ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • nwt 1 ਰਾਜਿਆਂ 1:1 - 22:53
  • 1 ਰਾਜਿਆਂ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • 1 ਰਾਜਿਆਂ
  • ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
1 ਰਾਜਿਆਂ

ਪਹਿਲਾ ਰਾਜਿਆਂ

1 ਹੁਣ ਰਾਜਾ ਦਾਊਦ ਬੁੱਢਾ ਤੇ ਕਾਫ਼ੀ ਉਮਰ ਦਾ ਹੋ ਗਿਆ ਸੀ।+ ਉਹ ਉਸ ਨੂੰ ਕੱਪੜਿਆਂ ਨਾਲ ਢਕਦੇ ਸਨ, ਪਰ ਉਸ ਨੂੰ ਨਿੱਘ ਨਹੀਂ ਸੀ ਮਿਲਦਾ। 2 ਇਸ ਲਈ ਉਸ ਦੇ ਸੇਵਕਾਂ ਨੇ ਉਸ ਨੂੰ ਕਿਹਾ: “ਹੇ ਮੇਰੇ ਪ੍ਰਭੂ ਤੇ ਮਹਾਰਾਜ, ਸਾਨੂੰ ਇਜਾਜ਼ਤ ਦੇ ਕਿ ਅਸੀਂ ਇਕ ਕੁਆਰੀ ਕੁੜੀ ਨੂੰ ਲੱਭੀਏ ਜੋ ਮਹਾਰਾਜ ਦੀ ਸੇਵਾ ਅਤੇ ਦੇਖ-ਭਾਲ ਕਰੇਗੀ। ਉਹ ਤੇਰੀਆਂ ਬਾਹਾਂ ਵਿਚ ਪਵੇਗੀ ਤਾਂਕਿ ਮੇਰੇ ਪ੍ਰਭੂ ਤੇ ਮਹਾਰਾਜ ਨੂੰ ਨਿੱਘ ਮਿਲੇ।” 3 ਉਨ੍ਹਾਂ ਨੇ ਇਜ਼ਰਾਈਲ ਦੇ ਸਾਰੇ ਇਲਾਕੇ ਵਿਚ ਇਕ ਖ਼ੂਬਸੂਰਤ ਕੁੜੀ ਦੀ ਭਾਲ ਕੀਤੀ ਤੇ ਉਨ੍ਹਾਂ ਨੂੰ ਸ਼ੂਨੰਮੀ+ ਅਬੀਸ਼ਗ+ ਮਿਲ ਗਈ। ਉਹ ਉਸ ਨੂੰ ਰਾਜੇ ਕੋਲ ਲੈ ਆਏ। 4 ਉਹ ਕੁੜੀ ਬੇਹੱਦ ਖ਼ੂਬਸੂਰਤ ਸੀ ਅਤੇ ਉਹ ਰਾਜੇ ਦੀ ਦੇਖ-ਭਾਲ ਤੇ ਸੇਵਾ ਕਰਨ ਲੱਗ ਪਈ, ਪਰ ਰਾਜੇ ਨੇ ਉਸ ਨਾਲ ਸਰੀਰਕ ਸੰਬੰਧ ਨਹੀਂ ਬਣਾਏ।

5 ਇਸ ਦੌਰਾਨ, ਹੱਗੀਥ ਦਾ ਪੁੱਤਰ ਅਦੋਨੀਯਾਹ+ ਇਹ ਕਹਿੰਦੇ ਹੋਏ ਆਪਣੇ ਆਪ ਨੂੰ ਉੱਚਾ ਕਰ ਰਿਹਾ ਸੀ: “ਮੈਂ ਹੀ ਰਾਜਾ ਬਣਾਂਗਾ!” ਉਸ ਨੇ ਆਪਣੇ ਲਈ ਇਕ ਰਥ ਬਣਵਾਇਆ ਤੇ ਘੋੜਸਵਾਰ ਰੱਖੇ ਅਤੇ ਆਪਣੇ ਅੱਗੇ-ਅੱਗੇ ਦੌੜਨ ਲਈ 50 ਆਦਮੀ ਠਹਿਰਾਏ।+ 6 ਪਰ ਉਸ ਦੇ ਪਿਤਾ ਨੇ ਕਦੇ ਵੀ ਇਹ ਕਹਿ ਕੇ ਉਸ ਨੂੰ ਰੋਕਿਆ ਨਹੀਂ:* “ਤੂੰ ਇਸ ਤਰ੍ਹਾਂ ਕਿਉਂ ਕੀਤਾ?” ਉਹ ਅਬਸ਼ਾਲੋਮ ਤੋਂ ਬਾਅਦ ਪੈਦਾ ਹੋਇਆ ਸੀ ਅਤੇ ਉਹ ਬਹੁਤ ਸੋਹਣਾ-ਸੁਨੱਖਾ ਸੀ। 7 ਉਸ ਨੇ ਸਰੂਯਾਹ ਦੇ ਪੁੱਤਰ ਯੋਆਬ ਅਤੇ ਪੁਜਾਰੀ ਅਬਯਾਥਾਰ+ ਨਾਲ ਗੱਲ ਕੀਤੀ ਅਤੇ ਉਹ ਅਦੋਨੀਯਾਹ ਦੀ ਮਦਦ ਕਰਨ ਤੇ ਉਸ ਦਾ ਸਾਥ ਦੇਣ ਲਈ ਤਿਆਰ ਹੋ ਗਏ।+ 8 ਪਰ ਸਾਦੋਕ+ ਪੁਜਾਰੀ, ਯਹੋਯਾਦਾ ਦੇ ਪੁੱਤਰ ਬਨਾਯਾਹ,+ ਨਾਥਾਨ+ ਨਬੀ, ਸ਼ਿਮਈ,+ ਰੇਈ ਅਤੇ ਦਾਊਦ ਦੇ ਤਾਕਤਵਰ ਯੋਧਿਆਂ+ ਨੇ ਅਦੋਨੀਯਾਹ ਦਾ ਸਾਥ ਨਹੀਂ ਦਿੱਤਾ।

9 ਅਖ਼ੀਰ ਅਦੋਨੀਯਾਹ ਨੇ ਏਨ-ਰੋਗੇਲ ਦੇ ਨੇੜੇ ਜ਼ੋਹਲਥ ਦੇ ਪੱਥਰ ਕੋਲ ਭੇਡਾਂ, ਪਸ਼ੂਆਂ ਅਤੇ ਪਲ਼ੇ ਹੋਏ ਜਾਨਵਰਾਂ ਦੀਆਂ ਬਲ਼ੀਆਂ ਚੜ੍ਹਾਉਣ ਦਾ ਇੰਤਜ਼ਾਮ ਕੀਤਾ।+ ਉਸ ਨੇ ਆਪਣੇ ਸਾਰੇ ਭਰਾਵਾਂ ਯਾਨੀ ਰਾਜੇ ਦੇ ਪੁੱਤਰਾਂ ਅਤੇ ਯਹੂਦਾਹ ਦੇ ਸਾਰੇ ਆਦਮੀਆਂ ਯਾਨੀ ਰਾਜੇ ਦੇ ਸੇਵਕਾਂ ਨੂੰ ਸੱਦਾ ਦਿੱਤਾ। 10 ਪਰ ਉਸ ਨੇ ਨਾਥਾਨ ਨਬੀ, ਬਨਾਯਾਹ, ਤਾਕਤਵਰ ਯੋਧਿਆਂ ਅਤੇ ਆਪਣੇ ਭਰਾ ਸੁਲੇਮਾਨ ਨੂੰ ਨਹੀਂ ਸੱਦਿਆ। 11 ਫਿਰ ਨਾਥਾਨ+ ਨੇ ਸੁਲੇਮਾਨ ਦੀ ਮਾਂ ਬਥ-ਸ਼ਬਾ+ ਨੂੰ ਕਿਹਾ: “ਕੀ ਤੂੰ ਨਹੀਂ ਸੁਣਿਆ ਕਿ ਹੱਗੀਥ ਦਾ ਪੁੱਤਰ ਅਦੋਨੀਯਾਹ+ ਰਾਜਾ ਬਣ ਗਿਆ ਹੈ ਅਤੇ ਸਾਡੇ ਪ੍ਰਭੂ ਦਾਊਦ ਨੂੰ ਇਸ ਬਾਰੇ ਕੁਝ ਵੀ ਨਹੀਂ ਪਤਾ? 12 ਹੁਣ ਕਿਰਪਾ ਕਰ ਕੇ ਆ ਤਾਂਕਿ ਮੈਂ ਤੈਨੂੰ ਸਲਾਹ ਦਿਆਂ ਜਿਸ ਨਾਲ ਤੂੰ ਆਪਣੀ ਤੇ ਆਪਣੇ ਪੁੱਤਰ ਸੁਲੇਮਾਨ ਦੀ ਜਾਨ ਬਚਾ ਸਕੇਂ।+ 13 ਤੂੰ ਰਾਜਾ ਦਾਊਦ ਕੋਲ ਅੰਦਰ ਜਾ ਕੇ ਕਹਿ, ‘ਹੇ ਮੇਰੇ ਪ੍ਰਭੂ ਤੇ ਮਹਾਰਾਜ, ਕੀ ਤੂੰ ਸਹੁੰ ਖਾ ਕੇ ਆਪਣੀ ਦਾਸੀ ਨੂੰ ਇਹ ਨਹੀਂ ਕਿਹਾ ਸੀ: “ਤੇਰਾ ਪੁੱਤਰ ਸੁਲੇਮਾਨ ਮੇਰੇ ਤੋਂ ਬਾਅਦ ਰਾਜਾ ਬਣੇਗਾ ਅਤੇ ਉਹੀ ਮੇਰੇ ਸਿੰਘਾਸਣ ਉੱਤੇ ਬੈਠੇਗਾ”?+ ਤਾਂ ਫਿਰ, ਅਦੋਨੀਯਾਹ ਕਿੱਦਾਂ ਰਾਜਾ ਬਣ ਗਿਆ?’ 14 ਜਦੋਂ ਤੂੰ ਰਾਜੇ ਨਾਲ ਗੱਲ ਕਰ ਰਹੀ ਹੋਵੇਂਗੀ, ਤਾਂ ਮੈਂ ਤੇਰੇ ਮਗਰ ਅੰਦਰ ਆ ਜਾਵਾਂਗਾ ਤੇ ਤੇਰੀ ਗੱਲ ਦੀ ਹਾਮੀ ਭਰਾਂਗਾ।”

15 ਇਸ ਲਈ ਬਥ-ਸ਼ਬਾ ਰਾਜੇ ਕੋਲ ਉਸ ਦੇ ਸੌਣ ਵਾਲੇ ਕਮਰੇ ਵਿਚ ਗਈ। ਰਾਜਾ ਬਹੁਤ ਬੁੱਢਾ ਹੋ ਚੁੱਕਾ ਸੀ ਅਤੇ ਸ਼ੂਨੰਮੀ ਅਬੀਸ਼ਗ+ ਰਾਜੇ ਦੀ ਸੇਵਾ ਕਰ ਰਹੀ ਸੀ। 16 ਫਿਰ ਬਥ-ਸ਼ਬਾ ਨੇ ਗੋਡਿਆਂ ਭਾਰ ਬੈਠ ਕੇ ਰਾਜੇ ਅੱਗੇ ਸਿਰ ਨਿਵਾਇਆ ਅਤੇ ਰਾਜੇ ਨੇ ਉਸ ਨੂੰ ਪੁੱਛਿਆ: “ਦੱਸ, ਤੇਰੀ ਕੀ ਇੱਛਾ ਹੈਂ?” 17 ਉਸ ਨੇ ਜਵਾਬ ਦਿੱਤਾ: “ਹੇ ਮੇਰੇ ਪ੍ਰਭੂ, ਤੂੰ ਆਪਣੇ ਪਰਮੇਸ਼ੁਰ ਯਹੋਵਾਹ ਦੀ ਸਹੁੰ ਖਾ ਕੇ ਆਪਣੀ ਦਾਸੀ ਨੂੰ ਕਿਹਾ ਸੀ, ‘ਤੇਰਾ ਪੁੱਤਰ ਸੁਲੇਮਾਨ ਮੇਰੇ ਤੋਂ ਬਾਅਦ ਰਾਜਾ ਬਣੇਗਾ ਅਤੇ ਉਹੀ ਮੇਰੇ ਸਿੰਘਾਸਣ ਉੱਤੇ ਬੈਠੇਗਾ।’+ 18 ਪਰ ਦੇਖ! ਅਦੋਨੀਯਾਹ ਰਾਜਾ ਬਣ ਚੁੱਕਾ ਹੈ ਅਤੇ ਮੇਰੇ ਪ੍ਰਭੂ ਤੇ ਮਹਾਰਾਜ ਨੂੰ ਇਸ ਬਾਰੇ ਕੁਝ ਵੀ ਨਹੀਂ ਪਤਾ।+ 19 ਉਸ ਨੇ ਬਹੁਤ ਸਾਰੇ ਬਲਦਾਂ, ਪਲ਼ੇ ਹੋਏ ਜਾਨਵਰਾਂ ਅਤੇ ਭੇਡਾਂ ਦੀ ਬਲ਼ੀ ਚੜ੍ਹਾਈ ਅਤੇ ਰਾਜੇ ਦੇ ਸਾਰੇ ਪੁੱਤਰਾਂ, ਪੁਜਾਰੀ ਅਬਯਾਥਾਰ ਅਤੇ ਫ਼ੌਜ ਦੇ ਮੁਖੀ ਯੋਆਬ ਨੂੰ ਸੱਦਿਆ;+ ਪਰ ਉਸ ਨੇ ਤੇਰੇ ਸੇਵਕ ਸੁਲੇਮਾਨ ਨੂੰ ਨਹੀਂ ਸੱਦਿਆ।+ 20 ਹੁਣ ਹੇ ਮੇਰੇ ਪ੍ਰਭੂ ਤੇ ਮਹਾਰਾਜ, ਸਾਰੇ ਇਜ਼ਰਾਈਲ ਦੀਆਂ ਅੱਖਾਂ ਤੇਰੇ ʼਤੇ ਟਿਕੀਆਂ ਹਨ ਤਾਂਕਿ ਤੂੰ ਦੱਸੇਂ ਕਿ ਤੇਰੇ ਤੋਂ ਬਾਅਦ ਕੌਣ ਮੇਰੇ ਪ੍ਰਭੂ ਤੇ ਮਹਾਰਾਜ ਦੇ ਸਿੰਘਾਸਣ ਉੱਤੇ ਬੈਠੇਗਾ। 21 ਨਹੀਂ ਤਾਂ, ਜਿਉਂ ਹੀ ਮੇਰਾ ਪ੍ਰਭੂ ਤੇ ਮਹਾਰਾਜ ਆਪਣੇ ਪਿਉ-ਦਾਦਿਆਂ ਨਾਲ ਸੌਂ ਜਾਵੇਗਾ, ਤਾਂ ਮੈਨੂੰ ਤੇ ਮੇਰੇ ਪੁੱਤਰ ਸੁਲੇਮਾਨ ਨੂੰ ਗੱਦਾਰ ਸਮਝਿਆ ਜਾਵੇਗਾ।”

22 ਜਦੋਂ ਉਹ ਰਾਜੇ ਨਾਲ ਗੱਲ ਕਰ ਹੀ ਰਹੀ ਸੀ, ਤਾਂ ਨਾਥਾਨ ਨਬੀ ਅੰਦਰ ਆ ਗਿਆ।+ 23 ਰਾਜੇ ਨੂੰ ਉਸੇ ਵੇਲੇ ਦੱਸਿਆ ਗਿਆ: “ਨਾਥਾਨ ਨਬੀ ਆਇਆ ਹੈ!” ਉਹ ਰਾਜੇ ਕੋਲ ਅੰਦਰ ਆਇਆ ਤੇ ਉਸ ਨੇ ਮੂੰਹ ਭਾਰ ਜ਼ਮੀਨ ʼਤੇ ਲੰਮਾ ਪੈ ਕੇ ਰਾਜੇ ਨੂੰ ਨਮਸਕਾਰ ਕੀਤਾ। 24 ਫਿਰ ਨਾਥਾਨ ਨੇ ਕਿਹਾ: “ਹੇ ਮੇਰੇ ਪ੍ਰਭੂ ਤੇ ਮਹਾਰਾਜ, ਕੀ ਤੂੰ ਇੱਦਾਂ ਕਿਹਾ ਸੀ, ‘ਮੇਰੇ ਤੋਂ ਬਾਅਦ ਅਦੋਨੀਯਾਹ ਰਾਜਾ ਬਣੇਗਾ ਅਤੇ ਉਹੀ ਮੇਰੇ ਸਿੰਘਾਸਣ ਉੱਤੇ ਬੈਠੇਗਾ’?+ 25 ਕਿਉਂਕਿ ਅੱਜ ਉਹ ਬਹੁਤ ਸਾਰੇ ਬਲਦਾਂ, ਪਲ਼ੇ ਹੋਏ ਜਾਨਵਰਾਂ ਅਤੇ ਭੇਡਾਂ ਦੀ ਬਲ਼ੀ ਚੜ੍ਹਾਉਣ ਗਿਆ ਹੈ+ ਅਤੇ ਉਸ ਨੇ ਰਾਜੇ ਦੇ ਸਾਰੇ ਪੁੱਤਰਾਂ, ਫ਼ੌਜ ਦੇ ਮੁਖੀਆਂ ਅਤੇ ਪੁਜਾਰੀ ਅਬਯਾਥਾਰ ਨੂੰ ਸੱਦਿਆ ਹੈ।+ ਉਹ ਉੱਥੇ ਉਸ ਨਾਲ ਖਾ-ਪੀ ਰਹੇ ਹਨ ਤੇ ਕਹਿ ਰਹੇ ਹਨ, ‘ਰਾਜਾ ਅਦੋਨੀਯਾਹ ਯੁਗੋ-ਯੁਗ ਜੀਵੇ!’ 26 ਪਰ ਉਸ ਨੇ ਤੇਰੇ ਸੇਵਕ ਨੂੰ, ਹਾਂ, ਮੈਨੂੰ ਨਹੀਂ ਸੱਦਿਆ ਤੇ ਨਾ ਹੀ ਸਾਦੋਕ ਪੁਜਾਰੀ, ਯਹੋਯਾਦਾ ਦੇ ਪੁੱਤਰ ਬਨਾਯਾਹ+ ਅਤੇ ਤੇਰੇ ਸੇਵਕ ਸੁਲੇਮਾਨ ਨੂੰ ਸੱਦਿਆ। 27 ਕੀ ਮੇਰੇ ਪ੍ਰਭੂ ਤੇ ਮਹਾਰਾਜ ਨੇ ਆਪਣੇ ਇਸ ਦਾਸ ਨੂੰ ਦੱਸੇ ਬਿਨਾਂ ਹੀ ਪ੍ਰਵਾਨਗੀ ਦੇ ਦਿੱਤੀ ਹੈ ਕਿ ਮੇਰੇ ਪ੍ਰਭੂ ਤੇ ਮਹਾਰਾਜ ਤੋਂ ਬਾਅਦ ਕੌਣ ਉਸ ਦੇ ਸਿੰਘਾਸਣ ਉੱਤੇ ਬੈਠੇਗਾ?”

28 ਫਿਰ ਰਾਜਾ ਦਾਊਦ ਨੇ ਕਿਹਾ: “ਬਥ-ਸ਼ਬਾ ਨੂੰ ਬੁਲਾਓ।” ਇਸ ਲਈ ਉਹ ਅੰਦਰ ਆਈ ਤੇ ਰਾਜੇ ਦੇ ਸਾਮ੍ਹਣੇ ਖੜ੍ਹ ਗਈ। 29 ਫਿਰ ਰਾਜੇ ਨੇ ਸਹੁੰ ਖਾਧੀ: “ਜੀਉਂਦੇ ਪਰਮੇਸ਼ੁਰ ਯਹੋਵਾਹ ਦੀ ਸਹੁੰ, ਜਿਸ ਨੇ ਮੈਨੂੰ ਸਾਰੇ ਦੁੱਖਾਂ ਤੋਂ ਛੁਟਕਾਰਾ ਦਿਵਾਇਆ,+ 30 ਜਿਵੇਂ ਮੈਂ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਦੀ ਸਹੁੰ ਖਾ ਕੇ ਤੈਨੂੰ ਕਿਹਾ ਸੀ, ‘ਤੇਰਾ ਪੁੱਤਰ ਸੁਲੇਮਾਨ ਮੇਰੇ ਤੋਂ ਬਾਅਦ ਰਾਜਾ ਬਣੇਗਾ ਅਤੇ ਉਹੀ ਮੇਰੀ ਜਗ੍ਹਾ ਮੇਰੇ ਸਿੰਘਾਸਣ ਉੱਤੇ ਬੈਠੇਗਾ!’ ਮੈਂ ਅੱਜ ਉੱਦਾਂ ਹੀ ਕਰਾਂਗਾ।” 31 ਫਿਰ ਬਥ-ਸ਼ਬਾ ਨੇ ਰਾਜੇ ਅੱਗੇ ਗੋਡਿਆਂ ਭਾਰ ਬੈਠ ਕੇ ਜ਼ਮੀਨ ਤਕ ਸਿਰ ਨਿਵਾਇਆ ਤੇ ਕਿਹਾ: “ਮੇਰਾ ਪ੍ਰਭੂ ਰਾਜਾ ਦਾਊਦ ਯੁਗੋ-ਯੁਗ ਜੀਵੇ!”

32 ਉਸੇ ਵੇਲੇ ਰਾਜਾ ਦਾਊਦ ਨੇ ਕਿਹਾ: “ਸਾਦੋਕ ਪੁਜਾਰੀ, ਨਾਥਾਨ ਨਬੀ ਅਤੇ ਯਹੋਯਾਦਾ ਦੇ ਪੁੱਤਰ ਬਨਾਯਾਹ+ ਨੂੰ ਬੁਲਾਓ।”+ ਇਸ ਲਈ ਉਹ ਰਾਜੇ ਕੋਲ ਆਏ। 33 ਰਾਜੇ ਨੇ ਉਨ੍ਹਾਂ ਨੂੰ ਕਿਹਾ: “ਆਪਣੇ ਪ੍ਰਭੂ ਦੇ ਸੇਵਕਾਂ ਨੂੰ ਨਾਲ ਲੈ ਜਾਓ ਅਤੇ ਮੇਰੇ ਪੁੱਤਰ ਸੁਲੇਮਾਨ ਨੂੰ ਮੇਰੀ ਖੱਚਰ ʼਤੇ ਬਿਠਾਓ+ ਅਤੇ ਉਸ ਨੂੰ ਹੇਠਾਂ ਗੀਹੋਨ+ ਲੈ ਜਾਓ। 34 ਉੱਥੇ ਸਾਦੋਕ ਪੁਜਾਰੀ ਅਤੇ ਨਾਥਾਨ ਨਬੀ ਉਸ ਨੂੰ ਇਜ਼ਰਾਈਲ ਉੱਤੇ ਰਾਜਾ ਨਿਯੁਕਤ* ਕਰਨਗੇ;+ ਫਿਰ ਤੁਸੀਂ ਨਰਸਿੰਗਾ ਵਜਾ ਕੇ ਕਹਿਓ, ‘ਰਾਜਾ ਸੁਲੇਮਾਨ ਯੁਗੋ-ਯੁਗ ਜੀਵੇ!’+ 35 ਫਿਰ ਉਸ ਦੇ ਮਗਰ-ਮਗਰ ਵਾਪਸ ਆਇਓ ਅਤੇ ਉਹ ਅੰਦਰ ਆ ਕੇ ਮੇਰੇ ਸਿੰਘਾਸਣ ਉੱਤੇ ਬੈਠੇਗਾ ਅਤੇ ਮੇਰੀ ਜਗ੍ਹਾ ਰਾਜਾ ਹੋਵੇਗਾ। ਮੈਂ ਉਸ ਨੂੰ ਇਜ਼ਰਾਈਲ ਅਤੇ ਯਹੂਦਾਹ ਉੱਤੇ ਆਗੂ ਠਹਿਰਾਵਾਂਗਾ।” 36 ਉਸੇ ਵੇਲੇ ਯਹੋਯਾਦਾ ਦੇ ਪੁੱਤਰ ਬਨਾਯਾਹ ਨੇ ਰਾਜੇ ਨੂੰ ਕਿਹਾ: “ਆਮੀਨ! ਮੇਰੇ ਪ੍ਰਭੂ ਤੇ ਮਹਾਰਾਜ ਦਾ ਪਰਮੇਸ਼ੁਰ ਯਹੋਵਾਹ ਇਸੇ ਤਰ੍ਹਾਂ ਕਰੇ। 37 ਜਿਵੇਂ ਯਹੋਵਾਹ ਮੇਰੇ ਪ੍ਰਭੂ ਤੇ ਮਹਾਰਾਜ ਦੇ ਨਾਲ ਸੀ, ਉਸੇ ਤਰ੍ਹਾਂ ਉਹ ਸੁਲੇਮਾਨ ਦੇ ਨਾਲ ਵੀ ਹੋਵੇ+ ਅਤੇ ਉਹ ਉਸ ਦੇ ਰਾਜ ਨੂੰ ਮੇਰੇ ਪ੍ਰਭੂ ਰਾਜਾ ਦਾਊਦ ਦੇ ਰਾਜ ਨਾਲੋਂ ਵੀ ਜ਼ਿਆਦਾ ਬੁਲੰਦ ਕਰੇ।”+

38 ਫਿਰ ਸਾਦੋਕ ਪੁਜਾਰੀ, ਨਾਥਾਨ ਨਬੀ, ਯਹੋਯਾਦਾ ਦਾ ਪੁੱਤਰ ਬਨਾਯਾਹ,+ ਕਰੇਤੀ ਅਤੇ ਪਲੇਤੀ+ ਸੁਲੇਮਾਨ ਨੂੰ ਰਾਜਾ ਦਾਊਦ ਦੀ ਖੱਚਰ ʼਤੇ ਬਿਠਾ ਕੇ+ ਹੇਠਾਂ ਗੀਹੋਨ+ ਲੈ ਆਏ। 39 ਫਿਰ ਸਾਦੋਕ ਪੁਜਾਰੀ ਨੇ ਤੰਬੂ+ ਵਿੱਚੋਂ ਤੇਲ ਵਾਲਾ ਸਿੰਗ ਲਿਆ+ ਅਤੇ ਸੁਲੇਮਾਨ ਉੱਤੇ ਤੇਲ ਪਾ ਕੇ ਉਸ ਨੂੰ ਨਿਯੁਕਤ ਕੀਤਾ+ ਅਤੇ ਉਹ ਨਰਸਿੰਗਾ ਵਜਾਉਣ ਲੱਗੇ ਤੇ ਸਾਰੇ ਲੋਕ ਉੱਚੀ-ਉੱਚੀ ਕਹਿਣ ਲੱਗੇ: “ਰਾਜਾ ਸੁਲੇਮਾਨ ਯੁਗੋ-ਯੁਗ ਜੀਵੇ!” 40 ਇਸ ਤੋਂ ਬਾਅਦ, ਸਾਰੇ ਲੋਕ ਉਸ ਦੇ ਮਗਰ-ਮਗਰ ਬੰਸਰੀਆਂ ਵਜਾਉਂਦੇ ਤੇ ਗੱਜ-ਵੱਜ ਕੇ ਖ਼ੁਸ਼ੀਆਂ ਮਨਾਉਂਦੇ ਹੋਏ ਉਤਾਂਹ ਗਏ ਅਤੇ ਉਨ੍ਹਾਂ ਦੇ ਸ਼ੋਰ ਨਾਲ ਧਰਤੀ ਕੰਬ ਰਹੀ ਸੀ।+

41 ਅਦੋਨੀਯਾਹ ਅਤੇ ਉਸ ਦੁਆਰਾ ਸੱਦੇ ਗਏ ਸਾਰੇ ਜਣਿਆਂ ਨੇ ਇਹ ਸ਼ੋਰ ਸੁਣਿਆ। ਉਦੋਂ ਤਕ ਉਹ ਖਾ-ਪੀ ਚੁੱਕੇ ਸਨ।+ ਨਰਸਿੰਗੇ ਦੀ ਆਵਾਜ਼ ਸੁਣਦਿਆਂ ਸਾਰ ਯੋਆਬ ਨੇ ਕਿਹਾ: “ਸ਼ਹਿਰ ਵਿਚ ਇੰਨਾ ਰੌਲ਼ਾ-ਰੱਪਾ ਕਿਉਂ ਹੈ?” 42 ਉਹ ਹਾਲੇ ਗੱਲ ਕਰ ਹੀ ਰਿਹਾ ਸੀ ਕਿ ਪੁਜਾਰੀ ਅਬਯਾਥਾਰ ਦਾ ਪੁੱਤਰ ਯੋਨਾਥਾਨ+ ਉੱਥੇ ਆ ਗਿਆ। ਫਿਰ ਅਦੋਨੀਯਾਹ ਨੇ ਕਿਹਾ: “ਅੰਦਰ ਆਜਾ, ਤੂੰ ਚੰਗਾ* ਆਦਮੀ ਹੈਂ ਤੇ ਤੂੰ ਜ਼ਰੂਰ ਕੋਈ ਚੰਗੀ ਖ਼ਬਰ ਲਿਆਇਆ ਹੋਵੇਂਗਾ।” 43 ਪਰ ਯੋਨਾਥਾਨ ਨੇ ਅਦੋਨੀਯਾਹ ਨੂੰ ਕਿਹਾ: “ਨਹੀਂ, ਮੈਂ ਚੰਗੀ ਖ਼ਬਰ ਨਹੀਂ ਲਿਆਇਆ! ਸਾਡੇ ਪ੍ਰਭੂ ਰਾਜਾ ਦਾਊਦ ਨੇ ਸੁਲੇਮਾਨ ਨੂੰ ਰਾਜਾ ਬਣਾ ਦਿੱਤਾ ਹੈ। 44 ਰਾਜੇ ਨੇ ਉਸ ਨਾਲ ਸਾਦੋਕ ਪੁਜਾਰੀ, ਨਾਥਾਨ ਨਬੀ, ਯਹੋਯਾਦਾ ਦੇ ਪੁੱਤਰ ਬਨਾਯਾਹ, ਕਰੇਤੀਆਂ ਅਤੇ ਪਲੇਤੀਆਂ ਨੂੰ ਭੇਜਿਆ ਅਤੇ ਉਨ੍ਹਾਂ ਨੇ ਉਸ ਨੂੰ ਰਾਜੇ ਦੀ ਖੱਚਰ ਉੱਤੇ ਬਿਠਾਇਆ।+ 45 ਫਿਰ ਸਾਦੋਕ ਪੁਜਾਰੀ ਅਤੇ ਨਾਥਾਨ ਨਬੀ ਨੇ ਗੀਹੋਨ ਵਿਚ ਉਸ ਨੂੰ ਰਾਜਾ ਨਿਯੁਕਤ ਕੀਤਾ। ਉਸ ਤੋਂ ਬਾਅਦ ਉਹ ਖ਼ੁਸ਼ੀਆਂ ਮਨਾਉਂਦੇ ਹੋਏ ਉੱਥੋਂ ਉਤਾਂਹ ਆ ਗਏ ਜਿਸ ਕਰਕੇ ਸ਼ਹਿਰ ਵਿਚ ਇੰਨਾ ਸ਼ੋਰ ਮਚਿਆ ਹੋਇਆ ਹੈ। ਇਹ ਉਹੀ ਸ਼ੋਰ ਹੈ ਜੋ ਤੁਸੀਂ ਸੁਣਿਆ। 46 ਹੋਰ ਤਾਂ ਹੋਰ, ਸੁਲੇਮਾਨ ਸ਼ਾਹੀ ਸਿੰਘਾਸਣ ਉੱਤੇ ਬੈਠ ਚੁੱਕਾ ਹੈ। 47 ਇਕ ਹੋਰ ਗੱਲ, ਰਾਜੇ ਦੇ ਸੇਵਕ ਸਾਡੇ ਪ੍ਰਭੂ ਰਾਜਾ ਦਾਊਦ ਨੂੰ ਇਹ ਵਧਾਈਆਂ ਦੇ ਰਹੇ ਹਨ, ‘ਤੇਰਾ ਪਰਮੇਸ਼ੁਰ ਸੁਲੇਮਾਨ ਦੇ ਨਾਂ ਨੂੰ ਤੇਰੇ ਨਾਂ ਨਾਲੋਂ ਵੀ ਜ਼ਿਆਦਾ ਮਸ਼ਹੂਰ ਕਰੇ ਤੇ ਉਹ ਉਸ ਦੇ ਰਾਜ ਨੂੰ ਤੇਰੇ ਰਾਜ ਨਾਲੋਂ ਜ਼ਿਆਦਾ ਬੁਲੰਦ ਕਰੇ!’ ਇਹ ਸੁਣ ਕੇ ਰਾਜੇ ਨੇ ਆਪਣੇ ਪਲੰਘ ʼਤੇ ਪਰਮੇਸ਼ੁਰ ਅੱਗੇ ਸਿਰ ਨਿਵਾਇਆ। 48 ਨਾਲੇ ਰਾਜੇ ਨੇ ਕਿਹਾ, ‘ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਦੀ ਮਹਿਮਾ ਹੋਵੇ ਜਿਸ ਨੇ ਅੱਜ ਮੇਰੇ ਸਿੰਘਾਸਣ ʼਤੇ ਕਿਸੇ ਨੂੰ ਬਿਠਾਇਆ ਤੇ ਮੈਨੂੰ ਆਪਣੀ ਅੱਖੀਂ ਇਹ ਦੇਖਣ ਦਾ ਮੌਕਾ ਦਿੱਤਾ!’”

49 ਤਦ ਅਦੋਨੀਯਾਹ ਦੁਆਰਾ ਸੱਦੇ ਸਾਰੇ ਜਣੇ ਖ਼ੌਫ਼ ਖਾਣ ਲੱਗੇ ਤੇ ਹਰ ਕੋਈ ਉੱਠ ਕੇ ਆਪੋ-ਆਪਣੇ ਰਾਹ ਪੈ ਗਿਆ। 50 ਅਦੋਨੀਯਾਹ ਵੀ ਸੁਲੇਮਾਨ ਤੋਂ ਡਰ ਗਿਆ, ਇਸ ਲਈ ਉਹ ਉੱਠਿਆ ਤੇ ਉਸ ਨੇ ਜਾ ਕੇ ਵੇਦੀ ਦੇ ਸਿੰਗਾਂ ਨੂੰ ਘੁੱਟ ਕੇ ਫੜ ਲਿਆ।+ 51 ਸੁਲੇਮਾਨ ਨੂੰ ਇਹ ਖ਼ਬਰ ਦਿੱਤੀ ਗਈ: “ਅਦੋਨੀਯਾਹ ਰਾਜਾ ਸੁਲੇਮਾਨ ਤੋਂ ਡਰ ਗਿਆ ਹੈ; ਉਸ ਨੇ ਵੇਦੀ ਦੇ ਸਿੰਗਾਂ ਨੂੰ ਫੜਿਆ ਹੋਇਆ ਹੈ ਤੇ ਉਹ ਕਹਿ ਰਿਹਾ ਹੈ, ‘ਪਹਿਲਾਂ ਰਾਜਾ ਸੁਲੇਮਾਨ ਮੇਰੇ ਨਾਲ ਸਹੁੰ ਖਾਵੇ ਕਿ ਉਹ ਆਪਣੇ ਦਾਸ ਨੂੰ ਤਲਵਾਰ ਨਾਲ ਨਹੀਂ ਮਾਰੇਗਾ।’” 52 ਇਹ ਸੁਣ ਕੇ ਸੁਲੇਮਾਨ ਨੇ ਕਿਹਾ: “ਜੇ ਉਹ ਚੰਗਾ ਇਨਸਾਨ ਬਣ ਕੇ ਦਿਖਾਵੇ, ਤਾਂ ਉਸ ਦਾ ਇਕ ਵੀ ਵਾਲ਼ ਜ਼ਮੀਨ ʼਤੇ ਨਹੀਂ ਡਿਗੇਗਾ; ਪਰ ਜੇ ਉਸ ਵਿਚ ਕੋਈ ਬੁਰਾਈ ਨਜ਼ਰ ਆਈ,+ ਤਾਂ ਉਸ ਨੂੰ ਮਾਰ ਦਿੱਤਾ ਜਾਵੇਗਾ।” 53 ਇਸ ਲਈ ਸੁਲੇਮਾਨ ਨੇ ਕਿਸੇ ਨੂੰ ਭੇਜਿਆ ਕਿ ਉਹ ਉਸ ਨੂੰ ਵੇਦੀ ਤੋਂ ਹੇਠਾਂ ਲੈ ਆਵੇ। ਫਿਰ ਉਸ ਨੇ ਆ ਕੇ ਰਾਜਾ ਸੁਲੇਮਾਨ ਅੱਗੇ ਸਿਰ ਝੁਕਾਇਆ ਜਿਸ ਤੋਂ ਬਾਅਦ ਸੁਲੇਮਾਨ ਨੇ ਉਸ ਨੂੰ ਕਿਹਾ: “ਆਪਣੇ ਘਰ ਚਲਾ ਜਾਹ।”

2 ਜਦੋਂ ਦਾਊਦ ਮਰਨ ਕਿਨਾਰੇ ਸੀ, ਤਾਂ ਉਸ ਨੇ ਆਪਣੇ ਪੁੱਤਰ ਸੁਲੇਮਾਨ ਨੂੰ ਇਹ ਹਿਦਾਇਤਾਂ ਦਿੱਤੀਆਂ: 2 “ਮੈਂ ਮਰਨ ਵਾਲਾ ਹਾਂ।* ਇਸ ਲਈ ਤੂੰ ਤਕੜਾ+ ਹੋ ਤੇ ਮਰਦ ਬਣ।+ 3 ਤੂੰ ਆਪਣੇ ਪਰਮੇਸ਼ੁਰ ਯਹੋਵਾਹ ਦੇ ਰਾਹਾਂ ʼਤੇ ਚੱਲ ਕੇ ਅਤੇ ਉਸ ਦੇ ਨਿਯਮਾਂ, ਉਸ ਦੇ ਹੁਕਮਾਂ, ਉਸ ਦੇ ਨਿਆਵਾਂ ਤੇ ਉਸ ਦੀਆਂ ਨਸੀਹਤਾਂ* ਮੁਤਾਬਕ ਚੱਲ ਕੇ ਉਸ ਪ੍ਰਤੀ ਆਪਣਾ ਫ਼ਰਜ਼ ਨਿਭਾਈਂ ਜਿਵੇਂ ਮੂਸਾ ਦੇ ਕਾਨੂੰਨ ਵਿਚ ਲਿਖਿਆ ਹੈ;+ ਫਿਰ ਤੂੰ ਜੋ ਵੀ ਕਰੇਂਗਾ ਅਤੇ ਜਿੱਥੇ ਵੀ ਜਾਵੇਂਗਾ, ਤੂੰ ਸਫ਼ਲ ਹੋਵੇਂਗਾ।* 4 ਅਤੇ ਯਹੋਵਾਹ ਮੇਰੇ ਬਾਰੇ ਕੀਤਾ ਆਪਣਾ ਇਹ ਵਾਅਦਾ ਪੂਰਾ ਕਰੇਗਾ: ‘ਜੇ ਤੇਰੇ ਪੁੱਤਰ ਆਪਣੇ ਰਾਹ ਵੱਲ ਧਿਆਨ ਦੇਣ ਅਤੇ ਆਪਣੇ ਸਾਰੇ ਦਿਲ ਤੇ ਸਾਰੀ ਜਾਨ ਨਾਲ ਮੇਰੇ ਅੱਗੇ ਵਫ਼ਾਦਾਰੀ ਨਾਲ ਚੱਲਣ,+ ਤਾਂ ਇਜ਼ਰਾਈਲ ਦੇ ਸਿੰਘਾਸਣ ʼਤੇ ਬੈਠਣ ਲਈ ਤੇਰੇ ਵੰਸ਼ ਦਾ ਕੋਈ-ਨਾ-ਕੋਈ ਆਦਮੀ ਹਮੇਸ਼ਾ ਹੋਵੇਗਾ।’*+

5 “ਨਾਲੇ ਤੂੰ ਇਹ ਵੀ ਚੰਗੀ ਤਰ੍ਹਾਂ ਜਾਣਦਾ ਹੈਂ ਕਿ ਸਰੂਯਾਹ ਦੇ ਪੁੱਤਰ ਯੋਆਬ ਨੇ ਮੇਰੇ ਨਾਲ ਕੀ ਕੀਤਾ ਸੀ ਅਤੇ ਇਜ਼ਰਾਈਲ ਦੀਆਂ ਫ਼ੌਜਾਂ ਦੇ ਦੋ ਮੁਖੀਆਂ, ਨੇਰ ਦੇ ਪੁੱਤਰ ਅਬਨੇਰ+ ਅਤੇ ਯਥਰ ਦੇ ਪੁੱਤਰ ਅਮਾਸਾ ਨਾਲ ਕੀ ਕੀਤਾ ਸੀ।+ ਉਸ ਨੇ ਉਨ੍ਹਾਂ ਦਾ ਕਤਲ ਕਰ ਦਿੱਤਾ ਅਤੇ ਸ਼ਾਂਤੀ ਦੇ ਸਮੇਂ ਇਵੇਂ ਖ਼ੂਨ ਵਹਾਇਆ+ ਜਿਵੇਂ ਯੁੱਧ ਦਾ ਸਮਾਂ ਹੋਵੇ। ਇਸ ਤਰ੍ਹਾਂ ਉਸ ਨੇ ਆਪਣੇ ਲੱਕ ਦੁਆਲੇ ਬੰਨ੍ਹੇ ਕਮਰਬੰਦ ਅਤੇ ਪੈਰਾਂ ਦੀਆਂ ਜੁੱਤੀਆਂ ਨੂੰ ਯੁੱਧ ਦੇ ਖ਼ੂਨ ਨਾਲ ਰੰਗਿਆ। 6 ਤੂੰ ਆਪਣੀ ਬੁੱਧ ਅਨੁਸਾਰ ਕਦਮ ਚੁੱਕੀਂ ਅਤੇ ਉਸ ਦੇ ਧੌਲ਼ੇ ਸਿਰ ਨੂੰ ਸ਼ਾਂਤੀ ਨਾਲ ਕਬਰ* ਵਿਚ ਨਾ ਜਾਣ ਦੇਈਂ।+

7 “ਪਰ ਤੂੰ ਗਿਲਆਦ ਦੇ ਬਰਜ਼ਿੱਲਈ+ ਦੇ ਪੁੱਤਰਾਂ ਨੂੰ ਅਟੱਲ ਪਿਆਰ ਦਿਖਾਈਂ ਅਤੇ ਉਹ ਤੇਰੇ ਮੇਜ਼ ਤੋਂ ਖਾਣ ਵਾਲਿਆਂ ਵਿਚ ਹੋਣ ਕਿਉਂਕਿ ਉਨ੍ਹਾਂ ਨੇ ਵੀ ਇਸੇ ਤਰ੍ਹਾਂ ਮੇਰੀ ਮਦਦ ਕੀਤੀ ਸੀ+ ਜਦੋਂ ਮੈਂ ਤੇਰੇ ਭਰਾ ਅਬਸ਼ਾਲੋਮ ਤੋਂ ਭੱਜਿਆ ਸੀ।+

8 “ਨਾਲੇ ਤੇਰੇ ਨਾਲ ਬਹੁਰੀਮ ਦਾ ਰਹਿਣ ਵਾਲਾ ਬਿਨਯਾਮੀਨੀ ਸ਼ਿਮਈ ਵੀ ਹੈ ਜੋ ਗੇਰਾ ਦਾ ਪੁੱਤਰ ਹੈ। ਜਿਸ ਦਿਨ ਮੈਂ ਮਹਨਾਇਮ ਨੂੰ ਜਾ ਰਿਹਾ ਸੀ,+ ਉਸ ਨੇ ਮੈਨੂੰ ਭੈੜਾ ਸਰਾਪ ਦੇ ਕੇ ਚੁਭਵੇਂ ਸ਼ਬਦਾਂ ਨਾਲ ਮੇਰੇ ʼਤੇ ਵਾਰ ਕੀਤਾ ਸੀ;+ ਪਰ ਜਦ ਉਹ ਯਰਦਨ ਦਰਿਆ ʼਤੇ ਮੈਨੂੰ ਮਿਲਣ ਆਇਆ, ਤਾਂ ਮੈਂ ਯਹੋਵਾਹ ਦੀ ਸਹੁੰ ਖਾ ਕੇ ਉਸ ਨੂੰ ਕਿਹਾ ਸੀ: ‘ਮੈਂ ਤੈਨੂੰ ਤਲਵਾਰ ਨਾਲ ਨਹੀਂ ਮਾਰਾਂਗਾ।’+ 9 ਹੁਣ ਤੂੰ ਉਹਨੂੰ ਸਜ਼ਾ ਦਿੱਤੇ ਬਿਨਾਂ ਨਾ ਛੱਡੀਂ।+ ਤੂੰ ਬੁੱਧੀਮਾਨ ਆਦਮੀ ਹੈਂ ਤੇ ਤੂੰ ਜਾਣਦਾ ਹੈਂ ਕਿ ਤੈਨੂੰ ਉਸ ਨਾਲ ਕੀ ਕਰਨਾ ਚਾਹੀਦਾ ਹੈ; ਤੂੰ ਉਸ ਦੇ ਧੌਲ਼ੇ ਸਿਰ ਨੂੰ ਖ਼ੂਨ ਨਾਲ ਕਬਰ* ਵਿਚ ਪਹੁੰਚਾਈਂ।”+

10 ਫਿਰ ਦਾਊਦ ਆਪਣੇ ਪਿਉ-ਦਾਦਿਆਂ ਨਾਲ ਸੌਂ ਗਿਆ ਅਤੇ ਉਸ ਨੂੰ ਦਾਊਦ ਦੇ ਸ਼ਹਿਰ ਵਿਚ ਦਫ਼ਨਾ ਦਿੱਤਾ ਗਿਆ।+ 11 ਇਜ਼ਰਾਈਲ ਉੱਤੇ ਦਾਊਦ ਦੇ ਰਾਜ ਕਰਨ ਦਾ ਸਮਾਂ* 40 ਸਾਲ ਸੀ। ਉਸ ਨੇ 7 ਸਾਲ ਹਬਰੋਨ+ ਵਿਚ ਅਤੇ 33 ਸਾਲ ਯਰੂਸ਼ਲਮ ਵਿਚ ਰਾਜ ਕੀਤਾ।+

12 ਫਿਰ ਸੁਲੇਮਾਨ ਆਪਣੇ ਪਿਤਾ ਦਾਊਦ ਦੇ ਸਿੰਘਾਸਣ ਉੱਤੇ ਬੈਠ ਗਿਆ ਅਤੇ ਹੌਲੀ-ਹੌਲੀ ਉਸ ਦਾ ਰਾਜ ਮਜ਼ਬੂਤ ਹੋ ਗਿਆ।+

13 ਕੁਝ ਸਮੇਂ ਬਾਅਦ ਹੱਗੀਥ ਦਾ ਪੁੱਤਰ ਅਦੋਨੀਯਾਹ ਸੁਲੇਮਾਨ ਦੀ ਮਾਂ ਬਥ-ਸ਼ਬਾ ਕੋਲ ਆਇਆ। ਉਸ ਨੇ ਪੁੱਛਿਆ: “ਕੀ ਤੂੰ ਨੇਕ ਇਰਾਦੇ ਨਾਲ ਆਇਆ ਹੈਂ?” ਉਸ ਨੇ ਜਵਾਬ ਦਿੱਤਾ: “ਹਾਂ, ਮੈਂ ਨੇਕ ਇਰਾਦੇ ਨਾਲ ਆਇਆ ਹਾਂ। 14 ਉਸ ਨੇ ਅੱਗੇ ਕਿਹਾ: “ਮੈਂ ਤੈਨੂੰ ਕੁਝ ਕਹਿਣਾ ਚਾਹੁੰਦਾ ਹਾਂ।” ਉਸ ਨੇ ਕਿਹਾ: “ਦੱਸ।” 15 ਫਿਰ ਉਸ ਨੇ ਕਿਹਾ: “ਤੂੰ ਚੰਗੀ ਤਰ੍ਹਾਂ ਜਾਣਦੀ ਹੈਂ ਕਿ ਰਾਜ ਮੈਨੂੰ ਮਿਲਣਾ ਚਾਹੀਦਾ ਸੀ ਅਤੇ ਸਾਰੇ ਇਜ਼ਰਾਈਲ ਨੂੰ ਉਮੀਦ ਸੀ ਕਿ ਮੈਂ ਰਾਜਾ ਬਣਾਂਗਾ;+ ਪਰ ਰਾਜ ਮੇਰੇ ਹੱਥੋਂ ਨਿਕਲ ਗਿਆ ਅਤੇ ਮੇਰੇ ਭਰਾ ਦਾ ਹੋ ਗਿਆ ਕਿਉਂਕਿ ਇਹ ਯਹੋਵਾਹ ਦੀ ਮਰਜ਼ੀ ਸੀ ਕਿ ਰਾਜ ਉਸ ਨੂੰ ਮਿਲੇ।+ 16 ਪਰ ਹੁਣ ਮੈਂ ਬੱਸ ਤੈਨੂੰ ਇਕ ਬੇਨਤੀ ਕਰਨੀ ਚਾਹੁੰਦਾ ਹਾਂ। ਮੇਰਾ ਕਿਹਾ ਮੋੜੀਂ ਨਾ।” ਉਸ ਨੇ ਉਸ ਨੂੰ ਕਿਹਾ: “ਬੋਲ।” 17 ਫਿਰ ਉਸ ਨੇ ਕਿਹਾ: “ਕਿਰਪਾ ਕਰ ਕੇ ਰਾਜਾ ਸੁਲੇਮਾਨ ਨੂੰ ਕਹਿ ਕਿ ਉਹ ਮੈਨੂੰ ਸ਼ੂਨੰਮੀ ਅਬੀਸ਼ਗ+ ਦੇ ਦੇਵੇ ਤਾਂਕਿ ਮੈਂ ਉਸ ਨੂੰ ਆਪਣੀ ਪਤਨੀ ਬਣਾਵਾਂ। ਉਹ ਤੇਰਾ ਕਿਹਾ ਨਹੀਂ ਮੋੜੇਗਾ।” 18 ਇਹ ਸੁਣ ਕੇ ਬਥ-ਸ਼ਬਾ ਨੇ ਕਿਹਾ: “ਠੀਕ ਹੈ! ਮੈਂ ਤੇਰੇ ਵਾਸਤੇ ਰਾਜੇ ਨਾਲ ਗੱਲ ਕਰਾਂਗੀ।”

19 ਇਸ ਲਈ ਬਥ-ਸ਼ਬਾ ਅਦੋਨੀਯਾਹ ਵਾਸਤੇ ਗੱਲ ਕਰਨ ਲਈ ਰਾਜਾ ਸੁਲੇਮਾਨ ਕੋਲ ਅੰਦਰ ਗਈ। ਰਾਜਾ ਉਸ ਨੂੰ ਮਿਲਣ ਲਈ ਇਕਦਮ ਉੱਠਿਆ ਅਤੇ ਉਸ ਅੱਗੇ ਸਿਰ ਨਿਵਾਇਆ। ਫਿਰ ਉਹ ਆਪਣੇ ਸਿੰਘਾਸਣ ਉੱਤੇ ਬੈਠ ਗਿਆ ਅਤੇ ਉਸ ਨੇ ਰਾਜ-ਮਾਤਾ ਨੂੰ ਆਪਣੇ ਸੱਜੇ ਪਾਸੇ ਬਿਠਾਉਣ ਲਈ ਇਕ ਸਿੰਘਾਸਣ ਲਗਵਾਇਆ। 20 ਫਿਰ ਉਸ ਨੇ ਕਿਹਾ: “ਮੈਂ ਤੇਰੇ ਅੱਗੇ ਇਕ ਛੋਟੀ ਜਿਹੀ ਬੇਨਤੀ ਕਰਨ ਆਈ ਹਾਂ। ਮੇਰਾ ਕਿਹਾ ਮੋੜੀਂ ਨਾ।” ਰਾਜੇ ਨੇ ਉਸ ਨੂੰ ਕਿਹਾ: “ਜੀ ਮਾਤਾ ਜੀ, ਦੱਸੋ; ਮੈਂ ਤੁਹਾਡਾ ਕਿਹਾ ਨਹੀਂ ਮੋੜਾਂਗਾ।” 21 ਉਸ ਨੇ ਕਿਹਾ: “ਸ਼ੂਨੰਮੀ ਅਬੀਸ਼ਗ ਆਪਣੇ ਭਰਾ ਅਦੋਨੀਯਾਹ ਨੂੰ ਦੇ ਦੇ ਤਾਂਕਿ ਉਹ ਉਸ ਦੀ ਪਤਨੀ ਬਣੇ।” 22 ਇਹ ਸੁਣ ਕੇ ਰਾਜਾ ਸੁਲੇਮਾਨ ਨੇ ਆਪਣੀ ਮਾਂ ਨੂੰ ਕਿਹਾ: “ਤੂੰ ਅਦੋਨੀਯਾਹ ਲਈ ਸਿਰਫ਼ ਸ਼ੂਨੰਮੀ ਅਬੀਸ਼ਗ ਨੂੰ ਹੀ ਕਿਉਂ ਮੰਗ ਰਹੀ ਹੈਂ? ਤੂੰ ਉਸ ਲਈ ਰਾਜ ਵੀ ਮੰਗ ਲੈ+ ਕਿਉਂਕਿ ਉਹ ਮੇਰਾ ਵੱਡਾ ਭਰਾ ਹੈ+ ਅਤੇ ਪੁਜਾਰੀ ਅਬਯਾਥਾਰ ਅਤੇ ਸਰੂਯਾਹ ਦਾ ਪੁੱਤਰ ਯੋਆਬ+ ਵੀ ਉਸ ਦਾ ਸਾਥ ਦੇ ਰਹੇ ਹਨ।”+

23 ਇਹ ਕਹਿ ਕੇ ਰਾਜਾ ਸੁਲੇਮਾਨ ਨੇ ਯਹੋਵਾਹ ਦੀ ਸਹੁੰ ਖਾਧੀ: “ਪਰਮੇਸ਼ੁਰ ਮੈਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਵੇ ਜੇ ਅਦੋਨੀਯਾਹ ਨੂੰ ਇਸ ਬੇਨਤੀ ਦੀ ਕੀਮਤ ਆਪਣੀ ਜਾਨ ਦੇ ਕੇ ਨਾ ਚੁਕਾਉਣੀ ਪਈ। 24 ਜੀਉਂਦੇ ਪਰਮੇਸ਼ੁਰ ਯਹੋਵਾਹ ਦੀ ਸਹੁੰ, ਜਿਸ ਨੇ ਆਪਣੇ ਵਾਅਦੇ ਮੁਤਾਬਕ ਮੈਨੂੰ ਮੇਰੇ ਪਿਤਾ ਦਾਊਦ ਦੇ ਸਿੰਘਾਸਣ ʼਤੇ ਬਿਠਾਇਆ ਤੇ ਮੇਰਾ ਰਾਜ ਮਜ਼ਬੂਤ ਕੀਤਾ+ ਅਤੇ ਮੇਰੇ ਲਈ ਇਕ ਘਰ* ਬਣਾਇਆ,+ ਅਦੋਨੀਯਾਹ ਨੂੰ ਅੱਜ ਹੀ ਮੌਤ ਦੇ ਘਾਟ ਉਤਾਰਿਆ ਜਾਵੇਗਾ।”+ 25 ਰਾਜਾ ਸੁਲੇਮਾਨ ਨੇ ਉਸੇ ਵੇਲੇ ਯਹੋਯਾਦਾ ਦੇ ਪੁੱਤਰ ਬਨਾਯਾਹ+ ਨੂੰ ਭੇਜਿਆ ਅਤੇ ਉਸ ਨੇ ਜਾ ਕੇ ਅਦੋਨੀਯਾਹ ਨੂੰ ਵੱਢ ਸੁੱਟਿਆ* ਤੇ ਉਹ ਮਰ ਗਿਆ।

26 ਰਾਜੇ ਨੇ ਪੁਜਾਰੀ ਅਬਯਾਥਾਰ+ ਨੂੰ ਕਿਹਾ: “ਤੂੰ ਅਨਾਥੋਥ+ ਵਿਚ ਆਪਣੇ ਖੇਤਾਂ ਨੂੰ ਚਲਾ ਜਾਹ!” ਤੂੰ ਮੌਤ ਦੀ ਸਜ਼ਾ ਦੇ ਲਾਇਕ ਹੈਂ, ਪਰ ਮੈਂ ਤੈਨੂੰ ਅੱਜ ਦੇ ਦਿਨ ਨਹੀਂ ਮਾਰਾਂਗਾ ਕਿਉਂਕਿ ਤੂੰ ਮੇਰੇ ਪਿਤਾ ਦਾਊਦ ਦੇ ਅੱਗੇ-ਅੱਗੇ ਸਾਰੇ ਜਹਾਨ ਦੇ ਮਾਲਕ ਯਹੋਵਾਹ ਦਾ ਸੰਦੂਕ ਲੈ ਕੇ ਜਾਂਦਾ ਸੀ+ ਅਤੇ ਤੂੰ ਮੇਰੇ ਪਿਤਾ ਦੇ ਸਾਰੇ ਦੁੱਖਾਂ ਦੌਰਾਨ ਉਸ ਦਾ ਸਾਥ ਦਿੱਤਾ।”+ 27 ਇਸ ਲਈ ਸੁਲੇਮਾਨ ਨੇ ਅਬਯਾਥਾਰ ਨੂੰ ਯਹੋਵਾਹ ਦੇ ਪੁਜਾਰੀ ਵਜੋਂ ਸੇਵਾ ਕਰਨੋਂ ਹਟਾ ਦਿੱਤਾ ਤਾਂਕਿ ਯਹੋਵਾਹ ਦਾ ਉਹ ਬਚਨ ਪੂਰਾ ਹੋਵੇ ਜੋ ਉਸ ਨੇ ਸ਼ੀਲੋਹ+ ਵਿਚ ਏਲੀ ਦੇ ਘਰਾਣੇ ਵਿਰੁੱਧ ਕਿਹਾ ਸੀ।+

28 ਜਦੋਂ ਇਹ ਖ਼ਬਰ ਯੋਆਬ ਤਕ ਪਹੁੰਚੀ, ਤਾਂ ਉਹ ਯਹੋਵਾਹ ਦੇ ਤੰਬੂ+ ਵਿਚ ਭੱਜ ਗਿਆ ਤੇ ਉਸ ਨੇ ਵੇਦੀ ਦੇ ਸਿੰਗਾਂ ਨੂੰ ਘੁੱਟ ਕੇ ਫੜ ਲਿਆ ਕਿਉਂਕਿ ਯੋਆਬ ਨੇ ਅਦੋਨੀਯਾਹ ਦਾ ਸਾਥ ਦਿੱਤਾ ਸੀ+ ਭਾਵੇਂ ਕਿ ਉਸ ਨੇ ਅਬਸ਼ਾਲੋਮ ਦਾ ਸਾਥ ਨਹੀਂ ਸੀ ਦਿੱਤਾ।+ 29 ਫਿਰ ਰਾਜਾ ਸੁਲੇਮਾਨ ਨੂੰ ਦੱਸਿਆ ਗਿਆ: “ਯੋਆਬ ਭੱਜ ਕੇ ਯਹੋਵਾਹ ਦੇ ਤੰਬੂ ਵਿਚ ਚਲਾ ਗਿਆ ਹੈ ਅਤੇ ਉਹ ਉੱਥੇ ਵੇਦੀ ਦੇ ਕੋਲ ਹੈ।” ਇਸ ਲਈ ਸੁਲੇਮਾਨ ਨੇ ਯਹੋਯਾਦਾ ਦੇ ਪੁੱਤਰ ਬਨਾਯਾਹ ਨੂੰ ਇਹ ਕਹਿ ਕੇ ਘੱਲਿਆ: “ਜਾਹ, ਉਸ ਨੂੰ ਵੱਢ ਸੁੱਟ!” 30 ਇਸ ਲਈ ਬਨਾਯਾਹ ਯਹੋਵਾਹ ਦੇ ਤੰਬੂ ਵਿਚ ਗਿਆ ਤੇ ਉਸ ਨੂੰ ਕਿਹਾ: “ਰਾਜੇ ਨੇ ਕਿਹਾ ਹੈ, ‘ਬਾਹਰ ਨਿਕਲ!’” ਪਰ ਉਸ ਨੇ ਜਵਾਬ ਦਿੱਤਾ: “ਨਹੀਂ! ਮੈਂ ਇੱਥੇ ਹੀ ਮਰਾਂਗਾ।” ਬਨਾਯਾਹ ਨੇ ਇਹ ਗੱਲ ਆ ਕੇ ਰਾਜੇ ਨੂੰ ਦੱਸੀ: “ਯੋਆਬ ਨੇ ਇਹ ਕਿਹਾ ਹੈ ਅਤੇ ਉਸ ਨੇ ਮੈਨੂੰ ਇਹ ਜਵਾਬ ਦਿੱਤਾ ਹੈ।” 31 ਫਿਰ ਰਾਜੇ ਨੇ ਉਸ ਨੂੰ ਕਿਹਾ: “ਜਿਵੇਂ ਉਸ ਨੇ ਕਿਹਾ ਹੈ, ਉਸੇ ਤਰ੍ਹਾਂ ਕਰ; ਉਸ ਨੂੰ ਵੱਢ ਸੁੱਟ ਤੇ ਦਫ਼ਨਾ ਦੇ ਅਤੇ ਮੇਰੇ ਤੇ ਮੇਰੇ ਪਿਤਾ ਦੇ ਘਰਾਣੇ ਤੋਂ ਉਸ ਖ਼ੂਨ ਦਾ ਦੋਸ਼ ਮਿਟਾ ਦੇ ਜੋ ਯੋਆਬ ਨੇ ਬੇਵਜ੍ਹਾ ਵਹਾਇਆ ਸੀ।+ 32 ਯਹੋਵਾਹ ਉਸ ਦਾ ਖ਼ੂਨ ਉਸੇ ਦੇ ਸਿਰ ਪਾਵੇਗਾ ਕਿਉਂਕਿ ਉਸ ਨੇ ਮੇਰੇ ਪਿਤਾ ਨੂੰ ਦੱਸੇ ਬਿਨਾਂ ਦੋ ਆਦਮੀਆਂ ਨੂੰ ਤਲਵਾਰ ਨਾਲ ਵੱਢ ਕੇ ਮਾਰ ਸੁੱਟਿਆ ਜੋ ਉਸ ਨਾਲੋਂ ਜ਼ਿਆਦਾ ਧਰਮੀ ਤੇ ਚੰਗੇ ਸਨ: ਇਜ਼ਰਾਈਲ ਦੀ ਫ਼ੌਜ ਦੇ ਮੁਖੀ ਅਬਨੇਰ+ ਨੂੰ ਜੋ ਨੇਰ ਦਾ ਪੁੱਤਰ ਸੀ ਅਤੇ ਯਹੂਦਾਹ ਦੀ ਫ਼ੌਜ ਦੇ ਮੁਖੀ ਅਮਾਸਾ+ ਨੂੰ ਜੋ ਯਥਰ ਦਾ ਪੁੱਤਰ ਸੀ। 33 ਉਨ੍ਹਾਂ ਦਾ ਖ਼ੂਨ ਯੋਆਬ ਦੇ ਸਿਰ ਉੱਤੇ ਅਤੇ ਉਸ ਦੀ ਔਲਾਦ ਦੇ ਸਿਰ ਉੱਤੇ ਹਮੇਸ਼ਾ ਲਈ ਆ ਪਵੇਗਾ;+ ਪਰ ਦਾਊਦ, ਉਸ ਦੀ ਔਲਾਦ, ਉਸ ਦੇ ਘਰਾਣੇ ਅਤੇ ਉਸ ਦੇ ਸਿੰਘਾਸਣ ਉੱਤੇ ਯਹੋਵਾਹ ਵੱਲੋਂ ਹਮੇਸ਼ਾ ਲਈ ਸ਼ਾਂਤੀ ਹੋਵੇ।” 34 ਫਿਰ ਯਹੋਯਾਦਾ ਦਾ ਪੁੱਤਰ ਬਨਾਯਾਹ ਗਿਆ ਅਤੇ ਉਸ ਨੇ ਯੋਆਬ ਨੂੰ ਵੱਢ ਕੇ ਜਾਨੋਂ ਮਾਰ ਸੁੱਟਿਆ ਤੇ ਉਸ ਨੂੰ ਉਜਾੜ ਵਿਚ ਉਸ ਦੇ ਆਪਣੇ ਹੀ ਘਰ ਦਫ਼ਨਾ ਦਿੱਤਾ ਗਿਆ। 35 ਫਿਰ ਰਾਜੇ ਨੇ ਉਸ ਦੀ ਜਗ੍ਹਾ ਯਹੋਯਾਦਾ ਦੇ ਪੁੱਤਰ ਬਨਾਯਾਹ+ ਨੂੰ ਫ਼ੌਜ ਦਾ ਮੁਖੀ ਠਹਿਰਾ ਦਿੱਤਾ ਅਤੇ ਅਬਯਾਥਾਰ ਦੀ ਜਗ੍ਹਾ ਸਾਦੋਕ+ ਨੂੰ ਪੁਜਾਰੀ ਨਿਯੁਕਤ ਕਰ ਦਿੱਤਾ।

36 ਇਸ ਤੋਂ ਬਾਅਦ ਰਾਜੇ ਨੇ ਸ਼ਿਮਈ+ ਨੂੰ ਬੁਲਵਾ ਕੇ ਉਸ ਨੂੰ ਕਿਹਾ: “ਤੂੰ ਆਪਣੇ ਲਈ ਯਰੂਸ਼ਲਮ ਵਿਚ ਘਰ ਬਣਾ ਅਤੇ ਉੱਥੇ ਰਹਿ; ਤੂੰ ਉੱਥੋਂ ਨਿਕਲ ਕੇ ਕਿਸੇ ਹੋਰ ਜਗ੍ਹਾ ਨਾ ਜਾਈਂ। 37 ਜਿਸ ਦਿਨ ਤੂੰ ਉੱਥੋਂ ਬਾਹਰ ਗਿਆ ਅਤੇ ਕਿਦਰੋਨ ਘਾਟੀ+ ਨੂੰ ਪਾਰ ਕੀਤਾ, ਉਸ ਦਿਨ ਤੂੰ ਜ਼ਰੂਰ ਮਾਰਿਆ ਜਾਵੇਂਗਾ। ਤੇਰਾ ਖ਼ੂਨ ਤੇਰੇ ਆਪਣੇ ਸਿਰ ਪਵੇਗਾ।” 38 ਸ਼ਿਮਈ ਨੇ ਰਾਜੇ ਨੂੰ ਜਵਾਬ ਦਿੱਤਾ: “ਤੂੰ ਜੋ ਕਿਹਾ, ਸਹੀ ਕਿਹਾ। ਹੇ ਮੇਰੇ ਪ੍ਰਭੂ ਤੇ ਮਹਾਰਾਜ, ਤੇਰਾ ਦਾਸ ਉਵੇਂ ਕਰੇਗਾ ਜਿਵੇਂ ਤੂੰ ਕਿਹਾ ਹੈ।” ਇਸ ਲਈ ਸ਼ਿਮਈ ਕਈ ਦਿਨਾਂ ਤਕ ਯਰੂਸ਼ਲਮ ਵਿਚ ਰਿਹਾ।

39 ਪਰ ਤਿੰਨ ਸਾਲਾਂ ਬਾਅਦ ਸ਼ਿਮਈ ਦੇ ਦੋ ਗ਼ੁਲਾਮ ਗਥ ਦੇ ਰਾਜੇ ਆਕੀਸ਼+ ਕੋਲ ਭੱਜ ਗਏ ਜੋ ਮਾਕਾਹ ਦਾ ਪੁੱਤਰ ਸੀ। ਜਦੋਂ ਸ਼ਿਮਈ ਨੂੰ ਖ਼ਬਰ ਦਿੱਤੀ ਗਈ: “ਦੇਖ! ਤੇਰੇ ਗ਼ੁਲਾਮ ਗਥ ਵਿਚ ਹਨ,” 40 ਤਾਂ ਸ਼ਿਮਈ ਨੇ ਉਸੇ ਵੇਲੇ ਆਪਣੇ ਗਧੇ ʼਤੇ ਕਾਠੀ ਪਾਈ ਅਤੇ ਆਪਣੇ ਗ਼ੁਲਾਮਾਂ ਨੂੰ ਲੱਭਣ ਲਈ ਗਥ ਵਿਚ ਆਕੀਸ਼ ਕੋਲ ਚਲਾ ਗਿਆ। ਜਦੋਂ ਸ਼ਿਮਈ ਆਪਣੇ ਗ਼ੁਲਾਮਾਂ ਨਾਲ ਗਥ ਤੋਂ ਵਾਪਸ ਆਇਆ, 41 ਤਾਂ ਸੁਲੇਮਾਨ ਨੂੰ ਖ਼ਬਰ ਦਿੱਤੀ ਗਈ: “ਸ਼ਿਮਈ ਯਰੂਸ਼ਲਮ ਤੋਂ ਬਾਹਰ ਗਥ ਨੂੰ ਗਿਆ ਸੀ ਤੇ ਵਾਪਸ ਮੁੜ ਆਇਆ ਹੈ।” 42 ਇਹ ਸੁਣ ਕੇ ਰਾਜੇ ਨੇ ਸ਼ਿਮਈ ਨੂੰ ਬੁਲਵਾਇਆ ਅਤੇ ਉਸ ਨੂੰ ਕਿਹਾ: “ਕੀ ਮੈਂ ਤੈਨੂੰ ਯਹੋਵਾਹ ਦੀ ਸਹੁੰ ਨਹੀਂ ਖੁਆਈ ਸੀ ਅਤੇ ਇਹ ਚੇਤਾਵਨੀ ਨਹੀਂ ਦਿੱਤੀ ਸੀ: ‘ਜਿਸ ਦਿਨ ਤੂੰ ਇੱਥੋਂ ਬਾਹਰ ਕਿਸੇ ਹੋਰ ਜਗ੍ਹਾ ਗਿਆ, ਉਸ ਦਿਨ ਤੂੰ ਜ਼ਰੂਰ ਮਾਰਿਆ ਜਾਵੇਂਗਾ’? ਅਤੇ ਕੀ ਤੂੰ ਮੈਨੂੰ ਨਹੀਂ ਕਿਹਾ ਸੀ, “ਤੂੰ ਜੋ ਕਿਹਾ, ਸਹੀ ਕਿਹਾ; ਮੈਂ ਤੇਰਾ ਕਿਹਾ ਮੰਨਾਂਗਾ’?+ 43 ਤਾਂ ਫਿਰ, ਤੂੰ ਯਹੋਵਾਹ ਦੀ ਸਹੁੰ ਮੁਤਾਬਕ ਕਿਉਂ ਨਹੀਂ ਚੱਲਿਆ ਅਤੇ ਮੇਰਾ ਹੁਕਮ ਕਿਉਂ ਨਹੀਂ ਮੰਨਿਆ?” 44 ਰਾਜੇ ਨੇ ਸ਼ਿਮਈ ਨੂੰ ਇਹ ਵੀ ਕਿਹਾ: “ਤੂੰ ਆਪਣੇ ਮਨ ਵਿਚ ਚੰਗੀ ਤਰ੍ਹਾਂ ਜਾਣਦਾ ਹੈਂ ਕਿ ਤੂੰ ਮੇਰੇ ਪਿਤਾ ਦਾਊਦ ਨਾਲ ਕਿੰਨਾ ਬੁਰਾ ਕੀਤਾ ਸੀ+ ਅਤੇ ਯਹੋਵਾਹ ਉਹੀ ਬੁਰਾਈ ਤੇਰੇ ਸਿਰ ਪਾ ਦੇਵੇਗਾ।+ 45 ਪਰ ਰਾਜਾ ਸੁਲੇਮਾਨ ਬਰਕਤ ਪਾਵੇਗਾ+ ਅਤੇ ਦਾਊਦ ਦਾ ਸਿੰਘਾਸਣ ਯਹੋਵਾਹ ਅੱਗੇ ਹਮੇਸ਼ਾ ਲਈ ਕਾਇਮ ਰਹੇਗਾ।” 46 ਇਹ ਕਹਿ ਕੇ ਰਾਜੇ ਨੇ ਯਹੋਯਾਦਾ ਦੇ ਪੁੱਤਰ ਬਨਾਯਾਹ ਨੂੰ ਹੁਕਮ ਦਿੱਤਾ ਅਤੇ ਉਸ ਨੇ ਜਾ ਕੇ ਉਸ ਨੂੰ ਵੱਢ ਸੁੱਟਿਆ ਤੇ ਉਹ ਮਰ ਗਿਆ।+

ਇਸ ਤਰ੍ਹਾਂ ਰਾਜ ਉੱਤੇ ਸੁਲੇਮਾਨ ਦੀ ਪਕੜ ਹੋਰ ਮਜ਼ਬੂਤ ਹੋ ਗਈ।+

3 ਸੁਲੇਮਾਨ ਮਿਸਰ ਦੇ ਰਾਜੇ ਫ਼ਿਰਊਨ ਨਾਲ ਰਿਸ਼ਤੇਦਾਰੀ ਵਿਚ ਬੱਝ ਗਿਆ। ਉਸ ਨੇ ਫ਼ਿਰਊਨ ਦੀ ਧੀ ਨਾਲ ਵਿਆਹ ਕਰਾ ਲਿਆ+ ਅਤੇ ਉਸ ਨੂੰ ਦਾਊਦ ਦੇ ਸ਼ਹਿਰ+ ਲੈ ਆਇਆ। ਉਸ ਨੂੰ ਉਦੋਂ ਤਕ ਉੱਥੇ ਹੀ ਰੱਖਿਆ ਜਦ ਤਕ ਉਸ ਨੇ ਆਪਣੇ ਘਰ, ਯਹੋਵਾਹ ਦੇ ਘਰ+ ਅਤੇ ਯਰੂਸ਼ਲਮ ਦੀ ਕੰਧ ਦੀ ਉਸਾਰੀ ਪੂਰੀ ਨਾ ਕਰ ਲਈ।+ 2 ਪਰ ਲੋਕ ਹਾਲੇ ਵੀ ਉੱਚੀਆਂ ਥਾਵਾਂ ʼਤੇ ਬਲ਼ੀਆਂ ਚੜ੍ਹਾਉਂਦੇ ਸਨ+ ਕਿਉਂਕਿ ਉਦੋਂ ਤਕ ਯਹੋਵਾਹ ਦੇ ਨਾਂ ਲਈ ਕੋਈ ਘਰ ਨਹੀਂ ਬਣਾਇਆ ਗਿਆ ਸੀ।+ 3 ਸੁਲੇਮਾਨ ਆਪਣੇ ਪਿਤਾ ਦਾਊਦ ਦੇ ਨਿਯਮਾਂ ਅਨੁਸਾਰ ਚੱਲ ਕੇ ਯਹੋਵਾਹ ਨੂੰ ਪਿਆਰ ਕਰਦਾ ਰਿਹਾ। ਪਰ ਉਹ ਉੱਚੀਆਂ ਥਾਵਾਂ ʼਤੇ ਬਲ਼ੀਆਂ ਚੜ੍ਹਾਉਂਦਾ ਸੀ ਤਾਂਕਿ ਇਨ੍ਹਾਂ ਦਾ ਧੂੰਆਂ ਉੱਠੇ।+

4 ਰਾਜਾ ਬਲ਼ੀ ਚੜ੍ਹਾਉਣ ਲਈ ਗਿਬਓਨ ਗਿਆ ਕਿਉਂਕਿ ਇਹ ਉੱਚੀ ਜਗ੍ਹਾ ਸਭ ਤੋਂ ਖ਼ਾਸ* ਸੀ।+ ਸੁਲੇਮਾਨ ਨੇ ਉਸ ਵੇਦੀ ਉੱਤੇ 1,000 ਹੋਮ-ਬਲ਼ੀਆਂ ਚੜ੍ਹਾਈਆਂ।+ 5 ਗਿਬਓਨ ਵਿਚ ਰਾਤ ਨੂੰ ਯਹੋਵਾਹ ਸੁਲੇਮਾਨ ਦੇ ਸੁਪਨੇ ਵਿਚ ਆਇਆ ਤੇ ਪਰਮੇਸ਼ੁਰ ਨੇ ਕਿਹਾ: “ਮੰਗ, ਮੈਂ ਤੈਨੂੰ ਕੀ ਦਿਆਂ।”+ 6 ਇਹ ਸੁਣ ਕੇ ਸੁਲੇਮਾਨ ਨੇ ਕਿਹਾ: “ਤੂੰ ਆਪਣੇ ਸੇਵਕ, ਮੇਰੇ ਪਿਤਾ ਦਾਊਦ ਨਾਲ ਬੇਹੱਦ ਅਟੱਲ ਪਿਆਰ ਕੀਤਾ ਕਿਉਂਕਿ ਉਹ ਤੇਰੇ ਅੱਗੇ ਵਫ਼ਾਦਾਰੀ, ਈਮਾਨਦਾਰੀ ਅਤੇ ਸਾਫ਼ਦਿਲੀ ਨਾਲ ਚੱਲਦਾ ਰਿਹਾ। ਤੂੰ ਉਸ ਦੇ ਸਿੰਘਾਸਣ ʼਤੇ ਬੈਠਣ ਲਈ ਉਸ ਨੂੰ ਇਕ ਪੁੱਤਰ ਦੇ ਕੇ ਦਿਖਾਇਆ ਹੈ ਕਿ ਤੂੰ ਅੱਜ ਵੀ ਉਸ ਨਾਲ ਬੇਹੱਦ ਅਟੱਲ ਪਿਆਰ ਕਰਦਾ ਹੈਂ।+ 7 ਹੁਣ ਹੇ ਮੇਰੇ ਪਰਮੇਸ਼ੁਰ ਯਹੋਵਾਹ, ਤੂੰ ਮੇਰੇ ਪਿਤਾ ਦਾਊਦ ਦੀ ਜਗ੍ਹਾ ਆਪਣੇ ਇਸ ਸੇਵਕ ਨੂੰ ਰਾਜਾ ਬਣਾਇਆ ਹੈ, ਭਾਵੇਂ ਕਿ ਮੈਂ ਬੱਸ ਇਕ ਨੌਜਵਾਨ* ਤੇ ਨਾਤਜਰਬੇਕਾਰ* ਹਾਂ।+ 8 ਤੇਰਾ ਸੇਵਕ ਤੇਰੇ ਚੁਣੇ ਹੋਏ ਲੋਕਾਂ+ ਵਿਚਕਾਰ ਹੈ, ਹਾਂ, ਉਹ ਲੋਕ ਜੋ ਇੰਨੇ ਜ਼ਿਆਦਾ ਹਨ ਕਿ ਉਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। 9 ਇਸ ਲਈ ਆਪਣੇ ਸੇਵਕ ਨੂੰ ਆਗਿਆਕਾਰ ਦਿਲ ਦੇ ਤਾਂਕਿ ਮੈਂ ਤੇਰੇ ਲੋਕਾਂ ਦਾ ਨਿਆਂ ਕਰ ਸਕਾਂ+ ਅਤੇ ਚੰਗੇ-ਬੁਰੇ ਵਿਚ ਫ਼ਰਕ ਜਾਣ ਸਕਾਂ+ ਕਿਉਂਕਿ ਕੌਣ ਹੈ ਜੋ ਤੇਰੇ ਇੰਨੇ ਸਾਰੇ* ਲੋਕਾਂ ਦਾ ਨਿਆਂ ਕਰ ਸਕਦਾ ਹੈ?”

