ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • nwt ਲੂਕਾ 1:1 - 24:53
  • ਲੂਕਾ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਲੂਕਾ
  • ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
ਲੂਕਾ

ਲੂਕਾ ਮੁਤਾਬਕ ਖ਼ੁਸ਼ ਖ਼ਬਰੀ

1 ਸਤਿਕਾਰਯੋਗ ਥਿਉਫ਼ਿਲੁਸ, ਜਿਨ੍ਹਾਂ ਗੱਲਾਂ ʼਤੇ ਸਾਨੂੰ ਪੂਰਾ ਭਰੋਸਾ ਹੈ, ਉਨ੍ਹਾਂ ਬਾਰੇ ਬਹੁਤ ਸਾਰੇ ਲੋਕਾਂ ਨੇ ਜਾਣਕਾਰੀ ਇਕੱਠੀ ਕਰ ਕੇ ਲਿਖਣ ਦੀ ਕੋਸ਼ਿਸ਼ ਕੀਤੀ ਹੈ।+ 2 ਉਸੇ ਤਰ੍ਹਾਂ ਜਿਨ੍ਹਾਂ ਨੇ ਇਹ ਗੱਲਾਂ ਸ਼ੁਰੂ ਤੋਂ ਆਪਣੀ ਅੱਖੀਂ ਦੇਖੀਆਂ ਸਨ+ ਅਤੇ ਇਨ੍ਹਾਂ ਦਾ ਸੰਦੇਸ਼ ਸੁਣਾਇਆ ਸੀ, ਉਨ੍ਹਾਂ ਨੇ ਸਾਡੇ ਤਕ ਇਹ ਗੱਲਾਂ ਪਹੁੰਚਾਈਆਂ।+ 3 ਇਸ ਲਈ ਮੈਂ ਵੀ ਫ਼ੈਸਲਾ ਕੀਤਾ ਹੈ ਕਿ ਤੇਰੇ ਲਈ ਇਹ ਗੱਲਾਂ ਉਵੇਂ ਹੀ ਲਿਖਾਂ ਜਿਵੇਂ ਇਹ ਹੋਈਆਂ ਸਨ ਕਿਉਂਕਿ ਮੈਂ ਬੜੇ ਧਿਆਨ ਨਾਲ ਸ਼ੁਰੂ ਤੋਂ ਸਾਰੀਆਂ ਗੱਲਾਂ ਦੀ ਛਾਣਬੀਣ ਕੀਤੀ ਹੈ ਅਤੇ ਸਹੀ ਜਾਣਕਾਰੀ ਇਕੱਠੀ ਕੀਤੀ ਹੈ+ 4 ਤਾਂਕਿ ਤੈਨੂੰ ਪੱਕਾ ਪਤਾ ਲੱਗ ਜਾਵੇ ਕਿ ਤੈਨੂੰ ਜੋ ਕੁਝ ਵੀ ਜ਼ਬਾਨੀ ਸਿਖਾਇਆ ਗਿਆ ਹੈ, ਉਹ ਸਭ ਸਹੀ ਹੈ।+

5 ਯਹੂਦਿਯਾ ਦੇ ਰਾਜਾ ਹੇਰੋਦੇਸ*+ ਦੇ ਦਿਨਾਂ ਵਿਚ ਜ਼ਕਰਯਾਹ ਨਾਂ ਦਾ ਇਕ ਪੁਜਾਰੀ ਸੀ ਜੋ ਅਬੀਯਾਹ ਦੇ ਪੁਜਾਰੀ ਦਲ ਵਿੱਚੋਂ ਸੀ।+ ਉਸ ਦੀ ਪਤਨੀ ਇਲੀਸਬਤ ਹਾਰੂਨ ਦੀ ਪੀੜ੍ਹੀ ਵਿੱਚੋਂ ਸੀ। 