ਯੂਹੰਨਾ ਮੁਤਾਬਕ ਖ਼ੁਸ਼ ਖ਼ਬਰੀ
1 ਸ਼ੁਰੂ ਵਿਚ “ਸ਼ਬਦ” ਸੀ+ ਅਤੇ “ਸ਼ਬਦ” ਪਰਮੇਸ਼ੁਰ ਦੇ ਨਾਲ ਸੀ+ ਅਤੇ “ਸ਼ਬਦ” ਇਕ ਈਸ਼ਵਰ* ਸੀ।+ 2 ਉਹ ਸ਼ੁਰੂ ਵਿਚ ਪਰਮੇਸ਼ੁਰ ਦੇ ਨਾਲ ਸੀ। 3 ਸਾਰੀਆਂ ਚੀਜ਼ਾਂ ਉਸ ਰਾਹੀਂ ਬਣਾਈਆਂ ਗਈਆਂ+ ਅਤੇ ਅਜਿਹੀ ਕੋਈ ਵੀ ਚੀਜ਼ ਨਹੀਂ ਹੈ ਜੋ ਉਸ ਤੋਂ ਬਿਨਾਂ ਬਣਾਈ ਗਈ ਹੋਵੇ।
4 ਉਸ ਰਾਹੀਂ ਜ਼ਿੰਦਗੀ ਹੋਂਦ ਵਿਚ ਆਈ ਅਤੇ ਇਹ ਜ਼ਿੰਦਗੀ ਇਨਸਾਨਾਂ ਲਈ ਚਾਨਣ ਸੀ।+ 5 ਇਹ ਚਾਨਣ ਹਨੇਰੇ ਵਿਚ ਚਮਕ ਰਿਹਾ ਹੈ,+ ਪਰ ਹਨੇਰਾ ਇਸ ਚਾਨਣ ਨੂੰ ਬੁਝਾ ਨਾ ਸਕਿਆ।
6 ਇਕ ਆਦਮੀ ਆਇਆ ਜਿਸ ਨੂੰ ਪਰਮੇਸ਼ੁਰ ਨੇ ਘੱਲਿਆ ਸੀ; ਉਸ ਦਾ ਨਾਂ ਯੂਹੰਨਾ ਸੀ।+ 7 ਉਹ ਗਵਾਹ ਵਜੋਂ ਚਾਨਣ ਬਾਰੇ ਗਵਾਹੀ ਦੇਣ ਆਇਆ ਸੀ+ ਤਾਂਕਿ ਉਸ ਰਾਹੀਂ ਹਰ ਤਰ੍ਹਾਂ ਦੇ ਲੋਕ ਵਿਸ਼ਵਾਸ ਕਰ ਸਕਣ। 8 ਉਹ ਆਪ ਇਹ ਚਾਨਣ ਨਹੀਂ ਸੀ,+ ਪਰ ਉਹ ਇਸ ਚਾਨਣ ਬਾਰੇ ਗਵਾਹੀ ਦੇਣ ਆਇਆ ਸੀ।
9 ਸੱਚਾ ਚਾਨਣ ਜੋ ਹਰ ਤਰ੍ਹਾਂ ਦੇ ਲੋਕਾਂ ਨੂੰ ਚਾਨਣ ਦਿੰਦਾ ਹੈ, ਦੁਨੀਆਂ ਵਿਚ ਜਲਦੀ ਆਉਣ ਵਾਲਾ ਸੀ।+ 10 ਉਹ ਦੁਨੀਆਂ ਵਿਚ ਸੀ+ ਅਤੇ ਦੁਨੀਆਂ ਉਸੇ ਦੇ ਰਾਹੀਂ ਬਣਾਈ ਗਈ ਸੀ,+ ਪਰ ਦੁਨੀਆਂ ਉਸ ਨੂੰ ਨਹੀਂ ਜਾਣਦੀ ਸੀ। 11 ਉਹ ਆਪਣੇ ਘਰ ਆਇਆ, ਪਰ ਉਸ ਦੇ ਆਪਣਿਆਂ ਨੇ ਹੀ ਉਸ ਨੂੰ ਕਬੂਲ ਨਾ ਕੀਤਾ। 12 ਪਰ ਜਿੰਨੇ ਵੀ ਲੋਕਾਂ ਨੇ ਉਸ ਨੂੰ ਕਬੂਲ ਕੀਤਾ, ਉਨ੍ਹਾਂ ਨੂੰ ਉਸ ਨੇ ਪਰਮੇਸ਼ੁਰ ਦੇ ਬੱਚੇ ਬਣਨ ਦਾ ਹੱਕ ਦਿੱਤਾ+ ਕਿਉਂਕਿ ਉਨ੍ਹਾਂ ਨੇ ਉਸ ਦੇ ਨਾਂ ਉੱਤੇ ਨਿਹਚਾ ਕੀਤੀ ਸੀ।+ 13 ਉਨ੍ਹਾਂ ਦਾ ਜਨਮ ਨਾ ਖ਼ੂਨ ਦੇ ਰਿਸ਼ਤੇ ਕਰਕੇ, ਨਾ ਸਰੀਰ ਦੀ ਇੱਛਾ ਕਰਕੇ ਤੇ ਨਾ ਕਿਸੇ ਇਨਸਾਨ ਕਰਕੇ ਹੋਇਆ ਸੀ, ਸਗੋਂ ਪਰਮੇਸ਼ੁਰ ਕਰਕੇ ਹੋਇਆ ਸੀ।+
14 “ਸ਼ਬਦ” ਇਨਸਾਨ ਬਣਿਆ+ ਅਤੇ ਸਾਡੇ ਵਿਚ ਰਿਹਾ ਤੇ ਅਸੀਂ ਉਸ ਦੀ ਮਹਿਮਾ ਦੇਖੀ, ਅਜਿਹੀ ਮਹਿਮਾ ਜੋ ਪਿਤਾ ਆਪਣੇ ਇਕਲੌਤੇ ਪੁੱਤਰ+ ਨੂੰ ਹੀ ਦਿੰਦਾ ਹੈ; ਉਸ ਉੱਤੇ ਪਰਮੇਸ਼ੁਰ ਦੀ ਕਿਰਪਾ ਸੀ ਤੇ ਉਹ ਸੱਚਾਈ ਨਾਲ ਭਰਪੂਰ ਸੀ। 15 (ਯੂਹੰਨਾ ਨੇ ਉਸ ਬਾਰੇ ਗਵਾਹੀ ਦਿੱਤੀ, ਹਾਂ, ਉੱਚੀ-ਉੱਚੀ ਕਿਹਾ: “ਇਹ ਉਹੀ ਸੀ ਜਿਸ ਬਾਰੇ ਮੈਂ ਕਿਹਾ ਸੀ, ‘ਜੋ ਮੇਰੇ ਪਿੱਛੇ ਆ ਰਿਹਾ ਸੀ ਉਹ ਮੇਰੇ ਤੋਂ ਅੱਗੇ ਲੰਘ ਗਿਆ ਹੈ ਕਿਉਂਕਿ ਉਹ ਮੇਰੇ ਤੋਂ ਵੀ ਪਹਿਲਾਂ ਹੋਂਦ ਵਿਚ ਸੀ।’”)+ 16 ਸਾਨੂੰ ਸਾਰਿਆਂ ਨੂੰ ਉਸ ਤੋਂ ਡੁੱਲ੍ਹ-ਡੁੱਲ੍ਹ ਪੈਂਦੀ ਅਪਾਰ ਕਿਰਪਾ ਮਿਲੀ ਕਿਉਂਕਿ ਉਹ ਅਪਾਰ ਕਿਰਪਾ ਨਾਲ ਭਰਪੂਰ ਹੈ। 17 ਜਦ ਕਿ ਕਾਨੂੰਨ ਮੂਸਾ ਰਾਹੀਂ ਦਿੱਤਾ ਗਿਆ ਸੀ,+ ਪਰ ਅਪਾਰ ਕਿਰਪਾ+ ਅਤੇ ਸੱਚਾਈ ਯਿਸੂ ਮਸੀਹ ਰਾਹੀਂ ਪ੍ਰਗਟ ਕੀਤੀ ਗਈ।+ 18 ਕਿਸੇ ਵੀ ਇਨਸਾਨ ਨੇ ਪਰਮੇਸ਼ੁਰ ਨੂੰ ਕਦੀ ਨਹੀਂ ਦੇਖਿਆ;+ ਪਰ ਇਕਲੌਤੇ ਈਸ਼ਵਰ ਨੇ,+ ਜਿਹੜਾ ਪਿਤਾ ਦੇ ਨੇੜੇ* ਹੈ,+ ਉਸ ਬਾਰੇ ਸਾਨੂੰ ਸਮਝਾਇਆ।+
19 ਯਹੂਦੀਆਂ ਨੇ ਯਰੂਸ਼ਲਮ ਤੋਂ ਪੁਜਾਰੀਆਂ ਅਤੇ ਲੇਵੀਆਂ ਨੂੰ ਘੱਲ ਕੇ ਯੂਹੰਨਾ ਤੋਂ ਪੁੱਛਿਆ: “ਤੂੰ ਕੌਣ ਹੈਂ?”+ 20 ਉਹ ਉਨ੍ਹਾਂ ਨੂੰ ਜਵਾਬ ਦੇਣ ਤੋਂ ਕਤਰਾਇਆ ਨਹੀਂ, ਸਗੋਂ ਉਸ ਨੇ ਸਾਫ਼-ਸਾਫ਼ ਕਬੂਲ ਕੀਤਾ: “ਮੈਂ ਮਸੀਹ ਨਹੀਂ ਹਾਂ।” 21 ਫਿਰ ਉਨ੍ਹਾਂ ਨੇ ਉਸ ਨੂੰ ਪੁੱਛਿਆ: “ਤਾਂ ਫਿਰ ਕੀ ਤੂੰ ਏਲੀਯਾਹ ਹੈਂ?”+ ਉਸ ਨੇ ਕਿਹਾ: “ਨਹੀਂ।” “ਕੀ ਤੂੰ ਨਬੀ ਹੈਂ ਜਿਸ ਦੇ ਆਉਣ ਦੀ ਭਵਿੱਖਬਾਣੀ ਕੀਤੀ ਗਈ ਸੀ?”+ ਉਸ ਨੇ ਜਵਾਬ ਦਿੱਤਾ: “ਨਹੀਂ!” 22 ਫਿਰ ਉਨ੍ਹਾਂ ਨੇ ਉਸ ਨੂੰ ਪੁੱਛਿਆ: “ਤੂੰ ਕੌਣ ਹੈਂ? ਸਾਨੂੰ ਦੱਸ ਤਾਂਕਿ ਅਸੀਂ ਵੀ ਜਾ ਕੇ ਆਪਣੇ ਘੱਲਣ ਵਾਲਿਆਂ ਨੂੰ ਦੱਸੀਏ। ਤੂੰ ਆਪਣੇ ਬਾਰੇ ਕੀ ਕਹਿੰਦਾ ਹੈਂ?” 23 ਉਸ ਨੇ ਕਿਹਾ: “ਮੈਂ ਉਹ ਹਾਂ ਜਿਹੜਾ ਉਜਾੜ ਵਿਚ ਉੱਚੀ ਆਵਾਜ਼ ਵਿਚ ਕਹਿ ਰਿਹਾ ਹੈ, ‘ਯਹੋਵਾਹ* ਦਾ ਰਸਤਾ ਸਿੱਧਾ ਕਰੋ’+ ਜਿਵੇਂ ਯਸਾਯਾਹ ਨਬੀ ਨੇ ਕਿਹਾ ਸੀ।”+ 24 ਉਨ੍ਹਾਂ ਪੁਜਾਰੀਆਂ ਤੇ ਲੇਵੀਆਂ ਨੂੰ ਫ਼ਰੀਸੀਆਂ ਨੇ ਘੱਲਿਆ ਸੀ। 25 ਉਨ੍ਹਾਂ ਨੇ ਉਸ ਨੂੰ ਪੁੱਛਿਆ: “ਤਾਂ ਫਿਰ, ਤੂੰ ਬਪਤਿਸਮਾ ਕਿਉਂ ਦਿੰਦਾ ਹੈਂ ਜੇ ਤੂੰ ਮਸੀਹ ਜਾਂ ਏਲੀਯਾਹ ਜਾਂ ਉਹ ਨਬੀ ਨਹੀਂ ਹੈਂ ਜਿਸ ਦੇ ਆਉਣ ਬਾਰੇ ਪਹਿਲਾਂ ਹੀ ਦੱਸਿਆ ਗਿਆ ਸੀ?” 26 ਯੂਹੰਨਾ ਨੇ ਉਨ੍ਹਾਂ ਨੂੰ ਜਵਾਬ ਦਿੱਤਾ: “ਮੈਂ ਪਾਣੀ ਵਿਚ ਬਪਤਿਸਮਾ ਦਿੰਦਾ ਹਾਂ। ਤੁਹਾਡੇ ਵਿਚਕਾਰ ਕੋਈ ਹੈ ਜਿਸ ਨੂੰ ਤੁਸੀਂ ਨਹੀਂ ਜਾਣਦੇ, 27 ਉਹ ਮੇਰੇ ਤੋਂ ਬਾਅਦ ਆ ਰਿਹਾ ਹੈ, ਪਰ ਮੈਂ ਉਸ ਦੀ ਜੁੱਤੀ ਦੇ ਤਸਮੇ ਖੋਲ੍ਹਣ ਦੇ ਵੀ ਲਾਇਕ ਨਹੀਂ ਹਾਂ।”+ 28 ਇਹ ਸਭ ਗੱਲਾਂ ਯਰਦਨ ਦਰਿਆ ਦੇ ਪਾਰ ਬੈਥਨੀਆ* ਨਾਂ ਦੀ ਜਗ੍ਹਾ ਵਿਚ ਹੋਈਆਂ ਸਨ ਜਿੱਥੇ ਯੂਹੰਨਾ ਬਪਤਿਸਮਾ ਦਿੰਦਾ ਹੁੰਦਾ ਸੀ।+
29 ਅਗਲੇ ਦਿਨ ਉਸ ਨੇ ਯਿਸੂ ਨੂੰ ਆਪਣੇ ਵੱਲ ਆਉਂਦਿਆਂ ਦੇਖ ਕੇ ਕਿਹਾ: “ਔਹ ਦੇਖੋ ਪਰਮੇਸ਼ੁਰ ਦਾ ਲੇਲਾ+ ਜਿਹੜਾ ਦੁਨੀਆਂ ਦਾ+ ਪਾਪ ਮਿਟਾ ਦਿੰਦਾ ਹੈ!+ 30 ਮੈਂ ਇਸੇ ਬਾਰੇ ਤੁਹਾਨੂੰ ਦੱਸਿਆ ਸੀ: ‘ਜੋ ਮੇਰੇ ਪਿੱਛੇ ਆ ਰਿਹਾ ਸੀ ਉਹ ਮੇਰੇ ਤੋਂ ਅੱਗੇ ਲੰਘ ਗਿਆ ਹੈ ਕਿਉਂਕਿ ਉਹ ਮੇਰੇ ਤੋਂ ਵੀ ਪਹਿਲਾਂ ਹੋਂਦ ਵਿਚ ਸੀ।’+ 31 ਮੈਂ ਵੀ ਉਸ ਨੂੰ ਨਹੀਂ ਜਾਣਦਾ ਸੀ, ਪਰ ਮੈਂ ਪਾਣੀ ਵਿਚ ਬਪਤਿਸਮਾ ਇਸੇ ਕਰਕੇ ਦਿੰਦਾ ਹਾਂ ਤਾਂਕਿ ਉਹ ਇਜ਼ਰਾਈਲ ਅੱਗੇ ਪ੍ਰਗਟ ਹੋਵੇ।”+ 32 ਯੂਹੰਨਾ ਨੇ ਇਹ ਵੀ ਗਵਾਹੀ ਦਿੱਤੀ: “ਮੈਂ ਦੇਖਿਆ ਕਿ ਪਵਿੱਤਰ ਸ਼ਕਤੀ ਕਬੂਤਰ ਦੇ ਰੂਪ ਵਿਚ ਆਕਾਸ਼ੋਂ ਆਈ ਅਤੇ ਉਸ ਉੱਤੇ ਠਹਿਰ ਗਈ।+ 33 ਮੈਂ ਵੀ ਉਸ ਨੂੰ ਨਹੀਂ ਜਾਣਦਾ ਸੀ, ਪਰ ਜਿਸ* ਨੇ ਮੈਨੂੰ ਪਾਣੀ ਵਿਚ ਬਪਤਿਸਮਾ ਦੇਣ ਲਈ ਘੱਲਿਆ ਸੀ, ਉਸੇ ਨੇ ਮੈਨੂੰ ਦੱਸਿਆ ਸੀ: ‘ਜਿਸ ਉੱਤੇ ਤੂੰ ਪਵਿੱਤਰ ਸ਼ਕਤੀ ਆਉਂਦੀ ਅਤੇ ਠਹਿਰਦੀ ਦੇਖੇਂ,+ ਉਹੀ ਪਵਿੱਤਰ ਸ਼ਕਤੀ ਨਾਲ ਬਪਤਿਸਮਾ ਦੇਵੇਗਾ।’+ 34 ਮੈਂ ਆਪਣੀ ਅੱਖੀਂ ਇਹ ਹੁੰਦਾ ਦੇਖਿਆ ਅਤੇ ਇਸ ਬਾਰੇ ਗਵਾਹੀ ਦਿੱਤੀ ਕਿ ਇਹੀ ਪਰਮੇਸ਼ੁਰ ਦਾ ਪੁੱਤਰ ਹੈ।”+
35 ਫਿਰ ਅਗਲੇ ਦਿਨ ਯੂਹੰਨਾ ਆਪਣੇ ਦੋ ਚੇਲਿਆਂ ਨਾਲ ਖੜ੍ਹਾ ਸੀ 36 ਅਤੇ ਉਸ ਨੇ ਯਿਸੂ ਨੂੰ ਲੰਘਦਿਆਂ ਦੇਖ ਕੇ ਕਿਹਾ: “ਔਹ ਦੇਖੋ ਪਰਮੇਸ਼ੁਰ ਦਾ ਲੇਲਾ!”+ 37 ਦੋਵੇਂ ਚੇਲੇ ਉਸ ਦੀ ਗੱਲ ਸੁਣ ਕੇ ਯਿਸੂ ਦੇ ਪਿੱਛੇ-ਪਿੱਛੇ ਤੁਰ ਪਏ। 38 ਫਿਰ ਯਿਸੂ ਨੇ ਮੁੜ ਕੇ ਉਨ੍ਹਾਂ ਨੂੰ ਆਪਣੇ ਪਿੱਛੇ-ਪਿੱਛੇ ਆਉਂਦਿਆਂ ਦੇਖਿਆ ਅਤੇ ਉਨ੍ਹਾਂ ਨੂੰ ਪੁੱਛਿਆ: “ਤੁਸੀਂ ਕੀ ਚਾਹੁੰਦੇ ਹੋ?” ਉਨ੍ਹਾਂ ਨੇ ਕਿਹਾ: “ਰੱਬੀ, (ਜਿਸ ਦਾ ਮਤਲਬ ਹੈ “ਗੁਰੂ”) ਤੂੰ ਕਿੱਥੇ ਠਹਿਰਿਆ ਹੋਇਆ ਹੈਂ?” 39 ਉਸ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਆਪ ਮੇਰੇ ਨਾਲ ਆ ਕੇ ਦੇਖ ਲਓ।” ਇਸ ਲਈ ਉਨ੍ਹਾਂ ਨੇ ਜਾ ਕੇ ਦੇਖਿਆ ਕਿ ਉਹ ਕਿੱਥੇ ਠਹਿਰਿਆ ਹੋਇਆ ਸੀ ਅਤੇ ਉਹ ਉਸ ਦਿਨ ਉਸ ਦੇ ਨਾਲ ਰਹੇ; ਅਤੇ ਉਸ ਵੇਲੇ ਸ਼ਾਮ ਦੇ ਚਾਰ ਕੁ ਵੱਜੇ* ਸਨ। 40 ਸ਼ਮਊਨ ਪਤਰਸ ਦਾ ਭਰਾ ਅੰਦ੍ਰਿਆਸ+ ਉਨ੍ਹਾਂ ਦੋ ਚੇਲਿਆਂ ਵਿੱਚੋਂ ਸੀ ਜਿਹੜਾ ਯੂਹੰਨਾ ਦੀ ਗੱਲ ਸੁਣ ਕੇ ਯਿਸੂ ਦੇ ਪਿੱਛੇ-ਪਿੱਛੇ ਤੁਰ ਪਿਆ ਸੀ। 41 ਪਹਿਲਾਂ ਉਸ ਨੇ ਆਪਣੇ ਭਰਾ ਸ਼ਮਊਨ ਨੂੰ ਲੱਭ ਕੇ ਉਸ ਨੂੰ ਕਿਹਾ: “ਸਾਨੂੰ ਮਸੀਹ+ ਮਿਲ ਗਿਆ ਹੈ।” (ਮਸੀਹ ਦਾ ਮਤਲਬ ਹੈ “ਚੁਣਿਆ ਹੋਇਆ।”) 42 ਉਹ ਉਸ ਨੂੰ ਯਿਸੂ ਕੋਲ ਲੈ ਗਿਆ। ਯਿਸੂ ਨੇ ਉਸ ਨੂੰ ਦੇਖ ਕੇ ਕਿਹਾ: “ਤੂੰ ਯੂਹੰਨਾ ਦਾ ਪੁੱਤਰ ਸ਼ਮਊਨ+ ਹੈਂ; ਹੁਣ ਤੋਂ ਤੇਰਾ ਨਾਂ ਕੇਫ਼ਾਸ (ਯੂਨਾਨੀ ਵਿਚ “ਪਤਰਸ”)+ ਹੋਵੇਗਾ।”
43 ਅਗਲੇ ਦਿਨ ਯਿਸੂ ਗਲੀਲ ਨੂੰ ਜਾਣਾ ਚਾਹੁੰਦਾ ਸੀ। ਜਦ ਉਸ ਨੂੰ ਫ਼ਿਲਿੱਪੁਸ+ ਮਿਲਿਆ, ਤਾਂ ਉਸ ਨੇ ਫ਼ਿਲਿੱਪੁਸ ਨੂੰ ਕਿਹਾ: “ਮੇਰਾ ਚੇਲਾ ਬਣ ਜਾ।” 44 ਫ਼ਿਲਿੱਪੁਸ ਬੈਤਸੈਦਾ ਸ਼ਹਿਰ ਦਾ ਰਹਿਣ ਵਾਲਾ ਸੀ ਜਿੱਥੋਂ ਅੰਦ੍ਰਿਆਸ ਤੇ ਪਤਰਸ ਵੀ ਸਨ। 45 ਫ਼ਿਲਿੱਪੁਸ ਨੇ ਨਥਾਨਿਏਲ+ ਨੂੰ ਲੱਭ ਕੇ ਕਿਹਾ: “ਸਾਨੂੰ ਉਹ ਆਦਮੀ ਮਿਲ ਗਿਆ ਹੈ ਜਿਸ ਬਾਰੇ ਮੂਸਾ ਦੇ ਕਾਨੂੰਨ ਅਤੇ ਨਬੀਆਂ ਦੀਆਂ ਲਿਖਤਾਂ ਵਿਚ ਦੱਸਿਆ ਗਿਆ ਸੀ: ਉਹ ਨਾਸਰਤ ਤੋਂ ਯੂਸੁਫ਼ ਦਾ ਪੁੱਤਰ ਯਿਸੂ ਹੈ।”+ 46 ਪਰ ਨਥਾਨਿਏਲ ਨੇ ਉਸ ਨੂੰ ਕਿਹਾ: “ਭਲਾ ਨਾਸਰਤ ਵਿਚ ਵੀ ਕੋਈ ਚੰਗਾ ਆਦਮੀ ਹੋ ਸਕਦਾ ਹੈ?” ਫ਼ਿਲਿੱਪੁਸ ਨੇ ਉਸ ਨੂੰ ਕਿਹਾ: “ਤੂੰ ਆਪ ਆ ਕੇ ਦੇਖ ਲੈ।” 47 ਯਿਸੂ ਨੇ ਨਥਾਨਿਏਲ ਨੂੰ ਆਪਣੇ ਵੱਲ ਆਉਂਦਿਆਂ ਦੇਖ ਕੇ ਉਸ ਬਾਰੇ ਕਿਹਾ: “ਦੇਖੋ, ਇਕ ਸੱਚਾ ਇਜ਼ਰਾਈਲੀ ਜਿਸ ਵਿਚ ਕੋਈ ਖੋਟ ਨਹੀਂ ਹੈ।”+ 48 ਨਥਾਨਿਏਲ ਨੇ ਉਸ ਨੂੰ ਕਿਹਾ: “ਤੂੰ ਮੈਨੂੰ ਕਿਵੇਂ ਜਾਣਦਾ ਹੈਂ?” ਯਿਸੂ ਨੇ ਉਸ ਨੂੰ ਜਵਾਬ ਦਿੱਤਾ: “ਫ਼ਿਲਿੱਪੁਸ ਦੇ ਬੁਲਾਉਣ ਤੋਂ ਪਹਿਲਾਂ ਜਦ ਤੂੰ ਅੰਜੀਰ ਦੇ ਦਰਖ਼ਤ ਹੇਠ ਸੀ, ਉਸ ਵੇਲੇ ਮੈਂ ਤੈਨੂੰ ਦੇਖਿਆ ਸੀ।” 49 ਨਥਾਨਿਏਲ ਨੇ ਕਿਹਾ: “ਗੁਰੂ ਜੀ,* ਤੂੰ ਹੀ ਪਰਮੇਸ਼ੁਰ ਦਾ ਪੁੱਤਰ ਹੈਂ, ਤੂੰ ਹੀ ਇਜ਼ਰਾਈਲ ਦਾ ਰਾਜਾ ਹੈਂ।”+ 50 ਯਿਸੂ ਨੇ ਉਸ ਨੂੰ ਜਵਾਬ ਦਿੱਤਾ: “ਕੀ ਤੂੰ ਮੇਰੇ ਉੱਤੇ ਇਸ ਕਰਕੇ ਵਿਸ਼ਵਾਸ ਕਰਦਾ ਹੈਂ ਕਿਉਂਕਿ ਮੈਂ ਤੈਨੂੰ ਦੱਸਿਆ ਕਿ ਮੈਂ ਤੈਨੂੰ ਅੰਜੀਰ ਦੇ ਦਰਖ਼ਤ ਹੇਠਾਂ ਦੇਖਿਆ ਸੀ? ਤੂੰ ਇਸ ਤੋਂ ਵੀ ਵੱਡੇ-ਵੱਡੇ ਕੰਮ ਦੇਖੇਂਗਾ।” 51 ਯਿਸੂ ਨੇ ਅੱਗੇ ਉਸ ਨੂੰ ਕਿਹਾ: “ਮੈਂ ਤੁਹਾਨੂੰ ਸਾਰਿਆਂ ਨੂੰ ਸੱਚ-ਸੱਚ ਕਹਿੰਦਾ ਹਾਂ, ਤੁਸੀਂ ਸਵਰਗ ਨੂੰ ਖੁੱਲ੍ਹਿਆ ਹੋਇਆ ਅਤੇ ਪਰਮੇਸ਼ੁਰ ਦੇ ਦੂਤਾਂ ਨੂੰ ਮਨੁੱਖ ਦੇ ਪੁੱਤਰ ਕੋਲ ਥੱਲੇ ਆਉਂਦੇ ਅਤੇ ਉੱਪਰ ਜਾਂਦੇ ਹੋਏ ਦੇਖੋਗੇ।”+
2 ਫਿਰ ਤੀਜੇ ਦਿਨ ਗਲੀਲ ਦੇ ਕਾਨਾ ਸ਼ਹਿਰ ਵਿਚ ਇਕ ਵਿਆਹ ਸੀ ਅਤੇ ਯਿਸੂ ਦੀ ਮਾਤਾ ਉੱਥੇ ਸੀ। 2 ਯਿਸੂ ਅਤੇ ਉਸ ਦੇ ਚੇਲਿਆਂ ਨੂੰ ਵੀ ਵਿਆਹ ਦੀ ਦਾਅਵਤ ਵਿਚ ਸੱਦਿਆ ਗਿਆ ਸੀ।
3 ਜਦ ਦਾਅਵਤ ਵਿਚ ਦਾਖਰਸ ਖ਼ਤਮ ਹੋ ਗਿਆ, ਤਾਂ ਯਿਸੂ ਦੀ ਮਾਤਾ ਨੇ ਉਸ ਨੂੰ ਕਿਹਾ: “ਉਨ੍ਹਾਂ ਕੋਲ ਦਾਖਰਸ ਨਹੀਂ ਹੈ।” 4 ਪਰ ਯਿਸੂ ਨੇ ਉਸ ਨੂੰ ਕਿਹਾ: “ਆਪਾਂ ਕਿਉਂ ਚਿੰਤਾ ਕਰੀਏ?* ਮੇਰਾ ਸਮਾਂ ਅਜੇ ਨਹੀਂ ਆਇਆ ਹੈ।” 5 ਉਸ ਦੀ ਮਾਤਾ ਨੇ ਨੌਕਰਾਂ ਨੂੰ ਕਿਹਾ: “ਉਹ ਜੋ ਵੀ ਤੁਹਾਨੂੰ ਕਹੇ, ਤੁਸੀਂ ਉਸੇ ਤਰ੍ਹਾਂ ਕਰਨਾ।” 6 ਯਹੂਦੀਆਂ ਦੇ ਸ਼ੁੱਧ ਕਰਨ ਦੇ ਨਿਯਮਾਂ ਮੁਤਾਬਕ ਉੱਥੇ ਪਾਣੀ ਵਾਸਤੇ ਪੱਥਰ ਦੇ ਛੇ ਘੜੇ ਪਏ ਸਨ+ ਅਤੇ ਹਰ ਘੜੇ ਵਿਚ ਤਕਰੀਬਨ 44 ਤੋਂ 66 ਲੀਟਰ* ਪਾਣੀ ਭਰਿਆ ਜਾ ਸਕਦਾ ਸੀ। 7 ਯਿਸੂ ਨੇ ਉਨ੍ਹਾਂ ਨੂੰ ਕਿਹਾ: “ਘੜਿਆਂ ਨੂੰ ਪਾਣੀ ਨਾਲ ਭਰ ਦਿਓ।” ਇਸ ਲਈ ਉਨ੍ਹਾਂ ਨੇ ਘੜੇ ਨੱਕੋ-ਨੱਕ ਭਰ ਦਿੱਤੇ। 8 ਫਿਰ ਉਸ ਨੇ ਉਨ੍ਹਾਂ ਨੂੰ ਕਿਹਾ: “ਹੁਣ ਇਸ ਵਿੱਚੋਂ ਥੋੜ੍ਹਾ ਜਿਹਾ ਕੱਢ ਕੇ ਦਾਅਵਤ ਦੇ ਪ੍ਰਧਾਨ ਕੋਲ ਲੈ ਜਾਓ” ਅਤੇ ਉਹ ਲੈ ਗਏ। 9 ਪ੍ਰਧਾਨ ਨੇ ਪਾਣੀ ਦਾ ਸੁਆਦ ਚੱਖਿਆ ਜੋ ਹੁਣ ਦਾਖਰਸ ਬਣ ਚੁੱਕਾ ਸੀ। ਉਹ ਇਹ ਨਹੀਂ ਸੀ ਜਾਣਦਾ ਕਿ ਦਾਖਰਸ ਕਿੱਥੋਂ ਆਇਆ ਸੀ (ਪਰ ਨੌਕਰਾਂ ਨੂੰ ਪਤਾ ਸੀ ਜਿਨ੍ਹਾਂ ਨੇ ਘੜਿਆਂ ਵਿੱਚੋਂ ਪਾਣੀ ਕੱਢਿਆ ਸੀ)। ਫਿਰ ਪ੍ਰਧਾਨ ਨੇ ਲਾੜੇ ਨੂੰ ਬੁਲਾਇਆ 10 ਅਤੇ ਉਸ ਨੂੰ ਕਿਹਾ: “ਹਰ ਕੋਈ ਪਹਿਲਾਂ ਮਹਿਮਾਨਾਂ ਅੱਗੇ ਵਧੀਆ ਦਾਖਰਸ ਰੱਖਦਾ ਹੈ ਅਤੇ ਜਦੋਂ ਉਹ ਪੀ ਕੇ ਨਸ਼ੇ ਵਿਚ ਮਸਤ ਹੋ ਜਾਂਦੇ ਹਨ, ਫਿਰ ਘਟੀਆ ਦਾਖਰਸ ਕੱਢਦਾ ਹੈ। ਪਰ ਤੂੰ ਤਾਂ ਵਧੀਆ ਦਾਖਰਸ ਹੁਣ ਤਕ ਰੱਖ ਛੱਡਿਆ।” 11 ਇਸ ਤਰ੍ਹਾਂ ਗਲੀਲ ਦੇ ਕਾਨਾ ਵਿਚ ਯਿਸੂ ਨੇ ਆਪਣਾ ਪਹਿਲਾ ਚਮਤਕਾਰ ਕਰ ਕੇ ਆਪਣੀ ਸ਼ਕਤੀ ਦਾ ਸਬੂਤ ਦਿੱਤਾ+ ਅਤੇ ਉਸ ਦੇ ਚੇਲਿਆਂ ਨੇ ਉਸ ʼਤੇ ਨਿਹਚਾ ਕੀਤੀ।
12 ਇਸ ਤੋਂ ਬਾਅਦ ਯਿਸੂ, ਉਸ ਦੀ ਮਾਤਾ, ਉਸ ਦੇ ਭਰਾ+ ਅਤੇ ਚੇਲੇ ਕਫ਼ਰਨਾਹੂਮ ਨੂੰ ਗਏ,+ ਪਰ ਉਹ ਉੱਥੇ ਜ਼ਿਆਦਾ ਦਿਨ ਨਹੀਂ ਰੁਕੇ।
13 ਯਹੂਦੀਆਂ ਦਾ ਪਸਾਹ ਦਾ ਤਿਉਹਾਰ+ ਨੇੜੇ ਆ ਗਿਆ ਸੀ ਅਤੇ ਯਿਸੂ ਯਰੂਸ਼ਲਮ ਨੂੰ ਗਿਆ। 14 ਉਸ ਨੇ ਮੰਦਰ ਵਿਚ ਪਸ਼ੂ, ਭੇਡਾਂ ਅਤੇ ਕਬੂਤਰ+ ਵੇਚਣ ਵਾਲਿਆਂ ਅਤੇ ਪੈਸੇ ਬਦਲਣ ਵਾਲੇ ਦਲਾਲਾਂ ਨੂੰ ਬੈਠੇ ਦੇਖਿਆ। 15 ਇਸ ਲਈ ਉਸ ਨੇ ਰੱਸੀਆਂ ਦਾ ਇਕ ਕੋਰੜਾ ਬਣਾਇਆ ਅਤੇ ਉਨ੍ਹਾਂ ਸਾਰਿਆਂ ਨੂੰ ਭੇਡਾਂ ਅਤੇ ਪਸ਼ੂਆਂ ਸਣੇ ਮੰਦਰ ਵਿੱਚੋਂ ਬਾਹਰ ਕੱਢ ਦਿੱਤਾ ਅਤੇ ਪੈਸੇ ਬਦਲਣ ਵਾਲੇ ਦਲਾਲਾਂ ਦੇ ਪੈਸੇ ਖਿਲਾਰ ਦਿੱਤੇ ਅਤੇ ਉਨ੍ਹਾਂ ਦੇ ਮੇਜ਼ ਉਲਟਾ ਦਿੱਤੇ।+ 16 ਉਸ ਨੇ ਕਬੂਤਰ ਵੇਚਣ ਵਾਲਿਆਂ ਨੂੰ ਕਿਹਾ: “ਇਨ੍ਹਾਂ ਚੀਜ਼ਾਂ ਨੂੰ ਇੱਥੋਂ ਲੈ ਜਾਓ! ਮੇਰੇ ਪਿਤਾ ਦੇ ਘਰ ਨੂੰ ਮੰਡੀ ਨਾ ਬਣਾਓ!”+ 17 ਉਸ ਦੇ ਚੇਲਿਆਂ ਨੂੰ ਯਾਦ ਆਇਆ ਕਿ ਇਹ ਲਿਖਿਆ ਹੈ: “ਤੇਰੇ ਘਰ ਲਈ ਜੋਸ਼ ਦੀ ਅੱਗ ਮੇਰੇ ਅੰਦਰ ਬਲ਼ ਰਹੀ ਹੈ।”+
18 ਇਹ ਸਭ ਦੇਖ ਕੇ ਯਹੂਦੀਆਂ ਨੇ ਉਸ ਨੂੰ ਪੁੱਛਿਆ: “ਕੀ ਤੂੰ ਕੋਈ ਚਮਤਕਾਰ ਕਰ ਕੇ ਸਾਬਤ ਕਰ ਸਕਦਾ ਹੈਂ+ ਕਿ ਤੇਰੇ ਕੋਲ ਇਹ ਕਰਨ ਦਾ ਅਧਿਕਾਰ ਹੈ?” 19 ਯਿਸੂ ਨੇ ਉਨ੍ਹਾਂ ਨੂੰ ਜਵਾਬ ਦਿੱਤਾ: “ਇਸ ਮੰਦਰ ਨੂੰ ਢਾਹ ਦਿਓ ਅਤੇ ਮੈਂ ਤਿੰਨਾਂ ਦਿਨਾਂ ਵਿਚ ਇਸ ਨੂੰ ਖੜ੍ਹਾ ਕਰ ਦਿਆਂਗਾ।”+ 20 ਤਦ ਯਹੂਦੀਆਂ ਨੇ ਕਿਹਾ: “ਇਸ ਮੰਦਰ ਨੂੰ ਬਣਾਉਣ ਵਿਚ 46 ਸਾਲ ਲੱਗੇ। ਤੂੰ ਕਿੱਦਾਂ ਇਸ ਨੂੰ ਤਿੰਨਾਂ ਦਿਨਾਂ ਵਿਚ ਖੜ੍ਹਾ ਕਰ ਸਕਦਾ ਹੈਂ?” 21 ਅਸਲ ਵਿਚ ਉਹ ਇੱਥੇ ਮੰਦਰ ਦੀ ਨਹੀਂ, ਸਗੋਂ ਆਪਣੇ ਸਰੀਰ ਦੀ ਗੱਲ ਕਰ ਰਿਹਾ ਸੀ।+ 22 ਜਦ ਉਸ ਨੂੰ ਮਰਿਆਂ ਵਿੱਚੋਂ ਜੀਉਂਦਾ ਕੀਤਾ ਗਿਆ, ਤਾਂ ਉਸ ਦੇ ਚੇਲਿਆਂ ਨੂੰ ਯਾਦ ਆਇਆ ਕਿ ਉਸ ਨੇ ਇਹ ਗੱਲ ਕਈ ਵਾਰ ਕਹੀ ਸੀ+ ਤੇ ਉਨ੍ਹਾਂ ਨੇ ਧਰਮ-ਗ੍ਰੰਥ ਅਤੇ ਯਿਸੂ ਦੀ ਇਸ ਗੱਲ ਉੱਤੇ ਨਿਹਚਾ ਕੀਤੀ।
23 ਫਿਰ ਜਦ ਉਹ ਪਸਾਹ ਦੇ ਤਿਉਹਾਰ ਦੌਰਾਨ ਯਰੂਸ਼ਲਮ ਵਿਚ ਸੀ, ਤਾਂ ਬਹੁਤ ਲੋਕਾਂ ਨੇ ਉਸ ਦੇ ਚਮਤਕਾਰ ਦੇਖ ਕੇ ਉਸ ਦੇ ਨਾਂ ʼਤੇ ਨਿਹਚਾ ਕੀਤੀ। 24 ਪਰ ਯਿਸੂ ਨੇ ਉਨ੍ਹਾਂ ʼਤੇ ਜ਼ਿਆਦਾ ਭਰੋਸਾ ਨਹੀਂ ਕੀਤਾ ਕਿਉਂਕਿ ਉਹ ਉਨ੍ਹਾਂ ਸਾਰਿਆਂ ਨੂੰ ਜਾਣਦਾ ਸੀ 25 ਅਤੇ ਉਸ ਨੂੰ ਕਿਸੇ ਇਨਸਾਨ ਬਾਰੇ ਦੂਸਰਿਆਂ ਤੋਂ ਪੁੱਛਣ ਦੀ ਲੋੜ ਨਹੀਂ ਸੀ ਕਿਉਂਕਿ ਉਹ ਆਪ ਇਨਸਾਨ ਦੇ ਦਿਲ ਦੀ ਗੱਲ ਜਾਣਦਾ ਸੀ।+
3 ਨਿਕੁਦੇਮੁਸ+ ਨਾਂ ਦਾ ਫ਼ਰੀਸੀ ਜੋ ਯਹੂਦੀਆਂ ਦਾ ਇਕ ਧਾਰਮਿਕ ਆਗੂ ਵੀ ਸੀ, 2 ਰਾਤ ਨੂੰ ਯਿਸੂ ਕੋਲ ਆਇਆ+ ਅਤੇ ਉਸ ਨੂੰ ਕਿਹਾ: “ਗੁਰੂ ਜੀ,*+ ਅਸੀਂ ਜਾਣਦੇ ਹਾਂ ਕਿ ਤੂੰ ਪਰਮੇਸ਼ੁਰ ਵੱਲੋਂ ਘੱਲਿਆ ਹੋਇਆ ਸਿੱਖਿਅਕ ਹੈਂ ਕਿਉਂਕਿ ਜਿਹੜੇ ਚਮਤਕਾਰ ਤੂੰ ਕਰਦਾ ਹੈਂ ਉਹ ਹੋਰ ਕੋਈ ਨਹੀਂ ਕਰ ਸਕਦਾ,+ ਜਦ ਤਕ ਪਰਮੇਸ਼ੁਰ ਉਸ ਦੇ ਨਾਲ ਨਾ ਹੋਵੇ।”+ 3 ਯਿਸੂ ਨੇ ਉਸ ਨੂੰ ਕਿਹਾ: “ਮੈਂ ਤੈਨੂੰ ਸੱਚ-ਸੱਚ ਕਹਿੰਦਾ ਹਾਂ ਕਿ ਜਦ ਤਕ ਕੋਈ ਦੁਬਾਰਾ ਜਨਮ ਨਾ ਲਵੇ,*+ ਉਹ ਪਰਮੇਸ਼ੁਰ ਦੇ ਰਾਜ ਨੂੰ ਨਹੀਂ ਦੇਖ ਸਕਦਾ।”+ 4 ਨਿਕੁਦੇਮੁਸ ਨੇ ਉਸ ਨੂੰ ਪੁੱਛਿਆ: “ਜਦੋਂ ਕੋਈ ਇਨਸਾਨ ਵੱਡਾ ਹੋ ਜਾਂਦਾ ਹੈ, ਤਾਂ ਉਹ ਕਿਵੇਂ ਦੁਬਾਰਾ ਜਨਮ ਲੈ ਸਕਦਾ ਹੈ? ਕੀ ਉਹ ਆਪਣੀ ਮਾਂ ਦੀ ਕੁੱਖ ਵਿਚ ਦੁਬਾਰਾ ਜਾ ਕੇ ਜਨਮ ਲੈ ਸਕਦਾ ਹੈ?” 5 ਯਿਸੂ ਨੇ ਜਵਾਬ ਦਿੱਤਾ: “ਮੈਂ ਤੈਨੂੰ ਸੱਚ-ਸੱਚ ਕਹਿੰਦਾ ਹਾਂ ਕਿ ਜਦ ਤਕ ਕੋਈ ਪਾਣੀ+ ਅਤੇ ਪਵਿੱਤਰ ਸ਼ਕਤੀ+ ਨਾਲ ਜਨਮ ਨਹੀਂ ਲੈ ਲੈਂਦਾ, ਤਦ ਤਕ ਉਹ ਪਰਮੇਸ਼ੁਰ ਦੇ ਰਾਜ ਵਿਚ ਨਹੀਂ ਜਾ ਸਕਦਾ। 6 ਜਿਹੜੇ ਇਨਸਾਨ ਤੋਂ ਜੰਮਦੇ ਹਨ ਉਹ ਇਨਸਾਨ ਹਨ, ਪਰ ਜਿਹੜੇ ਪਵਿੱਤਰ ਸ਼ਕਤੀ ਨਾਲ ਜਨਮ ਲੈਂਦੇ ਹਨ ਉਹ ਪਰਮੇਸ਼ੁਰ ਦੇ ਪੁੱਤਰ ਹਨ। 7 ਮੇਰੀ ਇਸ ਗੱਲ ਤੋਂ ਹੈਰਾਨ ਨਾ ਹੋ ਕਿ ਤੁਹਾਨੂੰ ਸਾਰਿਆਂ ਨੂੰ ਦੁਬਾਰਾ ਜਨਮ ਲੈਣਾ ਪਵੇਗਾ। 8 ਹਵਾ* ਜਿੱਧਰ ਨੂੰ ਚਾਹੁੰਦੀ ਹੈ, ਉੱਧਰ ਨੂੰ ਵਗਦੀ ਹੈ ਅਤੇ ਤੂੰ ਇਸ ਦੀ ਆਵਾਜ਼ ਸੁਣਦਾ ਹੈਂ, ਪਰ ਤੈਨੂੰ ਨਹੀਂ ਪਤਾ ਕਿ ਇਹ ਕਿੱਧਰੋਂ ਆਉਂਦੀ ਹੈ ਅਤੇ ਕਿੱਧਰ ਨੂੰ ਜਾਂਦੀ ਹੈ। ਪਵਿੱਤਰ ਸ਼ਕਤੀ ਨਾਲ ਜਨਮ ਲੈਣ ਵਾਲਾ ਵੀ ਇਸੇ ਤਰ੍ਹਾਂ ਹੈਂ।”+
9 ਫਿਰ ਨਿਕੁਦੇਮੁਸ ਨੇ ਉਸ ਨੂੰ ਪੁੱਛਿਆ: “ਇਹ ਕਿਵੇਂ ਹੋ ਸਕਦਾ ਹੈ?” 10 ਯਿਸੂ ਨੇ ਉਸ ਨੂੰ ਜਵਾਬ ਦਿੱਤਾ: “ਤੂੰ ਇਜ਼ਰਾਈਲ ਦਾ ਸਿੱਖਿਅਕ ਹੁੰਦੇ ਹੋਏ ਵੀ ਇਹ ਨਹੀਂ ਜਾਣਦਾ? 11 ਮੈਂ ਤੈਨੂੰ ਸੱਚ-ਸੱਚ ਕਹਿੰਦਾ ਹਾਂ ਕਿ ਜੋ ਕੁਝ ਅਸੀਂ ਜਾਣਦੇ ਹਾਂ, ਉਸ ਬਾਰੇ ਦੱਸਦੇ ਹਾਂ ਅਤੇ ਜੋ ਅਸੀਂ ਦੇਖਿਆ ਹੈ, ਉਸ ਬਾਰੇ ਗਵਾਹੀ ਦਿੰਦੇ ਹਾਂ, ਪਰ ਤੁਸੀਂ ਸਾਡੀ ਗਵਾਹੀ ਕਬੂਲ ਨਹੀਂ ਕਰਦੇ। 12 ਮੈਂ ਤੁਹਾਨੂੰ ਧਰਤੀ ਦੀਆਂ ਚੀਜ਼ਾਂ ਬਾਰੇ ਦੱਸਿਆ, ਪਰ ਤੁਸੀਂ ਉਨ੍ਹਾਂ ਉੱਤੇ ਵਿਸ਼ਵਾਸ ਨਹੀਂ ਕੀਤਾ, ਤਾਂ ਫਿਰ ਜੇ ਮੈਂ ਤੁਹਾਨੂੰ ਸਵਰਗ ਦੀਆਂ ਚੀਜ਼ਾਂ ਬਾਰੇ ਦੱਸਾਂ, ਤਾਂ ਤੁਸੀਂ ਉਨ੍ਹਾਂ ਉੱਤੇ ਕਿਵੇਂ ਵਿਸ਼ਵਾਸ ਕਰੋਗੇ? 13 ਇਸ ਤੋਂ ਇਲਾਵਾ, ਕੋਈ ਵੀ ਇਨਸਾਨ ਸਵਰਗ ਨੂੰ ਨਹੀਂ ਗਿਆ ਹੈ,+ ਸਿਰਫ਼ ਮਨੁੱਖ ਦਾ ਪੁੱਤਰ ਜਿਹੜਾ ਸਵਰਗੋਂ ਆਇਆ ਹੈ।+ 14 ਠੀਕ ਜਿਵੇਂ ਉਜਾੜ ਵਿਚ ਮੂਸਾ ਨੇ ਸੱਪ ਨੂੰ ਉੱਚੀ ਥਾਂ ʼਤੇ ਟੰਗਿਆ ਸੀ,+ ਉਸੇ ਤਰ੍ਹਾਂ ਮਨੁੱਖ ਦੇ ਪੁੱਤਰ ਨੂੰ ਉੱਚੀ ਥਾਂ ʼਤੇ ਟੰਗਿਆ ਜਾਵੇਗਾ+ 15 ਤਾਂਕਿ ਜਿਹੜਾ ਵੀ ਉਸ ਉੱਤੇ ਵਿਸ਼ਵਾਸ ਕਰੇ, ਉਹ ਹਮੇਸ਼ਾ ਦੀ ਜ਼ਿੰਦਗੀ ਪਾਵੇ।+
16 “ਕਿਉਂਕਿ ਪਰਮੇਸ਼ੁਰ ਨੇ ਦੁਨੀਆਂ ਨਾਲ ਇੰਨਾ ਪਿਆਰ ਕੀਤਾ ਕਿ ਉਸ ਨੇ ਲੋਕਾਂ ਦੀ ਖ਼ਾਤਰ ਆਪਣਾ ਇਕਲੌਤਾ ਪੁੱਤਰ ਵਾਰ ਦਿੱਤਾ+ ਤਾਂਕਿ ਜਿਹੜਾ ਵੀ ਉਸ ਉੱਤੇ ਆਪਣੀ ਨਿਹਚਾ ਦਾ ਸਬੂਤ ਦਿੰਦਾ ਹੈ, ਉਹ ਨਾਸ਼ ਨਾ ਹੋਵੇ, ਸਗੋਂ ਹਮੇਸ਼ਾ ਦੀ ਜ਼ਿੰਦਗੀ ਪਾਵੇ।+ 17 ਪਰਮੇਸ਼ੁਰ ਨੇ ਆਪਣੇ ਪੁੱਤਰ ਨੂੰ ਦੁਨੀਆਂ ਵਿਚ ਇਸ ਲਈ ਨਹੀਂ ਘੱਲਿਆ ਕਿ ਉਹ ਦੁਨੀਆਂ ਦਾ ਨਿਆਂ ਕਰੇ, ਸਗੋਂ ਇਸ ਕਰਕੇ ਘੱਲਿਆ ਕਿ ਉਸ ਰਾਹੀਂ ਦੁਨੀਆਂ ਬਚਾਈ ਜਾਵੇ।+ 18 ਜਿਹੜਾ ਉਸ ਉੱਤੇ ਆਪਣੀ ਨਿਹਚਾ ਦਾ ਸਬੂਤ ਦਿੰਦਾ ਹੈ, ਉਸ ਨੂੰ ਦੋਸ਼ੀ ਨਹੀਂ ਠਹਿਰਾਇਆ ਜਾਵੇਗਾ।+ ਜਿਹੜਾ ਨਿਹਚਾ ਨਹੀਂ ਕਰਦਾ, ਉਸ ਨੂੰ ਦੋਸ਼ੀ ਠਹਿਰਾ ਦਿੱਤਾ ਗਿਆ ਹੈ ਕਿਉਂਕਿ ਉਸ ਨੇ ਪਰਮੇਸ਼ੁਰ ਦੇ ਇਕਲੌਤੇ ਪੁੱਤਰ ਦੇ ਨਾਂ ਉੱਤੇ ਨਿਹਚਾ ਨਹੀਂ ਕੀਤੀ।+ 19 ਨਿਆਂ ਇਸ ਆਧਾਰ ʼਤੇ ਕੀਤਾ ਜਾਂਦਾ ਹੈ: ਚਾਨਣ ਦੁਨੀਆਂ ਵਿਚ ਆਇਆ,+ ਪਰ ਲੋਕਾਂ ਨੇ ਚਾਨਣ ਦੀ ਬਜਾਇ ਹਨੇਰੇ ਨਾਲ ਪਿਆਰ ਕੀਤਾ ਕਿਉਂਕਿ ਉਨ੍ਹਾਂ ਦੇ ਕੰਮ ਬੁਰੇ ਸਨ। 20 ਜਿਹੜਾ ਨੀਚ ਕੰਮ ਕਰਦਾ ਰਹਿੰਦਾ ਹੈ ਉਹ ਚਾਨਣ ਨਾਲ ਨਫ਼ਰਤ ਕਰਦਾ ਹੈ ਅਤੇ ਚਾਨਣ ਵਿਚ ਨਹੀਂ ਆਉਂਦਾ ਤਾਂਕਿ ਉਸ ਦੇ ਨੀਚ ਕੰਮਾਂ ਦਾ ਪਰਦਾਫ਼ਾਸ਼ ਨਾ ਹੋ ਜਾਵੇ। 21 ਪਰ ਜਿਹੜਾ ਸਹੀ ਕੰਮ ਕਰਦਾ ਹੈ, ਉਹ ਚਾਨਣ ਵਿਚ ਆਉਂਦਾ ਹੈ+ ਤਾਂਕਿ ਇਹ ਜ਼ਾਹਰ ਹੋਵੇ ਕਿ ਉਸ ਨੇ ਪਰਮੇਸ਼ੁਰ ਦੀ ਇੱਛਾ ਮੁਤਾਬਕ ਕੰਮ ਕੀਤੇ ਹਨ।”
22 ਇਨ੍ਹਾਂ ਗੱਲਾਂ ਤੋਂ ਬਾਅਦ ਯਿਸੂ ਅਤੇ ਉਸ ਦੇ ਚੇਲੇ ਯਹੂਦਿਯਾ ਦੇ ਇਲਾਕੇ ਵਿਚ ਚਲੇ ਗਏ ਅਤੇ ਉੱਥੇ ਉਸ ਨੇ ਕੁਝ ਸਮਾਂ ਆਪਣੇ ਚੇਲਿਆਂ ਨਾਲ ਬਿਤਾਇਆ ਅਤੇ ਲੋਕਾਂ ਨੂੰ ਬਪਤਿਸਮਾ ਦਿੱਤਾ।*+ 23 ਪਰ ਯੂਹੰਨਾ ਵੀ ਸਲੀਮ ਲਾਗੇ ਐਨੋਨ ਨਾਂ ਦੀ ਜਗ੍ਹਾ ਵਿਚ ਬਪਤਿਸਮਾ ਦਿੰਦਾ ਹੁੰਦਾ ਸੀ ਕਿਉਂਕਿ ਉੱਥੇ ਪਾਣੀ ਬਹੁਤ ਸੀ+ ਅਤੇ ਲੋਕ ਉੱਥੇ ਬਪਤਿਸਮਾ ਲੈਣ ਆਉਂਦੇ ਰਹੇ;+ 24 ਯੂਹੰਨਾ ਨੂੰ ਅਜੇ ਜੇਲ੍ਹ ਵਿਚ ਨਹੀਂ ਸੁੱਟਿਆ ਗਿਆ ਸੀ।+
25 ਫਿਰ ਸ਼ੁੱਧ ਹੋਣ ਦੀ ਰੀਤ ਨੂੰ ਲੈ ਕੇ ਯੂਹੰਨਾ ਦੇ ਚੇਲੇ ਕਿਸੇ ਯਹੂਦੀ ਨਾਲ ਬਹਿਸ ਕਰਨ ਲੱਗ ਪਏ। 26 ਇਸ ਕਰਕੇ ਉਨ੍ਹਾਂ ਨੇ ਆ ਕੇ ਯੂਹੰਨਾ ਨੂੰ ਕਿਹਾ: “ਗੁਰੂ ਜੀ, ਉਹ ਆਦਮੀ ਜਿਹੜਾ ਤੇਰੇ ਨਾਲ ਯਰਦਨ ਦੇ ਦੂਜੇ ਪਾਸੇ ਸੀ ਅਤੇ ਜਿਸ ਬਾਰੇ ਤੂੰ ਗਵਾਹੀ ਦਿੱਤੀ ਸੀ,+ ਉਹ ਲੋਕਾਂ ਨੂੰ ਬਪਤਿਸਮਾ ਦਿੰਦਾ ਹੈ ਅਤੇ ਸਾਰੇ ਉਸ ਕੋਲ ਜਾ ਰਹੇ ਹਨ।” 27 ਯੂਹੰਨਾ ਨੇ ਉਨ੍ਹਾਂ ਨੂੰ ਕਿਹਾ: “ਇਨਸਾਨ ਕੋਈ ਵੀ ਚੀਜ਼ ਹਾਸਲ ਨਹੀਂ ਕਰ ਸਕਦਾ ਜਦ ਤਕ ਉਸ ਨੂੰ ਸਵਰਗੋਂ ਨਾ ਦਿੱਤੀ ਜਾਵੇ। 28 ਤੁਸੀਂ ਆਪ ਮੇਰੀ ਇਸ ਗੱਲ ਦੇ ਗਵਾਹ ਹੋ ਕਿ ਮੈਂ ਕਿਹਾ ਸੀ: ‘ਮੈਂ ਮਸੀਹ ਨਹੀਂ ਹਾਂ,+ ਪਰ ਮੈਨੂੰ ਉਸ ਦੇ ਅੱਗੇ-ਅੱਗੇ ਘੱਲਿਆ ਗਿਆ ਹੈ।’+ 29 ਲਾੜਾ ਉਹੀ ਹੈ ਜਿਸ ਦੀ ਲਾੜੀ ਹੈ।+ ਜਦ ਲਾੜੇ ਨਾਲ ਖੜ੍ਹਾ ਉਸ ਦਾ ਦੋਸਤ ਲਾੜੇ ਦੀ ਆਵਾਜ਼ ਸੁਣਦਾ ਹੈ, ਤਾਂ ਦੋਸਤ ਨੂੰ ਬਹੁਤ ਖ਼ੁਸ਼ੀ ਹੁੰਦੀ ਹੈ। ਇਸ ਕਰਕੇ ਮੇਰੇ ਤੋਂ ਆਪਣੀ ਖ਼ੁਸ਼ੀ ਸਾਂਭੀ ਨਹੀਂ ਜਾਂਦੀ। 30 ਇਹ ਜ਼ਰੂਰੀ ਹੈ ਕਿ ਉਹ ਵਧਦਾ ਜਾਵੇ, ਪਰ ਮੈਂ ਘਟਦਾ ਜਾਵਾਂ।”
