ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • nwt ਇਬਰਾਨੀਆਂ 1:1 - 13:25
  • ਇਬਰਾਨੀਆਂ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਇਬਰਾਨੀਆਂ
  • ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
ਇਬਰਾਨੀਆਂ

ਇਬਰਾਨੀਆਂ ਨੂੰ ਚਿੱਠੀ

1 ਪਰਮੇਸ਼ੁਰ ਨੇ ਬੀਤੇ ਸਮੇਂ ਵਿਚ ਨਬੀਆਂ ਰਾਹੀਂ ਕਈ ਵਾਰ ਅਤੇ ਕਈ ਤਰੀਕਿਆਂ ਨਾਲ ਸਾਡੇ ਪਿਉ-ਦਾਦਿਆਂ ਨਾਲ ਗੱਲ ਕੀਤੀ ਸੀ।+ 2 ਇਸ ਸਮੇਂ* ਉਸ ਨੇ ਆਪਣੇ ਪੁੱਤਰ ਦੇ ਰਾਹੀਂ ਗੱਲ ਕੀਤੀ+ ਜਿਸ ਨੂੰ ਉਸ ਨੇ ਸਾਰੀਆਂ ਚੀਜ਼ਾਂ ਦਾ ਵਾਰਸ ਬਣਾਇਆ ਹੈ+ ਅਤੇ ਜਿਸ ਰਾਹੀਂ ਯੁਗ* ਕਾਇਮ ਕੀਤੇ ਗਏ।+ 3 ਉਸ ਰਾਹੀਂ ਪਰਮੇਸ਼ੁਰ ਦੀ ਮਹਿਮਾ ਝਲਕਦੀ ਹੈ+ ਅਤੇ ਉਹ ਹੂ-ਬਹੂ ਪਰਮੇਸ਼ੁਰ ਵਰਗਾ ਹੈ+ ਅਤੇ ਉਹ* ਪਰਮੇਸ਼ੁਰ ਦੇ ਸ਼ਕਤੀਸ਼ਾਲੀ ਬਚਨ ਰਾਹੀਂ ਸਾਰੀਆਂ ਚੀਜ਼ਾਂ ਨੂੰ ਕਾਇਮ ਰੱਖਦਾ ਹੈ। ਸਾਨੂੰ ਪਾਪਾਂ ਤੋਂ ਸ਼ੁੱਧ ਕਰਨ ਤੋਂ ਬਾਅਦ+ ਉਹ ਸਵਰਗ ਵਿਚ ਮਹਾਨ ਪਰਮੇਸ਼ੁਰ ਦੇ ਸੱਜੇ ਹੱਥ ਬੈਠ ਗਿਆ।+ 4 ਇਸ ਲਈ ਉਸ ਨੂੰ ਦੂਤਾਂ ਦੇ ਨਾਵਾਂ ਨਾਲੋਂ ਕਿਤੇ ਉੱਚਾ ਨਾਂ* ਦਿੱਤਾ ਗਿਆ ਹੈ+ ਜਿਸ ਕਰਕੇ ਉਹ ਦੂਤਾਂ ਨਾਲੋਂ ਉੱਚਾ ਹੋ ਗਿਆ ਹੈ।+

5 ਮਿਸਾਲ ਲਈ, ਪਰਮੇਸ਼ੁਰ ਨੇ ਆਪਣੇ ਦੂਤਾਂ ਵਿੱਚੋਂ ਕਿਸ ਨੂੰ ਕਦੇ ਇਹ ਕਿਹਾ ਹੈ: “ਤੂੰ ਮੇਰਾ ਪੁੱਤਰ ਹੈਂ; ਮੈਂ ਅੱਜ ਤੇਰਾ ਪਿਤਾ ਬਣਿਆ ਹਾਂ”?+ ਜਾਂ: “ਮੈਂ ਉਸ ਦਾ ਪਿਤਾ ਬਣਾਂਗਾ ਅਤੇ ਉਹ ਮੇਰਾ ਪੁੱਤਰ ਬਣੇਗਾ”?+ 6 ਪਰ ਉਸ ਸਮੇਂ ਬਾਰੇ ਗੱਲ ਕਰਦੇ ਹੋਏ ਜਦੋਂ ਉਹ ਆਪਣੇ ਜੇਠੇ ਪੁੱਤਰ+ ਨੂੰ ਧਰਤੀ ਉੱਤੇ ਦੁਬਾਰਾ ਘੱਲੇਗਾ, ਉਹ ਕਹਿੰਦਾ ਹੈ: “ਪਰਮੇਸ਼ੁਰ ਦੇ ਸਾਰੇ ਦੂਤ ਝੁਕ ਕੇ ਉਸ ਨੂੰ ਨਮਸਕਾਰ ਕਰਨ।”

7 ਨਾਲੇ ਪਰਮੇਸ਼ੁਰ ਦੂਤਾਂ ਬਾਰੇ ਕਹਿੰਦਾ ਹੈ: “ਉਹ ਆਪਣੇ ਦੂਤਾਂ ਨੂੰ ਤਾਕਤਵਰ ਸ਼ਕਤੀਆਂ* ਅਤੇ ਆਪਣੇ ਸੇਵਕਾਂ+ ਨੂੰ ਅੱਗ ਦੀਆਂ ਲਾਟਾਂ ਬਣਾਉਂਦਾ ਹੈ।”+ 8 ਪਰ ਉਹ ਆਪਣੇ ਪੁੱਤਰ ਬਾਰੇ ਕਹਿੰਦਾ ਹੈ: “ਪਰਮੇਸ਼ੁਰ ਯੁਗਾਂ-ਯੁਗਾਂ ਤਕ ਤੇਰਾ ਸਿੰਘਾਸਣ ਹੈ+ ਅਤੇ ਤੇਰਾ ਰਾਜ-ਡੰਡਾ ਨਿਆਂ ਦਾ ਰਾਜ-ਡੰਡਾ ਹੈ। 9 ਤੈਨੂੰ ਧਾਰਮਿਕਤਾ* ਨਾਲ ਪਿਆਰ ਅਤੇ ਬੁਰਾਈ ਨਾਲ ਨਫ਼ਰਤ ਹੈ। ਇਸੇ ਕਰਕੇ ਪਰਮੇਸ਼ੁਰ ਨੇ, ਹਾਂ ਤੇਰੇ ਪਰਮੇਸ਼ੁਰ ਨੇ ਤੇਰੇ ਸਿਰ ਉੱਤੇ ਤੇਲ ਪਾ ਕੇ ਤੈਨੂੰ ਨਿਯੁਕਤ ਕੀਤਾ ਹੈ+ ਅਤੇ ਤੈਨੂੰ ਤੇਰੇ ਸਾਥੀਆਂ ਨਾਲੋਂ ਜ਼ਿਆਦਾ ਖ਼ੁਸ਼ੀ ਦਿੱਤੀ ਹੈ।”+ 10 ਅਤੇ: “ਹੇ ਪ੍ਰਭੂ, ਤੂੰ ਸ਼ੁਰੂ ਵਿਚ ਧਰਤੀ ਦੀ ਨੀਂਹ ਰੱਖੀ ਅਤੇ ਆਕਾਸ਼ ਤੇਰੇ ਹੱਥਾਂ ਦੀ ਕਾਰੀਗਰੀ ਹੈ। 11 ਉਹ ਨਾਸ਼ ਹੋ ਜਾਣਗੇ, ਪਰ ਤੂੰ ਹਮੇਸ਼ਾ ਤਕ ਰਹੇਂਗਾ। ਉਹ ਸਾਰੇ ਕੱਪੜੇ ਵਾਂਗ ਘਸ ਜਾਣਗੇ 12 ਅਤੇ ਤੂੰ ਉਨ੍ਹਾਂ ਨੂੰ ਚੋਗੇ ਵਾਂਗ ਤਹਿ ਲਾ ਕੇ ਰੱਖ ਦੇਵੇਂਗਾ ਅਤੇ ਤੂੰ ਉਨ੍ਹਾਂ ਨੂੰ ਕੱਪੜਿਆਂ ਵਾਂਗ ਬਦਲ ਦੇਵੇਂਗਾ, ਪਰ ਤੂੰ ਕਦੀ ਨਹੀਂ ਬਦਲਦਾ ਅਤੇ ਤੇਰੀ ਜ਼ਿੰਦਗੀ ਦਾ ਕੋਈ ਅੰਤ ਨਹੀਂ ਹੈ।”+

13 ਪਰ ਪਰਮੇਸ਼ੁਰ ਨੇ ਆਪਣੇ ਦੂਤਾਂ ਵਿੱਚੋਂ ਕਿਸ ਬਾਰੇ ਕਦੇ ਇਹ ਕਿਹਾ ਹੈ: “ਤੂੰ ਉਦੋਂ ਤਕ ਮੇਰੇ ਸੱਜੇ ਹੱਥ ਬੈਠ ਜਦ ਤਕ ਮੈਂ ਤੇਰੇ ਦੁਸ਼ਮਣਾਂ ਨੂੰ ਤੇਰੇ ਪੈਰਾਂ ਦੀ ਚੌਂਕੀ ਨਹੀਂ ਬਣਾ ਦਿੰਦਾ”?+ 14 ਕੀ ਸਾਰੇ ਦੂਤ* ਪਵਿੱਤਰ ਸੇਵਾ ਕਰਨ ਲਈ ਨਹੀਂ ਹਨ+ ਅਤੇ ਕੀ ਉਹ ਉਨ੍ਹਾਂ ਲੋਕਾਂ ਦੀ ਸੇਵਾ ਕਰਨ ਲਈ ਨਹੀਂ ਘੱਲੇ ਗਏ ਜਿਨ੍ਹਾਂ ਨੂੰ ਮੁਕਤੀ ਮਿਲੇਗੀ?

2 ਇਸ ਕਰਕੇ ਜ਼ਰੂਰੀ ਹੈ ਕਿ ਅਸੀਂ ਜਿਹੜੀਆਂ ਗੱਲਾਂ ਸੁਣੀਆਂ ਹਨ, ਉਨ੍ਹਾਂ ਵੱਲ ਹੋਰ ਵੀ ਜ਼ਿਆਦਾ ਧਿਆਨ ਦੇਈਏ+ ਤਾਂਕਿ ਅਸੀਂ ਕਦੀ ਵੀ ਨਿਹਚਾ ਦੇ ਰਾਹ ਤੋਂ ਹੌਲੀ-ਹੌਲੀ ਦੂਰ ਨਾ ਚਲੇ ਜਾਈਏ।+ 2 ਕਿਉਂਕਿ ਜੇ ਦੂਤਾਂ ਰਾਹੀਂ ਦੱਸਿਆ ਗਿਆ ਬਚਨ*+ ਅਟੱਲ ਸਾਬਤ ਹੋਇਆ ਸੀ ਅਤੇ ਹਰ ਪਾਪੀ ਅਤੇ ਅਣਆਗਿਆਕਾਰ ਇਨਸਾਨ ਨੂੰ ਨਿਆਂ ਮੁਤਾਬਕ ਸਜ਼ਾ ਦਿੱਤੀ ਗਈ ਸੀ,+ 3 ਤਾਂ ਫਿਰ ਅਸੀਂ ਸਜ਼ਾ ਤੋਂ ਕਿਵੇਂ ਬਚ ਸਕਦੇ ਹਾਂ ਜੇ ਅਸੀਂ ਉਸ ਮੁਕਤੀ ਨੂੰ ਨਜ਼ਰਅੰਦਾਜ਼ ਕਰਦੇ ਹਾਂ ਜੋ ਇੰਨੀ ਮਹਾਨ ਹੈ?+ ਇਹ ਮੁਕਤੀ ਇਸ ਕਰਕੇ ਮਹਾਨ ਹੈ ਕਿਉਂਕਿ ਇਸ ਬਾਰੇ ਸਭ ਤੋਂ ਪਹਿਲਾਂ ਸਾਡੇ ਪ੍ਰਭੂ ਨੇ ਦੱਸਣਾ ਸ਼ੁਰੂ ਕੀਤਾ ਸੀ+ ਅਤੇ ਉਸ ਦੀ ਗੱਲ ਸੁਣਨ ਵਾਲਿਆਂ ਨੇ ਸਾਡੇ ਲਈ ਇਸ ਮੁਕਤੀ ਦੀ ਹਾਮੀ ਭਰੀ ਸੀ 4 ਅਤੇ ਪਰਮੇਸ਼ੁਰ ਨੇ ਵੀ ਨਿਸ਼ਾਨੀਆਂ ਅਤੇ ਚਮਤਕਾਰ ਦਿਖਾ ਕੇ, ਕਈ ਤਰ੍ਹਾਂ ਦੇ ਸ਼ਕਤੀਸ਼ਾਲੀ ਕੰਮ ਕਰ ਕੇ+ ਅਤੇ ਆਪਣੀ ਇੱਛਾ ਅਨੁਸਾਰ ਆਪਣੇ ਸੇਵਕਾਂ ਨੂੰ ਪਵਿੱਤਰ ਸ਼ਕਤੀ ਦੇ ਵਰਦਾਨ ਦੇ ਕੇ ਇਸ ਮੁਕਤੀ ਬਾਰੇ ਗਵਾਹੀ ਦਿੱਤੀ ਸੀ।+

5 ਉਸ ਨੇ ਆਉਣ ਵਾਲੀ ਦੁਨੀਆਂ, ਜਿਸ ਬਾਰੇ ਅਸੀਂ ਗੱਲ ਕਰਦੇ ਹਾਂ, ਦੂਤਾਂ ਦੇ ਅਧੀਨ ਨਹੀਂ ਕੀਤੀ।+ 6 ਪਰ ਇਕ ਗਵਾਹ ਨੇ ਇਕ ਵਾਰ ਕਿਹਾ ਸੀ: “ਇਨਸਾਨ ਕੀ ਹੈ ਕਿ ਤੂੰ ਉਸ ਨੂੰ ਯਾਦ ਰੱਖੇਂ ਜਾਂ ਮਨੁੱਖ ਦਾ ਪੁੱਤਰ ਕੀ ਹੈ ਕਿ ਤੂੰ ਉਸ ਦੀ ਦੇਖ-ਭਾਲ ਕਰੇਂ?+ 7 ਤੂੰ ਉਸ ਨੂੰ ਦੂਤਾਂ ਨਾਲੋਂ ਥੋੜ੍ਹਾ ਨੀਵਾਂ ਬਣਾਇਆ, ਉਸ ਦੇ ਸਿਰ ʼਤੇ ਮਹਿਮਾ ਅਤੇ ਆਦਰ ਦਾ ਮੁਕਟ ਰੱਖਿਆ ਅਤੇ ਤੂੰ ਉਸ ਨੂੰ ਆਪਣੇ ਹੱਥਾਂ ਦੀ ਰਚਨਾ ਉੱਤੇ ਅਧਿਕਾਰ ਦਿੱਤਾ। 8 ਤੂੰ ਸਾਰੀਆਂ ਚੀਜ਼ਾਂ ਉਸ ਦੇ ਪੈਰਾਂ ਹੇਠ ਕੀਤੀਆਂ।”+ ਸਾਰੀਆਂ ਚੀਜ਼ਾਂ ਉਸ ਦੇ ਅਧੀਨ ਕਰ ਕੇ+ ਪਰਮੇਸ਼ੁਰ ਨੇ ਅਜਿਹੀ ਕੋਈ ਚੀਜ਼ ਨਹੀਂ ਛੱਡੀ ਜੋ ਉਸ ਦੇ ਅਧੀਨ ਨਹੀਂ ਹੈ।+ ਪਰ ਅਸੀਂ ਅਜੇ ਇਹ ਨਹੀਂ ਦੇਖਦੇ ਕਿ ਸਾਰੀਆਂ ਚੀਜ਼ਾਂ ਉਸ ਦੇ ਅਧੀਨ ਹੋ ਗਈਆਂ ਹਨ।+ 9 ਪਰ ਅਸੀਂ ਇਹ ਜ਼ਰੂਰ ਦੇਖਦੇ ਹਾਂ ਕਿ ਯਿਸੂ, ਜਿਸ ਨੂੰ ਦੂਤਾਂ ਨਾਲੋਂ ਥੋੜ੍ਹਾ ਜਿਹਾ ਨੀਵਾਂ ਕੀਤਾ ਗਿਆ ਸੀ,+ ਦੇ ਸਿਰ ʼਤੇ ਮਹਿਮਾ ਅਤੇ ਆਦਰ ਦਾ ਮੁਕਟ ਰੱਖਿਆ ਗਿਆ ਹੈ ਕਿਉਂਕਿ ਉਸ ਨੇ ਮਰਨ ਤਕ ਦੁੱਖ ਝੱਲੇ+ ਅਤੇ ਪਰਮੇਸ਼ੁਰ ਦੀ ਅਪਾਰ ਕਿਰਪਾ ਸਦਕਾ ਉਸ ਨੇ ਸਾਰਿਆਂ ਵਾਸਤੇ ਮੌਤ ਦਾ ਸੁਆਦ ਚੱਖਿਆ।+

10 ਸਾਰੀਆਂ ਚੀਜ਼ਾਂ ਪਰਮੇਸ਼ੁਰ ਦੀ ਮਹਿਮਾ ਲਈ ਹਨ ਅਤੇ ਉਸ ਰਾਹੀਂ ਹੋਂਦ ਵਿਚ ਹਨ। ਉਸ ਨੇ ਇਹ ਠੀਕ ਸਮਝਿਆ ਕਿ ਉਹ ਬਹੁਤ ਸਾਰੇ ਪੁੱਤਰਾਂ ਨੂੰ ਮਹਿਮਾ ਦੇਣ ਵਾਸਤੇ+ ਉਨ੍ਹਾਂ ਦੀ ਮੁਕਤੀ ਦੇ ਮੁੱਖ ਆਗੂ+ ਨੂੰ ਦੁੱਖਾਂ ਦੇ ਰਾਹੀਂ ਮੁਕੰਮਲ ਬਣਾਵੇ।+ 11 ਜਿਹੜਾ ਪਵਿੱਤਰ ਕਰਦਾ ਹੈ ਅਤੇ ਜਿਨ੍ਹਾਂ ਨੂੰ ਪਵਿੱਤਰ ਕੀਤਾ ਜਾ ਰਿਹਾ ਹੈ,+ ਉਨ੍ਹਾਂ ਸਾਰਿਆਂ ਦਾ ਇੱਕੋ ਪਿਤਾ ਹੈ,+ ਇਸ ਲਈ ਉਹ ਉਨ੍ਹਾਂ ਨੂੰ ਆਪਣੇ ਭਰਾ ਕਹਿਣ ਵਿਚ ਸ਼ਰਮਿੰਦਗੀ ਮਹਿਸੂਸ ਨਹੀਂ ਕਰਦਾ,+ 12 ਜਿਵੇਂ ਉਹ ਕਹਿੰਦਾ ਹੈ: “ਮੈਂ ਆਪਣੇ ਭਰਾਵਾਂ ਵਿਚ ਤੇਰੇ ਨਾਂ ਬਾਰੇ ਦੱਸਾਂਗਾ; ਮੈਂ ਮੰਡਲੀ ਵਿਚ ਗੀਤ ਗਾ ਕੇ ਤੇਰੀ ਮਹਿਮਾ ਕਰਾਂਗਾ।”+ 13 ਨਾਲੇ ਉਹ ਕਹਿੰਦਾ ਹੈ: “ਮੈਂ ਪਰਮੇਸ਼ੁਰ ਉੱਤੇ ਭਰੋਸਾ ਰੱਖਾਂਗਾ।”+ ਉਹ ਇਹ ਵੀ ਕਹਿੰਦਾ ਹੈ: “ਦੇਖੋ! ਮੈਂ ਅਤੇ ਛੋਟੇ ਬੱਚੇ ਜੋ ਯਹੋਵਾਹ* ਨੇ ਮੈਨੂੰ ਦਿੱਤੇ ਹਨ।”+

14 ਕਿਉਂਕਿ ਇਹ “ਛੋਟੇ ਬੱਚੇ” ਹੱਡ-ਮਾਸ* ਦੇ ਇਨਸਾਨ ਹਨ, ਇਸ ਲਈ ਉਹ ਵੀ ਹੱਡ-ਮਾਸ ਦਾ ਇਨਸਾਨ ਬਣਿਆ+ ਤਾਂਕਿ ਉਹ ਆਪਣੀ ਮੌਤ ਦੇ ਜ਼ਰੀਏ ਸ਼ੈਤਾਨ+ ਨੂੰ ਖ਼ਤਮ ਕਰੇ ਜਿਸ ਕੋਲ ਮੌਤ ਦੇ ਹਥਿਆਰ ਹਨ+ 15 ਅਤੇ ਉਹ ਉਨ੍ਹਾਂ ਸਾਰਿਆਂ ਨੂੰ ਆਜ਼ਾਦ ਕਰੇ ਜਿਹੜੇ ਮੌਤ ਤੋਂ ਡਰ-ਡਰ ਕੇ ਗ਼ੁਲਾਮੀ ਦੀ ਜ਼ਿੰਦਗੀ ਜੀਉਂਦੇ ਸਨ।+ 16 ਉਹ ਅਸਲ ਵਿਚ ਦੂਤਾਂ ਦੀ ਨਹੀਂ, ਸਗੋਂ ਅਬਰਾਹਾਮ ਦੀ ਸੰਤਾਨ* ਦੀ ਮਦਦ ਕਰ ਰਿਹਾ ਹੈ।+ 17 ਇਸ ਕਰਕੇ ਉਸ ਲਈ ਜ਼ਰੂਰੀ ਸੀ ਕਿ ਉਹ ਹਰ ਪੱਖੋਂ ਆਪਣੇ “ਭਰਾਵਾਂ” ਵਰਗਾ ਬਣੇ+ ਤਾਂਕਿ ਉਹ ਪਰਮੇਸ਼ੁਰ ਦੀ ਸੇਵਾ ਕਰਨ ਲਈ ਦਇਆਵਾਨ ਅਤੇ ਵਫ਼ਾਦਾਰ ਮਹਾਂ ਪੁਜਾਰੀ ਬਣੇ ਅਤੇ ਲੋਕਾਂ ਦੇ ਪਾਪਾਂ ਲਈ ਬਲ਼ੀ ਚੜ੍ਹਾਵੇ+ ਤਾਂਕਿ ਪਰਮੇਸ਼ੁਰ ਨਾਲ ਉਨ੍ਹਾਂ ਦੀ ਸੁਲ੍ਹਾ ਹੋ ਸਕੇ।+ 18 ਉਸ ਨੇ ਆਪ ਅਜ਼ਮਾਇਸ਼ਾਂ ਦੌਰਾਨ ਦੁੱਖ ਝੱਲੇ ਸਨ,+ ਇਸ ਲਈ ਉਹ ਉਨ੍ਹਾਂ ਲੋਕਾਂ ਦੀ ਮਦਦ ਕਰ ਸਕਦਾ ਹੈ ਜਿਹੜੇ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰ ਰਹੇ ਹਨ।+

3 ਇਸ ਕਰਕੇ ਪਵਿੱਤਰ ਭਰਾਵੋ, ਤੁਸੀਂ ਜਿਹੜੇ ਸਵਰਗੀ ਸੱਦੇ ਦੇ ਹਿੱਸੇਦਾਰ ਹੋ,+ ਯਿਸੂ ਉੱਤੇ ਗੌਰ ਕਰੋ ਜਿਸ ਨੂੰ ਅਸੀਂ ਸਾਰਿਆਂ ਸਾਮ੍ਹਣੇ ਰਸੂਲ ਅਤੇ ਮਹਾਂ ਪੁਜਾਰੀ ਕਬੂਲ ਕੀਤਾ ਹੈ।+ 2 ਉਹ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਰਿਹਾ ਜਿਸ ਨੇ ਉਸ ਨੂੰ ਰਸੂਲ ਅਤੇ ਮਹਾਂ ਪੁਜਾਰੀ ਬਣਾਇਆ ਸੀ,+ ਜਿਵੇਂ ਮੂਸਾ ਪਰਮੇਸ਼ੁਰ ਦੇ ਘਰ* ਵਿਚ ਸੇਵਾ ਕਰਦੇ ਹੋਏ ਉਸ ਪ੍ਰਤੀ ਵਫ਼ਾਦਾਰ ਰਿਹਾ।+ 3 ਉਸ* ਨੂੰ ਮੂਸਾ ਨਾਲੋਂ ਜ਼ਿਆਦਾ ਮਹਿਮਾ ਦੇ ਯੋਗ ਗਿਣਿਆ ਗਿਆ ਹੈ+ ਕਿਉਂਕਿ ਘਰ ਨਾਲੋਂ ਇਸ ਨੂੰ ਬਣਾਉਣ ਵਾਲੇ ਦਾ ਜ਼ਿਆਦਾ ਆਦਰ ਹੁੰਦਾ ਹੈ। 4 ਬੇਸ਼ੱਕ ਹਰ ਘਰ ਨੂੰ ਕਿਸੇ-ਨਾ-ਕਿਸੇ ਨੇ ਬਣਾਇਆ ਹੁੰਦਾ ਹੈ, ਪਰ ਜਿਸ ਨੇ ਸਭ ਕੁਝ ਬਣਾਇਆ ਹੈ, ਉਹ ਪਰਮੇਸ਼ੁਰ ਹੈ। 5 ਸੇਵਕ ਹੋਣ ਦੇ ਨਾਤੇ ਮੂਸਾ ਨੇ ਪਰਮੇਸ਼ੁਰ ਦੇ ਪੂਰੇ ਘਰ ਵਿਚ ਵਫ਼ਾਦਾਰੀ ਨਾਲ ਸੇਵਾ ਕੀਤੀ ਅਤੇ ਉਸ ਦੀ ਸੇਵਾ ਉਨ੍ਹਾਂ ਗੱਲਾਂ ਦੀ ਗਵਾਹੀ ਸੀ ਜੋ ਬਾਅਦ ਵਿਚ ਦੱਸੀਆਂ ਜਾਣੀਆਂ ਸਨ। 6 ਪਰ ਪੁੱਤਰ ਹੋਣ ਦੇ ਨਾਤੇ ਮਸੀਹ ਨੇ ਵਫ਼ਾਦਾਰੀ ਨਾਲ ਪਰਮੇਸ਼ੁਰ ਦੇ ਘਰ ਦੀ ਦੇਖ-ਭਾਲ ਕੀਤੀ।+ ਅਸੀਂ ਪਰਮੇਸ਼ੁਰ ਦਾ ਘਰ ਹਾਂ,+ ਬਸ਼ਰਤੇ ਕਿ ਅਸੀਂ ਬੇਝਿਜਕ ਹੋ ਕੇ ਬੋਲਣਾ ਨਾ ਛੱਡੀਏ ਅਤੇ ਆਪਣੀ ਉਸ ਉਮੀਦ ਨੂੰ ਮਜ਼ਬੂਤੀ ਨਾਲ ਅਖ਼ੀਰ ਤਕ ਫੜੀ ਰੱਖੀਏ ਜਿਸ ਉੱਤੇ ਅਸੀਂ ਮਾਣ ਕਰਦੇ ਹਾਂ।

