ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • nwt ਮਰਕੁਸ 1:1 - 16:8
  • ਮਰਕੁਸ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਮਰਕੁਸ
  • ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
ਮਰਕੁਸ

ਮਰਕੁਸ ਮੁਤਾਬਕ ਖ਼ੁਸ਼ ਖ਼ਬਰੀ

1 ਪਰਮੇਸ਼ੁਰ ਦੇ ਪੁੱਤਰ ਯਿਸੂ ਮਸੀਹ ਬਾਰੇ ਖ਼ੁਸ਼ ਖ਼ਬਰੀ ਦੀ ਸ਼ੁਰੂਆਤ ਇਸ ਤਰ੍ਹਾਂ ਹੁੰਦੀ ਹੈ: 2 ਜਿਵੇਂ ਯਸਾਯਾਹ ਨਬੀ ਨੇ ਲਿਖਿਆ ਹੈ: “(ਦੇਖ! ਮੈਂ ਤੇਰੇ ਅੱਗੇ-ਅੱਗੇ ਆਪਣੇ ਸੰਦੇਸ਼ ਦੇਣ ਵਾਲੇ* ਨੂੰ ਘੱਲ ਰਿਹਾ ਹਾਂ ਜੋ ਤੇਰਾ ਰਾਹ ਤਿਆਰ ਕਰੇਗਾ।)+ 3 ਉਜਾੜ ਵਿਚ ਕੋਈ ਉੱਚੀ ਆਵਾਜ਼ ਵਿਚ ਕਹਿ ਰਿਹਾ ਹੈ: ‘ਯਹੋਵਾਹ* ਦਾ ਰਸਤਾ ਤਿਆਰ ਕਰੋ! ਉਸ ਦੇ ਰਾਹਾਂ ਨੂੰ ਸਿੱਧਾ ਕਰੋ।’”+ 4 ਇਸ ਲਿਖਤ ਦੇ ਮੁਤਾਬਕ, ਯੂਹੰਨਾ ਬਪਤਿਸਮਾ ਦੇਣ ਵਾਲਾ ਉਜਾੜ ਵਿਚ ਆਇਆ ਅਤੇ ਲੋਕਾਂ ਨੂੰ ਪ੍ਰਚਾਰ ਕਰਨ ਲੱਗਾ। ਉਸ ਨੇ ਲੋਕਾਂ ਨੂੰ ਕਿਹਾ ਕਿ ਉਹ ਬਪਤਿਸਮਾ ਲੈ ਕੇ ਇਸ ਗੱਲ ਦਾ ਸਬੂਤ ਦੇਣ ਕਿ ਉਨ੍ਹਾਂ ਨੇ ਮਾਫ਼ੀ ਪਾਉਣ ਲਈ ਆਪਣੇ ਪਾਪਾਂ ਤੋਂ ਤੋਬਾ ਕੀਤੀ ਹੈ।+ 5 ਇਸ ਕਰਕੇ ਯਹੂਦਿਯਾ ਦੇ ਇਲਾਕੇ ਦੇ ਅਤੇ ਯਰੂਸ਼ਲਮ ਦੇ ਸਾਰੇ ਲੋਕ ਉਸ ਕੋਲ ਆ ਰਹੇ ਸਨ ਅਤੇ ਉਨ੍ਹਾਂ ਨੇ ਆਪਣੇ ਪਾਪ ਖੁੱਲ੍ਹ ਕੇ ਕਬੂਲ ਕੀਤੇ ਅਤੇ ਯਰਦਨ ਦਰਿਆ ਵਿਚ ਉਸ ਤੋਂ ਬਪਤਿਸਮਾ ਲਿਆ।*+ 6 ਯੂਹੰਨਾ ਊਠ ਦੇ ਵਾਲ਼ਾਂ ਦਾ ਬਣਿਆ ਚੋਗਾ ਪਾਉਂਦਾ ਹੁੰਦਾ ਸੀ ਅਤੇ ਲੱਕ ਦੁਆਲੇ ਚਮੜੇ ਦਾ ਕਮਰਬੰਦ ਲਾਉਂਦਾ ਹੁੰਦਾ ਸੀ।+ ਉਹ ਟਿੱਡੀਆਂ ਅਤੇ ਜੰਗਲੀ ਸ਼ਹਿਦ ਖਾਂਦਾ ਹੁੰਦਾ ਸੀ।+ 7 ਉਸ ਨੇ ਇਹ ਪ੍ਰਚਾਰ ਕਰਨਾ ਸ਼ੁਰੂ ਕੀਤਾ: “ਜਿਹੜਾ ਮੇਰੇ ਤੋਂ ਬਾਅਦ ਆ ਰਿਹਾ ਹੈ, ਉਸ ਕੋਲ ਮੇਰੇ ਨਾਲੋਂ ਜ਼ਿਆਦਾ ਅਧਿਕਾਰ ਹੈ। ਮੈਂ ਤਾਂ ਝੁਕ ਕੇ ਉਸ ਦੀ ਜੁੱਤੀ ਦੇ ਤਸਮੇ ਖੋਲ੍ਹਣ ਦੇ ਵੀ ਕਾਬਲ ਨਹੀਂ ਹਾਂ।+ 8 ਮੈਂ ਤੁਹਾਨੂੰ ਪਾਣੀ ਨਾਲ ਬਪਤਿਸਮਾ ਦਿੱਤਾ ਹੈ, ਪਰ ਉਹ ਤੁਹਾਨੂੰ ਪਵਿੱਤਰ ਸ਼ਕਤੀ ਨਾਲ ਬਪਤਿਸਮਾ ਦੇਵੇਗਾ।”+

9 ਉਨ੍ਹੀਂ ਦਿਨੀਂ ਯਿਸੂ ਗਲੀਲ ਦੇ ਨਾਸਰਤ ਸ਼ਹਿਰ ਤੋਂ ਆਇਆ ਅਤੇ ਉਸ ਨੇ ਯੂਹੰਨਾ ਕੋਲੋਂ ਯਰਦਨ ਦਰਿਆ ਵਿਚ ਬਪਤਿਸਮਾ ਲਿਆ।+ 10 ਪਾਣੀ ਵਿੱਚੋਂ ਨਿਕਲਦੇ ਸਾਰ ਯਿਸੂ ਨੇ ਆਕਾਸ਼ ਨੂੰ ਖੁੱਲ੍ਹਦਿਆਂ ਅਤੇ ਪਵਿੱਤਰ ਸ਼ਕਤੀ ਨੂੰ ਕਬੂਤਰ ਦੇ ਰੂਪ ਵਿਚ ਆਪਣੇ ਉੱਤੇ ਉੱਤਰਦਿਆਂ ਦੇਖਿਆ।+ 11 ਫਿਰ ਸਵਰਗੋਂ ਇਕ ਆਵਾਜ਼ ਆਈ: “ਤੂੰ ਮੇਰਾ ਪਿਆਰਾ ਪੁੱਤਰ ਹੈਂ; ਮੈਂ ਤੇਰੇ ਤੋਂ ਖ਼ੁਸ਼ ਹਾਂ।”+

12 ਇਸ ਤੋਂ ਤੁਰੰਤ ਬਾਅਦ ਪਵਿੱਤਰ ਸ਼ਕਤੀ ਨੇ ਉਸ ਨੂੰ ਉਜਾੜ ਵਿਚ ਜਾਣ ਲਈ ਪ੍ਰੇਰਿਆ। 13 ਉਹ 40 ਦਿਨ ਉਜਾੜ ਵਿਚ ਰਿਹਾ ਜਿੱਥੇ ਸ਼ੈਤਾਨ ਨੇ ਉਸ ਦੀ ਪਰੀਖਿਆ ਲਈ।+ ਉਹ ਜੰਗਲੀ ਜਾਨਵਰਾਂ ਵਿਚ ਰਹਿ ਰਿਹਾ ਸੀ ਅਤੇ ਦੂਤ ਉਸ ਦੀ ਸੇਵਾ ਕਰ ਰਹੇ ਸਨ।+

14 ਫਿਰ ਯੂਹੰਨਾ ਦੀ ਗਿਰਫ਼ਤਾਰੀ ਤੋਂ ਬਾਅਦ ਯਿਸੂ ਗਲੀਲ ਵਿਚ ਗਿਆ+ ਅਤੇ ਪਰਮੇਸ਼ੁਰ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦਿਆਂ+ 15 ਕਹਿਣ ਲੱਗਾ: “ਮਿਥਿਆ ਹੋਇਆ ਸਮਾਂ ਆ ਪਹੁੰਚਿਆ ਹੈ, ਪਰਮੇਸ਼ੁਰ ਦਾ ਰਾਜ ਨੇੜੇ ਆ ਗਿਆ ਹੈ। ਤੋਬਾ ਕਰੋ+ ਅਤੇ ਖ਼ੁਸ਼ ਖ਼ਬਰੀ ʼਤੇ ਨਿਹਚਾ ਕਰੋ।”

16 ਗਲੀਲ ਦੀ ਝੀਲ ਦੇ ਕੰਢੇ ਉੱਤੇ ਤੁਰਦਿਆਂ ਯਿਸੂ ਨੇ ਸ਼ਮਊਨ* ਅਤੇ ਉਸ ਦੇ ਭਰਾ ਅੰਦ੍ਰਿਆਸ+ ਨੂੰ ਝੀਲ ਵਿਚ ਜਾਲ਼ ਪਾਉਂਦਿਆਂ ਦੇਖਿਆ+ ਕਿਉਂਕਿ ਉਹ ਮਛੇਰੇ ਸਨ।+ 17 ਯਿਸੂ ਨੇ ਉਨ੍ਹਾਂ ਨੂੰ ਕਿਹਾ: “ਮੇਰੇ ਮਗਰ ਆਓ ਅਤੇ ਮੈਂ ਤੁਹਾਨੂੰ ਇਨਸਾਨਾਂ ਨੂੰ ਫੜਨਾ ਸਿਖਾਵਾਂਗਾ ਜਿਵੇਂ ਤੁਸੀਂ ਮੱਛੀਆਂ ਫੜਦੇ ਹੋ।”+ 18 ਉਹ ਉਸੇ ਵੇਲੇ ਆਪਣੇ ਜਾਲ਼ ਛੱਡ ਕੇ ਉਸ ਦੇ ਪਿੱਛੇ-ਪਿੱਛੇ ਤੁਰ ਪਏ।+ 19 ਥੋੜ੍ਹਾ ਅੱਗੇ ਜਾ ਕੇ ਉਸ ਨੇ ਯਾਕੂਬ ਅਤੇ ਯੂਹੰਨਾ ਨਾਂ ਦੇ ਦੋ ਭਰਾਵਾਂ ਨੂੰ ਦੇਖਿਆ ਜੋ ਜ਼ਬਦੀ ਦੇ ਪੁੱਤਰ ਸਨ। ਉਹ ਆਪਣੀ ਕਿਸ਼ਤੀ ਵਿਚ ਬੈਠੇ ਆਪਣੇ ਜਾਲ਼ ਠੀਕ ਕਰ ਰਹੇ ਸਨ+ 20 ਅਤੇ ਉਸ ਨੇ ਉਸੇ ਵੇਲੇ ਉਨ੍ਹਾਂ ਨੂੰ ਬੁਲਾਇਆ। ਤਦ ਉਹ ਆਪਣੇ ਪਿਤਾ ਜ਼ਬਦੀ ਨੂੰ ਕਿਸ਼ਤੀ ਵਿਚ ਕਾਮਿਆਂ ਨਾਲ ਛੱਡ ਕੇ ਉਸ ਦੇ ਮਗਰ ਤੁਰ ਪਏ। 21 ਅਤੇ ਉਹ ਉਸ ਦੇ ਨਾਲ ਕਫ਼ਰਨਾਹੂਮ ਨੂੰ ਚਲੇ ਗਏ।

ਫਿਰ ਸਬਤ ਦਾ ਦਿਨ ਸ਼ੁਰੂ ਹੁੰਦਿਆਂ ਹੀ ਯਿਸੂ ਸਭਾ ਘਰ ਵਿਚ ਜਾ ਕੇ ਸਿੱਖਿਆ ਦੇਣ ਲੱਗਾ।+ 22 ਲੋਕ ਉਸ ਦੇ ਸਿੱਖਿਆ ਦੇਣ ਦੇ ਢੰਗ ਤੋਂ ਹੈਰਾਨ ਰਹਿ ਗਏ ਕਿਉਂਕਿ ਉਹ ਗ੍ਰੰਥੀਆਂ ਵਾਂਗ ਨਹੀਂ, ਸਗੋਂ ਪੂਰੇ ਅਧਿਕਾਰ ਨਾਲ ਉਨ੍ਹਾਂ ਨੂੰ ਸਿੱਖਿਆ ਦੇ ਰਿਹਾ ਸੀ।+ 23 ਨਾਲੇ ਉਦੋਂ ਸਭਾ ਘਰ ਵਿਚ ਇਕ ਆਦਮੀ ਸੀ ਜਿਸ ਨੂੰ ਦੁਸ਼ਟ ਦੂਤ ਚਿੰਬੜਿਆ ਹੋਇਆ ਸੀ ਤੇ ਉਸ ਨੇ ਉੱਚੀ-ਉੱਚੀ ਕਿਹਾ: 24 “ਹੇ ਯਿਸੂ ਨਾਸਰੀ, ਤੇਰਾ ਸਾਡੇ ਨਾਲ ਕੀ ਵਾਸਤਾ?+ ਕੀ ਤੂੰ ਸਾਨੂੰ ਖ਼ਤਮ ਕਰਨ ਆਇਆ ਹੈਂ? ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਤੂੰ ਕੌਣ ਹੈਂ, ਤੂੰ ਪਰਮੇਸ਼ੁਰ ਦਾ ਪਵਿੱਤਰ ਸੇਵਕ ਹੈਂ।”+ 25 ਪਰ ਯਿਸੂ ਨੇ ਉਸ ਨੂੰ ਝਿੜਕਦੇ ਹੋਏ ਕਿਹਾ: “ਚੁੱਪ ਰਹਿ ਤੇ ਇਸ ਵਿੱਚੋਂ ਨਿਕਲ ਜਾ!” 26 ਫਿਰ ਦੁਸ਼ਟ ਦੂਤ ਉਸ ਆਦਮੀ ਨੂੰ ਮਰੋੜ-ਮਰਾੜ ਕੇ ਅਤੇ ਉੱਚੀ-ਉੱਚੀ ਚੀਕਾਂ ਮਾਰ ਕੇ ਉਸ ਵਿੱਚੋਂ ਨਿਕਲ ਗਿਆ। 27 ਇਹ ਦੇਖ ਕੇ ਲੋਕ ਹੱਕੇ-ਬੱਕੇ ਰਹਿ ਗਏ ਤੇ ਇਕ-ਦੂਜੇ ਨੂੰ ਕਹਿਣ ਲੱਗੇ: “ਆਹ ਕੀ? ਇਹ ਤਾਂ ਕਮਾਲ ਦੀ ਸਿੱਖਿਆ ਦਿੰਦਾ! ਨਾਲੇ ਉਹ ਦੁਸ਼ਟ ਦੂਤਾਂ ਨੂੰ ਵੀ ਪੂਰੇ ਅਧਿਕਾਰ ਨਾਲ ਹੁਕਮ ਦਿੰਦਾ ਹੈ ਅਤੇ ਉਹ ਉਸ ਦਾ ਹੁਕਮ ਮੰਨਦੇ ਹਨ।” 28 ਜਲਦੀ ਹੀ ਗਲੀਲ ਦੇ ਸਾਰੇ ਇਲਾਕੇ ਵਿਚ ਉਸ ਦੇ ਚਰਚੇ ਹੋਣ ਲੱਗੇ।

29 ਫਿਰ ਉਹ ਸਭਾ ਘਰ ਤੋਂ ਸ਼ਮਊਨ ਤੇ ਅੰਦ੍ਰਿਆਸ ਦੇ ਘਰ ਗਏ+ ਅਤੇ ਉਨ੍ਹਾਂ ਨਾਲ ਯਾਕੂਬ ਤੇ ਯੂਹੰਨਾ ਵੀ ਸਨ। 30 ਬੁਖ਼ਾਰ ਚੜ੍ਹਿਆ ਹੋਣ ਕਰਕੇ ਸ਼ਮਊਨ ਦੀ ਸੱਸ+ ਮੰਜੇ ʼਤੇ ਪਈ ਹੋਈ ਸੀ ਅਤੇ ਉਨ੍ਹਾਂ ਨੇ ਉਸ ਬਾਰੇ ਯਿਸੂ ਨੂੰ ਦੱਸਿਆ। 31 ਉਹ ਉਸ ਕੋਲ ਗਿਆ ਅਤੇ ਉਸ ਦਾ ਹੱਥ ਫੜ ਕੇ ਉਸ ਨੂੰ ਬਿਠਾਇਆ। ਉਸ ਦਾ ਬੁਖ਼ਾਰ ਉੱਤਰ ਗਿਆ ਤੇ ਉਹ ਉਨ੍ਹਾਂ ਦੀ ਸੇਵਾ-ਟਹਿਲ ਕਰਨ ਲੱਗ ਪਈ।

32 ਸ਼ਾਮ ਨੂੰ ਸੂਰਜ ਡੁੱਬਣ ਤੋਂ ਬਾਅਦ ਲੋਕ ਉਸ ਕੋਲ ਬੀਮਾਰਾਂ ਅਤੇ ਦੁਸ਼ਟ ਦੂਤਾਂ ਦੇ ਵੱਸ ਵਿਚ ਪਏ ਲੋਕਾਂ ਨੂੰ ਲਿਆਉਣ ਲੱਗੇ;+ 33 ਸਾਰਾ ਸ਼ਹਿਰ ਉਨ੍ਹਾਂ ਦੇ ਘਰ ਦੇ ਦਰਵਾਜ਼ੇ ਅੱਗੇ ਇਕੱਠਾ ਹੋ ਗਿਆ। 34 ਉਸ ਨੇ ਤਰ੍ਹਾਂ-ਤਰ੍ਹਾਂ ਦੇ ਰੋਗੀਆਂ ਨੂੰ ਠੀਕ ਕੀਤਾ+ ਅਤੇ ਬਹੁਤ ਸਾਰੇ ਲੋਕਾਂ ਵਿੱਚੋਂ ਦੁਸ਼ਟ ਦੂਤ ਕੱਢੇ, ਪਰ ਉਸ ਨੇ ਦੁਸ਼ਟ ਦੂਤਾਂ ਨੂੰ ਬੋਲਣ ਨਾ ਦਿੱਤਾ ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਉਹ ਮਸੀਹ ਹੈ।*

35 ਫਿਰ ਸਵੇਰੇ-ਸਵੇਰੇ, ਜਦੋਂ ਅਜੇ ਹਨੇਰਾ ਹੀ ਸੀ, ਉਹ ਉੱਠ ਕੇ ਬਾਹਰ ਕਿਸੇ ਇਕਾਂਤ ਥਾਂ ਚਲਾ ਗਿਆ ਅਤੇ ਉੱਥੇ ਪ੍ਰਾਰਥਨਾ ਕਰਨ ਲੱਗਾ।+ 36 ਪਰ ਸ਼ਮਊਨ ਅਤੇ ਉਸ ਦੇ ਸਾਥੀ ਉਸ ਨੂੰ ਲੱਭਦੇ-ਲੱਭਦੇ ਆਏ 37 ਅਤੇ ਜਦੋਂ ਉਨ੍ਹਾਂ ਨੇ ਉਸ ਨੂੰ ਲੱਭ ਲਿਆ, ਤਾਂ ਉਹ ਉਸ ਨੂੰ ਕਹਿਣ ਲੱਗੇ: “ਸਾਰੇ ਤੈਨੂੰ ਲੱਭ ਰਹੇ ਹਨ।” 38 ਪਰ ਉਸ ਨੇ ਉਨ੍ਹਾਂ ਨੂੰ ਕਿਹਾ: “ਆਓ ਆਪਾਂ ਕਿਤੇ ਹੋਰ ਲਾਗਲੇ ਨਗਰਾਂ ਵਿਚ ਚੱਲੀਏ ਤਾਂਕਿ ਮੈਂ ਉੱਥੇ ਵੀ ਪ੍ਰਚਾਰ ਕਰ ਸਕਾਂ ਕਿਉਂਕਿ ਮੈਂ ਇਸੇ ਲਈ ਆਇਆ ਹਾਂ।”+ 39 ਫਿਰ ਉਸ ਨੇ ਪੂਰੇ ਗਲੀਲ ਵਿਚ ਉਨ੍ਹਾਂ ਦੇ ਸਭਾ ਘਰਾਂ ਵਿਚ ਜਾ ਕੇ ਪ੍ਰਚਾਰ ਕੀਤਾ ਅਤੇ ਲੋਕਾਂ ਵਿੱਚੋਂ ਦੁਸ਼ਟ ਦੂਤ ਕੱਢੇ।+

40 ਉਸ ਕੋਲ ਇਕ ਕੋੜ੍ਹੀ ਵੀ ਆਇਆ ਅਤੇ ਗੋਡਿਆਂ ਭਾਰ ਬੈਠ ਕੇ ਉਸ ਨੂੰ ਬੇਨਤੀ ਕਰਨ ਲੱਗਾ: “ਜੇ ਤੂੰ ਚਾਹੇਂ, ਤਾਂ ਤੂੰ ਮੈਨੂੰ ਸ਼ੁੱਧ ਕਰ ਸਕਦਾ ਹੈਂ।”+ 41 ਯਿਸੂ ਨੂੰ ਉਸ ਉੱਤੇ ਤਰਸ ਆਇਆ ਅਤੇ ਆਪਣਾ ਹੱਥ ਵਧਾ ਕੇ ਉਸ ਨੂੰ ਛੂਹਿਆ ਅਤੇ ਕਿਹਾ: “ਮੈਂ ਚਾਹੁੰਦਾ ਹਾਂ! ਤੂੰ ਸ਼ੁੱਧ ਹੋ ਜਾ।”+ 42 ਉਸੇ ਵੇਲੇ ਉਸ ਦਾ ਕੋੜ੍ਹ ਗਾਇਬ ਹੋ ਗਿਆ ਅਤੇ ਉਹ ਸ਼ੁੱਧ ਹੋ ਗਿਆ। 43 ਫਿਰ ਯਿਸੂ ਨੇ ਉਸ ਨੂੰ ਘੱਲਣ ਤੋਂ ਪਹਿਲਾਂ ਸਖ਼ਤੀ ਨਾਲ ਵਰਜਦੇ ਹੋਏ 44 ਕਿਹਾ: “ਸੁਣ, ਕਿਸੇ ਨੂੰ ਇਹ ਗੱਲ ਨਾ ਦੱਸੀਂ। ਪਰ ਤੂੰ ਪੁਜਾਰੀ ਕੋਲ ਜਾ ਕੇ ਆਪਣੇ ਆਪ ਨੂੰ ਦਿਖਾ ਅਤੇ ਸ਼ੁੱਧ ਹੋ ਜਾਣ ਕਰਕੇ ਮੂਸਾ ਦੀ ਹਿਦਾਇਤ ਅਨੁਸਾਰ ਚੜ੍ਹਾਵਾ ਚੜ੍ਹਾ+ ਤਾਂਕਿ ਪੁਜਾਰੀ ਤੇਰੇ ਸ਼ੁੱਧ ਹੋ ਜਾਣ ਦੇ ਗਵਾਹ ਹੋਣ।”+ 45 ਪਰ ਉਹ ਜਾ ਕੇ ਸਾਰੇ ਪਾਸੇ ਇਸ ਬਾਰੇ ਦੱਸਣ ਲੱਗਾ, ਉਸ ਨੇ ਇਹ ਗੱਲ ਇੰਨੀ ਫੈਲਾ ਦਿੱਤੀ ਕਿ ਯਿਸੂ ਕਿਸੇ ਵੀ ਸ਼ਹਿਰ ਵਿਚ ਨਾ ਜਾ ਸਕਿਆ, ਪਰ ਉਹ ਬਾਹਰ ਇਕਾਂਤ ਥਾਵਾਂ ਵਿਚ ਰਿਹਾ। ਫਿਰ ਵੀ ਹਰ ਪਾਸਿਓਂ ਲੋਕ ਉਸ ਕੋਲ ਆਉਂਦੇ ਰਹੇ।+

2 ਪਰ, ਕੁਝ ਦਿਨਾਂ ਬਾਅਦ ਉਹ ਦੁਬਾਰਾ ਕਫ਼ਰਨਾਹੂਮ ਵਿਚ ਗਿਆ ਅਤੇ ਸਾਰੇ ਪਾਸੇ ਇਹ ਖ਼ਬਰ ਫੈਲ ਗਈ ਕਿ ਉਹ ਘਰੇ ਹੈ।+ 2 ਇਸ ਕਰਕੇ ਉੱਥੇ ਐਨੇ ਲੋਕ ਇਕੱਠੇ ਹੋ ਗਏ ਕਿ ਦਰਵਾਜ਼ੇ ਲਾਗੇ ਵੀ ਥਾਂ ਨਾ ਰਹੀ ਅਤੇ ਉਹ ਉਨ੍ਹਾਂ ਨੂੰ ਪਰਮੇਸ਼ੁਰ ਦਾ ਬਚਨ ਸੁਣਾਉਣ ਲੱਗਾ।+ 3 ਕੁਝ ਆਦਮੀ ਇਕ ਅਧਰੰਗੀ ਨੂੰ ਲੈ ਕੇ ਆਏ ਅਤੇ ਚਾਰ ਜਣਿਆਂ ਨੇ ਉਸ ਨੂੰ ਮੰਜੀ ਉੱਤੇ ਚੁੱਕਿਆ ਹੋਇਆ ਸੀ।+ 4 ਪਰ ਭੀੜ ਲੱਗੀ ਹੋਣ ਕਰਕੇ ਉਹ ਉਸ ਨੂੰ ਯਿਸੂ ਕੋਲ ਲਿਆ ਨਾ ਸਕੇ। ਇਸ ਲਈ ਜਿੱਥੇ ਯਿਸੂ ਬੈਠਾ ਸੀ, ਉੱਥੇ ਉੱਪਰੋਂ ਉਨ੍ਹਾਂ ਨੇ ਛੱਤ ਪਾੜ ਕੇ ਅਧਰੰਗੀ ਨੂੰ ਮੰਜੀ ਸਮੇਤ ਕਮਰੇ ਵਿਚ ਉਤਾਰ ਦਿੱਤਾ। 5 ਜਦੋਂ ਯਿਸੂ ਨੇ ਉਨ੍ਹਾਂ ਦੀ ਨਿਹਚਾ ਦੇਖੀ,+ ਤਾਂ ਉਸ ਨੇ ਅਧਰੰਗੀ ਨੂੰ ਕਿਹਾ: “ਬੱਚੇ, ਤੇਰੇ ਪਾਪ ਮਾਫ਼ ਹੋ ਗਏ ਹਨ।”+ 6 ਉੱਥੇ ਕੁਝ ਗ੍ਰੰਥੀ ਵੀ ਬੈਠੇ ਹੋਏ ਸਨ ਜਿਹੜੇ ਆਪਣੇ ਮਨਾਂ ਵਿਚ ਸੋਚਣ ਲੱਗੇ:+ 7 “ਇਹ ਆਦਮੀ ਇਸ ਤਰ੍ਹਾਂ ਕਿਉਂ ਕਹਿ ਰਿਹਾ ਹੈ? ਇਹ ਤਾਂ ਪਰਮੇਸ਼ੁਰ ਦੀ ਨਿੰਦਿਆ ਕਰ ਰਿਹਾ ਹੈ। ਪਰਮੇਸ਼ੁਰ ਤੋਂ ਸਿਵਾਇ ਹੋਰ ਕੌਣ ਪਾਪ ਮਾਫ਼ ਕਰ ਸਕਦਾ ਹੈ?”+ 8 ਪਰ ਯਿਸੂ ਉਸੇ ਵੇਲੇ ਆਪਣੇ ਮਨ ਵਿਚ ਜਾਣ ਗਿਆ ਕਿ ਗ੍ਰੰਥੀ ਆਪਸ ਵਿਚ ਕੀ ਗੱਲਾਂ ਕਰ ਰਹੇ ਸਨ। ਇਸ ਲਈ ਉਸ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਆਪਣੇ ਮਨਾਂ ਵਿਚ ਇਹ ਕਿਉਂ ਸੋਚ ਰਹੇ ਹੋ?+ 9 ਅਧਰੰਗੀ ਨੂੰ ਕੀ ਕਹਿਣਾ ਸੌਖਾ ਹੈ, ਇਹ ਕਿ ‘ਤੇਰੇ ਪਾਪ ਮਾਫ਼ ਹੋ ਗਏ ਹਨ’ ਜਾਂ ਇਹ ਕਿ ‘ਉੱਠ ਤੇ ਆਪਣੀ ਮੰਜੀ ਚੁੱਕ ਅਤੇ ਤੁਰ-ਫਿਰ’? 10 ਪਰ ਮੈਂ ਚਾਹੁੰਦਾ ਹਾਂ ਕਿ ਤੁਸੀਂ ਜਾਣ ਲਵੋ ਕਿ ਮਨੁੱਖ ਦੇ ਪੁੱਤਰ+ ਨੂੰ ਧਰਤੀ ਉੱਤੇ ਪਾਪ ਮਾਫ਼ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ . . .”+ ਉਸ ਨੇ ਅਧਰੰਗੀ ਨੂੰ ਕਿਹਾ: 11 “ਮੈਂ ਤੈਨੂੰ ਕਹਿੰਦਾ ਹਾਂ, ਉੱਠ, ਆਪਣੀ ਮੰਜੀ ਚੁੱਕ ਅਤੇ ਆਪਣੇ ਘਰ ਨੂੰ ਜਾਹ।” 12 ਤਦ ਉਹ ਉੱਠ ਖੜ੍ਹਾ ਹੋਇਆ ਤੇ ਉਸੇ ਵੇਲੇ ਸਾਰਿਆਂ ਦੇ ਸਾਮ੍ਹਣੇ ਆਪਣੀ ਮੰਜੀ ਚੁੱਕ ਕੇ ਚਲਾ ਗਿਆ। ਇਹ ਦੇਖ ਕੇ ਸਾਰੇ ਜਣੇ ਹੱਕੇ-ਬੱਕੇ ਰਹਿ ਗਏ ਅਤੇ ਪਰਮੇਸ਼ੁਰ ਦੀ ਮਹਿਮਾ ਕਰਦਿਆਂ ਕਹਿਣ ਲੱਗੇ: “ਅਸੀਂ ਪਹਿਲਾਂ ਕਦੀ ਇਹੋ ਜਿਹੀ ਕਰਾਮਾਤ ਨਹੀਂ ਦੇਖੀ।”+

13 ਉਹ ਦੁਬਾਰਾ ਝੀਲ ਦੇ ਕੰਢੇ ਗਿਆ ਅਤੇ ਲੋਕਾਂ ਦੀ ਭੀੜ ਉਸ ਦੇ ਆਲੇ-ਦੁਆਲੇ ਇਕੱਠੀ ਹੋ ਗਈ ਤੇ ਉਹ ਉਨ੍ਹਾਂ ਨੂੰ ਸਿਖਾਉਣ ਲੱਗਾ। 14 ਫਿਰ ਉਸ ਨੇ ਤੁਰੇ ਜਾਂਦਿਆਂ ਹਲਫ਼ਈ ਦੇ ਪੁੱਤਰ ਲੇਵੀ ਨੂੰ ਟੈਕਸ ਵਸੂਲਣ ਵਾਲੀ ਜਗ੍ਹਾ ਬੈਠਾ ਦੇਖਿਆ। ਉਸ ਨੇ ਲੇਵੀ ਨੂੰ ਕਿਹਾ: “ਮੇਰਾ ਚੇਲਾ ਬਣ ਜਾ।” ਇਹ ਸੁਣ ਕੇ ਉਹ ਉੱਠਿਆ ਤੇ ਉਸ ਦੇ ਪਿੱਛੇ-ਪਿੱਛੇ ਤੁਰ* ਪਿਆ।+ 15 ਬਾਅਦ ਵਿਚ ਯਿਸੂ ਆਪਣੇ ਚੇਲਿਆਂ ਨਾਲ ਲੇਵੀ ਦੇ ਘਰ ਗਿਆ। ਉੱਥੇ ਉਨ੍ਹਾਂ ਨਾਲ ਕਈ ਟੈਕਸ ਵਸੂਲਣ ਵਾਲੇ ਅਤੇ ਪਾਪੀ ਮੇਜ਼ ਦੁਆਲੇ ਬੈਠੇ ਖਾਣਾ ਖਾ ਰਹੇ ਸਨ। ਉਨ੍ਹਾਂ ਵਿੱਚੋਂ ਕਈ ਜਣੇ ਅਜਿਹੇ ਸਨ ਜੋ ਉਸ ਦੇ ਪਿੱਛੇ-ਪਿੱਛੇ ਚੱਲ ਰਹੇ ਸਨ।+ 16 ਪਰ ਜਦੋਂ ਫ਼ਰੀਸੀਆਂ ਦੇ ਗ੍ਰੰਥੀਆਂ ਨੇ ਉਸ ਨੂੰ ਪਾਪੀਆਂ ਅਤੇ ਟੈਕਸ ਵਸੂਲਣ ਵਾਲਿਆਂ ਨਾਲ ਖਾਂਦੇ ਦੇਖਿਆ, ਤਾਂ ਉਹ ਉਸ ਦੇ ਚੇਲਿਆਂ ਨੂੰ ਕਹਿਣ ਲੱਗੇ: “ਉਹ ਟੈਕਸ ਵਸੂਲਣ ਵਾਲਿਆਂ ਅਤੇ ਪਾਪੀਆਂ ਨਾਲ ਕਿਉਂ ਖਾਂਦਾ-ਪੀਂਦਾ ਹੈ?” 17 ਇਹ ਸੁਣ ਕੇ ਯਿਸੂ ਨੇ ਉਨ੍ਹਾਂ ਨੂੰ ਕਿਹਾ: “ਹਕੀਮ ਦੀ ਲੋੜ ਤੰਦਰੁਸਤ ਲੋਕਾਂ ਨੂੰ ਨਹੀਂ, ਸਗੋਂ ਬੀਮਾਰਾਂ ਨੂੰ ਪੈਂਦੀ ਹੈ। ਮੈਂ ਧਰਮੀਆਂ ਨੂੰ ਨਹੀਂ, ਸਗੋਂ ਪਾਪੀਆਂ ਨੂੰ ਤੋਬਾ ਕਰਨ ਲਈ ਕਹਿਣ ਆਇਆ ਹਾਂ।”+

18 ਯੂਹੰਨਾ ਦੇ ਚੇਲੇ ਅਤੇ ਫ਼ਰੀਸੀ ਵਰਤ ਰੱਖਦੇ ਸਨ। ਇਸ ਲਈ ਉਨ੍ਹਾਂ ਨੇ ਆ ਕੇ ਯਿਸੂ ਨੂੰ ਪੁੱਛਿਆ: “ਯੂਹੰਨਾ ਦੇ ਚੇਲੇ ਅਤੇ ਫ਼ਰੀਸੀਆਂ ਦੇ ਚੇਲੇ ਵਰਤ ਰੱਖਦੇ ਹਨ, ਪਰ ਤੇਰੇ ਚੇਲੇ ਵਰਤ ਕਿਉਂ ਨਹੀਂ ਰੱਖਦੇ?”+ 19 ਯਿਸੂ ਨੇ ਉਨ੍ਹਾਂ ਨੂੰ ਕਿਹਾ: “ਕੀ ਲਾੜੇ+ ਦੇ ਨਾਲ ਹੁੰਦਿਆਂ ਬਰਾਤੀਆਂ* ਨੂੰ ਵਰਤ ਰੱਖਣ ਦੀ ਲੋੜ ਹੈ? ਜਦ ਤਕ ਲਾੜਾ ਉਨ੍ਹਾਂ ਦੇ ਨਾਲ ਹੈ, ਉਹ ਵਰਤ ਨਹੀਂ ਰੱਖ ਸਕਦੇ। 20 ਪਰ ਉਹ ਦਿਨ ਵੀ ਆਉਣਗੇ ਜਦੋਂ ਲਾੜੇ ਨੂੰ ਉਨ੍ਹਾਂ ਤੋਂ ਦੂਰ ਕੀਤਾ ਜਾਵੇਗਾ+ ਅਤੇ ਉਸ ਦਿਨ ਉਹ ਵਰਤ ਰੱਖਣਗੇ। 21 ਕੋਈ ਵੀ ਪੁਰਾਣੇ ਕੱਪੜੇ ਉੱਤੇ ਨਵੇਂ ਕੱਪੜੇ* ਦੀ ਟਾਕੀ ਨਹੀਂ ਲਾਉਂਦਾ। ਜੇ ਉਹ ਲਾਉਂਦਾ ਹੈ, ਤਾਂ ਨਵੇਂ ਕੱਪੜੇ ਦੇ ਜ਼ੋਰ ਨਾਲ ਪੁਰਾਣਾ ਕੱਪੜਾ ਹੋਰ ਵੀ ਫੱਟ ਜਾਵੇਗਾ।+ 22 ਨਾਲੇ ਕੋਈ ਵੀ ਨਵਾਂ ਦਾਖਰਸ ਪੁਰਾਣੀਆਂ ਮਸ਼ਕਾਂ ਵਿਚ ਨਹੀਂ ਪਾਉਂਦਾ। ਜੇ ਉਹ ਪਾਉਂਦਾ ਹੈ, ਤਾਂ ਦਾਖਰਸ ਮਸ਼ਕਾਂ ਨੂੰ ਪਾੜ ਦੇਵੇਗਾ। ਇਸ ਤਰ੍ਹਾਂ ਦਾਖਰਸ ਦੇ ਨਾਲ-ਨਾਲ ਮਸ਼ਕਾਂ ਵੀ ਹੱਥੋਂ ਜਾਂਦੀਆਂ ਲੱਗਣਗੀਆਂ। ਪਰ ਨਵਾਂ ਦਾਖਰਸ ਨਵੀਆਂ ਮਸ਼ਕਾਂ ਵਿਚ ਪਾਇਆ ਜਾਂਦਾ ਹੈ।”

23 ਫਿਰ ਜਦੋਂ ਉਹ ਸਬਤ ਦੇ ਦਿਨ ਕਣਕ ਦੇ ਖੇਤਾਂ ਵਿੱਚੋਂ ਦੀ ਲੰਘ ਰਿਹਾ ਸੀ, ਤਾਂ ਉਸ ਦੇ ਚੇਲੇ ਜਾਂਦੇ-ਜਾਂਦੇ ਕਣਕ ਦੇ ਸਿੱਟੇ ਤੋੜਨ ਲੱਗ ਪਏ।+ 24 ਇਸ ਲਈ ਫ਼ਰੀਸੀਆਂ ਨੇ ਉਸ ਨੂੰ ਕਿਹਾ: “ਆਹ ਦੇਖ! ਤੇਰੇ ਚੇਲੇ ਉਹ ਕੰਮ ਕਿਉਂ ਕਰ ਰਹੇ ਹਨ ਜੋ ਸਬਤ ਦੇ ਦਿਨ ਕਰਨਾ ਜਾਇਜ਼ ਨਹੀਂ ਹੈ?” 25 ਪਰ ਉਸ ਨੇ ਉਨ੍ਹਾਂ ਨੂੰ ਕਿਹਾ: “ਕੀ ਤੁਸੀਂ ਕਦੀ ਇਹ ਨਹੀਂ ਪੜ੍ਹਿਆ ਕਿ ਦਾਊਦ ਨੇ ਕੀ ਕੀਤਾ ਸੀ ਜਦ ਉਸ ਨੂੰ ਅਤੇ ਉਸ ਦੇ ਆਦਮੀਆਂ ਨੂੰ ਭੁੱਖ ਲੱਗੀ ਸੀ ਅਤੇ ਉਨ੍ਹਾਂ ਕੋਲ ਖਾਣ ਲਈ ਕੁਝ ਨਹੀਂ ਸੀ?+ 26 ਕੀ ਤੁਸੀਂ ਮੁੱਖ ਪੁਜਾਰੀ ਅਬਯਾਥਾਰ+ ਬਾਰੇ ਬਿਰਤਾਂਤ ਵਿਚ ਨਹੀਂ ਪੜ੍ਹਿਆ ਕਿ ਦਾਊਦ ਨੇ ਪਰਮੇਸ਼ੁਰ ਦੇ ਘਰ ਵਿਚ ਜਾ ਕੇ ਚੜ੍ਹਾਵੇ ਦੀਆਂ ਰੋਟੀਆਂ ਆਪ ਵੀ ਖਾਧੀਆਂ ਤੇ ਆਪਣੇ ਆਦਮੀਆਂ ਨੂੰ ਵੀ ਦਿੱਤੀਆਂ? ਪਰ ਉਨ੍ਹਾਂ ਸਾਰਿਆਂ ਲਈ ਇਹ ਰੋਟੀਆਂ ਖਾਣੀਆਂ ਜਾਇਜ਼ ਨਹੀਂ ਸਨ ਕਿਉਂਕਿ ਉਨ੍ਹਾਂ ਨੂੰ ਸਿਰਫ਼ ਪੁਜਾਰੀ ਹੀ ਖਾ ਸਕਦੇ ਸਨ।”+ 27 ਫਿਰ ਯਿਸੂ ਨੇ ਉਨ੍ਹਾਂ ਨੂੰ ਕਿਹਾ: “ਸਬਤ ਦਾ ਦਿਨ ਇਨਸਾਨ ਲਈ ਹੈ,+ ਨਾ ਕਿ ਇਨਸਾਨ ਸਬਤ ਦੇ ਦਿਨ ਲਈ। 28 ਇਸ ਕਰਕੇ ਮਨੁੱਖ ਦਾ ਪੁੱਤਰ ਸਬਤ ਦੇ ਦਿਨ ਦਾ ਵੀ ਪ੍ਰਭੂ ਹੈ।”+

3 ਇਕ ਵਾਰ ਫਿਰ ਉਹ ਸਭਾ ਘਰ ਵਿਚ ਗਿਆ ਅਤੇ ਉੱਥੇ ਇਕ ਆਦਮੀ ਸੀ ਜਿਸ ਦਾ ਹੱਥ ਸੁੱਕਿਆ ਹੋਇਆ ਸੀ।*+ 2 ਫ਼ਰੀਸੀ ਯਿਸੂ ਉੱਤੇ ਦੋਸ਼ ਲਾਉਣਾ ਚਾਹੁੰਦੇ ਸਨ, ਇਸ ਲਈ ਉਨ੍ਹਾਂ ਦੀਆਂ ਨਜ਼ਰਾਂ ਉਸ ਉੱਤੇ ਟਿਕੀਆਂ ਹੋਈਆਂ ਸਨ ਕਿ ਉਹ ਸਬਤ ਦੇ ਦਿਨ ਇਸ ਆਦਮੀ ਨੂੰ ਠੀਕ ਕਰੇਗਾ ਜਾਂ ਨਹੀਂ। 3 ਉਸ ਨੇ ਸੁੱਕੇ ਹੱਥ ਵਾਲੇ ਆਦਮੀ ਨੂੰ* ਕਿਹਾ: “ਉੱਠ ਕੇ ਇੱਥੇ ਵਿਚਕਾਰ ਆ।” 4 ਫਿਰ ਉਸ ਨੇ ਉਨ੍ਹਾਂ ਨੂੰ ਪੁੱਛਿਆ: “ਕੀ ਸਬਤ ਦੇ ਦਿਨ ਕਿਸੇ ਦਾ ਭਲਾ ਕਰਨਾ ਠੀਕ ਹੈ ਜਾਂ ਬੁਰਾ ਕਰਨਾ, ਕੀ ਕਿਸੇ ਦੀ ਜਾਨ ਬਚਾਉਣੀ ਠੀਕ ਹੈ ਜਾਂ ਜਾਨ ਲੈਣੀ?”+ ਪਰ ਉਹ ਚੁੱਪ ਰਹੇ। 5 ਫਿਰ ਉਸ ਨੇ ਉਨ੍ਹਾਂ ਵੱਲ ਗੁੱਸੇ ਨਾਲ ਦੇਖਿਆ ਅਤੇ ਉਨ੍ਹਾਂ ਦੇ ਕਠੋਰ ਦਿਲਾਂ ਕਾਰਨ ਉਹ ਬਹੁਤ ਦੁਖੀ ਹੋਇਆ।+ ਉਸ ਨੇ ਆਦਮੀ ਨੂੰ ਕਿਹਾ: “ਆਪਣਾ ਹੱਥ ਅੱਗੇ ਕਰ।” ਉਸ ਆਦਮੀ ਨੇ ਆਪਣਾ ਹੱਥ ਅੱਗੇ ਕੀਤਾ ਅਤੇ ਉਸ ਦਾ ਹੱਥ ਠੀਕ ਹੋ ਗਿਆ। 6 ਇਹ ਦੇਖ ਕੇ ਫ਼ਰੀਸੀ ਉੱਥੋਂ ਚਲੇ ਗਏ ਅਤੇ ਉਸੇ ਵੇਲੇ ਹੇਰੋਦੀਆਂ+ ਨਾਲ ਮਿਲ ਕੇ ਯਿਸੂ ਨੂੰ ਮਾਰਨ ਦੀ ਸਾਜ਼ਸ਼ ਘੜਨ ਲੱਗੇ।

7 ਪਰ ਯਿਸੂ ਆਪਣੇ ਚੇਲਿਆਂ ਦੇ ਨਾਲ ਝੀਲ ਵੱਲ ਗਿਆ ਅਤੇ ਗਲੀਲ ਤੇ ਯਹੂਦਿਯਾ ਤੋਂ ਵੱਡੀ ਭੀੜ ਉਸ ਦੇ ਮਗਰ ਆਈ।+ 8 ਉਸ ਦੇ ਵੱਡੇ-ਵੱਡੇ ਕੰਮਾਂ ਬਾਰੇ ਸੁਣ ਕੇ ਯਰੂਸ਼ਲਮ ਤੋਂ, ਅਦੂਮੀਆ ਤੋਂ, ਯਰਦਨ ਦਰਿਆ ਦੇ ਦੂਜੇ ਪਾਸਿਓਂ ਅਤੇ ਸੋਰ ਤੇ ਸੀਦੋਨ ਦੇ ਆਲੇ-ਦੁਆਲੇ ਦੇ ਇਲਾਕਿਆਂ ਤੋਂ ਵੀ ਬਹੁਤ ਸਾਰੇ ਲੋਕ ਉਸ ਕੋਲ ਆਏ। 9 ਉਸ ਨੇ ਆਪਣੇ ਚੇਲਿਆਂ ਨੂੰ ਉਸ ਵਾਸਤੇ ਇਕ ਛੋਟੀ ਕਿਸ਼ਤੀ ਤਿਆਰ ਰੱਖਣ ਲਈ ਕਿਹਾ ਤਾਂਕਿ ਭੀੜ ਉਸ ਨੂੰ ਦਬਾ ਨਾ ਲਵੇ। 10 ਉਸ ਨੇ ਬਹੁਤ ਸਾਰੇ ਬੀਮਾਰਾਂ ਨੂੰ ਠੀਕ ਕੀਤਾ ਸੀ ਜਿਸ ਕਰਕੇ ਗੰਭੀਰ ਬੀਮਾਰੀਆਂ ਨਾਲ ਤੜਫ ਰਹੇ ਸਾਰੇ ਲੋਕਾਂ ਨੇ ਉਸ ਨੂੰ ਛੋਹਣ ਲਈ ਉਸ ਦੇ ਆਲੇ-ਦੁਆਲੇ ਭੀੜ ਲਾਈ ਹੋਈ ਸੀ।+ 11 ਦੁਸ਼ਟ ਦੂਤ*+ ਜਦ ਵੀ ਉਸ ਨੂੰ ਦੇਖਦੇ ਸਨ, ਤਾਂ ਉਹ ਉਸ ਅੱਗੇ ਝੁਕ ਕੇ ਉੱਚੀ ਆਵਾਜ਼ ਵਿਚ ਕਹਿੰਦੇ ਸਨ: “ਤੂੰ ਪਰਮੇਸ਼ੁਰ ਦਾ ਪੁੱਤਰ ਹੈਂ।”+ 12 ਪਰ ਉਸ ਨੇ ਉਨ੍ਹਾਂ ਨੂੰ ਕਈ ਵਾਰ ਸਖ਼ਤੀ ਨਾਲ ਇਹ ਦੱਸਣ ਤੋਂ ਵਰਜਿਆ ਕਿ ਉਹ ਕੌਣ ਹੈ।+