31 ਜਿਹੜਾ ਉੱਪਰੋਂ ਆਉਂਦਾ ਹੈ,+ ਉਸ ਦਾ ਸਾਰਿਆਂ ਉੱਤੇ ਅਧਿਕਾਰ ਹੈ। ਜਿਹੜਾ ਧਰਤੀ ਤੋਂ ਹੈ, ਉਹ ਧਰਤੀ ਦਾ ਹੈ ਅਤੇ ਧਰਤੀ ਦੀਆਂ ਚੀਜ਼ਾਂ ਬਾਰੇ ਹੀ ਗੱਲ ਕਰਦਾ ਹੈ। ਜਿਹੜਾ ਸਵਰਗੋਂ ਆਇਆ ਹੈ, ਉਸ ਦਾ ਸਾਰਿਆਂ ਉੱਤੇ ਅਧਿਕਾਰ ਹੈ।+ 32 ਉਸ ਨੇ ਜੋ ਵੀ ਦੇਖਿਆ ਅਤੇ ਸੁਣਿਆ ਹੈ,+ ਉਸ ਬਾਰੇ ਉਹ ਗਵਾਹੀ ਦਿੰਦਾ ਹੈ, ਪਰ ਕੋਈ ਵੀ ਉਸ ਦੀ ਗਵਾਹੀ ਕਬੂਲ ਨਹੀਂ ਕਰ ਰਿਹਾ।+ 33 ਜਿਸ ਨੇ ਉਸ ਦੀ ਗਵਾਹੀ ਕਬੂਲ ਕੀਤੀ ਹੈ, ਉਸ ਨੇ ਇਸ ਗੱਲ ਉੱਤੇ ਆਪਣੀ ਮੁਹਰ ਲਾ ਦਿੱਤੀ ਹੈ* ਕਿ ਪਰਮੇਸ਼ੁਰ ਸੱਚਾ ਹੈ।+ 34 ਜਿਸ ਨੂੰ ਪਰਮੇਸ਼ੁਰ ਨੇ ਘੱਲਿਆ ਹੈ, ਉਹ ਪਰਮੇਸ਼ੁਰ ਦੀਆਂ ਗੱਲਾਂ ਕਰਦਾ ਹੈ+ ਜੋ ਆਪਣੀ ਪਵਿੱਤਰ ਸ਼ਕਤੀ ਦੇਣ ਵਿਚ ਸਰਫ਼ਾ ਨਹੀਂ ਕਰਦਾ।* 35 ਪਿਤਾ ਪੁੱਤਰ ਨਾਲ ਪਿਆਰ ਕਰਦਾ ਹੈ+ ਅਤੇ ਉਸ ਨੇ ਸਾਰਾ ਕੁਝ ਪੁੱਤਰ ਦੇ ਹੱਥਾਂ ਵਿਚ ਸੌਂਪ ਦਿੱਤਾ ਹੈ।+ 36 ਜਿਹੜਾ ਪੁੱਤਰ ਉੱਤੇ ਆਪਣੀ ਨਿਹਚਾ ਦਾ ਸਬੂਤ ਦਿੰਦਾ ਹੈ, ਉਸ ਨੂੰ ਹਮੇਸ਼ਾ ਦੀ ਜ਼ਿੰਦਗੀ ਮਿਲੇਗੀ;+ ਜਿਹੜਾ ਪੁੱਤਰ ਦੀ ਆਗਿਆ ਨਹੀਂ ਮੰਨਦਾ, ਉਸ ਨੂੰ ਇਹ ਜ਼ਿੰਦਗੀ ਨਹੀਂ ਮਿਲੇਗੀ,+ ਸਗੋਂ ਉਸ ਨੂੰ ਪਰਮੇਸ਼ੁਰ ਦੇ ਕ੍ਰੋਧ ਦਾ ਸਾਮ੍ਹਣਾ ਕਰਨਾ ਪਵੇਗਾ।+
4 ਜਦੋਂ ਪ੍ਰਭੂ ਨੂੰ ਪਤਾ ਲੱਗਾ ਕਿ ਫ਼ਰੀਸੀਆਂ ਨੇ ਸੁਣ ਲਿਆ ਸੀ ਕਿ ਯਿਸੂ ਯੂਹੰਨਾ ਨਾਲੋਂ ਵੀ ਜ਼ਿਆਦਾ ਚੇਲੇ ਬਣਾ ਰਿਹਾ ਸੀ ਅਤੇ ਬਪਤਿਸਮਾ ਦੇ ਰਿਹਾ ਸੀ,+ 2 (ਭਾਵੇਂ ਕਿ ਯਿਸੂ ਨਹੀਂ, ਸਗੋਂ ਉਸ ਦੇ ਚੇਲੇ ਬਪਤਿਸਮਾ ਦੇ ਰਹੇ ਸਨ।) 3 ਤਾਂ ਉਹ ਯਹੂਦਿਯਾ ਤੋਂ ਦੁਬਾਰਾ ਗਲੀਲ ਨੂੰ ਚਲਾ ਗਿਆ। 4 ਪਰ ਉਸ ਲਈ ਸਾਮਰਿਯਾ ਵਿੱਚੋਂ ਦੀ ਲੰਘਣਾ ਜ਼ਰੂਰੀ ਸੀ। 5 ਤੁਰਦਾ-ਤੁਰਦਾ ਉਹ ਸਾਮਰਿਯਾ ਦੇ ਸ਼ਹਿਰ ਸੁਖਾਰ ਵਿਚ ਆਇਆ। ਇਹ ਸ਼ਹਿਰ ਉਸ ਖੇਤ ਦੇ ਲਾਗੇ ਸੀ ਜੋ ਯਾਕੂਬ ਨੇ ਆਪਣੇ ਪੁੱਤਰ ਯੂਸੁਫ਼ ਨੂੰ ਦਿੱਤਾ ਸੀ।+ 6 ਇੱਥੇ ਯਾਕੂਬ ਦਾ ਖੂਹ ਵੀ ਸੀ।+ ਯਿਸੂ ਸਫ਼ਰ ਤੋਂ ਥੱਕਿਆ ਹੋਇਆ ਉਸ ਖੂਹ ʼਤੇ ਬੈਠ ਗਿਆ। ਉਸ ਵੇਲੇ ਦੁਪਹਿਰ ਦੇ 12 ਕੁ ਵੱਜੇ* ਸਨ।
7 ਉਦੋਂ ਇਕ ਸਾਮਰੀ ਤੀਵੀਂ ਉੱਥੇ ਪਾਣੀ ਭਰਨ ਆਈ। ਯਿਸੂ ਨੇ ਉਸ ਨੂੰ ਕਿਹਾ: “ਮੈਨੂੰ ਪਾਣੀ ਪਿਲਾਈਂ।” 8 (ਉਸ ਦੇ ਚੇਲੇ ਸ਼ਹਿਰੋਂ ਖਾਣ ਨੂੰ ਕੁਝ ਖ਼ਰੀਦਣ ਗਏ ਹੋਏ ਸਨ।) 9 ਇਸ ਲਈ ਸਾਮਰੀ ਤੀਵੀਂ ਨੇ ਉਸ ਨੂੰ ਕਿਹਾ: “ਤੂੰ ਯਹੂਦੀ ਹੁੰਦੇ ਹੋਏ ਮੇਰੇ ਤੋਂ ਪਾਣੀ ਕਿੱਦਾਂ ਮੰਗ ਸਕਦਾ ਹੈਂ ਜਦ ਕਿ ਮੈਂ ਸਾਮਰੀ ਤੀਵੀਂ ਹਾਂ?” (ਯਹੂਦੀ ਸਾਮਰੀਆਂ ਨਾਲ ਮਿਲਦੇ-ਗਿਲ਼ਦੇ ਨਹੀਂ ਸਨ।)+ 10 ਯਿਸੂ ਨੇ ਉਸ ਨੂੰ ਜਵਾਬ ਦਿੱਤਾ: “ਜੇ ਤੈਨੂੰ ਪਤਾ ਹੁੰਦਾ ਕਿ ਪਰਮੇਸ਼ੁਰ ਦਾ ਮੁਫ਼ਤ ਵਰਦਾਨ ਕੀ ਹੈ+ ਅਤੇ ਕੌਣ ਤੈਨੂੰ ਕਹਿ ਰਿਹਾ ਹੈ, ‘ਮੈਨੂੰ ਪਾਣੀ ਪਿਲਾਈਂ,’ ਤਾਂ ਤੂੰ ਉਸ ਤੋਂ ਮੰਗਦੀ ਅਤੇ ਉਹ ਤੈਨੂੰ ਅੰਮ੍ਰਿਤ ਜਲ* ਦਿੰਦਾ।”+ 11 ਤੀਵੀਂ ਨੇ ਉਸ ਨੂੰ ਕਿਹਾ: “ਵੀਰਾ, ਤੇਰੇ ਕੋਲ ਤਾਂ ਪਾਣੀ ਕੱਢਣ ਲਈ ਬਾਲਟੀ ਵੀ ਨਹੀਂ ਹੈਂ ਤੇ ਖੂਹ ਵੀ ਡੂੰਘਾ ਹੈ। ਤਾਂ ਫਿਰ, ਤੇਰੇ ਕੋਲ ਇਹ ਅੰਮ੍ਰਿਤ ਜਲ ਕਿੱਥੋਂ ਆਇਆ? 12 ਕੀ ਤੂੰ ਸਾਡੇ ਪੂਰਵਜ ਯਾਕੂਬ ਨਾਲੋਂ ਵੀ ਮਹਾਨ ਹੈਂ ਜਿਸ ਨੇ ਸਾਨੂੰ ਇਹ ਖੂਹ ਦਿੱਤਾ ਸੀ ਅਤੇ ਇਸੇ ਖੂਹ ਤੋਂ ਉਸ ਨੇ ਅਤੇ ਉਸ ਦੇ ਪੁੱਤਰਾਂ ਨੇ ਅਤੇ ਉਸ ਦੇ ਪਸ਼ੂਆਂ ਨੇ ਪਾਣੀ ਪੀਤਾ ਸੀ?” 13 ਯਿਸੂ ਨੇ ਉਸ ਨੂੰ ਜਵਾਬ ਦਿੱਤਾ: “ਜਿਹੜਾ ਵੀ ਇਹ ਪਾਣੀ ਪੀਂਦਾ ਹੈ, ਉਸ ਨੂੰ ਦੁਬਾਰਾ ਪਿਆਸ ਲੱਗੇਗੀ। 14 ਪਰ ਜੇ ਕੋਈ ਉਹ ਪਾਣੀ ਪੀਵੇ ਜਿਹੜਾ ਮੈਂ ਦਿਆਂਗਾ, ਤਾਂ ਉਸ ਨੂੰ ਫਿਰ ਕਦੀ ਪਿਆਸ ਨਹੀਂ ਲੱਗੇਗੀ,+ ਸਗੋਂ ਜੋ ਪਾਣੀ ਮੈਂ ਦਿਆਂਗਾ, ਉਹ ਪਾਣੀ ਉਸ ਵਿਚ ਚਸ਼ਮਾ ਬਣ ਕੇ ਹਮੇਸ਼ਾ ਦੀ ਜ਼ਿੰਦਗੀ ਦੇਣ ਲਈ ਫੁੱਟਦਾ ਰਹੇਗਾ।”+ 15 ਤੀਵੀਂ ਨੇ ਉਸ ਨੂੰ ਕਿਹਾ: “ਵੀਰਾ, ਮੈਨੂੰ ਇਹ ਪਾਣੀ ਦੇ ਦੇ ਤਾਂਕਿ ਮੈਨੂੰ ਫਿਰ ਕਦੀ ਪਿਆਸ ਨਾ ਲੱਗੇ ਅਤੇ ਨਾ ਮੈਨੂੰ ਪਾਣੀ ਭਰਨ ਲਈ ਮੁੜ-ਮੁੜ ਇੱਥੇ ਆਉਣਾ ਪਵੇ।”
16 ਯਿਸੂ ਨੇ ਉਸ ਨੂੰ ਕਿਹਾ: “ਜਾਹ, ਆਪਣੇ ਪਤੀ ਨੂੰ ਇੱਥੇ ਲੈ ਆ।” 17 ਉਸ ਤੀਵੀਂ ਨੇ ਜਵਾਬ ਦਿੱਤਾ: “ਮੇਰਾ ਕੋਈ ਪਤੀ ਨਹੀਂ ਹੈ।” ਯਿਸੂ ਨੇ ਉਸ ਨੂੰ ਕਿਹਾ: “ਤੂੰ ਠੀਕ ਕਿਹਾ ਕਿ ਤੇਰਾ ਕੋਈ ਪਤੀ ਨਹੀਂ ਹੈ। 18 ਤੂੰ ਪੰਜ ਪਤੀ ਕਰ ਚੁੱਕੀ ਹੈਂ ਅਤੇ ਜਿਸ ਆਦਮੀ ਨਾਲ ਤੂੰ ਹੁਣ ਰਹਿੰਦੀ ਹੈਂ, ਉਹ ਤੇਰਾ ਪਤੀ ਨਹੀਂ ਹੈ। ਤੂੰ ਸੱਚ ਦੱਸਿਆ।” 19 ਉਸ ਤੀਵੀਂ ਨੇ ਉਸ ਨੂੰ ਕਿਹਾ: “ਵੀਰਾ, ਮੈਨੂੰ ਲੱਗਦਾ ਤੂੰ ਕੋਈ ਨਬੀ ਹੈਂ।+ 20 ਸਾਡੇ ਪਿਉ-ਦਾਦੇ ਤਾਂ ਇਸ ਪਹਾੜ ਉੱਤੇ ਭਗਤੀ ਕਰਦੇ ਸਨ, ਪਰ ਤੁਸੀਂ ਲੋਕ ਕਹਿੰਦੇ ਹੋ ਕਿ ਯਰੂਸ਼ਲਮ ਵਿਚ ਹੀ ਸਾਰਿਆਂ ਨੂੰ ਭਗਤੀ ਕਰਨੀ ਚਾਹੀਦੀ ਹੈ।”+ 21 ਯਿਸੂ ਨੇ ਉਸ ਨੂੰ ਕਿਹਾ: “ਮੇਰੀ ਗੱਲ ਦਾ ਯਕੀਨ ਕਰ ਕਿ ਉਹ ਸਮਾਂ ਆ ਰਿਹਾ ਹੈ ਜਦੋਂ ਤੁਸੀਂ ਨਾ ਤਾਂ ਇਸ ਪਹਾੜ ਉੱਤੇ ਅਤੇ ਨਾ ਹੀ ਯਰੂਸ਼ਲਮ ਵਿਚ ਪਿਤਾ ਦੀ ਭਗਤੀ ਕਰੋਗੇ। 22 ਤੁਸੀਂ ਬਿਨਾਂ ਗਿਆਨ ਤੋਂ ਭਗਤੀ ਕਰਦੇ ਹੋ;+ ਪਰ ਅਸੀਂ ਗਿਆਨ ਨਾਲ ਭਗਤੀ ਕਰਦੇ ਹਾਂ ਕਿਉਂਕਿ ਮੁਕਤੀ ਦਾ ਗਿਆਨ ਪਹਿਲਾਂ ਯਹੂਦੀਆਂ ਨੂੰ ਦਿੱਤਾ ਗਿਆ ਸੀ।+ 23 ਪਰ ਉਹ ਸਮਾਂ ਆ ਰਿਹਾ ਹੈ, ਸਗੋਂ ਹੁਣ ਹੈ ਜਦੋਂ ਸੱਚੇ ਭਗਤ ਪਵਿੱਤਰ ਸ਼ਕਤੀ ਅਤੇ ਸੱਚਾਈ ਅਨੁਸਾਰ ਪਿਤਾ ਦੀ ਭਗਤੀ ਕਰਨਗੇ। ਅਸਲ ਵਿਚ, ਪਿਤਾ ਉਨ੍ਹਾਂ ਲੋਕਾਂ ਨੂੰ ਚਾਹੁੰਦਾ ਹੈ ਜਿਹੜੇ ਉਸ ਦੀ ਭਗਤੀ ਇਸ ਤਰ੍ਹਾਂ ਕਰਨਗੇ।+ 24 ਪਰਮੇਸ਼ੁਰ ਅਦਿੱਖ* ਹੈ+ ਅਤੇ ਉਸ ਦੀ ਭਗਤੀ ਕਰਨ ਵਾਲੇ ਲੋਕਾਂ ਲਈ ਜ਼ਰੂਰੀ ਹੈ ਕਿ ਉਹ ਪਵਿੱਤਰ ਸ਼ਕਤੀ ਅਤੇ ਸੱਚਾਈ ਅਨੁਸਾਰ ਭਗਤੀ ਕਰਨ।”+ 25 ਤੀਵੀਂ ਨੇ ਉਸ ਨੂੰ ਕਿਹਾ: “ਮੈਨੂੰ ਪਤਾ ਮਸੀਹ ਆ ਰਿਹਾ ਹੈ। ਜਦੋਂ ਉਹ ਆਵੇਗਾ, ਤਾਂ ਉਹ ਸਾਨੂੰ ਸਾਰੀਆਂ ਗੱਲਾਂ ਖੋਲ੍ਹ ਕੇ ਸਮਝਾਵੇਗਾ।” 26 ਯਿਸੂ ਨੇ ਉਸ ਨੂੰ ਕਿਹਾ: “ਮੈਂ ਜੋ ਤੇਰੇ ਨਾਲ ਗੱਲ ਕਰ ਰਿਹਾ ਹਾਂ, ਉਹੀ ਹਾਂ।”+
27 ਉਸੇ ਵੇਲੇ ਚੇਲੇ ਆ ਗਏ ਅਤੇ ਉਹ ਇਸ ਗੱਲੋਂ ਹੈਰਾਨ ਹੋਏ ਕਿ ਉਹ ਤੀਵੀਂ ਨਾਲ ਗੱਲਾਂ ਕਰ ਰਿਹਾ ਸੀ। ਪਰ ਕਿਸੇ ਨੇ ਨਾ ਕਿਹਾ: “ਤੈਨੂੰ ਕੀ ਚਾਹੀਦਾ?” ਜਾਂ “ਤੂੰ ਉਸ ਤੀਵੀਂ ਨਾਲ ਕਿਉਂ ਗੱਲਾਂ ਕਰਦਾ ਹੈਂ?” 28 ਫਿਰ ਤੀਵੀਂ ਆਪਣਾ ਘੜਾ ਛੱਡ ਕੇ ਸ਼ਹਿਰ ਨੂੰ ਚਲੀ ਗਈ ਅਤੇ ਉਸ ਨੇ ਜਾ ਕੇ ਲੋਕਾਂ ਨੂੰ ਕਿਹਾ: 29 “ਮੇਰੇ ਨਾਲ ਆ ਕੇ ਉਸ ਆਦਮੀ ਨੂੰ ਮਿਲੋ। ਉਸ ਨੇ ਮੈਨੂੰ ਉਹ ਸਭ ਕੁਝ ਦੱਸਿਆ ਜੋ ਮੈਂ ਕੀਤਾ ਸੀ। ਕਿਤੇ ਉਹ ਮਸੀਹ ਤਾਂ ਨਹੀਂ?” 30 ਇਸ ਲਈ ਉਹ ਸ਼ਹਿਰੋਂ ਬਾਹਰ ਯਿਸੂ ਕੋਲ ਆਉਣ ਲੱਗੇ।
31 ਇਸ ਦੌਰਾਨ ਉਸ ਦੇ ਚੇਲੇ ਉਸ ਉੱਤੇ ਜ਼ੋਰ ਪਾਉਂਦੇ ਰਹੇ: “ਗੁਰੂ ਜੀ,*+ ਰੋਟੀ ਖਾ ਲੈ।” 32 ਪਰ ਉਸ ਨੇ ਉਨ੍ਹਾਂ ਨੂੰ ਕਿਹਾ: “ਮੇਰੇ ਕੋਲ ਖਾਣ ਲਈ ਭੋਜਨ ਹੈ ਜਿਸ ਬਾਰੇ ਤੁਸੀਂ ਨਹੀਂ ਜਾਣਦੇ।” 33 ਇਸ ਕਰਕੇ ਚੇਲੇ ਇਕ-ਦੂਜੇ ਨੂੰ ਪੁੱਛਣ ਲੱਗ ਪਏ: “ਕੋਈ ਹੋਰ ਤਾਂ ਨਹੀਂ ਉਸ ਵਾਸਤੇ ਖਾਣਾ ਲੈ ਕੇ ਆਇਆ?” 34 ਯਿਸੂ ਨੇ ਉਨ੍ਹਾਂ ਨੂੰ ਕਿਹਾ: “ਮੇਰਾ ਭੋਜਨ ਇਹ ਹੈ ਕਿ ਮੈਂ ਆਪਣੇ ਘੱਲਣ ਵਾਲੇ ਦੀ ਇੱਛਾ ਪੂਰੀ ਕਰਾਂ+ ਅਤੇ ਉਸ ਦਾ ਕੰਮ ਪੂਰਾ ਕਰਾਂ।+ 35 ਕੀ ਤੁਸੀਂ ਨਹੀਂ ਕਹਿੰਦੇ ਕਿ ਵਾਢੀ ਨੂੰ ਅਜੇ ਚਾਰ ਮਹੀਨੇ ਪਏ ਹਨ? ਪਰ ਦੇਖੋ! ਮੈਂ ਤੁਹਾਨੂੰ ਕਹਿੰਦਾ ਹਾਂ: ਆਪਣੀਆਂ ਨਜ਼ਰਾਂ ਚੁੱਕ ਕੇ ਖੇਤਾਂ ਨੂੰ ਦੇਖੋ ਕਿ ਫ਼ਸਲ ਵਾਢੀ ਲਈ ਪੱਕ ਚੁੱਕੀ ਹੈ।+ 36 ਵਾਢੇ ਨੂੰ ਆਪਣੀ ਮਜ਼ਦੂਰੀ ਮਿਲ ਰਹੀ ਹੈ ਅਤੇ ਉਹ ਹਮੇਸ਼ਾ ਦੀ ਜ਼ਿੰਦਗੀ ਲਈ ਫ਼ਸਲ ਸਾਂਭ ਰਿਹਾ ਹੈ ਤਾਂਕਿ ਬੀ ਬੀਜਣ ਵਾਲਾ ਅਤੇ ਵਾਢਾ ਦੋਵੇਂ ਖ਼ੁਸ਼ੀਆਂ ਮਨਾਉਣ।+ 37 ਇਸ ਮਾਮਲੇ ਵਿਚ ਇਹ ਕਹਾਵਤ ਸੱਚੀ ਹੈ: ਇਕ ਬੀ ਬੀਜਦਾ ਹੈ ਅਤੇ ਦੂਸਰਾ ਵੱਢਦਾ ਹੈ। 38 ਮੈਂ ਤੁਹਾਨੂੰ ਉਹ ਫ਼ਸਲ ਵੱਢਣ ਲਈ ਘੱਲਿਆ ਜਿਸ ਲਈ ਤੁਸੀਂ ਮਿਹਨਤ ਨਹੀਂ ਕੀਤੀ। ਮਿਹਨਤ ਹੋਰਨਾਂ ਨੇ ਕੀਤੀ ਅਤੇ ਤੁਸੀਂ ਉਨ੍ਹਾਂ ਦੀ ਮਿਹਨਤ ਦਾ ਫਲ ਪਾ ਰਹੇ ਹੋ।”
39 ਹੁਣ ਉਸ ਸ਼ਹਿਰ ਦੇ ਬਹੁਤ ਸਾਰੇ ਸਾਮਰੀਆਂ ਨੇ ਉਸ ਤੀਵੀਂ ਦੀ ਇਹ ਗੱਲ ਸੁਣ ਕੇ ਯਿਸੂ ਉੱਤੇ ਨਿਹਚਾ ਕੀਤੀ: “ਉਸ ਨੇ ਮੈਨੂੰ ਉਹ ਸਭ ਕੁਝ ਦੱਸਿਆ ਜੋ ਮੈਂ ਕੀਤਾ ਸੀ।”+ 40 ਇਸ ਲਈ ਸਾਮਰੀ ਉਸ ਕੋਲ ਆਏ ਅਤੇ ਉਨ੍ਹਾਂ ਨੇ ਉਸ ਨੂੰ ਉਨ੍ਹਾਂ ਦੇ ਨਾਲ ਰਹਿਣ ਲਈ ਕਿਹਾ ਅਤੇ ਉਹ ਦੋ ਦਿਨ ਉੱਥੇ ਰਿਹਾ। 41 ਨਤੀਜੇ ਵਜੋਂ ਬਹੁਤ ਸਾਰੇ ਲੋਕ ਉਸ ਦੀਆਂ ਗੱਲਾਂ ਸੁਣ ਕੇ ਉਸ ਉੱਤੇ ਵਿਸ਼ਵਾਸ ਕਰਨ ਲੱਗ ਪਏ 42 ਅਤੇ ਉਸ ਤੀਵੀਂ ਨੂੰ ਕਹਿਣ ਲੱਗੇ: “ਹੁਣ ਅਸੀਂ ਤੇਰੀਆਂ ਗੱਲਾਂ ਕਰਕੇ ਹੀ ਵਿਸ਼ਵਾਸ ਨਹੀਂ ਕਰਦੇ, ਸਗੋਂ ਅਸੀਂ ਆਪ ਸੁਣ ਲਿਆ ਹੈ ਅਤੇ ਅਸੀਂ ਜਾਣ ਗਏ ਹਾਂ ਕਿ ਇਹੀ ਆਦਮੀ ਦੁਨੀਆਂ ਦਾ ਮੁਕਤੀਦਾਤਾ ਹੈ।”+
43 ਦੋ ਦਿਨਾਂ ਬਾਅਦ ਉਹ ਉੱਥੋਂ ਗਲੀਲ ਨੂੰ ਚਲਾ ਗਿਆ। 44 ਯਿਸੂ ਨੇ ਆਪ ਕਿਹਾ ਸੀ ਕਿ ਕਿਸੇ ਵੀ ਨਬੀ ਦਾ ਆਦਰ ਉਸ ਦੇ ਆਪਣੇ ਇਲਾਕੇ ਵਿਚ ਨਹੀਂ ਕੀਤਾ ਜਾਂਦਾ।+ 45 ਜਦੋਂ ਉਹ ਗਲੀਲ ਵਿਚ ਪਹੁੰਚਿਆ, ਤਾਂ ਗਲੀਲ ਦੇ ਲੋਕਾਂ ਨੇ ਉਸ ਦਾ ਸੁਆਗਤ ਕੀਤਾ ਕਿਉਂਕਿ ਉਨ੍ਹਾਂ ਨੇ ਯਰੂਸ਼ਲਮ ਵਿਚ ਤਿਉਹਾਰ ਦੌਰਾਨ ਉਸ ਦੇ ਸਾਰੇ ਚਮਤਕਾਰ ਦੇਖੇ ਸਨ।+ ਉਹ ਵੀ ਉੱਥੇ ਤਿਉਹਾਰ ਮਨਾਉਣ ਗਏ ਸਨ।+
46 ਫਿਰ ਉਹ ਗਲੀਲ ਦੇ ਕਾਨਾ ਸ਼ਹਿਰ ਵਿਚ ਦੁਬਾਰਾ ਆਇਆ ਜਿੱਥੇ ਉਸ ਨੇ ਪਾਣੀ ਨੂੰ ਦਾਖਰਸ ਵਿਚ ਬਦਲਿਆ ਸੀ।+ ਉੱਥੇ ਰਾਜੇ ਦਾ ਇਕ ਕਰਮਚਾਰੀ ਸੀ ਜਿਸ ਦਾ ਮੁੰਡਾ ਕਫ਼ਰਨਾਹੂਮ ਵਿਚ ਬੀਮਾਰ ਸੀ। 47 ਜਦੋਂ ਉਸ ਆਦਮੀ ਨੇ ਸੁਣਿਆ ਕਿ ਯਿਸੂ ਯਹੂਦਿਯਾ ਤੋਂ ਗਲੀਲ ਆ ਗਿਆ ਸੀ, ਤਾਂ ਉਹ ਜਾ ਕੇ ਉਸ ਅੱਗੇ ਤਰਲੇ ਕਰਨ ਲੱਗਾ ਕਿ ਉਹ ਆ ਕੇ ਉਸ ਦੇ ਮੁੰਡੇ ਨੂੰ ਠੀਕ ਕਰ ਦੇਵੇ ਕਿਉਂਕਿ ਮੁੰਡਾ ਮਰਨ ਕਿਨਾਰੇ ਸੀ। 48 ਪਰ ਯਿਸੂ ਨੇ ਉਸ ਨੂੰ ਕਿਹਾ: “ਨਿਸ਼ਾਨੀਆਂ ਅਤੇ ਕਰਾਮਾਤਾਂ ਦੇਖੇ ਬਗੈਰ ਤੁਸੀਂ ਲੋਕ ਕਦੀ ਵਿਸ਼ਵਾਸ ਨਹੀਂ ਕਰੋਗੇ।”+ 49 ਰਾਜੇ ਦੇ ਕਰਮਚਾਰੀ ਨੇ ਉਸ ਨੂੰ ਕਿਹਾ: “ਪ੍ਰਭੂ, ਮੇਰੇ ਬੱਚੇ ਦੇ ਮਰਨ ਤੋਂ ਪਹਿਲਾਂ-ਪਹਿਲਾਂ ਮੇਰੇ ਨਾਲ ਚੱਲ।” 50 ਯਿਸੂ ਨੇ ਉਸ ਨੂੰ ਕਿਹਾ: “ਜਾਹ, ਤੇਰਾ ਪੁੱਤਰ ਜੀਉਂਦਾ ਰਹੇਗਾ।”+ ਉਹ ਆਦਮੀ ਯਿਸੂ ਦੀ ਗੱਲ ʼਤੇ ਯਕੀਨ ਕਰ ਕੇ ਚਲਾ ਗਿਆ। 51 ਪਰ ਅਜੇ ਉਹ ਰਾਹ ਵਿਚ ਹੀ ਸੀ ਕਿ ਉਸ ਦੇ ਨੌਕਰਾਂ ਨੇ ਆ ਕੇ ਦੱਸਿਆ ਕਿ ਉਸ ਦਾ ਮੁੰਡਾ ਬਚ ਗਿਆ ਸੀ।* 52 ਇਸ ਲਈ ਉਸ ਨੇ ਉਨ੍ਹਾਂ ਤੋਂ ਪੁੱਛਿਆ ਕਿ ਮੁੰਡਾ ਕਿਸ ਵੇਲੇ ਠੀਕ ਹੋਇਆ ਸੀ। ਉਨ੍ਹਾਂ ਨੇ ਉਸ ਨੂੰ ਦੱਸਿਆ: “ਕੱਲ੍ਹ ਦੁਪਹਿਰੇ ਇਕ ਕੁ ਵਜੇ* ਉਸ ਦਾ ਬੁਖ਼ਾਰ ਉੱਤਰ ਗਿਆ ਸੀ।” 53 ਮੁੰਡੇ ਦਾ ਪਿਤਾ ਜਾਣਦਾ ਸੀ ਕਿ ਇਸੇ ਸਮੇਂ ਯਿਸੂ ਨੇ ਉਸ ਨੂੰ ਕਿਹਾ ਸੀ: “ਤੇਰਾ ਮੁੰਡਾ ਜੀਉਂਦਾ ਰਹੇਗਾ।”+ ਇਸ ਲਈ ਉਸ ਨੇ ਅਤੇ ਉਸ ਦੇ ਘਰ ਦੇ ਸਾਰੇ ਜੀਆਂ ਨੇ ਨਿਹਚਾ ਕੀਤੀ। 54 ਯਹੂਦਿਯਾ ਤੋਂ ਵਾਪਸ ਆ ਕੇ ਯਿਸੂ ਨੇ ਗਲੀਲ ਵਿਚ ਇਹ ਦੂਜਾ ਚਮਤਕਾਰ ਕੀਤਾ ਸੀ।+
5 ਇਸ ਤੋਂ ਬਾਅਦ ਯਹੂਦੀਆਂ ਦਾ ਇਕ ਤਿਉਹਾਰ ਸੀ+ ਅਤੇ ਯਿਸੂ ਯਰੂਸ਼ਲਮ ਨੂੰ ਗਿਆ। 2 ਯਰੂਸ਼ਲਮ ਵਿਚ ਭੇਡ ਫਾਟਕ+ ਲਾਗੇ ਇਕ ਸਰੋਵਰ ਸੀ ਜਿਸ ਦਾ ਇਬਰਾਨੀ ਵਿਚ ਨਾਂ ਬੇਥਜ਼ਥਾ ਸੀ ਅਤੇ ਇਸ ਦੇ ਆਲੇ-ਦੁਆਲੇ ਥੰਮ੍ਹਾਂ ਵਾਲਾ ਬਰਾਂਡਾ ਸੀ। 3 ਉਸ ਬਰਾਂਡੇ ਵਿਚ ਬਹੁਤ ਸਾਰੇ ਬੀਮਾਰ, ਅੰਨ੍ਹੇ, ਲੰਗੜੇ ਅਤੇ ਹੋਰ ਅਪਾਹਜ* ਲੋਕ ਲੰਮੇ ਪਏ ਹੋਏ ਸਨ। 4 *— 5 ਪਰ ਉੱਥੇ ਇਕ ਆਦਮੀ ਸੀ ਜਿਹੜਾ 38 ਸਾਲਾਂ ਤੋਂ ਬੀਮਾਰ ਸੀ। 6 ਯਿਸੂ ਜਾਣਦਾ ਸੀ ਕਿ ਉਹ ਆਦਮੀ ਕਾਫ਼ੀ ਸਮੇਂ ਤੋਂ ਬੀਮਾਰ ਸੀ ਅਤੇ ਉਸ ਨੂੰ ਲੰਮਾ ਪਿਆ ਦੇਖ ਕੇ ਉਸ ਨੇ ਕਿਹਾ: “ਕੀ ਤੂੰ ਠੀਕ ਹੋਣਾ ਚਾਹੁੰਦਾ ਹੈਂ?”+ 7 ਉਸ ਬੀਮਾਰ ਆਦਮੀ ਨੇ ਕਿਹਾ: “ਸਾਹਬ ਜੀ, ਮੇਰੇ ਨਾਲ ਕੋਈ ਨਹੀਂ ਹੈ ਜਿਹੜਾ ਮੈਨੂੰ ਉਦੋਂ ਸਰੋਵਰ ਵਿਚ ਲੈ ਜਾਵੇ ਜਦੋਂ ਪਾਣੀ ਵਿਚ ਹਲਚਲ ਹੁੰਦੀ ਹੈ। ਮੇਰੇ ਪਾਣੀ ਵਿਚ ਜਾਣ ਤੋਂ ਪਹਿਲਾਂ ਹੀ ਕੋਈ ਹੋਰ ਪਾਣੀ ਵਿਚ ਚਲਾ ਜਾਂਦਾ ਹੈ।” 8 ਯਿਸੂ ਨੇ ਉਸ ਨੂੰ ਕਿਹਾ: “ਉੱਠ, ਆਪਣੀ ਚਟਾਈ* ਚੁੱਕ ਤੇ ਤੁਰ-ਫਿਰ।”+ 9 ਉਹ ਆਦਮੀ ਉਸੇ ਵੇਲੇ ਠੀਕ ਹੋ ਗਿਆ ਅਤੇ ਆਪਣੀ ਚਟਾਈ* ਚੁੱਕ ਕੇ ਤੁਰਨ ਲੱਗ ਪਿਆ।
ਇਹ ਸਬਤ ਦਾ ਦਿਨ ਸੀ। 10 ਇਸ ਲਈ, ਕੁਝ ਯਹੂਦੀ ਉਸ ਆਦਮੀ ਨੂੰ ਜਿਸ ਨੂੰ ਠੀਕ ਕੀਤਾ ਗਿਆ ਸੀ, ਕਹਿਣ ਲੱਗੇ: “ਅੱਜ ਸਬਤ ਦਾ ਦਿਨ ਹੈ ਅਤੇ ਤੇਰੇ ਲਈ ਚਟਾਈ* ਚੁੱਕਣੀ ਜਾਇਜ਼ ਨਹੀਂ ਹੈ।”+ 11 ਪਰ ਉਸ ਨੇ ਉਨ੍ਹਾਂ ਨੂੰ ਕਿਹਾ: “ਜਿਸ ਨੇ ਮੈਨੂੰ ਠੀਕ ਕੀਤਾ, ਉਸੇ ਨੇ ਮੈਨੂੰ ਕਿਹਾ ਸੀ, ‘ਆਪਣੀ ਚਟਾਈ* ਚੁੱਕ ਅਤੇ ਤੁਰ-ਫਿਰ।’” 12 ਉਨ੍ਹਾਂ ਨੇ ਉਸ ਨੂੰ ਪੁੱਛਿਆ: “ਤੈਨੂੰ ਕਿਸ ਨੇ ਕਿਹਾ ਸੀ, ‘ਆਪਣੀ ਚਟਾਈ* ਚੁੱਕ ਅਤੇ ਤੁਰ-ਫਿਰ’?” 13 ਪਰ ਉਸ ਆਦਮੀ ਨੂੰ ਪਤਾ ਨਹੀਂ ਸੀ ਕਿ ਕਿਸ ਨੇ ਉਸ ਨੂੰ ਠੀਕ ਕੀਤਾ ਸੀ ਕਿਉਂਕਿ ਯਿਸੂ ਭੀੜ ਵਿਚ ਰਲ਼ ਗਿਆ ਸੀ।
14 ਇਸ ਤੋਂ ਬਾਅਦ ਯਿਸੂ ਉਸ ਆਦਮੀ ਨੂੰ ਮੰਦਰ ਵਿਚ ਮਿਲਿਆ ਅਤੇ ਉਸ ਨੂੰ ਕਿਹਾ: “ਦੇਖ, ਤੂੰ ਠੀਕ ਹੋ ਗਿਆ ਹੈਂ। ਅੱਗੇ ਤੋਂ ਪਾਪ ਨਾ ਕਰੀਂ ਤਾਂਕਿ ਤੇਰੇ ਨਾਲ ਇਸ ਤੋਂ ਵੀ ਬੁਰਾ ਨਾ ਹੋਵੇ।” 15 ਤਦ ਉਸ ਆਦਮੀ ਨੇ ਜਾ ਕੇ ਯਹੂਦੀਆਂ ਨੂੰ ਦੱਸਿਆ ਕਿ ਯਿਸੂ ਨੇ ਹੀ ਉਸ ਨੂੰ ਚੰਗਾ ਕੀਤਾ ਸੀ। 16 ਇਸ ਕਰਕੇ ਯਹੂਦੀ ਯਿਸੂ ਨੂੰ ਬੁਰਾ-ਭਲਾ ਕਹਿਣ ਲੱਗ ਪਏ ਕਿਉਂਕਿ ਉਹ ਇਹ ਸਭ ਕੰਮ ਸਬਤ ਦੇ ਦਿਨ ਕਰ ਰਿਹਾ ਸੀ। 17 ਪਰ ਯਿਸੂ ਨੇ ਉਨ੍ਹਾਂ ਨੂੰ ਕਿਹਾ: “ਮੇਰਾ ਪਿਤਾ ਅਜੇ ਤਕ ਕੰਮ ਕਰ ਰਿਹਾ ਹੈ, ਇਸ ਲਈ ਮੈਂ ਵੀ ਕੰਮ ਕਰਦਾ ਰਹਿੰਦਾ ਹਾਂ।”+ 18 ਇਸ ਕਰਕੇ ਯਹੂਦੀ ਉਸ ਨੂੰ ਮਾਰਨ ਲਈ ਹੋਰ ਵੀ ਉਤਾਵਲੇ ਹੋ ਗਏ ਕਿਉਂਕਿ ਉਨ੍ਹਾਂ ਮੁਤਾਬਕ ਉਸ ਨੇ ਨਾ ਸਿਰਫ਼ ਸਬਤ ਦਾ ਨਿਯਮ ਤੋੜਿਆ ਸੀ, ਸਗੋਂ ਪਰਮੇਸ਼ੁਰ ਨੂੰ ਆਪਣਾ ਪਿਤਾ ਕਹਿ ਕੇ+ ਆਪਣੇ ਆਪ ਨੂੰ ਪਰਮੇਸ਼ੁਰ ਦੇ ਬਰਾਬਰ ਬਣਾਇਆ ਸੀ।+
19 ਇਸ ਲਈ ਯਿਸੂ ਨੇ ਉਨ੍ਹਾਂ ਨੂੰ ਜਵਾਬ ਦਿੱਤਾ: “ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ ਕਿ ਪੁੱਤਰ ਆਪਣੀ ਮਰਜ਼ੀ ਨਾਲ ਕੁਝ ਵੀ ਨਹੀਂ ਕਰ ਸਕਦਾ, ਪਰ ਆਪਣੇ ਪਿਤਾ ਨੂੰ ਜੋ ਕਰਦਿਆਂ ਦੇਖਦਾ ਹੈ,+ ਪੁੱਤਰ ਸਿਰਫ਼ ਉਹੀ ਕਰਦਾ ਹੈ। ਜੋ ਕੰਮ ਪਿਤਾ ਕਰਦਾ ਹੈ, ਪੁੱਤਰ ਵੀ ਉਹੀ ਕੰਮ ਕਰਦਾ ਹੈ। 20 ਪਿਤਾ ਪੁੱਤਰ ਨਾਲ ਮੋਹ ਰੱਖਦਾ ਹੈ+ ਅਤੇ ਉਸ ਨੂੰ ਉਹ ਸਾਰੇ ਕੰਮ ਦਿਖਾਉਂਦਾ ਹੈ ਜੋ ਉਹ ਆਪ ਕਰਦਾ ਹੈ ਅਤੇ ਉਹ ਉਸ ਨੂੰ ਇਨ੍ਹਾਂ ਨਾਲੋਂ ਵੀ ਵੱਡੇ-ਵੱਡੇ ਕੰਮ ਦਿਖਾਵੇਗਾ ਤਾਂਕਿ ਤੁਹਾਨੂੰ ਹੈਰਾਨੀ ਹੋਵੇ।+ 21 ਠੀਕ ਜਿਵੇਂ ਪਿਤਾ ਮਰਿਆਂ ਨੂੰ ਜੀਉਂਦਾ ਕਰਦਾ ਹੈ ਅਤੇ ਉਨ੍ਹਾਂ ਨੂੰ ਜ਼ਿੰਦਗੀ ਬਖ਼ਸ਼ਦਾ ਹੈ,+ ਉਸੇ ਤਰ੍ਹਾਂ ਪੁੱਤਰ ਵੀ ਜਿਨ੍ਹਾਂ ਨੂੰ ਚਾਹੁੰਦਾ ਹੈ, ਉਨ੍ਹਾਂ ਨੂੰ ਜ਼ਿੰਦਗੀ ਬਖ਼ਸ਼ਦਾ ਹੈ।+ 22 ਪਿਤਾ ਆਪ ਕਿਸੇ ਦਾ ਨਿਆਂ ਨਹੀਂ ਕਰਦਾ, ਸਗੋਂ ਉਸ ਨੇ ਨਿਆਂ ਕਰਨ ਦੀ ਸਾਰੀ ਜ਼ਿੰਮੇਵਾਰੀ ਪੁੱਤਰ ਨੂੰ ਸੌਂਪੀ ਹੈ+ 23 ਤਾਂਕਿ ਸਾਰੇ ਪੁੱਤਰ ਦਾ ਆਦਰ ਕਰਨ ਜਿਵੇਂ ਉਹ ਪਿਤਾ ਦਾ ਆਦਰ ਕਰਦੇ ਹਨ। ਜਿਹੜਾ ਪੁੱਤਰ ਦਾ ਆਦਰ ਨਹੀਂ ਕਰਦਾ, ਉਹ ਪਿਤਾ ਦਾ ਵੀ ਆਦਰ ਨਹੀਂ ਕਰਦਾ ਜਿਸ ਨੇ ਉਸ ਨੂੰ ਘੱਲਿਆ ਸੀ।+ 24 ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ, ਜਿਹੜਾ ਮੇਰੀ ਆਵਾਜ਼ ਸੁਣਦਾ ਹੈ ਅਤੇ ਮੇਰੇ ਘੱਲਣ ਵਾਲੇ ਉੱਤੇ ਵਿਸ਼ਵਾਸ ਕਰਦਾ ਹੈ, ਉਸ ਨੂੰ ਹਮੇਸ਼ਾ ਦੀ ਜ਼ਿੰਦਗੀ ਮਿਲਦੀ ਹੈ।+ ਉਸ ਨੂੰ ਸਜ਼ਾ ਨਹੀਂ ਮਿਲਦੀ, ਸਗੋਂ ਉਸ ਨੇ ਮੌਤ ਤੋਂ ਛੁੱਟ ਕੇ ਜ਼ਿੰਦਗੀ ਪਾ ਲਈ ਹੈ।+
25 “ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ ਕਿ ਉਹ ਸਮਾਂ ਆ ਰਿਹਾ ਹੈ, ਸਗੋਂ ਹੁਣ ਹੈ ਜਦੋਂ ਮਰੇ ਹੋਏ ਲੋਕ ਪਰਮੇਸ਼ੁਰ ਦੇ ਪੁੱਤਰ ਦੀ ਆਵਾਜ਼ ਸੁਣਨਗੇ ਅਤੇ ਜਿਹੜੇ ਉਸ ਦੀ ਗੱਲ ਵੱਲ ਧਿਆਨ ਦੇਣਗੇ, ਉਹ ਜੀਉਂਦੇ ਰਹਿਣਗੇ। 26 ਜਿਸ ਤਰ੍ਹਾਂ ਪਿਤਾ ਕੋਲ ਜ਼ਿੰਦਗੀ ਦੇਣ ਦੀ ਸ਼ਕਤੀ ਹੈ,*+ ਉਸੇ ਤਰ੍ਹਾਂ ਉਸ ਨੇ ਪੁੱਤਰ ਨੂੰ ਵੀ ਜ਼ਿੰਦਗੀ ਦੇਣ ਦੀ ਸ਼ਕਤੀ ਦਿੱਤੀ ਹੈ।+ 27 ਨਾਲੇ ਪਿਤਾ ਨੇ ਉਸ ਨੂੰ ਨਿਆਂ ਕਰਨ ਦਾ ਅਧਿਕਾਰ ਦਿੱਤਾ ਹੈ+ ਕਿਉਂਕਿ ਉਹ ਮਨੁੱਖ ਦਾ ਪੁੱਤਰ ਹੈ।+ 28 ਇਸ ਗੱਲੋਂ ਹੈਰਾਨ ਨਾ ਹੋਵੋ ਕਿਉਂਕਿ ਉਹ ਸਮਾਂ ਆ ਰਿਹਾ ਹੈ ਜਦੋਂ ਕਬਰਾਂ* ਵਿਚ ਪਏ ਸਾਰੇ ਲੋਕ ਉਸ ਦੀ ਆਵਾਜ਼ ਸੁਣਨਗੇ+ 29 ਅਤੇ ਬਾਹਰ ਨਿਕਲ ਆਉਣਗੇ ਅਤੇ ਜਿਨ੍ਹਾਂ ਨੇ ਚੰਗੇ ਕੰਮ ਕੀਤੇ ਸਨ, ਉਨ੍ਹਾਂ ਨੂੰ ਜ਼ਿੰਦਗੀ ਪਾਉਣ ਲਈ ਜੀਉਂਦਾ ਕੀਤਾ ਜਾਵੇਗਾ ਅਤੇ ਜਿਹੜੇ ਨੀਚ ਕੰਮਾਂ ਵਿਚ ਲੱਗੇ ਰਹੇ, ਉਨ੍ਹਾਂ ਨੂੰ ਨਿਆਂ ਲਈ ਜੀਉਂਦਾ ਕੀਤਾ ਜਾਵੇਗਾ।+ 30 ਮੈਂ ਆਪਣੀ ਮਰਜ਼ੀ ਨਾਲ ਕੁਝ ਨਹੀਂ ਕਰ ਸਕਦਾ। ਪਰ ਜਿਵੇਂ ਪਿਤਾ ਮੈਨੂੰ ਦੱਸਦਾ ਹੈ, ਮੈਂ ਉਸੇ ਤਰ੍ਹਾਂ ਨਿਆਂ ਕਰਦਾ ਹਾਂ ਅਤੇ ਮੇਰਾ ਨਿਆਂ ਸਹੀ ਹੈ+ ਕਿਉਂਕਿ ਮੈਂ ਆਪਣੀ ਇੱਛਾ ਨਹੀਂ ਸਗੋਂ ਉਸ ਦੀ ਇੱਛਾ ਪੂਰੀ ਕਰਨੀ ਚਾਹੁੰਦਾ ਹਾਂ ਜਿਸ ਨੇ ਮੈਨੂੰ ਘੱਲਿਆ ਹੈ।+
31 “ਜੇ ਮੈਂ ਇਕੱਲਾ ਹੀ ਆਪਣੇ ਬਾਰੇ ਗਵਾਹੀ ਦੇਵਾਂ, ਤਾਂ ਲੋਕ ਮੇਰੀ ਗਵਾਹੀ ਨੂੰ ਸੱਚ ਨਹੀਂ ਮੰਨਣਗੇ।+ 32 ਪਰ ਇਕ ਹੋਰ ਜਣਾ ਹੈ ਜੋ ਮੇਰੇ ਬਾਰੇ ਗਵਾਹੀ ਦਿੰਦਾ ਹੈ ਅਤੇ ਮੈਂ ਜਾਣਦਾ ਹਾਂ ਕਿ ਮੇਰੇ ਬਾਰੇ ਉਸ ਦੀ ਗਵਾਹੀ ਸੱਚੀ ਹੈ।+ 33 ਤੁਸੀਂ ਯੂਹੰਨਾ ਕੋਲ ਆਦਮੀ ਘੱਲੇ ਅਤੇ ਉਸ ਨੇ ਸੱਚਾਈ ਬਾਰੇ ਗਵਾਹੀ ਦਿੱਤੀ ਹੈ।+ 34 ਪਰ ਮੈਨੂੰ ਕਿਸੇ ਆਦਮੀ ਦੀ ਗਵਾਹੀ ਦੀ ਲੋੜ ਨਹੀਂ ਹੈ, ਫਿਰ ਵੀ ਮੈਂ ਇਹ ਗੱਲਾਂ ਇਸ ਕਰਕੇ ਕਹਿ ਰਿਹਾ ਹਾਂ ਤਾਂਕਿ ਤੁਸੀਂ ਬਚਾਏ ਜਾਵੋ। 35 ਯੂਹੰਨਾ ਬਲ਼ਦਾ ਅਤੇ ਜਗਮਗਾਉਂਦਾ ਦੀਵਾ ਸੀ ਅਤੇ ਤੁਸੀਂ ਉਸ ਦੇ ਚਾਨਣ ਵਿਚ ਥੋੜ੍ਹੇ ਚਿਰ ਲਈ ਖ਼ੁਸ਼ੀਆਂ ਮਨਾਉਣੀਆਂ ਚਾਹੀਆਂ।+ 36 ਪਰ ਮੇਰੇ ਕੋਲ ਇਕ ਅਜਿਹੀ ਗਵਾਹੀ ਹੈ ਜੋ ਯੂਹੰਨਾ ਦੀ ਗਵਾਹੀ ਨਾਲੋਂ ਵੀ ਪੱਕੀ ਹੈ। ਇਹ ਗਵਾਹੀ ਹੈ ਉਹ ਕੰਮ ਜੋ ਮੇਰੇ ਪਿਤਾ ਨੇ ਮੈਨੂੰ ਕਰਨ ਲਈ ਦਿੱਤੇ ਸਨ ਅਤੇ ਜੋ ਮੈਂ ਕਰ ਰਿਹਾ ਹਾਂ। ਇਹ ਕੰਮ ਗਵਾਹੀ ਦਿੰਦੇ ਹਨ ਕਿ ਪਿਤਾ ਨੇ ਮੈਨੂੰ ਘੱਲਿਆ ਹੈ।+ 37 ਨਾਲੇ ਪਿਤਾ ਨੇ ਵੀ ਮੇਰੇ ਬਾਰੇ ਗਵਾਹੀ ਦਿੱਤੀ ਹੈ ਜਿਸ ਨੇ ਮੈਨੂੰ ਘੱਲਿਆ ਹੈ।+ ਤੁਸੀਂ ਨਾ ਕਦੀ ਉਸ ਦੀ ਆਵਾਜ਼ ਸੁਣੀ ਹੈ ਤੇ ਨਾ ਹੀ ਉਸ ਦਾ ਰੂਪ ਦੇਖਿਆ ਹੈ+ 38 ਅਤੇ ਤੁਹਾਡੇ ਦਿਲ ਵਿਚ ਉਸ ਦਾ ਬਚਨ ਨਹੀਂ ਹੈ ਕਿਉਂਕਿ ਤੁਸੀਂ ਉਸ ਉੱਤੇ ਹੀ ਵਿਸ਼ਵਾਸ ਨਹੀਂ ਕਰਦੇ ਜਿਸ ਨੂੰ ਉਸ ਨੇ ਘੱਲਿਆ ਹੈ।
39 “ਤੁਸੀਂ ਧਰਮ-ਗ੍ਰੰਥ ਦੀ ਖੋਜਬੀਨ ਕਰਦੇ ਹੋ+ ਕਿਉਂਕਿ ਤੁਸੀਂ ਸੋਚਦੇ ਹੋ ਕਿ ਇਸ ਦੇ ਜ਼ਰੀਏ ਤੁਹਾਨੂੰ ਹਮੇਸ਼ਾ ਦੀ ਜ਼ਿੰਦਗੀ ਮਿਲੇਗੀ; ਧਰਮ-ਗ੍ਰੰਥ ਹੀ ਮੇਰੇ ਬਾਰੇ ਗਵਾਹੀ ਦਿੰਦਾ ਹੈ।+ 40 ਫਿਰ ਵੀ ਤੁਸੀਂ ਮੇਰੇ ਕੋਲ ਆਉਣਾ ਨਹੀਂ ਚਾਹੁੰਦੇ+ ਕਿ ਤੁਸੀਂ ਜ਼ਿੰਦਗੀ ਪਾ ਸਕੋ। 41 ਮੈਂ ਇਨਸਾਨਾਂ ਤੋਂ ਆਪਣੀ ਮਹਿਮਾ ਨਹੀਂ ਕਰਾਉਣੀ ਚਾਹੁੰਦਾ, 42 ਪਰ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਤੁਹਾਡੇ ਦਿਲਾਂ ਵਿਚ ਪਰਮੇਸ਼ੁਰ ਲਈ ਪਿਆਰ ਨਹੀਂ ਹੈ। 43 ਮੈਂ ਆਪਣੇ ਪਿਤਾ ਦੇ ਨਾਂ ʼਤੇ ਆਇਆ ਹਾਂ, ਪਰ ਤੁਸੀਂ ਮੈਨੂੰ ਕਬੂਲ ਨਹੀਂ ਕਰਦੇ। ਜੇ ਹੋਰ ਕੋਈ ਆਪਣੇ ਨਾਂ ʼਤੇ ਆਇਆ ਹੁੰਦਾ, ਤਾਂ ਤੁਸੀਂ ਉਸ ਨੂੰ ਜ਼ਰੂਰ ਕਬੂਲ ਕਰ ਲੈਂਦੇ। 44 ਤੁਸੀਂ ਮੇਰਾ ਵਿਸ਼ਵਾਸ ਕਿਵੇਂ ਕਰ ਸਕਦੇ ਹੋ ਜਦੋਂ ਕਿ ਤੁਸੀਂ ਇਕ-ਦੂਜੇ ਤੋਂ ਆਪਣੀ ਮਹਿਮਾ ਕਰਾਉਂਦੇ ਹੋ ਅਤੇ ਉਹ ਮਹਿਮਾ ਨਹੀਂ ਚਾਹੁੰਦੇ ਜੋ ਇੱਕੋ-ਇਕ ਪਰਮੇਸ਼ੁਰ ਦਿੰਦਾ ਹੈ?+ 45 ਇਹ ਨਾ ਸੋਚੋ ਕਿ ਮੈਂ ਪਿਤਾ ਸਾਮ੍ਹਣੇ ਤੁਹਾਡੇ ਉੱਤੇ ਦੋਸ਼ ਲਾਵਾਂਗਾ; ਇਕ ਹੈ ਜੋ ਤੁਹਾਨੂੰ ਦੋਸ਼ੀ ਠਹਿਰਾਉਂਦਾ ਹੈ, ਉਹ ਹੈ ਮੂਸਾ+ ਜਿਸ ਉੱਤੇ ਤੁਸੀਂ ਉਮੀਦ ਲਾਈ ਬੈਠੇ ਹੋ। 46 ਅਸਲ ਵਿਚ, ਜੇ ਤੁਸੀਂ ਮੂਸਾ ਉੱਤੇ ਵਿਸ਼ਵਾਸ ਕਰਦੇ, ਤਾਂ ਤੁਸੀਂ ਮੇਰੇ ਉੱਤੇ ਵੀ ਵਿਸ਼ਵਾਸ ਕਰਦੇ ਕਿਉਂਕਿ ਉਸ ਨੇ ਮੇਰੇ ਬਾਰੇ ਲਿਖਿਆ ਸੀ।+ 47 ਪਰ ਜੇ ਤੁਸੀਂ ਉਸ ਦੀਆਂ ਲਿਖਤਾਂ ਉੱਤੇ ਵਿਸ਼ਵਾਸ ਨਹੀਂ ਕਰਦੇ, ਤਾਂ ਤੁਸੀਂ ਮੇਰੀਆਂ ਗੱਲਾਂ ਉੱਤੇ ਵਿਸ਼ਵਾਸ ਕਿਵੇਂ ਕਰੋਗੇ?”
