ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • nwt ਰੋਮੀਆਂ 1:1 - 16:27
  • ਰੋਮੀਆਂ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਰੋਮੀਆਂ
  • ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
ਰੋਮੀਆਂ

ਰੋਮੀਆਂ ਨੂੰ ਚਿੱਠੀ

1 ਮੈਂ ਪੌਲੁਸ, ਮਸੀਹ ਯਿਸੂ ਦਾ ਦਾਸ ਅਤੇ ਪਰਮੇਸ਼ੁਰ ਦੀ ਖ਼ੁਸ਼ ਖ਼ਬਰੀ ਸੁਣਾਉਣ ਲਈ ਚੁਣਿਆ ਗਿਆ ਰਸੂਲ ਹਾਂ।+ 2 ਇਸ ਖ਼ੁਸ਼ ਖ਼ਬਰੀ ਦਾ ਵਾਅਦਾ ਪਰਮੇਸ਼ੁਰ ਨੇ ਆਪਣੇ ਨਬੀਆਂ ਦੁਆਰਾ ਪਵਿੱਤਰ ਧਰਮ-ਗ੍ਰੰਥ ਵਿਚ ਪਹਿਲਾਂ ਤੋਂ ਹੀ ਕੀਤਾ ਸੀ 3 ਅਤੇ ਇਹ ਉਸ ਦੇ ਪੁੱਤਰ ਬਾਰੇ ਸੀ ਜੋ ਇਨਸਾਨ ਦੇ ਰੂਪ ਵਿਚ ਪੈਦਾ ਹੋਇਆ ਅਤੇ ਦਾਊਦ ਦੀ ਸੰਤਾਨ*+ ਵਿੱਚੋਂ ਸੀ। 4 ਪਰ ਪਵਿੱਤਰ ਸ਼ਕਤੀ ਰਾਹੀਂ ਉਸ ਦੀ ਪਛਾਣ ਪਰਮੇਸ਼ੁਰ ਦੇ ਪੁੱਤਰ+ ਵਜੋਂ ਕਰਾਈ ਗਈ ਜਦੋਂ ਉਸ ਨੂੰ ਮਰਿਆਂ ਹੋਇਆਂ ਵਿੱਚੋਂ ਜੀਉਂਦਾ ਕੀਤਾ ਗਿਆ।+ ਹਾਂ, ਇਹ ਪੁੱਤਰ ਸਾਡਾ ਪ੍ਰਭੂ ਯਿਸੂ ਮਸੀਹ ਹੈ। 5 ਉਸ ਰਾਹੀਂ ਸਾਡੇ ʼਤੇ ਅਪਾਰ ਕਿਰਪਾ ਹੋਈ ਅਤੇ ਸਾਨੂੰ ਰਸੂਲ ਬਣਾਇਆ ਗਿਆ+ ਤਾਂਕਿ ਸਾਰੀਆਂ ਕੌਮਾਂ ਦੇ ਲੋਕ ਨਿਹਚਾ ਕਰ ਕੇ ਉਸ ਦੀ ਆਗਿਆਕਾਰੀ ਕਰਨ+ ਅਤੇ ਉਸ ਦੇ ਨਾਂ ਦੀ ਮਹਿਮਾ ਕਰਨ। 6 ਇਨ੍ਹਾਂ ਕੌਮਾਂ ਵਿੱਚੋਂ ਤੁਹਾਨੂੰ ਵੀ ਯਿਸੂ ਮਸੀਹ ਦੇ ਚੇਲੇ ਬਣਨ ਲਈ ਸੱਦਿਆ ਗਿਆ ਹੈ। 7 ਮੈਂ ਰੋਮ ਵਿਚ ਰਹਿ ਰਹੇ ਪਰਮੇਸ਼ੁਰ ਦੇ ਸਾਰੇ ਪਿਆਰੇ ਭਗਤਾਂ ਨੂੰ ਇਹ ਚਿੱਠੀ ਲਿਖ ਰਿਹਾ ਹਾਂ ਜਿਨ੍ਹਾਂ ਨੂੰ ਪਵਿੱਤਰ ਸੇਵਕ ਬਣਨ ਲਈ ਸੱਦਿਆ ਗਿਆ ਹੈ:

ਸਾਡਾ ਪਿਤਾ ਪਰਮੇਸ਼ੁਰ ਅਤੇ ਪ੍ਰਭੂ ਯਿਸੂ ਮਸੀਹ ਤੁਹਾਨੂੰ ਅਪਾਰ ਕਿਰਪਾ ਅਤੇ ਸ਼ਾਂਤੀ ਬਖ਼ਸ਼ਣ।

8 ਸਭ ਤੋਂ ਪਹਿਲਾਂ, ਮੈਂ ਤੁਹਾਡੇ ਸਾਰਿਆਂ ਕਰਕੇ ਯਿਸੂ ਮਸੀਹ ਰਾਹੀਂ ਆਪਣੇ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ ਕਿਉਂਕਿ ਸਾਰੀ ਦੁਨੀਆਂ ਵਿਚ ਤੁਹਾਡੀ ਨਿਹਚਾ ਦੀ ਚਰਚਾ ਹੋ ਰਹੀ ਹੈ। 9 ਪਰਮੇਸ਼ੁਰ, ਜਿਸ ਦੀ ਭਗਤੀ ਮੈਂ ਉਸ ਦੇ ਪੁੱਤਰ ਦੀ ਖ਼ੁਸ਼ ਖ਼ਬਰੀ ਸੁਣਾ ਕੇ ਜੀ-ਜਾਨ ਨਾਲ ਕਰਦਾ ਹਾਂ, ਇਸ ਗੱਲ ਵਿਚ ਮੇਰਾ ਗਵਾਹ ਹੈ ਕਿ ਮੈਂ ਪ੍ਰਾਰਥਨਾਵਾਂ ਵਿਚ ਹਮੇਸ਼ਾ ਤੁਹਾਡਾ ਜ਼ਿਕਰ ਕਰਦਾ ਹਾਂ+ 10 ਅਤੇ ਬੇਨਤੀ ਕਰਦਾ ਹਾਂ ਕਿ ਜੇ ਪਰਮੇਸ਼ੁਰ ਨੇ ਚਾਹਿਆ, ਤਾਂ ਮੈਨੂੰ ਤੁਹਾਡੇ ਕੋਲ ਆਉਣ ਦਾ ਮੌਕਾ ਮਿਲੇਗਾ। 11 ਮੈਂ ਤੁਹਾਨੂੰ ਦੇਖਣ ਲਈ ਤਰਸਦਾ ਹਾਂ ਤਾਂਕਿ ਮੈਂ ਤੁਹਾਡੀ ਨਿਹਚਾ ਨੂੰ ਮਜ਼ਬੂਤ ਕਰਨ ਲਈ ਤੁਹਾਨੂੰ ਪਰਮੇਸ਼ੁਰ ਵੱਲੋਂ ਤੋਹਫ਼ਾ ਦਿਆਂ; 12 ਮੇਰੇ ਕਹਿਣ ਦਾ ਮਤਲਬ ਹੈ ਕਿ ਸਾਨੂੰ ਇਕ-ਦੂਜੇ ਦੀ ਨਿਹਚਾ ਤੋਂ ਯਾਨੀ ਤੁਹਾਨੂੰ ਮੇਰੀ ਨਿਹਚਾ ਤੋਂ ਅਤੇ ਮੈਨੂੰ ਤੁਹਾਡੀ ਨਿਹਚਾ ਤੋਂ ਹੌਸਲਾ ਮਿਲ ਸਕੇ।+

13 ਭਰਾਵੋ, ਮੈਂ ਨਹੀਂ ਚਾਹੁੰਦਾ ਕਿ ਤੁਸੀਂ ਇਸ ਗੱਲੋਂ ਅਣਜਾਣ ਰਹੋ ਕਿ ਮੈਂ ਕਈ ਵਾਰ ਤੁਹਾਡੇ ਕੋਲ ਆਉਣਾ ਚਾਹਿਆ ਪਰ ਹੁਣ ਤਕ ਕੋਈ-ਨਾ-ਕੋਈ ਅੜਿੱਕਾ ਪੈਂਦਾ ਰਿਹਾ। ਮੈਂ ਚਾਹੁੰਦਾ ਹਾਂ ਕਿ ਦੂਸਰੀਆਂ ਕੌਮਾਂ ਵਾਂਗ ਤੁਹਾਡੇ ਉੱਥੇ ਵੀ ਮੇਰੇ ਪ੍ਰਚਾਰ ਦੇ ਚੰਗੇ ਨਤੀਜੇ ਨਿਕਲਣ। 14 ਮੈਂ ਯੂਨਾਨੀਆਂ ਤੇ ਵਿਦੇਸ਼ੀਆਂ* ਦਾ ਅਤੇ ਪੜ੍ਹਿਆਂ-ਲਿਖਿਆਂ ਤੇ ਅਨਪੜ੍ਹਾਂ ਦਾ ਕਰਜ਼ਦਾਰ ਹਾਂ; 15 ਇਸੇ ਲਈ ਮੈਂ ਰੋਮ ਵਿਚ ਤੁਹਾਨੂੰ ਵੀ ਖ਼ੁਸ਼ ਖ਼ਬਰੀ ਸੁਣਾਉਣ ਲਈ ਉਤਾਵਲਾ ਹਾਂ।+ 16 ਮੈਨੂੰ ਖ਼ੁਸ਼ ਖ਼ਬਰੀ ਸੁਣਾਉਣ ਵਿਚ ਕੋਈ ਸ਼ਰਮਿੰਦਗੀ ਮਹਿਸੂਸ ਨਹੀਂ ਹੁੰਦੀ;+ ਅਸਲ ਵਿਚ, ਖ਼ੁਸ਼ ਖ਼ਬਰੀ ਤਾਂ ਨਿਹਚਾ ਕਰਨ ਵਾਲੇ ਲੋਕਾਂ ਨੂੰ ਮੁਕਤੀ ਦੇਣ ਲਈ ਪਰਮੇਸ਼ੁਰ ਦਾ ਸ਼ਕਤੀਸ਼ਾਲੀ ਜ਼ਰੀਆ ਹੈ,+ ਪਹਿਲਾਂ ਯਹੂਦੀਆਂ+ ਨੂੰ ਤੇ ਫਿਰ ਯੂਨਾਨੀਆਂ* ਨੂੰ।+ 17 ਨਿਹਚਾ ਰੱਖਣ ਵਾਲੇ ਲੋਕ ਦੇਖਦੇ ਹਨ ਕਿ ਖ਼ੁਸ਼ ਖ਼ਬਰੀ ਰਾਹੀਂ ਪਰਮੇਸ਼ੁਰ ਆਪਣਾ ਨਿਆਂ* ਪ੍ਰਗਟ ਕਰਦਾ ਹੈ ਜਿਸ ਕਰਕੇ ਉਨ੍ਹਾਂ ਦੀ ਨਿਹਚਾ ਹੋਰ ਪੱਕੀ ਹੁੰਦੀ ਹੈ,+ ਠੀਕ ਜਿਵੇਂ ਲਿਖਿਆ ਹੈ: “ਪਰ ਧਰਮੀ ਆਪਣੀ ਨਿਹਚਾ ਸਦਕਾ ਜੀਉਂਦਾ ਰਹੇਗਾ।”+

18 ਸੱਚਾਈ ਨੂੰ ਗ਼ਲਤ ਤਰੀਕੇ ਨਾਲ ਦਬਾਉਣ+ ਵਾਲੇ ਸਾਰੇ ਦੁਸ਼ਟ ਅਤੇ ਕੁਧਰਮੀ ਲੋਕਾਂ ਉੱਤੇ ਸਵਰਗੋਂ ਪਰਮੇਸ਼ੁਰ ਦਾ ਕ੍ਰੋਧ+ ਭੜਕ ਰਿਹਾ ਹੈ 19 ਕਿਉਂਕਿ ਪਰਮੇਸ਼ੁਰ ਦੇ ਬਾਰੇ ਜੋ ਕੁਝ ਜਾਣਿਆ ਜਾ ਸਕਦਾ ਹੈ, ਉਹ ਸਭ ਕੁਝ ਉਨ੍ਹਾਂ ਦੇ ਸਾਮ੍ਹਣੇ ਹੈ। ਪਰਮੇਸ਼ੁਰ ਨੇ ਉਨ੍ਹਾਂ ਨੂੰ ਇਹ ਸਭ ਕੁਝ ਸਾਫ਼-ਸਾਫ਼ ਦਿਖਾਇਆ ਹੈ।+ 20 ਦੁਨੀਆਂ ਨੂੰ ਸਿਰਜਣ ਦੇ ਸਮੇਂ ਤੋਂ ਹੀ ਉਸ ਦੇ ਅਣਦੇਖੇ ਗੁਣ ਸਾਫ਼-ਸਾਫ਼ ਦਿਖਾਈ ਦੇ ਰਹੇ ਹਨ।+ ਉਸ ਦੀਆਂ ਬਣਾਈਆਂ ਚੀਜ਼ਾਂ ਤੋਂ ਇਹ ਗੁਣ ਦੇਖੇ ਜਾ ਸਕਦੇ ਹਨ ਕਿ ਉਸ ਕੋਲ ਬੇਅੰਤ ਤਾਕਤ ਹੈ+ ਅਤੇ ਉਹੀ ਪਰਮੇਸ਼ੁਰ ਹੈ।+ ਇਸ ਲਈ ਉਨ੍ਹਾਂ ਕੋਲ ਪਰਮੇਸ਼ੁਰ ਉੱਤੇ ਵਿਸ਼ਵਾਸ ਨਾ ਕਰਨ ਦਾ ਕੋਈ ਬਹਾਨਾ ਨਹੀਂ ਹੈ। 21 ਭਾਵੇਂ ਉਹ ਪਰਮੇਸ਼ੁਰ ਨੂੰ ਜਾਣਦੇ ਸਨ, ਫਿਰ ਵੀ ਉਨ੍ਹਾਂ ਨੇ ਉਸ ਨੂੰ ਉਹ ਮਹਿਮਾ ਨਹੀਂ ਦਿੱਤੀ ਜਿਸ ਦਾ ਉਹ ਹੱਕਦਾਰ ਹੈ ਅਤੇ ਨਾ ਹੀ ਉਸ ਦਾ ਧੰਨਵਾਦ ਕੀਤਾ, ਸਗੋਂ ਉਹ ਵਿਅਰਥ ਸੋਚਾਂ ਸੋਚਣ ਲੱਗ ਪਏ ਅਤੇ ਉਨ੍ਹਾਂ ਦੇ ਮੂਰਖ ਦਿਲਾਂ ਉੱਤੇ ਹਨੇਰਾ ਛਾ ਗਿਆ।+ 22 ਭਾਵੇਂ ਉਹ ਸਮਝਦਾਰ ਹੋਣ ਦਾ ਦਾਅਵਾ ਕਰਦੇ ਸਨ, ਪਰ ਉਹ ਮੂਰਖ ਨਿਕਲੇ 23 ਅਤੇ ਉਨ੍ਹਾਂ ਨੇ ਅਵਿਨਾਸ਼ੀ ਪਰਮੇਸ਼ੁਰ ਦੀ ਮਹਿਮਾ ਕਰਨ ਦੀ ਬਜਾਇ ਨਾਸ਼ਵਾਨ ਇਨਸਾਨਾਂ, ਪੰਛੀਆਂ, ਚਾਰ ਪੈਰਾਂ ਵਾਲੇ ਜਾਨਵਰਾਂ ਅਤੇ ਘਿਸਰਨ ਵਾਲੇ ਜੀਵ-ਜੰਤੂਆਂ ਦੀਆਂ ਮੂਰਤਾਂ ਦੀ ਮਹਿਮਾ ਕੀਤੀ।+

24 ਇਸ ਲਈ, ਪਰਮੇਸ਼ੁਰ ਨੇ ਉਨ੍ਹਾਂ ਦੇ ਦਿਲਾਂ ਦੀਆਂ ਇੱਛਾਵਾਂ ਨੂੰ ਜਾਣਦੇ ਹੋਏ ਉਨ੍ਹਾਂ ਨੂੰ ਛੱਡ ਦਿੱਤਾ ਕਿ ਉਹ ਗੰਦੇ-ਮੰਦੇ ਕੰਮ ਕਰ ਕੇ ਆਪਣੇ ਸਰੀਰਾਂ ਦਾ ਨਿਰਾਦਰ ਕਰਨ। 25 ਉਨ੍ਹਾਂ ਨੇ ਪਰਮੇਸ਼ੁਰ ਦੀ ਸੱਚਾਈ ਉੱਤੇ ਵਿਸ਼ਵਾਸ ਕਰਨ ਦੀ ਬਜਾਇ ਝੂਠ ਉੱਤੇ ਵਿਸ਼ਵਾਸ ਕੀਤਾ। ਨਾਲੇ ਉਨ੍ਹਾਂ ਨੇ ਸਿਰਜਣਹਾਰ ਦੀ ਬਜਾਇ ਉਸ ਦੀਆਂ ਬਣਾਈਆਂ ਚੀਜ਼ਾਂ ਪ੍ਰਤੀ ਸ਼ਰਧਾ ਰੱਖੀ ਅਤੇ ਉਨ੍ਹਾਂ ਦੀ ਪੂਜਾ ਕੀਤੀ। ਪਰ ਸਿਰਫ਼ ਸਿਰਜਣਹਾਰ ਹੀ ਯੁਗੋ-ਯੁਗ ਮਹਿਮਾ ਲੈਣ ਦੇ ਯੋਗ ਹੈ। ਆਮੀਨ। 26 ਇਸੇ ਲਈ ਪਰਮੇਸ਼ੁਰ ਨੇ ਉਨ੍ਹਾਂ ਨੂੰ ਨੀਚ ਕਾਮ-ਵਾਸ਼ਨਾਵਾਂ ਦੇ ਵੱਸ ਵਿਚ ਰਹਿਣ ਦਿੱਤਾ।+ ਉਨ੍ਹਾਂ ਦੀਆਂ ਤੀਵੀਆਂ ਨੇ ਆਪਸ ਵਿਚ ਸਰੀਰਕ ਸੰਬੰਧ ਬਣਾਏ ਜੋ ਗ਼ੈਰ-ਕੁਦਰਤੀ ਹਨ;+ 27 ਇਸੇ ਤਰ੍ਹਾਂ ਬੰਦਿਆਂ ਨੇ ਵੀ ਤੀਵੀਆਂ ਨਾਲ ਕੁਦਰਤੀ ਸੰਬੰਧ ਬਣਾਉਣੇ ਛੱਡ ਦਿੱਤੇ ਅਤੇ ਬੰਦੇ ਬੰਦਿਆਂ ਨਾਲ ਕਾਮ-ਵਾਸ਼ਨਾ ਦੀ ਅੱਗ ਵਿਚ ਮਚਣ ਲੱਗੇ ਅਤੇ ਅਸ਼ਲੀਲ ਕੰਮ ਕਰਨ ਲੱਗੇ।+ ਉਨ੍ਹਾਂ ਨੂੰ ਆਪਣੀਆਂ ਕਰਤੂਤਾਂ ਦਾ ਅੰਜਾਮ ਪੂਰੀ ਤਰ੍ਹਾਂ ਭੁਗਤਣਾ ਪਿਆ।+

28 ਉਨ੍ਹਾਂ ਨੇ ਪਰਮੇਸ਼ੁਰ ਨੂੰ ਜਾਣਨਾ ਜ਼ਰੂਰੀ ਨਹੀਂ ਸਮਝਿਆ,* ਇਸ ਲਈ ਪਰਮੇਸ਼ੁਰ ਨੇ ਉਨ੍ਹਾਂ ਨੂੰ ਮਨ ਦੀ ਭ੍ਰਿਸ਼ਟ ਹਾਲਤ ਵਿਚ ਛੱਡ ਦਿੱਤਾ ਕਿ ਉਹ ਗ਼ਲਤ ਕੰਮ ਕਰਦੇ ਰਹਿਣ।+ 29 ਉਹ ਲੋਕ ਹਰ ਤਰ੍ਹਾਂ ਦੇ ਕੁਧਰਮ,+ ਦੁਸ਼ਟਤਾ, ਲਾਲਚ+ ਤੇ ਬੁਰਾਈ ਨਾਲ ਭਰੇ ਹੋਏ ਸਨ ਅਤੇ ਈਰਖਾ,+ ਕਤਲ,+ ਲੜਾਈ-ਝਗੜੇ ਤੇ ਧੋਖਾ+ ਕਰਦੇ ਸਨ ਤੇ ਦੂਜਿਆਂ ਨਾਲ ਖਾਰ+ ਖਾਂਦੇ ਸਨ ਅਤੇ ਉਹ ਤੁਹਮਤ ਲਾਉਣ ਵਾਲੇ, 30 ਚੁਗ਼ਲਖ਼ੋਰ,+ ਪਰਮੇਸ਼ੁਰ ਨਾਲ ਨਫ਼ਰਤ ਕਰਨ ਵਾਲੇ, ਬਦਤਮੀਜ਼, ਘਮੰਡੀ, ਸ਼ੇਖ਼ੀਬਾਜ਼, ਬੁਰੇ ਕੰਮਾਂ ਦੀਆਂ ਜੁਗਤਾਂ ਘੜਨ ਵਾਲੇ, ਮਾਤਾ-ਪਿਤਾ ਦੇ ਅਣਆਗਿਆਕਾਰ,+ 31 ਬੇਸਮਝ,+ ਵਾਅਦੇ ਤੋੜਨ ਵਾਲੇ, ਮੋਹ ਨਾ ਰੱਖਣ ਵਾਲੇ ਤੇ ਬੇਰਹਿਮ ਸਨ। 32 ਭਾਵੇਂ ਉਹ ਪਰਮੇਸ਼ੁਰ ਦਾ ਇਹ ਧਰਮੀ ਫ਼ਰਮਾਨ ਚੰਗੀ ਤਰ੍ਹਾਂ ਜਾਣਦੇ ਹਨ ਕਿ ਅਜਿਹੇ ਕੰਮ ਕਰਨ ਵਾਲੇ ਲੋਕ ਮੌਤ ਦੀ ਸਜ਼ਾ ਦੇ ਲਾਇਕ ਹਨ,+ ਫਿਰ ਵੀ ਉਹ ਨਾ ਸਿਰਫ਼ ਆਪ ਇਹ ਕੰਮ ਕਰਦੇ ਰਹਿੰਦੇ ਹਨ, ਸਗੋਂ ਅਜਿਹੇ ਕੰਮ ਕਰਨ ਵਾਲੇ ਹੋਰ ਲੋਕਾਂ ਦੀ ਵਾਹ-ਵਾਹ ਵੀ ਕਰਦੇ ਹਨ।

2 ਇਸ ਲਈ ਭਰਾਵਾ, ਜੇ ਤੂੰ ਦੂਸਰਿਆਂ ਉੱਤੇ ਉਨ੍ਹਾਂ ਦੇ ਕੰਮਾਂ ਕਰਕੇ ਦੋਸ਼ ਲਾਉਂਦਾ ਹੈਂ, ਪਰ ਤੂੰ ਆਪ ਵੀ ਉਹੀ ਕੰਮ ਕਰਦਾ ਹੈਂ, ਤਾਂ ਤੂੰ ਭਾਵੇਂ ਕੋਈ ਵੀ ਹੋਵੇਂ,+ ਤੇਰੇ ਕੋਲ ਆਪਣੀ ਸਫ਼ਾਈ ਪੇਸ਼ ਕਰਨ ਦਾ ਕੋਈ ਆਧਾਰ ਨਹੀਂ ਹੈ। ਤੂੰ ਦੂਜਿਆਂ ਉੱਤੇ ਦੋਸ਼ ਲਾ ਕੇ ਆਪਣੇ ਆਪ ਨੂੰ ਵੀ ਦੋਸ਼ੀ ਠਹਿਰਾਉਂਦਾ ਹੈਂ।+ 2 ਅਸੀਂ ਜਾਣਦੇ ਹਾਂ ਕਿ ਪਰਮੇਸ਼ੁਰ ਦਾ ਨਿਆਂ ਸੱਚਾ ਹੈ ਅਤੇ ਉਹ ਅਜਿਹੇ ਕੰਮਾਂ ਵਿਚ ਲੱਗੇ ਲੋਕਾਂ ਦਾ ਨਿਆਂ ਕਰਦਾ ਹੈ।

3 ਭਰਾਵਾ, ਕੀ ਤੂੰ ਇਹ ਸੋਚਦਾ ਹੈਂ ਕਿ ਤੂੰ ਅਜਿਹੇ ਕੰਮਾਂ ਵਿਚ ਲੱਗੇ ਲੋਕਾਂ ਨੂੰ ਤਾਂ ਦੋਸ਼ੀ ਠਹਿਰਾ ਸਕਦਾ ਹੈਂ, ਪਰ ਤੂੰ ਆਪ ਇਹੀ ਕੰਮ ਕਰ ਕੇ ਪਰਮੇਸ਼ੁਰ ਦੇ ਨਿਆਂ ਤੋਂ ਬਚ ਜਾਏਂਗਾ? 4 ਜਾਂ ਕੀ ਤੂੰ ਇਸ ਕਰਕੇ ਪਰਮੇਸ਼ੁਰ ਦੀ ਬੇਅੰਤ ਰਹਿਮਦਿਲੀ,+ ਸਹਿਣਸ਼ੀਲਤਾ+ ਤੇ ਧੀਰਜ+ ਨੂੰ ਤੁੱਛ ਸਮਝਦਾ ਹੈਂ ਕਿਉਂਕਿ ਤੂੰ ਨਹੀਂ ਜਾਣਦਾ ਕਿ ਪਰਮੇਸ਼ੁਰ ਤੇਰੇ ʼਤੇ ਰਹਿਮ ਕਰ ਕੇ ਤੈਨੂੰ ਤੋਬਾ ਦੇ ਰਾਹ ਪਾ ਰਿਹਾ ਹੈ?+ 5 ਪਰ ਤੂੰ ਢੀਠ ਹੈਂ ਅਤੇ ਤੂੰ ਪਛਤਾਵਾ ਨਹੀਂ ਕਰਨਾ ਚਾਹੁੰਦਾ, ਇਸ ਕਰਕੇ ਤੂੰ ਆਪਣੇ ਲਈ ਪਰਮੇਸ਼ੁਰ ਦਾ ਕ੍ਰੋਧ ਜਮ੍ਹਾ ਕਰ ਰਿਹਾ ਹੈਂ ਜੋ ਉਸ ਦੇ ਧਰਮੀ ਨਿਆਂ ਦੇ ਦਿਨ ਤੇਰੇ ਉੱਤੇ ਭੜਕੇਗਾ।+ 6 ਉਹ ਹਰੇਕ ਨੂੰ ਉਸ ਦੇ ਕੰਮਾਂ ਦਾ ਫਲ ਦੇਵੇਗਾ:+ 7 ਉਨ੍ਹਾਂ ਲੋਕਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਜਿਹੜੇ ਮਹਿਮਾ, ਆਦਰ ਅਤੇ ਅਵਿਨਾਸ਼ੀ ਸਰੀਰ+ ਪਾਉਣ ਲਈ ਚੰਗੇ ਕੰਮਾਂ ਵਿਚ ਲੱਗੇ ਰਹਿੰਦੇ ਹਨ; 8 ਪਰ ਜਿਹੜੇ ਲੋਕ ਲੜਾਕੇ ਹਨ ਅਤੇ ਸੱਚਾਈ ਅਨੁਸਾਰ ਚੱਲਣ ਦੀ ਬਜਾਇ ਬੁਰਾਈ ਦੇ ਰਾਹ ʼਤੇ ਚੱਲਦੇ ਹਨ, ਉਨ੍ਹਾਂ ਉੱਤੇ ਪਰਮੇਸ਼ੁਰ ਦਾ ਕ੍ਰੋਧ ਅਤੇ ਗੁੱਸਾ ਭੜਕੇਗਾ।+ 9 ਬੁਰੇ ਕੰਮ ਕਰਨ ਵਾਲੇ ਹਰ ਇਨਸਾਨ ਉੱਤੇ ਕਸ਼ਟ ਤੇ ਮੁਸੀਬਤਾਂ ਆਉਣਗੀਆਂ, ਪਹਿਲਾਂ ਯਹੂਦੀਆਂ ਉੱਤੇ, ਫਿਰ ਯੂਨਾਨੀਆਂ* ਉੱਤੇ; 10 ਪਰ ਚੰਗੇ ਕੰਮ ਕਰਨ ਵਾਲੇ ਹਰ ਇਨਸਾਨ ਨੂੰ ਮਹਿਮਾ, ਆਦਰ ਤੇ ਸ਼ਾਂਤੀ ਮਿਲੇਗੀ, ਪਹਿਲਾਂ ਯਹੂਦੀਆਂ ਨੂੰ+ ਤੇ ਫਿਰ ਯੂਨਾਨੀਆਂ ਨੂੰ।+ 11 ਪਰਮੇਸ਼ੁਰ ਕਿਸੇ ਨਾਲ ਪੱਖਪਾਤ ਨਹੀਂ ਕਰਦਾ।+

12 ਜਿਨ੍ਹਾਂ ਲੋਕਾਂ ਕੋਲ ਪਰਮੇਸ਼ੁਰ ਦਾ ਕਾਨੂੰਨ ਨਹੀਂ, ਉਹ ਵੀ ਸਾਰੇ ਆਪਣੇ ਪਾਪਾਂ ਕਰਕੇ ਮਰ ਜਾਣਗੇ ਭਾਵੇਂ ਉਨ੍ਹਾਂ ਕੋਲ ਕਾਨੂੰਨ ਨਹੀਂ ਹੈ;+ ਪਰ ਜਿਨ੍ਹਾਂ ਕੋਲ ਪਰਮੇਸ਼ੁਰ ਦਾ ਕਾਨੂੰਨ ਹੈ ਅਤੇ ਉਹ ਪਾਪ ਕਰਦੇ ਹਨ, ਤਾਂ ਉਨ੍ਹਾਂ ਸਾਰਿਆਂ ਦਾ ਨਿਆਂ ਕਾਨੂੰਨ ਮੁਤਾਬਕ ਕੀਤਾ ਜਾਵੇਗਾ।+ 13 ਉਹ ਲੋਕ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਧਰਮੀ ਨਹੀਂ ਹਨ ਜਿਹੜੇ ਇਸ ਕਾਨੂੰਨ ਨੂੰ ਸਿਰਫ਼ ਸੁਣਦੇ ਹੀ ਹਨ, ਸਗੋਂ ਇਸ ਕਾਨੂੰਨ ਮੁਤਾਬਕ ਚੱਲਣ ਵਾਲਿਆਂ ਨੂੰ ਧਰਮੀ ਠਹਿਰਾਇਆ ਜਾਵੇਗਾ।+ 14 ਦੁਨੀਆਂ ਦੇ ਲੋਕਾਂ ਕੋਲ ਪਰਮੇਸ਼ੁਰ ਦਾ ਕਾਨੂੰਨ ਨਹੀਂ ਹੈ।+ ਪਰ ਇਹ ਕਾਨੂੰਨ ਨਾ ਹੁੰਦੇ ਹੋਏ ਵੀ ਜਦੋਂ ਉਹ ਆਪਣੇ ਆਪ ਇਸ ਕਾਨੂੰਨ ਅਨੁਸਾਰ ਚੱਲਦੇ ਹਨ, ਤਾਂ ਇਸ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਦੇ ਅੰਦਰ ਇਕ ਕਾਨੂੰਨ ਹੈ। 15 ਉਹ ਲੋਕ ਦਿਖਾਉਂਦੇ ਹਨ ਕਿ ਇਸ ਕਾਨੂੰਨ ਦੀਆਂ ਗੱਲਾਂ ਉਨ੍ਹਾਂ ਦੇ ਦਿਲਾਂ ਉੱਤੇ ਲਿਖੀਆਂ ਹੋਈਆਂ ਹਨ ਅਤੇ ਉਨ੍ਹਾਂ ਦੀ ਜ਼ਮੀਰ ਉਨ੍ਹਾਂ ਨਾਲ ਗਵਾਹੀ ਦਿੰਦੀ ਹੈ। ਜਦੋਂ ਉਹ ਆਪਣੇ ਕੰਮਾਂ ਉੱਤੇ ਸੋਚ-ਵਿਚਾਰ ਕਰਦੇ ਹਨ, ਤਾਂ ਉਹ ਆਪਣੇ ਆਪ ਨੂੰ ਦੋਸ਼ੀ ਜਾਂ ਨਿਰਦੋਸ਼ ਠਹਿਰਾਉਂਦੇ ਹਨ। 16 ਇਹ ਸਭ ਕੁਝ ਉਸ ਦਿਨ ਹੋਵੇਗਾ ਜਦੋਂ ਯਿਸੂ ਮਸੀਹ ਰਾਹੀਂ ਪਰਮੇਸ਼ੁਰ ਇਨਸਾਨਾਂ ਦੀਆਂ ਗੁਪਤ ਗੱਲਾਂ ਦਾ ਨਿਆਂ ਕਰੇਗਾ।+ ਮੈਂ ਜੋ ਖ਼ੁਸ਼ ਖ਼ਬਰੀ ਸੁਣਾਈ ਹੈ, ਉਸ ਦੇ ਮੁਤਾਬਕ ਹੀ ਇਹ ਸਭ ਕੁਝ ਹੋਵੇਗਾ।

17 ਤੂੰ ਆਪਣੇ ਆਪ ਨੂੰ ਯਹੂਦੀ ਕਹਿੰਦਾ ਹੈਂ,+ ਕਾਨੂੰਨ ਉੱਤੇ ਭਰੋਸਾ ਰੱਖਦਾ ਹੈਂ, ਪਰਮੇਸ਼ੁਰ ਨਾਲ ਆਪਣੇ ਰਿਸ਼ਤੇ ਉੱਤੇ ਮਾਣ ਕਰਦਾ ਹੈਂ, 18 ਤੂੰ ਉਸ ਦੀ ਇੱਛਾ ਨੂੰ ਜਾਣਦਾ ਹੈਂ, ਤੂੰ ਉੱਤਮ ਗੱਲਾਂ ਦੀ ਸਮਝ ਰੱਖਦਾ ਹੈਂ ਕਿਉਂਕਿ ਤੈਨੂੰ ਮੂਸਾ ਦਾ ਕਾਨੂੰਨ ਸਿਖਾਇਆ* ਗਿਆ ਹੈ;+ 19 ਤੈਨੂੰ ਇਸ ਗੱਲ ਦਾ ਯਕੀਨ ਹੈ ਕਿ ਤੂੰ ਅੰਨ੍ਹਿਆਂ ਨੂੰ ਰਾਹ ਦਿਖਾਉਣ ਵਾਲਾ ਅਤੇ ਹਨੇਰੇ ਵਿਚ ਚੱਲਣ ਵਾਲੇ ਲੋਕਾਂ ਲਈ ਚਾਨਣ ਹੈਂ, 20 ਤੂੰ ਨਾਸਮਝ ਲੋਕਾਂ ਨੂੰ ਸੁਧਾਰਨ ਵਾਲਾ ਤੇ ਬੱਚਿਆਂ ਦਾ ਸਿੱਖਿਅਕ ਹੈਂ ਅਤੇ ਤੂੰ ਮੂਸਾ ਦੇ ਕਾਨੂੰਨ ਵਿਚ ਪਾਏ ਜਾਂਦੇ ਗਿਆਨ ਅਤੇ ਸੱਚਾਈ ਦੀਆਂ ਬੁਨਿਆਦੀ ਗੱਲਾਂ ਜਾਣਦਾ ਹੈਂ। 21 ਤੂੰ ਇਹ ਸਭ ਕੁਝ ਹੋਰਾਂ ਨੂੰ ਤਾਂ ਸਿਖਾਉਂਦਾ ਹੈਂ, ਪਰ ਕੀ ਤੂੰ ਆਪਣੇ ਆਪ ਨੂੰ ਸਿਖਾਉਂਦਾ ਹੈਂ?+ ਤੂੰ ਦੂਜਿਆਂ ਨੂੰ ਸਿੱਖਿਆ ਦਿੰਦਾ ਹੈਂ, “ਚੋਰੀ ਨਾ ਕਰ,”+ ਪਰ ਕੀ ਤੂੰ ਆਪ ਚੋਰੀ ਕਰਦਾ ਹੈਂ? 22 ਤੂੰ ਕਹਿੰਦਾ ਹੈਂ, “ਹਰਾਮਕਾਰੀ ਨਾ ਕਰ,”+ ਪਰ ਕੀ ਤੂੰ ਆਪ ਹਰਾਮਕਾਰੀ ਕਰਦਾ ਹੈਂ? ਤੂੰ ਮੂਰਤੀਆਂ ਨਾਲ ਘਿਰਣਾ ਕਰਦਾ ਹੈਂ, ਪਰ ਕੀ ਤੂੰ ਮੰਦਰਾਂ ਨੂੰ ਲੁੱਟਦਾ ਹੈਂ? 23 ਤੂੰ ਕਾਨੂੰਨ ਉੱਤੇ ਮਾਣ ਕਰਦਾ ਹੈਂ, ਪਰ ਕੀ ਤੂੰ ਆਪ ਕਾਨੂੰਨ ਦੀ ਉਲੰਘਣਾ ਕਰ ਕੇ ਪਰਮੇਸ਼ੁਰ ਦਾ ਨਿਰਾਦਰ ਕਰਦਾ ਹੈਂ? 24 ਜਿਵੇਂ ਲਿਖਿਆ ਹੈ, “ਤੁਹਾਡੇ ਕਰਕੇ ਦੁਨੀਆਂ ਵਿਚ ਪਰਮੇਸ਼ੁਰ ਦੇ ਨਾਂ ਦੀ ਬਦਨਾਮੀ ਹੋ ਰਹੀ ਹੈ।”+

