਜੋਂ ਯਹੋਵਾਹ ਦੇ ਹਜ਼ੂਰ ਆ ਕੇ ਪਵਿੱਤਰ ਸਥਾਨ ਵਿਚ ਸੇਵਾ ਕਰਦੇ ਹਨ।+ ਇਹ ਜਗ੍ਹਾ ਉਨ੍ਹਾਂ ਦੇ ਘਰਾਂ ਅਤੇ ਮੰਦਰ ਦੇ ਪਵਿੱਤਰ ਸਥਾਨ ਲਈ ਹੋਵੇਗੀ।
5 “‘ਜ਼ਮੀਨ ਦਾ ਇਕ ਟੁਕੜਾ ਮੰਦਰ ਵਿਚ ਸੇਵਾ ਕਰਦੇ ਲੇਵੀਆਂ ਲਈ ਹੋਵੇਗਾ ਜੋ 25,000 ਹੱਥ ਲੰਬਾ ਅਤੇ 10,000 ਹੱਥ ਚੌੜਾ ਹੋਵੇਗਾ+ ਅਤੇ ਰੋਟੀ ਖਾਣ ਵਾਲੇ 20 ਕਮਰੇ*+ ਉਨ੍ਹਾਂ ਦੇ ਹੋਣਗੇ।
6 “‘ਤੁਸੀਂ ਸ਼ਹਿਰ ਦੇ ਲਈ ਜ਼ਮੀਨ ਦੇਣੀ ਜਿਸ ਦੀ ਲੰਬਾਈ 25,000 ਹੱਥ (ਇਹ ਜ਼ਮੀਨ ਪਵਿੱਤਰ ਹਿੱਸੇ ਦੇ ਬਰਾਬਰ ਹੋਵੇ) ਅਤੇ ਚੁੜਾਈ 5,000 ਹੱਥ ਹੋਵੇਗੀ।+ ਇਹ ਜ਼ਮੀਨ ਇਜ਼ਰਾਈਲ ਦੇ ਸਾਰੇ ਘਰਾਣੇ ਦੀ ਹੋਵੇਗੀ।
7 “‘ਪਵਿੱਤਰ ਹਿੱਸੇ ਵਿਚ ਸ਼ਹਿਰ ਦੀ ਜ਼ਮੀਨ ਦੇ ਦੋਵੇਂ ਪਾਸਿਆਂ ʼਤੇ ਮੁਖੀ ਲਈ ਜ਼ਮੀਨ ਹੋਵੇਗੀ। ਉਸ ਦੀ ਜ਼ਮੀਨ ਪਵਿੱਤਰ ਹਿੱਸੇ ਅਤੇ ਸ਼ਹਿਰ ਦੀ ਜ਼ਮੀਨ ਦੇ ਨਾਲ ਹੋਵੇਗੀ। ਇਹ ਪੱਛਮੀ ਅਤੇ ਪੂਰਬੀ ਪਾਸੇ ਹੋਵੇਗੀ। ਇਸ ਦੀ ਲੰਬਾਈ ਪੱਛਮੀ ਸਰਹੱਦ ਤੋਂ ਲੈ ਕੇ ਪੂਰਬੀ ਸਰਹੱਦ ਤਕ ਹੋਵੇਗੀ ਅਤੇ ਇਸ ਦੇ ਨਾਲ ਲੱਗਦੇ ਗੋਤਾਂ ਦੇ ਹਿੱਸਿਆਂ ਦੇ ਬਰਾਬਰ ਹੋਵੇਗੀ।+ 8 ਇਹ ਜ਼ਮੀਨ ਇਜ਼ਰਾਈਲ ਵਿਚ ਉਸ ਨੂੰ ਵਿਰਾਸਤ ਵਜੋਂ ਮਿਲੇਗੀ। ਮੇਰੇ ਮੁਖੀ ਅੱਗੇ ਤੋਂ ਮੇਰੇ ਲੋਕਾਂ ਨਾਲ ਬਦਸਲੂਕੀ ਨਹੀਂ ਕਰਨਗੇ+ ਅਤੇ ਉਹ ਇਜ਼ਰਾਈਲ ਦੇ ਘਰਾਣੇ ਨੂੰ ਉਨ੍ਹਾਂ ਦੇ ਗੋਤਾਂ ਦੇ ਮੁਤਾਬਕ ਜ਼ਮੀਨ ਵੰਡਣਗੇ।’+
9 “ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: ‘ਹੇ ਇਜ਼ਰਾਈਲ ਦੇ ਮੁਖੀਓ, ਬੱਸ! ਬਹੁਤ ਹੋ ਗਿਆ।’
“‘ਖ਼ੂਨ-ਖ਼ਰਾਬਾ ਅਤੇ ਅਤਿਆਚਾਰ ਕਰਨਾ ਬੰਦ ਕਰੋ ਅਤੇ ਸਹੀ ਕੰਮ ਕਰੋ ਅਤੇ ਨਿਆਂ ਮੁਤਾਬਕ ਚੱਲੋ।+ ਮੇਰੇ ਲੋਕਾਂ ਦੀ ਜਾਇਦਾਦ ʼਤੇ ਕਬਜ਼ਾ ਕਰਨਾ ਬੰਦ ਕਰੋ,’+ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ। 10 ‘ਤੁਸੀਂ ਸਹੀ ਤੱਕੜੀ, ਸੁੱਕੇ ਪਦਾਰਥ ਮਾਪਣ ਲਈ ਸਹੀ ਏਫਾ* ਅਤੇ ਤਰਲ ਪਦਾਰਥ ਮਾਪਣ ਲਈ ਸਹੀ ਬਥ* ਵਰਤੋ।+ 11 ਏਫਾ ਅਤੇ ਬਥ ਤੈਅ ਕੀਤੇ ਗਏ ਮਾਪ ਦੇ ਬਰਾਬਰ ਹੋਣੇ ਚਾਹੀਦੇ ਹਨ। ਬਥ ਹੋਮਰ* ਦਾ ਦਸਵਾਂ ਹਿੱਸਾ ਹੋਵੇ ਅਤੇ ਏਫਾ ਵੀ ਹੋਮਰ ਦਾ ਦਸਵਾਂ ਹਿੱਸਾ ਹੋਵੇ। ਹੋਮਰ ਦੇ ਹਿਸਾਬ ਨਾਲ ਇਨ੍ਹਾਂ ਦੋਵਾਂ ਦਾ ਮਾਪ ਤੈਅ ਕੀਤਾ ਜਾਵੇਗਾ। 12 ਇਕ ਸ਼ੇਕੇਲ+ 20 ਗੀਰਾਹ ਦੇ ਬਰਾਬਰ ਹੋਵੇ। 20 ਸ਼ੇਕੇਲ ਜਮ੍ਹਾ 25 ਸ਼ੇਕੇਲ ਜਮ੍ਹਾ 15 ਸ਼ੇਕੇਲ ਇਕ ਮਾਨਹ* ਹੋਣਗੇ।’
13 “‘ਤੁਹਾਨੂੰ ਇਹ ਚੀਜ਼ਾਂ ਦਾਨ ਦੇਣੀਆਂ ਚਾਹੀਦੀਆਂ ਹਨ: ਤੁਸੀਂ ਇਕ ਹੋਮਰ ਕਣਕ ਵਿੱਚੋਂ ਏਫਾ ਦਾ ਛੇਵਾਂ ਹਿੱਸਾ ਅਤੇ ਇਕ ਹੋਮਰ ਜੌਂ ਵਿੱਚੋਂ ਏਫਾ ਦਾ ਛੇਵਾਂ ਹਿੱਸਾ ਚੜ੍ਹਾਉਣਾ। 14 ਤੇਲ ਦੀ ਮਾਤਰਾ ਬਥ ਦੇ ਮਾਪ ਮੁਤਾਬਕ ਦਿੱਤੀ ਜਾਣੀ ਚਾਹੀਦੀ ਹੈ। ਇਕ ਬਥ ਇਕ ਕੋਰ* ਦਾ ਦਸਵਾਂ ਹਿੱਸਾ ਹੈ ਅਤੇ ਦਸ ਬਥ ਇਕ ਹੋਮਰ ਹੈ ਕਿਉਂਕਿ ਦਸ ਬਥ ਇਕ ਹੋਮਰ ਦੇ ਬਰਾਬਰ ਹਨ। 15 ਇਜ਼ਰਾਈਲ ਦੇ ਪਾਲਤੂ ਜਾਨਵਰਾਂ ਵਿੱਚੋਂ ਹਰ 200 ਭੇਡਾਂ ਵਿੱਚੋਂ ਇਕ ਭੇਡ ਦਾਨ ਕੀਤੀ ਜਾਵੇ। ਲੋਕਾਂ ਦੇ ਪਾਪ ਮਿਟਾਉਣ ਲਈ+ ਇਹ ਅਨਾਜ ਦੇ ਚੜ੍ਹਾਵੇ,+ ਹੋਮ-ਬਲ਼ੀਆਂ+ ਅਤੇ ਸ਼ਾਂਤੀ-ਬਲ਼ੀਆਂ+ ਚੜ੍ਹਾਈਆਂ ਜਾਣ,’ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ।
16 “‘ਦੇਸ਼ ਦੇ ਸਾਰੇ ਲੋਕ ਇਜ਼ਰਾਈਲ ਦੇ ਮੁਖੀ ਨੂੰ ਇਹ ਦਾਨ ਦੇਣਗੇ।+ 17 ਪਰ ਮੁਖੀ ਦੀ ਜ਼ਿੰਮੇਵਾਰੀ ਹੋਵੇਗੀ ਕਿ ਤਿਉਹਾਰਾਂ,+ ਮੱਸਿਆ, ਸਬਤਾਂ+ ਅਤੇ ਇਜ਼ਰਾਈਲ ਦੇ ਘਰਾਣੇ ਲਈ ਠਹਿਰਾਏ ਗਏ ਤਿਉਹਾਰਾਂ ਦੌਰਾਨ+ ਉਹ ਹੋਮ-ਬਲ਼ੀਆਂ,+ ਅਨਾਜ ਦੇ ਚੜ੍ਹਾਵੇ+ ਅਤੇ ਪੀਣ ਦੀਆਂ ਭੇਟਾਂ ਦੇਵੇ। ਇਜ਼ਰਾਈਲ ਦੇ ਘਰਾਣੇ ਦੇ ਪਾਪ ਮਿਟਾਉਣ ਲਈ ਉਹੀ ਪਾਪ-ਬਲ਼ੀਆਂ, ਅਨਾਜ ਦੇ ਚੜ੍ਹਾਵੇ, ਹੋਮ-ਬਲ਼ੀਆਂ ਅਤੇ ਸ਼ਾਂਤੀ-ਬਲ਼ੀਆਂ ਦੇਵੇਗਾ।’
18 “ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: ‘ਤੂੰ ਪਹਿਲੇ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਇੱਜੜ ਵਿੱਚੋਂ ਬਿਨਾਂ ਨੁਕਸ ਵਾਲਾ ਇਕ ਜਵਾਨ ਬਲਦ ਲਈਂ ਅਤੇ ਪਵਿੱਤਰ ਸਥਾਨ ਨੂੰ ਪਾਪ ਤੋਂ ਸ਼ੁੱਧ ਕਰੀਂ।+ 19 ਪੁਜਾਰੀ ਪਾਪ-ਬਲ਼ੀ ਦਾ ਥੋੜ੍ਹਾ ਜਿਹਾ ਖ਼ੂਨ ਲੈ ਕੇ ਮੰਦਰ ਦੀ ਚੁਗਾਠ,+ ਵੇਦੀ ਦੇ ਵੱਡੇ ਹਿੱਸੇ ਦੇ ਚਾਰੇ ਕੋਨਿਆਂ ਅਤੇ ਅੰਦਰਲੇ ਵਿਹੜੇ ਦੇ ਦਰਵਾਜ਼ੇ ਦੀ ਚੁਗਾਠ ʼਤੇ ਲਾਵੇਗਾ। 20 ਤੂੰ ਮਹੀਨੇ ਦੀ 7 ਤਾਰੀਖ਼ ਨੂੰ ਉਸ ਇਨਸਾਨ ਲਈ ਇਸੇ ਤਰ੍ਹਾਂ ਕਰੀਂ ਜਿਸ ਕੋਲੋਂ ਗ਼ਲਤੀ ਨਾਲ ਜਾਂ ਅਣਜਾਣੇ ਵਿਚ ਪਾਪ ਹੋ ਜਾਂਦਾ ਹੈ।+ ਤੁਸੀਂ ਮੰਦਰ ਨੂੰ ਪਾਪ ਤੋਂ ਸ਼ੁੱਧ ਕਰਨਾ।+
21 “‘ਪਹਿਲੇ ਮਹੀਨੇ ਦੀ 14 ਤਾਰੀਖ਼ ਨੂੰ ਤੁਸੀਂ ਪਸਾਹ ਦਾ ਤਿਉਹਾਰ ਮਨਾਉਣਾ।+ ਤੁਸੀਂ ਸੱਤ ਦਿਨ ਬੇਖਮੀਰੀ ਰੋਟੀ ਖਾਣੀ।+ 22 ਉਸ ਦਿਨ ਮੁਖੀ ਆਪਣੇ ਲਈ ਅਤੇ ਦੇਸ਼ ਦੇ ਸਾਰੇ ਲੋਕਾਂ ਲਈ ਪਾਪ-ਬਲ਼ੀ ਵਾਸਤੇ ਇਕ ਜਵਾਨ ਬਲਦ ਦੇਵੇਗਾ।+ 23 ਤਿਉਹਾਰ ਦੇ ਸੱਤੇ ਦਿਨ ਹਰ ਰੋਜ਼ ਯਹੋਵਾਹ ਅੱਗੇ ਬਿਨਾਂ ਨੁਕਸ ਵਾਲੇ ਸੱਤ ਜਵਾਨ ਬਲਦ ਅਤੇ ਸੱਤ ਭੇਡੂ ਹੋਮ-ਬਲ਼ੀ ਵਜੋਂ ਅਤੇ ਇਕ ਬੱਕਰਾ ਪਾਪ-ਬਲ਼ੀ ਵਜੋਂ ਚੜ੍ਹਾਇਆ ਜਾਵੇਗਾ।+ ਮੁਖੀ ਇਹ ਸਾਰੇ ਜਾਨਵਰ ਦੇਵੇਗਾ। 24 ਉਹ ਹਰ ਜਵਾਨ ਬਲਦ ਅਤੇ ਹਰ ਭੇਡੂ ਦੇ ਨਾਲ ਇਕ-ਇਕ ਏਫਾ ਅਨਾਜ ਦਾ ਚੜ੍ਹਾਵਾ ਅਤੇ ਹਰ ਏਫਾ ਅਨਾਜ ਦੇ ਚੜ੍ਹਾਵੇ ਨਾਲ ਇਕ ਹੀਨ* ਤੇਲ ਦੇਵੇਗਾ।
25 “‘ਸੱਤਵੇਂ ਮਹੀਨੇ ਦੀ 15 ਤਾਰੀਖ਼ ਤੋਂ ਤਿਉਹਾਰ ਦੇ ਸੱਤੇ ਦਿਨ+ ਉਹ ਇਸੇ ਤਰ੍ਹਾਂ ਪਾਪ-ਬਲ਼ੀਆਂ, ਹੋਮ-ਬਲ਼ੀਆਂ, ਅਨਾਜ ਦੇ ਚੜ੍ਹਾਵੇ ਅਤੇ ਤੇਲ ਦੇਵੇਗਾ।’”
