ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • nwt ਅੱਯੂਬ 1:1 - 42:17
  • ਅੱਯੂਬ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਅੱਯੂਬ
  • ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
ਅੱਯੂਬ

ਅੱਯੂਬ

1 ਊਸ ਨਾਂ ਦੇ ਦੇਸ਼ ਵਿਚ ਇਕ ਆਦਮੀ ਸੀ ਜਿਸ ਦਾ ਨਾਂ ਅੱਯੂਬ*+ ਸੀ। ਉਹ ਨੇਕ ਤੇ ਖਰਾ ਇਨਸਾਨ ਸੀ;*+ ਉਹ ਪਰਮੇਸ਼ੁਰ ਤੋਂ ਡਰਦਾ ਤੇ ਬੁਰਾਈ ਤੋਂ ਦੂਰ ਰਹਿੰਦਾ ਸੀ।+ 2 ਉਸ ਦੇ ਸੱਤ ਪੁੱਤਰ ਤੇ ਤਿੰਨ ਧੀਆਂ ਹੋਈਆਂ। 3 ਉਸ ਕੋਲ 7,000 ਭੇਡਾਂ, 3,000 ਊਠ, 1,000 ਗਾਂਵਾਂ-ਬਲਦ* ਅਤੇ 500 ਗਧੇ* ਸਨ। ਨਾਲੇ ਉਸ ਕੋਲ ਬਹੁਤ ਸਾਰੇ ਨੌਕਰ-ਚਾਕਰ ਸਨ। ਇਸ ਤਰ੍ਹਾਂ ਉਹ ਪੂਰਬ ਦੇ ਸਾਰੇ ਲੋਕਾਂ ਵਿਚ ਸਭ ਤੋਂ ਵੱਡਾ ਆਦਮੀ ਬਣ ਗਿਆ।

4 ਉਸ ਦੇ ਪੁੱਤਰਾਂ ਵਿੱਚੋਂ ਹਰੇਕ ਜਣਾ ਮਿਥੇ ਹੋਏ ਦਿਨ ʼਤੇ ਆਪਣੇ ਘਰ* ਦਾਅਵਤ ਰੱਖਦਾ ਸੀ। ਉਹ ਆਪਣੀਆਂ ਤਿੰਨਾਂ ਭੈਣਾਂ ਨੂੰ ਆਪਣੇ ਨਾਲ ਖਾਣ-ਪੀਣ ਲਈ ਸੱਦਦੇ ਹੁੰਦੇ ਸਨ। 5 ਦਾਅਵਤ ਦੇ ਦਿਨ ਖ਼ਤਮ ਹੋਣ ਤੋਂ ਬਾਅਦ ਅੱਯੂਬ ਉਨ੍ਹਾਂ ਨੂੰ ਬੁਲਵਾਉਂਦਾ ਸੀ ਤਾਂਕਿ ਉਨ੍ਹਾਂ ਨੂੰ ਸ਼ੁੱਧ ਕਰੇ। ਫਿਰ ਉਹ ਸਵੇਰੇ ਜਲਦੀ ਉੱਠਦਾ ਸੀ ਤੇ ਉਨ੍ਹਾਂ ਵਿੱਚੋਂ ਹਰੇਕ ਜਣੇ ਲਈ ਹੋਮ-ਬਲ਼ੀਆਂ ਚੜ੍ਹਾਉਂਦਾ ਸੀ।+ ਅੱਯੂਬ ਦਾ ਕਹਿਣਾ ਸੀ: “ਸ਼ਾਇਦ ਮੇਰੇ ਪੁੱਤਰਾਂ ਨੇ ਕੋਈ ਪਾਪ ਕੀਤਾ ਹੋਵੇ ਤੇ ਆਪਣੇ ਮਨ ਵਿਚ ਪਰਮੇਸ਼ੁਰ ਨੂੰ ਬੁਰਾ-ਭਲਾ ਕਿਹਾ ਹੋਵੇ।” ਅੱਯੂਬ ਹਮੇਸ਼ਾ ਇਸ ਤਰ੍ਹਾਂ ਕਰਦਾ ਸੀ।+

6 ਫਿਰ ਉਹ ਦਿਨ ਆਇਆ ਜਦੋਂ ਸੱਚੇ ਪਰਮੇਸ਼ੁਰ ਦੇ ਪੁੱਤਰ*+ ਯਹੋਵਾਹ ਸਾਮ੍ਹਣੇ ਹਾਜ਼ਰ ਹੋਏ+ ਤੇ ਸ਼ੈਤਾਨ+ ਵੀ ਉਨ੍ਹਾਂ ਵਿਚਕਾਰ ਹਾਜ਼ਰ ਹੋਇਆ।+

7 ਫਿਰ ਯਹੋਵਾਹ ਨੇ ਸ਼ੈਤਾਨ ਨੂੰ ਪੁੱਛਿਆ: “ਤੂੰ ਕਿੱਥੋਂ ਆਇਆਂ?” ਸ਼ੈਤਾਨ ਨੇ ਯਹੋਵਾਹ ਨੂੰ ਜਵਾਬ ਦਿੱਤਾ: “ਮੈਂ ਧਰਤੀ ਉੱਤੇ ਇੱਧਰ-ਉੱਧਰ ਘੁੰਮ-ਫਿਰ ਕੇ ਆਇਆ ਹਾਂ।”+ 8 ਯਹੋਵਾਹ ਨੇ ਸ਼ੈਤਾਨ ਨੂੰ ਕਿਹਾ: “ਕੀ ਤੂੰ ਮੇਰੇ ਸੇਵਕ ਅੱਯੂਬ ʼਤੇ ਧਿਆਨ ਦਿੱਤਾ?* ਧਰਤੀ ਉੱਤੇ ਉਸ ਵਰਗਾ ਕੋਈ ਨਹੀਂ ਹੈ। ਉਹ ਨੇਕ ਤੇ ਖਰਾ ਇਨਸਾਨ ਹੈ*+ ਜੋ ਪਰਮੇਸ਼ੁਰ ਤੋਂ ਡਰਦਾ ਤੇ ਬੁਰਾਈ ਤੋਂ ਦੂਰ ਰਹਿੰਦਾ ਹੈ।” 9 ਇਹ ਸੁਣ ਕੇ ਸ਼ੈਤਾਨ ਨੇ ਯਹੋਵਾਹ ਨੂੰ ਜਵਾਬ ਦਿੱਤਾ: “ਕੀ ਅੱਯੂਬ ਬਿਨਾਂ ਕਿਸੇ ਮਤਲਬ ਦੇ ਪਰਮੇਸ਼ੁਰ ਦਾ ਡਰ ਮੰਨਦਾ ਹੈ?+ 10 ਕੀ ਤੂੰ ਸੁਰੱਖਿਆ ਲਈ ਉਹਦੇ ਦੁਆਲੇ ਤੇ ਉਹਦੇ ਘਰ ਅਤੇ ਉਹਦੀ ਹਰ ਚੀਜ਼ ਦੁਆਲੇ ਵਾੜ ਨਹੀਂ ਲਾ ਰੱਖੀ?+ ਤੂੰ ਉਸ ਦੇ ਹੱਥਾਂ ਦੇ ਕੰਮ ʼਤੇ ਬਰਕਤ ਦਿੱਤੀ ਹੈ+ ਅਤੇ ਉਸ ਦੇ ਪਸ਼ੂ ਇੰਨੇ ਵਧ ਗਏ ਹਨ ਕਿ ਉਹ ਦੇਸ਼ ਭਰ ਵਿਚ ਫੈਲ ਗਏ ਹਨ। 11 ਹੁਣ ਜ਼ਰਾ ਆਪਣਾ ਹੱਥ ਤਾਂ ਵਧਾ ਅਤੇ ਜੋ ਕੁਝ ਉਸ ਦਾ ਹੈ, ਖੋਹ ਲੈ। ਫਿਰ ਦੇਖੀਂ, ਉਹ ਤੇਰੇ ਮੂੰਹ ʼਤੇ ਤੈਨੂੰ ਫਿਟਕਾਰੇਗਾ।” 12 ਫਿਰ ਯਹੋਵਾਹ ਨੇ ਸ਼ੈਤਾਨ ਨੂੰ ਕਿਹਾ: “ਦੇਖ! ਉਸ ਦਾ ਸਾਰਾ ਕੁਝ ਤੇਰੇ ਹੱਥ ਵਿਚ ਹੈ।* ਤੂੰ ਬੱਸ ਉਸ ਨੂੰ ਹੱਥ ਨਾ ਲਾਈਂ!” ਫਿਰ ਸ਼ੈਤਾਨ ਯਹੋਵਾਹ ਦੀ ਹਜ਼ੂਰੀ* ਵਿੱਚੋਂ ਚਲਾ ਗਿਆ।+

13 ਫਿਰ ਇਕ ਦਿਨ ਜਦੋਂ ਉਸ ਦੇ ਧੀਆਂ-ਪੁੱਤਰ ਆਪਣੇ ਸਭ ਤੋਂ ਵੱਡੇ ਭਰਾ ਦੇ ਘਰ ਖਾਣਾ ਖਾ ਰਹੇ ਸਨ ਤੇ ਦਾਖਰਸ ਪੀ ਰਹੇ ਸਨ,+ 14 ਤਾਂ ਇਕ ਆਦਮੀ ਨੇ ਅੱਯੂਬ ਕੋਲ ਆ ਕੇ ਇਹ ਖ਼ਬਰ ਦਿੱਤੀ: “ਬਲਦ ਹਲ਼ ਵਾਹ ਰਹੇ ਸਨ ਤੇ ਗਧੇ ਉਨ੍ਹਾਂ ਕੋਲ ਚਰ ਰਹੇ ਸਨ 15 ਕਿ ਸਬਾ ਦੇ ਲੋਕਾਂ ਨੇ ਹਮਲਾ ਕਰ ਦਿੱਤਾ ਤੇ ਉਨ੍ਹਾਂ ਨੂੰ ਲੈ ਗਏ ਅਤੇ ਉਨ੍ਹਾਂ ਨੇ ਤਲਵਾਰ ਨਾਲ ਨੌਕਰਾਂ ਨੂੰ ਮਾਰ ਸੁੱਟਿਆ। ਇਕੱਲਾ ਮੈਂ ਹੀ ਬਚਿਆ ਹਾਂ ਤੇ ਤੈਨੂੰ ਇਹ ਖ਼ਬਰ ਦੇਣ ਆਇਆ ਹਾਂ।”

16 ਹਾਲੇ ਉਹ ਗੱਲ ਕਰ ਹੀ ਰਿਹਾ ਸੀ ਕਿ ਇਕ ਹੋਰ ਜਣੇ ਨੇ ਆ ਕੇ ਇਹ ਖ਼ਬਰ ਦਿੱਤੀ: “ਆਕਾਸ਼ ਤੋਂ ਪਰਮੇਸ਼ੁਰ ਦੀ ਅੱਗ ਵਰ੍ਹੀ* ਜਿਸ ਨੇ ਭੇਡਾਂ ਤੇ ਨੌਕਰਾਂ ਨੂੰ ਸਾੜ ਕੇ ਭਸਮ ਕਰ ਦਿੱਤਾ! ਇਕੱਲਾ ਮੈਂ ਹੀ ਬਚਿਆ ਹਾਂ ਤੇ ਤੈਨੂੰ ਇਹ ਖ਼ਬਰ ਦੇਣ ਆਇਆ ਹਾਂ।”

17 ਉਹ ਅਜੇ ਬੋਲ ਹੀ ਰਿਹਾ ਸੀ ਕਿ ਇਕ ਹੋਰ ਜਣੇ ਨੇ ਆ ਕੇ ਖ਼ਬਰ ਦਿੱਤੀ: “ਕਸਦੀ+ ਤਿੰਨ ਟੋਲੀਆਂ ਬਣਾ ਕੇ ਆਏ ਅਤੇ ਉਨ੍ਹਾਂ ਨੇ ਊਠਾਂ ʼਤੇ ਧਾਵਾ ਬੋਲ ਦਿੱਤਾ ਤੇ ਉਨ੍ਹਾਂ ਨੂੰ ਲੈ ਗਏ ਅਤੇ ਉਨ੍ਹਾਂ ਨੇ ਤਲਵਾਰ ਨਾਲ ਨੌਕਰਾਂ ਨੂੰ ਮਾਰ ਸੁੱਟਿਆ। ਇਕੱਲਾ ਮੈਂ ਹੀ ਬਚਿਆ ਹਾਂ ਤੇ ਤੈਨੂੰ ਇਹ ਖ਼ਬਰ ਦੇਣ ਆਇਆ ਹਾਂ।”

18 ਉਹ ਹਾਲੇ ਗੱਲ ਕਰ ਹੀ ਰਿਹਾ ਸੀ ਕਿ ਇਕ ਹੋਰ ਜਣੇ ਨੇ ਆ ਕੇ ਖ਼ਬਰ ਦਿੱਤੀ: “ਤੇਰੇ ਧੀਆਂ-ਪੁੱਤਰ ਆਪਣੇ ਸਭ ਤੋਂ ਵੱਡੇ ਭਰਾ ਦੇ ਘਰ ਖਾਣਾ ਖਾ ਰਹੇ ਸਨ ਤੇ ਦਾਖਰਸ ਪੀ ਰਹੇ ਸਨ। 19 ਅਚਾਨਕ ਉਜਾੜ ਵੱਲੋਂ ਇਕ ਜ਼ੋਰਦਾਰ ਹਨੇਰੀ ਆਈ ਤੇ ਇਹ ਘਰ ਦੇ ਚਾਰਾਂ ਖੂੰਜਿਆਂ ਨਾਲ ਅਜਿਹੀ ਟਕਰਾਈ ਕਿ ਘਰ ਉਨ੍ਹਾਂ ਨੌਜਵਾਨਾਂ ਉੱਤੇ ਡਿਗ ਗਿਆ ਤੇ ਉਹ ਮਰ ਗਏ। ਇਕੱਲਾ ਮੈਂ ਹੀ ਬਚਿਆ ਹਾਂ ਤੇ ਤੈਨੂੰ ਇਹ ਖ਼ਬਰ ਦੇਣ ਆਇਆ ਹਾਂ।”

20 ਇਹ ਸੁਣ ਕੇ ਅੱਯੂਬ ਉੱਠਿਆ ਤੇ ਉਸ ਨੇ ਆਪਣੇ ਕੱਪੜੇ ਪਾੜੇ ਅਤੇ ਆਪਣਾ ਸਿਰ ਮੁੰਨਾ ਲਿਆ; ਫਿਰ ਉਸ ਨੇ ਜ਼ਮੀਨ ʼਤੇ ਡਿਗ ਕੇ ਮੱਥਾ ਟੇਕਿਆ 21 ਤੇ ਕਿਹਾ:

“ਮੈਂ ਆਪਣੀ ਮਾਂ ਦੀ ਕੁੱਖੋਂ ਨੰਗਾ ਆਇਆ ਸੀ

ਅਤੇ ਨੰਗਾ ਹੀ ਵਾਪਸ ਜਾਵਾਂਗਾ।+

ਯਹੋਵਾਹ ਨੇ ਦਿੱਤਾ+ ਤੇ ਯਹੋਵਾਹ ਨੇ ਹੀ ਲੈ ਲਿਆ।

ਯਹੋਵਾਹ ਦੇ ਨਾਂ ਦੀ ਵਡਿਆਈ ਹੁੰਦੀ ਰਹੇ।”

22 ਇਹ ਸਾਰਾ ਕੁਝ ਹੋਣ ਤੇ ਵੀ ਅੱਯੂਬ ਨੇ ਪਾਪ ਨਹੀਂ ਕੀਤਾ ਤੇ ਨਾ ਹੀ ਪਰਮੇਸ਼ੁਰ ਉੱਤੇ ਕੁਝ ਗ਼ਲਤ ਕਰਨ ਦਾ ਦੋਸ਼ ਲਾਇਆ।

2 ਫਿਰ ਉਹ ਦਿਨ ਆਇਆ ਜਦੋਂ ਸੱਚੇ ਪਰਮੇਸ਼ੁਰ ਦੇ ਪੁੱਤਰ*+ ਯਹੋਵਾਹ ਸਾਮ੍ਹਣੇ ਹਾਜ਼ਰ ਹੋਏ+ ਤੇ ਸ਼ੈਤਾਨ ਵੀ ਉਨ੍ਹਾਂ ਵਿਚਕਾਰ ਯਹੋਵਾਹ ਸਾਮ੍ਹਣੇ ਹਾਜ਼ਰ ਹੋਇਆ।+

2 ਫਿਰ ਯਹੋਵਾਹ ਨੇ ਸ਼ੈਤਾਨ ਨੂੰ ਪੁੱਛਿਆ: “ਤੂੰ ਕਿੱਥੋਂ ਆਇਆਂ?” ਸ਼ੈਤਾਨ ਨੇ ਯਹੋਵਾਹ ਨੂੰ ਜਵਾਬ ਦਿੱਤਾ: “ਮੈਂ ਧਰਤੀ ਉੱਤੇ ਇੱਧਰ-ਉੱਧਰ ਘੁੰਮ-ਫਿਰ ਕੇ ਆਇਆ ਹਾਂ।”+ 3 ਯਹੋਵਾਹ ਨੇ ਸ਼ੈਤਾਨ ਨੂੰ ਕਿਹਾ: “ਕੀ ਤੂੰ ਮੇਰੇ ਸੇਵਕ ਅੱਯੂਬ ʼਤੇ ਧਿਆਨ ਦਿੱਤਾ?* ਧਰਤੀ ਉੱਤੇ ਉਸ ਵਰਗਾ ਕੋਈ ਨਹੀਂ ਹੈ। ਉਹ ਨੇਕ ਤੇ ਖਰਾ ਇਨਸਾਨ ਹੈ*+ ਜੋ ਪਰਮੇਸ਼ੁਰ ਤੋਂ ਡਰਦਾ ਤੇ ਬੁਰਾਈ ਤੋਂ ਦੂਰ ਰਹਿੰਦਾ ਹੈ। ਉਸ ਨੇ ਹਾਲੇ ਵੀ ਆਪਣੀ ਵਫ਼ਾਦਾਰੀ* ਨੂੰ ਘੁੱਟ ਕੇ ਫੜਿਆ ਹੋਇਆ ਹੈ,+ ਭਾਵੇਂ ਕਿ ਤੂੰ ਮੈਨੂੰ ਉਸ ਖ਼ਿਲਾਫ਼ ਉਕਸਾਉਣ ਦੀ ਕੋਸ਼ਿਸ਼ ਕੀਤੀ+ ਕਿ ਮੈਂ ਬੇਵਜ੍ਹਾ ਉਸ ਨੂੰ ਖ਼ਤਮ ਕਰ ਦਿਆਂ।”* 4 ਪਰ ਸ਼ੈਤਾਨ ਨੇ ਯਹੋਵਾਹ ਨੂੰ ਜਵਾਬ ਦਿੱਤਾ: “ਖੱਲ ਦੇ ਬਦਲੇ ਖੱਲ। ਇਨਸਾਨ ਆਪਣੀ ਜਾਨ ਦੇ ਬਦਲੇ ਆਪਣਾ ਸਭ ਕੁਝ ਦੇ ਦੇਵੇਗਾ। 5 ਹੁਣ ਜ਼ਰਾ ਆਪਣਾ ਹੱਥ ਤਾਂ ਵਧਾ ਅਤੇ ਉਸ ਦੀ ਹੱਡੀ ਤੇ ਉਸ ਦੇ ਮਾਸ ਨੂੰ ਛੋਹ। ਫਿਰ ਦੇਖੀਂ, ਉਹ ਤੇਰੇ ਮੂੰਹ ʼਤੇ ਤੈਨੂੰ ਫਿਟਕਾਰੇਗਾ।”+

6 ਫਿਰ ਯਹੋਵਾਹ ਨੇ ਸ਼ੈਤਾਨ ਨੂੰ ਕਿਹਾ: “ਦੇਖ! ਉਹ ਤੇਰੇ ਹੱਥ ਵਿਚ ਹੈ!* ਬੱਸ ਉਸ ਦੀ ਜਾਨ ਨਾ ਲਈਂ।” 7 ਫਿਰ ਸ਼ੈਤਾਨ ਯਹੋਵਾਹ ਦੀ ਹਜ਼ੂਰੀ* ਵਿੱਚੋਂ ਚਲਾ ਗਿਆ ਤੇ ਉਸ ਨੇ ਅੱਯੂਬ ਨੂੰ ਉਸ ਦੇ ਪੈਰ ਦੀ ਤਲੀ ਤੋਂ ਲੈ ਕੇ ਉਸ ਦੇ ਸਿਰ ਤਕ ਦਰਦਨਾਕ ਫੋੜਿਆਂ ਨਾਲ ਭਰ ਦਿੱਤਾ।+ 8 ਅੱਯੂਬ ਨੇ ਆਪਣੇ ਆਪ ਨੂੰ ਖੁਰਕਣ ਲਈ ਇਕ ਠੀਕਰੀ ਲਈ। ਉਹ ਸੁਆਹ ਵਿਚ ਬੈਠਾ ਹੋਇਆ ਸੀ।+

9 ਅਖ਼ੀਰ ਉਸ ਦੀ ਪਤਨੀ ਨੇ ਉਸ ਨੂੰ ਕਿਹਾ: “ਕੀ ਤੂੰ ਹਾਲੇ ਵੀ ਆਪਣੀ ਵਫ਼ਾਦਾਰੀ* ਨੂੰ ਘੁੱਟ ਕੇ ਫੜੀ ਬੈਠਾ ਹੈਂ? ਪਰਮੇਸ਼ੁਰ ਨੂੰ ਫਿਟਕਾਰ ਤੇ ਮਰ ਜਾ!” 10 ਪਰ ਉਸ ਨੇ ਉਸ ਨੂੰ ਕਿਹਾ: “ਤੂੰ ਮੂਰਖ ਔਰਤਾਂ ਵਾਂਗ ਗੱਲ ਕਰ ਰਹੀ ਹੈਂ। ਕੀ ਅਸੀਂ ਸੱਚੇ ਪਰਮੇਸ਼ੁਰ ਤੋਂ ਚੰਗਾ-ਚੰਗਾ ਹੀ ਲਈਏ ਤੇ ਬੁਰਾ ਨਾ ਲਈਏ?”+ ਇਹ ਸਾਰਾ ਕੁਝ ਹੋਣ ਤੇ ਵੀ ਅੱਯੂਬ ਨੇ ਆਪਣੇ ਬੁੱਲ੍ਹਾਂ ਨਾਲ ਪਾਪ ਨਹੀਂ ਕੀਤਾ।+

11 ਅੱਯੂਬ ਦੇ ਤਿੰਨ ਸਾਥੀਆਂ* ਅਲੀਫਾਜ਼+ ਤੇਮਾਨੀ, ਬਿਲਦਦ+ ਸ਼ੂਹੀ+ ਅਤੇ ਸੋਫਰ+ ਨਾਮਾਥੀ ਨੇ ਜਦੋਂ ਅੱਯੂਬ ਉੱਤੇ ਆਈਆਂ ਸਾਰੀਆਂ ਮੁਸੀਬਤਾਂ ਬਾਰੇ ਸੁਣਿਆ, ਤਾਂ ਉਹ ਆਪੋ-ਆਪਣੀ ਜਗ੍ਹਾ ਤੋਂ ਨਿਕਲ ਤੁਰੇ। ਉਨ੍ਹਾਂ ਨੇ ਮਿਲ ਕੇ ਫ਼ੈਸਲਾ ਕੀਤਾ ਕਿ ਉਹ ਇਕੱਠੇ ਜਾ ਕੇ ਅੱਯੂਬ ਨਾਲ ਹਮਦਰਦੀ ਜਤਾਉਣਗੇ ਤੇ ਉਸ ਨੂੰ ਦਿਲਾਸਾ ਦੇਣਗੇ। 12 ਜਦੋਂ ਉਨ੍ਹਾਂ ਨੇ ਦੂਰੋਂ ਉਸ ਨੂੰ ਦੇਖਿਆ, ਤਾਂ ਉਨ੍ਹਾਂ ਨੇ ਉਸ ਨੂੰ ਪਛਾਣਿਆ ਹੀ ਨਹੀਂ। ਉਹ ਉੱਚੀ-ਉੱਚੀ ਰੋਣ ਲੱਗੇ ਤੇ ਆਪਣੇ ਕੱਪੜੇ ਪਾੜ ਲਏ ਤੇ ਉਨ੍ਹਾਂ ਨੇ ਹਵਾ ਵਿਚ ਮਿੱਟੀ ਉਡਾ ਕੇ ਆਪਣੇ ਸਿਰਾਂ ʼਤੇ ਪਾਈ।+ 13 ਫਿਰ ਉਹ ਉਸ ਨਾਲ ਸੱਤ ਦਿਨ ਤੇ ਸੱਤ ਰਾਤਾਂ ਜ਼ਮੀਨ ʼਤੇ ਬੈਠੇ ਰਹੇ। ਕਿਸੇ ਨੇ ਉਸ ਨੂੰ ਇਕ ਵੀ ਲਫ਼ਜ਼ ਨਹੀਂ ਕਿਹਾ ਕਿਉਂਕਿ ਉਨ੍ਹਾਂ ਨੇ ਦੇਖਿਆ ਕਿ ਉਹ ਬਹੁਤ ਤਕਲੀਫ਼ ਵਿਚ ਸੀ।+

3 ਇਸ ਤੋਂ ਬਾਅਦ ਅੱਯੂਬ ਨੇ ਬੋਲਣਾ ਸ਼ੁਰੂ ਕੀਤਾ ਤੇ ਉਹ ਆਪਣੇ ਜੰਮਣ ਦੇ ਦਿਨ ਨੂੰ ਕੋਸਣ ਲੱਗਾ।*+ 2 ਅੱਯੂਬ ਨੇ ਕਿਹਾ:

 3 “ਉਹ ਦਿਨ ਨਾ ਹੀ ਆਉਂਦਾ ਜਦੋਂ ਮੈਂ ਜੰਮਿਆ ਸੀ+

ਅਤੇ ਨਾ ਹੀ ਉਹ ਰਾਤ ਜਦੋਂ ਕਿਸੇ ਨੇ ਕਿਹਾ ਸੀ: ‘ਗਰਭ ਵਿਚ ਮੁੰਡਾ ਹੈ!’

 4 ਉਹ ਦਿਨ ਹਨੇਰੇ ਵਿਚ ਬਦਲ ਜਾਂਦਾ।

ਪਰਮੇਸ਼ੁਰ ਉੱਪਰੋਂ ਉਹਦੀ ਖ਼ਬਰ-ਸਾਰ ਨਾ ਲੈਂਦਾ;

ਨਾ ਉਸ ਉੱਤੇ ਚਾਨਣ ਚਮਕਦਾ।

 5 ਘੁੱਪ ਹਨੇਰਾ* ਉਸ ਨੂੰ ਆਪਣੀ ਲਪੇਟ ਵਿਚ ਲੈ ਲੈਂਦਾ।

ਕਾਲਾ ਬੱਦਲ ਉਸ ਉੱਤੇ ਛਾ ਜਾਂਦਾ।

ਦਿਨੇ ਹਨੇਰਾ ਕਰ ਦੇਣ ਵਾਲੀ ਕਿਸੇ ਵੀ ਸ਼ੈਅ ਕਾਰਨ ਉਹ ਦਿਨ ਸਹਿਮ ਜਾਂਦਾ।

 6 ਉਸ ਰਾਤ ਨੂੰ ਘੁੱਪ ਹਨੇਰਾ ਆ ਫੜਦਾ;+

ਸਾਲ ਦੇ ਦਿਨਾਂ ਵਿਚ ਉਹ ਖ਼ੁਸ਼ੀਆਂ ਨਾ ਮਨਾਉਂਦੀ

ਅਤੇ ਨਾ ਹੀ ਮਹੀਨਿਆਂ ਵਿਚ ਉਸ ਦੀ ਗਿਣਤੀ ਹੁੰਦੀ।

 7 ਕਿੰਨਾ ਚੰਗਾ ਹੁੰਦਾ ਜੇ ਉਹ ਰਾਤ ਬਾਂਝ ਹੋ ਜਾਂਦੀ;

ਉਸ ਵਿਚ ਖ਼ੁਸ਼ੀਆਂ ਦੀ ਕੋਈ ਆਵਾਜ਼ ਨਾ ਸੁਣਾਈ ਦਿੰਦੀ।

 8 ਦਿਨ ਨੂੰ ਕੋਸਣ ਵਾਲੇ, ਲਿਵਯਾਥਾਨ*+ ਨੂੰ ਜਗਾਉਣ ਵਾਲੇ

ਉਸ ਰਾਤ ਨੂੰ ਕੋਸਦੇ।

 9 ਤਰਕਾਲਾਂ ਦੇ ਤਾਰੇ ਕਾਲੇ ਹੋ ਜਾਂਦੇ;

ਉਹ ਚਾਨਣ ਨੂੰ ਉਡੀਕਦੀ, ਪਰ ਉਹ ਹੁੰਦਾ ਨਾ,

ਉਹ ਸਵੇਰ ਦੀਆਂ ਕਿਰਨਾਂ ਨੂੰ ਨਾ ਦੇਖਦੀ।

10 ਕਿਉਂਕਿ ਉਸ ਨੇ ਮੇਰੀ ਮਾਂ ਦੀ ਕੁੱਖ ਦੇ ਬੂਹੇ ਬੰਦ ਨਹੀਂ ਕੀਤੇ;+

ਨਾ ਹੀ ਉਸ ਨੇ ਮੁਸੀਬਤ ਨੂੰ ਮੇਰੀਆਂ ਨਜ਼ਰਾਂ ਤੋਂ ਓਹਲੇ ਕੀਤਾ।

11 ਮੈਂ ਪੈਦਾ ਹੁੰਦਿਆਂ ਹੀ ਮਰ ਕਿਉਂ ਨਾ ਗਿਆ?

ਮੈਂ ਕੁੱਖੋਂ ਬਾਹਰ ਆਉਂਦਿਆਂ ਹੀ ਦਮ ਕਿਉਂ ਨਹੀਂ ਤੋੜ ਦਿੱਤਾ?+

12 ਮੇਰੀ ਮਾਂ ਨੇ ਮੈਨੂੰ ਆਪਣੇ ਗੋਡਿਆਂ ʼਤੇ ਕਿਉਂ ਲਿਆ

ਅਤੇ ਮੈਨੂੰ ਆਪਣਾ ਦੁੱਧ ਕਿਉਂ ਚੁੰਘਾਇਆ?

13 ਨਹੀਂ ਤਾਂ ਹੁਣ ਮੈਂ ਚੈਨ ਨਾਲ ਪਿਆ ਹੁੰਦਾ;+

ਮੈਂ ਸੁੱਤਾ ਹੁੰਦਾ ਤੇ ਆਰਾਮ ਕਰ ਰਿਹਾ ਹੁੰਦਾ,+

14 ਹਾਂ, ਧਰਤੀ ਦੇ ਰਾਜਿਆਂ ਤੇ ਉਨ੍ਹਾਂ ਦੇ ਸਲਾਹਕਾਰਾਂ ਨਾਲ

ਜਿਨ੍ਹਾਂ ਨੇ ਆਪਣੇ ਲਈ ਥਾਵਾਂ ਉਸਾਰੀਆਂ ਜੋ ਹੁਣ ਖੰਡਰ ਬਣ ਚੁੱਕੀਆਂ ਹਨ*

15 ਜਾਂ ਰਾਜਕੁਮਾਰਾਂ* ਨਾਲ ਜਿਨ੍ਹਾਂ ਕੋਲ ਸੋਨਾ ਸੀ,

ਜਿਨ੍ਹਾਂ ਦੇ ਘਰ ਚਾਂਦੀ ਨਾਲ ਭਰੇ ਹੋਏ ਸਨ।

16 ਮੈਂ ਉਸ ਡਿਗੇ ਹੋਏ ਗਰਭ ਵਾਂਗ ਕਿਉਂ ਨਾ ਹੋ ਗਿਆ ਜਿਸ ਦੀ ਖ਼ਬਰ ਨਹੀਂ ਹੁੰਦੀ,

ਉਨ੍ਹਾਂ ਬੱਚਿਆਂ ਵਾਂਗ ਜਿਨ੍ਹਾਂ ਨੇ ਕਦੇ ਚਾਨਣ ਨਹੀਂ ਦੇਖਿਆ?

17 ਉੱਥੇ ਦੁਸ਼ਟ ਦੀ ਵੀ ਤਕਲੀਫ਼ ਮਿਟ ਜਾਂਦੀ ਹੈ;

ਉੱਥੇ ਥੱਕੇ ਹੋਇਆਂ ਨੂੰ ਆਰਾਮ ਮਿਲਦਾ ਹੈ।+

18 ਉੱਥੇ ਸਾਰੇ ਕੈਦੀਆਂ ਨੂੰ ਸੁੱਖ-ਚੈਨ ਮਿਲਦਾ ਹੈ;

ਕੰਮ ਲਈ ਮਜਬੂਰ ਕਰਨ ਵਾਲੇ ਦੀ ਆਵਾਜ਼ ਉਨ੍ਹਾਂ ਨੂੰ ਸੁਣਾਈ ਨਹੀਂ ਦਿੰਦੀ।

19 ਉੱਥੇ ਛੋਟੇ-ਵੱਡੇ ਦੋਵੇਂ ਬਰਾਬਰ ਹਨ+

ਅਤੇ ਗ਼ੁਲਾਮ ਆਪਣੇ ਮਾਲਕ ਤੋਂ ਆਜ਼ਾਦ ਹੈ।

20 ਉਹ ਦੁਖਿਆਰੇ ਨੂੰ ਚਾਨਣ ਕਿਉਂ ਦਿੰਦਾ ਹੈ

ਅਤੇ ਦੁਖੀ ਮਨ ਵਾਲਿਆਂ ਨੂੰ* ਜੀਵਨ?+

21 ਜੋ ਮੌਤ ਲਈ ਤਰਸਦੇ ਹਨ, ਉਨ੍ਹਾਂ ਨੂੰ ਮੌਤ ਕਿਉਂ ਨਹੀਂ ਆਉਂਦੀ?+

ਉਹ ਗੁਪਤ ਖ਼ਜ਼ਾਨਿਆਂ ਨਾਲੋਂ ਜ਼ਿਆਦਾ ਇਸ ਨੂੰ ਭਾਲਦੇ ਹਨ,

22 ਉਹ ਬਾਗ਼-ਬਾਗ਼ ਹੋ ਉੱਠਦੇ ਹਨ,

ਹਾਂ, ਉਹ ਖ਼ੁਸ਼ੀਆਂ ਮਨਾਉਂਦੇ ਹਨ ਜਦੋਂ ਉਨ੍ਹਾਂ ਨੂੰ ਕਬਰ ਮਿਲ ਜਾਂਦੀ ਹੈ।

23 ਉਹ ਉਸ ਇਨਸਾਨ ਨੂੰ ਚਾਨਣ ਕਿਉਂ ਦਿੰਦਾ ਹੈ ਜੋ ਆਪਣੇ ਰਾਹ ਤੋਂ ਭਟਕ ਗਿਆ ਹੈ,

ਜਿਸ ਨੂੰ ਪਰਮੇਸ਼ੁਰ ਨੇ ਘੇਰਿਆ ਹੋਇਆ ਹੈ?+

24 ਮੇਰੇ ਹਉਕੇ ਮੇਰਾ ਭੋਜਨ ਬਣ ਗਏ ਹਨ,+

ਮੈਂ ਇਵੇਂ ਹੂੰਗਦਾ ਹਾਂ+ ਜਿਵੇਂ ਵਹਿੰਦਾ ਪਾਣੀ ਹੋਵੇ।

25 ਮੈਨੂੰ ਜਿਸ ਗੱਲ ਦਾ ਖ਼ੌਫ਼ ਸੀ, ਉਹੀ ਮੇਰੇ ਨਾਲ ਹੋ ਗਿਆ

ਅਤੇ ਜਿਹਦਾ ਮੈਨੂੰ ਡਰ ਸੀ, ਉਹੀ ਮੇਰੇ ਨਾਲ ਵਾਪਰ ਗਿਆ।

26 ਨਾ ਮੈਨੂੰ ਸੁੱਖ ਹੈ, ਨਾ ਚੈਨ, ਨਾ ਆਰਾਮ,

ਬੱਸ ਮੁਸੀਬਤਾਂ ਹੀ ਮੁਸੀਬਤਾਂ ਹਨ।”

4 ਫਿਰ ਅਲੀਫਾਜ਼+ ਤੇਮਾਨੀ ਨੇ ਜਵਾਬ ਦਿੱਤਾ:

 2 “ਜੇ ਕੋਈ ਤੇਰੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰੇ, ਤਾਂ ਕੀ ਤੂੰ ਬੇਸਬਰਾ ਹੋ ਜਾਵੇਂਗਾ?

ਕਿਉਂਕਿ ਕੌਣ ਹੈ ਜੋ ਆਪਣੇ ਆਪ ਨੂੰ ਬੋਲਣ ਤੋਂ ਰੋਕ ਸਕਦਾ?

 3 ਇਹ ਸੱਚ ਹੈ ਕਿ ਤੂੰ ਕਈਆਂ ਨੂੰ ਸੁਧਾਰਿਆ,

ਤੂੰ ਕਮਜ਼ੋਰ ਹੱਥਾਂ ਨੂੰ ਤਕੜਾ ਕਰਦਾ ਸੀ।

 4 ਤੇਰੀਆਂ ਗੱਲਾਂ ਲੜਖੜਾਉਣ ਵਾਲਿਆਂ ਨੂੰ ਖੜ੍ਹਾ ਕਰਦੀਆਂ ਸਨ,

ਤੂੰ ਕੰਬਦੇ ਗੋਡਿਆਂ ਵਾਲਿਆਂ ਨੂੰ ਤਕੜਾ ਕਰਦਾ ਸੀ।

 5 ਪਰ ਹੁਣ ਜਦ ਇਹ ਖ਼ੁਦ ਤੇਰੇ ਨਾਲ ਹੋਇਆ, ਤਾਂ ਤੂੰ ਬੇਚੈਨ ਹੋ ਉੱਠਿਆ;*

ਇਸ ਨੇ ਤੈਨੂੰ ਛੋਹਿਆ ਤੇ ਤੂੰ ਘਬਰਾ ਗਿਆ।

 6 ਕੀ ਪਰਮੇਸ਼ੁਰ ਲਈ ਸ਼ਰਧਾ ਰੱਖਣ ਕਰਕੇ ਤੈਨੂੰ ਭਰੋਸਾ ਨਹੀਂ?

ਕੀ ਵਫ਼ਾਦਾਰੀ* ਨਾਲ ਚੱਲਣ ਕਰਕੇ+ ਤੈਨੂੰ ਕੋਈ ਉਮੀਦ ਨਹੀਂ?

 7 ਯਾਦ ਰੱਖ: ਕਿਹੜਾ ਬੇਕਸੂਰ ਇਨਸਾਨ ਕਦੇ ਤਬਾਹ ਹੋਇਆ?

ਕਦੋਂ ਕੋਈ ਨੇਕ ਇਨਸਾਨ ਬਰਬਾਦ ਹੋਇਆ?

 8 ਮੈਂ ਦੇਖਿਆ ਹੈ ਕਿ ਬੁਰਾਈ ਦੀ ਵਾਹੀ ਕਰਨ ਵਾਲੇ*

ਅਤੇ ਮੁਸੀਬਤ ਬੀਜਣ ਵਾਲੇ ਉਹੀ ਕੁਝ ਵੱਢਦੇ ਹਨ।

 9 ਪਰਮੇਸ਼ੁਰ ਦੇ ਸਾਹ ਨਾਲ ਉਹ ਮਿਟ ਜਾਂਦੇ ਹਨ

ਅਤੇ ਉਸ ਦੇ ਕ੍ਰੋਧ ਦੇ ਬੁੱਲੇ ਨਾਲ ਉਹ ਮੁੱਕ ਜਾਂਦੇ ਹਨ।

10 ਸ਼ੇਰ ਗਰਜਦਾ ਹੈ ਤੇ ਜਵਾਨ ਸ਼ੇਰ ਗੁਰਰਾਉਂਦਾ ਹੈ,

ਪਰ ਤਾਕਤਵਰ ਸ਼ੇਰਾਂ ਦੇ ਦੰਦ ਵੀ ਭੰਨ ਦਿੱਤੇ ਜਾਂਦੇ ਹਨ।

11 ਸ਼ਿਕਾਰ ਦੀ ਥੁੜੋਂ ਸ਼ੇਰ ਮਰ ਜਾਂਦਾ ਹੈ

ਅਤੇ ਸ਼ੇਰ ਦੇ ਬੱਚੇ ਖਿੰਡ-ਪੁੰਡ ਜਾਂਦੇ ਹਨ।

12 ਜ਼ਰਾ ਸੁਣ, ਇਕ ਗੱਲ ਚੋਰੀ-ਛਿਪੇ ਮੇਰੇ ਕੋਲ ਪਹੁੰਚਾਈ ਗਈ,

ਉਸ ਦੀ ਭਿਣਕ ਮੇਰੇ ਕੰਨਾਂ ਵਿਚ ਪਈ।

13 ਰਾਤ ਦੇ ਦਰਸ਼ਣਾਂ ਦੇ ਬੇਚੈਨੀ ਭਰੇ ਖ਼ਿਆਲਾਂ ਵਿਚ,

ਜਦ ਇਨਸਾਨਾਂ ʼਤੇ ਗੂੜ੍ਹੀ ਨੀਂਦ ਛਾਈ ਹੁੰਦੀ ਹੈ,

14 ਮੈਂ ਖ਼ੌਫ਼ ਨਾਲ ਬੁਰੀ ਤਰ੍ਹਾਂ ਕੰਬ ਗਿਆ

ਅਤੇ ਮੇਰੀਆਂ ਸਾਰੀਆਂ ਹੱਡੀਆਂ ਹਿਲ ਗਈਆਂ।

15 ਕੋਈ ਸ਼ੈਅ* ਮੇਰੇ ਚਿਹਰੇ ਅੱਗੋਂ ਦੀ ਲੰਘੀ;

ਮੇਰੇ ਲੂੰ-ਕੰਡੇ ਖੜ੍ਹੇ ਹੋ ਗਏ।

16 ਫਿਰ ਉਹ ਖੜ੍ਹ ਗਈ,

ਪਰ ਮੈਂ ਉਸ ਦੀ ਸ਼ਕਲ ਨਾ ਪਛਾਣ ਸਕਿਆ,

ਇਕ ਆਕਾਰ ਜਿਹਾ ਮੇਰੀਆਂ ਅੱਖਾਂ ਦੇ ਸਾਮ੍ਹਣੇ ਸੀ,

ਖ਼ਾਮੋਸ਼ੀ ਛਾਈ ਹੋਈ ਸੀ ਤੇ ਫਿਰ ਮੈਂ ਇਕ ਆਵਾਜ਼ ਸੁਣੀ:

17 ‘ਕੀ ਮਰਨਹਾਰ ਇਨਸਾਨ ਪਰਮੇਸ਼ੁਰ ਨਾਲੋਂ ਜ਼ਿਆਦਾ ਧਰਮੀ ਹੋ ਸਕਦਾ?

ਕੀ ਇਕ ਇਨਸਾਨ ਆਪਣੇ ਬਣਾਉਣ ਵਾਲੇ ਨਾਲੋਂ ਜ਼ਿਆਦਾ ਪਵਿੱਤਰ ਹੋ ਸਕਦਾ?’

18 ਦੇਖ, ਉਸ ਨੂੰ ਆਪਣੇ ਸੇਵਕਾਂ ਉੱਤੇ ਭਰੋਸਾ ਨਹੀਂ,

ਉਹ ਤਾਂ ਆਪਣੇ ਦੂਤਾਂ* ਵਿਚ ਵੀ ਗ਼ਲਤੀਆਂ ਕੱਢਦਾ ਹੈ।

19 ਮਿੱਟੀ ਦੇ ਘਰਾਂ ਵਿਚ ਰਹਿਣ ਵਾਲਿਆਂ ਦੀ ਤਾਂ ਗੱਲ ਹੀ ਛੱਡ ਦਿਓ

ਜਿਨ੍ਹਾਂ ਦੀ ਨੀਂਹ ਧੂੜ ਵਿਚ ਰੱਖੀ ਗਈ ਹੈ,+

ਜਿਨ੍ਹਾਂ ਨੂੰ ਕਿਸੇ ਕੀੜੇ ਵਾਂਗ ਸੌਖਿਆਂ ਹੀ ਕੁਚਲਿਆ ਜਾ ਸਕਦਾ ਹੈ!

20 ਸਵੇਰ ਤੋਂ ਸ਼ਾਮ ਤਕ ਉਹ ਪੂਰੀ ਤਰ੍ਹਾਂ ਖ਼ਤਮ ਹੋ ਜਾਂਦੇ ਹਨ

ਉਹ ਹਮੇਸ਼ਾ ਲਈ ਮਿਟ ਜਾਂਦੇ ਤੇ ਕੋਈ ਧਿਆਨ ਵੀ ਨਹੀਂ ਦਿੰਦਾ।

21 ਕੀ ਉਹ ਉਸ ਤੰਬੂ ਵਰਗੇ ਨਹੀਂ ਹਨ ਜਿਸ ਦੀ ਰੱਸੀ ਖੋਲ੍ਹ ਦਿੱਤੀ ਗਈ ਹੋਵੇ?

ਉਹ ਬੁੱਧ ਤੋਂ ਬਿਨਾਂ ਹੀ ਮਰ ਜਾਂਦੇ ਹਨ।

5 “ਜ਼ਰਾ ਪੁਕਾਰ! ਕੀ ਤੈਨੂੰ ਕੋਈ ਜਵਾਬ ਦੇਣ ਵਾਲਾ ਹੈ?

ਤੂੰ ਕਿਹੜੇ ਪਵਿੱਤਰ ਸੇਵਕ ਕੋਲ ਜਾਏਂਗਾ?

 2 ਮਨ ਦੀ ਕੁੜੱਤਣ ਮੂਰਖ ਦੀ ਜਾਨ ਲੈ ਲਵੇਗੀ

ਅਤੇ ਈਰਖਾ ਭੋਲੇ-ਭਾਲੇ ਨੂੰ ਮਾਰ ਸੁੱਟੇਗੀ।

 3 ਮੈਂ ਮੂਰਖ ਨੂੰ ਜੜ੍ਹ ਫੜਦਿਆਂ ਦੇਖਿਆ ਹੈ,

ਪਰ ਉਸ ਦੇ ਬਸੇਰੇ ʼਤੇ ਅਚਾਨਕ ਸਰਾਪ ਆ ਪੈਂਦਾ ਹੈ।

 4 ਉਸ ਦੇ ਪੁੱਤਰ ਮਹਿਫੂਜ਼ ਨਹੀਂ ਹਨ,

ਉਹ ਸ਼ਹਿਰ ਦੇ ਦਰਵਾਜ਼ੇ ʼਤੇ ਮਿੱਧੇ ਜਾਂਦੇ ਹਨ,+ ਉਨ੍ਹਾਂ ਨੂੰ ਬਚਾਉਣ ਵਾਲਾ ਕੋਈ ਨਹੀਂ।

 5 ਉਸ ਦੀ ਫ਼ਸਲ ਭੁੱਖਾ ਖਾ ਲੈਂਦਾ ਹੈ,

ਉਹ ਕੰਡਿਆਂ ਵਿੱਚੋਂ ਵੀ ਇਸ ਨੂੰ ਕੱਢ ਲੈਂਦਾ ਹੈ,

ਉਨ੍ਹਾਂ ਦਾ ਮਾਲ-ਧਨ ਹੜੱਪ ਲਿਆ ਜਾਂਦਾ ਹੈ।

 6 ਕਿਉਂਕਿ ਬੁਰਾਈ ਮਿੱਟੀ ਵਿੱਚੋਂ ਨਹੀਂ ਪੁੰਗਰਦੀ,

ਨਾ ਮੁਸੀਬਤ ਜ਼ਮੀਨ ਵਿੱਚੋਂ ਉੱਗਦੀ ਹੈ।

 7 ਜਿਵੇਂ ਚੰਗਿਆੜੇ ਉੱਪਰ ਨੂੰ ਹੀ ਉੱਠਦੇ ਹਨ,

ਉਵੇਂ ਇਨਸਾਨ ਕਸ਼ਟ ਲਈ ਹੀ ਜੰਮਿਆ ਹੈ।

 8 ਪਰ ਮੈਂ ਤਾਂ ਪਰਮੇਸ਼ੁਰ ਅੱਗੇ ਅਰਜ਼ੋਈ ਕਰਦਾ

ਅਤੇ ਪਰਮੇਸ਼ੁਰ ਅੱਗੇ ਆਪਣਾ ਮੁਕੱਦਮਾ ਪੇਸ਼ ਕਰਦਾ,

 9 ਹਾਂ, ਉਸ ਅੱਗੇ ਜਿਸ ਦੇ ਕੰਮ ਮਹਾਨ ਅਤੇ ਸਮਝ ਤੋਂ ਪਰੇ ਹਨ,

ਜਿਸ ਦੇ ਸ਼ਾਨਦਾਰ ਕੰਮ ਗਿਣਤੀਓਂ ਬਾਹਰ ਹਨ।

10 ਉਹ ਧਰਤੀ ਉੱਤੇ ਮੀਂਹ ਪਾਉਂਦਾ

ਅਤੇ ਖੇਤਾਂ ਵਿਚ ਪਾਣੀ ਘੱਲਦਾ ਹੈ।

11 ਉਹ ਨੀਵੇਂ ਨੂੰ ਉੱਪਰ ਚੁੱਕਦਾ ਹੈ,

ਉਹ ਉਦਾਸੇ ਹੋਏ ਨੂੰ ਮੁਕਤੀ ਦੇ ਕੇ ਉੱਚਾ ਕਰਦਾ ਹੈ।

12 ਉਹ ਚਲਾਕਾਂ ਦੀਆਂ ਸਾਜ਼ਸ਼ਾਂ ਨਾਕਾਮ ਕਰ ਦਿੰਦਾ ਹੈ

ਜਿਸ ਕਰਕੇ ਉਨ੍ਹਾਂ ਦੇ ਹੱਥਾਂ ਦਾ ਕੰਮ ਸਿਰੇ ਨਹੀਂ ਚੜ੍ਹਦਾ।

13 ਉਹ ਬੁੱਧੀਮਾਨਾਂ ਨੂੰ ਉਨ੍ਹਾਂ ਦੀ ਆਪਣੀ ਹੀ ਚਤਰਾਈ ਵਿਚ ਫਸਾਉਂਦਾ ਹੈ+

ਜਿਸ ਕਰਕੇ ਹੁਸ਼ਿਆਰਾਂ ਦੀਆਂ ਯੋਜਨਾਵਾਂ ਨਾਕਾਮ ਹੋ ਜਾਂਦੀਆਂ ਹਨ।

14 ਦਿਨੇ ਹਨੇਰਾ ਉਨ੍ਹਾਂ ਨੂੰ ਘੇਰ ਲੈਂਦਾ ਹੈ

ਅਤੇ ਉਹ ਦੁਪਹਿਰ ਨੂੰ ਇਵੇਂ ਟੋਹ-ਟੋਹ ਕੇ ਚੱਲਦੇ ਹਨ ਜਿਵੇਂ ਰਾਤ ਹੋਵੇ।

15 ਉਨ੍ਹਾਂ ਦੇ ਮੂੰਹ ਦੀ ਤਲਵਾਰ ਤੋਂ ਉਹ ਬਚਾਉਂਦਾ ਹੈ

ਅਤੇ ਗ਼ਰੀਬ ਨੂੰ ਤਾਕਤਵਰ ਦੇ ਹੱਥੋਂ ਬਚਾਉਂਦਾ ਹੈ

16 ਜਿਸ ਕਰਕੇ ਕੰਗਾਲ ਨੂੰ ਉਮੀਦ ਮਿਲਦੀ ਹੈ,

ਪਰ ਬੁਰਾਈ ਦਾ ਮੂੰਹ ਬੰਦ ਹੋ ਜਾਂਦਾ ਹੈ।

17 ਦੇਖ! ਖ਼ੁਸ਼ ਹੈ ਉਹ ਇਨਸਾਨ ਜਿਸ ਨੂੰ ਪਰਮੇਸ਼ੁਰ ਤਾੜਦਾ ਹੈ;

ਇਸ ਲਈ ਸਰਬਸ਼ਕਤੀਮਾਨ ਦੇ ਅਨੁਸ਼ਾਸਨ ਨੂੰ ਨਾ ਠੁਕਰਾ!

18 ਕਿਉਂਕਿ ਉਹ ਜ਼ਖ਼ਮ ਦਿੰਦਾ ਹੈ, ਪਰ ਉਸ ʼਤੇ ਪੱਟੀ ਵੀ ਬੰਨ੍ਹਦਾ ਹੈ;

ਉਹ ਸੱਟ ਲਾਉਂਦਾ ਹੈ, ਪਰ ਆਪਣੇ ਹੱਥਾਂ ਨਾਲ ਉਸ ਨੂੰ ਚੰਗਾ ਵੀ ਕਰਦਾ ਹੈ।

19 ਉਹ ਛੇ ਬਿਪਤਾਵਾਂ ਤੋਂ ਤੈਨੂੰ ਬਚਾਵੇਗਾ,

ਸੱਤਵੀਂ ਤਾਂ ਤੈਨੂੰ ਛੋਹੇਗੀ ਵੀ ਨਹੀਂ।

20 ਕਾਲ਼ ਦੌਰਾਨ ਉਹ ਤੈਨੂੰ ਮੌਤ ਤੋਂ ਛੁਡਾਵੇਗਾ

ਅਤੇ ਯੁੱਧ ਦੌਰਾਨ ਤਲਵਾਰ ਦੀ ਮਾਰ ਤੋਂ।

21 ਜ਼ਬਾਨ ਦੇ ਕੋਰੜੇ+ ਤੋਂ ਤੇਰੀ ਰਾਖੀ ਹੋਵੇਗੀ,

ਤਬਾਹੀ ਆਉਣ ਤੇ ਤੂੰ ਇਸ ਤੋਂ ਡਰੇਂਗਾ ਨਹੀਂ।

22 ਤਬਾਹੀ ਅਤੇ ਕਾਲ਼ ʼਤੇ ਤੂੰ ਹੱਸੇਂਗਾ,

ਧਰਤੀ ਦੇ ਜੰਗਲੀ ਜਾਨਵਰਾਂ ਦਾ ਤੈਨੂੰ ਡਰ ਨਹੀਂ ਹੋਵੇਗਾ।

23 ਖੇਤ ਦੇ ਪੱਥਰ ਤੈਨੂੰ ਨੁਕਸਾਨ ਨਹੀਂ ਪਹੁੰਚਾਉਣਗੇ,*

ਮੈਦਾਨ ਦੇ ਖੂੰਖਾਰ ਜਾਨਵਰ ਤੇਰੇ ਨਾਲ ਸ਼ਾਂਤੀ ਨਾਲ ਰਹਿਣਗੇ।

24 ਤੂੰ ਜਾਣ ਜਾਏਂਗਾ ਕਿ ਤੇਰਾ ਤੰਬੂ ਸੁਰੱਖਿਅਤ* ਹੈ,

ਜਦ ਤੂੰ ਆਪਣੀ ਚਰਾਂਦ ਦੇਖੇਂਗਾ, ਤਾਂ ਕੁਝ ਵੀ ਗੁਆਚਿਆ ਨਹੀਂ ਹੋਵੇਗਾ।

25 ਤੇਰੇ ਬੱਚੇ ਬਹੁਤ ਸਾਰੇ ਹੋਣਗੇ,

ਤੇਰੀ ਔਲਾਦ ਇੰਨੀ ਜ਼ਿਆਦਾ ਹੋਵੇਗੀ ਜਿੰਨਾ ਧਰਤੀ ਉੱਤੇ ਘਾਹ ਹੈ।

26 ਤੂੰ ਕਬਰ ਵਿਚ ਜਾਣ ਤਕ ਵੀ ਤਕੜਾ ਹੋਵੇਂਗਾ

ਜਿਵੇਂ ਅਨਾਜ ਦੀਆਂ ਭਰੀਆਂ ਵਾਢੀ ਵੇਲੇ ਹੁੰਦੀਆਂ ਹਨ।

27 ਦੇਖ! ਅਸੀਂ ਇਹ ਜਾਂਚ-ਪਰਖ ਲਿਆ ਹੈ ਅਤੇ ਇਹ ਇਵੇਂ ਹੀ ਹੈ।

ਤੂੰ ਇਹ ਸਭ ਸੁਣ ਤੇ ਕਬੂਲ ਕਰ।”

6 ਫਿਰ ਅੱਯੂਬ ਨੇ ਜਵਾਬ ਦਿੱਤਾ:

2 “ਕਾਸ਼ ਮੇਰਾ ਦੁੱਖ+ ਚੰਗੀ ਤਰ੍ਹਾਂ ਤੋਲਿਆ ਜਾਂਦਾ,

ਇਸ ਨੂੰ ਮੇਰੀ ਬਿਪਤਾ ਨਾਲ ਤੱਕੜੀ ਵਿਚ ਰੱਖਿਆ ਜਾਂਦਾ!

 3 ਹੁਣ ਤਾਂ ਇਹ ਸਮੁੰਦਰਾਂ ਦੀ ਰੇਤ ਨਾਲੋਂ ਵੀ ਭਾਰਾ ਹੈ।

ਇਸੇ ਕਰਕੇ ਮੇਰੇ ਮੂੰਹੋਂ ਆਵਾਗੌਣ* ਗੱਲਾਂ ਨਿਕਲੀਆਂ ਹਨ।+

 4 ਸਰਬਸ਼ਕਤੀਮਾਨ ਦੇ ਤੀਰਾਂ ਨੇ ਮੈਨੂੰ ਵਿੰਨ੍ਹਿਆ ਹੈ,

ਉਨ੍ਹਾਂ ਦਾ ਜ਼ਹਿਰ ਮੇਰੀ ਰਗ-ਰਗ ਵਿਚ ਫੈਲ ਰਿਹਾ ਹੈ;+

ਪਰਮੇਸ਼ੁਰ ਦੇ ਕਹਿਰ ਮੇਰੇ ਖ਼ਿਲਾਫ਼ ਮੋਰਚਾ ਬੰਨ੍ਹੀ ਖੜ੍ਹੇ ਹਨ।

 5 ਕੀ ਘਾਹ ਦੇ ਹੁੰਦਿਆਂ ਜੰਗਲੀ ਗਧਾ+ ਹੀਂਗੇਗਾ

ਜਾਂ ਤੂੜੀ ਦੇ ਹੁੰਦਿਆਂ ਬਲਦ ਅੜਿੰਗੇਗਾ?

 6 ਭਲਾ, ਫਿੱਕੀ ਚੀਜ਼ ਲੂਣ ਤੋਂ ਬਿਨਾਂ ਖਾਈਦੀ ਹੈ?

ਭਲਾ, ਗੁਲਖੈਰਾ ਦੇ ਰਸ ਵਿਚ ਕੋਈ ਸੁਆਦ ਹੁੰਦਾ ਹੈ?

 7 ਮੈਂ ਤਾਂ ਇਨ੍ਹਾਂ ਚੀਜ਼ਾਂ ਨੂੰ ਹੱਥ ਵੀ ਨਹੀਂ ਲਾਉਂਦਾ।

ਇਹ ਮੇਰੇ ਭੋਜਨ ਨੂੰ ਖ਼ਰਾਬ ਕਰਨ ਵਾਲੀਆਂ ਚੀਜ਼ਾਂ ਹਨ।

 8 ਕਾਸ਼ ਮੇਰੀ ਬੇਨਤੀ ਸੁਣ ਲਈ ਜਾਵੇ,

ਪਰਮੇਸ਼ੁਰ ਮੇਰੀ ਖ਼ਾਹਸ਼ ਪੂਰੀ ਕਰ ਦੇਵੇ!

 9 ਪਰਮੇਸ਼ੁਰ ਮੈਨੂੰ ਕੁਚਲ ਦੇਵੇ,

ਉਹ ਆਪਣਾ ਹੱਥ ਵਧਾ ਕੇ ਮੈਨੂੰ ਮਾਰ ਦੇਵੇ!+

10 ਇਸ ਨਾਲ ਵੀ ਮੈਨੂੰ ਦਿਲਾਸਾ ਮਿਲੇਗਾ;

ਅਸਹਿ ਪੀੜਾ ਵਿਚ ਵੀ ਮੈਂ ਖ਼ੁਸ਼ੀ ਨਾਲ ਝੂਮ ਉੱਠਾਂਗਾ

ਕਿਉਂਕਿ ਮੈਂ ਪਵਿੱਤਰ ਪਰਮੇਸ਼ੁਰ+ ਦੀਆਂ ਗੱਲਾਂ ਨੂੰ ਨਹੀਂ ਠੁਕਰਾਇਆ।

11 ਕੀ ਮੇਰੇ ਵਿਚ ਇੰਨੀ ਤਾਕਤ ਹੈ ਕਿ ਮੈਂ ਉਡੀਕਦਾ ਰਹਾਂ?+

ਹੁਣ ਮੈਂ ਜੀ ਕੇ ਕੀ ਕਰਨਾ ਜਦ ਕੁਝ ਰਿਹਾ ਹੀ ਨਹੀਂ?

12 ਕੀ ਮੇਰਾ ਬਲ ਚਟਾਨ ਦਾ ਬਲ ਹੈ?

ਕੀ ਮੇਰਾ ਸਰੀਰ ਤਾਂਬੇ ਦਾ ਬਣਿਆ ਹੈ?

13 ਮੈਂ ਆਪਣੀ ਮਦਦ ਕਿਵੇਂ ਕਰ ਸਕਦਾਂ

ਜਦ ਕਿ ਮੇਰੇ ਹਰ ਸਹਾਰੇ ਨੂੰ ਮੇਰੇ ਤੋਂ ਦੂਰ ਕਰ ਦਿੱਤਾ ਗਿਆ ਹੈ?

14 ਆਪਣੇ ਸਾਥੀ ਨਾਲ ਅਟੱਲ ਪਿਆਰ ਨਾ ਕਰਨ ਵਾਲਾ+

ਸਰਬਸ਼ਕਤੀਮਾਨ ਦਾ ਡਰ ਮੰਨਣਾ ਛੱਡ ਦੇਵੇਗਾ।+

15 ਮੇਰੇ ਭਰਾ ਸਰਦ ਰੁੱਤ ਦੀ ਨਦੀ ਵਾਂਗ ਧੋਖੇਬਾਜ਼ ਹਨ,+

ਹਾਂ, ਸਰਦ ਰੁੱਤ ਦੀਆਂ ਨਦੀਆਂ ਦੇ ਉਨ੍ਹਾਂ ਪਾਣੀਆਂ ਵਾਂਗ ਜੋ ਸੁੱਕ ਜਾਂਦੇ ਹਨ।

16 ਉਹ ਬਰਫ਼ ਨਾਲ ਕਾਲੀਆਂ ਹੋ ਗਈਆਂ ਹਨ

ਅਤੇ ਹੇਠਾਂ ਬਰਫ਼ ਅਲੋਪ ਹੋ ਜਾਂਦੀ ਹੈ।

17 ਸਮਾਂ ਆਉਣ ਤੇ ਉਹ ਸੱਖਣੀਆਂ ਹੋ ਜਾਂਦੀਆਂ, ਉਨ੍ਹਾਂ ਦਾ ਪਾਣੀ ਖ਼ਤਮ ਹੋ ਜਾਂਦਾ;

ਤਪਦੀ ਧੁੱਪ ਵਿਚ ਉਹ ਸੁੱਕ ਜਾਂਦੀਆਂ ਹਨ।

18 ਉਹ ਆਪਣਾ ਰੁਖ ਮੋੜ ਲੈਂਦੀਆਂ ਹਨ;

ਉਹ ਰੇਗਿਸਤਾਨ ਵਿਚ ਵਹਿ ਜਾਂਦੀਆਂ ਤੇ ਗਾਇਬ ਹੋ ਜਾਂਦੀਆਂ ਹਨ।

19 ਤੇਮਾ+ ਦੇ ਕਾਫ਼ਲੇ ਉਨ੍ਹਾਂ ਦਾ ਰਾਹ ਤੱਕਦੇ ਹਨ;

ਸਬਾ+ ਦੇ ਮੁਸਾਫ਼ਰ* ਉਨ੍ਹਾਂ ਦਾ ਇੰਤਜ਼ਾਰ ਕਰਦੇ ਹਨ।

20 ਉਹ ਉਨ੍ਹਾਂ ʼਤੇ ਭਰੋਸਾ ਰੱਖ ਕੇ ਸ਼ਰਮਿੰਦਾ ਹੁੰਦੇ ਹਨ;

ਉੱਥੇ ਆ ਕੇ ਉਨ੍ਹਾਂ ਦੇ ਹੱਥ ਨਿਰਾਸ਼ਾ ਹੀ ਲੱਗਦੀ ਹੈ।

21 ਹੁਣ ਤੁਸੀਂ ਮੇਰੇ ਲਈ ਇਵੇਂ ਹੀ ਹੋ;+

ਤੁਸੀਂ ਮੇਰੀ ਬਿਪਤਾ ਦੇ ਕਹਿਰ ਨੂੰ ਦੇਖ ਕੇ ਡਰ ਗਏ ਹੋ।+

22 ਕੀ ਮੈਂ ਕਿਹਾ, ‘ਮੈਨੂੰ ਕੁਝ ਦਿਓ,’

ਜਾਂ ਕੀ ਮੈਂ ਤੁਹਾਥੋਂ ਤੁਹਾਡੀ ਧਨ-ਦੌਲਤ ਵਿੱਚੋਂ ਆਪਣੇ ਲਈ ਤੋਹਫ਼ਾ ਮੰਗਿਆ?

