ਦਾਨੀਏਲ
1 ਯਹੂਦਾਹ ਦੇ ਰਾਜਾ ਯਹੋਯਾਕੀਮ+ ਦੇ ਰਾਜ ਦੇ ਤੀਸਰੇ ਸਾਲ ਵਿਚ ਬਾਬਲ ਦੇ ਰਾਜੇ ਨਬੂਕਦਨੱਸਰ ਨੇ ਯਰੂਸ਼ਲਮ ʼਤੇ ਚੜ੍ਹਾਈ ਕਰ ਕੇ ਇਸ ਨੂੰ ਘੇਰ ਲਿਆ।+ 2 ਫਿਰ ਯਹੋਵਾਹ ਨੇ ਯਹੂਦਾਹ ਦੇ ਰਾਜੇ ਯਹੋਯਾਕੀਮ ਨੂੰ ਅਤੇ ਸੱਚੇ ਪਰਮੇਸ਼ੁਰ ਦੇ ਮੰਦਰ ਦੇ ਕੁਝ ਭਾਂਡਿਆਂ ਨੂੰ ਨਬੂਕਦਨੱਸਰ ਦੇ ਹੱਥ ਵਿਚ ਦੇ ਦਿੱਤਾ।+ ਉਸ ਨੇ ਉਹ ਭਾਂਡੇ ਸ਼ਿਨਾਰ* ਦੇਸ਼+ ਲਿਜਾ ਕੇ ਆਪਣੇ ਦੇਵਤੇ ਦੇ ਮੰਦਰ ਦੇ ਖ਼ਜ਼ਾਨੇ ਵਿਚ ਰੱਖ ਦਿੱਤੇ।+
3 ਫਿਰ ਰਾਜੇ ਨੇ ਆਪਣੇ ਮੁੱਖ ਦਰਬਾਰੀ ਅਸ਼ਪਨਜ਼ ਨੂੰ ਹੁਕਮ ਦਿੱਤਾ ਕਿ ਉਹ ਕੁਝ ਇਜ਼ਰਾਈਲੀਆਂ* ਨੂੰ ਪੇਸ਼ ਕਰੇ ਜਿਨ੍ਹਾਂ ਵਿਚ ਸ਼ਾਹੀ ਘਰਾਣੇ ਦੇ ਅਤੇ ਉੱਚੇ ਖ਼ਾਨਦਾਨ ਦੇ ਨੌਜਵਾਨ* ਸ਼ਾਮਲ ਹੋਣ।+ 4 ਉਨ੍ਹਾਂ ਵਿਚ ਕੋਈ ਨੁਕਸ ਨਾ ਹੋਵੇ, ਸਗੋਂ ਉਹ ਸੋਹਣੇ-ਸੁਨੱਖੇ ਹੋਣ। ਉਹ ਬੁੱਧ, ਗਿਆਨ ਤੇ ਸਮਝ ਵਾਲੇ ਹੋਣ+ ਅਤੇ ਰਾਜੇ ਦੇ ਮਹਿਲ ਵਿਚ ਸੇਵਾ ਕਰਨ ਦੇ ਲਾਇਕ ਹੋਣ। ਅਸ਼ਪਨਜ਼ ਨੂੰ ਇਹ ਵੀ ਹੁਕਮ ਦਿੱਤਾ ਗਿਆ ਕਿ ਉਹ ਉਨ੍ਹਾਂ ਨੂੰ ਕਸਦੀਆਂ ਦਾ ਗਿਆਨ ਦੇਵੇ* ਅਤੇ ਉਨ੍ਹਾਂ ਦੀ ਭਾਸ਼ਾ ਸਿਖਾਵੇ। 5 ਇਸ ਤੋਂ ਇਲਾਵਾ ਰਾਜੇ ਨੇ ਹੁਕਮ ਦਿੱਤਾ ਕਿ ਉਨ੍ਹਾਂ ਨੂੰ ਹਰ ਰੋਜ਼ ਸ਼ਾਹੀ ਖਾਣਾ ਅਤੇ ਦਾਖਰਸ ਦਿੱਤਾ ਜਾਵੇ। ਉਨ੍ਹਾਂ ਨੂੰ ਤਿੰਨ ਸਾਲ ਸਿਖਲਾਈ ਦਿੱਤੀ ਜਾਵੇ* ਜਿਸ ਤੋਂ ਬਾਅਦ ਉਹ ਰਾਜੇ ਦੀ ਸੇਵਾ ਕਰਨ।
6 ਉਨ੍ਹਾਂ ਨੌਜਵਾਨਾਂ ਵਿੱਚੋਂ ਕੁਝ ਯਹੂਦਾਹ ਦੇ ਖ਼ਾਨਦਾਨ* ਵਿੱਚੋਂ ਸਨ: ਦਾਨੀਏਲ,*+ ਹਨਨਯਾਹ,* ਮੀਸ਼ਾਏਲ* ਅਤੇ ਅਜ਼ਰਯਾਹ।*+ 7 ਮੁੱਖ ਦਰਬਾਰੀ ਨੇ ਉਨ੍ਹਾਂ ਦੇ ਨਾਂ ਬਦਲ ਦਿੱਤੇ। ਉਸ ਨੇ ਦਾਨੀਏਲ ਦਾ ਨਾਂ ਬੇਲਟਸ਼ੱਸਰ,+ ਹਨਨਯਾਹ ਦਾ ਨਾਂ ਸ਼ਦਰਕ, ਮੀਸ਼ਾਏਲ ਦਾ ਨਾਂ ਮੇਸ਼ਕ ਅਤੇ ਅਜ਼ਰਯਾਹ ਦਾ ਨਾਂ ਅਬਦਨਗੋ ਰੱਖ ਦਿੱਤਾ।+
8 ਪਰ ਦਾਨੀਏਲ ਨੇ ਮਨ ਵਿਚ ਠਾਣ ਲਿਆ ਕਿ ਉਹ ਰਾਜੇ ਦੇ ਪਕਵਾਨਾਂ ਜਾਂ ਦਾਖਰਸ ਨਾਲ ਆਪਣੇ ਆਪ ਨੂੰ ਭ੍ਰਿਸ਼ਟ ਨਹੀਂ ਕਰੇਗਾ। ਇਸ ਲਈ ਉਸ ਨੇ ਮੁੱਖ ਦਰਬਾਰੀ ਨੂੰ ਬੇਨਤੀ ਕੀਤੀ ਕਿ ਉਸ ਨੂੰ ਭ੍ਰਿਸ਼ਟ ਕਰਨ ਵਾਲੀਆਂ ਚੀਜ਼ਾਂ ਖਾਣ ਲਈ ਨਾ ਦਿੱਤੀਆਂ ਜਾਣ। 9 ਸੱਚੇ ਪਰਮੇਸ਼ੁਰ ਨੇ ਮੁੱਖ ਦਰਬਾਰੀ ਦੇ ਦਿਲ ਨੂੰ ਪ੍ਰੇਰਿਤ ਕੀਤਾ ਕਿ ਉਹ ਦਾਨੀਏਲ ʼਤੇ ਮਿਹਰ ਅਤੇ ਦਇਆ ਕਰੇ।+ 10 ਪਰ ਮੁੱਖ ਦਰਬਾਰੀ ਨੇ ਦਾਨੀਏਲ ਨੂੰ ਕਿਹਾ: “ਮੈਂ ਮਹਾਰਾਜ ਤੋਂ ਡਰਦਾ ਹਾਂ ਜਿਸ ਨੇ ਹੁਕਮ ਦਿੱਤਾ ਹੈ ਕਿ ਤੈਨੂੰ ਸ਼ਾਹੀ ਖਾਣਾ ਅਤੇ ਦਾਖਰਸ ਦਿੱਤਾ ਜਾਵੇ। ਜੇ ਤੂੰ ਆਪਣੀ ਉਮਰ ਦੇ ਬਾਕੀ ਨੌਜਵਾਨਾਂ* ਤੋਂ ਕਮਜ਼ੋਰ ਨਜ਼ਰ ਆਇਆ, ਤਾਂ ਤੈਨੂੰ ਪਤਾ ਕੀ ਹੋਵੇਗਾ? ਤੇਰੇ ਕਰਕੇ ਮੈਂ ਰਾਜੇ ਦੇ ਸਾਮ੍ਹਣੇ ਦੋਸ਼ੀ ਠਹਿਰਾਂਗਾ।” 11 ਪਰ ਦਾਨੀਏਲ ਨੇ ਉਸ ਆਦਮੀ ਨਾਲ ਗੱਲ ਕੀਤੀ ਜਿਸ ਨੂੰ ਮੁੱਖ ਦਰਬਾਰੀ ਨੇ ਦਾਨੀਏਲ, ਹਨਨਯਾਹ, ਮੀਸ਼ਾਏਲ ਅਤੇ ਅਜ਼ਰਯਾਹ ਦੀ ਦੇਖ-ਭਾਲ ਕਰਨ ਲਈ ਠਹਿਰਾਇਆ ਸੀ: 12 “ਕਿਰਪਾ ਕਰ ਕੇ ਆਪਣੇ ਸੇਵਕਾਂ ਨੂੰ ਦਸ ਦਿਨਾਂ ਲਈ ਪਰਖ ਕੇ ਦੇਖ ਅਤੇ ਸਾਨੂੰ ਖਾਣ ਲਈ ਸਬਜ਼ੀਆਂ ਅਤੇ ਪੀਣ ਲਈ ਪਾਣੀ ਦੇ। 13 ਫਿਰ ਦੇਖੀਂ ਕਿ ਅਸੀਂ ਉਨ੍ਹਾਂ ਨੌਜਵਾਨਾਂ* ਦੇ ਮੁਕਾਬਲੇ ਕਿਹੋ ਜਿਹੇ ਲੱਗਦੇ ਹਾਂ ਜਿਹੜੇ ਸ਼ਾਹੀ ਖਾਣਾ ਖਾਂਦੇ ਹਨ। ਇਸ ਤੋਂ ਬਾਅਦ ਤੂੰ ਆਪਣੇ ਸੇਵਕਾਂ ਨਾਲ ਉਹੀ ਕਰੀਂ ਜੋ ਤੈਨੂੰ ਠੀਕ ਲੱਗੇ।”
14 ਇਸ ਲਈ ਉਸ ਆਦਮੀ ਨੇ ਉਨ੍ਹਾਂ ਦੀ ਗੱਲ ਮੰਨ ਲਈ ਅਤੇ ਦਸ ਦਿਨਾਂ ਤਕ ਉਨ੍ਹਾਂ ਨੂੰ ਪਰਖਿਆ। 15 ਦਸਾਂ ਦਿਨਾਂ ਬਾਅਦ ਉਨ੍ਹਾਂ ਨੌਜਵਾਨਾਂ* ਦੇ ਚਿਹਰਿਆਂ ʼਤੇ ਰੌਣਕ ਸੀ ਅਤੇ ਉਹ ਬਾਕੀ ਸਾਰੇ ਨੌਜਵਾਨਾਂ ਨਾਲੋਂ ਜ਼ਿਆਦਾ ਸਿਹਤਮੰਦ ਸਨ ਜੋ ਸ਼ਾਹੀ ਖਾਣਾ ਖਾਂਦੇ ਸਨ। 16 ਇਸ ਲਈ ਉਹ ਆਦਮੀ ਉਨ੍ਹਾਂ ਨੂੰ ਸ਼ਾਹੀ ਖਾਣਾ ਅਤੇ ਦਾਖਰਸ ਦੇਣ ਦੀ ਬਜਾਇ ਸਬਜ਼ੀਆਂ ਦਿੰਦਾ ਰਿਹਾ। 17 ਸੱਚੇ ਪਰਮੇਸ਼ੁਰ ਨੇ ਉਨ੍ਹਾਂ ਚਾਰਾਂ ਨੌਜਵਾਨਾਂ ਨੂੰ ਬੁੱਧ, ਗਿਆਨ ਅਤੇ ਹਰ ਤਰ੍ਹਾਂ ਦੀਆਂ ਲਿਖਤਾਂ ਦੀ ਡੂੰਘੀ ਸਮਝ ਦਿੱਤੀ। ਦਾਨੀਏਲ ਨੂੰ ਹਰ ਤਰ੍ਹਾਂ ਦੇ ਦਰਸ਼ਣਾਂ ਅਤੇ ਸੁਪਨਿਆਂ ਦੀ ਸਮਝ ਦਿੱਤੀ ਗਈ।+
18 ਰਾਜੇ ਦੁਆਰਾ ਮਿਥਿਆ ਸਮਾਂ ਖ਼ਤਮ ਹੋਣ ਤੋਂ ਬਾਅਦ ਮੁੱਖ ਦਰਬਾਰੀ ਨੇ ਸਾਰੇ ਨੌਜਵਾਨਾਂ ਨੂੰ ਨਬੂਕਦਨੱਸਰ ਦੇ ਸਾਮ੍ਹਣੇ ਪੇਸ਼ ਕੀਤਾ।+ 19 ਜਦ ਰਾਜੇ ਨੇ ਸਾਰੇ ਨੌਜਵਾਨਾਂ ਨਾਲ ਗੱਲ ਕੀਤੀ, ਤਾਂ ਉਸ ਨੇ ਦੇਖਿਆ ਕਿ ਹੋਰ ਕੋਈ ਵੀ ਨੌਜਵਾਨ ਦਾਨੀਏਲ, ਹਨਨਯਾਹ, ਮੀਸ਼ਾਏਲ ਅਤੇ ਅਜ਼ਰਯਾਹ+ ਵਰਗਾ ਨਹੀਂ ਸੀ ਅਤੇ ਉਨ੍ਹਾਂ ਨੇ ਰਾਜੇ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ। 20 ਜਦ ਰਾਜਾ ਅਜਿਹੇ ਕਿਸੇ ਵੀ ਮਾਮਲੇ ਬਾਰੇ ਉਨ੍ਹਾਂ ਨਾਲ ਗੱਲ ਕਰਦਾ ਸੀ ਜਿਸ ਲਈ ਬੁੱਧ ਅਤੇ ਸਮਝ ਦੀ ਲੋੜ ਸੀ, ਤਾਂ ਉਸ ਨੇ ਦੇਖਿਆ ਕਿ ਉਹ ਚਾਰੇ ਨੌਜਵਾਨ ਉਸ ਦੇ ਰਾਜ ਵਿਚ ਜਾਦੂਗਰੀ ਕਰਨ ਵਾਲੇ ਸਾਰੇ ਪੁਜਾਰੀਆਂ ਅਤੇ ਤਾਂਤ੍ਰਿਕਾਂ+ ਨਾਲੋਂ ਦਸ ਗੁਣਾ ਬਿਹਤਰ ਸਨ। 21 ਦਾਨੀਏਲ ਰਾਜਾ ਖੋਰਸ ਦੇ ਰਾਜ ਦੇ ਪਹਿਲੇ ਸਾਲ ਤਕ ਉੱਥੇ ਹੀ ਰਿਹਾ।+
2 ਆਪਣੇ ਰਾਜ ਦੇ ਦੂਜੇ ਸਾਲ ਵਿਚ ਨਬੂਕਦਨੱਸਰ ਨੇ ਕਈ ਸੁਪਨੇ ਦੇਖੇ ਅਤੇ ਉਸ ਦਾ ਮਨ ਇੰਨਾ ਬੇਚੈਨ ਹੋ ਗਿਆ+ ਕਿ ਉਸ ਨੂੰ ਨੀਂਦ ਨਾ ਆਈ। 2 ਇਸ ਲਈ ਰਾਜੇ ਨੇ ਹੁਕਮ ਦਿੱਤਾ ਕਿ ਜਾਦੂਗਰੀ ਕਰਨ ਵਾਲੇ ਪੁਜਾਰੀਆਂ, ਤਾਂਤ੍ਰਿਕਾਂ, ਜਾਦੂ-ਟੂਣਾ ਕਰਨ ਵਾਲਿਆਂ ਅਤੇ ਕਸਦੀਆਂ* ਨੂੰ ਬੁਲਾਇਆ ਜਾਵੇ ਤਾਂਕਿ ਉਹ ਰਾਜੇ ਨੂੰ ਉਸ ਦੇ ਸੁਪਨੇ ਦੱਸਣ। ਇਸ ਲਈ ਉਹ ਆ ਕੇ ਰਾਜੇ ਦੇ ਸਾਮ੍ਹਣੇ ਖੜ੍ਹੇ ਹੋ ਗਏ।+ 3 ਫਿਰ ਰਾਜੇ ਨੇ ਉਨ੍ਹਾਂ ਨੂੰ ਕਿਹਾ: “ਮੈਂ ਇਕ ਸੁਪਨਾ ਦੇਖਿਆ ਹੈ ਅਤੇ ਮੈਂ ਬੇਚੈਨ ਹਾਂ ਕਿਉਂਕਿ ਮੈਂ ਜਾਣਨਾ ਚਾਹੁੰਦਾ ਹਾਂ ਕਿ ਇਹ ਸੁਪਨਾ ਕੀ ਸੀ।” 4 ਕਸਦੀਆਂ ਨੇ ਅਰਾਮੀ ਭਾਸ਼ਾ ਵਿਚ ਰਾਜੇ ਨੂੰ ਜਵਾਬ ਦਿੱਤਾ:*+ “ਹੇ ਮਹਾਰਾਜ, ਤੂੰ ਯੁਗੋ-ਯੁਗ ਜੀਉਂਦਾ ਰਹੇਂ। ਆਪਣੇ ਸੇਵਕਾਂ ਨੂੰ ਸੁਪਨਾ ਦੱਸ ਅਤੇ ਅਸੀਂ ਤੈਨੂੰ ਉਸ ਦਾ ਮਤਲਬ ਦੱਸਾਂਗੇ।”
5 ਰਾਜੇ ਨੇ ਕਸਦੀਆਂ ਨੂੰ ਜਵਾਬ ਦਿੱਤਾ: “ਮੇਰਾ ਆਖ਼ਰੀ ਫ਼ੈਸਲਾ ਇਹ ਹੈ: ਜੇ ਤੁਸੀਂ ਮੈਨੂੰ ਮੇਰਾ ਸੁਪਨਾ ਅਤੇ ਇਸ ਦਾ ਮਤਲਬ ਨਹੀਂ ਦੱਸਿਆ, ਤਾਂ ਤੁਹਾਡੇ ਟੋਟੇ-ਟੋਟੇ ਕਰ ਦਿੱਤੇ ਜਾਣਗੇ ਅਤੇ ਤੁਹਾਡੇ ਘਰ ਲੋਕਾਂ ਲਈ ਪਖਾਨੇ* ਬਣਾ ਦਿੱਤੇ ਜਾਣਗੇ। 6 ਪਰ ਜੇ ਤੁਸੀਂ ਮੈਨੂੰ ਸੁਪਨਾ ਅਤੇ ਇਸ ਦਾ ਮਤਲਬ ਦੱਸ ਦਿੱਤਾ, ਤਾਂ ਮੈਂ ਤੁਹਾਨੂੰ ਤੋਹਫ਼ੇ ਅਤੇ ਇਨਾਮ ਦਿਆਂਗਾ ਅਤੇ ਤੁਹਾਨੂੰ ਸਨਮਾਨ ਬਖ਼ਸ਼ਾਂਗਾ।+ ਇਸ ਲਈ ਮੈਨੂੰ ਸੁਪਨਾ ਅਤੇ ਇਸ ਦਾ ਮਤਲਬ ਦੱਸੋ।”
7 ਉਨ੍ਹਾਂ ਨੇ ਦੁਬਾਰਾ ਰਾਜੇ ਨੂੰ ਕਿਹਾ: “ਹੇ ਮਹਾਰਾਜ, ਆਪਣੇ ਸੇਵਕਾਂ ਨੂੰ ਸੁਪਨਾ ਦੱਸ ਅਤੇ ਅਸੀਂ ਤੈਨੂੰ ਉਸ ਦਾ ਮਤਲਬ ਦੱਸਾਂਗੇ।”
8 ਰਾਜੇ ਨੇ ਜਵਾਬ ਵਿਚ ਕਿਹਾ: “ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਤੁਸੀਂ ਟਾਲ-ਮਟੋਲ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਕਿਉਂਕਿ ਤੁਸੀਂ ਮੇਰਾ ਆਖ਼ਰੀ ਫ਼ੈਸਲਾ ਜਾਣਦੇ ਹੋ। 9 ਜੇ ਤੁਸੀਂ ਮੈਨੂੰ ਸੁਪਨਾ ਨਾ ਦੱਸਿਆ, ਤਾਂ ਤੁਹਾਨੂੰ ਸਾਰਿਆਂ ਨੂੰ ਇੱਕੋ ਸਜ਼ਾ ਮਿਲੇਗੀ। ਪਰ ਤੁਸੀਂ ਆਪਸ ਵਿਚ ਸਲਾਹ ਕੀਤੀ ਹੈ ਕਿ ਤੁਸੀਂ ਝੂਠ ਬੋਲ ਕੇ ਮੈਨੂੰ ਧੋਖਾ ਦਿਓਗੇ ਜਦ ਤਕ ਹਾਲਾਤ ਬਦਲ ਨਹੀਂ ਜਾਂਦੇ। ਇਸ ਲਈ ਮੈਨੂੰ ਸੁਪਨਾ ਦੱਸੋ ਤਾਂਕਿ ਮੈਨੂੰ ਪਤਾ ਲੱਗੇ ਕਿ ਤੁਸੀਂ ਮੈਨੂੰ ਇਸ ਦਾ ਮਤਲਬ ਵੀ ਦੱਸ ਸਕਦੇ ਹੋ ਜਾਂ ਨਹੀਂ।”
10 ਕਸਦੀਆਂ ਨੇ ਰਾਜੇ ਨੂੰ ਜਵਾਬ ਦਿੱਤਾ: “ਇਸ ਧਰਤੀ* ਉੱਤੇ ਅਜਿਹਾ ਕੋਈ ਇਨਸਾਨ ਨਹੀਂ ਜੋ ਰਾਜੇ ਦੀ ਮੰਗ ਪੂਰੀ ਕਰ ਸਕੇ। ਕਿਸੇ ਵੀ ਮਹਾਨ ਰਾਜੇ ਜਾਂ ਰਾਜਪਾਲ ਨੇ ਜਾਦੂਗਰੀ ਕਰਨ ਵਾਲੇ ਪੁਜਾਰੀਆਂ, ਤਾਂਤ੍ਰਿਕਾਂ ਜਾਂ ਕਸਦੀਆਂ ਤੋਂ ਅਜਿਹੀ ਗੱਲ ਕਦੇ ਨਹੀਂ ਪੁੱਛੀ। 11 ਰਾਜੇ ਦੀ ਇਹ ਮੰਗ ਪੂਰੀ ਕਰਨੀ ਔਖੀ ਹੈ। ਕੋਈ ਵੀ ਰਾਜੇ ਨੂੰ ਇਹ ਗੱਲ ਨਹੀਂ ਦੱਸ ਸਕਦਾ, ਸਿਰਫ਼ ਦੇਵਤੇ ਹੀ ਇਸ ਦਾ ਜਵਾਬ ਦੇ ਸਕਦੇ ਹਨ ਜੋ ਇਨਸਾਨਾਂ ਨਾਲ ਨਹੀਂ ਵੱਸਦੇ।”
12 ਇਹ ਸੁਣ ਕੇ ਰਾਜਾ ਗੁੱਸੇ ਵਿਚ ਭੜਕ ਉੱਠਿਆ ਅਤੇ ਉਸ ਨੇ ਹੁਕਮ ਦਿੱਤਾ ਕਿ ਬਾਬਲ ਦੇ ਸਾਰੇ ਬੁੱਧੀਮਾਨ ਆਦਮੀਆਂ ਨੂੰ ਜਾਨੋਂ ਮਾਰ ਦਿੱਤਾ ਜਾਵੇ।+ 13 ਇਹ ਫ਼ਰਮਾਨ ਜਾਰੀ ਹੋਣ ਤੋਂ ਬਾਅਦ ਜਦ ਬੁੱਧੀਮਾਨ ਆਦਮੀਆਂ ਨੂੰ ਮੌਤ ਦੇ ਘਾਟ ਉਤਾਰਿਆ ਜਾਣਾ ਸੀ, ਤਾਂ ਉਨ੍ਹਾਂ ਨੇ ਦਾਨੀਏਲ ਅਤੇ ਉਸ ਦੇ ਸਾਥੀਆਂ ਨੂੰ ਵੀ ਲੱਭਿਆ ਤਾਂਕਿ ਉਨ੍ਹਾਂ ਨੂੰ ਵੀ ਜਾਨੋਂ ਮਾਰ ਦਿੱਤਾ ਜਾਵੇ।
14 ਉਸ ਵੇਲੇ ਦਾਨੀਏਲ ਨੇ ਸਮਝਦਾਰੀ ਨਾਲ ਅਤੇ ਸਾਵਧਾਨੀ ਵਰਤਦੇ ਹੋਏ ਰਾਜੇ ਦੇ ਅੰਗ-ਰੱਖਿਅਕਾਂ ਦੇ ਪ੍ਰਧਾਨ ਅਰਯੋਕ ਨਾਲ ਗੱਲ ਕੀਤੀ ਜੋ ਬਾਬਲ ਦੇ ਬੁੱਧੀਮਾਨ ਆਦਮੀਆਂ ਨੂੰ ਜਾਨੋਂ ਮਾਰਨ ਲਈ ਤੁਰ ਪਿਆ ਸੀ। 15 ਉਸ ਨੇ ਰਾਜੇ ਦੇ ਉੱਚ ਅਧਿਕਾਰੀ ਅਰਯੋਕ ਨੂੰ ਪੁੱਛਿਆ: “ਰਾਜੇ ਨੇ ਇਹ ਸਖ਼ਤ ਹੁਕਮ ਕਿਉਂ ਦਿੱਤਾ ਹੈ?” ਫਿਰ ਅਰਯੋਕ ਨੇ ਸਾਰਾ ਮਾਮਲਾ ਦਾਨੀਏਲ ਨੂੰ ਦੱਸ ਦਿੱਤਾ।+ 16 ਇਸ ਲਈ ਦਾਨੀਏਲ ਨੇ ਰਾਜੇ ਦੇ ਸਾਮ੍ਹਣੇ ਜਾ ਕੇ ਮਿੰਨਤ ਕੀਤੀ ਕਿ ਉਸ ਨੂੰ ਥੋੜ੍ਹਾ ਸਮਾਂ ਦਿੱਤਾ ਜਾਵੇ ਤਾਂਕਿ ਉਹ ਰਾਜੇ ਨੂੰ ਸੁਪਨੇ ਦਾ ਮਤਲਬ ਦੱਸ ਸਕੇ।
17 ਫਿਰ ਦਾਨੀਏਲ ਆਪਣੇ ਘਰ ਗਿਆ ਅਤੇ ਉਸ ਨੇ ਆਪਣੇ ਸਾਥੀਆਂ ਹਨਨਯਾਹ, ਮੀਸ਼ਾਏਲ ਅਤੇ ਅਜ਼ਰਯਾਹ ਨੂੰ ਸਾਰਾ ਮਾਮਲਾ ਦੱਸਿਆ। 18 ਉਸ ਨੇ ਉਨ੍ਹਾਂ ਨੂੰ ਇਸ ਭੇਤ ਦੇ ਮਾਮਲੇ ਵਿਚ ਸਵਰਗ ਦੇ ਪਰਮੇਸ਼ੁਰ ਨੂੰ ਦਇਆ ਵਾਸਤੇ ਪ੍ਰਾਰਥਨਾ ਕਰਨ ਲਈ ਕਿਹਾ ਤਾਂਕਿ ਦਾਨੀਏਲ ਅਤੇ ਉਸ ਦੇ ਸਾਥੀ ਬਾਬਲ ਦੇ ਹੋਰ ਬੁੱਧੀਮਾਨ ਆਦਮੀਆਂ ਸਣੇ ਮਾਰੇ ਨਾ ਜਾਣ।
19 ਫਿਰ ਰਾਤ ਨੂੰ ਦਰਸ਼ਣ ਵਿਚ ਦਾਨੀਏਲ ਉੱਤੇ ਇਹ ਭੇਤ ਜ਼ਾਹਰ ਕੀਤਾ ਗਿਆ।+ ਇਸ ਲਈ ਦਾਨੀਏਲ ਨੇ ਸਵਰਗ ਦੇ ਪਰਮੇਸ਼ੁਰ ਦੀ ਮਹਿਮਾ ਕੀਤੀ। 20 ਦਾਨੀਏਲ ਨੇ ਕਿਹਾ:
22 ਉਹ ਡੂੰਘੀਆਂ ਅਤੇ ਗੁਪਤ ਗੱਲਾਂ ਜ਼ਾਹਰ ਕਰਦਾ ਹੈ,+
ਉਹ ਜਾਣਦਾ ਹੈ ਕਿ ਹਨੇਰੇ ਵਿਚ ਕੀ ਹੈ+
ਅਤੇ ਚਾਨਣ ਉਸੇ ਦੇ ਨਾਲ ਵੱਸਦਾ ਹੈ।+
23 ਹੇ ਮੇਰੇ ਪਿਉ-ਦਾਦਿਆਂ ਦੇ ਪਰਮੇਸ਼ੁਰ, ਮੈਂ ਤੇਰਾ ਧੰਨਵਾਦ ਕਰਦਾ ਹਾਂ ਅਤੇ ਤੇਰਾ ਗੁਣਗਾਨ ਕਰਦਾ ਹਾਂ
ਕਿਉਂਕਿ ਤੂੰ ਮੈਨੂੰ ਬੁੱਧ ਅਤੇ ਤਾਕਤ ਬਖ਼ਸ਼ੀ ਹੈ।
ਅਸੀਂ ਤੇਰੇ ਕੋਲੋਂ ਜੋ ਪੁੱਛਿਆ, ਉਹ ਤੂੰ ਮੈਨੂੰ ਦੱਸਿਆ ਹੈ;
ਤੂੰ ਰਾਜੇ ਦੀ ਗੱਲ ਸਾਡੇ ʼਤੇ ਜ਼ਾਹਰ ਕੀਤੀ ਹੈ।”+
24 ਫਿਰ ਦਾਨੀਏਲ ਅਰਯੋਕ ਕੋਲ ਗਿਆ ਜਿਸ ਨੂੰ ਰਾਜੇ ਨੇ ਬਾਬਲ ਦੇ ਬੁੱਧੀਮਾਨ ਆਦਮੀਆਂ ਨੂੰ ਜਾਨੋਂ ਮਾਰਨ ਲਈ ਨਿਯੁਕਤ ਕੀਤਾ ਸੀ+ ਅਤੇ ਉਸ ਨੇ ਅਰਯੋਕ ਨੂੰ ਕਿਹਾ: “ਬਾਬਲ ਦੇ ਬੁੱਧੀਮਾਨ ਆਦਮੀਆਂ ਨੂੰ ਜਾਨੋਂ ਨਾ ਮਾਰੀਂ। ਮੈਨੂੰ ਰਾਜੇ ਦੇ ਸਾਮ੍ਹਣੇ ਲੈ ਜਾ ਅਤੇ ਮੈਂ ਰਾਜੇ ਨੂੰ ਉਸ ਦੇ ਸੁਪਨੇ ਦਾ ਮਤਲਬ ਦੱਸਾਂਗਾ।”
25 ਅਰਯੋਕ ਫਟਾਫਟ ਦਾਨੀਏਲ ਨੂੰ ਰਾਜੇ ਅੱਗੇ ਲੈ ਗਿਆ ਅਤੇ ਰਾਜੇ ਨੂੰ ਕਿਹਾ: “ਮੈਨੂੰ ਯਹੂਦਾਹ ਦੇ ਗ਼ੁਲਾਮਾਂ ਵਿੱਚੋਂ ਇਕ ਆਦਮੀ ਮਿਲਿਆ ਹੈ+ ਜੋ ਰਾਜੇ ਨੂੰ ਸੁਪਨੇ ਦਾ ਮਤਲਬ ਦੱਸ ਸਕਦਾ ਹੈ।” 26 ਰਾਜੇ ਨੇ ਦਾਨੀਏਲ ਜਿਸ ਦਾ ਨਾਂ ਬੇਲਟਸ਼ੱਸਰ ਵੀ ਸੀ,+ ਨੂੰ ਕਿਹਾ: “ਕੀ ਤੂੰ ਸੱਚ-ਮੁੱਚ ਮੈਨੂੰ ਮੇਰਾ ਸੁਪਨਾ ਅਤੇ ਇਸ ਦਾ ਮਤਲਬ ਦੱਸ ਸਕਦਾ ਹੈਂ?”+ 27 ਦਾਨੀਏਲ ਨੇ ਰਾਜੇ ਨੂੰ ਜਵਾਬ ਦਿੱਤਾ: “ਰਾਜਾ ਜੋ ਭੇਤ ਜਾਣਨਾ ਚਾਹੁੰਦਾ ਹੈ, ਉਸ ਬਾਰੇ ਕੋਈ ਬੁੱਧੀਮਾਨ ਆਦਮੀ, ਤਾਂਤ੍ਰਿਕ, ਜਾਦੂਗਰੀ ਕਰਨ ਵਾਲਾ ਪੁਜਾਰੀ ਜਾਂ ਜੋਤਸ਼ੀ ਨਹੀਂ ਦੱਸ ਸਕਦਾ।+ 28 ਪਰ ਸਵਰਗ ਵਿਚ ਇਕ ਪਰਮੇਸ਼ੁਰ ਹੈ ਜੋ ਭੇਤਾਂ ਨੂੰ ਜ਼ਾਹਰ ਕਰਦਾ ਹੈ+ ਅਤੇ ਉਸ ਨੇ ਰਾਜਾ ਨਬੂਕਦਨੱਸਰ ਨੂੰ ਦੱਸ ਦਿੱਤਾ ਹੈ ਕਿ ਆਖ਼ਰੀ ਦਿਨਾਂ ਵਿਚ ਕੀ ਹੋਵੇਗਾ। ਹੁਣ ਸੁਣ ਕਿ ਤੂੰ ਬਿਸਤਰੇ ʼਤੇ ਸੁੱਤੇ ਹੋਏ ਇਹ ਸੁਪਨਾ ਅਤੇ ਇਹ ਦਰਸ਼ਣ ਦੇਖਿਆ:
29 “ਹੇ ਮਹਾਰਾਜ, ਤੂੰ ਆਪਣੇ ਬਿਸਤਰੇ ʼਤੇ ਪਿਆਂ ਸੁਪਨੇ ਵਿਚ ਦੇਖਿਆ ਕਿ ਭਵਿੱਖ ਵਿਚ ਕੀ ਹੋਵੇਗਾ ਅਤੇ ਭੇਤ ਜ਼ਾਹਰ ਕਰਨ ਵਾਲੇ ਪਰਮੇਸ਼ੁਰ ਨੇ ਤੈਨੂੰ ਦੱਸ ਦਿੱਤਾ ਹੈ ਕਿ ਅੱਗੇ ਕੀ ਹੋਣ ਵਾਲਾ ਹੈ। 30 ਪਰ ਮੇਰੇ ਉੱਤੇ ਇਹ ਭੇਤ ਇਸ ਲਈ ਨਹੀਂ ਜ਼ਾਹਰ ਕੀਤਾ ਗਿਆ ਕਿ ਮੈਂ ਬਾਕੀ ਇਨਸਾਨਾਂ ਨਾਲੋਂ ਜ਼ਿਆਦਾ ਬੁੱਧੀਮਾਨ ਹਾਂ, ਸਗੋਂ ਇਸ ਲਈ ਜ਼ਾਹਰ ਕੀਤਾ ਗਿਆ ਹੈ ਤਾਂਕਿ ਰਾਜਾ ਸੁਪਨੇ ਦਾ ਮਤਲਬ ਅਤੇ ਆਪਣੇ ਮਨ ਦੇ ਵਿਚਾਰਾਂ ਨੂੰ ਜਾਣ ਸਕੇ।+
31 “ਹੇ ਮਹਾਰਾਜ, ਤੂੰ ਸੁਪਨੇ ਵਿਚ ਇਕ ਵੱਡੀ ਮੂਰਤ ਦੇਖੀ।* ਜੋ ਮੂਰਤ ਤੇਰੇ ਸਾਮ੍ਹਣੇ ਖੜ੍ਹੀ ਸੀ, ਉਹ ਵਿਸ਼ਾਲ ਅਤੇ ਬਹੁਤ ਚਮਕਦਾਰ ਅਤੇ ਦੇਖਣ ਨੂੰ ਡਰਾਉਣੀ ਸੀ। 32 ਉਸ ਮੂਰਤ ਦਾ ਸਿਰ ਖਾਲਸ ਸੋਨੇ ਦਾ,+ ਛਾਤੀ ਅਤੇ ਬਾਹਾਂ ਚਾਂਦੀ ਦੀਆਂ,+ ਢਿੱਡ ਅਤੇ ਪੱਟ ਤਾਂਬੇ ਦੇ,+ 33 ਲੱਤਾਂ ਲੋਹੇ ਦੀਆਂ+ ਅਤੇ ਪੈਰ ਕੁਝ ਲੋਹੇ ਦੇ ਤੇ ਕੁਝ ਮਿੱਟੀ* ਦੇ ਸਨ।+ 34 ਜਦ ਅਜੇ ਤੂੰ ਇਹ ਦੇਖ ਹੀ ਰਿਹਾ ਸੀ, ਤਾਂ ਪਹਾੜ ਤੋਂ ਇਕ ਪੱਥਰ ਬਿਨਾਂ ਹੱਥ ਲਾਏ ਕੱਟਿਆ ਗਿਆ ਅਤੇ ਮੂਰਤ ਦੇ ਲੋਹੇ ਅਤੇ ਮਿੱਟੀ ਦੇ ਪੈਰਾਂ ʼਤੇ ਵੱਜਾ ਅਤੇ ਉਨ੍ਹਾਂ ਨੂੰ ਚੂਰ-ਚੂਰ ਕਰ ਦਿੱਤਾ।+ 35 ਉਸ ਸਮੇਂ ਲੋਹਾ, ਮਿੱਟੀ, ਤਾਂਬਾ, ਚਾਂਦੀ ਅਤੇ ਸੋਨਾ ਸਾਰੇ ਚੂਰ-ਚੂਰ ਹੋ ਗਏ ਅਤੇ ਉਹ ਗਰਮੀਆਂ ਦੌਰਾਨ ਪਿੜ ਵਿਚ ਪਈ ਤੂੜੀ ਵਾਂਗ ਹੋ ਗਏ ਅਤੇ ਹਵਾ ਉਨ੍ਹਾਂ ਨੂੰ ਉਡਾ ਕੇ ਲੈ ਗਈ ਜਿਸ ਕਰਕੇ ਉਨ੍ਹਾਂ ਦਾ ਨਾਮੋ-ਨਿਸ਼ਾਨ ਮਿਟ ਗਿਆ। ਪਰ ਜਿਹੜਾ ਪੱਥਰ ਮੂਰਤ ਦੇ ਵੱਜਾ ਸੀ, ਉਹ ਇਕ ਵੱਡਾ ਪਹਾੜ ਬਣ ਗਿਆ ਅਤੇ ਸਾਰੀ ਧਰਤੀ ਉੱਤੇ ਫੈਲ ਗਿਆ।