46 “ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: ‘ਅੰਦਰਲੇ ਵਿਹੜੇ ਦਾ ਪੂਰਬੀ ਦਰਵਾਜ਼ਾ+ ਕੰਮ-ਕਾਜ ਦੇ ਛੇ ਦਿਨਾਂ ਦੌਰਾਨ+ ਬੰਦ ਰੱਖਿਆ ਜਾਵੇ,+ ਪਰ ਸਬਤ ਅਤੇ ਮੱਸਿਆ ਦੇ ਦਿਨ ਇਹ ਖੋਲ੍ਹਿਆ ਜਾਵੇ। 2 ਮੁਖੀ ਬਾਹਰਲੇ ਵਿਹੜੇ ਤੋਂ ਪੂਰਬੀ ਦਰਵਾਜ਼ੇ ਦੀ ਦਲਾਨ ਵਿਚ ਆਵੇਗਾ+ ਅਤੇ ਦਰਵਾਜ਼ੇ ਦੀ ਚੁਗਾਠ ਕੋਲ ਖੜ੍ਹਾ ਹੋਵੇਗਾ। ਪੁਜਾਰੀ ਉਸ ਦੁਆਰਾ ਲਿਆਂਦੀ ਹੋਮ-ਬਲ਼ੀ ਅਤੇ ਸ਼ਾਂਤੀ-ਬਲ਼ੀਆਂ ਚੜ੍ਹਾਉਣਗੇ ਅਤੇ ਉਹ ਦਰਵਾਜ਼ੇ ਦੀ ਦਹਿਲੀਜ਼ ʼਤੇ ਗੋਡਿਆਂ ਭਾਰ ਬੈਠ ਕੇ ਸਿਰ ਨਿਵਾਏਗਾ ਅਤੇ ਫਿਰ ਬਾਹਰ ਚਲਾ ਜਾਵੇਗਾ। ਪਰ ਦਰਵਾਜ਼ਾ ਸ਼ਾਮ ਤਕ ਬੰਦ ਨਹੀਂ ਕੀਤਾ ਜਾਣਾ ਚਾਹੀਦਾ। 3 ਸਬਤਾਂ ਅਤੇ ਮੱਸਿਆ ਦੇ ਦਿਨਾਂ ਦੌਰਾਨ ਦੇਸ਼ ਦੇ ਲੋਕ ਇਸ ਦਰਵਾਜ਼ੇ ਦੇ ਲਾਂਘੇ ਕੋਲ ਯਹੋਵਾਹ ਦੇ ਸਾਮ੍ਹਣੇ ਗੋਡਿਆਂ ਭਾਰ ਬੈਠ ਕੇ ਸਿਰ ਨਿਵਾਉਣਗੇ।+
4 “‘ਮੁਖੀ ਸਬਤ ਦੇ ਦਿਨ ਯਹੋਵਾਹ ਅੱਗੇ ਹੋਮ-ਬਲ਼ੀ ਵਜੋਂ ਬਿਨਾਂ ਨੁਕਸ ਵਾਲੇ ਛੇ ਲੇਲੇ ਅਤੇ ਬਿਨਾਂ ਨੁਕਸ ਵਾਲਾ ਇਕ ਭੇਡੂ ਚੜ੍ਹਾਵੇਗਾ।+ 5 ਉਹ ਭੇਡੂ ਦੇ ਨਾਲ ਇਕ ਏਫਾ* ਅਨਾਜ ਦਾ ਚੜ੍ਹਾਵਾ ਅਤੇ ਲੇਲਿਆਂ ਦੇ ਨਾਲ ਉੱਨਾ ਅਨਾਜ ਦਾ ਚੜ੍ਹਾਵਾ ਦੇਵੇ ਜਿੰਨਾ ਉਹ ਦੇ ਸਕਦਾ ਹੈ। ਨਾਲੇ ਹਰ ਏਫਾ ਦੇ ਨਾਲ ਇਕ ਹੀਨ* ਤੇਲ ਦੇਵੇ।+ 6 ਉਹ ਮੱਸਿਆ ਦੇ ਦਿਨ ਇੱਜੜ ਵਿੱਚੋਂ ਬਿਨਾਂ ਨੁਕਸ ਵਾਲਾ ਇਕ ਜਵਾਨ ਬਲਦ, ਛੇ ਲੇਲੇ ਅਤੇ ਇਕ ਭੇਡੂ ਚੜ੍ਹਾਵੇਗਾ। ਇਨ੍ਹਾਂ ਸਾਰੇ ਜਾਨਵਰਾਂ ਵਿਚ ਕੋਈ ਨੁਕਸ ਨਹੀਂ ਹੋਣਾ ਚਾਹੀਦਾ।+ 7 ਉਸ ਨੂੰ ਜਵਾਨ ਬਲਦ ਅਤੇ ਭੇਡੂ ਦੇ ਨਾਲ ਇਕ-ਇਕ ਏਫਾ ਅਨਾਜ ਦਾ ਚੜ੍ਹਾਵਾ ਚੜ੍ਹਾਉਣਾ ਚਾਹੀਦਾ ਹੈ ਅਤੇ ਉਹ ਲੇਲਿਆਂ ਦੇ ਨਾਲ ਉੱਨਾ ਅਨਾਜ ਦਾ ਚੜ੍ਹਾਵਾ ਦੇਵੇ ਜਿੰਨਾ ਉਹ ਦੇ ਸਕਦਾ ਹੈ। ਨਾਲੇ ਉਹ ਹਰ ਏਫਾ ਦੇ ਨਾਲ ਇਕ ਹੀਨ ਤੇਲ ਦੇਵੇ।
8 “‘ਜਦ ਮੁਖੀ ਦਰਵਾਜ਼ੇ ਦੇ ਅੰਦਰ ਆਉਂਦਾ ਹੈ, ਤਾਂ ਉਸ ਨੂੰ ਦਰਵਾਜ਼ੇ ਦੀ ਦਲਾਨ ਵਿਚ ਆਉਣਾ ਚਾਹੀਦਾ ਹੈ ਅਤੇ ਇੱਥੋਂ ਹੀ ਬਾਹਰ ਜਾਣਾ ਚਾਹੀਦਾ ਹੈ।+ 9 ਜਦ ਤਿਉਹਾਰਾਂ ਦੌਰਾਨ ਦੇਸ਼ ਦੇ ਲੋਕ ਯਹੋਵਾਹ ਦੇ ਅੱਗੇ ਭਗਤੀ ਕਰਨ ਆਉਂਦੇ ਹਨ,+ ਤਾਂ ਜਿਹੜੇ ਉੱਤਰੀ ਦਰਵਾਜ਼ੇ+ ਰਾਹੀਂ ਅੰਦਰ ਆਉਂਦੇ ਹਨ, ਉਹ ਦੱਖਣੀ ਦਰਵਾਜ਼ੇ+ ਰਾਹੀਂ ਬਾਹਰ ਜਾਣ। ਦੱਖਣੀ ਦਰਵਾਜ਼ੇ ਰਾਹੀਂ ਆਉਣ ਵਾਲੇ ਲੋਕ ਉੱਤਰੀ ਦਰਵਾਜ਼ੇ ਰਾਹੀਂ ਬਾਹਰ ਜਾਣ। ਕਿਸੇ ਨੂੰ ਵੀ ਉਸੇ ਦਰਵਾਜ਼ੇ ਥਾਣੀਂ ਬਾਹਰ ਨਹੀਂ ਜਾਣਾ ਚਾਹੀਦਾ ਜਿਸ ਥਾਣੀਂ ਉਹ ਅੰਦਰ ਆਇਆ ਸੀ। ਜਿਸ ਦਰਵਾਜ਼ੇ ਥਾਣੀਂ ਉਹ ਅੰਦਰ ਆਇਆ ਸੀ, ਉਹ ਉਸ ਦੇ ਬਿਲਕੁਲ ਸਾਮ੍ਹਣੇ ਵਾਲੇ ਦਰਵਾਜ਼ੇ ਥਾਣੀਂ ਬਾਹਰ ਜਾਵੇ। 10 ਉਨ੍ਹਾਂ ਦੇ ਵਿਚਕਾਰ ਜਿਹੜਾ ਮੁਖੀ ਹੈ, ਉਹ ਲੋਕਾਂ ਦੇ ਨਾਲ ਹੀ ਅੰਦਰ ਆਵੇਗਾ ਅਤੇ ਉਨ੍ਹਾਂ ਦੇ ਨਾਲ ਹੀ ਬਾਹਰ ਜਾਵੇਗਾ। 11 ਤਿਉਹਾਰਾਂ ਅਤੇ ਹੋਰ ਦਿਨ-ਤਿਉਹਾਰਾਂ ਦੌਰਾਨ ਉਸ ਨੂੰ ਜਵਾਨ ਬਲਦ ਅਤੇ ਭੇਡੂ ਦੇ ਨਾਲ ਇਕ-ਇਕ ਏਫਾ ਅਨਾਜ ਦਾ ਚੜ੍ਹਾਵਾ ਚੜ੍ਹਾਉਣਾ ਚਾਹੀਦਾ ਹੈ ਅਤੇ ਉਹ ਲੇਲਿਆਂ ਦੇ ਨਾਲ ਉੱਨਾ ਅਨਾਜ ਦਾ ਚੜ੍ਹਾਵਾ ਦੇਵੇ ਜਿੰਨਾ ਉਹ ਦੇ ਸਕਦਾ ਹੈ। ਨਾਲੇ ਉਹ ਹਰ ਏਫਾ ਦੇ ਨਾਲ ਇਕ ਹੀਨ ਤੇਲ ਦੇਵੇ।+
12 “‘ਜੇ ਮੁਖੀ ਯਹੋਵਾਹ ਦੇ ਅੱਗੇ ਇੱਛਾ-ਬਲ਼ੀ ਦੇ ਤੌਰ ਤੇ ਹੋਮ-ਬਲ਼ੀ+ ਜਾਂ ਸ਼ਾਂਤੀ-ਬਲ਼ੀਆਂ ਦਿੰਦਾ ਹੈ, ਤਾਂ ਉਸ ਦੇ ਲਈ ਪੂਰਬੀ ਦਰਵਾਜ਼ਾ ਖੋਲ੍ਹਿਆ ਜਾਵੇਗਾ। ਉਹ ਉਸੇ ਤਰ੍ਹਾਂ ਹੋਮ-ਬਲ਼ੀ ਅਤੇ ਸ਼ਾਂਤੀ-ਬਲ਼ੀਆਂ ਦੇਵੇਗਾ ਜਿਵੇਂ ਉਹ ਸਬਤ ਦੇ ਦਿਨ ਦਿੰਦਾ ਹੈ।+ ਉਸ ਦੇ ਜਾਣ ਤੋਂ ਬਾਅਦ ਪੂਰਬੀ ਦਰਵਾਜ਼ਾ ਬੰਦ ਕਰ ਦਿੱਤਾ ਜਾਵੇ।+
13 “‘ਯਹੋਵਾਹ ਅੱਗੇ ਹਰ ਰੋਜ਼ ਹੋਮ-ਬਲ਼ੀ ਲਈ ਇਕ ਸਾਲ ਦਾ ਲੇਲਾ ਚੜ੍ਹਾਇਆ ਜਾਵੇ ਜਿਸ ਵਿਚ ਕੋਈ ਨੁਕਸ ਨਾ ਹੋਵੇ।+ ਇਸ ਤਰ੍ਹਾਂ ਰੋਜ਼ ਸਵੇਰੇ ਕੀਤਾ ਜਾਣਾ ਚਾਹੀਦਾ ਹੈ। 14 ਰੋਜ਼ ਸਵੇਰੇ ਇਸ ਹੋਮ-ਬਲ਼ੀ ਦੇ ਨਾਲ ਇਕ ਏਫਾ ਅਨਾਜ ਦੇ ਚੜ੍ਹਾਵੇ ਦਾ ਛੇਵਾਂ ਹਿੱਸਾ ਅਤੇ ਮੈਦੇ ਉੱਤੇ ਛਿੜਕਣ ਲਈ ਇਕ-ਤਿਹਾਈ ਹੀਨ ਤੇਲ ਦਿੱਤਾ ਜਾਵੇ। ਇਹ ਯਹੋਵਾਹ ਦੇ ਅੱਗੇ ਬਾਕਾਇਦਾ ਚੜ੍ਹਾਇਆ ਜਾਣ ਵਾਲਾ ਅਨਾਜ ਦਾ ਚੜ੍ਹਾਵਾ ਹੈ। ਇਸ ਨਿਯਮ ਦੀ ਹਮੇਸ਼ਾ ਪਾਲਣਾ ਕੀਤੀ ਜਾਵੇ। 15 ਉਨ੍ਹਾਂ ਨੂੰ ਰੋਜ਼ ਸਵੇਰੇ ਬਾਕਾਇਦਾ ਹੋਮ-ਬਲ਼ੀ ਲਈ ਲੇਲਾ, ਅਨਾਜ ਦਾ ਚੜ੍ਹਾਵਾ ਅਤੇ ਤੇਲ ਦੇਣਾ ਚਾਹੀਦਾ ਹੈ।’
16 “ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: ‘ਜੇ ਮੁਖੀ ਆਪਣੇ ਹਰੇਕ ਪੁੱਤਰ ਨੂੰ ਤੋਹਫ਼ੇ ਵਿਚ ਜ਼ਮੀਨ ਵਿਰਾਸਤ ਵਜੋਂ ਦਿੰਦਾ ਹੈ, ਤਾਂ ਇਹ ਜ਼ਮੀਨ ਉਸ ਦੇ ਪੁੱਤਰਾਂ ਦੀ ਹੋ ਜਾਵੇਗੀ। ਵਿਰਾਸਤ ਵਿਚ ਮਿਲੀ ਜ਼ਮੀਨ ਉਨ੍ਹਾਂ ਦੀ ਜਾਇਦਾਦ ਬਣ ਜਾਵੇਗੀ। 17 ਜੇ ਮੁਖੀ ਆਪਣੀ ਵਿਰਾਸਤ ਵਿੱਚੋਂ ਕੁਝ ਜ਼ਮੀਨ ਤੋਹਫ਼ੇ ਵਜੋਂ ਆਪਣੇ ਕਿਸੇ ਨੌਕਰ ਨੂੰ ਦਿੰਦਾ ਹੈ, ਤਾਂ ਉਹ ਜ਼ਮੀਨ ਆਜ਼ਾਦੀ ਦੇ ਸਾਲ ਤਕ ਨੌਕਰ ਕੋਲ ਰਹੇਗੀ।+ ਇਸ ਤੋਂ ਬਾਅਦ ਉਹ ਜ਼ਮੀਨ ਮੁਖੀ ਨੂੰ ਵਾਪਸ ਮਿਲ ਜਾਵੇਗੀ। ਪਰ ਜਿਹੜੀ ਜ਼ਮੀਨ ਉਸ ਨੇ ਵਿਰਾਸਤ ਵਿਚ ਆਪਣੇ ਪੁੱਤਰਾਂ ਨੂੰ ਦਿੱਤੀ ਹੈ, ਉਹ ਹਮੇਸ਼ਾ ਲਈ ਉਨ੍ਹਾਂ ਦੀ ਹੋ ਜਾਵੇਗੀ। 18 ਮੁਖੀ ਲੋਕਾਂ ਵਿੱਚੋਂ ਕਿਸੇ ਦੀ ਜ਼ਮੀਨ ਜ਼ਬਰਦਸਤੀ ਖੋਹ ਨਹੀਂ ਸਕਦਾ ਜੋ ਉਨ੍ਹਾਂ ਦੀ ਵਿਰਾਸਤ ਹੈ। ਉਸ ਨੂੰ ਆਪਣੀ ਜਾਇਦਾਦ ਵਿੱਚੋਂ ਜ਼ਮੀਨ ਆਪਣੇ ਪੁੱਤਰਾਂ ਨੂੰ ਵਿਰਾਸਤ ਵਿਚ ਦੇਣੀ ਚਾਹੀਦੀ ਹੈ ਤਾਂਕਿ ਮੇਰੇ ਲੋਕਾਂ ਵਿੱਚੋਂ ਕਿਸੇ ਨੂੰ ਵੀ ਉਸ ਦੀ ਜ਼ਮੀਨ ਤੋਂ ਜ਼ਬਰਦਸਤੀ ਨਾ ਕੱਢਿਆ ਜਾਵੇ।’”