23 ਕੀ ਮੈਂ ਕਿਹਾ ਕਿ ਮੈਨੂੰ ਦੁਸ਼ਮਣ ਦੇ ਹੱਥੋਂ ਛੁਡਾਓ

ਜਾਂ ਜ਼ਾਲਮਾਂ ਕੋਲੋਂ ਬਚਾਓ?*

24 ਮੈਨੂੰ ਸਿਖਾਓ ਤੇ ਮੈਂ ਚੁੱਪ ਰਹਾਂਗਾ;+

ਮੈਨੂੰ ਸਮਝਾਓ ਕਿ ਮੈਥੋਂ ਕਿਹੜੀ ਭੁੱਲ ਹੋਈ ਹੈ।

25 ਸੱਚੀਆਂ ਗੱਲਾਂ ਦੁੱਖ ਨਹੀਂ ਪਹੁੰਚਾਉਂਦੀਆਂ!+

ਪਰ ਤੁਹਾਡੇ ਤਾੜਨਾ ਦੇਣ ਦਾ ਕੀ ਫ਼ਾਇਦਾ?+

26 ਕੀ ਤੁਸੀਂ ਮੇਰੀਆਂ ਗੱਲਾਂ ਵਿਚ ਨੁਕਸ ਕੱਢਣਾ ਚਾਹੁੰਦੇ ਹੋ,

ਇਕ ਦੁਖੀ ਇਨਸਾਨ ਦੀਆਂ ਗੱਲਾਂ+ ਵਿਚ ਜਿਨ੍ਹਾਂ ਨੂੰ ਹਵਾ ਉਡਾ ਕੇ ਲੈ ਜਾਂਦੀ ਹੈ?

27 ਤੁਸੀਂ ਤਾਂ ਯਤੀਮ ਉੱਤੇ ਵੀ ਗੁਣੇ ਪਾਉਣ ਤੋਂ ਗੁਰੇਜ਼ ਨਹੀਂ ਕਰਨਾ+

ਅਤੇ ਆਪਣੇ ਹੀ ਦੋਸਤ ਨੂੰ ਵੇਚ ਦੇਣਾ!*+

28 ਹੁਣ ਮੁੜ ਕੇ ਮੇਰੇ ਵੱਲ ਦੇਖੋ

ਕਿਉਂਕਿ ਮੈਂ ਤੁਹਾਡੇ ਸਾਮ੍ਹਣੇ ਝੂਠ ਨਹੀਂ ਬੋਲਾਂਗਾ।

29 ਮੇਰੀ ਬੇਨਤੀ ਹੈ, ਇਕ ਵਾਰ ਫਿਰ ਸੋਚੋ, ਮੈਨੂੰ ਗ਼ਲਤ ਨਾ ਸਮਝੋ,

ਹਾਂ, ਦੁਬਾਰਾ ਸੋਚ-ਵਿਚਾਰ ਕਰੋ ਕਿਉਂਕਿ ਮੈਂ ਹਾਲੇ ਵੀ ਧਰਮੀ ਹਾਂ।

30 ਕੀ ਮੈਂ ਕੁਝ ਗ਼ਲਤ ਕਹਿ ਰਿਹਾ ਹਾਂ?

ਕੀ ਮੇਰਾ ਤਾਲੂ ਪਛਾਣ ਨਹੀਂ ਸਕਦਾ ਕਿ ਕੁਝ ਗ਼ਲਤ ਹੈ?

7 “ਕੀ ਧਰਤੀ ਉੱਤੇ ਮਰਨਹਾਰ ਇਨਸਾਨ ਦੀ ਜ਼ਿੰਦਗੀ ਜਬਰੀ ਮਜ਼ਦੂਰੀ ਵਰਗੀ ਨਹੀਂ

ਅਤੇ ਉਸ ਦੇ ਦਿਨ ਦਿਹਾੜੀਦਾਰ ਦੇ ਦਿਨਾਂ ਵਰਗੇ ਨਹੀਂ?+

 2 ਇਕ ਗ਼ੁਲਾਮ ਵਾਂਗ ਉਹ ਛਾਂ ਨੂੰ ਤਰਸਦਾ ਹੈ,

ਇਕ ਦਿਹਾੜੀਦਾਰ ਵਾਂਗ ਉਹ ਆਪਣੀ ਮਜ਼ਦੂਰੀ ਨੂੰ ਉਡੀਕਦਾ ਹੈ।+

 3 ਇਸੇ ਤਰ੍ਹਾਂ ਵਿਅਰਥ ਦੇ ਮਹੀਨੇ ਮੇਰੇ ਹਿੱਸੇ ਆਏ ਹਨ

ਤੇ ਕਲੇਸ਼ ਦੀਆਂ ਰਾਤਾਂ ਮੇਰੇ ਲਈ ਠਹਿਰਾਈਆਂ ਗਈਆਂ ਹਨ।+

 4 ਲੰਮਾ ਪੈਣ ਤੇ ਮੈਂ ਸੋਚਦਾਂ, ‘ਮੈਂ ਕਦੋਂ ਉੱਠਾਂਗਾ?’+

ਪਰ ਰਾਤ ਮੁੱਕਦੀ ਹੀ ਨਹੀਂ ਤੇ ਮੈਂ ਪਹੁ ਫੁੱਟਣ ਤਕ ਪਾਸੇ ਲੈਂਦਾ ਰਹਿੰਦਾ ਹਾਂ।

 5 ਮੇਰਾ ਸਰੀਰ ਕੀੜਿਆਂ ਤੇ ਮਿੱਟੀ ਦੇ ਢੇਲਿਆਂ ਨਾਲ ਢਕਿਆ ਪਿਆ ਹੈ;+

ਫੋੜਿਆਂ ਨਾਲ ਭਰੀ ਮੇਰੀ ਚਮੜੀ ਦੇ ਖਰੀਂਢਾਂ ਵਿੱਚੋਂ ਪੀਕ ਵਗਦੀ ਹੈ।+

 6 ਮੇਰੇ ਦਿਨ ਜੁਲਾਹੇ ਦੀ ਨਾਲ੍ਹ ਤੋਂ ਵੀ ਤੇਜ਼ ਦੌੜਦੇ ਹਨ+

ਅਤੇ ਆਸ ਤੋਂ ਬਿਨਾਂ ਬੀਤ ਰਹੇ ਹਨ।+

 7 ਯਾਦ ਰੱਖ, ਮੇਰੀ ਜ਼ਿੰਦਗੀ ਹਵਾ ਹੀ ਹੈ,+

ਮੇਰੀ ਅੱਖ ਫਿਰ ਕਦੇ ਖ਼ੁਸ਼ੀ* ਨਹੀਂ ਦੇਖੇਗੀ।

 8 ਜਿਹੜੀ ਅੱਖ ਹੁਣ ਮੈਨੂੰ ਦੇਖਦੀ ਹੈ, ਉਹ ਦੁਬਾਰਾ ਮੈਨੂੰ ਨਹੀਂ ਦੇਖੇਗੀ;

ਤੇਰੀਆਂ ਨਜ਼ਰਾਂ ਮੈਨੂੰ ਭਾਲਣਗੀਆਂ, ਪਰ ਮੈਂ ਨਹੀਂ ਹੋਵਾਂਗਾ।+

 9 ਜਿਵੇਂ ਬੱਦਲ ਉੱਡ ਜਾਂਦਾ ਤੇ ਗਾਇਬ ਹੋ ਜਾਂਦਾ ਹੈ,

ਉਸੇ ਤਰ੍ਹਾਂ ਕਬਰ* ਵਿਚ ਜਾਣ ਵਾਲਾ ਵੀ ਵਾਪਸ ਨਹੀਂ ਆਉਂਦਾ।+

10 ਉਹ ਆਪਣੇ ਘਰ ਨੂੰ ਫਿਰ ਨਹੀਂ ਮੁੜੇਗਾ

ਅਤੇ ਉਸ ਦਾ ਥਾਂ ਉਸ ਨੂੰ ਫਿਰ ਨਹੀਂ ਪਛਾਣੇਗਾ।+

11 ਇਸ ਲਈ ਮੈਂ ਆਪਣਾ ਮੂੰਹ ਬੰਦ ਨਹੀਂ ਕਰਾਂਗਾ।

ਮੈਂ ਆਪਣੇ ਦੁਖੀ ਮਨ ਨਾਲ ਬੋਲਾਂਗਾ;

ਮੈਂ ਆਪਣੀ ਕੁੜੱਤਣ* ਕਰਕੇ ਗਿਲਾ ਕਰਾਂਗਾ!+

12 ਕੀ ਮੈਂ ਸਮੁੰਦਰ ਹਾਂ ਜਾਂ ਕੋਈ ਵੱਡਾ ਸਮੁੰਦਰੀ ਜੀਵ

ਜੋ ਤੂੰ ਮੇਰੇ ʼਤੇ ਪਹਿਰਾ ਲਾਇਆ ਹੈ?

13 ਜਦੋਂ ਮੈਂ ਕਹਿੰਦਾ, ‘ਮੇਰਾ ਮੰਜਾ ਮੈਨੂੰ ਆਰਾਮ ਦੇਵੇਗਾ;

ਮੇਰਾ ਬਿਸਤਰਾ ਮੇਰੇ ਦੁੱਖ ਨੂੰ ਘਟਾ ਦੇਵੇਗਾ,’

14 ਉਦੋਂ ਤੂੰ ਮੈਨੂੰ ਸੁਪਨੇ ਦਿਖਾ ਕੇ ਮੇਰਾ ਸਾਹ ਸੁਕਾ ਦਿੰਦਾ ਹੈਂ

ਅਤੇ ਦਰਸ਼ਣ ਦਿਖਾ ਕੇ ਮੈਨੂੰ ਡਰਾ ਦਿੰਦਾ ਹੈਂ,

15 ਇਸ ਲਈ ਮੈਂ ਚਾਹੁੰਦਾਂ ਕਿ ਮੇਰਾ ਦਮ ਘੁੱਟ ਜਾਵੇ,

ਹਾਂ, ਅਜਿਹੀ ਜ਼ਿੰਦਗੀ ਨਾਲੋਂ ਚੰਗਾ ਹੈ ਮੈਨੂੰ ਮੌਤ ਆ ਜਾਵੇ।+

16 ਮੈਨੂੰ ਆਪਣੀ ਜ਼ਿੰਦਗੀ ਤੋਂ ਘਿਣ ਹੈ;+ ਮੈਂ ਹੋਰ ਜੀਉਣਾ ਨਹੀਂ ਚਾਹੁੰਦਾ।

ਮੈਨੂੰ ਇਕੱਲਾ ਛੱਡ ਦੇ ਕਿਉਂਕਿ ਮੇਰੇ ਦਿਨ ਇਕ ਸਾਹ ਵਾਂਗ ਹੀ ਹਨ।+

17 ਇਕ ਮਰਨਹਾਰ ਇਨਸਾਨ ਕੀ ਹੈ ਕਿ ਤੂੰ ਉਸ ਦੀ ਪਰਵਾਹ ਕਰੇਂ

ਅਤੇ ਉਸ ਉੱਤੇ ਧਿਆਨ ਲਾਵੇਂ?*+

18 ਤੂੰ ਹਰ ਸਵੇਰ ਉਸ ਨੂੰ ਕਿਉਂ ਜਾਂਚਦਾ ਹੈਂ

ਤੇ ਹਰ ਪਲ ਉਸ ਨੂੰ ਕਿਉਂ ਪਰਖਦਾ ਹੈਂ?+

19 ਕੀ ਤੂੰ ਮੇਰੇ ਤੋਂ ਆਪਣੀਆਂ ਨਜ਼ਰਾਂ ਨਹੀਂ ਹਟਾਏਂਗਾ

ਅਤੇ ਮੈਨੂੰ ਇੰਨੀ ਕੁ ਦੇਰ ਲਈ ਵੀ ਇਕੱਲਾ ਨਹੀਂ ਛੱਡੇਂਗਾ ਕਿ ਮੈਂ ਆਪਣਾ ਥੁੱਕ ਨਿਗਲ਼ ਸਕਾਂ?+

20 ਹੇ ਇਨਸਾਨਾਂ ʼਤੇ ਨਜ਼ਰ ਰੱਖਣ ਵਾਲਿਆ,+ ਜੇ ਮੈਂ ਪਾਪ ਕੀਤਾ ਹੈ, ਤਾਂ ਤੇਰਾ ਕੀ ਨੁਕਸਾਨ ਹੋਇਆ?

ਤੂੰ ਮੈਨੂੰ ਹੀ ਆਪਣਾ ਨਿਸ਼ਾਨਾ ਕਿਉਂ ਬਣਾਇਆ?

ਕੀ ਮੈਂ ਤੇਰੇ ਲਈ ਬੋਝ ਬਣ ਗਿਆ ਹਾਂ?

21 ਤੂੰ ਮੇਰਾ ਅਪਰਾਧ ਮਾਫ਼ ਕਿਉਂ ਨਹੀਂ ਕਰ ਦਿੰਦਾ

ਅਤੇ ਮੇਰੀ ਗ਼ਲਤੀ ਨੂੰ ਬਖ਼ਸ਼ ਕਿਉਂ ਨਹੀਂ ਦਿੰਦਾ?

ਬਹੁਤ ਜਲਦ ਮੈਂ ਮਿੱਟੀ ਵਿਚ ਜਾ ਰਲ਼ਾਂਗਾ,+

ਤੂੰ ਮੈਨੂੰ ਭਾਲੇਂਗਾ, ਪਰ ਮੈਂ ਨਹੀਂ ਹੋਵਾਂਗਾ।”

8 ਫਿਰ ਬਿਲਦਦ+ ਸ਼ੂਹੀ+ ਨੇ ਜਵਾਬ ਦਿੱਤਾ:

 2 “ਤੂੰ ਕਦੋਂ ਤਕ ਇੱਦਾਂ ਦੀਆਂ ਗੱਲਾਂ ਕਰਦਾ ਰਹੇਂਗਾ?+

ਤੇਰੇ ਮੂੰਹ ਦੀਆਂ ਗੱਲਾਂ ਤੇਜ਼ ਹਨੇਰੀ ਵਾਂਗ ਹਨ!

 3 ਕੀ ਪਰਮੇਸ਼ੁਰ ਅਨਿਆਂ ਕਰੇਗਾ?

ਜੋ ਸਹੀ ਹੈ, ਕੀ ਸਰਬਸ਼ਕਤੀਮਾਨ ਉਸ ਨੂੰ ਵਿਗਾੜੇਗਾ?

 4 ਜੇ ਤੇਰੇ ਪੁੱਤਰਾਂ ਨੇ ਉਸ ਖ਼ਿਲਾਫ਼ ਪਾਪ ਕੀਤਾ ਹੈ,

ਤਾਂ ਉਸ ਨੇ ਉਨ੍ਹਾਂ ਦੇ ਅਪਰਾਧ ਦੀ ਸਜ਼ਾ ਉਨ੍ਹਾਂ ਨੂੰ ਭੁਗਤਣ ਦਿੱਤੀ ਹੈ;*

 5 ਪਰ ਜੇ ਤੂੰ ਪਰਮੇਸ਼ੁਰ ʼਤੇ ਆਸ ਰੱਖੇਂ+

ਅਤੇ ਮਿਹਰ ਲਈ ਸਰਬਸ਼ਕਤੀਮਾਨ ਅੱਗੇ ਬੇਨਤੀ ਕਰੇਂ

 6 ਅਤੇ ਜੇ ਤੂੰ ਸੱਚ-ਮੁੱਚ ਪਾਕ ਤੇ ਨੇਕ ਹੈਂ,+

ਤਾਂ ਉਹ ਤੇਰੇ ਵੱਲ ਧਿਆਨ ਦੇਵੇਗਾ*

ਅਤੇ ਤੈਨੂੰ ਤੇਰੀ ਪਹਿਲਾਂ ਵਾਲੀ ਜਗ੍ਹਾ ਦੇ ਦੇਵੇਗਾ ਜਿਸ ʼਤੇ ਤੇਰਾ ਹੱਕ ਹੈ।

 7 ਹਾਲਾਂਕਿ ਤੇਰੀ ਸ਼ੁਰੂਆਤ ਛੋਟੀ ਸੀ,

ਪਰ ਤੇਰਾ ਭਵਿੱਖ ਸ਼ਾਨਦਾਰ ਹੋਵੇਗਾ।+

 8 ਕਿਰਪਾ ਕਰ ਕੇ ਪੁਰਾਣੀ ਪੀੜ੍ਹੀ ਨੂੰ ਪੁੱਛ

ਅਤੇ ਉਨ੍ਹਾਂ ਗੱਲਾਂ ਵੱਲ ਧਿਆਨ ਦੇ ਜੋ ਉਨ੍ਹਾਂ ਦੇ ਪੂਰਵਜਾਂ ਨੇ ਪਤਾ ਕੀਤੀਆਂ ਸਨ।+

 9 ਅਸੀਂ ਤਾਂ ਕੱਲ੍ਹ ਹੀ ਪੈਦਾ ਹੋਏ ਤੇ ਅਸੀਂ ਕੁਝ ਨਹੀਂ ਜਾਣਦੇ

ਕਿਉਂਕਿ ਧਰਤੀ ਉੱਤੇ ਸਾਡੇ ਦਿਨ ਇਕ ਪਰਛਾਵਾਂ ਹੀ ਹਨ।

10 ਕੀ ਉਹ ਤੈਨੂੰ ਨਹੀਂ ਸਿਖਾਉਣਗੇ

ਅਤੇ ਜੋ ਉਹ ਜਾਣਦੇ ਹਨ, ਤੈਨੂੰ ਨਹੀਂ ਦੱਸਣਗੇ?*

11 ਕੀ ਦਲਦਲ ਤੋਂ ਬਿਨਾਂ ਸਰਕੰਡਾ ਵਧੇਗਾ?

ਕੀ ਪਾਣੀ ਤੋਂ ਬਿਨਾਂ ਕਾਨਾ ਵੱਡਾ ਹੋਵੇਗਾ?

12 ਭਾਵੇਂ ਇਸ ਨੂੰ ਫੁੱਲ ਲੱਗ ਰਹੇ ਹੋਣ ਅਤੇ ਇਸ ਨੂੰ ਹਾਲੇ ਪੁੱਟਿਆ ਨਾ ਗਿਆ ਹੋਵੇ,

ਫਿਰ ਵੀ ਇਹ ਬਾਕੀ ਪੌਦਿਆਂ ਨਾਲੋਂ ਪਹਿਲਾਂ ਸੁੱਕ ਜਾਵੇਗਾ।

13 ਪਰਮੇਸ਼ੁਰ ਨੂੰ ਭੁੱਲਣ ਵਾਲੇ ਸਾਰੇ ਲੋਕਾਂ ਦਾ ਵੀ ਇਹੀ ਅੰਜਾਮ ਹੋਵੇਗਾ,*

ਪਰਮੇਸ਼ੁਰ ਨੂੰ ਨਾ ਮੰਨਣ ਵਾਲਿਆਂ* ਦੀ ਉਮੀਦ ਮਿਟ ਜਾਵੇਗੀ

14 ਜਿਨ੍ਹਾਂ ਦਾ ਵਿਸ਼ਵਾਸ ਟੁੱਟ ਜਾਂਦਾ ਹੈ

ਅਤੇ ਜਿਨ੍ਹਾਂ ਦਾ ਭਰੋਸਾ ਮੱਕੜੀ ਦੇ ਜਾਲ਼* ਵਾਂਗ ਕਮਜ਼ੋਰ ਹੁੰਦਾ ਹੈ।

15 ਉਹ ਆਪਣੇ ਘਰ ਨਾਲ ਢਾਸਣਾ ਲਾਵੇਗਾ, ਪਰ ਉਹ ਖੜ੍ਹਾ ਨਹੀਂ ਰਹੇਗਾ;

ਉਹ ਉਸ ਨੂੰ ਫੜੀ ਰੱਖਣ ਦੀ ਕੋਸ਼ਿਸ਼ ਕਰੇਗਾ, ਪਰ ਉਹ ਢਹਿ ਜਾਵੇਗਾ।

16 ਉਹ ਧੁੱਪ ਵਿਚ ਹਰੇ ਪੌਦੇ ਵਰਗਾ ਹੈ

ਜਿਸ ਦੀਆਂ ਟਾਹਣੀਆਂ ਬਾਗ਼ ਵਿਚ ਫੈਲ ਜਾਂਦੀਆਂ ਹਨ।+

17 ਉਸ ਦੀਆਂ ਜੜ੍ਹਾਂ ਪੱਥਰਾਂ ਦੇ ਢੇਰ ਵਿਚ ਲਿਪਟ ਜਾਂਦੀਆਂ ਹਨ;

ਉਹ ਪੱਥਰਾਂ ਵਿਚ ਘਰ ਲੱਭਦਾ ਹੈ।*

18 ਪਰ ਜੇ ਉਸ ਨੂੰ ਉਸ ਦੀ ਜਗ੍ਹਾ ਤੋਂ ਪੁੱਟਿਆ ਜਾਵੇ,*

ਤਾਂ ਉਹ ਜਗ੍ਹਾ ਉਸ ਦਾ ਇਨਕਾਰ ਕਰ ਦੇਵੇਗੀ ਤੇ ਕਹੇਗੀ, ‘ਮੈਂ ਤੈਨੂੰ ਕਦੇ ਵੀ ਨਹੀਂ ਦੇਖਿਆ।’+

19 ਹਾਂ, ਉਹ ਇਸੇ ਤਰ੍ਹਾਂ ਮਿਟ ਜਾਵੇਗਾ;*+

ਫਿਰ ਦੂਸਰੇ ਮਿੱਟੀ ਵਿੱਚੋਂ ਪੁੰਗਰਨਗੇ।

20 ਪਰਮੇਸ਼ੁਰ ਨਿਰਦੋਸ਼ਾਂ* ਨੂੰ ਹਰਗਿਜ਼ ਨਹੀਂ ਠੁਕਰਾਵੇਗਾ;

ਨਾ ਹੀ ਉਹ ਬੁਰੇ ਲੋਕਾਂ ਦਾ ਸਾਥ ਦੇਵੇਗਾ,*

21 ਉਹ ਤੇਰੇ ਚਿਹਰੇ ʼਤੇ ਫਿਰ ਤੋਂ ਹਾਸਾ ਲਿਆਵੇਗਾ

ਅਤੇ ਤੇਰੇ ਬੁੱਲ੍ਹਾਂ ʼਤੇ ਖ਼ੁਸ਼ੀ ਦੇ ਜੈਕਾਰੇ।

22 ਤੇਰੇ ਨਾਲ ਨਫ਼ਰਤ ਕਰਨ ਵਾਲੇ ਸ਼ਰਮ ਦਾ ਲਿਬਾਸ ਪਾਉਣਗੇ

ਅਤੇ ਦੁਸ਼ਟਾਂ ਦਾ ਤੰਬੂ ਰਹੇਗਾ ਹੀ ਨਹੀਂ।”

9 ਅੱਯੂਬ ਨੇ ਜਵਾਬ ਦਿੱਤਾ:

2 “ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਇਹ ਇੱਦਾਂ ਹੀ ਹੈ।

ਪਰ ਮਰਨਹਾਰ ਇਨਸਾਨ ਪਰਮੇਸ਼ੁਰ ਨਾਲ ਮੁਕੱਦਮੇ ਵਿਚ ਸਹੀ ਕਿਵੇਂ ਠਹਿਰ ਸਕਦਾ ਹੈ?+

 3 ਜੇ ਕੋਈ ਉਸ ਨਾਲ ਬਹਿਸ ਕਰਨਾ ਚਾਹੇ,*+

ਤਾਂ ਉਹ ਹਜ਼ਾਰ ਵਿੱਚੋਂ ਉਸ ਦੇ ਇਕ ਸਵਾਲ ਦਾ ਜਵਾਬ ਵੀ ਨਹੀਂ ਦੇ ਸਕੇਗਾ।

 4 ਉਹ ਦਿਲੋਂ ਬੁੱਧੀਮਾਨ ਤੇ ਬਹੁਤ ਸ਼ਕਤੀਸ਼ਾਲੀ ਹੈ।+

ਕੌਣ ਉਸ ਦਾ ਸਾਮ੍ਹਣਾ ਕਰ ਕੇ ਚੋਟ ਖਾਧੇ ਬਿਨਾਂ ਰਹਿ ਸਕਦਾ ਹੈ?+

 5 ਉਹ ਪਹਾੜਾਂ ਨੂੰ ਖਿਸਕਾ* ਦਿੰਦਾ ਹੈ ਅਤੇ ਕਿਸੇ ਨੂੰ ਪਤਾ ਵੀ ਨਹੀਂ ਲੱਗਦਾ;

ਉਹ ਆਪਣੇ ਕ੍ਰੋਧ ਨਾਲ ਉਨ੍ਹਾਂ ਨੂੰ ਉਲਟਾ ਦਿੰਦਾ ਹੈ।

 6 ਉਹ ਧਰਤੀ ਨੂੰ ਇਸ ਦੀ ਥਾਂ ਤੋਂ ਹਿਲਾ ਦਿੰਦਾ ਹੈ,

ਇਸ ਦੇ ਥੰਮ੍ਹ ਥਰ-ਥਰ ਕੰਬ ਉੱਠਦੇ ਹਨ।+

 7 ਉਹ ਸੂਰਜ ਨੂੰ ਹੁਕਮ ਦਿੰਦਾ ਹੈ ਕਿ ਉਹ ਚਮਕੇ ਨਾ

ਅਤੇ ਤਾਰਿਆਂ ਦੀ ਰੌਸ਼ਨੀ ਨੂੰ ਮੁਹਰ ਲਾ ਕੇ ਬੰਦ ਕਰ ਦਿੰਦਾ ਹੈ;+

 8 ਉਹ ਇਕੱਲਾ ਹੀ ਆਕਾਸ਼ਾਂ ਨੂੰ ਤਾਣ ਦਿੰਦਾ ਹੈ+

ਅਤੇ ਉਹ ਸਮੁੰਦਰ ਦੀਆਂ ਉੱਚੀਆਂ-ਉੱਚੀਆਂ ਲਹਿਰਾਂ ਉੱਤੇ ਤੁਰਦਾ ਹੈ।+

 9 ਉਸ ਨੇ ਅਸ਼,* ਕੇਸਿਲ* ਅਤੇ ਕੀਮਾਹ ਤਾਰਾ-ਮੰਡਲ*+

ਅਤੇ ਦੱਖਣੀ ਆਕਾਸ਼ ਦੇ ਤਾਰਾ-ਮੰਡਲ* ਸਿਰਜੇ;

10 ਉਸ ਦੇ ਕੰਮ ਮਹਾਨ ਤੇ ਸਮਝ ਤੋਂ ਪਰੇ ਹਨ,+

ਉਸ ਦੇ ਸ਼ਾਨਦਾਰ ਕੰਮ ਗਿਣਤੀਓਂ ਬਾਹਰ ਹਨ।+

11 ਉਹ ਮੇਰੇ ਕੋਲੋਂ ਦੀ ਲੰਘ ਜਾਂਦਾ ਹੈ ਤੇ ਮੈਂ ਉਸ ਨੂੰ ਦੇਖ ਵੀ ਨਹੀਂ ਪਾਉਂਦਾ;

ਉਹ ਮੇਰੇ ਸਾਮ੍ਹਣਿਓਂ ਦੀ ਚਲਾ ਜਾਂਦਾ ਹੈ, ਪਰ ਮੈਂ ਉਸ ਨੂੰ ਪਛਾਣ ਨਹੀਂ ਪਾਉਂਦਾ।

12 ਜਦੋਂ ਉਹ ਕੁਝ ਖੋਂਹਦਾ ਹੈ, ਤਾਂ ਕੌਣ ਉਸ ਨੂੰ ਰੋਕ ਸਕਦਾ ਹੈ?

ਕੌਣ ਉਸ ਨੂੰ ਕਹਿ ਸਕਦਾ ਹੈ, ‘ਤੂੰ ਕੀ ਕਰ ਰਿਹਾ ਹੈਂ?’+

13 ਪਰਮੇਸ਼ੁਰ ਆਪਣਾ ਕ੍ਰੋਧ ਨਹੀਂ ਰੋਕੇਗਾ;+

ਰਾਹਾਬ*+ ਦੇ ਮਦਦਗਾਰ ਵੀ ਉਸ ਅੱਗੇ ਝੁਕਣਗੇ।

14 ਤਾਂ ਫਿਰ, ਜਦੋਂ ਮੈਂ ਉਸ ਨੂੰ ਜਵਾਬ ਦਿਆਂਗਾ,

ਉਸ ਅੱਗੇ ਦਲੀਲਾਂ ਪੇਸ਼ ਕਰਾਂਗਾ, ਤਾਂ ਮੈਨੂੰ ਕਿੰਨੇ ਧਿਆਨ ਨਾਲ ਲਫ਼ਜ਼ ਚੁਣਨੇ ਪੈਣੇ!

15 ਜੇ ਮੈਂ ਸਹੀ ਵੀ ਹੁੰਦਾ, ਤਾਂ ਵੀ ਮੈਂ ਉਸ ਨੂੰ ਜਵਾਬ ਨਾ ਦਿੰਦਾ+

ਮੈਂ ਤਾਂ ਬੱਸ ਆਪਣੇ ਨਿਆਂਕਾਰ* ਕੋਲੋਂ ਦਇਆ ਦੀ ਭੀਖ ਹੀ ਮੰਗਦਾ।

16 ਜੇ ਮੈਂ ਉਸ ਨੂੰ ਪੁਕਾਰਾਂ, ਤਾਂ ਕੀ ਉਹ ਮੈਨੂੰ ਜਵਾਬ ਦੇਵੇਗਾ?

ਮੈਨੂੰ ਨਹੀਂ ਲੱਗਦਾ ਕਿ ਉਹ ਮੇਰੀ ਸੁਣੇਗਾ

17 ਕਿਉਂਕਿ ਉਹ ਤੂਫ਼ਾਨ ਨਾਲ ਮੈਨੂੰ ਤੋੜ ਸੁੱਟਦਾ ਹੈ

ਅਤੇ ਬਿਨਾਂ ਵਜ੍ਹਾ ਮੈਨੂੰ ਇਕ ਤੋਂ ਬਾਅਦ ਇਕ ਜ਼ਖ਼ਮ ਦਿੰਦਾ ਹੈ।+

18 ਉਹ ਮੈਨੂੰ ਸਾਹ ਵੀ ਨਹੀਂ ਲੈਣ ਦਿੰਦਾ;

ਉਹ ਤਾਂ ਮੈਨੂੰ ਕੁੜੱਤਣ ਨਾਲ ਭਰੀ ਜਾਂਦਾ ਹੈ।

19 ਜੇ ਤਾਕਤ ਦੀ ਗੱਲ ਕਰੀਏ, ਤਾਂ ਤਾਕਤਵਰ ਉਹੀ ਹੈ।+

ਜੇ ਨਿਆਂ ਦੀ ਗੱਲ ਕਰੀਏ, ਤਾਂ ਉਹ ਕਹਿੰਦਾ ਹੈ: ‘ਕੌਣ ਮੇਰੇ ਤੋਂ ਪੁੱਛ-ਗਿੱਛ ਕਰ ਸਕਦਾ ਹੈ?’*

20 ਜੇ ਮੈਂ ਸਹੀ ਵੀ ਹੋਵਾਂ, ਤਾਂ ਵੀ ਮੇਰਾ ਮੂੰਹ ਮੈਨੂੰ ਦੋਸ਼ੀ ਠਹਿਰਾਵੇਗਾ;

ਜੇ ਮੈਂ ਨਿਰਦੋਸ਼ ਵੀ ਰਹਾਂ,* ਤਾਂ ਵੀ ਉਹ ਮੈਨੂੰ ਅਪਰਾਧੀ* ਕਰਾਰ ਦੇਵੇਗਾ।

21 ਜੇ ਮੈਂ ਨਿਰਦੋਸ਼ ਵੀ ਰਹਾਂ,* ਫਿਰ ਵੀ ਮੈਨੂੰ ਆਪਣੇ ʼਤੇ ਯਕੀਨ ਨਹੀਂ;

ਮੈਂ ਆਪਣੀ ਇਸ ਜ਼ਿੰਦਗੀ ਨੂੰ ਠੁਕਰਾਉਂਦਾ ਹਾਂ।*

22 ਗੱਲ ਇੱਕੋ ਹੀ ਹੈ। ਇਸੇ ਲਈ ਮੈਂ ਕਹਿੰਦਾ ਹਾਂ,

‘ਉਹ ਨਿਰਦੋਸ਼* ਤੇ ਦੁਸ਼ਟ ਦੋਵਾਂ ਨੂੰ ਹੀ ਨਾਸ਼ ਕਰ ਦਿੰਦਾ ਹੈ।’

23 ਜਦ ਹੜ੍ਹ ਅਚਾਨਕ ਜ਼ਿੰਦਗੀਆਂ ਨੂੰ ਰੋੜ੍ਹ ਕੇ ਲੈ ਜਾਂਦਾ ਹੈ,

ਤਾਂ ਉਹ ਬੇਕਸੂਰਾਂ ਦੀ ਲਾਚਾਰੀ ʼਤੇ ਹੱਸਦਾ ਹੈ।

24 ਧਰਤੀ ਦੁਸ਼ਟ ਦੇ ਹੱਥ ਵਿਚ ਦਿੱਤੀ ਗਈ ਹੈ;+

ਉਹ ਇਸ ਦੇ ਨਿਆਂਕਾਰਾਂ ਦੀਆਂ ਅੱਖਾਂ* ʼਤੇ ਪਰਦਾ ਪਾ ਦਿੰਦਾ ਹੈ।

ਇੱਦਾਂ ਕਰਨ ਵਾਲਾ ਜੇ ਉਹ ਨਹੀਂ ਹੈ, ਤਾਂ ਹੋਰ ਕੌਣ ਹੈ?

25 ਹੁਣ ਮੇਰੇ ਦਿਨ ਇਕ ਦੌੜਾਕ ਨਾਲੋਂ ਵੀ ਤੇਜ਼ ਦੌੜ ਰਹੇ ਹਨ;+

ਉਹ ਭੱਜੇ ਜਾਂਦੇ ਹਨ ਤੇ ਕੁਝ ਚੰਗਾ ਨਹੀਂ ਦੇਖਦੇ।

26 ਉਹ ਇਵੇਂ ਉੱਡੀ ਜਾਂਦੇ ਹਨ ਜਿਵੇਂ ਕਾਨੇ ਦੀਆਂ ਕਿਸ਼ਤੀਆਂ ਹੋਣ,

ਹਾਂ, ਉਨ੍ਹਾਂ ਉਕਾਬਾਂ ਵਾਂਗ ਜੋ ਤੇਜ਼ੀ ਨਾਲ ਆਪਣੇ ਸ਼ਿਕਾਰ ʼਤੇ ਝਪਟਦੇ ਹਨ।

27 ਜੇ ਮੈਂ ਕਹਾਂ, ‘ਮੈਂ ਆਪਣਾ ਗਿਲਾ ਭੁਲਾ ਦਿਆਂਗਾ,

ਮੈਂ ਆਪਣੇ ਹਾਵ-ਭਾਵ ਬਦਲ ਕੇ ਚਿਹਰੇ ʼਤੇ ਖ਼ੁਸ਼ੀ ਲੈ ਆਵਾਂਗਾ,’

28 ਫਿਰ ਵੀ ਮੈਨੂੰ ਆਪਣੇ ਸਾਰੇ ਦੁੱਖਾਂ ਦੇ ਕਰਕੇ ਡਰ ਲੱਗਾ ਰਹੇਗਾ+

ਅਤੇ ਮੈਨੂੰ ਪਤਾ ਕਿ ਤੂੰ ਮੈਨੂੰ ਬੇਕਸੂਰ ਨਹੀਂ ਠਹਿਰਾਏਂਗਾ।

29 ਮੈਨੂੰ ਅਪਰਾਧੀ* ਠਹਿਰਾਇਆ ਜਾਵੇਗਾ।

ਫਿਰ ਮੈਂ ਐਵੇਂ ਜੱਦੋ-ਜਹਿਦ ਕਿਉਂ ਕਰਾਂ?+

30 ਜੇ ਮੈਂ ਪਿਘਲੀ ਬਰਫ਼ ਦੇ ਪਾਣੀ ਨਾਲ ਨਹਾ ਲਵਾਂ

ਅਤੇ ਸਾਬਣ* ਨਾਲ ਆਪਣੇ ਹੱਥ ਧੋ ਲਵਾਂ,+

31 ਤਾਂ ਵੀ ਤੂੰ ਮੈਨੂੰ ਟੋਏ ਵਿਚ ਡੋਬ ਦੇਵੇਂਗਾ

ਅਤੇ ਫਿਰ ਮੇਰੇ ਕੱਪੜੇ ਵੀ ਮੈਥੋਂ ਘਿਣ ਕਰਨਗੇ।

32 ਉਹ ਮੇਰੇ ਵਰਗਾ ਇਨਸਾਨ ਨਹੀਂ ਕਿ ਮੈਂ ਉਸ ਨੂੰ ਜਵਾਬ ਦੇ ਸਕਾਂ

ਅਤੇ ਉਸ ਦੇ ਨਾਲ ਅਦਾਲਤ ਵਿਚ ਲੜ ਸਕਾਂ।+

33 ਸਾਡੇ ਵਿਚ ਫ਼ੈਸਲਾ ਕਰਾਉਣ ਵਾਲਾ ਕੋਈ ਨਹੀਂ ਹੈ*

ਜੋ ਸਾਡਾ ਨਿਆਂਕਾਰ ਬਣ ਸਕੇ।*

34 ਜੇ ਉਹ ਮੇਰੇ ਮਾਰਨਾ ਛੱਡ ਦੇਵੇ*

ਅਤੇ ਆਪਣੀ ਦਹਿਸ਼ਤ ਨਾਲ ਮੈਨੂੰ ਨਾ ਡਰਾਵੇ,+

35 ਫਿਰ ਮੈਂ ਬਿਨਾਂ ਡਰੇ ਉਸ ਨਾਲ ਗੱਲ ਕਰਾਂਗਾ

ਕਿਉਂਕਿ ਡਰ-ਡਰ ਕੇ ਗੱਲ ਕਰਨੀ ਮੇਰਾ ਸੁਭਾਅ ਨਹੀਂ।

10 “ਮੈਨੂੰ ਆਪਣੀ ਜ਼ਿੰਦਗੀ ਤੋਂ ਘਿਣ ਹੈ।+

ਮੈਂ ਖੁੱਲ੍ਹ ਕੇ ਗਿਲੇ ਕਰਾਂਗਾ।

ਮੈਂ ਆਪਣੀ ਕੁੜੱਤਣ* ਕਰਕੇ ਬੋਲਾਂਗਾ!

 2 ਮੈਂ ਪਰਮੇਸ਼ੁਰ ਨੂੰ ਕਹਾਂਗਾ: ‘ਮੈਨੂੰ ਦੋਸ਼ੀ ਨਾ ਠਹਿਰਾ।

ਮੈਨੂੰ ਦੱਸ, ਤੂੰ ਮੇਰੇ ਨਾਲ ਕਿਉਂ ਲੜ ਰਿਹਾ ਹੈਂ?

 3 ਕੀ ਇਸ ਨਾਲ ਤੈਨੂੰ ਕੁਝ ਮਿਲਦਾ ਕਿ ਤੂੰ ਅਤਿਆਚਾਰ ਕਰੇਂ,

ਆਪਣੇ ਹੱਥਾਂ ਦੇ ਕੰਮ ਨੂੰ ਤੁੱਛ ਸਮਝੇਂ,+

ਨਾਲੇ ਦੁਸ਼ਟਾਂ ਦੀ ਸਲਾਹ ਨੂੰ ਪਸੰਦ ਕਰੇਂ?

 4 ਕੀ ਤੇਰੀਆਂ ਅੱਖਾਂ ਇਨਸਾਨ ਦੀਆਂ ਅੱਖਾਂ ਹਨ

ਜਾਂ ਕੀ ਤੂੰ ਮਰਨਹਾਰ ਇਨਸਾਨ ਵਾਂਗ ਦੇਖਦਾ ਹੈਂ?

 5 ਕੀ ਤੇਰੇ ਦਿਨ ਇਨਸਾਨਾਂ ਦੇ ਦਿਨਾਂ ਜਿੰਨੇ ਹਨ

ਜਾਂ ਕੀ ਤੇਰੇ ਵਰ੍ਹੇ ਇਨਸਾਨ ਦੇ ਵਰ੍ਹਿਆਂ ਜਿੰਨੇ ਹਨ+

 6 ਜੋ ਤੂੰ ਮੇਰੇ ਵਿਚ ਗ਼ਲਤੀ ਲੱਭਦਾ ਹੈਂ

ਅਤੇ ਮੇਰੇ ਵਿਚ ਪਾਪ ਖੋਜਦਾ ਰਹਿੰਦਾ ਹੈਂ?+

 7 ਤੂੰ ਜਾਣਦਾ ਹੈਂ ਕਿ ਮੈਂ ਦੋਸ਼ੀ ਨਹੀਂ ਹਾਂ;+

ਕੋਈ ਵੀ ਮੈਨੂੰ ਤੇਰੇ ਹੱਥੋਂ ਨਹੀਂ ਬਚਾ ਸਕਦਾ।+

 8 ਤੇਰੇ ਹੀ ਹੱਥਾਂ ਨੇ ਮੈਨੂੰ ਢਾਲ਼ਿਆ ਤੇ ਬਣਾਇਆ,+

ਪਰ ਹੁਣ ਤੂੰ ਹੀ ਮੈਨੂੰ ਮਿਟਾ ਦੇਣਾ ਚਾਹੁੰਦਾਂ।

 9 ਕਿਰਪਾ ਕਰ ਕੇ ਯਾਦ ਕਰ, ਤੂੰ ਮੈਨੂੰ ਮਿੱਟੀ ਤੋਂ ਸਾਜਿਆ,+

ਪਰ ਹੁਣ ਤੂੰ ਵਾਪਸ ਮੈਨੂੰ ਮਿੱਟੀ ਵਿਚ ਮਿਲਾ ਦੇਣਾ ਚਾਹੁੰਦਾਂ।+

10 ਕੀ ਤੂੰ ਮੈਨੂੰ ਦੁੱਧ ਵਾਂਗ ਨਹੀਂ ਉਲੱਦਿਆ

ਅਤੇ ਮੈਨੂੰ ਦਹੀਂ* ਵਾਂਗ ਨਹੀਂ ਜਮਾਇਆ?

11 ਤੂੰ ਖੱਲ ਤੇ ਮਾਸ ਮੈਨੂੰ ਪਹਿਨਾਇਆ

ਅਤੇ ਤੂੰ ਹੱਡੀਆਂ ਤੇ ਨਸਾਂ ਨਾਲ ਬੁਣ ਕੇ ਮੈਨੂੰ ਜੋੜਿਆ।+

12 ਤੂੰ ਮੈਨੂੰ ਜੀਵਨ ਤੇ ਅਟੱਲ ਪਿਆਰ ਬਖ਼ਸ਼ਿਆ;

ਤੂੰ ਮੇਰਾ ਧਿਆਨ ਰੱਖਿਆ+ ਤੇ ਮੇਰੀ ਜਾਨ* ਦੀ ਰਾਖੀ ਕੀਤੀ।

13 ਤੂੰ ਮਨ ਹੀ ਮਨ ਮੇਰੇ ਨਾਲ ਇਹ ਸਭ ਕਰਨ ʼਤੇ ਤੁਲਿਆ ਹੋਇਆ ਸੀ।*

ਮੈਨੂੰ ਪਤਾ ਕਿ ਇਹ ਸਭ ਤੇਰੇ ਵੱਲੋਂ ਹੀ ਹੈ।

14 ਜੇ ਮੈਂ ਪਾਪ ਕਰਦਾ ਹਾਂ, ਤਾਂ ਤੂੰ ਮੈਨੂੰ ਦੇਖਦਾ ਹੈਂ,+

ਤੂੰ ਮੈਨੂੰ ਮੇਰੇ ਦੋਸ਼ ਤੋਂ ਬਰੀ ਨਹੀਂ ਕਰਦਾ।

15 ਜੇ ਮੈਂ ਕਸੂਰਵਾਰ ਹਾਂ, ਤਾਂ ਲਾਹਨਤ ਹੈ ਮੇਰੇ ʼਤੇ!

ਜੇ ਮੈਂ ਬੇਕਸੂਰ ਵੀ ਹਾਂ, ਤਾਂ ਵੀ ਮੈਂ ਸਿਰ ਨਹੀਂ ਉਠਾ ਸਕਦਾ+

ਕਿਉਂਕਿ ਮੈਨੂੰ ਬਹੁਤ ਅਪਮਾਨ ਤੇ ਦੁੱਖ ਸਹਿਣਾ ਪਿਆ ਹੈ।+

16 ਜੇ ਮੈਂ ਸਿਰ ਉੱਚਾ ਕਰਦਾ ਹਾਂ, ਤਾਂ ਤੂੰ ਸ਼ੇਰ ਵਾਂਗ ਮੇਰਾ ਸ਼ਿਕਾਰ ਕਰਦਾ ਹੈਂ+

ਅਤੇ ਫਿਰ ਤੋਂ ਮੇਰੇ ਖ਼ਿਲਾਫ਼ ਆਪਣੀ ਤਾਕਤ ਦਿਖਾਉਂਦਾ ਹੈਂ।

17 ਤੂੰ ਨਵੇਂ-ਨਵੇਂ ਗਵਾਹ ਮੇਰੇ ਖ਼ਿਲਾਫ਼ ਲਿਆਉਂਦਾ ਹੈਂ,

ਤੂੰ ਮੇਰੇ ਨਾਲ ਹੋਰ ਗੁੱਸੇ ਹੋ ਜਾਂਦਾ ਹੈ,

ਮੇਰੇ ਉੱਤੇ ਇਕ ਤੋਂ ਬਾਅਦ ਇਕ ਮੁਸੀਬਤ ਆਉਂਦੀ ਹੈ।

18 ਤੂੰ ਮੈਨੂੰ ਕੁੱਖੋਂ ਬਾਹਰ ਕਿਉਂ ਲਿਆਂਦਾ?+

ਇਸ ਤੋਂ ਪਹਿਲਾਂ ਕਿ ਕੋਈ ਮੈਨੂੰ ਦੇਖਦਾ, ਮੈਨੂੰ ਮਰ ਜਾਣਾ ਚਾਹੀਦਾ ਸੀ।

19 ਇਹ ਇਵੇਂ ਹੁੰਦਾ ਜਿਵੇਂ ਮੈਂ ਕਦੇ ਹੋਇਆ ਹੀ ਨਹੀਂ;

ਮੈਨੂੰ ਕੁੱਖ ਤੋਂ ਸਿੱਧਾ ਕਬਰਸਤਾਨ ਲਿਜਾਇਆ ਜਾਂਦਾ।’

20 ਕੀ ਮੇਰੇ ਦਿਨ ਥੋੜ੍ਹੇ ਨਹੀਂ?+ ਉਹ ਮੈਨੂੰ ਇਕੱਲਾ ਛੱਡ ਦੇਵੇ;

ਉਹ ਮੇਰੇ ਤੋਂ ਆਪਣੀਆਂ ਨਜ਼ਰਾਂ ਹਟਾ ਲਵੇ ਤਾਂਕਿ ਮੈਨੂੰ ਕੁਝ ਰਾਹਤ ਮਿਲੇ*+

21 ਇਸ ਤੋਂ ਪਹਿਲਾਂ ਕਿ ਮੈਂ ਜਾਵਾਂ ਤੇ ਫਿਰ ਵਾਪਸ ਨਾ ਆਵਾਂ,+

ਹਾਂ, ਘੋਰ ਹਨੇਰੇ* ਦੇ ਦੇਸ਼ ਨੂੰ ਜਾਵਾਂ,+

22 ਉਸ ਦੇਸ਼ ਨੂੰ ਜਿੱਥੇ ਬੱਸ ਕਾਲੀ ਰਾਤ ਹੈ,

ਉਹ ਦੇਸ਼ ਜਿੱਥੇ ਘੁੱਪ ਹਨੇਰਾ ਤੇ ਗੜਬੜ ਹੈ,

ਜਿੱਥੇ ਚਾਨਣ ਵੀ ਸੰਘਣੇ ਹਨੇਰੇ ਵਰਗਾ ਹੈ।”

11 ਸੋਫਰ+ ਨਾਮਾਥੀ ਨੇ ਜਵਾਬ ਦਿੱਤਾ:

2 “ਕੀ ਇਨ੍ਹਾਂ ਸਾਰੀਆਂ ਗੱਲਾਂ ਦਾ ਕੋਈ ਜਵਾਬ ਨਹੀਂ ਦਿੱਤਾ ਜਾਵੇਗਾ?

ਕੀ ਬਹੁਤੀਆਂ ਗੱਲਾਂ ਕਰਨ ਨਾਲ ਕੋਈ ਸਹੀ ਸਾਬਤ ਹੋ ਜਾਵੇਗਾ?*

 3 ਕੀ ਤੇਰੀਆਂ ਖੋਖਲੀਆਂ ਗੱਲਾਂ ਲੋਕਾਂ ਨੂੰ ਚੁੱਪ ਕਰਾ ਦੇਣਗੀਆਂ?

ਕੀ ਤੇਰੀਆਂ ਮਜ਼ਾਕ ਭਰੀਆਂ ਗੱਲਾਂ+ ਲਈ ਤੈਨੂੰ ਕੋਈ ਝਿੜਕੇਗਾ ਨਹੀਂ?

 4 ਤੂੰ ਕਹਿੰਦਾ ਹੈਂ, ‘ਮੇਰੀ ਸਿੱਖਿਆ ਪਾਕ ਹੈ+

ਅਤੇ ਤੇਰੀਆਂ ਨਜ਼ਰਾਂ ਵਿਚ ਮੈਂ ਸ਼ੁੱਧ ਹਾਂ।’+

 5 ਕਾਸ਼ ਰੱਬ ਬੋਲੇ

ਅਤੇ ਤੇਰੇ ਨਾਲ ਗੱਲ ਕਰਨ ਲਈ ਆਪਣਾ ਮੂੰਹ ਖੋਲ੍ਹੇ!+

 6 ਫਿਰ ਉਹ ਤੇਰੇ ਸਾਮ੍ਹਣੇ ਬੁੱਧ ਦੇ ਰਾਜ਼ ਖੋਲ੍ਹੇਗਾ

ਕਿਉਂਕਿ ਬੁੱਧ ਦੇ ਪਹਿਲੂ ਢੇਰ ਸਾਰੇ ਹਨ।

ਫਿਰ ਤੈਨੂੰ ਪਤਾ ਚੱਲੇਗਾ ਕਿ ਪਰਮੇਸ਼ੁਰ ਨੇ ਤੇਰੀਆਂ ਕੁਝ ਗ਼ਲਤੀਆਂ ਭੁਲਾ ਦਿੱਤੀਆਂ ਹਨ।

 7 ਕੀ ਤੂੰ ਪਰਮੇਸ਼ੁਰ ਦੀਆਂ ਡੂੰਘੀਆਂ ਗੱਲਾਂ ਦਾ ਪਤਾ ਲਗਾ ਸਕਦਾਂ

ਜਾਂ ਕੀ ਤੂੰ ਸਰਬਸ਼ਕਤੀਮਾਨ ਬਾਰੇ ਸਭ ਕੁਝ ਜਾਣ ਸਕਦਾਂ?*

 8 ਬੁੱਧ ਆਕਾਸ਼ ਤੋਂ ਵੀ ਉੱਚੀ ਹੈ। ਤੂੰ ਕੀ ਕਰ ਸਕਦਾ ਹੈਂ?

ਇਹ ਕਬਰ* ਨਾਲੋਂ ਵੀ ਡੂੰਘੀ ਹੈ। ਤੂੰ ਕੀ ਜਾਣ ਸਕਦਾ ਹੈਂ?

 9 ਇਸ ਦੀ ਲੰਬਾਈ ਧਰਤੀ ਨਾਲੋਂ ਵੀ ਜ਼ਿਆਦਾ ਹੈ

ਅਤੇ ਚੁੜਾਈ ਸਮੁੰਦਰ ਨਾਲੋਂ ਵੀ ਜ਼ਿਆਦਾ ਹੈ।

10 ਜੇ ਪਰਮੇਸ਼ੁਰ ਲੰਘਦਾ ਹੋਇਆ ਕਿਸੇ ਨੂੰ ਫੜ ਕੇ ਅਦਾਲਤ ਲੈ ਜਾਵੇ,

ਤਾਂ ਉਸ ਨੂੰ ਕੌਣ ਰੋਕ ਸਕਦਾ ਹੈ?

11 ਕਿਉਂਕਿ ਉਹ ਤਾਂ ਜਾਣਦਾ ਹੈ ਕਿ ਇਨਸਾਨ ਕਦੋਂ ਧੋਖਾ ਦਿੰਦੇ ਹਨ।

ਜਦੋਂ ਉਹ ਬੁਰਾਈ ਹੁੰਦੀ ਦੇਖਦਾ ਹੈ, ਤਾਂ ਕੀ ਉਹ ਧਿਆਨ ਨਹੀਂ ਦੇਵੇਗਾ?

12 ਪਰ ਮੂਰਖ ਆਦਮੀ ਨੂੰ ਉਦੋਂ ਹੀ ਸਮਝ ਆਵੇਗੀ

ਜਦੋਂ ਇਕ ਜੰਗਲੀ ਗਧਾ ਇਨਸਾਨ ਨੂੰ ਜਨਮ ਦੇਵੇਗਾ।*

13 ਕਾਸ਼ ਤੂੰ ਆਪਣਾ ਦਿਲ ਤਿਆਰ ਕਰਦਾ

ਅਤੇ ਉਸ ਅੱਗੇ ਆਪਣੇ ਹੱਥ ਫੈਲਾਉਂਦਾ,

14 ਜੇ ਤੇਰਾ ਹੱਥ ਬੁਰਾਈ ਕਰ ਰਿਹਾ ਹੈ, ਤਾਂ ਉਸ ਨੂੰ ਰੋਕ ਲੈ,

ਕਿਸੇ ਬੁਰਾਈ ਨੂੰ ਆਪਣੇ ਤੰਬੂਆਂ ਵਿਚ ਨਾ ਵੱਸਣ ਦੇ।

15 ਫਿਰ ਤੂੰ ਬੇਦਾਗ਼ ਹੋਵੇਂਗਾ ਤੇ ਆਪਣਾ ਮੂੰਹ ਉਤਾਂਹ ਚੁੱਕ ਸਕੇਂਗਾ;

ਤੂੰ ਨਿਡਰਤਾ ਨਾਲ ਅਡੋਲ ਖੜ੍ਹਾ ਰਹਿ ਸਕੇਂਗਾ।

16 ਫਿਰ ਤੂੰ ਆਪਣਾ ਦੁੱਖ ਭੁੱਲ ਜਾਵੇਂਗਾ;

ਤੂੰ ਲੰਘ ਚੁੱਕੇ ਪਾਣੀ ਵਾਂਗ ਉਸ ਨੂੰ ਚੇਤੇ ਨਹੀਂ ਕਰੇਂਗਾ।

17 ਤੇਰਾ ਜੀਵਨ ਦੁਪਹਿਰ ਨਾਲੋਂ ਵੀ ਜ਼ਿਆਦਾ ਰੌਸ਼ਨ ਹੋਵੇਗਾ;

ਇਸ ਦਾ ਹਨੇਰਾ ਵੀ ਸਵੇਰ ਦੇ ਚਾਨਣ ਵਰਗਾ ਹੋਵੇਗਾ।

18 ਉਮੀਦ ਹੋਣ ਦੇ ਕਾਰਨ ਤੂੰ ਹਿੰਮਤੀ ਬਣੇਂਗਾ,

ਤੂੰ ਇੱਧਰ-ਉੱਧਰ ਨਜ਼ਰ ਮਾਰੇਂਗਾ ਤੇ ਬੇਫ਼ਿਕਰ ਹੋ ਕੇ ਲੇਟੇਂਗਾ।

19 ਤੂੰ ਲੰਮਾ ਪਵੇਂਗਾ ਤੇ ਤੈਨੂੰ ਕੋਈ ਨਹੀਂ ਡਰਾਵੇਗਾ

ਅਤੇ ਬਹੁਤ ਸਾਰੇ ਲੋਕ ਤੇਰੀ ਮਿਹਰ ਪਾਉਣੀ ਚਾਹੁਣਗੇ।

20 ਪਰ ਦੁਸ਼ਟਾਂ ਦੀਆਂ ਅੱਖਾਂ ਰਹਿ ਜਾਣਗੀਆਂ;

ਉਨ੍ਹਾਂ ਨੂੰ ਬਚਣ ਦਾ ਕੋਈ ਰਾਹ ਨਾ ਲੱਭੇਗਾ,

ਮਰਨਾ ਹੀ ਉਨ੍ਹਾਂ ਦੀ ਇੱਕੋ-ਇਕ ਉਮੀਦ ਹੋਵੇਗੀ।”+

12 ਫਿਰ ਅੱਯੂਬ ਨੇ ਜਵਾਬ ਦਿੱਤਾ:

2 “ਹਾਂ-ਹਾਂ, ਤੁਸੀਂ ਹੀ ਜਾਣੀ-ਜਾਣ ਹੋ*

ਜਿਨ੍ਹਾਂ ਦੇ ਨਾਲ ਬੁੱਧ ਵੀ ਮਰ-ਮੁੱਕ ਜਾਵੇਗੀ!

 3 ਪਰ ਮੈਨੂੰ ਵੀ ਸਮਝ* ਹੈ।

ਮੈਂ ਤੁਹਾਡੇ ਤੋਂ ਘੱਟ ਨਹੀਂ।

ਕੌਣ ਹੈ ਜੋ ਇਹ ਗੱਲਾਂ ਨਹੀਂ ਜਾਣਦਾ?

 4 ਮੈਂ ਆਪਣੇ ਸਾਥੀਆਂ ਵਿਚ ਮਜ਼ਾਕ ਬਣ ਕੇ ਰਹਿ ਗਿਆ ਹਾਂ,+

ਮੈਂ ਪਰਮੇਸ਼ੁਰ ਨੂੰ ਪੁਕਾਰਦਾ ਹਾਂ ਕਿ ਉਹ ਜਵਾਬ ਦੇਵੇ।+

ਧਰਮੀ ਤੇ ਨਿਰਦੋਸ਼ ਇਨਸਾਨ ਦਾ ਮਖੌਲ ਉਡਾਇਆ ਜਾਂਦਾ ਹੈ।

 5 ਬੇਫ਼ਿਕਰਾ ਇਨਸਾਨ ਬਿਪਤਾ ਨੂੰ ਤੁੱਛ ਸਮਝਦਾ,

ਉਸ ਦੇ ਭਾਣੇ ਇਹ ਸਿਰਫ਼ ਉਨ੍ਹਾਂ ʼਤੇ ਆਉਂਦੀ ਜਿਨ੍ਹਾਂ ਦੇ ਪੈਰ ਲੜਖੜਾਉਂਦੇ* ਹਨ।

 6 ਲੁਟੇਰਿਆਂ ਦੇ ਤੰਬੂਆਂ ਵਿਚ ਸੁੱਖ-ਸਾਂਦ ਹੈ+

ਅਤੇ ਪਰਮੇਸ਼ੁਰ ਦਾ ਗੁੱਸਾ ਭੜਕਾਉਣ ਵਾਲੇ ਮਹਿਫੂਜ਼ ਹਨ+

ਜਿਨ੍ਹਾਂ ਦੇ ਹੱਥਾਂ ਵਿਚ ਉਨ੍ਹਾਂ ਦਾ ਦੇਵਤਾ ਹੈ।

 7 ਪਰ ਮਿਹਰਬਾਨੀ ਕਰ ਕੇ ਜ਼ਰਾ ਜਾਨਵਰਾਂ ਤੋਂ ਪੁੱਛ ਤੇ ਉਹ ਤੈਨੂੰ ਸਿਖਾਉਣਗੇ;

ਆਕਾਸ਼ਾਂ ਦੇ ਪੰਛੀਆਂ ਤੋਂ ਵੀ ਪੁੱਛ, ਉਹ ਤੈਨੂੰ ਦੱਸਣਗੇ।

 8 ਜਾਂ ਧਰਤੀ ਨੂੰ ਗੌਰ ਨਾਲ ਦੇਖ* ਤੇ ਉਹ ਤੈਨੂੰ ਸਿਖਾਵੇਗੀ;

ਸਮੁੰਦਰ ਦੀਆਂ ਮੱਛੀਆਂ ਤੇਰੇ ਅੱਗੇ ਉਸ ਦਾ ਐਲਾਨ ਕਰਨਗੀਆਂ।

 9 ਇਨ੍ਹਾਂ ਸਾਰਿਆਂ ਵਿੱਚੋਂ ਕੌਣ ਨਹੀਂ ਜਾਣਦਾ

ਕਿ ਇਹ ਯਹੋਵਾਹ ਦੇ ਹੱਥ ਨੇ ਕੀਤਾ ਹੈ?

10 ਹਰ ਜੀਉਂਦੇ ਪ੍ਰਾਣੀ ਦੀ ਜਾਨ

ਅਤੇ ਹਰ ਇਨਸਾਨ ਦਾ ਸਾਹ ਉਸ ਦੇ ਹੱਥ ਵਿਚ ਹੈ।+

11 ਕੀ ਕੰਨ ਗੱਲਾਂ ਨੂੰ ਪਰਖ ਨਹੀਂ ਲੈਂਦੇ

ਜਿਵੇਂ ਜੀਭ* ਭੋਜਨ ਦਾ ਸੁਆਦ ਚੱਖ ਲੈਂਦੀ ਹੈ?+

12 ਕੀ ਬੁੱਧ ਸਿਆਣੀ ਉਮਰ ਵਾਲਿਆਂ ਵਿਚ ਨਹੀਂ ਪਾਈ ਜਾਂਦੀ?+

ਕੀ ਸਮਝ ਲੰਬੀ ਉਮਰ ਜੀਉਣ ਵਾਲਿਆਂ ਵਿਚ ਨਹੀਂ ਹੁੰਦੀ?