36 “ਤੂੰ ਇਹ ਸੁਪਨਾ ਦੇਖਿਆ ਸੀ ਅਤੇ ਹੁਣ ਅਸੀਂ ਰਾਜੇ ਨੂੰ ਇਸ ਦਾ ਮਤਲਬ ਦੱਸਾਂਗੇ। 37 ਹੇ ਮਹਾਰਾਜ, ਤੂੰ ਰਾਜਿਆਂ ਦਾ ਰਾਜਾ ਹੈਂ ਅਤੇ ਸਵਰਗ ਦੇ ਪਰਮੇਸ਼ੁਰ ਨੇ ਤੈਨੂੰ ਰਾਜ,+ ਬਲ, ਸ਼ਕਤੀ ਅਤੇ ਮਹਿਮਾ ਦਿੱਤੀ ਹੈ। 38 ਉਸ ਨੇ ਤੈਨੂੰ ਸਾਰੇ ਇਨਸਾਨਾਂ ਉੱਤੇ ਅਧਿਕਾਰ ਦਿੱਤਾ ਹੈ, ਚਾਹੇ ਉਹ ਜਿੱਥੇ ਮਰਜ਼ੀ ਰਹਿੰਦੇ ਹੋਣ। ਨਾਲੇ ਉਸ ਨੇ ਮੈਦਾਨ ਦੇ ਜਾਨਵਰਾਂ ਅਤੇ ਆਕਾਸ਼ ਦੇ ਪੰਛੀਆਂ ਨੂੰ ਤੇਰੇ ਹੱਥ ਵਿਚ ਕੀਤਾ ਹੈ ਅਤੇ ਉਸ ਨੇ ਤੈਨੂੰ ਇਨ੍ਹਾਂ ਸਾਰਿਆਂ ਉੱਤੇ ਹਾਕਮ ਠਹਿਰਾਇਆ ਹੈ।+ ਇਸ ਲਈ ਤੂੰ ਹੀ ਉਹ ਸੋਨੇ ਦਾ ਸਿਰ ਹੈਂ।+
39 “ਪਰ ਤੇਰੇ ਤੋਂ ਬਾਅਦ ਇਕ ਹੋਰ ਰਾਜ ਖੜ੍ਹਾ ਹੋਵੇਗਾ,+ ਜੋ ਤੇਰੇ ਤੋਂ ਕਮਜ਼ੋਰ ਹੋਵੇਗਾ ਅਤੇ ਫਿਰ ਤੀਸਰਾ ਰਾਜ ਖੜ੍ਹਾ ਹੋਵੇਗਾ ਜੋ ਤਾਂਬੇ ਦਾ ਹੋਵੇਗਾ ਅਤੇ ਸਾਰੀ ਧਰਤੀ ਉੱਤੇ ਹਕੂਮਤ ਕਰੇਗਾ।+
40 “ਫਿਰ ਚੌਥਾ ਰਾਜ ਲੋਹੇ ਵਾਂਗ ਮਜ਼ਬੂਤ ਹੋਵੇਗਾ।+ ਜਿਸ ਤਰ੍ਹਾਂ ਲੋਹਾ ਹਰ ਚੀਜ਼ ਨੂੰ ਚੂਰ-ਚੂਰ ਕਰ ਦਿੰਦਾ ਹੈ ਅਤੇ ਪੀਹ ਦਿੰਦਾ ਹੈ, ਹਾਂ, ਜਿਵੇਂ ਲੋਹਾ ਚਕਨਾਚੂਰ ਕਰ ਦਿੰਦਾ ਹੈ, ਇਸੇ ਤਰ੍ਹਾਂ ਇਹ ਰਾਜ ਇਨ੍ਹਾਂ ਸਾਰੇ ਰਾਜਾਂ ਨੂੰ ਚੂਰ-ਚੂਰ ਕਰ ਦੇਵੇਗਾ।+
41 “ਜਿਵੇਂ ਤੂੰ ਦੇਖਿਆ, ਉਸ ਮੂਰਤ ਦੇ ਪੈਰ ਅਤੇ ਉਸ ਦੀਆਂ ਉਂਗਲਾਂ ਕੁਝ ਲੋਹੇ ਅਤੇ ਕੁਝ ਘੁਮਿਆਰ ਦੀ ਮਿੱਟੀ ਦੀਆਂ ਸਨ, ਇਸੇ ਤਰ੍ਹਾਂ ਇਹ ਰਾਜ ਵੰਡਿਆ ਹੋਵੇਗਾ। ਪਰ ਫਿਰ ਵੀ ਇਹ ਰਾਜ ਲੋਹੇ ਵਾਂਗ ਕੁਝ ਸਖ਼ਤ ਹੋਵੇਗਾ, ਜਿਵੇਂ ਤੂੰ ਦੇਖਿਆ ਕਿ ਲੋਹਾ ਨਰਮ ਮਿੱਟੀ ਨਾਲ ਮਿਲਿਆ ਹੋਇਆ ਸੀ। 42 ਜਿਵੇਂ ਪੈਰਾਂ ਦੀਆਂ ਉਂਗਲਾਂ ਕੁਝ ਲੋਹੇ ਦੀਆਂ ਤੇ ਕੁਝ ਮਿੱਟੀ ਦੀਆਂ ਸਨ, ਇਸੇ ਤਰ੍ਹਾਂ ਇਹ ਰਾਜ ਕੁਝ ਹੱਦ ਤਕ ਮਜ਼ਬੂਤ ਹੋਵੇਗਾ ਅਤੇ ਕੁਝ ਹੱਦ ਤਕ ਕਮਜ਼ੋਰ ਹੋਵੇਗਾ। 43 ਜਿਵੇਂ ਤੂੰ ਦੇਖਿਆ ਕਿ ਲੋਹਾ ਨਰਮ ਮਿੱਟੀ ਵਿਚ ਰਲ਼ਿਆ ਹੋਇਆ ਸੀ, ਉਸੇ ਤਰ੍ਹਾਂ ਇਸ ਰਾਜ ਦੇ ਹਿੱਸਿਆਂ ਵਿਚ ਵੱਖੋ-ਵੱਖਰੀ ਤਰ੍ਹਾਂ ਦੇ ਲੋਕ* ਹੋਣਗੇ। ਪਰ ਉਹ ਆਪਸ ਵਿਚ ਇਕ ਨਹੀਂ ਹੋਣਗੇ, ਠੀਕ ਜਿਵੇਂ ਲੋਹਾ ਅਤੇ ਮਿੱਟੀ ਆਪਸ ਵਿਚ ਨਹੀਂ ਰਲ਼ਦੇ।
44 “ਉਨ੍ਹਾਂ ਰਾਜਿਆਂ ਦੇ ਦਿਨਾਂ ਵਿਚ ਸਵਰਗ ਦਾ ਪਰਮੇਸ਼ੁਰ ਇਕ ਰਾਜ ਖੜ੍ਹਾ ਕਰੇਗਾ+ ਜੋ ਕਦੇ ਨਾਸ਼ ਨਹੀਂ ਹੋਵੇਗਾ।+ ਇਹ ਰਾਜ ਹੋਰ ਲੋਕਾਂ ਦੇ ਹੱਥਾਂ ਵਿਚ ਨਹੀਂ ਦਿੱਤਾ ਜਾਵੇਗਾ।+ ਇਹ ਇਨ੍ਹਾਂ ਸਾਰੀਆਂ ਹਕੂਮਤਾਂ ਨੂੰ ਚੂਰ-ਚੂਰ ਕਰ ਕੇ ਇਨ੍ਹਾਂ ਦਾ ਅੰਤ ਕਰ ਦੇਵੇਗਾ,+ ਪਰ ਆਪ ਹਮੇਸ਼ਾ ਲਈ ਕਾਇਮ ਰਹੇਗਾ।+ 45 ਜਿਵੇਂ ਤੂੰ ਦੇਖਿਆ, ਪਹਾੜ ਤੋਂ ਇਕ ਪੱਥਰ ਬਿਨਾਂ ਹੱਥ ਲਾਏ ਕੱਟਿਆ ਗਿਆ ਸੀ ਅਤੇ ਇਸ ਨੇ ਲੋਹੇ, ਤਾਂਬੇ, ਮਿੱਟੀ, ਚਾਂਦੀ ਅਤੇ ਸੋਨੇ ਨੂੰ ਚਕਨਾਚੂਰ ਕਰ ਦਿੱਤਾ ਸੀ।+ ਮਹਾਨ ਪਰਮੇਸ਼ੁਰ ਨੇ ਰਾਜੇ ਨੂੰ ਦੱਸ ਦਿੱਤਾ ਹੈ ਕਿ ਭਵਿੱਖ ਵਿਚ ਕੀ ਹੋਵੇਗਾ।+ ਇਹ ਸੁਪਨਾ ਜ਼ਰੂਰ ਪੂਰਾ ਹੋਵੇਗਾ ਅਤੇ ਇਸ ਸੁਪਨੇ ਦਾ ਜੋ ਮਤਲਬ ਦੱਸਿਆ ਗਿਆ ਹੈ, ਉਸੇ ਮੁਤਾਬਕ ਹੋਵੇਗਾ।”
46 ਫਿਰ ਰਾਜਾ ਨਬੂਕਦਨੱਸਰ ਨੇ ਦਾਨੀਏਲ ਅੱਗੇ ਗੋਡਿਆਂ ਭਾਰ ਬੈਠ ਕੇ ਸਿਰ ਨਿਵਾਇਆ ਅਤੇ ਉਸ ਦਾ ਆਦਰ ਕੀਤਾ। ਨਾਲੇ ਉਸ ਨੇ ਹੁਕਮ ਦਿੱਤਾ ਕਿ ਦਾਨੀਏਲ ਨੂੰ ਤੋਹਫ਼ਾ ਦਿੱਤਾ ਜਾਵੇ ਅਤੇ ਉਸ ਅੱਗੇ ਧੂਪ ਧੁਖਾਈ ਜਾਵੇ। 47 ਰਾਜੇ ਨੇ ਦਾਨੀਏਲ ਨੂੰ ਕਿਹਾ: “ਸੱਚ-ਮੁੱਚ ਤੇਰਾ ਪਰਮੇਸ਼ੁਰ ਸਾਰੇ ਈਸ਼ਵਰਾਂ ਤੋਂ ਮਹਾਨ ਹੈ ਅਤੇ ਰਾਜਿਆਂ ਦਾ ਰਾਜਾ* ਹੈ ਅਤੇ ਭੇਤਾਂ ਨੂੰ ਜ਼ਾਹਰ ਕਰਦਾ ਹੈ, ਤਾਂ ਹੀ ਤੂੰ ਇਸ ਭੇਤ ਨੂੰ ਦੱਸ ਸਕਿਆ।+ 48 ਫਿਰ ਰਾਜੇ ਨੇ ਦਾਨੀਏਲ ਦਾ ਰੁਤਬਾ ਉੱਚਾ ਕੀਤਾ ਅਤੇ ਉਸ ਨੂੰ ਬਹੁਤ ਸਾਰੇ ਵਧੀਆ ਤੋਹਫ਼ੇ ਦਿੱਤੇ ਅਤੇ ਉਸ ਨੂੰ ਪੂਰੇ ਬਾਬਲ ਜ਼ਿਲ੍ਹੇ ਦਾ ਹਾਕਮ ਬਣਾ ਦਿੱਤਾ ਅਤੇ ਬਾਬਲ ਦੇ ਸਾਰੇ ਬੁੱਧੀਮਾਨ ਆਦਮੀਆਂ ਉੱਤੇ ਮੁੱਖ ਨਿਗਰਾਨ ਠਹਿਰਾਇਆ।+ 49 ਨਾਲੇ ਦਾਨੀਏਲ ਦੀ ਗੁਜ਼ਾਰਸ਼ ʼਤੇ ਰਾਜੇ ਨੇ ਸ਼ਦਰਕ, ਮੇਸ਼ਕ ਅਤੇ ਅਬਦਨਗੋ+ ਨੂੰ ਬਾਬਲ ਜ਼ਿਲ੍ਹੇ ਦਾ ਪ੍ਰਬੰਧ ਸੌਂਪ ਦਿੱਤਾ, ਪਰ ਦਾਨੀਏਲ ਰਾਜੇ ਦੇ ਦਰਬਾਰ ਵਿਚ ਸੇਵਾ ਕਰਦਾ ਰਿਹਾ।
3 ਰਾਜਾ ਨਬੂਕਦਨੱਸਰ ਨੇ ਸੋਨੇ ਦੀ ਇਕ ਮੂਰਤ ਬਣਵਾਈ ਜੋ 60 ਹੱਥ* ਉੱਚੀ ਅਤੇ 6 ਹੱਥ* ਚੌੜੀ ਸੀ। ਉਸ ਨੇ ਇਹ ਮੂਰਤ ਬਾਬਲ ਜ਼ਿਲ੍ਹੇ ਵਿਚ ਦੂਰਾ ਦੇ ਮੈਦਾਨੀ ਇਲਾਕੇ ਵਿਚ ਖੜ੍ਹੀ ਕਰਾਈ। 2 ਫਿਰ ਰਾਜਾ ਨਬੂਕਦਨੱਸਰ ਨੇ ਸੂਬੇਦਾਰਾਂ, ਨਿਗਰਾਨਾਂ, ਰਾਜਪਾਲਾਂ, ਸਲਾਹਕਾਰਾਂ, ਖ਼ਜ਼ਾਨਚੀਆਂ, ਨਿਆਂਕਾਰਾਂ, ਸਹਾਇਕ ਨਿਆਂਕਾਰਾਂ ਅਤੇ ਜ਼ਿਲ੍ਹਿਆਂ ਦੇ ਸਾਰੇ ਅਧਿਕਾਰੀਆਂ ਨੂੰ ਖ਼ਬਰ ਭੇਜੀ ਕਿ ਉਹ ਰਾਜਾ ਨਬੂਕਦਨੱਸਰ ਦੁਆਰਾ ਖੜ੍ਹੀ ਕਰਾਈ ਉਸ ਮੂਰਤ ਦੇ ਉਦਘਾਟਨ ʼਤੇ ਇਕੱਠੇ ਹੋਣ।
3 ਇਸ ਲਈ ਸੂਬੇਦਾਰ, ਨਿਗਰਾਨ, ਰਾਜਪਾਲ, ਸਲਾਹਕਾਰ, ਖ਼ਜ਼ਾਨਚੀ, ਨਿਆਂਕਾਰ, ਸਹਾਇਕ ਨਿਆਂਕਾਰ ਅਤੇ ਜ਼ਿਲ੍ਹਿਆਂ ਦੇ ਸਾਰੇ ਅਧਿਕਾਰੀ ਰਾਜਾ ਨਬੂਕਦਨੱਸਰ ਵੱਲੋਂ ਖੜ੍ਹੀ ਕਰਾਈ ਮੂਰਤ ਦੇ ਉਦਘਾਟਨ ʼਤੇ ਇਕੱਠੇ ਹੋਏ। ਉਹ ਉਸ ਮੂਰਤ ਦੇ ਸਾਮ੍ਹਣੇ ਖੜ੍ਹੇ ਹੋਏ ਜੋ ਰਾਜਾ ਨਬੂਕਦਨੱਸਰ ਨੇ ਸਥਾਪਿਤ ਕਰਾਈ ਸੀ। 4 ਤਦ ਹੋਕਾ ਦੇਣ ਵਾਲੇ ਆਦਮੀ ਨੇ ਉੱਚੀ ਆਵਾਜ਼ ਵਿਚ ਐਲਾਨ ਕੀਤਾ: “ਵੱਖੋ-ਵੱਖਰੀਆਂ ਕੌਮਾਂ ਅਤੇ ਭਾਸ਼ਾਵਾਂ ਦੇ ਲੋਕੋ, ਤੁਹਾਨੂੰ ਹੁਕਮ ਦਿੱਤਾ ਜਾਂਦਾ ਹੈ ਕਿ 5 ਜਦ ਤੁਸੀਂ ਨਰਸਿੰਗੇ, ਬੰਸਰੀ, ਰਬਾਬ, ਤਾਰਾਂ ਵਾਲੇ ਹੋਰ ਸਾਜ਼ਾਂ, ਮਸ਼ਕਬੀਨ ਅਤੇ ਹੋਰ ਸਾਜ਼ਾਂ ਦੀ ਆਵਾਜ਼ ਸੁਣੋ, ਤਾਂ ਤੁਸੀਂ ਜ਼ਮੀਨ ʼਤੇ ਸਿਰ ਨਿਵਾ ਕੇ ਸੋਨੇ ਦੀ ਮੂਰਤ ਦੇ ਅੱਗੇ ਮੱਥਾ ਟੇਕੋ ਜੋ ਰਾਜਾ ਨਬੂਕਦਨੱਸਰ ਨੇ ਖੜ੍ਹੀ ਕਰਾਈ ਹੈ। 6 ਜਿਹੜਾ ਵੀ ਮੂਰਤ ਦੇ ਅੱਗੇ ਜ਼ਮੀਨ ʼਤੇ ਸਿਰ ਨਿਵਾ ਕੇ ਮੱਥਾ ਨਹੀਂ ਟੇਕੇਗਾ, ਉਸ ਨੂੰ ਫ਼ੌਰਨ ਬਲ਼ਦੀ ਹੋਈ ਭੱਠੀ ਵਿਚ ਸੁੱਟ ਦਿੱਤਾ ਜਾਵੇਗਾ।”+ 7 ਇਸ ਲਈ ਜਦ ਸਾਰੇ ਲੋਕਾਂ ਨੇ ਨਰਸਿੰਗੇ, ਬੰਸਰੀ, ਰਬਾਬ, ਤਾਰਾਂ ਵਾਲੇ ਸਾਜ਼ਾਂ ਅਤੇ ਹੋਰ ਸਾਜ਼ਾਂ ਦੀ ਆਵਾਜ਼ ਸੁਣੀ, ਤਾਂ ਵੱਖੋ-ਵੱਖਰੀਆਂ ਕੌਮਾਂ ਅਤੇ ਭਾਸ਼ਾਵਾਂ ਦੇ ਸਾਰੇ ਲੋਕਾਂ ਨੇ ਸੋਨੇ ਦੀ ਮੂਰਤ ਅੱਗੇ ਜ਼ਮੀਨ ʼਤੇ ਸਿਰ ਨਿਵਾ ਕੇ ਮੱਥਾ ਟੇਕਿਆ ਜੋ ਰਾਜਾ ਨਬੂਕਦਨੱਸਰ ਨੇ ਖੜ੍ਹੀ ਕਰਾਈ ਸੀ।
8 ਉਸ ਸਮੇਂ ਕੁਝ ਕਸਦੀਆਂ ਨੇ ਰਾਜੇ ਦੇ ਕੋਲ ਆ ਕੇ ਯਹੂਦੀਆਂ ʼਤੇ ਇਲਜ਼ਾਮ ਲਾਇਆ।* 9 ਉਨ੍ਹਾਂ ਨੇ ਰਾਜਾ ਨਬੂਕਦਨੱਸਰ ਨੂੰ ਕਿਹਾ: “ਹੇ ਮਹਾਰਾਜ, ਤੂੰ ਯੁਗੋ-ਯੁਗ ਜੀਉਂਦਾ ਰਹੇਂ। 10 ਹੇ ਮਹਾਰਾਜ, ਤੂੰ ਹੁਕਮ ਦਿੱਤਾ ਸੀ ਕਿ ਹਰ ਇਨਸਾਨ ਨਰਸਿੰਗੇ, ਬੰਸਰੀ, ਰਬਾਬ, ਤਾਰਾਂ ਵਾਲੇ ਹੋਰ ਸਾਜ਼ਾਂ, ਮਸ਼ਕਬੀਨ ਅਤੇ ਹੋਰ ਸਾਜ਼ਾਂ ਦੀ ਆਵਾਜ਼ ਸੁਣ ਕੇ ਸੋਨੇ ਦੀ ਮੂਰਤ ਅੱਗੇ ਜ਼ਮੀਨ ʼਤੇ ਸਿਰ ਨਿਵਾ ਕੇ ਮੱਥਾ ਟੇਕੇ 11 ਅਤੇ ਜਿਹੜਾ ਵੀ ਮੂਰਤ ਦੇ ਅੱਗੇ ਜ਼ਮੀਨ ʼਤੇ ਸਿਰ ਨਿਵਾ ਕੇ ਮੱਥਾ ਨਹੀਂ ਟੇਕੇਗਾ, ਉਸ ਨੂੰ ਬਲ਼ਦੀ ਹੋਈ ਭੱਠੀ ਵਿਚ ਸੁੱਟ ਦਿੱਤਾ ਜਾਵੇਗਾ।+ 12 ਪਰ ਸ਼ਦਰਕ, ਮੇਸ਼ਕ ਅਤੇ ਅਬਦਨਗੋ ਨਾਂ ਦੇ ਯਹੂਦੀਆਂ ਨੇ ਤੇਰੀ ਗੱਲ ਨਹੀਂ ਮੰਨੀ ਜਿਨ੍ਹਾਂ ਨੂੰ ਤੂੰ ਬਾਬਲ ਜ਼ਿਲ੍ਹੇ ਦਾ ਪ੍ਰਬੰਧ ਸੌਂਪਿਆ ਹੈ।+ ਉਹ ਤੇਰੇ ਦੇਵਤਿਆਂ ਦੀ ਭਗਤੀ ਨਹੀਂ ਕਰਦੇ ਅਤੇ ਉਨ੍ਹਾਂ ਨੇ ਤੇਰੇ ਵੱਲੋਂ ਖੜ੍ਹੀ ਕਰਾਈ ਸੋਨੇ ਦੀ ਮੂਰਤ ਅੱਗੇ ਮੱਥਾ ਟੇਕਣ ਤੋਂ ਇਨਕਾਰ ਕਰ ਦਿੱਤਾ ਹੈ।”
13 ਇਹ ਸੁਣ ਕੇ ਨਬੂਕਦਨੱਸਰ ਦਾ ਖ਼ੂਨ ਖੌਲ ਉੱਠਿਆ ਅਤੇ ਉਸ ਨੇ ਹੁਕਮ ਦਿੱਤਾ ਕਿ ਸ਼ਦਰਕ, ਮੇਸ਼ਕ ਅਤੇ ਅਬਦਨਗੋ ਨੂੰ ਉਸ ਦੇ ਸਾਮ੍ਹਣੇ ਪੇਸ਼ ਕੀਤਾ ਜਾਵੇ। ਫਿਰ ਉਨ੍ਹਾਂ ਆਦਮੀਆਂ ਨੂੰ ਰਾਜੇ ਦੇ ਸਾਮ੍ਹਣੇ ਲਿਆਂਦਾ ਗਿਆ। 14 ਨਬੂਕਦਨੱਸਰ ਨੇ ਉਨ੍ਹਾਂ ਨੂੰ ਕਿਹਾ: “ਸ਼ਦਰਕ, ਮੇਸ਼ਕ ਅਤੇ ਅਬਦਨਗੋ, ਕੀ ਇਹ ਸੱਚ ਹੈ ਕਿ ਤੁਸੀਂ ਮੇਰੇ ਦੇਵਤਿਆਂ ਦੀ ਭਗਤੀ ਨਹੀਂ ਕਰਦੇ+ ਅਤੇ ਤੁਸੀਂ ਮੇਰੇ ਦੁਆਰਾ ਖੜ੍ਹੀ ਕਰਾਈ ਸੋਨੇ ਦੀ ਮੂਰਤ ਅੱਗੇ ਮੱਥਾ ਟੇਕਣ ਤੋਂ ਇਨਕਾਰ ਕੀਤਾ ਹੈ? 15 ਹੁਣ ਜੇ ਤੁਸੀਂ ਨਰਸਿੰਗੇ, ਬੰਸਰੀ, ਰਬਾਬ, ਤਾਰਾਂ ਵਾਲੇ ਹੋਰ ਸਾਜ਼ਾਂ, ਮਸ਼ਕਬੀਨ ਅਤੇ ਹੋਰ ਸਾਜ਼ਾਂ ਦੀ ਆਵਾਜ਼ ਸੁਣ ਕੇ ਮੂਰਤ ਦੇ ਸਾਮ੍ਹਣੇ ਜ਼ਮੀਨ ʼਤੇ ਸਿਰ ਨਿਵਾ ਕੇ ਮੱਥਾ ਟੇਕੋਗੇ, ਤਾਂ ਵਧੀਆ ਹੋਵੇਗਾ। ਪਰ ਜੇ ਤੁਸੀਂ ਮੱਥਾ ਨਹੀਂ ਟੇਕੋਗੇ, ਤਾਂ ਤੁਹਾਨੂੰ ਫ਼ੌਰਨ ਬਲ਼ਦੀ ਹੋਈ ਭੱਠੀ ਵਿਚ ਸੁੱਟ ਦਿੱਤਾ ਜਾਵੇਗਾ। ਉਹ ਕਿਹੜਾ ਦੇਵਤਾ ਹੈ ਜੋ ਤੁਹਾਨੂੰ ਮੇਰੇ ਹੱਥੋਂ ਛੁਡਾ ਸਕਦਾ?”+
16 ਸ਼ਦਰਕ, ਮੇਸ਼ਕ ਅਤੇ ਅਬਦਨਗੋ ਨੇ ਰਾਜੇ ਨੂੰ ਜਵਾਬ ਦਿੱਤਾ: “ਹੇ ਨਬੂਕਦਨੱਸਰ, ਅਸੀਂ ਤੈਨੂੰ ਇਸ ਬਾਰੇ ਕੁਝ ਨਹੀਂ ਕਹਿਣਾ ਚਾਹੁੰਦੇ। 17 ਜੇ ਸਾਨੂੰ ਬਲ਼ਦੀ ਹੋਈ ਭੱਠੀ ਵਿਚ ਸੁੱਟਿਆ ਗਿਆ, ਤਾਂ ਹੇ ਮਹਾਰਾਜ, ਜਿਸ ਪਰਮੇਸ਼ੁਰ ਦੀ ਅਸੀਂ ਸੇਵਾ ਕਰਦੇ ਹਾਂ, ਉਹ ਸਾਨੂੰ ਭੱਠੀ ਦੀ ਅੱਗ ਤੋਂ ਬਚਾਉਣ ਅਤੇ ਤੇਰੇ ਹੱਥੋਂ ਛੁਡਾਉਣ ਦੀ ਤਾਕਤ ਰੱਖਦਾ ਹੈ।+ 18 ਪਰ ਜੇ ਉਹ ਸਾਨੂੰ ਨਹੀਂ ਵੀ ਛੁਡਾਉਂਦਾ, ਤਾਂ ਵੀ ਹੇ ਮਹਾਰਾਜ, ਤੂੰ ਜਾਣ ਲੈ ਕਿ ਅਸੀਂ ਨਾ ਤਾਂ ਤੇਰੇ ਦੇਵਤਿਆਂ ਦੀ ਭਗਤੀ ਕਰਾਂਗੇ ਅਤੇ ਨਾ ਹੀ ਇਸ ਸੋਨੇ ਦੀ ਮੂਰਤ ਅੱਗੇ ਮੱਥਾ ਟੇਕਾਂਗੇ ਜੋ ਤੂੰ ਖੜ੍ਹੀ ਕਰਾਈ ਹੈ।”+
19 ਫਿਰ ਨਬੂਕਦਨੱਸਰ ਦਾ ਗੁੱਸਾ ਸ਼ਦਰਕ, ਮੇਸ਼ਕ ਅਤੇ ਅਬਦਨਗੋ ʼਤੇ ਇੰਨਾ ਭੜਕ ਉੱਠਿਆ ਕਿ ਉਸ ਦੇ ਚਿਹਰੇ ਦੇ ਹਾਵ-ਭਾਵ ਬਦਲ ਗਏ* ਅਤੇ ਉਸ ਨੇ ਹੁਕਮ ਦਿੱਤਾ ਕਿ ਭੱਠੀ ਦੀ ਅੱਗ ਹੋਰ ਸੱਤ ਗੁਣਾ ਤੇਜ਼ ਕਰ ਦਿੱਤੀ ਜਾਵੇ। 20 ਉਸ ਨੇ ਆਪਣੀ ਫ਼ੌਜ ਦੇ ਕੁਝ ਤਾਕਤਵਰ ਆਦਮੀਆਂ ਨੂੰ ਹੁਕਮ ਦਿੱਤਾ ਕਿ ਉਹ ਸ਼ਦਰਕ, ਮੇਸ਼ਕ ਅਤੇ ਅਬਦਨਗੋ ਨੂੰ ਬੰਨ੍ਹ ਕੇ ਬਲ਼ਦੀ ਹੋਈ ਭੱਠੀ ਵਿਚ ਸੁੱਟ ਦੇਣ।
21 ਇਸ ਲਈ ਇਨ੍ਹਾਂ ਤਿੰਨਾਂ ਨੂੰ ਇਨ੍ਹਾਂ ਦੇ ਚੋਗਿਆਂ, ਕੁੜਤਿਆਂ, ਟੋਪੀਆਂ ਅਤੇ ਹੋਰ ਕੱਪੜਿਆਂ ਸਮੇਤ ਬੰਨ੍ਹ ਕੇ ਬਲ਼ਦੀ ਹੋਈ ਭੱਠੀ ਵਿਚ ਸੁੱਟ ਦਿੱਤਾ ਗਿਆ। 22 ਰਾਜੇ ਦਾ ਹੁਕਮ ਇੰਨਾ ਸਖ਼ਤ ਸੀ ਅਤੇ ਭੱਠੀ ਦੀ ਅੱਗ ਇੰਨੀ ਤੇਜ਼ ਸੀ ਕਿ ਸ਼ਦਰਕ, ਮੇਸ਼ਕ ਅਤੇ ਅਬਦਨਗੋ ਨੂੰ ਚੁੱਕ ਕੇ ਲਿਜਾਣ ਵਾਲੇ ਆਦਮੀ ਹੀ ਅੱਗ ਦੀ ਲਪੇਟ ਵਿਚ ਆ ਕੇ ਮਰ ਗਏ। 23 ਪਰ ਸ਼ਦਰਕ, ਮੇਸ਼ਕ ਅਤੇ ਅਬਦਨਗੋ ਤਿੰਨੇ ਬੱਝੇ ਹੋਏ ਬਲ਼ਦੀ ਹੋਈ ਭੱਠੀ ਵਿਚ ਡਿਗ ਗਏ।
24 ਫਿਰ ਰਾਜਾ ਨਬੂਕਦਨੱਸਰ ਬਹੁਤ ਜ਼ਿਆਦਾ ਡਰ ਗਿਆ। ਉਹ ਫਟਾਫਟ ਉੱਠਿਆ ਅਤੇ ਉਸ ਨੇ ਆਪਣੇ ਉੱਚ ਅਧਿਕਾਰੀਆਂ ਨੂੰ ਪੁੱਛਿਆ: “ਕੀ ਅਸੀਂ ਤਿੰਨ ਆਦਮੀਆਂ ਨੂੰ ਬੰਨ੍ਹ ਕੇ ਭੱਠੀ ਵਿਚ ਨਹੀਂ ਸੁੱਟਿਆ ਸੀ?” ਉਨ੍ਹਾਂ ਨੇ ਰਾਜੇ ਨੂੰ ਜਵਾਬ ਵਿਚ ਕਿਹਾ: “ਜੀ ਮਹਾਰਾਜ।” 25 ਰਾਜੇ ਨੇ ਕਿਹਾ: “ਦੇਖੋ! ਮੈਨੂੰ ਅੱਗ ਵਿਚ ਚਾਰ ਆਦਮੀ ਖੁੱਲ੍ਹੇ ਘੁੰਮਦੇ ਦਿਖਾਈ ਦੇ ਰਹੇ ਹਨ ਅਤੇ ਉਨ੍ਹਾਂ ਨੂੰ ਕੁਝ ਨਹੀਂ ਹੋਇਆ ਤੇ ਚੌਥਾ ਆਦਮੀ ਦੇਵਤੇ ਵਰਗਾ ਲੱਗ ਰਿਹਾ ਹੈ।”
26 ਫਿਰ ਰਾਜਾ ਨਬੂਕਦਨੱਸਰ ਨੇ ਬਲ਼ਦੀ ਹੋਈ ਭੱਠੀ ਦੇ ਦਰਵਾਜ਼ੇ ਕੋਲ ਜਾ ਕੇ ਉਨ੍ਹਾਂ ਨੂੰ ਆਵਾਜ਼ ਮਾਰੀ: “ਅੱਤ ਮਹਾਨ ਪਰਮੇਸ਼ੁਰ ਦੇ ਸੇਵਕੋ,+ ਸ਼ਦਰਕ, ਮੇਸ਼ਕ ਅਤੇ ਅਬਦਨਗੋ, ਬਾਹਰ ਆ ਜਾਓ! ਸ਼ਦਰਕ, ਮੇਸ਼ਕ ਅਤੇ ਅਬਦਨਗੋ ਅੱਗ ਵਿੱਚੋਂ ਬਾਹਰ ਨਿਕਲ ਆਏ। 27 ਉੱਥੇ ਹਾਜ਼ਰ ਸੂਬੇਦਾਰਾਂ, ਨਿਗਰਾਨਾਂ, ਰਾਜਪਾਲਾਂ ਅਤੇ ਰਾਜੇ ਦੇ ਉੱਚ ਅਧਿਕਾਰੀਆਂ+ ਨੇ ਦੇਖਿਆ ਕਿ ਉਨ੍ਹਾਂ ਆਦਮੀਆਂ ਦੇ ਸਰੀਰ ਜ਼ਰਾ ਵੀ ਝੁਲ਼ਸੇ ਨਹੀਂ ਸਨ,*+ ਇੱਥੋਂ ਤਕ ਕਿ ਉਨ੍ਹਾਂ ਦੇ ਸਿਰ ਦਾ ਇਕ ਵੀ ਵਾਲ਼ ਨਹੀਂ ਝੁਲ਼ਸਿਆ ਸੀ ਅਤੇ ਨਾ ਤਾਂ ਉਨ੍ਹਾਂ ਦੇ ਚੋਗੇ ਸੜੇ ਸਨ ਅਤੇ ਨਾ ਹੀ ਉਨ੍ਹਾਂ ਤੋਂ ਅੱਗ ਦੇ ਜਲ਼ਣ ਦੀ ਬੋ ਆ ਰਹੀ ਸੀ।
28 ਫਿਰ ਨਬੂਕਦਨੱਸਰ ਨੇ ਐਲਾਨ ਕੀਤਾ: “ਸ਼ਦਰਕ, ਮੇਸ਼ਕ ਅਤੇ ਅਬਦਨਗੋ ਦੇ ਪਰਮੇਸ਼ੁਰ ਦੀ ਮਹਿਮਾ ਹੋਵੇ+ ਜਿਸ ਨੇ ਆਪਣਾ ਦੂਤ ਭੇਜ ਕੇ ਆਪਣੇ ਸੇਵਕਾਂ ਨੂੰ ਬਚਾਇਆ। ਉਨ੍ਹਾਂ ਨੇ ਉਸ ʼਤੇ ਭਰੋਸਾ ਰੱਖਿਆ ਅਤੇ ਰਾਜੇ ਦਾ ਹੁਕਮ ਨਹੀਂ ਮੰਨਿਆ। ਉਹ ਆਪਣੇ ਪਰਮੇਸ਼ੁਰ ਤੋਂ ਸਿਵਾਇ ਕਿਸੇ ਹੋਰ ਦੇਵਤੇ ਦੀ ਭਗਤੀ ਕਰਨ ਜਾਂ ਉਸ ਨੂੰ ਮੱਥਾ ਟੇਕਣ ਦੀ ਬਜਾਇ ਮਰਨ ਲਈ ਤਿਆਰ ਸਨ।*+ 29 ਇਸ ਲਈ ਮੈਂ ਇਹ ਫ਼ਰਮਾਨ ਜਾਰੀ ਕਰਦਾ ਹਾਂ ਕਿ ਜੇ ਕਿਸੇ ਵੀ ਕੌਮ ਜਾਂ ਭਾਸ਼ਾ ਦੇ ਲੋਕਾਂ ਨੇ ਸ਼ਦਰਕ, ਮੇਸ਼ਕ ਅਤੇ ਅਬਦਨਗੋ ਦੇ ਪਰਮੇਸ਼ੁਰ ਦੇ ਖ਼ਿਲਾਫ਼ ਕੁਝ ਕਿਹਾ, ਤਾਂ ਉਨ੍ਹਾਂ ਦੇ ਟੋਟੇ-ਟੋਟੇ ਕਰ ਦਿੱਤੇ ਜਾਣਗੇ ਅਤੇ ਉਨ੍ਹਾਂ ਦੇ ਘਰ ਲੋਕਾਂ ਲਈ ਪਖਾਨੇ* ਬਣਾ ਦਿੱਤੇ ਜਾਣਗੇ ਕਿਉਂਕਿ ਅਜਿਹਾ ਕੋਈ ਦੇਵਤਾ ਨਹੀਂ ਜੋ ਇਸ ਤਰ੍ਹਾਂ ਬਚਾਉਣ ਦੀ ਤਾਕਤ ਰੱਖਦਾ ਹੋਵੇ।”+
30 ਫਿਰ ਰਾਜੇ ਨੇ ਸ਼ਦਰਕ, ਮੇਸ਼ਕ ਅਤੇ ਅਬਦਨਗੋ ਨੂੰ ਬਾਬਲ ਜ਼ਿਲ੍ਹੇ ਵਿਚ ਹੋਰ ਵੀ ਉੱਚੇ ਅਹੁਦੇ ਦਿੱਤੇ।+
4 “ਪੂਰੀ ਧਰਤੀ ਉੱਤੇ ਵੱਖੋ-ਵੱਖਰੀਆਂ ਕੌਮਾਂ ਅਤੇ ਭਾਸ਼ਾਵਾਂ ਦੇ ਲੋਕਾਂ ਨੂੰ ਰਾਜਾ ਨਬੂਕਦਨੱਸਰ ਦਾ ਇਹ ਸੰਦੇਸ਼ ਹੈ: ਤੁਸੀਂ ਸ਼ਾਂਤੀ ਨਾਲ ਵੱਸੋ! 2 ਮੈਨੂੰ ਉਨ੍ਹਾਂ ਨਿਸ਼ਾਨੀਆਂ ਅਤੇ ਕਰਾਮਾਤਾਂ ਬਾਰੇ ਦੱਸਦਿਆਂ ਖ਼ੁਸ਼ੀ ਹੋ ਰਹੀ ਹੈ ਜੋ ਅੱਤ ਮਹਾਨ ਪਰਮੇਸ਼ੁਰ ਨੇ ਮੇਰੇ ਲਈ ਕੀਤੀਆਂ ਹਨ। 3 ਕਿੰਨੀਆਂ ਵੱਡੀਆਂ ਹਨ ਉਸ ਦੀਆਂ ਨਿਸ਼ਾਨੀਆਂ ਅਤੇ ਕਿੰਨੀਆਂ ਅਨੋਖੀਆਂ ਹਨ ਉਸ ਦੀਆਂ ਕਰਾਮਾਤਾਂ! ਉਸ ਦਾ ਰਾਜ ਸਦਾ ਲਈ ਕਾਇਮ ਰਹਿੰਦਾ ਹੈ ਅਤੇ ਉਸ ਦੀ ਹਕੂਮਤ ਪੀੜ੍ਹੀਓ-ਪੀੜ੍ਹੀ ਬਣੀ ਰਹਿੰਦੀ ਹੈ।+