13 ਯਿਸੂ ਇਕ ਪਹਾੜ ਉੱਤੇ ਚੜ੍ਹਿਆ ਅਤੇ ਜਿਨ੍ਹਾਂ ਨੂੰ ਉਹ ਚਾਹੁੰਦਾ ਸੀ ਉਨ੍ਹਾਂ ਨੂੰ ਬੁਲਾਇਆ+ ਅਤੇ ਉਹ ਉਸ ਕੋਲ ਆਏ।+ 14 ਉਸ ਨੇ 12 ਬੰਦਿਆਂ ਨੂੰ ਚੁਣਿਆ ਅਤੇ ਉਨ੍ਹਾਂ ਨੂੰ ਰਸੂਲ ਕਿਹਾ ਤਾਂਕਿ ਉਹ ਉਸ ਦੇ ਨਾਲ-ਨਾਲ ਰਹਿਣ ਅਤੇ ਉਹ ਉਨ੍ਹਾਂ ਨੂੰ ਪ੍ਰਚਾਰ ਕਰਨ ਲਈ ਘੱਲੇ 15 ਤੇ ਉਹ ਉਨ੍ਹਾਂ ਨੂੰ ਲੋਕਾਂ ਵਿੱਚੋਂ ਦੁਸ਼ਟ ਦੂਤ ਕੱਢਣ ਦਾ ਅਧਿਕਾਰ ਦੇਵੇ।+

16 ਜਿਨ੍ਹਾਂ 12 ਜਣਿਆਂ+ ਨੂੰ ਉਸ ਨੇ ਚੁਣਿਆ ਸੀ, ਉਨ੍ਹਾਂ ਦੇ ਨਾਂ ਸਨ: ਸ਼ਮਊਨ (ਜਿਸ ਦਾ ਨਾਂ ਉਸ ਨੇ ਪਤਰਸ ਵੀ ਰੱਖਿਆ ਸੀ),+ 17 ਜ਼ਬਦੀ ਦਾ ਪੁੱਤਰ ਯਾਕੂਬ, ਯਾਕੂਬ ਦਾ ਭਰਾ ਯੂਹੰਨਾ (ਉਸ ਨੇ ਇਨ੍ਹਾਂ ਦੋਹਾਂ ਭਰਾਵਾਂ ਦਾ ਨਾਂ “ਬੁਆਨੇਰਗਿਸ” ਵੀ ਰੱਖਿਆ ਜਿਸ ਦਾ ਮਤਲਬ ਹੈ “ਗਰਜ ਦੇ ਪੁੱਤਰ”),+ 18 ਅੰਦ੍ਰਿਆਸ, ਫ਼ਿਲਿੱਪੁਸ, ਬਰਥੁਲਮਈ, ਮੱਤੀ, ਥੋਮਾ, ਹਲਫ਼ਈ ਦਾ ਪੁੱਤਰ ਯਾਕੂਬ, ਥੱਦਈ, ਜੋਸ਼ੀਲਾ ਸ਼ਮਊਨ 19 ਅਤੇ ਯਹੂਦਾ ਇਸਕਰਿਓਤੀ ਜਿਸ ਨੇ ਬਾਅਦ ਵਿਚ ਉਸ ਨਾਲ ਦਗ਼ਾ ਕੀਤਾ ਸੀ।

ਫਿਰ ਉਹ ਇਕ ਘਰ ਵਿਚ ਗਿਆ। 20 ਉੱਥੇ ਵੀ ਭੀੜ ਇਕੱਠੀ ਹੋ ਗਈ ਜਿਸ ਕਰਕੇ ਉਨ੍ਹਾਂ ਨੂੰ ਖਾਣਾ ਖਾਣ ਦੀ ਵੀ ਵਿਹਲ ਨਾ ਮਿਲੀ। 21 ਪਰ ਜਦ ਉਸ ਦੇ ਘਰਦਿਆਂ ਨੇ ਸੁਣਿਆ ਕਿ ਯਿਸੂ ਕੀ ਕਰ ਰਿਹਾ ਸੀ, ਤਾਂ ਉਹ ਉਸ ਨੂੰ ਫੜ ਕੇ ਲੈ ਜਾਣ ਲਈ ਆਏ ਕਿਉਂਕਿ ਉਹ ਕਹਿ ਰਹੇ ਸਨ: “ਇਹ ਤਾਂ ਪਾਗਲ ਹੋ ਗਿਆ ਹੈ।”+ 22 ਨਾਲੇ ਯਰੂਸ਼ਲਮ ਤੋਂ ਆਏ ਗ੍ਰੰਥੀ ਵੀ ਕਹਿਣ ਲੱਗੇ: “ਇਹ ਬਆਲਜ਼ਬੂਲ* ਦੇ ਵੱਸ ਵਿਚ ਹੈ ਅਤੇ ਦੁਸ਼ਟ ਦੂਤਾਂ ਦੇ ਸਰਦਾਰ ਦੀ ਮਦਦ ਨਾਲ ਹੀ ਦੁਸ਼ਟ ਦੂਤਾਂ ਨੂੰ ਕੱਢਦਾ ਹੈ।”+ 23 ਫਿਰ ਉਸ ਨੇ ਉਨ੍ਹਾਂ ਨੂੰ ਆਪਣੇ ਕੋਲ ਬੁਲਾਇਆ ਤੇ ਉਨ੍ਹਾਂ ਨੂੰ ਮਿਸਾਲਾਂ ਦਿੱਤੀਆਂ: “ਭਲਾ ਸ਼ੈਤਾਨ ਆਪੇ ਸ਼ੈਤਾਨ ਨੂੰ ਕਿੱਦਾਂ ਕੱਢ ਸਕਦਾ ਹੈ? 24 ਜੇ ਕਿਸੇ ਰਾਜ ਵਿਚ ਫੁੱਟ ਪੈ ਜਾਵੇ, ਤਾਂ ਉਹ ਰਾਜ ਖੜ੍ਹਾ ਨਹੀਂ ਰਹਿ ਸਕਦਾ;+ 25 ਜੇ ਕਿਸੇ ਘਰ ਵਿਚ ਫੁੱਟ ਪੈ ਜਾਵੇ, ਤਾਂ ਉਹ ਘਰ ਖੜ੍ਹਾ ਨਹੀਂ ਰਹਿ ਸਕਦਾ। 26 ਨਾਲੇ ਜੇ ਸ਼ੈਤਾਨ ਆਪਣੇ ਹੀ ਵਿਰੁੱਧ ਖੜ੍ਹਾ ਹੋ ਜਾਵੇ ਅਤੇ ਉਸ ਵਿਚ ਫੁੱਟ ਪੈ ਜਾਵੇ, ਤਾਂ ਉਹ ਕਾਇਮ ਨਹੀਂ ਰਹੇਗਾ, ਸਗੋਂ ਖ਼ਤਮ ਹੋ ਜਾਵੇਗਾ। 27 ਅਸਲ ਵਿਚ, ਕੋਈ ਕਿਸੇ ਤਾਕਤਵਰ ਆਦਮੀ ਦੇ ਘਰ ਵੜ ਕੇ ਉਸ ਦੀਆਂ ਚੀਜ਼ਾਂ ਚੋਰੀ ਨਹੀਂ ਕਰ ਸਕਦਾ। ਉਹ ਪਹਿਲਾਂ ਉਸ ਤਾਕਤਵਰ ਆਦਮੀ ਨੂੰ ਫੜ ਕੇ ਬੰਨ੍ਹੇਗਾ। ਉਸ ਤੋਂ ਬਾਅਦ ਹੀ ਉਹ ਉਸ ਦਾ ਘਰ ਲੁੱਟ ਸਕਦਾ ਹੈ। 28 ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਇਨਸਾਨ ਨੇ ਭਾਵੇਂ ਜੋ ਵੀ ਪਾਪ ਕੀਤੇ ਹੋਣ ਅਤੇ ਭਾਵੇਂ ਜਿਸ ਦੀ ਵੀ ਨਿੰਦਿਆ ਕੀਤੀ ਹੋਵੇ, ਉਸ ਦੇ ਸਾਰੇ ਗੁਨਾਹ ਮਾਫ਼ ਕੀਤੇ ਜਾਣਗੇ। 29 ਪਰ ਜਿਹੜਾ ਪਵਿੱਤਰ ਸ਼ਕਤੀ ਦੀ ਨਿੰਦਿਆ ਕਰਦਾ ਹੈ, ਉਸ ਨੂੰ ਕਦੇ ਮਾਫ਼ ਨਹੀਂ ਕੀਤਾ ਜਾਵੇਗਾ,+ ਸਗੋਂ ਉਹ ਇਸ ਪਾਪ ਦਾ ਹਮੇਸ਼ਾ ਲਈ ਦੋਸ਼ੀ ਠਹਿਰੇਗਾ।”+ 30 ਯਿਸੂ ਨੇ ਇਹ ਗੱਲ ਇਸ ਲਈ ਕਹੀ ਸੀ ਕਿਉਂਕਿ ਉਨ੍ਹਾਂ ਨੇ ਕਿਹਾ ਸੀ: “ਉਸ ਨੂੰ ਦੁਸ਼ਟ ਦੂਤ* ਚਿੰਬੜਿਆ ਹੋਇਆ ਹੈ।”+

31 ਫਿਰ ਯਿਸੂ ਦੀ ਮਾਤਾ ਤੇ ਭਰਾ+ ਆਏ ਅਤੇ ਬਾਹਰ ਖੜ੍ਹੇ ਰਹੇ ਤੇ ਉਸ ਨੂੰ ਬਾਹਰ ਬੁਲਾਉਣ ਲਈ ਕਿਸੇ ਨੂੰ ਘੱਲਿਆ।+ 32 ਉਸ ਦੇ ਆਲੇ-ਦੁਆਲੇ ਭੀੜ ਬੈਠੀ ਹੋਈ ਸੀ ਤੇ ਉਨ੍ਹਾਂ ਨੇ ਉਸ ਨੂੰ ਕਿਹਾ: “ਦੇਖ! ਤੇਰੀ ਮਾਤਾ ਅਤੇ ਤੇਰੇ ਭਰਾ ਤੈਨੂੰ ਬਾਹਰ ਬੁਲਾ ਰਹੇ ਹਨ।”+ 33 ਪਰ ਉਸ ਨੇ ਉਨ੍ਹਾਂ ਨੂੰ ਕਿਹਾ: “ਕੌਣ ਹੈ ਮੇਰੀ ਮਾਤਾ ਅਤੇ ਮੇਰੇ ਭਰਾ?” 34 ਫਿਰ ਉਸ ਨੇ ਆਪਣੇ ਆਲੇ-ਦੁਆਲੇ ਬੈਠੇ ਲੋਕਾਂ ਵੱਲ ਦੇਖ ਕੇ ਕਿਹਾ: “ਆਹ ਦੇਖੋ, ਮੇਰੀ ਮਾਤਾ ਅਤੇ ਮੇਰੇ ਭਰਾ!+ 35 ਜਿਹੜਾ ਪਰਮੇਸ਼ੁਰ ਦੀ ਇੱਛਾ ਪੂਰੀ ਕਰਦਾ ਹੈ, ਉਹੀ ਹੈ ਮੇਰਾ ਭਰਾ ਤੇ ਮੇਰੀ ਭੈਣ ਤੇ ਮੇਰੀ ਮਾਤਾ।”+

4 ਫਿਰ ਉਹ ਦੁਬਾਰਾ ਝੀਲ ਦੇ ਕੰਢੇ ʼਤੇ ਉਨ੍ਹਾਂ ਨੂੰ ਸਿਖਾਉਣ ਲੱਗਾ ਅਤੇ ਉੱਥੇ ਉਸ ਦੇ ਆਲੇ-ਦੁਆਲੇ ਵੱਡੀ ਭੀੜ ਜਮ੍ਹਾ ਹੋ ਗਈ। ਇਸ ਕਰਕੇ ਉਹ ਕਿਸ਼ਤੀ ਵਿਚ ਬੈਠ ਕੇ ਕੰਢੇ ਤੋਂ ਥੋੜ੍ਹਾ ਦੂਰ ਹੋ ਗਿਆ, ਪਰ ਸਾਰੀ ਭੀੜ ਝੀਲ ਦੇ ਕੰਢੇ ʼਤੇ ਰਹੀ।+ 2 ਫਿਰ ਉਹ ਉਨ੍ਹਾਂ ਨੂੰ ਮਿਸਾਲਾਂ ਦੇ ਕੇ ਕਈ ਗੱਲਾਂ ਸਿਖਾਉਣ ਲੱਗਾ।+ ਉਸ ਨੇ ਸਿਖਾਉਂਦੇ ਵੇਲੇ ਉਨ੍ਹਾਂ ਨੂੰ ਕਿਹਾ:+ 3 “ਸੁਣੋ। ਇਕ ਆਦਮੀ ਬੀ ਬੀਜਣ ਗਿਆ।+ 4 ਜਦੋਂ ਉਹ ਬੀ ਬੀਜ ਰਿਹਾ ਸੀ, ਤਾਂ ਕੁਝ ਬੀ ਰਾਹ ਦੇ ਕੰਢੇ-ਕੰਢੇ ਡਿਗ ਪਏ ਅਤੇ ਪੰਛੀਆਂ ਨੇ ਆ ਕੇ ਉਨ੍ਹਾਂ ਨੂੰ ਚੁਗ ਲਿਆ। 5 ਕੁਝ ਬੀ ਪਥਰੀਲੀ ਜ਼ਮੀਨ ʼਤੇ ਡਿਗੇ ਜਿੱਥੇ ਜ਼ਿਆਦਾ ਮਿੱਟੀ ਨਹੀਂ ਸੀ ਅਤੇ ਡੂੰਘਾਈ ਤਕ ਮਿੱਟੀ ਨਾ ਹੋਣ ਕਰਕੇ ਉਹ ਝੱਟ ਉੱਗ ਪਏ।+ 6 ਪਰ ਜਦ ਸੂਰਜ ਚੜ੍ਹਿਆ, ਤਾਂ ਉਹ ਝੁਲ਼ਸ ਗਏ ਅਤੇ ਸੁੱਕ ਗਏ ਕਿਉਂਕਿ ਉਨ੍ਹਾਂ ਨੇ ਜੜ੍ਹ ਨਹੀਂ ਫੜੀ ਸੀ। 7 ਕੁਝ ਹੋਰ ਬੀ ਕੰਡਿਆਲ਼ੀਆਂ ਝਾੜੀਆਂ ਵਿਚ ਡਿਗੇ ਅਤੇ ਝਾੜੀਆਂ ਨੇ ਵਧ ਕੇ ਉਨ੍ਹਾਂ ਨੂੰ ਦਬਾ ਲਿਆ ਤੇ ਉਨ੍ਹਾਂ ਨੇ ਕੋਈ ਫਲ ਨਾ ਦਿੱਤਾ।+ 8 ਪਰ ਕੁਝ ਬੀ ਚੰਗੀ ਜ਼ਮੀਨ ʼਤੇ ਡਿਗੇ ਅਤੇ ਉਹ ਵਧੇ-ਫੁੱਲੇ ਅਤੇ ਫਲ ਦੇਣ ਲੱਗ ਪਏ, ਕਿਸੇ ਨੇ 30 ਗੁਣਾ, ਕਿਸੇ ਨੇ 60 ਗੁਣਾ ਅਤੇ ਕਿਸੇ ਨੇ 100 ਗੁਣਾ ਦਿੱਤਾ।”+ 9 ਫਿਰ ਉਸ ਨੇ ਕਿਹਾ: “ਜਿਸ ਦੇ ਕੰਨ ਹਨ, ਉਹ ਮੇਰੀ ਗੱਲ ਸੁਣੇ।”+

10 ਜਦੋਂ ਉਹ ਇਕੱਲਾ ਸੀ, ਤਾਂ 12 ਰਸੂਲ ਅਤੇ ਹੋਰ ਚੇਲੇ ਉਸ ਤੋਂ ਮਿਸਾਲਾਂ ਦਾ ਮਤਲਬ ਪੁੱਛਣ ਲੱਗੇ।+ 11 ਉਸ ਨੇ ਉਨ੍ਹਾਂ ਨੂੰ ਕਿਹਾ: “ਪਰਮੇਸ਼ੁਰ ਦੇ ਰਾਜ ਦਾ ਪਵਿੱਤਰ ਭੇਤ+ ਤੁਹਾਨੂੰ ਦੱਸਿਆ ਗਿਆ ਹੈ, ਪਰ ਬਾਕੀ ਦੇ ਲੋਕਾਂ ਲਈ ਇਹ ਗੱਲਾਂ ਸਿਰਫ਼ ਮਿਸਾਲਾਂ ਹੀ ਹਨ+ 12 ਤਾਂਕਿ ਉਹ ਮੇਰੇ ਕੰਮ ਦੇਖਦੇ ਹੋਏ ਵੀ ਨਾ ਦੇਖਣ ਅਤੇ ਮੇਰੀਆਂ ਗੱਲਾਂ ਸੁਣਦੇ ਹੋਏ ਵੀ ਇਨ੍ਹਾਂ ਦਾ ਮਤਲਬ ਨਾ ਸਮਝਣ; ਨਾ ਹੀ ਉਹ ਕਦੇ ਬਦਲਣਗੇ ਅਤੇ ਨਾ ਮਾਫ਼ੀ ਪਾਉਣਗੇ।”+ 13 ਅੱਗੇ ਉਸ ਨੇ ਉਨ੍ਹਾਂ ਨੂੰ ਕਿਹਾ: “ਜੇ ਤੁਸੀਂ ਇਸ ਮਿਸਾਲ ਦਾ ਮਤਲਬ ਨਹੀਂ ਸਮਝਦੇ, ਤਾਂ ਬਾਕੀ ਸਾਰੀਆਂ ਮਿਸਾਲਾਂ ਦਾ ਮਤਲਬ ਕਿਵੇਂ ਸਮਝੋਗੇ?

14 “ਬੀ ਬੀਜਣ ਵਾਲਾ ਬਚਨ ਬੀਜਦਾ ਹੈ।+ 15 ਰਾਹ ਦੇ ਕੰਢੇ-ਕੰਢੇ ਡਿਗੇ ਬੀ ਉਨ੍ਹਾਂ ਲੋਕਾਂ ਵਰਗੇ ਹਨ ਜਿਨ੍ਹਾਂ ਦੇ ਦਿਲਾਂ ਵਿਚ ਬਚਨ ਬੀਜਿਆ ਗਿਆ, ਪਰ ਉਨ੍ਹਾਂ ਦੇ ਸੁਣਦਿਆਂ ਸਾਰ ਸ਼ੈਤਾਨ ਆਉਂਦਾ ਹੈ+ ਤੇ ਉਨ੍ਹਾਂ ਦੇ ਦਿਲਾਂ ਵਿੱਚੋਂ ਬਚਨ ਕੱਢ ਕੇ ਲੈ ਜਾਂਦਾ ਹੈ।+ 16 ਇਸੇ ਤਰ੍ਹਾਂ ਪਥਰੀਲੀ ਜ਼ਮੀਨ ਉੱਤੇ ਡਿਗੇ ਬੀ ਉਹ ਹਨ ਜਿਹੜੇ ਬਚਨ ਨੂੰ ਸੁਣਦਿਆਂ ਸਾਰ ਇਸ ਨੂੰ ਖ਼ੁਸ਼ੀ-ਖ਼ੁਸ਼ੀ ਮੰਨ ਲੈਂਦੇ ਹਨ।+ 17 ਪਰ ਉਹ ਜੜ੍ਹ ਨਹੀਂ ਫੜਦੇ, ਫਿਰ ਵੀ ਥੋੜ੍ਹਾ ਚਿਰ ਵਧਦੇ ਹਨ; ਫਿਰ ਜਦ ਬਚਨ ਕਰਕੇ ਉਨ੍ਹਾਂ ਉੱਤੇ ਕੋਈ ਮੁਸੀਬਤ ਆਉਂਦੀ ਹੈ ਜਾਂ ਅਤਿਆਚਾਰ ਹੁੰਦਾ ਹੈ, ਤਾਂ ਉਹ ਨਿਹਚਾ ਕਰਨੀ ਛੱਡ ਦਿੰਦੇ ਹਨ।* 18 ਕਈ ਬੀ ਕੰਡਿਆਲ਼ੀਆਂ ਝਾੜੀਆਂ ਵਿਚ ਡਿਗੇ। ਇਹ ਉਹ ਹਨ ਜਿਹੜੇ ਬਚਨ ਨੂੰ ਸੁਣਦੇ ਤਾਂ ਹਨ,+ 19 ਪਰ ਇਸ ਜ਼ਮਾਨੇ* ਦੀਆਂ ਚਿੰਤਾਵਾਂ+ ਅਤੇ ਧਨ ਦੀ ਧੋਖਾ ਦੇਣ ਵਾਲੀ ਤਾਕਤ+ ਅਤੇ ਹੋਰ ਚੀਜ਼ਾਂ ਦੀਆਂ ਇੱਛਾਵਾਂ+ ਉਨ੍ਹਾਂ ਦੇ ਦਿਲ ਵਿਚ ਆ ਕੇ ਬਚਨ ਨੂੰ ਦਬਾ ਲੈਂਦੀਆਂ ਹਨ ਅਤੇ ਉਹ ਕੋਈ ਫਲ ਨਹੀਂ ਦਿੰਦਾ। 20 ਅਖ਼ੀਰ ਵਿਚ ਚੰਗੀ ਜ਼ਮੀਨ ʼਤੇ ਡਿਗਣ ਵਾਲੇ ਬੀ ਉਹ ਹਨ ਜੋ ਬਚਨ ਨੂੰ ਸੁਣਦੇ ਤੇ ਮੰਨ ਲੈਂਦੇ ਹਨ ਅਤੇ ਫਲ ਦਿੰਦੇ ਹਨ, ਕੋਈ 30 ਗੁਣਾ, ਕੋਈ 60 ਗੁਣਾ ਅਤੇ ਕੋਈ 100 ਗੁਣਾ।”+

21 ਉਸ ਨੇ ਉਨ੍ਹਾਂ ਨੂੰ ਕਿਹਾ: “ਭਲਾ ਕੋਈ ਦੀਵਾ ਬਾਲ਼ ਕੇ ਟੋਕਰੀ ਹੇਠਾਂ ਜਾਂ ਮੰਜੇ ਹੇਠ ਰੱਖਦਾ ਹੈ? ਕੀ ਦੀਵੇ ਨੂੰ ਬਾਲ਼ ਕੇ ਉੱਚੀ ਜਗ੍ਹਾ ਨਹੀਂ ਰੱਖਿਆ ਜਾਂਦਾ?+ 22 ਅਜਿਹੀ ਕੋਈ ਵੀ ਗੁਪਤ ਗੱਲ ਨਹੀਂ ਹੈ ਜੋ ਜ਼ਾਹਰ ਨਹੀਂ ਕੀਤੀ ਜਾਵੇਗੀ; ਚਾਹੇ ਕੋਈ ਚੀਜ਼ ਜਿੰਨੇ ਮਰਜ਼ੀ ਧਿਆਨ ਨਾਲ ਲੁਕੋ ਕੇ ਰੱਖੀ ਗਈ ਹੋਵੇ, ਉਹ ਜ਼ਰੂਰ ਸਾਮ੍ਹਣੇ ਆਵੇਗੀ।+ 23 ਜਿਸ ਦੇ ਕੰਨ ਹਨ, ਉਹ ਮੇਰੀ ਗੱਲ ਸੁਣੇ।”+

24 ਉਸ ਨੇ ਉਨ੍ਹਾਂ ਨੂੰ ਅੱਗੇ ਕਿਹਾ: “ਤੁਸੀਂ ਜੋ ਵੀ ਸੁਣ ਰਹੇ ਹੋ, ਉਸ ਨੂੰ ਧਿਆਨ ਨਾਲ ਸੁਣੋ।+ ਜਿਸ ਮਾਪ ਨਾਲ ਤੁਸੀਂ ਮਾਪ ਕੇ ਦਿੰਦੇ ਹੋ, ਉਸੇ ਮਾਪ ਨਾਲ ਤੁਹਾਨੂੰ ਮਾਪ ਕੇ ਦਿੱਤਾ ਜਾਵੇਗਾ, ਸਗੋਂ ਤੁਹਾਨੂੰ ਜ਼ਿਆਦਾ ਦਿੱਤਾ ਜਾਵੇਗਾ। 25 ਜਿਸ ਕੋਲ ਹੈ, ਉਸ ਨੂੰ ਹੋਰ ਦਿੱਤਾ ਜਾਵੇਗਾ,+ ਪਰ ਜਿਸ ਕੋਲ ਨਹੀਂ ਹੈ, ਉਸ ਕੋਲੋਂ ਉਹ ਵੀ ਲੈ ਲਿਆ ਜਾਵੇਗਾ ਜੋ ਕੁਝ ਉਸ ਕੋਲ ਹੈ।”+

26 ਫਿਰ ਉਸ ਨੇ ਕਿਹਾ: “ਪਰਮੇਸ਼ੁਰ ਦਾ ਰਾਜ ਇਵੇਂ ਹੈ ਜਿਵੇਂ ਇਕ ਆਦਮੀ ਖੇਤਾਂ ਵਿਚ ਬੀ ਬੀਜਦਾ ਹੈ। 27 ਉਹ ਰੋਜ਼ ਰਾਤ ਨੂੰ ਸੌਂਦਾ ਤੇ ਸਵੇਰ ਨੂੰ ਉੱਠਦਾ ਹੈ ਅਤੇ ਬੀ ਪੁੰਗਰਦੇ ਤੇ ਵਧਦੇ ਹਨ, ਪਰ ਉਸ ਨੂੰ ਨਹੀਂ ਪਤਾ ਕਿ ਇਹ ਕਿਵੇਂ ਹੁੰਦਾ ਹੈ। 28 ਜ਼ਮੀਨ ਖ਼ੁਦ-ਬ-ਖ਼ੁਦ ਹੌਲੀ-ਹੌਲੀ ਫਲ ਦਿੰਦੀ ਹੈ, ਪਹਿਲਾਂ ਬੀ ਪੁੰਗਰਦਾ ਹੈ, ਫਿਰ ਸਿੱਟਾ ਨਿਕਲਦਾ ਹੈ ਅਤੇ ਅਖ਼ੀਰ ਵਿਚ ਸਿੱਟਾ ਦਾਣਿਆਂ ਨਾਲ ਭਰ ਜਾਂਦਾ ਹੈ। 29 ਫਿਰ ਜਦ ਫ਼ਸਲ ਪੱਕ ਜਾਂਦੀ ਹੈ ਅਤੇ ਵਾਢੀ ਦਾ ਸਮਾਂ ਆ ਜਾਂਦਾ ਹੈ, ਤਾਂ ਉਹ ਦਾਤੀ ਨਾਲ ਫ਼ਸਲ ਵੱਢਦਾ ਹੈ।”

30 ਉਸ ਨੇ ਅੱਗੇ ਕਿਹਾ: “ਅਸੀਂ ਪਰਮੇਸ਼ੁਰ ਦੇ ਰਾਜ ਦੀ ਤੁਲਨਾ ਕਿਸ ਨਾਲ ਕਰੀਏ ਜਾਂ ਕਿਹੜੀ ਮਿਸਾਲ ਦੇ ਕੇ ਇਸ ਨੂੰ ਸਮਝਾਈਏ? 31 ਇਹ ਰਾਈ ਦੇ ਦਾਣੇ ਵਰਗਾ ਹੈ ਜੋ ਬੀਜੇ ਜਾਣ ਵੇਲੇ ਧਰਤੀ ਦੇ ਸਾਰੇ ਬੀਆਂ ਨਾਲੋਂ ਛੋਟਾ ਹੁੰਦਾ ਹੈ।+ 32 ਪਰ ਬੀਜੇ ਜਾਣ ਤੋਂ ਬਾਅਦ ਉਹ ਵਧ ਕੇ ਸਭ ਪੌਦਿਆਂ ਨਾਲੋਂ ਵੱਡਾ ਹੋ ਜਾਂਦਾ ਹੈ ਅਤੇ ਉਸ ਦੀਆਂ ਟਾਹਣੀਆਂ ਵੀ ਬਹੁਤ ਵੱਡੀਆਂ ਹੋ ਜਾਂਦੀਆਂ ਹਨ ਅਤੇ ਆਕਾਸ਼ ਦੇ ਪੰਛੀ ਉਸ ਦੀ ਛਾਂ ਹੇਠ ਆ ਕੇ ਬਸੇਰਾ ਕਰਦੇ ਹਨ।”

33 ਪਰਮੇਸ਼ੁਰ ਦਾ ਬਚਨ ਸਮਝਾਉਣ ਲਈ ਯਿਸੂ ਇਸ ਤਰ੍ਹਾਂ ਦੀਆਂ ਕਈ ਮਿਸਾਲਾਂ ਦਿੰਦਾ ਸੀ+ ਅਤੇ ਉਨ੍ਹਾਂ ਨੂੰ ਉੱਨਾ ਹੀ ਸਿਖਾਉਂਦਾ ਸੀ ਜਿੰਨਾ ਉਹ ਸਮਝ ਸਕਦੇ ਸਨ। 34 ਅਸਲ ਵਿਚ, ਉਹ ਕਦੇ ਵੀ ਮਿਸਾਲ ਵਰਤੇ ਬਿਨਾਂ ਉਨ੍ਹਾਂ ਨਾਲ ਗੱਲ ਨਹੀਂ ਸੀ ਕਰਦਾ, ਪਰ ਜਦ ਉਹ ਆਪਣੇ ਚੇਲਿਆਂ ਨਾਲ ਇਕੱਲਾ ਹੁੰਦਾ ਸੀ, ਤਾਂ ਉਹ ਉਨ੍ਹਾਂ ਨੂੰ ਸਭ ਗੱਲਾਂ ਸਮਝਾ ਦਿੰਦਾ ਸੀ।+

35 ਉਸੇ ਦਿਨ ਸ਼ਾਮ ਨੂੰ ਉਸ ਨੇ ਉਨ੍ਹਾਂ ਨੂੰ ਕਿਹਾ: “ਆਓ ਆਪਾਂ ਝੀਲ ਦੇ ਦੂਜੇ ਪਾਸੇ ਚੱਲੀਏ।”+ 36 ਇਸ ਲਈ ਭੀੜ ਨੂੰ ਘੱਲ ਕੇ ਚੇਲੇ ਉਸ ਨੂੰ ਜਿਉਂ ਦਾ ਤਿਉਂ ਕਿਸ਼ਤੀ ਵਿਚ ਲੈ ਗਏ ਅਤੇ ਉਨ੍ਹਾਂ ਨਾਲ ਕਈ ਹੋਰ ਕਿਸ਼ਤੀਆਂ ਵੀ ਸਨ।+ 37 ਹੁਣ ਝੀਲ ਵਿਚ ਬਹੁਤ ਵੱਡਾ ਤੂਫ਼ਾਨ ਆ ਗਿਆ ਅਤੇ ਲਹਿਰਾਂ ਜ਼ੋਰ-ਜ਼ੋਰ ਨਾਲ ਕਿਸ਼ਤੀ ਨਾਲ ਟਕਰਾਉਣ ਲੱਗੀਆਂ ਜਿਸ ਕਰਕੇ ਕਿਸ਼ਤੀ ਪਾਣੀ ਨਾਲ ਭਰਨ ਲੱਗ ਪਈ।+ 38 ਪਰ ਉਹ ਕਿਸ਼ਤੀ ਦੇ ਪਿਛਲੇ ਹਿੱਸੇ ਵਿਚ ਸਰ੍ਹਾਣਾ ਰੱਖ ਕੇ ਸੁੱਤਾ ਪਿਆ ਸੀ। ਤਦ ਚੇਲਿਆਂ ਨੇ ਉਸ ਨੂੰ ਜਗਾਇਆ ਅਤੇ ਕਿਹਾ: “ਗੁਰੂ ਜੀ, ਤੈਨੂੰ ਕੋਈ ਚਿੰਤਾ ਨਹੀਂ ਕਿ ਅਸੀਂ ਡੁੱਬਣ ਲੱਗੇ ਹਾਂ?” 39 ਇਹ ਸੁਣ ਕੇ ਉਹ ਉੱਠਿਆ ਅਤੇ ਉਸ ਨੇ ਹਨੇਰੀ ਨੂੰ ਝਿੜਕਿਆ ਤੇ ਝੀਲ ਨੂੰ ਕਿਹਾ: “ਚੁੱਪ! ਸ਼ਾਂਤ ਹੋ ਜਾ!”+ ਹਨੇਰੀ ਰੁਕ ਗਈ ਅਤੇ ਸਭ ਕੁਝ ਸ਼ਾਂਤ ਹੋ ਗਿਆ। 40 ਉਸ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਐਨੇ ਡਰੇ ਹੋਏ ਕਿਉਂ ਹੋ?* ਕੀ ਤੁਸੀਂ ਅਜੇ ਵੀ ਨਿਹਚਾ ਨਹੀਂ ਕਰਦੇ?” 41 ਪਰ ਉਹ ਬਹੁਤ ਹੀ ਡਰ ਗਏ ਅਤੇ ਉਨ੍ਹਾਂ ਨੇ ਇਕ-ਦੂਜੇ ਨੂੰ ਕਿਹਾ: “ਇਹ ਕੌਣ ਹੈ? ਇਸ ਦਾ ਕਹਿਣਾ ਤਾਂ ਹਨੇਰੀ ਅਤੇ ਝੀਲ ਵੀ ਮੰਨਦੀਆਂ ਹਨ।”+

5 ਫਿਰ ਉਹ ਝੀਲ ਦੇ ਦੂਜੇ ਪਾਸੇ ਗਿਰਸੇਨੀਆਂ ਦੇ ਇਲਾਕੇ ਵਿਚ ਪਹੁੰਚੇ।+ 2 ਅਜੇ ਯਿਸੂ ਕਿਸ਼ਤੀ ਵਿੱਚੋਂ ਉੱਤਰਿਆ ਹੀ ਸੀ ਕਿ ਇਕ ਆਦਮੀ ਜਿਸ ਨੂੰ ਦੁਸ਼ਟ ਦੂਤ ਚਿੰਬੜਿਆ ਹੋਇਆ ਸੀ, ਕਬਰਸਤਾਨ ਵਿੱਚੋਂ ਨਿਕਲ ਕੇ ਉਸ ਵੱਲ ਆਇਆ। 3 ਉਹ ਆਦਮੀ ਕਬਰਸਤਾਨ ਵਿਚ ਹੀ ਰਹਿੰਦਾ ਸੀ ਅਤੇ ਕੋਈ ਵੀ ਉਸ ਨੂੰ ਬੰਨ੍ਹ ਕੇ ਨਹੀਂ ਰੱਖ ਸਕਿਆ ਸੀ, ਇੱਥੋਂ ਤਕ ਕਿ ਸੰਗਲਾਂ ਨਾਲ ਵੀ ਨਹੀਂ। 4 ਉਸ ਨੂੰ ਕਈ ਵਾਰ ਬੇੜੀਆਂ ਅਤੇ ਸੰਗਲਾਂ ਨਾਲ ਬੰਨ੍ਹਿਆ ਗਿਆ ਸੀ, ਪਰ ਉਹ ਸੰਗਲਾਂ ਦੇ ਟੋਟੇ-ਟੋਟੇ ਕਰ ਦਿੰਦਾ ਸੀ ਅਤੇ ਬੇੜੀਆਂ ਤੋੜ ਦਿੰਦਾ ਸੀ; ਕਿਸੇ ਵਿਚ ਵੀ ਉਸ ਨੂੰ ਕਾਬੂ ਕਰਨ ਦੀ ਤਾਕਤ ਨਹੀਂ ਸੀ। 5 ਉਹ ਦਿਨ-ਰਾਤ ਕਬਰਸਤਾਨ ਅਤੇ ਪਹਾੜਾਂ ਵਿਚ ਚੀਕਾਂ ਮਾਰਦਾ ਤੇ ਪੱਥਰਾਂ ਨਾਲ ਆਪਣੇ ਆਪ ਨੂੰ ਲਹੂ-ਲੁਹਾਨ ਕਰਦਾ ਰਹਿੰਦਾ ਸੀ। 6 ਪਰ ਜਦ ਉਸ ਨੇ ਯਿਸੂ ਨੂੰ ਦੂਰੋਂ ਦੇਖਿਆ, ਤਾਂ ਉਹ ਭੱਜਾ ਆਇਆ ਅਤੇ ਉਸ ਅੱਗੇ ਗੋਡੇ ਟੇਕ ਕੇ ਬੈਠ ਗਿਆ।+ 7 ਫਿਰ ਉਸ ਨੇ ਉੱਚੀ ਆਵਾਜ਼ ਵਿਚ ਕਿਹਾ: “ਹੇ ਯਿਸੂ, ਅੱਤ ਮਹਾਨ ਪਰਮੇਸ਼ੁਰ ਦੇ ਪੁੱਤਰ, ਤੇਰਾ ਮੇਰੇ ਨਾਲ ਕੀ ਵਾਸਤਾ? ਤੈਨੂੰ ਪਰਮੇਸ਼ੁਰ ਦੀ ਸਹੁੰ, ਮੈਨੂੰ ਨਾ ਸਤਾ।”+ 8 ਕਿਉਂਕਿ ਯਿਸੂ ਉਸ ਨੂੰ ਕਹਿ ਰਿਹਾ ਸੀ: “ਓਏ ਦੁਸ਼ਟ ਦੂਤਾ, ਇਸ ਆਦਮੀ ਵਿੱਚੋਂ ਨਿਕਲ ਜਾ।”+ 9 ਪਰ ਯਿਸੂ ਨੇ ਉਸ ਨੂੰ ਪੁੱਛਿਆ: “ਤੇਰਾ ਨਾਂ ਕੀ ਹੈ?” ਉਸ ਨੇ ਯਿਸੂ ਨੂੰ ਕਿਹਾ: “ਮੇਰਾ ਨਾਂ ਪਲਟਣ ਹੈ ਕਿਉਂਕਿ ਅਸੀਂ ਬਹੁਤ ਸਾਰੇ ਹਾਂ।” 10 ਅਤੇ ਦੁਸ਼ਟ ਦੂਤਾਂ ਨੇ ਯਿਸੂ ਅੱਗੇ ਵਾਰ-ਵਾਰ ਮਿੰਨਤਾਂ ਕੀਤੀਆਂ ਕਿ ਉਹ ਉਨ੍ਹਾਂ ਨੂੰ ਉਸ ਇਲਾਕੇ ਵਿੱਚੋਂ ਨਾ ਕੱਢੇ।+

11 ਉੱਥੇ ਪਹਾੜ ਉੱਤੇ ਸੂਰਾਂ+ ਦਾ ਵੱਡਾ ਝੁੰਡ ਚਰ ਰਿਹਾ ਸੀ।+ 12 ਇਸ ਲਈ ਦੁਸ਼ਟ ਦੂਤਾਂ ਨੇ ਉਸ ਅੱਗੇ ਬੇਨਤੀ ਕੀਤੀ: “ਸਾਨੂੰ ਸੂਰਾਂ ਵਿਚ ਜਾਣ ਦੀ ਇਜਾਜ਼ਤ ਦੇ।” 13 ਉਸ ਨੇ ਉਨ੍ਹਾਂ ਨੂੰ ਇਜਾਜ਼ਤ ਦੇ ਦਿੱਤੀ। ਉਸੇ ਵੇਲੇ ਦੁਸ਼ਟ ਦੂਤ ਨਿਕਲ ਕੇ ਸੂਰਾਂ ਨੂੰ ਚਿੰਬੜ ਗਏ। ਤਕਰੀਬਨ 2,000 ਸੂਰਾਂ ਦਾ ਝੁੰਡ ਤੇਜ਼-ਤੇਜ਼ ਭੱਜਣ ਲੱਗ ਪਿਆ ਅਤੇ ਉਨ੍ਹਾਂ ਨੇ ਪਹਾੜੋਂ ਝੀਲ ਵਿਚ ਛਾਲਾਂ ਮਾਰ ਦਿੱਤੀਆਂ ਅਤੇ ਸਾਰੇ ਸੂਰ ਝੀਲ ਵਿਚ ਡੁੱਬ ਗਏ। 14 ਪਰ ਉਨ੍ਹਾਂ ਦੇ ਚਰਵਾਹੇ ਭੱਜ ਗਏ ਅਤੇ ਉਨ੍ਹਾਂ ਨੇ ਸ਼ਹਿਰ ਤੇ ਪਿੰਡ ਦੇ ਲੋਕਾਂ ਨੂੰ ਇਸ ਬਾਰੇ ਦੱਸਿਆ ਅਤੇ ਲੋਕ ਦੇਖਣ ਆਏ ਕਿ ਕੀ ਹੋਇਆ ਸੀ।+ 15 ਯਿਸੂ ਕੋਲ ਆ ਕੇ ਉਨ੍ਹਾਂ ਨੇ ਦੇਖਿਆ ਕਿ ਜਿਹੜਾ ਆਦਮੀ ਪਹਿਲਾਂ ਦੁਸ਼ਟ ਦੂਤਾਂ ਦੀ ਪਲਟਣ ਦੇ ਵੱਸ ਵਿਚ ਸੀ, ਉਸ ਨੇ ਕੱਪੜੇ ਪਾਏ ਹੋਏ ਸਨ ਅਤੇ ਉਹ ਪੂਰੇ ਹੋਸ਼-ਹਵਾਸ ਵਿਚ ਬੈਠਾ ਸੀ ਅਤੇ ਲੋਕ ਬਹੁਤ ਡਰ ਗਏ। 16 ਨਾਲੇ ਜਿਨ੍ਹਾਂ ਨੇ ਸਾਰਾ ਕੁਝ ਆਪਣੀ ਅੱਖੀਂ ਦੇਖਿਆ ਸੀ, ਉਨ੍ਹਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਦੁਸ਼ਟ ਦੂਤਾਂ ਦੇ ਵੱਸ ਵਿਚ ਪਏ ਆਦਮੀ ਅਤੇ ਸੂਰਾਂ ਨਾਲ ਕੀ ਹੋਇਆ ਸੀ। 17 ਇਸ ਕਰਕੇ ਲੋਕ ਯਿਸੂ ਅੱਗੇ ਮਿੰਨਤਾਂ ਕਰਨ ਲੱਗੇ ਕਿ ਉਹ ਉਨ੍ਹਾਂ ਦੇ ਇਲਾਕੇ ਵਿੱਚੋਂ ਚਲਾ ਜਾਵੇ।+

18 ਜਦ ਉਹ ਕਿਸ਼ਤੀ ਵਿਚ ਚੜ੍ਹਨ ਲੱਗਾ, ਤਾਂ ਜਿਸ ਆਦਮੀ ਨੂੰ ਪਹਿਲਾਂ ਦੁਸ਼ਟ ਦੂਤ ਚਿੰਬੜੇ ਹੋਏ ਸਨ, ਉਸ ਨੇ ਬੇਨਤੀ ਕੀਤੀ ਕਿ ਉਹ ਉਸ ਨੂੰ ਆਪਣੇ ਨਾਲ ਲੈ ਜਾਵੇ।+ 19 ਪਰ ਯਿਸੂ ਨੇ ਉਸ ਨੂੰ ਨਾਂਹ ਕਹਿੰਦੇ ਹੋਏ ਕਿਹਾ: “ਘਰ ਜਾ ਕੇ ਆਪਣੇ ਸਾਕ-ਸੰਬੰਧੀਆਂ ਨੂੰ ਦੱਸ ਕਿ ਯਹੋਵਾਹ* ਨੇ ਤੇਰੇ ਲਈ ਕੀ-ਕੀ ਕੀਤਾ ਹੈ ਅਤੇ ਉਸ ਨੇ ਤੇਰੇ ਉੱਤੇ ਕਿੰਨੀ ਦਇਆ ਕੀਤੀ ਹੈ।” 20 ਉਹ ਆਦਮੀ ਚਲਾ ਗਿਆ ਅਤੇ ਦਿਕਾਪੁਲਿਸ* ਵਿਚ ਦੱਸਣ ਲੱਗਾ ਕਿ ਯਿਸੂ ਨੇ ਉਸ ਲਈ ਕੀ ਕੀਤਾ ਸੀ ਅਤੇ ਸਾਰੇ ਲੋਕ ਹੈਰਾਨ ਰਹਿ ਗਏ।

21 ਜਦੋਂ ਯਿਸੂ ਕਿਸ਼ਤੀ ਵਿਚ ਝੀਲ ਪਾਰ ਕਰ ਕੇ ਵਾਪਸ ਆਇਆ, ਤਾਂ ਉਸ ਦੁਆਲੇ ਵੱਡੀ ਭੀੜ ਇਕੱਠੀ ਹੋ ਗਈ ਤੇ ਉਹ ਅਜੇ ਝੀਲ ਦੇ ਕੰਢੇ ʼਤੇ ਹੀ ਸੀ।+ 22 ਉੱਥੇ ਸਭਾ ਘਰ ਦਾ ਇਕ ਨਿਗਾਹਬਾਨ, ਜਿਸ ਦਾ ਨਾਂ ਜੈਰੁਸ ਸੀ, ਆਇਆ ਅਤੇ ਯਿਸੂ ਨੂੰ ਦੇਖ ਕੇ ਉਸ ਦੇ ਪੈਰੀਂ ਪੈ ਗਿਆ।+ 23 ਉਹ ਵਾਰ-ਵਾਰ ਉਸ ਅੱਗੇ ਮਿੰਨਤ ਕਰਨ ਲੱਗਾ: “ਮੇਰੀ ਧੀ ਬਹੁਤ ਬੀਮਾਰ ਹੈ।* ਆ ਕੇ ਉਸ ਦੇ ਸਿਰ ʼਤੇ ਹੱਥ ਰੱਖ+ ਤਾਂਕਿ ਉਹ ਚੰਗੀ ਹੋ ਜਾਵੇ ਅਤੇ ਜੀਉਂਦੀ ਰਹੇ।” 24 ਉਹ ਉਸੇ ਵੇਲੇ ਉਸ ਨਾਲ ਤੁਰ ਪਿਆ ਅਤੇ ਇਕ ਵੱਡੀ ਭੀੜ ਵੀ ਉਸ ਦੇ ਮਗਰ-ਮਗਰ ਤੁਰੀ ਜਾਂਦੀ ਸੀ ਅਤੇ ਉਸ ਨੂੰ ਦਬਾਉਂਦੀ ਸੀ।

25 ਉੱਥੇ ਇਕ ਤੀਵੀਂ ਸੀ ਜਿਸ ਦੇ 12 ਸਾਲਾਂ ਤੋਂ+ ਖ਼ੂਨ ਵਹਿ ਰਿਹਾ ਸੀ।+ 26 ਉਸ ਨੇ ਕਈ ਹਕੀਮਾਂ ਤੋਂ ਇਲਾਜ ਕਰਾ-ਕਰਾ ਕੇ ਬੜਾ ਦੁੱਖ ਝੱਲਿਆ ਅਤੇ ਉਹ ਆਪਣਾ ਸਾਰਾ ਪੈਸਾ ਖ਼ਰਚ ਕਰ ਚੁੱਕੀ ਸੀ, ਫਿਰ ਵੀ ਉਸ ਨੂੰ ਆਰਾਮ ਨਹੀਂ ਆਇਆ, ਸਗੋਂ ਉਸ ਦਾ ਹਾਲ ਹੋਰ ਵੀ ਬੁਰਾ ਹੋ ਗਿਆ ਸੀ। 27 ਜਦੋਂ ਉਸ ਨੇ ਯਿਸੂ ਬਾਰੇ ਸੁਣਿਆ, ਤਾਂ ਉਹ ਭੀੜ ਵਿਚ ਉਸ ਦੇ ਪਿੱਛਿਓਂ ਦੀ ਆਈ ਅਤੇ ਉਸ ਦੇ ਕੱਪੜੇ ਨੂੰ ਛੂਹਿਆ+ 28 ਕਿਉਂਕਿ ਉਹ ਮਨ ਹੀ ਮਨ ਕਹਿੰਦੀ ਰਹੀ: “ਜੇ ਮੈਂ ਉਸ ਦੇ ਕੱਪੜੇ ਨੂੰ ਹੀ ਛੂਹ ਲਵਾਂ, ਤਾਂ ਮੈਂ ਠੀਕ ਹੋ ਜਾਵਾਂਗੀ।”+ 29 ਉਸੇ ਵੇਲੇ ਉਸ ਦੇ ਖ਼ੂਨ ਦਾ ਵਹਾਅ ਰੁਕ ਗਿਆ ਅਤੇ ਉਸ ਨੂੰ ਆਪਣੇ ਸਰੀਰ ਵਿਚ ਮਹਿਸੂਸ ਹੋਇਆ ਕਿ ਉਹ ਆਪਣੀ ਦਰਦਨਾਕ ਬੀਮਾਰੀ ਤੋਂ ਠੀਕ ਹੋ ਗਈ ਸੀ।