13 ਉਸ ਕੋਲ ਬੁੱਧ ਤੇ ਤਾਕਤ ਹੈ;+

ਉਸ ਕੋਲ ਸਲਾਹ ਤੇ ਸਮਝ ਹੈ।+

14 ਜੋ ਉਹ ਢਾਹ ਦਿੰਦਾ ਹੈ, ਉਸ ਨੂੰ ਦੁਬਾਰਾ ਬਣਾਇਆ ਨਹੀਂ ਜਾ ਸਕਦਾ;+

ਜੋ ਉਹ ਬੰਦ ਕਰ ਦਿੰਦਾ ਹੈ, ਉਸ ਨੂੰ ਕੋਈ ਵੀ ਇਨਸਾਨ ਖੋਲ੍ਹ ਨਹੀਂ ਸਕਦਾ।

15 ਜਦ ਉਹ ਪਾਣੀਆਂ ਨੂੰ ਰੋਕ ਲੈਂਦਾ ਹੈ, ਤਾਂ ਸਭ ਕੁਝ ਸੁੱਕ ਜਾਂਦਾ ਹੈ;+

ਜਦ ਉਹ ਉਨ੍ਹਾਂ ਨੂੰ ਘੱਲਦਾ ਹੈ, ਤਾਂ ਉਹ ਧਰਤੀ ਨੂੰ ਢਕ ਲੈਂਦੇ ਹਨ।+

16 ਉਸ ਕੋਲ ਬਲ ਤੇ ਸਿਆਣਪ ਹੈ;+

ਗੁਮਰਾਹ ਹੋਣ ਵਾਲਾ ਤੇ ਗੁਮਰਾਹ ਕਰਨ ਵਾਲਾ ਦੋਵੇਂ ਉਸ ਦੇ ਹੱਥਾਂ ਵਿਚ ਹਨ;

17 ਉਹ ਸਲਾਹਕਾਰਾਂ ਨੂੰ ਨੰਗੇ ਪੈਰੀਂ ਤੋਰਦਾ ਹੈ,*

ਉਹ ਨਿਆਂਕਾਰਾਂ ਨੂੰ ਬੁੱਧੂ ਬਣਾਉਂਦਾ ਹੈ।+

18 ਉਹ ਰਾਜਿਆਂ ਵੱਲੋਂ ਬੰਨ੍ਹੇ ਬੰਧਨਾਂ ਨੂੰ ਖੋਲ੍ਹ ਦਿੰਦਾ ਹੈ,+

ਉਹ ਉਨ੍ਹਾਂ ਦੇ ਲੱਕ ਦੁਆਲੇ ਕਮਰਬੰਦ ਬੰਨ੍ਹਦਾ ਹੈ।

19 ਉਹ ਪੁਜਾਰੀਆਂ ਨੂੰ ਨੰਗੇ ਪੈਰੀਂ ਤੋਰਦਾ ਹੈ,+

ਜੋ ਸੱਤਾ ਜਮਾਈ ਬੈਠੇ ਹਨ, ਉਨ੍ਹਾਂ ਨੂੰ ਗੱਦੀਓਂ ਲਾਹ ਦਿੰਦਾ ਹੈ;+

20 ਉਹ ਭਰੋਸੇਯੋਗ ਸਲਾਹਕਾਰਾਂ ਨੂੰ ਖ਼ਾਮੋਸ਼ ਕਰ ਦਿੰਦਾ ਹੈ

ਅਤੇ ਬੁੱਢੇ ਆਦਮੀਆਂ ਦੀ* ਸਮਝਦਾਰੀ ਖੋਹ ਲੈਂਦਾ ਹੈ;

21 ਉਹ ਉੱਚ ਅਧਿਕਾਰੀਆਂ ਪ੍ਰਤੀ ਆਪਣੀ ਨਫ਼ਰਤ ਜ਼ਾਹਰ ਕਰਦਾ ਹੈ,+

ਉਹ ਤਾਕਤਵਰਾਂ ਨੂੰ ਕਮਜ਼ੋਰ ਕਰ ਦਿੰਦਾ ਹੈ;*

22 ਉਹ ਹਨੇਰੇ ਵਿੱਚੋਂ ਡੂੰਘੀਆਂ ਗੱਲਾਂ ਨੂੰ ਜ਼ਾਹਰ ਕਰ ਦਿੰਦਾ ਹੈ,+

ਉਹ ਘੁੱਪ ਹਨੇਰੇ ਨੂੰ ਚਾਨਣ ਵਿਚ ਲੈ ਆਉਂਦਾ ਹੈ;

23 ਉਹ ਕੌਮਾਂ ਨੂੰ ਤਕੜਾ ਕਰਦਾ ਹੈ ਤਾਂਕਿ ਉਨ੍ਹਾਂ ਨੂੰ ਨਾਸ਼ ਕਰੇ;

ਉਹ ਕੌਮਾਂ ਨੂੰ ਵਧਾਉਂਦਾ ਹੈ ਤਾਂਕਿ ਉਨ੍ਹਾਂ ਨੂੰ ਗ਼ੁਲਾਮੀ ਵਿਚ ਲੈ ਜਾਵੇ।

24 ਉਹ ਲੋਕਾਂ ਦੇ ਆਗੂਆਂ ਦੀ ਸਮਝ* ਨੂੰ ਖੋਹ ਲੈਂਦਾ ਹੈ

ਅਤੇ ਉਨ੍ਹਾਂ ਨੂੰ ਵੀਰਾਨ ਇਲਾਕੇ ਵਿਚ ਭਟਕਣ ਲਈ ਛੱਡ ਦਿੰਦਾ ਹੈ।+

25 ਉਹ ਹਨੇਰੇ ਵਿਚ ਟੋਂਹਦੇ ਫਿਰਦੇ ਹਨ,+ ਹਾਂ, ਉੱਥੇ ਜਿੱਥੇ ਰੌਸ਼ਨੀ ਨਹੀਂ ਹੈ;

ਉਹ ਉਨ੍ਹਾਂ ਨੂੰ ਸ਼ਰਾਬੀਆਂ ਵਾਂਗ ਭਟਕਾਉਂਦਾ ਹੈ।+

13 “ਹਾਂ, ਮੇਰੀ ਅੱਖ ਨੇ ਇਹ ਸਭ ਦੇਖਿਆ ਹੈ,

ਮੇਰੇ ਕੰਨ ਨੇ ਇਹ ਸੁਣਿਆ ਤੇ ਸਮਝਿਆ ਹੈ।

 2 ਜਿੰਨਾ ਤੁਸੀਂ ਜਾਣਦੇ ਹੋ, ਉੱਨਾ ਮੈਂ ਵੀ ਜਾਣਦਾ ਹਾਂ;

ਮੈਂ ਤੁਹਾਡੇ ਤੋਂ ਘੱਟ ਨਹੀਂ।

 3 ਪਰ ਮੈਂ ਤੁਹਾਡੇ ਨਾਲ ਨਹੀਂ, ਸਗੋਂ ਸਰਬਸ਼ਕਤੀਮਾਨ ਨਾਲ ਗੱਲ ਕਰਾਂਗਾ;

ਮੈਂ ਪਰਮੇਸ਼ੁਰ ਅੱਗੇ ਸਫ਼ਾਈ ਪੇਸ਼ ਕਰਨੀ ਚਾਹੁੰਦਾ ਹਾਂ।+

 4 ਪਰ ਤੁਸੀਂ ਝੂਠ ਬੋਲ ਕੇ ਮੈਨੂੰ ਬਦਨਾਮ ਕਰ ਰਹੇ ਹੋ;

ਤੁਸੀਂ ਸਾਰੇ ਨਿਕੰਮੇ ਹਕੀਮ ਹੋ।+

 5 ਕਾਸ਼ ਤੁਸੀਂ ਬਿਲਕੁਲ ਚੁੱਪ ਰਹਿੰਦੇ,

ਤਾਂ ਇਹ ਤੁਹਾਡੇ ਲਈ ਅਕਲਮੰਦੀ ਹੁੰਦੀ।+

 6 ਕਿਰਪਾ ਕਰ ਕੇ ਹੁਣ ਮੇਰੀਆਂ ਦਲੀਲਾਂ ਉੱਤੇ ਕੰਨ ਲਾਓ

ਅਤੇ ਮੇਰੇ ਬੁੱਲ੍ਹਾਂ ਦੇ ਬਿਆਨ ਧਿਆਨ ਨਾਲ ਸੁਣੋ।

 7 ਕੀ ਤੁਸੀਂ ਪਰਮੇਸ਼ੁਰ ਵੱਲੋਂ ਨਾਜਾਇਜ਼ ਗੱਲਾਂ ਕਹੋਗੇ?

ਕੀ ਤੁਸੀਂ ਉਸ ਵੱਲੋਂ ਮੱਕਾਰੀ ਨਾਲ ਭਰੀਆਂ ਗੱਲਾਂ ਕਰੋਗੇ?

 8 ਕੀ ਤੁਸੀਂ ਉਸ ਦਾ ਪੱਖ ਲਓਗੇ,*

ਕੀ ਤੁਸੀਂ ਸੱਚੇ ਪਰਮੇਸ਼ੁਰ ਵੱਲੋਂ ਮੁਕੱਦਮਾ ਲੜੋਗੇ?

 9 ਜੇ ਉਹ ਤੁਹਾਡੀ ਜਾਂਚ ਕਰੇ, ਤਾਂ ਕੀ ਚੰਗਾ ਨਤੀਜਾ ਨਿਕਲੇਗਾ?+

ਕੀ ਤੁਸੀਂ ਉਸ ਨੂੰ ਮੂਰਖ ਬਣਾਓਗੇ ਜਿਵੇਂ ਤੁਸੀਂ ਮਰਨਹਾਰ ਇਨਸਾਨ ਨੂੰ ਬਣਾਉਂਦੇ ਹੋ?

10 ਉਹ ਜ਼ਰੂਰ ਤੁਹਾਨੂੰ ਝਿੜਕੇਗਾ

ਜੇ ਤੁਸੀਂ ਅੰਦਰੋਂ-ਅੰਦਰੀਂ ਪੱਖਪਾਤ ਕਰਨ ਦੀ ਕੋਸ਼ਿਸ਼ ਕੀਤੀ।+

11 ਕੀ ਉਸ ਦੀ ਮਹਾਨਤਾ ਤੁਹਾਨੂੰ ਨਹੀਂ ਡਰਾਏਗੀ

ਅਤੇ ਉਸ ਦਾ ਖ਼ੌਫ਼ ਤੁਹਾਡੇ ਉੱਤੇ ਨਹੀਂ ਆ ਪਵੇਗਾ?

12 ਤੁਹਾਡੀਆਂ ਬੁੱਧੀਮਾਨੀ ਭਰੀਆਂ* ਗੱਲਾਂ ਸੁਆਹ ਦੀਆਂ ਕਹਾਵਤਾਂ ਹਨ;

ਤੁਹਾਡੀਆਂ ਦਲੀਲਾਂ* ਮਿੱਟੀ ਦੀਆਂ ਢਾਲਾਂ ਵਾਂਗ ਕਮਜ਼ੋਰ ਹਨ।

13 ਮੇਰੇ ਅੱਗੇ ਚੁੱਪ ਰਹੋ ਤਾਂਕਿ ਮੈਂ ਬੋਲ ਸਕਾਂ।

ਫਿਰ ਮੇਰੇ ਨਾਲ ਜੋ ਹੋਣਾ, ਹੋ ਜਾਵੇ!

14 ਮੈਂ ਕਿਉਂ ਖ਼ੁਦ ਨੂੰ ਖ਼ਤਰੇ ਵਿਚ ਪਾਇਆ*

ਅਤੇ ਆਪਣੀ ਜਾਨ ਤਲੀ ਉੱਤੇ ਧਰੀ?

15 ਚਾਹੇ ਉਹ ਮੈਨੂੰ ਵੱਢ ਸੁੱਟੇ, ਫਿਰ ਵੀ ਮੈਂ ਉਡੀਕ ਕਰਾਂਗਾ;+

ਮੈਂ ਉਸ ਅੱਗੇ ਆਪਣੇ ਮੁਕੱਦਮੇ ਦੀ ਪੈਰਵੀ ਕਰਾਂਗਾ।*

16 ਫਿਰ ਉਹ ਮੇਰਾ ਮੁਕਤੀਦਾਤਾ ਬਣੇਗਾ+

ਕਿਉਂਕਿ ਕੋਈ ਵੀ ਨਾਸਤਿਕ* ਉਸ ਅੱਗੇ ਨਹੀਂ ਆ ਸਕਦਾ।+

17 ਮੇਰੀ ਗੱਲ ਧਿਆਨ ਨਾਲ ਸੁਣੋ;

ਮੇਰੇ ਬਿਆਨ ʼਤੇ ਕੰਨ ਲਾਓ।

18 ਦੇਖੋ, ਹੁਣ ਮੈਂ ਆਪਣਾ ਮੁਕੱਦਮਾ ਲੜਨ ਲਈ ਤਿਆਰ ਹਾਂ;

ਮੈਨੂੰ ਪਤਾ ਕਿ ਮੈਂ ਸਹੀ ਹਾਂ।

19 ਕੌਣ ਮੇਰੇ ਨਾਲ ਬਹਿਸ ਕਰੇਗਾ?

ਜੇ ਮੈਂ ਚੁੱਪ ਰਿਹਾ, ਤਾਂ ਮਰ ਜਾਵਾਂਗਾ!*

20 ਹੇ ਪਰਮੇਸ਼ੁਰ, ਮੇਰੇ ਲਈ ਬੱਸ ਦੋ ਕੰਮ ਕਰ*

ਤਾਂਕਿ ਮੈਂ ਤੇਰੇ ਸਾਮ੍ਹਣਿਓਂ ਨਾ ਲੁਕਾਂ:

21 ਮੇਰੇ ਤੋਂ ਆਪਣਾ ਭਾਰਾ ਹੱਥ ਹਟਾ ਲੈ

ਅਤੇ ਤੇਰਾ ਖ਼ੌਫ਼ ਮੈਨੂੰ ਨਾ ਡਰਾਵੇ।+

22 ਜਾਂ ਤਾਂ ਤੂੰ ਬੋਲੀਂ ਤੇ ਮੈਂ ਜਵਾਬ ਦਿਆਂਗਾ

ਜਾਂ ਫਿਰ ਮੈਨੂੰ ਬੋਲਣ ਦੇਈਂ ਤੇ ਤੂੰ ਜਵਾਬ ਦੇਈਂ।

23 ਮੈਂ ਕਿਹੜੀਆਂ ਗ਼ਲਤੀਆਂ ਤੇ ਪਾਪ ਕੀਤੇ ਹਨ?

ਮੈਨੂੰ ਮੇਰਾ ਅਪਰਾਧ ਤੇ ਮੇਰਾ ਪਾਪ ਦੱਸ।

24 ਤੂੰ ਆਪਣਾ ਮੂੰਹ ਕਿਉਂ ਲੁਕਾਉਂਦਾ ਹੈਂ+

ਅਤੇ ਮੈਨੂੰ ਆਪਣਾ ਦੁਸ਼ਮਣ ਸਮਝਦਾ ਹੈਂ?+

25 ਕੀ ਤੂੰ ਉੱਡਦੇ ਪੱਤੇ ਨੂੰ ਡਰਾਉਣ ਦੀ ਕੋਸ਼ਿਸ਼ ਕਰੇਂਗਾ

ਜਾਂ ਸੁੱਕੇ ਹੋਏ ਕੱਖ ਦਾ ਪਿੱਛਾ ਕਰੇਂਗਾ?

26 ਤੂੰ ਮੇਰੇ ਖ਼ਿਲਾਫ਼ ਇਕ-ਇਕ ਇਲਜ਼ਾਮ ਦਾ ਹਿਸਾਬ ਰੱਖਦਾ ਹੈਂ

ਅਤੇ ਮੇਰੀ ਜਵਾਨੀ ਦੇ ਪਾਪਾਂ ਦਾ ਲੇਖਾ ਲੈ ਰਿਹਾ ਹੈਂ।

27 ਤੂੰ ਮੇਰੇ ਪੈਰ ਸ਼ਿਕੰਜੇ ਵਿਚ ਜਕੜ ਦਿੱਤੇ ਹਨ,

ਤੂੰ ਮੇਰੇ ਸਾਰੇ ਰਾਹਾਂ ʼਤੇ ਨਿਗਾਹ ਰੱਖਦਾ ਹੈਂ,

ਤੂੰ ਮੇਰੇ ਪੈਰਾਂ ਦੇ ਨਿਸ਼ਾਨ ਲੱਭ ਕੇ ਮੇਰਾ ਪਿੱਛਾ ਕਰਦਾ ਹੈਂ।

28 ਇਸ ਲਈ ਇਨਸਾਨ* ਕਿਸੇ ਗਲ਼ੀ-ਸੜੀ ਚੀਜ਼ ਵਾਂਗ ਗਲ਼ ਜਾਂਦਾ ਹੈ,

ਹਾਂ, ਉਸ ਕੱਪੜੇ ਵਾਂਗ ਜਿਸ ਨੂੰ ਕੀੜੇ ਖਾ ਜਾਂਦੇ ਹਨ।

14 “ਆਦਮੀ ਜੋ ਤੀਵੀਂ ਤੋਂ ਜੰਮਦਾ ਹੈ

ਥੋੜ੍ਹਿਆਂ ਦਿਨਾਂ ਦਾ ਹੈ+ ਤੇ ਦੁੱਖਾਂ ਨਾਲ ਲੱਦਿਆ ਹੋਇਆ ਹੈ।+

 2 ਉਹ ਫੁੱਲ ਵਾਂਗ ਖਿੜਦਾ ਤੇ ਮੁਰਝਾ ਜਾਂਦਾ ਹੈ;*+

ਉਹ ਪਰਛਾਵੇਂ ਵਾਂਗ ਝਟਪਟ ਅਲੋਪ ਹੋ ਜਾਂਦਾ ਹੈ।+

 3 ਹਾਂ, ਤੂੰ ਆਪਣੀ ਨਜ਼ਰ ਉਸ ਉੱਤੇ ਟਿਕਾਈ ਹੋਈ ਹੈ,

ਤੂੰ ਉਸ ਦਾ ਨਿਆਂ ਕਰਨ ਲਈ ਉਸ ਨੂੰ* ਅਦਾਲਤ ਵਿਚ ਲਿਆਉਂਦਾ ਹੈਂ।+

 4 ਕੌਣ ਕਿਸੇ ਅਸ਼ੁੱਧ ਤੋਂ ਸ਼ੁੱਧ ਨੂੰ ਪੈਦਾ ਕਰ ਸਕਦਾ ਹੈ?+

ਕੋਈ ਵੀ ਨਹੀਂ!

 5 ਜੇ ਉਸ ਦੇ ਦਿਨ ਤੈਅ ਕੀਤੇ ਹੋਏ ਹਨ,

ਤਾਂ ਉਸ ਦੇ ਮਹੀਨਿਆਂ ਦੀ ਗਿਣਤੀ ਤੈਨੂੰ ਪਤਾ ਹੈ;

ਤੂੰ ਉਸ ਲਈ ਇਕ ਹੱਦ ਠਹਿਰਾਈ ਹੈ ਕਿ ਉਹ ਪਾਰ ਨਾ ਲੰਘੇ।+

 6 ਆਪਣੀ ਨਿਗਾਹ ਉਸ ਤੋਂ ਹਟਾ ਲੈ ਤਾਂਕਿ ਉਹ ਆਰਾਮ ਕਰ ਸਕੇ,

ਜਦ ਤਕ ਉਹ ਇਕ ਦਿਹਾੜੀਦਾਰ ਵਾਂਗ ਆਪਣਾ ਦਿਨ ਪੂਰਾ ਨਾ ਕਰ ਲਵੇ।+

 7 ਇਕ ਰੁੱਖ ਲਈ ਵੀ ਉਮੀਦ ਹੁੰਦੀ ਹੈ।

ਜੇ ਉਸ ਨੂੰ ਕੱਟਿਆ ਜਾਵੇ, ਤਾਂ ਉਹ ਫਿਰ ਪੁੰਗਰ ਜਾਵੇਗਾ,

ਇਸ ਦੇ ਨਵੀਆਂ ਟਾਹਣੀਆਂ ਨਿਕਲਦੀਆਂ ਰਹਿਣਗੀਆਂ।

 8 ਭਾਵੇਂ ਇਸ ਦੀ ਜੜ੍ਹ ਜ਼ਮੀਨ ਵਿਚ ਪੁਰਾਣੀ ਹੋ ਜਾਵੇ

ਅਤੇ ਇਸ ਦਾ ਮੁੱਢ ਮਿੱਟੀ ਵਿਚ ਸੁੱਕ ਜਾਵੇ,

 9 ਤਾਂ ਵੀ ਪਾਣੀ ਦੀ ਮਹਿਕ ਨਾਲ ਹੀ ਇਹ ਫੁੱਟ ਨਿਕਲੇਗਾ;

ਨਵੇਂ ਪੌਦੇ ਵਾਂਗ ਇਸ ਦੀਆਂ ਟਾਹਣੀਆਂ ਨਿਕਲ ਆਉਣਗੀਆਂ।

10 ਪਰ ਆਦਮੀ ਮਰ ਜਾਂਦਾ ਹੈ ਤੇ ਬੇਜਾਨ ਪਿਆ ਰਹਿੰਦਾ ਹੈ;

ਦਮ ਤੋੜਨ ਤੋਂ ਬਾਅਦ ਇਨਸਾਨ ਕਿੱਥੇ ਹੁੰਦਾ ਹੈ?+

11 ਪਾਣੀ ਸਮੁੰਦਰ ਵਿੱਚੋਂ ਗਾਇਬ ਹੋ ਜਾਂਦੇ ਹਨ,

ਦਰਿਆ ਖਾਲੀ ਹੋ ਕੇ ਸੁੱਕ ਜਾਂਦਾ ਹੈ।

12 ਉਸੇ ਤਰ੍ਹਾਂ ਇਨਸਾਨ ਵੀ ਲੇਟ ਜਾਂਦਾ ਹੈ ਤੇ ਉੱਠਦਾ ਨਹੀਂ।+

ਜਦ ਤਕ ਆਕਾਸ਼ ਹੈ, ਉਹ ਜਾਗਣਗੇ ਨਹੀਂ,

ਨਾ ਹੀ ਉਨ੍ਹਾਂ ਨੂੰ ਨੀਂਦ ਤੋਂ ਉਠਾਇਆ ਜਾਵੇਗਾ।+

13 ਕਾਸ਼ ਕਿ ਤੂੰ ਮੈਨੂੰ ਕਬਰ* ਵਿਚ ਲੁਕਾ ਦੇਵੇਂ,+

ਮੈਨੂੰ ਉਦੋਂ ਤਕ ਛਿਪਾ ਰੱਖੇਂ ਜਦ ਤਕ ਤੇਰਾ ਕ੍ਰੋਧ ਨਾ ਟਲ ਜਾਵੇ,

ਕਾਸ਼ ਤੂੰ ਮੇਰੇ ਲਈ ਇਕ ਸਮਾਂ ਠਹਿਰਾਵੇਂ ਤੇ ਮੈਨੂੰ ਯਾਦ ਕਰੇਂ!+

14 ਜੇ ਆਦਮੀ ਮਰ ਜਾਏ, ਤਾਂ ਕੀ ਉਹ ਦੁਬਾਰਾ ਜੀਉਂਦਾ ਹੋਵੇਗਾ?+

ਆਪਣੀ ਜਬਰੀ ਮਜ਼ਦੂਰੀ ਦੇ ਸਾਰੇ ਦਿਨ ਮੈਂ ਉਡੀਕ ਵਿਚ ਰਹਾਂਗਾ

ਜਦ ਤਕ ਮੇਰਾ ਛੁਟਕਾਰਾ ਨਾ ਹੋਵੇ।+

15 ਤੂੰ ਪੁਕਾਰੇਂਗਾ ਤੇ ਮੈਂ ਤੈਨੂੰ ਜਵਾਬ ਦਿਆਂਗਾ।+

ਤੂੰ ਆਪਣੇ ਹੱਥਾਂ ਦੇ ਕੰਮ ਲਈ ਤਰਸੇਂਗਾ।

16 ਪਰ ਹੁਣ ਤੂੰ ਮੇਰੇ ਹਰ ਕਦਮ ਨੂੰ ਗਿਣਦਾ ਹੈਂ;

ਤੇਰੀ ਨਜ਼ਰ ਬੱਸ ਮੇਰੇ ਪਾਪ ʼਤੇ ਰਹਿੰਦੀ ਹੈ।

17 ਮੇਰਾ ਅਪਰਾਧ ਥੈਲੀ ਵਿਚ ਮੁਹਰਬੰਦ ਕੀਤਾ ਹੋਇਆ ਹੈ,

ਤੂੰ ਮੇਰੀ ਗ਼ਲਤੀ ਨੂੰ ਗੂੰਦ ਲਾ ਕੇ ਬੰਦ ਕੀਤਾ ਹੋਇਆ ਹੈ।

18 ਜਿਵੇਂ ਪਹਾੜ ਡਿਗ ਜਾਂਦਾ ਹੈ ਤੇ ਹੌਲੀ-ਹੌਲੀ ਖੁਰ ਜਾਂਦਾ ਹੈ

ਅਤੇ ਚਟਾਨ ਆਪਣੀ ਜਗ੍ਹਾ ਤੋਂ ਖਿਸਕ ਜਾਂਦੀ ਹੈ,

19 ਜਿਵੇਂ ਪਾਣੀ ਪੱਥਰਾਂ ਨੂੰ ਘਸਾ ਸੁੱਟਦਾ ਹੈ,

ਇਸ ਦਾ ਤੇਜ਼ ਵਹਾਅ ਧਰਤੀ ਦੀ ਮਿੱਟੀ ਰੋੜ੍ਹ ਲੈ ਜਾਂਦਾ ਹੈ,

ਉਸੇ ਤਰ੍ਹਾਂ ਤੂੰ ਮਰਨਹਾਰ ਇਨਸਾਨ ਦੀ ਉਮੀਦ ਮਿਟਾ ਦਿੱਤੀ ਹੈ।

20 ਤੂੰ ਉਸ ਉੱਤੇ ਹਾਵੀ ਹੁੰਦਾ ਰਹਿੰਦਾ ਹੈਂ ਜਦ ਤਕ ਉਹ ਮਿਟ ਨਾ ਜਾਵੇ;+

ਤੂੰ ਉਸ ਦਾ ਹੁਲੀਆ ਬਦਲ ਕੇ ਉਸ ਨੂੰ ਦੂਰ ਭੇਜ ਦਿੰਦਾ ਹੈਂ।

21 ਉਸ ਦੇ ਪੁੱਤਰਾਂ ਦਾ ਆਦਰ ਹੁੰਦਾ ਹੈ, ਪਰ ਉਸ ਨੂੰ ਪਤਾ ਹੀ ਨਹੀਂ ਚੱਲਦਾ;

ਉਨ੍ਹਾਂ ਦਾ ਨਿਰਾਦਰ ਕੀਤਾ ਜਾਂਦਾ ਹੈ, ਪਰ ਉਸ ਨੂੰ ਕੋਈ ਖ਼ਬਰ ਨਹੀਂ ਹੁੰਦੀ।+

22 ਉਹ ਜੀਉਂਦੇ-ਜੀ ਹੀ ਦਰਦ ਮਹਿਸੂਸ ਕਰਦਾ ਹੈ;

ਉਹ ਉਦੋਂ ਤਕ ਹੀ ਸੋਗ ਮਨਾਉਂਦਾ ਹੈ ਜਦ ਤਕ ਉਸ ਵਿਚ ਜਾਨ ਹੈ।”

15 ਅਲੀਫਾਜ਼+ ਤੇਮਾਨੀ ਨੇ ਜਵਾਬ ਦਿੱਤਾ:

 2 “ਕੀ ਬੁੱਧੀਮਾਨ ਇਨਸਾਨ ਜਵਾਬ ਵਿਚ ਖੋਖਲੀਆਂ ਦਲੀਲਾਂ* ਦੇਵੇਗਾ

ਜਾਂ ਕੀ ਉਹ ਆਪਣਾ ਢਿੱਡ ਪੂਰਬ ਦੀ ਹਵਾ ਨਾਲ ਭਰੇਗਾ?

 3 ਸਿਰਫ਼ ਲਫ਼ਜ਼ਾਂ ਨਾਲ ਤਾੜਨਾ ਬੇਕਾਰ ਹੈ,

ਨਿਰਾ ਗੱਲਾਂ ਕਰੀ ਜਾਣ ਦਾ ਕੋਈ ਫ਼ਾਇਦਾ ਨਹੀਂ।

 4 ਤੂੰ ਪਰਮੇਸ਼ੁਰ ਦੇ ਡਰ ਨੂੰ ਮਿਟਾਉਂਦਾ ਹੈਂ

ਅਤੇ ਪਰਮੇਸ਼ੁਰ ਵਿਚ ਰੁਚੀ ਨੂੰ ਘਟਾਉਂਦਾ ਹੈਂ।

 5 ਕਿਉਂਕਿ ਤੇਰਾ ਗੁਨਾਹ ਤੇਰੇ ਤੋਂ ਗੱਲਾਂ ਕਰਾਉਂਦਾ ਹੈ*

ਅਤੇ ਤੂੰ ਧੋਖੇ ਭਰੀ ਜ਼ਬਾਨ ਬੋਲਦਾ ਹੈਂ।

 6 ਤੇਰਾ ਹੀ ਮੂੰਹ ਤੈਨੂੰ ਦੋਸ਼ੀ ਠਹਿਰਾਉਂਦਾ ਹੈ, ਨਾ ਕਿ ਮੈਂ;

ਤੇਰੇ ਹੀ ਬੁੱਲ੍ਹ ਤੇਰੇ ਖ਼ਿਲਾਫ਼ ਗਵਾਹੀ ਦਿੰਦੇ ਹਨ।+

 7 ਕੀ ਪਹਿਲਾ ਆਦਮੀ ਤੂੰ ਹੀ ਜੰਮਿਆ ਸੀ

ਜਾਂ ਪਹਾੜੀਆਂ ਤੋਂ ਪਹਿਲਾਂ ਤੂੰ ਪੈਦਾ ਹੋਇਆ ਸੀ?

 8 ਕੀ ਤੂੰ ਪਰਮੇਸ਼ੁਰ ਦੀਆਂ ਰਾਜ਼ ਦੀਆਂ ਗੱਲਾਂ ਸੁਣਦਾ ਹੈਂ

ਜਾਂ ਬੁੱਧ ਸਿਰਫ਼ ਤੇਰੇ ਕੋਲ ਹੀ ਹੈ?

 9 ਤੂੰ ਕੀ ਜਾਣਦਾ ਹੈਂ ਜੋ ਅਸੀਂ ਨਹੀਂ ਜਾਣਦੇ?+

ਤੂੰ ਕੀ ਸਮਝਦਾ ਹੈਂ ਜੋ ਅਸੀਂ ਨਹੀਂ ਸਮਝਦੇ?

10 ਸਾਡੇ ਵਿਚ ਧੌਲ਼ੇ ਸਿਰ ਵਾਲੇ ਵੀ ਹਨ ਤੇ ਬੁੱਢੇ ਵੀ ਹਨ+

ਜੋ ਤੇਰੇ ਪਿਤਾ ਨਾਲੋਂ ਵੀ ਵੱਡੀ ਉਮਰ ਦੇ ਹਨ।

11 ਕੀ ਪਰਮੇਸ਼ੁਰ ਦੀਆਂ ਦਿੱਤੀਆਂ ਤਸੱਲੀਆਂ

ਜਾਂ ਨਰਮੀ ਨਾਲ ਬੋਲੇ ਲਫ਼ਜ਼ ਤੇਰੇ ਲਈ ਕਾਫ਼ੀ ਨਹੀਂ ਹਨ?

12 ਤੇਰਾ ਦਿਲ ਕਿਉਂ ਤੈਨੂੰ ਵੱਸ ਵਿਚ ਕਰ ਰਿਹਾ ਹੈ?

ਤੇਰੀਆਂ ਅੱਖਾਂ ਵਿਚ ਗੁੱਸਾ ਕਿਉਂ ਭਰਿਆ ਹੋਇਆ ਹੈ?

13 ਤੂੰ ਆਪਣਾ ਦਿਲ ਪਰਮੇਸ਼ੁਰ ਦੇ ਖ਼ਿਲਾਫ਼ ਕਰਦਾ ਹੈਂ

ਅਤੇ ਆਪਣੇ ਮੂੰਹੋਂ ਅਜਿਹੀਆਂ ਗੱਲਾਂ ਕੱਢਦਾ ਹੈਂ।

14 ਮਾਮੂਲੀ ਇਨਸਾਨ ਹੈ ਹੀ ਕੀ ਜੋ ਉਹ ਸ਼ੁੱਧ ਹੋਵੇ

ਅਤੇ ਤੀਵੀਂ ਤੋਂ ਜੰਮਿਆ ਹੈ ਹੀ ਕੌਣ ਜੋ ਉਹ ਧਰਮੀ ਠਹਿਰੇ?+

15 ਦੇਖ! ਉਹ ਤਾਂ ਆਪਣੇ ਪਵਿੱਤਰ ਸੇਵਕਾਂ ਉੱਤੇ ਵੀ ਭਰੋਸਾ ਨਹੀਂ ਰੱਖਦਾ,

ਇੱਥੋਂ ਤਕ ਕਿ ਆਕਾਸ਼ ਵੀ ਉਸ ਦੀਆਂ ਨਜ਼ਰਾਂ ਵਿਚ ਸ਼ੁੱਧ ਨਹੀਂ।+

16 ਤਾਂ ਫਿਰ, ਉਹ ਇਨਸਾਨ ਕੀ ਹੈ ਜੋ ਘਿਣਾਉਣਾ ਤੇ ਭ੍ਰਿਸ਼ਟ ਹੈ,+

ਹਾਂ, ਉਹ ਆਦਮੀ ਜੋ ਬੁਰਾਈ ਨੂੰ ਪਾਣੀ ਵਾਂਗ ਪੀਂਦਾ ਹੈ?

17 ਮੈਂ ਤੈਨੂੰ ਦੱਸਾਂਗਾ; ਮੇਰੀ ਸੁਣ!

ਮੈਂ ਉਹ ਗੱਲਾਂ ਬਿਆਨ ਕਰਾਂਗਾ ਜੋ ਮੈਂ ਦੇਖੀਆਂ ਹਨ,

18 ਹਾਂ, ਉਹ ਗੱਲਾਂ ਜੋ ਬੁੱਧੀਮਾਨ ਆਦਮੀਆਂ ਨੇ ਆਪਣੇ ਪੂਰਵਜਾਂ ਤੋਂ ਸੁਣ ਕੇ ਦੱਸੀਆਂ,+

ਉਨ੍ਹਾਂ ਨੇ ਇਹ ਗੱਲਾਂ ਲੁਕਾਈਆਂ ਨਹੀਂ।

19 ਉਨ੍ਹਾਂ ਇਕੱਲਿਆਂ ਨੂੰ ਦੇਸ਼ ਦਿੱਤਾ ਗਿਆ ਸੀ

ਅਤੇ ਕੋਈ ਪਰਦੇਸੀ ਉਨ੍ਹਾਂ ਦੇ ਵਿੱਚੋਂ ਦੀ ਨਾ ਲੰਘਿਆ।

20 ਦੁਸ਼ਟ ਆਪਣੇ ਸਾਰੇ ਦਿਨਾਂ ਦੌਰਾਨ ਕਸ਼ਟ ਸਹਿੰਦਾ ਹੈ,

ਹਾਂ, ਉਨ੍ਹਾਂ ਸਾਰੇ ਵਰ੍ਹਿਆਂ ਦੌਰਾਨ ਜੋ ਉਸ ਜ਼ਾਲਮ ਲਈ ਠਹਿਰਾਏ ਗਏ ਹਨ।

21 ਡਰਾਉਣੀਆਂ ਆਵਾਜ਼ਾਂ ਉਸ ਦੇ ਕੰਨਾਂ ਵਿਚ ਗੂੰਜਦੀਆਂ ਹਨ;+

ਸ਼ਾਂਤੀ ਦੇ ਵਕਤ ਵੀ ਲੁਟੇਰੇ ਉਸ ʼਤੇ ਹਮਲਾ ਕਰਦੇ ਹਨ।

22 ਉਸ ਨੂੰ ਨਹੀਂ ਲੱਗਦਾ ਕਿ ਉਹ ਹਨੇਰੇ ਤੋਂ ਬਚ ਪਾਵੇਗਾ;+

ਤਲਵਾਰ ਉਸ ਦੀ ਤਾਕ ਵਿਚ ਰਹਿੰਦੀ ਹੈ।

23 ਉਹ ਰੋਟੀ ਲਈ ਮਾਰਿਆ-ਮਾਰਿਆ ਫਿਰਦਾ ਹੈ ਕਿ ਉਹ ਕਿੱਥੇ ਮਿਲੂ।

ਉਹ ਚੰਗੀ ਤਰ੍ਹਾਂ ਜਾਣਦਾ ਕਿ ਹਨੇਰੇ ਦਾ ਦਿਨ ਨੇੜੇ ਹੀ ਹੈ।

24 ਕਸ਼ਟ ਤੇ ਦੁੱਖ ਉਸ ਨੂੰ ਡਰਾਉਂਦੇ ਰਹਿੰਦੇ ਹਨ;

ਹਮਲੇ ਲਈ ਤਿਆਰ ਰਾਜੇ ਵਾਂਗ ਉਹ ਉਸ ʼਤੇ ਹਾਵੀ ਹੋ ਜਾਂਦੇ ਹਨ।

25 ਕਿਉਂਕਿ ਉਹ ਪਰਮੇਸ਼ੁਰ ਖ਼ਿਲਾਫ਼ ਆਪਣਾ ਹੱਥ ਚੁੱਕਦਾ ਹੈ

ਅਤੇ ਸਰਬਸ਼ਕਤੀਮਾਨ ਨੂੰ ਲਲਕਾਰਨ ਦੀ ਕੋਸ਼ਿਸ਼ ਕਰਦਾ ਹੈ;*

26 ਉਹ ਢੀਠ ਹੋ ਕੇ ਆਪਣੀ ਮੋਟੀ ਤੇ ਮਜ਼ਬੂਤ ਢਾਲ* ਨਾਲ

ਉਸ ਵੱਲ ਦੌੜਦਾ ਹੈ;

27 ਉਸ ਦਾ ਚਿਹਰਾ ਚਰਬੀ ਨਾਲ ਢਕਿਆ ਹੋਇਆ ਹੈ,

ਉਸ ਦੇ ਲੱਕ ਉੱਤੇ ਚਰਬੀ ਚੜ੍ਹੀ ਹੋਈ ਹੈ;

28 ਉਹ ਉਨ੍ਹਾਂ ਸ਼ਹਿਰਾਂ ਵਿਚ ਵੱਸਦਾ ਹੈ ਜਿਨ੍ਹਾਂ ਨੂੰ ਉਜਾੜ ਦਿੱਤਾ ਜਾਵੇਗਾ,

ਹਾਂ, ਉਨ੍ਹਾਂ ਘਰਾਂ ਵਿਚ ਜਿੱਥੇ ਕੋਈ ਨਹੀਂ ਵੱਸੇਗਾ,

ਜੋ ਪੱਥਰਾਂ ਦੇ ਢੇਰ ਬਣ ਜਾਣਗੇ।

29 ਉਹ ਨਾ ਅਮੀਰ ਹੋਵੇਗਾ, ਨਾ ਉਸ ਦਾ ਧਨ ਵਧੇਗਾ

ਅਤੇ ਨਾ ਹੀ ਉਸ ਦੀਆਂ ਚੀਜ਼ਾਂ ਦੇਸ਼ ਭਰ ਵਿਚ ਫੈਲਣਗੀਆਂ।

30 ਉਹ ਹਨੇਰੇ ਤੋਂ ਨਹੀਂ ਬਚੇਗਾ;

ਅੱਗ ਦੀ ਲਾਟ ਉਸ ਦੀ ਟਾਹਣੀ ਨੂੰ ਸੁਕਾ ਦੇਵੇਗੀ*

ਅਤੇ ਪਰਮੇਸ਼ੁਰ ਦੇ* ਮੂੰਹ ਦੇ ਇੱਕੋ ਤੇਜ਼ ਸਾਹ ਨਾਲ ਉਹ ਮਿਟ ਜਾਵੇਗਾ।+

31 ਉਹ ਗੁਮਰਾਹ ਨਾ ਹੋਵੇ ਅਤੇ ਵਿਅਰਥ ਚੀਜ਼ਾਂ ʼਤੇ ਭਰੋਸਾ ਨਾ ਕਰੇ

ਕਿਉਂਕਿ ਬਦਲੇ ਵਿਚ ਉਸ ਦੇ ਪੱਲੇ ਉਹੀ ਪਵੇਗਾ ਜੋ ਵਿਅਰਥ ਹੈ;

32 ਇਹ ਉਸ ਦੇ ਦਿਨ ਤੋਂ ਪਹਿਲਾਂ ਪੂਰਾ ਹੋਵੇਗਾ

ਅਤੇ ਉਸ ਦੀਆਂ ਟਾਹਣੀਆਂ ਕਦੇ ਵੀ ਹਰੀਆਂ-ਭਰੀਆਂ ਨਹੀਂ ਹੋਣਗੀਆਂ।+

33 ਉਹ ਉਸ ਅੰਗੂਰੀ ਵੇਲ ਵਾਂਗ ਹੋਵੇਗਾ ਜੋ ਆਪਣੇ ਕੱਚੇ ਅੰਗੂਰਾਂ ਨੂੰ ਝਾੜ ਦਿੰਦੀ ਹੈ

ਅਤੇ ਜ਼ੈਤੂਨ ਦੇ ਉਸ ਦਰਖ਼ਤ ਵਰਗਾ ਜੋ ਆਪਣੇ ਫੁੱਲਾਂ ਨੂੰ ਡੇਗ ਦਿੰਦਾ ਹੈ।

34 ਨਾਸਤਿਕਾਂ* ਦੀ ਮੰਡਲੀ ਫਲ਼ੇ-ਫੁੱਲੇਗੀ ਨਹੀਂ+

ਅਤੇ ਰਿਸ਼ਵਤ ਲੈਣ ਵਾਲਿਆਂ ਦੇ ਤੰਬੂਆਂ ਨੂੰ ਅੱਗ ਭਸਮ ਕਰ ਦੇਵੇਗੀ।

35 ਉਨ੍ਹਾਂ ਦੇ ਗਰਭ ਵਿਚ ਮੁਸੀਬਤ ਪਲ਼ਦੀ ਹੈ ਤੇ ਉਹ ਬੁਰਾਈ ਨੂੰ ਜੰਮਦੇ ਹਨ

ਅਤੇ ਉਨ੍ਹਾਂ ਦੀ ਕੁੱਖੋਂ ਧੋਖਾ ਪੈਦਾ ਹੁੰਦਾ ਹੈ।”

16 ਅੱਯੂਬ ਨੇ ਜਵਾਬ ਦਿੱਤਾ:

 2 “ਮੈਂ ਇੱਦਾਂ ਦੀਆਂ ਬਹੁਤ ਸਾਰੀਆਂ ਗੱਲਾਂ ਪਹਿਲਾਂ ਵੀ ਸੁਣੀਆਂ ਹਨ।

ਦਿਲਾਸਾ ਤਾਂ ਕੀ ਦੇਣਾ, ਤੁਸੀਂ ਸਾਰੇ ਤਾਂ ਮੇਰੀ ਤਕਲੀਫ਼ ਹੋਰ ਵਧਾ ਰਹੇ ਹੋ!+

 3 ਕੀ ਖੋਖਲੀਆਂ* ਗੱਲਾਂ ਕਦੇ ਮੁੱਕਦੀਆਂ?

ਤੂੰ ਕਿਹੜੀ ਗੱਲੋਂ ਖਿਝ ਕੇ ਇੱਦਾਂ ਜਵਾਬ ਦਿੰਦਾ ਹੈਂ?

 4 ਮੈਂ ਵੀ ਤੁਹਾਡੇ ਵਾਂਗ ਬੋਲ ਸਕਦਾ ਹਾਂ।

ਜੇ ਤੁਸੀਂ ਮੇਰੀ ਜਗ੍ਹਾ ਹੁੰਦੇ,

ਤਾਂ ਮੈਂ ਤੁਹਾਡੇ ਵਿਰੁੱਧ ਦਮਦਾਰ ਭਾਸ਼ਣ ਝਾੜ ਸਕਦਾ ਸੀ

ਅਤੇ ਤੁਹਾਡੇ ʼਤੇ ਆਪਣਾ ਸਿਰ ਹਿਲਾ ਸਕਦਾ ਸੀ।+

 5 ਇਸ ਦੀ ਬਜਾਇ, ਮੈਂ ਆਪਣੇ ਮੂੰਹ ਦੀਆਂ ਗੱਲਾਂ ਨਾਲ ਤੁਹਾਨੂੰ ਤਕੜਾ ਕਰਦਾ,

ਮੇਰੇ ਬੁੱਲ੍ਹਾਂ ਦਾ ਦਿਲਾਸਾ ਤੁਹਾਨੂੰ ਰਾਹਤ ਪਹੁੰਚਾਉਂਦਾ।+

 6 ਜੇ ਮੈਂ ਬੋਲਾਂ, ਤਾਂ ਮੇਰਾ ਦਰਦ ਦੂਰ ਨਹੀਂ ਹੁੰਦਾ,+

ਜੇ ਮੈਂ ਚੁੱਪ ਕਰ ਜਾਵਾਂ, ਤਾਂ ਮੇਰੀ ਤਕਲੀਫ਼ ਕਿੰਨੀ ਕੁ ਘਟੇਗੀ?

 7 ਪਰ ਹੁਣ ਉਸ ਨੇ ਮੈਨੂੰ ਥਕਾ ਦਿੱਤਾ ਹੈ;+

ਉਸ ਨੇ ਮੇਰਾ ਸਾਰਾ ਘਰ-ਪਰਿਵਾਰ* ਤਬਾਹ ਕਰ ਦਿੱਤਾ ਹੈ।

 8 ਨਾਲੇ ਤੂੰ ਮੈਨੂੰ ਫੜ ਲਿਆ ਹੈ ਤੇ ਇਹ ਇਕ ਗਵਾਹੀ ਬਣ ਗਈ ਹੈ,

ਸੁੱਕ ਕੇ ਤੀਲਾ ਹੋਇਆ ਮੇਰਾ ਸਰੀਰ ਮੇਰੇ ਮੂੰਹ ʼਤੇ ਗਵਾਹੀ ਦਿੰਦਾ ਹੈ।

 9 ਉਸ ਦੇ ਗੁੱਸੇ ਨੇ ਮੈਨੂੰ ਪਾੜ ਸੁੱਟਿਆ ਹੈ ਅਤੇ ਉਹ ਮੇਰੇ ਖ਼ਿਲਾਫ਼ ਦੁਸ਼ਮਣੀ ਪਾਲ਼ ਰਿਹਾ ਹੈ।+

ਉਹ ਮੇਰੇ ਉੱਤੇ ਦੰਦ ਪੀਂਹਦਾ ਹੈ।

ਮੇਰਾ ਵਿਰੋਧੀ ਆਪਣੀਆਂ ਨਜ਼ਰਾਂ ਨਾਲ ਮੈਨੂੰ ਵਿੰਨ੍ਹਦਾ ਹੈ।+

10 ਉਨ੍ਹਾਂ ਨੇ ਮੇਰੇ ਖ਼ਿਲਾਫ਼ ਆਪਣਾ ਮੂੰਹ ਅੱਡਿਆ ਹੈ,+

ਉਨ੍ਹਾਂ ਨੇ ਘਿਰਣਾ ਨਾਲ ਮੇਰੇ ਚਪੇੜਾਂ ਮਾਰੀਆਂ;

ਉਹ ਵੱਡੀ ਗਿਣਤੀ ਵਿਚ ਮੇਰੇ ਵਿਰੁੱਧ ਇਕੱਠੇ ਹੁੰਦੇ ਹਨ।+

11 ਪਰਮੇਸ਼ੁਰ ਮੈਨੂੰ ਜਵਾਨ ਮੁੰਡਿਆਂ ਦੇ ਹਵਾਲੇ ਕਰਦਾ ਹੈ,

ਉਹ ਧੂਹ ਕੇ ਮੈਨੂੰ ਦੁਸ਼ਟਾਂ ਦੇ ਹੱਥਾਂ ਵਿਚ ਫੜਾਉਂਦਾ ਹੈ।+

12 ਮੈਂ ਚੈਨ ਨਾਲ ਰਹਿੰਦਾ ਸੀ, ਪਰ ਉਸ ਨੇ ਮੈਨੂੰ ਚੂਰ-ਚੂਰ ਕਰ ਸੁੱਟਿਆ;+

ਉਸ ਨੇ ਮੈਨੂੰ ਧੌਣੋਂ ਫੜਿਆ ਤੇ ਕੁਚਲ ਦਿੱਤਾ;

ਫਿਰ ਉਸ ਨੇ ਮੈਨੂੰ ਖੜ੍ਹਾ ਕਰ ਕੇ ਨਿਸ਼ਾਨਾ ਬਣਾਇਆ।

13 ਉਸ ਦੇ ਤੀਰਅੰਦਾਜ਼ ਮੈਨੂੰ ਘੇਰਦੇ ਹਨ;+

ਉਹ ਮੇਰੇ ਗੁਰਦਿਆਂ ਨੂੰ ਵਿੰਨ੍ਹਦਾ ਹੈ+ ਅਤੇ ਕੋਈ ਰਹਿਮ ਨਹੀਂ ਕਰਦਾ;

ਉਹ ਮੇਰੇ ਪਿੱਤ ਨੂੰ ਜ਼ਮੀਨ ʼਤੇ ਡੋਲ੍ਹ ਦਿੰਦਾ ਹੈ।

14 ਇਕ ਤੋਂ ਬਾਅਦ ਇਕ ਦਰਾੜ ਪਾ ਕੇ ਉਹ ਮੈਨੂੰ ਤੋੜ ਸੁੱਟਦਾ ਹੈ;

ਉਹ ਇਕ ਯੋਧੇ ਵਾਂਗ ਮੇਰੇ ਵੱਲ ਭੱਜਦਾ ਹੈ।

15 ਮੈਂ ਆਪਣੀ ਖੱਲ ਨੂੰ ਢਕਣ ਲਈ ਤੱਪੜ ਸੀਉਂ ਕੇ ਪਾਇਆ ਹੈ+

ਅਤੇ ਮਿੱਟੀ ਵਿਚ ਆਪਣੀ ਸ਼ਾਨ* ਨੂੰ ਦਫ਼ਨਾਇਆ ਹੈ।+

16 ਰੋ-ਰੋ ਕੇ ਮੇਰਾ ਮੂੰਹ ਲਾਲ ਹੋ ਗਿਆ ਹੈ+

ਅਤੇ ਅੱਖਾਂ ਕਾਲੀਆਂ ਹੋ ਗਈਆਂ ਹਨ,*

17 ਭਾਵੇਂ ਕਿ ਮੇਰੇ ਹੱਥੋਂ ਕੋਈ ਜ਼ੁਲਮ ਨਹੀਂ ਹੋਇਆ

ਅਤੇ ਮੇਰੀ ਦੁਆ ਪਾਕ ਹੈ।

18 ਹੇ ਧਰਤੀ, ਮੇਰੇ ਖ਼ੂਨ ਨੂੰ ਨਾ ਢਕ!+

ਮੇਰੀ ਦੁਹਾਈ ਦੱਬ ਨਾ ਜਾਵੇ!

19 ਹੁਣ ਵੀ ਮੇਰਾ ਗਵਾਹ ਸਵਰਗ ਵਿਚ ਹੈ;

ਮੇਰੇ ਲਈ ਗਵਾਹੀ ਦੇਣ ਵਾਲਾ ਉਚਾਈਆਂ ʼਤੇ ਹੈ।

20 ਮੇਰੇ ਸਾਥੀ ਮੇਰਾ ਮਜ਼ਾਕ ਉਡਾਉਂਦੇ ਹਨ+

ਅਤੇ ਮੇਰੀ ਅੱਖ ਪਰਮੇਸ਼ੁਰ ਅੱਗੇ ਹੰਝੂ ਵਹਾਉਂਦੀ ਹੈ।*+

21 ਕੋਈ ਜਣਾ ਪਰਮੇਸ਼ੁਰ ਤੇ ਇਨਸਾਨ ਦਾ ਫ਼ੈਸਲਾ ਕਰੇ

ਜਿਵੇਂ ਕੋਈ ਦੋ ਆਦਮੀਆਂ ਦਾ ਫ਼ੈਸਲਾ ਕਰਦਾ ਹੈ।+

22 ਕਿਉਂਕਿ ਥੋੜ੍ਹੇ ਹੀ ਸਾਲ ਰਹਿ ਗਏ ਹਨ,

ਮੈਂ ਉਸ ਰਾਹ ਚਲਾ ਜਾਵਾਂਗਾ ਜਿੱਥੋਂ ਮੁੜਿਆ ਨਹੀਂ ਜਾਂਦਾ।+

17 “ਮੈਂ ਅੰਦਰੋਂ ਟੁੱਟ ਚੁੱਕਾ ਹਾਂ, ਮੇਰੇ ਦਿਨ ਖ਼ਤਮ ਹੋ ਗਏ ਹਨ;

ਕਬਰ ਮੇਰਾ ਇੰਤਜ਼ਾਰ ਕਰ ਰਹੀ ਹੈ।+

 2 ਮਜ਼ਾਕ ਕਰਨ ਵਾਲੇ ਮੈਨੂੰ ਘੇਰ ਲੈਂਦੇ ਹਨ,+

ਮੇਰੀ ਨਜ਼ਰ ਉਨ੍ਹਾਂ ਦੇ ਬਾਗ਼ੀ ਰਵੱਈਏ ʼਤੇ ਟਿਕੀ ਹੋਈ ਹੈ।

 3 ਕਿਰਪਾ ਕਰ ਕੇ ਮੇਰੀ ਜ਼ਮਾਨਤ ਮਨਜ਼ੂਰ ਕਰ ਤੇ ਇਸ ਨੂੰ ਆਪਣੇ ਕੋਲ ਸਾਂਭ ਰੱਖ।

ਹੋਰ ਕੌਣ ਮੇਰੇ ਨਾਲ ਹੱਥ ਮਿਲਾ ਕੇ ਮੇਰੀ ਮਦਦ ਕਰਨ ਦਾ ਵਾਅਦਾ ਕਰੇਗਾ?+

 4 ਤੂੰ ਸੂਝ-ਬੂਝ ਨੂੰ ਉਨ੍ਹਾਂ ਦੇ ਮਨ ਤੋਂ ਲੁਕੋ ਰੱਖਿਆ ਹੈ;+

ਇਸੇ ਕਰਕੇ ਤੂੰ ਉਨ੍ਹਾਂ ਨੂੰ ਉੱਚਾ ਨਹੀਂ ਕਰਦਾ।

 5 ਉਹ ਆਪਣੇ ਦੋਸਤਾਂ ਨੂੰ ਹਿੱਸਾ ਦਿੰਦਾ ਹੈ

ਜਦ ਕਿ ਉਸ ਦੇ ਬੱਚਿਆਂ ਦੀਆਂ ਅੱਖਾਂ ਤੱਕਦੀਆਂ ਰਹਿ ਜਾਂਦੀਆਂ ਹਨ।

 6 ਉਸ ਨੇ ਮੈਨੂੰ ਲੋਕਾਂ ਵਿਚ ਘਿਰਣਾ ਦਾ ਪਾਤਰ* ਬਣਾ ਦਿੱਤਾ ਹੈ,+

ਮੈਂ ਅਜਿਹਾ ਇਨਸਾਨ ਬਣ ਗਿਆ ਹਾਂ ਜਿਸ ਦੇ ਮੂੰਹ ʼਤੇ ਉਹ ਥੁੱਕਦੇ ਹਨ।+

 7 ਮੇਰੀ ਨਜ਼ਰ ਦੁੱਖ ਦੇ ਕਾਰਨ ਧੁੰਦਲੀ ਪੈ ਗਈ ਹੈ,+

ਮੇਰੇ ਸਾਰੇ ਅੰਗ ਪਰਛਾਵਾਂ ਹੀ ਹਨ।

 8 ਨੇਕ ਲੋਕ ਇਹ ਦੇਖ ਕੇ ਹੈਰਾਨ ਹੁੰਦੇ ਹਨ,

ਨਾਸਤਿਕ* ਦੇ ਕਾਰਨ ਬੇਕਸੂਰ ਦੁਖੀ ਹੁੰਦਾ ਹੈ।

 9 ਧਰਮੀ ਆਪਣੇ ਰਾਹ ʼਤੇ ਡਟਿਆ ਰਹਿੰਦਾ ਹੈ,+

ਸਾਫ਼ ਹੱਥਾਂ ਵਾਲਾ ਹੋਰ ਤਕੜਾ ਹੁੰਦਾ ਜਾਂਦਾ ਹੈ।+

10 ਪਰ ਤੁਸੀਂ ਸਾਰੇ ਆਓ ਤੇ ਦੁਬਾਰਾ ਆਪਣੀਆਂ ਦਲੀਲਾਂ ਦਿਓ

ਕਿਉਂਕਿ ਮੈਨੂੰ ਤੁਹਾਡੇ ਵਿਚ ਇਕ ਵੀ ਬੁੱਧੀਮਾਨ ਨਹੀਂ ਲੱਭਾ।+

11 ਮੇਰੇ ਦਿਨ ਬੀਤ ਗਏ ਹਨ;+

ਮੇਰੀਆਂ ਯੋਜਨਾਵਾਂ, ਮੇਰੇ ਦਿਲ ਦੀਆਂ ਖ਼ਾਹਸ਼ਾਂ ਚੂਰ-ਚੂਰ ਹੋ ਗਈਆਂ ਹਨ।+

12 ਉਹ ਰਾਤ ਨੂੰ ਦਿਨ ਦੱਸਦੇ ਹਨ,

ਉਹ ਕਹਿੰਦੇ ਹਨ, ‘ਹੁਣ ਹਨੇਰਾ ਹੈ, ਇਸ ਲਈ ਚਾਨਣ ਹੋਣ ਹੀ ਵਾਲਾ ਹੈ।’

13 ਜੇ ਮੈਂ ਉਡੀਕ ਕਰਾਂ, ਤਾਂ ਕਬਰ* ਮੇਰਾ ਘਰ ਬਣ ਜਾਵੇਗੀ;+

ਮੈਂ ਹਨੇਰੇ ਵਿਚ ਆਪਣਾ ਬਿਸਤਰਾ ਵਿਛਾਵਾਂਗਾ।+

14 ਮੈਂ ਟੋਏ*+ ਨੂੰ ਕਹਾਂਗਾ, ‘ਤੂੰ ਮੇਰਾ ਪਿਤਾ ਹੈਂ!’

ਕੀੜਿਆਂ ਨੂੰ ਕਹਾਂਗਾ, ‘ਤੂੰ ਮੇਰੀ ਮਾਂ ਹੈਂ, ਤੂੰ ਮੇਰੀ ਭੈਣ ਹੈਂ!’

15 ਤਾਂ ਫਿਰ, ਮੇਰੇ ਲਈ ਕੀ ਉਮੀਦ ਹੈ?+

ਕੀ ਕਿਸੇ ਨੂੰ ਮੇਰੇ ਲਈ ਕੋਈ ਉਮੀਦ ਨਜ਼ਰ ਆਉਂਦੀ ਹੈ?

16 ਇਹ* ਕਬਰ* ਦੇ ਬੰਦ ਦਰਵਾਜ਼ਿਆਂ ਵਿਚ ਥੱਲੇ ਉੱਤਰ ਜਾਵੇਗੀ

ਜਦੋਂ ਅਸੀਂ ਇਕੱਠੇ ਮਿੱਟੀ ਵਿਚ ਮਿਲ ਜਾਵਾਂਗੇ।”+

18 ਬਿਲਦਦ+ ਸ਼ੂਹੀ ਨੇ ਜਵਾਬ ਦਿੱਤਾ:

 2 “ਤੂੰ ਕਦੋਂ ਇੱਦਾਂ ਦੀਆਂ ਗੱਲਾਂ ਕਰਨੋਂ ਹਟੇਂਗਾ?

ਕੁਝ ਤਾਂ ਸਮਝ ਕਰ, ਤਾਂਹੀਓਂ ਅਸੀਂ ਬੋਲਾਂਗੇ।

 3 ਤੂੰ ਕਿਉਂ ਸਾਨੂੰ ਪਸ਼ੂ ਸਮਝਦਾ ਹੈਂ?+

ਕੀ ਤੇਰੀਆਂ ਨਜ਼ਰਾਂ ਵਿਚ ਅਸੀਂ ਮੂਰਖ* ਹਾਂ?

 4 ਜੇ ਤੂੰ ਗੁੱਸੇ ਵਿਚ ਆਪਣੇ ਟੁਕੜੇ-ਟੁਕੜੇ ਵੀ ਕਰ ਲਵੇਂ,

ਤਾਂ ਕੀ ਧਰਤੀ ਤੇਰੀ ਖ਼ਾਤਰ ਵੀਰਾਨ ਹੋ ਜਾਵੇਗੀ

ਜਾਂ ਕੀ ਚਟਾਨ ਆਪਣੀ ਜਗ੍ਹਾ ਤੋਂ ਖਿਸਕ ਜਾਵੇਗੀ?