19 ਫਿਰ ਉਹ ਮੈਨੂੰ ਉਸ ਦਰਵਾਜ਼ੇ ਦੇ ਨਾਲ ਲੱਗਦੇ ਲਾਂਘੇ ਰਾਹੀਂ ਅੰਦਰ ਲੈ ਆਇਆ+ ਜੋ ਉੱਤਰ ਵਾਲੇ ਪਾਸੇ ਪੁਜਾਰੀਆਂ ਦੇ ਰੋਟੀ ਖਾਣ ਵਾਲੇ ਪਵਿੱਤਰ ਕਮਰਿਆਂ* ਵੱਲ ਸੀ।+ ਅਤੇ ਉੱਥੇ ਪੱਛਮ ਵੱਲ ਪਿਛਲੇ ਪਾਸੇ ਮੈਂ ਇਕ ਜਗ੍ਹਾ ਦੇਖੀ। 20 ਫਿਰ ਉਸ ਨੇ ਮੈਨੂੰ ਕਿਹਾ: “ਇਸ ਜਗ੍ਹਾ ਪੁਜਾਰੀ ਦੋਸ਼-ਬਲ਼ੀ ਅਤੇ ਪਾਪ-ਬਲ਼ੀ ਦਾ ਮਾਸ ਉਬਾਲਣਗੇ ਅਤੇ ਅਨਾਜ ਦਾ ਚੜ੍ਹਾਵਾ ਪਕਾਉਣਗੇ+ ਤਾਂਕਿ ਉਹ ਬਾਹਰਲੇ ਵਿਹੜੇ ਵਿਚ ਕੁਝ ਵੀ ਲਿਜਾ ਕੇ ਇਸ ਨਾਲ ਲੋਕਾਂ ਨੂੰ ਪਵਿੱਤਰ ਨਾ ਕਰ ਦੇਣ।”+
21 ਫਿਰ ਉਹ ਮੈਨੂੰ ਬਾਹਰਲੇ ਵਿਹੜੇ ਵਿਚ ਲੈ ਗਿਆ ਅਤੇ ਉਸ ਨੇ ਮੈਨੂੰ ਵਿਹੜੇ ਦੇ ਚਾਰੇ ਕੋਨੇ ਦਿਖਾਏ ਅਤੇ ਮੈਂ ਬਾਹਰਲੇ ਵਿਹੜੇ ਦੇ ਹਰ ਕੋਨੇ ਵਿਚ ਇਕ ਹੋਰ ਵਿਹੜਾ ਦੇਖਿਆ। 22 ਵਿਹੜੇ ਦੇ ਚਾਰੇ ਕੋਨਿਆਂ ʼਤੇ ਛੋਟੇ-ਛੋਟੇ ਵਿਹੜੇ ਸਨ ਜਿਨ੍ਹਾਂ ਦੀ ਲੰਬਾਈ 40 ਹੱਥ* ਅਤੇ ਚੁੜਾਈ 30 ਹੱਥ ਸੀ। ਉਨ੍ਹਾਂ ਸਾਰਿਆਂ ਦਾ ਆਕਾਰ ਇੱਕੋ ਜਿਹਾ ਸੀ। 23 ਇਨ੍ਹਾਂ ਚਾਰੇ ਵਿਹੜਿਆਂ ਦੇ ਆਲੇ-ਦੁਆਲੇ ਛੋਟੀਆਂ ਥੜ੍ਹੀਆਂ ਸਨ ਜਿਨ੍ਹਾਂ ਦੇ ਥੱਲੇ ਬਲ਼ੀਆਂ ਦਾ ਮਾਸ ਉਬਾਲਣ ਲਈ ਜਗ੍ਹਾ ਬਣੀ ਹੋਈ ਸੀ। 24 ਫਿਰ ਉਸ ਨੇ ਮੈਨੂੰ ਕਿਹਾ: “ਮੰਦਰ ਦੇ ਸੇਵਕ ਇਨ੍ਹਾਂ ਥਾਵਾਂ ʼਤੇ ਲੋਕਾਂ ਵੱਲੋਂ ਲਿਆਂਦੀਆਂ ਬਲ਼ੀਆਂ ਦਾ ਮਾਸ ਉਬਾਲਦੇ ਹਨ।”+
47 ਫਿਰ ਉਹ ਮੈਨੂੰ ਦੁਬਾਰਾ ਮੰਦਰ ਦੇ ਲਾਂਘੇ ਕੋਲ ਲੈ ਆਇਆ+ ਅਤੇ ਉੱਥੇ ਮੈਂ ਦੇਖਿਆ ਕਿ ਮੰਦਰ ਦੀ ਦਹਿਲੀਜ਼ ਦੇ ਹੇਠੋਂ ਪਾਣੀ ਦਾ ਇਕ ਚਸ਼ਮਾ ਪੂਰਬ ਵੱਲ ਨੂੰ ਵਗ ਰਿਹਾ ਸੀ+ ਕਿਉਂਕਿ ਮੰਦਰ ਦੇ ਸਾਮ੍ਹਣੇ ਵਾਲਾ ਪਾਸਾ ਪੂਰਬ ਵੱਲ ਸੀ। ਮੰਦਰ ਦੇ ਲਾਂਘੇ ਦੇ ਸੱਜੇ ਪਾਸੇ ਜ਼ਮੀਨ ਵਿੱਚੋਂ ਪਾਣੀ ਵਹਿ ਰਿਹਾ ਸੀ ਜੋ ਵੇਦੀ ਦੇ ਦੱਖਣ ਵੱਲ ਦੀ ਜਾ ਰਿਹਾ ਸੀ।
2 ਫਿਰ ਉਹ ਮੈਨੂੰ ਉੱਤਰੀ ਦਰਵਾਜ਼ੇ ਰਾਹੀਂ ਬਾਹਰ ਲੈ ਆਇਆ+ ਅਤੇ ਉੱਥੋਂ ਪੂਰਬ ਵੱਲ ਬਾਹਰਲੇ ਦਰਵਾਜ਼ੇ ʼਤੇ ਲੈ ਆਇਆ+ ਅਤੇ ਮੈਂ ਦੇਖਿਆ ਕਿ ਦਰਵਾਜ਼ੇ ਦੇ ਸੱਜੇ ਪਾਸਿਓਂ ਵਗਦੇ ਚਸ਼ਮੇ ਵਿਚ ਥੋੜ੍ਹਾ ਹੀ ਪਾਣੀ ਸੀ।
3 ਫਿਰ ਉਹ ਆਦਮੀ ਆਪਣੇ ਹੱਥ ਵਿਚ ਮਿਣਤੀ ਕਰਨ ਵਾਲੀ ਰੱਸੀ ਲੈ ਕੇ ਪੂਰਬ ਵੱਲ ਚਲਾ ਗਿਆ।+ ਉਸ ਨੇ ਦਰਵਾਜ਼ੇ ਤੋਂ ਚਸ਼ਮੇ ਨੂੰ 1,000 ਹੱਥ* ਮਿਣਿਆ ਅਤੇ ਮੈਨੂੰ ਪਾਣੀ ਵਿੱਚੋਂ ਲੰਘਣ ਲਈ ਕਿਹਾ ਅਤੇ ਪਾਣੀ ਗਿੱਟਿਆਂ ਤਕ ਸੀ।
4 ਫਿਰ ਉਸ ਨੇ 1,000 ਹੱਥ ਹੋਰ ਮਿਣਿਆ ਅਤੇ ਮੈਨੂੰ ਪਾਣੀ ਵਿੱਚੋਂ ਲੰਘਣ ਲਈ ਕਿਹਾ ਅਤੇ ਪਾਣੀ ਗੋਡਿਆਂ ਤਕ ਸੀ।
ਫਿਰ ਉਸ ਨੇ 1,000 ਹੱਥ ਹੋਰ ਮਿਣਿਆ ਅਤੇ ਮੈਨੂੰ ਪਾਣੀ ਵਿੱਚੋਂ ਲੰਘਣ ਲਈ ਕਿਹਾ ਅਤੇ ਪਾਣੀ ਲੱਕ ਤਕ ਸੀ।
5 ਜਦ ਉਸ ਨੇ 1,000 ਹੱਥ ਹੋਰ ਮਿਣਿਆ, ਤਾਂ ਇਹ ਤੇਜ਼ ਵਹਿਣ ਵਾਲੀ ਨਦੀ ਬਣ ਚੁੱਕਾ ਸੀ ਜਿਸ ਨੂੰ ਮੈਂ ਤੁਰ ਕੇ ਪਾਰ ਨਹੀਂ ਕਰ ਸਕਿਆ। ਪਾਣੀ ਇੰਨਾ ਡੂੰਘਾ ਸੀ ਕਿ ਇਹ ਤੈਰ ਕੇ ਪਾਰ ਕਰਨਾ ਪੈਣਾ ਸੀ। ਇਸ ਨੂੰ ਤੁਰ ਕੇ ਪਾਰ ਨਹੀਂ ਕੀਤਾ ਜਾ ਸਕਦਾ ਸੀ।
6 ਉਸ ਨੇ ਮੈਨੂੰ ਕਿਹਾ: “ਹੇ ਮਨੁੱਖ ਦੇ ਪੁੱਤਰ, ਕੀ ਤੂੰ ਇਹ ਸਭ ਕੁਝ ਦੇਖਿਆ?”
ਫਿਰ ਉਹ ਮੈਨੂੰ ਤੋਰ ਕੇ ਦੁਬਾਰਾ ਨਦੀ ਦੇ ਕੰਢੇ ʼਤੇ ਲੈ ਆਇਆ। 7 ਜਦ ਮੈਂ ਕੰਢੇ ʼਤੇ ਵਾਪਸ ਆਇਆ, ਤਾਂ ਮੈਂ ਨਦੀ ਦੇ ਦੋਵੇਂ ਕੰਢਿਆਂ ʼਤੇ ਬਹੁਤ ਸਾਰੇ ਦਰਖ਼ਤ ਦੇਖੇ।+ 8 ਫਿਰ ਉਸ ਨੇ ਮੈਨੂੰ ਕਿਹਾ: “ਇਹ ਪਾਣੀ ਪੂਰਬ ਦੇ ਇਲਾਕੇ ਵੱਲ ਵਹਿੰਦਾ ਹੈ ਅਤੇ ਅਰਾਬਾਹ*+ ਦੇ ਇਲਾਕੇ ਵਿੱਚੋਂ ਦੀ ਹੁੰਦਾ ਹੋਇਆ ਸਮੁੰਦਰ ਵਿਚ ਜਾ ਪੈਂਦਾ ਹੈ। ਜਦ ਇਹ ਸਮੁੰਦਰ ਵਿਚ ਜਾਵੇਗਾ,+ ਤਾਂ ਸਮੁੰਦਰ ਦਾ ਪਾਣੀ ਮਿੱਠਾ* ਹੋ ਜਾਵੇਗਾ। 9 ਜਿੱਥੇ ਕਿਤੇ ਇਹ ਪਾਣੀ ਵਗੇਗਾ, ਉੱਥੇ ਬਹੁਤ ਸਾਰੇ ਜੀਵ-ਜੰਤੂ ਜੀਉਂਦੇ ਰਹਿਣਗੇ। ਉੱਥੇ ਬਹੁਤਾਤ ਵਿਚ ਮੱਛੀਆਂ ਹੋਣਗੀਆਂ ਕਿਉਂਕਿ ਇਹ ਪਾਣੀ* ਉੱਥੇ ਵਗੇਗਾ। ਸਮੁੰਦਰ ਦਾ ਪਾਣੀ ਮਿੱਠਾ ਹੋ ਜਾਵੇਗਾ ਅਤੇ ਜਿੱਥੇ ਕਿਤੇ ਇਹ ਪਾਣੀ ਵਗੇਗਾ, ਉੱਥੇ ਜੀਵਨ ਹੋਵੇਗਾ।
10 “ਏਨ-ਗਦੀ+ ਤੋਂ ਲੈ ਕੇ ਏਨ-ਅਗਲਾਇਮ ਤਕ ਮਛਿਆਰੇ ਸਮੁੰਦਰ ਕੰਢੇ ਖੜ੍ਹੇ ਹੋਣਗੇ ਅਤੇ ਉੱਥੇ ਜਾਲ਼ ਸੁਕਾਉਣ ਦੀ ਜਗ੍ਹਾ ਹੋਵੇਗੀ। ਵੱਡੇ ਸਾਗਰ*+ ਵਾਂਗ ਉੱਥੇ ਬਹੁਤਾਤ ਵਿਚ ਤਰ੍ਹਾਂ-ਤਰ੍ਹਾਂ ਦੀਆਂ ਮੱਛੀਆਂ ਹੋਣਗੀਆਂ।
11 “ਸਮੁੰਦਰ ਕੰਢੇ ਦਲਦਲੀ ਥਾਵਾਂ ਹੋਣਗੀਆਂ ਅਤੇ ਇਨ੍ਹਾਂ ਥਾਵਾਂ ਦਾ ਪਾਣੀ ਮਿੱਠਾ ਨਹੀਂ ਹੋਵੇਗਾ। ਇਨ੍ਹਾਂ ਦਾ ਪਾਣੀ ਖਾਰਾ ਰਹੇਗਾ।+
12 “ਚਸ਼ਮੇ ਦੇ ਦੋਵੇਂ ਪਾਸੇ ਹਰ ਤਰ੍ਹਾਂ ਦੇ ਫਲਦਾਰ ਦਰਖ਼ਤ ਉੱਗਣਗੇ। ਉਨ੍ਹਾਂ ਦੇ ਪੱਤੇ ਨਹੀਂ ਸੁੱਕਣਗੇ ਅਤੇ ਨਾ ਹੀ ਉਹ ਫਲ ਦੇਣਾ ਬੰਦ ਕਰਨਗੇ। ਉਹ ਹਰ ਮਹੀਨੇ ਨਵੇਂ ਸਿਰਿਓਂ ਫਲ ਦੇਣਗੇ ਕਿਉਂਕਿ ਉਹ ਪਵਿੱਤਰ ਸਥਾਨ ਤੋਂ ਵਗਦੇ ਪਾਣੀ ਨਾਲ ਸਿੰਜੇ ਜਾਣਗੇ।+ ਉਨ੍ਹਾਂ ਦੇ ਫਲ ਭੋਜਨ ਲਈ ਅਤੇ ਉਨ੍ਹਾਂ ਦੇ ਪੱਤੇ ਇਲਾਜ ਲਈ ਵਰਤੇ ਜਾਣਗੇ।”+
13 ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: “ਇਹ ਉਹ ਇਲਾਕਾ ਹੈ ਜੋ ਤੁਸੀਂ ਇਜ਼ਰਾਈਲ ਦੇ 12 ਗੋਤਾਂ ਨੂੰ ਵਿਰਾਸਤ ਵਜੋਂ ਦਿਓਗੇ ਅਤੇ ਯੂਸੁਫ਼ ਨੂੰ ਦੋ ਹਿੱਸੇ ਮਿਲਣਗੇ।+ 14 ਤੁਹਾਨੂੰ ਇਹ ਇਲਾਕਾ ਵਿਰਾਸਤ ਵਿਚ ਮਿਲੇਗਾ ਅਤੇ ਸਾਰਿਆਂ ਨੂੰ ਬਰਾਬਰ ਹਿੱਸਾ ਮਿਲੇਗਾ।* ਮੈਂ ਇਹ ਦੇਸ਼ ਤੁਹਾਡੇ ਪਿਉ-ਦਾਦਿਆਂ ਨੂੰ ਦੇਣ ਦੀ ਸਹੁੰ ਖਾਧੀ ਸੀ+ ਅਤੇ ਹੁਣ ਇਹ ਤੁਹਾਨੂੰ ਵਿਰਾਸਤ ਵਜੋਂ ਦਿੱਤਾ ਜਾਂਦਾ ਹੈ।