10 ਯਹੋਵਾਹ ਖ਼ੁਸ਼ ਹੋਇਆ ਕਿ ਸੁਲੇਮਾਨ ਨੇ ਇਹ ਬੇਨਤੀ ਕੀਤੀ।+ 11 ਫਿਰ ਪਰਮੇਸ਼ੁਰ ਨੇ ਉਸ ਨੂੰ ਕਿਹਾ: “ਕਿਉਂਕਿ ਤੂੰ ਇਹ ਬੇਨਤੀ ਕੀਤੀ ਅਤੇ ਤੂੰ ਆਪਣੇ ਲਈ ਨਾ ਲੰਬੀ ਉਮਰ,* ਨਾ ਧਨ-ਦੌਲਤ ਅਤੇ ਨਾ ਹੀ ਆਪਣੇ ਦੁਸ਼ਮਣਾਂ ਦੀ ਮੌਤ ਮੰਗੀ, ਸਗੋਂ ਤੂੰ ਮੁਕੱਦਮਿਆਂ ਨੂੰ ਸੁਣਨ ਲਈ ਸਮਝ ਮੰਗੀ,+ 12 ਇਸ ਲਈ ਮੈਂ ਤੈਨੂੰ ਉਹ ਦਿਆਂਗਾ ਜੋ ਤੂੰ ਮੰਗਿਆ ਹੈ।+ ਮੈਂ ਤੈਨੂੰ ਬੁੱਧ ਤੇ ਸਮਝ ਵਾਲਾ ਅਜਿਹਾ ਮਨ ਦਿਆਂਗਾ+ ਕਿ ਜਿਵੇਂ ਤੇਰੇ ਵਰਗਾ ਪਹਿਲਾਂ ਨਾ ਕਦੇ ਕੋਈ ਹੋਇਆ, ਉਵੇਂ ਤੇਰੇ ਪਿੱਛੋਂ ਵੀ ਕਦੇ ਕੋਈ ਤੇਰੇ ਵਰਗਾ ਨਹੀਂ ਹੋਵੇਗਾ।+ 13 ਇਸ ਤੋਂ ਇਲਾਵਾ, ਜੋ ਤੂੰ ਨਹੀਂ ਵੀ ਮੰਗਿਆ, ਉਹ ਵੀ ਮੈਂ ਤੈਨੂੰ ਦਿਆਂਗਾ।+ ਮੈਂ ਤੈਨੂੰ ਧਨ-ਦੌਲਤ ਤੇ ਸ਼ਾਨੋ-ਸ਼ੌਕਤ ਦਿਆਂਗਾ+ ਅਤੇ ਤੇਰੇ ਜੀਵਨ* ਦੌਰਾਨ ਤੇਰੇ ਵਰਗਾ ਕੋਈ ਹੋਰ ਰਾਜਾ ਨਾ ਹੋਵੇਗਾ।+ 14 ਨਾਲੇ ਜੇ ਤੂੰ ਮੇਰੇ ਨਿਯਮਾਂ ਅਤੇ ਹੁਕਮਾਂ ਨੂੰ ਮੰਨ ਕੇ ਮੇਰੇ ਰਾਹਾਂ ʼਤੇ ਚੱਲੇਂ, ਠੀਕ ਜਿਵੇਂ ਤੇਰਾ ਪਿਤਾ ਦਾਊਦ ਚੱਲਦਾ ਸੀ,+ ਤਾਂ ਮੈਂ ਤੈਨੂੰ ਲੰਬੀ ਉਮਰ ਵੀ ਦਿਆਂਗਾ।”*+

15 ਜਦੋਂ ਸੁਲੇਮਾਨ ਜਾਗਿਆ, ਤਾਂ ਉਸ ਨੂੰ ਅਹਿਸਾਸ ਹੋਇਆ ਕਿ ਉਹ ਸੁਪਨਾ ਦੇਖ ਰਿਹਾ ਸੀ। ਫਿਰ ਉਹ ਯਰੂਸ਼ਲਮ ਗਿਆ ਅਤੇ ਯਹੋਵਾਹ ਦੇ ਇਕਰਾਰ ਦੇ ਸੰਦੂਕ ਅੱਗੇ ਖੜ੍ਹਾ ਹੋਇਆ। ਉਸ ਨੇ ਹੋਮ-ਬਲ਼ੀਆਂ ਅਤੇ ਸ਼ਾਂਤੀ-ਭੇਟਾਂ+ ਚੜ੍ਹਾਈਆਂ ਤੇ ਆਪਣੇ ਸਾਰੇ ਸੇਵਕਾਂ ਲਈ ਦਾਅਵਤ ਰੱਖੀ।

16 ਬਾਅਦ ਵਿਚ ਦੋ ਵੇਸਵਾਵਾਂ ਰਾਜੇ ਕੋਲ ਆਈਆਂ ਤੇ ਉਸ ਦੇ ਸਾਮ੍ਹਣੇ ਖੜ੍ਹੀਆਂ ਹੋ ਗਈਆਂ। 17 ਪਹਿਲੀ ਔਰਤ ਨੇ ਕਿਹਾ: “ਹੇ ਪ੍ਰਭੂ, ਮੈਂ ਤੇ ਇਹ ਔਰਤ ਇੱਕੋ ਘਰ ਵਿਚ ਰਹਿੰਦੀਆਂ ਹਾਂ। ਮੇਰੇ ਇਕ ਬੱਚਾ ਹੋਇਆ ਤੇ ਇਹ ਔਰਤ ਵੀ ਉਸ ਵੇਲੇ ਘਰ ਸੀ। 18 ਮੇਰੇ ਜਨਮ ਦੇਣ ਤੋਂ ਬਾਅਦ ਤੀਜੇ ਦਿਨ ਇਸ ਔਰਤ ਨੇ ਵੀ ਇਕ ਬੱਚੇ ਨੂੰ ਜਨਮ ਦਿੱਤਾ। ਉਦੋਂ ਅਸੀਂ ਦੋਵੇਂ ਇਕੱਲੀਆਂ ਸੀ; ਸਾਡੇ ਤੋਂ ਸਿਵਾਇ ਘਰ ਵਿਚ ਹੋਰ ਕੋਈ ਨਹੀਂ ਸੀ। 19 ਰਾਤ ਨੂੰ ਇਸ ਔਰਤ ਦਾ ਮੁੰਡਾ ਮਰ ਗਿਆ ਕਿਉਂਕਿ ਇਹ ਉਸ ਉੱਤੇ ਲੰਮੀ ਪੈ ਗਈ। 20 ਫਿਰ ਇਹ ਅੱਧੀ ਰਾਤ ਨੂੰ ਉੱਠੀ ਅਤੇ ਜਦੋਂ ਤੇਰੀ ਦਾਸੀ ਸੁੱਤੀ ਪਈ ਸੀ, ਇਸ ਨੇ ਮੇਰੇ ਮੁੰਡੇ ਨੂੰ ਮੇਰੇ ਕੋਲੋਂ ਚੁੱਕ ਲਿਆ। ਇਹਨੇ ਉਸ ਨੂੰ ਆਪਣੇ ਨਾਲ* ਪਾ ਲਿਆ ਤੇ ਆਪਣਾ ਮਰਿਆ ਹੋਇਆ ਮੁੰਡਾ ਮੇਰੇ ਨਾਲ ਪਾ ਗਈ। 21 ਜਦੋਂ ਮੈਂ ਸਵੇਰ ਨੂੰ ਉੱਠ ਕੇ ਆਪਣੇ ਪੁੱਤਰ ਨੂੰ ਦੁੱਧ ਚੁੰਘਾਉਣ ਲੱਗੀ, ਤਾਂ ਮੈਂ ਦੇਖਿਆ ਕਿ ਉਹ ਮਰਿਆ ਹੋਇਆ ਸੀ। ਮੈਂ ਉਸ ਨੂੰ ਬੜੀ ਗੌਰ ਨਾਲ ਦੇਖਿਆ ਕਿ ਇਹ ਮੇਰਾ ਪੁੱਤਰ ਨਹੀਂ ਸੀ ਜਿਸ ਨੂੰ ਮੈਂ ਜਨਮ ਦਿੱਤਾ ਸੀ।” 22 ਪਰ ਦੂਜੀ ਔਰਤ ਨੇ ਕਿਹਾ: “ਨਹੀਂ, ਜੀਉਂਦਾ ਮੁੰਡਾ ਮੇਰਾ ਹੈ ਅਤੇ ਮਰਿਆ ਮੁੰਡਾ ਤੇਰਾ ਹੈ!” ਪਰ ਪਹਿਲੀ ਔਰਤ ਕਹਿ ਰਹੀ ਸੀ: “ਨਹੀਂ, ਮਰਿਆ ਮੁੰਡਾ ਤੇਰਾ ਹੈ ਤੇ ਜੀਉਂਦਾ ਮੁੰਡਾ ਮੇਰਾ ਹੈ।” ਇਸ ਤਰ੍ਹਾਂ ਉਹ ਰਾਜੇ ਸਾਮ੍ਹਣੇ ਬਹਿਸਣ ਲੱਗੀਆਂ।

23 ਅਖ਼ੀਰ ਰਾਜੇ ਨੇ ਕਿਹਾ: “ਇਹ ਕਹਿੰਦੀ ਹੈ, ‘ਜੀਉਂਦਾ ਮੁੰਡਾ ਮੇਰਾ ਹੈ ਅਤੇ ਮਰਿਆ ਮੁੰਡਾ ਤੇਰਾ ਹੈ!’ ਅਤੇ ਉਹ ਕਹਿੰਦੀ ਹੈ, ‘ਨਹੀਂ, ਮਰਿਆ ਮੁੰਡਾ ਤੇਰਾ ਹੈ ਤੇ ਜੀਉਂਦਾ ਮੁੰਡਾ ਮੇਰਾ ਹੈ!’” 24 ਰਾਜੇ ਨੇ ਕਿਹਾ: “ਮੇਰੇ ਲਈ ਤਲਵਾਰ ਲਿਆਓ।” ਉਹ ਰਾਜੇ ਲਈ ਤਲਵਾਰ ਲੈ ਆਏ। 25 ਫਿਰ ਰਾਜੇ ਨੇ ਕਿਹਾ: “ਜੀਉਂਦੇ ਬੱਚੇ ਦੇ ਦੋ ਟੋਟੇ ਕਰ ਦਿਓ, ਅੱਧਾ ਇਕ ਔਰਤ ਨੂੰ ਦੇ ਦਿਓ ਤੇ ਅੱਧਾ ਦੂਜੀ ਨੂੰ।” 26 ਇਹ ਸੁਣਦਿਆਂ ਸਾਰ ਜੀਉਂਦੇ ਮੁੰਡੇ ਦੀ ਮਾਂ ਰਾਜੇ ਅੱਗੇ ਤਰਲੇ ਕਰਨ ਲੱਗੀ ਕਿਉਂਕਿ ਆਪਣੇ ਪੁੱਤਰ ਲਈ ਉਸ ਦੀ ਮਮਤਾ ਜਾਗ ਉੱਠੀ। ਉਸ ਨੇ ਕਿਹਾ: “ਹੇ ਮੇਰੇ ਪ੍ਰਭੂ, ਕਿਰਪਾ ਕਰ ਕੇ ਜੀਉਂਦਾ ਬੱਚਾ ਇਸ ਨੂੰ ਦੇ ਦਿਓ! ਇਸ ਨੂੰ ਜਾਨੋਂ ਨਾ ਮਾਰੋ!” ਪਰ ਦੂਜੀ ਔਰਤ ਕਹਿ ਰਹੀ ਸੀ: “ਉਹ ਨਾ ਮੈਨੂੰ ਮਿਲੇਗਾ ਤੇ ਨਾ ਤੈਨੂੰ! ਹੋ ਜਾਣ ਦੇ ਉਸ ਦੇ ਦੋ ਟੋਟੇ!” 27 ਇਹ ਸੁਣ ਕੇ ਰਾਜੇ ਨੇ ਕਿਹਾ: “ਬੱਚੇ ਨੂੰ ਨਾ ਮਾਰੋ, ਇਹ ਜੀਉਂਦਾ ਬੱਚਾ ਪਹਿਲੀ ਔਰਤ ਨੂੰ ਦੇ ਦਿਓ ਕਿਉਂਕਿ ਇਹੀ ਉਸ ਦੀ ਮਾਂ ਹੈ।”

28 ਸਾਰੇ ਇਜ਼ਰਾਈਲ ਨੇ ਇਸ ਨਿਆਂ ਬਾਰੇ ਸੁਣਿਆ ਜੋ ਰਾਜੇ ਨੇ ਕੀਤਾ ਸੀ। ਉਹ ਰਾਜੇ ਦਾ ਗਹਿਰਾ ਆਦਰ* ਕਰਨ ਲੱਗੇ+ ਕਿਉਂਕਿ ਉਨ੍ਹਾਂ ਨੇ ਦੇਖਿਆ ਕਿ ਉਸ ਕੋਲ ਪਰਮੇਸ਼ੁਰ ਦੀ ਬੁੱਧ ਸੀ ਜਿਸ ਨਾਲ ਉਹ ਨਿਆਂ ਕਰਦਾ ਸੀ।+

4 ਰਾਜਾ ਸੁਲੇਮਾਨ ਸਾਰੇ ਇਜ਼ਰਾਈਲ ਉੱਤੇ ਰਾਜ ਕਰਦਾ ਸੀ।+ 2 ਇਹ ਉਸ ਦੇ ਉੱਚ ਅਧਿਕਾਰੀ ਸਨ: ਸਾਦੋਕ+ ਦਾ ਪੁੱਤਰ ਅਜ਼ਰਯਾਹ ਪੁਜਾਰੀ ਸੀ; 3 ਸ਼ੀਸ਼ਾ ਦੇ ਪੁੱਤਰ ਅਲੀਹੋਰਫ ਅਤੇ ਅਹੀਯਾਹ ਸਕੱਤਰ+ ਸਨ; ਅਹੀਲੂਦ ਦਾ ਪੁੱਤਰ ਯਹੋਸ਼ਾਫ਼ਾਟ+ ਇਤਿਹਾਸ ਦਾ ਲਿਖਾਰੀ ਸੀ; 4 ਯਹੋਯਾਦਾ ਦਾ ਪੁੱਤਰ ਬਨਾਯਾਹ+ ਫ਼ੌਜ ਦਾ ਸੈਨਾਪਤੀ ਸੀ; ਸਾਦੋਕ ਤੇ ਅਬਯਾਥਾਰ+ ਪੁਜਾਰੀ ਸਨ; 5 ਨਾਥਾਨ+ ਦਾ ਪੁੱਤਰ ਅਜ਼ਰਯਾਹ ਨਿਗਰਾਨਾਂ ਦਾ ਪ੍ਰਧਾਨ ਸੀ; ਨਾਥਾਨ ਦਾ ਪੁੱਤਰ ਜ਼ਾਬੂਦ ਪੁਜਾਰੀ ਅਤੇ ਰਾਜੇ ਦਾ ਦੋਸਤ+ ਸੀ; 6 ਅਹੀਸ਼ਾਰ ਸ਼ਾਹੀ ਘਰਾਣੇ ਦਾ ਨਿਗਰਾਨ ਸੀ; ਅਬਦਾ ਦਾ ਪੁੱਤਰ ਅਦੋਨੀਰਾਮ+ ਉਨ੍ਹਾਂ ʼਤੇ ਅਧਿਕਾਰੀ ਸੀ ਜਿਨ੍ਹਾਂ ਤੋਂ ਜਬਰੀ ਮਜ਼ਦੂਰੀ ਕਰਾਈ ਜਾਂਦੀ ਸੀ।+

7 ਸੁਲੇਮਾਨ ਨੇ ਸਾਰੇ ਇਜ਼ਰਾਈਲ ਵਿਚ 12 ਨਿਗਰਾਨ ਠਹਿਰਾਏ ਜੋ ਰਾਜੇ ਅਤੇ ਉਸ ਦੇ ਘਰਾਣੇ ਲਈ ਖਾਣੇ ਦਾ ਪ੍ਰਬੰਧ ਕਰਦੇ ਸਨ। ਹਰੇਕ ਦੀ ਜ਼ਿੰਮੇਵਾਰੀ ਹੁੰਦੀ ਸੀ ਕਿ ਉਹ ਸਾਲ ਵਿਚ ਇਕ ਮਹੀਨੇ ਵਾਸਤੇ ਖਾਣਾ ਮੁਹੱਈਆ ਕਰਾਏ।+ 8 ਉਨ੍ਹਾਂ ਦੇ ਨਾਂ ਸਨ: ਹੂਰ ਦਾ ਪੁੱਤਰ, ਜਿਸ ਦੇ ਅਧੀਨ ਇਫ਼ਰਾਈਮ ਦਾ ਪਹਾੜੀ ਇਲਾਕਾ ਸੀ; 9 ਦਕਰ ਦਾ ਪੁੱਤਰ, ਜਿਸ ਦੇ ਅਧੀਨ ਮਾਕਸ, ਸ਼ਾਲਬੀਮ,+ ਬੈਤ-ਸ਼ਮਸ਼ ਅਤੇ ਏਲੋਨ-ਬੈਤ-ਹਨਾਨ ਸਨ; 10 ਹਸਦ ਦਾ ਪੁੱਤਰ, ਜਿਸ ਦੇ ਅਧੀਨ ਅਰੁਬੋਥ ਸੀ (ਉਸ ਦੇ ਅਧੀਨ ਸੋਕੋਹ ਅਤੇ ਹੇਫਰ ਦਾ ਸਾਰਾ ਇਲਾਕਾ ਸੀ); 11 ਅਬੀਨਾਦਾਬ ਦਾ ਪੁੱਤਰ, ਜਿਸ ਦੇ ਅਧੀਨ ਦੋਰ ਦੀਆਂ ਸਾਰੀਆਂ ਢਲਾਣਾਂ ਸਨ (ਸੁਲੇਮਾਨ ਦੀ ਧੀ ਟਾਫਥ ਉਸ ਦੀ ਪਤਨੀ ਸੀ); 12 ਅਹੀਲੂਦ ਦਾ ਪੁੱਤਰ ਬਆਨਾ, ਜਿਸ ਦੇ ਅਧੀਨ ਤਾਨਾਕ, ਮਗਿੱਦੋ+ ਅਤੇ ਸਾਰਾ ਬੈਤ-ਸ਼ਿਆਨ,+ ਜੋ ਸਾਰਥਾਨ ਦੇ ਨਾਲ ਹੈ ਤੇ ਯਿਜ਼ਰਾਏਲ ਦੇ ਥੱਲੇ ਹੈ, ਅਤੇ ਬੈਤ-ਸ਼ਿਆਨ ਤੋਂ ਆਬੇਲ-ਮਹੋਲਾਹ ਤਕ ਅਤੇ ਉੱਥੋਂ ਯਾਕਮਾਮ+ ਤਕ ਦਾ ਇਲਾਕਾ ਸੀ; 13 ਗਬਰ ਦਾ ਪੁੱਤਰ, ਜਿਸ ਦੇ ਅਧੀਨ ਰਾਮੋਥ-ਗਿਲਆਦ+ ਸੀ (ਉਸ ਦੇ ਅਧੀਨ ਮਨੱਸ਼ਹ ਦੇ ਪੁੱਤਰ ਯਾਈਰ ਦੇ ਤੰਬੂਆਂ ਵਾਲੇ ਪਿੰਡ+ ਸਨ ਜੋ ਗਿਲਆਦ+ ਵਿਚ ਹਨ; ਉਸ ਦੇ ਅਧੀਨ ਅਰਗੋਬ ਦਾ ਇਲਾਕਾ+ ਵੀ ਸੀ ਜੋ ਬਾਸ਼ਾਨ+ ਵਿਚ ਹੈ: ਕੰਧਾਂ ਤੇ ਹੋੜਿਆਂ ਵਾਲੇ 60 ਵੱਡੇ ਸ਼ਹਿਰ); 14 ਇੱਦੋ ਦਾ ਪੁੱਤਰ ਅਹੀਨਾਦਾਬ, ਜਿਸ ਦੇ ਅਧੀਨ ਮਹਨਾਇਮ+ ਸੀ; 15 ਅਹੀਮਆਸ, ਜਿਸ ਦੇ ਅਧੀਨ ਨਫ਼ਤਾਲੀ ਸੀ (ਉਸ ਨੇ ਬਾਸਮਥ ਨਾਲ ਵਿਆਹ ਕਰਾਇਆ ਜੋ ਸੁਲੇਮਾਨ ਦੀ ਧੀ ਸੀ); 16 ਹੂਸ਼ਈ ਦਾ ਪੁੱਤਰ ਬਆਨਾ, ਜਿਸ ਦੇ ਅਧੀਨ ਆਸ਼ੇਰ ਤੇ ਬਆਲੋਥ ਸੀ; 17 ਪਾਰੂਆਹ ਦਾ ਪੁੱਤਰ ਯਹੋਸ਼ਾਫ਼ਾਟ, ਜਿਸ ਦੇ ਅਧੀਨ ਯਿਸਾਕਾਰ ਸੀ; 18 ਏਲਾ ਦਾ ਪੁੱਤਰ ਸ਼ਿਮਈ,+ ਜਿਸ ਦੇ ਅਧੀਨ ਬਿਨਯਾਮੀਨ ਸੀ;+ 19 ਊਰੀ ਦਾ ਪੁੱਤਰ ਗਬਰ, ਜਿਸ ਦੇ ਅਧੀਨ ਗਿਲਆਦ ਦਾ ਇਲਾਕਾ ਸੀ+ ਜੋ ਪਹਿਲਾਂ ਅਮੋਰੀਆਂ ਦੇ ਰਾਜੇ ਸੀਹੋਨ+ ਅਤੇ ਬਾਸ਼ਾਨ ਦੇ ਰਾਜੇ ਓਗ+ ਦੇ ਅਧੀਨ ਸੀ। ਦੇਸ਼ ਦੇ ਇਨ੍ਹਾਂ ਸਾਰੇ ਨਿਗਰਾਨਾਂ ਉੱਤੇ ਇਕ ਹੋਰ ਨਿਗਰਾਨ ਵੀ ਠਹਿਰਾਇਆ ਗਿਆ ਸੀ।

20 ਯਹੂਦਾਹ ਅਤੇ ਇਜ਼ਰਾਈਲ ਦੇ ਲੋਕਾਂ ਦੀ ਗਿਣਤੀ ਸਮੁੰਦਰ ਦੇ ਕੰਢੇ ਦੀ ਰੇਤ ਦੇ ਕਿਣਕਿਆਂ ਜਿੰਨੀ ਸੀ;+ ਉਹ ਖਾਂਦੇ-ਪੀਂਦੇ ਤੇ ਖ਼ੁਸ਼ੀਆਂ ਮਨਾਉਂਦੇ ਸਨ।+

21 ਸੁਲੇਮਾਨ ਨੇ ਦਰਿਆ*+ ਤੋਂ ਲੈ ਕੇ ਫਲਿਸਤੀਆਂ ਦੇ ਦੇਸ਼ ਤਕ ਅਤੇ ਮਿਸਰ ਦੀ ਸਰਹੱਦ ਤਕ ਸਾਰੇ ਰਾਜਾਂ ʼਤੇ ਹਕੂਮਤ ਕੀਤੀ। ਉਹ ਸੁਲੇਮਾਨ ਦੀ ਸਾਰੀ ਜ਼ਿੰਦਗੀ ਦੌਰਾਨ ਨਜ਼ਰਾਨੇ ਲਿਆਉਂਦੇ ਰਹੇ ਤੇ ਉਸ ਦੀ ਸੇਵਾ ਕਰਦੇ ਰਹੇ।+

22 ਹਰ ਰੋਜ਼ ਸੁਲੇਮਾਨ ਦੇ ਭੋਜਨ ਲਈ ਇੰਨੀਆਂ ਚੀਜ਼ਾਂ ਲੱਗਦੀਆਂ ਸਨ: 30 ਕੋਰ* ਮੈਦਾ ਅਤੇ 60 ਕੋਰ ਆਟਾ, 23 ਪਲ਼ੇ ਹੋਏ 10 ਗਾਂਵਾਂ-ਬਲਦ, ਚਰਾਂਦਾਂ ਵਿਚ ਚਰਨ ਵਾਲੇ 20 ਪਸ਼ੂ ਤੇ 100 ਭੇਡਾਂ, ਇਨ੍ਹਾਂ ਤੋਂ ਇਲਾਵਾ ਕੁਝ ਬਾਰਾਂਸਿੰਗੇ, ਹਿਰਨ, ਛੋਟੇ ਹਿਰਨ ਅਤੇ ਪਲ਼ੀਆਂ ਹੋਈਆਂ ਕੋਇਲਾਂ। 24 ਦਰਿਆ ਦੇ ਇਸ ਪਾਸੇ* ਸਾਰਾ ਕੁਝ ਉਸ ਦੇ ਅਧੀਨ ਸੀ+ ਯਾਨੀ ਤਿਫਸਾਹ ਤੋਂ ਗਾਜ਼ਾ+ ਤਕ ਅਤੇ ਦਰਿਆ ਦੇ ਇਸ ਪਾਸੇ ਦੇ ਸਾਰੇ ਰਾਜੇ; ਉਸ ਦੇ ਆਲੇ-ਦੁਆਲੇ ਦੇ ਹਰ ਇਲਾਕੇ ਵਿਚ ਸ਼ਾਂਤੀ ਸੀ।+ 25 ਸੁਲੇਮਾਨ ਦੇ ਸਾਰੇ ਦਿਨਾਂ ਦੌਰਾਨ ਦਾਨ ਤੋਂ ਲੈ ਕੇ ਬਏਰ-ਸ਼ਬਾ ਤਕ ਯਹੂਦਾਹ ਅਤੇ ਇਜ਼ਰਾਈਲ ਦੇ ਲੋਕ ਅਮਨ-ਚੈਨ ਨਾਲ ਵੱਸਦੇ ਸਨ, ਹਾਂ, ਹਰ ਕੋਈ ਆਪੋ-ਆਪਣੀ ਅੰਗੂਰੀ ਵੇਲ ਅਤੇ ਆਪੋ-ਆਪਣੇ ਅੰਜੀਰ ਦੇ ਦਰਖ਼ਤ ਥੱਲੇ।

26 ਸੁਲੇਮਾਨ ਕੋਲ ਆਪਣੇ ਰਥਾਂ ਦੇ ਘੋੜਿਆਂ ਲਈ 4,000* ਤਬੇਲੇ ਸਨ ਅਤੇ ਉਸ ਕੋਲ 12,000 ਘੋੜੇ* ਸਨ।+

27 ਇਹ ਨਿਗਰਾਨ ਰਾਜਾ ਸੁਲੇਮਾਨ ਅਤੇ ਉਸ ਦੇ ਮੇਜ਼ ਤੋਂ ਖਾਣ ਵਾਲੇ ਹਰੇਕ ਜਣੇ ਲਈ ਖਾਣਾ ਮੁਹੱਈਆ ਕਰਾਉਂਦੇ ਸਨ। ਹਰੇਕ ਮਹੀਨੇ ਜਿਸ ਦੀ ਵੀ ਜ਼ਿੰਮੇਵਾਰੀ ਹੁੰਦੀ ਸੀ, ਉਹ ਧਿਆਨ ਰੱਖਦਾ ਸੀ ਕਿ ਕਿਸੇ ਵੀ ਚੀਜ਼ ਦੀ ਕਮੀ ਨਾ ਹੋਵੇ।+ 28 ਉਹ ਆਪੋ-ਆਪਣੀ ਜ਼ਿੰਮੇਵਾਰੀ ਮੁਤਾਬਕ ਜਿੱਥੇ ਕਿਤੇ ਵੀ ਲੋੜ ਹੁੰਦੀ ਸੀ, ਘੋੜਿਆਂ ਅਤੇ ਰਥ ਖਿੱਚਣ ਵਾਲੇ ਘੋੜਿਆਂ ਲਈ ਜੌਂ ਅਤੇ ਤੂੜੀ ਵੀ ਲਿਆਉਂਦੇ ਸਨ।

29 ਪਰਮੇਸ਼ੁਰ ਨੇ ਸੁਲੇਮਾਨ ਨੂੰ ਬਹੁਤ ਜ਼ਿਆਦਾ ਬੁੱਧ ਤੇ ਸੂਝ-ਬੂਝ ਦਿੱਤੀ ਅਤੇ ਅਜਿਹਾ ਦਿਲ* ਦਿੱਤਾ ਜੋ ਸਮੁੰਦਰ ਦੇ ਕੰਢੇ ਦੀ ਰੇਤ ਜਿੰਨਾ ਵਿਸ਼ਾਲ ਸੀ।+ 30 ਸੁਲੇਮਾਨ ਦੀ ਬੁੱਧ ਸਾਰੇ ਪੂਰਬੀ ਲੋਕਾਂ ਦੀ ਬੁੱਧ ਅਤੇ ਮਿਸਰ ਦੀ ਸਾਰੀ ਬੁੱਧ ਨੂੰ ਮਾਤ ਪਾਉਂਦੀ ਸੀ।+ 31 ਉਹ ਸਾਰੇ ਇਨਸਾਨਾਂ ਨਾਲੋਂ ਕਿਤੇ ਬੁੱਧੀਮਾਨ ਸੀ, ਹਾਂ, ਉਹ ਅਜ਼ਰਾਹੀ ਏਥਾਨ+ ਤੇ ਹੇਮਾਨ+ ਅਤੇ ਮਾਹੋਲ ਦੇ ਪੁੱਤਰਾਂ ਕਲਕੋਲ+ ਤੇ ਦਰਦਾ ਨਾਲੋਂ ਵੀ ਬੁੱਧੀਮਾਨ ਸੀ; ਉਹ ਆਲੇ-ਦੁਆਲੇ ਦੀਆਂ ਸਾਰੀਆਂ ਕੌਮਾਂ ਵਿਚ ਮਸ਼ਹੂਰ ਹੋ ਗਿਆ।+ 32 ਉਸ ਨੇ 3,000 ਕਹਾਵਤਾਂ ਰਚੀਆਂ*+ ਅਤੇ ਉਸ ਦੇ ਗੀਤਾਂ ਦੀ ਗਿਣਤੀ 1,005 ਸੀ।+ 33 ਉਹ ਲਬਾਨੋਨ ਦੇ ਦਿਆਰ ਤੋਂ ਲੈ ਕੇ ਕੰਧਾਂ ਉੱਤੇ ਉੱਗਣ ਵਾਲੇ ਜ਼ੂਫਾ ਦਰਖ਼ਤਾਂ+ ਬਾਰੇ ਦੱਸਦਾ ਹੁੰਦਾ ਸੀ; ਉਹ ਜਾਨਵਰਾਂ,+ ਪੰਛੀਆਂ,*+ ਰੀਂਗਣ ਵਾਲੇ ਜੀਵਾਂ, ਕੀੜਿਆਂ+ ਅਤੇ ਮੱਛੀਆਂ ਬਾਰੇ ਦੱਸਦਾ ਸੀ। 34 ਸਾਰੀਆਂ ਕੌਮਾਂ ਦੇ ਲੋਕ ਸੁਲੇਮਾਨ ਦੀ ਬੁੱਧ ਦੀਆਂ ਗੱਲਾਂ ਸੁਣਨ ਆਉਂਦੇ ਸਨ, ਹਾਂ, ਧਰਤੀ ਦੇ ਕੋਨੇ-ਕੋਨੇ ਤੋਂ ਰਾਜੇ ਵੀ ਆਏ ਜਿਨ੍ਹਾਂ ਨੇ ਉਸ ਦੀ ਬੁੱਧ ਬਾਰੇ ਸੁਣਿਆ ਸੀ।+

5 ਜਦੋਂ ਸੋਰ+ ਦੇ ਰਾਜੇ ਹੀਰਾਮ ਨੇ ਸੁਣਿਆ ਕਿ ਸੁਲੇਮਾਨ ਨੂੰ ਆਪਣੇ ਪਿਤਾ ਦੀ ਜਗ੍ਹਾ ਰਾਜਾ ਨਿਯੁਕਤ* ਕੀਤਾ ਗਿਆ ਸੀ, ਤਾਂ ਉਸ ਨੇ ਆਪਣੇ ਸੇਵਕਾਂ ਨੂੰ ਸੁਲੇਮਾਨ ਕੋਲ ਘੱਲਿਆ ਕਿਉਂਕਿ ਹੀਰਾਮ ਹਮੇਸ਼ਾ ਤੋਂ ਦਾਊਦ ਦਾ ਦੋਸਤ ਰਿਹਾ ਸੀ।*+ 2 ਸੁਲੇਮਾਨ ਨੇ ਵੀ ਹੀਰਾਮ ਨੂੰ ਸੰਦੇਸ਼ ਭੇਜਿਆ:+ 3 “ਤੈਨੂੰ ਪਤਾ ਹੀ ਹੈ ਕਿ ਮੇਰਾ ਪਿਤਾ ਦਾਊਦ ਆਪਣੇ ਪਰਮੇਸ਼ੁਰ ਯਹੋਵਾਹ ਦੇ ਨਾਂ ਲਈ ਭਵਨ ਨਹੀਂ ਬਣਾ ਸਕਿਆ ਕਿਉਂਕਿ ਹਰ ਪਾਸਿਓਂ ਉਸ ਖ਼ਿਲਾਫ਼ ਯੁੱਧ ਹੁੰਦੇ ਰਹੇ ਜਦ ਤਕ ਯਹੋਵਾਹ ਨੇ ਉਸ ਦੇ ਦੁਸ਼ਮਣਾਂ ਨੂੰ ਉਸ ਦੇ ਪੈਰਾਂ ਹੇਠ ਨਹੀਂ ਕਰ ਦਿੱਤਾ।+ 4 ਪਰ ਹੁਣ ਮੇਰੇ ਪਰਮੇਸ਼ੁਰ ਯਹੋਵਾਹ ਨੇ ਮੈਨੂੰ ਹਰ ਪਾਸਿਓਂ ਆਰਾਮ ਦਿੱਤਾ ਹੈ।+ ਕੋਈ ਵੀ ਮੇਰੇ ਖ਼ਿਲਾਫ਼ ਨਹੀਂ ਤੇ ਕੁਝ ਵੀ ਬੁਰਾ ਨਹੀਂ ਹੋ ਰਿਹਾ।+ 5 ਇਸ ਲਈ ਮੈਂ ਆਪਣੇ ਪਰਮੇਸ਼ੁਰ ਯਹੋਵਾਹ ਦੇ ਨਾਂ ਲਈ ਇਕ ਭਵਨ ਬਣਾਉਣਾ ਚਾਹੁੰਦਾ ਹਾਂ ਜਿਵੇਂ ਯਹੋਵਾਹ ਨੇ ਮੇਰੇ ਪਿਤਾ ਦਾਊਦ ਨਾਲ ਇਹ ਵਾਅਦਾ ਕੀਤਾ ਸੀ: ‘ਤੇਰੇ ਜਿਸ ਪੁੱਤਰ ਨੂੰ ਮੈਂ ਤੇਰੀ ਜਗ੍ਹਾ ਤੇਰੇ ਸਿੰਘਾਸਣ ʼਤੇ ਬਿਠਾਵਾਂਗਾ, ਉਹੀ ਮੇਰੇ ਨਾਂ ਲਈ ਭਵਨ ਬਣਾਵੇਗਾ।’+ 6 ਹੁਣ ਆਪਣੇ ਲੋਕਾਂ ਨੂੰ ਹੁਕਮ ਦੇ ਕਿ ਉਹ ਮੇਰੇ ਲਈ ਲਬਾਨੋਨ ਦੇ ਦਿਆਰ ਕੱਟਣ।+ ਮੇਰੇ ਨੌਕਰ ਤੇਰੇ ਨੌਕਰਾਂ ਨਾਲ ਕੰਮ ਕਰਨਗੇ ਅਤੇ ਮੈਂ ਤੇਰੇ ਨੌਕਰਾਂ ਨੂੰ ਉੱਨੀ ਮਜ਼ਦੂਰੀ ਦਿਆਂਗਾ ਜਿੰਨੀ ਤੂੰ ਠਹਿਰਾਵੇਂਗਾ ਕਿਉਂਕਿ ਤੈਨੂੰ ਪਤਾ ਹੈ ਕਿ ਸਾਡੇ ਵਿੱਚੋਂ ਕਿਸੇ ਨੂੰ ਵੀ ਸੀਦੋਨੀਆਂ ਵਾਂਗ ਦਰਖ਼ਤ ਕੱਟਣੇ ਨਹੀਂ ਆਉਂਦੇ।”+

7 ਜਦੋਂ ਹੀਰਾਮ ਨੇ ਸੁਲੇਮਾਨ ਦਾ ਸੰਦੇਸ਼ ਸੁਣਿਆ, ਤਾਂ ਉਹ ਬਹੁਤ ਖ਼ੁਸ਼ ਹੋਇਆ ਤੇ ਉਸ ਨੇ ਕਿਹਾ: “ਅੱਜ ਯਹੋਵਾਹ ਦੀ ਮਹਿਮਾ ਹੋਵੇ ਕਿਉਂਕਿ ਉਸ ਨੇ ਇੰਨੇ ਸਾਰੇ ਲੋਕਾਂ ʼਤੇ ਰਾਜ ਕਰਨ ਲਈ ਦਾਊਦ ਨੂੰ ਇਕ ਬੁੱਧੀਮਾਨ ਪੁੱਤਰ ਦਿੱਤਾ ਹੈ!”+ 8 ਫਿਰ ਹੀਰਾਮ ਨੇ ਸੁਲੇਮਾਨ ਨੂੰ ਸੰਦੇਸ਼ ਘੱਲਿਆ: “ਮੈਨੂੰ ਤੇਰਾ ਸੰਦੇਸ਼ ਮਿਲ ਗਿਆ ਹੈ। ਜਿਵੇਂ ਤੂੰ ਚਾਹੁੰਦਾ ਹੈਂ, ਮੈਂ ਉਵੇਂ ਕਰਾਂਗਾ। ਮੈਂ ਤੈਨੂੰ ਦਿਆਰ ਅਤੇ ਸਨੋਬਰ ਦੀ ਲੱਕੜ+ ਦਿਆਂਗਾ। 9 ਮੇਰੇ ਨੌਕਰ ਲੱਕੜਾਂ ਨੂੰ ਲਬਾਨੋਨ ਤੋਂ ਸਮੁੰਦਰ ਤਕ ਲੈ ਜਾਣਗੇ ਅਤੇ ਮੈਂ ਉਨ੍ਹਾਂ ਲੱਕੜਾਂ ਦੇ ਬੇੜੇ ਬੰਨ੍ਹਵਾ ਕੇ ਸਮੁੰਦਰ ਰਾਹੀਂ ਉਸ ਜਗ੍ਹਾ ਭੇਜ ਦਿਆਂਗਾ ਜਿੱਥੇ ਤੂੰ ਕਹੇਂਗਾ। ਉੱਥੇ ਮੈਂ ਉਨ੍ਹਾਂ ਨੂੰ ਖੁੱਲ੍ਹਵਾ ਦਿਆਂਗਾ ਅਤੇ ਤੂੰ ਉਨ੍ਹਾਂ ਨੂੰ ਉੱਥੋਂ ਲੈ ਜਾਵੀਂ। ਬਦਲੇ ਵਿਚ ਤੂੰ ਮੇਰੀ ਬੇਨਤੀ ਅਨੁਸਾਰ ਮੇਰੇ ਘਰਾਣੇ ਲਈ ਭੋਜਨ ਦੇਈਂ।”+

10 ਇਸ ਲਈ ਹੀਰਾਮ ਨੇ ਦਿਆਰ ਅਤੇ ਸਨੋਬਰ ਦੀ ਉੱਨੀ ਲੱਕੜ ਮੁਹੱਈਆ ਕਰਵਾਈ ਜਿੰਨੀ ਸੁਲੇਮਾਨ ਨੇ ਮੰਗੀ ਸੀ। 11 ਅਤੇ ਸੁਲੇਮਾਨ ਨੇ ਹੀਰਾਮ ਨੂੰ ਉਸ ਦੇ ਘਰਾਣੇ ਦੇ ਖਾਣ ਲਈ 20,000 ਕੋਰ* ਕਣਕ ਅਤੇ 20 ਕੋਰ ਵਧੀਆ ਜ਼ੈਤੂਨ ਦਾ ਤੇਲ* ਦਿੱਤਾ। ਸੁਲੇਮਾਨ ਹਰ ਸਾਲ ਹੀਰਾਮ ਨੂੰ ਇਹ ਚੀਜ਼ਾਂ ਦਿੰਦਾ ਸੀ।+ 12 ਯਹੋਵਾਹ ਨੇ ਸੁਲੇਮਾਨ ਨੂੰ ਬੁੱਧ ਦਿੱਤੀ ਜਿਵੇਂ ਉਸ ਨੇ ਉਸ ਨਾਲ ਵਾਅਦਾ ਕੀਤਾ ਸੀ।+ ਹੀਰਾਮ ਅਤੇ ਸੁਲੇਮਾਨ ਵਿਚਕਾਰ ਸ਼ਾਂਤੀ ਭਰਿਆ ਰਿਸ਼ਤਾ ਸੀ ਅਤੇ ਦੋਹਾਂ ਨੇ ਆਪਸ ਵਿਚ ਇਕ ਸੰਧੀ ਕੀਤੀ।*

13 ਰਾਜਾ ਸੁਲੇਮਾਨ ਨੇ ਜਬਰੀ ਮਜ਼ਦੂਰੀ ਕਰਾਉਣ ਲਈ ਸਾਰੇ ਇਜ਼ਰਾਈਲ ਵਿੱਚੋਂ ਆਦਮੀ ਭਰਤੀ ਕੀਤੇ; 30,000 ਆਦਮੀ ਭਰਤੀ ਕੀਤੇ ਗਏ।+ 14 ਉਹ ਉਨ੍ਹਾਂ ਵਿੱਚੋਂ ਦਸ-ਦਸ ਹਜ਼ਾਰ ਨੂੰ ਵਾਰੀ-ਵਾਰੀ ਲਬਾਨੋਨ ਭੇਜਦਾ ਸੀ। ਉਹ ਇਕ ਮਹੀਨਾ ਲਬਾਨੋਨ ਵਿਚ ਰਹਿੰਦੇ ਸਨ ਤੇ ਦੋ ਮਹੀਨੇ ਆਪਣੇ ਘਰਾਂ ਵਿਚ; ਅਤੇ ਅਦੋਨੀਰਾਮ+ ਉਨ੍ਹਾਂ ʼਤੇ ਨਿਗਰਾਨ ਸੀ ਜਿਨ੍ਹਾਂ ਤੋਂ ਜਬਰੀ ਮਜ਼ਦੂਰੀ ਕਰਾਈ ਜਾਂਦੀ ਸੀ। 15 ਸੁਲੇਮਾਨ ਦੇ 70,000 ਆਮ ਮਜ਼ਦੂਰ* ਅਤੇ ਪਹਾੜਾਂ ਵਿਚ ਪੱਥਰ ਕੱਟਣ ਵਾਲੇ 80,000 ਮਜ਼ਦੂਰ ਸਨ+ 16 ਤੇ ਸੁਲੇਮਾਨ ਦੇ 3,300 ਨਿਗਰਾਨ ਸਨ+ ਜੋ ਕੰਮ ਕਰਨ ਵਾਲਿਆਂ ਉੱਤੇ ਨਿਗਾਹ ਰੱਖਦੇ ਸਨ। 17 ਉਨ੍ਹਾਂ ਨੇ ਰਾਜੇ ਦੇ ਹੁਕਮ ʼਤੇ ਪਹਾੜਾਂ ਵਿੱਚੋਂ ਵੱਡੇ-ਵੱਡੇ ਕੀਮਤੀ ਪੱਥਰ ਕੱਟੇ+ ਤਾਂਕਿ ਤਰਾਸ਼ੇ ਹੋਏ ਪੱਥਰਾਂ+ ਨਾਲ ਭਵਨ ਦੀ ਨੀਂਹ+ ਰੱਖੀ ਜਾ ਸਕੇ। 18 ਸੁਲੇਮਾਨ ਦੇ ਮਿਸਤਰੀਆਂ, ਹੀਰਾਮ ਦੇ ਮਿਸਤਰੀਆਂ ਅਤੇ ਗਬਾਲੀਆਂ+ ਨੇ ਇਹ ਕਟਾਈ ਕੀਤੀ ਅਤੇ ਉਨ੍ਹਾਂ ਨੇ ਭਵਨ ਨੂੰ ਬਣਾਉਣ ਲਈ ਲੱਕੜ ਅਤੇ ਪੱਥਰ ਤਿਆਰ ਕੀਤੇ।

6 ਇਜ਼ਰਾਈਲੀਆਂ* ਦੇ ਮਿਸਰ ਦੇਸ਼ ਤੋਂ ਆਉਣ+ ਤੋਂ ਬਾਅਦ ਦੇ 480ਵੇਂ ਸਾਲ ਯਾਨੀ ਸੁਲੇਮਾਨ ਦੇ ਇਜ਼ਰਾਈਲ ਉੱਤੇ ਰਾਜਾ ਬਣਨ ਤੋਂ ਬਾਅਦ ਦੇ ਚੌਥੇ ਸਾਲ, ਜ਼ਿਵ*+ ਮਹੀਨੇ ਵਿਚ (ਯਾਨੀ ਦੂਸਰੇ ਮਹੀਨੇ) ਉਸ ਨੇ ਯਹੋਵਾਹ* ਦਾ ਘਰ ਬਣਾਉਣਾ ਸ਼ੁਰੂ ਕੀਤਾ।+ 2 ਰਾਜਾ ਸੁਲੇਮਾਨ ਨੇ ਯਹੋਵਾਹ ਲਈ ਜੋ ਭਵਨ ਬਣਾਇਆ, ਉਸ ਦੀ ਲੰਬਾਈ 60 ਹੱਥ,* ਚੁੜਾਈ 20 ਹੱਥ ਅਤੇ ਉਚਾਈ 30 ਹੱਥ ਸੀ।+ 3 ਮੰਦਰ* ਦੇ ਅਗਲੇ ਪਾਸੇ ਦੀ ਦਲਾਨ+ ਦੀ ਲੰਬਾਈ* 20 ਹੱਥ ਸੀ ਜੋ ਭਵਨ ਦੀ ਚੁੜਾਈ ਦੇ ਬਰਾਬਰ ਸੀ। ਭਵਨ ਦੇ ਅੱਗਿਓਂ ਨਾਪਣ ʼਤੇ ਇਸ ਦੀ ਚੁੜਾਈ 10 ਹੱਥ ਸੀ।

4 ਉਸ ਨੇ ਭਵਨ ਲਈ ਰੌਸ਼ਨਦਾਨ ਬਣਾਏ ਜੋ ਬਾਹਰੋਂ ਛੋਟੇ ਤੇ ਅੰਦਰੋਂ ਵੱਡੇ ਸਨ।+ 5 ਇਸ ਤੋਂ ਇਲਾਵਾ, ਉਸ ਨੇ ਭਵਨ ਦੀ ਕੰਧ ਦੇ ਨਾਲ ਲੱਗਦੀ ਇਕ ਇਮਾਰਤ ਬਣਾਈ; ਇਹ ਘਰ ਦੀਆਂ ਕੰਧਾਂ ਦੇ ਦੁਆਲੇ ਯਾਨੀ ਮੰਦਰ* ਅਤੇ ਅੰਦਰਲੇ ਕਮਰੇ+ ਦੀਆਂ ਕੰਧਾਂ ਦੇ ਦੁਆਲੇ ਸੀ ਅਤੇ ਉਸ ਨੇ ਸਾਰੇ ਪਾਸੇ ਕੋਠੜੀਆਂ ਬਣਾਈਆਂ।+ 6 ਪਾਸੇ ʼਤੇ ਬਣੀਆਂ ਇਨ੍ਹਾਂ ਕੋਠੜੀਆਂ ਦੀ ਸਭ ਤੋਂ ਹੇਠਲੀ ਮੰਜ਼ਲ ਪੰਜ ਹੱਥ ਚੌੜੀ ਸੀ, ਵਿਚਕਾਰਲੀ ਮੰਜ਼ਲ ਛੇ ਹੱਥ ਚੌੜੀ ਅਤੇ ਤੀਸਰੀ ਮੰਜ਼ਲ ਸੱਤ ਹੱਥ ਚੌੜੀ ਸੀ। ਉਸ ਨੇ ਬਾਲੇ ਰੱਖਣ ਲਈ ਭਵਨ ਦੇ ਸਾਰੇ ਪਾਸੇ ਵਾਧਰੇ* ਬਣਾਏ ਜਿਸ ਕਰਕੇ ਭਵਨ ਦੀਆਂ ਕੰਧਾਂ ਵਿਚ ਕੁਝ ਵੀ ਨਹੀਂ ਧੱਸਿਆ ਗਿਆ।+

7 ਇਹ ਭਵਨ ਖਾਣ ਵਿਚ ਪਹਿਲਾਂ ਤੋਂ ਤਿਆਰ ਕੀਤੇ ਗਏ ਪੱਥਰਾਂ ਨਾਲ ਬਣਾਇਆ ਗਿਆ ਸੀ+ ਜਿਸ ਕਰਕੇ ਭਵਨ ਦੀ ਉਸਾਰੀ ਵੇਲੇ ਹਥੌੜਿਆਂ, ਕੁਹਾੜੀਆਂ ਜਾਂ ਕਿਸੇ ਵੀ ਲੋਹੇ ਦੇ ਸੰਦ ਦੀ ਆਵਾਜ਼ ਨਹੀਂ ਸੁਣਾਈ ਦਿੱਤੀ। 8 ਸਭ ਤੋਂ ਹੇਠਲੀ ਕੋਠੜੀ ਦਾ ਦਰਵਾਜ਼ਾ ਭਵਨ ਦੇ ਦੱਖਣੀ* ਪਾਸੇ ਸੀ+ ਅਤੇ ਇਕ ਘੁਮਾਅਦਾਰ ਪੌੜੀ ਵਿਚਕਾਰਲੀ ਮੰਜ਼ਲ ਤਕ ਜਾਂਦੀ ਸੀ ਤੇ ਉੱਥੋਂ ਤੀਸਰੀ ਮੰਜ਼ਲ ਤਕ। 9 ਉਹ ਭਵਨ ਨੂੰ ਬਣਾਉਂਦਾ ਰਿਹਾ ਅਤੇ ਉਸ ਨੂੰ ਪੂਰਾ ਕੀਤਾ।+ ਉਸ ਨੇ ਭਵਨ ਦੀ ਛੱਤ ਦਿਆਰ ਦੀਆਂ ਸ਼ਤੀਰੀਆਂ ਅਤੇ ਦਿਆਰ ਦੇ ਫੱਟਿਆਂ ਨਾਲ ਬਣਾਈ।+ 10 ਉਸ ਨੇ ਭਵਨ ਦੇ ਸਾਰੇ ਪਾਸੇ ਕੋਠੜੀਆਂ ਬਣਾਈਆਂ।+ ਹਰੇਕ ਕੋਠੜੀ ਦੀ ਉਚਾਈ ਪੰਜ ਹੱਥ ਸੀ ਅਤੇ ਕੋਠੜੀਆਂ ਨੂੰ ਦਿਆਰ ਦੀਆਂ ਲੱਕੜਾਂ ਵਰਤ ਕੇ ਭਵਨ ਨਾਲ ਜੋੜਿਆ ਗਿਆ ਸੀ।

11 ਇਸ ਦੌਰਾਨ ਸੁਲੇਮਾਨ ਨੂੰ ਯਹੋਵਾਹ ਦਾ ਇਹ ਸੰਦੇਸ਼ ਮਿਲਿਆ: 12 “ਜੇ ਤੂੰ ਮੇਰੇ ਨਿਯਮਾਂ ਅਨੁਸਾਰ ਚੱਲੇਂ, ਮੇਰੇ ਕਾਨੂੰਨਾਂ ਨੂੰ ਮੰਨੇਂ ਤੇ ਮੇਰੇ ਸਾਰੇ ਹੁਕਮਾਂ ਅਨੁਸਾਰ ਚੱਲ ਕੇ ਇਨ੍ਹਾਂ ਦੀ ਪਾਲਣਾ ਕਰੇਂ,+ ਤਾਂ ਮੈਂ ਤੇਰੇ ਬਾਰੇ ਉਹ ਵਾਅਦਾ ਪੂਰਾ ਕਰਾਂਗਾ ਜੋ ਮੈਂ ਤੇਰੇ ਪਿਤਾ ਦਾਊਦ ਨਾਲ ਕੀਤਾ ਸੀ,+ ਖ਼ਾਸ ਕਰਕੇ ਉਹ ਵਾਅਦਾ ਜੋ ਮੈਂ ਇਸ ਘਰ ਸੰਬੰਧੀ ਕੀਤਾ ਸੀ ਜੋ ਤੂੰ ਬਣਾ ਰਿਹਾ ਹੈਂ, 13 ਅਤੇ ਮੈਂ ਇਜ਼ਰਾਈਲੀਆਂ ਦੇ ਵਿਚਕਾਰ ਵੱਸਾਂਗਾ+ ਅਤੇ ਮੈਂ ਆਪਣੀ ਪਰਜਾ ਇਜ਼ਰਾਈਲ ਨੂੰ ਨਹੀਂ ਤਿਆਗਾਂਗਾ।”+

14 ਸੁਲੇਮਾਨ ਭਵਨ ਨੂੰ ਬਣਾਉਂਦਾ ਰਿਹਾ ਜਦੋਂ ਤਕ ਉਹ ਪੂਰਾ ਨਹੀਂ ਬਣ ਗਿਆ। 15 ਉਸ ਨੇ ਭਵਨ ਦੀਆਂ ਅੰਦਰਲੀਆਂ ਕੰਧਾਂ ਦਿਆਰ ਦੇ ਤਖ਼ਤਿਆਂ ਨਾਲ ਬਣਾਈਆਂ। ਉਸ ਨੇ ਥੱਲਿਓਂ ਲੈ ਕੇ ਭਵਨ ਦੀ ਛੱਤ ਦੀਆਂ ਸ਼ਤੀਰੀਆਂ ਤਕ ਅੰਦਰਲੀਆਂ ਕੰਧਾਂ ਉੱਤੇ ਲੱਕੜ ਲਾਈ ਅਤੇ ਉਸ ਨੇ ਭਵਨ ਦੇ ਫ਼ਰਸ਼ ਉੱਤੇ ਸਨੋਬਰ ਦੀ ਲੱਕੜ ਦੇ ਤਖ਼ਤੇ ਲਾਏ।+ 16 ਉਸ ਨੇ ਭਵਨ ਦੇ ਅੰਦਰ ਪਿਛਲੇ ਪਾਸੇ 20 ਹੱਥ ਦਾ ਇਕ ਹਿੱਸਾ ਥੱਲਿਓਂ ਲੈ ਕੇ ਸ਼ਤੀਰੀਆਂ ਤਕ ਦਿਆਰ ਦੇ ਤਖ਼ਤਿਆਂ ਨਾਲ ਬਣਾਇਆ। ਉਸ ਨੇ ਇਸ ਹਿੱਸੇ ਵਿਚ* ਅੰਦਰਲਾ ਕਮਰਾ+ ਯਾਨੀ ਅੱਤ ਪਵਿੱਤਰ ਕਮਰਾ ਬਣਾਇਆ।+ 17 ਭਵਨ ਦਾ ਅਗਲਾ ਹਿੱਸਾ, ਯਾਨੀ ਮੰਦਰ*+ 40 ਹੱਥ ਲੰਬਾ ਸੀ। 18 ਭਵਨ ਦੇ ਅੰਦਰ ਲੱਗੀ ਦਿਆਰ ਦੀ ਲੱਕੜ ਉੱਤੇ ਕੱਦੂ ਅਤੇ ਖਿੜੇ ਹੋਏ ਫੁੱਲ ਨਕਾਸ਼ੇ ਗਏ ਸਨ।+ ਇਹ ਸਾਰਾ ਦਿਆਰ ਦਾ ਸੀ; ਕਿਤੇ ਵੀ ਕੋਈ ਪੱਥਰ ਨਹੀਂ ਸੀ ਦਿਸਦਾ।

19 ਉਸ ਨੇ ਭਵਨ ਦੇ ਵਿਚਲਾ ਅੰਦਰਲਾ ਕਮਰਾ+ ਤਿਆਰ ਕੀਤਾ ਤਾਂਕਿ ਉੱਥੇ ਯਹੋਵਾਹ ਦੇ ਇਕਰਾਰ ਦਾ ਸੰਦੂਕ ਰੱਖਿਆ ਜਾਵੇ।+ 20 ਅੰਦਰਲੇ ਕਮਰੇ ਦੀ ਲੰਬਾਈ 20 ਹੱਥ, ਚੁੜਾਈ 20 ਹੱਥ ਅਤੇ ਉਚਾਈ 20 ਹੱਥ ਸੀ;+ ਉਸ ਨੇ ਇਸ ਨੂੰ ਖਾਲਸ ਸੋਨੇ ਨਾਲ ਮੜ੍ਹਿਆ; ਉਸ ਨੇ ਵੇਦੀ+ ʼਤੇ ਦਿਆਰ ਦੀ ਲੱਕੜ ਲਾਈ। 21 ਸੁਲੇਮਾਨ ਨੇ ਭਵਨ ਨੂੰ ਅੰਦਰੋਂ ਖਾਲਸ ਸੋਨੇ ਨਾਲ ਮੜ੍ਹਿਆ;+ ਉਸ ਨੇ ਸੋਨੇ ਨਾਲ ਮੜ੍ਹੇ ਅੰਦਰਲੇ ਕਮਰੇ+ ਦੇ ਸਾਮ੍ਹਣੇ ਸੋਨੇ ਦੀਆਂ ਜ਼ੰਜੀਰਾਂ ਲਾਈਆਂ। 22 ਉਸ ਨੇ ਪੂਰੇ ਦਾ ਪੂਰਾ ਭਵਨ ਸੋਨੇ ਨਾਲ ਮੜ੍ਹ ਦਿੱਤਾ; ਉਸ ਨੇ ਅੰਦਰਲੇ ਕਮਰੇ ਦੇ ਕੋਲ ਪਈ ਸਾਰੀ ਵੇਦੀ ਨੂੰ ਵੀ ਸੋਨੇ ਨਾਲ ਮੜ੍ਹਿਆ।+

23 ਅੰਦਰਲੇ ਕਮਰੇ ਵਿਚ ਉਸ ਨੇ ਚੀਲ੍ਹ ਦੀ ਲੱਕੜ* ਦੇ ਦੋ ਕਰੂਬੀ+ ਬਣਾਏ ਜਿਨ੍ਹਾਂ ਦੀ ਉਚਾਈ ਦਸ ਹੱਥ ਸੀ।+ 24 ਕਰੂਬੀ ਦੇ ਇਕ ਖੰਭ ਦੀ ਲੰਬਾਈ ਪੰਜ ਹੱਥ ਸੀ ਅਤੇ ਦੂਜੇ ਖੰਭ ਦੀ ਲੰਬਾਈ ਵੀ ਪੰਜ ਹੱਥ। ਇਕ ਖੰਭ ਦੇ ਸਿਰੇ ਤੋਂ ਲੈ ਕੇ ਦੂਜੇ ਖੰਭ ਦੇ ਸਿਰੇ ਤਕ ਲੰਬਾਈ ਦਸ ਹੱਥ ਸੀ। 25 ਦੂਜਾ ਕਰੂਬੀ ਵੀ ਦਸ ਹੱਥ ਸੀ। ਦੋਹਾਂ ਕਰੂਬੀਆਂ ਦਾ ਆਕਾਰ ਅਤੇ ਰੂਪ ਇੱਕੋ ਜਿਹਾ ਸੀ। 26 ਇਕ ਕਰੂਬੀ ਦੀ ਉਚਾਈ ਦਸ ਹੱਥ ਸੀ ਜਿਵੇਂ ਦੂਜੇ ਕਰੂਬੀ ਦੀ ਸੀ। 27 ਫਿਰ ਉਸ ਨੇ ਕਰੂਬੀਆਂ+ ਨੂੰ ਅੰਦਰਲੇ ਕਮਰੇ* ਵਿਚ ਰੱਖ ਦਿੱਤਾ। ਕਰੂਬੀਆਂ ਦੇ ਖੰਭ ਫੈਲੇ ਹੋਏ ਸਨ ਜਿਸ ਕਰਕੇ ਇਕ ਕਰੂਬੀ ਦਾ ਇਕ ਖੰਭ ਇਕ ਕੰਧ ਨਾਲ ਅਤੇ ਦੂਜੇ ਕਰੂਬੀ ਦਾ ਇਕ ਖੰਭ ਦੂਸਰੀ ਕੰਧ ਨਾਲ ਲੱਗਦਾ ਸੀ। ਅਤੇ ਉਨ੍ਹਾਂ ਦੇ ਦੂਸਰੇ ਖੰਭ ਭਵਨ ਦੇ ਵਿਚਕਾਰ ਵੱਲ ਨੂੰ ਫੈਲੇ ਹੋਏ ਸਨ ਜਿਸ ਕਰਕੇ ਦੋਵੇਂ ਖੰਭ ਇਕ-ਦੂਜੇ ਨੂੰ ਛੋਂਹਦੇ ਸਨ। 28 ਉਸ ਨੇ ਕਰੂਬੀਆਂ ਨੂੰ ਸੋਨੇ ਨਾਲ ਮੜ੍ਹਿਆ।

29 ਉਸ ਨੇ ਭਵਨ ਦੀਆਂ ਸਾਰੀਆਂ ਕੰਧਾਂ ʼਤੇ, ਯਾਨੀ ਅੰਦਰਲੇ ਤੇ ਬਾਹਰਲੇ ਕਮਰਿਆਂ* ਦੀਆਂ ਸਾਰੀਆਂ ਕੰਧਾਂ ʼਤੇ ਕਰੂਬੀ,+ ਖਜੂਰਾਂ ਦੇ ਦਰਖ਼ਤ+ ਅਤੇ ਖਿੜੇ ਹੋਏ ਫੁੱਲ ਉੱਕਰੇ।+ 30 ਉਸ ਨੇ ਘਰ ਦੇ ਅੰਦਰਲੇ ਤੇ ਬਾਹਰਲੇ ਕਮਰਿਆਂ ਦੇ ਫ਼ਰਸ਼ ਨੂੰ ਸੋਨੇ ਨਾਲ ਮੜ੍ਹਿਆ। 31 ਉਸ ਨੇ ਅੰਦਰਲੇ ਕਮਰੇ ਦੇ ਲਾਂਘੇ ਲਈ ਚੀਲ੍ਹ ਦੀ ਲੱਕੜ ਦੇ ਦਰਵਾਜ਼ੇ, ਦੋਹਾਂ ਪਾਸਿਆਂ ਦੇ ਥੰਮ੍ਹ ਅਤੇ ਚੁਗਾਠਾਂ ਬਣਾਈਆਂ ਜੋ ਪੰਜਵਾਂ ਹਿੱਸਾ* ਸੀ। 32 ਦੋਵੇਂ ਦਰਵਾਜ਼ੇ ਚੀਲ੍ਹ ਦੀ ਲੱਕੜ ਦੇ ਬਣੇ ਸਨ ਅਤੇ ਉਸ ਨੇ ਉਨ੍ਹਾਂ ਉੱਤੇ ਕਰੂਬੀ, ਖਜੂਰ ਦੇ ਦਰਖ਼ਤ ਅਤੇ ਖਿੜੇ ਹੋਏ ਫੁੱਲ ਉੱਕਰੇ ਅਤੇ ਉਸ ਨੇ ਉਨ੍ਹਾਂ ਨੂੰ ਸੋਨੇ ਨਾਲ ਮੜ੍ਹਿਆ; ਅਤੇ ਉਸ ਨੇ ਕਰੂਬੀਆਂ ਅਤੇ ਖਜੂਰ ਦੇ ਦਰਖ਼ਤਾਂ ਉੱਤੇ ਸੋਨਾ ਕੁੱਟ-ਕੁੱਟ ਕੇ ਮੜ੍ਹਿਆ। 33 ਉਸ ਨੇ ਮੰਦਰ* ਦੇ ਲਾਂਘੇ ਲਈ ਚੀਲ੍ਹ ਦੀ ਲੱਕੜ ਦੀਆਂ ਚੁਗਾਠਾਂ ਵੀ ਇਸੇ ਤਰ੍ਹਾਂ ਬਣਾਈਆਂ ਜੋ ਚੌਥਾ ਹਿੱਸਾ* ਸੀ। 34 ਉਸ ਨੇ ਸਨੋਬਰ ਦੀ ਲੱਕੜ ਦੇ ਦੋ ਦਰਵਾਜ਼ੇ ਬਣਾਏ। ਇਕ ਦਰਵਾਜ਼ੇ ਦੇ ਦੋ ਪੱਲੇ ਸਨ ਜੋ ਚੂਲਾਂ ʼਤੇ ਮੁੜ ਕੇ ਦੂਹਰੇ ਹੋ ਜਾਂਦੇ ਸਨ ਅਤੇ ਦੂਸਰੇ ਦਰਵਾਜ਼ੇ ਦੇ ਵੀ ਦੋ ਪੱਲੇ ਸਨ ਜੋ ਚੂਲਾਂ ʼਤੇ ਮੁੜ ਕੇ ਦੂਹਰੇ ਹੋ ਜਾਂਦੇ ਸਨ।+ 35 ਉਸ ਨੇ ਕਰੂਬੀ, ਖਜੂਰ ਦੇ ਦਰਖ਼ਤ ਅਤੇ ਖਿੜੇ ਹੋਏ ਫੁੱਲ ਉੱਕਰੇ ਅਤੇ ਉਨ੍ਹਾਂ ਉੱਤੇ ਸੋਨੇ ਦੀ ਪਰਤ ਚੜ੍ਹਾਈ।

36 ਉਸ ਨੇ ਤਰਾਸ਼ੇ ਹੋਏ ਪੱਥਰਾਂ ਦੇ ਤਿੰਨ ਰਦਿਆਂ ਅਤੇ ਦਿਆਰ ਦੀਆਂ ਸ਼ਤੀਰਾਂ ਦੀ ਇਕ ਕਤਾਰ ਨਾਲ+ ਅੰਦਰਲਾ ਵਿਹੜਾ ਬਣਾਇਆ।+

37 ਚੌਥੇ ਸਾਲ ਦੇ ਜ਼ਿਵ* ਮਹੀਨੇ ਵਿਚ ਯਹੋਵਾਹ ਦੇ ਭਵਨ ਦੀ ਨੀਂਹ ਰੱਖੀ ਗਈ ਸੀ;+ 38 11ਵੇਂ ਸਾਲ ਦੇ ਬੂਲ* ਮਹੀਨੇ ਵਿਚ (ਯਾਨੀ ਅੱਠਵੇਂ ਮਹੀਨੇ) ਭਵਨ ਪੂਰੀ ਤਰ੍ਹਾਂ ਬਣ ਕੇ ਤਿਆਰ ਹੋ ਗਿਆ ਤੇ ਨਕਸ਼ੇ ਮੁਤਾਬਕ ਇਸ ਦੀ ਹਰ ਚੀਜ਼ ਬਾਰੀਕੀ ਨਾਲ ਬਣਾਈ ਗਈ।+ ਉਸ ਨੂੰ ਇਹ ਘਰ ਉਸਾਰਨ ਵਿਚ ਸੱਤ ਸਾਲ ਲੱਗੇ।

7 ਸੁਲੇਮਾਨ ਨੂੰ ਆਪਣਾ ਮਹਿਲ ਬਣਾਉਣ ਵਿਚ 13 ਸਾਲ ਲੱਗੇ+ ਜਦ ਤਕ ਇਹ ਪੂਰੀ ਤਰ੍ਹਾਂ ਬਣ ਕੇ ਤਿਆਰ ਨਹੀਂ ਹੋ ਗਿਆ।+

2 ਉਸ ਨੇ “ਲਬਾਨੋਨ ਵਣ ਭਵਨ” ਬਣਾਇਆ+ ਜਿਸ ਦੀ ਲੰਬਾਈ 100 ਹੱਥ,* ਚੁੜਾਈ 50 ਹੱਥ ਤੇ ਉਚਾਈ 30 ਹੱਥ ਸੀ ਅਤੇ ਇਹ ਦਿਆਰ ਦੇ ਥੰਮ੍ਹਾਂ ਦੀਆਂ ਚਾਰ ਕਤਾਰਾਂ ਉੱਤੇ ਖੜ੍ਹਾ ਸੀ; ਅਤੇ ਥੰਮ੍ਹਾਂ ਉੱਤੇ ਦਿਆਰ ਦੀਆਂ ਸ਼ਤੀਰੀਆਂ+ ਸਨ। 3 ਥੰਮ੍ਹਾਂ ਉੱਤੇ ਰੱਖੀਆਂ ਸ਼ਤੀਰੀਆਂ ਉੱਤੇ ਦਿਆਰ ਦੇ ਫੱਟੇ ਲਾਏ ਗਏ ਸਨ; ਇਨ੍ਹਾਂ ਦੀ ਗਿਣਤੀ 45 ਸੀ, ਹਰ ਕਤਾਰ ਵਿਚ 15 ਸਨ। 4 ਚੁਗਾਠਾਂ ਵਾਲੀਆਂ ਖਿੜਕੀਆਂ ਦੀਆਂ ਤਿੰਨ ਕਤਾਰਾਂ ਸਨ ਅਤੇ ਤਿੰਨਾਂ ਕਤਾਰਾਂ ਵਿਚ ਹਰ ਖਿੜਕੀ ਇਕ-ਦੂਜੀ ਦੇ ਆਮ੍ਹੋ-ਸਾਮ੍ਹਣੇ ਸੀ। 5 ਸਾਰੇ ਦਰਵਾਜ਼ੇ ਅਤੇ ਚੁਗਾਠਾਂ ਚੌਰਸ* ਸਨ ਜਿਵੇਂ ਉਹ ਖਿੜਕੀਆਂ ਜੋ ਤਿੰਨ ਕਤਾਰਾਂ ਵਿਚ ਇਕ-ਦੂਜੇ ਦੇ ਆਮ੍ਹੋ-ਸਾਮ੍ਹਣੇ ਸਨ।

6 ਉਸ ਨੇ “ਥੰਮ੍ਹਾਂ ਵਾਲੀ ਦਲਾਨ” ਬਣਾਈ ਜਿਸ ਦੀ ਲੰਬਾਈ 50 ਹੱਥ ਅਤੇ ਚੁੜਾਈ 30 ਹੱਥ ਸੀ ਅਤੇ ਉਸ ਦੇ ਅੱਗੇ ਥੰਮ੍ਹਾਂ ਤੇ ਛੱਜੇ ਵਾਲੀ ਇਕ ਹੋਰ ਦਲਾਨ ਸੀ।

7 ਉਸ ਨੇ “ਸਿੰਘਾਸਣ ਵਾਲੀ ਦਲਾਨ”+ ਯਾਨੀ “ਨਿਆਂ ਵਾਲੀ ਦਲਾਨ”+ ਵੀ ਬਣਾਈ ਜਿੱਥੇ ਉਹ ਨਿਆਂ ਕਰਦਾ ਸੀ ਅਤੇ ਉਨ੍ਹਾਂ ਨੇ ਥੱਲਿਓਂ ਲੈ ਕੇ ਸ਼ਤੀਰੀਆਂ ਤਕ ਉਸ ʼਤੇ ਦਿਆਰ ਦੇ ਤਖ਼ਤੇ ਲਾਏ।

8 ਜਿਸ ਮਹਿਲ ਵਿਚ ਉਸ ਨੇ ਰਹਿਣਾ ਸੀ, ਉਹ ਇਸ ਦਲਾਨ* ਦੇ ਪਿਛਲੇ ਪਾਸੇ ਦੂਸਰੇ ਵਿਹੜੇ+ ਵਿਚ ਸੀ ਅਤੇ ਇਹ ਇਸ ਦਲਾਨ ਵਾਂਗ ਹੀ ਬਣਾਇਆ ਗਿਆ ਸੀ। ਸੁਲੇਮਾਨ ਨੇ ਇਸ ਦਲਾਨ ਵਰਗਾ ਇਕ ਹੋਰ ਮਹਿਲ ਫ਼ਿਰਊਨ ਦੀ ਧੀ ਲਈ ਵੀ ਬਣਾਇਆ ਜਿਸ ਨਾਲ ਉਸ ਨੇ ਵਿਆਹ ਕਰਾਇਆ ਸੀ।+

9 ਇਹ ਸਭ ਕੁਝ ਮਿਣਤੀ ਅਨੁਸਾਰ ਕੱਟੇ ਗਏ ਕੀਮਤੀ ਪੱਥਰਾਂ+ ਨਾਲ ਬਣਾਇਆ ਗਿਆ ਸੀ ਜੋ ਅੰਦਰੋਂ-ਬਾਹਰੋਂ ਆਰਿਆਂ ਨਾਲ ਤਰਾਸ਼ੇ ਗਏ ਸਨ। ਨੀਹਾਂ ਤੋਂ ਲੈ ਕੇ ਕੰਧਾਂ ਦੇ ਸਿਰਿਆਂ ਤਕ ਅਤੇ ਬਾਹਰ ਵੱਡੇ ਵਿਹੜੇ+ ਤਕ ਅਜਿਹੇ ਹੀ ਪੱਥਰ ਸਨ। 10 ਨੀਂਹ ਬਹੁਤ ਵੱਡੇ-ਵੱਡੇ ਕੀਮਤੀ ਪੱਥਰਾਂ ਨਾਲ ਰੱਖੀ ਗਈ ਸੀ; ਕੁਝ ਪੱਥਰ ਦਸ ਹੱਥ ਦੇ ਸਨ ਤੇ ਬਾਕੀ ਅੱਠ ਹੱਥ ਦੇ। 11 ਉਨ੍ਹਾਂ ਉੱਤੇ ਮਿਣਤੀ ਅਨੁਸਾਰ ਤਰਾਸ਼ੇ ਗਏ ਕੀਮਤੀ ਪੱਥਰ ਅਤੇ ਦਿਆਰ ਦੀ ਲੱਕੜ ਲਾਈ ਗਈ ਸੀ। 12 ਵੱਡੇ ਵਿਹੜੇ ਦੇ ਦੁਆਲੇ ਤਿੰਨ ਰਦਾਂ ਤਰਾਸ਼ੇ ਹੋਏ ਪੱਥਰਾਂ ਦੀਆਂ ਅਤੇ ਇਕ ਕਤਾਰ ਦਿਆਰ ਦੀਆਂ ਸ਼ਤੀਰੀਆਂ ਦੀ ਸੀ ਜਿਵੇਂ ਯਹੋਵਾਹ ਦੇ ਭਵਨ ਦੇ ਅੰਦਰਲੇ ਵਿਹੜੇ+ ਦੁਆਲੇ ਅਤੇ ਭਵਨ ਦੀ ਦਲਾਨ+ ਦੁਆਲੇ ਸੀ।