6 ਯਹੋਵਾਹ* ਦੇ ਸਾਰੇ ਹੁਕਮਾਂ ਅਤੇ ਕਾਨੂੰਨਾਂ ਉੱਤੇ ਚੱਲਣ ਕਰਕੇ ਉਹ ਦੋਵੇਂ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਧਰਮੀ ਅਤੇ ਨਿਰਦੋਸ਼ ਸਨ। 7 ਪਰ ਉਨ੍ਹਾਂ ਦੇ ਕੋਈ ਔਲਾਦ ਨਹੀਂ ਸੀ ਕਿਉਂਕਿ ਇਲੀਸਬਤ ਬਾਂਝ ਸੀ ਅਤੇ ਉਹ ਦੋਵੇਂ ਬੁੱਢੇ ਸਨ।

8 ਹੁਣ ਉਸ ਦੇ ਦਲ ਦੀ ਜ਼ਿੰਮੇਵਾਰੀ ਹੋਣ ਕਰਕੇ ਉਹ ਪਰਮੇਸ਼ੁਰ ਸਾਮ੍ਹਣੇ ਪੁਜਾਰੀ ਵਜੋਂ ਸੇਵਾ ਕਰ ਰਿਹਾ ਸੀ।+ 9 ਪੁਜਾਰੀਆਂ ਦੀ ਰੀਤ ਅਨੁਸਾਰ ਉਸ ਦੀ ਵਾਰੀ ਹੋਣ ਕਰਕੇ ਉਹ ਯਹੋਵਾਹ* ਦੇ ਮੰਦਰ ਦੇ ਪਵਿੱਤਰ ਕਮਰੇ ਵਿਚ+ ਧੂਪ ਧੁਖਾਉਣ ਗਿਆ।+ 10 ਉਸ ਸਮੇਂ ਬਹੁਤ ਸਾਰੇ ਲੋਕ ਬਾਹਰ ਖੜ੍ਹੇ ਪ੍ਰਾਰਥਨਾ ਕਰ ਰਹੇ ਸਨ। 11 ਉਸ ਨੂੰ ਯਹੋਵਾਹ* ਦਾ ਦੂਤ ਧੂਪ ਦੀ ਵੇਦੀ ਦੇ ਸੱਜੇ ਪਾਸੇ ਖੜ੍ਹਾ ਦਿਖਾਈ ਦਿੱਤਾ। 12 ਜ਼ਕਰਯਾਹ ਉਸ ਨੂੰ ਦੇਖ ਕੇ ਚੌਂਕ ਗਿਆ ਅਤੇ ਬਹੁਤ ਡਰ ਗਿਆ। 13 ਪਰ ਦੂਤ ਨੇ ਉਸ ਨੂੰ ਕਿਹਾ: “ਜ਼ਕਰਯਾਹ ਡਰ ਨਾ ਕਿਉਂਕਿ ਤੇਰੀ ਫ਼ਰਿਆਦ ਸੁਣ ਲਈ ਗਈ ਹੈ ਅਤੇ ਤੇਰੀ ਪਤਨੀ ਇਲੀਸਬਤ ਤੇਰੇ ਪੁੱਤਰ ਨੂੰ ਜਨਮ ਦੇਵੇਗੀ। ਤੂੰ ਉਸ ਦਾ ਨਾਂ ਯੂਹੰਨਾ ਰੱਖੀਂ।+ 14 ਤੇਰੀ ਝੋਲ਼ੀ ਖ਼ੁਸ਼ੀਆਂ ਨਾਲ ਭਰ ਜਾਵੇਗੀ ਅਤੇ ਬਹੁਤ ਸਾਰੇ ਲੋਕ ਉਸ ਦੇ ਜੰਮਣ ʼਤੇ ਖ਼ੁਸ਼ ਹੋਣਗੇ+ 15 ਕਿਉਂਕਿ ਉਹ ਯਹੋਵਾਹ* ਦੀਆਂ ਨਜ਼ਰਾਂ ਵਿਚ ਮਹਾਨ ਹੋਵੇਗਾ।+ ਪਰ ਉਹ ਦਾਖਰਸ ਜਾਂ ਸ਼ਰਾਬ ਬਿਲਕੁਲ ਨਾ ਪੀਵੇ।