25 ਤੇਰੀ ਸੁੰਨਤ+ ਦਾ ਫ਼ਾਇਦਾ ਤਾਂ ਹੀ ਹੈ ਜੇ ਤੂੰ ਕਾਨੂੰਨ ਉੱਤੇ ਚੱਲੇਂ;+ ਪਰ ਜੇ ਤੂੰ ਕਾਨੂੰਨ ਦੀ ਉਲੰਘਣਾ ਕਰਦਾ ਹੈਂ, ਤਾਂ ਤੇਰੀ ਸੁੰਨਤ ਨਾ ਹੋਣ ਦੇ ਬਰਾਬਰ ਹੈ। 26 ਇਸ ਲਈ ਜੇ ਕੋਈ ਬੇਸੁੰਨਤਾ ਇਨਸਾਨ+ ਕਾਨੂੰਨ ਵਿਚ ਦੱਸੀਆਂ ਮੰਗਾਂ ਅਨੁਸਾਰ ਸਹੀ ਕੰਮ ਕਰਦਾ ਹੈ, ਤਾਂ ਕੀ ਉਸ ਨੂੰ ਸੁੰਨਤ ਵਾਲਾ ਨਹੀਂ ਮੰਨਿਆ ਜਾਏਗਾ?+ 27 ਬੇਸੁੰਨਤਾ ਇਨਸਾਨ ਕਾਨੂੰਨ ਮੁਤਾਬਕ ਚੱਲ ਕੇ ਤੇਰੇ ਉੱਤੇ ਦੋਸ਼ ਲਾਵੇਗਾ ਕਿਉਂਕਿ ਤੂੰ ਕਾਨੂੰਨ ਦੀ ਉਲੰਘਣਾ ਕਰਦਾ ਹੈਂ, ਭਾਵੇਂ ਤੇਰੇ ਕੋਲ ਕਾਨੂੰਨ ਹੈ ਅਤੇ ਤੂੰ ਸੁੰਨਤ ਕਰਾਈ ਹੈ। 28 ਅਸਲੀ ਯਹੂਦੀ ਉਹ ਨਹੀਂ ਹੈ ਜੋ ਬਾਹਰੋਂ ਦੇਖਣ ਨੂੰ ਯਹੂਦੀ ਲੱਗਦਾ ਹੈ+ ਅਤੇ ਸਰੀਰ ਦੀ ਸੁੰਨਤ ਅਸਲੀ ਸੁੰਨਤ ਨਹੀਂ ਹੈ।+ 29 ਪਰ ਅਸਲੀ ਯਹੂਦੀ ਉਹ ਹੈ ਜਿਹੜਾ ਅੰਦਰੋਂ ਯਹੂਦੀ ਹੈ+ ਅਤੇ ਅਸਲੀ ਸੁੰਨਤ ਦਿਲ ਦੀ ਸੁੰਨਤ ਹੈ+ ਜਿਹੜੀ ਪਵਿੱਤਰ ਸ਼ਕਤੀ ਅਨੁਸਾਰ ਹੈ, ਨਾ ਕਿ ਲਿਖਤੀ ਕਾਨੂੰਨ ਅਨੁਸਾਰ।+ ਇਹੋ ਜਿਹੇ ਇਨਸਾਨ ਦੀ ਵਡਿਆਈ ਲੋਕ ਨਹੀਂ, ਸਗੋਂ ਪਰਮੇਸ਼ੁਰ ਕਰਦਾ ਹੈ।+

3 ਤਾਂ ਫਿਰ, ਕੀ ਯਹੂਦੀ ਹੋਣ ਦਾ ਜਾਂ ਸੁੰਨਤ ਕਰਾਉਣ ਦਾ ਕੋਈ ਫ਼ਾਇਦਾ ਹੈ? 2 ਹਾਂ, ਬਹੁਤ ਫ਼ਾਇਦੇ ਹਨ। ਪਹਿਲਾਂ ਤਾਂ ਇਹ ਕਿ ਯਹੂਦੀਆਂ ਨੂੰ ਪਰਮੇਸ਼ੁਰ ਦੇ ਪਵਿੱਤਰ ਬਚਨ ਸੌਂਪੇ ਗਏ ਸਨ।+ 3 ਪਰ ਜੇ ਕੁਝ ਯਹੂਦੀਆਂ ਨੇ ਨਿਹਚਾ ਨਹੀਂ ਕੀਤੀ, ਤਾਂ ਕੀ ਹੋਇਆ? ਕੀ ਇਸ ਦਾ ਇਹ ਮਤਲਬ ਹੈ ਕਿ ਪਰਮੇਸ਼ੁਰ ਉੱਤੇ ਭਰੋਸਾ ਨਹੀਂ ਕੀਤਾ ਜਾ ਸਕਦਾ? 4 ਨਹੀਂ, ਇਸ ਦਾ ਇਹ ਮਤਲਬ ਨਹੀਂ ਹੈ! ਪਰਮੇਸ਼ੁਰ ਹਮੇਸ਼ਾ ਸੱਚਾ ਸਾਬਤ ਹੁੰਦਾ ਹੈ,+ ਭਾਵੇਂ ਹਰ ਇਨਸਾਨ ਝੂਠਾ ਨਿਕਲੇ+ ਕਿਉਂਕਿ ਇਹ ਲਿਖਿਆ ਹੈ: “ਇਸ ਲਈ ਤੂੰ ਜੋ ਕਹਿੰਦਾ ਹੈਂ, ਉਹ ਸਹੀ ਸਾਬਤ ਹੋਵੇ ਅਤੇ ਤੂੰ ਆਪਣਾ ਮੁਕੱਦਮਾ ਜਿੱਤੇਂ।”+ 5 ਪਰ ਕੁਝ ਲੋਕ ਕਹਿੰਦੇ ਹਨ, ‘ਸਾਡੇ ਗ਼ਲਤ ਕੰਮਾਂ ਤੋਂ ਜ਼ਾਹਰ ਹੁੰਦਾ ਹੈ ਕਿ ਪਰਮੇਸ਼ੁਰ ਜੋ ਵੀ ਕਰਦਾ, ਸਹੀ ਕਰਦਾ। ਤਾਂ ਕੀ ਇਸ ਦਾ ਇਹ ਮਤਲਬ ਨਹੀਂ ਕਿ ਪਰਮੇਸ਼ੁਰ ਸਾਨੂੰ ਸਜ਼ਾ ਦੇ ਕੇ ਸਾਡੇ ਨਾਲ ਅਨਿਆਂ ਕਰਦਾ ਹੈ?’ 6 ਬਿਲਕੁਲ ਨਹੀਂ! ਜੇ ਪਰਮੇਸ਼ੁਰ ਅਨਿਆਂ ਕਰਦਾ ਹੈ, ਤਾਂ ਉਹ ਦੁਨੀਆਂ ਦਾ ਨਿਆਂ ਕਿਵੇਂ ਕਰੇਗਾ?+

7 ਪਰ ਜੇ ਮੇਰੇ ਝੂਠ ਬੋਲਣ ਕਰਕੇ ਸਾਫ਼ ਦਿਖਾਈ ਦਿੰਦਾ ਹੈ ਕਿ ਪਰਮੇਸ਼ੁਰ ਸੱਚਾ ਹੈ ਅਤੇ ਉਸ ਦੀ ਵਡਿਆਈ ਹੁੰਦੀ ਹੈ, ਤਾਂ ਫਿਰ, ਮੈਨੂੰ ਪਾਪੀ ਕਿਉਂ ਠਹਿਰਾਇਆ ਜਾਂਦਾ ਹੈ? 8 ਅਤੇ ਅਸੀਂ ਇਹ ਕਿਉਂ ਨਾ ਕਹੀਏ, “ਆਓ ਆਪਾਂ ਬੁਰੇ ਕੰਮ ਕਰੀਏ, ਇਸ ਦੇ ਚੰਗੇ ਨਤੀਜੇ ਹੀ ਨਿਕਲਣਗੇ”? ਕੁਝ ਲੋਕ ਸਾਨੂੰ ਬਦਨਾਮ ਕਰਨ ਲਈ ਸਾਡੇ ਉੱਤੇ ਇਹੀ ਕਹਿਣ ਦਾ ਇਲਜ਼ਾਮ ਲਾਉਂਦੇ ਹਨ। ਇਨ੍ਹਾਂ ਲੋਕਾਂ ਨੂੰ ਜਾਇਜ਼ ਸਜ਼ਾ ਮਿਲੇਗੀ।+

9 ਤਾਂ ਫਿਰ, ਕੀ ਅਸੀਂ ਇਹ ਸੋਚਦੇ ਹਾਂ ਕਿ ਅਸੀਂ ਯਹੂਦੀ ਬਾਕੀਆਂ ਨਾਲੋਂ ਵੱਡੇ ਹਾਂ? ਬਿਲਕੁਲ ਨਹੀਂ! ਕਿਉਂਕਿ ਅਸੀਂ ਪਹਿਲਾਂ ਹੀ ਕਹਿ ਚੁੱਕੇ ਹਾਂ ਕਿ ਯਹੂਦੀ ਅਤੇ ਯੂਨਾਨੀ* ਦੋਵੇਂ ਪਾਪ ਦੇ ਵੱਸ ਵਿਚ ਹਨ;+ 10 ਠੀਕ ਜਿਵੇਂ ਲਿਖਿਆ ਹੈ: “ਕੋਈ ਵੀ ਇਨਸਾਨ ਸਹੀ ਕੰਮ ਨਹੀਂ ਕਰਦਾ, ਹਾਂ, ਇਕ ਵੀ ਨਹੀਂ;+ 11 ਕਿਸੇ ਕੋਲ ਵੀ ਡੂੰਘੀ ਸਮਝ ਨਹੀਂ ਹੈ, ਕੋਈ ਵੀ ਪਰਮੇਸ਼ੁਰ ਦੀ ਭਾਲ ਨਹੀਂ ਕਰ ਰਿਹਾ। 12 ਸਾਰੇ ਭਟਕ ਗਏ ਹਨ ਅਤੇ ਸਾਰੇ ਦੇ ਸਾਰੇ ਨਿਕੰਮੇ ਹੋ ਚੁੱਕੇ ਹਨ; ਕੋਈ ਵੀ ਇਨਸਾਨ ਭਲਾਈ ਨਹੀਂ ਕਰਦਾ, ਇਕ ਵੀ ਨਹੀਂ।”+ 13 “ਉਨ੍ਹਾਂ ਦੇ ਗਲ਼ੇ ਖੁੱਲ੍ਹੀ ਕਬਰ ਹਨ; ਉਹ ਆਪਣੀ ਜ਼ਬਾਨ ਨਾਲ ਛਲ-ਕਪਟ ਕਰਦੇ ਹਨ।”+ “ਉਨ੍ਹਾਂ ਦੇ ਬੁੱਲ੍ਹਾਂ ʼਤੇ ਸੱਪਾਂ ਦਾ ਜ਼ਹਿਰ ਹੈ।”+ 14 “ਉਨ੍ਹਾਂ ਦੇ ਮੂੰਹੋਂ ਸਰਾਪ ਤੇ ਕੌੜੇ ਸ਼ਬਦ ਹੀ ਨਿਕਲਦੇ ਹਨ।”+ 15 “ਉਨ੍ਹਾਂ ਦੇ ਪੈਰ ਖ਼ੂਨ ਵਹਾਉਣ ਲਈ ਤੇਜ਼ੀ ਨਾਲ ਭੱਜਦੇ ਹਨ।”+ 16 “ਉਹ ਲੋਕਾਂ ਨੂੰ ਬਰਬਾਦ ਕਰਦੇ ਹਨ ਅਤੇ ਦੁੱਖ ਦਿੰਦੇ ਹਨ 17 ਅਤੇ ਉਹ ਸ਼ਾਂਤੀ ਦੇ ਰਾਹ ਉੱਤੇ ਤੁਰਨਾ ਨਹੀਂ ਜਾਣਦੇ।”+ 18 “ਉਨ੍ਹਾਂ ਦੀਆਂ ਨਜ਼ਰਾਂ ਵਿਚ ਪਰਮੇਸ਼ੁਰ ਦਾ ਡਰ ਨਹੀਂ ਹੁੰਦਾ।”+

19 ਅਸੀਂ ਜਾਣਦੇ ਹਾਂ ਕਿ ਮੂਸਾ ਦੇ ਕਾਨੂੰਨ ਦੀਆਂ ਗੱਲਾਂ ਉਨ੍ਹਾਂ ਲੋਕਾਂ ਨੂੰ ਕਹੀਆਂ ਗਈਆਂ ਹਨ ਜਿਹੜੇ ਇਸ ਕਾਨੂੰਨ ਦੇ ਅਧੀਨ ਹਨ। ਇਸ ਲਈ ਜੇ ਕੋਈ ਆਪਣੇ ਆਪ ਨੂੰ ਨਿਰਦੋਸ਼ ਕਹਿੰਦਾ ਹੈ, ਤਾਂ ਇਹ ਕਾਨੂੰਨ ਉਸ ਦਾ ਮੂੰਹ ਬੰਦ ਕਰ ਦੇਵੇਗਾ। ਨਾਲੇ ਸਾਰੀ ਦੁਨੀਆਂ ਪਰਮੇਸ਼ੁਰ ਤੋਂ ਸਜ਼ਾ ਪਾਉਣ ਦੇ ਲਾਇਕ ਹੈ।+ 20 ਇਸ ਲਈ ਕਿਸੇ ਵੀ ਇਨਸਾਨ ਨੂੰ ਇਸ ਕਾਨੂੰਨ ਅਨੁਸਾਰ ਕੰਮ ਕਰਨ ਕਰਕੇ ਪਰਮੇਸ਼ੁਰ ਸਾਮ੍ਹਣੇ ਧਰਮੀ ਨਹੀਂ ਠਹਿਰਾਇਆ ਜਾਵੇਗਾ+ ਕਿਉਂਕਿ ਇਸ ਕਾਨੂੰਨ ਰਾਹੀਂ ਸਾਨੂੰ ਸਾਫ਼ ਪਤਾ ਲੱਗਦਾ ਹੈ ਕਿ ਪਾਪ ਅਸਲ ਵਿਚ ਕੀ ਹੈ।+

21 ਪਰ ਹੁਣ ਇਹ ਗੱਲ ਸਾਫ਼ ਹੋ ਚੁੱਕੀ ਹੈ ਕਿ ਮੂਸਾ ਦੇ ਕਾਨੂੰਨ ਉੱਤੇ ਚੱਲੇ ਬਿਨਾਂ ਵੀ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਧਰਮੀ ਠਹਿਰਿਆ ਜਾ ਸਕਦਾ ਹੈ।+ ਇਹ ਗੱਲ ਮੂਸਾ ਦੇ ਕਾਨੂੰਨ ਅਤੇ ਨਬੀਆਂ ਦੀਆਂ ਲਿਖਤਾਂ ਵਿਚ ਵੀ ਦੱਸੀ ਗਈ ਹੈ,+ 22 ਜੀ ਹਾਂ, ਜਿਹੜੇ ਵੀ ਲੋਕ ਨਿਹਚਾ ਕਰਦੇ ਹਨ, ਉਹ ਸਾਰੇ ਯਿਸੂ ਉੱਤੇ ਨਿਹਚਾ ਕਰਕੇ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਧਰਮੀ ਠਹਿਰ ਸਕਦੇ ਹਨ। ਕਿਸੇ ਨਾਲ ਕੋਈ ਪੱਖਪਾਤ ਨਹੀਂ ਕੀਤਾ ਜਾਂਦਾ।+ 23 ਸਾਰਿਆਂ ਨੇ ਪਾਪ ਕੀਤਾ ਹੈ ਅਤੇ ਸਾਰੇ ਪਰਮੇਸ਼ੁਰ ਦੇ ਸ਼ਾਨਦਾਰ ਗੁਣ ਜ਼ਾਹਰ ਕਰਨ ਵਿਚ ਨਾਕਾਮਯਾਬ ਹੋਏ ਹਨ,+ 24 ਪਰ ਪਰਮੇਸ਼ੁਰ ਉਨ੍ਹਾਂ ਨੂੰ ਮਸੀਹ ਯਿਸੂ ਦੁਆਰਾ ਦਿੱਤੀ ਰਿਹਾਈ ਦੀ ਕੀਮਤ ਦੇ ਆਧਾਰ ʼਤੇ ਧਰਮੀ ਠਹਿਰਾਉਂਦਾ ਹੈ।+ ਉਹ ਆਪਣੀ ਅਪਾਰ ਕਿਰਪਾ ਸਦਕਾ+ ਉਨ੍ਹਾਂ ਨੂੰ ਇਹ ਵਰਦਾਨ ਦਿੰਦਾ ਹੈ।+ 25 ਪਰਮੇਸ਼ੁਰ ਨੇ ਮਸੀਹ ਦੀ ਕੁਰਬਾਨੀ ਦਿੱਤੀ ਤਾਂਕਿ ਉਸ ਦੇ ਖ਼ੂਨ ʼਤੇ ਨਿਹਚਾ ਕਰ ਕੇ+ ਇਨਸਾਨ ਪਰਮੇਸ਼ੁਰ ਨਾਲ ਸੁਲ੍ਹਾ ਕਰ ਸਕਣ।+ ਇਸ ਤਰ੍ਹਾਂ ਕਰ ਕੇ ਉਸ ਨੇ ਦਿਖਾਇਆ ਕਿ ਜਦੋਂ ਉਸ ਨੇ ਧੀਰਜ ਰੱਖਦੇ ਹੋਏ ਬੀਤੇ ਸਮੇਂ ਵਿਚ ਲੋਕਾਂ ਦੇ ਪਾਪ ਮਾਫ਼ ਕੀਤੇ ਸਨ, ਤਾਂ ਉਹ ਆਪਣੇ ਨਿਆਂ ਦੇ ਅਸੂਲਾਂ ਮੁਤਾਬਕ ਚੱਲਿਆ ਸੀ। 26 ਯਿਸੂ ਉੱਤੇ ਨਿਹਚਾ ਕਰਨ ਵਾਲੇ ਲੋਕਾਂ ਨੂੰ ਧਰਮੀ ਠਹਿਰਾ ਕੇ ਪਰਮੇਸ਼ੁਰ ਇਸ ਸਮੇਂ ਵੀ ਦਿਖਾਉਂਦਾ ਹੈ ਕਿ ਉਹ ਆਪਣੇ ਨਿਆਂ ਦੇ ਅਸੂਲਾਂ ਮੁਤਾਬਕ ਚੱਲਦਾ ਹੈ।+

27 ਤਾਂ ਫਿਰ, ਕੀ ਘਮੰਡ ਕਰਨ ਦਾ ਕੋਈ ਕਾਰਨ ਹੈ? ਬਿਲਕੁਲ ਨਹੀਂ। ਕਿਹੜੇ ਕਾਨੂੰਨ ʼਤੇ ਘਮੰਡ ਕਰੀਏ? ਕੀ ਉਸ ਕਾਨੂੰਨ ʼਤੇ ਜੋ ਕੰਮਾਂ ਨੂੰ ਅਹਿਮੀਅਤ ਦਿੰਦਾ ਹੈ?+ ਨਹੀਂ, ਸਗੋਂ ਉਸ ਕਾਨੂੰਨ ʼਤੇ ਜੋ ਨਿਹਚਾ ਨੂੰ ਅਹਿਮੀਅਤ ਦਿੰਦਾ ਹੈ। 28 ਅਸੀਂ ਮੰਨਦੇ ਹਾਂ ਕਿ ਇਨਸਾਨ ਨਿਹਚਾ ਕਰਨ ਕਰਕੇ ਧਰਮੀ ਠਹਿਰਾਇਆ ਜਾਂਦਾ ਹੈ, ਨਾ ਕਿ ਮੂਸਾ ਦੇ ਕਾਨੂੰਨ ਅਨੁਸਾਰ ਕੰਮ ਕਰਨ ਕਰਕੇ।+ 29 ਜਾਂ ਕੀ ਉਹ ਸਿਰਫ਼ ਯਹੂਦੀਆਂ ਦਾ ਪਰਮੇਸ਼ੁਰ ਹੈ?+ ਕੀ ਉਹ ਦੁਨੀਆਂ ਦੇ ਬਾਕੀ ਲੋਕਾਂ ਦਾ ਵੀ ਪਰਮੇਸ਼ੁਰ ਨਹੀਂ ਹੈ?+ ਹਾਂ, ਉਹ ਦੁਨੀਆਂ ਦੇ ਲੋਕਾਂ ਦਾ ਵੀ ਪਰਮੇਸ਼ੁਰ ਹੈ।+ 30 ਇੱਕੋ ਪਰਮੇਸ਼ੁਰ ਹੈ,+ ਇਸ ਲਈ ਉਹ ਲੋਕਾਂ ਨੂੰ ਨਿਹਚਾ ਕਰਨ ਕਰਕੇ ਧਰਮੀ ਠਹਿਰਾਵੇਗਾ,+ ਭਾਵੇਂ ਉਨ੍ਹਾਂ ਨੇ ਸੁੰਨਤ ਕਰਾਈ ਹੈ ਜਾਂ ਨਹੀਂ।+ 31 ਤਾਂ ਫਿਰ, ਕੀ ਅਸੀਂ ਨਿਹਚਾ ਕਰ ਕੇ ਕਾਨੂੰਨ ਨੂੰ ਰੱਦ ਕਰਦੇ ਹਾਂ? ਬਿਲਕੁਲ ਨਹੀਂ, ਸਗੋਂ ਅਸੀਂ ਜ਼ਾਹਰ ਕਰਦੇ ਹਾਂ ਕਿ ਕਾਨੂੰਨ ਜ਼ਰੂਰੀ ਹੈ।+

4 ਜੇ ਇਸ ਤਰ੍ਹਾਂ ਹੈ, ਤਾਂ ਫਿਰ ਅਸੀਂ ਆਪਣੇ ਪੂਰਵਜ ਅਬਰਾਹਾਮ ਬਾਰੇ ਕੀ ਕਹਿ ਸਕਦੇ ਹਾਂ? ਉਸ ਨੂੰ ਕੀ ਹਾਸਲ ਹੋਇਆ? 2 ਮਿਸਾਲ ਲਈ, ਜੇ ਅਬਰਾਹਾਮ ਨੂੰ ਕੰਮਾਂ ਦੇ ਆਧਾਰ ʼਤੇ ਧਰਮੀ ਠਹਿਰਾਇਆ ਗਿਆ ਹੁੰਦਾ, ਤਾਂ ਉਸ ਕੋਲ ਘਮੰਡ ਕਰਨ ਦਾ ਕਾਰਨ ਹੁੰਦਾ; ਪਰ ਉਸ ਕੋਲ ਪਰਮੇਸ਼ੁਰ ਅੱਗੇ ਘਮੰਡ ਕਰਨ ਦਾ ਕੋਈ ਕਾਰਨ ਨਹੀਂ ਸੀ। 3 ਯਾਦ ਰੱਖੋ ਕਿ ਧਰਮ-ਗ੍ਰੰਥ ਵਿਚ ਕਿਹਾ ਗਿਆ ਹੈ: “ਅਬਰਾਹਾਮ ਨੇ ਯਹੋਵਾਹ* ਉੱਤੇ ਨਿਹਚਾ ਕੀਤੀ ਜਿਸ ਕਰਕੇ ਉਸ ਨੂੰ ਧਰਮੀ ਗਿਣਿਆ ਗਿਆ।”+ 4 ਧਿਆਨ ਦਿਓ ਕਿ ਕੰਮ ਕਰਨ ਵਾਲੇ ਇਨਸਾਨ ਨੂੰ ਜੋ ਮਜ਼ਦੂਰੀ ਦਿੱਤੀ ਜਾਂਦੀ ਹੈ, ਉਹ ਮਜ਼ਦੂਰੀ ਉਸ ਦਾ ਹੱਕ ਮੰਨੀ ਜਾਂਦੀ ਹੈ, ਨਾ ਕਿ ਦਇਆ। 5 ਦੂਜੇ ਪਾਸੇ ਜਦੋਂ ਕੋਈ ਇਨਸਾਨ ਆਪਣੇ ਕੰਮਾਂ ʼਤੇ ਭਰੋਸਾ ਕਰਨ ਦੀ ਬਜਾਇ ਪਰਮੇਸ਼ੁਰ ਉੱਤੇ ਨਿਹਚਾ ਕਰਦਾ ਹੈ ਜਿਹੜਾ ਪਾਪੀਆਂ ਨੂੰ ਧਰਮੀ ਠਹਿਰਾਉਂਦਾ ਹੈ, ਤਾਂ ਉਸ ਨੂੰ ਆਪਣੀ ਨਿਹਚਾ ਕਰਕੇ ਧਰਮੀ ਠਹਿਰਾਇਆ ਜਾਂਦਾ ਹੈ।+ 6 ਠੀਕ ਜਿਵੇਂ ਦਾਊਦ ਨੇ ਵੀ ਉਸ ਇਨਸਾਨ ਦੀ ਖ਼ੁਸ਼ੀ ਬਾਰੇ ਗੱਲ ਕੀਤੀ ਸੀ ਜਿਸ ਨੂੰ ਪਰਮੇਸ਼ੁਰ ਧਰਮੀ ਠਹਿਰਾਉਂਦਾ ਹੈ, ਭਾਵੇਂ ਉਸ ਦੇ ਕੰਮ ਪੂਰੀ ਤਰ੍ਹਾਂ ਮੂਸਾ ਦੇ ਕਾਨੂੰਨ ਮੁਤਾਬਕ ਨਹੀਂ ਹਨ: 7 “ਖ਼ੁਸ਼ ਹਨ ਉਹ ਜਿਨ੍ਹਾਂ ਦੇ ਗ਼ਲਤ ਕੰਮ ਮਾਫ਼ ਕਰ ਦਿੱਤੇ ਗਏ ਹਨ ਅਤੇ ਜਿਨ੍ਹਾਂ ਦੇ ਪਾਪ ਢਕ ਲਏ* ਗਏ ਹਨ; 8 ਖ਼ੁਸ਼ ਹੈ ਉਹ ਇਨਸਾਨ ਜਿਸ ਦੇ ਪਾਪਾਂ ਦਾ ਹਿਸਾਬ ਯਹੋਵਾਹ* ਨਹੀਂ ਰੱਖੇਗਾ।”+

9 ਤਾਂ ਫਿਰ, ਕੀ ਇਹ ਖ਼ੁਸ਼ੀ ਉਨ੍ਹਾਂ ਨੂੰ ਹੀ ਮਿਲਦੀ ਹੈ ਜਿਨ੍ਹਾਂ ਨੇ ਸੁੰਨਤ ਕਰਾਈ ਹੈ ਜਾਂ ਫਿਰ ਬੇਸੁੰਨਤੇ ਲੋਕਾਂ ਨੂੰ ਵੀ ਮਿਲਦੀ ਹੈ?+ ਅਸੀਂ ਪਹਿਲਾਂ ਕਹਿ ਚੁੱਕੇ ਹਾਂ: “ਅਬਰਾਹਾਮ ਆਪਣੀ ਨਿਹਚਾ ਕਰਕੇ ਧਰਮੀ ਗਿਣਿਆ ਗਿਆ।”+ 10 ਪਰਮੇਸ਼ੁਰ ਨੇ ਕਦੋਂ ਉਸ ਨੂੰ ਧਰਮੀ ਗਿਣਿਆ ਸੀ? ਕੀ ਉਸ ਵੇਲੇ ਜਦੋਂ ਉਸ ਨੇ ਸੁੰਨਤ ਕਰਾਈ ਸੀ ਜਾਂ ਫਿਰ ਜਦੋਂ ਉਸ ਨੇ ਅਜੇ ਸੁੰਨਤ ਨਹੀਂ ਕਰਾਈ ਸੀ? ਉਹ ਉਸ ਵੇਲੇ ਧਰਮੀ ਗਿਣਿਆ ਗਿਆ ਸੀ ਜਦੋਂ ਉਸ ਨੇ ਸੁੰਨਤ ਨਹੀਂ ਕਰਾਈ ਸੀ। 11 ਫਿਰ ਪਰਮੇਸ਼ੁਰ ਨੇ ਉਸ ਨੂੰ ਸੁੰਨਤ ਕਰਾਉਣ ਲਈ ਕਿਹਾ।+ ਇਹ ਸੁੰਨਤ ਇਸ ਗੱਲ ਦੀ ਨਿਸ਼ਾਨੀ ਸੀ ਕਿ ਬੇਸੁੰਨਤਾ ਹੋਣ ਦੇ ਬਾਵਜੂਦ ਵੀ ਅਬਰਾਹਾਮ ਆਪਣੀ ਨਿਹਚਾ ਕਰਕੇ ਧਰਮੀ ਗਿਣਿਆ ਗਿਆ ਸੀ। ਇਸ ਤਰ੍ਹਾਂ ਉਹ ਉਨ੍ਹਾਂ ਸਾਰੇ ਲੋਕਾਂ ਦਾ ਪਿਤਾ ਬਣਿਆ ਜਿਨ੍ਹਾਂ ਨੂੰ ਬੇਸੁੰਨਤੇ ਹੋਣ ਦੇ ਬਾਵਜੂਦ ਵੀ ਆਪਣੀ ਨਿਹਚਾ ਕਰਕੇ ਧਰਮੀ ਠਹਿਰਾਇਆ ਗਿਆ ਹੈ।+ 12 ਇਸ ਤਰ੍ਹਾਂ ਉਹ ਸਿਰਫ਼ ਉਨ੍ਹਾਂ ਦਾ ਹੀ ਪਿਤਾ ਨਹੀਂ ਬਣਿਆ ਜਿਹੜੇ ਸੁੰਨਤ ਦੀ ਰੀਤ ਉੱਤੇ ਚੱਲਦੇ ਹਨ, ਸਗੋਂ ਉਨ੍ਹਾਂ ਦਾ ਵੀ ਪਿਤਾ ਬਣਿਆ ਜਿਹੜੇ ਧਿਆਨ ਨਾਲ ਨਿਹਚਾ ਦੇ ਰਾਹ ਉੱਤੇ ਚੱਲਦੇ ਹਨ। ਸਾਡਾ ਪਿਤਾ ਅਬਰਾਹਾਮ ਵੀ ਨਿਹਚਾ ਦੇ ਰਾਹ ਉੱਤੇ ਚੱਲਿਆ ਸੀ+ ਜਦੋਂ ਅਜੇ ਉਸ ਨੇ ਸੁੰਨਤ ਨਹੀਂ ਕਰਾਈ ਸੀ।

13 ਮੂਸਾ ਦੇ ਕਾਨੂੰਨ ਉੱਤੇ ਚੱਲਣ ਕਰਕੇ ਅਬਰਾਹਾਮ ਜਾਂ ਉਸ ਦੀ ਸੰਤਾਨ* ਨਾਲ ਇਹ ਵਾਅਦਾ ਨਹੀਂ ਕੀਤਾ ਗਿਆ ਸੀ ਕਿ ਉਹ ਦੁਨੀਆਂ* ਦਾ ਵਾਰਸ ਬਣੇਗਾ,+ ਸਗੋਂ ਇਸ ਕਰਕੇ ਕੀਤਾ ਗਿਆ ਸੀ ਕਿਉਂਕਿ ਉਸ ਨੂੰ ਨਿਹਚਾ ਕਰਨ ਕਰਕੇ ਧਰਮੀ ਠਹਿਰਾਇਆ ਗਿਆ ਸੀ।+ 14 ਜੇ ਕਾਨੂੰਨ ਉੱਤੇ ਚੱਲਣ ਵਾਲੇ ਲੋਕਾਂ ਨੂੰ ਵਾਰਸ ਬਣਾਇਆ ਜਾਂਦਾ ਹੈ, ਤਾਂ ਨਿਹਚਾ ਕਰਨ ਦਾ ਕੋਈ ਫ਼ਾਇਦਾ ਨਹੀਂ ਅਤੇ ਵਾਅਦਾ ਖੋਖਲਾ ਸਾਬਤ ਹੁੰਦਾ ਹੈ। 15 ਅਸਲ ਵਿਚ, ਮੂਸਾ ਦੇ ਕਾਨੂੰਨ ਕਰਕੇ ਇਨਸਾਨ ਨੂੰ ਪਰਮੇਸ਼ੁਰ ਦੇ ਗੁੱਸੇ ਦਾ ਸਾਮ੍ਹਣਾ ਕਰਨਾ ਪੈਂਦਾ ਹੈ,+ ਪਰ ਜੇ ਕੋਈ ਕਾਨੂੰਨ ਹੈ ਹੀ ਨਹੀਂ, ਤਾਂ ਫਿਰ ਉਸ ਦੀ ਉਲੰਘਣਾ ਵੀ ਨਹੀਂ ਹੁੰਦੀ।+

16 ਨਿਹਚਾ ਕਰਨ ਕਰਕੇ ਅਬਰਾਹਾਮ ਨਾਲ ਇਹ ਵਾਅਦਾ ਕੀਤਾ ਗਿਆ ਸੀ ਜੋ ਪਰਮੇਸ਼ੁਰ ਦੀ ਅਪਾਰ ਕਿਰਪਾ ਸੀ+ ਤਾਂਕਿ ਉਸ ਦੀ ਸਾਰੀ ਸੰਤਾਨ ਲਈ ਇਹ ਵਾਅਦਾ ਪੂਰਾ ਹੋਵੇ,+ ਸਿਰਫ਼ ਉਨ੍ਹਾਂ ਲਈ ਹੀ ਨਹੀਂ ਜਿਹੜੇ ਮੂਸਾ ਦੇ ਕਾਨੂੰਨ ਉੱਤੇ ਚੱਲਦੇ ਸਨ, ਸਗੋਂ ਉਨ੍ਹਾਂ ਲਈ ਵੀ ਜਿਹੜੇ ਅਬਰਾਹਾਮ ਵਾਂਗ ਨਿਹਚਾ ਕਰਦੇ ਹਨ ਜੋ ਸਾਡਾ ਸਾਰਿਆਂ ਦਾ ਪਿਤਾ ਹੈ।+ 17 (ਠੀਕ ਜਿਵੇਂ ਲਿਖਿਆ ਹੈ: “ਮੈਂ ਤੈਨੂੰ ਬਹੁਤ ਸਾਰੀਆਂ ਕੌਮਾਂ ਦਾ ਪਿਤਾ ਬਣਾਇਆ ਹੈ।”)+ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਤਾਂ ਇਹ ਵਾਅਦਾ ਇਕ ਤਰ੍ਹਾਂ ਨਾਲ ਪੂਰਾ ਹੋ ਚੁੱਕਾ ਸੀ। ਅਬਰਾਹਾਮ ਨੂੰ ਪਰਮੇਸ਼ੁਰ ਉੱਤੇ ਨਿਹਚਾ ਸੀ ਜਿਹੜਾ ਮਰੇ ਹੋਇਆਂ ਨੂੰ ਦੁਬਾਰਾ ਜੀਉਂਦਾ ਕਰ ਸਕਦਾ ਹੈ ਅਤੇ ਜਿਹੜੀਆਂ ਚੀਜ਼ਾਂ ਨਹੀਂ ਹਨ, ਉਨ੍ਹਾਂ ਬਾਰੇ ਇਸ ਤਰ੍ਹਾਂ ਗੱਲ ਕਰਦਾ ਹੈ ਜਿਵੇਂ ਉਹ ਹਨ। 18 ਅਬਰਾਹਾਮ ਨੂੰ ਆਸ਼ਾ ਅਤੇ ਨਿਹਚਾ ਸੀ ਕਿ ਉਹ ਬਹੁਤ ਸਾਰੀਆਂ ਕੌਮਾਂ ਦਾ ਪਿਤਾ ਬਣੇਗਾ, ਭਾਵੇਂ ਕਿ ਇਸ ਤਰ੍ਹਾਂ ਹੋਣਾ ਨਾਮੁਮਕਿਨ ਲੱਗਦਾ ਸੀ। ਉਸ ਨੇ ਇਸ ਗੱਲ ਉੱਤੇ ਭਰੋਸਾ ਕੀਤਾ ਸੀ: “ਤੇਰੀ ਸੰਤਾਨ* ਅਣਗਿਣਤ ਹੋਵੇਗੀ।”+ 19 ਭਾਵੇਂ ਉਸ ਦੀ ਨਿਹਚਾ ਕਮਜ਼ੋਰ ਨਹੀਂ ਪਈ, ਪਰ ਉਸ ਨੂੰ ਪਤਾ ਸੀ ਕਿ ਉਸ ਦਾ ਸਰੀਰ ਪਹਿਲਾਂ ਹੀ ਮੁਰਦਿਆਂ ਵਰਗਾ ਹੋ ਚੁੱਕਾ ਸੀ (ਕਿਉਂਕਿ ਉਸ ਦੀ ਉਮਰ ਲਗਭਗ 100 ਸਾਲ ਸੀ)+ ਅਤੇ ਸਾਰਾਹ ਦੀ ਕੁੱਖ ਬਾਂਝ ਸੀ।+ 20 ਪਰ ਉਸ ਨੂੰ ਪਰਮੇਸ਼ੁਰ ਦੇ ਵਾਅਦੇ ʼਤੇ ਨਿਹਚਾ ਸੀ, ਇਸ ਲਈ ਉਸ ਨੇ ਸ਼ੱਕ ਨਹੀਂ ਕੀਤਾ, ਸਗੋਂ ਆਪਣੀ ਨਿਹਚਾ ਕਰਕੇ ਮਜ਼ਬੂਤ ਹੋਇਆ ਅਤੇ ਉਸ ਨੇ ਪਰਮੇਸ਼ੁਰ ਦੀ ਵਡਿਆਈ ਕੀਤੀ। 21 ਉਸ ਨੂੰ ਪੱਕਾ ਭਰੋਸਾ ਸੀ ਕਿ ਪਰਮੇਸ਼ੁਰ ਆਪਣਾ ਵਾਅਦਾ ਪੂਰਾ ਕਰਨ ਦੇ ਕਾਬਲ ਸੀ।+ 22 ਇਸ ਲਈ “ਉਸ ਨੂੰ ਧਰਮੀ ਗਿਣਿਆ ਗਿਆ।”+