30 ਉਸੇ ਵੇਲੇ ਯਿਸੂ ਨੂੰ ਮਹਿਸੂਸ ਹੋਇਆ ਕਿ ਉਸ ਵਿੱਚੋਂ ਸ਼ਕਤੀ ਨਿਕਲੀ ਸੀ+ ਅਤੇ ਉਸ ਨੇ ਭੀੜ ਵਿਚ ਪਿੱਛੇ ਮੁੜ ਕੇ ਕਿਹਾ: “ਕਿਸ ਨੇ ਮੇਰੇ ਕੱਪੜੇ ਨੂੰ ਛੂਹਿਆ?”+ 31 ਪਰ ਉਸ ਦੇ ਚੇਲਿਆਂ ਨੇ ਕਿਹਾ: “ਤੂੰ ਦੇਖਦਾ ਹੈਂ ਕਿ ਭੀੜ ਤੇਰੇ ਉੱਤੇ ਚੜ੍ਹੀ ਜਾਂਦੀ ਹੈ ਅਤੇ ਤੂੰ ਪੁੱਛਦਾ ਹੈਂ, ‘ਕਿਸ ਨੇ ਮੈਨੂੰ ਛੂਹਿਆ?’” 32 ਉਸ ਨੇ ਇਹ ਜਾਣਨ ਲਈ ਆਸੇ-ਪਾਸੇ ਦੇਖਿਆ ਕਿ ਕਿਸ ਨੇ ਉਸ ਨੂੰ ਛੂਹਿਆ ਸੀ। 33 ਉਹ ਤੀਵੀਂ ਇਹ ਜਾਣਦੇ ਹੋਏ ਕਿ ਉਹ ਠੀਕ ਹੋ ਗਈ ਸੀ, ਡਰਦੀ ਅਤੇ ਕੰਬਦੀ ਹੋਈ ਆਈ ਅਤੇ ਉਸ ਨੇ ਯਿਸੂ ਦੇ ਪੈਰੀਂ ਪੈ ਕੇ ਸਾਰੀ ਗੱਲ ਸੱਚ-ਸੱਚ ਦੱਸ ਦਿੱਤੀ। 34 ਉਸ ਨੇ ਤੀਵੀਂ ਨੂੰ ਕਿਹਾ: “ਧੀਏ, ਤੂੰ ਆਪਣੀ ਨਿਹਚਾ ਕਰਕੇ ਚੰਗੀ ਹੋਈ ਹੈਂ। ਰਾਜ਼ੀ ਰਹਿ+ ਅਤੇ ਆਪਣੀ ਦਰਦਨਾਕ ਬੀਮਾਰੀ ਤੋਂ ਬਚੀ ਰਹਿ।”+

35 ਅਜੇ ਉਹ ਗੱਲ ਕਰ ਹੀ ਰਿਹਾ ਸੀ ਕਿ ਸਭਾ ਘਰ ਦੇ ਨਿਗਾਹਬਾਨ ਦੇ ਘਰੋਂ ਕੁਝ ਬੰਦਿਆਂ ਨੇ ਆ ਕੇ ਦੱਸਿਆ: “ਤੇਰੀ ਧੀ ਮਰ ਗਈ ਹੈ! ਹੁਣ ਗੁਰੂ ਜੀ ਨੂੰ ਕਿਉਂ ਖੇਚਲ਼ ਦੇਈਏ?”+ 36 ਪਰ ਯਿਸੂ ਨੇ ਉਨ੍ਹਾਂ ਦੀ ਗੱਲ ਸੁਣ ਲਈ ਅਤੇ ਉਸ ਨੇ ਸਭਾ ਘਰ ਦੇ ਨਿਗਾਹਬਾਨ ਨੂੰ ਕਿਹਾ: “ਫ਼ਿਕਰ ਨਾ ਕਰ,* ਨਿਹਚਾ ਰੱਖ।”+ 37 ਉਸ ਨੇ ਪਤਰਸ, ਯਾਕੂਬ ਅਤੇ ਯਾਕੂਬ ਦੇ ਭਰਾ ਯੂਹੰਨਾ ਤੋਂ ਸਿਵਾਇ ਹੋਰ ਕਿਸੇ ਨੂੰ ਆਪਣੇ ਪਿੱਛੇ ਨਾ ਆਉਣ ਦਿੱਤਾ।+

38 ਜਦੋਂ ਉਹ ਸਭਾ ਘਰ ਦੇ ਨਿਗਾਹਬਾਨ ਦੇ ਘਰ ਪਹੁੰਚੇ, ਤਾਂ ਉਸ ਨੇ ਲੋਕਾਂ ਨੂੰ ਚੀਕ-ਚਿਹਾੜਾ ਪਾਉਂਦੇ, ਰੋਂਦੇ-ਕੁਰਲਾਉਂਦੇ ਅਤੇ ਉੱਚੀ-ਉੱਚੀ ਵੈਣ ਪਾਉਂਦੇ ਦੇਖਿਆ।+ 39 ਅੰਦਰ ਵੜਨ ਤੋਂ ਬਾਅਦ, ਉਸ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਕਿਉਂ ਚੀਕ-ਚਿਹਾੜਾ ਪਾਇਆ ਹੋਇਆ ਹੈ ਅਤੇ ਰੋ ਰਹੇ ਹੋ? ਬੱਚੀ ਮਰੀ ਨਹੀਂ, ਸਗੋਂ ਸੁੱਤੀ ਪਈ ਹੈ।”+ 40 ਇਹ ਸੁਣ ਕੇ ਉਹ ਉਸ ਦਾ ਮਜ਼ਾਕ ਉਡਾਉਂਦੇ ਹੋਏ ਹੱਸਣ ਲੱਗੇ। ਪਰ ਯਿਸੂ ਉਨ੍ਹਾਂ ਸਾਰਿਆਂ ਨੂੰ ਬਾਹਰ ਕੱਢ ਕੇ ਆਪਣੇ ਨਾਲ ਬੱਚੀ ਦੇ ਮਾਤਾ-ਪਿਤਾ ਅਤੇ ਆਪਣੇ ਚੇਲਿਆਂ ਨੂੰ ਉਸ ਕਮਰੇ ਵਿਚ ਲੈ ਗਿਆ ਜਿੱਥੇ ਉਸ ਬੱਚੀ ਨੂੰ ਰੱਖਿਆ ਹੋਇਆ ਸੀ। 41 ਫਿਰ ਉਸ ਨੇ ਬੱਚੀ ਦਾ ਹੱਥ ਫੜ ਕੇ ਉਸ ਨੂੰ ਕਿਹਾ: “ਤਲੀਥਾ ਕੂਮੀ,” ਜਿਸ ਦਾ ਮਤਲਬ ਹੈ: “ਬੇਟੀ, ਮੈਂ ਤੈਨੂੰ ਕਹਿੰਦਾ ਹਾਂ, ‘ਉੱਠ!’”+ 42 ਉਹ ਕੁੜੀ ਉਸੇ ਵੇਲੇ ਉੱਠ ਕੇ ਤੁਰਨ-ਫਿਰਨ ਲੱਗ ਪਈ। (ਉਹ 12 ਸਾਲਾਂ ਦੀ ਸੀ।) ਅਤੇ ਕੁੜੀ ਦੇ ਮਾਤਾ-ਪਿਤਾ ਖ਼ੁਸ਼ੀ ਨਾਲ ਫੁੱਲੇ ਨਾ ਸਮਾਏ। 43 ਪਰ ਉਸ ਨੇ ਉਨ੍ਹਾਂ ਨੂੰ ਵਾਰ-ਵਾਰ ਵਰਜਿਆ* ਕਿ ਇਸ ਬਾਰੇ ਕਿਸੇ ਨੂੰ ਪਤਾ ਨਾ ਲੱਗੇ+ ਅਤੇ ਉਸ ਨੇ ਕਿਹਾ ਕਿ ਬੱਚੀ ਨੂੰ ਕੁਝ ਖਾਣ ਲਈ ਦਿੱਤਾ ਜਾਵੇ।

6 ਯਿਸੂ ਉੱਥੋਂ ਆਪਣੇ ਇਲਾਕੇ ਵਿਚ ਆ ਗਿਆ+ ਅਤੇ ਉਸ ਦੇ ਚੇਲੇ ਉਸ ਦੇ ਨਾਲ ਸਨ। 2 ਫਿਰ ਸਬਤ ਦੇ ਦਿਨ ਉਹ ਸਭਾ ਘਰ ਵਿਚ ਲੋਕਾਂ ਨੂੰ ਸਿਖਾਉਣ ਲੱਗਾ ਅਤੇ ਜ਼ਿਆਦਾਤਰ ਲੋਕ ਉਸ ਦੀਆਂ ਗੱਲਾਂ ਸੁਣ ਕੇ ਬਹੁਤ ਹੈਰਾਨ ਹੋਏ ਤੇ ਕਹਿਣ ਲੱਗੇ: “ਇਸ ਨੂੰ ਇਹ ਸਾਰਾ ਕੁਝ ਕਿੱਥੋਂ ਪਤਾ ਲੱਗਾ?+ ਇਸ ਨੂੰ ਇੰਨੀ ਬੁੱਧ ਕਿੱਥੋਂ ਮਿਲੀ ਅਤੇ ਇਹ ਕਰਾਮਾਤਾਂ ਕਿਵੇਂ ਕਰਦਾ ਹੈ?+ 3 ਕੀ ਇਹ ਉਹੀ ਤਰਖਾਣ+ ਨਹੀਂ ਜਿਸ ਦੀ ਮਾਂ ਮਰੀਅਮ ਹੈ+ ਅਤੇ ਜਿਸ ਦੇ ਭਰਾ ਯਾਕੂਬ,+ ਯੋਸੇਸ,* ਯਹੂਦਾ ਤੇ ਸ਼ਮਊਨ+ ਹਨ? ਕੀ ਇਸ ਦੀਆਂ ਭੈਣਾਂ ਇੱਥੇ ਹੀ ਸਾਡੇ ਨਾਲ ਨਹੀਂ ਹਨ?” ਇਸ ਲਈ ਉਨ੍ਹਾਂ ਨੇ ਉਸ ਉੱਤੇ ਨਿਹਚਾ ਨਹੀਂ ਕੀਤੀ।* 4 ਪਰ ਯਿਸੂ ਨੇ ਉਨ੍ਹਾਂ ਨੂੰ ਕਿਹਾ: “ਆਪਣੇ ਇਲਾਕੇ ਦੇ ਲੋਕਾਂ, ਰਿਸ਼ਤੇਦਾਰਾਂ ਅਤੇ ਪਰਿਵਾਰ ਤੋਂ ਛੁੱਟ ਹਰ ਕੋਈ ਨਬੀ ਦਾ ਆਦਰ ਕਰਦਾ ਹੈ।”+ 5 ਇਸ ਲਈ ਉਸ ਨੇ ਉੱਥੇ ਕੁਝ ਬੀਮਾਰਾਂ ਨੂੰ ਹੱਥ ਲਾ ਕੇ ਠੀਕ ਕਰਨ ਤੋਂ ਇਲਾਵਾ ਹੋਰ ਕੋਈ ਕਰਾਮਾਤ ਨਹੀਂ ਕੀਤੀ। 6 ਉਨ੍ਹਾਂ ਵਿਚ ਨਿਹਚਾ ਨਾ ਹੋਣ ਕਰਕੇ ਉਹ ਹੈਰਾਨ ਰਹਿ ਗਿਆ। ਇਸ ਤੋਂ ਬਾਅਦ ਉਹ ਉਸ ਇਲਾਕੇ ਦੇ ਆਲੇ-ਦੁਆਲੇ ਦੇ ਪਿੰਡਾਂ ਵਿਚ ਸਿੱਖਿਆ ਦੇਣ ਚਲਾ ਗਿਆ।+

7 ਫਿਰ ਉਸ ਨੇ 12 ਰਸੂਲਾਂ ਨੂੰ ਦੋ-ਦੋ ਕਰ ਕੇ ਘੱਲਣਾ ਸ਼ੁਰੂ ਕੀਤਾ+ ਅਤੇ ਉਨ੍ਹਾਂ ਨੂੰ ਦੁਸ਼ਟ ਦੂਤਾਂ ਉੱਤੇ ਅਧਿਕਾਰ ਦਿੱਤਾ।+ 8 ਨਾਲੇ ਉਸ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਸਫ਼ਰ ਵਾਸਤੇ ਡੰਡੇ ਤੋਂ ਸਿਵਾਇ ਨਾ ਰੋਟੀ, ਨਾ ਖਾਣੇ ਵਾਲਾ ਝੋਲ਼ਾ, ਨਾ ਆਪਣੇ ਕਮਰਬੰਦ ਵਿਚ ਪੈਸੇ* ਲੈ ਕੇ ਜਾਣ+ 9 ਅਤੇ ਨਾ ਹੀ ਦੋ-ਦੋ ਕੁੜਤੇ* ਪਾ ਕੇ ਜਾਣ, ਪਰ ਪੈਰੀਂ ਜੁੱਤੀ ਪਾ ਕੇ ਜਾਣ। 10 ਉਸ ਨੇ ਅੱਗੇ ਉਨ੍ਹਾਂ ਨੂੰ ਕਿਹਾ: “ਜਿਸ ਘਰ ਵਿਚ ਤੁਸੀਂ ਜਾਓ, ਉੱਥੇ ਉੱਨਾ ਚਿਰ ਰਹੋ ਜਿੰਨਾ ਚਿਰ ਤੁਸੀਂ ਉਸ ਇਲਾਕੇ ਵਿਚ ਰਹਿੰਦੇ ਹੋ।+ 11 ਅਤੇ ਜਿੱਥੇ ਤੁਹਾਡਾ ਸੁਆਗਤ ਨਹੀਂ ਕੀਤਾ ਜਾਂਦਾ ਜਾਂ ਕੋਈ ਤੁਹਾਡੀ ਗੱਲ ਨਹੀਂ ਸੁਣਦਾ, ਉੱਥੋਂ ਨਿਕਲਣ ਵੇਲੇ ਉਨ੍ਹਾਂ ਦੇ ਖ਼ਿਲਾਫ਼ ਗਵਾਹੀ ਦੇ ਤੌਰ ਤੇ ਆਪਣੇ ਪੈਰਾਂ ਦੀ ਧੂੜ ਝਾੜ ਦਿਓ।”+ 12 ਇਸ ਤੋਂ ਬਾਅਦ ਉਹ ਪ੍ਰਚਾਰ ਕਰਨ ਲਈ ਤੁਰ ਪਏ ਕਿ ਲੋਕ ਤੋਬਾ ਕਰਨ,+ 13 ਨਾਲੇ ਉਨ੍ਹਾਂ ਨੇ ਲੋਕਾਂ ਵਿੱਚੋਂ ਬਹੁਤ ਸਾਰੇ ਦੁਸ਼ਟ ਦੂਤਾਂ ਨੂੰ ਕੱਢਿਆ+ ਅਤੇ ਕਈ ਬੀਮਾਰਾਂ ਨੂੰ ਤੇਲ ਮਲ਼ ਕੇ ਠੀਕ ਕੀਤਾ।

14 ਰਾਜਾ ਹੇਰੋਦੇਸ ਦੇ ਕੰਨੀਂ ਇਹ ਸਭ ਗੱਲਾਂ ਪਈਆਂ ਕਿਉਂਕਿ ਯਿਸੂ ਬਾਰੇ ਸਾਰੇ ਪਾਸੇ ਚਰਚਾ ਹੋ ਰਹੀ ਸੀ ਅਤੇ ਲੋਕ ਕਹਿ ਰਹੇ ਸਨ: “ਯੂਹੰਨਾ ਬਪਤਿਸਮਾ ਦੇਣ ਵਾਲਾ ਮਰਿਆਂ ਵਿੱਚੋਂ ਦੁਬਾਰਾ ਜੀਉਂਦਾ ਹੋ ਗਿਆ ਹੈ ਅਤੇ ਯਿਸੂ ਉਸ ਦੀ ਮਦਦ ਨਾਲ ਕਰਾਮਾਤਾਂ ਕਰ ਰਿਹਾ ਹੈ।”+ 15 ਕਈ ਕਹਿ ਰਹੇ ਸਨ: “ਇਹ ਏਲੀਯਾਹ ਨਬੀ ਹੈ।” ਕੁਝ ਹੋਰ ਕਹਿ ਰਹੇ ਸਨ: “ਇਹ ਵੀ ਕੋਈ ਨਬੀ ਹੋਣਾ ਜਿਵੇਂ ਪੁਰਾਣੇ ਜ਼ਮਾਨੇ ਵਿਚ ਨਬੀ ਹੁੰਦੇ ਸਨ।”+ 16 ਪਰ ਜਦ ਹੇਰੋਦੇਸ ਨੇ ਇਹ ਸਭ ਸੁਣਿਆ, ਤਾਂ ਉਸ ਨੇ ਕਿਹਾ: “ਇਹ ਯੂਹੰਨਾ ਹੈ ਜਿਸ ਦਾ ਸਿਰ ਮੈਂ ਵਢਵਾਇਆ ਸੀ, ਉਹ ਜੀਉਂਦਾ ਹੋ ਗਿਆ ਹੈ।” 17 ਹੇਰੋਦੇਸ ਨੇ ਆਪਣੇ ਭਰਾ ਫ਼ਿਲਿੱਪੁਸ ਦੀ ਪਤਨੀ ਹੇਰੋਦਿਆਸ ਨਾਲ ਵਿਆਹ ਕਰਾਇਆ ਸੀ ਅਤੇ ਹੇਰੋਦਿਆਸ ਨੂੰ ਖ਼ੁਸ਼ ਕਰਨ ਲਈ ਉਸ ਨੇ ਆਪਣੇ ਸਿਪਾਹੀਆਂ ਨੂੰ ਘੱਲ ਕੇ ਯੂਹੰਨਾ ਨੂੰ ਗਿਰਫ਼ਤਾਰ ਕਰਾਇਆ ਸੀ ਅਤੇ ਬੇੜੀਆਂ ਨਾਲ ਬੰਨ੍ਹ ਕੇ ਕੈਦ ਵਿਚ ਸੁਟਵਾ ਦਿੱਤਾ ਸੀ।+ 18 ਕਿਉਂਕਿ ਯੂਹੰਨਾ ਵਾਰ-ਵਾਰ ਹੇਰੋਦੇਸ ਨੂੰ ਕਹਿ ਰਿਹਾ ਸੀ: “ਤੇਰੇ ਲਈ ਆਪਣੇ ਭਰਾ ਦੀ ਪਤਨੀ ਨੂੰ ਰੱਖਣਾ ਨਾਜਾਇਜ਼ ਹੈ।”+ 19 ਇਸੇ ਕਰਕੇ ਯੂਹੰਨਾ ਹੇਰੋਦਿਆਸ ਦੀਆਂ ਅੱਖਾਂ ਵਿਚ ਰੜਕਦਾ ਸੀ ਅਤੇ ਉਹ ਉਸ ਨੂੰ ਜਾਨੋਂ ਮਾਰਨਾ ਚਾਹੁੰਦੀ ਸੀ, ਪਰ ਇਸ ਤਰ੍ਹਾਂ ਕਰ ਨਾ ਸਕੀ। 20 ਹੇਰੋਦੇਸ ਜਾਣਦਾ ਸੀ ਕਿ ਯੂਹੰਨਾ ਧਰਮੀ ਤੇ ਪਾਕ ਬੰਦਾ ਸੀ, ਇਸ ਲਈ ਉਹ ਯੂਹੰਨਾ ਦਾ ਡਰ ਮੰਨਦਾ ਸੀ+ ਅਤੇ ਉਸ ਦੀ ਰੱਖਿਆ ਵੀ ਕਰਦਾ ਸੀ। ਪਰ ਯੂਹੰਨਾ ਦੀਆਂ ਗੱਲਾਂ ਸੁਣ ਕੇ ਉਹ ਉਲਝਣ ਵਿਚ ਪੈ ਜਾਂਦਾ ਸੀ ਕਿ ਉਹ ਉਸ ਨਾਲ ਕੀ ਕਰੇ, ਫਿਰ ਵੀ ਉਹ ਖ਼ੁਸ਼ੀ-ਖ਼ੁਸ਼ੀ ਉਸ ਦੀਆਂ ਗੱਲਾਂ ਸੁਣਦਾ ਸੀ।

21 ਪਰ ਹੇਰੋਦੇਸ ਦੇ ਜਨਮ-ਦਿਨ+ ʼਤੇ ਹੇਰੋਦਿਆਸ ਦੇ ਹੱਥ ਮੌਕਾ ਲੱਗਾ। ਉਸ ਦਿਨ ਹੇਰੋਦੇਸ ਨੇ ਵੱਡੇ-ਵੱਡੇ ਅਫ਼ਸਰਾਂ ਅਤੇ ਫ਼ੌਜ ਦੇ ਸੈਨਾਪਤੀਆਂ* ਅਤੇ ਗਲੀਲ ਦੇ ਮੰਨੇ-ਪ੍ਰਮੰਨੇ ਬੰਦਿਆਂ ਨੂੰ ਦਾਅਵਤ ʼਤੇ ਬੁਲਾਇਆ।+ 22 ਹੇਰੋਦਿਆਸ ਦੀ ਧੀ ਅੰਦਰ ਆ ਕੇ ਸਾਰਿਆਂ ਦੇ ਸਾਮ੍ਹਣੇ ਨੱਚੀ ਅਤੇ ਉਸ ਨੇ ਹੇਰੋਦੇਸ ਤੇ ਉਸ ਦੇ ਸਾਰੇ ਮਹਿਮਾਨਾਂ ਨੂੰ ਖ਼ੁਸ਼ ਕੀਤਾ। ਰਾਜੇ ਨੇ ਕੁੜੀ ਨੂੰ ਕਿਹਾ: “ਮੰਗ ਜੋ ਮੰਗਣਾ, ਮੈਂ ਤੈਨੂੰ ਦਿਆਂਗਾ।” 23 ਉਸ ਨੇ ਸਹੁੰ ਖਾ ਕੇ ਕੁੜੀ ਨੂੰ ਕਿਹਾ: “ਤੂੰ ਜੋ ਵੀ ਮੇਰੇ ਤੋਂ ਮੰਗੇਂਗੀ ਮੈਂ ਤੈਨੂੰ ਦਿਆਂਗਾ, ਹਾਂ, ਆਪਣਾ ਅੱਧਾ ਰਾਜ ਤਕ ਤੈਨੂੰ ਦੇ ਦਿਆਂਗਾ।” 24 ਕੁੜੀ ਨੇ ਬਾਹਰ ਜਾ ਕੇ ਆਪਣੀ ਮਾਂ ਨੂੰ ਪੁੱਛਿਆ: “ਮੈਂ ਕੀ ਮੰਗਾਂ?” ਉਸ ਨੇ ਕਿਹਾ: “ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਸਿਰ।” 25 ਉਹ ਫਟਾਫਟ ਰਾਜੇ ਕੋਲ ਗਈ ਅਤੇ ਕਿਹਾ: “ਮੈਨੂੰ ਹੁਣੇ ਥਾਲ਼ ਵਿਚ ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਸਿਰ ਦਿੱਤਾ ਜਾਵੇ।”+ 26 ਭਾਵੇਂ ਰਾਜਾ ਇਹ ਸੁਣ ਕੇ ਬਹੁਤ ਦੁਖੀ ਹੋਇਆ, ਪਰ ਸਹੁੰਆਂ ਖਾਧੀਆਂ ਹੋਣ ਕਰਕੇ ਅਤੇ ਆਪਣੇ ਨਾਲ ਬੈਠੇ ਮਹਿਮਾਨਾਂ ਦੇ ਕਾਰਨ ਉਹ ਕੁੜੀ ਨੂੰ ਨਾਂਹ ਨਹੀਂ ਸੀ ਕਰਨੀ ਚਾਹੁੰਦਾ। 27 ਇਸ ਲਈ ਰਾਜੇ ਨੇ ਉਸੇ ਵੇਲੇ ਪਹਿਰੇਦਾਰ ਨੂੰ ਹੁਕਮ ਦਿੱਤਾ ਕਿ ਯੂਹੰਨਾ ਦਾ ਸਿਰ ਲਿਆਂਦਾ ਜਾਵੇ। ਉਸ ਨੇ ਜੇਲ੍ਹ ਵਿਚ ਜਾ ਕੇ ਉਸ ਦਾ ਸਿਰ ਵੱਢਿਆ 28 ਅਤੇ ਉਸ ਨੂੰ ਥਾਲ਼ ਵਿਚ ਰੱਖ ਕੇ ਕੁੜੀ ਨੂੰ ਦੇ ਦਿੱਤਾ ਅਤੇ ਕੁੜੀ ਨੇ ਆਪਣੀ ਮਾਂ ਨੂੰ ਦੇ ਦਿੱਤਾ। 29 ਜਦ ਯੂਹੰਨਾ ਦੇ ਚੇਲਿਆਂ ਨੇ ਇਸ ਬਾਰੇ ਸੁਣਿਆ, ਤਾਂ ਉਨ੍ਹਾਂ ਨੇ ਜਾ ਕੇ ਉਸ ਦੀ ਲਾਸ਼ ਚੁੱਕੀ ਤੇ ਕਬਰ ਵਿਚ ਰੱਖ ਦਿੱਤੀ।

30 ਰਸੂਲ ਆ ਕੇ ਯਿਸੂ ਕੋਲ ਇਕੱਠੇ ਹੋਏ ਤੇ ਉਸ ਨੂੰ ਸਭ ਕੁਝ ਦੱਸਿਆ ਕਿ ਉਨ੍ਹਾਂ ਨੇ ਕੀ ਕੀਤਾ ਤੇ ਲੋਕਾਂ ਨੂੰ ਕੀ ਸਿਖਾਇਆ।+ 31 ਅਤੇ ਉਸ ਨੇ ਉਨ੍ਹਾਂ ਨੂੰ ਕਿਹਾ: “ਆਓ ਆਪਾਂ ਕਿਸੇ ਇਕਾਂਤ ਜਗ੍ਹਾ ਚੱਲੀਏ ਅਤੇ ਥੋੜ੍ਹਾ ਆਰਾਮ ਕਰੀਏ।”+ ਕਿਉਂਕਿ ਬਹੁਤ ਲੋਕ ਆਉਂਦੇ-ਜਾਂਦੇ ਸਨ ਅਤੇ ਉਨ੍ਹਾਂ ਨੂੰ ਖਾਣਾ ਖਾਣ ਦੀ ਵੀ ਵਿਹਲ ਨਾ ਮਿਲੀ। 32 ਇਸ ਲਈ ਉਹ ਕਿਸ਼ਤੀ ਵਿਚ ਕਿਸੇ ਇਕਾਂਤ ਜਗ੍ਹਾ ਚਲੇ ਗਏ ਜਿੱਥੇ ਉਨ੍ਹਾਂ ਤੋਂ ਸਿਵਾਇ ਹੋਰ ਕੋਈ ਨਾ ਹੋਵੇ।+ 33 ਪਰ ਲੋਕਾਂ ਨੇ ਉਨ੍ਹਾਂ ਨੂੰ ਜਾਂਦਿਆਂ ਦੇਖ ਲਿਆ ਤੇ ਕਈਆਂ ਨੂੰ ਇਸ ਬਾਰੇ ਪਤਾ ਲੱਗ ਗਿਆ। ਸਾਰੇ ਸ਼ਹਿਰਾਂ ਤੋਂ ਲੋਕ ਭੱਜ ਕੇ ਉਨ੍ਹਾਂ ਤੋਂ ਪਹਿਲਾਂ ਹੀ ਉੱਥੇ ਪਹੁੰਚ ਗਏ। 34 ਜਦ ਉਹ ਕਿਸ਼ਤੀ ਤੋਂ ਉੱਤਰਿਆ, ਤਾਂ ਉਸ ਨੇ ਵੱਡੀ ਭੀੜ ਦੇਖੀ ਅਤੇ ਉਸ ਨੂੰ ਲੋਕਾਂ ʼਤੇ ਤਰਸ ਆਇਆ+ ਕਿਉਂਕਿ ਉਹ ਉਨ੍ਹਾਂ ਭੇਡਾਂ ਵਾਂਗ ਸਨ ਜਿਨ੍ਹਾਂ ਦਾ ਕੋਈ ਚਰਵਾਹਾ ਨਾ ਹੋਵੇ।+ ਅਤੇ ਉਹ ਉਨ੍ਹਾਂ ਨੂੰ ਬਹੁਤ ਗੱਲਾਂ ਸਿਖਾਉਣ ਲੱਗ ਪਿਆ।+

35 ਫਿਰ ਦੁਪਹਿਰੋਂ ਬਾਅਦ ਉਸ ਦੇ ਚੇਲਿਆਂ ਨੇ ਉਸ ਕੋਲ ਆ ਕੇ ਕਿਹਾ: “ਇਹ ਜਗ੍ਹਾ ਉਜਾੜ ਹੈ ਅਤੇ ਦੁਪਹਿਰ ਵੀ ਢਲ਼ ਚੁੱਕੀ ਹੈ।+ 36 ਲੋਕਾਂ ਨੂੰ ਘੱਲ ਦੇ ਤਾਂਕਿ ਉਹ ਆਲੇ-ਦੁਆਲੇ ਦੇ ਪਿੰਡਾਂ ਵਿਚ ਜਾ ਕੇ ਆਪਣੇ ਲਈ ਕੁਝ ਖਾਣਾ ਖ਼ਰੀਦ ਲੈਣ।”+ 37 ਯਿਸੂ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਹੀ ਉਨ੍ਹਾਂ ਨੂੰ ਕੁਝ ਖਾਣ ਲਈ ਦਿਓ।” ਉਨ੍ਹਾਂ ਨੇ ਜਵਾਬ ਦਿੱਤਾ: “ਇੰਨੇ ਸਾਰੇ ਲੋਕਾਂ ਲਈ ਰੋਟੀਆਂ ਖ਼ਰੀਦਣ ਵਾਸਤੇ ਤਾਂ 200 ਦੀਨਾਰ* ਲੱਗਣਗੇ। ਇਹ ਸਾਡੇ ਵੱਸ ਦੀ ਗੱਲ ਨਹੀਂ।”+ 38 ਉਸ ਨੇ ਉਨ੍ਹਾਂ ਨੂੰ ਕਿਹਾ: “ਜਾ ਕੇ ਦੇਖੋ, ਤੁਹਾਡੇ ਕੋਲ ਕਿੰਨੀਆਂ ਰੋਟੀਆਂ ਹਨ।” ਉਨ੍ਹਾਂ ਨੇ ਪਤਾ ਕਰ ਕੇ ਦੱਸਿਆ: “ਪੰਜ ਰੋਟੀਆਂ ਅਤੇ ਦੋ ਮੱਛੀਆਂ।”+ 39 ਫਿਰ ਉਸ ਨੇ ਸਾਰਿਆਂ ਨੂੰ ਟੋਲੀਆਂ ਬਣਾ ਕੇ ਹਰੇ-ਹਰੇ ਘਾਹ ʼਤੇ ਬੈਠਣ ਲਈ ਕਿਹਾ।+ 40 ਅਤੇ ਉਹ ਸੌ-ਸੌ ਤੇ ਪੰਜਾਹ-ਪੰਜਾਹ ਦੀਆਂ ਟੋਲੀਆਂ ਬਣਾ ਕੇ ਬੈਠ ਗਏ। 41 ਉਸ ਨੇ ਪੰਜ ਰੋਟੀਆਂ ਤੇ ਦੋ ਮੱਛੀਆਂ ਲਈਆਂ ਅਤੇ ਆਕਾਸ਼ ਵੱਲ ਦੇਖ ਕੇ ਪਰਮੇਸ਼ੁਰ ਦਾ ਧੰਨਵਾਦ ਕੀਤਾ।+ ਫਿਰ ਉਸ ਨੇ ਰੋਟੀਆਂ ਤੋੜ ਕੇ ਆਪਣੇ ਚੇਲਿਆਂ ਨੂੰ ਦਿੱਤੀਆਂ ਅਤੇ ਉਨ੍ਹਾਂ ਨੇ ਲੋਕਾਂ ਨੂੰ ਵੰਡੀਆਂ ਅਤੇ ਉਸ ਨੇ ਦੋ ਮੱਛੀਆਂ ਦੇ ਵੀ ਟੁਕੜੇ ਕਰ ਕੇ ਸਾਰਿਆਂ ਨੂੰ ਵੰਡੇ। 42 ਉਨ੍ਹਾਂ ਸਾਰਿਆਂ ਨੇ ਰੱਜ ਕੇ ਖਾਧਾ। 43 ਫਿਰ ਉਨ੍ਹਾਂ ਨੇ ਰੋਟੀਆਂ ਦੇ ਬਚੇ ਹੋਏ ਟੁਕੜੇ ਇਕੱਠੇ ਕੀਤੇ ਜਿਨ੍ਹਾਂ ਨਾਲ 12 ਟੋਕਰੀਆਂ ਭਰ ਗਈਆਂ ਤੇ ਕੁਝ ਮੱਛੀਆਂ ਵੀ ਬਚ ਗਈਆਂ।+ 44 ਉਦੋਂ 5,000 ਆਦਮੀਆਂ ਨੇ ਰੋਟੀਆਂ ਖਾਧੀਆਂ।

45 ਫਿਰ ਉਸ ਨੇ ਉਸੇ ਵੇਲੇ ਆਪਣੇ ਚੇਲਿਆਂ ਨੂੰ ਕਿਹਾ ਕਿ ਉਹ ਕਿਸ਼ਤੀ ਵਿਚ ਬੈਠ ਕੇ ਬੈਤਸੈਦਾ ਦੇ ਲਾਗਿਓਂ ਦੀ ਹੁੰਦੇ ਹੋਏ ਝੀਲ ਦੇ ਦੂਜੇ ਪਾਸੇ ਜਾਣ ਜਦ ਕਿ ਉਹ ਆਪ ਭੀੜ ਨੂੰ ਵਿਦਾ ਕਰਨ ਲੱਗਾ।+ 46 ਭੀੜ ਨੂੰ ਘੱਲ ਕੇ ਉਹ ਪਹਾੜ ਉੱਤੇ ਪ੍ਰਾਰਥਨਾ ਕਰਨ ਲਈ ਚਲਾ ਗਿਆ।+ 47 ਹੁਣ ਸ਼ਾਮ ਹੋ ਗਈ ਸੀ ਅਤੇ ਕਿਸ਼ਤੀ ਝੀਲ ਦੇ ਵਿਚਕਾਰ ਪਹੁੰਚ ਚੁੱਕੀ ਸੀ, ਪਰ ਯਿਸੂ ਇਕੱਲਾ ਪਹਾੜ ʼਤੇ ਸੀ।+ 48 ਅਤੇ ਜਦੋਂ ਉਸ ਨੇ ਦੇਖਿਆ ਕਿ ਸਾਮ੍ਹਣਿਓਂ ਹਨੇਰੀ ਚੱਲਦੀ ਹੋਣ ਕਰਕੇ ਚੇਲਿਆਂ ਨੂੰ ਚੱਪੂ ਚਲਾਉਣ ਵਿਚ ਬੜੀ ਮੁਸ਼ਕਲ ਆ ਰਹੀ ਸੀ, ਤਾਂ ਰਾਤ ਦੇ ਚੌਥੇ ਕੁ ਪਹਿਰ* ਉਹ ਪਾਣੀ ਉੱਤੇ ਤੁਰ ਕੇ ਉਨ੍ਹਾਂ ਵੱਲ ਆਇਆ, ਪਰ ਇੱਦਾਂ ਲੱਗਦਾ ਸੀ ਜਿਵੇਂ ਉਹ ਉਨ੍ਹਾਂ ਤੋਂ ਅੱਗੇ ਨਿਕਲ ਜਾਵੇਗਾ। 49 ਉਸ ਨੂੰ ਪਾਣੀ ਉੱਤੇ ਤੁਰਦਿਆਂ ਦੇਖ ਕੇ ਚੇਲਿਆਂ ਨੇ ਸੋਚਿਆ: “ਆਹ ਕੀ ਆ ਰਿਹਾ?” ਫਿਰ ਉਹ ਚੀਕਾਂ ਮਾਰਨ ਲੱਗ ਪਏ। 50 ਕਿਉਂਕਿ ਉਹ ਸਾਰੇ ਉਸ ਨੂੰ ਦੇਖ ਕੇ ਬਹੁਤ ਘਬਰਾ ਗਏ ਸਨ। ਪਰ ਉਸੇ ਵੇਲੇ ਉਸ ਨੇ ਉਨ੍ਹਾਂ ਨੂੰ ਕਿਹਾ: “ਹੌਸਲਾ ਰੱਖੋ! ਮੈਂ ਹਾਂ, ਡਰੋ ਨਾ।”+ 51 ਫਿਰ ਉਹ ਉਨ੍ਹਾਂ ਦੇ ਨਾਲ ਕਿਸ਼ਤੀ ਉੱਤੇ ਚੜ੍ਹ ਗਿਆ ਅਤੇ ਹਨੇਰੀ ਥੰਮ੍ਹ ਗਈ। ਇਹ ਦੇਖ ਕੇ ਚੇਲੇ ਹੱਕੇ-ਬੱਕੇ ਰਹਿ ਗਏ। 52 ਉਨ੍ਹਾਂ ਲਈ ਇਹ ਗੱਲ ਸਮਝਣੀ ਮੁਸ਼ਕਲ ਸੀ ਕਿਉਂਕਿ ਉਨ੍ਹਾਂ ਨੇ ਅਜੇ ਤਕ ਇਹੀ ਨਹੀਂ ਸਮਝਿਆ ਸੀ ਕਿ ਜੋ ਰੋਟੀਆਂ ਦੀ ਕਰਾਮਾਤ ਕਰ ਸਕਦਾ ਹੈ, ਉਹ ਇਹ ਕਰਾਮਾਤ ਵੀ ਕਰ ਸਕਦਾ ਹੈ।

53 ਉਹ ਝੀਲ ਪਾਰ ਕਰ ਕੇ ਗੰਨੇਸਰਤ ਪਹੁੰਚੇ ਤੇ ਉਨ੍ਹਾਂ ਨੇ ਕਿਸ਼ਤੀ ਨੂੰ ਕੰਢੇ ਉੱਤੇ ਬੰਨ੍ਹ ਦਿੱਤਾ।+ 54 ਪਰ ਅਜੇ ਉਹ ਕਿਸ਼ਤੀ ਵਿੱਚੋਂ ਉੱਤਰੇ ਹੀ ਸਨ ਕਿ ਲੋਕਾਂ ਨੇ ਉਸ ਨੂੰ ਪਛਾਣ ਲਿਆ। 55 ਲੋਕ ਸਾਰੇ ਇਲਾਕੇ ਵਿਚ ਭੱਜੇ-ਭੱਜੇ ਗਏ ਤੇ ਮੰਜੀਆਂ ਉੱਤੇ ਬੀਮਾਰਾਂ ਨੂੰ ਚੁੱਕ ਕੇ ਉੱਥੇ ਲਿਆਉਣ ਲੱਗੇ ਜਿੱਥੇ ਉਨ੍ਹਾਂ ਨੇ ਸੁਣਿਆ ਕਿ ਯਿਸੂ ਹੈ। 56 ਜਿਨ੍ਹਾਂ ਪਿੰਡਾਂ ਜਾਂ ਸ਼ਹਿਰਾਂ ਵਿਚ ਉਹ ਜਾਂਦਾ ਸੀ, ਉੱਥੇ ਦੇ ਲੋਕ ਬੀਮਾਰਾਂ ਨੂੰ ਬਾਜ਼ਾਰਾਂ ਵਿਚ ਲਿਆਉਂਦੇ ਸਨ ਅਤੇ ਬੀਮਾਰ ਉਸ ਅੱਗੇ ਬੇਨਤੀ ਕਰਦੇ ਸਨ ਕਿ ਉਹ ਉਨ੍ਹਾਂ ਨੂੰ ਸਿਰਫ਼ ਆਪਣੇ ਚੋਗੇ ਦੀ ਝਾਲਰ ਨੂੰ ਹੀ ਛੂਹ ਲੈਣ ਦੇਵੇ।+ ਜਿੰਨਿਆਂ ਨੇ ਵੀ ਉਸ ਦੇ ਚੋਗੇ ਨੂੰ ਛੂਹਿਆ, ਉਹ ਸਭ ਠੀਕ ਹੋ ਗਏ।

7 ਫਿਰ ਯਰੂਸ਼ਲਮ ਤੋਂ ਆਏ ਫ਼ਰੀਸੀ ਅਤੇ ਕੁਝ ਗ੍ਰੰਥੀ ਯਿਸੂ ਕੋਲ ਇਕੱਠੇ ਹੋਏ।+ 2 ਉਨ੍ਹਾਂ ਨੇ ਉਸ ਦੇ ਕੁਝ ਚੇਲਿਆਂ ਨੂੰ ਗੰਦੇ ਜਾਂ ਅਣਧੋਤੇ ਹੱਥਾਂ* ਨਾਲ ਖਾਣਾ ਖਾਂਦੇ ਦੇਖਿਆ। 3 (ਕਿਉਂਕਿ ਫ਼ਰੀਸੀ ਅਤੇ ਬਾਕੀ ਸਾਰੇ ਯਹੂਦੀ ਆਪਣੇ ਦਾਦਿਆਂ-ਪੜਦਾਦਿਆਂ ਦੀ ਰੀਤ ਅਨੁਸਾਰ ਉੱਨਾ ਚਿਰ ਖਾਣਾ ਨਹੀਂ ਖਾਂਦੇ ਸਨ ਜਿੰਨਾ ਚਿਰ ਉਹ ਕੂਹਣੀਆਂ ਤਕ ਹੱਥ ਨਾ ਧੋ ਲੈਣ 4 ਅਤੇ ਬਾਜ਼ਾਰੋਂ ਆਉਣ ਤੋਂ ਬਾਅਦ ਉਹ ਉਦੋਂ ਤਕ ਖਾਣਾ ਨਹੀਂ ਖਾਂਦੇ ਸਨ ਜਦ ਤਕ ਉਹ ਖ਼ੁਦ ਨੂੰ ਸ਼ੁੱਧ ਨਾ ਕਰ ਲੈਣ। ਉਹ ਇੱਦਾਂ ਦੀਆਂ ਹੋਰ ਵੀ ਕਈ ਰੀਤਾਂ ʼਤੇ ਚੱਲਣ ਵਿਚ ਬੜੇ ਕੱਟੜ ਸਨ ਜਿਵੇਂ ਕਿ ਕੱਪਾਂ, ਗੜਵਿਆਂ ਅਤੇ ਤਾਂਬੇ ਦੇ ਭਾਂਡਿਆਂ ਨੂੰ ਪਾਣੀ ਵਿਚ ਡੁਬੋ ਕੇ ਧੋਣਾ।)+ 5 ਇਸ ਲਈ ਫ਼ਰੀਸੀਆਂ ਤੇ ਗ੍ਰੰਥੀਆਂ ਨੇ ਉਸ ਨੂੰ ਪੁੱਛਿਆ: “ਤੇਰੇ ਚੇਲੇ ਦਾਦਿਆਂ-ਪੜਦਾਦਿਆਂ ਦੀ ਰੀਤ ਉੱਤੇ ਕਿਉਂ ਨਹੀਂ ਚੱਲਦੇ, ਉਹ ਗੰਦੇ ਹੱਥਾਂ ਨਾਲ ਕਿਉਂ ਖਾਣਾ ਖਾਂਦੇ ਹਨ?”+ 6 ਉਸ ਨੇ ਉਨ੍ਹਾਂ ਨੂੰ ਕਿਹਾ: “ਪਖੰਡੀਓ, ਯਸਾਯਾਹ ਨਬੀ ਨੇ ਤੁਹਾਡੇ ਬਾਰੇ ਠੀਕ ਹੀ ਭਵਿੱਖਬਾਣੀ ਕੀਤੀ ਸੀ, ਜਿਵੇਂ ਲਿਖਿਆ ਹੈ: ‘ਇਹ ਲੋਕ ਬੁੱਲ੍ਹਾਂ ਨਾਲ ਤਾਂ ਮੇਰਾ ਆਦਰ ਕਰਦੇ ਹਨ, ਪਰ ਇਨ੍ਹਾਂ ਦੇ ਦਿਲ ਮੇਰੇ ਤੋਂ ਕਿਤੇ ਦੂਰ ਹਨ।+ 7 ਇਹ ਬੇਕਾਰ ਵਿਚ ਹੀ ਮੇਰੀ ਭਗਤੀ ਕਰਦੇ ਹਨ ਕਿਉਂਕਿ ਇਹ ਇਨਸਾਨਾਂ ਦੇ ਬਣਾਏ ਹੁਕਮਾਂ ਦੀ ਹੀ ਸਿੱਖਿਆ ਦਿੰਦੇ ਹਨ।’+ 8 ਤੁਸੀਂ ਪਰਮੇਸ਼ੁਰ ਦੇ ਹੁਕਮਾਂ ʼਤੇ ਚੱਲਣ ਦੀ ਬਜਾਇ ਇਨਸਾਨਾਂ ਦੀ ਬਣਾਈ ਇਸ ਰੀਤ ʼਤੇ ਚੱਲਦੇ ਹੋ।”+

9 ਉਸ ਨੇ ਅੱਗੇ ਉਨ੍ਹਾਂ ਨੂੰ ਕਿਹਾ: “ਤੁਸੀਂ ਆਪਣੀਆਂ ਰੀਤਾਂ ਨੂੰ ਕਾਇਮ ਰੱਖਣ ਲਈ ਬੜੀ ਚਲਾਕੀ ਨਾਲ ਪਰਮੇਸ਼ੁਰ ਦੇ ਹੁਕਮਾਂ ਨੂੰ ਟਾਲ਼ ਦਿੰਦੇ ਹੋ।+ 10 ਮਿਸਾਲ ਲਈ, ਮੂਸਾ ਨੇ ਕਿਹਾ ਸੀ: ‘ਤੂੰ ਆਪਣੇ ਮਾਤਾ-ਪਿਤਾ ਦਾ ਆਦਰ ਕਰ’+ ਅਤੇ ‘ਜੇ ਕੋਈ ਆਪਣੇ ਪਿਤਾ ਜਾਂ ਮਾਤਾ ਨੂੰ ਮੰਦਾ ਬੋਲੇ,* ਉਸ ਨੂੰ ਜਾਨੋਂ ਮਾਰ ਦਿੱਤਾ ਜਾਵੇ।’+ 11 ਪਰ ਤੁਸੀਂ ਕਹਿੰਦੇ ਹੋ, ‘ਜੇ ਕੋਈ ਇਨਸਾਨ ਆਪਣੇ ਪਿਤਾ ਜਾਂ ਆਪਣੀ ਮਾਤਾ ਨੂੰ ਕਹੇ: “ਮੇਰੀਆਂ ਜਿਨ੍ਹਾਂ ਚੀਜ਼ਾਂ ਤੋਂ ਤੁਹਾਨੂੰ ਕੋਈ ਫ਼ਾਇਦਾ ਹੋ ਸਕਦਾ ਸੀ, ਉਹ ਕੁਰਬਾਨ ਹੋ ਚੁੱਕੀਆਂ ਹਨ (ਯਾਨੀ ਪਰਮੇਸ਼ੁਰ ਦੇ ਨਾਂ ਲੱਗ ਚੁੱਕੀਆਂ ਹਨ),”’ 12 ਇਸ ਤਰ੍ਹਾਂ ਤੁਸੀਂ ਉਸ ਨੂੰ ਆਪਣੇ ਮਾਤਾ-ਪਿਤਾ ਲਈ ਕੁਝ ਵੀ ਨਹੀਂ ਕਰਨ ਦਿੰਦੇ।+ 13 ਇਸ ਤਰ੍ਹਾਂ ਤੁਸੀਂ ਆਪਣੀਆਂ ਫੈਲਾਈਆਂ ਰੀਤਾਂ ਨਾਲ ਪਰਮੇਸ਼ੁਰ ਦੇ ਬਚਨ ਨੂੰ ਫ਼ਜ਼ੂਲ ਦੀ ਚੀਜ਼ ਬਣਾਉਂਦੇ ਹੋ।+ ਤੁਸੀਂ ਇਹੋ ਜਿਹੇ ਹੋਰ ਵੀ ਕਈ ਕੰਮ ਕਰਦੇ ਹੋ।”+ 14 ਯਿਸੂ ਨੇ ਭੀੜ ਨੂੰ ਦੁਬਾਰਾ ਆਪਣੇ ਕੋਲ ਬੁਲਾ ਕੇ ਕਿਹਾ: “ਤੁਸੀਂ ਸਾਰੇ ਮੇਰੀਆਂ ਗੱਲਾਂ ਸੁਣੋ ਅਤੇ ਇਨ੍ਹਾਂ ਦਾ ਮਤਲਬ ਸਮਝੋ।+ 15 ਇਨਸਾਨ ਜੋ ਕੁਝ ਖਾਂਦਾ ਹੈ, ਉਸ ਨਾਲ ਉਹ ਭ੍ਰਿਸ਼ਟ ਨਹੀਂ ਹੁੰਦਾ, ਸਗੋਂ ਉਸ ਦੇ ਮੂੰਹੋਂ ਜੋ ਨਿਕਲਦਾ ਹੈ, ਉਸ ਨਾਲ ਉਹ ਭ੍ਰਿਸ਼ਟ ਹੁੰਦਾ ਹੈ।”+ 16 *​—