+ ਉਹ ਆਪਣੇ ਜਨਮ ਤੋਂ ਪਹਿਲਾਂ ਹੀ* ਪਵਿੱਤਰ ਸ਼ਕਤੀ ਨਾਲ ਭਰਪੂਰ ਹੋਵੇਗਾ+ 16 ਅਤੇ ਕਈ ਇਜ਼ਰਾਈਲੀ ਲੋਕਾਂ ਨੂੰ ਉਨ੍ਹਾਂ ਦੇ ਪਰਮੇਸ਼ੁਰ ਯਹੋਵਾਹ* ਵੱਲ ਮੋੜੇਗਾ।+ 17 ਨਾਲੇ ਉਹ ਪਰਮੇਸ਼ੁਰ ਦੇ ਅੱਗੇ ਏਲੀਯਾਹ ਨਬੀ ਵਰਗੇ ਜੋਸ਼* ਅਤੇ ਤਾਕਤ ਨਾਲ ਜਾਵੇਗਾ+ ਤਾਂਕਿ ਉਹ ਪਿਤਾਵਾਂ ਦੇ ਦਿਲਾਂ ਨੂੰ ਬੱਚਿਆਂ ਦੇ ਦਿਲਾਂ ਵਰਗਾ ਬਣਾਵੇ*+ ਅਤੇ ਅਣਆਗਿਆਕਾਰ ਲੋਕਾਂ ਦੇ ਦਿਲਾਂ ਨੂੰ ਬਦਲ ਕੇ ਉਨ੍ਹਾਂ ਨੂੰ ਧਰਮੀ ਲੋਕਾਂ ਵਾਂਗ ਬੁੱਧੀਮਾਨ ਬਣਾਵੇ। ਇਸ ਤਰ੍ਹਾਂ ਕਰ ਕੇ ਉਹ ਯਹੋਵਾਹ* ਲਈ ਲੋਕਾਂ ਨੂੰ ਤਿਆਰ ਕਰੇਗਾ।”+

18 ਜ਼ਕਰਯਾਹ ਨੇ ਦੂਤ ਨੂੰ ਕਿਹਾ: “ਮੈਂ ਇਸ ਗੱਲ ʼਤੇ ਯਕੀਨ ਕਿਵੇਂ ਕਰਾਂ? ਮੈਂ ਤਾਂ ਬੁੱਢਾ ਹੋ ਗਿਆ ਹਾਂ ਅਤੇ ਮੇਰੀ ਪਤਨੀ ਦੀ ਵੀ ਕਾਫ਼ੀ ਉਮਰ ਹੋ ਚੁੱਕੀ ਹੈ।” 19 ਦੂਤ ਨੇ ਉਸ ਨੂੰ ਜਵਾਬ ਦਿੱਤਾ: “ਮੈਂ ਜਬਰਾਏਲ+ ਹਾਂ ਅਤੇ ਪਰਮੇਸ਼ੁਰ ਦੀ ਹਜ਼ੂਰੀ ਵਿਚ ਖੜ੍ਹਦਾ ਹਾਂ।+ ਪਰਮੇਸ਼ੁਰ ਨੇ ਮੈਨੂੰ ਘੱਲਿਆ ਹੈ ਕਿ ਮੈਂ ਤੇਰੇ ਨਾਲ ਗੱਲ ਕਰਾਂ ਅਤੇ ਤੈਨੂੰ ਇਹ ਖ਼ੁਸ਼ ਖ਼ਬਰੀ ਸੁਣਾਵਾਂ। 20 ਪਰ ਕਿਉਂਕਿ ਤੂੰ ਮੇਰੀਆਂ ਗੱਲਾਂ ਦਾ ਵਿਸ਼ਵਾਸ ਨਹੀਂ ਕੀਤਾ ਜਿਹੜੀਆਂ ਆਪਣੇ ਮਿਥੇ ਹੋਏ ਸਮੇਂ ਤੇ ਪੂਰੀਆਂ ਹੋਣਗੀਆਂ, ਇਸ ਲਈ ਤੂੰ ਗੁੰਗਾ ਹੋ ਜਾਵੇਂਗਾ ਅਤੇ ਜਿੰਨਾ ਚਿਰ ਇਹ ਗੱਲਾਂ ਪੂਰੀਆਂ ਨਾ ਹੋ ਜਾਣ ਤੂੰ ਬੋਲ ਨਹੀਂ ਸਕੇਂਗਾ।” 