23 ਪਰ ਇਹ ਸ਼ਬਦ, “ਉਸ ਨੂੰ ਧਰਮੀ ਗਿਣਿਆ ਗਿਆ” ਸਿਰਫ਼ ਉਸ ਲਈ ਹੀ ਨਹੀਂ ਲਿਖੇ ਗਏ ਸਨ,+ 24 ਸਗੋਂ ਸਾਡੇ ਲਈ ਵੀ ਲਿਖੇ ਗਏ ਹਨ ਜਿਨ੍ਹਾਂ ਨੂੰ ਧਰਮੀ ਠਹਿਰਾਇਆ ਜਾਵੇਗਾ ਕਿਉਂਕਿ ਅਸੀਂ ਪਰਮੇਸ਼ੁਰ ਉੱਤੇ ਨਿਹਚਾ ਕੀਤੀ ਹੈ ਜਿਸ ਨੇ ਸਾਡੇ ਪ੍ਰਭੂ ਯਿਸੂ ਮਸੀਹ ਨੂੰ ਮਰੇ ਹੋਇਆਂ ਵਿੱਚੋਂ ਦੁਬਾਰਾ ਜੀਉਂਦਾ ਕੀਤਾ ਸੀ।+ 25 ਉਸ ਨੇ ਸਾਡੇ ਪਾਪਾਂ ਦੀ ਖ਼ਾਤਰ ਯਿਸੂ ਨੂੰ ਇਨਸਾਨਾਂ ਦੇ ਹੱਥੋਂ ਮਰਨ ਦਿੱਤਾ+ ਅਤੇ ਉਸ ਨੂੰ ਦੁਬਾਰਾ ਜੀਉਂਦਾ ਕੀਤਾ ਤਾਂਕਿ ਪਰਮੇਸ਼ੁਰ ਸਾਨੂੰ ਧਰਮੀ ਠਹਿਰਾ ਸਕੇ।+

5 ਹੁਣ ਸਾਨੂੰ ਨਿਹਚਾ ਕਰਨ ਕਰਕੇ ਧਰਮੀ ਠਹਿਰਾ ਦਿੱਤਾ ਗਿਆ ਹੈ,+ ਇਸ ਲਈ, ਆਓ ਆਪਾਂ ਆਪਣੇ ਪ੍ਰਭੂ ਯਿਸੂ ਮਸੀਹ ਰਾਹੀਂ ਪਰਮੇਸ਼ੁਰ ਨਾਲ ਸ਼ਾਂਤੀ ਭਰਿਆ ਰਿਸ਼ਤਾ ਬਣਾ ਕੇ ਰੱਖੀਏ।+ 2 ਯਿਸੂ ਉੱਤੇ ਨਿਹਚਾ ਕਰਨ ਕਰਕੇ ਸਾਡੇ ਲਈ ਅਪਾਰ ਕਿਰਪਾ ਪਾਉਣ ਦਾ ਰਾਹ ਖੁੱਲ੍ਹਿਆ ਹੈ ਅਤੇ ਇਹ ਅਪਾਰ ਕਿਰਪਾ ਸਾਡੇ ʼਤੇ ਹੁਣ ਹੋ ਰਹੀ ਹੈ।+ ਨਾਲੇ ਆਓ ਆਪਾਂ ਇਸ ਉਮੀਦ ਕਰਕੇ ਖ਼ੁਸ਼ੀ ਮਨਾਈਏ ਕਿ ਸਾਨੂੰ ਪਰਮੇਸ਼ੁਰ ਤੋਂ ਮਹਿਮਾ ਮਿਲੇਗੀ। 3 ਇਸ ਦੇ ਨਾਲ-ਨਾਲ ਆਓ ਆਪਾਂ ਮੁਸੀਬਤਾਂ ਸਹਿੰਦੇ ਹੋਏ ਵੀ ਖ਼ੁਸ਼ੀ ਮਨਾਈਏ+ ਕਿਉਂਕਿ ਅਸੀਂ ਜਾਣਦੇ ਹਾਂ ਕਿ ਮੁਸੀਬਤਾਂ ਕਾਰਨ ਸਾਡੇ ਵਿਚ ਧੀਰਜ ਪੈਦਾ ਹੁੰਦਾ ਹੈ;+ 4 ਧੀਰਜ ਰੱਖਣ ਨਾਲ ਸਾਨੂੰ ਪਰਮੇਸ਼ੁਰ ਦੀ ਮਨਜ਼ੂਰੀ ਮਿਲਦੀ ਹੈ;+ ਇਸ ਮਨਜ਼ੂਰੀ ਕਾਰਨ ਸਾਨੂੰ ਉਮੀਦ ਮਿਲਦੀ ਹੈ+ 5 ਅਤੇ ਇਹ ਉਮੀਦ ਸਾਨੂੰ ਨਿਰਾਸ਼* ਨਹੀਂ ਕਰਦੀ+ ਕਿਉਂਕਿ ਜੋ ਪਵਿੱਤਰ ਸ਼ਕਤੀ ਸਾਨੂੰ ਦਿੱਤੀ ਗਈ ਹੈ, ਉਸ ਰਾਹੀਂ ਪਰਮੇਸ਼ੁਰ ਨੇ ਸਾਡੇ ਦਿਲਾਂ ਨੂੰ ਆਪਣੇ ਪਿਆਰ ਨਾਲ ਭਰ ਦਿੱਤਾ ਹੈ।+

6 ਜਦੋਂ ਅਸੀਂ ਅਜੇ ਪਾਪੀ* ਹੀ ਸੀ,+ ਤਾਂ ਮਸੀਹ ਮਿਥੇ ਹੋਏ ਸਮੇਂ ਤੇ ਦੁਸ਼ਟ ਲੋਕਾਂ ਲਈ ਮਰਿਆ। 7 ਕਿਸੇ ਧਰਮੀ ਇਨਸਾਨ ਲਈ ਸ਼ਾਇਦ ਹੀ ਕੋਈ ਮਰੇ; ਪਰ ਹੋ ਸਕਦਾ ਹੈ ਕਿ ਚੰਗੇ ਇਨਸਾਨ ਲਈ ਕੋਈ ਮਰਨ ਲਈ ਤਿਆਰ ਹੋਵੇ। 8 ਪਰ ਪਰਮੇਸ਼ੁਰ ਸਾਡੇ ਲਈ ਆਪਣੇ ਪਿਆਰ ਦਾ ਸਬੂਤ ਇਸ ਤਰ੍ਹਾਂ ਦਿੰਦਾ ਹੈ: ਜਦੋਂ ਅਸੀਂ ਅਜੇ ਪਾਪੀ ਹੀ ਸੀ, ਤਾਂ ਮਸੀਹ ਸਾਡੇ ਲਈ ਮਰਿਆ।+ 9 ਹੁਣ ਜਦ ਅਸੀਂ ਮਸੀਹ ਦੇ ਖ਼ੂਨ ਦੁਆਰਾ ਧਰਮੀ ਠਹਿਰਾਏ ਗਏ ਹਾਂ,+ ਤਾਂ ਅਸੀਂ ਹੋਰ ਵੀ ਯਕੀਨ ਰੱਖ ਸਕਦੇ ਹਾਂ ਕਿ ਉਸ ਦੇ ਰਾਹੀਂ ਅਸੀਂ ਪਰਮੇਸ਼ੁਰ ਦੇ ਕ੍ਰੋਧ ਤੋਂ ਵੀ ਬਚਾਏ ਜਾਵਾਂਗੇ।+ 10 ਜਦੋਂ ਅਸੀਂ ਪਰਮੇਸ਼ੁਰ ਦੇ ਦੁਸ਼ਮਣ ਸੀ, ਉਦੋਂ ਉਸ ਦੇ ਪੁੱਤਰ ਦੀ ਮੌਤ ਰਾਹੀਂ ਉਸ ਨਾਲ ਸਾਡੀ ਸੁਲ੍ਹਾ ਹੋਈ।+ ਤਾਂ ਫਿਰ, ਹੁਣ ਜਦੋਂ ਸਾਡੀ ਸੁਲ੍ਹਾ ਹੋ ਗਈ ਹੈ, ਤਾਂ ਅਸੀਂ ਹੋਰ ਵੀ ਭਰੋਸਾ ਰੱਖ ਸਕਦੇ ਹਾਂ ਕਿ ਅਸੀਂ ਮਸੀਹ ਦੀ ਜ਼ਿੰਦਗੀ ਰਾਹੀਂ ਬਚਾਏ ਵੀ ਜਾਵਾਂਗੇ। 11 ਇਸ ਤੋਂ ਇਲਾਵਾ, ਪਰਮੇਸ਼ੁਰ ਨਾਲ ਆਪਣੇ ਰਿਸ਼ਤੇ ਕਰਕੇ ਵੀ ਅਸੀਂ ਖ਼ੁਸ਼ ਹਾਂ ਜੋ ਸਾਡੇ ਪ੍ਰਭੂ ਯਿਸੂ ਮਸੀਹ ਰਾਹੀਂ ਕਾਇਮ ਹੋਇਆ ਹੈ ਅਤੇ ਜਿਸ ਰਾਹੀਂ ਹੁਣ ਪਰਮੇਸ਼ੁਰ ਨਾਲ ਸਾਡੀ ਸੁਲ੍ਹਾ ਹੋਈ ਹੈ।+

12 ਇਸ ਲਈ ਇਕ ਆਦਮੀ ਰਾਹੀਂ ਪਾਪ ਦੁਨੀਆਂ ਵਿਚ ਆਇਆ ਅਤੇ ਪਾਪ ਰਾਹੀਂ ਮੌਤ ਆਈ+ ਅਤੇ ਮੌਤ ਸਾਰੇ ਇਨਸਾਨਾਂ ਵਿਚ ਫੈਲ ਗਈ ਕਿਉਂਕਿ ਸਾਰਿਆਂ ਨੇ ਪਾਪ ਕੀਤਾ।+ 13 ਕਾਨੂੰਨ ਦਿੱਤੇ ਜਾਣ ਤੋਂ ਪਹਿਲਾਂ ਹੀ ਪਾਪ ਦੁਨੀਆਂ ਵਿਚ ਸੀ, ਪਰ ਜਦੋਂ ਕੋਈ ਕਾਨੂੰਨ ਨਹੀਂ ਹੁੰਦਾ, ਤਾਂ ਕਿਸੇ ਉੱਤੇ ਵੀ ਪਾਪ ਕਰਨ ਦਾ ਦੋਸ਼ ਨਹੀਂ ਲੱਗਦਾ।+ 14 ਫਿਰ ਵੀ ਮੌਤ ਨੇ ਆਦਮ ਤੋਂ ਲੈ ਕੇ ਮੂਸਾ ਤਕ ਸਾਰਿਆਂ ʼਤੇ ਰਾਜੇ ਵਜੋਂ ਰਾਜ ਕੀਤਾ, ਉਨ੍ਹਾਂ ਉੱਤੇ ਵੀ ਜਿਨ੍ਹਾਂ ਨੇ ਅਜਿਹਾ ਪਾਪ ਨਹੀਂ ਕੀਤਾ ਸੀ ਜਿਹੋ ਜਿਹਾ ਆਦਮ ਨੇ ਕੀਤਾ ਸੀ। ਆਦਮ ਕੁਝ ਗੱਲਾਂ ਵਿਚ ਉਸ ਵਰਗਾ ਸੀ ਜਿਸ ਨੇ ਆਉਣਾ ਸੀ।+

15 ਪਰਮੇਸ਼ੁਰ ਦੇ ਵਰਦਾਨ ਦਾ ਨਤੀਜਾ ਗੁਨਾਹ* ਦੇ ਨਤੀਜੇ ਵਰਗਾ ਨਹੀਂ ਹੈ। ਇਕ ਆਦਮੀ ਦੇ ਗੁਨਾਹ ਕਰਕੇ ਬਹੁਤ ਸਾਰੇ ਲੋਕ ਮਰੇ ਹਨ। ਪਰ ਪਰਮੇਸ਼ੁਰ ਦੀ ਅਪਾਰ ਕਿਰਪਾ ਅਤੇ ਵਰਦਾਨ ਸਦਕਾ ਬਹੁਤ ਸਾਰੇ ਲੋਕਾਂ ਨੂੰ ਬੇਹਿਸਾਬ ਬਰਕਤਾਂ ਮਿਲੀਆਂ ਹਨ।+ ਇਹ ਅਪਾਰ ਕਿਰਪਾ ਅਤੇ ਵਰਦਾਨ ਇਕ ਹੋਰ ਆਦਮੀ ਯਾਨੀ ਯਿਸੂ ਮਸੀਹ ਦੀ ਅਪਾਰ ਕਿਰਪਾ ਰਾਹੀਂ ਮਿਲਦਾ ਹੈ।+ 16 ਇਸ ਵਰਦਾਨ ਦੀਆਂ ਬਰਕਤਾਂ ਇਕ ਆਦਮੀ ਦੇ ਪਾਪ ਦੇ ਨਤੀਜਿਆਂ ਵਰਗੀਆਂ ਨਹੀਂ ਹਨ+ ਕਿਉਂਕਿ ਇਕ ਗੁਨਾਹ ਕਾਰਨ ਇਨਸਾਨਾਂ ਨੂੰ ਸਜ਼ਾ ਦੇ ਯੋਗ ਠਹਿਰਾਇਆ ਗਿਆ,+ ਪਰ ਬਹੁਤ ਸਾਰੇ ਗੁਨਾਹਾਂ ਤੋਂ ਬਾਅਦ ਜੋ ਵਰਦਾਨ ਮਿਲਿਆ, ਉਸ ਕਰਕੇ ਇਨਸਾਨਾਂ ਨੂੰ ਧਰਮੀ ਠਹਿਰਾਇਆ ਗਿਆ।+ 17 ਜੇ ਇਕ ਆਦਮੀ ਦੇ ਗੁਨਾਹ ਕਰਕੇ ਮੌਤ ਨੇ ਉਸ ਆਦਮੀ ਰਾਹੀਂ ਰਾਜੇ ਵਜੋਂ ਰਾਜ ਕੀਤਾ,+ ਤਾਂ ਅਸੀਂ ਹੋਰ ਵੀ ਭਰੋਸਾ ਰੱਖ ਸਕਦੇ ਹਾਂ ਕਿ ਜਿਨ੍ਹਾਂ ʼਤੇ ਬੇਹਿਸਾਬ ਅਪਾਰ ਕਿਰਪਾ ਕੀਤੀ ਜਾਵੇਗੀ ਅਤੇ ਜਿਨ੍ਹਾਂ ਨੂੰ ਧਰਮੀ ਠਹਿਰਾਏ ਜਾਣ ਦਾ ਵਰਦਾਨ ਮਿਲੇਗਾ,+ ਉਹ ਇਕ ਹੋਰ ਆਦਮੀ ਯਾਨੀ ਯਿਸੂ ਮਸੀਹ ਰਾਹੀਂ ਜੀਉਂਦੇ ਰਹਿਣਗੇ+ ਅਤੇ ਰਾਜਿਆਂ ਵਜੋਂ ਰਾਜ ਕਰਨਗੇ।+

18 ਤਾਂ ਫਿਰ, ਜਿਵੇਂ ਇਕ ਗੁਨਾਹ ਕਰਕੇ ਹਰ ਤਰ੍ਹਾਂ ਦੇ ਲੋਕਾਂ ਨੂੰ ਸਜ਼ਾ ਦੇ ਯੋਗ ਠਹਿਰਾਇਆ ਗਿਆ ਹੈ,+ ਉਸੇ ਤਰ੍ਹਾਂ ਇਕ ਸਹੀ ਕੰਮ ਕਰਕੇ ਹਰ ਤਰ੍ਹਾਂ ਦੇ ਲੋਕਾਂ ਨੂੰ ਧਰਮੀ ਠਹਿਰਾਇਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਜ਼ਿੰਦਗੀ ਮਿਲਦੀ ਹੈ।+ 19 ਜਿਵੇਂ ਇਕ ਆਦਮੀ ਦੀ ਅਣਆਗਿਆਕਾਰੀ ਕਰਕੇ ਬਹੁਤ ਸਾਰੇ ਲੋਕਾਂ ਨੂੰ ਪਾਪੀ ਠਹਿਰਾਇਆ ਗਿਆ ਸੀ,+ ਉਸੇ ਤਰ੍ਹਾਂ ਇਕ ਹੋਰ ਆਦਮੀ ਦੀ ਆਗਿਆਕਾਰੀ ਕਰਕੇ ਬਹੁਤ ਸਾਰੇ ਲੋਕਾਂ ਨੂੰ ਧਰਮੀ ਠਹਿਰਾਇਆ ਜਾਵੇਗਾ।+ 20 ਕਾਨੂੰਨ ਇਹ ਦਿਖਾਉਣ ਲਈ ਦਿੱਤਾ ਗਿਆ ਸੀ ਕਿ ਇਨਸਾਨ ਕਿੰਨੇ ਗੁਨਾਹਗਾਰ ਹਨ।+ ਪਰ ਪਾਪ ਵਧਣ ਕਰਕੇ ਪਰਮੇਸ਼ੁਰ ਨੇ ਹੋਰ ਵੀ ਅਪਾਰ ਕਿਰਪਾ ਕੀਤੀ। 21 ਕਿਸ ਕਰਕੇ? ਇਸ ਕਰਕੇ ਕਿ ਜਿਵੇਂ ਪਾਪ ਨੇ ਮੌਤ ਨਾਲ ਮਿਲ ਕੇ ਰਾਜੇ ਵਜੋਂ ਰਾਜ ਕੀਤਾ,+ ਉਸੇ ਤਰ੍ਹਾਂ ਅਪਾਰ ਕਿਰਪਾ ਵੀ ਧਾਰਮਿਕਤਾ ਦੇ ਰਾਹੀਂ ਰਾਜ ਕਰੇ ਤਾਂਕਿ ਸਾਡੇ ਪ੍ਰਭੂ ਯਿਸੂ ਮਸੀਹ ਰਾਹੀਂ ਉਨ੍ਹਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਮਿਲੇ।+

6 ਤਾਂ ਫਿਰ, ਅਸੀਂ ਕੀ ਕਹੀਏ? ਕੀ ਅਸੀਂ ਪਾਪ ਕਰਨ ਵਿਚ ਲੱਗੇ ਰਹੀਏ ਤਾਂਕਿ ਸਾਡੇ ਉੱਤੇ ਹੋਰ ਜ਼ਿਆਦਾ ਅਪਾਰ ਕਿਰਪਾ ਕੀਤੀ ਜਾਵੇ? 2 ਬਿਲਕੁਲ ਨਹੀਂ! ਜੇ ਅਸੀਂ ਆਪਣੀ ਪਾਪੀ ਜ਼ਿੰਦਗੀ ਨੂੰ ਖ਼ਤਮ ਕਰ ਦਿੱਤਾ ਹੈ,+ ਤਾਂ ਇਹ ਕਿਵੇਂ ਹੋ ਸਕਦਾ ਹੈ ਕਿ ਅਸੀਂ ਪਾਪ ਕਰਨ ਵਿਚ ਲੱਗੇ ਰਹੀਏ?+ 3 ਜਾਂ ਫਿਰ ਕੀ ਤੁਸੀਂ ਨਹੀਂ ਜਾਣਦੇ ਕਿ ਅਸੀਂ ਸਾਰਿਆਂ ਨੇ ਮਸੀਹ ਯਿਸੂ ਵਿਚ ਬਪਤਿਸਮਾ+ ਲੈ ਕੇ ਉਸ ਦੀ ਮੌਤ ਵਿਚ ਵੀ ਬਪਤਿਸਮਾ ਲੈ ਲਿਆ ਹੈ?+ 4 ਇਸ ਲਈ ਅਸੀਂ ਉਸ ਦੀ ਮੌਤ ਵਿਚ ਬਪਤਿਸਮਾ ਲੈ ਕੇ ਉਸ ਦੇ ਨਾਲ ਦਫ਼ਨ ਹੋ ਗਏ ਸੀ+ ਤਾਂਕਿ ਜਿਵੇਂ ਪਿਤਾ ਦੀ ਸ਼ਾਨਦਾਰ ਤਾਕਤ ਦੇ ਜ਼ਰੀਏ ਯਿਸੂ ਨੂੰ ਦੁਬਾਰਾ ਜੀਉਂਦਾ ਕੀਤਾ ਗਿਆ ਸੀ, ਉਸੇ ਤਰ੍ਹਾਂ ਅਸੀਂ ਵੀ ਨਵੀਂ ਜ਼ਿੰਦਗੀ ਜੀਵੀਏ।+ 5 ਜੇ ਅਸੀਂ ਉਸ ਵਾਂਗ ਮਰੇ ਹਾਂ, ਤਾਂ ਸਾਨੂੰ ਉਸ ਵਾਂਗ ਦੁਬਾਰਾ ਜੀਉਂਦਾ ਵੀ ਕੀਤਾ ਜਾਵੇਗਾ।+ ਇਸ ਤਰ੍ਹਾਂ ਅਸੀਂ ਉਸ ਨਾਲ ਏਕਤਾ ਵਿਚ ਬੱਝੇ ਹੋਏ ਹਾਂ।+ 6 ਅਸੀਂ ਜਾਣਦੇ ਹਾਂ ਕਿ ਸਾਡਾ ਪੁਰਾਣਾ ਸੁਭਾਅ ਉਸ ਨਾਲ ਸੂਲ਼ੀ ʼਤੇ ਟੰਗ ਦਿੱਤਾ ਗਿਆ ਸੀ+ ਤਾਂਕਿ ਸਾਡੇ ਪਾਪੀ ਸਰੀਰ ਦਾ ਸਾਡੇ ਉੱਤੇ ਕੋਈ ਵੱਸ ਨਾ ਚੱਲੇ+ ਅਤੇ ਅਸੀਂ ਪਾਪ ਦੇ ਗ਼ੁਲਾਮ ਨਾ ਰਹੀਏ।+ 7 ਜਿਹੜਾ ਮਰ ਜਾਂਦਾ ਹੈ, ਉਸ ਨੂੰ ਉਸ ਦੇ ਪਾਪਾਂ ਤੋਂ ਬਰੀ ਕਰ ਦਿੱਤਾ ਜਾਂਦਾ ਹੈ।

8 ਇਸ ਤੋਂ ਇਲਾਵਾ, ਜੇ ਅਸੀਂ ਮਸੀਹ ਨਾਲ ਮਰ ਚੁੱਕੇ ਹਾਂ, ਤਾਂ ਅਸੀਂ ਭਰੋਸਾ ਰੱਖਦੇ ਹਾਂ ਕਿ ਅਸੀਂ ਉਸ ਨਾਲ ਜੀਵਾਂਗੇ ਵੀ। 9 ਅਸੀਂ ਜਾਣਦੇ ਹਾਂ ਕਿ ਮਸੀਹ ਨੂੰ ਹੁਣ ਮਰੇ ਹੋਇਆਂ ਵਿੱਚੋਂ ਦੁਬਾਰਾ ਜੀਉਂਦਾ ਕਰ ਦਿੱਤਾ ਗਿਆ ਹੈ+ ਅਤੇ ਉਹ ਦੁਬਾਰਾ ਨਹੀਂ ਮਰੇਗਾ;+ ਮੌਤ ਦਾ ਹੁਣ ਉਸ ਉੱਤੇ ਕੋਈ ਵੱਸ ਨਹੀਂ ਹੈ। 10 ਜੋ ਮੌਤ ਉਹ ਮਰਿਆ, ਪਾਪ ਨੂੰ ਖ਼ਤਮ ਕਰਨ ਲਈ ਇੱਕੋ ਵਾਰ ਮਰਿਆ ਸੀ,+ ਪਰ ਹੁਣ ਉਹ ਜੋ ਜ਼ਿੰਦਗੀ ਜੀ ਰਿਹਾ ਹੈ, ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਲਈ ਜੀ ਰਿਹਾ ਹੈ। 11 ਇਸੇ ਤਰ੍ਹਾਂ ਤੁਸੀਂ ਵੀ ਆਪਣੇ ਆਪ ਨੂੰ ਪਾਪ ਦੇ ਮਾਮਲੇ ਵਿਚ ਮਰੇ ਹੋਏ ਸਮਝੋ ਅਤੇ ਮਸੀਹ ਯਿਸੂ ਦੇ ਚੇਲੇ ਹੋਣ ਦੇ ਨਾਤੇ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਲਈ ਜੀਓ।+

12 ਇਸ ਲਈ ਤੁਸੀਂ ਆਪਣੇ ਸਰੀਰਾਂ ਵਿਚ ਪਾਪ ਨੂੰ ਰਾਜੇ ਵਜੋਂ ਰਾਜ ਨਾ ਕਰਨ ਦਿਓ+ ਤਾਂਕਿ ਤੁਸੀਂ ਆਪਣੇ ਸਰੀਰ ਦੀਆਂ ਇੱਛਾਵਾਂ ਅਨੁਸਾਰ ਨਾ ਚੱਲੋ। 13 ਨਾਲੇ ਆਪਣੇ ਸਰੀਰ ਦੇ ਅੰਗਾਂ ਨੂੰ ਪਾਪ ਦੇ ਹਵਾਲੇ ਨਾ ਕਰੋ ਕਿ ਇਹ ਬੁਰਾਈ ਕਰਨ ਦਾ ਜ਼ਰੀਆ* ਬਣ ਜਾਣ, ਸਗੋਂ ਜੀਉਂਦੇ ਕੀਤੇ ਗਏ ਇਨਸਾਨਾਂ ਵਜੋਂ ਆਪਣੇ ਆਪ ਨੂੰ ਪਰਮੇਸ਼ੁਰ ਦੇ ਹਵਾਲੇ ਕਰੋ। ਨਾਲੇ ਆਪਣੇ ਸਰੀਰ ਦੇ ਅੰਗਾਂ ਨੂੰ ਪਰਮੇਸ਼ੁਰ ਦੇ ਹਵਾਲੇ ਕਰੋ ਤਾਂਕਿ ਇਹ ਸਹੀ ਕੰਮ ਕਰਨ ਦਾ ਜ਼ਰੀਆ ਬਣ ਜਾਣ।+ 14 ਤੁਸੀਂ ਮੂਸਾ ਦੇ ਕਾਨੂੰਨ ਦੇ ਅਧੀਨ ਨਹੀਂ ਹੋ,+ ਸਗੋਂ ਅਪਾਰ ਕਿਰਪਾ ਦੇ ਅਧੀਨ ਹੋ,+ ਇਸ ਲਈ, ਤੁਸੀਂ ਕਦੇ ਪਾਪ ਦੇ ਵੱਸ ਵਿਚ ਨਾ ਪਓ।

15 ਤਾਂ ਫਿਰ, ਸਾਨੂੰ ਕਿਹੜੇ ਨਤੀਜੇ ʼਤੇ ਪਹੁੰਚਣਾ ਚਾਹੀਦਾ ਹੈ? ਕੀ ਅਸੀਂ ਪਾਪ ਕਰਦੇ ਰਹੀਏ ਕਿਉਂਕਿ ਅਸੀਂ ਮੂਸਾ ਦੇ ਕਾਨੂੰਨ ਦੇ ਅਧੀਨ ਨਹੀਂ ਹਾਂ, ਸਗੋਂ ਅਪਾਰ ਕਿਰਪਾ ਦੇ ਅਧੀਨ ਹਾਂ?+ ਬਿਲਕੁਲ ਨਹੀਂ! 16 ਕੀ ਤੁਸੀਂ ਨਹੀਂ ਜਾਣਦੇ ਕਿ ਜੇ ਤੁਸੀਂ ਕਿਸੇ ਦਾ ਹੁਕਮ ਮੰਨਣ ਲਈ ਹਮੇਸ਼ਾ ਤਿਆਰ ਰਹਿੰਦੇ ਹੋ, ਤਾਂ ਤੁਸੀਂ ਉਸ ਦੇ ਗ਼ੁਲਾਮ ਹੁੰਦੇ ਹੋ?+ ਇਸ ਲਈ ਤੁਸੀਂ ਜਾਂ ਤਾਂ ਪਾਪ ਦੇ ਗ਼ੁਲਾਮ ਹੋ ਜਿਸ ਦਾ ਅੰਜਾਮ ਮੌਤ ਹੁੰਦਾ ਹੈ ਜਾਂ ਫਿਰ ਤੁਸੀਂ ਪਰਮੇਸ਼ੁਰ ਦੇ ਗ਼ੁਲਾਮ ਹੋ+ ਅਤੇ ਉਸ ਦਾ ਕਹਿਣਾ ਮੰਨਦੇ ਹੋ ਜਿਸ ਕਰਕੇ ਤੁਹਾਨੂੰ ਧਰਮੀ ਠਹਿਰਾਇਆ ਜਾਵੇਗਾ। 17 ਮੈਂ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ ਕਿ ਭਾਵੇਂ ਤੁਸੀਂ ਪਹਿਲਾਂ ਪਾਪ ਦੇ ਗ਼ੁਲਾਮ ਸੀ, ਪਰ ਹੁਣ ਤੁਸੀਂ ਉਸ ਸਿੱਖਿਆ ʼਤੇ ਦਿਲੋਂ ਚੱਲਦੇ ਹੋ ਜੋ ਸਿੱਖਿਆ ਤੁਹਾਨੂੰ ਸੌਂਪੀ ਗਈ ਸੀ। 18 ਜੀ ਹਾਂ, ਤੁਹਾਨੂੰ ਪਾਪ ਦੀ ਗ਼ੁਲਾਮੀ ਤੋਂ ਆਜ਼ਾਦ ਕਰਾ ਲਿਆ ਗਿਆ ਹੈ,+ ਇਸ ਲਈ ਹੁਣ ਤੁਸੀਂ ਸਹੀ ਕੰਮਾਂ ਦੇ ਗ਼ੁਲਾਮ ਬਣ ਗਏ ਹੋ।+ 19 ਤੁਹਾਡੇ ਪਾਪੀ ਸਰੀਰ ਦੀਆਂ ਕਮਜ਼ੋਰੀਆਂ ਕਰਕੇ ਮੈਂ ਤੁਹਾਨੂੰ ਸੌਖੇ ਸ਼ਬਦਾਂ ਵਿਚ ਇਹ ਗੱਲ ਕਹਿ ਰਿਹਾ ਹਾਂ; ਜਿਵੇਂ ਤੁਸੀਂ ਆਪਣੇ ਸਰੀਰ ਨੂੰ ਅਸ਼ੁੱਧਤਾ ਅਤੇ ਬੁਰੇ ਕੰਮ ਕਰਨ ਲਈ ਬੁਰਾਈ ਦਾ ਗ਼ੁਲਾਮ ਬਣਾ ਦਿੱਤਾ ਸੀ, ਉਸੇ ਤਰ੍ਹਾਂ ਤੁਸੀਂ ਆਪਣੇ ਸਰੀਰ ਨੂੰ ਪਰਮੇਸ਼ੁਰ ਦੇ ਅਸੂਲਾਂ ਦਾ ਗ਼ੁਲਾਮ ਬਣਾਓ ਤਾਂਕਿ ਤੁਸੀਂ ਪਵਿੱਤਰ ਕੰਮ ਕਰੋ।+ 20 ਜਦੋਂ ਤੁਸੀਂ ਪਾਪ ਦੇ ਗ਼ੁਲਾਮ ਸੀ, ਉਦੋਂ ਤੁਹਾਡੇ ਉੱਤੇ ਸਹੀ ਕੰਮ ਕਰਨ ਦੀ ਬੰਦਸ਼ ਨਹੀਂ ਸੀ।

21 ਤਾਂ ਫਿਰ, ਉਸ ਸਮੇਂ ਤੁਸੀਂ ਕਿਹੋ ਜਿਹਾ ਫਲ ਪੈਦਾ ਕਰਦੇ ਸੀ? ਅਜਿਹੇ ਕੰਮ ਜਿਨ੍ਹਾਂ ਬਾਰੇ ਸੋਚ ਕੇ ਤੁਹਾਨੂੰ ਹੁਣ ਸ਼ਰਮ ਆਉਂਦੀ ਹੈ। ਇਨ੍ਹਾਂ ਕੰਮਾਂ ਦਾ ਅੰਜਾਮ ਮੌਤ ਹੁੰਦਾ ਹੈ।+ 22 ਪਰ ਹੁਣ ਤੁਹਾਨੂੰ ਪਾਪ ਤੋਂ ਆਜ਼ਾਦ ਕਰਾ ਲਿਆ ਗਿਆ ਹੈ ਅਤੇ ਤੁਸੀਂ ਪਰਮੇਸ਼ੁਰ ਦੇ ਗ਼ੁਲਾਮ ਬਣ ਗਏ ਹੋ, ਇਸ ਲਈ ਤੁਸੀਂ ਜੋ ਫਲ ਪੈਦਾ ਕਰ ਰਹੇ ਹੋ, ਉਹ ਹੈ ਤੁਹਾਡੀ ਪਵਿੱਤਰ ਜ਼ਿੰਦਗੀ+ ਅਤੇ ਅਖ਼ੀਰ ਵਿਚ ਹਮੇਸ਼ਾ ਦੀ ਜ਼ਿੰਦਗੀ।+ 23 ਇਸ ਲਈ ਪਾਪ ਜੋ ਮਜ਼ਦੂਰੀ ਦਿੰਦਾ ਹੈ, ਉਹ ਹੈ ਮੌਤ,+ ਪਰ ਪਰਮੇਸ਼ੁਰ ਜੋ ਵਰਦਾਨ ਦਿੰਦਾ ਹੈ, ਉਹ ਹੈ ਸਾਡੇ ਪ੍ਰਭੂ ਮਸੀਹ ਯਿਸੂ ਰਾਹੀਂ ਹਮੇਸ਼ਾ ਦੀ ਜ਼ਿੰਦਗੀ।+

7 ਭਰਾਵੋ, ਕੀ ਇਸ ਤਰ੍ਹਾਂ ਤਾਂ ਨਹੀਂ ਕਿ ਤੁਸੀਂ ਇਸ ਗੱਲ ਤੋਂ ਅਣਜਾਣ ਹੋ (ਮੈਂ ਉਨ੍ਹਾਂ ਨਾਲ ਗੱਲ ਕਰ ਰਿਹਾ ਹਾਂ ਜਿਹੜੇ ਕਾਨੂੰਨ ਨੂੰ ਜਾਣਦੇ ਹਨ) ਕਿ ਇਨਸਾਨ ਉੱਤੇ ਉੱਨਾ ਚਿਰ ਕਾਨੂੰਨ ਦਾ ਅਧਿਕਾਰ ਰਹਿੰਦਾ ਹੈ ਜਿੰਨਾ ਚਿਰ ਉਹ ਜੀਉਂਦਾ ਹੈ? 2 ਮਿਸਾਲ ਲਈ, ਇਕ ਵਿਆਹੁਤਾ ਤੀਵੀਂ ਆਪਣੇ ਪਤੀ ਨਾਲ ਉਦੋਂ ਤਕ ਕਾਨੂੰਨੀ ਤੌਰ ਤੇ ਬੰਧਨ ਵਿਚ ਬੱਝੀ ਹੁੰਦੀ ਹੈ ਜਦ ਤਕ ਉਸ ਦਾ ਪਤੀ ਜੀਉਂਦਾ ਹੈ; ਪਰ ਜੇ ਉਸ ਦਾ ਪਤੀ ਮਰ ਜਾਂਦਾ ਹੈ, ਤਾਂ ਉਹ ਆਪਣੇ ਪਤੀ ਦੇ ਕਾਨੂੰਨ ਤੋਂ ਛੁੱਟ ਜਾਂਦੀ ਹੈ।+ 3 ਇਸ ਲਈ ਜੇ ਉਹ ਆਪਣੇ ਪਤੀ ਦੇ ਜੀਉਂਦੇ-ਜੀ ਕਿਸੇ ਹੋਰ ਆਦਮੀ ਨਾਲ ਵਿਆਹ ਕਰਾਉਂਦੀ ਹੈ, ਤਾਂ ਉਹ ਬਦਚਲਣ ਕਹਾਉਂਦੀ ਹੈ।+ ਪਰ ਜੇ ਉਸ ਦਾ ਪਤੀ ਮਰ ਜਾਂਦਾ ਹੈ, ਤਾਂ ਉਹ ਉਸ ਦੇ ਕਾਨੂੰਨ ਤੋਂ ਛੁੱਟ ਜਾਂਦੀ ਹੈ। ਇਸ ਲਈ ਜੇ ਉਹ ਕਿਸੇ ਹੋਰ ਆਦਮੀ ਨਾਲ ਵਿਆਹ ਕਰਾਉਂਦੀ ਹੈ, ਤਾਂ ਉਹ ਬਦਚਲਣ ਨਹੀਂ ਹੁੰਦੀ।+

4 ਇਸ ਲਈ ਮੇਰੇ ਭਰਾਵੋ, ਤੁਸੀਂ ਵੀ ਮਸੀਹ ਦੀ ਕੁਰਬਾਨੀ ਦੇ ਰਾਹੀਂ ਕਾਨੂੰਨ ਦੇ ਸੰਬੰਧ ਵਿਚ ਮਰ ਗਏ ਤਾਂਕਿ ਤੁਸੀਂ ਕਿਸੇ ਹੋਰ ਦੇ ਹੋ ਜਾਓ, ਹਾਂ, ਮਸੀਹ ਦੇ ਹੋ ਜਾਓ+ ਜਿਸ ਨੂੰ ਮਰੇ ਹੋਇਆਂ ਵਿੱਚੋਂ ਜੀਉਂਦਾ ਕੀਤਾ ਗਿਆ ਸੀ।+ ਇਸ ਤਰ੍ਹਾਂ ਅਸੀਂ ਪਰਮੇਸ਼ੁਰ ਦੀ ਮਹਿਮਾ ਲਈ ਫਲ ਪੈਦਾ ਕਰ ਸਕਦੇ ਹਾਂ।+ 5 ਜਦੋਂ ਅਸੀਂ ਆਪਣੀਆਂ ਸਰੀਰਕ ਇੱਛਾਵਾਂ ਅਨੁਸਾਰ ਜੀਉਂਦੇ ਸੀ, ਤਾਂ ਉਦੋਂ ਕਾਨੂੰਨ ਨੇ ਜ਼ਾਹਰ ਕੀਤਾ ਕਿ ਸਾਡੀਆਂ ਪਾਪੀ ਲਾਲਸਾਵਾਂ ਸਾਡੇ ਸਰੀਰ* ਤੋਂ ਪਾਪ ਕਰਾਉਂਦੀਆਂ ਸਨ ਜਿਨ੍ਹਾਂ ਕਰਕੇ ਅਸੀਂ ਉਹ ਫਲ ਪੈਦਾ ਕਰਦੇ ਸੀ ਜਿਸ ਦਾ ਅੰਜਾਮ ਮੌਤ ਹੁੰਦਾ ਹੈ।+ 6 ਪਰ ਹੁਣ ਸਾਨੂੰ ਕਾਨੂੰਨ ਤੋਂ ਛੁਡਾ ਲਿਆ ਗਿਆ ਹੈ+ ਕਿਉਂਕਿ ਅਸੀਂ ਕਾਨੂੰਨ ਲਈ ਮਰ ਗਏ ਹਾਂ ਜਿਸ ਨੇ ਸਾਨੂੰ ਬੰਨ੍ਹੀ ਰੱਖਿਆ ਸੀ ਤਾਂਕਿ ਅਸੀਂ ਪਵਿੱਤਰ ਸ਼ਕਤੀ ਦੀ ਅਗਵਾਈ ਵਿਚ ਚੱਲ ਕੇ ਨਵੇਂ ਤਰੀਕੇ ਨਾਲ ਪਰਮੇਸ਼ੁਰ ਦੇ ਗ਼ੁਲਾਮ ਬਣੀਏ,+ ਨਾ ਕਿ ਲਿਖਤੀ ਕਾਨੂੰਨ ਅਨੁਸਾਰ ਪੁਰਾਣੇ ਤਰੀਕੇ ਨਾਲ।+