15 “ਇਹ ਦੇਸ਼ ਦੀ ਉੱਤਰੀ ਸਰਹੱਦ ਹੈ: ਇਹ ਵੱਡੇ ਸਾਗਰ ਤੋਂ ਸ਼ੁਰੂ ਹੋ ਕੇ ਹਥਲੋਨ ਹੁੰਦੇ ਹੋਏ+ ਸਦਾਦ,+ 16 ਹਮਾਥ,+ ਬੇਰੋਥਾਹ+ ਅਤੇ ਸਿਬਰਾਈਮ ਵੱਲ ਜਾਂਦੀ ਹੈ। ਸਿਬਰਾਈਮ ਦਮਿਸਕ ਦੇ ਇਲਾਕੇ ਅਤੇ ਹਮਾਥ ਦੇ ਇਲਾਕੇ ਵਿਚਕਾਰ ਹੈ। ਇਹ ਸਰਹੱਦ ਹਸੇਰ-ਹੱਤੀਕੋਨ ਤਕ ਜਾਂਦੀ ਹੈ ਜੋ ਕਿ ਹੌਰਾਨ+ ਦੀ ਸਰਹੱਦ ʼਤੇ ਹੈ। 17 ਇਸ ਲਈ ਇਹ ਸਰਹੱਦ ਸਮੁੰਦਰ ਤੋਂ ਲੈ ਕੇ ਹਸਰ-ਏਨੋਨ+ ਤਕ ਹੈ। ਇਹ ਦਮਿਸਕ ਦੀ ਉੱਤਰੀ ਸਰਹੱਦ ਅਤੇ ਹਮਾਥ ਦੀ ਸਰਹੱਦ ਦੇ ਨਾਲ-ਨਾਲ ਜਾਂਦੀ ਹੈ।+ ਇਹ ਉੱਤਰੀ ਸਰਹੱਦ ਹੈ।
18 “ਪੂਰਬੀ ਸਰਹੱਦ ਹੌਰਾਨ ਤੋਂ ਲੈ ਕੇ ਦਮਿਸਕ ਤਕ ਯਰਦਨ ਦੇ ਨਾਲ-ਨਾਲ ਜਾਂਦੀ ਹੈ ਜੋ ਗਿਲਆਦ+ ਅਤੇ ਇਜ਼ਰਾਈਲ ਦੇਸ਼ ਦੇ ਵਿਚਕਾਰ ਹੈ। ਤੁਸੀਂ ਉੱਤਰੀ ਸਰਹੱਦ ਤੋਂ ਪੂਰਬੀ ਸਮੁੰਦਰ* ਤਕ ਸਰਹੱਦ ਠਹਿਰਾਉਣੀ। ਇਹ ਪੂਰਬੀ ਸਰਹੱਦ ਹੈ।
19 “ਦੱਖਣੀ ਸਰਹੱਦ* ਤਾਮਾਰ ਤੋਂ ਲੈ ਕੇ ਮਰੀਬੋਥ-ਕਾਦੇਸ਼ ਦੇ ਪਾਣੀਆਂ+ ਤਕ ਅਤੇ ਫਿਰ ਘਾਟੀ* ਤੋਂ ਲੈ ਕੇ ਵੱਡੇ ਸਾਗਰ ਤਕ ਜਾਂਦੀ ਹੈ।+ ਇਹ ਦੱਖਣੀ ਸਰਹੱਦ ਹੈ।*
20 “ਪੱਛਮੀ ਸਰਹੱਦ ʼਤੇ ਵੱਡਾ ਸਾਗਰ ਹੈ। ਇਹ ਸਰਹੱਦ ਦੱਖਣੀ ਸਰਹੱਦ ਤੋਂ ਲੈ ਕੇ ਉਸ ਜਗ੍ਹਾ ਤਕ ਹੈ ਜੋ ਲੇਬੋ-ਹਮਾਥ+ ਦੇ ਸਾਮ੍ਹਣੇ ਹੈ। ਇਹ ਪੱਛਮੀ ਸਰਹੱਦ ਹੈ।”
21 “ਤੁਸੀਂ ਇਸ ਦੇਸ਼ ਨੂੰ ਇਜ਼ਰਾਈਲ ਦੇ 12 ਗੋਤਾਂ ਮੁਤਾਬਕ ਆਪਸ ਵਿਚ ਵੰਡ ਲੈਣਾ। 22 ਤੁਸੀਂ ਇਸ ਦੇਸ਼ ਨੂੰ ਵਿਰਾਸਤ ਵਜੋਂ ਆਪਣੇ ਵਿਚ ਵੰਡ ਲੈਣਾ। ਤੁਹਾਡੇ ਵਿਚ ਰਹਿੰਦਿਆਂ ਜਿਨ੍ਹਾਂ ਪਰਦੇਸੀਆਂ ਦੇ ਬੱਚੇ ਪੈਦਾ ਹੋਏ ਹਨ, ਤੁਸੀਂ ਉਨ੍ਹਾਂ ਨੂੰ ਵੀ ਵਿਰਾਸਤ ਵਜੋਂ ਹਿੱਸਾ ਦੇਣਾ। ਉਹ ਤੁਹਾਡੇ ਵਿਚ ਪੈਦਾਇਸ਼ੀ ਇਜ਼ਰਾਈਲੀਆਂ ਵਾਂਗ ਹੋਣਗੇ। ਤੁਹਾਡੇ ਨਾਲ ਉਨ੍ਹਾਂ ਨੂੰ ਇਜ਼ਰਾਈਲ ਦੇ ਗੋਤਾਂ ਵਿਚ ਵਿਰਾਸਤ ਮਿਲੇਗੀ। 23 ਤੁਸੀਂ ਪਰਦੇਸੀ ਨੂੰ ਉਸ ਗੋਤ ਦੇ ਇਲਾਕੇ ਵਿਚ ਵਿਰਾਸਤ ਦੇਣੀ ਜਿੱਥੇ ਉਹ ਰਹਿੰਦਾ ਹੈ,” ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ।
48 “ਇਹ ਗੋਤਾਂ ਦੇ ਨਾਵਾਂ ਅਨੁਸਾਰ ਉਨ੍ਹਾਂ ਦੇ ਹਿੱਸੇ ਹਨ ਜੋ ਉੱਤਰ ਵੱਲੋਂ ਸ਼ੁਰੂ ਹੁੰਦੇ ਹਨ: ਦਾਨ ਦਾ ਹਿੱਸਾ+ ਹਥਲੋਨ ਨੂੰ ਜਾਂਦੇ ਰਾਹ ਦੇ ਨਾਲ-ਨਾਲ ਲੇਬੋ-ਹਮਾਥ*+ ਤਕ ਅਤੇ ਉੱਥੋਂ ਉੱਤਰ ਵਿਚ ਦਮਿਸਕ ਦੀ ਸਰਹੱਦ ਅਤੇ ਹਮਾਥ ਦੇ ਇਲਾਕੇ+ ਦੇ ਨਾਲ-ਨਾਲ ਹਸਰ-ਏਨਾਨ ਤਕ ਹੈ। ਇਹ ਪੂਰਬੀ ਸਰਹੱਦ ਤੋਂ ਲੈ ਕੇ ਪੱਛਮੀ ਸਰਹੱਦ ਤਕ ਫੈਲਿਆ ਹੈ। 2 ਆਸ਼ੇਰ ਦਾ ਹਿੱਸਾ+ ਦਾਨ ਦੀ ਸਰਹੱਦ ਦੇ ਨਾਲ-ਨਾਲ ਹੈ ਜੋ ਪੂਰਬੀ ਸਰਹੱਦ ਤੋਂ ਲੈ ਕੇ ਪੱਛਮੀ ਸਰਹੱਦ ਤਕ ਹੈ। 3 ਨਫ਼ਤਾਲੀ ਦਾ ਹਿੱਸਾ+ ਆਸ਼ੇਰ ਦੀ ਸਰਹੱਦ ਦੇ ਨਾਲ-ਨਾਲ ਹੈ ਜੋ ਪੂਰਬੀ ਸਰਹੱਦ ਤੋਂ ਲੈ ਕੇ ਪੱਛਮੀ ਸਰਹੱਦ ਤਕ ਹੈ। 4 ਮਨੱਸ਼ਹ ਦਾ ਹਿੱਸਾ+ ਨਫ਼ਤਾਲੀ ਦੀ ਸਰਹੱਦ ਦੇ ਨਾਲ-ਨਾਲ ਹੈ ਜੋ ਪੂਰਬੀ ਸਰਹੱਦ ਤੋਂ ਲੈ ਕੇ ਪੱਛਮੀ ਸਰਹੱਦ ਤਕ ਹੈ। 5 ਇਫ਼ਰਾਈਮ ਦਾ ਹਿੱਸਾ ਮਨੱਸ਼ਹ ਦੀ ਸਰਹੱਦ ਦੇ ਨਾਲ-ਨਾਲ ਹੈ+ ਜੋ ਪੂਰਬੀ ਸਰਹੱਦ ਤੋਂ ਲੈ ਕੇ ਪੱਛਮੀ ਸਰਹੱਦ ਤਕ ਹੈ। 6 ਰਊਬੇਨ ਦਾ ਹਿੱਸਾ ਇਫ਼ਰਾਈਮ ਦੀ ਸਰਹੱਦ ਦੇ ਨਾਲ-ਨਾਲ ਹੈ+ ਜੋ ਪੂਰਬੀ ਸਰਹੱਦ ਤੋਂ ਲੈ ਕੇ ਪੱਛਮੀ ਸਰਹੱਦ ਤਕ ਹੈ। 7 ਯਹੂਦਾਹ ਦਾ ਹਿੱਸਾ ਰਊਬੇਨ ਦੀ ਸਰਹੱਦ ਦੇ ਨਾਲ-ਨਾਲ ਹੈ+ ਜੋ ਪੂਰਬੀ ਸਰਹੱਦ ਤੋਂ ਲੈ ਕੇ ਪੱਛਮੀ ਸਰਹੱਦ ਤਕ ਹੈ। 8 ਤੁਸੀਂ ਯਹੂਦਾਹ ਦੇ ਹਿੱਸੇ ਦੀ ਸਰਹੱਦ ʼਤੇ ਜ਼ਮੀਨ ਦਾ ਕੁਝ ਹਿੱਸਾ ਭੇਟ ਵਜੋਂ ਵੱਖਰਾ ਰੱਖਣਾ ਜੋ ਪੂਰਬੀ ਸਰਹੱਦ ਤੋਂ ਲੈ ਕੇ ਪੱਛਮੀ ਸਰਹੱਦ ਤਕ ਹੋਵੇ। ਇਸ ਦੀ ਚੁੜਾਈ 25,000 ਹੱਥ* ਹੋਣੀ ਚਾਹੀਦੀ ਹੈ।+ ਇਸ ਦੀ ਲੰਬਾਈ ਪੂਰਬੀ ਸਰਹੱਦ ਤੋਂ ਲੈ ਕੇ ਪੱਛਮੀ ਸਰਹੱਦ ਤਕ ਹੋਵੇਗੀ ਅਤੇ ਇਸ ਦੇ ਨਾਲ ਲੱਗਦੇ ਗੋਤਾਂ ਦੇ ਹਿੱਸਿਆਂ ਦੇ ਬਰਾਬਰ ਹੋਵੇਗੀ। ਪਵਿੱਤਰ ਸਥਾਨ ਇਸ ਦੇ ਵਿਚਕਾਰ ਹੋਵੇਗਾ।
9 “ਤੁਸੀਂ ਜ਼ਮੀਨ ਦਾ ਜੋ ਹਿੱਸਾ ਯਹੋਵਾਹ ਲਈ ਭੇਟ ਵਜੋਂ ਵੱਖਰਾ ਰੱਖੋਗੇ, ਉਸ ਦੀ ਲੰਬਾਈ 25,000 ਹੱਥ ਅਤੇ ਚੁੜਾਈ 10,000 ਹੱਥ ਹੋਵੇ। 10 ਇਹ ਪਵਿੱਤਰ ਭੇਟ ਪੁਜਾਰੀਆਂ ਲਈ ਹੋਵੇਗੀ।+ ਉੱਤਰ ਵੱਲ ਇਹ 25,000 ਹੱਥ, ਪੱਛਮ ਵੱਲ 10,000 ਹੱਥ, ਪੂਰਬ ਵੱਲ 10,000 ਹੱਥ ਅਤੇ ਦੱਖਣ ਵੱਲ 25,000 ਹੱਥ ਹੋਵੇਗੀ। ਯਹੋਵਾਹ ਦਾ ਪਵਿੱਤਰ ਸਥਾਨ ਇਸ ਦੇ ਵਿਚਕਾਰ ਹੋਵੇਗਾ। 11 ਇਹ ਸਾਦੋਕ ਦੇ ਪੁੱਤਰਾਂ ਵਿੱਚੋਂ ਪਵਿੱਤਰ ਪੁਜਾਰੀਆਂ ਲਈ ਹੋਵੇਗੀ+ ਜਿਨ੍ਹਾਂ ਨੇ ਮੇਰੇ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਆਂ ਸਨ ਅਤੇ ਉਹ ਮੇਰੇ ਤੋਂ ਦੂਰ ਨਹੀਂ ਹੋਏ ਸਨ ਜਦ ਕਿ ਇਜ਼ਰਾਈਲੀ ਅਤੇ ਲੇਵੀ ਮੇਰੇ ਤੋਂ ਦੂਰ ਹੋ ਗਏ ਸਨ।+ 12 ਉਨ੍ਹਾਂ ਨੂੰ ਭੇਟ ਕੀਤੀ ਗਈ ਜ਼ਮੀਨ ਦਾ ਉਹ ਹਿੱਸਾ ਮਿਲੇਗਾ ਜੋ ਵੱਖਰਾ ਰੱਖਿਆ ਗਿਆ ਹੈ ਅਤੇ ਅੱਤ ਪਵਿੱਤਰ ਹੈ। ਇਹ ਹਿੱਸਾ ਲੇਵੀਆਂ ਦੀ ਜ਼ਮੀਨ ਦੀ ਸਰਹੱਦ ʼਤੇ ਹੋਵੇਗਾ।
13 “ਪੁਜਾਰੀਆਂ ਦੀ ਜ਼ਮੀਨ ਦੇ ਨਾਲ ਲੇਵੀਆਂ ਨੂੰ ਜ਼ਮੀਨ ਦਾ ਹਿੱਸਾ ਮਿਲੇਗਾ ਜਿਸ ਦੀ ਲੰਬਾਈ 25,000 ਹੱਥ ਅਤੇ ਚੁੜਾਈ 10,000 ਹੱਥ ਹੋਵੇਗੀ। (ਪੂਰੇ ਹਿੱਸੇ ਦੀ ਲੰਬਾਈ 25,000 ਹੱਥ ਅਤੇ ਚੁੜਾਈ 10,000 ਹੱਥ ਹੋਵੇਗੀ।) 14 ਇਹ ਜ਼ਮੀਨ ਦਾ ਸਭ ਤੋਂ ਵਧੀਆ ਹਿੱਸਾ ਹੈ ਅਤੇ ਇਹ ਯਹੋਵਾਹ ਲਈ ਪਵਿੱਤਰ ਹੈ। ਇਸ ਲਈ ਉਹ ਨਾ ਤਾਂ ਇਸ ਨੂੰ ਵੇਚ ਸਕਦੇ ਹਨ, ਨਾ ਹੀ ਕਿਸੇ ਨਾਲ ਵਟਾ ਸਕਦੇ ਹਨ ਅਤੇ ਨਾ ਹੀ ਕਿਸੇ ਦੇ ਨਾਂ ਕਰ ਸਕਦੇ ਹਨ।