17 ਹੁਣ ਜਦ ਉਹ ਭੀੜ ਨੂੰ ਛੱਡ ਕੇ ਇਕ ਘਰ ਵਿਚ ਗਿਆ, ਤਾਂ ਉਸ ਦੇ ਚੇਲਿਆਂ ਨੇ ਉਸ ਨੂੰ ਇਸ ਮਿਸਾਲ ਦਾ ਮਤਲਬ ਪੁੱਛਿਆ।+ 18 ਉਸ ਨੇ ਉਨ੍ਹਾਂ ਨੂੰ ਕਿਹਾ: “ਕੀ ਤੁਸੀਂ ਵੀ ਉਨ੍ਹਾਂ ਵਾਂਗ ਨਾਸਮਝ ਹੋ? ਕੀ ਤੁਸੀਂ ਨਹੀਂ ਜਾਣਦੇ ਕਿ ਇਨਸਾਨ ਜੋ ਕੁਝ ਖਾਂਦਾ ਹੈ, ਉਸ ਨਾਲ ਉਹ ਭ੍ਰਿਸ਼ਟ ਨਹੀਂ ਹੁੰਦਾ 19 ਕਿਉਂਕਿ ਖਾਣਾ ਦਿਲ ਵਿਚ ਨਹੀਂ, ਸਗੋਂ ਢਿੱਡ ਵਿਚ ਜਾਂਦਾ ਹੈ ਤੇ ਫਿਰ ਸਰੀਰ ਵਿੱਚੋਂ ਨਿਕਲ ਜਾਂਦਾ ਹੈ।” ਇਹ ਕਹਿ ਕੇ ਉਸ ਨੇ ਸਭ ਖਾਣ ਵਾਲੀਆਂ ਚੀਜ਼ਾਂ ਨੂੰ ਸ਼ੁੱਧ ਕਿਹਾ। 20 ਅੱਗੇ ਉਸ ਨੇ ਕਿਹਾ: “ਜੋ ਇਨਸਾਨ ਦੇ ਅੰਦਰੋਂ ਨਿਕਲਦਾ ਹੈ, ਉਸ ਨਾਲ ਉਹ ਭ੍ਰਿਸ਼ਟ ਹੁੰਦਾ ਹੈ+ 21 ਕਿਉਂਕਿ ਇਨਸਾਨ ਦੇ ਅੰਦਰੋਂ ਯਾਨੀ ਦਿਲ ਵਿੱਚੋਂ+ ਭੈੜੀ ਸੋਚ ਨਿਕਲਦੀ ਹੈ ਜਿਸ ਦਾ ਨਤੀਜਾ ਇਹ ਹੁੰਦਾ ਹੈ: ਹਰਾਮਕਾਰੀਆਂ,* ਚੋਰੀਆਂ, ਕਤਲ, 22 ਆਪਣੇ ਜੀਵਨ ਸਾਥੀ ਤੋਂ ਇਲਾਵਾ ਕਿਸੇ ਹੋਰ ਨਾਲ ਨਾਜਾਇਜ਼ ਸੰਬੰਧ ਰੱਖਣੇ, ਲੋਭ ਅਤੇ ਦੁਸ਼ਟ ਕੰਮ ਕਰਨੇ, ਮੱਕਾਰੀਆਂ, ਬੇਸ਼ਰਮੀ ਭਰੇ ਕੰਮ,* ਈਰਖਾ ਭਰੀਆਂ ਨਜ਼ਰਾਂ ਨਾਲ ਦੇਖਣਾ, ਦੂਜਿਆਂ ਦੀ ਨਿੰਦਿਆ ਕਰਨੀ, ਹੰਕਾਰ ਤੇ ਮੂਰਖਪੁਣਾ। 23 ਇਹ ਸਭ ਦੁਸ਼ਟ ਗੱਲਾਂ ਇਨਸਾਨ ਦੇ ਅੰਦਰੋਂ ਨਿਕਲਦੀਆਂ ਹਨ ਅਤੇ ਉਸ ਨੂੰ ਭ੍ਰਿਸ਼ਟ ਕਰਦੀਆਂ ਹਨ।”

24 ਉੱਥੋਂ ਉਹ ਸੋਰ ਤੇ ਸੀਦੋਨ ਦੇ ਇਲਾਕਿਆਂ ਵਿਚ ਚਲਾ ਗਿਆ।+ ਉੱਥੇ ਉਹ ਇਕ ਘਰ ਵਿਚ ਗਿਆ ਅਤੇ ਉਹ ਨਹੀਂ ਚਾਹੁੰਦਾ ਸੀ ਕਿ ਕਿਸੇ ਨੂੰ ਉਸ ਦੇ ਆਉਣ ਦੀ ਖ਼ਬਰ ਹੋਵੇ। ਪਰ ਉਹ ਲੋਕਾਂ ਦੀਆਂ ਨਜ਼ਰਾਂ ਤੋਂ ਬਚਿਆ ਨਾ ਰਿਹਾ। 25 ਇਕ ਤੀਵੀਂ ਨੇ ਉਸ ਬਾਰੇ ਸੁਣਿਆ ਅਤੇ ਉਹ ਤੁਰੰਤ ਉਸ ਕੋਲ ਆ ਕੇ ਉਸ ਦੇ ਪੈਰੀਂ ਪੈ ਗਈ। ਉਸ ਤੀਵੀਂ ਦੀ ਧੀ ਨੂੰ ਦੁਸ਼ਟ ਦੂਤ ਚਿੰਬੜਿਆ ਹੋਇਆ ਸੀ।+ 26 ਇਹ ਯੂਨਾਨੀ ਤੀਵੀਂ ਸੀਰੀਆ ਵਿਚ ਫੈਨੀਕੇ ਦੇ ਇਲਾਕੇ ਦੀ ਰਹਿਣ ਵਾਲੀ ਸੀ। ਉਹ ਯਿਸੂ ਨੂੰ ਵਾਰ-ਵਾਰ ਫ਼ਰਿਆਦ ਕਰਦੀ ਰਹੀ ਕਿ ਉਹ ਉਸ ਦੀ ਧੀ ਦਾ ਦੁਸ਼ਟ ਦੂਤ ਤੋਂ ਖਹਿੜਾ ਛੁਡਾਏ। 27 ਪਰ ਯਿਸੂ ਨੇ ਉਸ ਨੂੰ ਕਿਹਾ: “ਪਹਿਲਾਂ ਨਿਆਣੇ ਰੱਜ ਕੇ ਖਾ ਲੈਣ ਕਿਉਂਕਿ ਨਿਆਣਿਆਂ ਤੋਂ ਰੋਟੀ ਲੈ ਕੇ ਕਤੂਰਿਆਂ ਨੂੰ ਪਾਉਣੀ ਠੀਕ ਨਹੀਂ।”+ 28 ਤੀਵੀਂ ਨੇ ਉਸ ਨੂੰ ਕਿਹਾ: “ਤੂੰ ਠੀਕ ਕਹਿੰਦਾ ਹੈਂ ਪ੍ਰਭੂ, ਮੇਜ਼ ਹੇਠਾਂ ਕਤੂਰੇ ਨਿਆਣਿਆਂ ਦੀ ਰੋਟੀ ਦਾ ਡਿਗਿਆ ਚੂਰਾ-ਭੂਰਾ ਹੀ ਖਾਂਦੇ ਹਨ।” 29 ਇਹ ਸੁਣ ਕੇ ਯਿਸੂ ਨੇ ਉਸ ਨੂੰ ਕਿਹਾ: “ਕਿਉਂਕਿ ਤੂੰ ਇਹ ਗੱਲ ਕਹੀ ਹੈ, ਇਸ ਕਰਕੇ ਜਾਹ; ਤੇਰੀ ਧੀ ਵਿੱਚੋਂ ਦੁਸ਼ਟ ਦੂਤ ਨਿਕਲ ਗਿਆ ਹੈ।”+ 30 ਉਹ ਆਪਣੇ ਘਰ ਚਲੀ ਗਈ ਅਤੇ ਦੇਖਿਆ ਕਿ ਉਸ ਦੀ ਧੀ ਮੰਜੇ ਉੱਤੇ ਲੰਮੀ ਪਈ ਹੋਈ ਸੀ ਅਤੇ ਦੁਸ਼ਟ ਦੂਤ ਉਸ ਵਿੱਚੋਂ ਨਿਕਲ ਚੁੱਕਾ ਸੀ।+

31 ਉਹ ਸੋਰ ਦੇ ਇਲਾਕਿਆਂ ਤੋਂ ਵਾਪਸ ਆਉਂਦੇ ਸਮੇਂ ਸੀਦੋਨ ਅਤੇ ਦਿਕਾਪੁਲਿਸ* ਵਿੱਚੋਂ ਦੀ ਹੁੰਦਾ ਹੋਇਆ ਗਲੀਲ ਦੀ ਝੀਲ ਕੋਲ ਆਇਆ।+ 32 ਇੱਥੇ ਲੋਕ ਉਸ ਕੋਲ ਇਕ ਬੋਲ਼ੇ ਆਦਮੀ ਨੂੰ ਲਿਆਏ ਜਿਸ ਦੀ ਜ਼ਬਾਨ ਵਿਚ ਵੀ ਨੁਕਸ ਸੀ।+ ਉਨ੍ਹਾਂ ਨੇ ਯਿਸੂ ਨੂੰ ਉਸ ਉੱਤੇ ਹੱਥ ਰੱਖਣ ਦੀ ਬੇਨਤੀ ਕੀਤੀ। 33 ਉਹ ਉਸ ਨੂੰ ਭੀੜ ਤੋਂ ਦੂਰ ਲੈ ਗਿਆ ਅਤੇ ਉਸ ਦੇ ਕੰਨਾਂ ਵਿਚ ਆਪਣੀਆਂ ਉਂਗਲਾਂ ਪਾ ਕੇ ਥੁੱਕਿਆ ਅਤੇ ਉਸ ਦੀ ਜੀਭ ਨੂੰ ਛੂਹਿਆ।+ 34 ਫਿਰ ਯਿਸੂ ਨੇ ਆਕਾਸ਼ ਵੱਲ ਦੇਖ ਕੇ ਲੰਬਾ ਹਉਕਾ ਭਰਿਆ ਅਤੇ ਕਿਹਾ: “ਐਫਥਾ,” ਜਿਸ ਦਾ ਮਤਲਬ ਹੈ “ਖੁੱਲ੍ਹ ਜਾਹ।” 35 ਉਸ ਆਦਮੀ ਦੀ ਸੁਣਨ ਦੀ ਸ਼ਕਤੀ ਵਾਪਸ ਆ ਗਈ+ ਅਤੇ ਉਸ ਦੀ ਜ਼ਬਾਨ ਵੀ ਠੀਕ ਹੋ ਗਈ ਅਤੇ ਉਹ ਚੰਗੀ ਤਰ੍ਹਾਂ ਬੋਲਣ ਲੱਗ ਪਿਆ। 36 ਯਿਸੂ ਨੇ ਉਨ੍ਹਾਂ ਨੂੰ ਬੜੀ ਸਖ਼ਤੀ ਨਾਲ ਵਰਜਿਆ ਕਿ ਉਹ ਇਸ ਬਾਰੇ ਕਿਸੇ ਨੂੰ ਨਾ ਦੱਸਣ,+ ਪਰ ਉਹ ਜਿੰਨਾ ਉਨ੍ਹਾਂ ਨੂੰ ਦੱਸਣ ਤੋਂ ਰੋਕਦਾ ਸੀ, ਉਹ ਉੱਨਾ ਹੀ ਜ਼ਿਆਦਾ ਲੋਕਾਂ ਨੂੰ ਦੱਸਦੇ ਸਨ।+ 37 ਅਸਲ ਵਿਚ, ਉਹ ਬਹੁਤ ਹੈਰਾਨ ਹੁੰਦੇ ਸਨ+ ਤੇ ਕਹਿੰਦੇ ਸਨ: “ਉਸ ਦੇ ਸਾਰੇ ਕੰਮ ਬਹੁਤ ਵਧੀਆ ਹਨ। ਉਹ ਤਾਂ ਬੋਲ਼ਿਆਂ ਦੇ ਕੰਨ ਖੋਲ੍ਹਦਾ ਹੈ ਅਤੇ ਗੁੰਗਿਆਂ ਨੂੰ ਜ਼ਬਾਨ ਦਿੰਦਾ ਹੈ।”+

8 ਉਨ੍ਹੀਂ ਦਿਨੀਂ ਉਸ ਕੋਲ ਦੁਬਾਰਾ ਵੱਡੀ ਭੀੜ ਇਕੱਠੀ ਹੋਈ ਅਤੇ ਉਨ੍ਹਾਂ ਕੋਲ ਖਾਣ ਲਈ ਕੁਝ ਨਹੀਂ ਸੀ। ਇਸ ਲਈ ਉਸ ਨੇ ਆਪਣੇ ਚੇਲਿਆਂ ਨੂੰ ਬੁਲਾ ਕੇ ਕਿਹਾ: 2 “ਮੈਨੂੰ ਲੋਕਾਂ ʼਤੇ ਤਰਸ ਆ ਰਿਹਾ ਹੈ+ ਕਿਉਂਕਿ ਤਿੰਨਾਂ ਦਿਨਾਂ ਤੋਂ ਇਹ ਲੋਕ ਮੇਰੇ ਨਾਲ ਹਨ ਅਤੇ ਇਨ੍ਹਾਂ ਨੇ ਕੁਝ ਨਹੀਂ ਖਾਧਾ।+ 3 ਹੁਣ ਜੇ ਮੈਂ ਇਨ੍ਹਾਂ ਨੂੰ ਘਰ ਭੁੱਖੇ ਹੀ ਘੱਲ ਦੇਵਾਂ, ਤਾਂ ਇਹ ਰਾਹ ਵਿਚ ਹੀ ਡਿਗ ਪੈਣਗੇ। ਨਾਲੇ ਕਈ ਤਾਂ ਬੜੀ ਦੂਰੋਂ ਆਏ ਹਨ।” 4 ਪਰ ਚੇਲਿਆਂ ਨੇ ਉਸ ਨੂੰ ਕਿਹਾ: “ਇਨ੍ਹਾਂ ਲੋਕਾਂ ਨੂੰ ਰਜਾਉਣ ਲਈ ਇਸ ਉਜਾੜ ਥਾਂ ਵਿਚ ਕੋਈ ਕਿੱਥੋਂ ਇੰਨੀਆਂ ਰੋਟੀਆਂ ਲਿਆਵੇਗਾ?” 5 ਫਿਰ ਉਸ ਨੇ ਉਨ੍ਹਾਂ ਨੂੰ ਪੁੱਛਿਆ: “ਤੁਹਾਡੇ ਕੋਲ ਕਿੰਨੀਆਂ ਰੋਟੀਆਂ ਹਨ?” ਉਨ੍ਹਾਂ ਨੇ ਕਿਹਾ: “ਸੱਤ।”+ 6 ਉਸ ਨੇ ਭੀੜ ਨੂੰ ਜ਼ਮੀਨ ʼਤੇ ਬੈਠਣ ਲਈ ਕਿਹਾ। ਫਿਰ ਉਸ ਨੇ ਸੱਤ ਰੋਟੀਆਂ ਲਈਆਂ ਤੇ ਪਰਮੇਸ਼ੁਰ ਦਾ ਧੰਨਵਾਦ ਕਰਨ ਤੋਂ ਬਾਅਦ ਰੋਟੀਆਂ ਤੋੜੀਆਂ ਅਤੇ ਆਪਣੇ ਚੇਲਿਆਂ ਨੂੰ ਵਰਤਾਉਣ ਲਈ ਦਿੱਤੀਆਂ ਅਤੇ ਉਨ੍ਹਾਂ ਨੇ ਰੋਟੀਆਂ ਭੀੜ ਨੂੰ ਵਰਤਾਈਆਂ।+ 7 ਇਸੇ ਤਰ੍ਹਾਂ ਉਨ੍ਹਾਂ ਕੋਲ ਕੁਝ ਛੋਟੀਆਂ ਮੱਛੀਆਂ ਵੀ ਸਨ ਅਤੇ ਪਰਮੇਸ਼ੁਰ ਦਾ ਧੰਨਵਾਦ ਕਰ ਕੇ ਉਸ ਨੇ ਚੇਲਿਆਂ ਨੂੰ ਕਿਹਾ ਕਿ ਇਹ ਵੀ ਭੀੜ ਨੂੰ ਵਰਤਾਈਆਂ ਜਾਣ। 8 ਉਨ੍ਹਾਂ ਨੇ ਰੱਜ ਕੇ ਖਾਧਾ ਅਤੇ ਉਨ੍ਹਾਂ ਨੇ ਬਚੇ ਹੋਏ ਟੁਕੜੇ ਇਕੱਠੇ ਕੀਤੇ ਜਿਨ੍ਹਾਂ ਨਾਲ ਸੱਤ ਵੱਡੀਆਂ ਟੋਕਰੀਆਂ ਭਰ ਗਈਆਂ।+ 9 ਉੱਥੇ ਲਗਭਗ 4,000 ਆਦਮੀ ਸਨ। ਇਸ ਤੋਂ ਬਾਅਦ ਉਸ ਨੇ ਭੀੜ ਨੂੰ ਘੱਲ ਦਿੱਤਾ।

10 ਉਹ ਉਸੇ ਵੇਲੇ ਆਪਣੇ ਚੇਲਿਆਂ ਨਾਲ ਕਿਸ਼ਤੀ ਵਿਚ ਬੈਠ ਕੇ ਦਲਮਨੂਥਾ ਦੇ ਇਲਾਕੇ ਵਿਚ ਆ ਗਿਆ।+ 11 ਉੱਥੇ ਫ਼ਰੀਸੀ ਆਏ ਅਤੇ ਉਸ ਨਾਲ ਬਹਿਸ ਕਰਨ ਲੱਗੇ। ਉਨ੍ਹਾਂ ਨੇ ਉਸ ਨੂੰ ਅਜ਼ਮਾਉਣ ਲਈ ਉਸ ʼਤੇ ਜ਼ੋਰ ਪਾਇਆ ਕਿ ਉਹ ਆਕਾਸ਼ੋਂ ਕੋਈ ਨਿਸ਼ਾਨੀ ਦਿਖਾਵੇ।+ 12 ਇਸ ਕਰਕੇ ਉਹ ਮਨ ਵਿਚ ਬੜਾ ਦੁਖੀ ਹੋਇਆ ਅਤੇ ਉਸ ਨੇ ਕਿਹਾ: “ਇਹ ਪੀੜ੍ਹੀ ਕਿਉਂ ਨਿਸ਼ਾਨੀ ਦੇਖਣਾ ਚਾਹੁੰਦੀ ਹੈ?+ ਮੈਂ ਸੱਚ ਕਹਿੰਦਾ ਹਾਂ: ਇਸ ਪੀੜ੍ਹੀ ਨੂੰ ਕੋਈ ਨਿਸ਼ਾਨੀ ਨਹੀਂ ਦਿਖਾਈ ਜਾਵੇਗੀ।”+ 13 ਇਹ ਕਹਿ ਕੇ ਉਹ ਉਨ੍ਹਾਂ ਕੋਲੋਂ ਚਲਾ ਗਿਆ ਅਤੇ ਦੁਬਾਰਾ ਕਿਸ਼ਤੀ ਵਿਚ ਬੈਠ ਕੇ ਝੀਲ ਦੇ ਦੂਜੇ ਪਾਸੇ ਆ ਗਿਆ।

14 ਪਰ ਉਹ ਆਪਣੇ ਨਾਲ ਰੋਟੀਆਂ ਲਿਆਉਣੀਆਂ ਭੁੱਲ ਗਏ ਅਤੇ ਕਿਸ਼ਤੀ ਵਿਚ ਉਨ੍ਹਾਂ ਕੋਲ ਇਕ ਰੋਟੀ ਤੋਂ ਛੁੱਟ ਹੋਰ ਕੁਝ ਵੀ ਖਾਣ ਲਈ ਨਹੀਂ ਸੀ।+ 15 ਯਿਸੂ ਨੇ ਉਨ੍ਹਾਂ ਨੂੰ ਸਾਫ਼-ਸਾਫ਼ ਚੇਤਾਵਨੀ ਦਿੱਤੀ: “ਖ਼ਬਰਦਾਰ ਰਹੋ! ਫ਼ਰੀਸੀਆਂ ਦੇ ਖਮੀਰ ਤੋਂ ਅਤੇ ਹੇਰੋਦੇਸ ਦੇ ਖਮੀਰ ਤੋਂ ਬਚ ਕੇ ਰਹੋ।”+ 16 ਉਹ ਆਪਸ ਵਿਚ ਇਸ ਗੱਲ ʼਤੇ ਬਹਿਸਣ ਲੱਗੇ ਕਿ ਉਨ੍ਹਾਂ ਵਿੱਚੋਂ ਕੋਈ ਰੋਟੀਆਂ ਕਿਉਂ ਨਹੀਂ ਲੈ ਕੇ ਆਇਆ। 17 ਇਹ ਦੇਖ ਕੇ ਉਸ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਇਸ ਗੱਲ ʼਤੇ ਕਿਉਂ ਝਗੜ ਰਹੇ ਹੋ ਕਿ ਤੁਹਾਡੇ ਕੋਲ ਰੋਟੀਆਂ ਨਹੀਂ ਹਨ? ਕੀ ਤੁਹਾਨੂੰ ਅਜੇ ਵੀ ਇਸ ਗੱਲ ਦਾ ਮਤਲਬ ਸਮਝ ਨਹੀਂ ਆਇਆ? ਕੀ ਤੁਹਾਨੂੰ ਅਜੇ ਵੀ ਪਤਾ ਨਹੀਂ ਲੱਗਾ? 18 ‘ਕੀ ਅੱਖਾਂ ਹੁੰਦੇ ਹੋਏ ਵੀ ਤੁਸੀਂ ਨਹੀਂ ਦੇਖਦੇ ਅਤੇ ਕੰਨ ਹੁੰਦੇ ਹੋਏ ਵੀ ਨਹੀਂ ਸੁਣਦੇ?’ ਕੀ ਤੁਹਾਨੂੰ ਯਾਦ ਨਹੀਂ 19 ਜਦੋਂ ਮੈਂ ਪੰਜ ਰੋਟੀਆਂ+ 5,000 ਆਦਮੀਆਂ ਵਿਚ ਵੰਡੀਆਂ ਸਨ, ਤਾਂ ਉਸ ਵੇਲੇ ਬਚੇ ਹੋਏ ਟੁਕੜਿਆਂ ਨਾਲ ਕਿੰਨੀਆਂ ਟੋਕਰੀਆਂ ਭਰੀਆਂ ਸਨ?” ਉਨ੍ਹਾਂ ਨੇ ਕਿਹਾ: “ਬਾਰਾਂ।”+ 20 “ਜਦੋਂ ਮੈਂ ਸੱਤ ਰੋਟੀਆਂ 4,000 ਆਦਮੀਆਂ ਵਿਚ ਵੰਡੀਆਂ ਸਨ, ਤਾਂ ਉਸ ਵੇਲੇ ਬਚੇ ਹੋਏ ਟੁਕੜਿਆਂ ਨਾਲ ਕਿੰਨੀਆਂ ਟੋਕਰੀਆਂ ਭਰੀਆਂ ਸਨ?” ਉਨ੍ਹਾਂ ਨੇ ਕਿਹਾ: “ਸੱਤ।”+ 21 ਫਿਰ ਉਸ ਨੇ ਕਿਹਾ: “ਕੀ ਤੁਸੀਂ ਅਜੇ ਵੀ ਨਹੀਂ ਸਮਝੇ?”

22 ਫਿਰ ਉਹ ਬੈਤਸੈਦਾ ਵਿਚ ਆਏ। ਉੱਥੇ ਲੋਕ ਯਿਸੂ ਕੋਲ ਇਕ ਅੰਨ੍ਹੇ ਆਦਮੀ ਨੂੰ ਲਿਆਏ ਅਤੇ ਉਸ ਨੂੰ ਬੇਨਤੀ ਕੀਤੀ ਕਿ ਉਹ ਉਸ ਅੰਨ੍ਹੇ ਨੂੰ ਛੂਹੇ।+ 23 ਯਿਸੂ ਅੰਨ੍ਹੇ ਦਾ ਹੱਥ ਫੜ ਕੇ ਉਸ ਨੂੰ ਪਿੰਡੋਂ ਬਾਹਰ ਲਿਆਇਆ। ਫਿਰ ਉਸ ਦੀਆਂ ਅੱਖਾਂ ʼਤੇ ਥੁੱਕਿਆ+ ਅਤੇ ਆਪਣੇ ਹੱਥ ਉਸ ਉੱਤੇ ਰੱਖ ਕੇ ਪੁੱਛਿਆ: “ਕੀ ਤੈਨੂੰ ਕੁਝ ਦਿਖਾਈ ਦਿੰਦਾ ਹੈ?” 24 ਉਸ ਆਦਮੀ ਨੇ ਇੱਧਰ-ਉੱਧਰ ਦੇਖਿਆ ਅਤੇ ਕਿਹਾ: “ਮੈਨੂੰ ਇਨਸਾਨ ਤਾਂ ਦਿਖਾਈ ਦਿੰਦੇ ਹਨ, ਪਰ ਇੱਦਾਂ ਲੱਗਦਾ ਹੈ ਜਿਵੇਂ ਉਹ ਤੁਰਦੇ-ਫਿਰਦੇ ਦਰਖ਼ਤ ਹੋਣ।” 25 ਫਿਰ ਉਸ ਨੇ ਦੁਬਾਰਾ ਆਪਣੇ ਹੱਥ ਆਦਮੀ ਦੀਆਂ ਅੱਖਾਂ ਉੱਤੇ ਰੱਖੇ ਅਤੇ ਉਸ ਆਦਮੀ ਨੂੰ ਦਿਸਣ ਲੱਗ ਪਿਆ। ਉਸ ਦੀ ਨਜ਼ਰ ਠੀਕ ਹੋ ਗਈ ਅਤੇ ਉਸ ਨੂੰ ਸਾਰੀਆਂ ਚੀਜ਼ਾਂ ਸਾਫ਼-ਸਾਫ਼ ਦਿਸਣ ਲੱਗ ਪਈਆਂ। 26 ਫਿਰ ਉਸ ਨੇ ਆਦਮੀ ਨੂੰ ਘਰ ਘੱਲਦੇ ਹੋਏ ਕਿਹਾ: “ਤੂੰ ਪਿੰਡ ਵਾਪਸ ਨਾ ਜਾਈਂ।”

27 ਹੁਣ ਯਿਸੂ ਅਤੇ ਉਸ ਦੇ ਚੇਲੇ ਕੈਸਰੀਆ ਫ਼ਿਲਿੱਪੀ ਦੇ ਪਿੰਡਾਂ ਵੱਲ ਨੂੰ ਤੁਰ ਪਏ ਅਤੇ ਰਾਹ ਵਿਚ ਉਸ ਨੇ ਆਪਣੇ ਚੇਲਿਆਂ ਨੂੰ ਪੁੱਛਿਆ: “ਲੋਕਾਂ ਮੁਤਾਬਕ ਮੈਂ ਕੌਣ ਹਾਂ?”+ 28 ਉਨ੍ਹਾਂ ਨੇ ਉਸ ਨੂੰ ਕਿਹਾ: “ਕੁਝ ਲੋਕ ਕਹਿੰਦੇ ਹਨ ਯੂਹੰਨਾ ਬਪਤਿਸਮਾ ਦੇਣ ਵਾਲਾ,+ ਕੁਝ ਕਹਿੰਦੇ ਹਨ ਏਲੀਯਾਹ+ ਤੇ ਕਈ ਕਹਿੰਦੇ ਹਨ, ਨਬੀਆਂ ਵਿੱਚੋਂ ਕੋਈ ਨਬੀ।” 29 ਫਿਰ ਉਸ ਨੇ ਉਨ੍ਹਾਂ ਨੂੰ ਪੁੱਛਿਆ: “ਪਰ ਤੁਹਾਡੇ ਮੁਤਾਬਕ ਮੈਂ ਕੌਣ ਹਾਂ?” ਪਤਰਸ ਨੇ ਜਵਾਬ ਦਿੱਤਾ: “ਤੂੰ ਮਸੀਹ ਹੈਂ।”+ 30 ਇਹ ਸੁਣ ਕੇ ਉਸ ਨੇ ਉਨ੍ਹਾਂ ਨੂੰ ਸਖ਼ਤੀ ਨਾਲ ਵਰਜਿਆ ਕਿ ਉਹ ਉਸ ਬਾਰੇ ਕਿਸੇ ਨੂੰ ਨਾ ਦੱਸਣ।+ 31 ਨਾਲੇ ਉਹ ਉਨ੍ਹਾਂ ਨੂੰ ਸਿਖਾਉਣ ਲੱਗਾ ਕਿ ਮਨੁੱਖ ਦੇ ਪੁੱਤਰ ਨੂੰ ਬਹੁਤ ਅਤਿਆਚਾਰ ਸਹਿਣੇ ਪੈਣਗੇ ਅਤੇ ਬਜ਼ੁਰਗ, ਮੁੱਖ ਪੁਜਾਰੀ ਤੇ ਗ੍ਰੰਥੀ ਉਸ ਨੂੰ ਕਬੂਲ ਨਹੀਂ ਕਰਨਗੇ ਅਤੇ ਉਸ ਨੂੰ ਜਾਨੋਂ ਮਾਰਿਆ ਜਾਵੇਗਾ,+ ਪਰ ਉਹ ਤਿੰਨਾਂ ਦਿਨਾਂ ਬਾਅਦ ਦੁਬਾਰਾ ਜੀਉਂਦਾ ਹੋ ਜਾਵੇਗਾ।+ 32 ਉਸ ਨੇ ਇਹ ਗੱਲ ਸਾਫ਼-ਸਾਫ਼ ਕਹੀ। ਪਰ ਪਤਰਸ ਨੇ ਉਸ ਨੂੰ ਇਕ ਪਾਸੇ ਲਿਜਾ ਕੇ ਝਿੜਕਿਆ।+ 33 ਉਸ ਨੇ ਮੁੜ ਕੇ ਆਪਣੇ ਚੇਲਿਆਂ ਵੱਲ ਦੇਖਿਆ ਅਤੇ ਪਤਰਸ ਨੂੰ ਝਿੜਕਦੇ ਹੋਏ ਕਿਹਾ: “ਹੇ ਸ਼ੈਤਾਨ, ਪਰੇ ਹਟ! ਕਿਉਂਕਿ ਤੂੰ ਪਰਮੇਸ਼ੁਰ ਵਾਂਗ ਨਹੀਂ, ਸਗੋਂ ਇਨਸਾਨਾਂ ਵਾਂਗ ਸੋਚਦਾ ਹੈਂ।”+

34 ਹੁਣ ਉਸ ਨੇ ਆਪਣੇ ਚੇਲਿਆਂ ਦੇ ਨਾਲ ਭੀੜ ਨੂੰ ਵੀ ਬੁਲਾਇਆ ਅਤੇ ਉਨ੍ਹਾਂ ਨੂੰ ਕਿਹਾ: “ਜੇ ਕੋਈ ਮੇਰੇ ਪਿੱਛੇ ਆਉਣਾ ਚਾਹੁੰਦਾ ਹੈ, ਤਾਂ ਉਹ ਆਪਣੇ ਆਪ ਦਾ ਤਿਆਗ ਕਰੇ ਅਤੇ ਆਪਣੀ ਤਸੀਹੇ ਦੀ ਸੂਲ਼ੀ* ਚੁੱਕ ਕੇ ਮੇਰੇ ਪਿੱਛੇ-ਪਿੱਛੇ ਚੱਲਦਾ ਰਹੇ।+ 35 ਜਿਹੜਾ ਇਨਸਾਨ ਆਪਣੀ ਜਾਨ ਬਚਾਉਣੀ ਚਾਹੁੰਦਾ ਹੈ, ਉਹ ਆਪਣੀ ਜਾਨ ਗੁਆ ਬੈਠੇਗਾ, ਪਰ ਜਿਹੜਾ ਇਨਸਾਨ ਮੇਰੀ ਖ਼ਾਤਰ ਅਤੇ ਖ਼ੁਸ਼ ਖ਼ਬਰੀ ਦੀ ਖ਼ਾਤਰ ਆਪਣੀ ਜਾਨ ਗੁਆਉਂਦਾ ਹੈ, ਉਹ ਆਪਣੀ ਜਾਨ ਬਚਾ ਲਵੇਗਾ।+ 36 ਕੀ ਫ਼ਾਇਦਾ ਜੇ ਇਨਸਾਨ ਸਾਰੀ ਦੁਨੀਆਂ ਨੂੰ ਖੱਟ ਲਵੇ, ਪਰ ਆਪਣੀ ਜਾਨ ਗੁਆ ਬੈਠੇ?+ 37 ਇਕ ਇਨਸਾਨ ਆਪਣੀ ਜਾਨ ਦੇ ਬਦਲੇ ਕੀ ਦੇ ਸਕਦਾ ਹੈ?+ 38 ਜਿਹੜਾ ਇਨਸਾਨ ਇਸ ਹਰਾਮਕਾਰ* ਅਤੇ ਪਾਪੀ ਪੀੜ੍ਹੀ ਸਾਮ੍ਹਣੇ ਮੇਰਾ ਚੇਲਾ ਹੋਣ ਅਤੇ ਮੇਰੀਆਂ ਸਿੱਖਿਆਵਾਂ ਉੱਤੇ ਚੱਲਣ ਵਿਚ ਸ਼ਰਮਿੰਦਗੀ ਮਹਿਸੂਸ ਕਰਦਾ ਹੈ, ਮਨੁੱਖ ਦਾ ਪੁੱਤਰ ਵੀ ਉਸ ਨੂੰ ਆਪਣਾ ਚੇਲਾ ਮੰਨਣ ਵਿਚ ਸ਼ਰਮਿੰਦਗੀ ਮਹਿਸੂਸ ਕਰੇਗਾ+ ਜਦੋਂ ਉਹ ਆਪਣੇ ਪਵਿੱਤਰ ਦੂਤਾਂ ਸਣੇ ਆਪਣੇ ਪਿਤਾ ਦੀ ਸ਼ਾਨੋ-ਸ਼ੌਕਤ ਨਾਲ ਆਵੇਗਾ।”+

9 ਉਸ ਨੇ ਅੱਗੇ ਉਨ੍ਹਾਂ ਨੂੰ ਕਿਹਾ: “ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਇੱਥੇ ਖੜ੍ਹੇ ਕੁਝ ਜਣੇ ਉੱਨਾ ਚਿਰ ਨਹੀਂ ਮਰਨਗੇ ਜਿੰਨਾ ਚਿਰ ਉਹ ਪਰਮੇਸ਼ੁਰ ਦੇ ਰਾਜ ਨੂੰ ਹਕੂਮਤ ਕਰਦਿਆਂ ਨਾ ਦੇਖ ਲੈਣ।”+ 2 ਇਸ ਤੋਂ ਛੇ ਦਿਨਾਂ ਬਾਅਦ ਯਿਸੂ ਆਪਣੇ ਨਾਲ ਪਤਰਸ, ਯਾਕੂਬ ਅਤੇ ਯੂਹੰਨਾ ਨੂੰ ਇਕ ਉੱਚੇ ਪਹਾੜ ਉੱਤੇ ਲੈ ਗਿਆ ਅਤੇ ਉੱਥੇ ਉਨ੍ਹਾਂ ਤੋਂ ਸਿਵਾਇ ਹੋਰ ਕੋਈ ਨਹੀਂ ਸੀ। ਉਨ੍ਹਾਂ ਦੇ ਸਾਮ੍ਹਣੇ ਉਸ ਦਾ ਰੂਪ ਬਦਲ ਗਿਆ;+ 3 ਉਸ ਦੇ ਕੱਪੜੇ ਚਮਕੀਲੇ ਹੋ ਗਏ, ਇੰਨੇ ਚਿੱਟੇ ਕਿ ਦੁਨੀਆਂ ਦਾ ਕੋਈ ਵੀ ਧੋਬੀ ਇੰਨੇ ਚਿੱਟੇ ਨਹੀਂ ਕਰ ਸਕਦਾ। 4 ਨਾਲੇ ਉਨ੍ਹਾਂ ਸਾਮ੍ਹਣੇ ਏਲੀਯਾਹ ਤੇ ਮੂਸਾ ਪ੍ਰਗਟ ਹੋਏ ਅਤੇ ਉਹ ਦੋਵੇਂ ਯਿਸੂ ਨਾਲ ਗੱਲਾਂ ਕਰ ਰਹੇ ਸਨ। 5 ਫਿਰ ਪਤਰਸ ਨੇ ਯਿਸੂ ਨੂੰ ਕਿਹਾ: “ਗੁਰੂ ਜੀ,* ਕਿੰਨਾ ਚੰਗਾ ਹੈ ਕਿ ਅਸੀਂ ਇੱਥੇ ਹਾਂ। ਅਸੀਂ ਹੁਣ ਤਿੰਨ ਤੰਬੂ ਲਾ ਦਿੰਦੇ ਹਾਂ, ਇਕ ਤੇਰੇ ਲਈ, ਇਕ ਮੂਸਾ ਲਈ ਤੇ ਇਕ ਏਲੀਯਾਹ ਲਈ।” 6 ਅਸਲ ਵਿਚ, ਪਤਰਸ ਨੂੰ ਪਤਾ ਨਹੀਂ ਲੱਗ ਰਿਹਾ ਸੀ ਕਿ ਉਹ ਹੋਰ ਕੀ ਕਹੇ ਕਿਉਂਕਿ ਉਹ ਤਿੰਨੇ ਚੇਲੇ ਬਹੁਤ ਡਰ ਗਏ ਸਨ। 7 ਫਿਰ ਉੱਥੇ ਬੱਦਲ ਛਾ ਗਿਆ ਅਤੇ ਉਨ੍ਹਾਂ ਨੂੰ ਢਕ ਲਿਆ ਅਤੇ ਬੱਦਲ ਵਿੱਚੋਂ ਆਵਾਜ਼ ਆਈ:+ “ਇਹ ਮੇਰਾ ਪਿਆਰਾ ਪੁੱਤਰ ਹੈ।+ ਇਸ ਦੀ ਗੱਲ ਸੁਣੋ।”+ 8 ਫਿਰ ਅਚਾਨਕ ਜਦ ਉਨ੍ਹਾਂ ਨੇ ਆਲੇ-ਦੁਆਲੇ ਦੇਖਿਆ, ਤਾਂ ਉੱਥੇ ਯਿਸੂ ਤੋਂ ਸਿਵਾਇ ਹੋਰ ਕੋਈ ਨਹੀਂ ਸੀ।

9 ਜਦ ਉਹ ਪਹਾੜੋਂ ਥੱਲੇ ਆ ਰਹੇ ਸਨ, ਤਾਂ ਉਸ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਕਿ ਉਨ੍ਹਾਂ ਨੇ ਜੋ ਦੇਖਿਆ ਸੀ, ਉਸ ਬਾਰੇ ਉੱਨਾ ਚਿਰ ਕਿਸੇ ਨੂੰ ਨਾ ਦੱਸਣ+ ਜਿੰਨਾ ਚਿਰ ਮਨੁੱਖ ਦਾ ਪੁੱਤਰ ਮਰਿਆਂ ਵਿੱਚੋਂ ਦੁਬਾਰਾ ਜੀਉਂਦਾ ਨਾ ਹੋ ਜਾਵੇ।+ 10 ਇਸ ਲਈ ਉਨ੍ਹਾਂ ਨੇ ਇਹ ਗੱਲ ਦਿਲ ਵਿਚ ਬਿਠਾ ਲਈ,* ਪਰ ਉਨ੍ਹਾਂ ਨੇ ਆਪਸ ਵਿਚ ਗੱਲ ਕੀਤੀ ਕਿ ਉਸ ਦੇ ਮੁੜ ਜੀਉਂਦੇ ਹੋਣ ਦਾ ਕੀ ਮਤਲਬ ਹੈ। 11 ਉਨ੍ਹਾਂ ਨੇ ਉਸ ਨੂੰ ਪੁੱਛਿਆ: “ਗ੍ਰੰਥੀ ਇਹ ਕਿਉਂ ਕਹਿੰਦੇ ਹਨ ਕਿ ਪਹਿਲਾਂ ਏਲੀਯਾਹ+ ਦਾ ਆਉਣਾ ਜ਼ਰੂਰੀ ਹੈ?”+ 12 ਉਸ ਨੇ ਉਨ੍ਹਾਂ ਨੂੰ ਕਿਹਾ: “ਏਲੀਯਾਹ ਪਹਿਲਾਂ ਜ਼ਰੂਰ ਆਵੇਗਾ ਅਤੇ ਸਭ ਕੁਝ ਠੀਕ ਕਰੇਗਾ;+ ਪਰ ਇਸ ਗੱਲ ਦਾ ਮਨੁੱਖ ਦੇ ਪੁੱਤਰ ਬਾਰੇ ਲਿਖੀਆਂ ਇਨ੍ਹਾਂ ਗੱਲਾਂ ਨਾਲ ਕੀ ਸੰਬੰਧ ਹੈ ਕਿ ਉਸ ਨੂੰ ਦੁੱਖ ਝੱਲਣੇ ਪੈਣਗੇ+ ਅਤੇ ਲੋਕ ਉਸ ਨਾਲ ਨਫ਼ਰਤ ਕਰਨਗੇ?+ 13 ਪਰ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਏਲੀਯਾਹ+ ਤਾਂ ਆ ਚੁੱਕਾ ਹੈ ਅਤੇ ਉਨ੍ਹਾਂ ਨੇ ਉਸ ਨਾਲ ਆਪਣੀ ਮਨ-ਮਰਜ਼ੀ ਮੁਤਾਬਕ ਸਲੂਕ ਕੀਤਾ ਜਿਵੇਂ ਉਸ ਬਾਰੇ ਧਰਮ-ਗ੍ਰੰਥ ਵਿਚ ਲਿਖਿਆ ਗਿਆ ਹੈ।”+

14 ਜਦ ਯਿਸੂ ਅਤੇ ਤਿੰਨ ਚੇਲੇ ਦੂਸਰੇ ਚੇਲਿਆਂ ਵੱਲ ਆ ਰਹੇ ਸਨ, ਤਾਂ ਉਨ੍ਹਾਂ ਨੇ ਦੇਖਿਆ ਕਿ ਚੇਲਿਆਂ ਦੁਆਲੇ ਵੱਡੀ ਭੀੜ ਇਕੱਠੀ ਹੋਈ ਸੀ ਅਤੇ ਗ੍ਰੰਥੀ ਉਨ੍ਹਾਂ ਨਾਲ ਬਹਿਸ ਕਰ ਰਹੇ ਸਨ।+ 15 ਪਰ ਸਾਰੀ ਭੀੜ ਯਿਸੂ ਨੂੰ ਆਉਂਦਿਆਂ ਦੇਖ ਕੇ ਹੈਰਾਨ ਰਹਿ ਗਈ ਅਤੇ ਲੋਕਾਂ ਨੇ ਭੱਜ ਕੇ ਉਸ ਨੂੰ ਸਲਾਮ ਕੀਤਾ। 16 ਉਸ ਨੇ ਲੋਕਾਂ ਨੂੰ ਪੁੱਛਿਆ: “ਤੁਸੀਂ ਚੇਲਿਆਂ ਨਾਲ ਕਿਸ ਗੱਲ ʼਤੇ ਬਹਿਸ ਰਹੇ ਹੋ?” 17 ਭੀੜ ਵਿੱਚੋਂ ਇਕ ਜਣੇ ਨੇ ਕਿਹਾ: “ਗੁਰੂ ਜੀ, ਮੈਂ ਆਪਣੇ ਮੁੰਡੇ ਨੂੰ ਤੇਰੇ ਕੋਲ ਲਿਆਇਆ ਸੀ ਕਿਉਂਕਿ ਉਸ ਨੂੰ ਦੁਸ਼ਟ ਦੂਤ ਚਿੰਬੜਿਆ ਹੋਇਆ ਹੈ ਜਿਸ ਨੇ ਮੁੰਡੇ ਨੂੰ ਗੁੰਗਾ ਕਰ ਦਿੱਤਾ ਹੈ।+ 18 ਜਿੱਥੇ ਵੀ ਉਹ ਮੁੰਡੇ ਨੂੰ ਆ ਪੈਂਦਾ ਹੈ, ਉੱਥੇ ਹੀ ਉਸ ਨੂੰ ਪਟਕਾ-ਪਟਕਾ ਕੇ ਜ਼ਮੀਨ ʼਤੇ ਮਾਰਦਾ ਹੈ ਅਤੇ ਮੁੰਡਾ ਮੂੰਹੋਂ ਝੱਗ ਛੱਡਣ ਲੱਗ ਪੈਂਦਾ ਹੈ ਤੇ ਦੰਦ ਪੀਂਹਦਾ ਹੈ ਅਤੇ ਉਸ ਵਿਚ ਜ਼ਰਾ ਵੀ ਜਾਨ ਨਹੀਂ ਰਹਿੰਦੀ। ਮੈਂ ਤੇਰੇ ਚੇਲਿਆਂ ਨੂੰ ਉਸ ਵਿੱਚੋਂ ਦੁਸ਼ਟ ਦੂਤ ਨੂੰ ਕੱਢਣ ਲਈ ਕਿਹਾ, ਪਰ ਉਹ ਉਸ ਨੂੰ ਕੱਢ ਨਾ ਪਾਏ।” 19 ਉਸ ਨੇ ਉਨ੍ਹਾਂ ਨੂੰ ਕਿਹਾ: “ਹੇ ਅਵਿਸ਼ਵਾਸੀ ਪੀੜ੍ਹੀ,+ ਮੈਂ ਹੋਰ ਕਿੰਨਾ ਚਿਰ ਤੁਹਾਡੇ ਨਾਲ ਰਹਾਂ? ਮੈਂ ਤੁਹਾਨੂੰ ਹੋਰ ਕਿੰਨਾ ਚਿਰ ਸਹਿੰਦਾ ਰਹਾਂ? ਉਸ ਨੂੰ ਮੇਰੇ ਕੋਲ ਲੈ ਕੇ ਆਓ।”+ 20 ਉਹ ਮੁੰਡੇ ਨੂੰ ਯਿਸੂ ਕੋਲ ਲਿਆਏ, ਪਰ ਯਿਸੂ ਨੂੰ ਦੇਖਦਿਆਂ ਸਾਰ ਦੁਸ਼ਟ ਦੂਤ ਨੇ ਮੁੰਡੇ ਨੂੰ ਮਰੋੜਿਆ-ਮਰਾੜਿਆ। ਮੁੰਡਾ ਜ਼ਮੀਨ ਉੱਤੇ ਡਿਗ ਪਿਆ ਅਤੇ ਮੂੰਹੋਂ ਝੱਗ ਛੱਡਣ ਲੱਗ ਪਿਆ। 21 ਫਿਰ ਯਿਸੂ ਨੇ ਮੁੰਡੇ ਦੇ ਪਿਤਾ ਨੂੰ ਪੁੱਛਿਆ: “ਇਸ ਦੀ ਇਹ ਹਾਲਤ ਕਿੰਨੇ ਕੁ ਚਿਰ ਤੋਂ ਹੈ?” ਉਸ ਨੇ ਕਿਹਾ: “ਛੋਟੇ ਹੁੰਦਿਆਂ ਤੋਂ ਹੀ। 22 ਦੁਸ਼ਟ ਦੂਤ ਉਸ ਨੂੰ ਅਕਸਰ ਅੱਗ ਤੇ ਪਾਣੀ ਵਿਚ ਸੁੱਟ ਕੇ ਮਾਰਨ ਦੀ ਕੋਸ਼ਿਸ਼ ਕਰਦਾ ਹੈ। ਪਰ ਜੇ ਤੂੰ ਕੁਝ ਕਰ ਸਕਦਾ ਹੈਂ, ਤਾਂ ਸਾਡੇ ʼਤੇ ਰਹਿਮ ਕਰ ਅਤੇ ਸਾਡੀ ਮਦਦ ਕਰ।” 23 ਯਿਸੂ ਨੇ ਉਸ ਨੂੰ ਕਿਹਾ: “ਤੂੰ ਇਹ ਕਿਉਂ ਕਹਿ ਰਿਹਾ ਹੈਂ, ‘ਜੇ ਤੂੰ ਕੁਝ ਕਰ ਸਕਦਾ ਹੈਂ’? ਜੋ ਨਿਹਚਾ ਕਰਦਾ ਹੈ, ਉਸ ਲਈ ਸਭ ਕੁਝ ਮੁਮਕਿਨ ਹੈ।”+ 24 ਉਸੇ ਵੇਲੇ ਮੁੰਡੇ ਦੇ ਪਿਤਾ ਨੇ ਉੱਚੀ-ਉੱਚੀ ਕਿਹਾ: “ਮੈਂ ਨਿਹਚਾ ਕਰਦਾ ਹਾਂ! ਪਰ ਜੇ ਮੇਰੀ ਨਿਹਚਾ ਕਮਜ਼ੋਰ ਹੈ, ਤਾਂ ਇਸ ਨੂੰ ਪੱਕੀ ਕਰਨ ਵਿਚ ਮੇਰੀ ਮਦਦ ਕਰ!”+