7 ਤਾਂ ਫਿਰ, ਅਸੀਂ ਕੀ ਕਹੀਏ? ਕੀ ਕਾਨੂੰਨ ਵਿਚ ਕੋਈ ਕਮੀ ਹੈ?* ਬਿਲਕੁਲ ਨਹੀਂ। ਜੇ ਕਾਨੂੰਨ ਨਾ ਦੱਸਦਾ, ਤਾਂ ਮੈਨੂੰ ਪਤਾ ਨਾ ਲੱਗਦਾ ਕਿ ਪਾਪ ਕੀ ਹੁੰਦਾ ਹੈ।+ ਮਿਸਾਲ ਲਈ, ਮੈਨੂੰ ਲਾਲਚ ਬਾਰੇ ਪਤਾ ਨਾ ਹੁੰਦਾ ਜੇ ਕਾਨੂੰਨ ਵਿਚ ਇਹ ਹੁਕਮ ਨਾ ਦਿੱਤਾ ਗਿਆ ਹੁੰਦਾ: “ਤੂੰ ਲਾਲਚ ਨਾ ਕਰ।”+ 8 ਪਰ ਇਸ ਹੁਕਮ ਨੇ ਮੈਨੂੰ ਅਹਿਸਾਸ ਕਰਾਇਆ ਕਿ ਪਾਪ ਅਸਲ ਵਿਚ ਕੀ ਹੁੰਦਾ ਹੈ। ਨਾਲੇ ਇਸ ਹੁਕਮ ਦੇ ਜ਼ਰੀਏ ਪਾਪ ਨੇ ਮੇਰੇ ਅੰਦਰ ਹਰ ਤਰ੍ਹਾਂ ਦਾ ਲਾਲਚ ਪੈਦਾ ਕੀਤਾ ਕਿਉਂਕਿ ਕਾਨੂੰਨ ਤੋਂ ਬਿਨਾਂ ਪਾਪ ਮਰਿਆ ਹੋਇਆ ਸੀ।+ 9 ਅਸਲ ਵਿਚ ਕਾਨੂੰਨ ਤੋਂ ਬਿਨਾਂ ਮੈਂ ਜੀਉਂਦਾ ਸੀ। ਪਰ ਜਦੋਂ ਇਹ ਹੁਕਮ ਦਿੱਤਾ ਗਿਆ, ਤਾਂ ਪਾਪ ਦੁਬਾਰਾ ਜੀਉਂਦਾ ਹੋ ਗਿਆ, ਪਰ ਮੈਂ ਮਰ ਗਿਆ।+ 10 ਮੈਂ ਦੇਖਿਆ ਕਿ ਜੋ ਹੁਕਮ ਜ਼ਿੰਦਗੀ ਲਈ ਸੀ,+ ਉਹ ਮੌਤ ਦਾ ਕਾਰਨ ਬਣਿਆ 11 ਕਿਉਂਕਿ ਕਾਨੂੰਨ ਨੇ ਮੈਨੂੰ ਦੱਸਿਆ ਕਿ ਪਾਪ ਕੀ ਹੁੰਦਾ ਹੈ ਅਤੇ ਇਸ ਹੁਕਮ ਦੇ ਜ਼ਰੀਏ ਪਾਪ ਨੇ ਮੈਨੂੰ ਬਹਿਕਾਇਆ ਅਤੇ ਜਾਨੋਂ ਮਾਰ ਦਿੱਤਾ। 12 ਇਸ ਲਈ ਮੂਸਾ ਦਾ ਕਾਨੂੰਨ ਆਪਣੇ ਆਪ ਵਿਚ ਪਵਿੱਤਰ ਹੈ ਅਤੇ ਇਸ ਦੇ ਹੁਕਮ ਪਵਿੱਤਰ, ਸਹੀ ਤੇ ਚੰਗੇ ਹਨ।+

13 ਤਾਂ ਫਿਰ, ਜੋ ਚੰਗਾ ਹੈ, ਕੀ ਉਸ ਨੇ ਮੈਨੂੰ ਜਾਨੋਂ ਮਾਰਿਆ ਸੀ? ਬਿਲਕੁਲ ਨਹੀਂ! ਪਰ ਪਾਪ ਨੇ ਮੈਨੂੰ ਜਾਨੋਂ ਮਾਰਿਆ ਸੀ। ਜੋ ਚੰਗਾ ਹੈ,+ ਉਸ ਰਾਹੀਂ ਪਾਪ ਨੇ ਮੈਨੂੰ ਮਾਰ ਦਿੱਤਾ ਤਾਂਕਿ ਇਹ ਜ਼ਾਹਰ ਹੋ ਜਾਵੇ ਕਿ ਪਾਪ ਕੀ ਹੈ। ਕਾਨੂੰਨ ਜ਼ਾਹਰ ਕਰਦਾ ਹੈ ਕਿ ਪਾਪ ਬਹੁਤ ਹੀ ਬੁਰਾ ਹੁੰਦਾ ਹੈ।+ 14 ਅਸੀਂ ਜਾਣਦੇ ਹਾਂ ਕਿ ਕਾਨੂੰਨ ਪਰਮੇਸ਼ੁਰ ਤੋਂ ਹੈ, ਪਰ ਮੈਂ ਹੱਡ-ਮਾਸ ਦਾ ਇਨਸਾਨ ਹਾਂ ਅਤੇ ਪਾਪ ਦੇ ਹੱਥ ਵਿਕਿਆ ਹੋਇਆ ਹਾਂ।+ 15 ਮੈਨੂੰ ਪਤਾ ਨਹੀਂ ਲੱਗਦਾ ਕਿ ਮੈਂ ਕੀ ਕਰਦਾ ਹਾਂ। ਜੋ ਕੰਮ ਮੈਂ ਕਰਨੇ ਚਾਹੁੰਦਾ ਹਾਂ, ਉਹ ਕੰਮ ਮੈਂ ਨਹੀਂ ਕਰਦਾ; ਪਰ ਜਿਨ੍ਹਾਂ ਕੰਮਾਂ ਨਾਲ ਮੈਂ ਨਫ਼ਰਤ ਕਰਦਾ ਹਾਂ, ਉਹੀ ਕੰਮ ਮੈਂ ਕਰਦਾ ਹਾਂ। 16 ਭਾਵੇਂ ਮੈਂ ਉਹੀ ਕੰਮ ਕਰਦਾ ਹਾਂ ਜੋ ਮੈਂ ਨਹੀਂ ਕਰਨੇ ਚਾਹੁੰਦਾ, ਫਿਰ ਵੀ ਮੈਂ ਮੰਨਦਾ ਹਾਂ ਕਿ ਕਾਨੂੰਨ ਉੱਤਮ ਹੈ। 17 ਪਰ ਇਹ ਕੰਮ ਮੈਂ ਆਪ ਨਹੀਂ ਕਰਦਾ, ਸਗੋਂ ਪਾਪ ਜੋ ਮੇਰੇ ਅੰਦਰ ਰਹਿੰਦਾ ਹੈ, ਮੇਰੇ ਤੋਂ ਕਰਾਉਂਦਾ ਹੈ।+ 18 ਮੈਂ ਜਾਣਦਾ ਹਾਂ ਕਿ ਮੇਰੇ ਸਰੀਰ ਵਿਚ ਯਾਨੀ ਮੇਰੇ ਅੰਦਰ ਕੁਝ ਵੀ ਚੰਗਾ ਨਹੀਂ ਹੈ; ਮੇਰੇ ਅੰਦਰ ਚੰਗੇ ਕੰਮ ਕਰਨ ਦੀ ਇੱਛਾ ਤਾਂ ਹੈ, ਪਰ ਯੋਗਤਾ ਨਹੀਂ ਹੈ।+ 19 ਮੈਂ ਚੰਗੇ ਕੰਮ ਕਰਨੇ ਚਾਹੁੰਦਾ ਹਾਂ, ਪਰ ਕਰਦਾ ਨਹੀਂ ਅਤੇ ਮੈਂ ਬੁਰੇ ਕੰਮ ਨਹੀਂ ਕਰਨੇ ਚਾਹੁੰਦਾ, ਪਰ ਬੁਰੇ ਕੰਮ ਕਰਨ ਵਿਚ ਲੱਗਾ ਰਹਿੰਦਾ ਹਾਂ। 20 ਹੁਣ ਜੇ ਮੈਂ ਉਹ ਕੰਮ ਕਰਦਾ ਹਾਂ ਜੋ ਮੈਂ ਨਹੀਂ ਕਰਨੇ ਚਾਹੁੰਦਾ, ਤਾਂ ਉਹ ਕੰਮ ਮੈਂ ਆਪ ਨਹੀਂ ਕਰਦਾ, ਸਗੋਂ ਪਾਪ ਜੋ ਮੇਰੇ ਅੰਦਰ ਰਹਿੰਦਾ ਹੈ, ਮੇਰੇ ਤੋਂ ਕਰਾਉਂਦਾ ਹੈ।

21 ਮੈਂ ਆਪਣੇ ਸੰਬੰਧ ਵਿਚ ਇਹ ਕਾਨੂੰਨ ਦੇਖਿਆ ਹੈ: ਜਦੋਂ ਮੈਂ ਸਹੀ ਕੰਮ ਕਰਨਾ ਚਾਹੁੰਦਾ ਹਾਂ, ਤਾਂ ਮੇਰਾ ਝੁਕਾਅ ਬੁਰੇ ਕੰਮ ਕਰਨ ਵੱਲ ਹੁੰਦਾ ਹੈ।+ 22 ਮੈਨੂੰ ਪਰਮੇਸ਼ੁਰ ਦੇ ਕਾਨੂੰਨ ਤੋਂ ਦਿਲੋਂ ਖ਼ੁਸ਼ੀ ਹੁੰਦੀ ਹੈ।+ 23 ਪਰ ਮੈਂ ਆਪਣੇ ਸਰੀਰ* ਵਿਚ ਇਕ ਹੋਰ ਕਾਨੂੰਨ ਦੇਖਦਾ ਹਾਂ ਜੋ ਮੇਰੇ ਮਨ ਦੇ ਕਾਨੂੰਨ ਨਾਲ ਲੜਦਾ ਹੈ।+ ਇਹ ਮੈਨੂੰ ਪਾਪ ਦੇ ਕਾਨੂੰਨ ਦਾ ਗ਼ੁਲਾਮ ਬਣਾ ਕੇ ਰੱਖਦਾ ਹੈ+ ਜੋ ਮੇਰੇ ਸਰੀਰ* ਵਿਚ ਹੈ। 24 ਮੈਂ ਕਿੰਨਾ ਬੇਬੱਸ ਇਨਸਾਨ ਹਾਂ! ਕੌਣ ਮੈਨੂੰ ਇਸ ਸਰੀਰ ਤੋਂ ਬਚਾਏਗਾ ਜੋ ਮਰਨ ਵਾਲਾ ਹੈ? 25 ਮੈਂ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ ਕਿ ਉਹ ਸਾਡੇ ਪ੍ਰਭੂ ਯਿਸੂ ਮਸੀਹ ਰਾਹੀਂ ਮੈਨੂੰ ਬਚਾਏਗਾ। ਇਸ ਲਈ ਮੇਰਾ ਮਨ ਤਾਂ ਪਰਮੇਸ਼ੁਰ ਦੇ ਕਾਨੂੰਨ ਦਾ ਗ਼ੁਲਾਮ ਹੈ, ਪਰ ਮੇਰਾ ਸਰੀਰ ਪਾਪ ਦੇ ਕਾਨੂੰਨ ਦਾ ਗ਼ੁਲਾਮ ਹੈ।+

8 ਇਸ ਲਈ, ਜਿਹੜੇ ਇਨਸਾਨ ਮਸੀਹ ਯਿਸੂ ਨਾਲ ਏਕਤਾ ਵਿਚ ਬੱਝੇ ਹੋਏ ਹਨ, ਉਹ ਦੋਸ਼ੀ ਨਹੀਂ ਹਨ। 2 ਅਸਲ ਵਿਚ, ਪਵਿੱਤਰ ਸ਼ਕਤੀ ਦੇ ਕਾਨੂੰਨ ਨੇ, ਜੋ ਤੁਹਾਨੂੰ ਮਸੀਹ ਯਿਸੂ ਦੇ ਚੇਲਿਆਂ ਦੇ ਤੌਰ ਤੇ ਜ਼ਿੰਦਗੀ ਬਖ਼ਸ਼ਦਾ ਹੈ, ਤੁਹਾਨੂੰ ਪਾਪ ਅਤੇ ਮੌਤ ਦੇ ਕਾਨੂੰਨ ਤੋਂ ਆਜ਼ਾਦ ਕਰਾ ਲਿਆ ਹੈ।+ 3 ਮੂਸਾ ਦਾ ਕਾਨੂੰਨ ਇਨਸਾਨਾਂ ਨੂੰ ਬਚਾ ਨਹੀਂ ਸਕਿਆ+ ਕਿਉਂਕਿ ਇਨਸਾਨ ਨਾਮੁਕੰਮਲ ਹਨ+ ਜਿਸ ਕਰਕੇ ਉਹ ਇਸ ਕਾਨੂੰਨ ਦੀ ਪੂਰੀ ਤਰ੍ਹਾਂ ਪਾਲਣਾ ਨਹੀਂ ਕਰ ਸਕੇ। ਪਰ ਪਰਮੇਸ਼ੁਰ ਨੇ ਪਾਪ ਨੂੰ ਖ਼ਤਮ ਕਰਨ ਲਈ ਆਪਣੇ ਪੁੱਤਰ ਨੂੰ ਪਾਪੀ ਇਨਸਾਨਾਂ ਦੇ ਰੂਪ+ ਵਿਚ ਘੱਲਿਆ+ ਅਤੇ ਮਸੀਹ ਨੇ ਇਨਸਾਨੀ ਸਰੀਰ ਵਿਚਲੇ ਪਾਪ ਨੂੰ ਦੋਸ਼ੀ ਠਹਿਰਾਇਆ 4 ਤਾਂਕਿ ਅਸੀਂ ਸਰੀਰ* ਅਨੁਸਾਰ ਚੱਲਣ ਦੀ ਬਜਾਇ ਪਵਿੱਤਰ ਸ਼ਕਤੀ ਅਨੁਸਾਰ ਚੱਲ ਕੇ ਮੂਸਾ ਦੇ ਕਾਨੂੰਨ ਦੀਆਂ ਧਰਮੀ* ਮੰਗਾਂ ਪੂਰੀਆਂ ਕਰੀਏ।+ 5 ਜਿਹੜੇ ਸਰੀਰ ਅਨੁਸਾਰ ਚੱਲਦੇ ਹਨ, ਉਹ ਸਰੀਰ ਦੀਆਂ ਗੱਲਾਂ ਉੱਤੇ ਮਨ ਲਾਉਂਦੇ ਹਨ,+ ਪਰ ਜਿਹੜੇ ਪਵਿੱਤਰ ਸ਼ਕਤੀ ਅਨੁਸਾਰ ਚੱਲਦੇ ਹਨ, ਉਹ ਪਵਿੱਤਰ ਸ਼ਕਤੀ ਦੀਆਂ ਗੱਲਾਂ ਉੱਤੇ ਮਨ ਲਾਉਂਦੇ ਹਨ।+ 6 ਸਰੀਰ ਉੱਤੇ ਮਨ ਲਾਉਣ ਦਾ ਅੰਜਾਮ ਹੈ ਮੌਤ,+ ਪਰ ਪਵਿੱਤਰ ਸ਼ਕਤੀ ਦੀਆਂ ਗੱਲਾਂ ਉੱਤੇ ਮਨ ਲਾਉਣ ਦਾ ਮਤਲਬ ਹੈ ਜ਼ਿੰਦਗੀ ਅਤੇ ਸ਼ਾਂਤੀ;+ 7 ਸਰੀਰ ਉੱਤੇ ਮਨ ਲਾਉਣ ਦਾ ਅੰਜਾਮ ਹੈ ਪਰਮੇਸ਼ੁਰ ਨਾਲ ਦੁਸ਼ਮਣੀ+ ਕਿਉਂਕਿ ਸਰੀਰ ਪਰਮੇਸ਼ੁਰ ਦੇ ਕਾਨੂੰਨ ਦੇ ਅਧੀਨ ਨਹੀਂ ਹੈ ਤੇ ਨਾ ਹੀ ਇਹ ਅਧੀਨ ਹੋ ਸਕਦਾ ਹੈ। 8 ਇਸ ਲਈ ਜਿਹੜੇ ਇਨਸਾਨ ਸਰੀਰ ਅਨੁਸਾਰ ਚੱਲਦੇ ਹਨ, ਉਹ ਪਰਮੇਸ਼ੁਰ ਨੂੰ ਖ਼ੁਸ਼ ਨਹੀਂ ਕਰ ਸਕਦੇ।

9 ਪਰ ਜੇ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਸੱਚ-ਮੁੱਚ ਤੁਹਾਡੇ ਵਿਚ ਰਹਿੰਦੀ ਹੈ, ਤਾਂ ਤੁਸੀਂ ਸਰੀਰ ਅਨੁਸਾਰ ਨਹੀਂ, ਸਗੋਂ ਪਵਿੱਤਰ ਸ਼ਕਤੀ ਅਨੁਸਾਰ ਚੱਲਦੇ ਹੋ।+ ਪਰ ਜੇ ਕਿਸੇ ਦਾ ਸੁਭਾਅ ਮਸੀਹ ਦੇ ਸੁਭਾਅ ਵਰਗਾ ਨਹੀਂ ਹੈ, ਤਾਂ ਉਹ ਮਸੀਹ ਦਾ ਨਹੀਂ ਹੈ। 10 ਜੇ ਤੁਸੀਂ ਮਸੀਹ ਨਾਲ ਏਕਤਾ ਵਿਚ ਬੱਝੇ ਹੋਏ ਹੋ,+ ਤਾਂ ਭਾਵੇਂ ਤੁਹਾਡਾ ਸਰੀਰ ਪਾਪ ਦੇ ਕਾਰਨ ਮਰਿਆ ਹੋਇਆ ਹੈ, ਫਿਰ ਵੀ ਪਵਿੱਤਰ ਸ਼ਕਤੀ ਤੁਹਾਨੂੰ ਜ਼ਿੰਦਗੀ ਦਿੰਦੀ ਹੈ ਕਿਉਂਕਿ ਤੁਹਾਨੂੰ ਧਰਮੀ ਠਹਿਰਾਇਆ ਗਿਆ ਹੈ। 11 ਜੇ ਪਰਮੇਸ਼ੁਰ ਦੀ ਸ਼ਕਤੀ, ਜਿਸ ਨੇ ਮਸੀਹ ਯਿਸੂ ਨੂੰ ਦੁਬਾਰਾ ਜੀਉਂਦਾ ਕੀਤਾ ਸੀ, ਤੁਹਾਡੇ ਵਿਚ ਰਹਿੰਦੀ ਹੈ, ਤਾਂ ਪਰਮੇਸ਼ੁਰ ਆਪਣੀ ਸ਼ਕਤੀ ਤੁਹਾਡੇ ਮਰਨਹਾਰ ਸਰੀਰਾਂ ਨੂੰ ਦੁਬਾਰਾ ਜੀਉਂਦਾ ਕਰਨ ਲਈ ਵਰਤੇਗਾ।+

12 ਇਸ ਲਈ ਭਰਾਵੋ, ਅਸੀਂ ਸਰੀਰ ਅਨੁਸਾਰ ਜੀਉਣ ਅਤੇ ਇਸ ਦੀਆਂ ਇੱਛਾਵਾਂ ਪੂਰੀਆਂ ਕਰਨ ਲਈ ਮਜਬੂਰ ਨਹੀਂ ਹਾਂ+ 13 ਕਿਉਂਕਿ ਜੇ ਤੁਸੀਂ ਸਰੀਰ ਅਨੁਸਾਰ ਜੀਓਗੇ, ਤਾਂ ਤੁਸੀਂ ਜ਼ਰੂਰ ਮਰ ਜਾਓਗੇ; ਪਰ ਜੇ ਤੁਸੀਂ ਪਵਿੱਤਰ ਸ਼ਕਤੀ ਦੀ ਮਦਦ ਨਾਲ ਸਰੀਰ ਦੇ ਕੰਮਾਂ ਨੂੰ ਮਾਰ ਦਿਓਗੇ,+ ਤਾਂ ਤੁਸੀਂ ਜੀਓਗੇ।+ 14 ਜਿਹੜੇ ਇਨਸਾਨ ਪਰਮੇਸ਼ੁਰ ਦੀ ਸ਼ਕਤੀ ਦੀ ਅਗਵਾਈ ਵਿਚ ਚੱਲਦੇ ਹਨ, ਉਹ ਪਰਮੇਸ਼ੁਰ ਦੇ ਪੁੱਤਰ ਹਨ।+ 15 ਪਰਮੇਸ਼ੁਰ ਦੀ ਸ਼ਕਤੀ* ਸਾਨੂੰ ਦੁਬਾਰਾ ਗ਼ੁਲਾਮ ਅਤੇ ਡਰਪੋਕ ਨਹੀਂ ਬਣਾਉਂਦੀ, ਸਗੋਂ ਇਸ ਸ਼ਕਤੀ ਦੇ ਜ਼ਰੀਏ ਸਾਨੂੰ ਪੁੱਤਰਾਂ ਵਜੋਂ ਅਪਣਾਇਆ ਜਾਂਦਾ ਹੈ ਅਤੇ ਇਹ ਸ਼ਕਤੀ ਸਾਨੂੰ “ਅੱਬਾ,* ਹੇ ਪਿਤਾ!” ਪੁਕਾਰਨ ਲਈ ਪ੍ਰੇਰਦੀ ਹੈ।+ 16 ਪਵਿੱਤਰ ਸ਼ਕਤੀ ਸਾਡੇ ਮਨ ਨਾਲ ਮਿਲ ਕੇ ਇਹ ਗਵਾਹੀ ਦਿੰਦੀ ਹੈ+ ਕਿ ਅਸੀਂ ਪਰਮੇਸ਼ੁਰ ਦੇ ਬੱਚੇ ਹਾਂ।+ 17 ਇਸ ਲਈ ਜੇ ਅਸੀਂ ਪਰਮੇਸ਼ੁਰ ਦੇ ਬੱਚੇ ਹਾਂ, ਤਾਂ ਅਸੀਂ ਵਾਰਸ ਵੀ ਹਾਂ। ਹਾਂ, ਪਰਮੇਸ਼ੁਰ ਦੇ ਵਾਰਸ, ਪਰ ਮਸੀਹ ਨਾਲ ਸਾਂਝੇ ਵਾਰਸ,+ ਬਸ਼ਰਤੇ ਕਿ ਅਸੀਂ ਮਸੀਹ ਵਾਂਗ ਦੁੱਖ ਝੱਲੀਏ+ ਤਾਂਕਿ ਸਾਨੂੰ ਵੀ ਉਸ ਵਾਂਗ ਮਹਿਮਾ ਦਿੱਤੀ ਜਾਵੇ।+

18 ਇਸ ਕਰਕੇ ਮੈਂ ਮੰਨਦਾ ਹਾਂ ਕਿ ਸਾਡੇ ਹੁਣ ਦੇ ਦੁੱਖ ਉਸ ਮਹਿਮਾ ਦੇ ਮੁਕਾਬਲੇ ਕੁਝ ਵੀ ਨਹੀਂ ਹਨ ਜੋ ਸਾਡੇ ਰਾਹੀਂ ਪ੍ਰਗਟ ਕੀਤੀ ਜਾਵੇਗੀ।+ 19 ਸ੍ਰਿਸ਼ਟੀ ਬੜੀ ਬੇਸਬਰੀ ਨਾਲ ਉਸ ਸਮੇਂ ਦੀ ਉਡੀਕ ਕਰ ਰਹੀ ਹੈ ਜਦੋਂ ਪਰਮੇਸ਼ੁਰ ਦੇ ਪੁੱਤਰਾਂ ਦੀ ਮਹਿਮਾ ਪ੍ਰਗਟ ਕੀਤੀ ਜਾਵੇਗੀ।+ 20 ਸ੍ਰਿਸ਼ਟੀ ਨੂੰ ਵਿਅਰਥ ਜ਼ਿੰਦਗੀ ਜੀਉਣ ਲਈ ਛੱਡ ਦਿੱਤਾ ਗਿਆ ਸੀ,+ ਪਰ ਆਪਣੀ ਮਰਜ਼ੀ ਨਾਲ ਨਹੀਂ, ਸਗੋਂ ਪਰਮੇਸ਼ੁਰ ਦੀ ਮਰਜ਼ੀ ਨਾਲ, ਪਰ ਉਸ ਵੇਲੇ ਉਮੀਦ ਵੀ ਦਿੱਤੀ ਗਈ ਸੀ 21 ਕਿ ਸ੍ਰਿਸ਼ਟੀ ਵਿਨਾਸ਼ ਦੀ ਗ਼ੁਲਾਮੀ ਤੋਂ ਛੁੱਟ ਕੇ+ ਪਰਮੇਸ਼ੁਰ ਦੇ ਬੱਚਿਆਂ ਦੀ ਸ਼ਾਨਦਾਰ ਆਜ਼ਾਦੀ ਪਾਵੇਗੀ। 22 ਅਸੀਂ ਜਾਣਦੇ ਹਾਂ ਕਿ ਸਾਰੀ ਸ੍ਰਿਸ਼ਟੀ ਹੁਣ ਤਕ ਮਿਲ ਕੇ ਹਉਕੇ ਭਰ ਰਹੀ ਹੈ ਅਤੇ ਦੁੱਖ ਝੱਲ ਰਹੀ ਹੈ। 23 ਨਾਲੇ ਸਾਡੇ ਦਿਲ ਵੀ ਹਉਕੇ ਭਰਦੇ ਹਨ, ਭਾਵੇਂ ਸਾਨੂੰ ਪਹਿਲਾ ਫਲ ਯਾਨੀ ਪਵਿੱਤਰ ਸ਼ਕਤੀ ਮਿਲੀ ਹੈ।+ ਇਸ ਦੌਰਾਨ ਅਸੀਂ ਬੇਸਬਰੀ ਨਾਲ ਪਰਮੇਸ਼ੁਰ ਦੇ ਪੁੱਤਰਾਂ ਵਜੋਂ ਅਪਣਾਏ ਜਾਣ+ ਅਤੇ ਰਿਹਾਈ ਦੀ ਕੀਮਤ ਦੇ ਜ਼ਰੀਏ ਆਪਣੇ ਸਰੀਰਾਂ ਤੋਂ ਮੁਕਤੀ ਪਾਉਣ ਦੀ ਉਡੀਕ ਕਰਦੇ ਹਾਂ। 24 ਜਦੋਂ ਸਾਨੂੰ ਪਾਪ ਤੋਂ ਛੁਡਾਇਆ ਗਿਆ ਸੀ, ਤਾਂ ਉਦੋਂ ਸਾਨੂੰ ਇਹ ਉਮੀਦ ਮਿਲੀ ਸੀ। ਪਰ ਕੀ ਉਸ ਚੀਜ਼ ਦੀ ਉਮੀਦ ਕਰਨ ਦੀ ਲੋੜ ਹੁੰਦੀ ਹੈ ਜਿਹੜੀ ਚੀਜ਼ ਮਿਲ ਜਾਂਦੀ ਹੈ? 25 ਪਰ ਜੇ ਅਸੀਂ ਉਸ ਚੀਜ਼ ਦੀ ਉਮੀਦ ਰੱਖਦੇ ਹਾਂ ਜਿਹੜੀ ਸਾਨੂੰ ਅਜੇ ਨਹੀਂ ਮਿਲੀ ਹੈ,+ ਤਾਂ ਅਸੀਂ ਧੀਰਜ ਰੱਖਦੇ ਹੋਏ ਉਸ ਉਮੀਦ ਦੇ ਪੂਰਾ ਹੋਣ ਦੀ ਬੇਸਬਰੀ ਨਾਲ ਉਡੀਕ ਕਰਦੇ ਰਹਿੰਦੇ ਹਾਂ।+

26 ਇਸੇ ਤਰ੍ਹਾਂ ਜਦੋਂ ਅਸੀਂ ਕਮਜ਼ੋਰ ਹੁੰਦੇ ਹਾਂ, ਤਾਂ ਪਵਿੱਤਰ ਸ਼ਕਤੀ ਸਾਡੀ ਮਦਦ ਕਰਦੀ ਹੈ+ ਕਿਉਂਕਿ ਉਸ ਵੇਲੇ ਸਮੱਸਿਆ ਇਹ ਹੁੰਦੀ ਹੈ ਕਿ ਸਾਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਪ੍ਰਾਰਥਨਾ ਵਿਚ ਕੀ ਕਹੀਏ। ਅਜਿਹੇ ਸਮਿਆਂ ਵਿਚ ਸਾਡੇ ਕੋਲ ਆਪਣੇ ਹਉਕਿਆਂ ਨੂੰ ਬਿਆਨ ਕਰਨ ਲਈ ਸ਼ਬਦ ਨਹੀਂ ਹੁੰਦੇ, ਇਸ ਲਈ ਪਵਿੱਤਰ ਸ਼ਕਤੀ ਸਾਡੇ ਲਈ ਬੇਨਤੀ ਕਰਦੀ ਹੈ। 27 ਦਿਲਾਂ ਨੂੰ ਜਾਂਚਣ ਵਾਲੇ+ ਨੂੰ ਪਤਾ ਹੁੰਦਾ ਹੈ ਕਿ ਉਸ ਦੀ ਸ਼ਕਤੀ ਦੀ ਮਦਦ ਨਾਲ ਕੀ ਕਿਹਾ ਜਾ ਰਿਹਾ ਹੈ ਕਿਉਂਕਿ ਇਹ ਸ਼ਕਤੀ ਪਰਮੇਸ਼ੁਰ ਦੀ ਇੱਛਾ ਅਨੁਸਾਰ ਪਵਿੱਤਰ ਸੇਵਕਾਂ ਦੇ ਲਈ ਬੇਨਤੀ ਕਰਦੀ ਹੈ।

28 ਅਸੀਂ ਜਾਣਦੇ ਹਾਂ ਕਿ ਜਿਹੜੇ ਇਨਸਾਨ ਪਰਮੇਸ਼ੁਰ ਨਾਲ ਪਿਆਰ ਕਰਦੇ ਹਨ ਅਤੇ ਉਸ ਦੇ ਮਕਸਦ ਅਨੁਸਾਰ ਸੱਦੇ ਗਏ ਹਨ, ਉਨ੍ਹਾਂ ਦੇ ਭਲੇ ਲਈ ਪਰਮੇਸ਼ੁਰ ਆਪਣੇ ਸਾਰੇ ਕੰਮਾਂ ਵਿਚ ਤਾਲਮੇਲ ਰੱਖਦਾ ਹੈ।+ 29 ਕਿਉਂਕਿ ਜਿਨ੍ਹਾਂ ਵੱਲ ਉਸ ਨੇ ਪਹਿਲਾਂ ਧਿਆਨ ਦਿੱਤਾ ਸੀ, ਉਨ੍ਹਾਂ ਬਾਰੇ ਉਸ ਨੇ ਪਹਿਲਾਂ ਹੀ ਫ਼ੈਸਲਾ ਕੀਤਾ ਸੀ ਕਿ ਉਹ ਉਸ ਦੇ ਪੁੱਤਰ ਵਰਗੇ ਬਣਾਏ ਜਾਣ।+ ਇਸ ਤਰ੍ਹਾਂ ਉਸ ਦਾ ਪੁੱਤਰ ਆਪਣੇ ਬਹੁਤ ਸਾਰੇ ਭਰਾਵਾਂ ਵਿੱਚੋਂ ਜੇਠਾ ਹੋਵੇ।+ 30 ਇਸ ਤੋਂ ਇਲਾਵਾ, ਜਿਨ੍ਹਾਂ ਬਾਰੇ ਉਸ ਨੇ ਇਹ ਫ਼ੈਸਲਾ ਕੀਤਾ ਸੀ,+ ਉਸ ਨੇ ਉਨ੍ਹਾਂ ਨੂੰ ਸੱਦਿਆ ਵੀ। ਉਸ ਨੇ ਜਿਨ੍ਹਾਂ ਨੂੰ ਸੱਦਿਆ, ਉਨ੍ਹਾਂ ਨੂੰ ਧਰਮੀ ਵੀ ਠਹਿਰਾਇਆ।+ ਅਖ਼ੀਰ ਵਿਚ, ਜਿਨ੍ਹਾਂ ਨੂੰ ਉਸ ਨੇ ਧਰਮੀ ਠਹਿਰਾਇਆ,+ ਉਨ੍ਹਾਂ ਨੂੰ ਮਹਿਮਾ ਵੀ ਦਿੱਤੀ।+

31 ਫਿਰ ਅਸੀਂ ਇਨ੍ਹਾਂ ਗੱਲਾਂ ਬਾਰੇ ਕੀ ਕਹੀਏ? ਜੇ ਪਰਮੇਸ਼ੁਰ ਸਾਡੇ ਨਾਲ ਹੈ, ਤਾਂ ਕੌਣ ਸਾਡੇ ਖ਼ਿਲਾਫ਼ ਹੋਵੇਗਾ?+ 32 ਪਰਮੇਸ਼ੁਰ ਆਪਣੇ ਪੁੱਤਰ ਨੂੰ ਵੀ ਕੁਰਬਾਨ ਕਰਨ ਤੋਂ ਪਿੱਛੇ ਨਹੀਂ ਹਟਿਆ, ਸਗੋਂ ਉਸ ਨੂੰ ਸਾਡੇ ਸਾਰਿਆਂ ਲਈ ਵਾਰ ਦਿੱਤਾ।+ ਤਾਂ ਫਿਰ, ਕੀ ਉਹ ਅਤੇ ਉਸ ਦਾ ਪੁੱਤਰ ਖੁੱਲ੍ਹ-ਦਿਲੀ ਦਿਖਾਉਂਦੇ ਹੋਏ ਸਾਨੂੰ ਹੋਰ ਸਾਰੀਆਂ ਚੀਜ਼ਾਂ ਨਹੀਂ ਦੇਣਗੇ? 33 ਕੌਣ ਪਰਮੇਸ਼ੁਰ ਦੇ ਚੁਣੇ ਹੋਇਆਂ ਉੱਤੇ ਦੋਸ਼ ਲਾ ਸਕਦਾ ਹੈ?+ ਪਰਮੇਸ਼ੁਰ ਹੀ ਹੈ ਜਿਹੜਾ ਉਨ੍ਹਾਂ ਨੂੰ ਧਰਮੀ ਠਹਿਰਾਉਂਦਾ ਹੈ।+ 34 ਕੌਣ ਉਨ੍ਹਾਂ ਉੱਤੇ ਇਲਜ਼ਾਮ ਲਾ ਸਕਦਾ ਹੈ? ਕੋਈ ਵੀ ਨਹੀਂ ਕਿਉਂਕਿ ਮਸੀਹ ਯਿਸੂ ਹੀ ਹੈ ਜੋ ਮਰਿਆ ਸੀ ਅਤੇ ਉਸ ਨੂੰ ਮਰੇ ਹੋਇਆਂ ਵਿੱਚੋਂ ਦੁਬਾਰਾ ਜੀਉਂਦਾ ਕੀਤਾ ਗਿਆ ਸੀ ਅਤੇ ਉਹੀ ਪਰਮੇਸ਼ੁਰ ਦੇ ਸੱਜੇ ਪਾਸੇ ਹੈ+ ਅਤੇ ਉਹੀ ਸਾਡੇ ਵਾਸਤੇ ਬੇਨਤੀ ਕਰਦਾ ਹੈ।+