7 ਇਸੇ ਕਰਕੇ ਪਵਿੱਤਰ ਸ਼ਕਤੀ ਕਹਿੰਦੀ ਹੈ:+ “ਅੱਜ ਜਦੋਂ ਤੁਸੀਂ ਉਸ ਦੀ ਗੱਲ ਸੁਣੋ, 8 ਤਾਂ ਤੁਸੀਂ ਆਪਣੇ ਦਿਲਾਂ ਨੂੰ ਕਠੋਰ ਨਾ ਕਰਿਓ ਜਿਵੇਂ ਤੁਹਾਡੇ ਪਿਉ-ਦਾਦਿਆਂ ਨੇ ਉਜਾੜ ਵਿਚ ਆਪਣੇ ਦਿਲਾਂ ਨੂੰ ਕਠੋਰ ਕਰ ਕੇ ਮੈਨੂੰ ਡਾਢਾ ਗੁੱਸਾ ਚੜ੍ਹਾਇਆ ਸੀ।+ ਉਸ ਦਿਨ ਉਨ੍ਹਾਂ ਨੇ 9 ਮੈਨੂੰ ਪਰਖਿਆ ਸੀ ਅਤੇ ਮੈਨੂੰ ਚੁਣੌਤੀ ਦਿੱਤੀ ਸੀ, ਭਾਵੇਂ ਕਿ ਉਨ੍ਹਾਂ ਨੇ 40 ਸਾਲ ਮੇਰੇ ਕੰਮ ਦੇਖੇ ਸਨ।+ 10 ਇਸ ਕਰਕੇ ਮੈਨੂੰ ਉਸ ਪੀੜ੍ਹੀ ਨਾਲ ਘਿਰਣਾ ਹੋ ਗਈ ਅਤੇ ਮੈਂ ਕਿਹਾ: ‘ਇਨ੍ਹਾਂ ਲੋਕਾਂ ਦੇ ਦਿਲ ਹਮੇਸ਼ਾ ਭਟਕਦੇ ਰਹਿੰਦੇ ਹਨ ਅਤੇ ਇਹ ਮੇਰੇ ਰਾਹਾਂ ʼਤੇ ਨਹੀਂ ਚੱਲਦੇ।’ 11 ਇਸ ਲਈ ਮੈਂ ਗੁੱਸੇ ਵਿਚ ਸਹੁੰ ਖਾਧੀ: ‘ਉਹ ਮੇਰੇ ਆਰਾਮ ਵਿਚ ਸ਼ਾਮਲ ਨਹੀਂ ਹੋਣਗੇ।’”+

12 ਭਰਾਵੋ, ਖ਼ਬਰਦਾਰ ਰਹੋ, ਤੁਸੀਂ ਕਿਤੇ ਜੀਉਂਦੇ ਪਰਮੇਸ਼ੁਰ ਤੋਂ ਦੂਰ ਨਾ ਚਲੇ ਜਾਇਓ ਜਿਸ ਕਰਕੇ ਤੁਹਾਡਾ ਦਿਲ ਦੁਸ਼ਟ ਬਣ ਜਾਵੇ ਅਤੇ ਤੁਹਾਡੀ ਨਿਹਚਾ ਖ਼ਤਮ ਹੋ ਜਾਵੇ;+ 13 ਪਰ ਜਿੰਨਾ ਚਿਰ “ਅੱਜ”+ ਦਾ ਦਿਨ ਚੱਲ ਰਿਹਾ ਹੈ, ਤੁਸੀਂ ਇਕ-ਦੂਜੇ ਨੂੰ ਰੋਜ਼ ਹੱਲਾਸ਼ੇਰੀ ਦਿੰਦੇ ਰਹੋ ਤਾਂਕਿ ਤੁਹਾਡੇ ਵਿੱਚੋਂ ਕੋਈ ਵੀ ਪਾਪ ਦੀ ਧੋਖਾ ਦੇਣ ਵਾਲੀ ਤਾਕਤ ਨਾਲ ਕਠੋਰ ਨਾ ਬਣ ਜਾਵੇ। 14 ਅਸੀਂ ਤਾਂ ਹੀ ਮਸੀਹ ਦੇ ਹਿੱਸੇਦਾਰ ਬਣਾਂਗੇ ਜੇ ਅਸੀਂ ਆਪਣੇ ਉਸ ਭਰੋਸੇ ਨੂੰ ਅੰਤ ਤਕ ਪੱਕਾ ਰੱਖੀਏ ਜੋ ਸਾਨੂੰ ਸ਼ੁਰੂ ਵਿਚ ਸੀ।+ 15 ਜਿਵੇਂ ਧਰਮ-ਗ੍ਰੰਥ ਵਿਚ ਕਿਹਾ ਗਿਆ ਹੈ: “ਅੱਜ ਜਦੋਂ ਤੁਸੀਂ ਉਸ ਦੀ ਗੱਲ ਸੁਣੋ, ਤਾਂ ਤੁਸੀਂ ਆਪਣੇ ਦਿਲਾਂ ਨੂੰ ਕਠੋਰ ਨਾ ਕਰਿਓ ਜਿਵੇਂ ਉਜਾੜ ਵਿਚ ਤੁਹਾਡੇ ਪਿਉ-ਦਾਦਿਆਂ ਨੇ ਆਪਣੇ ਦਿਲਾਂ ਨੂੰ ਕਠੋਰ ਕਰ ਕੇ ਮੈਨੂੰ ਡਾਢਾ ਗੁੱਸਾ ਚੜ੍ਹਾਇਆ ਸੀ।”+

16 ਉਹ ਕੌਣ ਸਨ ਜਿਨ੍ਹਾਂ ਨੇ ਪਰਮੇਸ਼ੁਰ ਦੀ ਗੱਲ ਸੁਣੀ, ਪਰ ਉਸ ਨੂੰ ਡਾਢਾ ਗੁੱਸਾ ਚੜ੍ਹਾਇਆ ਸੀ? ਕੀ ਇਹ ਉਹ ਸਾਰੇ ਲੋਕ ਨਹੀਂ ਸਨ ਜਿਹੜੇ ਮੂਸਾ ਦੀ ਅਗਵਾਈ ਅਧੀਨ ਮਿਸਰ ਵਿੱਚੋਂ ਨਿਕਲੇ ਸਨ?+ 17 ਇਸ ਤੋਂ ਇਲਾਵਾ, ਪਰਮੇਸ਼ੁਰ ਨੇ 40 ਸਾਲਾਂ ਤਕ ਕਿਨ੍ਹਾਂ ਨਾਲ ਘਿਰਣਾ ਕੀਤੀ ਸੀ?+ ਕੀ ਇਹ ਉਹ ਲੋਕ ਨਹੀਂ ਸਨ ਜਿਨ੍ਹਾਂ ਨੇ ਪਾਪ ਕੀਤਾ ਸੀ ਅਤੇ ਜਿਨ੍ਹਾਂ ਦੀਆਂ ਲਾਸ਼ਾਂ ਉਜਾੜ ਵਿਚ ਡਿਗੀਆਂ ਸਨ?+ 18 ਅਤੇ ਉਸ ਨੇ ਸਹੁੰ ਖਾ ਕੇ ਕਿਨ੍ਹਾਂ ਨੂੰ ਕਿਹਾ ਸੀ ਕਿ ਉਹ ਉਸ ਦੇ ਆਰਾਮ ਵਿਚ ਸ਼ਾਮਲ ਨਹੀਂ ਹੋਣਗੇ? ਕੀ ਇਹ ਉਹ ਲੋਕ ਨਹੀਂ ਸਨ ਜਿਨ੍ਹਾਂ ਨੇ ਅਣਆਗਿਆਕਾਰੀ ਕੀਤੀ ਸੀ? 19 ਇਸ ਲਈ ਅਸੀਂ ਦੇਖਦੇ ਹਾਂ ਕਿ ਨਿਹਚਾ ਨਾ ਹੋਣ ਕਰਕੇ ਉਹ ਉਸ ਦੇ ਆਰਾਮ ਵਿਚ ਸ਼ਾਮਲ ਨਹੀਂ ਹੋ ਸਕੇ।+

4 ਉਸ ਦੇ ਵਾਅਦੇ ਮੁਤਾਬਕ ਅਸੀਂ ਉਸ ਦੇ ਆਰਾਮ ਵਿਚ ਅਜੇ ਵੀ ਸ਼ਾਮਲ ਹੋ ਸਕਦੇ ਹਾਂ, ਇਸ ਲਈ ਆਓ ਆਪਾਂ ਖ਼ਬਰਦਾਰ ਰਹੀਏ* ਕਿ ਸਾਡੇ ਵਿੱਚੋਂ ਕੋਈ ਵੀ ਇਸ ਆਰਾਮ ਵਿਚ ਸ਼ਾਮਲ ਹੋਣ ਦੇ ਅਯੋਗ ਨਾ ਠਹਿਰਾਇਆ ਜਾਵੇ।+ 2 ਸਾਨੂੰ ਵੀ ਖ਼ੁਸ਼ ਖ਼ਬਰੀ ਸੁਣਾਈ ਗਈ ਸੀ,+ ਠੀਕ ਜਿਵੇਂ ਸਾਡੇ ਪਿਉ-ਦਾਦਿਆਂ ਨੂੰ ਸੁਣਾਈ ਗਈ ਸੀ; ਪਰ ਉਨ੍ਹਾਂ ਨੂੰ ਬਚਨ ਤੋਂ ਕੋਈ ਫ਼ਾਇਦਾ ਨਹੀਂ ਹੋਇਆ ਜੋ ਉਨ੍ਹਾਂ ਨੇ ਸੁਣਿਆਂ ਸੀ ਕਿਉਂਕਿ ਉਨ੍ਹਾਂ ਨੇ ਉਨ੍ਹਾਂ ਲੋਕਾਂ ਵਾਂਗ ਨਿਹਚਾ ਨਹੀਂ ਕੀਤੀ ਜਿਨ੍ਹਾਂ ਨੇ ਬਚਨ ਸੁਣ ਕੇ ਆਗਿਆਕਾਰੀ ਕੀਤੀ ਸੀ। 3 ਅਸੀਂ ਨਿਹਚਾ ਕੀਤੀ ਹੈ ਅਤੇ ਇਸ ਆਰਾਮ ਵਿਚ ਸ਼ਾਮਲ ਹੁੰਦੇ ਹਾਂ, ਪਰ ਅਣਆਗਿਆਕਾਰ ਲੋਕਾਂ ਬਾਰੇ ਉਸ ਨੇ ਕਿਹਾ ਸੀ: “ਇਸ ਲਈ ਮੈਂ ਗੁੱਸੇ ਵਿਚ ਸਹੁੰ ਖਾਧੀ, ‘ਉਹ ਮੇਰੇ ਆਰਾਮ ਵਿਚ ਸ਼ਾਮਲ ਨਹੀਂ ਹੋਣਗੇ,’”+ ਭਾਵੇਂ ਦੁਨੀਆਂ ਦੀ ਨੀਂਹ* ਰੱਖਣ ਦੇ ਸਮੇਂ ਤੋਂ ਉਸ ਦੇ ਕੰਮ ਪੂਰੇ ਹੋ ਗਏ ਸਨ।+ 4 ਧਰਮ-ਗ੍ਰੰਥ ਵਿਚ ਇਕ ਜਗ੍ਹਾ ਉਸ ਨੇ ਸੱਤਵੇਂ ਦਿਨ ਬਾਰੇ ਇਸ ਤਰ੍ਹਾਂ ਕਿਹਾ ਹੈ: “ਅਤੇ ਪਰਮੇਸ਼ੁਰ ਨੇ ਆਪਣੇ ਸਾਰੇ ਕੰਮ ਖ਼ਤਮ ਕਰ ਕੇ ਸੱਤਵੇਂ ਦਿਨ ਆਰਾਮ ਕੀਤਾ”+ 5 ਅਤੇ ਉਹ ਇੱਥੇ ਵੀ ਦੁਬਾਰਾ ਕਹਿੰਦਾ ਹੈ: “ਉਹ ਮੇਰੇ ਆਰਾਮ ਵਿਚ ਸ਼ਾਮਲ ਨਹੀਂ ਹੋਣਗੇ।”+

6 ਜਿਨ੍ਹਾਂ ਨੂੰ ਪਹਿਲਾਂ ਖ਼ੁਸ਼ ਖ਼ਬਰੀ ਸੁਣਾਈ ਗਈ ਸੀ, ਉਹ ਆਪਣੀ ਅਣਆਗਿਆਕਾਰੀ ਕਰਕੇ ਉਸ ਦੇ ਆਰਾਮ ਵਿਚ ਸ਼ਾਮਲ ਨਹੀਂ ਹੋ ਸਕੇ। ਪਰ ਕੁਝ ਲੋਕਾਂ ਲਈ ਉਸ ਦੇ ਆਰਾਮ ਵਿਚ ਸ਼ਾਮਲ ਹੋਣਾ ਅਜੇ ਵੀ ਮੁਮਕਿਨ ਹੈ।+ 7 ਇਸ ਲਈ ਉਸ ਨੇ ਲੰਬੇ ਸਮੇਂ ਬਾਅਦ ਦਾਊਦ ਦੇ ਜ਼ਬੂਰ ਵਿਚ “ਅੱਜ” ਕਹਿ ਕੇ ਦਿਖਾਇਆ ਕਿ ਉਸ ਨੇ ਦੁਬਾਰਾ ਇਕ ਖ਼ਾਸ ਦਿਨ ਠਹਿਰਾਇਆ ਹੈ; ਠੀਕ ਜਿਵੇਂ ਪਹਿਲਾਂ ਕਿਹਾ ਹੈ: “ਅੱਜ ਜਦੋਂ ਤੁਸੀਂ ਉਸ ਦੀ ਗੱਲ ਸੁਣੋ, ਤਾਂ ਤੁਸੀਂ ਆਪਣੇ ਦਿਲਾਂ ਨੂੰ ਕਠੋਰ ਨਾ ਕਰਿਓ।”+ 8 ਜੇ ਯਹੋਸ਼ੁਆ+ ਉਨ੍ਹਾਂ ਨੂੰ ਆਰਾਮ ਵਾਲੀ ਜਗ੍ਹਾ ਲੈ ਕੇ ਗਿਆ ਹੁੰਦਾ, ਤਾਂ ਪਰਮੇਸ਼ੁਰ ਨੇ ਬਾਅਦ ਵਿਚ ਇਕ ਹੋਰ ਦਿਨ ਬਾਰੇ ਗੱਲ ਨਹੀਂ ਕਰਨੀ ਸੀ। 9 ਇਸ ਲਈ ਪਰਮੇਸ਼ੁਰ ਦੇ ਲੋਕਾਂ ਲਈ ਸਬਤ ਦੇ ਦਿਨ ਵਾਂਗ ਆਰਾਮ ਦਾ ਦਿਨ ਅਜੇ ਵੀ ਹੈ।+ 10 ਜਿਹੜਾ ਇਨਸਾਨ ਪਰਮੇਸ਼ੁਰ ਦੇ ਆਰਾਮ ਵਿਚ ਸ਼ਾਮਲ ਹੋਇਆ ਹੈ, ਉਸ ਨੇ ਵੀ ਆਪਣੇ ਕੰਮਾਂ ਤੋਂ ਆਰਾਮ ਕੀਤਾ ਹੈ, ਜਿਵੇਂ ਪਰਮੇਸ਼ੁਰ ਨੇ ਆਪਣੇ ਕੰਮਾਂ ਤੋਂ ਆਰਾਮ ਕੀਤਾ ਸੀ।+

11 ਇਸ ਲਈ ਆਓ ਆਪਾਂ ਇਸ ਆਰਾਮ ਵਿਚ ਸ਼ਾਮਲ ਹੋਣ ਦੀ ਪੂਰੀ ਕੋਸ਼ਿਸ਼ ਕਰੀਏ ਤਾਂਕਿ ਸਾਡੇ ਵਿੱਚੋਂ ਕੋਈ ਵੀ ਉਨ੍ਹਾਂ ਵਾਂਗ ਅਣਆਗਿਆਕਾਰੀ ਦੇ ਰਾਹ ਉੱਤੇ ਨਾ ਚੱਲੇ।+ 12 ਕਿਉਂਕਿ ਪਰਮੇਸ਼ੁਰ ਦਾ ਬਚਨ ਜੀਉਂਦਾ ਅਤੇ ਸ਼ਕਤੀਸ਼ਾਲੀ ਹੈ+ ਅਤੇ ਕਿਸੇ ਵੀ ਦੋ ਧਾਰੀ ਤਲਵਾਰ ਨਾਲੋਂ ਤਿੱਖਾ ਹੈ+ ਅਤੇ ਇਹ ਇਨਸਾਨ ਦੇ ਧੁਰ ਅੰਦਰ ਤਕ ਵਾਰ ਕਰ ਕੇ ਜ਼ਾਹਰ ਕਰਦਾ ਹੈ ਕਿ ਇਨਸਾਨ ਬਾਹਰੋਂ ਕਿਹੋ ਜਿਹਾ ਹੈ ਅਤੇ ਅੰਦਰੋਂ ਕਿਹੋ ਜਿਹਾ ਹੈ। ਜਿਵੇਂ ਤਿੱਖੀ ਤਲਵਾਰ ਹੱਡੀਆਂ* ਨੂੰ ਗੁੱਦੇ ਤਕ ਆਰ-ਪਾਰ ਵੱਢਦੀ ਹੈ, ਉਸੇ ਤਰ੍ਹਾਂ ਇਹ ਮਨ ਦੀਆਂ ਸੋਚਾਂ ਅਤੇ ਇਰਾਦਿਆਂ ਨੂੰ ਜਾਣ ਸਕਦਾ ਹੈ। 13 ਨਾਲੇ ਜਿਸ ਨੂੰ ਅਸੀਂ ਲੇਖਾ ਦੇਣਾ ਹੈ, ਉਸ ਦੀਆਂ ਨਜ਼ਰਾਂ ਤੋਂ ਸ੍ਰਿਸ਼ਟੀ ਦੀ ਕੋਈ ਵੀ ਚੀਜ਼ ਲੁਕੀ ਹੋਈ ਨਹੀਂ ਹੈ,+ ਸਗੋਂ ਹਰ ਚੀਜ਼ ਉਸ ਦੇ ਸਾਮ੍ਹਣੇ ਬੇਪਰਦਾ ਹੈ ਅਤੇ ਉਹ ਸਭ ਕੁਝ ਸਾਫ਼-ਸਾਫ਼ ਦੇਖ ਸਕਦਾ ਹੈ।+

14 ਪਰਮੇਸ਼ੁਰ ਦਾ ਪੁੱਤਰ+ ਯਿਸੂ ਸਾਡਾ ਉੱਤਮ ਮਹਾਂ ਪੁਜਾਰੀ ਹੈ ਜਿਹੜਾ ਸਵਰਗ ਨੂੰ ਗਿਆ, ਇਸ ਲਈ ਆਓ ਆਪਾਂ ਉਸ ਉੱਤੇ ਆਪਣੀ ਨਿਹਚਾ ਦਾ ਸਾਰਿਆਂ ਸਾਮ੍ਹਣੇ ਐਲਾਨ ਕਰਦੇ ਰਹੀਏ।+ 15 ਸਾਡਾ ਮਹਾਂ ਪੁਜਾਰੀ ਇਹੋ ਜਿਹਾ ਨਹੀਂ ਹੈ ਕਿ ਉਹ ਸਾਡੀਆਂ ਕਮਜ਼ੋਰੀਆਂ ਨੂੰ ਸਮਝ ਨਾ ਸਕੇ,*+ ਸਗੋਂ ਉਸ ਨੂੰ ਸਾਡੇ ਵਾਂਗ ਹਰ ਤਰ੍ਹਾਂ ਪਰਖਿਆ ਗਿਆ ਹੈ, ਪਰ ਉਹ ਪਾਪ ਤੋਂ ਰਹਿਤ ਹੈ।+ 16 ਇਸ ਲਈ ਆਓ ਆਪਾਂ ਅਪਾਰ ਕਿਰਪਾ ਦੇ ਪਰਮੇਸ਼ੁਰ ਦੇ ਸਿੰਘਾਸਣ ਸਾਮ੍ਹਣੇ ਆਈਏ ਅਤੇ ਉਸ ਨੂੰ ਬੇਝਿਜਕ ਪ੍ਰਾਰਥਨਾ ਕਰੀਏ+ ਕਿ ਉਹ ਲੋੜ ਵੇਲੇ* ਸਾਡੀ ਮਦਦ ਕਰ ਕੇ ਸਾਡੇ ਉੱਤੇ ਦਇਆ ਅਤੇ ਅਪਾਰ ਕਿਰਪਾ ਕਰੇ।

5 ਹਰ ਇਨਸਾਨੀ ਮਹਾਂ ਪੁਜਾਰੀ ਨੂੰ ਇਸ ਲਈ ਨਿਯੁਕਤ ਕੀਤਾ ਜਾਂਦਾ ਹੈ ਕਿ ਉਹ ਪਰਮੇਸ਼ੁਰ ਦੀ ਸੇਵਾ ਕਰਨ ਵਿਚ ਇਨਸਾਨਾਂ ਦੀ ਮਦਦ ਕਰੇ+ ਅਤੇ ਪਾਪਾਂ ਲਈ ਭੇਟਾਂ ਅਤੇ ਬਲ਼ੀਆਂ ਚੜ੍ਹਾਵੇ।+ 2 ਉਹ ਅਣਜਾਣੇ ਵਿਚ ਗ਼ਲਤੀਆਂ ਕਰਨ ਵਾਲੇ ਲੋਕਾਂ* ਨਾਲ ਹਮਦਰਦੀ* ਨਾਲ ਪੇਸ਼ ਆ ਸਕਦਾ ਹੈ ਕਿਉਂਕਿ ਉਸ ਨੂੰ ਆਪਣੀਆਂ ਖ਼ੁਦ ਦੀਆਂ ਕਮਜ਼ੋਰੀਆਂ ਦਾ ਅਹਿਸਾਸ ਹੁੰਦਾ ਹੈ 3 ਜਿਸ ਕਰਕੇ ਉਸ ਨੂੰ ਆਪਣੇ ਪਾਪਾਂ ਲਈ ਵੀ ਬਲ਼ੀਆਂ ਚੜ੍ਹਾਉਣੀਆਂ ਪੈਂਦੀਆਂ ਹਨ, ਜਿਵੇਂ ਉਹ ਹੋਰ ਲੋਕਾਂ ਦੇ ਪਾਪਾਂ ਲਈ ਚੜ੍ਹਾਉਂਦਾ ਹੈ।+

4 ਇਸ ਤੋਂ ਇਲਾਵਾ, ਕੋਈ ਵੀ ਇਨਸਾਨ ਆਪਣੇ ਆਪ ਇਹ ਸਨਮਾਨ ਨਹੀਂ ਲੈਂਦਾ, ਸਗੋਂ ਪਰਮੇਸ਼ੁਰ ਹੀ ਉਸ ਨੂੰ ਇਹ ਸਨਮਾਨ ਦਿੰਦਾ ਹੈ, ਠੀਕ ਜਿਵੇਂ ਉਸ ਨੇ ਹਾਰੂਨ ਨੂੰ ਦਿੱਤਾ ਸੀ।+ 5 ਇਸੇ ਤਰ੍ਹਾਂ ਮਸੀਹ ਨੇ ਵੀ ਆਪਣੇ ਆਪ ਨੂੰ ਮਹਾਂ ਪੁਜਾਰੀ ਨਹੀਂ ਬਣਾਇਆ, ਹਾਂ, ਉਸ ਨੇ ਖ਼ੁਦ ਨੂੰ ਉੱਚਾ ਨਹੀਂ ਕੀਤਾ,+ ਸਗੋਂ ਪਰਮੇਸ਼ੁਰ ਨੇ ਉਸ ਨੂੰ ਉੱਚਾ ਕੀਤਾ ਜਿਸ ਨੇ ਉਸ ਨੂੰ ਕਿਹਾ ਸੀ: “ਤੂੰ ਮੇਰਾ ਪੁੱਤਰ ਹੈਂ; ਮੈਂ ਅੱਜ ਤੇਰਾ ਪਿਤਾ ਬਣਿਆ ਹਾਂ।”+ 6 ਉਸ ਨੇ ਧਰਮ-ਗ੍ਰੰਥ ਵਿਚ ਇਕ ਹੋਰ ਜਗ੍ਹਾ ਇਹ ਵੀ ਕਿਹਾ ਹੈ: “ਤੂੰ ਮਲਕਿਸਿਦਕ ਵਾਂਗ ਪੁਜਾਰੀ ਹੈਂ ਤੇ ਹਮੇਸ਼ਾ ਪੁਜਾਰੀ ਰਹੇਂਗਾ।”+

7 ਧਰਤੀ ਉੱਤੇ ਰਹਿੰਦਿਆਂ ਮਸੀਹ ਨੇ ਧਾਹਾਂ ਮਾਰ-ਮਾਰ ਕੇ ਅਤੇ ਹੰਝੂ ਵਹਾ-ਵਹਾ ਕੇ ਉਸ ਨੂੰ ਫ਼ਰਿਆਦਾਂ ਅਤੇ ਮਿੰਨਤਾਂ ਕੀਤੀਆਂ+ ਜਿਹੜਾ ਉਸ ਨੂੰ ਮੌਤ ਤੋਂ ਬਚਾ ਸਕਦਾ ਸੀ ਅਤੇ ਪਰਮੇਸ਼ੁਰ ਦਾ ਡਰ ਰੱਖਣ ਕਰਕੇ ਉਸ ਦੀ ਸੁਣੀ ਗਈ। 8 ਭਾਵੇਂ ਉਹ ਪਰਮੇਸ਼ੁਰ ਦਾ ਪੁੱਤਰ ਸੀ, ਫਿਰ ਵੀ ਉਸ ਨੇ ਜਿਹੜੇ ਦੁੱਖ ਝੱਲੇ, ਉਨ੍ਹਾਂ ਤੋਂ ਆਗਿਆਕਾਰੀ ਸਿੱਖੀ।+ 9 ਜਦੋਂ ਉਹ ਪੂਰੀ ਤਰ੍ਹਾਂ ਕਾਬਲ ਬਣ ਗਿਆ,+ ਤਾਂ ਉਸ ਨੂੰ ਉਨ੍ਹਾਂ ਸਾਰੇ ਲੋਕਾਂ ਨੂੰ ਹਮੇਸ਼ਾ ਦੀ ਮੁਕਤੀ ਦੇਣ ਦੀ ਜ਼ਿੰਮੇਵਾਰੀ ਦਿੱਤੀ ਗਈ ਜਿਹੜੇ ਉਸ ਦੀ ਆਗਿਆ ਮੰਨਦੇ ਹਨ+ 10 ਕਿਉਂਕਿ ਪਰਮੇਸ਼ੁਰ ਨੇ ਉਸ ਨੂੰ ਮਲਕਿਸਿਦਕ ਵਾਂਗ ਮਹਾਂ ਪੁਜਾਰੀ ਬਣਾਇਆ ਹੈ।+

11 ਅਸੀਂ ਮਸੀਹ ਬਾਰੇ ਬਹੁਤ ਕੁਝ ਦੱਸਣਾ ਚਾਹੁੰਦੇ ਹਾਂ, ਪਰ ਤੁਹਾਨੂੰ ਸਮਝਾਉਣਾ ਔਖਾ ਹੈ ਕਿਉਂਕਿ ਤੁਸੀਂ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ।* 12 ਅਸਲ ਵਿਚ, ਹੁਣ ਤਕ ਤਾਂ ਤੁਹਾਨੂੰ ਦੂਸਰਿਆਂ ਨੂੰ ਸਿਖਾਉਣ ਦੇ ਕਾਬਲ ਬਣ ਜਾਣਾ ਚਾਹੀਦਾ ਸੀ, ਪਰ ਲੋੜ ਤਾਂ ਇਹ ਹੈ ਕਿ ਕੋਈ ਤੁਹਾਨੂੰ ਸ਼ੁਰੂ ਤੋਂ ਪਰਮੇਸ਼ੁਰ ਦੀ ਪਵਿੱਤਰ ਬਾਣੀ ਦੀਆਂ ਬੁਨਿਆਦੀ ਗੱਲਾਂ ਦੁਬਾਰਾ ਸਿਖਾਵੇ।+ ਤੁਹਾਨੂੰ ਦੁਬਾਰਾ ਤੋਂ ਦੁੱਧ* ਦੀ ਲੋੜ ਹੈ, ਨਾ ਕਿ ਰੋਟੀ* ਦੀ। 13 ਜਿਹੜਾ ਇਨਸਾਨ ਦੁੱਧ ਹੀ ਪੀਂਦਾ ਰਹਿੰਦਾ ਹੈ, ਉਹ ਬੱਚਾ ਹੈ ਜਿਸ ਕਰਕੇ ਉਹ ਪਰਮੇਸ਼ੁਰ ਦੇ ਸੱਚੇ ਬਚਨ ਨੂੰ ਨਹੀਂ ਜਾਣਦਾ।+ 14 ਪਰ ਰੋਟੀ ਸਮਝਦਾਰ ਲੋਕਾਂ ਲਈ ਹੁੰਦੀ ਹੈ ਜਿਹੜੇ ਆਪਣੀ ਸੋਚਣ-ਸਮਝਣ ਦੀ ਕਾਬਲੀਅਤ ਨੂੰ ਵਾਰ-ਵਾਰ ਇਸਤੇਮਾਲ ਕਰ ਕੇ ਸਹੀ ਤੇ ਗ਼ਲਤ ਵਿਚ ਫ਼ਰਕ ਦੇਖਣ ਦੇ ਮਾਹਰ ਬਣ ਗਏ ਹਨ।