25 ਜਦੋਂ ਯਿਸੂ ਨੇ ਦੇਖਿਆ ਕਿ ਲੋਕ ਉਨ੍ਹਾਂ ਵੱਲ ਭੱਜੇ ਆ ਰਹੇ ਸਨ, ਤਾਂ ਉਸ ਨੇ ਦੁਸ਼ਟ ਦੂਤ ਨੂੰ ਝਿੜਕਦੇ ਹੋਏ ਕਿਹਾ: “ਓਏ ਗੁੰਗੇ ਤੇ ਬੋਲ਼ੇ ਦੁਸ਼ਟ ਦੂਤਾ, ਮੈਂ ਤੈਨੂੰ ਹੁਕਮ ਦਿੰਦਾ ਹਾਂ ਮੁੰਡੇ ਵਿੱਚੋਂ ਨਿਕਲ ਜਾ ਅਤੇ ਫਿਰ ਮੁੜ ਕੇ ਨਾ ਇਸ ਨੂੰ ਚਿੰਬੜੀ!”+ 26 ਉਹ ਉੱਚੀ-ਉੱਚੀ ਚੀਕਾਂ ਮਾਰ ਕੇ ਅਤੇ ਮੁੰਡੇ ਨੂੰ ਮਰੋੜ-ਮਰਾੜ ਕੇ ਉਸ ਵਿੱਚੋਂ ਨਿਕਲ ਗਿਆ ਤੇ ਮੁੰਡਾ ਮਰਿਆਂ ਵਰਗਾ ਹੋ ਗਿਆ। ਇਸ ਲਈ ਜ਼ਿਆਦਾਤਰ ਲੋਕ ਕਹਿਣ ਲੱਗੇ: “ਇਹ ਤਾਂ ਮਰ ਗਿਆ!” 27 ਪਰ ਯਿਸੂ ਨੇ ਮੁੰਡੇ ਦਾ ਹੱਥ ਫੜ ਕੇ ਉਸ ਨੂੰ ਉਠਾਇਆ ਤੇ ਉਹ ਖੜ੍ਹਾ ਹੋ ਗਿਆ। 28 ਫਿਰ ਯਿਸੂ ਅਤੇ ਉਸ ਦੇ ਚੇਲੇ ਇਕ ਘਰ ਵਿਚ ਗਏ ਅਤੇ ਉਨ੍ਹਾਂ ਨੇ ਉਸ ਨੂੰ ਪੁੱਛਿਆ: “ਅਸੀਂ ਉਸ ਦੁਸ਼ਟ ਦੂਤ ਨੂੰ ਕਿਉਂ ਨਹੀਂ ਕੱਢ ਸਕੇ?”+ 29 ਉਸ ਨੇ ਉਨ੍ਹਾਂ ਨੂੰ ਕਿਹਾ: “ਇਹੋ ਜਿਹੇ ਦੁਸ਼ਟ ਦੂਤ ਨੂੰ ਪ੍ਰਾਰਥਨਾ ਕਰ ਕੇ ਹੀ ਕੱਢਿਆ ਜਾ ਸਕਦਾ ਹੈ।”

30 ਫਿਰ ਉਹ ਉੱਥੋਂ ਤੁਰ ਪਏ ਅਤੇ ਗਲੀਲ ਵਿੱਚੋਂ ਦੀ ਲੰਘੇ, ਪਰ ਉਹ ਨਹੀਂ ਚਾਹੁੰਦਾ ਸੀ ਕਿ ਇਸ ਬਾਰੇ ਕਿਸੇ ਨੂੰ ਪਤਾ ਲੱਗੇ। 31 ਕਿਉਂਕਿ ਉਹ ਆਪਣੇ ਚੇਲਿਆਂ ਨੂੰ ਸਿਖਾ ਰਿਹਾ ਸੀ ਅਤੇ ਦੱਸ ਰਿਹਾ ਸੀ: “ਮਨੁੱਖ ਦੇ ਪੁੱਤਰ ਨੂੰ ਧੋਖੇ ਨਾਲ ਲੋਕਾਂ ਦੇ ਹਵਾਲੇ ਕੀਤਾ ਜਾਵੇਗਾ ਅਤੇ ਉਹ ਉਸ ਨੂੰ ਜਾਨੋਂ ਮਾਰ ਦੇਣਗੇ,+ ਪਰ ਉਹ ਤਿੰਨਾਂ ਦਿਨਾਂ ਬਾਅਦ ਜੀਉਂਦਾ ਹੋ ਜਾਵੇਗਾ।”+ 32 ਪਰ ਚੇਲੇ ਉਸ ਦੀਆਂ ਗੱਲਾਂ ਸਮਝ ਨਾ ਸਕੇ ਅਤੇ ਉਸ ਨੂੰ ਪੁੱਛਣ ਤੋਂ ਡਰਦੇ ਸਨ।

33 ਫਿਰ ਉਹ ਕਫ਼ਰਨਾਹੂਮ ਵਿਚ ਆਏ। ਹੁਣ ਜਦ ਉਹ ਘਰ ਵਿਚ ਸਨ, ਤਾਂ ਉਸ ਨੇ ਉਨ੍ਹਾਂ ਨੂੰ ਪੁੱਛਿਆ: “ਤੁਸੀਂ ਰਾਹ ਵਿਚ ਕਿਉਂ ਝਗੜ ਰਹੇ ਸੀ?”+ 34 ਪਰ ਉਹ ਚੁੱਪ ਹੀ ਰਹੇ ਕਿਉਂਕਿ ਉਹ ਰਾਹ ਵਿਚ ਇਸ ਗੱਲ ʼਤੇ ਝਗੜ ਰਹੇ ਸਨ ਕਿ ਉਨ੍ਹਾਂ ਵਿੱਚੋਂ ਵੱਡਾ ਕੌਣ ਹੈ। 35 ਉਹ ਬੈਠ ਗਿਆ ਅਤੇ ਉਸ ਨੇ ਬਾਰਾਂ ਨੂੰ ਆਪਣੇ ਕੋਲ ਬੁਲਾ ਕੇ ਕਿਹਾ: “ਜੋ ਕੋਈ ਵੱਡਾ ਬਣਨਾ ਚਾਹੁੰਦਾ ਹੈ, ਉਹ ਸਭ ਤੋਂ ਛੋਟਾ ਬਣੇ ਅਤੇ ਸਾਰਿਆਂ ਦਾ ਸੇਵਕ ਬਣੇ।”+ 36 ਫਿਰ ਉਸ ਨੇ ਇਕ ਬੱਚੇ ਨੂੰ ਉਨ੍ਹਾਂ ਦੇ ਵਿਚਕਾਰ ਖੜ੍ਹਾ ਕੀਤਾ ਅਤੇ ਉਸ ਨੂੰ ਆਪਣੀਆਂ ਬਾਹਾਂ ਵਿਚ ਲੈ ਕੇ ਕਿਹਾ: 37 “ਜੋ ਕੋਈ ਮੇਰੀ ਖ਼ਾਤਰ ਇਸ ਤਰ੍ਹਾਂ ਦੇ ਇਕ ਵੀ ਬੱਚੇ ਨੂੰ ਕਬੂਲ ਕਰਦਾ ਹੈ,+ ਉਹ ਮੈਨੂੰ ਵੀ ਕਬੂਲ ਕਰਦਾ ਹੈ; ਅਤੇ ਜੋ ਮੈਨੂੰ ਕਬੂਲ ਕਰਦਾ ਹੈ, ਉਹ ਮੈਨੂੰ ਹੀ ਨਹੀਂ, ਸਗੋਂ ਮੇਰੇ ਘੱਲਣ ਵਾਲੇ ਨੂੰ ਵੀ ਕਬੂਲ ਕਰਦਾ ਹੈ।”+

38 ਯੂਹੰਨਾ ਨੇ ਉਸ ਨੂੰ ਦੱਸਿਆ: “ਗੁਰੂ ਜੀ, ਅਸੀਂ ਇਕ ਆਦਮੀ ਨੂੰ ਤੇਰਾ ਨਾਂ ਲੈ ਕੇ ਦੁਸ਼ਟ ਦੂਤਾਂ ਨੂੰ ਕੱਢਦੇ ਦੇਖਿਆ ਅਤੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਕਿਉਂਕਿ ਉਹ ਸਾਡੇ ਵਿੱਚੋਂ ਨਹੀਂ ਹੈ।”+ 39 ਪਰ ਯਿਸੂ ਨੇ ਕਿਹਾ: “ਉਸ ਨੂੰ ਰੋਕਣ ਦੀ ਕੋਸ਼ਿਸ਼ ਨਾ ਕਰੋ ਕਿਉਂਕਿ ਅਜਿਹਾ ਕੋਈ ਇਨਸਾਨ ਨਹੀਂ ਜੋ ਮੇਰਾ ਨਾਂ ਲੈ ਕੇ ਕਰਾਮਾਤਾਂ ਕਰੇ ਅਤੇ ਫਿਰ ਉਲਟਾ ਮੇਰੇ ਬਾਰੇ ਬੁਰਾ-ਭਲਾ ਕਹੇ। 40 ਕਿਉਂਕਿ ਜਿਹੜਾ ਸਾਡੇ ਖ਼ਿਲਾਫ਼ ਨਹੀਂ, ਉਹ ਸਾਡੇ ਵੱਲ ਹੈ।+ 41 ਜੇ ਕੋਈ ਤੁਹਾਨੂੰ ਮਸੀਹ ਦੇ ਚੇਲੇ ਹੋਣ ਕਰਕੇ ਇਕ ਗਲਾਸ ਪਾਣੀ ਦਾ ਵੀ ਪਿਲਾਉਂਦਾ ਹੈ,+ ਤਾਂ ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਉਹ ਆਪਣਾ ਫਲ ਜ਼ਰੂਰ ਪਾਵੇਗਾ।+ 42 ਪਰ ਜੇ ਕੋਈ ਇਨਸਾਨ ਮੇਰੇ ਉੱਤੇ ਨਿਹਚਾ ਕਰਨ ਵਾਲੇ ਇਨ੍ਹਾਂ ਨਿਮਾਣਿਆਂ ਵਿੱਚੋਂ ਕਿਸੇ ਦੀ ਨਿਹਚਾ ਖ਼ਤਮ ਕਰ ਦਿੰਦਾ ਹੈ,* ਤਾਂ ਉਸ ਇਨਸਾਨ ਲਈ ਚੰਗਾ ਹੋਵੇਗਾ ਕਿ ਉਸ ਦੇ ਗਲ਼ ਵਿਚ ਚੱਕੀ ਦਾ ਪੁੜ* ਪਾ ਕੇ ਸਮੁੰਦਰ ਵਿਚ ਸੁੱਟ ਦਿੱਤਾ ਜਾਵੇ।+

43 “ਜੇ ਤੇਰਾ ਹੱਥ ਤੇਰੇ ਤੋਂ ਪਾਪ ਕਰਾਵੇ,* ਤਾਂ ਉਸ ਨੂੰ ਵੱਢ ਸੁੱਟ। ਤੇਰੇ ਲਈ ਇਹ ਚੰਗਾ ਹੈ ਕਿ ਤੂੰ ਟੁੰਡਾ ਹੋ ਕੇ ਜੀਉਂਦਾ ਰਹੇਂ,* ਬਜਾਇ ਇਸ ਦੇ ਕਿ ਦੋਵੇਂ ਹੱਥ ਹੁੰਦੇ ਹੋਏ ‘ਗ਼ਹੈਨਾ’* ਵਿਚ ਜਾਵੇਂ ਜਿੱਥੇ ਅੱਗ ਕਦੇ ਨਹੀਂ ਬੁਝਦੀ।+ 44 *​— 45 ਅਤੇ ਜੇ ਤੇਰਾ ਪੈਰ ਤੇਰੇ ਤੋਂ ਪਾਪ ਕਰਾਵੇ,* ਤਾਂ ਉਸ ਨੂੰ ਵੱਢ ਸੁੱਟ। ਦੋਵੇਂ ਪੈਰਾਂ ਦੇ ਹੁੰਦੇ ਹੋਏ ‘ਗ਼ਹੈਨਾ’* ਵਿਚ ਸੁੱਟੇ ਜਾਣ ਨਾਲੋਂ ਚੰਗਾ ਹੈ ਕਿ ਤੂੰ ਲੰਗੜਾ ਹੋ ਕੇ ਜੀਉਂਦਾ ਰਹੇਂ।*+ 46 *​— 47 ਅਤੇ ਜੇ ਤੇਰੀ ਅੱਖ ਤੇਰੇ ਤੋਂ ਪਾਪ ਕਰਾਵੇ,* ਤਾਂ ਉਸ ਨੂੰ ਕੱਢ ਸੁੱਟ।+ ਤੇਰੇ ਲਈ ਕਾਣਾ ਹੋ ਕੇ ਪਰਮੇਸ਼ੁਰ ਦੇ ਰਾਜ ਵਿਚ ਜਾਣਾ ਇਸ ਨਾਲੋਂ ਚੰਗਾ ਹੈ ਕਿ ਦੋਵੇਂ ਅੱਖਾਂ ਦੇ ਹੁੰਦੇ ਹੋਏ ਤੂੰ ‘ਗ਼ਹੈਨਾ’* ਵਿਚ ਸੁੱਟਿਆ ਜਾਵੇਂ+ 48 ਜਿੱਥੇ ਨਾ ਤਾਂ ਕਦੇ ਕੀੜੇ ਮਰਦੇ ਹਨ ਤੇ ਨਾ ਹੀ ਕਦੀ ਅੱਗ ਬੁਝਦੀ ਹੈ।+

49 “ਜਿਵੇਂ ਖਾਣੇ ʼਤੇ ਲੂਣ ਛਿੜਕਿਆ ਜਾਂਦਾ ਹੈ, ਉਵੇਂ ਪਰਮੇਸ਼ੁਰ ਸਾਰਿਆਂ ʼਤੇ ਅੱਗ ਵਰਸਾਵੇਗਾ।+ 50 ਲੂਣ ਚੰਗਾ ਹੁੰਦਾ ਹੈ, ਪਰ ਜੇ ਲੂਣ ਹੀ ਆਪਣਾ ਸੁਆਦ ਗੁਆ ਬੈਠੇ, ਤਾਂ ਫਿਰ ਤੁਸੀਂ ਉਸ ਨੂੰ ਕਿਸ ਚੀਜ਼ ਨਾਲ ਸੁਆਦੀ ਬਣਾਓਗੇ?+ ਆਪਣੇ ਵਿਚ ਲੂਣ ਰੱਖੋ+ ਅਤੇ ਦੂਸਰਿਆਂ ਨਾਲ ਸ਼ਾਂਤੀ ਬਣਾ ਕੇ ਰੱਖੋ।”+

10 ਉੱਥੋਂ ਯਿਸੂ ਯਰਦਨ ਦਰਿਆ ਪਾਰ ਕਰ ਕੇ ਯਹੂਦਿਯਾ ਦੇ ਸਰਹੱਦੀ ਇਲਾਕਿਆਂ ਵਿਚ ਆਇਆ। ਉੱਥੇ ਵੀ ਉਸ ਦੁਆਲੇ ਭੀੜ ਇਕੱਠੀ ਹੋ ਗਈ ਅਤੇ ਹਮੇਸ਼ਾ ਵਾਂਗ ਉਹ ਉਨ੍ਹਾਂ ਨੂੰ ਸਿਖਾਉਣ ਲੱਗ ਪਿਆ।+ 2 ਫਿਰ ਫ਼ਰੀਸੀ ਉੱਥੇ ਉਸ ਦੀ ਪਰੀਖਿਆ ਲੈਣ ਦੇ ਇਰਾਦੇ ਨਾਲ ਆਏ ਅਤੇ ਉਨ੍ਹਾਂ ਨੇ ਪੁੱਛਿਆ ਕਿ ਕੀ ਕਿਸੇ ਆਦਮੀ ਲਈ ਆਪਣੀ ਪਤਨੀ ਨੂੰ ਤਲਾਕ ਦੇਣਾ ਠੀਕ ਹੈ?+ 3 ਉਸ ਨੇ ਉਨ੍ਹਾਂ ਨੂੰ ਕਿਹਾ: “ਮੂਸਾ ਨੇ ਤੁਹਾਨੂੰ ਕੀ ਹੁਕਮ ਦਿੱਤਾ ਸੀ?” 4 ਉਨ੍ਹਾਂ ਨੇ ਜਵਾਬ ਦਿੱਤਾ: “ਮੂਸਾ ਨੇ ਪਤੀ ਨੂੰ ਇਜਾਜ਼ਤ ਦਿੱਤੀ ਸੀ ਕਿ ਉਹ ਤਲਾਕਨਾਮਾ ਲਿਖ ਕੇ ਆਪਣੀ ਪਤਨੀ ਨੂੰ ਛੱਡ ਸਕਦਾ ਹੈ।”+ 5 ਪਰ ਯਿਸੂ ਨੇ ਉਨ੍ਹਾਂ ਨੂੰ ਕਿਹਾ: “ਮੂਸਾ ਨੇ ਤੁਹਾਡੀ ਪੱਥਰਦਿਲੀ ਕਰਕੇ+ ਤੁਹਾਡੇ ਲਈ ਇਹ ਹੁਕਮ ਲਿਖਿਆ ਸੀ।+ 6 ਪਰ ਪਰਮੇਸ਼ੁਰ ਨੇ ਸ੍ਰਿਸ਼ਟੀ ਦੀ ਸ਼ੁਰੂਆਤ ਤੋਂ ‘ਉਨ੍ਹਾਂ ਨੂੰ ਆਦਮੀ ਅਤੇ ਔਰਤ ਬਣਾਇਆ ਸੀ।+ 7 ਇਸ ਕਰਕੇ ਆਦਮੀ ਆਪਣੇ ਮਾਂ-ਬਾਪ ਨੂੰ ਛੱਡੇਗਾ+ 8 ਅਤੇ ਪਤੀ-ਪਤਨੀ ਇਕ ਸਰੀਰ ਹੋਣਗੇ,’+ ਉਹ ਹੁਣ ਦੋ ਨਹੀਂ, ਸਗੋਂ ਇਕ ਸਰੀਰ ਹਨ। 9 ਇਸ ਲਈ ਜਿਨ੍ਹਾਂ ਨੂੰ ਪਰਮੇਸ਼ੁਰ ਨੇ ਇਸ ਬੰਧਨ* ਵਿਚ ਬੰਨ੍ਹਿਆ ਹੈ, ਕੋਈ ਵੀ ਇਨਸਾਨ ਉਨ੍ਹਾਂ ਨੂੰ ਅੱਡ ਨਾ ਕਰੇ।”+ 10 ਫਿਰ ਘਰ ਆ ਕੇ ਚੇਲੇ ਉਸ ਨੂੰ ਇਸ ਬਾਰੇ ਸਵਾਲ ਪੁੱਛਣ ਲੱਗੇ। 11 ਉਸ ਨੇ ਉਨ੍ਹਾਂ ਨੂੰ ਕਿਹਾ: “ਜਿਹੜਾ ਆਪਣੀ ਪਤਨੀ ਨੂੰ ਤਲਾਕ ਦਿੰਦਾ ਹੈ ਅਤੇ ਕਿਸੇ ਹੋਰ ਨਾਲ ਵਿਆਹ ਕਰਾਉਂਦਾ ਹੈ, ਉਹ ਹਰਾਮਕਾਰੀ ਕਰਦਾ ਹੈ+ ਤੇ ਆਪਣੀ ਪਹਿਲੀ ਪਤਨੀ ਦੇ ਹੱਕ ਨੂੰ ਮਾਰਦਾ ਹੈ, 12 ਜੇ ਕੋਈ ਤੀਵੀਂ ਆਪਣੇ ਪਤੀ ਨੂੰ ਤਲਾਕ ਦੇ ਕੇ ਕਿਸੇ ਹੋਰ ਨਾਲ ਵਿਆਹ ਕਰਾਉਂਦੀ ਹੈ, ਉਹ ਹਰਾਮਕਾਰੀ ਕਰਦੀ ਹੈ।”+

13 ਹੁਣ ਲੋਕ ਆਪਣੇ ਨਿਆਣਿਆਂ ਨੂੰ ਉਸ ਕੋਲ ਲਿਆਉਣ ਲੱਗੇ ਤਾਂਕਿ ਉਹ ਉਨ੍ਹਾਂ ਦੇ ਸਿਰਾਂ ʼਤੇ ਹੱਥ ਰੱਖੇ, ਪਰ ਚੇਲਿਆਂ ਨੇ ਲੋਕਾਂ ਨੂੰ ਝਿੜਕਿਆ।+ 14 ਇਹ ਦੇਖ ਕੇ ਯਿਸੂ ਨੂੰ ਚੰਗਾ ਨਹੀਂ ਲੱਗਾ ਅਤੇ ਉਸ ਨੇ ਉਨ੍ਹਾਂ ਨੂੰ ਕਿਹਾ: “ਨਿਆਣਿਆਂ ਨੂੰ ਮੇਰੇ ਕੋਲ ਆਉਣ ਦਿਓ; ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਨਾ ਕਰੋ ਕਿਉਂਕਿ ਪਰਮੇਸ਼ੁਰ ਦਾ ਰਾਜ ਇਨ੍ਹਾਂ ਵਰਗਿਆਂ ਦਾ ਹੈ।+ 15 ਮੈਂ ਤੁਹਾਨੂੰ ਸੱਚ ਦੱਸਦਾ ਹਾਂ: ਜਿਹੜਾ ਇਨਸਾਨ ਇਕ ਬੱਚੇ ਵਾਂਗ ਪਰਮੇਸ਼ੁਰ ਦੇ ਰਾਜ ਨੂੰ ਕਬੂਲ ਨਹੀਂ ਕਰਦਾ, ਉਹ ਉਸ ਰਾਜ ਵਿਚ ਹਰਗਿਜ਼ ਨਹੀਂ ਜਾ ਸਕੇਗਾ।”+ 16 ਫਿਰ ਉਸ ਨੇ ਬੱਚਿਆਂ ਨੂੰ ਆਪਣੀਆਂ ਬਾਹਾਂ ਵਿਚ ਲਿਆ ਅਤੇ ਉਨ੍ਹਾਂ ਨੂੰ ਅਸੀਸਾਂ ਦਿੱਤੀਆਂ ਅਤੇ ਉਨ੍ਹਾਂ ਦੇ ਸਿਰਾਂ ʼਤੇ ਹੱਥ ਰੱਖੇ।+

17 ਜਦੋਂ ਉਹ ਜਾ ਰਿਹਾ ਸੀ, ਤਾਂ ਰਾਹ ਵਿਚ ਇਕ ਆਦਮੀ ਉਸ ਕੋਲ ਭੱਜਾ ਆਇਆ ਅਤੇ ਉਸ ਦੇ ਸਾਮ੍ਹਣੇ ਗੋਡੇ ਟੇਕ ਕੇ ਪੁੱਛਿਆ: “ਚੰਗੇ ਗੁਰੂ ਜੀ, ਮੈਂ ਹਮੇਸ਼ਾ ਦੀ ਜ਼ਿੰਦਗੀ ਪਾਉਣ ਲਈ ਕੀ ਕਰਾਂ?”+ 18 ਯਿਸੂ ਨੇ ਉਸ ਨੂੰ ਕਿਹਾ: “ਤੂੰ ਮੈਨੂੰ ਚੰਗਾ ਕਿਉਂ ਕਹਿੰਦਾ ਹੈਂ? ਪਰਮੇਸ਼ੁਰ ਤੋਂ ਇਲਾਵਾ ਹੋਰ ਕੋਈ ਚੰਗਾ ਨਹੀਂ।+ 19 ਤੈਨੂੰ ਇਹ ਹੁਕਮ ਤਾਂ ਪਤਾ ਹੋਣੇ: ‘ਤੂੰ ਖ਼ੂਨ ਨਾ ਕਰ,+ ਤੂੰ ਹਰਾਮਕਾਰੀ ਨਾ ਕਰ,+ ਤੂੰ ਚੋਰੀ ਨਾ ਕਰ,+ ਤੂੰ ਝੂਠੀ ਗਵਾਹੀ ਨਾ ਦੇ,+ ਤੂੰ ਠੱਗੀ ਨਾ ਮਾਰ,+ ਤੂੰ ਆਪਣੇ ਮਾਤਾ-ਪਿਤਾ ਦਾ ਆਦਰ ਕਰ।’”+ 20 ਉਸ ਆਦਮੀ ਨੇ ਉਸ ਨੂੰ ਕਿਹਾ: “ਗੁਰੂ ਜੀ, ਮੈਂ ਜਵਾਨੀ ਤੋਂ ਹੀ ਇਨ੍ਹਾਂ ਸਾਰੇ ਹੁਕਮਾਂ ਨੂੰ ਮੰਨਦਾ ਆਇਆ ਹਾਂ।” 21 ਯਿਸੂ ਨੇ ਉਸ ਵੱਲ ਦੇਖਿਆ ਤੇ ਉਸ ਦਾ ਦਿਲ ਉਸ ਵਾਸਤੇ ਪਿਆਰ ਨਾਲ ਭਰ ਗਿਆ ਅਤੇ ਉਸ ਨੇ ਕਿਹਾ: “ਤੇਰੇ ਵਿਚ ਇਕ ਗੱਲ ਦੀ ਘਾਟ ਹੈ: ਤੂੰ ਜਾ ਕੇ ਆਪਣਾ ਸਾਰਾ ਕੁਝ ਵੇਚ ਦੇ ਅਤੇ ਪੈਸੇ ਗ਼ਰੀਬਾਂ ਵਿਚ ਵੰਡ ਦੇ, ਤਾਂ ਤੈਨੂੰ ਸਵਰਗ ਵਿਚ ਖ਼ਜ਼ਾਨਾ ਮਿਲੇਗਾ ਅਤੇ ਆ ਕੇ ਮੇਰਾ ਚੇਲਾ ਬਣ ਜਾ।”+ 22 ਪਰ ਉਹ ਆਦਮੀ ਉਸ ਦੀ ਗੱਲ ਸੁਣ ਕੇ ਬਹੁਤ ਉਦਾਸ ਹੋਇਆ ਅਤੇ ਦੁਖੀ ਹੋ ਕੇ ਚਲਾ ਗਿਆ ਕਿਉਂਕਿ ਉਸ ਕੋਲ ਬਹੁਤ ਧਨ-ਦੌਲਤ ਸੀ।+

23 ਆਲੇ-ਦੁਆਲੇ ਖੜ੍ਹੇ ਲੋਕਾਂ ਨੂੰ ਦੇਖ ਕੇ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ: “ਅਮੀਰ ਲੋਕਾਂ ਲਈ ਪਰਮੇਸ਼ੁਰ ਦੇ ਰਾਜ ਵਿਚ ਜਾਣਾ ਕਿੰਨਾ ਔਖਾ ਹੋਵੇਗਾ!”+ 24 ਪਰ ਚੇਲੇ ਉਸ ਦੀ ਗੱਲ ਸੁਣ ਕੇ ਹੈਰਾਨ ਹੋਏ। ਇਹ ਦੇਖ ਕੇ ਯਿਸੂ ਨੇ ਕਿਹਾ: “ਬੱਚਿਓ, ਪਰਮੇਸ਼ੁਰ ਦੇ ਰਾਜ ਵਿਚ ਜਾਣਾ ਬਹੁਤ ਔਖਾ ਹੈ! 25 ਕਿਸੇ ਅਮੀਰ ਲਈ ਪਰਮੇਸ਼ੁਰ ਦੇ ਰਾਜ ਵਿਚ ਜਾਣ ਨਾਲੋਂ ਊਠ ਵਾਸਤੇ ਸੂਈ ਦੇ ਨੱਕੇ ਵਿੱਚੋਂ ਲੰਘਣਾ ਜ਼ਿਆਦਾ ਸੌਖਾ ਹੈ।”+ 26 ਉਹ ਹੋਰ ਵੀ ਹੈਰਾਨ ਹੋਏ ਅਤੇ ਉਸ ਨੂੰ ਪੁੱਛਿਆ:* “ਤਾਂ ਫਿਰ ਕੌਣ ਬਚੂ?”+ 27 ਯਿਸੂ ਨੇ ਸਿੱਧਾ ਉਨ੍ਹਾਂ ਵੱਲ ਦੇਖਦੇ ਹੋਏ ਕਿਹਾ: “ਇਨਸਾਨਾਂ ਲਈ ਇਹ ਨਾਮੁਮਕਿਨ ਹੈ, ਪਰ ਪਰਮੇਸ਼ੁਰ ਲਈ ਨਹੀਂ ਕਿਉਂਕਿ ਪਰਮੇਸ਼ੁਰ ਸਭ ਕੁਝ ਕਰ ਸਕਦਾ ਹੈ।”+ 28 ਫਿਰ ਪਤਰਸ ਨੇ ਉਸ ਨੂੰ ਕਿਹਾ: “ਦੇਖ! ਅਸੀਂ ਸਾਰਾ ਕੁਝ ਛੱਡ ਕੇ ਤੇਰੇ ਪਿੱਛੇ-ਪਿੱਛੇ ਤੁਰ ਪਏ ਹਾਂ।”+ 29 ਯਿਸੂ ਨੇ ਕਿਹਾ: “ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਜਿਸ ਨੇ ਵੀ ਮੇਰੀ ਖ਼ਾਤਰ ਅਤੇ ਖ਼ੁਸ਼ ਖ਼ਬਰੀ ਦੀ ਖ਼ਾਤਰ ਘਰ ਜਾਂ ਭਰਾਵਾਂ ਜਾਂ ਭੈਣਾਂ ਜਾਂ ਮਾਂ ਜਾਂ ਪਿਉ ਜਾਂ ਬੱਚਿਆਂ ਜਾਂ ਖੇਤਾਂ ਨੂੰ ਛੱਡਿਆ ਹੈ,+ 30 ਉਹ ਹੁਣ ਇਹ ਸਭ 100 ਗੁਣਾ ਪਾਵੇਗਾ: ਘਰ, ਭਰਾ, ਭੈਣਾਂ, ਮਾਵਾਂ, ਬੱਚੇ ਤੇ ਖੇਤ, ਪਰ ਅਤਿਆਚਾਰਾਂ ਨਾਲ+ ਅਤੇ ਆਉਣ ਵਾਲੇ ਸਮੇਂ* ਵਿਚ ਹਮੇਸ਼ਾ ਦੀ ਜ਼ਿੰਦਗੀ। 31 ਪਰ ਕਈ ਲੋਕ ਜਿਹੜੇ ਅੱਗੇ ਹਨ, ਉਹ ਪਿੱਛੇ ਹੋ ਜਾਣਗੇ ਅਤੇ ਪਿਛਲੇ ਅੱਗੇ ਹੋ ਜਾਣਗੇ।”+

32 ਹੁਣ ਉਹ ਯਰੂਸ਼ਲਮ ਨੂੰ ਜਾਂਦੇ ਰਾਹ ʼਤੇ ਜਾ ਰਹੇ ਸਨ। ਯਿਸੂ ਚੇਲਿਆਂ ਦੇ ਅੱਗੇ-ਅੱਗੇ ਜਾ ਰਿਹਾ ਸੀ ਅਤੇ ਚੇਲਿਆਂ ਨੂੰ ਹੈਰਾਨੀ ਹੋ ਰਹੀ ਸੀ, ਪਰ ਪਿੱਛੇ-ਪਿੱਛੇ ਆ ਰਹੇ ਹੋਰ ਲੋਕ ਡਰਨ ਲੱਗ ਪਏ। ਉਹ 12 ਰਸੂਲਾਂ ਨੂੰ ਦੁਬਾਰਾ ਇਕ ਪਾਸੇ ਲੈ ਗਿਆ ਅਤੇ ਉਨ੍ਹਾਂ ਨੂੰ ਦੱਸਣ ਲੱਗਾ ਕਿ ਉਸ ਨਾਲ ਕੀ-ਕੀ ਹੋਵੇਗਾ:+ 33 “ਦੇਖੋ! ਅਸੀਂ ਯਰੂਸ਼ਲਮ ਨੂੰ ਜਾ ਰਹੇ ਹਾਂ, ਉੱਥੇ ਮਨੁੱਖ ਦੇ ਪੁੱਤਰ ਨੂੰ ਮੁੱਖ ਪੁਜਾਰੀਆਂ ਅਤੇ ਗ੍ਰੰਥੀਆਂ ਦੇ ਹਵਾਲੇ ਕੀਤਾ ਜਾਵੇਗਾ। ਉਹ ਉਸ ਨੂੰ ਮੌਤ ਦੀ ਸਜ਼ਾ ਸੁਣਾਉਣਗੇ ਅਤੇ ਉਸ ਨੂੰ ਗ਼ੈਰ-ਯਹੂਦੀ ਲੋਕਾਂ ਦੇ ਹਵਾਲੇ ਕਰਨਗੇ 34 ਅਤੇ ਉਹ ਉਸ ਦਾ ਮਜ਼ਾਕ ਉਡਾਉਣਗੇ, ਉਸ ਉੱਤੇ ਥੁੱਕਣਗੇ, ਉਸ ਨੂੰ ਕੋਰੜੇ ਮਾਰਨਗੇ ਤੇ ਜਾਨੋਂ ਮਾਰ ਦੇਣਗੇ, ਪਰ ਉਹ ਤਿੰਨਾਂ ਦਿਨਾਂ ਬਾਅਦ ਦੁਬਾਰਾ ਜੀਉਂਦਾ ਹੋ ਜਾਵੇਗਾ।”+

35 ਜ਼ਬਦੀ ਦੇ ਦੋ ਪੁੱਤਰ ਯਾਕੂਬ ਤੇ ਯੂਹੰਨਾ+ ਉਸ ਕੋਲ ਆਏ ਅਤੇ ਕਹਿਣ ਲੱਗੇ: “ਗੁਰੂ ਜੀ, ਅਸੀਂ ਚਾਹੁੰਦੇ ਹਾਂ ਕਿ ਅਸੀਂ ਤੈਨੂੰ ਜੋ ਕਹੀਏ, ਉਹ ਤੂੰ ਸਾਡੇ ਲਈ ਕਰੀਂ।”+ 36 ਉਸ ਨੇ ਉਨ੍ਹਾਂ ਨੂੰ ਪੁੱਛਿਆ: “ਤੁਸੀਂ ਕੀ ਚਾਹੁੰਦੇ ਹੋ, ਮੈਂ ਤੁਹਾਡੇ ਲਈ ਕੀ ਕਰਾਂ?” 37 ਉਨ੍ਹਾਂ ਨੇ ਉਸ ਨੂੰ ਕਿਹਾ: “ਆਪਣੇ ਰਾਜ ਵਿਚ ਹਕੂਮਤ ਕਰਨ ਵੇਲੇ ਸਾਡੇ ਦੋਵਾਂ ਵਿੱਚੋਂ ਇਕ ਨੂੰ ਆਪਣੇ ਸੱਜੇ ਪਾਸੇ ਅਤੇ ਦੂਜੇ ਨੂੰ ਆਪਣੇ ਖੱਬੇ ਪਾਸੇ ਬੈਠਣ ਦਾ ਅਧਿਕਾਰ ਦੇਈਂ।”+ 38 ਪਰ ਯਿਸੂ ਨੇ ਉਨ੍ਹਾਂ ਨੂੰ ਕਿਹਾ: “ਤੁਹਾਨੂੰ ਨਹੀਂ ਪਤਾ ਕਿ ਤੁਸੀਂ ਕੀ ਮੰਗ ਰਹੇ ਹੋ। ਕੀ ਤੁਸੀਂ ਉਹ ਪਿਆਲਾ ਪੀ ਸਕਦੇ ਹੋ ਜੋ ਮੈਂ ਪੀ ਰਿਹਾ ਹਾਂ ਜਾਂ ਕੀ ਤੁਸੀਂ ਉਹ ਬਪਤਿਸਮਾ ਲੈ ਸਕਦੇ ਹੋ ਜੋ ਬਪਤਿਸਮਾ ਮੈਂ ਲੈ ਰਿਹਾ ਹਾਂ?”+ 39 ਉਨ੍ਹਾਂ ਨੇ ਉਸ ਨੂੰ ਕਿਹਾ: “ਹਾਂ, ਅਸੀਂ ਇੱਦਾਂ ਕਰ ਸਕਦੇ ਹਾਂ।” ਇਹ ਸੁਣ ਕੇ ਯਿਸੂ ਨੇ ਉਨ੍ਹਾਂ ਨੂੰ ਕਿਹਾ: “ਜੋ ਪਿਆਲਾ ਮੈਂ ਪੀ ਰਿਹਾ ਹਾਂ, ਉਹ ਤੁਸੀਂ ਵੀ ਪੀਓਗੇ ਅਤੇ ਜੋ ਬਪਤਿਸਮਾ ਮੈਂ ਲੈ ਰਿਹਾ ਹਾਂ, ਉਹ ਬਪਤਿਸਮਾ ਤੁਸੀਂ ਵੀ ਲਓਗੇ।+ 40 ਪਰ ਇਹ ਫ਼ੈਸਲਾ ਕਰਨ ਦਾ ਅਧਿਕਾਰ ਮੇਰੇ ਕੋਲ ਨਹੀਂ ਹੈ ਕਿ ਕੌਣ ਮੇਰੇ ਸੱਜੇ ਪਾਸੇ ਅਤੇ ਕੌਣ ਖੱਬੇ ਪਾਸੇ ਬੈਠੇਗਾ, ਸਗੋਂ ਪਰਮੇਸ਼ੁਰ ਇਸ ਗੱਲ ਦਾ ਫ਼ੈਸਲਾ ਕਰੇਗਾ।”

41 ਜਦੋਂ ਬਾਕੀ ਦਸਾਂ ਚੇਲਿਆਂ ਨੂੰ ਇਸ ਗੱਲ ਬਾਰੇ ਪਤਾ ਲੱਗਾ, ਤਾਂ ਉਹ ਯਾਕੂਬ ਅਤੇ ਯੂਹੰਨਾ ʼਤੇ ਗੁੱਸੇ ਹੋਏ।+ 42 ਪਰ ਯਿਸੂ ਨੇ ਉਨ੍ਹਾਂ ਨੂੰ ਆਪਣੇ ਕੋਲ ਬੁਲਾ ਕੇ ਕਿਹਾ: “ਤੁਸੀਂ ਜਾਣਦੇ ਹੋ ਕਿ ਜਿਨ੍ਹਾਂ ਨੂੰ ਦੁਨੀਆਂ ਦੇ ਰਾਜੇ ਸਮਝਿਆ ਜਾਂਦਾ ਹੈ, ਉਹ ਲੋਕਾਂ ਉੱਤੇ ਹੁਕਮ ਚਲਾਉਂਦੇ ਹਨ ਅਤੇ ਦੁਨੀਆਂ ਦੇ ਵੱਡੇ-ਵੱਡੇ ਲੋਕ ਉਨ੍ਹਾਂ ਨੂੰ ਦਬਾ ਕੇ ਰੱਖਦੇ ਹਨ।+ 43 ਪਰ ਤੁਹਾਨੂੰ ਇੱਦਾਂ ਨਹੀਂ ਕਰਨਾ ਚਾਹੀਦਾ; ਸਗੋਂ ਤੁਹਾਡੇ ਵਿੱਚੋਂ ਜਿਹੜਾ ਵੱਡਾ ਬਣਨਾ ਚਾਹੁੰਦਾ ਹੈ, ਉਹ ਤੁਹਾਡਾ ਸੇਵਕ ਬਣੇ+ 44 ਅਤੇ ਜਿਹੜਾ ਤੁਹਾਡੇ ਵਿੱਚੋਂ ਮੋਹਰੀ ਬਣਨਾ ਚਾਹੁੰਦਾ ਹੈ ਉਹ ਸਾਰਿਆਂ ਦਾ ਨੌਕਰ ਬਣੇ। 45 ਕਿਉਂਕਿ ਮਨੁੱਖ ਦਾ ਪੁੱਤਰ ਵੀ ਆਪਣੀ ਸੇਵਾ ਕਰਾਉਣ ਨਹੀਂ, ਸਗੋਂ ਸੇਵਾ ਕਰਨ+ ਅਤੇ ਬਹੁਤ ਸਾਰੇ ਲੋਕਾਂ ਦੀ ਰਿਹਾਈ ਦੀ ਕੀਮਤ ਦੇਣ ਲਈ ਆਪਣੀ ਜਾਨ ਕੁਰਬਾਨ ਕਰਨ ਆਇਆ।”+

46 ਫਿਰ ਉਹ ਯਰੀਹੋ ਵਿਚ ਆਏ। ਪਰ ਜਦੋਂ ਯਿਸੂ, ਉਸ ਦੇ ਚੇਲੇ ਤੇ ਬਹੁਤ ਸਾਰੇ ਲੋਕ ਯਰੀਹੋ ਤੋਂ ਬਾਹਰ ਜਾ ਰਹੇ ਸਨ, ਤਾਂ ਰਾਹ ਵਿਚ ਅੰਨ੍ਹਾ ਭਿਖਾਰੀ ਬਰਤਿਮਈ (ਤਿਮਈ ਦਾ ਪੁੱਤਰ) ਬੈਠਾ ਹੋਇਆ ਸੀ।+ 47 ਜਦੋਂ ਉਸ ਨੇ ਸੁਣਿਆ ਕਿ ਯਿਸੂ ਨਾਸਰੀ ਉੱਧਰੋਂ ਦੀ ਲੰਘ ਰਿਹਾ ਸੀ, ਤਾਂ ਉਹ ਉੱਚੀ-ਉੱਚੀ ਕਹਿਣ ਲੱਗਾ: “ਹੇ ਦਾਊਦ ਦੇ ਪੁੱਤਰ+ ਯਿਸੂ, ਮੇਰੇ ʼਤੇ ਰਹਿਮ ਕਰ!”+ 48 ਲੋਕਾਂ ਨੇ ਉਸ ਨੂੰ ਝਿੜਕਿਆ ਤੇ ਚੁੱਪ ਰਹਿਣ ਲਈ ਕਿਹਾ, ਪਰ ਉਹ ਹੋਰ ਵੀ ਉੱਚੀ-ਉੱਚੀ ਕਹਿਣ ਲੱਗਾ: “ਹੇ ਦਾਊਦ ਦੇ ਪੁੱਤਰ, ਮੇਰੇ ʼਤੇ ਰਹਿਮ ਕਰ!” 49 ਇਹ ਸੁਣ ਕੇ ਯਿਸੂ ਰੁਕ ਗਿਆ ਅਤੇ ਕਿਹਾ: “ਉਸ ਨੂੰ ਮੇਰੇ ਕੋਲ ਬੁਲਾਓ।” ਇਸ ਲਈ ਉਨ੍ਹਾਂ ਨੇ ਅੰਨ੍ਹੇ ਆਦਮੀ ਨੂੰ ਆਵਾਜ਼ ਦੇ ਕੇ ਕਿਹਾ: “ਹੌਸਲਾ ਰੱਖ! ਉੱਠ; ਉਹ ਤੈਨੂੰ ਬੁਲਾ ਰਿਹਾ ਹੈ।” 50 ਉਸ ਨੇ ਆਪਣਾ ਚੋਗਾ ਸੁੱਟਿਆ ਅਤੇ ਫੁਰਤੀ ਨਾਲ ਉੱਠ ਕੇ ਯਿਸੂ ਕੋਲ ਗਿਆ। 51 ਯਿਸੂ ਨੇ ਉਸ ਨੂੰ ਪੁੱਛਿਆ: “ਦੱਸ, ਮੈਂ ਤੇਰੇ ਲਈ ਕੀ ਕਰਾਂ?” ਉਸ ਅੰਨ੍ਹੇ ਆਦਮੀ ਨੇ ਕਿਹਾ: “ਗੁਰੂ ਜੀ,* ਮੈਨੂੰ ਸੁਜਾਖਾ ਕਰ ਦੇ।” 52 ਯਿਸੂ ਨੇ ਉਸ ਨੂੰ ਕਿਹਾ: “ਜਾਹ। ਤੂੰ ਆਪਣੀ ਨਿਹਚਾ ਕਰਕੇ ਚੰਗਾ ਹੋਇਆ ਹੈਂ।”+ ਉਸੇ ਵੇਲੇ ਉਸ ਦੀਆਂ ਅੱਖਾਂ ਦੀ ਰੌਸ਼ਨੀ ਵਾਪਸ ਆ ਗਈ+ ਤੇ ਉਹ ਰਾਹ ਵਿਚ ਯਿਸੂ ਦੇ ਨਾਲ ਤੁਰ ਪਿਆ।

11 ਹੁਣ ਜਦ ਉਹ ਯਰੂਸ਼ਲਮ ਦੇ ਨੇੜੇ ਜ਼ੈਤੂਨ ਪਹਾੜ ਉੱਤੇ ਵੱਸੇ ਬੈਤਫ਼ਗਾ ਤੇ ਬੈਥਨੀਆ+ ਲਾਗੇ ਪਹੁੰਚੇ, ਤਾਂ ਉਸ ਨੇ ਆਪਣੇ ਦੋ ਚੇਲਿਆਂ ਨੂੰ ਘੱਲਿਆ+ 2 ਅਤੇ ਕਿਹਾ: “ਉਹ ਪਿੰਡ ਜਿਹੜਾ ਤੁਸੀਂ ਦੇਖਦੇ ਹੋ, ਉੱਥੇ ਜਾਓ ਅਤੇ ਪਿੰਡ ਵਿਚ ਵੜਦਿਆਂ ਸਾਰ ਤੁਸੀਂ ਇਕ ਗਧੀ ਦਾ ਬੱਚਾ ਬੱਝਾ ਹੋਇਆ ਦੇਖੋਗੇ ਜਿਸ ʼਤੇ ਅਜੇ ਤਕ ਕੋਈ ਵੀ ਸਵਾਰ ਨਹੀਂ ਹੋਇਆ ਹੈ। ਉਸ ਨੂੰ ਖੋਲ੍ਹ ਕੇ ਇੱਥੇ ਲੈ ਆਓ। 3 ਜੇ ਕੋਈ ਤੁਹਾਨੂੰ ਪੁੱਛੇ, ‘ਤੁਸੀਂ ਇਹ ਕੀ ਕਰ ਰਹੇ ਹੋ?’ ਤਾਂ ਕਹਿਣਾ, ‘ਪ੍ਰਭੂ ਨੂੰ ਇਸ ਦੀ ਲੋੜ ਹੈ ਅਤੇ ਉਹ ਇਸ ਨੂੰ ਛੇਤੀ ਵਾਪਸ ਕਰ ਦੇਵੇਗਾ।’” 4 ਉਹ ਚਲੇ ਗਏ ਅਤੇ ਉਨ੍ਹਾਂ ਨੇ ਗਲੀ ਵਿਚ ਇਕ ਘਰ ਦੇ ਬਾਹਰ ਦਰਵਾਜ਼ੇ ਕੋਲ ਗਧੀ ਦੇ ਬੱਚੇ ਨੂੰ ਬੱਝਾ ਦੇਖਿਆ ਅਤੇ ਉਨ੍ਹਾਂ ਨੇ ਉਸ ਨੂੰ ਖੋਲ੍ਹ ਲਿਆ।+ 5 ਪਰ ਉੱਥੇ ਖੜ੍ਹੇ ਕੁਝ ਲੋਕਾਂ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਗਧੀ ਦੇ ਬੱਚੇ ਨੂੰ ਕਿਉਂ ਖੋਲ੍ਹ ਰਹੇ ਹੋ?” 6 ਉਨ੍ਹਾਂ ਨੇ ਲੋਕਾਂ ਨੂੰ ਉਹੀ ਕਿਹਾ ਜੋ ਯਿਸੂ ਨੇ ਉਨ੍ਹਾਂ ਨੂੰ ਦੱਸਿਆ ਸੀ ਅਤੇ ਲੋਕਾਂ ਨੇ ਉਨ੍ਹਾਂ ਨੂੰ ਜਾਣ ਦਿੱਤਾ।