35 ਕਿਹੜੀ ਚੀਜ਼ ਮਸੀਹ ਨੂੰ ਸਾਡੇ ਨਾਲ ਪਿਆਰ ਕਰਨ ਤੋਂ ਰੋਕ ਸਕਦੀ ਹੈ?+ ਕੀ ਮੁਸੀਬਤਾਂ ਜਾਂ ਕਸ਼ਟ ਜਾਂ ਅਤਿਆਚਾਰ ਜਾਂ ਭੁੱਖ-ਨੰਗ ਜਾਂ ਖ਼ਤਰਾ ਜਾਂ ਤਲਵਾਰ?+ 36 ਜਿਵੇਂ ਧਰਮ-ਗ੍ਰੰਥ ਵਿਚ ਲਿਖਿਆ ਹੈ: “ਤੇਰੇ ਲੋਕ ਹੋਣ ਕਰਕੇ ਸਾਨੂੰ ਰੋਜ਼ ਮੌਤ ਦੇ ਘਾਟ ਉਤਾਰਿਆ ਜਾਂਦਾ ਹੈ; ਅਸੀਂ ਵੱਢੀਆਂ ਜਾਣ ਵਾਲੀਆਂ ਭੇਡਾਂ ਵਿਚ ਗਿਣੇ ਗਏ ਹਾਂ।”+ 37 ਪਰ ਜਿਹੜਾ ਸਾਨੂੰ ਪਿਆਰ ਕਰਦਾ ਹੈ, ਉਸ ਰਾਹੀਂ ਅਸੀਂ ਇਨ੍ਹਾਂ ਸਾਰੇ ਦੁੱਖਾਂ ਉੱਤੇ ਪੂਰੀ ਤਰ੍ਹਾਂ ਫਤਹਿ ਪਾਉਂਦੇ ਹਾਂ।+ 38 ਮੈਨੂੰ ਪੱਕਾ ਭਰੋਸਾ ਹੈ ਕਿ ਨਾ ਮੌਤ, ਨਾ ਜ਼ਿੰਦਗੀ, ਨਾ ਦੂਤ, ਨਾ ਸਰਕਾਰਾਂ, ਨਾ ਹੁਣ ਦੀਆਂ ਚੀਜ਼ਾਂ, ਨਾ ਆਉਣ ਵਾਲੀਆਂ ਚੀਜ਼ਾਂ, ਨਾ ਤਾਕਤਾਂ,+ 39 ਨਾ ਉਚਾਈ, ਨਾ ਡੂੰਘਾਈ, ਨਾ ਕੋਈ ਹੋਰ ਸ੍ਰਿਸ਼ਟੀ ਪਰਮੇਸ਼ੁਰ ਨੂੰ ਸਾਡੇ ਨਾਲ ਪਿਆਰ ਕਰਨ ਤੋਂ ਰੋਕ ਸਕਦੀ ਹੈ ਜੋ ਪਿਆਰ ਉਹ ਸਾਡੇ ਪ੍ਰਭੂ ਯਿਸੂ ਮਸੀਹ ਰਾਹੀਂ ਕਰਦਾ ਹੈ।

9 ਮਸੀਹ ਦਾ ਚੇਲਾ ਹੋਣ ਕਰਕੇ ਮੈਂ ਸੱਚ ਬੋਲ ਰਿਹਾ ਹਾਂ; ਮੈਂ ਝੂਠ ਨਹੀਂ ਬੋਲ ਰਿਹਾ ਤੇ ਪਵਿੱਤਰ ਸ਼ਕਤੀ ਦੇ ਜ਼ਰੀਏ ਮੇਰੀ ਜ਼ਮੀਰ ਵੀ ਗਵਾਹੀ ਦਿੰਦੀ ਹੈ 2 ਕਿ ਮੈਂ ਬਹੁਤ ਦੁਖੀ ਹਾਂ ਅਤੇ ਮੇਰਾ ਦਿਲ ਗਮ ਨਾਲ ਭਰਿਆ ਹੋਇਆ ਹੈ। 3 ਕਾਸ਼! ਮੈਂ ਆਪਣੇ ਭਰਾਵਾਂ ਯਾਨੀ ਆਪਣੀ ਕੌਮ ਦੇ ਲੋਕਾਂ ਦੀ ਥਾਂ ਸਰਾਪਿਆ ਹੋਇਆ ਹੋਣ ਕਰਕੇ ਮਸੀਹ ਤੋਂ ਦੂਰ ਹੋ ਗਿਆ ਹੁੰਦਾ! 4 ਪਰਮੇਸ਼ੁਰ ਨੇ ਮੇਰੀ ਕੌਮ ਦੇ ਲੋਕਾਂ ਯਾਨੀ ਇਜ਼ਰਾਈਲੀਆਂ ਨੂੰ ਹੀ ਪੁੱਤਰਾਂ ਵਜੋਂ ਅਪਣਾਇਆ ਸੀ,+ ਉਨ੍ਹਾਂ ਨੂੰ ਮਹਿਮਾ ਦਿੱਤੀ ਗਈ ਸੀ, ਉਨ੍ਹਾਂ ਨਾਲ ਇਕਰਾਰ ਕੀਤੇ ਗਏ ਸਨ,+ ਉਨ੍ਹਾਂ ਨੂੰ ਕਾਨੂੰਨ ਦਿੱਤਾ ਗਿਆ ਸੀ,+ ਉਨ੍ਹਾਂ ਨੂੰ ਪਵਿੱਤਰ ਸੇਵਾ ਦਾ ਸਨਮਾਨ ਬਖ਼ਸ਼ਿਆ ਗਿਆ ਸੀ+ ਅਤੇ ਉਨ੍ਹਾਂ ਨਾਲ ਵਾਅਦੇ ਕੀਤੇ ਗਏ ਸਨ।+ 5 ਉਹ ਪੂਰਵਜਾਂ ਦੀ ਔਲਾਦ ਹਨ+ ਅਤੇ ਉਨ੍ਹਾਂ ਦੀ ਪੀੜ੍ਹੀ ਵਿਚ ਮਸੀਹ ਪੈਦਾ ਹੋਇਆ।+ ਪਰਮੇਸ਼ੁਰ ਦੀ ਮਹਿਮਾ ਹਮੇਸ਼ਾ ਹੁੰਦੀ ਰਹੇ ਜੋ ਸਾਰਿਆਂ ਉੱਤੇ ਰਾਜ ਕਰਦਾ ਹੈ। ਆਮੀਨ।

6 ਪਰ ਇਸ ਤਰ੍ਹਾਂ ਨਹੀਂ ਹੈ ਕਿ ਪਰਮੇਸ਼ੁਰ ਦਾ ਬਚਨ ਪੂਰਾ ਨਹੀਂ ਹੋਇਆ ਹੈ। ਜਿੰਨੇ ਵੀ ਇਜ਼ਰਾਈਲ ਤੋਂ ਪੈਦਾ ਹੋਏ ਹਨ, ਉਨ੍ਹਾਂ ਵਿੱਚੋਂ ਸਾਰੇ ਸੱਚ-ਮੁੱਚ ਇਜ਼ਰਾਈਲੀ ਨਹੀਂ ਹਨ।+ 7 ਭਾਵੇਂ ਉਹ ਅਬਰਾਹਾਮ ਦੀ ਔਲਾਦ ਹਨ, ਪਰ ਅਸਲ ਵਿਚ ਉਨ੍ਹਾਂ ਵਿੱਚੋਂ ਸਾਰੇ ਅਬਰਾਹਾਮ ਦੀ ਸੰਤਾਨ* ਨਹੀਂ ਹਨ,+ ਪਰ ਇਹ ਲਿਖਿਆ ਹੈ: “ਜਿਹੜੇ ਲੋਕ ਤੇਰੀ ਸੰਤਾਨ* ਕਹਾਏ ਜਾਣਗੇ, ਉਹ ਇਸਹਾਕ ਰਾਹੀਂ ਪੈਦਾ ਹੋਣਗੇ।”+ 8 ਇਸ ਦਾ ਮਤਲਬ ਹੈ ਕਿ ਅਬਰਾਹਾਮ ਦੀ ਪੀੜ੍ਹੀ ਵਿੱਚੋਂ ਪੈਦਾ ਹੋਏ ਲੋਕ ਅਸਲ ਵਿਚ ਪਰਮੇਸ਼ੁਰ ਦੇ ਬੱਚੇ ਨਹੀਂ ਹਨ,+ ਸਗੋਂ ਪਰਮੇਸ਼ੁਰ ਦੇ ਵਾਅਦੇ ਅਨੁਸਾਰ ਪੈਦਾ ਹੋਏ ਬੱਚੇ ਹੀ ਅਬਰਾਹਾਮ ਦੀ ਸੰਤਾਨ* ਮੰਨੇ ਜਾਂਦੇ ਹਨ।+ 9 ਉਸ ਨਾਲ ਇਹ ਵਾਅਦਾ ਕੀਤਾ ਗਿਆ ਸੀ: “ਮੈਂ ਅਗਲੇ ਸਾਲ ਇਸੇ ਸਮੇਂ ਆਵਾਂਗਾ ਅਤੇ ਸਾਰਾਹ ਦੇ ਇਕ ਮੁੰਡਾ ਹੋਵੇਗਾ।”+ 10 ਪਰ ਇਹ ਵਾਅਦਾ ਸਿਰਫ਼ ਉਦੋਂ ਹੀ ਨਹੀਂ, ਸਗੋਂ ਉਸ ਵੇਲੇ ਵੀ ਕੀਤਾ ਗਿਆ ਜਦੋਂ ਸਾਡੇ ਪੂਰਵਜ ਇਸਹਾਕ ਦੇ ਜੌੜੇ ਮੁੰਡੇ ਰਿਬਕਾਹ ਦੀ ਕੁੱਖ ਵਿਚ ਸਨ।+ 11 ਜਦੋਂ ਜੌੜੇ ਮੁੰਡੇ ਅਜੇ ਪੈਦਾ ਵੀ ਨਹੀਂ ਹੋਏ ਸਨ ਅਤੇ ਉਨ੍ਹਾਂ ਨੇ ਅਜੇ ਕੋਈ ਚੰਗਾ ਜਾਂ ਬੁਰਾ ਕੰਮ ਨਹੀਂ ਕੀਤਾ ਸੀ, ਉਦੋਂ ਪਰਮੇਸ਼ੁਰ ਨੇ ਇਹ ਦਿਖਾਇਆ ਕਿ ਉਹ ਆਪਣੇ ਮਕਸਦ ਮੁਤਾਬਕ ਕਿਸੇ ਨੂੰ ਉਸ ਦੇ ਕੰਮਾਂ ਦੇ ਆਧਾਰ ʼਤੇ ਨਹੀਂ ਚੁਣਦਾ, ਸਗੋਂ ਜਿਸ ਨੂੰ ਚਾਹੇ ਉਸ ਨੂੰ ਚੁਣਦਾ ਹੈ। 12 ਇਸ ਸੰਬੰਧ ਵਿਚ ਪਰਮੇਸ਼ੁਰ ਨੇ ਰਿਬਕਾਹ ਨੂੰ ਕਿਹਾ ਸੀ: “ਵੱਡਾ ਛੋਟੇ ਦੀ ਗ਼ੁਲਾਮੀ ਕਰੇਗਾ।”+ 13 ਠੀਕ ਜਿਵੇਂ ਲਿਖਿਆ ਹੈ: “ਮੈਂ ਯਾਕੂਬ ਨਾਲ ਪਿਆਰ ਕੀਤਾ, ਪਰ ਏਸਾਓ ਨਾਲ ਨਫ਼ਰਤ।”+

14 ਤਾਂ ਫਿਰ, ਅਸੀਂ ਕੀ ਕਹੀਏ? ਕੀ ਪਰਮੇਸ਼ੁਰ ਅਨਿਆਂ ਕਰਦਾ ਹੈ? ਬਿਲਕੁਲ ਨਹੀਂ!+ 15 ਕਿਉਂਕਿ ਉਸ ਨੇ ਮੂਸਾ ਨੂੰ ਕਿਹਾ ਸੀ: “ਮੈਂ ਜਿਸ ਉੱਤੇ ਦਇਆ ਕਰਨੀ ਚਾਹਾਂ, ਉਸ ਉੱਤੇ ਦਇਆ ਕਰਾਂਗਾ ਅਤੇ ਮੈਂ ਜਿਸ ਉੱਤੇ ਰਹਿਮ ਕਰਨਾ ਚਾਹਾਂ, ਉਸ ਉੱਤੇ ਰਹਿਮ ਕਰਾਂਗਾ।”+ 16 ਇਸ ਲਈ ਕਿਸੇ ਦਾ ਚੁਣਿਆ ਜਾਣਾ ਉਸ ਦੀ ਇੱਛਾ ਜਾਂ ਮਿਹਨਤ* ਉੱਤੇ ਨਿਰਭਰ ਨਹੀਂ ਕਰਦਾ, ਸਗੋਂ ਦਇਆ ਕਰਨ ਵਾਲੇ ਪਰਮੇਸ਼ੁਰ ਉੱਤੇ ਨਿਰਭਰ ਕਰਦਾ ਹੈ।+ 17 ਧਰਮ-ਗ੍ਰੰਥ ਵਿਚ ਪਰਮੇਸ਼ੁਰ ਨੇ ਫ਼ਿਰਊਨ ਨੂੰ ਕਿਹਾ ਸੀ: “ਮੈਂ ਤੈਨੂੰ ਇਸ ਕਰਕੇ ਅਜੇ ਤਕ ਜੀਉਂਦਾ ਰੱਖਿਆ ਤਾਂਕਿ ਮੈਂ ਤੇਰੇ ਮਾਮਲੇ ਵਿਚ ਆਪਣੀ ਤਾਕਤ ਦਿਖਾਵਾਂ ਅਤੇ ਪੂਰੀ ਧਰਤੀ ਉੱਤੇ ਮੇਰੇ ਨਾਂ ਬਾਰੇ ਲੋਕਾਂ ਨੂੰ ਪਤਾ ਲੱਗੇ।”+ 18 ਇਸ ਲਈ ਉਹ ਜਿਸ ਉੱਤੇ ਚਾਹੇ, ਦਇਆ ਕਰਦਾ ਹੈ, ਪਰ ਜਿਸ ਨੂੰ ਚਾਹੇ, ਉਸ ਨੂੰ ਢੀਠ ਹੋਣ ਦਿੰਦਾ ਹੈ।+

19 ਇਸ ਲਈ ਹੁਣ ਤੁਸੀਂ ਮੈਨੂੰ ਪੁੱਛੋਗੇ: “ਜਦ ਕੋਈ ਵੀ ਪਰਮੇਸ਼ੁਰ ਦੀ ਇੱਛਾ ਦੇ ਖ਼ਿਲਾਫ਼ ਨਹੀਂ ਜਾ ਸਕਦਾ, ਤਾਂ ਫਿਰ ਪਰਮੇਸ਼ੁਰ ਇਨਸਾਨਾਂ ਉੱਤੇ ਦੋਸ਼ ਕਿਉਂ ਲਾਉਂਦਾ ਹੈ?” 20 ਪਰ ਹੇ ਮਾਮੂਲੀ ਬੰਦਿਆ, ਤੂੰ ਕੌਣ ਹੁੰਦਾ ਪਰਮੇਸ਼ੁਰ ਤੋਂ ਪੁੱਛਣ ਵਾਲਾ?+ ਕੀ ਕੋਈ ਚੀਜ਼ ਆਪਣੇ ਬਣਾਉਣ ਵਾਲੇ ਨੂੰ ਕਹੇਗੀ, “ਤੂੰ ਮੈਨੂੰ ਇਸ ਤਰ੍ਹਾਂ ਦਾ ਕਿਉਂ ਬਣਾਇਆ?”+ 21 ਕੀ ਘੁਮਿਆਰ ਨੂੰ ਇਹ ਅਧਿਕਾਰ ਨਹੀਂ+ ਕਿ ਉਹ ਮਿੱਟੀ ਦੇ ਇੱਕੋ ਢੇਰ ਤੋਂ ਇਕ ਭਾਂਡਾ ਆਦਰ ਦੇ ਕੰਮ ਲਈ ਤੇ ਦੂਜਾ ਭਾਂਡਾ ਨਿਰਾਦਰ ਦੇ ਕੰਮ ਲਈ ਬਣਾਵੇ? 22 ਭਾਵੇਂ ਪਰਮੇਸ਼ੁਰ ਦੁਸ਼ਟ ਲੋਕਾਂ ਉੱਤੇ ਆਪਣਾ ਕ੍ਰੋਧ ਵਰ੍ਹਾਉਣਾ ਚਾਹੁੰਦਾ ਸੀ ਅਤੇ ਉਨ੍ਹਾਂ ਨੂੰ ਆਪਣੀ ਤਾਕਤ ਦਿਖਾਉਣੀ ਚਾਹੁੰਦਾ ਸੀ, ਪਰ ਉਸ ਨੇ ਉਨ੍ਹਾਂ ਨੂੰ ਬਹੁਤ ਧੀਰਜ ਨਾਲ ਬਰਦਾਸ਼ਤ ਕੀਤਾ। ਉਹ ਲੋਕ ਉਨ੍ਹਾਂ ਭਾਂਡਿਆਂ ਵਰਗੇ ਹਨ ਜਿਨ੍ਹਾਂ ਉੱਤੇ ਉਸ ਦਾ ਕ੍ਰੋਧ ਭੜਕੇਗਾ ਅਤੇ ਜਿਹੜੇ ਨਾਸ਼ ਹੋਣ ਦੇ ਲਾਇਕ ਹਨ। ਜੇ ਪਰਮੇਸ਼ੁਰ ਨੇ ਇਸ ਤਰ੍ਹਾਂ ਕੀਤਾ, ਤਾਂ ਤੈਨੂੰ ਕੀ? 23 ਉਸ ਨੇ ਇਹ ਇਸ ਲਈ ਕੀਤਾ ਤਾਂਕਿ ਜਿਹੜੇ ਲੋਕ ਉਨ੍ਹਾਂ ਭਾਂਡਿਆਂ ਵਰਗੇ ਹਨ ਜੋ ਦਇਆ ਦੇ ਲਾਇਕ ਹਨ,+ ਉਹ ਉਨ੍ਹਾਂ ਉੱਤੇ ਆਪਣੀ ਅਪਾਰ ਮਹਿਮਾ ਪ੍ਰਗਟ ਕਰੇ ਜਿਨ੍ਹਾਂ ਨੂੰ ਉਸ ਨੇ ਮਹਿਮਾ ਪਾਉਣ ਲਈ ਪਹਿਲਾਂ ਤੋਂ ਤਿਆਰ ਕੀਤਾ ਸੀ 24 ਯਾਨੀ ਸਾਨੂੰ, ਜਿਨ੍ਹਾਂ ਨੂੰ ਉਸ ਨੇ ਨਾ ਸਿਰਫ਼ ਯਹੂਦੀਆਂ ਵਿੱਚੋਂ, ਸਗੋਂ ਹੋਰ ਕੌਮਾਂ ਵਿੱਚੋਂ ਵੀ ਸੱਦਿਆ ਸੀ।+ 25 ਇਸ ਬਾਰੇ ਉਸ ਨੇ ਹੋਸ਼ੇਆ ਨਬੀ ਦੀ ਕਿਤਾਬ ਵਿਚ ਕਿਹਾ ਸੀ: “ਜਿਹੜੇ ਮੇਰੇ ਲੋਕ ਨਹੀਂ ਹਨ,+ ਮੈਂ ਉਨ੍ਹਾਂ ਨੂੰ ‘ਆਪਣੇ ਲੋਕ’ ਸੱਦਾਂਗਾ ਅਤੇ ਜਿਸ ਤੀਵੀਂ ਨੂੰ ਮੈਂ ਪਿਆਰ ਨਹੀਂ ਕੀਤਾ, ਉਸ ਨੂੰ ਆਪਣੀ ‘ਪਿਆਰੀ’ ਸੱਦਾਂਗਾ;+ 26 ਅਤੇ ਉਸ ਜਗ੍ਹਾ ਜਿੱਥੇ ਮੈਂ ਉਨ੍ਹਾਂ ਨੂੰ ਕਿਹਾ ਸੀ, ‘ਤੁਸੀਂ ਮੇਰੇ ਲੋਕ ਨਹੀਂ ਹੋ,’ ਉੱਥੇ ਉਹ ‘ਜੀਉਂਦੇ ਪਰਮੇਸ਼ੁਰ ਦੇ ਪੁੱਤਰ’ ਕਹਾਏ ਜਾਣਗੇ।”+

27 ਇਸ ਤੋਂ ਇਲਾਵਾ, ਯਸਾਯਾਹ ਨਬੀ ਨੇ ਇਜ਼ਰਾਈਲ ਬਾਰੇ ਐਲਾਨ ਕੀਤਾ ਸੀ: “ਭਾਵੇਂ ਇਜ਼ਰਾਈਲ ਦੇ ਪੁੱਤਰਾਂ ਦੀ ਗਿਣਤੀ ਸਮੁੰਦਰ ਦੀ ਰੇਤ ਜਿੰਨੀ ਹੈ, ਪਰ ਉਨ੍ਹਾਂ ਵਿੱਚੋਂ ਥੋੜ੍ਹੇ ਹੀ ਬਚਾਏ ਜਾਣਗੇ।+ 28 ਕਿਉਂਕਿ ਯਹੋਵਾਹ* ਧਰਤੀ ਉੱਤੇ ਰਹਿਣ ਵਾਲੇ ਲੋਕਾਂ ਤੋਂ ਲੇਖਾ ਲਵੇਗਾ ਅਤੇ ਉਹ ਇਹ ਕੰਮ ਫਟਾਫਟ ਪੂਰਾ ਕਰੇਗਾ।”+ 29 ਯਸਾਯਾਹ ਨਬੀ ਨੇ ਇਹ ਵੀ ਭਵਿੱਖਬਾਣੀ ਕੀਤੀ ਸੀ: “ਜੇ ਸੈਨਾਵਾਂ ਦਾ ਯਹੋਵਾਹ* ਸਾਡੇ ਲਈ ਸੰਤਾਨ* ਨਾ ਛੱਡਦਾ, ਤਾਂ ਅਸੀਂ ਸਦੂਮ ਵਰਗੇ ਹੋ ਗਏ ਹੁੰਦੇ ਅਤੇ ਸਾਡਾ ਹਾਲ ਗਮੋਰਾ ਵਰਗਾ ਹੋ ਗਿਆ ਹੁੰਦਾ।”+

30 ਤਾਂ ਫਿਰ, ਅਸੀਂ ਕੀ ਕਹੀਏ? ਇਹੀ ਕਿ ਭਾਵੇਂ ਹੋਰ ਕੌਮਾਂ ਦੇ ਲੋਕ ਧਰਮੀ ਬਣਨ ਦੀ ਕੋਸ਼ਿਸ਼ ਨਹੀਂ ਕਰ ਰਹੇ,+ ਫਿਰ ਵੀ ਉਨ੍ਹਾਂ ਨੂੰ ਉਨ੍ਹਾਂ ਦੀ ਨਿਹਚਾ ਕਰਕੇ ਧਰਮੀ ਠਹਿਰਾਇਆ ਗਿਆ ਹੈ;+ 31 ਜਦ ਕਿ ਇਜ਼ਰਾਈਲੀਆਂ ਨੇ ਕਾਨੂੰਨ ਦੀ ਪਾਲਣਾ ਕਰ ਕੇ ਧਰਮੀ ਠਹਿਰਾਏ ਜਾਣ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਨੂੰ ਧਰਮੀ ਨਹੀਂ ਠਹਿਰਾਇਆ ਗਿਆ। 32 ਕਿਉਂ? ਕਿਉਂਕਿ ਉਨ੍ਹਾਂ ਨੇ ਨਿਹਚਾ ਰਾਹੀਂ ਨਹੀਂ, ਸਗੋਂ ਕੰਮਾਂ ਰਾਹੀਂ ਧਰਮੀ ਠਹਿਰਾਏ ਜਾਣ ਦੀ ਕੋਸ਼ਿਸ਼ ਕੀਤੀ। ਉਹ ‘ਠੋਕਰ ਦੇ ਪੱਥਰ’ ਨਾਲ ਠੇਡਾ ਖਾ ਕੇ ਡਿਗ ਪਏ;+ 33 ਠੀਕ ਜਿਵੇਂ ਲਿਖਿਆ ਹੈ: “ਦੇਖੋ! ਮੈਂ ਸੀਓਨ ਵਿਚ ਠੋਕਰ ਦਾ ਪੱਥਰ+ ਅਤੇ ਰੁਕਾਵਟ ਪਾਉਣ ਵਾਲੀ ਚਟਾਨ ਰੱਖ ਰਿਹਾ ਹਾਂ, ਪਰ ਉਸ ਉੱਤੇ ਨਿਹਚਾ ਕਰਨ ਵਾਲੇ ਕਦੇ ਨਿਰਾਸ਼ ਨਹੀਂ ਹੋਣਗੇ।”+

10 ਭਰਾਵੋ, ਇਜ਼ਰਾਈਲੀਆਂ ਲਈ ਮੇਰੀ ਇਹੀ ਦਿਲੀ ਇੱਛਾ ਹੈ ਅਤੇ ਪਰਮੇਸ਼ੁਰ ਅੱਗੇ ਮੇਰੀ ਇਹੀ ਬੇਨਤੀ ਹੈ ਕਿ ਉਹ ਬਚਾਏ ਜਾਣ।+ 2 ਮੈਂ ਉਨ੍ਹਾਂ ਬਾਰੇ ਗਵਾਹੀ ਦਿੰਦਾ ਹਾਂ ਕਿ ਉਨ੍ਹਾਂ ਵਿਚ ਪਰਮੇਸ਼ੁਰ ਦੀ ਭਗਤੀ ਲਈ ਜੋਸ਼ ਤਾਂ ਹੈ, ਪਰ ਇਹ ਜੋਸ਼ ਸਹੀ ਗਿਆਨ ਦੇ ਮੁਤਾਬਕ ਨਹੀਂ ਹੈ।+ 3 ਉਹ ਇਹ ਗੱਲ ਨਹੀਂ ਸਮਝਦੇ ਕਿ ਪਰਮੇਸ਼ੁਰ ਕਿਸ ਆਧਾਰ ʼਤੇ ਕਿਸੇ ਇਨਸਾਨ ਨੂੰ ਧਰਮੀ ਠਹਿਰਾਉਂਦਾ ਹੈ।+ ਉਹ ਆਪਣੇ ਹੀ ਤਰੀਕੇ ਨਾਲ ਆਪਣੇ ਆਪ ਨੂੰ ਧਰਮੀ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਹਨ+ ਜਿਸ ਕਰਕੇ ਉਹ ਪਰਮੇਸ਼ੁਰ ਦੇ ਧਰਮੀ ਮਿਆਰਾਂ ਮੁਤਾਬਕ ਨਹੀਂ ਚੱਲਦੇ।+ 4 ਅਸਲ ਵਿਚ ਮਸੀਹ ਦੀ ਮੌਤ ਨਾਲ ਮੂਸਾ ਦਾ ਕਾਨੂੰਨ ਖ਼ਤਮ ਹੋ ਗਿਆ ਸੀ+ ਤਾਂਕਿ ਨਿਹਚਾ ਕਰਨ ਵਾਲੇ ਇਨਸਾਨਾਂ ਨੂੰ ਧਰਮੀ ਠਹਿਰਾਇਆ ਜਾਵੇ।+

5 ਕਾਨੂੰਨ ਮੁਤਾਬਕ ਸਹੀ ਕੰਮ ਕਰਨ ਵਾਲੇ ਇਨਸਾਨ ਬਾਰੇ ਮੂਸਾ ਨੇ ਕਿਹਾ: “ਜਿਹੜਾ ਇਨ੍ਹਾਂ ਉੱਤੇ ਚੱਲਦਾ ਹੈ, ਉਹ ਇਨ੍ਹਾਂ ਕਰਕੇ ਜੀਉਂਦਾ ਰਹੇਗਾ।”+ 6 ਪਰ ਧਰਮ-ਗ੍ਰੰਥ ਵਿਚ ਇਹ ਵੀ ਕਿਹਾ ਗਿਆ ਸੀ ਕਿ ਇਨਸਾਨ ਨੂੰ ਨਿਹਚਾ ਸਦਕਾ ਧਰਮੀ ਠਹਿਰਾਇਆ ਜਾ ਸਕਦਾ ਹੈ। ਇਸ ਵਿਚ ਲਿਖਿਆ ਹੈ: “ਤੂੰ ਆਪਣੇ ਦਿਲ ਵਿਚ ਇਹ ਨਾ ਕਹਿ,+ ‘ਕੌਣ ਉੱਪਰ ਸਵਰਗ ਨੂੰ ਜਾਵੇਗਾ?’+ ਇਸ ਦਾ ਮਤਲਬ ਹੈ ਕਿ ਮਸੀਹ ਨੂੰ ਥੱਲੇ ਲਿਆਉਣ ਲਈ ਸਵਰਗ ਨੂੰ ਕੌਣ ਜਾਵੇਗਾ। 7 ਜਾਂ ‘ਕੌਣ ਥੱਲੇ ਅਥਾਹ ਕੁੰਡ ਵਿਚ ਜਾਵੇਗਾ?’+ ਇਸ ਦਾ ਮਤਲਬ ਹੈ ਕਿ ਮਸੀਹ ਨੂੰ ਮਰੇ ਹੋਇਆਂ ਵਿੱਚੋਂ ਉੱਪਰ ਲਿਆਉਣ ਲਈ ਕੌਣ ਅਥਾਹ ਕੁੰਡ ਵਿਚ ਜਾਵੇਗਾ।” 8 ਪਰ ਧਰਮ-ਗ੍ਰੰਥ ਕੀ ਕਹਿੰਦਾ ਹੈ? ਇਹੀ ਕਿ “ਸੰਦੇਸ਼ ਤੁਹਾਡੇ ਨੇੜੇ ਹੈ, ਤੁਹਾਡੇ ਮੂੰਹ ਅਤੇ ਤੁਹਾਡੇ ਦਿਲ ਵਿਚ ਹੈ”+ ਯਾਨੀ ਨਿਹਚਾ ਦਾ “ਸੰਦੇਸ਼” ਜਿਸ ਦਾ ਅਸੀਂ ਪ੍ਰਚਾਰ ਕਰਦੇ ਹਾਂ। 9 ਜੇ ਤੁਸੀਂ ਆਪਣੇ ਮੂੰਹੋਂ ਸਾਰਿਆਂ ਸਾਮ੍ਹਣੇ ਐਲਾਨ ਕਰਦੇ ਹੋ ਕਿ ਯਿਸੂ ਹੀ ਪ੍ਰਭੂ ਹੈ+ ਅਤੇ ਦਿਲੋਂ ਨਿਹਚਾ ਕਰਦੇ ਹੋ ਕਿ ਪਰਮੇਸ਼ੁਰ ਨੇ ਉਸ ਨੂੰ ਮਰੇ ਹੋਇਆਂ ਵਿੱਚੋਂ ਜੀਉਂਦਾ ਕੀਤਾ ਸੀ, ਤਾਂ ਤੁਸੀਂ ਬਚਾਏ ਜਾਓਗੇ। 10 ਧਰਮੀ ਠਹਿਰਾਏ ਜਾਣ ਲਈ ਦਿਲੋਂ ਨਿਹਚਾ ਕਰਨੀ ਜ਼ਰੂਰੀ ਹੈ, ਪਰ ਮੁਕਤੀ ਪਾਉਣ ਲਈ ਆਪਣੇ ਮੂੰਹੋਂ ਉਸ ਨਿਹਚਾ ਦਾ ਸਾਰਿਆਂ ਸਾਮ੍ਹਣੇ ਐਲਾਨ ਕਰਨਾ ਜ਼ਰੂਰੀ ਹੈ।+

11 ਧਰਮ-ਗ੍ਰੰਥ ਕਹਿੰਦਾ ਹੈ: “ਉਸ ਉੱਤੇ ਨਿਹਚਾ ਕਰਨ ਵਾਲੇ ਕਦੇ ਨਿਰਾਸ਼ ਨਹੀਂ ਹੋਣਗੇ।”+ 12 ਯਹੂਦੀ ਅਤੇ ਯੂਨਾਨੀ* ਲੋਕਾਂ ਵਿਚ ਪੱਖਪਾਤ ਨਹੀਂ ਕੀਤਾ ਜਾਂਦਾ+ ਕਿਉਂਕਿ ਸਾਰਿਆਂ ਦਾ ਇੱਕੋ ਪ੍ਰਭੂ ਹੈ ਅਤੇ ਉਹ ਉਨ੍ਹਾਂ ਸਾਰਿਆਂ ਨੂੰ ਦਿਲ ਖੋਲ੍ਹ ਕੇ ਬਰਕਤਾਂ ਦਿੰਦਾ ਹੈ ਜਿਹੜੇ ਉਸ ਨੂੰ ਪੁਕਾਰਦੇ ਹਨ। 13 ਕਿਉਂਕਿ “ਹਰ ਕੋਈ ਜਿਹੜਾ ਯਹੋਵਾਹ* ਦਾ ਨਾਂ ਲੈਂਦਾ ਹੈ, ਬਚਾਇਆ ਜਾਵੇਗਾ।”+ 14 ਪਰ ਉਹ ਉਸ ਨੂੰ ਕਿਵੇਂ ਪੁਕਾਰਨਗੇ ਜਿਸ ਉੱਤੇ ਉਨ੍ਹਾਂ ਨੇ ਨਿਹਚਾ ਕੀਤੀ ਹੀ ਨਹੀਂ? ਅਤੇ ਉਹ ਉਸ ਉੱਤੇ ਨਿਹਚਾ ਕਿਵੇਂ ਕਰਨਗੇ ਜਿਸ ਬਾਰੇ ਉਨ੍ਹਾਂ ਨੇ ਕਦੇ ਸੁਣਿਆ ਹੀ ਨਹੀਂ? ਅਤੇ ਉਹ ਉਸ ਬਾਰੇ ਕਿਵੇਂ ਸੁਣਨਗੇ ਜਦ ਤਕ ਕੋਈ ਉਨ੍ਹਾਂ ਨੂੰ ਪ੍ਰਚਾਰ ਨਾ ਕਰੇ? 15 ਅਤੇ ਉਹ ਪ੍ਰਚਾਰ ਕਿਵੇਂ ਕਰਨਗੇ ਜਦ ਤਕ ਉਨ੍ਹਾਂ ਨੂੰ ਘੱਲਿਆ ਨਾ ਜਾਵੇ?+ ਠੀਕ ਜਿਵੇਂ ਲਿਖਿਆ ਹੈ: “ਉਨ੍ਹਾਂ ਲੋਕਾਂ ਦੇ ਪੈਰ ਕਿੰਨੇ ਸੋਹਣੇ ਲੱਗਦੇ ਹਨ ਜੋ ਚੰਗੀਆਂ ਗੱਲਾਂ ਦੀ ਖ਼ੁਸ਼ ਖ਼ਬਰੀ ਸੁਣਾਉਂਦੇ ਹਨ!”+

16 ਪਰ ਇਜ਼ਰਾਈਲੀ ਖ਼ੁਸ਼ ਖ਼ਬਰੀ ਮੁਤਾਬਕ ਨਹੀਂ ਚੱਲੇ। ਯਸਾਯਾਹ ਨਬੀ ਨੇ ਕਿਹਾ ਸੀ: “ਯਹੋਵਾਹ,* ਸਾਡੇ ਤੋਂ ਸੁਣੀ ਗੱਲ* ਉੱਤੇ ਕਿਸ ਨੇ ਨਿਹਚਾ ਕੀਤੀ ਹੈ?”+ 17 ਇਸ ਲਈ, ਨਿਹਚਾ ਸੰਦੇਸ਼ ਸੁਣਨ ਨਾਲ ਪੈਦਾ ਹੁੰਦੀ ਹੈ+ ਅਤੇ ਸੰਦੇਸ਼ ਉਦੋਂ ਸੁਣਿਆ ਜਾਂਦਾ ਹੈ ਜਦੋਂ ਕੋਈ ਮਸੀਹ ਦਾ ਪ੍ਰਚਾਰ ਕਰਦਾ ਹੈ। 18 ਤਾਂ ਫਿਰ, ਮੈਨੂੰ ਦੱਸੋ, ਕੀ ਇਜ਼ਰਾਈਲੀਆਂ ਨੂੰ ਸੰਦੇਸ਼ ਸੁਣਾਈ ਨਹੀਂ ਦਿੱਤਾ? ਸੱਚ ਤਾਂ ਇਹ ਹੈ ਕਿ “ਉਨ੍ਹਾਂ* ਦੀ ਆਵਾਜ਼ ਸਾਰੀ ਧਰਤੀ ਉੱਤੇ ਗੂੰਜੀ ਸੀ ਅਤੇ ਉਨ੍ਹਾਂ ਦਾ ਸੰਦੇਸ਼ ਧਰਤੀ ਦੇ ਕੋਨੇ-ਕੋਨੇ ਵਿਚ ਪਹੁੰਚਿਆ ਸੀ।”+ 19 ਤਾਂ ਫਿਰ, ਮੈਨੂੰ ਦੱਸੋ, ਕੀ ਇਜ਼ਰਾਈਲੀਆਂ ਨੂੰ ਸੰਦੇਸ਼ ਸਮਝ ਨਹੀਂ ਆਇਆ?+ ਹਾਂ, ਸਮਝ ਆਇਆ ਸੀ ਕਿਉਂਕਿ ਪਹਿਲਾਂ ਮੂਸਾ ਨੇ ਕਿਹਾ ਸੀ: “ਜਿਨ੍ਹਾਂ ਲੋਕਾਂ ਦੀ ਇਕ ਕੌਮ ਵਜੋਂ ਕੋਈ ਪਛਾਣ ਨਹੀਂ, ਮੈਂ ਉਨ੍ਹਾਂ ਰਾਹੀਂ ਤੁਹਾਡੇ ਵਿਚ ਈਰਖਾ ਪੈਦਾ ਕਰਾਂਗਾ; ਮੈਂ ਇਕ ਮੂਰਖ ਕੌਮ ਦੇ ਰਾਹੀਂ ਤੁਹਾਡਾ ਗੁੱਸਾ ਭੜਕਾਵਾਂਗਾ।”+ 20 ਫਿਰ ਯਸਾਯਾਹ ਨਬੀ ਨੇ ਬਹੁਤ ਹੀ ਦਲੇਰ ਹੋ ਕੇ ਕਿਹਾ ਸੀ: “ਜਿਹੜੇ ਲੋਕ ਮੈਨੂੰ ਲੱਭ ਨਹੀਂ ਰਹੇ ਸਨ, ਉਨ੍ਹਾਂ ਨੇ ਮੈਨੂੰ ਲੱਭ ਲਿਆ;+ ਅਤੇ ਜਿਹੜੇ ਮੇਰੇ ਬਾਰੇ ਪੁੱਛ-ਗਿੱਛ ਨਹੀਂ ਕਰ ਰਹੇ ਸਨ, ਮੈਂ ਉਨ੍ਹਾਂ ਉੱਤੇ ਆਪਣੇ ਆਪ ਨੂੰ ਜ਼ਾਹਰ ਕੀਤਾ।”+ 21 ਪਰ ਉਸ ਨੇ ਇਜ਼ਰਾਈਲ ਬਾਰੇ ਕਿਹਾ ਸੀ: “ਮੈਂ ਸਾਰਾ-ਸਾਰਾ ਦਿਨ ਆਪਣੀਆਂ ਬਾਹਾਂ ਖੋਲ੍ਹੀ ਅਣਆਗਿਆਕਾਰ ਅਤੇ ਢੀਠ ਲੋਕਾਂ ਦੀ ਉਡੀਕ ਕਰਦਾ ਰਹਿੰਦਾ ਹਾਂ।”+