6 ਇਸ ਤੋਂ ਬਾਅਦ, ਯਿਸੂ ਗਲੀਲ ਦੀ ਝੀਲ ਯਾਨੀ ਤਿਬਰਿਆਸ ਦੀ ਝੀਲ ਦੇ ਦੂਜੇ ਪਾਸੇ ਚਲਾ ਗਿਆ।+ 2 ਪਰ ਲੋਕਾਂ ਦੀ ਵੱਡੀ ਭੀੜ ਉਸ ਦੇ ਪਿੱਛੇ-ਪਿੱਛੇ ਆਉਂਦੀ ਰਹੀ+ ਕਿਉਂਕਿ ਲੋਕ ਦੇਖ ਰਹੇ ਸਨ ਕਿ ਉਹ ਚਮਤਕਾਰ ਕਰ ਕੇ ਬੀਮਾਰਾਂ ਨੂੰ ਠੀਕ ਕਰ ਰਿਹਾ ਸੀ।+ 3 ਇਸ ਲਈ ਯਿਸੂ ਆਪਣੇ ਚੇਲਿਆਂ ਨਾਲ ਇਕ ਪਹਾੜ ਉੱਤੇ ਚਲਾ ਗਿਆ ਅਤੇ ਉਹ ਉੱਥੇ ਬੈਠ ਗਏ। 4 ਉਦੋਂ ਯਹੂਦੀਆਂ ਦਾ ਪਸਾਹ ਦਾ ਤਿਉਹਾਰ+ ਲਾਗੇ ਸੀ। 5 ਜਦੋਂ ਯਿਸੂ ਨੇ ਨਜ਼ਰਾਂ ਉਤਾਂਹ ਚੁੱਕ ਕੇ ਵੱਡੀ ਭੀੜ ਨੂੰ ਆਪਣੇ ਵੱਲ ਆਉਂਦਿਆਂ ਦੇਖਿਆ, ਤਾਂ ਉਸ ਨੇ ਫ਼ਿਲਿੱਪੁਸ ਨੂੰ ਪੁੱਛਿਆ: “ਅਸੀਂ ਇਨ੍ਹਾਂ ਲੋਕਾਂ ਲਈ ਰੋਟੀਆਂ ਕਿੱਥੋਂ ਖ਼ਰੀਦੀਏ?”+ 6 ਯਿਸੂ ਜਾਣਦਾ ਸੀ ਕਿ ਉਹ ਕੀ ਕਰਨ ਵਾਲਾ ਸੀ, ਫਿਰ ਵੀ ਉਸ ਨੇ ਫ਼ਿਲਿੱਪੁਸ ਨੂੰ ਪਰਖਣ ਲਈ ਇਹ ਪੁੱਛਿਆ ਸੀ। 7 ਫ਼ਿਲਿੱਪੁਸ ਨੇ ਉਸ ਨੂੰ ਜਵਾਬ ਦਿੱਤਾ: “ਜੇ ਹਰੇਕ ਨੂੰ ਥੋੜ੍ਹੀ-ਥੋੜ੍ਹੀ ਵੀ ਰੋਟੀ ਦਿੱਤੀ ਜਾਵੇ, ਤਾਂ 200 ਦੀਨਾਰ* ਦੀਆਂ ਰੋਟੀਆਂ ਨਾਲ ਵੀ ਨਹੀਂ ਸਰਨਾ।” 8 ਉਸ ਦੇ ਇਕ ਚੇਲੇ ਅੰਦ੍ਰਿਆਸ ਨੇ, ਜਿਹੜਾ ਸ਼ਮਊਨ ਪਤਰਸ ਦਾ ਭਰਾ ਸੀ, ਉਸ ਨੂੰ ਦੱਸਿਆ: 9 “ਇੱਥੇ ਇਕ ਮੁੰਡੇ ਕੋਲ ਜੌਆਂ ਦੀਆਂ ਪੰਜ ਰੋਟੀਆਂ ਤੇ ਦੋ ਛੋਟੀਆਂ-ਛੋਟੀਆਂ ਮੱਛੀਆਂ ਹਨ। ਪਰ ਇਨ੍ਹਾਂ ਨਾਲ ਇੰਨੇ ਸਾਰੇ ਲੋਕਾਂ ਦਾ ਕਿੱਦਾਂ ਸਰੂ?”+
10 ਯਿਸੂ ਨੇ ਕਿਹਾ: “ਲੋਕਾਂ ਨੂੰ ਬਿਠਾਓ।” ਉੱਥੇ ਕਾਫ਼ੀ ਘਾਹ ਹੋਣ ਕਰਕੇ ਲੋਕ ਥੱਲੇ ਬੈਠ ਗਏ। ਭੀੜ ਵਿਚ ਤਕਰੀਬਨ 5,000 ਆਦਮੀ ਸਨ।+ 11 ਯਿਸੂ ਨੇ ਰੋਟੀਆਂ ਲੈ ਕੇ ਪਰਮੇਸ਼ੁਰ ਦਾ ਧੰਨਵਾਦ ਕੀਤਾ ਅਤੇ ਲੋਕਾਂ ਵਿਚ ਵੰਡ ਦਿੱਤੀਆਂ; ਨਾਲੇ ਉਸ ਨੇ ਉਨ੍ਹਾਂ ਨੂੰ ਰੱਜ ਕੇ ਖਾਣ ਲਈ ਮੱਛੀਆਂ ਵੀ ਦਿੱਤੀਆਂ। 12 ਫਿਰ ਜਦੋਂ ਲੋਕ ਰੱਜ ਗਏ, ਤਾਂ ਉਸ ਨੇ ਆਪਣੇ ਚੇਲਿਆਂ ਨੂੰ ਕਿਹਾ: “ਸਾਰੇ ਬਚੇ ਹੋਏ ਟੁਕੜੇ ਇਕੱਠੇ ਕਰ ਲਓ ਤਾਂਕਿ ਇਹ ਬੇਕਾਰ ਨਾ ਜਾਣ।” 13 ਇਸ ਲਈ ਲੋਕਾਂ ਦੇ ਖਾ ਹਟਣ ਤੋਂ ਬਾਅਦ ਉਨ੍ਹਾਂ ਨੇ ਜੌਆਂ ਦੀਆਂ ਪੰਜ ਰੋਟੀਆਂ ਦੇ ਬਚੇ ਹੋਏ ਟੁਕੜੇ ਇਕੱਠੇ ਕਰ ਲਏ ਅਤੇ ਇਨ੍ਹਾਂ ਨਾਲ 12 ਟੋਕਰੀਆਂ ਭਰ ਗਈਆਂ।
14 ਜਦੋਂ ਲੋਕਾਂ ਨੇ ਉਸ ਦੇ ਚਮਤਕਾਰ ਦੇਖੇ, ਤਾਂ ਉਹ ਕਹਿਣ ਲੱਗੇ: “ਇਹ ਸੱਚ-ਮੁੱਚ ਉਹੀ ਨਬੀ ਹੈ ਜਿਸ ਦੇ ਦੁਨੀਆਂ ਵਿਚ ਆਉਣ ਦੀ ਭਵਿੱਖਬਾਣੀ ਕੀਤੀ ਗਈ ਸੀ।”+ 15 ਫਿਰ ਯਿਸੂ ਜਾਣ ਗਿਆ ਕਿ ਉਹ ਉਸ ਨੂੰ ਫੜ ਕੇ ਜ਼ਬਰਦਸਤੀ ਰਾਜਾ ਬਣਾਉਣ ਵਾਲੇ ਸਨ,+ ਇਸ ਲਈ ਉਹ ਇਕੱਲਾ ਹੀ ਦੁਬਾਰਾ ਪਹਾੜ ʼਤੇ ਚਲਾ ਗਿਆ।+
16 ਸ਼ਾਮ ਪੈਣ ਤੇ ਉਸ ਦੇ ਚੇਲੇ ਝੀਲ ʼਤੇ ਗਏ+ 17 ਅਤੇ ਕਿਸ਼ਤੀ ਵਿਚ ਬੈਠ ਕੇ ਝੀਲ ਤੋਂ ਪਾਰ ਕਫ਼ਰਨਾਹੂਮ ਵੱਲ ਨੂੰ ਚੱਲ ਪਏ। ਉਸ ਵੇਲੇ ਤਕ ਹਨੇਰਾ ਹੋ ਚੁੱਕਾ ਸੀ ਅਤੇ ਯਿਸੂ ਅਜੇ ਉਨ੍ਹਾਂ ਕੋਲ ਨਹੀਂ ਆਇਆ ਸੀ।+ 18 ਨਾਲੇ ਤੇਜ਼ ਹਨੇਰੀ ਵਗਦੀ ਹੋਣ ਕਰਕੇ ਝੀਲ ਵਿਚ ਹਲਚਲ ਮਚੀ ਹੋਈ ਸੀ।+ 19 ਜਦੋਂ ਚੇਲੇ ਕਿਸ਼ਤੀ ਵਿਚ ਲਗਭਗ ਪੰਜ ਕਿਲੋਮੀਟਰ* ਜਾ ਚੁੱਕੇ ਸਨ, ਤਾਂ ਉਨ੍ਹਾਂ ਨੇ ਯਿਸੂ ਨੂੰ ਪਾਣੀ ਉੱਪਰ ਤੁਰਦਿਆਂ ਅਤੇ ਕਿਸ਼ਤੀ ਵੱਲ ਆਉਂਦਿਆਂ ਦੇਖਿਆ ਅਤੇ ਉਹ ਬਹੁਤ ਡਰ ਗਏ। 20 ਪਰ ਯਿਸੂ ਨੇ ਉਨ੍ਹਾਂ ਨੂੰ ਕਿਹਾ: “ਮੈਂ ਹਾਂ, ਡਰੋ ਨਾ!”+ 21 ਇਹ ਸੁਣ ਕੇ ਉਨ੍ਹਾਂ ਨੇ ਉਸ ਨੂੰ ਖ਼ੁਸ਼ੀ-ਖ਼ੁਸ਼ੀ ਕਿਸ਼ਤੀ ਵਿਚ ਚੜ੍ਹਾ ਲਿਆ ਅਤੇ ਉਹ ਛੇਤੀ ਉਸ ਜਗ੍ਹਾ ਪਹੁੰਚ ਗਏ ਜਿੱਥੇ ਉਹ ਜਾ ਰਹੇ ਸਨ।+
22 ਅਗਲੇ ਦਿਨ ਭੀੜ ਨੇ, ਜੋ ਝੀਲ ਦੇ ਦੂਜੇ ਪਾਸੇ ਰਹਿ ਗਈ ਸੀ, ਦੇਖਿਆ ਕਿ ਉੱਥੇ ਕੋਈ ਕਿਸ਼ਤੀ ਨਹੀਂ ਸੀ। ਉਨ੍ਹਾਂ ਨੇ ਦੇਖਿਆ ਸੀ ਕਿ ਉੱਥੇ ਪਹਿਲਾਂ ਜਿਹੜੀ ਛੋਟੀ ਜਿਹੀ ਕਿਸ਼ਤੀ ਸੀ, ਉਸ ਵਿਚ ਯਿਸੂ ਆਪਣੇ ਚੇਲਿਆਂ ਨਾਲ ਨਹੀਂ ਗਿਆ ਸੀ ਕਿਉਂਕਿ ਉਸ ਵਿਚ ਸਿਰਫ਼ ਚੇਲੇ ਹੀ ਗਏ ਸਨ। 23 ਫਿਰ ਤਿਬਰਿਆਸ ਸ਼ਹਿਰ ਤੋਂ ਛੋਟੀਆਂ ਕਿਸ਼ਤੀਆਂ ਉਸ ਜਗ੍ਹਾ ਦੇ ਲਾਗੇ ਆਈਆਂ ਜਿੱਥੇ ਪ੍ਰਭੂ ਦੁਆਰਾ ਧੰਨਵਾਦ ਕਰਨ ਤੋਂ ਬਾਅਦ ਉਨ੍ਹਾਂ ਨੇ ਰੋਟੀਆਂ ਖਾਧੀਆਂ ਸਨ। 24 ਇਸ ਲਈ ਜਦੋਂ ਭੀੜ ਨੇ ਦੇਖਿਆ ਕਿ ਨਾ ਤਾਂ ਯਿਸੂ ਉੱਥੇ ਸੀ ਅਤੇ ਨਾ ਹੀ ਉਸ ਦੇ ਚੇਲੇ, ਤਾਂ ਉਹ ਕਿਸ਼ਤੀਆਂ ਵਿਚ ਬੈਠ ਕੇ ਯਿਸੂ ਨੂੰ ਲੱਭਣ ਕਫ਼ਰਨਾਹੂਮ ਆਏ।
25 ਜਦੋਂ ਉਨ੍ਹਾਂ ਨੇ ਝੀਲ ਦੇ ਦੂਜੇ ਪਾਸੇ ਉਸ ਨੂੰ ਲੱਭ ਲਿਆ, ਤਾਂ ਉਨ੍ਹਾਂ ਨੇ ਉਸ ਨੂੰ ਪੁੱਛਿਆ: “ਗੁਰੂ ਜੀ,*+ ਤੂੰ ਇੱਥੇ ਕਦੋਂ ਆਇਆਂ?” 26 ਯਿਸੂ ਨੇ ਉਨ੍ਹਾਂ ਨੂੰ ਜਵਾਬ ਦਿੱਤਾ: “ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ ਕਿ ਤੁਸੀਂ ਮੈਨੂੰ ਇਸ ਕਰਕੇ ਨਹੀਂ ਲੱਭ ਰਹੇ ਕਿਉਂਕਿ ਤੁਸੀਂ ਮੇਰੇ ਚਮਤਕਾਰ ਦੇਖੇ ਸਨ, ਸਗੋਂ ਇਸ ਕਰਕੇ ਲੱਭ ਰਹੇ ਹੋ ਕਿਉਂਕਿ ਤੁਸੀਂ ਰੱਜ ਕੇ ਰੋਟੀਆਂ ਖਾਧੀਆਂ ਸਨ।+ 27 ਉਸ ਭੋਜਨ ਲਈ ਮਿਹਨਤ ਨਾ ਕਰੋ ਜਿਹੜਾ ਖ਼ਰਾਬ ਹੋ ਜਾਂਦਾ ਹੈ, ਸਗੋਂ ਉਸ ਭੋਜਨ ਲਈ ਮਿਹਨਤ ਕਰੋ ਜਿਹੜਾ ਕਦੀ ਖ਼ਰਾਬ ਨਹੀਂ ਹੁੰਦਾ ਤੇ ਹਮੇਸ਼ਾ ਦੀ ਜ਼ਿੰਦਗੀ ਦਿੰਦਾ ਹੈ।+ ਮਨੁੱਖ ਦਾ ਪੁੱਤਰ ਤੁਹਾਨੂੰ ਇਹ ਭੋਜਨ ਦੇਵੇਗਾ; ਕਿਉਂਕਿ ਉਸ ਉੱਤੇ ਪਿਤਾ ਪਰਮੇਸ਼ੁਰ ਨੇ ਆਪਣੀ ਮਨਜ਼ੂਰੀ ਦੀ ਮੁਹਰ ਲਾ ਦਿੱਤੀ ਹੈ।”+
28 ਇਸ ਲਈ ਉਨ੍ਹਾਂ ਨੇ ਉਸ ਨੂੰ ਕਿਹਾ: “ਅਸੀਂ ਪਰਮੇਸ਼ੁਰ ਦੀ ਮਨਜ਼ੂਰੀ ਪਾਉਣ ਲਈ ਕੀ ਕਰੀਏ?” 29 ਯਿਸੂ ਨੇ ਉਨ੍ਹਾਂ ਨੂੰ ਜਵਾਬ ਦਿੱਤਾ: “ਪਰਮੇਸ਼ੁਰ ਦੀ ਮਨਜ਼ੂਰੀ ਪਾਉਣ ਲਈ ਜ਼ਰੂਰੀ ਹੈ ਕਿ ਤੁਸੀਂ ਉਸ ਦੇ ਘੱਲੇ ਹੋਏ ਸੇਵਕ ਉੱਤੇ ਆਪਣੀ ਨਿਹਚਾ ਦਾ ਸਬੂਤ ਦਿਓ।”+ 30 ਤਦ ਉਨ੍ਹਾਂ ਨੇ ਉਸ ਨੂੰ ਪੁੱਛਿਆ: “ਤਾਂ ਫਿਰ, ਤੂੰ ਕਿਹੜਾ ਚਮਤਕਾਰ ਕਰੇਂਗਾ+ ਜਿਸ ਨੂੰ ਦੇਖ ਕੇ ਅਸੀਂ ਤੇਰੇ ਉੱਤੇ ਵਿਸ਼ਵਾਸ ਕਰੀਏ? ਦੱਸ ਤੂੰ ਕਿਹੜਾ ਕੰਮ ਕਰੇਂਗਾ? 31 ਸਾਡੇ ਪਿਉ-ਦਾਦਿਆਂ ਨੇ ਉਜਾੜ ਵਿਚ ਮੰਨ ਖਾਧਾ ਸੀ,+ ਠੀਕ ਜਿਵੇਂ ਲਿਖਿਆ ਹੈ, ‘ਉਸ ਨੇ ਸਵਰਗੋਂ ਉਨ੍ਹਾਂ ਨੂੰ ਖਾਣ ਲਈ ਰੋਟੀ ਦਿੱਤੀ।’”+ 32 ਫਿਰ ਯਿਸੂ ਨੇ ਉਨ੍ਹਾਂ ਨੂੰ ਕਿਹਾ: “ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ, ਤੁਹਾਨੂੰ ਸਵਰਗੋਂ ਰੋਟੀ ਮੂਸਾ ਨੇ ਨਹੀਂ ਦਿੱਤੀ ਸੀ, ਪਰ ਮੇਰਾ ਪਿਤਾ ਤੁਹਾਨੂੰ ਸਵਰਗੋਂ ਅਸਲੀ ਰੋਟੀ ਦਿੰਦਾ ਹੈ। 33 ਜਿਹੜੀ ਰੋਟੀ ਪਰਮੇਸ਼ੁਰ ਦਿੰਦਾ ਹੈ, ਉਹ ਸਵਰਗੋਂ ਆਉਂਦੀ ਹੈ ਅਤੇ ਦੁਨੀਆਂ ਨੂੰ ਜ਼ਿੰਦਗੀ ਬਖ਼ਸ਼ਦੀ ਹੈ।” 34 ਇਸ ਲਈ ਉਨ੍ਹਾਂ ਨੇ ਉਸ ਨੂੰ ਕਿਹਾ: “ਪ੍ਰਭੂ, ਸਾਨੂੰ ਹਮੇਸ਼ਾ ਇਹ ਰੋਟੀ ਦਿੰਦਾ ਰਹੀਂ।”
35 ਯਿਸੂ ਨੇ ਉਨ੍ਹਾਂ ਨੂੰ ਕਿਹਾ: “ਜ਼ਿੰਦਗੀ ਦੇਣ ਵਾਲੀ ਰੋਟੀ ਮੈਂ ਹਾਂ। ਜਿਹੜਾ ਮੇਰੇ ਕੋਲ ਆਉਂਦਾ ਹੈ, ਉਸ ਨੂੰ ਕਦੇ ਵੀ ਭੁੱਖ ਨਹੀਂ ਲੱਗੇਗੀ ਅਤੇ ਜਿਹੜਾ ਮੇਰੇ ਉੱਤੇ ਆਪਣੀ ਨਿਹਚਾ ਦਾ ਸਬੂਤ ਦਿੰਦਾ ਹੈ, ਉਸ ਨੂੰ ਕਦੇ ਵੀ ਪਿਆਸ ਨਹੀਂ ਲੱਗੇਗੀ।+ 36 ਪਰ ਜਿਵੇਂ ਮੈਂ ਤੁਹਾਨੂੰ ਕਿਹਾ ਸੀ, ਤੁਸੀਂ ਮੈਨੂੰ ਦੇਖ ਕੇ ਵੀ ਮੇਰੇ ਉੱਤੇ ਵਿਸ਼ਵਾਸ ਨਹੀਂ ਕਰਦੇ।+ 37 ਹਰ ਕੋਈ ਜਿਸ ਨੂੰ ਪਿਤਾ ਮੇਰੇ ਹੱਥ ਸੌਂਪਦਾ ਹੈ, ਉਹ ਮੇਰੇ ਕੋਲ ਆਵੇਗਾ ਅਤੇ ਜਿਹੜਾ ਮੇਰੇ ਕੋਲ ਆਵੇਗਾ, ਉਸ ਨੂੰ ਮੈਂ ਕਦੀ ਨਹੀਂ ਭਜਾਵਾਂਗਾ;+ 38 ਕਿਉਂਕਿ ਮੈਂ ਸਵਰਗੋਂ ਆਪਣੀ ਨਹੀਂ,+ ਸਗੋਂ ਆਪਣੇ ਘੱਲਣ ਵਾਲੇ ਦੀ ਇੱਛਾ ਪੂਰੀ ਕਰਨ ਆਇਆ ਹਾਂ।+ 39 ਮੇਰੇ ਘੱਲਣ ਵਾਲੇ ਦੀ ਇੱਛਾ ਹੈ ਕਿ ਮੈਂ ਉਨ੍ਹਾਂ ਸਾਰਿਆਂ ਵਿੱਚੋਂ ਕਿਸੇ ਨੂੰ ਵੀ ਨਾ ਗੁਆਵਾਂ ਜੋ ਉਸ ਨੇ ਮੇਰੇ ਹੱਥ ਸੌਂਪੇ ਹਨ, ਸਗੋਂ ਮੈਂ ਆਖ਼ਰੀ ਦਿਨ ʼਤੇ ਉਨ੍ਹਾਂ ਨੂੰ ਦੁਬਾਰਾ ਜੀਉਂਦਾ ਕਰਾਂ।+ 40 ਮੇਰੇ ਪਿਤਾ ਦੀ ਇੱਛਾ ਹੈ ਕਿ ਹਰ ਕੋਈ ਜਿਹੜਾ ਪੁੱਤਰ ਨੂੰ ਜਾਣਦਾ ਹੈ ਅਤੇ ਉਸ ਉੱਤੇ ਆਪਣੀ ਨਿਹਚਾ ਦਾ ਸਬੂਤ ਦਿੰਦਾ ਹੈ, ਉਹ ਹਮੇਸ਼ਾ ਦੀ ਜ਼ਿੰਦਗੀ ਪਾਵੇ+ ਅਤੇ ਮੈਂ ਉਸ ਨੂੰ ਆਖ਼ਰੀ ਦਿਨ ʼਤੇ ਦੁਬਾਰਾ ਜੀਉਂਦਾ ਕਰਾਂਗਾ।”+
41 ਤਦ ਯਹੂਦੀ ਯਿਸੂ ਬਾਰੇ ਬੁੜਬੁੜਾਉਣ ਲੱਗ ਪਏ ਕਿਉਂਕਿ ਉਸ ਨੇ ਕਿਹਾ ਸੀ: “ਸਵਰਗੋਂ ਆਈ ਰੋਟੀ ਮੈਂ ਹਾਂ।”+ 42 ਉਹ ਕਹਿਣ ਲੱਗੇ: “ਭਲਾ ਇਹ ਯੂਸੁਫ਼ ਦਾ ਪੁੱਤਰ ਯਿਸੂ ਨਹੀਂ ਜਿਸ ਦੇ ਮਾਂ-ਪਿਉ ਨੂੰ ਅਸੀਂ ਜਾਣਦੇ ਹਾਂ?+ ਤਾਂ ਫਿਰ ਇਹ ਕਿੱਦਾਂ ਕਹਿ ਸਕਦਾ, ‘ਮੈਂ ਸਵਰਗੋਂ ਆਇਆ ਹਾਂ’?” 43 ਯਿਸੂ ਨੇ ਉਨ੍ਹਾਂ ਨੂੰ ਜਵਾਬ ਦਿੱਤਾ: “ਆਪਸ ਵਿਚ ਬੁੜਬੁੜਾਉਣਾ ਬੰਦ ਕਰੋ। 44 ਕੋਈ ਵੀ ਇਨਸਾਨ ਮੇਰੇ ਕੋਲ ਨਹੀਂ ਆ ਸਕਦਾ, ਜਦੋਂ ਤਕ ਪਿਤਾ ਜਿਸ ਨੇ ਮੈਨੂੰ ਘੱਲਿਆ ਹੈ, ਉਸ ਨੂੰ ਮੇਰੇ ਵੱਲ ਨਹੀਂ ਖਿੱਚਦਾ+ ਅਤੇ ਮੈਂ ਉਸ ਨੂੰ ਆਖ਼ਰੀ ਦਿਨ ʼਤੇ ਦੁਬਾਰਾ ਜੀਉਂਦਾ ਕਰਾਂਗਾ।+ 45 ਨਬੀਆਂ ਦੀਆਂ ਲਿਖਤਾਂ ਵਿਚ ਇਹ ਦੱਸਿਆ ਗਿਆ ਹੈ: ‘ਉਹ ਸਾਰੇ ਯਹੋਵਾਹ* ਦੁਆਰਾ ਸਿਖਾਏ ਹੋਏ ਹੋਣਗੇ।’+ ਜਿਸ ਨੇ ਵੀ ਪਿਤਾ ਦੀ ਗੱਲ ਸੁਣੀ ਹੈ ਅਤੇ ਉਸ ਤੋਂ ਸਿੱਖਿਆ ਹੈ ਉਹ ਮੇਰੇ ਕੋਲ ਆਉਂਦਾ ਹੈ। 46 ਕਿਸੇ ਨੇ ਵੀ ਪਿਤਾ ਨੂੰ ਨਹੀਂ ਦੇਖਿਆ,+ ਸਿਰਫ਼ ਉਸ ਨੇ ਹੀ ਪਿਤਾ ਨੂੰ ਦੇਖਿਆ ਹੈ ਜਿਹੜਾ ਪਰਮੇਸ਼ੁਰ ਕੋਲੋਂ ਆਇਆ ਹੈ।+ 47 ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ, ਜਿਹੜਾ ਵੀ ਮੇਰੇ ਉੱਤੇ ਵਿਸ਼ਵਾਸ ਕਰਦਾ ਹੈ, ਉਹ ਹਮੇਸ਼ਾ ਦੀ ਜ਼ਿੰਦਗੀ ਪਾਵੇਗਾ।+
48 “ਜ਼ਿੰਦਗੀ ਦੇਣ ਵਾਲੀ ਰੋਟੀ ਮੈਂ ਹਾਂ।+ 49 ਤੁਹਾਡੇ ਪਿਉ-ਦਾਦਿਆਂ ਨੇ ਉਜਾੜ ਵਿਚ ਮੰਨ ਖਾਧਾ, ਤਾਂ ਵੀ ਉਹ ਮਰ ਗਏ।+ 50 ਪਰ ਜੋ ਕੋਈ ਵੀ ਸਵਰਗੋਂ ਆਈ ਇਹ ਰੋਟੀ ਖਾਂਦਾ ਹੈ, ਉਹ ਕਦੀ ਨਹੀਂ ਮਰੇਗਾ। 51 ਜ਼ਿੰਦਗੀ ਦੇਣ ਵਾਲੀ ਰੋਟੀ ਮੈਂ ਹੀ ਹਾਂ ਜੋ ਸਵਰਗੋਂ ਆਈ ਹੈ। ਜੇ ਕੋਈ ਇਹ ਰੋਟੀ ਖਾਂਦਾ ਹੈ, ਉਹ ਹਮੇਸ਼ਾ ਜੀਉਂਦਾ ਰਹੇਗਾ; ਅਸਲ ਵਿਚ, ਇਹ ਰੋਟੀ ਮੇਰਾ ਸਰੀਰ ਹੈ ਜੋ ਮੈਂ ਦੁਨੀਆਂ ਦੀ ਖ਼ਾਤਰ ਵਾਰਾਂਗਾ ਤਾਂਕਿ ਲੋਕਾਂ ਨੂੰ ਜ਼ਿੰਦਗੀ ਮਿਲੇ।”+
52 ਤਦ ਯਹੂਦੀ ਆਪਸ ਵਿਚ ਬਹਿਸਣ ਲੱਗ ਪਏ: “ਇਹ ਆਦਮੀ ਕਿੱਦਾਂ ਸਾਨੂੰ ਆਪਣਾ ਮਾਸ ਖਾਣ ਲਈ ਦੇ ਸਕਦਾ ਹੈ?” 53 ਇਸ ਲਈ ਯਿਸੂ ਨੇ ਉਨ੍ਹਾਂ ਨੂੰ ਕਿਹਾ: “ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ, ਜੇ ਤੁਸੀਂ ਮਨੁੱਖ ਦੇ ਪੁੱਤਰ ਦਾ ਮਾਸ ਨਹੀਂ ਖਾਓਗੇ ਅਤੇ ਉਸ ਦਾ ਲਹੂ ਨਹੀਂ ਪੀਓਗੇ, ਤਾਂ ਤੁਹਾਨੂੰ ਜ਼ਿੰਦਗੀ ਨਹੀਂ ਮਿਲੇਗੀ।*+ 54 ਜਿਹੜਾ ਮੇਰਾ ਮਾਸ ਖਾਂਦਾ ਹੈ ਅਤੇ ਮੇਰਾ ਲਹੂ ਪੀਂਦਾ ਹੈ, ਉਸ ਨੂੰ ਹਮੇਸ਼ਾ ਦੀ ਜ਼ਿੰਦਗੀ ਮਿਲੇਗੀ ਅਤੇ ਮੈਂ ਉਸ ਨੂੰ ਆਖ਼ਰੀ ਦਿਨ ʼਤੇ ਦੁਬਾਰਾ ਜੀਉਂਦਾ ਕਰਾਂਗਾ;+ 55 ਕਿਉਂਕਿ ਮੇਰਾ ਮਾਸ ਅਸਲੀ ਭੋਜਨ ਹੈ ਅਤੇ ਮੇਰਾ ਲਹੂ ਅਸਲੀ ਪੀਣ ਵਾਲੀ ਚੀਜ਼ ਹੈ। 56 ਜਿਹੜਾ ਮੇਰਾ ਮਾਸ ਖਾਂਦਾ ਹੈ ਅਤੇ ਮੇਰਾ ਲਹੂ ਪੀਂਦਾ ਹੈ, ਉਹ ਮੇਰੇ ਨਾਲ ਅਤੇ ਮੈਂ ਉਸ ਨਾਲ ਏਕਤਾ ਵਿਚ ਬੱਝਾ ਰਹਿੰਦਾ ਹਾਂ।+ 57 ਠੀਕ ਜਿਵੇਂ ਜੀਉਂਦੇ ਪਿਤਾ ਨੇ ਮੈਨੂੰ ਘੱਲਿਆ ਅਤੇ ਮੈਂ ਪਿਤਾ ਕਰਕੇ ਜੀਉਂਦਾ ਹਾਂ, ਉਸੇ ਤਰ੍ਹਾਂ ਮੇਰਾ ਮਾਸ ਖਾਣ ਵਾਲਾ ਇਨਸਾਨ ਵੀ ਮੇਰੇ ਕਰਕੇ ਜੀਉਂਦਾ ਰਹੇਗਾ।+ 58 ਸਵਰਗੋਂ ਆਈ ਰੋਟੀ ਇਹੀ ਹੈ। ਇਹ ਉਸ ਤਰ੍ਹਾਂ ਦੀ ਨਹੀਂ ਜੋ ਤੁਹਾਡੇ ਪਿਉ-ਦਾਦਿਆਂ ਨੇ ਖਾਧੀ ਸੀ ਅਤੇ ਫਿਰ ਵੀ ਮਰ ਗਏ। ਹੁਣ ਜਿਹੜਾ ਵੀ ਸਵਰਗੋਂ ਆਈ ਇਹ ਰੋਟੀ ਖਾਂਦਾ ਹੈ, ਉਹ ਹਮੇਸ਼ਾ ਜੀਉਂਦਾ ਰਹੇਗਾ।”+ 59 ਉਸ ਨੇ ਇਹ ਗੱਲਾਂ ਕਫ਼ਰਨਾਹੂਮ ਦੇ ਸਭਾ ਘਰ* ਵਿਚ ਸਿੱਖਿਆ ਦਿੰਦੇ ਵੇਲੇ ਕਹੀਆਂ ਸਨ।
60 ਉਸ ਦੇ ਬਹੁਤ ਸਾਰੇ ਚੇਲਿਆਂ ਨੇ ਇਹ ਗੱਲ ਸੁਣ ਕੇ ਕਿਹਾ: “ਇਹ ਤਾਂ ਬੜੀ ਘਿਣਾਉਣੀ ਗੱਲ ਹੈ; ਕੌਣ ਇਸ ਤਰ੍ਹਾਂ ਦੀ ਗੱਲ ਸੁਣ ਸਕਦਾ ਹੈ?” 61 ਪਰ ਯਿਸੂ ਆਪਣੇ ਮਨ ਵਿਚ ਜਾਣ ਗਿਆ ਕਿ ਉਸ ਦੇ ਚੇਲੇ ਇਸ ਬਾਰੇ ਬੁੜ-ਬੁੜ ਕਰ ਰਹੇ ਸਨ ਅਤੇ ਉਸ ਨੇ ਉਨ੍ਹਾਂ ਨੂੰ ਕਿਹਾ: “ਕੀ ਤੁਹਾਨੂੰ ਇਹ ਗੱਲ ਘਿਣਾਉਣੀ ਲੱਗਦੀ ਹੈ?* 62 ਤਾਂ ਫਿਰ ਉਦੋਂ ਕੀ ਹੋਵੇਗਾ ਜਦੋਂ ਤੁਸੀਂ ਮਨੁੱਖ ਦੇ ਪੁੱਤਰ ਨੂੰ ਉੱਥੇ ਜਾਂਦਾ ਦੇਖੋਗੇ ਜਿੱਥੋਂ ਉਹ ਆਇਆ ਹੈ?+ 63 ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਹੀ ਜ਼ਿੰਦਗੀ ਦਿੰਦੀ ਹੈ;+ ਇਨਸਾਨ ਆਪਣੇ ਆਪ ਕੁਝ ਨਹੀਂ ਕਰ ਸਕਦਾ। ਮੈਂ ਜਿਹੜੀਆਂ ਗੱਲਾਂ ਕਹੀਆਂ ਹਨ, ਉਹ ਪਵਿੱਤਰ ਸ਼ਕਤੀ ਤੋਂ ਹਨ ਅਤੇ ਜ਼ਿੰਦਗੀ ਦਿੰਦੀਆਂ ਹਨ।+ 64 ਪਰ ਤੁਹਾਡੇ ਵਿੱਚੋਂ ਕੁਝ ਲੋਕ ਵਿਸ਼ਵਾਸ ਨਹੀਂ ਕਰਦੇ।” ਯਿਸੂ ਸ਼ੁਰੂ ਤੋਂ ਹੀ ਜਾਣਦਾ ਸੀ ਕਿ ਕਿਨ੍ਹਾਂ ਨੂੰ ਵਿਸ਼ਵਾਸ ਨਹੀਂ ਸੀ, ਨਾਲੇ ਕੌਣ ਉਸ ਨੂੰ ਧੋਖੇ ਨਾਲ ਫੜਵਾਏਗਾ।+ 65 ਉਸ ਨੇ ਅੱਗੇ ਉਨ੍ਹਾਂ ਨੂੰ ਕਿਹਾ: “ਮੈਂ ਤੁਹਾਨੂੰ ਇਹ ਗੱਲ ਇਸੇ ਕਰਕੇ ਕਹੀ ਸੀ ਕਿ ਹਰ ਕੋਈ ਮੇਰੇ ਕੋਲ ਨਹੀਂ ਆ ਸਕਦਾ, ਸਿਰਫ਼ ਉਹੀ ਜਿਸ ਨੂੰ ਪਿਤਾ ਮਨਜ਼ੂਰੀ ਦਿੰਦਾ ਹੈ।”+
66 ਇਸ ਕਰਕੇ ਉਸ ਦੇ ਬਹੁਤ ਸਾਰੇ ਚੇਲੇ ਉਸ ਦਾ ਸਾਥ ਛੱਡ ਕੇ ਵਾਪਸ ਆਪਣੇ ਕੰਮ-ਧੰਦਿਆਂ ਵਿਚ ਲੱਗ ਗਏ ਜਿਨ੍ਹਾਂ ਨੂੰ ਉਹ ਛੱਡ ਕੇ ਆਏ ਸਨ।+ 67 ਇਸ ਲਈ ਯਿਸੂ ਨੇ 12 ਰਸੂਲਾਂ ਨੂੰ ਪੁੱਛਿਆ: “ਕੀ ਤੁਸੀਂ ਵੀ ਜਾਣਾ ਚਾਹੁੰਦੇ ਹੋ?” 68 ਸ਼ਮਊਨ ਪਤਰਸ ਨੇ ਜਵਾਬ ਦਿੱਤਾ: “ਪ੍ਰਭੂ, ਅਸੀਂ ਹੋਰ ਕਿਹਦੇ ਕੋਲ ਜਾਈਏ?+ ਹਮੇਸ਼ਾ ਦੀ ਜ਼ਿੰਦਗੀ ਦੇਣ ਵਾਲੀਆਂ ਗੱਲਾਂ ਤਾਂ ਤੇਰੇ ਕੋਲ ਹਨ।+ 69 ਸਾਨੂੰ ਵਿਸ਼ਵਾਸ ਹੈ ਅਤੇ ਅਸੀਂ ਜਾਣ ਗਏ ਹਾਂ ਕਿ ਤੂੰ ਪਰਮੇਸ਼ੁਰ ਦਾ ਪਵਿੱਤਰ ਸੇਵਕ ਹੈਂ।”+ 70 ਯਿਸੂ ਨੇ ਉਨ੍ਹਾਂ ਨੂੰ ਕਿਹਾ: “ਕੀ ਮੈਂ ਤੁਹਾਨੂੰ 12 ਨੂੰ ਨਹੀਂ ਚੁਣਿਆ?+ ਪਰ ਤੁਹਾਡੇ ਵਿੱਚੋਂ ਇਕ ਸ਼ੈਤਾਨ* ਵਰਗਾ ਹੈ।”+ 71 ਅਸਲ ਵਿਚ ਉਹ ਸ਼ਮਊਨ ਇਸਕਰਿਓਤੀ ਦੇ ਪੁੱਤਰ ਯਹੂਦਾ ਦੀ ਗੱਲ ਕਰ ਰਿਹਾ ਸੀ ਜਿਸ ਨੇ ਉਸ ਨੂੰ ਧੋਖੇ ਨਾਲ ਫੜਵਾਉਣਾ ਸੀ, ਭਾਵੇਂ ਕਿ ਉਹ 12 ਰਸੂਲਾਂ ਵਿੱਚੋਂ ਸੀ।+
7 ਇਸ ਤੋਂ ਬਾਅਦ ਯਿਸੂ ਗਲੀਲ ਦਾ ਦੌਰਾ ਕਰਦਾ ਰਿਹਾ। ਉਹ ਯਹੂਦਿਯਾ ਨੂੰ ਨਹੀਂ ਜਾਣਾ ਚਾਹੁੰਦਾ ਸੀ ਕਿਉਂਕਿ ਯਹੂਦੀ ਉਸ ਨੂੰ ਜਾਨੋਂ ਮਾਰਨਾ ਚਾਹੁੰਦੇ ਸਨ।+ 2 ਉਸ ਵੇਲੇ ਯਹੂਦੀਆਂ ਦਾ ਡੇਰਿਆਂ* ਦਾ ਤਿਉਹਾਰ+ ਲਾਗੇ ਸੀ। 3 ਇਸ ਲਈ ਉਸ ਦੇ ਭਰਾਵਾਂ+ ਨੇ ਉਸ ਨੂੰ ਕਿਹਾ: “ਇੱਥੋਂ ਯਹੂਦਿਯਾ ਨੂੰ ਚਲਾ ਜਾਹ ਤਾਂਕਿ ਤੇਰੇ ਸਾਰੇ ਚੇਲੇ ਤੇਰੇ ਕੰਮਾਂ ਨੂੰ ਦੇਖ ਸਕਣ ਜੋ ਤੂੰ ਕਰਦਾ ਹੈਂ। 4 ਕਿਉਂਕਿ ਜੇ ਕੋਈ ਚਾਹੁੰਦਾ ਹੈ ਕਿ ਲੋਕ ਉਸ ਨੂੰ ਜਾਣਨ, ਤਾਂ ਉਹ ਕੋਈ ਵੀ ਕੰਮ ਲੁਕ ਕੇ ਨਹੀਂ ਕਰਦਾ। ਜੇ ਤੂੰ ਚਮਤਕਾਰ ਕਰਨੇ ਹੀ ਹਨ, ਤਾਂ ਸਾਰੀ ਦੁਨੀਆਂ ਦੇ ਸਾਮ੍ਹਣੇ ਕਰ।” 5 ਅਸਲ ਵਿਚ ਉਸ ਦੇ ਭਰਾ ਉਸ ਉੱਤੇ ਨਿਹਚਾ ਨਹੀਂ ਕਰਦੇ ਸਨ।+ 6 ਇਸ ਲਈ ਯਿਸੂ ਨੇ ਉਨ੍ਹਾਂ ਨੂੰ ਕਿਹਾ: “ਪਰ ਮੇਰਾ ਮਿਥਿਆ ਸਮਾਂ ਅਜੇ ਨਹੀਂ ਆਇਆ,+ ਪਰ ਤੁਸੀਂ ਕਿਸੇ ਵੀ ਸਮੇਂ ਜਾ ਸਕਦੇ ਹੋ। 7 ਦੁਨੀਆਂ ਕੋਲ ਤੁਹਾਡੇ ਨਾਲ ਨਫ਼ਰਤ ਕਰਨ ਦਾ ਕੋਈ ਕਾਰਨ ਨਹੀਂ ਹੈ, ਪਰ ਇਹ ਮੇਰੇ ਨਾਲ ਨਫ਼ਰਤ ਕਰਦੀ ਹੈ ਕਿਉਂਕਿ ਮੈਂ ਗਵਾਹੀ ਦਿੰਦਾ ਹਾਂ ਕਿ ਦੁਨੀਆਂ ਦੇ ਕੰਮ ਬੁਰੇ ਹਨ।+ 8 ਤੁਸੀਂ ਤਿਉਹਾਰ ਮਨਾਉਣ ਚਲੇ ਜਾਓ; ਪਰ ਮੈਂ ਇਹ ਤਿਉਹਾਰ ਮਨਾਉਣ ਲਈ ਹਾਲੇ ਨਹੀਂ ਜਾਣਾ ਕਿਉਂਕਿ ਮੇਰਾ ਸਮਾਂ ਅਜੇ ਨਹੀਂ ਆਇਆ।”+ 9 ਉਨ੍ਹਾਂ ਨੂੰ ਇਹ ਗੱਲਾਂ ਕਹਿਣ ਤੋਂ ਬਾਅਦ ਉਹ ਗਲੀਲ ਵਿਚ ਹੀ ਰਿਹਾ।
10 ਪਰ ਜਦੋਂ ਉਸ ਦੇ ਭਰਾ ਤਿਉਹਾਰ ਮਨਾਉਣ ਲਈ ਚਲੇ ਗਏ, ਤਾਂ ਬਾਅਦ ਵਿਚ ਉਹ ਵੀ ਚਲਾ ਗਿਆ। ਉਹ ਖੁੱਲ੍ਹੇ-ਆਮ ਨਹੀਂ ਗਿਆ, ਸਗੋਂ ਲੁਕ-ਛਿਪ ਕੇ ਗਿਆ। 11 ਇਸ ਲਈ ਯਹੂਦੀ ਉਸ ਨੂੰ ਤਿਉਹਾਰ ਵਿਚ ਲੱਭਦੇ ਹੋਏ ਪੁੱਛਣ ਲੱਗੇ: “ਉਹ ਬੰਦਾ ਕਿੱਥੇ ਹੈ?” 12 ਅਤੇ ਸਾਰੇ ਲੋਕ ਦੱਬੀ ਜ਼ਬਾਨ ਵਿਚ ਉਸ ਬਾਰੇ ਗੱਲਾਂ ਕਰ ਰਹੇ ਸਨ। ਕਈ ਕਹਿ ਰਹੇ ਸਨ: “ਉਹ ਚੰਗਾ ਆਦਮੀ ਹੈ।” ਪਰ ਕਈ ਹੋਰ ਕਹਿ ਰਹੇ ਸਨ: “ਨਹੀਂ, ਉਹ ਚੰਗਾ ਆਦਮੀ ਨਹੀਂ ਹੈ। ਉਹ ਲੋਕਾਂ ਨੂੰ ਗੁਮਰਾਹ ਕਰਦਾ ਹੈ।”+ 13 ਪਰ ਯਹੂਦੀਆਂ ਤੋਂ ਡਰ ਦੇ ਮਾਰੇ ਕੋਈ ਵੀ ਉਸ ਬਾਰੇ ਖੁੱਲ੍ਹੇ-ਆਮ ਕੁਝ ਨਹੀਂ ਸੀ ਕਹਿ ਰਿਹਾ।+
14 ਜਦੋਂ ਤਿਉਹਾਰ ਦੇ ਅੱਧੇ ਦਿਨ ਲੰਘ ਗਏ, ਤਾਂ ਯਿਸੂ ਮੰਦਰ ਵਿਚ ਜਾ ਕੇ ਸਿੱਖਿਆ ਦੇਣ ਲੱਗ ਪਿਆ। 15 ਯਹੂਦੀ ਬਹੁਤ ਹੈਰਾਨ ਹੋ ਕੇ ਕਹਿਣ ਲੱਗੇ: “ਇਸ ਬੰਦੇ ਨੂੰ ਧਰਮ-ਗ੍ਰੰਥ* ਦਾ ਇੰਨਾ ਗਿਆਨ ਕਿੱਥੋਂ ਮਿਲਿਆ,+ ਜਦ ਕਿ ਇਸ ਨੇ ਧਾਰਮਿਕ ਸਕੂਲਾਂ* ਵਿਚ ਪੜ੍ਹਾਈ ਨਹੀਂ ਕੀਤੀ?”+ 16 ਯਿਸੂ ਨੇ ਉਨ੍ਹਾਂ ਨੂੰ ਜਵਾਬ ਦਿੱਤਾ: “ਜੋ ਸਿੱਖਿਆ ਮੈਂ ਦਿੰਦਾ ਹਾਂ ਉਹ ਮੇਰੀ ਨਹੀਂ, ਸਗੋਂ ਮੇਰੇ ਘੱਲਣ ਵਾਲੇ ਦੀ ਹੈ।+ 17 ਜੇ ਕੋਈ ਪਰਮੇਸ਼ੁਰ ਦੀ ਇੱਛਾ ਪੂਰੀ ਕਰਨੀ ਚਾਹੁੰਦਾ ਹੈ, ਉਹ ਜਾਣ ਲਵੇਗਾ ਕਿ ਇਹ ਸਿੱਖਿਆ ਪਰਮੇਸ਼ੁਰ ਤੋਂ ਹੈ+ ਜਾਂ ਕਿ ਮੈਂ ਆਪਣੀ ਹੀ ਸਿੱਖਿਆ ਦਿੰਦਾ ਹਾਂ। 18 ਜੋ ਆਪਣੀ ਹੀ ਸਿੱਖਿਆ ਦਿੰਦਾ ਹੈ, ਉਹ ਆਪਣੀ ਹੀ ਵਡਿਆਈ ਚਾਹੁੰਦਾ ਹੈ; ਪਰ ਜਿਹੜਾ ਆਪਣੇ ਘੱਲਣ ਵਾਲੇ ਦੀ ਵਡਿਆਈ ਚਾਹੁੰਦਾ ਹੈ,+ ਉਹ ਸੱਚਾ ਹੈ ਅਤੇ ਉਸ ਵਿਚ ਜ਼ਰਾ ਵੀ ਛਲ ਨਹੀਂ ਹੈ। 19 ਕੀ ਮੂਸਾ ਨੇ ਤੁਹਾਨੂੰ ਕਾਨੂੰਨ ਨਹੀਂ ਸੀ ਦਿੱਤਾ?+ ਪਰ ਤੁਹਾਡੇ ਵਿੱਚੋਂ ਇਕ ਜਣਾ ਵੀ ਉਸ ਕਾਨੂੰਨ ʼਤੇ ਨਹੀਂ ਚੱਲਦਾ। ਤੁਸੀਂ ਮੈਨੂੰ ਕਿਉਂ ਮਾਰਨਾ ਚਾਹੁੰਦੇ ਹੋ?”+ 20 ਭੀੜ ਨੇ ਜਵਾਬ ਦਿੱਤਾ: “ਤੈਨੂੰ ਦੁਸ਼ਟ ਦੂਤ ਚਿੰਬੜਿਆ ਹੋਇਆ ਹੈ। ਤੈਨੂੰ ਭਲਾ ਕੌਣ ਮਾਰਨਾ ਚਾਹੁੰਦਾ ਹੈ?” 21 ਯਿਸੂ ਨੇ ਉਨ੍ਹਾਂ ਨੂੰ ਜਵਾਬ ਦਿੱਤਾ: “ਮੇਰੇ ਇਕ ਚਮਤਕਾਰ ʼਤੇ ਤੁਸੀਂ ਇੰਨੇ ਹੈਰਾਨ ਹੋ ਰਹੇ ਹੋ। 22 ਪਰ ਜ਼ਰਾ ਇਸ ਗੱਲ ਵੱਲ ਧਿਆਨ ਦਿਓ: ਮੂਸਾ ਨੇ ਤੁਹਾਨੂੰ ਸੁੰਨਤ ਕਰਨ ਦਾ ਕਾਨੂੰਨ ਦਿੱਤਾ+ (ਭਾਵੇਂ ਕਿ ਇਹ ਰੀਤ ਮੂਸਾ ਤੋਂ ਨਹੀਂ, ਸਗੋਂ ਤੁਹਾਡੇ ਪਿਉ-ਦਾਦਿਆਂ ਤੋਂ ਸ਼ੁਰੂ ਹੋਈ ਸੀ।)+ ਅਤੇ ਤੁਸੀਂ ਖ਼ੁਦ ਸਬਤ ਦੇ ਦਿਨ ਆਦਮੀ ਦੀ ਸੁੰਨਤ ਕਰਦੇ ਹੋ। 23 ਜੇ ਮੂਸਾ ਦਾ ਕਾਨੂੰਨ ਤੋੜਨ ਤੋਂ ਬਚਣ ਲਈ ਤੁਸੀਂ ਸਬਤ ਦੇ ਦਿਨ ਵੀ ਆਦਮੀ ਦੀ ਸੁੰਨਤ ਕਰਦੇ ਹੋ, ਤਾਂ ਫਿਰ ਤੁਸੀਂ ਮੇਰੇ ਉੱਤੇ ਗੁੱਸੇ ਨਾਲ ਲਾਲ-ਪੀਲ਼ੇ ਕਿਉਂ ਹੋ ਰਹੇ ਹੋ ਕਿਉਂਕਿ ਮੈਂ ਸਬਤ ਦੇ ਦਿਨ ਇਕ ਆਦਮੀ ਨੂੰ ਪੂਰੀ ਤਰ੍ਹਾਂ ਠੀਕ ਕੀਤਾ ਸੀ?+ 24 ਬਾਹਰੀ ਰੂਪ ਦੇਖ ਕੇ ਨਿਆਂ ਕਰਨਾ ਛੱਡ ਦਿਓ, ਸੱਚਾਈ ਨਾਲ ਨਿਆਂ ਕਰੋ।”+
25 ਫਿਰ ਯਰੂਸ਼ਲਮ ਵਿਚ ਰਹਿਣ ਵਾਲੇ ਕੁਝ ਲੋਕ ਕਹਿਣ ਲੱਗੇ: “ਕੀ ਇਹ ਉਹੀ ਬੰਦਾ ਨਹੀਂ ਜਿਸ ਨੂੰ ਧਾਰਮਿਕ ਆਗੂ ਜਾਨੋਂ ਮਾਰਨਾ ਚਾਹੁੰਦੇ ਹਨ?+ 26 ਪਰ ਦੇਖੋ! ਇਹ ਤਾਂ ਖੁੱਲ੍ਹੇ-ਆਮ ਗੱਲਾਂ ਕਰ ਰਿਹਾ ਹੈ ਅਤੇ ਉਹ ਇਹ ਨੂੰ ਕੁਝ ਵੀ ਨਹੀਂ ਕਹਿ ਰਹੇ। ਕਿਤੇ ਧਾਰਮਿਕ ਆਗੂਆਂ ਨੂੰ ਵਿਸ਼ਵਾਸ ਤਾਂ ਨਹੀਂ ਹੋ ਗਿਆ ਕਿ ਇਹੀ ਮਸੀਹ ਹੈ? 27 ਪਰ ਅਸੀਂ ਤਾਂ ਜਾਣਦੇ ਹਾਂ ਕਿ ਇਹ ਬੰਦਾ ਕਿੱਥੋਂ ਆਇਆ ਹੈ;+ ਪਰ ਜਦੋਂ ਮਸੀਹ ਆਵੇਗਾ, ਤਾਂ ਕਿਸੇ ਨੂੰ ਵੀ ਨਹੀਂ ਪਤਾ ਹੋਵੇਗਾ ਕਿ ਉਹ ਕਿੱਥੋਂ ਆਇਆ ਹੈ।” 28 ਫਿਰ ਯਿਸੂ ਨੇ ਮੰਦਰ ਵਿਚ ਸਿੱਖਿਆ ਦਿੰਦੇ ਹੋਏ ਉੱਚੀ ਆਵਾਜ਼ ਵਿਚ ਕਿਹਾ: “ਤੁਸੀਂ ਜਾਣਦੇ ਹੋ ਕਿ ਮੈਂ ਕੌਣ ਹਾਂ ਅਤੇ ਕਿੱਥੋਂ ਆਇਆ ਹਾਂ। ਨਾਲੇ ਮੈਂ ਆਪਣੀ ਮਰਜ਼ੀ ਨਾਲ ਨਹੀਂ ਆਇਆ,+ ਪਰ ਜਿਸ ਨੇ ਮੈਨੂੰ ਘੱਲਿਆ ਹੈ, ਉਹ ਸੱਚ-ਮੁੱਚ ਹੋਂਦ ਵਿਚ ਹੈ ਅਤੇ ਤੁਸੀਂ ਉਸ ਨੂੰ ਨਹੀਂ ਜਾਣਦੇ।+ 29 ਮੈਂ ਉਸ ਨੂੰ ਜਾਣਦਾ ਹਾਂ+ ਕਿਉਂਕਿ ਮੈਂ ਉਸ ਦਾ ਬੁਲਾਰਾ ਹਾਂ ਅਤੇ ਉਸੇ ਨੇ ਮੈਨੂੰ ਘੱਲਿਆ ਹੈ।” 30 ਉਸ ਦੀ ਗੱਲ ਸੁਣ ਕੇ ਉਹ ਉਸ ਨੂੰ ਫੜਨਾ ਚਾਹੁੰਦੇ ਸਨ,+ ਪਰ ਕੋਈ ਵੀ ਉਸ ਨੂੰ ਹੱਥ ਨਾ ਲਾ ਸਕਿਆ ਕਿਉਂਕਿ ਉਸ ਦਾ ਸਮਾਂ ਅਜੇ ਨਹੀਂ ਆਇਆ ਸੀ।+ 31 ਫਿਰ ਵੀ ਭੀੜ ਵਿੱਚੋਂ ਕਈਆਂ ਨੇ ਉਸ ʼਤੇ ਨਿਹਚਾ ਕੀਤੀ+ ਅਤੇ ਉਨ੍ਹਾਂ ਨੇ ਕਿਹਾ: “ਇਹ ਆਦਮੀ ਇੰਨੇ ਚਮਤਕਾਰ ਕਰਦਾ ਹੈ, ਜੇ ਇਹ ਮਸੀਹ ਨਹੀਂ ਤਾਂ ਹੋਰ ਕੌਣ ਹੈ?”
32 ਫ਼ਰੀਸੀਆਂ ਨੇ ਲੋਕਾਂ ਨੂੰ ਉਸ ਸੰਬੰਧੀ ਇਨ੍ਹਾਂ ਗੱਲਾਂ ਬਾਰੇ ਘੁਸਰ-ਮੁਸਰ ਕਰਦਿਆਂ ਸੁਣਿਆ ਅਤੇ ਮੁੱਖ ਪੁਜਾਰੀਆਂ ਤੇ ਫ਼ਰੀਸੀਆਂ ਨੇ ਉਸ ਨੂੰ ਫੜਨ* ਲਈ ਮੰਦਰ ਦੇ ਪਹਿਰੇਦਾਰਾਂ ਨੂੰ ਘੱਲਿਆ। 33 ਤਦ ਯਿਸੂ ਨੇ ਕਿਹਾ: “ਮੈਂ ਹਾਲੇ ਥੋੜ੍ਹਾ ਚਿਰ ਹੋਰ ਤੁਹਾਡੇ ਨਾਲ ਹਾਂ ਅਤੇ ਫਿਰ ਮੈਂ ਆਪਣੇ ਘੱਲਣ ਵਾਲੇ ਕੋਲ ਵਾਪਸ ਚਲਾ ਜਾਵਾਂਗਾ।+ 34 ਤੁਸੀਂ ਮੈਨੂੰ ਲੱਭੋਗੇ ਪਰ ਲੱਭ ਨਾ ਸਕੋਗੇ ਅਤੇ ਜਿੱਥੇ ਮੈਂ ਹੋਵਾਂਗਾ ਉੱਥੇ ਤੁਸੀਂ ਨਹੀਂ ਆ ਸਕਦੇ।”+ 35 ਇਸ ਲਈ ਯਹੂਦੀ ਆਪਸ ਵਿਚ ਕਹਿਣ ਲੱਗੇ: “ਇਹ ਬੰਦਾ ਕਿੱਥੇ ਜਾਣ ਬਾਰੇ ਗੱਲ ਕਰ ਰਿਹਾ ਹੈ ਜਿੱਥੇ ਅਸੀਂ ਇਸ ਨੂੰ ਲੱਭ ਨਾ ਸਕਾਂਗੇ? ਕਿਤੇ ਇਹ ਯੂਨਾਨੀ ਇਲਾਕਿਆਂ ਵਿਚ ਰਹਿੰਦੇ ਯਹੂਦੀਆਂ ਕੋਲ ਜਾਣ ਬਾਰੇ ਅਤੇ ਯੂਨਾਨੀਆਂ ਨੂੰ ਵੀ ਸਿੱਖਿਆ ਦੇਣ ਬਾਰੇ ਤਾਂ ਨਹੀਂ ਗੱਲ ਕਰ ਰਿਹਾ? 36 ਇਸ ਦੇ ਕਹਿਣ ਦਾ ਕੀ ਮਤਲਬ ਹੈ ਕਿ ‘ਤੁਸੀਂ ਮੈਨੂੰ ਲੱਭੋਗੇ ਪਰ ਲੱਭ ਨਾ ਸਕੋਗੇ ਅਤੇ ਜਿੱਥੇ ਮੈਂ ਹੋਵਾਂਗਾ ਉੱਥੇ ਤੁਸੀਂ ਨਹੀਂ ਆ ਸਕਦੇ’?”
37 ਫਿਰ ਤਿਉਹਾਰ ਦੇ ਅਖ਼ੀਰਲੇ ਦਿਨ, ਜੋ ਸਭ ਤੋਂ ਖ਼ਾਸ ਦਿਨ ਸੀ,+ ਯਿਸੂ ਨੇ ਖੜ੍ਹਾ ਹੋ ਕੇ ਉੱਚੀ ਆਵਾਜ਼ ਵਿਚ ਕਿਹਾ: “ਜੇ ਕੋਈ ਪਿਆਸਾ ਹੈ, ਤਾਂ ਉਹ ਮੇਰੇ ਕੋਲ ਆ ਕੇ ਪਾਣੀ ਪੀਵੇ।+ 38 ਜਿਹੜਾ ਮੇਰੇ ʼਤੇ ਨਿਹਚਾ ਕਰਦਾ ਹੈ, ਠੀਕ ਜਿਵੇਂ ਧਰਮ-ਗ੍ਰੰਥ ਵਿਚ ਕਿਹਾ ਗਿਆ ਹੈ, ‘ਉਸ ਦੇ ਦਿਲ ਦੀਆਂ ਗਹਿਰਾਈਆਂ ਵਿੱਚੋਂ ਅੰਮ੍ਰਿਤ ਜਲ ਦਾ ਚਸ਼ਮਾ ਵਗਦਾ ਰਹੇਗਾ।’”+ 39 ਪਰ ਉਸ ਨੇ ਇਹ ਗੱਲ ਪਵਿੱਤਰ ਸ਼ਕਤੀ ਬਾਰੇ ਕਹੀ ਸੀ ਜੋ ਉਸ ਉੱਤੇ ਨਿਹਚਾ ਕਰਨ ਵਾਲੇ ਲੋਕਾਂ ਨੂੰ ਮਿਲਣ ਵਾਲੀ ਸੀ; ਪਵਿੱਤਰ ਸ਼ਕਤੀ ਉਨ੍ਹਾਂ ਨੂੰ ਹਾਲੇ ਮਿਲੀ ਨਹੀਂ ਸੀ+ ਕਿਉਂਕਿ ਯਿਸੂ ਨੂੰ ਅਜੇ ਮਹਿਮਾ ਨਹੀਂ ਮਿਲੀ ਸੀ।+ 40 ਭੀੜ ਵਿੱਚੋਂ ਕੁਝ ਲੋਕ ਕਹਿਣ ਲੱਗੇ: “ਇਹ ਸੱਚ-ਮੁੱਚ ਉਹੀ ਨਬੀ ਹੈ ਜਿਸ ਦੇ ਆਉਣ ਦੀ ਭਵਿੱਖਬਾਣੀ ਕੀਤੀ ਗਈ ਸੀ।”+ 41 ਦੂਸਰੇ ਕਹਿ ਰਹੇ ਸਨ: “ਇਹ ਮਸੀਹ ਹੈ।”+ ਪਰ ਕੁਝ ਕਹਿ ਰਹੇ ਸਨ: “ਤੁਹਾਨੂੰ ਲੱਗਦਾ ਮਸੀਹ ਗਲੀਲ ਤੋਂ ਆਵੇਗਾ?+ 42 ਕੀ ਧਰਮ-ਗ੍ਰੰਥ ਵਿਚ ਇਹ ਨਹੀਂ ਕਿਹਾ ਗਿਆ ਕਿ ਮਸੀਹ ਦਾਊਦ ਦੀ ਪੀੜ੍ਹੀ ਵਿੱਚੋਂ+ ਅਤੇ ਦਾਊਦ ਦੇ ਪਿੰਡ ਬੈਤਲਹਮ+ ਤੋਂ ਆਵੇਗਾ?”+ 43 ਇਸ ਲਈ ਯਿਸੂ ਕਰਕੇ ਭੀੜ ਵਿਚ ਫੁੱਟ ਪੈ ਗਈ। 44 ਉਨ੍ਹਾਂ ਵਿੱਚੋਂ ਕੁਝ ਯਿਸੂ ਨੂੰ ਫੜਨਾ* ਚਾਹੁੰਦੇ ਸਨ, ਪਰ ਕੋਈ ਵੀ ਉਸ ਨੂੰ ਹੱਥ ਨਾ ਲਾ ਸਕਿਆ।
45 ਫਿਰ ਮੰਦਰ ਦੇ ਪਹਿਰੇਦਾਰ ਵਾਪਸ ਆ ਗਏ ਅਤੇ ਮੁੱਖ ਪੁਜਾਰੀਆਂ ਤੇ ਫ਼ਰੀਸੀਆਂ ਨੇ ਉਨ੍ਹਾਂ ਨੂੰ ਪੁੱਛਿਆ: “ਤੁਸੀਂ ਉਸ ਨੂੰ ਫੜ ਕੇ ਕਿਉਂ ਨਹੀਂ ਲਿਆਏ?” 46 ਉਨ੍ਹਾਂ ਨੇ ਜਵਾਬ ਦਿੱਤਾ: “ਪਹਿਲਾਂ ਕਦੇ ਵੀ ਕਿਸੇ ਨੇ ਇਸ ਆਦਮੀ ਵਾਂਗ ਸਿੱਖਿਆ ਨਹੀਂ ਦਿੱਤੀ।”+ 47 ਫਿਰ ਫ਼ਰੀਸੀਆਂ ਨੇ ਕਿਹਾ: “ਕਿਤੇ ਤੁਸੀਂ ਵੀ ਉਸ ਦੀਆਂ ਗੱਲਾਂ ਵਿਚ ਤਾਂ ਨਹੀਂ ਆ ਗਏ? 48 ਕੀ ਧਾਰਮਿਕ ਆਗੂਆਂ ਅਤੇ ਫ਼ਰੀਸੀਆਂ ਵਿੱਚੋਂ ਕਿਸੇ ਨੇ ਉਸ ਉੱਤੇ ਨਿਹਚਾ ਕੀਤੀ?+ 49 ਪਰ ਇਹ ਲੋਕ ਜੋ ਮੂਸਾ ਦੇ ਕਾਨੂੰਨ ਨੂੰ ਨਹੀਂ ਸਮਝਦੇ, ਸਰਾਪੇ ਹੋਏ ਹਨ।” 50 ਉਨ੍ਹਾਂ ਆਗੂਆਂ ਵਿਚ ਨਿਕੁਦੇਮੁਸ ਵੀ ਸੀ ਜਿਹੜਾ ਪਹਿਲਾਂ ਯਿਸੂ ਨੂੰ ਮਿਲ ਚੁੱਕਾ ਸੀ। ਉਸ ਨੇ ਉਨ੍ਹਾਂ ਨੂੰ ਕਿਹਾ: 51 “ਸਾਡੇ ਕਾਨੂੰਨ ਮੁਤਾਬਕ ਕਿਸੇ ਵੀ ਆਦਮੀ ਨੂੰ ਉਦੋਂ ਤਕ ਦੋਸ਼ੀ ਨਹੀਂ ਠਹਿਰਾਇਆ ਜਾਂਦਾ ਜਦ ਤਕ ਉਸ ਦੀ ਗੱਲ ਨਹੀਂ ਸੁਣੀ ਜਾਂਦੀ ਅਤੇ ਇਹ ਪਤਾ ਨਹੀਂ ਲਗਾਇਆ ਜਾਂਦਾ ਕਿ ਉਸ ਨੇ ਕੀ ਕੀਤਾ ਹੈ।”+ 52 ਉਨ੍ਹਾਂ ਨੇ ਉਸ ਨੂੰ ਜਵਾਬ ਦਿੱਤਾ: “ਤੂੰ ਵੀ ਗਲੀਲ ਤੋਂ ਹੈਂ? ਧਰਮ-ਗ੍ਰੰਥ ਨੂੰ ਧਿਆਨ ਨਾਲ ਪੜ੍ਹ ਕੇ ਦੇਖ ਕੋਈ ਵੀ ਨਬੀ ਗਲੀਲ ਵਿੱਚੋਂ ਨਹੀਂ ਆਵੇਗਾ।”*