4 “ਮੈਂ, ਨਬੂਕਦਨੱਸਰ ਆਪਣੇ ਮਹਿਲ ਵਿਚ ਸੁੱਖ-ਚੈਨ ਦੀ ਜ਼ਿੰਦਗੀ ਜੀ ਰਿਹਾ ਸੀ। 5 ਮੈਂ ਇਕ ਸੁਪਨਾ ਦੇਖਿਆ ਜਿਸ ਕਾਰਨ ਮੈਂ ਬਹੁਤ ਡਰ ਗਿਆ। ਜਦੋਂ ਮੈਂ ਆਪਣੇ ਬਿਸਤਰੇ ʼਤੇ ਸੁੱਤਾ ਪਿਆ ਸੀ, ਤਾਂ ਮੈਂ ਅਜਿਹੀਆਂ ਚੀਜ਼ਾਂ ਅਤੇ ਦਰਸ਼ਣ ਦੇਖੇ ਜਿਨ੍ਹਾਂ ਕਾਰਨ ਮੈਂ ਬਹੁਤ ਘਬਰਾ ਗਿਆ।+ 6 ਇਸ ਲਈ ਮੈਂ ਫ਼ਰਮਾਨ ਜਾਰੀ ਕੀਤਾ ਕਿ ਬਾਬਲ ਦੇ ਸਾਰੇ ਬੁੱਧੀਮਾਨ ਆਦਮੀਆਂ ਨੂੰ ਮੇਰੇ ਸਾਮ੍ਹਣੇ ਪੇਸ਼ ਕੀਤਾ ਜਾਵੇ ਤਾਂਕਿ ਉਹ ਮੈਨੂੰ ਸੁਪਨੇ ਦਾ ਮਤਲਬ ਦੱਸਣ।+
7 “ਉਸ ਸਮੇਂ ਜਾਦੂਗਰੀ ਕਰਨ ਵਾਲੇ ਪੁਜਾਰੀ, ਤਾਂਤ੍ਰਿਕ, ਕਸਦੀ* ਅਤੇ ਜੋਤਸ਼ੀ+ ਮੇਰੇ ਕੋਲ ਆਏ। ਜਦ ਮੈਂ ਉਨ੍ਹਾਂ ਨੂੰ ਆਪਣਾ ਸੁਪਨਾ ਦੱਸਿਆ, ਤਾਂ ਉਹ ਮੈਨੂੰ ਇਸ ਦਾ ਮਤਲਬ ਨਹੀਂ ਦੱਸ ਸਕੇ।+ 8 ਅਖ਼ੀਰ ਵਿਚ ਦਾਨੀਏਲ ਮੇਰੇ ਸਾਮ੍ਹਣੇ ਪੇਸ਼ ਹੋਇਆ ਜਿਸ ਦਾ ਨਾਂ ਮੇਰੇ ਦੇਵਤੇ ਦੇ ਨਾਂ ʼਤੇ ਬੇਲਟਸ਼ੱਸਰ ਹੈ+ ਅਤੇ ਉਸ ਵਿਚ ਪਵਿੱਤਰ ਦੇਵਤਿਆਂ ਦੀ ਸ਼ਕਤੀ ਹੈ।+ ਮੈਂ ਉਸ ਨੂੰ ਆਪਣਾ ਸੁਪਨਾ ਦੱਸਿਆ:
9 “‘ਹੇ ਬੇਲਟਸ਼ੱਸਰ, ਜਾਦੂਗਰੀ ਕਰਨ ਵਾਲੇ ਪੁਜਾਰੀਆਂ ਦੇ ਪ੍ਰਧਾਨ,+ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਤੇਰੇ ਵਿਚ ਪਵਿੱਤਰ ਦੇਵਤਿਆਂ ਦੀ ਸ਼ਕਤੀ ਹੈ+ ਅਤੇ ਤੇਰੇ ਲਈ ਕੋਈ ਵੀ ਭੇਤ ਜ਼ਾਹਰ ਕਰਨਾ ਔਖਾ ਨਹੀਂ ਹੈ।+ ਇਸ ਲਈ ਮੈਨੂੰ ਸੁਪਨੇ ਵਿਚ ਦੇਖੇ ਦਰਸ਼ਣਾਂ ਦਾ ਮਤਲਬ ਸਮਝਾ।
10 “‘ਆਪਣੇ ਬਿਸਤਰੇ ʼਤੇ ਸੁੱਤੇ ਪਿਆਂ ਮੈਂ ਦਰਸ਼ਣ ਵਿਚ ਧਰਤੀ ਦੇ ਵਿਚਕਾਰ ਇਕ ਦਰਖ਼ਤ ਦੇਖਿਆ+ ਜੋ ਬਹੁਤ ਹੀ ਉੱਚਾ ਸੀ।+ 11 ਉਹ ਦਰਖ਼ਤ ਵਧਿਆ ਅਤੇ ਮਜ਼ਬੂਤ ਹੋ ਗਿਆ ਅਤੇ ਉਸ ਦਾ ਸਿਰਾ ਆਕਾਸ਼ ਨੂੰ ਛੋਹਣ ਲੱਗ ਪਿਆ ਅਤੇ ਉਹ ਧਰਤੀ ਦੇ ਕੋਨੇ-ਕੋਨੇ ਤੋਂ ਨਜ਼ਰ ਆਉਂਦਾ ਸੀ। 12 ਉਹ ਦਰਖ਼ਤ ਹਰਿਆ-ਭਰਿਆ ਅਤੇ ਫਲਾਂ ਨਾਲ ਲੱਦਿਆ ਹੋਇਆ ਸੀ ਅਤੇ ਉਸ ਤੋਂ ਸਾਰਿਆਂ ਨੂੰ ਭੋਜਨ ਮਿਲਦਾ ਸੀ। ਜਾਨਵਰ ਉਸ ਦੀ ਛਾਂ ਹੇਠਾਂ ਬੈਠਦੇ ਸਨ ਅਤੇ ਪੰਛੀ ਉਸ ਦੀਆਂ ਟਾਹਣੀਆਂ ʼਤੇ ਬਸੇਰਾ ਕਰਦੇ ਸਨ ਅਤੇ ਸਾਰੇ ਜੀਵ-ਜੰਤੂਆਂ ਨੂੰ ਉਸ ਤੋਂ ਭੋਜਨ ਮਿਲਦਾ ਸੀ।
13 “‘ਬਿਸਤਰੇ ʼਤੇ ਪਿਆਂ ਮੈਂ ਦਰਸ਼ਣ ਵਿਚ ਅੱਗੇ ਦੇਖਿਆ ਕਿ ਇਕ ਪਹਿਰੇਦਾਰ, ਹਾਂ, ਇਕ ਪਵਿੱਤਰ ਦੂਤ ਆਕਾਸ਼ੋਂ ਹੇਠਾਂ ਉੱਤਰ ਰਿਹਾ ਸੀ।+ 14 ਉਸ ਨੇ ਉੱਚੀ ਆਵਾਜ਼ ਵਿਚ ਕਿਹਾ: “ਦਰਖ਼ਤ ਨੂੰ ਵੱਢ ਦਿਓ,+ ਇਸ ਦੀਆਂ ਟਾਹਣੀਆਂ ਨੂੰ ਕੱਟ ਦਿਓ, ਇਸ ਦੇ ਪੱਤੇ ਝਾੜ ਦਿਓ ਅਤੇ ਇਸ ਦੇ ਫਲਾਂ ਨੂੰ ਖਿਲਾਰ ਦਿਓ! ਇਸ ਦੇ ਥੱਲਿਓਂ ਜਾਨਵਰ ਭੱਜ ਜਾਣ ਅਤੇ ਇਸ ਦੀਆਂ ਟਾਹਣੀਆਂ ਤੋਂ ਪੰਛੀ ਉੱਡ ਜਾਣ। 15 ਪਰ ਇਸ ਦੇ ਮੁੱਢ ਨੂੰ ਜੜ੍ਹ ਸਮੇਤ ਜ਼ਮੀਨ ਵਿਚ ਹੀ ਰਹਿਣ ਦਿਓ ਅਤੇ ਇਸ ਨੂੰ ਲੋਹੇ ਅਤੇ ਤਾਂਬੇ ਦੀਆਂ ਮੋਟੀਆਂ ਪੱਤੀਆਂ ਨਾਲ ਬੰਨ੍ਹ ਕੇ ਜੰਗਲ ਦੇ ਘਾਹ ਵਿਚ ਰਹਿਣ ਦਿਓ। ਇਹ ਆਕਾਸ਼ ਦੀ ਤ੍ਰੇਲ ਨਾਲ ਭਿੱਜੇ। ਇਹ ਜ਼ਮੀਨ ਦੇ ਘਾਹ ਵਿਚ ਜਾਨਵਰਾਂ ਨਾਲ ਰਹੇ।+ 16 ਇਸ ਦਾ ਦਿਲ ਇਨਸਾਨ ਦਾ ਨਾ ਰਹੇ, ਸਗੋਂ ਬਦਲ ਕੇ ਜਾਨਵਰ ਦੇ ਦਿਲ ਵਰਗਾ ਹੋ ਜਾਵੇ ਅਤੇ ਇਸ ʼਤੇ ਸੱਤ ਸਮੇਂ+ ਬੀਤਣ।+ 17 ਪਹਿਰੇਦਾਰਾਂ+ ਨੇ ਇਸ ਫ਼ਰਮਾਨ ਦਾ ਐਲਾਨ ਕੀਤਾ ਹੈ ਅਤੇ ਪਵਿੱਤਰ ਦੂਤਾਂ ਨੇ ਇਸ ਫ਼ੈਸਲੇ ਦੀ ਘੋਸ਼ਣਾ ਕੀਤੀ ਹੈ ਤਾਂਕਿ ਧਰਤੀ ʼਤੇ ਜੀਉਣ ਵਾਲੇ ਲੋਕ ਜਾਣ ਲੈਣ ਕਿ ਅੱਤ ਮਹਾਨ ਪਰਮੇਸ਼ੁਰ ਇਨਸਾਨੀ ਹਕੂਮਤਾਂ ʼਤੇ ਰਾਜ ਕਰਦਾ ਹੈ।+ ਉਹ ਜਿਸ ਨੂੰ ਚਾਹੇ, ਰਾਜ ਦਿੰਦਾ ਹੈ ਅਤੇ ਉਹ ਨੀਵੇਂ ਤੋਂ ਨੀਵੇਂ ਇਨਸਾਨ ਨੂੰ ਵੀ ਰਾਜ-ਗੱਦੀ ʼਤੇ ਬਿਠਾਉਂਦਾ ਹੈ।”
18 “‘ਮੈਂ, ਰਾਜਾ ਨਬੂਕਦਨੱਸਰ ਨੇ ਇਹ ਸੁਪਨਾ ਦੇਖਿਆ। ਹੁਣ ਹੇ ਬੇਲਟਸ਼ੱਸਰ, ਮੈਨੂੰ ਇਸ ਸੁਪਨੇ ਦਾ ਮਤਲਬ ਦੱਸ ਕਿਉਂਕਿ ਮੇਰੇ ਰਾਜ ਦੇ ਹੋਰ ਸਾਰੇ ਬੁੱਧੀਮਾਨ ਆਦਮੀ ਮੈਨੂੰ ਇਸ ਦਾ ਮਤਲਬ ਨਹੀਂ ਦੱਸ ਸਕੇ।+ ਪਰ ਤੂੰ ਦੱਸ ਸਕਦਾ ਹੈਂ ਕਿਉਂਕਿ ਤੇਰੇ ਵਿਚ ਪਵਿੱਤਰ ਦੇਵਤਿਆਂ ਦੀ ਸ਼ਕਤੀ ਕੰਮ ਕਰਦੀ ਹੈ।’
19 “ਉਸ ਵੇਲੇ ਦਾਨੀਏਲ, ਜਿਸ ਦਾ ਨਾਂ ਬੇਲਟਸ਼ੱਸਰ ਸੀ,+ ਬਹੁਤ ਡਰ ਗਿਆ ਅਤੇ ਇਕ ਪਲ ਲਈ ਸੁੰਨ ਹੋ ਗਿਆ।
“ਰਾਜੇ ਨੇ ਕਿਹਾ, ‘ਹੇ ਬੇਲਟਸ਼ੱਸਰ, ਤੂੰ ਸੁਪਨੇ ਅਤੇ ਇਸ ਦੇ ਮਤਲਬ ਬਾਰੇ ਸੋਚ ਕੇ ਨਾ ਘਬਰਾ।’
“ਬੇਲਟਸ਼ੱਸਰ ਨੇ ਜਵਾਬ ਦਿੱਤਾ: ‘ਹੇ ਮੇਰੇ ਪ੍ਰਭੂ, ਇਹ ਸੁਪਨਾ ਉਨ੍ਹਾਂ ʼਤੇ ਪੂਰਾ ਹੋਵੇ ਜੋ ਤੈਨੂੰ ਨਫ਼ਰਤ ਕਰਦੇ ਹਨ ਅਤੇ ਇਸ ਸੁਪਨੇ ਦਾ ਜੋ ਵੀ ਮਤਲਬ ਹੈ, ਉਹ ਤੇਰੇ ਦੁਸ਼ਮਣਾਂ ʼਤੇ ਪੂਰਾ ਹੋਵੇ।
20 “‘ਜੋ ਦਰਖ਼ਤ ਤੂੰ ਦੇਖਿਆ, ਉਹ ਬਹੁਤ ਵੱਡਾ ਤੇ ਮਜ਼ਬੂਤ ਹੋ ਗਿਆ। ਉਸ ਦਾ ਸਿਰਾ ਆਕਾਸ਼ ਨੂੰ ਛੋਹਣ ਲੱਗ ਪਿਆ ਅਤੇ ਉਹ ਧਰਤੀ ਦੇ ਕੋਨੇ-ਕੋਨੇ ਤੋਂ ਨਜ਼ਰ ਆਉਂਦਾ ਸੀ।+ 21 ਉਹ ਦਰਖ਼ਤ ਹਰਿਆ-ਭਰਿਆ ਅਤੇ ਫਲਾਂ ਨਾਲ ਲੱਦਿਆ ਹੋਇਆ ਸੀ ਅਤੇ ਉਸ ਤੋਂ ਸਾਰਿਆਂ ਨੂੰ ਭੋਜਨ ਮਿਲਦਾ ਸੀ। ਜਾਨਵਰ ਉਸ ਦੇ ਹੇਠਾਂ ਰਹਿੰਦੇ ਸਨ ਅਤੇ ਪੰਛੀ ਉਸ ਦੀਆਂ ਟਾਹਣੀਆਂ ʼਤੇ ਬਸੇਰਾ ਕਰਦੇ ਸਨ।+ 22 ਹੇ ਮਹਾਰਾਜ, ਤੂੰ ਹੀ ਉਹ ਦਰਖ਼ਤ ਹੈਂ ਕਿਉਂਕਿ ਤੂੰ ਬਹੁਤ ਮਹਾਨ ਅਤੇ ਤਾਕਤਵਰ ਹੋ ਗਿਆ ਹੈਂ ਅਤੇ ਤੇਰੀ ਸ਼ਾਨੋ-ਸ਼ੌਕਤ ਆਸਮਾਨ ਤਕ ਪਹੁੰਚ ਗਈ ਹੈ+ ਅਤੇ ਤੇਰੀ ਹਕੂਮਤ ਧਰਤੀ ਦੇ ਕੋਨੇ-ਕੋਨੇ ਵਿਚ ਫੈਲ ਗਈ ਹੈ।+
23 “‘ਨਾਲੇ ਰਾਜੇ ਨੇ ਇਕ ਪਹਿਰੇਦਾਰ ਨੂੰ, ਹਾਂ, ਇਕ ਪਵਿੱਤਰ ਦੂਤ+ ਨੂੰ ਆਕਾਸ਼ੋਂ ਹੇਠਾਂ ਆਉਂਦਿਆਂ ਦੇਖਿਆ ਜੋ ਇਹ ਕਹਿ ਰਿਹਾ ਸੀ: “ਦਰਖ਼ਤ ਨੂੰ ਵੱਢ ਕੇ ਨਾਸ਼ ਕਰ ਦਿਓ, ਪਰ ਇਸ ਦੇ ਮੁੱਢ ਨੂੰ ਜੜ੍ਹ ਸਮੇਤ ਜ਼ਮੀਨ ਵਿਚ ਹੀ ਰਹਿਣ ਦਿਓ ਅਤੇ ਮੁੱਢ ਨੂੰ ਲੋਹੇ ਅਤੇ ਤਾਂਬੇ ਦੀਆਂ ਮੋਟੀਆਂ ਪੱਤੀਆਂ ਨਾਲ ਬੰਨ੍ਹ ਕੇ ਜੰਗਲ ਦੇ ਘਾਹ ਵਿਚ ਛੱਡ ਦਿਓ। ਨਾਲੇ ਇਹ ਆਕਾਸ਼ ਦੀ ਤ੍ਰੇਲ ਨਾਲ ਭਿੱਜੇ ਅਤੇ ਇਸ ʼਤੇ ਸੱਤ ਸਮੇਂ ਬੀਤਣ ਤਕ ਇਹ ਜ਼ਮੀਨ ਦੇ ਘਾਹ ਵਿਚ ਜਾਨਵਰਾਂ ਨਾਲ ਰਹੇ।”+ 24 ਹੇ ਮਹਾਰਾਜ, ਇਸ ਦਾ ਮਤਲਬ ਸੁਣ। ਮੇਰੇ ਪ੍ਰਭੂ ਅਤੇ ਮਹਾਰਾਜ, ਤੈਨੂੰ ਅੱਤ ਮਹਾਨ ਦੇ ਇਸ ਫ਼ੈਸਲੇ ਦਾ ਅੰਜਾਮ ਭੁਗਤਣਾ ਪਵੇਗਾ। 25 ਤੈਨੂੰ ਇਨਸਾਨਾਂ ਵਿੱਚੋਂ ਕੱਢਿਆ ਜਾਵੇਗਾ ਅਤੇ ਤੂੰ ਜੰਗਲੀ ਜਾਨਵਰਾਂ ਦੇ ਨਾਲ ਰਹੇਂਗਾ ਅਤੇ ਤੂੰ ਬਲਦਾਂ ਵਾਂਗ ਘਾਹ ਖਾਵੇਂਗਾ। ਤੇਰਾ ਸਰੀਰ ਆਕਾਸ਼ ਦੀ ਤ੍ਰੇਲ ਨਾਲ ਭਿੱਜੇਗਾ+ ਅਤੇ ਤੇਰੇ ਉੱਤੇ ਸੱਤ ਸਮੇਂ+ ਬੀਤਣਗੇ+ ਅਤੇ ਫਿਰ ਤੂੰ ਜਾਣ ਲਵੇਂਗਾ ਕਿ ਅੱਤ ਮਹਾਨ ਇਨਸਾਨੀ ਹਕੂਮਤਾਂ ʼਤੇ ਰਾਜ ਕਰਦਾ ਹੈ ਅਤੇ ਉਹ ਜਿਸ ਨੂੰ ਚਾਹੇ, ਰਾਜ ਦਿੰਦਾ ਹੈ।+
26 “‘ਪਰ ਉਨ੍ਹਾਂ ਨੇ ਕਿਹਾ ਕਿ ਦਰਖ਼ਤ ਦੇ ਮੁੱਢ ਨੂੰ ਜੜ੍ਹ ਸਮੇਤ ਜ਼ਮੀਨ ਵਿਚ ਹੀ ਰਹਿਣ ਦਿਓ।+ ਇਸ ਦਾ ਮਤਲਬ ਹੈ ਕਿ ਤੇਰਾ ਰਾਜ ਤੈਨੂੰ ਵਾਪਸ ਦੇ ਦਿੱਤਾ ਜਾਵੇਗਾ ਜਦ ਤੂੰ ਇਹ ਜਾਣ ਲਵੇਂਗਾ ਕਿ ਪਰਮੇਸ਼ੁਰ ਸਵਰਗ ਵਿਚ ਰਾਜ ਕਰ ਰਿਹਾ ਹੈ। 27 ਇਸ ਲਈ ਹੇ ਮਹਾਰਾਜ, ਮੇਰੀ ਸਲਾਹ ਮੰਨ। ਆਪਣੇ ਪਾਪਾਂ ਤੋਂ ਤੋਬਾ ਕਰ ਕੇ ਸਹੀ ਕੰਮ ਕਰ ਅਤੇ ਦੁਸ਼ਟ ਕੰਮ ਛੱਡ ਕੇ ਗ਼ਰੀਬਾਂ ʼਤੇ ਦਇਆ ਕਰ। ਹੋ ਸਕਦਾ ਹੈ ਕਿ ਤੇਰੀ ਖ਼ੁਸ਼ਹਾਲੀ ਬਰਕਰਾਰ ਰਹੇ।’”+
28 ਰਾਜਾ ਨਬੂਕਦਨੱਸਰ ਨਾਲ ਇਹ ਸਾਰੀਆਂ ਗੱਲਾਂ ਵਾਪਰੀਆਂ।
29 ਇਹ ਸੁਪਨਾ ਦੇਖਣ ਤੋਂ 12 ਮਹੀਨੇ ਬਾਅਦ ਇਕ ਦਿਨ ਰਾਜਾ ਬਾਬਲ ਵਿਚ ਆਪਣੇ ਸ਼ਾਹੀ ਮਹਿਲ ਦੀ ਛੱਤ ʼਤੇ ਟਹਿਲ ਰਿਹਾ ਸੀ। 30 ਰਾਜੇ ਨੇ ਕਿਹਾ: “ਕੀ ਇਹ ਮਹਾਂ ਬਾਬਲ ਨਹੀਂ ਜਿਸ ਨੂੰ ਮੈਂ ਆਪਣੇ ਬਲ ਅਤੇ ਤਾਕਤ ਦੇ ਦਮ ʼਤੇ ਸ਼ਾਹੀ ਘਰਾਣੇ ਦੇ ਰਹਿਣ ਲਈ ਬਣਾਇਆ ਹੈ ਅਤੇ ਕੀ ਇਹ ਸ਼ਹਿਰ ਮੇਰੀ ਤਾਕਤ ਅਤੇ ਮੇਰੀ ਸ਼ਾਨੋ-ਸ਼ੌਕਤ ਦਾ ਸਬੂਤ ਨਹੀਂ ਹੈ?”
31 ਇਹ ਗੱਲ ਅਜੇ ਰਾਜੇ ਦੇ ਮੂੰਹ ਵਿਚ ਹੀ ਸੀ ਕਿ ਸਵਰਗੋਂ ਇਕ ਆਵਾਜ਼ ਆਈ: “ਹੇ ਰਾਜਾ ਨਬੂਕਦਨੱਸਰ, ਇਹ ਸੰਦੇਸ਼ ਤੇਰੇ ਲਈ ਹੈ, ‘ਤੇਰਾ ਰਾਜ ਤੇਰੇ ਤੋਂ ਲੈ ਲਿਆ ਗਿਆ ਹੈ+ 32 ਅਤੇ ਤੈਨੂੰ ਇਨਸਾਨਾਂ ਵਿੱਚੋਂ ਕੱਢਿਆ ਜਾ ਰਿਹਾ ਹੈ। ਤੂੰ ਜੰਗਲੀ ਜਾਨਵਰਾਂ ਦੇ ਨਾਲ ਰਹੇਂਗਾ ਅਤੇ ਬਲਦਾਂ ਵਾਂਗ ਘਾਹ ਖਾਵੇਂਗਾ। ਤੇਰੇ ਉੱਤੇ ਸੱਤ ਸਮੇਂ ਬੀਤਣਗੇ ਅਤੇ ਫਿਰ ਤੂੰ ਜਾਣ ਲਵੇਂਗਾ ਕਿ ਅੱਤ ਮਹਾਨ ਇਨਸਾਨੀ ਹਕੂਮਤਾਂ ʼਤੇ ਰਾਜ ਕਰਦਾ ਹੈ ਅਤੇ ਉਹ ਜਿਸ ਨੂੰ ਚਾਹੇ, ਰਾਜ ਦਿੰਦਾ ਹੈ।’”+
33 ਉਸੇ ਵੇਲੇ ਇਹ ਗੱਲ ਨਬੂਕਦਨੱਸਰ ਉੱਤੇ ਪੂਰੀ ਹੋਈ। ਉਸ ਨੂੰ ਇਨਸਾਨਾਂ ਵਿੱਚੋਂ ਕੱਢਿਆ ਗਿਆ ਅਤੇ ਉਹ ਬਲਦਾਂ ਵਾਂਗ ਘਾਹ ਖਾਣ ਲੱਗਾ ਅਤੇ ਉਸ ਦਾ ਸਰੀਰ ਆਕਾਸ਼ ਦੀ ਤ੍ਰੇਲ ਨਾਲ ਭਿੱਜਣ ਲੱਗਾ। ਉਸ ਦੇ ਵਾਲ਼ ਉਕਾਬਾਂ ਦੇ ਖੰਭਾਂ ਵਾਂਗ ਲੰਬੇ ਹੋ ਗਏ ਅਤੇ ਉਸ ਦੇ ਨਹੁੰ ਪੰਛੀਆਂ ਦੀਆਂ ਨਹੁੰਦਰਾਂ ਵਾਂਗ ਹੋ ਗਏ।+
34 “ਉਸ ਸਮੇਂ ਦੇ ਖ਼ਤਮ ਹੋਣ ਤੇ+ ਮੈਂ ਨਬੂਕਦਨੱਸਰ ਨੇ ਸਵਰਗ ਵੱਲ ਦੇਖਿਆ ਅਤੇ ਮੈਨੂੰ ਹੋਸ਼ ਆ ਗਈ ਅਤੇ ਮੈਂ ਅੱਤ ਮਹਾਨ ਦੀ ਮਹਿਮਾ ਅਤੇ ਵਡਿਆਈ ਕੀਤੀ ਜੋ ਸਦਾ ਜੀਉਂਦਾ ਰਹਿੰਦਾ ਹੈ ਕਿਉਂਕਿ ਉਸ ਦੀ ਹਕੂਮਤ ਹਮੇਸ਼ਾ-ਹਮੇਸ਼ਾ ਕਾਇਮ ਰਹਿੰਦੀ ਹੈ ਅਤੇ ਉਸ ਦਾ ਰਾਜ ਪੀੜ੍ਹੀਓ-ਪੀੜ੍ਹੀ ਬਣਿਆ ਰਹਿੰਦਾ ਹੈ।+ 35 ਧਰਤੀ ਦੇ ਸਾਰੇ ਵਾਸੀ ਉਸ ਸਾਮ੍ਹਣੇ ਕੁਝ ਵੀ ਨਹੀਂ ਹਨ ਅਤੇ ਉਹ ਸਵਰਗ ਦੀਆਂ ਫ਼ੌਜਾਂ ਅਤੇ ਧਰਤੀ ਦੇ ਵਾਸੀਆਂ ਨਾਲ ਉਹੀ ਕਰਦਾ ਹੈ ਜੋ ਉਸ ਦੀ ਮਰਜ਼ੀ ਹੈ। ਉਸ ਨੂੰ ਕੋਈ ਰੋਕ ਨਹੀਂ ਸਕਦਾ*+ ਜਾਂ ਇਹ ਨਹੀਂ ਕਹਿ ਸਕਦਾ, ‘ਤੂੰ ਇਹ ਕੀ ਕੀਤਾ?’+
36 “ਉਸ ਵੇਲੇ ਮੈਨੂੰ ਹੋਸ਼ ਆ ਗਈ ਅਤੇ ਮੇਰੇ ਰਾਜ ਦੀ ਮਹਿਮਾ, ਮੇਰੀ ਇੱਜ਼ਤ ਅਤੇ ਮੇਰੀ ਸ਼ਾਨ ਮੈਨੂੰ ਵਾਪਸ ਦੇ ਦਿੱਤੀ ਗਈ।+ ਮੇਰੇ ਮੰਤਰੀ ਅਤੇ ਉੱਚ ਅਧਿਕਾਰੀ ਦੁਬਾਰਾ ਮੇਰੇ ਤੋਂ ਸਲਾਹ ਲੈਣ ਲੱਗ ਪਏ ਅਤੇ ਮੈਨੂੰ ਮੇਰਾ ਰਾਜ ਵਾਪਸ ਦੇ ਦਿੱਤਾ ਗਿਆ, ਇੱਥੋਂ ਤਕ ਕਿ ਮੈਨੂੰ ਪਹਿਲਾਂ ਨਾਲੋਂ ਜ਼ਿਆਦਾ ਆਦਰ ਦਿੱਤਾ ਗਿਆ।
37 “ਹੁਣ ਮੈਂ, ਨਬੂਕਦਨੱਸਰ ਸਵਰਗ ਦੇ ਰਾਜੇ ਦਾ ਗੁਣਗਾਨ, ਵਡਿਆਈ ਅਤੇ ਮਹਿਮਾ ਕਰਦਾ ਹਾਂ+ ਕਿਉਂਕਿ ਉਹ ਸਾਰੇ ਕੰਮ ਸੱਚਾਈ ਮੁਤਾਬਕ ਕਰਦਾ ਹੈ ਅਤੇ ਉਸ ਦੇ ਸਾਰੇ ਰਾਹ ਨਿਆਂ ਦੇ ਹਨ।+ ਨਾਲੇ ਉਹ ਘਮੰਡੀਆਂ ਦਾ ਸਿਰ ਨੀਵਾਂ ਕਰਦਾ ਹੈ।”+
5 ਰਾਜਾ ਬੇਲਸ਼ੱਸਰ+ ਨੇ ਆਪਣੇ 1,000 ਉੱਚ ਅਧਿਕਾਰੀਆਂ ਨੂੰ ਇਕ ਵੱਡੀ ਦਾਅਵਤ ਦਿੱਤੀ ਅਤੇ ਉਸ ਨੇ ਉਨ੍ਹਾਂ ਦੇ ਸਾਮ੍ਹਣੇ ਦਾਖਰਸ ਪੀਤਾ।+ 2 ਦਾਖਰਸ ਦੇ ਨਸ਼ੇ ਵਿਚ ਬੇਲਸ਼ੱਸਰ ਨੇ ਹੁਕਮ ਦਿੱਤਾ ਕਿ ਸੋਨੇ ਅਤੇ ਚਾਂਦੀ ਦੇ ਉਹ ਭਾਂਡੇ ਲਿਆਏ ਜਾਣ ਜੋ ਉਸ ਦਾ ਪਿਤਾ* ਨਬੂਕਦਨੱਸਰ ਯਰੂਸ਼ਲਮ ਦੇ ਮੰਦਰ ਵਿੱਚੋਂ ਚੁੱਕ ਕੇ ਲਿਆਇਆ ਸੀ+ ਤਾਂਕਿ ਉਹ, ਉਸ ਦੇ ਉੱਚ ਅਧਿਕਾਰੀ, ਉਸ ਦੀਆਂ ਰਖੇਲਾਂ ਅਤੇ ਉਸ ਦੀਆਂ ਦੂਸਰੀਆਂ ਪਤਨੀਆਂ ਉਨ੍ਹਾਂ ਭਾਂਡਿਆਂ ਵਿਚ ਪੀਣ। 3 ਫਿਰ ਉਹ ਸੋਨੇ ਦੇ ਭਾਂਡੇ ਲਿਆਏ ਜੋ ਯਰੂਸ਼ਲਮ ਵਿਚ ਪਰਮੇਸ਼ੁਰ ਦੇ ਭਵਨ ਦੇ ਮੰਦਰ ਵਿੱਚੋਂ ਚੁੱਕ ਕੇ ਲਿਆਂਦੇ ਗਏ ਸਨ ਅਤੇ ਰਾਜੇ, ਉਸ ਦੇ ਉੱਚ ਅਧਿਕਾਰੀਆਂ, ਉਸ ਦੀਆਂ ਰਖੇਲਾਂ ਅਤੇ ਉਸ ਦੀਆਂ ਦੂਸਰੀਆਂ ਪਤਨੀਆਂ ਨੇ ਉਨ੍ਹਾਂ ਵਿਚ ਪੀਤਾ। 4 ਉਨ੍ਹਾਂ ਨੇ ਦਾਖਰਸ ਪੀ ਕੇ ਸੋਨੇ, ਚਾਂਦੀ, ਤਾਂਬੇ, ਲੋਹੇ, ਲੱਕੜ ਅਤੇ ਪੱਥਰ ਦੇ ਬਣੇ ਦੇਵੀ-ਦੇਵਤਿਆਂ ਦੀ ਵਡਿਆਈ ਕੀਤੀ।
5 ਉਸੇ ਪਲ ਇਕ ਆਦਮੀ ਦਾ ਹੱਥ ਪ੍ਰਗਟ ਹੋਇਆ ਅਤੇ ਉਸ ਨੇ ਰਾਜੇ ਦੇ ਮਹਿਲ ਵਿਚ ਸ਼ਮਾਦਾਨ ਦੇ ਨੇੜੇ ਪਲਸਤਰ ਕੀਤੀ ਹੋਈ ਕੰਧ ਉੱਤੇ ਲਿਖਣਾ ਸ਼ੁਰੂ ਕਰ ਦਿੱਤਾ ਅਤੇ ਰਾਜੇ ਨੇ ਉਸ ਹੱਥ ਨੂੰ ਕੰਧ ʼਤੇ ਲਿਖਦੇ ਹੋਏ ਦੇਖਿਆ। 6 ਇਹ ਦੇਖ ਕੇ ਰਾਜੇ ਦੇ ਚਿਹਰੇ ਦਾ ਰੰਗ ਪੀਲ਼ਾ ਪੈ ਗਿਆ* ਅਤੇ ਉਹ ਬਹੁਤ ਜ਼ਿਆਦਾ ਡਰ ਗਿਆ ਅਤੇ ਉਸ ਦੇ ਚੂਲ਼ੇ ਦੇ ਜੋੜ ਹਿਲਣ ਲੱਗੇ+ ਅਤੇ ਉਸ ਦੇ ਗੋਡੇ ਆਪਸ ਵਿਚ ਟਕਰਾਉਣ ਲੱਗ ਪਏ।
7 ਰਾਜੇ ਨੇ ਉੱਚੀ ਆਵਾਜ਼ ਵਿਚ ਹੁਕਮ ਦਿੱਤਾ ਕਿ ਤਾਂਤ੍ਰਿਕਾਂ, ਕਸਦੀਆਂ* ਅਤੇ ਜੋਤਸ਼ੀਆਂ ਨੂੰ ਬੁਲਾਇਆ ਜਾਵੇ।+ ਰਾਜੇ ਨੇ ਬਾਬਲ ਦੇ ਬੁੱਧੀਮਾਨ ਆਦਮੀਆਂ ਨੂੰ ਕਿਹਾ: “ਜਿਹੜਾ ਵੀ ਇਸ ਲਿਖਤ ਨੂੰ ਪੜ੍ਹ ਕੇ ਮੈਨੂੰ ਇਸ ਦਾ ਮਤਲਬ ਸਮਝਾਵੇਗਾ, ਉਸ ਨੂੰ ਬੈਂਗਣੀ ਰੰਗ ਦਾ ਲਿਬਾਸ ਪੁਆਇਆ ਜਾਵੇਗਾ ਅਤੇ ਉਸ ਦੇ ਗਲ਼ੇ ਵਿਚ ਸੋਨੇ ਦਾ ਹਾਰ ਪਾਇਆ ਜਾਵੇਗਾ+ ਅਤੇ ਉਹ ਰਾਜ ਵਿਚ ਤੀਜੇ ਦਰਜੇ ਦਾ ਹਾਕਮ ਹੋਵੇਗਾ।”+
8 ਫਿਰ ਰਾਜੇ ਦੇ ਸਾਰੇ ਬੁੱਧੀਮਾਨ ਆਦਮੀ ਆਏ, ਪਰ ਉਹ ਲਿਖਤ ਨਹੀਂ ਪੜ੍ਹ ਸਕੇ ਅਤੇ ਨਾ ਹੀ ਰਾਜੇ ਨੂੰ ਉਸ ਦਾ ਮਤਲਬ ਸਮਝਾ ਸਕੇ।+ 9 ਇਸ ਲਈ ਰਾਜਾ ਬੇਲਸ਼ੱਸਰ ਬਹੁਤ ਜ਼ਿਆਦਾ ਡਰ ਗਿਆ ਅਤੇ ਉਸ ਦੇ ਚਿਹਰੇ ਦਾ ਰੰਗ ਪੀਲ਼ਾ ਪੈ ਗਿਆ ਅਤੇ ਉਸ ਦੇ ਉੱਚ ਅਧਿਕਾਰੀ ਉਲਝਣ ਵਿਚ ਪੈ ਗਏ।+