11 ਤਾਂ ਫਿਰ ਮੈਨੂੰ ਦੱਸੋ, ਕੀ ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਤਿਆਗ ਦਿੱਤਾ ਸੀ?+ ਬਿਲਕੁਲ ਨਹੀਂ! ਕਿਉਂਕਿ ਮੈਂ ਵੀ ਤਾਂ ਇਜ਼ਰਾਈਲੀ ਅਤੇ ਅਬਰਾਹਾਮ ਦੀ ਸੰਤਾਨ* ਹਾਂ ਅਤੇ ਬਿਨਯਾਮੀਨ ਦੇ ਗੋਤ ਵਿੱਚੋਂ ਹਾਂ। 2 ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਨਹੀਂ ਤਿਆਗਿਆ ਸੀ ਜਿਨ੍ਹਾਂ ਵੱਲ ਉਸ ਨੇ ਪਹਿਲਾਂ ਖ਼ਾਸ ਧਿਆਨ ਦਿੱਤਾ ਸੀ।+ ਕੀ ਤੁਸੀਂ ਨਹੀਂ ਜਾਣਦੇ ਕਿ ਧਰਮ-ਗ੍ਰੰਥ ਕੀ ਕਹਿੰਦਾ ਜਦੋਂ ਏਲੀਯਾਹ ਨਬੀ ਨੇ ਬੇਨਤੀ ਕਰਦੇ ਹੋਏ ਪਰਮੇਸ਼ੁਰ ਨੂੰ ਇਜ਼ਰਾਈਲ ਦੇ ਖ਼ਿਲਾਫ਼ ਸ਼ਿਕਾਇਤ ਲਾਈ ਸੀ? 3 ਇਸ ਵਿਚ ਲਿਖਿਆ ਹੈ: “ਯਹੋਵਾਹ,* ਉਨ੍ਹਾਂ ਨੇ ਤੇਰੇ ਨਬੀਆਂ ਨੂੰ ਮਾਰ ਮੁਕਾਇਆ ਹੈ ਅਤੇ ਤੇਰੀਆਂ ਵੇਦੀਆਂ ਨੂੰ ਢਾਹ ਦਿੱਤਾ ਹੈ। ਮੈਂ ਇਕੱਲਾ ਹੀ ਰਹਿ ਗਿਆ ਹਾਂ ਅਤੇ ਹੁਣ ਉਹ ਮੇਰੀ ਜਾਨ ਦੇ ਪਿੱਛੇ ਪਏ ਹੋਏ ਹਨ।”+ 4 ਪਰਮੇਸ਼ੁਰ ਨੇ ਉਸ ਨੂੰ ਕੀ ਜਵਾਬ ਦਿੱਤਾ ਸੀ? “ਮੇਰੇ 7,000 ਆਦਮੀ ਹਨ ਜਿਨ੍ਹਾਂ ਨੇ ਬਆਲ ਅੱਗੇ ਗੋਡੇ ਨਹੀਂ ਟੇਕੇ।”+ 5 ਇਸੇ ਤਰ੍ਹਾਂ ਹੁਣ ਵੀ ਇਜ਼ਰਾਈਲੀਆਂ ਵਿੱਚੋਂ ਕੁਝ ਜਣਿਆਂ+ ਨੂੰ ਅਪਾਰ ਕਿਰਪਾ ਸਦਕਾ ਚੁਣਿਆ ਗਿਆ ਹੈ। 6 ਇਸ ਦਾ ਮਤਲਬ ਇਹ ਹੋਇਆ ਕਿ ਹੁਣ ਉਨ੍ਹਾਂ ਨੂੰ ਆਪਣੇ ਕੰਮਾਂ ਕਰਕੇ ਨਹੀਂ, ਸਗੋਂ ਉਨ੍ਹਾਂ ਨੂੰ ਅਪਾਰ ਕਿਰਪਾ ਸਦਕਾ ਚੁਣਿਆ ਗਿਆ ਹੈ।+ ਜੇ ਉਨ੍ਹਾਂ ਨੂੰ ਆਪਣੇ ਕੰਮਾਂ ਕਰਕੇ ਚੁਣਿਆ ਜਾਂਦਾ, ਤਾਂ ਫਿਰ ਇਹ ਅਪਾਰ ਕਿਰਪਾ ਨਾ ਹੁੰਦੀ।

7 ਤਾਂ ਫਿਰ, ਅਸੀਂ ਕੀ ਕਹੀਏ? ਇਜ਼ਰਾਈਲੀ ਜਿਸ ਚੀਜ਼ ਨੂੰ ਪੂਰਾ ਜ਼ੋਰ ਲਾ ਕੇ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਰਹੇ, ਉਹ ਚੀਜ਼ ਸਾਰਿਆਂ ਨੂੰ ਹਾਸਲ ਨਹੀਂ ਹੋਈ, ਸਗੋਂ ਕੁਝ ਚੁਣੇ ਹੋਏ ਲੋਕਾਂ ਨੂੰ ਹਾਸਲ ਹੋਈ।+ ਬਾਕੀ ਲੋਕਾਂ ਦੇ ਮਨ ਕਠੋਰ ਹੋ ਗਏ,+ 8 ਠੀਕ ਜਿਵੇਂ ਧਰਮ-ਗ੍ਰੰਥ ਵਿਚ ਲਿਖਿਆ ਹੈ: “ਪਰਮੇਸ਼ੁਰ ਨੇ ਉਨ੍ਹਾਂ ਨੂੰ ਗੂੜ੍ਹੀ ਨੀਂਦ* ਸੁਲਾ ਦਿੱਤਾ ਹੈ,+ ਅੱਖਾਂ ਹੁੰਦੇ ਹੋਏ ਵੀ ਉਹ ਦੇਖ ਨਹੀਂ ਸਕਦੇ ਅਤੇ ਕੰਨ ਹੁੰਦੇ ਹੋਏ ਵੀ ਉਹ ਸੁਣ ਨਹੀਂ ਸਕਦੇ। ਅੱਜ ਤਕ ਉਨ੍ਹਾਂ ਦਾ ਇਹੀ ਹਾਲ ਹੈ।”+ 9 ਨਾਲੇ ਦਾਊਦ ਕਹਿੰਦਾ ਹੈ: “ਉਨ੍ਹਾਂ ਦੀ ਦਾਅਵਤ* ਉਨ੍ਹਾਂ ਲਈ ਫੰਦਾ, ਫਾਹੀ, ਠੋਕਰ ਦਾ ਪੱਥਰ ਅਤੇ ਸਜ਼ਾ ਬਣ ਜਾਵੇ; 10 ਉਨ੍ਹਾਂ ਦੀਆਂ ਅੱਖਾਂ ਅੱਗੇ ਹਨੇਰਾ ਛਾ ਜਾਵੇ ਤਾਂਕਿ ਉਹ ਦੇਖ ਨਾ ਸਕਣ। ਨਾਲੇ ਉਨ੍ਹਾਂ ਦੀ ਪਿੱਠ ਹਮੇਸ਼ਾ ਝੁਕਾਈ ਰੱਖ।”+

11 ਇਸ ਲਈ ਮੈਨੂੰ ਦੱਸੋ, ਜਦੋਂ ਉਹ ਠੋਕਰ ਖਾ ਕੇ ਡਿਗੇ, ਤਾਂ ਕੀ ਇਸ ਤਰ੍ਹਾਂ ਹੋਇਆ ਕਿ ਉਹ ਉੱਠ ਨਹੀਂ ਸਕੇ? ਨਹੀਂ। ਪਰ ਉਨ੍ਹਾਂ ਦੁਆਰਾ ਗ਼ਲਤ ਕਦਮ ਚੁੱਕਣ ਕਰਕੇ ਹੋਰ ਕੌਮਾਂ ਦੇ ਲੋਕਾਂ ਨੂੰ ਮੁਕਤੀ ਮਿਲਦੀ ਹੈ ਅਤੇ ਇਸ ਕਰਕੇ ਉਨ੍ਹਾਂ ਦੇ ਮਨਾਂ ਵਿਚ ਈਰਖਾ ਪੈਦਾ ਹੁੰਦੀ ਹੈ।+ 12 ਜੇ ਉਨ੍ਹਾਂ ਦੁਆਰਾ ਗ਼ਲਤ ਕਦਮ ਚੁੱਕਣ ਕਰਕੇ ਦੁਨੀਆਂ ਦੇ ਲੋਕਾਂ ਨੂੰ ਬਰਕਤਾਂ ਮਿਲਦੀਆਂ ਹਨ ਅਤੇ ਉਨ੍ਹਾਂ ਦੀ ਗਿਣਤੀ ਘਟਣ ਕਰਕੇ ਹੋਰ ਕੌਮਾਂ ਦੇ ਲੋਕਾਂ ਨੂੰ ਬਰਕਤਾਂ ਮਿਲਦੀਆਂ ਹਨ,+ ਤਾਂ ਫਿਰ ਉਨ੍ਹਾਂ ਦੀ ਗਿਣਤੀ ਪੂਰੀ ਹੋਣ ਨਾਲ ਹੋਰ ਕਿੰਨਾ ਫ਼ਾਇਦਾ ਹੋਵੇਗਾ!

13 ਹੁਣ ਮੈਂ ਤੁਹਾਡੇ ਨਾਲ ਗੱਲ ਕਰਦਾ ਹਾਂ ਜਿਹੜੇ ਹੋਰ ਕੌਮਾਂ ਵਿੱਚੋਂ ਹਨ। ਮੈਂ ਹੋਰ ਕੌਮਾਂ ਦੇ ਲੋਕਾਂ ਕੋਲ ਘੱਲਿਆ ਹੋਇਆ ਰਸੂਲ ਹਾਂ,+ ਇਸ ਲਈ ਮੈਂ ਆਪਣੀ ਸੇਵਾ ਦੀ ਕਦਰ* ਕਰਦਾ ਹਾਂ।+ 14 ਮੈਂ ਕੋਸ਼ਿਸ਼ ਕਰਦਾ ਹਾਂ ਕਿ ਮੈਂ ਆਪਣੇ ਲੋਕਾਂ ਵਿਚ ਈਰਖਾ ਪੈਦਾ ਕਰਾਂ ਤਾਂਕਿ ਉਨ੍ਹਾਂ ਵਿੱਚੋਂ ਕੁਝ ਜਣਿਆਂ ਨੂੰ ਬਚਾ ਲਵਾਂ। 15 ਪਰਮੇਸ਼ੁਰ ਨੇ ਉਨ੍ਹਾਂ ਨੂੰ ਤਿਆਗ ਦਿੱਤਾ+ ਅਤੇ ਇਸ ਨਾਲ ਦੁਨੀਆਂ ਦੇ ਲੋਕਾਂ ਨੂੰ ਪਰਮੇਸ਼ੁਰ ਨਾਲ ਸੁਲ੍ਹਾ ਕਰਨ ਦਾ ਮੌਕਾ ਮਿਲਿਆ। ਜੇ ਇਸ ਤਰ੍ਹਾਂ ਹੈ, ਤਾਂ ਜਦੋਂ ਪਰਮੇਸ਼ੁਰ ਦੁਬਾਰਾ ਉਨ੍ਹਾਂ ਨੂੰ ਕਬੂਲ ਕਰੇਗਾ, ਤਾਂ ਉਨ੍ਹਾਂ ਲਈ ਇਸ ਤਰ੍ਹਾਂ ਹੋਵੇਗਾ ਜਿਵੇਂ ਉਹ ਮਰੇ ਹੋਇਆਂ ਵਿੱਚੋਂ ਦੁਬਾਰਾ ਜੀਉਂਦੇ ਹੋ ਗਏ ਹੋਣ। 16 ਇਸ ਤੋਂ ਇਲਾਵਾ, ਜੇ ਪਹਿਲੇ ਫਲ ਦੇ ਤੌਰ ਤੇ ਭੇਟ ਚੜ੍ਹਾਇਆ ਗਿਆ ਪੇੜਾ ਪਵਿੱਤਰ ਹੈ, ਤਾਂ ਇਸ ਦਾ ਮਤਲਬ ਹੈ ਕਿ ਆਟੇ ਦੀ ਪੂਰੀ ਤੌਣ ਵੀ ਪਵਿੱਤਰ ਹੈ; ਜੇ ਜੜ੍ਹ ਪਵਿੱਤਰ ਹੈ, ਤਾਂ ਟਾਹਣੀਆਂ ਵੀ ਪਵਿੱਤਰ ਹਨ।

17 ਭਾਵੇਂ ਤੂੰ ਜੰਗਲੀ ਜ਼ੈਤੂਨ ਦੀ ਟਾਹਣੀ ਹੈਂ, ਫਿਰ ਵੀ ਪਰਮੇਸ਼ੁਰ ਨੇ ਚੰਗੇ ਜ਼ੈਤੂਨ ਦੀਆਂ ਕੁਝ ਟਾਹਣੀਆਂ ਕੱਟ ਕੇ ਇਸ ਦੀਆਂ ਟਾਹਣੀਆਂ ਵਿਚਕਾਰ ਤੇਰੀ ਪਿਓਂਦ ਲਾਈ ਅਤੇ ਜ਼ੈਤੂਨ ਦੀਆਂ ਜੜ੍ਹਾਂ ਨਾਲ ਤੇਰਾ ਵੀ ਪੋਸ਼ਣ ਹੋਇਆ ਹੈ। 18 ਇਸ ਲਈ ਤੋੜੀਆਂ ਗਈਆਂ ਟਾਹਣੀਆਂ ਕਰਕੇ ਘਮੰਡ ਨਾ ਕਰ।* ਜੇ ਤੂੰ ਘਮੰਡ ਕਰਦਾ ਹੈਂ,*+ ਤਾਂ ਇਹ ਯਾਦ ਰੱਖ ਕਿ ਤੂੰ ਜੜ੍ਹ ਨੂੰ ਨਹੀਂ ਸੰਭਾਲਦਾ, ਸਗੋਂ ਜੜ੍ਹ ਤੈਨੂੰ ਸੰਭਾਲਦੀ ਹੈ। 19 ਫਿਰ ਤੂੰ ਕਹੇਂਗਾ: “ਟਾਹਣੀਆਂ ਨੂੰ ਇਸੇ ਲਈ ਤੋੜਿਆ ਗਿਆ ਸੀ ਤਾਂਕਿ ਮੇਰੀ ਪਿਓਂਦ ਲਾਈ ਜਾਵੇ।”+ 20 ਹਾਂ, ਇਹ ਗੱਲ ਸੱਚ ਹੈ! ਨਿਹਚਾ ਨਾ ਕਰਨ ਕਰਕੇ ਉਨ੍ਹਾਂ ਨੂੰ ਤੋੜ ਦਿੱਤਾ ਗਿਆ,+ ਪਰ ਤੂੰ ਆਪਣੀ ਨਿਹਚਾ ਕਰਕੇ ਕਾਇਮ ਰਹਿੰਦਾ ਹੈਂ।+ ਘਮੰਡ ਨਾ ਕਰ, ਸਗੋਂ ਪਰਮੇਸ਼ੁਰ ਤੋਂ ਡਰ। 21 ਜੇ ਪਰਮੇਸ਼ੁਰ ਨੇ ਚੰਗੇ ਦਰਖ਼ਤ ਦੀਆਂ ਟਾਹਣੀਆਂ ਨੂੰ ਨਹੀਂ ਬਖ਼ਸ਼ਿਆ, ਤਾਂ ਉਹ ਤੈਨੂੰ ਵੀ ਨਹੀਂ ਬਖ਼ਸ਼ੇਗਾ। 22 ਇਸ ਲਈ ਪਰਮੇਸ਼ੁਰ ਦੀ ਦਇਆ+ ਅਤੇ ਸਖ਼ਤੀ ਨੂੰ ਧਿਆਨ ਵਿਚ ਰੱਖ। ਪਰਮੇਸ਼ੁਰ ਉਨ੍ਹਾਂ ਲੋਕਾਂ ਨਾਲ ਸਖ਼ਤੀ ਨਾਲ ਪੇਸ਼ ਆਇਆ ਜਿਹੜੇ ਡਿਗ ਪਏ,+ ਪਰ ਉਹ ਤੇਰੇ ਉੱਤੇ ਦਇਆ ਕਰਦਾ ਹੈ, ਬਸ਼ਰਤੇ ਕਿ ਤੂੰ ਆਪਣੇ ਆਪ ਨੂੰ ਉਸ ਦੀ ਦਇਆ ਦੇ ਲਾਇਕ ਬਣਾਈ ਰੱਖੇਂ; ਨਹੀਂ ਤਾਂ ਤੈਨੂੰ ਵੀ ਕੱਟ ਕੇ ਸੁੱਟ ਦਿੱਤਾ ਜਾਵੇਗਾ। 23 ਜੇ ਉਹ ਵੀ ਨਿਹਚਾ ਕਰਨ ਲੱਗ ਪੈਣ, ਤਾਂ ਉਨ੍ਹਾਂ ਦੀ ਵੀ ਦੁਬਾਰਾ ਪਿਓਂਦ ਲਾਈ ਜਾਵੇਗੀ+ ਕਿਉਂਕਿ ਪਰਮੇਸ਼ੁਰ ਦੁਬਾਰਾ ਉਨ੍ਹਾਂ ਦੀ ਪਿਓਂਦ ਲਾ ਸਕਦਾ ਹੈ। 24 ਜੇ ਜੰਗਲੀ ਜ਼ੈਤੂਨ ਦੀ ਟਾਹਣੀ ਹੁੰਦੇ ਹੋਏ ਵੀ ਤੇਰੀ ਪਿਓਂਦ ਚੰਗੇ ਜ਼ੈਤੂਨ ਦੇ ਦਰਖ਼ਤ ਵਿਚ ਲਾਈ ਗਈ ਸੀ, ਭਾਵੇਂ ਆਮ ਤੌਰ ਤੇ ਇਸ ਤਰ੍ਹਾਂ ਨਹੀਂ ਕੀਤਾ ਜਾਂਦਾ, ਤਾਂ ਕੀ ਪਰਮੇਸ਼ੁਰ ਚੰਗੇ ਜ਼ੈਤੂਨ ਦੇ ਦਰਖ਼ਤ ਦੀਆਂ ਆਪਣੀਆਂ ਟਾਹਣੀਆਂ ਦੀ ਪਿਓਂਦ ਦੁਬਾਰਾ ਉਸੇ ਦਰਖ਼ਤ ਵਿਚ ਨਹੀਂ ਲਾ ਸਕਦਾ?

25 ਭਰਾਵੋ, ਮੈਂ ਨਹੀਂ ਚਾਹੁੰਦਾ ਕਿ ਤੁਸੀਂ ਪਵਿੱਤਰ ਭੇਤ ਤੋਂ ਅਣਜਾਣ ਰਹੋ+ ਅਤੇ ਆਪਣੀਆਂ ਹੀ ਨਜ਼ਰਾਂ ਵਿਚ ਸਮਝਦਾਰ ਬਣ ਜਾਓ। ਪਵਿੱਤਰ ਭੇਤ ਇਹ ਹੈ: ਇਜ਼ਰਾਈਲ ਦੇ ਕੁਝ ਲੋਕਾਂ ਦੇ ਮਨ ਉਦੋਂ ਤਕ ਕਠੋਰ ਰਹਿਣਗੇ ਜਦੋਂ ਤਕ ਹੋਰ ਕੌਮਾਂ ਦੇ ਲੋਕਾਂ ਦੀ ਗਿਣਤੀ ਪੂਰੀ ਨਹੀਂ ਹੋ ਜਾਂਦੀ। 26 ਇਸ ਤਰ੍ਹਾਂ ਪੂਰਾ ਇਜ਼ਰਾਈਲ ਬਚਾਇਆ ਜਾਵੇਗਾ।+ ਠੀਕ ਜਿਵੇਂ ਲਿਖਿਆ ਹੈ: “ਮੁਕਤੀਦਾਤਾ ਸੀਓਨ ਤੋਂ ਆਵੇਗਾ+ ਅਤੇ ਉਹ ਯਾਕੂਬ ਨੂੰ ਬੁਰੇ ਕੰਮ ਕਰਨ ਤੋਂ ਹਟਾਵੇਗਾ। 27 ਜਦੋਂ ਮੈਂ ਉਨ੍ਹਾਂ ਦੇ ਪਾਪ ਮਾਫ਼ ਕਰਾਂਗਾ,+ ਤਾਂ ਮੈਂ ਉਨ੍ਹਾਂ ਨਾਲ ਇਹ ਇਕਰਾਰ ਕਰਾਂਗਾ।”+ 28 ਇਹ ਸੱਚ ਹੈ ਕਿ ਖ਼ੁਸ਼ ਖ਼ਬਰੀ ਨੂੰ ਸਵੀਕਾਰ ਨਾ ਕਰਨ ਕਰਕੇ ਉਹ ਪਰਮੇਸ਼ੁਰ ਦੇ ਦੁਸ਼ਮਣ ਹਨ ਅਤੇ ਇਸ ਤੋਂ ਤੁਹਾਨੂੰ ਫ਼ਾਇਦਾ ਹੋਇਆ ਹੈ। ਪਰ ਉਨ੍ਹਾਂ ਦੇ ਪਿਉ-ਦਾਦਿਆਂ ਨਾਲ ਵਾਅਦਾ ਕੀਤਾ ਹੋਣ ਕਰਕੇ ਪਰਮੇਸ਼ੁਰ ਨੇ ਉਨ੍ਹਾਂ ਵਿੱਚੋਂ ਕੁਝ ਜਣਿਆਂ ਨੂੰ ਆਪਣੇ ਦੋਸਤਾਂ ਵਜੋਂ ਚੁਣਿਆ ਹੈ।+ 29 ਪਰਮੇਸ਼ੁਰ ਦਾਤਾਂ ਅਤੇ ਸੱਦਾ ਦੇਣ ਦੇ ਮਾਮਲੇ ਵਿਚ ਆਪਣਾ ਮਨ ਨਹੀਂ ਬਦਲੇਗਾ। 30 ਤੁਸੀਂ ਪਹਿਲਾਂ ਪਰਮੇਸ਼ੁਰ ਦੇ ਅਣਆਗਿਆਕਾਰ ਸੀ,+ ਪਰ ਯਹੂਦੀਆਂ ਦੀ ਅਣਆਗਿਆਕਾਰੀ ਕਰਕੇ ਹੁਣ ਤੁਹਾਡੇ ਉੱਤੇ ਰਹਿਮ ਕੀਤਾ ਗਿਆ।+ 31 ਇਸ ਲਈ ਜਿਵੇਂ ਯਹੂਦੀਆਂ ਦੀ ਅਣਆਗਿਆਕਾਰੀ ਕਰਕੇ ਉਸ ਨੇ ਤੁਹਾਡੇ ਉੱਤੇ ਰਹਿਮ ਕੀਤਾ ਹੈ, ਉਸੇ ਤਰ੍ਹਾਂ ਉਹ ਯਹੂਦੀਆਂ ਉੱਤੇ ਵੀ ਰਹਿਮ ਕਰ ਸਕਦਾ ਹੈ। 32 ਪਰਮੇਸ਼ੁਰ ਨੇ ਸਾਰੇ ਲੋਕਾਂ ਨੂੰ ਅਣਆਗਿਆਕਾਰੀ ਦੀ ਗ਼ੁਲਾਮੀ ਵਿਚ ਰਹਿਣ ਦਿੱਤਾ ਹੈ+ ਤਾਂਕਿ ਉਹ ਉਨ੍ਹਾਂ ਸਾਰਿਆਂ ਉੱਤੇ ਰਹਿਮ ਕਰੇ।+

33 ਵਾਹ! ਪਰਮੇਸ਼ੁਰ ਦੀਆਂ ਬਰਕਤਾਂ ਕਿੰਨੀਆਂ ਬੇਸ਼ੁਮਾਰ ਹਨ! ਉਸ ਦੀ ਬੁੱਧ ਅਤੇ ਗਿਆਨ ਕਿੰਨਾ ਡੂੰਘਾ ਹੈ! ਉਸ ਦੇ ਫ਼ੈਸਲਿਆਂ ਨੂੰ ਕੌਣ ਜਾਣ ਸਕਦਾ ਹੈ? ਉਸ ਦੇ ਰਾਹਾਂ ਨੂੰ ਕੌਣ ਸਮਝ ਸਕਦਾ ਹੈ? 34 ਠੀਕ ਜਿਵੇਂ ਲਿਖਿਆ ਹੈ: “ਕੌਣ ਯਹੋਵਾਹ* ਦੇ ਮਨ ਨੂੰ ਜਾਣ ਸਕਦਾ ਹੈ ਜਾਂ ਕੌਣ ਉਸ ਨੂੰ ਸਲਾਹ ਦੇ ਸਕਦਾ ਹੈ?”+ 35 ਜਾਂ “ਕਿਸ ਨੇ ਪਹਿਲਾਂ ਪਰਮੇਸ਼ੁਰ ਨੂੰ ਕੁਝ ਦਿੱਤਾ ਹੈ ਕਿ ਪਰਮੇਸ਼ੁਰ ਉਸ ਨੂੰ ਵਾਪਸ ਦੇਵੇ?”+ 36 ਕਿਉਂਕਿ ਸਾਰੀਆਂ ਚੀਜ਼ਾਂ ਉਸ ਵੱਲੋਂ, ਉਸ ਰਾਹੀਂ ਅਤੇ ਉਸ ਲਈ ਹੋਂਦ ਵਿਚ ਹਨ। ਯੁਗੋ-ਯੁਗ ਉਸ ਦੀ ਮਹਿਮਾ ਹੁੰਦੀ ਰਹੇ। ਆਮੀਨ।

12 ਇਸ ਲਈ ਭਰਾਵੋ, ਮੈਂ ਪਰਮੇਸ਼ੁਰ ਦੀ ਦਇਆ ਦਾ ਵਾਸਤਾ ਦੇ ਕੇ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਆਪਣੇ ਸਰੀਰ ਨੂੰ ਅਜਿਹੇ ਬਲੀਦਾਨ ਦੇ ਤੌਰ ਤੇ ਚੜ੍ਹਾਓ+ ਜੋ ਜੀਉਂਦਾ, ਪਵਿੱਤਰ+ ਅਤੇ ਪਰਮੇਸ਼ੁਰ ਨੂੰ ਮਨਜ਼ੂਰ ਹੋਵੇ। ਨਾਲੇ ਤੁਸੀਂ ਆਪਣੀ ਸੋਚਣ-ਸਮਝਣ ਦੀ ਕਾਬਲੀਅਤ ਵਰਤ ਕੇ ਭਗਤੀ* ਕਰੋ।+ 2 ਨਾਲੇ ਇਸ ਦੁਨੀਆਂ* ਦੇ ਲੋਕਾਂ ਦੀ ਨਕਲ ਕਰਨੀ* ਛੱਡ ਦਿਓ, ਸਗੋਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਬਦਲਣ ਲਈ ਆਪਣੀ ਸੋਚ ਨੂੰ ਬਦਲੋ+ ਤਾਂਕਿ ਤੁਸੀਂ ਆਪ ਜਾਂਚ ਕਰ ਕੇ ਦੇਖ ਸਕੋ+ ਕਿ ਪਰਮੇਸ਼ੁਰ ਦੀ ਚੰਗੀ, ਮਨਜ਼ੂਰਯੋਗ ਅਤੇ ਪੂਰੀ ਇੱਛਾ ਕੀ ਹੈ।

3 ਮੇਰੇ ਉੱਤੇ ਜੋ ਅਪਾਰ ਕਿਰਪਾ ਹੋਈ ਹੈ, ਉਸ ਨੂੰ ਧਿਆਨ ਵਿਚ ਰੱਖਦੇ ਹੋਏ ਮੈਂ ਤੁਹਾਨੂੰ ਹਰ ਇਕ ਨੂੰ ਕਹਿੰਦਾ ਹਾਂ ਕਿ ਤੁਸੀਂ ਆਪਣੇ ਆਪ ਨੂੰ ਲੋੜੋਂ ਵੱਧ ਨਾ ਸਮਝੋ;+ ਪਰ ਤੁਹਾਡੀ ਸੋਚ ਪਰਮੇਸ਼ੁਰ ਦੁਆਰਾ ਦਿੱਤੀ* ਨਿਹਚਾ ਅਨੁਸਾਰ ਹੋਵੇ ਤਾਂਕਿ ਇਹ ਜ਼ਾਹਰ ਹੋ ਜਾਵੇ ਕਿ ਤੁਸੀਂ ਸਮਝਦਾਰ ਹੋ।+ 4 ਜਿਵੇਂ ਇਕ ਸਰੀਰ ਦੇ ਕਈ ਅੰਗ ਹੁੰਦੇ ਹਨ,+ ਪਰ ਸਾਰੇ ਅੰਗ ਇੱਕੋ ਕੰਮ ਨਹੀਂ ਕਰਦੇ, 5 ਉਵੇਂ ਅਸੀਂ ਬਹੁਤ ਸਾਰੇ ਹੁੰਦੇ ਹੋਏ ਵੀ ਮਸੀਹ ਨਾਲ ਏਕਤਾ ਵਿਚ ਬੱਝੇ ਹੋਣ ਕਰਕੇ ਇਕ ਸਰੀਰ ਹਾਂ ਅਤੇ ਅਸੀਂ ਸਾਰੇ ਇਕ-ਦੂਜੇ ਨਾਲ ਜੁੜੇ ਹੋਏ ਅੰਗ ਹਾਂ।*+ 6 ਸਾਨੂੰ ਅਪਾਰ ਕਿਰਪਾ ਸਦਕਾ ਵੱਖੋ-ਵੱਖਰੇ ਵਰਦਾਨ ਮਿਲੇ ਹੋਏ ਹਨ। ਇਸ ਲਈ ਜੇ ਸਾਨੂੰ ਭਵਿੱਖਬਾਣੀ ਕਰਨ ਦਾ ਵਰਦਾਨ ਮਿਲਿਆ ਹੈ,+ ਤਾਂ ਆਓ ਆਪਾਂ ਉਸ ਨਿਹਚਾ ਅਨੁਸਾਰ, ਜੋ ਸਾਨੂੰ ਦਿੱਤੀ ਗਈ ਹੈ, ਭਵਿੱਖਬਾਣੀ ਕਰੀਏ; 7 ਜਿਹੜਾ ਸੇਵਾ ਕਰਦਾ ਹੈ, ਉਹ ਸੇਵਾ ਕਰਦਾ ਰਹੇ; ਜਾਂ ਜਿਹੜਾ ਸਿੱਖਿਆ ਦਿੰਦਾ ਹੈ, ਉਹ ਸਿੱਖਿਆ ਦਿੰਦਾ ਰਹੇ;+ 8 ਜਿਹੜਾ ਹੱਲਾਸ਼ੇਰੀ* ਦਿੰਦਾ ਹੈ, ਉਹ ਹੱਲਾਸ਼ੇਰੀ* ਦਿੰਦਾ ਰਹੇ;+ ਜਿਹੜਾ ਵੰਡਦਾ ਹੈ,* ਉਹ ਖੁੱਲ੍ਹੇ ਦਿਲ ਨਾਲ ਵੰਡੇ;*+ ਜਿਹੜਾ ਅਗਵਾਈ ਕਰਦਾ ਹੈ, ਉਹ ਪੂਰੀ ਲਗਨ* ਨਾਲ ਅਗਵਾਈ ਕਰੇ;+ ਜਿਹੜਾ ਰਹਿਮ ਕਰਦਾ ਹੈ, ਉਹ ਖ਼ੁਸ਼ੀ-ਖ਼ੁਸ਼ੀ ਦੂਸਰਿਆਂ ਉੱਤੇ ਰਹਿਮ ਕਰੇ।+

9 ਤੁਹਾਡੇ ਪਿਆਰ ਵਿਚ ਕੋਈ ਛਲ-ਕਪਟ ਨਾ ਹੋਵੇ।+ ਬੁਰਾਈ ਨਾਲ ਸਖ਼ਤ ਨਫ਼ਰਤ ਕਰੋ,+ ਪਰ ਚੰਗੀਆਂ ਗੱਲਾਂ ਨੂੰ ਘੁੱਟ ਕੇ ਫੜੀ ਰੱਖੋ। 10 ਆਪਣੇ ਭਰਾਵਾਂ ਨਾਲ ਪਿਆਰ ਅਤੇ ਮੋਹ ਰੱਖੋ। ਇਕ-ਦੂਜੇ ਦੀ ਇੱਜ਼ਤ ਕਰਨ ਵਿਚ ਪਹਿਲ ਕਰੋ।+ 11 ਮਿਹਨਤੀ* ਬਣੋ, ਨਾ ਕਿ ਆਲਸੀ।*+ ਪਵਿੱਤਰ ਸ਼ਕਤੀ ਦੀ ਮਦਦ ਨਾਲ ਜੋਸ਼ੀਲੇ ਬਣੋ।+ ਯਹੋਵਾਹ* ਦੇ ਦਾਸ ਬਣ ਕੇ ਉਸ ਦੀ ਸੇਵਾ ਕਰੋ।+ 12 ਆਪਣੀ ਉਮੀਦ ਕਰਕੇ ਖ਼ੁਸ਼ ਰਹੋ। ਧੀਰਜ ਨਾਲ ਕਸ਼ਟ ਸਹੋ।+ ਪ੍ਰਾਰਥਨਾ ਕਰਨ ਵਿਚ ਲੱਗੇ ਰਹੋ।+ 13 ਜੋ ਵੀ ਤੁਹਾਡੇ ਕੋਲ ਹੈ, ਉਹ ਪਵਿੱਤਰ ਸੇਵਕਾਂ ਨਾਲ ਸਾਂਝਾ ਕਰ ਕੇ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰੋ।+ ਪਰਾਹੁਣਚਾਰੀ ਕਰਦੇ ਰਹੋ।+ 14 ਜਿਹੜੇ ਲੋਕ ਤੁਹਾਡੇ ਉੱਤੇ ਅਤਿਆਚਾਰ ਕਰਦੇ ਹਨ,+ ਉਨ੍ਹਾਂ ਲਈ ਪਰਮੇਸ਼ੁਰ ਤੋਂ ਬਰਕਤ ਮੰਗੋ। ਬਰਕਤ ਮੰਗੋ ਅਤੇ ਉਨ੍ਹਾਂ ਨੂੰ ਸਰਾਪ ਨਾ ਦਿਓ।+ 15 ਖ਼ੁਸ਼ੀਆਂ ਮਨਾਉਣ ਵਾਲਿਆਂ ਨਾਲ ਖ਼ੁਸ਼ੀਆਂ ਮਨਾਓ; ਰੋਣ ਵਾਲਿਆਂ ਨਾਲ ਰੋਵੋ। 16 ਜੋ ਨਜ਼ਰੀਆ ਤੁਹਾਡਾ ਆਪਣੇ ਬਾਰੇ ਹੈ, ਉਹੀ ਨਜ਼ਰੀਆ ਤੁਸੀਂ ਦੂਸਰਿਆਂ ਬਾਰੇ ਰੱਖੋ; ਵੱਡੀਆਂ-ਵੱਡੀਆਂ ਚੀਜ਼ਾਂ ʼਤੇ ਮਨ ਨਾ ਲਾਓ,* ਸਗੋਂ ਛੋਟੀਆਂ ਚੀਜ਼ਾਂ ਦੇ ਪਿੱਛੇ ਜਾਓ।+ ਆਪਣੀਆਂ ਹੀ ਨਜ਼ਰਾਂ ਵਿਚ ਬੁੱਧੀਮਾਨ ਨਾ ਬਣੋ।+

17 ਬੁਰਾਈ ਦੇ ਵੱਟੇ ਬੁਰਾਈ ਨਾ ਕਰੋ।+ ਉਹੀ ਕਰੋ ਜੋ ਸਾਰਿਆਂ ਦੀਆਂ ਨਜ਼ਰਾਂ ਵਿਚ ਚੰਗਾ ਹੈ। 18 ਜੇ ਹੋ ਸਕੇ, ਤਾਂ ਸਾਰਿਆਂ ਨਾਲ ਸ਼ਾਂਤੀ ਬਣਾਈ ਰੱਖਣ ਦੀ ਪੂਰੀ ਕੋਸ਼ਿਸ਼ ਕਰੋ।+ 19 ਪਿਆਰਿਓ, ਬਦਲਾ ਨਾ ਲਓ, ਸਗੋਂ ਪਰਮੇਸ਼ੁਰ ਦੇ ਕ੍ਰੋਧ ਨੂੰ ਮੌਕਾ ਦਿਓ+ ਕਿਉਂਕਿ ਲਿਖਿਆ ਹੈ: “‘ਬਦਲਾ ਲੈਣਾ ਮੇਰਾ ਕੰਮ ਹੈ, ਮੈਂ ਹੀ ਉਨ੍ਹਾਂ ਨੂੰ ਸਜ਼ਾ ਦਿਆਂਗਾ,’ ਯਹੋਵਾਹ* ਕਹਿੰਦਾ ਹੈ।”+ 20 ਪਰ “ਜੇ ਤੇਰਾ ਦੁਸ਼ਮਣ ਭੁੱਖਾ ਹੈ, ਤਾਂ ਉਸ ਨੂੰ ਖਾਣ ਲਈ ਕੁਝ ਦੇ; ਜੇ ਉਹ ਪਿਆਸਾ ਹੈ, ਤਾਂ ਉਸ ਨੂੰ ਪੀਣ ਲਈ ਪਾਣੀ ਦੇ ਕਿਉਂਕਿ ਇਸ ਤਰ੍ਹਾਂ ਕਰ ਕੇ ਤੂੰ ਉਸ ਦੇ ਸਿਰ ਉੱਤੇ ਬਲ਼ਦੇ ਕੋਲਿਆਂ ਦਾ ਢੇਰ ਲਾਏਂਗਾ।”*+ 21 ਬੁਰਾਈ ਤੋਂ ਹਾਰ ਨਾ ਮੰਨੋ, ਸਗੋਂ ਬੁਰਾਈ ਨੂੰ ਭਲਾਈ ਨਾਲ ਜਿੱਤਦੇ ਰਹੋ।+