7 ਉਹ ਗਧੀ ਦੇ ਬੱਚੇ ਨੂੰ ਯਿਸੂ ਕੋਲ ਲਿਆਏ+ ਤੇ ਉਨ੍ਹਾਂ ਨੇ ਗਧੀ ਦੇ ਬੱਚੇ ਉੱਤੇ ਆਪਣੇ ਕੱਪੜੇ ਪਾਏ ਅਤੇ ਯਿਸੂ ਉਸ ਉੱਤੇ ਬੈਠ ਗਿਆ।+ 8 ਨਾਲੇ ਕਈ ਲੋਕਾਂ ਨੇ ਰਾਹ ਵਿਚ ਆਪਣੇ ਕੱਪੜੇ ਵਿਛਾਏ ਅਤੇ ਕਈਆਂ ਨੇ ਖੇਤਾਂ ਵਿੱਚੋਂ ਖਜੂਰਾਂ ਦੀਆਂ ਟਾਹਣੀਆਂ ਤੋੜ ਲਿਆਂਦੀਆਂ।+ 9 ਜੋ ਲੋਕ ਉਸ ਦੇ ਅੱਗੇ-ਪਿੱਛੇ ਆ ਰਹੇ ਸਨ, ਉਹ ਉੱਚੀ-ਉੱਚੀ ਕਹਿ ਰਹੇ ਸਨ: “ਸਾਡੀ ਦੁਆ ਹੈ, ਉਸ ਨੂੰ ਮੁਕਤੀ ਬਖ਼ਸ਼!+ ਧੰਨ ਹੈ ਉਹ ਜਿਹੜਾ ਯਹੋਵਾਹ* ਦੇ ਨਾਂ ʼਤੇ ਆਉਂਦਾ ਹੈ!+ 10 ਧੰਨ ਹੈ ਸਾਡੇ ਪਿਤਾ ਦਾਊਦ ਦਾ ਆਉਣ ਵਾਲਾ ਰਾਜ!+ ਹੇ ਸਵਰਗ ਵਿਚ ਰਹਿਣ ਵਾਲੇ, ਸਾਡੀ ਦੁਆ ਹੈ, ਉਸ ਨੂੰ ਮੁਕਤੀ ਬਖ਼ਸ਼!” 11 ਅਤੇ ਉਹ ਯਰੂਸ਼ਲਮ ਵਿਚ ਆਇਆ ਅਤੇ ਮੰਦਰ ਵਿਚ ਗਿਆ ਤੇ ਉੱਥੇ ਆਲੇ-ਦੁਆਲੇ ਦੀਆਂ ਸਭ ਚੀਜ਼ਾਂ ਨੂੰ ਦੇਖਿਆ। ਪਰ ਦਿਨ ਢਲ਼ ਚੁੱਕਾ ਸੀ ਜਿਸ ਕਰਕੇ ਉਹ ਆਪਣੇ 12 ਚੇਲਿਆਂ ਨਾਲ ਬੈਥਨੀਆ ਨੂੰ ਚਲਾ ਗਿਆ।+

12 ਅਗਲੇ ਦਿਨ ਬੈਥਨੀਆ ਤੋਂ ਆਉਂਦੇ ਵੇਲੇ ਉਸ ਨੂੰ ਭੁੱਖ ਲੱਗੀ।+ 13 ਉਸ ਨੇ ਦੂਰੋਂ ਪੱਤਿਆਂ ਨਾਲ ਭਰਿਆ ਅੰਜੀਰ ਦਾ ਦਰਖ਼ਤ ਦੇਖਿਆ ਅਤੇ ਉਹ ਇਹ ਦੇਖਣ ਲਈ ਉਸ ਦਰਖ਼ਤ ਕੋਲ ਗਿਆ ਕਿ ਦਰਖ਼ਤ ਨੂੰ ਕੋਈ ਫਲ ਲੱਗਾ ਹੈ ਜਾਂ ਨਹੀਂ। ਪਰ ਨੇੜੇ ਜਾ ਕੇ ਉਸ ਨੇ ਦੇਖਿਆ ਕਿ ਉਸ ਉੱਤੇ ਪੱਤਿਆਂ ਤੋਂ ਸਿਵਾਇ ਹੋਰ ਕੁਝ ਨਹੀਂ ਸੀ ਕਿਉਂਕਿ ਅਜੇ ਅੰਜੀਰਾਂ ਦਾ ਮੌਸਮ ਨਹੀਂ ਸੀ। 14 ਇਸ ਲਈ ਉਸ ਨੇ ਦਰਖ਼ਤ ਨੂੰ ਕਿਹਾ: “ਹੁਣ ਤੋਂ ਕੋਈ ਵੀ ਤੇਰਾ ਫਲ ਨਹੀਂ ਖਾਵੇਗਾ।”+ ਉਸ ਦੇ ਚੇਲਿਆਂ ਨੇ ਵੀ ਇਹ ਗੱਲ ਸੁਣੀ।

15 ਫਿਰ ਉਹ ਯਰੂਸ਼ਲਮ ਵਿਚ ਆਏ। ਉੱਥੇ ਯਿਸੂ ਮੰਦਰ ਵਿਚ ਗਿਆ ਅਤੇ ਉਹ ਮੰਦਰ ਵਿਚ ਚੀਜ਼ਾਂ ਵੇਚਣ ਅਤੇ ਖ਼ਰੀਦਣ ਵਾਲੇ ਲੋਕਾਂ ਨੂੰ ਬਾਹਰ ਕੱਢਣ ਲੱਗਾ ਅਤੇ ਪੈਸੇ ਬਦਲਣ ਵਾਲੇ ਦਲਾਲਾਂ ਦੇ ਮੇਜ਼ ਅਤੇ ਕਬੂਤਰ ਵੇਚਣ ਵਾਲਿਆਂ ਦੇ ਬੈਂਚ ਉਲਟਾ ਦਿੱਤੇ+ 16 ਅਤੇ ਉਸ ਨੇ ਕਿਸੇ ਨੂੰ ਕੋਈ ਵੀ ਚੀਜ਼ ਲੈ ਕੇ ਮੰਦਰ ਵਿੱਚੋਂ ਦੀ ਲੰਘਣ ਨਾ ਦਿੱਤਾ। 17 ਉਸ ਨੇ ਉਨ੍ਹਾਂ ਨੂੰ ਸਿਖਾਉਂਦੇ ਹੋਏ ਕਿਹਾ: “ਕੀ ਇਹ ਨਹੀਂ ਲਿਖਿਆ ਹੋਇਆ, ‘ਮੇਰਾ ਘਰ ਸਭ ਕੌਮਾਂ ਦੇ ਲਈ ਪ੍ਰਾਰਥਨਾ ਦਾ ਘਰ ਕਹਾਵੇਗਾ’?+ ਪਰ ਤੁਸੀਂ ਇਸ ਨੂੰ ਲੁਟੇਰਿਆਂ ਦਾ ਅੱਡਾ ਬਣਾਈ ਬੈਠੇ ਹੋ।”+ 18 ਇਹ ਸਾਰੀ ਗੱਲ ਪਤਾ ਲੱਗਣ ਤੇ ਮੁੱਖ ਪੁਜਾਰੀ ਅਤੇ ਗ੍ਰੰਥੀ ਉਸ ਨੂੰ ਜਾਨੋਂ ਮਾਰਨ ਦੀਆਂ ਸਕੀਮਾਂ ਬਣਾਉਣ ਲੱਗੇ।+ ਉਹ ਉਸ ਤੋਂ ਡਰਦੇ ਸਨ ਕਿਉਂਕਿ ਲੋਕ ਉਸ ਦੀ ਸਿੱਖਿਆ ਤੋਂ ਬਹੁਤ ਹੈਰਾਨ ਸਨ।+

19 ਸ਼ਾਮ ਪੈਣ ਤੇ ਉਹ ਸ਼ਹਿਰੋਂ ਬਾਹਰ ਚਲੇ ਗਏ। 20 ਅਗਲੇ ਦਿਨ ਸਵੇਰੇ-ਸਵੇਰੇ ਉੱਧਰੋਂ ਲੰਘਦਿਆਂ ਉਨ੍ਹਾਂ ਨੇ ਉਸੇ ਅੰਜੀਰ ਦੇ ਦਰਖ਼ਤ ਨੂੰ ਜੜ੍ਹੋਂ ਸੁੱਕਾ ਹੋਇਆ ਦੇਖਿਆ।+ 21 ਪਤਰਸ ਨੂੰ ਯਿਸੂ ਦੀ ਗੱਲ ਚੇਤੇ ਆਈ ਤੇ ਉਸ ਨੇ ਕਿਹਾ: “ਗੁਰੂ ਜੀ,* ਦੇਖ! ਅੰਜੀਰ ਦਾ ਦਰਖ਼ਤ ਜਿਸ ਨੂੰ ਤੂੰ ਸਰਾਪ ਦਿੱਤਾ ਸੀ, ਸੁੱਕ ਗਿਆ ਹੈ।”+ 22 ਯਿਸੂ ਨੇ ਉਨ੍ਹਾਂ ਨੂੰ ਕਿਹਾ: “ਪਰਮੇਸ਼ੁਰ ʼਤੇ ਨਿਹਚਾ ਰੱਖੋ। 23 ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਜੋ ਕੋਈ ਇਸ ਪਹਾੜ ਨੂੰ ਕਹੇ, ‘ਇੱਥੋਂ ਉੱਠ ਕੇ ਸਮੁੰਦਰ ਵਿਚ ਚਲਾ ਜਾਹ,’ ਤਾਂ ਇਹ ਚਲਾ ਜਾਵੇਗਾ, ਬਸ਼ਰਤੇ ਕਿ ਉਹ ਆਪਣੇ ਦਿਲ ਵਿਚ ਸ਼ੱਕ ਨਾ ਕਰੇ, ਸਗੋਂ ਪੂਰਾ ਯਕੀਨ ਰੱਖੇ ਕਿ ਉਸ ਦੀ ਕਹੀ ਗੱਲ ਜ਼ਰੂਰ ਪੂਰੀ ਹੋਵੇਗੀ।+ 24 ਇਸ ਲਈ ਮੈਂ ਤੁਹਾਨੂੰ ਕਹਿੰਦਾ ਹਾਂ: ਜੇ ਤੁਸੀਂ ਇਸ ਭਰੋਸੇ ਨਾਲ ਪ੍ਰਾਰਥਨਾ ਕਰੋ ਕਿ ਜੋ ਤੁਸੀਂ ਮੰਗ ਰਹੇ ਹੋ ਸਮਝੋ ਤੁਹਾਨੂੰ ਮਿਲ ਹੀ ਗਿਆ ਹੈ, ਤਾਂ ਉਹ ਤੁਹਾਨੂੰ ਜ਼ਰੂਰ ਮਿਲੇਗਾ।+ 25 ਨਾਲੇ ਜਦ ਤੁਸੀਂ ਪ੍ਰਾਰਥਨਾ ਕਰਨ ਲਈ ਖੜ੍ਹੇ ਹੋਵੋ, ਤਾਂ ਤੁਹਾਡੇ ਮਨ ਵਿਚ ਕਿਸੇ ਲਈ ਜੋ ਵੀ ਗਿਲਾ-ਸ਼ਿਕਵਾ ਹੈ, ਉਸ ਨੂੰ ਮਾਫ਼ ਕਰੋ ਤਾਂਕਿ ਸਵਰਗ ਵਿਚ ਤੁਹਾਡਾ ਪਿਤਾ ਤੁਹਾਡੇ ਗੁਨਾਹ ਵੀ ਮਾਫ਼ ਕਰੇ।”+ 26 *​—

27 ਉਹ ਦੁਬਾਰਾ ਯਰੂਸ਼ਲਮ ਨੂੰ ਆਏ। ਜਦ ਯਿਸੂ ਮੰਦਰ ਵਿਚ ਘੁੰਮ ਰਿਹਾ ਸੀ, ਤਾਂ ਮੁੱਖ ਪੁਜਾਰੀ, ਗ੍ਰੰਥੀ ਅਤੇ ਬਜ਼ੁਰਗ ਆਏ 28 ਅਤੇ ਉਨ੍ਹਾਂ ਨੇ ਉਸ ਨੂੰ ਪੁੱਛਿਆ: “ਤੂੰ ਕਿਸ ਅਧਿਕਾਰ ਨਾਲ ਇਹ ਕੰਮ ਕਰਦਾ ਹੈਂ? ਜਾਂ ਤੈਨੂੰ ਕਿਸ ਨੇ ਇਹ ਕੰਮ ਕਰਨ ਦਾ ਅਧਿਕਾਰ ਦਿੱਤਾ ਹੈ?”+ 29 ਯਿਸੂ ਨੇ ਉਨ੍ਹਾਂ ਨੂੰ ਕਿਹਾ: “ਮੈਂ ਵੀ ਤੁਹਾਨੂੰ ਇਕ ਸਵਾਲ ਪੁੱਛਦਾ ਹਾਂ। ਤੁਸੀਂ ਮੈਨੂੰ ਜਵਾਬ ਦਿਓ, ਫਿਰ ਮੈਂ ਤੁਹਾਨੂੰ ਦੱਸਾਂਗਾ ਕਿ ਮੈਂ ਕਿਸ ਅਧਿਕਾਰ ਨਾਲ ਇਹ ਕੰਮ ਕਰਦਾ ਹਾਂ। 30 ਚਲੋ ਦੱਸੋ,+ ਕੀ ਯੂਹੰਨਾ ਨੂੰ ਬਪਤਿਸਮਾ ਦੇਣ ਦਾ ਅਧਿਕਾਰ+ ਸਵਰਗੋਂ ਮਿਲਿਆ ਸੀ ਜਾਂ ਇਨਸਾਨਾਂ ਤੋਂ?” 31 ਉਹ ਸੋਚਣ ਲੱਗ ਪਏ ਤੇ ਇਕ-ਦੂਜੇ ਨੂੰ ਕਹਿਣ ਲੱਗੇ: “ਜੇ ਅਸੀਂ ਕਹੀਏ, ‘ਸਵਰਗੋਂ,’ ਤਾਂ ਉਹ ਕਹੇਗਾ, ‘ਫਿਰ ਤੁਸੀਂ ਉਸ ʼਤੇ ਯਕੀਨ ਕਿਉਂ ਨਹੀਂ ਕੀਤਾ?’ 32 ਪਰ ਅਸੀਂ ‘ਇਨਸਾਨਾਂ ਤੋਂ’ ਕਹਿਣ ਦੀ ਵੀ ਜੁਰਅਤ ਨਹੀਂ ਕਰ ਸਕਦੇ।” ਉਹ ਭੀੜ ਤੋਂ ਡਰਦੇ ਸਨ ਕਿਉਂਕਿ ਸਭ ਲੋਕਾਂ ਦਾ ਮੰਨਣਾ ਸੀ ਕਿ ਯੂਹੰਨਾ ਇਕ ਨਬੀ ਸੀ।+ 33 ਇਸ ਲਈ ਉਨ੍ਹਾਂ ਨੇ ਯਿਸੂ ਨੂੰ ਕਿਹਾ: “ਸਾਨੂੰ ਨਹੀਂ ਪਤਾ।” ਯਿਸੂ ਨੇ ਉਨ੍ਹਾਂ ਨੂੰ ਕਿਹਾ: “ਫਿਰ ਮੈਂ ਵੀ ਤੁਹਾਨੂੰ ਨਹੀਂ ਦੱਸਣਾ ਕਿ ਮੈਂ ਕਿਸ ਅਧਿਕਾਰ ਨਾਲ ਇਹ ਕੰਮ ਕਰਦਾ ਹਾਂ।”

12 ਫਿਰ ਉਹ ਲੋਕਾਂ ਨਾਲ ਮਿਸਾਲਾਂ ਰਾਹੀਂ ਗੱਲ ਕਰਨ ਲੱਗਾ: “ਇਕ ਆਦਮੀ ਨੇ ਅੰਗੂਰਾਂ ਦਾ ਬਾਗ਼ ਲਾ ਕੇ+ ਉਸ ਦੇ ਆਲੇ-ਦੁਆਲੇ ਵਾੜ ਲਾਈ ਅਤੇ ਰਸ ਕੱਢਣ ਲਈ ਚੁਬੱਚਾ ਬਣਾਇਆ ਅਤੇ ਇਕ ਬੁਰਜ ਖੜ੍ਹਾ ਕੀਤਾ;+ ਫਿਰ ਉਹ ਬਾਗ਼ ਠੇਕੇ ʼਤੇ ਦੇ ਕੇ ਆਪ ਕਿਸੇ ਹੋਰ ਦੇਸ਼ ਚਲਾ ਗਿਆ।+ 2 ਹੁਣ ਜਦ ਅੰਗੂਰਾਂ ਦਾ ਮੌਸਮ ਆਇਆ, ਤਾਂ ਉਸ ਨੇ ਪੈਦਾਵਾਰ ਵਿੱਚੋਂ ਆਪਣਾ ਹਿੱਸਾ ਲੈਣ ਲਈ ਠੇਕੇਦਾਰਾਂ ਕੋਲ ਆਪਣੇ ਇਕ ਨੌਕਰ ਨੂੰ ਘੱਲਿਆ। 3 ਪਰ ਉਨ੍ਹਾਂ ਨੇ ਉਸ ਨੂੰ ਫੜ ਕੇ ਕੁੱਟਿਆ ਅਤੇ ਖਾਲੀ ਹੱਥ ਮੋੜ ਦਿੱਤਾ। 4 ਫਿਰ ਉਸ ਨੇ ਦੂਸਰੇ ਨੌਕਰ ਨੂੰ ਭੇਜਿਆ। ਉਨ੍ਹਾਂ ਨੇ ਉਸ ਦਾ ਸਿਰ ਪਾੜ ਦਿੱਤਾ ਅਤੇ ਉਸ ਦੀ ਬੇਇੱਜ਼ਤੀ ਕੀਤੀ।+ 5 ਫਿਰ ਉਸ ਨੇ ਇਕ ਹੋਰ ਨੌਕਰ ਨੂੰ ਭੇਜਿਆ ਅਤੇ ਉਨ੍ਹਾਂ ਨੇ ਉਸ ਨੂੰ ਮਾਰ ਸੁੱਟਿਆ। ਉਸ ਨੇ ਹੋਰ ਵੀ ਕਈਆਂ ਨੂੰ ਭੇਜਿਆ ਜਿਨ੍ਹਾਂ ਵਿੱਚੋਂ ਕੁਝ ਨੂੰ ਉਨ੍ਹਾਂ ਨੇ ਕੁੱਟਿਆ ਅਤੇ ਕੁਝ ਨੂੰ ਮਾਰ ਸੁੱਟਿਆ। 6 ਹੁਣ ਉਸ ਕੋਲ ਸਿਰਫ਼ ਇੱਕੋ ਜਣਾ ਰਹਿ ਗਿਆ ਸੀ ਅਤੇ ਉਹ ਸੀ ਉਸ ਦਾ ਪਿਆਰਾ ਪੁੱਤਰ।+ ਅਖ਼ੀਰ ਉਸ ਨੇ ਇਹ ਸੋਚ ਕੇ ਆਪਣੇ ਪੁੱਤਰ ਨੂੰ ਭੇਜਿਆ, ‘ਉਹ ਮੇਰੇ ਪੁੱਤਰ ਦੀ ਜ਼ਰੂਰ ਇੱਜ਼ਤ ਕਰਨਗੇ।’ 7 ਪਰ ਠੇਕੇਦਾਰਾਂ ਨੇ ਇਕ-ਦੂਜੇ ਨੂੰ ਕਿਹਾ, ‘ਇਹੀ ਹੈ ਵਾਰਸ।+ ਆਓ ਆਪਾਂ ਇਸ ਨੂੰ ਮਾਰ ਦੇਈਏ ਅਤੇ ਫਿਰ ਸਾਰੀ ਜ਼ਮੀਨ-ਜਾਇਦਾਦ ਸਾਡੀ ਹੋ ਜਾਵੇਗੀ।’ 8 ਇਸ ਲਈ ਉਨ੍ਹਾਂ ਨੇ ਉਸ ਨੂੰ ਲਿਜਾ ਕੇ ਜਾਨੋਂ ਮਾਰ ਦਿੱਤਾ ਤੇ ਬਾਗ਼ੋਂ ਬਾਹਰ ਸੁੱਟ ਦਿੱਤਾ।+ 9 ਹੁਣ ਬਾਗ਼ ਦਾ ਮਾਲਕ ਕੀ ਕਰੇਗਾ? ਉਹ ਆ ਕੇ ਉਨ੍ਹਾਂ ਠੇਕੇਦਾਰਾਂ ਨੂੰ ਜਾਨੋਂ ਮਾਰ ਦੇਵੇਗਾ ਅਤੇ ਬਾਗ਼ ਦੂਸਰਿਆਂ ਨੂੰ ਠੇਕੇ ʼਤੇ ਦੇ ਦੇਵੇਗਾ।+ 10 ਕੀ ਤੁਸੀਂ ਕਦੇ ਧਰਮ-ਗ੍ਰੰਥ ਵਿਚ ਨਹੀਂ ਪੜ੍ਹਿਆ: ‘ਜਿਸ ਪੱਥਰ ਨੂੰ ਰਾਜ ਮਿਸਤਰੀਆਂ ਨੇ ਨਿਕੰਮਾ ਕਿਹਾ,* ਉਹੀ ਕੋਨੇ ਦਾ ਮੁੱਖ ਪੱਥਰ* ਬਣ ਗਿਆ ਹੈ।+ 11 ਇਹ ਯਹੋਵਾਹ* ਵੱਲੋਂ ਆਇਆ ਹੈ ਅਤੇ ਇਹ ਸਾਡੀਆਂ ਨਜ਼ਰਾਂ ਵਿਚ ਸ਼ਾਨਦਾਰ ਹੈ’?”+

12 ਗ੍ਰੰਥੀ ਅਤੇ ਮੁੱਖ ਪੁਜਾਰੀ ਸਮਝ ਗਏ ਕਿ ਉਸ ਨੇ ਉਨ੍ਹਾਂ ਨੂੰ ਹੀ ਧਿਆਨ ਵਿਚ ਰੱਖ ਕੇ ਇਹ ਮਿਸਾਲ ਦਿੱਤੀ ਸੀ, ਇਸ ਲਈ ਉਹ ਉਸ ਨੂੰ ਕਿਸੇ-ਨਾ-ਕਿਸੇ ਤਰੀਕੇ ਨਾਲ ਫੜਨਾ* ਚਾਹੁੰਦੇ ਸਨ। ਪਰ ਉਹ ਲੋਕਾਂ ਤੋਂ ਡਰਦੇ ਸਨ, ਇਸ ਲਈ ਉਹ ਉਸ ਨੂੰ ਛੱਡ ਕੇ ਚਲੇ ਗਏ।+

13 ਫਿਰ ਉਨ੍ਹਾਂ ਨੇ ਕੁਝ ਫ਼ਰੀਸੀਆਂ ਅਤੇ ਹੇਰੋਦੀਆਂ ਨੂੰ ਯਿਸੂ ਕੋਲ ਭੇਜਿਆ ਤਾਂਕਿ ਉਹ ਉਸ ਨੂੰ ਉਸ ਦੀਆਂ ਗੱਲਾਂ ਵਿਚ ਫਸਾਉਣ।+ 14 ਉਨ੍ਹਾਂ ਨੇ ਉਸ ਕੋਲ ਆ ਕੇ ਕਿਹਾ: “ਗੁਰੂ ਜੀ, ਅਸੀਂ ਜਾਣਦੇ ਹਾਂ ਕਿ ਤੂੰ ਸੱਚ ਬੋਲਦਾ ਹੈਂ ਅਤੇ ਤੂੰ ਇਨਸਾਨਾਂ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਨਹੀਂ ਕਰਦਾ ਕਿਉਂਕਿ ਤੂੰ ਕਿਸੇ ਦਾ ਰੁਤਬਾ ਜਾਂ ਬਾਹਰੀ ਰੂਪ ਨਹੀਂ ਦੇਖਦਾ, ਸਗੋਂ ਤੂੰ ਪਰਮੇਸ਼ੁਰ ਦੇ ਰਾਹ ਬਾਰੇ ਸੱਚ-ਸੱਚ ਸਿਖਾਉਂਦਾ ਹੈਂ। ਕੀ ਰਾਜੇ* ਨੂੰ ਟੈਕਸ ਦੇਣਾ ਜਾਇਜ਼ ਹੈ ਜਾਂ ਨਹੀਂ? 15 ਅਸੀਂ ਦੇਈਏ ਜਾਂ ਨਾ ਦੇਈਏ?” ਉਨ੍ਹਾਂ ਦੀ ਮੱਕਾਰੀ ਨੂੰ ਭਾਂਪਦੇ ਹੋਏ ਉਸ ਨੇ ਕਿਹਾ: “ਤੁਸੀਂ ਕਿਉਂ ਮੈਨੂੰ ਅਜ਼ਮਾ ਰਹੇ ਹੋ? ਮੈਨੂੰ ਇਕ ਦੀਨਾਰ* ਲਿਆ ਕੇ ਦਿਖਾਓ।” 16 ਉਨ੍ਹਾਂ ਨੇ ਉਸ ਨੂੰ ਦੀਨਾਰ ਲਿਆ ਕੇ ਦਿੱਤਾ ਅਤੇ ਉਸ ਨੇ ਉਨ੍ਹਾਂ ਨੂੰ ਪੁੱਛਿਆ: “ਇਸ ʼਤੇ ਕਿਸ ਦੀ ਸ਼ਕਲ ਅਤੇ ਕਿਸ ਦੇ ਨਾਂ ਦੀ ਛਾਪ ਹੈ?” ਉਨ੍ਹਾਂ ਨੇ ਕਿਹਾ: “ਰਾਜੇ ਦੀ।” 17 ਫਿਰ ਯਿਸੂ ਨੇ ਕਿਹਾ: “ਰਾਜੇ* ਦੀਆਂ ਚੀਜ਼ਾਂ ਰਾਜੇ ਨੂੰ ਦਿਓ,+ ਪਰ ਪਰਮੇਸ਼ੁਰ ਦੀਆਂ ਚੀਜ਼ਾਂ ਪਰਮੇਸ਼ੁਰ ਨੂੰ ਦਿਓ।”+ ਇਹ ਸੁਣ ਕੇ ਉਹ ਹੈਰਾਨ ਰਹਿ ਗਏ।

18 ਹੁਣ ਸਦੂਕੀ, ਜੋ ਮੰਨਦੇ ਸਨ ਕਿ ਮਰੇ ਹੋਏ ਲੋਕਾਂ ਨੂੰ ਦੁਬਾਰਾ ਜੀਉਂਦਾ ਨਹੀਂ ਕੀਤਾ ਜਾਵੇਗਾ,+ ਯਿਸੂ ਕੋਲ ਆਏ ਅਤੇ ਉਨ੍ਹਾਂ ਨੇ ਉਸ ਨੂੰ ਪੁੱਛਿਆ:+ 19 “ਗੁਰੂ ਜੀ, ਮੂਸਾ ਨੇ ਸਾਡੇ ਲਈ ਲਿਖਿਆ ਸੀ ਕਿ ਜੇ ਕੋਈ ਆਦਮੀ ਬੇਔਲਾਦ ਮਰ ਜਾਵੇ, ਤਾਂ ਉਸ ਦਾ ਭਰਾ ਉਸ ਦੀ ਪਤਨੀ ਨਾਲ ਵਿਆਹ ਕਰਾਵੇ ਅਤੇ ਆਪਣੇ ਮਰ ਚੁੱਕੇ ਭਰਾ ਲਈ ਔਲਾਦ ਪੈਦਾ ਕਰੇ।+ 20 ਇਕ ਪਰਿਵਾਰ ਵਿਚ ਸੱਤ ਭਰਾ ਸਨ। ਪਹਿਲੇ ਨੇ ਵਿਆਹ ਕਰਾਇਆ, ਪਰ ਉਹ ਬੇਔਲਾਦ ਮਰ ਗਿਆ। 21 ਦੂਸਰੇ ਨੇ ਉਸ ਦੀ ਤੀਵੀਂ ਨਾਲ ਵਿਆਹ ਕਰਾ ਲਿਆ, ਪਰ ਉਹ ਵੀ ਬੇਔਲਾਦ ਹੀ ਮਰ ਗਿਆ, ਫਿਰ ਤੀਸਰੇ ਨਾਲ ਇਸੇ ਤਰ੍ਹਾਂ ਹੋਇਆ। 22 ਇਸ ਤਰ੍ਹਾਂ ਸੱਤੇ ਭਰਾ ਬੇਔਲਾਦ ਮਰ ਗਏ। ਅਖ਼ੀਰ ਵਿਚ ਉਹ ਤੀਵੀਂ ਵੀ ਮਰ ਗਈ। 23 ਜਦ ਉਨ੍ਹਾਂ ਸਾਰਿਆਂ ਨੂੰ ਦੁਬਾਰਾ ਜੀਉਂਦਾ ਕੀਤਾ ਜਾਵੇਗਾ, ਤਾਂ ਉਹ ਤੀਵੀਂ ਉਨ੍ਹਾਂ ਵਿੱਚੋਂ ਕਿਸ ਦੀ ਪਤਨੀ ਹੋਵੇਗੀ? ਕਿਉਂਕਿ ਸੱਤਾਂ ਨੇ ਹੀ ਉਸ ਨਾਲ ਵਿਆਹ ਕਰਵਾਇਆ ਸੀ।” 24 ਯਿਸੂ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਗ਼ਲਤ ਹੋ ਕਿਉਂਕਿ ਤੁਸੀਂ ਨਾ ਤਾਂ ਧਰਮ-ਗ੍ਰੰਥ ਨੂੰ ਜਾਣਦੇ ਹੋ ਅਤੇ ਨਾ ਹੀ ਪਰਮੇਸ਼ੁਰ ਦੀ ਸ਼ਕਤੀ ਨੂੰ।+ 25 ਕਿਉਂਕਿ ਦੁਬਾਰਾ ਜੀਉਂਦੇ ਹੋਣ ਤੋਂ ਬਾਅਦ ਨਾ ਆਦਮੀ ਵਿਆਹ ਕਰਨਗੇ ਅਤੇ ਨਾ ਹੀ ਤੀਵੀਆਂ ਵਿਆਹੀਆਂ ਜਾਣਗੀਆਂ, ਸਗੋਂ ਉਹ ਦੂਤਾਂ ਵਰਗੇ ਹੋਣਗੇ।+ 26 ਪਰ ਰਹੀ ਮੁਰਦਿਆਂ ਦੇ ਜੀਉਂਦਾ ਹੋਣ ਦੀ ਗੱਲ, ਕੀ ਤੁਸੀਂ ਮੂਸਾ ਦੀ ਕਿਤਾਬ ਵਿਚਲੇ ਬਲ਼ਦੀ ਝਾੜੀ ਦੇ ਬਿਰਤਾਂਤ ਵਿਚ ਨਹੀਂ ਪੜ੍ਹਿਆ ਜਦੋਂ ਪਰਮੇਸ਼ੁਰ ਨੇ ਮੂਸਾ ਨੂੰ ਕਿਹਾ ਸੀ: ‘ਮੈਂ ਅਬਰਾਹਾਮ ਦਾ ਪਰਮੇਸ਼ੁਰ, ਇਸਹਾਕ ਦਾ ਪਰਮੇਸ਼ੁਰ ਅਤੇ ਯਾਕੂਬ ਦਾ ਪਰਮੇਸ਼ੁਰ ਹਾਂ’?+ 27 ਉਹ ਮਰਿਆਂ ਦਾ ਨਹੀਂ, ਸਗੋਂ ਜੀਉਂਦਿਆਂ ਦਾ ਪਰਮੇਸ਼ੁਰ ਹੈ। ਤੁਸੀਂ ਗ਼ਲਤ ਸਮਝਿਆ ਹੈ।”+

28 ਉੱਥੇ ਇਕ ਗ੍ਰੰਥੀ ਵੀ ਆਇਆ ਹੋਇਆ ਸੀ ਅਤੇ ਉਸ ਨੇ ਉਨ੍ਹਾਂ ਨੂੰ ਬਹਿਸ ਕਰਦੇ ਸੁਣਿਆ। ਸਦੂਕੀਆਂ ਨੂੰ ਦਿੱਤੇ ਯਿਸੂ ਦੇ ਵਧੀਆ ਜਵਾਬ ਨੂੰ ਸੁਣ ਕੇ ਗ੍ਰੰਥੀ ਨੇ ਉਸ ਨੂੰ ਪੁੱਛਿਆ: “ਸਾਰੇ ਹੁਕਮਾਂ ਵਿੱਚੋਂ ਸਭ ਤੋਂ ਵੱਡਾ* ਹੁਕਮ ਕਿਹੜਾ ਹੈ?”+ 29 ਯਿਸੂ ਨੇ ਕਿਹਾ: “ਸਭ ਤੋਂ ਵੱਡਾ* ਇਹ ਹੈ, ‘ਹੇ ਇਜ਼ਰਾਈਲ ਦੇ ਲੋਕੋ, ਸੁਣੋ, ਸਾਡਾ ਪਰਮੇਸ਼ੁਰ ਯਹੋਵਾਹ* ਇੱਕੋ ਹੀ ਯਹੋਵਾਹ* ਹੈ 30 ਅਤੇ ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ* ਨੂੰ ਆਪਣੇ ਪੂਰੇ ਦਿਲ ਨਾਲ, ਆਪਣੀ ਪੂਰੀ ਜਾਨ ਨਾਲ, ਆਪਣੀ ਪੂਰੀ ਸਮਝ ਨਾਲ ਅਤੇ ਆਪਣੀ ਪੂਰੀ ਤਾਕਤ ਨਾਲ ਪਿਆਰ ਕਰੋ।’+ 31 ਦੂਸਰਾ ਹੁਕਮ ਇਹ ਹੈ, ‘ਤੂੰ ਆਪਣੇ ਗੁਆਂਢੀ ਨੂੰ ਉਵੇਂ ਪਿਆਰ ਕਰ ਜਿਵੇਂ ਤੂੰ ਆਪਣੇ ਆਪ ਨੂੰ ਕਰਦਾ ਹੈਂ।’+ ਇਨ੍ਹਾਂ ਤੋਂ ਵੱਡਾ ਹੋਰ ਕੋਈ ਹੁਕਮ ਨਹੀਂ ਹੈ।” 32 ਗ੍ਰੰਥੀ ਨੇ ਉਸ ਨੂੰ ਕਿਹਾ: “ਠੀਕ ਗੁਰੂ ਜੀ, ਤੂੰ ਬਿਲਕੁਲ ਸੱਚ ਕਿਹਾ, ‘ਸਿਰਫ਼ ਉਹੀ ਪਰਮੇਸ਼ੁਰ ਹੈ, ਉਸ ਤੋਂ ਸਿਵਾਇ ਹੋਰ ਕੋਈ ਪਰਮੇਸ਼ੁਰ ਨਹੀਂ’;+ 33 ਉਸ ਨੂੰ ਪੂਰੇ ਦਿਲ ਨਾਲ, ਪੂਰੀ ਸਮਝ ਨਾਲ ਅਤੇ ਪੂਰੀ ਤਾਕਤ ਨਾਲ ਪਿਆਰ ਕਰਨਾ ਅਤੇ ਆਪਣੇ ਗੁਆਂਢੀ ਨੂੰ ਉਵੇਂ ਪਿਆਰ ਕਰਨਾ ਜਿਵੇਂ ਆਪਣੇ ਆਪ ਨੂੰ ਕਰੀਦਾ ਹੈ, ਸਾਰੀਆਂ ਹੋਮ-ਬਲ਼ੀਆਂ ਅਤੇ ਚੜ੍ਹਾਵਿਆਂ ਨਾਲੋਂ ਜ਼ਿਆਦਾ ਜ਼ਰੂਰੀ ਹੈ।”+ 34 ਯਿਸੂ ਨੇ ਦੇਖਿਆ ਕਿ ਉਸ ਨੇ ਸਮਝਦਾਰੀ ਨਾਲ ਜਵਾਬ ਦਿੱਤਾ, ਇਸ ਲਈ ਉਸ ਨੂੰ ਕਿਹਾ: “ਤੂੰ ਪਰਮੇਸ਼ੁਰ ਦੇ ਰਾਜ ਤੋਂ ਬਹੁਤਾ ਦੂਰ ਨਹੀਂ ਹੈਂ।” ਇਸ ਤੋਂ ਬਾਅਦ ਕਿਸੇ ਨੇ ਵੀ ਉਸ ਨੂੰ ਹੋਰ ਸਵਾਲ ਪੁੱਛਣ ਦੀ ਜੁਰਅਤ ਨਾ ਕੀਤੀ।+

35 ਲੋਕਾਂ ਨੂੰ ਮੰਦਰ ਵਿਚ ਸਿੱਖਿਆ ਦਿੰਦੇ ਹੋਏ ਯਿਸੂ ਨੇ ਉਨ੍ਹਾਂ ਨੂੰ ਪੁੱਛਿਆ: “ਗ੍ਰੰਥੀ ਇਹ ਕਿਉਂ ਕਹਿੰਦੇ ਹਨ ਕਿ ਮਸੀਹ ਦਾਊਦ ਦਾ ਪੁੱਤਰ ਹੈ?+ 36 ਦਾਊਦ ਨੇ ਖ਼ੁਦ ਪਵਿੱਤਰ ਸ਼ਕਤੀ ਦੀ ਮਦਦ ਨਾਲ+ ਇਹ ਕਿਹਾ ਸੀ, ‘ਯਹੋਵਾਹ* ਨੇ ਮੇਰੇ ਪ੍ਰਭੂ ਨੂੰ ਕਿਹਾ: “ਤੂੰ ਉਦੋਂ ਤਕ ਮੇਰੇ ਸੱਜੇ ਹੱਥ ਬੈਠ ਜਦ ਤਕ ਮੈਂ ਤੇਰੇ ਦੁਸ਼ਮਣਾਂ ਨੂੰ ਤੇਰੇ ਪੈਰਾਂ ਹੇਠ ਨਾ ਕਰ ਦਿਆਂ।”’+ 37 ਜੇ ਦਾਊਦ ਖ਼ੁਦ ਮਸੀਹ ਨੂੰ ਪ੍ਰਭੂ ਕਹਿੰਦਾ ਹੈ, ਤਾਂ ਫਿਰ, ਉਹ ਉਸ ਦਾ ਪੁੱਤਰ ਕਿਵੇਂ ਹੋ ਸਕਦਾ ਹੈ?”+

ਸਾਰੀ ਭੀੜ ਨੂੰ ਉਸ ਦੀਆਂ ਗੱਲਾਂ ਸੁਣ ਕੇ ਬੜਾ ਆਨੰਦ ਆ ਰਿਹਾ ਸੀ। 38 ਉਨ੍ਹਾਂ ਨੂੰ ਸਿੱਖਿਆ ਦਿੰਦੇ ਹੋਏ ਉਸ ਨੇ ਕਿਹਾ: “ਗ੍ਰੰਥੀਆਂ ਤੋਂ ਖ਼ਬਰਦਾਰ ਰਹੋ ਜੋ ਲੰਬੇ-ਲੰਬੇ ਚੋਗੇ ਪਾ ਕੇ ਘੁੰਮਣਾ ਪਸੰਦ ਕਰਦੇ ਹਨ ਅਤੇ ਚਾਹੁੰਦੇ ਹਨ ਕਿ ਬਾਜ਼ਾਰਾਂ ਵਿਚ ਲੋਕ ਉਨ੍ਹਾਂ ਨੂੰ ਸਲਾਮਾਂ ਕਰਨ।+ 39 ਉਹ ਸਭਾ ਘਰਾਂ ਵਿਚ ਅੱਗੇ ਹੋ-ਹੋ ਕੇ* ਬੈਠਣਾ ਅਤੇ ਦਾਅਵਤਾਂ ਵਿਚ ਖ਼ਾਸ ਥਾਵਾਂ ਉੱਤੇ ਬੈਠਣਾ ਪਸੰਦ ਕਰਦੇ ਹਨ।+ 40 ਉਹ ਵਿਧਵਾਵਾਂ ਦੇ ਘਰ* ਹੜੱਪ ਜਾਂਦੇ ਹਨ ਅਤੇ ਦਿਖਾਵੇ ਲਈ ਲੰਬੀਆਂ-ਲੰਬੀਆਂ ਪ੍ਰਾਰਥਨਾਵਾਂ ਕਰਦੇ ਹਨ। ਇਨ੍ਹਾਂ ਨੂੰ ਹੋਰ ਵੀ ਸਖ਼ਤ* ਸਜ਼ਾ ਮਿਲੇਗੀ।”

41 ਫਿਰ ਉਹ ਦਾਨ-ਪੇਟੀਆਂ ਦੇ ਸਾਮ੍ਹਣੇ ਬੈਠ ਗਿਆ+ ਅਤੇ ਭੀੜ ਨੂੰ ਦੇਖਣ ਲੱਗਾ ਜੋ ਦਾਨ-ਪੇਟੀਆਂ ਵਿਚ ਪੈਸੇ ਪਾ ਰਹੀ ਸੀ; ਕਈ ਅਮੀਰ ਲੋਕ ਆ ਕੇ ਬਹੁਤ ਸਿੱਕੇ ਪਾ ਰਹੇ ਸਨ।+ 42 ਉੱਥੇ ਇਕ ਗ਼ਰੀਬ ਵਿਧਵਾ ਵੀ ਆਈ ਅਤੇ ਉਸ ਨੇ ਦੋ ਸਿੱਕੇ* ਪਾਏ ਜਿਨ੍ਹਾਂ ਦੀ ਕੀਮਤ ਬਹੁਤ ਹੀ ਥੋੜ੍ਹੀ ਸੀ।+ 43 ਉਸ ਨੇ ਆਪਣੇ ਚੇਲਿਆਂ ਨੂੰ ਕੋਲ ਬੁਲਾ ਕੇ ਕਿਹਾ: “ਮੈਂ ਤੁਹਾਨੂੰ ਸੱਚ ਦੱਸਦਾ ਹਾਂ ਕਿ ਦਾਨ-ਪੇਟੀਆਂ ਵਿਚ ਪੈਸੇ ਪਾ ਰਹੇ ਸਭ ਲੋਕਾਂ ਨਾਲੋਂ ਜ਼ਿਆਦਾ ਪੈਸੇ ਇਸ ਗ਼ਰੀਬ ਵਿਧਵਾ ਨੇ ਪਾਏ।+ 44 ਕਿਉਂਕਿ ਉਨ੍ਹਾਂ ਸਾਰਿਆਂ ਨੇ ਆਪਣੇ ਵਾਧੂ ਪੈਸੇ ਵਿੱਚੋਂ ਕੁਝ ਪੈਸਾ ਪਾਇਆ, ਪਰ ਇਸ ਗ਼ਰੀਬ ਵਿਧਵਾ ਕੋਲ ਆਪਣੇ ਗੁਜ਼ਾਰੇ ਲਈ ਜੋ ਵੀ ਸੀ, ਇਸ ਨੇ ਉਹ ਸਾਰੇ ਦਾ ਸਾਰਾ ਦਾਨ-ਪੇਟੀ ਵਿਚ ਪਾ ਦਿੱਤਾ।”+

13 ਜਦ ਯਿਸੂ ਮੰਦਰ ਵਿੱਚੋਂ ਬਾਹਰ ਜਾ ਰਿਹਾ ਸੀ, ਤਾਂ ਉਸ ਦੇ ਇਕ ਚੇਲੇ ਨੇ ਉਸ ਨੂੰ ਕਿਹਾ: “ਵਾਹ! ਗੁਰੂ ਜੀ, ਇਨ੍ਹਾਂ ਸ਼ਾਨਦਾਰ ਪੱਥਰਾਂ ਅਤੇ ਇਮਾਰਤਾਂ ਨੂੰ ਦੇਖ!”+ 2 ਪਰ ਯਿਸੂ ਨੇ ਉਸ ਨੂੰ ਕਿਹਾ: “ਕੀ ਤੂੰ ਇਨ੍ਹਾਂ ਸ਼ਾਨਦਾਰ ਇਮਾਰਤਾਂ ਨੂੰ ਦੇਖਦਾ ਹੈਂ? ਇੱਥੇ ਪੱਥਰ ʼਤੇ ਪੱਥਰ ਨਹੀਂ ਛੱਡਿਆ ਜਾਵੇਗਾ ਜਿਹੜਾ ਡੇਗਿਆ ਨਾ ਜਾਵੇ।”+

3 ਫਿਰ ਜਦ ਉਹ ਜ਼ੈਤੂਨ ਪਹਾੜ ਉੱਤੇ ਬੈਠਾ ਹੋਇਆ ਸੀ ਜਿੱਥੋਂ ਮੰਦਰ ਨਜ਼ਰ ਆ ਰਿਹਾ ਸੀ, ਤਾਂ ਪਤਰਸ, ਯਾਕੂਬ, ਯੂਹੰਨਾ ਅਤੇ ਅੰਦ੍ਰਿਆਸ ਇਕੱਲੇ ਉਸ ਕੋਲ ਆਏ ਅਤੇ ਉਸ ਨੂੰ ਪੁੱਛਣ ਲੱਗੇ: 4 “ਸਾਨੂੰ ਦੱਸ, ਇਹ ਘਟਨਾਵਾਂ ਕਦੋਂ ਵਾਪਰਨਗੀਆਂ ਅਤੇ ਉਸ ਸਮੇਂ ਦੀ ਕੀ ਨਿਸ਼ਾਨੀ ਹੋਵੇਗੀ ਜਦੋਂ ਇਹ ਸਭ ਕੁਝ ਖ਼ਤਮ ਹੋਣ ਵਾਲਾ ਹੋਵੇਗਾ?”+ 5 ਇਸ ਲਈ ਯਿਸੂ ਨੇ ਉਨ੍ਹਾਂ ਨੂੰ ਕਿਹਾ: “ਖ਼ਬਰਦਾਰ ਰਹੋ ਕਿ ਤੁਹਾਨੂੰ ਕੋਈ ਗੁਮਰਾਹ ਨਾ ਕਰੇ।+ 6 ਮੇਰੇ ਨਾਂ ʼਤੇ ਬਹੁਤ ਸਾਰੇ ਲੋਕ ਆਉਣਗੇ ਅਤੇ ਕਹਿਣਗੇ, ‘ਮੈਂ ਹੀ ਮਸੀਹ ਹਾਂ’ ਅਤੇ ਕਈਆਂ ਨੂੰ ਗੁਮਰਾਹ ਕਰਨਗੇ। 7 ਨਾਲੇ ਜਦ ਤੁਸੀਂ ਲੜਾਈਆਂ ਦਾ ਰੌਲ਼ਾ ਅਤੇ ਲੜਾਈਆਂ ਦੀਆਂ ਖ਼ਬਰਾਂ ਸੁਣੋਗੇ, ਤਾਂ ਘਬਰਾ ਨਾ ਜਾਣਾ; ਇਹ ਸਭ ਕੁਝ ਹੋਣਾ ਜ਼ਰੂਰੀ ਹੈ, ਪਰ ਅੰਤ ਹਾਲੇ ਨਹੀਂ ਆਵੇਗਾ।+

8 “ਕੌਮ ਕੌਮ ਉੱਤੇ ਅਤੇ ਦੇਸ਼ ਦੇਸ਼ ਉੱਤੇ ਹਮਲਾ ਕਰੇਗਾ,+ ਥਾਂ-ਥਾਂ ਭੁਚਾਲ਼ ਆਉਣਗੇ ਤੇ ਕਾਲ਼ ਪੈਣਗੇ।+ ਇਹ ਸਭ ਕੁਝ ਪੀੜਾਂ* ਦੀ ਸ਼ੁਰੂਆਤ ਹੀ ਹੈ।+

9 “ਤੁਸੀਂ ਖ਼ਬਰਦਾਰ ਰਹੋ; ਮੇਰੇ ਚੇਲੇ ਹੋਣ ਕਰਕੇ ਲੋਕ ਤੁਹਾਨੂੰ ਅਦਾਲਤਾਂ ਵਿਚ ਘੜੀਸਣਗੇ+ ਅਤੇ ਸਭਾ ਘਰਾਂ ਵਿਚ ਕੁੱਟਣਗੇ+ ਅਤੇ ਸਰਕਾਰੀ ਅਧਿਕਾਰੀਆਂ ਤੇ ਰਾਜਿਆਂ ਸਾਮ੍ਹਣੇ ਪੇਸ਼ ਕਰਨਗੇ ਜਿੱਥੇ ਤੁਹਾਨੂੰ ਗਵਾਹੀ ਦੇਣ ਦਾ ਮੌਕਾ ਮਿਲੇਗਾ।+ 10 ਨਾਲੇ ਇਹ ਵੀ ਜ਼ਰੂਰੀ ਹੈ ਕਿ ਪਹਿਲਾਂ ਸਾਰੀਆਂ ਕੌਮਾਂ ਵਿਚ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ ਜਾਵੇ।+ 11 ਪਰ ਜਦ ਉਹ ਤੁਹਾਨੂੰ ਅਦਾਲਤਾਂ ਵਿਚ ਲਿਆਉਣ, ਤਾਂ ਤੁਸੀਂ ਪਹਿਲਾਂ ਤੋਂ ਹੀ ਚਿੰਤਾ ਨਾ ਕਰਨੀ ਕਿ ਤੁਸੀਂ ਕੀ ਕਹੋਗੇ; ਤੁਸੀਂ ਉਹੀ ਕਹਿਣਾ ਜੋ ਤੁਹਾਨੂੰ ਉਸੇ ਵੇਲੇ ਦੱਸਿਆ ਜਾਵੇਗਾ ਕਿਉਂਕਿ ਬੋਲਣ ਵਾਲੇ ਤੁਸੀਂ ਨਹੀਂ, ਸਗੋਂ ਪਵਿੱਤਰ ਸ਼ਕਤੀ ਹੋਵੇਗੀ।+ 12 ਇਸ ਤੋਂ ਇਲਾਵਾ, ਭਰਾ ਭਰਾ ਨੂੰ ਅਤੇ ਪਿਤਾ ਬੱਚੇ ਨੂੰ ਮਰਵਾਉਣ ਲਈ ਫੜਵਾਏਗਾ ਅਤੇ ਬੱਚੇ ਆਪਣੇ ਮਾਪਿਆਂ ਦੇ ਖ਼ਿਲਾਫ਼ ਹੋ ਜਾਣਗੇ ਤੇ ਉਨ੍ਹਾਂ ਨੂੰ ਮਰਵਾਉਣਗੇ।+ 13 ਮੇਰੇ ਚੇਲੇ ਹੋਣ ਕਰਕੇ ਤੁਸੀਂ ਸਾਰੇ ਲੋਕਾਂ ਦੀ ਨਫ਼ਰਤ ਦੇ ਸ਼ਿਕਾਰ ਬਣੋਗੇ।+ ਪਰ ਜਿਹੜਾ ਇਨਸਾਨ ਅੰਤ ਤਕ ਧੀਰਜ ਨਾਲ ਸਹਿੰਦਾ ਰਹੇਗਾ,+ ਉਹੀ ਬਚਾਇਆ ਜਾਵੇਗਾ।+