 5 ਹਾਂ, ਦੁਸ਼ਟ ਦਾ ਦੀਵਾ ਬੁਝਾ ਦਿੱਤਾ ਜਾਵੇਗਾ,

ਉਸ ਦੀ ਅੱਗ ਦੀ ਲਾਟ ਨਹੀਂ ਚਮਕੇਗੀ।+

 6 ਉਸ ਦੇ ਤੰਬੂ ਵਿਚਲਾ ਚਾਨਣ ਹਨੇਰੇ ਵਿਚ ਜ਼ਰੂਰ ਬਦਲੇਗਾ

ਅਤੇ ਉਸ ਦਾ ਦੀਵਾ ਬੁਝਾ ਦਿੱਤਾ ਜਾਵੇਗਾ।

 7 ਉਸ ਦੀਆਂ ਵੱਡੀਆਂ-ਵੱਡੀਆਂ ਪੁਲਾਂਘਾਂ ਛੋਟੀਆਂ ਹੋ ਗਈਆਂ ਹਨ,

ਉਹ ਆਪਣੀ ਹੀ ਸਲਾਹ ਨਾਲ ਡਿਗ ਪਵੇਗਾ।+

 8 ਉਸ ਦੇ ਪੈਰ ਉਸ ਨੂੰ ਜਾਲ਼ ਵੱਲ ਲੈ ਜਾਣਗੇ

ਅਤੇ ਉਸ ਦੇ ਪੈਰ ਉਸ ਵਿਚ ਫਸ ਜਾਣਗੇ।

 9 ਫੰਦਾ ਅੱਡੀ ਤੋਂ ਉਸ ਨੂੰ ਜਕੜ ਲਵੇਗਾ;

ਫਾਹੀ ਉਸ ਨੂੰ ਫਸਾ ਲਵੇਗੀ।+

10 ਉਸ ਲਈ ਜ਼ਮੀਨ ਉੱਤੇ ਰੱਸੀ ਲੁਕਾਈ ਹੋਈ ਹੈ,

ਉਸ ਦੇ ਰਾਹ ਵਿਚ ਫੰਦਾ ਵਿਛਿਆ ਹੋਇਆ ਹੈ।

11 ਹਰ ਪਾਸਿਓਂ ਖ਼ੌਫ਼ ਉਸ ਨੂੰ ਡਰਾਉਂਦਾ ਹੈ+

ਅਤੇ ਉਸ ਦੇ ਹਰ ਕਦਮ ਦਾ ਪਿੱਛਾ ਕਰਦਾ ਹੈ।

12 ਉਸ ਦੀ ਤਾਕਤ ਖ਼ਤਮ ਹੋ ਜਾਂਦੀ ਹੈ

ਅਤੇ ਬਿਪਤਾ+ ਆਉਣ ਤੇ ਉਹ ਲੜਖੜਾ ਜਾਵੇਗਾ।*

13 ਉਸ ਦੀ ਚਮੜੀ ਗਲ਼ ਗਈ ਹੈ;

ਸਭ ਤੋਂ ਘਾਤਕ ਬੀਮਾਰੀ* ਉਸ ਦੇ ਅੰਗਾਂ ਨੂੰ ਖਾ ਜਾਂਦੀ ਹੈ।

14 ਉਸ ਨੂੰ ਆਪਣੇ ਸੁਰੱਖਿਅਤ ਤੰਬੂ ਤੋਂ ਦੂਰ ਕੀਤਾ ਜਾਂਦਾ ਹੈ+

ਅਤੇ ਉਸ ਨੂੰ ਦਹਿਸ਼ਤ ਦੇ ਰਾਜੇ* ਕੋਲ ਲਿਜਾਇਆ ਜਾਂਦਾ ਹੈ।

15 ਅਜਨਬੀ* ਉਸ ਦੇ ਤੰਬੂ ਵਿਚ ਵੱਸਣਗੇ;

ਉਸ ਦੇ ਘਰ ʼਤੇ ਗੰਧਕ ਖਿਲਾਰੀ ਜਾਵੇਗੀ।+

16 ਉਸ ਦੇ ਹੇਠੋਂ ਉਸ ਦੀਆਂ ਜੜ੍ਹਾਂ ਸੁੱਕ ਜਾਣਗੀਆਂ,

ਉਸ ਦੇ ਉੱਤੋਂ ਉਸ ਦੀਆਂ ਟਾਹਣੀਆਂ ਮੁਰਝਾ ਜਾਣਗੀਆਂ।

17 ਉਸ ਦੀ ਯਾਦ ਧਰਤੀ ਤੋਂ ਮਿਟ ਜਾਵੇਗੀ,

ਗਲੀ ਵਿਚ ਕੋਈ ਵੀ ਉਸ ਦਾ ਨਾਂ ਨਹੀਂ ਜਾਣਦਾ ਹੋਵੇਗਾ।*

18 ਉਸ ਨੂੰ ਚਾਨਣ ਵਿੱਚੋਂ ਹਨੇਰੇ ਵਿਚ ਭਜਾਇਆ ਜਾਵੇਗਾ

ਅਤੇ ਦੁਨੀਆਂ* ਵਿੱਚੋਂ ਖਦੇੜਿਆ ਜਾਵੇਗਾ।

19 ਉਸ ਦੇ ਲੋਕਾਂ ਵਿਚ ਨਾ ਉਸ ਦੀ ਔਲਾਦ ਤੇ ਨਾ ਹੀ ਉਸ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਹੋਣਗੀਆਂ,

ਜਿੱਥੇ ਉਹ ਰਹਿੰਦਾ ਹੈ,* ਉੱਥੇ ਉਸ ਦਾ ਕੋਈ ਨਾ ਬਚੇਗਾ।

20 ਉਸ ਦਾ ਦਿਨ ਆਉਣ ਤੇ ਪੱਛਮ ਦੇ ਲੋਕ ਹੱਕੇ-ਬੱਕੇ ਰਹਿ ਜਾਣਗੇ

ਅਤੇ ਪੂਰਬ ਦੇ ਲੋਕ ਡਰ ਨਾਲ ਸਹਿਮ ਜਾਣਗੇ।

21 ਗੁਨਾਹਗਾਰ ਦੇ ਤੰਬੂਆਂ ਨਾਲ

ਅਤੇ ਪਰਮੇਸ਼ੁਰ ਨੂੰ ਨਾ ਜਾਣਨ ਵਾਲੇ ਦੇ ਟਿਕਾਣੇ ਨਾਲ ਇਸੇ ਤਰ੍ਹਾਂ ਹੁੰਦਾ ਹੈ।”

19 ਅੱਯੂਬ ਨੇ ਜਵਾਬ ਦਿੱਤਾ:

 2 “ਤੁਸੀਂ ਕਦ ਤਕ ਮੇਰੀ ਜਾਨ ਖਾਈ ਜਾਓਗੇ+

ਅਤੇ ਗੱਲਾਂ ਨਾਲ ਮੈਨੂੰ ਚੂਰ-ਚੂਰ ਕਰੋਗੇ?+

 3 ਤੁਸੀਂ ਹੁਣ ਦਸ ਵਾਰ ਮੈਨੂੰ ਝਿੜਕਿਆ ਹੈ;*

ਮੇਰੇ ਨਾਲ ਸਖ਼ਤੀ ਨਾਲ ਪੇਸ਼ ਆ ਕੇ ਤੁਹਾਨੂੰ ਜ਼ਰਾ ਵੀ ਸ਼ਰਮ ਨਹੀਂ ਆਉਂਦੀ।+

 4 ਜੇ ਮੈਂ ਗ਼ਲਤੀ ਕੀਤੀ ਵੀ ਹੈ,

ਤਾਂ ਇਹ ਮੇਰੀ ਸਮੱਸਿਆ ਹੈ।

 5 ਜੇ ਤੁਸੀਂ ਆਪਣੇ ਆਪ ਨੂੰ ਮੇਰੇ ਤੋਂ ਉੱਚਾ ਚੁੱਕਣ ʼਤੇ ਤੁਲੇ ਹੋਏ ਹੋ

ਅਤੇ ਦਾਅਵਾ ਕਰਦੇ ਹੋ ਕਿ ਮੈਨੂੰ ਫਿਟਕਾਰ ਕੇ ਤੁਸੀਂ ਸਹੀ ਕੀਤਾ ਹੈ,

 6 ਤਾਂ ਜਾਣ ਲਓ ਕਿ ਪਰਮੇਸ਼ੁਰ ਨੇ ਮੈਨੂੰ ਗੁਮਰਾਹ ਕੀਤਾ ਹੈ

ਅਤੇ ਉਸ ਨੇ ਮੈਨੂੰ ਆਪਣੇ ਜਾਲ਼ ਵਿਚ ਫਸਾਇਆ ਹੈ।

 7 ਦੇਖੋ! ਮੈਂ ਪੁਕਾਰਦਾ ਰਹਿੰਦਾ ਹਾਂ, ‘ਮੇਰੇ ਨਾਲ ਜ਼ੁਲਮ ਹੋਇਆ ਹੈ!’ ਪਰ ਮੈਨੂੰ ਕੋਈ ਜਵਾਬ ਨਹੀਂ ਮਿਲਦਾ;+

ਮੈਂ ਮਦਦ ਲਈ ਦੁਹਾਈ ਦਿੰਦਾ ਰਹਿੰਦਾ ਹਾਂ, ਪਰ ਇਨਸਾਫ਼ ਨਹੀਂ ਮਿਲਦਾ।+

 8 ਉਸ ਨੇ ਪੱਥਰਾਂ ਦੀ ਕੰਧ ਨਾਲ ਮੇਰਾ ਰਸਤਾ ਬੰਦ ਕਰ ਦਿੱਤਾ ਹੈ ਤੇ ਮੈਂ ਲੰਘ ਨਹੀਂ ਸਕਦਾ;

ਉਸ ਨੇ ਹਨੇਰੇ ਨਾਲ ਮੇਰੇ ਰਾਹਾਂ ਨੂੰ ਢਕ ਦਿੱਤਾ ਹੈ।+

 9 ਉਸ ਨੇ ਮੇਰੇ ਤੋਂ ਮੇਰੀ ਸ਼ਾਨ ਖੋਹ ਲਈ

ਅਤੇ ਮੇਰੇ ਸਿਰ ਤੋਂ ਤਾਜ ਉਤਾਰ ਲਿਆ ਹੈ।

10 ਉਹ ਮੈਨੂੰ ਹਰ ਪਾਸਿਓਂ ਤੋੜਦਾ ਹੈ ਜਦ ਤਕ ਮੈਂ ਮਿਟ ਨਹੀਂ ਜਾਂਦਾ;

ਉਹ ਮੇਰੀ ਆਸ ਨੂੰ ਇਕ ਰੁੱਖ ਵਾਂਗ ਉਖਾੜਦਾ ਹੈ।

11 ਉਸ ਦਾ ਗੁੱਸਾ ਮੇਰੇ ਖ਼ਿਲਾਫ਼ ਭੜਕਦਾ ਹੈ

ਅਤੇ ਉਹ ਮੈਨੂੰ ਆਪਣਾ ਦੁਸ਼ਮਣ ਸਮਝਦਾ ਹੈ।+

12 ਉਸ ਦੇ ਫ਼ੌਜੀ ਇਕੱਠੇ ਹੋ ਕੇ ਆਉਂਦੇ ਹਨ ਤੇ ਮੈਨੂੰ ਘੇਰ ਲੈਂਦੇ ਹਨ

ਅਤੇ ਉਹ ਮੇਰੇ ਤੰਬੂ ਦੁਆਲੇ ਡੇਰਾ ਲਾਉਂਦੇ ਹਨ।

13 ਉਸ ਨੇ ਮੇਰੇ ਭਰਾਵਾਂ ਨੂੰ ਮੇਰੇ ਤੋਂ ਦੂਰ ਕਰ ਦਿੱਤਾ ਹੈ,

ਮੇਰੇ ਜਾਣ-ਪਛਾਣ ਵਾਲਿਆਂ ਨੇ ਮੇਰੇ ਤੋਂ ਮੂੰਹ ਮੋੜ ਲਿਆ ਹੈ।+

14 ਮੇਰੇ ਕਰੀਬੀ ਸਾਥੀ* ਮੈਨੂੰ ਛੱਡ ਗਏ ਹਨ

ਅਤੇ ਜਿਨ੍ਹਾਂ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਸੀ, ਉਹ ਮੈਨੂੰ ਭੁੱਲ ਗਏ ਹਨ।+

15 ਮੇਰੇ ਹੀ ਘਰ ਦੇ ਮਹਿਮਾਨ+ ਤੇ ਮੇਰੀਆਂ ਨੌਕਰਾਣੀਆਂ ਮੈਨੂੰ ਓਪਰਾ ਸਮਝਦੀਆਂ ਹਨ;

ਉਨ੍ਹਾਂ ਦੀਆਂ ਨਜ਼ਰਾਂ ਵਿਚ ਮੈਂ ਇਕ ਅਜਨਬੀ ਹਾਂ।

16 ਮੈਂ ਆਪਣੇ ਨੌਕਰ ਨੂੰ ਬੁਲਾਉਂਦਾ ਹਾਂ, ਪਰ ਉਹ ਜਵਾਬ ਨਹੀਂ ਦਿੰਦਾ;

ਮੈਂ ਆਪਣੇ ਮੂੰਹੋਂ ਉਸ ਤੋਂ ਰਹਿਮ ਦੀ ਭੀਖ ਮੰਗਦਾ ਹਾਂ।

17 ਮੇਰਾ ਸਾਹ ਵੀ ਮੇਰੀ ਪਤਨੀ ਨੂੰ ਘਿਣਾਉਣਾ ਲੱਗਦਾ ਹੈ,+

ਮੈਂ ਆਪਣੇ ਭਰਾਵਾਂ* ਲਈ ਸੜਿਆਂਦ ਬਣ ਗਿਆ ਹਾਂ।

18 ਛੋਟੇ-ਛੋਟੇ ਨਿਆਣੇ ਵੀ ਮੈਨੂੰ ਤੁੱਛ ਸਮਝਦੇ ਹਨ;

ਜਦੋਂ ਮੈਂ ਖੜ੍ਹਾ ਹੁੰਦਾ ਹਾਂ, ਤਾਂ ਉਹ ਮੇਰਾ ਮਖੌਲ ਉਡਾਉਂਦੇ ਹਨ।

19 ਮੇਰੇ ਸਾਰੇ ਜਿਗਰੀ ਦੋਸਤ ਮੈਨੂੰ ਨਫ਼ਰਤ ਕਰਦੇ ਹਨ+

ਅਤੇ ਜਿਨ੍ਹਾਂ ਨੂੰ ਮੈਂ ਪਿਆਰ ਕਰਦਾ ਸੀ, ਉਹ ਮੇਰੇ ਖ਼ਿਲਾਫ਼ ਹੋ ਗਏ ਹਨ।+

20 ਮੇਰੀਆਂ ਹੱਡੀਆਂ ਮੇਰੀ ਚਮੜੀ ਤੇ ਮੇਰੇ ਮਾਸ ਨਾਲ ਜੁੜ ਗਈਆਂ ਹਨ+

ਅਤੇ ਮੈਂ ਆਪਣੇ ਦੰਦਾਂ ਦੀ ਖੱਲ ਨਾਲ ਬਚਿਆ ਹਾਂ।

21 ਹੇ ਮੇਰੇ ਸਾਥੀਓ, ਮੇਰੇ ʼਤੇ ਤਰਸ ਖਾਓ, ਮੇਰੇ ʼਤੇ ਰਹਿਮ ਕਰੋ

ਕਿਉਂਕਿ ਪਰਮੇਸ਼ੁਰ ਦੇ ਹੱਥ ਨੇ ਮੈਨੂੰ ਛੋਹਿਆ ਹੈ।+

22 ਤੁਸੀਂ ਪਰਮੇਸ਼ੁਰ ਵਾਂਗ ਮੈਨੂੰ ਕਿਉਂ ਸਤਾਈ ਜਾ ਰਹੇ ਹੋ+

ਅਤੇ ਮੇਰੇ ʼਤੇ ਇਕ ਤੋਂ ਬਾਅਦ ਇਕ ਵਾਰ ਕਿਉਂ ਕਰੀ ਜਾ ਰਹੇ ਹੋ?*+

23 ਕਾਸ਼ ਕਿ ਮੇਰੀਆਂ ਗੱਲਾਂ ਲਿਖੀਆਂ ਜਾਂਦੀਆਂ,

ਕਾਸ਼ ਉਨ੍ਹਾਂ ਨੂੰ ਇਕ ਕਿਤਾਬ ਵਿਚ ਦਰਜ ਕੀਤਾ ਜਾਂਦਾ!

24 ਕਾਸ਼ ਉਨ੍ਹਾਂ ਨੂੰ ਲੋਹੇ ਦੀ ਛੈਣੀ ਤੇ ਸਿੱਕੇ ਨਾਲ

ਚਟਾਨ ਉੱਤੇ ਹਮੇਸ਼ਾ ਲਈ ਉੱਕਰਿਆ ਜਾਂਦਾ!

25 ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਮੇਰਾ ਛੁਡਾਉਣ ਵਾਲਾ+ ਜੀਉਂਦਾ ਹੈ;

ਉਹ ਬਾਅਦ ਵਿਚ ਆਵੇਗਾ ਤੇ ਧਰਤੀ ਉੱਤੇ* ਖੜ੍ਹਾ ਹੋਵੇਗਾ।

26 ਮੇਰੀ ਚਮੜੀ ਗਲ਼ ਗਈ ਹੈ,

ਫਿਰ ਵੀ ਆਪਣੇ ਜੀਉਂਦੇ-ਜੀ ਮੈਂ ਪਰਮੇਸ਼ੁਰ ਨੂੰ ਦੇਖਾਂਗਾ,

27 ਉਸ ਨੂੰ ਮੈਂ ਖ਼ੁਦ ਦੇਖਾਂਗਾ,

ਹਾਂ, ਮੇਰੀਆਂ ਅੱਖਾਂ ਦੇਖਣਗੀਆਂ, ਕਿਸੇ ਹੋਰ ਦੀਆਂ ਅੱਖਾਂ ਨਹੀਂ।+

ਪਰ ਅੰਦਰੋਂ ਮੈਂ ਪੂਰੀ ਤਰ੍ਹਾਂ ਟੁੱਟ ਚੁੱਕਾ ਹਾਂ!*

28 ਤੁਸੀਂ ਕਹਿੰਦੇ ਹੋ, ‘ਅਸੀਂ ਇਹਨੂੰ ਕਿੱਥੇ ਸਤਾ ਰਹੇ ਹਾਂ?’+

ਤੁਹਾਡੇ ਭਾਣੇ ਸਮੱਸਿਆ ਦੀ ਜੜ੍ਹ ਤਾਂ ਮੈਂ ਹੀ ਹਾਂ।

29 ਪਰ ਤੁਸੀਂ ਖ਼ੁਦ ਤਲਵਾਰ ਤੋਂ ਡਰੋ+

ਕਿਉਂਕਿ ਇਹ ਗ਼ਲਤੀਆਂ ਦੀ ਸਜ਼ਾ ਦਿੰਦੀ ਹੈ;

ਇਹ ਨਾ ਭੁੱਲੋ ਕਿ ਇਕ ਨਿਆਂਕਾਰ ਹੈ।”+

20 ਸੋਫਰ+ ਨਾਮਾਥੀ ਨੇ ਜਵਾਬ ਦਿੱਤਾ:

 2 “ਮੇਰੇ ਅੰਦਰ ਹਲਚਲ ਮਚੀ ਹੋਈ ਹੈ,

ਇਸੇ ਕਰਕੇ ਮੇਰੇ ਖ਼ਿਆਲ ਮੈਨੂੰ ਬੇਚੈਨ ਕਰ ਰਹੇ ਹਨ ਕਿ ਮੈਂ ਜਵਾਬ ਦਿਆਂ।

 3 ਮੈਂ ਇਕ ਝਿੜਕ ਸੁਣੀ ਹੈ ਜਿਸ ਨਾਲ ਮੇਰੀ ਬੇਇੱਜ਼ਤੀ ਹੁੰਦੀ ਹੈ;

ਮੇਰੀ ਸਮਝ ਮੈਨੂੰ ਜਵਾਬ ਦੇਣ ਲਈ ਮਜਬੂਰ ਕਰਦੀ ਹੈ।

 4 ਤੂੰ ਤਾਂ ਇਹ ਸ਼ੁਰੂ ਤੋਂ ਜਾਣਦਾ ਹੋਣਾ,

ਜਦੋਂ ਤੋਂ ਇਨਸਾਨ* ਨੂੰ ਧਰਤੀ ਉੱਤੇ ਰੱਖਿਆ ਗਿਆ, ਉਦੋਂ ਤੋਂ ਇਸੇ ਤਰ੍ਹਾਂ ਹੁੰਦਾ ਆਇਆ ਹੈ,+

 5 ਦੁਸ਼ਟ ਥੋੜ੍ਹੇ ਚਿਰ ਲਈ ਖ਼ੁਸ਼ੀਆਂ-ਖੇੜੇ ਮਾਣਦਾ ਹੈ

ਅਤੇ ਨਾਸਤਿਕ* ਦਾ ਆਨੰਦ ਪਲ ਭਰ ਦਾ ਹੁੰਦਾ ਹੈ।+

 6 ਚਾਹੇ ਉਸ ਦੀ ਮਹਾਨਤਾ ਆਕਾਸ਼ ਤਕ ਪਹੁੰਚ ਜਾਵੇ,

ਚਾਹੇ ਉਸ ਦਾ ਸਿਰ ਬੱਦਲਾਂ ਨੂੰ ਛੂਹੇ,

 7 ਉਹ ਆਪਣੇ ਮਲ ਵਾਂਗ ਹਮੇਸ਼ਾ ਲਈ ਖ਼ਾਕ ਹੋ ਜਾਵੇਗਾ;

ਜੋ ਉਸ ਦੁਸ਼ਟ ਨੂੰ ਦੇਖਦੇ ਹੁੰਦੇ ਸਨ, ਉਹ ਕਹਿਣਗੇ, ‘ਕਿੱਥੇ ਗਿਆ ਉਹ?’

 8 ਉਹ ਸੁਪਨੇ ਵਾਂਗ ਉੱਡ ਜਾਵੇਗਾ ਤੇ ਉਹ ਉਸ ਨੂੰ ਲੱਭ ਨਾ ਸਕਣਗੇ;

ਰਾਤ ਦੇ ਖ਼ਾਬ ਵਾਂਗ ਉਹ ਗਾਇਬ ਹੋ ਜਾਵੇਗਾ।

 9 ਜੋ ਅੱਖ ਉਸ ਨੂੰ ਦੇਖਦੀ ਸੀ, ਉਹ ਉਸ ਨੂੰ ਦੁਬਾਰਾ ਨਹੀਂ ਦੇਖੇਗੀ

ਅਤੇ ਉਸ ਨੂੰ ਦੁਬਾਰਾ ਕਦੇ ਉਸ ਦੇ ਘਰ ਵਿਚ ਨਹੀਂ ਦੇਖਿਆ ਜਾਵੇਗਾ।+

10 ਉਸ ਦੇ ਬੱਚੇ ਗ਼ਰੀਬਾਂ ਦੀ ਮਿਹਰ ਪਾਉਣ ਲਈ ਤਰਸਣਗੇ,

ਉਹ ਆਪਣੇ ਹੱਥੀਂ ਆਪਣੀ ਦੌਲਤ ਵਾਪਸ ਕਰੇਗਾ।+

11 ਉਸ ਦੀਆਂ ਹੱਡੀਆਂ ਵਿਚ ਜਵਾਨੀ ਦੀ ਤਾਕਤ ਹੁੰਦੀ ਸੀ,

ਪਰ ਇਹ* ਉਸ ਦੇ ਨਾਲ ਹੀ ਮਿੱਟੀ ਵਿਚ ਮਿਲ ਜਾਵੇਗੀ।

12 ਜੇ ਬੁਰਾਈ ਉਸ ਦੇ ਮੂੰਹ ਨੂੰ ਮਿੱਠੀ ਲੱਗਦੀ ਹੈ,

ਜੇ ਉਹ ਆਪਣੀ ਜੀਭ ਥੱਲੇ ਇਸ ਨੂੰ ਲੁਕਾ ਲੈਂਦਾ ਹੈ,

13 ਜੇ ਉਹ ਇਸ ਦਾ ਸੁਆਦ ਲੈਂਦਾ ਰਹਿੰਦਾ ਹੈ ਤੇ ਇਸ ਨੂੰ ਜਾਣ ਨਹੀਂ ਦਿੰਦਾ,

ਪਰ ਇਸ ਨੂੰ ਆਪਣੇ ਮੂੰਹ ਵਿਚ ਰੱਖੀ ਰੱਖਦਾ ਹੈ,

14 ਤਾਂ ਉਸ ਦਾ ਭੋਜਨ ਉਸ ਦੇ ਅੰਦਰ ਜਾ ਕੇ ਖੱਟਾ ਹੋ ਜਾਵੇਗਾ;

ਇਹ ਉਸ ਦੇ ਅੰਦਰ ਨਾਗਾਂ ਦੇ ਜ਼ਹਿਰ* ਵਾਂਗ ਬਣ ਜਾਵੇਗਾ।

15 ਉਸ ਨੇ ਦੌਲਤ ਨਿਗਲ਼ ਲਈ ਹੈ, ਪਰ ਉਹ ਇਸ ਨੂੰ ਉਗਲੱਛ ਦੇਵੇਗਾ;

ਪਰਮੇਸ਼ੁਰ ਇਸ ਨੂੰ ਉਸ ਦੇ ਢਿੱਡ ਵਿੱਚੋਂ ਕੱਢ ਲਵੇਗਾ।

16 ਉਹ ਨਾਗਾਂ ਦਾ ਜ਼ਹਿਰ ਚੂਸੇਗਾ;

ਸੱਪ ਦੇ ਡੰਗ* ਨਾਲ ਉਹ ਮਰ ਜਾਵੇਗਾ।

17 ਉਹ ਕਦੇ ਵੀ ਪਾਣੀ ਦੀਆਂ ਨਦੀਆਂ ਨਹੀਂ ਦੇਖੇਗਾ,

ਹਾਂ, ਸ਼ਹਿਦ ਤੇ ਮੱਖਣ ਦੀਆਂ ਨਦੀਆਂ।

18 ਉਹ ਆਪਣੀਆਂ ਚੀਜ਼ਾਂ ਨੂੰ ਵਰਤੇ ਬਿਨਾਂ ਵਾਪਸ ਮੋੜ ਦੇਵੇਗਾ;*

ਉਹ ਆਪਣੇ ਵਪਾਰ ਤੋਂ ਖੱਟੀ ਦੌਲਤ ਦਾ ਮਜ਼ਾ ਨਹੀਂ ਲੈ ਪਾਵੇਗਾ।+

19 ਕਿਉਂਕਿ ਉਸ ਨੇ ਗ਼ਰੀਬਾਂ ਨੂੰ ਕੁਚਲ ਕੇ ਛੱਡ ਦਿੱਤਾ ਹੈ;

ਉਸ ਨੇ ਉਹ ਘਰ ਹੜੱਪ ਲਿਆ ਹੈ ਜੋ ਉਸ ਨੇ ਨਹੀਂ ਬਣਾਇਆ।

20 ਪਰ ਉਸ ਨੂੰ ਅੰਦਰੋਂ ਸ਼ਾਂਤੀ ਨਹੀਂ ਮਿਲੇਗੀ;

ਉਸ ਦੀ ਦੌਲਤ ਉਸ ਨੂੰ ਬਚਾ ਨਹੀਂ ਪਾਵੇਗੀ।

21 ਉਸ ਦੇ ਹਥਿਆਉਣ ਲਈ ਕੁਝ ਨਾ ਬਚੇਗਾ;

ਇਸ ਕਾਰਨ ਉਸ ਦੀ ਖ਼ੁਸ਼ਹਾਲੀ ਜ਼ਿਆਦਾ ਚਿਰ ਨਹੀਂ ਰਹੇਗੀ।

22 ਜਦੋਂ ਉਸ ਦੀ ਧਨ-ਦੌਲਤ ਅੰਬਰਾਂ ਨੂੰ ਛੋਹੇਗੀ, ਤਾਂ ਚਿੰਤਾ ਉਸ ਨੂੰ ਆ ਘੇਰੇਗੀ;

ਉਸ ਉੱਤੇ ਮੁਸੀਬਤਾਂ ਦਾ ਪਹਾੜ ਟੁੱਟ ਪਵੇਗਾ।

23 ਜਦ ਉਹ ਆਪਣਾ ਢਿੱਡ ਭਰ ਰਿਹਾ ਹੋਵੇਗਾ,

ਤਾਂ ਪਰਮੇਸ਼ੁਰ ਉਸ ਉੱਤੇ ਆਪਣੇ ਕ੍ਰੋਧ ਦਾ ਕਹਿਰ ਵਰ੍ਹਾਵੇਗਾ,

ਇਸ ਦੀ ਵਾਛੜ ਉਸ ʼਤੇ ਪੈ ਕੇ ਉਸ ਦੀਆਂ ਆਂਦਰਾਂ ਨੂੰ ਭਰ ਦੇਵੇਗੀ।

24 ਜਦੋਂ ਉਹ ਲੋਹੇ ਦੇ ਹਥਿਆਰਾਂ ਤੋਂ ਬਚ ਕੇ ਭੱਜੇਗਾ,

ਤਾਂ ਤਾਂਬੇ ਦੀ ਕਮਾਨ ਵਿੱਚੋਂ ਨਿਕਲੇ ਤੀਰ ਉਸ ਨੂੰ ਵਿੰਨ੍ਹ ਸੁੱਟਣਗੇ।

25 ਉਹ ਆਪਣੀ ਪਿੱਠ ਵਿਚ ਖੁੱਭਿਆ ਤੀਰ ਕੱਢੇਗਾ,

ਹਾਂ, ਆਪਣੇ ਪਿੱਤੇ ਵਿੱਚੋਂ ਇਸ ਦੀ ਚਮਕਦੀ ਹੋਈ ਨੋਕ ਨੂੰ ਕੱਢੇਗਾ,

ਖ਼ੌਫ਼ ਉਸ ਨੂੰ ਜਕੜ ਲਵੇਗਾ।+

26 ਘੁੱਪ ਹਨੇਰਾ ਉਸ ਦੇ ਖ਼ਜ਼ਾਨੇ ਨੂੰ ਉਡੀਕੇਗਾ;

ਉਹ ਅੱਗ ਉਸ ਨੂੰ ਭਸਮ ਕਰ ਸੁੱਟੇਗੀ ਜਿਸ ਨੂੰ ਕਿਸੇ ਨੇ ਹਵਾ ਨਹੀਂ ਦਿੱਤੀ;

ਉਸ ਦੇ ਤੰਬੂ ਵਿਚ ਬਾਕੀ ਬਚਿਆਂ ਹੋਇਆਂ ਉੱਤੇ ਬਿਪਤਾ ਆ ਪਵੇਗੀ।

27 ਆਕਾਸ਼ ਉਸ ਦੀ ਗ਼ਲਤੀ ਨੂੰ ਨੰਗਾ ਕਰੇਗਾ;

ਧਰਤੀ ਉਸ ਖ਼ਿਲਾਫ਼ ਉੱਠ ਖੜ੍ਹੀ ਹੋਵੇਗੀ।

28 ਹੜ੍ਹ ਉਸ ਦੇ ਘਰ ਨੂੰ ਵਹਾ ਲੈ ਜਾਵੇਗਾ;

ਪਰਮੇਸ਼ੁਰ ਦੇ* ਕ੍ਰੋਧ ਦੇ ਦਿਨ ਇਕ ਭਿਆਨਕ ਹੜ੍ਹ ਆਵੇਗਾ।

29 ਪਰਮੇਸ਼ੁਰ ਵੱਲੋਂ ਦੁਸ਼ਟ ਦਾ ਇਹੀ ਹਿੱਸਾ ਹੈ,

ਪਰਮੇਸ਼ੁਰ ਨੇ ਉਸ ਲਈ ਇਹੀ ਵਿਰਾਸਤ ਠਹਿਰਾਈ ਹੈ।

21 ਅੱਯੂਬ ਨੇ ਜਵਾਬ ਦਿੱਤਾ:

 2 “ਮੇਰੀ ਗੱਲ ਧਿਆਨ ਨਾਲ ਸੁਣੋ;

ਇੱਦਾਂ ਤੁਸੀਂ ਮੈਨੂੰ ਦਿਲਾਸਾ ਦਿਓਗੇ।

 3 ਜਦ ਮੈਂ ਬੋਲਾਂ, ਮੇਰੀ ਸਹਿ ਲਇਓ;

ਮੇਰੇ ਬੋਲ ਹਟਣ ਤੋਂ ਬਾਅਦ ਜਿੰਨਾ ਮਰਜ਼ੀ ਮੇਰਾ ਮਜ਼ਾਕ ਉਡਾ ਲਇਓ।+

 4 ਕੀ ਮੇਰਾ ਗਿਲਾ ਕਿਸੇ ਆਦਮੀ ਨਾਲ ਹੈ?

ਜੇ ਇੱਦਾਂ ਹੁੰਦਾ, ਤਾਂ ਕੀ ਮੇਰੇ ਸਬਰ ਦਾ ਬੰਨ੍ਹ ਟੁੱਟ ਨਾ ਚੁੱਕਾ ਹੁੰਦਾ?

 5 ਮੇਰੇ ਵੱਲ ਦੇਖੋ, ਹੈਰਾਨੀ ਨਾਲ ਤੱਕੋ;

ਆਪਣਾ ਹੱਥ ਮੂੰਹ ʼਤੇ ਰੱਖੋ।

 6 ਜਦ ਮੈਂ ਇਸ ਬਾਰੇ ਸੋਚਦਾ ਹਾਂ, ਤਾਂ ਪਰੇਸ਼ਾਨ ਹੋ ਉੱਠਦਾ ਹਾਂ,

ਮੇਰਾ ਸਾਰਾ ਸਰੀਰ ਕੰਬਣ ਲੱਗ ਜਾਂਦਾ ਹੈ।

 7 ਇੱਦਾਂ ਕਿਉਂ ਹੁੰਦਾ ਹੈ ਕਿ ਦੁਸ਼ਟ ਜੀਉਂਦੇ ਰਹਿੰਦੇ,+

ਲੰਬੀ ਉਮਰ ਭੋਗਦੇ ਤੇ ਦੌਲਤਮੰਦ* ਬਣ ਜਾਂਦੇ ਹਨ?+

 8 ਉਨ੍ਹਾਂ ਦੇ ਬੱਚੇ ਹਮੇਸ਼ਾ ਉਨ੍ਹਾਂ ਦੀਆਂ ਅੱਖਾਂ ਦੇ ਸਾਮ੍ਹਣੇ ਰਹਿੰਦੇ ਹਨ,

ਉਹ ਆਪਣੀਆਂ ਅਗਲੀਆਂ ਪੀੜ੍ਹੀਆਂ ਨੂੰ ਦੇਖਦੇ ਹਨ।

 9 ਉਨ੍ਹਾਂ ਦੇ ਘਰ ਮਹਿਫੂਜ਼ ਹਨ, ਉਨ੍ਹਾਂ ਨੂੰ ਕੋਈ ਡਰ ਨਹੀਂ ਸਤਾਉਂਦਾ,+

ਪਰਮੇਸ਼ੁਰ ਆਪਣੇ ਡੰਡੇ ਨਾਲ ਉਨ੍ਹਾਂ ਨੂੰ ਸਜ਼ਾ ਨਹੀਂ ਦਿੰਦਾ।

10 ਉਨ੍ਹਾਂ ਦੇ ਬਲਦ ਗਾਂਵਾਂ ਨੂੰ ਗੱਭਣ ਕਰਦੇ ਹਨ;

ਉਨ੍ਹਾਂ ਦੀਆਂ ਗਾਂਵਾਂ ਸੂੰਦੀਆਂ ਹਨ ਤੇ ਉਨ੍ਹਾਂ ਦੇ ਗਰਭ ਨਹੀਂ ਡਿੱਗਦੇ।

11 ਉਨ੍ਹਾਂ ਦੇ ਮੁੰਡੇ ਇੱਜੜ ਵਾਂਗ ਬਾਹਰ ਭੱਜਦੇ ਹਨ,

ਉਨ੍ਹਾਂ ਦੇ ਬੱਚੇ ਨੱਚਦੇ-ਟੱਪਦੇ ਹਨ।

12 ਉਹ ਡਫਲੀ ਤੇ ਰਬਾਬ ਨਾਲ ਗਾਉਂਦੇ ਹਨ

ਅਤੇ ਬੰਸਰੀ ਦੀ ਧੁਨ ʼਤੇ ਖ਼ੁਸ਼ੀਆਂ ਮਨਾਉਂਦੇ ਹਨ।+

13 ਉਹ ਆਪਣੇ ਦਿਨ ਸੁੱਖ ਨਾਲ ਬਿਤਾਉਂਦੇ ਹਨ

ਅਤੇ ਚੈਨ ਨਾਲ* ਕਬਰ* ਵਿਚ ਜਾਂਦੇ ਹਨ।

14 ਪਰ ਉਹ ਸੱਚੇ ਪਰਮੇਸ਼ੁਰ ਨੂੰ ਕਹਿੰਦੇ ਹਨ, ‘ਸਾਨੂੰ ਇਕੱਲੇ ਛੱਡ ਦੇ!

ਅਸੀਂ ਤੇਰੇ ਰਾਹਾਂ ਬਾਰੇ ਨਹੀਂ ਜਾਣਨਾ ਚਾਹੁੰਦੇ।+

15 ਸਰਬਸ਼ਕਤੀਮਾਨ ਹੈ ਕੌਣ ਕਿ ਅਸੀਂ ਉਸ ਦੀ ਸੇਵਾ ਕਰੀਏ?+

ਉਸ ਬਾਰੇ ਜਾਣ ਕੇ ਸਾਨੂੰ ਕੀ ਫ਼ਾਇਦਾ?’+

16 ਪਰ ਮੈਂ ਜਾਣਦਾ ਹਾਂ ਕਿ ਉਨ੍ਹਾਂ ਦੀ ਖ਼ੁਸ਼ਹਾਲੀ ਉਨ੍ਹਾਂ ਦੇ ਵੱਸ ਵਿਚ ਨਹੀਂ ਹੈ।+

ਮੈਂ ਦੁਸ਼ਟਾਂ ਦੀ ਸੋਚ* ਤੋਂ ਪਰੇ ਰਹਿੰਦਾ ਹਾਂ।+

17 ਦੁਸ਼ਟਾਂ ਦਾ ਦੀਵਾ ਕਿੰਨੀ ਕੁ ਵਾਰ ਬੁਝਦਾ ਹੈ?+

ਉਨ੍ਹਾਂ ਉੱਤੇ ਕਿੰਨੀ ਕੁ ਵਾਰ ਬਿਪਤਾ ਆਉਂਦੀ ਹੈ?

ਉਨ੍ਹਾਂ ਨੂੰ ਨਾਸ਼ ਕਰਨ ਲਈ ਪਰਮੇਸ਼ੁਰ ਕਿੰਨੀ ਕੁ ਵਾਰ ਆਪਣਾ ਗੁੱਸਾ ਕੱਢਦਾ ਹੈ?

18 ਕੀ ਕਦੀ ਹਵਾ ਉਨ੍ਹਾਂ ਨੂੰ ਘਾਹ-ਫੂਸ ਵਾਂਗ ਉਡਾ ਪਾਈ ਹੈ?

ਕੀ ਕਦੇ ਹਨੇਰੀ ਉਨ੍ਹਾਂ ਨੂੰ ਤੂੜੀ ਵਾਂਗ ਉਡਾ ਕੇ ਲੈ ਗਈ ਹੈ?

19 ਪਰਮੇਸ਼ੁਰ ਦੁਸ਼ਟ ਇਨਸਾਨ ਦੀ ਸਜ਼ਾ ਉਸ ਦੇ ਪੁੱਤਰਾਂ ਲਈ ਰੱਖ ਛੱਡੇਗਾ।

ਪਰ ਪਰਮੇਸ਼ੁਰ ਉਸ ਨੂੰ ਵੀ ਸਜ਼ਾ ਦੇਵੇ ਤਾਂਕਿ ਉਸ ਨੂੰ ਵੀ ਇਸ ਦਾ ਪਤਾ ਚੱਲੇ।+

20 ਉਹ ਆਪਣੀਆਂ ਅੱਖਾਂ ਨਾਲ ਆਪਣੀ ਬਰਬਾਦੀ ਦੇਖੇ,

ਉਹ ਸਰਬਸ਼ਕਤੀਮਾਨ ਦੇ ਕ੍ਰੋਧ ਦੇ ਪਿਆਲੇ ਵਿੱਚੋਂ ਪੀਵੇ।+

21 ਜੇ ਉਸ ਦੇ ਮਹੀਨੇ ਘਟਾ ਦਿੱਤੇ ਜਾਣ,*

ਤਾਂ ਉਸ ਨੂੰ ਕੀ ਚਿੰਤਾ ਹੋਣੀ ਕਿ ਉਸ ਦੇ ਪਿੱਛੋਂ ਉਸ ਦੇ ਖ਼ਾਨਦਾਨ ਨਾਲ ਕੀ ਹੁੰਦਾ ਹੈ?+

22 ਕੀ ਕੋਈ ਪਰਮੇਸ਼ੁਰ ਨੂੰ ਗਿਆਨ ਦੀਆਂ ਗੱਲਾਂ ਸਿਖਾ ਸਕਦਾ ਹੈ*+

ਜਦ ਕਿ ਵੱਡਿਆਂ-ਵੱਡਿਆਂ ਦਾ ਨਿਆਂ ਤਾਂ ਉਹੀ ਕਰਦਾ ਹੈ?+

23 ਅਜਿਹਾ ਇਨਸਾਨ ਵੀ ਮਰ ਜਾਂਦਾ ਹੈ ਜਿਸ ਵਿਚ ਭਰਪੂਰ ਤਾਕਤ ਹੁੰਦੀ ਹੈ,+

ਜੋ ਸੁੱਖ-ਚੈਨ ਨਾਲ ਜੀ ਰਿਹਾ ਹੁੰਦਾ ਹੈ,+

24 ਉਸ ਦੇ ਪੱਟਾਂ ਉੱਤੇ ਚਰਬੀ ਚੜ੍ਹੀ ਹੁੰਦੀ ਹੈ

ਅਤੇ ਉਸ ਦੀਆਂ ਹੱਡੀਆਂ ਮਜ਼ਬੂਤ ਹੁੰਦੀਆਂ ਹਨ।*

25 ਪਰ ਇਕ ਅਜਿਹਾ ਇਨਸਾਨ ਵੀ ਹੈ ਜੋ ਬਹੁਤ ਦੁਖੀ ਹੋ ਕੇ* ਮਰਦਾ ਹੈ

ਜਿਸ ਨੇ ਕਦੇ ਚੰਗੀਆਂ ਚੀਜ਼ਾਂ ਦਾ ਸੁਆਦ ਹੀ ਨਹੀਂ ਚੱਖਿਆ।

26 ਉਹ ਇਕੱਠੇ ਮਿੱਟੀ ਵਿਚ ਮਿਲ ਜਾਣਗੇ+

ਅਤੇ ਕੀੜੇ ਉਨ੍ਹਾਂ ਦੋਹਾਂ ਨੂੰ ਢਕ ਲੈਣਗੇ।+

27 ਦੇਖੋ! ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਤੁਸੀਂ ਕੀ ਸੋਚ ਰਹੇ ਹੋ

ਅਤੇ ਉਨ੍ਹਾਂ ਸਾਜ਼ਸ਼ਾਂ ਨੂੰ ਵੀ ਜੋ ਤੁਸੀਂ ਮੇਰੇ ਖ਼ਿਲਾਫ਼* ਘੜਦੇ ਹੋ।+

28 ਤੁਸੀਂ ਕਹਿੰਦੇ ਹੋ, ‘ਮੰਨੇ-ਪ੍ਰਮੰਨੇ ਆਦਮੀ ਦਾ ਘਰ ਕਿੱਥੇ ਹੈ

ਅਤੇ ਉਹ ਤੰਬੂ ਕਿੱਥੇ ਹੈ ਜਿੱਥੇ ਦੁਸ਼ਟ ਵੱਸਦਾ ਸੀ?’+

29 ਕੀ ਤੁਸੀਂ ਰਾਹੀਆਂ ਕੋਲੋਂ ਨਹੀਂ ਪੁੱਛਿਆ?

ਕੀ ਤੁਸੀਂ ਉਨ੍ਹਾਂ ਦੀਆਂ ਦੇਖੀਆਂ-ਪਰਖੀਆਂ ਗੱਲਾਂ* ਉੱਤੇ ਗੌਰ ਨਹੀਂ ਕਰਦੇ

30 ਕਿ ਬੁਰੇ ਇਨਸਾਨ ਨੂੰ ਬਿਪਤਾ ਦੇ ਦਿਨ ਬਖ਼ਸ਼ ਦਿੱਤਾ ਜਾਂਦਾ ਹੈ

ਅਤੇ ਕ੍ਰੋਧ ਦੇ ਦਿਨ ਉਸ ਨੂੰ ਬਚਾ ਲਿਆ ਜਾਂਦਾ ਹੈ?

31 ਕੌਣ ਉਸ ਦੇ ਮੂੰਹ ʼਤੇ ਦੱਸੇਗਾ ਕਿ ਉਸ ਦਾ ਰਾਹ ਕਿਹੋ ਜਿਹਾ ਹੈ

ਅਤੇ ਕੌਣ ਉਸ ਦੀ ਕੀਤੀ ਦੀ ਸਜ਼ਾ ਉਸ ਨੂੰ ਦੇਵੇਗਾ?

32 ਜਦ ਉਸ ਨੂੰ ਕਬਰਸਤਾਨ ਲਿਜਾਇਆ ਜਾਂਦਾ ਹੈ,

ਉਦੋਂ ਉਸ ਦੀ ਕਬਰ ʼਤੇ ਪਹਿਰਾ ਦਿੱਤਾ ਜਾਂਦਾ ਹੈ।

33 ਘਾਟੀ ਦੀ ਮਿੱਟੀ ਦੇ ਡਲ਼ੇ ਉਸ ਨੂੰ ਮਿੱਠੇ ਲੱਗਣਗੇ,+

ਸਾਰੀ ਮਨੁੱਖਜਾਤੀ ਉਸ ਦੇ ਪਿੱਛੇ-ਪਿੱਛੇ ਜਾਂਦੀ ਹੈ,*+

ਜਿਵੇਂ ਅਣਗਿਣਤ ਲੋਕ ਉਸ ਤੋਂ ਪਹਿਲਾਂ ਚਲੇ ਗਏ ਹਨ।

34 ਫਿਰ ਤੁਸੀਂ ਮੈਨੂੰ ਫੋਕੀ ਤਸੱਲੀ ਕਿਉਂ ਦਿੰਦੇ ਹੋ?+

ਤੁਹਾਡੇ ਜਵਾਬਾਂ ਵਿਚ ਧੋਖਾ ਹੀ ਧੋਖਾ ਹੈ!”

22 ਅਲੀਫਾਜ਼+ ਤੇਮਾਨੀ ਨੇ ਜਵਾਬ ਦਿੱਤਾ:

 2 “ਕੀ ਕੋਈ ਇਨਸਾਨ ਪਰਮੇਸ਼ੁਰ ਦੇ ਕੰਮ ਆ ਸਕਦਾ?

ਡੂੰਘੀ ਸਮਝ ਵਾਲਾ ਇਨਸਾਨ ਉਹਦੇ ਕਿਸ ਕੰਮ ਦਾ?+

 3 ਕੀ ਤੇਰੇ ਧਰਮੀ ਹੋਣ ਨਾਲ ਸਰਬਸ਼ਕਤੀਮਾਨ ਨੂੰ ਕੋਈ ਫ਼ਰਕ ਪੈਂਦਾ?*

ਕੀ ਤੇਰੇ ਵਫ਼ਾਦਾਰੀ* ਦੇ ਰਾਹ ʼਤੇ ਚੱਲਣ ਨਾਲ ਉਸ ਨੂੰ ਕੋਈ ਲਾਭ ਹੁੰਦਾ?+

 4 ਤੇਰੇ ਸ਼ਰਧਾ ਰੱਖਣ ਕਰਕੇ

ਕੀ ਉਹ ਤੈਨੂੰ ਸਜ਼ਾ ਦੇਵੇਗਾ ਅਤੇ ਤੇਰੇ ਨਾਲ ਮੁਕੱਦਮਾ ਲੜੇਗਾ?

 5 ਕੀ ਇਹ ਇਸ ਕਰਕੇ ਨਹੀਂ ਕਿ ਤੇਰੀ ਬੁਰਾਈ ਬਹੁਤ ਵਧ ਗਈ ਹੈ

ਅਤੇ ਤੇਰੇ ਗੁਨਾਹਾਂ ਦਾ ਕੋਈ ਅੰਤ ਨਹੀਂ?+

 6 ਤੂੰ ਬੇਵਜ੍ਹਾ ਆਪਣੇ ਭਰਾਵਾਂ ਦੀਆਂ ਚੀਜ਼ਾਂ ਗਹਿਣੇ ਰੱਖ ਲੈਂਦਾ ਹੈਂ,

ਤੂੰ ਲੋਕਾਂ ਦੇ ਕੱਪੜੇ ਲਾਹ ਲੈਂਦਾ ਹੈਂ ਤੇ ਉਨ੍ਹਾਂ ਨੂੰ ਨੰਗਾ ਛੱਡ ਦਿੰਦਾ ਹੈਂ।*+

 7 ਤੂੰ ਥੱਕੇ ਹੋਏ ਨੂੰ ਪਾਣੀ ਨਹੀਂ ਪਿਲਾਉਂਦਾ,

ਤੂੰ ਭੁੱਖੇ ਨੂੰ ਰੋਟੀ ਨਹੀਂ ਖਿਲਾਉਂਦਾ।+

 8 ਜੋ ਤਾਕਤਵਰ ਹੈ, ਜ਼ਮੀਨ ਉਸ ਦੀ ਹੈ,+

ਜੋ ਮੰਨਿਆ-ਪ੍ਰਮੰਨਿਆ ਹੈ, ਉਹੀ ਇਸ ਵਿਚ ਵੱਸਦਾ ਹੈ।

 9 ਪਰ ਤੂੰ ਵਿਧਵਾਵਾਂ ਨੂੰ ਖਾਲੀ ਹੱਥ ਮੋੜ ਦਿੱਤਾ

ਅਤੇ ਯਤੀਮਾਂ* ਦੀਆਂ ਬਾਹਾਂ ਭੰਨ ਦਿੱਤੀਆਂ।

10 ਇਸੇ ਕਰਕੇ ਤੇਰੇ ਚਾਰੇ ਪਾਸੇ ਫੰਦੇ* ਹਨ,+

ਖ਼ੌਫ਼ ਅਚਾਨਕ ਤੈਨੂੰ ਡਰਾਉਂਦਾ ਹੈ;

11 ਇਸੇ ਕਰਕੇ ਇੰਨਾ ਹਨੇਰਾ ਹੈ ਕਿ ਤੂੰ ਦੇਖ ਨਹੀਂ ਸਕਦਾ,

ਪਾਣੀ ਦੇ ਹੜ੍ਹ ਨੇ ਤੈਨੂੰ ਢਕ ਲਿਆ ਹੈ।

12 ਕੀ ਪਰਮੇਸ਼ੁਰ ਆਕਾਸ਼ ਦੀਆਂ ਉਚਾਈਆਂ ʼਤੇ ਨਹੀਂ?

ਸਾਰੇ ਤਾਰਿਆਂ ਨੂੰ ਦੇਖ ਕਿ ਉਹ ਕਿੰਨੇ ਉੱਚੇ ਹਨ।

13 ਪਰ ਤੂੰ ਕਿਹਾ: ‘ਪਰਮੇਸ਼ੁਰ ਅਸਲ ਵਿਚ ਜਾਣਦਾ ਹੀ ਕੀ ਹੈ?

ਕੀ ਉਹ ਕਾਲੀਆਂ ਘਟਾਵਾਂ ਥਾਣੀਂ ਦੇਖ ਕੇ ਨਿਆਂ ਕਰ ਸਕਦਾ?

14 ਉਹ ਆਕਾਸ਼ ਦੇ ਗੁੰਬਦ* ਉੱਤੇ ਤੁਰਦਾ-ਫਿਰਦਾ ਹੈ,

ਬੱਦਲ ਉਸ ਅੱਗੇ ਪਰਦਾ ਕਰ ਦਿੰਦੇ ਹਨ ਜਿਸ ਕਰਕੇ ਉਹ ਦੇਖ ਨਹੀਂ ਪਾਉਂਦਾ।’

15 ਕੀ ਤੂੰ ਉਸ ਪੁਰਾਣੇ ਰਾਹ ʼਤੇ ਚੱਲੇਂਗਾ

ਜਿਸ ʼਤੇ ਦੁਸ਼ਟ ਆਦਮੀ ਚੱਲਦੇ ਆਏ ਹਨ,

16 ਹਾਂ, ਉਹ ਆਦਮੀ ਜੋ ਆਪਣੇ ਸਮੇਂ ਤੋਂ ਪਹਿਲਾਂ ਹੀ ਖੋਹ ਲਏ ਗਏ,*

ਜਿਨ੍ਹਾਂ ਦੀ ਨੀਂਹ ਨੂੰ ਹੜ੍ਹ* ਵਹਾ ਕੇ ਲੈ ਗਿਆ?+

17 ਉਹ ਸੱਚੇ ਪਰਮੇਸ਼ੁਰ ਨੂੰ ਕਹਿ ਰਹੇ ਸਨ: ‘ਸਾਨੂੰ ਇਕੱਲਾ ਛੱਡ ਦੇ!’

‘ਸਰਬਸ਼ਕਤੀਮਾਨ ਸਾਡਾ ਕੀ ਕਰ ਸਕਦਾ ਹੈ?’

18 ਫਿਰ ਵੀ ਉਸ ਨੇ ਹੀ ਉਨ੍ਹਾਂ ਦੇ ਘਰਾਂ ਨੂੰ ਚੰਗੀਆਂ ਚੀਜ਼ਾਂ ਨਾਲ ਭਰਿਆ।

(ਅਜਿਹੀ ਬੁਰੀ ਸੋਚ ਤੋਂ ਮੈਂ ਪਰੇ ਰਹਿੰਦਾ ਹਾਂ।)

19 ਧਰਮੀ ਇਹ ਦੇਖ ਕੇ ਖ਼ੁਸ਼ ਹੋਣਗੇ

ਅਤੇ ਨਿਰਦੋਸ਼ ਇਨਸਾਨ ਉਨ੍ਹਾਂ ਦਾ ਮਜ਼ਾਕ ਉਡਾਉਂਦਾ ਹੋਇਆ ਕਹੇਗਾ:

20 ‘ਸਾਡੇ ਵਿਰੋਧੀ ਮਿਟ ਗਏ ਹਨ,

ਉਨ੍ਹਾਂ ਦੀ ਰਹਿੰਦ-ਖੂੰਹਦ ਨੂੰ ਅੱਗ ਭਸਮ ਕਰ ਦੇਵੇਗੀ।’

21 ਪਰਮੇਸ਼ੁਰ ਨੂੰ ਜਾਣ ਤੇ ਤੈਨੂੰ ਸ਼ਾਂਤੀ ਮਿਲੇਗੀ;

ਫਿਰ ਤੇਰੇ ਨਾਲ ਸਭ ਕੁਝ ਚੰਗਾ ਹੋਵੇਗਾ।

22 ਉਸ ਦੇ ਮੂੰਹੋਂ ਨਿਕਲੇ ਕਾਨੂੰਨ ਨੂੰ ਕਬੂਲ ਕਰ,

ਉਸ ਦੀਆਂ ਗੱਲਾਂ ਆਪਣੇ ਦਿਲ ਵਿਚ ਸਾਂਭ ਰੱਖ।+

23 ਜੇ ਤੂੰ ਸਰਬਸ਼ਕਤੀਮਾਨ ਵੱਲ ਮੁੜੇਂ, ਤਾਂ ਤੂੰ ਫਿਰ ਖ਼ੁਸ਼ਹਾਲ ਹੋ ਜਾਵੇਂਗਾ;+

ਜੇ ਤੂੰ ਬੁਰਾਈ ਨੂੰ ਆਪਣੇ ਤੰਬੂ ਤੋਂ ਦੂਰ ਕਰੇਂ,

24 ਜੇ ਤੂੰ ਆਪਣਾ ਸੋਨਾ* ਖ਼ਾਕ ਵਿਚ

ਅਤੇ ਓਫੀਰ ਦਾ ਸੋਨਾ+ ਚਟਾਨੀ ਘਾਟੀਆਂ* ਵਿਚ ਸੁੱਟ ਦੇਵੇਂ,

25 ਤਾਂ ਸਰਬਸ਼ਕਤੀਮਾਨ ਤੇਰਾ ਸੋਨਾ*

ਅਤੇ ਤੇਰੀ ਉੱਤਮ ਚਾਂਦੀ ਹੋਵੇਗਾ।

26 ਫਿਰ ਤੂੰ ਸਰਬਸ਼ਕਤੀਮਾਨ ਦੇ ਕਾਰਨ ਬੇਹੱਦ ਖ਼ੁਸ਼ ਹੋਵੇਂਗਾ,

ਤੂੰ ਪਰਮੇਸ਼ੁਰ ਵੱਲ ਆਪਣਾ ਮੂੰਹ ਚੁੱਕ ਸਕੇਂਗਾ।

27 ਤੂੰ ਉਸ ਨੂੰ ਬੇਨਤੀ ਕਰੇਂਗਾ ਤੇ ਉਹ ਤੇਰੀ ਸੁਣੇਗਾ;

ਤੂੰ ਆਪਣੀਆਂ ਸੁੱਖਣਾਂ ਪੂਰੀਆਂ ਕਰੇਂਗਾ।

28 ਤੂੰ ਜੋ ਵੀ ਕਰਨ ਦੀ ਠਾਣੇਗਾ, ਉਸ ਵਿਚ ਤੂੰ ਕਾਮਯਾਬ ਹੋਵੇਂਗਾ,

ਚਾਨਣ ਤੇਰੇ ਰਾਹ ਨੂੰ ਰੌਸ਼ਨ ਕਰੇਗਾ।

29 ਜੇ ਤੂੰ ਹੰਕਾਰ ਨਾਲ ਬੋਲੇਂਗਾ, ਤਾਂ ਤੂੰ ਬੇਇੱਜ਼ਤ ਹੋਵੇਂਗਾ,

ਪਰ ਉਹ ਨਿਮਰ ਇਨਸਾਨ ਨੂੰ* ਬਚਾਵੇਗਾ।

30 ਉਹ ਉਨ੍ਹਾਂ ਨੂੰ ਬਚਾਵੇਗਾ ਜੋ ਨਿਰਦੋਸ਼ ਹਨ;

ਇਸ ਲਈ ਜੇ ਤੇਰੇ ਹੱਥ ਸ਼ੁੱਧ ਹਨ, ਤਾਂ ਤੈਨੂੰ ਜ਼ਰੂਰ ਬਚਾਇਆ ਜਾਵੇਗਾ।”

23 ਅੱਯੂਬ ਨੇ ਜਵਾਬ ਦਿੱਤਾ:

 2 “ਮੈਂ ਅੱਜ ਵੀ ਅੜੀਆਂ ਕਰ-ਕਰ ਕੇ ਗਿਲਾ ਕਰਾਂਗਾ;*+

ਹਉਕੇ ਭਰ-ਭਰ ਕੇ ਮੈਂ ਥੱਕ ਗਿਆ ਹਾਂ।

 3 ਕਾਸ਼ ਮੈਂ ਜਾਣਦਾ ਕਿ ਪਰਮੇਸ਼ੁਰ ਕਿੱਥੇ ਮਿਲ ਸਕਦਾ ਹੈ!+

ਫਿਰ ਮੈਂ ਉਸ ਦੇ ਨਿਵਾਸ-ਸਥਾਨ ਵਿਚ ਜਾਂਦਾ।+

 4 ਮੈਂ ਉਸ ਅੱਗੇ ਆਪਣਾ ਮੁਕੱਦਮਾ ਪੇਸ਼ ਕਰਦਾ

ਅਤੇ ਦਲੀਲਾਂ ਨਾਲ ਆਪਣਾ ਮੂੰਹ ਭਰਦਾ;

 5 ਮੈਂ ਜਾਣ ਲੈਂਦਾ ਕਿ ਉਹ ਮੈਨੂੰ ਕੀ ਜਵਾਬ ਦਿੰਦਾ,

ਜੋ ਉਹ ਕਹਿੰਦਾ, ਉਸ ਵੱਲ ਮੈਂ ਧਿਆਨ ਦਿੰਦਾ।

 6 ਕੀ ਪਰਮੇਸ਼ੁਰ ਆਪਣੀ ਡਾਢੀ ਤਾਕਤ ਵਰਤ ਕੇ ਮੇਰੇ ਨਾਲ ਲੜਦਾ?

ਨਹੀਂ, ਉਹ ਜ਼ਰੂਰ ਮੇਰੀ ਗੱਲ ਸੁਣਦਾ।+

 7 ਉੱਥੇ ਨੇਕ ਇਨਸਾਨ ਉਸ ਨਾਲ ਆਪਣਾ ਮਾਮਲਾ ਸੁਲਝਾ ਸਕਦਾ,

ਮੇਰਾ ਨਿਆਂਕਾਰ ਮੈਨੂੰ ਹਮੇਸ਼ਾ ਲਈ ਬਰੀ ਕਰ ਦਿੰਦਾ।

 8 ਪਰ ਜੇ ਮੈਂ ਪੂਰਬ ਵੱਲ ਜਾਂਦਾ ਹਾਂ, ਤਾਂ ਉੱਥੇ ਉਹ ਹੁੰਦਾ ਨਹੀਂ;

ਮੈਂ ਵਾਪਸ ਆ ਜਾਂਦਾ ਹਾਂ ਤੇ ਉਹ ਮੈਨੂੰ ਲੱਭਦਾ ਨਹੀਂ।

 9 ਜਦ ਉਹ ਖੱਬੇ ਪਾਸੇ ਕੰਮ ਕਰ ਰਿਹਾ ਹੁੰਦਾ ਹੈ, ਤਾਂ ਉਹ ਮੈਨੂੰ ਦਿਖਾਈ ਨਹੀਂ ਦਿੰਦਾ;

ਫਿਰ ਉਹ ਸੱਜੇ ਪਾਸੇ ਨੂੰ ਮੁੜ ਜਾਂਦਾ ਹੈ, ਪਰ ਫਿਰ ਵੀ ਉਹ ਮੈਨੂੰ ਨਜ਼ਰ ਨਹੀਂ ਆਉਂਦਾ।

10 ਉਹ ਜਾਣਦਾ ਹੈ ਕਿ ਮੈਂ ਕਿਸ ਰਾਹ ʼਤੇ ਜਾਂਦਾ ਹਾਂ।+

ਜਦੋਂ ਉਹ ਮੈਨੂੰ ਤਾਅ ਲਵੇਗਾ, ਤਾਂ ਮੈਂ ਖਾਲਸ ਸੋਨਾ ਬਣ ਜਾਵਾਂਗਾ।+

11 ਮੇਰੇ ਕਦਮ ਉਸ ਦੇ ਨਕਸ਼ੇ-ਕਦਮਾਂ ਉੱਤੇ ਧਿਆਨ ਨਾਲ ਚੱਲੇ ਹਨ;

ਮੈਂ ਬਿਨਾਂ ਭਟਕੇ ਉਸ ਦੇ ਰਾਹ ʼਤੇ ਚੱਲਦਾ ਰਿਹਾ ਹਾਂ।+

12 ਮੈਂ ਉਸ ਦੇ ਬੁੱਲ੍ਹਾਂ ਦੇ ਹੁਕਮ ਨੂੰ ਮੰਨਣੋਂ ਨਹੀਂ ਹਟਿਆ।

ਜਿੰਨੀ ਮੈਥੋਂ ਮੰਗ ਕੀਤੀ ਗਈ ਸੀ,* ਉਸ ਤੋਂ ਕਿਤੇ ਜ਼ਿਆਦਾ ਮੈਂ ਉਸ ਦੀਆਂ ਗੱਲਾਂ ਸਾਂਭ ਕੇ ਰੱਖੀਆਂ।+

13 ਜਦ ਉਹ ਠਾਣ ਲੈਂਦਾ ਹੈ, ਤਾਂ ਕੌਣ ਉਸ ਨੂੰ ਰੋਕ ਸਕਦਾ ਹੈ?+

ਜਦ ਉਹ ਕੁਝ ਕਰਨਾ ਚਾਹੁੰਦਾ ਹੈ, ਤਾਂ ਉਹ ਕਰ ਕੇ ਹੀ ਹਟਦਾ ਹੈ।+

14 ਮੇਰੇ ਲਈ ਜੋ ਠਾਣਿਆ* ਗਿਆ ਹੈ, ਉਸ ਨੂੰ ਉਹ ਪੂਰਾ ਕਰ ਕੇ ਹਟੇਗਾ,

ਉਸ ਨੇ ਅਜਿਹੀਆਂ ਕਈ ਗੱਲਾਂ ਸੋਚ ਰੱਖੀਆਂ ਹਨ।

15 ਇਹੀ ਵਜ੍ਹਾ ਹੈ ਕਿ ਮੈਂ ਪਰਮੇਸ਼ੁਰ ਕਾਰਨ ਚਿੰਤਾ ਵਿਚ ਹਾਂ;

ਉਸ ਬਾਰੇ ਸੋਚ ਕੇ ਮੈਂ ਹੋਰ ਵੀ ਡਰ ਜਾਂਦਾ ਹਾਂ।

16 ਪਰਮੇਸ਼ੁਰ ਨੇ ਮੈਨੂੰ ਕਮਜ਼ੋਰ ਦਿਲ ਵਾਲਾ ਬਣਾ ਦਿੱਤਾ ਹੈ,

ਸਰਬਸ਼ਕਤੀਮਾਨ ਨੇ ਮੈਨੂੰ ਡਰਾ ਦਿੱਤਾ ਹੈ।

17 ਪਰ ਮੈਂ ਹਾਲੇ ਵੀ ਹਨੇਰੇ ਦੇ ਕਾਰਨ ਖ਼ਾਮੋਸ਼ ਨਹੀਂ ਹੋਇਆਂ,

ਨਾ ਹੀ ਉਸ ਘੁੱਪ ਹਨੇਰੇ ਦੇ ਕਾਰਨ ਚੁੱਪ ਹੋਇਆਂ ਜਿਸ ਨੇ ਮੇਰੇ ਚਿਹਰੇ ਨੂੰ ਢਕ ਲਿਆ ਹੈ।

24 “ਸਰਬਸ਼ਕਤੀਮਾਨ ਇਕ ਸਮਾਂ ਕਿਉਂ ਨਹੀਂ ਠਹਿਰਾਉਂਦਾ?+

ਉਸ ਨੂੰ ਜਾਣਨ ਵਾਲੇ ਉਸ ਦੇ ਦਿਨ* ਨੂੰ ਕਿਉਂ ਨਹੀਂ ਦੇਖਦੇ?