15 “ਬਾਕੀ ਬਚੀ ਜ਼ਮੀਨ ਦੀ ਚੁੜਾਈ 5,000 ਹੱਥ ਅਤੇ ਲੰਬਾਈ 25,000 ਹੱਥ ਹੈ। ਇਹ ਜ਼ਮੀਨ ਸ਼ਹਿਰ ਦੀ ਆਮ ਵਰਤੋਂ ਲਈ ਹੋਵੇਗੀ+ ਅਤੇ ਇੱਥੇ ਘਰ ਅਤੇ ਚਰਾਂਦਾਂ ਹੋਣਗੀਆਂ। ਸ਼ਹਿਰ ਇਸ ਦੇ ਵਿਚਕਾਰ ਹੋਵੇਗਾ।+ 16 ਇਹ ਸ਼ਹਿਰ ਦਾ ਆਕਾਰ ਹੈ: ਉੱਤਰੀ ਹੱਦ 4,500 ਹੱਥ, ਦੱਖਣੀ ਹੱਦ 4,500 ਹੱਥ, ਪੂਰਬੀ ਹੱਦ 4,500 ਹੱਥ ਅਤੇ ਪੱਛਮੀ ਹੱਦ 4,500 ਹੱਥ ਹੈ। 17 ਸ਼ਹਿਰ ਦੀ ਚਰਾਂਦ ਉੱਤਰ ਵੱਲ 250 ਹੱਥ, ਦੱਖਣ ਵੱਲ 250 ਹੱਥ, ਪੂਰਬ ਵੱਲ 250 ਹੱਥ ਅਤੇ ਪੱਛਮ ਵੱਲ 250 ਹੱਥ ਹੋਵੇਗੀ।
18 “ਬਾਕੀ ਬਚੀ ਜ਼ਮੀਨ ਦੀ ਲੰਬਾਈ ਪਵਿੱਤਰ ਭੇਟ ਦੀ ਜ਼ਮੀਨ ਦੀ ਲੰਬਾਈ ਦੇ ਬਰਾਬਰ ਹੋਵੇਗੀ।+ ਪੂਰਬ ਵੱਲ 10,000 ਹੱਥ ਅਤੇ ਪੱਛਮ ਵੱਲ 10,000 ਹੱਥ ਹੋਵੇਗੀ। ਇਹ ਪਵਿੱਤਰ ਭੇਟ ਦੀ ਜ਼ਮੀਨ ਦੀ ਹੱਦ ਦੇ ਨਾਲ-ਨਾਲ ਹੋਵੇਗੀ ਅਤੇ ਇਸ ਜ਼ਮੀਨ ਦੀ ਪੈਦਾਵਾਰ ਉਨ੍ਹਾਂ ਲੋਕਾਂ ਦੇ ਖਾਣ ਲਈ ਹੋਵੇਗੀ ਜੋ ਸ਼ਹਿਰ ਲਈ ਕੰਮ ਕਰਦੇ ਹਨ। 19 ਇਜ਼ਰਾਈਲ ਦੇ ਸਾਰੇ ਗੋਤਾਂ ਵਿੱਚੋਂ ਜੋ ਲੋਕ ਸ਼ਹਿਰ ਲਈ ਕੰਮ ਕਰਦੇ ਹਨ, ਉਹ ਇੱਥੇ ਖੇਤੀ-ਬਾੜੀ ਕਰਨਗੇ।+
20 “ਭੇਟ ਕੀਤੀ ਗਈ ਪੂਰੀ ਜ਼ਮੀਨ ਚੌਰਸ ਹੈ ਅਤੇ ਇਸ ਦੀ ਲੰਬਾਈ-ਚੁੜਾਈ 25,000 ਹੱਥ ਹੈ। ਤੁਸੀਂ ਇਸ ਜ਼ਮੀਨ ਨੂੰ ਪਵਿੱਤਰ ਭੇਟ ਲਈ ਅਤੇ ਸ਼ਹਿਰ ਲਈ ਵੱਖਰਾ ਰੱਖਣਾ।
21 “ਪਵਿੱਤਰ ਭੇਟ ਦੀ ਜ਼ਮੀਨ ਅਤੇ ਸ਼ਹਿਰ ਦੀ ਜ਼ਮੀਨ ਦੇ ਦੋਵੇਂ ਪਾਸਿਆਂ ʼਤੇ ਬਾਕੀ ਬਚੀ ਜ਼ਮੀਨ ਮੁਖੀ ਦੀ ਹੋਵੇਗੀ।+ ਇਹ ਜ਼ਮੀਨ 25,000 ਹੱਥ ਲੰਬੀ ਪਵਿੱਤਰ ਭੇਟ ਦੇ ਪੂਰਬ ਅਤੇ ਪੱਛਮ ਵਿਚ ਹੋਵੇਗੀ। ਇਹ ਜ਼ਮੀਨ ਨਾਲ ਲੱਗਦੇ ਗੋਤਾਂ ਦੇ ਹਿੱਸਿਆਂ ਦੇ ਬਰਾਬਰ ਹੋਵੇਗੀ ਅਤੇ ਇਹ ਮੁਖੀ ਲਈ ਹੋਵੇਗੀ। ਪਵਿੱਤਰ ਭੇਟ ਦੀ ਜ਼ਮੀਨ ਅਤੇ ਮੰਦਰ ਦਾ ਪਵਿੱਤਰ ਸਥਾਨ ਇਸ ਦੇ ਵਿਚਕਾਰ ਹੋਵੇਗਾ।
22 “ਮੁਖੀ ਦੀ ਜ਼ਮੀਨ ਦੇ ਵਿਚਕਾਰ ਲੇਵੀਆਂ ਦੀ ਜ਼ਮੀਨ ਅਤੇ ਸ਼ਹਿਰ ਦੀ ਜ਼ਮੀਨ ਹੋਵੇਗੀ। ਮੁਖੀ ਦੀ ਜ਼ਮੀਨ ਯਹੂਦਾਹ ਦੀ ਸਰਹੱਦ+ ਅਤੇ ਬਿਨਯਾਮੀਨ ਦੀ ਸਰਹੱਦ ਦੇ ਵਿਚਕਾਰ ਹੋਵੇਗੀ।
23 “ਬਾਕੀ ਬਚੇ ਗੋਤਾਂ ਵਿੱਚੋਂ ਬਿਨਯਾਮੀਨ ਦਾ ਹਿੱਸਾ ਪੂਰਬੀ ਸਰਹੱਦ ਤੋਂ ਲੈ ਕੇ ਪੱਛਮੀ ਸਰਹੱਦ ਤਕ ਹੈ।+ 24 ਸ਼ਿਮਓਨ ਦਾ ਹਿੱਸਾ ਬਿਨਯਾਮੀਨ ਦੀ ਸਰਹੱਦ ਦੇ ਨਾਲ-ਨਾਲ ਹੈ+ ਜੋ ਪੂਰਬੀ ਸਰਹੱਦ ਤੋਂ ਲੈ ਕੇ ਪੱਛਮੀ ਸਰਹੱਦ ਤਕ ਹੈ। 25 ਯਿਸਾਕਾਰ ਦਾ ਹਿੱਸਾ+ ਸ਼ਿਮਓਨ ਦੀ ਸਰਹੱਦ ਦੇ ਨਾਲ-ਨਾਲ ਹੈ ਜੋ ਪੂਰਬੀ ਸਰਹੱਦ ਤੋਂ ਲੈ ਕੇ ਪੱਛਮੀ ਸਰਹੱਦ ਤਕ ਹੈ। 26 ਜ਼ਬੂਲੁਨ ਦਾ ਹਿੱਸਾ ਯਿਸਾਕਾਰ ਦੀ ਸਰਹੱਦ ਦੇ ਨਾਲ-ਨਾਲ ਹੈ+ ਜੋ ਪੂਰਬੀ ਸਰਹੱਦ ਤੋਂ ਲੈ ਕੇ ਪੱਛਮੀ ਸਰਹੱਦ ਤਕ ਹੈ।+ 27 ਗਾਦ ਦਾ ਹਿੱਸਾ ਜ਼ਬੂਲੁਨ ਦੀ ਸਰਹੱਦ ਦੇ ਨਾਲ-ਨਾਲ ਹੈ+ ਜੋ ਪੂਰਬੀ ਸਰਹੱਦ ਤੋਂ ਲੈ ਕੇ ਪੱਛਮੀ ਸਰਹੱਦ ਤਕ ਹੈ। 28 ਗਾਦ ਦੀ ਸਰਹੱਦ ਦੇ ਨਾਲ ਦੱਖਣੀ ਸਰਹੱਦ ਤਾਮਾਰ+ ਤੋਂ ਲੈ ਕੇ ਮਰੀਬੋਥ-ਕਾਦੇਸ਼ ਦੇ ਪਾਣੀਆਂ+ ਤਕ ਅਤੇ ਉੱਥੋਂ ਘਾਟੀ*+ ਤਕ ਅਤੇ ਫਿਰ ਵੱਡੇ ਸਾਗਰ* ਤਕ ਹੋਵੇਗੀ।
29 “ਤੁਸੀਂ ਇਹ ਦੇਸ਼ ਇਜ਼ਰਾਈਲ ਦੇ ਗੋਤਾਂ ਵਿਚ ਵਿਰਾਸਤ ਵਜੋਂ ਵੰਡ ਦੇਣਾ+ ਅਤੇ ਇਹ ਉਨ੍ਹਾਂ ਦੇ ਹਿੱਸੇ ਹਨ,”+ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ।
30 “ਸ਼ਹਿਰ ਦਾ ਉੱਤਰੀ ਪਾਸਾ 4,500 ਹੱਥ+ ਲੰਬਾ ਹੋਵੇਗਾ ਅਤੇ ਇਹ ਸ਼ਹਿਰੋਂ ਬਾਹਰ ਜਾਣ ਵਾਲੇ ਰਸਤੇ ਹੋਣਗੇ।
31 “ਸ਼ਹਿਰ ਦੇ ਦਰਵਾਜ਼ਿਆਂ ਦੇ ਨਾਂ ਇਜ਼ਰਾਈਲ ਦੇ ਗੋਤਾਂ ਅਨੁਸਾਰ ਰੱਖੇ ਜਾਣਗੇ। ਉੱਤਰ ਵੱਲ ਤਿੰਨ ਦਰਵਾਜ਼ੇ ਹੋਣਗੇ, ਇਕ ਦਰਵਾਜ਼ਾ ਰਊਬੇਨ ਲਈ, ਇਕ ਯਹੂਦਾਹ ਲਈ ਅਤੇ ਇਕ ਲੇਵੀ ਲਈ।
32 “ਸ਼ਹਿਰ ਦਾ ਪੂਰਬੀ ਪਾਸਾ 4,500 ਹੱਥ ਲੰਬਾ ਹੋਵੇਗਾ ਅਤੇ ਇੱਥੇ ਤਿੰਨ ਦਰਵਾਜ਼ੇ ਹੋਣਗੇ: ਇਕ ਦਰਵਾਜ਼ਾ ਯੂਸੁਫ਼ ਲਈ, ਇਕ ਬਿਨਯਾਮੀਨ ਲਈ ਅਤੇ ਇਕ ਦਾਨ ਲਈ।
33 “ਸ਼ਹਿਰ ਦਾ ਦੱਖਣੀ ਪਾਸਾ 4,500 ਹੱਥ ਲੰਬਾ ਹੋਵੇਗਾ ਅਤੇ ਇੱਥੇ ਤਿੰਨ ਦਰਵਾਜ਼ੇ ਹੋਣਗੇ: ਇਕ ਦਰਵਾਜ਼ਾ ਸ਼ਿਮਓਨ ਲਈ, ਇਕ ਯਿਸਾਕਾਰ ਲਈ ਅਤੇ ਇਕ ਜ਼ਬੂਲੁਨ ਲਈ।
34 “ਸ਼ਹਿਰ ਦਾ ਪੱਛਮੀ ਪਾਸਾ 4,500 ਹੱਥ ਲੰਬਾ ਹੋਵੇਗਾ ਅਤੇ ਇੱਥੇ ਤਿੰਨ ਦਰਵਾਜ਼ੇ ਹੋਣਗੇ: ਇਕ ਦਰਵਾਜ਼ਾ ਗਾਦ ਲਈ, ਇਕ ਆਸ਼ੇਰ ਲਈ ਅਤੇ ਇਕ ਨਫ਼ਤਾਲੀ ਲਈ।
35 “ਸ਼ਹਿਰ ਦੀ ਚਾਰ-ਦੀਵਾਰੀ ਦੀ ਲੰਬਾਈ 18,000 ਹੱਥ ਹੋਵੇਗੀ। ਅਤੇ ਉਸ ਦਿਨ ਤੋਂ ਸ਼ਹਿਰ ਦਾ ਨਾਂ ਹੋਵੇਗਾ, ‘ਯਹੋਵਾਹ ਉੱਥੇ ਹੈ।’”+
ਜਾਂ, “ਬਾਰੇ ਦਰਸ਼ਣ।”
ਮਤਲਬ “ਪਰਮੇਸ਼ੁਰ ਤਕੜਾ ਕਰਦਾ ਹੈ।”
ਇਬ, “ਹੱਥ।”
ਜਾਂ, “ਬਿਜਲੀ ਚਮਕ ਰਹੀ ਸੀ।”
ਜਾਂ, “ਸੋਨੇ-ਚਾਂਦੀ ਦੀ ਮਿਸ਼੍ਰਿਤ ਧਾਤ।”
ਸ਼ਾਇਦ ਇਹ ਪਹੀਏ ਇੱਕੋ ਧੁਰੇ ਉੱਤੇ ਇਕ-ਦੂਜੇ ਵਿਚ 90 ਡਿਗਰੀ ਦੇ ਕੋਣ ਉੱਤੇ ਲੱਗੇ ਹੋਏ ਸਨ।
ਜਾਂ ਸੰਭਵ ਹੈ, “ਸਿੱਧੇ ਫੈਲੇ ਹੋਏ ਸਨ।”
ਹਿਜ਼ਕੀਏਲ ਦੀ ਕਿਤਾਬ ਵਿਚ ਇਹ ਸ਼ਬਦ 93 ਵਾਰ ਆਉਂਦੇ ਹਨ ਅਤੇ ਇੱਥੇ ਪਹਿਲੀ ਵਾਰ ਆਏ ਹਨ।
ਜ਼ਾਹਰ ਹੈ ਕਿ ਇੱਥੇ ਇਜ਼ਰਾਈਲ ਅਤੇ ਯਹੂਦਾਹ ਦੇ ਲੋਕਾਂ ਦੀ ਗੱਲ ਕੀਤੀ ਗਈ ਹੈ।
ਜਾਂ, “ਸਖ਼ਤ ਚਿਹਰੇ ਵਾਲੇ।”
ਜਾਂ ਸੰਭਵ ਹੈ, “ਚਾਹੇ ਇਹ ਲੋਕ ਢੀਠ ਅਤੇ ਚੁੱਭਣ ਵਾਲੀਆਂ ਚੀਜ਼ਾਂ ਵਰਗੇ ਹਨ।”
ਜਾਂ, “ਕਿਤਾਬ ਦੀ ਲਪੇਟਵੀਂ ਪੱਤਰੀ।” ਸ਼ਬਦਾਵਲੀ ਦੇਖੋ।
ਜਾਂ, “ਮਾਤਮ ਦੇ ਗੀਤ।”
ਇਬ, “ਤੈਨੂੰ ਜੋ ਮਿਲਿਆ ਹੈ।”
ਇਬ, “ਮੈਂ ਤੇਰਾ ਚਿਹਰਾ ਉਨ੍ਹਾਂ ਦੇ ਚਿਹਰੇ ਵਾਂਗ ਕਠੋਰ ਅਤੇ ਤੇਰਾ ਮੱਥਾ ਉਨ੍ਹਾਂ ਦੇ ਮੱਥੇ ਵਾਂਗ ਸਖ਼ਤ ਬਣਾਇਆ ਹੈ।”
ਇਬ, “ਆਪਣੇ ਲੋਕਾਂ ਦੇ ਪੁੱਤਰਾਂ।”
ਇਬ, “ਹੱਥ।”
ਜਾਂ, “ਮੈਂ ਤੈਨੂੰ ਉਸ ਦੇ ਖ਼ੂਨ ਦਾ ਜ਼ਿੰਮੇਵਾਰ ਠਹਿਰਾਵਾਂਗਾ।”
ਜਾਂ, “ਅਨਿਆਂ।”
ਜਾਂ, “ਮੈਂ ਤੈਨੂੰ ਉਸ ਦੇ ਖ਼ੂਨ ਦਾ ਜ਼ਿੰਮੇਵਾਰ ਠਹਿਰਾਵਾਂਗਾ।”
ਇਬ, “ਹੱਥ।”