10 ਰਾਜੇ ਅਤੇ ਉਸ ਦੇ ਅਧਿਕਾਰੀਆਂ ਦੀਆਂ ਗੱਲਾਂ ਸੁਣ ਕੇ ਰਾਣੀ* ਦਾਅਵਤ ਵਾਲੇ ਵੱਡੇ ਕਮਰੇ ਵਿਚ ਆਈ। ਰਾਣੀ ਨੇ ਕਿਹਾ: “ਹੇ ਮਹਾਰਾਜ, ਤੂੰ ਯੁਗੋ-ਯੁਗ ਜੀਉਂਦਾ ਰਹੇਂ। ਤੇਰੇ ਚਿਹਰੇ ਦਾ ਰੰਗ ਪੀਲ਼ਾ ਕਿਉਂ ਪਿਆ ਹੋਇਆ ਹੈ? ਤੂੰ ਨਾ ਘਬਰਾ। 11 ਤੇਰੇ ਰਾਜ ਵਿਚ ਇਕ ਆਦਮੀ* ਹੈ ਜਿਸ ਵਿਚ ਪਵਿੱਤਰ ਦੇਵਤਿਆਂ ਦੀ ਸ਼ਕਤੀ ਹੈ। ਤੇਰੇ ਪਿਤਾ ਦੇ ਦਿਨਾਂ ਵਿਚ ਉਸ ਆਦਮੀ ਵਿਚ ਦੇਵਤਿਆਂ ਵਾਂਗ ਗਿਆਨ, ਡੂੰਘੀ ਸਮਝ ਅਤੇ ਬੁੱਧ ਪਾਈ ਗਈ ਸੀ।+ ਹੇ ਮਹਾਰਾਜ, ਤੇਰੇ ਪਿਤਾ ਰਾਜਾ ਨਬੂਕਦਨੱਸਰ ਨੇ ਉਸ ਨੂੰ ਜਾਦੂਗਰੀ ਕਰਨ ਵਾਲੇ ਪੁਜਾਰੀਆਂ, ਤਾਂਤ੍ਰਿਕਾਂ, ਕਸਦੀਆਂ* ਅਤੇ ਜੋਤਸ਼ੀਆਂ ਦਾ ਪ੍ਰਧਾਨ ਬਣਾਇਆ ਸੀ।+ ਹਾਂ, ਤੇਰੇ ਪਿਤਾ ਨੇ ਇਸ ਤਰ੍ਹਾਂ ਕੀਤਾ ਸੀ। 12 ਉਹ ਆਦਮੀ ਦਾਨੀਏਲ, ਜਿਸ ਦਾ ਨਾਂ ਰਾਜੇ ਨੇ ਬੇਲਟਸ਼ੱਸਰ ਰੱਖਿਆ ਸੀ,+ ਬਹੁਤ ਸਿਆਣਾ, ਗਿਆਨਵਾਨ ਅਤੇ ਸਮਝਦਾਰ ਸੀ ਜਿਸ ਕਰਕੇ ਉਹ ਸੁਪਨਿਆਂ ਦਾ ਮਤਲਬ ਦੱਸ ਸਕਦਾ ਸੀ, ਬੁਝਾਰਤਾਂ ਬੁੱਝ ਸਕਦਾ ਸੀ ਅਤੇ ਗੁੰਝਲਦਾਰ ਸਮੱਸਿਆਵਾਂ ਸੁਲਝਾ ਸਕਦਾ ਸੀ।*+ ਇਸ ਲਈ ਹੁਣ ਦਾਨੀਏਲ ਨੂੰ ਬੁਲਾ ਅਤੇ ਉਹ ਤੈਨੂੰ ਇਸ ਦਾ ਮਤਲਬ ਸਮਝਾਵੇਗਾ।”
13 ਇਸ ਲਈ ਦਾਨੀਏਲ ਨੂੰ ਰਾਜੇ ਦੇ ਸਾਮ੍ਹਣੇ ਪੇਸ਼ ਕੀਤਾ ਗਿਆ। ਰਾਜੇ ਨੇ ਦਾਨੀਏਲ ਨੂੰ ਪੁੱਛਿਆ: “ਕੀ ਤੂੰ ਦਾਨੀਏਲ ਹੈਂ ਜਿਸ ਨੂੰ ਮਹਾਰਾਜ, ਮੇਰਾ ਪਿਤਾ ਯਹੂਦਾਹ ਤੋਂ ਗ਼ੁਲਾਮ ਬਣਾ ਕੇ ਲਿਆਇਆ ਸੀ?+ 14 ਮੈਂ ਤੇਰੇ ਬਾਰੇ ਸੁਣਿਆ ਹੈ ਕਿ ਤੇਰੇ ਵਿਚ ਦੇਵਤਿਆਂ ਦੀ ਸ਼ਕਤੀ ਹੈ+ ਅਤੇ ਤੂੰ ਬਹੁਤ ਸਿਆਣਾ, ਗਿਆਨਵਾਨ ਅਤੇ ਸਮਝਦਾਰ ਹੈਂ।+ 15 ਮੇਰੇ ਸਾਮ੍ਹਣੇ ਬੁੱਧੀਮਾਨ ਆਦਮੀਆਂ ਅਤੇ ਤਾਂਤ੍ਰਿਕਾਂ ਨੂੰ ਲਿਆਇਆ ਗਿਆ ਤਾਂਕਿ ਉਹ ਇਸ ਲਿਖਤ ਨੂੰ ਪੜ੍ਹ ਕੇ ਮੈਨੂੰ ਇਸ ਦਾ ਮਤਲਬ ਸਮਝਾ ਸਕਣ, ਪਰ ਉਹ ਇਸ ਦਾ ਮਤਲਬ ਨਹੀਂ ਦੱਸ ਸਕੇ।+ 16 ਪਰ ਮੈਂ ਤੇਰੇ ਬਾਰੇ ਸੁਣਿਆ ਹੈ ਕਿ ਤੂੰ ਭੇਤ ਜ਼ਾਹਰ ਕਰ ਸਕਦਾ ਹੈਂ+ ਅਤੇ ਗੁੰਝਲਦਾਰ ਸਮੱਸਿਆਵਾਂ ਸੁਲਝਾ ਸਕਦਾ ਹੈਂ।* ਜੇ ਤੂੰ ਇਸ ਲਿਖਤ ਨੂੰ ਪੜ੍ਹ ਕੇ ਇਸ ਦਾ ਮਤਲਬ ਮੈਨੂੰ ਦੱਸੇਂ, ਤਾਂ ਤੈਨੂੰ ਬੈਂਗਣੀ ਰੰਗ ਦਾ ਲਿਬਾਸ ਪੁਆਇਆ ਜਾਵੇਗਾ, ਤੇਰੇ ਗਲ਼ੇ ਵਿਚ ਸੋਨੇ ਦਾ ਹਾਰ ਪਾਇਆ ਜਾਵੇਗਾ ਅਤੇ ਤੂੰ ਰਾਜ ਵਿਚ ਤੀਜੇ ਦਰਜੇ ਦਾ ਹਾਕਮ ਹੋਵੇਂਗਾ।”+
17 ਦਾਨੀਏਲ ਨੇ ਰਾਜੇ ਨੂੰ ਜਵਾਬ ਦਿੱਤਾ: “ਮੈਨੂੰ ਤੇਰੇ ਤੋਹਫ਼ੇ ਨਹੀਂ ਚਾਹੀਦੇ। ਤੂੰ ਇਹ ਤੋਹਫ਼ੇ ਦੂਸਰਿਆਂ ਨੂੰ ਦੇ ਦੇ। ਫਿਰ ਵੀ ਮੈਂ ਤੇਰੇ ਲਈ ਇਹ ਲਿਖਤ ਪੜ੍ਹਾਂਗਾ ਅਤੇ ਇਸ ਦਾ ਮਤਲਬ ਤੈਨੂੰ ਦੱਸਾਂਗਾ। 18 ਹੇ ਮਹਾਰਾਜ, ਅੱਤ ਮਹਾਨ ਪਰਮੇਸ਼ੁਰ ਨੇ ਤੇਰੇ ਪਿਤਾ ਨਬੂਕਦਨੱਸਰ ਨੂੰ ਰਾਜ, ਮਹਾਨਤਾ, ਇੱਜ਼ਤ ਅਤੇ ਸ਼ਾਨੋ-ਸ਼ੌਕਤ ਬਖ਼ਸ਼ੀ ਸੀ।+ 19 ਪਰਮੇਸ਼ੁਰ ਤੋਂ ਉਸ ਨੂੰ ਜੋ ਮਹਾਨਤਾ ਮਿਲੀ ਸੀ, ਉਸ ਕਰਕੇ ਵੱਖੋ-ਵੱਖਰੀਆਂ ਕੌਮਾਂ ਅਤੇ ਭਾਸ਼ਾਵਾਂ ਦੇ ਲੋਕ ਉਸ ਤੋਂ ਥਰ-ਥਰ ਕੰਬਦੇ ਸਨ।+ ਉਸ ਨੇ ਜਿਸ ਨੂੰ ਚਾਹਿਆ, ਮੌਤ ਦੇ ਘਾਟ ਉਤਾਰਿਆ ਜਾਂ ਜੀਉਂਦਾ ਛੱਡਿਆ। ਜਿਸ ਨੂੰ ਚਾਹਿਆ, ਉਸ ਨੂੰ ਉੱਚਾ ਕੀਤਾ ਜਾਂ ਨੀਵਾਂ ਕੀਤਾ।+ 20 ਪਰ ਜਦ ਉਸ ਦਾ ਮਨ ਹੰਕਾਰੀ ਹੋ ਗਿਆ ਅਤੇ ਉਹ ਅੜਬ ਬਣ ਗਿਆ, ਤਾਂ ਉਸ ਨੇ ਗੁਸਤਾਖ਼ੀ ਕੀਤੀ+ ਜਿਸ ਕਰਕੇ ਉਸ ਨੂੰ ਰਾਜ-ਗੱਦੀ ਤੋਂ ਲਾਹ ਦਿੱਤਾ ਗਿਆ ਅਤੇ ਉਸ ਦਾ ਮਾਣ-ਸਨਮਾਨ ਵਾਪਸ ਲੈ ਲਿਆ ਗਿਆ। 21 ਉਸ ਨੂੰ ਇਨਸਾਨਾਂ ਵਿੱਚੋਂ ਕੱਢਿਆ ਗਿਆ ਅਤੇ ਉਸ ਦਾ ਦਿਲ ਜਾਨਵਰਾਂ ਵਰਗਾ ਹੋ ਗਿਆ ਅਤੇ ਉਹ ਜੰਗਲੀ ਗਧਿਆਂ ਨਾਲ ਰਹਿਣ ਲੱਗ ਪਿਆ। ਉਹ ਬਲਦਾਂ ਵਾਂਗ ਘਾਹ ਖਾਂਦਾ ਹੁੰਦਾ ਸੀ ਅਤੇ ਉਸ ਦਾ ਸਰੀਰ ਆਕਾਸ਼ ਦੀ ਤ੍ਰੇਲ ਨਾਲ ਭਿੱਜਦਾ ਸੀ। ਫਿਰ ਉਹ ਜਾਣ ਗਿਆ ਕਿ ਅੱਤ ਮਹਾਨ ਇਨਸਾਨੀ ਹਕੂਮਤਾਂ ʼਤੇ ਰਾਜ ਕਰਦਾ ਹੈ ਅਤੇ ਉਹ ਜਿਸ ਨੂੰ ਚਾਹੇ, ਰਾਜ ਦਿੰਦਾ ਹੈ।+
22 “ਪਰ ਹੇ ਬੇਲਸ਼ੱਸਰ, ਤੂੰ, ਜੋ ਉਸ ਦਾ ਪੁੱਤਰ* ਹੈਂ, ਇਹ ਸਭ ਕੁਝ ਜਾਣਦੇ ਹੋਏ ਵੀ ਆਪਣੇ ਦਿਲ ਨੂੰ ਨਿਮਰ ਨਹੀਂ ਕੀਤਾ। 23 ਇਸ ਦੀ ਬਜਾਇ, ਤੂੰ ਖ਼ੁਦ ਨੂੰ ਸਵਰਗ ਦੇ ਮਾਲਕ ਦੇ ਖ਼ਿਲਾਫ਼ ਉੱਚਾ ਕੀਤਾ+ ਅਤੇ ਤੂੰ ਉਸ ਦੇ ਭਵਨ ਦੇ ਭਾਂਡੇ ਮੰਗਵਾਏ।+ ਫਿਰ ਤੂੰ, ਤੇਰੇ ਉੱਚ ਅਧਿਕਾਰੀਆਂ, ਤੇਰੀਆਂ ਰਖੇਲਾਂ ਅਤੇ ਦੂਸਰੀਆਂ ਪਤਨੀਆਂ ਨੇ ਉਨ੍ਹਾਂ ਵਿਚ ਦਾਖਰਸ ਪੀਤਾ ਅਤੇ ਆਪਣੇ ਚਾਂਦੀ, ਸੋਨੇ, ਤਾਂਬੇ, ਲੱਕੜ ਅਤੇ ਪੱਥਰ ਦੇ ਬਣੇ ਦੇਵੀ-ਦੇਵਤਿਆਂ ਦੀ ਵਡਿਆਈ ਕੀਤੀ ਜੋ ਨਾ ਦੇਖ ਸਕਦੇ, ਨਾ ਸੁਣ ਸਕਦੇ ਅਤੇ ਨਾ ਹੀ ਕੁਝ ਜਾਣਦੇ ਹਨ।+ ਪਰ ਤੂੰ ਪਰਮੇਸ਼ੁਰ ਦੀ ਮਹਿਮਾ ਨਹੀਂ ਕੀਤੀ ਜਿਸ ਦੇ ਹੱਥਾਂ ਵਿਚ ਤੇਰੀ ਜ਼ਿੰਦਗੀ+ ਅਤੇ ਤੇਰੇ ਕੰਮ ਹਨ। 24 ਇਸ ਲਈ ਇਹ ਹੱਥ ਉਸ ਵੱਲੋਂ ਭੇਜਿਆ ਗਿਆ ਸੀ ਅਤੇ ਇਹ ਸ਼ਬਦ ਉਸ ਵੱਲੋਂ ਲਿਖੇ ਗਏ ਸਨ।+ 25 ਇਹ ਸ਼ਬਦ ਹਨ: ਮਨੇ, ਮਨੇ, ਤਕੇਲ ਅਤੇ ਪਰਸੀਨ।
26 “ਮਨੇ ਸ਼ਬਦ ਦਾ ਮਤਲਬ ਹੈ ਕਿ ਪਰਮੇਸ਼ੁਰ ਨੇ ਤੇਰੇ ਰਾਜ ਦੇ ਅੰਤ ਦਾ ਦਿਨ ਠਹਿਰਾ ਦਿੱਤਾ ਹੈ।+
27 “ਤਕੇਲ ਸ਼ਬਦ ਦਾ ਮਤਲਬ ਹੈ ਕਿ ਤੈਨੂੰ ਤੱਕੜੀ ਵਿਚ ਤੋਲਿਆ ਗਿਆ ਹੈ ਅਤੇ ਤੂੰ ਘੱਟ ਨਿਕਲਿਆ ਹੈਂ।
28 “ਪਰੇਸ ਸ਼ਬਦ ਦਾ ਮਤਲਬ ਹੈ ਕਿ ਤੇਰਾ ਰਾਜ ਵੰਡ ਦਿੱਤਾ ਗਿਆ ਹੈ ਅਤੇ ਇਹ ਮਾਦੀਆਂ ਅਤੇ ਫਾਰਸੀਆਂ ਨੂੰ ਦਿੱਤਾ ਗਿਆ ਹੈ।”+
29 ਫਿਰ ਬੇਲਸ਼ੱਸਰ ਨੇ ਹੁਕਮ ਦਿੱਤਾ ਅਤੇ ਉਨ੍ਹਾਂ ਨੇ ਦਾਨੀਏਲ ਦੇ ਬੈਂਗਣੀ ਰੰਗ ਦਾ ਲਿਬਾਸ ਅਤੇ ਗਲ਼ੇ ਵਿਚ ਸੋਨੇ ਦਾ ਹਾਰ ਪਾਇਆ ਅਤੇ ਉਨ੍ਹਾਂ ਨੇ ਐਲਾਨ ਕੀਤਾ ਕਿ ਉਹ ਰਾਜ ਵਿਚ ਤੀਜੇ ਦਰਜੇ ਦਾ ਹਾਕਮ ਹੋਵੇਗਾ।+
30 ਉਸੇ ਰਾਤ ਕਸਦੀ ਰਾਜਾ ਬੇਲਸ਼ੱਸਰ ਮਾਰਿਆ ਗਿਆ।+ 31 ਉਸ ਦਾ ਰਾਜ ਦਾਰਾ+ ਮਾਦੀ ਨੂੰ ਮਿਲ ਗਿਆ ਜੋ ਉਸ ਵੇਲੇ ਤਕਰੀਬਨ 62 ਸਾਲਾਂ ਦਾ ਸੀ।
6 ਦਾਰਾ ਨੇ ਆਪਣੇ ਪੂਰੇ ਰਾਜ ਵਿਚ 120 ਸੂਬੇਦਾਰਾਂ ਨੂੰ ਨਿਯੁਕਤ ਕਰਨ ਦਾ ਫ਼ੈਸਲਾ ਕੀਤਾ।+ 2 ਉਨ੍ਹਾਂ ਉੱਤੇ ਤਿੰਨ ਉੱਚ ਅਧਿਕਾਰੀਆਂ ਨੂੰ ਠਹਿਰਾਇਆ ਗਿਆ ਅਤੇ ਦਾਨੀਏਲ+ ਉਨ੍ਹਾਂ ਤਿੰਨਾਂ ਵਿੱਚੋਂ ਇਕ ਸੀ। ਸੂਬੇਦਾਰ+ ਉਨ੍ਹਾਂ ਨੂੰ ਹਰ ਗੱਲ ਦੀ ਜਾਣਕਾਰੀ ਦਿੰਦੇ ਸਨ ਤਾਂਕਿ ਰਾਜੇ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਹੋਵੇ। 3 ਸਮੇਂ ਦੇ ਬੀਤਣ ਨਾਲ ਦਾਨੀਏਲ ਨੇ ਦਿਖਾਇਆ ਕਿ ਉਹ ਦੂਸਰੇ ਉੱਚ ਅਧਿਕਾਰੀਆਂ ਅਤੇ ਸੂਬੇਦਾਰਾਂ ਨਾਲੋਂ ਜ਼ਿਆਦਾ ਕਾਬਲ ਅਤੇ ਸਿਆਣਾ ਸੀ+ ਅਤੇ ਰਾਜੇ ਨੇ ਉਸ ਨੂੰ ਆਪਣੇ ਪੂਰੇ ਰਾਜ ਉੱਤੇ ਅਧਿਕਾਰ ਦੇਣ ਦਾ ਫ਼ੈਸਲਾ ਕੀਤਾ।
4 ਉਸ ਸਮੇਂ ਉੱਚ ਅਧਿਕਾਰੀ ਅਤੇ ਸੂਬੇਦਾਰ ਦਾਨੀਏਲ ਉੱਤੇ ਰਾਜ ਦੇ ਕੰਮ-ਕਾਜ ਸੰਬੰਧੀ ਦੋਸ਼ ਲਾਉਣ ਦਾ ਕਾਰਨ ਲੱਭ ਰਹੇ ਸਨ, ਪਰ ਉਨ੍ਹਾਂ ਨੂੰ ਉਸ ਉੱਤੇ ਦੋਸ਼ ਲਾਉਣ ਦਾ ਕੋਈ ਕਾਰਨ ਨਹੀਂ ਲੱਭਾ ਅਤੇ ਨਾ ਹੀ ਉਸ ਵਿਚ ਕੋਈ ਬੁਰਾਈ ਨਜ਼ਰ ਆਈ ਕਿਉਂਕਿ ਉਹ ਭਰੋਸੇਮੰਦ ਸੀ। ਨਾਲੇ ਉਹ ਲਾਪਰਵਾਹ ਜਾਂ ਬੇਈਮਾਨ ਨਹੀਂ ਸੀ। 5 ਫਿਰ ਉਨ੍ਹਾਂ ਆਦਮੀਆਂ ਨੇ ਕਿਹਾ: “ਸਾਨੂੰ ਦਾਨੀਏਲ ਉੱਤੇ ਕਿਸੇ ਵੀ ਗੱਲ ਵਿਚ ਦੋਸ਼ ਲਾਉਣ ਦਾ ਕੋਈ ਕਾਰਨ ਨਹੀਂ ਲੱਭੇਗਾ। ਸਾਨੂੰ ਉਸ ਵਿਚ ਕਿਸੇ ਅਜਿਹੀ ਗੱਲ ਵਿਚ ਦੋਸ਼ ਲੱਭਣਾ ਚਾਹੀਦਾ ਹੈ ਜੋ ਉਸ ਦੇ ਪਰਮੇਸ਼ੁਰ ਦੀ ਭਗਤੀ ਨਾਲ ਸੰਬੰਧਿਤ ਹੋਵੇ।”+
6 ਇਸ ਲਈ ਇਹ ਉੱਚ ਅਧਿਕਾਰੀ ਅਤੇ ਸੂਬੇਦਾਰ ਇਕੱਠੇ ਹੋ ਕੇ ਰਾਜੇ ਕੋਲ ਗਏ ਅਤੇ ਉਨ੍ਹਾਂ ਨੇ ਉਸ ਨੂੰ ਕਿਹਾ: “ਹੇ ਮਹਾਰਾਜ ਦਾਰਾ, ਤੂੰ ਯੁਗੋ-ਯੁਗ ਜੀਉਂਦਾ ਰਹੇਂ। 7 ਰਾਜ ਦੇ ਸਾਰੇ ਉੱਚ ਅਧਿਕਾਰੀਆਂ, ਨਿਗਰਾਨਾਂ, ਸੂਬੇਦਾਰਾਂ, ਉੱਚ ਸ਼ਾਹੀ ਅਫ਼ਸਰਾਂ ਅਤੇ ਰਾਜਪਾਲਾਂ ਨੇ ਆਪਸ ਵਿਚ ਸਲਾਹ ਕੀਤੀ ਹੈ ਕਿ ਇਕ ਸ਼ਾਹੀ ਫ਼ਰਮਾਨ ਜਾਰੀ ਕਰ ਕੇ ਪਾਬੰਦੀ ਲਾਈ ਜਾਵੇ ਕਿ ਕੋਈ ਵੀ 30 ਦਿਨਾਂ ਤਕ ਤੇਰੇ ਤੋਂ ਇਲਾਵਾ ਕਿਸੇ ਹੋਰ ਦੇਵੀ-ਦੇਵਤੇ ਜਾਂ ਆਦਮੀ ਨੂੰ ਫ਼ਰਿਆਦ ਨਾ ਕਰੇ। ਹੇ ਮਹਾਰਾਜ, ਜਿਹੜਾ ਇਸ ਤਰ੍ਹਾਂ ਕਰੇਗਾ, ਉਸ ਨੂੰ ਸ਼ੇਰਾਂ ਦੇ ਘੁਰਨੇ* ਵਿਚ ਸੁੱਟ ਦਿੱਤਾ ਜਾਵੇ।+ 8 ਹੁਣ ਹੇ ਮਹਾਰਾਜ, ਤੂੰ ਇਕ ਫ਼ਰਮਾਨ ʼਤੇ ਦਸਤਖਤ ਕਰ ਕੇ ਇਸ ਨੂੰ ਜਾਰੀ ਕਰ+ ਤਾਂਕਿ ਇਸ ਨੂੰ ਬਦਲਿਆ ਨਾ ਜਾ ਸਕੇ ਕਿਉਂਕਿ ਮਾਦੀ-ਫਾਰਸੀ ਕਾਨੂੰਨ ਨੂੰ ਰੱਦ ਨਹੀਂ ਕੀਤਾ ਜਾ ਸਕਦਾ।”+
9 ਇਸ ਲਈ ਰਾਜੇ ਨੇ ਫ਼ਰਮਾਨ ʼਤੇ ਦਸਤਖਤ ਕਰ ਦਿੱਤੇ ਅਤੇ ਪਾਬੰਦੀ ਲਾ ਦਿੱਤੀ।
10 ਪਰ ਜਿਵੇਂ ਹੀ ਦਾਨੀਏਲ ਨੂੰ ਪਤਾ ਲੱਗਾ ਕਿ ਉਸ ਫ਼ਰਮਾਨ ʼਤੇ ਦਸਤਖਤ ਹੋ ਗਏ ਸਨ, ਤਾਂ ਉਹ ਆਪਣੇ ਘਰ ਗਿਆ। ਉਸ ਨੇ ਚੁਬਾਰੇ ਵਿਚ ਜਾ ਕੇ ਬਾਰੀ ਖੋਲ੍ਹੀ ਜੋ ਯਰੂਸ਼ਲਮ ਵੱਲ ਨੂੰ ਖੁੱਲ੍ਹਦੀ ਸੀ+ ਅਤੇ ਦਿਨ ਵਿਚ ਤਿੰਨ ਵਾਰ ਗੋਡੇ ਟੇਕ ਕੇ ਪਰਮੇਸ਼ੁਰ ਨੂੰ ਪ੍ਰਾਰਥਨਾ ਕੀਤੀ ਅਤੇ ਉਸ ਦੀ ਵਡਿਆਈ ਕੀਤੀ, ਜਿਵੇਂ ਉਹ ਹਮੇਸ਼ਾ ਕਰਦਾ ਹੁੰਦਾ ਸੀ। 11 ਉਸੇ ਵਕਤ ਉਹ ਆਦਮੀ ਉੱਥੇ ਆ ਧਮਕੇ ਅਤੇ ਉਨ੍ਹਾਂ ਨੇ ਦਾਨੀਏਲ ਨੂੰ ਪਰਮੇਸ਼ੁਰ ਅੱਗੇ ਮਿਹਰ ਲਈ ਬੇਨਤੀ ਅਤੇ ਤਰਲੇ-ਮਿੰਨਤਾਂ ਕਰਦੇ ਹੋਏ ਦੇਖਿਆ।
12 ਇਸ ਲਈ ਉਹ ਰਾਜੇ ਕੋਲ ਗਏ ਅਤੇ ਉਸ ਨੂੰ ਪਾਬੰਦੀ ਦੇ ਸ਼ਾਹੀ ਫ਼ਰਮਾਨ ਬਾਰੇ ਯਾਦ ਕਰਾਇਆ: “ਹੇ ਮਹਾਰਾਜ, ਕੀ ਤੂੰ ਪਾਬੰਦੀ ਦੇ ਫ਼ਰਮਾਨ ʼਤੇ ਦਸਤਖਤ ਨਹੀਂ ਕੀਤੇ ਸਨ ਕਿ ਜੇ ਕੋਈ 30 ਦਿਨਾਂ ਤਕ ਤੇਰੇ ਤੋਂ ਇਲਾਵਾ ਕਿਸੇ ਹੋਰ ਦੇਵੀ-ਦੇਵਤੇ ਜਾਂ ਆਦਮੀ ਨੂੰ ਫ਼ਰਿਆਦ ਕਰੇਗਾ, ਤਾਂ ਉਸ ਨੂੰ ਸ਼ੇਰਾਂ ਦੇ ਘੁਰਨੇ ਵਿਚ ਸੁੱਟ ਦਿੱਤਾ ਜਾਵੇਗਾ?” ਰਾਜੇ ਨੇ ਜਵਾਬ ਦਿੱਤਾ: “ਹਾਂ, ਮਾਦੀ-ਫਾਰਸੀ ਕਾਨੂੰਨ ਦੇ ਮੁਤਾਬਕ ਹੀ ਇਹ ਹੁਕਮ ਜਾਰੀ ਕੀਤਾ ਗਿਆ ਸੀ ਅਤੇ ਇਸ ਨੂੰ ਰੱਦ ਨਹੀਂ ਕੀਤਾ ਜਾ ਸਕਦਾ।”+ 13 ਉਨ੍ਹਾਂ ਨੇ ਇਕਦਮ ਰਾਜੇ ਨੂੰ ਕਿਹਾ: “ਹੇ ਮਹਾਰਾਜ, ਦਾਨੀਏਲ, ਜੋ ਯਹੂਦਾਹ ਦੇ ਗ਼ੁਲਾਮਾਂ ਵਿੱਚੋਂ ਹੈ,+ ਨੇ ਤੇਰਾ ਆਦਰ ਨਹੀਂ ਕੀਤਾ ਹੈ ਅਤੇ ਨਾ ਹੀ ਉਸ ਨੂੰ ਤੇਰੇ ਪਾਬੰਦੀ ਦੇ ਫ਼ਰਮਾਨ ਦੀ ਕੋਈ ਪਰਵਾਹ ਹੈ ਜਿਸ ʼਤੇ ਤੂੰ ਦਸਤਖਤ ਕੀਤੇ ਸਨ। ਉਹ ਦਿਨ ਵਿਚ ਤਿੰਨ ਵਾਰ ਆਪਣੇ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਦਾ ਹੈ।”+ 14 ਜਿਵੇਂ ਹੀ ਰਾਜੇ ਨੇ ਇਹ ਗੱਲ ਸੁਣੀ, ਤਾਂ ਉਹ ਬਹੁਤ ਦੁਖੀ ਹੋਇਆ ਅਤੇ ਉਹ ਦਾਨੀਏਲ ਨੂੰ ਬਚਾਉਣ ਦਾ ਰਾਹ ਲੱਭਣ ਲੱਗਾ ਅਤੇ ਉਸ ਨੇ ਸੂਰਜ ਢਲ਼ਣ ਤਕ ਦਾਨੀਏਲ ਨੂੰ ਬਚਾਉਣ ਦੀ ਹਰ ਕੋਸ਼ਿਸ਼ ਕੀਤੀ। 15 ਆਖ਼ਰਕਾਰ ਉਹ ਆਦਮੀ ਇਕੱਠੇ ਹੋ ਕੇ ਰਾਜੇ ਕੋਲ ਗਏ ਅਤੇ ਉਸ ਨੂੰ ਕਿਹਾ: “ਹੇ ਮਹਾਰਾਜ, ਯਾਦ ਰੱਖ ਕਿ ਮਾਦੀ-ਫਾਰਸੀ ਕਾਨੂੰਨ ਮੁਤਾਬਕ ਰਾਜੇ ਦੁਆਰਾ ਲਾਈ ਗਈ ਕਿਸੇ ਵੀ ਪਾਬੰਦੀ ਜਾਂ ਫ਼ਰਮਾਨ ਨੂੰ ਬਦਲਿਆ ਨਹੀਂ ਜਾ ਸਕਦਾ।”+
16 ਇਸ ਲਈ ਰਾਜੇ ਨੇ ਹੁਕਮ ਦਿੱਤਾ ਅਤੇ ਉਨ੍ਹਾਂ ਨੇ ਦਾਨੀਏਲ ਨੂੰ ਲਿਆ ਕੇ ਸ਼ੇਰਾਂ ਦੇ ਘੁਰਨੇ ਵਿਚ ਸੁੱਟ ਦਿੱਤਾ।+ ਰਾਜੇ ਨੇ ਦਾਨੀਏਲ ਨੂੰ ਕਿਹਾ: “ਜਿਸ ਪਰਮੇਸ਼ੁਰ ਦੀ ਤੂੰ ਹਮੇਸ਼ਾ ਭਗਤੀ ਕਰਦਾ ਹੈਂ, ਉਹੀ ਤੈਨੂੰ ਬਚਾਏਗਾ।” 17 ਫਿਰ ਇਕ ਪੱਥਰ ਲਿਆ ਕੇ ਘੁਰਨੇ ਦੇ ਮੂੰਹ ʼਤੇ ਰੱਖ ਦਿੱਤਾ ਗਿਆ ਅਤੇ ਰਾਜੇ ਨੇ ਆਪਣੀ ਮੁਹਰ ਵਾਲੀ ਅੰਗੂਠੀ ਅਤੇ ਆਪਣੇ ਅਧਿਕਾਰੀਆਂ ਦੀ ਮੁਹਰ ਵਾਲੀ ਅੰਗੂਠੀ ਨਾਲ ਪੱਥਰ ਉੱਤੇ ਮੁਹਰ ਲਾ ਦਿੱਤੀ ਤਾਂਕਿ ਦਾਨੀਏਲ ਬਾਰੇ ਕੀਤਾ ਗਿਆ ਫ਼ੈਸਲਾ ਬਦਲਿਆ ਨਾ ਜਾ ਸਕੇ।
18 ਫਿਰ ਰਾਜਾ ਆਪਣੇ ਮਹਿਲ ਵਿਚ ਚਲਾ ਗਿਆ। ਉਸ ਨੇ ਰਾਤ ਨੂੰ ਨਾ ਤਾਂ ਕੁਝ ਖਾਧਾ-ਪੀਤਾ ਅਤੇ ਨਾ ਹੀ ਕੋਈ ਮਨ-ਪਰਚਾਵਾ ਕੀਤਾ* ਅਤੇ ਨਾ ਹੀ ਉਸ ਨੂੰ ਸਾਰੀ ਰਾਤ ਨੀਂਦ ਆਈ।* 19 ਆਖ਼ਰਕਾਰ ਸਵੇਰ ਹੁੰਦਿਆਂ ਹੀ ਰਾਜਾ ਉੱਠਿਆ ਅਤੇ ਛੇਤੀ ਹੀ ਸ਼ੇਰਾਂ ਦੇ ਘੁਰਨੇ ਕੋਲ ਗਿਆ। 20 ਘੁਰਨੇ ਦੇ ਨੇੜੇ ਪਹੁੰਚ ਕੇ ਦੁਖੀ ਆਵਾਜ਼ ਵਿਚ ਰਾਜੇ ਨੇ ਦਾਨੀਏਲ ਨੂੰ ਪੁਕਾਰਿਆ। ਰਾਜੇ ਨੇ ਉਸ ਨੂੰ ਪੁੱਛਿਆ: “ਹੇ ਦਾਨੀਏਲ, ਜੀਉਂਦੇ ਪਰਮੇਸ਼ੁਰ ਦੇ ਸੇਵਕ, ਜਿਸ ਪਰਮੇਸ਼ੁਰ ਦੀ ਤੂੰ ਹਮੇਸ਼ਾ ਭਗਤੀ ਕਰਦਾ ਹੈਂ, ਕੀ ਉਸ ਨੇ ਤੈਨੂੰ ਸ਼ੇਰਾਂ ਦੇ ਪੰਜਿਆਂ ਤੋਂ ਬਚਾ ਲਿਆ ਹੈ?” 21 ਦਾਨੀਏਲ ਨੇ ਇਕਦਮ ਰਾਜੇ ਨੂੰ ਜਵਾਬ ਦਿੱਤਾ: “ਹੇ ਮਹਾਰਾਜ, ਤੂੰ ਯੁਗੋ-ਯੁਗ ਜੀਉਂਦਾ ਰਹੇਂ। 22 ਮੇਰੇ ਪਰਮੇਸ਼ੁਰ ਨੇ ਆਪਣਾ ਦੂਤ ਭੇਜ ਕੇ ਸ਼ੇਰਾਂ ਦੇ ਮੂੰਹ ਬੰਦ ਕਰ ਦਿੱਤੇ+ ਅਤੇ ਉਨ੍ਹਾਂ ਨੇ ਮੇਰਾ ਕੁਝ ਨਹੀਂ ਵਿਗਾੜਿਆ+ ਕਿਉਂਕਿ ਮੈਂ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਬੇਕਸੂਰ ਹਾਂ। ਹੇ ਮਹਾਰਾਜ, ਮੈਂ ਤੇਰੇ ਖ਼ਿਲਾਫ਼ ਵੀ ਕੁਝ ਨਹੀਂ ਕੀਤਾ।”
23 ਰਾਜਾ ਖ਼ੁਸ਼ੀ ਨਾਲ ਫੁੱਲਿਆ ਨਹੀਂ ਸਮਾਇਆ। ਉਸ ਦੇ ਹੁਕਮ ʼਤੇ ਦਾਨੀਏਲ ਨੂੰ ਸ਼ੇਰਾਂ ਦੇ ਘੁਰਨੇ ਵਿੱਚੋਂ ਕੱਢ ਲਿਆ ਗਿਆ। ਦਾਨੀਏਲ ਨੇ ਆਪਣੇ ਪਰਮੇਸ਼ੁਰ ʼਤੇ ਭਰੋਸਾ ਰੱਖਿਆ ਸੀ ਜਿਸ ਕਰਕੇ ਉਸ ਦਾ ਵਾਲ਼ ਵੀ ਵਿੰਗਾ ਨਹੀਂ ਹੋਇਆ ਸੀ।+
24 ਫਿਰ ਰਾਜੇ ਦੇ ਹੁਕਮ ʼਤੇ ਉਨ੍ਹਾਂ ਆਦਮੀਆਂ ਨੂੰ ਲਿਆਂਦਾ ਗਿਆ ਜਿਨ੍ਹਾਂ ਨੇ ਦਾਨੀਏਲ ʼਤੇ ਇਲਜ਼ਾਮ ਲਾਇਆ ਸੀ।* ਉਨ੍ਹਾਂ ਨੂੰ ਉਨ੍ਹਾਂ ਦੀਆਂ ਪਤਨੀਆਂ ਅਤੇ ਪੁੱਤਰਾਂ ਸਮੇਤ ਸ਼ੇਰਾਂ ਦੇ ਘੁਰਨੇ ਵਿਚ ਸੁੱਟ ਦਿੱਤਾ ਗਿਆ। ਉਹ ਅਜੇ ਘੁਰਨੇ ਵਿਚ ਹੇਠਾਂ ਪਹੁੰਚੇ ਵੀ ਨਹੀਂ ਸਨ ਕਿ ਸ਼ੇਰਾਂ ਨੇ ਉਨ੍ਹਾਂ ਨੂੰ ਦਬੋਚ ਲਿਆ ਅਤੇ ਉਨ੍ਹਾਂ ਦੀਆਂ ਸਾਰੀਆਂ ਹੱਡੀਆਂ ਤੋੜ ਦਿੱਤੀਆਂ।+
25 ਫਿਰ ਰਾਜਾ ਦਾਰਾ ਨੇ ਸਾਰੀ ਧਰਤੀ ਦੀਆਂ ਵੱਖੋ-ਵੱਖਰੀਆਂ ਕੌਮਾਂ ਅਤੇ ਭਾਸ਼ਾਵਾਂ ਦੇ ਲੋਕਾਂ ਨੂੰ ਇਹ ਸੰਦੇਸ਼ ਭੇਜਿਆ:+ “ਤੁਸੀਂ ਸ਼ਾਂਤੀ ਨਾਲ ਵੱਸੋ! 26 ਮੈਂ ਇਹ ਹੁਕਮ ਦਿੰਦਾ ਹਾਂ ਕਿ ਮੇਰੇ ਰਾਜ ਦੇ ਹਰ ਇਲਾਕੇ ਵਿਚ ਲੋਕ ਦਾਨੀਏਲ ਦੇ ਪਰਮੇਸ਼ੁਰ ਤੋਂ ਡਰਨ ਅਤੇ ਉਸ ਦਾ ਆਦਰ ਕਰਨ+ ਕਿਉਂਕਿ ਉਹ ਜੀਉਂਦਾ ਪਰਮੇਸ਼ੁਰ ਹੈ ਅਤੇ ਹਮੇਸ਼ਾ ਰਹਿੰਦਾ ਹੈ। ਉਸ ਦੇ ਰਾਜ ਨੂੰ ਕਦੇ ਵੀ ਖ਼ਤਮ ਨਹੀਂ ਕੀਤਾ ਜਾਵੇਗਾ ਅਤੇ ਉਹ ਸਦਾ ਹਕੂਮਤ ਕਰੇਗਾ।+ 27 ਉਹੀ ਬਚਾਉਂਦਾ+ ਤੇ ਛੁਡਾਉਂਦਾ ਹੈ। ਉਹ ਆਕਾਸ਼ ਅਤੇ ਧਰਤੀ ʼਤੇ ਨਿਸ਼ਾਨੀਆਂ ਅਤੇ ਕਰਾਮਾਤਾਂ ਦਿਖਾਉਂਦਾ ਹੈ+ ਕਿਉਂਕਿ ਉਸੇ ਨੇ ਦਾਨੀਏਲ ਨੂੰ ਸ਼ੇਰਾਂ ਦੇ ਪੰਜਿਆਂ ਤੋਂ ਛੁਡਾਇਆ ਹੈ।”