14 “ਪਰ ਜਦ ਤੁਸੀਂ ਤਬਾਹੀ ਮਚਾਉਣ ਵਾਲੀ ਘਿਣਾਉਣੀ ਚੀਜ਼ ਨੂੰ ਉਸ ਥਾਂ ਖੜ੍ਹੀ ਦੇਖੋਗੇ+ ਜਿੱਥੇ ਉਸ ਨੂੰ ਨਹੀਂ ਖੜ੍ਹਨਾ ਚਾਹੀਦਾ (ਇਸ ਬਿਰਤਾਂਤ ਨੂੰ ਪੜ੍ਹਨ ਵਾਲਾ ਸਮਝ ਤੋਂ ਕੰਮ ਲਵੇ), ਤਾਂ ਜਿਹੜੇ ਯਹੂਦਿਯਾ ਵਿਚ ਹੋਣ, ਉਹ ਪਹਾੜਾਂ ਨੂੰ ਭੱਜਣਾ ਸ਼ੁਰੂ ਕਰ ਦੇਣ।+ 15 ਜਿਹੜਾ ਆਦਮੀ ਕੋਠੇ ʼਤੇ ਹੋਵੇ, ਉਹ ਹੇਠਾਂ ਨਾ ਆਵੇ ਅਤੇ ਨਾ ਕੋਈ ਚੀਜ਼ ਲੈਣ ਘਰ ਦੇ ਅੰਦਰ ਜਾਵੇ 16 ਅਤੇ ਜਿਹੜਾ ਆਦਮੀ ਖੇਤ ਵਿਚ ਹੋਵੇ, ਉਹ ਘਰੋਂ ਆਪਣੀਆਂ ਚੀਜ਼ਾਂ ਅਤੇ ਆਪਣਾ ਚੋਗਾ ਲੈਣ ਵਾਪਸ ਨਾ ਜਾਵੇ। 17 ਇਹ ਸਮਾਂ ਗਰਭਵਤੀ ਔਰਤਾਂ ਅਤੇ ਦੁੱਧ ਚੁੰਘਾਉਂਦੀਆਂ ਔਰਤਾਂ ਲਈ ਬਹੁਤ ਔਖਾ ਹੋਵੇਗਾ!+ 18 ਪ੍ਰਾਰਥਨਾ ਕਰਦੇ ਰਹੋ ਕਿ ਤੁਹਾਨੂੰ ਸਿਆਲ਼ ਵਿਚ ਨਾ ਭੱਜਣਾ ਪਵੇ 19 ਕਿਉਂਕਿ ਉਹ ਦਿਨ ਕਸ਼ਟ ਦੇ ਦਿਨ ਹੋਣਗੇ।+ ਅਜਿਹਾ ਕਸ਼ਟ ਪਰਮੇਸ਼ੁਰ ਦੁਆਰਾ ਰਚੀ ਸ੍ਰਿਸ਼ਟੀ ਦੀ ਸ਼ੁਰੂਆਤ ਤੋਂ ਲੈ ਕੇ ਅੱਜ ਤਕ ਨਾ ਕਦੇ ਆਇਆ ਹੈ ਅਤੇ ਨਾ ਦੁਬਾਰਾ ਕਦੇ ਆਵੇਗਾ।+ 20 ਜੇ ਯਹੋਵਾਹ* ਇਨ੍ਹਾਂ ਦਿਨਾਂ ਨੂੰ ਨਹੀਂ ਘਟਾਵੇਗਾ, ਤਾਂ ਕੋਈ* ਵੀ ਨਹੀਂ ਬਚੇਗਾ। ਪਰ ਚੁਣੇ ਹੋਏ ਲੋਕਾਂ ਦੀ ਖ਼ਾਤਰ ਜਿਨ੍ਹਾਂ ਨੂੰ ਉਸ ਨੇ ਚੁਣਿਆ ਹੈ, ਉਹ ਇਹ ਦਿਨ ਘਟਾਵੇਗਾ।+

21 “ਫਿਰ ਜੇ ਕੋਈ ਤੁਹਾਨੂੰ ਕਹੇ, ‘ਦੇਖੋ! ਮਸੀਹ ਇੱਥੇ ਹੈ’ ਜਾਂ ‘ਦੇਖੋ! ਮਸੀਹ ਉੱਥੇ ਹੈ,’ ਤਾਂ ਉਨ੍ਹਾਂ ਦੀ ਗੱਲ ਦਾ ਯਕੀਨ ਨਾ ਕਰਿਓ।+ 22 ਕਿਉਂਕਿ ਝੂਠੇ ਮਸੀਹ ਅਤੇ ਝੂਠੇ ਨਬੀ ਆਉਣਗੇ+ ਜਿਹੜੇ ਨਿਸ਼ਾਨੀਆਂ ਤੇ ਕਰਾਮਾਤਾਂ ਦਿਖਾ ਕੇ ਚੁਣੇ ਹੋਇਆਂ ਨੂੰ ਵੀ ਗੁਮਰਾਹ ਕਰਨ ਦੀ ਕੋਸ਼ਿਸ਼ ਕਰਨਗੇ। 23 ਇਸ ਲਈ, ਤੁਸੀਂ ਖ਼ਬਰਦਾਰ ਰਹੋ।+ ਮੈਂ ਇਹ ਸਾਰੀਆਂ ਗੱਲਾਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤੀਆਂ ਹਨ।

24 “ਪਰ ਉਨ੍ਹਾਂ ਦਿਨਾਂ ਵਿਚ, ਇਸ ਕਸ਼ਟ ਤੋਂ ਬਾਅਦ, ਸੂਰਜ ਹਨੇਰਾ ਹੋ ਜਾਵੇਗਾ, ਚੰਦ ਆਪਣੀ ਰੌਸ਼ਨੀ ਨਾ ਦੇਵੇਗਾ,+ 25 ਤਾਰੇ ਆਕਾਸ਼ੋਂ ਹੇਠਾਂ ਡਿਗ ਪੈਣਗੇ ਅਤੇ ਆਕਾਸ਼ ਦੀਆਂ ਸ਼ਕਤੀਆਂ ਹਿਲਾਈਆਂ ਜਾਣਗੀਆਂ। 26 ਫਿਰ ਉਹ ਮਨੁੱਖ ਦੇ ਪੁੱਤਰ+ ਨੂੰ ਬੱਦਲਾਂ ਵਿਚ ਬੇਅੰਤ ਸ਼ਕਤੀ ਅਤੇ ਮਹਿਮਾ ਨਾਲ ਆਉਂਦਾ ਦੇਖਣਗੇ।+ 27 ਫਿਰ ਉਹ ਦੂਤਾਂ ਨੂੰ ਘੱਲ ਕੇ ਧਰਤੀ ਤੋਂ ਲੈ ਕੇ ਆਕਾਸ਼ ਤਕ ਚੌਹਾਂ ਪਾਸਿਆਂ ਤੋਂ ਆਪਣੇ ਚੁਣੇ ਹੋਏ ਲੋਕਾਂ ਨੂੰ ਇਕੱਠਾ ਕਰੇਗਾ।+

28 “ਅੰਜੀਰ ਦੇ ਦਰਖ਼ਤ ਦੀ ਮਿਸਾਲ ਤੋਂ ਸਿੱਖੋ: ਜਦ ਉਸ ਦੀ ਟਾਹਣੀ ਨਰਮ ਹੋ ਜਾਂਦੀ ਹੈ ਅਤੇ ਪੱਤੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ, ਤਾਂ ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਗਰਮੀਆਂ ਦਾ ਮੌਸਮ ਆਉਣ ਵਾਲਾ ਹੈ।+ 29 ਇਸੇ ਤਰ੍ਹਾਂ, ਜਦ ਤੁਸੀਂ ਇਹ ਗੱਲਾਂ ਹੁੰਦੀਆਂ ਦੇਖੋ, ਤਾਂ ਸਮਝ ਜਾਣਾ ਕਿ ਮਨੁੱਖ ਦਾ ਪੁੱਤਰ ਲਾਗੇ ਆ ਗਿਆ ਹੈ, ਸਗੋਂ ਉਹ ਦਰਵਾਜ਼ੇ ʼਤੇ ਹੈ।+ 30 ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਇਸ ਪੀੜ੍ਹੀ ਦੇ ਖ਼ਤਮ ਹੋਣ ਤੋਂ ਪਹਿਲਾਂ-ਪਹਿਲਾਂ ਇਹ ਸਾਰੀਆਂ ਘਟਨਾਵਾਂ ਜ਼ਰੂਰ ਵਾਪਰਨਗੀਆਂ।+ 31 ਆਸਮਾਨ ਅਤੇ ਧਰਤੀ ਮਿਟ ਜਾਣਗੇ,+ ਪਰ ਮੇਰੇ ਸ਼ਬਦ ਕਦੇ ਨਹੀਂ ਮਿਟਣਗੇ!+

32 “ਉਸ ਦਿਨ ਜਾਂ ਉਸ ਘੜੀ ਨੂੰ ਕੋਈ ਨਹੀਂ ਜਾਣਦਾ, ਨਾ ਸਵਰਗੀ ਦੂਤ, ਨਾ ਪੁੱਤਰ, ਪਰ ਸਿਰਫ਼ ਪਿਤਾ ਜਾਣਦਾ ਹੈ।+ 33 ਖ਼ਬਰਦਾਰ ਰਹੋ, ਜਾਗਦੇ ਰਹੋ+ ਕਿਉਂਕਿ ਤੁਸੀਂ ਪਰਮੇਸ਼ੁਰ ਦੇ ਮਿਥੇ ਹੋਏ ਸਮੇਂ ਨੂੰ ਨਹੀਂ ਜਾਣਦੇ।+ 34 ਇਹ ਉਸ ਆਦਮੀ ਵਾਂਗ ਹੈ ਜੋ ਪਰਦੇਸ ਜਾਣ ਲੱਗਿਆਂ ਆਪਣੇ ਘਰ-ਬਾਰ ਦੀ ਦੇਖ-ਭਾਲ ਕਰਨ ਦਾ ਅਧਿਕਾਰ ਆਪਣੇ ਨੌਕਰਾਂ ਨੂੰ ਦਿੰਦਾ ਹੈ,+ ਹਰੇਕ ਨੂੰ ਕੰਮ ਸੌਂਪਦਾ ਹੈ ਅਤੇ ਚੌਕੀਦਾਰ ਨੂੰ ਖ਼ਬਰਦਾਰ ਰਹਿਣ ਦਾ ਹੁਕਮ ਦਿੰਦਾ ਹੈ।+ 35 ਇਸ ਲਈ ਖ਼ਬਰਦਾਰ ਰਹੋ ਕਿਉਂਕਿ ਤੁਸੀਂ ਨਹੀਂ ਜਾਣਦੇ ਕਿ ਘਰ ਦਾ ਮਾਲਕ ਕਦੋਂ ਵਾਪਸ ਆਵੇਗਾ,+ ਸ਼ਾਮ ਨੂੰ ਜਾਂ ਅੱਧੀ ਰਾਤ ਨੂੰ ਜਾਂ ਕੁੱਕੜ ਦੇ ਬਾਂਗ ਦੇਣ ਵੇਲੇ* ਜਾਂ ਤੜਕੇ,+ 36 ਇਸ ਕਰਕੇ, ਜਦ ਉਹ ਅਚਾਨਕ ਆਵੇ, ਤਾਂ ਉਹ ਤੁਹਾਨੂੰ ਸੁੱਤੇ ਹੋਏ ਨਾ ਪਾਵੇ।+ 37 ਪਰ ਮੈਂ ਤੁਹਾਨੂੰ ਜੋ ਕਹਿੰਦਾ ਹਾਂ, ਉਹ ਸਾਰਿਆਂ ਨੂੰ ਕਹਿੰਦਾ ਹਾਂ: ਖ਼ਬਰਦਾਰ ਰਹੋ।”+

14 ਹੁਣ ਪਸਾਹ ਦਾ ਤਿਉਹਾਰ+ ਅਤੇ ਬੇਖਮੀਰੀ ਰੋਟੀ ਦਾ ਤਿਉਹਾਰ+ ਦੋ ਦਿਨਾਂ ਬਾਅਦ ਮਨਾਇਆ ਜਾਣਾ ਸੀ।+ ਅਤੇ ਮੁੱਖ ਪੁਜਾਰੀ ਤੇ ਗ੍ਰੰਥੀ ਚਲਾਕੀ ਨਾਲ ਯਿਸੂ ਨੂੰ ਫੜ ਕੇ* ਮਾਰਨ ਦੀ ਸਾਜ਼ਸ਼ ਘੜ ਰਹੇ ਸਨ,+ 2 ਪਰ ਉਹ ਕਹਿ ਰਹੇ ਸਨ: “ਤਿਉਹਾਰ ʼਤੇ ਨਹੀਂ; ਕਿਤੇ ਲੋਕ ਭੜਕ ਨਾ ਉੱਠਣ।”

3 ਜਦੋਂ ਉਹ ਬੈਥਨੀਆ ਵਿਚ ਸ਼ਮਊਨ ਨਾਂ ਦੇ ਕੋੜ੍ਹੀ ਦੇ ਘਰ ਬੈਠਾ ਖਾਣਾ ਖਾ ਰਿਹਾ ਸੀ, ਤਾਂ ਇਕ ਤੀਵੀਂ ਪੱਥਰ ਦੀ ਸ਼ੀਸ਼ੀ ਵਿਚ ਖਾਲਸ ਜਟਾਮਾਸੀ ਦਾ ਬਹੁਤ ਮਹਿੰਗਾ ਖ਼ੁਸ਼ਬੂਦਾਰ ਤੇਲ ਲੈ ਕੇ ਆਈ। ਉਸ ਨੇ ਪੱਥਰ ਦੀ ਸ਼ੀਸ਼ੀ ਖੋਲ੍ਹ ਕੇ ਖ਼ੁਸ਼ਬੂਦਾਰ ਤੇਲ ਯਿਸੂ ਦੇ ਸਿਰ ʼਤੇ ਪਾ ਦਿੱਤਾ।+ 4 ਇਹ ਦੇਖ ਕੇ ਕਈ ਜਣੇ ਖਿਝ ਗਏ ਅਤੇ ਇਕ-ਦੂਜੇ ਨੂੰ ਕਹਿਣ ਲੱਗੇ: “ਇਹ ਖ਼ੁਸ਼ਬੂਦਾਰ ਤੇਲ ਕਿਉਂ ਖ਼ਰਾਬ ਕੀਤਾ? 5 ਇਸ ਖ਼ੁਸ਼ਬੂਦਾਰ ਤੇਲ ਨੂੰ ਵੇਚ ਕੇ 300 ਤੋਂ ਜ਼ਿਆਦਾ ਦੀਨਾਰ* ਮਿਲ ਸਕਦੇ ਸਨ ਜੋ ਗ਼ਰੀਬਾਂ ਵਿਚ ਵੰਡੇ ਜਾ ਸਕਦੇ ਸਨ!” ਅਤੇ ਉਹ ਤੀਵੀਂ ਨਾਲ ਬਹੁਤ ਨਾਰਾਜ਼ ਹੋਏ।* 6 ਪਰ ਯਿਸੂ ਨੇ ਕਿਹਾ: “ਉਸ ਨੂੰ ਕੁਝ ਨਾ ਕਹੋ। ਤੁਸੀਂ ਕਿਉਂ ਉਸ ਨੂੰ ਪਰੇਸ਼ਾਨ ਕਰ ਰਹੇ ਹੋ? ਉਸ ਨੇ ਮੇਰੇ ਲਈ ਇਹ ਵਧੀਆ ਕੰਮ ਕੀਤਾ ਹੈ।+ 7 ਗ਼ਰੀਬ ਤਾਂ ਹਮੇਸ਼ਾ ਤੁਹਾਡੇ ਨਾਲ ਰਹਿਣਗੇ+ ਅਤੇ ਤੁਸੀਂ ਜਦ ਚਾਹੋ, ਉਨ੍ਹਾਂ ਦਾ ਭਲਾ ਕਰ ਸਕਦੇ ਹੋ, ਪਰ ਮੈਂ ਹਮੇਸ਼ਾ ਤੁਹਾਡੇ ਨਾਲ ਨਹੀਂ ਰਹਿਣਾ।+ 8 ਉਹ ਜੋ ਕਰ ਸਕਦੀ ਸੀ, ਉਸ ਨੇ ਕੀਤਾ; ਉਸ ਨੇ ਮੈਨੂੰ ਦਫ਼ਨਾਉਣ ਦੀ ਤਿਆਰੀ ਵਿਚ ਪਹਿਲਾਂ ਹੀ ਮੇਰੇ ਸਰੀਰ ʼਤੇ ਖ਼ੁਸ਼ਬੂਦਾਰ ਤੇਲ ਮਲ਼ਿਆ ਹੈ।+ 9 ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਸਾਰੀ ਦੁਨੀਆਂ ਵਿਚ ਜਿੱਥੇ ਕਿਤੇ ਵੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ ਜਾਵੇਗਾ,+ ਉੱਥੇ ਇਸ ਤੀਵੀਂ ਦੀ ਯਾਦ ਵਿਚ ਇਸ ਕੰਮ ਦਾ ਵੀ ਜ਼ਿਕਰ ਕੀਤਾ ਜਾਵੇਗਾ।”+

10 ਯਹੂਦਾ ਇਸਕਰਿਓਤੀ, ਜਿਹੜਾ ਉਸ ਦੇ 12 ਰਸੂਲਾਂ ਵਿੱਚੋਂ ਸੀ, ਮੁੱਖ ਪੁਜਾਰੀਆਂ ਕੋਲ ਗਿਆ ਤਾਂਕਿ ਉਹ ਯਿਸੂ ਨੂੰ ਧੋਖੇ ਨਾਲ ਉਨ੍ਹਾਂ ਦੇ ਹੱਥ ਫੜਵਾ ਦੇਵੇ।+ 11 ਇਹ ਸੁਣ ਕੇ ਉਹ ਬਹੁਤ ਖ਼ੁਸ਼ ਹੋਏ ਅਤੇ ਉਨ੍ਹਾਂ ਨੇ ਉਸ ਨੂੰ ਚਾਂਦੀ ਦੇ ਸਿੱਕੇ ਦੇਣ ਦਾ ਵਾਅਦਾ ਕੀਤਾ।+ ਉਦੋਂ ਤੋਂ ਉਹ ਯਿਸੂ ਨੂੰ ਧੋਖੇ ਨਾਲ ਫੜਵਾਉਣ ਲਈ ਮੌਕੇ ਦੀ ਭਾਲ ਕਰਨ ਲੱਗਾ।

12 ਬੇਖਮੀਰੀ ਰੋਟੀ+ ਦੇ ਤਿਉਹਾਰ ਦੇ ਪਹਿਲੇ ਦਿਨ, ਜਦੋਂ ਰੀਤ ਅਨੁਸਾਰ ਪਸਾਹ ਦੇ ਜਾਨਵਰ ਦੀ ਬਲ਼ੀ ਦਿੱਤੀ ਜਾਂਦੀ ਸੀ,+ ਉਸ ਦੇ ਚੇਲਿਆਂ ਨੇ ਉਸ ਨੂੰ ਪੁੱਛਿਆ: “ਤੂੰ ਕਿੱਥੇ ਚਾਹੁੰਦਾ ਹੈਂ ਕਿ ਅਸੀਂ ਤੇਰੇ ਲਈ ਪਸਾਹ ਦਾ ਖਾਣਾ ਤਿਆਰ ਕਰੀਏ?”+ 13 ਉਸ ਨੇ ਆਪਣੇ ਦੋ ਚੇਲਿਆਂ ਨੂੰ ਇਹ ਕਹਿ ਕੇ ਘੱਲਿਆ: “ਸ਼ਹਿਰ ਵਿਚ ਜਾਓ, ਉੱਥੇ ਪਾਣੀ ਦਾ ਘੜਾ ਚੁੱਕੀ ਜਾਂਦਾ ਇਕ ਆਦਮੀ ਆ ਕੇ ਤੁਹਾਨੂੰ ਮਿਲੇਗਾ। ਤੁਸੀਂ ਉਸ ਦੇ ਪਿੱਛੇ-ਪਿੱਛੇ ਚਲੇ ਜਾਇਓ+ 14 ਅਤੇ ਉਹ ਜਿਸ ਘਰ ਵਿਚ ਵੜੇ, ਤੁਸੀਂ ਉਸ ਘਰ ਦੇ ਮਾਲਕ ਨੂੰ ਕਹੋ, ‘ਗੁਰੂ ਜੀ ਨੇ ਪੁੱਛਿਆ ਹੈ: “ਉਹ ਕਮਰਾ ਕਿੱਥੇ ਹੈ ਜਿੱਥੇ ਮੈਂ ਆਪਣੇ ਚੇਲਿਆਂ ਨਾਲ ਪਸਾਹ ਦਾ ਖਾਣਾ ਖਾ ਸਕਦਾ ਹਾਂ?”’ 15 ਅਤੇ ਉਹ ਤੁਹਾਨੂੰ ਇਕ ਵੱਡਾ ਚੁਬਾਰਾ ਦਿਖਾਵੇਗਾ ਜੋ ਸਾਡੇ ਵਾਸਤੇ ਤਿਆਰ ਕੀਤਾ ਗਿਆ ਹੈ; ਉੱਥੇ ਆਪਣੇ ਸਾਰਿਆਂ ਲਈ ਪਸਾਹ ਦਾ ਖਾਣਾ ਤਿਆਰ ਕਰੋ।” 16 ਇਸ ਲਈ ਚੇਲੇ ਚਲੇ ਗਏ ਅਤੇ ਸ਼ਹਿਰ ਵਿਚ ਉਨ੍ਹਾਂ ਦੇ ਜਾਣ ਤੇ ਉਹੀ ਹੋਇਆ ਜੋ ਯਿਸੂ ਨੇ ਉਨ੍ਹਾਂ ਨੂੰ ਦੱਸਿਆ ਸੀ ਅਤੇ ਉਨ੍ਹਾਂ ਨੇ ਪਸਾਹ ਦੀ ਤਿਆਰੀ ਕੀਤੀ।

17 ਸ਼ਾਮ ਹੋਣ ਤੇ ਉਹ ਆਪਣੇ 12 ਰਸੂਲਾਂ ਨਾਲ ਉੱਥੇ ਆਇਆ।+ 18 ਜਦੋਂ ਉਹ ਮੇਜ਼ ਦੁਆਲੇ ਬੈਠੇ ਖਾਣਾ ਖਾ ਰਹੇ ਸਨ, ਤਾਂ ਯਿਸੂ ਨੇ ਕਿਹਾ: “ਮੈਂ ਤੁਹਾਨੂੰ ਸੱਚ ਕਹਿੰਦਾ ਹਾਂ: ਤੁਹਾਡੇ ਵਿੱਚੋਂ ਇਕ ਜਣਾ, ਜੋ ਮੇਰੇ ਨਾਲ ਖਾ ਰਿਹਾ ਹੈ, ਮੈਨੂੰ ਧੋਖੇ ਨਾਲ ਫੜਵਾਏਗਾ।”+ 19 ਇਹ ਸੁਣ ਕੇ ਉਹ ਸਾਰੇ ਦੁਖੀ ਹੋਏ ਅਤੇ ਇਕ-ਇਕ ਕਰ ਕੇ ਉਸ ਨੂੰ ਪੁੱਛਣ ਲੱਗੇ: “ਕਿਤੇ ਮੈਂ ਤਾਂ ਨਹੀਂ?” 20 ਉਸ ਨੇ ਉਨ੍ਹਾਂ ਨੂੰ ਕਿਹਾ: “ਉਹ ਤੁਹਾਡੇ ਬਾਰਾਂ ਵਿੱਚੋਂ ਇਕ ਜਣਾ ਹੈ, ਜਿਹੜਾ ਮੇਰੇ ਨਾਲ ਇੱਕੋ ਕੌਲੀ ਵਿਚ ਬੁਰਕੀ ਡੋਬ ਰਿਹਾ ਹੈ।+ 21 ਮਨੁੱਖ ਦੇ ਪੁੱਤਰ ਨੇ ਤਾਂ ਜਾਣਾ ਹੀ ਹੈ, ਜਿਵੇਂ ਉਸ ਬਾਰੇ ਲਿਖਿਆ ਹੋਇਆ ਹੈ, ਪਰ ਅਫ਼ਸੋਸ ਉਸ ਆਦਮੀ ʼਤੇ ਜਿਹੜਾ ਮਨੁੱਖ ਦੇ ਪੁੱਤਰ ਨੂੰ ਧੋਖੇ ਨਾਲ ਫੜਵਾਉਂਦਾ ਹੈ!+ ਇਸ ਨਾਲੋਂ ਚੰਗਾ ਹੁੰਦਾ ਕਿ ਉਹ ਆਦਮੀ ਜੰਮਦਾ ਹੀ ਨਾ।”+

22 ਜਦੋਂ ਉਹ ਖਾ ਰਹੇ ਸਨ, ਤਾਂ ਯਿਸੂ ਨੇ ਇਕ ਰੋਟੀ ਲਈ ਅਤੇ ਪ੍ਰਾਰਥਨਾ ਕਰ ਕੇ ਤੋੜੀ ਅਤੇ ਉਨ੍ਹਾਂ ਨੂੰ ਦੇ ਕੇ ਕਿਹਾ: “ਲਓ, ਇਹ ਰੋਟੀ ਮੇਰੇ ਸਰੀਰ ਨੂੰ ਦਰਸਾਉਂਦੀ ਹੈ।”+ 23 ਫਿਰ ਉਸ ਨੇ ਦਾਖਰਸ ਦਾ ਪਿਆਲਾ ਲੈ ਕੇ ਪਰਮੇਸ਼ੁਰ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਦਿੱਤਾ ਅਤੇ ਉਨ੍ਹਾਂ ਸਾਰਿਆਂ ਨੇ ਉਸ ਪਿਆਲੇ ਵਿੱਚੋਂ ਪੀਤਾ।+ 24 ਫਿਰ ਉਸ ਨੇ ਉਨ੍ਹਾਂ ਨੂੰ ਕਿਹਾ: “ਇਹ ਦਾਖਰਸ ਮੇਰੇ ਲਹੂ+ ਨੂੰ ਯਾਨੀ ‘ਇਕਰਾਰ ਦੇ ਲਹੂ’+ ਨੂੰ ਦਰਸਾਉਂਦਾ ਹੈ ਜੋ ਬਹੁਤ ਸਾਰੇ ਲੋਕਾਂ ਦੀ ਖ਼ਾਤਰ ਵਹਾਇਆ ਜਾਵੇਗਾ।+ 25 ਮੈਂ ਤੁਹਾਨੂੰ ਸੱਚ ਕਹਿੰਦਾ ਹਾਂ: ਮੈਂ ਉਸ ਦਿਨ ਤਕ ਦਾਖਰਸ ਹਰਗਿਜ਼ ਨਹੀਂ ਪੀਵਾਂਗਾ ਜਿਸ ਦਿਨ ਮੈਂ ਪਰਮੇਸ਼ੁਰ ਦੇ ਰਾਜ ਵਿਚ ਨਵਾਂ ਦਾਖਰਸ ਨਾ ਪੀਵਾਂ।” 26 ਅਖ਼ੀਰ ਵਿਚ ਪਰਮੇਸ਼ੁਰ ਦੀ ਮਹਿਮਾ ਦੇ ਗੀਤ ਗਾਉਣ ਤੋਂ ਬਾਅਦ ਉਹ ਜ਼ੈਤੂਨ ਪਹਾੜ ਉੱਤੇ ਚਲੇ ਗਏ।+

27 ਯਿਸੂ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਸਾਰੇ ਮੈਨੂੰ ਛੱਡ ਜਾਓਗੇ* ਕਿਉਂਕਿ ਲਿਖਿਆ ਹੋਇਆ ਹੈ: ‘ਮੈਂ ਚਰਵਾਹੇ ਨੂੰ ਮਾਰਾਂਗਾ+ ਅਤੇ ਭੇਡਾਂ ਖਿੰਡ-ਪੁੰਡ ਜਾਣਗੀਆਂ।’+ 28 ਪਰ ਦੁਬਾਰਾ ਜੀਉਂਦਾ ਹੋਣ ਤੋਂ ਬਾਅਦ ਮੈਂ ਤੁਹਾਡੇ ਤੋਂ ਪਹਿਲਾਂ ਗਲੀਲ ਨੂੰ ਜਾਵਾਂਗਾ।”+ 29 ਪਰ ਪਤਰਸ ਨੇ ਉਸ ਨੂੰ ਕਿਹਾ: “ਬਾਕੀ ਸਾਰੇ ਭਾਵੇਂ ਤੈਨੂੰ ਛੱਡ ਜਾਣ,* ਪਰ ਮੈਂ ਤੈਨੂੰ ਨਹੀਂ ਛੱਡਾਂਗਾ।”*+ 30 ਇਹ ਸੁਣ ਕੇ ਯਿਸੂ ਨੇ ਉਸ ਨੂੰ ਕਿਹਾ: “ਮੈਂ ਤੈਨੂੰ ਸੱਚ ਕਹਿੰਦਾ ਹਾਂ ਕਿ ਅੱਜ ਰਾਤ ਨੂੰ ਹੀ ਕੁੱਕੜ ਦੇ ਦੋ ਵਾਰ ਬਾਂਗ ਦੇਣ ਤੋਂ ਪਹਿਲਾਂ ਤੂੰ ਤਿੰਨ ਵਾਰ ਇਸ ਗੱਲ ਤੋਂ ਇਨਕਾਰ ਕਰੇਂਗਾ ਕਿ ਤੂੰ ਮੈਨੂੰ ਜਾਣਦਾ ਹੈਂ।”+ 31 ਪਰ ਪਤਰਸ ਨੇ ਜ਼ੋਰ ਦੇ ਕੇ ਕਿਹਾ: “ਜੇ ਮੈਨੂੰ ਤੇਰੇ ਨਾਲ ਮਰਨਾ ਵੀ ਪਵੇ, ਤਾਂ ਵੀ ਮੈਂ ਇਸ ਗੱਲ ਤੋਂ ਇਨਕਾਰ ਨਹੀਂ ਕਰਾਂਗਾ ਕਿ ਮੈਂ ਤੈਨੂੰ ਜਾਣਦਾ ਹਾਂ।” ਬਾਕੀ ਸਾਰੇ ਚੇਲੇ ਵੀ ਇਹੀ ਕਹਿਣ ਲੱਗੇ।+

32 ਉਹ ਗਥਸਮਨੀ ਨਾਂ ਦੀ ਜਗ੍ਹਾ ਆਏ ਅਤੇ ਉਸ ਨੇ ਆਪਣੇ ਚੇਲਿਆਂ ਨੂੰ ਕਿਹਾ: “ਜਦ ਤਕ ਮੈਂ ਪ੍ਰਾਰਥਨਾ ਕਰਦਾ ਹਾਂ, ਤਦ ਤਕ ਤੁਸੀਂ ਇੱਥੇ ਬੈਠੋ।”+ 33 ਉਹ ਆਪਣੇ ਨਾਲ ਪਤਰਸ, ਯਾਕੂਬ ਤੇ ਯੂਹੰਨਾ ਨੂੰ ਲੈ ਗਿਆ।+ ਫਿਰ ਉਸ ਨਾਲ ਜੋ ਹੋਣ ਵਾਲਾ ਸੀ, ਉਸ ਬਾਰੇ ਸੋਚ ਕੇ ਉਹ ਬਹੁਤ ਪਰੇਸ਼ਾਨ ਅਤੇ ਦੁਖੀ ਹੋਣ ਲੱਗਾ। 34 ਉਸ ਨੇ ਉਨ੍ਹਾਂ ਨੂੰ ਕਿਹਾ: “ਮੇਰਾ ਮਨ ਬਹੁਤ ਦੁਖੀ ਹੈ,+ ਮੇਰੀ ਜਾਨ ਨਿਕਲਦੀ ਜਾ ਰਹੀ ਹੈ। ਇੱਥੇ ਠਹਿਰੋ ਅਤੇ ਜਾਗਦੇ ਰਹੋ।”+ 35 ਉਹ ਥੋੜ੍ਹਾ ਹੋਰ ਅੱਗੇ ਜਾ ਕੇ ਜ਼ਮੀਨ ਉੱਤੇ ਗੋਡਿਆਂ ਭਾਰ ਬੈਠ ਗਿਆ ਅਤੇ ਪ੍ਰਾਰਥਨਾ ਕਰਨ ਲੱਗਾ: ਕਾਸ਼! ਮੈਨੂੰ ਇਸ ਘੜੀ ਵਿੱਚੋਂ ਲੰਘਣਾ ਨਾ ਪਵੇ। 36 ਉਸ ਨੇ ਅੱਗੇ ਕਿਹਾ: “ਹੇ ਅੱਬਾ,* ਮੇਰੇ ਪਿਤਾ,+ ਤੂੰ ਸਭ ਕੁਝ ਕਰ ਸਕਦਾ ਹੈਂ; ਇਹ ਪਿਆਲਾ ਮੇਰੇ ਤੋਂ ਦੂਰ ਕਰ ਦੇ। ਪਰ ਜੋ ਮੈਂ ਚਾਹੁੰਦਾ ਹਾਂ, ਉਹ ਨਾ ਹੋਵੇ, ਸਗੋਂ ਉਹੀ ਹੋਵੇ ਜੋ ਤੂੰ ਚਾਹੁੰਦਾ ਹੈਂ।”+ 37 ਉਸ ਨੇ ਆ ਕੇ ਦੇਖਿਆ ਕਿ ਉਹ ਸੌਂ ਰਹੇ ਸਨ। ਉਸ ਨੇ ਪਤਰਸ ਨੂੰ ਕਿਹਾ: “ਸ਼ਮਊਨ, ਤੂੰ ਸੌਂ ਰਿਹਾ ਹੈਂ? ਕੀ ਤੇਰੇ ਵਿਚ ਇੰਨੀ ਵੀ ਤਾਕਤ ਨਹੀਂ ਕਿ ਤੂੰ ਥੋੜ੍ਹੇ ਚਿਰ ਲਈ ਵੀ ਜਾਗਦਾ ਨਾ ਰਹਿ ਸਕਿਆ?+ 38 ਜਾਗਦੇ ਰਹੋ ਅਤੇ ਪ੍ਰਾਰਥਨਾ ਕਰਦੇ ਰਹੋ ਤਾਂਕਿ ਤੁਸੀਂ ਕਿਸੇ ਪਰੀਖਿਆ ਦੌਰਾਨ ਡਿਗ ਨਾ ਪਓ।+ ਦਿਲ ਤਾਂ ਤਿਆਰ* ਹੈ, ਪਰ ਸਰੀਰ ਕਮਜ਼ੋਰ ਹੈ।”+ 39 ਉਹ ਦੁਬਾਰਾ ਚਲਾ ਗਿਆ ਅਤੇ ਪ੍ਰਾਰਥਨਾ ਵਿਚ ਉਹੀ ਗੱਲਾਂ ਕਹਿਣ ਲੱਗਾ।+ 40 ਉਸ ਨੇ ਵਾਪਸ ਆ ਕੇ ਦੇਖਿਆ ਕਿ ਉਹ ਸੁੱਤੇ ਪਏ ਸਨ ਕਿਉਂਕਿ ਉਨ੍ਹਾਂ ਦੀਆਂ ਅੱਖਾਂ ਨੀਂਦ ਨਾਲ ਭਰੀਆਂ ਹੋਈਆਂ ਸਨ, ਇਸ ਲਈ ਉਨ੍ਹਾਂ ਨੂੰ ਕੁਝ ਨਾ ਸੁੱਝਿਆ ਕਿ ਉਹ ਉਸ ਨੂੰ ਕੀ ਜਵਾਬ ਦੇਣ। 41 ਫਿਰ ਜਦ ਉਹ ਤੀਜੀ ਵਾਰ ਆਇਆ, ਤਾਂ ਉਸ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਇਹੋ ਜਿਹੇ ਸਮੇਂ ਸੌਂ ਰਹੇ ਹੋ ਤੇ ਆਰਾਮ ਕਰ ਰਹੇ ਹੋ! ਹੁਣ ਬਹੁਤ ਹੋ ਗਿਆ! ਘੜੀ ਆ ਪਹੁੰਚੀ ਹੈ!+ ਦੇਖੋ! ਮਨੁੱਖ ਦੇ ਪੁੱਤਰ ਨੂੰ ਪਾਪੀਆਂ ਦੇ ਹੱਥ ਧੋਖੇ ਨਾਲ ਫੜਵਾਇਆ ਜਾ ਰਿਹਾ ਹੈ। 42 ਉੱਠੋ, ਚਲੋ ਚਲੀਏ। ਔਹ ਦੇਖੋ! ਮੈਨੂੰ ਫੜਵਾਉਣ ਵਾਲਾ ਧੋਖੇਬਾਜ਼ ਆ ਗਿਆ ਹੈ।”+

43 ਉਸੇ ਵੇਲੇ, ਜਦੋਂ ਉਹ ਅਜੇ ਗੱਲ ਕਰ ਹੀ ਰਿਹਾ ਸੀ, ਯਹੂਦਾ ਆਇਆ ਜਿਹੜਾ 12 ਰਸੂਲਾਂ ਵਿੱਚੋਂ ਇਕ ਸੀ। ਉਸ ਦੇ ਨਾਲ ਤਲਵਾਰਾਂ ਤੇ ਡਾਂਗਾਂ ਫੜੀ ਭੀੜ ਵੀ ਆਈ ਜਿਸ ਨੂੰ ਮੁੱਖ ਪੁਜਾਰੀਆਂ, ਗ੍ਰੰਥੀਆਂ ਤੇ ਬਜ਼ੁਰਗਾਂ ਨੇ ਘੱਲਿਆ ਸੀ।+ 44 ਉਸ ਧੋਖੇਬਾਜ਼ ਨੇ ਉਨ੍ਹਾਂ ਨੂੰ ਇਹ ਨਿਸ਼ਾਨੀ ਦਿੱਤੀ ਸੀ: “ਜਿਸ ਨੂੰ ਵੀ ਮੈਂ ਚੁੰਮਾਂ, ਉਹੀ ਯਿਸੂ ਹੈ; ਉਸ ਨੂੰ ਗਿਰਫ਼ਤਾਰ ਕਰ ਲੈਣਾ ਤੇ ਧਿਆਨ ਰੱਖਣਾ ਕਿ ਉਹ ਭੱਜ ਨਾ ਜਾਵੇ।” 45 ਉਹ ਸਿੱਧਾ ਯਿਸੂ ਕੋਲ ਗਿਆ ਅਤੇ ਉਸ ਨੂੰ ਕਿਹਾ: “ਗੁਰੂ ਜੀ!”* ਫਿਰ ਉਸ ਨੇ ਯਿਸੂ ਨੂੰ ਚੁੰਮਿਆ। 46 ਉਨ੍ਹਾਂ ਨੇ ਉਸ ਨੂੰ ਫੜ ਕੇ ਗਿਰਫ਼ਤਾਰ ਕਰ ਲਿਆ। 47 ਪਰ ਉੱਥੇ ਜੋ ਖੜ੍ਹੇ ਸਨ, ਉਨ੍ਹਾਂ ਵਿੱਚੋਂ ਇਕ ਜਣੇ ਨੇ ਆਪਣੀ ਤਲਵਾਰ ਕੱਢੀ ਤੇ ਵਾਰ ਕਰ ਕੇ ਮਹਾਂ ਪੁਜਾਰੀ ਦੇ ਨੌਕਰ ਦਾ ਕੰਨ ਵੱਢ ਸੁੱਟਿਆ।+ 48 ਪਰ ਯਿਸੂ ਨੇ ਉਨ੍ਹਾਂ ਨੂੰ ਕਿਹਾ: “ਕੀ ਤੁਸੀਂ ਮੈਨੂੰ ਤਲਵਾਰਾਂ ਤੇ ਡਾਂਗਾਂ ਲੈ ਕੇ ਗਿਰਫ਼ਤਾਰ ਕਰਨ ਆਏ ਹੋ, ਜਿਵੇਂ ਮੈਂ ਕੋਈ ਡਾਕੂ ਹੋਵਾਂ?+ 49 ਮੈਂ ਰੋਜ਼ ਮੰਦਰ ਵਿਚ ਤੁਹਾਡੇ ਨਾਲ ਹੁੰਦਾ ਸੀ ਤੇ ਸਿਖਾਉਂਦਾ ਹੁੰਦਾ ਸੀ,+ ਉੱਥੇ ਤਾਂ ਤੁਸੀਂ ਮੈਨੂੰ ਗਿਰਫ਼ਤਾਰ ਨਹੀਂ ਕੀਤਾ। ਫਿਰ ਵੀ, ਇਹ ਇਸੇ ਕਰਕੇ ਹੋਇਆ ਹੈ ਤਾਂਕਿ ਧਰਮ-ਗ੍ਰੰਥ ਵਿਚ ਲਿਖੀਆਂ ਗੱਲਾਂ ਪੂਰੀਆਂ ਹੋਣ।”+

50 ਫਿਰ ਸਾਰੇ ਚੇਲੇ ਉਸ ਨੂੰ ਛੱਡ ਕੇ ਭੱਜ ਗਏ।+ 51 ਪਰ ਇਕ ਨੌਜਵਾਨ ਉਸ ਦੇ ਪਿੱਛੇ-ਪਿੱਛੇ ਜਾਣ ਲੱਗਾ ਜਿਸ ਨੇ ਆਪਣੇ ਨੰਗੇ ਪਿੰਡੇ ʼਤੇ ਵਧੀਆ ਮਲਮਲ ਦਾ ਕੱਪੜਾ ਪਾਇਆ ਹੋਇਆ ਸੀ, ਉਨ੍ਹਾਂ ਨੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ, 52 ਪਰ ਉਹ ਆਪਣਾ ਕੱਪੜਾ ਛੱਡ ਕੇ ਨੰਗੇ ਪਿੰਡੇ* ਭੱਜ ਗਿਆ।

53 ਉਹ ਯਿਸੂ ਨੂੰ ਮਹਾਂ ਪੁਜਾਰੀ ਦੇ ਕੋਲ ਲੈ ਆਏ+ ਅਤੇ ਉੱਥੇ ਸਾਰੇ ਮੁੱਖ ਪੁਜਾਰੀ, ਬਜ਼ੁਰਗ ਤੇ ਗ੍ਰੰਥੀ ਵੀ ਇਕੱਠੇ ਹੋਏ ਸਨ।+ 54 ਪਰ ਪਤਰਸ ਥੋੜ੍ਹਾ ਜਿਹਾ ਦੂਰ ਰਹਿ ਕੇ ਉਸ ਦੇ ਪਿੱਛੇ-ਪਿੱਛੇ ਮਹਾਂ ਪੁਜਾਰੀ ਦੇ ਵਿਹੜੇ ਵਿਚ ਚਲਾ ਗਿਆ ਅਤੇ ਘਰ ਦੇ ਨੌਕਰਾਂ ਨਾਲ ਬੈਠ ਕੇ ਅੱਗ ਸੇਕਣ ਲੱਗਾ।+ 55 ਉਸ ਵੇਲੇ ਮੁੱਖ ਪੁਜਾਰੀ ਅਤੇ ਸਾਰੀ ਮਹਾਸਭਾ ਯਿਸੂ ਨੂੰ ਜਾਨੋਂ ਮਾਰਨ ਲਈ ਉਸ ਦੇ ਖ਼ਿਲਾਫ਼ ਗਵਾਹੀ ਲੱਭ ਰਹੀ ਸੀ, ਪਰ ਉਨ੍ਹਾਂ ਨੂੰ ਕੋਈ ਗਵਾਹੀ ਨਾ ਮਿਲੀ।+ 56 ਅਸਲ ਵਿਚ ਕਈ ਜਣੇ ਉਸ ਦੇ ਖ਼ਿਲਾਫ਼ ਝੂਠੀਆਂ ਗਵਾਹੀਆਂ ਤਾਂ ਦੇ ਰਹੇ ਸਨ,+ ਪਰ ਉਨ੍ਹਾਂ ਦੀਆਂ ਗਵਾਹੀਆਂ ਇਕ-ਦੂਜੇ ਨਾਲ ਮੇਲ ਨਹੀਂ ਖਾਂਦੀਆਂ ਸਨ। 57 ਹੋਰ ਕਈ ਜਣਿਆਂ ਨੇ ਉਸ ਦੇ ਖ਼ਿਲਾਫ਼ ਇਹ ਝੂਠੀ ਗਵਾਹੀ ਦਿੱਤੀ: 58 “ਅਸੀਂ ਉਸ ਨੂੰ ਇਹ ਕਹਿੰਦੇ ਸੁਣਿਆ ਹੈ, ‘ਮੈਂ ਹੱਥਾਂ ਦੇ ਬਣਾਏ ਇਸ ਮੰਦਰ ਨੂੰ ਢਾਹ ਦਿਆਂਗਾ ਅਤੇ ਤਿੰਨਾਂ ਦਿਨਾਂ ਵਿਚ ਇਕ ਹੋਰ ਮੰਦਰ ਬਣਾਵਾਂਗਾ ਜਿਹੜਾ ਹੱਥਾਂ ਦਾ ਬਣਿਆ ਨਹੀਂ ਹੋਵੇਗਾ।’”+ 59 ਪਰ ਇਸ ਗੱਲ ʼਤੇ ਵੀ ਉਨ੍ਹਾਂ ਦੀ ਗਵਾਹੀ ਇਕ-ਦੂਜੇ ਨਾਲ ਮੇਲ ਨਹੀਂ ਖਾਂਦੀ ਸੀ।

60 ਫਿਰ ਮਹਾਂ ਪੁਜਾਰੀ ਨੇ ਉਨ੍ਹਾਂ ਦੇ ਵਿਚਕਾਰ ਖੜ੍ਹਾ ਹੋ ਕੇ ਯਿਸੂ ਨੂੰ ਪੁੱਛਿਆ: “ਕੀ ਤੂੰ ਆਪਣੀ ਸਫ਼ਾਈ ਵਿਚ ਕੁਝ ਨਹੀਂ ਕਹੇਂਗਾ? ਇਹ ਤੇਰੇ ਖ਼ਿਲਾਫ਼ ਜਿਹੜੀਆਂ ਗਵਾਹੀਆਂ ਦੇ ਰਹੇ ਹਨ, ਉਨ੍ਹਾਂ ਬਾਰੇ ਤੇਰਾ ਕੀ ਕਹਿਣਾ?”+ 61 ਪਰ ਉਹ ਚੁੱਪ ਰਿਹਾ ਅਤੇ ਉਸ ਨੇ ਕੋਈ ਜਵਾਬ ਨਾ ਦਿੱਤਾ।+ ਮਹਾਂ ਪੁਜਾਰੀ ਨੇ ਦੁਬਾਰਾ ਉਸ ਨੂੰ ਪੁੱਛਿਆ: “ਕੀ ਤੂੰ ਅੱਤ ਮਹਾਨ ਦਾ ਪੁੱਤਰ ਅਤੇ ਮਸੀਹ ਹੈਂ?” 62 ਫਿਰ ਯਿਸੂ ਨੇ ਕਿਹਾ: “ਹਾਂ, ਮੈਂ ਹਾਂ; ਤੁਸੀਂ ਮਨੁੱਖ ਦੇ ਪੁੱਤਰ+ ਨੂੰ ਸਰਬਸ਼ਕਤੀਮਾਨ ਦੇ ਸੱਜੇ ਹੱਥ ਬੈਠਾ ਹੋਇਆ+ ਅਤੇ ਆਕਾਸ਼ ਦੇ ਬੱਦਲਾਂ ਨਾਲ ਆਉਂਦਾ ਦੇਖੋਗੇ।”+ 63 ਇਹ ਸੁਣ ਕੇ ਮਹਾਂ ਪੁਜਾਰੀ ਨੇ ਆਪਣੇ ਕੱਪੜੇ ਪਾੜੇ ਅਤੇ ਕਿਹਾ: “ਹੁਣ ਸਾਨੂੰ ਹੋਰ ਗਵਾਹਾਂ ਦੀ ਕੀ ਲੋੜ ਹੈ?+ 64 ਤੁਸੀਂ ਆਪ ਸੁਣ ਲਿਆ ਹੈ ਕਿ ਇਸ ਨੇ ਪਰਮੇਸ਼ੁਰ ਦੀ ਨਿੰਦਿਆ ਕੀਤੀ ਹੈ। ਹੁਣ ਤੁਹਾਡਾ ਕੀ ਫ਼ੈਸਲਾ ਹੈ?” ਉਨ੍ਹਾਂ ਸਾਰਿਆਂ ਨੇ ਉਸ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਫ਼ੈਸਲਾ ਸੁਣਾਇਆ ਕਿ ਉਹ ਮੌਤ ਦੀ ਸਜ਼ਾ ਦੇ ਲਾਇਕ ਹੈ।+ 65 ਫਿਰ ਕੁਝ ਜਣੇ ਉਸ ਉੱਤੇ ਥੁੱਕਣ ਲੱਗੇ+ ਅਤੇ ਉਸ ਦਾ ਮੂੰਹ ਢਕ ਕੇ ਉਸ ਦੇ ਮੁੱਕੇ ਮਾਰਨ ਲੱਗੇ ਅਤੇ ਉਸ ਨੂੰ ਕਹਿਣ ਲੱਗੇ: “ਜੇ ਤੂੰ ਨਬੀ ਹੈਂ, ਤਾਂ ਦੱਸ ਤੈਨੂੰ ਕਿਸ ਨੇ ਮਾਰਿਆ!” ਸਿਪਾਹੀ ਵੀ ਉਸ ਦੇ ਮੂੰਹ ʼਤੇ ਥੱਪੜ ਮਾਰ ਕੇ ਉਸ ਨੂੰ ਲੈ ਗਏ।+