6 ਹੁਣ ਅਸੀਂ ਮਸੀਹ ਬਾਰੇ ਬੁਨਿਆਦੀ ਸਿੱਖਿਆਵਾਂ ਲੈ ਚੁੱਕੇ ਹਾਂ,+ ਇਸ ਕਰਕੇ ਆਓ ਆਪਾਂ ਸਮਝਦਾਰ ਬਣਨ ਲਈ ਪੂਰੀ ਵਾਹ ਲਾਈਏ+ ਅਤੇ ਸਿੱਖੀਆਂ ਗੱਲਾਂ ਦੀ ਨੀਂਹ ਦੁਬਾਰਾ ਨਾ ਧਰੀਏ, ਜਿਵੇਂ ਕਿ ਵਿਅਰਥ ਕੰਮਾਂ ਤੋਂ ਤੋਬਾ ਕਰਨੀ, ਪਰਮੇਸ਼ੁਰ ਉੱਤੇ ਨਿਹਚਾ ਕਰਨੀ, 2 ਕਈ ਤਰ੍ਹਾਂ ਦੇ ਬਪਤਿਸਮਿਆਂ ਦੀ ਸਿੱਖਿਆ, ਹੱਥ ਰੱਖਣ ਦੀ ਸਿੱਖਿਆ,+ ਮਰ ਚੁੱਕੇ ਲੋਕਾਂ ਦੇ ਜੀਉਂਦਾ ਹੋਣ ਦੀ ਸਿੱਖਿਆ+ ਅਤੇ ਆਖ਼ਰੀ* ਨਿਆਂ ਦੀ ਸਿੱਖਿਆ। 3 ਜੇ ਪਰਮੇਸ਼ੁਰ ਨੇ ਚਾਹਿਆ, ਤਾਂ ਅਸੀਂ ਜ਼ਰੂਰ ਸਮਝਦਾਰ ਬਣਾਂਗੇ।

4 ਕੁਝ ਲੋਕ ਜਿਨ੍ਹਾਂ ਨੂੰ ਪਹਿਲਾਂ ਗਿਆਨ ਦਾ ਪ੍ਰਕਾਸ਼ ਹੋਇਆ ਸੀ,+ ਸਵਰਗੋਂ ਵਰਦਾਨ ਮਿਲਿਆ ਸੀ, ਪਵਿੱਤਰ ਸ਼ਕਤੀ ਮਿਲੀ ਸੀ 5 ਅਤੇ ਜਿਨ੍ਹਾਂ ਨੇ ਪਰਮੇਸ਼ੁਰ ਦੇ ਸ਼ਾਨਦਾਰ ਬਚਨ ਦਾ ਅਤੇ ਆਉਣ ਵਾਲੇ ਯੁਗ* ਦੀਆਂ ਸ਼ਕਤੀਸ਼ਾਲੀ ਚੀਜ਼ਾਂ ਦਾ ਸੁਆਦ ਚੱਖਿਆ ਸੀ, 6 ਉਹ ਪਰਮੇਸ਼ੁਰ ਤੋਂ ਦੂਰ ਹੋ ਗਏ ਹਨ।+ ਉਨ੍ਹਾਂ ਲੋਕਾਂ ਦੀ ਦੁਬਾਰਾ ਤੋਬਾ ਕਰਨ ਵਿਚ ਮਦਦ ਕਰਨੀ ਨਾਮੁਮਕਿਨ ਹੈ ਕਿਉਂਕਿ ਉਹ ਪਰਮੇਸ਼ੁਰ ਦੇ ਪੁੱਤਰ ਨੂੰ ਦੁਬਾਰਾ ਸੂਲ਼ੀ ʼਤੇ ਟੰਗਦੇ ਹਨ ਅਤੇ ਉਸ ਨੂੰ ਸ਼ਰੇਆਮ ਬੇਇੱਜ਼ਤ ਕਰਦੇ ਹਨ।+ 7 ਲੋਕ ਜ਼ਮੀਨ ਵਾਂਗ ਹਨ ਜਿਸ ਉੱਤੇ ਵਾਰ-ਵਾਰ ਮੀਂਹ ਪੈਂਦਾ ਹੈ। ਜ਼ਮੀਨ ਪਾਣੀ ਸੋਖ ਕੇ ਇਨਸਾਨਾਂ ਦੇ ਖਾਣ ਲਈ ਸਾਗ-ਸਬਜ਼ੀਆਂ ਉਗਾਉਂਦੀ ਹੈ ਜਿਹੜੇ ਇਸ ਉੱਤੇ ਖੇਤੀ ਕਰਦੇ ਹਨ। ਬਦਲੇ ਵਿਚ ਪਰਮੇਸ਼ੁਰ ਇਸ ਨੂੰ ਅਸੀਸ ਦਿੰਦਾ ਹੈ। 8 ਪਰ ਜੇ ਇਹ ਕੰਡਿਆਲ਼ੀਆਂ ਝਾੜੀਆਂ ਉਗਾਵੇ, ਤਾਂ ਇਸ ਨੂੰ ਬੇਕਾਰ ਸਮਝ ਕੇ ਛੱਡ ਦਿੱਤਾ ਜਾਂਦਾ ਹੈ ਅਤੇ ਇਸ ਨੂੰ ਜਲਦੀ ਹੀ ਸਰਾਪ ਦਿੱਤਾ ਜਾਂਦਾ ਹੈ ਅਤੇ ਅਖ਼ੀਰ ਵਿਚ ਸਾੜ ਦਿੱਤਾ ਜਾਂਦਾ ਹੈ।

9 ਭਾਵੇਂ ਅਸੀਂ ਇਸ ਤਰ੍ਹਾਂ ਗੱਲ ਕਰ ਰਹੇ ਹਾਂ, ਪਰ ਪਿਆਰੇ ਭਰਾਵੋ, ਸਾਨੂੰ ਪੱਕਾ ਭਰੋਸਾ ਹੈ ਕਿ ਤੁਸੀਂ ਚੰਗੀ ਹਾਲਤ ਵਿਚ ਹੋ ਅਤੇ ਤੁਸੀਂ ਮੁਕਤੀ ਪਾਉਣ ਲਈ ਸਭ ਕੁਝ ਕਰ ਰਹੇ ਹੋ। 10 ਕਿਉਂਕਿ ਪਰਮੇਸ਼ੁਰ ਅਨਿਆਈ ਨਹੀਂ ਹੈ ਕਿ ਉਹ ਤੁਹਾਡੇ ਕੰਮ ਅਤੇ ਪਿਆਰ ਨੂੰ ਭੁੱਲ ਜਾਵੇ ਜੋ ਤੁਸੀਂ ਉਸ ਦੇ ਨਾਂ ਨਾਲ ਕਰਦੇ ਹੋ+ ਅਤੇ ਇਸ ਪਿਆਰ ਦੇ ਸਬੂਤ ਵਿਚ ਤੁਸੀਂ ਪਵਿੱਤਰ ਲੋਕਾਂ ਦੀ ਸੇਵਾ ਕੀਤੀ ਹੈ ਅਤੇ ਕਰ ਵੀ ਰਹੇ ਹੋ। 11 ਪਰ ਸਾਡੀ ਇਹੀ ਇੱਛਾ ਹੈ ਕਿ ਤੁਸੀਂ ਸਾਰੇ ਪਹਿਲਾਂ ਵਾਂਗ ਮਿਹਨਤ ਕਰਦੇ ਰਹੋ ਤਾਂਕਿ ਤੁਹਾਡੀ ਉਮੀਦ+ ਅਖ਼ੀਰ ਤਕ ਪੱਕੀ ਰਹੇ+ 12 ਅਤੇ ਤੁਸੀਂ ਆਲਸੀ ਨਾ ਬਣੋ,+ ਸਗੋਂ ਉਨ੍ਹਾਂ ਲੋਕਾਂ ਦੀ ਰੀਸ ਕਰੋ ਜਿਹੜੇ ਨਿਹਚਾ ਅਤੇ ਧੀਰਜ ਰੱਖਣ ਕਰਕੇ ਪਰਮੇਸ਼ੁਰ ਦੇ ਵਾਅਦਿਆਂ ਦੇ ਵਾਰਸ ਬਣਦੇ ਹਨ।

13 ਜਦੋਂ ਪਰਮੇਸ਼ੁਰ ਨੇ ਅਬਰਾਹਾਮ ਨਾਲ ਵਾਅਦਾ ਕੀਤਾ ਸੀ, ਤਾਂ ਉਹ ਕਿਸੇ ਹੋਰ ਦੀ ਸਹੁੰ ਨਹੀਂ ਖਾ ਸਕਦਾ ਸੀ ਜਿਹੜਾ ਉਸ ਤੋਂ ਵੱਡਾ ਹੋਵੇ, ਇਸ ਲਈ ਉਸ ਨੇ ਆਪਣੀ ਹੀ ਸਹੁੰ ਖਾ ਕੇ+ 14 ਕਿਹਾ: “ਮੈਂ ਤੈਨੂੰ ਜ਼ਰੂਰ ਬਰਕਤ ਦਿਆਂਗਾ ਅਤੇ ਤੈਨੂੰ ਜ਼ਰੂਰ ਵਧਾਵਾਂਗਾ।”+ 15 ਇਸ ਲਈ ਅਬਰਾਹਾਮ ਦੇ ਧੀਰਜ ਰੱਖਣ ਤੋਂ ਬਾਅਦ ਉਸ ਨਾਲ ਇਹ ਵਾਅਦਾ ਕੀਤਾ ਗਿਆ ਸੀ। 16 ਇਨਸਾਨ ਆਪਣੇ ਤੋਂ ਵੱਡੇ ਦੀ ਸਹੁੰ ਖਾਂਦੇ ਹਨ ਅਤੇ ਇਸ ਸਹੁੰ ਕਰਕੇ ਕੋਈ ਝਗੜਾ ਖੜ੍ਹਾ ਨਹੀਂ ਹੁੰਦਾ ਕਿਉਂਕਿ ਇਹ ਸਹੁੰ ਉਨ੍ਹਾਂ ਲਈ ਕਾਨੂੰਨੀ ਗਾਰੰਟੀ ਹੁੰਦੀ ਹੈ।+ 17 ਇਸੇ ਤਰ੍ਹਾਂ ਜਦੋਂ ਪਰਮੇਸ਼ੁਰ ਨੇ ਵਾਅਦੇ ਦੇ ਵਾਰਸਾਂ+ ਨੂੰ ਹੋਰ ਚੰਗੀ ਤਰ੍ਹਾਂ ਇਹ ਦਿਖਾਉਣ ਦਾ ਫ਼ੈਸਲਾ ਕੀਤਾ ਕਿ ਉਸ ਦਾ ਮਕਸਦ* ਬਿਲਕੁਲ ਨਹੀਂ ਬਦਲੇਗਾ, ਤਾਂ ਉਸ ਨੇ ਇਸ ਦੀ ਗਾਰੰਟੀ ਦੇਣ ਲਈ ਸਹੁੰ ਵੀ ਖਾਧੀ 18 ਤਾਂਕਿ ਜਿਨ੍ਹਾਂ ਦੋ ਅਟੱਲ ਗੱਲਾਂ* ਬਾਰੇ ਪਰਮੇਸ਼ੁਰ ਲਈ ਝੂਠ ਬੋਲਣਾ ਨਾਮੁਮਕਿਨ ਹੈ,+ ਉਨ੍ਹਾਂ ਦੇ ਰਾਹੀਂ ਸਾਨੂੰ, ਜਿਹੜੇ ਪਰਮੇਸ਼ੁਰ ਦੀ ਸ਼ਰਨ ਵਿਚ ਆਏ ਹਨ, ਜ਼ਬਰਦਸਤ ਹੱਲਾਸ਼ੇਰੀ ਮਿਲੇ ਕਿ ਅਸੀਂ ਉਸ ਉਮੀਦ ਨੂੰ ਮਜ਼ਬੂਤੀ ਨਾਲ ਫੜੀ ਰੱਖੀਏ ਜਿਹੜੀ ਸਾਡੇ ਸਾਮ੍ਹਣੇ ਰੱਖੀ ਗਈ ਹੈ। 19 ਇਹ ਉਮੀਦ+ ਸਾਡੀਆਂ ਜ਼ਿੰਦਗੀਆਂ ਲਈ ਸਮੁੰਦਰੀ ਜਹਾਜ਼ ਦੇ ਲੰਗਰ ਵਾਂਗ ਪੱਕੀ ਅਤੇ ਮਜ਼ਬੂਤ ਹੈ ਅਤੇ ਇਹ ਸਾਨੂੰ ਪਰਦੇ* ਦੇ ਦੂਜੇ ਪਾਸੇ ਲੈ ਜਾਂਦੀ ਹੈ+ 20 ਜਿੱਥੇ ਸਾਡਾ ਆਗੂ ਯਿਸੂ ਸਾਡੀ ਖ਼ਾਤਰ ਪਹਿਲਾਂ ਹੀ ਜਾ ਚੁੱਕਾ ਹੈ+ ਜਿਹੜਾ ਮਲਕਿਸਿਦਕ ਵਾਂਗ ਮਹਾਂ ਪੁਜਾਰੀ ਬਣ ਗਿਆ ਹੈ ਅਤੇ ਉਹ ਹਮੇਸ਼ਾ ਮਹਾਂ ਪੁਜਾਰੀ ਰਹੇਗਾ।+

7 ਮਲਕਿਸਿਦਕ ਸ਼ਾਲੇਮ ਦਾ ਰਾਜਾ ਅਤੇ ਅੱਤ ਮਹਾਨ ਪਰਮੇਸ਼ੁਰ ਦਾ ਪੁਜਾਰੀ ਸੀ। ਉਹ ਅਬਰਾਹਾਮ ਨੂੰ ਉਦੋਂ ਮਿਲਿਆ ਸੀ ਜਦੋਂ ਅਬਰਾਹਾਮ ਰਾਜਿਆਂ ਨੂੰ ਖ਼ਤਮ ਕਰ ਕੇ ਵਾਪਸ ਆ ਰਿਹਾ ਸੀ। ਉਸ ਵੇਲੇ ਮਲਕਿਸਿਦਕ ਨੇ ਉਸ ਨੂੰ ਬਰਕਤ ਦਿੱਤੀ ਸੀ+ 2 ਅਤੇ ਅਬਰਾਹਾਮ ਨੇ ਉਸ ਨੂੰ ਹਰ ਚੀਜ਼ ਦਾ ਦਸਵਾਂ ਹਿੱਸਾ ਦਿੱਤਾ ਸੀ। ਮਲਕਿਸਿਦਕ ਦੇ ਨਾਂ ਦਾ ਮਤਲਬ ਹੈ “ਧਾਰਮਿਕਤਾ ਦਾ ਰਾਜਾ” ਅਤੇ ਉਹ ਸ਼ਾਲੇਮ ਦਾ ਰਾਜਾ ਹੈ ਯਾਨੀ “ਸ਼ਾਂਤੀ ਦਾ ਰਾਜਾ।” 3 ਵੰਸ਼ਾਵਲੀ ਨਾ ਹੋਣ ਕਰਕੇ ਇਹ ਪਤਾ ਨਹੀਂ ਹੈ ਕਿ ਉਸ ਦੇ ਮਾਤਾ-ਪਿਤਾ ਕੌਣ ਸਨ, ਉਹ ਕਦੋਂ ਪੈਦਾ ਹੋਇਆ ਸੀ ਅਤੇ ਕਦੋਂ ਮਰਿਆ ਸੀ, ਪਰ ਪਰਮੇਸ਼ੁਰ ਦੇ ਪੁੱਤਰ ਵਰਗਾ ਹੋਣ ਕਰਕੇ ਉਹ ਹਮੇਸ਼ਾ ਪੁਜਾਰੀ ਰਹਿੰਦਾ ਹੈ।+

4 ਤਾਂ ਫਿਰ, ਤੁਸੀਂ ਦੇਖਦੇ ਹੋ ਕਿ ਉਹ ਆਦਮੀ ਕਿੰਨਾ ਮਹਾਨ ਸੀ ਜਿਸ ਨੂੰ ਸਾਡੇ ਪੂਰਵਜ* ਅਬਰਾਹਾਮ ਨੇ ਲੁੱਟ ਦੇ ਮਾਲ ਵਿੱਚੋਂ ਵਧੀਆ ਤੋਂ ਵਧੀਆ ਚੀਜ਼ਾਂ ਦਾ ਦਸਵਾਂ ਹਿੱਸਾ ਦਿੱਤਾ ਸੀ।+ 5 ਇਹ ਸੱਚ ਹੈ ਕਿ ਪੁਜਾਰੀਆਂ ਵਜੋਂ ਨਿਯੁਕਤ ਕੀਤੇ ਗਏ ਲੇਵੀ ਦੇ ਪੁੱਤਰਾਂ+ ਨੂੰ ਮੂਸਾ ਦੇ ਕਾਨੂੰਨ ਅਨੁਸਾਰ ਲੋਕਾਂ ਤੋਂ ਯਾਨੀ ਆਪਣੇ ਭਰਾਵਾਂ ਤੋਂ ਦਸਵਾਂ ਹਿੱਸਾ ਲੈਣ ਦਾ ਹੁਕਮ ਦਿੱਤਾ ਗਿਆ ਹੈ,+ ਭਾਵੇਂ ਉਹ ਲੋਕ ਅਬਰਾਹਾਮ ਦੀ ਔਲਾਦ ਹਨ। 6 ਪਰ ਮਲਕਿਸਿਦਕ ਲੇਵੀ ਦੇ ਘਰਾਣੇ ਵਿੱਚੋਂ ਨਹੀਂ ਸੀ, ਫਿਰ ਵੀ ਉਸ ਨੇ ਅਬਰਾਹਾਮ ਤੋਂ, ਜਿਸ ਨਾਲ ਵਾਅਦੇ ਕੀਤੇ ਗਏ ਸਨ, ਦਸਵਾਂ ਹਿੱਸਾ ਲਿਆ ਅਤੇ ਉਸ ਨੂੰ ਅਸੀਸ ਦਿੱਤੀ।+ 7 ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਵੱਡੇ ਨੇ ਛੋਟੇ ਨੂੰ ਅਸੀਸ ਦਿੱਤੀ ਸੀ। 8 ਦਸਵਾਂ ਹਿੱਸਾ ਲੈਣ ਵਾਲੇ ਲੇਵੀ ਮਰਨਹਾਰ ਇਨਸਾਨ ਹਨ, ਪਰ ਉਸ ਆਦਮੀ ਬਾਰੇ, ਜਿਸ ਨੇ ਦਸਵਾਂ ਹਿੱਸਾ ਲਿਆ ਸੀ, ਧਰਮ-ਗ੍ਰੰਥ ਗਵਾਹੀ ਦਿੰਦਾ ਹੈ ਕਿ ਉਹ ਜੀਉਂਦਾ ਰਹਿੰਦਾ ਹੈ।+ 9 ਇਹ ਕਿਹਾ ਜਾ ਸਕਦਾ ਹੈ ਕਿ ਦਸਵਾਂ ਹਿੱਸਾ ਲੈਣ ਵਾਲੇ ਲੇਵੀ ਨੇ ਵੀ ਅਬਰਾਹਾਮ ਦੇ ਜ਼ਰੀਏ ਉਸ ਆਦਮੀ ਨੂੰ ਦਸਵਾਂ ਹਿੱਸਾ ਦਿੱਤਾ 10 ਕਿਉਂਕਿ ਜਦੋਂ ਮਲਕਿਸਿਦਕ ਉਸ ਨੂੰ ਮਿਲਿਆ ਸੀ, ਤਾਂ ਲੇਵੀ ਅਜੇ ਆਪਣੇ ਪੂਰਵਜ ਅਬਰਾਹਾਮ ਦੀ ਪੀੜ੍ਹੀ ਵਿਚ ਪੈਦਾ ਨਹੀਂ ਹੋਇਆ ਸੀ।*+

11 ਲੇਵੀਆਂ ਦਾ ਪੁਜਾਰੀ ਦਲ ਲੋਕਾਂ ਨੂੰ ਦਿੱਤੇ ਗਏ ਮੂਸਾ ਦੇ ਕਾਨੂੰਨ ਦਾ ਖ਼ਾਸ ਹਿੱਸਾ ਸੀ।+ ਪਰ ਜੇ ਇਸ ਦੇ ਜ਼ਰੀਏ ਮੁਕੰਮਲਤਾ ਪਾਈ ਜਾ ਸਕਦੀ, ਤਾਂ ਫਿਰ ਇਕ ਹੋਰ ਪੁਜਾਰੀ ਦੀ ਲੋੜ ਕਿਉਂ ਹੁੰਦੀ ਜਿਸ ਬਾਰੇ ਕਿਹਾ ਗਿਆ ਹੈ ਕਿ ਉਹ ਮਲਕਿਸਿਦਕ ਵਾਂਗ ਪੁਜਾਰੀ ਹੈ,+ ਨਾ ਕਿ ਹਾਰੂਨ ਵਾਂਗ? 12 ਹੁਣ ਪੁਜਾਰੀ ਦਲ ਬਦਲਿਆ ਜਾ ਰਿਹਾ ਹੈ, ਇਸ ਕਰਕੇ ਇਸ ਕਾਨੂੰਨ ਨੂੰ ਵੀ ਬਦਲਣਾ ਜ਼ਰੂਰੀ ਹੈ+ 13 ਕਿਉਂਕਿ ਜਿਸ ਆਦਮੀ ਬਾਰੇ ਇਹ ਗੱਲਾਂ ਕਹੀਆਂ ਜਾ ਰਹੀਆਂ ਹਨ, ਉਹ ਕਿਸੇ ਹੋਰ ਗੋਤ ਵਿੱਚੋਂ ਸੀ ਅਤੇ ਉਸ ਗੋਤ ਵਿੱਚੋਂ ਕਿਸੇ ਨੇ ਵੀ ਵੇਦੀ ਉੱਤੇ ਸੇਵਾ ਨਹੀਂ ਕੀਤੀ ਸੀ।+ 14 ਇਹ ਗੱਲ ਤਾਂ ਸਾਫ਼ ਹੈ ਕਿ ਸਾਡਾ ਪ੍ਰਭੂ ਯਹੂਦਾਹ ਦੇ ਗੋਤ ਵਿੱਚੋਂ ਸੀ,+ ਪਰ ਮੂਸਾ ਨੇ ਇਸ ਗੋਤ ਦੇ ਆਦਮੀਆਂ ਦੇ ਪੁਜਾਰੀ ਬਣਨ ਬਾਰੇ ਕੁਝ ਨਹੀਂ ਕਿਹਾ ਸੀ।

15 ਇਹ ਗੱਲ ਉਦੋਂ ਹੋਰ ਵੀ ਸਾਫ਼ ਹੋ ਗਈ ਜਦੋਂ ਮਲਕਿਸਿਦਕ ਵਰਗਾ+ ਇਕ ਹੋਰ ਪੁਜਾਰੀ ਖੜ੍ਹਾ ਹੋਇਆ+ 16 ਜਿਸ ਨੂੰ ਕਾਨੂੰਨ ਅਨੁਸਾਰ ਵੰਸ਼ਾਵਲੀ ਦੇ ਆਧਾਰ ʼਤੇ ਪੁਜਾਰੀ ਨਹੀਂ ਬਣਾਇਆ ਗਿਆ ਹੈ, ਸਗੋਂ ਅਵਿਨਾਸ਼ੀ ਜੀਵਨ ਦੀ ਤਾਕਤ ਨਾਲ।+ 17 ਕਿਉਂਕਿ ਧਰਮ-ਗ੍ਰੰਥ ਵਿਚ ਇਕ ਜਗ੍ਹਾ ਕਿਹਾ ਗਿਆ ਹੈ: “ਤੂੰ ਮਲਕਿਸਿਦਕ ਵਾਂਗ ਪੁਜਾਰੀ ਹੈਂ ਤੇ ਹਮੇਸ਼ਾ ਪੁਜਾਰੀ ਰਹੇਂਗਾ।”+

18 ਇਸ ਲਈ ਪੁਰਾਣੇ ਹੁਕਮ ਖ਼ਤਮ ਕਰ ਦਿੱਤੇ ਗਏ ਹਨ ਕਿਉਂਕਿ ਇਹ ਕਮਜ਼ੋਰ ਅਤੇ ਬੇਅਸਰ ਹਨ।+ 19 ਇਸ ਕਾਨੂੰਨ ਨੇ ਕਿਸੇ ਨੂੰ ਵੀ ਮੁਕੰਮਲ ਨਹੀਂ ਬਣਾਇਆ,+ ਪਰ ਇਸ ਦੀ ਜਗ੍ਹਾ ਦਿੱਤੀ ਗਈ ਉੱਤਮ ਉਮੀਦ+ ਨੇ ਮੁਕੰਮਲ ਬਣਾਇਆ ਜਿਹੜੀ ਸਾਨੂੰ ਪਰਮੇਸ਼ੁਰ ਦੇ ਨੇੜੇ ਲਿਆ ਰਹੀ ਹੈ।+ 20 ਨਾਲੇ ਪਰਮੇਸ਼ੁਰ ਨੇ ਸਹੁੰ ਖਾ ਕੇ ਯਿਸੂ ਨੂੰ ਪੁਜਾਰੀ ਬਣਾਇਆ ਸੀ 21 (ਅਜਿਹੇ ਆਦਮੀ ਵੀ ਹਨ ਜਿਹੜੇ ਬਿਨਾਂ ਸਹੁੰ ਦੇ ਪੁਜਾਰੀ ਬਣੇ ਹਨ, ਪਰ ਉਸ ਦੇ ਸੰਬੰਧ ਵਿਚ ਪਰਮੇਸ਼ੁਰ ਨੇ ਸਹੁੰ ਖਾਧੀ ਸੀ ਅਤੇ ਕਿਹਾ ਸੀ: “ਯਹੋਵਾਹ* ਨੇ ਇਹ ਸਹੁੰ ਖਾਧੀ ਹੈ ਅਤੇ ਉਹ ਆਪਣਾ ਮਨ ਨਹੀਂ ਬਦਲੇਗਾ,* ‘ਤੂੰ ਹਮੇਸ਼ਾ ਪੁਜਾਰੀ ਰਹੇਂਗਾ।’”),+ 22 ਇਸ ਕਰਕੇ ਯਿਸੂ ਇਕ ਉੱਤਮ ਇਕਰਾਰ ਦੀ ਗਾਰੰਟੀ* ਬਣ ਗਿਆ ਹੈ।+ 23 ਇਸ ਤੋਂ ਇਲਾਵਾ, ਹਾਰੂਨ ਦੀ ਔਲਾਦ ਵਿੱਚੋਂ ਇਕ ਤੋਂ ਬਾਅਦ ਇਕ ਕਈ ਆਦਮੀ ਪੁਜਾਰੀ ਬਣੇ+ ਕਿਉਂਕਿ ਮੌਤ ਨੇ ਉਨ੍ਹਾਂ ਨੂੰ ਪੁਜਾਰੀ ਬਣੇ ਨਾ ਰਹਿਣ ਦਿੱਤਾ, 24 ਪਰ ਯਿਸੂ ਹਮੇਸ਼ਾ ਜੀਉਂਦਾ ਰਹਿੰਦਾ ਹੈ,+ ਇਸ ਲਈ ਉਹ ਹਮੇਸ਼ਾ ਪੁਜਾਰੀ ਬਣਿਆ ਰਹੇਗਾ, ਉਸ ਤੋਂ ਬਾਅਦ ਹੋਰ ਕੋਈ ਪੁਜਾਰੀ ਨਹੀਂ ਬਣੇਗਾ। 25 ਇਸ ਕਰਕੇ ਉਹ ਉਨ੍ਹਾਂ ਸਾਰਿਆਂ ਨੂੰ ਪੂਰੀ ਤਰ੍ਹਾਂ ਬਚਾਉਣ ਦੇ ਕਾਬਲ ਹੈ ਜਿਹੜੇ ਉਸ ਰਾਹੀਂ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਦੇ ਹਨ ਕਿਉਂਕਿ ਉਹ ਉਨ੍ਹਾਂ ਵਾਸਤੇ ਬੇਨਤੀ ਕਰਨ ਲਈ ਹਮੇਸ਼ਾ ਜੀਉਂਦਾ ਰਹਿੰਦਾ ਹੈ।+