28 ਇਸ ਲਈ ਰਾਜਾ ਦਾਰਾ ਦੇ ਰਾਜ ਅਤੇ ਫਾਰਸੀ ਰਾਜੇ ਖੋਰਸ ਦੇ ਰਾਜ ਵਿਚ ਦਾਨੀਏਲ ਕਾਮਯਾਬ ਹੋਇਆ।+
7 ਬਾਬਲ ਦੇ ਰਾਜਾ ਬੇਲਸ਼ੱਸਰ+ ਦੇ ਰਾਜ ਦੇ ਪਹਿਲੇ ਸਾਲ ਦਾਨੀਏਲ ਨੇ ਇਕ ਸੁਪਨਾ ਦੇਖਿਆ ਅਤੇ ਉਸ ਨੇ ਆਪਣੇ ਬਿਸਤਰੇ ʼਤੇ ਸੁੱਤੇ ਪਿਆਂ ਦਰਸ਼ਣ ਦੇਖੇ।+ ਫਿਰ ਉਸ ਨੇ ਸੁਪਨੇ ਨੂੰ ਲਿਖ ਲਿਆ+ ਅਤੇ ਸੁਪਨੇ ਵਿਚ ਦੇਖੀਆਂ ਸਾਰੀਆਂ ਗੱਲਾਂ ਖੋਲ੍ਹ ਕੇ ਲਿਖੀਆਂ। 2 ਦਾਨੀਏਲ ਨੇ ਕਿਹਾ:
“ਜਦੋਂ ਮੈਂ ਰਾਤ ਨੂੰ ਇਹ ਦਰਸ਼ਣ ਦੇਖ ਰਿਹਾ ਸੀ, ਤਾਂ ਦੇਖੋ! ਆਕਾਸ਼ ਦੀਆਂ ਚਾਰੇ ਦਿਸ਼ਾਵਾਂ* ਤੋਂ ਹਵਾਵਾਂ ਵੱਡੇ ਸਮੁੰਦਰ ਵਿਚ ਹਲਚਲ ਮਚਾ ਰਹੀਆਂ ਸਨ।+ 3 ਸਮੁੰਦਰ ਵਿੱਚੋਂ ਚਾਰ ਵੱਡੇ ਦਰਿੰਦੇ+ ਨਿਕਲੇ ਜੋ ਇਕ-ਦੂਜੇ ਤੋਂ ਵੱਖਰੇ ਸਨ।
4 “ਪਹਿਲਾ ਦਰਿੰਦਾ ਸ਼ੇਰ ਵਰਗਾ ਸੀ+ ਅਤੇ ਉਸ ਦੇ ਉਕਾਬ ਵਰਗੇ ਖੰਭ ਸਨ।+ ਮੇਰੇ ਦੇਖਦਿਆਂ ਹੀ ਦੇਖਦਿਆਂ ਉਸ ਦੇ ਖੰਭ ਪੁੱਟ ਦਿੱਤੇ ਗਏ ਅਤੇ ਉਸ ਨੂੰ ਧਰਤੀ ਤੋਂ ਉੱਪਰ ਚੁੱਕਿਆ ਗਿਆ ਅਤੇ ਉਸ ਨੂੰ ਇਕ ਆਦਮੀ ਵਾਂਗ ਦੋ ਪੈਰਾਂ ʼਤੇ ਖੜ੍ਹਾ ਕੀਤਾ ਗਿਆ ਅਤੇ ਉਸ ਨੂੰ ਇਨਸਾਨ ਦਾ ਦਿਲ ਦਿੱਤਾ ਗਿਆ।
5 “ਅਤੇ ਦੇਖੋ! ਦੂਜਾ ਦਰਿੰਦਾ ਰਿੱਛ ਵਰਗਾ ਸੀ।+ ਉਸ ਨੇ ਆਪਣਾ ਇਕ ਪੈਰ ਚੁੱਕਿਆ ਹੋਇਆ ਸੀ ਅਤੇ ਉਸ ਦੇ ਦੰਦਾਂ ਵਿਚ ਤਿੰਨ ਪਸਲੀਆਂ ਸਨ ਅਤੇ ਉਸ ਨੂੰ ਕਿਹਾ ਗਿਆ, ‘ਉੱਠ ਅਤੇ ਬਹੁਤ ਸਾਰਾ ਮਾਸ ਖਾ।’+
6 “ਇਸ ਤੋਂ ਬਾਅਦ ਮੇਰੇ ਦੇਖਦਿਆਂ ਹੀ ਦੇਖਦਿਆਂ ਇਕ ਹੋਰ ਦਰਿੰਦਾ ਨਿਕਲਿਆ ਜੋ ਚੀਤੇ ਵਰਗਾ ਸੀ,+ ਪਰ ਉਸ ਦੀ ਪਿੱਠ ʼਤੇ ਇਕ ਪੰਛੀ ਦੇ ਖੰਭਾਂ ਵਰਗੇ ਚਾਰ ਖੰਭ ਸਨ। ਉਸ ਦਰਿੰਦੇ ਦੇ ਚਾਰ ਸਿਰ ਸਨ+ ਅਤੇ ਉਸ ਨੂੰ ਰਾਜ ਕਰਨ ਦਾ ਅਧਿਕਾਰ ਦਿੱਤਾ ਗਿਆ।
7 “ਇਸ ਤੋਂ ਬਾਅਦ ਮੈਂ ਰਾਤ ਨੂੰ ਦਰਸ਼ਣਾਂ ਵਿਚ ਇਕ ਚੌਥਾ ਦਰਿੰਦਾ ਦੇਖਿਆ ਜੋ ਭਿਆਨਕ, ਡਰਾਉਣਾ ਅਤੇ ਬਹੁਤ ਜ਼ਿਆਦਾ ਤਾਕਤਵਰ ਸੀ ਅਤੇ ਉਸ ਦੇ ਲੋਹੇ ਦੇ ਵੱਡੇ-ਵੱਡੇ ਦੰਦ ਸਨ। ਉਹ ਸਭ ਕੁਝ ਨਿਗਲ਼ੀ ਜਾਂਦਾ ਸੀ ਅਤੇ ਹਰ ਚੀਜ਼ ਤੋੜੀ ਜਾਂਦਾ ਸੀ ਅਤੇ ਜੋ ਕੁਝ ਬਚਦਾ ਸੀ, ਉਸ ਨੂੰ ਆਪਣੇ ਪੈਰਾਂ ਹੇਠ ਕੁਚਲੀ ਜਾਂਦਾ ਸੀ।+ ਉਹ ਆਪਣੇ ਤੋਂ ਪਹਿਲਾਂ ਆਏ ਦੂਜੇ ਦਰਿੰਦਿਆਂ ਤੋਂ ਵੱਖਰਾ ਸੀ ਅਤੇ ਉਸ ਦੇ ਦਸ ਸਿੰਗ ਸਨ। 8 ਮੈਂ ਅਜੇ ਸਿੰਗਾਂ ਨੂੰ ਧਿਆਨ ਨਾਲ ਦੇਖ ਹੀ ਰਿਹਾ ਸੀ ਕਿ ਇਕ ਛੋਟਾ ਜਿਹਾ ਸਿੰਗ+ ਉਨ੍ਹਾਂ ਸਿੰਗਾਂ ਦੇ ਵਿਚਕਾਰ ਨਿਕਲ ਆਇਆ! ਫਿਰ ਪਹਿਲੇ ਸਿੰਗਾਂ ਵਿੱਚੋਂ ਤਿੰਨ ਸਿੰਗ ਉਸ ਛੋਟੇ ਸਿੰਗ ਦੇ ਸਾਮ੍ਹਣੇ ਪੁੱਟ ਦਿੱਤੇ ਗਏ। ਦੇਖੋ! ਉਸ ਸਿੰਗ ʼਤੇ ਇਨਸਾਨਾਂ ਵਰਗੀਆਂ ਅੱਖਾਂ ਸਨ ਅਤੇ ਉਸ ਦਾ ਇਕ ਮੂੰਹ ਸੀ ਜੋ ਹੰਕਾਰ ਭਰੀਆਂ ਗੱਲਾਂ ਬੋਲ ਰਿਹਾ ਸੀ।*+
9 “ਜਦ ਮੈਂ ਦਰਸ਼ਣ ਦੇਖ ਹੀ ਰਿਹਾ ਸੀ, ਤਾਂ ਸਿੰਘਾਸਣ ਰੱਖੇ ਗਏ ਅਤੇ ਅੱਤ ਪ੍ਰਾਚੀਨ+ ਆਪਣੇ ਸਿੰਘਾਸਣ ʼਤੇ ਬੈਠ ਗਿਆ।+ ਉਸ ਦੇ ਕੱਪੜੇ ਬਰਫ਼ ਵਾਂਗ ਚਿੱਟੇ ਸਨ+ ਅਤੇ ਉਸ ਦੇ ਸਿਰ ਦੇ ਵਾਲ਼ ਉੱਨ ਵਾਂਗ ਚਿੱਟੇ ਸਨ। ਉਸ ਦਾ ਸਿੰਘਾਸਣ ਅੱਗ ਦੀਆਂ ਲਾਟਾਂ ਸੀ ਅਤੇ ਸਿੰਘਾਸਣ ਦੇ ਪਹੀਏ ਬਲ਼ਦੀ ਹੋਈ ਅੱਗ ਸਨ।+ 10 ਉਸ ਦੇ ਸਾਮ੍ਹਣਿਓਂ ਅੱਗ ਦੀ ਇਕ ਨਦੀ ਵਹਿ ਰਹੀ ਸੀ।+ ਦਸ ਲੱਖ ਉਸ ਦੀ ਸੇਵਾ ਕਰ ਰਹੇ ਸਨ ਅਤੇ ਦਸ ਕਰੋੜ ਉਸ ਦੇ ਅੱਗੇ ਖੜ੍ਹੇ ਸਨ।+ ਫਿਰ ਅਦਾਲਤ+ ਦੀ ਕਾਰਵਾਈ ਸ਼ੁਰੂ ਹੋਈ ਅਤੇ ਕਿਤਾਬਾਂ ਖੋਲ੍ਹੀਆਂ ਗਈਆਂ।
11 “ਮੈਂ ਉਸ ਸਮੇਂ ਦੇਖਦਾ ਰਿਹਾ ਕਿਉਂਕਿ ਉਹ ਸਿੰਗ ਹੰਕਾਰ ਭਰੀਆਂ ਗੱਲਾਂ ਕਹਿ ਰਿਹਾ ਸੀ;*+ ਮੈਂ ਉਦੋਂ ਤਕ ਦੇਖਦਾ ਰਿਹਾ ਜਦ ਤਕ ਕਿ ਉਸ ਦਰਿੰਦੇ ਨੂੰ ਮਾਰ ਨਹੀਂ ਦਿੱਤਾ ਗਿਆ ਅਤੇ ਉਸ ਦੇ ਸਰੀਰ ਨੂੰ ਅੱਗ ਵਿਚ ਸੁੱਟ ਕੇ ਨਾਸ਼ ਨਹੀਂ ਕਰ ਦਿੱਤਾ ਗਿਆ। 12 ਪਰ ਜਿੱਥੋਂ ਤਕ ਬਾਕੀ ਦਰਿੰਦਿਆਂ ਦੀ ਗੱਲ ਹੈ,+ ਉਨ੍ਹਾਂ ਕੋਲੋਂ ਰਾਜ ਕਰਨ ਦਾ ਅਧਿਕਾਰ ਲੈ ਲਿਆ ਗਿਆ। ਉਨ੍ਹਾਂ ਨੂੰ ਕੁਝ ਹੋਰ ਸਮੇਂ ਲਈ ਜੀਉਣ ਦਿੱਤਾ ਗਿਆ।
13 “ਮੈਂ ਰਾਤ ਨੂੰ ਦਰਸ਼ਣਾਂ ਵਿਚ ਦੇਖਿਆ ਕਿ ਇਕ ਜਣਾ ਜੋ ਮਨੁੱਖ ਦੇ ਪੁੱਤਰ+ ਵਰਗਾ ਸੀ, ਆਕਾਸ਼ ਦੇ ਬੱਦਲਾਂ ਦੇ ਨਾਲ ਆ ਰਿਹਾ ਸੀ ਅਤੇ ਉਸ ਨੂੰ ਅੱਤ ਪ੍ਰਾਚੀਨ+ ਦੇ ਕੋਲ ਆਉਣ ਦੀ ਇਜਾਜ਼ਤ ਦਿੱਤੀ ਗਈ ਅਤੇ ਉਸ ਨੂੰ ਉਸ ਦੇ ਕੋਲ ਲਿਆਂਦਾ ਗਿਆ। 14 ਉਸ ਨੂੰ ਹਕੂਮਤ,+ ਮਹਿਮਾ+ ਅਤੇ ਰਾਜ ਦਿੱਤਾ ਗਿਆ ਤਾਂਕਿ ਵੱਖੋ-ਵੱਖਰੀਆਂ ਕੌਮਾਂ ਅਤੇ ਭਾਸ਼ਾਵਾਂ ਦੇ ਲੋਕ ਉਸ ਦੀ ਸੇਵਾ ਕਰਨ।+ ਉਸ ਦੀ ਹਕੂਮਤ ਹਮੇਸ਼ਾ ਕਾਇਮ ਰਹੇਗੀ ਅਤੇ ਕਦੇ ਖ਼ਤਮ ਨਹੀਂ ਹੋਵੇਗੀ ਅਤੇ ਉਸ ਦਾ ਰਾਜ ਕਦੇ ਨਾਸ਼ ਨਹੀਂ ਹੋਵੇਗਾ।+
15 “ਮੈਂ ਦਾਨੀਏਲ ਮਨ ਹੀ ਮਨ ਬਹੁਤ ਪਰੇਸ਼ਾਨ ਹੋ ਗਿਆ ਕਿਉਂਕਿ ਮੈਂ ਇਨ੍ਹਾਂ ਦਰਸ਼ਣਾਂ ਕਰਕੇ ਬਹੁਤ ਡਰ ਗਿਆ ਸੀ।+ 16 ਉੱਥੇ ਜੋ ਖੜ੍ਹੇ ਸਨ, ਮੈਂ ਉਨ੍ਹਾਂ ਵਿੱਚੋਂ ਇਕ ਕੋਲ ਇਨ੍ਹਾਂ ਦਰਸ਼ਣਾਂ ਦਾ ਸਹੀ ਮਤਲਬ ਪੁੱਛਣ ਲਈ ਗਿਆ। ਇਸ ਲਈ ਉਸ ਨੇ ਮੈਨੂੰ ਜਵਾਬ ਦਿੱਤਾ ਅਤੇ ਇਨ੍ਹਾਂ ਗੱਲਾਂ ਦਾ ਮਤਲਬ ਸਮਝਾਇਆ।
17 “‘ਇਹ ਚਾਰ ਵੱਡੇ-ਵੱਡੇ ਦਰਿੰਦੇ+ ਚਾਰ ਰਾਜੇ ਹਨ ਜੋ ਧਰਤੀ ਤੋਂ ਉੱਠਣਗੇ।+ 18 ਪਰ ਅੱਤ ਮਹਾਨ ਪਰਮੇਸ਼ੁਰ ਦੇ ਪਵਿੱਤਰ ਸੇਵਕਾਂ+ ਨੂੰ ਰਾਜ ਮਿਲੇਗਾ+ ਅਤੇ ਉਨ੍ਹਾਂ ਦਾ ਰਾਜ ਯੁਗਾਂ-ਯੁਗਾਂ ਤਕ, ਹਾਂ, ਹਮੇਸ਼ਾ-ਹਮੇਸ਼ਾ ਲਈ ਰਹੇਗਾ।’+
19 “ਫਿਰ ਮੈਂ ਚੌਥੇ ਦਰਿੰਦੇ ਬਾਰੇ ਹੋਰ ਜਾਣਨਾ ਚਾਹੁੰਦਾ ਸੀ ਜੋ ਬਾਕੀ ਸਾਰਿਆਂ ਤੋਂ ਵੱਖਰਾ ਸੀ। ਉਹ ਬਹੁਤ ਹੀ ਭਿਆਨਕ ਸੀ ਅਤੇ ਉਸ ਦੇ ਦੰਦ ਲੋਹੇ ਦੇ ਅਤੇ ਪੰਜੇ ਤਾਂਬੇ ਦੇ ਸਨ। ਉਹ ਸਭ ਕੁਝ ਨਿਗਲ਼ੀ ਜਾਂਦਾ ਸੀ ਅਤੇ ਹਰ ਚੀਜ਼ ਤੋੜੀ ਜਾਂਦਾ ਸੀ ਅਤੇ ਜੋ ਕੁਝ ਬਚਦਾ ਸੀ, ਉਸ ਨੂੰ ਆਪਣੇ ਪੈਰਾਂ ਹੇਠ ਕੁਚਲੀ ਜਾਂਦਾ ਸੀ।+ 20 ਨਾਲੇ ਮੈਂ ਉਸ ਦੇ ਸਿਰ ਦੇ ਦਸਾਂ ਸਿੰਗਾਂ+ ਬਾਰੇ ਅਤੇ ਬਾਅਦ ਵਿਚ ਨਿਕਲੇ ਸਿੰਗ ਬਾਰੇ ਵੀ ਜਾਣਨਾ ਚਾਹੁੰਦਾ ਸੀ। ਉਸ ਸਿੰਗ ਦੇ ਸਾਮ੍ਹਣੇ ਤਿੰਨ ਸਿੰਗ ਉਖੜ ਗਏ ਸਨ+ ਅਤੇ ਉਸ ਸਿੰਗ ʼਤੇ ਅੱਖਾਂ ਅਤੇ ਇਕ ਮੂੰਹ ਸੀ ਜੋ ਹੰਕਾਰ ਭਰੀਆਂ ਗੱਲਾਂ ਬੋਲ ਰਿਹਾ ਸੀ* ਅਤੇ ਉਹ ਸਿੰਗ ਦੂਜਿਆਂ ਨਾਲੋਂ ਦੇਖਣ ਵਿਚ ਵੱਡਾ ਸੀ।
21 “ਮੇਰੇ ਦੇਖਦੇ ਹੀ ਦੇਖਦੇ ਉਸ ਸਿੰਗ ਨੇ ਪਵਿੱਤਰ ਸੇਵਕਾਂ ਦੇ ਨਾਲ ਲੜਾਈ ਸ਼ੁਰੂ ਕਰ ਦਿੱਤੀ ਅਤੇ ਉਹ ਉਨ੍ਹਾਂ ਉੱਤੇ ਹਾਵੀ ਹੁੰਦਾ ਰਿਹਾ+ 22 ਜਦ ਤਕ ਕਿ ਅੱਤ ਪ੍ਰਾਚੀਨ+ ਆ ਨਹੀਂ ਗਿਆ ਅਤੇ ਅੱਤ ਮਹਾਨ ਦੇ ਪਵਿੱਤਰ ਸੇਵਕਾਂ+ ਦੇ ਪੱਖ ਵਿਚ ਫ਼ੈਸਲਾ ਨਹੀਂ ਸੁਣਾਇਆ ਗਿਆ ਅਤੇ ਪਵਿੱਤਰ ਸੇਵਕਾਂ ਨੂੰ ਰਾਜ+ ਦਿੱਤੇ ਜਾਣ ਦਾ ਮਿਥਿਆ ਸਮਾਂ ਨਹੀਂ ਆ ਗਿਆ।
23 “ਉਸ ਨੇ ਇਹ ਕਿਹਾ: ‘ਚੌਥਾ ਦਰਿੰਦਾ ਚੌਥਾ ਰਾਜ ਹੈ ਜੋ ਧਰਤੀ ʼਤੇ ਖੜ੍ਹਾ ਹੋਵੇਗਾ। ਇਹ ਬਾਕੀ ਸਾਰੇ ਰਾਜਾਂ ਤੋਂ ਵੱਖਰਾ ਹੋਵੇਗਾ ਅਤੇ ਸਾਰੀ ਧਰਤੀ ਨੂੰ ਨਿਗਲ਼ ਜਾਵੇਗਾ, ਮਿੱਧੇਗਾ ਅਤੇ ਚੂਰ-ਚੂਰ ਕਰ ਦੇਵੇਗਾ।+ 24 ਦਸ ਸਿੰਗ ਦਸ ਰਾਜੇ ਹਨ ਜੋ ਉਸ ਰਾਜ ਵਿੱਚੋਂ ਨਿਕਲਣਗੇ ਅਤੇ ਉਨ੍ਹਾਂ ਤੋਂ ਬਾਅਦ ਇਕ ਹੋਰ ਉੱਠੇਗਾ ਜੋ ਪਹਿਲਿਆਂ ਨਾਲੋਂ ਵੱਖਰਾ ਹੋਵੇਗਾ ਅਤੇ ਤਿੰਨ ਰਾਜਿਆਂ ਨੂੰ ਨੀਵਾਂ ਕਰੇਗਾ।+ 25 ਉਹ ਅੱਤ ਮਹਾਨ ਦੇ ਖ਼ਿਲਾਫ਼ ਗੱਲਾਂ ਬੋਲੇਗਾ+ ਅਤੇ ਉਹ ਅੱਤ ਮਹਾਨ ਦੇ ਪਵਿੱਤਰ ਸੇਵਕਾਂ ਨੂੰ ਸਤਾਉਂਦਾ ਰਹੇਗਾ। ਉਹ ਸਮੇਂ ਅਤੇ ਕਾਨੂੰਨ ਨੂੰ ਬਦਲਣ ਦੀ ਕੋਸ਼ਿਸ਼ ਕਰੇਗਾ ਅਤੇ ਉਨ੍ਹਾਂ ਨੂੰ ਇਕ ਸਮੇਂ, ਦੋ ਸਮੇਂ ਅਤੇ ਅੱਧੇ ਸਮੇਂ* ਲਈ ਉਸ ਦੇ ਹਵਾਲੇ ਕੀਤਾ ਜਾਵੇਗਾ।+ 26 ਪਰ ਅਦਾਲਤ ਦੀ ਕਾਰਵਾਈ ਸ਼ੁਰੂ ਹੋਵੇਗੀ ਅਤੇ ਉਸ ਤੋਂ ਰਾਜ ਲੈ ਲਿਆ ਜਾਵੇਗਾ ਤਾਂਕਿ ਉਸ ਨੂੰ ਨਾਸ਼ ਕਰ ਦਿੱਤਾ ਜਾਵੇ ਅਤੇ ਉਸ ਦਾ ਨਾਮੋ-ਨਿਸ਼ਾਨ ਮਿਟਾ ਦਿੱਤਾ ਜਾਵੇ।+
27 “‘ਅਤੇ ਅੱਤ ਮਹਾਨ ਦੇ ਪਵਿੱਤਰ ਸੇਵਕਾਂ ਨੂੰ ਰਾਜ ਅਤੇ ਹਕੂਮਤ ਅਤੇ ਆਕਾਸ਼ ਦੇ ਹੇਠਾਂ ਸਾਰੇ ਰਾਜਾਂ ਦੀ ਮਹਿਮਾ ਦਿੱਤੀ ਜਾਵੇਗੀ।+ ਉਨ੍ਹਾਂ ਦਾ ਰਾਜ ਹਮੇਸ਼ਾ ਕਾਇਮ ਰਹੇਗਾ+ ਅਤੇ ਸਾਰੀਆਂ ਸਰਕਾਰਾਂ ਉਨ੍ਹਾਂ ਦੀ ਸੇਵਾ ਕਰਨਗੀਆਂ ਅਤੇ ਉਨ੍ਹਾਂ ਦਾ ਕਹਿਣਾ ਮੰਨਣਗੀਆਂ।’
28 “ਇੱਥੇ ਗੱਲ ਖ਼ਤਮ ਹੁੰਦੀ ਹੈ। ਮੈਂ ਦਾਨੀਏਲ ਇਨ੍ਹਾਂ ਗੱਲਾਂ ਕਰਕੇ ਬਹੁਤ ਜ਼ਿਆਦਾ ਡਰ ਗਿਆ ਅਤੇ ਮੇਰਾ ਰੰਗ ਪੀਲ਼ਾ ਪੈ ਗਿਆ,* ਪਰ ਮੈਂ ਇਹ ਗੱਲਾਂ ਆਪਣੇ ਮਨ ਵਿਚ ਹੀ ਰੱਖੀਆਂ।”
8 ਮੈਂ ਦਾਨੀਏਲ ਨੇ ਪਹਿਲਾਂ ਦੇਖੇ ਦਰਸ਼ਣ ਤੋਂ ਬਾਅਦ ਰਾਜਾ ਬੇਲਸ਼ੱਸਰ+ ਦੇ ਰਾਜ ਦੇ ਤੀਸਰੇ ਸਾਲ ਇਕ ਹੋਰ ਦਰਸ਼ਣ ਦੇਖਿਆ।+ 2 ਜਦੋਂ ਮੈਂ ਇਹ ਦਰਸ਼ਣ ਦੇਖਿਆ, ਤਾਂ ਮੈਂ ਸ਼ੂਸ਼ਨ*+ ਦੇ ਕਿਲੇ* ਵਿਚ ਸੀ ਜੋ ਏਲਾਮ+ ਜ਼ਿਲ੍ਹੇ ਵਿਚ ਸੀ। ਮੈਂ ਦਰਸ਼ਣ ਵਿਚ ਦੇਖਿਆ ਕਿ ਮੈਂ ਊਲਾਈ ਦਰਿਆ* ਦੇ ਲਾਗੇ ਸੀ। 3 ਜਦ ਮੈਂ ਆਪਣੀਆਂ ਨਜ਼ਰਾਂ ਚੁੱਕੀਆਂ, ਤਾਂ ਦੇਖੋ! ਦਰਿਆ ਦੇ ਸਾਮ੍ਹਣੇ ਇਕ ਭੇਡੂ+ ਖੜ੍ਹਾ ਸੀ ਅਤੇ ਉਸ ਦੇ ਦੋ ਸਿੰਗ ਸਨ।+ ਉਸ ਦੇ ਦੋਵੇਂ ਸਿੰਗ ਲੰਬੇ ਸਨ, ਪਰ ਇਕ ਸਿੰਗ ਦੂਜੇ ਸਿੰਗ ਨਾਲੋਂ ਜ਼ਿਆਦਾ ਲੰਬਾ ਸੀ। ਲੰਬਾ ਸਿੰਗ ਬਾਅਦ ਵਿਚ ਨਿਕਲਿਆ ਸੀ।+ 4 ਮੈਂ ਦੇਖਿਆ ਕਿ ਭੇਡੂ ਪੱਛਮ, ਉੱਤਰ ਅਤੇ ਦੱਖਣ ਵੱਲ ਸਿੰਗ ਮਾਰ ਰਿਹਾ ਸੀ ਅਤੇ ਕੋਈ ਜੰਗਲੀ ਜਾਨਵਰ ਉਸ ਦੇ ਸਾਮ੍ਹਣੇ ਖੜ੍ਹਾ ਨਾ ਰਹਿ ਸਕਿਆ। ਕਿਸੇ ਦੀ ਵੀ ਇੰਨੀ ਮਜਾਲ ਨਹੀਂ ਸੀ ਕਿ ਉਹ ਉਨ੍ਹਾਂ ਨੂੰ ਭੇਡੂ ਦੀ ਤਾਕਤ ਤੋਂ ਬਚਾ ਸਕੇ।+ ਉਸ ਨੇ ਆਪਣੀ ਮਰਜ਼ੀ ਕੀਤੀ ਅਤੇ ਆਪਣੇ ਆਪ ਨੂੰ ਉੱਚਾ ਕੀਤਾ।
5 ਜਦੋਂ ਮੈਂ ਦੇਖ ਰਿਹਾ ਸੀ, ਤਾਂ ਦੇਖੋ! ਇਕ ਬੱਕਰਾ+ ਪੱਛਮ ਤੋਂ ਆ ਰਿਹਾ ਸੀ। ਉਹ ਇੰਨੀ ਤੇਜ਼ੀ ਨਾਲ ਦੌੜ ਕੇ ਪੂਰੀ ਧਰਤੀ ਨੂੰ ਪਾਰ ਕਰ ਰਿਹਾ ਸੀ ਕਿ ਉਸ ਦੇ ਪੈਰ ਜ਼ਮੀਨ ʼਤੇ ਨਹੀਂ ਲੱਗ ਰਹੇ ਸਨ। ਨਾਲੇ ਉਸ ਬੱਕਰੇ ਦੀਆਂ ਅੱਖਾਂ ਵਿਚਕਾਰ ਇਕ ਵੱਡਾ ਸਿੰਗ ਸੀ।+ 6 ਉਹ ਬੱਕਰਾ ਦੋ ਸਿੰਗਾਂ ਵਾਲੇ ਭੇਡੂ ਵੱਲ ਆ ਰਿਹਾ ਸੀ ਜਿਸ ਨੂੰ ਮੈਂ ਦਰਿਆ ਦੇ ਸਾਮ੍ਹਣੇ ਖੜ੍ਹੇ ਦੇਖਿਆ ਸੀ। ਬੱਕਰਾ ਬੜੇ ਗੁੱਸੇ ਵਿਚ ਭੇਡੂ ਵੱਲ ਦੌੜ ਰਿਹਾ ਸੀ।
7 ਮੈਂ ਦੇਖਿਆ ਕਿ ਬੱਕਰਾ ਬੜੇ ਕ੍ਰੋਧ ਨਾਲ ਭੇਡੂ ਵੱਲ ਵਧ ਰਿਹਾ ਸੀ। ਉਸ ਨੇ ਭੇਡੂ ʼਤੇ ਹਮਲਾ ਕੀਤਾ ਅਤੇ ਉਸ ਦੇ ਦੋਵੇਂ ਸਿੰਗ ਤੋੜ ਦਿੱਤੇ ਅਤੇ ਉਸ ਵਿਚ ਬੱਕਰੇ ਦਾ ਮੁਕਾਬਲਾ ਕਰਨ ਦੀ ਤਾਕਤ ਨਹੀਂ ਸੀ। ਬੱਕਰੇ ਨੇ ਭੇਡੂ ਨੂੰ ਜ਼ਮੀਨ ʼਤੇ ਪਟਕਾ ਕੇ ਮਾਰਿਆ ਅਤੇ ਉਸ ਨੂੰ ਆਪਣੇ ਪੈਰਾਂ ਨਾਲ ਕੁਚਲ ਦਿੱਤਾ ਅਤੇ ਉਸ ਨੂੰ ਬੱਕਰੇ ਦੀ ਤਾਕਤ ਤੋਂ ਬਚਾਉਣ ਵਾਲਾ ਕੋਈ ਨਹੀਂ ਸੀ।
8 ਫਿਰ ਬੱਕਰੇ ਨੇ ਆਪਣੇ ਆਪ ਨੂੰ ਬਹੁਤ ਉੱਚਾ ਕੀਤਾ, ਪਰ ਜਿਵੇਂ ਹੀ ਉਹ ਤਾਕਤਵਰ ਹੋਇਆ, ਉਸ ਦਾ ਵੱਡਾ ਸਿੰਗ ਟੁੱਟ ਗਿਆ। ਉਸ ਦੀ ਥਾਂ ਚਾਰ ਵੱਡੇ ਸਿੰਗ ਧਰਤੀ ਦੀਆਂ ਚਾਰੇ ਦਿਸ਼ਾਵਾਂ* ਵੱਲ ਨੂੰ ਨਿਕਲ ਆਏ।+
9 ਉਨ੍ਹਾਂ ਚਾਰ ਸਿੰਗਾਂ ਵਿੱਚੋਂ ਇਕ ਸਿੰਗ ਤੋਂ ਇਕ ਹੋਰ ਛੋਟਾ ਸਿੰਗ ਨਿਕਲ ਆਇਆ ਅਤੇ ਉਸ ਨੇ ਦੱਖਣ, ਪੂਰਬ ਅਤੇ ਸੋਹਣੇ ਦੇਸ਼ ਵੱਲ ਆਪਣੀ ਤਾਕਤ ਦਿਖਾਈ।+ 10 ਉਹ ਇੰਨਾ ਤਾਕਤਵਰ ਹੋ ਗਿਆ ਕਿ ਉਹ ਆਕਾਸ਼ ਦੀ ਸੈਨਾ ਤਕ ਵਧ ਗਿਆ ਅਤੇ ਉਸ ਨੇ ਇਸ ਸੈਨਾ ਵਿੱਚੋਂ ਕੁਝ ਜਣਿਆਂ ਅਤੇ ਕੁਝ ਤਾਰਿਆਂ ਨੂੰ ਧਰਤੀ ʼਤੇ ਸੁੱਟ ਦਿੱਤਾ ਅਤੇ ਉਨ੍ਹਾਂ ਨੂੰ ਕੁਚਲ ਦਿੱਤਾ। 11 ਇੱਥੋਂ ਤਕ ਕਿ ਉਸ ਨੇ ਫ਼ੌਜ ਦੇ ਸੈਨਾਪਤੀ ਨੂੰ ਚੁਣੌਤੀ ਦਿੱਤੀ ਅਤੇ ਉਸ ਤੋਂ ਰੋਜ਼ ਚੜ੍ਹਾਈਆਂ ਜਾਂਦੀਆਂ ਭੇਟਾਂ ਲੈ ਲਈਆਂ ਅਤੇ ਉਸ ਦੇ ਪਵਿੱਤਰ ਸਥਾਨ ਦੀ ਪੱਕੀ ਜਗ੍ਹਾ ਨੂੰ ਵੀ ਡੇਗ ਦਿੱਤਾ।+ 12 ਅਪਰਾਧ ਦੇ ਕਰਕੇ ਫ਼ੌਜ ਅਤੇ ਰੋਜ਼ ਚੜ੍ਹਾਈਆਂ ਜਾਂਦੀਆਂ ਭੇਟਾਂ ਉਸ ਦੇ ਹਵਾਲੇ ਕਰ ਦਿੱਤੀਆਂ ਗਈਆਂ ਅਤੇ ਉਹ ਸੱਚਾਈ ਨੂੰ ਧਰਤੀ ʼਤੇ ਡੇਗਦਾ ਰਿਹਾ। ਨਾਲੇ ਉਸ ਨੇ ਆਪਣੀ ਮਨ-ਮਰਜ਼ੀ ਕੀਤੀ ਅਤੇ ਹਰ ਕੰਮ ਵਿਚ ਕਾਮਯਾਬ ਹੋਇਆ।
13 ਫਿਰ ਮੈਂ ਇਕ ਦੂਤ ਨੂੰ ਗੱਲ ਕਰਦੇ ਹੋਏ ਸੁਣਿਆ ਅਤੇ ਦੂਸਰੇ ਦੂਤ ਨੇ ਉਸ ਨੂੰ ਪੁੱਛਿਆ: “ਇਹ ਦਰਸ਼ਣ ਕਿੰਨਾ ਸਮਾਂ ਚੱਲੇਗਾ ਜੋ ਰੋਜ਼ ਚੜ੍ਹਾਈਆਂ ਜਾਂਦੀਆਂ ਭੇਟਾਂ, ਤਬਾਹੀ ਮਚਾਉਣ ਵਾਲੇ ਅਪਰਾਧ ਅਤੇ ਪਵਿੱਤਰ ਸਥਾਨ ਤੇ ਫ਼ੌਜ ਨੂੰ ਕੁਚਲੇ ਜਾਣ ਬਾਰੇ ਹੈ?”+ 14 ਉਸ ਨੇ ਮੈਨੂੰ ਕਿਹਾ: “ਜਦ ਤਕ ਕਿ 2,300 ਦਿਨ* ਬੀਤ ਨਹੀਂ ਜਾਂਦੇ। ਫਿਰ ਪਵਿੱਤਰ ਸਥਾਨ ਨੂੰ ਜ਼ਰੂਰ ਪਹਿਲਾਂ ਵਾਂਗ ਸਹੀ ਹਾਲਤ ਵਿਚ ਲਿਆਂਦਾ ਜਾਵੇਗਾ।”
15 ਮੈਂ ਦਾਨੀਏਲ ਇਸ ਦਰਸ਼ਣ ਨੂੰ ਦੇਖ ਰਿਹਾ ਸੀ ਅਤੇ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਅਚਾਨਕ ਮੈਂ ਆਪਣੇ ਸਾਮ੍ਹਣੇ ਕਿਸੇ ਨੂੰ ਖੜ੍ਹਾ ਦੇਖਿਆ ਜੋ ਆਦਮੀ ਵਰਗਾ ਲੱਗਦਾ ਸੀ। 16 ਫਿਰ ਮੈਂ ਊਲਾਈ ਦਰਿਆ+ ਦੇ ਵਿਚਕਾਰ ਖੜ੍ਹੇ ਇਕ ਆਦਮੀ ਦੀ ਆਵਾਜ਼ ਸੁਣੀ ਅਤੇ ਉਸ ਨੇ ਉੱਚੀ ਆਵਾਜ਼ ਵਿਚ ਕਿਹਾ: “ਜਬਰਾਏਲ,+ ਉਸ ਨੇ ਜੋ ਦੇਖਿਆ ਹੈ, ਉਸ ਦਾ ਮਤਲਬ ਉਸ ਨੂੰ ਸਮਝਾ।”+ 17 ਫਿਰ ਜਿੱਥੇ ਮੈਂ ਖੜ੍ਹਾ ਸੀ, ਉਹ ਉੱਥੇ ਮੇਰੇ ਕੋਲ ਆਇਆ। ਪਰ ਜਦ ਉਹ ਮੇਰੇ ਕੋਲ ਆਇਆ, ਤਾਂ ਮੈਂ ਇੰਨਾ ਡਰ ਗਿਆ ਕਿ ਮੈਂ ਮੂਧੇ-ਮੂੰਹ ਲੰਮਾ ਪੈ ਗਿਆ। ਉਸ ਨੇ ਮੈਨੂੰ ਕਿਹਾ: “ਹੇ ਮਨੁੱਖ ਦੇ ਪੁੱਤਰ, ਤੂੰ ਜਾਣ ਲੈ ਕਿ ਇਹ ਦਰਸ਼ਣ ਅੰਤ ਦੇ ਸਮੇਂ ਵਿਚ ਪੂਰਾ ਹੋਵੇਗਾ।”+ 18 ਪਰ ਜਦੋਂ ਉਹ ਮੇਰੇ ਨਾਲ ਗੱਲ ਕਰ ਹੀ ਰਿਹਾ ਸੀ, ਤਾਂ ਮੈਂ ਢਿੱਡ ਦੇ ਭਾਰ ਜ਼ਮੀਨ ʼਤੇ ਗੂੜ੍ਹੀ ਨੀਂਦ ਸੌਂ ਗਿਆ। ਇਸ ਲਈ ਉਸ ਨੇ ਮੈਨੂੰ ਛੋਹਿਆ ਅਤੇ ਉਸੇ ਥਾਂ ʼਤੇ ਦੁਬਾਰਾ ਖੜ੍ਹਾ ਕੀਤਾ ਜਿੱਥੇ ਮੈਂ ਪਹਿਲਾਂ ਖੜ੍ਹਾ ਸੀ।+ 19 ਫਿਰ ਉਸ ਨੇ ਕਿਹਾ: “ਹੁਣ ਮੈਂ ਤੈਨੂੰ ਦੱਸਾਂਗਾ ਕਿ ਉਸ ਸਮੇਂ ਦੇ ਅਖ਼ੀਰ ਵਿਚ ਕੀ ਹੋਵੇਗਾ ਜਦੋਂ ਪਰਮੇਸ਼ੁਰ ਦਾ ਕ੍ਰੋਧ ਭੜਕੇਗਾ ਕਿਉਂਕਿ ਇਹ ਦਰਸ਼ਣ ਅੰਤ ਦੇ ਮਿਥੇ ਹੋਏ ਸਮੇਂ ਪੂਰਾ ਹੋਵੇਗਾ।+