8 12 ਯਿਸੂ ਨੇ ਇਕ ਵਾਰ ਫਿਰ ਲੋਕਾਂ ਨੂੰ ਕਿਹਾ: “ਮੈਂ ਦੁਨੀਆਂ ਦਾ ਚਾਨਣ ਹਾਂ।+ ਜਿਹੜਾ ਮੇਰੇ ਪਿੱਛੇ-ਪਿੱਛੇ ਆਉਂਦਾ ਹੈ, ਉਹ ਕਦੇ ਹਨੇਰੇ ਵਿਚ ਨਹੀਂ ਚੱਲੇਗਾ, ਪਰ ਉਸ ਕੋਲ ਜੀਵਨ ਦਾ ਚਾਨਣ+ ਹੋਵੇਗਾ।” 13 ਫਿਰ ਫ਼ਰੀਸੀਆਂ ਨੇ ਉਸ ਨੂੰ ਕਿਹਾ: “ਤੂੰ ਆਪਣੀ ਗਵਾਹੀ ਆਪ ਦਿੰਦਾ ਹੈਂ; ਤੇਰੀ ਗਵਾਹੀ ਸੱਚੀ ਨਹੀਂ ਹੈ।” 14 ਯਿਸੂ ਨੇ ਉਨ੍ਹਾਂ ਨੂੰ ਜਵਾਬ ਦਿੱਤਾ: “ਬੇਸ਼ੱਕ ਮੈਂ ਆਪਣੀ ਗਵਾਹੀ ਆਪ ਦਿੰਦਾ ਹਾਂ, ਪਰ ਮੇਰੀ ਗਵਾਹੀ ਸੱਚੀ ਹੈ ਕਿਉਂਕਿ ਮੈਂ ਜਾਣਦਾ ਹਾਂ ਕਿ ਮੈਂ ਕਿੱਥੋਂ ਆਇਆ ਹਾਂ ਅਤੇ ਕਿੱਥੇ ਜਾ ਰਿਹਾ ਹਾਂ।+ ਪਰ ਤੁਹਾਨੂੰ ਨਹੀਂ ਪਤਾ ਕਿ ਮੈਂ ਕਿੱਥੋਂ ਆਇਆ ਹਾਂ ਅਤੇ ਕਿੱਥੇ ਜਾ ਰਿਹਾ ਹਾਂ। 15 ਤੁਸੀਂ ਇਨਸਾਨੀ ਨਜ਼ਰੀਏ ਤੋਂ* ਨਿਆਂ ਕਰਦੇ ਹੋ;+ ਮੈਂ ਕਿਸੇ ਦਾ ਨਿਆਂ ਨਹੀਂ ਕਰਦਾ। 16 ਜੇ ਮੈਂ ਨਿਆਂ ਕਰਦਾ ਵੀ ਹਾਂ, ਤਾਂ ਮੇਰਾ ਨਿਆਂ ਸੱਚਾ ਹੈ ਕਿਉਂਕਿ ਮੈਂ ਇਕੱਲਾ ਨਹੀਂ ਹਾਂ, ਸਗੋਂ ਮੇਰਾ ਪਿਤਾ ਜਿਸ ਨੇ ਮੈਨੂੰ ਘੱਲਿਆ ਹੈ ਮੇਰੇ ਨਾਲ ਹੈ।+ 17 ਨਾਲੇ ਤੁਹਾਡੇ ਆਪਣੇ ਕਾਨੂੰਨ ਵਿਚ ਲਿਖਿਆ ਹੈ: ‘ਦੋ ਆਦਮੀਆਂ ਦੀ ਗਵਾਹੀ ਸੱਚ ਮੰਨੀ ਜਾਂਦੀ ਹੈ।’+ 18 ਮੈਂ ਆਪਣੇ ਬਾਰੇ ਆਪ ਗਵਾਹੀ ਦਿੰਦਾ ਹਾਂ ਅਤੇ ਮੇਰਾ ਪਿਤਾ ਵੀ ਜਿਸ ਨੇ ਮੈਨੂੰ ਘੱਲਿਆ ਹੈ ਮੇਰੇ ਬਾਰੇ ਗਵਾਹੀ ਦਿੰਦਾ ਹੈ।”+ 19 ਫਿਰ ਉਹ ਉਸ ਨੂੰ ਪੁੱਛਣ ਲੱਗੇ: “ਕਿੱਥੇ ਹੈ ਤੇਰਾ ਪਿਤਾ?” ਯਿਸੂ ਨੇ ਜਵਾਬ ਦਿੱਤਾ: “ਤੁਸੀਂ ਨਾ ਮੈਨੂੰ ਤੇ ਨਾ ਹੀ ਮੇਰੇ ਪਿਤਾ ਨੂੰ ਜਾਣਦੇ ਹੋ।+ ਜੇ ਤੁਸੀਂ ਮੈਨੂੰ ਜਾਣਦੇ ਹੁੰਦੇ, ਤਾਂ ਤੁਸੀਂ ਮੇਰੇ ਪਿਤਾ ਨੂੰ ਵੀ ਜਾਣਦੇ ਹੁੰਦੇ।”+ 20 ਇਹ ਗੱਲਾਂ ਯਿਸੂ ਨੇ ਮੰਦਰ ਵਿਚ ਸਿੱਖਿਆ ਦਿੰਦਿਆਂ ਉਸ ਜਗ੍ਹਾ ਕਹੀਆਂ ਸਨ ਜਿੱਥੇ ਦਾਨ-ਪੇਟੀਆਂ ਰੱਖੀਆਂ ਹੋਈਆਂ ਸਨ।+ ਪਰ ਕਿਸੇ ਨੇ ਵੀ ਉਸ ਨੂੰ ਫੜਿਆ ਨਹੀਂ ਕਿਉਂਕਿ ਉਸ ਦਾ ਸਮਾਂ ਅਜੇ ਨਹੀਂ ਆਇਆ ਸੀ।+
21 ਇਸ ਲਈ ਉਸ ਨੇ ਉਨ੍ਹਾਂ ਨੂੰ ਫਿਰ ਕਿਹਾ: “ਮੈਂ ਜਾ ਰਿਹਾ ਹਾਂ ਅਤੇ ਤੁਸੀਂ ਮੈਨੂੰ ਲੱਭੋਗੇ, ਪਰ ਫਿਰ ਵੀ ਆਪਣੇ ਪਾਪਾਂ ਕਰਕੇ ਮਰ ਜਾਓਗੇ।+ ਜਿੱਥੇ ਮੈਂ ਜਾ ਰਿਹਾ ਹਾਂ, ਤੁਸੀਂ ਉੱਥੇ ਨਹੀਂ ਆ ਸਕਦੇ।”+ 22 ਇਸ ਲਈ ਯਹੂਦੀ ਕਹਿਣ ਲੱਗੇ: “ਕਿਤੇ ਇਹ ਆਪਣੀ ਜਾਨ ਤਾਂ ਨਹੀਂ ਲੈਣ ਲੱਗਾ? ਕਿਉਂਕਿ ਇਹ ਕਹਿੰਦਾ ਹੈ, ‘ਜਿੱਥੇ ਮੈਂ ਜਾ ਰਿਹਾ ਹਾਂ ਉੱਥੇ ਤੁਸੀਂ ਨਹੀਂ ਆ ਸਕਦੇ।’” 23 ਉਸ ਨੇ ਅੱਗੇ ਉਨ੍ਹਾਂ ਨੂੰ ਕਿਹਾ: “ਤੁਸੀਂ ਹੇਠਾਂ ਦੇ ਹੋ; ਪਰ ਮੈਂ ਉੱਪਰੋਂ ਹਾਂ।+ ਤੁਸੀਂ ਇਸ ਦੁਨੀਆਂ ਦੇ ਹੋ; ਮੈਂ ਇਸ ਦੁਨੀਆਂ ਦਾ ਨਹੀਂ ਹਾਂ। 24 ਇਸੇ ਲਈ ਮੈਂ ਤੁਹਾਨੂੰ ਕਿਹਾ: ਤੁਸੀਂ ਆਪਣੇ ਪਾਪਾਂ ਕਰਕੇ ਮਰ ਜਾਓਗੇ। ਕਿਉਂਕਿ ਜੇ ਤੁਸੀਂ ਨਹੀਂ ਮੰਨਦੇ ਕਿ ਮੈਂ ਉਹੀ ਹਾਂ ਜੋ ਮੈਂ ਕਹਿੰਦਾ ਹਾਂ, ਤਾਂ ਤੁਸੀਂ ਆਪਣੇ ਪਾਪਾਂ ਕਰਕੇ ਮਰ ਜਾਓਗੇ।” 25 ਇਸ ਲਈ ਉਹ ਉਸ ਨੂੰ ਪੁੱਛਣ ਲੱਗੇ: “ਤੂੰ ਕੌਣ ਹੈਂ?” ਯਿਸੂ ਨੇ ਉਨ੍ਹਾਂ ਨੂੰ ਕਿਹਾ: “ਤੁਹਾਡੇ ਨਾਲ ਗੱਲ ਕਰ ਕੇ ਮੈਂ ਆਪਣਾ ਸਮਾਂ ਕਿਉਂ ਬਰਬਾਦ ਕਰ ਰਿਹਾ ਹਾਂ ਜਦ ਕਿ ਤੁਸੀਂ ਮੇਰੀ ਗੱਲ ਸਮਝਦੇ ਹੀ ਨਹੀਂ? 26 ਤੁਹਾਡੇ ਬਾਰੇ ਮੈਂ ਬਹੁਤ ਕੁਝ ਕਹਿਣਾ ਹੈ ਅਤੇ ਬਹੁਤ ਸਾਰੀਆਂ ਗੱਲਾਂ ਦਾ ਨਿਆਂ ਕਰਨਾ ਹੈ। ਅਸਲ ਵਿਚ, ਜਿਸ ਨੇ ਮੈਨੂੰ ਘੱਲਿਆ ਹੈ ਉਹ ਸੱਚਾ ਹੈ ਅਤੇ ਜੋ ਵੀ ਗੱਲਾਂ ਮੈਂ ਉਸ ਤੋਂ ਸੁਣੀਆਂ ਹਨ, ਉਹੀ ਗੱਲਾਂ ਮੈਂ ਦੁਨੀਆਂ ਨਾਲ ਕਰਦਾ ਹਾਂ।”+ 27 ਪਰ ਉਨ੍ਹਾਂ ਨੂੰ ਸਮਝ ਨਹੀਂ ਆਈ ਕਿ ਉਹ ਉਨ੍ਹਾਂ ਨਾਲ ਪਿਤਾ ਬਾਰੇ ਗੱਲ ਕਰ ਰਿਹਾ ਸੀ। 28 ਇਸ ਲਈ ਯਿਸੂ ਨੇ ਕਿਹਾ: “ਜਦ ਤੁਸੀਂ ਮਨੁੱਖ ਦੇ ਪੁੱਤਰ ਨੂੰ ਉੱਚੀ ਥਾਂ ʼਤੇ ਟੰਗ ਦਿਓਗੇ,+ ਤਦ ਤੁਹਾਨੂੰ ਪਤਾ ਲੱਗੇਗਾ ਕਿ ਮੈਂ ਉਹੀ ਹਾਂ ਜੋ ਮੈਂ ਕਹਿੰਦਾ ਹਾਂ+ ਅਤੇ ਮੈਂ ਆਪਣੀ ਮਰਜ਼ੀ ਨਾਲ ਕੁਝ ਵੀ ਨਹੀਂ ਕਰਦਾ;+ ਪਰ ਜੋ ਸਿੱਖਿਆ ਮੇਰੇ ਪਿਤਾ ਨੇ ਮੈਨੂੰ ਦਿੱਤੀ ਹੈ, ਉਹੀ ਸਿੱਖਿਆ ਮੈਂ ਦਿੰਦਾ ਹਾਂ। 29 ਜਿਸ ਨੇ ਮੈਨੂੰ ਘੱਲਿਆ ਹੈ ਉਹ ਮੇਰੇ ਨਾਲ ਹੈ; ਉਸ ਨੇ ਮੈਨੂੰ ਇਕੱਲਾ ਨਹੀਂ ਛੱਡਿਆ ਕਿਉਂਕਿ ਮੈਂ ਹਮੇਸ਼ਾ ਉਹੀ ਕੰਮ ਕਰਦਾ ਹਾਂ ਜਿਸ ਤੋਂ ਉਹ ਖ਼ੁਸ਼ ਹੁੰਦਾ ਹੈ।”+ 30 ਉਸ ਦੀਆਂ ਇਹ ਗੱਲਾਂ ਸੁਣ ਕੇ ਬਹੁਤ ਸਾਰੇ ਲੋਕਾਂ ਨੇ ਉਸ ਉੱਤੇ ਨਿਹਚਾ ਕੀਤੀ।
31 ਤਦ ਯਿਸੂ ਨੇ ਉਨ੍ਹਾਂ ਯਹੂਦੀਆਂ ਨੂੰ ਜਿਨ੍ਹਾਂ ਨੇ ਉਸ ਉੱਤੇ ਵਿਸ਼ਵਾਸ ਕੀਤਾ ਸੀ, ਕਿਹਾ: “ਜੇ ਤੁਸੀਂ ਮੇਰੀਆਂ ਸਿੱਖਿਆਵਾਂ ਨੂੰ ਮੰਨਦੇ ਰਹੋ, ਤਾਂ ਇਸ ਦਾ ਮਤਲਬ ਹੈ ਕਿ ਤੁਸੀਂ ਮੇਰੇ ਸੱਚੇ ਚੇਲੇ ਹੋ 32 ਅਤੇ ਤੁਸੀਂ ਸੱਚਾਈ ਨੂੰ ਜਾਣੋਗੇ+ ਤੇ ਸੱਚਾਈ ਤੁਹਾਨੂੰ ਆਜ਼ਾਦ ਕਰੇਗੀ।”+ 33 ਹੋਰਨਾਂ ਨੇ ਉਸ ਨੂੰ ਜਵਾਬ ਦਿੱਤਾ: “ਅਸੀਂ ਤਾਂ ਅਬਰਾਹਾਮ ਦੀ ਸੰਤਾਨ ਹਾਂ ਅਤੇ ਅੱਜ ਤਕ ਕਿਸੇ ਦੇ ਗ਼ੁਲਾਮ ਨਹੀਂ ਹੋਏ। ਤਾਂ ਫਿਰ, ਤੂੰ ਕਿੱਦਾਂ ਕਹਿੰਦਾ ਹੈਂ ਕਿ ‘ਤੁਸੀਂ ਆਜ਼ਾਦ ਹੋ ਜਾਓਗੇ’?” 34 ਯਿਸੂ ਨੇ ਉਨ੍ਹਾਂ ਨੂੰ ਜਵਾਬ ਦਿੱਤਾ: “ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ ਕਿ ਹਰ ਕੋਈ ਜੋ ਪਾਪ ਕਰਦਾ ਹੈ ਉਹ ਪਾਪ ਦਾ ਗ਼ੁਲਾਮ ਹੈ।+ 35 ਅਤੇ ਗ਼ੁਲਾਮ ਹਮੇਸ਼ਾ ਮਾਲਕ ਦੇ ਘਰ ਨਹੀਂ ਰਹਿੰਦਾ; ਪਰ ਪੁੱਤਰ ਹਮੇਸ਼ਾ ਰਹਿੰਦਾ ਹੈ। 36 ਇਸ ਲਈ, ਜੇ ਪੁੱਤਰ ਤੁਹਾਨੂੰ ਆਜ਼ਾਦ ਕਰਦਾ ਹੈ, ਤਾਂ ਤੁਸੀਂ ਸੱਚ-ਮੁੱਚ ਆਜ਼ਾਦ ਹੋਵੋਗੇ। 37 ਮੈਂ ਜਾਣਦਾ ਹਾਂ ਕਿ ਤੁਸੀਂ ਅਬਰਾਹਾਮ ਦੀ ਸੰਤਾਨ ਹੋ; ਪਰ ਤੁਸੀਂ ਮੈਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕਰ ਰਹੇ ਹੋ ਕਿਉਂਕਿ ਤੁਸੀਂ ਮੇਰੀਆਂ ਸਿੱਖਿਆਵਾਂ ਨੂੰ ਕਬੂਲ ਨਹੀਂ ਕਰਦੇ। 38 ਮੈਂ ਉਹੀ ਗੱਲਾਂ ਦੱਸਦਾ ਹਾਂ ਜੋ ਮੈਂ ਆਪਣੇ ਪਿਤਾ ਨਾਲ ਹੁੰਦੇ ਹੋਏ ਦੇਖੀਆਂ ਸਨ;+ ਪਰ ਤੁਸੀਂ ਉਹੀ ਕਰਦੇ ਹੋ ਜੋ ਤੁਹਾਡੇ ਪਿਉ ਨੇ ਤੁਹਾਨੂੰ ਦੱਸਿਆ ਹੈ।” 39 ਉਨ੍ਹਾਂ ਨੇ ਉਸ ਨੂੰ ਜਵਾਬ ਦਿੱਤਾ: “ਸਾਡਾ ਪਿਤਾ ਅਬਰਾਹਾਮ ਹੈ।” ਯਿਸੂ ਨੇ ਉਨ੍ਹਾਂ ਨੂੰ ਕਿਹਾ: “ਜੇ ਤੁਸੀਂ ਅਬਰਾਹਾਮ ਦੇ ਬੱਚੇ ਹੁੰਦੇ,+ ਤਾਂ ਅਬਰਾਹਾਮ ਵਰਗੇ ਕੰਮ ਕਰਦੇ। 40 ਪਰ ਤੁਸੀਂ ਤਾਂ ਮੈਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕਰ ਰਹੇ ਹੋ, ਜਦ ਕਿ ਮੈਂ ਤੁਹਾਨੂੰ ਸੱਚਾਈ ਬਾਰੇ ਦੱਸਿਆ ਹੈ ਜੋ ਮੈਂ ਪਰਮੇਸ਼ੁਰ ਤੋਂ ਸੁਣੀ ਹੈ।+ ਅਬਰਾਹਾਮ ਨੇ ਤਾਂ ਇਸ ਤਰ੍ਹਾਂ ਨਹੀਂ ਕੀਤਾ। 41 ਤੁਸੀਂ ਆਪਣੇ ਪਿਉ ਦੇ ਕੰਮ ਕਰਦੇ ਹੋ।” ਉਨ੍ਹਾਂ ਨੇ ਉਸ ਨੂੰ ਕਿਹਾ: “ਅਸੀਂ ਨਾਜਾਇਜ਼* ਔਲਾਦ ਨਹੀਂ ਹਾਂ; ਪਰਮੇਸ਼ੁਰ ਸਾਡਾ ਪਿਤਾ ਹੈ।”
42 ਯਿਸੂ ਨੇ ਉਨ੍ਹਾਂ ਨੂੰ ਕਿਹਾ: “ਜੇ ਪਰਮੇਸ਼ੁਰ ਤੁਹਾਡਾ ਪਿਤਾ ਹੁੰਦਾ, ਤਾਂ ਤੁਸੀਂ ਮੇਰੇ ਨਾਲ ਪਿਆਰ ਕਰਦੇ+ ਕਿਉਂਕਿ ਪਰਮੇਸ਼ੁਰ ਨੇ ਮੈਨੂੰ ਇੱਥੇ ਘੱਲਿਆ ਹੈ। ਮੈਂ ਆਪ ਆਪਣੀ ਮਰਜ਼ੀ ਨਾਲ ਨਹੀਂ ਆਇਆ, ਪਰ ਉਸ ਨੇ ਮੈਨੂੰ ਘੱਲਿਆ ਹੈ।+ 43 ਤੁਹਾਨੂੰ ਮੇਰੀਆਂ ਗੱਲਾਂ ਕਿਉਂ ਨਹੀਂ ਸਮਝ ਆਉਂਦੀਆਂ? ਕਿਉਂਕਿ ਤੁਸੀਂ ਮੇਰੀਆਂ ਗੱਲਾਂ ʼਤੇ ਯਕੀਨ ਨਹੀਂ ਕਰਨਾ ਚਾਹੁੰਦੇ। 44 ਤੁਹਾਡਾ ਪਿਉ ਸ਼ੈਤਾਨ ਹੈ ਅਤੇ ਤੁਸੀਂ ਆਪਣੇ ਪਿਉ ਦੀਆਂ ਇੱਛਾਵਾਂ ਪੂਰੀਆਂ ਕਰਨੀਆਂ ਚਾਹੁੰਦੇ ਹੋ।+ ਉਹ ਸ਼ੁਰੂ ਤੋਂ ਹੀ ਕਾਤਲ ਹੈ+ ਅਤੇ ਸੱਚਾਈ ਉੱਤੇ ਟਿਕਿਆ ਨਹੀਂ ਰਿਹਾ ਕਿਉਂਕਿ ਸੱਚਾਈ ਉਸ ਵਿਚ ਹੈ ਹੀ ਨਹੀਂ। ਉਹ ਆਪਣੇ ਸੁਭਾਅ ਦੇ ਅਨੁਸਾਰ ਹੀ ਝੂਠ ਬੋਲਦਾ ਹੈ ਕਿਉਂਕਿ ਉਹ ਝੂਠਾ ਹੈ ਅਤੇ ਝੂਠ ਦਾ ਪਿਉ ਹੈ।+ 45 ਪਰ ਮੈਂ ਤੁਹਾਨੂੰ ਸੱਚ ਦੱਸਦਾ ਹਾਂ, ਫਿਰ ਵੀ ਤੁਸੀਂ ਮੇਰੇ ʼਤੇ ਵਿਸ਼ਵਾਸ ਨਹੀਂ ਕਰਦੇ। 46 ਤੁਹਾਡੇ ਵਿੱਚੋਂ ਕੌਣ ਮੈਨੂੰ ਪਾਪੀ ਠਹਿਰਾਉਂਦਾ ਹੈ? ਜੇ ਮੈਂ ਸੱਚ ਬੋਲਦਾ ਹਾਂ, ਤਾਂ ਫਿਰ ਤੁਸੀਂ ਮੇਰੀਆਂ ਗੱਲਾਂ ਕਿਉਂ ਨਹੀਂ ਮੰਨਦੇ? 47 ਜਿਹੜਾ ਪਰਮੇਸ਼ੁਰ ਤੋਂ ਹੈ, ਉਹ ਪਰਮੇਸ਼ੁਰ ਦੀਆਂ ਗੱਲਾਂ ਸੁਣਦਾ ਹੈ।+ ਪਰ ਤੁਸੀਂ ਉਸ ਦੀਆਂ ਗੱਲਾਂ ਨਹੀਂ ਸੁਣਦੇ ਕਿਉਂਕਿ ਤੁਸੀਂ ਪਰਮੇਸ਼ੁਰ ਤੋਂ ਨਹੀਂ ਹੋ।”+
48 ਯਹੂਦੀਆਂ ਨੇ ਉਸ ਨੂੰ ਜਵਾਬ ਦਿੱਤਾ: “ਕੀ ਅਸੀਂ ਠੀਕ ਨਹੀਂ ਕਹਿੰਦੇ, ‘ਤੂੰ ਸਾਮਰੀ ਹੈਂ+ ਅਤੇ ਤੈਨੂੰ ਦੁਸ਼ਟ ਦੂਤ ਚਿੰਬੜਿਆ ਹੋਇਆ ਹੈ’?”+ 49 ਯਿਸੂ ਨੇ ਜਵਾਬ ਦਿੱਤਾ: “ਮੈਨੂੰ ਦੁਸ਼ਟ ਦੂਤ ਨਹੀਂ ਚਿੰਬੜਿਆ ਹੋਇਆ, ਪਰ ਮੈਂ ਆਪਣੇ ਪਿਤਾ ਦਾ ਆਦਰ ਕਰਦਾ ਹਾਂ ਅਤੇ ਤੁਸੀਂ ਮੇਰਾ ਨਿਰਾਦਰ ਕਰਦੇ ਹੋ। 50 ਮੈਂ ਆਪਣੀ ਮਹਿਮਾ ਨਹੀਂ ਚਾਹੁੰਦਾ;+ ਇਕ ਹੈ ਜੋ ਮੇਰੀ ਮਹਿਮਾ ਕਰਨੀ ਚਾਹੁੰਦਾ ਹੈ ਅਤੇ ਉਹ ਨਿਆਂਕਾਰ ਹੈ। 51 ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ, ਜੇ ਕੋਈ ਮੇਰੀਆਂ ਸਿੱਖਿਆਵਾਂ ʼਤੇ ਚੱਲਦਾ ਹੈ, ਤਾਂ ਉਹ ਕਦੇ ਮੌਤ ਦਾ ਮੂੰਹ ਨਹੀਂ ਦੇਖੇਗਾ।”+ 52 ਯਹੂਦੀਆਂ ਨੇ ਉਸ ਨੂੰ ਕਿਹਾ: “ਹੁਣ ਸਾਨੂੰ ਪੱਕਾ ਪਤਾ ਲੱਗ ਗਿਆ ਹੈ ਕਿ ਤੈਨੂੰ ਦੁਸ਼ਟ ਦੂਤ ਚਿੰਬੜਿਆ ਹੋਇਆ ਹੈ। ਅਬਰਾਹਾਮ ਤਾਂ ਮਰ ਗਿਆ, ਨਾਲੇ ਸਾਰੇ ਨਬੀ, ਪਰ ਤੂੰ ਕਹਿੰਦਾ ਹੈਂ, ‘ਜਿਹੜਾ ਮੇਰੀਆਂ ਸਿੱਖਿਆਵਾਂ ʼਤੇ ਚੱਲਦਾ ਹੈ, ਉਹ ਕਦੇ ਨਹੀਂ ਮਰੇਗਾ।’ 53 ਕੀ ਤੂੰ ਸਾਡੇ ਪਿਤਾ ਅਬਰਾਹਾਮ ਨਾਲੋਂ ਵੀ ਮਹਾਨ ਹੈਂ? ਉਹ ਵੀ ਮਰ ਗਿਆ ਤੇ ਨਬੀ ਵੀ ਮਰ ਗਏ। ਤੂੰ ਆਪਣੇ ਆਪ ਨੂੰ ਕੀ ਸਮਝਦਾ ਹੈਂ?” 54 ਯਿਸੂ ਨੇ ਜਵਾਬ ਦਿੱਤਾ: “ਜੇ ਮੈਂ ਆਪ ਆਪਣੀ ਵਡਿਆਈ ਕਰਾਂ, ਤਾਂ ਮੇਰੀ ਵਡਿਆਈ ਖੋਖਲੀ ਹੈ। ਮੇਰਾ ਪਿਤਾ ਮੇਰੀ ਵਡਿਆਈ ਕਰਦਾ ਹੈ,+ ਉਹੀ ਜਿਸ ਨੂੰ ਤੁਸੀਂ ਆਪਣਾ ਪਰਮੇਸ਼ੁਰ ਕਹਿੰਦੇ ਹੋ। 55 ਫਿਰ ਵੀ ਤੁਸੀਂ ਉਸ ਨੂੰ ਨਹੀਂ ਜਾਣਦੇ।+ ਪਰ ਮੈਂ ਉਸ ਨੂੰ ਜਾਣਦਾ ਹਾਂ।+ ਜੇ ਮੈਂ ਕਹਾਂ ਕਿ ਮੈਂ ਉਸ ਨੂੰ ਨਹੀਂ ਜਾਣਦਾ, ਤਾਂ ਫਿਰ ਮੈਂ ਵੀ ਤੁਹਾਡੇ ਵਾਂਗ ਝੂਠਾ ਹਾਂ। ਪਰ ਮੈਂ ਉਸ ਨੂੰ ਜਾਣਦਾ ਹਾਂ ਅਤੇ ਉਸ ਦਾ ਕਹਿਣਾ ਮੰਨਦਾ ਹਾਂ। 56 ਤੁਹਾਡਾ ਪਿਤਾ ਅਬਰਾਹਾਮ ਇਸ ਗੱਲੋਂ ਬਹੁਤ ਖ਼ੁਸ਼ ਸੀ ਕਿ ਉਹ ਮੇਰਾ ਦਿਨ ਦੇਖੇਗਾ ਅਤੇ ਉਹ ਮੇਰਾ ਦਿਨ ਦੇਖ ਕੇ ਬਹੁਤ ਖ਼ੁਸ਼ ਹੋਇਆ।”+ 57 ਫਿਰ ਯਹੂਦੀਆਂ ਨੇ ਉਸ ਨੂੰ ਕਿਹਾ: “ਤੂੰ ਤਾਂ ਹਾਲੇ 50 ਸਾਲਾਂ ਦਾ ਵੀ ਨਹੀਂ, ਫਿਰ ਤੂੰ ਕਿੱਦਾਂ ਅਬਰਾਹਾਮ ਨੂੰ ਦੇਖ ਲਿਆ?” 58 ਯਿਸੂ ਨੇ ਉਨ੍ਹਾਂ ਨੂੰ ਕਿਹਾ: “ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ, ਅਬਰਾਹਾਮ ਦੇ ਪੈਦਾ ਹੋਣ ਤੋਂ ਪਹਿਲਾਂ ਮੈਂ ਹੋਂਦ ਵਿਚ ਸੀ।”+ 59 ਇਹ ਸੁਣ ਕੇ ਉਨ੍ਹਾਂ ਨੇ ਯਿਸੂ ਨੂੰ ਮਾਰਨ ਲਈ ਪੱਥਰ ਚੁੱਕੇ, ਪਰ ਉਹ ਲੁਕ ਗਿਆ ਅਤੇ ਮੰਦਰ ਤੋਂ ਬਾਹਰ ਚਲਾ ਗਿਆ।
9 ਜਦੋਂ ਉਹ ਜਾ ਰਿਹਾ ਸੀ, ਤਾਂ ਉਸ ਨੇ ਇਕ ਆਦਮੀ ਨੂੰ ਦੇਖਿਆ ਜੋ ਜਨਮ ਤੋਂ ਅੰਨ੍ਹਾ ਸੀ। 2 ਉਸ ਦੇ ਚੇਲਿਆਂ ਨੇ ਉਸ ਨੂੰ ਪੁੱਛਿਆ: “ਗੁਰੂ ਜੀ,*+ ਕਿਸ ਨੇ ਪਾਪ ਕੀਤਾ, ਇਸ ਆਦਮੀ ਨੇ ਜਾਂ ਇਸ ਦੇ ਮਾਤਾ-ਪਿਤਾ ਨੇ ਜਿਸ ਕਰਕੇ ਇਹ ਜਨਮ ਤੋਂ ਅੰਨ੍ਹਾ ਹੈ?” 3 ਯਿਸੂ ਨੇ ਜਵਾਬ ਦਿੱਤਾ: “ਨਾ ਹੀ ਇਸ ਆਦਮੀ ਨੇ ਪਾਪ ਕੀਤਾ ਅਤੇ ਨਾ ਹੀ ਇਸ ਦੇ ਮਾਤਾ-ਪਿਤਾ ਨੇ, ਪਰ ਇਸ ਮਾਮਲੇ ਵਿਚ ਲੋਕ ਪਰਮੇਸ਼ੁਰ ਦੇ ਕੰਮ ਦੇਖ ਸਕਣਗੇ।+ 4 ਜਦ ਤਕ ਦਿਨ ਹੈ, ਸਾਨੂੰ ਉਸ ਦੇ ਕੰਮ ਕਰਨੇ ਚਾਹੀਦੇ ਹਨ ਜਿਸ ਨੇ ਮੈਨੂੰ ਘੱਲਿਆ ਹੈ;+ ਰਾਤ ਹੋਣ ਵਾਲੀ ਹੈ ਜਿਸ ਕਰਕੇ ਕੋਈ ਆਦਮੀ ਕੰਮ ਨਹੀਂ ਕਰ ਸਕੇਗਾ। 5 ਜਦ ਤਕ ਮੈਂ ਦੁਨੀਆਂ ਵਿਚ ਹਾਂ, ਮੈਂ ਦੁਨੀਆਂ ਦਾ ਚਾਨਣ ਹਾਂ।”+ 6 ਇਹ ਕਹਿਣ ਤੋਂ ਬਾਅਦ ਉਸ ਨੇ ਜ਼ਮੀਨ ʼਤੇ ਥੁੱਕਿਆ ਅਤੇ ਥੁੱਕ ਨਾਲ ਮਿੱਟੀ ਦਾ ਲੇਪ ਬਣਾ ਕੇ ਉਸ ਅੰਨ੍ਹੇ ਆਦਮੀ ਦੀਆਂ ਅੱਖਾਂ ʼਤੇ ਲਾਇਆ+ 7 ਅਤੇ ਉਸ ਨੂੰ ਕਿਹਾ: “ਜਾਹ ਤੇ ਸੀਲੋਮ ਦੇ ਸਰੋਵਰ ਵਿਚ ਆਪਣੀਆਂ ਅੱਖਾਂ ਧੋ ਲੈ” (ਸੀਲੋਮ ਦਾ ਮਤਲਬ ਹੈ “ਵਹਿ ਰਿਹਾ ਪਾਣੀ”)। ਉਸ ਨੇ ਜਾ ਕੇ ਆਪਣੀਆਂ ਅੱਖਾਂ ਧੋਤੀਆਂ ਅਤੇ ਉਹ ਸੁਜਾਖਾ ਹੋ ਕੇ ਵਾਪਸ ਆਇਆ।+
8 ਫਿਰ ਉਸ ਦੇ ਗੁਆਂਢੀ ਅਤੇ ਉਹ ਲੋਕ ਜੋ ਪਹਿਲਾਂ ਉਸ ਨੂੰ ਭੀਖ ਮੰਗਦੇ ਹੋਏ ਦੇਖਦੇ ਹੁੰਦੇ ਸਨ, ਕਹਿਣ ਲੱਗੇ: “ਕੀ ਇਹ ਉਹੀ ਆਦਮੀ ਨਹੀਂ ਜਿਹੜਾ ਪਹਿਲਾਂ ਬੈਠਾ ਭੀਖ ਮੰਗਦਾ ਹੁੰਦਾ ਸੀ?” 9 ਕੁਝ ਲੋਕ ਕਹਿ ਰਹੇ ਸਨ: “ਇਹ ਉਹੀ ਹੈ।” ਦੂਸਰੇ ਕਹਿ ਰਹੇ ਸਨ: “ਨਹੀਂ, ਇਹ ਉਹ ਆਦਮੀ ਨਹੀਂ, ਪਰ ਉਸ ਵਰਗਾ ਹੈ।” ਉਹ ਆਦਮੀ ਕਹਿੰਦਾ ਰਿਹਾ: “ਮੈਂ ਉਹੀ ਹਾਂ।” 10 ਇਸ ਲਈ ਉਨ੍ਹਾਂ ਨੇ ਉਸ ਨੂੰ ਪੁੱਛਿਆ: “ਤਾਂ ਫਿਰ, ਤੂੰ ਸੁਜਾਖਾ ਕਿਸ ਤਰ੍ਹਾਂ ਹੋਇਆ?” 11 ਉਸ ਨੇ ਜਵਾਬ ਦਿੱਤਾ: “ਯਿਸੂ ਨਾਂ ਦੇ ਆਦਮੀ ਨੇ ਮਿੱਟੀ ਦਾ ਲੇਪ ਬਣਾ ਕੇ ਮੇਰੀਆਂ ਅੱਖਾਂ ʼਤੇ ਲਾਇਆ ਅਤੇ ਮੈਨੂੰ ਕਿਹਾ, ‘ਜਾ ਕੇ ਸੀਲੋਮ ਦੇ ਸਰੋਵਰ ਵਿਚ ਆਪਣੀਆਂ ਅੱਖਾਂ ਧੋ ਲੈ।’+ ਇਸ ਲਈ ਮੈਂ ਜਾ ਕੇ ਅੱਖਾਂ ਧੋਤੀਆਂ ਅਤੇ ਸੁਜਾਖਾ ਹੋ ਗਿਆ।” 12 ਇਹ ਸੁਣ ਕੇ ਉਨ੍ਹਾਂ ਨੇ ਉਸ ਨੂੰ ਪੁੱਛਿਆ: “ਉਹ ਆਦਮੀ ਕਿੱਥੇ ਹੈ?” ਉਸ ਨੇ ਕਿਹਾ: “ਮੈਨੂੰ ਨਹੀਂ ਪਤਾ।”
13 ਫਿਰ ਉਹ ਉਸ ਆਦਮੀ ਨੂੰ, ਜੋ ਪਹਿਲਾਂ ਅੰਨ੍ਹਾ ਹੁੰਦਾ ਸੀ, ਫ਼ਰੀਸੀਆਂ ਕੋਲ ਲੈ ਗਏ। 14 ਕੁਦਰਤੀ ਉਹ ਸਬਤ ਦਾ ਦਿਨ ਸੀ+ ਜਿਸ ਦਿਨ ਯਿਸੂ ਨੇ ਮਿੱਟੀ ਦਾ ਲੇਪ ਬਣਾ ਕੇ ਉਸ ਆਦਮੀ ਦੀਆਂ ਅੱਖਾਂ ਖੋਲ੍ਹੀਆਂ ਸਨ।+ 15 ਇਸ ਲਈ ਹੁਣ ਫ਼ਰੀਸੀ ਵੀ ਉਸ ਆਦਮੀ ਨੂੰ ਪੁੱਛਣ ਲੱਗ ਪਏ ਕਿ ਉਹ ਸੁਜਾਖਾ ਕਿੱਦਾਂ ਹੋਇਆ। ਉਸ ਨੇ ਉਨ੍ਹਾਂ ਨੂੰ ਕਿਹਾ: “ਉਸ ਨੇ ਮੇਰੀਆਂ ਅੱਖਾਂ ʼਤੇ ਮਿੱਟੀ ਦਾ ਲੇਪ ਬਣਾ ਕੇ ਲਾਇਆ ਅਤੇ ਮੈਂ ਆਪਣੀਆਂ ਅੱਖਾਂ ਧੋਤੀਆਂ ਤੇ ਸੁਜਾਖਾ ਹੋ ਗਿਆ।” 16 ਫਿਰ ਕੁਝ ਫ਼ਰੀਸੀ ਕਹਿਣ ਲੱਗੇ: “ਇਹ ਆਦਮੀ ਪਰਮੇਸ਼ੁਰ ਤੋਂ ਨਹੀਂ ਹੈ ਕਿਉਂਕਿ ਇਹ ਸਬਤ ਨੂੰ ਨਹੀਂ ਮੰਨਦਾ।”+ ਦੂਸਰਿਆਂ ਨੇ ਕਿਹਾ: “ਕੋਈ ਪਾਪੀ ਇਸ ਤਰ੍ਹਾਂ ਦੇ ਚਮਤਕਾਰ ਕਿਵੇਂ ਕਰ ਸਕਦਾ ਹੈ?”+ ਇਸ ਤਰ੍ਹਾਂ ਫ਼ਰੀਸੀਆਂ ਵਿਚ ਫੁੱਟ ਪੈ ਗਈ।+ 17 ਇਸ ਲਈ ਉਨ੍ਹਾਂ ਨੇ ਉਸ ਅੰਨ੍ਹੇ ਆਦਮੀ ਨੂੰ ਫਿਰ ਪੁੱਛਿਆ: “ਉਸ ਬਾਰੇ ਤੇਰਾ ਕੀ ਖ਼ਿਆਲ ਹੈ ਕਿਉਂਕਿ ਤੇਰੀਆਂ ਤਾਂ ਉਸ ਨੇ ਅੱਖਾਂ ਖੋਲ੍ਹੀਆਂ ਹਨ?” ਉਸ ਆਦਮੀ ਨੇ ਕਿਹਾ: “ਉਹ ਇਕ ਨਬੀ ਹੈ।”
18 ਪਰ ਯਹੂਦੀ ਧਾਰਮਿਕ ਆਗੂ ਇਹ ਮੰਨਣ ਲਈ ਤਿਆਰ ਹੀ ਨਹੀਂ ਸਨ ਕਿ ਇਹ ਆਦਮੀ ਪਹਿਲਾਂ ਅੰਨ੍ਹਾ ਸੀ ਤੇ ਹੁਣ ਸੁਜਾਖਾ ਹੋ ਗਿਆ ਸੀ। ਇਸ ਲਈ ਉਨ੍ਹਾਂ ਨੇ ਉਸ ਦੇ ਮਾਤਾ-ਪਿਤਾ ਨੂੰ ਬੁਲਾਇਆ। 19 ਉਨ੍ਹਾਂ ਨੇ ਉਨ੍ਹਾਂ ਨੂੰ ਪੁੱਛਿਆ: “ਕੀ ਇਹ ਤੁਹਾਡਾ ਮੁੰਡਾ ਹੈ ਜਿਸ ਬਾਰੇ ਤੁਸੀਂ ਕਹਿੰਦੇ ਹੋ ਕਿ ਇਹ ਅੰਨ੍ਹਾ ਪੈਦਾ ਹੋਇਆ ਸੀ? ਤਾਂ ਫਿਰ, ਇਹ ਹੁਣ ਸੁਜਾਖਾ ਕਿਵੇਂ ਹੋ ਗਿਆ?” 20 ਉਸ ਦੇ ਮਾਤਾ-ਪਿਤਾ ਨੇ ਜਵਾਬ ਦਿੱਤਾ: “ਅਸੀਂ ਇਹ ਤਾਂ ਜਾਣਦੇ ਹਾਂ ਕਿ ਇਹ ਸਾਡਾ ਮੁੰਡਾ ਹੈ ਅਤੇ ਇਹ ਅੰਨ੍ਹਾ ਪੈਦਾ ਹੋਇਆ ਸੀ। 21 ਪਰ ਇਹ ਸੁਜਾਖਾ ਕਿੱਦਾਂ ਹੋਇਆ, ਇਸ ਬਾਰੇ ਅਸੀਂ ਕੁਝ ਨਹੀਂ ਜਾਣਦੇ; ਨਾ ਹੀ ਸਾਨੂੰ ਪਤਾ ਕਿ ਇਸ ਦੀਆਂ ਅੱਖਾਂ ਕਿਸ ਨੇ ਖੋਲ੍ਹੀਆਂ। ਇਹਨੂੰ ਪੁੱਛ ਲਓ, ਇਹ ਕਿਹੜਾ ਨਿਆਣਾ ਹੈ। ਇਹ ਆਪ ਤੁਹਾਨੂੰ ਜਵਾਬ ਦੇਵੇ।” 22 ਉਸ ਦੇ ਮਾਤਾ-ਪਿਤਾ ਨੇ ਇਹ ਗੱਲਾਂ ਇਸ ਲਈ ਕਹੀਆਂ ਸਨ ਕਿਉਂਕਿ ਉਹ ਯਹੂਦੀ ਧਾਰਮਿਕ ਆਗੂਆਂ ਤੋਂ ਡਰਦੇ ਸਨ+ ਜਿਨ੍ਹਾਂ ਨੇ ਪਹਿਲਾਂ ਹੀ ਸਲਾਹ ਕਰ ਲਈ ਸੀ ਕਿ ਜੋ ਵੀ ਯਿਸੂ ਨੂੰ ਮਸੀਹ ਵਜੋਂ ਕਬੂਲ ਕਰੇਗਾ, ਉਸ ਨੂੰ ਸਭਾ ਘਰ ਵਿੱਚੋਂ ਛੇਕ* ਦਿੱਤਾ ਜਾਵੇਗਾ।+ 23 ਇਸੇ ਕਰਕੇ ਉਸ ਦੇ ਮਾਤਾ-ਪਿਤਾ ਨੇ ਕਿਹਾ ਸੀ: “ਇਹ ਕਿਹੜਾ ਨਿਆਣਾ ਹੈ, ਇਹਨੂੰ ਪੁੱਛ ਲਓ।”
24 ਫਿਰ ਉਨ੍ਹਾਂ ਨੇ ਦੂਸਰੀ ਵਾਰ ਉਸ ਆਦਮੀ ਨੂੰ, ਜੋ ਪਹਿਲਾਂ ਅੰਨ੍ਹਾ ਹੁੰਦਾ ਸੀ, ਬੁਲਾ ਕੇ ਕਿਹਾ: “ਪਰਮੇਸ਼ੁਰ ਦੇ ਸਾਮ੍ਹਣੇ ਸੱਚ-ਸੱਚ ਦੱਸ; ਅਸੀਂ ਜਾਣਦੇ ਹਾਂ ਕਿ ਉਹ ਆਦਮੀ ਪਾਪੀ ਹੈ।” 25 ਉਸ ਨੇ ਜਵਾਬ ਦਿੱਤਾ: “ਮੈਨੂੰ ਇਹ ਨਹੀਂ ਪਤਾ ਕਿ ਉਹ ਪਾਪੀ ਹੈ ਜਾਂ ਨਹੀਂ, ਪਰ ਮੈਨੂੰ ਇੰਨਾ ਜ਼ਰੂਰ ਪਤਾ ਕਿ ਮੈਂ ਅੰਨ੍ਹਾ ਸੀ ਤੇ ਹੁਣ ਸੁਜਾਖਾ ਹੋ ਗਿਆ ਹਾਂ।” 26 ਤਦ ਉਨ੍ਹਾਂ ਨੇ ਉਸ ਨੂੰ ਕਿਹਾ: “ਉਸ ਨੇ ਤੇਰੇ ਨਾਲ ਕੀ ਕੀਤਾ? ਉਸ ਨੇ ਤੇਰੀਆਂ ਅੱਖਾਂ ਕਿੱਦਾਂ ਖੋਲ੍ਹੀਆਂ?” 27 ਉਸ ਨੇ ਕਿਹਾ: “ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਾ ਹਾਂ, ਪਰ ਤੁਸੀਂ ਮੇਰੀ ਗੱਲ ਨਹੀਂ ਸੁਣੀ। ਹੁਣ ਤੁਸੀਂ ਦੁਬਾਰਾ ਕਿਉਂ ਪੁੱਛ ਰਹੇ ਹੋ? ਕਿਤੇ ਤੁਸੀਂ ਵੀ ਉਸ ਦੇ ਚੇਲੇ ਤਾਂ ਨਹੀਂ ਬਣਨਾ ਚਾਹੁੰਦੇ?” 28 ਇਹ ਸੁਣ ਕੇ ਉਨ੍ਹਾਂ ਨੇ ਉਸ ਨੂੰ ਤੁੱਛ ਸਮਝਦਿਆਂ ਕਿਹਾ: “ਤੂੰ ਉਸ ਆਦਮੀ ਦਾ ਚੇਲਾ ਹੈਂ, ਪਰ ਅਸੀਂ ਮੂਸਾ ਦੇ ਚੇਲੇ ਹਾਂ। 29 ਅਸੀਂ ਜਾਣਦੇ ਹਾਂ ਕਿ ਪਰਮੇਸ਼ੁਰ ਨੇ ਮੂਸਾ ਨਾਲ ਗੱਲਾਂ ਕੀਤੀਆਂ ਸਨ, ਪਰ ਅਸੀਂ ਇਹ ਨਹੀਂ ਜਾਣਦੇ ਕਿ ਉਹ ਆਦਮੀ ਕਿੱਥੋਂ ਆਇਆ ਹੈ।” 30 ਉਸ ਆਦਮੀ ਨੇ ਉਨ੍ਹਾਂ ਨੂੰ ਜਵਾਬ ਦਿੱਤਾ: “ਇਹ ਤਾਂ ਬੜੀ ਹੈਰਾਨੀ ਦੀ ਗੱਲ ਹੈ ਕਿ ਤੁਸੀਂ ਇਹ ਨਹੀਂ ਜਾਣਦੇ ਕਿ ਉਹ ਆਦਮੀ ਕਿੱਥੋਂ ਆਇਆ ਹੈ, ਜਦ ਕਿ ਉਸ ਨੇ ਮੈਨੂੰ ਸੁਜਾਖਾ ਕੀਤਾ। 31 ਅਸੀਂ ਜਾਣਦੇ ਹਾਂ ਕਿ ਪਰਮੇਸ਼ੁਰ ਪਾਪੀਆਂ ਦੀ ਨਹੀਂ ਸੁਣਦਾ,+ ਸਗੋਂ ਉਸ ਦੀ ਸੁਣਦਾ ਹੈ ਜਿਹੜਾ ਉਸ ਤੋਂ ਡਰਦਾ ਹੈ ਅਤੇ ਉਸ ਦੀ ਇੱਛਾ ਪੂਰੀ ਕਰਦਾ ਹੈ।+ 32 ਅੱਜ ਤਕ ਕਦੇ ਇਹ ਨਹੀਂ ਸੁਣਿਆ ਕਿ ਕਿਸੇ ਨੇ ਜਨਮ ਤੋਂ ਅੰਨ੍ਹੇ ਨੂੰ ਸੁਜਾਖਾ ਕੀਤਾ ਹੋਵੇ। 33 ਜੇ ਉਹ ਆਦਮੀ ਪਰਮੇਸ਼ੁਰ ਵੱਲੋਂ ਨਾ ਹੁੰਦਾ, ਤਾਂ ਉਹ ਕੁਝ ਵੀ ਨਾ ਕਰ ਪਾਉਂਦਾ।”+ 34 ਉਨ੍ਹਾਂ ਨੇ ਉਸ ਨੂੰ ਜਵਾਬ ਦਿੱਤਾ: “ਤੂੰ ਤਾਂ ਪੂਰੇ-ਦਾ-ਪੂਰਾ ਪਾਪ ਵਿਚ ਜੰਮਿਆ ਹੈਂ ਅਤੇ ਤੂੰ ਸਾਨੂੰ ਮੱਤ ਦੇ ਰਿਹਾਂ?” ਫਿਰ ਉਨ੍ਹਾਂ ਨੇ ਉਸ ਨੂੰ ਸਭਾ ਘਰ ਵਿੱਚੋਂ ਛੇਕ ਦਿੱਤਾ!+
35 ਯਿਸੂ ਨੇ ਸੁਣਿਆ ਕਿ ਉਨ੍ਹਾਂ ਨੇ ਸਭਾ ਘਰ ਵਿੱਚੋਂ ਉਸ ਆਦਮੀ ਨੂੰ ਛੇਕ ਦਿੱਤਾ ਸੀ। ਜਦ ਯਿਸੂ ਨੂੰ ਉਹ ਆਦਮੀ ਮਿਲਿਆ, ਤਾਂ ਉਸ ਨੇ ਉਸ ਨੂੰ ਪੁੱਛਿਆ: “ਕੀ ਤੂੰ ਮਨੁੱਖ ਦੇ ਪੁੱਤਰ ʼਤੇ ਨਿਹਚਾ ਕਰਦਾ ਹੈਂ?” 36 ਉਸ ਨੇ ਕਿਹਾ: “ਸਾਹਬ ਜੀ, ਮੈਨੂੰ ਦੱਸ ਉਹ ਕੌਣ ਹੈ ਤਾਂਕਿ ਮੈਂ ਉਸ ʼਤੇ ਨਿਹਚਾ ਕਰਾਂ।” 37 ਯਿਸੂ ਨੇ ਉਸ ਨੂੰ ਕਿਹਾ: “ਤੂੰ ਉਸ ਨੂੰ ਦੇਖਿਆ ਹੈ, ਸਗੋਂ ਹੁਣ ਜੋ ਤੇਰੇ ਨਾਲ ਗੱਲ ਕਰ ਰਿਹਾ ਹੈ, ਉਹ ਉਹੀ ਹੈ।” 38 ਫਿਰ ਉਸ ਆਦਮੀ ਨੇ ਕਿਹਾ: “ਪ੍ਰਭੂ, ਮੈਂ ਨਿਹਚਾ ਕਰਦਾ ਹਾਂ।” ਅਤੇ ਉਸ ਨੇ ਉਸ ਦੇ ਸਾਮ੍ਹਣੇ ਗੋਡੇ ਟੇਕ ਕੇ ਪ੍ਰਣਾਮ ਕੀਤਾ। 39 ਤਦ ਯਿਸੂ ਨੇ ਕਿਹਾ: “ਮੈਂ ਦੁਨੀਆਂ ਵਿਚ ਇਸ ਲਈ ਆਇਆਂ ਹਾਂ ਤਾਂਕਿ ਲੋਕਾਂ ਦਾ ਨਿਆਂ ਕੀਤਾ ਜਾ ਸਕੇ ਕਿ ਜਿਹੜੇ ਨਹੀਂ ਦੇਖਦੇ, ਉਹ ਦੇਖ ਸਕਣ+ ਅਤੇ ਜਿਹੜੇ ਦੇਖਦੇ ਹਨ, ਉਹ ਅੰਨ੍ਹੇ ਹੋ ਜਾਣ।”+ 40 ਜਿਹੜੇ ਫ਼ਰੀਸੀ ਉੱਥੇ ਮੌਜੂਦ ਸਨ, ਉਨ੍ਹਾਂ ਨੇ ਇਹ ਗੱਲਾਂ ਸੁਣੀਆਂ ਅਤੇ ਉਸ ਨੂੰ ਕਿਹਾ: “ਕੀ ਅਸੀਂ ਤੈਨੂੰ ਅੰਨ੍ਹੇ ਲੱਗਦੇ ਹਾਂ?” 41 ਯਿਸੂ ਨੇ ਉਨ੍ਹਾਂ ਨੂੰ ਕਿਹਾ: “ਜੇ ਤੁਸੀਂ ਅੰਨ੍ਹੇ ਹੁੰਦੇ, ਤਾਂ ਤੁਸੀਂ ਪਾਪੀ ਨਾ ਹੁੰਦੇ। ਪਰ ਤੁਸੀਂ ਕਹਿੰਦੇ ਹੋ ਕਿ ‘ਅਸੀਂ ਦੇਖ ਸਕਦੇ ਹਾਂ,’ ਇਸ ਲਈ ਤੁਸੀਂ ਹਾਲੇ ਵੀ ਪਾਪੀ ਹੋ।”+
10 “ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ ਕਿ ਜਿਹੜਾ ਦਰਵਾਜ਼ੇ ਰਾਹੀਂ ਵਾੜੇ ਵਿਚ ਨਹੀਂ ਆਉਂਦਾ, ਸਗੋਂ ਕਿਸੇ ਹੋਰ ਪਾਸਿਓਂ ਟੱਪ ਕੇ ਆਉਂਦਾ ਹੈ, ਉਹ ਚੋਰ ਤੇ ਲੁਟੇਰਾ ਹੈ।+ 2 ਪਰ ਜਿਹੜਾ ਦਰਵਾਜ਼ੇ ਰਾਹੀਂ ਅੰਦਰ ਆਉਂਦਾ ਹੈ, ਉਹ ਭੇਡਾਂ ਦਾ ਚਰਵਾਹਾ ਹੈ।+ 3 ਚੌਕੀਦਾਰ ਚਰਵਾਹੇ ਲਈ ਦਰਵਾਜ਼ਾ ਖੋਲ੍ਹਦਾ ਹੈ+ ਅਤੇ ਭੇਡਾਂ ਉਸ ਦੀ ਆਵਾਜ਼ ਸੁਣਦੀਆਂ ਹਨ।+ ਉਹ ਨਾਂ ਲੈ ਕੇ ਆਪਣੀਆਂ ਭੇਡਾਂ ਨੂੰ ਬੁਲਾਉਂਦਾ ਹੈ ਅਤੇ ਉਨ੍ਹਾਂ ਨੂੰ ਬਾਹਰ ਲੈ ਜਾਂਦਾ ਹੈ। 4 ਜਦੋਂ ਉਹ ਆਪਣੀਆਂ ਸਾਰੀਆਂ ਭੇਡਾਂ ਨੂੰ ਵਾੜੇ ਤੋਂ ਬਾਹਰ ਲੈ ਆਉਂਦਾ ਹੈ, ਤਾਂ ਉਹ ਉਨ੍ਹਾਂ ਦੇ ਅੱਗੇ-ਅੱਗੇ ਤੁਰਦਾ ਹੈ ਅਤੇ ਭੇਡਾਂ ਉਸ ਦੇ ਪਿੱਛੇ-ਪਿੱਛੇ ਤੁਰਦੀਆਂ ਹਨ ਕਿਉਂਕਿ ਉਹ ਉਸ ਦੀ ਆਵਾਜ਼ ਪਛਾਣਦੀਆਂ ਹਨ। 5 ਉਹ ਕਿਸੇ ਵੀ ਅਜਨਬੀ ਦੇ ਪਿੱਛੇ ਨਹੀਂ ਜਾਣਗੀਆਂ, ਸਗੋਂ ਉਸ ਤੋਂ ਭੱਜ ਜਾਣਗੀਆਂ ਕਿਉਂਕਿ ਉਹ ਅਜਨਬੀਆਂ ਦੀ ਆਵਾਜ਼ ਨਹੀਂ ਪਛਾਣਦੀਆਂ।” 6 ਯਿਸੂ ਨੇ ਉਨ੍ਹਾਂ ਨੂੰ ਇਹ ਮਿਸਾਲ ਦਿੱਤੀ, ਪਰ ਉਹ ਸਮਝ ਨਾ ਸਕੇ ਕਿ ਉਹ ਉਨ੍ਹਾਂ ਨੂੰ ਕੀ ਕਹਿ ਰਿਹਾ ਸੀ।
7 ਇਸ ਲਈ ਯਿਸੂ ਨੇ ਅੱਗੇ ਕਿਹਾ: “ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ, ਮੈਂ ਹੀ ਉਹ ਦਰਵਾਜ਼ਾ ਹਾਂ ਜਿਸ ਰਾਹੀਂ ਭੇਡਾਂ ਅੰਦਰ ਆਉਂਦੀਆਂ ਹਨ।+ 8 ਜਿਹੜੇ ਵੀ ਢੌਂਗੀ ਮੇਰੀ ਜਗ੍ਹਾ ਆਏ ਹਨ, ਉਹ ਸਾਰੇ ਚੋਰ ਅਤੇ ਲੁਟੇਰੇ ਹਨ; ਪਰ ਭੇਡਾਂ ਨੇ ਉਨ੍ਹਾਂ ਦੀ ਨਹੀਂ ਸੁਣੀ। 9 ਮੈਂ ਦਰਵਾਜ਼ਾ ਹਾਂ ਅਤੇ ਜਿਹੜਾ ਮੇਰੇ ਰਾਹੀਂ ਅੰਦਰ ਆਉਂਦਾ ਹੈ, ਉਹ ਬਚਾਇਆ ਜਾਵੇਗਾ ਅਤੇ ਉਹ ਅੰਦਰ-ਬਾਹਰ ਆਇਆ-ਜਾਇਆ ਕਰੇਗਾ ਤੇ ਉਸ ਨੂੰ ਚਰਾਂਦਾਂ ਮਿਲਣਗੀਆਂ।+ 10 ਚੋਰ ਸਿਰਫ਼ ਭੇਡਾਂ ਨੂੰ ਚੋਰੀ ਕਰਨ, ਵੱਢਣ ਤੇ ਜਾਨੋਂ ਮਾਰਨ ਆਉਂਦਾ ਹੈ।+ ਮੈਂ ਇਸ ਲਈ ਆਇਆ ਹਾਂ ਤਾਂਕਿ ਉਨ੍ਹਾਂ ਨੂੰ ਜ਼ਿੰਦਗੀ, ਹਾਂ, ਹਮੇਸ਼ਾ ਦੀ ਜ਼ਿੰਦਗੀ ਮਿਲੇ। 11 ਮੈਂ ਵਧੀਆ ਚਰਵਾਹਾ ਹਾਂ;+ ਵਧੀਆ ਚਰਵਾਹਾ ਭੇਡਾਂ ਲਈ ਆਪਣੀ ਜਾਨ ਦਿੰਦਾ ਹੈ।+ 12 ਪਰ ਮਜ਼ਦੂਰੀ ʼਤੇ ਰੱਖਿਆ ਗਿਆ ਕਾਮਾ ਚਰਵਾਹਾ ਨਹੀਂ ਹੁੰਦਾ ਅਤੇ ਭੇਡਾਂ ਉਸ ਦੀਆਂ ਆਪਣੀਆਂ ਨਹੀਂ ਹੁੰਦੀਆਂ। ਜਦੋਂ ਉਹ ਬਘਿਆੜ ਨੂੰ ਆਉਂਦਾ ਦੇਖਦਾ ਹੈ, ਤਾਂ ਉਹ ਭੇਡਾਂ ਨੂੰ ਛੱਡ ਕੇ ਭੱਜ ਜਾਂਦਾ ਹੈ ਅਤੇ ਬਘਿਆੜ ਭੇਡਾਂ ਉੱਤੇ ਟੁੱਟ ਪੈਂਦਾ ਹੈ ਅਤੇ ਉਨ੍ਹਾਂ ਨੂੰ ਖਿੰਡਾ ਦਿੰਦਾ ਹੈ। 13 ਉਹ ਇਸ ਕਰਕੇ ਭੱਜ ਜਾਂਦਾ ਹੈ ਕਿਉਂਕਿ ਉਸ ਨੂੰ ਮਜ਼ਦੂਰੀ ʼਤੇ ਰੱਖਿਆ ਹੋਇਆ ਹੈ ਅਤੇ ਉਹ ਭੇਡਾਂ ਦੀ ਪਰਵਾਹ ਨਹੀਂ ਕਰਦਾ। 14 ਮੈਂ ਵਧੀਆ ਚਰਵਾਹਾ ਹਾਂ ਅਤੇ ਮੈਂ ਆਪਣੀਆਂ ਭੇਡਾਂ ਨੂੰ ਜਾਣਦਾ ਹਾਂ ਅਤੇ ਮੇਰੀਆਂ ਭੇਡਾਂ ਮੈਨੂੰ ਜਾਣਦੀਆਂ ਹਨ,+ 15 ਠੀਕ ਜਿਵੇਂ ਪਿਤਾ ਮੈਨੂੰ ਜਾਣਦਾ ਹੈ ਅਤੇ ਮੈਂ ਪਿਤਾ ਨੂੰ ਜਾਣਦਾ ਹਾਂ;+ ਮੈਂ ਭੇਡਾਂ ਲਈ ਆਪਣੀ ਜਾਨ ਦਿੰਦਾ ਹਾਂ।+
16 “ਮੇਰੀਆਂ ਹੋਰ ਭੇਡਾਂ ਵੀ ਹਨ ਜਿਹੜੀਆਂ ਇਸ ਵਾੜੇ ਦੀਆਂ ਨਹੀਂ ਹਨ;+ ਮੇਰੇ ਲਈ ਜ਼ਰੂਰੀ ਹੈ ਕਿ ਮੈਂ ਉਨ੍ਹਾਂ ਨੂੰ ਵੀ ਲਿਆਵਾਂ ਅਤੇ ਉਹ ਮੇਰੀ ਆਵਾਜ਼ ਸੁਣਨਗੀਆਂ ਅਤੇ ਸਾਰੀਆਂ ਭੇਡਾਂ ਇੱਕੋ ਝੁੰਡ ਵਿਚ ਹੋਣਗੀਆਂ ਅਤੇ ਉਨ੍ਹਾਂ ਦਾ ਇੱਕੋ ਚਰਵਾਹਾ ਹੋਵੇਗਾ।+ 17 ਪਿਤਾ ਮੈਨੂੰ ਪਿਆਰ ਕਰਦਾ ਹੈ+ ਕਿਉਂਕਿ ਮੈਂ ਆਪਣੀ ਜਾਨ ਦਿੰਦਾ ਹਾਂ+ ਤਾਂਕਿ ਮੈਂ ਇਸ ਨੂੰ ਦੁਬਾਰਾ ਪਾ ਲਵਾਂ। 18 ਕੋਈ ਵੀ ਇਨਸਾਨ ਮੇਰੀ ਜਾਨ ਨਹੀਂ ਲੈ ਸਕਦਾ, ਪਰ ਮੈਂ ਆਪਣੀ ਮਰਜ਼ੀ ਨਾਲ ਆਪਣੀ ਜਾਨ ਦਿਆਂਗਾ। ਮੇਰੇ ਕੋਲ ਆਪਣੀ ਜਾਨ ਦੇਣ ਦਾ ਅਧਿਕਾਰ ਹੈ ਅਤੇ ਮੇਰੇ ਕੋਲ ਇਸ ਨੂੰ ਦੁਬਾਰਾ ਲੈਣ ਦਾ ਵੀ ਅਧਿਕਾਰ ਹੈ।+ ਮੇਰੇ ਪਿਤਾ ਨੇ ਮੈਨੂੰ ਇਸ ਤਰ੍ਹਾਂ ਕਰਨ ਦਾ ਹੁਕਮ ਦਿੱਤਾ ਹੈ।”
19 ਇਨ੍ਹਾਂ ਗੱਲਾਂ ਕਰਕੇ ਯਹੂਦੀਆਂ ਵਿਚ ਦੁਬਾਰਾ ਫੁੱਟ ਪੈ ਗਈ।+ 20 ਉਨ੍ਹਾਂ ਵਿੱਚੋਂ ਬਹੁਤ ਸਾਰੇ ਕਹਿ ਰਹੇ ਸਨ: “ਇਸ ਨੂੰ ਦੁਸ਼ਟ ਦੂਤ ਚਿੰਬੜਿਆ ਹੋਇਆ ਹੈ ਅਤੇ ਇਹ ਪਾਗਲ ਹੈ। ਤੁਸੀਂ ਕਿਉਂ ਇਸ ਦੀਆਂ ਗੱਲਾਂ ਸੁਣ ਰਹੇ ਹੋ?” 21 ਕਈ ਹੋਰ ਕਹਿ ਰਹੇ ਸਨ: “ਜਿਸ ਨੂੰ ਦੁਸ਼ਟ ਦੂਤ ਚਿੰਬੜਿਆ ਹੋਵੇ, ਉਹ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਕਰ ਸਕਦਾ। ਕੀ ਦੁਸ਼ਟ ਦੂਤ ਅੰਨ੍ਹਿਆਂ ਨੂੰ ਸੁਜਾਖਾ ਕਰ ਸਕਦਾ?”