 2 ਲੋਕ ਹੱਦਾਂ ʼਤੇ ਲੱਗੇ ਨਿਸ਼ਾਨਾਂ ਨੂੰ ਖਿਸਕਾ ਦਿੰਦੇ ਹਨ;+

ਉਹ ਇੱਜੜ ਚੁਰਾ ਕੇ ਆਪਣੀ ਚਰਾਂਦ ਵਿਚ ਲੈ ਜਾਂਦੇ ਹਨ।

 3 ਉਹ ਯਤੀਮਾਂ* ਦਾ ਗਧਾ ਹੱਕ ਕੇ ਲੈ ਜਾਂਦੇ ਹਨ

ਅਤੇ ਵਿਧਵਾ ਦਾ ਬਲਦ ਫੜ ਕੇ ਗਹਿਣੇ ਰੱਖ ਲੈਂਦੇ ਹਨ।+

 4 ਉਹ ਗ਼ਰੀਬਾਂ ਨੂੰ ਰਾਹ ਛੱਡਣ ਲਈ ਮਜਬੂਰ ਕਰਦੇ ਹਨ;

ਧਰਤੀ ਦੇ ਲਾਚਾਰਾਂ ਨੂੰ ਉਨ੍ਹਾਂ ਤੋਂ ਲੁਕਣਾ ਪੈਂਦਾ ਹੈ।+

 5 ਗ਼ਰੀਬ ਲੋਕ ਉਜਾੜ ਵਿਚ ਘੁੰਮਦੇ ਜੰਗਲੀ ਗਧਿਆਂ+ ਵਾਂਗ ਭੋਜਨ ਲਈ ਮਾਰੇ-ਮਾਰੇ ਫਿਰਦੇ ਹਨ;

ਉਹ ਰੇਗਿਸਤਾਨ ਵਿਚ ਆਪਣੇ ਬੱਚਿਆਂ ਲਈ ਰੋਟੀ ਦੀ ਤਲਾਸ਼ ਕਰਦੇ ਹਨ।

 6 ਉਨ੍ਹਾਂ ਨੂੰ ਕਿਸੇ ਹੋਰ ਦੇ ਖੇਤ ਵਿਚ ਵਾਢੀ ਕਰਨੀ ਪੈਂਦੀ ਹੈ*

ਅਤੇ ਦੁਸ਼ਟ ਦੇ ਅੰਗੂਰੀ ਬਾਗ਼ ਵਿੱਚੋਂ ਬਚੇ-ਖੁਚੇ ਅੰਗੂਰ ਚੁਗਣੇ ਪੈਂਦੇ ਹਨ।

 7 ਉਹ ਨੰਗੇ ਪਿੰਡੇ ਰਾਤ ਕੱਟਦੇ ਹਨ, ਹਾਂ, ਬਿਨਾਂ ਕੱਪੜਿਆਂ ਦੇ;+

ਠੰਢ ਵਿਚ ਉੱਤੇ ਲੈਣ ਲਈ ਉਨ੍ਹਾਂ ਕੋਲ ਕੁਝ ਵੀ ਨਹੀਂ।

 8 ਪਹਾੜਾਂ ਵਿਚ ਹੁੰਦੀ ਵਰਖਾ ਨਾਲ ਉਹ ਭਿੱਜ ਜਾਂਦੇ ਹਨ;

ਲੁਕਣ ਲਈ ਥਾਂ ਨਾ ਹੋਣ ਕਰਕੇ ਉਹ ਚਟਾਨਾਂ ਨਾਲ ਚਿੰਬੜ ਜਾਂਦੇ ਹਨ।

 9 ਯਤੀਮ* ਨੂੰ ਉਸ ਦੀ ਮਾਂ ਦੀ ਛਾਤੀ ਤੋਂ ਧੂਹ ਲਿਆ ਜਾਂਦਾ ਹੈ;+

ਗ਼ਰੀਬ ਦੇ ਕੱਪੜੇ ਗਹਿਣੇ ਰੱਖ ਲਏ ਜਾਂਦੇ ਹਨ,+

10 ਉਨ੍ਹਾਂ ਨੂੰ ਨੰਗੇ ਪਿੰਡੇ, ਹਾਂ, ਬਿਨਾਂ ਕੱਪੜਿਆਂ ਦੇ ਫਿਰਨ ਲਈ ਮਜਬੂਰ ਕੀਤਾ ਜਾਂਦਾ ਹੈ,

ਉਹ ਭੁੱਖਣ-ਭਾਣੇ ਅਨਾਜ ਦੀਆਂ ਭਰੀਆਂ ਚੁੱਕੀ ਫਿਰਦੇ ਹਨ।

11 ਉਹ ਖੇਤਾਂ* ਵਿਚ ਡੱਕਿਆਂ ਵਿਚਕਾਰ ਤੇਜ਼ ਧੁੱਪ ਵਿਚ ਮਿਹਨਤ-ਮੁਸ਼ੱਕਤ ਕਰਦੇ ਹਨ;*

ਉਹ ਚੁਬੱਚਿਆਂ ਵਿਚ ਅੰਗੂਰ ਮਿੱਧਦੇ ਹਨ, ਪਰ ਆਪ ਪਿਆਸੇ ਰਹਿੰਦੇ ਹਨ।+

12 ਮਰ ਰਹੇ ਲੋਕ ਸ਼ਹਿਰ ਵਿਚ ਕਰਾਹੁੰਦੇ ਫਿਰਦੇ ਹਨ;

ਬੁਰੀ ਤਰ੍ਹਾਂ ਜ਼ਖ਼ਮੀ ਲੋਕ ਮਦਦ ਲਈ ਪੁਕਾਰਦੇ ਹਨ,+

ਪਰ ਇਸ ਨਾਲ ਪਰਮੇਸ਼ੁਰ ਨੂੰ ਕੋਈ ਫ਼ਰਕ ਨਹੀਂ ਪੈਂਦਾ।*

13 ਅਜਿਹੇ ਲੋਕ ਵੀ ਹਨ ਜਿਹੜੇ ਚਾਨਣ ਵਿਰੁੱਧ ਬਗਾਵਤ ਕਰਦੇ ਹਨ;+

ਉਹ ਇਸ ਦੇ ਰਸਤਿਆਂ ਨੂੰ ਨਹੀਂ ਜਾਣਦੇ

ਅਤੇ ਇਸ ਦੇ ਰਾਹਾਂ ʼਤੇ ਨਹੀਂ ਚੱਲਦੇ।

14 ਕਾਤਲ ਪਹੁ ਫੁੱਟਦਿਆਂ ਹੀ ਉੱਠ ਜਾਂਦਾ ਹੈ;

ਉਹ ਲਾਚਾਰ ਤੇ ਗ਼ਰੀਬ ਨੂੰ ਵੱਢ ਸੁੱਟਦਾ ਹੈ+

ਅਤੇ ਰਾਤ ਨੂੰ ਉਹ ਚੋਰੀਆਂ ਕਰਦਾ ਹੈ।

15 ਹਰਾਮਕਾਰ ਦੀ ਅੱਖ ਸ਼ਾਮ ਢਲ਼ਣ ਦੀ ਉਡੀਕ ਕਰਦੀ ਹੈ,+

ਉਹ ਕਹਿੰਦਾ ਹੈ, ‘ਮੈਨੂੰ ਕੋਈ ਨਹੀਂ ਦੇਖੇਗਾ!’+

ਅਤੇ ਆਪਣਾ ਚਿਹਰਾ ਢਕ ਲੈਂਦਾ ਹੈ।

16 ਹਨੇਰਾ ਹੋਣ ਤੇ ਉਹ ਘਰਾਂ ਵਿਚ ਸੰਨ੍ਹ ਲਾਉਂਦੇ ਹਨ;

ਦਿਨ ਚੜ੍ਹਦਿਆਂ ਹੀ ਉਹ ਲੁਕ ਜਾਂਦੇ ਹਨ।

ਉਹ ਚਾਨਣ ਨੂੰ ਨਹੀਂ ਜਾਣਦੇ।+

17 ਉਨ੍ਹਾਂ ਲਈ ਸਵੇਰਾ ਤੇ ਘੁੱਪ ਹਨੇਰਾ ਇੱਕੋ ਜਿਹੇ ਹਨ;

ਘੋਰ ਹਨੇਰੇ ਦੇ ਖ਼ੌਫ਼ ਤੋਂ ਉਹ ਚੰਗੀ ਤਰ੍ਹਾਂ ਵਾਕਫ਼ ਹਨ।

18 ਪਰ ਪਾਣੀ ਉਨ੍ਹਾਂ ਨੂੰ ਤੇਜ਼ੀ ਨਾਲ ਰੋੜ੍ਹ ਲੈ ਜਾਂਦੇ ਹਨ।*

ਉਨ੍ਹਾਂ ਦੀ ਜ਼ਮੀਨ ਦਾ ਹਿੱਸਾ ਸਰਾਪਿਆ ਜਾਵੇਗਾ।+

ਉਹ ਆਪਣੇ ਅੰਗੂਰੀ ਬਾਗ਼ਾਂ ਨੂੰ ਨਹੀਂ ਮੁੜਨਗੇ।

19 ਜਿਵੇਂ ਸੋਕਾ ਅਤੇ ਗਰਮੀ ਬਰਫ਼ੀਲੇ ਪਾਣੀਆਂ ਨੂੰ ਸੁਕਾ ਦਿੰਦੇ ਹਨ,

ਉਸੇ ਤਰ੍ਹਾਂ ਕਬਰ* ਪਾਪੀਆਂ ਨੂੰ ਲੈ ਜਾਂਦੀ ਹੈ!+

20 ਉਸ ਦੀ ਮਾਤਾ* ਉਸ ਨੂੰ ਭੁੱਲ ਜਾਵੇਗੀ; ਉਹ ਕੀੜਿਆਂ ਦੀ ਦਾਅਵਤ ਬਣੇਗਾ।

ਉਸ ਦੀ ਯਾਦ ਮਿਟ ਜਾਵੇਗੀ।+

ਬੁਰਾਈ ਨੂੰ ਇਕ ਰੁੱਖ ਵਾਂਗ ਤੋੜਿਆ ਜਾਵੇਗਾ।

21 ਉਹ ਬਾਂਝ ਔਰਤ ਦਾ ਸ਼ਿਕਾਰ ਕਰਦਾ ਹੈ

ਅਤੇ ਵਿਧਵਾ ਨਾਲ ਮਾੜਾ ਸਲੂਕ ਕਰਦਾ ਹੈ।

22 ਪਰਮੇਸ਼ੁਰ* ਆਪਣੀ ਤਾਕਤ

ਨਾਲ ਤਕੜਿਆਂ ਨੂੰ ਖ਼ਤਮ ਕਰ ਦੇਵੇਗਾ;

ਭਾਵੇਂ ਉਹ ਉੱਠ ਖੜ੍ਹੇ ਹੋਣ, ਪਰ ਉਨ੍ਹਾਂ ਨੂੰ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ।

23 ਪਰਮੇਸ਼ੁਰ* ਉਨ੍ਹਾਂ ਨੂੰ ਬੇਖ਼ੌਫ਼ ਅਤੇ ਮਹਿਫੂਜ਼ ਰਹਿਣ ਦਿੰਦਾ ਹੈ,+

ਪਰ ਉਸ ਦੀਆਂ ਨਜ਼ਰਾਂ ਉਨ੍ਹਾਂ ਦੇ ਹਰ ਕੰਮ ʼਤੇ* ਹੁੰਦੀਆਂ ਹਨ।+

24 ਉਹ ਥੋੜ੍ਹੇ ਚਿਰ ਲਈ ਉੱਚੇ ਕੀਤੇ ਜਾਂਦੇ ਹਨ, ਫਿਰ ਉਹ ਹੁੰਦੇ ਹੀ ਨਹੀਂ।+

ਉਹ ਨੀਵੇਂ ਕੀਤੇ ਜਾਂਦੇ ਹਨ+ ਤੇ ਉਨ੍ਹਾਂ ਨੂੰ ਬਾਕੀਆਂ ਵਾਂਗ ਸਮੇਟਿਆ ਜਾਂਦਾ ਹੈ;

ਅਨਾਜ ਦੇ ਸਿੱਟਿਆਂ ਵਾਂਗ ਉਨ੍ਹਾਂ ਨੂੰ ਕੱਟਿਆ ਜਾਂਦਾ ਹੈ।

25 ਹੁਣ ਕੌਣ ਮੈਨੂੰ ਝੂਠਾ ਸਾਬਤ ਕਰ ਸਕਦਾ ਹੈ

ਜਾਂ ਮੇਰੀਆਂ ਗੱਲਾਂ ਨੂੰ ਝੁਠਲਾ ਸਕਦਾ ਹੈ?”

25 ਬਿਲਦਦ+ ਸ਼ੂਹੀ ਨੇ ਜਵਾਬ ਦਿੱਤਾ:

 2 “ਹਕੂਮਤ ਅਤੇ ਡਾਢੀ ਸ਼ਕਤੀ ਉਸ ਦੀ ਹੈ;

ਉਹ ਸਵਰਗ ਵਿਚ* ਸ਼ਾਂਤੀ ਕਾਇਮ ਕਰਦਾ ਹੈ।

 3 ਕੀ ਉਸ ਦੀਆਂ ਫ਼ੌਜਾਂ ਨੂੰ ਗਿਣਿਆ ਜਾ ਸਕਦਾ ਹੈ?

ਉਸ ਦਾ ਚਾਨਣ ਕਿਸ ਉੱਤੇ ਨਹੀਂ ਚਮਕਦਾ?

 4 ਤਾਂ ਫਿਰ, ਮਰਨਹਾਰ ਇਨਸਾਨ ਪਰਮੇਸ਼ੁਰ ਅੱਗੇ ਧਰਮੀ ਕਿਵੇਂ ਠਹਿਰ ਸਕਦਾ?+

ਤੀਵੀਂ ਤੋਂ ਜੰਮਿਆ ਕਿਵੇਂ ਬੇਕਸੂਰ* ਹੋ ਸਕਦਾ?+

 5 ਉਸ ਦੀਆਂ ਨਜ਼ਰਾਂ ਵਿਚ ਤਾਂ ਚੰਦ ਵੀ ਚਮਕੀਲਾ ਨਹੀਂ

ਅਤੇ ਨਾ ਹੀ ਤਾਰੇ ਸ਼ੁੱਧ ਹਨ,

 6 ਤਾਂ ਫਿਰ, ਮਰਨਹਾਰ ਇਨਸਾਨ ਦੀ ਕੀ ਹੈਸੀਅਤ ਜੋ ਬੱਸ ਇਕ ਕੀੜਾ ਹੀ ਹੈ,

ਆਦਮੀ ਦਾ ਪੁੱਤਰ ਜੋ ਇਕ ਗੰਡੋਆ ਹੀ ਹੈ!”

26 ਅੱਯੂਬ ਨੇ ਜਵਾਬ ਦਿੱਤਾ:

 2 “ਤੂੰ ਤਾਂ ਕਮਜ਼ੋਰ ਦੀ ਇੰਨੀ ਮਦਦ ਕੀਤੀ ਹੈ ਕਿ ਪੁੱਛੋ ਹੀ ਨਾ!

ਜਿਸ ਬਾਂਹ ਵਿਚ ਬਲ ਨਹੀਂ, ਉਹਨੂੰ ਤੂੰ ਕਿੰਨਾ ਸੰਭਾਲਿਆ!+

 3 ਅਕਲ ਦੀ ਘਾਟ ਵਾਲੇ ਨੂੰ ਦਿੱਤੀ ਤੇਰੀ ਸਲਾਹ ਦਾ ਤਾਂ ਕੋਈ ਜਵਾਬ ਹੀ ਨਹੀਂ!+

ਕਿੰਨੀ ਚੰਗੀ ਤਰ੍ਹਾਂ* ਤੂੰ ਆਪਣੀ ਅਕਲਮੰਦੀ* ਦਿਖਾਈ ਹੈ!

 4 ਤੂੰ ਕਿਹਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈਂ?

ਕਿਹਨੇ ਤੈਨੂੰ ਇੱਦਾਂ ਦੀਆਂ ਗੱਲਾਂ ਕਰਨ ਲਈ ਉਕਸਾਇਆ?*

 5 ਜਿਹੜੇ ਮੌਤ ਦੇ ਹੱਥਾਂ ਵਿਚ ਬੇਬੱਸ ਹਨ, ਉਹ ਕੰਬਦੇ ਹਨ;

ਉਹ ਪਾਣੀਆਂ ਅਤੇ ਉਨ੍ਹਾਂ ਵਿਚ ਰਹਿਣ ਵਾਲਿਆਂ ਤੋਂ ਵੀ ਹੇਠਾਂ ਹਨ।

 6 ਕਬਰ* ਪਰਮੇਸ਼ੁਰ ਦੇ* ਸਾਮ੍ਹਣੇ ਬੇਪਰਦਾ ਹੈ,+

ਵਿਨਾਸ਼ ਦੀ ਥਾਂ* ਉਸ ਅੱਗੇ ਖੁੱਲ੍ਹੀ ਪਈ ਹੈ।

 7 ਉਹ ਉੱਤਰੀ ਆਕਾਸ਼* ਨੂੰ ਖਾਲੀ ਥਾਂ* ਉੱਤੇ ਤਾਣਦਾ ਹੈ,+

ਉਹ ਧਰਤੀ ਨੂੰ ਬਿਨਾਂ ਸਹਾਰੇ ਦੇ ਲਟਕਾਉਂਦਾ ਹੈ;

 8 ਉਹ ਪਾਣੀਆਂ ਨੂੰ ਆਪਣੇ ਬੱਦਲਾਂ ਵਿਚ ਬੰਨ੍ਹਦਾ ਹੈ+

ਅਤੇ ਉਨ੍ਹਾਂ ਦੇ ਭਾਰ ਨਾਲ ਬੱਦਲ ਪਾਟਦੇ ਨਹੀਂ;

 9 ਉਹ ਆਪਣੇ ਸਿੰਘਾਸਣ ਨੂੰ ਢਕਣ ਲਈ

ਇਸ ਉੱਤੇ ਬੱਦਲ ਵਿਛਾਉਂਦਾ ਹੈ।+

10 ਉਹ ਪਾਣੀਆਂ ਦੀ ਸਤਹ ਦੀ ਹੱਦ* ਬੰਨ੍ਹਦਾ ਹੈ;+

ਉਹ ਚਾਨਣ ਅਤੇ ਹਨੇਰੇ ਵਿਚਕਾਰ ਸਰਹੱਦ ਠਹਿਰਾਉਂਦਾ ਹੈ।

11 ਆਕਾਸ਼ ਦੇ ਥੰਮ੍ਹ ਹਿਲ ਜਾਂਦੇ ਹਨ;

ਉਸ ਦੀ ਝਿੜਕ ਨਾਲ ਉਹ ਸੁੰਨ ਹੋ ਜਾਂਦੇ ਹਨ।

12 ਉਹ ਆਪਣੀ ਤਾਕਤ ਨਾਲ ਸਮੁੰਦਰ ਵਿਚ ਹਲਚਲ ਮਚਾ ਦਿੰਦਾ ਹੈ,+

ਆਪਣੀ ਸਮਝ ਨਾਲ ਉਹ ਵੱਡੇ ਸਮੁੰਦਰੀ ਜੀਵ* ਦੇ ਟੋਟੇ-ਟੋਟੇ ਕਰ ਦਿੰਦਾ ਹੈ।+

13 ਉਹ ਆਪਣੇ ਸਾਹ ਨਾਲ ਆਕਾਸ਼ਾਂ ਨੂੰ ਸਾਫ਼ ਕਰ ਦਿੰਦਾ ਹੈ;

ਹੱਥ ਨਾ ਆਉਣ ਵਾਲੇ* ਸੱਪ ਨੂੰ ਉਸ ਦਾ ਹੱਥ ਵਿੰਨ੍ਹ ਸੁੱਟਦਾ ਹੈ।

14 ਦੇਖ! ਇਹ ਤਾਂ ਉਸ ਦੇ ਕੰਮਾਂ ਦੀ ਇਕ ਝਲਕ ਹੀ ਹੈ;*+

ਇਹ ਉਸ ਬਾਰੇ ਸੁਣੀ ਹੌਲੀ ਜਿਹੀ ਆਵਾਜ਼ ਹੀ ਹੈ!

ਤਾਂ ਫਿਰ, ਉਸ ਦੀ ਜ਼ੋਰਦਾਰ ਗਰਜ ਨੂੰ ਕੌਣ ਸਮਝ ਸਕਦਾ ਹੈ?”+

27 ਅੱਯੂਬ ਨੇ ਆਪਣੀ ਗੱਲ* ਜਾਰੀ ਰੱਖਦੇ ਹੋਏ ਕਿਹਾ:

 2 “ਜੀਉਂਦੇ ਪਰਮੇਸ਼ੁਰ ਦੀ ਸਹੁੰ ਜਿਸ ਨੇ ਮੈਨੂੰ ਇਨਸਾਫ਼ ਤੋਂ ਵਾਂਝਾ ਰੱਖਿਆ,+

ਸਰਬਸ਼ਕਤੀਮਾਨ ਦੀ ਸਹੁੰ ਜਿਸ ਨੇ ਮੈਨੂੰ ਕੁੜੱਤਣ ਨਾਲ ਭਰ ਦਿੱਤਾ,+

 3 ਜਿੰਨਾ ਚਿਰ ਮੇਰੇ ਵਿਚ ਸੁਆਸ ਹਨ

ਅਤੇ ਪਰਮੇਸ਼ੁਰ ਤੋਂ ਮਿਲਿਆ ਸਾਹ ਮੇਰੀਆਂ ਨਾਸਾਂ ਵਿਚ ਹੈ,+

 4 ਮੇਰੇ ਬੁੱਲ੍ਹ ਬੁਰੀਆਂ ਗੱਲਾਂ ਨਹੀਂ ਕਰਨਗੇ;

ਨਾ ਮੇਰੀ ਜੀਭ ਧੋਖੇ ਭਰੀਆਂ ਗੱਲਾਂ ਬੁੜਬੁੜਾਏਗੀ!

 5 ਮੈਂ ਤੁਹਾਨੂੰ ਧਰਮੀ ਠਹਿਰਾਉਣ ਬਾਰੇ ਸੋਚ ਵੀ ਨਹੀਂ ਸਕਦਾ!

ਮਰਦੇ ਦਮ ਤਕ ਮੈਂ ਆਪਣੀ ਵਫ਼ਾਦਾਰੀ* ਨਹੀਂ ਛੱਡਾਂਗਾ!*+

 6 ਮੈਂ ਨੇਕੀ ਨੂੰ ਫੜੀ ਰੱਖਾਂਗਾ ਤੇ ਇਸ ਨੂੰ ਕਦੇ ਵੀ ਨਹੀਂ ਛੱਡਾਂਗਾ;+

ਜਦ ਤਕ ਮੈਂ ਜੀਉਂਦਾ ਹਾਂ,* ਮੇਰਾ ਦਿਲ ਮੈਨੂੰ ਫਿਟਕਾਰੇਗਾ ਨਹੀਂ।*

 7 ਮੇਰੇ ਦੁਸ਼ਮਣ ਦਾ ਹਾਲ ਦੁਸ਼ਟ ਵਰਗਾ ਹੋਵੇ,

ਮੇਰੇ ਹਮਲਾਵਰਾਂ ਦਾ ਹਸ਼ਰ ਬੁਰੇ ਇਨਸਾਨ ਵਰਗਾ ਹੋਵੇ।

 8 ਨਾਸਤਿਕ* ਲਈ ਕੀ ਉਮੀਦ ਰਹਿ ਜਾਂਦੀ ਹੈ ਜਦ ਉਸ ਨੂੰ ਨਾਸ਼ ਕਰ ਦਿੱਤਾ ਜਾਂਦਾ ਹੈ,+

ਹਾਂ, ਜਦ ਪਰਮੇਸ਼ੁਰ ਉਸ ਦੀ ਜਾਨ ਲੈ ਲੈਂਦਾ ਹੈ?

 9 ਕੀ ਪਰਮੇਸ਼ੁਰ ਉਸ ਦੀ ਦੁਹਾਈ ਸੁਣੇਗਾ

ਜਦ ਉਸ ਉੱਤੇ ਬਿਪਤਾ ਆਵੇਗੀ?+

10 ਜਾਂ ਕੀ ਉਹ ਸਰਬਸ਼ਕਤੀਮਾਨ ਦੇ ਕਾਰਨ ਖ਼ੁਸ਼ ਹੋਵੇਗਾ?

ਕੀ ਉਹ ਹਰ ਸਮੇਂ ਪਰਮੇਸ਼ੁਰ ਨੂੰ ਪੁਕਾਰੇਗਾ?

11 ਮੈਂ ਤੁਹਾਨੂੰ ਪਰਮੇਸ਼ੁਰ ਦੀ ਤਾਕਤ ਬਾਰੇ* ਸਿਖਾਵਾਂਗਾ;

ਮੈਂ ਸਰਬਸ਼ਕਤੀਮਾਨ ਬਾਰੇ ਕੁਝ ਨਹੀਂ ਲੁਕਾਵਾਂਗਾ।

12 ਦੇਖੋ! ਜੇ ਤੁਹਾਨੂੰ ਸਾਰਿਆਂ ਨੂੰ ਦਰਸ਼ਣ ਮਿਲੇ ਹਨ,

ਤਾਂ ਤੁਹਾਡੀਆਂ ਗੱਲਾਂ ਪੂਰੀ ਤਰ੍ਹਾਂ ਖੋਖਲੀਆਂ ਕਿਉਂ ਹਨ?

13 ਦੁਸ਼ਟ ਦਾ ਪਰਮੇਸ਼ੁਰ ਵੱਲੋਂ ਇਹੀ ਹਿੱਸਾ ਹੈ,+

ਜ਼ਾਲਮਾਂ ਨੂੰ ਸਰਬਸ਼ਕਤੀਮਾਨ ਤੋਂ ਇਹੀ ਵਿਰਾਸਤ ਮਿਲਦੀ ਹੈ।

14 ਭਾਵੇਂ ਉਸ ਦੇ ਬਹੁਤ ਸਾਰੇ ਪੁੱਤਰ ਹੋ ਜਾਣ, ਉਹ ਤਲਵਾਰ ਨਾਲ ਡਿਗਣਗੇ,+

ਉਸ ਦੀ ਔਲਾਦ ਨੂੰ ਪੇਟ ਭਰ ਖਾਣਾ ਨਹੀਂ ਮਿਲੇਗਾ।

15 ਉਸ ਦੇ ਪਿੱਛੋਂ ਜੋ ਬਚ ਜਾਣਗੇ, ਉਹ ਮਹਾਂਮਾਰੀ ਕਾਰਨ ਦਫ਼ਨ ਹੋ ਜਾਣਗੇ,

ਉਨ੍ਹਾਂ ਦੀਆਂ ਵਿਧਵਾਵਾਂ ਉਨ੍ਹਾਂ ਲਈ ਨਹੀਂ ਰੋਣਗੀਆਂ।

16 ਭਾਵੇਂ ਉਹ ਧੂੜ ਵਾਂਗ ਚਾਂਦੀ ਦੇ ਅੰਬਾਰ ਲਾ ਲਵੇ

ਅਤੇ ਮਿੱਟੀ ਵਾਂਗ ਵਧੀਆ ਕੱਪੜਿਆਂ ਦੇ ਢੇਰ ਲਾ ਲਵੇ,

17 ਚਾਹੇ ਉਹ ਇੰਨੇ ਸਾਰੇ ਕੱਪੜੇ ਇਕੱਠੇ ਕਰ ਲਵੇ,

ਪਰ ਪਹਿਨੇਗਾ ਉਨ੍ਹਾਂ ਨੂੰ ਧਰਮੀ ਹੀ,+

ਨਿਰਦੋਸ਼ ਇਨਸਾਨ ਉਸ ਦੀ ਚਾਂਦੀ ਦੀਆਂ ਵੰਡੀਆਂ ਪਾਵੇਗਾ।

18 ਉਸ ਦਾ ਬਣਾਇਆ ਘਰ ਇਕ ਕੀੜੇ ਦੇ ਘਰ ਜਿੰਨਾ ਨਾਜ਼ੁਕ ਹੁੰਦਾ ਹੈ

ਅਤੇ ਇਕ ਪਹਿਰੇਦਾਰ ਦੇ ਬਣਾਏ ਛੱਪਰ+ ਜਿੰਨਾ ਕਮਜ਼ੋਰ।

19 ਸੌਣ ਵੇਲੇ ਉਹ ਅਮੀਰ ਹੋਵੇਗਾ, ਪਰ ਕੁਝ ਵੀ ਇਕੱਠਾ ਨਹੀਂ ਕਰੇਗਾ;

ਜਦ ਉਹ ਆਪਣੀਆਂ ਅੱਖਾਂ ਖੋਲ੍ਹੇਗਾ, ਤਾਂ ਉੱਥੇ ਕੁਝ ਵੀ ਨਹੀਂ ਹੋਵੇਗਾ।

20 ਖ਼ੌਫ਼ ਹੜ੍ਹ ਵਾਂਗ ਉਸ ਉੱਤੇ ਆ ਪੈਂਦਾ ਹੈ;

ਤੂਫ਼ਾਨ ਰਾਤੋ-ਰਾਤ ਉਸ ਨੂੰ ਉਡਾ ਲੈ ਜਾਂਦਾ ਹੈ।+

21 ਪੂਰਬ ਦੀ ਹਵਾ ਉਸ ਨੂੰ ਉਡਾ ਕੇ ਲੈ ਜਾਵੇਗੀ ਤੇ ਉਹ ਰਹੇਗਾ ਨਹੀਂ;

ਇਹ ਉਸ ਨੂੰ ਉਸ ਦੀ ਥਾਂ ਤੋਂ ਹੂੰਝ ਲੈ ਜਾਵੇਗੀ।+

22 ਇਹ ਬਿਨਾਂ ਤਰਸ ਖਾਧੇ ਉਸ ਉੱਤੇ ਆ ਪਵੇਗੀ+

ਅਤੇ ਉਹ ਇਸ ਦੀ ਮਾਰ ਤੋਂ ਬਚਣ ਲਈ ਬਹੁਤ ਹੱਥ-ਪੈਰ ਮਾਰੇਗਾ।+

23 ਇਹ ਉਸ ਉੱਤੇ ਤਾੜੀਆਂ ਮਾਰੇਗੀ

ਅਤੇ ਆਪਣੀ ਜਗ੍ਹਾ ਤੋਂ ਉਸ ਉੱਤੇ ਸੀਟੀਆਂ ਵਜਾਏਗੀ।*+

28 “ਚਾਂਦੀ ਖੋਦਣ ਦੀ ਜਗ੍ਹਾ ਹੁੰਦੀ ਹੈ

ਅਤੇ ਸੋਨੇ ਲਈ ਵੀ ਥਾਂ ਹੁੰਦੀ ਹੈ ਜਿਸ ਨੂੰ ਉਹ ਸ਼ੁੱਧ ਕਰਦੇ ਹਨ;+

 2 ਲੋਹਾ ਜ਼ਮੀਨ ਵਿੱਚੋਂ ਕੱਢਿਆ ਜਾਂਦਾ ਹੈ

ਅਤੇ ਚਟਾਨਾਂ ਨੂੰ ਪਿਘਲਾ ਕੇ* ਤਾਂਬਾ।+

 3 ਇਨਸਾਨ ਹਨੇਰੇ ਨੂੰ ਜਿੱਤ ਲੈਂਦਾ ਹੈ;

ਉਹ ਅੰਧਕਾਰ ਤੇ ਘੋਰ ਹਨੇਰੇ ਦੀਆਂ ਗਹਿਰਾਈਆਂ ਵਿਚ ਖੋਜ ਕਰਦਾ ਹੈ,

ਉਹ ਕੱਚੀ ਧਾਤ* ਭਾਲਦਾ ਹੈ।

 4 ਉਹ ਲੋਕਾਂ ਦੇ ਬਸੇਰਿਆਂ ਤੋਂ ਦੂਰ ਡੂੰਘੀ ਖਾਣ ਪੁੱਟਦਾ ਹੈ,

ਹਾਂ, ਲੋਕਾਂ ਦੇ ਆਉਣ-ਜਾਣ ਦੇ ਰਾਹਾਂ ਤੋਂ ਦੂਰ, ਭੁੱਲੀਆਂ-ਵਿਸਰੀਆਂ ਥਾਵਾਂ ʼਤੇ;

ਕੁਝ ਆਦਮੀ ਹੇਠਾਂ ਉੱਤਰ ਕੇ ਲਟਕਦੇ ਹੋਏ ਕੰਮ ਕਰਦੇ ਹਨ।

 5 ਧਰਤੀ ਦੇ ਉੱਪਰ ਅਨਾਜ ਉੱਗਦਾ ਹੈ;

ਪਰ ਹੇਠਾਂ ਹਲਚਲ ਮਚੀ ਹੁੰਦੀ ਹੈ ਜਿਵੇਂ ਅੱਗ ਲੱਗੀ ਹੋਵੇ।*

 6 ਉੱਥੇ ਪੱਥਰਾਂ ਵਿਚ ਨੀਲਮ

ਅਤੇ ਮਿੱਟੀ ਵਿਚ ਸੋਨਾ ਹੁੰਦਾ ਹੈ।

 7 ਕੋਈ ਵੀ ਸ਼ਿਕਾਰੀ ਪੰਛੀ ਇਸ ਦਾ ਰਾਹ ਨਹੀਂ ਜਾਣਦਾ;

ਕਾਲੀ ਇੱਲ ਦੀ ਨਜ਼ਰ ਇਸ ਉੱਤੇ ਨਹੀਂ ਪਈ।

 8 ਵੱਡੇ-ਵੱਡੇ ਜੰਗਲੀ ਜਾਨਵਰ ਇਸ ਉੱਤੇ ਨਹੀਂ ਚੱਲੇ;

ਜਵਾਨ ਸ਼ੇਰ ਉੱਥੇ ਸ਼ਿਕਾਰ ਲੱਭਦਾ ਨਜ਼ਰ ਨਹੀਂ ਆਇਆ।

 9 ਇਨਸਾਨ ਆਪਣੇ ਹੱਥ ਨਾਲ ਸਖ਼ਤ ਚਟਾਨ* ਨੂੰ ਤੋੜਦਾ ਹੈ;

ਉਹ ਪਹਾੜਾਂ ਨੂੰ ਉਨ੍ਹਾਂ ਦੀ ਨੀਂਹ ਤੋਂ ਉਲਟਾ ਦਿੰਦਾ ਹੈ।

10 ਉਹ ਚਟਾਨ ਵਿਚ ਪਾਣੀ ਦੀਆਂ ਨਾਲੀਆਂ ਕੱਢਦਾ ਹੈ;+

ਉਸ ਦੀ ਨਜ਼ਰ ਹਰ ਕੀਮਤੀ ਚੀਜ਼ ʼਤੇ ਪੈਂਦੀ ਹੈ।

11 ਉਹ ਨਦੀਆਂ ਦੇ ਸੋਮਿਆਂ ਨੂੰ ਬੰਨ੍ਹ ਲਾ ਦਿੰਦਾ ਹੈ

ਅਤੇ ਲੁਕੀਆਂ ਚੀਜ਼ਾਂ ਨੂੰ ਚਾਨਣ ਵਿਚ ਲੈ ਆਉਂਦਾ ਹੈ।

12 ਪਰ ਬੁੱਧ ਕਿੱਥੋਂ ਮਿਲ ਸਕਦੀ ਹੈ+

ਅਤੇ ਸਮਝ ਦਾ ਸੋਮਾ ਕਿੱਥੇ ਹੈ?+

13 ਕੋਈ ਵੀ ਇਨਸਾਨ ਇਸ ਦਾ ਮੁੱਲ ਨਹੀਂ ਜਾਣਦਾ,+

ਇਹ ਜੀਉਂਦਿਆਂ ਦੇ ਦੇਸ਼ ਵਿਚ ਨਹੀਂ ਮਿਲ ਸਕਦੀ।

14 ਡੂੰਘੇ ਪਾਣੀ ਕਹਿੰਦੇ ਹਨ, ‘ਇਹ ਮੇਰੇ ਵਿਚ ਨਹੀਂ ਹੈ!’

ਸਮੁੰਦਰ ਕਹਿੰਦਾ ਹੈ, ‘ਇਹ ਮੇਰੇ ਕੋਲ ਨਹੀਂ ਹੈ!’+

15 ਇਸ ਨੂੰ ਖਾਲਸ ਸੋਨੇ ਨਾਲ ਖ਼ਰੀਦਿਆ ਨਹੀਂ ਜਾ ਸਕਦਾ;

ਨਾ ਹੀ ਇਸ ਦੇ ਬਦਲੇ ਚਾਂਦੀ ਤੋਲ ਕੇ ਦਿੱਤੀ ਜਾ ਸਕਦੀ ਹੈ।+

16 ਇਹ ਓਫੀਰ ਦੇ ਸੋਨੇ+ ਨਾਲ ਮੁੱਲ ਨਹੀਂ ਲਈ ਜਾ ਸਕਦੀ,

ਨਾ ਹੀ ਦੁਰਲੱਭ ਸੁਲੇਮਾਨੀ ਪੱਥਰ ਅਤੇ ਨੀਲਮ ਨਾਲ ਖ਼ਰੀਦੀ ਜਾ ਸਕਦੀ ਹੈ।

17 ਸੋਨਾ ਅਤੇ ਕੱਚ ਇਸ ਦੀ ਬਰਾਬਰੀ ਨਹੀਂ ਕਰ ਸਕਦੇ;

ਨਾ ਹੀ ਇਸ ਦੇ ਵੱਟੇ ਖਾਲਸ* ਸੋਨੇ ਦਾ ਕੋਈ ਭਾਂਡਾ ਦਿੱਤਾ ਜਾ ਸਕਦਾ ਹੈ।+

18 ਮੂੰਗੇ ਅਤੇ ਬਲੌਰ ਇਸ ਅੱਗੇ ਫਿੱਕੇ ਪੈ ਜਾਂਦੇ ਹਨ+

ਕਿਉਂਕਿ ਬੁੱਧ ਦਾ ਮੁੱਲ ਮੋਤੀਆਂ ਦੀ ਇਕ ਭਰੀ ਹੋਈ ਥੈਲੀ ਨਾਲੋਂ ਕਿਤੇ ਜ਼ਿਆਦਾ ਹੈ।

19 ਕੂਸ਼ ਦਾ ਪੁਖਰਾਜ+ ਵੀ ਇਸ ਅੱਗੇ ਕੁਝ ਨਹੀਂ ਹੈ;

ਇਸ ਨੂੰ ਖਰੇ ਸੋਨੇ ਨਾਲ ਵੀ ਨਹੀਂ ਖ਼ਰੀਦਿਆ ਜਾ ਸਕਦਾ।

20 ਪਰ ਬੁੱਧ ਮਿਲਦੀ ਕਿੱਥੋਂ ਹੈ

ਅਤੇ ਸਮਝ ਦਾ ਸੋਮਾ ਕਿੱਥੇ ਹੈ?+

21 ਇਹ ਹਰ ਜੀਵ ਦੀਆਂ ਨਜ਼ਰਾਂ ਤੋਂ ਲੁਕੀ ਹੋਈ ਹੈ+

ਅਤੇ ਆਕਾਸ਼ ਦੇ ਪੰਛੀਆਂ ਤੋਂ ਛੁਪੀ ਹੋਈ ਹੈ।

22 ਵਿਨਾਸ਼ ਅਤੇ ਮੌਤ ਕਹਿੰਦੇ ਹਨ,

‘ਸਾਡੇ ਕੰਨੀਂ ਬੱਸ ਇਸ ਦੀ ਭਿਣਕ ਹੀ ਪਈ ਹੈ।’

23 ਪਰਮੇਸ਼ੁਰ ਇਸ ਨੂੰ ਪਾਉਣ ਦਾ ਤਰੀਕਾ ਜਾਣਦਾ ਹੈ;

ਸਿਰਫ਼ ਉਸ ਨੂੰ ਇਸ ਦਾ ਟਿਕਾਣਾ ਪਤਾ ਹੈ+

24 ਕਿਉਂਕਿ ਉਹ ਧਰਤੀ ਦੇ ਕੋਨੇ-ਕੋਨੇ ਨੂੰ ਦੇਖਦਾ ਹੈ

ਅਤੇ ਆਕਾਸ਼ਾਂ ਹੇਠਲੀ ਹਰ ਸ਼ੈਅ ਨੂੰ ਤੱਕਦਾ ਹੈ।+

25 ਜਦੋਂ ਉਸ ਨੇ ਹਵਾ ਦੇ ਜ਼ੋਰ* ਨੂੰ ਠਹਿਰਾਇਆ+

ਅਤੇ ਪਾਣੀਆਂ ਨੂੰ ਮਾਪਿਆ,+

26 ਜਦੋਂ ਉਸ ਨੇ ਮੀਂਹ ਲਈ ਨਿਯਮ ਤੈਅ ਕੀਤਾ,+

ਤੂਫ਼ਾਨ ਅਤੇ ਗਰਜਦੇ ਬੱਦਲ ਲਈ ਰਾਹ ਠਹਿਰਾਇਆ,+

27 ਉਦੋਂ ਉਸ ਨੇ ਬੁੱਧ ਦੇਖੀ ਅਤੇ ਇਸ ਬਾਰੇ ਸਮਝਾਇਆ;

ਉਸ ਨੇ ਇਸ ਨੂੰ ਕਾਇਮ ਕੀਤਾ ਤੇ ਪਰਖਿਆ।

28 ਉਸ ਨੇ ਆਦਮੀ ਨੂੰ ਕਿਹਾ:

‘ਦੇਖ! ਯਹੋਵਾਹ ਦਾ ਡਰ ਮੰਨਣਾ ਹੀ ਬੁੱਧ ਹੈ+

ਅਤੇ ਬੁਰਾਈ ਤੋਂ ਦੂਰ ਰਹਿਣਾ ਹੀ ਸਮਝ ਹੈ।’”+

29 ਅੱਯੂਬ ਨੇ ਆਪਣੀ ਗੱਲ* ਜਾਰੀ ਰੱਖਦੇ ਹੋਏ ਕਿਹਾ:

 2 “ਕਾਸ਼ ਮੇਰਾ ਜੀਵਨ ਉਵੇਂ ਹੁੰਦਾ ਜਿਵੇਂ ਗੁਜ਼ਰੇ ਮਹੀਨਿਆਂ ਵਿਚ ਸੀ,

ਹਾਂ, ਜਿਵੇਂ ਉਨ੍ਹਾਂ ਦਿਨਾਂ ਵਿਚ ਹੁੰਦਾ ਸੀ ਜਦੋਂ ਪਰਮੇਸ਼ੁਰ ਮੇਰੀ ਦੇਖ-ਭਾਲ ਕਰਦਾ ਸੀ,

 3 ਜਦ ਉਹ ਆਪਣੇ ਦੀਵੇ ਨਾਲ ਮੇਰੇ ਸਿਰ ʼਤੇ ਲੋਅ ਕਰਦਾ ਸੀ,

ਜਦ ਮੈਂ ਉਸ ਦੇ ਚਾਨਣ ਨਾਲ ਹਨੇਰੇ ਵਿੱਚੋਂ ਦੀ ਲੰਘਦਾ ਸੀ,+

 4 ਜਦ ਮੈਂ ਭਰ-ਜੋਬਨ ਵਿਚ ਸੀ,

ਜਦ ਮੇਰੇ ਤੰਬੂ ਵਿਚ ਪਰਮੇਸ਼ੁਰ ਦੀ ਦੋਸਤੀ ਦਾ ਅਹਿਸਾਸ ਹੁੰਦਾ ਸੀ,+

 5 ਜਦ ਸਰਬਸ਼ਕਤੀਮਾਨ ਹਾਲੇ ਮੇਰੇ ਨਾਲ ਹੀ ਸੀ,

ਜਦ ਮੇਰੇ ਬੱਚੇ* ਮੇਰੇ ਆਲੇ-ਦੁਆਲੇ ਹੁੰਦੇ ਸਨ,

 6 ਜਦੋਂ ਮੇਰੇ ਪੈਰ ਮੱਖਣ ਵਿਚ ਡੁੱਬੇ ਰਹਿੰਦੇ ਸਨ

ਅਤੇ ਚਟਾਨਾਂ ਮੇਰੇ ਲਈ ਤੇਲ ਦੀਆਂ ਨਦੀਆਂ ਵਹਾਉਂਦੀਆਂ ਸਨ।+

 7 ਜਦੋਂ ਮੈਂ ਸ਼ਹਿਰ ਦੇ ਦਰਵਾਜ਼ੇ ਕੋਲ ਜਾਂਦਾ ਸੀ+

ਅਤੇ ਚੌਂਕ ਵਿਚ ਆਪਣੀ ਜਗ੍ਹਾ ਬਹਿ ਜਾਂਦਾ ਸੀ,+

 8 ਮੁੰਡੇ ਮੈਨੂੰ ਦੇਖ ਕੇ ਪਿੱਛੇ ਹਟ ਜਾਂਦੇ ਸਨ*

ਅਤੇ ਸਿਆਣੀ ਉਮਰ ਦੇ ਆਦਮੀ ਵੀ ਉੱਠ ਜਾਂਦੇ ਸਨ ਤੇ ਖੜ੍ਹੇ ਰਹਿੰਦੇ ਸਨ।+

 9 ਹਾਕਮ ਬੋਲਦੇ-ਬੋਲਦੇ ਰੁਕ ਜਾਂਦੇ ਸਨ;

ਉਹ ਆਪਣੇ ਮੂੰਹ ʼਤੇ ਆਪਣਾ ਹੱਥ ਰੱਖ ਲੈਂਦੇ ਸਨ।

10 ਮੰਨੇ-ਪ੍ਰਮੰਨੇ ਆਦਮੀਆਂ ਦੀਆਂ ਆਵਾਜ਼ਾਂ ਖ਼ਾਮੋਸ਼ ਹੋ ਜਾਂਦੀਆਂ ਸਨ;

ਉਨ੍ਹਾਂ ਦੀ ਜੀਭ ਉਨ੍ਹਾਂ ਦੇ ਤਾਲੂ ਨਾਲ ਲੱਗ ਜਾਂਦੀ ਸੀ।

11 ਮੇਰੀਆਂ ਗੱਲਾਂ ਸੁਣਨ ਵਾਲੇ ਮੇਰੇ ਬਾਰੇ ਚੰਗੀਆਂ ਗੱਲਾਂ ਕਰਦੇ ਸਨ

ਅਤੇ ਮੈਨੂੰ ਦੇਖਣ ਵਾਲੇ ਮੇਰੇ ਪੱਖ ਵਿਚ ਗਵਾਹੀ ਦਿੰਦੇ ਸਨ।

12 ਕਿਉਂਕਿ ਮੈਂ ਮਦਦ ਲਈ ਦੁਹਾਈ ਦੇਣ ਵਾਲੇ ਗ਼ਰੀਬ ਨੂੰ ਬਚਾਉਂਦਾ ਸੀ,+

ਨਾਲੇ ਯਤੀਮ* ਨੂੰ ਤੇ ਉਸ ਨੂੰ ਜੋ ਬੇਸਹਾਰਾ ਸੀ।+

13 ਜੋ ਨਾਸ਼ ਹੋਣ ਹੀ ਵਾਲਾ ਸੀ, ਉਹ ਮੈਨੂੰ ਅਸੀਸ ਦਿੰਦਾ ਸੀ,+

ਵਿਧਵਾ ਦਾ ਦਿਲ ਮੇਰੇ ਕਾਰਨ ਖ਼ੁਸ਼ੀਆਂ ਮਨਾਉਂਦਾ ਸੀ।+

14 ਮੈਂ ਨੇਕੀ ਨੂੰ ਕੱਪੜਿਆਂ ਵਾਂਗ ਪਹਿਨਿਆ;

ਮੇਰਾ ਇਨਸਾਫ਼ ਚੋਗੇ* ਤੇ ਪਗੜੀ ਵਾਂਗ ਸੀ।

15 ਮੈਂ ਅੰਨ੍ਹਿਆਂ ਲਈ ਅੱਖਾਂ ਬਣਿਆ

ਅਤੇ ਲੰਗੜਿਆਂ ਲਈ ਪੈਰ।

16 ਮੈਂ ਗ਼ਰੀਬਾਂ ਲਈ ਪਿਤਾ ਜਿਹਾ ਸੀ;+

ਮੈਂ ਅਣਜਾਣ ਲੋਕਾਂ ਦੇ ਮੁਕੱਦਮੇ ਦੀ ਜਾਂਚ ਕਰਦਾ ਸੀ।+

17 ਮੈਂ ਗੁਨਾਹਗਾਰ ਦੇ ਜਬਾੜ੍ਹੇ ਭੰਨ ਦਿੰਦਾ ਸੀ+

ਅਤੇ ਉਸ ਦੇ ਦੰਦਾਂ ਵਿੱਚੋਂ ਸ਼ਿਕਾਰ ਨੂੰ ਖਿੱਚ ਲੈਂਦਾ ਸੀ।

18 ਮੈਂ ਕਹਿੰਦਾ ਹੁੰਦਾ ਸੀ, ‘ਮੈਂ ਆਪਣੇ ਹੀ ਘਰ ਵਿਚ* ਮਰਾਂਗਾ+

ਅਤੇ ਮੇਰੇ ਦਿਨ ਰੇਤ ਦੇ ਕਣਾਂ ਜਿੰਨੇ ਹੋਣਗੇ।

19 ਮੇਰੀਆਂ ਜੜ੍ਹਾਂ ਪਾਣੀਆਂ ਤਕ ਫੈਲਣਗੀਆਂ

ਅਤੇ ਮੇਰੀਆਂ ਟਾਹਣੀਆਂ ਉੱਤੇ ਸਾਰੀ ਰਾਤ ਤ੍ਰੇਲ ਰਹੇਗੀ।

20 ਮੇਰੀ ਸ਼ਾਨ ਹਮੇਸ਼ਾ ਵਧਦੀ ਜਾਵੇਗੀ

ਅਤੇ ਮੇਰੇ ਹੱਥ ਵਿਚਲੀ ਕਮਾਨ ਵਿੱਚੋਂ ਤੀਰ ਨਿਕਲਦੇ ਰਹਿਣਗੇ।’

21 ਲੋਕ ਚਾਅ ਨਾਲ ਮੇਰੀ ਗੱਲ ਸੁਣਦੇ ਸਨ,

ਉਹ ਚੁੱਪ-ਚਾਪ ਮੇਰੀ ਸਲਾਹ ਦੀ ਉਡੀਕ ਕਰਦੇ ਸਨ।+

22 ਮੇਰੇ ਬੋਲਣ ਤੋਂ ਬਾਅਦ, ਉਨ੍ਹਾਂ ਕੋਲ ਕਹਿਣ ਲਈ ਕੁਝ ਨਹੀਂ ਹੁੰਦਾ ਸੀ;

ਮੇਰੀਆਂ ਗੱਲਾਂ ਉਨ੍ਹਾਂ ਦੇ ਕੰਨਾਂ ਵਿਚ ਰਸ ਘੋਲਦੀਆਂ ਸਨ।*

23 ਉਹ ਮੀਂਹ ਵਾਂਗ ਮੇਰਾ ਇੰਤਜ਼ਾਰ ਕਰਦੇ ਸਨ;

ਉਹ ਆਪਣੇ ਮੂੰਹ ਖੋਲ੍ਹ ਕੇ ਮੇਰੀਆਂ ਗੱਲਾਂ ਇਵੇਂ ਪੀ ਜਾਂਦੇ ਸਨ ਜਿਵੇਂ ਬਸੰਤ ਦੀ ਵਰਖਾ ਹੋਵੇ।+

24 ਜਦ ਮੈਂ ਉਨ੍ਹਾਂ ਨੂੰ ਦੇਖ ਕੇ ਮੁਸਕਰਾਉਂਦਾ ਸੀ, ਤਾਂ ਉਨ੍ਹਾਂ ਨੂੰ ਯਕੀਨ ਹੀ ਨਹੀਂ ਹੁੰਦਾ ਸੀ;

ਮੇਰੇ ਚਿਹਰੇ ਦੀ ਰੌਣਕ ਉਨ੍ਹਾਂ ਨੂੰ ਭਰੋਸਾ ਦਿਵਾਉਂਦੀ ਸੀ।*

25 ਉਨ੍ਹਾਂ ਦੇ ਮੁਖੀ ਵਜੋਂ ਮੈਂ ਉਨ੍ਹਾਂ ਨੂੰ ਸੇਧ ਦਿੰਦਾ ਸੀ,

ਮੈਂ ਇਵੇਂ ਰਹਿੰਦਾ ਸੀ ਜਿਵੇਂ ਰਾਜਾ ਆਪਣੇ ਫ਼ੌਜੀਆਂ ਵਿਚਕਾਰ ਰਹਿੰਦਾ ਹੈ,+

ਹਾਂ, ਉਸ ਵਾਂਗ ਜਿਹੜਾ ਸੋਗ ਮਨਾਉਣ ਵਾਲਿਆਂ ਨੂੰ ਦਿਲਾਸਾ ਦਿੰਦਾ ਹੈ।+

30 “ਹੁਣ ਜਿਹੜੇ ਆਦਮੀ ਮੇਰੇ ਉੱਤੇ ਹੱਸਦੇ ਹਨ,+

ਉਹ ਉਮਰ ਵਿਚ ਮੇਰੇ ਤੋਂ ਛੋਟੇ ਹਨ,

ਉਨ੍ਹਾਂ ਦੇ ਪਿਤਾਵਾਂ ਨੂੰ ਤਾਂ ਮੈਂ ਕੁੱਤਿਆਂ ਨਾਲ ਵੀ ਨਾ ਰੱਖਦਾ

ਜੋ ਮੇਰੇ ਇੱਜੜ ਦੀ ਰਾਖੀ ਕਰਦੇ ਹਨ।

 2 ਉਨ੍ਹਾਂ ਦੇ ਹੱਥਾਂ ਦੀ ਤਾਕਤ ਦਾ ਮੈਨੂੰ ਕੀ ਫ਼ਾਇਦਾ ਹੋਇਆ?

ਉਨ੍ਹਾਂ ਵਿਚ ਜ਼ੋਰ ਹੀ ਨਹੀਂ ਰਿਹਾ।

 3 ਥੁੜ੍ਹ ਤੇ ਭੁੱਖ ਦੇ ਕਾਰਨ ਉਨ੍ਹਾਂ ਦਾ ਬੁਰਾ ਹਾਲ ਹੈ;

ਝੁਲ਼ਸੀ ਜ਼ਮੀਨ ʼਤੇ ਜੋ ਮਿਲਦਾ, ਉਸ ਨੂੰ ਉਹ ਖਾ ਲੈਂਦੇ ਹਨ,

ਹਾਂ, ਬਰਬਾਦ ਅਤੇ ਉਜਾੜ ਹੋ ਚੁੱਕੀ ਜ਼ਮੀਨ ʼਤੇ।

 4 ਉਹ ਝਾੜੀਆਂ ਵਿੱਚੋਂ ਨਮਕੀਨ ਬੂਟੀ ਇਕੱਠੀ ਕਰਦੇ ਹਨ;

ਝਾੜਾਂ ਦੀਆਂ ਜੜ੍ਹਾਂ ਉਨ੍ਹਾਂ ਦਾ ਭੋਜਨ ਹਨ।

 5 ਬਰਾਦਰੀ ਵਿੱਚੋਂ ਉਨ੍ਹਾਂ ਨੂੰ ਕੱਢ ਦਿੱਤਾ ਗਿਆ ਹੈ;+

ਲੋਕ ਉਨ੍ਹਾਂ ʼਤੇ ਇਵੇਂ ਚਿਲਾਉਂਦੇ ਹਨ ਜਿਵੇਂ ਚੋਰ ਉੱਤੇ।

 6 ਉਨ੍ਹਾਂ ਦਾ ਬਸੇਰਾ ਤੰਗ ਘਾਟੀਆਂ* ਦੀਆਂ ਢਲਾਣਾਂ ਉੱਤੇ

ਅਤੇ ਜ਼ਮੀਨ ਤੇ ਚਟਾਨਾਂ ਦੀਆਂ ਖੁੱਡਾਂ ਵਿਚ ਹੈ।

 7 ਉਹ ਝਾੜੀਆਂ ਵਿੱਚੋਂ ਪੁਕਾਰਦੇ ਹਨ

ਅਤੇ ਬਿੱਛੂ ਬੂਟੀਆਂ ਵਿਚਕਾਰ ਜੁੜ ਕੇ ਬੈਠਦੇ ਹਨ।

 8 ਉਹ ਮੂਰਖਾਂ ਅਤੇ ਗੁਮਨਾਮ ਲੋਕਾਂ ਦੇ ਪੁੱਤਰ ਹਨ,

ਉਨ੍ਹਾਂ ਨੂੰ ਦੇਸ਼ ਵਿੱਚੋਂ ਭਜਾ* ਦਿੱਤਾ ਗਿਆ ਹੈ।

 9 ਪਰ ਹੁਣ ਤਾਂ ਉਹ ਆਪਣੇ ਗੀਤਾਂ ਵਿਚ ਵੀ ਮੇਰਾ ਮਜ਼ਾਕ ਉਡਾਉਂਦੇ ਹਨ;+

ਉਨ੍ਹਾਂ ਲਈ ਮੈਂ ਘਿਰਣਾ ਦਾ ਪਾਤਰ* ਬਣ ਗਿਆ ਹਾਂ।+

10 ਉਨ੍ਹਾਂ ਨੂੰ ਮੇਰੇ ਨਾਲ ਨਫ਼ਰਤ ਹੈ ਤੇ ਉਹ ਮੈਥੋਂ ਦੂਰ-ਦੂਰ ਰਹਿੰਦੇ ਹਨ;+

ਉਹ ਮੇਰੇ ਮੂੰਹ ʼਤੇ ਥੁੱਕਣ ਤੋਂ ਵੀ ਨਹੀਂ ਹਿਚਕਿਚਾਉਂਦੇ।+

11 ਕਿਉਂਕਿ ਪਰਮੇਸ਼ੁਰ ਨੇ ਮੈਨੂੰ ਨਿਹੱਥਾ* ਅਤੇ ਨੀਵਾਂ ਕਰ ਦਿੱਤਾ ਹੈ,

ਇਸ ਲਈ ਉਹ ਮੇਰੇ ਸਾਮ੍ਹਣੇ ਬੇਲਗਾਮ* ਹੋ ਗਏ ਹਨ।

12 ਉਹ ਭੀੜ ਦੀ ਤਰ੍ਹਾਂ ਮੇਰੇ ਸੱਜੇ ਪਾਸੇ ਆ ਖੜ੍ਹੇ ਹੁੰਦੇ ਹਨ;

ਉਹ ਮੈਨੂੰ ਨਠਾ ਦਿੰਦੇ ਹਨ

ਅਤੇ ਮੇਰੇ ਰਾਹ ਵਿਚ ਵਿਨਾਸ਼ ਦੇ ਨਾਕੇ ਲਾਉਂਦੇ ਹਨ।

13 ਉਹ ਮੇਰੇ ਰਸਤਿਆਂ ਨੂੰ ਤੋੜ ਦਿੰਦੇ ਹਨ

ਅਤੇ ਮੇਰੀ ਬਿਪਤਾ ਨੂੰ ਹੋਰ ਵਧਾਉਂਦੇ ਹਨ,+

ਉਨ੍ਹਾਂ ਨੂੰ ਰੋਕਣ ਵਾਲਾ ਕੋਈ ਨਹੀਂ।*

14 ਉਹ ਮਾਨੋ ਕੰਧ ਵਿਚ ਪਏ ਵੱਡੇ ਪਾੜ ਥਾਣੀਂ ਆਉਂਦੇ ਹਨ;

ਬਰਬਾਦੀ ਦੇ ਨਾਲ-ਨਾਲ ਉਹ ਵੀ ਰੁੜ੍ਹੇ ਆਉਂਦੇ ਹਨ।

15 ਖ਼ੌਫ਼ ਮੇਰੇ ਉੱਤੇ ਆ ਪੈਂਦਾ ਹੈ;

ਮੇਰੀ ਸ਼ਾਨ ਹਵਾ ਵਿਚ ਉਡਾਈ ਜਾਂਦੀ ਹੈ

ਅਤੇ ਮੇਰੇ ਬਚਣ ਦੀ ਉਮੀਦ ਬੱਦਲ ਵਾਂਗ ਗਾਇਬ ਹੋ ਜਾਂਦੀ ਹੈ।

16 ਹੁਣ ਮੇਰੀ ਜਾਨ ਨਿਕਲਦੀ ਜਾਂਦੀ ਹੈ;+

ਦੁੱਖਾਂ ਭਰੇ ਦਿਨਾਂ+ ਨੇ ਮੈਨੂੰ ਜਕੜ ਲਿਆ ਹੈ।

17 ਰਾਤ ਨੂੰ ਪੀੜ ਮੇਰੀਆਂ ਹੱਡੀਆਂ ਨੂੰ ਚੀਰ ਸੁੱਟਦੀ ਹੈ;*+

ਤੇਜ਼ ਦਰਦ ਮੇਰਾ ਖਹਿੜਾ ਨਹੀਂ ਛੱਡਦਾ।+

18 ਪੂਰੇ ਜ਼ੋਰ ਨਾਲ ਮੇਰੇ ਕੱਪੜੇ* ਦੀ ਬਣਾਵਟ ਖ਼ਰਾਬ ਕਰ ਦਿੱਤੀ ਗਈ ਹੈ;*

ਇਹ ਮੇਰੇ ਕੁੜਤੇ ਦੇ ਕਾਲਰ ਵਾਂਗ ਮੇਰਾ ਗਲ਼ਾ ਘੁੱਟਦਾ ਹੈ।

19 ਪਰਮੇਸ਼ੁਰ ਨੇ ਮੈਨੂੰ ਚਿੱਕੜ ਵਿਚ ਸੁੱਟ ਦਿੱਤਾ ਹੈ;

ਮੈਂ ਖ਼ਾਕ ਤੇ ਰਾਖ ਹੋ ਗਿਆ ਹਾਂ।

20 ਮੈਂ ਮਦਦ ਲਈ ਤੇਰੇ ਅੱਗੇ ਦੁਹਾਈ ਦਿੰਦਾ ਹਾਂ, ਪਰ ਤੂੰ ਮੈਨੂੰ ਜਵਾਬ ਨਹੀਂ ਦਿੰਦਾ;+

ਮੈਂ ਖੜ੍ਹਾ ਹੁੰਦਾ ਹਾਂ, ਪਰ ਤੂੰ ਬੱਸ ਮੈਨੂੰ ਦੇਖਦਾ ਹੀ ਰਹਿੰਦਾ ਹੈਂ।

21 ਤੂੰ ਬੇਰਹਿਮ ਹੋ ਕੇ ਮੇਰੇ ਖ਼ਿਲਾਫ਼ ਹੋ ਗਿਆ ਹੈਂ;+

ਤੂੰ ਆਪਣੇ ਹੱਥ ਦੇ ਪੂਰੇ ਜ਼ੋਰ ਨਾਲ ਮੇਰੇ ʼਤੇ ਹਮਲਾ ਕਰਦਾ ਹੈਂ।

22 ਤੂੰ ਮੈਨੂੰ ਚੁੱਕ ਕੇ ਹਵਾ ਦੇ ਨਾਲ ਉਡਾਉਂਦਾ ਹੈਂ;

ਫਿਰ ਤੂੰ ਤੂਫ਼ਾਨ ਵਿਚ ਮੈਨੂੰ ਇੱਧਰ-ਉੱਧਰ ਉਛਾਲ਼ਦਾ ਹੈਂ।*

23 ਕਿਉਂਕਿ ਮੈਂ ਜਾਣਦਾ ਹਾਂ ਕਿ ਤੂੰ ਮੈਨੂੰ ਮੌਤ ਵੱਲ ਲੈ ਜਾਵੇਂਗਾ,

ਹਾਂ, ਉਸ ਘਰ ਵਿਚ ਜਿੱਥੇ ਹਰ ਪ੍ਰਾਣੀ ਜਾ ਮਿਲੇਗਾ।

24 ਪਰ ਅੰਦਰੋਂ ਟੁੱਟੇ ਹੋਏ ਇਨਸਾਨ* ਨੂੰ ਕੋਈ ਨਹੀਂ ਮਾਰੇਗਾ+

ਜਦੋਂ ਉਹ ਆਫ਼ਤ ਦੇ ਸਮੇਂ ਮਦਦ ਲਈ ਪੁਕਾਰਦਾ ਹੈ।

25 ਕੀ ਮੈਂ ਔਖੇ ਦੌਰ ਵਿੱਚੋਂ ਗੁਜ਼ਰਨ ਵਾਲਿਆਂ ਲਈ ਨਹੀਂ ਰੋਇਆ?

ਕੀ ਮੈਂ ਗ਼ਰੀਬ ਲਈ ਦੁਖੀ ਨਹੀਂ ਹੋਇਆ?+

26 ਮੈਨੂੰ ਕੁਝ ਚੰਗਾ ਹੋਣ ਦੀ ਉਮੀਦ ਸੀ, ਪਰ ਬੁਰਾ ਹੀ ਹੋਇਆ;

ਮੈਂ ਚਾਨਣ ਚਾਹਿਆ, ਪਰ ਹਨੇਰਾ ਛਾਇਆ।

27 ਮੇਰੇ ਅੰਦਰ ਮਚੀ ਹਲਚਲ ਥੰਮ੍ਹੀ ਨਹੀਂ;

ਦੁੱਖਾਂ ਭਰੇ ਦਿਨ ਮੇਰੇ ਉੱਤੇ ਆ ਪਏ।

28 ਮੈਂ ਉਦਾਸੀ ਦੇ ਘੁੱਪ ਹਨੇਰੇ ਵਿਚ ਤੁਰਿਆ ਫਿਰਦਾ ਹਾਂ;+ ਸੂਰਜ ਦੀ ਕਿਰਨ ਨਜ਼ਰ ਨਹੀਂ ਆਉਂਦੀ।

ਮੈਂ ਮੰਡਲੀ ਵਿਚ ਉੱਠ ਕੇ ਮਦਦ ਲਈ ਦੁਹਾਈ ਦਿੰਦਾ ਹਾਂ।

29 ਮੈਂ ਗਿੱਦੜਾਂ ਦਾ ਭਰਾ

ਅਤੇ ਸ਼ੁਤਰਮੁਰਗ ਦੀਆਂ ਧੀਆਂ ਦਾ ਸਾਥੀ ਬਣ ਗਿਆ ਹਾਂ।+

30 ਮੇਰੀ ਚਮੜੀ ਕਾਲੀ ਹੋ ਕੇ ਝੜ ਗਈ ਹੈ;+

ਮੇਰੀਆਂ ਹੱਡੀਆਂ ਸੇਕ* ਨਾਲ ਸੜਦੀਆਂ ਹਨ।

31 ਮੇਰੀ ਰਬਾਬ ਸਿਰਫ਼ ਮਾਤਮ ਮਨਾਉਣ ਲਈ ਵਜਾਈ ਜਾਂਦੀ ਹੈ

ਅਤੇ ਮੇਰੀ ਬੰਸਰੀ ਰੋਣ ਦੀ ਧੁਨ ਲਈ।

31 “ਮੈਂ ਆਪਣੀਆਂ ਅੱਖਾਂ ਨਾਲ ਇਕਰਾਰ ਕੀਤਾ ਹੈ।+

ਤਾਂ ਫਿਰ, ਮੈਂ ਕਿਸੇ ਕੁਆਰੀ ਨੂੰ ਗ਼ਲਤ ਨਜ਼ਰ ਨਾਲ ਕਿਵੇਂ ਦੇਖ ਸਕਦਾਂ?+

 2 ਫਿਰ ਉੱਪਰੋਂ ਪਰਮੇਸ਼ੁਰ ਤੋਂ ਮੈਨੂੰ ਕਿਹੜਾ ਹਿੱਸਾ ਮਿਲੇਗਾ?

ਉਚਾਈਆਂ ʼਤੇ ਬਿਰਾਜਮਾਨ ਸਰਬਸ਼ਕਤੀਮਾਨ ਤੋਂ ਮੈਨੂੰ ਕੀ ਵਿਰਾਸਤ ਮਿਲੇਗੀ?

 3 ਕੀ ਤਬਾਹੀ ਗੁਨਾਹਗਾਰ ਦੀ

ਅਤੇ ਬਿਪਤਾ ਬੁਰੇ ਕੰਮ ਕਰਨ ਵਾਲਿਆਂ ਦੀ ਉਡੀਕ ਨਹੀਂ ਕਰਦੀ?+

 4 ਕੀ ਉਹ ਮੇਰੇ ਰਾਹਾਂ ਨੂੰ ਨਹੀਂ ਦੇਖਦਾ+

ਅਤੇ ਮੇਰੇ ਸਾਰੇ ਕਦਮਾਂ ਨੂੰ ਨਹੀਂ ਗਿਣਦਾ?

 5 ਕੀ ਮੈਂ ਕਦੇ ਝੂਠ ਦੇ ਰਾਹ ʼਤੇ* ਤੁਰਿਆ?