26 ਸਾਨੂੰ ਅਜਿਹੇ ਮਹਾਂ ਪੁਜਾਰੀ ਦੀ ਹੀ ਲੋੜ ਹੈ ਜਿਹੜਾ ਵਫ਼ਾਦਾਰ, ਨਿਰਦੋਸ਼ ਅਤੇ ਬੇਦਾਗ਼ ਹੈ+ ਅਤੇ ਜਿਹੜਾ ਬਿਲਕੁਲ ਵੀ ਪਾਪੀਆਂ ਵਰਗਾ ਨਹੀਂ ਹੈ ਅਤੇ ਜਿਸ ਨੂੰ ਆਕਾਸ਼ਾਂ ਤੋਂ ਉੱਚਾ ਕੀਤਾ ਗਿਆ ਹੈ।+ 27 ਉਨ੍ਹਾਂ ਮਹਾਂ ਪੁਜਾਰੀਆਂ ਤੋਂ ਉਲਟ ਉਸ ਨੂੰ ਰੋਜ਼ ਪਹਿਲਾਂ ਆਪਣੇ ਪਾਪਾਂ ਲਈ ਅਤੇ ਫਿਰ ਲੋਕਾਂ ਦੇ ਪਾਪਾਂ ਲਈ ਬਲ਼ੀਆਂ ਚੜ੍ਹਾਉਣ ਦੀ ਲੋੜ ਨਹੀਂ ਹੈ+ ਕਿਉਂਕਿ ਉਸ ਨੇ ਆਪਣੀ ਕੁਰਬਾਨੀ ਦੇ ਕੇ ਇੱਕੋ ਵਾਰ ਹਮੇਸ਼ਾ ਲਈ ਬਲ਼ੀ ਚੜ੍ਹਾਈ।+ 28 ਮੂਸਾ ਦੇ ਕਾਨੂੰਨ ਅਨੁਸਾਰ ਮਹਾਂ ਪੁਜਾਰੀ ਨਿਯੁਕਤ ਕੀਤੇ ਗਏ ਆਦਮੀਆਂ ਵਿਚ ਕਮਜ਼ੋਰੀਆਂ ਹੁੰਦੀਆਂ ਹਨ,+ ਪਰ ਇਸ ਕਾਨੂੰਨ ਤੋਂ ਬਾਅਦ ਸਹੁੰ+ ਖਾ ਕੇ ਜੋ ਵਾਅਦਾ ਕੀਤਾ ਗਿਆ ਸੀ, ਉਸ ਅਨੁਸਾਰ ਪਰਮੇਸ਼ੁਰ ਦੇ ਪੁੱਤਰ ਨੂੰ ਪੁਜਾਰੀ ਨਿਯੁਕਤ ਕੀਤਾ ਗਿਆ ਜਿਸ ਨੂੰ ਹਮੇਸ਼ਾ ਲਈ ਮੁਕੰਮਲ ਬਣਾ ਦਿੱਤਾ ਗਿਆ ਹੈ।+

8 ਹੁਣ ਅਸੀਂ ਜੋ ਵੀ ਗੱਲਾਂ ਕਹੀਆਂ ਹਨ, ਉਨ੍ਹਾਂ ਦਾ ਨਿਚੋੜ ਇਹ ਹੈ: ਸਾਡਾ ਮਹਾਂ ਪੁਜਾਰੀ ਅਜਿਹਾ ਹੀ ਹੈ+ ਅਤੇ ਉਹ ਸਵਰਗ ਵਿਚ ਮਹਾਨ ਪਰਮੇਸ਼ੁਰ ਦੇ ਸਿੰਘਾਸਣ ਦੇ ਸੱਜੇ ਹੱਥ ਬੈਠ ਗਿਆ ਹੈ+ 2 ਅਤੇ ਉਹ ਉਸ ਅਸਲੀ ਤੰਬੂ ਦੇ ਅੱਤ ਪਵਿੱਤਰ ਕਮਰੇ ਵਿਚ ਸੇਵਾ ਕਰਦਾ ਹੈ+ ਜਿਸ ਨੂੰ ਇਨਸਾਨਾਂ ਨੇ ਨਹੀਂ, ਸਗੋਂ ਯਹੋਵਾਹ* ਨੇ ਖੜ੍ਹਾ ਕੀਤਾ ਹੈ। 3 ਹਰ ਮਹਾਂ ਪੁਜਾਰੀ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਭੇਟਾਂ ਅਤੇ ਬਲ਼ੀਆਂ ਚੜ੍ਹਾਵੇ, ਇਸ ਲਈ ਇਸ ਮਹਾਂ ਪੁਜਾਰੀ ਲਈ ਵੀ ਜ਼ਰੂਰੀ ਸੀ ਕਿ ਉਹ ਕੁਝ ਚੜ੍ਹਾਵੇ।+ 4 ਜੇ ਉਹ ਧਰਤੀ ʼਤੇ ਹੁੰਦਾ, ਤਾਂ ਉਸ ਨੇ ਪੁਜਾਰੀ ਨਹੀਂ ਬਣਨਾ ਸੀ+ ਕਿਉਂਕਿ ਮੂਸਾ ਦੇ ਕਾਨੂੰਨ ਅਨੁਸਾਰ ਭੇਟਾਂ ਚੜ੍ਹਾਉਣ ਲਈ ਪਹਿਲਾਂ ਹੀ ਪੁਜਾਰੀ ਨਿਯੁਕਤ ਕੀਤੇ ਗਏ ਹਨ। 5 ਪਰ ਇਨ੍ਹਾਂ ਪੁਜਾਰੀਆਂ ਦੀ ਪਵਿੱਤਰ ਸੇਵਾ ਸਵਰਗੀ ਚੀਜ਼ਾਂ+ ਦਾ ਨਮੂਨਾ ਅਤੇ ਪਰਛਾਵਾਂ+ ਹੈ; ਠੀਕ ਜਿਵੇਂ ਜਦੋਂ ਮੂਸਾ ਤੰਬੂ ਬਣਾਉਣ ਲੱਗਾ ਸੀ, ਤਾਂ ਉਸ ਨੂੰ ਪਰਮੇਸ਼ੁਰ ਨੇ ਇਹ ਹੁਕਮ ਦਿੱਤਾ ਸੀ: “ਤੂੰ ਧਿਆਨ ਨਾਲ ਸਾਰੀਆਂ ਚੀਜ਼ਾਂ ਉਸ ਨਮੂਨੇ ਮੁਤਾਬਕ ਬਣਾਈਂ ਜੋ ਤੈਨੂੰ ਪਹਾੜ ਉੱਤੇ ਦਿਖਾਇਆ ਗਿਆ ਹੈ।”+ 6 ਪਰ ਯਿਸੂ ਨੂੰ ਇਨ੍ਹਾਂ ਪੁਜਾਰੀਆਂ ਨਾਲੋਂ ਵੀ ਵਧੀਆ ਸੇਵਾ ਦਾ ਕੰਮ ਸੌਂਪਿਆ ਗਿਆ ਹੈ ਅਤੇ ਉਹ ਪਹਿਲੇ ਇਕਰਾਰ ਨਾਲੋਂ ਵੀ ਵਧੀਆ ਇਕਰਾਰ+ ਦਾ ਵਿਚੋਲਾ ਹੈ।+ ਇਹ ਇਕਰਾਰ ਕਾਨੂੰਨੀ ਮੰਗਾਂ ਅਨੁਸਾਰ ਪਹਿਲੇ ਵਾਅਦਿਆਂ ਨਾਲੋਂ ਵੀ ਵਧੀਆ ਵਾਅਦਿਆਂ ਉੱਤੇ ਆਧਾਰਿਤ ਹੈ।+

7 ਜੇ ਪਹਿਲੇ ਇਕਰਾਰ ਵਿਚ ਕੋਈ ਕਮੀ ਨਾ ਹੁੰਦੀ, ਤਾਂ ਦੂਸਰੇ ਇਕਰਾਰ ਦੀ ਲੋੜ ਨਾ ਪੈਂਦੀ।+ 8 ਪਰਮੇਸ਼ੁਰ ਲੋਕਾਂ ਨੂੰ ਕਸੂਰਵਾਰ ਠਹਿਰਾਉਂਦੇ ਹੋਏ ਕਹਿੰਦਾ ਹੈ: “‘ਦੇਖੋ! ਉਹ ਦਿਨ ਆ ਰਹੇ ਹਨ,’ ਯਹੋਵਾਹ* ਕਹਿੰਦਾ ਹੈ ‘ਜਦੋਂ ਮੈਂ ਇਜ਼ਰਾਈਲ ਦੇ ਘਰਾਣੇ ਨਾਲ ਅਤੇ ਯਹੂਦਾਹ ਦੇ ਘਰਾਣੇ ਨਾਲ ਇਕ ਨਵਾਂ ਇਕਰਾਰ ਕਰਾਂਗਾ। 9 ਇਹ ਇਕਰਾਰ ਉਸ ਇਕਰਾਰ ਵਰਗਾ ਨਹੀਂ ਹੋਵੇਗਾ ਜਿਹੜਾ ਮੈਂ ਉਨ੍ਹਾਂ ਦੇ ਪਿਉ-ਦਾਦਿਆਂ ਨਾਲ ਉਸ ਦਿਨ ਕੀਤਾ ਸੀ ਜਿਸ ਦਿਨ ਮੈਂ ਉਨ੍ਹਾਂ ਦਾ ਹੱਥ ਫੜ ਕੇ ਉਨ੍ਹਾਂ ਨੂੰ ਮਿਸਰ ਵਿੱਚੋਂ ਕੱਢ ਲਿਆਇਆ ਸੀ।+ ਉਹ ਮੇਰੇ ਇਕਰਾਰ ਪ੍ਰਤੀ ਵਫ਼ਾਦਾਰ ਨਹੀਂ ਰਹੇ, ਇਸ ਲਈ ਮੈਂ ਉਨ੍ਹਾਂ ਦੀ ਦੇਖ-ਭਾਲ ਕਰਨੀ ਛੱਡ ਦਿੱਤੀ,’ ਯਹੋਵਾਹ* ਕਹਿੰਦਾ ਹੈ।

10 “‘ਉਨ੍ਹਾਂ ਦਿਨਾਂ ਤੋਂ ਬਾਅਦ ਮੈਂ ਇਜ਼ਰਾਈਲ ਦੇ ਘਰਾਣੇ ਨਾਲ ਇਹ ਇਕਰਾਰ ਕਰਾਂਗਾ,’ ਯਹੋਵਾਹ* ਕਹਿੰਦਾ ਹੈ। ‘ਮੈਂ ਆਪਣੇ ਕਾਨੂੰਨ ਉਨ੍ਹਾਂ ਦੇ ਮਨਾਂ ਵਿਚ ਪਾਵਾਂਗਾ ਅਤੇ ਇਹ ਕਾਨੂੰਨ ਮੈਂ ਉਨ੍ਹਾਂ ਦੇ ਦਿਲਾਂ ʼਤੇ ਲਿਖਾਂਗਾ।+ ਮੈਂ ਉਨ੍ਹਾਂ ਦਾ ਪਰਮੇਸ਼ੁਰ ਹੋਵਾਂਗਾ ਅਤੇ ਉਹ ਮੇਰੇ ਲੋਕ ਹੋਣਗੇ।+

11 “‘ਅਤੇ ਉਨ੍ਹਾਂ ਵਿੱਚੋਂ ਕੋਈ ਵੀ ਆਪਣੇ ਗੁਆਂਢੀ ਨੂੰ ਤੇ ਆਪਣੇ ਭਰਾ ਨੂੰ ਇਹ ਕਹਿ ਕੇ ਸਿੱਖਿਆ ਨਹੀਂ ਦੇਵੇਗਾ: “ਯਹੋਵਾਹ* ਨੂੰ ਜਾਣੋ!” ਕਿਉਂਕਿ ਉਹ ਸਾਰੇ, ਛੋਟੇ ਤੋਂ ਲੈ ਕੇ ਵੱਡੇ ਲੋਕਾਂ ਤਕ, ਮੈਨੂੰ ਜਾਣਦੇ ਹੋਣਗੇ। 12 ਮੈਂ ਉਨ੍ਹਾਂ ਉੱਤੇ ਦਇਆ ਕਰ ਕੇ ਉਨ੍ਹਾਂ ਦੇ ਬੁਰੇ ਕੰਮ ਮਾਫ਼ ਕਰਾਂਗਾ ਅਤੇ ਮੈਂ ਉਨ੍ਹਾਂ ਦੇ ਪਾਪਾਂ ਨੂੰ ਦੁਬਾਰਾ ਯਾਦ ਨਹੀਂ ਕਰਾਂਗਾ।’”+

13 ਉਸ ਨੇ “ਨਵੇਂ ਇਕਰਾਰ” ਦੀ ਗੱਲ ਕਰ ਕੇ ਪਹਿਲੇ ਇਕਰਾਰ ਨੂੰ ਰੱਦ ਕਰ ਦਿੱਤਾ ਹੈ।+ ਹੁਣ ਇਹ ਰੱਦ ਹੋਇਆ ਇਕਰਾਰ ਪੁਰਾਣਾ ਹੋ ਰਿਹਾ ਹੈ ਅਤੇ ਇਹ ਜਲਦੀ ਹੀ ਖ਼ਤਮ ਹੋ ਜਾਵੇਗਾ।+

9 ਪਹਿਲੇ ਇਕਰਾਰ ਵਿਚ ਪਵਿੱਤਰ ਸੇਵਾ ਸੰਬੰਧੀ ਕੁਝ ਕਾਨੂੰਨ ਹੁੰਦੇ ਸਨ ਅਤੇ ਧਰਤੀ ਉੱਤੇ ਇਕ ਪਵਿੱਤਰ ਸਥਾਨ ਹੁੰਦਾ ਸੀ।+ 2 ਇਸ ਪਵਿੱਤਰ ਸਥਾਨ ਵਿਚ ਇਕ ਤੰਬੂ ਬਣਾਇਆ ਗਿਆ ਸੀ ਜਿਸ ਦੇ ਪਹਿਲੇ ਹਿੱਸੇ ਵਿਚ ਸ਼ਮਾਦਾਨ,+ ਮੇਜ਼ ਅਤੇ ਚੜ੍ਹਾਵੇ ਦੀਆਂ ਰੋਟੀਆਂ ਰੱਖੀਆਂ ਜਾਂਦੀਆਂ ਸਨ+ ਅਤੇ ਇਸ ਹਿੱਸੇ ਨੂੰ ਪਵਿੱਤਰ ਕਮਰਾ ਕਿਹਾ ਜਾਂਦਾ ਸੀ।+ 3 ਤੰਬੂ ਦੇ ਦੂਸਰੇ ਪਰਦੇ+ ਦੇ ਪਿਛਲੇ ਪਾਸੇ ਵਾਲੇ ਹਿੱਸੇ ਨੂੰ ਅੱਤ ਪਵਿੱਤਰ ਕਮਰਾ ਕਿਹਾ ਜਾਂਦਾ ਸੀ।+ 4 ਇਸ ਕਮਰੇ ਵਿਚ ਸੋਨੇ ਦਾ ਧੂਪਦਾਨ+ ਅਤੇ ਸੋਨੇ ਨਾਲ ਪੂਰਾ ਮੜ੍ਹਿਆ+ ਇਕਰਾਰ ਦਾ ਸੰਦੂਕ+ ਹੁੰਦਾ ਸੀ। ਇਸ ਸੰਦੂਕ ਵਿਚ ਮੰਨ ਨਾਲ ਭਰਿਆ ਸੋਨੇ ਦਾ ਮਰਤਬਾਨ,+ ਹਾਰੂਨ ਦੀ ਡੋਡੀਆਂ ਵਾਲੀ ਲਾਠੀ+ ਅਤੇ ਇਕਰਾਰ ਦੀਆਂ ਫੱਟੀਆਂ+ ਰੱਖੀਆਂ ਗਈਆਂ ਸਨ। 5 ਸੰਦੂਕ ਦੇ ਢੱਕਣ* ਉੱਪਰ ਦੋ ਸ਼ਾਨਦਾਰ ਕਰੂਬੀ ਰੱਖੇ ਹੋਏ ਸਨ ਜਿਨ੍ਹਾਂ ਦਾ ਪਰਛਾਵਾਂ ਢੱਕਣ ਉੱਤੇ ਪੈਂਦਾ ਸੀ।+ ਪਰ ਹੁਣ ਇਨ੍ਹਾਂ ਚੀਜ਼ਾਂ ਬਾਰੇ ਖੋਲ੍ਹ ਕੇ ਗੱਲ ਕਰਨ ਦਾ ਸਮਾਂ ਨਹੀਂ ਹੈ।

6 ਇਹ ਚੀਜ਼ਾਂ ਇਸ ਤਰੀਕੇ ਨਾਲ ਤਿਆਰ ਕੀਤੇ ਜਾਣ ਤੋਂ ਬਾਅਦ ਪੁਜਾਰੀ ਪਵਿੱਤਰ ਸੇਵਾ ਦੇ ਕੰਮ ਕਰਨ ਲਈ ਤੰਬੂ ਦੇ ਪਹਿਲੇ ਹਿੱਸੇ ਵਿਚ ਬਾਕਾਇਦਾ ਜਾਂਦੇ ਹੁੰਦੇ ਸਨ;+ 7 ਪਰ ਦੂਸਰੇ ਹਿੱਸੇ ਵਿਚ ਸਿਰਫ਼ ਮਹਾਂ ਪੁਜਾਰੀ ਸਾਲ ਵਿਚ ਇਕ ਵਾਰ ਜਾਂਦਾ ਹੁੰਦਾ ਸੀ+ ਅਤੇ ਉਸ ਨੂੰ ਖ਼ੂਨ ਲੈ ਕੇ ਅੰਦਰ ਜਾਣਾ ਪੈਂਦਾ ਸੀ।+ ਉਹ ਆਪਣੇ ਪਾਪਾਂ ਲਈ+ ਅਤੇ ਲੋਕਾਂ ਦੇ ਅਣਜਾਣੇ ਵਿਚ ਕੀਤੇ ਪਾਪਾਂ ਲਈ ਇਹ ਖ਼ੂਨ ਚੜ੍ਹਾਉਂਦਾ ਹੁੰਦਾ ਸੀ।+ 8 ਇਨ੍ਹਾਂ ਪ੍ਰਬੰਧਾਂ ਦੇ ਜ਼ਰੀਏ ਪਵਿੱਤਰ ਸ਼ਕਤੀ ਇਹ ਗੱਲ ਸਾਫ਼ ਦੱਸਦੀ ਹੈ ਕਿ ਜਿੰਨਾ ਚਿਰ ਪਹਿਲਾ ਤੰਬੂ* ਖੜ੍ਹਾ ਸੀ, ਉੱਨਾ ਚਿਰ ਪਵਿੱਤਰ ਸਥਾਨ* ਵਿਚ ਜਾਣ ਦਾ ਰਾਹ ਨਹੀਂ ਖੁੱਲ੍ਹਿਆ ਸੀ।+ 9 ਇਹ ਤੰਬੂ ਮੌਜੂਦਾ ਸਮੇਂ ਦੀਆਂ ਚੀਜ਼ਾਂ ਦਾ ਨਮੂਨਾ ਹੈ।+ ਇਸ ਪ੍ਰਬੰਧ ਅਨੁਸਾਰ ਭੇਟਾਂ ਅਤੇ ਬਲ਼ੀਆਂ ਚੜ੍ਹਾਈਆਂ ਜਾਂਦੀਆਂ ਸਨ,+ ਪਰ ਇਹ ਭੇਟਾਂ ਅਤੇ ਬਲ਼ੀਆਂ ਪਵਿੱਤਰ ਭਗਤੀ ਕਰਨ ਵਾਲੇ ਦੀ ਜ਼ਮੀਰ ਨੂੰ ਪੂਰੀ ਤਰ੍ਹਾਂ ਸ਼ੁੱਧ ਨਹੀਂ ਕਰ ਸਕਦੀਆਂ ਸਨ।+ 10 ਇਨ੍ਹਾਂ ਭੇਟਾਂ ਅਤੇ ਬਲ਼ੀਆਂ ਦਾ ਸੰਬੰਧ ਸਿਰਫ਼ ਖਾਣ-ਪੀਣ ਵਾਲੀਆਂ ਚੀਜ਼ਾਂ ਨਾਲ ਅਤੇ ਸ਼ੁੱਧ ਕਰਨ ਦੇ ਕਈ ਤਰ੍ਹਾਂ ਦੇ ਤਰੀਕਿਆਂ* ਨਾਲ ਹੈ।+ ਇਹ ਸਰੀਰ ਨਾਲ ਸੰਬੰਧਿਤ ਕਾਨੂੰਨੀ ਮੰਗਾਂ ਸਨ+ ਜਿਨ੍ਹਾਂ ਨੂੰ ਸਾਰੀਆਂ ਚੀਜ਼ਾਂ ਨੂੰ ਸੁਧਾਰੇ ਜਾਣ ਦੇ ਮਿਥੇ ਸਮੇਂ ਤਕ ਲਾਗੂ ਕੀਤਾ ਗਿਆ ਸੀ।

11 ਪਰ ਹੁਣ ਮਸੀਹ ਮਹਾਂ ਪੁਜਾਰੀ ਬਣ ਗਿਆ ਜਿਸ ਕਰਕੇ ਸਾਨੂੰ ਹੁਣ ਬਰਕਤਾਂ ਮਿਲ ਰਹੀਆਂ ਹਨ। ਮਹਾਂ ਪੁਜਾਰੀ ਦੇ ਤੌਰ ਤੇ ਉਹ ਜ਼ਿਆਦਾ ਮਹੱਤਵਪੂਰਣ ਅਤੇ ਉੱਤਮ ਤੰਬੂ ਵਿਚ ਗਿਆ ਜਿਸ ਨੂੰ ਇਨਸਾਨੀ ਹੱਥਾਂ ਨੇ ਨਹੀਂ ਬਣਾਇਆ ਯਾਨੀ ਇਹ ਧਰਤੀ ਉੱਤੇ ਨਹੀਂ ਹੈ। 12 ਉਹ ਬੱਕਰਿਆਂ ਜਾਂ ਬਲਦਾਂ ਦਾ ਖ਼ੂਨ ਲੈ ਕੇ ਨਹੀਂ, ਸਗੋਂ ਆਪਣਾ ਖ਼ੂਨ ਲੈ ਕੇ ਇੱਕੋ ਵਾਰ ਹਮੇਸ਼ਾ ਲਈ ਉਸ ਪਵਿੱਤਰ ਸਥਾਨ ਵਿਚ ਗਿਆ+ ਅਤੇ ਉਸ ਨੇ ਸਾਨੂੰ ਹਮੇਸ਼ਾ ਲਈ ਮੁਕਤੀ* ਦੇ ਦਿੱਤੀ ਹੈ।+ 13 ਜੇ ਬੱਕਰਿਆਂ ਅਤੇ ਬਲਦਾਂ ਦਾ ਖ਼ੂਨ+ ਅਤੇ ਅਸ਼ੁੱਧ ਲੋਕਾਂ ʼਤੇ ਧੂੜੀ ਜਾਂਦੀ ਗਾਂ ਦੀ ਸੁਆਹ ਇਨਸਾਨਾਂ ਨੂੰ ਸਰੀਰਕ ਤੌਰ ਤੇ ਸ਼ੁੱਧ ਕਰਦੀ ਹੈ,+ 14 ਤਾਂ ਫਿਰ, ਮਸੀਹ ਦਾ ਖ਼ੂਨ+ ਸਾਡੀ ਜ਼ਮੀਰ ਨੂੰ ਵਿਅਰਥ ਕੰਮਾਂ ਤੋਂ ਕਿੰਨਾ ਜ਼ਿਆਦਾ ਸ਼ੁੱਧ ਕਰ ਸਕਦਾ ਹੈ ਜਿਸ ਨੇ ਹਮੇਸ਼ਾ ਰਹਿਣ ਵਾਲੀ ਪਵਿੱਤਰ ਸ਼ਕਤੀ ਦੀ ਸੇਧ ਵਿਚ ਚੱਲ ਕੇ ਆਪਣੇ ਬੇਦਾਗ਼ ਸਰੀਰ ਦੀ ਬਲ਼ੀ ਦਿੱਤੀ+ ਤਾਂਕਿ ਅਸੀਂ ਜੀਉਂਦੇ ਪਰਮੇਸ਼ੁਰ ਦੀ ਭਗਤੀ ਕਰ ਸਕੀਏ!+