13 ਰਾਜਾ ਸੁਲੇਮਾਨ ਨੇ ਸੋਰ ਤੋਂ ਹੀਰਾਮ+ ਨੂੰ ਬੁਲਵਾਇਆ। 14 ਉਹ ਨਫ਼ਤਾਲੀ ਦੇ ਗੋਤ ਦੀ ਇਕ ਵਿਧਵਾ ਦਾ ਪੁੱਤਰ ਸੀ ਅਤੇ ਉਸ ਦਾ ਪਿਤਾ ਸੋਰ ਦਾ ਰਹਿਣ ਵਾਲਾ ਠਠਿਆਰ ਸੀ;+ ਹੀਰਾਮ ਤਾਂਬੇ* ਦਾ ਹਰ ਤਰ੍ਹਾਂ ਦਾ ਕੰਮ ਕਰਨ ਵਿਚ ਬਹੁਤ ਮਾਹਰ ਸੀ ਅਤੇ ਉਸ ਨੂੰ ਇਸ ਕੰਮ ਦੀ ਸਮਝ+ ਤੇ ਤਜਰਬਾ ਸੀ। ਉਹ ਰਾਜਾ ਸੁਲੇਮਾਨ ਕੋਲ ਆਇਆ ਅਤੇ ਉਸ ਦਾ ਸਾਰਾ ਕੰਮ ਕੀਤਾ।

15 ਉਸ ਨੇ ਤਾਂਬੇ ਨੂੰ ਢਾਲ਼ ਕੇ ਦੋ ਥੰਮ੍ਹ ਬਣਾਏ;+ ਹਰੇਕ ਥੰਮ੍ਹ ਦੀ ਉਚਾਈ 18 ਹੱਥ ਅਤੇ ਹਰੇਕ ਦਾ ਘੇਰਾ 12 ਹੱਥ ਸੀ।*+ 16 ਉਸ ਨੇ ਥੰਮ੍ਹਾਂ ਦੇ ਸਿਰਿਆਂ ʼਤੇ ਰੱਖਣ ਲਈ ਤਾਂਬੇ ਨੂੰ ਢਾਲ਼ ਕੇ ਦੋ ਕੰਗੂਰੇ* ਬਣਾਏ। ਇਕ ਕੰਗੂਰੇ ਦੀ ਉਚਾਈ ਪੰਜ ਹੱਥ ਸੀ ਤੇ ਦੂਜੇ ਕੰਗੂਰੇ ਦੀ ਉਚਾਈ ਵੀ ਪੰਜ ਹੱਥ ਸੀ। 17 ਹਰੇਕ ਥੰਮ੍ਹ ਦੇ ਕੰਗੂਰੇ ਉੱਤੇ ਗੁੰਦੀਆਂ ਹੋਈਆਂ ਜ਼ੰਜੀਰਾਂ ਨਾਲ ਜਾਲ਼ੀਆਂ ਬਣਾਈਆਂ ਗਈਆਂ ਸਨ;+ ਸੱਤ ਇਕ ਕੰਗੂਰੇ ਉੱਤੇ ਅਤੇ ਸੱਤ ਦੂਸਰੇ ਕੰਗੂਰੇ ਉੱਤੇ। 18 ਉਸ ਨੇ ਥੰਮ੍ਹਾਂ ਦੇ ਕੰਗੂਰਿਆਂ ʼਤੇ ਬਣੀਆਂ ਜਾਲ਼ੀਆਂ ਦੇ ਦੁਆਲੇ ਅਨਾਰਾਂ ਦੀਆਂ ਦੋ ਕਤਾਰਾਂ ਬਣਾਈਆਂ; ਉਸ ਨੇ ਦੋਹਾਂ ਕੰਗੂਰਿਆਂ ʼਤੇ ਇਸੇ ਤਰ੍ਹਾਂ ਕੀਤਾ। 19 ਦਲਾਨ ਦੇ ਥੰਮ੍ਹਾਂ ਦੇ ਸਿਰਿਆਂ ʼਤੇ ਬਣੇ ਕੰਗੂਰੇ ਸੋਸਨ ਦੇ ਫੁੱਲਾਂ ਵਰਗੇ ਸਨ ਜਿਨ੍ਹਾਂ ਦੀ ਉਚਾਈ ਚਾਰ ਹੱਥ ਸੀ। 20 ਕੰਗੂਰੇ ਦੋਹਾਂ ਥੰਮ੍ਹਾਂ ਉੱਤੇ ਸਨ ਜੋ ਥੰਮ੍ਹਾਂ ਦੇ ਗੋਲ ਸਿਰੇ ਦੇ ਬਿਲਕੁਲ ਉੱਪਰ ਜਾਲ਼ੀਦਾਰ ਕੰਮ ਦੇ ਨਾਲ ਲੱਗਦੇ ਸਨ। ਹਰ ਕੰਗੂਰੇ ਦੇ ਦੁਆਲੇ ਕਤਾਰਾਂ ਸਨ ਜਿਨ੍ਹਾਂ ਵਿਚ 200 ਅਨਾਰ ਸਨ।+

21 ਉਸ ਨੇ ਮੰਦਰ* ਦੀ ਦਲਾਨ ਦੇ ਥੰਮ੍ਹ ਖੜ੍ਹੇ ਕੀਤੇ।+ ਉਸ ਨੇ ਸੱਜੇ* ਪਾਸੇ ਦਾ ਥੰਮ੍ਹ ਖੜ੍ਹਾ ਕੀਤਾ ਤੇ ਉਸ ਦਾ ਨਾਂ ਯਾਕੀਨ* ਰੱਖਿਆ ਅਤੇ ਫਿਰ ਉਸ ਨੇ ਖੱਬੇ* ਪਾਸੇ ਦਾ ਥੰਮ੍ਹ ਖੜ੍ਹਾ ਕੀਤਾ ਤੇ ਉਸ ਦਾ ਨਾਂ ਬੋਅਜ਼* ਰੱਖਿਆ।+ 22 ਥੰਮ੍ਹਾਂ ਦੇ ਸਿਰੇ ਸੋਸਨ ਦੇ ਫੁੱਲਾਂ ਵਰਗੇ ਦਿਸਦੇ ਸਨ। ਇਸ ਤਰ੍ਹਾਂ ਥੰਮ੍ਹ ਬਣਾਉਣ ਦਾ ਕੰਮ ਪੂਰਾ ਹੋ ਗਿਆ।

23 ਫਿਰ ਉਸ ਨੇ ਧਾਤ ਨੂੰ ਢਾਲ਼ ਕੇ ਵੱਡਾ ਹੌਦ* ਬਣਾਇਆ।+ ਇਹ ਗੋਲ ਸੀ ਤੇ ਕੰਢੇ ਤੋਂ ਕੰਢੇ ਤਕ ਇਹ 10 ਹੱਥ ਸੀ ਅਤੇ ਇਸ ਦੀ ਉਚਾਈ 5 ਹੱਥ ਤੇ ਘੇਰਾ 30 ਹੱਥ ਸੀ।*+ 24 ਵੱਡੇ ਹੌਦ ਦੇ ਕੰਢੇ ਦੇ ਬਿਲਕੁਲ ਥੱਲੇ ਹਰ ਪਾਸੇ ਸਜਾਵਟ ਲਈ ਕੱਦੂ ਬਣਾਏ ਗਏ ਸਨ।+ ਇਕ-ਇਕ ਹੱਥ ਦੀ ਜਗ੍ਹਾ ʼਤੇ ਦਸ-ਦਸ ਕੱਦੂਆਂ ਦੀਆਂ ਦੋ ਕਤਾਰਾਂ ਸਨ ਤੇ ਇਨ੍ਹਾਂ ਨੂੰ ਹੌਦ ਸਣੇ ਢਾਲ਼ ਕੇ ਬਣਾਇਆ ਗਿਆ ਸੀ। 25 ਇਹ 12 ਬਲਦਾਂ ʼਤੇ ਰੱਖਿਆ ਗਿਆ ਸੀ,+ 3 ਬਲਦਾਂ ਦੇ ਮੂੰਹ ਉੱਤਰ ਵੱਲ, 3 ਦੇ ਪੱਛਮ ਵੱਲ, 3 ਦੇ ਦੱਖਣ ਵੱਲ ਅਤੇ 3 ਦੇ ਮੂੰਹ ਪੂਰਬ ਵੱਲ ਸਨ; ਵੱਡਾ ਹੌਦ ਉਨ੍ਹਾਂ ʼਤੇ ਰੱਖਿਆ ਗਿਆ ਸੀ ਅਤੇ ਉਨ੍ਹਾਂ ਸਾਰਿਆਂ ਦੀਆਂ ਪਿੱਠਾਂ ਅੰਦਰ ਵੱਲ ਨੂੰ ਸਨ। 26 ਇਸ ਦੀ ਮੋਟਾਈ ਇਕ ਚੱਪਾ* ਸੀ; ਇਸ ਦਾ ਕੰਢਾ ਪਿਆਲੇ ਦੇ ਕੰਢੇ ਵਰਗਾ ਸੀ ਜੋ ਸੋਸਨ ਦੇ ਖਿੜੇ ਹੋਏ ਫੁੱਲ ਵਰਗਾ ਦਿਸਦਾ ਸੀ। ਇਸ ਵਿਚ 2,000 ਬਥ* ਪਾਣੀ ਭਰਿਆ ਜਾ ਸਕਦਾ ਸੀ।

27 ਫਿਰ ਉਸ ਨੇ ਤਾਂਬੇ ਦੀਆਂ ਦਸ ਪਹੀਏਦਾਰ ਗੱਡੀਆਂ* ਬਣਾਈਆਂ।+ ਹਰੇਕ ਗੱਡੀ ਦੀ ਲੰਬਾਈ ਚਾਰ ਹੱਥ, ਚੁੜਾਈ ਚਾਰ ਹੱਥ ਅਤੇ ਉਚਾਈ ਤਿੰਨ ਹੱਥ ਸੀ। 28 ਇਹ ਪਹੀਏਦਾਰ ਗੱਡੀਆਂ ਇਸ ਤਰ੍ਹਾਂ ਬਣਾਈਆਂ ਗਈਆਂ ਸਨ: ਇਨ੍ਹਾਂ ਦੇ ਪਾਸਿਆਂ ʼਤੇ ਫੱਟੀਆਂ ਸਨ ਤੇ ਇਹ ਫੱਟੀਆਂ ਚੌਖਟਿਆਂ* ਦੇ ਵਿਚਕਾਰ ਲਾਈਆਂ ਗਈਆਂ ਸਨ। 29 ਚੌਖਟਿਆਂ ਦੇ ਵਿਚਕਾਰ ਲੱਗੀਆਂ ਫੱਟੀਆਂ ਉੱਤੇ ਸ਼ੇਰ,+ ਬਲਦ ਤੇ ਕਰੂਬੀ+ ਬਣੇ ਸਨ ਅਤੇ ਇਹੀ ਬਣਾਵਟ ਚੌਖਟਿਆਂ ਦੇ ਉੱਤੇ ਸੀ। ਸ਼ੇਰਾਂ ਅਤੇ ਬਲਦਾਂ ਦੀ ਬਣਾਵਟ ਦੇ ਉੱਪਰ-ਥੱਲੇ ਗੁੰਦੇ ਹੋਏ ਲਟਕਵੇਂ ਹਾਰ ਸਨ। 30 ਹਰੇਕ ਪਹੀਏਦਾਰ ਗੱਡੀ ਦੇ ਤਾਂਬੇ ਦੇ ਚਾਰ ਪਹੀਏ ਤੇ ਤਾਂਬੇ ਦੀਆਂ ਧੁਰੀਆਂ ਸਨ ਅਤੇ ਉਸ ਦੇ ਕੋਨਿਆਂ ʼਤੇ ਸਹਾਰੇ ਲਈ ਟੇਕਾਂ ਸਨ। ਛੋਟੇ ਹੌਦ ਦੇ ਥੱਲੇ ਟੇਕਾਂ ਸਨ ਜਿਨ੍ਹਾਂ ਉੱਤੇ ਗੁੰਦੇ ਹੋਏ ਹਾਰ ਬਣੇ ਹੋਏ ਸਨ ਅਤੇ ਇਹ ਟੇਕਾਂ ਹਾਰਾਂ ਸਣੇ ਢਾਲ਼ ਕੇ ਬਣਾਈਆਂ ਗਈਆਂ ਸਨ। 31 ਛੋਟੇ ਹੌਦ ਦਾ ਮੂੰਹ ਗੱਡੀ ਦੇ ਉੱਪਰੀ ਸਿਰੇ ਦੇ ਅੰਦਰ ਸੀ ਤੇ ਇਸ ਦਾ ਥੱਲਾ ਇਕ ਹੱਥ ਡੂੰਘਾ ਸੀ; ਗੱਡੀ ਦਾ ਮੂੰਹ ਗੋਲ ਸੀ ਜਿਸ ਦੀ ਉਚਾਈ ਟੇਕਾਂ ਨਾਲ ਮਿਲਾ ਕੇ ਡੇਢ ਹੱਥ ਬਣਦੀ ਸੀ। ਗੱਡੀ ਦੇ ਮੂੰਹ ʼਤੇ ਨਕਾਸ਼ੀ ਕੀਤੀ ਗਈ ਸੀ ਅਤੇ ਇਨ੍ਹਾਂ ਦੇ ਪਾਸਿਆਂ ʼਤੇ ਲੱਗੀਆਂ ਫੱਟੀਆਂ ਚੌਰਸ ਸਨ, ਨਾ ਕਿ ਗੋਲ। 32 ਚਾਰ ਪਹੀਏ ਪਾਸਿਆਂ ʼਤੇ ਲੱਗੀਆਂ ਫੱਟੀਆਂ ਦੇ ਥੱਲੇ ਸਨ ਅਤੇ ਪਹੀਆਂ ਦੀਆਂ ਟੇਕਾਂ ਗੱਡੀਆਂ ਨਾਲ ਜੁੜੀਆਂ ਹੋਈਆਂ ਸਨ ਤੇ ਹਰ ਪਹੀਏ ਦੀ ਉਚਾਈ ਡੇਢ ਹੱਥ ਸੀ। 33 ਅਤੇ ਪਹੀਏ ਰਥਾਂ ਦੇ ਪਹੀਆਂ ਵਰਗੇ ਬਣਾਏ ਗਏ ਸਨ। ਉਨ੍ਹਾਂ ਦੇ ਕਿੱਲ, ਚੱਕੇ, ਅਰਾਂ ਅਤੇ ਨਾਭਾਂ ਧਾਤ ਨੂੰ ਢਾਲ਼ ਕੇ ਬਣਾਈਆਂ ਗਈਆਂ ਸਨ। 34 ਹਰੇਕ ਗੱਡੀ ਦੇ ਚਾਰ ਕੋਨਿਆਂ ʼਤੇ ਚਾਰ ਟੇਕਾਂ ਸਨ; ਇਹ ਟੇਕਾਂ ਗੱਡੀਆਂ ਸਣੇ ਢਾਲ਼ ਕੇ ਬਣਾਈਆਂ ਗਈਆਂ ਸਨ। 35 ਗੱਡੀ ਦੇ ਉੱਪਰੀ ਸਿਰੇ ʼਤੇ ਅੱਧਾ ਹੱਥ ਉੱਚੀ ਇਕ ਗੋਲਾਕਾਰ ਪੱਟੀ ਸੀ ਅਤੇ ਗੱਡੀ ਦੇ ਸਿਰੇ ਦੇ ਚੌਖਟੇ ਅਤੇ ਫੱਟੀਆਂ ਪਹੀਏਦਾਰ ਗੱਡੀਆਂ ਸਣੇ ਢਾਲ਼ ਕੇ ਬਣਾਈਆਂ ਗਈਆਂ ਸਨ। 36 ਉਸ ਨੇ ਚੌਖਟਿਆਂ ਅਤੇ ਫੱਟੀਆਂ ਉੱਤੇ ਜਗ੍ਹਾ ਦੇ ਹਿਸਾਬ ਨਾਲ ਕਰੂਬੀ, ਸ਼ੇਰ ਅਤੇ ਖਜੂਰਾਂ ਦੇ ਦਰਖ਼ਤ ਨਕਾਸ਼ੇ ਅਤੇ ਉਨ੍ਹਾਂ ਦੇ ਸਾਰੇ ਪਾਸੇ ਗੁੰਦੇ ਹੋਏ ਹਾਰ ਬਣਾਏ।+ 37 ਇਸ ਤਰ੍ਹਾਂ ਉਸ ਨੇ ਦਸ ਪਹੀਏਦਾਰ ਗੱਡੀਆਂ ਬਣਾਈਆਂ;+ ਉਹ ਸਾਰੀਆਂ ਇੱਕੋ ਤਰੀਕੇ ਨਾਲ ਢਾਲ਼ ਕੇ ਬਣਾਈਆਂ ਗਈਆਂ ਸਨ+ ਅਤੇ ਸਾਰੀਆਂ ਦਾ ਨਾਪ ਤੇ ਆਕਾਰ ਇੱਕੋ ਜਿਹਾ ਸੀ।

38 ਉਸ ਨੇ ਤਾਂਬੇ ਦੇ ਦਸ ਛੋਟੇ ਹੌਦ ਬਣਾਏ;+ ਹਰੇਕ ਵਿਚ 40 ਬਥ ਪਾਣੀ ਭਰਿਆ ਜਾ ਸਕਦਾ ਸੀ। ਹਰ ਛੋਟਾ ਹੌਦ ਚਾਰ ਹੱਥ* ਦਾ ਸੀ। ਦਸਾਂ ਪਹੀਏਦਾਰ ਗੱਡੀਆਂ ਵਿੱਚੋਂ ਹਰੇਕ ਲਈ ਇਕ-ਇਕ ਛੋਟਾ ਹੌਦ ਸੀ। 39 ਫਿਰ ਉਸ ਨੇ ਪੰਜ ਪਹੀਏਦਾਰ ਗੱਡੀਆਂ ਭਵਨ ਦੇ ਸੱਜੇ ਪਾਸੇ ਰੱਖੀਆਂ ਅਤੇ ਪੰਜ ਪਹੀਏਦਾਰ ਗੱਡੀਆਂ ਭਵਨ ਦੇ ਖੱਬੇ ਪਾਸੇ ਅਤੇ ਉਸ ਨੇ ਵੱਡਾ ਹੌਦ ਭਵਨ ਦੇ ਸੱਜੇ ਪਾਸੇ ਦੱਖਣ-ਪੂਰਬ ਵੱਲ ਰੱਖਿਆ।+

40 ਹੀਰਾਮ+ ਨੇ ਛੋਟੇ ਹੌਦ, ਬੇਲਚੇ+ ਅਤੇ ਕਟੋਰੇ+ ਵੀ ਬਣਾਏ। ਹੀਰਾਮ ਨੇ ਰਾਜਾ ਸੁਲੇਮਾਨ ਲਈ ਯਹੋਵਾਹ ਦੇ ਭਵਨ ਦਾ ਸਾਰਾ ਕੰਮ ਪੂਰਾ ਕੀਤਾ।+ ਉਸ ਨੇ ਇਹ ਸਭ ਬਣਾਇਆ: 41 ਦੋ ਥੰਮ੍ਹ+ ਅਤੇ ਦੋਹਾਂ ਥੰਮ੍ਹਾਂ ਦੇ ਸਿਰਿਆਂ ʼਤੇ ਕਟੋਰਿਆਂ ਵਰਗੇ ਕੰਗੂਰੇ; ਥੰਮ੍ਹਾਂ ਦੇ ਸਿਰਿਆਂ ʼਤੇ ਬਣੇ ਕਟੋਰਿਆਂ ਵਰਗੇ ਕੰਗੂਰਿਆਂ ਉੱਤੇ ਦੋ ਜਾਲ਼ੀਆਂ;+ 42 ਦੋਹਾਂ ਥੰਮ੍ਹਾਂ ਦੇ ਸਿਰਿਆਂ ʼਤੇ ਬਣੇ ਕਟੋਰਿਆਂ ਵਰਗੇ ਕੰਗੂਰਿਆਂ ਉੱਪਰ ਬਣਾਈਆਂ ਦੋ ਜਾਲ਼ੀਆਂ ਲਈ 400 ਅਨਾਰ,+ ਯਾਨੀ ਹਰ ਜਾਲ਼ੀ ਲਈ ਅਨਾਰਾਂ ਦੀਆਂ ਦੋ ਕਤਾਰਾਂ; 43 ਦਸ ਪਹੀਏਦਾਰ ਗੱਡੀਆਂ+ ਅਤੇ ਗੱਡੀਆਂ ʼਤੇ ਰੱਖਣ ਲਈ ਦਸ ਛੋਟੇ ਹੌਦ;+ 44 ਵੱਡਾ ਹੌਦ+ ਅਤੇ ਹੌਦ ਦੇ ਹੇਠਾਂ 12 ਬਲਦ; 45 ਅਤੇ ਬਾਲਟੀਆਂ, ਬੇਲਚੇ, ਕਟੋਰੇ ਤੇ ਸਾਰਾ ਸਾਮਾਨ ਹੀਰਾਮ ਨੇ ਰਾਜਾ ਸੁਲੇਮਾਨ ਲਈ ਯਹੋਵਾਹ ਦੇ ਭਵਨ ਵਾਸਤੇ ਮਾਂਜੇ ਹੋਏ ਤਾਂਬੇ ਦਾ ਬਣਾਇਆ। 46 ਰਾਜੇ ਨੇ ਇਨ੍ਹਾਂ ਨੂੰ ਯਰਦਨ ਜ਼ਿਲ੍ਹੇ ਵਿਚ ਸੁੱਕੋਥ ਅਤੇ ਸਾਰਥਾਨ ਵਿਚਕਾਰ ਮਿੱਟੀ ਦੇ ਸਾਂਚਿਆਂ ਵਿਚ ਢਾਲ਼ਿਆ।

47 ਇੰਨਾ ਸਾਰਾ ਸਾਮਾਨ ਹੋਣ ਕਰਕੇ ਸੁਲੇਮਾਨ ਨੇ ਇਸ ਨੂੰ ਤੋਲਿਆ ਨਹੀਂ। ਤਾਂਬੇ ਦੇ ਭਾਰ ਦਾ ਪਤਾ ਨਹੀਂ ਲੱਗ ਸਕਿਆ।+ 48 ਸੁਲੇਮਾਨ ਨੇ ਯਹੋਵਾਹ ਦੇ ਭਵਨ ਲਈ ਇਹ ਸਾਰੀਆਂ ਚੀਜ਼ਾਂ ਬਣਾਈਆਂ: ਸੋਨੇ ਦੀ ਵੇਦੀ;+ ਚੜ੍ਹਾਵੇ ਦੀਆਂ ਰੋਟੀਆਂ ਰੱਖਣ ਲਈ ਸੋਨੇ ਦਾ ਮੇਜ਼;+ 49 ਖਾਲਸ ਸੋਨੇ ਦੇ ਸ਼ਮਾਦਾਨ+ ਜੋ ਅੰਦਰਲੇ ਕਮਰੇ ਦੇ ਸਾਮ੍ਹਣੇ ਰੱਖੇ ਗਏ ਸਨ, ਪੰਜ ਸੱਜੇ ਪਾਸੇ ਅਤੇ ਪੰਜ ਖੱਬੇ ਪਾਸੇ; ਸੋਨੇ ਦੇ ਫੁੱਲ,+ ਦੀਵੇ ਅਤੇ ਚਿਮਟੀਆਂ;+ 50 ਖਾਲਸ ਸੋਨੇ ਦੇ ਹੌਦ, ਬੱਤੀ ਨੂੰ ਕੱਟਣ ਲਈ ਕੈਂਚੀਆਂ,+ ਕਟੋਰੇ, ਪਿਆਲੇ+ ਅਤੇ ਅੱਗ ਚੁੱਕਣ ਵਾਲੇ ਕੜਛੇ;+ ਅੰਦਰਲੇ ਕਮਰੇ ਯਾਨੀ ਅੱਤ ਪਵਿੱਤਰ ਕਮਰੇ ਦੇ ਦਰਵਾਜ਼ਿਆਂ+ ਅਤੇ ਭਵਨ ਦੇ ਮੰਦਰ* ਦੇ ਦਰਵਾਜ਼ਿਆਂ+ ਲਈ ਸੋਨੇ ਦੇ ਕਬਜ਼ੇ।

51 ਇਸ ਤਰ੍ਹਾਂ ਰਾਜਾ ਸੁਲੇਮਾਨ ਨੇ ਉਹ ਸਾਰਾ ਕੰਮ ਪੂਰਾ ਕੀਤਾ ਜੋ ਉਸ ਨੇ ਯਹੋਵਾਹ ਦੇ ਭਵਨ ਲਈ ਕਰਨਾ ਸੀ। ਫਿਰ ਸੁਲੇਮਾਨ ਨੇ ਉਹ ਸਾਰੀਆਂ ਚੀਜ਼ਾਂ ਲਿਆਂਦੀਆਂ ਜੋ ਉਸ ਦੇ ਪਿਤਾ ਦਾਊਦ ਨੇ ਪਵਿੱਤਰ ਕੀਤੀਆਂ ਸਨ+ ਅਤੇ ਉਸ ਨੇ ਚਾਂਦੀ, ਸੋਨਾ ਤੇ ਬਾਕੀ ਚੀਜ਼ਾਂ ਯਹੋਵਾਹ ਦੇ ਭਵਨ ਦੇ ਖ਼ਜ਼ਾਨਿਆਂ ਵਿਚ ਰੱਖ ਦਿੱਤੀਆਂ।+

8 ਉਸ ਸਮੇਂ ਸੁਲੇਮਾਨ ਨੇ ਇਜ਼ਰਾਈਲ ਦੇ ਬਜ਼ੁਰਗਾਂ, ਗੋਤਾਂ ਦੇ ਸਾਰੇ ਮੁਖੀਆਂ ਤੇ ਇਜ਼ਰਾਈਲ ਦੇ ਘਰਾਣਿਆਂ ਦੇ ਮੁਖੀਆਂ ਨੂੰ ਇਕੱਠਾ ਕੀਤਾ।+ ਉਹ ਯਹੋਵਾਹ ਦੇ ਇਕਰਾਰ ਦੇ ਸੰਦੂਕ ਨੂੰ ਦਾਊਦ ਦੇ ਸ਼ਹਿਰ ਯਾਨੀ ਸੀਓਨ+ ਤੋਂ ਲਿਆਉਣ ਲਈ+ ਯਰੂਸ਼ਲਮ ਵਿਚ ਰਾਜਾ ਸੁਲੇਮਾਨ ਕੋਲ ਆਏ। 2 ਇਜ਼ਰਾਈਲ ਦੇ ਸਾਰੇ ਆਦਮੀ ਏਥਾਨੀਮ* ਮਹੀਨੇ ਯਾਨੀ ਸੱਤਵੇਂ ਮਹੀਨੇ ਵਿਚ ਤਿਉਹਾਰ* ਦੇ ਸਮੇਂ ਰਾਜਾ ਸੁਲੇਮਾਨ ਅੱਗੇ ਇਕੱਠੇ ਹੋਏ।+ 3 ਫਿਰ ਇਜ਼ਰਾਈਲ ਦੇ ਸਾਰੇ ਬਜ਼ੁਰਗ ਆਏ ਅਤੇ ਪੁਜਾਰੀਆਂ ਨੇ ਸੰਦੂਕ ਨੂੰ ਚੁੱਕਿਆ।+ 4 ਉਹ ਯਹੋਵਾਹ ਦਾ ਸੰਦੂਕ, ਮੰਡਲੀ ਦਾ ਤੰਬੂ+ ਅਤੇ ਤੰਬੂ ਵਿਚਲੀਆਂ ਸਾਰੀਆਂ ਪਵਿੱਤਰ ਚੀਜ਼ਾਂ ਲੈ ਆਏ। ਪੁਜਾਰੀ ਅਤੇ ਲੇਵੀ ਉਨ੍ਹਾਂ ਨੂੰ ਉਤਾਂਹ ਲੈ ਆਏ। 5 ਰਾਜਾ ਸੁਲੇਮਾਨ ਅਤੇ ਉਸ ਨੂੰ ਮਿਲਣ ਲਈ ਸੱਦੀ ਗਈ ਇਜ਼ਰਾਈਲ ਦੀ ਸਾਰੀ ਮੰਡਲੀ ਸੰਦੂਕ ਦੇ ਸਾਮ੍ਹਣੇ ਮੌਜੂਦ ਸੀ। ਇੰਨੀਆਂ ਸਾਰੀਆਂ ਭੇਡਾਂ ਅਤੇ ਪਸ਼ੂਆਂ ਦੀ ਬਲ਼ੀ ਚੜ੍ਹਾਈ ਜਾ ਰਹੀ ਸੀ+ ਕਿ ਉਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਸੀ।

6 ਫਿਰ ਪੁਜਾਰੀ ਯਹੋਵਾਹ ਦੇ ਇਕਰਾਰ ਦੇ ਸੰਦੂਕ ਨੂੰ ਭਵਨ ਦੇ ਅੰਦਰਲੇ ਕਮਰੇ ਯਾਨੀ ਅੱਤ ਪਵਿੱਤਰ ਕਮਰੇ ਵਿਚ ਕਰੂਬੀਆਂ ਦੇ ਖੰਭਾਂ ਹੇਠ+ ਇਸ ਦੀ ਠਹਿਰਾਈ ਜਗ੍ਹਾ ʼਤੇ ਲੈ ਆਏ।+

7 ਸੰਦੂਕ ਵਾਲੀ ਜਗ੍ਹਾ ʼਤੇ ਕਰੂਬੀਆਂ ਦੇ ਖੰਭ ਫੈਲੇ ਹੋਏ ਸਨ ਜਿਸ ਕਰਕੇ ਕਰੂਬੀਆਂ ਨੇ ਸੰਦੂਕ ਅਤੇ ਉਸ ਦੇ ਡੰਡਿਆਂ ਨੂੰ ਢਕਿਆ ਹੋਇਆ ਸੀ।+ 8 ਉਹ ਡੰਡੇ+ ਇੰਨੇ ਲੰਬੇ ਸਨ ਕਿ ਉਨ੍ਹਾਂ ਦੇ ਸਿਰੇ ਅੰਦਰਲੇ ਕਮਰੇ ਅੱਗੇ ਬਣੇ ਪਵਿੱਤਰ ਕਮਰੇ ਵਿੱਚੋਂ ਦਿਸਦੇ ਸਨ, ਪਰ ਉਹ ਬਾਹਰੋਂ ਨਜ਼ਰ ਨਹੀਂ ਸੀ ਆਉਂਦੇ। ਉਹ ਅੱਜ ਦੇ ਦਿਨ ਤਕ ਉੱਥੇ ਹੀ ਹਨ। 9 ਉਸ ਸੰਦੂਕ ਵਿਚ ਪੱਥਰ ਦੀਆਂ ਦੋ ਫੱਟੀਆਂ+ ਤੋਂ ਸਿਵਾਇ ਹੋਰ ਕੁਝ ਨਹੀਂ ਸੀ। ਮੂਸਾ ਨੇ ਹੋਰੇਬ ਵਿਚ ਹੁੰਦਿਆਂ ਇਨ੍ਹਾਂ ਨੂੰ ਸੰਦੂਕ ਵਿਚ ਰੱਖਿਆ ਸੀ+ ਜਦੋਂ ਯਹੋਵਾਹ ਨੇ ਇਜ਼ਰਾਈਲੀਆਂ ਦੇ ਮਿਸਰ ਤੋਂ ਬਾਹਰ ਆਉਂਦੇ ਵੇਲੇ ਉਨ੍ਹਾਂ ਨਾਲ ਇਕਰਾਰ ਕੀਤਾ ਸੀ।+

10 ਜਦੋਂ ਪੁਜਾਰੀ ਪਵਿੱਤਰ ਸਥਾਨ ਵਿੱਚੋਂ ਬਾਹਰ ਆਏ, ਤਾਂ ਯਹੋਵਾਹ ਦਾ ਭਵਨ ਬੱਦਲ+ ਨਾਲ ਭਰ ਗਿਆ।+ 11 ਉਸ ਬੱਦਲ ਕਰਕੇ ਪੁਜਾਰੀ ਸੇਵਾ ਕਰਨ ਲਈ ਉੱਥੇ ਖੜ੍ਹੇ ਨਾ ਰਹਿ ਸਕੇ ਕਿਉਂਕਿ ਯਹੋਵਾਹ ਦਾ ਭਵਨ ਯਹੋਵਾਹ ਦੀ ਮਹਿਮਾ ਨਾਲ ਭਰ ਗਿਆ ਸੀ।+ 12 ਉਸ ਸਮੇਂ ਸੁਲੇਮਾਨ ਨੇ ਕਿਹਾ: “ਯਹੋਵਾਹ ਨੇ ਕਿਹਾ ਸੀ ਕਿ ਉਹ ਘੁੱਪ ਹਨੇਰੇ ਵਿਚ ਵੱਸੇਗਾ।+ 13 ਮੈਂ ਤੇਰੇ ਲਈ ਇਕ ਸ਼ਾਨਦਾਰ ਭਵਨ ਬਣਾਉਣ ਵਿਚ ਸਫ਼ਲ ਹੋਇਆ ਹਾਂ, ਹਾਂ, ਉਹ ਪੱਕੀ ਜਗ੍ਹਾ ਜਿੱਥੇ ਤੂੰ ਸਦਾ ਲਈ ਵੱਸੇਂ।”+

14 ਫਿਰ ਰਾਜਾ ਮੁੜਿਆ ਅਤੇ ਉੱਥੇ ਖੜ੍ਹੀ ਇਜ਼ਰਾਈਲ ਦੀ ਸਾਰੀ ਮੰਡਲੀ ਨੂੰ ਅਸੀਸ ਦੇਣ ਲੱਗਾ।+ 15 ਉਸ ਨੇ ਕਿਹਾ: “ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਦੀ ਮਹਿਮਾ ਹੋਵੇ ਜਿਸ ਨੇ ਮੇਰੇ ਪਿਤਾ ਦਾਊਦ ਨਾਲ ਆਪਣੇ ਮੂੰਹੋਂ ਵਾਅਦਾ ਕੀਤਾ ਸੀ ਤੇ ਆਪਣੇ ਹੱਥੀਂ ਉਸ ਨੂੰ ਪੂਰਾ ਕੀਤਾ ਹੈ। ਉਸ ਨੇ ਕਿਹਾ ਸੀ, 16 ‘ਜਿਸ ਦਿਨ ਤੋਂ ਮੈਂ ਆਪਣੀ ਪਰਜਾ ਇਜ਼ਰਾਈਲ ਨੂੰ ਮਿਸਰ ਤੋਂ ਕੱਢ ਲਿਆਇਆ, ਉਸ ਦਿਨ ਤੋਂ ਲੈ ਕੇ ਹੁਣ ਤਕ ਮੈਂ ਇਜ਼ਰਾਈਲ ਦੇ ਸਾਰੇ ਗੋਤਾਂ ਵਿੱਚੋਂ ਇਕ ਵੀ ਸ਼ਹਿਰ ਨਹੀਂ ਚੁਣਿਆ ਜਿੱਥੇ ਮੈਂ ਆਪਣੇ ਨਾਂ ਲਈ ਇਕ ਭਵਨ ਬਣਾਵਾਂ ਤਾਂਕਿ ਮੇਰਾ ਨਾਂ ਉੱਥੇ ਰਹੇ,+ ਪਰ ਮੈਂ ਦਾਊਦ ਨੂੰ ਆਪਣੀ ਪਰਜਾ ਇਜ਼ਰਾਈਲ ਉੱਤੇ ਰਾਜ ਕਰਨ ਲਈ ਚੁਣਿਆ ਹੈ।’ 17 ਮੇਰੇ ਪਿਤਾ ਦਾਊਦ ਦੀ ਇਹ ਦਿਲੀ ਇੱਛਾ ਸੀ ਕਿ ਉਹ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਦੇ ਨਾਂ ਲਈ ਇਕ ਭਵਨ ਬਣਾਵੇ।+ 18 ਪਰ ਯਹੋਵਾਹ ਨੇ ਮੇਰੇ ਪਿਤਾ ਦਾਊਦ ਨੂੰ ਕਿਹਾ, ‘ਇਹ ਤੇਰੀ ਦਿਲੀ ਇੱਛਾ ਸੀ ਕਿ ਤੂੰ ਮੇਰੇ ਨਾਂ ਲਈ ਇਕ ਭਵਨ ਬਣਾਵੇਂ ਅਤੇ ਤੂੰ ਇਹ ਦਿਲੀ ਇੱਛਾ ਰੱਖ ਕੇ ਬਹੁਤ ਵਧੀਆ ਕੀਤਾ। 19 ਪਰ ਇਹ ਭਵਨ ਤੂੰ ਨਹੀਂ ਬਣਾਵੇਂਗਾ, ਸਗੋਂ ਤੇਰਾ ਪੁੱਤਰ ਜੋ ਤੇਰੇ ਤੋਂ ਪੈਦਾ ਹੋਵੇਗਾ, ਉਹ ਮੇਰੇ ਨਾਂ ਲਈ ਭਵਨ ਬਣਾਵੇਗਾ।’+ 20 ਯਹੋਵਾਹ ਨੇ ਆਪਣਾ ਕੀਤਾ ਵਾਅਦਾ ਨਿਭਾਇਆ ਹੈ ਕਿਉਂਕਿ ਮੈਂ ਆਪਣੇ ਪਿਤਾ ਦਾਊਦ ਦੀ ਜਗ੍ਹਾ ਲਈ ਹੈ ਅਤੇ ਮੈਂ ਇਜ਼ਰਾਈਲ ਦੇ ਸਿੰਘਾਸਣ ਉੱਤੇ ਬੈਠਾ ਹਾਂ, ਠੀਕ ਜਿਵੇਂ ਯਹੋਵਾਹ ਨੇ ਵਾਅਦਾ ਕੀਤਾ ਸੀ। ਨਾਲੇ ਮੈਂ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਦੇ ਨਾਂ ਲਈ ਭਵਨ ਬਣਾਇਆ ਹੈ+ 21 ਅਤੇ ਉੱਥੇ ਸੰਦੂਕ ਲਈ ਜਗ੍ਹਾ ਤਿਆਰ ਕੀਤੀ ਹੈ ਜਿਸ ਵਿਚ ਉਹ ਇਕਰਾਰ ਪਿਆ ਹੈ+ ਜੋ ਯਹੋਵਾਹ ਨੇ ਸਾਡੇ ਪਿਉ-ਦਾਦਿਆਂ ਨਾਲ ਉਦੋਂ ਕੀਤਾ ਸੀ ਜਦੋਂ ਉਹ ਉਨ੍ਹਾਂ ਨੂੰ ਮਿਸਰ ਤੋਂ ਬਾਹਰ ਲਿਆ ਰਿਹਾ ਸੀ।”

22 ਫਿਰ ਸੁਲੇਮਾਨ ਇਜ਼ਰਾਈਲ ਦੀ ਸਾਰੀ ਮੰਡਲੀ ਦੇ ਸਾਮ੍ਹਣੇ ਯਹੋਵਾਹ ਦੀ ਵੇਦੀ ਅੱਗੇ ਖੜ੍ਹਾ ਹੋਇਆ ਤੇ ਉਸ ਨੇ ਆਕਾਸ਼ ਵੱਲ ਆਪਣੇ ਹੱਥ ਫੈਲਾਏ+ 23 ਅਤੇ ਉਸ ਨੇ ਕਿਹਾ: “ਹੇ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ, ਤੇਰੇ ਵਰਗਾ ਹੋਰ ਕੋਈ ਪਰਮੇਸ਼ੁਰ ਨਹੀਂ,+ ਨਾ ਉੱਪਰ ਆਕਾਸ਼ ਵਿਚ, ਨਾ ਹੇਠਾਂ ਧਰਤੀ ਉੱਤੇ। ਤੂੰ ਆਪਣਾ ਇਕਰਾਰ ਪੂਰਾ ਕਰਦਾ ਹੈਂ ਅਤੇ ਆਪਣੇ ਉਨ੍ਹਾਂ ਸੇਵਕਾਂ ਨੂੰ ਅਟੱਲ ਪਿਆਰ ਦਿਖਾਉਂਦਾ ਹੈਂ+ ਜੋ ਪੂਰੇ ਦਿਲ ਨਾਲ ਤੇਰੇ ਅੱਗੇ ਚੱਲਦੇ ਹਨ।+ 24 ਤੂੰ ਉਹ ਵਾਅਦਾ ਪੂਰਾ ਕੀਤਾ ਹੈ ਜੋ ਤੂੰ ਆਪਣੇ ਸੇਵਕ ਮੇਰੇ ਪਿਤਾ ਦਾਊਦ ਨਾਲ ਕੀਤਾ ਸੀ। ਤੂੰ ਆਪਣੇ ਮੂੰਹੋਂ ਇਹ ਵਾਅਦਾ ਕੀਤਾ ਸੀ ਅਤੇ ਅੱਜ ਦੇ ਦਿਨ ਆਪਣੇ ਹੱਥੀਂ ਇਸ ਨੂੰ ਪੂਰਾ ਕੀਤਾ ਹੈ।+ 25 ਹੁਣ ਹੇ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ, ਕਿਰਪਾ ਕਰ ਕੇ ਆਪਣਾ ਉਹ ਵਾਅਦਾ ਪੂਰਾ ਕਰ ਜੋ ਤੂੰ ਆਪਣੇ ਸੇਵਕ ਮੇਰੇ ਪਿਤਾ ਦਾਊਦ ਨਾਲ ਕੀਤਾ ਸੀ ਜਦ ਤੂੰ ਕਿਹਾ ਸੀ: ‘ਜੇ ਤੇਰੇ ਪੁੱਤਰ ਆਪਣੇ ਰਾਹ ਵੱਲ ਧਿਆਨ ਦੇਣ ਅਤੇ ਮੇਰੇ ਅੱਗੇ ਉਸੇ ਤਰ੍ਹਾਂ ਚੱਲਣ ਜਿਸ ਤਰ੍ਹਾਂ ਤੂੰ ਚੱਲਿਆ ਹੈਂ, ਤਾਂ ਇਜ਼ਰਾਈਲ ਦੇ ਸਿੰਘਾਸਣ ʼਤੇ ਬੈਠਣ ਲਈ ਤੇਰੇ ਵੰਸ਼ ਦਾ ਕੋਈ-ਨਾ-ਕੋਈ ਆਦਮੀ ਹਮੇਸ਼ਾ ਹੋਵੇਗਾ।’+ 26 ਹੇ ਇਜ਼ਰਾਈਲ ਦੇ ਪਰਮੇਸ਼ੁਰ, ਹੁਣ ਤੇਰਾ ਇਹ ਵਾਅਦਾ ਸੱਚਾ ਠਹਿਰੇ ਜੋ ਤੂੰ ਆਪਣੇ ਸੇਵਕ ਮੇਰੇ ਪਿਤਾ ਦਾਊਦ ਨਾਲ ਕੀਤਾ ਸੀ।

27 “ਪਰ ਕੀ ਪਰਮੇਸ਼ੁਰ ਸੱਚੀਂ ਧਰਤੀ ਉੱਤੇ ਵੱਸੇਗਾ?+ ਦੇਖ! ਆਕਾਸ਼, ਹਾਂ, ਆਕਾਸ਼ਾਂ ਦਾ ਆਕਾਸ਼ ਵੀ ਤੈਨੂੰ ਸਮਾ ਨਹੀਂ ਸਕਦਾ;+ ਤਾਂ ਫਿਰ, ਇਹ ਭਵਨ ਤੈਨੂੰ ਕਿਵੇਂ ਸਮਾ ਸਕਦਾ ਹੈ ਜੋ ਮੈਂ ਬਣਾਇਆ ਹੈ?+ 28 ਹੁਣ ਹੇ ਮੇਰੇ ਪਰਮੇਸ਼ੁਰ ਯਹੋਵਾਹ, ਆਪਣੇ ਸੇਵਕ ਦੀ ਪ੍ਰਾਰਥਨਾ ਅਤੇ ਮਿਹਰ ਲਈ ਉਸ ਦੀ ਬੇਨਤੀ ਵੱਲ ਧਿਆਨ ਦੇ, ਮਦਦ ਲਈ ਉਸ ਦੀ ਦੁਹਾਈ ਨੂੰ ਸੁਣ ਤੇ ਇਸ ਪ੍ਰਾਰਥਨਾ ਨੂੰ ਸੁਣ ਜੋ ਤੇਰਾ ਸੇਵਕ ਅੱਜ ਤੇਰੇ ਅੱਗੇ ਕਰ ਰਿਹਾ ਹੈ। 29 ਤੇਰੀਆਂ ਅੱਖਾਂ ਇਸ ਭਵਨ ਵੱਲ ਦਿਨ-ਰਾਤ ਲੱਗੀਆਂ ਰਹਿਣ, ਹਾਂ, ਉਸ ਜਗ੍ਹਾ ਵੱਲ ਜਿਸ ਬਾਰੇ ਤੂੰ ਕਿਹਾ ਸੀ, ‘ਮੇਰਾ ਨਾਂ ਉੱਥੇ ਹੋਵੇਗਾ,’+ ਤਾਂਕਿ ਤੂੰ ਆਪਣੇ ਸੇਵਕ ਦੀ ਪ੍ਰਾਰਥਨਾ ਸੁਣੇਂ ਜੋ ਉਹ ਇਸ ਜਗ੍ਹਾ ਵੱਲ ਨੂੰ ਕਰੇ।+ 30 ਤੂੰ ਮਿਹਰ ਲਈ ਕੀਤੀ ਆਪਣੇ ਸੇਵਕ ਦੀ ਬੇਨਤੀ ਸੁਣੀਂ ਅਤੇ ਆਪਣੀ ਪਰਜਾ ਇਜ਼ਰਾਈਲ ਦੇ ਲੋਕਾਂ ਦੀ ਅਰਜ਼ੋਈ ਸੁਣੀਂ ਜੋ ਉਹ ਇਸ ਭਵਨ ਵੱਲ ਨੂੰ ਕਰਨ। ਤੂੰ ਸਵਰਗ ਵਿਚ ਆਪਣੇ ਨਿਵਾਸ-ਸਥਾਨ ਤੋਂ ਸੁਣੀਂ;+ ਹਾਂ, ਤੂੰ ਸੁਣੀਂ ਤੇ ਮਾਫ਼ ਕਰੀਂ।+

31 “ਜੇ ਕੋਈ ਆਦਮੀ ਆਪਣੇ ਸਾਥੀ ਖ਼ਿਲਾਫ਼ ਪਾਪ ਕਰੇ ਤੇ ਉਸ ਨੂੰ ਸਹੁੰ ਖੁਆਈ ਜਾਵੇ* ਅਤੇ ਉਹ ਮੰਨੇ ਕਿ ਇਹ ਸਹੁੰ ਤੋੜਨ ਤੇ ਉਸ ਨੂੰ ਸਰਾਪ ਮਿਲੇਗਾ ਅਤੇ ਉਹ ਇਹ ਸਹੁੰ* ਖਾਣ ਮਗਰੋਂ ਇਸ ਭਵਨ ਵਿਚ ਤੇਰੀ ਵੇਦੀ ਅੱਗੇ ਆਵੇ,+ 32 ਤਾਂ ਤੂੰ ਸਵਰਗ ਤੋਂ ਸੁਣੀਂ ਤੇ ਕਦਮ ਚੁੱਕੀਂ। ਤੂੰ ਦੁਸ਼ਟ ਨੂੰ ਦੋਸ਼ੀ* ਕਰਾਰ ਦੇ ਕੇ ਤੇ ਉਸ ਦੀ ਕੀਤੀ ਉਸੇ ਦੇ ਸਿਰ ਪਾ ਕੇ ਅਤੇ ਧਰਮੀ ਨੂੰ ਨਿਰਦੋਸ਼* ਕਰਾਰ ਦੇ ਕੇ ਅਤੇ ਉਸ ਨੂੰ ਉਸ ਦੇ ਚੰਗੇ ਕੰਮਾਂ ਅਨੁਸਾਰ ਫਲ ਦੇ ਕੇ ਆਪਣੇ ਸੇਵਕਾਂ ਦਾ ਨਿਆਂ ਕਰੀਂ।+

33 “ਜੇ ਤੇਰੀ ਪਰਜਾ ਇਜ਼ਰਾਈਲ ਤੇਰੇ ਖ਼ਿਲਾਫ਼ ਵਾਰ-ਵਾਰ ਪਾਪ ਕਰਨ ਕਰਕੇ ਦੁਸ਼ਮਣ ਹੱਥੋਂ ਹਾਰ ਜਾਵੇ+ ਅਤੇ ਫਿਰ ਉਹ ਤੇਰੇ ਵੱਲ ਮੁੜੇ ਤੇ ਤੇਰੇ ਨਾਂ ਦੀ ਮਹਿਮਾ ਕਰੇ+ ਅਤੇ ਇਸ ਭਵਨ ਵਿਚ ਤੈਨੂੰ ਪ੍ਰਾਰਥਨਾ ਕਰੇ ਤੇ ਤੇਰੇ ਤੋਂ ਰਹਿਮ ਦੀ ਭੀਖ ਮੰਗੇ,+ 34 ਤਾਂ ਤੂੰ ਸਵਰਗ ਤੋਂ ਸੁਣੀਂ ਅਤੇ ਆਪਣੀ ਪਰਜਾ ਇਜ਼ਰਾਈਲ ਦਾ ਪਾਪ ਮਾਫ਼ ਕਰੀਂ ਤੇ ਉਨ੍ਹਾਂ ਨੂੰ ਉਸ ਦੇਸ਼ ਵਿਚ ਵਾਪਸ ਲੈ ਆਈਂ ਜੋ ਤੂੰ ਉਨ੍ਹਾਂ ਦੇ ਪਿਉ-ਦਾਦਿਆਂ ਨੂੰ ਦਿੱਤਾ ਸੀ।+

35 “ਜੇ ਉਨ੍ਹਾਂ ਵੱਲੋਂ ਤੇਰੇ ਖ਼ਿਲਾਫ਼ ਵਾਰ-ਵਾਰ ਪਾਪ ਕਰਨ ਕਰਕੇ+ ਆਕਾਸ਼ ਬੰਦ ਹੋ ਜਾਣ ਤੇ ਮੀਂਹ ਨਾ ਪਵੇ+ ਅਤੇ ਫਿਰ ਉਹ ਇਸ ਜਗ੍ਹਾ ਵੱਲ ਨੂੰ ਦੁਆ ਕਰਨ ਤੇ ਤੇਰੇ ਨਾਂ ਦੀ ਮਹਿਮਾ ਕਰਨ ਅਤੇ ਆਪਣੇ ਪਾਪ ਤੋਂ ਮੁੜਨ ਕਿਉਂਕਿ ਤੂੰ ਉਨ੍ਹਾਂ ਨੂੰ ਨੀਵਾਂ ਕੀਤਾ,*+ 36 ਤਾਂ ਤੂੰ ਸਵਰਗ ਤੋਂ ਸੁਣੀਂ ਅਤੇ ਆਪਣੇ ਸੇਵਕਾਂ, ਹਾਂ, ਆਪਣੀ ਪਰਜਾ ਇਜ਼ਰਾਈਲ ਦਾ ਪਾਪ ਮਾਫ਼ ਕਰੀਂ ਕਿਉਂਕਿ ਤੂੰ ਉਨ੍ਹਾਂ ਨੂੰ ਚੰਗੇ ਰਾਹ ਬਾਰੇ ਸਿਖਾਵੇਂਗਾ+ ਜਿਸ ਰਾਹ ਉਨ੍ਹਾਂ ਨੂੰ ਜਾਣਾ ਚਾਹੀਦਾ ਹੈ; ਅਤੇ ਤੂੰ ਆਪਣੇ ਉਸ ਦੇਸ਼ ਉੱਤੇ ਮੀਂਹ ਪਾਈਂ+ ਜੋ ਤੂੰ ਆਪਣੀ ਪਰਜਾ ਨੂੰ ਵਿਰਾਸਤ ਵਜੋਂ ਦਿੱਤਾ ਸੀ।

37 “ਜੇ ਦੇਸ਼ ਵਿਚ ਕਾਲ਼,+ ਮਹਾਂਮਾਰੀ, ਲੂ, ਉੱਲੀ,+ ਟਿੱਡੀਆਂ ਦੇ ਦਲਾਂ ਜਾਂ ਭੁੱਖੜ ਟਿੱਡੀਆਂ ਦੀ ਮਾਰ ਪਵੇ; ਜਾਂ ਦੇਸ਼ ਦੇ ਕਿਸੇ ਸ਼ਹਿਰ* ਵਿਚ ਉਨ੍ਹਾਂ ਦਾ ਕੋਈ ਦੁਸ਼ਮਣ ਉਨ੍ਹਾਂ ਨੂੰ ਘੇਰਾ ਪਾ ਲਵੇ ਜਾਂ ਕਿਸੇ ਹੋਰ ਤਰ੍ਹਾਂ ਦੀ ਬਿਪਤਾ ਜਾਂ ਬੀਮਾਰੀ ਆ ਪਵੇ+ 38 ਤੇ ਇਸ ਕਾਰਨ ਜੇ ਕੋਈ ਵੀ ਆਦਮੀ ਜਾਂ ਤੇਰੀ ਸਾਰੀ ਪਰਜਾ ਇਜ਼ਰਾਈਲ ਇਸ ਭਵਨ ਵੱਲ ਨੂੰ ਆਪਣੇ ਹੱਥ ਅੱਡ ਕੇ ਜੋ ਵੀ ਪ੍ਰਾਰਥਨਾ ਕਰੇ ਤੇ ਮਿਹਰ ਲਈ ਜੋ ਵੀ ਬੇਨਤੀ ਕਰੇ+ (ਕਿਉਂਕਿ ਹਰ ਕੋਈ ਆਪਣੇ ਦਿਲ ਦੇ ਕਸ਼ਟ ਨੂੰ ਜਾਣਦਾ ਹੈ),+ 39 ਤਾਂ ਤੂੰ ਆਪਣੇ ਨਿਵਾਸ-ਸਥਾਨ ਸਵਰਗ ਤੋਂ ਸੁਣੀਂ+ ਅਤੇ ਮਾਫ਼ ਕਰੀਂ+ ਤੇ ਕਦਮ ਚੁੱਕੀਂ; ਅਤੇ ਹਰੇਕ ਨੂੰ ਉਸ ਦੇ ਸਾਰੇ ਕੰਮਾਂ ਅਨੁਸਾਰ ਫਲ ਦੇਈਂ+ ਕਿਉਂਕਿ ਤੂੰ ਉਸ ਦੇ ਦਿਲ ਨੂੰ ਜਾਣਦਾ ਹੈਂ (ਸਿਰਫ਼ ਤੂੰ ਹੀ ਹਰ ਇਨਸਾਨ ਦੇ ਦਿਲ ਨੂੰ ਚੰਗੀ ਤਰ੍ਹਾਂ ਜਾਣਦਾ ਹੈਂ)+ 40 ਤਾਂਕਿ ਜਿੰਨਾ ਚਿਰ ਉਹ ਉਸ ਦੇਸ਼ ਵਿਚ ਰਹਿਣ ਜੋ ਤੂੰ ਸਾਡੇ ਪਿਉ-ਦਾਦਿਆਂ ਨੂੰ ਦਿੱਤਾ ਸੀ, ਉਹ ਉਨ੍ਹਾਂ ਸਾਰੇ ਦਿਨਾਂ ਦੌਰਾਨ ਤੇਰਾ ਡਰ ਮੰਨਣ।

41 “ਨਾਲੇ ਉਹ ਪਰਦੇਸੀ ਜੋ ਤੇਰੀ ਪਰਜਾ ਇਜ਼ਰਾਈਲ ਦਾ ਹਿੱਸਾ ਨਹੀਂ ਹੈ ਅਤੇ ਜੋ ਤੇਰੇ ਨਾਂ* ਕਰਕੇ ਕਿਸੇ ਦੂਰ ਦੇਸ਼ ਤੋਂ ਆਉਂਦਾ ਹੈ+ 42 (ਕਿਉਂਕਿ ਉਹ ਤੇਰੇ ਮਹਾਨ ਨਾਂ ਬਾਰੇ ਸੁਣਨਗੇ,+ ਤੇਰੇ ਤਾਕਤਵਰ ਹੱਥ ਅਤੇ ਤਾਕਤਵਰ ਬਾਂਹ* ਬਾਰੇ ਸੁਣਨਗੇ) ਅਤੇ ਉਹ ਆ ਕੇ ਇਸ ਭਵਨ ਵੱਲ ਨੂੰ ਪ੍ਰਾਰਥਨਾ ਕਰੇ, 43 ਤਾਂ ਤੂੰ ਆਪਣੇ ਨਿਵਾਸ-ਸਥਾਨ ਸਵਰਗ ਤੋਂ ਸੁਣੀਂ+ ਅਤੇ ਉਹ ਸਭ ਕੁਝ ਕਰੀਂ ਜੋ ਕੁਝ ਉਹ ਪਰਦੇਸੀ ਤੇਰੇ ਤੋਂ ਮੰਗੇ ਤਾਂਕਿ ਧਰਤੀ ਦੀਆਂ ਸਾਰੀਆਂ ਕੌਮਾਂ ਤੇਰਾ ਨਾਂ ਜਾਣਨ ਅਤੇ ਤੇਰਾ ਡਰ ਮੰਨਣ+ ਜਿਵੇਂ ਤੇਰੀ ਪਰਜਾ ਇਜ਼ਰਾਈਲ ਮੰਨਦੀ ਹੈ ਅਤੇ ਉਹ ਜਾਣ ਲੈਣ ਕਿ ਇਹ ਭਵਨ ਜੋ ਮੈਂ ਬਣਾਇਆ ਹੈ, ਤੇਰੇ ਨਾਂ ਦਾ ਸਦਾਉਂਦਾ ਹੈ।

44 “ਹੇ ਯਹੋਵਾਹ, ਜੇ ਤੇਰੇ ਲੋਕ ਆਪਣੇ ਦੁਸ਼ਮਣ ਖ਼ਿਲਾਫ਼ ਯੁੱਧ ਕਰਨ ਲਈ ਉਸੇ ਰਾਹ ਥਾਣੀਂ ਜਾਣ ਜਿਸ ਰਾਹੀਂ ਤੂੰ ਉਨ੍ਹਾਂ ਨੂੰ ਘੱਲੇਂ+ ਅਤੇ ਉਹ ਤੇਰੇ ਚੁਣੇ ਹੋਏ ਸ਼ਹਿਰ ਦੀ ਦਿਸ਼ਾ ਵੱਲ ਨੂੰ+ ਤੇ ਇਸ ਭਵਨ ਵੱਲ ਨੂੰ ਜੋ ਮੈਂ ਤੇਰੇ ਨਾਂ ਲਈ ਬਣਾਇਆ ਹੈ,+ ਤੈਨੂੰ ਪ੍ਰਾਰਥਨਾ ਕਰਨ,+ 45 ਤਾਂ ਤੂੰ ਸਵਰਗ ਤੋਂ ਉਨ੍ਹਾਂ ਦੀ ਪ੍ਰਾਰਥਨਾ ਅਤੇ ਮਿਹਰ ਲਈ ਕੀਤੀ ਉਨ੍ਹਾਂ ਦੀ ਬੇਨਤੀ ਸੁਣੀਂ ਤੇ ਉਨ੍ਹਾਂ ਦੇ ਪੱਖ ਵਿਚ ਨਿਆਂ ਕਰੀਂ।

46 “ਜੇ ਉਹ ਤੇਰੇ ਖ਼ਿਲਾਫ਼ ਪਾਪ ਕਰਨ (ਕਿਉਂਕਿ ਅਜਿਹਾ ਕੋਈ ਆਦਮੀ ਨਹੀਂ ਜੋ ਪਾਪ ਨਾ ਕਰਦਾ ਹੋਵੇ)+ ਅਤੇ ਤੇਰਾ ਕ੍ਰੋਧ ਉਨ੍ਹਾਂ ਉੱਤੇ ਭੜਕੇ ਤੇ ਤੂੰ ਉਨ੍ਹਾਂ ਨੂੰ ਦੁਸ਼ਮਣ ਦੇ ਹੱਥ ਦੇ ਦੇਵੇਂ ਅਤੇ ਉਹ ਉਨ੍ਹਾਂ ਨੂੰ ਬੰਦੀ ਬਣਾ ਕੇ ਦੁਸ਼ਮਣ ਦੇ ਦੇਸ਼ ਲੈ ਜਾਣ, ਚਾਹੇ ਦੂਰ ਜਾਂ ਨੇੜੇ;+ 47 ਅਤੇ ਉਨ੍ਹਾਂ ਨੂੰ ਬੰਦੀ ਬਣਾ ਕੇ ਲਿਜਾਣ ਵਾਲਿਆਂ ਦੇ ਦੇਸ਼ ਵਿਚ ਉਨ੍ਹਾਂ ਦੀ ਸੁਰਤ ਟਿਕਾਣੇ ਆਵੇ+ ਤੇ ਉਹ ਤੇਰੇ ਵੱਲ ਮੁੜਨ+ ਅਤੇ ਦੁਸ਼ਮਣ ਦੇ ਦੇਸ਼ ਵਿਚ ਉਹ ਤੇਰੇ ਤੋਂ ਇਹ ਕਹਿ ਕੇ ਰਹਿਮ ਦੀ ਭੀਖ ਮੰਗਣ,+ ‘ਅਸੀਂ ਪਾਪ ਕੀਤਾ ਹੈ, ਸਾਡੇ ਤੋਂ ਗ਼ਲਤੀ ਹੋਈ ਹੈ; ਅਸੀਂ ਦੁਸ਼ਟਤਾ ਕੀਤੀ ਹੈ,’+ 48 ਅਤੇ ਬੰਦੀ ਬਣਾ ਕੇ ਲਿਜਾਣ ਵਾਲੇ ਦੁਸ਼ਮਣਾਂ ਦੇ ਦੇਸ਼ ਵਿਚ ਉਹ ਪੂਰੇ ਦਿਲ ਤੇ ਪੂਰੀ ਜਾਨ ਨਾਲ ਤੇਰੇ ਵੱਲ ਮੁੜਨ+ ਅਤੇ ਉਹ ਆਪਣੇ ਉਸ ਦੇਸ਼ ਦੀ ਦਿਸ਼ਾ ਵੱਲ ਜੋ ਤੂੰ ਉਨ੍ਹਾਂ ਦੇ ਪਿਉ-ਦਾਦਿਆਂ ਨੂੰ ਦਿੱਤਾ ਸੀ ਤੇ ਤੇਰੇ ਚੁਣੇ ਹੋਏ ਸ਼ਹਿਰ ਤੇ ਉਸ ਭਵਨ ਦੀ ਦਿਸ਼ਾ ਵੱਲ ਜੋ ਮੈਂ ਤੇਰੇ ਨਾਂ ਲਈ ਬਣਾਇਆ ਹੈ, ਪ੍ਰਾਰਥਨਾ ਕਰਨ,+ 49 ਤਾਂ ਤੂੰ ਆਪਣੇ ਨਿਵਾਸ-ਸਥਾਨ ਸਵਰਗ ਤੋਂ ਉਨ੍ਹਾਂ ਦੀ ਪ੍ਰਾਰਥਨਾ ਤੇ ਮਿਹਰ ਲਈ ਕੀਤੀ ਉਨ੍ਹਾਂ ਦੀ ਬੇਨਤੀ ਸੁਣੀਂ+ ਤੇ ਉਨ੍ਹਾਂ ਦੇ ਪੱਖ ਵਿਚ ਨਿਆਂ ਕਰੀਂ 50 ਅਤੇ ਆਪਣੇ ਲੋਕਾਂ ਨੂੰ ਮਾਫ਼ ਕਰੀਂ ਜਿਨ੍ਹਾਂ ਨੇ ਤੇਰੇ ਖ਼ਿਲਾਫ਼ ਪਾਪ ਕੀਤਾ ਹੈ, ਹਾਂ, ਉਹ ਸਾਰੇ ਅਪਰਾਧ ਮਾਫ਼ ਕਰੀਂ ਜੋ ਉਨ੍ਹਾਂ ਨੇ ਤੇਰੇ ਵਿਰੁੱਧ ਕੀਤੇ ਹਨ। ਤੂੰ ਬੰਦੀ ਬਣਾਉਣ ਵਾਲਿਆਂ ਦੀਆਂ ਨਜ਼ਰਾਂ ਵਿਚ ਉਨ੍ਹਾਂ ਨੂੰ ਦਇਆ ਦੇ ਭਾਗੀ ਬਣਾਈਂ ਤੇ ਉਹ ਉਨ੍ਹਾਂ ਉੱਤੇ ਰਹਿਮ ਕਰਨਗੇ+ 51 (ਕਿਉਂਕਿ ਉਹ ਤੇਰੀ ਪਰਜਾ ਅਤੇ ਤੇਰੀ ਵਿਰਾਸਤ ਹਨ+ ਜਿਨ੍ਹਾਂ ਨੂੰ ਤੂੰ ਮਿਸਰ ਵਿੱਚੋਂ, ਹਾਂ, ਲੋਹਾ ਪਿਘਲਾਉਣ ਵਾਲੀ ਭੱਠੀ ਵਿੱਚੋਂ ਬਾਹਰ ਕੱਢ ਲਿਆਇਆ ਸੀ)।+ 52 ਤੇਰੀਆਂ ਅੱਖਾਂ ਤੇਰੇ ਸੇਵਕ ਵੱਲੋਂ ਮਿਹਰ ਲਈ ਕੀਤੀ ਬੇਨਤੀ ਵੱਲ ਅਤੇ ਤੇਰੀ ਪਰਜਾ ਇਜ਼ਰਾਈਲ ਵੱਲੋਂ ਰਹਿਮ ਲਈ ਕੀਤੀ ਅਰਜ਼ੋਈ ਵੱਲ ਲੱਗੀਆਂ ਰਹਿਣ+ ਤੇ ਉਹ ਜਦੋਂ ਵੀ ਤੈਨੂੰ ਪੁਕਾਰਨ, ਤੂੰ ਉਨ੍ਹਾਂ ਦੀ ਸੁਣੀਂ।*+ 53 ਹੇ ਸਾਰੇ ਜਹਾਨ ਦੇ ਮਾਲਕ ਯਹੋਵਾਹ, ਤੂੰ ਧਰਤੀ ਦੀਆਂ ਸਾਰੀਆਂ ਕੌਮਾਂ ਵਿੱਚੋਂ ਉਨ੍ਹਾਂ ਨੂੰ ਆਪਣੀ ਵਿਰਾਸਤ ਵਜੋਂ ਵੱਖਰਾ ਕੀਤਾ+ ਜਿਵੇਂ ਤੂੰ ਆਪਣੇ ਸੇਵਕ ਮੂਸਾ ਦੇ ਜ਼ਰੀਏ ਐਲਾਨ ਕੀਤਾ ਸੀ ਜਦੋਂ ਤੂੰ ਸਾਡੇ ਪਿਉ-ਦਾਦਿਆਂ ਨੂੰ ਮਿਸਰ ਵਿੱਚੋਂ ਬਾਹਰ ਲਿਆ ਰਿਹਾ ਸੀ।”

54 ਜਿਉਂ ਹੀ ਸੁਲੇਮਾਨ ਯਹੋਵਾਹ ਨੂੰ ਇਹ ਸਾਰੀ ਪ੍ਰਾਰਥਨਾ ਅਤੇ ਮਿਹਰ ਲਈ ਬੇਨਤੀ ਕਰ ਹਟਿਆ, ਤਾਂ ਉਹ ਯਹੋਵਾਹ ਦੀ ਵੇਦੀ ਦੇ ਅੱਗਿਓਂ ਉੱਠਿਆ ਜਿੱਥੇ ਉਹ ਆਕਾਸ਼ ਵੱਲ ਹੱਥ ਫੈਲਾਈ ਗੋਡਿਆਂ ਭਾਰ ਬੈਠਾ ਸੀ।+ 55 ਫਿਰ ਉਹ ਖੜ੍ਹਾ ਹੋ ਗਿਆ ਅਤੇ ਇਜ਼ਰਾਈਲ ਦੀ ਸਾਰੀ ਮੰਡਲੀ ਨੂੰ ਉੱਚੀ ਆਵਾਜ਼ ਵਿਚ ਇਹ ਕਹਿ ਕੇ ਅਸੀਸ ਦਿੱਤੀ: 56 “ਯਹੋਵਾਹ ਦੀ ਵਡਿਆਈ ਹੋਵੇ ਜਿਸ ਨੇ ਆਪਣੀ ਪਰਜਾ ਇਜ਼ਰਾਈਲ ਨੂੰ ਆਰਾਮ ਕਰਨ ਲਈ ਜਗ੍ਹਾ ਦਿੱਤੀ ਹੈ, ਠੀਕ ਜਿਵੇਂ ਉਸ ਨੇ ਵਾਅਦਾ ਕੀਤਾ ਸੀ।+ ਉਸ ਵਾਅਦੇ ਦਾ ਇਕ ਵੀ ਸ਼ਬਦ ਅਧੂਰਾ ਨਹੀਂ ਰਿਹਾ ਜੋ ਉਸ ਨੇ ਆਪਣੇ ਸੇਵਕ ਮੂਸਾ ਦੇ ਜ਼ਰੀਏ ਕੀਤਾ ਸੀ।+ 57 ਯਹੋਵਾਹ ਸਾਡਾ ਪਰਮੇਸ਼ੁਰ ਸਾਡੇ ਨਾਲ ਰਹੇ ਜਿਵੇਂ ਉਹ ਸਾਡੇ ਪਿਉ-ਦਾਦਿਆਂ ਦੇ ਨਾਲ ਸੀ।+ ਉਹ ਸਾਨੂੰ ਨਾ ਛੱਡੇ ਤੇ ਨਾ ਹੀ ਤਿਆਗੇ।+ 58 ਉਹ ਸਾਡੇ ਦਿਲਾਂ ਨੂੰ ਆਪਣੇ ਵੱਲ ਖਿੱਚੇ+ ਤਾਂਕਿ ਅਸੀਂ ਉਸ ਦੇ ਸਾਰੇ ਰਾਹਾਂ ʼਤੇ ਚੱਲੀਏ ਤੇ ਉਸ ਦੇ ਹੁਕਮਾਂ, ਉਸ ਦੇ ਨਿਯਮਾਂ ਤੇ ਉਸ ਦੇ ਕਾਨੂੰਨਾਂ ਦੀ ਪਾਲਣਾ ਕਰੀਏ ਜਿਨ੍ਹਾਂ ਨੂੰ ਮੰਨਣ ਦਾ ਹੁਕਮ ਉਸ ਨੇ ਸਾਡੇ ਪਿਉ-ਦਾਦਿਆਂ ਨੂੰ ਦਿੱਤਾ ਸੀ। 59 ਮੇਰੇ ਇਹ ਸ਼ਬਦ ਜਿਨ੍ਹਾਂ ਨਾਲ ਮੈਂ ਯਹੋਵਾਹ ਕੋਲੋਂ ਰਹਿਮ ਦੀ ਭੀਖ ਮੰਗੀ ਹੈ, ਉਹ ਦਿਨ-ਰਾਤ ਸਾਡੇ ਪਰਮੇਸ਼ੁਰ ਯਹੋਵਾਹ ਦੇ ਨੇੜੇ ਰਹਿਣ ਅਤੇ ਉਹ ਹਰ ਦਿਨ ਦੀ ਲੋੜ ਮੁਤਾਬਕ ਆਪਣੇ ਸੇਵਕ ਅਤੇ ਆਪਣੀ ਪਰਜਾ ਇਜ਼ਰਾਈਲ ਦੇ ਪੱਖ ਵਿਚ ਫ਼ੈਸਲਾ ਕਰੇ 60 ਤਾਂਕਿ ਧਰਤੀ ਦੀਆਂ ਸਾਰੀਆਂ ਕੌਮਾਂ ਜਾਣ ਲੈਣ ਕਿ ਯਹੋਵਾਹ ਹੀ ਸੱਚਾ ਪਰਮੇਸ਼ੁਰ ਹੈ,+ ਹੋਰ ਕੋਈ ਨਹੀਂ!+ 61 ਇਸ ਲਈ ਅੱਜ ਦੇ ਦਿਨ ਵਾਂਗ ਉਸ ਦੇ ਨਿਯਮਾਂ ਅਨੁਸਾਰ ਚੱਲ ਕੇ ਅਤੇ ਉਸ ਦੇ ਹੁਕਮਾਂ ਨੂੰ ਮੰਨ ਕੇ ਤੁਹਾਡਾ ਦਿਲ ਪੂਰੀ ਤਰ੍ਹਾਂ ਯਹੋਵਾਹ ਸਾਡੇ ਪਰਮੇਸ਼ੁਰ ਵੱਲ ਲੱਗਾ ਰਹੇ।”+

62 ਫਿਰ ਰਾਜੇ ਅਤੇ ਸਾਰੇ ਇਜ਼ਰਾਈਲ ਨੇ ਮਿਲ ਕੇ ਯਹੋਵਾਹ ਅੱਗੇ ਬਹੁਤ ਸਾਰੀਆਂ ਬਲ਼ੀਆਂ ਚੜ੍ਹਾਈਆਂ।+ 63 ਸੁਲੇਮਾਨ ਨੇ ਯਹੋਵਾਹ ਅੱਗੇ ਇਹ ਸ਼ਾਂਤੀ-ਬਲ਼ੀਆਂ ਚੜ੍ਹਾਈਆਂ:+ ਉਸ ਨੇ 22,000 ਗਾਂਵਾਂ-ਬਲਦ ਅਤੇ 1,20,000 ਭੇਡਾਂ ਚੜ੍ਹਾਈਆਂ। ਇਸ ਤਰ੍ਹਾਂ ਰਾਜੇ ਅਤੇ ਸਾਰੇ ਇਜ਼ਰਾਈਲੀਆਂ ਨੇ ਯਹੋਵਾਹ ਦੇ ਭਵਨ ਦਾ ਉਦਘਾਟਨ ਕੀਤਾ।+ 64 ਉਸ ਦਿਨ ਯਹੋਵਾਹ ਦੇ ਅੱਗੇ ਪਈ ਤਾਂਬੇ ਦੀ ਵੇਦੀ+ ਹੋਮ-ਬਲ਼ੀਆਂ, ਅਨਾਜ ਦੇ ਚੜ੍ਹਾਵਿਆਂ ਅਤੇ ਸ਼ਾਂਤੀ-ਬਲ਼ੀਆਂ ਦੀ ਚਰਬੀ ਲਈ ਬਹੁਤ ਛੋਟੀ ਪੈ ਗਈ ਸੀ, ਇਸ ਲਈ ਰਾਜੇ ਨੂੰ ਯਹੋਵਾਹ ਦੇ ਭਵਨ ਦੇ ਅੱਗੇ ਵਿਹੜੇ ਦਾ ਵਿਚਕਾਰਲਾ ਹਿੱਸਾ ਪਵਿੱਤਰ ਕਰਨਾ ਪਿਆ ਤਾਂਕਿ ਉਹ ਉੱਥੇ ਹੋਮ-ਬਲ਼ੀਆਂ, ਅਨਾਜ ਦੇ ਚੜ੍ਹਾਵੇ ਅਤੇ ਸ਼ਾਂਤੀ-ਬਲ਼ੀਆਂ ਦੀ ਚਰਬੀ+ ਚੜ੍ਹਾ ਸਕੇ। 65 ਉਸ ਵੇਲੇ ਸੁਲੇਮਾਨ ਨੇ ਲੇਬੋ-ਹਮਾਥ* ਤੋਂ ਲੈ ਕੇ ਮਿਸਰ ਵਾਦੀ+ ਤਕ ਦੇ ਸਾਰੇ ਇਜ਼ਰਾਈਲੀਆਂ ਦੀ ਵੱਡੀ ਮੰਡਲੀ ਨਾਲ ਮਿਲ ਕੇ ਸਾਡੇ ਪਰਮੇਸ਼ੁਰ ਯਹੋਵਾਹ ਅੱਗੇ ਤਿਉਹਾਰ ਮਨਾਇਆ।+ ਉਨ੍ਹਾਂ ਨੇ ਇਹ ਤਿਉਹਾਰ 7 ਦਿਨ ਮਨਾਇਆ, ਫਿਰ ਹੋਰ 7 ਦਿਨ ਤੇ ਕੁੱਲ ਮਿਲਾ ਕੇ 14 ਦਿਨਾਂ ਲਈ ਮਨਾਇਆ। 66 ਅਗਲੇ* ਦਿਨ ਉਸ ਨੇ ਲੋਕਾਂ ਨੂੰ ਭੇਜ ਦਿੱਤਾ ਅਤੇ ਉਨ੍ਹਾਂ ਨੇ ਰਾਜੇ ਨੂੰ ਦੁਆਵਾਂ ਦਿੱਤੀਆਂ ਤੇ ਉਹ ਖ਼ੁਸ਼ੀਆਂ ਮਨਾਉਂਦੇ ਹੋਏ ਤੇ ਉਸ ਸਾਰੀ ਭਲਾਈ ਕਰਕੇ ਜੋ ਯਹੋਵਾਹ ਨੇ ਆਪਣੇ ਸੇਵਕ ਦਾਊਦ ਅਤੇ ਆਪਣੀ ਪਰਜਾ ਇਜ਼ਰਾਈਲ ਨਾਲ ਕੀਤੀ ਸੀ, ਦਿਲੋਂ ਆਨੰਦ ਮਨਾਉਂਦੇ ਹੋਏ+ ਆਪਣੇ ਘਰਾਂ ਨੂੰ ਚਲੇ ਗਏ।