21 ਉਸ ਵੇਲੇ ਲੋਕ ਜ਼ਕਰਯਾਹ ਦਾ ਬਾਹਰ ਇੰਤਜ਼ਾਰ ਕਰ ਰਹੇ ਸਨ ਅਤੇ ਉਹ ਸੋਚਣ ਲੱਗ ਪਏ ਕਿ ਉਹ ਪਵਿੱਤਰ ਸਥਾਨ ਵਿਚ ਇੰਨੀ ਦੇਰ ਕਿਉਂ ਲਾ ਰਿਹਾ ਸੀ। 22 ਜਦੋਂ ਉਹ ਬਾਹਰ ਆਇਆ, ਤਾਂ ਉਹ ਉਨ੍ਹਾਂ ਨਾਲ ਬੋਲ ਨਹੀਂ ਸਕਿਆ ਅਤੇ ਉਹ ਸਮਝ ਗਏ ਕਿ ਉਸ ਨੇ ਪਵਿੱਤਰ ਸਥਾਨ ਅੰਦਰ ਜ਼ਰੂਰ ਕੋਈ ਦਰਸ਼ਣ ਦੇਖਿਆ ਹੋਣਾ। ਗੁੰਗਾ ਹੋਣ ਕਰਕੇ ਉਹ ਉਨ੍ਹਾਂ ਨਾਲ ਇਸ਼ਾਰਿਆਂ ਨਾਲ ਗੱਲਾਂ ਕਰਦਾ ਰਿਹਾ। 23 ਫਿਰ ਉਸ ਦੇ ਪਵਿੱਤਰ ਸੇਵਾ ਕਰਨ ਦੇ ਦਿਨ ਪੂਰੇ ਹੋ ਜਾਣ ਤੋਂ ਬਾਅਦ ਉਹ ਆਪਣੇ ਘਰ ਚਲਾ ਗਿਆ।

24 ਕੁਝ ਦਿਨਾਂ ਬਾਅਦ ਉਸ ਦੀ ਪਤਨੀ ਇਲੀਸਬਤ ਗਰਭਵਤੀ ਹੋ ਗਈ ਅਤੇ ਪੰਜ ਮਹੀਨੇ ਘਰੋਂ ਬਾਹਰ ਨਾ ਨਿਕਲੀ। ਉਸ ਨੇ ਕਿਹਾ: 25 “ਯਹੋਵਾਹ* ਨੇ ਇਨ੍ਹਾਂ ਦਿਨਾਂ ਵਿਚ ਮੇਰੇ ਉੱਤੇ ਮਿਹਰ ਕੀਤੀ ਹੈ ਅਤੇ ਲੋਕਾਂ ਵਿਚ ਮੇਰਾ ਕਲੰਕ* ਮਿਟਾਉਣ ਲਈ ਮੇਰੇ ਵੱਲ ਧਿਆਨ ਦਿੱਤਾ ਹੈ।”+

26 ਜਦੋਂ ਇਲੀਸਬਤ ਦੇ ਗਰਭ ਦਾ ਛੇਵਾਂ ਮਹੀਨਾ ਚੱਲ ਰਿਹਾ ਸੀ, ਤਾਂ ਪਰਮੇਸ਼ੁਰ ਨੇ ਜਬਰਾਏਲ ਦੂਤ+ ਨੂੰ ਗਲੀਲ ਦੇ ਨਾਸਰਤ ਸ਼ਹਿਰ ਨੂੰ ਘੱਲਿਆ। 27 ਉੱਥੇ ਉਹ ਮਰੀਅਮ ਨਾਂ ਦੀ ਕੁਆਰੀ+ ਕੁੜੀ ਨੂੰ ਮਿਲਿਆ ਜਿਸ ਦੀ ਕੁੜਮਾਈ ਦਾਊਦ ਦੇ ਘਰਾਣੇ ਵਿਚ ਯੂਸੁਫ਼ ਨਾਂ ਦੇ ਆਦਮੀ ਨਾਲ ਹੋਈ ਸੀ।+ 28 ਜਬਰਾਏਲ ਨੇ ਅੰਦਰ ਜਾ ਕੇ ਮਰੀਅਮ ਨੂੰ ਕਿਹਾ: “ਵਧਾਈ ਹੋਵੇ, ਯਹੋਵਾਹ* ਤੇਰੇ ਉੱਤੇ ਮਿਹਰਬਾਨ ਹੈ ਅਤੇ ਤੇਰੇ ਨਾਲ ਹੈ।” 29 ਪਰ ਉਹ ਇਹ ਸੁਣ ਕੇ ਬਹੁਤ ਘਬਰਾ ਗਈ ਅਤੇ ਸੋਚਣ ਲੱਗ ਪਈ ਕਿ ਦੂਤ ਨੇ ਉਸ ਨੂੰ ਵਧਾਈ ਕਿਉਂ ਦਿੱਤੀ ਸੀ। 