15 ਇਸੇ ਕਰਕੇ ਮਸੀਹ ਨਵੇਂ ਇਕਰਾਰ ਦਾ ਵਿਚੋਲਾ ਹੈ+ ਤਾਂਕਿ ਸੱਦੇ ਗਏ ਲੋਕ ਵਾਅਦਾ ਕੀਤੀ ਗਈ ਵਿਰਾਸਤ ਪ੍ਰਾਪਤ ਕਰ ਸਕਣ ਜੋ ਹਮੇਸ਼ਾ ਰਹੇਗੀ।+ ਇਹ ਸਭ ਕੁਝ ਉਸ ਦੀ ਮੌਤ ਦੇ ਜ਼ਰੀਏ ਹੀ ਮੁਮਕਿਨ ਹੋਇਆ ਹੈ+ ਕਿਉਂਕਿ ਉਸ ਨੇ ਰਿਹਾਈ ਦੀ ਕੀਮਤ ਅਦਾ ਕਰ ਕੇ ਉਨ੍ਹਾਂ ਨੂੰ ਪਾਪਾਂ ਤੋਂ ਮੁਕਤ ਕੀਤਾ ਹੈ ਜਿਹੜੇ ਉਨ੍ਹਾਂ ਨੇ ਪਹਿਲੇ ਇਕਰਾਰ ਅਧੀਨ ਰਹਿੰਦਿਆਂ ਕੀਤੇ ਸਨ। 16 ਜਦੋਂ ਕੋਈ ਇਨਸਾਨ ਪਰਮੇਸ਼ੁਰ ਨਾਲ ਇਕਰਾਰ ਕਰਦਾ ਹੈ, ਤਾਂ ਉਸ ਇਨਸਾਨ ਲਈ ਮਰਨਾ ਜ਼ਰੂਰੀ ਹੁੰਦਾ ਹੈ। 17 ਜਿੰਨਾ ਚਿਰ ਇਕਰਾਰ ਕਰਨ ਵਾਲਾ ਜੀਉਂਦਾ ਹੁੰਦਾ ਹੈ, ਉੱਨਾ ਚਿਰ ਇਕਰਾਰ ਲਾਗੂ ਨਹੀਂ ਹੁੰਦਾ ਕਿਉਂਕਿ ਇਕਰਾਰ ਦੇ ਲਾਗੂ ਹੋਣ ਲਈ ਉਸ ਦੀ ਮੌਤ ਜ਼ਰੂਰੀ ਹੈ। 18 ਇਸੇ ਕਰਕੇ ਪਹਿਲਾ ਇਕਰਾਰ ਵੀ ਖ਼ੂਨ ਤੋਂ ਬਿਨਾਂ ਲਾਗੂ ਨਹੀਂ ਕੀਤਾ ਗਿਆ ਸੀ। 19 ਮੂਸਾ ਨੇ ਸਾਰੇ ਲੋਕਾਂ ਨੂੰ ਕਾਨੂੰਨ ਦਾ ਹਰੇਕ ਹੁਕਮ ਦੱਸਣ ਤੋਂ ਬਾਅਦ ਵੱਛਿਆਂ ਅਤੇ ਬੱਕਰਿਆਂ ਦਾ ਖ਼ੂਨ ਪਾਣੀ ਵਿਚ ਮਿਲਾਇਆ ਅਤੇ ਉਸ ਨੇ ਜ਼ੂਫੇ ਦੀ ਟਾਹਣੀ ਉੱਤੇ ਗੂੜ੍ਹੇ ਲਾਲ ਰੰਗ ਦੀ ਉੱਨ ਬੰਨ੍ਹ ਕੇ ਇਕਰਾਰ ਦੀ ਕਿਤਾਬ* ਉੱਤੇ ਅਤੇ ਸਾਰੇ ਲੋਕਾਂ ਉੱਤੇ ਖ਼ੂਨ ਛਿੜਕਿਆ 20 ਅਤੇ ਉਸ ਨੇ ਕਿਹਾ: “ਇਹ ਇਕਰਾਰ ਦਾ ਲਹੂ ਹੈ ਜਿਸ ਦੀ ਪਾਲਣਾ ਕਰਨ ਦਾ ਪਰਮੇਸ਼ੁਰ ਨੇ ਤੁਹਾਨੂੰ ਹੁਕਮ ਦਿੱਤਾ ਹੈ।”+ 21 ਉਸ ਨੇ ਤੰਬੂ ਅਤੇ ਪਵਿੱਤਰ ਸੇਵਾ ਵਿਚ ਵਰਤੇ ਜਾਣ ਵਾਲੇ ਸਾਰੇ ਭਾਂਡਿਆਂ ਉੱਤੇ ਵੀ ਇਹ ਖ਼ੂਨ ਛਿੜਕਿਆ ਸੀ।+ 22 ਜੀ ਹਾਂ, ਮੂਸਾ ਦੇ ਕਾਨੂੰਨ ਅਨੁਸਾਰ ਤਕਰੀਬਨ ਸਾਰੀਆਂ ਚੀਜ਼ਾਂ ਖ਼ੂਨ ਨਾਲ ਸ਼ੁੱਧ ਕੀਤੀਆਂ ਜਾਂਦੀਆਂ ਹਨ+ ਅਤੇ ਜਿੰਨਾ ਚਿਰ ਖ਼ੂਨ ਨਹੀਂ ਵਹਾਇਆ ਜਾਂਦਾ, ਉੱਨਾ ਚਿਰ ਪਾਪਾਂ ਦੀ ਮਾਫ਼ੀ ਨਹੀਂ ਮਿਲਦੀ।+

23 ਇਸ ਲਈ ਸਵਰਗੀ ਚੀਜ਼ਾਂ ਦੇ ਨਮੂਨੇ+ ʼਤੇ ਬਣਾਈਆਂ ਚੀਜ਼ਾਂ ਨੂੰ ਜਾਨਵਰਾਂ ਦੇ ਖ਼ੂਨ ਨਾਲ ਸ਼ੁੱਧ ਕੀਤਾ ਜਾਣਾ ਜ਼ਰੂਰੀ ਸੀ,+ ਪਰ ਸਵਰਗੀ ਚੀਜ਼ਾਂ ਨੂੰ ਸ਼ੁੱਧ ਕਰਨ ਲਈ ਇਨ੍ਹਾਂ ਨਾਲੋਂ ਕਿਤੇ ਉੱਤਮ ਬਲ਼ੀਆਂ ਦੀ ਲੋੜ ਹੈ। 24 ਕਿਉਂਕਿ ਮਸੀਹ ਇਨਸਾਨੀ ਹੱਥਾਂ ਨਾਲ ਬਣੇ ਪਵਿੱਤਰ ਸਥਾਨ ਵਿਚ ਨਹੀਂ ਗਿਆ+ ਜੋ ਕਿ ਅਸਲ ਦੀ ਨਕਲ ਹੈ,+ ਸਗੋਂ ਸਵਰਗ ਵਿਚ ਗਿਆ+ ਜਿੱਥੇ ਉਹ ਹੁਣ ਸਾਡੀ ਖ਼ਾਤਰ ਪਰਮੇਸ਼ੁਰ ਦੇ ਸਾਮ੍ਹਣੇ ਪੇਸ਼ ਹੋਇਆ ਹੈ।+ 25 ਉਸ ਨੂੰ ਵਾਰ-ਵਾਰ ਆਪਣੀ ਬਲ਼ੀ ਚੜ੍ਹਾਉਣ ਦੀ ਲੋੜ ਨਹੀਂ, ਜਿਵੇਂ ਮਹਾਂ ਪੁਜਾਰੀ ਹਰ ਸਾਲ ਪਵਿੱਤਰ ਸਥਾਨ ਵਿਚ ਜਾਨਵਰਾਂ ਦਾ ਖ਼ੂਨ ਲੈ ਕੇ ਜਾਂਦਾ ਹੁੰਦਾ ਸੀ,+ ਨਾ ਕਿ ਆਪਣਾ ਖ਼ੂਨ ਲੈ ਕੇ। 26 ਨਹੀਂ ਤਾਂ ਮਸੀਹ ਨੂੰ ਦੁਨੀਆਂ ਦੀ ਨੀਂਹ* ਰੱਖਣ ਦੇ ਸਮੇਂ ਤੋਂ ਵਾਰ-ਵਾਰ ਦੁੱਖ ਝੱਲਣਾ ਪੈਂਦਾ। ਪਰ ਉਹ ਯੁਗ* ਦੇ ਅੰਤ* ਵਿਚ ਇੱਕੋ ਵਾਰ ਪ੍ਰਗਟ ਹੋਇਆ ਤਾਂਕਿ ਆਪਣੀ ਕੁਰਬਾਨੀ ਦੇ ਕੇ ਪਾਪ ਨੂੰ ਖ਼ਤਮ ਕਰ ਦੇਵੇ।+ 27 ਜਿਵੇਂ ਇਨਸਾਨ ਨੂੰ ਇਕ ਵਾਰ ਤਾਂ ਮਰਨਾ ਪੈਂਦਾ ਹੈ, ਪਰ ਬਾਅਦ ਵਿਚ ਨਿਆਂ ਕੀਤਾ ਜਾਵੇਗਾ। 28 ਇਸੇ ਤਰ੍ਹਾਂ ਮਸੀਹ ਨੇ ਵੀ ਬਹੁਤ ਸਾਰੇ ਲੋਕਾਂ ਦੇ ਪਾਪਾਂ ਲਈ ਆਪਣੇ ਆਪ ਨੂੰ ਇੱਕੋ ਵਾਰ ਹਮੇਸ਼ਾ ਲਈ ਚੜ੍ਹਾਇਆ।+ ਜਦੋਂ ਉਹ ਦੂਸਰੀ ਵਾਰ ਪ੍ਰਗਟ ਹੋਵੇਗਾ, ਤਾਂ ਉਹ ਪਾਪ ਖ਼ਤਮ ਕਰਨ ਲਈ ਪ੍ਰਗਟ ਨਹੀਂ ਹੋਵੇਗਾ ਅਤੇ ਉਹ ਉਨ੍ਹਾਂ ਨੂੰ ਦਿਖਾਈ ਦੇਵੇਗਾ ਜਿਹੜੇ ਮੁਕਤੀ ਲਈ ਬੇਸਬਰੀ ਨਾਲ ਉਸ ਦੀ ਉਡੀਕ ਕਰ ਰਹੇ ਹਨ।+

10 ਮੂਸਾ ਦਾ ਕਾਨੂੰਨ ਆਉਣ ਵਾਲੀਆਂ ਚੰਗੀਆਂ ਚੀਜ਼ਾਂ ਦਾ ਪਰਛਾਵਾਂ ਹੀ ਹੈ,+ ਨਾ ਕਿ ਉਨ੍ਹਾਂ ਦਾ ਅਸਲੀ ਰੂਪ। ਇਸ ਲਈ ਇਹ ਕਾਨੂੰਨ* ਪਰਮੇਸ਼ੁਰ ਦੇ ਹਜ਼ੂਰ ਆਉਣ ਵਾਲੇ ਲੋਕਾਂ ਨੂੰ ਉਨ੍ਹਾਂ ਬਲ਼ੀਆਂ ਦੇ ਜ਼ਰੀਏ ਕਦੀ ਵੀ ਮੁਕੰਮਲ ਨਹੀਂ ਬਣਾ ਸਕਦਾ ਜੋ ਹਰ ਸਾਲ ਚੜ੍ਹਾਈਆਂ ਜਾਂਦੀਆਂ ਹਨ।+ 2 ਨਹੀਂ ਤਾਂ, ਬਲ਼ੀਆਂ ਚੜ੍ਹਾਉਣ ਦਾ ਕੰਮ ਖ਼ਤਮ ਹੋ ਗਿਆ ਹੁੰਦਾ ਕਿਉਂਕਿ ਪਵਿੱਤਰ ਸੇਵਾ ਕਰਨ ਵਾਲਿਆਂ ਨੂੰ ਇੱਕੋ ਵਾਰ ਸ਼ੁੱਧ ਕਰ ਦਿੱਤਾ ਗਿਆ ਹੁੰਦਾ ਅਤੇ ਉਹ ਆਪਣੇ ਆਪ ਨੂੰ ਦੋਸ਼ੀ ਮਹਿਸੂਸ ਨਾ ਕਰਦੇ। 3 ਇਸ ਦੀ ਬਜਾਇ, ਹਰ ਸਾਲ ਬਲ਼ੀਆਂ ਚੜ੍ਹਾਉਣ ਨਾਲ ਉਨ੍ਹਾਂ ਨੂੰ ਯਾਦ ਰਹਿੰਦਾ ਹੈ ਕਿ ਉਹ ਪਾਪੀ ਹਨ+ 4 ਕਿਉਂਕਿ ਬਲਦਾਂ ਅਤੇ ਬੱਕਰਿਆਂ ਦੇ ਲਹੂ ਨਾਲ ਪਾਪ ਨੂੰ ਖ਼ਤਮ ਕਰਨਾ ਨਾਮੁਮਕਿਨ ਹੈ।

5 ਇਸ ਲਈ ਜਦੋਂ ਮਸੀਹ ਦੁਨੀਆਂ ਵਿਚ ਆਇਆ, ਤਾਂ ਉਸ ਨੇ ਪਰਮੇਸ਼ੁਰ ਨੂੰ ਕਿਹਾ: “‘ਤੂੰ ਬਲ਼ੀਆਂ ਅਤੇ ਭੇਟਾਂ ਨਹੀਂ ਚਾਹੀਆਂ, ਪਰ ਤੂੰ ਮੇਰੇ ਲਈ ਇਕ ਸਰੀਰ ਤਿਆਰ ਕੀਤਾ। 6 ਤੂੰ ਹੋਮ-ਬਲ਼ੀਆਂ ਅਤੇ ਪਾਪ-ਬਲ਼ੀਆਂ ਤੋਂ ਖ਼ੁਸ਼ ਨਹੀਂ ਸੀ।’+ 7 ਫਿਰ ਮੈਂ ਕਿਹਾ: ‘ਹੇ ਪਰਮੇਸ਼ੁਰ, ਦੇਖ! ਮੈਂ ਤੇਰੀ ਇੱਛਾ ਪੂਰੀ ਕਰਨ ਆਇਆ ਹਾਂ। (ਮੇਰੇ ਬਾਰੇ ਕਿਤਾਬ* ਵਿਚ ਇਹ ਲਿਖਿਆ ਗਿਆ ਹੈ।)’”+ 8 ਪਹਿਲਾਂ ਉਸ ਨੇ ਕਿਹਾ: “ਤੂੰ ਬਲ਼ੀਆਂ, ਭੇਟਾਂ, ਹੋਮ-ਬਲ਼ੀਆਂ ਅਤੇ ਪਾਪ-ਬਲ਼ੀਆਂ ਨਹੀਂ ਚਾਹੀਆਂ ਅਤੇ ਨਾ ਹੀ ਤੂੰ ਇਨ੍ਹਾਂ ਤੋਂ ਖ਼ੁਸ਼ ਸੀ” ਜੋ ਮੂਸਾ ਦੇ ਕਾਨੂੰਨ ਅਨੁਸਾਰ ਚੜ੍ਹਾਈਆਂ ਜਾਂਦੀਆਂ ਹਨ। 9 ਫਿਰ ਉਸ ਨੇ ਕਿਹਾ: “ਦੇਖ! ਮੈਂ ਤੇਰੀ ਇੱਛਾ ਪੂਰੀ ਕਰਨ ਆਇਆ ਹਾਂ।”+ ਉਸ ਨੇ ਦੂਸਰੇ ਪ੍ਰਬੰਧ ਨੂੰ ਕਾਇਮ ਕਰਨ ਲਈ ਪਹਿਲੇ ਪ੍ਰਬੰਧ ਨੂੰ ਖ਼ਤਮ ਕਰ ਦਿੱਤਾ ਹੈ। 10 ਪਰਮੇਸ਼ੁਰ ਦੀ ਇਸ “ਇੱਛਾ”+ ਅਨੁਸਾਰ ਸਾਨੂੰ ਯਿਸੂ ਮਸੀਹ ਦੇ ਸਰੀਰ ਦੀ ਬਲ਼ੀ ਰਾਹੀਂ ਇੱਕੋ ਵਾਰ ਹਮੇਸ਼ਾ ਲਈ ਸ਼ੁੱਧ ਕੀਤਾ ਗਿਆ ਹੈ।+

11 ਨਾਲੇ ਹਰ ਪੁਜਾਰੀ ਰੋਜ਼ ਪਵਿੱਤਰ ਸੇਵਾ ਕਰਨ ਲਈ ਹਾਜ਼ਰ ਹੁੰਦਾ ਹੈ+ ਅਤੇ ਵਾਰ-ਵਾਰ ਉਸੇ ਤਰ੍ਹਾਂ ਦੀਆਂ ਬਲ਼ੀਆਂ ਚੜ੍ਹਾਉਂਦਾ ਹੈ+ ਜੋ ਪਾਪ ਨੂੰ ਕਦੀ ਵੀ ਪੂਰੀ ਤਰ੍ਹਾਂ ਖ਼ਤਮ ਨਹੀਂ ਕਰ ਸਕਦੀਆਂ।+ 12 ਪਰ ਮਸੀਹ ਨੇ ਪਾਪਾਂ ਲਈ ਇੱਕੋ ਵਾਰ ਹਮੇਸ਼ਾ ਲਈ ਇਕ ਬਲ਼ੀ ਚੜ੍ਹਾਈ ਅਤੇ ਉਹ ਜਾ ਕੇ ਪਰਮੇਸ਼ੁਰ ਦੇ ਸੱਜੇ ਹੱਥ ਬੈਠ ਗਿਆ+ 13 ਅਤੇ ਉਹ ਉਦੋਂ ਤੋਂ ਉਸ ਸਮੇਂ ਦੀ ਉਡੀਕ ਕਰ ਰਿਹਾ ਹੈ ਜਦੋਂ ਉਸ ਦੇ ਵੈਰੀਆਂ ਨੂੰ ਉਸ ਦੇ ਪੈਰਾਂ ਦੀ ਚੌਂਕੀ ਬਣਾਇਆ ਜਾਵੇਗਾ।+ 14 ਉਸ ਨੇ ਇੱਕੋ ਹੀ ਬਲ਼ੀ ਚੜ੍ਹਾ ਕੇ ਉਨ੍ਹਾਂ ਸਾਰਿਆਂ ਨੂੰ ਹਮੇਸ਼ਾ ਲਈ ਮੁਕੰਮਲ ਬਣਾ ਦਿੱਤਾ ਹੈ+ ਜਿਨ੍ਹਾਂ ਨੂੰ ਪਵਿੱਤਰ ਕੀਤਾ ਜਾ ਰਿਹਾ ਹੈ। 15 ਇਸ ਤੋਂ ਇਲਾਵਾ, ਪਵਿੱਤਰ ਸ਼ਕਤੀ ਵੀ ਸਾਨੂੰ ਇਸ ਗੱਲ ਦੇ ਸੱਚ ਹੋਣ ਦੀ ਗਵਾਹੀ ਦਿੰਦੀ ਹੈ ਕਿਉਂਕਿ ਇਹ ਪਹਿਲਾਂ ਕਹਿੰਦੀ ਹੈ: 16 “‘ਉਨ੍ਹਾਂ ਦਿਨਾਂ ਤੋਂ ਬਾਅਦ ਮੈਂ ਉਨ੍ਹਾਂ ਨਾਲ ਇਹ ਇਕਰਾਰ ਕਰਾਂਗਾ,’ ਯਹੋਵਾਹ* ਕਹਿੰਦਾ ਹੈ। ‘ਮੈਂ ਆਪਣੇ ਕਾਨੂੰਨ ਉਨ੍ਹਾਂ ਦੇ ਦਿਲਾਂ ਵਿਚ ਪਾਵਾਂਗਾ ਅਤੇ ਇਹ ਕਾਨੂੰਨ ਮੈਂ ਉਨ੍ਹਾਂ ਦੇ ਮਨਾਂ ʼਤੇ ਲਿਖਾਂਗਾ।’”+ 17 ਫਿਰ ਇਹ ਕਹਿੰਦੀ ਹੈ: “ਮੈਂ ਉਨ੍ਹਾਂ ਦੇ ਪਾਪਾਂ ਅਤੇ ਬੁਰੇ ਕੰਮਾਂ ਨੂੰ ਦੁਬਾਰਾ ਯਾਦ ਨਹੀਂ ਕਰਾਂਗਾ।”+ 18 ਜਦੋਂ ਪਾਪਾਂ ਦੀ ਮਾਫ਼ੀ ਮਿਲ ਜਾਂਦੀ ਹੈ, ਤਾਂ ਬਲ਼ੀਆਂ ਚੜ੍ਹਾਉਣ ਦੀ ਕੋਈ ਲੋੜ ਹੀ ਨਹੀਂ ਰਹਿੰਦੀ।

19 ਇਸ ਲਈ ਭਰਾਵੋ, ਅਸੀਂ ਯਿਸੂ ਦੇ ਖ਼ੂਨ ਦੇ ਜ਼ਰੀਏ ਉਸ ਰਾਹ ਉੱਤੇ ਨਿਡਰ* ਹੋ ਕੇ ਤੁਰ ਸਕਦੇ ਹਾਂ ਜੋ ਪਵਿੱਤਰ ਸਥਾਨ ਦੇ ਅੰਦਰ ਜਾਂਦਾ ਹੈ।+ 20 ਉਸ ਨੇ ਸਾਡੇ ਲਈ ਇਹ ਨਵਾਂ ਰਾਹ ਖੋਲ੍ਹਿਆ ਹੈ ਜੋ ਸਾਨੂੰ ਜ਼ਿੰਦਗੀ ਵੱਲ ਲੈ ਜਾਂਦਾ ਹੈ। ਉਸ ਨੇ ਪਰਦੇ ਵਿੱਚੋਂ ਦੀ ਲੰਘ ਕੇ ਇਹ ਰਾਹ ਖੋਲ੍ਹਿਆ ਹੈ।+ ਇਹ ਪਰਦਾ ਉਸ ਦਾ ਆਪਣਾ ਸਰੀਰ ਹੈ। 21 ਸਾਡਾ ਪੁਜਾਰੀ ਉੱਤਮ ਹੈ ਅਤੇ ਪਰਮੇਸ਼ੁਰ ਦੇ ਘਰਾਣੇ ਦਾ ਨਿਗਰਾਨ ਹੈ,+ 22 ਇਸ ਲਈ ਆਓ ਆਪਾਂ ਸੱਚੇ ਦਿਲੋਂ ਅਤੇ ਪੂਰੀ ਨਿਹਚਾ ਨਾਲ ਪਰਮੇਸ਼ੁਰ ਦੇ ਹਜ਼ੂਰ ਆਈਏ ਕਿਉਂਕਿ ਸਾਡੇ ਦਿਲਾਂ ਨੂੰ ਸ਼ੁੱਧ* ਕੀਤਾ ਗਿਆ ਹੈ, ਸਾਡੀ ਦੋਸ਼ੀ ਜ਼ਮੀਰ ਨੂੰ ਸਾਫ਼ ਕੀਤਾ ਗਿਆ ਹੈ+ ਅਤੇ ਸਾਡੇ ਸਰੀਰਾਂ ਨੂੰ ਸਾਫ਼ ਪਾਣੀ ਨਾਲ ਧੋਤਾ ਗਿਆ ਹੈ।+ 23 ਆਓ ਆਪਾਂ ਬਿਨਾਂ ਡਗਮਗਾਏ ਸਾਰਿਆਂ ਸਾਮ੍ਹਣੇ ਆਪਣੀ ਉਮੀਦ ਦਾ ਐਲਾਨ ਕਰਦੇ ਰਹੀਏ+ ਕਿਉਂਕਿ ਵਾਅਦਾ ਕਰਨ ਵਾਲਾ ਵਫ਼ਾਦਾਰ ਹੈ। 24 ਨਾਲੇ ਆਓ ਆਪਾਂ ਇਕ-ਦੂਜੇ ਦਾ ਧਿਆਨ ਰੱਖੀਏ* ਤਾਂਕਿ ਅਸੀਂ ਇਕ-ਦੂਜੇ ਨੂੰ ਪਿਆਰ ਅਤੇ ਚੰਗੇ ਕੰਮ ਕਰਨ ਦੀ ਹੱਲਾਸ਼ੇਰੀ* ਦੇ ਸਕੀਏ+ 25 ਅਤੇ ਇਕ-ਦੂਜੇ ਨਾਲ ਇਕੱਠੇ ਹੋਣਾ* ਨਾ ਛੱਡੀਏ,+ ਜਿਵੇਂ ਕਈਆਂ ਦੀ ਆਦਤ ਹੈ, ਸਗੋਂ ਇਕ-ਦੂਜੇ ਨੂੰ ਹੌਸਲਾ ਦਿੰਦੇ ਰਹੀਏ।+ ਉਸ ਦਿਨ ਨੂੰ ਨੇੜੇ ਆਉਂਦਾ ਦੇਖ ਕੇ ਤੁਸੀਂ ਇਸ ਤਰ੍ਹਾਂ ਹੋਰ ਵੀ ਜ਼ਿਆਦਾ ਕਰੋ।+

26 ਜੇ ਅਸੀਂ ਸੱਚਾਈ ਦਾ ਸਹੀ ਗਿਆਨ ਲੈਣ ਤੋਂ ਬਾਅਦ ਵੀ ਜਾਣ-ਬੁੱਝ ਕੇ ਪਾਪ ਕਰਦੇ ਰਹੀਏ,+ ਤਾਂ ਫਿਰ ਸਾਡੇ ਪਾਪਾਂ ਲਈ ਕੋਈ ਬਲੀਦਾਨ ਬਾਕੀ ਨਹੀਂ ਬਚਦਾ,+ 27 ਸਗੋਂ ਸਾਡੇ ਲਈ ਪਰਮੇਸ਼ੁਰ ਦੇ ਖ਼ੌਫ਼ਨਾਕ ਨਿਆਂ ਦੀ ਉਡੀਕ ਬਾਕੀ ਰਹਿ ਜਾਂਦੀ ਹੈ ਅਤੇ ਸਾਡੇ ਉੱਤੇ ਉਸ ਦੇ ਗੁੱਸੇ ਦੀ ਅੱਗ ਭੜਕੇਗੀ ਜੋ ਉਸ ਦੇ ਵਿਰੋਧੀਆਂ ਨੂੰ ਭਸਮ ਕਰ ਦੇਵੇਗੀ।+ 28 ਜਿਹੜਾ ਇਨਸਾਨ ਮੂਸਾ ਦੇ ਕਾਨੂੰਨ ਦੀ ਉਲੰਘਣਾ ਕਰਦਾ ਹੈ, ਉਸ ਨੂੰ ਦੋ ਜਾਂ ਤਿੰਨ ਗਵਾਹਾਂ ਦੇ ਬਿਆਨ ਦੇ ਆਧਾਰ ʼਤੇ ਦਇਆ ਕੀਤੇ ਬਿਨਾਂ ਮਾਰ ਦਿੱਤਾ ਜਾਂਦਾ ਹੈ।+ 29 ਤਾਂ ਫਿਰ, ਕੀ ਉਹ ਇਨਸਾਨ ਇਸ ਤੋਂ ਵੀ ਸਖ਼ਤ ਸਜ਼ਾ ਦੇ ਲਾਇਕ ਨਹੀਂ ਹੈ ਜਿਸ ਨੇ ਪਰਮੇਸ਼ੁਰ ਦੇ ਪੁੱਤਰ ਨੂੰ ਆਪਣੇ ਪੈਰਾਂ ਹੇਠ ਮਿੱਧਿਆ ਹੈ, ਇਕਰਾਰ ਦੇ ਲਹੂ ਨੂੰ ਮਾਮੂਲੀ ਸਮਝਿਆ ਹੈ+ ਜਿਸ ਨਾਲ ਉਸ ਨੂੰ ਪਵਿੱਤਰ ਕੀਤਾ ਗਿਆ ਸੀ ਅਤੇ ਅਪਾਰ ਕਿਰਪਾ ਦੇ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦਾ ਘੋਰ ਅਪਮਾਨ ਕੀਤਾ ਹੈ?+ 30 ਅਸੀਂ ਜਾਣਦੇ ਹਾਂ ਕਿ ਪਰਮੇਸ਼ੁਰ ਨੇ ਕਿਹਾ ਸੀ: “ਬਦਲਾ ਲੈਣਾ ਮੇਰਾ ਕੰਮ ਹੈ, ਮੈਂ ਹੀ ਉਨ੍ਹਾਂ ਨੂੰ ਸਜ਼ਾ ਦਿਆਂਗਾ।” ਨਾਲੇ ਇਹ ਵੀ: “ਯਹੋਵਾਹ* ਆਪਣੇ ਲੋਕਾਂ ਨਾਲ ਨਿਆਂ ਕਰੇਗਾ।”+ 31 ਜੀਉਂਦੇ ਪਰਮੇਸ਼ੁਰ ਦੇ ਹੱਥੋਂ ਸਜ਼ਾ ਪਾਉਣੀ ਕਿੰਨੀ ਖ਼ੌਫ਼ਨਾਕ ਗੱਲ ਹੈ!