9 ਜਦੋਂ ਸੁਲੇਮਾਨ ਯਹੋਵਾਹ ਦਾ ਭਵਨ, ਆਪਣਾ ਸ਼ਾਹੀ ਮਹਿਲ ਅਤੇ ਜੋ ਕੁਝ ਵੀ ਸੁਲੇਮਾਨ ਬਣਾਉਣਾ ਚਾਹੁੰਦਾ ਸੀ ਬਣਾ ਚੁੱਕਾ,+ ਤਾਂ ਉਸ ਤੋਂ ਤੁਰੰਤ ਬਾਅਦ 2 ਯਹੋਵਾਹ ਸੁਲੇਮਾਨ ਸਾਮ੍ਹਣੇ ਦੂਸਰੀ ਵਾਰ ਪ੍ਰਗਟ ਹੋਇਆ ਜਿਵੇਂ ਉਹ ਗਿਬਓਨ ਵਿਚ ਉਸ ਦੇ ਸਾਮ੍ਹਣੇ ਪ੍ਰਗਟ ਹੋਇਆ ਸੀ।+ 3 ਯਹੋਵਾਹ ਨੇ ਉਸ ਨੂੰ ਕਿਹਾ: “ਮੈਂ ਤੇਰੀ ਪ੍ਰਾਰਥਨਾ ਅਤੇ ਮਿਹਰ ਲਈ ਕੀਤੀ ਤੇਰੀ ਬੇਨਤੀ ਸੁਣ ਲਈ ਹੈ ਜੋ ਤੂੰ ਮੇਰੇ ਅੱਗੇ ਕੀਤੀ ਹੈ। ਜਿਸ ਭਵਨ ਨੂੰ ਤੂੰ ਬਣਾਇਆ ਹੈ, ਮੈਂ ਉੱਥੇ ਸਦਾ ਲਈ ਆਪਣਾ ਨਾਂ ਰੱਖ ਕੇ ਇਸ ਨੂੰ ਪਵਿੱਤਰ ਕੀਤਾ ਹੈ+ ਅਤੇ ਮੇਰੀਆਂ ਨਜ਼ਰਾਂ ਤੇ ਮੇਰਾ ਦਿਲ ਹਮੇਸ਼ਾ ਇਸ ਵੱਲ ਲੱਗਾ ਰਹੇਗਾ।+ 4 ਨਾਲੇ ਜੇ ਤੂੰ ਆਪਣੇ ਪਿਤਾ ਦਾਊਦ ਵਾਂਗ ਮੇਰੇ ਅੱਗੇ ਖਰੇ ਮਨ ਤੇ ਨੇਕੀ ਨਾਲ ਚੱਲੇਂ+ ਅਤੇ ਉਹ ਸਭ ਕੁਝ ਕਰੇਂ ਜੋ ਮੈਂ ਤੈਨੂੰ ਕਰਨ ਦਾ ਹੁਕਮ ਦਿੱਤਾ ਹੈ+ ਤੇ ਮੇਰੇ ਨਿਯਮਾਂ ਅਤੇ ਮੇਰੇ ਕਾਨੂੰਨਾਂ ਦੀ ਪਾਲਣਾ ਕਰੇਂ,+ 5 ਤਾਂ ਮੈਂ ਇਜ਼ਰਾਈਲ ਉੱਤੇ ਤੇਰੀ ਰਾਜ-ਗੱਦੀ ਹਮੇਸ਼ਾ ਲਈ ਕਾਇਮ ਕਰਾਂਗਾ ਜਿਵੇਂ ਮੈਂ ਤੇਰੇ ਪਿਤਾ ਦਾਊਦ ਨਾਲ ਇਹ ਵਾਅਦਾ ਕੀਤਾ ਸੀ, ‘ਇਜ਼ਰਾਈਲ ਦੇ ਸਿੰਘਾਸਣ ʼਤੇ ਬੈਠਣ ਲਈ ਤੇਰੇ ਵੰਸ਼ ਦਾ ਕੋਈ-ਨਾ-ਕੋਈ ਆਦਮੀ ਹਮੇਸ਼ਾ ਹੋਵੇਗਾ।’+ 6 ਪਰ ਜੇ ਤੁਸੀਂ ਅਤੇ ਤੁਹਾਡੇ ਪੁੱਤਰ ਮੇਰੇ ਪਿੱਛੇ ਚੱਲਣੋਂ ਹਟ ਗਏ ਅਤੇ ਤੁਸੀਂ ਮੇਰੇ ਹੁਕਮਾਂ ਤੇ ਮੇਰੇ ਨਿਯਮਾਂ ਦੀ ਪਾਲਣਾ ਕਰਨੀ ਛੱਡ ਦਿੱਤੀ ਜੋ ਮੈਂ ਤੁਹਾਨੂੰ ਦਿੱਤੇ ਹਨ ਅਤੇ ਤੁਸੀਂ ਜਾ ਕੇ ਹੋਰ ਦੇਵਤਿਆਂ ਦੀ ਭਗਤੀ ਕੀਤੀ ਤੇ ਉਨ੍ਹਾਂ ਅੱਗੇ ਮੱਥਾ ਟੇਕਿਆ,+ 7 ਤਾਂ ਮੈਂ ਇਜ਼ਰਾਈਲੀਆਂ ਨੂੰ ਉਸ ਦੇਸ਼ ਵਿੱਚੋਂ ਮਿਟਾ ਦਿਆਂਗਾ ਜੋ ਮੈਂ ਉਨ੍ਹਾਂ ਨੂੰ ਦਿੱਤਾ ਹੈ+ ਅਤੇ ਆਪਣੇ ਨਾਂ ਲਈ ਪਵਿੱਤਰ ਕੀਤੇ ਇਸ ਭਵਨ ਨੂੰ ਮੈਂ ਆਪਣੀਆਂ ਨਜ਼ਰਾਂ ਤੋਂ ਦੂਰ ਕਰ ਦਿਆਂਗਾ+ ਅਤੇ ਸਾਰੀਆਂ ਕੌਮਾਂ ਇਜ਼ਰਾਈਲ ਨਾਲ ਘਿਰਣਾ ਕਰਨਗੀਆਂ* ਅਤੇ ਉਸ ਦਾ ਮਜ਼ਾਕ ਉਡਾਉਣਗੀਆਂ।+ 8 ਅਤੇ ਇਹ ਭਵਨ ਢਹਿ-ਢੇਰੀ ਹੋ ਜਾਵੇਗਾ।+ ਇਸ ਕੋਲੋਂ ਲੰਘਣ ਵਾਲਾ ਹਰ ਕੋਈ ਇਸ ਨੂੰ ਦੇਖ ਕੇ ਹੈਰਾਨ ਰਹਿ ਜਾਵੇਗਾ ਅਤੇ ਸੀਟੀ ਵਜਾ ਕੇ ਕਹੇਗਾ, ‘ਯਹੋਵਾਹ ਨੇ ਇਸ ਦੇਸ਼ ਅਤੇ ਇਸ ਭਵਨ ਨਾਲ ਇਸ ਤਰ੍ਹਾਂ ਕਿਉਂ ਕੀਤਾ?’+ 9 ਫਿਰ ਉਹ ਕਹਿਣਗੇ, ‘ਇਸ ਤਰ੍ਹਾਂ ਇਸ ਲਈ ਹੋਇਆ ਕਿਉਂਕਿ ਉਨ੍ਹਾਂ ਨੇ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਛੱਡ ਦਿੱਤਾ ਜੋ ਉਨ੍ਹਾਂ ਦੇ ਪਿਉ-ਦਾਦਿਆਂ ਨੂੰ ਮਿਸਰ ਵਿੱਚੋਂ ਕੱਢ ਲਿਆਇਆ ਸੀ ਅਤੇ ਉਨ੍ਹਾਂ ਨੇ ਹੋਰ ਦੇਵਤਿਆਂ ਨੂੰ ਅਪਣਾ ਲਿਆ, ਉਨ੍ਹਾਂ ਅੱਗੇ ਮੱਥਾ ਟੇਕਿਆ ਤੇ ਉਨ੍ਹਾਂ ਦੀ ਭਗਤੀ ਕੀਤੀ। ਇਸੇ ਕਰਕੇ ਯਹੋਵਾਹ ਉਨ੍ਹਾਂ ਉੱਤੇ ਇਹ ਸਾਰੀ ਬਿਪਤਾ ਲਿਆਇਆ।’”+

10 ਸੁਲੇਮਾਨ ਨੂੰ ਦੋ ਘਰ ਯਾਨੀ ਯਹੋਵਾਹ ਦਾ ਭਵਨ ਅਤੇ ਆਪਣਾ ਸ਼ਾਹੀ ਮਹਿਲ ਬਣਾਉਣ ਵਿਚ 20 ਸਾਲ ਲੱਗੇ।+ ਇਸ ਤੋਂ ਬਾਅਦ 11 ਰਾਜਾ ਸੁਲੇਮਾਨ ਨੇ ਸੋਰ ਦੇ ਰਾਜੇ ਹੀਰਾਮ+ ਨੂੰ ਗਲੀਲ ਦੇ ਇਲਾਕੇ ਵਿਚ 20 ਸ਼ਹਿਰ ਦਿੱਤੇ ਕਿਉਂਕਿ ਹੀਰਾਮ ਨੇ ਸੁਲੇਮਾਨ ਨੂੰ ਦਿਆਰ ਤੇ ਸਨੋਬਰ ਦੀ ਲੱਕੜ ਅਤੇ ਉੱਨਾ ਸੋਨਾ ਦਿੱਤਾ ਸੀ ਜਿੰਨਾ ਉਸ ਨੂੰ ਚਾਹੀਦਾ ਸੀ।+ 12 ਫਿਰ ਹੀਰਾਮ ਸੋਰ ਤੋਂ ਉਹ ਸ਼ਹਿਰ ਦੇਖਣ ਗਿਆ ਜੋ ਸੁਲੇਮਾਨ ਨੇ ਉਸ ਨੂੰ ਦਿੱਤੇ ਸਨ, ਪਰ ਉਹ ਉਸ ਨੂੰ ਚੰਗੇ ਨਹੀਂ ਲੱਗੇ।* 13 ਉਸ ਨੇ ਕਿਹਾ: “ਭਰਾਵਾ, ਇਹ ਤੂੰ ਮੈਨੂੰ ਕਿੱਦਾਂ ਦੇ ਸ਼ਹਿਰ ਦਿੱਤੇ ਹਨ?” ਇਸ ਲਈ ਉਨ੍ਹਾਂ ਨੂੰ ਅੱਜ ਤਕ ਕਾਬੂਲ ਦੇਸ਼* ਕਿਹਾ ਜਾਂਦਾ ਹੈ। 14 ਇਸ ਦੌਰਾਨ ਹੀਰਾਮ ਨੇ ਰਾਜੇ ਲਈ 120 ਕਿੱਕਾਰ* ਸੋਨਾ ਘੱਲਿਆ।+

15 ਇਹ ਉਨ੍ਹਾਂ ਦੇ ਕੰਮਾਂ ਬਾਰੇ ਜਾਣਕਾਰੀ ਹੈ ਜਿਨ੍ਹਾਂ ਨੂੰ ਰਾਜੇ ਨੇ ਜਬਰੀ ਮਜ਼ਦੂਰੀ ਕਰਨ ਲਾਇਆ ਸੀ।+ ਉਸ ਨੇ ਉਨ੍ਹਾਂ ਤੋਂ ਯਹੋਵਾਹ ਦਾ ਭਵਨ,+ ਆਪਣਾ ਮਹਿਲ, ਟਿੱਲਾ,*+ ਯਰੂਸ਼ਲਮ ਦੀ ਕੰਧ, ਹਾਸੋਰ,+ ਮਗਿੱਦੋ+ ਅਤੇ ਗਜ਼ਰ+ ਬਣਵਾਏ ਸਨ। 16 (ਮਿਸਰ ਦੇ ਰਾਜੇ ਫ਼ਿਰਊਨ ਨੇ ਉਤਾਂਹ ਆ ਕੇ ਗਜ਼ਰ ਉੱਤੇ ਕਬਜ਼ਾ ਕਰ ਲਿਆ ਸੀ ਤੇ ਉਸ ਨੂੰ ਅੱਗ ਨਾਲ ਸਾੜ ਦਿੱਤਾ ਸੀ ਅਤੇ ਸ਼ਹਿਰ ਵਿਚ ਰਹਿੰਦੇ ਕਨਾਨੀਆਂ+ ਨੂੰ ਵੀ ਮਾਰ ਸੁੱਟਿਆ ਸੀ। ਫਿਰ ਉਸ ਨੇ ਇਹ ਸ਼ਹਿਰ ਆਪਣੀ ਧੀ ਯਾਨੀ ਸੁਲੇਮਾਨ ਦੀ ਪਤਨੀ ਨੂੰ ਵਿਦਾਈ ਦੇ ਸਮੇਂ ਤੋਹਫ਼ੇ* ਵਜੋਂ ਦੇ ਦਿੱਤਾ ਸੀ।)+ 17 ਸੁਲੇਮਾਨ ਨੇ ਗਜ਼ਰ ਅਤੇ ਹੇਠਲੇ ਬੈਤ-ਹੋਰੋਨ+ ਨੂੰ ਬਣਾਇਆ,* 18 ਨਾਲੇ ਉਸ ਨੇ ਬਆਲਾਥ+ ਤੇ ਦੇਸ਼ ਦੇ ਅੰਦਰ ਉਜਾੜ ਵਿਚ ਤਾਮਾਰ, 19 ਸੁਲੇਮਾਨ ਦੇ ਗੋਦਾਮਾਂ ਵਾਲੇ ਸਾਰੇ ਸ਼ਹਿਰ, ਰਥਾਂ ਵਾਲੇ ਸ਼ਹਿਰ+ ਤੇ ਘੋੜਸਵਾਰਾਂ ਲਈ ਸ਼ਹਿਰ ਬਣਾਏ। ਸੁਲੇਮਾਨ ਯਰੂਸ਼ਲਮ, ਲਬਾਨੋਨ ਅਤੇ ਆਪਣੇ ਅਧੀਨ ਆਉਂਦੇ ਸਾਰੇ ਇਲਾਕੇ ਵਿਚ ਜੋ ਵੀ ਬਣਾਉਣਾ ਚਾਹੁੰਦਾ ਸੀ, ਉਸ ਨੇ ਬਣਾਇਆ। 20 ਅਤੇ ਅਮੋਰੀਆਂ, ਹਿੱਤੀਆਂ, ਪਰਿੱਜੀਆਂ, ਹਿੱਵੀਆਂ ਅਤੇ ਯਬੂਸੀਆਂ ਵਿੱਚੋਂ ਬਚੇ ਉਹ ਸਾਰੇ ਲੋਕ+ ਜੋ ਇਜ਼ਰਾਈਲ ਦੀ ਪਰਜਾ ਨਹੀਂ ਸਨ+ 21 ਅਤੇ ਜਿਨ੍ਹਾਂ ਨੂੰ ਇਜ਼ਰਾਈਲੀ ਨਾਸ਼ ਨਹੀਂ ਕਰ ਸਕੇ ਸਨ, ਦੇਸ਼ ਵਿਚ ਉਨ੍ਹਾਂ ਦੀ ਬਚੀ ਹੋਈ ਔਲਾਦ ਨੂੰ ਅੱਜ ਦੇ ਦਿਨ ਤਕ ਸੁਲੇਮਾਨ ਨੇ ਗ਼ੁਲਾਮਾਂ ਵਜੋਂ ਜਬਰੀ ਮਜ਼ਦੂਰੀ ਕਰਨ ਲਾਇਆ ਹੋਇਆ ਹੈ।+ 22 ਪਰ ਸੁਲੇਮਾਨ ਨੇ ਕਿਸੇ ਵੀ ਇਜ਼ਰਾਈਲੀ ਨੂੰ ਗ਼ੁਲਾਮ ਨਹੀਂ ਬਣਾਇਆ+ ਕਿਉਂਕਿ ਉਹ ਉਸ ਦੇ ਯੋਧੇ, ਸੇਵਕ, ਪ੍ਰਧਾਨ, ਸਹਾਇਕ ਅਧਿਕਾਰੀ ਅਤੇ ਉਸ ਦੇ ਰਥਵਾਨਾਂ ਤੇ ਘੋੜਸਵਾਰਾਂ ਦੇ ਮੁਖੀ ਸਨ। 23 ਸੁਲੇਮਾਨ ਦੇ ਕੰਮ-ਕਾਰ ਦੀ ਨਿਗਰਾਨੀ ਕਰਨ ਵਾਲਿਆਂ ਉੱਤੇ 550 ਮੁਖੀ ਠਹਿਰਾਏ ਗਏ ਸਨ ਜੋ ਕੰਮ ਕਰਨ ਵਾਲੇ ਲੋਕਾਂ ʼਤੇ ਨਿਗਾਹ ਰੱਖਦੇ ਸਨ।+

24 ਪਰ ਫ਼ਿਰਊਨ ਦੀ ਧੀ+ ਦਾਊਦ ਦੇ ਸ਼ਹਿਰ+ ਤੋਂ ਆਪਣੇ ਘਰ ਆ ਗਈ ਜੋ ਸੁਲੇਮਾਨ ਨੇ ਉਸ ਲਈ ਬਣਾਇਆ ਸੀ; ਫਿਰ ਸੁਲੇਮਾਨ ਨੇ ਟਿੱਲਾ* ਬਣਾਇਆ।+

25 ਸੁਲੇਮਾਨ ਸਾਲ ਵਿਚ ਤਿੰਨ ਵਾਰ+ ਉਸ ਵੇਦੀ ਉੱਤੇ ਹੋਮ-ਬਲ਼ੀਆਂ ਅਤੇ ਸ਼ਾਂਤੀ-ਬਲ਼ੀਆਂ ਚੜ੍ਹਾਉਂਦਾ ਸੀ ਜੋ ਉਸ ਨੇ ਯਹੋਵਾਹ ਲਈ ਬਣਾਈ ਸੀ।+ ਇਸ ਤਰ੍ਹਾਂ ਉਹ ਯਹੋਵਾਹ ਅੱਗੇ ਪਈ ਵੇਦੀ ਉੱਤੇ ਬਲ਼ੀਆਂ ਚੜ੍ਹਾਉਂਦਾ ਸੀ ਤਾਂਕਿ ਉਨ੍ਹਾਂ ਦਾ ਧੂੰਆਂ ਉੱਠੇ। ਉਸ ਨੇ ਭਵਨ ਬਣਾਉਣ ਦਾ ਕੰਮ ਪੂਰਾ ਕੀਤਾ।+

26 ਰਾਜਾ ਸੁਲੇਮਾਨ ਨੇ ਅਸਯੋਨ-ਗਬਰ+ ਵਿਚ ਬਹੁਤ ਸਾਰੇ ਜਹਾਜ਼ ਵੀ ਬਣਾਏ। ਅਸਯੋਨ-ਗਬਰ ਅਦੋਮ ਦੇ ਇਲਾਕੇ ਵਿਚ ਲਾਲ ਸਮੁੰਦਰ ਦੇ ਕੰਢੇ ʼਤੇ ਏਲੋਥ ਦੇ ਨੇੜੇ ਹੈ।+ 27 ਹੀਰਾਮ ਨੇ ਸੁਲੇਮਾਨ ਦੇ ਸੇਵਕਾਂ ਨਾਲ ਕੰਮ ਕਰਨ ਵਾਸਤੇ ਜਹਾਜ਼ਾਂ ਦੇ ਨਾਲ ਆਪਣੇ ਸੇਵਕ ਭੇਜੇ+ ਜੋ ਤਜਰਬੇਕਾਰ ਮਲਾਹ ਸਨ। 28 ਉਹ ਓਫੀਰ+ ਗਏ ਅਤੇ ਉੱਥੋਂ 420 ਕਿੱਕਾਰ* ਸੋਨਾ ਰਾਜਾ ਸੁਲੇਮਾਨ ਕੋਲ ਲੈ ਆਏ।

10 ਸ਼ਬਾ ਦੀ ਰਾਣੀ ਨੇ ਯਹੋਵਾਹ ਦੇ ਨਾਂ ਕਰਕੇ ਹੋਏ ਸੁਲੇਮਾਨ ਦੇ ਚਰਚੇ ਸੁਣੇ।+ ਇਸ ਲਈ ਉਹ ਗੁੰਝਲਦਾਰ ਸਵਾਲਾਂ ਨਾਲ* ਉਸ ਦੀ ਪਰੀਖਿਆ ਲੈਣ ਆਈ।+ 2 ਉਹ ਇਕ ਬਹੁਤ ਵੱਡੇ ਕਾਫ਼ਲੇ ਨਾਲ ਯਰੂਸ਼ਲਮ ਆਈ।+ ਉਹ ਬਲਸਾਨ ਦੇ ਤੇਲ,+ ਢੇਰ ਸਾਰੇ ਸੋਨੇ ਅਤੇ ਕੀਮਤੀ ਪੱਥਰਾਂ ਨਾਲ ਲੱਦੇ ਹੋਏ ਊਠ ਲੈ ਕੇ ਆਈ। ਉਹ ਸੁਲੇਮਾਨ ਕੋਲ ਗਈ ਅਤੇ ਉਸ ਨੇ ਉਸ ਨਾਲ ਉਹ ਸਾਰੀਆਂ ਗੱਲਾਂ ਕੀਤੀਆਂ ਜੋ ਉਸ ਦੇ ਦਿਲ ਵਿਚ ਸਨ। 3 ਫਿਰ ਸੁਲੇਮਾਨ ਨੇ ਉਸ ਦੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ। ਰਾਜੇ ਲਈ ਉਸ ਨੂੰ ਕੋਈ ਵੀ ਗੱਲ ਸਮਝਾਉਣੀ ਔਖੀ ਨਹੀਂ ਸੀ।*

4 ਜਦੋਂ ਸ਼ਬਾ ਦੀ ਰਾਣੀ ਨੇ ਸੁਲੇਮਾਨ ਦੀ ਸਾਰੀ ਬੁੱਧ ਅਤੇ ਉਸ ਦਾ ਬਣਾਇਆ ਮਹਿਲ ਦੇਖਿਆ,+ 5 ਨਾਲੇ ਉਸ ਦੇ ਮੇਜ਼ ʼਤੇ ਪਰੋਸਿਆ ਜਾਣ ਵਾਲਾ ਭੋਜਨ,+ ਉਸ ਦੇ ਸੇਵਕਾਂ ਦੇ ਬੈਠਣ ਦਾ ਇੰਤਜ਼ਾਮ, ਖਾਣਾ ਵਰਤਾਉਣ ਵਾਲਿਆਂ ਦਾ ਖਾਣਾ ਪਰੋਸਣ ਦਾ ਤਰੀਕਾ ਤੇ ਉਨ੍ਹਾਂ ਦੀ ਪੁਸ਼ਾਕ, ਉਸ ਦੇ ਸਾਕੀ ਅਤੇ ਉਹ ਹੋਮ-ਬਲ਼ੀਆਂ ਦੇਖੀਆਂ ਜੋ ਉਹ ਯਹੋਵਾਹ ਦੇ ਭਵਨ ਵਿਚ ਬਾਕਾਇਦਾ ਚੜ੍ਹਾਉਂਦਾ ਸੀ, ਤਾਂ ਉਸ ਦੇ ਹੋਸ਼ ਉੱਡ ਗਏ।* 6 ਇਸ ਲਈ ਉਸ ਨੇ ਰਾਜੇ ਨੂੰ ਕਿਹਾ: “ਮੈਂ ਤੇਰੀਆਂ ਪ੍ਰਾਪਤੀਆਂ* ਅਤੇ ਤੇਰੀ ਬੁੱਧ ਬਾਰੇ ਆਪਣੇ ਦੇਸ਼ ਵਿਚ ਜੋ ਕੁਝ ਸੁਣਿਆ, ਉਹ ਬਿਲਕੁਲ ਸੱਚ ਸੀ। 7 ਪਰ ਮੈਨੂੰ ਇਨ੍ਹਾਂ ਗੱਲਾਂ ʼਤੇ ਯਕੀਨ ਨਹੀਂ ਹੋਇਆ ਜਦ ਤਕ ਮੈਂ ਆਪ ਆ ਕੇ ਆਪਣੀ ਅੱਖੀਂ ਦੇਖ ਨਹੀਂ ਲਿਆ। ਸੱਚ ਦੱਸਾਂ ਤਾਂ ਮੈਨੂੰ ਇਸ ਬਾਰੇ ਅੱਧਾ ਵੀ ਨਹੀਂ ਦੱਸਿਆ ਗਿਆ। ਮੈਂ ਜਿੰਨਾ ਸੁਣਿਆ ਸੀ, ਤੇਰੀ ਬੁੱਧ ਅਤੇ ਖ਼ੁਸ਼ਹਾਲੀ ਤਾਂ ਉਸ ਨਾਲੋਂ ਵੀ ਕਿਤੇ ਜ਼ਿਆਦਾ ਹੈ। 8 ਖ਼ੁਸ਼ ਹਨ ਤੇਰੇ ਆਦਮੀ ਤੇ ਧੰਨ ਹਨ ਤੇਰੇ ਸੇਵਕ ਜੋ ਸਦਾ ਤੇਰੀ ਹਜ਼ੂਰੀ ਵਿਚ ਖੜ੍ਹੇ ਰਹਿੰਦੇ ਹਨ ਅਤੇ ਤੇਰੀ ਬੁੱਧ ਦੀਆਂ ਗੱਲਾਂ ਸੁਣਦੇ ਹਨ!+ 9 ਤੇਰੇ ਪਰਮੇਸ਼ੁਰ ਯਹੋਵਾਹ ਦੀ ਮਹਿਮਾ ਹੋਵੇ+ ਜਿਸ ਨੇ ਤੇਰੇ ਤੋਂ ਖ਼ੁਸ਼ ਹੋ ਕੇ ਤੈਨੂੰ ਇਜ਼ਰਾਈਲ ਦੇ ਸਿੰਘਾਸਣ ʼਤੇ ਬਿਠਾਇਆ। ਇਜ਼ਰਾਈਲ ਨਾਲ ਹਮੇਸ਼ਾ ਪਿਆਰ ਕਰਨ ਕਰਕੇ ਯਹੋਵਾਹ ਨੇ ਤੈਨੂੰ ਰਾਜਾ ਨਿਯੁਕਤ ਕੀਤਾ ਤਾਂਕਿ ਤੂੰ ਨਿਆਂ ਤੇ ਨੇਕੀ ਨਾਲ ਰਾਜ ਕਰੇਂ।”

10 ਫਿਰ ਉਸ ਨੇ ਰਾਜੇ ਨੂੰ 120 ਕਿੱਕਾਰ* ਸੋਨਾ, ਬਹੁਤ ਸਾਰਾ ਬਲਸਾਨ ਦਾ ਤੇਲ+ ਅਤੇ ਕੀਮਤੀ ਪੱਥਰ ਦਿੱਤੇ।+ ਸ਼ਬਾ ਦੀ ਰਾਣੀ ਨੇ ਜਿੰਨਾ ਬਲਸਾਨ ਦਾ ਤੇਲ ਰਾਜਾ ਸੁਲੇਮਾਨ ਨੂੰ ਦਿੱਤਾ, ਉੱਨਾ ਫਿਰ ਕਦੇ ਵੀ ਨਹੀਂ ਲਿਆਂਦਾ ਗਿਆ।

11 ਹੀਰਾਮ ਦੇ ਜਿਹੜੇ ਜਹਾਜ਼ ਓਫੀਰ ਤੋਂ ਸੋਨਾ ਲਿਆਉਂਦੇ ਸਨ,+ ਉਹ ਓਫੀਰ ਤੋਂ ਚੰਦਨ ਦੀ ਢੇਰ ਸਾਰੀ ਲੱਕੜ+ ਅਤੇ ਕੀਮਤੀ ਪੱਥਰ ਵੀ ਲਿਆਉਂਦੇ ਸਨ।+ 12 ਰਾਜੇ ਨੇ ਯਹੋਵਾਹ ਦੇ ਭਵਨ ਅਤੇ ਆਪਣੇ ਸ਼ਾਹੀ ਮਹਿਲ ਲਈ ਚੰਦਨ ਦੀ ਲੱਕੜ ਦੀਆਂ ਟੇਕਾਂ ਬਣਾਈਆਂ, ਨਾਲੇ ਗਾਇਕਾਂ ਲਈ ਰਬਾਬ ਅਤੇ ਤਾਰਾਂ ਵਾਲੇ ਸਾਜ਼ ਵੀ ਬਣਾਏ।+ ਅਜਿਹੇ ਚੰਦਨ ਦੀ ਇੰਨੀ ਸਾਰੀ ਲੱਕੜ ਅੱਜ ਦੇ ਦਿਨ ਤਕ ਨਾ ਫਿਰ ਕਦੇ ਲਿਆਂਦੀ ਗਈ ਤੇ ਨਾ ਹੀ ਦੇਖੀ ਗਈ।

13 ਰਾਜਾ ਸੁਲੇਮਾਨ ਨੇ ਸ਼ਬਾ ਦੀ ਰਾਣੀ ਨੂੰ ਖੁੱਲ੍ਹ-ਦਿਲੀ ਨਾਲ* ਬਹੁਤ ਕੁਝ ਦਿੱਤਾ। ਇਸ ਤੋਂ ਇਲਾਵਾ, ਉਸ ਨੇ ਉਸ ਨੂੰ ਉਹ ਸਭ ਕੁਝ ਦਿੱਤਾ ਜੋ ਉਹ ਚਾਹੁੰਦੀ ਸੀ ਤੇ ਜੋ ਕੁਝ ਉਸ ਨੇ ਮੰਗਿਆ ਸੀ। ਇਸ ਤੋਂ ਬਾਅਦ ਉਹ ਉੱਥੋਂ ਚਲੀ ਗਈ ਤੇ ਆਪਣੇ ਸੇਵਕਾਂ ਨਾਲ ਆਪਣੇ ਦੇਸ਼ ਨੂੰ ਮੁੜ ਗਈ।+

14 ਇਕ ਸਾਲ ਵਿਚ ਜਿੰਨਾ ਸੋਨਾ ਸੁਲੇਮਾਨ ਕੋਲ ਆਉਂਦਾ ਸੀ, ਉਸ ਦਾ ਭਾਰ 666 ਕਿੱਕਾਰ ਸੋਨੇ ਦੇ ਬਰਾਬਰ ਸੀ।+ 15 ਇਸ ਤੋਂ ਇਲਾਵਾ, ਸੌਦਾਗਰਾਂ ਤੋਂ ਵੀ ਸੋਨਾ ਮਿਲਦਾ ਸੀ ਅਤੇ ਵਪਾਰੀਆਂ, ਅਰਬ ਦੇਸ਼ ਦੇ ਸਾਰੇ ਰਾਜਿਆਂ ਅਤੇ ਦੇਸ਼ ਦੇ ਰਾਜਪਾਲਾਂ ਤੋਂ ਕਾਫ਼ੀ ਮੁਨਾਫ਼ਾ ਹੁੰਦਾ ਸੀ।

16 ਰਾਜਾ ਸੁਲੇਮਾਨ ਨੇ ਸੋਨੇ ਨਾਲ ਹੋਰ ਧਾਤਾਂ ਮਿਲਾ ਕੇ 200 ਵੱਡੀਆਂ-ਵੱਡੀਆਂ ਢਾਲਾਂ ਬਣਾਈਆਂ+ (ਹਰੇਕ ਢਾਲ ਲਈ 600 ਸ਼ੇਕੇਲ* ਸੋਨਾ ਲੱਗਾ)+ 17 ਅਤੇ ਉਸ ਨੇ ਸੋਨੇ ਨਾਲ ਹੋਰ ਧਾਤਾਂ ਮਿਲਾ ਕੇ 300 ਛੋਟੀਆਂ ਢਾਲਾਂ* ਬਣਾਈਆਂ (ਹਰੇਕ ਛੋਟੀ ਢਾਲ ਲਈ ਤਿੰਨ ਮਾਈਨਾ* ਸੋਨਾ ਲੱਗਾ)। ਫਿਰ ਰਾਜੇ ਨੇ ਇਨ੍ਹਾਂ ਨੂੰ “ਲਬਾਨੋਨ ਵਣ ਭਵਨ”+ ਵਿਚ ਰੱਖ ਦਿੱਤਾ।

18 ਰਾਜੇ ਨੇ ਹਾਥੀ-ਦੰਦ ਦਾ ਇਕ ਵੱਡਾ ਸਾਰਾ ਸਿੰਘਾਸਣ ਵੀ ਬਣਾਇਆ+ ਤੇ ਉਸ ਨੂੰ ਖਾਲਸ ਸੋਨੇ ਨਾਲ ਮੜ੍ਹਿਆ।+ 19 ਸਿੰਘਾਸਣ ਤਕ ਜਾਣ ਲਈ ਛੇ ਪੌਡੇ ਸਨ, ਸਿੰਘਾਸਣ ਦੇ ਪਿੱਛੇ ਇਕ ਗੋਲ ਛਤਰ ਸੀ, ਗੱਦੀ ਦੇ ਦੋਵੇਂ ਪਾਸੇ ਬਾਹਾਂ ਸਨ ਤੇ ਬਾਹਾਂ ਦੇ ਨਾਲ ਦੋ ਸ਼ੇਰ+ ਖੜ੍ਹੇ ਸਨ। 20 ਛੇ ਪੌਡਿਆਂ ʼਤੇ 12 ਸ਼ੇਰ ਖੜ੍ਹੇ ਸਨ ਯਾਨੀ ਛਿਆਂ ਪੌਡਿਆਂ ਦੇ ਹਰ ਸਿਰੇ ʼਤੇ ਇਕ-ਇਕ ਸ਼ੇਰ। ਹੋਰ ਕਿਸੇ ਵੀ ਰਾਜ ਵਿਚ ਇਸ ਤਰ੍ਹਾਂ ਦਾ ਸਿੰਘਾਸਣ ਨਹੀਂ ਬਣਾਇਆ ਗਿਆ ਸੀ।

21 ਰਾਜਾ ਸੁਲੇਮਾਨ ਦੇ ਪੀਣ ਵਾਲੇ ਸਾਰੇ ਭਾਂਡੇ ਸੋਨੇ ਦੇ ਸਨ ਅਤੇ “ਲਬਾਨੋਨ ਵਣ ਭਵਨ”+ ਦੇ ਸਾਰੇ ਭਾਂਡੇ ਖਾਲਸ ਸੋਨੇ ਦੇ ਸਨ। ਕੋਈ ਵੀ ਚੀਜ਼ ਚਾਂਦੀ ਦੀ ਨਹੀਂ ਬਣੀ ਸੀ ਕਿਉਂਕਿ ਸੁਲੇਮਾਨ ਦੇ ਦਿਨਾਂ ਵਿਚ ਚਾਂਦੀ ਨੂੰ ਕੁਝ ਵੀ ਨਹੀਂ ਸਮਝਿਆ ਜਾਂਦਾ ਸੀ।+ 22 ਰਾਜੇ ਦੇ ਤਰਸ਼ੀਸ਼+ ਦੇ ਜਹਾਜ਼ ਸਮੁੰਦਰ ਵਿਚ ਹੀਰਾਮ ਦੇ ਜਹਾਜ਼ਾਂ ਨਾਲ ਸਨ। ਹਰ ਤੀਸਰੇ ਸਾਲ ਇਕ ਵਾਰ ਤਰਸ਼ੀਸ਼ ਦੇ ਜਹਾਜ਼ ਸੋਨੇ, ਚਾਂਦੀ, ਹਾਥੀ-ਦੰਦਾਂ,+ ਬਾਂਦਰਾਂ ਅਤੇ ਮੋਰਾਂ ਨਾਲ ਲੱਦੇ ਹੋਏ ਆਉਂਦੇ ਸਨ।

23 ਧਰਤੀ ਦੇ ਸਾਰੇ ਰਾਜਿਆਂ ਨਾਲੋਂ ਰਾਜਾ ਸੁਲੇਮਾਨ ਕੋਲ ਕਿਤੇ ਜ਼ਿਆਦਾ ਧਨ-ਦੌਲਤ ਤੇ ਬੁੱਧ ਸੀ।+ 24 ਅਤੇ ਧਰਤੀ ਦੇ ਕੋਨੇ-ਕੋਨੇ ਤੋਂ ਲੋਕ ਸੁਲੇਮਾਨ ਨੂੰ ਮਿਲਣ ਆਉਂਦੇ ਸਨ* ਤਾਂਕਿ ਉਸ ਦੀਆਂ ਬੁੱਧ ਦੀਆਂ ਗੱਲਾਂ ਸੁਣਨ ਜੋ ਬੁੱਧ ਪਰਮੇਸ਼ੁਰ ਨੇ ਉਸ ਦੇ ਮਨ ਵਿਚ ਪਾਈ ਸੀ।+ 25 ਉਨ੍ਹਾਂ ਵਿੱਚੋਂ ਹਰ ਕੋਈ ਤੋਹਫ਼ੇ ਲੈ ਕੇ ਆਉਂਦਾ ਸੀ ਜਿਵੇਂ ਸੋਨੇ-ਚਾਂਦੀ ਦੀਆਂ ਚੀਜ਼ਾਂ, ਕੱਪੜੇ, ਹਥਿਆਰ, ਬਲਸਾਨ ਦਾ ਤੇਲ, ਘੋੜੇ ਅਤੇ ਖੱਚਰ। ਸਾਲ-ਦਰ-ਸਾਲ ਇਸੇ ਤਰ੍ਹਾਂ ਚੱਲਦਾ ਰਿਹਾ।

26 ਸੁਲੇਮਾਨ ਰਥ ਅਤੇ ਘੋੜੇ* ਇਕੱਠੇ ਕਰਦਾ ਰਿਹਾ; ਉਸ ਕੋਲ 1,400 ਰਥ ਅਤੇ 12,000 ਘੋੜੇ* ਸਨ+ ਅਤੇ ਉਹ ਉਨ੍ਹਾਂ ਨੂੰ ਰਥਾਂ ਵਾਲੇ ਸ਼ਹਿਰਾਂ ਵਿਚ ਅਤੇ ਯਰੂਸ਼ਲਮ ਵਿਚ ਆਪਣੇ ਕੋਲ ਰੱਖਦਾ ਸੀ।+

27 ਯਰੂਸ਼ਲਮ ਵਿਚ ਰਾਜੇ ਨੇ ਚਾਂਦੀ ਦੇ ਇੰਨੇ ਢੇਰ ਲਾ ਦਿੱਤੇ ਜਿਵੇਂ ਚਾਂਦੀ ਨਹੀਂ ਪੱਥਰ ਹੋਣ ਅਤੇ ਉਸ ਨੇ ਸ਼ੇਫਲਾਹ ਦੇ ਗੂਲਰ* ਦੇ ਦਰਖ਼ਤਾਂ ਜਿੰਨੀ ਬਹੁਤ ਸਾਰੀ ਦਿਆਰ ਦੀ ਲੱਕੜ ਇਕੱਠੀ ਕੀਤੀ।+

28 ਸੁਲੇਮਾਨ ਦੇ ਘੋੜੇ ਮਿਸਰ ਤੋਂ ਲਿਆਂਦੇ ਜਾਂਦੇ ਸਨ ਅਤੇ ਰਾਜੇ ਦੇ ਸੌਦਾਗਰ ਠਹਿਰਾਈ ਹੋਈ ਕੀਮਤ ʼਤੇ ਘੋੜਿਆਂ ਦੇ ਝੁੰਡਾਂ ਦੇ ਝੁੰਡ ਖ਼ਰੀਦ ਕੇ ਲਿਆਉਂਦੇ ਸਨ।*+ 29 ਮਿਸਰ ਤੋਂ ਮੰਗਵਾਏ ਹਰੇਕ ਰਥ ਦੀ ਕੀਮਤ ਚਾਂਦੀ ਦੇ 600 ਟੁਕੜੇ ਅਤੇ ਹਰੇਕ ਘੋੜੇ ਦੀ ਕੀਮਤ ਚਾਂਦੀ ਦੇ 150 ਟੁਕੜੇ ਸੀ; ਉਹ ਅੱਗੋਂ ਉਨ੍ਹਾਂ ਨੂੰ ਹਿੱਤੀਆਂ+ ਦੇ ਸਾਰੇ ਰਾਜਿਆਂ ਅਤੇ ਸੀਰੀਆ ਦੇ ਰਾਜਿਆਂ ਨੂੰ ਵੇਚ ਦਿੰਦੇ ਸਨ।

11 ਪਰ ਫ਼ਿਰਊਨ ਦੀ ਧੀ+ ਤੋਂ ਇਲਾਵਾ ਰਾਜਾ ਸੁਲੇਮਾਨ ਦਾ ਹੋਰ ਬਹੁਤ ਸਾਰੀਆਂ ਵਿਦੇਸ਼ੀ ਔਰਤਾਂ+ ʼਤੇ ਦਿਲ ਆ ਗਿਆ। ਉਸ ਨੇ ਮੋਆਬੀ,+ ਅੰਮੋਨੀ,+ ਅਦੋਮੀ, ਸੀਦੋਨੀ+ ਅਤੇ ਹਿੱਤੀ+ ਔਰਤਾਂ ਨਾਲ ਪਿਆਰ ਪਾ ਲਿਆ। 2 ਉਹ ਉਨ੍ਹਾਂ ਕੌਮਾਂ ਵਿੱਚੋਂ ਸਨ ਜਿਨ੍ਹਾਂ ਬਾਰੇ ਯਹੋਵਾਹ ਨੇ ਇਜ਼ਰਾਈਲੀਆਂ ਨੂੰ ਕਿਹਾ ਸੀ: “ਤੁਸੀਂ ਉਨ੍ਹਾਂ ਦੇ ਲੋਕਾਂ ਵਿਚ ਨਾ ਜਾਇਓ ਤੇ ਨਾ ਹੀ ਉਹ ਤੁਹਾਡੇ ਵਿਚ ਆਉਣ, ਨਹੀਂ ਤਾਂ ਉਹ ਜ਼ਰੂਰ ਤੁਹਾਡੇ ਦਿਲਾਂ ਨੂੰ ਆਪਣੇ ਦੇਵਤਿਆਂ ਵੱਲ ਫੇਰ ਲੈਣਗੇ।”+ ਪਰ ਸੁਲੇਮਾਨ ਨੇ ਉਨ੍ਹਾਂ ਨਾਲ ਪਿਆਰ ਦੀ ਗੰਢ ਬੰਨ੍ਹੀ ਰੱਖੀ। 3 ਉਸ ਦੀਆਂ 700 ਪਤਨੀਆਂ ਸਨ ਜੋ ਰਾਜਕੁਮਾਰੀਆਂ ਸਨ ਅਤੇ 300 ਰਖੇਲਾਂ ਸਨ ਅਤੇ ਉਸ ਦੀਆਂ ਪਤਨੀਆਂ ਨੇ ਹੌਲੀ-ਹੌਲੀ ਉਸ ਦਾ ਦਿਲ ਭਰਮਾ ਲਿਆ।* 4 ਸੁਲੇਮਾਨ ਦੇ ਬੁਢਾਪੇ ਵਿਚ+ ਉਸ ਦੀਆਂ ਪਤਨੀਆਂ ਨੇ ਉਸ ਦਾ ਦਿਲ ਹੋਰ ਦੇਵਤਿਆਂ ਵੱਲ ਫੇਰ ਲਿਆ+ ਅਤੇ ਉਸ ਦਾ ਦਿਲ ਉਸ ਦੇ ਪਰਮੇਸ਼ੁਰ ਯਹੋਵਾਹ ਵੱਲ ਪੂਰੀ ਤਰ੍ਹਾਂ ਨਾ ਲੱਗਾ ਰਿਹਾ ਜਿਵੇਂ ਉਸ ਦੇ ਪਿਤਾ ਦਾਊਦ ਦਾ ਸੀ। 5 ਅਤੇ ਸੁਲੇਮਾਨ ਸੀਦੋਨੀਆਂ ਦੀ ਦੇਵੀ ਅਸ਼ਤਾਰੋਥ+ ਅਤੇ ਅੰਮੋਨੀਆਂ ਦੇ ਘਿਣਾਉਣੇ ਦੇਵਤੇ ਮਿਲਕੋਮ ਦੇ ਮਗਰ ਲੱਗ ਗਿਆ।+ 6 ਸੁਲੇਮਾਨ ਨੇ ਉਹੀ ਕੀਤਾ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਬੁਰਾ ਸੀ ਅਤੇ ਉਹ ਪੂਰੀ ਤਰ੍ਹਾਂ ਯਹੋਵਾਹ ਦੇ ਮਗਰ ਨਹੀਂ ਚੱਲਿਆ ਜਿਵੇਂ ਉਸ ਦਾ ਪਿਤਾ ਦਾਊਦ ਚੱਲਦਾ ਸੀ।+

7 ਫਿਰ ਸੁਲੇਮਾਨ ਨੇ ਯਰੂਸ਼ਲਮ ਦੇ ਸਾਮ੍ਹਣੇ ਪਹਾੜ ਉੱਤੇ ਮੋਆਬ ਦੇ ਘਿਣਾਉਣੇ ਦੇਵਤੇ ਕਮੋਸ਼ ਲਈ ਅਤੇ ਅੰਮੋਨੀਆਂ ਦੇ ਘਿਣਾਉਣੇ ਦੇਵਤੇ ਮੋਲਕ+ ਲਈ ਵੀ ਉੱਚੀ ਜਗ੍ਹਾ ਬਣਾਈ।+ 8 ਉਸ ਨੇ ਆਪਣੀਆਂ ਸਾਰੀਆਂ ਵਿਦੇਸ਼ੀ ਪਤਨੀਆਂ ਲਈ ਇਸੇ ਤਰ੍ਹਾਂ ਕੀਤਾ ਜੋ ਆਪਣੇ ਦੇਵਤਿਆਂ ਅੱਗੇ ਬਲ਼ੀਆਂ ਚੜ੍ਹਾਉਂਦੀਆਂ ਸਨ ਤਾਂਕਿ ਉਨ੍ਹਾਂ ਦਾ ਧੂੰਆਂ ਉੱਠੇ।

9 ਯਹੋਵਾਹ ਦਾ ਕ੍ਰੋਧ ਸੁਲੇਮਾਨ ਉੱਤੇ ਭੜਕਿਆ ਕਿਉਂਕਿ ਉਸ ਦਾ ਦਿਲ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਤੋਂ ਭਟਕ ਗਿਆ ਸੀ+ ਜੋ ਉਸ ਅੱਗੇ ਦੋ ਵਾਰੀ ਪ੍ਰਗਟ ਹੋਇਆ ਸੀ+ 10 ਅਤੇ ਜਿਸ ਨੇ ਉਸ ਨੂੰ ਇਸ ਬਾਰੇ ਖ਼ਬਰਦਾਰ ਕੀਤਾ ਸੀ ਕਿ ਉਹ ਦੂਸਰੇ ਦੇਵਤਿਆਂ ਦੇ ਮਗਰ ਨਾ ਲੱਗੇ।+ ਪਰ ਉਸ ਨੇ ਯਹੋਵਾਹ ਦਾ ਹੁਕਮ ਨਹੀਂ ਮੰਨਿਆ। 11 ਫਿਰ ਯਹੋਵਾਹ ਨੇ ਸੁਲੇਮਾਨ ਨੂੰ ਕਿਹਾ: “ਕਿਉਂਕਿ ਤੂੰ ਇਹ ਕੰਮ ਕੀਤਾ ਅਤੇ ਤੂੰ ਮੇਰੇ ਇਕਰਾਰ ਮੁਤਾਬਕ ਨਹੀਂ ਚੱਲਿਆ ਤੇ ਮੇਰੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਿਨ੍ਹਾਂ ਦਾ ਮੈਂ ਤੈਨੂੰ ਹੁਕਮ ਦਿੱਤਾ ਸੀ, ਇਸ ਲਈ ਮੈਂ ਰਾਜ ਤੇਰੇ ਤੋਂ ਜ਼ਰੂਰ ਖੋਹ ਲਵਾਂਗਾ ਅਤੇ ਤੇਰੇ ਇਕ ਸੇਵਕ ਨੂੰ ਦੇ ਦਿਆਂਗਾ।+ 12 ਪਰ ਤੇਰੇ ਪਿਤਾ ਦਾਊਦ ਦੀ ਖ਼ਾਤਰ ਮੈਂ ਤੇਰੇ ਜੀਉਂਦੇ-ਜੀ ਇਸ ਤਰ੍ਹਾਂ ਨਹੀਂ ਕਰਾਂਗਾ। ਮੈਂ ਤੇਰੇ ਪੁੱਤਰ ਦੇ ਹੱਥੋਂ ਇਸ ਨੂੰ ਖੋਹ ਲਵਾਂਗਾ,+ 13 ਪਰ ਮੈਂ ਪੂਰਾ ਰਾਜ ਨਹੀਂ ਖੋਹਾਂਗਾ।+ ਮੈਂ ਆਪਣੇ ਸੇਵਕ ਦਾਊਦ ਦੀ ਖ਼ਾਤਰ ਅਤੇ ਆਪਣੇ ਚੁਣੇ ਹੋਏ ਸ਼ਹਿਰ ਯਰੂਸ਼ਲਮ ਦੀ ਖ਼ਾਤਰ+ ਇਕ ਗੋਤ ਤੇਰੇ ਪੁੱਤਰ ਨੂੰ ਦੇ ਦਿਆਂਗਾ।”+

14 ਫਿਰ ਯਹੋਵਾਹ ਨੇ ਸੁਲੇਮਾਨ ਖ਼ਿਲਾਫ਼ ਇਕ ਵਿਰੋਧੀ ਖੜ੍ਹਾ ਕੀਤਾ।+ ਉਹ ਸੀ ਅਦੋਮੀ ਹਦਦ ਜੋ ਅਦੋਮ ਦੇ ਸ਼ਾਹੀ ਘਰਾਣੇ ਵਿੱਚੋਂ ਸੀ।+ 15 ਜਦੋਂ ਦਾਊਦ ਨੇ ਅਦੋਮ ਨੂੰ ਹਰਾਇਆ ਸੀ,+ ਤਾਂ ਉਸ ਦੀ ਫ਼ੌਜ ਦਾ ਮੁਖੀ ਯੋਆਬ ਮਰ ਚੁੱਕੇ ਲੋਕਾਂ ਨੂੰ ਦਫ਼ਨਾਉਣ ਗਿਆ ਤੇ ਉਸ ਨੇ ਅਦੋਮ ਦੇ ਹਰ ਨਰ ਨੂੰ ਮਾਰ ਸੁੱਟਣ ਦੀ ਕੋਸ਼ਿਸ਼ ਕੀਤੀ। 16 (ਯੋਆਬ ਅਤੇ ਸਾਰੇ ਇਜ਼ਰਾਈਲੀ ਛੇ ਮਹੀਨਿਆਂ ਤਕ ਉੱਥੇ ਹੀ ਰਹੇ ਜਦ ਤਕ ਉਸ ਨੇ ਅਦੋਮ ਦੇ ਹਰ ਨਰ ਨੂੰ ਮਾਰ ਨਾ ਸੁੱਟਿਆ।) 17 ਪਰ ਹਦਦ ਆਪਣੇ ਪਿਤਾ ਦੇ ਕੁਝ ਅਦੋਮੀ ਸੇਵਕਾਂ ਨਾਲ ਭੱਜ ਗਿਆ ਅਤੇ ਉਹ ਮਿਸਰ ਚਲੇ ਗਏ; ਉਸ ਵੇਲੇ ਹਦਦ ਉਮਰ ਵਿਚ ਛੋਟਾ ਸੀ। 18 ਉਹ ਮਿਦਿਆਨ ਤੋਂ ਨਿਕਲ ਕੇ ਪਾਰਾਨ ਪਹੁੰਚੇ। ਉਨ੍ਹਾਂ ਨੇ ਪਾਰਾਨ ਤੋਂ ਆਪਣੇ ਨਾਲ ਆਦਮੀ ਲਏ+ ਅਤੇ ਮਿਸਰ ਆ ਗਏ। ਉੱਥੇ ਉਹ ਮਿਸਰ ਦੇ ਰਾਜੇ ਫ਼ਿਰਊਨ ਕੋਲ ਚਲੇ ਗਏ। ਉਸ ਨੇ ਉਸ ਨੂੰ ਇਕ ਘਰ ਦਿੱਤਾ, ਉਸ ਦੇ ਖਾਣ-ਪੀਣ ਦਾ ਪ੍ਰਬੰਧ ਕੀਤਾ ਅਤੇ ਉਸ ਨੂੰ ਜ਼ਮੀਨ ਦਿੱਤੀ। 19 ਫ਼ਿਰਊਨ ਹਦਦ ਉੱਤੇ ਇੰਨਾ ਮਿਹਰਬਾਨ ਹੋਇਆ ਕਿ ਉਸ ਨੇ ਆਪਣੀ ਪਤਨੀ, ਰਾਣੀ* ਤਹਪਨੇਸ ਦੀ ਭੈਣ ਦਾ ਵਿਆਹ ਉਸ ਨਾਲ ਕਰ ਦਿੱਤਾ। 20 ਕੁਝ ਸਮੇਂ ਬਾਅਦ ਤਹਪਨੇਸ ਦੀ ਭੈਣ ਨੇ ਇਕ ਪੁੱਤਰ ਨੂੰ ਜਨਮ ਦਿੱਤਾ ਜਿਸ ਦਾ ਨਾਂ ਗਨੂਬਥ ਸੀ। ਤਹਪਨੇਸ ਨੇ ਫ਼ਿਰਊਨ ਦੇ ਮਹਿਲ ਵਿਚ ਉਸ ਦੀ ਪਰਵਰਿਸ਼ ਕੀਤੀ* ਅਤੇ ਗਨੂਬਥ ਫ਼ਿਰਊਨ ਦੇ ਪੁੱਤਰਾਂ ਨਾਲ ਫ਼ਿਰਊਨ ਦੇ ਮਹਿਲ ਵਿਚ ਹੀ ਰਿਹਾ।

21 ਹਦਦ ਨੇ ਮਿਸਰ ਵਿਚ ਰਹਿੰਦਿਆਂ ਸੁਣਿਆ ਕਿ ਦਾਊਦ ਆਪਣੇ ਪਿਉ-ਦਾਦਿਆਂ ਨਾਲ ਸੌਂ ਗਿਆ ਸੀ+ ਅਤੇ ਉਸ ਦੀ ਫ਼ੌਜ ਦੇ ਮੁਖੀ ਯੋਆਬ ਦੀ ਮੌਤ ਹੋ ਗਈ ਸੀ।+ ਇਸ ਲਈ ਹਦਦ ਨੇ ਫ਼ਿਰਊਨ ਨੂੰ ਕਿਹਾ: “ਮੈਨੂੰ ਭੇਜ ਦੇ ਤਾਂਕਿ ਮੈਂ ਆਪਣੇ ਦੇਸ਼ ਮੁੜ ਜਾਵਾਂ।” 22 ਪਰ ਫ਼ਿਰਊਨ ਨੇ ਉਸ ਨੂੰ ਪੁੱਛਿਆ: “ਕੀ ਮੇਰੇ ਨਾਲ ਰਹਿੰਦਿਆਂ ਤੈਨੂੰ ਕਿਸੇ ਚੀਜ਼ ਦੀ ਕਮੀ ਹੈ ਜੋ ਤੂੰ ਆਪਣੇ ਦੇਸ਼ ਜਾਣਾ ਚਾਹੁੰਦਾ ਹੈਂ?” ਇਹ ਸੁਣ ਕੇ ਉਸ ਨੇ ਜਵਾਬ ਦਿੱਤਾ: “ਨਹੀਂ, ਕੋਈ ਕਮੀ ਨਹੀਂ, ਪਰ ਕਿਰਪਾ ਕਰ ਕੇ ਮੈਨੂੰ ਭੇਜ ਦੇ।”

23 ਪਰਮੇਸ਼ੁਰ ਨੇ ਸੁਲੇਮਾਨ ਖ਼ਿਲਾਫ਼ ਇਕ ਹੋਰ ਵਿਰੋਧੀ ਖੜ੍ਹਾ ਕੀਤਾ।+ ਉਹ ਸੀ ਅਲਯਾਦਾ ਦਾ ਪੁੱਤਰ ਰਜ਼ੋਨ ਜੋ ਆਪਣੇ ਮਾਲਕ ਸੋਬਾਹ ਦੇ ਰਾਜੇ ਹਦਦਅਜ਼ਰ+ ਕੋਲੋਂ ਭੱਜ ਗਿਆ ਸੀ। 24 ਜਦੋਂ ਦਾਊਦ ਨੇ ਉਨ੍ਹਾਂ ਨੂੰ ਹਰਾਇਆ* ਸੀ,+ ਤਾਂ ਰਜ਼ੋਨ ਨੇ ਆਪਣੇ ਲਈ ਆਦਮੀ ਇਕੱਠੇ ਕੀਤੇ ਅਤੇ ਉਹ ਲੁਟੇਰਿਆਂ ਦੀ ਟੋਲੀ ਦਾ ਸਰਦਾਰ ਬਣ ਗਿਆ। ਫਿਰ ਉਹ ਦਮਿਸਕ+ ਨੂੰ ਚਲੇ ਗਏ ਅਤੇ ਉੱਥੇ ਜਾ ਕੇ ਰਹਿਣ ਲੱਗੇ ਤੇ ਉਨ੍ਹਾਂ ਨੇ ਦਮਿਸਕ ਵਿਚ ਰਾਜ ਕਰਨਾ ਸ਼ੁਰੂ ਕਰ ਦਿੱਤਾ। 25 ਉਹ ਸੁਲੇਮਾਨ ਦੇ ਸਾਰੇ ਦਿਨਾਂ ਦੌਰਾਨ ਇਜ਼ਰਾਈਲ ਦਾ ਵਿਰੋਧੀ ਬਣਿਆ ਰਿਹਾ। ਜਿੰਨਾ ਨੁਕਸਾਨ ਹਦਦ ਨੇ ਕੀਤਾ ਸੀ, ਉਸ ਨੇ ਉਸ ਵਿਚ ਹੋਰ ਵਾਧਾ ਕੀਤਾ ਅਤੇ ਸੀਰੀਆ ਉੱਤੇ ਰਾਜ ਕਰਦੇ ਸਮੇਂ ਉਹ ਇਜ਼ਰਾਈਲ ਨਾਲ ਘਿਰਣਾ ਕਰਦਾ ਰਿਹਾ।

26 ਸੁਲੇਮਾਨ ਦਾ ਇਕ ਸੇਵਕ ਸੀ+ ਯਾਰਾਬੁਆਮ+ ਜੋ ਨਬਾਟ ਦਾ ਪੁੱਤਰ ਤੇ ਸਰੇਦਾਹ ਦਾ ਰਹਿਣ ਵਾਲਾ ਇਕ ਇਫ਼ਰਾਈਮੀ ਸੀ। ਉਸ ਦੀ ਮਾਤਾ ਦਾ ਨਾਂ ਸਰੂਆਹ ਸੀ ਜੋ ਇਕ ਵਿਧਵਾ ਸੀ। ਉਹ ਵੀ ਰਾਜੇ ਦੇ ਖ਼ਿਲਾਫ਼ ਬਗਾਵਤ ਕਰਨ ਲੱਗਾ।*+ 27 ਰਾਜੇ ਖ਼ਿਲਾਫ਼ ਉਸ ਦੇ ਬਗਾਵਤ ਕਰਨ ਦੀ ਕਹਾਣੀ: ਸੁਲੇਮਾਨ ਨੇ ਇਕ ਟਿੱਲਾ* ਬਣਾਇਆ ਸੀ+ ਅਤੇ ਆਪਣੇ ਪਿਤਾ ਦਾਊਦ ਦੇ ਸ਼ਹਿਰ+ ਵਿਚਲੀ ਵਿੱਥ ਨੂੰ ਭਰ ਦਿੱਤਾ ਸੀ। 28 ਯਾਰਾਬੁਆਮ ਇਕ ਕਾਬਲ ਆਦਮੀ ਸੀ। ਜਦੋਂ ਸੁਲੇਮਾਨ ਨੇ ਦੇਖਿਆ ਕਿ ਇਹ ਨੌਜਵਾਨ ਮਿਹਨਤੀ ਸੀ, ਤਾਂ ਉਸ ਨੇ ਉਸ ਨੂੰ ਯੂਸੁਫ਼ ਦੇ ਘਰਾਣੇ ਦੇ ਉਨ੍ਹਾਂ ਸਾਰੇ ਲੋਕਾਂ ਉੱਤੇ ਨਿਗਰਾਨ ਠਹਿਰਾ ਦਿੱਤਾ+ ਜਿਨ੍ਹਾਂ ਤੋਂ ਜਬਰੀ ਮਜ਼ਦੂਰੀ ਕਰਾਈ ਜਾਂਦੀ ਸੀ। 29 ਉਸ ਸਮੇਂ ਦੌਰਾਨ ਯਾਰਾਬੁਆਮ ਯਰੂਸ਼ਲਮ ਤੋਂ ਬਾਹਰ ਗਿਆ ਅਤੇ ਉਸ ਨੂੰ ਰਾਹ ਵਿਚ ਨਬੀ ਸ਼ੀਲੋਨੀ ਅਹੀਯਾਹ+ ਮਿਲਿਆ। ਅਹੀਯਾਹ ਨੇ ਨਵਾਂ ਚੋਗਾ ਪਾਇਆ ਹੋਇਆ ਸੀ ਅਤੇ ਮੈਦਾਨ ਵਿਚ ਉਨ੍ਹਾਂ ਦੋਹਾਂ ਤੋਂ ਇਲਾਵਾ ਹੋਰ ਕੋਈ ਨਹੀਂ ਸੀ। 30 ਅਹੀਯਾਹ ਨੇ ਆਪਣਾ ਪਾਇਆ ਹੋਇਆ ਨਵਾਂ ਚੋਗਾ ਲਿਆ ਅਤੇ ਪਾੜ ਕੇ ਉਸ ਦੇ 12 ਹਿੱਸੇ ਕਰ ਦਿੱਤੇ। 31 ਫਿਰ ਉਸ ਨੇ ਯਾਰਾਬੁਆਮ ਨੂੰ ਕਿਹਾ:

“ਤੂੰ ਦਸ ਹਿੱਸੇ ਆਪਣੇ ਲਈ ਲੈ ਕਿਉਂਕਿ ਇਜ਼ਰਾਈਲ ਦਾ ਪਰਮੇਸ਼ੁਰ ਯਹੋਵਾਹ ਇਹ ਕਹਿੰਦਾ ਹੈ: ‘ਦੇਖ! ਮੈਂ ਸੁਲੇਮਾਨ ਦੇ ਹੱਥੋਂ ਰਾਜ ਖੋਹ ਕੇ ਪਾੜ ਦਿਆਂਗਾ ਅਤੇ ਮੈਂ ਦਸ ਗੋਤ ਤੈਨੂੰ ਦੇ ਦਿਆਂਗਾ।+ 32 ਪਰ ਮੇਰੇ ਸੇਵਕ ਦਾਊਦ ਦੀ ਖ਼ਾਤਰ+ ਅਤੇ ਯਰੂਸ਼ਲਮ ਦੀ ਖ਼ਾਤਰ, ਹਾਂ, ਉਸ ਸ਼ਹਿਰ ਦੀ ਖ਼ਾਤਰ ਜਿਸ ਨੂੰ ਮੈਂ ਇਜ਼ਰਾਈਲ ਦੇ ਸਾਰੇ ਗੋਤਾਂ ਵਿੱਚੋਂ ਚੁਣਿਆ,+ ਮੈਂ ਇਕ ਗੋਤ ਉਸ ਦੇ ਕੋਲ ਹੀ ਰਹਿਣ ਦਿਆਂਗਾ।+ 33 ਮੈਂ ਇਹ ਇਸ ਲਈ ਕਰਾਂਗਾ ਕਿਉਂਕਿ ਉਨ੍ਹਾਂ ਨੇ ਮੈਨੂੰ ਛੱਡ ਦਿੱਤਾ ਹੈ+ ਅਤੇ ਉਹ ਸੀਦੋਨੀਆਂ ਦੀ ਦੇਵੀ ਅਸ਼ਤਾਰੋਥ, ਮੋਆਬ ਦੇ ਦੇਵਤੇ ਕਮੋਸ਼ ਅਤੇ ਅੰਮੋਨੀਆਂ ਦੇ ਦੇਵਤੇ ਮਿਲਕੋਮ ਅੱਗੇ ਮੱਥਾ ਟੇਕ ਰਹੇ ਹਨ। ਉਨ੍ਹਾਂ ਨੇ ਉਹੀ ਕੀਤਾ ਜੋ ਮੇਰੀਆਂ ਨਜ਼ਰਾਂ ਵਿਚ ਸਹੀ ਨਹੀਂ ਅਤੇ ਮੇਰੇ ਨਿਯਮਾਂ ਤੇ ਮੇਰੇ ਕਾਨੂੰਨਾਂ ਦੀ ਪਾਲਣਾ ਨਹੀਂ ਕੀਤੀ ਜਿਵੇਂ ਉਸ ਦਾ ਪਿਤਾ ਦਾਊਦ ਕਰਦਾ ਸੀ। ਇਸ ਤਰ੍ਹਾਂ ਉਨ੍ਹਾਂ ਨੇ ਮੇਰੇ ਰਾਹਾਂ ʼਤੇ ਚੱਲਣਾ ਛੱਡ ਦਿੱਤਾ ਹੈ। 34 ਪਰ ਮੈਂ ਉਸ ਦੇ ਹੱਥੋਂ ਪੂਰਾ ਰਾਜ ਨਹੀਂ ਖੋਹਾਂਗਾ ਅਤੇ ਮੈਂ ਉਸ ਦੀ ਜ਼ਿੰਦਗੀ ਦੇ ਸਾਰੇ ਦਿਨਾਂ ਦੌਰਾਨ ਉਸ ਨੂੰ ਆਗੂ ਬਣਿਆ ਰਹਿਣ ਦਿਆਂਗਾ। ਇਹ ਮੈਂ ਆਪਣੇ ਚੁਣੇ ਹੋਏ ਸੇਵਕ ਦਾਊਦ ਦੀ ਖ਼ਾਤਰ ਕਰਾਂਗਾ+ ਕਿਉਂਕਿ ਉਸ ਨੇ ਮੇਰੇ ਕਾਨੂੰਨਾਂ ਅਤੇ ਮੇਰੇ ਹੁਕਮਾਂ ਦੀ ਪਾਲਣਾ ਕੀਤੀ ਸੀ। 35 ਪਰ ਮੈਂ ਉਸ ਦੇ ਪੁੱਤਰ ਦੇ ਹੱਥੋਂ ਰਾਜ ਖੋਹ ਲਵਾਂਗਾ ਅਤੇ ਇਹ ਦਸ ਗੋਤ ਤੈਨੂੰ ਦੇ ਦਿਆਂਗਾ।+ 36 ਮੈਂ ਉਸ ਦੇ ਪੁੱਤਰ ਨੂੰ ਇਕ ਗੋਤ ਦਿਆਂਗਾ ਤਾਂਕਿ ਮੇਰੇ ਸੇਵਕ ਦਾਊਦ ਦਾ ਦੀਵਾ ਮੇਰੇ ਅੱਗੇ ਹਮੇਸ਼ਾ ਯਰੂਸ਼ਲਮ ਵਿਚ ਬਲ਼ਦਾ ਰਹੇ,+ ਹਾਂ, ਉਸ ਸ਼ਹਿਰ ਵਿਚ ਜਿਸ ਨੂੰ ਮੈਂ ਆਪਣੇ ਲਈ ਚੁਣਿਆ ਤਾਂਕਿ ਮੇਰਾ ਨਾਂ ਉੱਥੇ ਰਹੇ। 37 ਮੈਂ ਤੈਨੂੰ ਚੁਣਾਂਗਾ ਅਤੇ ਜਿੱਥੇ ਕਿਤੇ ਤੂੰ ਚਾਹੇਂ, ਰਾਜ ਕਰੇਂਗਾ ਅਤੇ ਤੂੰ ਇਜ਼ਰਾਈਲ ਉੱਤੇ ਰਾਜਾ ਹੋਵੇਂਗਾ। 38 ਜੇ ਤੂੰ ਉਹ ਸਭ ਕੁਝ ਕਰੇਂ ਜਿਸ ਦਾ ਮੈਂ ਤੈਨੂੰ ਹੁਕਮ ਦਿੰਦਾ ਹਾਂ ਅਤੇ ਮੇਰੇ ਰਾਹਾਂ ਉੱਤੇ ਚੱਲੇਂ ਤੇ ਮੇਰੇ ਨਿਯਮਾਂ ਤੇ ਹੁਕਮਾਂ ਦੀ ਪਾਲਣਾ ਕਰ ਕੇ ਉਹੀ ਕਰੇਂ ਜੋ ਮੇਰੀਆਂ ਨਜ਼ਰਾਂ ਵਿਚ ਸਹੀ ਹੈ ਜਿਵੇਂ ਮੇਰਾ ਸੇਵਕ ਦਾਊਦ ਕਰਦਾ ਸੀ,+ ਤਾਂ ਮੈਂ ਤੇਰੇ ਨਾਲ ਵੀ ਹੋਵਾਂਗਾ। ਮੈਂ ਤੇਰੇ ਲਈ ਇਕ ਘਰ ਬਣਾਵਾਂਗਾ ਜੋ ਹਮੇਸ਼ਾ ਲਈ ਰਹੇਗਾ ਜਿਵੇਂ ਮੈਂ ਦਾਊਦ ਲਈ ਬਣਾਇਆ ਹੈ+ ਅਤੇ ਮੈਂ ਇਜ਼ਰਾਈਲ ਤੈਨੂੰ ਦੇ ਦਿਆਂਗਾ। 39 ਇਸ ਕਾਰਨ ਮੈਂ ਦਾਊਦ ਦੀ ਔਲਾਦ ਨੂੰ ਸ਼ਰਮਿੰਦਾ ਕਰਾਂਗਾ,+ ਪਰ ਹਮੇਸ਼ਾ ਲਈ ਨਹੀਂ।’”+

40 ਇਸ ਲਈ ਸੁਲੇਮਾਨ ਨੇ ਯਾਰਾਬੁਆਮ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ, ਪਰ ਯਾਰਾਬੁਆਮ ਮਿਸਰ ਦੇ ਰਾਜੇ ਸ਼ੀਸ਼ਕ+ ਕੋਲ ਮਿਸਰ ਭੱਜ ਗਿਆ ਅਤੇ ਸੁਲੇਮਾਨ ਦੀ ਮੌਤ ਹੋਣ ਤਕ ਮਿਸਰ ਵਿਚ ਹੀ ਰਿਹਾ।

41 ਸੁਲੇਮਾਨ ਦੀ ਬਾਕੀ ਕਹਾਣੀ, ਉਸ ਦੇ ਸਾਰੇ ਕੰਮਾਂ ਅਤੇ ਉਸ ਦੀ ਬੁੱਧ ਬਾਰੇ ਸੁਲੇਮਾਨ ਦੇ ਇਤਿਹਾਸ ਦੀ ਕਿਤਾਬ ਵਿਚ ਲਿਖਿਆ ਹੋਇਆ ਹੈ।+ 42 ਯਰੂਸ਼ਲਮ ਵਿਚ ਸਾਰੇ ਇਜ਼ਰਾਈਲ ਉੱਤੇ ਸੁਲੇਮਾਨ ਦੇ ਰਾਜ ਕਰਨ ਦਾ ਸਮਾਂ* 40 ਸਾਲ ਸੀ। 43 ਫਿਰ ਸੁਲੇਮਾਨ ਆਪਣੇ ਪਿਉ-ਦਾਦਿਆਂ ਨਾਲ ਮੌਤ ਦੀ ਨੀਂਦ ਸੌਂ ਗਿਆ ਅਤੇ ਉਸ ਨੂੰ ਉਸ ਦੇ ਪਿਤਾ ਦਾਊਦ ਦੇ ਸ਼ਹਿਰ ਵਿਚ ਦਫ਼ਨਾ ਦਿੱਤਾ ਗਿਆ; ਅਤੇ ਉਸ ਦੀ ਜਗ੍ਹਾ ਉਸ ਦਾ ਪੁੱਤਰ ਰਹਬੁਆਮ+ ਰਾਜਾ ਬਣ ਗਿਆ।

12 ਰਹਬੁਆਮ ਸ਼ਕਮ ਨੂੰ ਗਿਆ ਕਿਉਂਕਿ ਸਾਰਾ ਇਜ਼ਰਾਈਲ ਉਸ ਨੂੰ ਰਾਜਾ ਬਣਾਉਣ ਲਈ ਸ਼ਕਮ ਆਇਆ ਹੋਇਆ ਸੀ।+ 2 ਜਿਉਂ ਹੀ ਨਬਾਟ ਦੇ ਪੁੱਤਰ ਯਾਰਾਬੁਆਮ ਨੇ ਇਸ ਬਾਰੇ ਸੁਣਿਆ (ਉਹ ਅਜੇ ਮਿਸਰ ਵਿਚ ਹੀ ਸੀ ਕਿਉਂਕਿ ਉਸ ਨੂੰ ਰਾਜਾ ਸੁਲੇਮਾਨ ਕਰਕੇ ਭੱਜਣਾ ਪਿਆ ਸੀ ਤੇ ਉਹ ਮਿਸਰ ਵਿਚ ਰਹਿ ਰਿਹਾ ਸੀ),+ 3 ਤਾਂ ਉਨ੍ਹਾਂ ਨੇ ਉਸ ਨੂੰ ਬੁਲਵਾਇਆ। ਇਸ ਤੋਂ ਬਾਅਦ ਯਾਰਾਬੁਆਮ ਤੇ ਇਜ਼ਰਾਈਲ ਦੀ ਸਾਰੀ ਮੰਡਲੀ ਰਹਬੁਆਮ ਕੋਲ ਆਈ ਤੇ ਉਸ ਨੂੰ ਕਿਹਾ: 4 “ਤੇਰੇ ਪਿਤਾ ਨੇ ਸਾਡਾ ਜੂਲਾ ਸਖ਼ਤ ਕੀਤਾ ਸੀ।+ ਪਰ ਜੇ ਤੂੰ ਉਸ ਸਖ਼ਤ ਕੰਮ ਨੂੰ ਥੋੜ੍ਹਾ ਸੌਖਾ ਕਰ ਦੇਵੇਂ ਜੋ ਤੇਰਾ ਪਿਤਾ ਸਾਡੇ ਤੋਂ ਕਰਾਉਂਦਾ ਸੀ ਅਤੇ ਉਸ ਵੱਲੋਂ ਸਾਡੇ ਉੱਤੇ ਰੱਖੇ ਭਾਰੇ* ਜੂਲੇ ਨੂੰ ਹਲਕਾ ਕਰ ਦੇਵੇਂ, ਤਾਂ ਅਸੀਂ ਤੇਰੀ ਸੇਵਾ ਕਰਾਂਗੇ।”

5 ਇਹ ਸੁਣ ਕੇ ਉਸ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਤਿੰਨ ਦਿਨਾਂ ਲਈ ਚਲੇ ਜਾਓ; ਫਿਰ ਮੇਰੇ ਕੋਲ ਵਾਪਸ ਆਇਓ।” ਇਸ ਲਈ ਲੋਕ ਚਲੇ ਗਏ।+ 6 ਫਿਰ ਰਾਜਾ ਰਹਬੁਆਮ ਨੇ ਉਨ੍ਹਾਂ ਬਜ਼ੁਰਗਾਂ ਤੋਂ ਸਲਾਹ ਮੰਗੀ ਜੋ ਉਸ ਦੇ ਪਿਤਾ ਸੁਲੇਮਾਨ ਦੇ ਜੀਉਂਦੇ-ਜੀ ਉਸ ਦੀ ਸੇਵਾ ਕਰਦੇ ਸਨ। ਉਸ ਨੇ ਪੁੱਛਿਆ: “ਤੁਹਾਡੀ ਕੀ ਸਲਾਹ ਹੈ ਕਿ ਇਨ੍ਹਾਂ ਲੋਕਾਂ ਨੂੰ ਕੀ ਜਵਾਬ ਦੇਣਾ ਚਾਹੀਦਾ?” 7 ਉਨ੍ਹਾਂ ਨੇ ਉਸ ਨੂੰ ਜਵਾਬ ਦਿੱਤਾ: “ਜੇ ਅੱਜ ਤੂੰ ਇਨ੍ਹਾਂ ਲੋਕਾਂ ਦਾ ਸੇਵਕ ਬਣੇਂ, ਇਨ੍ਹਾਂ ਦੀ ਬੇਨਤੀ ਸੁਣੇਂ ਤੇ ਇਨ੍ਹਾਂ ਦੇ ਮਨਭਾਉਂਦਾ ਜਵਾਬ ਦੇਵੇਂ, ਤਾਂ ਇਹ ਸਦਾ ਲਈ ਤੇਰੇ ਸੇਵਕ ਬਣੇ ਰਹਿਣਗੇ।”