13 ਹਰ ਇਨਸਾਨ ਉੱਚ ਅਧਿਕਾਰੀਆਂ ਦੇ ਅਧੀਨ ਰਹੇ+ ਕਿਉਂਕਿ ਅਜਿਹਾ ਕੋਈ ਅਧਿਕਾਰ ਨਹੀਂ ਹੈ ਜਿਹੜਾ ਪਰਮੇਸ਼ੁਰ ਦੀ ਇਜਾਜ਼ਤ ਤੋਂ ਬਿਨਾਂ ਹੋਵੇ;+ ਪਰਮੇਸ਼ੁਰ ਨੇ ਮੌਜੂਦਾ ਅਧਿਕਾਰੀਆਂ ਨੂੰ ਵੱਖੋ-ਵੱਖਰੇ ਦਰਜਿਆਂ ʼਤੇ ਰੱਖਿਆ ਹੈ।+ 2 ਇਸ ਲਈ ਜਿਹੜਾ ਇਨਸਾਨ ਇਨ੍ਹਾਂ ਅਧਿਕਾਰੀਆਂ ਦਾ ਵਿਰੋਧ ਕਰਦਾ ਹੈ, ਉਹ ਪਰਮੇਸ਼ੁਰ ਦੇ ਪ੍ਰਬੰਧ ਦਾ ਵਿਰੋਧ ਕਰਦਾ ਹੈ; ਇਸ ਪ੍ਰਬੰਧ ਦੇ ਖ਼ਿਲਾਫ਼ ਖੜ੍ਹਨ ਵਾਲਿਆਂ ਨੂੰ ਸਜ਼ਾ ਮਿਲੇਗੀ। 3 ਹਾਕਮਾਂ ਦਾ ਡਰ ਚੰਗੇ ਕੰਮ ਕਰਨ ਵਾਲਿਆਂ ਨੂੰ ਨਹੀਂ, ਸਗੋਂ ਬੁਰੇ ਕੰਮ ਕਰਨ ਵਾਲਿਆਂ ਨੂੰ ਹੁੰਦਾ ਹੈ।+ ਕੀ ਤੂੰ ਚਾਹੁੰਦਾ ਹੈਂ ਕਿ ਤੈਨੂੰ ਅਧਿਕਾਰੀਆਂ ਤੋਂ ਨਾ ਡਰਨਾ ਪਵੇ? ਤਾਂ ਫਿਰ, ਚੰਗੇ ਕੰਮ ਕਰਨ ਵਿਚ ਲੱਗਾ ਰਹਿ+ ਅਤੇ ਅਧਿਕਾਰੀ ਤੇਰੀ ਸ਼ਲਾਘਾ ਕਰਨਗੇ; 4 ਇਹ ਅਧਿਕਾਰੀ ਤੇਰੇ ਭਲੇ ਲਈ ਪਰਮੇਸ਼ੁਰ ਦੁਆਰਾ ਨਿਯੁਕਤ ਕੀਤੇ ਗਏ ਸੇਵਕ ਹਨ। ਪਰ ਜੇ ਤੂੰ ਬੁਰੇ ਕੰਮ ਕਰਦਾ ਹੈਂ, ਤਾਂ ਡਰ ਕਿਉਂਕਿ ਇਨ੍ਹਾਂ ਕੋਲ ਤਲਵਾਰ ਨਾਲ ਸਜ਼ਾ ਦੇਣ ਦਾ ਅਧਿਕਾਰ ਬਿਨਾਂ ਵਜ੍ਹਾ ਨਹੀਂ ਹੈ। ਉਹ ਪਰਮੇਸ਼ੁਰ ਦੇ ਸੇਵਕਾਂ ਵਜੋਂ ਬੁਰੇ ਕੰਮਾਂ ਵਿਚ ਲੱਗੇ ਲੋਕਾਂ ਨੂੰ ਸਜ਼ਾ ਦਿੰਦੇ ਹਨ।*

5 ਇਸ ਲਈ ਤੁਹਾਡੇ ਵਾਸਤੇ ਬਹੁਤ ਜ਼ਰੂਰੀ ਹੈ ਕਿ ਤੁਸੀਂ ਸਜ਼ਾ* ਦੇ ਡਰੋਂ ਹੀ ਨਹੀਂ, ਸਗੋਂ ਆਪਣੀ ਜ਼ਮੀਰ ਦੀ ਖ਼ਾਤਰ ਵੀ ਉਨ੍ਹਾਂ ਦੇ ਅਧੀਨ ਰਹੋ।+ 6 ਇਸੇ ਕਰਕੇ ਤੁਸੀਂ ਟੈਕਸ ਵੀ ਭਰਦੇ ਹੋ ਕਿਉਂਕਿ ਉਹ ਲੋਕਾਂ ਦੀ ਸੇਵਾ ਵਾਸਤੇ ਪਰਮੇਸ਼ੁਰ ਦੁਆਰਾ ਨਿਯੁਕਤ ਕੀਤੇ ਗਏ ਸੇਵਕ ਹਨ ਅਤੇ ਉਹ ਆਪਣੀ ਇਹ ਜ਼ਿੰਮੇਵਾਰੀ ਹਮੇਸ਼ਾ ਪੂਰੀ ਕਰਦੇ ਹਨ। 7 ਉਨ੍ਹਾਂ ਦਾ ਜੋ ਵੀ ਹੱਕ ਬਣਦਾ ਹੈ, ਉਨ੍ਹਾਂ ਨੂੰ ਦਿਓ। ਜਿਹੜਾ ਟੈਕਸ ਮੰਗਦਾ ਹੈ, ਉਸ ਨੂੰ ਟੈਕਸ ਦਿਓ;+ ਜਿਹੜਾ ਚੁੰਗੀ ਮੰਗਦਾ ਹੈ, ਉਸ ਨੂੰ ਚੁੰਗੀ ਦਿਓ। ਜਿਸ ਤੋਂ ਡਰਨਾ ਚਾਹੀਦਾ ਹੈ, ਉਸ ਤੋਂ ਡਰੋ;+ ਜਿਸ ਦਾ ਆਦਰ ਕਰਨਾ ਚਾਹੀਦਾ ਹੈ, ਉਸ ਦਾ ਆਦਰ ਕਰੋ।+

8 ਇਕ-ਦੂਜੇ ਨੂੰ ਪਿਆਰ ਕਰਨ ਤੋਂ ਸਿਵਾਇ ਹੋਰ ਕਿਸੇ ਵੀ ਗੱਲ ਵਿਚ ਇਕ-ਦੂਜੇ ਦੇ ਕਰਜ਼ਦਾਰ ਨਾ ਬਣੋ+ ਕਿਉਂਕਿ ਜਿਹੜਾ ਇਨਸਾਨ ਦੂਸਰਿਆਂ ਨਾਲ ਪਿਆਰ ਕਰਦਾ ਹੈ, ਉਹ ਮੂਸਾ ਦੇ ਕਾਨੂੰਨ ਦੀ ਪਾਲਣਾ ਕਰਦਾ ਹੈ।+ 9 ਇਸ ਕਾਨੂੰਨ ਵਿਚ ਜਿੰਨੇ ਵੀ ਹੁਕਮ ਦਿੱਤੇ ਗਏ ਹਨ, ਜਿਵੇਂ ਕਿ “ਤੂੰ ਹਰਾਮਕਾਰੀ ਨਾ ਕਰ,+ ਤੂੰ ਖ਼ੂਨ ਨਾ ਕਰ,+ ਤੂੰ ਚੋਰੀ ਨਾ ਕਰ,+ ਤੂੰ ਲਾਲਚ ਨਾ ਕਰ,”+ ਉਨ੍ਹਾਂ ਸਾਰਿਆਂ ਦਾ ਸਾਰ ਇਨ੍ਹਾਂ ਸ਼ਬਦਾਂ ਵਿਚ ਦਿੱਤਾ ਜਾ ਸਕਦਾ ਹੈ, “ਤੂੰ ਆਪਣੇ ਗੁਆਂਢੀ ਨੂੰ ਉਵੇਂ ਪਿਆਰ ਕਰ ਜਿਵੇਂ ਤੂੰ ਆਪਣੇ ਆਪ ਨੂੰ ਕਰਦਾ ਹੈਂ।”+ 10 ਪਿਆਰ ਕਰਨ ਵਾਲਾ ਇਨਸਾਨ ਆਪਣੇ ਗੁਆਂਢੀ ਨਾਲ ਬੁਰਾ ਨਹੀਂ ਕਰਦਾ;+ ਇਸ ਲਈ ਪਿਆਰ ਕਰਨਾ ਹੀ ਕਾਨੂੰਨ ਦੀ ਪਾਲਣਾ ਹੈ।+

11 ਇਹ ਸਭ ਕੁਝ ਇਸ ਲਈ ਵੀ ਕਰੋ ਕਿਉਂਕਿ ਤੁਸੀਂ ਜਾਣਦੇ ਹੋ ਕਿ ਤੁਸੀਂ ਕਿਹੋ ਜਿਹੇ ਸਮੇਂ ਵਿਚ ਜੀ ਰਹੇ ਹੋ। ਹੁਣ ਨੀਂਦ ਤੋਂ ਜਾਗਣ ਦਾ ਵੇਲਾ ਹੋ ਗਿਆ ਹੈ+ ਕਿਉਂਕਿ ਸਾਡੀ ਮੁਕਤੀ ਉਸ ਸਮੇਂ ਨਾਲੋਂ ਹੋਰ ਵੀ ਨੇੜੇ ਆ ਗਈ ਹੈ ਜਦੋਂ ਅਸੀਂ ਨਿਹਚਾ ਕਰਨੀ ਸ਼ੁਰੂ ਕੀਤੀ ਸੀ। 12 ਰਾਤ ਕਾਫ਼ੀ ਲੰਘ ਚੁੱਕੀ ਹੈ ਅਤੇ ਦਿਨ ਚੜ੍ਹਨ ਹੀ ਵਾਲਾ ਹੈ। ਇਸ ਲਈ ਆਓ ਆਪਾਂ ਹਨੇਰੇ ਦੇ ਕੰਮ ਛੱਡ ਦੇਈਏ+ ਅਤੇ ਚਾਨਣ ਦੇ ਹਥਿਆਰ ਪਹਿਨ ਲਈਏ+ 13 ਅਤੇ ਆਓ ਆਪਾਂ ਨੇਕੀ ਨਾਲ ਚੱਲੀਏ,+ ਜਿਵੇਂ ਦਿਨੇ ਚੱਲੀਦਾ ਹੈ, ਨਾ ਕਿ ਪਾਰਟੀਆਂ ਵਿਚ ਰੰਗਰਲੀਆਂ ਮਨਾਈਏ, ਨਾ ਸ਼ਰਾਬੀ ਹੋਈਏ, ਨਾ ਨਾਜਾਇਜ਼ ਸਰੀਰਕ ਸੰਬੰਧ ਰੱਖੀਏ, ਨਾ ਬੇਸ਼ਰਮ* ਹੋ ਕੇ ਗ਼ਲਤ ਕੰਮ ਕਰੀਏ+ ਅਤੇ ਨਾ ਹੀ ਝਗੜੇ ਅਤੇ ਈਰਖਾ ਕਰੀਏ।+ 14 ਪਰ ਪ੍ਰਭੂ ਯਿਸੂ ਮਸੀਹ ਨੂੰ ਪਹਿਨ ਲਈਏ+ ਅਤੇ ਆਪਣੀਆਂ ਸਰੀਰਕ ਇੱਛਾਵਾਂ ਪੂਰੀਆਂ ਕਰਨ ਦੀਆਂ ਯੋਜਨਾਵਾਂ ਨਾ ਬਣਾਈਏ।+

14 ਕਮਜ਼ੋਰ ਨਿਹਚਾ ਵਾਲੇ ਇਨਸਾਨ ਨੂੰ ਕਬੂਲ ਕਰੋ,+ ਪਰ ਉਸ ਦੇ ਨਿੱਜੀ ਵਿਚਾਰਾਂ ਕਰਕੇ ਉਸ ਨੂੰ ਦੋਸ਼ੀ ਨਾ ਠਹਿਰਾਓ। 2 ਇਕ ਇਨਸਾਨ ਆਪਣੀ ਨਿਹਚਾ ਕਰਕੇ ਸਾਰਾ ਕੁਝ ਖਾਂਦਾ ਹੈ, ਪਰ ਜਿਸ ਦੀ ਨਿਹਚਾ ਕਮਜ਼ੋਰ ਹੈ, ਉਹ ਸਬਜ਼ੀਆਂ ਹੀ ਖਾਂਦਾ ਹੈ। 3 ਸਾਰਾ ਕੁਝ ਖਾਣ ਵਾਲਾ ਇਨਸਾਨ ਉਸ ਇਨਸਾਨ ਨੂੰ ਤੁੱਛ ਨਾ ਸਮਝੇ ਜਿਹੜਾ ਸਾਰਾ ਕੁਝ ਨਹੀਂ ਖਾਂਦਾ। ਇਸੇ ਤਰ੍ਹਾਂ ਸਾਰਾ ਕੁਝ ਨਾ ਖਾਣ ਵਾਲਾ ਇਨਸਾਨ ਉਸ ਇਨਸਾਨ ਨੂੰ ਤੁੱਛ ਨਾ ਸਮਝੇ ਜਿਹੜਾ ਸਾਰਾ ਕੁਝ ਖਾਂਦਾ ਹੈ+ ਕਿਉਂਕਿ ਪਰਮੇਸ਼ੁਰ ਉਸ ਇਨਸਾਨ ਨੂੰ ਵੀ ਕਬੂਲ ਕਰਦਾ ਹੈ। 4 ਤੂੰ ਕਿਸੇ ਹੋਰ ਦੇ ਨੌਕਰ ਉੱਤੇ ਦੋਸ਼ ਲਾਉਣ ਵਾਲਾ ਕੌਣ ਹੁੰਦਾ ਹੈਂ?+ ਇਹ ਫ਼ੈਸਲਾ ਕਰਨ ਦਾ ਹੱਕ ਮਾਲਕ ਦਾ ਹੈ ਕਿ ਉਸ ਦਾ ਨੌਕਰ ਉਸ ਅੱਗੇ ਖੜ੍ਹਨ ਦੇ ਯੋਗ ਹੈ ਜਾਂ ਨਹੀਂ।+ ਉਸ ਨੂੰ ਖੜ੍ਹਾ ਕੀਤਾ ਜਾਵੇਗਾ ਕਿਉਂਕਿ ਯਹੋਵਾਹ* ਉਸ ਨੂੰ ਖੜ੍ਹਾ ਕਰ ਸਕਦਾ ਹੈ।

5 ਕੋਈ ਇਨਸਾਨ ਇਕ ਦਿਨ ਨੂੰ ਦੂਸਰੇ ਦਿਨਾਂ ਨਾਲੋਂ ਖ਼ਾਸ ਸਮਝਦਾ ਹੈ,+ ਪਰ ਕੋਈ ਹੋਰ ਇਨਸਾਨ ਸਾਰੇ ਦਿਨਾਂ ਨੂੰ ਬਰਾਬਰ ਸਮਝਦਾ ਹੈ।+ ਹਰ ਇਨਸਾਨ ਨੇ ਆਪਣੇ ਮਨ ਵਿਚ ਜੋ ਵੀ ਫ਼ੈਸਲਾ ਕੀਤਾ ਹੈ, ਉਸ ਉੱਤੇ ਪੂਰਾ ਯਕੀਨ ਰੱਖੇ। 6 ਜਿਹੜਾ ਇਨਸਾਨ ਕਿਸੇ ਦਿਨ ਨੂੰ ਖ਼ਾਸ ਸਮਝਦਾ ਹੈ, ਉਹ ਯਹੋਵਾਹ* ਲਈ ਇਸ ਨੂੰ ਖ਼ਾਸ ਸਮਝਦਾ ਹੈ। ਇਸੇ ਤਰ੍ਹਾਂ ਸਾਰਾ ਕੁਝ ਖਾਣ ਵਾਲਾ ਇਨਸਾਨ ਯਹੋਵਾਹ* ਲਈ ਖਾਂਦਾ ਹੈ ਕਿਉਂਕਿ ਉਹ ਪਰਮੇਸ਼ੁਰ ਦਾ ਧੰਨਵਾਦ ਕਰਦਾ ਹੈ;+ ਸਾਰਾ ਕੁਝ ਨਾ ਖਾਣ ਵਾਲਾ ਇਨਸਾਨ ਯਹੋਵਾਹ* ਲਈ ਨਹੀਂ ਖਾਂਦਾ ਅਤੇ ਉਹ ਵੀ ਪਰਮੇਸ਼ੁਰ ਦਾ ਧੰਨਵਾਦ ਕਰਦਾ ਹੈ।+ 7 ਅਸਲ ਵਿਚ, ਸਾਡੇ ਵਿੱਚੋਂ ਕੋਈ ਵੀ ਆਪਣੇ ਲਈ ਨਹੀਂ ਜੀਉਂਦਾ+ ਅਤੇ ਨਾ ਹੀ ਕੋਈ ਆਪਣੇ ਲਈ ਮਰਦਾ ਹੈ। 8 ਜੇ ਅਸੀਂ ਜੀਉਂਦੇ ਹਾਂ, ਤਾਂ ਯਹੋਵਾਹ* ਲਈ ਜੀਉਂਦੇ ਹਾਂ+ ਅਤੇ ਜੇ ਅਸੀਂ ਮਰਦੇ ਹਾਂ, ਤਾਂ ਯਹੋਵਾਹ* ਲਈ ਮਰਦੇ ਹਾਂ। ਇਸ ਲਈ ਭਾਵੇਂ ਅਸੀਂ ਜੀਉਂਦੇ ਰਹੀਏ ਜਾਂ ਮਰੀਏ, ਅਸੀਂ ਯਹੋਵਾਹ* ਦੇ ਹੀ ਹਾਂ।+ 9 ਮਸੀਹ ਇਸੇ ਕਰਕੇ ਮਰਿਆ ਅਤੇ ਦੁਬਾਰਾ ਜੀਉਂਦਾ ਹੋਇਆ ਤਾਂਕਿ ਉਹ ਮਰੇ ਹੋਇਆਂ ਅਤੇ ਜੀਉਂਦਿਆਂ ਦਾ ਪ੍ਰਭੂ ਬਣੇ।+

10 ਪਰ ਤੂੰ ਆਪਣੇ ਭਰਾ ਉੱਤੇ ਦੋਸ਼ ਕਿਉਂ ਲਾਉਂਦਾ ਹੈਂ?+ ਜਾਂ ਤੂੰ ਉਸ ਨੂੰ ਤੁੱਛ ਕਿਉਂ ਸਮਝਦਾ ਹੈਂ? ਕਿਉਂਕਿ ਅਸੀਂ ਸਾਰੇ ਪਰਮੇਸ਼ੁਰ ਦੇ ਨਿਆਂ ਦੇ ਸਿੰਘਾਸਣ ਦੇ ਸਾਮ੍ਹਣੇ ਖੜ੍ਹਾਂਗੇ।+ 11 ਧਰਮ-ਗ੍ਰੰਥ ਵਿਚ ਲਿਖਿਆ ਹੈ: “ਯਹੋਵਾਹ* ਕਹਿੰਦਾ ਹੈ, ‘ਮੈਨੂੰ ਆਪਣੀ ਜਾਨ ਦੀ ਸਹੁੰ,+ ਮੇਰੇ ਸਾਮ੍ਹਣੇ ਹਰ ਕੋਈ ਆਪਣੇ ਗੋਡੇ ਟੇਕੇਗਾ ਅਤੇ ਹਰ ਜ਼ਬਾਨ ਸਾਰਿਆਂ ਸਾਮ੍ਹਣੇ ਇਹ ਕਬੂਲ ਕਰੇਗੀ ਕਿ ਮੈਂ ਹੀ ਪਰਮੇਸ਼ੁਰ ਹਾਂ।’”+ 12 ਇਸ ਲਈ ਅਸੀਂ ਸਾਰੇ ਪਰਮੇਸ਼ੁਰ ਨੂੰ ਆਪੋ-ਆਪਣਾ ਲੇਖਾ ਦਿਆਂਗੇ।+

13 ਇਸ ਲਈ, ਆਓ ਆਪਾਂ ਅੱਗੇ ਤੋਂ ਇਕ-ਦੂਜੇ ਉੱਤੇ ਦੋਸ਼ ਨਾ ਲਾਈਏ,+ ਸਗੋਂ ਪੱਕਾ ਧਾਰ ਲਈਏ ਕਿ ਅਸੀਂ ਆਪਣੇ ਭਰਾ ਦੀ ਨਿਹਚਾ ਦੇ ਰਾਹ ਵਿਚ ਠੋਕਰ ਦਾ ਪੱਥਰ ਨਹੀਂ ਰੱਖਾਂਗੇ ਜਾਂ ਰੁਕਾਵਟ ਖੜ੍ਹੀ ਨਹੀਂ ਕਰਾਂਗੇ।+ 14 ਪ੍ਰਭੂ ਯਿਸੂ ਦਾ ਚੇਲਾ ਹੋਣ ਕਰਕੇ ਮੈਂ ਜਾਣਦਾ ਹਾਂ ਅਤੇ ਮੈਨੂੰ ਪੂਰਾ ਯਕੀਨ ਹੈ ਕਿ ਕੋਈ ਵੀ ਚੀਜ਼ ਆਪਣੇ ਆਪ ਵਿਚ ਅਸ਼ੁੱਧ ਨਹੀਂ ਹੁੰਦੀ।+ ਪਰ ਜੇ ਕੋਈ ਇਨਸਾਨ ਕਿਸੇ ਚੀਜ਼ ਨੂੰ ਅਸ਼ੁੱਧ ਸਮਝਦਾ ਹੈ, ਤਾਂ ਉਸ ਲਈ ਉਹ ਚੀਜ਼ ਅਸ਼ੁੱਧ ਹੁੰਦੀ ਹੈ। 15 ਜੇ ਤੇਰੇ ਭੋਜਨ ਤੋਂ ਤੇਰੇ ਭਰਾ ਨੂੰ ਠੇਸ ਲੱਗਦੀ ਹੈ, ਤਾਂ ਤੂੰ ਪਿਆਰ ਦੇ ਰਾਹ ਉੱਤੇ ਚੱਲਣਾ ਛੱਡ ਦਿੱਤਾ ਹੈ।+ ਤੂੰ ਆਪਣੇ ਭੋਜਨ ਨਾਲ ਉਸ ਇਨਸਾਨ ਨੂੰ ਤਬਾਹ* ਨਾ ਕਰ ਜਿਸ ਲਈ ਮਸੀਹ ਨੇ ਆਪਣੀ ਜਾਨ ਦਿੱਤੀ ਸੀ।+ 16 ਇਸ ਲਈ ਤੁਸੀਂ ਜਿਸ ਕੰਮ ਨੂੰ ਸਹੀ ਸਮਝਦੇ ਹੋ, ਉਸ ਕਰਕੇ ਲੋਕਾਂ ਵਿਚ ਤੁਹਾਡੀ ਬਦਨਾਮੀ ਨਾ ਹੋਵੇ। 17 ਕਿਉਂਕਿ ਪਰਮੇਸ਼ੁਰ ਦੇ ਰਾਜ ਵਿਚ ਜਾਣਾ ਖਾਣ-ਪੀਣ ਉੱਤੇ ਨਿਰਭਰ ਨਹੀਂ ਕਰਦਾ,+ ਸਗੋਂ ਇਸ ਗੱਲ ਉੱਤੇ ਨਿਰਭਰ ਕਰਦਾ ਹੈ ਕਿ ਅਸੀਂ ਸਹੀ ਕੰਮ ਕਰੀਏ, ਦੂਸਰਿਆਂ ਨਾਲ ਸ਼ਾਂਤੀ ਬਣਾ ਕੇ ਰੱਖੀਏ ਅਤੇ ਪਵਿੱਤਰ ਸ਼ਕਤੀ ਦੀ ਮਦਦ ਨਾਲ ਖ਼ੁਸ਼ ਰਹੀਏ। 18 ਜਿਹੜਾ ਇਨਸਾਨ ਮਸੀਹ ਦਾ ਦਾਸ ਹੈ ਅਤੇ ਜਿਸ ਵਿਚ ਇਹ ਸਾਰੇ ਗੁਣ ਹਨ, ਉਸ ਇਨਸਾਨ ਤੋਂ ਪਰਮੇਸ਼ੁਰ ਅਤੇ ਲੋਕ ਖ਼ੁਸ਼ ਹੁੰਦੇ ਹਨ।

19 ਇਸ ਲਈ ਆਓ ਆਪਾਂ ਦੂਸਰਿਆਂ ਨਾਲ ਸ਼ਾਂਤੀ ਬਣਾਈ ਰੱਖਣ+ ਅਤੇ ਇਕ-ਦੂਜੇ ਨੂੰ ਹੌਸਲਾ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਰਹੀਏ।+ 20 ਭੋਜਨ ਦੀ ਖ਼ਾਤਰ ਪਰਮੇਸ਼ੁਰ ਦਾ ਕੰਮ ਖ਼ਰਾਬ ਕਰਨੋਂ ਹਟ ਜਾਓ।+ ਇਹ ਸੱਚ ਹੈ ਕਿ ਸਾਰੀਆਂ ਚੀਜ਼ਾਂ ਸ਼ੁੱਧ ਹਨ, ਪਰ ਇਹ ਉਦੋਂ ਹਾਨੀਕਾਰਕ* ਹੁੰਦੀਆਂ ਹਨ ਜਦੋਂ ਇਨ੍ਹਾਂ ਨੂੰ ਖਾਣ ਕਰਕੇ ਕਿਸੇ ਦੀ ਨਿਹਚਾ ਕਮਜ਼ੋਰ ਹੁੰਦੀ ਹੈ।+ 21 ਇਸ ਲਈ ਇਹੀ ਚੰਗਾ ਹੈ ਕਿ ਤੂੰ ਨਾ ਮੀਟ ਖਾਵੇਂ, ਨਾ ਸ਼ਰਾਬ ਪੀਵੇਂ ਅਤੇ ਨਾ ਹੀ ਅਜਿਹਾ ਕੰਮ ਕਰੇਂ ਜਿਸ ਕਰਕੇ ਤੇਰੇ ਭਰਾ ਦੀ ਨਿਹਚਾ ਕਮਜ਼ੋਰ ਹੁੰਦੀ ਹੈ।+ 22 ਇਸ ਮਾਮਲੇ ਬਾਰੇ ਤੇਰੀ ਜੋ ਨਿਹਚਾ ਹੈ, ਤੂੰ ਉਸ ਨੂੰ ਪਰਮੇਸ਼ੁਰ ਸਾਮ੍ਹਣੇ ਆਪਣੇ ਤਕ ਹੀ ਰੱਖ। ਖ਼ੁਸ਼ ਹੈ ਉਹ ਇਨਸਾਨ ਜਿਹੜਾ ਆਪਣੇ ਫ਼ੈਸਲਿਆਂ ਕਰਕੇ ਆਪਣੇ ਆਪ ਨੂੰ ਦੋਸ਼ੀ ਨਹੀਂ ਠਹਿਰਾਉਂਦਾ। 23 ਪਰ ਜੇ ਉਹ ਮਨ ਵਿਚ ਸ਼ੱਕ ਹੁੰਦੇ ਹੋਏ ਵੀ ਕੁਝ ਖਾਂਦਾ ਹੈ, ਤਾਂ ਉਸ ਨੇ ਆਪਣੇ ਆਪ ਨੂੰ ਦੋਸ਼ੀ ਠਹਿਰਾ ਦਿੱਤਾ ਹੈ ਕਿਉਂਕਿ ਉਹ ਆਪਣੀ ਨਿਹਚਾ ਅਨੁਸਾਰ ਨਹੀਂ ਖਾਂਦਾ। ਵਾਕਈ, ਹਰ ਉਹ ਕੰਮ ਪਾਪ ਹੈ ਜੋ ਨਿਹਚਾ ਅਨੁਸਾਰ ਨਹੀਂ ਕੀਤਾ ਜਾਂਦਾ।

15 ਪਰ ਨਿਹਚਾ ਵਿਚ ਪੱਕੇ ਹੋਣ ਕਰਕੇ ਸਾਡਾ ਫ਼ਰਜ਼ ਬਣਦਾ ਹੈ ਕਿ ਅਸੀਂ ਉਨ੍ਹਾਂ ਲੋਕਾਂ ਦੀ ਮਦਦ ਕਰੀਏ ਜਿਨ੍ਹਾਂ ਦੀ ਨਿਹਚਾ ਕਮਜ਼ੋਰ ਹੈ+ ਅਤੇ ਆਪਣੇ ਬਾਰੇ ਹੀ ਨਾ ਸੋਚੀਏ।+ 2 ਆਓ ਆਪਾਂ ਦੂਸਰਿਆਂ ਦਾ ਭਲਾ ਕਰ ਕੇ ਉਨ੍ਹਾਂ ਨੂੰ ਮਜ਼ਬੂਤ ਕਰੀਏ+ 3 ਕਿਉਂਕਿ ਮਸੀਹ ਨੇ ਵੀ ਆਪਣੇ ਆਪ ਨੂੰ ਖ਼ੁਸ਼ ਨਹੀਂ ਕੀਤਾ,+ ਪਰ ਜਿਵੇਂ ਲਿਖਿਆ ਹੈ: “ਮੈਂ ਤੇਰੀ ਬੇਇੱਜ਼ਤੀ ਕਰਨ ਵਾਲਿਆਂ ਦੀਆਂ ਬੇਇੱਜ਼ਤੀ ਭਰੀਆਂ ਗੱਲਾਂ ਸਹਾਰੀਆਂ।”+ 4 ਜੋ ਵੀ ਪਹਿਲਾਂ ਲਿਖਿਆ ਗਿਆ ਸੀ, ਉਹ ਸਾਨੂੰ ਸਿੱਖਿਆ ਦੇਣ ਲਈ ਹੀ ਲਿਖਿਆ ਗਿਆ ਸੀ।+ ਧਰਮ-ਗ੍ਰੰਥ ਮੁਸ਼ਕਲਾਂ ਦੌਰਾਨ ਧੀਰਜ ਰੱਖਣ ਵਿਚ ਸਾਡੀ ਮਦਦ ਕਰਦਾ ਹੈ ਅਤੇ ਇਸ ਤੋਂ ਸਾਨੂੰ ਦਿਲਾਸਾ ਮਿਲਦਾ ਹੈ ਅਤੇ ਇਸ ਧੀਰਜ ਅਤੇ ਦਿਲਾਸੇ ਕਰਕੇ ਸਾਨੂੰ ਉਮੀਦ ਮਿਲਦੀ ਹੈ।+ 5 ਮੇਰੀ ਇਹੀ ਦੁਆ ਹੈ ਕਿ ਧੀਰਜ ਅਤੇ ਦਿਲਾਸਾ ਦੇਣ ਵਾਲਾ ਪਰਮੇਸ਼ੁਰ ਤੁਹਾਡੀ ਮਦਦ ਕਰੇ ਕਿ ਤੁਹਾਡੇ ਮਨ ਦਾ ਸੁਭਾਅ ਮਸੀਹ ਯਿਸੂ ਵਰਗਾ ਹੋਵੇ 6 ਤਾਂਕਿ ਤੁਸੀਂ ਮਿਲ ਕੇ+ ਇੱਕੋ ਆਵਾਜ਼ ਵਿਚ* ਸਾਡੇ ਪ੍ਰਭੂ ਯਿਸੂ ਮਸੀਹ ਦੇ ਪਰਮੇਸ਼ੁਰ ਅਤੇ ਪਿਤਾ ਦੀ ਮਹਿਮਾ ਕਰੋ।

7 ਇਸ ਲਈ ਇਕ-ਦੂਜੇ ਨੂੰ ਕਬੂਲ* ਕਰੋ+ ਜਿਵੇਂ ਮਸੀਹ ਨੇ ਵੀ ਤੁਹਾਨੂੰ ਕਬੂਲ ਕੀਤਾ ਹੈ+ ਤਾਂਕਿ ਪਰਮੇਸ਼ੁਰ ਦੀ ਮਹਿਮਾ ਹੋਵੇ। 8 ਮੈਂ ਤੁਹਾਨੂੰ ਦੱਸਦਾ ਹਾਂ ਕਿ ਮਸੀਹ ਇਹ ਗੱਲ ਜ਼ਾਹਰ ਕਰਨ ਲਈ ਯਹੂਦੀਆਂ ਦਾ ਸੇਵਕ ਬਣਿਆ*+ ਕਿ ਪਰਮੇਸ਼ੁਰ ਹਮੇਸ਼ਾ ਸੱਚ ਬੋਲਦਾ ਹੈ ਅਤੇ ਸਾਡੇ ਪਿਉ-ਦਾਦਿਆਂ ਨਾਲ ਕੀਤੇ ਉਸ ਦੇ ਵਾਅਦੇ ਸੱਚੇ ਹਨ+ 9 ਅਤੇ ਇਸ ਲਈ ਵੀ ਕਿ ਗ਼ੈਰ-ਯਹੂਦੀ ਲੋਕ ਪਰਮੇਸ਼ੁਰ ਦੀ ਦਇਆ ਕਰਕੇ ਉਸ ਦੀ ਮਹਿਮਾ ਕਰਨ।+ ਠੀਕ ਜਿਵੇਂ ਲਿਖਿਆ ਹੈ: “ਇਸੇ ਕਰਕੇ ਮੈਂ ਕੌਮਾਂ ਵਿਚ ਸਾਰਿਆਂ ਸਾਮ੍ਹਣੇ ਤੈਨੂੰ ਕਬੂਲ ਕਰਾਂਗਾ ਅਤੇ ਤੇਰੇ ਨਾਂ ਦਾ ਗੁਣਗਾਨ ਕਰਾਂਗਾ।”+ 10 ਇਹ ਵੀ ਕਿਹਾ ਗਿਆ ਹੈ: “ਹੇ ਕੌਮੋਂ, ਪਰਮੇਸ਼ੁਰ ਦੇ ਲੋਕਾਂ ਨਾਲ ਮਿਲ ਕੇ ਖ਼ੁਸ਼ੀਆਂ ਮਨਾਓ।”+ 11 ਇਕ ਹੋਰ ਆਇਤ ਵਿਚ ਕਿਹਾ ਗਿਆ ਹੈ: “ਹੇ ਕੌਮ-ਕੌਮ ਦੇ ਲੋਕੋ, ਯਹੋਵਾਹ* ਦੀ ਮਹਿਮਾ ਕਰੋ। ਦੇਸ਼-ਦੇਸ਼ ਦੇ ਲੋਕ ਉਸ ਦਾ ਗੁਣਗਾਨ ਕਰਨ।”+ 12 ਯਸਾਯਾਹ ਨਬੀ ਕਹਿੰਦਾ ਹੈ: “ਯੱਸੀ ਦੀ ਜੜ੍ਹ ਨਿਕਲੇਗੀ+ ਯਾਨੀ ਕੌਮਾਂ ਉੱਤੇ ਰਾਜ ਕਰਨ ਵਾਲਾ ਖੜ੍ਹਾ ਹੋਵੇਗਾ+ ਅਤੇ ਕੌਮਾਂ ਉਸ ਉੱਤੇ ਉਮੀਦ ਰੱਖਣਗੀਆਂ।”+ 13 ਇਸ ਲਈ ਮੇਰੀ ਦੁਆ ਹੈ ਕਿ ਉਮੀਦ ਦੇਣ ਵਾਲਾ ਪਰਮੇਸ਼ੁਰ ਤੁਹਾਨੂੰ ਭਰਪੂਰ ਖ਼ੁਸ਼ੀ ਅਤੇ ਸ਼ਾਂਤੀ ਬਖ਼ਸ਼ੇ ਕਿਉਂਕਿ ਤੁਸੀਂ ਉਸ ਉੱਤੇ ਨਿਹਚਾ ਕਰਦੇ ਹੋ ਅਤੇ ਪਵਿੱਤਰ ਸ਼ਕਤੀ ਰਾਹੀਂ ਤੁਹਾਡੀ ਉਮੀਦ ਹੋਰ ਪੱਕੀ ਹੋਵੇ।+

14 ਮੇਰੇ ਭਰਾਵੋ, ਮੈਨੂੰ ਤੁਹਾਡੇ ਉੱਤੇ ਭਰੋਸਾ ਹੈ ਕਿ ਤੁਸੀਂ ਚੰਗੇ ਕੰਮ ਕਰਨ ਵਿਚ ਲੱਗੇ ਰਹਿੰਦੇ ਹੋ ਅਤੇ ਤੁਸੀਂ ਗਿਆਨ ਨਾਲ ਭਰੇ ਹੋਏ ਹੋ ਅਤੇ ਤੁਸੀਂ ਇਕ-ਦੂਜੇ ਨੂੰ ਸਲਾਹ* ਦੇਣ ਦੇ ਯੋਗ ਹੋ। 15 ਪਰ ਮੈਂ ਤੁਹਾਨੂੰ ਕੁਝ ਗੱਲਾਂ ਦੁਬਾਰਾ ਯਾਦ ਕਰਾਉਣ ਲਈ ਸਾਫ਼-ਸਾਫ਼ ਲਿਖ ਰਿਹਾ ਹਾਂ ਕਿਉਂਕਿ ਪਰਮੇਸ਼ੁਰ ਨੇ ਮੇਰੇ ਉੱਤੇ ਅਪਾਰ ਕਿਰਪਾ ਕੀਤੀ ਹੈ 16 ਤਾਂਕਿ ਮੈਂ ਯਿਸੂ ਮਸੀਹ ਦੇ ਸੇਵਕ ਦੇ ਤੌਰ ਤੇ ਹੋਰ ਕੌਮਾਂ ਨੂੰ ਪਰਮੇਸ਼ੁਰ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਾਂ।+ ਮੈਂ ਇਸ ਪਵਿੱਤਰ ਕੰਮ ਵਿਚ ਇਸ ਕਰਕੇ ਲੱਗਾ ਹੋਇਆ ਹਾਂ ਤਾਂਕਿ ਹੋਰ ਕੌਮਾਂ ਪਰਮੇਸ਼ੁਰ ਅੱਗੇ ਮਨਜ਼ੂਰਯੋਗ ਭੇਟ ਵਜੋਂ ਹੋਣ ਜਿਸ ਨੂੰ ਪਵਿੱਤਰ ਸ਼ਕਤੀ ਪਵਿੱਤਰ ਕਰਦੀ ਹੈ।