32 ਪਰ ਉਨ੍ਹਾਂ ਪੁਰਾਣੇ ਦਿਨਾਂ ਨੂੰ ਯਾਦ ਰੱਖੋ ਜਦੋਂ ਗਿਆਨ ਦਾ ਪ੍ਰਕਾਸ਼ ਹੋਣ ਤੋਂ ਬਾਅਦ+ ਤੁਸੀਂ ਧੀਰਜ ਨਾਲ ਕਿੰਨੇ ਦੁੱਖ ਸਹੇ ਅਤੇ ਸੰਘਰਸ਼ ਕੀਤਾ। 33 ਤੁਹਾਨੂੰ ਕਈ ਵਾਰ ਸ਼ਰੇਆਮ ਬੇਇੱਜ਼ਤ ਕੀਤਾ ਗਿਆ* ਅਤੇ ਤੁਹਾਡੇ ਉੱਤੇ ਜ਼ੁਲਮ ਕੀਤੇ ਗਏ ਅਤੇ ਤੁਸੀਂ ਅਜਿਹੀਆਂ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨ ਵਾਲਿਆਂ ਦਾ ਵੀ ਸਾਥ ਨਹੀਂ ਛੱਡਿਆ।* 34 ਤੁਸੀਂ ਜੇਲ੍ਹਾਂ ਵਿਚ ਬੰਦ ਭਰਾਵਾਂ ਲਈ ਹਮਦਰਦੀ ਵੀ ਦਿਖਾਈ। ਜਦੋਂ ਤੁਹਾਡਾ ਸਭ ਕੁਝ ਲੁੱਟਿਆ ਗਿਆ, ਤਾਂ ਤੁਸੀਂ ਖ਼ੁਸ਼ੀ-ਖ਼ੁਸ਼ੀ ਇਹ ਜਰ ਲਿਆ+ ਕਿਉਂਕਿ ਤੁਹਾਨੂੰ ਪਤਾ ਹੈ ਕਿ ਤੁਹਾਨੂੰ ਇਸ ਤੋਂ ਵੀ ਵਧੀਆ ਅਤੇ ਹਮੇਸ਼ਾ ਰਹਿਣ ਵਾਲੀ ਵਿਰਾਸਤ ਮਿਲੀ ਹੈ।+

35 ਇਸ ਲਈ ਤੁਸੀਂ ਆਪਣੀ ਦਲੇਰੀ* ਨਾ ਛੱਡੋ ਕਿਉਂਕਿ ਤੁਹਾਨੂੰ ਇਸ ਦਾ ਵੱਡਾ ਇਨਾਮ ਮਿਲੇਗਾ।+ 36 ਤੁਹਾਨੂੰ ਧੀਰਜ ਰੱਖਣ ਦੀ ਲੋੜ ਹੈ+ ਤਾਂਕਿ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਤੋਂ ਬਾਅਦ ਤੁਹਾਨੂੰ ਉਹ ਚੀਜ਼ ਮਿਲੇ ਜਿਸ ਦਾ ਉਸ ਨੇ ਵਾਅਦਾ ਕੀਤਾ ਹੈ। 37 ਹੁਣ “ਬਹੁਤ ਥੋੜ੍ਹਾ ਸਮਾਂ” ਰਹਿ ਗਿਆ ਹੈ+ ਅਤੇ “ਉਹ ਜਿਹੜਾ ਆ ਰਿਹਾ ਹੈ, ਜ਼ਰੂਰ ਆਵੇਗਾ ਅਤੇ ਉਹ ਦੇਰ ਨਹੀਂ ਕਰੇਗਾ।”+ 38 “ਪਰ ਮੇਰਾ ਧਰਮੀ ਸੇਵਕ ਆਪਣੀ ਨਿਹਚਾ ਸਦਕਾ ਜੀਉਂਦਾ ਰਹੇਗਾ”+ ਅਤੇ “ਜੇ ਉਹ ਪਿੱਛੇ ਹਟ ਜਾਂਦਾ ਹੈ, ਤਾਂ ਮੈਂ ਉਸ ਤੋਂ ਖ਼ੁਸ਼ ਨਹੀਂ ਹੋਵਾਂਗਾ।”+ 39 ਅਸੀਂ ਪਿੱਛੇ ਹਟਣ ਵਾਲੇ ਇਨਸਾਨ ਨਹੀਂ ਹਾਂ ਜਿਹੜੇ ਵਿਨਾਸ਼ ਵੱਲ ਜਾਂਦੇ ਹਨ,+ ਸਗੋਂ ਅਸੀਂ ਨਿਹਚਾ ਕਰਨ ਵਾਲੇ ਇਨਸਾਨ ਹਾਂ ਜਿਸ ਕਰਕੇ ਸਾਡੀਆਂ ਜਾਨਾਂ ਬਚਣਗੀਆਂ।

11 ਨਿਹਚਾ ਇਸ ਗੱਲ ਦਾ ਪੱਕਾ ਭਰੋਸਾ ਹੈ ਕਿ ਜਿਨ੍ਹਾਂ ਚੀਜ਼ਾਂ ਦੀ ਉਮੀਦ ਰੱਖੀ ਗਈ ਹੈ, ਉਹ ਜ਼ਰੂਰ ਮਿਲਣਗੀਆਂ।+ ਇਹ ਇਸ ਗੱਲ ਦਾ ਪੱਕਾ ਸਬੂਤ ਵੀ ਹੈ ਕਿ ਤੁਸੀਂ ਜਿਸ ਚੀਜ਼ ʼਤੇ ਵਿਸ਼ਵਾਸ ਕਰਦੇ ਹੋ, ਉਹ ਸੱਚ-ਮੁੱਚ ਹੈ, ਭਾਵੇਂ ਤੁਸੀਂ ਉਸ ਨੂੰ ਦੇਖ ਨਹੀਂ ਸਕਦੇ। 2 ਨਿਹਚਾ ਕਰਨ ਕਰਕੇ ਪੁਰਾਣੇ ਸਮੇਂ ਦੇ ਸੇਵਕਾਂ* ਨੂੰ ਦਿਖਾਇਆ ਗਿਆ ਸੀ ਕਿ ਪਰਮੇਸ਼ੁਰ ਉਨ੍ਹਾਂ ਤੋਂ ਖ਼ੁਸ਼ ਸੀ।

3 ਨਿਹਚਾ ਨਾਲ ਅਸੀਂ ਇਹ ਗੱਲ ਸਮਝਦੇ ਹਾਂ ਕਿ ਪਰਮੇਸ਼ੁਰ ਦੇ ਬਚਨ ਨਾਲ ਹੀ ਯੁਗ* ਕਾਇਮ ਕੀਤੇ ਗਏ ਸਨ, ਇਸ ਲਈ ਨਾ ਦਿਸਣ ਵਾਲੀਆਂ ਚੀਜ਼ਾਂ ਤੋਂ ਦਿਸਣ ਵਾਲੀਆਂ ਚੀਜ਼ਾਂ ਹੋਂਦ ਵਿਚ ਆਈਆਂ।

4 ਨਿਹਚਾ ਨਾਲ ਹਾਬਲ ਨੇ ਪਰਮੇਸ਼ੁਰ ਨੂੰ ਕਾਇਨ ਦੇ ਬਲੀਦਾਨ ਨਾਲੋਂ ਉੱਤਮ ਬਲੀਦਾਨ ਚੜ੍ਹਾਇਆ+ ਅਤੇ ਉਸ ਦੀ ਨਿਹਚਾ ਕਰਕੇ ਪਰਮੇਸ਼ੁਰ ਨੇ ਉਸ ਦੀਆਂ ਭੇਟਾਂ ਸਵੀਕਾਰ ਕਰ ਕੇ ਉਸ ਨੂੰ ਗਵਾਹੀ ਦਿੱਤੀ ਕਿ ਉਹ ਧਰਮੀ ਸੀ।+ ਭਾਵੇਂ ਉਹ ਮਰ ਚੁੱਕਾ ਹੈ, ਫਿਰ ਵੀ ਉਹ ਆਪਣੀ ਨਿਹਚਾ ਦੇ ਰਾਹੀਂ ਗੱਲ ਕਰਦਾ ਹੈ।+

5 ਨਿਹਚਾ ਕਰਨ ਕਰਕੇ ਹਨੋਕ+ ਨੂੰ ਦੂਸਰੀ ਜਗ੍ਹਾ ਲਿਜਾਇਆ ਗਿਆ ਤਾਂਕਿ ਮਰਨ ਵੇਲੇ ਉਹ ਤੜਫੇ ਨਾ ਅਤੇ ਉਹ ਕਿਤੇ ਨਾ ਲੱਭਾ ਕਿਉਂਕਿ ਪਰਮੇਸ਼ੁਰ ਉਸ ਨੂੰ ਦੂਸਰੀ ਜਗ੍ਹਾ ਲੈ ਗਿਆ ਸੀ;+ ਪਰ ਦੂਸਰੀ ਜਗ੍ਹਾ ਲਿਜਾਏ ਜਾਣ ਤੋਂ ਪਹਿਲਾਂ ਉਸ ਨੂੰ ਗਵਾਹੀ ਦਿੱਤੀ ਗਈ ਸੀ ਕਿ ਉਸ ਨੇ ਪਰਮੇਸ਼ੁਰ ਨੂੰ ਖ਼ੁਸ਼ ਕੀਤਾ ਸੀ। 6 ਅਸਲ ਵਿਚ, ਨਿਹਚਾ ਤੋਂ ਬਿਨਾਂ ਪਰਮੇਸ਼ੁਰ ਨੂੰ ਖ਼ੁਸ਼ ਕਰਨਾ ਨਾਮੁਮਕਿਨ ਹੈ ਕਿਉਂਕਿ ਜਿਹੜਾ ਪਰਮੇਸ਼ੁਰ ਦੇ ਹਜ਼ੂਰ ਆਉਂਦਾ ਹੈ, ਉਸ ਲਈ ਵਿਸ਼ਵਾਸ ਕਰਨਾ ਜ਼ਰੂਰੀ ਹੈ ਕਿ ਪਰਮੇਸ਼ੁਰ ਸੱਚ-ਮੁੱਚ ਹੈ ਅਤੇ ਉਹ ਉਨ੍ਹਾਂ ਸਾਰਿਆਂ ਨੂੰ ਇਨਾਮ ਦਿੰਦਾ ਹੈ ਜਿਹੜੇ ਜੀ-ਜਾਨ ਨਾਲ ਉਸ ਦੀ ਇੱਛਾ ਪੂਰੀ ਕਰਨ ਦੀ ਕੋਸ਼ਿਸ਼ ਕਰਦੇ ਹਨ।+

7 ਨਿਹਚਾ ਨਾਲ ਨੂਹ+ ਨੇ ਪਰਮੇਸ਼ੁਰ ਦਾ ਡਰ ਰੱਖਦੇ ਹੋਏ ਆਪਣੇ ਪਰਿਵਾਰ ਦੇ ਬਚਾਅ ਲਈ ਕਿਸ਼ਤੀ* ਬਣਾਈ+ ਜਦੋਂ ਪਰਮੇਸ਼ੁਰ ਨੇ ਉਸ ਨੂੰ ਉਨ੍ਹਾਂ ਘਟਨਾਵਾਂ ਦੀ ਚੇਤਾਵਨੀ ਦਿੱਤੀ ਜੋ ਅਜੇ ਦਿਖਾਈ ਨਹੀਂ ਦੇ ਰਹੀਆਂ ਸਨ।+ ਉਸ ਨੇ ਆਪਣੀ ਨਿਹਚਾ ਦੇ ਰਾਹੀਂ ਦਿਖਾਇਆ ਕਿ ਉਸ ਸਮੇਂ ਦੀ ਦੁਨੀਆਂ ਸਜ਼ਾ ਦੇ ਲਾਇਕ ਸੀ+ ਅਤੇ ਉਸ ਨੂੰ ਨਿਹਚਾ ਕਰਨ ਕਰਕੇ ਧਰਮੀ ਠਹਿਰਾਇਆ ਗਿਆ।

8 ਨਿਹਚਾ ਨਾਲ ਅਬਰਾਹਾਮ+ ਨੇ ਸੱਦੇ ਜਾਣ ਤੋਂ ਬਾਅਦ ਕਹਿਣਾ ਮੰਨਿਆ ਅਤੇ ਉਸ ਜਗ੍ਹਾ ਨੂੰ ਤੁਰ ਪਿਆ ਜੋ ਉਸ ਨੂੰ ਵਿਰਾਸਤ ਦੇ ਤੌਰ ਤੇ ਮਿਲਣੀ ਸੀ; ਉਹ ਆਪਣਾ ਦੇਸ਼ ਛੱਡ ਕੇ ਤੁਰ ਪਿਆ ਭਾਵੇਂ ਉਸ ਨੂੰ ਪਤਾ ਨਹੀਂ ਸੀ ਕਿ ਉਹ ਕਿੱਥੇ ਜਾ ਰਿਹਾ ਸੀ।+ 9 ਨਿਹਚਾ ਨਾਲ ਉਹ ਵਾਅਦਾ ਕੀਤੇ ਹੋਏ ਦੇਸ਼ ਵਿਚ ਇਸਹਾਕ ਅਤੇ ਯਾਕੂਬ ਨਾਲ ਤੰਬੂਆਂ ਵਿਚ+ ਪਰਦੇਸੀਆਂ ਵਜੋਂ ਰਿਹਾ।+ ਪਰਮੇਸ਼ੁਰ ਨੇ ਇਸਹਾਕ ਅਤੇ ਯਾਕੂਬ ਨਾਲ ਵੀ ਇਹੋ ਵਾਅਦਾ ਕੀਤਾ ਸੀ।+ 10 ਅਬਰਾਹਾਮ ਉਸ ਸ਼ਹਿਰ ਦੀ ਉਡੀਕ ਕਰ ਰਿਹਾ ਸੀ ਜਿਸ ਦੀਆਂ ਨੀਂਹਾਂ ਪੱਕੀਆਂ ਸਨ ਅਤੇ ਜਿਸ ਦਾ ਨਕਸ਼ਾ ਬਣਾਉਣ ਵਾਲਾ ਅਤੇ ਰਾਜ ਮਿਸਤਰੀ ਪਰਮੇਸ਼ੁਰ ਹੈ।+

11 ਨਿਹਚਾ ਨਾਲ ਸਾਰਾਹ ਨੇ ਗਰਭਵਤੀ ਹੋਣ ਦੀ ਸ਼ਕਤੀ ਪ੍ਰਾਪਤ ਕੀਤੀ, ਭਾਵੇਂ ਕਿ ਬੱਚੇ ਪੈਦਾ ਕਰਨ ਦੀ ਉਸ ਦੀ ਉਮਰ ਲੰਘ ਚੁੱਕੀ ਸੀ+ ਕਿਉਂਕਿ ਉਸ ਨੂੰ ਭਰੋਸਾ ਸੀ ਕਿ ਵਾਅਦਾ ਕਰਨ ਵਾਲਾ ਵਫ਼ਾਦਾਰ* ਹੈ। 12 ਇਸੇ ਕਰਕੇ ਭਾਵੇਂ ਅਬਰਾਹਾਮ ਬੱਚੇ ਪੈਦਾ ਨਹੀਂ ਕਰ ਸਕਦਾ ਸੀ,*+ ਫਿਰ ਵੀ ਉਸੇ ਇੱਕੋ ਆਦਮੀ ਤੋਂ ਇੰਨੇ ਬੱਚੇ ਹੋਏ+ ਜਿੰਨੇ ਆਕਾਸ਼ ਵਿਚ ਤਾਰੇ ਹਨ ਅਤੇ ਜਿਹੜੇ ਸਮੁੰਦਰ ਦੇ ਕੰਢੇ ਦੀ ਰੇਤ ਦੇ ਕਿਣਕਿਆਂ ਵਾਂਗ ਅਣਗਿਣਤ ਹਨ।+

13 ਇਨ੍ਹਾਂ ਸਾਰਿਆਂ ਨੇ ਮਰਦੇ ਦਮ ਤਕ ਨਿਹਚਾ ਕਰਨੀ ਨਹੀਂ ਛੱਡੀ, ਭਾਵੇਂ ਕਿ ਇਨ੍ਹਾਂ ਦੇ ਜੀਉਂਦੇ-ਜੀ ਵਾਅਦੇ ਪੂਰੇ ਨਹੀਂ ਹੋਏ ਸਨ,+ ਪਰ ਇਨ੍ਹਾਂ ਨੇ ਵਾਅਦਿਆਂ ਨੂੰ ਦੂਰੋਂ ਦੇਖ ਕੇ ਖ਼ੁਸ਼ੀ ਮਨਾਈ।+ ਇਨ੍ਹਾਂ ਨੇ ਸਾਰਿਆਂ ਸਾਮ੍ਹਣੇ ਐਲਾਨ ਕੀਤਾ ਕਿ ਉਹ ਉਸ ਦੇਸ਼ ਵਿਚ ਅਜਨਬੀ ਅਤੇ ਪਰਦੇਸੀ ਸਨ। 14 ਇਸ ਗੱਲ ਦਾ ਐਲਾਨ ਕਰਨ ਵਾਲੇ ਦਿਖਾਉਂਦੇ ਹਨ ਕਿ ਉਹ ਜੀ-ਜਾਨ ਨਾਲ ਉਸ ਜਗ੍ਹਾ ਦੀ ਉਡੀਕ ਕਰ ਰਹੇ ਹਨ ਜੋ ਉਨ੍ਹਾਂ ਦੀ ਆਪਣੀ ਹੋਵੇਗੀ। 15 ਪਰ ਜੇ ਉਹ ਆਪਣੀ ਉਸ ਜਗ੍ਹਾ ਨੂੰ ਯਾਦ ਕਰਦੇ ਰਹਿੰਦੇ ਜਿੱਥੋਂ ਉਹ ਆਏ ਸਨ,+ ਤਾਂ ਉਨ੍ਹਾਂ ਕੋਲ ਵਾਪਸ ਮੁੜ ਜਾਣ ਦਾ ਮੌਕਾ ਹੁੰਦਾ। 16 ਪਰ ਉਹ ਇਸ ਤੋਂ ਵੀ ਬਿਹਤਰ ਜਗ੍ਹਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜਿਸ ਦਾ ਸੰਬੰਧ ਸਵਰਗ ਨਾਲ ਹੈ। ਇਸ ਲਈ ਪਰਮੇਸ਼ੁਰ ਨੂੰ ਉਨ੍ਹਾਂ ਦਾ ਪਰਮੇਸ਼ੁਰ ਕਹਾ ਕੇ ਕੋਈ ਸ਼ਰਮਿੰਦਗੀ ਨਹੀਂ ਹੈ।+ ਉਸ ਨੇ ਤਾਂ ਉਨ੍ਹਾਂ ਲਈ ਇਕ ਸ਼ਹਿਰ ਤਿਆਰ ਕੀਤਾ ਹੋਇਆ ਹੈ।+

17 ਨਿਹਚਾ ਨਾਲ ਅਬਰਾਹਾਮ ਨੇ, ਜਦੋਂ ਪਰਮੇਸ਼ੁਰ ਨੇ ਉਸ ਦੀ ਪਰੀਖਿਆ ਲਈ ਸੀ,+ ਆਪਣੇ ਵੱਲੋਂ ਤਾਂ ਇਸਹਾਕ ਦੀ ਬਲ਼ੀ ਦੇ ਹੀ ਦਿੱਤੀ ਸੀ। ਅਬਰਾਹਾਮ ਨੇ ਖ਼ੁਸ਼ੀ-ਖ਼ੁਸ਼ੀ ਵਾਅਦਿਆਂ ʼਤੇ ਵਿਸ਼ਵਾਸ ਕੀਤਾ ਸੀ ਜਿਸ ਕਰਕੇ ਉਹ ਆਪਣੇ ਇਕਲੌਤੇ ਪੁੱਤਰ ਦੀ ਬਲ਼ੀ ਦੇਣ ਲਈ ਤਿਆਰ ਹੋ ਗਿਆ ਸੀ,+ 18 ਭਾਵੇਂ ਉਸ ਨੂੰ ਇਹ ਕਿਹਾ ਗਿਆ ਸੀ: “ਜਿਹੜੇ ਲੋਕ ਤੇਰੀ ਸੰਤਾਨ* ਕਹਾਏ ਜਾਣਗੇ, ਉਹ ਇਸਹਾਕ ਰਾਹੀਂ ਪੈਦਾ ਹੋਣਗੇ।”+ 19 ਪਰ ਉਸ ਨੂੰ ਭਰੋਸਾ ਸੀ ਕਿ ਪਰਮੇਸ਼ੁਰ ਉਸ ਦੇ ਪੁੱਤਰ ਨੂੰ ਮਰੇ ਹੋਏ ਲੋਕਾਂ ਵਿੱਚੋਂ ਦੁਬਾਰਾ ਜੀਉਂਦਾ ਕਰ ਸਕਦਾ ਸੀ; ਉਸ ਨੂੰ ਆਪਣਾ ਪੁੱਤਰ ਮੌਤ ਦੇ ਮੂੰਹੋਂ ਮਿਲਿਆ ਜੋ ਕਿ ਆਉਣ ਵਾਲੀਆਂ ਗੱਲਾਂ ਦੀ ਇਕ ਮਿਸਾਲ ਸੀ।+

20 ਨਿਹਚਾ ਨਾਲ ਇਸਹਾਕ ਨੇ ਆਉਣ ਵਾਲੀਆਂ ਚੀਜ਼ਾਂ ਦੇ ਸੰਬੰਧ ਵਿਚ ਯਾਕੂਬ+ ਅਤੇ ਏਸਾਓ ਨੂੰ ਅਸੀਸ ਦਿੱਤੀ।+

21 ਨਿਹਚਾ ਨਾਲ ਯਾਕੂਬ ਨੇ, ਜਦੋਂ ਉਹ ਮਰਨ ਕਿਨਾਰੇ ਸੀ,+ ਯੂਸੁਫ਼ ਦੇ ਸਾਰੇ ਪੁੱਤਰਾਂ ਨੂੰ ਅਸੀਸ ਦਿੱਤੀ+ ਅਤੇ ਆਪਣੀ ਸੋਟੀ ਦਾ ਸਹਾਰਾ ਲੈ ਕੇ ਪਰਮੇਸ਼ੁਰ ਨੂੰ ਮੱਥਾ ਟੇਕਿਆ।+

22 ਨਿਹਚਾ ਨਾਲ ਯੂਸੁਫ਼ ਨੇ ਆਪਣੀ ਮੌਤ ਤੋਂ ਪਹਿਲਾਂ ਦੱਸਿਆ ਸੀ ਕਿ ਇਜ਼ਰਾਈਲ ਦੇ ਪੁੱਤਰ ਮਿਸਰ ਵਿੱਚੋਂ ਨਿਕਲਣਗੇ। ਨਾਲੇ ਉਸ ਨੇ ਆਪਣੀਆਂ ਹੱਡੀਆਂ* ਦੇ ਸੰਬੰਧ ਵਿਚ ਹਿਦਾਇਤਾਂ* ਦਿੱਤੀਆਂ ਸਨ।+

23 ਨਿਹਚਾ ਨਾਲ ਮੂਸਾ ਦੇ ਮਾਤਾ-ਪਿਤਾ ਨੇ ਉਸ ਦੇ ਜਨਮ ਤੋਂ ਬਾਅਦ ਉਸ ਨੂੰ ਤਿੰਨ ਮਹੀਨੇ ਲੁਕਾਈ ਰੱਖਿਆ+ ਕਿਉਂਕਿ ਉਨ੍ਹਾਂ ਨੇ ਦੇਖਿਆ ਕਿ ਬੱਚਾ ਸੋਹਣਾ ਸੀ+ ਅਤੇ ਉਹ ਰਾਜੇ ਦਾ ਹੁਕਮ ਤੋੜਨ ਤੋਂ ਵੀ ਨਹੀਂ ਡਰੇ।+ 24 ਨਿਹਚਾ ਨਾਲ ਮੂਸਾ ਨੇ ਵੱਡਾ ਹੋ ਕੇ+ ਫ਼ਿਰਊਨ ਦੀ ਧੀ ਦਾ ਪੁੱਤਰ ਕਹਾਉਣ ਤੋਂ ਇਨਕਾਰ ਕੀਤਾ+ 25 ਅਤੇ ਥੋੜ੍ਹੇ ਚਿਰ ਲਈ ਪਾਪ ਦਾ ਮਜ਼ਾ ਲੈਣ ਨਾਲੋਂ ਪਰਮੇਸ਼ੁਰ ਦੇ ਲੋਕਾਂ ਨਾਲ ਬਦਸਲੂਕੀ ਝੱਲਣੀ ਚੰਗੀ ਸਮਝੀ 26 ਕਿਉਂਕਿ ਉਸ ਨੇ ਪਰਮੇਸ਼ੁਰ ਦੇ ਚੁਣੇ ਹੋਏ ਸੇਵਕ* ਦੇ ਤੌਰ ਤੇ ਬੇਇੱਜ਼ਤੀ ਸਹਾਰਨ ਨੂੰ ਮਿਸਰ ਦੇ ਖ਼ਜ਼ਾਨਿਆਂ ਨਾਲੋਂ ਜ਼ਿਆਦਾ ਕੀਮਤੀ ਸਮਝਿਆ ਅਤੇ ਉਸ ਨੇ ਆਪਣਾ ਧਿਆਨ ਇਨਾਮ ਪਾਉਣ ਉੱਤੇ ਲਾਇਆ ਹੋਇਆ ਸੀ। 27 ਨਿਹਚਾ ਨਾਲ ਉਸ ਨੇ ਮਿਸਰ ਛੱਡਿਆ,+ ਪਰ ਰਾਜੇ ਦੇ ਕ੍ਰੋਧ ਦੇ ਡਰੋਂ ਨਹੀਂ+ ਕਿਉਂਕਿ ਉਹ ਅਦਿੱਖ ਪਰਮੇਸ਼ੁਰ ਨੂੰ ਦੇਖਦਾ ਹੋਇਆ ਆਪਣੀ ਨਿਹਚਾ ਵਿਚ ਪੱਕਾ ਰਿਹਾ।+ 28 ਨਿਹਚਾ ਨਾਲ ਉਸ ਨੇ ਪਸਾਹ ਦਾ ਤਿਉਹਾਰ ਮਨਾਇਆ ਅਤੇ ਦਰਵਾਜ਼ੇ ਦੀਆਂ ਚੁਗਾਠਾਂ ʼਤੇ ਖ਼ੂਨ ਛਿੜਕਿਆ ਤਾਂਕਿ ਪਰਮੇਸ਼ੁਰ ਦਾ ਦੂਤ ਉਨ੍ਹਾਂ ਦੇ ਜੇਠੇ ਬੱਚਿਆਂ ਨੂੰ ਜਾਨੋਂ ਨਾ ਮਾਰੇ।*+

29 ਨਿਹਚਾ ਨਾਲ ਇਜ਼ਰਾਈਲੀ ਲਾਲ ਸਮੁੰਦਰ ਵਿੱਚੋਂ ਦੀ ਇੱਦਾਂ ਲੰਘੇ ਜਿਵੇਂ ਸੁੱਕੀ ਜ਼ਮੀਨ ਉੱਤੇ ਤੁਰ ਰਹੇ ਹੋਣ,+ ਪਰ ਜਦੋਂ ਮਿਸਰੀਆਂ ਨੇ ਲੰਘਣ ਦੀ ਕੋਸ਼ਿਸ਼ ਕੀਤੀ, ਤਾਂ ਉਹ ਡੁੱਬ ਕੇ ਮਰ ਗਏ।+

30 ਨਿਹਚਾ ਨਾਲ ਇਜ਼ਰਾਈਲੀਆਂ ਨੇ ਸੱਤ ਦਿਨ ਯਰੀਹੋ ਦੀਆਂ ਕੰਧਾਂ ਦੇ ਆਲੇ-ਦੁਆਲੇ ਚੱਕਰ ਲਾਏ ਅਤੇ ਫਿਰ ਕੰਧਾਂ ਡਿਗ ਗਈਆਂ।+ 31 ਨਿਹਚਾ ਕਰਨ ਕਰਕੇ ਰਾਹਾਬ ਵੇਸਵਾ ਅਣਆਗਿਆਕਾਰ ਲੋਕਾਂ ਨਾਲ ਨਾਸ਼ ਨਹੀਂ ਹੋਈ ਕਿਉਂਕਿ ਉਸ ਨੇ ਜਾਸੂਸਾਂ ਦਾ ਸੁਆਗਤ ਕੀਤਾ ਸੀ।+