8 ਪਰ ਉਸ ਨੇ ਬਜ਼ੁਰਗਾਂ ਦੀ ਸਲਾਹ ਨੂੰ ਠੁਕਰਾ ਦਿੱਤਾ ਅਤੇ ਉਨ੍ਹਾਂ ਨੌਜਵਾਨਾਂ ਤੋਂ ਸਲਾਹ ਮੰਗੀ ਜੋ ਉਸ ਦੇ ਨਾਲ ਵੱਡੇ ਹੋਏ ਸਨ ਤੇ ਹੁਣ ਉਸ ਦੇ ਸੇਵਾਦਾਰ ਸਨ।+ 9 ਉਸ ਨੇ ਉਨ੍ਹਾਂ ਤੋਂ ਪੁੱਛਿਆ: “ਤੁਹਾਡੀ ਕੀ ਸਲਾਹ ਹੈ ਕਿ ਸਾਨੂੰ ਉਨ੍ਹਾਂ ਲੋਕਾਂ ਨੂੰ ਕੀ ਜਵਾਬ ਦੇਣਾ ਚਾਹੀਦਾ ਜਿਨ੍ਹਾਂ ਨੇ ਮੈਨੂੰ ਕਿਹਾ ਹੈ, ‘ਆਪਣੇ ਪਿਤਾ ਵੱਲੋਂ ਸਾਡੇ ʼਤੇ ਰੱਖੇ ਜੂਲੇ ਨੂੰ ਹਲਕਾ ਕਰ ਦੇ’?” 10 ਉਸ ਨਾਲ ਵੱਡੇ ਹੋਏ ਨੌਜਵਾਨਾਂ ਨੇ ਉਸ ਨੂੰ ਕਿਹਾ: “ਤੂੰ ਉਨ੍ਹਾਂ ਲੋਕਾਂ ਨੂੰ ਇਹ ਕਹੀਂ ਜਿਨ੍ਹਾਂ ਨੇ ਤੈਨੂੰ ਕਿਹਾ ਹੈ, ‘ਤੇਰੇ ਪਿਤਾ ਨੇ ਸਾਡਾ ਜੂਲਾ ਭਾਰਾ ਕੀਤਾ ਸੀ, ਪਰ ਤੂੰ ਇਸ ਨੂੰ ਹਲਕਾ ਕਰ ਦੇ’; ਤੂੰ ਉਨ੍ਹਾਂ ਨੂੰ ਕਹੀਂ, ‘ਮੇਰੀ ਚੀਚੀ ਮੇਰੇ ਪਿਤਾ ਦੇ ਲੱਕ ਨਾਲੋਂ ਵੀ ਮੋਟੀ ਹੋਵੇਗੀ। 11 ਮੇਰੇ ਪਿਤਾ ਨੇ ਤੁਹਾਡੇ ʼਤੇ ਭਾਰਾ ਜੂਲਾ ਰੱਖਿਆ ਸੀ, ਪਰ ਮੈਂ ਤੁਹਾਡੇ ਜੂਲੇ ਨੂੰ ਹੋਰ ਭਾਰਾ ਕਰ ਦਿਆਂਗਾ। ਮੇਰੇ ਪਿਤਾ ਨੇ ਤੁਹਾਨੂੰ ਛਾਂਟਿਆਂ ਨਾਲ ਸਜ਼ਾ ਦਿੱਤੀ ਸੀ, ਪਰ ਮੈਂ ਤੁਹਾਨੂੰ ਕੋਰੜਿਆਂ ਨਾਲ ਸਜ਼ਾ ਦਿਆਂਗਾ।’”

12 ਯਾਰਾਬੁਆਮ ਅਤੇ ਸਾਰੇ ਲੋਕ ਤੀਸਰੇ ਦਿਨ ਰਹਬੁਆਮ ਕੋਲ ਆਏ ਜਿਵੇਂ ਰਾਜੇ ਨੇ ਕਿਹਾ ਸੀ: “ਤੀਸਰੇ ਦਿਨ ਮੇਰੇ ਕੋਲ ਵਾਪਸ ਆਇਓ।”+ 13 ਪਰ ਰਾਜੇ ਨੇ ਬਜ਼ੁਰਗਾਂ ਦੀ ਦਿੱਤੀ ਸਲਾਹ ਨੂੰ ਠੁਕਰਾਉਂਦੇ ਹੋਏ ਲੋਕਾਂ ਨੂੰ ਸਖ਼ਤੀ ਨਾਲ ਜਵਾਬ ਦਿੱਤਾ। 14 ਉਸ ਨੇ ਨੌਜਵਾਨਾਂ ਦੀ ਸਲਾਹ ਮੁਤਾਬਕ ਉਨ੍ਹਾਂ ਨਾਲ ਗੱਲ ਕਰਦੇ ਹੋਏ ਕਿਹਾ: “ਮੇਰੇ ਪਿਤਾ ਨੇ ਤੁਹਾਡਾ ਜੂਲਾ ਭਾਰਾ ਕੀਤਾ ਸੀ, ਪਰ ਮੈਂ ਤੁਹਾਡੇ ਜੂਲੇ ਨੂੰ ਹੋਰ ਭਾਰਾ ਕਰ ਦਿਆਂਗਾ। ਮੇਰੇ ਪਿਤਾ ਨੇ ਤੁਹਾਨੂੰ ਛਾਂਟਿਆਂ ਨਾਲ ਸਜ਼ਾ ਦਿੱਤੀ ਸੀ, ਪਰ ਮੈਂ ਤੁਹਾਨੂੰ ਕੋਰੜਿਆਂ ਨਾਲ ਸਜ਼ਾ ਦਿਆਂਗਾ।” 15 ਇਸ ਤਰ੍ਹਾਂ ਰਾਜੇ ਨੇ ਲੋਕਾਂ ਦੀ ਗੱਲ ਨਹੀਂ ਸੁਣੀ ਕਿਉਂਕਿ ਇਹ ਸਭ ਕੁਝ ਯਹੋਵਾਹ ਵੱਲੋਂ ਹੋਇਆ ਸੀ+ ਤਾਂਕਿ ਯਹੋਵਾਹ ਦਾ ਉਹ ਬਚਨ ਪੂਰਾ ਹੋਵੇ ਜੋ ਉਸ ਨੇ ਸ਼ੀਲੋਨੀ ਅਹੀਯਾਹ ਦੇ ਰਾਹੀਂ ਨਬਾਟ ਦੇ ਪੁੱਤਰ ਯਾਰਾਬੁਆਮ ਨੂੰ ਕਿਹਾ ਸੀ।+

16 ਜਦੋਂ ਸਾਰੇ ਇਜ਼ਰਾਈਲ ਨੇ ਦੇਖਿਆ ਕਿ ਰਾਜੇ ਨੇ ਉਨ੍ਹਾਂ ਦੀ ਗੱਲ ਸੁਣਨ ਤੋਂ ਇਨਕਾਰ ਕੀਤਾ ਸੀ, ਤਾਂ ਲੋਕਾਂ ਨੇ ਰਾਜੇ ਨੂੰ ਜਵਾਬ ਦਿੱਤਾ: “ਦਾਊਦ ਨਾਲ ਸਾਡਾ ਕੋਈ ਹਿੱਸਾ ਨਹੀਂ ਅਤੇ ਯੱਸੀ ਦੇ ਪੁੱਤਰ ਦੀ ਵਿਰਾਸਤ ਵਿਚ ਸਾਡੀ ਕੋਈ ਸਾਂਝ ਨਹੀਂ। ਹੇ ਇਜ਼ਰਾਈਲ, ਹਰ ਕੋਈ ਆਪੋ-ਆਪਣੇ ਦੇਵਤਿਆਂ ਕੋਲ ਮੁੜ ਜਾਵੇ। ਹੇ ਦਾਊਦ, ਆਪਣੇ ਘਰਾਣੇ ਨੂੰ ਆਪ ਹੀ ਸਾਂਭ!” ਇਹ ਕਹਿ ਕੇ ਇਜ਼ਰਾਈਲੀ ਆਪੋ-ਆਪਣੇ ਘਰਾਂ* ਨੂੰ ਮੁੜ ਗਏ।+ 17 ਪਰ ਰਹਬੁਆਮ ਯਹੂਦਾਹ ਦੇ ਸ਼ਹਿਰਾਂ ਵਿਚ ਰਹਿੰਦੇ ਇਜ਼ਰਾਈਲੀਆਂ ਉੱਤੇ ਰਾਜ ਕਰਦਾ ਰਿਹਾ।+

18 ਫਿਰ ਰਾਜਾ ਰਹਬੁਆਮ ਨੇ ਅਦੋਰਾਮ+ ਨੂੰ ਘੱਲਿਆ ਜੋ ਉਨ੍ਹਾਂ ਉੱਤੇ ਨਿਗਰਾਨ ਸੀ ਜਿਨ੍ਹਾਂ ਤੋਂ ਜਬਰੀ ਮਜ਼ਦੂਰੀ ਕਰਾਈ ਜਾਂਦੀ ਸੀ, ਪਰ ਸਾਰੇ ਇਜ਼ਰਾਈਲੀਆਂ ਨੇ ਉਸ ਨੂੰ ਪੱਥਰ ਮਾਰ-ਮਾਰ ਕੇ ਜਾਨੋਂ ਮਾਰ ਸੁੱਟਿਆ। ਰਾਜਾ ਰਹਬੁਆਮ ਕਿਸੇ ਤਰ੍ਹਾਂ ਆਪਣੇ ਰਥ ʼਤੇ ਚੜ੍ਹ ਕੇ ਯਰੂਸ਼ਲਮ ਨੂੰ ਭੱਜਣ ਵਿਚ ਕਾਮਯਾਬ ਹੋ ਗਿਆ।+ 19 ਅਤੇ ਇਜ਼ਰਾਈਲੀ ਅੱਜ ਦੇ ਦਿਨ ਤਕ ਦਾਊਦ ਦੇ ਘਰਾਣੇ ਵਿਰੁੱਧ ਬਗਾਵਤ ਕਰਦੇ ਆਏ ਹਨ।+

20 ਯਾਰਾਬੁਆਮ ਦੇ ਮੁੜ ਆਉਣ ਦੀ ਖ਼ਬਰ ਸੁਣਦਿਆਂ ਹੀ ਸਾਰੇ ਇਜ਼ਰਾਈਲ ਨੇ ਉਸ ਨੂੰ ਮੰਡਲੀ ਦੇ ਕੋਲ ਬੁਲਵਾਇਆ ਅਤੇ ਉਸ ਨੂੰ ਸਾਰੇ ਇਜ਼ਰਾਈਲ ਉੱਤੇ ਰਾਜਾ ਬਣਾ ਦਿੱਤਾ।+ ਯਹੂਦਾਹ ਦੇ ਗੋਤ ਤੋਂ ਇਲਾਵਾ ਹੋਰ ਕਿਸੇ ਨੇ ਵੀ ਦਾਊਦ ਦੇ ਘਰਾਣੇ ਦਾ ਸਾਥ ਨਹੀਂ ਦਿੱਤਾ।+

21 ਜਦੋਂ ਰਹਬੁਆਮ ਯਰੂਸ਼ਲਮ ਪਹੁੰਚਿਆ, ਤਾਂ ਉਸ ਨੇ ਤੁਰੰਤ ਯਹੂਦਾਹ ਦੇ ਸਾਰੇ ਘਰਾਣੇ ਵਿੱਚੋਂ ਅਤੇ ਬਿਨਯਾਮੀਨ ਦੇ ਗੋਤ ਵਿੱਚੋਂ 1,80,000 ਸਿਖਲਾਈ-ਪ੍ਰਾਪਤ* ਯੋਧਿਆਂ ਨੂੰ ਇਜ਼ਰਾਈਲ ਦੇ ਘਰਾਣੇ ਨਾਲ ਯੁੱਧ ਕਰਨ ਲਈ ਇਕੱਠਾ ਕੀਤਾ ਤਾਂਕਿ ਸੁਲੇਮਾਨ ਦੇ ਪੁੱਤਰ ਰਹਬੁਆਮ ਨੂੰ ਰਾਜ ਵਾਪਸ ਮਿਲ ਸਕੇ।+ 22 ਫਿਰ ਸੱਚੇ ਪਰਮੇਸ਼ੁਰ ਦੇ ਬੰਦੇ ਸ਼ਮਾਯਾਹ ਕੋਲ ਸੱਚੇ ਪਰਮੇਸ਼ੁਰ ਦਾ ਇਹ ਬਚਨ ਆਇਆ:+ 23 “ਯਹੂਦਾਹ ਦੇ ਰਾਜੇ ਸੁਲੇਮਾਨ ਦੇ ਪੁੱਤਰ ਰਹਬੁਆਮ ਅਤੇ ਯਹੂਦਾਹ ਦੇ ਸਾਰੇ ਘਰਾਣੇ, ਬਿਨਯਾਮੀਨ ਦੇ ਗੋਤ ਅਤੇ ਬਾਕੀ ਸਾਰੇ ਲੋਕਾਂ ਨੂੰ ਕਹਿ, 24 ‘ਯਹੋਵਾਹ ਇਹ ਕਹਿੰਦਾ ਹੈ: “ਤੁਸੀਂ ਉਤਾਂਹ ਜਾ ਕੇ ਆਪਣੇ ਇਜ਼ਰਾਈਲੀ ਭਰਾਵਾਂ ਨਾਲ ਨਾ ਲੜਿਓ। ਤੁਹਾਡੇ ਵਿੱਚੋਂ ਹਰ ਕੋਈ ਆਪੋ-ਆਪਣੇ ਘਰ ਮੁੜ ਜਾਵੇ ਕਿਉਂਕਿ ਇਹ ਸਭ ਕੁਝ ਮੈਂ ਕਰਾਇਆ ਹੈ।”’”+ ਇਸ ਲਈ ਉਨ੍ਹਾਂ ਨੇ ਯਹੋਵਾਹ ਦੀ ਗੱਲ ਮੰਨ ਲਈ ਅਤੇ ਆਪੋ-ਆਪਣੇ ਘਰਾਂ ਨੂੰ ਵਾਪਸ ਚਲੇ ਗਏ ਜਿਵੇਂ ਯਹੋਵਾਹ ਨੇ ਉਨ੍ਹਾਂ ਨੂੰ ਕਿਹਾ ਸੀ।

25 ਫਿਰ ਯਾਰਾਬੁਆਮ ਨੇ ਇਫ਼ਰਾਈਮ ਦੇ ਪਹਾੜੀ ਇਲਾਕੇ ਵਿਚ ਸ਼ਕਮ+ ਨੂੰ ਬਣਾਇਆ* ਅਤੇ ਉੱਥੇ ਰਹਿਣ ਲੱਗਾ। ਫਿਰ ਉੱਥੋਂ ਜਾ ਕੇ ਉਸ ਨੇ ਪਨੂਏਲ+ ਨੂੰ ਬਣਾਇਆ।* 26 ਯਾਰਾਬੁਆਮ ਨੇ ਮਨ ਹੀ ਮਨ ਕਿਹਾ: “ਹੁਣ ਦਾਊਦ ਦੇ ਘਰਾਣੇ ਨੂੰ ਰਾਜ ਵਾਪਸ ਮਿਲ ਜਾਵੇਗਾ।+ 27 ਜੇ ਇਹ ਲੋਕ ਬਲ਼ੀਆਂ ਚੜ੍ਹਾਉਣ ਲਈ ਯਰੂਸ਼ਲਮ ਵਿਚ ਯਹੋਵਾਹ ਦੇ ਭਵਨ ਨੂੰ ਜਾਂਦੇ ਰਹੇ,+ ਤਾਂ ਇਨ੍ਹਾਂ ਲੋਕਾਂ ਦੇ ਦਿਲ ਵੀ ਇਨ੍ਹਾਂ ਦੇ ਮਾਲਕ ਯਹੂਦਾਹ ਦੇ ਰਾਜਾ ਰਹਬੁਆਮ ਵੱਲ ਮੁੜ ਜਾਣਗੇ। ਹਾਂ, ਇਹ ਮੈਨੂੰ ਮਾਰ ਦੇਣਗੇ ਅਤੇ ਯਹੂਦਾਹ ਦੇ ਰਾਜੇ ਰਹਬੁਆਮ ਕੋਲ ਮੁੜ ਜਾਣਗੇ।” 28 ਰਾਜੇ ਨੇ ਸਲਾਹ ਕਰ ਕੇ ਸੋਨੇ ਦੇ ਦੋ ਵੱਛੇ ਬਣਾਏ+ ਅਤੇ ਲੋਕਾਂ ਨੂੰ ਕਿਹਾ: “ਤੁਹਾਨੂੰ ਉਤਾਹਾਂ ਯਰੂਸ਼ਲਮ ਜਾਣ ਲਈ ਕਿੰਨੀ ਖੇਚਲ਼ ਕਰਨੀ ਪੈਂਦੀ ਹੈ। ਹੇ ਇਜ਼ਰਾਈਲ, ਦੇਖੋ, ਇਹ ਹੈ ਤੁਹਾਡਾ ਪਰਮੇਸ਼ੁਰ ਜੋ ਤੁਹਾਨੂੰ ਮਿਸਰ ਤੋਂ ਬਾਹਰ ਕੱਢ ਲਿਆਇਆ ਸੀ।”+ 29 ਫਿਰ ਉਸ ਨੇ ਇਕ ਵੱਛਾ ਬੈਤੇਲ+ ਵਿਚ ਤੇ ਦੂਜਾ ਦਾਨ+ ਵਿਚ ਰੱਖ ਦਿੱਤਾ। 30 ਇਸ ਕਰਕੇ ਲੋਕਾਂ ਨੇ ਪਾਪ ਕੀਤਾ+ ਅਤੇ ਉਹ ਵੱਛੇ ਦੀ ਪੂਜਾ ਕਰਨ ਲਈ ਦੂਰ ਦਾਨ ਤਕ ਜਾਣ ਲੱਗੇ।

31 ਅਤੇ ਉਸ ਨੇ ਉੱਚੀਆਂ ਥਾਵਾਂ ʼਤੇ ਪੂਜਾ-ਘਰ ਬਣਾਏ ਅਤੇ ਆਮ ਲੋਕਾਂ ਵਿੱਚੋਂ, ਜੋ ਲੇਵੀ ਨਹੀਂ ਸਨ, ਪੁਜਾਰੀ ਨਿਯੁਕਤ ਕੀਤੇ।+ 32 ਇਸ ਤੋਂ ਇਲਾਵਾ, ਯਾਰਾਬੁਆਮ ਨੇ ਯਹੂਦਾਹ ਵਿਚ ਮਨਾਏ ਜਾਂਦੇ ਤਿਉਹਾਰ ਵਰਗਾ ਇਕ ਤਿਉਹਾਰ ਅੱਠਵੇਂ ਮਹੀਨੇ ਦੀ 15 ਤਾਰੀਖ਼ ਨੂੰ ਮਨਾਉਣਾ ਸ਼ੁਰੂ ਕਰ ਦਿੱਤਾ।+ ਉਸ ਨੇ ਬੈਤੇਲ+ ਵਿਚ ਆਪਣੇ ਵੱਲੋਂ ਬਣਾਈ ਵੇਦੀ ʼਤੇ ਉਨ੍ਹਾਂ ਵੱਛਿਆਂ ਅੱਗੇ ਬਲ਼ੀਆਂ ਚੜ੍ਹਾਈਆਂ ਜੋ ਉਸ ਨੇ ਬਣਾਏ ਸਨ ਅਤੇ ਉਸ ਨੇ ਬੈਤੇਲ ਦੀਆਂ ਉੱਚੀਆਂ ਥਾਵਾਂ ਲਈ, ਜੋ ਉਸ ਨੇ ਬਣਾਈਆਂ ਸਨ, ਪੁਜਾਰੀ ਨਿਯੁਕਤ ਕੀਤੇ। 33 ਉਸ ਨੇ ਬੈਤੇਲ ਵਿਚ ਜੋ ਵੇਦੀ ਬਣਾਈ ਸੀ, ਉਸ ਉੱਤੇ ਉਸ ਨੇ ਅੱਠਵੇਂ ਮਹੀਨੇ ਦੀ 15 ਤਾਰੀਖ਼ ਨੂੰ ਭੇਟਾਂ ਚੜ੍ਹਾਉਣੀਆਂ ਸ਼ੁਰੂ ਕੀਤੀਆਂ। ਇਹ ਮਹੀਨਾ ਉਸ ਨੇ ਆਪ ਚੁਣਿਆ ਸੀ; ਉਸ ਨੇ ਇਜ਼ਰਾਈਲ ਦੇ ਲੋਕਾਂ ਲਈ ਇਕ ਤਿਉਹਾਰ ਦੀ ਸ਼ੁਰੂਆਤ ਕੀਤੀ ਅਤੇ ਵੇਦੀ ʼਤੇ ਚੜ੍ਹ ਕੇ ਬਲ਼ੀਆਂ ਚੜ੍ਹਾਈਆਂ ਤਾਂਕਿ ਉਨ੍ਹਾਂ ਦਾ ਧੂੰਆਂ ਉੱਠੇ।

13 ਜਦੋਂ ਯਾਰਾਬੁਆਮ ਵੇਦੀ ਦੇ ਕੋਲ ਬਲ਼ੀ ਚੜ੍ਹਾਉਣ ਲਈ ਖੜ੍ਹਾ ਸੀ ਤਾਂਕਿ ਉਸ ਦਾ ਧੂੰਆਂ ਉੱਠੇ,+ ਉਸ ਵੇਲੇ ਯਹੋਵਾਹ ਦੇ ਬਚਨ ਅਨੁਸਾਰ ਯਹੂਦਾਹ ਤੋਂ ਪਰਮੇਸ਼ੁਰ ਦਾ ਇਕ ਬੰਦਾ+ ਬੈਤੇਲ ਆਇਆ। 2 ਫਿਰ ਉਸ ਨੇ ਯਹੋਵਾਹ ਦੇ ਬਚਨ ਅਨੁਸਾਰ ਵੇਦੀ ਦੇ ਖ਼ਿਲਾਫ਼ ਉੱਚੀ ਆਵਾਜ਼ ਵਿਚ ਕਿਹਾ: “ਹੇ ਵੇਦੀ, ਹੇ ਵੇਦੀ! ਯਹੋਵਾਹ ਇਹ ਕਹਿੰਦਾ ਹੈ: ‘ਦੇਖ! ਦਾਊਦ ਦੇ ਘਰਾਣੇ ਵਿਚ ਯੋਸੀਯਾਹ+ ਨਾਂ ਦਾ ਇਕ ਪੁੱਤਰ ਪੈਦਾ ਹੋਵੇਗਾ! ਉਹ ਤੇਰੇ ʼਤੇ ਉੱਚੀਆਂ ਥਾਵਾਂ ਦੇ ਪੁਜਾਰੀਆਂ ਦੀ ਬਲ਼ੀ ਚੜ੍ਹਾਵੇਗਾ, ਹਾਂ, ਉਨ੍ਹਾਂ ਪੁਜਾਰੀਆਂ ਦੀ ਜੋ ਤੇਰੇ ਉੱਤੇ ਬਲ਼ੀਆਂ ਚੜ੍ਹਾਉਂਦੇ ਹਨ ਤਾਂਕਿ ਉਨ੍ਹਾਂ ਦਾ ਧੂੰਆਂ ਉੱਠੇ। ਉਹ ਤੇਰੇ ਉੱਤੇ ਇਨਸਾਨਾਂ ਦੀਆਂ ਹੱਡੀਆਂ ਸਾੜੇਗਾ।’”+ 3 ਉਸ ਦਿਨ ਉਸ ਨੇ ਇਹ ਕਹਿ ਕੇ ਇਕ ਨਿਸ਼ਾਨੀ ਦਿੱਤੀ: “ਇਹ ਉਹ ਨਿਸ਼ਾਨੀ ਹੈ ਜੋ ਯਹੋਵਾਹ ਨੇ ਦੱਸੀ ਹੈ: ਦੇਖ! ਵੇਦੀ ਪਾਟ ਜਾਵੇਗੀ ਅਤੇ ਉਸ ʼਤੇ ਪਈ ਸੁਆਹ* ਖਿੱਲਰ ਜਾਵੇਗੀ।”

4 ਜਿਉਂ ਹੀ ਰਾਜਾ ਯਾਰਾਬੁਆਮ ਨੇ ਬੈਤੇਲ ਵਿਚ ਵੇਦੀ ਦੇ ਖ਼ਿਲਾਫ਼ ਸੱਚੇ ਪਰਮੇਸ਼ੁਰ ਦੇ ਬੰਦੇ ਦਾ ਬਚਨ ਸੁਣਿਆ, ਤਾਂ ਉਸ ਨੇ ਵੇਦੀ ਤੋਂ ਆਪਣਾ ਹੱਥ ਹਟਾ ਕੇ ਉਸ ਬੰਦੇ ਵੱਲ ਵਧਾਇਆ ਤੇ ਕਿਹਾ: “ਫੜ ਲਓ ਇਹਨੂੰ!”+ ਉਸ ਵੱਲ ਵਧਾਇਆ ਉਸ ਦਾ ਹੱਥ ਉਸੇ ਵੇਲੇ ਸੁੱਕ ਗਿਆ* ਅਤੇ ਉਹ ਉਸ ਨੂੰ ਪਿੱਛੇ ਨਾ ਖਿੱਚ ਸਕਿਆ।+ 5 ਫਿਰ ਵੇਦੀ ਪਾਟ ਗਈ ਅਤੇ ਵੇਦੀ ਦੀ ਸੁਆਹ ਖਿੱਲਰ ਗਈ। ਇਹ ਉਸ ਨਿਸ਼ਾਨੀ ਅਨੁਸਾਰ ਹੋਇਆ ਜੋ ਸੱਚੇ ਪਰਮੇਸ਼ੁਰ ਦੇ ਬੰਦੇ ਨੇ ਯਹੋਵਾਹ ਦੇ ਬਚਨ ਅਨੁਸਾਰ ਦੱਸੀ ਸੀ।

6 ਫਿਰ ਰਾਜੇ ਨੇ ਸੱਚੇ ਪਰਮੇਸ਼ੁਰ ਦੇ ਬੰਦੇ ਨੂੰ ਕਿਹਾ: “ਕਿਰਪਾ ਕਰ ਕੇ ਆਪਣੇ ਪਰਮੇਸ਼ੁਰ ਯਹੋਵਾਹ ਤੋਂ ਰਹਿਮ ਦੀ ਭੀਖ ਮੰਗ ਅਤੇ ਮੇਰੇ ਲਈ ਪ੍ਰਾਰਥਨਾ ਕਰ ਕਿ ਮੇਰਾ ਹੱਥ ਠੀਕ ਹੋ ਜਾਵੇ।”+ ਇਸ ਲਈ ਸੱਚੇ ਪਰਮੇਸ਼ੁਰ ਦੇ ਬੰਦੇ ਨੇ ਯਹੋਵਾਹ ਤੋਂ ਰਹਿਮ ਦੀ ਭੀਖ ਮੰਗੀ ਅਤੇ ਰਾਜੇ ਦਾ ਹੱਥ ਪਹਿਲਾਂ ਵਾਂਗ ਠੀਕ ਹੋ ਗਿਆ। 7 ਫਿਰ ਰਾਜੇ ਨੇ ਸੱਚੇ ਪਰਮੇਸ਼ੁਰ ਦੇ ਬੰਦੇ ਨੂੰ ਕਿਹਾ: ਮੇਰੇ ਨਾਲ ਘਰ ਆ ਕੇ ਕੁਝ ਖਾ-ਪੀ ਅਤੇ ਮੈਂ ਤੈਨੂੰ ਤੋਹਫ਼ਾ ਵੀ ਦੇਣਾ ਚਾਹੁੰਦਾਂ।” 8 ਪਰ ਸੱਚੇ ਪਰਮੇਸ਼ੁਰ ਦੇ ਬੰਦੇ ਨੇ ਰਾਜੇ ਨੂੰ ਕਿਹਾ: “ਜੇ ਤੂੰ ਮੈਨੂੰ ਆਪਣਾ ਅੱਧਾ ਮਹਿਲ ਵੀ ਦੇ ਦੇਵੇਂ, ਤਾਂ ਵੀ ਮੈਂ ਤੇਰੇ ਨਾਲ ਨਹੀਂ ਆਉਣਾ ਤੇ ਇਸ ਜਗ੍ਹਾ ਨਾ ਰੋਟੀ ਖਾਣੀ ਤੇ ਨਾ ਹੀ ਪਾਣੀ ਪੀਣਾ। 9 ਕਿਉਂਕਿ ਯਹੋਵਾਹ ਦੇ ਬਚਨ ਅਨੁਸਾਰ ਮੈਨੂੰ ਇਹ ਹੁਕਮ ਮਿਲਿਆ ਸੀ: ‘ਤੂੰ ਨਾ ਰੋਟੀ ਖਾਈਂ, ਨਾ ਪਾਣੀ ਪੀਵੀਂ ਤੇ ਨਾ ਹੀ ਉਸ ਰਾਹ ਤੋਂ ਵਾਪਸ ਜਾਈਂ ਜਿਸ ਰਾਹ ਥਾਣੀਂ ਤੂੰ ਆਇਆਂ।’” 10 ਇਸ ਲਈ ਉਹ ਕਿਸੇ ਹੋਰ ਰਾਹ ਥਾਣੀਂ ਚਲਾ ਗਿਆ ਅਤੇ ਉਸ ਰਸਤਿਓਂ ਵਾਪਸ ਨਹੀਂ ਗਿਆ ਜਿੱਧਰੋਂ ਦੀ ਉਹ ਬੈਤੇਲ ਆਇਆ ਸੀ।

11 ਬੈਤੇਲ ਵਿਚ ਇਕ ਬੁੱਢਾ ਨਬੀ ਰਹਿੰਦਾ ਸੀ ਅਤੇ ਉਸ ਦੇ ਪੁੱਤਰਾਂ ਨੇ ਘਰ ਆ ਕੇ ਉਸ ਨੂੰ ਉਹ ਸਭ ਕੁਝ ਦੱਸਿਆ ਜੋ ਸੱਚੇ ਪਰਮੇਸ਼ੁਰ ਦੇ ਬੰਦੇ ਨੇ ਉਸ ਦਿਨ ਬੈਤੇਲ ਵਿਚ ਕੀਤਾ ਸੀ ਅਤੇ ਉਹ ਗੱਲਾਂ ਵੀ ਦੱਸੀਆਂ ਜੋ ਉਸ ਨੇ ਰਾਜੇ ਨਾਲ ਕੀਤੀਆਂ ਸਨ। ਜਦੋਂ ਉਹ ਆਪਣੇ ਪਿਤਾ ਨੂੰ ਇਹ ਦੱਸ ਹਟੇ, 12 ਤਾਂ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਤੋਂ ਪੁੱਛਿਆ: “ਉਹ ਕਿਸ ਰਾਹ ਗਿਆ ਹੈ?” ਉਸ ਦੇ ਪੁੱਤਰਾਂ ਨੇ ਉਸ ਨੂੰ ਉਹ ਰਾਹ ਦਿਖਾਇਆ ਜਿੱਧਰ ਨੂੰ ਯਹੂਦਾਹ ਤੋਂ ਆਇਆ ਸੱਚੇ ਪਰਮੇਸ਼ੁਰ ਦਾ ਬੰਦਾ ਗਿਆ ਸੀ। 13 ਫਿਰ ਉਸ ਨੇ ਆਪਣੇ ਪੁੱਤਰਾਂ ਨੂੰ ਕਿਹਾ: “ਮੇਰੇ ਲਈ ਗਧੇ ʼਤੇ ਕਾਠੀ ਪਾਓ।” ਉਨ੍ਹਾਂ ਨੇ ਉਸ ਲਈ ਗਧੇ ʼਤੇ ਕਾਠੀ ਪਾਈ ਅਤੇ ਉਹ ਉਸ ਉੱਤੇ ਚੜ੍ਹ ਗਿਆ।

14 ਉਹ ਸੱਚੇ ਪਰਮੇਸ਼ੁਰ ਦੇ ਬੰਦੇ ਦੇ ਮਗਰ-ਮਗਰ ਗਿਆ ਅਤੇ ਉਹ ਉਸ ਨੂੰ ਇਕ ਵੱਡੇ ਦਰਖ਼ਤ ਦੇ ਥੱਲੇ ਬੈਠਾ ਮਿਲਿਆ। ਫਿਰ ਉਸ ਨੇ ਉਸ ਨੂੰ ਕਿਹਾ: “ਕੀ ਤੂੰ ਹੀ ਯਹੂਦਾਹ ਤੋਂ ਆਇਆ ਸੱਚੇ ਪਰਮੇਸ਼ੁਰ ਦਾ ਬੰਦਾ ਹੈਂ?”+ ਉਸ ਨੇ ਜਵਾਬ ਦਿੱਤਾ: “ਹਾਂ, ਮੈਂ ਹੀ ਹਾਂ।” 15 ਉਸ ਨੇ ਉਸ ਨੂੰ ਕਿਹਾ: “ਮੇਰੇ ਨਾਲ ਘਰ ਚੱਲ ਕੇ ਰੋਟੀ ਖਾਹ।” 16 ਪਰ ਉਸ ਨੇ ਕਿਹਾ: “ਮੈਂ ਤੇਰੇ ਨਾਲ ਵਾਪਸ ਨਹੀਂ ਜਾ ਸਕਦਾ ਤੇ ਨਾ ਹੀ ਮੈਂ ਤੇਰਾ ਸੱਦਾ ਕਬੂਲ ਕਰ ਸਕਦਾਂ। ਮੈਂ ਇਸ ਜਗ੍ਹਾ ਨਾ ਰੋਟੀ ਖਾ ਸਕਦਾਂ ਤੇ ਨਾ ਹੀ ਪਾਣੀ ਪੀ ਸਕਦਾਂ। 17 ਕਿਉਂਕਿ ਮੈਨੂੰ ਯਹੋਵਾਹ ਦੇ ਬਚਨ ਅਨੁਸਾਰ ਇਹ ਕਿਹਾ ਗਿਆ ਸੀ, ‘ਤੂੰ ਉੱਥੇ ਨਾ ਰੋਟੀ ਖਾਈਂ, ਨਾ ਪਾਣੀ ਪੀਵੀਂ। ਤੂੰ ਉਸ ਰਾਹ ਤੋਂ ਵਾਪਸ ਨਾ ਜਾਈਂ ਜਿਸ ਰਾਹ ਥਾਣੀਂ ਤੂੰ ਆਇਆਂ।’” 18 ਇਹ ਸੁਣ ਕੇ ਉਸ ਨੇ ਉਸ ਨੂੰ ਕਿਹਾ: “ਮੈਂ ਵੀ ਤੇਰੇ ਵਾਂਗ ਇਕ ਨਬੀ ਹਾਂ ਅਤੇ ਇਕ ਦੂਤ ਨੇ ਯਹੋਵਾਹ ਦੇ ਬਚਨ ਅਨੁਸਾਰ ਮੈਨੂੰ ਕਿਹਾ ਹੈ, ‘ਉਸ ਨੂੰ ਆਪਣੇ ਨਾਲ ਆਪਣੇ ਘਰ ਮੋੜ ਲਿਆ ਤਾਂਕਿ ਉਹ ਰੋਟੀ ਖਾਵੇ ਤੇ ਪਾਣੀ ਪੀਵੇ।’” (ਉਸ ਨੇ ਉਸ ਨੂੰ ਧੋਖਾ ਦਿੱਤਾ।) 19 ਇਸ ਲਈ ਉਹ ਉਸ ਦੇ ਘਰ ਰੋਟੀ ਖਾਣ ਤੇ ਪਾਣੀ ਪੀਣ ਲਈ ਉਸ ਦੇ ਨਾਲ ਮੁੜ ਗਿਆ।

20 ਜਦੋਂ ਉਹ ਮੇਜ਼ ʼਤੇ ਬੈਠੇ ਸਨ, ਤਾਂ ਯਹੋਵਾਹ ਦਾ ਬਚਨ ਉਸ ਨਬੀ ਨੂੰ ਆਇਆ ਜੋ ਉਸ ਬੰਦੇ ਨੂੰ ਮੋੜ ਲਿਆਇਆ ਸੀ 21 ਅਤੇ ਉਸ ਨੇ ਯਹੂਦਾਹ ਤੋਂ ਆਏ ਸੱਚੇ ਪਰਮੇਸ਼ੁਰ ਦੇ ਬੰਦੇ ਨੂੰ ਕਿਹਾ, “ਯਹੋਵਾਹ ਇਹ ਕਹਿੰਦਾ ਹੈ: ‘ਕਿਉਂਕਿ ਤੂੰ ਯਹੋਵਾਹ ਦੇ ਆਦੇਸ਼ ਦੇ ਖ਼ਿਲਾਫ਼ ਗਿਆ ਅਤੇ ਉਸ ਹੁਕਮ ਦੀ ਪਾਲਣਾ ਨਹੀਂ ਕੀਤੀ ਜੋ ਤੇਰੇ ਪਰਮੇਸ਼ੁਰ ਯਹੋਵਾਹ ਨੇ ਤੈਨੂੰ ਦਿੱਤਾ ਸੀ, 22 ਸਗੋਂ ਤੂੰ ਰੋਟੀ ਖਾਣ ਤੇ ਪਾਣੀ ਪੀਣ ਲਈ ਉਸ ਜਗ੍ਹਾ ਵਾਪਸ ਗਿਆ ਜਿਸ ਜਗ੍ਹਾ ਬਾਰੇ ਤੈਨੂੰ ਕਿਹਾ ਗਿਆ ਸੀ ਕਿ ਉੱਥੇ “ਤੂੰ ਨਾ ਰੋਟੀ ਖਾਈਂ ਤੇ ਨਾ ਪਾਣੀ ਪੀਵੀਂ,” ਇਸ ਲਈ ਤੇਰੀ ਲਾਸ਼ ਤੇਰੇ ਪਿਉ-ਦਾਦਿਆਂ ਦੀ ਕਬਰ ਵਿਚ ਨਹੀਂ ਦਫ਼ਨਾਈ ਜਾਵੇਗੀ।’”+

23 ਜਦੋਂ ਸੱਚੇ ਪਰਮੇਸ਼ੁਰ ਦਾ ਬੰਦਾ ਖਾ-ਪੀ ਹਟਿਆ, ਤਾਂ ਬੁੱਢੇ ਨਬੀ ਨੇ ਉਸ ਨਬੀ ਲਈ ਜਿਸ ਨੂੰ ਉਹ ਮੋੜ ਲਿਆਇਆ ਸੀ, ਗਧੇ ʼਤੇ ਕਾਠੀ ਪਾਈ। 24 ਫਿਰ ਉਹ ਆਪਣੇ ਰਾਹ ਪੈ ਗਿਆ, ਪਰ ਰਸਤੇ ਵਿਚ ਸ਼ੇਰ ਆ ਗਿਆ ਤੇ ਉਸ ਨੂੰ ਮਾਰ ਦਿੱਤਾ।+ ਉਸ ਦੀ ਲਾਸ਼ ਰਾਹ ਵਿਚ ਪਈ ਹੋਈ ਸੀ ਅਤੇ ਗਧਾ ਉਸ ਦੇ ਕੋਲ ਖੜ੍ਹਾ ਸੀ; ਸ਼ੇਰ ਵੀ ਲਾਸ਼ ਦੇ ਕੋਲ ਖੜ੍ਹਾ ਸੀ। 25 ਉੱਥੋਂ ਲੰਘਣ ਵਾਲੇ ਆਦਮੀਆਂ ਨੇ ਦੇਖਿਆ ਕਿ ਰਾਹ ਵਿਚ ਲਾਸ਼ ਪਈ ਸੀ ਤੇ ਲਾਸ਼ ਦੇ ਕੋਲ ਸ਼ੇਰ ਖੜ੍ਹਾ ਸੀ। ਉਨ੍ਹਾਂ ਨੇ ਇਸ ਬਾਰੇ ਉਸ ਸ਼ਹਿਰ ਵਿਚ ਆ ਕੇ ਦੱਸਿਆ ਜਿੱਥੇ ਬੁੱਢਾ ਨਬੀ ਰਹਿੰਦਾ ਸੀ।

26 ਉਸ ਬੰਦੇ ਨੂੰ ਰਾਹ ਵਿੱਚੋਂ ਮੋੜ ਲਿਆਉਣ ਵਾਲੇ ਨਬੀ ਨੇ ਜਦੋਂ ਇਸ ਬਾਰੇ ਸੁਣਿਆ, ਤਾਂ ਉਸ ਨੇ ਤੁਰੰਤ ਕਿਹਾ: “ਇਹ ਸੱਚੇ ਪਰਮੇਸ਼ੁਰ ਦਾ ਉਹੀ ਬੰਦਾ ਹੈ ਜੋ ਯਹੋਵਾਹ ਦੇ ਆਦੇਸ਼ ਦੇ ਖ਼ਿਲਾਫ਼ ਗਿਆ ਸੀ;+ ਇਸੇ ਲਈ ਯਹੋਵਾਹ ਨੇ ਉਸ ਨੂੰ ਸ਼ੇਰ ਦੇ ਹਵਾਲੇ ਕਰ ਦਿੱਤਾ ਕਿ ਉਹ ਉਸ ਨੂੰ ਪਾੜ ਕੇ ਮਾਰ ਸੁੱਟੇ। ਇਹ ਯਹੋਵਾਹ ਦੇ ਬਚਨ ਅਨੁਸਾਰ ਹੋਇਆ ਜੋ ਉਸ ਨੇ ਉਸ ਨੂੰ ਦੱਸਿਆ ਸੀ।”+ 27 ਫਿਰ ਉਸ ਨੇ ਆਪਣੇ ਪੁੱਤਰਾਂ ਨੂੰ ਕਿਹਾ: “ਮੇਰੇ ਲਈ ਗਧੇ ʼਤੇ ਕਾਠੀ ਪਾਓ।” ਇਸ ਲਈ ਉਨ੍ਹਾਂ ਨੇ ਗਧੇ ʼਤੇ ਕਾਠੀ ਪਾਈ। 28 ਫਿਰ ਉਹ ਆਪਣੇ ਰਾਹ ਪੈ ਗਿਆ ਤੇ ਉਸ ਨੇ ਰਾਹ ਵਿਚ ਪਈ ਹੋਈ ਲਾਸ਼ ਦੇਖੀ ਜਿਸ ਦੇ ਕੋਲ ਗਧਾ ਤੇ ਸ਼ੇਰ ਖੜ੍ਹੇ ਸਨ। ਸ਼ੇਰ ਨੇ ਲਾਸ਼ ਨੂੰ ਖਾਧਾ ਨਹੀਂ ਸੀ ਤੇ ਨਾ ਹੀ ਗਧੇ ਨੂੰ ਪਾੜਿਆ ਸੀ। 29 ਨਬੀ ਨੇ ਸੱਚੇ ਪਰਮੇਸ਼ੁਰ ਦੇ ਬੰਦੇ ਦੀ ਲਾਸ਼ ਨੂੰ ਚੁੱਕ ਕੇ ਗਧੇ ʼਤੇ ਰੱਖਿਆ ਅਤੇ ਉਸ ਨੂੰ ਵਾਪਸ ਆਪਣੇ ਸ਼ਹਿਰ ਲੈ ਆਇਆ ਤਾਂਕਿ ਉਸ ਦਾ ਸੋਗ ਮਨਾਇਆ ਜਾਵੇ ਤੇ ਉਸ ਨੂੰ ਦਫ਼ਨਾਇਆ ਜਾਵੇ। 30 ਫਿਰ ਉਸ ਨੇ ਲਾਸ਼ ਨੂੰ ਆਪਣੀ ਕਬਰ ਵਿਚ ਦਫ਼ਨਾ ਦਿੱਤਾ ਤੇ ਉਹ ਉਸ ਲਈ ਵੈਣ ਪਾਉਂਦੇ ਰਹੇ: “ਹਾਇ ਓਏ ਮੇਰਿਆ ਭਰਾਵਾ! ਕਿੰਨਾ ਬੁਰਾ ਹੋਇਆ!” 31 ਉਸ ਨੂੰ ਦਫ਼ਨਾਉਣ ਤੋਂ ਬਾਅਦ ਉਸ ਨੇ ਆਪਣੇ ਪੁੱਤਰਾਂ ਨੂੰ ਕਿਹਾ: “ਮੇਰੇ ਮਰਨ ਤੇ ਤੁਸੀਂ ਮੈਨੂੰ ਉਸੇ ਜਗ੍ਹਾ ਦਫ਼ਨਾਇਓ ਜਿੱਥੇ ਸੱਚੇ ਪਰਮੇਸ਼ੁਰ ਦੇ ਬੰਦੇ ਨੂੰ ਦਫ਼ਨਾਇਆ ਗਿਆ ਹੈ। ਮੇਰੀਆਂ ਹੱਡੀਆਂ ਉਸ ਦੀਆਂ ਹੱਡੀਆਂ ਦੇ ਨਾਲ ਹੀ ਰੱਖਿਓ।+ 32 ਉਸ ਨੇ ਜੋ ਕੁਝ ਯਹੋਵਾਹ ਦੇ ਬਚਨ ਅਨੁਸਾਰ ਬੈਤੇਲ ਦੀ ਵੇਦੀ ਖ਼ਿਲਾਫ਼ ਅਤੇ ਸਾਮਰਿਯਾ ਦੇ ਸ਼ਹਿਰਾਂ ਦੀਆਂ ਉੱਚੀਆਂ ਥਾਵਾਂ ʼਤੇ ਬਣੇ ਸਾਰੇ ਪੂਜਾ-ਘਰਾਂ+ ਖ਼ਿਲਾਫ਼ ਕਿਹਾ ਹੈ, ਉਹ ਜ਼ਰੂਰ ਪੂਰਾ ਹੋਵੇਗਾ।”+

33 ਇਹ ਸਭ ਕੁਝ ਹੋਣ ਤੋਂ ਬਾਅਦ ਵੀ ਯਾਰਾਬੁਆਮ ਆਪਣੇ ਬੁਰੇ ਰਾਹ ਤੋਂ ਨਹੀਂ ਮੁੜਿਆ, ਸਗੋਂ ਉਹ ਆਮ ਲੋਕਾਂ ਵਿੱਚੋਂ ਉੱਚੀਆਂ ਥਾਵਾਂ ਲਈ ਪੁਜਾਰੀ ਨਿਯੁਕਤ ਕਰਦਾ ਰਿਹਾ।+ ਜਿਹੜਾ ਵੀ ਪੁਜਾਰੀ ਬਣਨਾ ਚਾਹੁੰਦਾ ਸੀ, ਉਹ ਉਸ ਨੂੰ ਇਹ ਕਹਿ ਕੇ ਪੁਜਾਰੀ ਬਣਾ ਦਿੰਦਾ ਸੀ:* “ਇਹਨੂੰ ਵੀ ਉੱਚੀਆਂ ਥਾਵਾਂ ਦਾ ਪੁਜਾਰੀ ਬਣਾ ਦਿਓ।”+ 34 ਯਾਰਾਬੁਆਮ ਦੇ ਘਰਾਣੇ ਦੇ ਇਸ ਪਾਪ+ ਕਰਕੇ ਉਨ੍ਹਾਂ ਦਾ ਨਾਸ਼ ਹੋ ਗਿਆ ਅਤੇ ਧਰਤੀ ਤੋਂ ਉਨ੍ਹਾਂ ਦਾ ਨਾਮੋ-ਨਿਸ਼ਾਨ ਮਿਟ ਗਿਆ।+

14 ਉਸ ਸਮੇਂ ਯਾਰਾਬੁਆਮ ਦਾ ਮੁੰਡਾ ਅਬੀਯਾਹ ਬੀਮਾਰ ਪੈ ਗਿਆ। 2 ਇਸ ਲਈ ਯਾਰਾਬੁਆਮ ਨੇ ਆਪਣੀ ਪਤਨੀ ਨੂੰ ਕਿਹਾ: “ਕਿਰਪਾ ਕਰ ਕੇ ਉੱਠ ਤੇ ਆਪਣਾ ਭੇਸ ਬਦਲ ਤਾਂਕਿ ਉਨ੍ਹਾਂ ਨੂੰ ਪਤਾ ਨਾ ਲੱਗੇ ਕਿ ਤੂੰ ਯਾਰਾਬੁਆਮ ਦੀ ਪਤਨੀ ਹੈਂ ਤੇ ਤੂੰ ਸ਼ੀਲੋਹ ਨੂੰ ਜਾਹ। ਦੇਖ! ਉੱਥੇ ਅਹੀਯਾਹ ਨਬੀ ਹੈ। ਉਸੇ ਨੇ ਮੇਰੇ ਬਾਰੇ ਕਿਹਾ ਸੀ ਕਿ ਮੈਂ ਇਨ੍ਹਾਂ ਲੋਕਾਂ ਉੱਤੇ ਰਾਜਾ ਬਣਾਂਗਾ।+ 3 ਆਪਣੇ ਨਾਲ ਦਸ ਰੋਟੀਆਂ, ਟਿੱਕੀਆਂ ਅਤੇ ਸ਼ਹਿਦ ਦੀ ਇਕ ਸੁਰਾਹੀ ਲੈ ਤੇ ਉਸ ਕੋਲ ਜਾਹ। ਫਿਰ ਉਹ ਤੈਨੂੰ ਦੱਸੇਗਾ ਕਿ ਮੁੰਡੇ ਦਾ ਕੀ ਹੋਵੇਗਾ।”

4 ਯਾਰਾਬੁਆਮ ਦੀ ਪਤਨੀ ਨੇ ਉਸੇ ਤਰ੍ਹਾਂ ਕੀਤਾ ਜਿਵੇਂ ਉਸ ਨੇ ਕਿਹਾ ਸੀ। ਉਹ ਉੱਠ ਕੇ ਸ਼ੀਲੋਹ+ ਗਈ ਤੇ ਉੱਥੇ ਅਹੀਯਾਹ ਦੇ ਘਰ ਪਹੁੰਚੀ। ਅਹੀਯਾਹ ਦੀਆਂ ਅੱਖਾਂ ਅੱਗੇ ਵੱਲ ਨੂੰ ਟਿਕੀਆਂ ਹੋਈਆਂ ਸਨ ਅਤੇ ਬੁਢਾਪੇ ਕਰਕੇ ਉਹ ਦੇਖ ਨਹੀਂ ਸੀ ਸਕਦਾ।

5 ਪਰ ਯਹੋਵਾਹ ਨੇ ਅਹੀਯਾਹ ਨੂੰ ਦੱਸ ਦਿੱਤਾ ਸੀ: “ਸੁਣ, ਯਾਰਾਬੁਆਮ ਦੀ ਪਤਨੀ ਤੇਰੇ ਕੋਲ ਆਪਣੇ ਪੁੱਤਰ ਬਾਰੇ ਪੁੱਛਣ ਆ ਰਹੀ ਹੈ ਕਿਉਂਕਿ ਉਹ ਬੀਮਾਰ ਹੈ। ਮੈਂ ਤੈਨੂੰ ਦੱਸਾਂਗਾ ਕਿ ਤੂੰ ਉਸ ਨੂੰ ਕੀ ਕਹਿਣਾ ਹੈ।* ਜਦੋਂ ਉਹ ਆਵੇਗੀ, ਤਾਂ ਉਹ ਆਪਣੀ ਪਛਾਣ ਲੁਕਾਵੇਗੀ।”

6 ਜਦੋਂ ਉਹ ਅੰਦਰ ਆ ਰਹੀ ਸੀ, ਤਾਂ ਅਹੀਯਾਹ ਨੇ ਉਸ ਦੇ ਕਦਮਾਂ ਦੀ ਆਵਾਜ਼ ਸੁਣਦਿਆਂ ਹੀ ਕਿਹਾ: “ਹੇ ਯਾਰਾਬੁਆਮ ਦੀ ਪਤਨੀ, ਅੰਦਰ ਆਜਾ। ਤੂੰ ਆਪਣੀ ਪਛਾਣ ਕਿਉਂ ਲੁਕਾ ਰਹੀ ਹੈਂ? ਮੈਨੂੰ ਜ਼ਿੰਮੇਵਾਰੀ ਮਿਲੀ ਹੈ ਕਿ ਮੈਂ ਤੈਨੂੰ ਇਕ ਬੁਰੀ ਖ਼ਬਰ ਸੁਣਾਵਾਂ। 7 ਤੂੰ ਜਾ ਕੇ ਯਾਰਾਬੁਆਮ ਨੂੰ ਕਹਿ, ‘ਇਜ਼ਰਾਈਲ ਦਾ ਪਰਮੇਸ਼ੁਰ ਯਹੋਵਾਹ ਇਹ ਕਹਿੰਦਾ ਹੈ: “ਮੈਂ ਤੈਨੂੰ ਤੇਰੇ ਲੋਕਾਂ ਵਿੱਚੋਂ ਚੁਣਿਆ ਕਿ ਤੈਨੂੰ ਆਪਣੀ ਪਰਜਾ ਇਜ਼ਰਾਈਲ ਉੱਤੇ ਆਗੂ ਬਣਾਵਾਂ।+ 8 ਫਿਰ ਮੈਂ ਦਾਊਦ ਦੇ ਘਰਾਣੇ ਤੋਂ ਰਾਜ ਖੋਹ ਕੇ ਤੈਨੂੰ ਦੇ ਦਿੱਤਾ।+ ਪਰ ਤੂੰ ਮੇਰੇ ਸੇਵਕ ਦਾਊਦ ਵਰਗਾ ਨਹੀਂ ਬਣਿਆ ਜਿਸ ਨੇ ਮੇਰੇ ਹੁਕਮਾਂ ਦੀ ਪਾਲਣਾ ਕੀਤੀ, ਜੋ ਆਪਣੇ ਪੂਰੇ ਦਿਲ ਨਾਲ ਮੇਰੇ ਪਿੱਛੇ ਚੱਲਦਾ ਰਿਹਾ ਤੇ ਉਹੀ ਕੀਤਾ ਜੋ ਮੇਰੀਆਂ ਨਜ਼ਰਾਂ ਵਿਚ ਸਹੀ ਸੀ।+ 9 ਪਰ ਤੂੰ ਉਨ੍ਹਾਂ ਸਾਰਿਆਂ ਨਾਲੋਂ ਜ਼ਿਆਦਾ ਬੁਰੇ ਕੰਮ ਕੀਤੇ ਜੋ ਤੇਰੇ ਤੋਂ ਪਹਿਲਾਂ ਸਨ ਅਤੇ ਤੂੰ ਮੈਨੂੰ ਗੁੱਸਾ ਚੜ੍ਹਾਉਣ ਲਈ ਆਪਣੇ ਵਾਸਤੇ ਹੋਰ ਦੇਵਤਾ ਅਤੇ ਧਾਤ ਦੀਆਂ ਮੂਰਤਾਂ* ਬਣਾਈਆਂ।+ ਤੂੰ ਤਾਂ ਮੇਰੇ ਵੱਲ ਹੀ ਪਿੱਠ ਕਰ ਲਈ।+ 10 ਇਸੇ ਕਰਕੇ ਮੈਂ ਯਾਰਾਬੁਆਮ ਦੇ ਘਰਾਣੇ ਉੱਤੇ ਬਿਪਤਾ ਲਿਆਵਾਂਗਾ ਅਤੇ ਮੈਂ ਯਾਰਾਬੁਆਮ ਦੇ ਹਰ ਨਰ* ਨੂੰ ਮਿਟਾ ਦਿਆਂਗਾ, ਇੱਥੋਂ ਤਕ ਕਿ ਇਜ਼ਰਾਈਲ ਦੇ ਬੇਸਹਾਰਾ ਅਤੇ ਕਮਜ਼ੋਰ ਲੋਕਾਂ ਨੂੰ ਵੀ। ਅਤੇ ਮੈਂ ਯਾਰਾਬੁਆਮ ਦੇ ਘਰਾਣੇ ਨੂੰ ਹੂੰਝ ਦਿਆਂਗਾ+ ਜਿਵੇਂ ਕੋਈ ਗੋਹੇ ਨੂੰ ਚੁੱਕ ਕੇ ਉਸ ਜਗ੍ਹਾ ਨੂੰ ਚੰਗੀ ਤਰ੍ਹਾਂ ਸਾਫ਼ ਕਰ ਦਿੰਦਾ ਹੈ! 11 ਯਾਰਾਬੁਆਮ ਦੇ ਘਰਾਣੇ ਦਾ ਜਿਹੜਾ ਵੀ ਸ਼ਹਿਰ ਵਿਚ ਮਰੇਗਾ, ਉਸ ਨੂੰ ਕੁੱਤੇ ਖਾ ਜਾਣਗੇ; ਅਤੇ ਉਸ ਦਾ ਜਿਹੜਾ ਵੀ ਮੈਦਾਨ ਵਿਚ ਮਰੇਗਾ, ਉਸ ਨੂੰ ਆਕਾਸ਼ ਦੇ ਪੰਛੀ ਖਾ ਜਾਣਗੇ ਕਿਉਂਕਿ ਇਹ ਯਹੋਵਾਹ ਨੇ ਕਿਹਾ ਹੈ।”’

12 “ਹੁਣ ਤੂੰ ਉੱਠ; ਆਪਣੇ ਘਰ ਜਾਹ। ਤੇਰੇ ਸ਼ਹਿਰ ਵਿਚ ਕਦਮ ਰੱਖਦਿਆਂ ਹੀ ਬੱਚਾ ਮਰ ਜਾਵੇਗਾ। 13 ਸਾਰਾ ਇਜ਼ਰਾਈਲ ਉਸ ਲਈ ਸੋਗ ਮਨਾਵੇਗਾ ਅਤੇ ਉਸ ਨੂੰ ਦਫ਼ਨਾ ਦੇਵੇਗਾ। ਯਾਰਾਬੁਆਮ ਦੇ ਪਰਿਵਾਰ ਵਿੱਚੋਂ ਸਿਰਫ਼ ਉਸ ਨੂੰ ਹੀ ਕਬਰ ਵਿਚ ਦਫ਼ਨਾਇਆ ਜਾਵੇਗਾ ਕਿਉਂਕਿ ਯਾਰਾਬੁਆਮ ਦੇ ਘਰਾਣੇ ਵਿੱਚੋਂ ਸਿਰਫ਼ ਉਹੀ ਹੈ ਜਿਸ ਵਿਚ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਨੇ ਕੁਝ ਚੰਗਾ ਦੇਖਿਆ। 14 ਯਹੋਵਾਹ ਇਜ਼ਰਾਈਲ ਉੱਤੇ ਆਪਣੇ ਲਈ ਇਕ ਹੋਰ ਰਾਜਾ ਖੜ੍ਹਾ ਕਰੇਗਾ ਜੋ ਯਾਰਾਬੁਆਮ ਦੇ ਘਰਾਣੇ ਨੂੰ ਉਸੇ ਦਿਨ ਮਿਟਾ ਦੇਵੇਗਾ,+ ਹਾਂ, ਜੇ ਉਹ ਚਾਹੇ, ਤਾਂ ਹੁਣ ਵੀ ਇਸ ਤਰ੍ਹਾਂ ਕਰ ਸਕਦਾ ਹੈ। 15 ਯਹੋਵਾਹ ਇਜ਼ਰਾਈਲ ਨੂੰ ਇਵੇਂ ਮਾਰੇਗਾ ਕਿ ਉਹ ਪਾਣੀ ਵਿਚ ਝੂਲਦੇ ਹੋਏ ਸਰਕੰਡੇ ਵਾਂਗ ਹੋ ਜਾਵੇਗਾ ਅਤੇ ਉਹ ਇਜ਼ਰਾਈਲ ਨੂੰ ਇਸ ਚੰਗੇ ਦੇਸ਼ ਵਿੱਚੋਂ ਜੜ੍ਹੋਂ ਉਖਾੜ ਦੇਵੇਗਾ ਜੋ ਉਸ ਨੇ ਉਨ੍ਹਾਂ ਦੇ ਪਿਉ-ਦਾਦਿਆਂ ਨੂੰ ਦਿੱਤਾ ਸੀ।+ ਉਹ ਉਨ੍ਹਾਂ ਨੂੰ ਦਰਿਆ* ਪਾਰ ਖਿੰਡਾ ਦੇਵੇਗਾ+ ਕਿਉਂਕਿ ਉਨ੍ਹਾਂ ਨੇ ਆਪਣੇ ਲਈ ਪੂਜਾ-ਖੰਭੇ*+ ਬਣਾ ਕੇ ਯਹੋਵਾਹ ਦੇ ਕ੍ਰੋਧ ਨੂੰ ਭੜਕਾਇਆ। 16 ਉਹ ਇਜ਼ਰਾਈਲ ਨੂੰ ਤਿਆਗ ਦੇਵੇਗਾ, ਹਾਂ, ਉਨ੍ਹਾਂ ਪਾਪਾਂ ਕਰਕੇ ਜੋ ਯਾਰਾਬੁਆਮ ਨੇ ਕੀਤੇ ਅਤੇ ਜੋ ਪਾਪ ਉਸ ਨੇ ਇਜ਼ਰਾਈਲ ਤੋਂ ਕਰਵਾਏ।”+

17 ਇਹ ਸੁਣ ਕੇ ਯਾਰਾਬੁਆਮ ਦੀ ਪਤਨੀ ਉੱਠੀ ਤੇ ਆਪਣੇ ਰਾਹ ਪੈ ਗਈ ਤੇ ਤਿਰਸਾਹ ਪਹੁੰਚੀ। ਜਿਉਂ ਹੀ ਉਸ ਨੇ ਘਰ ਦੀ ਦਹਿਲੀਜ਼ ʼਤੇ ਕਦਮ ਰੱਖਿਆ, ਮੁੰਡਾ ਮਰ ਗਿਆ। 18 ਫਿਰ ਉਨ੍ਹਾਂ ਨੇ ਉਸ ਨੂੰ ਦਫ਼ਨਾ ਦਿੱਤਾ ਤੇ ਸਾਰੇ ਇਜ਼ਰਾਈਲ ਨੇ ਉਸ ਦਾ ਸੋਗ ਮਨਾਇਆ। ਇਹ ਯਹੋਵਾਹ ਦੇ ਬਚਨ ਅਨੁਸਾਰ ਹੋਇਆ ਜੋ ਉਸ ਨੇ ਆਪਣੇ ਸੇਵਕ ਅਹੀਯਾਹ ਨਬੀ ਰਾਹੀਂ ਦੱਸਿਆ ਸੀ।

19 ਯਾਰਾਬੁਆਮ ਦੀ ਬਾਕੀ ਕਹਾਣੀ, ਉਹ ਕਿਵੇਂ ਯੁੱਧ ਲੜਿਆ+ ਅਤੇ ਉਸ ਨੇ ਕਿਵੇਂ ਰਾਜ ਕੀਤਾ, ਇਹ ਸਭ ਇਜ਼ਰਾਈਲ ਦੇ ਰਾਜਿਆਂ ਦੇ ਜ਼ਮਾਨੇ ਦੇ ਇਤਿਹਾਸ ਦੀ ਕਿਤਾਬ ਵਿਚ ਲਿਖਿਆ ਹੋਇਆ ਹੈ। 20 ਯਾਰਾਬੁਆਮ ਦੇ ਰਾਜ ਕਰਨ ਦਾ ਸਮਾਂ* 22 ਸਾਲ ਸੀ ਜਿਸ ਤੋਂ ਬਾਅਦ ਉਹ ਆਪਣੇ ਪਿਉ-ਦਾਦਿਆਂ ਨਾਲ ਸੌਂ ਗਿਆ;+ ਅਤੇ ਉਸ ਦੀ ਜਗ੍ਹਾ ਉਸ ਦਾ ਪੁੱਤਰ ਨਾਦਾਬ ਰਾਜਾ ਬਣ ਗਿਆ।+

21 ਇਸ ਦੌਰਾਨ, ਸੁਲੇਮਾਨ ਦਾ ਪੁੱਤਰ ਰਹਬੁਆਮ ਯਹੂਦਾਹ ਦਾ ਰਾਜਾ ਬਣ ਗਿਆ ਸੀ। ਰਹਬੁਆਮ 41 ਸਾਲ ਦਾ ਸੀ ਜਦੋਂ ਉਹ ਰਾਜਾ ਬਣਿਆ ਅਤੇ ਉਸ ਨੇ 17 ਸਾਲ ਯਰੂਸ਼ਲਮ ਵਿਚ ਰਾਜ ਕੀਤਾ, ਹਾਂ, ਉਸ ਸ਼ਹਿਰ ਵਿਚ ਜਿਸ ਨੂੰ ਯਹੋਵਾਹ ਨੇ ਇਜ਼ਰਾਈਲ ਦੇ ਸਾਰੇ ਗੋਤਾਂ ਵਿੱਚੋਂ ਚੁਣਿਆ ਸੀ+ ਕਿ ਉਸ ਦਾ ਨਾਂ ਉੱਥੇ ਰਹੇ।+ ਰਹਬੁਆਮ ਦੀ ਮਾਤਾ ਦਾ ਨਾਂ ਨਾਮਾਹ ਸੀ ਜੋ ਇਕ ਅੰਮੋਨਣ ਸੀ।+ 22 ਯਹੂਦਾਹ ਦੇ ਲੋਕ ਉਹੀ ਕੰਮ ਕਰ ਰਹੇ ਸਨ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਬੁਰੇ ਸਨ+ ਅਤੇ ਉਨ੍ਹਾਂ ਨੇ ਅਜਿਹੇ ਪਾਪ ਕੀਤੇ ਜਿਨ੍ਹਾਂ ਕਰਕੇ ਉਨ੍ਹਾਂ ਨੇ ਆਪਣੇ ਪਿਉ-ਦਾਦਿਆਂ ਨਾਲੋਂ ਕਿਤੇ ਜ਼ਿਆਦਾ ਉਸ ਦਾ ਕ੍ਰੋਧ ਭੜਕਾਇਆ।+ 23 ਉਹ ਵੀ ਹਰੇਕ ਉੱਚੀ ਪਹਾੜੀ ਉੱਤੇ+ ਅਤੇ ਹਰੇਕ ਸੰਘਣੇ ਦਰਖ਼ਤ ਹੇਠਾਂ+ ਆਪਣੇ ਲਈ ਉੱਚੀਆਂ ਥਾਵਾਂ, ਪੂਜਾ-ਥੰਮ੍ਹ ਅਤੇ ਪੂਜਾ-ਖੰਭੇ* ਬਣਾਉਂਦੇ ਰਹੇ।+ 24 ਨਾਲੇ ਦੇਸ਼ ਵਿਚ ਆਦਮੀ ਵੀ ਮੰਦਰਾਂ ਵਿਚ ਵੇਸਵਾਗਿਰੀ ਕਰਦੇ ਸਨ।+ ਉਨ੍ਹਾਂ ਨੇ ਉਹ ਸਾਰੇ ਘਿਣਾਉਣੇ ਕੰਮ ਕੀਤੇ ਜੋ ਉਹ ਕੌਮਾਂ ਕਰਦੀਆਂ ਸਨ ਜਿਨ੍ਹਾਂ ਨੂੰ ਯਹੋਵਾਹ ਨੇ ਇਜ਼ਰਾਈਲੀਆਂ ਅੱਗੋਂ ਭਜਾ ਦਿੱਤਾ ਸੀ।

25 ਰਾਜਾ ਰਹਬੁਆਮ ਦੇ ਰਾਜ ਦੇ ਪੰਜਵੇਂ ਸਾਲ ਮਿਸਰ ਦਾ ਰਾਜਾ ਸ਼ੀਸ਼ਕ+ ਯਰੂਸ਼ਲਮ ਵਿਰੁੱਧ ਆਇਆ।+ 26 ਉਸ ਨੇ ਯਹੋਵਾਹ ਦੇ ਭਵਨ ਦੇ ਖ਼ਜ਼ਾਨੇ ਅਤੇ ਰਾਜੇ ਦੇ ਮਹਿਲ ਦੇ ਖ਼ਜ਼ਾਨੇ ਲੁੱਟ ਲਏ।+ ਉਸ ਨੇ ਸਾਰਾ ਕੁਝ ਲੁੱਟ ਲਿਆ, ਸੋਨੇ ਦੀਆਂ ਉਹ ਸਾਰੀਆਂ ਢਾਲਾਂ ਵੀ ਜੋ ਸੁਲੇਮਾਨ ਨੇ ਬਣਾਈਆਂ ਸਨ।+ 27 ਇਸ ਲਈ ਰਾਜਾ ਰਹਬੁਆਮ ਨੇ ਉਨ੍ਹਾਂ ਦੀ ਜਗ੍ਹਾ ਤਾਂਬੇ ਦੀਆਂ ਢਾਲਾਂ ਬਣਾਈਆਂ ਅਤੇ ਪਹਿਰੇਦਾਰਾਂ* ਦੇ ਪ੍ਰਧਾਨਾਂ ਦੇ ਹਵਾਲੇ ਕਰ ਦਿੱਤੀਆਂ ਜੋ ਰਾਜੇ ਦੇ ਮਹਿਲ ਦੇ ਦਰਵਾਜ਼ੇ ʼਤੇ ਪਹਿਰਾ ਦਿੰਦੇ ਸਨ। 28 ਜਦੋਂ ਵੀ ਰਾਜਾ ਯਹੋਵਾਹ ਦੇ ਭਵਨ ਵਿਚ ਆਉਂਦਾ ਸੀ, ਤਾਂ ਪਹਿਰੇਦਾਰ ਢਾਲਾਂ ਲੈ ਲੈਂਦੇ ਸਨ ਤੇ ਬਾਅਦ ਵਿਚ ਇਨ੍ਹਾਂ ਨੂੰ ਵਾਪਸ ਪਹਿਰੇਦਾਰਾਂ ਦੀ ਕੋਠੜੀ ਵਿਚ ਰੱਖ ਦਿੰਦੇ ਸਨ।

29 ਰਹਬੁਆਮ ਦੀ ਬਾਕੀ ਕਹਾਣੀ ਤੇ ਉਸ ਦੇ ਸਾਰੇ ਕੰਮਾਂ ਬਾਰੇ ਯਹੂਦਾਹ ਦੇ ਰਾਜਿਆਂ ਦੇ ਜ਼ਮਾਨੇ ਦੇ ਇਤਿਹਾਸ ਦੀ ਕਿਤਾਬ ਵਿਚ ਲਿਖਿਆ ਹੋਇਆ ਹੈ।+ 30 ਰਹਬੁਆਮ ਅਤੇ ਯਾਰਾਬੁਆਮ ਵਿਚਕਾਰ ਲਗਾਤਾਰ ਯੁੱਧ ਚੱਲਦਾ ਰਿਹਾ।+ 31 ਫਿਰ ਰਹਬੁਆਮ ਆਪਣੇ ਪਿਉ-ਦਾਦਿਆਂ ਨਾਲ ਸੌਂ ਗਿਆ ਤੇ ਉਸ ਨੂੰ ਉਸ ਦੇ ਪਿਉ-ਦਾਦਿਆਂ ਨਾਲ ਦਾਊਦ ਦੇ ਸ਼ਹਿਰ ਵਿਚ ਦਫ਼ਨਾ ਦਿੱਤਾ ਗਿਆ।+ ਉਸ ਦੀ ਮਾਤਾ ਦਾ ਨਾਂ ਨਾਮਾਹ ਸੀ ਜੋ ਇਕ ਅੰਮੋਨਣ ਸੀ।+ ਅਤੇ ਉਸ ਦੀ ਜਗ੍ਹਾ ਉਸ ਦਾ ਪੁੱਤਰ ਅਬੀਯਾਮ*+ ਰਾਜਾ ਬਣ ਗਿਆ।

15 ਨਬਾਟ ਦੇ ਪੁੱਤਰ ਰਾਜਾ ਯਾਰਾਬੁਆਮ+ ਦੇ ਰਾਜ ਦੇ 18ਵੇਂ ਸਾਲ ਅਬੀਯਾਮ ਯਹੂਦਾਹ ਦਾ ਰਾਜਾ ਬਣ ਗਿਆ।+ 2 ਉਸ ਨੇ ਯਰੂਸ਼ਲਮ ਵਿਚ ਤਿੰਨ ਸਾਲ ਰਾਜ ਕੀਤਾ। ਉਸ ਦੀ ਮਾਤਾ ਦਾ ਨਾਂ ਮਾਕਾਹ+ ਸੀ ਜੋ ਅਬੀਸ਼ਾਲੋਮ ਦੀ ਦੋਹਤੀ ਸੀ। 3 ਉਹ ਵੀ ਉਹ ਸਾਰੇ ਪਾਪ ਕਰਦਾ ਰਿਹਾ ਜੋ ਉਸ ਤੋਂ ਪਹਿਲਾਂ ਉਸ ਦੇ ਪਿਤਾ ਨੇ ਕੀਤੇ ਸਨ ਅਤੇ ਉਸ ਦਾ ਦਿਲ ਉਸ ਦੇ ਪਰਮੇਸ਼ੁਰ ਯਹੋਵਾਹ ਵੱਲ ਪੂਰੀ ਤਰ੍ਹਾਂ ਨਾ ਲੱਗਾ ਰਿਹਾ, ਜਿਵੇਂ ਉਸ ਦੇ ਪੜਦਾਦੇ ਦਾਊਦ ਦਾ ਸੀ। 4 ਪਰ ਦਾਊਦ ਕਰਕੇ+ ਉਸ ਦੇ ਪਰਮੇਸ਼ੁਰ ਯਹੋਵਾਹ ਨੇ ਉਸ ਤੋਂ ਬਾਅਦ ਉਸ ਦੇ ਪੁੱਤਰ ਨੂੰ ਖੜ੍ਹਾ ਕਰ ਕੇ ਅਤੇ ਯਰੂਸ਼ਲਮ ਨੂੰ ਕਾਇਮ ਰੱਖ ਕੇ ਉਸ ਨੂੰ ਯਰੂਸ਼ਲਮ ਵਿਚ ਇਕ ਚਿਰਾਗ ਦਿੱਤਾ।+ 5 ਦਾਊਦ ਨੇ ਉਹੀ ਕੀਤਾ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਸਹੀ ਸੀ ਅਤੇ ਆਪਣੀ ਜ਼ਿੰਦਗੀ ਦੇ ਸਾਰੇ ਦਿਨ ਉਹ ਕਦੇ ਵੀ ਉਸ ਦੇ ਕਿਸੇ ਹੁਕਮ ਤੋਂ ਸੱਜੇ-ਖੱਬੇ ਨਾ ਮੁੜਿਆ, ਬੱਸ ਉਹ ਹਿੱਤੀ ਊਰੀਯਾਹ ਦੇ ਮਾਮਲੇ ਵਿਚ ਖੁੰਝ ਗਿਆ ਸੀ।+ 6 ਰਹਬੁਆਮ ਦੀ ਜ਼ਿੰਦਗੀ ਦੇ ਸਾਰੇ ਦਿਨਾਂ ਦੌਰਾਨ ਉਸ ਵਿਚ ਅਤੇ ਯਾਰਾਬੁਆਮ ਵਿਚ ਯੁੱਧ ਚੱਲਦਾ ਰਿਹਾ।+

7 ਅਬੀਯਾਮ ਦੀ ਬਾਕੀ ਕਹਾਣੀ ਅਤੇ ਉਸ ਦੇ ਸਾਰੇ ਕੰਮਾਂ ਬਾਰੇ ਯਹੂਦਾਹ ਦੇ ਰਾਜਿਆਂ ਦੇ ਜ਼ਮਾਨੇ ਦੇ ਇਤਿਹਾਸ ਦੀ ਕਿਤਾਬ ਵਿਚ ਲਿਖਿਆ ਹੋਇਆ ਹੈ।+ ਅਬੀਯਾਮ ਅਤੇ ਯਾਰਾਬੁਆਮ ਵਿਚਕਾਰ ਵੀ ਯੁੱਧ ਹੋਇਆ।+ 8 ਫਿਰ ਅਬੀਯਾਮ ਆਪਣੇ ਪਿਉ-ਦਾਦਿਆਂ ਨਾਲ ਸੌਂ ਗਿਆ ਅਤੇ ਉਨ੍ਹਾਂ ਨੇ ਉਸ ਨੂੰ ਦਾਊਦ ਦੇ ਸ਼ਹਿਰ ਵਿਚ ਦਫ਼ਨਾ ਦਿੱਤਾ; ਉਸ ਦਾ ਪੁੱਤਰ ਆਸਾ+ ਉਸ ਦੀ ਜਗ੍ਹਾ ਰਾਜਾ ਬਣ ਗਿਆ।+