20 “ਤੂੰ ਜਿਹੜਾ ਦੋ ਸਿੰਗਾਂ ਵਾਲਾ ਭੇਡੂ ਦੇਖਿਆ ਸੀ, ਉਹ ਮਾਦੀ-ਫਾਰਸੀ ਰਾਜਿਆਂ ਨੂੰ ਦਰਸਾਉਂਦਾ ਹੈ।+ 21 ਉਹ ਵਾਲ਼ਾਂ ਵਾਲਾ ਬੱਕਰਾ ਯੂਨਾਨ ਦਾ ਰਾਜਾ ਹੈ+ ਅਤੇ ਉਸ ਦੀਆਂ ਅੱਖਾਂ ਵਿਚਕਾਰ ਵੱਡਾ ਸਿੰਗ ਪਹਿਲੇ ਰਾਜੇ ਨੂੰ ਦਰਸਾਉਂਦਾ ਹੈ।+ 22 ਜਿਹੜਾ ਸਿੰਗ ਟੁੱਟ ਗਿਆ ਸੀ, ਉਸ ਦੀ ਜਗ੍ਹਾ ਚਾਰ ਸਿੰਗ ਨਿਕਲ ਆਏ ਸਨ,+ ਇਸ ਦਾ ਮਤਲਬ ਹੈ ਕਿ ਉਸ ਦੀ ਕੌਮ ਵਿੱਚੋਂ ਚਾਰ ਰਾਜ ਖੜ੍ਹੇ ਹੋਣਗੇ। ਪਰ ਇਹ ਰਾਜ ਪਹਿਲੇ ਰਾਜੇ ਜਿੰਨੇ ਤਾਕਤਵਰ ਨਹੀਂ ਹੋਣਗੇ।
23 “ਉਨ੍ਹਾਂ ਦੇ ਰਾਜ ਦੇ ਆਖ਼ਰੀ ਦਿਨਾਂ ਵਿਚ, ਜਦੋਂ ਅਪਰਾਧੀਆਂ ਦੇ ਬੁਰੇ ਕੰਮਾਂ ਦੀ ਹੱਦ ਹੋ ਜਾਵੇਗੀ, ਉਦੋਂ ਇਕ ਜ਼ਾਲਮ ਰਾਜਾ ਖੜ੍ਹਾ ਹੋਵੇਗਾ ਜੋ ਗੁੱਝੀਆਂ ਗੱਲਾਂ ਸਮਝੇਗਾ।* 24 ਉਹ ਬਹੁਤ ਤਾਕਤਵਰ ਹੋ ਜਾਵੇਗਾ, ਪਰ ਆਪਣੇ ਦਮ ʼਤੇ ਨਹੀਂ। ਉਹ ਪੂਰੀ ਤਰ੍ਹਾਂ ਨਾਲ ਤਬਾਹੀ ਮਚਾਵੇਗਾ ਅਤੇ ਆਪਣੇ ਹਰ ਕੰਮ ਵਿਚ ਕਾਮਯਾਬ ਹੋਵੇਗਾ। ਉਹ ਤਾਕਤਵਰ ਲੋਕਾਂ ਅਤੇ ਪਵਿੱਤਰ ਸੇਵਕਾਂ ਨੂੰ ਤਬਾਹ ਕਰ ਦੇਵੇਗਾ।+ 25 ਉਹ ਬਹੁਤ ਸਾਰਿਆਂ ਨੂੰ ਧੋਖਾ ਦੇਣ ਵਿਚ ਸਫ਼ਲ ਹੋਵੇਗਾ। ਉਹ ਆਪਣੇ ਮਨ ਵਿਚ ਖ਼ੁਦ ਨੂੰ ਉੱਚਾ ਕਰੇਗਾ ਅਤੇ ਉਹ ਅਮਨ-ਚੈਨ ਦੇ ਸਮੇਂ* ਬਹੁਤ ਸਾਰੇ ਲੋਕਾਂ ਦਾ ਨਾਸ਼ ਕਰੇਗਾ। ਉਹ ਰਾਜਿਆਂ ਦੇ ਰਾਜੇ ਦੇ ਖ਼ਿਲਾਫ਼ ਖੜ੍ਹਾ ਹੋਵੇਗਾ, ਪਰ ਉਸ ਨੂੰ ਬਿਨਾਂ ਕਿਸੇ ਇਨਸਾਨ ਦੇ ਹੱਥ ਲਾਇਆਂ ਤੋੜ ਦਿੱਤਾ ਜਾਵੇਗਾ।
26 “ਸਵੇਰੇ-ਸ਼ਾਮ ਚੜ੍ਹਾਈਆਂ ਜਾਂਦੀਆਂ ਭੇਟਾਂ ਬਾਰੇ ਦਰਸ਼ਣ ਵਿਚ ਜੋ ਕਿਹਾ ਗਿਆ ਹੈ, ਉਹ ਸੱਚ ਹੈ। ਪਰ ਤੂੰ ਇਸ ਦਰਸ਼ਣ ਨੂੰ ਗੁਪਤ ਰੱਖੀਂ ਕਿਉਂਕਿ ਇਹ ਦਰਸ਼ਣ ਭਵਿੱਖ ਲਈ ਹੈ।”+
27 ਮੈਂ ਦਾਨੀਏਲ ਬਹੁਤ ਥੱਕ ਗਿਆ ਅਤੇ ਬਹੁਤ ਦਿਨਾਂ ਤਕ ਬੀਮਾਰ ਰਿਹਾ।+ ਫਿਰ ਮੈਂ ਉੱਠਿਆ ਅਤੇ ਰਾਜੇ ਦੇ ਕੰਮ-ਕਾਰ ਕਰਨ ਲੱਗਾ।+ ਪਰ ਮੈਂ ਜੋ ਦੇਖਿਆ ਸੀ, ਉਸ ਕਰਕੇ ਮੈਂ ਸੁੰਨ ਹੋ ਗਿਆ ਸੀ ਅਤੇ ਕੋਈ ਇਸ ਦਰਸ਼ਣ ਦਾ ਮਤਲਬ ਨਹੀਂ ਸਮਝ ਸਕਦਾ ਸੀ।+
9 ਅਹਸ਼ਵੇਰੋਸ਼ ਦੇ ਪੁੱਤਰ ਦਾਰਾ ਦਾ ਇਹ ਪਹਿਲਾ ਸਾਲ ਸੀ।+ ਉਹ ਮਾਦੀ ਕੌਮ ਵਿੱਚੋਂ ਸੀ ਅਤੇ ਉਸ ਨੂੰ ਕਸਦੀਆਂ ਦੇ ਰਾਜ ਦਾ ਰਾਜਾ ਬਣਾਇਆ ਗਿਆ।+ 2 ਉਸ ਦੇ ਰਾਜ ਦੇ ਪਹਿਲੇ ਸਾਲ ਮੈਨੂੰ ਦਾਨੀਏਲ ਨੂੰ ਕਿਤਾਬਾਂ* ਪੜ੍ਹ ਕੇ ਇਹ ਸਮਝ ਮਿਲੀ ਕਿ ਯਿਰਮਿਯਾਹ ਨਬੀ ਨੂੰ ਕਹੀ ਯਹੋਵਾਹ ਦੀ ਗੱਲ ਅਨੁਸਾਰ+ ਯਰੂਸ਼ਲਮ 70 ਸਾਲਾਂ ਤਕ ਉਜਾੜ ਪਿਆ ਰਹੇਗਾ।+ 3 ਇਸ ਲਈ ਮੈਂ ਆਪਣਾ ਮੂੰਹ ਸੱਚੇ ਪਰਮੇਸ਼ੁਰ ਯਹੋਵਾਹ ਵੱਲ ਕੀਤਾ ਅਤੇ ਉਸ ਨੂੰ ਪ੍ਰਾਰਥਨਾ ਵਿਚ ਤਰਲੇ-ਮਿੰਨਤਾਂ ਕੀਤੀਆਂ। ਮੈਂ ਵਰਤ ਰੱਖਿਆ,+ ਤੱਪੜ ਪਾਇਆ ਤੇ ਆਪਣੇ ਉੱਪਰ ਸੁਆਹ ਪਾਈ। 4 ਮੈਂ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਅਤੇ ਉਸ ਸਾਮ੍ਹਣੇ ਆਪਣੇ ਲੋਕਾਂ ਦੇ ਪਾਪਾਂ ਨੂੰ ਕਬੂਲ ਕਰਦੇ ਹੋਏ ਕਿਹਾ:
“ਹੇ ਸੱਚੇ ਪਰਮੇਸ਼ੁਰ ਯਹੋਵਾਹ, ਤੂੰ ਮਹਾਨ ਅਤੇ ਸ਼ਰਧਾ ਦੇ ਲਾਇਕ ਹੈਂ। ਤੂੰ ਆਪਣਾ ਇਕਰਾਰ ਪੂਰਾ ਕਰਦਾ ਹੈਂ ਅਤੇ ਜੋ ਤੈਨੂੰ ਪਿਆਰ ਕਰਦੇ ਹਨ ਅਤੇ ਤੇਰੇ ਹੁਕਮ ਮੰਨਦੇ ਹਨ,+ ਤੂੰ ਉਨ੍ਹਾਂ ਨੂੰ ਅਟੱਲ ਪਿਆਰ ਕਰਦਾ ਹੈਂ।+ 5 ਅਸੀਂ ਪਾਪ ਕੀਤੇ, ਗ਼ਲਤੀਆਂ ਕੀਤੀਆਂ ਅਤੇ ਦੁਸ਼ਟ ਕੰਮ ਕੀਤੇ। ਅਸੀਂ ਤੇਰੇ ਖ਼ਿਲਾਫ਼ ਬਗਾਵਤ ਕੀਤੀ+ ਅਤੇ ਤੇਰੇ ਹੁਕਮਾਂ ਅਤੇ ਕਾਨੂੰਨਾਂ ਨੂੰ ਨਹੀਂ ਮੰਨਿਆ। 6 ਅਸੀਂ ਤੇਰੇ ਸੇਵਕ ਨਬੀਆਂ ਦੀ ਗੱਲ ਨਹੀਂ ਸੁਣੀ+ ਜਿਨ੍ਹਾਂ ਨੇ ਤੇਰਾ ਨਾਂ ਲੈ ਕੇ ਸਾਡੇ ਰਾਜਿਆਂ, ਸਾਡੇ ਆਗੂਆਂ, ਸਾਡੇ ਪਿਉ-ਦਾਦਿਆਂ ਅਤੇ ਦੇਸ਼ ਦੇ ਸਾਰੇ ਲੋਕਾਂ ਨਾਲ ਗੱਲ ਕੀਤੀ ਸੀ। 7 ਹੇ ਯਹੋਵਾਹ, ਸਿਰਫ਼ ਤੂੰ ਹੀ ਸਹੀ ਹੈਂ, ਪਰ ਸਾਡੇ ਚਿਹਰਿਆਂ ʼਤੇ, ਹਾਂ, ਯਹੂਦਾਹ ਦੇ ਲੋਕਾਂ, ਯਰੂਸ਼ਲਮ ਦੇ ਵਾਸੀਆਂ ਅਤੇ ਇਜ਼ਰਾਈਲ ਦੇ ਸਾਰੇ ਲੋਕਾਂ ਦੇ ਚਿਹਰਿਆਂ ʼਤੇ ਸ਼ਰਮਿੰਦਗੀ ਛਾਈ ਹੈ ਜਿਨ੍ਹਾਂ ਨੂੰ ਤੂੰ ਦੂਰ ਅਤੇ ਨੇੜੇ ਖਿੰਡਾ ਦਿੱਤਾ ਹੈ ਕਿਉਂਕਿ ਉਨ੍ਹਾਂ ਨੇ ਤੇਰੇ ਨਾਲ ਵਿਸ਼ਵਾਸਘਾਤ ਕੀਤਾ ਹੈ।+
8 “ਹੇ ਯਹੋਵਾਹ, ਅਸੀਂ ਅਤੇ ਸਾਡੇ ਰਾਜੇ, ਸਾਡੇ ਆਗੂ ਅਤੇ ਸਾਡੇ ਪਿਉ-ਦਾਦੇ ਸ਼ਰਮਿੰਦਗੀ* ਦੇ ਮਾਰੇ ਹਾਂ ਕਿਉਂਕਿ ਅਸੀਂ ਤੇਰੇ ਖ਼ਿਲਾਫ਼ ਪਾਪ ਕੀਤਾ ਹੈ। 9 ਹੇ ਸਾਡੇ ਪਰਮੇਸ਼ੁਰ ਯਹੋਵਾਹ, ਤੂੰ ਮਾਫ਼ ਕਰਦਾ ਹੈਂ ਅਤੇ ਦਇਆਵਾਨ ਹੈਂ,+ ਪਰ ਅਸੀਂ ਤੇਰੇ ਖ਼ਿਲਾਫ਼ ਬਗਾਵਤ ਕੀਤੀ ਹੈ।+ 10 ਹੇ ਸਾਡੇ ਪਰਮੇਸ਼ੁਰ ਯਹੋਵਾਹ, ਅਸੀਂ ਤੇਰੀ ਗੱਲ ਨਹੀਂ ਸੁਣੀ ਅਤੇ ਤੇਰੇ ਹੁਕਮ ਨਹੀਂ ਮੰਨੇ ਜੋ ਤੂੰ ਆਪਣੇ ਸੇਵਕ ਨਬੀਆਂ ਰਾਹੀਂ ਸਾਨੂੰ ਦਿੱਤੇ ਸਨ।+ 11 ਸਾਰੇ ਇਜ਼ਰਾਈਲ ਨੇ ਤੇਰੇ ਕਾਨੂੰਨ ਦੀ ਉਲੰਘਣਾ ਕੀਤੀ ਅਤੇ ਤੇਰੀ ਗੱਲ ਮੰਨਣ ਤੋਂ ਇਨਕਾਰ ਕੀਤਾ, ਇਸ ਕਰਕੇ ਤੂੰ ਸਾਡੇ ਉੱਤੇ ਉਹ ਬਿਪਤਾ ਲਿਆਂਦੀ ਜਿਸ ਦੀ ਤੂੰ ਸਹੁੰ ਖਾਧੀ ਸੀ ਅਤੇ ਜਿਸ ਬਾਰੇ ਸੱਚੇ ਪਰਮੇਸ਼ੁਰ ਦੇ ਸੇਵਕ ਮੂਸਾ ਦੇ ਕਾਨੂੰਨ ਵਿਚ ਲਿਖਵਾਇਆ ਸੀ+ ਕਿਉਂਕਿ ਅਸੀਂ ਤੇਰੇ ਖ਼ਿਲਾਫ਼ ਪਾਪ ਕੀਤਾ ਹੈ। 12 ਤੂੰ ਸਾਡੇ ਉੱਤੇ ਅਤੇ ਸਾਡੇ ਉੱਤੇ ਰਾਜ ਕਰਨ ਵਾਲੇ ਰਾਜਿਆਂ* ਦੇ ਖ਼ਿਲਾਫ਼ ਵੱਡੀ ਬਿਪਤਾ ਲਿਆ ਕੇ ਆਪਣੀ ਗੱਲ ਪੂਰੀ ਕੀਤੀ+ ਅਤੇ ਜੋ ਬਿਪਤਾ ਯਰੂਸ਼ਲਮ ʼਤੇ ਆਈ, ਅਜਿਹੀ ਬਿਪਤਾ ਕਦੇ ਵੀ ਸਾਰੇ ਆਕਾਸ਼ ਹੇਠ ਕਿਸੇ ʼਤੇ ਨਹੀਂ ਆਈ।+ 13 ਜਿਵੇਂ ਮੂਸਾ ਦੇ ਕਾਨੂੰਨ ਵਿਚ ਲਿਖਿਆ ਗਿਆ ਸੀ, ਇਹ ਬਿਪਤਾ ਸਾਡੇ ਉੱਤੇ ਆਈ,+ ਫਿਰ ਵੀ ਹੇ ਸਾਡੇ ਪਰਮੇਸ਼ੁਰ ਯਹੋਵਾਹ, ਅਸੀਂ ਤੇਰੇ ਅੱਗੇ ਦਇਆ ਲਈ ਤਰਲੇ-ਮਿੰਨਤਾਂ ਨਹੀਂ ਕੀਤੀਆਂ, ਸਗੋਂ ਬੁਰੇ ਕੰਮਾਂ ਵਿਚ ਲੱਗੇ ਰਹੇ+ ਅਤੇ ਤੇਰੀ ਸੱਚਾਈ* ਨੂੰ ਨਹੀਂ ਸਮਝੇ।
14 “ਇਸ ਲਈ ਹੇ ਯਹੋਵਾਹ, ਤੂੰ ਖ਼ਬਰਦਾਰ ਰਿਹਾ ਅਤੇ ਸਾਡੇ ਉੱਤੇ ਬਿਪਤਾ ਲਿਆਇਆ ਕਿਉਂਕਿ ਹੇ ਸਾਡੇ ਪਰਮੇਸ਼ੁਰ ਯਹੋਵਾਹ, ਤੂੰ ਜੋ ਵੀ ਕੀਤਾ ਹੈ, ਉਹ ਸਹੀ ਕੀਤਾ ਹੈ, ਫਿਰ ਵੀ ਅਸੀਂ ਤੇਰਾ ਕਹਿਣਾ ਨਹੀਂ ਮੰਨਿਆ।+
15 “ਹੇ ਸਾਡੇ ਪਰਮੇਸ਼ੁਰ ਯਹੋਵਾਹ, ਤੂੰ ਆਪਣੇ ਸ਼ਕਤੀਸ਼ਾਲੀ ਹੱਥ ਨਾਲ ਆਪਣੇ ਲੋਕਾਂ ਨੂੰ ਮਿਸਰ ਦੇਸ਼ ਤੋਂ ਕੱਢ ਲਿਆਇਆ ਸੀ+ ਜਿਸ ਕਰਕੇ ਤੇਰਾ ਨਾਂ ਅੱਜ ਤਕ ਮਸ਼ਹੂਰ ਹੈ।+ ਅਸੀਂ ਪਾਪ ਅਤੇ ਦੁਸ਼ਟ ਕੰਮ ਕੀਤੇ ਹਨ। 16 ਹੇ ਯਹੋਵਾਹ, ਤੂੰ ਹਮੇਸ਼ਾ ਨਿਆਂ ਮੁਤਾਬਕ ਕੰਮ ਕੀਤੇ ਹਨ।+ ਇਸ ਲਈ ਕਿਰਪਾ ਕਰ ਕੇ ਆਪਣੇ ਪਵਿੱਤਰ ਪਹਾੜ ਯਾਨੀ ਆਪਣੇ ਸ਼ਹਿਰ ਯਰੂਸ਼ਲਮ ਪ੍ਰਤੀ ਆਪਣਾ ਗੁੱਸਾ ਅਤੇ ਕ੍ਰੋਧ ਠੰਢਾ ਕਰ। ਸਾਡੇ ਪਾਪਾਂ ਅਤੇ ਸਾਡੇ ਪਿਉ-ਦਾਦਿਆਂ ਦੀਆਂ ਗ਼ਲਤੀਆਂ ਕਰਕੇ ਯਰੂਸ਼ਲਮ ਅਤੇ ਤੇਰੇ ਲੋਕ ਆਲੇ-ਦੁਆਲੇ ਦੇ ਸਾਰੇ ਲੋਕਾਂ ਵਿਚ ਬਦਨਾਮ ਹੋਏ ਹਨ।+ 17 ਹੁਣ ਹੇ ਸਾਡੇ ਪਰਮੇਸ਼ੁਰ, ਆਪਣੇ ਦਾਸ ਦੀ ਪ੍ਰਾਰਥਨਾ ਅਤੇ ਫ਼ਰਿਆਦ ਸੁਣ। ਹੇ ਯਹੋਵਾਹ, ਆਪਣੇ ਨਾਂ ਦੀ ਖ਼ਾਤਰ ਆਪਣੇ ਚਿਹਰੇ ਦਾ ਨੂਰ ਆਪਣੇ ਪਵਿੱਤਰ ਸਥਾਨ+ ʼਤੇ ਚਮਕਾ ਜੋ ਬਰਬਾਦ ਪਿਆ ਹੈ।+ 18 ਹੇ ਮੇਰੇ ਪਰਮੇਸ਼ੁਰ, ਮੇਰੀ ਪ੍ਰਾਰਥਨਾ ʼਤੇ ਕੰਨ ਲਾ! ਆਪਣੀਆਂ ਅੱਖਾਂ ਖੋਲ੍ਹ ਅਤੇ ਸਾਡੀ ਬਰਬਾਦੀ ਅਤੇ ਉਸ ਸ਼ਹਿਰ ਨੂੰ ਦੇਖ ਜੋ ਤੇਰੇ ਨਾਂ ਤੋਂ ਜਾਣਿਆ ਜਾਂਦਾ ਹੈ। ਅਸੀਂ ਇਸ ਲਈ ਤੇਰੇ ਅੱਗੇ ਫ਼ਰਿਆਦ ਨਹੀਂ ਕਰ ਰਹੇ ਕਿ ਅਸੀਂ ਨੇਕ ਕੰਮ ਕੀਤੇ ਹਨ, ਸਗੋਂ ਇਸ ਲਈ ਕਿ ਤੂੰ ਬੜਾ ਦਇਆਵਾਨ ਹੈਂ।+ 19 ਹੇ ਯਹੋਵਾਹ, ਸਾਡੀ ਸੁਣ। ਹੇ ਯਹੋਵਾਹ, ਸਾਨੂੰ ਮਾਫ਼ ਕਰ ਦੇ।+ ਹੇ ਯਹੋਵਾਹ, ਸਾਡੇ ਵੱਲ ਧਿਆਨ ਦੇ ਅਤੇ ਸਾਡੀ ਮਦਦ ਕਰ! ਹੇ ਮੇਰੇ ਪਰਮੇਸ਼ੁਰ, ਆਪਣੇ ਨਾਂ ਦੀ ਖ਼ਾਤਰ ਦੇਰ ਨਾ ਕਰ ਕਿਉਂਕਿ ਤੇਰੇ ਨਾਂ ਤੋਂ ਤੇਰਾ ਸ਼ਹਿਰ ਅਤੇ ਤੇਰੇ ਲੋਕ ਜਾਣੇ ਜਾਂਦੇ ਹਨ।”+
20 ਮੈਂ ਪ੍ਰਾਰਥਨਾ ਵਿਚ ਅਜੇ ਇਹ ਸਭ ਕੁਝ ਕਹਿ ਹੀ ਰਿਹਾ ਸੀ ਅਤੇ ਆਪਣੇ ਤੇ ਇਜ਼ਰਾਈਲ ਕੌਮ ਦੇ ਪਾਪ ਕਬੂਲ ਕਰ ਹੀ ਰਿਹਾ ਸੀ ਅਤੇ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਉਸ ਦੇ ਪਵਿੱਤਰ ਪਹਾੜ ਲਈ ਬੇਨਤੀ ਕਰ ਰਿਹਾ ਸੀ,+ 21 ਹਾਂ, ਮੈਂ ਅਜੇ ਪ੍ਰਾਰਥਨਾ ਕਰ ਹੀ ਰਿਹਾ ਸੀ ਕਿ ਜਬਰਾਏਲ+ ਨਾਂ ਦਾ ਆਦਮੀ, ਜਿਸ ਨੂੰ ਮੈਂ ਪਹਿਲਾਂ ਵੀ ਦਰਸ਼ਣ ਵਿਚ ਦੇਖਿਆ ਸੀ,+ ਮੇਰੇ ਕੋਲ ਆਇਆ। ਉਹ ਸ਼ਾਮ ਦੀ ਭੇਟ ਚੜ੍ਹਾਉਣ ਦਾ ਵੇਲਾ ਸੀ ਅਤੇ ਮੈਂ ਉਸ ਵੇਲੇ ਬਹੁਤ ਹੀ ਥੱਕਿਆ ਹੋਇਆ ਸੀ। 22 ਉਸ ਨੇ ਮੈਨੂੰ ਸਮਝਾਉਂਦੇ ਹੋਏ ਕਿਹਾ:
“ਹੇ ਦਾਨੀਏਲ, ਮੈਂ ਇਸ ਲਈ ਆਇਆ ਹਾਂ ਤਾਂਕਿ ਤੈਨੂੰ ਸਾਰੀਆਂ ਗੱਲਾਂ ਸਾਫ਼-ਸਾਫ਼ ਸਮਝਾਵਾਂ। 23 ਜਦ ਤੂੰ ਫ਼ਰਿਆਦ ਕਰ ਰਿਹਾ ਸੀ, ਤਾਂ ਮੈਨੂੰ ਇਕ ਸੰਦੇਸ਼ ਮਿਲਿਆ ਅਤੇ ਮੈਂ ਤੈਨੂੰ ਇਹ ਸੰਦੇਸ਼ ਦੇਣ ਆਇਆ ਹਾਂ ਕਿਉਂਕਿ ਤੂੰ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਅਨਮੋਲ* ਹੈਂ।+ ਇਸ ਲਈ ਇਸ ਸੰਦੇਸ਼ ʼਤੇ ਸੋਚ-ਵਿਚਾਰ ਕਰ ਅਤੇ ਇਸ ਦਰਸ਼ਣ ਨੂੰ ਸਮਝ।
24 “ਤੇਰੇ ਲੋਕਾਂ ਅਤੇ ਤੇਰੇ ਪਵਿੱਤਰ ਸ਼ਹਿਰ+ ਲਈ 70 ਹਫ਼ਤੇ* ਠਹਿਰਾਏ ਗਏ ਹਨ ਤਾਂਕਿ ਅਪਰਾਧ ਖ਼ਤਮ ਕੀਤਾ ਜਾਵੇ, ਪਾਪ ਮਿਟਾਇਆ ਜਾਵੇ,+ ਗੁਨਾਹ ਮਾਫ਼ ਕੀਤਾ ਜਾਵੇ,+ ਬਹੁਤ ਜਣਿਆਂ ਨੂੰ ਹਮੇਸ਼ਾ-ਹਮੇਸ਼ਾ ਲਈ ਧਰਮੀ ਠਹਿਰਾਇਆ ਜਾਵੇ,*+ ਦਰਸ਼ਣ ਅਤੇ ਭਵਿੱਖਬਾਣੀ* ਉੱਤੇ ਮੁਹਰ ਲਾਈ ਜਾਵੇ+ ਅਤੇ ਅੱਤ ਪਵਿੱਤਰ ਜਗ੍ਹਾ ਪਰਮੇਸ਼ੁਰ ਨੂੰ ਅਰਪਿਤ ਕੀਤੀ ਜਾਵੇ।* 25 ਤੇਰੇ ਲਈ ਇਹ ਜਾਣਨਾ ਅਤੇ ਸਮਝਣਾ ਜ਼ਰੂਰੀ ਹੈ ਕਿ ਜਦੋਂ ਯਰੂਸ਼ਲਮ ਨੂੰ ਦੁਬਾਰਾ ਉਸਾਰ ਕੇ ਪਹਿਲਾਂ ਵਾਲੀ ਹਾਲਤ ਵਿਚ ਲਿਆਉਣ ਦਾ ਹੁਕਮ ਨਿਕਲੇਗਾ,+ ਉਦੋਂ ਤੋਂ ਲੈ ਕੇ ਮਸੀਹ,*+ ਹਾਂ, ਆਗੂ ਦੇ ਪ੍ਰਗਟ ਹੋਣ ਤਕ 7 ਹਫ਼ਤੇ ਅਤੇ 62 ਹਫ਼ਤੇ ਬੀਤਣਗੇ।+ ਯਰੂਸ਼ਲਮ ਨੂੰ ਪਹਿਲਾਂ ਵਾਲੀ ਹਾਲਤ ਵਿਚ ਲਿਆਂਦਾ ਜਾਵੇਗਾ ਅਤੇ ਇਕ ਚੌਂਕ ਤੇ ਖਾਈ ਸਮੇਤ ਦੁਬਾਰਾ ਉਸਾਰਿਆ ਜਾਵੇਗਾ, ਪਰ ਮੁਸ਼ਕਲ ਸਮਿਆਂ ਦੌਰਾਨ।
26 “ਅਤੇ 62 ਹਫ਼ਤਿਆਂ ਤੋਂ ਬਾਅਦ ਮਸੀਹ ਨੂੰ ਮਾਰ ਦਿੱਤਾ ਜਾਵੇਗਾ+ ਤੇ ਉਸ ਕੋਲ ਕੁਝ ਨਹੀਂ ਬਚੇਗਾ।+
“ਅਤੇ ਫ਼ੌਜਾਂ ਦਾ ਇਕ ਮੁਖੀ ਆ ਰਿਹਾ ਹੈ ਤੇ ਉਸ ਦੀਆਂ ਫ਼ੌਜਾਂ ਇਸ ਸ਼ਹਿਰ ਤੇ ਪਵਿੱਤਰ ਥਾਂ ਨੂੰ ਤਬਾਹ ਕਰ ਦੇਣਗੀਆਂ।+ ਨਾਲੇ ਇਸ ਦਾ ਅੰਤ ਇਸ ਤਰ੍ਹਾਂ ਹੋਵੇਗਾ ਜਿਸ ਤਰ੍ਹਾਂ ਹੜ੍ਹ ਨਾਲ ਹੁੰਦਾ ਹੈ। ਅੰਤ ਤਕ ਲੜਾਈ ਹੁੰਦੀ ਰਹੇਗੀ ਅਤੇ ਪਰਮੇਸ਼ੁਰ ਦੇ ਫ਼ੈਸਲੇ ਮੁਤਾਬਕ ਤਬਾਹੀ ਹੋਵੇਗੀ।+
27 “ਅਤੇ ਉਹ ਬਹੁਤਿਆਂ ਦੇ ਲਈ ਇਕਰਾਰ ਨੂੰ ਇਕ ਹਫ਼ਤੇ ਤਕ ਕਾਇਮ ਰੱਖੇਗਾ ਤੇ ਹਫ਼ਤੇ ਦੇ ਅੱਧ ਵਿਚ ਉਹ ਬਲੀਦਾਨ ਅਤੇ ਭੇਟ ਦਾ ਚੜ੍ਹਾਵਾ ਬੰਦ ਕਰ ਦੇਵੇਗਾ।+
“ਅਤੇ ਤਬਾਹੀ ਮਚਾਉਣ ਵਾਲਾ ਘਿਣਾਉਣੀਆਂ ਚੀਜ਼ਾਂ ਦੇ ਖੰਭਾਂ ʼਤੇ ਸਵਾਰ ਹੋ ਕੇ ਆਵੇਗਾ+ ਅਤੇ ਉਜਾੜ ਪਈ ਹੋਈ ਜਗ੍ਹਾ ਨਾਲ ਉਸੇ ਤਰ੍ਹਾਂ ਕੀਤਾ ਜਾਵੇਗਾ ਜਿਵੇਂ ਫ਼ੈਸਲਾ ਕੀਤਾ ਗਿਆ ਹੈ, ਜਦ ਤਕ ਉਹ ਜਗ੍ਹਾ ਪੂਰੀ ਤਰ੍ਹਾਂ ਤਬਾਹ ਨਹੀਂ ਹੋ ਜਾਂਦੀ।”
10 ਫਾਰਸ ਦੇ ਰਾਜਾ ਖੋਰਸ ਦੇ ਰਾਜ ਦੇ ਤੀਜੇ ਸਾਲ+ ਦਾਨੀਏਲ, ਜਿਸ ਨੂੰ ਬੇਲਟਸ਼ੱਸਰ ਵੀ ਕਿਹਾ ਜਾਂਦਾ ਹੈ,+ ਨੂੰ ਇਕ ਸੰਦੇਸ਼ ਮਿਲਿਆ। ਇਹ ਸੰਦੇਸ਼ ਸੱਚਾ ਸੀ ਅਤੇ ਇਹ ਇਕ ਵੱਡੀ ਲੜਾਈ ਬਾਰੇ ਸੀ। ਦਾਨੀਏਲ ਇਹ ਸੰਦੇਸ਼ ਸਮਝ ਗਿਆ ਅਤੇ ਜੋ ਉਸ ਨੇ ਦੇਖਿਆ ਸੀ, ਉਸ ਬਾਰੇ ਉਸ ਨੂੰ ਸਮਝ ਦਿੱਤੀ ਗਈ।
2 ਮੈਂ ਦਾਨੀਏਲ ਉਨ੍ਹਾਂ ਦਿਨਾਂ ਵਿਚ ਪੂਰੇ ਤਿੰਨ ਹਫ਼ਤਿਆਂ ਤੋਂ ਸੋਗ ਮਨਾ ਰਿਹਾ ਸੀ।+ 3 ਮੈਂ ਪੂਰੇ ਤਿੰਨ ਹਫ਼ਤੇ ਨਾ ਤਾਂ ਪਕਵਾਨ ਖਾਧੇ, ਨਾ ਮੀਟ ਖਾਧਾ, ਨਾ ਦਾਖਰਸ ਪੀਤਾ ਅਤੇ ਨਾ ਹੀ ਆਪਣੇ ਸਰੀਰ ʼਤੇ ਤੇਲ ਮਲ਼ਿਆ। 4 ਪਹਿਲੇ ਮਹੀਨੇ ਦੀ 24 ਤਾਰੀਖ਼ ਨੂੰ ਮੈਂ ਵੱਡੇ ਦਰਿਆ ਟਾਈਗ੍ਰਿਸ* ਦੇ ਕੰਢੇ ʼਤੇ ਸੀ।+ 5 ਜਦ ਮੈਂ ਆਪਣੀਆਂ ਨਜ਼ਰਾਂ ਚੁੱਕੀਆਂ, ਤਾਂ ਮੈਂ ਇਕ ਆਦਮੀ ਨੂੰ ਦੇਖਿਆ ਜਿਸ ਨੇ ਮਲਮਲ ਦੇ ਕੱਪੜੇ ਪਾਏ ਹੋਏ ਸਨ+ ਅਤੇ ਲੱਕ ਦੁਆਲੇ ਊਫਾਜ਼ ਦੇ ਸੋਨੇ ਦਾ ਕਮਰਬੰਦ ਬੰਨ੍ਹਿਆ ਹੋਇਆ ਸੀ। 6 ਉਸ ਦਾ ਸਰੀਰ ਪੀਲ਼ੇ ਪਾਰਦਰਸ਼ੀ ਕੀਮਤੀ ਪੱਥਰ* ਵਾਂਗ ਚਮਕ ਰਿਹਾ ਸੀ,+ ਉਸ ਦਾ ਚਿਹਰਾ ਬਿਜਲੀ ਵਾਂਗ ਲਿਸ਼ਕ ਰਿਹਾ ਸੀ, ਉਸ ਦੀਆਂ ਅੱਖਾਂ ਬਲ਼ਦੀਆਂ ਹੋਈਆਂ ਮਸ਼ਾਲਾਂ ਵਾਂਗ ਸਨ, ਉਸ ਦੀਆਂ ਬਾਹਾਂ ਅਤੇ ਪੈਰ ਚਮਕਦੇ ਹੋਏ ਤਾਂਬੇ ਵਰਗੇ ਸਨ+ ਅਤੇ ਉਸ ਦੀ ਆਵਾਜ਼ ਇੰਨੀ ਉੱਚੀ ਸੀ ਜਿਵੇਂ ਬਹੁਤ ਸਾਰੇ ਲੋਕ ਬੋਲ ਰਹੇ ਹੋਣ। 7 ਇਹ ਦਰਸ਼ਣ ਸਿਰਫ਼ ਮੈਂ ਦਾਨੀਏਲ ਨੇ ਦੇਖਿਆ ਅਤੇ ਮੇਰੇ ਨਾਲ ਦੇ ਆਦਮੀਆਂ ਨੇ ਇਸ ਨੂੰ ਨਹੀਂ ਦੇਖਿਆ।+ ਫਿਰ ਵੀ ਉਹ ਥਰ-ਥਰ ਕੰਬਣ ਲੱਗੇ ਅਤੇ ਭੱਜ ਕੇ ਕਿਤੇ ਲੁਕ ਗਏ।
8 ਫਿਰ ਮੈਂ ਇਕੱਲਾ ਰਹਿ ਗਿਆ ਅਤੇ ਇਹ ਸ਼ਾਨਦਾਰ ਦਰਸ਼ਣ ਦੇਖਣ ਕਰਕੇ ਮੇਰੇ ਵਿਚ ਕੋਈ ਤਾਕਤ ਨਾ ਰਹੀ ਅਤੇ ਮੇਰਾ ਚਿਹਰਾ ਬਹੁਤ ਪੀਲ਼ਾ ਪੈ ਗਿਆ ਅਤੇ ਮੇਰੇ ਵਿਚ ਜਾਨ ਨਾ ਰਹੀ।+ 9 ਇਸ ਤੋਂ ਬਾਅਦ ਮੈਂ ਉਸ ਆਦਮੀ ਨੂੰ ਬੋਲਦੇ ਹੋਏ ਸੁਣਿਆ, ਪਰ ਜਦ ਉਹ ਬੋਲ ਰਿਹਾ ਸੀ, ਤਾਂ ਮੈਂ ਢਿੱਡ ਦੇ ਭਾਰ ਜ਼ਮੀਨ ʼਤੇ ਗਹਿਰੀ ਨੀਂਦ ਸੌਂ ਗਿਆ।+ 10 ਪਰ ਕਿਸੇ ਦੇ ਹੱਥ ਨੇ ਮੈਨੂੰ ਛੋਹਿਆ+ ਅਤੇ ਹਿਲਾਇਆ ਤਾਂਕਿ ਮੈਂ ਆਪਣੇ ਹੱਥਾਂ ਅਤੇ ਗੋਡਿਆਂ ਦੇ ਭਾਰ ਉੱਠਾਂ। 11 ਫਿਰ ਉਸ ਨੇ ਮੈਨੂੰ ਕਿਹਾ:
“ਹੇ ਦਾਨੀਏਲ, ਤੂੰ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਅਨਮੋਲ* ਹੈਂ।+ ਜੋ ਗੱਲਾਂ ਮੈਂ ਤੈਨੂੰ ਦੱਸਣ ਜਾ ਰਿਹਾ ਹਾਂ, ਉਨ੍ਹਾਂ ਨੂੰ ਧਿਆਨ ਨਾਲ ਸੁਣ। ਹੁਣ ਤੂੰ ਆਪਣੀ ਜਗ੍ਹਾ ʼਤੇ ਖੜ੍ਹਾ ਹੋ ਜਾ ਕਿਉਂਕਿ ਮੈਨੂੰ ਤੇਰੇ ਕੋਲ ਭੇਜਿਆ ਗਿਆ ਹੈ।”
ਜਦ ਉਸ ਨੇ ਮੈਨੂੰ ਇਹ ਗੱਲ ਕਹੀ, ਤਾਂ ਮੈਂ ਕੰਬਦੇ-ਕੰਬਦੇ ਖੜ੍ਹਾ ਹੋ ਗਿਆ।
12 ਫਿਰ ਉਸ ਨੇ ਮੈਨੂੰ ਕਿਹਾ: “ਹੇ ਦਾਨੀਏਲ, ਨਾ ਡਰ।+ ਜਿਸ ਦਿਨ ਤੋਂ ਤੂੰ ਦਿਲ ਲਾ ਕੇ ਇਨ੍ਹਾਂ ਗੱਲਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ ਅਤੇ ਆਪਣੇ ਆਪ ਨੂੰ ਪਰਮੇਸ਼ੁਰ ਦੇ ਸਾਮ੍ਹਣੇ ਨਿਮਰ ਕੀਤਾ ਹੈ, ਉਸ ਦਿਨ ਤੋਂ ਤੇਰੀਆਂ ਪ੍ਰਾਰਥਨਾਵਾਂ ਸੁਣੀਆਂ ਗਈਆਂ ਹਨ ਅਤੇ ਮੈਂ ਇਸੇ ਕਰਕੇ ਤੇਰੇ ਕੋਲ ਆਇਆ ਹਾਂ।+ 13 ਪਰ ਫਾਰਸ ਰਾਜ ਦਾ ਹਾਕਮ+ 21 ਦਿਨਾਂ ਤਕ ਮੇਰਾ ਵਿਰੋਧ ਕਰਦਾ ਰਿਹਾ। ਫਿਰ ਮੀਕਾਏਲ*+ ਜੋ ਮੁੱਖ ਹਾਕਮਾਂ ਵਿੱਚੋਂ ਹੈ,* ਮੇਰੀ ਮਦਦ ਕਰਨ ਆਇਆ ਅਤੇ ਮੈਂ ਉੱਥੇ ਹੀ ਫਾਰਸ ਦੇ ਰਾਜਿਆਂ ਕੋਲ ਰਿਹਾ। 14 ਮੈਂ ਤੈਨੂੰ ਇਹ ਸਮਝਾਉਣ ਆਇਆਂ ਹਾਂ ਕਿ ਆਖ਼ਰੀ ਦਿਨਾਂ ਵਿਚ ਤੇਰੀ ਕੌਮ ਦੇ ਲੋਕਾਂ ʼਤੇ ਕੀ ਬੀਤੇਗੀ+ ਕਿਉਂਕਿ ਇਹ ਦਰਸ਼ਣ ਭਵਿੱਖ ਵਿਚ ਪੂਰਾ ਹੋਵੇਗਾ।”+
15 ਜਦ ਉਹ ਮੈਨੂੰ ਇਹ ਗੱਲਾਂ ਕਹਿ ਚੁੱਕਾ, ਤਾਂ ਮੈਂ ਆਪਣਾ ਸਿਰ ਹੇਠਾਂ ਨੂੰ ਝੁਕਾਇਆ ਅਤੇ ਮੈਂ ਕੁਝ ਵੀ ਬੋਲ ਨਾ ਸਕਿਆ। 16 ਫਿਰ ਉਸ ਨੇ, ਜੋ ਆਦਮੀ ਵਰਗਾ ਲੱਗਦਾ ਸੀ ਅਤੇ ਮੇਰੇ ਸਾਮ੍ਹਣੇ ਖੜ੍ਹਾ ਸੀ, ਮੇਰੇ ਬੁੱਲ੍ਹਾਂ ਨੂੰ ਛੋਹਿਆ+ ਅਤੇ ਮੈਂ ਬੋਲਣ ਲੱਗ ਪਿਆ। ਮੈਂ ਉਸ ਨੂੰ ਕਿਹਾ: “ਹੇ ਮੇਰੇ ਪ੍ਰਭੂ, ਮੈਂ ਇਸ ਦਰਸ਼ਣ ਕਾਰਨ ਥਰ-ਥਰ ਕੰਬ ਰਿਹਾ ਹਾਂ ਅਤੇ ਮੇਰੇ ਵਿਚ ਜ਼ਰਾ ਵੀ ਜਾਨ ਨਹੀਂ ਰਹੀ।+ 17 ਇਸ ਲਈ ਮੈਂ ਤੇਰਾ ਦਾਸ ਆਪਣੇ ਪ੍ਰਭੂ ਨਾਲ ਕਿਵੇਂ ਗੱਲ ਕਰ ਸਕਦਾ ਹਾਂ?+ ਹੁਣ ਮੇਰੇ ਵਿਚ ਬਿਲਕੁਲ ਤਾਕਤ ਅਤੇ ਸਾਹ-ਸਤ ਨਹੀਂ ਰਿਹਾ।”+
18 ਫਿਰ ਉਸ ਨੇ, ਜੋ ਆਦਮੀ ਵਰਗਾ ਲੱਗਦਾ ਸੀ, ਮੈਨੂੰ ਦੁਬਾਰਾ ਛੋਹ ਕੇ ਤਕੜਾ ਕੀਤਾ।+ 19 ਫਿਰ ਉਸ ਨੇ ਕਿਹਾ: “ਤੂੰ ਜੋ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਅਨਮੋਲ* ਹੈਂ,+ ਨਾ ਡਰ।+ ਰੱਬ ਤੈਨੂੰ ਸ਼ਾਂਤੀ ਬਖ਼ਸ਼ੇ।+ ਤਕੜਾ ਹੋ, ਹਾਂ, ਤਕੜਾ ਹੋ।” ਉਸ ਦੀ ਇਹ ਗੱਲ ਸੁਣ ਕੇ ਮੇਰੇ ਵਿਚ ਤਾਕਤ ਆ ਗਈ ਅਤੇ ਮੈਂ ਕਿਹਾ: “ਮੇਰੇ ਪ੍ਰਭੂ, ਹੁਣ ਤੂੰ ਦੱਸ ਕਿਉਂਕਿ ਤੂੰ ਮੈਨੂੰ ਤਕੜਾ ਕੀਤਾ ਹੈ।”
20 ਫਿਰ ਉਸ ਨੇ ਕਿਹਾ: “ਕੀ ਤੈਨੂੰ ਪਤਾ ਕਿ ਮੈਂ ਤੇਰੇ ਕੋਲ ਕਿਉਂ ਆਇਆ ਹਾਂ? ਮੈਂ ਵਾਪਸ ਜਾ ਕੇ ਫਾਰਸ ਦੇ ਹਾਕਮ ਨਾਲ ਲੜਾਂਗਾ।+ ਜਦ ਮੈਂ ਚਲਾ ਜਾਵਾਂਗਾ, ਤਾਂ ਯੂਨਾਨ ਦਾ ਹਾਕਮ ਆਵੇਗਾ। 21 ਪਰ ਮੈਂ ਤੈਨੂੰ ਸੱਚਾਈ ਦੀ ਕਿਤਾਬ ਵਿਚ ਦਰਜ ਗੱਲਾਂ ਦੱਸਾਂਗਾ। ਤੇਰੇ ਹਾਕਮ ਮੀਕਾਏਲ+ ਤੋਂ ਸਿਵਾਇ ਹੋਰ ਕੋਈ ਇਨ੍ਹਾਂ ਮਾਮਲਿਆਂ ਵਿਚ ਮੇਰਾ ਸਾਥ ਨਹੀਂ ਦੇ ਰਿਹਾ।+
11 “ਦਾਰਾ+ ਮਾਦੀ ਦੇ ਰਾਜ ਦੇ ਪਹਿਲੇ ਸਾਲ ਮੈਂ ਉਸ* ਦਾ ਹੌਸਲਾ ਵਧਾਉਣ ਅਤੇ ਉਸ ਦੀ ਹਿਫਾਜ਼ਤ ਕਰਨ ਲਈ* ਖੜ੍ਹਾ ਹੋਇਆ। 2 ਹੁਣ ਮੈਂ ਤੈਨੂੰ ਜੋ ਦੱਸਣ ਜਾ ਰਿਹਾ ਹਾਂ, ਉਹ ਸੱਚ ਹੈ:
“ਦੇਖ! ਫਾਰਸ ਦੇਸ਼ ਵਿਚ ਹੋਰ ਤਿੰਨ ਰਾਜੇ ਖੜ੍ਹੇ ਹੋਣਗੇ ਅਤੇ ਚੌਥਾ ਬਾਕੀਆਂ ਨਾਲੋਂ ਜ਼ਿਆਦਾ ਧਨ-ਦੌਲਤ ਇਕੱਠੀ ਕਰੇਗਾ। ਜਦ ਉਹ ਆਪਣੀ ਧਨ-ਦੌਲਤ ਦੇ ਦਮ ʼਤੇ ਤਾਕਤਵਰ ਹੋ ਜਾਵੇਗਾ, ਤਾਂ ਉਹ ਹਰ ਕਿਸੇ ਨੂੰ ਯੂਨਾਨ ਦੇ ਰਾਜ+ ਦੇ ਖ਼ਿਲਾਫ਼ ਭੜਕਾਵੇਗਾ।
3 “ਇਕ ਬਲਵਾਨ ਰਾਜਾ ਉੱਠੇਗਾ ਅਤੇ ਆਪਣੀ ਤਾਕਤ ਦੇ ਦਮ* ʼਤੇ ਰਾਜ ਕਰੇਗਾ+ ਅਤੇ ਆਪਣੀ ਮਨ-ਮਰਜ਼ੀ ਕਰੇਗਾ। 4 ਪਰ ਜਦੋਂ ਉਹ ਖੜ੍ਹਾ ਹੋ ਜਾਵੇਗਾ, ਤਾਂ ਉਸ ਦੇ ਰਾਜ ਦੇ ਟੋਟੇ-ਟੋਟੇ ਹੋ ਜਾਣਗੇ ਅਤੇ ਉਸ ਦਾ ਰਾਜ ਚਾਰ ਦਿਸ਼ਾਵਾਂ* ਵਿਚ ਵੰਡਿਆ ਜਾਵੇਗਾ।+ ਪਰ ਉਸ ਦਾ ਰਾਜ ਉਸ ਦੀ ਔਲਾਦ* ਨੂੰ ਨਹੀਂ ਮਿਲੇਗਾ। ਉਸ ਦਾ ਰਾਜ ਜੜ੍ਹੋਂ ਉਖਾੜਿਆ ਜਾਵੇਗਾ ਅਤੇ ਦੂਜਿਆਂ ਦਾ ਹੋ ਜਾਵੇਗਾ। ਪਰ ਜਿੰਨੀ ਤਾਕਤ ਨਾਲ ਉਹ ਰਾਜ ਕਰਦਾ ਸੀ, ਉੱਨੀ ਤਾਕਤ ਨਾਲ ਉਹ ਰਾਜ ਨਹੀਂ ਕਰਨਗੇ।*
5 “ਦੱਖਣ ਦਾ ਰਾਜਾ ਯਾਨੀ ਉਸ ਦਾ ਇਕ ਸੈਨਾਪਤੀ ਤਾਕਤਵਰ ਹੋ ਜਾਵੇਗਾ। ਪਰ ਉਹ* ਉਸ ʼਤੇ ਹਾਵੀ ਹੋ ਜਾਵੇਗਾ ਅਤੇ ਆਪਣੀ ਤਾਕਤ ਦੇ ਦਮ* ʼਤੇ ਰਾਜ ਕਰੇਗਾ ਅਤੇ ਉਸ ਦਾ ਅਧਿਕਾਰ ਉਸ* ਨਾਲੋਂ ਜ਼ਿਆਦਾ ਹੋਵੇਗਾ।
6 “ਕੁਝ ਸਾਲਾਂ ਬਾਅਦ ਉਹ ਦੋਵੇਂ ਇਕ ਗਠਜੋੜ ਕਰਨਗੇ ਅਤੇ ਦੱਖਣ ਦੇ ਰਾਜੇ ਦੀ ਧੀ ਉੱਤਰ ਦੇ ਰਾਜੇ ਨਾਲ ਸਮਝੌਤਾ ਕਰਨ ਆਵੇਗੀ। ਪਰ ਉਸ ਦੀ ਧੀ ਦੀ ਬਾਂਹ ਦਾ ਜ਼ੋਰ ਨਹੀਂ ਰਹੇਗਾ ਅਤੇ ਰਾਜਾ ਆਪ ਵੀ ਡਿਗ ਜਾਵੇਗਾ ਅਤੇ ਉਹ ਵੀ ਆਪਣੀ ਤਾਕਤ ਗੁਆ ਬੈਠੇਗਾ। ਇਨ੍ਹਾਂ ਸਾਰਿਆਂ ਨੂੰ ਦੂਜਿਆਂ ਦੇ ਹਵਾਲੇ ਕੀਤਾ ਜਾਵੇਗਾ ਯਾਨੀ ਧੀ ਤੇ ਉਸ ਨੂੰ ਲਿਆਉਣ ਵਾਲਿਆਂ ਨੂੰ, ਉਸ ਦੇ ਪਿਤਾ ਨੂੰ* ਅਤੇ ਜਿਸ ਨੇ ਉਸ ਨੂੰ ਉਨ੍ਹਾਂ ਸਮਿਆਂ ਵਿਚ ਤਕੜਾ ਕੀਤਾ ਸੀ। 7 ਉਸ ਧੀ ਦੀਆਂ ਜੜ੍ਹਾਂ ਵਿੱਚੋਂ ਇਕ ਨਿਕਲੇਗਾ ਜੋ ਉਸ* ਦੀ ਜਗ੍ਹਾ ਲਵੇਗਾ ਅਤੇ ਉਹ ਫ਼ੌਜ ਦੇ ਖ਼ਿਲਾਫ਼ ਅਤੇ ਉੱਤਰ ਦੇ ਰਾਜੇ ਦੇ ਕਿਲੇ ਖ਼ਿਲਾਫ਼ ਆਵੇਗਾ ਅਤੇ ਉਨ੍ਹਾਂ ਦੇ ਵਿਰੁੱਧ ਕਾਰਵਾਈ ਕਰੇਗਾ ਅਤੇ ਜਿੱਤ ਹਾਸਲ ਕਰੇਗਾ। 8 ਨਾਲੇ ਉਹ ਉਨ੍ਹਾਂ ਦੇ ਦੇਵਤਿਆਂ, ਉਨ੍ਹਾਂ ਦੀਆਂ ਧਾਤ ਦੀਆਂ ਮੂਰਤਾਂ,* ਉਨ੍ਹਾਂ ਦੀਆਂ ਸੋਨੇ-ਚਾਂਦੀ ਦੀਆਂ ਕੀਮਤੀ* ਚੀਜ਼ਾਂ ਅਤੇ ਗ਼ੁਲਾਮਾਂ ਸਣੇ ਮਿਸਰ ਜਾਵੇਗਾ। ਉਹ ਕੁਝ ਸਾਲ ਉੱਤਰ ਦੇ ਰਾਜੇ ਤੋਂ ਦੂਰ ਰਹੇਗਾ 9 ਜੋ ਦੱਖਣ ਦੇ ਰਾਜੇ ਦੇ ਖ਼ਿਲਾਫ਼ ਆਵੇਗਾ, ਪਰ ਫਿਰ ਆਪਣੇ ਦੇਸ਼ ਵਾਪਸ ਮੁੜ ਜਾਵੇਗਾ।
10 “ਉਸ* ਦੇ ਪੁੱਤਰ ਯੁੱਧ ਦੀ ਤਿਆਰੀ ਕਰਨਗੇ ਅਤੇ ਇਕ ਵਿਸ਼ਾਲ ਫ਼ੌਜ ਇਕੱਠੀ ਕਰਨਗੇ। ਉਨ੍ਹਾਂ ਵਿੱਚੋਂ ਇਕ* ਜ਼ਰੂਰ ਅੱਗੇ ਵਧੇਗਾ ਅਤੇ ਹੜ੍ਹ ਵਾਂਗ ਤਬਾਹੀ ਮਚਾਵੇਗਾ। ਪਰ ਫਿਰ ਉਹ ਵਾਪਸ ਮੁੜ ਜਾਵੇਗਾ ਅਤੇ ਲੜਾਈ ਕਰਦਾ ਹੋਇਆ ਆਪਣੇ ਕਿਲੇ ਵਿਚ ਵਾਪਸ ਚਲਾ ਜਾਵੇਗਾ।
11 “ਅਤੇ ਦੱਖਣ ਦਾ ਰਾਜਾ ਗੁੱਸੇ ਨਾਲ ਭਰ ਜਾਵੇਗਾ ਅਤੇ ਜਾ ਕੇ ਉਸ ਨਾਲ ਯਾਨੀ ਉੱਤਰ ਦੇ ਰਾਜੇ ਨਾਲ ਲੜੇਗਾ ਅਤੇ ਉਹ ਇਕ ਵੱਡੀ ਭੀੜ ਇਕੱਠੀ ਕਰੇਗਾ, ਪਰ ਭੀੜ ਉਸ ਰਾਜੇ* ਦੇ ਹੱਥ ਵਿਚ ਕਰ ਦਿੱਤੀ ਜਾਵੇਗੀ। 12 ਨਾਲੇ ਭੀੜ ਨੂੰ ਹਰਾ ਦਿੱਤਾ ਜਾਵੇਗਾ।* ਉਸ ਦਾ ਦਿਲ ਘਮੰਡ ਨਾਲ ਫੁੱਲ ਜਾਵੇਗਾ ਅਤੇ ਉਹ* ਹਜ਼ਾਰਾਂ ਨੂੰ ਡੇਗੇਗਾ, ਪਰ ਉਹ ਆਪਣੀ ਤਾਕਤ ਦਾ ਫ਼ਾਇਦਾ ਨਹੀਂ ਉਠਾਵੇਗਾ।
13 “ਅਤੇ ਉੱਤਰ ਦਾ ਰਾਜਾ ਦੁਬਾਰਾ ਆਵੇਗਾ ਅਤੇ ਉਹ ਪਹਿਲਾਂ ਨਾਲੋਂ ਵੀ ਵੱਡੀ ਭੀੜ ਇਕੱਠੀ ਕਰੇਗਾ ਅਤੇ ਅੰਤ ਵਿਚ ਯਾਨੀ ਕੁਝ ਸਾਲਾਂ ਬਾਅਦ ਉਹ ਜ਼ਰੂਰ ਇਕ ਵੱਡੀ ਫ਼ੌਜ ਲੈ ਕੇ ਪੂਰੀ ਤਿਆਰੀ ਨਾਲ ਆਵੇਗਾ। 14 ਉਨ੍ਹਾਂ ਸਮਿਆਂ ਵਿਚ ਬਹੁਤ ਸਾਰੇ ਦੱਖਣ ਦੇ ਰਾਜੇ ਦੇ ਖ਼ਿਲਾਫ਼ ਖੜ੍ਹੇ ਹੋਣਗੇ।
“ਅਤੇ ਤੇਰੇ ਲੋਕਾਂ ਵਿੱਚੋਂ ਬਾਗ਼ੀ* ਉੱਠਣਗੇ ਅਤੇ ਦੂਜਿਆਂ ਦੇ ਮਗਰ ਲੱਗ ਕੇ ਦਰਸ਼ਣ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਨਗੇ, ਪਰ ਉਹ ਠੋਕਰ ਖਾ ਕੇ ਡਿਗ ਪੈਣਗੇ।
15 “ਅਤੇ ਉੱਤਰ ਦਾ ਰਾਜਾ ਆਵੇਗਾ ਅਤੇ ਇਕ ਕਿਲੇਬੰਦ ਸ਼ਹਿਰ ਦੇ ਆਲੇ-ਦੁਆਲੇ ਘੇਰਾਬੰਦੀ ਉਸਾਰ ਕੇ ਇਸ ʼਤੇ ਕਬਜ਼ਾ ਕਰ ਲਵੇਗਾ। ਨਾ ਤਾਂ ਦੱਖਣ ਦੀਆਂ ਫ਼ੌਜਾਂ* ਟਿਕਣਗੀਆਂ ਅਤੇ ਨਾ ਹੀ ਉਸ ਦੇ ਸਭ ਤੋਂ ਵਧੀਆ ਸਿਪਾਹੀ ਅਤੇ ਉਨ੍ਹਾਂ ਵਿਚ ਮੁਕਾਬਲਾ ਕਰਨ ਦੀ ਤਾਕਤ ਨਹੀਂ ਹੋਵੇਗੀ। 16 ਉਸ* ਦੇ ਖ਼ਿਲਾਫ਼ ਆਉਣ ਵਾਲਾ ਆਪਣੀ ਮਨ-ਮਰਜ਼ੀ ਕਰੇਗਾ ਅਤੇ ਉਸ ਦੇ ਸਾਮ੍ਹਣੇ ਕੋਈ ਨਹੀਂ ਟਿਕ ਸਕੇਗਾ। ਉਹ ਸੋਹਣੇ ਦੇਸ਼+ ਵਿਚ ਖੜ੍ਹਾ ਹੋਵੇਗਾ ਅਤੇ ਉਸ ਕੋਲ ਨਾਸ਼ ਕਰਨ ਦੀ ਤਾਕਤ ਹੋਵੇਗੀ। 17 ਉਹ* ਆਪਣੇ ਰਾਜ ਦੀ ਪੂਰੀ ਤਾਕਤ ਲੈ ਕੇ ਪੱਕੇ ਇਰਾਦੇ ਨਾਲ ਆਵੇਗਾ ਅਤੇ ਉਸ* ਨਾਲ ਇਕਰਾਰਨਾਮਾ ਕੀਤਾ ਜਾਵੇਗਾ ਅਤੇ ਉਹ ਕਦਮ ਚੁੱਕੇਗਾ। ਉਸ ਨੂੰ ਇਕ ਧੀ ਨੂੰ ਨਾਸ਼ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਉਹ ਟਿਕ ਨਹੀਂ ਸਕੇਗੀ ਅਤੇ ਉਹ ਉਸ* ਪ੍ਰਤੀ ਵਫ਼ਾਦਾਰ ਨਹੀਂ ਰਹੇਗੀ। 18 ਉਹ ਆਪਣਾ ਮੂੰਹ ਸਮੁੰਦਰੀ ਕੰਢੇ ਦੇ ਇਲਾਕਿਆਂ ਵੱਲ ਕਰੇਗਾ ਅਤੇ ਬਹੁਤ ਸਾਰੇ ਇਲਾਕਿਆਂ ʼਤੇ ਕਬਜ਼ਾ ਕਰੇਗਾ। ਇਕ ਸੈਨਾਪਤੀ ਉਸ ਰਾਜੇ ਵੱਲੋਂ ਕੀਤੀ ਗਈ ਬੇਇੱਜ਼ਤੀ ਦਾ ਬਦਲਾ ਲੈ ਕੇ ਉਸ ਦਾ ਘਮੰਡ ਚੂਰ-ਚੂਰ ਕਰ ਦੇਵੇਗਾ। ਇਸ ਤਰ੍ਹਾਂ ਉਸ ਸੈਨਾਪਤੀ ਦੀ ਬਦਨਾਮੀ ਦੂਰ ਹੋ ਜਾਵੇਗੀ। 19 ਫਿਰ ਉਹ* ਆਪਣੇ ਦੇਸ਼ ਦੇ ਕਿਲਿਆਂ ਵੱਲ ਆਪਣਾ ਮੂੰਹ ਕਰੇਗਾ ਅਤੇ ਉਹ ਠੇਡਾ ਖਾ ਕੇ ਡਿਗੇਗਾ ਅਤੇ ਉਹ ਕਿਤੇ ਨਾ ਲੱਭੇਗਾ।
20 “ਅਤੇ ਉਸ ਦੀ ਥਾਂ ਇਕ ਜਣਾ ਖੜ੍ਹਾ ਹੋਵੇਗਾ ਜੋ ਸ਼ਾਨਦਾਰ ਰਾਜ ਵਿਚ ਟੈਕਸ ਵਸੂਲ ਕਰਨ ਵਾਲੇ ਨੂੰ* ਭੇਜੇਗਾ। ਕੁਝ ਹੀ ਦਿਨਾਂ ਵਿਚ ਉਸ ਨੂੰ ਨਾਸ਼ ਕਰ ਦਿੱਤਾ ਜਾਵੇਗਾ, ਪਰ ਨਾ ਤਾਂ ਗੁੱਸੇ ਵਿਚ ਅਤੇ ਨਾ ਹੀ ਲੜਾਈ ਵਿਚ।
21 “ਅਤੇ ਉਸ ਦੀ ਜਗ੍ਹਾ ਇਕ ਤੁੱਛ* ਵਿਅਕਤੀ ਖੜ੍ਹਾ ਹੋਵੇਗਾ ਅਤੇ ਉਹ ਉਸ ਨੂੰ ਸ਼ਾਹੀ ਮਾਣ-ਸਨਮਾਨ ਨਹੀਂ ਬਖ਼ਸ਼ਣਗੇ। ਉਹ ਅਮਨ-ਚੈਨ ਦੇ ਸਮੇਂ ਦੌਰਾਨ* ਆਵੇਗਾ ਅਤੇ ਚਾਪਲੂਸੀ ਕਰ ਕੇ ਰਾਜ ਲੈ ਲਵੇਗਾ। 22 ਉਹ ਹੜ੍ਹ ਵਾਂਗ ਆਉਂਦੀਆਂ ਫ਼ੌਜਾਂ* ਨੂੰ ਜਿੱਤ ਲਵੇਗਾ ਅਤੇ ਉਨ੍ਹਾਂ ਨੂੰ ਖ਼ਤਮ ਕਰ ਦੇਵੇਗਾ। ਨਾਲੇ ਇਕਰਾਰ+ ਦੇ ਆਗੂ+ ਨੂੰ ਵੀ ਖ਼ਤਮ ਕਰ ਦੇਵੇਗਾ। 23 ਉਨ੍ਹਾਂ ਨਾਲ ਕੀਤੇ ਗਠਜੋੜ ਕਰਕੇ ਉਹ ਧੋਖਾ ਕਰਦਾ ਰਹੇਗਾ ਅਤੇ ਉੱਪਰ ਉੱਠੇਗਾ ਤੇ ਇਕ ਛੋਟੀ ਜਿਹੀ ਕੌਮ ਦੇ ਦਮ ʼਤੇ ਤਾਕਤਵਰ ਹੋ ਜਾਵੇਗਾ। 24 ਉਹ ਅਮਨ-ਚੈਨ ਦੇ ਸਮੇਂ* ਜ਼ਿਲ੍ਹੇ ਦੇ ਖ਼ੁਸ਼ਹਾਲ ਇਲਾਕਿਆਂ* ਵਿਚ ਆਵੇਗਾ ਅਤੇ ਉਹ ਅਜਿਹੇ ਕੰਮ ਕਰੇਗਾ ਜੋ ਉਸ ਦੇ ਪਿਉ-ਦਾਦਿਆਂ ਨੇ ਨਹੀਂ ਕੀਤੇ ਸਨ। ਉਹ ਲੁੱਟ ਦਾ ਸਾਰਾ ਮਾਲ ਅਤੇ ਚੀਜ਼ਾਂ ਲੋਕਾਂ ਵਿਚ ਵੰਡੇਗਾ। ਉਹ ਕਿਲੇਬੰਦ ਇਲਾਕਿਆਂ ਖ਼ਿਲਾਫ਼ ਸਾਜ਼ਸ਼ਾਂ ਘੜੇਗਾ, ਪਰ ਕੁਝ ਸਮੇਂ ਲਈ।
25 “ਉਹ ਇਕ ਵੱਡੀ ਫ਼ੌਜ ਇਕੱਠੀ ਕਰੇਗਾ ਅਤੇ ਆਪਣੀ ਤਾਕਤ ਤੇ ਹਿੰਮਤ ਦੇ ਦਮ ʼਤੇ ਦੱਖਣ ਦੇ ਰਾਜੇ ਦੇ ਵਿਰੁੱਧ ਆਵੇਗਾ। ਦੱਖਣ ਦਾ ਰਾਜਾ ਇਕ ਬਹੁਤ ਵੱਡੀ ਅਤੇ ਤਾਕਤਵਰ ਫ਼ੌਜ ਦੇ ਨਾਲ ਲੜਾਈ ਦੀ ਤਿਆਰੀ ਕਰੇਗਾ। ਉਹ* ਟਿਕ ਨਹੀਂ ਸਕੇਗਾ ਕਿਉਂਕਿ ਉਹ ਉਸ ਦੇ ਖ਼ਿਲਾਫ਼ ਸਾਜ਼ਸ਼ਾਂ ਘੜਨਗੇ। 26 ਜੋ ਉਸ ਨਾਲ ਸ਼ਾਹੀ ਭੋਜਨ ਖਾਂਦੇ ਸਨ, ਉਹ ਉਸ ਨੂੰ ਡੇਗਣਗੇ।
“ਉਸ ਦੀ ਫ਼ੌਜ ਦਾ ਸਫ਼ਾਇਆ ਹੋ ਜਾਵੇਗਾ* ਅਤੇ ਬਹੁਤ ਸਾਰੇ ਵੱਢੇ ਜਾਣਗੇ।
27 “ਇਨ੍ਹਾਂ ਦੋਵੇਂ ਰਾਜਿਆਂ ਦੇ ਮਨ ਬੁਰਾਈ ਕਰਨ ਵੱਲ ਲੱਗੇ ਹੋਣਗੇ ਅਤੇ ਉਹ ਇੱਕੋ ਮੇਜ਼ ਦੁਆਲੇ ਬੈਠ ਕੇ ਇਕ-ਦੂਜੇ ਨਾਲ ਝੂਠ ਬੋਲਣਗੇ। ਪਰ ਉਨ੍ਹਾਂ ਦੀਆਂ ਸਾਜ਼ਸ਼ਾਂ ਨਾਕਾਮ ਹੋਣਗੀਆਂ ਕਿਉਂਕਿ ਅੰਤ ਮਿਥੇ ਹੋਏ ਸਮੇਂ ਤੇ ਆਵੇਗਾ।+
28 “ਅਤੇ ਉਹ* ਬਹੁਤ ਸਾਰੀਆਂ ਚੀਜ਼ਾਂ ਲੈ ਕੇ ਆਪਣੇ ਦੇਸ਼ ਵਾਪਸ ਮੁੜ ਜਾਵੇਗਾ ਅਤੇ ਉਸ ਦਾ ਦਿਲ ਪਵਿੱਤਰ ਇਕਰਾਰ ਦੇ ਖ਼ਿਲਾਫ਼ ਹੋਵੇਗਾ। ਉਹ ਕਾਰਵਾਈ ਕਰੇਗਾ ਅਤੇ ਆਪਣੇ ਦੇਸ਼ ਵਾਪਸ ਚਲਾ ਜਾਵੇਗਾ।
29 “ਉਹ ਮਿਥੇ ਹੋਏ ਸਮੇਂ ਤੇ ਮੁੜੇਗਾ ਅਤੇ ਦੱਖਣ ʼਤੇ ਹਮਲਾ ਕਰੇਗਾ। ਪਰ ਇਸ ਵਾਰ ਹਾਲਾਤ ਪਹਿਲਾਂ ਵਰਗੇ ਨਹੀਂ ਹੋਣਗੇ 30 ਕਿਉਂਕਿ ਕਿੱਤੀਮ+ ਦੇ ਜਹਾਜ਼ ਉਸ ਦੇ ਖ਼ਿਲਾਫ਼ ਆਉਣਗੇ ਅਤੇ ਉਸ ਨੂੰ ਨੀਵਾਂ ਕੀਤਾ ਜਾਵੇਗਾ।
“ਉਹ ਵਾਪਸ ਜਾਵੇਗਾ ਅਤੇ ਪਵਿੱਤਰ ਇਕਰਾਰ ʼਤੇ ਆਪਣਾ ਗੁੱਸਾ ਕੱਢੇਗਾ+ ਅਤੇ ਕਾਰਵਾਈ ਕਰੇਗਾ। ਉਹ ਵਾਪਸ ਜਾਵੇਗਾ ਅਤੇ ਪਵਿੱਤਰ ਇਕਰਾਰ ਨੂੰ ਛੱਡਣ ਵਾਲਿਆਂ ʼਤੇ ਧਿਆਨ ਦੇਵੇਗਾ। 31 ਫ਼ੌਜਾਂ* ਉਸ ਤੋਂ ਨਿਕਲਣਗੀਆਂ ਅਤੇ ਖੜ੍ਹੀਆਂ ਹੋਣਗੀਆਂ ਅਤੇ ਉਹ ਕਿਲੇ ਯਾਨੀ ਪਵਿੱਤਰ ਸਥਾਨ ਨੂੰ ਭ੍ਰਿਸ਼ਟ ਕਰਨਗੀਆਂ+ ਅਤੇ ਰੋਜ਼ ਚੜ੍ਹਾਈਆਂ ਜਾਂਦੀਆਂ ਭੇਟਾਂ ਬੰਦ ਕਰ ਦੇਣਗੀਆਂ।+
“ਅਤੇ ਉਹ ਤਬਾਹੀ ਮਚਾਉਣ ਵਾਲੀ ਘਿਣਾਉਣੀ ਚੀਜ਼ ਖੜ੍ਹੀ ਕਰਨਗੇ।+
32 “ਅਤੇ ਜਿਹੜੇ ਲੋਕ ਬੁਰੇ ਕੰਮ ਕਰ ਕੇ ਇਕਰਾਰ ਦੀ ਉਲੰਘਣਾ ਕਰਦੇ ਹਨ, ਉਹ* ਚਾਪਲੂਸੀ* ਕਰ ਕੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਖ਼ਿਲਾਫ਼ ਬਗਾਵਤ ਕਰਨ ਲਈ ਉਕਸਾਵੇਗਾ। ਪਰ ਜਿਹੜੇ ਲੋਕ ਆਪਣੇ ਪਰਮੇਸ਼ੁਰ ਨੂੰ ਜਾਣਦੇ ਹਨ, ਉਹ ਮਜ਼ਬੂਤ ਸਾਬਤ ਹੋਣਗੇ ਅਤੇ ਕਦਮ ਚੁੱਕਣਗੇ। 33 ਲੋਕਾਂ ਵਿੱਚੋਂ ਜਿਹੜੇ ਡੂੰਘੀ ਸਮਝ ਰੱਖਦੇ ਹਨ,+ ਉਹ ਬਹੁਤ ਸਾਰਿਆਂ ਨੂੰ ਸਮਝ ਦੇਣਗੇ। ਉਨ੍ਹਾਂ ਨੂੰ ਕੁਝ ਦਿਨਾਂ ਤਕ ਤਲਵਾਰ, ਅੱਗ, ਗ਼ੁਲਾਮੀ ਅਤੇ ਲੁੱਟ-ਮਾਰ ਦੇ ਸ਼ਿਕਾਰ ਬਣਾਇਆ ਜਾਵੇਗਾ। 34 ਪਰ ਜਦ ਉਹ ਡਿਗਣਗੇ, ਤਾਂ ਉਨ੍ਹਾਂ ਦੀ ਥੋੜ੍ਹੀ ਜਿਹੀ ਮਦਦ ਕੀਤੀ ਜਾਵੇਗੀ ਅਤੇ ਬਹੁਤ ਸਾਰੇ ਚਾਪਲੂਸੀ* ਕਰ ਕੇ ਉਨ੍ਹਾਂ ਨਾਲ ਰਲ਼ ਜਾਣਗੇ। 35 ਜਿਨ੍ਹਾਂ ਨੂੰ ਡੂੰਘੀ ਸਮਝ ਹੈ, ਉਨ੍ਹਾਂ ਵਿੱਚੋਂ ਕੁਝ ਨੂੰ ਡੇਗਿਆ ਜਾਵੇਗਾ ਤਾਂਕਿ ਉਨ੍ਹਾਂ ਦੇ ਕਰਕੇ ਅੰਤ ਦੇ ਸਮੇਂ ਤਕ ਲੋਕਾਂ ਨੂੰ ਪਰਖਿਆ ਜਾ ਸਕੇ ਅਤੇ ਸਾਫ਼ ਤੇ ਸ਼ੁੱਧ ਕਰਨ+ ਦਾ ਕੰਮ ਕੀਤਾ ਜਾ ਸਕੇ ਕਿਉਂਕਿ ਇਹ ਮਿਥੇ ਹੋਏ ਸਮੇਂ ਤੇ ਹੋਵੇਗਾ।