ਲੜਾਈ ਦੌਰਾਨ ਸ਼ਹਿਰ ਦੇ ਦਰਵਾਜ਼ਿਆਂ ਅਤੇ ਕੰਧਾਂ ਨੂੰ ਤੋੜਨ ਲਈ ਵਰਤਿਆ ਜਾਣ ਵਾਲਾ ਇਕ ਯੰਤਰ।
ਇਬ, “ਇਸ,” ਯਾਨੀ ਹਿਜ਼ਕੀਏਲ ਦਾ ਖੱਬਾ ਪਾਸਾ।
ਲਗਭਗ 230 ਗ੍ਰਾਮ। ਵਧੇਰੇ ਜਾਣਕਾਰੀ 2.14 ਦੇਖੋ।
ਲਗਭਗ 0.6 ਲੀਟਰ। ਵਧੇਰੇ ਜਾਣਕਾਰੀ 2.14 ਦੇਖੋ।
ਇਬ, “ਰੋਟੀ ਦੀ ਹਰ ਕਿੱਲੀ ਤੋੜ ਦਿਆਂਗਾ।” ਸ਼ਾਇਦ ਇਨ੍ਹਾਂ ਕਿੱਲੀਆਂ ʼਤੇ ਰੋਟੀਆਂ ਟੰਗੀਆਂ ਜਾਂਦੀਆਂ ਸਨ।
ਜਾਂ, “ਤੁਹਾਡੀ ਗਿਣਤੀ ਘਟਾ।”
ਜਾਂ, “ਬੀਮਾਰੀ।”
ਇਬ, “ਰੋਟੀ ਦੀ ਹਰ ਕਿੱਲੀ ਤੋੜ ਦਿਆਂਗਾ।” ਸ਼ਾਇਦ ਇਨ੍ਹਾਂ ਕਿੱਲੀਆਂ ʼਤੇ ਰੋਟੀਆਂ ਟੰਗੀਆਂ ਜਾਂਦੀਆਂ ਸਨ।
ਇੱਥੇ ਇਬਰਾਨੀ ਸ਼ਬਦ ਦਾ ਸੰਬੰਧ “ਗੋਹੇ” ਲਈ ਵਰਤੇ ਜਾਂਦੇ ਸ਼ਬਦ ਨਾਲ ਹੋ ਸਕਦਾ ਹੈ ਅਤੇ ਇਹ ਘਿਰਣਾ ਪ੍ਰਗਟ ਕਰਨ ਲਈ ਵਰਤਿਆ ਜਾਂਦਾ ਹੈ।
ਜਾਂ, “ਉਨ੍ਹਾਂ ਨੇ ਹਰਾਮਕਾਰੀ ਕੀਤੀ ਸੀ; ਖੁੱਲ੍ਹੇ-ਆਮ ਸਰੀਰਕ ਸੰਬੰਧ ਬਣਾਏ ਸਨ।”
ਇਬ, “ਜਾਗੇਗਾ।”
ਜਾਂ ਸੰਭਵ ਹੈ, “ਤੇਰਾ ਫੁੱਲਾਂ ਦਾ ਹਾਰ ਆ ਗਿਆ ਹੈ।”
ਜਾਂ ਸੰਭਵ ਹੈ, “ਤੇਰਾ ਫੁੱਲਾਂ ਦਾ ਹਾਰ ਆ ਗਿਆ ਹੈ।”
ਇਬ, “ਡੰਡੇ ਨੂੰ ਫੁੱਲ ਲੱਗ ਗਏ ਹਨ ਅਤੇ ਗੁਸਤਾਖ਼ੀ ਦੀਆਂ ਡੋਡੀਆਂ ਨਿਕਲ ਆਈਆਂ ਹਨ।”
ਯਾਨੀ, ਨਾ ਤਾਂ ਜ਼ਮੀਨ ਖ਼ਰੀਦਣ ਵਾਲੇ ਨੂੰ ਅਤੇ ਨਾ ਹੀ ਵੇਚਣ ਵਾਲੇ ਨੂੰ ਫ਼ਾਇਦਾ ਹੋਵੇਗਾ ਕਿਉਂਕਿ ਸਾਰਿਆਂ ʼਤੇ ਨਾਸ਼ ਆਵੇਗਾ।
ਜਾਂ ਸੰਭਵ ਹੈ, “ਦੇ ਜ਼ਰੀਏ।”
ਯਾਨੀ, ਡਰ ਦੇ ਮਾਰੇ ਉਨ੍ਹਾਂ ਦਾ ਪਿਸ਼ਾਬ ਨਿਕਲ ਜਾਵੇਗਾ।
ਯਾਨੀ, ਉਹ ਸੋਗ ਮਨਾਉਣ ਲਈ ਆਪਣੇ ਵਾਲ਼ਾਂ ਦੀ ਹਜਾਮਤ ਕਰਾਉਣਗੇ।
ਯਾਨੀ, ਉਨ੍ਹਾਂ ਦੀਆਂ ਸੋਨੇ-ਚਾਂਦੀ ਦੀਆਂ ਚੀਜ਼ਾਂ।
ਯਾਨੀ, ਉਨ੍ਹਾਂ ਦਾ ਸੋਨਾ-ਚਾਂਦੀ ਜਿਸ ਦੀਆਂ ਉਹ ਮੂਰਤਾਂ ਬਣਾਉਂਦੇ ਸਨ।
ਲੱਗਦਾ ਹੈ ਕਿ ਇੱਥੇ ਯਹੋਵਾਹ ਦੇ ਮੰਦਰ ਦੇ ਅੱਤ ਪਵਿੱਤਰ ਕਮਰੇ ਦੀ ਗੱਲ ਕੀਤੀ ਗਈ ਹੈ।
ਯਾਨੀ, ਕੈਦੀਆਂ ਲਈ ਜ਼ੰਜੀਰਾਂ।
ਜਾਂ, “ਤਬਾਹੀ।”
ਇਬ, “ਹੱਥ।”
ਜਾਂ, “ਸੋਨੇ-ਚਾਂਦੀ ਦੀ ਮਿਸ਼੍ਰਿਤ ਧਾਤ।”
ਇੱਥੇ ਇਬਰਾਨੀ ਸ਼ਬਦ ਦਾ ਸੰਬੰਧ “ਗੋਹੇ” ਲਈ ਵਰਤੇ ਜਾਂਦੇ ਸ਼ਬਦ ਨਾਲ ਹੋ ਸਕਦਾ ਹੈ ਅਤੇ ਇਹ ਘਿਰਣਾ ਪ੍ਰਗਟ ਕਰਨ ਲਈ ਵਰਤਿਆ ਜਾਂਦਾ ਹੈ।
ਲੱਗਦਾ ਹੈ ਕਿ ਇਹ ਟਾਹਣੀ ਮੂਰਤੀ-ਪੂਜਾ ਲਈ ਵਰਤੀ ਜਾਂਦੀ ਸੀ।
ਜਾਂ, “ਸਕੱਤਰ।”
ਜ਼ਾਹਰ ਹੈ ਕਿ ਇੱਥੇ ਪਰਮੇਸ਼ੁਰ ਦੀ ਗੱਲ ਕੀਤੀ ਗਈ ਹੈ।
ਜ਼ਾਹਰ ਹੈ ਕਿ ਇੱਥੇ ਪਰਮੇਸ਼ੁਰ ਦੀ ਗੱਲ ਕੀਤੀ ਗਈ ਹੈ।
ਇਬ, “ਜਿੱਧਰ ਸਿਰ ਹੁੰਦਾ ਸੀ।”
ਯਾਨੀ, ਹਰੇਕ ਕਰੂਬੀ ਦੇ।
ਜਾਂ, “ਇਨਸਾਨ।”
ਇਬ, “ਇਹ ਜੀਉਂਦਾ ਪ੍ਰਾਣੀ ਸੀ।”
ਇਬ, “ਇਹ ਜੀਉਂਦਾ ਪ੍ਰਾਣੀ ਸੀ।”
ਜ਼ਾਹਰ ਹੈ ਕਿ ਇੱਥੇ ਪਰਮੇਸ਼ੁਰ ਦੀ ਗੱਲ ਕੀਤੀ ਗਈ ਹੈ।
ਜਾਂ, “ਦੇ ਖ਼ਿਲਾਫ਼।”
ਯਾਨੀ, ਯਰੂਸ਼ਲਮ ਸ਼ਹਿਰ ਜਿੱਥੇ ਯਹੂਦੀ ਸੋਚਦੇ ਸਨ ਕਿ ਉਹ ਸੁਰੱਖਿਅਤ ਰਹਿਣਗੇ।
ਜਾਂ, “ਚੌੜ੍ਹੇ ਮੂੰਹ ਵਾਲਾ ਪਤੀਲਾ।”
ਯਾਨੀ, ਅਜਿਹਾ ਦਿਲ ਜੋ ਪਰਮੇਸ਼ੁਰ ਦੀ ਸੇਧ ਮੁਤਾਬਕ ਚੱਲਣ ਲਈ ਤਿਆਰ ਹੋਵੇ।
ਦੁਸ਼ਟ ਦੂਤਾਂ ਦੀ ਮਦਦ ਨਾਲ ਭਵਿੱਖ ਜਾਣਨ ਦੀ ਕੋਸ਼ਿਸ਼ ਕਰਨੀ।
ਜਾਂ, “ਚਾਪਲੂਸੀ ਵਾਲੀਆਂ।”
ਇਬ, “ਘਰਾਣਾ।”
ਯਾਨੀ, ਅੰਦਰਲੀ ਕੰਧ ਕਮਜ਼ੋਰ ਬਣਾ ਕੇ ਉਸ ਉੱਤੇ ਕਲੀ ਫੇਰਨੀ ਤਾਂਕਿ ਇਹ ਦੇਖਣ ਨੂੰ ਮਜ਼ਬੂਤ ਲੱਗੇ।
ਯਾਨੀ, ਕੂਹਣੀਆਂ ਜਾਂ ਗੁੱਟਾਂ ʼਤੇ ਬੰਨ੍ਹਣ ਲਈ ਜਾਦੂਈ ਫੀਤੇ।
ਇਬ, “ਦੇ ਹੱਥਾਂ ਨੂੰ ਤਕੜਾ ਕੀਤਾ ਹੈ।”
ਦੁਸ਼ਟ ਦੂਤਾਂ ਦੀ ਮਦਦ ਨਾਲ ਭਵਿੱਖ ਜਾਣਨ ਦੀ ਕੋਸ਼ਿਸ਼ ਕਰਨੀ।
ਇੱਥੇ ਇਬਰਾਨੀ ਸ਼ਬਦ ਦਾ ਸੰਬੰਧ “ਗੋਹੇ” ਲਈ ਵਰਤੇ ਜਾਂਦੇ ਸ਼ਬਦ ਨਾਲ ਹੋ ਸਕਦਾ ਹੈ ਅਤੇ ਇਹ ਘਿਰਣਾ ਪ੍ਰਗਟ ਕਰਨ ਲਈ ਵਰਤਿਆ ਜਾਂਦਾ ਹੈ।
ਇਬ, “ਇਜ਼ਰਾਈਲ ਦੇ ਘਰਾਣੇ ਦੇ ਦਿਲ ਆਪਣੀ ਗਰਿਫਤ ਵਿਚ ਲੈ ਲਵਾਂਗਾ।”
ਇਬ, “ਰੋਟੀ ਦੀ ਹਰ ਕਿੱਲੀ ਤੋੜ ਦਿਆਂਗਾ।” ਸ਼ਾਇਦ ਇਨ੍ਹਾਂ ਕਿੱਲੀਆਂ ʼਤੇ ਰੋਟੀਆਂ ਟੰਗੀਆਂ ਜਾਂਦੀਆਂ ਸਨ।
ਸ਼ਬਦਾਵਲੀ ਦੇਖੋ।
ਜਾਂ, “ਉਨ੍ਹਾਂ ਦੇ ਬੱਚਿਆਂ ਨੂੰ ਖੋਹ ਲੈਂਦੇ ਹਨ।”
ਸ਼ਬਦਾਵਲੀ ਦੇਖੋ।
ਜਾਂ, “ਚੋਗਾ।”
ਜਾਂ, “ਸੀਲ ਮੱਛੀ ਦੀ ਖੱਲ।”
ਇਬ, “ਮੁਕੰਮਲ ਹੋ ਗਈ।”
ਇਬ, “ਤੇਰੇ ਨਾਂ ਦੇ।”
ਇਬ, “ਉਨ੍ਹਾਂ ਨੂੰ ਅੱਗ ਦੇ ਵਿੱਚੋਂ ਦੀ ਲੰਘਾ ਕੇ।”
ਇਬ, “ਸਾਮ੍ਹਣੇ ਆਪਣੀਆਂ ਲੱਤਾਂ ਪਸਾਰ ਕੇ।”
ਇਬ, “ਕਨਾਨ ਦੇਸ਼।”
ਜਾਂ, “ਕਮਜ਼ੋਰ।”
ਜਾਂ ਸੰਭਵ ਹੈ, “ਮੇਰੇ ਅੰਦਰ ਤੇਰੇ ਲਈ ਕਿੰਨਾ ਗੁੱਸਾ ਸੀ।”
ਇੱਥੇ ਇਬਰਾਨੀ ਸ਼ਬਦ ਦਾ ਸੰਬੰਧ “ਗੋਹੇ” ਲਈ ਵਰਤੇ ਜਾਂਦੇ ਸ਼ਬਦ ਨਾਲ ਹੋ ਸਕਦਾ ਹੈ ਅਤੇ ਇਹ ਘਿਰਣਾ ਪ੍ਰਗਟ ਕਰਨ ਲਈ ਵਰਤਿਆ ਜਾਂਦਾ ਹੈ।
ਇੱਥੇ ਸ਼ਾਇਦ ਇਸ ਦੇ ਅਧੀਨ ਆਉਂਦੇ ਕਸਬਿਆਂ ਦੀ ਗੱਲ ਕੀਤੀ ਗਈ ਹੈ।
ਇਬ, “ਤੇਰੇ ਖੱਬੇ ਪਾਸੇ।”
ਇਬ, “ਤੇਰੇ ਸੱਜੇ ਪਾਸੇ।”
ਜਾਂ, “ਘੱਟ ਗੁਨਾਹਗਾਰ।”
ਜਾਂ, “ਦੇ ਪੱਖ ਵਿਚ ਬੋਲੀ।”
ਜਾਂ, “ਘੱਟ ਗੁਨਾਹਗਾਰ।”
ਇਬ, “ਕਨਾਨ ਦੇਸ਼।”
ਇਬ, “ਬੀ।”
ਯਾਨੀ, ਨਬੂਕਦਨੱਸਰ।
ਯਾਨੀ, ਸਿਦਕੀਯਾਹ।
ਇਬ, “ਉਸ ਨੂੰ ਆਪਣਾ ਹੱਥ ਦਿੱਤਾ।”
ਇਬ, “ਹਵਾ ਵਿਚ ਚਾਰੇ ਪਾਸੇ।”
ਇਬ, “ਜਾਨ।”
ਇੱਥੇ ਇਬਰਾਨੀ ਸ਼ਬਦ ਦਾ ਸੰਬੰਧ “ਗੋਹੇ” ਲਈ ਵਰਤੇ ਜਾਂਦੇ ਸ਼ਬਦ ਨਾਲ ਹੋ ਸਕਦਾ ਹੈ ਅਤੇ ਇਹ ਘਿਰਣਾ ਪ੍ਰਗਟ ਕਰਨ ਲਈ ਵਰਤਿਆ ਜਾਂਦਾ ਹੈ।
ਇਬ, “ਖ਼ੂਨ ਵਹਾਉਣਾ ਵਾਲਾ।”
ਇਬ, “ਉਸ ਦਾ ਖ਼ੂਨ ਉਸੇ ਦੇ ਸਿਰ ਪਵੇਗਾ।”
ਇਬ, “ਜਾਨ।”
ਇਬ, “ਉਨ੍ਹਾਂ ਨੂੰ ਯਾਦ ਨਹੀਂ ਕੀਤਾ ਜਾਵੇਗਾ।”
ਜਾਂ, “ਅਨਿਆਂ।”
ਜਾਂ, “ਮਾਤਮ।”
ਜਾਂ ਸੰਭਵ ਹੈ, “ਤੇਰੇ ਅੰਗੂਰਾਂ ਦੇ ਬਾਗ਼ ਵਿਚ ਇਕ ਵੇਲ ਸੀ।”
ਜਾਂ, “ਡੰਡੇ।”
ਜਾਂ, “ਡੰਡਿਆਂ।”
ਜਾਂ, “ਸਜ਼ਾ ਦਾ ਫ਼ੈਸਲਾ ਸੁਣਾਉਣ।”