32 ਮੈਂ ਹੋਰ ਕਿਨ੍ਹਾਂ-ਕਿਨ੍ਹਾਂ ਬਾਰੇ ਦੱਸਾਂ? ਜੇ ਮੈਂ ਗਿਦਾਊਨ,+ ਬਾਰਾਕ,+ ਸਮਸੂਨ,+ ਯਿਫਤਾਹ,+ ਦਾਊਦ,+ ਸਮੂਏਲ+ ਅਤੇ ਹੋਰ ਨਬੀਆਂ ਬਾਰੇ ਗੱਲ ਕਰਾਂ, ਤਾਂ ਸਮਾਂ ਘੱਟ ਪੈ ਜਾਵੇਗਾ। 33 ਨਿਹਚਾ ਨਾਲ ਉਨ੍ਹਾਂ ਨੇ ਰਾਜਿਆਂ ਨੂੰ ਜਿੱਤਿਆ,+ ਉਨ੍ਹਾਂ ਨੇ ਧਾਰਮਿਕਤਾ ਦਾ ਰਾਹ ਦਿਖਾਇਆ, ਉਨ੍ਹਾਂ ਨਾਲ ਵਾਅਦੇ ਕੀਤੇ ਗਏ,+ ਉਨ੍ਹਾਂ ਨੇ ਸ਼ੇਰਾਂ ਦੇ ਮੂੰਹ ਬੰਦ ਕੀਤੇ,+ 34 ਅੱਗ ਦੇ ਸੇਕ ਨੂੰ ਠੰਢਾ ਕੀਤਾ,+ ਉਹ ਤਲਵਾਰ ਦੇ ਵਾਰ ਤੋਂ ਬਚੇ,+ ਉਨ੍ਹਾਂ ਨੂੰ ਕਮਜ਼ੋਰ ਘੜੀਆਂ ਵਿਚ ਤਾਕਤਵਰ ਬਣਾਇਆ ਗਿਆ,+ ਉਨ੍ਹਾਂ ਨੇ ਬਹਾਦਰੀ ਨਾਲ ਲੜਾਈਆਂ ਲੜੀਆਂ+ ਅਤੇ ਹਮਲਾਵਰ ਫ਼ੌਜਾਂ ਨੂੰ ਭਜਾ ਦਿੱਤਾ।+ 35 ਤੀਵੀਆਂ ਦੇ ਰਿਸ਼ਤੇਦਾਰਾਂ ਨੂੰ ਦੁਬਾਰਾ ਜੀਉਂਦਾ ਕੀਤਾ ਗਿਆ;+ ਪਰ ਹੋਰਨਾਂ ਆਦਮੀਆਂ ਨੂੰ ਤੜਫਾ-ਤੜਫਾ ਕੇ ਮਾਰਿਆ ਗਿਆ ਕਿਉਂਕਿ ਉਨ੍ਹਾਂ ਨੇ ਆਪਣੀ ਨਿਹਚਾ ਛੱਡ ਕੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਤਾਂਕਿ ਉਨ੍ਹਾਂ ਨੂੰ ਜੀਉਂਦਾ ਹੋਣ ਤੋਂ ਬਾਅਦ ਬਿਹਤਰ ਜ਼ਿੰਦਗੀ ਮਿਲੇ। 36 ਜੀ ਹਾਂ, ਹੋਰਨਾਂ ਦਾ ਮਜ਼ਾਕ ਉਡਾਇਆ ਗਿਆ, ਕਈਆਂ ਦੇ ਕੋਰੜੇ ਮਾਰੇ ਗਏ ਅਤੇ ਇਸ ਤੋਂ ਵੀ ਵੱਧ ਕਈਆਂ ਨੂੰ ਬੇੜੀਆਂ ਨਾਲ ਜਕੜਿਆ ਗਿਆ+ ਅਤੇ ਜੇਲ੍ਹਾਂ ਵਿਚ ਸੁੱਟਿਆ ਗਿਆ।+ ਇਸ ਤਰ੍ਹਾਂ ਉਨ੍ਹਾਂ ਦੀ ਪਰਖ ਹੋਈ। 37 ਕਈਆਂ ਨੂੰ ਪੱਥਰ ਮਾਰ-ਮਾਰ ਕੇ ਜਾਨੋਂ ਮਾਰ ਦਿੱਤਾ ਗਿਆ,+ ਕਈਆਂ ਦੀ ਪਰੀਖਿਆ ਲਈ ਗਈ, ਕਈਆਂ ਨੂੰ ਆਰਿਆਂ ਨਾਲ ਚੀਰਿਆ ਗਿਆ, ਕਈਆਂ ਨੂੰ ਤਲਵਾਰ ਨਾਲ ਵੱਢਿਆ ਗਿਆ,+ ਕਈਆਂ ਨੇ ਭੇਡਾਂ-ਬੱਕਰੀਆਂ ਦੀ ਖੱਲ ਪਹਿਨੀ।+ ਕਈਆਂ ਨੇ ਤੰਗੀਆਂ ਝੱਲੀਆਂ, ਕਸ਼ਟ ਸਹੇ ਅਤੇ+ ਬਦਸਲੂਕੀ ਬਰਦਾਸ਼ਤ ਕੀਤੀ।+ 38 ਇਹ ਦੁਨੀਆਂ ਉਨ੍ਹਾਂ ਦੇ ਲਾਇਕ ਨਹੀਂ ਸੀ। ਉਹ ਉਜਾੜ ਥਾਵਾਂ ਅਤੇ ਪਹਾੜਾਂ ਵਿਚ ਭਟਕਦੇ ਰਹੇ ਅਤੇ ਗੁਫ਼ਾਵਾਂ+ ਅਤੇ ਖੁੰਦਰਾਂ ਵਿਚ ਲੁਕੇ ਰਹੇ।

39 ਭਾਵੇਂ ਉਨ੍ਹਾਂ ਦੀ ਨਿਹਚਾ ਕਰਕੇ ਉਨ੍ਹਾਂ ਨੂੰ ਗਵਾਹੀ ਦਿੱਤੀ ਗਈ ਸੀ ਕਿ ਪਰਮੇਸ਼ੁਰ ਉਨ੍ਹਾਂ ਤੋਂ ਖ਼ੁਸ਼ ਸੀ, ਫਿਰ ਵੀ ਉਨ੍ਹਾਂ ਸਾਰਿਆਂ ਨੂੰ ਵਾਅਦਾ ਕੀਤੀ ਚੀਜ਼ ਨਹੀਂ ਮਿਲੀ 40 ਕਿਉਂਕਿ ਪਰਮੇਸ਼ੁਰ ਨੇ ਸਾਡੇ ਲਈ ਪਹਿਲਾਂ ਹੀ ਕੁਝ ਚੰਗਾ ਸੋਚ ਰੱਖਿਆ ਸੀ+ ਤਾਂਕਿ ਉਹ ਸਾਡੇ ਤੋਂ ਪਹਿਲਾਂ* ਮੁਕੰਮਲ ਨਾ ਬਣਾਏ ਜਾਣ।

12 ਤਾਂ ਫਿਰ, ਕਿਉਂਕਿ ਸਾਨੂੰ ਗਵਾਹਾਂ ਦੇ ਇੰਨੇ ਵੱਡੇ ਬੱਦਲ ਨੇ ਘੇਰਿਆ ਹੋਇਆ ਹੈ, ਇਸ ਲਈ ਆਓ ਆਪਾਂ ਵੀ ਹਰ ਬੋਝ ਅਤੇ ਉਸ ਪਾਪ ਨੂੰ ਜਿਹੜਾ ਸਾਨੂੰ ਆਸਾਨੀ ਨਾਲ ਫਸਾ ਲੈਂਦਾ ਹੈ, ਆਪਣੇ ਉੱਪਰੋਂ ਲਾਹ ਕੇ ਸੁੱਟ ਦੇਈਏ+ ਅਤੇ ਧੀਰਜ ਨਾਲ ਉਸ ਦੌੜ ਵਿਚ ਦੌੜਦੇ ਰਹੀਏ ਜੋ ਸਾਡੇ ਸਾਮ੍ਹਣੇ ਹੈ+ 2 ਅਤੇ ਆਪਣਾ ਸਾਰਾ ਧਿਆਨ ਯਿਸੂ ਉੱਤੇ ਲਾਈ ਰੱਖੀਏ ਜਿਹੜਾ ਸਾਡੀ ਨਿਹਚਾ ਦਾ ਮੁੱਖ ਆਗੂ ਅਤੇ ਇਸ ਨੂੰ ਮੁਕੰਮਲ ਬਣਾਉਣ ਵਾਲਾ ਹੈ।+ ਉਸ ਦੇ ਸਾਮ੍ਹਣੇ ਜੋ ਖ਼ੁਸ਼ੀ ਰੱਖੀ ਗਈ ਸੀ, ਉਸ ਕਰਕੇ ਉਸ ਨੇ ਬੇਇੱਜ਼ਤੀ ਦੀ ਪਰਵਾਹ ਨਾ ਕਰਦੇ ਹੋਏ ਤਸੀਹੇ ਦੀ ਸੂਲ਼ੀ* ਉੱਤੇ ਮੌਤ ਸਹੀ ਅਤੇ ਉਹ ਪਰਮੇਸ਼ੁਰ ਦੇ ਸਿੰਘਾਸਣ ਦੇ ਸੱਜੇ ਹੱਥ ਬੈਠ ਗਿਆ।+ 3 ਉਸ ਨੇ ਪਾਪੀਆਂ ਦੀਆਂ ਬਹੁਤ ਅਪਮਾਨਜਨਕ ਗੱਲਾਂ ਬਰਦਾਸ਼ਤ ਕੀਤੀਆਂ+ ਜਿਨ੍ਹਾਂ ਕਰਕੇ ਉਨ੍ਹਾਂ ਦਾ ਆਪਣਾ ਹੀ ਨੁਕਸਾਨ ਹੋਇਆ। ਇਸ ਲਈ ਤੁਸੀਂ ਉਸ ਉੱਤੇ ਗੌਰ ਕਰੋ ਤਾਂਕਿ ਤੁਸੀਂ ਥੱਕ ਕੇ ਹੌਸਲਾ ਨਾ ਹਾਰ ਜਾਓ।+

4 ਉਸ ਪਾਪ ਨਾਲ ਲੜਦੇ ਹੋਏ ਤੁਹਾਨੂੰ ਅਜੇ ਮੌਤ ਦੀ ਹੱਦ ਤਕ ਮੁਕਾਬਲਾ ਨਹੀਂ ਕਰਨਾ ਪਿਆ ਹੈ 5 ਅਤੇ ਤੁਸੀਂ ਉਸ ਨਸੀਹਤ ਨੂੰ ਬਿਲਕੁਲ ਭੁੱਲ ਗਏ ਹੋ ਜੋ ਤੁਹਾਨੂੰ ਪਰਮੇਸ਼ੁਰ ਦੇ ਪੁੱਤਰ ਹੋਣ ਦੇ ਨਾਤੇ ਦਿੱਤੀ ਗਈ ਹੈ: “ਹੇ ਮੇਰੇ ਪੁੱਤਰ, ਯਹੋਵਾਹ* ਦੇ ਅਨੁਸ਼ਾਸਨ ਨੂੰ ਐਵੇਂ ਨਾ ਸਮਝ ਅਤੇ ਜਦੋਂ ਉਹ ਤੈਨੂੰ ਤਾੜੇ, ਤਾਂ ਹੌਸਲਾ ਨਾ ਹਾਰੀਂ 6 ਕਿਉਂਕਿ ਯਹੋਵਾਹ* ਉਸੇ ਨੂੰ ਅਨੁਸ਼ਾਸਨ ਦਿੰਦਾ ਹੈ ਜਿਸ ਨੂੰ ਉਹ ਪਿਆਰ ਕਰਦਾ ਹੈ; ਅਸਲ ਵਿਚ, ਉਹ ਜਿਸ ਨੂੰ ਆਪਣੇ ਪੁੱਤਰ ਵਜੋਂ ਕਬੂਲ ਕਰਦਾ ਹੈ, ਉਸ ਨੂੰ ਸਜ਼ਾ ਦਿੰਦਾ ਹੈ।”*+

7 ਤੁਸੀਂ ਸਭ ਕੁਝ ਸਹਿੰਦੇ ਰਹੋ ਕਿਉਂਕਿ ਇਸ ਤਰ੍ਹਾਂ ਤੁਹਾਨੂੰ ਅਨੁਸ਼ਾਸਨ* ਮਿਲਦਾ ਹੈ। ਪਰਮੇਸ਼ੁਰ ਤੁਹਾਨੂੰ ਪੁੱਤਰ ਸਮਝ ਕੇ ਅਨੁਸ਼ਾਸਨ ਦਿੰਦਾ ਹੈ।+ ਕਿਹੜਾ ਪੁੱਤਰ ਹੈ ਜਿਸ ਨੂੰ ਉਸ ਦਾ ਪਿਤਾ ਅਨੁਸ਼ਾਸਨ ਨਹੀਂ ਦਿੰਦਾ?+ 8 ਪਰ ਜੇ ਤੁਹਾਨੂੰ ਦੂਸਰਿਆਂ ਵਾਂਗ ਅਨੁਸ਼ਾਸਨ ਨਹੀਂ ਮਿਲਦਾ, ਤਾਂ ਇਸ ਦਾ ਮਤਲਬ ਹੈ ਕਿ ਤੁਸੀਂ ਪੁੱਤਰ ਨਹੀਂ, ਸਗੋਂ ਨਾਜਾਇਜ਼ ਔਲਾਦ ਹੋ। 9 ਇਸ ਤੋਂ ਇਲਾਵਾ, ਸਾਡੇ ਇਨਸਾਨੀ ਪਿਤਾ ਸਾਨੂੰ ਅਨੁਸ਼ਾਸਨ ਦਿੰਦੇ ਹੁੰਦੇ ਸਨ ਅਤੇ ਅਸੀਂ ਉਨ੍ਹਾਂ ਦਾ ਆਦਰ ਕਰਦੇ ਸੀ। ਤਾਂ ਫਿਰ, ਜਿਹੜਾ ਪਿਤਾ ਸਾਨੂੰ ਪਵਿੱਤਰ ਸ਼ਕਤੀ ਰਾਹੀਂ ਸੇਧ ਦਿੰਦਾ ਹੈ, ਕੀ ਸਾਨੂੰ ਉਸ ਦੇ ਹੋਰ ਵੀ ਅਧੀਨ ਨਹੀਂ ਰਹਿਣਾ ਚਾਹੀਦਾ ਤਾਂਕਿ ਅਸੀਂ ਜੀਉਂਦੇ ਰਹੀਏ?+ 10 ਸਾਡੇ ਇਨਸਾਨੀ ਪਿਤਾਵਾਂ ਨੂੰ ਜੋ ਵੀ ਚੰਗਾ ਲੱਗਿਆ, ਉਸ ਮੁਤਾਬਕ ਉਨ੍ਹਾਂ ਨੇ ਕੁਝ ਸਮੇਂ ਲਈ ਸਾਨੂੰ ਅਨੁਸ਼ਾਸਨ ਦਿੱਤਾ, ਪਰ ਪਰਮੇਸ਼ੁਰ ਸਾਨੂੰ ਸਾਡੇ ਭਲੇ ਲਈ ਅਨੁਸ਼ਾਸਨ ਦਿੰਦਾ ਹੈ ਤਾਂਕਿ ਅਸੀਂ ਉਸ ਵਾਂਗ ਪਵਿੱਤਰ ਬਣ ਸਕੀਏ।+ 11 ਇਹ ਸੱਚ ਹੈ ਕਿ ਜਦੋਂ ਅਨੁਸ਼ਾਸਨ ਦਿੱਤਾ ਜਾਂਦਾ ਹੈ, ਉਦੋਂ ਖ਼ੁਸ਼ੀ ਨਹੀਂ ਹੁੰਦੀ, ਸਗੋਂ ਦੁੱਖ ਹੁੰਦਾ ਹੈ। ਪਰ ਜਿਨ੍ਹਾਂ ਨੂੰ ਇਸ ਦੇ ਜ਼ਰੀਏ ਸਿਖਲਾਈ ਮਿਲਦੀ ਹੈ, ਉਨ੍ਹਾਂ ਲਈ ਇਸ ਦਾ ਨਤੀਜਾ ਸ਼ਾਂਤੀ ਅਤੇ ਧਾਰਮਿਕਤਾ* ਹੁੰਦਾ ਹੈ।

12 ਇਸ ਲਈ ਢਿੱਲੇ ਹੱਥਾਂ ਅਤੇ ਕਮਜ਼ੋਰ ਗੋਡਿਆਂ ਨੂੰ ਤਕੜਾ ਕਰੋ+ 13 ਅਤੇ ਸਿੱਧੇ ਰਾਹ ʼਤੇ ਤੁਰਦੇ ਰਹੋ+ ਤਾਂਕਿ ਜਿਹੜਾ ਅੰਗ ਕਮਜ਼ੋਰ ਹੈ ਉਹ ਜੋੜ ਤੋਂ ਨਾ ਨਿਕਲੇ, ਸਗੋਂ ਠੀਕ ਹੋ ਜਾਵੇ। 14 ਸਾਰਿਆਂ ਨਾਲ ਸ਼ਾਂਤੀ ਬਣਾਈ ਰੱਖਣ+ ਅਤੇ ਪਵਿੱਤਰ ਰਹਿਣ ਦਾ ਜਤਨ ਕਰੋ+ ਕਿਉਂਕਿ ਜੇ ਕੋਈ ਪਵਿੱਤਰ ਨਹੀਂ ਹੈ, ਤਾਂ ਉਹ ਪ੍ਰਭੂ ਨੂੰ ਨਹੀਂ ਦੇਖੇਗਾ। 15 ਇਸ ਗੱਲ ਦਾ ਖ਼ਾਸ ਧਿਆਨ ਰੱਖੋ ਕਿ ਕੋਈ ਵੀ ਪਰਮੇਸ਼ੁਰ ਦੀ ਅਪਾਰ ਕਿਰਪਾ ਪਾਉਣ ਤੋਂ ਰਹਿ ਨਾ ਜਾਵੇ ਤਾਂਕਿ ਤੁਹਾਡੇ ਵਿਚ ਕੋਈ ਜ਼ਹਿਰੀਲੀ ਬੂਟੀ ਜੜ੍ਹ ਫੜ ਕੇ ਮੁਸੀਬਤ ਨਾ ਖੜ੍ਹੀ ਕਰੇ ਅਤੇ ਬਹੁਤ ਸਾਰੇ ਲੋਕਾਂ ਨੂੰ ਭ੍ਰਿਸ਼ਟ ਨਾ ਕਰ ਦੇਵੇ।+ 16 ਨਾਲੇ ਖ਼ਬਰਦਾਰ ਰਹੋ ਕਿ ਤੁਹਾਡੇ ਵਿੱਚੋਂ ਕੋਈ ਵੀ ਹਰਾਮਕਾਰ* ਜਾਂ ਅਜਿਹਾ ਇਨਸਾਨ ਨਾ ਹੋਵੇ ਜਿਹੜਾ ਏਸਾਓ ਵਾਂਗ ਪਵਿੱਤਰ ਚੀਜ਼ਾਂ ਦੀ ਬੇਕਦਰੀ ਕਰਦਾ ਹੋਵੇ। ਏਸਾਓ ਨੇ ਇਕ ਡੰਗ ਦੀ ਰੋਟੀ ਦੇ ਵੱਟੇ ਆਪਣਾ ਜੇਠੇ ਹੋਣ ਦਾ ਹੱਕ ਵੇਚ ਦਿੱਤਾ ਸੀ।+ 17 ਤੁਸੀਂ ਜਾਣਦੇ ਹੋ ਕਿ ਬਾਅਦ ਵਿਚ ਜਦੋਂ ਉਹ ਵਿਰਸੇ ਵਿਚ ਬਰਕਤ ਪਾਉਣੀ ਚਾਹੁੰਦਾ ਸੀ, ਤਾਂ ਉਸ ਨੂੰ ਇਨਕਾਰ ਕਰ ਦਿੱਤਾ ਗਿਆ ਭਾਵੇਂ ਉਸ ਨੇ ਰੋ-ਰੋ ਕੇ ਆਪਣੇ ਪਿਤਾ ਦਾ ਮਨ ਬਦਲਣ ਦੀ ਪੂਰੀ ਕੋਸ਼ਿਸ਼ ਕੀਤੀ ਸੀ,+ ਪਰ ਉਹ ਉਸ ਦਾ ਮਨ ਬਦਲ ਨਾ ਸਕਿਆ।

18 ਤੁਸੀਂ ਉਸ ਪਹਾੜ ਕੋਲ ਨਹੀਂ ਆਏ ਹੋ ਜਿਸ ਨੂੰ ਹੱਥ ਲਾਇਆ ਜਾ ਸਕਦਾ ਹੈ+ ਅਤੇ ਜਿਸ ਵਿੱਚੋਂ ਅੱਗ ਨਿਕਲ ਰਹੀ ਹੈ+ ਅਤੇ ਜਿਸ ਦੇ ਆਲੇ-ਦੁਆਲੇ ਕਾਲਾ ਬੱਦਲ ਅਤੇ ਘੁੱਪ ਹਨੇਰਾ ਹੈ ਅਤੇ ਝੱਖੜ ਚੱਲ ਰਿਹਾ ਹੈ+ 19 ਅਤੇ ਜਿੱਥੋਂ ਤੁਰ੍ਹੀ ਦੀ ਆਵਾਜ਼+ ਅਤੇ ਕਿਸੇ ਦੇ ਬੋਲਣ ਦੀ ਆਵਾਜ਼ ਆ ਰਹੀ ਹੈ।+ ਉਹ ਆਵਾਜ਼ ਸੁਣ ਕੇ ਲੋਕਾਂ ਨੇ ਮੂਸਾ ਦੀਆਂ ਮਿੰਨਤਾਂ ਕੀਤੀਆਂ ਸਨ ਕਿ ਉਹ ਆਵਾਜ਼ ਉਨ੍ਹਾਂ ਨਾਲ ਹੋਰ ਗੱਲ ਨਾ ਕਰੇ।+ 20 ਉਹ ਇਸ ਹੁਕਮ ਤੋਂ ਬਹੁਤ ਹੀ ਡਰ ਗਏ ਸਨ: “ਜੇ ਕੋਈ ਜਾਨਵਰ ਵੀ ਇਸ ਪਹਾੜ ਉੱਤੇ ਚੜ੍ਹੇ, ਤਾਂ ਉਸ ਨੂੰ ਪੱਥਰ ਮਾਰ-ਮਾਰ ਕੇ ਜਾਨੋਂ ਮਾਰ ਦਿੱਤਾ ਜਾਵੇ।”+ 21 ਨਾਲੇ ਉਹ ਨਜ਼ਾਰਾ ਇੰਨਾ ਖ਼ੌਫ਼ਨਾਕ ਸੀ ਕਿ ਮੂਸਾ ਨੇ ਕਿਹਾ: “ਮੈਂ ਡਰ ਨਾਲ ਥਰ-ਥਰ ਕੰਬ ਰਿਹਾ ਹਾਂ।”+ 22 ਪਰ ਤੁਸੀਂ ਸੀਓਨ ਪਹਾੜ,+ ਜੀਉਂਦੇ ਪਰਮੇਸ਼ੁਰ ਦੇ ਸ਼ਹਿਰ ਸਵਰਗੀ ਯਰੂਸ਼ਲਮ+ ਅਤੇ ਲੱਖਾਂ ਦੂਤਾਂ ਦੇ ਇਕੱਠ+ ਕੋਲ ਆਏ ਹੋ। 23 ਨਾਲੇ ਤੁਸੀਂ ਪਰਮੇਸ਼ੁਰ ਦੇ ਜੇਠੇ ਪੁੱਤਰਾਂ ਦੀ ਮੰਡਲੀ ਕੋਲ ਜਿਨ੍ਹਾਂ ਦੇ ਨਾਂ ਸਵਰਗ ਵਿਚ ਲਿਖੇ ਗਏ ਹਨ, ਸਾਰਿਆਂ ਦਾ ਨਿਆਂ ਕਰਨ ਵਾਲੇ ਪਰਮੇਸ਼ੁਰ ਕੋਲ+ ਅਤੇ ਧਰਮੀ ਸੇਵਕਾਂ ਕੋਲ ਆਏ ਹੋ+ ਜਿਹੜੇ ਪਵਿੱਤਰ ਸ਼ਕਤੀ ਮੁਤਾਬਕ ਜ਼ਿੰਦਗੀ ਜੀਉਂਦੇ ਹਨ ਅਤੇ ਮੁਕੰਮਲ ਕੀਤੇ ਗਏ ਹਨ।+ 24 ਨਾਲੇ ਤੁਸੀਂ ਨਵੇਂ ਇਕਰਾਰ+ ਦੇ ਵਿਚੋਲੇ ਯਿਸੂ ਕੋਲ+ ਅਤੇ ਸਾਡੇ ਉੱਤੇ ਛਿੜਕੇ ਗਏ ਲਹੂ ਕੋਲ ਆਏ ਹੋ ਜਿਹੜਾ ਹਾਬਲ ਦੇ ਲਹੂ ਨਾਲੋਂ ਜ਼ਿਆਦਾ ਚੰਗੇ ਤਰੀਕੇ ਨਾਲ ਦੁਹਾਈ ਦਿੰਦਾ ਹੈ।+

25 ਖ਼ਬਰਦਾਰ ਰਹੋ ਕਿ ਤੁਸੀਂ ਉਸ ਦੀ ਗੱਲ ਸੁਣਨ ਤੋਂ ਇਨਕਾਰ ਨਾ ਕਰੋ* ਜਿਹੜਾ ਗੱਲ ਕਰਦਾ ਹੈ। ਜੇ ਧਰਤੀ ਉੱਤੇ ਉਹ ਲੋਕ ਸਜ਼ਾ ਤੋਂ ਨਹੀਂ ਬਚ ਸਕੇ ਜਿਨ੍ਹਾਂ ਨੇ ਪਰਮੇਸ਼ੁਰ ਵੱਲੋਂ ਚੇਤਾਵਨੀ ਦੇਣ ਵਾਲੇ ਦੀ ਗੱਲ ਸੁਣਨ ਤੋਂ ਇਨਕਾਰ ਕੀਤਾ ਸੀ, ਤਾਂ ਫਿਰ, ਅਸੀਂ ਸਵਰਗੋਂ ਗੱਲ ਕਰਨ ਵਾਲੇ ਤੋਂ ਮੂੰਹ ਮੋੜ ਕੇ ਸਜ਼ਾ ਤੋਂ ਕਿਵੇਂ ਬਚ ਸਕਦੇ ਹਾਂ?+ 26 ਉਸ ਵੇਲੇ ਉਸ ਦੀ ਆਵਾਜ਼ ਨੇ ਧਰਤੀ ਨੂੰ ਹਿਲਾ ਕੇ ਰੱਖ ਦਿੱਤਾ ਸੀ,+ ਪਰ ਹੁਣ ਉਸ ਨੇ ਵਾਅਦਾ ਕੀਤਾ ਹੈ: “ਮੈਂ ਇਕ ਵਾਰ ਫਿਰ ਧਰਤੀ ਨੂੰ ਹੀ ਨਹੀਂ, ਸਗੋਂ ਆਕਾਸ਼ ਨੂੰ ਵੀ ਹਿਲਾਵਾਂਗਾ।”+ 27 ਇਹ ਸ਼ਬਦ “ਇਕ ਵਾਰ ਫਿਰ” ਦਿਖਾਉਂਦੇ ਹਨ ਕਿ ਹਿਲਾਈਆਂ ਜਾਣ ਵਾਲੀਆਂ ਚੀਜ਼ਾਂ ਨੂੰ ਖ਼ਤਮ ਕੀਤਾ ਜਾਵੇਗਾ ਯਾਨੀ ਉਨ੍ਹਾਂ ਚੀਜ਼ਾਂ ਨੂੰ ਜਿਹੜੀਆਂ ਪਰਮੇਸ਼ੁਰ ਨੇ ਨਹੀਂ ਬਣਾਈਆਂ ਹਨ ਤਾਂਕਿ ਹਿਲਾਈਆਂ ਨਾ ਜਾਣ ਵਾਲੀਆਂ ਚੀਜ਼ਾਂ ਕਾਇਮ ਰਹਿਣ। 28 ਸਾਨੂੰ ਉਹ ਰਾਜ ਮਿਲੇਗਾ ਜਿਸ ਨੂੰ ਹਿਲਾਇਆ ਨਹੀਂ ਜਾ ਸਕਦਾ, ਇਸ ਲਈ ਆਓ ਆਪਾਂ ਪਰਮੇਸ਼ੁਰ ਤੋਂ ਅਪਾਰ ਕਿਰਪਾ ਪਾਉਂਦੇ ਰਹੀਏ ਜਿਸ ਰਾਹੀਂ ਅਸੀਂ ਡਰ ਅਤੇ ਸ਼ਰਧਾ ਨਾਲ ਪਵਿੱਤਰ ਸੇਵਾ ਕਰੀਏ ਜੋ ਉਸ ਨੂੰ ਮਨਜ਼ੂਰ ਹੋਵੇ। 29 ਅਸਲ ਵਿਚ, ਸਾਡਾ ਪਰਮੇਸ਼ੁਰ ਭਸਮ ਕਰ ਦੇਣ ਵਾਲੀ ਅੱਗ ਹੈ।+