17 ਇਸ ਲਈ ਮਸੀਹ ਯਿਸੂ ਦਾ ਚੇਲਾ ਹੋਣ ਕਰਕੇ ਮੈਨੂੰ ਪਰਮੇਸ਼ੁਰ ਦੀ ਸੇਵਾ ਕਰ ਕੇ ਖ਼ੁਸ਼ੀ ਮਿਲਦੀ ਹੈ। 18 ਹੋਰ ਕੌਮਾਂ ਦੇ ਲੋਕਾਂ ਨੂੰ ਆਗਿਆਕਾਰ ਬਣਾਉਣ ਲਈ ਮਸੀਹ ਨੇ ਮੇਰੇ ਰਾਹੀਂ ਜੋ ਵੀ ਕੀਤਾ ਹੈ, ਉਸ ਨੂੰ ਛੱਡ ਮੈਂ ਹੋਰ ਕਿਸੇ ਵੀ ਚੀਜ਼ ਬਾਰੇ ਗੱਲ ਕਰਨ ਦਾ ਹੀਆ ਨਹੀਂ ਕਰਾਂਗਾ। ਉਸ ਨੇ ਇਹ ਸਭ ਕੁਝ ਮੇਰੀ ਸਿੱਖਿਆ ਤੇ ਕੰਮਾਂ ਰਾਹੀਂ, 19 ਨਿਸ਼ਾਨੀਆਂ ਤੇ ਚਮਤਕਾਰਾਂ ਰਾਹੀਂ+ ਅਤੇ ਪਵਿੱਤਰ ਸ਼ਕਤੀ ਰਾਹੀਂ ਕੀਤਾ ਹੈ, ਇਸ ਲਈ ਮੈਂ ਯਰੂਸ਼ਲਮ ਤੋਂ ਲੈ ਕੇ ਇੱਲੁਰਿਕੁਮ ਤਕ ਚੰਗੀ ਤਰ੍ਹਾਂ ਮਸੀਹ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ ਹੈ।+ 20 ਅਸਲ ਵਿਚ, ਮੈਂ ਉੱਥੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਨਾ ਕਰਨ ਦਾ ਇਰਾਦਾ ਕੀਤਾ ਸੀ ਜਿੱਥੇ ਲੋਕ ਪਹਿਲਾਂ ਹੀ ਮਸੀਹ ਦੇ ਨਾਂ ਬਾਰੇ ਸੁਣ ਚੁੱਕੇ ਹਨ ਤਾਂਕਿ ਮੈਂ ਕਿਸੇ ਹੋਰ ਆਦਮੀ ਦੁਆਰਾ ਧਰੀ ਨੀਂਹ ਉੱਤੇ ਉਸਾਰੀ ਨਾ ਕਰਾਂ; 21 ਮੈਂ ਧਰਮ-ਗ੍ਰੰਥ ਵਿਚ ਲਿਖੀ ਇਸ ਗੱਲ ਅਨੁਸਾਰ ਚੱਲਦਾ ਹਾਂ: “ਜਿਨ੍ਹਾਂ ਲੋਕਾਂ ਨੂੰ ਉਸ ਬਾਰੇ ਦੱਸਿਆ ਨਹੀਂ ਗਿਆ, ਉਹ ਉਸ ਨੂੰ ਦੇਖਣਗੇ ਅਤੇ ਜਿਨ੍ਹਾਂ ਲੋਕਾਂ ਨੇ ਉਸ ਬਾਰੇ ਨਹੀਂ ਸੁਣਿਆ, ਉਹ ਸਮਝਣਗੇ।”+

22 ਇਸੇ ਕਰਕੇ ਮੈਂ ਕਈ ਵਾਰ ਚਾਹੁੰਦੇ ਹੋਏ ਵੀ ਤੁਹਾਡੇ ਕੋਲ ਆ ਨਹੀਂ ਸਕਿਆ। 23 ਪਰ ਹੁਣ ਇਨ੍ਹਾਂ ਇਲਾਕਿਆਂ ਵਿਚ ਮੇਰੇ ਕੋਲ ਅਜਿਹੀ ਕੋਈ ਜਗ੍ਹਾ ਨਹੀਂ ਹੈ ਜਿੱਥੇ ਮੈਂ ਪ੍ਰਚਾਰ ਨਹੀਂ ਕੀਤਾ ਹੈ ਅਤੇ ਮੈਂ ਕਈ* ਸਾਲਾਂ ਤੋਂ ਤੁਹਾਨੂੰ ਮਿਲਣ ਲਈ ਤਰਸ ਰਿਹਾ ਹਾਂ। 24 ਇਸ ਲਈ ਮੈਨੂੰ ਉਮੀਦ ਹੈ ਕਿ ਸਪੇਨ ਨੂੰ ਜਾਂਦੇ ਹੋਏ ਰਾਹ ਵਿਚ ਮੈਂ ਤੁਹਾਡੇ ਕੋਲ ਵੀ ਆਵਾਂਗਾ ਅਤੇ ਕੁਝ ਸਮਾਂ ਤੁਹਾਡਾ ਸਾਥ ਮਾਣਾਂਗਾ। ਫਿਰ ਤੁਸੀਂ ਸਫ਼ਰ ਦੌਰਾਨ ਥੋੜ੍ਹੀ ਦੂਰ ਤਕ ਮੇਰੇ ਨਾਲ ਆ ਜਾਇਓ। 25 ਪਰ ਹੁਣ ਮੈਂ ਪਵਿੱਤਰ ਸੇਵਕਾਂ ਦੀ ਸੇਵਾ ਕਰਨ ਲਈ ਯਰੂਸ਼ਲਮ ਨੂੰ ਜਾਣ ਵਾਲਾ ਹਾਂ।+ 26 ਯਰੂਸ਼ਲਮ ਦੇ ਕੁਝ ਗ਼ਰੀਬ ਪਵਿੱਤਰ ਸੇਵਕਾਂ ਵਾਸਤੇ ਮਕਦੂਨੀਆ ਅਤੇ ਅਖਾਯਾ ਦੇ ਭਰਾਵਾਂ ਨੇ ਖ਼ੁਸ਼ੀ-ਖ਼ੁਸ਼ੀ ਦਾਨ ਦਿੱਤਾ ਹੈ।+ 27 ਇਹ ਸੱਚ ਹੈ ਕਿ ਭਰਾਵਾਂ ਨੇ ਦਿਲੋਂ ਇਸ ਤਰ੍ਹਾਂ ਕੀਤਾ ਹੈ। ਪਰ ਉਹ ਯਰੂਸ਼ਲਮ ਵਿਚ ਪਵਿੱਤਰ ਸੇਵਕਾਂ ਦੇ ਕਰਜ਼ਦਾਰ ਹਨ ਕਿਉਂਕਿ ਪਵਿੱਤਰ ਸੇਵਕਾਂ ਨੇ ਪਰਮੇਸ਼ੁਰ ਤੋਂ ਮਿਲੀਆਂ ਚੀਜ਼ਾਂ ਹੋਰ ਕੌਮਾਂ ਨਾਲ ਸਾਂਝੀਆਂ ਕੀਤੀਆਂ ਹਨ, ਇਸ ਲਈ ਉਨ੍ਹਾਂ ਨੂੰ ਵੀ ਪਵਿੱਤਰ ਸੇਵਕਾਂ ਦੀਆਂ ਲੋੜਾਂ ਪੂਰੀਆਂ ਕਰਨੀਆਂ ਚਾਹੀਦੀਆਂ ਹਨ।+ 28 ਇਸ ਕਰਕੇ ਇਹ ਦਾਨ ਪਵਿੱਤਰ ਸੇਵਕਾਂ ਤਕ ਪਹੁੰਚਾਉਣ ਤੋਂ ਬਾਅਦ ਮੈਂ ਸਪੇਨ ਨੂੰ ਜਾਂਦੇ ਹੋਏ ਰਾਹ ਵਿਚ ਤੁਹਾਡੇ ਕੋਲ ਆਵਾਂਗਾ। 29 ਇਸ ਤੋਂ ਇਲਾਵਾ, ਮੈਂ ਜਾਣਦਾ ਹਾਂ ਕਿ ਜਦੋਂ ਮੈਂ ਤੁਹਾਡੇ ਕੋਲ ਆਵਾਂਗਾ, ਤਾਂ ਮੈਂ ਮਸੀਹ ਤੋਂ ਤੁਹਾਡੇ ਲਈ ਬਹੁਤ ਸਾਰੀਆਂ ਬਰਕਤਾਂ ਲੈ ਕੇ ਆਵਾਂਗਾ।

30 ਹੇ ਭਰਾਵੋ, ਸਾਡੇ ਪ੍ਰਭੂ ਯਿਸੂ ਮਸੀਹ ਉੱਤੇ ਤੁਹਾਡੀ ਨਿਹਚਾ ਕਰਕੇ ਅਤੇ ਪਵਿੱਤਰ ਸ਼ਕਤੀ ਰਾਹੀਂ ਤੁਹਾਡੇ ਵਿਚ ਜੋ ਪਿਆਰ ਹੈ, ਉਸ ਕਰਕੇ ਮੈਂ ਤੁਹਾਨੂੰ ਤਾਕੀਦ ਕਰਦਾ ਹਾਂ ਕਿ ਤੁਸੀਂ ਵੀ ਮੇਰੇ ਨਾਲ ਰਲ਼ ਕੇ ਮੇਰੇ ਲਈ ਪਰਮੇਸ਼ੁਰ ਨੂੰ ਤਨੋਂ-ਮਨੋਂ ਪ੍ਰਾਰਥਨਾਵਾਂ ਕਰੋ+ 31 ਕਿ ਮੈਂ ਯਹੂਦਿਯਾ ਵਿਚ ਅਵਿਸ਼ਵਾਸੀਆਂ ਦੇ ਹੱਥੋਂ ਬਚਾਇਆ ਜਾਵਾਂ ਅਤੇ ਯਰੂਸ਼ਲਮ ਵਿਚ ਪਵਿੱਤਰ ਸੇਵਕ ਮੇਰੀ ਮਦਦ ਕਬੂਲ ਕਰਨ।+ 32 ਫਿਰ ਜੇ ਪਰਮੇਸ਼ੁਰ ਨੇ ਚਾਹਿਆ, ਤਾਂ ਮੈਂ ਤੁਹਾਡੇ ਕੋਲ ਖ਼ੁਸ਼ੀ-ਖ਼ੁਸ਼ੀ ਆਵਾਂਗਾ ਅਤੇ ਇਕ-ਦੂਜੇ ਨੂੰ ਮਿਲ ਕੇ ਸਾਡਾ ਸਾਰਿਆਂ ਦਾ ਹੌਸਲਾ ਵਧੇਗਾ। 33 ਮੇਰੀ ਦੁਆ ਹੈ ਕਿ ਸ਼ਾਂਤੀ ਦੇਣ ਵਾਲਾ ਪਰਮੇਸ਼ੁਰ ਤੁਹਾਡੇ ਸਾਰਿਆਂ ਦੇ ਅੰਗ-ਸੰਗ ਹੋਵੇ।+ ਆਮੀਨ।

16 ਮੈਂ ਤੁਹਾਨੂੰ ਸਾਡੀ ਭੈਣ ਫ਼ੀਬੀ ਲਈ ਬੇਨਤੀ* ਕਰਦਾ ਹਾਂ ਜਿਹੜੀ ਕੰਖਰਿਆ ਮੰਡਲੀ ਵਿਚ ਸੇਵਾ ਕਰਦੀ ਹੈ।+ 2 ਮਸੀਹ ਨਾਲ ਏਕਤਾ ਵਿਚ ਬੱਝੀ ਹੋਣ ਕਰਕੇ ਤੁਸੀਂ ਉਸ ਦਾ ਉਸੇ ਤਰ੍ਹਾਂ ਸੁਆਗਤ ਕਰਨਾ ਜਿਵੇਂ ਪਵਿੱਤਰ ਸੇਵਕਾਂ ਦਾ ਕੀਤਾ ਜਾਂਦਾ ਹੈ*+ ਅਤੇ ਲੋੜ ਮੁਤਾਬਕ ਉਸ ਦੀ ਮਦਦ ਕਰਨੀ ਕਿਉਂਕਿ ਉਸ ਨੇ ਮੇਰੀ ਅਤੇ ਹੋਰ ਕਈ ਭਰਾਵਾਂ ਦੀ ਰੱਖਿਆ ਕੀਤੀ ਸੀ।

3 ਪਰਿਸਕਾ* ਤੇ ਅਕੂਲਾ ਨੂੰ ਨਮਸਕਾਰ+ ਜਿਹੜੇ ਮੇਰੇ ਨਾਲ ਮਸੀਹ ਯਿਸੂ ਦਾ ਕੰਮ ਕਰਦੇ ਹਨ। 4 ਉਨ੍ਹਾਂ ਨੇ ਮੇਰੀ ਖ਼ਾਤਰ ਆਪਣੀ ਜਾਨ ਖ਼ਤਰੇ ਵਿਚ ਪਾਈ।+ ਇਸ ਲਈ ਸਿਰਫ਼ ਮੈਂ ਹੀ ਉਨ੍ਹਾਂ ਦਾ ਧੰਨਵਾਦ ਨਹੀਂ ਕਰਦਾ, ਸਗੋਂ ਗ਼ੈਰ-ਯਹੂਦੀ ਮਸੀਹੀਆਂ ਦੀਆਂ ਸਾਰੀਆਂ ਮੰਡਲੀਆਂ ਵੀ ਕਰਦੀਆਂ ਹਨ। 5 ਪਰਿਸਕਾ ਤੇ ਅਕੂਲਾ ਦੇ ਘਰ ਇਕੱਠੀ ਹੁੰਦੀ ਮੰਡਲੀ ਨੂੰ ਵੀ ਮੇਰਾ ਨਮਸਕਾਰ।+ ਮੇਰੇ ਪਿਆਰੇ ਭਰਾ ਇਪੈਨੇਤੁਸ ਨੂੰ ਨਮਸਕਾਰ ਜਿਹੜਾ ਮਸੀਹ ਲਈ ਏਸ਼ੀਆ* ਦਾ ਪਹਿਲਾ ਫਲ ਹੈ। 6 ਮਰੀਅਮ ਨੂੰ ਨਮਸਕਾਰ ਜਿਸ ਨੇ ਤੁਹਾਡੇ ਲਈ ਬੜੀ ਮਿਹਨਤ ਕੀਤੀ ਹੈ। 7 ਮੇਰੇ ਰਿਸ਼ਤੇਦਾਰਾਂ+ ਅਤੇ ਮੇਰੇ ਨਾਲ ਕੈਦ ਕੱਟਣ ਵਾਲੇ ਅੰਦਰੁਨਿਕੁਸ ਤੇ ਯੂਨਿਆਸ ਨੂੰ ਨਮਸਕਾਰ। ਇਨ੍ਹਾਂ ਦੋਵਾਂ ਦਾ ਰਸੂਲਾਂ ਵਿਚ ਚੰਗਾ ਨਾਂ ਹੈ ਅਤੇ ਇਹ ਮੇਰੇ ਨਾਲੋਂ ਜ਼ਿਆਦਾ ਸਮੇਂ ਤੋਂ ਮਸੀਹ ਦੇ ਚੇਲੇ ਹਨ।

8 ਮੇਰੇ ਪਿਆਰੇ ਮਸੀਹੀ ਭਰਾ ਅੰਪਲਿਆਤੁਸ ਨੂੰ ਨਮਸਕਾਰ। 9 ਸਾਡੇ ਨਾਲ ਮਸੀਹ ਦਾ ਕੰਮ ਕਰਨ ਵਾਲੇ ਉਰਬਾਨੁਸ ਨੂੰ ਅਤੇ ਮੇਰੇ ਪਿਆਰੇ ਸਤਾਖੁਸ ਨੂੰ ਨਮਸਕਾਰ। 10 ਮਸੀਹ ਦੇ ਵਫ਼ਾਦਾਰ ਚੇਲੇ ਅਪਿੱਲੇਸ ਨੂੰ ਨਮਸਕਾਰ। ਅਰਿਸਤੁਬੂਲੁਸ ਦੇ ਘਰ ਦੇ ਜੀਆਂ ਨੂੰ ਨਮਸਕਾਰ। 11 ਮੇਰੇ ਰਿਸ਼ਤੇਦਾਰ ਹੇਰੋਦਿਓਨ ਨੂੰ ਨਮਸਕਾਰ। ਨਰਕਿਸੁੱਸ ਦੇ ਘਰ ਦੇ ਜੀਆਂ ਨੂੰ ਨਮਸਕਾਰ ਜਿਹੜੇ ਪ੍ਰਭੂ ਦੇ ਚੇਲੇ ਹਨ। 12 ਤਰੁਫ਼ੈਨਾ ਤੇ ਤਰੁਫ਼ੋਸਾ ਨੂੰ ਨਮਸਕਾਰ। ਇਹ ਭੈਣਾਂ ਪ੍ਰਭੂ ਦੀ ਸੇਵਾ ਵਿਚ ਬਹੁਤ ਮਿਹਨਤ ਕਰਦੀਆਂ ਹਨ। ਸਾਡੀ ਪਿਆਰੀ ਭੈਣ ਪਰਸੀਸ ਨੂੰ ਨਮਸਕਾਰ ਜਿਸ ਨੇ ਪ੍ਰਭੂ ਦੀ ਸੇਵਾ ਵਿਚ ਬਹੁਤ ਮਿਹਨਤ ਕੀਤੀ ਹੈ। 13 ਰੂਫੁਸ ਨੂੰ ਨਮਸਕਾਰ ਜਿਹੜਾ ਪ੍ਰਭੂ ਦਾ ਵਧੀਆ ਸੇਵਕ ਹੈ। ਉਸ ਦੀ ਮਾਤਾ ਨੂੰ ਵੀ ਨਮਸਕਾਰ ਜਿਹੜੀ ਮੇਰੀ ਮਾਂ ਵਰਗੀ ਹੈ। 14 ਅਸੁੰਕਰਿਤੁਸ, ਫਲੇਗੋਨ, ਹਰਮੇਸ, ਪਤਰੂਬਸ, ਹਿਰਮਾਸ ਅਤੇ ਉਨ੍ਹਾਂ ਨਾਲ ਹੋਰ ਭਰਾਵਾਂ ਨੂੰ ਨਮਸਕਾਰ। 15 ਫਿਲੁਲੁਗੁਸ ਤੇ ਯੂਲੀਆ ਨੂੰ, ਨੇਰੀਉਸ ਤੇ ਉਸ ਦੀ ਭੈਣ ਨੂੰ, ਉਲੁੰਪਾਸ ਅਤੇ ਉਨ੍ਹਾਂ ਨਾਲ ਹੋਰ ਸਾਰੇ ਪਵਿੱਤਰ ਸੇਵਕਾਂ ਨੂੰ ਨਮਸਕਾਰ। 16 ਪਿਆਰ ਨਾਲ ਚੁੰਮ ਕੇ ਇਕ-ਦੂਸਰੇ ਦਾ ਸੁਆਗਤ ਕਰੋ। ਮਸੀਹ ਦੀਆਂ ਸਾਰੀਆਂ ਮੰਡਲੀਆਂ ਵੱਲੋਂ ਤੁਹਾਨੂੰ ਨਮਸਕਾਰ।

17 ਭਰਾਵੋ, ਹੁਣ ਮੈਂ ਤੁਹਾਨੂੰ ਤਾਕੀਦ ਕਰਦਾ ਹਾਂ ਕਿ ਤੁਸੀਂ ਫੁੱਟਾਂ ਪਾਉਣ ਵਾਲੇ ਅਤੇ ਦੂਜਿਆਂ ਨੂੰ ਗੁਮਰਾਹ ਕਰਨ ਵਾਲੇ ਆਦਮੀਆਂ ਉੱਤੇ ਨਜ਼ਰ ਰੱਖੋ ਅਤੇ ਉਨ੍ਹਾਂ ਤੋਂ ਦੂਰ ਰਹੋ ਕਿਉਂਕਿ ਉਹ ਆਦਮੀ ਉਸ ਸਿੱਖਿਆ ਤੋਂ ਉਲਟ ਚੱਲਦੇ ਹਨ ਜਿਹੜੀ ਸਿੱਖਿਆ ਤੁਸੀਂ ਲਈ ਹੈ।+ 18 ਇਹੋ ਜਿਹੇ ਆਦਮੀ ਸਾਡੇ ਪ੍ਰਭੂ ਅਤੇ ਮਸੀਹ ਦੇ ਗ਼ੁਲਾਮ ਨਹੀਂ ਹਨ, ਸਗੋਂ ਉਹ ਆਪਣੀਆਂ ਬੁਰੀਆਂ ਇੱਛਾਵਾਂ* ਦੇ ਗ਼ੁਲਾਮ ਹਨ ਅਤੇ ਆਪਣੀਆਂ ਚਿਕਨੀਆਂ-ਚੋਪੜੀਆਂ ਗੱਲਾਂ ਅਤੇ ਚਾਪਲੂਸੀਆਂ ਨਾਲ ਭੋਲੇ-ਭਾਲੇ ਲੋਕਾਂ ਦੇ ਦਿਲਾਂ ਨੂੰ ਭਰਮਾ ਲੈਂਦੇ ਹਨ। 19 ਤੁਹਾਡੀ ਆਗਿਆਕਾਰੀ ਦੀ ਚਰਚਾ ਸਾਰੀ ਜਗ੍ਹਾ ਹੁੰਦੀ ਹੈ। ਇਸ ਲਈ ਮੈਨੂੰ ਤੁਹਾਡੇ ਕਰਕੇ ਖ਼ੁਸ਼ੀ ਹੁੰਦੀ ਹੈ। ਪਰ ਮੈਂ ਚਾਹੁੰਦਾ ਹਾਂ ਕਿ ਤੁਸੀਂ ਚੰਗੀਆਂ ਗੱਲਾਂ ਦੇ ਮਾਮਲੇ ਵਿਚ ਬੁੱਧੀਮਾਨ ਬਣੋ, ਪਰ ਬੁਰੀਆਂ ਗੱਲਾਂ ਦੇ ਮਾਮਲੇ ਵਿਚ ਭੋਲੇ ਬਣੋ।+ 20 ਜਲਦੀ ਹੀ ਸ਼ਾਂਤੀ ਦਾ ਪਰਮੇਸ਼ੁਰ ਤੁਹਾਨੂੰ ਅਧਿਕਾਰ ਦੇਵੇਗਾ ਕਿ ਤੁਸੀਂ ਸ਼ੈਤਾਨ ਨੂੰ ਆਪਣੇ ਪੈਰਾਂ ਹੇਠ ਕੁਚਲ ਦਿਓ।+ ਸਾਡੇ ਪ੍ਰਭੂ ਯਿਸੂ ਦੀ ਅਪਾਰ ਕਿਰਪਾ ਤੁਹਾਡੇ ਉੱਤੇ ਹੋਵੇ।

21 ਮੇਰੇ ਸਹਿਕਰਮੀ ਤਿਮੋਥਿਉਸ ਵੱਲੋਂ ਅਤੇ ਮੇਰੇ ਰਿਸ਼ਤੇਦਾਰਾਂ ਲੂਕੀਉਸ, ਯਸੋਨ ਤੇ ਸੋਸੀਪਤਰੁਸ ਵੱਲੋਂ ਤੁਹਾਨੂੰ ਨਮਸਕਾਰ।+

22 ਮੈਂ ਤਰਤਿਉਸ ਨੇ ਪੌਲੁਸ ਦੀ ਇਹ ਚਿੱਠੀ ਲਿਖੀ ਹੈ ਅਤੇ ਪ੍ਰਭੂ ਦਾ ਚੇਲਾ ਹੋਣ ਦੇ ਨਾਤੇ ਤੁਹਾਨੂੰ ਨਮਸਕਾਰ ਕਰਦਾ ਹਾਂ।

23 ਗਾਉਸ+ ਵੱਲੋਂ ਤੁਹਾਨੂੰ ਨਮਸਕਾਰ ਜਿਸ ਦੇ ਘਰ ਮੈਂ ਠਹਿਰਿਆ ਹੋਇਆ ਹਾਂ ਅਤੇ ਜਿਸ ਦੇ ਘਰ ਮੰਡਲੀ ਇਕੱਠੀ ਹੁੰਦੀ ਹੈ। ਸ਼ਹਿਰ ਦੇ ਖ਼ਜ਼ਾਨਚੀ* ਅਰਾਸਤੁਸ ਅਤੇ ਉਸ ਦੇ ਭਰਾ ਕੁਆਰਤੁਸ ਵੱਲੋਂ ਨਮਸਕਾਰ। 24 *​—

25 ਭਰਾਵੋ, ਮੈਂ ਜਿਸ ਖ਼ੁਸ਼ ਖ਼ਬਰੀ ਦਾ ਐਲਾਨ ਕਰਦਾ ਹਾਂ ਅਤੇ ਯਿਸੂ ਮਸੀਹ ਦਾ ਪ੍ਰਚਾਰ ਕਰਦਾ ਹਾਂ, ਉਸ ਦੇ ਜ਼ਰੀਏ ਪਰਮੇਸ਼ੁਰ ਤੁਹਾਨੂੰ ਮਜ਼ਬੂਤ ਬਣਾ ਸਕਦਾ ਹੈ। ਇਹ ਸੰਦੇਸ਼ ਪਵਿੱਤਰ ਭੇਤ+ ਦੇ ਜ਼ਰੀਏ ਪ੍ਰਗਟ ਕੀਤਾ ਗਿਆ ਹੈ ਜੋ ਲੰਬੇ ਸਮੇਂ ਤੋਂ ਗੁਪਤ ਰੱਖਿਆ ਗਿਆ ਸੀ। 26 ਪਰ ਹੁਣ ਧਰਮ-ਗ੍ਰੰਥ ਵਿਚ ਦਰਜ ਭਵਿੱਖਬਾਣੀਆਂ ਰਾਹੀਂ ਇਸ ਭੇਤ ਨੂੰ ਜ਼ਾਹਰ ਕਰ ਦਿੱਤਾ ਗਿਆ ਹੈ। ਸਾਡੇ ਹਮੇਸ਼ਾ ਜੀਉਣ ਵਾਲੇ ਪਰਮੇਸ਼ੁਰ ਨੇ ਹੁਕਮ ਦਿੱਤਾ ਹੈ ਕਿ ਸਾਰੀਆਂ ਕੌਮਾਂ ਨੂੰ ਇਸ ਭੇਤ ਬਾਰੇ ਦੱਸਿਆ ਜਾਵੇ ਤਾਂਕਿ ਕੌਮਾਂ ਉਸ ਉੱਤੇ ਨਿਹਚਾ ਕਰ ਕੇ ਉਸ ਦੀਆਂ ਆਗਿਆਕਾਰ ਬਣਨ। 27 ਯਿਸੂ ਮਸੀਹ ਦੇ ਜ਼ਰੀਏ ਇੱਕੋ-ਇਕ ਬੁੱਧੀਮਾਨ ਪਰਮੇਸ਼ੁਰ+ ਦੀ ਯੁਗੋ-ਯੁਗ ਮਹਿਮਾ ਹੋਵੇ। ਆਮੀਨ।

ਯੂਨਾ, “ਬੀ।”

ਜਾਂ, “ਗ਼ੈਰ-ਯੂਨਾਨੀਆਂ।”

ਇੱਥੇ ਯੂਨਾਨੀ ਭਾਸ਼ਾ ਬੋਲਣ ਵਾਲੇ ਗ਼ੈਰ-ਯਹੂਦੀ ਲੋਕਾਂ ਦੀ ਗੱਲ ਕੀਤੀ ਗਈ ਹੈ।

ਜਾਂ, “ਧਰਮੀ ਅਸੂਲ।”

ਜਾਂ, “ਉਨ੍ਹਾਂ ਨੂੰ ਪਰਮੇਸ਼ੁਰ ਬਾਰੇ ਸਹੀ ਗਿਆਨ ਲੈਣਾ ਮਨਜ਼ੂਰ ਨਹੀਂ ਸੀ।”

ਰੋਮੀ 1:​16, ਫੁਟਨੋਟ ਦੇਖੋ।

ਜਾਂ, “ਜ਼ਬਾਨੀ ਸਿਖਾਇਆ।”

ਰੋਮੀ 1:​16, ਫੁਟਨੋਟ ਦੇਖੋ।

ਵਧੇਰੇ ਜਾਣਕਾਰੀ 1.5 ਦੇਖੋ।

ਜਾਂ, “ਮਾਫ਼ ਕੀਤੇ।”

ਵਧੇਰੇ ਜਾਣਕਾਰੀ 1.5 ਦੇਖੋ।

ਯੂਨਾ, “ਬੀ।”

ਜਾਂ, “ਨਵੀਂ ਦੁਨੀਆਂ।”

ਯੂਨਾ, “ਬੀ।”

ਜਾਂ, “ਸ਼ਰਮਿੰਦਾ।”

ਯੂਨਾ, “ਕਮਜ਼ੋਰ।”

ਯਾਨੀ, ਆਦਮ ਦਾ ਗੁਨਾਹ।

ਯੂਨਾ, “ਹਥਿਆਰ।”

ਯੂਨਾ, “ਅੰਗਾਂ।”

ਯੂਨਾ, “ਕੀ ਮੂਸਾ ਦਾ ਕਾਨੂੰਨ ਪਾਪ ਹੈ?”

ਯੂਨਾ, “ਅੰਗਾਂ।”

ਯੂਨਾ, “ਅੰਗਾਂ।”

ਜਾਂ, “ਸਰੀਰ ਦੀਆਂ ਇੱਛਾਵਾਂ।”

ਜਾਂ, “ਉਚਿਤ।”

ਯੂਨਾ, “ਪਨੈਵਮਾ।” ਸ਼ਬਦਾਵਲੀ, “ਰੂਆਖ; ਪਨੈਵਮਾ” ਦੇਖੋ।

ਇਕ ਇਬਰਾਨੀ ਜਾਂ ਅਰਾਮੀ ਸ਼ਬਦ ਜਿਸ ਦਾ ਮਤਲਬ ਹੈ “ਹੇ ਪਿਤਾ।”

ਯੂਨਾ, “ਬੀ।”

ਯੂਨਾ, “ਬੀ।”

ਯੂਨਾ, “ਬੀ।”

ਯੂਨਾ, “ਭੱਜ-ਦੌੜ ਕਰਨ।”

ਵਧੇਰੇ ਜਾਣਕਾਰੀ 1.5 ਦੇਖੋ।

ਵਧੇਰੇ ਜਾਣਕਾਰੀ 1.5 ਦੇਖੋ।

ਯੂਨਾ, “ਬੀ।”

ਰੋਮੀ 1:​16, ਫੁਟਨੋਟ ਦੇਖੋ।

ਵਧੇਰੇ ਜਾਣਕਾਰੀ 1.5 ਦੇਖੋ।

ਵਧੇਰੇ ਜਾਣਕਾਰੀ 1.5 ਦੇਖੋ।

ਜਾਂ, “ਖ਼ਬਰ।”

ਯਾਨੀ, ਸੰਦੇਸ਼ ਸੁਣਾਉਣ ਵਾਲੇ।

ਯੂਨਾ, “ਬੀ।”

ਵਧੇਰੇ ਜਾਣਕਾਰੀ 1.5 ਦੇਖੋ।

ਇਸ ਦਾ ਮਤਲਬ ਹੈ ਕਿ ਉਹ ਪਰਮੇਸ਼ੁਰ ਦੇ ਮਕਸਦ ਨੂੰ ਸਮਝ ਨਹੀਂ ਸਕਦੇ।

ਯੂਨਾ, “ਮੇਜ਼।”

ਜਾਂ, “ਵਡਿਆਈ।”

ਜਾਂ, “ਦੇ ਖ਼ਿਲਾਫ਼ ਸ਼ੇਖ਼ੀਆਂ ਨਾ ਮਾਰ।”

ਜਾਂ, “ਸ਼ੇਖ਼ੀਆਂ ਮਾਰਦਾ ਹੈਂ।”

ਵਧੇਰੇ ਜਾਣਕਾਰੀ 1.5 ਦੇਖੋ।

ਜਾਂ, “ਪਵਿੱਤਰ ਸੇਵਾ।”

ਜਾਂ, “ਯੁਗ।” ਸ਼ਬਦਾਵਲੀ ਦੇਖੋ।

ਜਾਂ, “ਮੁਤਾਬਕ ਆਪਣੇ ਆਪ ਨੂੰ ਢਾਲਣਾ।”

ਜਾਂ, “ਵੰਡੀ।”

ਜਾਂ, “ਸਾਨੂੰ ਇਕ-ਦੂਜੇ ਦੀ ਲੋੜ ਹੈ।”

ਜਾਂ, “ਨਸੀਹਤਾਂ।”

ਜਾਂ, “ਨਸੀਹਤਾਂ।”

ਜਾਂ, “ਦਾਨ ਦਿੰਦਾ ਹੈ।”

ਜਾਂ, “ਦਾਨ ਦੇਵੇ।”

ਜਾਂ, “ਗੰਭੀਰਤਾ।”

ਜਾਂ, “ਜੋਸ਼ੀਲੇ।”

ਜਾਂ, “ਆਪਣੇ ਕੰਮ ਵਿਚ ਢਿੱਲ-ਮੱਠ ਨਾ ਕਰੋ।”

ਵਧੇਰੇ ਜਾਣਕਾਰੀ 1.5 ਦੇਖੋ।

ਜਾਂ, “ਮਨ ਵਿਚ ਵੱਡੇ-ਵੱਡੇ ਖ਼ਿਆਲ ਨਾ ਪਾਲ਼ੋ।”

ਵਧੇਰੇ ਜਾਣਕਾਰੀ 1.5 ਦੇਖੋ।

ਯਾਨੀ, ਕਿਸੇ ਦੇ ਕਠੋਰ ਦਿਲ ਨੂੰ ਪਿਘਲਾਉਣਾ, ਜਿਵੇਂ ਬਲ਼ਦੇ ਕੋਲੇ ਲੋਹੇ ਨੂੰ ਪਿਘਲਾ ਦਿੰਦੇ ਹਨ।

ਯੂਨਾ, “ਬੁਰੇ ਲੋਕਾਂ ਉੱਤੇ ਪਰਮੇਸ਼ੁਰ ਦਾ ਕ੍ਰੋਧ ਜ਼ਾਹਰ ਕਰਦੇ ਹਨ।”

ਯੂਨਾ, “ਕ੍ਰੋਧ।”

ਜਾਂ, “ਢੀਠ।” ਸ਼ਬਦਾਵਲੀ, “ਬੇਸ਼ਰਮੀ” ਦੇਖੋ।

ਵਧੇਰੇ ਜਾਣਕਾਰੀ 1.5 ਦੇਖੋ।

ਵਧੇਰੇ ਜਾਣਕਾਰੀ 1.5 ਦੇਖੋ।

ਵਧੇਰੇ ਜਾਣਕਾਰੀ 1.5 ਦੇਖੋ।

ਵਧੇਰੇ ਜਾਣਕਾਰੀ 1.5 ਦੇਖੋ।

ਵਧੇਰੇ ਜਾਣਕਾਰੀ 1.5 ਦੇਖੋ।

ਵਧੇਰੇ ਜਾਣਕਾਰੀ 1.5 ਦੇਖੋ।

ਵਧੇਰੇ ਜਾਣਕਾਰੀ 1.5 ਦੇਖੋ।

ਵਧੇਰੇ ਜਾਣਕਾਰੀ 1.5 ਦੇਖੋ।

ਯਾਨੀ, ਉਸ ਦੀ ਨਿਹਚਾ ਨੂੰ ਜਾਂ ਭਵਿੱਖ ਵਿਚ ਹਮੇਸ਼ਾ ਦੀ ਜ਼ਿੰਦਗੀ ਪਾਉਣ ਦੀ ਉਸ ਦੀ ਉਮੀਦ ਨੂੰ ਤਬਾਹ ਕਰਨਾ।

ਜਾਂ, “ਗ਼ਲਤ।”

ਯੂਨਾ, “ਮੂੰਹ ਨਾਲ।”

ਜਾਂ, “ਦਾ ਸੁਆਗਤ।”

ਯੂਨਾ, “ਉਨ੍ਹਾਂ ਦਾ ਸੇਵਕ ਬਣਿਆ ਜਿਨ੍ਹਾਂ ਦੀ ਸੁੰਨਤ ਹੋਈ ਸੀ।”

ਵਧੇਰੇ ਜਾਣਕਾਰੀ 1.5 ਦੇਖੋ।

ਜਾਂ, “ਸਿੱਖਿਆ।”

ਜਾਂ ਸੰਭਵ ਹੈ, “ਕੁਝ।”

ਜਾਂ, “ਸਿਫ਼ਾਰਸ਼।”

ਜਾਂ, “ਤੁਸੀਂ ਪਵਿੱਤਰ ਸੇਵਕਾਂ ਵਾਂਗ ਉਸ ਦਾ ਸੁਆਗਤ ਕਰਨਾ।”

ਇਸ ਨੂੰ ਪ੍ਰਿਸਕਿੱਲਾ ਵੀ ਕਿਹਾ ਜਾਂਦਾ ਹੈ।

ਰਸੂ 2:​9, ਫੁਟਨੋਟ ਦੇਖੋ।

ਜਾਂ, “ਆਪਣੇ ਢਿੱਡ।”

ਜਾਂ, “ਪ੍ਰਬੰਧਕ।”

ਵਧੇਰੇ ਜਾਣਕਾਰੀ 1.3 ਦੇਖੋ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