ਕੀ ਮੇਰੇ ਪੈਰ ਧੋਖਾ ਦੇਣ ਲਈ ਦੌੜੇ?+

 6 ਪਰਮੇਸ਼ੁਰ ਮੈਨੂੰ ਸਹੀ ਤੱਕੜੀ ਨਾਲ ਤੋਲੇ;+

ਫਿਰ ਉਹ ਜਾਣ ਜਾਏਗਾ ਕਿ ਮੈਂ ਖਰਾ ਹਾਂ।+

 7 ਜੇ ਮੇਰੇ ਕਦਮ ਕੁਰਾਹੇ ਪਏ ਹੋਣ+

ਜਾਂ ਮੇਰਾ ਦਿਲ ਮੇਰੀਆਂ ਅੱਖਾਂ ਦੇ ਮਗਰ ਲੱਗਾ ਹੋਵੇ+

ਜਾਂ ਮੇਰੇ ਹੱਥ ਅਸ਼ੁੱਧ ਹੋਏ ਹੋਣ,

 8 ਤਾਂ ਇਵੇਂ ਹੋਵੇ ਕਿ ਬੀ ਮੈਂ ਬੀਜਾਂ ਤੇ ਖਾਵੇ ਕੋਈ ਹੋਰ+

ਅਤੇ ਜੋ ਮੈਂ ਲਗਾਵਾਂ, ਉਸ ਨੂੰ ਜੜ੍ਹੋਂ ਉਖਾੜਿਆ ਜਾਵੇ।*

 9 ਜੇ ਕਿਸੇ ਔਰਤ ਲਈ ਮੇਰਾ ਦਿਲ ਲਲਚਾਇਆ ਹੋਵੇ+

ਅਤੇ ਮੈਂ ਆਪਣੇ ਗੁਆਂਢੀ ਦੇ ਬੂਹੇ ʼਤੇ ਉਡੀਕ ਵਿਚ ਬੈਠਾ ਹੋਵਾਂ,+

10 ਤਾਂ ਮੇਰੀ ਪਤਨੀ ਕਿਸੇ ਪਰਾਏ ਆਦਮੀ ਲਈ ਅਨਾਜ ਪੀਹੇ

ਅਤੇ ਹੋਰ ਆਦਮੀ ਉਸ ਨਾਲ ਸਰੀਰਕ ਸੰਬੰਧ ਬਣਾਉਣ।*+

11 ਕਿਉਂਕਿ ਇਹ ਕੰਮ ਸ਼ਰਮਨਾਕ ਹੋਵੇਗਾ

ਅਤੇ ਇਹ ਗੁਨਾਹ ਨਿਆਂਕਾਰਾਂ ਵੱਲੋਂ ਸਜ਼ਾ ਦੇ ਲਾਇਕ ਠਹਿਰੇਗਾ।+

12 ਇਹ ਉਹ ਅੱਗ ਹੈ ਜੋ ਭੱਖ ਲਵੇਗੀ, ਤਬਾਹ ਕਰ ਸੁੱਟੇਗੀ,*+

ਇੱਥੋਂ ਤਕ ਕਿ ਮੇਰੀ ਸਾਰੀ ਪੈਦਾਵਾਰ ਦੀਆਂ ਜੜ੍ਹਾਂ ਭਸਮ ਕਰ ਦੇਵੇਗੀ।*

13 ਜੇ ਮੈਂ ਆਪਣੇ ਨੌਕਰਾਂ ਜਾਂ ਨੌਕਰਾਣੀਆਂ ਨੂੰ ਇਨਸਾਫ਼ ਨਾ ਦਿੱਤਾ ਹੋਵੇ

ਜਦੋਂ ਉਨ੍ਹਾਂ ਨੂੰ ਮੇਰੇ ਨਾਲ ਸ਼ਿਕਾਇਤ* ਸੀ,

14 ਤਾਂ ਮੈਂ ਕੀ ਕਰਾਂਗਾ ਜਦ ਪਰਮੇਸ਼ੁਰ ਨਾਲ ਮੇਰਾ ਸਾਮ੍ਹਣਾ ਹੋਵੇਗਾ?*

ਮੈਂ ਉਸ ਨੂੰ ਕੀ ਜਵਾਬ ਦਿਆਂਗਾ ਜਦ ਉਹ ਮੇਰੇ ਤੋਂ ਹਿਸਾਬ ਮੰਗੇਗਾ?+

15 ਜਿਸ ਨੇ ਮੈਨੂੰ ਕੁੱਖ ਵਿਚ ਬਣਾਇਆ, ਕੀ ਉਨ੍ਹਾਂ ਨੂੰ ਬਣਾਉਣ ਵਾਲਾ ਵੀ ਉਹੀ ਨਹੀਂ?+

ਕੀ ਸਾਡੇ ਜਨਮ ਤੋਂ ਪਹਿਲਾਂ* ਸਾਨੂੰ ਰਚਣ ਵਾਲਾ ਇੱਕੋ ਹੀ ਨਹੀਂ?+

16 ਜੇ ਮੈਂ ਗ਼ਰੀਬਾਂ ਦੀ ਇੱਛਾ ਪੂਰੀ ਨਾ ਕੀਤੀ ਹੋਵੇ+

ਜਾਂ ਵਿਧਵਾ ਦੀਆਂ ਅੱਖਾਂ ਵਿਚ ਉਦਾਸੀ ਲਿਆਂਦੀ ਹੋਵੇ;*+

17 ਜੇ ਮੈਂ ਇਕੱਲੇ ਨੇ ਰੋਟੀ ਖਾ ਲਈ ਹੋਵੇ

ਤੇ ਯਤੀਮਾਂ ਨੂੰ ਨਾ ਦਿੱਤੀ ਹੋਵੇ;+

18 (ਕਿਉਂਕਿ ਮੇਰੀ ਜਵਾਨੀ ਤੋਂ ਯਤੀਮ* ਮੇਰੇ ਨਾਲ ਪਲ਼ਿਆ ਜਿਵੇਂ ਮੈਂ ਉਸ ਦਾ ਪਿਤਾ ਹੋਵਾਂ

ਅਤੇ ਮੈਂ ਬਚਪਨ ਤੋਂ* ਹੀ ਵਿਧਵਾ ਦੀ* ਅਗਵਾਈ ਕੀਤੀ।)

19 ਜੇ ਮੈਂ ਦੇਖਿਆ ਹੋਵੇ ਕਿ ਕੋਈ ਕੱਪੜਿਆਂ ਥੁੜ੍ਹੋਂ ਮਰ ਰਿਹਾ ਹੈ

ਜਾਂ ਕਿਸੇ ਗ਼ਰੀਬ ਕੋਲ ਉੱਪਰ ਲੈਣ ਲਈ ਕੁਝ ਨਹੀਂ;+

20 ਜੇ ਉਸ* ਨੇ ਮੈਨੂੰ ਅਸੀਸ ਨਾ ਦਿੱਤੀ ਹੋਵੇ+

ਜਦੋਂ ਉਸ ਨੇ ਮੇਰੀਆਂ ਭੇਡਾਂ ਦੀ ਉੱਨ ਨਾਲ ਖ਼ੁਦ ਨੂੰ ਗਰਮਾਇਆ;

21 ਜੇ ਮੈਂ ਘਸੁੰਨ ਵੱਟ ਕੇ ਕਿਸੇ ਯਤੀਮ ਨੂੰ ਡਰਾਇਆ ਹੋਵੇ+

ਜਦੋਂ ਉਸ ਨੂੰ ਸ਼ਹਿਰ ਦੇ ਦਰਵਾਜ਼ੇ+ ʼਤੇ ਮੇਰੀ ਮਦਦ ਦੀ ਲੋੜ ਸੀ,*

22 ਤਾਂ ਮੇਰੇ ਮੋਢੇ* ਤੋਂ ਮੇਰੀ ਬਾਂਹ ਡਿਗ ਜਾਵੇ

ਅਤੇ ਕੂਹਣੀ ਤੋਂ* ਮੇਰੀ ਬਾਂਹ ਟੁੱਟ ਜਾਵੇ।

23 ਕਿਉਂਕਿ ਮੈਂ ਪਰਮੇਸ਼ੁਰ ਵੱਲੋਂ ਆਉਣ ਵਾਲੀ ਬਿਪਤਾ ਤੋਂ ਡਰਦਾ ਸੀ

ਅਤੇ ਮੈਂ ਉਸ ਦੇ ਤੇਜ ਦੇ ਅੱਗੇ ਟਿਕ ਨਹੀਂ ਸੀ ਸਕਣਾ।

24 ਜੇ ਮੈਂ ਸੋਨੇ ʼਤੇ ਭਰੋਸਾ ਰੱਖਿਆ ਹੋਵੇ

ਜਾਂ ਖਾਲਸ ਸੋਨੇ ਨੂੰ ਕਿਹਾ ਹੋਵੇ, ‘ਤੂੰ ਮੇਰੀ ਸੁਰੱਖਿਆ ਹੈਂ!’+

25 ਜੇ ਮੈਂ ਖ਼ੁਸ਼ੀਆਂ ਮਨਾਈਆਂ ਹੋਣ ਕਿ ਮੇਰੇ ਕੋਲ ਬੇਸ਼ੁਮਾਰ ਦੌਲਤ ਹੈ+

ਅਤੇ ਮੈਂ ਢੇਰ ਸਾਰੀਆਂ ਚੀਜ਼ਾਂ ਹਾਸਲ ਕੀਤੀਆਂ ਹਨ;+

26 ਜੇ ਸੂਰਜ* ਨੂੰ ਚਮਕਦਾ ਦੇਖ ਕੇ

ਜਾਂ ਚੰਦ ਨੂੰ ਸ਼ਾਨ ਨਾਲ ਚੱਲਦਿਆਂ ਦੇਖ ਕੇ+

27 ਮੇਰਾ ਦਿਲ ਅੰਦਰੋਂ-ਅੰਦਰੀਂ ਭਰਮਾਇਆ ਗਿਆ ਹੋਵੇ

ਅਤੇ ਉਨ੍ਹਾਂ ਦੀ ਭਗਤੀ ਲਈ ਮੇਰੇ ਮੂੰਹ ਨੇ ਮੇਰੇ ਹੱਥ ਨੂੰ ਚੁੰਮਿਆ ਹੋਵੇ,+

28 ਤਾਂ ਇਹ ਅਜਿਹਾ ਗੁਨਾਹ ਹੋਵੇਗਾ ਜੋ ਨਿਆਂਕਾਰਾਂ ਵੱਲੋਂ ਸਜ਼ਾ ਦੇ ਲਾਇਕ ਠਹਿਰੇਗਾ

ਕਿਉਂਕਿ ਮੈਂ ਸਵਰਗ ਵਿਚ ਬਿਰਾਜਮਾਨ ਸੱਚੇ ਪਰਮੇਸ਼ੁਰ ਦਾ ਇਨਕਾਰ ਕਰ ਰਿਹਾ ਹੋਵਾਂਗਾ।

29 ਕੀ ਮੈਂ ਕਦੇ ਆਪਣੇ ਦੁਸ਼ਮਣ ਦੀ ਬਰਬਾਦੀ ʼਤੇ ਖ਼ੁਸ਼ੀਆਂ ਮਨਾਈਆਂ+

ਜਾਂ ਉਸ ਨਾਲ ਬੁਰਾ ਹੋਣ ਤੇ ਮੈਂ ਜਸ਼ਨ ਮਨਾਇਆ?

30 ਮੈਂ ਕਦੇ ਆਪਣੇ ਮੂੰਹ ਨੂੰ ਪਾਪ ਨਹੀਂ ਕਰਨ ਦਿੱਤਾ

ਕਿ ਉਹ ਸਹੁੰ ਖਾ ਕੇ ਉਸ ਦੀ ਮੌਤ ਮੰਗੇ।+

31 ਕੀ ਮੇਰੇ ਤੰਬੂ ਦੇ ਆਦਮੀਆਂ ਨੇ ਨਹੀਂ ਕਿਹਾ,

‘ਕੌਣ ਹੈ ਜੋ ਉਸ ਦੇ ਖਾਣੇ* ਨਾਲ ਨਾ ਰੱਜਿਆ ਹੋਵੇ?’+

32 ਕਿਸੇ ਵੀ ਅਜਨਬੀ* ਨੂੰ ਰਾਤ ਬਾਹਰ ਨਹੀਂ ਗੁਜ਼ਾਰਨੀ ਪਈ;+

ਮੈਂ ਮੁਸਾਫ਼ਰ ਲਈ ਆਪਣੇ ਦਰਵਾਜ਼ੇ ਖੋਲ੍ਹ ਦਿੰਦਾ ਸੀ।

33 ਕੀ ਮੈਂ ਕਦੇ ਹੋਰਨਾਂ ਆਦਮੀਆਂ ਦੀ ਤਰ੍ਹਾਂ ਆਪਣੇ ਅਪਰਾਧਾਂ ʼਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ?+

ਕੀ ਮੈਂ ਆਪਣਾ ਗੁਨਾਹ ਆਪਣੇ ਕੱਪੜੇ ਦੀ ਝੋਲ਼ੀ ਵਿਚ ਛੁਪਾਇਆ?

34 ਕੀ ਮੈਂ ਇਸ ਗੱਲੋਂ ਡਰਿਆ ਕਿ ਲੋਕੀ ਕੀ ਕਹਿਣਗੇ

ਜਾਂ ਕੀ ਮੈਂ ਖ਼ੌਫ਼ ਖਾਧਾ ਕਿ ਦੂਜੇ ਪਰਿਵਾਰ ਘਿਰਣਾ ਕਰਨਗੇ

ਜਿਸ ਕਰਕੇ ਮੈਂ ਬੋਲਣ ਜੋਗਾ ਨਹੀਂ ਰਹਾਂਗਾ ਤੇ ਬਾਹਰ ਜਾਣ ਤੋਂ ਡਰਾਂਗਾ?

35 ਕਾਸ਼ ਮੇਰੀ ਕੋਈ ਸੁਣਦਾ!+

ਮੈਂ ਆਪਣੀਆਂ ਕਹੀਆਂ ਗੱਲਾਂ ʼਤੇ ਆਪਣੇ ਦਸਤਖਤ ਕਰਦਾ।*

ਸਰਬਸ਼ਕਤੀਮਾਨ ਮੈਨੂੰ ਜਵਾਬ ਦੇਵੇ!+

ਕਾਸ਼ ਮੇਰੇ ʼਤੇ ਇਲਜ਼ਾਮ ਲਾਉਣ ਵਾਲੇ ਨੇ ਇਲਜ਼ਾਮ ਇਕ ਦਸਤਾਵੇਜ਼ ਵਿਚ ਲਿਖੇ ਹੁੰਦੇ!

36 ਮੈਂ ਇਸ ਨੂੰ ਆਪਣੇ ਮੋਢੇ ʼਤੇ ਲਈ ਫਿਰਦਾ

ਅਤੇ ਇਸ ਨੂੰ ਆਪਣੇ ਸਿਰ ʼਤੇ ਤਾਜ ਦੀ ਤਰ੍ਹਾਂ ਰੱਖਦਾ।

37 ਮੈਂ ਪਰਮੇਸ਼ੁਰ ਨੂੰ ਆਪਣੇ ਹਰ ਕਦਮ ਦਾ ਹਿਸਾਬ ਦਿੰਦਾ;

ਮੈਂ ਉਸ ਅੱਗੇ ਇਕ ਹਾਕਮ ਵਾਂਗ ਪੂਰੇ ਭਰੋਸੇ ਨਾਲ ਜਾਂਦਾ।

38 ਜੇ ਮੇਰੀ ਆਪਣੀ ਜ਼ਮੀਨ ਮੇਰੇ ਖ਼ਿਲਾਫ਼ ਦੁਹਾਈ ਦਿੰਦੀ

ਅਤੇ ਇਸ ਦੇ ਸਿਆੜ ਇਕੱਠੇ ਮਿਲ ਕੇ ਰੋਂਦੇ;

39 ਜੇ ਮੈਂ ਬਿਨਾਂ ਮੁੱਲ ਚੁਕਾਏ ਇਸ ਦਾ ਫਲ ਖਾਧਾ ਹੋਵੇ+

ਜਾਂ ਮੈਂ ਇਸ ਦੇ ਮਾਲਕਾਂ ਨੂੰ ਮਾਯੂਸ ਕੀਤਾ ਹੋਵੇ,+

40 ਤਾਂ ਮੇਰੇ ਲਈ ਕਣਕ ਦੀ ਥਾਂ ਕੰਡੇ ਉੱਗਣ

ਅਤੇ ਜੌਆਂ ਦੀ ਜਗ੍ਹਾ ਬਦਬੂਦਾਰ ਜੰਗਲੀ ਬੂਟੀ ਉੱਗੇ।”

ਅੱਯੂਬ ਦੀ ਗੱਲ ਇੱਥੇ ਖ਼ਤਮ ਹੁੰਦੀ ਹੈ।

32 ਇਨ੍ਹਾਂ ਤਿੰਨਾਂ ਆਦਮੀਆਂ ਨੇ ਅੱਯੂਬ ਨੂੰ ਜਵਾਬ ਦੇਣਾ ਛੱਡ ਦਿੱਤਾ ਕਿਉਂਕਿ ਅੱਯੂਬ ਨੂੰ ਪੱਕਾ ਯਕੀਨ ਸੀ ਕਿ ਉਹ ਧਰਮੀ ਸੀ।*+ 2 ਪਰ ਰਾਮ ਦੇ ਘਰਾਣੇ ਵਿੱਚੋਂ ਬਰਕਏਲ ਬੂਜ਼ੀ+ ਦੇ ਪੁੱਤਰ ਅਲੀਹੂ ਦਾ ਗੁੱਸਾ ਭੜਕ ਉੱਠਿਆ। ਉਹ ਅੱਯੂਬ ਉੱਤੇ ਇਸ ਲਈ ਅੱਗ-ਬਬੂਲਾ ਹੋਇਆ ਕਿਉਂਕਿ ਉਹ ਪਰਮੇਸ਼ੁਰ ਦੀ ਬਜਾਇ ਖ਼ੁਦ ਨੂੰ ਸਹੀ ਸਾਬਤ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।+ 3 ਉਸ ਨੂੰ ਅੱਯੂਬ ਦੇ ਤਿੰਨ ਸਾਥੀਆਂ ਉੱਤੇ ਵੀ ਗੁੱਸਾ ਚੜ੍ਹਿਆ ਕਿਉਂਕਿ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਸੁੱਝਿਆ, ਸਗੋਂ ਉਨ੍ਹਾਂ ਨੇ ਪਰਮੇਸ਼ੁਰ ਨੂੰ ਦੁਸ਼ਟ ਠਹਿਰਾਇਆ।+ 4 ਉਹ ਅਲੀਹੂ ਤੋਂ ਉਮਰ ਵਿਚ ਵੱਡੇ ਸਨ ਜਿਸ ਕਰਕੇ ਉਹ ਅੱਯੂਬ ਨੂੰ ਜਵਾਬ ਦੇਣ ਦੀ ਉਡੀਕ ਕਰ ਰਿਹਾ ਸੀ।+ 5 ਜਦੋਂ ਅਲੀਹੂ ਨੇ ਦੇਖਿਆ ਕਿ ਇਨ੍ਹਾਂ ਤਿੰਨਾਂ ਆਦਮੀਆਂ ਕੋਲ ਜਵਾਬ ਵਿਚ ਕਹਿਣ ਲਈ ਕੁਝ ਨਹੀਂ ਸੀ, ਤਾਂ ਉਸ ਦਾ ਕ੍ਰੋਧ ਭੜਕ ਉੱਠਿਆ। 6 ਇਸ ਲਈ ਬਰਕਏਲ ਬੂਜ਼ੀ ਦੇ ਪੁੱਤਰ ਅਲੀਹੂ ਨੇ ਬੋਲਣਾ ਸ਼ੁਰੂ ਕੀਤਾ:

“ਮੈਂ ਛੋਟਾ* ਹਾਂ

ਅਤੇ ਤੁਸੀਂ ਉਮਰ ਵਿਚ ਵੱਡੇ ਹੋ।+

ਇਸ ਲਈ ਆਦਰ ਦੇ ਕਾਰਨ ਮੈਂ ਰੁਕਿਆ ਰਿਹਾ+

ਅਤੇ ਜੋ ਮੈਨੂੰ ਪਤਾ ਹੈ, ਉਹ ਤੁਹਾਨੂੰ ਦੱਸਣ ਦੀ ਮੈਂ ਜੁਰਅਤ ਨਹੀਂ ਕੀਤੀ।

 7 ਮੈਂ ਸੋਚਿਆ, ‘ਵੱਡਿਆਂ* ਨੂੰ ਬੋਲ ਲੈਣ ਦਿੰਦਾਂ,

ਅਤੇ ਸਿਆਣੀ ਉਮਰ ਵਾਲਿਆਂ ਨੂੰ ਬੁੱਧ ਦੀਆਂ ਗੱਲਾਂ ਕਰ ਲੈਣ ਦਿੰਦਾਂ।’

 8 ਪਰ ਲੋਕਾਂ ਨੂੰ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਤੋਂ

ਅਤੇ ਸਰਬਸ਼ਕਤੀਮਾਨ ਦੇ ਸਾਹ ਤੋਂ ਹੀ ਸਮਝ ਮਿਲਦੀ ਹੈ।+

 9 ਸਿਰਫ਼ ਉਮਰ* ਕਿਸੇ ਨੂੰ ਬੁੱਧੀਮਾਨ ਨਹੀਂ ਬਣਾਉਂਦੀ,

ਨਾ ਹੀ ਇਕੱਲੇ ਬਿਰਧ ਆਦਮੀਆਂ ਨੂੰ ਇਹ ਸਮਝ ਹੈ ਕਿ ਸਹੀ ਕੀ ਹੈ।+

10 ਇਸ ਲਈ ਮੈਂ ਕਹਿੰਦਾ ਹਾਂ, ‘ਮੇਰੀ ਸੁਣ,

ਮੈਂ ਵੀ ਤੈਨੂੰ ਦੱਸਾਂਗਾ ਜੋ ਮੈਨੂੰ ਪਤਾ ਹੈ।’

11 ਦੇਖੋ! ਮੈਂ ਤੁਹਾਡੀਆਂ ਗੱਲਾਂ ਦੀ ਉਡੀਕ ਕੀਤੀ;

ਮੈਂ ਤੁਹਾਡੀਆਂ ਦਲੀਲਾਂ ਸੁਣਦਾ ਰਿਹਾ+

ਅਤੇ ਜਦ ਤੁਸੀਂ ਕਹਿਣ ਲਈ ਸ਼ਬਦ ਲੱਭ ਰਹੇ ਸੀ, ਉਦੋਂ ਵੀ ਮੈਂ ਰੁਕਿਆ ਰਿਹਾ।+

12 ਮੈਂ ਬੜੇ ਧਿਆਨ ਨਾਲ ਤੁਹਾਡੀ ਗੱਲ ਸੁਣੀ,

ਪਰ ਤੁਹਾਡੇ ਵਿੱਚੋਂ ਨਾ ਤਾਂ ਕੋਈ ਅੱਯੂਬ ਨੂੰ ਗ਼ਲਤ ਸਾਬਤ ਕਰ ਸਕਿਆ*

ਅਤੇ ਨਾ ਹੀ ਉਸ ਦੀਆਂ ਦਲੀਲਾਂ ਦਾ ਜਵਾਬ ਦੇ ਸਕਿਆ।

13 ਇਸ ਲਈ ਇਹ ਨਾ ਕਹੋ, ‘ਅਸੀਂ ਬੁੱਧ ਨੂੰ ਪਾ ਲਿਆ ਹੈ;

ਪਰਮੇਸ਼ੁਰ ਹੀ ਉਸ ਨੂੰ ਗ਼ਲਤ ਸਾਬਤ ਕਰ ਸਕਦਾ ਹੈ, ਨਾ ਕਿ ਇਨਸਾਨ।’

14 ਉਸ ਨੇ ਮੇਰੇ ਖ਼ਿਲਾਫ਼ ਗੱਲਾਂ ਨਹੀਂ ਕਹੀਆਂ,

ਇਸ ਲਈ ਮੈਂ ਤੁਹਾਡੀਆਂ ਦਲੀਲਾਂ ਨਾਲ ਉਸ ਨੂੰ ਜਵਾਬ ਨਹੀਂ ਦਿਆਂਗਾ।

15 ਇਹ ਘਬਰਾਏ ਹੋਏ ਹਨ, ਇਨ੍ਹਾਂ ਕੋਲ ਕੋਈ ਜਵਾਬ ਨਹੀਂ;

ਇਨ੍ਹਾਂ ਕੋਲ ਕਹਿਣ ਨੂੰ ਕੁਝ ਨਹੀਂ ਬਚਿਆ।

16 ਮੈਂ ਉਡੀਕ ਕੀਤੀ, ਪਰ ਇਹ ਕੁਝ ਬੋਲਦੇ ਹੀ ਨਹੀਂ;

ਇਹ ਬੱਸ ਖੜ੍ਹੇ ਹਨ ਤੇ ਇਨ੍ਹਾਂ ਨੂੰ ਹੁਣ ਕੋਈ ਜਵਾਬ ਨਹੀਂ ਸੁੱਝਦਾ।

17 ਇਸ ਲਈ ਹੁਣ ਮੈਂ ਜਵਾਬ ਦਿਆਂਗਾ;

ਮੈਂ ਵੀ ਦੱਸਾਂਗਾ ਜੋ ਮੈਨੂੰ ਪਤਾ ਹੈ

18 ਕਿਉਂਕਿ ਮੇਰੇ ਮਨ ਵਿਚ ਬਹੁਤ ਸਾਰੀਆਂ ਗੱਲਾਂ ਭਰੀਆਂ ਪਈਆਂ ਹਨ;

ਮੇਰੇ ਅੰਦਰ ਸ਼ਕਤੀ ਮੈਨੂੰ ਮਜਬੂਰ ਕਰਦੀ ਹੈ।

19 ਮੈਂ ਅੰਦਰੋਂ ਉਸ ਦਾਖਰਸ ਦੀ ਤਰ੍ਹਾਂ ਹਾਂ ਜਿਸ ਦੀ ਹਵਾੜ ਕੱਢਣ ਲਈ ਕੋਈ ਛੇਕ ਨਾ ਹੋਵੇ,

ਹਾਂ, ਨਵੀਆਂ ਮਸ਼ਕਾਂ ਦੀ ਤਰ੍ਹਾਂ ਜੋ ਫਟਣ ਹੀ ਵਾਲੀਆਂ ਹਨ।+

20 ਮੈਨੂੰ ਬੋਲਣ ਦਿਓ ਤਾਂਕਿ ਮੈਨੂੰ ਚੈਨ ਮਿਲੇ!

ਮੈਂ ਆਪਣੇ ਬੁੱਲ੍ਹ ਖੋਲ੍ਹਾਂਗਾ ਤੇ ਜਵਾਬ ਦਿਆਂਗਾ।

21 ਮੈਂ ਕਿਸੇ ਨਾਲ ਪੱਖਪਾਤ ਨਹੀਂ ਕਰਾਂਗਾ;+

ਨਾ ਮੈਂ ਕਿਸੇ ਇਨਸਾਨ ਦੀ ਚਾਪਲੂਸੀ ਕਰਾਂਗਾ*

22 ਕਿਉਂਕਿ ਮੈਨੂੰ ਚਾਪਲੂਸੀ ਕਰਨੀ ਨਹੀਂ ਆਉਂਦੀ;

ਜੇ ਮੈਂ ਕੀਤੀ, ਤਾਂ ਮੇਰਾ ਬਣਾਉਣ ਵਾਲਾ ਮੈਨੂੰ ਝੱਟ ਮਿਟਾ ਦੇਵੇਗਾ।

33 “ਪਰ ਹੇ ਅੱਯੂਬ, ਹੁਣ ਕਿਰਪਾ ਕਰ ਕੇ ਮੇਰੀਆਂ ਗੱਲਾਂ ਸੁਣ;

ਮੇਰੀ ਇਕ-ਇਕ ਗੱਲ ʼਤੇ ਕੰਨ ਲਾ।

 2 ਦੇਖ! ਮੈਨੂੰ ਬੋਲਣਾ ਹੀ ਪੈਣਾ;

ਮੇਰੀ ਜੀਭ* ਬੋਲਣ ਲਈ ਬੇਚੈਨ ਹੈ।

 3 ਮੇਰੀਆਂ ਗੱਲਾਂ ਮੇਰੀ ਸਾਫ਼ਦਿਲੀ ਦਾ ਐਲਾਨ ਕਰਦੀਆਂ ਹਨ+

ਅਤੇ ਜੋ ਮੈਨੂੰ ਪਤਾ ਹੈ, ਮੇਰੇ ਬੁੱਲ੍ਹ ਉਹ ਸੱਚ-ਸੱਚ ਦੱਸਦੇ ਹਨ।

 4 ਪਰਮੇਸ਼ੁਰ ਦੀ ਸ਼ਕਤੀ ਨੇ ਮੈਨੂੰ ਰਚਿਆ+

ਅਤੇ ਸਰਬਸ਼ਕਤੀਮਾਨ ਦੇ ਸਾਹ ਨੇ ਮੈਨੂੰ ਜੀਵਨ ਬਖ਼ਸ਼ਿਆ।+

 5 ਜੇ ਤੂੰ ਮੈਨੂੰ ਜਵਾਬ ਦੇ ਸਕਦਾ ਹੈਂ, ਤਾਂ ਦੇ;

ਮੇਰੇ ਅੱਗੇ ਆਪਣੀਆਂ ਦਲੀਲਾਂ ਪੇਸ਼ ਕਰ; ਤਿਆਰ ਹੋ ਜਾ।

 6 ਦੇਖ! ਸੱਚੇ ਪਰਮੇਸ਼ੁਰ ਅੱਗੇ ਮੈਂ ਬਿਲਕੁਲ ਤੇਰੇ ਵਰਗਾ ਹੀ ਹਾਂ;

ਮੈਂ ਵੀ ਮਿੱਟੀ ਤੋਂ ਹੀ ਬਣਾਇਆ ਗਿਆ ਹਾਂ।+

 7 ਇਸ ਲਈ ਤੂੰ ਮੇਰੇ ਤੋਂ ਕਿਸੇ ਤਰ੍ਹਾਂ ਦਾ ਖ਼ੌਫ਼ ਨਾ ਖਾਈਂ,

ਮੈਂ ਇੱਦਾਂ ਦਾ ਕੋਈ ਦਬਾਅ ਨਹੀਂ ਪਾਵਾਂਗਾ ਜੋ ਤੈਨੂੰ ਕੁਚਲ ਸੁੱਟੇ।

 8 ਪਰ ਤੂੰ ਮੇਰੇ ਸਾਮ੍ਹਣੇ ਗੱਲਾਂ ਕਹੀਆਂ ਸਨ,

ਹਾਂ, ਤੇਰੀਆਂ ਇਹ ਗੱਲਾਂ ਮੈਂ ਸੁਣਦਾ ਰਿਹਾ,

 9 ‘ਮੈਂ ਸ਼ੁੱਧ ਹਾਂ, ਮੈਂ ਕੋਈ ਅਪਰਾਧ ਨਹੀਂ ਕੀਤਾ;+

ਮੈਂ ਪਵਿੱਤਰ ਹਾਂ, ਮੈਂ ਕੋਈ ਗੁਨਾਹ ਨਹੀਂ ਕੀਤਾ।+

10 ਪਰ ਪਰਮੇਸ਼ੁਰ ਮੇਰਾ ਵਿਰੋਧ ਕਰਨ ਲਈ ਵਜ੍ਹਾ ਲੱਭਦਾ ਹੈ;

ਉਹ ਮੈਨੂੰ ਆਪਣਾ ਦੁਸ਼ਮਣ ਸਮਝਦਾ ਹੈ।+

11 ਉਹ ਮੇਰੇ ਪੈਰ ਸ਼ਿਕੰਜੇ ਵਿਚ ਜਕੜਦਾ ਹੈ,

ਉਹ ਮੇਰੇ ਸਾਰੇ ਰਾਹਾਂ ʼਤੇ ਨਿਗਾਹ ਰੱਖਦਾ ਹੈ।’+

12 ਪਰ ਤੇਰਾ ਇਹ ਕਹਿਣਾ ਸਹੀ ਨਹੀਂ, ਇਸ ਲਈ ਮੈਂ ਤੈਨੂੰ ਜਵਾਬ ਦਿਆਂਗਾ:

ਪਰਮੇਸ਼ੁਰ ਮਰਨਹਾਰ ਇਨਸਾਨ ਨਾਲੋਂ ਕਿਤੇ ਮਹਾਨ ਹੈ।+

13 ਤੂੰ ਉਸ ਦੇ ਖ਼ਿਲਾਫ਼ ਗਿਲਾ ਕਿਉਂ ਕਰਦਾ ਹੈਂ?+

ਕੀ ਇਸ ਲਈ ਕਿਉਂਕਿ ਉਸ ਨੇ ਤੇਰੀਆਂ ਸਾਰੀਆਂ ਗੱਲਾਂ ਦਾ ਜਵਾਬ ਨਹੀਂ ਦਿੱਤਾ?+

14 ਪਰਮੇਸ਼ੁਰ ਇਕ ਵਾਰ ਤਾਂ ਕੀ, ਦੋ-ਦੋ ਵਾਰ ਕਹਿੰਦਾ ਹੈ,

ਪਰ ਕੋਈ ਵੀ ਧਿਆਨ ਨਹੀਂ ਦਿੰਦਾ,

15 ਹਾਂ, ਸੁਪਨੇ ਵਿਚ, ਰਾਤ ਦੇ ਦਰਸ਼ਣ ਵਿਚ+

ਜਦੋਂ ਲੋਕਾਂ ʼਤੇ ਗੂੜ੍ਹੀ ਨੀਂਦ ਛਾਈ ਹੁੰਦੀ ਹੈ,

ਜਦੋਂ ਉਹ ਆਪਣੇ ਬਿਸਤਰਿਆਂ ʼਤੇ ਸੁੱਤੇ ਹੁੰਦੇ ਹਨ।

16 ਫਿਰ ਉਹ ਉਨ੍ਹਾਂ ਦੇ ਕੰਨ ਖੋਲ੍ਹਦਾ ਹੈ+

ਅਤੇ ਆਪਣੀ ਸਿੱਖਿਆ ਉਨ੍ਹਾਂ ਦੇ ਦਿਲਾਂ ਵਿਚ ਬਿਠਾਉਂਦਾ ਹੈ*

17 ਤਾਂਕਿ ਇਨਸਾਨ ਨੂੰ ਗ਼ਲਤ ਕੰਮਾਂ ਤੋਂ ਰੋਕੇ+

ਅਤੇ ਘਮੰਡ ਤੋਂ ਆਦਮੀ ਦੀ ਰਾਖੀ ਕਰੇ।+

18 ਪਰਮੇਸ਼ੁਰ ਉਸ ਦੀ ਜਾਨ ਨੂੰ ਟੋਏ* ਤੋਂ

ਅਤੇ ਉਸ ਦੀ ਜ਼ਿੰਦਗੀ ਨੂੰ ਤਲਵਾਰ ਨਾਲ* ਮਿਟਣ ਤੋਂ ਬਚਾਉਂਦਾ ਹੈ।+

19 ਉਸ ਨੂੰ ਤਾੜਨਾ ਵੀ ਮਿਲਦੀ ਹੈ ਜਦ ਇਕ ਇਨਸਾਨ ਬਿਸਤਰੇ ʼਤੇ ਪਿਆ-ਪਿਆ ਤਕਲੀਫ਼ਾਂ ਝੱਲਦਾ ਹੈ,

ਜਦ ਉਸ ਦੀਆਂ ਹੱਡੀਆਂ ਦੁਖਦੀਆਂ ਰਹਿੰਦੀਆਂ ਹਨ

20 ਜਿਸ ਕਰਕੇ ਉਸ* ਨੂੰ ਰੋਟੀ ਤੋਂ ਘਿਣ ਆਉਂਦੀ ਹੈ

ਅਤੇ ਉਹ ਸੁਆਦਲੇ ਭੋਜਨ ਨੂੰ ਵੀ ਠੁਕਰਾ ਦਿੰਦਾ ਹੈ।+

21 ਉਸ ਦਾ ਸਰੀਰ ਸੁੱਕਦਾ ਜਾਂਦਾ ਹੈ

ਅਤੇ ਉਸ ਦੀਆਂ ਹੱਡੀਆਂ ਜੋ ਨਜ਼ਰ ਨਹੀਂ ਸਨ ਆਉਂਦੀਆਂ, ਹੁਣ ਉਹ ਨਿਕਲ ਆਈਆਂ ਹਨ।*

22 ਉਸ ਦੀ ਜਾਨ ਟੋਏ* ਵੱਲ ਵਧਦੀ ਜਾ ਰਹੀ ਹੈ;

ਉਸ ਦੀ ਜ਼ਿੰਦਗੀ ਮੌਤ ਲਿਆਉਣ ਵਾਲਿਆਂ ਦੇ ਨੇੜੇ ਹੁੰਦੀ ਜਾ ਰਹੀ ਹੈ।

23 ਜੇ ਉਸ ਨੂੰ ਕੋਈ ਸੰਦੇਸ਼ ਦੇਣ ਵਾਲਾ* ਮਿਲ ਜਾਵੇ,

ਹਾਂ, ਹਜ਼ਾਰਾਂ ਵਿੱਚੋਂ ਕੋਈ ਇਕ ਜੋ ਉਸ ਦੀ ਵਕਾਲਤ ਕਰੇ,

ਜੋ ਆਦਮੀ ਨੂੰ ਦੱਸੇ ਕਿ ਸਹੀ ਕੀ ਹੈ,

24 ਫਿਰ ਪਰਮੇਸ਼ੁਰ ਉਸ ʼਤੇ ਮਿਹਰ ਕਰਦਾ ਅਤੇ ਕਹਿੰਦਾ ਹੈ,

‘ਉਸ ਦੀ ਜਾਨ ਨੂੰ ਟੋਏ* ਵਿਚ ਜਾਣ ਤੋਂ ਬਚਾ ਲੈ!+

ਮੈਨੂੰ ਰਿਹਾਈ ਦੀ ਕੀਮਤ ਮਿਲ ਗਈ ਹੈ!+

25 ਉਸ ਦੀ ਚਮੜੀ ਬੱਚੇ ਦੀ ਚਮੜੀ ਨਾਲੋਂ ਵੀ ਕੋਮਲ* ਹੋ ਜਾਵੇ;+

ਉਸ ਦੀ ਜਵਾਨੀ ਦੀ ਤਾਕਤ ਦੁਬਾਰਾ ਉਸ ਵਿਚ ਆ ਜਾਵੇ।’+

26 ਉਹ ਪਰਮੇਸ਼ੁਰ ਨੂੰ ਬੇਨਤੀ ਕਰੇਗਾ+ ਤੇ ਉਹ ਉਸ ਨੂੰ ਕਬੂਲ ਕਰੇਗਾ,

ਉਹ ਖ਼ੁਸ਼ੀ ਦੇ ਜੈਕਾਰਿਆਂ ਨਾਲ ਉਸ ਦਾ ਚਿਹਰਾ ਦੇਖੇਗਾ

ਅਤੇ ਉਹ ਮਰਨਹਾਰ ਇਨਸਾਨ ਨੂੰ ਦੁਬਾਰਾ ਆਪਣੀਆਂ ਨਜ਼ਰਾਂ ਵਿਚ ਧਰਮੀ ਸਮਝੇਗਾ।

27 ਉਹ ਇਨਸਾਨ ਆਦਮੀਆਂ ਅੱਗੇ ਐਲਾਨ ਕਰੇਗਾ,*

‘ਮੈਂ ਪਾਪ ਕੀਤਾ ਹੈ+ ਅਤੇ ਜੋ ਸਹੀ ਹੈ, ਉਸ ਨੂੰ ਵਿਗਾੜਿਆ ਹੈ,

ਪਰ ਮੇਰੇ ਨਾਲ ਉਹ ਨਹੀਂ ਹੋਇਆ ਜਿਸ ਦੇ ਮੈਂ ਲਾਇਕ ਸੀ।*

28 ਉਸ ਨੇ ਮੇਰੀ ਜਾਨ ਨੂੰ ਟੋਏ* ਵਿਚ ਜਾਣ ਤੋਂ ਬਚਾਇਆ ਹੈ+

ਅਤੇ ਮੇਰਾ ਜੀਵਨ ਚਾਨਣ ਦੇਖੇਗਾ।’

29 ਦੇਖ, ਇਹ ਸਭ ਪਰਮੇਸ਼ੁਰ ਕਰਦਾ ਹੈ,

ਦੋ ਵਾਰ ਤਾਂ ਕੀ, ਇਨਸਾਨ ਲਈ ਉਹ ਤਿੰਨ-ਤਿੰਨ ਵਾਰ ਇੱਦਾਂ ਕਰਦਾ ਹੈ

30 ਤਾਂਕਿ ਉਸ ਨੂੰ ਟੋਏ* ਵਿੱਚੋਂ ਮੋੜ ਲਿਆਵੇ

ਅਤੇ ਉਹ ਜ਼ਿੰਦਗੀ ਦੇ ਚਾਨਣ ਨਾਲ ਰੌਸ਼ਨ ਹੋਵੇ।+

31 ਹੇ ਅੱਯੂਬ, ਧਿਆਨ ਦੇ! ਮੇਰੀ ਸੁਣ!

ਚੁੱਪ ਰਹਿ ਤੇ ਮੈਂ ਗੱਲ ਕਰਦਾ ਰਹਾਂਗਾ।

32 ਜੇ ਤੂੰ ਕੁਝ ਕਹਿਣਾ ਹੈ, ਤਾਂ ਮੈਨੂੰ ਦੱਸ।

ਬੋਲ, ਕਿਉਂਕਿ ਮੈਂ ਤੈਨੂੰ ਸਹੀ ਠਹਿਰਾਉਣਾ ਚਾਹੁੰਦਾ ਹਾਂ।

33 ਪਰ ਜੇ ਤੇਰੇ ਕੋਲ ਕਹਿਣ ਲਈ ਕੁਝ ਨਹੀਂ, ਤਾਂ ਤੂੰ ਮੇਰੀ ਸੁਣ;

ਚੁੱਪ ਰਹਿ ਤੇ ਮੈਂ ਤੈਨੂੰ ਬੁੱਧ ਦੀਆਂ ਗੱਲਾਂ ਸਿਖਾਵਾਂਗਾ।”

34 ਅਲੀਹੂ ਨੇ ਅੱਗੇ ਕਿਹਾ:

 2 “ਹੇ ਬੁੱਧੀਮਾਨੋ, ਮੇਰੀਆਂ ਗੱਲਾਂ ʼਤੇ ਕੰਨ ਲਾਓ;

ਹੇ ਬਹੁਤਾ ਗਿਆਨ ਰੱਖਣ ਵਾਲਿਓ, ਮੇਰੀ ਸੁਣੋ।

 3 ਜਿਵੇਂ ਜੀਭ* ਭੋਜਨ ਦਾ ਸੁਆਦ ਚੱਖ ਲੈਂਦੀ ਹੈ,

ਉਸੇ ਤਰ੍ਹਾਂ ਕੰਨ ਗੱਲਾਂ ਨੂੰ ਪਰਖ ਲੈਂਦੇ ਹਨ।

 4 ਇਸ ਲਈ ਆਓ ਆਪਾਂ ਜਾਂਚੀਏ ਕਿ ਸਹੀ ਕੀ ਹੈ;

ਆਓ ਆਪਾਂ ਰਲ਼ ਕੇ ਫ਼ੈਸਲਾ ਕਰੀਏ ਕਿ ਚੰਗਾ ਕੀ ਹੈ।

 5 ਕਿਉਂਕਿ ਅੱਯੂਬ ਦਾ ਕਹਿਣਾ ਹੈ, ‘ਮੈਂ ਸਹੀ ਹਾਂ,+

ਪਰ ਪਰਮੇਸ਼ੁਰ ਨੇ ਮੈਨੂੰ ਇਨਸਾਫ਼ ਨਹੀਂ ਦਿੱਤਾ।+

 6 ਕੀ ਮੈਂ ਝੂਠ ਬੋਲਾਂਗਾ ਕਿ ਮੈਨੂੰ ਕੀ ਫ਼ੈਸਲਾ ਸੁਣਾਇਆ ਜਾਣਾ ਚਾਹੀਦਾ?

ਮੇਰੇ ਜ਼ਖ਼ਮ ਦਾ ਕੋਈ ਇਲਾਜ ਨਹੀਂ, ਭਾਵੇਂ ਕਿ ਮੈਂ ਕੋਈ ਅਪਰਾਧ ਨਹੀਂ ਕੀਤਾ।’+

 7 ਅੱਯੂਬ ਵਰਗਾ ਹੋਰ ਕੌਣ ਹੈ

ਜੋ ਮਖੌਲ ਨੂੰ ਪਾਣੀ ਵਾਂਗ ਪੀ ਜਾਂਦਾ ਹੈ?

 8 ਉਹ ਬੁਰੇ ਕੰਮ ਕਰਨ ਵਾਲਿਆਂ ਨਾਲ ਸੰਗਤ ਕਰਨ ਲੱਗ ਪਿਆ ਹੈ

ਅਤੇ ਦੁਸ਼ਟ ਆਦਮੀਆਂ ਨਾਲ ਉੱਠਦਾ-ਬੈਠਦਾ ਹੈ।+

 9 ਕਿਉਂਕਿ ਉਸ ਨੇ ਕਿਹਾ ਹੈ, ‘ਪਰਮੇਸ਼ੁਰ ਨੂੰ ਖ਼ੁਸ਼ ਕਰਨ ਲਈ ਇਨਸਾਨ ਲੱਖ ਕੋਸ਼ਿਸ਼ਾਂ ਕਰ ਲਵੇ,

ਪਰ ਕੋਈ ਫ਼ਾਇਦਾ ਨਹੀਂ।’+

10 ਇਸ ਲਈ ਹੇ ਸਮਝ* ਰੱਖਣ ਵਾਲਿਓ, ਮੇਰੀ ਸੁਣੋ:

ਇਹ ਹੋ ਹੀ ਨਹੀਂ ਸਕਦਾ ਕਿ ਸੱਚਾ ਪਰਮੇਸ਼ੁਰ ਦੁਸ਼ਟ ਕੰਮ ਕਰੇ,+

ਨਾਲੇ ਇਹ ਕਿ ਸਰਬਸ਼ਕਤੀਮਾਨ ਬੁਰਾਈ ਕਰੇ!+

11 ਉਹ ਆਦਮੀ ਨੂੰ ਉਸ ਦੇ ਕੰਮਾਂ ਦਾ ਫਲ ਦੇਵੇਗਾ+

ਅਤੇ ਜਿਨ੍ਹਾਂ ਰਾਹਾਂ ʼਤੇ ਉਹ ਚੱਲਦਾ ਹੈ, ਉਨ੍ਹਾਂ ਦੇ ਅੰਜਾਮ ਭੁਗਤਣ ਦੇਵੇਗਾ।

12 ਇਹ ਗੱਲ ਪੱਕੀ ਹੈ ਕਿ ਪਰਮੇਸ਼ੁਰ ਦੁਸ਼ਟ ਕੰਮ ਨਹੀਂ ਕਰਦਾ;+

ਸਰਬਸ਼ਕਤੀਮਾਨ ਅਨਿਆਂ ਨਹੀਂ ਕਰਦਾ।+

13 ਕਿਹਨੇ ਉਸ ਨੂੰ ਧਰਤੀ ਉੱਤੇ ਇਖ਼ਤਿਆਰ ਦਿੱਤਾ

ਅਤੇ ਕਿਹਨੇ ਉਸ ਨੂੰ ਪੂਰੀ ਦੁਨੀਆਂ* ਉੱਤੇ ਠਹਿਰਾਇਆ?

14 ਜੇ ਉਹ ਉਨ੍ਹਾਂ ਉੱਤੇ ਆਪਣਾ ਧਿਆਨ* ਲਾਈ ਰੱਖੇ,

ਜੇ ਉਹ ਉਨ੍ਹਾਂ ਦੀ ਜੀਵਨ-ਸ਼ਕਤੀ ਅਤੇ ਸਾਹ ਨੂੰ ਆਪਣੇ ਕੋਲ ਇਕੱਠਾ ਕਰ ਲਵੇ,+

15 ਤਾਂ ਸਾਰੇ ਇਨਸਾਨ ਇਕੱਠੇ ਮਿਟ ਜਾਣਗੇ

ਅਤੇ ਮਨੁੱਖਜਾਤੀ ਮਿੱਟੀ ਵਿਚ ਮੁੜ ਜਾਵੇਗੀ।+

16 ਜੇ ਤੁਹਾਨੂੰ ਸਮਝ ਹੈ, ਤਾਂ ਇਸ ਵੱਲ ਧਿਆਨ ਦਿਓ;

ਜੋ ਮੈਂ ਕਹਿਣ ਲੱਗਾ ਹਾਂ, ਉਸ ਨੂੰ ਗੌਰ ਨਾਲ ਸੁਣੋ।

17 ਕੀ ਇਨਸਾਫ਼ ਨਾਲ ਨਫ਼ਰਤ ਕਰਨ ਵਾਲੇ ਨੂੰ ਰਾਜ ਕਰਨਾ ਚਾਹੀਦਾ

ਜਾਂ ਕੀ ਤੂੰ ਉਸ ਅਧਿਕਾਰ ਰੱਖਣ ਵਾਲੇ ʼਤੇ ਦੋਸ਼ ਲਾਵੇਂਗਾ ਜੋ ਸਹੀ ਕੰਮ ਕਰਦਾ ਹੈ?

18 ਕੀ ਤੂੰ ਰਾਜੇ ਨੂੰ ਕਹੇਂਗਾ, ‘ਤੂੰ ਕਿਸੇ ਕੰਮ ਦਾ ਨਹੀਂ,’

ਜਾਂ ਹਾਕਮਾਂ ਨੂੰ ਕਿ ‘ਤੁਸੀਂ ਦੁਸ਼ਟ ਹੋ’?+

19 ਇਕ ਸ਼ਖ਼ਸ ਅਜਿਹਾ ਹੈ ਜੋ ਪ੍ਰਧਾਨਾਂ ਦਾ ਪੱਖ ਨਹੀਂ ਲੈਂਦਾ

ਅਤੇ ਗ਼ਰੀਬ ਨਾਲੋਂ ਜ਼ਿਆਦਾ ਅਮੀਰ ਦੀ ਤਰਫ਼ਦਾਰੀ ਨਹੀਂ ਕਰਦਾ+

ਕਿਉਂਕਿ ਉਹ ਸਾਰੇ ਉਸ ਦੇ ਹੱਥਾਂ ਦਾ ਕੰਮ ਹਨ।+

20 ਉਹ ਅਚਾਨਕ ਅੱਧੀ ਰਾਤ ਨੂੰ ਮਰ ਜਾਂਦੇ ਹਨ;+

ਉਹ ਬੁਰੀ ਤਰ੍ਹਾਂ ਕੰਬਦੇ ਹੋਏ ਦਮ ਤੋੜ ਦਿੰਦੇ ਹਨ;

ਸ਼ਕਤੀਸ਼ਾਲੀ ਲੋਕ ਵੀ ਮਿਟਾਏ ਜਾਂਦੇ ਹਨ, ਪਰ ਇਨਸਾਨ ਦੇ ਹੱਥੀਂ ਨਹੀਂ।+

21 ਪਰਮੇਸ਼ੁਰ ਦੀਆਂ ਨਜ਼ਰਾਂ ਇਨਸਾਨ ਦੇ ਰਾਹਾਂ ਉੱਤੇ ਟਿਕੀਆਂ ਹੋਈਆਂ ਹਨ+

ਅਤੇ ਉਹ ਉਸ ਦੇ ਸਾਰੇ ਕਦਮਾਂ ਨੂੰ ਦੇਖਦਾ ਹੈ।

22 ਅਜਿਹਾ ਕੋਈ ਅੰਧਕਾਰ ਜਾਂ ਘੁੱਪ ਹਨੇਰਾ ਨਹੀਂ

ਜਿੱਥੇ ਗ਼ਲਤ ਕੰਮ ਕਰਨ ਵਾਲੇ ਲੁਕ ਸਕਣ।+

23 ਪਰਮੇਸ਼ੁਰ ਨੇ ਕਿਸੇ ਇਨਸਾਨ ਲਈ ਕੋਈ ਸਮਾਂ ਨਹੀਂ ਮਿਥਿਆ

ਕਿ ਉਹ ਨਿਆਂ ਲਈ ਉਸ ਅੱਗੇ ਹਾਜ਼ਰ ਹੋਵੇ।

24 ਉਹ ਤਕੜਿਆਂ ਨੂੰ ਭੰਨ ਸੁੱਟਦਾ ਹੈ, ਉਸ ਨੂੰ ਪੁੱਛ-ਗਿੱਛ ਕਰਨ ਦੀ ਲੋੜ ਨਹੀਂ ਪੈਂਦੀ,

ਉਨ੍ਹਾਂ ਦੀ ਥਾਂ ਉਹ ਹੋਰਨਾਂ ਨੂੰ ਬਿਠਾਉਂਦਾ ਹੈ।+

25 ਕਿਉਂਕਿ ਉਸ ਨੂੰ ਪਤਾ ਹੈ ਕਿ ਉਹ ਕੀ ਕਰ ਰਹੇ ਹਨ;+

ਉਹ ਰਾਤੋ-ਰਾਤ ਉਨ੍ਹਾਂ ਨੂੰ ਗੱਦੀਓਂ ਲਾਹ ਦਿੰਦਾ ਹੈ ਤੇ ਉਹ ਚੂਰ-ਚੂਰ ਹੋ ਜਾਂਦੇ ਹਨ।+

26 ਉਹ ਉਨ੍ਹਾਂ ਦੀ ਦੁਸ਼ਟਤਾ ਕਰਕੇ ਉਨ੍ਹਾਂ ਨੂੰ ਮਾਰਦਾ ਹੈ,

ਉਸ ਥਾਂ ਜਿੱਥੋਂ ਸਾਰੇ ਦੇਖ ਸਕਦੇ ਹਨ+

27 ਕਿਉਂਕਿ ਉਹ ਉਸ ਦੇ ਮਗਰ ਚੱਲਣੋਂ ਹਟ ਗਏ+

ਅਤੇ ਉਨ੍ਹਾਂ ਨੂੰ ਉਸ ਦੇ ਕਿਸੇ ਵੀ ਰਾਹ ਦੀ ਪਰਵਾਹ ਨਹੀਂ;+

28 ਉਨ੍ਹਾਂ ਕਰਕੇ ਗ਼ਰੀਬ ਉਸ ਅੱਗੇ ਦੁਹਾਈ ਦਿੰਦੇ ਹਨ

ਅਤੇ ਉਹ ਉਨ੍ਹਾਂ ਲਾਚਾਰਾਂ ਦੀ ਦੁਹਾਈ ਸੁਣਦਾ ਹੈ।+

29 ਜਦੋਂ ਪਰਮੇਸ਼ੁਰ ਚੁੱਪ ਰਹਿੰਦਾ ਹੈ, ਤਾਂ ਕੌਣ ਉਸ ਨੂੰ ਦੋਸ਼ੀ ਠਹਿਰਾ ਸਕਦਾ ਹੈ?

ਜਦ ਉਹ ਆਪਣਾ ਚਿਹਰਾ ਛੁਪਾ ਲੈਂਦਾ ਹੈ, ਤਾਂ ਕੌਣ ਉਸ ਨੂੰ ਦੇਖ ਸਕਦਾ ਹੈ?

ਚਾਹੇ ਕੋਈ ਕੌਮ ਹੋਵੇ ਜਾਂ ਕੋਈ ਆਦਮੀ, ਕੋਈ ਫ਼ਰਕ ਨਹੀਂ ਪੈਂਦਾ

30 ਤਾਂਕਿ ਕੋਈ ਨਾਸਤਿਕ* ਰਾਜ ਨਾ ਕਰੇ+

ਜਾਂ ਲੋਕਾਂ ਲਈ ਜਾਲ਼ ਨਾ ਵਿਛਾਏ।

31 ਕੀ ਕੋਈ ਪਰਮੇਸ਼ੁਰ ਨੂੰ ਕਹੇਗਾ,

‘ਮੈਂ ਕੋਈ ਅਪਰਾਧ ਨਹੀਂ ਕੀਤਾ, ਫਿਰ ਵੀ ਮੈਨੂੰ ਸਜ਼ਾ ਦਿੱਤੀ ਗਈ;+

32 ਇਸ ਤਰ੍ਹਾਂ ਦਾ ਕੀ ਹੈ ਜੋ ਮੈਂ ਨਹੀਂ ਦੇਖ ਪਾ ਰਿਹਾ, ਮੈਨੂੰ ਦਿਖਾ;

ਜੇ ਮੈਂ ਕੁਝ ਗ਼ਲਤ ਕੀਤਾ ਹੈ, ਤਾਂ ਮੈਂ ਇਸ ਨੂੰ ਦੁਬਾਰਾ ਨਹੀਂ ਕਰਾਂਗਾ’?

33 ਜੇ ਤੈਨੂੰ ਉਸ ਦਾ ਨਿਆਂ ਮਨਜ਼ੂਰ ਨਹੀਂ, ਤਾਂ ਕੀ ਉਹ ਤੇਰੀ ਮਰਜ਼ੀ ਮੁਤਾਬਕ ਤੈਨੂੰ ਫਲ ਦੇਵੇ?

ਫ਼ੈਸਲਾ ਤੂੰ ਕਰਨਾ ਹੈ, ਨਾ ਕਿ ਮੈਂ।

ਜੇ ਤੈਨੂੰ ਜ਼ਿਆਦਾ ਪਤਾ ਹੈ, ਤਾਂ ਮੈਨੂੰ ਦੱਸ।

34 ਸਮਝ* ਰੱਖਣ ਵਾਲੇ ਆਦਮੀ ਮੈਨੂੰ ਕਹਿਣਗੇ,

ਹਾਂ, ਕੋਈ ਵੀ ਬੁੱਧੀਮਾਨ ਆਦਮੀ ਜੋ ਮੇਰੀ ਸੁਣਦਾ ਹੈ,

35 ‘ਅੱਯੂਬ ਬਿਨਾਂ ਗਿਆਨ ਦੇ ਬੋਲਦਾ ਹੈ,+

ਉਸ ਦੀਆਂ ਗੱਲਾਂ ਤੋਂ ਡੂੰਘੀ ਸਮਝ ਨਹੀਂ ਝਲਕਦੀ।’

36 ਇਸ ਲਈ ਅੱਯੂਬ ਨੂੰ* ਪੂਰੀ ਤਰ੍ਹਾਂ ਪਰਖਿਆ ਜਾਵੇ

ਕਿਉਂਕਿ ਉਹ ਇੱਦਾਂ ਦੇ ਜਵਾਬ ਦਿੰਦਾ ਹੈ ਜਿੱਦਾਂ ਦੇ ਦੁਸ਼ਟ ਆਦਮੀ ਦਿੰਦੇ ਹਨ!

37 ਉਹ ਪਾਪ ਦੇ ਨਾਲ-ਨਾਲ ਬਗਾਵਤ ਕਰਦਾ ਹੈ;+

ਉਹ ਸਾਡੇ ਸਾਮ੍ਹਣੇ ਤਾੜੀਆਂ ਮਾਰ ਕੇ ਮਜ਼ਾਕ ਉਡਾਉਂਦਾ ਹੈ

ਅਤੇ ਸੱਚੇ ਪਰਮੇਸ਼ੁਰ ਖ਼ਿਲਾਫ਼ ਬਹੁਤੀਆਂ ਗੱਲਾਂ ਕਰਦਾ ਹੈ!”+

35 ਅਲੀਹੂ ਨੇ ਆਪਣੀ ਗੱਲ ਜਾਰੀ ਰੱਖੀ:

 2 “ਤੈਨੂੰ ਆਪਣੇ ਸਹੀ ਹੋਣ ਤੇ ਇੰਨਾ ਯਕੀਨ ਹੈ ਕਿ ਤੂੰ ਕਹੇਂਗਾ,

‘ਮੈਂ ਪਰਮੇਸ਼ੁਰ ਨਾਲੋਂ ਜ਼ਿਆਦਾ ਧਰਮੀ ਹਾਂ’?+

 3 ਤੂੰ ਕਹਿੰਦਾ ਹੈਂ, ‘ਇਸ ਨਾਲ ਤੈਨੂੰ* ਕੀ ਫ਼ਰਕ ਪੈਂਦਾ?