36 “ਰਾਜਾ* ਆਪਣੀ ਮਨ-ਮਰਜ਼ੀ ਕਰੇਗਾ ਅਤੇ ਉਹ ਖ਼ੁਦ ਨੂੰ ਹਰ ਦੇਵਤੇ ਤੋਂ ਉੱਚਾ ਚੁੱਕੇਗਾ ਅਤੇ ਆਪਣੀ ਵਡਿਆਈ ਕਰੇਗਾ ਅਤੇ ਅੱਤ ਮਹਾਨ ਪਰਮੇਸ਼ੁਰ+ ਦੇ ਖ਼ਿਲਾਫ਼ ਹੰਕਾਰ ਭਰੀਆਂ ਗੱਲਾਂ ਕਹੇਗਾ। ਜਦ ਤਕ ਪਰਮੇਸ਼ੁਰ ਦਾ ਕ੍ਰੋਧ ਖ਼ਤਮ ਨਹੀਂ ਹੋ ਜਾਂਦਾ, ਤਦ ਤਕ ਉਹ ਕਾਮਯਾਬ ਹੋਵੇਗਾ; ਕਿਉਂਕਿ ਜੋ ਮਿਥਿਆ ਗਿਆ ਹੈ, ਉਹ ਹੋ ਕੇ ਹੀ ਰਹੇਗਾ। 37 ਉਹ ਆਪਣੇ ਪੂਰਵਜਾਂ ਦੇ ਪਰਮੇਸ਼ੁਰ ਲਈ ਕੋਈ ਆਦਰ ਨਹੀਂ ਦਿਖਾਵੇਗਾ। ਉਹ ਨਾ ਤਾਂ ਔਰਤਾਂ ਦੀ ਖ਼ਾਹਸ਼ ਵੱਲ ਧਿਆਨ ਦੇਵੇਗਾ ਤੇ ਨਾ ਹੀ ਕਿਸੇ ਹੋਰ ਦੇਵਤੇ ਪ੍ਰਤੀ ਆਦਰ ਦਿਖਾਵੇਗਾ, ਪਰ ਉਹ ਆਪਣੇ ਆਪ ਨੂੰ ਹਰ ਕਿਸੇ ਤੋਂ ਉੱਚਾ ਕਰੇਗਾ। 38 ਇਸ ਦੀ ਬਜਾਇ, ਉਹ ਉਸ ਦੇਵਤੇ ਦੀ ਮਹਿਮਾ ਕਰੇਗਾ ਜੋ ਕਿਲਿਆਂ ਦੀ ਰਾਖੀ ਕਰਦਾ ਹੈ। ਉਹ ਸੋਨੇ, ਚਾਂਦੀ ਅਤੇ ਕੀਮਤੀ* ਪੱਥਰਾਂ ਅਤੇ ਬਹੁਮੁੱਲੀਆਂ ਚੀਜ਼ਾਂ ਨਾਲ ਉਸ ਦੇਵਤੇ ਦੀ ਵਡਿਆਈ ਕਰੇਗਾ ਜਿਸ ਨੂੰ ਉਸ ਦੇ ਪਿਉ-ਦਾਦੇ ਜਾਣਦੇ ਤਕ ਨਹੀਂ ਸਨ। 39 ਉਹ ਇਕ ਪਰਾਏ ਦੇਵਤੇ ਨਾਲ ਮਿਲ ਕੇ* ਮਜ਼ਬੂਤ ਤੋਂ ਮਜ਼ਬੂਤ ਕਿਲਿਆਂ ਦੇ ਖ਼ਿਲਾਫ਼ ਕਾਰਵਾਈ ਕਰੇਗਾ। ਜਿਹੜੇ ਉਸ ਦਾ ਸਾਥ ਦਿੰਦੇ ਹਨ,* ਉਹ ਉਨ੍ਹਾਂ ਦੀ ਬਹੁਤ ਵਡਿਆਈ ਕਰੇਗਾ ਅਤੇ ਉਨ੍ਹਾਂ ਨੂੰ ਬਹੁਤ ਸਾਰੇ ਲੋਕਾਂ ʼਤੇ ਰਾਜ ਕਰਨ ਦਾ ਅਧਿਕਾਰ ਦੇਵੇਗਾ ਅਤੇ ਪੈਸੇ ਲੈ ਕੇ ਜ਼ਮੀਨ ਵੰਡੇਗਾ।
40 “ਅੰਤ ਦੇ ਸਮੇਂ ਵਿਚ ਦੱਖਣ ਦਾ ਰਾਜਾ ਅਤੇ ਉਹ ਇਕ-ਦੂਜੇ ਨਾਲ ਭਿੜਨਗੇ* ਅਤੇ ਉੱਤਰ ਦਾ ਰਾਜਾ ਰਥਾਂ, ਘੋੜਸਵਾਰਾਂ ਅਤੇ ਬਹੁਤ ਸਾਰੇ ਜਹਾਜ਼ਾਂ ਨੂੰ ਲੈ ਕੇ ਉਸ ਦੇ ਖ਼ਿਲਾਫ਼ ਤੂਫ਼ਾਨ ਵਾਂਗ ਆਵੇਗਾ ਅਤੇ ਉਹ* ਦੇਸ਼ਾਂ ਵਿਚ ਵੜ ਕੇ ਹੜ੍ਹ ਵਾਂਗ ਤਬਾਹੀ ਮਚਾਵੇਗਾ। 41 ਉਹ ਸੋਹਣੇ ਦੇਸ਼ ਵਿਚ ਵੀ ਦਾਖ਼ਲ ਹੋਵੇਗਾ+ ਅਤੇ ਬਹੁਤ ਸਾਰੇ ਦੇਸ਼ਾਂ ਨੂੰ ਹਰਾਵੇਗਾ। ਪਰ ਇਹ ਉਸ ਦੇ ਹੱਥੋਂ ਬਚ ਨਿਕਲਣਗੇ: ਅਦੋਮ, ਮੋਆਬ ਅਤੇ ਅੰਮੋਨੀਆਂ ਦਾ ਮੁੱਖ ਹਿੱਸਾ। 42 ਉਹ ਦੇਸ਼ਾਂ ʼਤੇ ਹਮਲਾ ਕਰਦਾ ਰਹੇਗਾ ਅਤੇ ਮਿਸਰ ਦੇਸ਼ ਨਹੀਂ ਬਚੇਗਾ। 43 ਉਹ ਮਿਸਰ ਦੇ ਗੁਪਤ ਖ਼ਜ਼ਾਨੇ ਯਾਨੀ ਸੋਨੇ, ਚਾਂਦੀ ਅਤੇ ਸਾਰੀਆਂ ਕੀਮਤੀ* ਚੀਜ਼ਾਂ ʼਤੇ ਰਾਜ ਕਰੇਗਾ। ਲਿਬੀਆ ਅਤੇ ਇਥੋਪੀਆ ਦੇ ਲੋਕ ਉਸ ਦੇ ਪਿੱਛੇ-ਪਿੱਛੇ ਜਾਣਗੇ।
44 “ਪਰ ਉਹ ਪੂਰਬ ਅਤੇ ਉੱਤਰ ਤੋਂ ਖ਼ਬਰਾਂ ਸੁਣ ਕੇ ਘਬਰਾ ਜਾਵੇਗਾ ਅਤੇ ਉਹ ਬੜੇ ਗੁੱਸੇ ਨਾਲ ਬਹੁਤਿਆਂ ਨੂੰ ਨਾਸ਼ ਕਰਨ ਅਤੇ ਖ਼ਤਮ ਕਰਨ ਲਈ ਨਿਕਲੇਗਾ। 45 ਉਹ ਵੱਡੇ ਸਮੁੰਦਰ ਅਤੇ ਸੋਹਣੇ ਦੇਸ਼ ਦੇ ਪਵਿੱਤਰ ਪਹਾੜ ਵਿਚਕਾਰ ਆਪਣਾ ਸ਼ਾਹੀ* ਤੰਬੂ ਲਾਵੇਗਾ+ ਅਤੇ ਅਖ਼ੀਰ ਵਿਚ ਉਸ ਦਾ ਅੰਤ ਹੋ ਜਾਵੇਗਾ ਅਤੇ ਉਸ ਦੀ ਮਦਦ ਕਰਨ ਲਈ ਕੋਈ ਨਹੀਂ ਹੋਵੇਗਾ।
12 “ਉਸ ਸਮੇਂ ਦੌਰਾਨ ਮੀਕਾਏਲ*+ ਖੜ੍ਹਾ ਹੋਵੇਗਾ, ਉਹ ਮਹਾਨ ਹਾਕਮ+ ਜੋ ਤੇਰੇ ਲੋਕਾਂ* ਦੇ ਪੱਖ ਵਿਚ ਖੜ੍ਹਾ ਹੈ। ਅਤੇ ਕਸ਼ਟ ਦਾ ਅਜਿਹਾ ਸਮਾਂ ਆਵੇਗਾ ਜੋ ਇਕ ਕੌਮ ਦੇ ਬਣਨ ਤੋਂ ਲੈ ਕੇ ਉਸ ਸਮੇਂ ਤਕ ਨਹੀਂ ਆਇਆ। ਉਸ ਸਮੇਂ ਦੌਰਾਨ ਤੇਰੇ ਲੋਕਾਂ ਵਿੱਚੋਂ ਹਰ ਉਹ ਇਨਸਾਨ ਬਚ ਨਿਕਲੇਗਾ+ ਜਿਸ ਦਾ ਨਾਂ ਪਰਮੇਸ਼ੁਰ ਦੀ ਕਿਤਾਬ ਵਿਚ ਲਿਖਿਆ ਹੋਇਆ ਹੈ।+ 2 ਜ਼ਮੀਨ ਦੀ ਮਿੱਟੀ ਵਿਚ ਸੁੱਤੇ ਪਏ ਲੋਕਾਂ ਵਿੱਚੋਂ ਬਹੁਤ ਸਾਰੇ ਜਾਗ ਉੱਠਣਗੇ। ਉਨ੍ਹਾਂ ਵਿੱਚੋਂ ਕੁਝ ਨੂੰ ਹਮੇਸ਼ਾ ਦੀ ਜ਼ਿੰਦਗੀ ਮਿਲੇਗੀ ਅਤੇ ਕੁਝ ਲੋਕ ਸ਼ਰਮਿੰਦਗੀ ਅਤੇ ਹਮੇਸ਼ਾ ਲਈ ਘਿਰਣਾ ਦੇ ਲਾਇਕ ਠਹਿਰਾਏ ਜਾਣਗੇ।
3 “ਅਤੇ ਜਿਹੜੇ ਡੂੰਘੀ ਸਮਝ ਰੱਖਦੇ ਹਨ, ਉਹ ਅੰਬਰ ਦੇ ਚਾਨਣ ਵਾਂਗ ਤੇਜ਼ ਚਮਕਣਗੇ ਅਤੇ ਜਿਹੜੇ ਬਹੁਤ ਸਾਰੇ ਲੋਕਾਂ ਦੀ ਧਰਮੀ ਅਸੂਲਾਂ ʼਤੇ ਚੱਲਣ ਵਿਚ ਮਦਦ ਕਰਦੇ ਹਨ, ਉਹ ਤਾਰਿਆਂ ਵਾਂਗ ਹਮੇਸ਼ਾ-ਹਮੇਸ਼ਾ ਲਈ ਚਮਕਣਗੇ।
4 “ਪਰ ਤੂੰ, ਹੇ ਦਾਨੀਏਲ, ਇਨ੍ਹਾਂ ਗੱਲਾਂ ਨੂੰ ਗੁਪਤ ਰੱਖ ਅਤੇ ਅੰਤ ਦੇ ਸਮੇਂ ਤਕ ਇਸ ਕਿਤਾਬ ਨੂੰ ਮੁਹਰ ਲਾ ਕੇ ਬੰਦ ਕਰ ਦੇ।+ ਬਹੁਤ ਸਾਰੇ ਲੋਕ ਇਸ ਕਿਤਾਬ ਵਿੱਚੋਂ ਧਿਆਨ ਨਾਲ ਖੋਜ ਕਰਨਗੇ ਅਤੇ ਸੱਚਾ ਗਿਆਨ ਬਹੁਤ ਵਧ ਜਾਵੇਗਾ।”+
5 ਫਿਰ ਮੈਂ ਦਾਨੀਏਲ ਨੇ ਦੋ ਦੂਤਾਂ ਨੂੰ ਖੜ੍ਹੇ ਦੇਖਿਆ, ਇਕ ਨਦੀ ਦੇ ਇਸ ਕਿਨਾਰੇ ʼਤੇ ਅਤੇ ਦੂਜਾ ਨਦੀ ਦੇ ਉਸ ਕਿਨਾਰੇ ʼਤੇ।+ 6 ਫਿਰ ਜਿਸ ਆਦਮੀ ਨੇ ਮਲਮਲ ਦੇ ਕੱਪੜੇ ਪਾਏ ਸਨ+ ਅਤੇ ਜੋ ਨਦੀ ਦੇ ਪਾਣੀ ਉੱਤੇ ਖੜ੍ਹਾ ਸੀ, ਉਸ ਨੂੰ ਇਕ ਦੂਤ ਨੇ ਪੁੱਛਿਆ: “ਇਹ ਅਨੋਖੀਆਂ ਗੱਲਾਂ ਕਿੰਨੇ ਸਮੇਂ ਬਾਅਦ ਪੂਰੀਆਂ ਹੋਣਗੀਆਂ?” 7 ਫਿਰ ਜਿਸ ਆਦਮੀ ਨੇ ਮਲਮਲ ਦੇ ਕੱਪੜੇ ਪਾਏ ਹੋਏ ਸਨ ਅਤੇ ਜੋ ਨਦੀ ਦੇ ਪਾਣੀ ਉੱਤੇ ਖੜ੍ਹਾ ਸੀ, ਉਸ ਨੇ ਆਪਣਾ ਸੱਜਾ ਅਤੇ ਖੱਬਾ ਹੱਥ ਆਕਾਸ਼ ਵੱਲ ਚੁੱਕ ਕੇ ਪਰਮੇਸ਼ੁਰ ਦੀ ਸਹੁੰ ਖਾਧੀ ਜੋ ਸਦਾ ਜੀਉਂਦਾ ਰਹਿੰਦਾ ਹੈ।+ ਮੈਂ ਉਸ ਆਦਮੀ ਨੂੰ ਇਹ ਕਹਿੰਦੇ ਹੋਏ ਸੁਣਿਆ: “ਇਸ ਵਾਸਤੇ ਇਕ ਸਮਾਂ, ਦੋ ਸਮੇਂ ਅਤੇ ਅੱਧਾ ਸਮਾਂ* ਮਿਥਿਆ ਗਿਆ ਹੈ। ਜਿਵੇਂ ਹੀ ਪਵਿੱਤਰ ਲੋਕਾਂ ਦੀ ਤਾਕਤ ਨੂੰ ਚੂਰ-ਚੂਰ ਕਰਨ ਦਾ ਸਿਲਸਿਲਾ ਖ਼ਤਮ ਹੋ ਜਾਵੇਗਾ,+ ਉਸ ਸਮੇਂ ਤਕ ਇਹ ਸਾਰੀਆਂ ਗੱਲਾਂ ਪੂਰੀਆਂ ਹੋ ਜਾਣਗੀਆਂ।”
8 ਮੈਂ ਇਹ ਸਾਰੀਆਂ ਗੱਲਾਂ ਸੁਣੀਆਂ, ਪਰ ਮੈਂ ਇਨ੍ਹਾਂ ਨੂੰ ਸਮਝ ਨਾ ਸਕਿਆ।+ ਇਸ ਲਈ ਮੈਂ ਪੁੱਛਿਆ: “ਹੇ ਮੇਰੇ ਪ੍ਰਭੂ, ਆਖ਼ਰ ਇਨ੍ਹਾਂ ਗੱਲਾਂ ਦਾ ਨਤੀਜਾ ਕੀ ਨਿਕਲੇਗਾ?”
9 ਉਸ ਨੇ ਕਿਹਾ: “ਹੇ ਦਾਨੀਏਲ, ਤੂੰ ਜਾਹ ਕਿਉਂਕਿ ਇਨ੍ਹਾਂ ਗੱਲਾਂ ਨੂੰ ਰਾਜ਼ ਰੱਖਿਆ ਜਾਵੇਗਾ ਅਤੇ ਅੰਤ ਦੇ ਸਮੇਂ ਤਕ ਇਹ ਕਿਤਾਬ ਮੁਹਰ ਲਾ ਕੇ ਬੰਦ ਕਰ ਦਿੱਤੀ ਜਾਵੇਗੀ।+ 10 ਬਹੁਤ ਸਾਰੇ ਲੋਕ ਆਪਣੇ ਆਪ ਨੂੰ ਸਾਫ਼ ਅਤੇ ਸ਼ੁੱਧ ਕਰਨਗੇ ਅਤੇ ਉਨ੍ਹਾਂ ਨੂੰ ਪਰਖਿਆ ਜਾਵੇਗਾ।+ ਦੁਸ਼ਟ ਲੋਕ ਦੁਸ਼ਟ ਕੰਮ ਕਰਦੇ ਰਹਿਣਗੇ ਅਤੇ ਕੋਈ ਦੁਸ਼ਟ ਇਨਸਾਨ ਇਨ੍ਹਾਂ ਗੱਲਾਂ ਨੂੰ ਨਹੀਂ ਸਮਝੇਗਾ। ਪਰ ਜਿਨ੍ਹਾਂ ਨੂੰ ਡੂੰਘੀ ਸਮਝ ਹੈ, ਉਹ ਇਹ ਗੱਲਾਂ ਸਮਝ ਲੈਣਗੇ।+
11 “ਅਤੇ ਜਿਸ ਸਮੇਂ ਤੋਂ ਰੋਜ਼ ਚੜ੍ਹਾਈਆਂ ਜਾਂਦੀਆਂ ਭੇਟਾਂ+ ਬੰਦ ਕੀਤੀਆਂ ਗਈਆਂ ਹਨ ਅਤੇ ਤਬਾਹੀ ਮਚਾਉਣ ਵਾਲੀ ਘਿਣਾਉਣੀ ਚੀਜ਼ ਖੜ੍ਹੀ ਕੀਤੀ ਗਈ ਹੈ,+ ਉਸ ਸਮੇਂ ਤੋਂ 1,290 ਦਿਨ ਬੀਤਣਗੇ।
12 “ਖ਼ੁਸ਼ ਹੈ ਉਹ ਇਨਸਾਨ ਜੋ 1,335 ਦਿਨਾਂ ਦੇ ਅੰਤ ਤਕ ਧੀਰਜ ਨਾਲ ਉਡੀਕ ਕਰਦਾ ਹੈ!
13 “ਪਰ ਜਿੱਥੇ ਤਕ ਤੇਰੀ ਗੱਲ ਹੈ, ਤੂੰ ਅੰਤ ਤਕ ਪੱਕਾ ਰਹਿ। ਤੂੰ ਆਰਾਮ ਕਰੇਂਗਾ, ਪਰ ਉਨ੍ਹਾਂ ਦਿਨਾਂ ਦੇ ਖ਼ਤਮ ਹੋਣ ਤੇ ਤੂੰ ਆਪਣਾ ਹਿੱਸਾ* ਲੈਣ ਲਈ ਉੱਠ ਖੜ੍ਹਾ ਹੋਵੇਂਗਾ।”+
ਯਾਨੀ, ਬੈਬੀਲੋਨੀਆ।
ਇਬ, “ਇਜ਼ਰਾਈਲ ਦੇ ਪੁੱਤਰਾਂ।”
ਇਬ, “ਬੱਚੇ।”
ਇਬ, “ਲਿਖਤਾਂ ਦੀ ਸਿੱਖਿਆ ਦੇਵੇ।”
ਜਾਂ ਸੰਭਵ ਹੈ, “ਦੇਖ-ਭਾਲ ਕੀਤੀ ਜਾਵੇ।”
ਇਬ, “ਪੁੱਤਰਾਂ।”
ਮਤਲਬ “ਪਰਮੇਸ਼ੁਰ ਮੇਰਾ ਨਿਆਂਕਾਰ ਹੈ।”
ਮਤਲਬ “ਯਹੋਵਾਹ ਨੇ ਮਿਹਰ ਕੀਤੀ ਹੈ।”
ਸ਼ਾਇਦ ਇਸ ਦਾ ਮਤਲਬ ਹੈ “ਪਰਮੇਸ਼ੁਰ ਵਰਗਾ ਕੌਣ ਹੈ?”
ਮਤਲਬ “ਯਹੋਵਾਹ ਨੇ ਮਦਦ ਕੀਤੀ ਹੈ।”
ਇਬ, “ਬੱਚਿਆਂ।”
ਇਬ, “ਬੱਚਿਆਂ।”
ਇਬ, “ਬੱਚਿਆਂ।”
ਇਹ ਕੁਝ ਲੋਕਾਂ ਦਾ ਸਮੂਹ ਹੁੰਦਾ ਸੀ ਜੋ ਫਾਲ ਪਾ ਕੇ ਭਵਿੱਖ ਦੱਸਣ ਅਤੇ ਜੋਤਸ਼-ਵਿਦਿਆ ਵਿਚ ਮਾਹਰ ਹੁੰਦਾ ਸੀ।
ਦਾਨੀ 2:4ਅ ਤੋਂ ਲੈ ਕੇ 7:28 ਤਕ ਦਾ ਹਿੱਸਾ ਅਰਾਮੀ ਭਾਸ਼ਾ ਵਿਚ ਲਿਖਿਆ ਗਿਆ ਸੀ।
ਜਾਂ ਸੰਭਵ ਹੈ, “ਕੂੜਾ ਜਾਂ ਗੋਹਾ ਸੁੱਟਣ ਦੀ ਜਗ੍ਹਾ।”
ਜਾਂ, “ਸੁੱਕੀ ਜ਼ਮੀਨ।”
ਜਾਂ, “ਹਮੇਸ਼ਾ-ਹਮੇਸ਼ਾ ਲਈ।”
ਵਧੇਰੇ ਜਾਣਕਾਰੀ 2.9 ਦੇਖੋ।
ਜਾਂ, “ਭੱਠੀ ਵਿਚ ਪਕਾਈ (ਸਾਂਚੇ ਵਿਚ ਢਾਲ਼ੀ ਹੋਈ) ਮਿੱਟੀ।”
ਜਾਂ, “ਮਨੁੱਖਜਾਤੀ ਦੀ ਸੰਤਾਨ,” ਯਾਨੀ ਆਮ ਲੋਕ।
ਅਰਾਮੀ ਵਿਚ, “ਰਾਜਿਆਂ ਦਾ ਪ੍ਰਭੂ।”
ਲਗਭਗ 27 ਮੀਟਰ (88 ਫੁੱਟ)। ਵਧੇਰੇ ਜਾਣਕਾਰੀ 2.14 ਦੇਖੋ।
ਲਗਭਗ 2.7 ਮੀਟਰ (8.8 ਫੁੱਟ)। ਵਧੇਰੇ ਜਾਣਕਾਰੀ 2.14 ਦੇਖੋ।
ਜਾਂ, “ਤੁਹਮਤ ਲਾਈ।”
ਜਾਂ, “ਉਨ੍ਹਾਂ ਪ੍ਰਤੀ ਉਸ ਦਾ ਰਵੱਈਆ ਪੂਰੀ ਤਰ੍ਹਾਂ ਬਦਲ ਗਿਆ।”
ਜਾਂ, “ਉਨ੍ਹਾਂ ਆਦਮੀਆਂ ਦੇ ਸਰੀਰਾਂ ਉੱਤੇ ਅੱਗ ਦਾ ਵੱਸ ਨਾ ਚੱਲਿਆ।”
ਜਾਂ, “ਆਪਣੇ ਸਰੀਰ ਅਰਪਿਤ ਕਰ ਦਿੱਤੇ।”
ਜਾਂ ਸੰਭਵ ਹੈ, “ਕੂੜਾ ਜਾਂ ਗੋਹਾ ਸੁੱਟਣ ਦੀ ਜਗ੍ਹਾ।”
ਇਹ ਕੁਝ ਲੋਕਾਂ ਦਾ ਸਮੂਹ ਹੁੰਦਾ ਸੀ ਜੋ ਫਾਲ ਪਾ ਕੇ ਭਵਿੱਖ ਦੱਸਣ ਅਤੇ ਜੋਤਸ਼-ਵਿਦਿਆ ਵਿਚ ਮਾਹਰ ਹੁੰਦਾ ਸੀ।
ਜਾਂ, “ਉਸ ਦਾ ਹੱਥ ਕੋਈ ਰੋਕ ਨਹੀਂ ਸਕਦਾ।”
ਜਾਂ, “ਉਸ ਦਾ ਨਾਨਾ।”
ਜਾਂ, “ਰਾਜੇ ਦਾ ਚਿਹਰਾ ਬਦਲ ਗਿਆ।”
ਇਹ ਕੁਝ ਲੋਕਾਂ ਦਾ ਸਮੂਹ ਹੁੰਦਾ ਸੀ ਜੋ ਫਾਲ ਪਾ ਕੇ ਭਵਿੱਖ ਦੱਸਣ ਅਤੇ ਜੋਤਸ਼-ਵਿਦਿਆ ਵਿਚ ਮਾਹਰ ਹੁੰਦਾ ਸੀ।
ਇੱਥੇ ਰਾਜ-ਮਾਤਾ ਦੀ ਗੱਲ ਕੀਤੀ ਗਈ ਹੈ।
ਜਾਂ, “ਕਾਬਲ ਆਦਮੀ।”
ਇਹ ਕੁਝ ਲੋਕਾਂ ਦਾ ਸਮੂਹ ਹੁੰਦਾ ਸੀ ਜੋ ਫਾਲ ਪਾ ਕੇ ਭਵਿੱਖ ਦੱਸਣ ਅਤੇ ਜੋਤਸ਼-ਵਿਦਿਆ ਵਿਚ ਮਾਹਰ ਹੁੰਦਾ ਸੀ।
ਅਰਾਮੀ ਵਿਚ, “ਗੰਢਾਂ ਖੋਲ੍ਹ ਸਕਦਾ ਸੀ।”
ਅਰਾਮੀ ਵਿਚ, “ਗੰਢਾਂ ਖੋਲ੍ਹ ਸਕਦਾ ਹੈਂ।”
ਜਾਂ, “ਉਸ ਦਾ ਦੋਹਤਾ।”
ਜਾਂ, “ਟੋਏ।”
ਜਾਂ ਸੰਭਵ ਹੈ, “ਕਿਸੇ ਸੰਗੀਤਕਾਰ ਨੂੰ ਅੰਦਰ ਨਹੀਂ ਲਿਆਂਦਾ ਗਿਆ।”
ਅਰਾਮੀ ਵਿਚ, “ਨੀਂਦ ਉਸ ਦੀਆਂ ਅੱਖਾਂ ਵਿੱਚੋਂ ਗਾਇਬ ਹੋ ਗਈ।”
ਜਾਂ, “ਤੁਹਮਤ ਲਾਈ ਸੀ।”
ਅਰਾਮੀ ਵਿਚ, “ਆਕਾਸ਼ ਦੀਆਂ ਚਾਰੇ ਹਵਾਵਾਂ।”
ਜਾਂ, “ਜੋ ਸ਼ੇਖ਼ੀਆਂ ਮਾਰ ਰਿਹਾ ਸੀ।”
ਜਾਂ, “ਸ਼ੇਖ਼ੀਆਂ ਮਾਰ ਰਿਹਾ ਸੀ।”
ਜਾਂ, “ਜੋ ਸ਼ੇਖ਼ੀਆਂ ਮਾਰ ਰਿਹਾ ਸੀ।”
ਯਾਨੀ, ਸਾਢੇ ਤਿੰਨ ਸਮੇਂ।
ਜਾਂ, “ਮੇਰਾ ਚਿਹਰਾ ਬਦਲ ਗਿਆ।”
ਜਾਂ, “ਸੂਸਾ।”
ਜਾਂ, “ਮਹਿਲ।”
ਜਾਂ, “ਨਹਿਰ।”
ਇਬ, “ਆਕਾਸ਼ ਦੀਆਂ ਚਾਰੇ ਹਵਾਵਾਂ।”
ਇਬ, “ਸ਼ਾਮ ਅਤੇ ਸਵੇਰ।”
ਜਾਂ, “ਸਾਜ਼ਸ਼ਾਂ ਘੜਨ ਵਿਚ ਮਾਹਰ ਹੋਵੇਗਾ।”
ਜਾਂ ਸੰਭਵ ਹੈ, “ਅਤੇ ਉਹ ਬਿਨਾਂ ਚੇਤਾਵਨੀ ਦਿੱਤਿਆਂ।”
ਯਾਨੀ, ਪਵਿੱਤਰ ਲਿਖਤਾਂ।
ਇਬ, “ਮੂੰਹ ʼਤੇ ਸ਼ਰਮਿੰਦਗੀ।”
ਇਬ, “ਸਾਡਾ ਨਿਆਂ ਕਰਨ ਵਾਲੇ ਸਾਡੇ ਨਿਆਂਕਾਰਾਂ।”
ਜਾਂ, “ਵਫ਼ਾਦਾਰੀ।”
ਜਾਂ, “ਅੱਤ ਪਿਆਰਾ; ਬਹੁਤ ਆਦਰ ਦੇ ਯੋਗ।”
ਇੱਥੇ ਇਕ ਹਫ਼ਤਾ ਸੱਤ ਸਾਲ ਦੇ ਬਰਾਬਰ ਹੈ।
ਇਬ, “ਹਮੇਸ਼ਾ-ਹਮੇਸ਼ਾ ਲਈ ਧਾਰਮਿਕਤਾ ਕਾਇਮ ਕੀਤੀ ਜਾਵੇ।”
ਇਬ, “ਨਬੀ।”
ਇਬ, “ਅੱਤ ਪਵਿੱਤਰ ਜਗ੍ਹਾ ਪਵਿੱਤਰ ਕੀਤੀ ਜਾਵੇ।”
ਜਾਂ, “ਚੁਣੇ ਹੋਏ।”
ਇਬ, “ਹਿੱਦਕਲ।”
ਜਾਂ, “ਸਬਜ਼ਾ।”
ਜਾਂ, “ਅੱਤ ਪਿਆਰਾ; ਬਹੁਤ ਆਦਰ ਦੇ ਯੋਗ।”
ਮਤਲਬ “ਪਰਮੇਸ਼ੁਰ ਵਰਗਾ ਕੌਣ ਹੈ?”
ਜਾਂ, “ਪਹਿਲੇ ਦਰਜੇ ਦਾ ਆਗੂ ਹੈ।”
ਜਾਂ, “ਅੱਤ ਪਿਆਰਾ; ਬਹੁਤ ਆਦਰ ਦੇ ਯੋਗ।”
ਯਾਨੀ, ਮੀਕਾਏਲ।
ਜਾਂ, “ਅਤੇ ਉਸ ਲਈ ਇਕ ਕਿਲੇ ਵਾਂਗ ਬਣਨ ਲਈ।”
ਜਾਂ, “ਅਤੇ ਵੱਡੇ ਇਲਾਕੇ।”
ਇਬ, “ਆਕਾਸ਼ ਦੀਆਂ ਚਾਰੇ ਹਵਾਵਾਂ।”
ਜਾਂ, “ਵੰਸ਼।”
ਜਾਂ, “ਉਨ੍ਹਾਂ ਦਾ ਇਲਾਕਾ ਉਸ ਦੇ ਇਲਾਕੇ ਜਿੰਨਾ ਵੱਡਾ ਨਹੀਂ ਹੋਵੇਗਾ।”
ਜ਼ਾਹਰ ਹੈ ਕਿ ਇੱਥੇ ਉੱਤਰ ਦੇ ਰਾਜੇ ਦੀ ਗੱਲ ਕੀਤੀ ਗਈ ਹੈ।
ਜਾਂ, “ਅਤੇ ਵੱਡੇ ਇਲਾਕੇ।”
ਜ਼ਾਹਰ ਹੈ ਕਿ ਇੱਥੇ ਦੱਖਣ ਦੇ ਰਾਜੇ ਦੀ ਗੱਲ ਕੀਤੀ ਗਈ ਹੈ।
ਇਬ, “ਉਸ ਨੂੰ ਜਨਮ ਦੇਣ ਵਾਲੇ ਨੂੰ।”
ਜ਼ਾਹਰ ਹੈ ਕਿ ਇੱਥੇ ਦੱਖਣ ਦੇ ਰਾਜੇ ਦੀ ਗੱਲ ਕੀਤੀ ਗਈ ਹੈ।
ਜਾਂ, “ਢਾਲ਼ੀਆਂ ਹੋਈਆਂ ਮੂਰਤਾਂ।”
ਜਾਂ, “ਮਨਭਾਉਂਦੀਆਂ।”
ਜ਼ਾਹਰ ਹੈ ਕਿ ਇੱਥੇ ਉੱਤਰ ਦੇ ਰਾਜੇ ਦੀ ਗੱਲ ਕੀਤੀ ਗਈ ਹੈ।
ਇਬ, “ਉਹ।”
ਜ਼ਾਹਰ ਹੈ ਕਿ ਇੱਥੇ ਦੱਖਣ ਦੇ ਰਾਜੇ ਦੀ ਗੱਲ ਕੀਤੀ ਗਈ ਹੈ।
ਇਬ, “ਭੀੜ ਨੂੰ ਲਿਜਾਇਆ ਜਾਵੇਗਾ।”
ਜ਼ਾਹਰ ਹੈ ਕਿ ਇੱਥੇ ਦੱਖਣ ਦੇ ਰਾਜੇ ਦੀ ਗੱਲ ਕੀਤੀ ਗਈ ਹੈ।
ਜਾਂ, “ਲੁਟੇਰਿਆਂ ਦੇ ਪੁੱਤਰ।”
ਇਬ, “ਬਾਹਾਂ।”
ਜ਼ਾਹਰ ਹੈ ਕਿ ਇੱਥੇ ਦੱਖਣ ਦੇ ਰਾਜੇ ਦੀ ਗੱਲ ਕੀਤੀ ਗਈ ਹੈ।
ਜ਼ਾਹਰ ਹੈ ਕਿ ਇੱਥੇ ਉੱਤਰ ਦੇ ਰਾਜੇ ਦੀ ਗੱਲ ਕੀਤੀ ਗਈ ਹੈ।
ਜ਼ਾਹਰ ਹੈ ਕਿ ਇੱਥੇ ਉੱਤਰ ਦੇ ਰਾਜੇ ਦੀ ਗੱਲ ਕੀਤੀ ਗਈ ਹੈ।
ਜ਼ਾਹਰ ਹੈ ਕਿ ਇੱਥੇ ਉੱਤਰ ਦੇ ਰਾਜੇ ਦੀ ਗੱਲ ਕੀਤੀ ਗਈ ਹੈ।
ਜ਼ਾਹਰ ਹੈ ਕਿ ਇੱਥੇ ਉੱਤਰ ਦੇ ਰਾਜੇ ਦੀ ਗੱਲ ਕੀਤੀ ਗਈ ਹੈ।
ਜਾਂ, “ਆਦਮੀਆਂ ਨੂੰ ਫ਼ੌਜ ਵਿਚ ਭਰਤੀ ਕਰਨ ਵਾਲੇ ਨੂੰ।”
ਜਾਂ, “ਨੀਚ।”
ਜਾਂ ਸੰਭਵ ਹੈ, “ਬਿਨਾਂ ਚੇਤਾਵਨੀ ਦਿੱਤਿਆਂ।”
ਇਬ, “ਬਾਹਾਂ।”
ਜਾਂ ਸੰਭਵ ਹੈ, “ਬਿਨਾਂ ਚੇਤਾਵਨੀ ਦਿੱਤਿਆਂ।”
ਇਬ, “ਦੀ ਚਰਬੀ।”
ਜ਼ਾਹਰ ਹੈ ਕਿ ਇੱਥੇ ਉੱਤਰ ਦੇ ਰਾਜੇ ਦੀ ਗੱਲ ਕੀਤੀ ਗਈ ਹੈ।
ਜਾਂ, “ਹੜ੍ਹ ਨਾਲ ਰੁੜ੍ਹ ਜਾਵੇਗੀ।”
ਜ਼ਾਹਰ ਹੈ ਕਿ ਇੱਥੇ ਉੱਤਰ ਦੇ ਰਾਜੇ ਦੀ ਗੱਲ ਕੀਤੀ ਗਈ ਹੈ।
ਇਬ, “ਬਾਹਾਂ।”
ਜ਼ਾਹਰ ਹੈ ਕਿ ਇੱਥੇ ਉੱਤਰ ਦੇ ਰਾਜੇ ਦੀ ਗੱਲ ਕੀਤੀ ਗਈ ਹੈ।
ਜਾਂ, “ਪਖੰਡ।”
ਜਾਂ, “ਪਖੰਡ।”
ਜ਼ਾਹਰ ਹੈ ਕਿ ਇੱਥੇ ਉੱਤਰ ਦੇ ਰਾਜੇ ਦੀ ਗੱਲ ਕੀਤੀ ਗਈ ਹੈ।
ਜਾਂ, “ਮਨਭਾਉਂਦੇ।”
ਜਾਂ, “ਦੀ ਮਦਦ ਨਾਲ।”
ਜਾਂ ਸੰਭਵ ਹੈ, “ਜਿਨ੍ਹਾਂ ਦੀ ਉਹ ਕਦਰ ਕਰਦਾ ਹੈ।”
ਜਾਂ, “ਇਕ-ਦੂਜੇ ਨਾਲ ਸਿੰਗ ਫਸਾਉਣਗੇ।”
ਜ਼ਾਹਰ ਹੈ ਕਿ ਇੱਥੇ ਉੱਤਰ ਦੇ ਰਾਜੇ ਦੀ ਗੱਲ ਕੀਤੀ ਗਈ ਹੈ।
ਜਾਂ, “ਮਨਭਾਉਂਦੀਆਂ।”
ਜਾਂ, “ਆਲੀਸ਼ਾਨ।”
ਮਤਲਬ “ਪਰਮੇਸ਼ੁਰ ਵਰਗਾ ਕੌਣ ਹੈ?”
ਇਬ, “ਤੇਰੇ ਲੋਕਾਂ ਦੇ ਪੁੱਤਰਾਂ।”
ਯਾਨੀ, ਸਾਢੇ ਤਿੰਨ ਸਮੇਂ।
ਜਾਂ, “ਤੂੰ ਆਪਣੇ ਹਿੱਸੇ ਆਈ ਜਗ੍ਹਾ।”