22 ਉਸ ਸਮੇਂ ਯਰੂਸ਼ਲਮ ਵਿਚ ਸਮਰਪਣ ਦਾ ਤਿਉਹਾਰ ਮਨਾਇਆ ਗਿਆ। ਉਦੋਂ ਸਰਦੀਆਂ ਦਾ ਮੌਸਮ ਸੀ 23 ਅਤੇ ਯਿਸੂ ਮੰਦਰ ਵਿਚ ਸੁਲੇਮਾਨ ਦੇ ਬਰਾਂਡੇ ਵਿਚ ਘੁੰਮ ਰਿਹਾ ਸੀ।+ 24 ਤਦ ਯਹੂਦੀ ਉਸ ਨੂੰ ਘੇਰ ਕੇ ਪੁੱਛਣ ਲੱਗੇ: “ਤੂੰ ਕਿੰਨਾ ਕੁ ਚਿਰ ਸਾਨੂੰ* ਉਲਝਣ ਵਿਚ ਪਾਈ ਰੱਖੇਂਗਾ? ਜੇ ਤੂੰ ਮਸੀਹ ਹੈਂ, ਤਾਂ ਸਾਨੂੰ ਸਾਫ਼-ਸਾਫ਼ ਦੱਸ।” 25 ਯਿਸੂ ਨੇ ਉਨ੍ਹਾਂ ਨੂੰ ਜਵਾਬ ਦਿੱਤਾ: “ਮੈਂ ਤੁਹਾਨੂੰ ਦੱਸ ਦਿੱਤਾ ਹੈ, ਪਰ ਤੁਸੀਂ ਵਿਸ਼ਵਾਸ ਨਹੀਂ ਕਰਦੇ। ਮੈਂ ਆਪਣੇ ਪਿਤਾ ਦੇ ਨਾਂ ʼਤੇ ਜਿਹੜੇ ਕੰਮ ਕਰਦਾ ਹਾਂ, ਉਹ ਕੰਮ ਮੇਰੇ ਬਾਰੇ ਗਵਾਹੀ ਦਿੰਦੇ ਹਨ।+ 26 ਪਰ ਤੁਸੀਂ ਵਿਸ਼ਵਾਸ ਨਹੀਂ ਕਰਦੇ ਕਿਉਂਕਿ ਤੁਸੀਂ ਮੇਰੀਆਂ ਭੇਡਾਂ ਨਹੀਂ ਹੋ।+ 27 ਮੇਰੀਆਂ ਭੇਡਾਂ ਮੇਰੀ ਆਵਾਜ਼ ਸੁਣਦੀਆਂ ਹਨ ਅਤੇ ਮੈਂ ਉਨ੍ਹਾਂ ਨੂੰ ਜਾਣਦਾ ਹਾਂ ਅਤੇ ਉਹ ਮੇਰੇ ਪਿੱਛੇ-ਪਿੱਛੇ ਆਉਂਦੀਆਂ ਹਨ।+ 28 ਮੈਂ ਉਨ੍ਹਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਦਿਆਂਗਾ+ ਤੇ ਉਹ ਕਦੀ ਵੀ ਨਹੀਂ ਮਰਨਗੀਆਂ ਅਤੇ ਕੋਈ ਵੀ ਉਨ੍ਹਾਂ ਨੂੰ ਮੇਰੇ ਹੱਥੋਂ ਨਹੀਂ ਖੋਹੇਗਾ।+ 29 ਮੇਰੇ ਪਿਤਾ ਨੇ ਜਿਹੜੀਆਂ ਭੇਡਾਂ ਮੈਨੂੰ ਦਿੱਤੀਆਂ ਹਨ, ਉਹ ਬਾਕੀ ਸਾਰੀਆਂ ਚੀਜ਼ਾਂ ਨਾਲੋਂ ਕੀਮਤੀ ਹਨ ਅਤੇ ਕੋਈ ਵੀ ਉਨ੍ਹਾਂ ਨੂੰ ਮੇਰੇ ਪਿਤਾ ਦੇ ਹੱਥੋਂ ਖੋਹ ਨਹੀਂ ਸਕਦਾ।+ 30 ਮੈਂ ਅਤੇ ਪਿਤਾ ਇਕ ਹਾਂ।”*+
31 ਯਹੂਦੀਆਂ ਨੇ ਦੁਬਾਰਾ ਉਸ ਨੂੰ ਮਾਰਨ ਲਈ ਪੱਥਰ ਚੁੱਕੇ। 32 ਯਿਸੂ ਨੇ ਉਨ੍ਹਾਂ ਨੂੰ ਕਿਹਾ: “ਮੈਂ ਤੁਹਾਨੂੰ ਆਪਣੇ ਪਿਤਾ ਵੱਲੋਂ ਬਹੁਤ ਸਾਰੇ ਵਧੀਆ ਕੰਮ ਕਰ ਕੇ ਦਿਖਾਏ। ਤਾਂ ਫਿਰ ਤੁਸੀਂ ਇਨ੍ਹਾਂ ਵਿੱਚੋਂ ਕਿਹੜੇ ਕੰਮ ਕਰਕੇ ਮੈਨੂੰ ਪੱਥਰ ਮਾਰ ਰਹੇ ਹੋ?” 33 ਯਹੂਦੀਆਂ ਨੇ ਉਸ ਨੂੰ ਜਵਾਬ ਦਿੱਤਾ: “ਅਸੀਂ ਤੇਰੇ ਕਿਸੇ ਚੰਗੇ ਕੰਮ ਕਰਕੇ ਨਹੀਂ, ਸਗੋਂ ਪਰਮੇਸ਼ੁਰ ਦੀ ਨਿੰਦਿਆ ਕਰਨ ਕਰਕੇ ਤੈਨੂੰ ਪੱਥਰ ਮਾਰ ਰਹੇ ਹਾਂ;+ ਕਿਉਂਕਿ ਇਨਸਾਨ ਹੁੰਦੇ ਹੋਏ ਤੂੰ ਆਪਣੇ ਆਪ ਨੂੰ ਈਸ਼ਵਰ ਬਣਾਉਂਦਾ ਹੈਂ।” 34 ਯਿਸੂ ਨੇ ਜਵਾਬ ਦਿੱਤਾ: “ਕੀ ਤੁਹਾਡੇ ਧਰਮ-ਗ੍ਰੰਥ* ਵਿਚ ਇਹ ਨਹੀਂ ਲਿਖਿਆ, ‘ਮੈਂ ਕਿਹਾ: “ਤੁਸੀਂ ਈਸ਼ਵਰ* ਹੋ”’?+ 35 ਜੇ ਉਹ ਉਨ੍ਹਾਂ ਲੋਕਾਂ ਨੂੰ ‘ਈਸ਼ਵਰ’+ ਕਹਿੰਦਾ ਹੈ ਜਿਨ੍ਹਾਂ ਨੂੰ ਪਰਮੇਸ਼ੁਰ ਦੇ ਬਚਨ ਵਿਚ ਦੋਸ਼ੀ ਠਹਿਰਾਇਆ ਗਿਆ ਹੈ ਅਤੇ ਪਰਮੇਸ਼ੁਰ ਦੇ ਬਚਨ ਨੂੰ ਝੁਠਲਾਇਆ ਨਹੀਂ ਜਾ ਸਕਦਾ, 36 ਤਾਂ ਫਿਰ, ਤੁਸੀਂ ਮੈਨੂੰ ਜਿਸ ਨੂੰ ਪਰਮੇਸ਼ੁਰ ਨੇ ਪਵਿੱਤਰ ਠਹਿਰਾ ਕੇ ਦੁਨੀਆਂ ਵਿਚ ਘੱਲਿਆ ਹੈ, ਕਿਉਂ ਕਹਿੰਦੇ ਹੋ ‘ਤੂੰ ਪਰਮੇਸ਼ੁਰ ਦੀ ਨਿੰਦਿਆ ਕੀਤੀ ਹੈ’ ਕਿਉਂਕਿ ਮੈਂ ਕਿਹਾ, ‘ਮੈਂ ਪਰਮੇਸ਼ੁਰ ਦਾ ਪੁੱਤਰ ਹਾਂ’?+ 37 ਜੇ ਮੈਂ ਆਪਣੇ ਪਿਤਾ ਦੇ ਕੰਮ ਨਹੀਂ ਕਰਦਾ, ਤਾਂ ਮੇਰੇ ʼਤੇ ਵਿਸ਼ਵਾਸ ਨਾ ਕਰੋ। 38 ਪਰ ਜੇ ਮੈਂ ਇਹ ਕੰਮ ਕਰਦਾ ਹਾਂ, ਭਾਵੇਂ ਤੁਸੀਂ ਮੇਰੇ ʼਤੇ ਵਿਸ਼ਵਾਸ ਨਾ ਵੀ ਕਰੋ, ਪਰ ਮੇਰੇ ਕੰਮਾਂ ʼਤੇ ਵਿਸ਼ਵਾਸ ਕਰੋ+ ਤਾਂਕਿ ਤੁਸੀਂ ਜਾਣ ਲਵੋ ਅਤੇ ਚੰਗੀ ਤਰ੍ਹਾਂ ਸਮਝ ਜਾਓ ਕਿ ਮੈਂ ਅਤੇ ਪਿਤਾ ਏਕਤਾ ਵਿਚ ਬੱਝੇ ਹੋਏ ਹਾਂ।”+ 39 ਇਸ ਲਈ ਉਨ੍ਹਾਂ ਨੇ ਉਸ ਨੂੰ ਫਿਰ ਫੜਨ ਦੀ ਕੋਸ਼ਿਸ਼ ਕੀਤੀ, ਪਰ ਉਹ ਉਨ੍ਹਾਂ ਦੇ ਹੱਥ ਨਾ ਆਇਆ।
40 ਫਿਰ ਉਹ ਯਰਦਨ ਦਰਿਆ ਦੇ ਦੂਜੇ ਪਾਸੇ ਉਸ ਜਗ੍ਹਾ ਚਲਾ ਗਿਆ ਜਿੱਥੇ ਪਹਿਲਾਂ ਯੂਹੰਨਾ ਬਪਤਿਸਮਾ ਦਿੰਦਾ ਹੁੰਦਾ ਸੀ+ ਅਤੇ ਉੱਥੇ ਹੀ ਰੁਕਿਆ ਰਿਹਾ। 41 ਬਹੁਤ ਸਾਰੇ ਲੋਕ ਉਸ ਕੋਲ ਆਏ ਅਤੇ ਕਹਿਣ ਲੱਗੇ: “ਯੂਹੰਨਾ ਨੇ ਤਾਂ ਇਕ ਵੀ ਚਮਤਕਾਰ ਨਹੀਂ ਕੀਤਾ, ਪਰ ਉਸ ਨੇ ਇਸ ਬੰਦੇ ਬਾਰੇ ਜਿੰਨੀਆਂ ਵੀ ਗੱਲਾਂ ਕਹੀਆਂ ਸਨ, ਉਹ ਸਾਰੀਆਂ ਸੱਚੀਆਂ ਹਨ।”+ 42 ਬਹੁਤ ਸਾਰੇ ਲੋਕ ਯਿਸੂ ਉੱਤੇ ਨਿਹਚਾ ਕਰਨ ਲੱਗ ਪਏ।
11 ਬੈਥਨੀਆ ਪਿੰਡ ਵਿਚ ਲਾਜ਼ਰ ਨਾਂ ਦਾ ਇਕ ਆਦਮੀ ਬੀਮਾਰ ਸੀ ਅਤੇ ਉਸ ਦੀਆਂ ਭੈਣਾਂ ਮਰੀਅਮ ਅਤੇ ਮਾਰਥਾ ਵੀ ਉੱਥੇ ਰਹਿੰਦੀਆਂ ਸਨ।+ 2 ਇਹ ਉਹੀ ਮਰੀਅਮ ਹੈ ਜਿਸ ਨੇ ਪ੍ਰਭੂ ਦੇ ਪੈਰਾਂ ʼਤੇ ਖ਼ੁਸ਼ਬੂਦਾਰ ਤੇਲ ਮਲ਼ਿਆ ਸੀ ਅਤੇ ਆਪਣੇ ਵਾਲ਼ਾਂ ਨਾਲ ਉਸ ਦੇ ਪੈਰ ਪੂੰਝੇ ਸਨ;+ ਉਸ ਦਾ ਭਰਾ ਲਾਜ਼ਰ ਬੀਮਾਰ ਸੀ। 3 ਇਸ ਲਈ ਉਸ ਦੀਆਂ ਭੈਣਾਂ ਨੇ ਪ੍ਰਭੂ ਨੂੰ ਸੁਨੇਹਾ ਘੱਲਿਆ: “ਪ੍ਰਭੂ, ਦੇਖ! ਤੇਰਾ ਪਿਆਰਾ ਦੋਸਤ ਬੀਮਾਰ ਹੈ।” 4 ਪਰ ਜਦੋਂ ਯਿਸੂ ਨੂੰ ਸੁਨੇਹਾ ਮਿਲਿਆ, ਤਾਂ ਉਸ ਨੇ ਕਿਹਾ: “ਇਸ ਬੀਮਾਰੀ ਦਾ ਅੰਜਾਮ ਮੌਤ ਨਹੀਂ, ਸਗੋਂ ਇਸ ਨਾਲ ਪਰਮੇਸ਼ੁਰ ਦੀ ਮਹਿਮਾ ਹੋਵੇਗੀ+ ਤਾਂਕਿ ਇਸ ਰਾਹੀਂ ਉਸ ਦੇ ਪੁੱਤਰ ਦੀ ਮਹਿਮਾ ਹੋਵੇ।”
5 ਯਿਸੂ ਮਾਰਥਾ, ਉਸ ਦੀ ਭੈਣ ਮਰੀਅਮ ਅਤੇ ਲਾਜ਼ਰ ਨਾਲ ਪਿਆਰ ਕਰਦਾ ਸੀ। 6 ਪਰ ਜਦੋਂ ਉਸ ਨੇ ਲਾਜ਼ਰ ਦੇ ਬੀਮਾਰ ਹੋਣ ਬਾਰੇ ਸੁਣਿਆ, ਤਾਂ ਉਹ ਜਿੱਥੇ ਰਹਿ ਰਿਹਾ ਸੀ, ਉੱਥੇ ਦੋ ਦਿਨ ਹੋਰ ਰਿਹਾ। 7 ਇਸ ਤੋਂ ਬਾਅਦ ਉਸ ਨੇ ਆਪਣੇ ਚੇਲਿਆਂ ਨੂੰ ਕਿਹਾ: “ਆਓ ਦੁਬਾਰਾ ਯਹੂਦਿਯਾ ਨੂੰ ਚੱਲੀਏ।” 8 ਚੇਲਿਆਂ ਨੇ ਉਸ ਨੂੰ ਕਿਹਾ: “ਗੁਰੂ ਜੀ,*+ ਅਜੇ ਕੁਝ ਸਮਾਂ ਪਹਿਲਾਂ ਹੀ ਤਾਂ ਯਹੂਦਿਯਾ ਦੇ ਲੋਕਾਂ ਨੇ ਤੈਨੂੰ ਪੱਥਰਾਂ ਨਾਲ ਮਾਰਨ ਦੀ ਕੋਸ਼ਿਸ਼ ਕੀਤੀ ਸੀ।+ ਕੀ ਤੂੰ ਦੁਬਾਰਾ ਉੱਥੇ ਜਾਏਂਗਾ?” 9 ਯਿਸੂ ਨੇ ਜਵਾਬ ਦਿੱਤਾ: “ਕੀ ਦਿਨੇ 12 ਘੰਟੇ ਚਾਨਣ ਨਹੀਂ ਹੁੰਦਾ?+ ਜੇ ਕੋਈ ਚਾਨਣ ਵਿਚ ਤੁਰਦਾ ਹੈ, ਤਾਂ ਉਹ ਕਿਸੇ ਚੀਜ਼ ਨਾਲ ਠੋਕਰ ਨਹੀਂ ਖਾਂਦਾ ਕਿਉਂਕਿ ਉਹ ਇਸ ਦੁਨੀਆਂ ਦਾ ਚਾਨਣ ਦੇਖਦਾ ਹੈ। 10 ਪਰ ਜੇ ਉਹ ਰਾਤ ਨੂੰ ਤੁਰਦਾ ਹੈ, ਤਾਂ ਉਹ ਠੋਕਰ ਖਾਂਦਾ ਹੈ ਕਿਉਂਕਿ ਉਸ ਵਿਚ ਚਾਨਣ ਨਹੀਂ ਹੈ।”
11 ਇਹ ਗੱਲਾਂ ਕਹਿਣ ਤੋਂ ਬਾਅਦ ਉਸ ਨੇ ਉਨ੍ਹਾਂ ਨੂੰ ਕਿਹਾ: “ਲਾਜ਼ਰ ਸਾਡਾ ਦੋਸਤ ਸੌਂ ਗਿਆ ਹੈ,+ ਪਰ ਮੈਂ ਉਸ ਨੂੰ ਜਗਾਉਣ ਲਈ ਉੱਥੇ ਜਾ ਰਿਹਾ ਹਾਂ।” 12 ਚੇਲਿਆਂ ਨੇ ਉਸ ਨੂੰ ਕਿਹਾ: “ਪ੍ਰਭੂ, ਜੇ ਉਹ ਸੌਂ ਰਿਹਾ ਹੈ, ਤਾਂ ਉਹ ਠੀਕ ਹੋ ਜਾਵੇਗਾ।” 13 ਯਿਸੂ ਨੇ ਤਾਂ ਉਸ ਦੇ ਮਰਨ ਬਾਰੇ ਗੱਲ ਕੀਤੀ ਸੀ, ਪਰ ਉਨ੍ਹਾਂ ਨੂੰ ਲੱਗਾ ਕਿ ਉਹ ਲਾਜ਼ਰ ਦੇ ਸੌਣ ਤੇ ਆਰਾਮ ਕਰਨ ਬਾਰੇ ਗੱਲ ਕਰ ਰਿਹਾ ਸੀ। 14 ਇਸ ਲਈ ਯਿਸੂ ਨੇ ਉਨ੍ਹਾਂ ਨੂੰ ਸਾਫ਼-ਸਾਫ਼ ਦੱਸ ਦਿੱਤਾ: “ਲਾਜ਼ਰ ਮਰ ਗਿਆ ਹੈ+ 15 ਅਤੇ ਤੁਹਾਡੇ ਲਈ ਚੰਗਾ ਹੈ ਕਿ ਮੈਂ ਉੱਥੇ ਨਹੀਂ ਸੀ ਕਿਉਂਕਿ ਹੁਣ ਮੈਂ ਜੋ ਕਰਾਂਗਾ ਉਸ ਨਾਲ ਤੁਹਾਡੀ ਨਿਹਚਾ ਹੋਰ ਪੱਕੀ ਹੋਵੇਗੀ। ਆਓ ਆਪਾਂ ਉਸ ਕੋਲ ਚਲੀਏ।” 16 ਇਸ ਲਈ ਥੋਮਾ, ਜੋ ਜੌੜਾ ਕਹਾਉਂਦਾ ਸੀ, ਨੇ ਦੂਸਰੇ ਚੇਲਿਆਂ ਨੂੰ ਕਿਹਾ: “ਚਲੋ ਆਪਾਂ ਵੀ ਉਸ ਨਾਲ ਮਰਨ ਚੱਲੀਏ।”+
17 ਜਦੋਂ ਯਿਸੂ ਉੱਥੇ ਪਹੁੰਚਿਆ, ਤਾਂ ਉਸ ਨੇ ਦੇਖਿਆ ਕਿ ਲਾਜ਼ਰ ਨੂੰ ਕਬਰ ਵਿਚ ਰੱਖਿਆਂ ਚਾਰ ਦਿਨ ਹੋ ਗਏ ਸਨ। 18 ਬੈਥਨੀਆ ਯਰੂਸ਼ਲਮ ਤੋਂ ਲਗਭਗ ਤਿੰਨ ਕਿਲੋਮੀਟਰ* ਦੂਰ ਸੀ। 19 ਉਸ ਵੇਲੇ ਲਾਜ਼ਰ ਦੇ ਮਰਨ ਕਰਕੇ ਮਾਰਥਾ ਅਤੇ ਮਰੀਅਮ ਨੂੰ ਦਿਲਾਸਾ ਦੇਣ ਬਹੁਤ ਸਾਰੇ ਯਹੂਦੀ ਆਏ ਹੋਏ ਸਨ। 20 ਜਦੋਂ ਮਾਰਥਾ ਨੇ ਸੁਣਿਆ ਕਿ ਯਿਸੂ ਆ ਰਿਹਾ ਸੀ, ਤਾਂ ਉਹ ਉਸ ਨੂੰ ਮਿਲਣ ਗਈ, ਪਰ ਮਰੀਅਮ+ ਘਰੇ ਰਹੀ। 21 ਫਿਰ ਮਾਰਥਾ ਨੇ ਯਿਸੂ ਨੂੰ ਕਿਹਾ: “ਪ੍ਰਭੂ, ਜੇ ਤੂੰ ਇੱਥੇ ਹੁੰਦਾ, ਤਾਂ ਮੇਰਾ ਵੀਰ ਨਾ ਮਰਦਾ। 22 ਪਰ ਮੈਨੂੰ ਹਾਲੇ ਵੀ ਭਰੋਸਾ ਹੈ ਕਿ ਤੂੰ ਪਰਮੇਸ਼ੁਰ ਤੋਂ ਜੋ ਵੀ ਮੰਗੇਂਗਾ, ਪਰਮੇਸ਼ੁਰ ਤੈਨੂੰ ਦੇ ਦੇਵੇਗਾ।” 23 ਯਿਸੂ ਨੇ ਉਸ ਨੂੰ ਕਿਹਾ: “ਤੇਰਾ ਭਰਾ ਜੀਉਂਦਾ ਹੋ ਜਾਵੇਗਾ।” 24 ਮਾਰਥਾ ਨੇ ਕਿਹਾ: “ਮੈਨੂੰ ਪਤਾ ਉਹ ਆਖ਼ਰੀ ਦਿਨ ʼਤੇ ਦੁਬਾਰਾ ਜੀਉਂਦਾ ਹੋਵੇਗਾ।”+ 25 ਯਿਸੂ ਨੇ ਉਸ ਨੂੰ ਕਿਹਾ: “ਮੈਂ ਹੀ ਹਾਂ ਜਿਸ ਰਾਹੀਂ ਮਰੇ ਹੋਇਆਂ ਨੂੰ ਜੀਉਂਦਾ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਜ਼ਿੰਦਗੀ ਮਿਲੇਗੀ।+ ਜਿਹੜਾ ਮੇਰੇ ਉੱਤੇ ਆਪਣੀ ਨਿਹਚਾ ਦਾ ਸਬੂਤ ਦਿੰਦਾ ਹੈ, ਉਹ ਭਾਵੇਂ ਮਰ ਵੀ ਜਾਵੇ, ਉਹ ਦੁਬਾਰਾ ਜੀਉਂਦਾ ਹੋ ਜਾਵੇਗਾ; 26 ਅਤੇ ਜਿਹੜਾ ਜੀਉਂਦਾ ਹੈ ਅਤੇ ਮੇਰੇ ਉੱਤੇ ਆਪਣੀ ਨਿਹਚਾ ਦਾ ਸਬੂਤ ਦਿੰਦਾ ਹੈ, ਉਹ ਕਦੇ ਨਹੀਂ ਮਰੇਗਾ।+ ਕੀ ਤੂੰ ਇਸ ਗੱਲ ਦਾ ਵਿਸ਼ਵਾਸ ਕਰਦੀ ਹੈਂ?” 27 ਮਾਰਥਾ ਨੇ ਉਸ ਨੂੰ ਕਿਹਾ: “ਹਾਂ ਪ੍ਰਭੂ, ਮੈਨੂੰ ਵਿਸ਼ਵਾਸ ਹੈ ਕਿ ਤੂੰ ਮਸੀਹ ਹੈਂ, ਪਰਮੇਸ਼ੁਰ ਦਾ ਪੁੱਤਰ, ਜਿਸ ਨੇ ਦੁਨੀਆਂ ਵਿਚ ਆਉਣਾ ਸੀ।” 28 ਇਹ ਕਹਿਣ ਤੋਂ ਬਾਅਦ ਉਹ ਚਲੀ ਗਈ ਅਤੇ ਆਪਣੀ ਭੈਣ ਮਰੀਅਮ ਨੂੰ ਬੁਲਾ ਕੇ ਹੌਲੀ ਦੇਣੀ ਦੱਸਿਆ: “ਗੁਰੂ+ ਆ ਗਿਆ ਹੈ ਅਤੇ ਤੈਨੂੰ ਬੁਲਾ ਰਿਹਾ ਹੈ।” 29 ਇਹ ਸੁਣ ਕੇ ਮਰੀਅਮ ਝੱਟ ਉੱਠੀ ਅਤੇ ਉਸ ਨੂੰ ਮਿਲਣ ਚਲੀ ਗਈ।
30 ਯਿਸੂ ਅਜੇ ਪਿੰਡ ਵਿਚ ਨਹੀਂ ਆਇਆ ਸੀ, ਪਰ ਉਸੇ ਜਗ੍ਹਾ ਸੀ ਜਿੱਥੇ ਮਾਰਥਾ ਉਸ ਨੂੰ ਮਿਲੀ ਸੀ। 31 ਜਦੋਂ ਮਰੀਅਮ ਨੂੰ ਦਿਲਾਸਾ ਦੇ ਰਹੇ ਯਹੂਦੀਆਂ ਨੇ ਉਸ ਨੂੰ ਝੱਟ ਉੱਠ ਕੇ ਘਰੋਂ ਬਾਹਰ ਜਾਂਦਿਆਂ ਦੇਖਿਆ, ਤਾਂ ਉਹ ਵੀ ਉਸ ਦੇ ਪਿੱਛੇ-ਪਿੱਛੇ ਗਏ ਕਿਉਂਕਿ ਉਨ੍ਹਾਂ ਨੂੰ ਲੱਗਾ ਕਿ ਉਹ ਕਬਰ+ ʼਤੇ ਰੋਣ ਲਈ ਜਾ ਰਹੀ ਸੀ। 32 ਫਿਰ ਮਰੀਅਮ ਉੱਥੇ ਪਹੁੰਚੀ ਜਿੱਥੇ ਯਿਸੂ ਸੀ ਅਤੇ ਉਸ ਨੂੰ ਦੇਖਦਿਆਂ ਸਾਰ ਉਸ ਦੇ ਪੈਰੀਂ ਪੈ ਕੇ ਕਹਿਣ ਲੱਗੀ: “ਪ੍ਰਭੂ, ਜੇ ਤੂੰ ਇੱਥੇ ਹੁੰਦਾ, ਤਾਂ ਮੇਰਾ ਵੀਰ ਨਾ ਮਰਦਾ।” 33 ਜਦੋਂ ਯਿਸੂ ਨੇ ਉਸ ਨੂੰ ਅਤੇ ਉਸ ਨਾਲ ਆਏ ਯਹੂਦੀਆਂ ਨੂੰ ਰੋਂਦੇ ਦੇਖਿਆ, ਤਾਂ ਉਸ ਦਾ ਵੀ ਦਿਲ ਭਰ ਆਇਆ ਅਤੇ ਉਹ ਬਹੁਤ ਦੁਖੀ ਹੋਇਆ। 34 ਉਸ ਨੇ ਪੁੱਛਿਆ: “ਤੁਸੀਂ ਉਸ ਨੂੰ ਕਿੱਥੇ ਰੱਖਿਆ ਹੈ?” ਉਨ੍ਹਾਂ ਨੇ ਉਸ ਨੂੰ ਕਿਹਾ: “ਪ੍ਰਭੂ, ਆ ਕੇ ਦੇਖ ਲੈ।” 35 ਯਿਸੂ ਰੋਣ ਲੱਗ ਪਿਆ।+ 36 ਇਹ ਦੇਖ ਕੇ ਯਹੂਦੀ ਕਹਿਣ ਲੱਗੇ: “ਦੇਖੋ! ਇਹ ਉਸ ਨਾਲ ਕਿੰਨਾ ਪਿਆਰ ਕਰਦਾ ਸੀ!” 37 ਪਰ ਕੁਝ ਜਣਿਆਂ ਨੇ ਕਿਹਾ: “ਕੀ ਇਹ ਆਦਮੀ ਜਿਸ ਨੇ ਅੰਨ੍ਹੇ ਦੀਆਂ ਅੱਖਾਂ ਖੋਲ੍ਹੀਆਂ ਸਨ,+ ਇਸ ਨੂੰ ਮਰਨ ਤੋਂ ਨਹੀਂ ਬਚਾ ਸਕਦਾ ਸੀ?”
38 ਯਿਸੂ ਦਾ ਦਿਲ ਦੁਬਾਰਾ ਭਰ ਆਇਆ। ਫਿਰ ਉਹ ਕਬਰ ʼਤੇ ਆ ਗਿਆ। ਕਬਰ ਅਸਲ ਵਿਚ ਇਕ ਗੁਫਾ ਸੀ ਜਿਸ ਦੇ ਮੂੰਹ ਉੱਤੇ ਇਕ ਪੱਥਰ ਰੱਖਿਆ ਹੋਇਆ ਸੀ। 39 ਯਿਸੂ ਨੇ ਕਿਹਾ: “ਪੱਥਰ ਨੂੰ ਹਟਾ ਦਿਓ।” ਲਾਜ਼ਰ ਦੀ ਭੈਣ ਮਾਰਥਾ ਨੇ ਕਿਹਾ: “ਪ੍ਰਭੂ, ਹੁਣ ਤਕ ਤਾਂ ਉਸ ਦੀ ਲੋਥ ਵਿੱਚੋਂ ਬੋ ਆਉਣ ਲੱਗ ਪਈ ਹੋਣੀ ਕਿਉਂਕਿ ਉਸ ਨੂੰ ਮਰੇ ਨੂੰ ਚਾਰ ਦਿਨ ਹੋ ਗਏ ਹਨ।” 40 ਯਿਸੂ ਨੇ ਉਸ ਨੂੰ ਕਿਹਾ: “ਕੀ ਮੈਂ ਤੈਨੂੰ ਨਹੀਂ ਕਿਹਾ ਸੀ ਕਿ ਜੇ ਤੂੰ ਵਿਸ਼ਵਾਸ ਕਰੇਂਗੀ, ਤਾਂ ਤੂੰ ਪਰਮੇਸ਼ੁਰ ਦੀ ਮਹਿਮਾ ਦੇਖੇਂਗੀ?”+ 41 ਇਸ ਲਈ ਉਨ੍ਹਾਂ ਨੇ ਪੱਥਰ ਹਟਾ ਦਿੱਤਾ। ਫਿਰ ਯਿਸੂ ਨੇ ਆਕਾਸ਼ ਵੱਲ ਦੇਖ ਕੇ+ ਕਿਹਾ: “ਹੇ ਪਿਤਾ, ਮੈਂ ਤੇਰਾ ਧੰਨਵਾਦ ਕਰਦਾ ਹਾਂ ਕਿ ਤੂੰ ਮੇਰੀ ਫ਼ਰਿਆਦ ਸੁਣ ਲਈ ਹੈ। 42 ਮੈਂ ਜਾਣਦਾ ਹਾਂ ਕਿ ਤੂੰ ਹਮੇਸ਼ਾ ਮੇਰੀ ਸੁਣਦਾ ਹੈਂ, ਫਿਰ ਵੀ ਇੱਥੇ ਖੜ੍ਹੀ ਭੀੜ ਦੀ ਖ਼ਾਤਰ ਮੈਂ ਕਿਹਾ ਤਾਂਕਿ ਇਹ ਵਿਸ਼ਵਾਸ ਕਰਨ ਕਿ ਤੂੰ ਮੈਨੂੰ ਘੱਲਿਆ ਹੈ।”+ 43 ਇਹ ਗੱਲਾਂ ਕਹਿਣ ਤੋਂ ਬਾਅਦ ਉਸ ਨੇ ਉੱਚੀ ਆਵਾਜ਼ ਵਿਚ ਕਿਹਾ: “ਲਾਜ਼ਰ, ਬਾਹਰ ਆਜਾ!”+ 44 ਉਹ ਆਦਮੀ ਜਿਹੜਾ ਮਰ ਗਿਆ ਸੀ, ਬਾਹਰ ਆ ਗਿਆ। ਉਸ ਦੇ ਹੱਥਾਂ-ਪੈਰਾਂ ʼਤੇ ਪੱਟੀਆਂ ਬੱਝੀਆਂ ਹੋਈਆਂ ਸਨ ਅਤੇ ਮੂੰਹ ʼਤੇ ਕੱਪੜਾ ਲਪੇਟਿਆ ਹੋਇਆ ਸੀ। ਯਿਸੂ ਨੇ ਉਨ੍ਹਾਂ ਨੂੰ ਕਿਹਾ: “ਉਸ ਦੀਆਂ ਪੱਟੀਆਂ ਖੋਲ੍ਹ ਦਿਓ ਅਤੇ ਉਸ ਨੂੰ ਜਾਣ ਦਿਓ।”
45 ਇਸ ਲਈ ਜਿਹੜੇ ਯਹੂਦੀ ਮਰੀਅਮ ਕੋਲ ਆਏ ਸਨ, ਉਨ੍ਹਾਂ ਵਿੱਚੋਂ ਬਹੁਤ ਸਾਰਿਆਂ ਨੇ ਯਿਸੂ ਦਾ ਇਹ ਕੰਮ ਦੇਖ ਕੇ ਉਸ ਉੱਤੇ ਨਿਹਚਾ ਕੀਤੀ,+ 46 ਪਰ ਉਨ੍ਹਾਂ ਵਿੱਚੋਂ ਕੁਝ ਲੋਕ ਫ਼ਰੀਸੀਆਂ ਕੋਲ ਗਏ ਅਤੇ ਉਨ੍ਹਾਂ ਨੂੰ ਉਹ ਸਾਰਾ ਕੁਝ ਦੱਸਿਆ ਜੋ ਯਿਸੂ ਨੇ ਕੀਤਾ ਸੀ। 47 ਇਸ ਕਰਕੇ ਮੁੱਖ ਪੁਜਾਰੀਆਂ ਅਤੇ ਫ਼ਰੀਸੀਆਂ ਨੇ ਮਹਾਸਭਾ ਨੂੰ ਇਕੱਠਾ ਕੀਤਾ ਅਤੇ ਕਹਿਣ ਲੱਗੇ: “ਅਸੀਂ ਕੀ ਕਰੀਏ, ਇਹ ਆਦਮੀ ਤਾਂ ਬਹੁਤ ਸਾਰੇ ਚਮਤਕਾਰ ਕਰ ਰਿਹਾ ਹੈ?+ 48 ਜੇ ਅਸੀਂ ਇਸ ਨੂੰ ਨਾ ਰੋਕਿਆ, ਤਾਂ ਸਾਰੇ ਇਸ ਉੱਤੇ ਨਿਹਚਾ ਕਰਨ ਲੱਗ ਪੈਣਗੇ ਅਤੇ ਰੋਮੀ ਆ ਕੇ ਸਾਡੀ ਜਗ੍ਹਾ* ਅਤੇ ਸਾਡੀ ਕੌਮ ਉੱਤੇ ਕਬਜ਼ਾ ਕਰ ਲੈਣਗੇ।” 49 ਉੱਥੇ ਉਨ੍ਹਾਂ ਵਿਚ ਕਾਇਫ਼ਾ+ ਵੀ ਸੀ ਜਿਹੜਾ ਉਸ ਸਾਲ ਮਹਾਂ ਪੁਜਾਰੀ ਸੀ। ਉਸ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਕੁਝ ਨਹੀਂ ਜਾਣਦੇ। 50 ਤੁਸੀਂ ਇਹ ਕਿਉਂ ਨਹੀਂ ਸਮਝਦੇ ਕਿ ਇਸ ਵਿਚ ਤੁਹਾਡਾ ਹੀ ਭਲਾ ਹੈ ਜੇ ਇਕ ਬੰਦਾ ਸਾਰੇ ਲੋਕਾਂ ਲਈ ਮਰੇ, ਇਸ ਦੀ ਬਜਾਇ ਕਿ ਪੂਰੀ ਕੌਮ ਤਬਾਹ ਹੋਵੇ?” 51 ਉਸ ਨੇ ਇਹ ਗੱਲ ਆਪਣੇ ਵੱਲੋਂ ਨਹੀਂ ਕਹੀ ਸੀ, ਸਗੋਂ ਉਸ ਸਾਲ ਮਹਾਂ ਪੁਜਾਰੀ ਹੋਣ ਕਰਕੇ ਉਸ ਨੇ ਭਵਿੱਖਬਾਣੀ ਕੀਤੀ ਸੀ ਕਿ ਯਿਸੂ ਇਸ ਕੌਮ ਦੇ ਲਈ ਮਰੇਗਾ 52 ਅਤੇ ਸਿਰਫ਼ ਇਸ ਕੌਮ ਲਈ ਹੀ ਨਹੀਂ, ਸਗੋਂ ਇਸ ਲਈ ਵੀ ਕਿ ਪਰਮੇਸ਼ੁਰ ਦੇ ਖਿੰਡੇ ਹੋਏ ਬੱਚਿਆਂ ਨੂੰ ਇਕੱਠਾ ਕਰ ਕੇ ਉਨ੍ਹਾਂ ਵਿਚ ਏਕਾ ਕੀਤਾ ਜਾਵੇ। 53 ਇਸ ਲਈ ਉਸ ਦਿਨ ਤੋਂ ਉਹ ਉਸ ਨੂੰ ਮਾਰਨ ਦੀ ਸਾਜ਼ਸ਼ ਘੜਨ ਲੱਗ ਪਏ।
54 ਇਸ ਕਰਕੇ ਯਿਸੂ ਨੇ ਯਹੂਦੀਆਂ ਵਿਚ ਖੁੱਲ੍ਹੇ-ਆਮ ਤੁਰਨਾ-ਫਿਰਨਾ ਛੱਡ ਦਿੱਤਾ, ਪਰ ਉਹ ਉੱਥੋਂ ਇਫ਼ਰਾਈਮ+ ਨਾਂ ਦੇ ਸ਼ਹਿਰ ਵਿਚ ਚਲਾ ਗਿਆ ਜੋ ਉਜਾੜ ਲਾਗੇ ਸੀ ਅਤੇ ਆਪਣੇ ਚੇਲਿਆਂ ਨਾਲ ਉੱਥੇ ਰਿਹਾ। 55 ਹੁਣ ਯਹੂਦੀਆਂ ਦਾ ਪਸਾਹ ਦਾ ਤਿਉਹਾਰ+ ਨੇੜੇ ਸੀ ਅਤੇ ਪਿੰਡਾਂ ਦੇ ਬਹੁਤ ਸਾਰੇ ਲੋਕ ਪਸਾਹ ਤੋਂ ਪਹਿਲਾਂ ਰੀਤ ਅਨੁਸਾਰ ਆਪਣੇ ਆਪ ਨੂੰ ਸ਼ੁੱਧ ਕਰਨ ਲਈ ਯਰੂਸ਼ਲਮ ਗਏ। 56 ਉਹ ਯਿਸੂ ਨੂੰ ਲੱਭਣ ਲੱਗੇ ਅਤੇ ਮੰਦਰ ਵਿਚ ਖੜ੍ਹੇ ਇਕ-ਦੂਜੇ ਨੂੰ ਪੁੱਛਣ ਲੱਗੇ: “ਤੁਹਾਨੂੰ ਕੀ ਲੱਗਦਾ? ਕੀ ਉਹ ਤਿਉਹਾਰ ਵਿਚ ਆਊਗਾ ਜਾਂ ਨਹੀਂ?” 57 ਮੁੱਖ ਪੁਜਾਰੀਆਂ ਤੇ ਫ਼ਰੀਸੀਆਂ ਨੇ ਹੁਕਮ ਦਿੱਤਾ ਹੋਇਆ ਸੀ ਕਿ ਜੇ ਕਿਸੇ ਨੂੰ ਯਿਸੂ ਦਾ ਅਤਾ-ਪਤਾ ਲੱਗੇ, ਤਾਂ ਉਹ ਆ ਕੇ ਦੱਸੇ ਤਾਂਕਿ ਉਸ ਨੂੰ ਫੜ* ਲਿਆ ਜਾਵੇ।
12 ਫਿਰ ਪਸਾਹ ਤੋਂ ਛੇ ਦਿਨ ਪਹਿਲਾਂ ਯਿਸੂ ਬੈਥਨੀਆ ਆ ਗਿਆ ਜਿੱਥੇ ਲਾਜ਼ਰ+ ਰਹਿੰਦਾ ਸੀ ਜਿਸ ਨੂੰ ਯਿਸੂ ਨੇ ਜੀਉਂਦਾ ਕੀਤਾ ਸੀ। 2 ਇਸ ਲਈ ਕੁਝ ਲੋਕਾਂ ਨੇ ਉੱਥੇ ਸ਼ਾਮ ਨੂੰ ਯਿਸੂ ਵਾਸਤੇ ਦਾਅਵਤ ਦਿੱਤੀ। ਮਾਰਥਾ ਸੇਵਾ ਕਰ ਰਹੀ ਸੀ+ ਅਤੇ ਲਾਜ਼ਰ ਉਸ ਨਾਲ ਖਾਣਾ ਖਾਣ ਲਈ ਬੈਠਾ ਹੋਇਆ ਸੀ। 3 ਉਸ ਵੇਲੇ ਮਰੀਅਮ ਨੇ 327 ਗ੍ਰਾਮ* ਖਾਲਸ ਜਟਾਮਾਸੀ ਦਾ ਬਹੁਤ ਹੀ ਮਹਿੰਗਾ ਖ਼ੁਸ਼ਬੂਦਾਰ ਤੇਲ ਲੈ ਕੇ ਯਿਸੂ ਦੇ ਪੈਰਾਂ ʼਤੇ ਮਲ਼ਿਆ ਅਤੇ ਆਪਣੇ ਵਾਲ਼ਾਂ ਨਾਲ ਉਸ ਦੇ ਪੈਰ ਪੂੰਝੇ। ਅਤੇ ਸਾਰਾ ਘਰ ਖ਼ੁਸ਼ਬੂਦਾਰ ਤੇਲ ਦੀ ਮਹਿਕ ਨਾਲ ਭਰ ਗਿਆ।+ 4 ਪਰ ਉਸ ਦੇ ਇਕ ਚੇਲੇ ਯਹੂਦਾ ਇਸਕਰਿਓਤੀ+ ਨੇ, ਜਿਸ ਨੇ ਉਸ ਨੂੰ ਧੋਖੇ ਨਾਲ ਫੜਵਾਉਣਾ ਸੀ, ਕਿਹਾ: 5 “ਚੰਗਾ ਨਾ ਹੁੰਦਾ ਜੇ ਇਹ ਖ਼ੁਸ਼ਬੂਦਾਰ ਤੇਲ 300 ਦੀਨਾਰ* ਦਾ ਵੇਚ ਕੇ ਪੈਸਾ ਗ਼ਰੀਬਾਂ ਵਿਚ ਵੰਡ ਦਿੱਤਾ ਜਾਂਦਾ?” 6 ਅਸਲ ਵਿਚ, ਉਸ ਨੂੰ ਗ਼ਰੀਬਾਂ ਦਾ ਫ਼ਿਕਰ ਨਹੀਂ ਸੀ, ਸਗੋਂ ਉਸ ਨੇ ਇਹ ਗੱਲ ਇਸ ਕਰਕੇ ਕਹੀ ਸੀ ਕਿਉਂਕਿ ਉਹ ਚੋਰ ਸੀ ਅਤੇ ਪੈਸਿਆਂ ਵਾਲਾ ਡੱਬਾ ਉਸ ਕੋਲ ਹੁੰਦਾ ਸੀ ਤੇ ਉਹ ਉਸ ਵਿੱਚੋਂ ਪੈਸੇ ਚੋਰੀ ਕਰ ਲੈਂਦਾ ਸੀ। 7 ਫਿਰ ਯਿਸੂ ਨੇ ਕਿਹਾ: “ਉਸ ਨੂੰ ਕੁਝ ਨਾ ਕਹੋ, ਉਸ ਨੇ ਮੈਨੂੰ ਦਫ਼ਨਾਉਣ ਦੀ ਤਿਆਰੀ ਵਿਚ ਪਹਿਲਾਂ ਹੀ ਮੇਰੇ ʼਤੇ ਖ਼ੁਸ਼ਬੂਦਾਰ ਤੇਲ ਮਲ਼ਿਆ ਹੈ।+ 8 ਗ਼ਰੀਬ ਤਾਂ ਹਮੇਸ਼ਾ ਤੁਹਾਡੇ ਨਾਲ ਰਹਿਣਗੇ,+ ਪਰ ਮੈਂ ਹਮੇਸ਼ਾ ਤੁਹਾਡੇ ਨਾਲ ਨਹੀਂ ਰਹਿਣਾ।”+
9 ਉਸ ਵੇਲੇ ਯਹੂਦੀਆਂ ਦੀ ਵੱਡੀ ਭੀੜ ਨੇ ਸੁਣਿਆ ਕਿ ਯਿਸੂ ਬੈਥਨੀਆ ਆਇਆ ਹੋਇਆ ਸੀ, ਇਸ ਲਈ ਉਹ ਸਿਰਫ਼ ਯਿਸੂ ਨੂੰ ਹੀ ਨਹੀਂ ਸਗੋਂ ਲਾਜ਼ਰ ਨੂੰ ਵੀ ਦੇਖਣ ਆਏ ਜਿਸ ਨੂੰ ਯਿਸੂ ਨੇ ਮਰਿਆਂ ਵਿੱਚੋਂ ਜੀਉਂਦਾ ਕੀਤਾ ਸੀ।+ 10 ਪਰ ਮੁੱਖ ਪੁਜਾਰੀਆਂ ਨੇ ਲਾਜ਼ਰ ਨੂੰ ਵੀ ਮਾਰਨ ਦੀ ਸਾਜ਼ਸ਼ ਘੜੀ 11 ਕਿਉਂਕਿ ਉਸੇ ਕਰਕੇ ਬਹੁਤ ਸਾਰੇ ਯਹੂਦੀ ਬੈਥਨੀਆ ਜਾ ਰਹੇ ਸਨ ਅਤੇ ਯਿਸੂ ਉੱਤੇ ਨਿਹਚਾ ਕਰਨ ਲੱਗ ਪਏ ਸਨ।+