9 ਇਜ਼ਰਾਈਲ ਦੇ ਰਾਜਾ ਯਾਰਾਬੁਆਮ ਦੇ ਰਾਜ ਦੇ 20ਵੇਂ ਸਾਲ ਆਸਾ ਨੇ ਯਹੂਦਾਹ ਉੱਤੇ ਰਾਜ ਕਰਨਾ ਸ਼ੁਰੂ ਕਰ ਦਿੱਤਾ। 10 ਉਸ ਨੇ ਯਰੂਸ਼ਲਮ ਵਿਚ 41 ਸਾਲ ਰਾਜ ਕੀਤਾ। ਉਸ ਦੀ ਦਾਦੀ ਦਾ ਨਾਂ ਮਾਕਾਹ+ ਸੀ ਜੋ ਅਬੀਸ਼ਾਲੋਮ ਦੀ ਦੋਹਤੀ ਸੀ। 11 ਆਸਾ ਨੇ ਉਹੀ ਕੀਤਾ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਸਹੀ ਸੀ,+ ਜਿਵੇਂ ਉਸ ਦੇ ਵੱਡ-ਵਡੇਰੇ ਦਾਊਦ ਨੇ ਕੀਤਾ ਸੀ। 12 ਉਸ ਨੇ ਮੰਦਰਾਂ ਵਿਚ ਵੇਸਵਾਗਿਰੀ ਕਰਨ ਵਾਲੇ ਆਦਮੀਆਂ ਨੂੰ ਦੇਸ਼ ਵਿੱਚੋਂ ਬਾਹਰ ਕੱਢ ਦਿੱਤਾ+ ਅਤੇ ਉਨ੍ਹਾਂ ਸਾਰੀਆਂ ਘਿਣਾਉਣੀਆਂ ਮੂਰਤਾਂ* ਨੂੰ ਹਟਾ ਦਿੱਤਾ ਜੋ ਉਸ ਦੇ ਪਿਉ-ਦਾਦਿਆਂ ਨੇ ਬਣਾਈਆਂ ਸਨ।+ 13 ਉਸ ਨੇ ਤਾਂ ਆਪਣੀ ਦਾਦੀ ਮਾਕਾਹ+ ਨੂੰ ਵੀ ਰਾਜ-ਮਾਤਾ ਦੀ ਪਦਵੀ ਤੋਂ ਹਟਾ ਦਿੱਤਾ ਕਿਉਂਕਿ ਉਸ ਨੇ ਪੂਜਾ-ਖੰਭੇ* ਦੀ ਭਗਤੀ ਲਈ ਇਕ ਅਸ਼ਲੀਲ ਮੂਰਤੀ ਬਣਾਈ ਸੀ। ਆਸਾ ਨੇ ਉਸ ਦੀ ਬਣਾਈ ਅਸ਼ਲੀਲ ਮੂਰਤੀ ਨੂੰ ਢਾਹ ਸੁੱਟਿਆ+ ਅਤੇ ਇਸ ਨੂੰ ਕਿਦਰੋਨ ਘਾਟੀ ਵਿਚ ਸਾੜ ਦਿੱਤਾ।+ 14 ਪਰ ਉੱਚੀਆਂ ਥਾਵਾਂ ਢਾਹੀਆਂ ਨਹੀਂ ਗਈਆਂ।+ ਫਿਰ ਵੀ ਆਸਾ ਦਾ ਦਿਲ ਉਸ ਦੀ ਸਾਰੀ ਜ਼ਿੰਦਗੀ* ਯਹੋਵਾਹ ਵੱਲ ਪੂਰੀ ਤਰ੍ਹਾਂ ਲੱਗਾ* ਰਿਹਾ। 15 ਅਤੇ ਉਹ ਉਨ੍ਹਾਂ ਚੀਜ਼ਾਂ ਨੂੰ ਯਹੋਵਾਹ ਦੇ ਭਵਨ ਵਿਚ ਲੈ ਆਇਆ ਜੋ ਉਸ ਨੇ ਅਤੇ ਉਸ ਦੇ ਪਿਤਾ ਨੇ ਪਵਿੱਤਰ ਕੀਤੀਆਂ ਸਨ​—ਚਾਂਦੀ, ਸੋਨਾ ਅਤੇ ਤਰ੍ਹਾਂ-ਤਰ੍ਹਾਂ ਦੀਆਂ ਚੀਜ਼ਾਂ।+

16 ਆਸਾ ਅਤੇ ਇਜ਼ਰਾਈਲ ਦੇ ਰਾਜੇ ਬਾਸ਼ਾ+ ਵਿਚ ਲਗਾਤਾਰ ਯੁੱਧ ਚੱਲਦਾ ਰਿਹਾ। 17 ਇਸ ਲਈ ਇਜ਼ਰਾਈਲ ਦਾ ਰਾਜਾ ਬਾਸ਼ਾ ਯਹੂਦਾਹ ਖ਼ਿਲਾਫ਼ ਆਇਆ ਅਤੇ ਰਾਮਾਹ+ ਨੂੰ ਉਸਾਰਨ* ਲੱਗਾ ਤਾਂਕਿ ਯਹੂਦਾਹ ਦੇ ਰਾਜਾ ਆਸਾ ਕੋਲੋਂ ਨਾ ਕੋਈ ਜਾਵੇ ਤੇ ਨਾ ਕੋਈ ਉਸ ਕੋਲ ਆਵੇ।*+ 18 ਫਿਰ ਆਸਾ ਨੇ ਯਹੋਵਾਹ ਦੇ ਭਵਨ ਦੇ ਖ਼ਜ਼ਾਨਿਆਂ ਅਤੇ ਰਾਜੇ ਦੇ ਮਹਿਲ ਦੇ ਖ਼ਜ਼ਾਨਿਆਂ ਵਿਚ ਬਚੀ ਸਾਰੀ ਚਾਂਦੀ ਅਤੇ ਸੋਨਾ ਲਿਆ ਅਤੇ ਆਪਣੇ ਸੇਵਕਾਂ ਨੂੰ ਦਿੱਤਾ। ਰਾਜਾ ਆਸਾ ਨੇ ਉਨ੍ਹਾਂ ਨੂੰ ਦਮਿਸਕ ਵਿਚ ਰਹਿੰਦੇ ਸੀਰੀਆ ਦੇ ਰਾਜੇ+ ਬਨ-ਹਦਦ ਕੋਲ ਭੇਜਿਆ ਜੋ ਟਬਰਿੰਮੋਨ ਦਾ ਪੁੱਤਰ ਅਤੇ ਹਜ਼ਯੋਨ ਦਾ ਪੋਤਾ ਸੀ। ਉਸ ਨੇ ਉਸ ਨੂੰ ਇਹ ਸੰਦੇਸ਼ ਭੇਜਿਆ: 19 “ਤੇਰੇ ਤੇ ਮੇਰੇ ਵਿਚਕਾਰ ਅਤੇ ਤੇਰੇ ਪਿਤਾ ਤੇ ਮੇਰੇ ਪਿਤਾ ਵਿਚਕਾਰ ਇਕ ਸੰਧੀ* ਹੈ। ਮੈਂ ਤੈਨੂੰ ਚਾਂਦੀ ਅਤੇ ਸੋਨਾ ਤੋਹਫ਼ੇ ਵਜੋਂ ਭੇਜ ਰਿਹਾ ਹਾਂ। ਤੂੰ ਆ ਕੇ ਇਜ਼ਰਾਈਲ ਦੇ ਰਾਜਾ ਬਾਸ਼ਾ ਨਾਲੋਂ ਆਪਣੀ ਸੰਧੀ* ਤੋੜ ਦੇ ਤਾਂਕਿ ਉਹ ਮੇਰੇ ਤੋਂ ਪਿੱਛੇ ਹਟ ਜਾਵੇ।” 20 ਬਨ-ਹਦਦ ਨੇ ਰਾਜਾ ਆਸਾ ਦੀ ਗੱਲ ਮੰਨ ਲਈ ਅਤੇ ਆਪਣੀਆਂ ਫ਼ੌਜਾਂ ਦੇ ਮੁਖੀਆਂ ਨੂੰ ਇਜ਼ਰਾਈਲ ਦੇ ਸ਼ਹਿਰਾਂ ਖ਼ਿਲਾਫ਼ ਭੇਜਿਆ ਅਤੇ ਉਨ੍ਹਾਂ ਨੇ ਈਯੋਨ,+ ਦਾਨ,+ ਆਬੇਲ-ਬੈਤ-ਮਾਕਾਹ, ਸਾਰੇ ਕਿੰਨਰਥ ਅਤੇ ਸਾਰੇ ਨਫ਼ਤਾਲੀ ਦੇਸ਼ ʼਤੇ ਕਬਜ਼ਾ ਕਰ ਲਿਆ। 21 ਜਦੋਂ ਬਾਸ਼ਾ ਨੂੰ ਇਸ ਬਾਰੇ ਪਤਾ ਲੱਗਾ, ਤਾਂ ਉਸ ਨੇ ਤੁਰੰਤ ਰਾਮਾਹ ਦੀ ਉਸਾਰੀ* ਰੋਕ ਦਿੱਤੀ ਅਤੇ ਤਿਰਸਾਹ+ ਵਿਚ ਵੱਸਿਆ ਰਿਹਾ। 22 ਰਾਜਾ ਆਸਾ ਨੇ ਸਾਰੇ ਯਹੂਦਾਹ ਨੂੰ ਬੁਲਵਾਇਆ​—ਕਿਸੇ ਨੂੰ ਵੀ ਛੋਟ ਨਹੀਂ ਦਿੱਤੀ​—ਅਤੇ ਉਹ ਰਾਮਾਹ ਦੇ ਪੱਥਰ ਅਤੇ ਲੱਕੜਾਂ ਲੈ ਗਏ ਜਿਨ੍ਹਾਂ ਨਾਲ ਬਾਸ਼ਾ ਉਸਾਰੀ ਕਰ ਰਿਹਾ ਸੀ ਅਤੇ ਰਾਜਾ ਆਸਾ ਨੇ ਇਨ੍ਹਾਂ ਨਾਲ ਬਿਨਯਾਮੀਨ ਦੇ ਗਬਾ+ ਅਤੇ ਮਿਸਪਾਹ+ ਨੂੰ ਉਸਾਰਿਆ।*

23 ਆਸਾ ਦੀ ਬਾਕੀ ਕਹਾਣੀ, ਉਸ ਦੀ ਤਾਕਤ ਅਤੇ ਉਸ ਦੇ ਸਾਰੇ ਕੰਮਾਂ ਅਤੇ ਉਸ ਦੇ ਉਸਾਰੇ* ਸ਼ਹਿਰਾਂ ਬਾਰੇ ਯਹੂਦਾਹ ਦੇ ਰਾਜਿਆਂ ਦੇ ਜ਼ਮਾਨੇ ਦੇ ਇਤਿਹਾਸ ਦੀ ਕਿਤਾਬ ਵਿਚ ਲਿਖਿਆ ਹੋਇਆ ਹੈ। ਪਰ ਬੁਢਾਪੇ ਵਿਚ ਉਸ ਦੇ ਪੈਰਾਂ ਨੂੰ ਕੋਈ ਰੋਗ ਲੱਗ ਗਿਆ।+ 24 ਫਿਰ ਆਸਾ ਆਪਣੇ ਪਿਉ-ਦਾਦਿਆਂ ਨਾਲ ਸੌਂ ਗਿਆ ਅਤੇ ਉਸ ਨੂੰ ਉਸ ਦੇ ਵੱਡ-ਵਡੇਰੇ ਦਾਊਦ ਦੇ ਸ਼ਹਿਰ ਵਿਚ ਦਫ਼ਨਾ ਦਿੱਤਾ ਗਿਆ; ਅਤੇ ਉਸ ਦੀ ਜਗ੍ਹਾ ਉਸ ਦਾ ਪੁੱਤਰ ਯਹੋਸ਼ਾਫ਼ਾਟ+ ਰਾਜਾ ਬਣ ਗਿਆ।

25 ਯਹੂਦਾਹ ਦੇ ਰਾਜਾ ਆਸਾ ਦੇ ਰਾਜ ਦੇ ਦੂਜੇ ਸਾਲ ਯਾਰਾਬੁਆਮ ਦਾ ਪੁੱਤਰ ਨਾਦਾਬ+ ਇਜ਼ਰਾਈਲ ਦਾ ਰਾਜਾ ਬਣ ਗਿਆ ਅਤੇ ਉਸ ਨੇ ਦੋ ਸਾਲ ਇਜ਼ਰਾਈਲ ʼਤੇ ਰਾਜ ਕੀਤਾ। 26 ਉਹ ਉਹੀ ਕਰਦਾ ਰਿਹਾ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਬੁਰਾ ਸੀ ਅਤੇ ਆਪਣੇ ਪਿਤਾ ਦੇ ਰਾਹ ʼਤੇ ਤੁਰਦਾ ਰਿਹਾ+ ਅਤੇ ਉਸ ਨੇ ਉਹੀ ਪਾਪ ਕੀਤਾ ਜੋ ਉਸ ਦੇ ਪਿਤਾ ਨੇ ਇਜ਼ਰਾਈਲ ਤੋਂ ਕਰਾਇਆ ਸੀ।+ 27 ਯਿਸਾਕਾਰ ਦੇ ਗੋਤ ਵਿੱਚੋਂ ਅਹੀਯਾਹ ਦੇ ਪੁੱਤਰ ਬਾਸ਼ਾ ਨੇ ਉਸ ਦੇ ਖ਼ਿਲਾਫ਼ ਸਾਜ਼ਸ਼ ਘੜੀ ਅਤੇ ਬਾਸ਼ਾ ਨੇ ਉਸ ਨੂੰ ਫਲਿਸਤੀਆਂ ਦੇ ਸ਼ਹਿਰ ਗਿਬਥੋਨ+ ਵਿਚ ਜਾਨੋਂ ਮਾਰ ਦਿੱਤਾ। ਉਸ ਸਮੇਂ ਨਾਦਾਬ ਅਤੇ ਸਾਰੇ ਇਜ਼ਰਾਈਲ ਨੇ ਗਿਬਥੋਨ ਨੂੰ ਘੇਰਾ ਪਾਇਆ ਹੋਇਆ ਸੀ। 28 ਇਸ ਲਈ ਬਾਸ਼ਾ ਨੇ ਯਹੂਦਾਹ ਦੇ ਰਾਜਾ ਆਸਾ ਦੇ ਰਾਜ ਦੇ ਤੀਜੇ ਸਾਲ ਨਾਦਾਬ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਉਸ ਦੀ ਥਾਂ ਖ਼ੁਦ ਰਾਜਾ ਬਣ ਗਿਆ। 29 ਰਾਜਾ ਬਣਦੇ ਸਾਰ ਉਸ ਨੇ ਯਾਰਾਬੁਆਮ ਦੇ ਘਰਾਣੇ ਨੂੰ ਖ਼ਤਮ ਕਰ ਦਿੱਤਾ। ਉਸ ਨੇ ਯਾਰਾਬੁਆਮ ਦੇ ਕਿਸੇ ਜੀਅ ਨੂੰ ਨਹੀਂ ਬਖ਼ਸ਼ਿਆ; ਉਸ ਨੇ ਉਨ੍ਹਾਂ ਦਾ ਨਾਮੋ-ਨਿਸ਼ਾਨ ਮਿਟਾ ਦਿੱਤਾ। ਇਹ ਉਸ ਬਚਨ ਅਨੁਸਾਰ ਹੋਇਆ ਜੋ ਯਹੋਵਾਹ ਨੇ ਆਪਣੇ ਸੇਵਕ ਸ਼ੀਲੋਨੀ ਅਹੀਯਾਹ ਤੋਂ ਕਹਾਇਆ ਸੀ।+ 30 ਇਹ ਉਨ੍ਹਾਂ ਪਾਪਾਂ ਕਰਕੇ ਹੋਇਆ ਜੋ ਯਾਰਾਬੁਆਮ ਨੇ ਕੀਤੇ ਅਤੇ ਇਜ਼ਰਾਈਲ ਤੋਂ ਕਰਵਾਏ, ਨਾਲੇ ਇਸ ਕਰਕੇ ਕਿ ਉਸ ਨੇ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਦਾ ਕ੍ਰੋਧ ਭੜਕਾਇਆ। 31 ਨਾਦਾਬ ਦੀ ਬਾਕੀ ਕਹਾਣੀ ਅਤੇ ਉਸ ਦੇ ਸਾਰੇ ਕੰਮਾਂ ਬਾਰੇ ਇਜ਼ਰਾਈਲ ਦੇ ਰਾਜਿਆਂ ਦੇ ਜ਼ਮਾਨੇ ਦੇ ਇਤਿਹਾਸ ਦੀ ਕਿਤਾਬ ਵਿਚ ਲਿਖਿਆ ਹੋਇਆ ਹੈ। 32 ਆਸਾ ਅਤੇ ਇਜ਼ਰਾਈਲ ਦੇ ਰਾਜੇ ਬਾਸ਼ਾ ਵਿਚਕਾਰ ਲਗਾਤਾਰ ਯੁੱਧ ਚੱਲਦਾ ਰਿਹਾ।+

33 ਯਹੂਦਾਹ ਦੇ ਰਾਜਾ ਆਸਾ ਦੇ ਰਾਜ ਦੇ ਤੀਜੇ ਸਾਲ ਅਹੀਯਾਹ ਦਾ ਪੁੱਤਰ ਬਾਸ਼ਾ ਤਿਰਸਾਹ ਵਿਚ ਸਾਰੇ ਇਜ਼ਰਾਈਲ ਦਾ ਰਾਜਾ ਬਣ ਗਿਆ ਅਤੇ ਉਸ ਨੇ 24 ਸਾਲ ਰਾਜ ਕੀਤਾ।+ 34 ਪਰ ਉਹ ਉਹੀ ਕਰਦਾ ਰਿਹਾ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਬੁਰਾ ਸੀ+ ਅਤੇ ਯਾਰਾਬੁਆਮ ਦੇ ਰਾਹ ʼਤੇ ਤੁਰਿਆ ਤੇ ਉਸ ਨੇ ਉਹੀ ਪਾਪ ਕੀਤਾ ਜੋ ਯਾਰਾਬੁਆਮ ਨੇ ਇਜ਼ਰਾਈਲ ਤੋਂ ਕਰਾਇਆ ਸੀ।+

16 ਫਿਰ ਹਨਾਨੀ+ ਦੇ ਪੁੱਤਰ ਯੇਹੂ+ ਨੂੰ ਬਾਸ਼ਾ ਦੇ ਖ਼ਿਲਾਫ਼ ਯਹੋਵਾਹ ਦਾ ਇਹ ਬਚਨ ਆਇਆ: 2 “ਮੈਂ ਤੈਨੂੰ ਧੂੜ ਵਿੱਚੋਂ ਉਠਾਇਆ ਅਤੇ ਆਪਣੀ ਪਰਜਾ ਇਜ਼ਰਾਈਲ ਦਾ ਆਗੂ ਬਣਾਇਆ,+ ਪਰ ਤੂੰ ਯਾਰਾਬੁਆਮ ਦੇ ਰਾਹ ʼਤੇ ਚੱਲਦਾ ਰਿਹਾ ਅਤੇ ਮੇਰੀ ਪਰਜਾ ਇਜ਼ਰਾਈਲ ਤੋਂ ਪਾਪ ਕਰਵਾਇਆ ਜਿਸ ਕਰਕੇ ਉਨ੍ਹਾਂ ਨੇ ਆਪਣੇ ਪਾਪਾਂ ਨਾਲ ਮੇਰਾ ਕ੍ਰੋਧ ਭੜਕਾਇਆ।+ 3 ਇਸ ਲਈ ਮੈਂ ਬਾਸ਼ਾ ਅਤੇ ਉਸ ਦੇ ਘਰਾਣੇ ਨੂੰ ਹੂੰਝ ਦਿਆਂਗਾ ਅਤੇ ਮੈਂ ਉਸ ਦੇ ਘਰਾਣੇ ਨੂੰ ਨਬਾਟ ਦੇ ਪੁੱਤਰ ਯਾਰਾਬੁਆਮ ਦੇ ਘਰਾਣੇ ਵਾਂਗ ਕਰ ਦਿਆਂਗਾ।+ 4 ਬਾਸ਼ਾ ਦੇ ਪਰਿਵਾਰ ਦਾ ਜਿਹੜਾ ਵੀ ਸ਼ਹਿਰ ਵਿਚ ਮਰੇਗਾ, ਉਸ ਨੂੰ ਕੁੱਤੇ ਖਾ ਜਾਣਗੇ; ਅਤੇ ਉਸ ਦੇ ਪਰਿਵਾਰ ਦਾ ਜਿਹੜਾ ਵੀ ਮੈਦਾਨ ਵਿਚ ਮਰੇਗਾ, ਉਸ ਨੂੰ ਆਕਾਸ਼ ਦੇ ਪੰਛੀ ਖਾ ਜਾਣਗੇ।”

5 ਬਾਸ਼ਾ ਦੀ ਬਾਕੀ ਕਹਾਣੀ, ਉਸ ਦੇ ਸਾਰੇ ਕੰਮਾਂ ਅਤੇ ਉਸ ਦੀ ਤਾਕਤ ਬਾਰੇ ਇਜ਼ਰਾਈਲ ਦੇ ਰਾਜਿਆਂ ਦੇ ਜ਼ਮਾਨੇ ਦੇ ਇਤਿਹਾਸ ਦੀ ਕਿਤਾਬ ਵਿਚ ਲਿਖਿਆ ਹੋਇਆ ਹੈ। 6 ਫਿਰ ਬਾਸ਼ਾ ਆਪਣੇ ਪਿਉ-ਦਾਦਿਆਂ ਨਾਲ ਸੌਂ ਗਿਆ ਅਤੇ ਉਸ ਨੂੰ ਤਿਰਸਾਹ+ ਵਿਚ ਦਫ਼ਨਾਇਆ ਗਿਆ; ਉਸ ਦਾ ਪੁੱਤਰ ਏਲਾਹ ਉਸ ਦੀ ਜਗ੍ਹਾ ਰਾਜਾ ਬਣ ਗਿਆ। 7 ਨਾਲੇ ਹਨਾਨੀ ਦੇ ਪੁੱਤਰ ਯੇਹੂ ਦੇ ਜ਼ਰੀਏ ਯਹੋਵਾਹ ਦਾ ਬਚਨ ਬਾਸ਼ਾ ਅਤੇ ਉਸ ਦੇ ਘਰਾਣੇ ਖ਼ਿਲਾਫ਼ ਇਨ੍ਹਾਂ ਦੋ ਕਾਰਨਾਂ ਕਰਕੇ ਆਇਆ: ਇਕ ਤਾਂ ਇਹ ਕਿ ਉਸ ਨੇ ਯਾਰਾਬੁਆਮ ਦੇ ਘਰਾਣੇ ਵਾਂਗ ਆਪਣੇ ਹੱਥਾਂ ਦੇ ਕੰਮਾਂ ਨਾਲ ਯਹੋਵਾਹ ਦਾ ਕ੍ਰੋਧ ਭੜਕਾ ਕੇ ਉਸ ਦੀਆਂ ਨਜ਼ਰਾਂ ਵਿਚ ਹਰ ਤਰ੍ਹਾਂ ਦੀ ਬੁਰਾਈ ਕੀਤੀ ਅਤੇ ਦੂਜਾ ਇਹ ਕਿ ਉਸ ਨੇ ਉਸ* ਨੂੰ ਮਾਰ ਸੁੱਟਿਆ।+

8 ਯਹੂਦਾਹ ਦੇ ਰਾਜਾ ਆਸਾ ਦੇ ਰਾਜ ਦੇ 26ਵੇਂ ਸਾਲ ਬਾਸ਼ਾ ਦਾ ਪੁੱਤਰ ਏਲਾਹ ਤਿਰਸਾਹ ਵਿਚ ਇਜ਼ਰਾਈਲ ਉੱਤੇ ਰਾਜਾ ਬਣਿਆ ਅਤੇ ਉਸ ਨੇ ਦੋ ਸਾਲ ਰਾਜ ਕੀਤਾ। 9 ਜਦੋਂ ਉਹ ਤਿਰਸਾਹ ਵਿਚ ਰਾਜੇ ਦੇ ਘਰਾਣੇ ਉੱਤੇ ਨਿਯੁਕਤ ਅਧਿਕਾਰੀ ਆਰਸਾ ਦੇ ਘਰ ਪੀ-ਪੀ ਕੇ ਟੱਲੀ ਹੋ ਰਿਹਾ ਸੀ, ਤਾਂ ਉਸ ਦੇ ਸੇਵਕ ਜ਼ਿਮਰੀ ਨੇ, ਜੋ ਉਸ ਦੀ ਅੱਧੀ ਰਥ-ਸੈਨਾ ਦਾ ਮੁਖੀ ਸੀ, ਉਸ ਖ਼ਿਲਾਫ਼ ਸਾਜ਼ਸ਼ ਘੜੀ। 10 ਜ਼ਿਮਰੀ ਅੰਦਰ ਆਇਆ ਅਤੇ ਉਸ ʼਤੇ ਵਾਰ ਕਰ ਕੇ+ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਉਸ ਦੀ ਜਗ੍ਹਾ ਖ਼ੁਦ ਰਾਜਾ ਬਣ ਗਿਆ। ਇਹ ਯਹੂਦਾਹ ਦੇ ਰਾਜਾ ਆਸਾ ਦੇ ਰਾਜ ਦਾ 27ਵਾਂ ਸਾਲ ਸੀ। 11 ਜਦੋਂ ਉਹ ਰਾਜਾ ਬਣਿਆ, ਤਾਂ ਸਿੰਘਾਸਣ ʼਤੇ ਬੈਠਦੇ ਸਾਰ ਉਸ ਨੇ ਬਾਸ਼ਾ ਦੇ ਸਾਰੇ ਘਰਾਣੇ ਨੂੰ ਮਾਰ ਸੁੱਟਿਆ। ਉਸ ਨੇ ਇਕ ਵੀ ਨਰ* ਨੂੰ ਨਹੀਂ ਬਖ਼ਸ਼ਿਆ, ਚਾਹੇ ਉਹ ਉਸ ਦੇ ਰਿਸ਼ਤੇਦਾਰਾਂ* ਵਿੱਚੋਂ ਸੀ ਜਾਂ ਉਸ ਦੇ ਦੋਸਤਾਂ ਵਿੱਚੋਂ। 12 ਇਸ ਤਰ੍ਹਾਂ ਜ਼ਿਮਰੀ ਨੇ ਬਾਸ਼ਾ ਦੇ ਪੂਰੇ ਘਰਾਣੇ ਦਾ ਨਾਮੋ-ਨਿਸ਼ਾਨ ਮਿਟਾ ਦਿੱਤਾ। ਇਹ ਯਹੋਵਾਹ ਦੇ ਉਸ ਬਚਨ ਅਨੁਸਾਰ ਹੋਇਆ ਜੋ ਉਸ ਨੇ ਯੇਹੂ ਨਬੀ ਰਾਹੀਂ ਬਾਸ਼ਾ ਦੇ ਖ਼ਿਲਾਫ਼ ਬੋਲਿਆ ਸੀ।+ 13 ਇਹ ਉਨ੍ਹਾਂ ਸਾਰੇ ਪਾਪਾਂ ਕਰਕੇ ਹੋਇਆ ਜੋ ਬਾਸ਼ਾ ਅਤੇ ਉਸ ਦੇ ਪੁੱਤਰ ਏਲਾਹ ਨੇ ਕੀਤੇ ਸਨ ਅਤੇ ਜੋ ਉਨ੍ਹਾਂ ਨੇ ਇਜ਼ਰਾਈਲ ਤੋਂ ਕਰਾਏ ਸਨ ਜਿਨ੍ਹਾਂ ਨੇ ਆਪਣੀਆਂ ਨਿਕੰਮੀਆਂ ਮੂਰਤੀਆਂ ਦੀ ਪੂਜਾ ਕੀਤੀ ਤੇ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਦਾ ਕ੍ਰੋਧ ਭੜਕਾਇਆ।+ 14 ਏਲਾਹ ਦੀ ਬਾਕੀ ਕਹਾਣੀ ਅਤੇ ਉਸ ਦੇ ਸਾਰੇ ਕੰਮਾਂ ਬਾਰੇ ਇਜ਼ਰਾਈਲ ਦੇ ਰਾਜਿਆਂ ਦੇ ਜ਼ਮਾਨੇ ਦੇ ਇਤਿਹਾਸ ਦੀ ਕਿਤਾਬ ਵਿਚ ਲਿਖਿਆ ਹੋਇਆ ਹੈ।

15 ਯਹੂਦਾਹ ਦੇ ਰਾਜੇ ਆਸਾ ਦੇ ਰਾਜ ਦੇ 27ਵੇਂ ਸਾਲ ਜ਼ਿਮਰੀ ਨੇ ਤਿਰਸਾਹ ਵਿਚ ਸੱਤ ਦਿਨ ਰਾਜ ਕੀਤਾ। ਉਸ ਸਮੇਂ ਫ਼ੌਜਾਂ ਨੇ ਫਲਿਸਤੀਆਂ ਦੇ ਸ਼ਹਿਰ ਗਿਬਥੋਨ+ ਖ਼ਿਲਾਫ਼ ਡੇਰਾ ਲਾਇਆ ਹੋਇਆ ਸੀ। 16 ਕੁਝ ਸਮੇਂ ਬਾਅਦ ਡੇਰਾ ਲਾਈ ਬੈਠੀਆਂ ਫ਼ੌਜਾਂ ਨੇ ਇਹ ਸੁਣਿਆ: “ਜ਼ਿਮਰੀ ਨੇ ਸਾਜ਼ਸ਼ ਘੜੀ ਅਤੇ ਰਾਜੇ ਨੂੰ ਮਾਰ ਸੁੱਟਿਆ।” ਇਸ ਲਈ ਉਸੇ ਦਿਨ ਸਾਰੇ ਇਜ਼ਰਾਈਲ ਨੇ ਛਾਉਣੀ ਵਿਚ ਸੈਨਾ ਦੇ ਮੁਖੀ ਆਮਰੀ+ ਨੂੰ ਇਜ਼ਰਾਈਲ ਉੱਤੇ ਰਾਜਾ ਬਣਾ ਦਿੱਤਾ। 17 ਆਮਰੀ ਅਤੇ ਉਸ ਦੇ ਨਾਲ ਦੇ ਸਾਰੇ ਇਜ਼ਰਾਈਲੀ ਗਿਬਥੋਨ ਤੋਂ ਗਏ ਅਤੇ ਉਨ੍ਹਾਂ ਨੇ ਤਿਰਸਾਹ ਨੂੰ ਘੇਰਾ ਪਾ ਲਿਆ। 18 ਜਦੋਂ ਜ਼ਿਮਰੀ ਨੇ ਦੇਖਿਆ ਕਿ ਸ਼ਹਿਰ ਨੂੰ ਕਬਜ਼ੇ ਵਿਚ ਕਰ ਲਿਆ ਗਿਆ ਹੈ, ਤਾਂ ਉਹ ਰਾਜੇ ਦੇ ਮਹਿਲ ਦੇ ਮਜ਼ਬੂਤ ਬੁਰਜ ਵਿਚ ਗਿਆ ਅਤੇ ਉਸ ਨੇ ਮਹਿਲ ਨੂੰ ਅੱਗ ਲਾ ਦਿੱਤੀ ਜਿੱਥੇ ਉਹ ਆਪ ਵੀ ਸੜ ਕੇ ਮਰ ਗਿਆ।+ 19 ਇਹ ਉਸ ਦੇ ਆਪਣੇ ਪਾਪਾਂ ਕਾਰਨ ਹੋਇਆ ਜੋ ਉਸ ਨੇ ਯਹੋਵਾਹ ਦੀਆਂ ਨਜ਼ਰਾਂ ਵਿਚ ਬੁਰੇ ਕੰਮ ਕਰ ਕੇ ਅਤੇ ਯਾਰਾਬੁਆਮ ਦੇ ਰਾਹ ʼਤੇ ਚੱਲ ਕੇ ਕੀਤੇ ਸਨ ਅਤੇ ਉਸ ਪਾਪ ਕਰਕੇ ਜੋ ਉਸ ਨੇ ਇਜ਼ਰਾਈਲ ਤੋਂ ਕਰਾਇਆ ਸੀ।+ 20 ਜ਼ਿਮਰੀ ਦੀ ਬਾਕੀ ਕਹਾਣੀ ਅਤੇ ਉਸ ਦੀ ਸਾਜ਼ਸ਼ ਬਾਰੇ ਇਜ਼ਰਾਈਲ ਦੇ ਰਾਜਿਆਂ ਦੇ ਜ਼ਮਾਨੇ ਦੇ ਇਤਿਹਾਸ ਦੀ ਕਿਤਾਬ ਵਿਚ ਲਿਖਿਆ ਹੋਇਆ ਹੈ।

21 ਉਸ ਸਮੇਂ ਇਜ਼ਰਾਈਲੀ ਲੋਕ ਦੋ ਗੁੱਟਾਂ ਵਿਚ ਵੰਡੇ ਗਏ। ਅੱਧੇ ਗੀਨਥ ਦੇ ਪੁੱਤਰ ਤਿਬਨੀ ਮਗਰ ਲੱਗ ਗਏ ਜਿਸ ਨੂੰ ਉਹ ਰਾਜਾ ਬਣਾਉਣਾ ਚਾਹੁੰਦੇ ਸਨ ਅਤੇ ਅੱਧੇ ਆਮਰੀ ਮਗਰ ਲੱਗ ਗਏ। 22 ਪਰ ਆਮਰੀ ਮਗਰ ਚੱਲਣ ਵਾਲੇ ਲੋਕ ਗੀਨਥ ਦੇ ਪੁੱਤਰ ਤਿਬਨੀ ਮਗਰ ਚੱਲਣ ਵਾਲੇ ਲੋਕਾਂ ਉੱਤੇ ਭਾਰੀ ਪੈ ਗਏ। ਇਸ ਤਰ੍ਹਾਂ ਤਿਬਨੀ ਦੀ ਮੌਤ ਹੋ ਗਈ ਅਤੇ ਆਮਰੀ ਰਾਜਾ ਬਣ ਗਿਆ।

23 ਯਹੂਦਾਹ ਦੇ ਰਾਜਾ ਆਸਾ ਦੇ ਰਾਜ ਦੇ 31ਵੇਂ ਸਾਲ ਆਮਰੀ ਇਜ਼ਰਾਈਲ ਉੱਤੇ ਰਾਜਾ ਬਣਿਆ ਅਤੇ ਉਸ ਨੇ 12 ਸਾਲ ਰਾਜ ਕੀਤਾ। ਤਿਰਸਾਹ ਵਿਚ ਉਸ ਨੇ ਛੇ ਸਾਲ ਰਾਜ ਕੀਤਾ। 24 ਉਸ ਨੇ ਦੋ ਕਿੱਕਾਰ* ਚਾਂਦੀ ਬਦਲੇ ਸ਼ਾਮਰ ਕੋਲੋਂ ਸਾਮਰਿਯਾ ਪਹਾੜ ਖ਼ਰੀਦ ਲਿਆ ਅਤੇ ਉਸ ਪਹਾੜ ਉੱਤੇ ਇਕ ਸ਼ਹਿਰ ਬਣਾਇਆ। ਉਸ ਨੇ ਆਪਣੇ ਬਣਾਏ ਇਸ ਸ਼ਹਿਰ ਦਾ ਨਾਂ ਪਹਾੜ ਦੇ ਮਾਲਕ* ਸ਼ਾਮਰ ਦੇ ਨਾਂ ʼਤੇ ਸਾਮਰਿਯਾ*+ ਰੱਖਿਆ। 25 ਆਮਰੀ ਉਹੀ ਕਰਦਾ ਰਿਹਾ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਬੁਰਾ ਸੀ ਅਤੇ ਉਹ ਉਨ੍ਹਾਂ ਸਾਰਿਆਂ ਤੋਂ ਭੈੜਾ ਸੀ ਜੋ ਉਸ ਤੋਂ ਪਹਿਲਾਂ ਆਏ ਸਨ।+ 26 ਉਹ ਨਬਾਟ ਦੇ ਪੁੱਤਰ ਯਾਰਾਬੁਆਮ ਦੇ ਸਾਰੇ ਰਾਹਾਂ ʼਤੇ ਚੱਲਦਾ ਰਿਹਾ ਅਤੇ ਉਸ ਨੇ ਉਹੀ ਪਾਪ ਕੀਤਾ ਜੋ ਯਾਰਾਬੁਆਮ ਨੇ ਇਜ਼ਰਾਈਲ ਤੋਂ ਕਰਾਇਆ ਸੀ ਜਿਨ੍ਹਾਂ ਨੇ ਆਪਣੀਆਂ ਨਿਕੰਮੀਆਂ ਮੂਰਤੀਆਂ ਨਾਲ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਦਾ ਕ੍ਰੋਧ ਭੜਕਾਇਆ ਸੀ।+ 27 ਆਮਰੀ ਦੀ ਬਾਕੀ ਕਹਾਣੀ, ਉਸ ਦੇ ਸਾਰੇ ਕੰਮਾਂ ਅਤੇ ਉਸ ਦੀ ਤਾਕਤ ਬਾਰੇ ਇਜ਼ਰਾਈਲ ਦੇ ਰਾਜਿਆਂ ਦੇ ਜ਼ਮਾਨੇ ਦੇ ਇਤਿਹਾਸ ਦੀ ਕਿਤਾਬ ਵਿਚ ਲਿਖਿਆ ਹੋਇਆ ਹੈ। 28 ਫਿਰ ਆਮਰੀ ਆਪਣੇ ਪਿਉ-ਦਾਦਿਆਂ ਨਾਲ ਸੌਂ ਗਿਆ ਅਤੇ ਉਸ ਨੂੰ ਸਾਮਰਿਯਾ ਵਿਚ ਦਫ਼ਨਾਇਆ ਗਿਆ; ਅਤੇ ਉਸ ਦਾ ਪੁੱਤਰ ਅਹਾਬ+ ਉਸ ਦੀ ਜਗ੍ਹਾ ਰਾਜਾ ਬਣ ਗਿਆ।

29 ਆਮਰੀ ਦਾ ਪੁੱਤਰ ਅਹਾਬ ਯਹੂਦਾਹ ਦੇ ਰਾਜਾ ਆਸਾ ਦੇ ਰਾਜ ਦੇ 38ਵੇਂ ਸਾਲ ਵਿਚ ਇਜ਼ਰਾਈਲ ਉੱਤੇ ਰਾਜਾ ਬਣਿਆ ਅਤੇ ਆਮਰੀ ਦੇ ਪੁੱਤਰ ਅਹਾਬ ਨੇ 22 ਸਾਲ ਸਾਮਰਿਯਾ+ ਵਿਚ ਇਜ਼ਰਾਈਲ ʼਤੇ ਰਾਜ ਕੀਤਾ। 30 ਆਮਰੀ ਦਾ ਪੁੱਤਰ ਅਹਾਬ ਯਹੋਵਾਹ ਦੀਆਂ ਨਜ਼ਰਾਂ ਵਿਚ ਉਨ੍ਹਾਂ ਸਾਰਿਆਂ ਨਾਲੋਂ ਭੈੜਾ ਸੀ ਜੋ ਉਸ ਤੋਂ ਪਹਿਲਾਂ ਆਏ ਸਨ।+ 31 ਨਬਾਟ ਦੇ ਪੁੱਤਰ ਯਾਰਾਬੁਆਮ ਦੇ ਪਾਪਾਂ+ ਦੇ ਰਾਹ ʼਤੇ ਚੱਲਣਾ ਜਿਵੇਂ ਉਸ ਲਈ ਛੋਟੀ ਜਿਹੀ ਗੱਲ ਸੀ, ਉਸ ਨੇ ਸੀਦੋਨੀ+ ਰਾਜੇ ਏਥਬਾਲ ਦੀ ਧੀ ਈਜ਼ਬਲ+ ਨਾਲ ਵੀ ਵਿਆਹ ਕਰਾ ਲਿਆ ਅਤੇ ਬਆਲ ਦੀ ਭਗਤੀ ਕਰਨ ਅਤੇ ਉਸ ਨੂੰ ਮੱਥਾ ਟੇਕਣ ਲੱਗਾ।+ 32 ਇਸ ਦੇ ਨਾਲ-ਨਾਲ ਉਸ ਨੇ ਸਾਮਰਿਯਾ ਵਿਚ ਆਪਣੇ ਵੱਲੋਂ ਬਣਾਏ ਬਆਲ ਦੇ ਮੰਦਰ*+ ਵਿਚ ਬਆਲ ਲਈ ਇਕ ਵੇਦੀ ਬਣਾਈ। 33 ਅਹਾਬ ਨੇ ਇਕ ਪੂਜਾ-ਖੰਭਾ* ਵੀ ਖੜ੍ਹਾ ਕੀਤਾ।+ ਅਹਾਬ ਨੇ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਦਾ ਕ੍ਰੋਧ ਭੜਕਾਉਣ ਲਈ ਆਪਣੇ ਤੋਂ ਪਹਿਲਾਂ ਆਏ ਇਜ਼ਰਾਈਲ ਦੇ ਸਾਰੇ ਰਾਜਿਆਂ ਨਾਲੋਂ ਕਿਤੇ ਜ਼ਿਆਦਾ ਭੈੜੇ ਕੰਮ ਕੀਤੇ।

34 ਉਸ ਦੇ ਦਿਨਾਂ ਵਿਚ ਬੈਤੇਲ ਦੇ ਹੀਏਲ ਨੇ ਦੁਬਾਰਾ ਯਰੀਹੋ ਦੀ ਉਸਾਰੀ ਕੀਤੀ। ਉਸ ਦੀਆਂ ਨੀਹਾਂ ਧਰਨ ਵੇਲੇ ਉਸ ਨੇ ਆਪਣਾ ਜੇਠਾ ਪੁੱਤਰ ਅਬੀਰਾਮ ਗੁਆਇਆ ਅਤੇ ਉਸ ਦੇ ਦਰਵਾਜ਼ੇ ਲਾਉਣ ਵੇਲੇ ਉਸ ਨੇ ਆਪਣਾ ਸਭ ਤੋਂ ਛੋਟਾ ਪੁੱਤਰ ਸਗੂਬ ਗੁਆਇਆ। ਇਹ ਯਹੋਵਾਹ ਦੇ ਉਸ ਬਚਨ ਅਨੁਸਾਰ ਹੋਇਆ ਜੋ ਉਸ ਨੇ ਨੂਨ ਦੇ ਪੁੱਤਰ ਯਹੋਸ਼ੁਆ ਰਾਹੀਂ ਬੋਲਿਆ ਸੀ।+

17 ਗਿਲਆਦ+ ਦੇ ਵਾਸੀ ਤਿਸ਼ਬੀ ਏਲੀਯਾਹ*+ ਨੇ ਅਹਾਬ ਨੂੰ ਕਿਹਾ: “ਇਜ਼ਰਾਈਲ ਦੇ ਜੀਉਂਦੇ ਪਰਮੇਸ਼ੁਰ ਯਹੋਵਾਹ ਦੀ ਸਹੁੰ ਜਿਸ ਦੀ ਮੈਂ ਭਗਤੀ ਕਰਦਾ ਹਾਂ,* ਇਨ੍ਹਾਂ ਸਾਲਾਂ ਦੌਰਾਨ ਮੇਰੇ ਬਚਨ ਤੋਂ ਬਿਨਾਂ ਨਾ ਤ੍ਰੇਲ ਪਏਗੀ ਤੇ ਨਾ ਮੀਂਹ!”+

2 ਯਹੋਵਾਹ ਦਾ ਇਹ ਬਚਨ ਉਸ ਕੋਲ ਆਇਆ: 3 “ਇੱਥੋਂ ਚਲਾ ਜਾਹ ਅਤੇ ਪੂਰਬ ਵੱਲ ਨੂੰ ਮੁੜ ਅਤੇ ਯਰਦਨ ਦਰਿਆ ਦੇ ਪੂਰਬ ਵੱਲ ਕਰੀਥ ਘਾਟੀ ਵਿਚ ਜਾ ਕੇ ਲੁਕ। 4 ਤੂੰ ਨਦੀ ਦਾ ਪਾਣੀ ਪੀਵੀਂ ਅਤੇ ਮੈਂ ਕਾਂਵਾਂ ਨੂੰ ਹੁਕਮ ਦਿਆਂਗਾ ਕਿ ਉਹ ਉੱਥੇ ਤੈਨੂੰ ਖਾਣਾ ਮੁਹੱਈਆ ਕਰਾਉਣ।”+ 5 ਉਹ ਤੁਰੰਤ ਚਲਾ ਗਿਆ ਅਤੇ ਉਸ ਨੇ ਯਹੋਵਾਹ ਦੇ ਬਚਨ ਅਨੁਸਾਰ ਕੀਤਾ; ਉਹ ਜਾ ਕੇ ਯਰਦਨ ਦਰਿਆ ਦੇ ਪੂਰਬ ਵੱਲ ਕਰੀਥ ਘਾਟੀ ਕੋਲ ਰਹਿਣ ਲੱਗਾ। 6 ਕਾਂ ਸਵੇਰੇ-ਸ਼ਾਮ ਉਸ ਲਈ ਰੋਟੀ ਅਤੇ ਮੀਟ ਲੈ ਕੇ ਆਉਂਦੇ ਸਨ ਅਤੇ ਉਹ ਨਦੀ ਦਾ ਪਾਣੀ ਪੀਂਦਾ ਸੀ।+ 7 ਪਰ ਕੁਝ ਦਿਨਾਂ ਬਾਅਦ ਦੇਸ਼ ਵਿਚ ਮੀਂਹ ਨਾ ਪੈਣ ਕਾਰਨ ਨਦੀ ਸੁੱਕ ਗਈ।+

8 ਫਿਰ ਯਹੋਵਾਹ ਦਾ ਇਹ ਬਚਨ ਉਸ ਨੂੰ ਆਇਆ: 9 “ਉੱਠ, ਸੀਦੋਨ ਦੇ ਸਾਰਫਥ ਸ਼ਹਿਰ ਨੂੰ ਜਾਹ ਅਤੇ ਉੱਥੇ ਰਹਿ। ਦੇਖ! ਮੈਂ ਉੱਥੇ ਦੀ ਇਕ ਵਿਧਵਾ ਨੂੰ ਹੁਕਮ ਦਿਆਂਗਾ ਕਿ ਉਹ ਤੈਨੂੰ ਖਾਣਾ ਦਿਆ ਕਰੇ।”+ 10 ਇਸ ਲਈ ਉਹ ਉੱਠਿਆ ਅਤੇ ਸਾਰਫਥ ਨੂੰ ਚਲਾ ਗਿਆ। ਜਦੋਂ ਉਹ ਸ਼ਹਿਰ ਦੇ ਦਰਵਾਜ਼ੇ ਕੋਲ ਪਹੁੰਚਿਆ, ਤਾਂ ਉੱਥੇ ਇਕ ਵਿਧਵਾ ਲੱਕੜਾਂ ਇਕੱਠੀਆਂ ਕਰ ਰਹੀ ਸੀ। ਉਸ ਨੇ ਉਸ ਨੂੰ ਆਵਾਜ਼ ਮਾਰ ਕੇ ਕਿਹਾ: “ਕਿਰਪਾ ਕਰ ਕੇ ਮੇਰੇ ਪੀਣ ਲਈ ਇਕ ਪਿਆਲੇ ਵਿਚ ਥੋੜ੍ਹਾ ਜਿਹਾ ਪਾਣੀ ਲਿਆਈਂ।”+ 11 ਜਿਉਂ ਹੀ ਉਹ ਪਾਣੀ ਲੈਣ ਗਈ, ਉਸ ਨੇ ਉਸ ਨੂੰ ਪੁਕਾਰ ਕੇ ਕਿਹਾ: “ਕਿਰਪਾ ਕਰ ਕੇ ਆਪਣੇ ਹੱਥ ਵਿਚ ਮੇਰੇ ਲਈ ਇਕ-ਅੱਧੀ ਰੋਟੀ ਲੈਂਦੀ ਆਈਂ।” 12 ਇਹ ਸੁਣ ਕੇ ਉਹ ਬੋਲੀ: “ਤੇਰੇ ਜੀਉਂਦੇ ਪਰਮੇਸ਼ੁਰ ਯਹੋਵਾਹ ਦੀ ਸਹੁੰ, ਮੇਰੇ ਕੋਲ ਰੋਟੀ ਨਹੀਂ ਹੈ, ਮਰਤਬਾਨ ਵਿਚ ਮੁੱਠੀ ਭਰ ਆਟਾ ਹੈ ਅਤੇ ਕੁੱਪੀ ਵਿਚ ਥੋੜ੍ਹਾ ਜਿਹਾ ਤੇਲ ਹੈ।+ ਮੈਂ ਥੋੜ੍ਹੀਆਂ ਜਿਹੀਆਂ ਲੱਕੜਾਂ ਇਕੱਠੀਆਂ ਕਰ ਰਹੀ ਹਾਂ ਤਾਂਕਿ ਘਰ ਜਾ ਕੇ ਆਪਣੇ ਲਈ ਅਤੇ ਆਪਣੇ ਪੁੱਤਰ ਲਈ ਕੁਝ ਪਕਾਵਾਂ। ਇਹ ਖਾਣਾ ਮੁੱਕ ਜਾਣ ਤੋਂ ਬਾਅਦ ਤਾਂ ਅਸੀਂ ਮਰਨਾ ਹੀ ਹੈ।”

13 ਫਿਰ ਏਲੀਯਾਹ ਨੇ ਉਸ ਨੂੰ ਕਿਹਾ: “ਡਰ ਨਾ। ਜਾਹ ਅਤੇ ਉਸੇ ਤਰ੍ਹਾਂ ਕਰ ਜਿਵੇਂ ਤੂੰ ਕਿਹਾ ਹੈ। ਪਰ ਜੋ ਕੁਝ ਤੇਰੇ ਕੋਲ ਬਚਿਆ ਹੈ, ਉਸ ਨਾਲ ਪਹਿਲਾਂ ਮੇਰੇ ਲਈ ਇਕ ਛੋਟੀ ਰੋਟੀ ਬਣਾ ਕੇ ਲਿਆ। ਬਾਅਦ ਵਿਚ ਤੂੰ ਆਪਣੇ ਲਈ ਅਤੇ ਆਪਣੇ ਪੁੱਤਰ ਲਈ ਕੁਝ ਬਣਾ ਲਈਂ। 14 ਕਿਉਂਕਿ ਇਜ਼ਰਾਈਲ ਦਾ ਪਰਮੇਸ਼ੁਰ ਯਹੋਵਾਹ ਇਹ ਕਹਿੰਦਾ ਹੈ: ‘ਜਦੋਂ ਤਕ ਯਹੋਵਾਹ ਧਰਤੀ ʼਤੇ ਮੀਂਹ ਨਹੀਂ ਵਰ੍ਹਾਉਂਦਾ, ਉਸ ਦਿਨ ਤਕ ਮਰਤਬਾਨ ਵਿੱਚੋਂ ਨਾ ਆਟਾ ਮੁੱਕੇਗਾ ਅਤੇ ਨਾ ਹੀ ਕੁੱਪੀ ਵਿੱਚੋਂ ਤੇਲ ਮੁੱਕੇਗਾ।’”+ 15 ਇਸ ਲਈ ਉਹ ਚਲੀ ਗਈ ਅਤੇ ਉਸ ਨੇ ਉਸੇ ਤਰ੍ਹਾਂ ਕੀਤਾ ਜਿਵੇਂ ਏਲੀਯਾਹ ਨੇ ਕਿਹਾ ਸੀ ਅਤੇ ਏਲੀਯਾਹ ਸਮੇਤ ਉਹ ਅਤੇ ਉਸ ਦਾ ਪਰਿਵਾਰ ਕਈ ਦਿਨਾਂ ਤਕ ਖਾਂਦੇ ਰਹੇ।+ 16 ਏਲੀਯਾਹ ਰਾਹੀਂ ਕਹੇ ਯਹੋਵਾਹ ਦੇ ਬਚਨ ਅਨੁਸਾਰ ਮਰਤਬਾਨ ਵਿੱਚੋਂ ਨਾ ਆਟਾ ਅਤੇ ਨਾ ਕੁੱਪੀ ਵਿੱਚੋਂ ਤੇਲ ਮੁੱਕਿਆ।

17 ਇਨ੍ਹਾਂ ਗੱਲਾਂ ਤੋਂ ਬਾਅਦ ਉਸ ਵਿਧਵਾ ਦਾ ਮੁੰਡਾ ਬੀਮਾਰ ਹੋ ਗਿਆ ਅਤੇ ਉਸ ਦੀ ਬੀਮਾਰੀ ਇੰਨੀ ਵਧ ਗਈ ਕਿ ਉਸ ਦਾ ਸਾਹ ਰੁਕ ਗਿਆ।+ 18 ਇਹ ਦੇਖ ਕੇ ਉਸ ਨੇ ਏਲੀਯਾਹ ਨੂੰ ਕਿਹਾ: “ਹੇ ਸੱਚੇ ਪਰਮੇਸ਼ੁਰ ਦੇ ਬੰਦਿਆ, ਮੈਂ ਤੇਰਾ ਕੀ ਵਿਗਾੜਿਆ?* ਕੀ ਤੂੰ ਮੈਨੂੰ ਮੇਰਾ ਅਪਰਾਧ ਯਾਦ ਕਰਾਉਣ ਅਤੇ ਮੇਰੇ ਪੁੱਤਰ ਨੂੰ ਮਾਰਨ ਆਇਆ ਹੈਂ?”+ 19 ਪਰ ਉਸ ਨੇ ਉਸ ਨੂੰ ਕਿਹਾ: “ਮੈਨੂੰ ਆਪਣਾ ਮੁੰਡਾ ਫੜਾ।” ਫਿਰ ਉਹ ਉਸ ਨੂੰ ਉਸ ਦੀਆਂ ਬਾਹਾਂ ਵਿੱਚੋਂ ਲੈ ਕੇ ਉੱਪਰ ਚੁਬਾਰੇ ਵਿਚ ਲੈ ਗਿਆ ਜਿੱਥੇ ਉਹ ਠਹਿਰਿਆ ਹੋਇਆ ਸੀ ਅਤੇ ਉਸ ਨੂੰ ਆਪਣੇ ਬਿਸਤਰੇ ʼਤੇ ਲਿਟਾ ਦਿੱਤਾ।+ 20 ਉਸ ਨੇ ਯਹੋਵਾਹ ਨੂੰ ਦੁਹਾਈ ਦਿੱਤੀ: “ਹੇ ਮੇਰੇ ਪਰਮੇਸ਼ੁਰ ਯਹੋਵਾਹ,+ ਕੀ ਤੂੰ ਮੁੰਡੇ ਨੂੰ ਮਾਰ ਕੇ ਇਸ ਵਿਧਵਾ ਦਾ ਵੀ ਨੁਕਸਾਨ ਕਰ ਰਿਹਾ ਹੈਂ ਜਿਸ ਦੇ ਘਰ ਮੈਂ ਠਹਿਰਿਆ ਹੋਇਆ ਹਾਂ?” 21 ਫਿਰ ਉਸ ਨੇ ਆਪਣੇ ਆਪ ਨੂੰ ਬੱਚੇ ʼਤੇ ਤਿੰਨ ਵਾਰ ਪਸਾਰਿਆ ਅਤੇ ਯਹੋਵਾਹ ਅੱਗੇ ਫ਼ਰਿਆਦ ਕੀਤੀ: “ਹੇ ਮੇਰੇ ਪਰਮੇਸ਼ੁਰ ਯਹੋਵਾਹ, ਮੇਰੀ ਬੇਨਤੀ ਹੈ ਕਿ ਇਸ ਬੱਚੇ ਦੀ ਜਾਨ ਦੁਬਾਰਾ ਇਸ ਵਿਚ ਪੈ ਜਾਵੇ।” 22 ਯਹੋਵਾਹ ਨੇ ਏਲੀਯਾਹ ਦੀ ਬੇਨਤੀ ਸੁਣੀ+ ਅਤੇ ਉਸ ਬੱਚੇ ਦੀ ਜਾਨ ਉਸ ਵਿਚ ਵਾਪਸ ਪੈ ਗਈ ਅਤੇ ਉਹ ਜੀਉਂਦਾ ਹੋ ਗਿਆ।+ 23 ਏਲੀਯਾਹ ਨੇ ਬੱਚੇ ਨੂੰ ਲਿਆ ਅਤੇ ਉਹ ਚੁਬਾਰੇ ਤੋਂ ਥੱਲੇ ਆ ਕੇ ਘਰ ਦੇ ਅੰਦਰ ਗਿਆ ਤੇ ਬੱਚੇ ਨੂੰ ਉਸ ਦੀ ਮਾਂ ਨੂੰ ਸੌਂਪ ਦਿੱਤਾ। ਏਲੀਯਾਹ ਨੇ ਕਿਹਾ: “ਦੇਖ, ਤੇਰਾ ਪੁੱਤਰ ਜੀਉਂਦਾ ਹੈ।”+ 24 ਇਹ ਦੇਖ ਕੇ ਉਸ ਔਰਤ ਨੇ ਏਲੀਯਾਹ ਨੂੰ ਕਿਹਾ: “ਹੁਣ ਮੈਂ ਜਾਣ ਗਈ ਹਾਂ ਕਿ ਤੂੰ ਸੱਚ-ਮੁੱਚ ਰੱਬ ਦਾ ਬੰਦਾ ਹੈਂ+ ਅਤੇ ਤੇਰੇ ਮੂੰਹ ਵਿਚ ਯਹੋਵਾਹ ਦਾ ਜੋ ਬਚਨ ਹੈ, ਉਹ ਸੱਚਾ ਹੈ।”

18 ਕੁਝ ਸਮੇਂ ਬਾਅਦ, ਤੀਜੇ ਸਾਲ+ ਯਹੋਵਾਹ ਦਾ ਇਹ ਬਚਨ ਏਲੀਯਾਹ ਨੂੰ ਆਇਆ: “ਜਾਹ, ਅਹਾਬ ਸਾਮ੍ਹਣੇ ਹਾਜ਼ਰ ਹੋ ਅਤੇ ਮੈਂ ਜ਼ਮੀਨ ʼਤੇ ਮੀਂਹ ਵਰ੍ਹਾਵਾਂਗਾ।”+ 2 ਇਸ ਲਈ ਏਲੀਯਾਹ ਅਹਾਬ ਸਾਮ੍ਹਣੇ ਹਾਜ਼ਰ ਹੋਣ ਲਈ ਚਲਾ ਗਿਆ। ਉਸ ਸਮੇਂ ਸਾਮਰਿਯਾ ਵਿਚ ਭਿਆਨਕ ਕਾਲ਼ ਪਿਆ ਹੋਇਆ ਸੀ।+

3 ਇਸ ਦੌਰਾਨ ਅਹਾਬ ਨੇ ਆਪਣੇ ਘਰਾਣੇ ʼਤੇ ਨਿਯੁਕਤ ਅਧਿਕਾਰੀ ਓਬਦਯਾਹ ਨੂੰ ਬੁਲਾਇਆ। (ਓਬਦਯਾਹ ਯਹੋਵਾਹ ਦਾ ਬਹੁਤ ਡਰ ਮੰਨਦਾ ਸੀ, 4 ਅਤੇ ਜਦੋਂ ਈਜ਼ਬਲ+ ਯਹੋਵਾਹ ਦੇ ਨਬੀਆਂ ਨੂੰ ਜਾਨੋਂ ਮਾਰ ਰਹੀ ਸੀ, ਤਾਂ ਓਬਦਯਾਹ ਨੇ 100 ਨਬੀਆਂ ਨੂੰ ਲਿਆ ਅਤੇ ਉਨ੍ਹਾਂ ਨੂੰ 50-50 ਕਰ ਕੇ ਗੁਫਾ ਵਿਚ ਲੁਕਾ ਦਿੱਤਾ ਅਤੇ ਉਹ ਉਨ੍ਹਾਂ ਨੂੰ ਰੋਟੀ-ਪਾਣੀ ਪਹੁੰਚਾਉਂਦਾ ਰਿਹਾ।) 5 ਫਿਰ ਅਹਾਬ ਨੇ ਓਬਦਯਾਹ ਨੂੰ ਕਿਹਾ: “ਦੇਸ਼ ਵਿਚ ਪਾਣੀ ਦੇ ਸਾਰੇ ਸੋਮਿਆਂ ਅਤੇ ਸਾਰੀਆਂ ਘਾਟੀਆਂ* ਕੋਲ ਜਾਹ। ਸ਼ਾਇਦ ਸਾਨੂੰ ਆਪਣੇ ਘੋੜਿਆਂ ਅਤੇ ਖੱਚਰਾਂ ਨੂੰ ਜੀਉਂਦੇ ਰੱਖਣ ਜੋਗਾ ਘਾਹ ਮਿਲ ਜਾਵੇ ਅਤੇ ਸਾਡੇ ਸਾਰੇ ਜਾਨਵਰ ਨਾ ਮਰਨ।” 6 ਇਸ ਲਈ ਉਨ੍ਹਾਂ ਨੇ ਸਾਰੇ ਦੇਸ਼ ਨੂੰ ਆਪਸ ਵਿਚ ਵੰਡ ਕੇ ਫ਼ੈਸਲਾ ਕਰ ਲਿਆ ਕਿ ਉਹ ਕਿੱਥੇ-ਕਿੱਥੇ ਜਾਣਗੇ। ਅਹਾਬ ਇਕੱਲਾ ਇਕ ਪਾਸੇ ਚਲਾ ਗਿਆ ਅਤੇ ਓਬਦਯਾਹ ਇਕੱਲਾ ਦੂਜੇ ਪਾਸੇ ਚਲਾ ਗਿਆ।

7 ਜਦੋਂ ਓਬਦਯਾਹ ਆਪਣੇ ਰਾਹ ਜਾ ਰਿਹਾ ਸੀ, ਤਾਂ ਏਲੀਯਾਹ ਉਸ ਨੂੰ ਉੱਥੇ ਮਿਲਣ ਆਇਆ। ਉਸ ਨੇ ਤੁਰੰਤ ਉਸ ਨੂੰ ਪਛਾਣ ਲਿਆ ਅਤੇ ਉਸ ਨੇ ਗੋਡਿਆਂ ਭਾਰ ਬੈਠ ਕੇ ਸਿਰ ਨਿਵਾਇਆ ਤੇ ਕਿਹਾ: “ਹੇ ਮੇਰੇ ਪ੍ਰਭੂ ਏਲੀਯਾਹ, ਕੀ ਤੂੰ ਹੀ ਹੈਂ?”+ 8 ਉਸ ਨੇ ਉਸ ਨੂੰ ਜਵਾਬ ਦਿੱਤਾ: “ਹਾਂ ਮੈਂ ਹੀ ਹਾਂ। ਜਾਹ ਅਤੇ ਆਪਣੇ ਪ੍ਰਭੂ ਨੂੰ ਕਹਿ: ‘ਏਲੀਯਾਹ ਆਇਆ ਹੈ।’” 9 ਪਰ ਉਸ ਨੇ ਕਿਹਾ: “ਮੈਂ ਕੀ ਪਾਪ ਕੀਤਾ ਹੈ ਕਿ ਤੂੰ ਆਪਣੇ ਦਾਸ ਨੂੰ ਅਹਾਬ ਦੇ ਹੱਥ ਦੇ ਰਿਹਾ ਹੈਂ ਤਾਂਕਿ ਉਹ ਮੈਨੂੰ ਜਾਨੋਂ ਮਾਰ ਦੇਵੇ? 10 ਤੇਰੇ ਜੀਉਂਦੇ ਪਰਮੇਸ਼ੁਰ ਯਹੋਵਾਹ ਦੀ ਸਹੁੰ, ਇੱਦਾਂ ਦੀ ਕੋਈ ਕੌਮ ਜਾਂ ਰਾਜ ਨਹੀਂ ਜਿੱਥੇ ਮੇਰੇ ਪ੍ਰਭੂ ਨੇ ਤੈਨੂੰ ਲੱਭਣ ਲਈ ਬੰਦੇ ਨਾ ਭੇਜੇ ਹੋਣ। ਜਦੋਂ ਉਹ ਕਹਿੰਦੇ ਸਨ, ‘ਉਹ ਇੱਥੇ ਨਹੀਂ ਹੈ,’ ਤਾਂ ਉਹ ਉਸ ਰਾਜ ਅਤੇ ਕੌਮ ਨੂੰ ਕਹਿੰਦਾ ਸੀ ਕਿ ਉਹ ਸਹੁੰ ਖਾ ਕੇ ਕਹਿਣ ਕਿ ਉਹ ਉਨ੍ਹਾਂ ਨੂੰ ਨਹੀਂ ਲੱਭਾ।+ 11 ਹੁਣ ਤੂੰ ਕਹਿ ਰਿਹਾ ਹੈਂ ਕਿ ‘ਜਾਹ ਅਤੇ ਆਪਣੇ ਪ੍ਰਭੂ ਨੂੰ ਕਹਿ: “ਏਲੀਯਾਹ ਆਇਆ ਹੈ।”’ 12 ਜਦੋਂ ਮੈਂ ਤੇਰੇ ਕੋਲੋਂ ਚਲਾ ਜਾਵਾਂਗਾ, ਤਾਂ ਯਹੋਵਾਹ ਦੀ ਪਵਿੱਤਰ ਸ਼ਕਤੀ ਤੈਨੂੰ ਕਿਸੇ ਅਜਿਹੀ ਜਗ੍ਹਾ ਲੈ ਜਾਵੇਗੀ+ ਜਿਸ ਬਾਰੇ ਮੈਂ ਨਹੀਂ ਜਾਣਦਾ ਅਤੇ ਜਦੋਂ ਮੈਂ ਅਹਾਬ ਨੂੰ ਦੱਸਾਂਗਾ ਅਤੇ ਉਹ ਤੈਨੂੰ ਨਾ ਲੱਭ ਪਾਇਆ, ਤਾਂ ਉਹ ਪੱਕਾ ਮੈਨੂੰ ਜਾਨੋਂ ਮਾਰ ਦੇਵੇਗਾ। ਪਰ ਤੇਰਾ ਦਾਸ ਛੋਟੇ ਹੁੰਦਿਆਂ ਤੋਂ ਯਹੋਵਾਹ ਦਾ ਡਰ ਮੰਨਦਾ ਆਇਆ ਹੈ। 13 ਕੀ ਮੇਰੇ ਪ੍ਰਭੂ ਨੂੰ ਕਿਸੇ ਨੇ ਦੱਸਿਆ ਨਹੀਂ ਕਿ ਮੈਂ ਕੀ ਕੀਤਾ ਸੀ ਜਦੋਂ ਈਜ਼ਬਲ ਯਹੋਵਾਹ ਦੇ ਨਬੀਆਂ ਨੂੰ ਜਾਨੋਂ ਮਾਰ ਰਹੀ ਸੀ, ਮੈਂ ਕਿਵੇਂ ਯਹੋਵਾਹ ਦੇ 100 ਨਬੀਆਂ ਨੂੰ 50-50 ਕਰ ਕੇ ਇਕ ਗੁਫਾ ਵਿਚ ਲੁਕਾ ਦਿੱਤਾ ਸੀ ਅਤੇ ਉਨ੍ਹਾਂ ਨੂੰ ਰੋਟੀ-ਪਾਣੀ ਮੁਹੱਈਆ ਕਰਾਉਂਦਾ ਰਿਹਾ ਸੀ?+ 14 ਪਰ ਹੁਣ ਤੂੰ ਕਹਿ ਰਿਹਾ ਹੈਂ, ‘ਜਾਹ ਅਤੇ ਆਪਣੇ ਪ੍ਰਭੂ ਨੂੰ ਕਹਿ: “ਏਲੀਯਾਹ ਆਇਆ ਹੈ।”’ ਉਸ ਨੇ ਮੈਨੂੰ ਪੱਕਾ ਹੀ ਮਾਰ ਦੇਣਾ।” 15 ਪਰ ਏਲੀਯਾਹ ਨੇ ਕਿਹਾ: “ਸੈਨਾਵਾਂ ਦੇ ਜੀਉਂਦੇ ਪਰਮੇਸ਼ੁਰ ਯਹੋਵਾਹ ਦੀ ਸਹੁੰ ਜਿਸ ਦੀ ਮੈਂ ਭਗਤੀ ਕਰਦਾ ਹਾਂ,* ਮੈਂ ਅੱਜ ਉਸ ਦੇ ਸਾਮ੍ਹਣੇ ਹਾਜ਼ਰ ਹੋਵਾਂਗਾ।”

16 ਇਸ ਲਈ ਓਬਦਯਾਹ ਅਹਾਬ ਨੂੰ ਮਿਲਣ ਗਿਆ ਅਤੇ ਉਸ ਨੂੰ ਦੱਸਿਆ ਤੇ ਅਹਾਬ ਏਲੀਯਾਹ ਨੂੰ ਮਿਲਣ ਗਿਆ।

17 ਏਲੀਯਾਹ ਨੂੰ ਦੇਖਦਿਆਂ ਸਾਰ ਅਹਾਬ ਨੇ ਉਸ ਨੂੰ ਕਿਹਾ: “ਆ ਗਿਆ ਤੂੰ, ਇਜ਼ਰਾਈਲ ʼਤੇ ਡਾਢੀ ਬਿਪਤਾ* ਲਿਆਉਣ ਵਾਲਿਆ?”