66 ਜਦੋਂ ਪਤਰਸ ਥੱਲੇ ਵਿਹੜੇ ਵਿਚ ਸੀ, ਉਸ ਵੇਲੇ ਮਹਾਂ ਪੁਜਾਰੀ ਦੀ ਇਕ ਨੌਕਰਾਣੀ ਆਈ+ 67 ਤੇ ਉਸ ਨੂੰ ਅੱਗ ਸੇਕਦੇ ਦੇਖਿਆ। ਨੌਕਰਾਣੀ ਨੇ ਸਿੱਧਾ ਉਸ ਵੱਲ ਦੇਖ ਕੇ ਕਿਹਾ: “ਤੂੰ ਵੀ ਉਸ ਯਿਸੂ ਨਾਸਰੀ ਦੇ ਨਾਲ ਸੀ।” 68 ਪਰ ਪਤਰਸ ਨੇ ਇਨਕਾਰ ਕਰਦਿਆਂ ਕਿਹਾ: “ਮੈਂ ਨਾ ਤਾਂ ਉਹਨੂੰ ਜਾਣਦਾ ਤੇ ਨਾ ਹੀ ਮੈਨੂੰ ਪਤਾ ਕਿ ਤੂੰ ਕੀ ਕਹਿ ਰਹੀਂ ਹੈਂ” ਅਤੇ ਉਹ ਬਾਹਰ ਡਿਓੜ੍ਹੀ ਵਿਚ ਚਲਾ ਗਿਆ। 69 ਉਸੇ ਨੌਕਰਾਣੀ ਨੇ ਉਸ ਨੂੰ ਦੇਖ ਕੇ ਲਾਗੇ ਖੜ੍ਹੇ ਲੋਕਾਂ ਨੂੰ ਕਿਹਾ: “ਇਹ ਵੀ ਉਸੇ ਦਾ ਚੇਲਾ ਹੈ।” 70 ਉਸ ਨੇ ਫਿਰ ਇਨਕਾਰ ਕੀਤਾ। ਥੋੜ੍ਹੇ ਚਿਰ ਬਾਅਦ ਲਾਗੇ ਖੜ੍ਹੇ ਲੋਕ ਪਤਰਸ ਨੂੰ ਦੁਬਾਰਾ ਕਹਿਣ ਲੱਗੇ: “ਤੂੰ ਪੱਕਾ ਉਨ੍ਹਾਂ ਵਿੱਚੋਂ ਹੈਂ ਕਿਉਂਕਿ ਤੂੰ ਗਲੀਲ ਤੋਂ ਹੈਂ।” 71 ਪਰ ਉਹ ਆਪਣੇ ਆਪ ਨੂੰ ਸਰਾਪ ਦੇਣ ਲੱਗਾ ਅਤੇ ਸਹੁੰ ਖਾ ਕੇ ਕਹਿਣ ਲੱਗਾ: “ਤੁਸੀਂ ਕਿਹਦੀ ਗੱਲ ਕਰ ਰਹੇ ਹੋ? ਮੈਂ ਨਹੀਂ ਜਾਣਦਾ ਉਸ ਬੰਦੇ ਨੂੰ!” 72 ਉਸੇ ਵੇਲੇ ਕੁੱਕੜ ਨੇ ਦੂਸਰੀ ਵਾਰ ਬਾਂਗ ਦਿੱਤੀ+ ਅਤੇ ਪਤਰਸ ਨੂੰ ਯਾਦ ਆਇਆ ਕਿ ਯਿਸੂ ਨੇ ਉਸ ਨੂੰ ਕਿਹਾ ਸੀ: “ਕੁੱਕੜ ਦੇ ਦੋ ਵਾਰ ਬਾਂਗ ਦੇਣ ਤੋਂ ਪਹਿਲਾਂ ਤੂੰ ਤਿੰਨ ਵਾਰ ਇਸ ਗੱਲ ਤੋਂ ਇਨਕਾਰ ਕਰੇਂਗਾ ਕਿ ਤੂੰ ਮੈਨੂੰ ਜਾਣਦਾ ਹੈਂ।”+ ਉਹ ਫੁੱਟ-ਫੁੱਟ ਕੇ ਰੋਣ ਲੱਗ ਪਿਆ।

15 ਸਵੇਰ ਹੁੰਦਿਆਂ ਹੀ ਮੁੱਖ ਪੁਜਾਰੀਆਂ, ਬਜ਼ੁਰਗਾਂ ਅਤੇ ਗ੍ਰੰਥੀਆਂ ਯਾਨੀ ਸਾਰੀ ਮਹਾਸਭਾ ਨੇ ਸਲਾਹ-ਮਸ਼ਵਰਾ ਕੀਤਾ ਅਤੇ ਉਹ ਯਿਸੂ ਦੇ ਹੱਥ ਬੰਨ੍ਹ ਕੇ ਲੈ ਗਏ ਤੇ ਉਸ ਨੂੰ ਪਿਲਾਤੁਸ ਦੇ ਹਵਾਲੇ ਕਰ ਦਿੱਤਾ।+ 2 ਪਿਲਾਤੁਸ ਨੇ ਉਸ ਨੂੰ ਪੁੱਛਿਆ: “ਕੀ ਤੂੰ ਯਹੂਦੀਆਂ ਦਾ ਰਾਜਾ ਹੈਂ?”+ ਉਸ ਨੇ ਜਵਾਬ ਦਿੱਤਾ: “ਤੂੰ ਆਪੇ ਕਹਿ ਰਿਹਾ ਹੈਂ।”+ 3 ਪਰ ਮੁੱਖ ਪੁਜਾਰੀਆਂ ਨੇ ਉਸ ਉੱਤੇ ਕਈ ਇਲਜ਼ਾਮ ਲਾਏ। 4 ਪਿਲਾਤੁਸ ਨੇ ਫਿਰ ਉਸ ਨੂੰ ਪੁੱਛਿਆ: “ਕੀ ਤੂੰ ਕੁਝ ਨਹੀਂ ਕਹੇਂਗਾ?+ ਦੇਖ ਇਹ ਤੇਰੇ ਖ਼ਿਲਾਫ਼ ਕਿੰਨੀਆਂ ਗੱਲਾਂ ਕਹਿ ਰਹੇ ਹਨ।”+ 5 ਪਰ ਯਿਸੂ ਨੇ ਅੱਗੋਂ ਕੋਈ ਜਵਾਬ ਨਾ ਦਿੱਤਾ, ਇਸ ਕਰਕੇ ਪਿਲਾਤੁਸ ਨੂੰ ਬਹੁਤ ਹੈਰਾਨੀ ਹੋਈ।+

6 ਹਰ ਪਸਾਹ ਦੇ ਤਿਉਹਾਰ ʼਤੇ ਪਿਲਾਤੁਸ ਲੋਕਾਂ ਦੇ ਕਹਿਣ ਤੇ ਇਕ ਕੈਦੀ ਨੂੰ ਰਿਹਾ ਕਰਦਾ ਹੁੰਦਾ ਸੀ।+ 7 ਉਸ ਵੇਲੇ ਬਰਬਾਸ ਨਾਂ ਦਾ ਆਦਮੀ ਕੁਝ ਬਾਗ਼ੀਆਂ ਨਾਲ ਜੇਲ੍ਹ ਵਿਚ ਬੰਦ ਸੀ ਜਿਨ੍ਹਾਂ ਨੇ ਸਰਕਾਰ ਦੇ ਖ਼ਿਲਾਫ਼ ਬਗਾਵਤ ਕਰ ਕੇ ਖ਼ੂਨ ਕੀਤਾ ਸੀ। 8 ਭੀੜ ਨੇ ਆ ਕੇ ਪਿਲਾਤੁਸ ਅੱਗੇ ਬੇਨਤੀ ਕੀਤੀ ਕਿ ਉਹ ਆਪਣੀ ਰੀਤ ਅਨੁਸਾਰ ਉਨ੍ਹਾਂ ਲਈ ਕਿਸੇ ਨੂੰ ਰਿਹਾ ਕਰੇ। 9 ਉਸ ਨੇ ਉਨ੍ਹਾਂ ਨੂੰ ਕਿਹਾ: “ਕੀ ਤੁਸੀਂ ਚਾਹੁੰਦੇ ਹੋ ਕਿ ਮੈਂ ਤੁਹਾਡੇ ਲਈ ਯਹੂਦੀਆਂ ਦੇ ਰਾਜੇ ਨੂੰ ਰਿਹਾ ਕਰਾਂ?”+ 10 ਪਿਲਾਤੁਸ ਜਾਣਦਾ ਸੀ ਕਿ ਮੁੱਖ ਪੁਜਾਰੀ ਯਿਸੂ ਨਾਲ ਖਾਰ ਖਾਂਦੇ ਸਨ ਅਤੇ ਇਸੇ ਕਰਕੇ ਉਨ੍ਹਾਂ ਨੇ ਉਸ ਨੂੰ ਫੜਵਾਇਆ ਸੀ।+ 11 ਪਰ ਮੁੱਖ ਪੁਜਾਰੀਆਂ ਨੇ ਭੀੜ ਨੂੰ ਚੁੱਕਿਆ ਕਿ ਉਹ ਯਿਸੂ ਦੀ ਬਜਾਇ ਬਰਬਾਸ ਨੂੰ ਰਿਹਾ ਕਰਨ ਦੀ ਮੰਗ ਕਰਨ।+ 12 ਪਿਲਾਤੁਸ ਨੇ ਉਨ੍ਹਾਂ ਨੂੰ ਫਿਰ ਕਿਹਾ: “ਤਾਂ ਫਿਰ ਮੈਂ ਇਸ ਨਾਲ ਕੀ ਕਰਾਂ ਜਿਸ ਨੂੰ ਤੁਸੀਂ ਯਹੂਦੀਆਂ ਦਾ ਰਾਜਾ ਕਹਿੰਦੇ ਹੋ?”+ 13 ਉਹ ਦੁਬਾਰਾ ਉੱਚੀ-ਉੱਚੀ ਕਹਿਣ ਲੱਗੇ: “ਉਸ ਨੂੰ ਸੂਲ਼ੀ ʼਤੇ ਟੰਗ ਦਿਓ!”+ 14 ਪਰ ਪਿਲਾਤੁਸ ਨੇ ਉਨ੍ਹਾਂ ਨੂੰ ਕਿਹਾ: “ਪਰ ਕਿਉਂ? ਉਸ ਨੇ ਕੀ ਬੁਰਾ ਕੰਮ ਕੀਤਾ ਹੈ?” ਪਰ ਉਹ ਹੋਰ ਵੀ ਉੱਚੀ-ਉੱਚੀ ਕਹਿਣ ਲੱਗੇ: “ਉਸ ਨੂੰ ਸੂਲ਼ੀ ʼਤੇ ਟੰਗ ਦਿਓ।”+ 15 ਭੀੜ ਨੂੰ ਖ਼ੁਸ਼ ਕਰਨ ਲਈ ਪਿਲਾਤੁਸ ਨੇ ਬਰਬਾਸ ਨੂੰ ਰਿਹਾ ਕਰ ਦਿੱਤਾ ਅਤੇ ਯਿਸੂ ਦੇ ਕੋਰੜੇ ਮਰਵਾ ਕੇ+ ਉਸ ਨੂੰ ਸੂਲ਼ੀ ʼਤੇ ਟੰਗਣ ਲਈ ਫ਼ੌਜੀਆਂ ਦੇ ਹਵਾਲੇ ਕਰ ਦਿੱਤਾ।+

16 ਫਿਰ ਫ਼ੌਜੀ ਉਸ ਨੂੰ ਰਾਜਪਾਲ ਦੇ ਮਹਿਲ ਦੇ ਵਿਹੜੇ ਵਿਚ ਲੈ ਗਏ ਅਤੇ ਉਨ੍ਹਾਂ ਨੇ ਬਾਕੀ ਸਾਰੇ ਫ਼ੌਜੀਆਂ ਨੂੰ ਇਕੱਠਾ ਕਰ ਲਿਆ।+ 17 ਉਨ੍ਹਾਂ ਨੇ ਉਸ ਨੂੰ ਬੈਂਗਣੀ* ਕੱਪੜਾ ਪੁਆਇਆ ਅਤੇ ਕੰਡਿਆਂ ਦਾ ਮੁਕਟ ਗੁੰਦ ਕੇ ਉਸ ਦੇ ਸਿਰ ʼਤੇ ਰੱਖਿਆ; 18 ਉਹ ਉਸ ਨੂੰ ਨਮਸਕਾਰ ਕਰ ਕੇ ਕਹਿਣ ਲੱਗੇ: “ਯਹੂਦੀਆਂ ਦੇ ਰਾਜੇ ਦੀ ਜੈ ਹੋਵੇ!”+ 19 ਨਾਲੇ ਉਨ੍ਹਾਂ ਨੇ ਕਈ ਵਾਰ ਉਸ ਦੇ ਸਿਰ ʼਤੇ ਕਾਨੇ ਮਾਰੇ ਅਤੇ ਉਸ ʼਤੇ ਥੁੱਕਿਆ ਅਤੇ ਝੁਕ ਕੇ ਉਸ ਨੂੰ ਨਮਸਕਾਰ ਕੀਤਾ। 20 ਅਖ਼ੀਰ ਵਿਚ, ਜਦ ਉਹ ਉਸ ਦਾ ਮਜ਼ਾਕ ਉਡਾ ਚੁੱਕੇ, ਤਾਂ ਉਨ੍ਹਾਂ ਨੇ ਉਸ ਤੋਂ ਬੈਂਗਣੀ ਕੱਪੜਾ ਲਾਹ ਕੇ ਉਸ ਦੇ ਆਪਣੇ ਕੱਪੜੇ ਪੁਆ ਦਿੱਤੇ। ਫਿਰ ਉਸ ਨੂੰ ਸੂਲ਼ੀ ʼਤੇ ਟੰਗਣ ਲਈ ਲੈ ਗਏ।+ 21 ਉਸ ਵੇਲੇ ਸਿਕੰਦਰ ਤੇ ਰੂਫੁਸ ਦਾ ਪਿਤਾ ਸ਼ਮਊਨ ਖੇਤਾਂ ਵਿੱਚੋਂ ਆ ਰਿਹਾ ਸੀ। ਉਹ ਕੁਰੇਨੇ ਦਾ ਰਹਿਣ ਵਾਲਾ ਸੀ। ਫ਼ੌਜੀਆਂ ਨੇ ਉਸ ਨੂੰ ਧੱਕੇ ਨਾਲ ਯਿਸੂ ਦੀ ਤਸੀਹੇ ਦੀ ਸੂਲ਼ੀ* ਚੁਕਾ ਦਿੱਤੀ।+

22 ਉਹ ਉਸ ਨੂੰ “ਗਲਗਥਾ,” ਜਿਸ ਦਾ ਮਤਲਬ ਹੈ “ਖੋਪੜੀ ਦੀ ਜਗ੍ਹਾ”+ ਲੈ ਆਏ। 23 ਇੱਥੇ ਉਨ੍ਹਾਂ ਨੇ ਉਸ ਨੂੰ ਦਾਖਰਸ ਵਿਚ ਨਸ਼ੀਲਾ ਗੰਧਰਸ ਮਿਲਾ ਕੇ ਪਿਲਾਉਣ ਦੀ ਕੋਸ਼ਿਸ਼ ਕੀਤੀ।+ ਪਰ ਉਸ ਨੇ ਨਾ ਪੀਤਾ। 24 ਉਨ੍ਹਾਂ ਨੇ ਉਸ ਨੂੰ ਸੂਲ਼ੀ ʼਤੇ ਟੰਗ ਦਿੱਤਾ ਅਤੇ ਉਸ ਦੇ ਕੱਪੜਿਆਂ ʼਤੇ ਗੁਣੇ ਪਾਏ ਕਿ ਕਿਸ ਨੂੰ ਕੀ ਮਿਲੇਗਾ ਅਤੇ ਫਿਰ ਕੱਪੜੇ ਆਪਸ ਵਿਚ ਵੰਡ ਲਏ।+ 25 ਉਨ੍ਹਾਂ ਨੇ ਸਵੇਰ ਦੇ 9 ਕੁ ਵਜੇ* ਉਸ ਨੂੰ ਸੂਲ਼ੀ ʼਤੇ ਟੰਗਿਆ ਸੀ। 26 ਅਤੇ ਉਨ੍ਹਾਂ ਨੇ ਉਸ ਦਾ ਜੁਰਮ ਇਕ ਫੱਟੀ ʼਤੇ ਲਿਖ ਕੇ ਸੂਲ਼ੀ ਉੱਤੇ ਲਾ ਦਿੱਤਾ: “ਯਹੂਦੀਆਂ ਦਾ ਰਾਜਾ।”+ 27 ਉਨ੍ਹਾਂ ਨੇ ਉਸ ਦੇ ਨਾਲ ਦੋ ਲੁਟੇਰਿਆਂ ਨੂੰ ਵੀ ਸੂਲ਼ੀਆਂ ʼਤੇ ਟੰਗਿਆ ਸੀ, ਇਕ ਨੂੰ ਉਸ ਦੇ ਸੱਜੇ ਪਾਸੇ ਅਤੇ ਦੂਜੇ ਨੂੰ ਖੱਬੇ ਪਾਸੇ।+ 28 *​— 29 ਉੱਥੋਂ ਲੰਘਣ ਵਾਲੇ ਲੋਕ ਉਸ ਦੀ ਬੇਇੱਜ਼ਤੀ ਕਰਦੇ ਸਨ ਅਤੇ ਘਿਰਣਾ ਨਾਲ ਸਿਰ ਹਿਲਾ ਕੇ+ ਕਹਿੰਦੇ ਸਨ: “ਓਏ ਮੰਦਰ ਨੂੰ ਢਾਹੁਣ ਵਾਲਿਆ ਤੇ ਤਿੰਨਾਂ ਦਿਨਾਂ ਵਿਚ ਇਸ ਨੂੰ ਬਣਾਉਣ ਵਾਲਿਆ,+ 30 ਹੁਣ ਤਸੀਹੇ ਦੀ ਸੂਲ਼ੀ* ਤੋਂ ਉੱਤਰ ਕੇ ਆਪਣੇ ਆਪ ਨੂੰ ਬਚਾ ਕੇ ਦਿਖਾ।” 31 ਇਸੇ ਤਰ੍ਹਾਂ ਮੁੱਖ ਪੁਜਾਰੀ ਤੇ ਗ੍ਰੰਥੀ ਆਪਸ ਵਿਚ ਉਸ ਦਾ ਮਜ਼ਾਕ ਉਡਾਉਂਦੇ ਹੋਏ ਕਹਿਣ ਲੱਗੇ: “ਹੋਰਨਾਂ ਨੂੰ ਤਾਂ ਇਸ ਨੇ ਬਚਾਇਆ, ਪਰ ਆਪਣੇ ਆਪ ਨੂੰ ਨਹੀਂ ਬਚਾ ਸਕਦਾ!+ 32 ਹੁਣ ਜੇ ਇਜ਼ਰਾਈਲ ਦਾ ਰਾਜਾ ਤੇ ਮਸੀਹ ਤਸੀਹੇ ਦੀ ਸੂਲ਼ੀ* ਤੋਂ ਉੱਤਰ ਕੇ ਦਿਖਾਵੇ, ਤਾਂ ਅਸੀਂ ਉਸ ʼਤੇ ਵਿਸ਼ਵਾਸ ਕਰਾਂਗੇ।”+ ਇੱਥੋਂ ਤਕ ਕਿ ਉਸ ਦੇ ਨਾਲ ਸੂਲ਼ੀਆਂ ʼਤੇ ਟੰਗੇ ਬੰਦੇ ਵੀ ਉਸ ਦੀ ਬੇਇੱਜ਼ਤੀ ਕਰ ਰਹੇ ਸਨ।+

33 ਫਿਰ ਦੁਪਹਿਰ ਦੇ 12 ਕੁ ਵਜੇ* ਤੋਂ ਲੈ ਕੇ 3 ਕੁ ਵਜੇ* ਤਕ ਸਾਰੀ ਧਰਤੀ ʼਤੇ ਹਨੇਰਾ ਛਾਇਆ ਰਿਹਾ।+ 34 ਯਿਸੂ ਨੇ 3 ਕੁ ਵਜੇ ਉੱਚੀ-ਉੱਚੀ ਕਿਹਾ: “ਏਲੀ ਏਲੀ ਲਾਮਾ ਸਬਕਤਾਨੀ?” ਜਿਸ ਦਾ ਮਤਲਬ ਹੈ, “ਹੇ ਮੇਰੇ ਪਰਮੇਸ਼ੁਰ, ਹੇ ਮੇਰੇ ਪਰਮੇਸ਼ੁਰ, ਤੂੰ ਮੈਨੂੰ ਕਿਉਂ ਤਿਆਗ ਦਿੱਤਾ ਹੈ?”+ 35 ਇਹ ਸੁਣ ਕੇ ਉੱਥੇ ਖੜ੍ਹੇ ਕੁਝ ਜਣੇ ਕਹਿਣ ਲੱਗੇ: “ਦੇਖੋ! ਉਹ ਏਲੀਯਾਹ ਨੂੰ ਬੁਲਾ ਰਿਹਾ ਹੈ।” 36 ਫਿਰ ਕਿਸੇ ਨੇ ਭੱਜ ਕੇ ਸਿਰਕੇ ਵਿਚ ਸਪੰਜ ਨੂੰ ਡੁਬੋ ਕੇ ਲਿਆਂਦਾ ਅਤੇ ਕਾਨੇ ਉੱਤੇ ਲਾ ਕੇ ਉਸ ਨੂੰ ਪੀਣ ਲਈ ਦਿੰਦੇ+ ਹੋਏ ਕਿਹਾ: “ਰਹਿਣ ਦੇ! ਚਲੋ ਦੇਖਦੇ ਹਾਂ ਕਿ ਏਲੀਯਾਹ ਉਸ ਨੂੰ ਸੂਲ਼ੀ ਤੋਂ ਉਤਾਰਨ ਆਉਂਦਾ ਹੈ ਜਾਂ ਨਹੀਂ।” 37 ਪਰ ਯਿਸੂ ਨੇ ਉੱਚੀ ਆਵਾਜ਼ ਕੱਢੀ ਅਤੇ ਦਮ ਤੋੜ ਦਿੱਤਾ।*+ 38 ਤਦ ਮੰਦਰ ਦਾ ਪਰਦਾ*+ ਉੱਪਰੋਂ ਲੈ ਕੇ ਹੇਠਾਂ ਤਕ ਪਾਟ ਕੇ ਦੋ ਹਿੱਸੇ ਹੋ ਗਿਆ।+ 39 ਜਦ ਉੱਥੇ ਖੜ੍ਹੇ ਫ਼ੌਜੀ ਅਫ਼ਸਰ* ਨੇ ਦੇਖਿਆ ਕਿ ਯਿਸੂ ਦੇ ਮਰਨ ਵੇਲੇ ਕੀ ਕੁਝ ਹੋਇਆ ਸੀ, ਤਾਂ ਉਸ ਨੇ ਕਿਹਾ: “ਇਹ ਵਾਕਈ ਪਰਮੇਸ਼ੁਰ ਦਾ ਪੁੱਤਰ ਸੀ।”+

40 ਉੱਥੇ ਤੀਵੀਆਂ ਵੀ ਦੂਰੋਂ ਸਭ ਕੁਝ ਦੇਖ ਰਹੀਆਂ ਸਨ। ਉਨ੍ਹਾਂ ਤੀਵੀਆਂ ਵਿਚ ਮਰੀਅਮ ਮਗਦਲੀਨੀ ਅਤੇ ਯਾਕੂਬ* ਤੇ ਯੋਸੇਸ ਦੀ ਮਾਂ ਮਰੀਅਮ ਅਤੇ ਸਲੋਮੀ ਸਨ।+ 41 ਉਹ ਸਭ ਉਸ ਦੇ ਨਾਲ ਹੁੰਦੀਆਂ ਸਨ ਅਤੇ ਉਨ੍ਹਾਂ ਨੇ ਗਲੀਲ ਵਿਚ ਉਸ ਦੀ ਸੇਵਾ ਕੀਤੀ ਸੀ+ ਅਤੇ ਕਈ ਹੋਰ ਔਰਤਾਂ ਵੀ ਸਨ ਜਿਹੜੀਆਂ ਉਸ ਨਾਲ ਯਰੂਸ਼ਲਮ ਨੂੰ ਆਈਆਂ ਸਨ।

42 ਦੁਪਹਿਰ ਢਲ਼ ਚੁੱਕੀ ਸੀ ਅਤੇ ਇਹ ਤਿਆਰੀ ਦਾ ਦਿਨ ਸੀ ਜੋ ਸਬਤ ਤੋਂ ਇਕ ਦਿਨ ਪਹਿਲਾਂ ਹੁੰਦਾ ਸੀ। 43 ਅਰਿਮਥੀਆ ਦਾ ਰਹਿਣ ਵਾਲਾ ਯੂਸੁਫ਼ ਮਹਾਸਭਾ ਦਾ ਇਕ ਇੱਜ਼ਤਦਾਰ ਮੈਂਬਰ ਸੀ ਅਤੇ ਉਹ ਵੀ ਪਰਮੇਸ਼ੁਰ ਦੇ ਰਾਜ ਦੀ ਉਡੀਕ ਕਰ ਰਿਹਾ ਸੀ। ਉਹ ਹਿੰਮਤ ਕਰ ਕੇ ਪਿਲਾਤੁਸ ਕੋਲ ਗਿਆ ਅਤੇ ਉਸ ਤੋਂ ਯਿਸੂ ਦੀ ਲਾਸ਼ ਮੰਗੀ।+ 44 ਪਰ ਪਿਲਾਤੁਸ ਨੂੰ ਇਹ ਜਾਣ ਕੇ ਬਹੁਤ ਹੈਰਾਨੀ ਹੋਈ ਕਿ ਯਿਸੂ ਦੀ ਮੌਤ ਇੰਨੀ ਜਲਦੀ ਹੋ ਗਈ ਸੀ, ਇਸ ਲਈ ਉਸ ਨੇ ਫ਼ੌਜੀ ਅਫ਼ਸਰ ਨੂੰ ਬੁਲਾ ਕੇ ਇਸ ਬਾਰੇ ਪੁੱਛਿਆ। 45 ਫ਼ੌਜੀ ਅਫ਼ਸਰ ਤੋਂ ਪਤਾ ਕਰਨ ਤੋਂ ਬਾਅਦ ਉਸ ਨੇ ਯੂਸੁਫ਼ ਨੂੰ ਲਾਸ਼ ਲੈ ਜਾਣ ਦੀ ਇਜਾਜ਼ਤ ਦੇ ਦਿੱਤੀ। 46 ਯੂਸੁਫ਼ ਨੇ ਇਕ ਵਧੀਆ ਕੱਪੜਾ ਖ਼ਰੀਦਿਆ ਅਤੇ ਲਾਸ਼ ਨੂੰ ਸੂਲ਼ੀ ਤੋਂ ਲਾਹ ਕੇ ਉਸ ਵਿਚ ਲਪੇਟਿਆ ਅਤੇ ਚਟਾਨ ਵਿਚ ਤਰਾਸ਼ ਕੇ ਬਣਾਈ ਗਈ ਕਬਰ ਵਿਚ ਰੱਖਿਆ।+ ਫਿਰ ਉਸ ਨੇ ਕਬਰ ਦੇ ਮੂੰਹ ʼਤੇ ਵੱਡਾ ਸਾਰਾ ਪੱਥਰ ਰੱਖਿਆ।+ 47 ਪਰ ਮਰੀਅਮ ਮਗਦਲੀਨੀ ਅਤੇ ਯੋਸੇਸ ਦੀ ਮਾਂ ਮਰੀਅਮ ਉਸ ਜਗ੍ਹਾ ਨੂੰ ਦੇਖਦੀਆਂ ਰਹੀਆਂ ਜਿੱਥੇ ਉਸ ਨੂੰ ਰੱਖਿਆ ਗਿਆ ਸੀ।+

16 ਫਿਰ ਜਦੋਂ ਸਬਤ ਦਾ ਦਿਨ+ ਲੰਘ ਚੁੱਕਾ ਸੀ, ਤਾਂ ਮਰੀਅਮ ਮਗਦਲੀਨੀ ਅਤੇ ਯਾਕੂਬ ਦੀ ਮਾਂ ਮਰੀਅਮ+ ਅਤੇ ਸਲੋਮੀ ਨੇ ਯਿਸੂ ਦੇ ਸਰੀਰ ʼਤੇ ਮਲ਼ਣ ਲਈ ਮਸਾਲੇ* ਖ਼ਰੀਦੇ।+ 2 ਹਫ਼ਤੇ ਦੇ ਪਹਿਲੇ ਦਿਨ* ਸਵੇਰੇ-ਸਵੇਰੇ ਉਹ ਤੁਰੀਆਂ ਅਤੇ ਸੂਰਜ ਚੜ੍ਹਨ ਤਕ ਕਬਰ ʼਤੇ ਪਹੁੰਚ ਗਈਆਂ।+ 3 ਉਹ ਇਕ-ਦੂਜੀ ਨੂੰ ਪੁੱਛ ਰਹੀਆਂ ਸਨ: “ਸਾਡੇ ਲਈ ਕਬਰ ਦੇ ਮੂੰਹ ਤੋਂ ਪੱਥਰ ਕੌਣ ਹਟਾਵੇਗਾ?” 4 ਪਰ ਜਦ ਉਨ੍ਹਾਂ ਨੇ ਨਜ਼ਰ ਚੁੱਕ ਕੇ ਦੇਖਿਆ, ਤਾਂ ਪੱਥਰ ਪਹਿਲਾਂ ਹੀ ਹਟਾਇਆ ਹੋਇਆ ਸੀ, ਭਾਵੇਂ ਉਹ ਬਹੁਤ ਹੀ ਵੱਡਾ ਪੱਥਰ ਸੀ।+ 5 ਜਦ ਉਹ ਕਬਰ ਦੇ ਅੰਦਰ ਵੜੀਆਂ, ਤਾਂ ਉਨ੍ਹਾਂ ਨੇ ਚਿੱਟਾ ਚੋਗਾ ਪਹਿਨੀ ਇਕ ਨੌਜਵਾਨ ਨੂੰ ਸੱਜੇ ਪਾਸੇ ਬੈਠਾ ਦੇਖਿਆ ਅਤੇ ਉਹ ਹੈਰਾਨ ਰਹਿ ਗਈਆਂ। 6 ਉਸ ਨੇ ਉਨ੍ਹਾਂ ਨੂੰ ਕਿਹਾ: “ਹੈਰਾਨ ਨਾ ਹੋਵੋ।+ ਮੈਨੂੰ ਪਤਾ ਹੈ ਕਿ ਤੁਸੀਂ ਯਿਸੂ ਨਾਸਰੀ ਨੂੰ ਲੱਭ ਰਹੀਆਂ ਹੋ ਜਿਸ ਨੂੰ ਸੂਲ਼ੀ ʼਤੇ ਟੰਗਿਆ ਗਿਆ ਸੀ। ਉਸ ਨੂੰ ਜੀਉਂਦਾ ਕਰ ਦਿੱਤਾ ਗਿਆ ਹੈ,+ ਪਰ ਉਹ ਹੁਣ ਇੱਥੇ ਨਹੀਂ ਹੈ। ਆਹ ਦੇਖੋ, ਉਨ੍ਹਾਂ ਨੇ ਉਹਨੂੰ ਇੱਥੇ ਹੀ ਰੱਖਿਆ ਸੀ।+ 7 ਜਾ ਕੇ ਉਸ ਦੇ ਚੇਲਿਆਂ ਅਤੇ ਪਤਰਸ ਨੂੰ ਦੱਸੋ, ‘ਉਹ ਤੁਹਾਡੇ ਤੋਂ ਪਹਿਲਾਂ ਗਲੀਲ ਨੂੰ ਜਾ ਰਿਹਾ ਹੈ।+ ਤੁਸੀਂ ਉਸ ਨੂੰ ਉੱਥੇ ਮਿਲੋਗੇ, ਠੀਕ ਜਿਵੇਂ ਉਸ ਨੇ ਤੁਹਾਨੂੰ ਕਿਹਾ ਸੀ।’”+ 8 ਫਿਰ ਉਹ ਕਬਰ ਵਿੱਚੋਂ ਨਿਕਲ ਕੇ ਭੱਜ ਗਈਆਂ ਕਿਉਂਕਿ ਉਹ ਬਹੁਤ ਘਬਰਾਈਆਂ ਹੋਈਆਂ ਸਨ, ਨਾਲੇ ਹੈਰਾਨ ਵੀ ਸਨ। ਡਰੀਆਂ ਹੋਣ ਕਰਕੇ ਉਨ੍ਹਾਂ ਨੇ ਕਿਸੇ ਨੂੰ ਕੁਝ ਨਾ ਦੱਸਿਆ।*+

ਜਾਂ, “ਦੂਤ।”

ਵਧੇਰੇ ਜਾਣਕਾਰੀ 1.5 ਦੇਖੋ।

ਜਾਂ, “ਡੁਬਕੀ ਲਈ।”

ਪਤਰਸ ਰਸੂਲ ਦਾ ਇਕ ਹੋਰ ਨਾਂ।

ਜਾਂ ਸੰਭਵ ਹੈ, “ਉਹ ਜਾਣਦੇ ਸਨ ਕਿ ਉਹ ਕੌਣ ਹੈ।”

ਮੱਤੀ 4:​20, ਫੁਟਨੋਟ ਦੇਖੋ।

ਜਾਂ, “ਦੋਸਤਾਂ।”

ਯਾਨੀ, ਅਣਧੋਤਾ ਤੇ ਅਣਸੁੰਗੜਿਆ ਕੱਪੜਾ।

ਜਾਂ, “ਜਿਸ ਦੇ ਹੱਥ ਨੂੰ ਲਕਵਾ ਮਾਰ ਗਿਆ ਸੀ।”

ਜਾਂ, “ਉਸ ਆਦਮੀ ਨੂੰ ਜਿਸ ਦੇ ਹੱਥ ਨੂੰ ਲਕਵਾ ਮਾਰ ਗਿਆ ਸੀ।”

ਯੂਨਾ, “ਪਨੈਵਮਾ।” ਸ਼ਬਦਾਵਲੀ, “ਰੂਆਖ; ਪਨੈਵਮਾ” ਦੇਖੋ।

ਸ਼ੈਤਾਨ ਦਾ ਇਕ ਹੋਰ ਨਾਂ।

ਯੂਨਾ, “ਪਨੈਵਮਾ।” ਸ਼ਬਦਾਵਲੀ, “ਰੂਆਖ; ਪਨੈਵਮਾ” ਦੇਖੋ।

ਯੂਨਾ, “ਠੋਕਰ ਖਾਂਦੇ ਹਨ।”

ਜਾਂ, “ਯੁਗ।” ਸ਼ਬਦਾਵਲੀ ਦੇਖੋ।

ਜਾਂ, “ਤੁਹਾਡੇ ਦਿਲ ਇੰਨੇ ਕਮਜ਼ੋਰ ਕਿਉਂ ਹਨ?”

ਵਧੇਰੇ ਜਾਣਕਾਰੀ 1.5 ਦੇਖੋ।

10 ਸ਼ਹਿਰਾਂ ਦਾ ਗੁੱਟ।

ਜਾਂ, “ਆਖ਼ਰੀ ਸਾਹਾਂ ʼਤੇ ਹੈ।”

ਜਾਂ, “ਡਰਨਾ ਛੱਡ ਦੇ।”

ਜਾਂ, “ਉਨ੍ਹਾਂ ਨੂੰ ਸਖ਼ਤੀ ਨਾਲ ਹੁਕਮ ਦਿੱਤਾ।”

ਜਾਂ, “ਯੂਸੁਫ਼।”

ਯੂਨਾ, “ਉਸ ਕਰਕੇ ਠੋਕਰ ਖਾਧੀ।”

ਯੂਨਾ, “ਤਾਂਬਾ।”

ਜਾਂ, “ਵਾਧੂ ਕੁੜਤਾ।”

ਫ਼ੌਜ ਦੇ ਸੈਨਾਪਤੀ ਅਧੀਨ 1,000 ਫ਼ੌਜੀ ਹੁੰਦੇ ਸਨ।

ਵਧੇਰੇ ਜਾਣਕਾਰੀ 2.14 ਦੇਖੋ।

ਯਾਨੀ, ਸਵੇਰੇ ਲਗਭਗ 3 ਵਜੇ ਤੋਂ ਲੈ ਕੇ ਸਵੇਰ ਦੇ ਲਗਭਗ 6 ਵਜੇ ਤਕ ਜਦੋਂ ਸੂਰਜ ਚੜ੍ਹਦਾ ਹੈ।

ਯਾਨੀ, ਰੀਤ ਮੁਤਾਬਕ ਨਾ ਧੋਤੇ ਹੱਥਾਂ।

ਜਾਂ, “ਗਾਲ਼ਾਂ ਕੱਢੇ।”

ਵਧੇਰੇ ਜਾਣਕਾਰੀ 1.3 ਦੇਖੋ।

ਯੂਨਾਨੀ ਸ਼ਬਦ “ਪੋਰਨੀਆ” ਦਾ ਬਹੁਵਚਨ। ਸ਼ਬਦਾਵਲੀ ਦੇਖੋ।

ਜਾਂ, “ਢੀਠਪੁਣਾ।” ਸ਼ਬਦਾਵਲੀ “ਬੇਸ਼ਰਮੀ” ਦੇਖੋ।

10 ਸ਼ਹਿਰਾਂ ਦਾ ਗੁੱਟ।

ਸ਼ਬਦਾਵਲੀ ਦੇਖੋ।

ਜਾਂ, “ਬੇਵਫ਼ਾ।”

ਯੂਨਾ, “ਰੱਬੀ।”

ਜਾਂ ਸੰਭਵ ਹੈ, “ਆਪਣੇ ਤਕ ਹੀ ਰੱਖੀ।”

ਯੂਨਾ, “ਨੂੰ ਠੋਕਰ ਖੁਆਉਂਦਾ ਹੈ।”

ਜਾਂ, “ਚੱਕੀ ਦਾ ਪੁੜ ਜਿਹੋ ਜਿਹਾ ਗਧਾ ਖਿੱਚਦਾ ਹੈ।”

ਯੂਨਾ, “ਤੈਨੂੰ ਠੋਕਰ ਖੁਆਵੇ।”

ਯਾਨੀ, ਹਮੇਸ਼ਾ ਦੀ ਜ਼ਿੰਦਗੀ ਪਾਵੇਂ।

ਸ਼ਬਦਾਵਲੀ ਦੇਖੋ।

ਵਧੇਰੇ ਜਾਣਕਾਰੀ 1.3 ਦੇਖੋ।

ਯੂਨਾ, “ਤੈਨੂੰ ਠੋਕਰ ਖੁਆਵੇ।”

ਸ਼ਬਦਾਵਲੀ ਦੇਖੋ।

ਯਾਨੀ, ਹਮੇਸ਼ਾ ਦੀ ਜ਼ਿੰਦਗੀ ਪਾਵੇਂ।

ਵਧੇਰੇ ਜਾਣਕਾਰੀ 1.3 ਦੇਖੋ।

ਯੂਨਾ, “ਤੈਨੂੰ ਠੋਕਰ ਖੁਆਵੇ।”

ਸ਼ਬਦਾਵਲੀ ਦੇਖੋ।

ਯੂਨਾ, “ਇੱਕੋ ਜੂਲੇ ਹੇਠ।”

ਜਾਂ ਸੰਭਵ ਹੈ, “ਇਕ-ਦੂਜੇ ਨੂੰ ਕਹਿਣ ਲੱਗੇ।”

ਜਾਂ, “ਯੁਗ।” ਸ਼ਬਦਾਵਲੀ ਦੇਖੋ।

ਯੂਨਾ, “ਰੱਬੋਨੀ।”

ਵਧੇਰੇ ਜਾਣਕਾਰੀ 1.5 ਦੇਖੋ।

ਯੂਨਾ, “ਰੱਬੀ।”

ਵਧੇਰੇ ਜਾਣਕਾਰੀ 1.3 ਦੇਖੋ।

ਜਾਂ, “ਠੁਕਰਾ ਦਿੱਤਾ।”

ਯੂਨਾ, “ਕੋਨੇ ਦਾ ਸਿਰਾ।”

ਵਧੇਰੇ ਜਾਣਕਾਰੀ 1.5 ਦੇਖੋ।

ਜਾਂ, “ਗਿਰਫ਼ਤਾਰ ਕਰਨਾ।”

ਯੂਨਾ, “ਕੈਸਰ।”

ਵਧੇਰੇ ਜਾਣਕਾਰੀ 2.14 ਦੇਖੋ।

ਯੂਨਾ, “ਕੈਸਰ।”

ਜਾਂ, “ਸਭ ਤੋਂ ਪਹਿਲਾ।”

ਜਾਂ, “ਸਭ ਤੋਂ ਪਹਿਲਾ।”

ਵਧੇਰੇ ਜਾਣਕਾਰੀ 1.5 ਦੇਖੋ।

ਵਧੇਰੇ ਜਾਣਕਾਰੀ 1.5 ਦੇਖੋ।

ਵਧੇਰੇ ਜਾਣਕਾਰੀ 1.5 ਦੇਖੋ।

ਵਧੇਰੇ ਜਾਣਕਾਰੀ 1.5 ਦੇਖੋ।

ਜਾਂ, “ਸਭ ਤੋਂ ਵਧੀਆ ਥਾਵਾਂ ʼਤੇ।”

ਜਾਂ, “ਦੀ ਜ਼ਮੀਨ-ਜਾਇਦਾਦ।”

ਜਾਂ, “ਭਾਰੀ।”

ਯੂਨਾ, “ਦੋ ਲੈਪਟਨ ਜੋ ਇਕ ਕੁਆਡਰੰਸ ਹੈ।” ਵਧੇਰੇ ਜਾਣਕਾਰੀ 2.14 ਦੇਖੋ।

ਜਿਵੇਂ ਬੱਚੇ ਨੂੰ ਜਨਮ ਦੇਣ ਵੇਲੇ ਔਰਤ ਨੂੰ ਪੀੜਾਂ ਲੱਗਦੀਆਂ ਹਨ।

ਵਧੇਰੇ ਜਾਣਕਾਰੀ 1.5 ਦੇਖੋ।

ਯੂਨਾ, “ਸਰੀਰ।”

ਜਾਂ, “ਪਹੁ ਫੁੱਟਣ ਤੋਂ ਪਹਿਲਾਂ।”

ਜਾਂ, “ਗਿਰਫ਼ਤਾਰ ਕਰ ਕੇ।”

ਵਧੇਰੇ ਜਾਣਕਾਰੀ 2.14 ਦੇਖੋ।

ਜਾਂ, “ਗੁੱਸੇ ਵਿਚ ਬੋਲੇ; ਉਨ੍ਹਾਂ ਨੇ ਉਸ ਨੂੰ ਝਿੜਕਿਆ।”

ਯੂਨਾ, “ਠੋਕਰ ਖਾਓਗੇ।”

ਯੂਨਾ, “ਠੋਕਰ ਖਾਣ।”

ਯੂਨਾ, “ਠੋਕਰ ਨਹੀਂ ਖਾਵਾਂਗਾ।”

ਇਕ ਇਬਰਾਨੀ ਜਾਂ ਅਰਾਮੀ ਸ਼ਬਦ ਜਿਸ ਦਾ ਮਤਲਬ ਹੈ “ਹੇ ਪਿਤਾ।”

ਜਾਂ, “ਉਤਾਵਲਾ।”

ਯੂਨਾ, “ਰੱਬੀ।”

ਜਾਂ, “ਥੋੜ੍ਹੇ ਕੱਪੜਿਆਂ ਵਿਚ; ਸਿਰਫ਼ ਅੰਦਰਲੇ ਕੱਪੜੇ ਵਿਚ।”

ਇਸ ਰੰਗ ਦੇ ਕੱਪੜੇ ਅਮੀਰ, ਇੱਜ਼ਤਦਾਰ ਅਤੇ ਸ਼ਾਹੀ ਘਰਾਣੇ ਦੇ ਲੋਕ ਪਾਉਂਦੇ ਸਨ।

ਸ਼ਬਦਾਵਲੀ ਦੇਖੋ।

ਯੂਨਾ, “ਤੀਸਰਾ ਘੰਟਾ।” ਦਿਨ ਦੇ ਘੰਟੇ ਸੂਰਜ ਚੜ੍ਹਨ ਦੇ ਸਮੇਂ ਤੋਂ ਗਿਣੇ ਜਾਂਦੇ ਸਨ।

ਵਧੇਰੇ ਜਾਣਕਾਰੀ 1.3 ਦੇਖੋ।

ਸ਼ਬਦਾਵਲੀ ਦੇਖੋ।

ਸ਼ਬਦਾਵਲੀ ਦੇਖੋ।

ਯੂਨਾ, “ਛੇਵਾਂ ਘੰਟਾ।”

ਯੂਨਾ, “ਨੌਵਾਂ ਘੰਟਾ।”

ਜਾਂ, “ਆਖ਼ਰੀ ਸਾਹ ਲਿਆ।”

ਇਹ ਪਰਦਾ ਮੰਦਰ ਵਿਚ ਅੱਤ ਪਵਿੱਤਰ ਕਮਰੇ ਤੇ ਪਵਿੱਤਰ ਕਮਰੇ ਵਿਚਕਾਰ ਲਾਇਆ ਹੋਇਆ ਸੀ।

ਉਹ ਫ਼ੌਜੀ ਅਫ਼ਸਰ ਜਿਸ ਦੇ ਅਧੀਨ 100 ਫ਼ੌਜੀ ਹੁੰਦੇ ਸਨ।

ਜਾਂ, “ਛੋਟਾ ਯਾਕੂਬ।” “ਛੋਟਾ” ਸ਼ਬਦ ਦਾ ਅਰਥ ਹੋ ਸਕਦਾ ਹੈ ਕਿ ਇਹ ਯਾਕੂਬ, ਦੂਸਰੇ ਰਸੂਲ ਯਾਕੂਬ, ਜੋ ਜ਼ਬਦੀ ਦਾ ਪੁੱਤਰ ਸੀ, ਨਾਲੋਂ ਉਮਰ ਵਿਚ ਜਾਂ ਕੱਦ ਵਿਚ ਛੋਟਾ ਸੀ।

ਲੂਕਾ 23:​56, ਫੁਟਨੋਟ ਦੇਖੋ।

ਮੱਤੀ 28:​1, ਫੁਟਨੋਟ ਦੇਖੋ।

ਬਾਈਬਲ ਦੀਆਂ ਭਰੋਸੇਯੋਗ ਹੱਥ-ਲਿਖਤਾਂ ਵਿਚ ਇਹ ਅਧਿਆਇ ਅੱਠਵੀਂ ਆਇਤ ਨਾਲ ਖ਼ਤਮ ਹੁੰਦਾ ਹੈ। ਵਧੇਰੇ ਜਾਣਕਾਰੀ 1.3 ਦੇਖੋ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