12 ਅਗਲੇ ਦਿਨ ਤਿਉਹਾਰ ਮਨਾਉਣ ਆਈ ਲੋਕਾਂ ਦੀ ਵੱਡੀ ਭੀੜ ਨੇ ਸੁਣਿਆ ਕਿ ਯਿਸੂ ਯਰੂਸ਼ਲਮ ਨੂੰ ਆ ਰਿਹਾ ਸੀ। 13 ਇਸ ਲਈ ਉਹ ਖਜੂਰ ਦੀਆਂ ਟਾਹਣੀਆਂ ਲੈ ਕੇ ਉਸ ਨੂੰ ਮਿਲਣ ਚਲੇ ਗਏ ਅਤੇ ਉੱਚੀ-ਉੱਚੀ ਕਹਿਣ ਲੱਗੇ: “ਤੇਰੇ ਅੱਗੇ ਸਾਡੀ ਦੁਆ ਹੈ, ਮੁਕਤੀ ਬਖ਼ਸ਼! ਧੰਨ ਹੈ ਉਹ ਜੋ ਯਹੋਵਾਹ* ਦੇ ਨਾਂ ʼਤੇ ਆਉਂਦਾ ਹੈ+ ਅਤੇ ਇਜ਼ਰਾਈਲ ਦਾ ਰਾਜਾ ਹੈ!”+ 14 ਫਿਰ ਯਿਸੂ ਨੂੰ ਇਕ ਗਧਾ ਮਿਲਿਆ ਅਤੇ ਉਹ ਉਸ ਉੱਤੇ ਬੈਠ ਗਿਆ,+ ਠੀਕ ਜਿਵੇਂ ਲਿਖਿਆ ਹੈ: 15 “ਹੇ ਸੀਓਨ ਦੀਏ ਧੀਏ, ਨਾ ਡਰ। ਦੇਖ! ਤੇਰਾ ਰਾਜਾ ਗਧੀ ਦੇ ਬੱਚੇ ਉੱਤੇ ਸਵਾਰ ਹੋ ਕੇ ਆ ਰਿਹਾ ਹੈ।”+ 16 ਉਸ ਦੇ ਚੇਲਿਆਂ ਨੂੰ ਪਹਿਲਾਂ ਤਾਂ ਇਹ ਗੱਲਾਂ ਸਮਝ ਨਾ ਆਈਆਂ, ਪਰ ਫਿਰ ਜਦੋਂ ਯਿਸੂ ਨੂੰ ਮਹਿਮਾ ਮਿਲੀ,+ ਉਦੋਂ ਉਨ੍ਹਾਂ ਨੂੰ ਯਾਦ ਆਇਆ ਕਿ ਇਹ ਗੱਲਾਂ ਉਸੇ ਬਾਰੇ ਲਿਖੀਆਂ ਗਈਆਂ ਸਨ ਅਤੇ ਭੀੜ ਨੇ ਇਸੇ ਤਰ੍ਹਾਂ ਉਸ ਦਾ ਸੁਆਗਤ ਕੀਤਾ ਸੀ।+
17 ਜਦੋਂ ਯਿਸੂ ਨੇ ਲਾਜ਼ਰ ਨੂੰ ਕਬਰ ਤੋਂ ਬਾਹਰ ਆਉਣ ਲਈ ਕਿਹਾ ਸੀ+ ਅਤੇ ਉਸ ਨੂੰ ਮਰਿਆਂ ਵਿੱਚੋਂ ਜੀਉਂਦਾ ਕੀਤਾ ਸੀ, ਉਸ ਵੇਲੇ ਯਿਸੂ ਨਾਲ ਬਹੁਤ ਸਾਰੇ ਲੋਕ ਸਨ। ਉਨ੍ਹਾਂ ਨੇ ਉੱਥੇ ਜੋ ਦੇਖਿਆ ਸੀ, ਉਸ ਬਾਰੇ ਉਹ ਗਵਾਹੀ ਦਿੰਦੇ ਰਹੇ।+ 18 ਯਿਸੂ ਦੇ ਇਸ ਚਮਤਕਾਰ ਬਾਰੇ ਉਨ੍ਹਾਂ ਦੀ ਗਵਾਹੀ ਸੁਣ ਕੇ ਤਿਉਹਾਰ ਦੌਰਾਨ ਬਹੁਤ ਸਾਰੇ ਲੋਕ ਉਸ ਨੂੰ ਮਿਲਣ ਆਏ। 19 ਇਸ ਲਈ ਫ਼ਰੀਸੀਆਂ ਨੇ ਇਕ-ਦੂਜੇ ਨੂੰ ਕਿਹਾ: “ਤੁਸੀਂ ਦੇਖ ਰਹੇ ਹੋ ਕਿ ਸਾਡੇ ਤੋਂ ਕੁਝ ਨਹੀਂ ਹੋ ਰਿਹਾ। ਦੇਖੋ! ਸਾਰੀ ਦੁਨੀਆਂ ਉਸ ਦੇ ਪਿੱਛੇ ਜਾ ਰਹੀ ਹੈ।”+
20 ਤਿਉਹਾਰ ਦੌਰਾਨ ਭਗਤੀ ਕਰਨ ਆਏ ਲੋਕਾਂ ਵਿਚ ਕੁਝ ਯੂਨਾਨੀ ਲੋਕ ਵੀ ਸਨ। 21 ਇਸ ਲਈ ਉਹ ਫ਼ਿਲਿੱਪੁਸ+ ਕੋਲ ਆਏ ਜਿਹੜਾ ਗਲੀਲ ਦੇ ਬੈਤਸੈਦਾ ਦਾ ਰਹਿਣ ਵਾਲਾ ਸੀ ਅਤੇ ਉਸ ਨੂੰ ਕਿਹਾ: “ਭਰਾ ਜੀ, ਅਸੀਂ ਯਿਸੂ ਨੂੰ ਮਿਲਣਾ ਚਾਹੁੰਦੇ ਹਾਂ।” 22 ਫ਼ਿਲਿੱਪੁਸ ਨੇ ਇਸ ਬਾਰੇ ਅੰਦ੍ਰਿਆਸ ਨੂੰ ਦੱਸਿਆ। ਅੰਦ੍ਰਿਆਸ ਤੇ ਫ਼ਿਲਿੱਪੁਸ ਨੇ ਆ ਕੇ ਯਿਸੂ ਨੂੰ ਦੱਸਿਆ।
23 ਪਰ ਯਿਸੂ ਨੇ ਉਨ੍ਹਾਂ ਨੂੰ ਜਵਾਬ ਦਿੱਤਾ: “ਮਨੁੱਖ ਦੇ ਪੁੱਤਰ ਲਈ ਮਹਿਮਾ ਪਾਉਣ ਦਾ ਸਮਾਂ ਆ ਗਿਆ ਹੈ।+ 24 ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ, ਜਦ ਤਕ ਕਣਕ ਦਾ ਦਾਣਾ ਜ਼ਮੀਨ ਵਿਚ ਜਾ ਕੇ ਨਾ ਮਰੇ, ਤਦ ਤਕ ਇਹ ਇੱਕੋ ਦਾਣਾ ਰਹਿੰਦਾ ਹੈ, ਪਰ ਜਦੋਂ ਇਹ ਮਰ ਜਾਂਦਾ ਹੈ,+ ਤਾਂ ਇਸ ਨੂੰ ਹੋਰ ਬਹੁਤ ਸਾਰੇ ਦਾਣੇ ਲੱਗਦੇ ਹਨ। 25 ਜਿਹੜਾ ਆਪਣੀ ਜਾਨ ਨਾਲ ਪਿਆਰ ਕਰਦਾ ਹੈ, ਉਹ ਇਸ ਨੂੰ ਗੁਆ ਬੈਠੇਗਾ, ਪਰ ਜਿਹੜਾ ਇਸ ਦੁਨੀਆਂ ਵਿਚ ਆਪਣੀ ਜਾਨ ਨਾਲ ਨਫ਼ਰਤ ਕਰਦਾ ਹੈ,+ ਉਹ ਇਸ ਨੂੰ ਬਚਾਵੇਗਾ ਅਤੇ ਹਮੇਸ਼ਾ ਦੀ ਜ਼ਿੰਦਗੀ ਪਾਵੇਗਾ।+ 26 ਜੇ ਕੋਈ ਮੇਰੀ ਸੇਵਾ ਕਰਨੀ ਚਾਹੁੰਦਾ ਹੈ, ਤਾਂ ਉਹ ਮੇਰੇ ਪਿੱਛੇ-ਪਿੱਛੇ ਆਵੇ ਅਤੇ ਜਿੱਥੇ ਮੈਂ ਹੋਵਾਂਗਾ ਉੱਥੇ ਮੇਰਾ ਸੇਵਕ ਵੀ ਹੋਵੇਗਾ।+ ਪਿਤਾ ਮੇਰੀ ਸੇਵਾ ਕਰਨ ਵਾਲੇ ਨੂੰ ਬਰਕਤਾਂ ਦੇਵੇਗਾ। 27 ਹੁਣ ਮੈਂ* ਬੜਾ ਪਰੇਸ਼ਾਨ ਹਾਂ+ ਅਤੇ ਮੈਂ ਕੀ ਕਹਾਂ? ਹੇ ਪਿਤਾ, ਮੈਨੂੰ ਇਸ ਮੁਸ਼ਕਲ ਘੜੀ ਤੋਂ ਬਚਾ।+ ਪਰ ਮੇਰੇ ʼਤੇ ਇਹ ਮੁਸ਼ਕਲ ਘੜੀ ਆਉਣੀ ਹੀ ਹੈ ਕਿਉਂਕਿ ਮੈਂ ਇਸੇ ਕਰਕੇ ਆਇਆ ਹਾਂ। 28 ਹੇ ਪਿਤਾ, ਆਪਣੇ ਨਾਂ ਦੀ ਮਹਿਮਾ ਕਰ।” ਤਦ ਸਵਰਗੋਂ ਆਵਾਜ਼+ ਆਈ: “ਮੈਂ ਇਸ ਦੀ ਮਹਿਮਾ ਕੀਤੀ ਹੈ ਅਤੇ ਦੁਬਾਰਾ ਕਰਾਂਗਾ।”+
29 ਇਹ ਆਵਾਜ਼ ਸੁਣ ਕੇ ਉੱਥੇ ਖੜ੍ਹੀ ਭੀੜ ਵਿੱਚੋਂ ਕੁਝ ਲੋਕ ਕਹਿਣ ਲੱਗੇ ਕਿ ਬੱਦਲ ਗਰਜੇ ਸਨ। ਹੋਰ ਕਈ ਕਹਿਣ ਲੱਗੇ: “ਕਿਸੇ ਦੂਤ ਨੇ ਉਸ ਨਾਲ ਗੱਲ ਕੀਤੀ ਹੈ।” 30 ਯਿਸੂ ਨੇ ਕਿਹਾ: “ਇਹ ਆਵਾਜ਼ ਮੇਰੇ ਲਈ ਨਹੀਂ, ਸਗੋਂ ਤੁਹਾਡੇ ਲਈ ਆਈ ਹੈ। 31 ਇਸ ਦੁਨੀਆਂ ਦਾ ਨਿਆਂ ਹੁਣ ਕੀਤਾ ਜਾ ਰਿਹਾ ਹੈ; ਹੁਣ ਦੁਨੀਆਂ ਦੇ ਹਾਕਮ+ ਨੂੰ ਬਾਹਰ ਕੱਢਿਆ ਜਾਵੇਗਾ।+ 32 ਪਰ ਜਦੋਂ ਮੈਨੂੰ ਉੱਚੀ ਥਾਂ ʼਤੇ ਟੰਗਿਆ ਜਾਵੇਗਾ,+ ਤਾਂ ਮੈਂ ਹਰ ਤਰ੍ਹਾਂ ਦੇ ਲੋਕਾਂ ਨੂੰ ਆਪਣੇ ਵੱਲ ਖਿੱਚਾਂਗਾ।” 33 ਅਸਲ ਵਿਚ ਉਹ ਦੱਸ ਰਿਹਾ ਸੀ ਕਿ ਉਹ ਕਿਹੋ ਜਿਹੀ ਮੌਤ ਮਰੇਗਾ।+ 34 ਤਦ ਭੀੜ ਨੇ ਉਸ ਨੂੰ ਜਵਾਬ ਦਿੱਤਾ: “ਅਸੀਂ ਮੂਸਾ ਦੇ ਕਾਨੂੰਨ ਵਿਚ ਸੁਣਿਆ ਹੈ ਕਿ ਮਸੀਹ ਹਮੇਸ਼ਾ ਜੀਉਂਦਾ ਰਹੇਗਾ।+ ਫਿਰ ਤੂੰ ਕਿੱਦਾਂ ਕਹਿੰਦਾ ਹੈਂ ਕਿ ਮਨੁੱਖ ਦੇ ਪੁੱਤਰ ਨੂੰ ਟੰਗਿਆ ਜਾਵੇਗਾ?+ ਕੌਣ ਹੈ ਇਹ ਮਨੁੱਖ ਦਾ ਪੁੱਤਰ?” 35 ਇਸ ਲਈ ਯਿਸੂ ਨੇ ਉਨ੍ਹਾਂ ਨੂੰ ਕਿਹਾ: “ਚਾਨਣ ਹੋਰ ਥੋੜ੍ਹਾ ਚਿਰ ਤੁਹਾਡੇ ਵਿਚਕਾਰ ਰਹੇਗਾ। ਜਦੋਂ ਤਕ ਤੁਹਾਡੇ ਕੋਲ ਚਾਨਣ ਹੈ, ਇਸ ਵਿਚ ਚੱਲੋ ਤਾਂਕਿ ਹਨੇਰਾ ਤੁਹਾਨੂੰ ਨਾ ਘੇਰੇ; ਹਨੇਰੇ ਵਿਚ ਚੱਲਣ ਵਾਲਾ ਇਨਸਾਨ ਨਹੀਂ ਜਾਣਦਾ ਕਿ ਉਹ ਕਿੱਧਰ ਜਾ ਰਿਹਾ ਹੈ।+ 36 ਜਿੰਨਾ ਚਿਰ ਤੁਹਾਡੇ ਕੋਲ ਚਾਨਣ ਹੈ, ਚਾਨਣ ਉੱਤੇ ਵਿਸ਼ਵਾਸ ਕਰੋ ਤਾਂਕਿ ਤੁਸੀਂ ਚਾਨਣ ਦੇ ਪੁੱਤਰ ਬਣੋ।”+
ਯਿਸੂ ਇਹ ਗੱਲਾਂ ਕਹਿਣ ਤੋਂ ਬਾਅਦ ਉੱਥੋਂ ਚਲਾ ਗਿਆ ਅਤੇ ਉਨ੍ਹਾਂ ਤੋਂ ਲੁਕ ਗਿਆ। 37 ਭਾਵੇਂ ਉਸ ਨੇ ਉਨ੍ਹਾਂ ਸਾਮ੍ਹਣੇ ਕਈ ਚਮਤਕਾਰ ਕੀਤੇ ਸਨ, ਫਿਰ ਵੀ ਉਨ੍ਹਾਂ ਨੇ ਉਸ ਉੱਤੇ ਨਿਹਚਾ ਨਾ ਕੀਤੀ। 38 ਇਸ ਕਰਕੇ ਯਸਾਯਾਹ ਨਬੀ ਦੀ ਇਹ ਗੱਲ ਪੂਰੀ ਹੋਈ: “ਯਹੋਵਾਹ,* ਸਾਡੇ ਤੋਂ ਸੁਣੀ ਗੱਲ* ਉੱਤੇ ਕਿਸ ਨੇ ਨਿਹਚਾ ਕੀਤੀ ਹੈ?+ ਯਹੋਵਾਹ* ਦੀ ਤਾਕਤ* ਕਿਨ੍ਹਾਂ ਨੂੰ ਦਿਖਾਈ ਗਈ ਹੈ?”+ 39 ਉਨ੍ਹਾਂ ਨੇ ਇਸ ਕਰਕੇ ਵਿਸ਼ਵਾਸ ਨਹੀਂ ਕੀਤਾ ਕਿਉਂਕਿ ਯਸਾਯਾਹ ਨਬੀ ਨੇ ਹੀ ਲਿਖਿਆ ਸੀ: 40 “ਉਸ ਨੇ ਉਨ੍ਹਾਂ ਦੀਆਂ ਅੱਖਾਂ ਅੰਨ੍ਹੀਆਂ ਕਰ ਦਿੱਤੀਆਂ ਹਨ ਅਤੇ ਉਸ ਨੇ ਉਨ੍ਹਾਂ ਦੇ ਮਨ ਕਠੋਰ ਕਰ ਦਿੱਤੇ ਹਨ ਤਾਂਕਿ ਉਹ ਆਪਣੀਆਂ ਅੱਖਾਂ ਨਾਲ ਦੇਖ ਨਾ ਸਕਣ, ਆਪਣੇ ਦਿਲਾਂ ਨਾਲ ਸਮਝ ਨਾ ਸਕਣ ਅਤੇ ਆਪਣੇ ਰਾਹਾਂ ਨੂੰ ਬਦਲ ਨਾ ਲੈਣ ਤੇ ਉਹ ਉਨ੍ਹਾਂ ਨੂੰ ਚੰਗਾ ਨਾ ਕਰ ਦੇਵੇ।”+ 41 ਯਸਾਯਾਹ ਨੇ ਇਹ ਗੱਲਾਂ ਇਸ ਕਰਕੇ ਕਹੀਆਂ ਸਨ ਕਿਉਂਕਿ ਉਸ ਨੇ ਮਸੀਹ ਦੀ ਮਹਿਮਾ ਦੇਖੀ ਸੀ ਅਤੇ ਉਸ ਬਾਰੇ ਦੱਸਿਆ ਸੀ।+ 42 ਪਰ ਫਿਰ ਵੀ ਯਹੂਦੀਆਂ ਦੇ ਬਹੁਤ ਸਾਰੇ ਆਗੂ ਉਸ ਉੱਤੇ ਨਿਹਚਾ ਕਰਨ ਲੱਗ ਪਏ ਸਨ,+ ਪਰ ਫ਼ਰੀਸੀਆਂ ਦੇ ਡਰ ਕਰਕੇ ਆਪਣੀ ਨਿਹਚਾ ਦਾ ਇਜ਼ਹਾਰ ਨਹੀਂ ਕਰਦੇ ਸਨ ਕਿਉਂਕਿ ਉਹ ਨਹੀਂ ਚਾਹੁੰਦੇ ਸਨ ਕਿ ਸਭਾ ਘਰ ਵਿੱਚੋਂ ਉਨ੍ਹਾਂ ਨੂੰ ਛੇਕਿਆ ਜਾਵੇ;+ 43 ਉਹ ਪਰਮੇਸ਼ੁਰ ਤੋਂ ਮਹਿਮਾ ਪਾਉਣ ਦੀ ਬਜਾਇ ਇਨਸਾਨਾਂ ਤੋਂ ਮਹਿਮਾ ਕਰਾਉਣੀ ਜ਼ਿਆਦਾ ਪਸੰਦ ਕਰਦੇ ਸਨ।+
44 ਪਰ ਯਿਸੂ ਨੇ ਉੱਚੀ ਆਵਾਜ਼ ਵਿਚ ਕਿਹਾ: “ਜਿਹੜਾ ਮੇਰੇ ਉੱਤੇ ਨਿਹਚਾ ਕਰਦਾ ਹੈ, ਉਹ ਸਿਰਫ਼ ਮੇਰੇ ਉੱਤੇ ਹੀ ਨਹੀਂ, ਸਗੋਂ ਮੇਰੇ ਘੱਲਣ ਵਾਲੇ ʼਤੇ ਵੀ ਨਿਹਚਾ ਕਰਦਾ ਹੈ;+ 45 ਅਤੇ ਜਿਹੜਾ ਮੈਨੂੰ ਦੇਖਦਾ ਹੈ ਉਹ ਮੇਰੇ ਘੱਲਣ ਵਾਲੇ ਨੂੰ ਵੀ ਦੇਖਦਾ ਹੈ।+ 46 ਮੈਂ ਦੁਨੀਆਂ ਵਿਚ ਚਾਨਣ ਵਜੋਂ ਆਇਆ ਹਾਂ+ ਤਾਂਕਿ ਜਿਹੜਾ ਵੀ ਮੇਰੇ ਉੱਤੇ ਨਿਹਚਾ ਕਰਦਾ ਹੈ, ਉਹ ਹਨੇਰੇ ਵਿਚ ਨਾ ਰਹੇ।+ 47 ਪਰ ਜੇ ਕੋਈ ਮੇਰੀਆਂ ਗੱਲਾਂ ਸੁਣ ਕੇ ਉਨ੍ਹਾਂ ਉੱਤੇ ਨਹੀਂ ਚੱਲਦਾ, ਮੈਂ ਉਸ ਨੂੰ ਦੋਸ਼ੀ ਨਹੀਂ ਠਹਿਰਾਉਂਦਾ; ਕਿਉਂਕਿ ਮੈਂ ਦੁਨੀਆਂ ਨੂੰ ਦੋਸ਼ੀ ਠਹਿਰਾਉਣ ਲਈ ਨਹੀਂ, ਸਗੋਂ ਬਚਾਉਣ ਆਇਆ ਹਾਂ।+ 48 ਜਿਹੜਾ ਮੈਨੂੰ ਠੁਕਰਾਉਂਦਾ ਹੈ ਅਤੇ ਮੇਰੀਆਂ ਗੱਲਾਂ ਨੂੰ ਨਹੀਂ ਮੰਨਦਾ, ਉਸ ਨੂੰ ਦੋਸ਼ੀ ਠਹਿਰਾਇਆ ਜਾਵੇਗਾ। ਜਿਹੜੀਆਂ ਗੱਲਾਂ ਮੈਂ ਕਹੀਆਂ ਹਨ, ਉਹੀ ਗੱਲਾਂ ਆਖ਼ਰੀ ਦਿਨ ʼਤੇ ਉਸ ਨੂੰ ਦੋਸ਼ੀ ਠਹਿਰਾਉਣਗੀਆਂ। 49 ਕਿਉਂਕਿ ਮੈਂ ਆਪਣੇ ਵੱਲੋਂ ਕੁਝ ਨਹੀਂ ਕਹਿੰਦਾ, ਪਰ ਪਿਤਾ ਨੇ, ਜਿਸ ਨੇ ਮੈਨੂੰ ਘੱਲਿਆ ਹੈ, ਆਪ ਮੈਨੂੰ ਹੁਕਮ ਦਿੱਤਾ ਹੈ ਕਿ ਮੈਂ ਕੀ-ਕੀ ਦੱਸਣਾ ਹੈ ਤੇ ਕੀ-ਕੀ ਸਿਖਾਉਣਾ ਹੈ।+ 50 ਨਾਲੇ ਮੈਂ ਜਾਣਦਾ ਹਾਂ ਕਿ ਉਸ ਦਾ ਹੁਕਮ ਹਮੇਸ਼ਾ ਦੀ ਜ਼ਿੰਦਗੀ ਦਿੰਦਾ ਹੈ।+ ਇਸ ਲਈ ਜਿਹੜੀਆਂ ਗੱਲਾਂ ਮੈਂ ਕਹਿੰਦਾ ਹਾਂ ਜਿਵੇਂ ਪਿਤਾ ਨੇ ਮੈਨੂੰ ਦੱਸੀਆਂ ਹਨ, ਮੈਂ ਉਸੇ ਤਰ੍ਹਾਂ ਦੱਸਦਾ ਹਾਂ।”+
13 ਪਸਾਹ ਦੇ ਤਿਉਹਾਰ ਤੋਂ ਪਹਿਲਾਂ ਹੀ ਯਿਸੂ ਜਾਣਦਾ ਸੀ ਕਿ ਉਸ ਵਾਸਤੇ ਉਹ ਸਮਾਂ ਆ ਗਿਆ ਹੈ+ ਜਦੋਂ ਉਹ ਇਸ ਦੁਨੀਆਂ ਨੂੰ ਛੱਡ ਕੇ ਪਿਤਾ ਕੋਲ ਚਲਾ ਜਾਵੇਗਾ।+ ਇਸ ਲਈ ਦੁਨੀਆਂ ਵਿਚ ਜੋ ਉਸ ਦੇ ਆਪਣੇ ਸਨ, ਜਿਨ੍ਹਾਂ ਨਾਲ ਉਹ ਪਿਆਰ ਕਰਦਾ ਸੀ, ਉਨ੍ਹਾਂ ਨਾਲ ਉਹ ਮਰਦੇ ਦਮ ਤਕ ਪਿਆਰ ਕਰਦਾ ਰਿਹਾ।+ 2 ਹੁਣ ਸ਼ਾਮ ਦਾ ਖਾਣਾ ਚੱਲ ਰਿਹਾ ਸੀ। ਉਸ ਵੇਲੇ ਤਕ ਸ਼ੈਤਾਨ ਸ਼ਮਊਨ ਦੇ ਪੁੱਤਰ ਯਹੂਦਾ ਇਸਕਰਿਓਤੀ ਦੇ ਮਨ ਵਿਚ ਇਹ ਗੱਲ ਪਾ ਚੁੱਕਾ ਸੀ+ ਕਿ ਉਹ ਯਿਸੂ ਨੂੰ ਧੋਖੇ ਨਾਲ ਫੜਵਾ ਦੇਵੇ।+ 3 ਯਿਸੂ ਜਾਣਦਾ ਸੀ ਕਿ ਪਿਤਾ ਨੇ ਸਾਰੀਆਂ ਚੀਜ਼ਾਂ ਉਸ ਦੇ ਹੱਥ ਸੌਂਪ ਦਿੱਤੀਆਂ ਸਨ ਅਤੇ ਉਹ ਪਰਮੇਸ਼ੁਰ ਕੋਲੋਂ ਆਇਆ ਸੀ ਅਤੇ ਪਰਮੇਸ਼ੁਰ ਕੋਲ ਜਾ ਰਿਹਾ ਸੀ।+ 4 ਉਹ ਖਾਣਾ ਖਾਂਦਾ-ਖਾਂਦਾ ਉੱਠਿਆ ਅਤੇ ਆਪਣਾ ਚੋਗਾ ਲਾਹ ਕੇ ਇਕ ਪਾਸੇ ਰੱਖ ਦਿੱਤਾ ਅਤੇ ਤੌਲੀਆ ਲੈ ਕੇ ਆਪਣੇ ਲੱਕ ਦੁਆਲੇ ਬੰਨ੍ਹ ਲਿਆ।+ 5 ਇਸ ਤੋਂ ਬਾਅਦ ਉਹ ਇਕ ਬਾਟੇ ਵਿਚ ਪਾਣੀ ਲੈ ਕੇ ਚੇਲਿਆਂ ਦੇ ਪੈਰ ਧੋਣ ਲੱਗਾ ਅਤੇ ਲੱਕ ਦੁਆਲੇ ਬੰਨ੍ਹੇ ਤੌਲੀਏ ਨਾਲ ਪੂੰਝਣ ਲੱਗਾ। 6 ਫਿਰ ਜਦੋਂ ਉਹ ਸ਼ਮਊਨ ਪਤਰਸ ਕੋਲ ਆਇਆ, ਤਾਂ ਪਤਰਸ ਨੇ ਉਸ ਨੂੰ ਕਿਹਾ: “ਪ੍ਰਭੂ, ਕੀ ਤੂੰ ਮੇਰੇ ਪੈਰ ਧੋਣ ਲੱਗਾਂ?” 7 ਯਿਸੂ ਨੇ ਉਸ ਨੂੰ ਜਵਾਬ ਦਿੱਤਾ: “ਮੈਂ ਜੋ ਕਰ ਰਿਹਾ ਹਾਂ, ਉਹ ਤੂੰ ਹੁਣ ਸਮਝ ਨਹੀਂ ਸਕਦਾ, ਪਰ ਬਾਅਦ ਵਿਚ ਸਮਝੇਂਗਾ।” 8 ਪਤਰਸ ਨੇ ਉਸ ਨੂੰ ਕਿਹਾ: “ਮੈਂ ਤੈਨੂੰ ਆਪਣੇ ਪੈਰ ਨਹੀਂ ਧੋਣ ਦਿਆਂਗਾ।” ਯਿਸੂ ਨੇ ਉਸ ਨੂੰ ਜਵਾਬ ਦਿੱਤਾ: “ਜੇ ਮੈਂ ਤੇਰੇ ਪੈਰ ਨਾ ਧੋਵਾਂ,+ ਤਾਂ ਤੇਰਾ ਮੇਰੇ ਨਾਲ ਕੋਈ ਨਾਤਾ ਨਹੀਂ।” 9 ਸ਼ਮਊਨ ਪਤਰਸ ਨੇ ਉਸ ਨੂੰ ਕਿਹਾ: “ਪ੍ਰਭੂ, ਤਾਂ ਫਿਰ ਤੂੰ ਮੇਰੇ ਪੈਰ ਹੀ ਨਹੀਂ, ਸਗੋਂ ਮੇਰੇ ਹੱਥ ਅਤੇ ਮੇਰਾ ਸਿਰ ਵੀ ਧੋ।” 10 ਯਿਸੂ ਨੇ ਉਸ ਨੂੰ ਕਿਹਾ: “ਜਿਸ ਨੇ ਨਹਾ ਲਿਆ ਹੈ, ਉਸ ਨੂੰ ਆਪਣੇ ਪੈਰਾਂ ਤੋਂ ਸਿਵਾਇ ਹੋਰ ਕੁਝ ਧੋਣ ਦੀ ਲੋੜ ਨਹੀਂ ਕਿਉਂਕਿ ਉਹ ਪੂਰੀ ਤਰ੍ਹਾਂ ਸ਼ੁੱਧ ਹੈ। ਤੁਸੀਂ ਸ਼ੁੱਧ ਹੋ, ਪਰ ਸਾਰੇ ਨਹੀਂ।” 11 ਉਹ ਜਾਣਦਾ ਸੀ ਕਿ ਕੌਣ ਉਸ ਨੂੰ ਧੋਖੇ ਨਾਲ ਫੜਵਾਏਗਾ।+ ਇਸੇ ਲਈ ਉਸ ਨੇ ਕਿਹਾ ਸੀ: “ਤੁਹਾਡੇ ਵਿੱਚੋਂ ਸਾਰੇ ਸ਼ੁੱਧ ਨਹੀਂ ਹਨ।”
12 ਉਨ੍ਹਾਂ ਦੇ ਪੈਰ ਧੋਣ ਤੋਂ ਬਾਅਦ ਉਹ ਆਪਣਾ ਚੋਗਾ ਪਾ ਕੇ ਦੁਬਾਰਾ ਬੈਠ ਗਿਆ। ਫਿਰ ਉਸ ਨੇ ਉਨ੍ਹਾਂ ਨੂੰ ਕਿਹਾ: “ਕੀ ਤੁਸੀਂ ਸਮਝਦੇ ਹੋ ਕਿ ਮੈਂ ਤੁਹਾਡੇ ਨਾਲ ਕੀ ਕੀਤਾ? 13 ਤੁਸੀਂ ਮੈਨੂੰ ‘ਗੁਰੂ’ ਤੇ ‘ਪ੍ਰਭੂ’ ਬੁਲਾਉਂਦੇ ਹੋ ਅਤੇ ਇਹ ਠੀਕ ਵੀ ਹੈ ਕਿਉਂਕਿ ਮੈਂ ‘ਗੁਰੂ’ ਤੇ ‘ਪ੍ਰਭੂ’ ਹਾਂ।+ 14 ਇਸ ਲਈ ਜੇ ਮੈਂ ਪ੍ਰਭੂ ਅਤੇ ਗੁਰੂ ਹੁੰਦੇ ਹੋਏ ਤੁਹਾਡੇ ਪੈਰ ਧੋਤੇ ਹਨ,+ ਤਾਂ ਤੁਹਾਨੂੰ ਵੀ ਚਾਹੀਦਾ ਹੈ* ਕਿ ਇਕ-ਦੂਸਰੇ ਦੇ ਪੈਰ ਧੋਵੋ।+ 15 ਕਿਉਂਕਿ ਮੈਂ ਤੁਹਾਡੇ ਲਈ ਨਮੂਨਾ ਕਾਇਮ ਕੀਤਾ ਹੈ ਕਿ ਜਿਵੇਂ ਮੈਂ ਤੁਹਾਡੇ ਨਾਲ ਕੀਤਾ, ਤੁਸੀਂ ਵੀ ਇਸੇ ਤਰ੍ਹਾਂ ਕਰੋ।+ 16 ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ, ਨੌਕਰ ਆਪਣੇ ਮਾਲਕ ਨਾਲੋਂ ਵੱਡਾ ਨਹੀਂ ਹੁੰਦਾ, ਨਾ ਹੀ ਘੱਲਿਆ ਗਿਆ ਆਦਮੀ ਆਪਣੇ ਘੱਲਣ ਵਾਲੇ ਨਾਲੋਂ ਵੱਡਾ ਹੁੰਦਾ ਹੈ। 17 ਤੁਸੀਂ ਹੁਣ ਇਹ ਗੱਲਾਂ ਜਾਣ ਗਏ ਹੋ। ਜੇ ਤੁਸੀਂ ਇਨ੍ਹਾਂ ਗੱਲਾਂ ਉੱਤੇ ਚੱਲੋਗੇ, ਤਾਂ ਤੁਹਾਨੂੰ ਖ਼ੁਸ਼ੀ ਮਿਲੇਗੀ।+ 18 ਮੈਂ ਤੁਹਾਡੇ ਸਾਰਿਆਂ ਦੀ ਗੱਲ ਨਹੀਂ ਕਰ ਰਿਹਾ; ਮੈਂ ਜਿਨ੍ਹਾਂ ਨੂੰ ਚੁਣਿਆ ਹੈ, ਉਨ੍ਹਾਂ ਨੂੰ ਜਾਣਦਾ ਹਾਂ। ਪਰ ਇਹ ਇਸ ਕਰਕੇ ਹੋਇਆ ਤਾਂਕਿ ਧਰਮ-ਗ੍ਰੰਥ ਦੀ ਇਹ ਗੱਲ ਪੂਰੀ ਹੋਵੇ:+ ‘ਜੋ ਮੇਰੀ ਰੋਟੀ ਖਾਂਦਾ ਸੀ, ਉਸੇ ਨੇ ਮੇਰੇ ʼਤੇ ਲੱਤ ਚੁੱਕੀ।’*+ 19 ਮੈਂ ਤੁਹਾਨੂੰ ਇਹ ਗੱਲਾਂ ਹੋਣ ਤੋਂ ਪਹਿਲਾਂ ਹੀ ਦੱਸ ਰਿਹਾ ਹਾਂ ਤਾਂਕਿ ਜਦੋਂ ਇਹ ਗੱਲਾਂ ਹੋਣ, ਤਾਂ ਤੁਹਾਨੂੰ ਵਿਸ਼ਵਾਸ ਹੋ ਜਾਵੇ ਕਿ ਮੈਂ ਉਹੀ ਹਾਂ ਜੋ ਮੈਂ ਕਹਿੰਦਾ ਹਾਂ।+ 20 ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ, ਜੋ ਉਸ ਇਨਸਾਨ ਨੂੰ ਕਬੂਲ ਕਰਦਾ ਹੈ ਜਿਸ ਨੂੰ ਮੈਂ ਘੱਲਦਾ ਹਾਂ, ਤਾਂ ਉਹ ਮੈਨੂੰ ਵੀ ਕਬੂਲ ਕਰਦਾ ਹੈ+ ਅਤੇ ਜਿਹੜਾ ਮੈਨੂੰ ਕਬੂਲ ਕਰਦਾ ਹੈ, ਉਹ ਮੇਰੇ ਘੱਲਣ ਵਾਲੇ ਨੂੰ ਵੀ ਕਬੂਲ ਕਰਦਾ ਹੈ।”+
21 ਇਹ ਗੱਲਾਂ ਕਹਿਣ ਤੋਂ ਬਾਅਦ ਯਿਸੂ ਦਾ ਮਨ* ਬਹੁਤ ਦੁਖੀ ਹੋਇਆ ਅਤੇ ਉਸ ਨੇ ਕਿਹਾ: “ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ, ਤੁਹਾਡੇ ਵਿੱਚੋਂ ਇਕ ਜਣਾ ਮੈਨੂੰ ਧੋਖੇ ਨਾਲ ਫੜਵਾਏਗਾ।”+ 22 ਚੇਲੇ ਇਕ-ਦੂਜੇ ਵੱਲ ਦੇਖਣ ਲੱਗ ਪਏ ਕਿਉਂਕਿ ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਉਹ ਕਿਹਦੇ ਬਾਰੇ ਗੱਲ ਕਰ ਰਿਹਾ ਸੀ।+ 23 ਇਕ ਚੇਲਾ ਯਿਸੂ ਦੇ ਲਾਗੇ* ਬੈਠਾ ਹੋਇਆ ਸੀ ਜਿਸ ਨੂੰ ਯਿਸੂ ਪਿਆਰ ਕਰਦਾ ਸੀ।+ 24 ਇਸ ਲਈ ਸ਼ਮਊਨ ਪਤਰਸ ਨੇ ਸਿਰ ਨਾਲ ਇਸ਼ਾਰਾ ਕਰ ਕੇ ਉਸ ਚੇਲੇ ਨੂੰ ਪੁੱਛਿਆ: “ਦੱਸ, ਉਹ ਕੌਣ ਹੈ ਜਿਸ ਬਾਰੇ ਇਹ ਗੱਲ ਕਰ ਰਿਹਾ ਹੈ।” 25 ਇਸ ਲਈ ਉਹ ਚੇਲਾ ਪਿੱਛੇ ਨੂੰ ਮੁੜਿਆ ਅਤੇ ਉਸ ਨੇ ਯਿਸੂ ਦੀ ਹਿੱਕ ਨਾਲ ਢਾਸਣਾ ਲਾ ਕੇ ਪੁੱਛਿਆ: “ਪ੍ਰਭੂ, ਉਹ ਕੌਣ ਹੈ?”+ 26 ਯਿਸੂ ਨੇ ਜਵਾਬ ਦਿੱਤਾ: “ਉਹੀ ਜਿਸ ਨੂੰ ਮੈਂ ਕੌਲੀ ਵਿਚ ਬੁਰਕੀ ਡੋਬ ਕੇ ਦਿਆਂਗਾ।”+ ਉਸ ਨੇ ਬੁਰਕੀ ਡੋਬ ਕੇ ਸ਼ਮਊਨ ਇਸਕਰਿਓਤੀ ਦੇ ਪੁੱਤਰ ਯਹੂਦਾ ਨੂੰ ਦਿੱਤੀ। 27 ਜਦੋਂ ਯਹੂਦਾ ਨੇ ਬੁਰਕੀ ਲੈ ਲਈ, ਤਾਂ ਇਸ ਤੋਂ ਬਾਅਦ ਸ਼ੈਤਾਨ ਨੇ ਉਸ ਨੂੰ ਆਪਣੇ ਵੱਸ ਵਿਚ ਕਰ ਲਿਆ।+ ਇਸ ਲਈ ਯਿਸੂ ਨੇ ਉਸ ਨੂੰ ਕਿਹਾ: “ਤੂੰ ਜੋ ਕਰਨਾ, ਫਟਾਫਟ ਕਰ।” 28 ਪਰ ਉੱਥੇ ਬੈਠੇ ਚੇਲਿਆਂ ਵਿੱਚੋਂ ਕਿਸੇ ਨੂੰ ਪਤਾ ਨਾ ਲੱਗਾ ਕਿ ਯਿਸੂ ਨੇ ਉਸ ਨੂੰ ਇਹ ਕਿਉਂ ਕਿਹਾ ਸੀ। 29 ਅਸਲ ਵਿਚ, ਕਈਆਂ ਨੇ ਸੋਚਿਆ ਕਿ ਯਹੂਦਾ ਕੋਲ ਪੈਸਿਆਂ ਵਾਲਾ ਡੱਬਾ ਹੁੰਦਾ ਸੀ,+ ਇਸ ਲਈ ਯਿਸੂ ਉਸ ਨੂੰ ਕਹਿ ਰਿਹਾ ਸੀ, “ਤਿਉਹਾਰ ਵਾਸਤੇ ਜੋ ਚੀਜ਼ਾਂ ਚਾਹੀਦੀਆਂ ਹਨ, ਉਹ ਖ਼ਰੀਦ ਲੈ,” ਜਾਂ ਕਿ ਉਹ ਗ਼ਰੀਬਾਂ ਵਿਚ ਕੁਝ ਪੈਸੇ ਵੰਡ ਦੇਵੇ। 30 ਇਸ ਲਈ ਬੁਰਕੀ ਲੈਣ ਤੋਂ ਬਾਅਦ ਯਹੂਦਾ ਉਸੇ ਵੇਲੇ ਉੱਥੋਂ ਚਲਾ ਗਿਆ। ਉਹ ਰਾਤ ਦਾ ਵੇਲਾ ਸੀ।+
31 ਫਿਰ ਉਸ ਦੇ ਚਲੇ ਜਾਣ ਤੋਂ ਬਾਅਦ ਯਿਸੂ ਨੇ ਕਿਹਾ: “ਹੁਣ ਮਨੁੱਖ ਦੇ ਪੁੱਤਰ ਦੀ ਮਹਿਮਾ ਹੋਈ ਹੈ+ ਅਤੇ ਉਸ ਰਾਹੀਂ ਪਰਮੇਸ਼ੁਰ ਦੀ ਮਹਿਮਾ ਹੋਈ ਹੈ। 32 ਪਰਮੇਸ਼ੁਰ ਆਪ ਪੁੱਤਰ ਦੀ ਮਹਿਮਾ ਕਰੇਗਾ+ ਅਤੇ ਉਹ ਤੁਰੰਤ ਉਸ ਦੀ ਮਹਿਮਾ ਕਰੇਗਾ। 33 ਪਿਆਰੇ ਬੱਚਿਓ, ਮੈਂ ਹੁਣ ਥੋੜ੍ਹਾ ਚਿਰ ਹੀ ਤੁਹਾਡੇ ਨਾਲ ਹਾਂ। ਤੁਸੀਂ ਮੈਨੂੰ ਲੱਭੋਗੇ; ਅਤੇ ਜੋ ਮੈਂ ਯਹੂਦੀਆਂ ਨੂੰ ਕਿਹਾ ਸੀ, ਮੈਂ ਹੁਣ ਤੁਹਾਨੂੰ ਵੀ ਕਹਿ ਰਿਹਾ ਹਾਂ ਕਿ ‘ਜਿੱਥੇ ਮੈਂ ਜਾ ਰਿਹਾ ਹਾਂ, ਉੱਥੇ ਤੁਸੀਂ ਨਹੀਂ ਆ ਸਕਦੇ।’+ 34 ਮੈਂ ਤੁਹਾਨੂੰ ਇਕ ਨਵਾਂ ਹੁਕਮ ਦੇ ਰਿਹਾ ਹਾਂ: ਤੁਸੀਂ ਇਕ-ਦੂਜੇ ਨੂੰ ਪਿਆਰ ਕਰੋ; ਜਿਵੇਂ ਮੈਂ ਤੁਹਾਡੇ ਨਾਲ ਪਿਆਰ ਕੀਤਾ,+ ਤੁਸੀਂ ਵੀ ਉਸੇ ਤਰ੍ਹਾਂ ਇਕ-ਦੂਜੇ ਨਾਲ ਪਿਆਰ ਕਰੋ।+ 35 ਜੇ ਤੁਸੀਂ ਆਪਸ ਵਿਚ ਪਿਆਰ ਕਰਦੇ ਹੋ, ਤਾਂ ਇਸੇ ਤੋਂ ਸਾਰੇ ਜਾਣਨਗੇ ਕਿ ਤੁਸੀਂ ਮੇਰੇ ਚੇਲੇ ਹੋ।”+
36 ਸ਼ਮਊਨ ਪਤਰਸ ਨੇ ਉਸ ਨੂੰ ਕਿਹਾ: “ਪ੍ਰਭੂ, ਤੂੰ ਕਿੱਥੇ ਜਾ ਰਿਹਾ ਹੈਂ?” ਯਿਸੂ ਨੇ ਜਵਾਬ ਦਿੱਤਾ: “ਜਿੱਥੇ ਮੈਂ ਜਾ ਰਿਹਾ ਹਾਂ, ਉੱਥੇ ਹੁਣ ਤੂੰ ਮੇਰੇ ਪਿੱਛੇ ਨਹੀਂ ਆ ਸਕਦਾ, ਪਰ ਤੂੰ ਬਾਅਦ ਵਿਚ ਆਏਂਗਾ।”+ 37 ਪਤਰਸ ਨੇ ਉਸ ਨੂੰ ਕਿਹਾ: “ਪ੍ਰਭੂ, ਮੈਂ ਹੁਣ ਕਿਉਂ ਨਹੀਂ ਤੇਰੇ ਪਿੱਛੇ ਆ ਸਕਦਾ? ਮੈਂ ਤਾਂ ਤੇਰੇ ਲਈ ਆਪਣੀ ਜਾਨ ਵੀ ਦੇ ਦਿਆਂਗਾ।”+ 38 ਯਿਸੂ ਨੇ ਜਵਾਬ ਦਿੱਤਾ: “ਕੀ ਤੂੰ ਦੇਵੇਂਗਾ ਆਪਣੀ ਜਾਨ ਮੇਰੀ ਖ਼ਾਤਰ? ਮੈਂ ਤੈਨੂੰ ਸੱਚ-ਸੱਚ ਕਹਿੰਦਾ ਹਾਂ ਕਿ ਕੁੱਕੜ ਦੇ ਬਾਂਗ ਦੇਣ ਤੋਂ ਪਹਿਲਾਂ ਤੂੰ ਤਿੰਨ ਵਾਰ ਇਸ ਗੱਲ ਤੋਂ ਇਨਕਾਰ ਕਰੇਂਗਾ ਕਿ ਤੂੰ ਮੈਨੂੰ ਜਾਣਦਾ ਹੈਂ।”+
14 “ਤੁਹਾਡੇ ਦਿਲ ਨਾ ਘਬਰਾਉਣ।+ ਪਰਮੇਸ਼ੁਰ ਉੱਤੇ ਨਿਹਚਾ ਕਰੋ;+ ਮੇਰੇ ਉੱਤੇ ਵੀ ਨਿਹਚਾ ਕਰੋ। 2 ਮੇਰੇ ਪਿਤਾ ਦੇ ਘਰ ਵਿਚ ਰਹਿਣ ਲਈ ਬਹੁਤ ਜਗ੍ਹਾ ਹੈ। ਜੇ ਨਾ ਹੁੰਦੀ, ਤਾਂ ਮੈਂ ਤੁਹਾਨੂੰ ਦੱਸ ਦੇਣਾ ਸੀ, ਹੁਣ ਮੈਂ ਤੁਹਾਡੇ ਲਈ ਜਗ੍ਹਾ ਤਿਆਰ ਕਰਨ ਜਾ ਰਿਹਾ ਹਾਂ।+ 3 ਨਾਲੇ ਜਦੋਂ ਮੈਂ ਜਾ ਕੇ ਤੁਹਾਡੇ ਲਈ ਜਗ੍ਹਾ ਤਿਆਰ ਕਰਾਂਗਾ, ਤਾਂ ਮੈਂ ਦੁਬਾਰਾ ਆਵਾਂਗਾ ਅਤੇ ਤੁਹਾਨੂੰ ਆਪਣੇ ਨਾਲ ਘਰ ਲੈ ਜਾਵਾਂਗਾ ਤਾਂਕਿ ਤੁਸੀਂ ਵੀ ਉੱਥੇ ਹੋਵੋ ਜਿੱਥੇ ਮੈਂ ਹੋਵਾਂ।+ 4 ਤੁਸੀਂ ਉੱਥੇ ਦਾ ਰਾਹ ਜਾਣਦੇ ਹੋ ਜਿੱਥੇ ਮੈਂ ਜਾ ਰਿਹਾ ਹਾਂ।”
5 ਥੋਮਾ+ ਨੇ ਉਸ ਨੂੰ ਕਿਹਾ: “ਪ੍ਰਭੂ, ਸਾਨੂੰ ਤਾਂ ਪਤਾ ਨਹੀਂ ਕਿ ਤੂੰ ਕਿੱਥੇ ਜਾ ਰਿਹਾ ਹੈਂ। ਤਾਂ ਫਿਰ, ਅਸੀਂ ਰਾਹ ਕਿੱਦਾਂ ਜਾਣ ਸਕਦੇ ਹਾਂ?”