13 ਇਕ-ਦੂਜੇ ਨਾਲ ਭਰਾਵਾਂ ਵਾਂਗ ਪਿਆਰ ਕਰਦੇ ਰਹੋ।+ 2 ਪਰਾਹੁਣਚਾਰੀ ਕਰਨੀ* ਨਾ ਭੁੱਲੋ+ ਕਿਉਂਕਿ ਕਈਆਂ ਨੇ ਪਰਾਹੁਣਚਾਰੀ ਕਰ ਕੇ ਅਣਜਾਣੇ ਵਿਚ ਦੂਤਾਂ ਦੀ ਸੇਵਾ ਕੀਤੀ ਸੀ।+ 3 ਜਿਹੜੇ ਜੇਲ੍ਹਾਂ ਵਿਚ ਬੰਦ ਹਨ, ਉਨ੍ਹਾਂ ਨੂੰ ਯਾਦ ਰੱਖੋ+ ਅਤੇ ਇਵੇਂ ਸੋਚੋ ਕਿ ਤੁਸੀਂ ਵੀ ਉਨ੍ਹਾਂ ਨਾਲ ਜੇਲ੍ਹ ਵਿਚ ਬੰਦ ਹੋ।+ ਉਨ੍ਹਾਂ ਨੂੰ ਵੀ ਯਾਦ ਰੱਖੋ ਜਿਨ੍ਹਾਂ ਨਾਲ ਬਦਸਲੂਕੀ ਕੀਤੀ ਜਾ ਰਹੀ ਹੈ ਕਿਉਂਕਿ ਤੁਹਾਡਾ ਵੀ ਹੱਡ-ਮਾਸ ਦਾ ਸਰੀਰ ਹੈ।* 4 ਸਾਰੇ ਜਣੇ ਵਿਆਹ ਨੂੰ ਆਦਰਯੋਗ ਸਮਝਣ ਅਤੇ ਵਿਆਹ ਦਾ ਵਿਛਾਉਣਾ ਬੇਦਾਗ਼ ਰਹੇ+ ਕਿਉਂਕਿ ਹਰਾਮਕਾਰਾਂ* ਅਤੇ ਆਪਣੇ ਜੀਵਨ ਸਾਥੀ ਤੋਂ ਇਲਾਵਾ ਕਿਸੇ ਹੋਰ ਨਾਲ ਨਾਜਾਇਜ਼ ਸੰਬੰਧ ਰੱਖਣ ਵਾਲਿਆਂ ਨੂੰ ਪਰਮੇਸ਼ੁਰ ਸਜ਼ਾ ਦੇਵੇਗਾ।+ 5 ਤੁਸੀਂ ਜ਼ਿੰਦਗੀ ਵਿਚ ਪੈਸੇ ਨਾਲ ਪਿਆਰ ਨਾ ਕਰੋ+ ਅਤੇ ਤੁਹਾਡੇ ਕੋਲ ਜੋ ਵੀ ਹੈ, ਉਸੇ ਵਿਚ ਸੰਤੁਸ਼ਟ ਰਹੋ।+ ਪਰਮੇਸ਼ੁਰ ਨੇ ਕਿਹਾ ਹੈ: “ਮੈਂ ਕਦੀ ਵੀ ਤੈਨੂੰ ਨਹੀਂ ਛੱਡਾਂਗਾ ਅਤੇ ਨਾ ਹੀ ਕਦੀ ਤੈਨੂੰ ਤਿਆਗਾਂਗਾ।”+ 6 ਇਸ ਕਰਕੇ ਅਸੀਂ ਪੂਰੇ ਹੌਸਲੇ ਨਾਲ ਕਹਿ ਸਕਦੇ ਹਾਂ: “ਯਹੋਵਾਹ* ਮੇਰਾ ਸਹਾਰਾ ਹੈ; ਮੈਂ ਨਹੀਂ ਡਰਾਂਗਾ। ਇਨਸਾਨ ਮੇਰਾ ਕੀ ਵਿਗਾੜ ਸਕਦਾ ਹੈ?”+

7 ਤੁਸੀਂ ਆਪਣੇ ਵਿਚ ਅਗਵਾਈ ਕਰਨ ਵਾਲਿਆਂ ਨੂੰ ਯਾਦ ਰੱਖੋ+ ਜਿਨ੍ਹਾਂ ਨੇ ਤੁਹਾਨੂੰ ਪਰਮੇਸ਼ੁਰ ਦੇ ਬਚਨ ਬਾਰੇ ਦੱਸਿਆ ਹੈ ਅਤੇ ਉਨ੍ਹਾਂ ਦੇ ਚਾਲ-ਚਲਣ ਦੇ ਚੰਗੇ ਨਤੀਜਿਆਂ ਉੱਤੇ ਗੌਰ ਕਰ ਕੇ ਉਨ੍ਹਾਂ ਦੀ ਨਿਹਚਾ ਦੀ ਮਿਸਾਲ ਉੱਤੇ ਚੱਲੋ।+

8 ਯਿਸੂ ਮਸੀਹ ਨਾ ਬੀਤੇ ਸਮੇਂ ਵਿਚ ਬਦਲਿਆ, ਨਾ ਅੱਜ ਬਦਲਿਆ ਅਤੇ ਨਾ ਹੀ ਆਉਣ ਵਾਲੇ ਸਮੇਂ ਵਿਚ ਬਦਲੇਗਾ।

9 ਵੱਖੋ-ਵੱਖਰੀਆਂ ਅਤੇ ਅਜੀਬ ਸਿੱਖਿਆਵਾਂ ਕਰਕੇ ਗੁਮਰਾਹ ਨਾ ਹੋਵੋ ਕਿਉਂਕਿ ਚੰਗਾ ਇਹੀ ਹੈ ਕਿ ਪਰਮੇਸ਼ੁਰ ਦੀ ਅਪਾਰ ਕਿਰਪਾ ਨਾਲ ਦਿਲ ਤਕੜਾ ਹੋਵੇ, ਨਾ ਕਿ ਖਾਣ-ਪੀਣ ਸੰਬੰਧੀ ਨਿਯਮਾਂ ਦੀ ਪਾਲਣਾ ਕਰ ਕੇ ਕਿਉਂਕਿ ਇਨ੍ਹਾਂ ਨਿਯਮਾਂ ਉੱਤੇ ਚੱਲਣ ਵਾਲੇ ਲੋਕਾਂ ਨੂੰ ਕੋਈ ਫ਼ਾਇਦਾ ਨਹੀਂ ਹੁੰਦਾ।+

10 ਸਾਡੇ ਕੋਲ ਇਕ ਵੇਦੀ ਹੈ ਅਤੇ ਉਸ ਤੋਂ ਤੰਬੂ ਵਿਚ ਪਵਿੱਤਰ ਸੇਵਾ ਕਰਨ ਵਾਲਿਆਂ ਨੂੰ ਖਾਣ ਦਾ ਅਧਿਕਾਰ ਨਹੀਂ ਹੈ+ 11 ਕਿਉਂਕਿ ਮਹਾਂ ਪੁਜਾਰੀ ਜਿਨ੍ਹਾਂ ਜਾਨਵਰਾਂ ਦਾ ਖ਼ੂਨ ਪਾਪ-ਬਲ਼ੀ ਦੇ ਤੌਰ ਤੇ ਅੱਤ ਪਵਿੱਤਰ ਕਮਰੇ ਵਿਚ ਲੈ ਕੇ ਜਾਂਦਾ ਹੈ, ਉਨ੍ਹਾਂ ਜਾਨਵਰਾਂ ਦੀਆਂ ਲਾਸ਼ਾਂ ਛਾਉਣੀ ਤੋਂ ਬਾਹਰ ਸਾੜੀਆਂ ਜਾਂਦੀਆਂ ਹਨ।+ 12 ਇਸ ਲਈ ਯਿਸੂ ਨੇ ਵੀ ਸ਼ਹਿਰੋਂ* ਬਾਹਰ ਦੁੱਖ ਝੱਲਿਆ+ ਤਾਂਕਿ ਉਹ ਲੋਕਾਂ ਨੂੰ ਆਪਣੇ ਖ਼ੂਨ ਨਾਲ ਪਵਿੱਤਰ ਕਰ ਸਕੇ।+ 13 ਇਸ ਲਈ ਆਓ ਆਪਾਂ ਵੀ ਛਾਉਣੀ ਤੋਂ ਬਾਹਰ ਉਸ ਕੋਲ ਚੱਲੀਏ ਅਤੇ ਉਸ ਵਾਂਗ ਬੇਇੱਜ਼ਤੀ ਸਹੀਏ+ 14 ਕਿਉਂਕਿ ਇੱਥੇ ਸਾਡੇ ਕੋਲ ਅਜਿਹਾ ਸ਼ਹਿਰ ਨਹੀਂ ਹੈ ਜੋ ਹਮੇਸ਼ਾ ਰਹੇਗਾ, ਪਰ ਅਸੀਂ ਉਸ ਸ਼ਹਿਰ ਦੇ ਆਉਣ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਾਂ।+ 15 ਆਓ ਆਪਾਂ ਯਿਸੂ ਰਾਹੀਂ ਪਰਮੇਸ਼ੁਰ ਨੂੰ ਹਮੇਸ਼ਾ ਉਸਤਤ ਦਾ ਬਲੀਦਾਨ ਚੜ੍ਹਾਈਏ+ ਯਾਨੀ ਉਸ ਦੇ ਨਾਂ ਦਾ ਐਲਾਨ ਕਰ ਕੇ+ ਆਪਣੇ ਬੁੱਲ੍ਹਾਂ ਦਾ ਫਲ ਚੜ੍ਹਾਈਏ।+ 16 ਨਾਲੇ ਦੂਸਰਿਆਂ ਦਾ ਭਲਾ ਕਰਨਾ ਅਤੇ ਉਨ੍ਹਾਂ ਨਾਲ ਆਪਣੀਆਂ ਚੀਜ਼ਾਂ ਸਾਂਝੀਆਂ ਕਰਨੀਆਂ ਨਾ ਭੁੱਲੋ+ ਕਿਉਂਕਿ ਪਰਮੇਸ਼ੁਰ ਨੂੰ ਅਜਿਹੇ ਬਲੀਦਾਨਾਂ ਤੋਂ ਬਹੁਤ ਖ਼ੁਸ਼ੀ ਹੁੰਦੀ ਹੈ।+

17 ਜਿਹੜੇ ਤੁਹਾਡੇ ਵਿਚ ਅਗਵਾਈ ਕਰਦੇ ਹਨ, ਉਨ੍ਹਾਂ ਦੀ ਆਗਿਆਕਾਰੀ ਕਰੋ+ ਅਤੇ ਉਨ੍ਹਾਂ ਦੇ ਅਧੀਨ ਰਹੋ+ ਕਿਉਂਕਿ ਉਹ ਤੁਹਾਡਾ ਧਿਆਨ ਰੱਖਦੇ ਹਨ ਅਤੇ ਜਾਣਦੇ ਹਨ ਕਿ ਉਨ੍ਹਾਂ ਨੇ ਆਪਣੀ ਇਸ ਜ਼ਿੰਮੇਵਾਰੀ ਦਾ ਹਿਸਾਬ ਦੇਣਾ ਹੈ।+ ਜੇ ਤੁਸੀਂ ਇਸ ਤਰ੍ਹਾਂ ਕਰੋਗੇ, ਤਾਂ ਉਹ ਆਪਣਾ ਕੰਮ ਖ਼ੁਸ਼ੀ-ਖ਼ੁਸ਼ੀ ਕਰਨਗੇ, ਨਾ ਕਿ ਹਉਕੇ ਭਰ-ਭਰ ਕੇ ਕਿਉਂਕਿ ਇਸ ਨਾਲ ਤੁਹਾਡਾ ਹੀ ਨੁਕਸਾਨ ਹੋਵੇਗਾ।

18 ਸਾਡੇ ਵਾਸਤੇ ਪ੍ਰਾਰਥਨਾ ਕਰਦੇ ਰਹੋ ਕਿਉਂਕਿ ਸਾਨੂੰ ਭਰੋਸਾ ਹੈ ਕਿ ਸਾਡੀ ਜ਼ਮੀਰ ਸਾਫ਼ ਹੈ ਅਤੇ ਅਸੀਂ ਹਰ ਗੱਲ ਵਿਚ ਈਮਾਨਦਾਰੀ ਤੋਂ ਕੰਮ ਲੈਣਾ ਚਾਹੁੰਦੇ ਹਾਂ।+ 19 ਪਰ ਮੈਂ ਤੁਹਾਨੂੰ ਖ਼ਾਸ ਤੌਰ ਤੇ ਬੇਨਤੀ ਕਰਦਾ ਹਾਂ ਕਿ ਤੁਸੀਂ ਪ੍ਰਾਰਥਨਾ ਕਰੋ ਕਿ ਮੈਂ ਤੁਹਾਡੇ ਕੋਲ ਜਲਦੀ ਤੋਂ ਜਲਦੀ ਆ ਸਕਾਂ।

20 ਸ਼ਾਂਤੀ ਦੇ ਪਰਮੇਸ਼ੁਰ ਨੇ ਭੇਡਾਂ ਦੇ ਮਹਾਨ ਚਰਵਾਹੇ,+ ਸਾਡੇ ਪ੍ਰਭੂ ਯਿਸੂ ਨੂੰ ਹਮੇਸ਼ਾ ਰਹਿਣ ਵਾਲੇ ਇਕਰਾਰ ਦੇ ਲਹੂ ਨਾਲ ਮਰੇ ਹੋਇਆਂ ਵਿੱਚੋਂ ਜੀਉਂਦਾ ਕੀਤਾ। ਹੁਣ ਸਾਡੀ ਦੁਆ ਹੈ ਕਿ ਸ਼ਾਂਤੀ ਦਾ ਪਰਮੇਸ਼ੁਰ 21 ਤੁਹਾਨੂੰ ਹਰ ਚੰਗੀ ਚੀਜ਼ ਦੇਵੇ ਤਾਂਕਿ ਤੁਸੀਂ ਉਸ ਦੀ ਇੱਛਾ ਪੂਰੀ ਕਰ ਸਕੋ। ਯਿਸੂ ਮਸੀਹ ਰਾਹੀਂ ਉਹ ਸਾਨੂੰ ਅਜਿਹੇ ਕੰਮ ਕਰਨ ਦੀ ਪ੍ਰੇਰਣਾ ਦਿੰਦਾ ਹੈ ਜਿਨ੍ਹਾਂ ਤੋਂ ਉਸ ਨੂੰ ਖ਼ੁਸ਼ੀ ਹੁੰਦੀ ਹੈ। ਪਰਮੇਸ਼ੁਰ ਦੀ ਮਹਿਮਾ ਹਮੇਸ਼ਾ-ਹਮੇਸ਼ਾ ਹੁੰਦੀ ਰਹੇ। ਆਮੀਨ।

22 ਭਰਾਵੋ, ਮੈਂ ਤੁਹਾਨੂੰ ਤਾਕੀਦ ਕਰਦਾ ਹਾਂ ਕਿ ਤੁਸੀਂ ਇਹ ਹੌਸਲਾ ਦੇਣ ਵਾਲੀਆਂ ਗੱਲਾਂ ਧੀਰਜ ਨਾਲ ਸੁਣੋ ਕਿਉਂਕਿ ਮੈਂ ਤੁਹਾਨੂੰ ਥੋੜ੍ਹੇ ਸ਼ਬਦਾਂ ਵਿਚ ਇਹ ਚਿੱਠੀ ਲਿਖੀ ਹੈ। 23 ਨਾਲੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਭਰਾ ਤਿਮੋਥਿਉਸ ਨੂੰ ਜੇਲ੍ਹ ਵਿੱਚੋਂ ਰਿਹਾ ਕਰ ਦਿੱਤਾ ਗਿਆ ਹੈ। ਜੇ ਉਹ ਜਲਦੀ ਆਇਆ, ਤਾਂ ਅਸੀਂ ਦੋਵੇਂ ਤੁਹਾਨੂੰ ਮਿਲਣ ਆਵਾਂਗੇ।

24 ਤੁਹਾਡੇ ਵਿਚ ਅਗਵਾਈ ਕਰਨ ਵਾਲਿਆਂ ਨੂੰ ਅਤੇ ਬਾਕੀ ਸਾਰੇ ਪਵਿੱਤਰ ਸੇਵਕਾਂ ਨੂੰ ਮੇਰੇ ਵੱਲੋਂ ਨਮਸਕਾਰ। ਇਟਲੀ+ ਦੇ ਭਰਾਵਾਂ ਵੱਲੋਂ ਤੁਹਾਨੂੰ ਨਮਸਕਾਰ।

25 ਪਰਮੇਸ਼ੁਰ ਦੀ ਅਪਾਰ ਕਿਰਪਾ ਤੁਹਾਡੇ ਸਾਰਿਆਂ ਉੱਤੇ ਹੋਵੇ।

ਯੂਨਾ, “ਇਨ੍ਹਾਂ ਦਿਨਾਂ ਦੇ ਅਖ਼ੀਰ ਵਿਚ।”

ਸ਼ਬਦਾਵਲੀ ਦੇਖੋ।

ਜਾਂ, “ਯਿਸੂ।”

ਜਾਂ, “ਪਦਵੀ।”

ਯੂਨਾ, “ਪਨੈਵਮਾ।” ਸ਼ਬਦਾਵਲੀ, “ਰੂਆਖ; ਪਨੈਵਮਾ” ਦੇਖੋ।

ਸ਼ਬਦਾਵਲੀ ਦੇਖੋ।

ਯੂਨਾ, “ਪਨੈਵਮਾ।” ਸ਼ਬਦਾਵਲੀ, “ਰੂਆਖ; ਪਨੈਵਮਾ” ਦੇਖੋ।

ਯਾਨੀ, ਮੂਸਾ ਦਾ ਕਾਨੂੰਨ।

ਵਧੇਰੇ ਜਾਣਕਾਰੀ 1.5 ਦੇਖੋ।

ਯੂਨਾ, “ਲਹੂ-ਮਾਸ।”

ਯੂਨਾ, “ਬੀ।”

ਯਾਨੀ, ਇਜ਼ਰਾਈਲ ਕੌਮ।

ਯਾਨੀ, ਯਿਸੂ।

ਯੂਨਾ, “ਡਰ ਰੱਖੀਏ।”

ਮੱਤੀ 13:​35, ਫੁਟਨੋਟ ਦੇਖੋ।

ਯੂਨਾ, “ਜੋੜਾਂ।”

ਜਾਂ, “ਕਰਕੇ ਸਾਡੇ ਨਾਲ ਹਮਦਰਦੀ ਨਾ ਰੱਖ ਸਕੇ।”

ਜਾਂ, “ਸਹੀ ਸਮੇਂ ਤੇ।”

ਜਾਂ, “ਭਟਕੇ ਹੋਏ ਲੋਕਾਂ।”

ਜਾਂ, “ਨਰਮਾਈ।”

ਜਾਂ, “ਤੁਹਾਨੂੰ ਉੱਚਾ ਸੁਣਨ ਲੱਗ ਪਿਆ ਹੈ।”

“ਦੁੱਧ” ਬੁਨਿਆਦੀ ਮਸੀਹੀ ਸਿੱਖਿਆਵਾਂ ਨੂੰ ਦਰਸਾਉਂਦਾ ਹੈ।

“ਰੋਟੀ” ਡੂੰਘੀਆਂ ਮਸੀਹੀ ਸਿੱਖਿਆਵਾਂ ਨੂੰ ਦਰਸਾਉਂਦੀ ਹੈ।

ਯੂਨਾ, “ਹਮੇਸ਼ਾ ਦੇ।”

ਸ਼ਬਦਾਵਲੀ ਦੇਖੋ।

ਜਾਂ, “ਉਸ ਦੀ ਮਰਜ਼ੀ।”

ਯਾਨੀ, ਪਰਮੇਸ਼ੁਰ ਦਾ ਵਾਅਦਾ ਅਤੇ ਉਸ ਦੀ ਸਹੁੰ।

ਅੱਤ ਪਵਿੱਤਰ ਕਮਰੇ ਅਤੇ ਪਵਿੱਤਰ ਕਮਰੇ ਦੇ ਵਿਚਕਾਰ ਲੱਗਾ ਪਰਦਾ।

ਜਾਂ, “ਪਰਿਵਾਰ ਦੇ ਮੁਖੀ।”

ਯੂਨਾ, “ਦੇ ਸਰੀਰ ਵਿਚ ਹੀ ਸੀ।”

ਵਧੇਰੇ ਜਾਣਕਾਰੀ 1.5 ਦੇਖੋ।

ਜਾਂ, “ਉਸ ਨੂੰ ਇਸ ਦਾ ਕੋਈ ਅਫ਼ਸੋਸ ਨਹੀਂ ਹੋਵੇਗਾ।”

ਜਾਂ, “ਜ਼ਮਾਨਤ।”

ਵਧੇਰੇ ਜਾਣਕਾਰੀ 1.5 ਦੇਖੋ।

ਵਧੇਰੇ ਜਾਣਕਾਰੀ 1.5 ਦੇਖੋ।

ਵਧੇਰੇ ਜਾਣਕਾਰੀ 1.5 ਦੇਖੋ।

ਵਧੇਰੇ ਜਾਣਕਾਰੀ 1.5 ਦੇਖੋ।

ਵਧੇਰੇ ਜਾਣਕਾਰੀ 1.5 ਦੇਖੋ।

“ਢੱਕਣ” ਅਨੁਵਾਦ ਕੀਤਾ ਗਿਆ ਯੂਨਾਨੀ ਸ਼ਬਦ ਉਸ ਬਲ਼ੀ ਨੂੰ ਵੀ ਦਰਸਾਉਂਦਾ ਹੈ ਜਿਹੜੀ ਪਰਮੇਸ਼ੁਰ ਨਾਲ ਸੁਲ੍ਹਾ ਕਰਨ ਲਈ ਚੜ੍ਹਾਈ ਜਾਂਦੀ ਸੀ।

ਇਹ ਤੰਬੂ ਧਰਤੀ ਉੱਤੇ ਸੀ।

ਜ਼ਾਹਰ ਹੈ ਕਿ ਇਹ ਪਵਿੱਤਰ ਸਥਾਨ ਸਵਰਗ ਵਿਚ ਹੈ।

ਯੂਨਾ, “ਕਈ ਤਰ੍ਹਾਂ ਦੇ ਬਪਤਿਸਮਿਆਂ।”

ਯੂਨਾ, “ਰਿਹਾਈ ਦੀ ਕੀਮਤ; ਛੁਟਕਾਰਾ।”

ਜਾਂ, “ਲਪੇਟਵੀਂ ਪੱਤਰੀ।”

ਮੱਤੀ 13:​35, ਫੁਟਨੋਟ ਦੇਖੋ।

ਸ਼ਬਦਾਵਲੀ ਦੇਖੋ।

ਇੱਥੇ ਯਹੂਦੀ ਪ੍ਰਬੰਧ ਦੇ ਆਖ਼ਰੀ ਸਮੇਂ ਦੀ ਗੱਲ ਕੀਤੀ ਗਈ ਹੈ।

ਜਾਂ ਸੰਭਵ ਹੈ, “ਆਦਮੀ।”

ਯੂਨਾ, “ਕਿਤਾਬ ਦੀ ਲਪੇਟਵੀਂ ਪੱਤਰੀ।” ਸ਼ਬਦਾਵਲੀ ਦੇਖੋ।

ਵਧੇਰੇ ਜਾਣਕਾਰੀ 1.5 ਦੇਖੋ।

ਜਾਂ, “ਦਲੇਰ।”

ਯੂਨਾ, “ਉੱਤੇ ਛਿੜਕਿਆ ਗਿਆ,” ਮਤਲਬ ਕਿ ਯਿਸੂ ਦਾ ਖ਼ੂਨ ਛਿੜਕਿਆ ਗਿਆ ਹੈ।

ਜਾਂ, “ਫ਼ਿਕਰ ਕਰੀਏ; ਖ਼ਿਆਲ ਰੱਖੀਏ।”

ਜਾਂ, “ਪ੍ਰੇਰਣਾ।”

ਇੱਥੇ ਭਗਤੀ ਕਰਨ ਵਾਸਤੇ ਇਕੱਠੇ ਹੋਣ ਦੀ ਗੱਲ ਕੀਤੀ ਗਈ ਹੈ।

ਵਧੇਰੇ ਜਾਣਕਾਰੀ 1.5 ਦੇਖੋ।

ਯੂਨਾ, “ਜਿਵੇਂ ਤਮਾਸ਼ਾ-ਘਰ ਵਿਚ ਤਮਾਸ਼ਾ ਹੁੰਦਾ।”

ਜਾਂ, “ਦੇ ਹਿੱਸੇਦਾਰ ਬਣੇ।”

ਯੂਨਾ, “ਬੇਝਿਜਕ ਹੋ ਕੇ ਗੱਲ ਕਰਨੀ।”

ਜਾਂ, “ਸਾਡੇ ਪਿਉ-ਦਾਦਿਆਂ।”

ਸ਼ਬਦਾਵਲੀ ਦੇਖੋ।

ਮੱਤੀ 24:​38, ਫੁਟਨੋਟ ਦੇਖੋ।

ਜਾਂ, “ਭਰੋਸੇ ਦੇ ਲਾਇਕ।”

ਯੂਨਾ, “ਮਰਿਆਂ ਵਰਗਾ ਸੀ।”

ਯੂਨਾ, “ਬੀ।”

ਜਾਂ, “ਆਪਣੇ ਦਫ਼ਨਾਏ ਜਾਣ।”

ਜਾਂ, “ਹੁਕਮ।”

ਯੂਨਾ, “ਮਸੀਹ।”

ਯੂਨਾ, “ਹੱਥ ਵੀ ਨਾ ਲਾਵੇ।”

ਯੂਨਾ, “ਸਾਡੇ ਤੋਂ ਬਿਨਾਂ।”

ਸ਼ਬਦਾਵਲੀ ਦੇਖੋ।

ਵਧੇਰੇ ਜਾਣਕਾਰੀ 1.5 ਦੇਖੋ।

ਵਧੇਰੇ ਜਾਣਕਾਰੀ 1.5 ਦੇਖੋ।

ਜਾਂ, “ਕੋਰੜੇ ਮਾਰਦਾ ਹੈ।”

ਜਾਂ, “ਸਿਖਲਾਈ।”

ਸ਼ਬਦਾਵਲੀ ਦੇਖੋ।

ਸ਼ਬਦਾਵਲੀ, “ਹਰਾਮਕਾਰੀ” ਦੇਖੋ।

ਜਾਂ, “ਉਸ ਦੇ ਸਾਮ੍ਹਣੇ ਬਹਾਨੇ ਨਾ ਬਣਾਓ; ਉਸ ਨੂੰ ਨਜ਼ਰਅੰਦਾਜ਼ ਨਾ ਕਰੋ।”

ਜਾਂ, “ਅਜਨਬੀਆਂ ʼਤੇ ਦਇਆ ਕਰਨੀ; ਨਾਲ ਪਿਆਰ ਕਰਨਾ।”

ਜਾਂ ਸੰਭਵ ਹੈ, “ਇਵੇਂ ਸੋਚੋ ਕਿ ਤੁਸੀਂ ਵੀ ਉਨ੍ਹਾਂ ਨਾਲ ਦੁੱਖ ਸਹਿ ਰਹੇ ਹੋ।”

ਸ਼ਬਦਾਵਲੀ, “ਹਰਾਮਕਾਰੀ” ਦੇਖੋ।

ਵਧੇਰੇ ਜਾਣਕਾਰੀ 1.5 ਦੇਖੋ।

ਯੂਨਾ, “ਸ਼ਹਿਰ ਦੇ ਦਰਵਾਜ਼ੇ ਤੋਂ।”

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