18 ਇਹ ਸੁਣ ਕੇ ਉਸ ਨੇ ਕਿਹਾ: “ਇਜ਼ਰਾਈਲ ʼਤੇ ਡਾਢੀ ਬਿਪਤਾ ਲਿਆਉਣ ਵਾਲਾ ਮੈਂ ਨਹੀਂ, ਸਗੋਂ ਤੂੰ ਤੇ ਤੇਰੇ ਪਿਤਾ ਦਾ ਘਰਾਣਾ ਹੈ, ਤੁਸੀਂ ਯਹੋਵਾਹ ਦੇ ਹੁਕਮਾਂ ਨੂੰ ਮੰਨਣਾ ਛੱਡ ਦਿੱਤਾ ਅਤੇ ਬਆਲ ਦੇਵਤਿਆਂ ਦੇ ਮਗਰ ਲੱਗ ਗਏ।+ 19 ਹੁਣ ਤੂੰ ਸਾਰੇ ਇਜ਼ਰਾਈਲ ਨੂੰ ਕਰਮਲ ਪਹਾੜ+ ʼਤੇ ਮੇਰੇ ਕੋਲ ਸੱਦ, ਨਾਲੇ ਬਆਲ ਦੇ 450 ਨਬੀਆਂ ਅਤੇ ਪੂਜਾ-ਖੰਭੇ*+ ਦੇ 400 ਨਬੀਆਂ ਨੂੰ ਵੀ ਸੱਦ ਜਿਹੜੇ ਈਜ਼ਬਲ ਦੇ ਮੇਜ਼ ਤੋਂ ਖਾਂਦੇ ਹਨ।” 20 ਇਸ ਲਈ ਅਹਾਬ ਨੇ ਸਾਰੇ ਇਜ਼ਰਾਈਲੀ ਲੋਕਾਂ ਨੂੰ ਸੰਦੇਸ਼ ਭੇਜਿਆ ਅਤੇ ਸਾਰੇ ਨਬੀਆਂ ਨੂੰ ਕਰਮਲ ਪਹਾੜ ʼਤੇ ਇਕੱਠਾ ਕੀਤਾ।

21 ਫਿਰ ਏਲੀਯਾਹ ਸਾਰੇ ਲੋਕਾਂ ਕੋਲ ਆਇਆ ਅਤੇ ਉਨ੍ਹਾਂ ਨੂੰ ਕਿਹਾ: “ਤੁਸੀਂ ਕਦ ਤਕ ਦੋ ਖ਼ਿਆਲਾਂ* ʼਤੇ ਲੰਗੜਾ ਕੇ ਚੱਲੋਗੇ?+ ਜੇ ਯਹੋਵਾਹ ਸੱਚਾ ਪਰਮੇਸ਼ੁਰ ਹੈ, ਤਾਂ ਉਹ ਦੇ ਮਗਰ ਲੱਗੋ;+ ਪਰ ਜੇ ਬਆਲ ਹੈ, ਤਾਂ ਉਹ ਦੇ ਮਗਰ ਲੱਗੋ!” ਪਰ ਲੋਕਾਂ ਨੇ ਜਵਾਬ ਵਿਚ ਉਸ ਨੂੰ ਇਕ ਵੀ ਸ਼ਬਦ ਨਾ ਕਿਹਾ। 22 ਫਿਰ ਏਲੀਯਾਹ ਨੇ ਲੋਕਾਂ ਨੂੰ ਕਿਹਾ: “ਯਹੋਵਾਹ ਦੇ ਨਬੀਆਂ ਵਿੱਚੋਂ ਬੱਸ ਮੈਂ ਹੀ ਇਕੱਲਾ ਰਹਿ ਗਿਆ ਹਾਂ,+ ਜਦ ਕਿ ਬਆਲ ਦੇ 450 ਨਬੀ ਹਨ। 23 ਉਹ ਸਾਨੂੰ ਦੋ ਜਵਾਨ ਬਲਦ ਦੇਣ ਅਤੇ ਉਹ ਇਕ ਜਵਾਨ ਬਲਦ ਚੁਣ ਲੈਣ ਅਤੇ ਉਸ ਦੇ ਟੋਟੇ-ਟੋਟੇ ਕਰ ਕੇ ਉਸ ਨੂੰ ਲੱਕੜਾਂ ʼਤੇ ਰੱਖਣ, ਪਰ ਅੱਗ ਨਾ ਲਾਉਣ। ਮੈਂ ਦੂਜਾ ਜਵਾਨ ਬਲਦ ਲੈ ਕੇ ਉਸ ਨੂੰ ਤਿਆਰ ਕਰਾਂਗਾ ਅਤੇ ਉਸ ਨੂੰ ਲੱਕੜਾਂ ʼਤੇ ਰੱਖਾਂਗਾ, ਪਰ ਉਸ ਨੂੰ ਅੱਗ ਨਹੀਂ ਲਾਵਾਂਗਾ। 24 ਫਿਰ ਤੁਸੀਂ ਆਪਣੇ ਦੇਵਤੇ ਦਾ ਨਾਂ ਲੈ ਕੇ ਪੁਕਾਰਿਓ+ ਅਤੇ ਮੈਂ ਯਹੋਵਾਹ ਦਾ ਨਾਂ ਲੈ ਕੇ ਪੁਕਾਰਾਂਗਾ। ਜਿਹੜਾ ਪਰਮੇਸ਼ੁਰ ਜਵਾਬ ਵਿਚ ਅੱਗ ਭੇਜੇਗਾ, ਉਸ ਤੋਂ ਸਾਬਤ ਹੋਵੇਗਾ ਕਿ ਉਹੀ ਸੱਚਾ ਪਰਮੇਸ਼ੁਰ ਹੈ।”+ ਇਹ ਸੁਣ ਕੇ ਸਾਰੇ ਲੋਕਾਂ ਨੇ ਜਵਾਬ ਦਿੱਤਾ: “ਹਾਂ, ਜੋ ਤੂੰ ਕਿਹਾ, ਸਹੀ ਕਿਹਾ।”

25 ਫਿਰ ਏਲੀਯਾਹ ਨੇ ਬਆਲ ਦੇ ਨਬੀਆਂ ਨੂੰ ਕਿਹਾ: “ਤੁਸੀਂ ਗਿਣਤੀ ਵਿਚ ਬਹੁਤੇ ਹੋ, ਇਸ ਲਈ ਪਹਿਲਾਂ ਤੁਸੀਂ ਇਕ ਜਵਾਨ ਬਲਦ ਚੁਣ ਕੇ ਇਸ ਨੂੰ ਤਿਆਰ ਕਰੋ। ਫਿਰ ਆਪਣੇ ਦੇਵਤੇ ਦਾ ਨਾਂ ਲੈ ਕੇ ਪੁਕਾਰਿਓ, ਪਰ ਬਲ਼ੀ ਨੂੰ ਅੱਗ ਨਾ ਲਾਇਓ।” 26 ਇਸ ਲਈ ਉਨ੍ਹਾਂ ਨੇ ਉਹ ਬਲਦ ਲੈ ਕੇ ਤਿਆਰ ਕੀਤਾ ਜੋ ਉਨ੍ਹਾਂ ਨੂੰ ਦਿੱਤਾ ਗਿਆ ਸੀ ਅਤੇ ਉਹ ਸਵੇਰ ਤੋਂ ਲੈ ਕੇ ਸ਼ਾਮ ਤਕ ਬਆਲ ਦਾ ਨਾਂ ਲੈ ਕੇ ਪੁਕਾਰਦੇ ਰਹੇ: “ਹੇ ਬਆਲ, ਸਾਨੂੰ ਜਵਾਬ ਦੇ!” ਪਰ ਕੋਈ ਆਵਾਜ਼ ਨਾ ਆਈ ਅਤੇ ਨਾ ਕੋਈ ਜਵਾਬ ਦੇਣ ਵਾਲਾ ਸੀ।+ ਉਹ ਉਸ ਵੇਦੀ ਦੇ ਆਲੇ-ਦੁਆਲੇ ਨੱਚਦੇ-ਟੱਪਦੇ ਰਹੇ ਜੋ ਉਨ੍ਹਾਂ ਨੇ ਬਣਾਈ ਸੀ। 27 ਦੁਪਹਿਰ ਕੁ ਵੇਲੇ ਏਲੀਯਾਹ ਉਨ੍ਹਾਂ ਦਾ ਮਜ਼ਾਕ ਉਡਾਉਂਦਿਆਂ ਕਹਿਣ ਲੱਗਾ: “ਸੰਘ ਪਾੜ-ਪਾੜ ਕੇ ਪੁਕਾਰੋ! ਆਖ਼ਰਕਾਰ, ਉਹ ਵੀ ਤਾਂ ਇਕ ਦੇਵਤਾ ਹੀ ਹੈ!+ ਹੋ ਸਕਦਾ ਹੈ ਕਿ ਉਹ ਖ਼ਿਆਲਾਂ ਵਿਚ ਡੁੱਬਿਆ ਹੋਵੇ ਜਾਂ ਹਲਕਾ ਹੋਣ ਗਿਆ ਹੋਵੇ।* ਜਾਂ ਹੋ ਸਕਦਾ ਹੈ ਕਿ ਉਹ ਸੁੱਤਾ ਹੋਵੇ ਤੇ ਉਸ ਨੂੰ ਜਗਾਉਣ ਦੀ ਲੋੜ ਹੋਵੇ!” 28 ਉਹ ਉੱਚੀ-ਉੱਚੀ ਪੁਕਾਰ ਰਹੇ ਸਨ ਅਤੇ ਆਪਣੀ ਰੀਤ ਅਨੁਸਾਰ ਉਹ ਛੁਰਿਆਂ ਤੇ ਨੇਜ਼ਿਆਂ ਨਾਲ ਆਪਣੇ ਆਪ ਨੂੰ ਉਦੋਂ ਤਕ ਕੱਟਦੇ-ਵੱਢਦੇ ਰਹੇ ਜਦ ਤਕ ਉਨ੍ਹਾਂ ਨੇ ਆਪਣੇ ਆਪ ਨੂੰ ਲਹੂ-ਲੁਹਾਨ ਨਾ ਕਰ ਲਿਆ। 29 ਦੁਪਹਿਰ ਲੰਘ ਗਈ ਅਤੇ ਉਹ ਸ਼ਾਮ ਨੂੰ ਅਨਾਜ ਦਾ ਚੜ੍ਹਾਵਾ ਚੜ੍ਹਾਉਣ ਦੇ ਸਮੇਂ ਤਕ ਪਾਗਲਾਂ ਵਾਂਗ ਕਰਦੇ ਰਹੇ,* ਪਰ ਕੋਈ ਆਵਾਜ਼ ਨਾ ਆਈ ਅਤੇ ਨਾ ਕੋਈ ਜਵਾਬ ਦੇਣ ਵਾਲਾ ਸੀ; ਧਿਆਨ ਦੇਣ ਵਾਲਾ ਕੋਈ ਨਹੀਂ ਸੀ।+

30 ਅਖ਼ੀਰ ਏਲੀਯਾਹ ਨੇ ਸਾਰੇ ਲੋਕਾਂ ਨੂੰ ਕਿਹਾ: “ਮੇਰੇ ਕੋਲ ਆਓ।” ਇਸ ਲਈ ਸਾਰੇ ਲੋਕ ਉਸ ਕੋਲ ਗਏ। ਫਿਰ ਉਸ ਨੇ ਯਹੋਵਾਹ ਦੀ ਢਾਹੀ ਹੋਈ ਵੇਦੀ ਨੂੰ ਸੁਆਰਿਆ।+ 31 ਇਸ ਤੋਂ ਬਾਅਦ ਏਲੀਯਾਹ ਨੇ 12 ਪੱਥਰ ਲਏ। ਇਹ ਗਿਣਤੀ ਯਾਕੂਬ ਦੇ 12 ਪੁੱਤਰਾਂ ਦੇ ਗੋਤਾਂ ਅਨੁਸਾਰ ਸੀ ਜਿਸ ਨੂੰ ਯਹੋਵਾਹ ਨੇ ਕਿਹਾ ਸੀ: “ਤੇਰਾ ਨਾਂ ਇਜ਼ਰਾਈਲ ਹੋਵੇਗਾ।”+ 32 ਉਸ ਨੇ ਉਨ੍ਹਾਂ ਪੱਥਰਾਂ ਨਾਲ ਯਹੋਵਾਹ ਦੇ ਨਾਂ ʼਤੇ ਇਕ ਵੇਦੀ ਬਣਾਈ।+ ਫਿਰ ਉਸ ਨੇ ਵੇਦੀ ਦੇ ਸਾਰੇ ਪਾਸੇ ਇਕ ਖਾਈ ਪੁੱਟੀ। ਇਹ ਇੰਨੀ ਜ਼ਿਆਦਾ ਜਗ੍ਹਾ ਸੀ ਕਿ ਇਸ ʼਤੇ ਦੋ ਸੇਆਹ* ਬੀ ਬੀਜੇ ਜਾ ਸਕਦੇ ਸਨ। 33 ਉਸ ਤੋਂ ਬਾਅਦ ਉਸ ਨੇ ਲੱਕੜਾਂ ਚਿਣੀਆਂ, ਜਵਾਨ ਬਲਦ ਦੇ ਟੋਟੇ-ਟੋਟੇ ਕੀਤੇ ਅਤੇ ਇਨ੍ਹਾਂ ਨੂੰ ਲੱਕੜਾਂ ʼਤੇ ਰੱਖਿਆ।+ ਫਿਰ ਉਸ ਨੇ ਕਿਹਾ: “ਚਾਰ ਘੜੇ ਪਾਣੀ ਨਾਲ ਭਰੋ ਅਤੇ ਇਨ੍ਹਾਂ ਨੂੰ ਹੋਮ-ਬਲ਼ੀ ਅਤੇ ਲੱਕੜਾਂ ʼਤੇ ਡੋਲ੍ਹ ਦਿਓ।” 34 ਫਿਰ ਉਸ ਨੇ ਕਿਹਾ: “ਇਕ ਵਾਰ ਫਿਰ ਕਰੋ।” ਉਨ੍ਹਾਂ ਨੇ ਦੁਬਾਰਾ ਇਸੇ ਤਰ੍ਹਾਂ ਕੀਤਾ। ਇਕ ਵਾਰ ਫਿਰ ਉਸ ਨੇ ਕਿਹਾ: “ਤੀਜੀ ਵਾਰ ਕਰੋ।” ਇਸ ਲਈ ਉਨ੍ਹਾਂ ਨੇ ਤੀਜੀ ਵਾਰ ਇਸੇ ਤਰ੍ਹਾਂ ਕੀਤਾ। 35 ਵੇਦੀ ਦੇ ਆਲੇ-ਦੁਆਲੇ ਪਾਣੀ ਹੀ ਪਾਣੀ ਹੋ ਗਿਆ ਅਤੇ ਉਸ ਨੇ ਖਾਈ ਨੂੰ ਵੀ ਪਾਣੀ ਨਾਲ ਭਰ ਦਿੱਤਾ।

36 ਜਦੋਂ ਅਨਾਜ ਦਾ ਚੜ੍ਹਾਵਾ ਚੜ੍ਹਾਉਣ ਦਾ ਸਮਾਂ ਹੋਇਆ,+ ਤਾਂ ਏਲੀਯਾਹ ਨਬੀ ਅੱਗੇ ਆਇਆ ਅਤੇ ਕਹਿਣ ਲੱਗਾ: “ਹੇ ਯਹੋਵਾਹ, ਅਬਰਾਹਾਮ, ਇਸਹਾਕ ਅਤੇ ਇਜ਼ਰਾਈਲ ਦੇ ਪਰਮੇਸ਼ੁਰ,+ ਅੱਜ ਇਹ ਜ਼ਾਹਰ ਹੋ ਜਾਵੇ ਕਿ ਇਜ਼ਰਾਈਲ ਵਿਚ ਤੂੰ ਹੀ ਪਰਮੇਸ਼ੁਰ ਹੈਂ ਅਤੇ ਮੈਂ ਤੇਰਾ ਸੇਵਕ ਹਾਂ ਅਤੇ ਇਹ ਸਭ ਕੁਝ ਮੈਂ ਤੇਰੇ ਹੀ ਕਹੇ ਮੁਤਾਬਕ ਕੀਤਾ ਹੈ।+ 37 ਹੇ ਯਹੋਵਾਹ, ਮੈਨੂੰ ਜਵਾਬ ਦੇ। ਮੈਨੂੰ ਜਵਾਬ ਦੇ ਤਾਂਕਿ ਇਹ ਲੋਕ ਜਾਣ ਲੈਣ ਕਿ ਤੂੰ ਯਹੋਵਾਹ, ਤੂੰ ਹੀ ਸੱਚਾ ਪਰਮੇਸ਼ੁਰ ਹੈਂ ਅਤੇ ਤੂੰ ਹੀ ਉਨ੍ਹਾਂ ਦੇ ਦਿਲਾਂ ਨੂੰ ਆਪਣੇ ਵੱਲ ਮੋੜ ਰਿਹਾ ਹੈਂ।”+

38 ਉਸੇ ਵੇਲੇ ਯਹੋਵਾਹ ਨੇ ਉੱਪਰੋਂ ਅੱਗ ਵਰ੍ਹਾਈ ਜੋ ਹੋਮ-ਬਲ਼ੀ, ਲੱਕੜਾਂ, ਪੱਥਰਾਂ ਅਤੇ ਧੂੜ ਨੂੰ ਭਸਮ ਕਰ ਗਈ+ ਅਤੇ ਖਾਈ ਵਿਚਲੇ ਪਾਣੀ ਨੂੰ ਚੱਟ ਗਈ।+ 39 ਜਦੋਂ ਲੋਕਾਂ ਨੇ ਇਹ ਦੇਖਿਆ, ਤਾਂ ਉਹ ਇਕਦਮ ਜ਼ਮੀਨ ʼਤੇ ਮੂੰਹ ਭਾਰ ਲੰਮੇ ਪੈ ਕੇ ਕਹਿਣ ਲੱਗੇ: “ਯਹੋਵਾਹ ਹੀ ਸੱਚਾ ਪਰਮੇਸ਼ੁਰ ਹੈ! ਯਹੋਵਾਹ ਹੀ ਸੱਚਾ ਪਰਮੇਸ਼ੁਰ ਹੈ!” 40 ਫਿਰ ਏਲੀਯਾਹ ਨੇ ਉਨ੍ਹਾਂ ਨੂੰ ਕਿਹਾ: “ਬਆਲ ਦੇ ਨਬੀਆਂ ਨੂੰ ਫੜ ਲਓ! ਇਕ ਵੀ ਬਚ ਕੇ ਨਾ ਜਾ ਸਕੇ!” ਉਨ੍ਹਾਂ ਨੇ ਉਸੇ ਵੇਲੇ ਉਨ੍ਹਾਂ ਨੂੰ ਫੜ ਲਿਆ ਅਤੇ ਏਲੀਯਾਹ ਉਨ੍ਹਾਂ ਨੂੰ ਕੀਸ਼ੋਨ ਨਦੀ*+ ਕੋਲ ਲੈ ਗਿਆ ਅਤੇ ਉੱਥੇ ਉਨ੍ਹਾਂ ਨੂੰ ਵੱਢ ਸੁੱਟਿਆ।+

41 ਹੁਣ ਏਲੀਯਾਹ ਨੇ ਅਹਾਬ ਨੂੰ ਕਿਹਾ: “ਉੱਪਰ ਜਾਹ, ਖਾ-ਪੀ ਕਿਉਂਕਿ ਮੋਹਲੇਧਾਰ ਮੀਂਹ ਦੀ ਆਵਾਜ਼ ਸੁਣਾਈ ਦੇ ਰਹੀ ਹੈ।”+ 42 ਇਸ ਲਈ ਅਹਾਬ ਉੱਪਰ ਗਿਆ ਅਤੇ ਉਸ ਨੇ ਖਾਧਾ-ਪੀਤਾ, ਜਦ ਕਿ ਏਲੀਯਾਹ ਕਰਮਲ ਪਹਾੜ ਦੇ ਸਿਖਰ ʼਤੇ ਚਲਾ ਗਿਆ ਅਤੇ ਗੋਡਿਆਂ ਭਾਰ ਬੈਠ ਕੇ ਜ਼ਮੀਨ ਤਕ ਝੁਕਿਆ ਅਤੇ ਆਪਣਾ ਮੂੰਹ ਆਪਣੇ ਗੋਡਿਆਂ ਵਿਚਕਾਰ ਰੱਖਿਆ।+ 43 ਫਿਰ ਉਸ ਨੇ ਆਪਣੇ ਸੇਵਾਦਾਰ ਨੂੰ ਕਿਹਾ: “ਉੱਪਰ ਜਾਹ ਅਤੇ ਸਮੁੰਦਰ ਵੱਲ ਦੇਖ।” ਇਸ ਲਈ ਉਸ ਨੇ ਉੱਪਰ ਜਾ ਕੇ ਸਮੁੰਦਰ ਵੱਲ ਦੇਖਿਆ ਅਤੇ ਕਿਹਾ: “ਉੱਥੇ ਕੁਝ ਵੀ ਨਹੀਂ ਹੈ।” ਏਲੀਯਾਹ ਨੇ ਸੱਤ ਵਾਰ ਉਸ ਨੂੰ ਕਿਹਾ, “ਫਿਰ ਜਾਹ।” 44 ਸੱਤਵੀਂ ਵਾਰ ਉਸ ਦੇ ਸੇਵਾਦਾਰ ਨੇ ਕਿਹਾ: “ਦੇਖ! ਆਦਮੀ ਦੇ ਹੱਥ ਜਿੰਨਾ ਛੋਟਾ ਜਿਹਾ ਬੱਦਲ ਸਮੁੰਦਰ ਵਿੱਚੋਂ ਉੱਪਰ ਉੱਠ ਰਿਹਾ ਹੈ।” ਫਿਰ ਉਸ ਨੇ ਕਿਹਾ: “ਜਾ ਕੇ ਅਹਾਬ ਨੂੰ ਕਹਿ, ‘ਰਥ ਤਿਆਰ ਕਰ! ਥੱਲੇ ਜਾਹ ਤਾਂਕਿ ਤੂੰ ਮੀਂਹ ਵਿਚ ਨਾ ਫਸ ਜਾਵੇਂ!’” 45 ਇਸ ਦੌਰਾਨ ਆਕਾਸ਼ ਵਿਚ ਸੰਘਣੇ ਬੱਦਲ ਛਾ ਗਏ, ਹਨੇਰੀ ਚੱਲਣ ਲੱਗੀ ਅਤੇ ਮੋਹਲੇਧਾਰ ਮੀਂਹ ਪੈਣ ਲੱਗਾ;+ ਅਤੇ ਅਹਾਬ ਰਥ ʼਤੇ ਸਵਾਰ ਹੋ ਕੇ ਬਿਨਾਂ ਰੁਕੇ ਯਿਜ਼ਰਾਏਲ ਵੱਲ ਨੂੰ ਗਿਆ।+ 46 ਪਰ ਯਹੋਵਾਹ ਦਾ ਹੱਥ ਏਲੀਯਾਹ ʼਤੇ ਆਇਆ ਅਤੇ ਉਸ ਨੇ ਆਪਣਾ ਕੱਪੜਾ ਆਪਣੇ ਲੱਕ ਦੁਆਲੇ ਬੰਨ੍ਹਿਆ ਅਤੇ ਯਿਜ਼ਰਾਏਲ ਤਕ ਜਾਂਦੇ ਰਾਹ ʼਤੇ ਭੱਜਦਾ ਹੋਇਆ ਅਹਾਬ ਤੋਂ ਵੀ ਅੱਗੇ ਨਿਕਲ ਗਿਆ।

19 ਫਿਰ ਅਹਾਬ+ ਨੇ ਈਜ਼ਬਲ+ ਨੂੰ ਦੱਸਿਆ ਕਿ ਏਲੀਯਾਹ ਨੇ ਕੀ-ਕੀ ਕੀਤਾ ਸੀ ਤੇ ਉਸ ਨੇ ਕਿਵੇਂ ਸਾਰੇ ਨਬੀਆਂ ਨੂੰ ਤਲਵਾਰ ਨਾਲ ਵੱਢ ਸੁੱਟਿਆ।+ 2 ਇਹ ਸੁਣ ਕੇ ਈਜ਼ਬਲ ਨੇ ਇਕ ਆਦਮੀ ਰਾਹੀਂ ਏਲੀਯਾਹ ਨੂੰ ਇਹ ਸੰਦੇਸ਼ ਭੇਜਿਆ: “ਜੇ ਕੱਲ੍ਹ ਇਸੇ ਵਕਤ ਤਕ ਮੈਂ ਤੇਰਾ ਹਸ਼ਰ ਉਨ੍ਹਾਂ ਨਬੀਆਂ ਵਰਗਾ ਨਾ ਕਰ ਦਿੱਤਾ, ਤਾਂ ਦੇਵਤੇ ਮੇਰੇ ਨਾਲ ਵੀ ਉਸੇ ਤਰ੍ਹਾਂ ਕਰਨ, ਸਗੋਂ ਉਸ ਤੋਂ ਵੀ ਬੁਰਾ ਕਰਨ!” 3 ਇਹ ਸੁਣ ਕੇ ਉਹ ਡਰ ਗਿਆ, ਇਸ ਲਈ ਉਹ ਉੱਠਿਆ ਤੇ ਆਪਣੀ ਜਾਨ ਬਚਾਉਣ ਲਈ ਭੱਜਿਆ।+ ਉਹ ਯਹੂਦਾਹ ਦੇ ਬਏਰ-ਸ਼ਬਾ ਆਇਆ+ ਤੇ ਉੱਥੇ ਆਪਣੇ ਸੇਵਾਦਾਰ ਨੂੰ ਛੱਡ ਗਿਆ। 4 ਉਹ ਇਕ ਦਿਨ ਦਾ ਸਫ਼ਰ ਕਰ ਕੇ ਉਜਾੜ ਵਿਚ ਗਿਆ ਤੇ ਇਕ ਝਾੜ ਥੱਲੇ ਆ ਕੇ ਬੈਠ ਗਿਆ ਤੇ ਉਸ ਨੇ ਆਪਣੇ ਲਈ ਮੌਤ ਮੰਗੀ। ਉਸ ਨੇ ਕਿਹਾ: “ਬੱਸ! ਹੇ ਯਹੋਵਾਹ, ਹੁਣ ਮੇਰੀ ਜਾਨ ਕੱਢ ਲੈ+ ਕਿਉਂਕਿ ਮੈਂ ਆਪਣੇ ਪਿਉ-ਦਾਦਿਆਂ ਨਾਲੋਂ ਬਿਹਤਰ ਨਹੀਂ ਹਾਂ।”

5 ਫਿਰ ਉਹ ਇਕ ਝਾੜ ਥੱਲੇ ਲੰਮਾ ਪੈ ਗਿਆ ਤੇ ਸੌਂ ਗਿਆ। ਪਰ ਅਚਾਨਕ ਇਕ ਦੂਤ ਨੇ ਉਸ ਨੂੰ ਛੋਹਿਆ+ ਤੇ ਕਿਹਾ: “ਉੱਠ ਤੇ ਖਾਹ।”+ 6 ਉਸ ਨੇ ਦੇਖਿਆ ਕਿ ਉਸ ਦੇ ਸਰ੍ਹਾਣੇ ਗਰਮ ਪੱਥਰਾਂ ਉੱਤੇ ਇਕ ਰੋਟੀ ਪਈ ਸੀ ਅਤੇ ਪਾਣੀ ਦੀ ਇਕ ਸੁਰਾਹੀ ਪਈ ਸੀ। ਉਸ ਨੇ ਖਾਧਾ-ਪੀਤਾ ਤੇ ਫਿਰ ਤੋਂ ਸੌਂ ਗਿਆ। 7 ਬਾਅਦ ਵਿਚ ਯਹੋਵਾਹ ਦਾ ਦੂਤ ਦੂਜੀ ਵਾਰ ਆਇਆ ਤੇ ਉਸ ਨੂੰ ਛੋਹ ਕੇ ਕਿਹਾ: “ਉੱਠ ਤੇ ਖਾਹ ਕਿਉਂਕਿ ਸਫ਼ਰ ਤੇਰੇ ਲਈ ਬਹੁਤ ਔਖਾ ਹੋਵੇਗਾ।” 8 ਇਸ ਲਈ ਉਹ ਉੱਠਿਆ ਤੇ ਉਸ ਨੇ ਖਾਧਾ-ਪੀਤਾ ਅਤੇ ਉਸ ਖਾਣੇ ਤੋਂ ਮਿਲੀ ਤਾਕਤ ਨਾਲ ਉਹ 40 ਦਿਨ ਤੇ 40 ਰਾਤਾਂ ਤੁਰਦਾ ਰਿਹਾ ਜਦ ਤਕ ਉਹ ਸੱਚੇ ਪਰਮੇਸ਼ੁਰ ਦੇ ਪਹਾੜ ਹੋਰੇਬ ʼਤੇ ਨਾ ਪਹੁੰਚ ਗਿਆ।+

9 ਉੱਥੇ ਉਹ ਇਕ ਗੁਫਾ ਵਿਚ ਗਿਆ+ ਤੇ ਉੱਥੇ ਰਾਤ ਗੁਜ਼ਾਰੀ; ਅਤੇ ਦੇਖੋ! ਯਹੋਵਾਹ ਦਾ ਇਹ ਬਚਨ ਉਸ ਨੂੰ ਆਇਆ: “ਏਲੀਯਾਹ, ਤੂੰ ਇੱਥੇ ਕੀ ਕਰ ਰਿਹਾ ਹੈਂ?” 10 ਇਹ ਸੁਣ ਕੇ ਉਸ ਨੇ ਕਿਹਾ: “ਮੈਂ ਸੈਨਾਵਾਂ ਦੇ ਪਰਮੇਸ਼ੁਰ ਯਹੋਵਾਹ ਲਈ ਬਹੁਤ ਜੋਸ਼ ਦਿਖਾਇਆ ਹੈ;+ ਇਜ਼ਰਾਈਲ ਦੇ ਲੋਕਾਂ ਨੇ ਤੇਰੇ ਇਕਰਾਰ ਨੂੰ ਤਿਆਗ ਦਿੱਤਾ ਹੈ,+ ਤੇਰੀਆਂ ਵੇਦੀਆਂ ਨੂੰ ਢਾਹ ਸੁੱਟਿਆ ਹੈ ਅਤੇ ਤੇਰੇ ਨਬੀਆਂ ਨੂੰ ਤਲਵਾਰ ਨਾਲ ਮਾਰ ਮੁਕਾਇਆ ਹੈ+ ਤੇ ਬੱਸ ਮੈਂ ਹੀ ਇਕੱਲਾ ਬਚਿਆ ਹਾਂ। ਹੁਣ ਉਹ ਮੇਰੀ ਜਾਨ ਦੇ ਪਿੱਛੇ ਪਏ ਹੋਏ ਹਨ।”+ 11 ਪਰ ਉਸ ਨੇ ਕਿਹਾ: “ਬਾਹਰ ਜਾਹ ਅਤੇ ਪਹਾੜ ਉੱਤੇ ਯਹੋਵਾਹ ਅੱਗੇ ਖੜ੍ਹ।” ਅਤੇ ਦੇਖੋ! ਯਹੋਵਾਹ ਉੱਥੋਂ ਲੰਘ ਰਿਹਾ ਸੀ+ ਅਤੇ ਇਕ ਭਿਆਨਕ ਤੇ ਜ਼ਬਰਦਸਤ ਹਨੇਰੀ ਨੇ ਯਹੋਵਾਹ ਸਾਮ੍ਹਣੇ ਪਹਾੜਾਂ ਨੂੰ ਪਾੜ ਸੁੱਟਿਆ ਅਤੇ ਚਟਾਨਾਂ ਨੂੰ ਤੋੜ ਦਿੱਤਾ,+ ਪਰ ਯਹੋਵਾਹ ਹਨੇਰੀ ਵਿਚ ਨਹੀਂ ਸੀ। ਹਨੇਰੀ ਤੋਂ ਬਾਅਦ ਇਕ ਭੁਚਾਲ਼ ਆਇਆ,+ ਪਰ ਯਹੋਵਾਹ ਭੁਚਾਲ਼ ਵਿਚ ਵੀ ਨਹੀਂ ਸੀ। 12 ਭੁਚਾਲ਼ ਤੋਂ ਬਾਅਦ ਅੱਗ ਵਰ੍ਹੀ,+ ਪਰ ਯਹੋਵਾਹ ਅੱਗ ਵਿਚ ਵੀ ਨਹੀਂ ਸੀ। ਅੱਗ ਤੋਂ ਬਾਅਦ ਇਕ ਧੀਮੀ ਤੇ ਨਰਮ ਆਵਾਜ਼ ਆਈ।+ 13 ਇਹ ਆਵਾਜ਼ ਸੁਣਦਿਆਂ ਸਾਰ ਏਲੀਯਾਹ ਨੇ ਆਪਣੇ ਚੋਗੇ* ਨਾਲ ਆਪਣਾ ਮੂੰਹ ਢਕ ਲਿਆ+ ਤੇ ਬਾਹਰ ਜਾ ਕੇ ਗੁਫਾ ਦੇ ਮੂੰਹ ਕੋਲ ਖੜ੍ਹ ਗਿਆ। ਫਿਰ ਉਸ ਆਵਾਜ਼ ਨੇ ਉਸ ਨੂੰ ਪੁੱਛਿਆ: “ਏਲੀਯਾਹ, ਤੂੰ ਇੱਥੇ ਕੀ ਕਰ ਰਿਹਾ ਹੈਂ?” 14 ਇਹ ਸੁਣ ਕੇ ਉਸ ਨੇ ਕਿਹਾ: “ਮੈਂ ਸੈਨਾਵਾਂ ਦੇ ਪਰਮੇਸ਼ੁਰ ਯਹੋਵਾਹ ਲਈ ਬਹੁਤ ਜੋਸ਼ ਦਿਖਾਇਆ ਹੈ; ਇਜ਼ਰਾਈਲ ਦੇ ਲੋਕਾਂ ਨੇ ਤੇਰੇ ਇਕਰਾਰ ਨੂੰ ਤਿਆਗ ਦਿੱਤਾ ਹੈ,+ ਤੇਰੀਆਂ ਵੇਦੀਆਂ ਨੂੰ ਢਾਹ ਸੁੱਟਿਆ ਹੈ ਅਤੇ ਤੇਰੇ ਨਬੀਆਂ ਨੂੰ ਤਲਵਾਰ ਨਾਲ ਮਾਰ ਮੁਕਾਇਆ ਹੈ ਤੇ ਬੱਸ ਮੈਂ ਹੀ ਇਕੱਲਾ ਬਚਿਆ ਹਾਂ। ਹੁਣ ਉਹ ਮੇਰੀ ਜਾਨ ਦੇ ਪਿੱਛੇ ਪਏ ਹੋਏ ਹਨ।”+

15 ਯਹੋਵਾਹ ਨੇ ਉਸ ਨੂੰ ਕਿਹਾ: “ਜਾਹ, ਦਮਿਸਕ ਦੀ ਉਜਾੜ ਵਿਚ ਵਾਪਸ ਮੁੜ ਜਾ। ਉੱਥੇ ਪਹੁੰਚ ਕੇ ਹਜ਼ਾਏਲ+ ਨੂੰ ਸੀਰੀਆ ਦਾ ਰਾਜਾ ਨਿਯੁਕਤ* ਕਰੀਂ। 16 ਅਤੇ ਤੂੰ ਨਿਮਸ਼ੀ ਦੇ ਪੋਤੇ ਯੇਹੂ+ ਨੂੰ ਇਜ਼ਰਾਈਲ ਦਾ ਰਾਜਾ ਨਿਯੁਕਤ ਕਰੀਂ ਅਤੇ ਆਬੇਲ-ਮਹੋਲਾਹ ਦੇ ਰਹਿਣ ਵਾਲੇ ਸ਼ਾਫਾਟ ਦੇ ਪੁੱਤਰ ਅਲੀਸ਼ਾ* ਨੂੰ ਆਪਣੀ ਜਗ੍ਹਾ ਨਬੀ ਠਹਿਰਾਈਂ।+ 17 ਜਿਹੜਾ ਹਜ਼ਾਏਲ ਦੀ ਤਲਵਾਰ ਤੋਂ ਬਚੇਗਾ,+ ਉਸ ਨੂੰ ਯੇਹੂ ਮਾਰ ਸੁੱਟੇਗਾ;+ ਅਤੇ ਜਿਹੜਾ ਯੇਹੂ ਦੀ ਤਲਵਾਰ ਤੋਂ ਬਚੇਗਾ, ਉਸ ਨੂੰ ਅਲੀਸ਼ਾ ਮੌਤ ਦੇ ਘਾਟ ਉਤਾਰ ਦੇਵੇਗਾ।+ 18 ਹਾਲੇ ਵੀ ਇਜ਼ਰਾਈਲ ਵਿਚ ਮੇਰੇ 7,000 ਜਣੇ ਬਚੇ ਹਨ+ ਜਿਨ੍ਹਾਂ ਨੇ ਬਆਲ ਅੱਗੇ ਗੋਡੇ ਨਹੀਂ ਟੇਕੇ+ ਅਤੇ ਜਿਨ੍ਹਾਂ ਦੇ ਮੂੰਹਾਂ ਨੇ ਉਸ ਨੂੰ ਨਹੀਂ ਚੁੰਮਿਆ।”+

19 ਇਸ ਲਈ ਉਹ ਉੱਥੋਂ ਚਲਾ ਗਿਆ ਤੇ ਉਸ ਨੂੰ ਸ਼ਾਫਾਟ ਦਾ ਪੁੱਤਰ ਅਲੀਸ਼ਾ ਮਿਲ ਪਿਆ ਜੋ ਬਲਦਾਂ ਦੀਆਂ 12 ਜੋੜੀਆਂ ਨਾਲ ਹਲ਼ ਵਾਹ ਰਿਹਾ ਸੀ ਜੋ ਉਸ ਦੇ ਅੱਗੇ-ਅੱਗੇ ਸਨ ਤੇ ਉਹ ਆਪ 12ਵੀਂ ਜੋੜੀ ਨਾਲ ਸੀ। ਏਲੀਯਾਹ ਉਸ ਕੋਲ ਗਿਆ ਤੇ ਉਸ ਉੱਤੇ ਆਪਣਾ ਚੋਗਾ*+ ਪਾ ਦਿੱਤਾ। 20 ਉਸੇ ਵੇਲੇ ਉਹ ਬਲਦ ਛੱਡ ਕੇ ਏਲੀਯਾਹ ਪਿੱਛੇ ਭੱਜਿਆ ਤੇ ਕਿਹਾ: “ਕਿਰਪਾ ਕਰ ਕੇ ਮੈਨੂੰ ਇਜਾਜ਼ਤ ਦੇ ਕਿ ਮੈਂ ਆਪਣੇ ਮਾਤਾ-ਪਿਤਾ ਨੂੰ ਚੁੰਮ ਆਵਾਂ। ਫਿਰ ਮੈਂ ਤੇਰੇ ਮਗਰ ਆਵਾਂਗਾ।” ਉਸ ਨੇ ਉਸ ਨੂੰ ਜਵਾਬ ਦਿੱਤਾ: “ਜਾਹ, ਮੈਂ ਕਿਹੜਾ ਤੈਨੂੰ ਰੋਕਿਆ?” 21 ਇਸ ਲਈ ਉਹ ਵਾਪਸ ਗਿਆ ਤੇ ਉਸ ਨੇ ਬਲਦਾਂ ਦੀ ਜੋੜੀ ਲੈ ਕੇ ਬਲ਼ੀ ਚੜ੍ਹਾਈ। ਉਸ ਨੇ ਹਲ਼ ਤੇ ਜੂਲੇ ਨੂੰ ਜਲ਼ਾ ਕੇ ਬਲਦਾਂ ਦਾ ਮੀਟ ਉਬਾਲਿਆ ਅਤੇ ਮੀਟ ਲੋਕਾਂ ਨੂੰ ਦਿੱਤਾ ਤੇ ਉਨ੍ਹਾਂ ਨੇ ਖਾਧਾ। ਇਸ ਤੋਂ ਬਾਅਦ ਉਹ ਉੱਠਿਆ ਤੇ ਏਲੀਯਾਹ ਮਗਰ ਚਲਾ ਗਿਆ ਤੇ ਉਸ ਦੀ ਸੇਵਾ ਕਰਨ ਲੱਗਾ।+

20 ਹੁਣ ਸੀਰੀਆ+ ਦੇ ਬਨ-ਹਦਦ+ ਨੇ 32 ਰਾਜਿਆਂ ਅਤੇ ਉਨ੍ਹਾਂ ਦੇ ਘੋੜਿਆਂ ਤੇ ਰਥਾਂ ਸਮੇਤ ਆਪਣੀ ਸਾਰੀ ਫ਼ੌਜ ਨੂੰ ਇਕੱਠਾ ਕੀਤਾ; ਉਹ ਉੱਪਰ ਗਿਆ ਅਤੇ ਉਸ ਨੇ ਸਾਮਰਿਯਾ+ ਨੂੰ ਘੇਰਾ ਪਾ ਲਿਆ+ ਤੇ ਉਸ ਨਾਲ ਲੜਿਆ। 2 ਫਿਰ ਉਸ ਨੇ ਸ਼ਹਿਰ ਵਿਚ ਇਜ਼ਰਾਈਲ ਦੇ ਰਾਜਾ ਅਹਾਬ+ ਕੋਲ ਸੰਦੇਸ਼ ਦੇਣ ਵਾਲਿਆਂ ਨੂੰ ਭੇਜਿਆ ਅਤੇ ਉਸ ਨੂੰ ਕਿਹਾ: “ਬਨ-ਹਦਦ ਇਹ ਕਹਿੰਦਾ ਹੈ, 3 ‘ਤੇਰਾ ਸੋਨਾ-ਚਾਂਦੀ ਅਤੇ ਤੇਰੀਆਂ ਸਭ ਤੋਂ ਖ਼ੂਬਸੂਰਤ ਪਤਨੀਆਂ ਅਤੇ ਪੁੱਤਰ ਮੇਰੇ ਹਨ।’” 4 ਇਹ ਸੁਣ ਕੇ ਇਜ਼ਰਾਈਲ ਦੇ ਰਾਜੇ ਨੇ ਕਿਹਾ: “ਹੇ ਮੇਰੇ ਪ੍ਰਭੂ ਅਤੇ ਮਹਾਰਾਜ, ਜਿੱਦਾਂ ਤੂੰ ਕਿਹਾ ਹੈ, ਮੈਂ ਅਤੇ ਮੇਰਾ ਸਭ ਕੁਝ ਤੇਰਾ ਹੀ ਹੈ।”+

5 ਬਾਅਦ ਵਿਚ ਸੰਦੇਸ਼ ਦੇਣ ਵਾਲੇ ਫਿਰ ਆਏ ਅਤੇ ਕਹਿਣ ਲੱਗੇ: “ਬਨ-ਹਦਦ ਕਹਿੰਦਾ ਹੈ, ‘ਮੈਂ ਤੈਨੂੰ ਇਹ ਸੰਦੇਸ਼ ਭੇਜਿਆ ਸੀ: “ਤੂੰ ਆਪਣਾ ਸੋਨਾ-ਚਾਂਦੀ, ਆਪਣੀਆਂ ਪਤਨੀਆਂ ਅਤੇ ਆਪਣੇ ਪੁੱਤਰ ਮੈਨੂੰ ਦੇ ਦੇ।” 6 ਪਰ ਕੱਲ੍ਹ ਇਸੇ ਵਕਤ ਮੈਂ ਆਪਣੇ ਸੇਵਕਾਂ ਨੂੰ ਤੇਰੇ ਕੋਲ ਭੇਜਾਂਗਾ ਤੇ ਉਹ ਤੇਰੇ ਮਹਿਲ ਅਤੇ ਤੇਰੇ ਸੇਵਕਾਂ ਦੇ ਘਰਾਂ ਦੀ ਚੰਗੀ ਤਰ੍ਹਾਂ ਤਲਾਸ਼ੀ ਲੈਣਗੇ ਤੇ ਤੇਰੀਆਂ ਸਾਰੀਆਂ ਮਨਭਾਉਂਦੀਆਂ ਚੀਜ਼ਾਂ ਜ਼ਬਤ ਕਰ ਕੇ ਲੈ ਜਾਣਗੇ।’”

7 ਇਹ ਸੁਣ ਕੇ ਇਜ਼ਰਾਈਲ ਦੇ ਰਾਜੇ ਨੇ ਦੇਸ਼ ਦੇ ਸਾਰੇ ਬਜ਼ੁਰਗਾਂ ਨੂੰ ਬੁਲਾ ਕੇ ਕਿਹਾ: “ਕਿਰਪਾ ਕਰ ਕੇ ਧਿਆਨ ਦਿਓ ਕਿ ਇਹ ਆਦਮੀ ਮੁਸੀਬਤ ਲਿਆਉਣ ʼਤੇ ਤੁਲਿਆ ਹੋਇਆ ਹੈ ਕਿਉਂਕਿ ਉਸ ਨੇ ਮੇਰੇ ਤੋਂ ਮੇਰੀਆਂ ਪਤਨੀਆਂ, ਮੇਰੇ ਪੁੱਤਰਾਂ ਅਤੇ ਮੇਰੇ ਸੋਨੇ-ਚਾਂਦੀ ਦੀ ਮੰਗ ਕੀਤੀ ਹੈ ਤੇ ਮੈਂ ਉਸ ਨੂੰ ਮਨ੍ਹਾ ਨਹੀਂ ਕੀਤਾ।” 8 ਫਿਰ ਸਾਰੇ ਬਜ਼ੁਰਗਾਂ ਅਤੇ ਸਾਰੇ ਲੋਕਾਂ ਨੇ ਉਸ ਨੂੰ ਕਿਹਾ: “ਉਸ ਦਾ ਕਹਿਣਾ ਨਾ ਮੰਨੀਂ, ਉਸ ਨੂੰ ਹਾਂ ਨਾ ਕਰੀਂ।” 9 ਇਸ ਲਈ ਉਸ ਨੇ ਬਨ-ਹਦਦ ਦਾ ਸੰਦੇਸ਼ ਲਿਆਉਣ ਵਾਲਿਆਂ ਨੂੰ ਕਿਹਾ: “ਮੇਰੇ ਪ੍ਰਭੂ ਅਤੇ ਮਹਾਰਾਜ ਨੂੰ ਕਹਿਓ, ‘ਜੋ ਤੁਸੀਂ ਆਪਣੇ ਦਾਸ ਤੋਂ ਪਹਿਲਾਂ ਮੰਗਿਆ ਸੀ, ਉਹ ਮੈਂ ਕਰਨ ਲਈ ਤਿਆਰ ਹਾਂ, ਪਰ ਮੈਂ ਦੂਜੀ ਮੰਗ ਪੂਰੀ ਨਹੀਂ ਕਰ ਸਕਦਾ।’” ਇਹ ਸੁਣ ਕੇ ਸੰਦੇਸ਼ ਲਿਆਉਣ ਵਾਲੇ ਚਲੇ ਗਏ ਅਤੇ ਜਾ ਕੇ ਉਸ ਨੂੰ ਇਹ ਸਭ ਦੱਸਿਆ।

10 ਹੁਣ ਬਨ-ਹਦਦ ਨੇ ਉਸ ਨੂੰ ਇਹ ਸੰਦੇਸ਼ ਭੇਜਿਆ: “ਜੇ ਮੈਂ ਸਾਮਰਿਯਾ ਵਿਚ ਇੰਨੀ ਕੁ ਧੂੜ ਵੀ ਛੱਡਾਂ ਕਿ ਮੇਰੇ ਪਿੱਛੇ ਚੱਲਣ ਵਾਲੇ ਫ਼ੌਜੀਆਂ ਵਿੱਚੋਂ ਹਰੇਕ ਦੀ ਮੁੱਠੀ ਭਰ ਸਕੇ, ਤਾਂ ਦੇਵਤੇ ਮੇਰੇ ਨਾਲ ਬੁਰੇ ਤੋਂ ਬੁਰਾ ਕਰਨ!” 11 ਇਜ਼ਰਾਈਲ ਦੇ ਰਾਜੇ ਨੇ ਜਵਾਬ ਦਿੱਤਾ: “ਉਸ ਨੂੰ ਕਹਿਓ, ‘ਯੁੱਧ ਦੇ ਹਥਿਆਰ ਪਾਉਣ ਵਾਲਾ ਹਥਿਆਰ ਲਾਹੁਣ ਵਾਲੇ ਵਾਂਗ ਸ਼ੇਖ਼ੀ ਨਾ ਮਾਰੇ।’”+ 12 ਜਦੋਂ ਬਨ-ਹਦਦ ਨੂੰ ਇਹ ਸੰਦੇਸ਼ ਮਿਲਿਆ ਉਦੋਂ ਉਹ ਤੇ ਰਾਜੇ ਆਪਣੇ ਤੰਬੂਆਂ* ਵਿਚ ਸ਼ਰਾਬ ਪੀ ਰਹੇ ਸਨ। ਇਹ ਸੰਦੇਸ਼ ਸੁਣਦੇ ਸਾਰ ਉਸ ਨੇ ਆਪਣੇ ਸੇਵਕਾਂ ਨੂੰ ਕਿਹਾ: “ਹਮਲਾ ਕਰਨ ਲਈ ਤਿਆਰ ਹੋ ਜਾਓ!” ਇਸ ਲਈ ਉਹ ਸ਼ਹਿਰ ʼਤੇ ਹਮਲਾ ਕਰਨ ਲਈ ਤਿਆਰ ਹੋ ਗਏ।

13 ਪਰ ਇਕ ਨਬੀ ਇਜ਼ਰਾਈਲ ਦੇ ਰਾਜੇ ਅਹਾਬ+ ਕੋਲ ਆਇਆ ਅਤੇ ਕਹਿਣ ਲੱਗਾ: “ਯਹੋਵਾਹ ਇਹ ਕਹਿੰਦਾ ਹੈ, ‘ਕੀ ਤੂੰ ਇਸ ਵੱਡੀ ਸਾਰੀ ਭੀੜ ਨੂੰ ਦੇਖਿਆ? ਅੱਜ ਮੈਂ ਇਸ ਨੂੰ ਤੇਰੇ ਹੱਥ ਦੇ ਦਿਆਂਗਾ ਅਤੇ ਤੂੰ ਜਾਣੇਂਗਾ ਕਿ ਮੈਂ ਯਹੋਵਾਹ ਹਾਂ।’”+ 14 ਅਹਾਬ ਨੇ ਪੁੱਛਿਆ: “ਕਿਹਦੇ ਰਾਹੀਂ?” ਜਵਾਬ ਵਿਚ ਉਸ ਨੇ ਕਿਹਾ: “ਯਹੋਵਾਹ ਇਹ ਕਹਿੰਦਾ ਹੈ, ‘ਜ਼ਿਲ੍ਹਿਆਂ ਦੇ ਹਾਕਮਾਂ ਦੇ ਸੇਵਾਦਾਰਾਂ ਰਾਹੀਂ।’” ਅੱਗੋਂ ਉਸ ਨੇ ਪੁੱਛਿਆ: “ਯੁੱਧ ਕੌਣ ਸ਼ੁਰੂ ਕਰੇਗਾ?” ਉਸ ਨੇ ਜਵਾਬ ਦਿੱਤਾ: “ਤੂੰ!”

15 ਫਿਰ ਅਹਾਬ ਨੇ ਜ਼ਿਲ੍ਹਿਆਂ ਦੇ ਹਾਕਮਾਂ ਦੇ ਸੇਵਾਦਾਰਾਂ ਦੀ ਗਿਣਤੀ ਕੀਤੀ ਜੋ 232 ਸਨ; ਉਸ ਤੋਂ ਬਾਅਦ ਉਸ ਨੇ ਸਾਰੇ ਇਜ਼ਰਾਈਲੀ ਆਦਮੀਆਂ ਦੀ ਗਿਣਤੀ ਕੀਤੀ ਜੋ 7,000 ਸਨ। 16 ਉਹ ਦੁਪਹਿਰ ਵੇਲੇ ਬਾਹਰ ਗਏ ਜਦੋਂ ਬਨ-ਹਦਦ ਉਸ ਦੀ ਮਦਦ ਕਰਨ ਵਾਲੇ 32 ਰਾਜਿਆਂ ਨਾਲ ਤੰਬੂਆਂ* ਵਿਚ ਪੀ-ਪੀ ਕੇ ਟੱਲੀ ਹੋ ਰਿਹਾ ਸੀ। 17 ਜਦੋਂ ਪਹਿਲਾਂ ਜ਼ਿਲ੍ਹਿਆਂ ਦੇ ਹਾਕਮਾਂ ਦੇ ਸੇਵਾਦਾਰ ਬਾਹਰ ਆਏ, ਤਾਂ ਬਨ-ਹਦਦ ਨੇ ਉਸੇ ਵੇਲੇ ਸੰਦੇਸ਼ ਦੇਣ ਵਾਲਿਆਂ ਨੂੰ ਭੇਜਿਆ। ਉਨ੍ਹਾਂ ਨੇ ਆ ਕੇ ਉਸ ਨੂੰ ਦੱਸਿਆ: “ਸਾਮਰਿਯਾ ਤੋਂ ਆਦਮੀ ਬਾਹਰ ਨਿਕਲ ਆਏ ਹਨ।” 18 ਇਹ ਸੁਣ ਕੇ ਉਸ ਨੇ ਕਿਹਾ: “ਜੇ ਉਹ ਸ਼ਾਂਤੀ ਦੇ ਇਰਾਦੇ ਨਾਲ ਆਏ ਹਨ, ਤਾਂ ਉਨ੍ਹਾਂ ਨੂੰ ਜੀਉਂਦੇ ਫੜ ਲਿਆਇਓ; ਜੇ ਉਹ ਯੁੱਧ ਦੇ ਇਰਾਦੇ ਨਾਲ ਆਏ ਹਨ, ਤਾਂ ਵੀ ਉਨ੍ਹਾਂ ਨੂੰ ਜੀਉਂਦੇ ਫੜ ਲਿਆਇਓ।” 19 ਪਰ ਜਦੋਂ ਜ਼ਿਲ੍ਹਿਆਂ ਦੇ ਹਾਕਮਾਂ ਦੇ ਸੇਵਾਦਾਰ ਅਤੇ ਉਨ੍ਹਾਂ ਦੇ ਮਗਰ ਚੱਲ ਰਹੀਆਂ ਫ਼ੌਜਾਂ ਸ਼ਹਿਰ ਤੋਂ ਬਾਹਰ ਆਈਆਂ, 20 ਤਾਂ ਹਰੇਕ ਨੇ ਆਪਣੇ ਵਿਰੋਧੀ ਨੂੰ ਵੱਢ ਸੁੱਟਿਆ। ਫਿਰ ਸੀਰੀਆ ਦੇ ਫ਼ੌਜੀ ਭੱਜ ਗਏ+ ਅਤੇ ਇਜ਼ਰਾਈਲੀਆਂ ਨੇ ਉਨ੍ਹਾਂ ਦਾ ਪਿੱਛਾ ਕੀਤਾ, ਪਰ ਸੀਰੀਆ ਦਾ ਰਾਜਾ ਬਨ-ਹਦਦ ਆਪਣੇ ਕੁਝ ਘੋੜਸਵਾਰਾਂ ਸਣੇ ਘੋੜੇ ʼਤੇ ਚੜ੍ਹ ਕੇ ਬਚ ਨਿਕਲਿਆ। 21 ਫਿਰ ਇਜ਼ਰਾਈਲ ਦਾ ਰਾਜਾ ਬਾਹਰ ਨਿਕਲਿਆ ਅਤੇ ਉਹ ਘੋੜਿਆਂ ਤੇ ਰਥਾਂ ʼਤੇ ਹਮਲਾ ਕਰਦਾ ਗਿਆ ਅਤੇ ਉਸ ਨੇ ਸੀਰੀਆ ਦੀ ਫ਼ੌਜ ਨੂੰ ਬੁਰੀ ਤਰ੍ਹਾਂ ਹਰਾਇਆ।*

22 ਬਾਅਦ ਵਿਚ ਉਹ ਨਬੀ+ ਇਜ਼ਰਾਈਲ ਦੇ ਰਾਜੇ ਕੋਲ ਜਾ ਕੇ ਕਹਿਣ ਲੱਗਾ: “ਜਾਹ, ਆਪਣੇ ਆਪ ਨੂੰ ਤਕੜਾ ਕਰ ਅਤੇ ਧਿਆਨ ਨਾਲ ਸੋਚ ਕਿ ਤੂੰ ਕੀ ਕਰੇਂਗਾ+ ਕਿਉਂਕਿ ਅਗਲੇ ਸਾਲ* ਦੇ ਸ਼ੁਰੂ ਵਿਚ ਸੀਰੀਆ ਦਾ ਰਾਜਾ ਇਕ ਵਾਰ ਫਿਰ ਤੇਰੇ ਖ਼ਿਲਾਫ਼ ਆਵੇਗਾ।”+

23 ਹੁਣ ਸੀਰੀਆ ਦੇ ਰਾਜੇ ਦੇ ਸੇਵਕਾਂ ਨੇ ਉਸ ਨੂੰ ਕਿਹਾ: “ਉਨ੍ਹਾਂ ਦਾ ਪਰਮੇਸ਼ੁਰ ਪਹਾੜਾਂ ਦਾ ਪਰਮੇਸ਼ੁਰ ਹੈ। ਇਸੇ ਕਰਕੇ ਉਹ ਸਾਡੇ ʼਤੇ ਭਾਰੀ ਪੈ ਗਏ ਸਨ। ਪਰ ਜੇ ਆਪਾਂ ਉਨ੍ਹਾਂ ਨਾਲ ਮੈਦਾਨ ਵਿਚ ਲੜਾਂਗੇ, ਤਾਂ ਉਨ੍ਹਾਂ ʼਤੇ ਭਾਰੀ ਪੈ ਜਾਵਾਂਗੇ। 24 ਨਾਲੇ ਇਹ ਵੀ ਕਰ: ਯੁੱਧ ਵਿੱਚੋਂ ਸਾਰੇ ਰਾਜਿਆਂ+ ਨੂੰ ਹਟਾ ਕੇ ਉਨ੍ਹਾਂ ਦੀ ਜਗ੍ਹਾ ਰਾਜਪਾਲਾਂ ਨੂੰ ਠਹਿਰਾ। 25 ਫਿਰ ਉੱਨੀ ਹੀ ਫ਼ੌਜ ਇਕੱਠੀ* ਕਰ ਜਿੰਨੀ ਤੂੰ ਗੁਆਈ ਹੈ, ਨਾਲੇ ਉੱਨੇ ਹੀ ਘੋੜੇ ਅਤੇ ਰਥ। ਆਓ ਆਪਾਂ ਉਨ੍ਹਾਂ ਨਾਲ ਮੈਦਾਨ ਵਿਚ ਲੜੀਏ ਅਤੇ ਅਸੀਂ ਪੱਕਾ ਉਨ੍ਹਾਂ ʼਤੇ ਭਾਰੀ ਪੈ ਜਾਵਾਂਗੇ।” ਇਸ ਲਈ ਉਸ ਨੇ ਉਨ੍ਹਾਂ ਦੀ ਸਲਾਹ ਮੰਨੀ ਅਤੇ ਉਸੇ ਤਰ੍ਹਾਂ ਕੀਤਾ।

26 ਸਾਲ* ਦੇ ਸ਼ੁਰੂ ਵਿਚ ਬਨ-ਹਦਦ ਨੇ ਸੀਰੀਆ ਦੇ ਫ਼ੌਜੀਆਂ ਨੂੰ ਇਕੱਠਾ ਕੀਤਾ ਅਤੇ ਇਜ਼ਰਾਈਲ ਖ਼ਿਲਾਫ਼ ਲੜਨ ਲਈ ਅਫੇਕ+ ਨੂੰ ਚੜ੍ਹਿਆ। 27 ਇਜ਼ਰਾਈਲ ਦੇ ਲੋਕਾਂ ਨੂੰ ਵੀ ਇਕੱਠਾ ਕੀਤਾ ਗਿਆ ਅਤੇ ਉਨ੍ਹਾਂ ਨੂੰ ਲੋੜ ਦੀਆਂ ਚੀਜ਼ਾਂ ਦਿੱਤੀਆਂ ਗਈਆਂ ਤੇ ਉਹ ਉਨ੍ਹਾਂ ਦਾ ਮੁਕਾਬਲਾ ਕਰਨ ਗਏ। ਜਦੋਂ ਇਜ਼ਰਾਈਲੀ ਲੋਕਾਂ ਨੇ ਉਨ੍ਹਾਂ ਦੇ ਸਾਮ੍ਹਣੇ ਡੇਰਾ ਲਾਇਆ, ਤਾਂ ਉਹ ਬੱਕਰੀਆਂ ਦੇ ਦੋ ਛੋਟੇ-ਛੋਟੇ ਝੁੰਡਾਂ ਵਾਂਗ ਲੱਗ ਰਹੇ ਸਨ ਜਦ ਕਿ ਸੀਰੀਆ ਦੇ ਫ਼ੌਜੀਆਂ ਨਾਲ ਸਾਰਾ ਮੈਦਾਨ ਭਰਿਆ ਹੋਇਆ ਸੀ।+ 28 ਫਿਰ ਸੱਚੇ ਪਰਮੇਸ਼ੁਰ ਦੇ ਬੰਦੇ ਨੇ ਇਜ਼ਰਾਈਲ ਦੇ ਰਾਜੇ ਕੋਲ ਆ ਕੇ ਕਿਹਾ: “ਯਹੋਵਾਹ ਇਹ ਕਹਿੰਦਾ ਹੈ, ‘ਕਿਉਂਕਿ ਸੀਰੀਆਈ ਲੋਕਾਂ ਨੇ ਕਿਹਾ ਹੈ: “ਯਹੋਵਾਹ ਪਹਾੜਾਂ ਦਾ ਪਰਮੇਸ਼ੁਰ ਹੈ, ਉਹ ਮੈਦਾਨਾਂ ਦਾ ਪਰਮੇਸ਼ੁਰ ਨਹੀਂ ਹੈ,” ਇਸ ਲਈ ਮੈਂ ਇਸ ਵੱਡੀ ਭੀੜ ਨੂੰ ਤੇਰੇ ਹੱਥ ਵਿਚ ਦੇ ਦਿਆਂਗਾ+ ਅਤੇ ਤੂੰ ਪੱਕਾ ਜਾਣ ਲਵੇਂਗਾ ਕਿ ਮੈਂ ਯਹੋਵਾਹ ਹਾਂ।’”+

29 ਉਨ੍ਹਾਂ ਨੇ ਇਕ-ਦੂਜੇ ਖ਼ਿਲਾਫ਼ ਸੱਤ ਦਿਨਾਂ ਤਕ ਡੇਰਾ ਲਾਈ ਰੱਖਿਆ ਅਤੇ ਸੱਤਵੇਂ ਦਿਨ ਯੁੱਧ ਸ਼ੁਰੂ ਹੋ ਗਿਆ। ਇਜ਼ਰਾਈਲ ਦੇ ਲੋਕਾਂ ਨੇ ਸੀਰੀਆ ਦੇ 1,00,000 ਪੈਦਲ ਚੱਲਣ ਵਾਲੇ ਫ਼ੌਜੀਆਂ ਨੂੰ ਇਕ ਦਿਨ ਵਿਚ ਹੀ ਮਾਰ ਮੁਕਾਇਆ। 30 ਅਤੇ ਬਾਕੀ ਫ਼ੌਜੀ ਅਫੇਕ ਸ਼ਹਿਰ ਨੂੰ ਭੱਜ ਗਏ।+ ਪਰ ਬਚੇ ਹੋਏ 27,000 ਆਦਮੀਆਂ ʼਤੇ ਕੰਧ ਡਿਗ ਪਈ। ਬਨ-ਹਦਦ ਵੀ ਸ਼ਹਿਰ ਨੂੰ ਭੱਜ ਗਿਆ ਅਤੇ ਇਕ ਕੋਠੜੀ ਵਿਚ ਲੁਕ ਗਿਆ।

31 ਇਸ ਲਈ ਉਸ ਦੇ ਸੇਵਕਾਂ ਨੇ ਉਸ ਨੂੰ ਕਿਹਾ: “ਦੇਖ, ਅਸੀਂ ਸੁਣਿਆ ਹੈ ਕਿ ਇਜ਼ਰਾਈਲ ਦੇ ਘਰਾਣੇ ਦੇ ਰਾਜੇ ਬਹੁਤ ਦਇਆਵਾਨ* ਹੁੰਦੇ ਹਨ। ਚਲੋ ਆਪਾਂ ਆਪਣੇ ਲੱਕ ਦੁਆਲੇ ਤੱਪੜ ਪਾ ਲਈਏ ਅਤੇ ਆਪਣੇ ਸਿਰਾਂ ʼਤੇ ਰੱਸੀਆਂ ਲਪੇਟ ਕੇ ਇਜ਼ਰਾਈਲ ਦੇ ਰਾਜੇ ਕੋਲ ਚੱਲੀਏ। ਸ਼ਾਇਦ ਉਹ ਤੇਰੀ ਜਾਨ ਬਖ਼ਸ਼ ਦੇਵੇ।”+ 32 ਇਸ ਲਈ ਉਨ੍ਹਾਂ ਨੇ ਆਪਣੇ ਲੱਕ ਦੁਆਲੇ ਤੱਪੜ ਪਾਇਆ ਅਤੇ ਆਪਣੇ ਸਿਰਾਂ ʼਤੇ ਰੱਸੀਆਂ ਲਪੇਟ ਕੇ ਇਜ਼ਰਾਈਲ ਦੇ ਰਾਜੇ ਕੋਲ ਗਏ ਅਤੇ ਕਹਿਣ ਲੱਗੇ: “ਤੇਰਾ ਸੇਵਕ ਬਨ-ਹਦਦ ਕਹਿੰਦਾ ਹੈ, ‘ਕਿਰਪਾ ਕਰ ਕੇ ਮੇਰੀ ਜਾਨ ਬਖ਼ਸ਼ ਦੇ।’” ਉਸ ਨੇ ਜਵਾਬ ਦਿੱਤਾ: “ਕੀ ਉਹ ਹਾਲੇ ਜੀਉਂਦਾ ਹੈ? ਉਹ ਮੇਰਾ ਭਰਾ ਹੈ।” 33 ਉਨ੍ਹਾਂ ਆਦਮੀਆਂ ਨੂੰ ਇਹ ਸ਼ੁੱਭ-ਚਿੰਨ੍ਹ ਲੱਗਾ ਜਿਸ ਕਰਕੇ ਉਨ੍ਹਾਂ ਨੇ ਝੱਟ ਉਸ ਦੀ ਗੱਲ ਮੰਨ ਲਈ, ਇਸ ਲਈ ਉਨ੍ਹਾਂ ਨੇ ਕਿਹਾ: “ਬਨ-ਹਦਦ ਤੇਰਾ ਭਰਾ ਹੀ ਹੈ।” ਇਹ ਸੁਣ ਕੇ ਉਸ ਨੇ ਕਿਹਾ: “ਜਾਓ, ਉਸ ਨੂੰ ਇੱਥੇ ਲੈ ਕੇ ਆਓ।” ਫਿਰ ਬਨ-ਹਦਦ ਉਸ ਕੋਲ ਬਾਹਰ ਆਇਆ ਅਤੇ ਅਹਾਬ ਨੇ ਉਸ ਨੂੰ ਰਥ ʼਤੇ ਚੜ੍ਹਾ ਲਿਆ।

34 ਹੁਣ ਬਨ-ਹਦਦ ਨੇ ਉਸ ਨੂੰ ਕਿਹਾ: “ਮੇਰੇ ਪਿਤਾ ਨੇ ਤੇਰੇ ਪਿਤਾ ਕੋਲੋਂ ਜਿਹੜੇ ਸ਼ਹਿਰ ਲੈ ਲਏ ਸਨ ਮੈਂ ਉਹ ਮੋੜ ਦਿਆਂਗਾ ਅਤੇ ਤੂੰ ਦਮਿਸਕ ਵਿਚ ਆਪਣੇ ਲਈ ਬਾਜ਼ਾਰ ਲਗਾਈਂ* ਜਿਵੇਂ ਮੇਰੇ ਪਿਤਾ ਨੇ ਸਾਮਰਿਯਾ ਵਿਚ ਲਗਾਏ ਸਨ।”

ਅਹਾਬ ਨੇ ਜਵਾਬ ਦਿੱਤਾ: “ਇਸ ਸਮਝੌਤੇ* ਦੇ ਆਧਾਰ ʼਤੇ ਮੈਂ ਤੈਨੂੰ ਛੱਡ ਦੇਵਾਂਗਾ।”

ਇਹ ਕਹਿ ਕੇ ਉਸ ਨੇ ਉਸ ਨਾਲ ਸਮਝੌਤਾ ਕੀਤਾ ਅਤੇ ਉਸ ਨੂੰ ਛੱਡ ਦਿੱਤਾ।

35 ਯਹੋਵਾਹ ਦੇ ਬਚਨ ਅਨੁਸਾਰ ਨਬੀਆਂ ਦੇ ਪੁੱਤਰਾਂ*+ ਵਿੱਚੋਂ ਇਕ ਨੇ ਆਪਣੇ ਸਾਥੀ ਨੂੰ ਕਿਹਾ: “ਕਿਰਪਾ ਕਰ ਕੇ ਮੈਨੂੰ ਮਾਰ।” ਪਰ ਉਸ ਆਦਮੀ ਨੇ ਉਸ ਨੂੰ ਮਾਰਨ ਤੋਂ ਇਨਕਾਰ ਕਰ ਦਿੱਤਾ। 36 ਇਸ ਲਈ ਉਸ ਨੇ ਉਸ ਨੂੰ ਕਿਹਾ: “ਕਿਉਂਕਿ ਤੂੰ ਯਹੋਵਾਹ ਦੀ ਆਵਾਜ਼ ਨਹੀਂ ਸੁਣੀ, ਇਸ ਲਈ ਜਿਉਂ ਹੀ ਤੂੰ ਮੇਰੇ ਕੋਲੋਂ ਜਾਵੇਂਗਾ ਇਕ ਸ਼ੇਰ ਤੈਨੂੰ ਮਾਰ ਦੇਵੇਗਾ।” ਜਦੋਂ ਉਹ ਉਸ ਕੋਲੋਂ ਚਲਾ ਗਿਆ, ਤਾਂ ਇਕ ਸ਼ੇਰ ਨੇ ਉਸ ਉੱਤੇ ਹਮਲਾ ਕਰ ਕੇ ਉਸ ਨੂੰ ਮਾਰ ਦਿੱਤਾ।

37 ਉਸ ਨਬੀ ਨੂੰ ਇਕ ਹੋਰ ਆਦਮੀ ਮਿਲਿਆ ਅਤੇ ਉਸ ਨੇ ਉਸ ਨੂੰ ਕਿਹਾ: “ਕਿਰਪਾ ਕਰ ਕੇ ਮੈਨੂੰ ਮਾਰ।” ਇਸ ਲਈ ਉਸ ਆਦਮੀ ਨੇ ਉਸ ʼਤੇ ਵਾਰ ਕਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ।

38 ਫਿਰ ਨਬੀ ਗਿਆ ਅਤੇ ਰਾਹ ਵਿਚ ਰਾਜੇ ਦਾ ਇੰਤਜ਼ਾਰ ਕਰਨ ਲੱਗਾ। ਉਸ ਨੇ ਆਪਣੀਆਂ ਅੱਖਾਂ ʼਤੇ ਪੱਟੀ ਬੰਨ੍ਹੀ ਤਾਂਕਿ ਉਹ ਪਛਾਣਿਆ ਨਾ ਜਾਵੇ। 39 ਜਦੋਂ ਰਾਜਾ ਉੱਥੋਂ ਲੰਘ ਰਿਹਾ ਸੀ, ਤਾਂ ਉਸ ਨੇ ਉੱਚੀ ਆਵਾਜ਼ ਵਿਚ ਰਾਜੇ ਨੂੰ ਪੁਕਾਰ ਕੇ ਕਿਹਾ: “ਤੇਰਾ ਸੇਵਕ ਘਮਸਾਣ ਯੁੱਧ ਵਿਚ ਗਿਆ ਸੀ ਅਤੇ ਉੱਥੇ ਇਕ ਆਦਮੀ ਆਇਆ ਜੋ ਕਿਸੇ ਆਦਮੀ ਨੂੰ ਮੇਰੇ ਕੋਲ ਲੈ ਆਇਆ ਅਤੇ ਕਹਿਣ ਲੱਗਾ: ‘ਇਸ ਆਦਮੀ ʼਤੇ ਨਿਗਾਹ ਰੱਖ, ਜੇ ਇਹ ਆਦਮੀ ਭੱਜ ਗਿਆ, ਤਾਂ ਇਸ ਦੀ ਜਾਨ ਦੇ ਬਦਲੇ ਤੇਰੀ ਜਾਨ ਲੈ ਲਈ ਜਾਵੇਗੀ,+ ਜਾਂ ਤੈਨੂੰ ਇਕ ਕਿੱਕਾਰ* ਚਾਂਦੀ ਦੇਣੀ ਪਵੇਗੀ।’ 40 ਅਤੇ ਜਦੋਂ ਤੇਰਾ ਸੇਵਕ ਉੱਥੇ ਕਿਸੇ ਕੰਮ ਵਿਚ ਰੁੱਝਾ ਹੋਇਆ ਸੀ, ਤਾਂ ਉਹ ਆਦਮੀ ਅਚਾਨਕ ਗਾਇਬ ਹੋ ਗਿਆ।” ਇਜ਼ਰਾਈਲ ਦੇ ਰਾਜੇ ਨੇ ਉਸ ਨੂੰ ਕਿਹਾ: “ਤਾਂ ਫਿਰ ਤੇਰੀ ਇਹੀ ਸਜ਼ਾ ਹੋਵੇਗੀ; ਇਹ ਫ਼ੈਸਲਾ ਤੂੰ ਆਪ ਹੀ ਕੀਤਾ ਹੈ।” 41 ਫਿਰ ਉਸ ਨੇ ਤੁਰੰਤ ਆਪਣੀਆਂ ਅੱਖਾਂ ਤੋਂ ਪੱਟੀ ਲਾਹ ਦਿੱਤੀ ਅਤੇ ਇਜ਼ਰਾਈਲ ਦੇ ਰਾਜੇ ਨੇ ਉਸ ਨੂੰ ਪਛਾਣ ਲਿਆ ਕਿ ਉਹ ਨਬੀਆਂ ਵਿੱਚੋਂ ਇਕ ਸੀ।+ 42 ਨਬੀ ਨੇ ਉਸ ਨੂੰ ਕਿਹਾ: “ਯਹੋਵਾਹ ਇਹ ਕਹਿੰਦਾ ਹੈ, ‘ਕਿਉਂਕਿ ਤੂੰ ਉਸ ਆਦਮੀ ਨੂੰ ਆਪਣੇ ਹੱਥੋਂ ਬਚ ਕੇ ਜਾਣ ਦਿੱਤਾ ਜਿਸ ਨੂੰ ਮੈਂ ਮਾਰਨ ਲਈ ਤੈਨੂੰ ਕਿਹਾ ਸੀ,+ ਇਸ ਲਈ ਉਸ ਦੀ ਜਾਨ ਦੇ ਬਦਲੇ ਤੇਰੀ ਜਾਨ ਲਈ ਜਾਵੇਗੀ+ ਅਤੇ ਉਸ ਦੇ ਲੋਕਾਂ ਦੇ ਬਦਲੇ ਤੇਰੇ ਲੋਕ ਨਾਸ਼ ਕੀਤੇ ਜਾਣਗੇ।’”+ 43 ਇਹ ਸੁਣ ਕੇ ਇਜ਼ਰਾਈਲ ਦਾ ਰਾਜਾ ਉਦਾਸ ਹੋ ਗਿਆ ਤੇ ਮੂੰਹ ਲਟਕਾਈ ਸਾਮਰਿਯਾ+ ਵਿਚ ਆਪਣੇ ਘਰ ਚਲਾ ਗਿਆ।

21 ਇਨ੍ਹਾਂ ਗੱਲਾਂ ਤੋਂ ਬਾਅਦ ਨਾਬੋਥ ਯਿਜ਼ਰਾਏਲੀ ਦੇ ਅੰਗੂਰਾਂ ਦੇ ਬਾਗ਼ ਦੇ ਸੰਬੰਧ ਵਿਚ ਇਕ ਘਟਨਾ ਘਟੀ; ਇਹ ਬਾਗ਼ ਯਿਜ਼ਰਾਏਲ+ ਵਿਚ ਸੀ ਜੋ ਸਾਮਰਿਯਾ ਦੇ ਰਾਜੇ ਅਹਾਬ ਦੇ ਮਹਿਲ ਦੇ ਨਾਲ ਲੱਗਦਾ ਸੀ। 2 ਅਹਾਬ ਨੇ ਨਾਬੋਥ ਨੂੰ ਕਿਹਾ: “ਮੈਨੂੰ ਆਪਣਾ ਅੰਗੂਰਾਂ ਦਾ ਬਾਗ਼ ਦੇ। ਇਹ ਮੇਰੇ ਮਹਿਲ ਦੇ ਲਾਗੇ ਹੈ। ਮੈਂ ਉਸ ਨੂੰ ਸਬਜ਼ੀਆਂ ਦਾ ਬਾਗ਼ ਬਣਾਵਾਂਗਾ। ਉਸ ਦੇ ਬਦਲੇ ਵਿਚ ਮੈਂ ਤੈਨੂੰ ਹੋਰ ਵੀ ਵਧੀਆ ਅੰਗੂਰਾਂ ਦਾ ਬਾਗ਼ ਦਿਆਂਗਾ। ਜਾਂ ਜੇ ਤੂੰ ਚਾਹੇਂ, ਤਾਂ ਮੈਂ ਤੈਨੂੰ ਇਸ ਦੀ ਕੀਮਤ ਅਦਾ ਕਰ ਦਿਆਂਗਾ।” 3 ਪਰ ਨਾਬੋਥ ਨੇ ਅਹਾਬ ਨੂੰ ਕਿਹਾ: “ਯਹੋਵਾਹ ਦੀਆਂ ਨਜ਼ਰਾਂ ਵਿਚ ਇਸ ਤਰ੍ਹਾਂ ਸੋਚਣਾ ਵੀ ਗ਼ਲਤ ਹੈ ਕਿ ਮੈਂ ਆਪਣੇ ਪਿਉ-ਦਾਦਿਆਂ ਦੀ ਵਿਰਾਸਤ ਤੈਨੂੰ ਦੇ ਦਿਆਂ।”+ 4 ਜਦੋਂ ਨਾਬੋਥ ਯਿਜ਼ਰਾਏਲੀ ਨੇ ਉਸ ਨੂੰ ਇਹ ਜਵਾਬ ਦਿੱਤਾ: “ਮੈਂ ਤੈਨੂੰ ਆਪਣੇ ਪਿਉ-ਦਾਦਿਆਂ ਦੀ ਵਿਰਾਸਤ ਨਹੀਂ ਦਿਆਂਗਾ,” ਤਾਂ ਅਹਾਬ ਉਦਾਸ ਹੋ ਗਿਆ ਅਤੇ ਮੂੰਹ ਲਟਕਾਈ ਆਪਣੇ ਮਹਿਲ ਆ ਗਿਆ। ਫਿਰ ਉਹ ਆਪਣੇ ਪਲੰਘ ਉੱਤੇ ਲੰਮਾ ਪੈ ਗਿਆ, ਉਸ ਨੇ ਪਾਸਾ ਵੱਟ ਲਿਆ ਅਤੇ ਖਾਣਾ ਖਾਣ ਤੋਂ ਇਨਕਾਰ ਕਰ ਦਿੱਤਾ।

5 ਉਸ ਦੀ ਪਤਨੀ ਈਜ਼ਬਲ+ ਉਸ ਕੋਲ ਆਈ ਅਤੇ ਉਸ ਨੂੰ ਪੁੱਛਣ ਲੱਗੀ: “ਤੂੰ* ਇੰਨਾ ਉਦਾਸ ਕਿਉਂ ਹੈਂ ਕਿ ਤੂੰ ਖਾਣਾ ਵੀ ਨਹੀਂ ਖਾ ਰਿਹਾ?” 6 ਉਸ ਨੇ ਉਸ ਨੂੰ ਜਵਾਬ ਦਿੱਤਾ: “ਕਿਉਂਕਿ ਮੈਂ ਨਾਬੋਥ ਯਿਜ਼ਰਾਏਲੀ ਨੂੰ ਕਿਹਾ, ‘ਮੈਨੂੰ ਪੈਸਿਆਂ ਬਦਲੇ ਆਪਣਾ ਅੰਗੂਰਾਂ ਦਾ ਬਾਗ਼ ਦੇ ਦੇ। ਜਾਂ ਜੇ ਤੂੰ ਚਾਹੇਂ, ਤਾਂ ਮੈਂ ਤੈਨੂੰ ਇਸ ਦੀ ਜਗ੍ਹਾ ਕੋਈ ਦੂਜਾ ਅੰਗੂਰਾਂ ਦਾ ਬਾਗ਼ ਦੇ ਦਿਆਂਗਾ।’ ਪਰ ਉਸ ਨੇ ਕਿਹਾ, ‘ਮੈਂ ਤੈਨੂੰ ਆਪਣਾ ਅੰਗੂਰਾਂ ਦਾ ਬਾਗ਼ ਨਹੀਂ ਦਿਆਂਗਾ।’” 7 ਉਸ ਦੀ ਪਤਨੀ ਈਜ਼ਬਲ ਨੇ ਉਸ ਨੂੰ ਕਿਹਾ: “ਕੀ ਤੂੰ ਇਜ਼ਰਾਈਲ ਉੱਤੇ ਰਾਜ ਨਹੀਂ ਕਰ ਰਿਹਾਂ? ਉੱਠ, ਕੁਝ ਖਾ-ਪੀ ਅਤੇ ਤੇਰਾ ਦਿਲ ਖ਼ੁਸ਼ ਹੋਵੇ। ਮੈਂ ਤੈਨੂੰ ਨਾਬੋਥ ਯਿਜ਼ਰਾਏਲੀ ਦਾ ਅੰਗੂਰਾਂ ਦਾ ਬਾਗ਼ ਲੈ ਕੇ ਦੇਵਾਂਗੀ।”+ 8 ਇਸ ਲਈ ਉਸ ਨੇ ਅਹਾਬ ਦੇ ਨਾਂ ʼਤੇ ਚਿੱਠੀਆਂ ਲਿਖੀਆਂ ਅਤੇ ਉਸ ਦੀ ਮੁਹਰ ਇਨ੍ਹਾਂ ਉੱਤੇ ਲਾਈ+ ਅਤੇ ਇਹ ਚਿੱਠੀਆਂ ਨਾਬੋਥ ਦੇ ਸ਼ਹਿਰ ਵਿਚ ਰਹਿਣ ਵਾਲੇ ਬਜ਼ੁਰਗਾਂ+ ਅਤੇ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀਆਂ। 9 ਉਸ ਨੇ ਚਿੱਠੀਆਂ ਵਿਚ ਲਿਖਿਆ: “ਵਰਤ ਰੱਖਣ ਦਾ ਐਲਾਨ ਕਰੋ ਅਤੇ ਨਾਬੋਥ ਨੂੰ ਲੋਕਾਂ ਦੇ ਅੱਗੇ ਬਿਠਾਓ। 10 ਅਤੇ ਦੋ ਨਿਕੰਮੇ ਆਦਮੀਆਂ ਨੂੰ ਉਸ ਦੇ ਸਾਮ੍ਹਣੇ ਬਿਠਾ ਕੇ ਉਸ ਖ਼ਿਲਾਫ਼ ਇਹ ਗਵਾਹੀ ਦੇਣ ਲਈ ਕਹੋ,+ ‘ਤੂੰ ਪਰਮੇਸ਼ੁਰ ਅਤੇ ਰਾਜੇ ਦੀ ਨਿੰਦਿਆ ਕੀਤੀ ਹੈ!’+ ਫਿਰ ਉਸ ਨੂੰ ਬਾਹਰ ਲਿਆਇਓ ਅਤੇ ਪੱਥਰ ਮਾਰ-ਮਾਰ ਕੇ ਮਾਰ ਸੁੱਟਿਓ।”+