6 ਯਿਸੂ ਨੇ ਉਸ ਨੂੰ ਕਿਹਾ: “ਮੈਂ ਹੀ ਰਾਹ,+ ਸੱਚਾਈ+ ਤੇ ਜ਼ਿੰਦਗੀ ਹਾਂ।+ ਕੋਈ ਵੀ ਪਿਤਾ ਕੋਲ ਨਹੀਂ ਆ ਸਕਦਾ, ਸਿਵਾਇ ਉਸ ਦੇ ਜੋ ਮੇਰੇ ਰਾਹੀਂ ਆਉਂਦਾ ਹੈ।+ 7 ਜੇ ਤੁਸੀਂ ਮੈਨੂੰ ਚੰਗੀ ਤਰ੍ਹਾਂ ਜਾਣਦੇ ਹੁੰਦੇ, ਤਾਂ ਤੁਸੀਂ ਮੇਰੇ ਪਿਤਾ ਨੂੰ ਵੀ ਜਾਣਦੇ ਹੁੰਦੇ; ਹੁਣ ਤੋਂ ਤੁਸੀਂ ਉਸ ਨੂੰ ਜਾਣਦੇ ਹੋ ਅਤੇ ਉਸ ਨੂੰ ਦੇਖਿਆ ਹੈ।”+
8 ਫ਼ਿਲਿੱਪੁਸ ਨੇ ਉਸ ਨੂੰ ਕਿਹਾ: “ਪ੍ਰਭੂ, ਸਾਨੂੰ ਪਿਤਾ ਦੇ ਦਰਸ਼ਣ ਕਰਾ। ਸਾਡੇ ਲਈ ਇੰਨਾ ਹੀ ਕਾਫ਼ੀ ਹੈ।”
9 ਯਿਸੂ ਨੇ ਉਸ ਨੂੰ ਕਿਹਾ: “ਮੈਂ ਤੁਹਾਡੇ ਨਾਲ ਇੰਨੇ ਚਿਰ ਤੋਂ ਹਾਂ, ਪਰ ਫ਼ਿਲਿੱਪੁਸ, ਤੂੰ ਅਜੇ ਵੀ ਮੈਨੂੰ ਨਹੀਂ ਜਾਣਦਾ? ਜਿਸ ਨੇ ਮੈਨੂੰ ਦੇਖਿਆ ਹੈ, ਉਸ ਨੇ ਪਿਤਾ ਨੂੰ ਵੀ ਦੇਖਿਆ ਹੈ।+ ਤੂੰ ਇਹ ਕਿਉਂ ਕਹਿੰਦਾ ਹੈਂ, ‘ਸਾਨੂੰ ਪਿਤਾ ਦੇ ਦਰਸ਼ਣ ਕਰਾ’? 10 ਕੀ ਤੈਨੂੰ ਵਿਸ਼ਵਾਸ ਨਹੀਂ ਕਿ ਮੈਂ ਪਿਤਾ ਨਾਲ ਅਤੇ ਪਿਤਾ ਮੇਰੇ ਨਾਲ ਏਕਤਾ ਵਿਚ ਬੱਝਾ ਹੋਇਆ ਹੈ?+ ਮੈਂ ਜੋ ਵੀ ਗੱਲਾਂ ਤੁਹਾਨੂੰ ਦੱਸਦਾ ਹਾਂ, ਉਹ ਆਪਣੇ ਵੱਲੋਂ ਨਹੀਂ ਦੱਸਦਾ,+ ਪਰ ਪਿਤਾ ਜੋ ਮੇਰੇ ਨਾਲ ਏਕਤਾ ਵਿਚ ਬੱਝਾ ਹੋਇਆ ਹੈ, ਮੇਰੇ ਰਾਹੀਂ ਆਪਣੇ ਕੰਮ ਕਰਦਾ ਹੈ। 11 ਮੇਰੀ ਇਸ ਗੱਲ ਦਾ ਵਿਸ਼ਵਾਸ ਕਰੋ ਕਿ ਮੈਂ ਪਿਤਾ ਨਾਲ ਅਤੇ ਪਿਤਾ ਮੇਰੇ ਨਾਲ ਏਕਤਾ ਵਿਚ ਬੱਝਾ ਹੋਇਆ ਹੈ; ਨਹੀਂ ਤਾਂ, ਮੇਰੇ ਕੰਮਾਂ ਕਰਕੇ ਮੇਰਾ ਵਿਸ਼ਵਾਸ ਕਰੋ।+ 12 ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ, ਜਿਹੜਾ ਮੇਰੇ ਉੱਤੇ ਆਪਣੀ ਨਿਹਚਾ ਦਾ ਸਬੂਤ ਦਿੰਦਾ ਹੈ, ਉਹ ਵੀ ਉਹੀ ਕੰਮ ਕਰੇਗਾ ਜੋ ਕੰਮ ਮੈਂ ਕਰਦਾ ਹਾਂ; ਅਤੇ ਉਹ ਇਨ੍ਹਾਂ ਨਾਲੋਂ ਵੀ ਵੱਡੇ-ਵੱਡੇ ਕੰਮ ਕਰੇਗਾ+ ਕਿਉਂਕਿ ਮੈਂ ਆਪਣੇ ਪਿਤਾ ਕੋਲ ਜਾ ਰਿਹਾ ਹਾਂ।+ 13 ਨਾਲੇ ਤੁਸੀਂ ਮੇਰੇ ਨਾਂ ʼਤੇ ਜੋ ਵੀ ਮੰਗੋਗੇ, ਮੈਂ ਉਹ ਕਰਾਂਗਾ ਤਾਂਕਿ ਪੁੱਤਰ ਦੇ ਰਾਹੀਂ ਪਿਤਾ ਦੀ ਮਹਿਮਾ ਹੋਵੇ।+ 14 ਤੁਸੀਂ ਮੇਰੇ ਨਾਂ ʼਤੇ ਜੋ ਵੀ ਮੰਗੋਗੇ, ਮੈਂ ਉਹ ਕਰਾਂਗਾ।
15 “ਜੇ ਤੁਸੀਂ ਮੈਨੂੰ ਪਿਆਰ ਕਰਦੇ ਹੋ, ਤਾਂ ਤੁਸੀਂ ਮੇਰੇ ਹੁਕਮ ਮੰਨੋਗੇ;+ 16 ਮੈਂ ਆਪਣੇ ਪਿਤਾ ਨੂੰ ਬੇਨਤੀ ਕਰਾਂਗਾ ਅਤੇ ਉਹ ਤੁਹਾਡੇ ਲਈ ਇਕ ਹੋਰ ਮਦਦਗਾਰ* ਘੱਲੇਗਾ ਜੋ ਹਮੇਸ਼ਾ ਤੁਹਾਡੇ ਨਾਲ ਰਹੇਗਾ+ 17 ਯਾਨੀ ਸੱਚਾਈ ਦੀ ਪਵਿੱਤਰ ਸ਼ਕਤੀ+ ਜੋ ਦੁਨੀਆਂ ਨਹੀਂ ਪਾ ਸਕਦੀ ਕਿਉਂਕਿ ਦੁਨੀਆਂ ਨਾ ਤਾਂ ਇਸ ਨੂੰ ਦੇਖਦੀ ਹੈ ਅਤੇ ਨਾ ਹੀ ਇਸ ਨੂੰ ਜਾਣਦੀ ਹੈ।+ ਤੁਸੀਂ ਇਸ ਨੂੰ ਜਾਣਦੇ ਹੋ ਕਿਉਂਕਿ ਇਹ ਤੁਹਾਡੇ ਨਾਲ ਰਹਿੰਦੀ ਹੈ ਅਤੇ ਤੁਹਾਡੇ ਵਿਚ ਹੈ। 18 ਮੈਂ ਤੁਹਾਨੂੰ ਅਨਾਥ ਨਹੀਂ ਛੱਡਾਂਗਾ। ਮੈਂ ਤੁਹਾਡੇ ਕੋਲ ਆਵਾਂਗਾ।+ 19 ਹੋਰ ਥੋੜ੍ਹੇ ਚਿਰ ਨੂੰ ਦੁਨੀਆਂ ਮੈਨੂੰ ਫੇਰ ਨਹੀਂ ਦੇਖੇਗੀ, ਪਰ ਤੁਸੀਂ ਮੈਨੂੰ ਦੇਖੋਗੇ+ ਕਿਉਂਕਿ ਮੈਂ ਜੀਉਂਦਾ ਹਾਂ ਅਤੇ ਤੁਸੀਂ ਵੀ ਜੀਓਗੇ। 20 ਉਸ ਦਿਨ ਤੁਸੀਂ ਜਾਣੋਗੇ ਕਿ ਮੈਂ ਆਪਣੇ ਪਿਤਾ ਨਾਲ ਏਕਤਾ ਵਿਚ ਬੱਝਾ ਹੋਇਆ ਹਾਂ ਅਤੇ ਤੁਸੀਂ ਮੇਰੇ ਨਾਲ ਅਤੇ ਮੈਂ ਤੁਹਾਡੇ ਨਾਲ ਏਕਤਾ ਵਿਚ ਬੱਝਾ ਹੋਇਆ ਹਾਂ।+ 21 ਜਿਹੜਾ ਮੇਰੇ ਹੁਕਮਾਂ ਨੂੰ ਕਬੂਲ ਕਰਦਾ ਹੈ ਅਤੇ ਇਨ੍ਹਾਂ ਨੂੰ ਮੰਨਦਾ ਹੈ, ਉਹੀ ਮੈਨੂੰ ਪਿਆਰ ਕਰਦਾ ਹੈ। ਜਿਹੜਾ ਇਨਸਾਨ ਮੈਨੂੰ ਪਿਆਰ ਕਰਦਾ ਹੈ, ਉਸ ਨੂੰ ਮੇਰਾ ਪਿਤਾ ਪਿਆਰ ਕਰੇਗਾ ਅਤੇ ਮੈਂ ਵੀ ਉਸ ਇਨਸਾਨ ਨੂੰ ਪਿਆਰ ਕਰਾਂਗਾ ਅਤੇ ਉਸ ਨੂੰ ਆਪਣੇ ਬਾਰੇ ਸਾਫ਼-ਸਾਫ਼ ਦੱਸਾਂਗਾ।”
22 ਯਹੂਦਾ+ (ਨਾ ਕਿ ਯਹੂਦਾ ਇਸਕਰਿਓਤੀ) ਨੇ ਉਸ ਨੂੰ ਕਿਹਾ: “ਪ੍ਰਭੂ, ਕੀ ਕਾਰਨ ਹੈ ਕਿ ਤੂੰ ਸਾਨੂੰ ਆਪਣੇ ਬਾਰੇ ਸਾਫ਼-ਸਾਫ਼ ਦੱਸੇਂਗਾ, ਪਰ ਦੁਨੀਆਂ ਨੂੰ ਨਹੀਂ?”
23 ਯਿਸੂ ਨੇ ਉਸ ਨੂੰ ਜਵਾਬ ਦਿੱਤਾ: “ਜੇ ਕੋਈ ਮੈਨੂੰ ਪਿਆਰ ਕਰਦਾ ਹੈ, ਤਾਂ ਉਹ ਮੇਰੀ ਗੱਲ ਮੰਨੇਗਾ+ ਤੇ ਮੇਰਾ ਪਿਤਾ ਉਸ ਨੂੰ ਪਿਆਰ ਕਰੇਗਾ ਅਤੇ ਅਸੀਂ ਉਸ ਕੋਲ ਆਵਾਂਗੇ ਤੇ ਉਸ ਨਾਲ ਰਹਾਂਗੇ।+ 24 ਜਿਹੜਾ ਮੇਰੇ ਨਾਲ ਪਿਆਰ ਨਹੀਂ ਕਰਦਾ ਉਹ ਮੇਰੀਆਂ ਗੱਲਾਂ ਨਹੀਂ ਮੰਨਦਾ। ਜਿਹੜੀਆਂ ਗੱਲਾਂ ਤੁਸੀਂ ਸੁਣ ਰਹੇ ਹੋ, ਉਹ ਮੇਰੀਆਂ ਨਹੀਂ, ਸਗੋਂ ਮੇਰੇ ਪਿਤਾ ਦੀਆਂ ਹਨ ਜਿਸ ਨੇ ਮੈਨੂੰ ਘੱਲਿਆ ਹੈ।+
25 “ਤੁਹਾਡੇ ਨਾਲ ਹੁੰਦਿਆਂ ਮੈਂ ਤੁਹਾਨੂੰ ਇਹ ਸਾਰੀਆਂ ਗੱਲਾਂ ਦੱਸੀਆਂ ਹਨ। 26 ਪਰ ਪਿਤਾ ਮੇਰੇ ਨਾਂ ʼਤੇ ਜਿਹੜੀ ਪਵਿੱਤਰ ਸ਼ਕਤੀ* ਮਦਦਗਾਰ ਦੇ ਤੌਰ ਤੇ ਘੱਲੇਗਾ, ਉਹ ਤੁਹਾਨੂੰ ਸਾਰੀਆਂ ਗੱਲਾਂ ਸਿਖਾਵੇਗੀ ਅਤੇ ਮੇਰੀਆਂ ਦੱਸੀਆਂ ਸਾਰੀਆਂ ਗੱਲਾਂ ਤੁਹਾਨੂੰ ਚੇਤੇ ਕਰਾਵੇਗੀ।+ 27 ਮੈਂ ਜਾਂਦਾ ਹੋਇਆ ਤੁਹਾਨੂੰ ਸ਼ਾਂਤੀ ਦੇ ਰਿਹਾ ਹਾਂ; ਮੈਂ ਤੁਹਾਨੂੰ ਆਪਣੀ ਸ਼ਾਂਤੀ ਦਿੰਦਾ ਹਾਂ।+ ਜਿਹੜੀ ਸ਼ਾਂਤੀ ਮੈਂ ਤੁਹਾਨੂੰ ਦਿੰਦਾ ਹਾਂ, ਇਹ ਉਸ ਸ਼ਾਂਤੀ ਨਾਲੋਂ ਵੱਖਰੀ ਹੈ ਜੋ ਦੁਨੀਆਂ ਤੁਹਾਨੂੰ ਦਿੰਦੀ ਹੈ। ਘਬਰਾਓ ਨਾ ਅਤੇ ਡਰ ਦੇ ਮਾਰੇ ਆਪਣੇ ਦਿਲ ਛੋਟੇ ਨਾ ਕਰੋ। 28 ਤੁਸੀਂ ਸੁਣਿਆ ਕਿ ਮੈਂ ਤੁਹਾਨੂੰ ਕਿਹਾ ਸੀ, ‘ਮੈਂ ਜਾ ਰਿਹਾ ਹਾਂ ਅਤੇ ਮੈਂ ਤੁਹਾਡੇ ਕੋਲ ਵਾਪਸ ਆ ਰਿਹਾ ਹਾਂ।’ ਜੇ ਤੁਸੀਂ ਮੈਨੂੰ ਪਿਆਰ ਕਰਦੇ ਹੋ, ਤਾਂ ਖ਼ੁਸ਼ ਹੋਵੋ ਕਿ ਮੈਂ ਪਿਤਾ ਕੋਲ ਜਾ ਰਿਹਾ ਹਾਂ ਕਿਉਂਕਿ ਪਿਤਾ ਮੇਰੇ ਤੋਂ ਵੱਡਾ ਹੈ।+ 29 ਇਹ ਗੱਲਾਂ ਹੋਣ ਤੋਂ ਪਹਿਲਾਂ ਹੀ ਮੈਂ ਤੁਹਾਨੂੰ ਦੱਸ ਦਿੱਤੀਆਂ ਹਨ ਤਾਂਕਿ ਜਦੋਂ ਇਹ ਗੱਲਾਂ ਹੋਣ, ਤਾਂ ਤੁਸੀਂ ਮੇਰੇ ਉੱਤੇ ਵਿਸ਼ਵਾਸ ਕਰੋ।+ 30 ਮੈਂ ਇਸ ਤੋਂ ਬਾਅਦ ਤੁਹਾਡੇ ਨਾਲ ਹੋਰ ਜ਼ਿਆਦਾ ਗੱਲਾਂ ਨਹੀਂ ਕਰਾਂਗਾ ਕਿਉਂਕਿ ਇਸ ਦੁਨੀਆਂ ਦਾ ਹਾਕਮ+ ਆ ਰਿਹਾ ਹੈ ਅਤੇ ਉਸ ਦਾ ਮੇਰੇ ਉੱਤੇ ਕੋਈ ਵੱਸ ਨਹੀਂ ਚੱਲਦਾ।+ 31 ਪਰ ਇਸ ਲਈ ਕਿ ਦੁਨੀਆਂ ਜਾਣੇ ਕਿ ਮੈਂ ਪਿਤਾ ਨਾਲ ਪਿਆਰ ਕਰਦਾ ਹਾਂ, ਮੈਂ ਉਹੀ ਕਰਦਾ ਹਾਂ ਜੋ ਪਿਤਾ ਨੇ ਮੈਨੂੰ ਕਰਨ ਦਾ ਹੁਕਮ ਦਿੱਤਾ ਹੈ।+ ਚਲੋ ਉੱਠੋ, ਇੱਥੋਂ ਚੱਲੀਏ।
15 “ਮੈਂ ਅਸਲੀ ਅੰਗੂਰੀ ਵੇਲ ਹਾਂ ਅਤੇ ਮੇਰਾ ਪਿਤਾ ਮਾਲੀ ਹੈ। 2 ਮੇਰੇ ਨਾਲ ਲੱਗੀ ਜਿਹੜੀ ਟਾਹਣੀ ਫਲ ਨਹੀਂ ਦਿੰਦੀ, ਪਿਤਾ ਉਸ ਨੂੰ ਕੱਟ ਦਿੰਦਾ ਹੈ ਅਤੇ ਫਲ ਦੇਣ ਵਾਲੀ ਹਰ ਟਾਹਣੀ ਨੂੰ ਛਾਂਗ ਕੇ ਸਾਫ਼ ਕਰਦਾ ਹੈ ਤਾਂਕਿ ਇਸ ਨੂੰ ਹੋਰ ਫਲ ਲੱਗੇ।+ 3 ਜੋ ਗੱਲਾਂ ਮੈਂ ਤੁਹਾਨੂੰ ਦੱਸੀਆਂ ਹਨ, ਉਨ੍ਹਾਂ ਕਰਕੇ ਤੁਸੀਂ ਪਹਿਲਾਂ ਹੀ ਸ਼ੁੱਧ ਹੋ।+ 4 ਮੇਰੇ ਨਾਲ ਏਕਤਾ ਵਿਚ ਬੱਝੇ ਰਹੋ ਅਤੇ ਮੈਂ ਤੁਹਾਡੇ ਨਾਲ ਏਕਤਾ ਵਿਚ ਬੱਝਾ ਰਹਾਂਗਾ। ਜੇ ਟਾਹਣੀ ਅੰਗੂਰੀ ਵੇਲ ਨਾਲ ਲੱਗੀ ਨਾ ਹੋਵੇ, ਤਾਂ ਇਹ ਫਲ ਨਹੀਂ ਦੇ ਸਕਦੀ, ਇਸੇ ਤਰ੍ਹਾਂ ਤੁਸੀਂ ਵੀ ਫਲ ਨਹੀਂ ਦੇ ਸਕਦੇ ਜੇ ਤੁਸੀਂ ਮੇਰੇ ਨਾਲ ਏਕਤਾ ਵਿਚ ਬੱਝੇ ਨਹੀਂ ਰਹਿੰਦੇ।+ 5 ਮੈਂ ਅੰਗੂਰੀ ਵੇਲ ਹਾਂ; ਤੁਸੀਂ ਟਾਹਣੀਆਂ ਹੋ। ਜਿਹੜਾ ਇਨਸਾਨ ਮੇਰੇ ਨਾਲ ਅਤੇ ਮੈਂ ਉਸ ਨਾਲ ਏਕਤਾ ਵਿਚ ਬੱਝਾ ਰਹਿੰਦਾ ਹਾਂ, ਉਹ ਇਨਸਾਨ ਬਹੁਤ ਫਲ ਦਿੰਦਾ ਹੈ;+ ਕਿਉਂਕਿ ਮੇਰੇ ਤੋਂ ਬਿਨਾਂ ਤੁਸੀਂ ਕੁਝ ਨਹੀਂ ਕਰ ਸਕਦੇ। 6 ਜਿਹੜਾ ਮੇਰੇ ਨਾਲ ਏਕਤਾ ਵਿਚ ਬੱਝਾ ਨਹੀਂ ਰਹਿੰਦਾ, ਉਸ ਨੂੰ ਸੁੱਕੀ ਟਾਹਣੀ ਵਾਂਗ ਕੱਟ ਦਿੱਤਾ ਜਾਂਦਾ ਹੈ। ਲੋਕ ਉਨ੍ਹਾਂ ਸੁੱਕੀਆਂ ਟਾਹਣੀਆਂ ਨੂੰ ਇਕੱਠਾ ਕਰ ਕੇ ਅੱਗ ਵਿਚ ਸਾੜ ਦਿੰਦੇ ਹਨ। 7 ਜੇ ਤੁਸੀਂ ਮੇਰੇ ਨਾਲ ਏਕਤਾ ਵਿਚ ਬੱਝੇ ਰਹਿੰਦੇ ਹੋ ਅਤੇ ਮੇਰੀਆਂ ਗੱਲਾਂ ਤੁਹਾਡੇ ਦਿਲਾਂ ਵਿਚ ਰਹਿੰਦੀਆਂ ਹਨ, ਤਾਂ ਤੁਸੀਂ ਜੋ ਵੀ ਮੰਗੋਗੇ, ਤੁਹਾਨੂੰ ਦਿੱਤਾ ਜਾਵੇਗਾ।+ 8 ਮੇਰੇ ਪਿਤਾ ਦੀ ਮਹਿਮਾ ਇਸ ਵਿਚ ਹੈ ਕਿ ਤੁਸੀਂ ਬਹੁਤਾ ਫਲ ਦਿੰਦੇ ਰਹੋ ਅਤੇ ਆਪਣੇ ਆਪ ਨੂੰ ਮੇਰੇ ਚੇਲੇ ਸਾਬਤ ਕਰੋ।+ 9 ਜਿਵੇਂ ਪਿਤਾ ਨੇ ਮੈਨੂੰ ਪਿਆਰ ਕੀਤਾ ਹੈ,+ ਉਵੇਂ ਮੈਂ ਤੁਹਾਨੂੰ ਪਿਆਰ ਕੀਤਾ ਹੈ; ਤੁਸੀਂ ਆਪਣੇ ਆਪ ਨੂੰ ਮੇਰੇ ਪਿਆਰ ਦੇ ਲਾਇਕ ਬਣਾਈ ਰੱਖੋ। 10 ਜੇ ਤੁਸੀਂ ਮੇਰੇ ਹੁਕਮ ਮੰਨੋਗੇ, ਤਾਂ ਤੁਸੀਂ ਮੇਰੇ ਪਿਆਰ ਦੇ ਲਾਇਕ ਬਣੇ ਰਹੋਗੇ, ਠੀਕ ਜਿਵੇਂ ਮੈਂ ਆਪਣੇ ਪਿਤਾ ਦੇ ਹੁਕਮ ਮੰਨ ਕੇ ਆਪਣੇ ਆਪ ਨੂੰ ਉਸ ਦੇ ਪਿਆਰ ਦੇ ਲਾਇਕ ਬਣਾਈ ਰੱਖਦਾ ਹਾਂ।
11 “ਇਹ ਗੱਲਾਂ ਮੈਂ ਤੁਹਾਨੂੰ ਇਸ ਕਰਕੇ ਕਹੀਆਂ ਹਨ ਤਾਂਕਿ ਤੁਹਾਨੂੰ ਵੀ ਉਹੀ ਖ਼ੁਸ਼ੀ ਮਿਲੇ ਜੋ ਮੈਨੂੰ ਮਿਲੀ ਹੈ ਅਤੇ ਤੁਹਾਡੀ ਖ਼ੁਸ਼ੀ ਦਾ ਕੋਈ ਅੰਤ ਨਾ ਹੋਵੇ।+ 12 ਮੇਰਾ ਹੁਕਮ ਹੈ ਕਿ ਤੁਸੀਂ ਇਕ-ਦੂਜੇ ਨੂੰ ਉਸੇ ਤਰ੍ਹਾਂ ਪਿਆਰ ਕਰੋ ਜਿਸ ਤਰ੍ਹਾਂ ਮੈਂ ਤੁਹਾਡੇ ਨਾਲ ਪਿਆਰ ਕੀਤਾ ਹੈ।+ 13 ਇਸ ਤੋਂ ਵੱਡਾ ਪਿਆਰ ਹੋਰ ਕੀ ਹੋ ਸਕਦਾ ਹੈ ਕਿ ਕੋਈ ਆਪਣੇ ਦੋਸਤਾਂ ਦੀ ਖ਼ਾਤਰ ਆਪਣੀ ਜਾਨ ਦੇਵੇ।+ 14 ਤੁਸੀਂ ਤਾਂ ਹੀ ਮੇਰੇ ਦੋਸਤ ਹੋ ਜੇ ਤੁਸੀਂ ਮੇਰੇ ਹੁਕਮਾਂ ਨੂੰ ਮੰਨਦੇ ਹੋ।+ 15 ਮੈਂ ਹੁਣ ਤੁਹਾਨੂੰ ਗ਼ੁਲਾਮ ਨਹੀਂ ਕਹਿੰਦਾ ਕਿਉਂਕਿ ਗ਼ੁਲਾਮ ਨਹੀਂ ਜਾਣਦਾ ਕਿ ਉਸ ਦਾ ਮਾਲਕ ਕੀ ਕਰਦਾ ਹੈ। ਪਰ ਮੈਂ ਤੁਹਾਨੂੰ ਆਪਣੇ ਦੋਸਤ ਕਿਹਾ ਹੈ ਕਿਉਂਕਿ ਜਿਹੜੀਆਂ ਗੱਲਾਂ ਮੈਂ ਆਪਣੇ ਪਿਤਾ ਤੋਂ ਸੁਣੀਆਂ ਹਨ, ਉਹ ਸਾਰੀਆਂ ਮੈਂ ਤੁਹਾਨੂੰ ਦੱਸ ਦਿੱਤੀਆਂ ਹਨ। 16 ਤੁਸੀਂ ਮੈਨੂੰ ਨਹੀਂ ਚੁਣਿਆ, ਸਗੋਂ ਮੈਂ ਤੁਹਾਨੂੰ ਚੁਣਿਆ ਹੈ। ਮੈਂ ਤੁਹਾਨੂੰ ਇਸ ਲਈ ਠਹਿਰਾਇਆ ਹੈ ਕਿ ਤੁਸੀਂ ਵਧਦੇ ਜਾਓ ਅਤੇ ਫਲ ਦਿੰਦੇ ਰਹੋ ਅਤੇ ਤੁਹਾਡਾ ਫਲ ਹਮੇਸ਼ਾ ਰਹੇ ਤਾਂਕਿ ਤੁਸੀਂ ਮੇਰੇ ਨਾਂ ʼਤੇ ਪਿਤਾ ਤੋਂ ਜੋ ਵੀ ਮੰਗੋ, ਉਹ ਤੁਹਾਨੂੰ ਦੇਵੇਗਾ।+
17 “ਮੈਂ ਇਸ ਕਰਕੇ ਤੁਹਾਨੂੰ ਇਨ੍ਹਾਂ ਗੱਲਾਂ ਦਾ ਹੁਕਮ ਦਿੱਤਾ ਹੈ ਤਾਂਕਿ ਤੁਸੀਂ ਇਕ-ਦੂਜੇ ਨਾਲ ਪਿਆਰ ਕਰੋ।+ 18 ਜੇ ਦੁਨੀਆਂ ਤੁਹਾਨੂੰ ਨਫ਼ਰਤ ਕਰਦੀ ਹੈ, ਤਾਂ ਯਾਦ ਰੱਖੋ ਕਿ ਤੁਹਾਡੇ ਤੋਂ ਪਹਿਲਾਂ ਇਸ ਨੇ ਮੇਰੇ ਨਾਲ ਨਫ਼ਰਤ ਕੀਤੀ ਹੈ।+ 19 ਜੇ ਤੁਸੀਂ ਦੁਨੀਆਂ ਦੇ ਹੁੰਦੇ, ਤਾਂ ਦੁਨੀਆਂ ਤੁਹਾਡੇ ਨਾਲ ਆਪਣਿਆਂ ਵਾਂਗ ਪਿਆਰ ਕਰਦੀ। ਪਰ ਕਿਉਂਕਿ ਤੁਸੀਂ ਦੁਨੀਆਂ ਦੇ ਨਹੀਂ ਹੋ,+ ਸਗੋਂ ਮੈਂ ਤੁਹਾਨੂੰ ਦੁਨੀਆਂ ਵਿੱਚੋਂ ਚੁਣ ਲਿਆ ਹੈ, ਇਸ ਕਰਕੇ ਦੁਨੀਆਂ ਤੁਹਾਡੇ ਨਾਲ ਨਫ਼ਰਤ ਕਰਦੀ ਹੈ।+ 20 ਮੇਰੀ ਇਹ ਗੱਲ ਯਾਦ ਰੱਖੋ: ਗ਼ੁਲਾਮ ਆਪਣੇ ਮਾਲਕ ਨਾਲੋਂ ਵੱਡਾ ਨਹੀਂ ਹੁੰਦਾ। ਜੇ ਲੋਕਾਂ ਨੇ ਮੇਰੇ ਉੱਤੇ ਅਤਿਆਚਾਰ ਕੀਤੇ ਹਨ, ਤਾਂ ਉਹ ਤੁਹਾਡੇ ਉੱਤੇ ਵੀ ਅਤਿਆਚਾਰ ਕਰਨਗੇ;+ ਜੇ ਉਨ੍ਹਾਂ ਨੇ ਮੇਰੀ ਗੱਲ ਮੰਨੀ ਹੈ, ਤਾਂ ਉਹ ਤੁਹਾਡੀ ਗੱਲ ਵੀ ਮੰਨਣਗੇ। 21 ਮੇਰੇ ਚੇਲੇ ਹੋਣ ਕਰਕੇ ਉਹ ਤੁਹਾਡੇ ਨਾਲ ਇਸ ਤਰ੍ਹਾਂ ਦਾ ਸਲੂਕ ਕਰਨਗੇ ਕਿਉਂਕਿ ਉਹ ਮੇਰੇ ਘੱਲਣ ਵਾਲੇ ਨੂੰ ਨਹੀਂ ਜਾਣਦੇ।+ 22 ਜੇ ਮੈਂ ਆ ਕੇ ਉਨ੍ਹਾਂ ਨੂੰ ਨਾ ਦੱਸਿਆ ਹੁੰਦਾ, ਤਾਂ ਉਨ੍ਹਾਂ ਦਾ ਕੋਈ ਪਾਪ ਨਾ ਹੁੰਦਾ।+ ਪਰ ਹੁਣ ਉਨ੍ਹਾਂ ਕੋਲ ਆਪਣੇ ਪਾਪ ਦਾ ਕੋਈ ਬਹਾਨਾ ਨਹੀਂ ਹੈ।+ 23 ਜਿਹੜਾ ਮੇਰੇ ਨਾਲ ਨਫ਼ਰਤ ਕਰਦਾ ਹੈ, ਉਹ ਮੇਰੇ ਪਿਤਾ ਨਾਲ ਵੀ ਨਫ਼ਰਤ ਕਰਦਾ ਹੈ।+ 24 ਜੇ ਮੈਂ ਉਨ੍ਹਾਂ ਸਾਮ੍ਹਣੇ ਉਹ ਕੰਮ ਨਾ ਕੀਤੇ ਹੁੰਦੇ ਜਿਹੜੇ ਕਿਸੇ ਹੋਰ ਨੇ ਨਹੀਂ ਕੀਤੇ, ਤਾਂ ਉਨ੍ਹਾਂ ਦਾ ਪਾਪ ਨਾ ਹੁੰਦਾ;+ ਪਰ ਹੁਣ ਉਨ੍ਹਾਂ ਨੇ ਮੇਰੇ ਕੰਮ ਦੇਖ ਲਏ ਹਨ ਅਤੇ ਉਹ ਮੈਨੂੰ ਤੇ ਮੇਰੇ ਪਿਤਾ ਨੂੰ ਨਫ਼ਰਤ ਕਰਦੇ ਹਨ। 25 ਪਰ ਇਹ ਇਸ ਕਰਕੇ ਹੋਇਆ ਤਾਂਕਿ ਉਨ੍ਹਾਂ ਦੇ ਕਾਨੂੰਨ ਵਿਚ ਲਿਖੀ ਇਹ ਗੱਲ ਪੂਰੀ ਹੋਵੇ: ‘ਉਨ੍ਹਾਂ ਨੇ ਮੇਰੇ ਨਾਲ ਬੇਵਜ੍ਹਾ ਨਫ਼ਰਤ ਕੀਤੀ।’+ 26 ਜਦੋਂ ਉਹ ਮਦਦਗਾਰ ਆ ਜਾਵੇਗਾ ਜਿਹੜਾ ਮੈਂ ਆਪਣੇ ਪਿਤਾ ਕੋਲੋਂ ਤੁਹਾਨੂੰ ਘੱਲਾਂਗਾ ਯਾਨੀ ਸੱਚਾਈ ਦੀ ਪਵਿੱਤਰ ਸ਼ਕਤੀ+ ਜਿਹੜੀ ਮੇਰੇ ਪਿਤਾ ਤੋਂ ਆਉਂਦੀ ਹੈ, ਉਹ ਸ਼ਕਤੀ ਮੇਰੇ ਬਾਰੇ ਗਵਾਹੀ ਦੇਵੇਗੀ;+ 27 ਤੁਸੀਂ ਵੀ ਮੇਰੇ ਬਾਰੇ ਗਵਾਹੀ ਦੇਣੀ ਹੈ+ ਕਿਉਂਕਿ ਤੁਸੀਂ ਸ਼ੁਰੂ ਤੋਂ ਮੇਰੇ ਨਾਲ ਹੋ।
16 “ਮੈਂ ਤੁਹਾਨੂੰ ਇਹ ਗੱਲਾਂ ਇਸ ਕਰਕੇ ਦੱਸੀਆਂ ਹਨ ਤਾਂਕਿ ਤੁਸੀਂ ਨਿਹਚਾ ਕਰਨੀ ਨਾ ਛੱਡੋ।* 2 ਲੋਕ ਤੁਹਾਨੂੰ ਸਭਾ ਘਰਾਂ ਵਿੱਚੋਂ ਛੇਕ ਦੇਣਗੇ।*+ ਅਸਲ ਵਿਚ, ਉਹ ਸਮਾਂ ਆ ਰਿਹਾ ਹੈ ਜਦੋਂ ਲੋਕ ਤੁਹਾਨੂੰ ਜਾਨੋਂ ਮਾਰ ਕੇ+ ਸੋਚਣਗੇ ਕਿ ਉਹ ਰੱਬ ਦੀ ਭਗਤੀ ਕਰ ਰਹੇ ਹਨ। 3 ਪਰ ਉਹ ਇਹ ਸਭ ਕੁਝ ਇਸ ਲਈ ਕਰਨਗੇ ਕਿਉਂਕਿ ਨਾ ਤਾਂ ਉਹ ਪਿਤਾ ਨੂੰ ਅਤੇ ਨਾ ਹੀ ਮੈਨੂੰ ਜਾਣਦੇ ਹਨ।+ 4 ਫਿਰ ਵੀ, ਮੈਂ ਤੁਹਾਨੂੰ ਇਹ ਗੱਲਾਂ ਦੱਸੀਆਂ ਹਨ ਤਾਂਕਿ ਜਦੋਂ ਇਨ੍ਹਾਂ ਗੱਲਾਂ ਦੇ ਵਾਪਰਨ ਦਾ ਸਮਾਂ ਆਵੇ, ਤਾਂ ਤੁਹਾਨੂੰ ਯਾਦ ਰਹੇ ਕਿ ਮੈਂ ਤੁਹਾਨੂੰ ਇਹ ਗੱਲਾਂ ਦੱਸੀਆਂ ਸਨ।+
“ਮੈਂ ਤੁਹਾਨੂੰ ਇਹ ਗੱਲਾਂ ਪਹਿਲਾਂ ਨਹੀਂ ਦੱਸੀਆਂ ਕਿਉਂਕਿ ਮੈਂ ਤੁਹਾਡੇ ਨਾਲ ਸੀ। 5 ਹੁਣ ਮੈਂ ਆਪਣੇ ਘੱਲਣ ਵਾਲੇ ਕੋਲ ਜਾ ਰਿਹਾ ਹਾਂ;+ ਪਰ ਤੁਹਾਡੇ ਵਿੱਚੋਂ ਕੋਈ ਵੀ ਮੈਨੂੰ ਨਹੀਂ ਪੁੱਛ ਰਿਹਾ, ‘ਤੂੰ ਕਿੱਥੇ ਜਾ ਰਿਹਾ ਹੈਂ?’ 6 ਤੁਹਾਡੇ ਦਿਲ ਦੁੱਖ ਨਾਲ ਭਰੇ ਹੋਏ ਹਨ ਕਿਉਂਕਿ ਮੈਂ ਤੁਹਾਨੂੰ ਇਹ ਗੱਲਾਂ ਦੱਸੀਆਂ ਹਨ।+ 7 ਫਿਰ ਵੀ, ਮੈਂ ਤੁਹਾਨੂੰ ਸੱਚ ਦੱਸ ਰਿਹਾ ਹਾਂ ਕਿ ਮੇਰੇ ਜਾਣ ਨਾਲ ਤੁਹਾਨੂੰ ਹੀ ਫ਼ਾਇਦਾ ਹੋਵੇਗਾ। ਕਿਉਂਕਿ ਜੇ ਮੈਂ ਨਾ ਜਾਵਾਂ, ਤਾਂ ਮਦਦਗਾਰ+ ਤੁਹਾਡੇ ਕੋਲ ਨਹੀਂ ਆਵੇਗਾ; ਪਰ ਜੇ ਮੈਂ ਚਲਾ ਜਾਵਾਂ, ਤਾਂ ਮੈਂ ਉਸ ਨੂੰ ਤੁਹਾਡੇ ਕੋਲ ਘੱਲ ਦਿਆਂਗਾ। 8 ਜਦੋਂ ਉਹ ਮਦਦਗਾਰ ਆਵੇਗਾ, ਤਾਂ ਉਹ ਦੁਨੀਆਂ ਨੂੰ ਸਾਫ਼-ਸਾਫ਼ ਦਿਖਾਏਗਾ ਕਿ ਪਾਪ ਕੀ ਹੈ, ਧਾਰਮਿਕਤਾ* ਕੀ ਹੈ ਅਤੇ ਨਿਆਂ ਕੀ ਹੈ: 9 ਪਹਿਲਾਂ ਦੁਨੀਆਂ ਦੇ ਪਾਪ+ ਬਾਰੇ ਦੱਸੇਗਾ ਕਿਉਂਕਿ ਉਨ੍ਹਾਂ ਨੇ ਮੇਰੇ ਉੱਤੇ ਨਿਹਚਾ ਨਹੀਂ ਕੀਤੀ;+ 10 ਫਿਰ ਉਹ ਦਿਖਾਵੇਗਾ ਕਿ ਮੇਰੇ ਕੰਮ ਧਰਮੀ ਹਨ ਕਿਉਂਕਿ ਮੈਂ ਪਿਤਾ ਕੋਲ ਜਾ ਰਿਹਾ ਹਾਂ ਅਤੇ ਤੁਸੀਂ ਮੈਨੂੰ ਦੁਬਾਰਾ ਨਹੀਂ ਦੇਖੋਗੇ; 11 ਇਸ ਤੋਂ ਬਾਅਦ ਉਹ ਦੱਸੇਗਾ ਕਿ ਪਰਮੇਸ਼ੁਰ ਕਿਸ ਦਾ ਨਿਆਂ ਕਰੇਗਾ ਕਿਉਂਕਿ ਦੁਨੀਆਂ ਦੇ ਹਾਕਮ ਦਾ ਨਿਆਂ ਕਰ ਦਿੱਤਾ ਗਿਆ ਹੈ।+
12 “ਮੈਂ ਤੁਹਾਨੂੰ ਅਜੇ ਹੋਰ ਬਹੁਤ ਸਾਰੀਆਂ ਗੱਲਾਂ ਦੱਸਣੀਆਂ ਹਨ, ਪਰ ਤੁਸੀਂ ਇਸ ਵੇਲੇ ਉਨ੍ਹਾਂ ਨੂੰ ਸਮਝ ਨਹੀਂ ਸਕਦੇ। 13 ਪਰ ਜਦੋਂ ਉਹ* ਆਵੇਗਾ ਯਾਨੀ ਸੱਚਾਈ ਦੀ ਪਵਿੱਤਰ ਸ਼ਕਤੀ,+ ਤਾਂ ਉਹ ਤੁਹਾਡੀ ਅਗਵਾਈ ਕਰੇਗਾ ਅਤੇ ਸੱਚਾਈ ਨੂੰ ਚੰਗੀ ਤਰ੍ਹਾਂ ਸਮਝਣ ਵਿਚ ਤੁਹਾਡੀ ਮਦਦ ਕਰੇਗਾ। ਉਹ ਆਪਣੀਆਂ ਗੱਲਾਂ ਨਹੀਂ ਦੱਸੇਗਾ, ਸਗੋਂ ਜੋ ਉਹ ਸੁਣੇਗਾ ਉਹੀ ਦੱਸੇਗਾ ਅਤੇ ਉਹ ਤੁਹਾਨੂੰ ਭਵਿੱਖ ਵਿਚ ਹੋਣ ਵਾਲੀਆਂ ਗੱਲਾਂ ਦੱਸੇਗਾ।+ 14 ਉਹ ਮੇਰੀ ਮਹਿਮਾ ਕਰੇਗਾ+ ਕਿਉਂਕਿ ਉਹ ਤੁਹਾਨੂੰ ਉਹੀ ਦੱਸੇਗਾ ਜੋ ਮੇਰੇ ਤੋਂ ਸੁਣੇਗਾ।+ 15 ਜੋ ਕੁਝ ਪਿਤਾ ਦਾ ਹੈ, ਉਹ ਸਭ ਮੇਰਾ ਹੈ।+ ਮੈਂ ਇਸੇ ਲਈ ਕਿਹਾ ਕਿ ਮਦਦਗਾਰ ਮੇਰੇ ਤੋਂ ਜੋ ਸੁਣੇਗਾ, ਉਹੀ ਤੁਹਾਨੂੰ ਦੱਸੇਗਾ। 16 ਥੋੜ੍ਹੇ ਚਿਰ ਬਾਅਦ ਤੁਸੀਂ ਮੈਨੂੰ ਨਹੀਂ ਦੇਖੋਗੇ+ ਅਤੇ ਫਿਰ ਥੋੜ੍ਹੇ ਚਿਰ ਬਾਅਦ ਤੁਸੀਂ ਮੈਨੂੰ ਦੇਖੋਗੇ।”
17 ਤਦ ਉਸ ਦੇ ਕੁਝ ਚੇਲੇ ਇਕ-ਦੂਜੇ ਨੂੰ ਪੁੱਛਣ ਲੱਗੇ: “ਉਸ ਦੀਆਂ ਇਨ੍ਹਾਂ ਗੱਲਾਂ ਦਾ ਕੀ ਮਤਲਬ ਹੈ, ‘ਥੋੜ੍ਹੇ ਚਿਰ ਬਾਅਦ ਤੁਸੀਂ ਮੈਨੂੰ ਨਹੀਂ ਦੇਖੋਗੇ ਅਤੇ ਫਿਰ ਥੋੜ੍ਹੇ ਚਿਰ ਬਾਅਦ ਤੁਸੀਂ ਮੈਨੂੰ ਦੇਖੋਗੇ’ ਅਤੇ ‘ਕਿਉਂਕਿ ਮੈਂ ਪਿਤਾ ਕੋਲ ਜਾ ਰਿਹਾ ਹਾਂ’?” 18 ਇਸ ਲਈ ਉਹ ਕਹਿ ਰਹੇ ਸਨ: “ਉਸ ਦੀ ਇਸ ਗੱਲ ਦਾ ਕੀ ਮਤਲਬ ਹੈ, ‘ਥੋੜ੍ਹੇ ਚਿਰ ਬਾਅਦ’? ਅਸੀਂ ਨਹੀਂ ਜਾਣਦੇ ਕਿ ਉਹ ਕੀ ਗੱਲ ਕਰ ਰਿਹਾ ਹੈ।” 19 ਯਿਸੂ ਜਾਣਦਾ ਸੀ ਕਿ ਚੇਲੇ ਉਸ ਨੂੰ ਕੁਝ ਪੁੱਛਣਾ ਚਾਹੁੰਦੇ ਸਨ, ਇਸ ਲਈ ਉਸ ਨੇ ਉਨ੍ਹਾਂ ਨੂੰ ਕਿਹਾ: “ਕੀ ਤੁਸੀਂ ਇਸ ਬਾਰੇ ਇਕ-ਦੂਜੇ ਤੋਂ ਪੁੱਛ ਰਹੇ ਹੋ ਕਿ ਮੈਂ ਇਹ ਕਿਉਂ ਕਿਹਾ ਸੀ: ‘ਥੋੜ੍ਹੇ ਚਿਰ ਬਾਅਦ ਤੁਸੀਂ ਮੈਨੂੰ ਨਹੀਂ ਦੇਖੋਗੇ ਅਤੇ ਫਿਰ ਥੋੜ੍ਹੇ ਚਿਰ ਬਾਅਦ ਤੁਸੀਂ ਮੈਨੂੰ ਦੇਖੋਗੇ’? 20 ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ, ਤੁਸੀਂ ਰੋਵੋਗੇ ਅਤੇ ਪਿੱਟੋਗੇ, ਪਰ ਦੁਨੀਆਂ ਖ਼ੁਸ਼ੀਆਂ ਮਨਾਏਗੀ; ਤੁਹਾਨੂੰ ਦੁੱਖ ਹੋਵੇਗਾ, ਪਰ ਤੁਹਾਡਾ ਦੁੱਖ ਖ਼ੁਸ਼ੀ ਵਿਚ ਬਦਲ ਜਾਵੇਗਾ।+ 21 ਜਦੋਂ ਬੱਚੇ ਨੂੰ ਜਨਮ ਦੇਣ ਦਾ ਸਮਾਂ ਆਉਂਦਾ ਹੈ, ਤਾਂ ਤੀਵੀਂ ਬੜਾ ਦੁੱਖ ਸਹਿੰਦੀ ਹੈ; ਪਰ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਉਹ ਆਪਣਾ ਦੁੱਖ-ਦਰਦ ਭੁੱਲ ਜਾਂਦੀ ਹੈ ਕਿਉਂਕਿ ਉਸ ਨੂੰ ਖ਼ੁਸ਼ੀ ਹੁੰਦੀ ਹੈ ਕਿ ਉਸ ਦੇ ਬੱਚੇ ਨੇ ਦੁਨੀਆਂ ਵਿਚ ਕਦਮ ਰੱਖਿਆ ਹੈ। 22 ਇਸੇ ਤਰ੍ਹਾਂ ਤੁਹਾਨੂੰ ਵੀ ਹੁਣ ਦੁੱਖ ਹੋ ਰਿਹਾ ਹੈ, ਪਰ ਮੈਂ ਤੁਹਾਨੂੰ ਦੁਬਾਰਾ ਦੇਖਾਂਗਾ ਅਤੇ ਤੁਹਾਡੇ ਦਿਲ ਖ਼ੁਸ਼ੀ ਨਾਲ ਭਰ ਜਾਣਗੇ+ ਅਤੇ ਕੋਈ ਵੀ ਤੁਹਾਡੇ ਤੋਂ ਤੁਹਾਡੀ ਖ਼ੁਸ਼ੀ ਨਹੀਂ ਖੋਹੇਗਾ। 23 ਉਸ ਦਿਨ ਤੁਸੀਂ ਮੈਨੂੰ ਕੋਈ ਸਵਾਲ ਨਹੀਂ ਪੁੱਛੋਗੇ। ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ, ਜੇ ਤੁਸੀਂ ਮੇਰੇ ਨਾਂ ʼਤੇ ਪਿਤਾ ਤੋਂ ਕੁਝ ਵੀ ਮੰਗੋਗੇ,+ ਤਾਂ ਉਹ ਤੁਹਾਨੂੰ ਦੇ ਦੇਵੇਗਾ।+ 24 ਹੁਣ ਤਕ ਤੁਸੀਂ ਮੇਰੇ ਨਾਂ ʼਤੇ ਕੁਝ ਵੀ ਨਹੀਂ ਮੰਗਿਆ ਹੈ। ਤੁਸੀਂ ਮੰਗੋ ਤੇ ਤੁਹਾਨੂੰ ਦਿੱਤਾ ਜਾਵੇਗਾ ਤਾਂਕਿ ਤੁਹਾਡੀ ਖ਼ੁਸ਼ੀ ਦਾ ਕੋਈ ਅੰਤ ਨਾ ਹੋਵੇ।
25 “ਮੈਂ ਮਿਸਾਲਾਂ ਦੇ ਦੇ ਕੇ ਤੁਹਾਨੂੰ ਇਹ ਗੱਲਾਂ ਦੱਸੀਆਂ ਹਨ। ਉਹ ਸਮਾਂ ਆ ਰਿਹਾ ਹੈ ਜਦੋਂ ਮੈਂ ਤੁਹਾਨੂੰ ਮਿਸਾਲਾਂ ਦੇ ਕੇ ਨਹੀਂ, ਸਗੋਂ ਆਪਣੇ ਪਿਤਾ ਬਾਰੇ ਸਾਫ਼-ਸਾਫ਼ ਦੱਸਾਂਗਾ। 26 ਉਸ ਦਿਨ ਤੁਸੀਂ ਮੇਰੇ ਨਾਂ ʼਤੇ ਪਿਤਾ ਨੂੰ ਫ਼ਰਿਆਦ ਕਰੋਗੇ। ਮੇਰੇ ਕਹਿਣ ਦਾ ਮਤਲਬ ਹੈ ਕਿ ਮੈਨੂੰ ਤੁਹਾਡੇ ਵਾਸਤੇ ਹਰ ਵਾਰ ਫ਼ਰਿਆਦ ਨਹੀਂ ਕਰਨੀ ਪਵੇਗੀ। 27 ਪਿਤਾ ਆਪ ਤੁਹਾਡੇ ਨਾਲ ਪਿਆਰ ਕਰਦਾ ਹੈ ਕਿਉਂਕਿ ਤੁਸੀਂ ਮੇਰੇ ਨਾਲ ਪਿਆਰ ਕੀਤਾ ਹੈ+ ਅਤੇ ਵਿਸ਼ਵਾਸ ਕੀਤਾ ਹੈ ਕਿ ਪਿਤਾ ਨੇ ਮੈਨੂੰ ਘੱਲਿਆ ਹੈ।+ 28 ਮੈਂ ਪਿਤਾ ਕੋਲੋਂ ਇਸ ਦੁਨੀਆਂ ਵਿਚ ਆਇਆ ਸੀ ਅਤੇ ਹੁਣ ਮੈਂ ਇਹ ਦੁਨੀਆਂ ਛੱਡ ਕੇ ਪਿਤਾ ਕੋਲ ਵਾਪਸ ਜਾ ਰਿਹਾ ਹਾਂ।”+
29 ਉਸ ਦੇ ਚੇਲਿਆਂ ਨੇ ਕਿਹਾ: “ਦੇਖ! ਹੁਣ ਤੂੰ ਬਿਨਾਂ ਕੋਈ ਮਿਸਾਲ ਵਰਤੇ ਸਾਫ਼-ਸਾਫ਼ ਗੱਲ ਕਰ ਰਿਹਾ ਹੈਂ। 30 ਹੁਣ ਅਸੀਂ ਜਾਣ ਗਏ ਹਾਂ ਕਿ ਤੈਨੂੰ ਸਭ ਕੁਝ ਪਤਾ ਹੈ ਅਤੇ ਕਿਸੇ ਨੂੰ ਤੇਰੇ ਕੋਲੋਂ ਸਵਾਲ ਪੁੱਛਣ ਦੀ ਲੋੜ ਨਹੀਂ। ਇਸ ਤੋਂ ਸਾਨੂੰ ਵਿਸ਼ਵਾਸ ਹੁੰਦਾ ਹੈ ਕਿ ਤੂੰ ਪਰਮੇਸ਼ੁਰ ਤੋਂ ਆਇਆ ਹੈਂ।” 31 ਯਿਸੂ ਨੇ ਉਨ੍ਹਾਂ ਨੂੰ ਜਵਾਬ ਦਿੱਤਾ: “ਕੀ ਤੁਸੀਂ ਹੁਣ ਵਿਸ਼ਵਾਸ ਕਰਦੇ ਹੋ? 32 ਦੇਖੋ! ਉਹ ਸਮਾਂ ਆ ਰਿਹਾ ਹੈ, ਸਗੋਂ ਆ ਗਿਆ ਹੈ, ਜਦੋਂ ਤੁਸੀਂ ਸਾਰੇ ਆਪੋ-ਆਪਣੇ ਘਰਾਂ ਨੂੰ ਭੱਜ ਜਾਓਗੇ ਅਤੇ ਮੈਨੂੰ ਇਕੱਲਾ ਛੱਡ ਦਿਓਗੇ;+ ਪਰ ਮੈਂ ਇਕੱਲਾ ਨਹੀਂ ਹਾਂ ਕਿਉਂਕਿ ਮੇਰਾ ਪਿਤਾ ਮੇਰੇ ਨਾਲ ਹੈ।+ 33 ਮੈਂ ਤੁਹਾਨੂੰ ਇਹ ਗੱਲਾਂ ਦੱਸੀਆਂ ਹਨ ਤਾਂਕਿ ਮੇਰੇ ਰਾਹੀਂ ਤੁਹਾਨੂੰ ਸ਼ਾਂਤੀ ਮਿਲੇ।+ ਦੁਨੀਆਂ ਵਿਚ ਤੁਹਾਨੂੰ ਕਸ਼ਟ ਸਹਿਣਾ ਪਵੇਗਾ, ਪਰ ਹੌਸਲਾ ਰੱਖੋ! ਮੈਂ ਦੁਨੀਆਂ ਨੂੰ ਜਿੱਤ ਲਿਆ ਹੈ।”+
17 ਇਹ ਗੱਲਾਂ ਕਹਿਣ ਤੋਂ ਬਾਅਦ ਯਿਸੂ ਆਕਾਸ਼ ਵੱਲ ਨਜ਼ਰਾਂ ਚੁੱਕ ਕੇ ਪ੍ਰਾਰਥਨਾ ਕਰਨ ਲੱਗਾ: “ਹੇ ਪਿਤਾ, ਸਮਾਂ ਆ ਗਿਆ ਹੈ। ਆਪਣੇ ਪੁੱਤਰ ਦੀ ਮਹਿਮਾ ਕਰ ਤਾਂਕਿ ਤੇਰਾ ਪੁੱਤਰ ਤੇਰੀ ਮਹਿਮਾ ਕਰੇ+ 2 ਤੂੰ ਉਸ ਨੂੰ ਸਾਰੇ ਲੋਕਾਂ ਉੱਤੇ ਅਧਿਕਾਰ ਦਿੱਤਾ ਹੈ+ ਤਾਂਕਿ ਉਹ ਉਨ੍ਹਾਂ ਸਾਰਿਆਂ ਨੂੰ ਜਿਨ੍ਹਾਂ ਨੂੰ ਤੂੰ ਪੁੱਤਰ ਦੇ ਹੱਥ ਸੌਂਪਿਆ ਹੈ,+ ਹਮੇਸ਼ਾ ਦੀ ਜ਼ਿੰਦਗੀ ਦੇਵੇ।+ 3 ਹਮੇਸ਼ਾ ਦੀ ਜ਼ਿੰਦਗੀ+ ਪਾਉਣ ਲਈ ਜ਼ਰੂਰੀ ਹੈ ਕਿ ਉਹ ਤੈਨੂੰ ਯਾਨੀ ਇੱਕੋ-ਇਕ ਸੱਚੇ ਪਰਮੇਸ਼ੁਰ+ ਨੂੰ ਅਤੇ ਯਿਸੂ ਮਸੀਹ+ ਨੂੰ, ਜਿਸ ਨੂੰ ਤੂੰ ਘੱਲਿਆ ਹੈ, ਜਾਣਨ।* 4 ਤੂੰ ਮੈਨੂੰ ਜੋ ਕੰਮ ਦਿੱਤਾ ਸੀ, ਮੈਂ ਉਹ ਕੰਮ ਪੂਰਾ ਕਰ ਕੇ+ ਧਰਤੀ ਉੱਤੇ ਤੇਰੀ ਮਹਿਮਾ ਕੀਤੀ ਹੈ।+ 5 ਇਸ ਲਈ ਹੇ ਪਿਤਾ, ਹੁਣ ਤੂੰ ਮੈਨੂੰ ਆਪਣੇ ਨਾਲ ਉਹੀ ਮਹਿਮਾ ਦੇ ਜੋ ਮਹਿਮਾ ਦੁਨੀਆਂ ਦੀ ਸ੍ਰਿਸ਼ਟੀ ਤੋਂ ਪਹਿਲਾਂ ਤੇਰੇ ਨਾਲ ਰਹਿੰਦਿਆਂ ਹੁੰਦੀ ਸੀ।+
6 “ਮੈਂ ਉਨ੍ਹਾਂ ਲੋਕਾਂ ਸਾਮ੍ਹਣੇ ਤੇਰਾ ਨਾਂ ਪ੍ਰਗਟ ਕੀਤਾ ਹੈ ਜਿਨ੍ਹਾਂ ਨੂੰ ਤੂੰ ਦੁਨੀਆਂ ਵਿੱਚੋਂ ਮੇਰੇ ਹੱਥ ਸੌਂਪਿਆ ਹੈ।+ ਉਹ ਤੇਰੇ ਸਨ ਅਤੇ ਤੂੰ ਉਨ੍ਹਾਂ ਨੂੰ ਮੇਰੇ ਹੱਥ ਸੌਂਪਿਆ ਹੈ ਅਤੇ ਉਨ੍ਹਾਂ ਨੇ ਤੇਰਾ ਬਚਨ ਮੰਨਿਆ ਹੈ। 7 ਉਹ ਹੁਣ ਜਾਣ ਗਏ ਹਨ ਕਿ ਤੂੰ ਮੈਨੂੰ ਜੋ ਵੀ ਦਿੱਤਾ ਹੈ, ਉਹ ਤੇਰੇ ਤੋਂ ਹੈ; 8 ਕਿਉਂਕਿ ਤੂੰ ਮੈਨੂੰ ਜੋ ਵੀ ਦੱਸਿਆ, ਉਹੀ ਮੈਂ ਉਨ੍ਹਾਂ ਨੂੰ ਦੱਸਿਆ ਹੈ+ ਅਤੇ ਉਨ੍ਹਾਂ ਨੇ ਮੇਰੀਆਂ ਗੱਲਾਂ ਨੂੰ ਕਬੂਲ ਕੀਤਾ ਹੈ ਅਤੇ ਉਨ੍ਹਾਂ ਨੂੰ ਪੱਕਾ ਪਤਾ ਲੱਗ ਗਿਆ ਹੈ ਕਿ ਮੈਂ ਤੇਰੇ ਵੱਲੋਂ ਆਇਆ ਹਾਂ+ ਅਤੇ ਉਨ੍ਹਾਂ ਨੇ ਵਿਸ਼ਵਾਸ ਕੀਤਾ ਹੈ ਕਿ ਤੂੰ ਹੀ ਮੈਨੂੰ ਘੱਲਿਆ ਹੈ।+ 9 ਮੈਂ ਉਨ੍ਹਾਂ ਲਈ ਫ਼ਰਿਆਦ ਕਰਦਾ ਹਾਂ; ਮੈਂ ਦੁਨੀਆਂ ਲਈ ਨਹੀਂ, ਸਗੋਂ ਉਨ੍ਹਾਂ ਲਈ ਫ਼ਰਿਆਦ ਕਰਦਾ ਹਾਂ ਜਿਨ੍ਹਾਂ ਨੂੰ ਤੂੰ ਮੇਰੇ ਹੱਥ ਸੌਂਪਿਆ ਹੈ ਕਿਉਂਕਿ ਉਹ ਤੇਰੇ ਹਨ; 10 ਮੇਰਾ ਸਭ ਕੁਝ ਤੇਰਾ ਹੈ ਅਤੇ ਤੇਰਾ ਸਭ ਕੁਝ ਮੇਰਾ ਹੈ+ ਤੇ ਉਨ੍ਹਾਂ ਨੇ ਮੇਰੀ ਮਹਿਮਾ ਕੀਤੀ ਹੈ।
11 “ਮੈਂ ਦੁਨੀਆਂ ਨੂੰ ਛੱਡ ਕੇ ਤੇਰੇ ਕੋਲ ਆ ਰਿਹਾ ਹਾਂ, ਪਰ ਉਹ ਦੁਨੀਆਂ ਵਿਚ ਹਨ।+ ਇਸ ਲਈ, ਹੇ ਪਵਿੱਤਰ ਪਿਤਾ, ਤੂੰ ਆਪਣੇ ਨਾਂ ਦੀ ਖ਼ਾਤਰ, ਜੋ ਨਾਂ ਤੂੰ ਮੈਨੂੰ ਦਿੱਤਾ ਹੈ, ਉਨ੍ਹਾਂ ਦੀ ਰੱਖਿਆ ਕਰ+ ਤਾਂਕਿ ਉਨ੍ਹਾਂ ਵਿਚ ਵੀ ਏਕਤਾ ਹੋਵੇ ਜਿਵੇਂ ਸਾਡੇ ਵਿਚ ਏਕਤਾ ਹੈ।+ 12 ਜਦੋਂ ਮੈਂ ਉਨ੍ਹਾਂ ਦੇ ਨਾਲ ਹੁੰਦਾ ਸੀ, ਤਾਂ ਮੈਂ ਤੇਰੇ ਨਾਂ ਦੀ ਖ਼ਾਤਰ, ਜੋ ਨਾਂ ਤੂੰ ਮੈਨੂੰ ਦਿੱਤਾ ਹੈ ਉਨ੍ਹਾਂ ਦੀ ਰੱਖਿਆ ਕੀਤੀ;+ ਮੈਂ ਉਨ੍ਹਾਂ ਨੂੰ ਬਚਾ ਕੇ ਰੱਖਿਆ ਅਤੇ ਉਨ੍ਹਾਂ ਵਿੱਚੋਂ ਕਿਸੇ ਦਾ ਵੀ ਨਾਸ਼ ਨਹੀਂ ਹੋਇਆ,+ ਸਿਵਾਇ ਇਕ ਜਣੇ ਦੇ ਜਿਸ ਦਾ ਨਾਸ਼ ਹੋਣਾ ਹੈ*+ ਤਾਂਕਿ ਧਰਮ-ਗ੍ਰੰਥ ਵਿਚ ਲਿਖੀ ਗੱਲ ਪੂਰੀ ਹੋਵੇ।+ 13 ਪਰ ਹੁਣ ਮੈਂ ਤੇਰੇ ਕੋਲ ਆ ਰਿਹਾ ਹਾਂ ਅਤੇ ਮੈਂ ਦੁਨੀਆਂ ਵਿਚ ਰਹਿੰਦਿਆਂ ਇਹ ਗੱਲਾਂ ਕਹਿ ਰਿਹਾ ਹਾਂ ਤਾਂਕਿ ਮੇਰੇ ਵਾਂਗ ਉਨ੍ਹਾਂ ਦੇ ਦਿਲ ਵੀ ਖ਼ੁਸ਼ੀ ਨਾਲ ਭਰ ਜਾਣ।+ 14 ਮੈਂ ਉਨ੍ਹਾਂ ਨੂੰ ਤੇਰਾ ਬਚਨ ਦੱਸਿਆ ਹੈ, ਪਰ ਦੁਨੀਆਂ ਨੇ ਉਨ੍ਹਾਂ ਨਾਲ ਨਫ਼ਰਤ ਕੀਤੀ ਹੈ ਕਿਉਂਕਿ ਉਹ ਦੁਨੀਆਂ ਦੇ ਨਹੀਂ ਹਨ,+ ਜਿਵੇਂ ਮੈਂ ਦੁਨੀਆਂ ਦਾ ਨਹੀਂ ਹਾਂ।
15 “ਮੈਂ ਤੈਨੂੰ ਇਹ ਫ਼ਰਿਆਦ ਨਹੀਂ ਕਰਦਾ ਕਿ ਤੂੰ ਉਨ੍ਹਾਂ ਨੂੰ ਦੁਨੀਆਂ ਵਿੱਚੋਂ ਕੱਢ ਲਵੇਂ, ਸਗੋਂ ਇਹ ਫ਼ਰਿਆਦ ਕਰਦਾ ਹਾਂ ਕਿ ਤੂੰ ਸ਼ੈਤਾਨ* ਤੋਂ ਉਨ੍ਹਾਂ ਦੀ ਰੱਖਿਆ ਕਰੇਂ।+ 16 ਉਹ ਦੁਨੀਆਂ ਦੇ ਨਹੀਂ ਹਨ,+ ਜਿਵੇਂ ਮੈਂ ਦੁਨੀਆਂ ਦਾ ਨਹੀਂ ਹਾਂ।+ 17 ਉਨ੍ਹਾਂ ਨੂੰ ਸੱਚਾਈ ਨਾਲ ਪਵਿੱਤਰ ਕਰ;*+ ਤੇਰਾ ਬਚਨ ਹੀ ਸੱਚਾਈ ਹੈ।+ 18 ਜਿਵੇਂ ਤੂੰ ਮੈਨੂੰ ਦੁਨੀਆਂ ਵਿਚ ਘੱਲਿਆ, ਤਿਵੇਂ ਮੈਂ ਵੀ ਉਨ੍ਹਾਂ ਨੂੰ ਦੁਨੀਆਂ ਵਿਚ ਘੱਲਿਆ ਹੈ।+ 19 ਅਤੇ ਉਨ੍ਹਾਂ ਦੀ ਖ਼ਾਤਰ ਮੈਂ ਆਪਣੇ ਆਪ ਨੂੰ ਪਵਿੱਤਰ ਰੱਖ ਰਿਹਾ ਹਾਂ ਤਾਂਕਿ ਉਹ ਵੀ ਸੱਚਾਈ ਨਾਲ ਪਵਿੱਤਰ ਹੋਣ।
20 “ਮੈਂ ਸਿਰਫ਼ ਇਨ੍ਹਾਂ ਲਈ ਹੀ ਫ਼ਰਿਆਦ ਨਹੀਂ ਕਰਦਾ, ਸਗੋਂ ਉਨ੍ਹਾਂ ਲਈ ਵੀ ਕਰਦਾ ਹਾਂ ਜਿਹੜੇ ਇਨ੍ਹਾਂ ਦੀਆਂ ਗੱਲਾਂ ਸੁਣ ਕੇ ਮੇਰੇ ਉੱਤੇ ਨਿਹਚਾ ਕਰਦੇ ਹਨ 21 ਤਾਂਕਿ ਉਨ੍ਹਾਂ ਸਾਰਿਆਂ ਵਿਚ ਏਕਤਾ ਹੋਵੇ,+ ਜਿਵੇਂ ਹੇ ਪਿਤਾ, ਤੂੰ ਮੇਰੇ ਨਾਲ ਅਤੇ ਮੈਂ ਤੇਰੇ ਨਾਲ ਏਕਤਾ ਵਿਚ ਬੱਝਾ ਹੋਇਆ ਹਾਂ+ ਅਤੇ ਉਹ ਵੀ ਸਾਡੇ ਨਾਲ ਏਕਤਾ ਵਿਚ ਬੱਝੇ ਰਹਿਣ ਤਾਂਕਿ ਦੁਨੀਆਂ ਨੂੰ ਵਿਸ਼ਵਾਸ ਹੋਵੇ ਕਿ ਤੂੰ ਮੈਨੂੰ ਘੱਲਿਆ ਹੈ। 22 ਮੈਂ ਉਨ੍ਹਾਂ ਨੂੰ ਉਹ ਮਹਿਮਾ ਦਿੱਤੀ ਹੈ ਜੋ ਮਹਿਮਾ ਤੂੰ ਮੈਨੂੰ ਦਿੱਤੀ ਹੈ ਤਾਂਕਿ ਉਨ੍ਹਾਂ ਵਿਚ ਵੀ ਏਕਤਾ ਹੋਵੇ ਜਿਵੇਂ ਸਾਡੇ ਵਿਚ ਏਕਤਾ ਹੈ।+ 23 ਮੈਂ ਉਨ੍ਹਾਂ ਨਾਲ ਏਕਤਾ ਵਿਚ ਬੱਝਾ ਹੋਇਆ ਹਾਂ ਅਤੇ ਤੂੰ ਮੇਰੇ ਨਾਲ ਏਕਤਾ ਵਿਚ ਬੱਝਾ ਹੋਇਆ ਹੈਂ ਤਾਂਕਿ ਉਨ੍ਹਾਂ ਵਿਚ ਪੂਰੀ ਤਰ੍ਹਾਂ ਏਕਤਾ ਹੋਵੇ, ਨਾਲੇ ਦੁਨੀਆਂ ਨੂੰ ਇਹ ਪਤਾ ਲੱਗੇ ਕਿ ਤੂੰ ਮੈਨੂੰ ਘੱਲਿਆ ਹੈ ਅਤੇ ਤੂੰ ਉਨ੍ਹਾਂ ਨੂੰ ਪਿਆਰ ਕਰਦਾ ਹੈਂ ਜਿਵੇਂ ਤੂੰ ਮੈਨੂੰ ਪਿਆਰ ਕਰਦਾ ਹੈਂ। 24 ਹੇ ਪਿਤਾ, ਮੈਂ ਚਾਹੁੰਦਾ ਹਾਂ ਕਿ ਜਿਨ੍ਹਾਂ ਨੂੰ ਤੂੰ ਮੇਰੇ ਹੱਥ ਸੌਂਪਿਆ ਹੈ, ਉਹ ਵੀ ਮੇਰੇ ਨਾਲ ਉੱਥੇ ਹੋਣ ਜਿੱਥੇ ਮੈਂ ਹਾਂ+ ਤਾਂਕਿ ਉਹ ਮੇਰੀ ਮਹਿਮਾ ਦੇਖਣ ਜੋ ਤੂੰ ਮੈਨੂੰ ਦਿੱਤੀ ਹੈ ਕਿਉਂਕਿ ਤੂੰ ਦੁਨੀਆਂ ਦੀ ਨੀਂਹ ਰੱਖਣ ਦੇ ਸਮੇਂ ਤੋਂ ਪਹਿਲਾਂ ਮੇਰੇ ਨਾਲ ਪਿਆਰ ਕੀਤਾ ਹੈ।+ 25 ਹੇ ਸੱਚੇ ਪਿਤਾ, ਦੁਨੀਆਂ ਤੈਨੂੰ ਨਹੀਂ ਜਾਣਦੀ,+ ਪਰ ਮੈਂ ਤੈਨੂੰ ਜਾਣਦਾ ਹਾਂ+ ਅਤੇ ਉਹ ਵੀ ਜਾਣ ਗਏ ਹਨ ਕਿ ਤੂੰ ਮੈਨੂੰ ਘੱਲਿਆ ਹੈ। 26 ਮੈਂ ਉਨ੍ਹਾਂ ਨੂੰ ਤੇਰੇ ਨਾਂ ਬਾਰੇ ਦੱਸਿਆ ਹੈ ਅਤੇ ਦੱਸਦਾ ਰਹਾਂਗਾ+ ਤਾਂਕਿ ਜਿਵੇਂ ਤੂੰ ਮੈਨੂੰ ਪਿਆਰ ਕਰਦਾ ਹੈਂ, ਉਹ ਵੀ ਉਸੇ ਤਰ੍ਹਾਂ ਪਿਆਰ ਕਰਨ ਅਤੇ ਮੈਂ ਉਨ੍ਹਾਂ ਨਾਲ ਏਕਤਾ ਵਿਚ ਬੱਝਾ ਰਹਾਂ।”+
18 ਇਹ ਗੱਲਾਂ ਕਹਿਣ ਤੋਂ ਬਾਅਦ ਯਿਸੂ ਆਪਣੇ ਚੇਲਿਆਂ ਨਾਲ ਕਿਦਰੋਨ ਘਾਟੀ*+ ਤੋਂ ਪਾਰ ਇਕ ਬਾਗ਼ ਵਿਚ ਚਲਾ ਗਿਆ।+ 2 ਧੋਖੇਬਾਜ਼ ਯਹੂਦਾ ਵੀ ਉਸ ਜਗ੍ਹਾ ਬਾਰੇ ਜਾਣਦਾ ਸੀ ਕਿਉਂਕਿ ਯਿਸੂ ਕਈ ਵਾਰ ਆਪਣੇ ਚੇਲਿਆਂ ਨਾਲ ਇੱਥੇ ਆਇਆ ਸੀ। 3 ਇਸ ਲਈ ਫ਼ੌਜੀਆਂ ਅਤੇ ਮੁੱਖ ਪੁਜਾਰੀਆਂ ਤੇ ਫ਼ਰੀਸੀਆਂ ਦੁਆਰਾ ਘੱਲੇ ਹੋਏ ਮੰਦਰ ਦੇ ਪਹਿਰੇਦਾਰਾਂ ਨੂੰ ਨਾਲ ਲੈ ਕੇ ਯਹੂਦਾ ਉੱਥੇ ਆਇਆ ਅਤੇ ਉਨ੍ਹਾਂ ਦੇ ਹੱਥਾਂ ਵਿਚ ਮਸ਼ਾਲਾਂ, ਦੀਵੇ ਤੇ ਹਥਿਆਰ ਸਨ।+ 4 ਯਿਸੂ ਜਾਣਦਾ ਸੀ ਕਿ ਉਸ ਨਾਲ ਕੀ-ਕੀ ਹੋਣ ਵਾਲਾ ਸੀ, ਇਸ ਲਈ ਉਸ ਨੇ ਅੱਗੇ ਆ ਕੇ ਉਨ੍ਹਾਂ ਨੂੰ ਪੁੱਛਿਆ: “ਤੁਸੀਂ ਕਿਹਨੂੰ ਲੱਭ ਰਹੇ ਹੋ?” 5 ਉਨ੍ਹਾਂ ਨੇ ਕਿਹਾ: “ਯਿਸੂ ਨਾਸਰੀ ਨੂੰ।”+ ਯਿਸੂ ਨੇ ਉਨ੍ਹਾਂ ਨੂੰ ਕਿਹਾ: “ਮੈਂ ਹੀ ਹਾਂ।” ਧੋਖੇਬਾਜ਼ ਯਹੂਦਾ ਵੀ ਉਨ੍ਹਾਂ ਨਾਲ ਖੜ੍ਹਾ ਸੀ।+
6 ਪਰ ਜਦੋਂ ਯਿਸੂ ਨੇ ਉਨ੍ਹਾਂ ਨੂੰ ਕਿਹਾ, “ਮੈਂ ਹੀ ਹਾਂ,” ਤਾਂ ਉਹ ਪਿੱਛੇ ਹਟ ਗਏ ਅਤੇ ਜ਼ਮੀਨ ਉੱਤੇ ਡਿਗ ਪਏ।+ 7 ਇਸ ਲਈ ਉਸ ਨੇ ਉਨ੍ਹਾਂ ਨੂੰ ਦੁਬਾਰਾ ਪੁੱਛਿਆ: “ਤੁਸੀਂ ਕਿਹਨੂੰ ਲੱਭ ਰਹੇ ਹੋ?” ਉਨ੍ਹਾਂ ਨੇ ਕਿਹਾ: “ਯਿਸੂ ਨਾਸਰੀ ਨੂੰ।” 8 ਯਿਸੂ ਨੇ ਜਵਾਬ ਦਿੱਤਾ: “ਮੈਂ ਤੁਹਾਨੂੰ ਕਹਿ ਤਾਂ ਦਿੱਤਾ ਕਿ ਮੈਂ ਹੀ ਹਾਂ। ਇਸ ਲਈ ਜੇ ਤੁਸੀਂ ਮੈਨੂੰ ਲੱਭ ਰਹੇ ਹੋ, ਤਾਂ ਇਨ੍ਹਾਂ ਨੂੰ ਜਾਣ ਦਿਓ।” 9 ਇਹ ਇਸ ਲਈ ਹੋਇਆ ਤਾਂਕਿ ਉਸ ਦੀ ਕਹੀ ਇਹ ਗੱਲ ਪੂਰੀ ਹੋਵੇ: “ਜਿਨ੍ਹਾਂ ਨੂੰ ਤੂੰ ਮੇਰੇ ਹੱਥ ਸੌਂਪਿਆ ਹੈ, ਉਨ੍ਹਾਂ ਵਿੱਚੋਂ ਮੈਂ ਇਕ ਨੂੰ ਵੀ ਨਹੀਂ ਗੁਆਇਆ।”+
10 ਸ਼ਮਊਨ ਪਤਰਸ ਕੋਲ ਤਲਵਾਰ ਸੀ ਅਤੇ ਉਸ ਨੇ ਤਲਵਾਰ ਕੱਢੀ ਤੇ ਵਾਰ ਕਰ ਕੇ ਮਹਾਂ ਪੁਜਾਰੀ ਦੇ ਨੌਕਰ ਦਾ ਸੱਜਾ ਕੰਨ ਵੱਢ ਸੁੱਟਿਆ।+ ਉਸ ਨੌਕਰ ਦਾ ਨਾਂ ਮਲਖੁਸ ਸੀ। 11 ਪਰ ਯਿਸੂ ਨੇ ਪਤਰਸ ਨੂੰ ਕਿਹਾ: “ਤਲਵਾਰ ਮਿਆਨ ਵਿਚ ਪਾ।+ ਜੋ ਪਿਆਲਾ ਮੇਰੇ ਪਿਤਾ ਨੇ ਮੈਨੂੰ ਦਿੱਤਾ ਹੈ, ਕੀ ਉਹ ਮੈਂ ਨਾ ਪੀਵਾਂ?”+
12 ਫਿਰ ਫ਼ੌਜੀਆਂ ਅਤੇ ਫ਼ੌਜ ਦੇ ਸੈਨਾਪਤੀ* ਨੇ ਅਤੇ ਯਹੂਦੀ ਆਗੂਆਂ ਦੁਆਰਾ ਘੱਲੇ ਪਹਿਰੇਦਾਰਾਂ ਨੇ ਯਿਸੂ ਨੂੰ ਫੜ ਕੇ* ਬੰਨ੍ਹ ਲਿਆ। 13 ਉਹ ਪਹਿਲਾਂ ਉਸ ਨੂੰ ਅੰਨਾਸ ਕੋਲ ਲੈ ਗਏ ਜਿਹੜਾ ਕਾਇਫ਼ਾ ਦਾ ਸਹੁਰਾ ਸੀ।+ ਕਾਇਫ਼ਾ ਉਸ ਸਾਲ ਮਹਾਂ ਪੁਜਾਰੀ ਸੀ।+ 14 ਕਾਇਫ਼ਾ ਨੇ ਹੀ ਯਹੂਦੀ ਆਗੂਆਂ ਨੂੰ ਸਲਾਹ ਦਿੱਤੀ ਸੀ ਕਿ ਇਸ ਵਿਚ ਉਨ੍ਹਾਂ ਦਾ ਹੀ ਭਲਾ ਹੈ ਜੇ ਇਕ ਬੰਦਾ ਸਾਰੇ ਲੋਕਾਂ ਦੀ ਖ਼ਾਤਰ ਮਰੇ।+
15 ਹੁਣ ਸ਼ਮਊਨ ਪਤਰਸ ਇਕ ਹੋਰ ਚੇਲੇ ਨਾਲ ਯਿਸੂ ਦੇ ਪਿੱਛੇ-ਪਿੱਛੇ ਆ ਗਿਆ।+ ਉਹ ਚੇਲਾ ਮਹਾਂ ਪੁਜਾਰੀ ਨੂੰ ਜਾਣਦਾ ਸੀ ਅਤੇ ਉਹ ਯਿਸੂ ਨਾਲ ਮਹਾਂ ਪੁਜਾਰੀ ਦੇ ਘਰ ਦੇ ਵਿਹੜੇ ਵਿਚ ਚਲਾ ਗਿਆ, 16 ਪਰ ਪਤਰਸ ਬਾਹਰ ਦਰਵਾਜ਼ੇ* ਕੋਲ ਖੜ੍ਹਾ ਰਿਹਾ। ਇਸ ਲਈ ਉਹ ਚੇਲਾ, ਜਿਹੜਾ ਮਹਾਂ ਪੁਜਾਰੀ ਨੂੰ ਜਾਣਦਾ ਸੀ, ਦਰਵਾਜ਼ੇ ʼਤੇ ਬੈਠੀ ਨੌਕਰਾਣੀ ਨਾਲ ਗੱਲ ਕਰ ਕੇ ਪਤਰਸ ਨੂੰ ਅੰਦਰ ਲੈ ਆਇਆ। 17 ਨੌਕਰਾਣੀ ਨੇ ਪਤਰਸ ਨੂੰ ਕਿਹਾ: “ਕਿਤੇ ਤੂੰ ਵੀ ਉਸ ਆਦਮੀ ਦਾ ਚੇਲਾ ਤਾਂ ਨਹੀਂ?” ਉਸ ਨੇ ਕਿਹਾ: “ਨਹੀਂ-ਨਹੀਂ।”+ 18 ਉਸ ਵੇਲੇ ਠੰਢ ਹੋਣ ਕਰਕੇ ਨੌਕਰਾਂ ਤੇ ਮੰਦਰ ਦੇ ਪਹਿਰੇਦਾਰਾਂ ਨੇ ਲੱਕੜ ਦੇ ਕੋਲਿਆਂ ਦੀ ਅੱਗ ਬਾਲ਼ੀ ਹੋਈ ਸੀ ਅਤੇ ਉਹ ਖੜ੍ਹੇ ਅੱਗ ਸੇਕ ਰਹੇ ਸਨ। ਪਤਰਸ ਵੀ ਉਨ੍ਹਾਂ ਨਾਲ ਖੜ੍ਹਾ ਅੱਗ ਸੇਕ ਰਿਹਾ ਸੀ।
19 ਇਸ ਦੌਰਾਨ ਮੁੱਖ ਪੁਜਾਰੀ ਨੇ ਯਿਸੂ ਨੂੰ ਉਸ ਦੇ ਚੇਲਿਆਂ ਬਾਰੇ ਅਤੇ ਉਸ ਦੀਆਂ ਸਿੱਖਿਆਵਾਂ ਬਾਰੇ ਸਵਾਲ ਪੁੱਛੇ। 20 ਯਿਸੂ ਨੇ ਉਸ ਨੂੰ ਜਵਾਬ ਦਿੱਤਾ: “ਮੈਂ ਖੁੱਲ੍ਹੇ-ਆਮ ਲੋਕਾਂ ਨੂੰ ਸਿਖਾਇਆ ਹੈ। ਮੈਂ ਸਭਾ ਘਰਾਂ ਅਤੇ ਮੰਦਰ ਵਿਚ ਸਿਖਾਉਂਦਾ ਹੁੰਦਾ ਸੀ+ ਜਿੱਥੇ ਸਾਰੇ ਯਹੂਦੀ ਇਕੱਠੇ ਹੁੰਦੇ ਹਨ ਅਤੇ ਮੈਂ ਲੁਕ-ਛਿਪ ਕੇ ਕੁਝ ਨਹੀਂ ਕਿਹਾ। 21 ਤੂੰ ਮੈਨੂੰ ਕਿਉਂ ਪੁੱਛ ਰਿਹਾ ਹੈਂ? ਉਨ੍ਹਾਂ ਨੂੰ ਪੁੱਛ ਜਿਨ੍ਹਾਂ ਨੇ ਮੇਰੀਆਂ ਗੱਲਾਂ ਸੁਣੀਆਂ ਹਨ। ਦੇਖ! ਉਹ ਜਾਣਦੇ ਹਨ ਕਿ ਮੈਂ ਕੀ ਕਿਹਾ ਸੀ।” 22 ਜਦੋਂ ਉਸ ਨੇ ਇਹ ਗੱਲਾਂ ਕਹੀਆਂ, ਤਾਂ ਉੱਥੇ ਖੜ੍ਹੇ ਇਕ ਪਹਿਰੇਦਾਰ ਨੇ ਯਿਸੂ ਦੇ ਮੂੰਹ ʼਤੇ ਚਪੇੜ ਮਾਰ+ ਕੇ ਕਿਹਾ: “ਕੀ ਮੁੱਖ ਪੁਜਾਰੀ ਨੂੰ ਇੱਦਾਂ ਜਵਾਬ ਦੇਈਦਾ?” 23 ਯਿਸੂ ਨੇ ਉਸ ਨੂੰ ਕਿਹਾ: “ਜੇ ਮੈਂ ਕੁਝ ਗ਼ਲਤ ਕਿਹਾ, ਤਾਂ ਮੈਨੂੰ ਦੱਸ ਕਿ ਮੈਂ ਕੀ ਗ਼ਲਤ ਕਿਹਾ; ਪਰ ਜੇ ਮੈਂ ਸਹੀ ਕਿਹਾ, ਤਾਂ ਤੂੰ ਮੈਨੂੰ ਕਿਉਂ ਮਾਰਿਆ?” 24 ਅੰਨਾਸ ਨੇ ਉਸ ਨੂੰ ਬੱਝੇ ਹੋਏ ਨੂੰ ਮਹਾਂ ਪੁਜਾਰੀ ਕਾਇਫ਼ਾ ਕੋਲ ਘੱਲ ਦਿੱਤਾ।+
25 ਸ਼ਮਊਨ ਪਤਰਸ ਉੱਥੇ ਖੜ੍ਹਾ ਅੱਗ ਸੇਕ ਰਿਹਾ ਸੀ। ਫਿਰ ਉਨ੍ਹਾਂ ਨੇ ਉਸ ਨੂੰ ਪੁੱਛਿਆ: “ਕਿਤੇ ਤੂੰ ਵੀ ਉਸ ਦਾ ਚੇਲਾ ਤਾਂ ਨਹੀਂ?” ਪਤਰਸ ਨੇ ਮੁੱਕਰਦੇ ਹੋਏ ਕਿਹਾ: “ਨਹੀਂ, ਮੈਂ ਨਹੀਂ ਹਾਂ।”+ 26 ਉੱਥੇ ਮਹਾਂ ਪੁਜਾਰੀ ਦਾ ਇਕ ਨੌਕਰ ਸੀ ਜਿਹੜਾ ਉਸ ਆਦਮੀ ਦਾ ਰਿਸ਼ਤੇਦਾਰ ਸੀ ਜਿਸ ਦਾ ਕੰਨ ਪਤਰਸ ਨੇ ਵੱਢਿਆ ਸੀ।+ ਉਸ ਨੌਕਰ ਨੇ ਕਿਹਾ: “ਕੀ ਮੈਂ ਤੈਨੂੰ ਉਸ ਨਾਲ ਬਾਗ਼ ਵਿਚ ਨਹੀਂ ਦੇਖਿਆ ਸੀ?” 27 ਪਰ ਪਤਰਸ ਦੁਬਾਰਾ ਮੁੱਕਰ ਗਿਆ ਅਤੇ ਉਸੇ ਵੇਲੇ ਕੁੱਕੜ ਨੇ ਬਾਂਗ ਦੇ ਦਿੱਤੀ।+
28 ਫਿਰ ਉਹ ਯਿਸੂ ਨੂੰ ਕਾਇਫ਼ਾ ਦੇ ਘਰੋਂ ਰਾਜਪਾਲ ਦੇ ਘਰ ਲੈ ਗਏ।+ ਇਹ ਸਵੇਰ ਦਾ ਸਮਾਂ ਸੀ। ਪਰ ਉਹ ਆਪ ਰਾਜਪਾਲ ਦੇ ਘਰ ਅੰਦਰ ਨਹੀਂ ਗਏ ਤਾਂਕਿ ਉਹ ਭ੍ਰਿਸ਼ਟ ਨਾ ਹੋ ਜਾਣ+ ਪਰ ਪਸਾਹ ਦਾ ਖਾਣਾ ਖਾ ਸਕਣ। 29 ਇਸ ਲਈ ਪਿਲਾਤੁਸ ਨੇ ਉਨ੍ਹਾਂ ਕੋਲ ਬਾਹਰ ਆ ਕੇ ਪੁੱਛਿਆ: “ਤੁਸੀਂ ਇਸ ਆਦਮੀ ਨੂੰ ਕਿਸ ਜੁਰਮ ਕਰਕੇ ਇੱਥੇ ਲੈ ਕੇ ਆਏ ਹੋ?” 30 ਉਨ੍ਹਾਂ ਨੇ ਉਸ ਨੂੰ ਜਵਾਬ ਦਿੱਤਾ: “ਜੇ ਇਸ ਨੇ ਕੋਈ ਜੁਰਮ ਨਾ ਕੀਤਾ ਹੁੰਦਾ, ਤਾਂ ਅਸੀਂ ਇਸ ਨੂੰ ਤੇਰੇ ਹਵਾਲੇ ਨਾ ਕਰਦੇ।” 31 ਇਸ ਲਈ ਪਿਲਾਤੁਸ ਨੇ ਉਨ੍ਹਾਂ ਨੂੰ ਕਿਹਾ: “ਇਸ ਨੂੰ ਲੈ ਜਾਓ ਅਤੇ ਤੁਸੀਂ ਆਪੇ ਆਪਣੇ ਕਾਨੂੰਨ ਅਨੁਸਾਰ ਇਸ ਦਾ ਫ਼ੈਸਲਾ ਕਰੋ।”+ ਯਹੂਦੀ ਆਗੂਆਂ ਨੇ ਉਸ ਨੂੰ ਕਿਹਾ: “ਸਾਡੇ ਕੋਲ ਕਿਸੇ ਨੂੰ ਮੌਤ ਦੀ ਸਜ਼ਾ ਦੇਣ ਦੀ ਇਜਾਜ਼ਤ ਨਹੀਂ ਹੈ।”+ 32 ਇਹ ਇਸ ਕਰਕੇ ਹੋਇਆ ਤਾਂਕਿ ਯਿਸੂ ਦੀ ਉਹ ਗੱਲ ਪੂਰੀ ਹੋਵੇ ਜੋ ਉਸ ਨੇ ਇਹ ਦੱਸਣ ਲਈ ਕਹੀ ਸੀ ਕਿ ਉਸ ਨੇ ਕਿਹੋ ਜਿਹੀ ਮੌਤ ਮਰਨਾ ਸੀ।+
33 ਇਸ ਲਈ ਪਿਲਾਤੁਸ ਫਿਰ ਘਰ ਚਲਾ ਗਿਆ ਅਤੇ ਯਿਸੂ ਨੂੰ ਬੁਲਾ ਕੇ ਪੁੱਛਿਆ: “ਕੀ ਤੂੰ ਯਹੂਦੀਆਂ ਦਾ ਰਾਜਾ ਹੈਂ?”+ 34 ਯਿਸੂ ਨੇ ਜਵਾਬ ਦਿੱਤਾ: “ਕੀ ਤੂੰ ਇਹ ਗੱਲ ਆਪਣੇ ਵੱਲੋਂ ਕਹਿ ਰਿਹਾ ਹੈਂ ਜਾਂ ਕੀ ਦੂਸਰਿਆਂ ਨੇ ਤੈਨੂੰ ਮੇਰੇ ਬਾਰੇ ਦੱਸਿਆ ਹੈ?” 35 ਪਿਲਾਤੁਸ ਨੇ ਜਵਾਬ ਦਿੱਤਾ: “ਤੈਨੂੰ ਕੀ ਲੱਗਦਾ, ਮੈਂ ਯਹੂਦੀ ਹਾਂ? ਤੇਰੀ ਹੀ ਕੌਮ ਦੇ ਲੋਕਾਂ ਅਤੇ ਮੁੱਖ ਪੁਜਾਰੀਆਂ ਨੇ ਤੈਨੂੰ ਮੇਰੇ ਹਵਾਲੇ ਕੀਤਾ ਹੈ। ਤੂੰ ਕੀਤਾ ਕੀ ਹੈ?” 36 ਯਿਸੂ ਨੇ ਜਵਾਬ ਦਿੱਤਾ:+ “ਮੇਰਾ ਰਾਜ ਇਸ ਦੁਨੀਆਂ ਦਾ ਨਹੀਂ ਹੈ।+ ਜੇ ਮੇਰਾ ਰਾਜ ਇਸ ਦੁਨੀਆਂ ਦਾ ਹੁੰਦਾ, ਤਾਂ ਮੇਰੇ ਸੇਵਾਦਾਰ ਲੜਦੇ ਤਾਂਕਿ ਮੈਂ ਯਹੂਦੀਆਂ ਦੇ ਹਵਾਲੇ ਨਾ ਕੀਤਾ ਜਾਂਦਾ।+ ਪਰ ਸੱਚ ਤਾਂ ਇਹ ਹੈ ਕਿ ਮੇਰਾ ਰਾਜ ਇਸ ਦੁਨੀਆਂ ਦਾ ਨਹੀਂ ਹੈ।” 37 ਇਸ ਲਈ ਪਿਲਾਤੁਸ ਨੇ ਉਸ ਨੂੰ ਪੁੱਛਿਆ: “ਤਾਂ ਫਿਰ ਕੀ ਤੂੰ ਰਾਜਾ ਹੈਂ?” ਯਿਸੂ ਨੇ ਜਵਾਬ ਦਿੱਤਾ: “ਤੂੰ ਆਪੇ ਕਹਿ ਰਿਹਾ ਹੈਂ ਕਿ ਮੈਂ ਰਾਜਾ ਹਾਂ।+ ਮੈਂ ਇਸ ਕਰਕੇ ਜਨਮ ਲਿਆ ਅਤੇ ਦੁਨੀਆਂ ਵਿਚ ਆਇਆ ਤਾਂਕਿ ਸੱਚਾਈ ਬਾਰੇ ਗਵਾਹੀ ਦੇ ਸਕਾਂ।+ ਜਿਹੜਾ ਵੀ ਸੱਚਾਈ ਵੱਲ ਹੈ, ਉਹ ਮੇਰੀ ਗੱਲ ਸੁਣਦਾ ਹੈ।” 38 ਪਿਲਾਤੁਸ ਨੇ ਉਸ ਨੂੰ ਕਿਹਾ: “ਸੱਚਾਈ? ਇਹ ਕੀ ਹੁੰਦੀ?”