ਜੇ ਮੈਂ ਪਾਪ ਨਹੀਂ ਕੀਤਾ, ਤਾਂ ਵੀ ਕਿਹੜਾ ਮੈਂ ਸੁਖੀ ਹਾਂ?’+

 4 ਮੈਂ ਤੈਨੂੰ ਜਵਾਬ ਦਿਆਂਗਾ,

ਨਾਲੇ ਤੇਰੇ ਸਾਥੀਆਂ+ ਨੂੰ ਵੀ।

 5 ਜ਼ਰਾ ਨਜ਼ਰਾਂ ਉਠਾ ਕੇ ਆਕਾਸ਼ ਵੱਲ ਤੱਕ,

ਗੌਰ ਨਾਲ ਬੱਦਲਾਂ ਨੂੰ ਦੇਖ+ ਜੋ ਤੇਰੇ ਤੋਂ ਉੱਚੇ ਹਨ।

 6 ਜੇ ਤੂੰ ਪਾਪ ਕਰਦਾ ਹੈਂ, ਤਾਂ ਤੂੰ ਉਹਦਾ ਕੀ ਵਿਗਾੜਦਾ ਹੈਂ?+

ਜੇ ਤੇਰੇ ਅਪਰਾਧ ਵਧ ਜਾਣ, ਤਾਂ ਤੂੰ ਉਹਦਾ ਕੀ ਨੁਕਸਾਨ ਕਰ ਲਵੇਂਗਾ?+

 7 ਜੇ ਤੂੰ ਧਰਮੀ ਹੈਂ, ਤਾਂ ਤੂੰ ਉਹਨੂੰ ਕੀ ਦਿੰਦਾ ਹੈਂ;

ਉਹ ਤੇਰੇ ਹੱਥੋਂ ਕੀ ਲੈਂਦਾ ਹੈ?+

 8 ਤੇਰੀ ਦੁਸ਼ਟਤਾ ਸਿਰਫ਼ ਤੇਰੇ ਵਰਗੇ ਇਨਸਾਨ ʼਤੇ

ਅਤੇ ਤੇਰੀ ਨੇਕੀ ਆਦਮੀ ਦੇ ਪੁੱਤਰ ਉੱਤੇ ਹੀ ਅਸਰ ਕਰਦੀ ਹੈ।

 9 ਜ਼ੁਲਮ ਵਧ ਜਾਣ ਤੇ ਲੋਕ ਦੁਹਾਈ ਦਿੰਦੇ ਹਨ;

ਉਹ ਤਾਕਤਵਰ ਦੀ ਤਾਨਾਸ਼ਾਹੀ* ਤੋਂ ਰਾਹਤ ਪਾਉਣ ਲਈ ਫ਼ਰਿਆਦ ਕਰਦੇ ਹਨ।+

10 ਪਰ ਕੋਈ ਵੀ ਨਹੀਂ ਕਹਿੰਦਾ, ‘ਪਰਮੇਸ਼ੁਰ, ਹਾਂ, ਮੇਰਾ ਮਹਾਨ ਸਿਰਜਣਹਾਰ ਕਿੱਥੇ ਹੈ+

ਜਿਹੜਾ ਰਾਤ ਨੂੰ ਗੀਤ ਗਵਾਉਂਦਾ ਹੈ?’+

11 ਉਹ ਧਰਤੀ ਦੇ ਜਾਨਵਰਾਂ+ ਨਾਲੋਂ ਸਾਨੂੰ ਜ਼ਿਆਦਾ ਸਿਖਾਉਂਦਾ ਹੈ,+

ਉਹ ਆਕਾਸ਼ ਦੇ ਪੰਛੀਆਂ ਨਾਲੋਂ ਸਾਨੂੰ ਜ਼ਿਆਦਾ ਬੁੱਧੀਮਾਨ ਬਣਾਉਂਦਾ ਹੈ।

12 ਲੋਕ ਦੁਹਾਈ ਦਿੰਦੇ ਹਨ, ਪਰ ਉਹ ਜਵਾਬ ਨਹੀਂ ਦਿੰਦਾ+

ਕਿਉਂਕਿ ਦੁਸ਼ਟ ਘਮੰਡ ਕਰਦੇ ਹਨ।+

13 ਸੱਚ-ਮੁੱਚ, ਪਰਮੇਸ਼ੁਰ ਖੋਖਲੀ ਦੁਹਾਈ* ਨਹੀਂ ਸੁਣਦਾ;+

ਸਰਬਸ਼ਕਤੀਮਾਨ ਇਸ ਵੱਲ ਧਿਆਨ ਨਹੀਂ ਦਿੰਦਾ।

14 ਤਾਂ ਫਿਰ, ਉਸ ਨੇ ਤੇਰੀ ਤਾਂ ਸੁਣਨੀ ਨਹੀਂ ਕਿਉਂਕਿ ਤੂੰ ਸ਼ਿਕਾਇਤ ਕਰਦਾ ਹੈਂ ਕਿ ਉਹ ਤੈਨੂੰ ਦਿਸਦਾ ਨਹੀਂ!+

ਤੇਰਾ ਮੁਕੱਦਮਾ ਉਸ ਦੇ ਸਾਮ੍ਹਣੇ ਹੈ, ਇਸ ਲਈ ਤੂੰ ਬੇਸਬਰੀ ਨਾਲ ਉਸ ਦੀ ਉਡੀਕ ਕਰ।+

15 ਉਸ ਨੇ ਗੁੱਸੇ ਵਿਚ ਆ ਕੇ ਤੇਰੇ ਤੋਂ ਹਿਸਾਬ ਨਹੀਂ ਮੰਗਿਆ;

ਨਾ ਹੀ ਉਸ ਨੇ ਤੇਰੀਆਂ ਬਿਨਾਂ ਸੋਚੇ-ਸਮਝੇ ਕਹੀਆਂ ਗੱਲਾਂ ਵੱਲ ਬਹੁਤਾ ਧਿਆਨ ਦਿੱਤਾ।+

16 ਅੱਯੂਬ ਵਿਅਰਥ ਆਪਣਾ ਮੂੰਹ ਖੋਲ੍ਹਦਾ ਹੈ;

ਉਹ ਗਿਆਨ ਤੋਂ ਬਿਨਾਂ ਬਹੁਤੀਆਂ ਗੱਲਾਂ ਕਰਦਾ ਹੈ।”+

36 ਅਲੀਹੂ ਨੇ ਅੱਗੇ ਕਿਹਾ:

 2 “ਥੋੜ੍ਹਾ ਹੋਰ ਧੀਰਜ ਰੱਖ ਕੇ ਮੇਰੀ ਸੁਣ ਤੇ ਮੈਂ ਤੈਨੂੰ ਸਮਝਾਉਂਦਾ

ਕਿਉਂਕਿ ਮੈਂ ਪਰਮੇਸ਼ੁਰ ਵੱਲੋਂ ਹਾਲੇ ਹੋਰ ਗੱਲਾਂ ਦੱਸਣੀਆਂ ਹਨ।

 3 ਮੈਨੂੰ ਜਿੰਨਾ ਵੀ ਪਤਾ ਹੈ ਉਹ ਮੈਂ ਖੁੱਲ੍ਹ ਕੇ ਬਿਆਨ ਕਰਾਂਗਾ।

ਮੈਂ ਦੱਸਾਂਗਾ ਕਿ ਮੇਰਾ ਸਿਰਜਣਹਾਰ ਪੂਰੀ ਤਰ੍ਹਾਂ ਸਹੀ ਹੈ।+

 4 ਯਕੀਨ ਕਰ, ਮੇਰੀਆਂ ਗੱਲਾਂ ਝੂਠੀਆਂ ਨਹੀਂ;

ਜਿਸ ਨੂੰ ਪੂਰਾ ਗਿਆਨ ਹੈ,+ ਉਹ* ਤੇਰੇ ਸਾਮ੍ਹਣੇ ਹੈ।

 5 ਸੱਚ-ਮੁੱਚ, ਪਰਮੇਸ਼ੁਰ ਸ਼ਕਤੀਸ਼ਾਲੀ ਹੈ+ ਅਤੇ ਕਿਸੇ ਨੂੰ ਨਹੀਂ ਠੁਕਰਾਉਂਦਾ;

ਉਸ ਦੀ ਸਮਝਣ* ਦੀ ਕਾਬਲੀਅਤ ਵਿਸ਼ਾਲ ਹੈ;

 6 ਉਹ ਦੁਸ਼ਟਾਂ ਦੀਆਂ ਜਾਨਾਂ ਨਹੀਂ ਬਚਾਉਂਦਾ,+

ਪਰ ਕੁਚਲੇ ਹੋਇਆਂ ਨੂੰ ਇਨਸਾਫ਼ ਦਿੰਦਾ ਹੈ।+

 7 ਉਹ ਧਰਮੀਆਂ ਤੋਂ ਆਪਣੀਆਂ ਨਜ਼ਰਾਂ ਨਹੀਂ ਹਟਾਉਂਦਾ;+

ਉਹ ਉਨ੍ਹਾਂ ਨੂੰ ਰਾਜਿਆਂ ਨਾਲ ਰਾਜ-ਗੱਦੀ ਉੱਤੇ ਬਿਠਾਉਂਦਾ ਹੈ*+ ਅਤੇ ਉਹ ਹਮੇਸ਼ਾ ਲਈ ਉੱਚੇ ਕੀਤੇ ਜਾਂਦੇ ਹਨ।

 8 ਪਰ ਜੇ ਉਨ੍ਹਾਂ ਨੂੰ ਬੇੜੀਆਂ ਵਿਚ ਜਕੜਿਆ ਜਾਵੇ

ਅਤੇ ਦੁੱਖ ਦੀਆਂ ਰੱਸੀਆਂ ਨਾਲ ਬੰਨ੍ਹਿਆ ਜਾਵੇ,

 9 ਤਾਂ ਉਹ ਉਨ੍ਹਾਂ ਨੂੰ ਦੱਸਦਾ ਹੈ ਕਿ ਉਨ੍ਹਾਂ ਦਾ ਕੀ ਕਸੂਰ ਹੈ,

ਉਨ੍ਹਾਂ ਨੇ ਘਮੰਡ ਕਾਰਨ ਕਿਹੜੇ ਅਪਰਾਧ ਕੀਤੇ ਹਨ।

10 ਉਹ ਉਨ੍ਹਾਂ ਦੇ ਕੰਨ ਤਾੜਨਾ ਸੁਣਨ ਲਈ ਖੋਲ੍ਹਦਾ ਹੈ

ਅਤੇ ਉਨ੍ਹਾਂ ਨੂੰ ਬੁਰੇ ਕੰਮ ਛੱਡਣ ਲਈ ਕਹਿੰਦਾ ਹੈ।+

11 ਜੇ ਉਹ ਕਹਿਣਾ ਮੰਨਣ ਤੇ ਉਸ ਦੀ ਸੇਵਾ ਕਰਨ,

ਤਾਂ ਉਨ੍ਹਾਂ ਦੇ ਦਿਨ ਖ਼ੁਸ਼ਹਾਲੀ ਭਰੇ ਬੀਤਣਗੇ

ਅਤੇ ਉਨ੍ਹਾਂ ਦੇ ਵਰ੍ਹੇ ਖ਼ੁਸ਼ਗਵਾਰ ਹੋਣਗੇ।+

12 ਪਰ ਜੇ ਉਨ੍ਹਾਂ ਨੇ ਕਹਿਣਾ ਨਾ ਮੰਨਿਆ, ਤਾਂ ਉਹ ਤਲਵਾਰ ਨਾਲ* ਮਰ ਜਾਣਗੇ+

ਅਤੇ ਗਿਆਨ ਦੇ ਬਿਨਾਂ ਮਿਟ ਜਾਣਗੇ।

13 ਨਾਸਤਿਕ* ਦਿਲ ਵਿਚ ਨਾਰਾਜ਼ਗੀ ਪਾਲ਼ਦੇ ਹਨ।

ਭਾਵੇਂ ਉਹ ਉਨ੍ਹਾਂ ਨੂੰ ਬੰਨ੍ਹ ਵੀ ਦੇਵੇ, ਤਾਂ ਵੀ ਉਹ ਮਦਦ ਲਈ ਦੁਹਾਈ ਨਹੀਂ ਦਿੰਦੇ।

14 ਉਹ ਮੰਦਰ ਵਿਚ ਵੇਸਵਾਗਿਰੀ ਕਰਨ ਵਾਲੇ ਆਦਮੀਆਂ ਨਾਲ ਜੀਵਨ ਗੁਜ਼ਾਰਦੇ ਹਨ*+

ਅਤੇ ਜਵਾਨੀ ਵਿਚ ਹੀ ਮਰ ਜਾਂਦੇ ਹਨ,+

15 ਪਰ ਪਰਮੇਸ਼ੁਰ* ਦੁਖੀਆਂ ਨੂੰ ਬਿਪਤਾ ਦੇ ਵੇਲੇ ਬਚਾਉਂਦਾ ਹੈ;

ਉਨ੍ਹਾਂ ਉੱਤੇ ਅਤਿਆਚਾਰ ਹੋਣ ਤੇ ਉਹ ਉਨ੍ਹਾਂ ਦੇ ਕੰਨ ਖੋਲ੍ਹਦਾ ਹੈ।

16 ਉਹ ਤੈਨੂੰ ਦੁੱਖ ਦੇ ਮੂੰਹ ਵਿੱਚੋਂ ਖਿੱਚ ਕੇ+

ਇਕ ਖੁੱਲ੍ਹੀ ਜਗ੍ਹਾ ਲੈ ਆਉਂਦਾ ਹੈ ਜਿੱਥੇ ਕੋਈ ਬੰਦਸ਼ ਨਹੀਂ,+

ਦਿਲਾਸੇ ਲਈ ਉਹ ਤੇਰੇ ਮੇਜ਼ ʼਤੇ ਚਿਕਨਾਈ ਵਾਲਾ ਭੋਜਨ ਰੱਖਦਾ ਹੈ।+

17 ਫਿਰ ਦੁਸ਼ਟਾਂ ਦਾ ਨਿਆਂ ਹੋਣ ਤੇ ਤੈਨੂੰ ਚੈਨ ਮਿਲੇਗਾ+

ਜਦੋਂ ਉਨ੍ਹਾਂ ਨੂੰ ਸਜ਼ਾ ਦਿੱਤੀ ਜਾਵੇਗੀ ਅਤੇ ਇਨਸਾਫ਼ ਕੀਤਾ ਜਾਵੇਗਾ।

18 ਪਰ ਧਿਆਨ ਰੱਖ ਕਿ ਗੁੱਸੇ ਕਰਕੇ ਤੂੰ ਕਿਸੇ ਦਾ ਬੁਰਾ ਨਾ ਕਰ ਬੈਠੇਂ*+

ਅਤੇ ਮੋਟੀ ਰਿਸ਼ਵਤ ਤੈਨੂੰ ਗੁਮਰਾਹ ਨਾ ਕਰੇ।

19 ਤੂੰ ਮਦਦ ਲਈ ਜਿੰਨੀ ਮਰਜ਼ੀ ਫ਼ਰਿਆਦ ਕਰ ਲੈ,

ਜਿੰਨੇ ਮਰਜ਼ੀ ਹੱਥ-ਪੈਰ ਮਾਰ ਲੈ, ਪਰ ਕੀ ਤੂੰ ਮੁਸੀਬਤ ਤੋਂ ਬਚ ਪਾਏਂਗਾ?+

20 ਤੂੰ ਬੇਸਬਰੀ ਨਾਲ ਰਾਤ ਦੀ ਉਡੀਕ ਨਾ ਕਰ

ਜਦ ਲੋਕ ਆਪਣੀ ਜਗ੍ਹਾ ਤੋਂ ਗਾਇਬ ਹੋ ਜਾਂਦੇ ਹਨ।

21 ਖ਼ਬਰਦਾਰ ਰਹਿ ਕਿ ਤੂੰ ਬੁਰੇ ਕੰਮ ਨਾ ਕਰਨ ਲੱਗ ਪਵੇਂ,

ਦੁੱਖਾਂ ਦੀ ਬਜਾਇ ਇਹ ਰਾਹ ਨਾ ਚੁਣ ਲਵੇਂ।+

22 ਪਰਮੇਸ਼ੁਰ ਦੀ ਤਾਕਤ ਮਹਾਨ ਹੈ;

ਕੀ ਕੋਈ ਉਸ ਵਰਗਾ ਸਿੱਖਿਅਕ ਹੈ?

23 ਕਿਹਨੇ ਉਸ ਨੂੰ ਰਾਹ ਦਿਖਾਇਆ*+

ਜਾਂ ਉਸ ਨੂੰ ਕਿਹਾ, ‘ਤੂੰ ਜੋ ਕੀਤਾ ਗ਼ਲਤ ਕੀਤਾ ਹੈ’?+

24 ਚੇਤੇ ਨਾਲ ਉਸ ਦੇ ਕੰਮਾਂ ਨੂੰ ਵਡਿਆਈਂ+

ਜਿਨ੍ਹਾਂ ਬਾਰੇ ਆਦਮੀਆਂ ਨੇ ਗਾਇਆ ਹੈ।+

25 ਇਨ੍ਹਾਂ ਕੰਮਾਂ ਨੂੰ ਸਾਰੀ ਮਨੁੱਖਜਾਤੀ ਨੇ ਦੇਖਿਆ ਹੈ,

ਮਰਨਹਾਰ ਇਨਸਾਨ ਦੂਰੋਂ ਇਨ੍ਹਾਂ ਨੂੰ ਨਿਹਾਰਦਾ ਹੈ।

26 ਹਾਂ, ਪਰਮੇਸ਼ੁਰ ਦੀ ਮਹਾਨਤਾ ਨੂੰ ਅਸੀਂ ਪੂਰੀ ਤਰ੍ਹਾਂ ਨਹੀਂ ਜਾਣ ਸਕਦੇ;+

ਉਸ ਦੇ ਵਰ੍ਹਿਆਂ ਦੀ ਗਿਣਤੀ ਸਮਝ ਤੋਂ ਪਰੇ ਹੈ।+

27 ਉਹ ਪਾਣੀ ਦੀਆਂ ਬੂੰਦਾਂ ਉਤਾਂਹ ਖਿੱਚਦਾ ਹੈ;+

ਅਤੇ ਧੁੰਦ ਤੋਂ ਮੀਂਹ ਬਣ ਜਾਂਦਾ ਹੈ;

28 ਫਿਰ ਬੱਦਲ ਇਸ ਨੂੰ ਡੋਲ੍ਹ ਦਿੰਦੇ ਹਨ;+

ਉਹ ਮਨੁੱਖਜਾਤੀ ਉੱਤੇ ਇਸ ਨੂੰ ਵਰ੍ਹਾ ਦਿੰਦੇ ਹਨ।

29 ਕੀ ਕੋਈ ਬੱਦਲਾਂ ਦੇ ਫੈਲਾਅ ਨੂੰ ਸਮਝ ਸਕਦਾ ਹੈ,

ਉਸ ਦੇ ਤੰਬੂ* ਤੋਂ ਆਉਂਦੀਆਂ ਗਰਜਾਂ ਨੂੰ ਜਾਣ ਸਕਦਾ ਹੈ?+

30 ਦੇਖ, ਉਹ ਕਿਵੇਂ ਇਸ ਉੱਤੇ ਆਪਣੀ ਬਿਜਲੀ* ਲਿਸ਼ਕਾਉਂਦਾ ਹੈ+

ਅਤੇ ਸਮੁੰਦਰ ਦੀਆਂ ਡੂੰਘਾਈਆਂ* ਨੂੰ ਢਕਦਾ ਹੈ।

31 ਇਨ੍ਹਾਂ ਦੇ ਜ਼ਰੀਏ ਉਹ ਲੋਕਾਂ ਦੀ ਜ਼ਿੰਦਗੀ ਕਾਇਮ ਰੱਖਦਾ ਹੈ;*

ਉਹ ਉਨ੍ਹਾਂ ਨੂੰ ਬਹੁਤਾਤ ਵਿਚ ਭੋਜਨ ਦਿੰਦਾ ਹੈ।+

32 ਆਪਣੇ ਹੱਥਾਂ ਨਾਲ ਉਹ ਬਿਜਲੀ ਨੂੰ ਢਕ ਲੈਂਦਾ ਹੈ

ਅਤੇ ਉਹ ਇਸ ਦੇ ਨਿਸ਼ਾਨੇ ਉੱਤੇ ਇਸ ਨੂੰ ਡੇਗਦਾ ਹੈ।+

33 ਉਸ ਦੀ ਗਰਜ ਉਸ ਬਾਰੇ ਦੱਸਦੀ ਹੈ,

ਇੱਥੋਂ ਤਕ ਕਿ ਪਸ਼ੂ ਵੀ ਦੱਸਦੇ ਹਨ ਕਿ ਕੌਣ* ਆ ਰਿਹਾ ਹੈ।

37 “ਇਸ ਕਾਰਨ ਮੇਰਾ ਦਿਲ ਧਕ-ਧਕ ਕਰਦਾ ਹੈ

ਅਤੇ ਆਪਣੀ ਜਗ੍ਹਾ ਤੋਂ ਉੱਛਲ਼ਦਾ ਹੈ।

 2 ਧਿਆਨ ਨਾਲ ਉਸ ਦੀ ਆਵਾਜ਼ ਦੀ ਗੜ੍ਹਕ

ਅਤੇ ਉਸ ਦੇ ਮੂੰਹੋਂ ਨਿਕਲਦੀ ਗਰਜ ਸੁਣ।

 3 ਉਹ ਇਸ ਨੂੰ ਸਾਰੇ ਆਕਾਸ਼ ਹੇਠ ਛੱਡ ਦਿੰਦਾ ਹੈ

ਅਤੇ ਆਪਣੀ ਬਿਜਲੀ+ ਨੂੰ ਧਰਤੀ ਦੀਆਂ ਹੱਦਾਂ ਤਕ ਭੇਜਦਾ ਹੈ।

 4 ਇਸ ਤੋਂ ਬਾਅਦ ਗੜਗੜਾਹਟ ਸੁਣਾਈ ਦਿੰਦੀ ਹੈ;

ਉਹ ਜ਼ੋਰਦਾਰ ਆਵਾਜ਼ ਨਾਲ ਗਰਜਦਾ ਹੈ,+

ਉਹ ਬਿਜਲੀ ਨੂੰ ਰੋਕਦਾ ਨਹੀਂ ਜਦ ਉਸ ਦੀ ਆਵਾਜ਼ ਸੁਣਾਈ ਦੇ ਰਹੀ ਹੁੰਦੀ ਹੈ।

 5 ਪਰਮੇਸ਼ੁਰ ਸ਼ਾਨਦਾਰ ਤਰੀਕੇ ਨਾਲ ਆਪਣੀ ਆਵਾਜ਼ ਦੀ ਗਰਜ ਸੁਣਾਉਂਦਾ ਹੈ;+

ਉਹ ਵੱਡੇ-ਵੱਡੇ ਕੰਮ ਕਰਦਾ ਹੈ ਜੋ ਸਾਡੀ ਸਮਝ ਤੋਂ ਪਰੇ ਹਨ।+

 6 ਉਹ ਬਰਫ਼ ਨੂੰ ਕਹਿੰਦਾ ਹੈ, ‘ਧਰਤੀ ਉੱਤੇ ਡਿਗ,’+

ਮੋਹਲੇਧਾਰ ਮੀਂਹ ਨੂੰ ਕਹਿੰਦਾ ਹੈ, ‘ਜ਼ੋਰ ਨਾਲ ਵਰ੍ਹ।’+

 7 ਪਰਮੇਸ਼ੁਰ ਇਨਸਾਨ ਦੇ ਸਾਰੇ ਕੰਮ ਰੋਕ ਦਿੰਦਾ ਹੈ*

ਤਾਂਕਿ ਹਰ ਮਰਨਹਾਰ ਇਨਸਾਨ ਉਸ ਦੀ ਕਾਰੀਗਰੀ ਨੂੰ ਜਾਣੇ।

 8 ਜੰਗਲੀ ਜਾਨਵਰ ਆਪਣੇ ਟਿਕਾਣਿਆਂ ਨੂੰ ਭੱਜ ਜਾਂਦੇ ਹਨ

ਅਤੇ ਆਪਣੇ ਘੁਰਨਿਆਂ ਵਿਚ ਹੀ ਰਹਿੰਦੇ ਹਨ।

 9 ਝੱਖੜ ਆਪਣੀ ਕੋਠੜੀ ਤੋਂ ਝੁੱਲ ਪੈਂਦਾ ਹੈ+

ਅਤੇ ਉੱਤਰ ਵੱਲੋਂ ਹਵਾਵਾਂ ਠੰਢ ਲੈ ਆਉਂਦੀਆਂ ਹਨ।+

10 ਪਰਮੇਸ਼ੁਰ ਦੇ ਸਾਹ ਨਾਲ ਪਾਣੀ ਬਰਫ਼ ਬਣ ਜਾਂਦਾ ਹੈ+

ਅਤੇ ਦੂਰ-ਦੂਰ ਫੈਲੇ ਪਾਣੀ ਜੰਮ ਜਾਂਦੇ ਹਨ।+

11 ਹਾਂ, ਉਹ ਨਮੀ ਨਾਲ ਬੱਦਲਾਂ ਨੂੰ ਲੱਦਦਾ ਹੈ;

ਉਹ ਬੱਦਲਾਂ ਵਿਚ ਆਪਣੀ ਬਿਜਲੀ ਨੂੰ ਬਿਖੇਰਦਾ ਹੈ;+

12 ਉਹ ਉਸ ਦੇ ਇਸ਼ਾਰੇ ਨਾਲ ਇੱਧਰ-ਉੱਧਰ ਜਾਂਦੇ ਹਨ;

ਪੂਰੀ ਧਰਤੀ* ਉੱਤੇ ਉਹ ਉਸ ਦੇ ਹੁਕਮ ਮੁਤਾਬਕ ਆਪਣਾ ਕੰਮ ਪੂਰਾ ਕਰਦੇ ਹਨ।+

13 ਉਹ ਸਜ਼ਾ*+ ਲਈ, ਜ਼ਮੀਨ ਦੇ ਲਈ

ਜਾਂ ਅਟੱਲ ਪਿਆਰ ਦਿਖਾਉਣ ਲਈ ਇੱਦਾਂ ਕਰਦਾ ਹੈ।+

14 ਹੇ ਅੱਯੂਬ, ਇਸ ਵੱਲ ਕੰਨ ਲਾ;

ਜ਼ਰਾ ਰੁਕ ਕੇ ਪਰਮੇਸ਼ੁਰ ਦੇ ਸ਼ਾਨਦਾਰ ਕੰਮਾਂ ʼਤੇ ਗੌਰ ਕਰ।+

15 ਕੀ ਤੂੰ ਜਾਣਦਾ ਹੈਂ ਕਿ ਪਰਮੇਸ਼ੁਰ ਕਿਵੇਂ ਬੱਦਲਾਂ ਨੂੰ ਕਾਬੂ ਵਿਚ ਰੱਖਦਾ ਹੈ*

ਅਤੇ ਉਹ ਕਿਵੇਂ ਆਪਣੇ ਬੱਦਲਾਂ ਵਿੱਚੋਂ ਬਿਜਲੀ ਲਿਸ਼ਕਾਉਂਦਾ ਹੈ।

16 ਕੀ ਤੈਨੂੰ ਪਤਾ ਕਿ ਬੱਦਲ ਕਿਵੇਂ ਮੰਡਲਾਉਂਦੇ ਹਨ?+

ਇਹ ਸ਼ਾਨਦਾਰ ਕੰਮ ਉਸ ਦੇ ਹਨ ਜਿਸ ਨੂੰ ਪੂਰਾ ਗਿਆਨ ਹੈ।+

17 ਤੇਰੇ ਕੱਪੜੇ ਗਰਮ ਕਿਉਂ ਹੋ ਜਾਂਦੇ ਹਨ

ਜਦ ਦੱਖਣ ਦੀ ਹਵਾ ਕਰਕੇ ਧਰਤੀ ਸੁੰਨ ਹੋ ਜਾਂਦੀ ਹੈ?+

18 ਕੀ ਤੂੰ ਉਸ ਦੇ ਨਾਲ ਆਕਾਸ਼ਾਂ ਨੂੰ ਤਾਣ ਸਕਦਾਂ*+

ਅਤੇ ਧਾਤ ਦੇ ਸ਼ੀਸ਼ੇ ਵਾਂਗ ਮਜ਼ਬੂਤ ਬਣਾ ਸਕਦਾ ਹੈਂ?

19 ਸਾਨੂੰ ਦੱਸ ਕਿ ਅਸੀਂ ਉਸ ਨੂੰ ਕੀ ਕਹੀਏ;

ਅਸੀਂ ਜਵਾਬ ਨਹੀਂ ਦੇ ਸਕਦੇ ਕਿਉਂਕਿ ਅਸੀਂ ਹਨੇਰੇ ਵਿਚ ਹਾਂ।

20 ਕੀ ਉਸ ਨੂੰ ਦੱਸਣਾ ਚਾਹੀਦਾ ਕਿ ਮੈਂ ਗੱਲ ਕਰਨੀ ਚਾਹੁੰਦਾ ਹਾਂ?

ਜਾਂ ਕੀ ਕਿਸੇ ਨੇ ਅਜਿਹਾ ਕੁਝ ਕਿਹਾ ਜੋ ਉਸ ਨੂੰ ਦੱਸਿਆ ਜਾਣਾ ਚਾਹੀਦਾ?+

21 ਚਾਹੇ ਆਕਾਸ਼ ਚਮਕੀਲਾ ਹੋਵੇ,

ਫਿਰ ਵੀ ਉਹ ਚਾਨਣ* ਨਹੀਂ ਦੇਖ ਸਕਦੇ

ਜਦ ਤਕ ਹਵਾ ਲੰਘ ਕੇ ਬੱਦਲਾਂ ਨੂੰ ਸਾਫ਼ ਨਹੀਂ ਕਰ ਦਿੰਦੀ।

22 ਉੱਤਰ ਵੱਲੋਂ ਸੁਨਹਿਰੀ ਨੂਰ ਝਲਕਦਾ ਹੈ;

ਪਰਮੇਸ਼ੁਰ ਦੀ ਮਹਾਨਤਾ+ ਹੱਕਾ-ਬੱਕਾ ਕਰ ਦਿੰਦੀ ਹੈ।

23 ਸਰਬਸ਼ਕਤੀਮਾਨ ਨੂੰ ਸਮਝਣਾ ਸਾਡੇ ਵੱਸ ਤੋਂ ਬਾਹਰ ਹੈ;+

ਉਹ ਤਾਕਤ ਵਿਚ ਮਹਾਨ ਹੈ+

ਅਤੇ ਉਹ ਕਦੇ ਵੀ ਆਪਣੇ ਨਿਆਂ ਅਤੇ ਧਰਮੀ ਅਸੂਲਾਂ ਦੀ ਉਲੰਘਣਾ ਨਹੀਂ ਕਰਦਾ।+

24 ਇਸ ਲਈ ਲੋਕ ਉਸ ਤੋਂ ਡਰਨ।+

ਆਪਣੇ ਆਪ ਨੂੰ ਬੁੱਧੀਮਾਨ ਸਮਝਣ ਵਾਲਿਆਂ* ʼਤੇ ਉਹ ਮਿਹਰ ਨਹੀਂ ਕਰਦਾ।”+

38 ਫਿਰ ਯਹੋਵਾਹ ਨੇ ਤੂਫ਼ਾਨ ਵਿੱਚੋਂ ਦੀ ਅੱਯੂਬ ਨੂੰ ਜਵਾਬ ਦਿੱਤਾ:+

 2 “ਇਹ ਕੌਣ ਹੈ ਜੋ ਮੇਰੀ ਸਲਾਹ ਨੂੰ ਤੋੜ-ਮਰੋੜ ਕੇ ਪੇਸ਼ ਕਰ ਰਿਹਾ ਹੈ

ਅਤੇ ਬਿਨਾਂ ਗਿਆਨ ਦੇ ਬੋਲੀ ਜਾ ਰਿਹਾ ਹੈ?+

 3 ਜ਼ਰਾ ਮਰਦ ਵਾਂਗ ਆਪਣਾ ਲੱਕ ਬੰਨ੍ਹ;

ਮੈਂ ਤੈਥੋਂ ਸਵਾਲ ਪੁੱਛਦਾ ਹਾਂ ਤੇ ਤੂੰ ਮੈਨੂੰ ਦੱਸ।

 4 ਤੂੰ ਕਿੱਥੇ ਸੀ ਜਦੋਂ ਮੈਂ ਧਰਤੀ ਦੀ ਨੀਂਹ ਰੱਖੀ?+

ਜੇ ਤੂੰ ਸੋਚਦਾ ਕਿ ਤੈਨੂੰ ਇਨ੍ਹਾਂ ਗੱਲਾਂ ਦੀ ਸਮਝ ਹੈ, ਤਾਂ ਮੈਨੂੰ ਦੱਸ।

 5 ਜੇ ਤੂੰ ਜਾਣਦਾ ਹੈਂ, ਤਾਂ ਦੱਸ ਕਿ ਕਿਹਨੇ ਇਸ ਦਾ ਨਾਪ ਠਹਿਰਾਇਆ

ਜਾਂ ਕਿਹਨੇ ਮਾਪਣ ਵਾਲੀ ਰੱਸੀ ਨਾਲ ਇਸ ਨੂੰ ਮਿਣਿਆ?

 6 ਇਸ ਦੇ ਪਾਵੇ ਕਿਸ ਵਿਚ ਗੱਡੇ ਗਏ

ਜਾਂ ਕਿਸ ਨੇ ਇਸ ਦੇ ਕੋਨੇ ਦਾ ਪੱਥਰ ਰੱਖਿਆ+

 7 ਜਦੋਂ ਸਵੇਰ ਦੇ ਤਾਰਿਆਂ+ ਨੇ ਮਿਲ ਕੇ ਖ਼ੁਸ਼ੀ ਨਾਲ ਜੈਕਾਰਾ ਲਾਇਆ

ਅਤੇ ਪਰਮੇਸ਼ੁਰ ਦੇ ਸਾਰੇ ਪੁੱਤਰ*+ ਜੈ-ਜੈ ਕਾਰ ਕਰਨ ਲੱਗੇ?

 8 ਕਿਹਨੇ ਬੂਹੇ ਬੰਦ ਕਰ ਕੇ ਸਮੁੰਦਰ ਨੂੰ ਰੋਕਿਆ+

ਜਦੋਂ ਇਹ ਕੁੱਖੋਂ ਫੁੱਟ ਨਿਕਲਿਆ,

 9 ਜਦੋਂ ਮੈਂ ਇਸ ਨੂੰ ਬੱਦਲ ਪਹਿਨਾਏ

ਅਤੇ ਇਸ ਨੂੰ ਘੁੱਪ ਹਨੇਰੇ ਨਾਲ ਲਪੇਟਿਆ,

10 ਜਦੋਂ ਮੈਂ ਇਸ ਦੀ ਹੱਦ ਠਹਿਰਾਈ

ਅਤੇ ਇਸ ਦੇ ਹੋੜੇ ਤੇ ਦਰਵਾਜ਼ੇ ਲਾਏ+

11 ਅਤੇ ਮੈਂ ਕਿਹਾ, ‘ਤੂੰ ਇੱਥੇ ਤਕ ਆਈਂ ਤੇ ਅੱਗੇ ਨਾ ਵਧੀਂ;

ਤੇਰੀਆਂ ਉੱਛਲ਼ਦੀਆਂ ਲਹਿਰਾਂ ਇੱਥੇ ਹੀ ਰੁਕ ਜਾਣ’?+

12 ਕੀ ਤੂੰ ਕਦੇ* ਸਵੇਰ ਉੱਤੇ ਹੁਕਮ ਚਲਾਇਆ

ਜਾਂ ਸਾਝਰੇ ਨੂੰ ਉਸ ਦੀ ਥਾਂ ਦੱਸੀ+

13 ਕਿ ਉਹ ਧਰਤੀ ਦੇ ਕੰਢਿਆਂ ਨੂੰ ਫੜ ਲਵੇ

ਅਤੇ ਇਸ ਵਿੱਚੋਂ ਦੁਸ਼ਟਾਂ ਨੂੰ ਝਾੜ ਸੁੱਟੇ?+

14 ਮੁਹਰ ਦੇ ਥੱਲੇ ਚੀਕਣੀ ਮਿੱਟੀ ਦੀ ਨੁਹਾਰ ਦੀ ਤਰ੍ਹਾਂ ਇਸ ਦੀ ਨੁਹਾਰ ਬਦਲ ਜਾਂਦੀ ਹੈ,

ਇਸ ਉੱਤੇ ਸਾਰਾ ਕੁਝ ਇਸ ਤਰ੍ਹਾਂ ਲੱਗਦਾ ਜਿਵੇਂ ਕੱਪੜੇ ʼਤੇ ਸਜਾਵਟ ਕੀਤੀ ਹੋਵੇ।

15 ਪਰ ਦੁਸ਼ਟਾਂ ਤੋਂ ਉਨ੍ਹਾਂ ਦਾ ਚਾਨਣ ਰੋਕਿਆ ਜਾਂਦਾ ਹੈ

ਅਤੇ ਉਨ੍ਹਾਂ ਦੀ ਚੁੱਕੀ ਹੋਈ ਬਾਂਹ ਤੋੜੀ ਜਾਂਦੀ ਹੈ।

16 ਕੀ ਤੂੰ ਸਮੁੰਦਰ ਦੇ ਸੋਮਿਆਂ ਵਿਚ ਵੜਿਆਂ

ਜਾਂ ਡੂੰਘੇ ਪਾਣੀਆਂ ਨੂੰ ਟਟੋਲਿਆ?+

17 ਕੀ ਤੈਨੂੰ ਮੌਤ ਦੇ ਦਰਵਾਜ਼ਿਆਂ+ ਦਾ ਭੇਤ ਦੱਸਿਆ ਗਿਆ ਹੈ

ਜਾਂ ਕੀ ਤੂੰ ਘੁੱਪ ਹਨੇਰੇ* ਦੇ ਬੂਹਿਆਂ ਨੂੰ ਦੇਖਿਆ ਹੈ?+

18 ਕੀ ਤੂੰ ਸਮਝ ਲਿਆ ਹੈ ਕਿ ਧਰਤੀ ਕਿੱਥੇ ਤਕ ਫੈਲੀ ਹੋਈ ਹੈ?+

ਜੇ ਤੈਨੂੰ ਇਹ ਸਾਰਾ ਕੁਝ ਪਤਾ ਹੈ, ਤਾਂ ਮੈਨੂੰ ਦੱਸ।

19 ਚਾਨਣ ਕਿੱਧਰ ਵੱਸਦਾ ਹੈ?+

ਹਨੇਰੇ ਦੀ ਜਗ੍ਹਾ ਕਿੱਥੇ ਹੈ

20 ਕਿ ਤੂੰ ਇਨ੍ਹਾਂ ਨੂੰ ਇਨ੍ਹਾਂ ਦੇ ਇਲਾਕੇ ਵਿਚ ਲੈ ਜਾਵੇਂ

ਅਤੇ ਇਨ੍ਹਾਂ ਦੇ ਘਰ ਨੂੰ ਜਾਂਦੇ ਰਾਹਾਂ ਨੂੰ ਜਾਣੇਂ?

21 ਕੀ ਤੂੰ ਇਹ ਸਭ ਜਾਣਦਾ ਹੈਂ ਜਿੱਦਾਂ ਕਿਤੇ ਤੂੰ ਪਹਿਲਾਂ ਹੀ ਜੰਮ ਪਿਆ ਹੋਵੇਂ

ਅਤੇ ਤੇਰੇ ਵਰ੍ਹਿਆਂ* ਦੀ ਗਿਣਤੀ ਬਹੁਤ ਹੀ ਜ਼ਿਆਦਾ ਹੈ?

22 ਕੀ ਤੂੰ ਬਰਫ਼ ਦੇ ਗੋਦਾਮਾਂ ਅੰਦਰ ਗਿਆ ਹੈਂ+

ਜਾਂ ਤੂੰ ਗੜਿਆਂ ਦੇ ਭੰਡਾਰਾਂ ਨੂੰ ਦੇਖਿਆ ਹੈ,+

23 ਜਿਨ੍ਹਾਂ ਨੂੰ ਮੈਂ ਬਿਪਤਾ ਦੀ ਘੜੀ ਲਈ

ਅਤੇ ਲੜਾਈ ਤੇ ਯੁੱਧ ਦੇ ਦਿਨ ਲਈ ਸਾਂਭ ਕੇ ਰੱਖਿਆ ਹੈ?+

24 ਚਾਨਣ* ਕਿਸ ਪਾਸਿਓਂ ਖਿੱਲਰਦਾ ਹੈ

ਅਤੇ ਧਰਤੀ ਉੱਤੇ ਪੂਰਬ ਦੀ ਹਵਾ ਕਿੱਧਰੋਂ ਵਗਦੀ ਹੈ?+

25 ਕਿਹਨੇ ਹੜ੍ਹ ਲਈ ਨਾਲੀ ਪੁੱਟੀ

ਅਤੇ ਤੂਫ਼ਾਨ ਤੇ ਗਰਜਦੇ ਬੱਦਲਾਂ ਲਈ ਰਾਹ ਬਣਾਇਆ+

26 ਤਾਂਕਿ ਉੱਥੇ ਮੀਂਹ ਪਵੇ ਜਿੱਥੇ ਕੋਈ ਆਦਮੀ ਨਹੀਂ ਰਹਿੰਦਾ,

ਹਾਂ, ਉਜਾੜ ਉੱਤੇ ਜਿੱਥੇ ਕੋਈ ਇਨਸਾਨ ਨਹੀਂ ਵੱਸਦਾ,+

27 ਤਾਂਕਿ ਉੱਜੜੀ ਅਤੇ ਬੰਜਰ ਜ਼ਮੀਨ ਰੱਜ ਜਾਵੇ

ਅਤੇ ਹਰਾ-ਹਰਾ ਘਾਹ ਉੱਗ ਆਵੇ?+

28 ਕੀ ਮੀਂਹ ਦਾ ਕੋਈ ਪਿਤਾ ਹੈ?+

ਤ੍ਰੇਲ ਦੀਆਂ ਬੂੰਦਾਂ ਨੂੰ ਪੈਦਾ ਕਰਨ ਵਾਲਾ ਕੌਣ ਹੈ?+

29 ਕਿਹਦੀ ਕੁੱਖੋਂ ਬਰਫ਼ ਪੈਦਾ ਹੋਈ

ਅਤੇ ਕਿਹਨੇ ਆਕਾਸ਼ ਦੇ ਕੋਰੇ ਨੂੰ ਜਨਮ ਦਿੱਤਾ+

30 ਜਦੋਂ ਪਾਣੀ ਇਵੇਂ ਢਕੇ ਜਾਂਦੇ ਹਨ ਜਿਵੇਂ ਪੱਥਰ ਨਾਲ ਢਕੇ ਹੋਣ

ਅਤੇ ਡੂੰਘੇ ਪਾਣੀ ਉੱਪਰੋਂ ਜੰਮ ਜਾਂਦੇ ਹਨ?+

31 ਕੀ ਤੂੰ ਕੀਮਾਹ ਤਾਰਾ-ਮੰਡਲ* ਦੀਆਂ ਰੱਸੀਆਂ ਬੰਨ੍ਹ ਸਕਦਾ ਹੈਂ

ਜਾਂ ਕੇਸਿਲ ਤਾਰਾ-ਮੰਡਲ* ਦੇ ਬੰਧਨ ਖੋਲ੍ਹ ਸਕਦਾ ਹੈਂ?+

32 ਕੀ ਤੂੰ ਕਿਸੇ ਤਾਰਾ-ਮੰਡਲ* ਨੂੰ ਰੁੱਤ ਸਿਰ ਬਾਹਰ ਕੱਢ ਸਕਦਾ ਹੈਂ

ਜਾਂ ਅਸ਼ ਤਾਰਾ-ਮੰਡਲ* ਨੂੰ ਇਸ ਦੇ ਪੁੱਤਰਾਂ ਸਣੇ ਰਾਹ ਦਿਖਾ ਸਕਦਾ ਹੈਂ?

33 ਕੀ ਤੂੰ ਆਕਾਸ਼ ਲਈ ਠਹਿਰਾਏ ਨਿਯਮਾਂ ਨੂੰ ਜਾਣਦਾ ਹੈਂ+

ਜਾਂ ਕੀ ਤੂੰ ਉਨ੍ਹਾਂ ਦਾ* ਅਧਿਕਾਰ ਧਰਤੀ ਉੱਤੇ ਚਲਵਾ ਸਕਦਾ ਹੈਂ?

34 ਕੀ ਤੂੰ ਆਪਣੀ ਆਵਾਜ਼ ਬੱਦਲਾਂ ਤਕ ਪਹੁੰਚਾ ਸਕਦਾ ਹੈਂ

ਕਿ ਉਹ ਪਾਣੀ ਦਾ ਹੜ੍ਹ ਲਿਆ ਕੇ ਤੈਨੂੰ ਢਕ ਦੇਣ?+

35 ਕੀ ਤੂੰ ਬਿਜਲੀ ਦੀਆਂ ਲਿਸ਼ਕਾਂ ਭੇਜ ਸਕਦਾ ਹੈਂ?

ਕੀ ਉਹ ਆ ਕੇ ਤੈਨੂੰ ਕਹਿਣਗੀਆਂ, ‘ਅਸੀਂ ਹਾਜ਼ਰ ਹਾਂ’?

36 ਬੱਦਲਾਂ ਵਿਚ* ਬੁੱਧ ਕਿਸ ਨੇ ਪਾਈ+

ਜਾਂ ਆਕਾਸ਼ ਦੇ ਕ੍ਰਿਸ਼ਮਿਆਂ ਨੂੰ* ਸਮਝ ਕਿਸ ਨੇ ਬਖ਼ਸ਼ੀ?+

37 ਕੌਣ ਇੰਨਾ ਬੁੱਧੀਮਾਨ ਹੈ ਕਿ ਬੱਦਲਾਂ ਨੂੰ ਗਿਣ ਸਕੇ

ਜਾਂ ਕੌਣ ਆਕਾਸ਼ ਦੀਆਂ ਗਾਗਰਾਂ ਨੂੰ ਡੋਲ੍ਹ ਸਕਦਾ ਹੈ+

38 ਜਦੋਂ ਧੂੜ ਮਿਲ ਕੇ ਘਾਣੀ ਬਣ ਜਾਂਦੀ ਹੈ

ਅਤੇ ਮਿੱਟੀ ਦੇ ਢੇਲੇ ਆਪਸ ਵਿਚ ਜੁੜ ਜਾਂਦੇ ਹਨ?

39 ਕੀ ਤੂੰ ਸ਼ੇਰ ਲਈ ਸ਼ਿਕਾਰ ਮਾਰ ਸਕਦਾ ਹੈਂ

ਜਾਂ ਜਵਾਨ ਸ਼ੇਰਾਂ ਦੀ ਭੁੱਖ ਮਿਟਾ ਸਕਦਾ ਹੈਂ+

40 ਜਦੋਂ ਉਹ ਆਪਣੇ ਟਿਕਾਣਿਆਂ ਵਿਚ ਘਾਤ ਲਾ ਕੇ ਬੈਠਦੇ ਹਨ

ਅਤੇ ਆਪਣੇ ਘੁਰਨਿਆਂ ਵਿਚ ਸ਼ਿਕਾਰ ਦੀ ਤਾਕ ਵਿਚ ਰਹਿੰਦੇ ਹਨ?

41 ਕਾਂ ਲਈ ਭੋਜਨ ਕੌਣ ਤਿਆਰ ਕਰਦਾ ਹੈ+

ਜਦੋਂ ਇਸ ਦੇ ਬੱਚੇ ਮਦਦ ਲਈ ਪਰਮੇਸ਼ੁਰ ਨੂੰ ਪੁਕਾਰਦੇ ਹਨ

ਅਤੇ ਖਾਣਾ ਨਾ ਹੋਣ ਕਰਕੇ ਇੱਧਰ-ਉੱਧਰ ਭਟਕਦੇ ਫਿਰਦੇ ਹਨ?

39 “ਕੀ ਤੂੰ ਪਹਾੜੀ ਬੱਕਰੀਆਂ ਦੇ ਸੂਣ ਦਾ ਸਮਾਂ ਜਾਣਦਾ ਹੈਂ?+

ਕੀ ਤੂੰ ਹਿਰਨੀਆਂ ਨੂੰ ਆਪਣੇ ਬੱਚੇ ਜੰਮਦਿਆਂ ਦੇਖਿਆ ਹੈ?+

 2 ਕੀ ਤੂੰ ਉਹ ਮਹੀਨੇ ਗਿਣ ਸਕਦਾ ਹੈਂ ਜੋ ਉਹ ਪੂਰੇ ਕਰਦੀਆਂ ਹਨ?

ਕੀ ਤੂੰ ਉਹ ਵੇਲਾ ਜਾਣਦਾ ਹੈਂ ਜਦੋਂ ਉਹ ਸੂੰਦੀਆਂ ਹਨ?

 3 ਉਹ ਆਪਣੇ ਬੱਚਿਆਂ ਨੂੰ ਜਨਮ ਦਿੰਦੇ ਸਮੇਂ ਝੁਕ ਜਾਂਦੀਆਂ ਹਨ

ਅਤੇ ਉਨ੍ਹਾਂ ਦੀਆਂ ਜਣਨ-ਪੀੜਾਂ ਮੁੱਕ ਜਾਂਦੀਆਂ ਹਨ।

 4 ਉਨ੍ਹਾਂ ਦੇ ਬੱਚੇ ਤਕੜੇ ਹੋ ਜਾਂਦੇ ਹਨ ਤੇ ਖੁੱਲ੍ਹੇ ਮੈਦਾਨ ਵਿਚ ਵੱਡੇ ਹੁੰਦੇ ਹਨ;

ਉਹ ਚਲੇ ਜਾਂਦੇ ਹਨ ਤੇ ਉਨ੍ਹਾਂ ਕੋਲ ਵਾਪਸ ਨਹੀਂ ਆਉਂਦੇ।

 5 ਕਿਹਨੇ ਜੰਗਲੀ ਗਧੇ ਨੂੰ ਖੁੱਲ੍ਹਾ ਛੱਡਿਆ+

ਅਤੇ ਕਿਹਨੇ ਜੰਗਲੀ ਗਧੇ ਦੀਆਂ ਰੱਸੀਆਂ ਖੋਲ੍ਹੀਆਂ?

 6 ਮੈਂ ਉਜਾੜ ਨੂੰ ਇਸ ਦਾ ਘਰ

ਅਤੇ ਨਮਕੀਨ ਜ਼ਮੀਨ ਨੂੰ ਇਸ ਦਾ ਬਸੇਰਾ ਬਣਾਇਆ ਹੈ।

 7 ਉਹ ਸ਼ਹਿਰ ਦੇ ਰੌਲ਼ੇ-ਰੱਪੇ ʼਤੇ ਹੱਸਦਾ ਹੈ;

ਉਹ ਹੱਕਣ ਵਾਲੇ ਦੀ ਆਵਾਜ਼ ਨਹੀਂ ਸੁਣਦਾ।

 8 ਉਹ ਚਰਾਂਦ ਦੀ ਤਲਾਸ਼ ਵਿਚ ਪਹਾੜੀਆਂ ਉੱਤੇ ਘੁੰਮਦਾ-ਫਿਰਦਾ ਹੈ,

ਉਹ ਹਰ ਇਕ ਹਰੇ ਬੂਟੇ ਨੂੰ ਭਾਲਦਾ ਹੈ।

 9 ਕੀ ਜੰਗਲੀ ਸਾਨ੍ਹ ਤੇਰੇ ਲਈ ਕੰਮ ਕਰਨ ਵਾਸਤੇ ਰਾਜ਼ੀ ਹੈ?+

ਕੀ ਉਹ ਤੇਰੇ ਤਬੇਲੇ* ਵਿਚ ਰਾਤ ਗੁਜ਼ਾਰੇਗਾ?

10 ਕੀ ਤੂੰ ਜੰਗਲੀ ਸਾਨ੍ਹ ਨੂੰ ਰੱਸੀ ਨਾਲ ਬੰਨ੍ਹ ਕੇ ਸਿਆੜ ਕੱਢ ਸਕਦਾ ਹੈਂ?

ਵਾਦੀ ਨੂੰ ਵਾਹੁਣ ਲਈ* ਕੀ ਉਹ ਤੇਰੇ ਪਿੱਛੇ-ਪਿੱਛੇ ਆਵੇਗਾ?

11 ਕੀ ਤੂੰ ਉਸ ਦੀ ਵੱਡੀ ਤਾਕਤ ʼਤੇ ਭਰੋਸਾ ਕਰੇਂਗਾ

ਅਤੇ ਆਪਣਾ ਭਾਰਾ ਕੰਮ ਉਸ ਉੱਤੇ ਛੱਡ ਦੇਵੇਂਗਾ?

12 ਕੀ ਤੂੰ ਉਸ ਉੱਤੇ ਭਰੋਸਾ ਰੱਖੇਂਗਾ ਕਿ ਉਹ ਤੇਰੀ ਫ਼ਸਲ* ਮੋੜ ਲਿਆਵੇਗਾ?

ਕੀ ਉਹ ਇਸ ਨੂੰ ਇਕੱਠਾ ਕਰ ਕੇ ਤੇਰੇ ਪਿੜ* ਵਿਚ ਲੈ ਆਵੇਗਾ?

13 ਸ਼ੁਤਰਮੁਰਗੀ ਖ਼ੁਸ਼ੀ ਨਾਲ ਆਪਣੇ ਖੰਭ ਫੜਫੜਾਉਂਦੀ ਹੈ,

ਪਰ ਕੀ ਉਸ ਦੇ ਖੰਭ ਤੇ ਪਰ, ਸਾਰਸ+ ਦੇ ਖੰਭਾਂ ਤੇ ਪਰਾਂ ਦੀ ਬਰਾਬਰੀ ਕਰ ਸਕਦੇ ਹਨ?

14 ਉਹ ਆਪਣੇ ਆਂਡੇ ਜ਼ਮੀਨ ਉੱਤੇ ਛੱਡ ਦਿੰਦੀ ਹੈ

ਅਤੇ ਉਹ ਉਨ੍ਹਾਂ ਨੂੰ ਮਿੱਟੀ ਵਿਚ ਗਰਮ ਰੱਖਦੀ ਹੈ।

15 ਉਹ ਭੁੱਲ ਜਾਂਦੀ ਹੈ ਕਿ ਕੋਈ ਪੈਰ ਉਨ੍ਹਾਂ ਨੂੰ ਕੁਚਲ ਸਕਦਾ ਹੈ

ਜਾਂ ਕੋਈ ਜੰਗਲੀ ਜਾਨਵਰ ਉਨ੍ਹਾਂ ਨੂੰ ਮਿੱਧ ਸਕਦਾ ਹੈ।

16 ਉਹ ਆਪਣੇ ਪੁੱਤਰਾਂ ਨਾਲ ਸਖ਼ਤੀ ਵਰਤਦੀ ਹੈ ਜਿਵੇਂ ਕਿ ਉਹ ਉਸ ਦੇ ਨਾ ਹੋਣ;+

ਉਸ ਨੂੰ ਇਹ ਡਰ ਨਹੀਂ ਕਿ ਉਸ ਦੀ ਮਿਹਨਤ ਬੇਕਾਰ ਜਾ ਸਕਦੀ ਹੈ।

17 ਪਰਮੇਸ਼ੁਰ ਨੇ ਬੁੱਧ ਤੋਂ ਉਸ ਨੂੰ ਵਾਂਝੀ ਰੱਖਿਆ ਹੈ*

ਅਤੇ ਉਸ ਨੂੰ ਸਮਝ ਨਹੀਂ ਬਖ਼ਸ਼ੀ।

18 ਪਰ ਜਦ ਉਹ ਉੱਠਦੀ ਹੈ ਅਤੇ ਆਪਣੇ ਖੰਭ ਫੜਫੜਾਉਂਦੀ ਹੈ,

ਤਾਂ ਉਹ ਘੋੜੇ ਅਤੇ ਇਸ ਦੇ ਸਵਾਰ ਉੱਤੇ ਹੱਸਦੀ ਹੈ।

19 ਕੀ ਘੋੜੇ ਨੂੰ ਤਾਕਤ ਦੇਣ ਵਾਲਾ ਤੂੰ ਹੈਂ?+

ਕੀ ਉਸ ਦੀ ਗਰਦਨ ਉੱਤੇ ਝੂਲਦੀ ਹੋਈ ਅਯਾਲ ਤੂੰ ਪਾਈ ਹੈ?

20 ਕੀ ਤੂੰ ਉਸ ਨੂੰ ਟਿੱਡੀ ਵਾਂਗ ਟਪਾ ਸਕਦਾ ਹੈਂ?

ਉਸ ਦਾ ਜ਼ੋਰਦਾਰ ਫੁੰਕਾਰਾ ਡਰਾ ਦਿੰਦਾ ਹੈ।+

21 ਉਹ ਘਾਟੀ ਵਿਚ ਜ਼ਮੀਨ ʼਤੇ ਖੁਰ ਮਾਰਦਾ ਹੈ ਅਤੇ ਜ਼ੋਰ ਨਾਲ ਉੱਛਲ਼ਦਾ ਹੈ;+

ਉਹ ਯੁੱਧ ਵਿਚ ਧਾਵਾ ਬੋਲਦਾ ਹੈ।*+

22 ਉਹ ਡਰ ਉੱਤੇ ਹੱਸਦਾ ਹੈ ਅਤੇ ਕਿਸੇ ਤੋਂ ਖ਼ੌਫ਼ ਨਹੀਂ ਖਾਂਦਾ।+

ਉਹ ਤਲਵਾਰ ਕਰਕੇ ਪਿੱਛੇ ਨਹੀਂ ਮੁੜਦਾ।

23 ਤਰਕਸ਼ ਉਸ ਦੇ ਨਾਲ ਲੱਗ ਕੇ ਖੜਕਦਾ ਹੈ

ਅਤੇ ਬਰਛਾ ਤੇ ਨੇਜ਼ਾ ਲਿਸ਼ਕਦੇ ਹਨ।

24 ਜੋਸ਼ ਦੇ ਕਾਰਨ ਬੇਸਬਰਾ ਹੋਇਆ ਉਹ ਤੇਜ਼ੀ ਨਾਲ ਅੱਗੇ ਵਧਦਾ ਹੈ,*

ਨਰਸਿੰਗੇ ਦੀ ਆਵਾਜ਼ ਸੁਣ ਕੇ ਉਹ ਟਿਕ ਕੇ ਖੜ੍ਹਾ ਨਹੀਂ ਰਹਿ ਸਕਦਾ।*

25 ਨਰਸਿੰਗਾ ਵੱਜਣ ʼਤੇ ਉਹ ਹਿਣਕਦਾ ਹੈ।

ਉਹ ਦੂਰੋਂ ਹੀ ਯੁੱਧ ਨੂੰ ਸੁੰਘ ਲੈਂਦਾ ਹੈ

ਅਤੇ ਉਸ ਨੂੰ ਸੈਨਾਪਤੀਆਂ ਦਾ ਚਿਲਾਉਣਾ ਅਤੇ ਲੜਾਈ ਦਾ ਹੋਕਾ ਸੁਣਦਾ ਹੈ।+

26 ਕੀ ਬਾਜ਼ ਤੇਰੀ ਸਮਝ ਦੇ ਸਹਾਰੇ ਉਚਾਈ ʼਤੇ ਉੱਡਦਾ ਹੈ

ਅਤੇ ਦੱਖਣ ਵੱਲ ਆਪਣੇ ਖੰਭ ਫੈਲਾਉਂਦਾ ਹੈ?

27 ਜਾਂ ਕੀ ਉਕਾਬ ਤੇਰੇ ਹੁਕਮ ਨਾਲ ਉਡਾਣ ਭਰਦਾ ਹੈ+

ਅਤੇ ਉੱਚੀ ਥਾਂ ʼਤੇ ਆਲ੍ਹਣਾ ਪਾਉਂਦਾ ਹੈ,+

28 ਉੱਚੀ ਚਟਾਨ ʼਤੇ ਰਾਤ ਬਿਤਾਉਂਦਾ ਹੈ,

ਹਾਂ, ਪਥਰੀਲੀ ਚਟਾਨ ʼਤੇ* ਆਪਣੇ ਗੜ੍ਹ ਵਿਚ ਵੱਸਦਾ ਹੈ?

29 ਉੱਥੋਂ ਉਹ ਭੋਜਨ ਭਾਲਦਾ ਹੈ;+

ਉਸ ਦੀਆਂ ਅੱਖਾਂ ਦੂਰ-ਦੂਰ ਤਕ ਦੇਖਦੀਆਂ ਹਨ।

30 ਉਸ ਦੇ ਬੱਚੇ ਖ਼ੂਨ ਚੂਸਦੇ ਹਨ;

ਜਿੱਥੇ ਵੀ ਲੋਥਾਂ ਪਈਆਂ ਹੋਣ, ਉਹ ਉੱਥੇ ਹੀ ਹੁੰਦਾ ਹੈ।”+

40 ਯਹੋਵਾਹ ਨੇ ਅੱਯੂਬ ਨੂੰ ਅੱਗੇ ਕਿਹਾ:

 2 “ਕੀ ਨੁਕਤਾਚੀਨੀ ਕਰਨ ਵਾਲੇ ਨੂੰ ਸਰਬਸ਼ਕਤੀਮਾਨ ਨਾਲ ਬਹਿਸ ਕਰਨੀ ਚਾਹੀਦੀ?+

ਜਿਹੜਾ ਪਰਮੇਸ਼ੁਰ ਨੂੰ ਸੁਧਾਰਨਾ ਚਾਹੁੰਦਾ ਹੈ, ਉਹ ਜਵਾਬ ਦੇਵੇ।”+

 3 ਅੱਯੂਬ ਨੇ ਯਹੋਵਾਹ ਨੂੰ ਜਵਾਬ ਦਿੱਤਾ:

 4 “ਦੇਖ! ਮੈਂ ਨਿਕੰਮਾ ਹਾਂ।+

ਮੈਂ ਤੈਨੂੰ ਕੀ ਜਵਾਬ ਦਿਆਂ?

ਮੈਂ ਆਪਣਾ ਹੱਥ ਆਪਣੇ ਮੂੰਹ ʼਤੇ ਰੱਖਦਾ ਹਾਂ।+

 5 ਮੈਂ ਇਕ ਵਾਰ ਬੋਲਿਆ, ਦੂਜੀ ਵਾਰ ਬੋਲਿਆ,

ਪਰ ਦੁਬਾਰਾ ਜਵਾਬ ਨਹੀਂ ਦਿਆਂਗਾ, ਮੈਂ ਹੋਰ ਕੁਝ ਨਹੀਂ ਕਹਾਂਗਾ।”

 6 ਫਿਰ ਯਹੋਵਾਹ ਨੇ ਤੂਫ਼ਾਨ ਵਿੱਚੋਂ ਦੀ ਅੱਯੂਬ ਨੂੰ ਜਵਾਬ ਦਿੱਤਾ:+

 7 “ਜ਼ਰਾ ਮਰਦ ਵਾਂਗ ਆਪਣਾ ਲੱਕ ਬੰਨ੍ਹ;

ਮੈਂ ਤੈਥੋਂ ਸਵਾਲ ਪੁੱਛਦਾ ਹਾਂ ਤੇ ਤੂੰ ਮੈਨੂੰ ਦੱਸ।+

 8 ਕੀ ਤੂੰ ਮੇਰੇ ਇਨਸਾਫ਼ ʼਤੇ ਉਂਗਲ ਚੁੱਕੇਂਗਾ?*

ਆਪਣੇ ਆਪ ਨੂੰ ਸਹੀ ਸਾਬਤ ਕਰਨ ਲਈ ਕੀ ਤੂੰ ਮੇਰੇ ʼਤੇ ਦੋਸ਼ ਲਾਵੇਂਗਾ?+

 9 ਕੀ ਤੇਰੀ ਬਾਂਹ ਵਿਚ ਸੱਚੇ ਪਰਮੇਸ਼ੁਰ ਦੀ ਬਾਂਹ ਜਿੰਨਾ ਜ਼ੋਰ ਹੈ?+

ਕੀ ਤੇਰੀ ਆਵਾਜ਼ ਉਸ ਦੀ ਆਵਾਜ਼ ਵਾਂਗ ਗਰਜ ਸਕਦੀ ਹੈ?+

10 ਕਿਰਪਾ ਕਰ ਕੇ ਆਪਣੇ ਆਪ ਨੂੰ ਮਹਿਮਾ ਤੇ ਪ੍ਰਤਾਪ ਨਾਲ ਸ਼ਿੰਗਾਰ;

ਮਾਣ ਅਤੇ ਤੇਜ ਦਾ ਲਿਬਾਸ ਪਾ।

11 ਆਪਣੇ ਗੁੱਸੇ ਦਾ ਕਹਿਰ ਵਰ੍ਹਾ;

ਹਰੇਕ ਘਮੰਡੀ ਨੂੰ ਦੇਖ ਅਤੇ ਉਸ ਨੂੰ ਨੀਵਾਂ ਕਰ।

12 ਹਰ ਹੰਕਾਰੀ ਵੱਲ ਤੱਕ ਅਤੇ ਉਸ ਨੂੰ ਨਿਮਰ ਕਰ,

ਨਜ਼ਰ ਆਉਂਦਿਆਂ ਹੀ ਦੁਸ਼ਟਾਂ ਨੂੰ ਉੱਥੇ ਹੀ ਮਿੱਧ ਸੁੱਟ।

13 ਉਨ੍ਹਾਂ ਸਾਰਿਆਂ ਨੂੰ ਮਿੱਟੀ ਵਿਚ ਗੱਡ ਦੇ;

ਗੁਪਤ ਥਾਂ ਅੰਦਰ ਉਨ੍ਹਾਂ ਨੂੰ* ਬੰਨ੍ਹ ਦੇ,

14 ਫਿਰ ਮੈਂ ਵੀ ਤੈਨੂੰ ਮੰਨ ਲਵਾਂਗਾ*

ਕਿ ਤੇਰਾ ਸੱਜਾ ਹੱਥ ਤੈਨੂੰ ਬਚਾ ਸਕਦਾ ਹੈ।

15 ਜ਼ਰਾ ਬੇਹੀਮਥ* ਨੂੰ ਦੇਖ, ਜਿਸ ਨੂੰ ਮੈਂ ਉਵੇਂ ਹੀ ਬਣਾਇਆ ਜਿਵੇਂ ਤੈਨੂੰ ਬਣਾਇਆ।

ਉਹ ਬਲਦ ਵਾਂਗ ਘਾਹ ਖਾਂਦਾ ਹੈ।

16 ਦੇਖ, ਉਸ ਦੇ ਲੱਕ ਵਿਚ ਕਿੰਨੀ ਤਾਕਤ ਹੈ

ਅਤੇ ਉਸ ਦੇ ਢਿੱਡ ਦੀਆਂ ਮਾਸ-ਪੇਸ਼ੀਆਂ ਵਿਚ ਕਿੰਨਾ ਬਲ ਹੈ!

17 ਉਹ ਆਪਣੀ ਪੂਛ ਦਿਆਰ ਵਾਂਗ ਅਕੜਾ ਲੈਂਦਾ ਹੈ;

ਉਸ ਦੇ ਪੱਟਾਂ ਦੀਆਂ ਨਸਾਂ ਗੁੰਦੀਆਂ ਹੋਈਆਂ ਹਨ।

18 ਉਸ ਦੀਆਂ ਹੱਡੀਆਂ ਤਾਂਬੇ ਦੀਆਂ ਨਲੀਆਂ ਵਰਗੀਆਂ ਹਨ;

ਉਸ ਦੇ ਅੰਗ ਕੁੱਟ-ਕੁੱਟ ਕੇ ਬਣਾਏ ਲੋਹੇ ਦੇ ਡੰਡਿਆਂ ਵਰਗੇ ਹਨ।

19 ਪਰਮੇਸ਼ੁਰ ਦੇ ਕੰਮਾਂ ਵਿੱਚੋਂ ਇਸ ਕਿਸਮ ਦਾ ਉਹ ਪਹਿਲਾ ਜਾਨਵਰ ਹੈ;*

ਸਿਰਫ਼ ਉਸ ਦਾ ਸਿਰਜਣਹਾਰ ਹੀ ਉਸ ਕੋਲ ਤਲਵਾਰ ਲੈ ਕੇ ਜਾ ਸਕਦਾ ਹੈ।

20 ਪਹਾੜ ਉਸ ਲਈ ਖਾਣਾ ਉਗਾਉਂਦੇ ਹਨ

ਜਿੱਥੇ ਸਾਰੇ ਜੰਗਲੀ ਜਾਨਵਰ ਖੇਡਦੇ ਹਨ।

21 ਉਹ ਕੰਡਿਆਲ਼ੀਆਂ ਝਾੜੀਆਂ ਹੇਠਾਂ ਲੇਟਦਾ ਹੈ,

ਦਲਦਲ ਦੇ ਕਾਨਿਆਂ ਦੀ ਪਨਾਹ ਵਿਚ ਲੰਮਾ ਪੈਂਦਾ ਹੈ।

22 ਕੰਡਿਆਲ਼ੀਆਂ ਝਾੜੀਆਂ ਉਸ ਉੱਤੇ ਛਾਂ ਕਰਦੀਆਂ ਹਨ

ਅਤੇ ਘਾਟੀ ਦੇ ਬੇਦ* ਦੇ ਦਰਖ਼ਤ ਉਸ ਨੂੰ ਘੇਰੀ ਰੱਖਦੇ ਹਨ।

23 ਚਾਹੇ ਨਦੀ ਵਿਚ ਤੂਫ਼ਾਨ ਆ ਜਾਵੇ, ਉਹ ਘਬਰਾਉਂਦਾ ਨਹੀਂ।

ਭਾਵੇਂ ਯਰਦਨ+ ਦਰਿਆ ਇਸ ਦੇ ਮੂੰਹ ਤਕ ਚੜ੍ਹ ਆਵੇ, ਉਹ ਬੇਫ਼ਿਕਰ ਰਹਿੰਦਾ ਹੈ।

24 ਕੀ ਉਸ ਦੇ ਦੇਖਦਿਆਂ ਕੋਈ ਉਸ ਨੂੰ ਫੜ ਸਕਦਾ ਹੈ

ਜਾਂ ਉਸ ਦੇ ਨੱਕ ਵਿਚ ਨਕੇਲ* ਪਾ ਸਕਦਾ ਹੈ?

41 “ਕੀ ਤੂੰ ਕੁੰਡੀ ਨਾਲ ਲਿਵਯਾਥਾਨ*+ ਨੂੰ ਫੜ ਸਕਦਾ ਹੈਂ

ਜਾਂ ਰੱਸੀ ਨਾਲ ਉਸ ਦੀ ਜੀਭ ਨੂੰ ਕੱਸ ਸਕਦਾ ਹੈਂ?

 2 ਕੀ ਤੂੰ ਉਸ ਦੀਆਂ ਨਾਸਾਂ ਵਿਚ ਰੱਸਾ* ਪਾ ਸਕਦਾ ਹੈਂ

ਜਾਂ ਉਸ ਦੇ ਜਬਾੜ੍ਹਿਆਂ ਨੂੰ ਕੁੰਡੀ* ਨਾਲ ਵਿੰਨ੍ਹ ਸਕਦਾ ਹੈਂ?

 3 ਕੀ ਉਹ ਤੇਰੀਆਂ ਮਿੰਨਤਾਂ ਕਰੇਗਾ

ਜਾਂ ਤੇਰੇ ਨਾਲ ਮਿੱਠੀਆਂ-ਮਿੱਠੀਆਂ ਗੱਲਾਂ ਕਰੇਗਾ?

 4 ਕੀ ਉਹ ਤੇਰੇ ਨਾਲ ਇਕਰਾਰ ਕਰੇਗਾ

ਤਾਂਕਿ ਤੂੰ ਉਸ ਨੂੰ ਉਮਰ ਭਰ ਲਈ ਆਪਣਾ ਗ਼ੁਲਾਮ ਬਣਾਵੇਂ?

 5 ਕੀ ਤੂੰ ਉਸ ਨਾਲ ਇਵੇਂ ਖੇਡੇਂਗਾ ਜਿਵੇਂ ਕਿਸੇ ਪੰਛੀ ਨਾਲ ਖੇਡੀਦਾ ਹੈ?

ਕੀ ਤੂੰ ਆਪਣੀਆਂ ਬੱਚੀਆਂ ਲਈ ਉਸ ਨੂੰ ਸੰਗਲੀ ਨਾਲ ਬੰਨ੍ਹੇਂਗਾ?

 6 ਕੀ ਸੌਦਾਗਰ ਉਸ ਦਾ ਸੌਦਾ ਕਰਨਗੇ?

ਕੀ ਉਹ ਵਪਾਰੀਆਂ ਵਿਚ ਉਸ ਦੀਆਂ ਵੰਡੀਆਂ ਪਾਉਣਗੇ?

 7 ਕੀ ਤੂੰ ਭਾਲਿਆਂ ਦੀ ਬੁਛਾੜ ਕਰ ਕੇ ਉਸ ਦੀ ਖੱਲ ਨੂੰ

ਜਾਂ ਮੱਛੀਆਂ ਮਾਰਨ ਵਾਲੇ ਨੇਜ਼ਿਆਂ ਨਾਲ ਉਸ ਦੇ ਸਿਰ ਨੂੰ ਛਲਣੀ ਕਰ ਸਕਦਾ ਹੈਂ?+

 8 ਜ਼ਰਾ ਉਸ ਉੱਤੇ ਆਪਣਾ ਹੱਥ ਤਾਂ ਰੱਖ;

ਉਸ ਨਾਲ ਹੋਈ ਲੜਾਈ ਨੂੰ ਤੂੰ ਯਾਦ ਰੱਖੇਂਗਾ ਤੇ ਦੁਬਾਰਾ ਇਵੇਂ ਕਰਨ ਦੀ ਜੁਰਅਤ ਨਹੀਂ ਕਰੇਂਗਾ!