ਇਬ, “ਬੀ।”
ਜਾਂ, “ਤਲਾਸ਼ ਕੀਤੀ।”
ਜਾਂ, “ਸਾਰੇ ਦੇਸ਼ਾਂ ਦੀ ਸਜਾਵਟ।”
ਇੱਥੇ ਇਬਰਾਨੀ ਸ਼ਬਦ ਦਾ ਸੰਬੰਧ “ਗੋਹੇ” ਲਈ ਵਰਤੇ ਜਾਂਦੇ ਸ਼ਬਦ ਨਾਲ ਹੋ ਸਕਦਾ ਹੈ ਅਤੇ ਇਹ ਘਿਰਣਾ ਪ੍ਰਗਟ ਕਰਨ ਲਈ ਵਰਤਿਆ ਜਾਂਦਾ ਹੈ।
ਯਾਨੀ, ਇਜ਼ਰਾਈਲ।
ਯਾਨੀ, ਇਜ਼ਰਾਈਲ।
ਯਾਨੀ, ਇਜ਼ਰਾਈਲ।
ਜਾਂ, “ਸਾਰੇ ਦੇਸ਼ਾਂ ਦੀ ਸਜਾਵਟ।”
ਇਬ, “ਮੇਰੀਆਂ ਅੱਖਾਂ ਨੂੰ।”
ਯਾਨੀ, ਇਜ਼ਰਾਈਲ।
ਇਬ, “ਅੱਗ ਦੇ ਵਿੱਚੋਂ ਆਪਣੇ ਹਰ ਜੇਠੇ ਬੱਚੇ ਨੂੰ ਲੰਘਾਇਆ।”
ਯਾਨੀ, ਹੋਰ ਦੇਵੀ-ਦੇਵਤਿਆਂ ਦੀ ਭਗਤੀ।
ਜਾਂ, “ਸੇਵਾ।”
ਇਬ, “ਪਸਾਰੀ ਹੋਈ ਬਾਂਹ।”
ਇਬ, “ਆਪਣੇ ਚਿਹਰਿਆਂ।”
ਜਾਂ, “ਕਹਾਵਤਾਂ।”
ਯਾਨੀ, ਡਰ ਦੇ ਮਾਰੇ ਉਨ੍ਹਾਂ ਦਾ ਪਿਸ਼ਾਬ ਨਿਕਲ ਜਾਵੇਗਾ।
ਯਾਨੀ, ਯਹੋਵਾਹ ਦੀ ਤਲਵਾਰ।
ਜਾਂ, “ਰਾਜ-ਡੰਡਾ।”
ਇਬ, “ਹੱਥ।”
ਦੁਸ਼ਟ ਦੂਤਾਂ ਦੀ ਮਦਦ ਨਾਲ ਭਵਿੱਖ ਜਾਣਨ ਦੀ ਕੋਸ਼ਿਸ਼ ਕਰਨੀ।
ਇਬ, “ਤਰਾਫੀਮ।” ਸ਼ਬਦਾਵਲੀ ਦੇਖੋ।
ਯਾਨੀ, ਯਰੂਸ਼ਲਮ ਦੇ ਵਾਸੀ।
ਜ਼ਾਹਰ ਹੈ ਕਿ ਇੱਥੇ ਬਾਬਲੀਆਂ ਦੀ ਗੱਲ ਕੀਤੀ ਗਈ ਹੈ।
ਇਬ, “ਦੀਆਂ ਧੌਣਾਂ।”
ਇਬ, “ਜਿੱਥੇ ਤੈਨੂੰ ਸਿਰਜਿਆ ਗਿਆ ਸੀ।”
ਇਬ, “ਦਾ ਨਿਆਂ ਕਰਨ ਲਈ; ਦਾ ਨਿਆਂ ਕਰਨ ਲਈ।”
ਇੱਥੇ ਇਬਰਾਨੀ ਸ਼ਬਦ ਦਾ ਸੰਬੰਧ “ਗੋਹੇ” ਲਈ ਵਰਤੇ ਜਾਂਦੇ ਸ਼ਬਦ ਨਾਲ ਹੋ ਸਕਦਾ ਹੈ ਅਤੇ ਇਹ ਘਿਰਣਾ ਪ੍ਰਗਟ ਕਰਨ ਲਈ ਵਰਤਿਆ ਜਾਂਦਾ ਹੈ।
ਇਬ, “ਜਿਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ ਹੋਵੇ।”
ਇਬ, “ਆਪਣੇ ਪਿਤਾ ਦਾ ਨੰਗੇਜ਼ ਉਘਾੜਦੇ ਹਨ।”
ਦੁਸ਼ਟ ਦੂਤਾਂ ਦੀ ਮਦਦ ਨਾਲ ਭਵਿੱਖ ਜਾਣਨ ਦੀ ਕੋਸ਼ਿਸ਼ ਕਰਨੀ।
ਮਤਲਬ “ਉਸ ਦਾ ਤੰਬੂ।”
ਮਤਲਬ “ਮੇਰਾ ਤੰਬੂ ਉਸ ਵਿਚ ਹੈ।”
ਇੱਥੇ ਇਬਰਾਨੀ ਸ਼ਬਦ ਦਾ ਸੰਬੰਧ “ਗੋਹੇ” ਲਈ ਵਰਤੇ ਜਾਂਦੇ ਸ਼ਬਦ ਨਾਲ ਹੋ ਸਕਦਾ ਹੈ ਅਤੇ ਇਹ ਘਿਰਣਾ ਪ੍ਰਗਟ ਕਰਨ ਲਈ ਵਰਤਿਆ ਜਾਂਦਾ ਹੈ।
ਜਾਂ, “ਨਾਜਾਇਜ਼ ਸਰੀਰਕ ਸੰਬੰਧ ਬਣਾਉਂਦੇ।”
ਜਾਂ, “ਲਾਲ।”
ਜਾਂ, “ਨਾਜਾਇਜ਼ ਸਰੀਰਕ ਸੰਬੰਧ ਬਣਾ ਕੇ।”
ਛੋਟੀਆਂ ਢਾਲਾਂ ਅਕਸਰ ਤੀਰਅੰਦਾਜ਼ ਲੈ ਕੇ ਜਾਂਦੇ ਹੁੰਦੇ ਸਨ।
ਇਬ, “ਮੈਨੂੰ ਆਪਣੀ ਪਿੱਠ ਪਿੱਛੇ ਸੁੱਟ ਦਿੱਤਾ ਹੈ।”
ਯਾਨੀ, ਹੋਰ ਦੇਵੀ-ਦੇਵਤਿਆਂ ਦੀ ਭਗਤੀ।
ਇਬ, “ਨੂੰ ਵੀ ਅੱਗ ਦੇ ਵਿੱਚੋਂ ਦੀ ਲੰਘਾਇਆ ਹੈ।”
ਜ਼ਾਹਰ ਹੈ ਕਿ ਇੱਥੇ ਆਹਾਲੀਬਾਹ ਦੀ ਗੱਲ ਕੀਤੀ ਗਈ ਹੈ।
ਇਬ, “ਇਸ ਦਿਨ ਦਾ ਨਾਂ।”
ਜਾਂ, “ਚੌੜੇ ਮੂੰਹ ਵਾਲਾ ਪਤੀਲਾ।”
ਜਾਂ, “ਆਪਣੀ ਛਾਤੀ ਨਾ ਪਿੱਟੀਂ।”
ਜਾਂ, “ਉੱਪਰਲਾ ਬੁੱਲ੍ਹ।”
ਇਬ, “ਇਨਸਾਨਾਂ ਦੀ ਰੋਟੀ।”
ਜਾਂ, “ਕੰਧਾਂ ਨਾਲ ਘਿਰੇ ਹੋਏ ਡੇਰੇ।”
ਜਾਂ, “ਇਸ ਦੇ ਦੇਸ਼ ਦੀ ਸਜਾਵਟ।”
ਇਬ, “ਨਬੂਕਦਰਸਰ।”
ਇਬ, “ਲੋਕਾਂ ਦੀ ਫ਼ੌਜ।”
ਲੜਾਈ ਦੌਰਾਨ ਸ਼ਹਿਰ ਦੇ ਦਰਵਾਜ਼ਿਆਂ ਅਤੇ ਕੰਧਾਂ ਨੂੰ ਤੋੜਨ ਲਈ ਵਰਤਿਆ ਜਾਣ ਵਾਲਾ ਇਕ ਯੰਤਰ।
ਜਾਂ, “ਤਲਵਾਰਾਂ।”
ਜਾਂ, “ਮੁਖੀ।”
ਜਾਂ, “ਬਿਨਾਂ ਬਾਹਾਂ ਵਾਲੇ ਚੋਗੇ।”
ਜਾਂ, “ਮਾਤਮ।”
ਇਬ, “ਉਹ ਅਤੇ ਉਸ ਦੇ।”
ਜਾਂ, “ਟੋਏ।”
ਜਾਂ, “ਨੂੰ ਸਜਾਵਾਂਗਾ।”
ਜਾਂ, “ਮਾਤਮ।”
ਇਬ, “ਬਜ਼ੁਰਗ।”
ਜਾਂ, “ਭੂਰੇ ਰੰਗ।”
ਇਕ ਖ਼ੁਸ਼ਬੂਦਾਰ ਘਾਹ।
ਜਾਂ ਸੰਭਵ ਹੈ, “ਭਰਿਆ ਰਹੇਂ ਅਤੇ ਸ਼ਾਨਦਾਰ ਲੱਗੇਂ।”
ਇਬ, “ਮੰਡਲੀ।”
ਹੈਰਾਨੀ ਜਾਂ ਘਿਰਣਾ ਜ਼ਾਹਰ ਕਰਨ ਲਈ।
ਜਾਂ, “ਕਬਰ।”
ਜਾਂ, “ਮਾਤਮ।”
ਇਬ, “ਤੂੰ ਨਮੂਨੇ ਉੱਤੇ ਮੁਹਰ ਲਾਈ ਸੀ।”
ਜਾਂ, “ਜੇਡ।”
ਜਾਂ, “ਤੇਰੇ ਚਾਨਿਆਂ।”
ਜਾਂ, “ਤੇਰੇ ਚਾਨਿਆਂ।”
ਇਬ, “ਲੱਕ।”
ਇਬ, “ਉਹ।”
ਇਬ, “ਨਬੂਕਦਰਸਰ।”
ਜਾਂ, “ਇਜ਼ਰਾਈਲ ਦੇ ਘਰਾਣੇ ਨੂੰ ਤਾਕਤ ਬਖ਼ਸ਼ਾਂਗਾ।”
ਇੱਥੇ ਸ਼ਾਇਦ ਉਨ੍ਹਾਂ ਇਜ਼ਰਾਈਲੀਆਂ ਦੀ ਗੱਲ ਕੀਤੀ ਗਈ ਹੈ ਜਿਨ੍ਹਾਂ ਨੇ ਮਿਸਰ ਨਾਲ ਗੱਠ-ਜੋੜ ਕੀਤਾ ਸੀ।
ਇਬ, “ਨਬੂਕਦਰਸਰ।”
ਇੱਥੇ ਇਬਰਾਨੀ ਸ਼ਬਦ ਦਾ ਸੰਬੰਧ “ਗੋਹੇ” ਲਈ ਵਰਤੇ ਜਾਂਦੇ ਸ਼ਬਦ ਨਾਲ ਹੋ ਸਕਦਾ ਹੈ ਅਤੇ ਇਹ ਘਿਰਣਾ ਪ੍ਰਗਟ ਕਰਨ ਲਈ ਵਰਤਿਆ ਜਾਂਦਾ ਹੈ।
ਜਾਂ, “ਮੈਮਫ਼ਿਸ।”
ਯਾਨੀ, ਥੀਬਜ਼।
ਜਾਂ, “ਮੈਮਫ਼ਿਸ।”
ਯਾਨੀ, ਹੀਲੀਓਪੁਲਿਸ।
ਜਾਂ, “ਦੀ ਤਾਕਤ ਵਧਾਵਾਂਗਾ।”
ਯਾਨੀ, ਬਾਬਲ ਦੇ ਰਾਜੇ ਦੇ ਸਾਮ੍ਹਣੇ।
ਇਬ, “ਤੂੰ।”
ਜਾਂ, “ਕਬਰ।”
ਜਾਂ, “ਸ਼ੀਓਲ।” ਸ਼ਬਦਾਵਲੀ ਦੇਖੋ।
ਜਾਂ, “ਕਬਰ।”
ਜਾਂ, “ਸ਼ੀਓਲ।” ਸ਼ਬਦਾਵਲੀ ਦੇਖੋ।
ਇਬ, “ਬਾਂਹ।”
ਜਾਂ, “ਮਾਤਮ।”
ਇਬ, “ਉਨ੍ਹਾਂ ਦੇ ਦਰਿਆਵਾਂ।”
ਇਬ, “ਤੇਰੇ।”
ਸ਼ਾਇਦ ਇਹ 12ਵਾਂ ਮਹੀਨਾ ਸੀ। ਆਇਤ 1 ਦੇਖੋ।
ਜਾਂ, “ਕਬਰ।”
ਜਾਂ, “ਸ਼ੀਓਲ।” ਸ਼ਬਦਾਵਲੀ ਦੇਖੋ।
ਸ਼ਾਇਦ ਇੱਥੇ ਅੱਸ਼ੂਰ ਦੇ ਰਾਜੇ ਦੀ ਗੱਲ ਕੀਤੀ ਗਈ ਹੈ।
ਜਾਂ, “ਕਬਰ।”
ਜਾਂ, “ਕਬਰ।”
ਜਾਂ, “ਕਬਰ।”
ਇਬ, “ਉਸ।”
ਇਬ, “ਉਸ।”
ਸ਼ਾਇਦ ਇੱਥੇ ਮਸ਼ੇਕ ਅਤੇ ਤੂਬਲ ਦੇ ਰਾਜੇ ਦੀ ਗੱਲ ਕੀਤੀ ਗਈ ਹੈ।
ਜਾਂ, “ਸ਼ੀਓਲ।” ਸ਼ਬਦਾਵਲੀ ਦੇਖੋ।
ਸ਼ਾਇਦ ਇੱਥੇ ਯੋਧਿਆਂ ਨੂੰ ਫ਼ੌਜੀ ਸਨਮਾਨ ਨਾਲ ਉਨ੍ਹਾਂ ਦੀਆਂ ਤਲਵਾਰ ਸਣੇ ਦਫ਼ਨਾਏ ਜਾਣ ਦੀ ਗੱਲ ਕੀਤੀ ਗਈ ਹੈ।
ਜਾਂ, “ਕਬਰ।”
ਜਾਂ, “ਆਗੂ।”
ਜਾਂ, “ਕਬਰ।”
ਇਬ, “ਉਸ ਨੂੰ ਲੈ ਜਾਂਦੀ ਹੈ।”
ਇਬ, “ਉਸ ਦਾ ਖ਼ੂਨ ਉਸੇ ਦੇ ਸਿਰ ਪਵੇਗਾ।”
ਜਾਂ, “ਮੈਂ ਪਹਿਰੇਦਾਰ ਨੂੰ ਉਸ ਦੇ ਖ਼ੂਨ ਦਾ ਜ਼ਿੰਮੇਵਾਰ ਠਹਿਰਾਵਾਂਗਾ।”
ਜਾਂ, “ਅਨਿਆਂ।”
ਇਬ, “ਉਹ ਯਾਦ ਨਹੀਂ ਕੀਤੇ ਜਾਣਗੇ।”
ਇਬ, “ਹੱਥ।”
ਇੱਥੇ ਇਬਰਾਨੀ ਸ਼ਬਦ ਦਾ ਸੰਬੰਧ “ਗੋਹੇ” ਲਈ ਵਰਤੇ ਜਾਂਦੇ ਸ਼ਬਦ ਨਾਲ ਹੋ ਸਕਦਾ ਹੈ ਅਤੇ ਇਹ ਘਿਰਣਾ ਪ੍ਰਗਟ ਕਰਨ ਲਈ ਵਰਤਿਆ ਜਾਂਦਾ ਹੈ।