ਇਹ ਕਹਿਣ ਤੋਂ ਬਾਅਦ ਉਸ ਨੇ ਦੁਬਾਰਾ ਯਹੂਦੀ ਆਗੂਆਂ ਕੋਲ ਬਾਹਰ ਆ ਕੇ ਕਿਹਾ: “ਮੈਨੂੰ ਇਸ ਆਦਮੀ ਵਿਚ ਕੋਈ ਦੋਸ਼ ਨਹੀਂ ਲੱਭਾ।+ 39 ਨਾਲੇ ਤੁਹਾਡੀ ਰੀਤ ਹੈ ਕਿ ਮੈਂ ਪਸਾਹ ਦੇ ਤਿਉਹਾਰ ʼਤੇ ਤੁਹਾਡੇ ਲਈ ਇਕ ਕੈਦੀ ਨੂੰ ਰਿਹਾ ਕਰਾਂ।+ ਇਸ ਲਈ ਕੀ ਤੁਸੀਂ ਚਾਹੁੰਦੇ ਹੋ ਕਿ ਮੈਂ ਤੁਹਾਡੇ ਲਈ ਯਹੂਦੀਆਂ ਦੇ ਰਾਜੇ ਨੂੰ ਰਿਹਾ ਕਰਾਂ?” 40 ਉਹ ਦੁਬਾਰਾ ਉੱਚੀ-ਉੱਚੀ ਕਹਿਣ ਲੱਗੇ: “ਇਸ ਆਦਮੀ ਨੂੰ ਨਹੀਂ, ਪਰ ਬਰਬਾਸ ਨੂੰ ਰਿਹਾ ਕਰ!” ਇਹ ਬਰਬਾਸ ਇਕ ਲੁਟੇਰਾ ਸੀ।+
19 ਫਿਰ ਪਿਲਾਤੁਸ ਨੇ ਯਿਸੂ ਨੂੰ ਲਿਜਾ ਕੇ ਕੋਰੜੇ ਮਰਵਾਏ।+ 2 ਫ਼ੌਜੀਆਂ ਨੇ ਕੰਡਿਆਂ ਦਾ ਮੁਕਟ ਗੁੰਦ ਕੇ ਉਸ ਦੇ ਸਿਰ ʼਤੇ ਰੱਖਿਆ ਅਤੇ ਉਸ ਦੇ ਬੈਂਗਣੀ* ਰੰਗ ਦਾ ਕੱਪੜਾ ਪਾਇਆ+ 3 ਅਤੇ ਉਹ ਉਸ ਕੋਲ ਆ ਕੇ ਕਹਿਣ ਲੱਗੇ: “ਯਹੂਦੀਆਂ ਦੇ ਰਾਜੇ ਦੀ ਜੈ ਹੋਵੇ!” ਨਾਲੇ ਉਹ ਉਸ ਦੇ ਮੂੰਹ ʼਤੇ ਥੱਪੜ ਮਾਰਨ ਲੱਗੇ।+ 4 ਪਿਲਾਤੁਸ ਨੇ ਦੁਬਾਰਾ ਬਾਹਰ ਜਾ ਕੇ ਯਹੂਦੀਆਂ ਨੂੰ ਕਿਹਾ: “ਦੇਖੋ! ਮੈਂ ਇਸ ਨੂੰ ਤੁਹਾਡੇ ਕੋਲ ਬਾਹਰ ਲਿਆਇਆ ਹਾਂ ਤਾਂਕਿ ਤੁਸੀਂ ਜਾਣ ਲਵੋ ਕਿ ਮੈਂ ਇਸ ਆਦਮੀ ਵਿਚ ਕੋਈ ਦੋਸ਼ ਨਹੀਂ ਪਾਇਆ ਹੈ।”+ 5 ਫਿਰ ਯਿਸੂ ਕੰਡਿਆਂ ਦਾ ਮੁਕਟ ਤੇ ਬੈਂਗਣੀ ਰੰਗ ਦਾ ਕੱਪੜਾ ਪਾਈ ਬਾਹਰ ਆਇਆ। ਅਤੇ ਪਿਲਾਤੁਸ ਨੇ ਉਨ੍ਹਾਂ ਨੂੰ ਕਿਹਾ: “ਦੇਖੋ! ਇਹੀ ਹੈ ਉਹ ਆਦਮੀ!” 6 ਪਰ ਜਦੋਂ ਮੁੱਖ ਪੁਜਾਰੀਆਂ ਤੇ ਮੰਦਰ ਦੇ ਪਹਿਰੇਦਾਰਾਂ ਨੇ ਉਸ ਨੂੰ ਦੇਖਿਆ, ਤਾਂ ਉਹ ਉੱਚੀ-ਉੱਚੀ ਕਹਿਣ ਲੱਗੇ: “ਸੂਲ਼ੀ ʼਤੇ ਟੰਗ ਦਿਓ ਇਹਨੂੰ! ਸੂਲ਼ੀ ʼਤੇ ਟੰਗ ਦਿਓ ਇਹਨੂੰ!”+ ਪਿਲਾਤੁਸ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਆਪੇ ਇਸ ਨੂੰ ਲਿਜਾ ਕੇ ਸੂਲ਼ੀ ʼਤੇ ਟੰਗ ਦਿਓ ਕਿਉਂਕਿ ਮੈਂ ਇਸ ਵਿਚ ਕੋਈ ਦੋਸ਼ ਨਹੀਂ ਪਾਇਆ ਹੈ।”+ 7 ਯਹੂਦੀਆਂ ਨੇ ਉਸ ਨੂੰ ਜਵਾਬ ਦਿੱਤਾ: “ਸਾਡਾ ਇਕ ਕਾਨੂੰਨ ਹੈ ਅਤੇ ਉਸ ਕਾਨੂੰਨ ਮੁਤਾਬਕ ਇਹ ਆਦਮੀ ਮੌਤ ਦੀ ਸਜ਼ਾ ਦੇ ਲਾਇਕ ਹੈ+ ਕਿਉਂਕਿ ਇਸ ਨੇ ਆਪਣੇ ਆਪ ਨੂੰ ਪਰਮੇਸ਼ੁਰ ਦਾ ਪੁੱਤਰ ਕਿਹਾ।”+
8 ਪਿਲਾਤੁਸ ਉਨ੍ਹਾਂ ਦੀ ਇਹ ਗੱਲ ਸੁਣ ਕੇ ਹੋਰ ਵੀ ਡਰ ਗਿਆ 9 ਅਤੇ ਉਸ ਨੇ ਦੁਬਾਰਾ ਘਰ ਦੇ ਅੰਦਰ ਜਾ ਕੇ ਯਿਸੂ ਨੂੰ ਪੁੱਛਿਆ: “ਤੂੰ ਕਿੱਥੋਂ ਦਾ ਹੈਂ?” ਪਰ ਯਿਸੂ ਨੇ ਕੋਈ ਜਵਾਬ ਨਾ ਦਿੱਤਾ।+ 10 ਇਸ ਲਈ ਪਿਲਾਤੁਸ ਨੇ ਉਸ ਨੂੰ ਕਿਹਾ: “ਤੂੰ ਮੇਰੀ ਗੱਲ ਦਾ ਜਵਾਬ ਕਿਉਂ ਨਹੀਂ ਦਿੰਦਾ? ਕੀ ਤੈਨੂੰ ਪਤਾ ਨਹੀਂ ਕਿ ਮੇਰੇ ਕੋਲ ਤੈਨੂੰ ਛੱਡਣ ਦਾ ਅਧਿਕਾਰ ਹੈ ਅਤੇ ਮੇਰੇ ਕੋਲ ਤੈਨੂੰ ਸੂਲ਼ੀ ʼਤੇ ਟੰਗਣ ਦਾ ਵੀ ਅਧਿਕਾਰ ਹੈ?” 11 ਯਿਸੂ ਨੇ ਉਸ ਨੂੰ ਜਵਾਬ ਦਿੱਤਾ: “ਜੇ ਤੈਨੂੰ ਇਹ ਅਧਿਕਾਰ ਪਰਮੇਸ਼ੁਰ ਤੋਂ ਨਾ ਮਿਲਿਆ ਹੁੰਦਾ, ਤਾਂ ਤੈਨੂੰ ਮੇਰੇ ਉੱਤੇ ਕੋਈ ਅਧਿਕਾਰ ਨਾ ਹੁੰਦਾ। ਇਸੇ ਕਰਕੇ ਜਿਸ ਆਦਮੀ ਨੇ ਮੈਨੂੰ ਤੇਰੇ ਹਵਾਲੇ ਕੀਤਾ ਹੈ, ਉਹ ਆਦਮੀ ਤੇਰੇ ਨਾਲੋਂ ਜ਼ਿਆਦਾ ਪਾਪੀ ਹੈ।”
12 ਇਸ ਕਰਕੇ ਪਿਲਾਤੁਸ ਉਸ ਨੂੰ ਛੱਡਣ ਦਾ ਰਾਹ ਲੱਭਦਾ ਰਿਹਾ। ਪਰ ਯਹੂਦੀਆਂ ਨੇ ਉੱਚੀ ਆਵਾਜ਼ ਵਿਚ ਕਿਹਾ: “ਜੇ ਤੂੰ ਇਸ ਆਦਮੀ ਨੂੰ ਛੱਡਿਆ, ਤਾਂ ਤੂੰ ਸਮਰਾਟ* ਦਾ ਦੋਸਤ ਨਹੀਂ ਹੈਂ। ਜਿਹੜਾ ਵੀ ਆਪਣੇ ਆਪ ਨੂੰ ਰਾਜਾ ਬਣਾਉਂਦਾ ਹੈ, ਉਹ ਸਮਰਾਟ ਦੇ ਖ਼ਿਲਾਫ਼ ਬੋਲਦਾ ਹੈ।”+ 13 ਇਸ ਲਈ ਇਹ ਗੱਲ ਸੁਣਨ ਤੋਂ ਬਾਅਦ ਪਿਲਾਤੁਸ ਯਿਸੂ ਨੂੰ ਲੈ ਕੇ ਬਾਹਰ ਉਸ ਜਗ੍ਹਾ ਆਇਆ ਜਿੱਥੇ ਪੱਥਰਾਂ ਦਾ ਫ਼ਰਸ਼ ਪਾਇਆ ਹੋਇਆ ਸੀ। ਇਸ ਜਗ੍ਹਾ ਨੂੰ ਇਬਰਾਨੀ ਵਿਚ “ਗੱਬਥਾ” ਕਿਹਾ ਜਾਂਦਾ ਹੈ। ਪਿਲਾਤੁਸ ਉੱਥੇ ਨਿਆਂ ਦੀ ਕੁਰਸੀ ʼਤੇ ਬੈਠ ਗਿਆ। 14 ਇਹ ਪਸਾਹ ਦੀ ਤਿਆਰੀ ਦਾ ਦਿਨ ਸੀ;+ ਉਸ ਵੇਲੇ ਦੁਪਹਿਰ ਦੇ 12 ਕੁ ਵੱਜੇ* ਸਨ। ਉਸ ਨੇ ਯਹੂਦੀਆਂ ਨੂੰ ਕਿਹਾ: “ਦੇਖੋ! ਤੁਹਾਡਾ ਰਾਜਾ!” 15 ਪਰ ਉਨ੍ਹਾਂ ਨੇ ਉੱਚੀ-ਉੱਚੀ ਕਿਹਾ: “ਖ਼ਤਮ ਕਰ ਦਿਓ! ਖ਼ਤਮ ਕਰ ਦਿਓ! ਸੂਲ਼ੀ ʼਤੇ ਟੰਗ ਦਿਓ ਇਹਨੂੰ!” ਪਿਲਾਤੁਸ ਨੇ ਉਨ੍ਹਾਂ ਨੂੰ ਕਿਹਾ: “ਕੀ ਤੁਹਾਡੇ ਰਾਜੇ ਨੂੰ ਮੈਂ ਸੂਲ਼ੀ ʼਤੇ ਟੰਗ ਦਿਆਂ?” ਮੁੱਖ ਪੁਜਾਰੀਆਂ ਨੇ ਕਿਹਾ: “ਸਮਰਾਟ ਤੋਂ ਸਿਵਾਇ ਸਾਡਾ ਹੋਰ ਕੋਈ ਰਾਜਾ ਨਹੀਂ ਹੈ।” 16 ਤਦ ਪਿਲਾਤੁਸ ਨੇ ਯਿਸੂ ਨੂੰ ਸੂਲ਼ੀ ʼਤੇ ਟੰਗਣ ਲਈ ਫ਼ੌਜੀਆਂ ਦੇ ਹਵਾਲੇ ਕਰ ਦਿੱਤਾ।+
ਫ਼ੌਜੀ ਯਿਸੂ ਨੂੰ ਲੈ ਗਏ। 17 ਉਹ ਆਪਣੀ ਤਸੀਹੇ ਦੀ ਸੂਲ਼ੀ* ਚੁੱਕ ਕੇ ਉਸ ਜਗ੍ਹਾ ਗਿਆ ਜਿਸ ਨੂੰ “ਖੋਪੜੀ ਦੀ ਜਗ੍ਹਾ”+ ਜਾਂ ਇਬਰਾਨੀ ਵਿਚ “ਗਲਗਥਾ” ਕਿਹਾ ਜਾਂਦਾ ਹੈ।+ 18 ਉੱਥੇ ਉਨ੍ਹਾਂ ਨੇ ਉਸ ਨੂੰ ਸੂਲ਼ੀ ʼਤੇ ਟੰਗ ਦਿੱਤਾ,+ ਨਾਲੇ ਦੋ ਹੋਰ ਆਦਮੀਆਂ ਨੂੰ ਵੀ ਉਸ ਨਾਲ ਸੂਲ਼ੀ ʼਤੇ ਟੰਗਿਆ ਗਿਆ, ਇਕ ਨੂੰ ਇਸ ਪਾਸੇ ਅਤੇ ਦੂਜੇ ਨੂੰ ਦੂਸਰੇ ਪਾਸੇ ਅਤੇ ਯਿਸੂ ਨੂੰ ਵਿਚਕਾਰ।+ 19 ਪਿਲਾਤੁਸ ਨੇ ਇਕ ਫੱਟੀ ਉੱਤੇ ਇਹ ਲਿਖਵਾ ਕੇ ਫੱਟੀ ਉਸ ਦੀ ਤਸੀਹੇ ਦੀ ਸੂਲ਼ੀ* ਉੱਤੇ ਲਗਵਾ ਦਿੱਤੀ: “ਯਿਸੂ ਨਾਸਰੀ, ਯਹੂਦੀਆਂ ਦਾ ਰਾਜਾ।”+ 20 ਬਹੁਤ ਸਾਰੇ ਯਹੂਦੀਆਂ ਨੇ ਇਸ ਨੂੰ ਪੜ੍ਹਿਆ ਕਿਉਂਕਿ ਜਿਸ ਜਗ੍ਹਾ ਯਿਸੂ ਨੂੰ ਸੂਲ਼ੀ ʼਤੇ ਟੰਗਿਆ ਗਿਆ ਸੀ, ਉਹ ਯਰੂਸ਼ਲਮ ਦੇ ਲਾਗੇ ਸੀ ਅਤੇ ਫੱਟੀ ਉੱਤੇ ਇਬਰਾਨੀ, ਲਾਤੀਨੀ ਤੇ ਯੂਨਾਨੀ ਭਾਸ਼ਾਵਾਂ ਵਿਚ ਲਿਖਿਆ ਹੋਇਆ ਸੀ। 21 ਪਰ ਯਹੂਦੀਆਂ ਦੇ ਮੁੱਖ ਪੁਜਾਰੀ ਪਿਲਾਤੁਸ ਨੂੰ ਕਹਿਣ ਲੱਗੇ: “ਇਹ ਨਾ ਲਿਖ, ‘ਯਹੂਦੀਆਂ ਦਾ ਰਾਜਾ,’ ਸਗੋਂ ਇਹ ਲਿਖ ਕਿ ਇਸ ਨੇ ਕਿਹਾ ਸੀ, ‘ਮੈਂ ਯਹੂਦੀਆਂ ਦਾ ਰਾਜਾ ਹਾਂ।’” 22 ਪਿਲਾਤੁਸ ਨੇ ਜਵਾਬ ਦਿੱਤਾ: “ਮੈਂ ਜੋ ਲਿਖ ਦਿੱਤਾ ਸੋ ਲਿਖ ਦਿੱਤਾ।”
23 ਜਿਨ੍ਹਾਂ ਫ਼ੌਜੀਆਂ ਨੇ ਯਿਸੂ ਨੂੰ ਸੂਲ਼ੀ ʼਤੇ ਟੰਗਿਆ ਸੀ, ਉਨ੍ਹਾਂ ਨੇ ਉਸ ਦਾ ਕੱਪੜਾ ਲੈ ਕੇ ਚਾਰ ਟੁਕੜੇ ਕਰ ਲਏ ਅਤੇ ਉਨ੍ਹਾਂ ਨੇ ਇਕ-ਇਕ ਟੁਕੜਾ ਲੈ ਲਿਆ। ਫਿਰ ਉਨ੍ਹਾਂ ਨੇ ਉਸ ਦਾ ਕੁੜਤਾ ਵੀ ਲੈ ਲਿਆ। ਪਰ ਕੁੜਤੇ ਨੂੰ ਕੋਈ ਸੀਣ ਨਹੀਂ ਲੱਗੀ ਹੋਈ ਸੀ, ਇਹ ਉੱਪਰੋਂ ਲੈ ਕੇ ਥੱਲੇ ਤਕ ਬੁਣਿਆ ਹੋਇਆ ਸੀ। 24 ਇਸ ਲਈ ਉਨ੍ਹਾਂ ਨੇ ਇਕ-ਦੂਜੇ ਨੂੰ ਕਿਹਾ: “ਸਾਨੂੰ ਇਸ ਨੂੰ ਪਾੜਨਾ ਨਹੀਂ ਚਾਹੀਦਾ, ਪਰ ਆਪਾਂ ਗੁਣੇ ਪਾ ਕੇ ਤੈਅ ਕਰ ਲੈਂਦੇ ਹਾਂ ਕਿ ਇਹ ਕਿਸ ਦਾ ਹੋਵੇਗਾ।”+ ਇਸ ਤਰ੍ਹਾਂ ਧਰਮ-ਗ੍ਰੰਥ ਦੀ ਇਹ ਗੱਲ ਪੂਰੀ ਹੋਈ: “ਉਨ੍ਹਾਂ ਨੇ ਮੇਰੇ ਕੱਪੜੇ ਆਪਸ ਵਿਚ ਵੰਡ ਲਏ ਅਤੇ ਮੇਰੇ ਕੱਪੜਿਆਂ ʼਤੇ ਗੁਣੇ ਪਾਏ।”+ ਫ਼ੌਜੀਆਂ ਨੇ ਵਾਕਈ ਇਸੇ ਤਰ੍ਹਾਂ ਕੀਤਾ ਸੀ।
25 ਯਿਸੂ ਦੀ ਤਸੀਹੇ ਦੀ ਸੂਲ਼ੀ* ਦੇ ਲਾਗੇ ਉਸ ਦੀ ਮਾਤਾ,+ ਉਸ ਦੀ ਮਾਸੀ, ਕਲੋਪਾਸ ਦੀ ਘਰਵਾਲੀ ਮਰੀਅਮ ਅਤੇ ਮਰੀਅਮ ਮਗਦਲੀਨੀ ਖੜ੍ਹੀਆਂ ਸਨ।+ 26 ਇਸ ਲਈ ਯਿਸੂ ਨੇ ਆਪਣੀ ਮਾਤਾ ਅਤੇ ਲਾਗੇ ਖੜ੍ਹੇ ਉਸ ਚੇਲੇ ਵੱਲ, ਜਿਸ ਨੂੰ ਉਹ ਪਿਆਰ ਕਰਦਾ ਸੀ,+ ਦੇਖ ਕੇ ਆਪਣੀ ਮਾਤਾ ਨੂੰ ਕਿਹਾ: “ਮਾਂ, ਦੇਖ, ਹੁਣ ਤੋਂ ਇਹ ਤੇਰਾ ਪੁੱਤਰ ਹੈ!” 27 ਫਿਰ ਉਸ ਨੇ ਉਸ ਚੇਲੇ ਨੂੰ ਕਿਹਾ: “ਦੇਖ, ਹੁਣ ਤੋਂ ਇਹ ਤੇਰੀ ਮਾਂ ਹੈ!” ਅਤੇ ਉਹ ਚੇਲਾ ਉਸ ਸਮੇਂ ਮਰੀਅਮ ਨੂੰ ਆਪਣੇ ਘਰ ਲੈ ਗਿਆ।
28 ਇਸ ਤੋਂ ਬਾਅਦ, ਜਦੋਂ ਯਿਸੂ ਜਾਣ ਗਿਆ ਕਿ ਉਸ ਨੇ ਸਾਰੇ ਕੰਮ ਪੂਰੇ ਕਰ ਦਿੱਤੇ ਸਨ, ਤਾਂ ਧਰਮ-ਗ੍ਰੰਥ ਵਿਚ ਲਿਖੀ ਗੱਲ ਪੂਰੀ ਕਰਨ ਲਈ ਉਸ ਨੇ ਕਿਹਾ: “ਮੈਨੂੰ ਪਿਆਸ ਲੱਗੀ ਹੈ।”+ 29 ਉੱਥੇ ਸਿਰਕੇ ਨਾਲ ਭਰਿਆ ਇਕ ਘੜਾ ਪਿਆ ਸੀ। ਇਸ ਲਈ ਉੱਥੇ ਖੜ੍ਹੇ ਕੁਝ ਲੋਕਾਂ ਨੇ ਸਪੰਜ ਨੂੰ ਸਿਰਕੇ ਵਿਚ ਡੋਬ ਕੇ ਅਤੇ ਜ਼ੂਫੇ* ਦੀ ਛਿਟੀ ਉੱਤੇ ਸਪੰਜ ਲਾ ਕੇ ਉਸ ਦੇ ਮੂੰਹ ਦੇ ਲਾਗੇ ਕੀਤਾ।+ 30 ਸਿਰਕੇ ਨੂੰ ਚੱਖਣ ਤੋਂ ਬਾਅਦ ਯਿਸੂ ਨੇ ਕਿਹਾ: “ਸਾਰਾ ਕੰਮ ਪੂਰਾ ਹੋਇਆ!”+ ਅਤੇ ਉਸ ਨੇ ਸਿਰ ਸੁੱਟ ਕੇ ਦਮ ਤੋੜ ਦਿੱਤਾ।+
31 ਫਿਰ ਤਿਆਰੀ ਦਾ ਦਿਨ ਹੋਣ ਕਰਕੇ+ ਯਹੂਦੀਆਂ ਨੇ ਪਿਲਾਤੁਸ ਨੂੰ ਬੇਨਤੀ ਕੀਤੀ ਕਿ ਅਪਰਾਧੀਆਂ ਦੀਆਂ ਲੱਤਾਂ ਤੋੜੀਆਂ ਜਾਣ ਅਤੇ ਉਨ੍ਹਾਂ ਦੀਆਂ ਲਾਸ਼ਾਂ ਲਾਹ ਲਈਆਂ ਜਾਣ ਤਾਂਕਿ ਇਹ ਸਬਤ ਦੇ ਦਿਨ ਤਸੀਹੇ ਦੀ ਸੂਲ਼ੀ ਉੱਤੇ ਟੰਗੀਆਂ ਨਾ ਰਹਿਣ।+ (ਉਹ ਸਬਤ ਖ਼ਾਸ ਸਬਤ ਸੀ।)+ 32 ਇਸ ਲਈ ਫ਼ੌਜੀਆਂ ਨੇ ਆ ਕੇ ਉਸ ਨਾਲ ਟੰਗੇ ਦੋਵਾਂ ਅਪਰਾਧੀਆਂ ਦੀਆਂ ਲੱਤਾਂ ਤੋੜ ਦਿੱਤੀਆਂ। 33 ਪਰ ਜਦੋਂ ਉਹ ਯਿਸੂ ਕੋਲ ਆਏ, ਤਾਂ ਉਨ੍ਹਾਂ ਨੇ ਦੇਖਿਆ ਕਿ ਉਹ ਮਰ ਚੁੱਕਾ ਸੀ, ਇਸ ਲਈ ਉਨ੍ਹਾਂ ਨੇ ਉਸ ਦੀਆਂ ਲੱਤਾਂ ਨਹੀਂ ਤੋੜੀਆਂ। 34 ਪਰ ਇਕ ਫ਼ੌਜੀ ਨੇ ਆਪਣੇ ਬਰਛੇ ਨਾਲ ਉਸ ਦੀਆਂ ਪਸਲੀਆਂ ਨੂੰ ਵਿੰਨ੍ਹਿਆ+ ਅਤੇ ਉਸੇ ਵੇਲੇ ਲਹੂ ਅਤੇ ਪਾਣੀ ਨਿਕਲਿਆ। 35 ਜਿਸ ਨੇ ਇਹ ਸਭ ਕੁਝ ਆਪਣੀ ਅੱਖੀਂ ਦੇਖਿਆ, ਉਸੇ ਨੇ ਇਸ ਬਾਰੇ ਦੱਸਿਆ ਅਤੇ ਉਸ ਦੀ ਗਵਾਹੀ ਸੱਚੀ ਹੈ ਅਤੇ ਉਹ ਜਾਣਦਾ ਹੈ ਕਿ ਉਸ ਨੇ ਜੋ ਦੱਸਿਆ ਹੈ, ਉਹ ਸੱਚ ਹੈ ਤਾਂਕਿ ਤੁਸੀਂ ਵੀ ਵਿਸ਼ਵਾਸ ਕਰੋ।+ 36 ਅਸਲ ਵਿਚ, ਇਹ ਸਭ ਕੁਝ ਇਸੇ ਲਈ ਹੋਇਆ ਤਾਂਕਿ ਧਰਮ-ਗ੍ਰੰਥ ਵਿਚ ਲਿਖੀ ਗੱਲ ਪੂਰੀ ਹੋਵੇ: “ਉਸ ਦੀ ਇਕ ਵੀ ਹੱਡੀ ਨਹੀਂ ਤੋੜੀ ਜਾਵੇਗੀ।”+ 37 ਨਾਲੇ ਇਕ ਹੋਰ ਆਇਤ ਪੂਰੀ ਹੋਈ: “ਉਹ ਉਸ ਨੂੰ ਦੇਖਣਗੇ ਜਿਸ ਨੂੰ ਉਨ੍ਹਾਂ ਨੇ ਵਿੰਨ੍ਹਿਆ ਹੈ।”+
38 ਹੁਣ ਇਸ ਤੋਂ ਬਾਅਦ, ਪਿਲਾਤੁਸ ਕੋਲ ਅਰਿਮਥੀਆ ਦਾ ਰਹਿਣ ਵਾਲਾ ਇਕ ਬੰਦਾ ਯੂਸੁਫ਼ ਆਇਆ। ਯੂਸੁਫ਼ ਯਿਸੂ ਦਾ ਚੇਲਾ ਸੀ, ਪਰ ਉਸ ਨੇ ਯਹੂਦੀ ਆਗੂਆਂ ਤੋਂ ਡਰ ਦੇ ਮਾਰੇ ਇਹ ਗੱਲ ਲੁਕੋ ਕੇ ਰੱਖੀ ਸੀ।+ ਉਸ ਨੇ ਪਿਲਾਤੁਸ ਤੋਂ ਯਿਸੂ ਦੀ ਲਾਸ਼ ਲੈ ਜਾਣ ਦੀ ਇਜਾਜ਼ਤ ਮੰਗੀ। ਪਿਲਾਤੁਸ ਨੇ ਇਜਾਜ਼ਤ ਦੇ ਦਿੱਤੀ। ਇਸ ਲਈ ਉਹ ਆ ਕੇ ਯਿਸੂ ਦੀ ਲਾਸ਼ ਲੈ ਗਿਆ।+ 39 ਨਿਕੁਦੇਮੁਸ+ ਵੀ, ਜਿਹੜਾ ਪਹਿਲੀ ਵਾਰ ਯਿਸੂ ਕੋਲ ਰਾਤ ਨੂੰ ਆਇਆ ਸੀ, ਤਕਰੀਬਨ 30 ਕਿਲੋ* ਗੰਧਰਸ ਤੇ ਅਗਰ ਦਾ ਮਿਸ਼ਰਣ ਲੈ ਕੇ ਆਇਆ।+ 40 ਉਨ੍ਹਾਂ ਨੇ ਯਿਸੂ ਦੀ ਲਾਸ਼ ʼਤੇ ਮਸਾਲੇ ਲਾ ਕੇ ਵਧੀਆ ਕੱਪੜੇ ਦੀਆਂ ਪੱਟੀਆਂ ਬੰਨ੍ਹ ਦਿੱਤੀਆਂ+ ਜਿਵੇਂ ਯਹੂਦੀਆਂ ਦੀ ਲਾਸ਼ ਨੂੰ ਦਫ਼ਨਾਉਣ ਦੀ ਰੀਤ ਸੀ। 41 ਇਤਫ਼ਾਕ ਨਾਲ, ਜਿੱਥੇ ਯਿਸੂ ਨੂੰ ਸੂਲ਼ੀ ਉੱਤੇ ਟੰਗਿਆ ਗਿਆ ਸੀ, ਉੱਥੇ ਲਾਗੇ ਹੀ ਇਕ ਬਾਗ਼ ਵਿਚ ਇਕ ਨਵੀਂ ਕਬਰ ਸੀ+ ਜਿਸ ਵਿਚ ਹਾਲੇ ਤਕ ਕਿਸੇ ਨੂੰ ਰੱਖਿਆ ਨਹੀਂ ਗਿਆ ਸੀ। 42 ਯਹੂਦੀਆਂ ਦੇ ਤਿਉਹਾਰ ਦੀ ਤਿਆਰੀ ਦਾ ਦਿਨ ਹੋਣ ਕਰਕੇ+ ਉਨ੍ਹਾਂ ਨੇ ਯਿਸੂ ਦੀ ਲਾਸ਼ ਨੂੰ ਉਸ ਕਬਰ ਵਿਚ ਰੱਖ ਦਿੱਤਾ ਕਿਉਂਕਿ ਉਹ ਕਬਰ ਲਾਗੇ ਹੀ ਸੀ।
20 ਹਫ਼ਤੇ ਦੇ ਪਹਿਲੇ ਦਿਨ* ਸਵੇਰੇ-ਸਵੇਰੇ, ਜਦੋਂ ਅਜੇ ਹਨੇਰਾ ਹੀ ਸੀ, ਮਰੀਅਮ ਮਗਦਲੀਨੀ ਕਬਰ ʼਤੇ ਆਈ+ ਅਤੇ ਉਸ ਨੇ ਦੇਖਿਆ ਕਿ ਕਬਰ ਦੇ ਮੂੰਹ ਤੋਂ ਪੱਥਰ ਨੂੰ ਪਹਿਲਾਂ ਹੀ ਹਟਾ ਕੇ ਇਕ ਪਾਸੇ ਰੱਖਿਆ ਹੋਇਆ ਸੀ।+ 2 ਇਸ ਲਈ ਉਹ ਭੱਜ ਕੇ ਸ਼ਮਊਨ ਪਤਰਸ ਤੇ ਉਸ ਚੇਲੇ ਕੋਲ ਆਈ ਜਿਸ ਨੂੰ ਯਿਸੂ ਪਿਆਰ ਕਰਦਾ ਸੀ+ ਅਤੇ ਉਨ੍ਹਾਂ ਨੂੰ ਕਿਹਾ: “ਉਹ ਪ੍ਰਭੂ ਨੂੰ ਕਬਰ ਵਿੱਚੋਂ ਕੱਢ ਕੇ ਲੈ ਗਏ ਹਨ+ ਅਤੇ ਸਾਨੂੰ ਨਹੀਂ ਪਤਾ ਕਿ ਉਨ੍ਹਾਂ ਨੇ ਉਸ ਨੂੰ ਕਿੱਥੇ ਰੱਖਿਆ ਹੈ।”
3 ਫਿਰ ਪਤਰਸ ਅਤੇ ਉਹ ਦੂਸਰਾ ਚੇਲਾ ਕਬਰ ਵੱਲ ਨੂੰ ਤੁਰ ਪਏ। 4 ਤੁਰਦੇ-ਤੁਰਦੇ ਉਹ ਦੋਵੇਂ ਭੱਜਣ ਲੱਗ ਪਏ, ਪਰ ਦੂਸਰਾ ਚੇਲਾ ਪਤਰਸ ਨਾਲੋਂ ਤੇਜ਼ ਦੌੜਿਆ ਅਤੇ ਕਬਰ ʼਤੇ ਪਹਿਲਾਂ ਪਹੁੰਚ ਗਿਆ। 5 ਉਸ ਨੇ ਝੁਕ ਕੇ ਦੇਖਿਆ ਕਿ ਉੱਥੇ ਮਲਮਲ ਦੇ ਕੱਪੜੇ ਪਏ ਸਨ,+ ਪਰ ਉਹ ਆਪ ਅੰਦਰ ਨਹੀਂ ਗਿਆ। 6 ਫਿਰ ਸ਼ਮਊਨ ਪਤਰਸ ਉਸ ਦੇ ਪਿੱਛੇ-ਪਿੱਛੇ ਆਇਆ ਅਤੇ ਕਬਰ ਦੇ ਅੰਦਰ ਚਲਾ ਗਿਆ। ਉਸ ਨੇ ਵੀ ਮਲਮਲ ਦੇ ਕੱਪੜੇ ਪਏ ਦੇਖੇ 7 ਅਤੇ ਜਿਹੜਾ ਕੱਪੜਾ ਯਿਸੂ ਦੇ ਸਿਰ ਉੱਤੇ ਬੰਨ੍ਹਿਆ ਸੀ, ਉਹ ਦੂਜੇ ਕੱਪੜਿਆਂ ਨਾਲ ਨਹੀਂ ਸਗੋਂ ਲਪੇਟ ਕੇ ਵੱਖਰਾ ਰੱਖਿਆ ਹੋਇਆ ਸੀ। 8 ਫਿਰ ਦੂਜਾ ਚੇਲਾ ਵੀ ਜਿਹੜਾ ਪਹਿਲਾਂ ਕਬਰ ʼਤੇ ਆਇਆ ਸੀ, ਕਬਰ ਅੰਦਰ ਗਿਆ ਅਤੇ ਉਸ ਨੇ ਦੇਖਿਆ ਤੇ ਯਕੀਨ ਕੀਤਾ। 9 ਪਰ ਉਹ ਧਰਮ-ਗ੍ਰੰਥ ਵਿਚ ਲਿਖੀ ਇਸ ਗੱਲ ਦਾ ਮਤਲਬ ਅਜੇ ਨਹੀਂ ਸਮਝੇ ਸਨ ਕਿ ਯਿਸੂ ਨੇ ਮਰੇ ਹੋਏ ਲੋਕਾਂ ਵਿੱਚੋਂ ਜੀਉਂਦਾ ਹੋਣਾ ਸੀ।+ 10 ਇਸ ਲਈ ਉਹ ਚੇਲੇ ਵਾਪਸ ਆਪਣੇ ਘਰਾਂ ਨੂੰ ਚਲੇ ਗਏ।
11 ਪਰ ਮਰੀਅਮ ਬਾਹਰ ਕਬਰ ਦੇ ਲਾਗੇ ਖੜ੍ਹੀ ਰੋਂਦੀ ਰਹੀ। ਫਿਰ ਉਸ ਨੇ ਰੋਂਦੇ ਹੋਏ ਝੁਕ ਕੇ ਕਬਰ ਦੇ ਅੰਦਰ ਦੇਖਿਆ 12 ਅਤੇ ਉਸ ਨੇ ਚਿੱਟੇ ਕੱਪੜੇ ਪਾਈ ਦੋ ਦੂਤ+ ਬੈਠੇ ਦੇਖੇ ਜਿੱਥੇ ਪਹਿਲਾਂ ਯਿਸੂ ਦੀ ਲਾਸ਼ ਪਈ ਸੀ, ਇਕ ਦੂਤ ਉੱਥੇ ਬੈਠਾ ਸੀ ਜਿੱਥੇ ਯਿਸੂ ਦਾ ਸਿਰ ਸੀ ਅਤੇ ਦੂਜਾ ਉੱਥੇ ਸੀ ਜਿੱਥੇ ਯਿਸੂ ਦੇ ਪੈਰ ਸਨ। 13 ਉਨ੍ਹਾਂ ਨੇ ਉਸ ਨੂੰ ਕਿਹਾ: “ਬੀਬੀ, ਤੂੰ ਕਿਉਂ ਰੋ ਰਹੀ ਹੈਂ?” ਉਸ ਨੇ ਉਨ੍ਹਾਂ ਨੂੰ ਕਿਹਾ: “ਉਹ ਮੇਰੇ ਪ੍ਰਭੂ ਨੂੰ ਲੈ ਗਏ ਹਨ ਅਤੇ ਮੈਨੂੰ ਨਹੀਂ ਪਤਾ ਕਿ ਉਨ੍ਹਾਂ ਨੇ ਉਸ ਨੂੰ ਕਿੱਥੇ ਰੱਖਿਆ ਹੈ।” 14 ਇਹ ਕਹਿਣ ਤੋਂ ਬਾਅਦ ਉਹ ਪਿੱਛੇ ਮੁੜੀ ਅਤੇ ਯਿਸੂ ਨੂੰ ਖੜ੍ਹਾ ਦੇਖਿਆ, ਪਰ ਉਸ ਨੂੰ ਪਤਾ ਨਹੀਂ ਲੱਗਾ ਕਿ ਉਹ ਯਿਸੂ ਸੀ।+ 15 ਯਿਸੂ ਨੇ ਉਸ ਨੂੰ ਕਿਹਾ: “ਬੀਬੀ, ਤੂੰ ਕਿਉਂ ਰੋ ਰਹੀ ਹੈਂ? ਤੂੰ ਕਿਸ ਨੂੰ ਲੱਭ ਰਹੀ ਹੈਂ?” ਉਸ ਨੂੰ ਮਾਲੀ ਸਮਝ ਕੇ ਮਰੀਅਮ ਨੇ ਕਿਹਾ: “ਵੀਰਾ, ਜੇ ਤੂੰ ਉਸ ਨੂੰ ਲੈ ਗਿਆ ਹੈਂ, ਤਾਂ ਮੈਨੂੰ ਦੱਸ ਤੂੰ ਉਸ ਨੂੰ ਕਿੱਥੇ ਰੱਖਿਆ ਹੈ ਤਾਂਕਿ ਮੈਂ ਉਸ ਨੂੰ ਲੈ ਜਾਵਾਂ।” 16 ਯਿਸੂ ਨੇ ਉਸ ਨੂੰ ਕਿਹਾ: “ਮਰੀਅਮ!” ਉਸ ਨੇ ਪਿੱਛੇ ਮੁੜ ਕੇ ਇਬਰਾਨੀ ਵਿਚ ਕਿਹਾ: “ਰੱਬੋਨੀ!” (ਜਿਸ ਦਾ ਮਤਲਬ ਹੈ “ਗੁਰੂ!”) 17 ਯਿਸੂ ਨੇ ਉਸ ਨੂੰ ਕਿਹਾ: “ਮੈਨੂੰ ਫੜੀ ਨਾ ਰੱਖ ਕਿਉਂਕਿ ਮੈਂ ਅਜੇ ਉੱਪਰ ਪਿਤਾ ਕੋਲ ਨਹੀਂ ਗਿਆ ਹਾਂ। ਪਰ ਜਾ ਕੇ ਮੇਰੇ ਭਰਾਵਾਂ+ ਨੂੰ ਦੱਸ, ‘ਮੈਂ ਉੱਪਰ ਆਪਣੇ ਪਿਤਾ+ ਅਤੇ ਤੁਹਾਡੇ ਪਿਤਾ ਕੋਲ ਅਤੇ ਆਪਣੇ ਪਰਮੇਸ਼ੁਰ+ ਅਤੇ ਤੁਹਾਡੇ ਪਰਮੇਸ਼ੁਰ ਕੋਲ ਜਾ ਰਿਹਾ ਹਾਂ।’” 18 ਮਰੀਅਮ ਮਗਦਲੀਨੀ ਨੇ ਆ ਕੇ ਚੇਲਿਆਂ ਨੂੰ ਖ਼ਬਰ ਦਿੱਤੀ: “ਮੈਂ ਪ੍ਰਭੂ ਨੂੰ ਦੇਖਿਆ ਹੈ!” ਉਸ ਨੇ ਉਨ੍ਹਾਂ ਨੂੰ ਦੱਸਿਆ ਕਿ ਪ੍ਰਭੂ ਨੇ ਉਸ ਨੂੰ ਕੀ-ਕੀ ਕਿਹਾ ਸੀ।+
19 ਉਸੇ ਦਿਨ ਸ਼ਾਮ ਨੂੰ, ਜੋ ਕਿ ਹਫ਼ਤੇ ਦਾ ਪਹਿਲਾ ਦਿਨ ਸੀ, ਚੇਲੇ ਯਹੂਦੀ ਆਗੂਆਂ ਤੋਂ ਡਰ ਦੇ ਮਾਰੇ ਘਰ ਦੇ ਅੰਦਰ ਸਨ ਅਤੇ ਦਰਵਾਜ਼ੇ ਦਾ ਕੁੰਡਾ ਲੱਗਾ ਹੋਇਆ ਸੀ। ਫਿਰ ਵੀ ਯਿਸੂ ਉਨ੍ਹਾਂ ਦੇ ਵਿਚਕਾਰ ਆ ਖੜ੍ਹਾ ਹੋਇਆ ਅਤੇ ਉਨ੍ਹਾਂ ਨੂੰ ਕਿਹਾ: “ਰੱਬ ਤੁਹਾਨੂੰ ਸ਼ਾਂਤੀ ਬਖ਼ਸ਼ੇ।”+ 20 ਇਹ ਕਹਿਣ ਤੋਂ ਬਾਅਦ ਉਸ ਨੇ ਉਨ੍ਹਾਂ ਨੂੰ ਆਪਣੇ ਹੱਥ ਤੇ ਆਪਣੀਆਂ ਪਸਲੀਆਂ ਦਿਖਾਈਆਂ।+ ਤਦ ਚੇਲੇ ਪ੍ਰਭੂ ਨੂੰ ਦੇਖ ਕੇ ਬੜੇ ਖ਼ੁਸ਼ ਹੋਏ।+ 21 ਯਿਸੂ ਨੇ ਉਨ੍ਹਾਂ ਨੂੰ ਦੁਬਾਰਾ ਕਿਹਾ: “ਰੱਬ ਤੁਹਾਨੂੰ ਸ਼ਾਂਤੀ ਬਖ਼ਸ਼ੇ।+ ਜਿਵੇਂ ਪਿਤਾ ਨੇ ਮੈਨੂੰ ਦੁਨੀਆਂ ਵਿਚ ਘੱਲਿਆ,+ ਉਸੇ ਤਰ੍ਹਾਂ ਮੈਂ ਵੀ ਤੁਹਾਨੂੰ ਦੁਨੀਆਂ ਵਿਚ ਘੱਲ ਰਿਹਾ ਹਾਂ।”+ 22 ਇਹ ਕਹਿਣ ਤੋਂ ਬਾਅਦ ਉਸ ਨੇ ਉਨ੍ਹਾਂ ਉੱਤੇ ਫੂਕ ਮਾਰੀ ਤੇ ਕਿਹਾ: “ਪਵਿੱਤਰ ਸ਼ਕਤੀ ਪਾਓ।+ 23 ਜੇ ਤੁਸੀਂ ਕਿਸੇ ਦੇ ਪਾਪ ਮਾਫ਼ ਕਰਦੇ ਹੋ, ਤਾਂ ਪਰਮੇਸ਼ੁਰ ਨੇ ਪਹਿਲਾਂ ਹੀ ਉਸ ਦੇ ਪਾਪ ਮਾਫ਼ ਕਰ ਦਿੱਤੇ ਹਨ; ਜੇ ਤੁਸੀਂ ਕਿਸੇ ਦੇ ਪਾਪ ਮਾਫ਼ ਨਹੀਂ ਕਰਦੇ, ਤਾਂ ਪਰਮੇਸ਼ੁਰ ਨੇ ਉਸ ਦੇ ਪਾਪ ਮਾਫ਼ ਨਹੀਂ ਕੀਤੇ ਹਨ।”
24 ਪਰ 12 ਰਸੂਲਾਂ ਵਿੱਚੋਂ ਇਕ ਰਸੂਲ ਥੋਮਾ,+ ਜੋ ਜੌੜਾ ਕਹਾਉਂਦਾ ਸੀ, ਉਸ ਵੇਲੇ ਉਨ੍ਹਾਂ ਨਾਲ ਨਹੀਂ ਸੀ ਜਦੋਂ ਯਿਸੂ ਆਇਆ ਸੀ। 25 ਇਸ ਕਰਕੇ ਦੂਸਰੇ ਚੇਲੇ ਉਸ ਨੂੰ ਦੱਸ ਰਹੇ ਸਨ: “ਅਸੀਂ ਪ੍ਰਭੂ ਨੂੰ ਦੇਖਿਆ ਹੈ!” ਪਰ ਉਸ ਨੇ ਉਨ੍ਹਾਂ ਨੂੰ ਕਿਹਾ: “ਜਦ ਤਕ ਮੈਂ ਉਸ ਦੇ ਹੱਥਾਂ ਵਿਚ ਕਿੱਲਾਂ ਦੇ ਨਿਸ਼ਾਨ ਨਾ ਦੇਖ ਲਵਾਂ ਤੇ ਕਿੱਲਾਂ ਦੇ ਨਿਸ਼ਾਨਾਂ ਵਿਚ ਆਪਣੀ ਉਂਗਲ ਅਤੇ ਉਸ ਦੀਆਂ ਪਸਲੀਆਂ ਵਿਚ ਆਪਣਾ ਹੱਥ ਨਾ ਪਾ ਲਵਾਂ,+ ਤਦ ਤਕ ਮੈਂ ਵਿਸ਼ਵਾਸ ਨਹੀਂ ਕਰਾਂਗਾ।”
26 ਫਿਰ ਅੱਠਾਂ ਦਿਨਾਂ ਬਾਅਦ ਚੇਲੇ ਦੁਬਾਰਾ ਘਰ ਵਿਚ ਸਨ ਅਤੇ ਥੋਮਾ ਵੀ ਉਨ੍ਹਾਂ ਦੇ ਨਾਲ ਸੀ। ਦਰਵਾਜ਼ੇ ਦਾ ਕੁੰਡਾ ਲੱਗਾ ਹੋਣ ਦੇ ਬਾਵਜੂਦ ਵੀ ਯਿਸੂ ਆ ਕੇ ਉਨ੍ਹਾਂ ਵਿਚਕਾਰ ਖੜ੍ਹਾ ਹੋ ਗਿਆ ਅਤੇ ਕਿਹਾ: “ਰੱਬ ਤੁਹਾਨੂੰ ਸ਼ਾਂਤੀ ਬਖ਼ਸ਼ੇ।”+ 27 ਫਿਰ ਉਸ ਨੇ ਥੋਮਾ ਨੂੰ ਕਿਹਾ: “ਆਹ ਦੇਖ ਮੇਰੇ ਹੱਥ, ਆਪਣੀ ਉਂਗਲ ਇਨ੍ਹਾਂ ਵਿਚ ਪਾ ਅਤੇ ਆਪਣਾ ਹੱਥ ਮੇਰੀਆਂ ਪਸਲੀਆਂ ਵਿਚ ਪਾ ਅਤੇ ਸ਼ੱਕ ਕਰਨਾ ਛੱਡ ਕੇ ਵਿਸ਼ਵਾਸ ਕਰ।” 28 ਜਵਾਬ ਵਿਚ ਥੋਮਾ ਨੇ ਉਸ ਨੂੰ ਕਿਹਾ: “ਮੇਰੇ ਪ੍ਰਭੂ, ਮੇਰੇ ਪਰਮੇਸ਼ੁਰ!” 29 ਯਿਸੂ ਨੇ ਉਸ ਨੂੰ ਕਿਹਾ: “ਕੀ ਤੂੰ ਇਸ ਕਰਕੇ ਵਿਸ਼ਵਾਸ ਕਰਦਾ ਹੈਂ ਕਿਉਂਕਿ ਤੂੰ ਮੈਨੂੰ ਦੇਖ ਲਿਆ ਹੈ? ਧੰਨ ਹਨ ਉਹ ਜਿਹੜੇ ਦੇਖੇ ਬਿਨਾਂ ਵਿਸ਼ਵਾਸ ਕਰਦੇ ਹਨ।”
30 ਬੇਸ਼ੱਕ ਯਿਸੂ ਨੇ ਆਪਣੇ ਚੇਲਿਆਂ ਸਾਮ੍ਹਣੇ ਹੋਰ ਬਹੁਤ ਸਾਰੇ ਚਮਤਕਾਰ ਕੀਤੇ ਸਨ ਜਿਨ੍ਹਾਂ ਨੂੰ ਇਸ ਕਿਤਾਬ* ਵਿਚ ਨਹੀਂ ਲਿਖਿਆ ਗਿਆ ਹੈ।+ 31 ਪਰ ਜਿਹੜੇ ਚਮਤਕਾਰ ਲਿਖੇ ਗਏ ਹਨ, ਉਹ ਇਸ ਕਰਕੇ ਲਿਖੇ ਗਏ ਹਨ ਤਾਂਕਿ ਤੁਸੀਂ ਵਿਸ਼ਵਾਸ ਕਰੋ ਕਿ ਯਿਸੂ ਹੀ ਮਸੀਹ ਤੇ ਪਰਮੇਸ਼ੁਰ ਦਾ ਪੁੱਤਰ ਹੈ ਅਤੇ ਵਿਸ਼ਵਾਸ ਕਰਨ ਕਰਕੇ ਤੁਹਾਨੂੰ ਉਸ ਦੇ ਨਾਂ ʼਤੇ ਜ਼ਿੰਦਗੀ ਮਿਲੇ।+
21 ਇਸ ਤੋਂ ਬਾਅਦ ਯਿਸੂ ਦੁਬਾਰਾ ਆਪਣੇ ਚੇਲਿਆਂ ਸਾਮ੍ਹਣੇ ਤਿਬਰਿਆਸ ਦੀ ਝੀਲ ਦੇ ਕੰਢੇ ਪ੍ਰਗਟ ਹੋਇਆ। ਉਹ ਇਸ ਤਰ੍ਹਾਂ ਪ੍ਰਗਟ ਹੋਇਆ। 2 ਸ਼ਮਊਨ ਪਤਰਸ, ਥੋਮਾ (ਜੋ ਜੌੜਾ ਕਹਾਉਂਦਾ ਸੀ),+ ਗਲੀਲ ਦੇ ਕਾਨਾ ਸ਼ਹਿਰ ਦਾ ਨਥਾਨਿਏਲ,+ ਜ਼ਬਦੀ ਦੇ ਪੁੱਤਰ+ ਅਤੇ ਉਸ ਦੇ ਦੋ ਹੋਰ ਚੇਲੇ ਇਕੱਠੇ ਸਨ। 3 ਸ਼ਮਊਨ ਪਤਰਸ ਨੇ ਉਨ੍ਹਾਂ ਨੂੰ ਕਿਹਾ: “ਮੈਂ ਮੱਛੀਆਂ ਫੜਨ ਜਾ ਰਿਹਾ ਹਾਂ।” ਉਨ੍ਹਾਂ ਨੇ ਉਸ ਨੂੰ ਕਿਹਾ: “ਅਸੀਂ ਵੀ ਤੇਰੇ ਨਾਲ ਆ ਰਹੇ ਹਾਂ।” ਇਸ ਲਈ ਉਹ ਕਿਸ਼ਤੀ ਵਿਚ ਚੜ੍ਹ ਕੇ ਮੱਛੀਆਂ ਫੜਨ ਚਲੇ ਗਏ, ਪਰ ਸਾਰੀ ਰਾਤ ਉਹ ਇਕ ਵੀ ਮੱਛੀ ਨਾ ਫੜ ਸਕੇ।+
4 ਜਦੋਂ ਦਿਨ ਚੜ੍ਹਨ ਵਾਲਾ ਸੀ, ਤਾਂ ਯਿਸੂ ਕੰਢੇ ʼਤੇ ਆ ਖੜ੍ਹਾ ਹੋਇਆ, ਪਰ ਚੇਲਿਆਂ ਨੇ ਉਸ ਨੂੰ ਪਛਾਣਿਆ ਨਹੀਂ।+ 5 ਫਿਰ ਯਿਸੂ ਨੇ ਉਨ੍ਹਾਂ ਨੂੰ ਕਿਹਾ: “ਬੱਚਿਓ, ਕੀ ਤੁਹਾਡੇ ਕੋਲ ਕੁਝ ਖਾਣ ਲਈ ਹੈ?” ਉਨ੍ਹਾਂ ਨੇ ਜਵਾਬ ਦਿੱਤਾ: “ਨਹੀਂ!” 6 ਉਸ ਨੇ ਉਨ੍ਹਾਂ ਨੂੰ ਕਿਹਾ: “ਕਿਸ਼ਤੀ ਦੇ ਸੱਜੇ ਪਾਸੇ ਜਾਲ਼ ਪਾਓ, ਤਾਂ ਤੁਹਾਨੂੰ ਕੁਝ ਮੱਛੀਆਂ ਮਿਲਣਗੀਆਂ।” ਉਨ੍ਹਾਂ ਨੇ ਇਸੇ ਤਰ੍ਹਾਂ ਕੀਤਾ, ਪਰ ਜਾਲ਼ ਵਿਚ ਬਹੁਤ ਸਾਰੀਆਂ ਮੱਛੀਆਂ ਫਸ ਜਾਣ ਕਰਕੇ ਉਹ ਜਾਲ਼ ਨੂੰ ਕਿਸ਼ਤੀ ਉੱਤੇ ਖਿੱਚ ਨਾ ਸਕੇ।+ 7 ਇਸ ਲਈ, ਜਿਸ ਚੇਲੇ ਨੂੰ ਯਿਸੂ ਪਿਆਰ ਕਰਦਾ ਸੀ,+ ਉਸ ਚੇਲੇ ਨੇ ਪਤਰਸ ਨੂੰ ਕਿਹਾ: “ਇਹ ਤਾਂ ਪ੍ਰਭੂ ਹੈ!” ਜਦੋਂ ਸ਼ਮਊਨ ਪਤਰਸ ਨੇ ਸੁਣਿਆ ਕਿ ਇਹ ਪ੍ਰਭੂ ਸੀ, ਤਾਂ ਉਸ ਨੇ ਆਪਣਾ ਕੁੜਤਾ ਪਾਇਆ ਕਿਉਂਕਿ ਉਹ ਅੱਧਾ ਨੰਗਾ* ਸੀ ਅਤੇ ਝੀਲ ਵਿਚ ਛਾਲ ਮਾਰ ਦਿੱਤੀ। 8 ਪਰ ਦੂਸਰੇ ਚੇਲੇ ਮੱਛੀਆਂ ਨਾਲ ਭਰਿਆ ਜਾਲ਼ ਖਿੱਚਦੇ ਹੋਏ ਕਿਸ਼ਤੀ ਵਿਚ ਆਏ ਕਿਉਂਕਿ ਉਹ ਕੰਢੇ ਤੋਂ ਜ਼ਿਆਦਾ ਦੂਰ ਨਹੀਂ ਸਨ, ਸਿਰਫ਼ ਲਗਭਗ 300 ਫੁੱਟ* ਦੂਰ ਸਨ।
9 ਜਦੋਂ ਉਹ ਕੰਢੇ ʼਤੇ ਆਏ, ਤਾਂ ਉਨ੍ਹਾਂ ਨੇ ਦੇਖਿਆ ਕਿ ਲੱਕੜ ਦੇ ਕੋਲਿਆਂ ਦੀ ਅੱਗ ਬਾਲ਼ੀ ਹੋਈ ਸੀ ਜਿਸ ਉੱਪਰ ਮੱਛੀਆਂ ਰੱਖੀਆਂ ਹੋਈਆਂ ਸਨ, ਨਾਲੇ ਉੱਥੇ ਰੋਟੀਆਂ ਵੀ ਪਈਆਂ ਸਨ। 10 ਯਿਸੂ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਜਿਹੜੀਆਂ ਮੱਛੀਆਂ ਹੁਣ ਫੜੀਆਂ ਹਨ, ਉਨ੍ਹਾਂ ਵਿੱਚੋਂ ਕੁਝ ਲਿਆਓ।” 11 ਇਸ ਲਈ ਸ਼ਮਊਨ ਪਤਰਸ ਨੇ ਕਿਸ਼ਤੀ ਵਿਚ ਚੜ੍ਹ ਕੇ ਮੱਛੀਆਂ ਨਾਲ ਭਰਿਆ ਜਾਲ਼ ਖਿੱਚ ਲਿਆਂਦਾ। ਜਾਲ਼ ਵਿਚ 153 ਵੱਡੀਆਂ ਮੱਛੀਆਂ ਸਨ, ਫਿਰ ਵੀ ਇੰਨੀਆਂ ਮੱਛੀਆਂ ਹੋਣ ਕਰਕੇ ਜਾਲ਼ ਨਾ ਟੁੱਟਿਆ। 12 ਯਿਸੂ ਨੇ ਉਨ੍ਹਾਂ ਨੂੰ ਕਿਹਾ: “ਆਓ, ਨਾਸ਼ਤਾ ਕਰੋ।” ਪਰ ਕਿਸੇ ਵੀ ਚੇਲੇ ਨੇ ਉਸ ਤੋਂ ਇਹ ਪੁੱਛਣ ਦਾ ਹੀਆ ਨਾ ਕੀਤਾ: “ਤੂੰ ਕੌਣ ਹੈਂ?” ਕਿਉਂਕਿ ਉਹ ਸਾਰੇ ਜਾਣਦੇ ਸਨ ਕਿ ਉਹ ਪ੍ਰਭੂ ਸੀ। 13 ਯਿਸੂ ਨੇ ਆ ਕੇ ਰੋਟੀ ਲਈ ਅਤੇ ਉਨ੍ਹਾਂ ਨੂੰ ਦਿੱਤੀ ਅਤੇ ਮੱਛੀ ਵੀ ਦਿੱਤੀ। 14 ਇਹ ਤੀਸਰੀ ਵਾਰ ਸੀ+ ਜਦੋਂ ਯਿਸੂ ਮਰੇ ਹੋਇਆਂ ਵਿੱਚੋਂ ਜੀਉਂਦਾ ਹੋਣ ਤੋਂ ਬਾਅਦ ਆਪਣੇ ਚੇਲਿਆਂ ਸਾਮ੍ਹਣੇ ਪ੍ਰਗਟ ਹੋਇਆ ਸੀ।
15 ਜਦੋਂ ਉਹ ਨਾਸ਼ਤਾ ਕਰ ਚੁੱਕੇ, ਤਾਂ ਯਿਸੂ ਨੇ ਸ਼ਮਊਨ ਪਤਰਸ ਨੂੰ ਪੁੱਛਿਆ: “ਹੇ ਸ਼ਮਊਨ, ਯੂਹੰਨਾ ਦੇ ਪੁੱਤਰ, ਕੀ ਤੂੰ ਮੈਨੂੰ ਇਨ੍ਹਾਂ* ਨਾਲੋਂ ਵੀ ਜ਼ਿਆਦਾ ਪਿਆਰ ਕਰਦਾ ਹੈਂ?” ਪਤਰਸ ਨੇ ਉਸ ਨੂੰ ਜਵਾਬ ਦਿੱਤਾ: “ਹਾਂ ਪ੍ਰਭੂ, ਤੂੰ ਜਾਣਦਾ ਹੈਂ ਕਿ ਮੈਂ ਤੈਨੂੰ ਪਿਆਰ ਕਰਦਾ ਹਾਂ।” ਉਸ ਨੇ ਪਤਰਸ ਨੂੰ ਕਿਹਾ: “ਮੇਰੇ ਲੇਲਿਆਂ ਨੂੰ ਚਾਰ।”+ 16 ਉਸ ਨੇ ਦੂਸਰੀ ਵਾਰ ਪਤਰਸ ਨੂੰ ਪੁੱਛਿਆ: “ਹੇ ਸ਼ਮਊਨ, ਯੂਹੰਨਾ ਦੇ ਪੁੱਤਰ, ਕੀ ਤੂੰ ਮੈਨੂੰ ਪਿਆਰ ਕਰਦਾ ਹੈਂ?” ਪਤਰਸ ਨੇ ਉਸ ਨੂੰ ਜਵਾਬ ਦਿੱਤਾ: “ਹਾਂ ਪ੍ਰਭੂ, ਤੂੰ ਜਾਣਦਾ ਹੈਂ ਕਿ ਮੈਂ ਤੇਰੇ ਨਾਲ ਪਿਆਰ ਕਰਦਾ ਹਾਂ।” ਉਸ ਨੇ ਪਤਰਸ ਨੂੰ ਕਿਹਾ: “ਚਰਵਾਹੇ ਵਾਂਗ ਮੇਰੇ ਲੇਲਿਆਂ ਦੀ ਦੇਖ-ਭਾਲ ਕਰ।”+ 17 ਉਸ ਨੇ ਪਤਰਸ ਨੂੰ ਤੀਸਰੀ ਵਾਰ ਪੁੱਛਿਆ: “ਹੇ ਸ਼ਮਊਨ, ਯੂਹੰਨਾ ਦੇ ਪੁੱਤਰ, ਕੀ ਤੂੰ ਮੈਨੂੰ ਪਿਆਰ ਕਰਦਾ ਹੈਂ?” ਪਤਰਸ ਬੜਾ ਦੁਖੀ ਹੋਇਆ ਕਿ ਯਿਸੂ ਨੇ ਤੀਸਰੀ ਵਾਰ ਉਸ ਨੂੰ ਪੁੱਛਿਆ: “ਕੀ ਤੂੰ ਮੈਨੂੰ ਪਿਆਰ ਕਰਦਾ ਹੈਂ?” ਇਸ ਲਈ ਉਸ ਨੇ ਕਿਹਾ: “ਪ੍ਰਭੂ, ਤੂੰ ਸਭ ਕੁਝ ਜਾਣਦਾ ਹੈਂ; ਤੈਨੂੰ ਪਤਾ ਹੈ ਕਿ ਮੈਂ ਤੇਰੇ ਨਾਲ ਪਿਆਰ ਕਰਦਾ ਹਾਂ।” ਯਿਸੂ ਨੇ ਉਸ ਨੂੰ ਕਿਹਾ: “ਮੇਰੇ ਲੇਲਿਆਂ ਨੂੰ ਚਾਰ।+ 18 ਮੈਂ ਤੈਨੂੰ ਸੱਚ-ਸੱਚ ਕਹਿੰਦਾ ਹਾਂ, ਜਦੋਂ ਤੂੰ ਜਵਾਨ ਸੀ, ਤਾਂ ਤੂੰ ਆਪੇ ਆਪਣੇ ਕੱਪੜੇ ਪਾ ਕੇ ਜਿੱਥੇ ਚਾਹੁੰਦਾ ਸੀ ਉੱਥੇ ਚਲਾ ਜਾਂਦਾ ਸੀ। ਪਰ ਜਦੋਂ ਤੂੰ ਬੁੱਢਾ ਹੋ ਜਾਵੇਂਗਾ, ਤਾਂ ਤੂੰ ਆਪਣੀਆਂ ਬਾਹਾਂ ਚੁੱਕੇਂਗਾ ਅਤੇ ਕੋਈ ਹੋਰ ਤੇਰੇ ਕੱਪੜੇ ਪਾਵੇਗਾ ਅਤੇ ਉੱਥੇ ਲੈ ਜਾਵੇਗਾ ਜਿੱਥੇ ਤੂੰ ਜਾਣਾ ਨਹੀਂ ਚਾਹੇਂਗਾ।” 19 ਯਿਸੂ ਨੇ ਇਹ ਗੱਲ ਇਹ ਦੱਸਣ ਲਈ ਕਹੀ ਸੀ ਕਿ ਪਤਰਸ ਕਿਹੋ ਜਿਹੀ ਮੌਤ ਮਰ ਕੇ ਪਰਮੇਸ਼ੁਰ ਦੀ ਮਹਿਮਾ ਕਰੇਗਾ। ਇਹ ਕਹਿਣ ਤੋਂ ਬਾਅਦ ਉਸ ਨੇ ਪਤਰਸ ਨੂੰ ਕਿਹਾ: “ਮੇਰੇ ਪਿੱਛੇ-ਪਿੱਛੇ ਚੱਲਦਾ ਰਹਿ।”+
20 ਪਤਰਸ ਨੇ ਮੁੜ ਕੇ ਉਸ ਚੇਲੇ ਨੂੰ ਆਉਂਦਾ ਦੇਖਿਆ ਜਿਸ ਨੂੰ ਯਿਸੂ ਪਿਆਰ ਕਰਦਾ ਸੀ+ ਅਤੇ ਜਿਸ ਨੇ ਰਾਤ ਦੇ ਖਾਣੇ ਦੌਰਾਨ ਯਿਸੂ ਦੀ ਹਿੱਕ ਨਾਲ ਢਾਸਣਾ ਲਾ ਕੇ ਪੁੱਛਿਆ ਸੀ: “ਪ੍ਰਭੂ, ਤੈਨੂੰ ਕੌਣ ਧੋਖੇ ਨਾਲ ਫੜਵਾਏਗਾ?” 21 ਉਸ ਚੇਲੇ ਨੂੰ ਦੇਖ ਕੇ ਪਤਰਸ ਨੇ ਯਿਸੂ ਨੂੰ ਪੁੱਛਿਆ: “ਪ੍ਰਭੂ, ਇਸ ਦਾ ਕੀ ਬਣੇਗਾ?” 22 ਯਿਸੂ ਨੇ ਉਸ ਨੂੰ ਕਿਹਾ: “ਜੇ ਮੈਂ ਚਾਹਾਂ ਕਿ ਮੇਰੇ ਆਉਣ ਤਕ ਇਹ ਜੀਉਂਦਾ ਰਹੇ, ਤਾਂ ਤੈਨੂੰ ਇਸ ਨਾਲ ਕੀ? ਤੂੰ ਮੇਰੇ ਪਿੱਛੇ-ਪਿੱਛੇ ਚੱਲਦਾ ਰਹਿ।” 23 ਇਸ ਲਈ ਭਰਾਵਾਂ ਵਿਚ ਇਹ ਗੱਲ ਫੈਲ ਗਈ ਕਿ ਇਹ ਚੇਲਾ ਕਦੇ ਨਹੀਂ ਮਰੇਗਾ। ਪਰ ਯਿਸੂ ਨੇ ਪਤਰਸ ਨੂੰ ਇਹ ਨਹੀਂ ਕਿਹਾ ਸੀ ਕਿ ਇਹ ਚੇਲਾ ਕਦੇ ਨਹੀਂ ਮਰੇਗਾ, ਸਗੋਂ ਇਹ ਕਿਹਾ ਸੀ: “ਜੇ ਮੈਂ ਚਾਹਾਂ ਕਿ ਮੇਰੇ ਆਉਣ ਤਕ ਇਹ ਜੀਉਂਦਾ ਰਹੇ, ਤਾਂ ਤੈਨੂੰ ਇਸ ਨਾਲ ਕੀ?”
24 ਇਹ ਉਹੀ ਚੇਲਾ ਹੈ+ ਜਿਸ ਨੇ ਇਨ੍ਹਾਂ ਗੱਲਾਂ ਬਾਰੇ ਗਵਾਹੀ ਦਿੱਤੀ ਹੈ ਅਤੇ ਉਸ ਨੇ ਹੀ ਇਹ ਗੱਲਾਂ ਲਿਖੀਆਂ ਹਨ ਅਤੇ ਅਸੀਂ ਜਾਣਦੇ ਹਾਂ ਕਿ ਉਸ ਦੀ ਗਵਾਹੀ ਸੱਚੀ ਹੈ।
25 ਯਿਸੂ ਨੇ ਹੋਰ ਵੀ ਬਹੁਤ ਸਾਰੇ ਕੰਮ ਕੀਤੇ ਸਨ। ਜੇ ਇਨ੍ਹਾਂ ਸਾਰੇ ਕੰਮਾਂ ਦੀ ਇਕ-ਇਕ ਗੱਲ ਕਿਤਾਬਾਂ* ਵਿਚ ਲਿਖੀ ਜਾਂਦੀ, ਤਾਂ ਮੇਰੇ ਖ਼ਿਆਲ ਵਿਚ ਇਨ੍ਹਾਂ ਕਿਤਾਬਾਂ ਨੂੰ ਦੁਨੀਆਂ ਵਿਚ ਰੱਖਣ ਲਈ ਜਗ੍ਹਾ ਨਾ ਹੁੰਦੀ।+
ਜਾਂ, “ਪਰਮੇਸ਼ੁਰ ਵਰਗਾ।”
ਜਾਂ, “ਸੀਨੇ ਨਾਲ।” ਇਹ ਖ਼ਾਸ ਰਿਸ਼ਤੇ ਨੂੰ ਦਰਸਾਉਂਦਾ ਹੈ।
ਵਧੇਰੇ ਜਾਣਕਾਰੀ 1.5 ਦੇਖੋ।
ਇਹ ਉਹ ਬੈਥਨੀਆ ਸੀ ਜਿਹੜਾ ਯਰਦਨ ਦੇ ਪੂਰਬ ਵੱਲ ਸੀ, ਨਾ ਕਿ ਯਰੂਸ਼ਲਮ ਦੇ ਲਾਗੇ ਵਾਲਾ ਬੈਥਨੀਆ।
ਯਾਨੀ, ਪਰਮੇਸ਼ੁਰ।
ਯੂਨਾ, “ਦਸਵਾਂ ਘੰਟਾ।” ਦਿਨ ਦੇ ਘੰਟੇ ਸੂਰਜ ਚੜ੍ਹਨ ਦੇ ਸਮੇਂ ਤੋਂ ਗਿਣੇ ਜਾਂਦੇ ਸਨ।
ਯੂਨਾ, “ਰੱਬੀ।”
ਯੂਨਾ, “ਹੇ ਔਰਤ, ਇਸ ਨਾਲ ਮੈਨੂੰ ਕੀ ਤੇ ਤੈਨੂੰ ਕੀ?” ਇਹ ਕਹਾਵਤ ਕਿਸੇ ਗੱਲ ʼਤੇ ਅਸਹਿਮਤੀ ਪ੍ਰਗਟ ਕਰਨ ਲਈ ਵਰਤੀ ਜਾਂਦੀ ਸੀ। “ਔਰਤ” ਕਹਿਣਾ ਬੇਇੱਜ਼ਤੀ ਕਰਨਾ ਨਹੀਂ ਸੀ।
ਇੱਥੇ ਸ਼ਾਇਦ ਤਰਲ ਮਾਪ ਬਥ ਦਾ ਜ਼ਿਕਰ ਕੀਤਾ ਗਿਆ ਹੈ ਜੋ 22 ਲੀਟਰ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।
ਯੂਨਾ, “ਰੱਬੀ।”
ਜਾਂ ਸੰਭਵ ਹੈ, “ਸਵਰਗੋਂ ਜਨਮ ਨਾ ਲਵੇ।”
ਯੂਨਾ, “ਪਨੈਵਮਾ।” ਸ਼ਬਦਾਵਲੀ, “ਰੂਆਖ; ਪਨੈਵਮਾ” ਦੇਖੋ।
ਅਸਲ ਵਿਚ, ਬਪਤਿਸਮਾ ਯਿਸੂ ਦੀ ਨਿਗਰਾਨੀ ਹੇਠ ਦਿੱਤਾ ਗਿਆ ਸੀ। ਯੂਹੰ 4:2 ਦੇਖੋ।
ਜਾਂ, “ਪੱਕਾ ਕੀਤਾ ਹੈ।”
ਜਾਂ, “ਮਾਪ-ਮਾਪ ਕੇ ਨਹੀਂ ਦਿੰਦਾ।”
ਯੂਨਾ, “ਛੇਵਾਂ ਘੰਟਾ।” ਦਿਨ ਦੇ ਘੰਟੇ ਸੂਰਜ ਚੜ੍ਹਨ ਦੇ ਸਮੇਂ ਤੋਂ ਗਿਣੇ ਜਾਂਦੇ ਸਨ।
ਜਾਂ, “ਜੀਵਨ ਦੇਣ ਵਾਲਾ ਪਾਣੀ।”
ਯੂਨਾ, “ਪਨੈਵਮਾ।” ਸ਼ਬਦਾਵਲੀ, “ਰੂਆਖ; ਪਨੈਵਮਾ” ਦੇਖੋ।
ਯੂਨਾ, “ਰੱਬੀ।”
ਜਾਂ, “ਠੀਕ ਹੋ ਗਿਆ ਸੀ।”
ਯੂਨਾ, “ਸੱਤਵਾਂ ਘੰਟਾ।” ਦਿਨ ਦੇ ਘੰਟੇ ਸੂਰਜ ਚੜ੍ਹਨ ਦੇ ਸਮੇਂ ਤੋਂ ਗਿਣੇ ਜਾਂਦੇ ਸਨ।
ਜਾਂ, “ਲਕਵੇ ਦੇ ਸ਼ਿਕਾਰ।”
ਵਧੇਰੇ ਜਾਣਕਾਰੀ 1.3 ਦੇਖੋ।
ਜਾਂ, “ਮੰਜੀ।”
ਜਾਂ, “ਮੰਜੀ।”
ਜਾਂ, “ਮੰਜੀ।”
ਜਾਂ, “ਮੰਜੀ।”
ਜਾਂ, “ਮੰਜੀ।”
ਜਾਂ, “ਉਸ ਵਿਚ ਜ਼ਿੰਦਗੀ ਦਾ ਵਰਦਾਨ ਹੈ।”
ਇੱਥੇ ਕਬਰਾਂ ਲਈ ਵਰਤਿਆ ਗਿਆ ਯੂਨਾਨੀ ਸ਼ਬਦ ਉਨ੍ਹਾਂ ਕਬਰਾਂ ਨੂੰ ਸੰਕੇਤ ਕਰਦਾ ਹੈ ਜੋ ਮਰੇ ਲੋਕਾਂ ਦੀ ਯਾਦ ਨੂੰ ਕਾਇਮ ਰੱਖਦੀਆਂ ਹਨ।
ਵਧੇਰੇ ਜਾਣਕਾਰੀ 2.14 ਦੇਖੋ।
ਯੂਨਾ, “ਲਗਭਗ 25 ਜਾਂ 30 ਸਟੇਡੀਅਮ।” ਵਧੇਰੇ ਜਾਣਕਾਰੀ 2.14 ਦੇਖੋ।
ਯੂਨਾ, “ਰੱਬੀ।”
ਵਧੇਰੇ ਜਾਣਕਾਰੀ 1.5 ਦੇਖੋ।
ਯੂਨਾ, “ਤਾਂ ਤੁਹਾਡੇ ਵਿਚ ਜ਼ਿੰਦਗੀ ਨਹੀਂ ਹੈ।”
ਜਾਂ, “ਜਨਤਕ ਸਭਾ।”
ਯੂਨਾ, “ਠੋਕਰ ਲੱਗੀ ਹੈ?”
ਇੱਥੇ ਸ਼ੈਤਾਨ ਲਈ ਵਰਤਿਆ ਗਿਆ ਯੂਨਾਨੀ ਸ਼ਬਦ ਉਸ ਆਦਮੀ ਨੂੰ ਦਰਸਾਉਂਦਾ ਹੈ ਜੋ ਕਿਸੇ ਦਾ ਨਾਂ ਬਦਨਾਮ ਕਰਦਾ ਹੈ।
ਜਾਂ, “ਛੱਪਰਾਂ।”
ਯੂਨਾ, “ਲਿਖਤਾਂ।”
ਯਾਨੀ, ਰੱਬੀਆਂ ਦੇ ਸਕੂਲਾਂ।
ਜਾਂ, “ਗਿਰਫ਼ਤਾਰ ਕਰਨ।”
ਜਾਂ, “ਗਿਰਫ਼ਤਾਰ ਕਰਨਾ।”
ਕਈ ਪੁਰਾਣੀਆਂ ਅਤੇ ਭਰੋਸੇਯੋਗ ਹੱਥ-ਲਿਖਤਾਂ ਵਿਚ ਯੂਹੰਨਾ 7:53 ਤੋਂ ਲੈ ਕੇ 8:11 ਤਕ ਦੀਆਂ ਆਇਤਾਂ ਨਹੀਂ ਹਨ।
ਜਾਂ, “ਅਸੂਲਾਂ ਅਨੁਸਾਰ।”
ਜਾਂ, “ਹਰਾਮਕਾਰੀ ਤੋਂ ਪੈਦਾ ਹੋਈ।” ਯੂਨਾ, “ਪੋਰਨੀਆ।” ਸ਼ਬਦਾਵਲੀ ਦੇਖੋ।
ਯੂਨਾ, “ਰੱਬੀ।”
ਸਭਾ ਘਰ ਵਿੱਚੋਂ ਕਿਸੇ ਨੂੰ ਛੇਕਣ ਦਾ ਮਤਲਬ ਹੁੰਦਾ ਸੀ ਕਿ ਪੂਰਾ ਯਹੂਦੀ ਭਾਈਚਾਰਾ ਉਸ ਨਾਲ ਕੋਈ ਵਾਸਤਾ ਨਹੀਂ ਰੱਖਦਾ ਸੀ।
ਜਾਂ, “ਸਾਡੇ ਮਨਾਂ ਨੂੰ।”
ਜਾਂ, “ਏਕਤਾ ਵਿਚ ਬੱਝੇ ਹੋਏ ਹਾਂ।”
ਯੂਨਾ, “ਮੂਸਾ ਦਾ ਕਾਨੂੰਨ।”
ਜਾਂ, “ਈਸ਼ਵਰ ਵਰਗੇ।”
ਯੂਨਾ, “ਰੱਬੀ।”
ਯੂਨਾ, “ਲਗਭਗ 15 ਸਟੇਡੀਅਮ।” ਵਧੇਰੇ ਜਾਣਕਾਰੀ 2.14 ਦੇਖੋ।
ਯਾਨੀ, ਮੰਦਰ।
ਜਾਂ, “ਗਿਰਫ਼ਤਾਰ ਕਰ।”
ਯੂਨਾ, “ਇਕ ਪੌਂਡ।” ਯਾਨੀ, ਰੋਮੀ ਪੌਂਡ। ਵਧੇਰੇ ਜਾਣਕਾਰੀ 2.14 ਦੇਖੋ।
ਵਧੇਰੇ ਜਾਣਕਾਰੀ 2.14 ਦੇਖੋ।
ਵਧੇਰੇ ਜਾਣਕਾਰੀ 1.5 ਦੇਖੋ।
ਜਾਂ, “ਮੇਰਾ ਮਨ।”
ਵਧੇਰੇ ਜਾਣਕਾਰੀ 1.5 ਦੇਖੋ।
ਜਾਂ, “ਖ਼ਬਰ।”
ਵਧੇਰੇ ਜਾਣਕਾਰੀ 1.5 ਦੇਖੋ।
ਯੂਨਾ, “ਬਾਂਹ।”
ਜਾਂ, “ਤੁਹਾਡਾ ਵੀ ਫ਼ਰਜ਼ ਬਣਦਾ ਹੈ।”
ਜਾਂ, “ਉਹੀ ਮੇਰੇ ਵਿਰੁੱਧ ਹੋ ਗਿਆ।”
ਯੂਨਾ, “ਪਨੈਵਮਾ।” ਸ਼ਬਦਾਵਲੀ, “ਰੂਆਖ; ਪਨੈਵਮਾ” ਦੇਖੋ।
ਯੂਨਾ, “ਯਿਸੂ ਦੀ ਹਿੱਕ ਨਾਲ ਲੱਗ ਕੇ ਬੈਠਾ ਹੋਇਆ ਸੀ।”
ਜਾਂ, “ਦਿਲਾਸਾ ਦੇਣ ਵਾਲਾ।”
ਯੂਨਾ, “ਪਨੈਵਮਾ।” ਸ਼ਬਦਾਵਲੀ, “ਰੂਆਖ; ਪਨੈਵਮਾ” ਦੇਖੋ।
ਯੂਨਾ, “ਤੁਹਾਨੂੰ ਠੋਕਰ ਨਾ ਲੱਗੇ।”
ਯੂਹੰ 9:22, ਫੁਟਨੋਟ ਦੇਖੋ।
ਸ਼ਬਦਾਵਲੀ ਦੇਖੋ।
ਆਇਤ 13 ਅਤੇ 14 ਵਿਚ ਜ਼ਿਕਰ ਕੀਤਾ “ਉਹ” ਆਇਤ 7 ਵਿਚ ਦੱਸਿਆ “ਮਦਦਗਾਰ” ਹੈ। ਯਿਸੂ ਨੇ ਪਵਿੱਤਰ ਸ਼ਕਤੀ ਦੀ ਤੁਲਨਾ “ਮਦਦਗਾਰ” ਨਾਲ ਕੀਤੀ ਹੈ। ਪਵਿੱਤਰ ਸ਼ਕਤੀ ਕੋਈ ਵਿਅਕਤੀ ਨਹੀਂ, ਸਗੋਂ ਇਕ ਤਾਕਤ ਹੈ।
ਜਾਂ, “ਗਿਆਨ ਲੈਂਦੇ ਰਹਿਣ।”
ਯੂਨਾ, “ਵਿਨਾਸ਼ ਦਾ ਪੁੱਤਰ।”
ਯੂਨਾ, “ਉਸ ਦੁਸ਼ਟ।”
ਜਾਂ, “ਅਲੱਗ ਕਰ।”
ਜਾਂ, “ਸਰਦੀਆਂ ਵਿਚ ਵਗਣ ਵਾਲੀ ਕਿਦਰੋਨ ਨਦੀ।”
ਫ਼ੌਜ ਦੇ ਸੈਨਾਪਤੀ ਅਧੀਨ 1,000 ਫ਼ੌਜੀ ਹੁੰਦੇ ਸਨ।
ਜਾਂ, “ਗਿਰਫ਼ਤਾਰ ਕਰ ਕੇ।”
ਜਾਂ, “ਲਾਂਘੇ।”
ਇਸ ਰੰਗ ਦੇ ਕੱਪੜੇ ਅਮੀਰ, ਇੱਜ਼ਤਦਾਰ ਅਤੇ ਸ਼ਾਹੀ ਘਰਾਣੇ ਦੇ ਲੋਕ ਪਾਉਂਦੇ ਸਨ।
ਯੂਨਾ, “ਕੈਸਰ।”
ਯੂਨਾ, “ਛੇਵਾਂ ਘੰਟਾ।” ਦਿਨ ਦੇ ਘੰਟੇ ਸੂਰਜ ਚੜ੍ਹਨ ਦੇ ਸਮੇਂ ਤੋਂ ਗਿਣੇ ਜਾਂਦੇ ਸਨ।
ਸ਼ਬਦਾਵਲੀ ਦੇਖੋ।
ਸ਼ਬਦਾਵਲੀ ਦੇਖੋ।
ਸ਼ਬਦਾਵਲੀ ਦੇਖੋ।
ਸ਼ਬਦਾਵਲੀ ਦੇਖੋ।
ਯੂਨਾ, “100 ਪੌਂਡ।” ਯਾਨੀ, ਰੋਮੀ ਪੌਂਡ। ਵਧੇਰੇ ਜਾਣਕਾਰੀ 2.14 ਦੇਖੋ।
ਮੱਤੀ 28:1, ਫੁਟਨੋਟ ਦੇਖੋ।
ਯੂਨਾ, “ਲਪੇਟਵੀਂ ਪੱਤਰੀ।” ਸ਼ਬਦਾਵਲੀ ਦੇਖੋ।
ਜਾਂ, “ਥੋੜ੍ਹੇ ਕੱਪੜਿਆਂ ਵਿਚ।”
ਲਗਭਗ 90 ਮੀਟਰ। ਯੂਨਾ, “ਲਗਭਗ 200 ਹੱਥ।” ਵਧੇਰੇ ਜਾਣਕਾਰੀ 2.14 ਦੇਖੋ।
ਲੱਗਦਾ ਹੈ ਕਿ ਯਿਸੂ ਇੱਥੇ ਮੱਛੀਆਂ ਦੇ ਕਾਰੋਬਾਰ ਨਾਲ ਜੁੜੀਆਂ ਚੀਜ਼ਾਂ ਬਾਰੇ ਗੱਲ ਕਰ ਰਿਹਾ ਸੀ।
ਯੂਨਾ, “ਲਪੇਟਵੀਆਂ ਪੱਤਰੀਆਂ।” ਸ਼ਬਦਾਵਲੀ ਦੇਖੋ।