 9 ਉਸ ਨੂੰ ਵੱਸ ਵਿਚ ਕਰਨ ਦੀ ਉਮੀਦ ਰੱਖਣੀ ਬੇਕਾਰ ਹੈ।

ਉਸ ਨੂੰ ਦੇਖਦੇ ਹੀ ਤੇਰੇ ਪਸੀਨੇ ਛੁੱਟ ਜਾਣਗੇ।*

10 ਕੋਈ ਵੀ ਉਸ ਨੂੰ ਛੇੜਨ ਦੀ ਹਿੰਮਤ ਨਹੀਂ ਕਰਦਾ।

ਤਾਂ ਫਿਰ, ਕੌਣ ਹੈ ਜੋ ਮੇਰੇ ਅੱਗੇ ਟਿਕ ਸਕੇ?+

11 ਕਿਸ ਨੇ ਪਹਿਲਾਂ ਮੈਨੂੰ ਕੁਝ ਦਿੱਤਾ ਹੈ ਜੋ ਮੈਂ ਉਸ ਨੂੰ ਵਾਪਸ ਮੋੜਾਂ?+

ਆਕਾਸ਼ ਹੇਠਲੀ ਹਰ ਚੀਜ਼ ਮੇਰੀ ਹੈ।+

12 ਮੈਂ ਉਸ ਦੇ ਅੰਗਾਂ,

ਉਸ ਦੀ ਤਾਕਤ ਅਤੇ ਵਧੀਆ ਤਰੀਕੇ ਨਾਲ ਤਰਾਸ਼ੇ ਉਸ ਦੇ ਸਰੀਰ ਬਾਰੇ ਦੱਸਣੋਂ ਨਹੀਂ ਹਟਾਂਗਾ।

13 ਕੌਣ ਹੈ ਜਿਸ ਨੇ ਉਸ ਦੀ ਖੱਲ ਉਤਾਰੀ ਹੈ?

ਕੌਣ ਉਸ ਦੇ ਖੁੱਲ੍ਹੇ ਜਬਾੜ੍ਹਿਆਂ ਵਿਚ ਵੜੇਗਾ?

14 ਕੌਣ ਉਸ ਨੂੰ ਆਪਣੇ ਮੂੰਹ* ਦੇ ਬੂਹੇ ਖੋਲ੍ਹਣ ਲਈ ਮਜਬੂਰ ਕਰ ਸਕਦਾ ਹੈ?

ਉਸ ਦੇ ਦੰਦ ਭਿਆਨਕ ਹਨ।

15 ਉਸ ਦੀ ਪਿੱਠ ਉੱਤੇ ਛਿਲਕਿਆਂ ਦੀਆਂ ਕਤਾਰਾਂ*

ਇਕ-ਦੂਜੇ ਨਾਲ ਕੱਸ ਕੇ ਜੁੜੀਆਂ ਹੋਈਆਂ ਹਨ।

16 ਉਹ ਇਕ-ਦੂਜੀ ਨਾਲ ਇੰਨੀਆਂ ਘੁੱਟ ਕੇ ਜੁੜੀਆਂ ਹਨ

ਕਿ ਉਨ੍ਹਾਂ ਵਿਚ ਹਵਾ ਤਕ ਨਹੀਂ ਜਾ ਸਕਦੀ।

17 ਉਹ ਇਕ-ਦੂਜੀ ਨਾਲ ਚਿੰਬੜੀਆਂ ਹੋਈਆਂ ਹਨ;

ਉਹ ਆਪਸ ਵਿਚ ਚਿਪਕੀਆਂ ਹੋਈਆਂ ਹਨ ਤੇ ਉਨ੍ਹਾਂ ਨੂੰ ਅਲੱਗ ਨਹੀਂ ਕੀਤਾ ਜਾ ਸਕਦਾ।

18 ਉਸ ਦੇ ਫੁੰਕਾਰੇ ਨਾਲ ਰੌਸ਼ਨੀ ਚਮਕਦੀ ਹੈ

ਅਤੇ ਉਸ ਦੀਆਂ ਅੱਖਾਂ ਸਵੇਰ ਦੀਆਂ ਕਿਰਨਾਂ ਵਰਗੀਆਂ ਹਨ।

19 ਉਸ ਦੇ ਮੂੰਹੋਂ ਬਿਜਲੀ ਲਿਸ਼ਕਦੀ ਹੈ;

ਅੱਗ ਦੀਆਂ ਚੰਗਿਆੜੀਆਂ ਨਿਕਲਦੀਆਂ ਹਨ।

20 ਉਸ ਦੀਆਂ ਨਾਸਾਂ ਵਿੱਚੋਂ ਧੂੰਆਂ ਨਿਕਲਦਾ ਹੈ

ਜਿਵੇਂ ਸਰਵਾੜਾਂ ਨਾਲ ਬਲ਼ ਰਹੀ ਭੱਠੀ ਹੋਵੇ।

21 ਉਸ ਦਾ ਸਾਹ ਕੋਲਿਆਂ ਨੂੰ ਸੁਲਗਾ ਦਿੰਦਾ ਹੈ

ਅਤੇ ਉਸ ਦੇ ਮੂੰਹੋਂ ਅੱਗ ਦੀਆਂ ਲਾਟਾਂ ਨਿਕਲਦੀਆਂ ਹਨ।

22 ਉਸ ਦੀ ਗਰਦਨ ਵਿਚ ਵੱਡਾ ਬਲ ਹੈ

ਅਤੇ ਡਰ ਉਸ ਦੇ ਅੱਗਿਓਂ ਨੱਠ ਜਾਂਦਾ ਹੈ।

23 ਉਸ ਦੀ ਚਮੜੀ* ਦੀਆਂ ਪਰਤਾਂ ਇਕ-ਦੂਜੀ ਨਾਲ ਘੁੱਟ ਕੇ ਜੁੜੀਆਂ ਹੋਈਆਂ ਹਨ;

ਇਹ ਸਖ਼ਤ ਹਨ ਜਿਨ੍ਹਾਂ ਨੂੰ ਮਾਨੋ ਉਸ ਉੱਤੇ ਢਾਲ਼ਿਆ ਗਿਆ ਹੋਵੇ ਤੇ ਇਹ ਹਿਲ ਨਹੀਂ ਸਕਦੀਆਂ।

24 ਉਸ ਦਾ ਦਿਲ ਪੱਥਰ ਵਾਂਗ ਸਖ਼ਤ ਹੈ,

ਹਾਂ, ਚੱਕੀ ਦੇ ਹੇਠਲੇ ਪੁੜ ਜਿੰਨਾ ਸਖ਼ਤ।

25 ਜਦ ਉਹ ਉੱਠਦਾ ਹੈ, ਤਾਂ ਵੱਡੇ-ਵੱਡੇ ਵੀ ਡਰ ਜਾਂਦੇ ਹਨ;

ਜਦ ਉਹ ਤੇਜ਼ੀ ਨਾਲ ਇੱਧਰ-ਉੱਧਰ ਮੁੜਦਾ ਹੈ, ਤਾਂ ਉਹ ਸੁੱਧ-ਬੁੱਧ ਖੋਹ ਬੈਠਦੇ ਹਨ।

26 ਉਸ ਤਕ ਪਹੁੰਚਣ ਵਾਲੀ ਤਲਵਾਰ ਉਸ ਦਾ ਕੁਝ ਨਹੀਂ ਵਿਗਾੜ ਸਕਦੀ;

ਨਾ ਕੋਈ ਬਰਛਾ, ਨਾ ਬਰਛੀ ਤੇ ਨਾ ਹੀ ਤੀਰ।+

27 ਉਹ ਲੋਹੇ ਨੂੰ ਤੂੜੀ ਸਮਝਦਾ ਹੈ

ਅਤੇ ਤਾਂਬੇ ਨੂੰ ਗਲ਼ੀ ਹੋਈ ਲੱਕੜ।

28 ਤੀਰ ਉਸ ਨੂੰ ਭਜਾ ਨਹੀਂ ਸਕਦਾ;

ਗੋਪੀਏ ਦੇ ਪੱਥਰ ਉਸ ਅੱਗੇ ਘਾਹ-ਫੂਸ ਬਣ ਜਾਂਦੇ ਹਨ।

29 ਉਹ ਡਾਂਗ ਨੂੰ ਪਰਾਲੀ ਸਮਝਦਾ ਹੈ

ਅਤੇ ਨੇਜ਼ੇ ਦੀ ਸਾਂ-ਸਾਂ ʼਤੇ ਹੱਸਦਾ ਹੈ।

30 ਉਸ ਦਾ ਹੇਠਲਾ ਹਿੱਸਾ ਤੇਜ਼ ਠੀਕਰੀਆਂ ਵਰਗਾ ਹੈ;

ਚਿੱਕੜ ਉੱਤੇ ਉਹ ਅਜਿਹੇ ਨਿਸ਼ਾਨ ਛੱਡਦਾ ਜਾਂਦਾ ਹੈ ਮਾਨੋ ਫਲ੍ਹਾ* ਚਲਾਇਆ ਗਿਆ ਹੋਵੇ।+

31 ਉਹ ਡੂੰਘਾਈ ਨੂੰ ਇਵੇਂ ਬਣਾ ਦਿੰਦਾ ਹੈ ਜਿਵੇਂ ਦੇਗ ਉਬਲ ਰਹੀ ਹੋਵੇ;

ਉਹ ਸਮੁੰਦਰ ਵਿਚ ਹਲਚਲ ਮਚਾ ਦਿੰਦਾ ਹੈ ਜਿਵੇਂ ਪਤੀਲੇ ਵਿਚ ਖ਼ੁਸ਼ਬੂਦਾਰ ਤੇਲ ਉਬਲ ਰਿਹਾ ਹੋਵੇ।

32 ਉਹ ਆਪਣੇ ਪਿੱਛੇ ਚਮਕੀਲੀ ਲਕੀਰ ਛੱਡਦਾ ਜਾਂਦਾ ਹੈ।

ਦੇਖਣ ਨੂੰ ਇਵੇਂ ਲੱਗਦਾ ਹੈ ਜਿਵੇਂ ਡੂੰਘਾਈ ਉੱਤੇ ਧੌਲੇ ਆਏ ਹੋਣ।

33 ਧਰਤੀ ਉੱਤੇ ਉਸ ਵਰਗਾ ਹੋਰ ਕੋਈ ਨਹੀਂ,

ਉਸ ਨੂੰ ਇਵੇਂ ਬਣਾਇਆ ਗਿਆ ਹੈ ਕਿ ਉਹ ਕਿਸੇ ਤੋਂ ਨਹੀਂ ਡਰਦਾ।

34 ਜੋ ਕੋਈ ਵੀ ਘਮੰਡੀ ਹੈ, ਉਸ ਨੂੰ ਉਹ ਘੂਰਦਾ ਹੈ।

ਉਹ ਸਾਰੇ ਵੱਡੇ-ਵੱਡੇ ਜੰਗਲੀ ਜਾਨਵਰਾਂ ਦਾ ਰਾਜਾ ਹੈ।”

42 ਫਿਰ ਅੱਯੂਬ ਨੇ ਯਹੋਵਾਹ ਨੂੰ ਜਵਾਬ ਦਿੱਤਾ:

 2 “ਹੁਣ ਮੈਂ ਜਾਣ ਗਿਆ ਹਾਂ ਕਿ ਤੂੰ ਸਭ ਕੁਝ ਕਰ ਸਕਦਾ ਹੈਂ,

ਤੂੰ ਜੋ ਵੀ ਕਰਨ ਦੀ ਸੋਚਦਾ ਹੈਂ, ਉਹ ਤੇਰੇ ਲਈ ਕਰਨਾ ਨਾਮੁਮਕਿਨ ਨਹੀਂ।+

 3 ਤੂੰ ਕਿਹਾ, ‘ਇਹ ਕੌਣ ਹੈ ਜੋ ਬਿਨਾਂ ਗਿਆਨ ਦੇ ਮੇਰੀ ਸਲਾਹ ਨੂੰ ਤੋੜ-ਮਰੋੜ ਕੇ ਪੇਸ਼ ਕਰ ਰਿਹਾ ਹੈ?’+

ਮੈਂ ਬਿਨਾਂ ਸਮਝ ਦੇ ਬੋਲਿਆ,

ਹਾਂ, ਉਨ੍ਹਾਂ ਚੀਜ਼ਾਂ ਬਾਰੇ ਜੋ ਮੇਰੇ ਲਈ ਬਹੁਤ ਹੀ ਅਦਭੁਤ ਹਨ, ਜਿਨ੍ਹਾਂ ਬਾਰੇ ਮੈਂ ਜਾਣਦਾ ਨਹੀਂ।+

 4 ਤੂੰ ਕਿਹਾ, ‘ਕਿਰਪਾ ਕਰ ਕੇ ਸੁਣ ਤੇ ਮੈਂ ਬੋਲਾਂਗਾ।

ਮੈਂ ਤੈਥੋਂ ਸਵਾਲ ਪੁੱਛਦਾ ਹਾਂ ਤੇ ਤੂੰ ਮੈਨੂੰ ਦੱਸ।’+

 5 ਮੇਰੇ ਕੰਨਾਂ ਨੇ ਤੇਰੇ ਬਾਰੇ ਸੁਣਿਆ ਹੈ,

ਪਰ ਹੁਣ ਮੈਂ ਆਪਣੀ ਅੱਖੀਂ ਤੈਨੂੰ ਦੇਖਦਾ ਹਾਂ।

 6 ਇਸ ਕਰਕੇ ਮੈਂ ਆਪਣੇ ਕਹੇ ਲਫ਼ਜ਼ ਵਾਪਸ ਲੈਂਦਾ ਹਾਂ+

ਅਤੇ ਮੈਂ ਮਿੱਟੀ ਤੇ ਸੁਆਹ ਵਿਚ ਬੈਠ ਕੇ ਪਛਤਾਵਾ ਕਰਦਾ ਹਾਂ।”+

7 ਜਦ ਯਹੋਵਾਹ ਅੱਯੂਬ ਨੂੰ ਇਹ ਗੱਲਾਂ ਕਹਿ ਚੁੱਕਿਆ, ਤਾਂ ਯਹੋਵਾਹ ਨੇ ਅਲੀਫਾਜ਼ ਤੇਮਾਨੀ ਨੂੰ ਕਿਹਾ:

“ਮੇਰਾ ਗੁੱਸਾ ਤੇਰੇ ਉੱਤੇ ਅਤੇ ਤੇਰੇ ਦੋਹਾਂ ਸਾਥੀਆਂ+ ਉੱਤੇ ਭੜਕ ਉੱਠਿਆ ਹੈ ਕਿਉਂਕਿ ਤੁਸੀਂ ਮੇਰੇ ਬਾਰੇ ਸੱਚ ਨਹੀਂ ਬੋਲਿਆ+ ਜਿਵੇਂ ਮੇਰੇ ਸੇਵਕ ਅੱਯੂਬ ਨੇ ਬੋਲਿਆ। 8 ਹੁਣ ਸੱਤ ਬਲਦ ਅਤੇ ਸੱਤ ਭੇਡਾਂ ਲਓ ਤੇ ਮੇਰੇ ਸੇਵਕ ਅੱਯੂਬ ਕੋਲ ਜਾਓ ਅਤੇ ਆਪਣੇ ਲਈ ਹੋਮ-ਬਲ਼ੀ ਚੜ੍ਹਾਓ। ਮੇਰਾ ਸੇਵਕ ਅੱਯੂਬ ਤੁਹਾਡੇ ਲਈ ਪ੍ਰਾਰਥਨਾ ਕਰੇਗਾ।+ ਮੈਂ ਉਸ ਦੀ ਬੇਨਤੀ ਜ਼ਰੂਰ ਕਬੂਲ ਕਰਾਂਗਾ* ਕਿ ਮੈਂ ਤੁਹਾਡੇ ਨਾਲ ਤੁਹਾਡੀ ਮੂਰਖਤਾ ਅਨੁਸਾਰ ਪੇਸ਼ ਨਾ ਆਵਾਂ ਕਿਉਂਕਿ ਤੁਸੀਂ ਮੇਰੇ ਬਾਰੇ ਸੱਚ ਨਹੀਂ ਬੋਲਿਆ ਜਿਵੇਂ ਮੇਰੇ ਸੇਵਕ ਅੱਯੂਬ ਨੇ ਬੋਲਿਆ।”

9 ਇਸ ਲਈ ਅਲੀਫਾਜ਼ ਤੇਮਾਨੀ, ਬਿਲਦਦ ਸ਼ੂਹੀ ਅਤੇ ਸੋਫਰ ਨਾਮਾਥੀ ਗਏ ਅਤੇ ਉਨ੍ਹਾਂ ਨੇ ਉਹੀ ਕੀਤਾ ਜੋ ਯਹੋਵਾਹ ਨੇ ਉਨ੍ਹਾਂ ਨੂੰ ਕਰਨ ਲਈ ਕਿਹਾ ਸੀ। ਅਤੇ ਯਹੋਵਾਹ ਨੇ ਅੱਯੂਬ ਦੀ ਪ੍ਰਾਰਥਨਾ ਮਨਜ਼ੂਰ ਕਰ ਲਈ।

10 ਜਦ ਅੱਯੂਬ ਆਪਣੇ ਸਾਥੀਆਂ ਲਈ ਪ੍ਰਾਰਥਨਾ ਕਰ ਚੁੱਕਿਆ,+ ਤਾਂ ਯਹੋਵਾਹ ਨੇ ਅੱਯੂਬ ਦੇ ਦੁੱਖ ਮਿਟਾ ਦਿੱਤੇ+ ਅਤੇ ਉਸ ਦੀ ਖ਼ੁਸ਼ਹਾਲੀ ਉਸ ਨੂੰ ਮੋੜ ਦਿੱਤੀ।* ਉਸ ਕੋਲ ਪਹਿਲਾਂ ਜੋ ਕੁਝ ਸੀ, ਉਸ ਨਾਲੋਂ ਦੁਗਣਾ ਯਹੋਵਾਹ ਨੇ ਉਸ ਨੂੰ ਦਿੱਤਾ।+ 11 ਉਸ ਦੇ ਸਾਰੇ ਭੈਣ-ਭਰਾ ਅਤੇ ਉਸ ਦੇ ਸਾਰੇ ਪੁਰਾਣੇ ਦੋਸਤ+ ਉਸ ਕੋਲ ਆਏ ਤੇ ਉਨ੍ਹਾਂ ਨੇ ਉਸ ਦੇ ਘਰ ਉਸ ਦੇ ਨਾਲ ਖਾਧਾ-ਪੀਤਾ। ਯਹੋਵਾਹ ਨੇ ਉਸ ਉੱਤੇ ਜਿਹੜੀਆਂ ਮੁਸੀਬਤਾਂ ਆਉਣ ਦਿੱਤੀਆਂ ਸਨ, ਉਨ੍ਹਾਂ ਦੇ ਕਾਰਨ ਉਨ੍ਹਾਂ ਨੇ ਉਸ ਨਾਲ ਹਮਦਰਦੀ ਜਤਾਈ ਅਤੇ ਉਸ ਨੂੰ ਦਿਲਾਸਾ ਦਿੱਤਾ। ਉਨ੍ਹਾਂ ਵਿੱਚੋਂ ਹਰੇਕ ਜਣੇ ਨੇ ਉਸ ਨੂੰ ਚਾਂਦੀ ਦਾ ਇਕ ਟੁਕੜਾ ਅਤੇ ਸੋਨੇ ਦੀ ਇਕ ਵਾਲ਼ੀ ਦਿੱਤੀ।

12 ਯਹੋਵਾਹ ਨੇ ਅੱਯੂਬ ਦੀ ਜ਼ਿੰਦਗੀ ਦੇ ਪਹਿਲੇ ਸਾਲਾਂ ਨਾਲੋਂ ਆਖ਼ਰੀ ਸਾਲਾਂ ਵਿਚ ਉਸ ਨੂੰ ਕਿਤੇ ਜ਼ਿਆਦਾ ਬਰਕਤਾਂ ਦਿੱਤੀਆਂ।+ ਅੱਯੂਬ ਕੋਲ 14,000 ਭੇਡਾਂ, 6,000 ਊਠ, 1,000 ਜੋੜੀ ਬਲਦ ਅਤੇ 1,000 ਗਧੀਆਂ ਹੋ ਗਈਆਂ।+ 13 ਨਾਲੇ ਉਸ ਦੇ ਸੱਤ ਹੋਰ ਪੁੱਤਰ ਅਤੇ ਤਿੰਨ ਹੋਰ ਧੀਆਂ ਹੋਈਆਂ।+ 14 ਉਸ ਨੇ ਪਹਿਲੀ ਧੀ ਦਾ ਨਾਂ ਯਮੀਮਾਹ, ਦੂਸਰੀ ਦਾ ਕਸੀਆਹ ਅਤੇ ਤੀਸਰੀ ਦਾ ਨਾਂ ਕਰਨ-ਹੱਪੂਕ ਰੱਖਿਆ। 15 ਸਾਰੇ ਦੇਸ਼ ਵਿਚ ਹੋਰ ਕੋਈ ਵੀ ਔਰਤ ਅੱਯੂਬ ਦੀਆਂ ਧੀਆਂ ਜਿੰਨੀ ਸੋਹਣੀ ਨਹੀਂ ਸੀ ਅਤੇ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਦੇ ਭਰਾਵਾਂ ਨਾਲ ਉਨ੍ਹਾਂ ਨੂੰ ਵਿਰਾਸਤ ਦਿੱਤੀ।

16 ਇਸ ਤੋਂ ਪਿੱਛੋਂ ਅੱਯੂਬ 140 ਸਾਲ ਜੀਉਂਦਾ ਰਿਹਾ ਅਤੇ ਉਸ ਨੇ ਆਪਣੇ ਬੱਚਿਆਂ ਤੇ ਪੋਤੇ-ਪੜਪੋਤਿਆਂ ਨੂੰ ਦੇਖਿਆ, ਹਾਂ, ਕੁੱਲ ਚਾਰ ਪੀੜ੍ਹੀਆਂ ਨੂੰ। 17 ਅਖ਼ੀਰ ਅੱਯੂਬ ਲੰਬੀ ਤੇ ਵਧੀਆ ਜ਼ਿੰਦਗੀ ਭੋਗ ਕੇ* ਮਰ ਗਿਆ।

ਸ਼ਾਇਦ ਇਸ ਦਾ ਮਤਲਬ ਹੈ “ਦੁਸ਼ਮਣੀ ਦਾ ਪਾਤਰ।”

ਜਾਂ, “ਨਿਰਦੋਸ਼ ਤੇ ਨੇਕ ਇਨਸਾਨ ਸੀ।”

ਇਬ, “500 ਜੋੜੀ ਗਾਂਵਾਂ-ਬਲਦ।”

ਇਬ, “ਗਧੀਆਂ।”

ਜਾਂ, “ਹਰ ਕੋਈ ਆਪਣੀ ਵਾਰੀ ਸਿਰ ਆਪਣੇ ਘਰ ਵਿਚ।”

ਇਕ ਇਬਰਾਨੀ ਕਹਾਵਤ ਜੋ ਪਰਮੇਸ਼ੁਰ ਦੇ ਸਵਰਗੀ ਪੁੱਤਰਾਂ ਨੂੰ ਦਰਸਾਉਂਦੀ ਹੈ।

ਇਬ, “ਉੱਤੇ ਆਪਣਾ ਮਨ ਲਾਇਆ?”

ਜਾਂ, “ਨਿਰਦੋਸ਼ ਤੇ ਨੇਕ ਇਨਸਾਨ ਹੈ।”

ਜਾਂ, “ਤੇਰੇ ਵੱਸ ਵਿਚ ਹੈ।”

ਇਬ, “ਚਿਹਰਾ।”

ਜਾਂ ਸੰਭਵ ਹੈ, “ਬਿਜਲੀ ਡਿਗੀ।”

ਇਕ ਇਬਰਾਨੀ ਕਹਾਵਤ ਜੋ ਪਰਮੇਸ਼ੁਰ ਦੇ ਸਵਰਗੀ ਪੁੱਤਰਾਂ ਨੂੰ ਦਰਸਾਉਂਦੀ ਹੈ।

ਇਬ, “ਉੱਤੇ ਆਪਣਾ ਮਨ ਲਾਇਆ?”

ਜਾਂ, “ਨਿਰਦੋਸ਼ ਤੇ ਨੇਕ ਇਨਸਾਨ ਹੈ।”

ਜਾਂ, “ਖਰਿਆਈ।”

ਇਬ, “ਨਿਗਲ਼ ਜਾਵਾਂ।”

ਜਾਂ, “ਤੇਰੇ ਵੱਸ ਵਿਚ ਹੈ।”

ਇਬ, “ਚਿਹਰਾ।”

ਜਾਂ, “ਖਰਿਆਈ।”

ਜਾਂ, “ਵਾਕਫ਼ਾਂ।”

ਇਬ, “ਆਪਣੇ ਦਿਨ ਨੂੰ ਸਰਾਪ ਦਿੱਤਾ।”

ਜਾਂ, “ਹਨੇਰਾ ਤੇ ਮੌਤ ਦਾ ਸਾਇਆ।”

ਮੰਨਿਆ ਜਾਂਦਾ ਹੈ ਕਿ ਇਹ ਮਗਰਮੱਛ ਜਾਂ ਕੋਈ ਹੋਰ ਵੱਡਾ ਤੇ ਤਾਕਤਵਰ ਜਲਜੀਵ ਹੈ।

ਜਾਂ ਸੰਭਵ ਹੈ, “ਜਿਨ੍ਹਾਂ ਨੇ ਆਪਣੇ ਲਈ ਸੁੰਨਸਾਨ ਥਾਵਾਂ ਬਣਾਈਆਂ।”

ਜਾਂ, “ਉੱਚੇ ਦਰਜੇ ਦੇ ਦਰਬਾਰੀ।”

ਜਾਂ, “ਕੁੜੱਤਣ ਨਾਲ ਭਰੇ ਹੋਇਆਂ ਨੂੰ।”

ਇਬ, “ਤੇਰੀ ਬੱਸ ਹੋ ਗਈ।”

ਜਾਂ, “ਖਰਿਆਈ।”

ਜਾਂ, “ਘੜਨ ਵਾਲੇ।”

ਜਾਂ, “ਅਦਿੱਖ ਪ੍ਰਾਣੀ।” ਸ਼ਬਦਾਵਲੀ, “ਰੂਆਖ; ਪਨੈਵਮਾ” ਦੇਖੋ।

ਜਾਂ, “ਸੰਦੇਸ਼ ਦੇਣ ਵਾਲਿਆਂ।”

ਜਾਂ, “ਤੇਰੇ ਨਾਲ ਇਕਰਾਰ (ਸਮਝੌਤਾ) ਕਰਨਗੇ।”

ਇਬ, “ਸ਼ਾਂਤੀ।”

ਜਾਂ, “ਜਲਦਬਾਜ਼ੀ ਵਿਚ।”

ਜਾਂ, “ਸਬਾ ਦੇ ਲੋਕਾਂ ਦੇ ਕਾਫ਼ਲੇ।”

ਇਬ, “ਛੁਡਾਓ।”

ਜਾਂ, “ਦਾ ਸੌਦਾ ਕਰ ਦੇਣਾ।”

ਇਬ, “ਭਲਾਈ।”

ਜਾਂ, “ਸ਼ੀਓਲ।” ਸ਼ਬਦਾਵਲੀ ਦੇਖੋ।

ਜਾਂ, “ਮਨ ਦੀ ਕੁੜੱਤਣ।”

ਇਬ, “ਉੱਤੇ ਆਪਣਾ ਮਨ ਲਾਵੇਂ?”

ਇਬ, “ਉਸ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਅਪਰਾਧ ਦੇ ਹੱਥ ਵਿਚ ਦੇ ਦਿੱਤਾ।”

ਜਾਂ, “ਤੇਰੇ ਲਈ ਜਾਗ ਉੱਠੇਗਾ।”

ਇਬ, “ਤੇ ਆਪਣੇ ਦਿਲਾਂ ਵਿੱਚੋਂ ਗੱਲਾਂ ਬਾਹਰ ਨਹੀਂ ਕੱਢਣਗੇ?”

ਇਬ, “ਦੇ ਰਾਹ ਵੀ ਇਹੀ ਹੋਣਗੇ।”

ਜਾਂ, “ਧਰਮ-ਤਿਆਗੀਆਂ।”

ਇਬ, “ਘਰ।”

ਜਾਂ, “ਉਹ ਪੱਥਰਾਂ ਦੇ ਘਰ ਨੂੰ ਦੇਖਦਾ ਹੈ।”

ਜਾਂ, “ਨਿਗਲ਼ ਲਿਆ ਜਾਵੇ।”

ਜਾਂ, “ਇਸੇ ਤਰ੍ਹਾਂ ਉਸ ਦਾ ਰਾਹ ਮਿਟ ਜਾਵੇਗਾ।”

ਜਾਂ, “ਖਰਿਆਈ ਬਣਾਈ ਰੱਖਣ ਵਾਲਿਆਂ।”

ਇਬ, “ਦਾ ਹੱਥ ਫੜੇਗਾ।”

ਜਾਂ, “ਉਸ ਨੂੰ ਅਦਾਲਤ ਵਿਚ ਲਿਜਾਣਾ ਚਾਹੇ।”

ਜਾਂ, “ਹਟਾ।”

ਸ਼ਾਇਦ ਇਹ ਵੱਡਾ ਰਿੱਛ ਤਾਰਾ-ਮੰਡਲ (ਵੱਡਾ ਉਰਸਾ) ਹੈ।

ਸ਼ਾਇਦ ਮ੍ਰਿਗ ਤਾਰਾ-ਮੰਡਲ।

ਸ਼ਾਇਦ ਬ੍ਰਿਖ ਤਾਰਾ-ਮੰਡਲ ਵਿਚ ਸਪਤਰਿਸ਼ੀ ਤਾਰੇ।

ਇਬ, “ਦੱਖਣ ਦੀਆਂ ਕੋਠੜੀਆਂ।”

ਸ਼ਾਇਦ ਇਕ ਵੱਡਾ ਸਮੁੰਦਰੀ ਜੀਵ।

ਜਾਂ ਸੰਭਵ ਹੈ, “ਅਦਾਲਤ ਵਿਚ ਆਪਣੀ ਵਿਰੋਧੀ ਧਿਰ।”

ਇਬ, “ਮੈਨੂੰ ਹਾਜ਼ਰ ਹੋਣ ਦਾ ਹੁਕਮ ਦੇ ਸਕਦਾ ਹੈ?”

ਜਾਂ, “ਜੇ ਮੈਂ ਖਰਿਆਈ ਬਣਾਈ ਵੀ ਰੱਖਾਂ।”

ਇਬ, “ਟੇਢਾ।”

ਜਾਂ, “ਜੇ ਮੈਂ ਖਰਿਆਈ ਬਣਾਈ ਵੀ ਰੱਖਾਂ।”

ਜਾਂ, “ਨਫ਼ਰਤ ਕਰਦਾ ਹਾਂ।”

ਜਾਂ, “ਵਫ਼ਾਦਾਰੀ ਬਣਾਈ ਰੱਖਣ ਵਾਲਿਆਂ।”

ਇਬ, “ਚਿਹਰਿਆਂ।”

ਇਬ, “ਦੁਸ਼ਟ।”

ਜਾਂ, “ਪੋਟਾਸ਼​—ਸੁਆਹ ਤੋਂ ਬਣਿਆ ਇਕ ਸਾਬਣ।”

ਜਾਂ, “ਕੋਈ ਵਿਚੋਲਾ ਨਹੀਂ।”

ਇਬ, “ਸਾਡੇ ਦੋਹਾਂ ਉੱਤੇ ਹੱਥ ਰੱਖੇ।”

ਇਬ, “ਆਪਣੀ ਸੋਟੀ ਮੇਰੇ ਉੱਤੋਂ ਹਟਾ ਲਵੇ।”

ਜਾਂ, “ਮਨ ਦੀ ਕੁੜੱਤਣ।”

ਇਬ, “ਪਨੀਰ।”

ਜਾਂ, “ਸਾਹ; ਜੀਵਨ।”

ਇਬ, “ਅਤੇ ਇਹ ਸਭ ਤੂੰ ਆਪਣੇ ਦਿਲ ਵਿਚ ਲੁਕਾਇਆ ਹੋਇਆ ਸੀ।”

ਜਾਂ, “ਮੈਂ ਥੋੜ੍ਹਾ ਜਿਹਾ ਖ਼ੁਸ਼ ਹੋਵਾਂ।”

ਜਾਂ, “ਹਨੇਰੇ ਤੇ ਮੌਤ ਦੇ ਸਾਏ।”

ਜਾਂ, “ਕੀ ਸ਼ੇਖ਼ੀਬਾਜ਼ ਸਹੀ ਸਾਬਤ ਹੋਵੇਗਾ?”

ਜਾਂ, “ਦੀ ਸੀਮਾ ਜਾਣ ਸਕਦਾਂ?”

ਜਾਂ, “ਸ਼ੀਓਲ।” ਸ਼ਬਦਾਵਲੀ ਦੇਖੋ।

ਜਾਂ, “ਜਦੋਂ ਇਕ ਜੰਗਲੀ ਗਧਾ ਇਨਸਾਨ ਦੇ ਰੂਪ ਵਿਚ ਜੰਮੇਗਾ।”

ਇਬ, “ਤੁਸੀਂ ਹੀ ਉਹ ਲੋਕ ਹੋ।”

ਇਬ, “ਮਨ।”

ਜਾਂ, “ਤਿਲਕਦੇ।”

ਜਾਂ ਸੰਭਵ ਹੈ, “ਨਾਲ ਗੱਲ ਕਰ।”

ਇਬ, “ਤਾਲੂ।”

ਜਾਂ, “ਦਾ ਸਭ ਕੁਝ ਲਾਹ ਲੈਂਦਾ ਹੈ।”

ਜਾਂ, “ਬਜ਼ੁਰਗਾਂ ਦੀ।”

ਇਬ, “ਤਾਕਤਵਰਾਂ ਦਾ ਕਮਰਬੰਦ ਖੋਲ੍ਹ ਦਿੰਦਾ ਹੈ।”

ਇਬ, “ਮਨ।”

ਜਾਂ, “ਉਸ ਨਾਲ ਪੱਖਪਾਤ ਕਰੋਗੇ।”

ਜਾਂ, “ਯਾਦ ਰੱਖਣ ਯੋਗ।”

ਇਬ, “ਢਾਲ ਦਾ ਉੱਭਰਵਾਂ ਭਾਗ।”

ਇਬ, “ਮੈਂ ਕਿਉਂ ਆਪਣਾ ਮਾਸ ਆਪਣੇ ਦੰਦਾਂ ਵਿਚ ਲਈ ਫਿਰਿਆ?”

ਜਾਂ, “ਆਪਣੇ ਚਾਲ-ਚਲਣ ਬਾਰੇ ਸਫ਼ਾਈ ਦਿਆਂਗਾ।”

ਜਾਂ, “ਧਰਮ-ਤਿਆਗੀ।”

ਜਾਂ ਸੰਭਵ ਹੈ, “ਜੇ ਕੋਈ ਕਰ ਸਕਦਾ ਹੈ, ਤਾਂ ਮੈਂ ਚੁੱਪ ਰਹਾਂਗਾ ਤੇ ਮਰ ਜਾਵਾਂਗਾ।”

ਇਬ, “ਬੱਸ ਦੋ ਕੰਮ ਮੇਰੇ ਨਾਲ ਨਾ ਕਰ।”

ਇਬ, “ਉਹ,” ਸ਼ਾਇਦ ਅੱਯੂਬ ਲਈ ਵਰਤਿਆ ਗਿਆ ਹੈ।

ਜਾਂ ਸੰਭਵ ਹੈ, “ਅਤੇ ਤੋੜ ਲਿਆ ਜਾਂਦਾ ਹੈ।”

ਇਬ, “ਮੈਨੂੰ।”

ਜਾਂ, “ਸ਼ੀਓਲ।” ਸ਼ਬਦਾਵਲੀ ਦੇਖੋ।

ਜਾਂ, “ਫੋਕਾ ਗਿਆਨ।”

ਜਾਂ, “ਤੇਰਾ ਗੁਨਾਹ ਤੇਰੇ ਮੂੰਹ ਨੂੰ ਸਿਖਾਉਂਦਾ ਹੈ।”

ਜਾਂ, “ਤੋਂ ਜਿੱਤਣ ਦੀ ਕੋਸ਼ਿਸ਼ ਕਰਦਾ ਹੈ।”

ਇਬ, “ਆਪਣੀ ਮੋਟੀ ਢਾਲ ਦੇ ਉੱਭਰੇ ਭਾਗ।”

ਯਾਨੀ, ਦੁਬਾਰਾ ਹਾਸਲ ਕਰਨ ਦੀ ਕੋਈ ਵੀ ਉਮੀਦ ਨਹੀਂ ਛੱਡੇਗੀ।

ਇਬ, “ਉਸ ਦੇ।”

ਜਾਂ, “ਧਰਮ-ਤਿਆਗੀਆਂ।”

ਜਾਂ, “ਫੋਕੀਆਂ।”

ਜਾਂ, “ਮੇਰੇ ਨਾਲ ਇਕੱਠੇ ਹੋਣ ਵਾਲਿਆਂ ਨੂੰ।”

ਜਾਂ, “ਤਾਕਤ।” ਇਬ, “ਸਿੰਗ।”

ਜਾਂ, “ਉੱਤੇ ਮੌਤ ਦਾ ਸਾਇਆ ਹੈ।”

ਜਾਂ ਸੰਭਵ ਹੈ, “ਵੱਲ ਉਣੀਂਦਰੀ ਰਹਿ ਕੇ ਦੇਖਦੀ ਹੈ।”

ਇਬ, “ਇਕ ਕਹਾਵਤ।”

ਜਾਂ, “ਧਰਮ-ਤਿਆਗੀ।”

ਜਾਂ, “ਸ਼ੀਓਲ।” ਸ਼ਬਦਾਵਲੀ ਦੇਖੋ।

ਜਾਂ, “ਕਬਰ।”

ਯਾਨੀ, ਮੇਰੀ ਉਮੀਦ।

ਜਾਂ, “ਸ਼ੀਓਲ।” ਸ਼ਬਦਾਵਲੀ ਦੇਖੋ।

ਜਾਂ ਸੰਭਵ ਹੈ, “ਅਸ਼ੁੱਧ।”

ਜਾਂ, “ਲੰਗੜਾ ਜਾਵੇਗਾ।”

ਇਬ, “ਮੌਤ ਦਾ ਜੇਠਾ।”

ਜਾਂ, “ਭਿਆਨਕ ਮੌਤ।”

ਇਬ, “ਜੋ ਉਸ ਦਾ ਨਹੀਂ।”

ਇਬ, “ਉਸ ਦਾ ਕੋਈ ਵੀ ਨਾਂ ਨਹੀਂ ਹੋਵੇਗਾ।”

ਜਾਂ, “ਉਪਜਾਊ ਜ਼ਮੀਨ।”

ਜਾਂ, “ਉਹ ਜਗ੍ਹਾ ਜਿੱਥੇ ਉਹ ਪਰਦੇਸੀ ਵਜੋਂ ਰਹਿੰਦਾ ਹੈ।”

ਜਾਂ, “ਮੇਰੀ ਬੇਇੱਜ਼ਤੀ ਕੀਤੀ ਹੈ।”

ਜਾਂ, “ਮੇਰੇ ਰਿਸ਼ਤੇਦਾਰ।”

ਇਬ, “ਮੇਰੀ ਕੁੱਖ ਦੇ ਪੁੱਤਰ,” ਯਾਨੀ ਉਹ ਕੁੱਖ ਜਿਸ ਤੋਂ ਮੈਂ ਜੰਮਿਆ (ਮੇਰੀ ਮਾਤਾ ਦੀ ਕੁੱਖ)।

ਇਬ, “ਅਤੇ ਕਿਉਂ ਮੇਰੇ ਮਾਸ ਨਾਲ ਰੱਜੇ ਨਹੀਂ ਹੋ?”

ਇਬ, “ਖ਼ਾਕ ਉੱਤੇ।”

ਜਾਂ, “ਮੇਰੇ ਗੁਰਦਿਆਂ ਨੇ ਕੰਮ ਕਰਨਾ ਬੰਦ ਕਰ ਦਿੱਤਾ।”

ਜਾਂ, “ਮਨੁੱਖਜਾਤੀ; ਆਦਮ।”

ਜਾਂ, “ਧਰਮ-ਤਿਆਗੀ।”

ਯਾਨੀ, ਉਸ ਦੀ ਤਾਕਤ।

ਜਾਂ, “ਪਿੱਤ।”

ਇਬ, “ਜੀਭ।”

ਇਬ, “ਅਤੇ ਉਹ ਨਿਗਲ਼ੇਗਾ ਨਹੀਂ।”

ਇਬ, “ਉਸ ਦੇ।”

ਜਾਂ, “ਤਾਕਤਵਰ।”

ਜਾਂ, “ਪਲ ਭਰ ਵਿਚ,” ਯਾਨੀ ਦਰਦ ਸਹੇ ਬਿਨਾਂ ਤੁਰੰਤ ਮੌਤ।

ਜਾਂ, “ਸ਼ੀਓਲ।” ਸ਼ਬਦਾਵਲੀ ਦੇਖੋ।

ਜਾਂ, “ਸਲਾਹ; ਯੋਜਨਾ।”

ਜਾਂ, “ਮਹੀਨਿਆਂ ਦੇ ਦੋ ਹਿੱਸੇ ਕਰ ਦਿੱਤੇ ਜਾਣ।”

ਜਾਂ, “ਪਰਮੇਸ਼ੁਰ ਨੂੰ ਕੁਝ ਸਿਖਾ ਸਕਦਾ ਹੈ।”

ਇਬ, “ਉਸ ਦੀਆਂ ਹੱਡੀਆਂ ਦੀ ਮਿੱਝ ਤਰ ਹੁੰਦੀ ਹੈ।”

ਜਾਂ, “ਮਨ ਦੀ ਕੁੜੱਤਣ ਨਾਲ।”

ਜਾਂ ਸੰਭਵ ਹੈ, “ਮੇਰੇ ਉੱਤੇ ਜ਼ੁਲਮ ਕਰਨ ਲਈ।”

ਇਬ, “ਨਿਸ਼ਾਨੀਆਂ।”

ਇਬ, “ਉਹ ਸਾਰੀ ਮਨੁੱਖਜਾਤੀ ਨੂੰ ਆਪਣੇ ਪਿੱਛੇ-ਪਿੱਛੇ ਘੜੀਸ ਲਵੇਗਾ।”

ਜਾਂ, “ਸਰਬਸ਼ਕਤੀਮਾਨ ਨੂੰ ਕੋਈ ਖ਼ੁਸ਼ੀ ਹੁੰਦੀ?”

ਜਾਂ, “ਖਰਿਆਈ।”

ਇਬ, “ਨੰਗਿਆਂ ਦੇ ਕੱਪੜੇ ਲਾਹ ਲੈਂਦਾ ਹੈਂ।”

ਇਬ, “ਜਿਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ ਹੋਵੇ।”

ਇਬ, “ਪੰਛੀਆਂ ਨੂੰ ਫੜਨ ਵਾਲੇ ਜਾਲ਼।”

ਜਾਂ, “ਘੇਰੇ।”

ਜਾਂ, “ਜਿਨ੍ਹਾਂ ਦੀਆਂ ਜ਼ਿੰਦਗੀਆਂ ਘਟਾ ਦਿੱਤੀਆਂ ਗਈਆਂ ਸਨ।”

ਇਬ, “ਦਰਿਆ।”

ਜਾਂ, “ਸੋਨੇ ਦੀਆਂ ਡਲ਼ੀਆਂ।”

ਜਾਂ, “ਵਾਦੀਆਂ।”

ਜਾਂ, “ਸੋਨੇ ਦੀਆਂ ਡਲ਼ੀਆਂ।”

ਜਾਂ, “ਨੀਵੀਆਂ ਅੱਖਾਂ ਵਾਲੇ ਨੂੰ।”

ਜਾਂ, “ਮੇਰਾ ਗਿਲਾ ਬਗਾਵਤ ਭਰਿਆ ਹੈ।”

ਜਾਂ, “ਜਿੰਨਾ ਮੈਨੂੰ ਕਿਹਾ ਗਿਆ ਸੀ।”

ਜਾਂ, “ਕਿਹਾ।”

ਯਾਨੀ, ਉਸ ਦੇ ਨਿਆਂ ਦਾ ਦਿਨ।

ਇਬ, “ਜਿਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ ਹੋਵੇ।”

ਜਾਂ ਸੰਭਵ ਹੈ, “ਖੇਤ ਵਿੱਚੋਂ ਚਾਰਾ ਵੱਢਣਾ ਪੈਂਦਾ ਹੈ।”

ਇਬ, “ਜਿਸ ਦੇ ਪਿਤਾ ਦੀ ਮੌਤ ਹੋ ਗਈ ਹੋਵੇ।”

ਜਾਂ, “ਪੌੜੀਦਾਰ ਖੇਤਾਂ।”

ਜਾਂ ਸੰਭਵ ਹੈ, “ਖੇਤਾਂ ਵਿਚ ਡੱਕਿਆਂ ਵਿਚਕਾਰ ਤੇਲ ਕੱਢਦੇ ਹਨ।”

ਜਾਂ ਸੰਭਵ ਹੈ, “ਪਰਮੇਸ਼ੁਰ ਕਿਸੇ ਨੂੰ ਦੋਸ਼ੀ ਨਹੀਂ ਠਹਿਰਾਉਂਦਾ।”

ਇਬ, “ਉਹ ਪਾਣੀ ਦੀ ਸਤਹ ਉੱਤੇ ਫੁਰਤੀਲਾ ਹੈ।”

ਜਾਂ, “ਸ਼ੀਓਲ।” ਸ਼ਬਦਾਵਲੀ ਦੇਖੋ।

ਇਬ, “ਕੁੱਖ।”

ਇਬ, “ਉਹ।”

ਇਬ, “ਉਹ।”

ਇਬ, “ਉਨ੍ਹਾਂ ਦੇ ਰਾਹਾਂ ʼਤੇ।”

ਇਬ, “ਆਪਣੀਆਂ ਉੱਚੀਆਂ ਥਾਵਾਂ ʼਤੇ।”

ਜਾਂ, “ਸ਼ੁੱਧ।”

ਜਾਂ, “ਬਹੁਤ ਹੀ ਜ਼ਿਆਦਾ।”

ਜਾਂ, “ਸਮਝ।”

ਇਬ, “ਕਿਹਦਾ ਸਾਹ ਤੇਰੇ ਵਿੱਚੋਂ ਨਿਕਲਿਆ ਹੈ?”

ਜਾਂ, “ਸ਼ੀਓਲ।” ਸ਼ਬਦਾਵਲੀ ਦੇਖੋ।

ਇਬ, “ਉਸ ਦੇ।”

ਜਾਂ, “ਅਬਦੋਨ।” ਸ਼ਬਦਾਵਲੀ ਦੇਖੋ।

ਇਬ, “ਉੱਤਰ।”

ਇਬ, “ਖਲਾਅ।”

ਇਬ, “ਘੇਰਾ।”

ਇਬ, “ਰਾਹਾਬ।”

ਜਾਂ, “ਉੱਡਣ ਵਾਲੇ।”

ਇਬ, “ਰਾਹਾਂ ਦੇ ਕੰਢੇ ਹੀ ਹਨ।”

ਇਬ, “ਕਹਾਵਤ।”

ਜਾਂ, ”ਖਰਿਆਈ।”

ਜਾਂ, “ਆਪਣੇ ਤੋਂ ਦੂਰ ਨਹੀਂ ਕਰਾਂਗਾ; ਬਣਾਈ ਰੱਖਾਂਗਾ।”

ਜਾਂ, “ਮੇਰੇ ਕਿਸੇ ਵੀ ਦਿਨ।”

ਜਾਂ, “ਤਾਅਨੇ ਨਹੀਂ ਮਾਰੇਗਾ।”

ਜਾਂ, “ਧਰਮ-ਤਿਆਗੀ।”

ਜਾਂ ਸੰਭਵ ਹੈ, “ਦੇ ਹੱਥ ਨਾਲ।”

ਜਾਂ ਸੰਭਵ ਹੈ, “ਉਹ ਉਸ ਉੱਤੇ ਤਾੜੀਆਂ ਮਾਰਨਗੇ ਅਤੇ ਆਪਣੀ ਜਗ੍ਹਾ ਤੋਂ ਉਸ ਉੱਤੇ ਸੀਟੀਆਂ ਵਜਾਉਣਗੇ।”

ਇਬ, “ਡੋਲ੍ਹ ਕੇ।”

ਇਬ, “ਪੱਥਰ।”

ਲੱਗਦਾ ਹੈ ਕਿ ਇੱਥੇ ਖਾਣ ਵਿਚ ਹੁੰਦੇ ਕੰਮਾਂ ਦੀ ਗੱਲ ਕੀਤੀ ਗਈ ਹੈ।

ਇਬ, “ਚਕਮਾਕ ਪੱਥਰ।”

ਜਾਂ, “ਸ਼ੁੱਧ ਕੀਤੇ।”

ਇਬ, “ਭਾਰ।”

ਇਬ, “ਕਹਾਵਤ।”

ਜਾਂ, “ਸੇਵਾਦਾਰ।”

ਇਬ, “ਲੁਕ ਜਾਂਦੇ ਸਨ।”

ਇਬ, “ਜਿਸ ਦੇ ਪਿਤਾ ਦੀ ਮੌਤ ਹੋ ਗਈ ਹੋਵੇ।”

ਜਾਂ, “ਬਿਨਾਂ ਬਾਹਾਂ ਵਾਲਾ ਚੋਗਾ।”

ਇਬ, “ਆਪਣੇ ਆਲ੍ਹਣੇ ਵਿਚ।”

ਇਬ, “ਟਪਕਦੀਆਂ ਸਨ।”

ਜਾਂ ਸੰਭਵ ਹੈ, “ਉਨ੍ਹਾਂ ਨੇ ਮੇਰੇ ਚਿਹਰੇ ਦੀ ਰੌਣਕ ਨਹੀਂ ਮਿਟਾਈ।”

ਜਾਂ, “ਵਾਦੀਆਂ।”

ਇਬ, “ਕੁੱਟ-ਕੁੱਟ ਕੇ ਭਜਾ।”

ਇਬ, “ਇਕ ਕਹਾਵਤ।”

ਇਬ, “ਮੇਰੀ ਕਮਾਨ ਦੀ ਰੱਸੀ ਢਿੱਲੀ ਕਰ ਦਿੱਤੀ ਹੈ।”

ਜਾਂ, “ਆਪੇ ਤੋਂ ਬਾਹਰ।”

ਜਾਂ, “ਉਨ੍ਹਾਂ ਦੀ ਮਦਦ ਕਰਨ ਵਾਲਾ ਕੋਈ ਨਹੀਂ।”

ਇਬ, “ਮੇਰੀਆਂ ਹੱਡੀਆਂ ਵਿਚ ਛੇਕ ਕੀਤੇ ਜਾਂਦੇ ਹਨ।”

ਸ਼ਾਇਦ ਇੱਥੇ ਉਸ ਦੀ ਚਮੜੀ ਦੀ ਗੱਲ ਕੀਤੀ ਗਈ ਹੈ।

ਜਾਂ ਸੰਭਵ ਹੈ, “ਮੇਰੀ ਭਿਆਨਕ ਬੀਮਾਰੀ ਨੇ ਮੇਰਾ ਹੁਲੀਆ ਵਿਗਾੜ ਦਿੱਤਾ ਹੈ।”

ਜਾਂ ਸੰਭਵ ਹੈ, “ਭਿਆਨਕ ਹਨੇਰੀ ਵਿਚ ਮੈਨੂੰ ਘੋਲ ਦਿੰਦਾ ਹੈਂ।”

ਇਬ, “ਮਲਬੇ ਦਾ ਢੇਰ।”

ਜਾਂ ਸੰਭਵ ਹੈ, “ਬੁਖ਼ਾਰ।”

ਜਾਂ ਸੰਭਵ ਹੈ, “ਝੂਠੇ ਆਦਮੀਆਂ ਨਾਲ।”

ਜਾਂ, “ਮੇਰੀ ਔਲਾਦ ਨੂੰ ਜੜ੍ਹੋਂ ਪੁੱਟਿਆ ਜਾਵੇ।”

ਇਬ, “ਦੂਜੇ ਆਦਮੀ ਉਸ ਉੱਤੇ ਝੁਕਣ।”

ਇਬ, “ਭੱਖ ਕੇ ਤਬਾਹ ਕਰ ਸੁੱਟੇਗੀ।”

ਜਾਂ, “ਉਖਾੜ ਦੇਵੇਗੀ।”

ਜਾਂ, “ਨੇ ਮੇਰੇ ਖ਼ਿਲਾਫ਼ ਮੁਕੱਦਮਾ ਕੀਤਾ।”

ਇਬ, “ਉੱਠ ਖੜ੍ਹਾ ਹੋਵੇਗਾ।”

ਇਬ, “ਕੁੱਖ ਵਿਚ।”

ਇਬ, “ਵਿਧਵਾ ਦੀਆਂ ਅੱਖਾਂ ਮੇਰੇ ਕਾਰਨ ਰਹਿ ਗਈਆਂ ਹੋਣ।”

ਇਬ, “ਉਹ।”

ਇਬ, “ਆਪਣੀ ਮਾਤਾ ਦੀ ਕੁੱਖ ਤੋਂ।”

ਇਬ, “ਉਸ ਦੀ।”

ਇਬ, “ਉਸ ਦੇ ਲੱਕ।”

ਜਾਂ ਸੰਭਵ ਹੈ, “ਜਦੋਂ ਮੈਂ ਦੇਖਿਆ ਕਿ ਸ਼ਹਿਰ ਦੇ ਦਰਵਾਜ਼ੇ ʼਤੇ ਮੇਰਾ ਸਾਥ ਦੇਣ ਵਾਲੇ ਸਨ।”

ਜਾਂ, “ਮੋਢੇ ਦੀ ਚੌੜੀ ਹੱਡੀ।”

ਜਾਂ, “ਇਸ ਦੇ ਜੋੜ ਤੋਂ; ਇਸ ਦੀ ਉੱਪਰਲੀ ਹੱਡੀ ਤੋਂ।”

ਇਬ, “ਚਾਨਣ।”

ਇਬ, “ਮੀਟ।”

ਜਾਂ, “ਪਰਦੇਸੀ।”

ਜਾਂ, “ਇਹ ਰਹੇ ਮੇਰੇ ਦਸਤਖਤ।”

ਜਾਂ, “ਕਿਉਂਕਿ ਉਹ ਆਪਣੀ ਨਿਗਾਹ ਵਿਚ ਧਰਮੀ ਸੀ।”

ਇਬ, “ਦਿਨਾਂ ਵਿਚ ਛੋਟਾ।”

ਇਬ, “ਦਿਨਾਂ।”

ਜਾਂ, “ਸਿਰਫ਼ ਬਹੁਤੇ ਦਿਨ।”

ਜਾਂ, “ਅੱਯੂਬ ਨੂੰ ਝਿੜਕ ਸਕਿਆ।”

ਜਾਂ, “ਨੂੰ ਆਦਰ ਦਾ ਖ਼ਿਤਾਬ ਦਿਆਂਗਾ।”

ਇਬ, “ਮੇਰੀ ਜੀਭ ਮੇਰੇ ਤਾਲੂ ਸਮੇਤ।”

ਇਬ, “ਉੱਤੇ ਮੋਹਰ ਲਾਉਂਦਾ ਹੈ।”

ਜਾਂ, “ਕਬਰ।”

ਜਾਂ, “ਹਥਿਆਰ (ਤੀਰ) ਨਾਲ।”

ਇਬ, “ਉਸ ਦੀ ਜਾਨ।”

ਜਾਂ, “ਨੰਗੀਆਂ ਹੋ ਗਈਆਂ ਹਨ।”

ਜਾਂ, “ਕਬਰ।”

ਜਾਂ, “ਦੂਤ।”

ਜਾਂ, “ਕਬਰ।”

ਜਾਂ, “ਤੰਦਰੁਸਤ।”

ਇਬ, “ਗਾਵੇਗਾ।”

ਜਾਂ ਸੰਭਵ ਹੈ, “ਇਸ ਨਾਲ ਮੈਨੂੰ ਫ਼ਾਇਦਾ ਨਹੀਂ ਹੋਇਆ।”

ਜਾਂ, “ਕਬਰ।”

ਜਾਂ, “ਕਬਰ।”

ਇਬ, “ਤਾਲੂ।”

ਇਬ, “ਮਨ।”

ਜਾਂ, “ਵੱਸੀ ਹੋਈ ਧਰਤੀ।”

ਇਬ, “ਆਪਣਾ ਮਨ।”

ਜਾਂ, “ਧਰਮ-ਤਿਆਗੀ।”

ਇਬ, “ਮਨ।”

ਜਾਂ ਸੰਭਵ ਹੈ, “ਹੇ ਮੇਰੇ ਪਿਤਾ, ਅੱਯੂਬ ਨੂੰ।”

ਸ਼ਾਇਦ ਇੱਥੇ ਪਰਮੇਸ਼ੁਰ ਦੀ ਗੱਲ ਕੀਤੀ ਗਈ ਹੈ।

ਇਬ, “ਬਾਂਹ।”

ਜਾਂ, “ਝੂਠ।”

ਇੱਥੇ ਪਰਮੇਸ਼ੁਰ ਦੀ ਗੱਲ ਕੀਤੀ ਗਈ ਹੈ।

ਇਬ, “ਮਨ।”

ਜਾਂ ਸੰਭਵ ਹੈ, “ਉਹ ਰਾਜਿਆਂ ਨੂੰ ਰਾਜ-ਗੱਦੀ ਉੱਤੇ ਬਿਠਾਉਂਦਾ ਹੈ।”

ਜਾਂ, “ਹਥਿਆਰ (ਤੀਰ) ਨਾਲ।”

ਜਾਂ, “ਧਰਮ-ਤਿਆਗੀ।”

ਜਾਂ ਸੰਭਵ ਹੈ, “ਖ਼ਤਮ ਕਰ ਦਿੰਦੇ ਹਨ।”

ਇਬ, “ਉਹ।”

ਜਾਂ, “ਤਾੜੀਆਂ ਮਾਰ-ਮਾਰ ਕੇ ਮਜ਼ਾਕ ਨਾ ਉਡਾਏਂ।”

ਜਾਂ ਸੰਭਵ ਹੈ, “ਉਸ ਦੇ ਰਾਹ ਦੀ ਨੁਕਤਾਚੀਨੀ ਕੀਤੀ; ਉਸ ਤੋਂ ਲੇਖਾ ਲਿਆ।”

ਇਬ, “ਛੱਪਰ।”

ਇਬ, “ਚਾਨਣ।”

ਇਬ, “ਜੜ੍ਹਾਂ।”

ਜਾਂ ਸੰਭਵ ਹੈ, “ਦੇ ਮੁਕੱਦਮੇ ਦੀ ਪੈਰਵੀ ਕਰਦਾ ਹੈ।”

ਜਾਂ ਸੰਭਵ ਹੈ, “ਕੀ।”

ਇਬ, “ਹਰ ਇਨਸਾਨ ਦੇ ਹੱਥ ʼਤੇ ਮੁਹਰ ਲਾ ਦਿੰਦਾ ਹੈ।”

ਜਾਂ, “ਧਰਤੀ ਦੀ ਉਪਜਾਊ ਜ਼ਮੀਨ।”

ਇਬ, “ਡੰਡਾ।”

ਜਾਂ, “ਨੂੰ ਹੁਕਮ ਦਿੰਦਾ ਹੈ।”

ਜਾਂ, “ਕੁੱਟ ਕੇ ਘੜ ਸਕਦਾਂ।”

ਯਾਨੀ, ਸੂਰਜ ਦਾ।

ਇਬ, “ਦਿਲੋਂ ਬੁੱਧੀਮਾਨਾਂ।”

ਇਕ ਇਬਰਾਨੀ ਕਹਾਵਤ ਜੋ ਪਰਮੇਸ਼ੁਰ ਦੇ ਸਵਰਗੀ ਪੁੱਤਰਾਂ ਨੂੰ ਦਰਸਾਉਂਦੀ ਹੈ।

ਇਬ, “ਆਪਣੇ ਦਿਨਾਂ ਵਿਚ।”

ਜਾਂ, “ਮੌਤ ਦੇ ਸਾਏ।”

ਇਬ, “ਦਿਨਾਂ।”

ਜਾਂ ਸੰਭਵ ਹੈ, “ਬਿਜਲੀ।”

ਸ਼ਾਇਦ ਬ੍ਰਿਖ ਤਾਰਾ-ਮੰਡਲ ਵਿਚ ਸਪਤਰਿਸ਼ੀ ਤਾਰੇ।

ਸ਼ਾਇਦ ਮ੍ਰਿਗ ਤਾਰਾ-ਮੰਡਲ।

ਇਬ, “ਮੱਜ਼ਰੋਥ।” 2 ਰਾਜ 23:5 ਵਿਚ ਇਸ ਨਾਲ ਮਿਲਦਾ-ਜੁਲਦਾ ਸ਼ਬਦ ਬਹੁਵਚਨ ਵਿਚ ਵਰਤਿਆ ਗਿਆ ਹੈ ਜੋ ਰਾਸ਼ੀਆਂ ਦੇ ਤਾਰਾ-ਮੰਡਲਾਂ ਨੂੰ ਦਰਸਾਉਂਦੇ ਹਨ।

ਸ਼ਾਇਦ ਇਹ ਵੱਡਾ ਰਿੱਛ ਤਾਰਾ-ਮੰਡਲ (ਵੱਡਾ ਉਰਸਾ) ਹੈ।

ਜਾਂ ਸੰਭਵ ਹੈ, “ਉਸ ਦਾ।”

ਜਾਂ ਸੰਭਵ ਹੈ, “ਇਨਸਾਨ ਵਿਚ।”

ਜਾਂ ਸੰਭਵ ਹੈ, “ਮਨ ਨੂੰ।”

ਜਾਂ, “ਖੁਰਲੀ।”

ਜਾਂ, “ਵਾਦੀ ਵਿਚ ਸੁਹਾਗਾ ਫੇਰਨ ਲਈ।”

ਇਬ, “ਬੀ।”

ਸ਼ਬਦਾਵਲੀ ਦੇਖੋ।

ਇਬ, “ਉਸ ਨੂੰ ਭੁਲਾ ਦਿੱਤੀ ਹੈ।”

ਇਬ, “ਉਹ ਹਥਿਆਰਾਂ ਦਾ ਟਾਕਰਾ ਕਰਨ ਲਈ ਨਿਕਲਦਾ ਹੈ।”

ਇਬ, “ਜ਼ਮੀਨ (ਧਰਤੀ) ਨੂੰ ਨਿਗਲ਼ ਜਾਂਦਾ ਹੈ।”

ਇਬ, “ਉਹ ਯਕੀਨ ਨਹੀਂ ਕਰਦਾ।”

ਇਬ, “ਚਟਾਨ ਦੇ ਦੰਦ ʼਤੇ।”

ਜਾਂ, “ਨੂੰ ਨਾਜਾਇਜ਼ ਠਹਿਰਾਏਂਗਾ।”

ਇਬ, “ਉਨ੍ਹਾਂ ਦੇ ਮੂੰਹਾਂ ਨੂੰ।”

ਜਾਂ, “ਤੇਰੀ ਤਾਰੀਫ਼ ਕਰਾਂਗਾ।”

ਸ਼ਾਇਦ ਦਰਿਆਈ ਘੋੜਾ।

ਇਬ, “ਇਹ ਸ਼ੁਰੂਆਤ ਹੈ।”

ਜਾਂ, “ਪਾਪਲਰ।”

ਇਬ, “ਫੰਦਾ।”

ਸ਼ਾਇਦ ਮਗਰਮੱਛ।

ਇਬ, “ਸਰਵਾੜ।”

ਇਬ, “ਕੰਡੇ।”

ਜਾਂ, “ਤੂੰ ਥੱਲੇ ਡਿਗ ਪਵੇਂਗਾ।”

ਇਬ, “ਚਿਹਰਾ।”

ਜਾਂ ਸੰਭਵ ਹੈ, “ਉਸ ਦਾ ਘਮੰਡ ਉਸ ਦੇ ਛਿਲਕਿਆਂ ਦੀਆਂ ਕਤਾਰਾਂ ਹਨ।”

ਇਬ, “ਮਾਸ।”

ਗਾਹੁਣ ਵਾਲਾ ਫੱਟਾ।

ਇਬ, “ਮੈਂ ਉਸ ਦਾ ਮੂੰਹ ਜ਼ਰੂਰ ਉੱਚਾ ਕਰਾਂਗਾ।”

ਇਬ, “ਯਹੋਵਾਹ ਅੱਯੂਬ ਨੂੰ ਉਸ ਦੀ ਗ਼ੁਲਾਮੀ ਵਿੱਚੋਂ ਵਾਪਸ ਲੈ ਆਇਆ।”

ਇਬ, “ਬੁੱਢਾ ਤੇ ਦਿਨਾਂ ਨਾਲ ਭਰਪੂਰ।”

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