11 ਇਸ ਲਈ ਉਸ ਦੇ ਸ਼ਹਿਰ ਦੇ ਆਦਮੀਆਂ ਯਾਨੀ ਉਸ ਦੇ ਸ਼ਹਿਰ ਵਿਚ ਰਹਿੰਦੇ ਬਜ਼ੁਰਗਾਂ ਅਤੇ ਉੱਚ ਅਧਿਕਾਰੀਆਂ ਨੇ ਬਿਲਕੁਲ ਉਸੇ ਤਰ੍ਹਾਂ ਕੀਤਾ ਜਿਵੇਂ ਈਜ਼ਬਲ ਵੱਲੋਂ ਭੇਜੀਆਂ ਚਿੱਠੀਆਂ ਵਿਚ ਲਿਖਿਆ ਸੀ। 12 ਉਨ੍ਹਾਂ ਨੇ ਵਰਤ ਰੱਖਣ ਦਾ ਐਲਾਨ ਕੀਤਾ ਅਤੇ ਨਾਬੋਥ ਨੂੰ ਲੋਕਾਂ ਦੇ ਅੱਗੇ ਬਿਠਾਇਆ। 13 ਫਿਰ ਦੋ ਨਿਕੰਮੇ ਆਦਮੀ ਆਏ ਅਤੇ ਨਾਬੋਥ ਦੇ ਸਾਮ੍ਹਣੇ ਬੈਠ ਕੇ ਉਸ ਖ਼ਿਲਾਫ਼ ਲੋਕਾਂ ਅੱਗੇ ਇਹ ਗਵਾਹੀ ਦੇਣ ਲੱਗੇ: “ਨਾਬੋਥ ਨੇ ਪਰਮੇਸ਼ੁਰ ਅਤੇ ਰਾਜੇ ਦੀ ਨਿੰਦਿਆ ਕੀਤੀ ਹੈ!”+ ਇਸ ਤੋਂ ਬਾਅਦ ਉਹ ਉਸ ਨੂੰ ਸ਼ਹਿਰ ਦੇ ਬਾਹਰ ਲਿਆਏ ਅਤੇ ਉਸ ਨੂੰ ਪੱਥਰ ਮਾਰ-ਮਾਰ ਕੇ ਮਾਰ ਦਿੱਤਾ।+ 14 ਫਿਰ ਉਨ੍ਹਾਂ ਨੇ ਈਜ਼ਬਲ ਨੂੰ ਇਹ ਸੰਦੇਸ਼ ਭੇਜਿਆ: “ਨਾਬੋਥ ਨੂੰ ਪੱਥਰ ਮਾਰ-ਮਾਰ ਕੇ ਮਾਰ ਦਿੱਤਾ ਗਿਆ ਹੈ।”+

15 ਜਿਉਂ ਹੀ ਈਜ਼ਬਲ ਨੇ ਸੁਣਿਆ ਕਿ ਨਾਬੋਥ ਨੂੰ ਪੱਥਰ ਮਾਰ-ਮਾਰ ਕੇ ਮਾਰ ਦਿੱਤਾ ਗਿਆ ਹੈ, ਤਾਂ ਉਸ ਨੇ ਅਹਾਬ ਨੂੰ ਕਿਹਾ: “ਉੱਠ, ਨਾਬੋਥ ਯਿਜ਼ਰਾਏਲੀ+ ਦੇ ਅੰਗੂਰਾਂ ਦੇ ਬਾਗ਼ ʼਤੇ ਕਬਜ਼ਾ ਕਰ ਲੈ ਜਿਸ ਨੇ ਪੈਸਿਆਂ ਬਦਲੇ ਤੈਨੂੰ ਉਹ ਬਾਗ਼ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਕਿਉਂਕਿ ਨਾਬੋਥ ਹੁਣ ਨਹੀਂ ਰਿਹਾ, ਉਹ ਮਰ ਚੁੱਕਾ ਹੈ।” 16 ਨਾਬੋਥ ਦੇ ਮਰਨ ਦੀ ਖ਼ਬਰ ਸੁਣਦਿਆਂ ਸਾਰ ਅਹਾਬ ਉੱਠਿਆ ਅਤੇ ਹੇਠਾਂ ਨਾਬੋਥ ਯਿਜ਼ਰਾਏਲੀ ਦੇ ਅੰਗੂਰਾਂ ਦੇ ਬਾਗ਼ ਨੂੰ ਗਿਆ ਤਾਂਕਿ ਉਸ ਉੱਤੇ ਕਬਜ਼ਾ ਕਰ ਲਵੇ।

17 ਪਰ ਤਿਸ਼ਬੀ ਏਲੀਯਾਹ+ ਨੂੰ ਯਹੋਵਾਹ ਦਾ ਇਹ ਬਚਨ ਆਇਆ: 18 “ਉੱਠ, ਹੇਠਾਂ ਇਜ਼ਰਾਈਲ ਦੇ ਰਾਜੇ ਅਹਾਬ ਕੋਲ ਜਾਹ ਜੋ ਸਾਮਰਿਯਾ+ ਵਿਚ ਹੈ। ਉੱਥੇ ਉਹ ਨਾਬੋਥ ਦੇ ਅੰਗੂਰਾਂ ਦੇ ਬਾਗ਼ ਵਿਚ ਹੈ ਜਿਸ ਉੱਤੇ ਉਹ ਕਬਜ਼ਾ ਕਰਨ ਗਿਆ ਹੈ। 19 ਉਸ ਨੂੰ ਕਹੀਂ, ‘ਯਹੋਵਾਹ ਇਹ ਕਹਿੰਦਾ ਹੈ: “ਕੀ ਤੂੰ ਇਕ ਆਦਮੀ ਦਾ ਕਤਲ ਕੀਤਾ ਹੈ+ ਅਤੇ ਉਸ ਦੀ ਜਾਇਦਾਦ ਵੀ ਹੜੱਪ ਲਈ ਹੈ?”’*+ ਫਿਰ ਉਸ ਨੂੰ ਕਹੀਂ, ‘ਯਹੋਵਾਹ ਇਹ ਕਹਿੰਦਾ ਹੈ: “ਜਿਸ ਜਗ੍ਹਾ ਕੁੱਤਿਆਂ ਨੇ ਨਾਬੋਥ ਦਾ ਖ਼ੂਨ ਚੱਟਿਆ ਸੀ, ਉਸੇ ਜਗ੍ਹਾ ਕੁੱਤੇ ਤੇਰਾ ਵੀ ਖ਼ੂਨ ਚੱਟਣਗੇ।”’”+

20 ਅਹਾਬ ਨੇ ਏਲੀਯਾਹ ਨੂੰ ਕਿਹਾ: “ਓਏ ਮੇਰਿਆ ਦੁਸ਼ਮਣਾ, ਤੂੰ ਮੈਨੂੰ ਫੜ ਹੀ ਲਿਆ!”+ ਉਸ ਨੇ ਜਵਾਬ ਦਿੱਤਾ: “ਹਾਂ, ਮੈਂ ਤੈਨੂੰ ਫੜ ਲਿਆ। ਪਰਮੇਸ਼ੁਰ ਨੇ ਕਿਹਾ ਹੈ, ‘ਕਿਉਂਕਿ ਤੂੰ ਉਹੀ ਕਰਨ ਦੀ ਠਾਣੀ ਹੋਈ ਹੈ* ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਬੁਰਾ ਹੈ,+ 21 ਇਸ ਲਈ ਮੈਂ ਤੇਰੇ ਉੱਤੇ ਬਿਪਤਾ ਲਿਆਉਣ ਵਾਲਾ ਹਾਂ ਅਤੇ ਮੈਂ ਤੇਰਾ ਸਫ਼ਾਇਆ ਕਰ ਦਿਆਂਗਾ ਅਤੇ ਅਹਾਬ ਦੇ ਘਰਾਣੇ ਦੇ ਹਰ ਨਰ* ਨੂੰ ਮਿਟਾ ਦਿਆਂਗਾ,+ ਇੱਥੋਂ ਤਕ ਕਿ ਇਜ਼ਰਾਈਲ ਦੇ ਬੇਸਹਾਰਾ ਅਤੇ ਕਮਜ਼ੋਰ ਲੋਕਾਂ ਨੂੰ ਵੀ।+ 22 ਮੈਂ ਤੇਰੇ ਘਰਾਣੇ ਨੂੰ ਨਬਾਟ ਦੇ ਪੁੱਤਰ ਯਾਰਾਬੁਆਮ ਦੇ ਘਰਾਣੇ+ ਅਤੇ ਅਹੀਯਾਹ ਦੇ ਪੁੱਤਰ ਬਾਸ਼ਾ ਦੇ ਘਰਾਣੇ+ ਵਾਂਗ ਕਰ ਦਿਆਂਗਾ ਕਿਉਂਕਿ ਤੂੰ ਮੇਰਾ ਕ੍ਰੋਧ ਭੜਕਾਇਆ ਅਤੇ ਇਜ਼ਰਾਈਲ ਤੋਂ ਪਾਪ ਕਰਾਇਆ।’ 23 ਨਾਲੇ ਈਜ਼ਬਲ ਦੇ ਸੰਬੰਧ ਵਿਚ ਯਹੋਵਾਹ ਨੇ ਕਿਹਾ ਹੈ: ‘ਯਿਜ਼ਰਾਏਲ ਦੀ ਜ਼ਮੀਨ ʼਤੇ ਕੁੱਤੇ ਈਜ਼ਬਲ ਨੂੰ ਖਾ ਜਾਣਗੇ।+ 24 ਅਹਾਬ ਦੇ ਘਰਾਣੇ ਦਾ ਜਿਹੜਾ ਵੀ ਸ਼ਹਿਰ ਵਿਚ ਮਰੇਗਾ, ਉਸ ਨੂੰ ਕੁੱਤੇ ਖਾ ਜਾਣਗੇ; ਅਤੇ ਉਸ ਦੇ ਘਰਾਣੇ ਦਾ ਜਿਹੜਾ ਵੀ ਮੈਦਾਨ ਵਿਚ ਮਰੇਗਾ, ਉਸ ਨੂੰ ਆਕਾਸ਼ ਦੇ ਪੰਛੀ ਖਾ ਜਾਣਗੇ।”+ 25 ਸੱਚ-ਮੁੱਚ, ਅਹਾਬ+ ਵਰਗਾ ਅੱਜ ਤਕ ਕੋਈ ਨਹੀਂ ਹੋਇਆ ਜਿਸ ਨੇ ਆਪਣੀ ਪਤਨੀ ਈਜ਼ਬਲ+ ਦੀ ਚੁੱਕ ਵਿਚ ਆ ਕੇ ਉਹੀ ਕਰਨ ਦੀ ਪੱਕੀ ਠਾਣੀ ਹੋਈ ਸੀ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਬੁਰਾ ਹੈ। 26 ਉਸ ਨੇ ਘਿਣਾਉਣੀਆਂ ਮੂਰਤਾਂ* ਪਿੱਛੇ ਲੱਗ ਕੇ ਸਭ ਤੋਂ ਭੈੜਾ ਕੰਮ ਕੀਤਾ, ਠੀਕ ਜਿਵੇਂ ਸਾਰੇ ਅਮੋਰੀਆਂ ਨੇ ਕੀਤਾ ਸੀ ਜਿਨ੍ਹਾਂ ਨੂੰ ਯਹੋਵਾਹ ਨੇ ਇਜ਼ਰਾਈਲੀਆਂ ਦੇ ਅੱਗਿਓਂ ਭਜਾ ਦਿੱਤਾ ਸੀ।’”+

27 ਇਹ ਸ਼ਬਦ ਸੁਣਦੇ ਸਾਰ ਅਹਾਬ ਨੇ ਆਪਣੇ ਕੱਪੜੇ ਪਾੜੇ ਅਤੇ ਆਪਣੇ ਸਰੀਰ ਉੱਤੇ ਤੱਪੜ ਪਾ ਲਿਆ; ਅਤੇ ਉਸ ਨੇ ਵਰਤ ਰੱਖਿਆ ਤੇ ਉਹ ਤੱਪੜ ਪਾ ਕੇ ਥੱਲੇ ਲੰਮਾ ਪਿਆ ਰਹਿੰਦਾ ਸੀ ਅਤੇ ਨਿਰਾਸ਼ ਹੋ ਕੇ ਇੱਧਰ-ਉੱਧਰ ਘੁੰਮਦਾ ਰਹਿੰਦਾ ਸੀ। 28 ਫਿਰ ਯਹੋਵਾਹ ਦਾ ਬਚਨ ਤਿਸ਼ਬੀ ਏਲੀਯਾਹ ਨੂੰ ਆਇਆ: 29 “ਕੀ ਤੂੰ ਦੇਖਿਆ ਕਿ ਕਿਵੇਂ ਅਹਾਬ ਨੇ ਮੇਰੇ ਕਰਕੇ ਆਪਣੇ ਆਪ ਨੂੰ ਨਿਮਰ ਕੀਤਾ?+ ਕਿਉਂਕਿ ਉਸ ਨੇ ਮੇਰੇ ਅੱਗੇ ਆਪਣੇ ਆਪ ਨੂੰ ਨਿਮਰ ਕੀਤਾ ਹੈ, ਇਸ ਲਈ ਮੈਂ ਉਸ ਦੇ ਜੀਉਂਦੇ-ਜੀ ਬਿਪਤਾ ਨਹੀਂ ਲਿਆਵਾਂਗਾ। ਮੈਂ ਉਸ ਦੇ ਘਰਾਣੇ ʼਤੇ ਬਿਪਤਾ ਉਸ ਦੇ ਪੁੱਤਰ ਦੇ ਦਿਨਾਂ ਵਿਚ ਲਿਆਵਾਂਗਾ।”+

22 ਤਿੰਨ ਸਾਲਾਂ ਤਕ ਸੀਰੀਆ ਅਤੇ ਇਜ਼ਰਾਈਲ ਦਰਮਿਆਨ ਕੋਈ ਯੁੱਧ ਨਹੀਂ ਹੋਇਆ। 2 ਤੀਜੇ ਸਾਲ ਯਹੂਦਾਹ ਦਾ ਰਾਜਾ ਯਹੋਸ਼ਾਫ਼ਾਟ+ ਇਜ਼ਰਾਈਲ ਦੇ ਰਾਜੇ ਕੋਲ ਗਿਆ।+ 3 ਫਿਰ ਇਜ਼ਰਾਈਲ ਦੇ ਰਾਜੇ ਨੇ ਆਪਣੇ ਸੇਵਕਾਂ ਨੂੰ ਕਿਹਾ: “ਕੀ ਰਾਮੋਥ-ਗਿਲਆਦ+ ਸਾਡਾ ਨਹੀਂ ਹੈ? ਫਿਰ ਵੀ ਅਸੀਂ ਇਸ ਨੂੰ ਸੀਰੀਆ ਦੇ ਰਾਜੇ ਕੋਲੋਂ ਵਾਪਸ ਲੈਣ ਤੋਂ ਹਿਚਕਿਚਾ ਰਹੇ ਹਾਂ।” 4 ਉਸ ਨੇ ਯਹੋਸ਼ਾਫ਼ਾਟ ਨੂੰ ਕਿਹਾ: “ਕੀ ਤੂੰ ਮੇਰੇ ਨਾਲ ਰਾਮੋਥ-ਗਿਲਆਦ ਵਿਚ ਲੜਨ ਚੱਲੇਂਗਾ?” ਯਹੋਸ਼ਾਫ਼ਾਟ ਨੇ ਜਵਾਬ ਦਿੱਤਾ: “ਮੈਂ ਵੀ ਤੇਰੇ ਵਰਗਾ ਹੀ ਹਾਂ। ਮੇਰੇ ਲੋਕ ਵੀ ਤੇਰੇ ਲੋਕਾਂ ਵਰਗੇ ਹਨ। ਮੇਰੇ ਘੋੜੇ ਵੀ ਤੇਰੇ ਘੋੜਿਆਂ ਵਰਗੇ ਹਨ।”+

5 ਪਰ ਯਹੋਸ਼ਾਫ਼ਾਟ ਨੇ ਇਜ਼ਰਾਈਲ ਦੇ ਰਾਜੇ ਨੂੰ ਕਿਹਾ: “ਕਿਰਪਾ ਕਰ ਕੇ ਪਹਿਲਾਂ ਯਹੋਵਾਹ ਤੋਂ ਪੁੱਛ ਲੈ।”+ 6 ਇਸ ਲਈ ਇਜ਼ਰਾਈਲ ਦੇ ਰਾਜੇ ਨੇ ਸਾਰੇ ਨਬੀਆਂ ਨੂੰ ਇਕੱਠਾ ਕੀਤਾ ਜੋ ਤਕਰੀਬਨ 400 ਆਦਮੀ ਸਨ ਅਤੇ ਉਨ੍ਹਾਂ ਤੋਂ ਪੁੱਛਿਆ: “ਕੀ ਮੈਂ ਰਾਮੋਥ-ਗਿਲਆਦ ਖ਼ਿਲਾਫ਼ ਯੁੱਧ ਲੜਨ ਜਾਵਾਂ ਜਾਂ ਮੈਂ ਰਹਿਣ ਦਿਆਂ?” ਉਨ੍ਹਾਂ ਨੇ ਕਿਹਾ: “ਜਾਹ, ਅਤੇ ਯਹੋਵਾਹ ਉਸ ਨੂੰ ਰਾਜੇ ਦੇ ਹੱਥ ਦੇ ਵਿਚ ਦੇ ਦੇਵੇਗਾ।”

7 ਫਿਰ ਯਹੋਸ਼ਾਫ਼ਾਟ ਨੇ ਕਿਹਾ: “ਕੀ ਇੱਥੇ ਯਹੋਵਾਹ ਦਾ ਕੋਈ ਨਬੀ ਨਹੀਂ ਹੈ? ਆਪਾਂ ਉਸ ਦੇ ਜ਼ਰੀਏ ਵੀ ਪੁੱਛ ਲੈਂਦੇ ਹਾਂ।”+ 8 ਇਹ ਸੁਣ ਕੇ ਇਜ਼ਰਾਈਲ ਦੇ ਰਾਜੇ ਨੇ ਯਹੋਸ਼ਾਫ਼ਾਟ ਨੂੰ ਕਿਹਾ: “ਇਕ ਹੋਰ ਆਦਮੀ ਹੈ ਜਿਸ ਦੇ ਜ਼ਰੀਏ ਅਸੀਂ ਯਹੋਵਾਹ ਤੋਂ ਪੁੱਛ ਸਕਦੇ ਹਾਂ;+ ਪਰ ਮੈਨੂੰ ਉਸ ਨਾਲ ਨਫ਼ਰਤ ਹੈ+ ਕਿਉਂਕਿ ਉਹ ਮੇਰੇ ਬਾਰੇ ਕਦੇ ਵੀ ਚੰਗੀਆਂ ਗੱਲਾਂ ਦੀ ਭਵਿੱਖਬਾਣੀ ਨਹੀਂ ਕਰਦਾ, ਸਗੋਂ ਬੁਰੀਆਂ ਗੱਲਾਂ ਹੀ ਦੱਸਦਾ ਹੈ।+ ਉਹ ਯਿਮਲਾਹ ਦਾ ਪੁੱਤਰ ਮੀਕਾਯਾਹ ਹੈ।” ਪਰ ਯਹੋਸ਼ਾਫ਼ਾਟ ਨੇ ਕਿਹਾ: “ਰਾਜੇ ਨੂੰ ਇਸ ਤਰ੍ਹਾਂ ਦੀ ਗੱਲ ਨਹੀਂ ਕਹਿਣੀ ਚਾਹੀਦੀ।”

9 ਇਸ ਲਈ ਇਜ਼ਰਾਈਲ ਦੇ ਰਾਜੇ ਨੇ ਇਕ ਦਰਬਾਰੀ ਨੂੰ ਬੁਲਾ ਕੇ ਕਿਹਾ: “ਯਿਮਲਾਹ ਦੇ ਪੁੱਤਰ ਮੀਕਾਯਾਹ ਨੂੰ ਹੁਣੇ ਹਾਜ਼ਰ ਕਰੋ।”+ 10 ਹੁਣ ਇਜ਼ਰਾਈਲ ਦਾ ਰਾਜਾ ਅਤੇ ਯਹੂਦਾਹ ਦਾ ਰਾਜਾ ਯਹੋਸ਼ਾਫ਼ਾਟ ਸ਼ਾਹੀ ਕੱਪੜੇ ਪਹਿਨੀ ਸਾਮਰਿਯਾ ਦੇ ਦਰਵਾਜ਼ੇ ਦੇ ਲਾਂਘੇ ਕੋਲ ਪਿੜ* ਵਿਚ ਆਪੋ-ਆਪਣੇ ਸਿੰਘਾਸਣ ʼਤੇ ਬੈਠੇ ਸਨ ਤੇ ਸਾਰੇ ਨਬੀ ਉਨ੍ਹਾਂ ਅੱਗੇ ਭਵਿੱਖਬਾਣੀ ਕਰ ਰਹੇ ਸਨ।+ 11 ਫਿਰ ਕਨਾਨਾਹ ਦੇ ਪੁੱਤਰ ਸਿਦਕੀਯਾਹ ਨੇ ਆਪਣੇ ਲਈ ਲੋਹੇ ਦੇ ਸਿੰਗ ਬਣਾਏ ਅਤੇ ਉਸ ਨੇ ਕਿਹਾ: “ਯਹੋਵਾਹ ਇਹ ਕਹਿੰਦਾ ਹੈ, ‘ਇਨ੍ਹਾਂ ਨਾਲ ਤੂੰ ਸੀਰੀਆਈ ਫ਼ੌਜ ਨੂੰ ਉਦੋਂ ਤਕ ਮਾਰਦਾ* ਰਹੇਂਗਾ ਜਦ ਤਕ ਤੂੰ ਉਨ੍ਹਾਂ ਦਾ ਨਾਮੋ-ਨਿਸ਼ਾਨ ਨਾ ਮਿਟਾ ਦੇਵੇਂ।’” 12 ਬਾਕੀ ਸਾਰੇ ਨਬੀ ਵੀ ਇਹੀ ਭਵਿੱਖਬਾਣੀ ਕਰਦੇ ਹੋਏ ਕਹਿ ਰਹੇ ਸਨ: “ਰਾਮੋਥ-ਗਿਲਆਦ ਨੂੰ ਜਾਹ ਅਤੇ ਤੂੰ ਸਫ਼ਲ ਹੋਵੇਂਗਾ; ਯਹੋਵਾਹ ਉਸ ਨੂੰ ਰਾਜੇ ਦੇ ਹੱਥ ਵਿਚ ਦੇ ਦੇਵੇਗਾ।”

13 ਇਸ ਲਈ ਜਿਹੜਾ ਬੰਦਾ ਮੀਕਾਯਾਹ ਨੂੰ ਬੁਲਾਉਣ ਗਿਆ ਸੀ, ਉਸ ਨੇ ਉਸ ਨੂੰ ਕਿਹਾ: “ਦੇਖ! ਸਾਰੇ ਨਬੀ ਰਾਜੇ ਦੇ ਪੱਖ ਵਿਚ ਇੱਕੋ ਜਿਹੀਆਂ ਗੱਲਾਂ ਕਹਿ ਰਹੇ ਹਨ। ਕਿਰਪਾ ਕਰ ਕੇ ਤੂੰ ਵੀ ਉਨ੍ਹਾਂ ਵਾਂਗ ਕੋਈ ਚੰਗੀ ਗੱਲ ਕਹੀਂ।”+ 14 ਪਰ ਮੀਕਾਯਾਹ ਨੇ ਕਿਹਾ: “ਜੀਉਂਦੇ ਪਰਮੇਸ਼ੁਰ ਯਹੋਵਾਹ ਦੀ ਸਹੁੰ, ਮੈਂ ਤਾਂ ਉਹੀ ਬੋਲਾਂਗਾ ਜੋ ਯਹੋਵਾਹ ਮੈਨੂੰ ਦੱਸਦਾ ਹੈ।” 15 ਫਿਰ ਉਹ ਰਾਜੇ ਕੋਲ ਆਇਆ ਅਤੇ ਰਾਜੇ ਨੇ ਉਸ ਨੂੰ ਪੁੱਛਿਆ: “ਮੀਕਾਯਾਹ, ਕੀ ਅਸੀਂ ਰਾਮੋਥ-ਗਿਲਆਦ ਖ਼ਿਲਾਫ਼ ਯੁੱਧ ਲੜਨ ਜਾਈਏ ਜਾਂ ਰਹਿਣ ਦੇਈਏ?” ਉਸ ਨੇ ਤੁਰੰਤ ਜਵਾਬ ਦਿੱਤਾ: “ਜਾਹ ਅਤੇ ਤੂੰ ਸਫ਼ਲ ਹੋਵੇਂਗਾ; ਯਹੋਵਾਹ ਉਸ ਨੂੰ ਰਾਜੇ ਦੇ ਹੱਥ ਵਿਚ ਦੇ ਦੇਵੇਗਾ।” 16 ਇਹ ਸੁਣ ਕੇ ਰਾਜੇ ਨੇ ਉਸ ਨੂੰ ਕਿਹਾ: “ਮੈਂ ਤੈਨੂੰ ਕਿੰਨੀ ਵਾਰ ਸਹੁੰ ਚੁਕਾਵਾਂ ਕਿ ਤੂੰ ਮੇਰੇ ਨਾਲ ਯਹੋਵਾਹ ਦੇ ਨਾਂ ʼਤੇ ਸੱਚ ਤੋਂ ਸਿਵਾਇ ਕੁਝ ਹੋਰ ਨਾ ਬੋਲੀਂ?” 17 ਇਸ ਲਈ ਉਸ ਨੇ ਕਿਹਾ: “ਮੈਂ ਸਾਰੇ ਇਜ਼ਰਾਈਲੀਆਂ ਨੂੰ ਪਹਾੜਾਂ ਉੱਤੇ ਉਨ੍ਹਾਂ ਭੇਡਾਂ ਵਾਂਗ ਖਿੰਡੇ ਹੋਏ ਦੇਖਦਾ ਹਾਂ ਜਿਨ੍ਹਾਂ ਦਾ ਕੋਈ ਚਰਵਾਹਾ ਨਾ ਹੋਵੇ।+ ਯਹੋਵਾਹ ਕਹਿੰਦਾ ਹੈ: ‘ਉਨ੍ਹਾਂ ਦਾ ਕੋਈ ਮਾਲਕ ਨਹੀਂ ਹੈ। ਹਰ ਕੋਈ ਸ਼ਾਂਤੀ ਨਾਲ ਆਪੋ-ਆਪਣੇ ਘਰ ਮੁੜ ਜਾਵੇ।’”

18 ਫਿਰ ਇਜ਼ਰਾਈਲ ਦੇ ਰਾਜੇ ਨੇ ਯਹੋਸ਼ਾਫ਼ਾਟ ਨੂੰ ਕਿਹਾ: “ਕੀ ਮੈਂ ਤੈਨੂੰ ਨਹੀਂ ਕਿਹਾ ਸੀ, ‘ਉਹ ਮੇਰੇ ਬਾਰੇ ਚੰਗੀਆਂ ਗੱਲਾਂ ਦੀ ਨਹੀਂ, ਸਗੋਂ ਬੁਰੀਆਂ ਗੱਲਾਂ ਦੀ ਹੀ ਭਵਿੱਖਬਾਣੀ ਕਰੇਗਾ’?”+

19 ਇਸ ਤੋਂ ਬਾਅਦ ਮੀਕਾਯਾਹ ਨੇ ਕਿਹਾ: “ਤਾਂ ਫਿਰ ਸੁਣ ਯਹੋਵਾਹ ਦਾ ਬਚਨ: ਮੈਂ ਯਹੋਵਾਹ ਨੂੰ ਆਪਣੇ ਸਿੰਘਾਸਣ ʼਤੇ ਬਿਰਾਜਮਾਨ ਦੇਖਿਆ+ ਅਤੇ ਸਵਰਗ ਦੀ ਸਾਰੀ ਫ਼ੌਜ ਉਸ ਦੇ ਸੱਜੇ ਤੇ ਖੱਬੇ ਪਾਸੇ ਖੜ੍ਹੀ ਸੀ।+ 20 ਫਿਰ ਯਹੋਵਾਹ ਨੇ ਕਿਹਾ: ‘ਕੌਣ ਅਹਾਬ ਨੂੰ ਮੂਰਖ ਬਣਾਵੇਗਾ ਤਾਂਕਿ ਉਹ ਜਾਵੇ ਅਤੇ ਰਾਮੋਥ-ਗਿਲਆਦ ਵਿਚ ਮਾਰਿਆ ਜਾਵੇ?’ ਅਤੇ ਇਕ ਜਣਾ ਕੁਝ ਕਹਿ ਰਿਹਾ ਸੀ ਅਤੇ ਦੂਜਾ ਕੁਝ ਹੋਰ। 21 ਫਿਰ ਇਕ ਦੂਤ*+ ਅੱਗੇ ਆਇਆ ਅਤੇ ਯਹੋਵਾਹ ਅੱਗੇ ਖੜ੍ਹ ਕੇ ਕਹਿਣ ਲੱਗਾ, ‘ਮੈਂ ਉਸ ਨੂੰ ਮੂਰਖ ਬਣਾਵਾਂਗਾ।’ ਯਹੋਵਾਹ ਨੇ ਉਸ ਨੂੰ ਪੁੱਛਿਆ, ‘ਤੂੰ ਇਹ ਕਿਵੇਂ ਕਰੇਂਗਾ?’ 22 ਉਸ ਨੇ ਜਵਾਬ ਦਿੱਤਾ, ‘ਮੈਂ ਜਾਵਾਂਗਾ ਅਤੇ ਉਸ ਦੇ ਸਾਰੇ ਨਬੀਆਂ ਦੇ ਮੂੰਹਾਂ ਵਿਚ ਝੂਠੀਆਂ ਗੱਲਾਂ ਪਾਵਾਂਗਾ।’*+ ਇਸ ਲਈ ਉਸ ਨੇ ਕਿਹਾ, ‘ਤੂੰ ਜ਼ਰੂਰ ਉਸ ਨੂੰ ਮੂਰਖ ਬਣਾਵੇਂਗਾ, ਹੋਰ ਤਾਂ ਹੋਰ, ਤੂੰ ਸਫ਼ਲ ਵੀ ਹੋਵੇਂਗਾ। ਜਾਹ ਅਤੇ ਇਸੇ ਤਰ੍ਹਾਂ ਕਰ।’ 23 ਇਸੇ ਕਰਕੇ ਹੁਣ ਯਹੋਵਾਹ ਨੇ ਤੇਰੇ ਇਨ੍ਹਾਂ ਸਾਰਿਆਂ ਨਬੀਆਂ ਦੇ ਮੂੰਹਾਂ ਵਿਚ ਝੂਠੀਆਂ ਗੱਲਾਂ ਪਾਈਆਂ ਹਨ,*+ ਪਰ ਯਹੋਵਾਹ ਨੇ ਤੇਰੇ ʼਤੇ ਬਿਪਤਾ ਲਿਆਉਣ ਦਾ ਐਲਾਨ ਕੀਤਾ ਹੈ।”+

24 ਫਿਰ ਕਨਾਨਾਹ ਦੇ ਪੁੱਤਰ ਸਿਦਕੀਯਾਹ ਨੇ ਮੀਕਾਯਾਹ ਕੋਲ ਜਾ ਕੇ ਉਸ ਦੀ ਗੱਲ੍ਹ ʼਤੇ ਚਪੇੜ ਮਾਰੀ ਅਤੇ ਕਿਹਾ: “ਯਹੋਵਾਹ ਦੀ ਸ਼ਕਤੀ ਮੇਰੇ ਕੋਲੋਂ ਕਿੱਧਰੋਂ ਦੀ ਲੰਘ ਕੇ ਤੇਰੇ ਨਾਲ ਗੱਲ ਕਰਨ ਗਈ?”+ 25 ਮੀਕਾਯਾਹ ਨੇ ਜਵਾਬ ਦਿੱਤਾ: “ਕਿੱਧਰੋਂ ਦੀ ਲੰਘ ਕੇ ਗਈ ਤਾਂ ਤੈਨੂੰ ਉਸ ਦਿਨ ਪਤਾ ਲੱਗੂ ਜਿਸ ਦਿਨ ਤੂੰ ਕੋਠੜੀ ਅੰਦਰ ਜਾ ਕੇ ਲੁਕੇਂਗਾ।” 26 ਫਿਰ ਇਜ਼ਰਾਈਲ ਦੇ ਰਾਜੇ ਨੇ ਕਿਹਾ: “ਲੈ ਜਾਓ ਮੀਕਾਯਾਹ ਨੂੰ ਅਤੇ ਇਹਨੂੰ ਸ਼ਹਿਰ ਦੇ ਮੁਖੀ ਆਮੋਨ ਅਤੇ ਰਾਜੇ ਦੇ ਪੁੱਤਰ ਯੋਆਸ਼ ਦੇ ਹਵਾਲੇ ਕਰ ਦਿਓ। 27 ਉਨ੍ਹਾਂ ਨੂੰ ਕਹੋ, ‘ਰਾਜਾ ਇਹ ਕਹਿੰਦਾ ਹੈ: “ਇਸ ਆਦਮੀ ਨੂੰ ਕੈਦ ਵਿਚ ਸੁੱਟ ਦਿਓ+ ਅਤੇ ਜਦ ਤਕ ਮੈਂ ਸਹੀ-ਸਲਾਮਤ ਵਾਪਸ ਨਹੀਂ ਆ ਜਾਂਦਾ, ਤਦ ਤਕ ਇਹਨੂੰ ਮਾੜਾ-ਮੋਟਾ ਰੋਟੀ-ਪਾਣੀ ਦਿੰਦੇ ਰਹਿਓ।”’” 28 ਪਰ ਮੀਕਾਯਾਹ ਨੇ ਕਿਹਾ: “ਜੇ ਤੂੰ ਸਹੀ-ਸਲਾਮਤ ਮੁੜ ਆਇਆ, ਤਾਂ ਇਸ ਦਾ ਮਤਲਬ ਹੋਵੇਗਾ ਯਹੋਵਾਹ ਨੇ ਮੇਰੇ ਨਾਲ ਗੱਲ ਨਹੀਂ ਕੀਤੀ।”+ ਉਸ ਨੇ ਅੱਗੇ ਕਿਹਾ: “ਹੇ ਲੋਕੋ, ਤੁਸੀਂ ਸਾਰੇ ਇਹ ਗੱਲ ਯਾਦ ਰੱਖਿਓ।”

29 ਇਸ ਲਈ ਇਜ਼ਰਾਈਲ ਦਾ ਰਾਜਾ ਅਤੇ ਯਹੂਦਾਹ ਦਾ ਰਾਜਾ ਯਹੋਸ਼ਾਫ਼ਾਟ ਰਾਮੋਥ-ਗਿਲਆਦ ਨੂੰ ਗਏ।+ 30 ਹੁਣ ਇਜ਼ਰਾਈਲ ਦੇ ਰਾਜੇ ਨੇ ਯਹੋਸ਼ਾਫ਼ਾਟ ਨੂੰ ਕਿਹਾ: “ਮੈਂ ਆਪਣਾ ਭੇਸ ਬਦਲ ਕੇ ਯੁੱਧ ਵਿਚ ਜਾਵਾਂਗਾ, ਪਰ ਤੂੰ ਆਪਣਾ ਸ਼ਾਹੀ ਲਿਬਾਸ ਪਾਈਂ।” ਇਸ ਲਈ ਇਜ਼ਰਾਈਲ ਦੇ ਰਾਜੇ ਨੇ ਆਪਣਾ ਭੇਸ ਬਦਲਿਆ+ ਅਤੇ ਯੁੱਧ ਵਿਚ ਗਿਆ। 31 ਸੀਰੀਆ ਦੇ ਰਾਜੇ ਨੇ ਆਪਣੇ ਰਥਾਂ ਦੇ 32 ਸੈਨਾਪਤੀਆਂ ਨੂੰ ਹੁਕਮ ਦਿੱਤਾ ਸੀ:+ “ਤੁਸੀਂ ਇਜ਼ਰਾਈਲ ਦੇ ਰਾਜੇ ਤੋਂ ਛੁੱਟ ਕਿਸੇ ਹੋਰ ਨਾਲ ਲੜਾਈ ਨਾ ਕਰਿਓ, ਚਾਹੇ ਉਹ ਆਮ ਹੋਵੇ ਜਾਂ ਖ਼ਾਸ।” 32 ਜਿਉਂ ਹੀ ਰਥਾਂ ਦੇ ਸੈਨਾਪਤੀਆਂ ਨੇ ਯਹੋਸ਼ਾਫ਼ਾਟ ਨੂੰ ਦੇਖਿਆ, ਤਾਂ ਉਨ੍ਹਾਂ ਨੇ ਸੋਚਿਆ: “ਇਹੀ ਇਜ਼ਰਾਈਲ ਦਾ ਰਾਜਾ ਹੈ।” ਇਸ ਲਈ ਉਹ ਲੜਨ ਲਈ ਉਸ ਵੱਲ ਮੁੜੇ; ਯਹੋਸ਼ਾਫ਼ਾਟ ਮਦਦ ਲਈ ਦੁਹਾਈ ਦੇਣ ਲੱਗਾ। 33 ਜਦੋਂ ਰਥਾਂ ਦੇ ਸੈਨਾਪਤੀਆਂ ਨੇ ਦੇਖਿਆ ਕਿ ਉਹ ਇਜ਼ਰਾਈਲ ਦਾ ਰਾਜਾ ਨਹੀਂ ਸੀ, ਤਾਂ ਉਸੇ ਵੇਲੇ ਉਨ੍ਹਾਂ ਨੇ ਉਸ ਦਾ ਪਿੱਛਾ ਕਰਨਾ ਛੱਡ ਦਿੱਤਾ।

34 ਪਰ ਇਕ ਆਦਮੀ ਨੇ ਐਵੇਂ* ਹੀ ਤੀਰ ਚਲਾ ਦਿੱਤਾ ਅਤੇ ਉਹ ਇਜ਼ਰਾਈਲ ਦੇ ਰਾਜੇ ਦੀ ਸੰਜੋਅ ਦੇ ਜੋੜਾਂ ਵਿਚਕਾਰ ਦੀ ਉਸ ਦੇ ਜਾ ਲੱਗਾ। ਇਸ ਲਈ ਰਾਜੇ ਨੇ ਆਪਣੇ ਰਥਵਾਨ ਨੂੰ ਕਿਹਾ: “ਪਿੱਛੇ ਮੁੜ ਅਤੇ ਮੈਨੂੰ ਯੁੱਧ* ਵਿੱਚੋਂ ਬਾਹਰ ਲੈ ਚੱਲ ਕਿਉਂਕਿ ਮੈਂ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਹਾਂ।”+ 35 ਪੂਰਾ ਦਿਨ ਘਮਸਾਣ ਯੁੱਧ ਚੱਲਦਾ ਰਿਹਾ ਅਤੇ ਸੀਰੀਆਈ ਫ਼ੌਜ ਸਾਮ੍ਹਣੇ ਰਾਜੇ ਨੂੰ ਰਥ ਵਿਚ ਸਹਾਰਾ ਦੇ ਕੇ ਖੜ੍ਹਾ ਰੱਖਣਾ ਪਿਆ। ਰਥ ਦੇ ਅੰਦਰ ਉਸ ਦੇ ਜ਼ਖ਼ਮ ਵਿੱਚੋਂ ਖ਼ੂਨ ਵਹਿੰਦਾ ਰਿਹਾ ਅਤੇ ਸ਼ਾਮ ਨੂੰ ਉਹ ਮਰ ਗਿਆ।+ 36 ਜਦੋਂ ਸੂਰਜ ਡੁੱਬਣ ਵਾਲਾ ਸੀ, ਤਾਂ ਛਾਉਣੀ ਵਿਚ ਇਹ ਐਲਾਨ ਕੀਤਾ ਗਿਆ: “ਹਰ ਕੋਈ ਆਪੋ-ਆਪਣੇ ਸ਼ਹਿਰ ਚਲਾ ਜਾਵੇ! ਹਰ ਕੋਈ ਆਪੋ-ਆਪਣੇ ਦੇਸ਼ ਚਲਾ ਜਾਵੇ!”+ 37 ਇਸ ਤਰ੍ਹਾਂ ਰਾਜਾ ਮਰ ਗਿਆ ਅਤੇ ਉਸ ਨੂੰ ਸਾਮਰਿਯਾ ਵਿਚ ਲਿਆਂਦਾ ਗਿਆ; ਉਨ੍ਹਾਂ ਨੇ ਰਾਜੇ ਨੂੰ ਸਾਮਰਿਯਾ ਵਿਚ ਦਫ਼ਨਾ ਦਿੱਤਾ। 38 ਜਦੋਂ ਉਨ੍ਹਾਂ ਨੇ ਸਾਮਰਿਯਾ ਦੇ ਸਰੋਵਰ ਕੋਲ ਰਥ ਨੂੰ ਧੋਤਾ, ਤਾਂ ਯਹੋਵਾਹ ਦੇ ਕਹੇ ਬਚਨ ਅਨੁਸਾਰ ਕੁੱਤਿਆਂ ਨੇ ਉਸ ਦਾ ਖ਼ੂਨ ਚੱਟਿਆ ਅਤੇ ਵੇਸਵਾਵਾਂ ਨੇ ਉੱਥੇ* ਨਹਾਤਾ।+

39 ਅਹਾਬ ਦੀ ਬਾਕੀ ਕਹਾਣੀ, ਉਸ ਦੇ ਸਾਰੇ ਕੰਮਾਂ ਅਤੇ ਹਾਥੀ-ਦੰਦ+ ਦੇ ਬਣਾਏ ਉਸ ਦੇ ਮਹਿਲ ਅਤੇ ਉਸ ਦੇ ਬਣਾਏ ਸਾਰੇ ਸ਼ਹਿਰਾਂ ਬਾਰੇ ਇਜ਼ਰਾਈਲ ਦੇ ਰਾਜਿਆਂ ਦੇ ਜ਼ਮਾਨੇ ਦੇ ਇਤਿਹਾਸ ਦੀ ਕਿਤਾਬ ਵਿਚ ਲਿਖਿਆ ਹੋਇਆ ਹੈ। 40 ਫਿਰ ਅਹਾਬ ਆਪਣੇ ਪਿਉ-ਦਾਦਿਆਂ ਨਾਲ ਸੌਂ ਗਿਆ+ ਅਤੇ ਉਸ ਦਾ ਪੁੱਤਰ ਅਹਜ਼ਯਾਹ+ ਉਸ ਦੀ ਜਗ੍ਹਾ ਰਾਜਾ ਬਣ ਗਿਆ।

41 ਆਸਾ ਦਾ ਪੁੱਤਰ ਯਹੋਸ਼ਾਫ਼ਾਟ+ ਇਜ਼ਰਾਈਲ ਦੇ ਰਾਜੇ ਅਹਾਬ ਦੇ ਰਾਜ ਦੇ ਚੌਥੇ ਸਾਲ ਯਹੂਦਾਹ ਦਾ ਰਾਜਾ ਬਣਿਆ ਸੀ। 42 ਯਹੋਸ਼ਾਫ਼ਾਟ 35 ਸਾਲਾਂ ਦੀ ਉਮਰ ਵਿਚ ਰਾਜਾ ਬਣਿਆ ਅਤੇ ਉਸ ਨੇ 25 ਸਾਲ ਯਰੂਸ਼ਲਮ ਵਿਚ ਰਾਜ ਕੀਤਾ। ਉਸ ਦੀ ਮਾਤਾ ਦਾ ਨਾਂ ਅਜ਼ੂਬਾਹ ਸੀ ਜੋ ਸ਼ਿਲਹੀ ਦੀ ਧੀ ਸੀ। 43 ਉਹ ਆਪਣੇ ਪਿਤਾ ਆਸਾ+ ਦੇ ਰਾਹ ʼਤੇ ਚੱਲਦਾ ਰਿਹਾ। ਉਹ ਉਸ ਰਾਹ ਤੋਂ ਭਟਕਿਆ ਨਹੀਂ ਅਤੇ ਉਸ ਨੇ ਉਹੀ ਕੀਤਾ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਸਹੀ ਸੀ।+ ਪਰ ਉੱਚੀਆਂ ਥਾਵਾਂ ਢਾਹੀਆਂ ਨਹੀਂ ਗਈਆਂ ਅਤੇ ਲੋਕ ਹਾਲੇ ਵੀ ਇਨ੍ਹਾਂ ਉੱਚੀਆਂ ਥਾਵਾਂ ʼਤੇ ਬਲ਼ੀਆਂ ਚੜ੍ਹਾਉਂਦੇ ਸਨ ਤਾਂਕਿ ਉਨ੍ਹਾਂ ਦਾ ਧੂੰਆਂ ਉੱਠੇ।+ 44 ਯਹੋਸ਼ਾਫ਼ਾਟ ਨੇ ਇਜ਼ਰਾਈਲ ਦੇ ਰਾਜੇ ਨਾਲ ਸ਼ਾਂਤੀ ਬਣਾਈ ਰੱਖੀ।+ 45 ਯਹੋਸ਼ਾਫ਼ਾਟ ਦੀ ਬਾਕੀ ਕਹਾਣੀ, ਉਸ ਦੀ ਤਾਕਤ ਅਤੇ ਉਹ ਕਿਵੇਂ ਯੁੱਧ ਲੜਿਆ, ਇਹ ਸਭ ਯਹੂਦਾਹ ਦੇ ਰਾਜਿਆਂ ਦੇ ਜ਼ਮਾਨੇ ਦੇ ਇਤਿਹਾਸ ਦੀ ਕਿਤਾਬ ਵਿਚ ਲਿਖਿਆ ਹੋਇਆ ਹੈ। 46 ਨਾਲੇ ਉਸ ਨੇ ਮੰਦਰਾਂ ਵਿਚ ਵੇਸਵਾਗਿਰੀ ਕਰਨ ਵਾਲੇ ਉਨ੍ਹਾਂ ਆਦਮੀਆਂ ਨੂੰ ਦੇਸ਼ ਵਿੱਚੋਂ ਬਾਹਰ ਕੱਢ ਦਿੱਤਾ+ ਜੋ ਉਸ ਦੇ ਪਿਤਾ ਆਸਾ ਦੇ ਦਿਨਾਂ ਵਿਚ ਬਚ ਗਏ ਸਨ।+

47 ਉਸ ਸਮੇਂ ਅਦੋਮ+ ਵਿਚ ਕੋਈ ਰਾਜਾ ਨਹੀਂ ਸੀ; ਉੱਥੇ ਇਕ ਨਿਗਰਾਨ ਰਾਜ ਕਰਦਾ ਸੀ।+

48 ਯਹੋਸ਼ਾਫ਼ਾਟ ਨੇ ਤਰਸ਼ੀਸ਼ ਦੇ ਜਹਾਜ਼ ਵੀ ਬਣਾਏ ਤਾਂਕਿ ਉਹ ਸੋਨਾ ਲਿਆਉਣ ਲਈ ਓਫੀਰ ਨੂੰ ਜਾਣ,+ ਪਰ ਉਹ ਨਹੀਂ ਗਏ ਕਿਉਂਕਿ ਜਹਾਜ਼ ਅਸਯੋਨ-ਗਬਰ ਵਿਚ ਤਬਾਹ ਹੋ ਗਏ।+ 49 ਉਸ ਵੇਲੇ ਅਹਾਬ ਦੇ ਪੁੱਤਰ ਅਹਜ਼ਯਾਹ ਨੇ ਯਹੋਸ਼ਾਫ਼ਾਟ ਨੂੰ ਕਿਹਾ: “ਮੇਰੇ ਸੇਵਕਾਂ ਨੂੰ ਆਪਣੇ ਸੇਵਕਾਂ ਨਾਲ ਜਹਾਜ਼ਾਂ ਵਿਚ ਜਾਣ ਦੀ ਇਜਾਜ਼ਤ ਦੇ,” ਪਰ ਯਹੋਸ਼ਾਫ਼ਾਟ ਰਾਜ਼ੀ ਨਾ ਹੋਇਆ।

50 ਫਿਰ ਯਹੋਸ਼ਾਫ਼ਾਟ ਆਪਣੇ ਪਿਉ-ਦਾਦਿਆਂ ਨਾਲ ਸੌਂ ਗਿਆ+ ਅਤੇ ਉਸ ਨੂੰ ਉਸ ਦੇ ਪਿਉ-ਦਾਦਿਆਂ ਨਾਲ ਉਸ ਦੇ ਵੱਡ-ਵਡੇਰੇ ਦਾਊਦ ਦੇ ਸ਼ਹਿਰ ਵਿਚ ਦਫ਼ਨਾ ਦਿੱਤਾ ਗਿਆ; ਅਤੇ ਉਸ ਦਾ ਪੁੱਤਰ ਯਹੋਰਾਮ+ ਉਸ ਦੀ ਜਗ੍ਹਾ ਰਾਜਾ ਬਣ ਗਿਆ।

51 ਯਹੂਦਾਹ ਦੇ ਰਾਜਾ ਯਹੋਸ਼ਾਫ਼ਾਟ ਦੇ ਰਾਜ ਦੇ 17ਵੇਂ ਸਾਲ ਅਹਾਬ ਦਾ ਪੁੱਤਰ ਅਹਜ਼ਯਾਹ+ ਸਾਮਰਿਯਾ ਵਿਚ ਇਜ਼ਰਾਈਲ ਦਾ ਰਾਜਾ ਬਣਿਆ ਅਤੇ ਉਸ ਨੇ ਇਜ਼ਰਾਈਲ ਉੱਤੇ ਦੋ ਸਾਲ ਰਾਜ ਕੀਤਾ। 52 ਉਹ ਉਹੀ ਕਰਦਾ ਰਿਹਾ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਬੁਰਾ ਸੀ ਅਤੇ ਉਹ ਆਪਣੇ ਮਾਤਾ-ਪਿਤਾ+ ਦੇ ਰਾਹ ʼਤੇ ਚੱਲਿਆ ਅਤੇ ਨਬਾਟ ਦੇ ਪੁੱਤਰ ਯਾਰਾਬੁਆਮ ਦੇ ਰਾਹ ʼਤੇ ਤੁਰਿਆ ਜਿਸ ਨੇ ਇਜ਼ਰਾਈਲ ਤੋਂ ਪਾਪ ਕਰਾਇਆ ਸੀ।+ 53 ਉਹ ਬਆਲ ਦੀ ਭਗਤੀ ਕਰਦਾ ਰਿਹਾ+ ਤੇ ਉਸ ਅੱਗੇ ਮੱਥਾ ਟੇਕਦਾ ਰਿਹਾ ਅਤੇ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਦਾ ਕ੍ਰੋਧ ਭੜਕਾਉਂਦਾ ਰਿਹਾ,+ ਜਿਵੇਂ ਉਸ ਦੇ ਪਿਤਾ ਨੇ ਕੀਤਾ ਸੀ।

ਜਾਂ, “ਉਸ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਈ; ਉਸ ਨੂੰ ਝਿੜਕਿਆ ਨਹੀਂ।”

ਸ਼ਬਦਾਵਲੀ, “ਨਿਯੁਕਤ ਕਰਨਾ; ਚੁਣਨਾ” ਦੇਖੋ।

ਜਾਂ, “ਲਾਇਕ।”

ਇਬ, “ਮੈਂ ਸਾਰੀ ਧਰਤੀ ਦੇ ਰਾਹ ਜਾ ਰਿਹਾ ਹਾਂ।”

ਬਿਵ 4:​45, ਫੁਟਨੋਟ ਦੇਖੋ।

ਜਾਂ, “ਬੁੱਧ ਤੋਂ ਕੰਮ ਲਵੇਂਗਾ।”

ਇਬ, “ਤੇਰੇ ਨਾਲੋਂ ਕੋਈ ਆਦਮੀ ਕੱਟਿਆ ਨਹੀਂ ਜਾਵੇਗਾ।”

ਜਾਂ, “ਸ਼ੀਓਲ।” ਸ਼ਬਦਾਵਲੀ ਦੇਖੋ।

ਜਾਂ, “ਸ਼ੀਓਲ।” ਸ਼ਬਦਾਵਲੀ ਦੇਖੋ।

ਇਬ, “ਦਿਨ।”

ਜਾਂ, “ਰਾਜ-ਘਰਾਣਾ।”

ਜਾਂ, “ਉਹ ਅਦੋਨੀਯਾਹ ਉੱਤੇ ਜਾ ਪਿਆ।”

ਇਬ, “ਵੱਡੀ।”

ਜਾਂ, “ਛੋਟਾ ਜਿਹਾ ਮੁੰਡਾ।”

ਇਬ, “ਅਤੇ ਮੈਂ ਬਾਹਰ ਜਾਣਾ ਤੇ ਅੰਦਰ ਆਉਣਾ ਨਹੀਂ ਜਾਣਦਾ।”

ਜਾਂ ਸੰਭਵ ਹੈ, “ਜ਼ਿੱਦੀ।” ਇਬ, “ਭਾਰਾ।”

ਇਬ, “ਬਹੁਤੇ ਦਿਨ।”

ਇਬ, “ਤੇਰੇ ਸਾਰੇ ਦਿਨਾਂ।”

ਇਬ, “ਤੇਰੇ ਦਿਨ ਵਧਾਵਾਂਗਾ।”

ਜਾਂ, “ਆਪਣੀਆਂ ਬਾਹਾਂ ਵਿਚ।” ਇਬ, “ਆਪਣੀ ਹਿੱਕ ਨਾਲ।”

ਇਬ, “ਡਰ।”

ਯਾਨੀ, ਫ਼ਰਾਤ ਦਰਿਆ।

ਇਕ ਕੋਰ 220 ਲੀਟਰ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।

ਯਾਨੀ, ਫ਼ਰਾਤ ਦਰਿਆ ਦਾ ਪੱਛਮੀ ਹਿੱਸਾ।

ਕੁਝ ਹੱਥ-ਲਿਖਤਾਂ ਵਿਚ ਤੇ ਇਕ ਮਿਲਦੀ-ਜੁਲਦੀ ਆਇਤ ਵਿਚ ਇਹ ਸੰਖਿਆ ਮਿਲਦੀ ਹੈ। ਹੋਰ ਹੱਥ-ਲਿਖਤਾਂ ਮੁਤਾਬਕ ਇਹ ਸੰਖਿਆ 40,000 ਹੈ।

ਜਾਂ, “ਘੋੜਸਵਾਰ।”

ਜਾਂ, “ਸਮਝ ਵਾਲਾ ਮਨ।”

ਜਾਂ, “ਦੱਸੀਆਂ।”

ਜਾਂ, “ਉੱਡਣ ਵਾਲੇ ਜੀਵ।”

ਸ਼ਬਦਾਵਲੀ, “ਨਿਯੁਕਤ ਕਰਨਾ; ਚੁਣਨਾ” ਦੇਖੋ।

ਜਾਂ, “ਦਾਊਦ ਨੂੰ ਪਿਆਰ ਕਰਦਾ ਸੀ।”

ਇਕ ਕੋਰ 220 ਲੀਟਰ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।

ਇਬ, “ਕੁੱਟ-ਕੁੱਟ ਕੇ ਕੱਢਿਆ ਤੇਲ।”

ਜਾਂ, “ਇਕਰਾਰ ਕੀਤਾ।”

ਜਾਂ, “ਭਾਰ ਢੋਣ ਵਾਲੇ।”

ਇਬ, “ਇਜ਼ਰਾਈਲ ਦੇ ਪੁੱਤਰਾਂ।”

ਵਧੇਰੇ ਜਾਣਕਾਰੀ 2.15 ਦੇਖੋ।

ਵਧੇਰੇ ਜਾਣਕਾਰੀ 2.8 ਦੇਖੋ।

ਇਕ ਹੱਥ 44.5 ਸੈਂਟੀਮੀਟਰ (17.5 ਇੰਚ) ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।

ਇਬ, “ਭਵਨ ਦਾ ਮੰਦਰ।”

ਜਾਂ, “ਚੁੜਾਈ।”

ਇੱਥੇ ਪਵਿੱਤਰ ਕਮਰੇ ਦੀ ਗੱਲ ਕੀਤੀ ਗਈ ਹੈ।

ਜਾਂ, “ਆਲ਼ੇ।”

ਇਬ, “ਸੱਜੇ।”

ਯਾਨੀ, ਭਵਨ ਦੇ ਵਿਚ।

ਯਾਨੀ, ਪਵਿੱਤਰ ਕਮਰਾ ਜੋ ਅੱਤ ਪਵਿੱਤਰ ਕਮਰੇ ਦੇ ਅੱਗੇ ਸੀ।

ਇਬ, “ਤੇਲ ਦੀ ਲੱਕੜ,” ਸ਼ਾਇਦ ਅਲੈਪੋ ਚੀਲ੍ਹ।

ਯਾਨੀ, ਅੱਤ ਪਵਿੱਤਰ ਕਮਰਾ।

ਇਬ, “ਅੰਦਰ ਤੇ ਬਾਹਰ।”

ਇੱਥੇ ਸ਼ਾਇਦ ਦਰਵਾਜ਼ੇ ਦੀ ਚੁਗਾਠ ਦੀ ਬਣਾਵਟ ਜਾਂ ਦਰਵਾਜ਼ਿਆਂ ਦੇ ਆਕਾਰ ਦੀ ਗੱਲ ਕੀਤੀ ਗਈ ਹੈ।

ਇੱਥੇ ਪਵਿੱਤਰ ਕਮਰੇ ਦੀ ਗੱਲ ਕੀਤੀ ਗਈ ਹੈ।

ਇੱਥੇ ਸ਼ਾਇਦ ਦਰਵਾਜ਼ੇ ਦੀ ਚੁਗਾਠ ਦੀ ਬਣਾਵਟ ਜਾਂ ਦਰਵਾਜ਼ਿਆਂ ਦੇ ਆਕਾਰ ਦੀ ਗੱਲ ਕੀਤੀ ਗਈ ਹੈ।

ਵਧੇਰੇ ਜਾਣਕਾਰੀ 2.15 ਦੇਖੋ।

ਵਧੇਰੇ ਜਾਣਕਾਰੀ 2.15 ਦੇਖੋ।

ਇਕ ਹੱਥ 44.5 ਸੈਂਟੀਮੀਟਰ (17.5 ਇੰਚ) ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।

ਜਾਂ, “ਆਇਤਾਕਾਰ।”

ਇਬ, “ਦਲਾਨ ਵਾਲਾ ਘਰ।”

ਜਾਂ, “ਕਾਂਸੀ,” ਇੱਥੇ ਅਤੇ ਇਸ ਅਧਿਆਇ ਵਿਚ ਬਾਕੀ ਥਾਵਾਂ ʼਤੇ।

ਜਾਂ, “ਹਰੇਕ ਥੰਮ੍ਹ ਦਾ ਘੇਰਾ ਨਾਪਣ ਲਈ 12 ਹੱਥ ਲੰਬੀ ਰੱਸੀ ਲੱਗਦੀ ਸੀ।”

ਥੰਮ੍ਹ ਦਾ ਸਜਾਵਟੀ ਸਿਰਾ।

ਇੱਥੇ ਪਵਿੱਤਰ ਕਮਰੇ ਦੀ ਗੱਲ ਕੀਤੀ ਗਈ ਹੈ।

ਜਾਂ, “ਦੱਖਣੀ।”

ਮਤਲਬ “ਉਹ [ਯਾਨੀ ਯਹੋਵਾਹ] ਮਜ਼ਬੂਤੀ ਨਾਲ ਕਾਇਮ ਕਰੇ।”

ਜਾਂ, “ਉੱਤਰੀ।”

ਸ਼ਾਇਦ ਇਸ ਦਾ ਮਤਲਬ ਹੈ “ਤਾਕਤ ਨਾਲ।”

ਇਬ, “ਸਾਗਰ।”

ਜਾਂ, “ਇਸ ਦਾ ਘੇਰਾ ਨਾਪਣ ਲਈ 30 ਹੱਥ ਲੰਬੀ ਰੱਸੀ ਲੱਗਦੀ ਸੀ।”

ਲਗਭਗ 7.4 ਸੈਂਟੀਮੀਟਰ (2.9 ਇੰਚ)। ਵਧੇਰੇ ਜਾਣਕਾਰੀ 2.14 ਦੇਖੋ।

ਇਕ ਬਥ 22 ਲੀਟਰ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।

ਜਾਂ, “ਪਾਣੀ ਲਿਜਾਣ ਵਾਲੀਆਂ ਗੱਡੀਆਂ।”

ਜਾਂ, “ਫਰੇਮਾਂ।”

ਜਾਂ, “ਦਾ ਵਿਆਸ 4 ਹੱਥ।”

ਲੱਗਦਾ ਹੈ ਕਿ ਇੱਥੇ ਪਵਿੱਤਰ ਕਮਰੇ ਦੀ ਗੱਲ ਕੀਤੀ ਗਈ ਹੈ।

ਵਧੇਰੇ ਜਾਣਕਾਰੀ 2.15 ਦੇਖੋ।

ਯਾਨੀ, ਛੱਪਰਾਂ ਦਾ ਤਿਉਹਾਰ।

ਜਾਂ, “ਅਤੇ ਉਸ ਦਾ ਸਾਥੀ ਉਸ ਨੂੰ ਸਰਾਪ ਦੇਵੇ।” ਯਾਨੀ, ਜੇ ਝੂਠੀ ਸਹੁੰ ਖਾਧੀ ਜਾਵੇ ਜਾਂ ਸਹੁੰ ਪੂਰੀ ਨਾ ਕੀਤੀ ਜਾਵੇ, ਤਾਂ ਉਸ ਦੀ ਸਜ਼ਾ ਵਜੋਂ ਸਰਾਪ ਮਿਲੇਗਾ।

ਇਬ, “ਸਰਾਪ।”

ਇਬ, “ਦੁਸ਼ਟ।”

ਇਬ, “ਧਰਮੀ।”

ਜਾਂ, “ਦੁੱਖ ਦਿੱਤਾ।”

ਇਬ, “ਉਸ ਦੇ ਦਰਵਾਜ਼ਿਆਂ ਵਾਲੇ ਦੇਸ਼।”

ਜਾਂ, “ਤੇਰੀ ਨੇਕਨਾਮੀ।”

ਇਬ, “ਪਸਾਰੀ ਹੋਈ ਬਾਂਹ।”

ਜਾਂ, “ਜੋ ਵੀ ਉਹ ਤੇਰੇ ਤੋਂ ਮੰਗਣ, ਤੂੰ ਉਨ੍ਹਾਂ ਦੀ ਸੁਣੀਂ।”

ਜਾਂ, “ਹਮਾਥ ਦੇ ਲਾਂਘੇ।”

ਇਬ, “ਅੱਠਵੇਂ,” ਯਾਨੀ ਦੂਜੇ ਸੱਤ ਦਿਨਾਂ ਤੋਂ ਬਾਅਦ ਦਾ ਦਿਨ।

ਇਬ, “ਇਜ਼ਰਾਈਲ ਇਕ ਕਹਾਵਤ ਬਣ ਜਾਵੇਗਾ।”

ਇਬ, “ਉਹ ਉਸ ਦੀਆਂ ਨਜ਼ਰਾਂ ਵਿਚ ਸਹੀ ਨਹੀਂ ਸਨ।”

ਜਾਂ ਸੰਭਵ ਹੈ, “ਬੇਕਾਰ ਦੇਸ਼।”

ਇਕ ਕਿੱਕਾਰ 34.2 ਕਿਲੋਗ੍ਰਾਮ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।

ਜਾਂ, “ਮਿੱਲੋ।” ਇਕ ਇਬਰਾਨੀ ਸ਼ਬਦ ਜਿਸ ਦਾ ਮਤਲਬ ਹੈ “ਭਰਨਾ।”

ਜਾਂ, “ਵਿਆਹ ਦੇ ਤੋਹਫ਼ੇ; ਦਾਜ।”

ਜਾਂ, “ਮਜ਼ਬੂਤ ਕੀਤਾ।”

ਜਾਂ, “ਮਿੱਲੋ।” ਇਕ ਇਬਰਾਨੀ ਸ਼ਬਦ ਜਿਸ ਦਾ ਮਤਲਬ ਹੈ “ਭਰਨਾ।”

ਇਕ ਕਿੱਕਾਰ 34.2 ਕਿਲੋਗ੍ਰਾਮ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।

ਜਾਂ, “ਬੁਝਾਰਤਾਂ ਨਾਲ।”

ਇਬ, “ਕੋਲੋਂ ਕੁਝ ਵੀ ਲੁਕਿਆ ਨਹੀਂ ਸੀ।”

ਇਬ, “ਉਸ ਵਿਚ ਸਾਹ-ਸਤ ਨਹੀਂ ਰਿਹਾ।”

ਜਾਂ, “ਗੱਲਾਂ।”

ਇਕ ਕਿੱਕਾਰ 34.2 ਕਿਲੋਗ੍ਰਾਮ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।

ਇਬ, “ਰਾਜਾ ਸੁਲੇਮਾਨ ਦੇ ਹੱਥ ਅਨੁਸਾਰ।”

ਇਕ ਸ਼ੇਕੇਲ 11.4 ਗ੍ਰਾਮ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।

ਛੋਟੀ ਢਾਲ ਜੋ ਅਕਸਰ ਤੀਰਅੰਦਾਜ਼ ਲੈ ਕੇ ਜਾਂਦੇ ਹੁੰਦੇ ਸਨ।

ਇਬਰਾਨੀ ਲਿਖਤਾਂ ਵਿਚ ਜ਼ਿਕਰ ਕੀਤਾ ਇਕ ਮਾਈਨਾ 570 ਗ੍ਰਾਮ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।

ਇਬ, “ਦਾ ਮੂੰਹ ਭਾਲਦੇ ਸਨ।”

ਜਾਂ, “ਘੋੜਸਵਾਰ।”

ਜਾਂ, “ਘੋੜਸਵਾਰ।”

ਇਕ ਕਿਸਮ ਦੀਆਂ ਅੰਜੀਰਾਂ ਦਾ ਦਰਖ਼ਤ।

ਜਾਂ ਸੰਭਵ ਹੈ, “ਮਿਸਰ ਅਤੇ ਕੋਏ ਤੋਂ; ਰਾਜੇ ਦੇ ਸੌਦਾਗਰ ਉਨ੍ਹਾਂ ਨੂੰ ਕੋਏ ਤੋਂ ਖ਼ਰੀਦਦੇ ਸਨ” ਜੋ ਸ਼ਾਇਦ ਕਿਲਿਕੀਆ ਸੀ।

ਜਾਂ, “ਉਸ ਦੀਆਂ ਪਤਨੀਆਂ ਦਾ ਉਸ ਉੱਤੇ ਜ਼ਬਰਦਸਤ ਪ੍ਰਭਾਵ ਪਿਆ।”

ਰਾਜ ਕਰਨ ਵਾਲੀ ਰਾਣੀ ਨਹੀਂ।

ਜਾਂ ਸੰਭਵ ਹੈ, “ਉਸ ਦਾ ਦੁੱਧ ਛੁਡਾਇਆ।”

ਇਬ, “ਮਾਰ ਸੁੱਟਿਆ।”

ਇਬ, “ਆਪਣਾ ਹੱਥ ਚੁੱਕਣ ਲੱਗਾ।”

ਜਾਂ, “ਮਿੱਲੋ।” ਇਕ ਇਬਰਾਨੀ ਸ਼ਬਦ ਜਿਸ ਦਾ ਮਤਲਬ ਹੈ “ਭਰਨਾ।”

ਇਬ, “ਦਿਨ।”

ਜਾਂ, “ਕਸ਼ਟਦਾਇਕ।”

ਇਬ, “ਤੰਬੂਆਂ।”

ਇਬ, “ਚੁਣੇ ਹੋਏ।”

ਜਾਂ, “ਮਜ਼ਬੂਤ ਕੀਤਾ।”

ਜਾਂ, “ਮਜ਼ਬੂਤ ਕੀਤਾ।”

ਜਾਂ, “ਚਰਬੀ ਵਾਲੀ ਸੁਆਹ,” ਯਾਨੀ ਚੜ੍ਹਾਏ ਗਏ ਜਾਨਵਰਾਂ ਦੀ ਚਰਬੀ ਨਾਲ ਗਿੱਲੀ ਹੋਈ ਸੁਆਹ।

ਜਾਂ, “ਨੂੰ ਲਕਵਾ ਹੋ ਗਿਆ।”

ਇਬ, “ਦਾ ਹੱਥ ਭਰ ਦਿੰਦਾ ਸੀ।”

ਜਾਂ, “ਤੂੰ ਉਸ ਨੂੰ ਇਹ-ਇਹ ਕਹੀਂ।”

ਜਾਂ, “ਢਾਲ਼ੀਆਂ ਹੋਈਆਂ।”

ਇਬ, “ਕੰਧ ʼਤੇ ਪਿਸ਼ਾਬ ਕਰਨ ਵਾਲਾ ਕੋਈ ਵੀ।” ਆਦਮੀਆਂ ਨੂੰ ਦਰਸਾਉਣ ਲਈ ਘਿਰਣਾ ਭਰੇ ਇਬਰਾਨੀ ਸ਼ਬਦ।

ਯਾਨੀ, ਫ਼ਰਾਤ ਦਰਿਆ।

ਸ਼ਬਦਾਵਲੀ ਦੇਖੋ।

ਇਬ, “ਦਿਨ।”

ਸ਼ਬਦਾਵਲੀ ਦੇਖੋ।

ਇਬ, “ਦੌੜਨ ਵਾਲਿਆਂ।”

ਇਸ ਨੂੰ ਅਬੀਯਾਹ ਵੀ ਕਿਹਾ ਜਾਂਦਾ ਹੈ।

ਇਹ ਇਬਰਾਨੀ ਸ਼ਬਦ “ਗੋਹੇ” ਲਈ ਵਰਤੇ ਜਾਂਦੇ ਸ਼ਬਦ ਨਾਲ ਸੰਬੰਧਿਤ ਹੋ ਸਕਦਾ ਹੈ ਅਤੇ ਇਹ ਘਿਰਣਾ ਪ੍ਰਗਟ ਕਰਨ ਲਈ ਵਰਤਿਆ ਜਾਂਦਾ ਹੈ।

ਸ਼ਬਦਾਵਲੀ ਦੇਖੋ।

ਇਬ, “ਦਿਨ।”

ਜਾਂ, “ਸਮਰਪਿਤ।”

ਜਾਂ, “ਮਜ਼ਬੂਤ ਕਰਨ; ਦੁਬਾਰਾ ਉਸਾਰਨ।”

ਜਾਂ, “ਦੇ ਇਲਾਕੇ ਵਿੱਚੋਂ ਨਾ ਕੋਈ ਬਾਹਰ ਜਾਵੇ, ਨਾ ਕੋਈ ਅੰਦਰ ਦਾਖ਼ਲ ਹੋਵੇ।”

ਜਾਂ, “ਇਕਰਾਰ।”

ਜਾਂ, “ਇਕਰਾਰ।”

ਜਾਂ, “ਮਜ਼ਬੂਤ ਕਰਨਾ; ਦੁਬਾਰਾ ਬਣਾਉਣਾ।”

ਜਾਂ “ਮਜ਼ਬੂਤ ਕੀਤਾ; ਦੁਬਾਰਾ ਉਸਾਰਿਆ।”

ਜਾਂ, “ਮਜ਼ਬੂਤ ਕੀਤੇ; ਦੁਬਾਰਾ ਉਸਾਰੇ।”

ਯਾਨੀ, ਯਾਰਾਬੁਆਮ ਦਾ ਪੁੱਤਰ ਨਾਦਾਬ।

ਇਬ, “ਕੰਧ ʼਤੇ ਪਿਸ਼ਾਬ ਕਰਨ ਵਾਲਾ ਕੋਈ ਵੀ।” ਆਦਮੀਆਂ ਨੂੰ ਦਰਸਾਉਣ ਲਈ ਘਿਰਣਾ ਭਰੇ ਇਬਰਾਨੀ ਸ਼ਬਦ।

ਜਾਂ, “ਉਸ ਦੇ ਖ਼ੂਨ ਦਾ ਬਦਲਾ ਲੈਣ ਵਾਲਿਆਂ।”

ਇਕ ਕਿੱਕਾਰ 34.2 ਕਿਲੋਗ੍ਰਾਮ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।

ਇਬ, “ਪ੍ਰਭੂ।”

ਮਤਲਬ “ਸ਼ਾਮਰ ਖ਼ਾਨਦਾਨ ਦਾ।”

ਜਾਂ, “ਘਰ।”

ਸ਼ਬਦਾਵਲੀ ਦੇਖੋ।

ਮਤਲਬ “ਮੇਰਾ ਪਰਮੇਸ਼ੁਰ ਯਹੋਵਾਹ ਹੈ।”

ਇਬ, “ਜਿਸ ਦੇ ਅੱਗੇ ਮੈਂ ਖੜ੍ਹਾ ਹੁੰਦਾ ਹਾਂ।”

ਜਾਂ, “ਮੇਰਾ ਤੇਰੇ ਨਾਲ ਕੀ ਲੈਣਾ-ਦੇਣਾ?”

ਜਾਂ, “ਵਾਦੀਆਂ।”

ਇਬ, “ਜਿਸ ਦੇ ਅੱਗੇ ਮੈਂ ਖੜ੍ਹਾ ਹੁੰਦਾ ਹਾਂ।”

ਜਾਂ, “ਬਦਨਾਮੀ।”

ਸ਼ਬਦਾਵਲੀ ਦੇਖੋ।

ਜਾਂ, “ਦੋ ਫੌੜੀਆਂ।”

ਜਾਂ ਸੰਭਵ ਹੈ, “ਉਹ ਕਿਸੇ ਸਫ਼ਰ ʼਤੇ ਗਿਆ ਹੋਵੇ।”

ਜਾਂ, “ਨਬੀਆਂ ਵਾਂਗ ਕਰਦੇ ਰਹੇ।”

ਇਕ ਸੇਆਹ 7.33 ਲੀਟਰ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।

ਜਾਂ, “ਵਾਦੀ।”

ਜਾਂ, “ਨਬੀ ਦੇ ਚੋਗੇ।”

ਸ਼ਬਦਾਵਲੀ, “ਨਿਯੁਕਤ ਕਰਨਾ; ਚੁਣਨਾ” ਦੇਖੋ।

ਮਤਲਬ “ਪਰਮੇਸ਼ੁਰ ਮੁਕਤੀ ਹੈ।”

ਜਾਂ, “ਨਬੀ ਦਾ ਚੋਗਾ।”

ਜਾਂ, “ਛੱਪਰਾਂ।”

ਜਾਂ, “ਛੱਪਰਾਂ।”

ਜਾਂ, “ਵੱਢਿਆ।”

ਯਾਨੀ, ਅਗਲੀ ਬਸੰਤ।

ਇਬ, “ਦੀ ਗਿਣਤੀ।”

ਯਾਨੀ, ਬਸੰਤ ਵਿਚ।

ਜਾਂ, “ਅਟੱਲ ਪਿਆਰ ਨਾਲ ਭਰਪੂਰ।”

ਜਾਂ, “ਸੜਕਾਂ ਠਹਿਰਾਈਂ।”

ਜਾਂ, “ਇਕਰਾਰ।”

“ਨਬੀਆਂ ਦੇ ਪੁੱਤਰ” ਸ਼ਾਇਦ ਨਬੀਆਂ ਨੂੰ ਸਿੱਖਿਆ ਦੇਣ ਵਾਲੇ ਸਕੂਲ ਜਾਂ ਨਬੀਆਂ ਦੇ ਦਲ ਨੂੰ ਸੰਕੇਤ ਕਰਦਾ ਹੈ।

ਇਕ ਕਿੱਕਾਰ 34.2 ਕਿਲੋਗ੍ਰਾਮ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।

ਇਬ, “ਤੇਰਾ ਮਨ।”

ਇਬ, “ਕਬਜ਼ਾ ਕਰ ਲਿਆ?”

ਇਬ, “ਤੂੰ ਆਪਣੇ ਆਪ ਨੂੰ ਵੇਚ ਦਿੱਤਾ ਹੈ।”

ਇਬ, “ਕੰਧ ʼਤੇ ਪਿਸ਼ਾਬ ਕਰਨ ਵਾਲਾ ਕੋਈ ਵੀ।” ਆਦਮੀਆਂ ਨੂੰ ਦਰਸਾਉਣ ਲਈ ਘਿਰਣਾ ਭਰੇ ਇਬਰਾਨੀ ਸ਼ਬਦ।

ਇਹ ਇਬਰਾਨੀ ਸ਼ਬਦ “ਗੋਹੇ” ਲਈ ਵਰਤੇ ਜਾਂਦੇ ਸ਼ਬਦ ਨਾਲ ਸੰਬੰਧਿਤ ਹੋ ਸਕਦਾ ਹੈ ਅਤੇ ਇਹ ਘਿਰਣਾ ਪ੍ਰਗਟ ਕਰਨ ਲਈ ਵਰਤਿਆ ਜਾਂਦਾ ਹੈ।

ਸ਼ਬਦਾਵਲੀ ਦੇਖੋ।

ਜਾਂ, “ਧੱਕਦਾ।”

ਇਬ, “ਸ਼ਕਤੀ।”

ਇਬ, “ਉਸ ਦੇ ਸਾਰੇ ਨਬੀਆਂ ਦੇ ਮੂੰਹਾਂ ਵਿਚ ਧੋਖਾ ਦੇਣ ਵਾਲੀ ਸ਼ਕਤੀ ਬਣਾਂਗਾ।”

ਇਬ, “ਧੋਖਾ ਦੇਣ ਵਾਲੀ ਸ਼ਕਤੀ ਪਾਈ ਹੈ।”

ਜਾਂ, “ਭੋਲੇਪਨ ਵਿਚ।”

ਇਬ, “ਡੇਰੇ।”

ਜਾਂ ਸੰਭਵ ਹੈ, “ਜਿੱਥੇ ਵੇਸਵਾਵਾਂ ਨਹਾਉਂਦੀਆਂ ਸਨ, ਉੱਥੇ ਕੁੱਤਿਆਂ ਨੇ ਉਸ ਦਾ ਖ਼ੂਨ ਚੱਟਿਆ।”

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