ਜਾਂ, “ਉਹ ਕਾਮ-ਵਾਸ਼ਨਾ ਨਾਲ ਭਰੀਆਂ ਗੱਲਾਂ ਕਰਨਗੇ।”
ਜਾਂ, “ਮੈਂ ਉਨ੍ਹਾਂ ਤੋਂ ਆਪਣੀਆਂ ਭੇਡਾਂ ਵਾਪਸ ਮੰਗਾਂਗਾ।”
ਜਾਂ, “ਦੀ ਦੇਖ-ਭਾਲ ਕਰਨ।”
ਇਬ, “ਖ਼ੂਨ; ਕਤਲੇਆਮ।”
ਇੱਥੇ ਇਬਰਾਨੀ ਸ਼ਬਦ ਦਾ ਸੰਬੰਧ “ਗੋਹੇ” ਲਈ ਵਰਤੇ ਜਾਂਦੇ ਸ਼ਬਦ ਨਾਲ ਹੋ ਸਕਦਾ ਹੈ ਅਤੇ ਇਹ ਘਿਰਣਾ ਪ੍ਰਗਟ ਕਰਨ ਲਈ ਵਰਤਿਆ ਜਾਂਦਾ ਹੈ।
ਯਾਨੀ, ਅਜਿਹਾ ਦਿਲ ਜੋ ਪਰਮੇਸ਼ੁਰ ਦੀ ਸੇਧ ਮੁਤਾਬਕ ਚੱਲਣ ਲਈ ਤਿਆਰ ਹੋਵੇ।
ਜਾਂ ਸੰਭਵ ਹੈ, “ਬਲ਼ੀ ਵਾਸਤੇ ਲਿਆਂਦੀਆਂ ਭੇਡਾਂ ਦੇ ਝੁੰਡਾਂ।”
ਇਬ, “ਹੱਥ।”
ਜਾਂ, “ਸਾਹ।”
ਜਾਂ, “ਉਸ ਦੇ ਸਾਥੀ ਹਨ।”
ਜਾਂ, “ਉਸ ਦੇ ਸਾਥੀ ਹਨ।”
ਇਬ, “ਤੇਰੇ ਲੋਕਾਂ ਦੇ ਪੁੱਤਰ।”
ਇੱਥੇ ਇਬਰਾਨੀ ਸ਼ਬਦ ਦਾ ਸੰਬੰਧ “ਗੋਹੇ” ਲਈ ਵਰਤੇ ਜਾਂਦੇ ਸ਼ਬਦ ਨਾਲ ਹੋ ਸਕਦਾ ਹੈ ਅਤੇ ਇਹ ਘਿਰਣਾ ਪ੍ਰਗਟ ਕਰਨ ਲਈ ਵਰਤਿਆ ਜਾਂਦਾ ਹੈ।
ਇਬ, “ਪੁੱਤਰ।”
ਜਾਂ, “ਹਾਕਮ।”
ਜਾਂ, “ਨਿਵਾਸ-ਸਥਾਨ; ਘਰ।”
ਜਾਂ, “ਉੱਪਰ।”
ਛੋਟੀਆਂ ਢਾਲਾਂ ਅਕਸਰ ਤੀਰਅੰਦਾਜ਼ ਲੈ ਕੇ ਜਾਂਦੇ ਹੁੰਦੇ ਸਨ।
ਇਬ, “ਪਹਿਰੇਦਾਰ।”
ਜਾਂ, “ਤੈਨੂੰ ਬੁਲਾਇਆ ਜਾਵੇਗਾ।”
ਜਾਂ, “ਜਵਾਨ ਸ਼ੇਰ।”
ਜਾਂ, “ਉਸ ਨਾਲ ਮੁਕੱਦਮਾ ਲੜਾਂਗਾ।”
ਛੋਟੀਆਂ ਢਾਲਾਂ ਅਕਸਰ ਤੀਰਅੰਦਾਜ਼ ਲੈ ਕੇ ਜਾਂਦੇ ਹੁੰਦੇ ਸਨ।
ਜਾਂ ਸੰਭਵ ਹੈ, “ਬਰਛਿਆਂ।”
ਜਾਂ, “ਗੋਗ ਦੀਆਂ ਭੀੜਾਂ ਦੀ ਘਾਟੀ।”
ਮਤਲਬ “ਭੀੜਾਂ।”
ਇਬ, “ਹੱਥ।”
ਵਧੇਰੇ ਜਾਣਕਾਰੀ 2.14 ਦੇਖੋ।
ਇਬ, “ਆਪਣਾ ਮਨ ਲਾ।”
ਇਬ, “ਘਰ।” ਅਧਿਆਇ 40-48 ਵਿਚ ਜਿੱਥੇ ਵੀ ਮੰਦਰ ਦੀਆਂ ਵੱਖੋ-ਵੱਖਰੀਆਂ ਇਮਾਰਤਾਂ ਜਾਂ ਖ਼ਾਸ ਤੌਰ ਤੇ ਮੰਦਰ ਦੀ ਗੱਲ ਕੀਤੀ ਗਈ ਹੈ, ਉੱਥੇ “ਘਰ” ਨੂੰ ਮੰਦਰ ਅਨੁਵਾਦ ਕੀਤਾ ਗਿਆ ਹੈ।
ਇਬ, “ਮਿਣਤੀ ਕਰਨ ਲਈ ਛੇ ਹੱਥ, ਇਕ ਹੱਥ ਅਤੇ ਚੱਪਾ ਕੁ ਲੰਬਾ ਕਾਨਾ।” ਇਹ ਛੇ ਲੰਬੇ ਹੱਥ ਹਨ। ਵਧੇਰੇ ਜਾਣਕਾਰੀ 2.14 ਦੇਖੋ।
ਜ਼ਾਹਰ ਹੈ ਕਿ ਇੱਥੇ ਪਹਿਰੇਦਾਰ ਦੀ ਕੋਠੜੀ ਦੀ ਕੰਧ ਦੇ ਉੱਪਰਲੇ ਸਿਰੇ ਦੀ ਗੱਲ ਕੀਤੀ ਗਈ ਹੈ।
ਇਬ, “ਚੁੜਾਈ।”
ਜਾਂ ਸੰਭਵ ਹੈ, “12.”
ਇਬ, “ਮੰਦਰ।” ਅਧਿਆਇ 41 ਅਤੇ 42 ਵਿਚ ਜਿੱਥੇ ਵੀ ਪਵਿੱਤਰ ਸਥਾਨ ਦੇ ਬਾਹਰਲੇ ਕਮਰੇ (ਪਵਿੱਤਰ ਕਮਰੇ) ਜਾਂ ਪੂਰੇ ਪਵਿੱਤਰ ਸਥਾਨ (ਪਵਿੱਤਰ ਅਤੇ ਅੱਤ ਪਵਿੱਤਰ ਕਮਰੇ) ਦੀ ਗੱਲ ਕੀਤੀ ਗਈ ਹੈ, ਉੱਥੇ ਇਬਰਾਨੀ ਵਿਚ “ਮੰਦਰ” ਸ਼ਬਦ ਵਰਤਿਆ ਗਿਆ ਹੈ।
ਇੱਥੇ ਲੰਬੇ ਹੱਥ ਦੇ ਨਾਪ ਦੀ ਗੱਲ ਕੀਤੀ ਗਈ ਹੈ। ਵਧੇਰੇ ਜਾਣਕਾਰੀ 2.14 ਦੇਖੋ।
ਯਾਨੀ, ਅੱਤ ਪਵਿੱਤਰ ਕਮਰਾ।
ਜ਼ਾਹਰ ਹੈ ਕਿ ਹਰ ਮੰਜ਼ਲ ʼਤੇ ਕੰਧ ਦੀ ਮੋਟਾਈ ਘੱਟਦੀ ਜਾਂਦੀ ਹੈ।
ਲੱਗਦਾ ਹੈ ਕਿ ਇਹ ਮੰਦਰ ਦੇ ਆਲੇ-ਦੁਆਲੇ ਤੁਰਨ ਲਈ ਤੰਗ ਰਾਹ ਸੀ।
ਜਾਂ, “ਕੋਠੜੀਆਂ।”
ਯਾਨੀ, ਮੰਦਰ ਦੇ ਪੱਛਮ ਵੱਲ ਦੀ ਇਮਾਰਤ।
ਜਾਂ, “ਜਵਾਨ ਸ਼ੇਰ।”
ਇਬ, “ਚੁਗਾਠ।” ਲੱਗਦਾ ਹੈ ਕਿ ਇੱਥੇ ਪਵਿੱਤਰ ਕਮਰੇ ਦੇ ਲਾਂਘੇ ਦੀ ਗੱਲ ਕੀਤੀ ਗਈ ਹੈ।
ਲੱਗਦਾ ਹੈ ਕਿ ਇੱਥੇ ਅੱਤ ਪਵਿੱਤਰ ਕਮਰੇ ਦੀ ਗੱਲ ਕੀਤੀ ਗਈ ਹੈ।
ਇਬ, “ਲੰਬਾਈ।”
ਯਾਨੀ, ਮੰਦਰ ਦੇ ਪੱਛਮ ਵੱਲ ਦੀ ਇਮਾਰਤ।
ਇੱਥੇ ਲੰਬੇ ਹੱਥ ਦੇ ਨਾਪ ਦੀ ਗੱਲ ਕੀਤੀ ਗਈ ਹੈ। ਵਧੇਰੇ ਜਾਣਕਾਰੀ 2.14 ਦੇਖੋ।
ਯੂਨਾਨੀ ਸੈਪਟੁਜਿੰਟ ਅਨੁਸਾਰ, “100 ਹੱਥ ਲੰਬਾ।” ਇਬਰਾਨੀ ਲਿਖਤਾਂ ਵਿਚ: “ਇਕ ਹੱਥ ਚੌੜਾ ਰਸਤਾ।” ਵਧੇਰੇ ਜਾਣਕਾਰੀ 2.14 ਦੇਖੋ।
ਆਇਤ 1 ਵਿਚ ਜ਼ਿਕਰ ਕੀਤੀ ਗਈ ਇਮਾਰਤ।
ਇਬ, “ਅੰਦਰਲੇ ਭਵਨ।”
ਵਧੇਰੇ ਜਾਣਕਾਰੀ 2.14 ਦੇਖੋ।
ਜਾਂ ਸੰਭਵ ਹੈ, “ਉਹ।”
ਇਬ, “ਘਰ।”
ਯਾਨੀ, ਹੋਰ ਦੇਵੀ-ਦੇਵਤਿਆਂ ਦੀ ਭਗਤੀ।
ਇਬ, “ਆਪਣੇ ਰਾਜਿਆਂ ਦੀ ਮੌਤ ਹੋਣ ਤੇ ਉਨ੍ਹਾਂ।”
ਇਬ, “ਨਮੂਨੇ ਦੀ ਮਿਣਤੀ ਕਰਨ।”
ਇੱਥੇ ਲੰਬੇ ਹੱਥ ਦੇ ਨਾਪ ਦੀ ਗੱਲ ਕੀਤੀ ਗਈ ਹੈ। ਵਧੇਰੇ ਜਾਣਕਾਰੀ 2.14 ਦੇਖੋ।
ਇਕ ਗਿੱਠ ਲਗਭਗ 22.2 ਸੈਂਟੀਮੀਟਰ (8.75 ਇੰਚ) ਹੁੰਦੀ ਹੈ। ਵਧੇਰੇ ਜਾਣਕਾਰੀ 2.14 ਦੇਖੋ।
ਜਾਂ, “ਮੁਕੰਮਲ।”
ਯਾਨੀ, ਲੋਕਾਂ ਵੱਲੋਂ ਲਿਆਂਦੀਆਂ।
ਇਬ, “ਆਪਣਾ ਮਨ ਲਾ।”
ਇੱਥੇ ਇਬਰਾਨੀ ਸ਼ਬਦ ਦਾ ਸੰਬੰਧ “ਗੋਹੇ” ਲਈ ਵਰਤੇ ਜਾਂਦੇ ਸ਼ਬਦ ਨਾਲ ਹੋ ਸਕਦਾ ਹੈ ਅਤੇ ਇਹ ਘਿਰਣਾ ਪ੍ਰਗਟ ਕਰਨ ਲਈ ਵਰਤਿਆ ਜਾਂਦਾ ਹੈ।
ਜਾਂ, “ਵੇਦੀ।”
ਜਾਂ, “ਪਵਿੱਤਰ ਕੋਠੜੀਆਂ।”
ਇੱਥੇ ਲੰਬੇ ਹੱਥ ਦੇ ਨਾਪ ਦੀ ਗੱਲ ਕੀਤੀ ਗਈ ਹੈ। ਵਧੇਰੇ ਜਾਣਕਾਰੀ 2.14 ਦੇਖੋ।
ਇਬ, “500 ਬਟਾ 500.”
ਜਾਂ, “20 ਕੋਠੜੀਆਂ।”
ਵਧੇਰੇ ਜਾਣਕਾਰੀ 2.14 ਦੇਖੋ।
ਵਧੇਰੇ ਜਾਣਕਾਰੀ 2.14 ਦੇਖੋ।
ਵਧੇਰੇ ਜਾਣਕਾਰੀ 2.14 ਦੇਖੋ।
ਜਾਂ, “ਮਾਈਨਾ।” ਵਧੇਰੇ ਜਾਣਕਾਰੀ 2.14 ਦੇਖੋ।
ਵਧੇਰੇ ਜਾਣਕਾਰੀ 2.14 ਦੇਖੋ।
ਵਧੇਰੇ ਜਾਣਕਾਰੀ 2.14 ਦੇਖੋ।
ਵਧੇਰੇ ਜਾਣਕਾਰੀ 2.14 ਦੇਖੋ।
ਵਧੇਰੇ ਜਾਣਕਾਰੀ 2.14 ਦੇਖੋ।
ਜਾਂ, “ਪਵਿੱਤਰ ਕੋਠੜੀਆਂ।”
ਇੱਥੇ ਲੰਬੇ ਹੱਥ ਦੇ ਨਾਪ ਦੀ ਗੱਲ ਕੀਤੀ ਗਈ ਹੈ। ਵਧੇਰੇ ਜਾਣਕਾਰੀ 2.14 ਦੇਖੋ।
ਇੱਥੇ ਲੰਬੇ ਹੱਥ ਦੇ ਨਾਪ ਦੀ ਗੱਲ ਕੀਤੀ ਗਈ ਹੈ। ਵਧੇਰੇ ਜਾਣਕਾਰੀ 2.14 ਦੇਖੋ।
ਜਾਂ, “ਉਜਾੜ।”
ਇਬ, “ਤੰਦਰੁਸਤ।”
ਇਬ, “ਦੋ ਚਸ਼ਮੇ।”
ਯਾਨੀ, ਭੂਮੱਧ ਸਾਗਰ।
ਇਬ, “ਹਰੇਕ ਨੂੰ ਆਪਣੇ ਭਰਾ ਵਾਂਗ ਵਿਰਾਸਤ ਵਿਚ ਇਲਾਕਾ ਮਿਲੇਗਾ।”
ਯਾਨੀ, ਮ੍ਰਿਤ ਸਾਗਰ।
ਇਬ, “ਦੱਖਣੀ ਦਿਸ਼ਾ ਵੱਲ ਦੱਖਣੀ ਸਰਹੱਦ।”
ਯਾਨੀ, ਮਿਸਰ ਵਾਦੀ।
ਇਬ, “ਦੱਖਣੀ ਦਿਸ਼ਾ ਵੱਲ ਦੱਖਣੀ ਸਰਹੱਦ।”
ਜਾਂ, “ਹਮਾਥ ਦੇ ਲਾਂਘੇ।”
ਇੱਥੇ ਲੰਬੇ ਹੱਥ ਦੇ ਨਾਪ ਦੀ ਗੱਲ ਕੀਤੀ ਗਈ ਹੈ। ਵਧੇਰੇ ਜਾਣਕਾਰੀ 2.14 ਦੇਖੋ।
ਯਾਨੀ, ਮਿਸਰ ਵਾਦੀ।
ਯਾਨੀ, ਭੂਮੱਧ ਸਾਗਰ।