30 ਇਸ ਲਈ ਦੂਤ ਨੇ ਉਸ ਨੂੰ ਕਿਹਾ: “ਮਰੀਅਮ, ਨਾ ਡਰ। ਤੇਰੇ ਉੱਤੇ ਪਰਮੇਸ਼ੁਰ ਦੀ ਮਿਹਰ ਹੋਈ ਹੈ। 31 ਦੇਖ, ਤੂੰ ਗਰਭਵਤੀ ਹੋਵੇਂਗੀ ਅਤੇ ਇਕ ਪੁੱਤਰ ਨੂੰ ਜਨਮ ਦੇਵੇਂਗੀ।+ ਤੂੰ ਉਸ ਦਾ ਨਾਂ ਯਿਸੂ ਰੱਖੀਂ।+ 32 ਉਹ ਮਹਾਨ ਹੋਵੇਗਾ+ ਅਤੇ ਅੱਤ ਮਹਾਨ ਦਾ ਪੁੱਤਰ ਕਹਾਵੇਗਾ+ ਅਤੇ ਯਹੋਵਾਹ* ਪਰਮੇਸ਼ੁਰ ਉਸ ਨੂੰ ਉਸ ਦੇ ਪੂਰਵਜ ਦਾਊਦ ਦੀ ਰਾਜ-ਗੱਦੀ ਦੇਵੇਗਾ+ 33 ਅਤੇ ਉਹ ਯਾਕੂਬ ਦੇ ਘਰਾਣੇ ਉੱਤੇ ਹਮੇਸ਼ਾ ਰਾਜ ਕਰੇਗਾ ਅਤੇ ਉਸ ਦੇ ਰਾਜ ਦਾ ਕਦੀ ਵੀ ਅੰਤ ਨਹੀਂ ਹੋਵੇਗਾ।”+

34 ਪਰ ਮਰੀਅਮ ਨੇ ਦੂਤ ਨੂੰ ਕਿਹਾ: “ਇਹ ਕਿਵੇਂ ਹੋ ਸਕਦਾ ਹੈ? ਮੈਂ ਤਾਂ ਅਜੇ ਕੁਆਰੀ ਹਾਂ।”*+ 35 ਦੂਤ ਨੇ ਉਸ ਨੂੰ ਜਵਾਬ ਦਿੱਤਾ: “ਪਵਿੱਤਰ ਸ਼ਕਤੀ ਤੇਰੇ ਉੱਤੇ ਆਵੇਗੀ+ ਅਤੇ ਅੱਤ ਮਹਾਨ ਦੀ ਤਾਕਤ ਤੇਰੇ ਉੱਤੇ ਛਾਇਆ ਕਰੇਗੀ। ਇਸ ਲਈ ਪੈਦਾ ਹੋਣ ਵਾਲਾ ਬੱਚਾ ਪਵਿੱਤਰ ਹੋਵੇਗਾ+ ਅਤੇ ਪਰਮੇਸ਼ੁਰ ਦਾ ਪੁੱਤਰ ਕਹਾਵੇਗਾ।+ 36 ਨਾਲੇ ਸੁਣ, ਤੇਰੀ ਰਿਸ਼ਤੇਦਾਰ ਇਲੀਸਬਤ, ਜਿਸ ਨੂੰ ਸਾਰੇ ਬਾਂਝ ਕਹਿੰਦੇ ਹਨ, ਬੁਢਾਪੇ ਵਿਚ ਗਰਭਵਤੀ ਹੋਈ ਹੈ। ਉਸ ਦਾ ਛੇਵਾਂ ਮਹੀਨਾ ਚੱਲ ਰਿਹਾ ਹੈ ਅਤੇ ਉਸ ਦੀ ਕੁੱਖ ਵਿਚ ਇਕ ਮੁੰਡਾ ਪਲ਼ ਰਿਹਾ ਹੈ; 37 ਇਹ ਇਸ ਕਰਕੇ ਹੋਇਆ ਹੈ ਕਿਉਂਕਿ ਪਰਮੇਸ਼ੁਰ ਦੀ ਕਹੀ ਹਰ ਗੱਲ ਪੂਰੀ ਹੋ ਕੇ ਹੀ ਰਹਿੰਦੀ ਹੈ।”*+ 38 ਫਿਰ ਮਰੀਅਮ ਨੇ ਕਿਹਾ: “ਦੇਖ, ਮੈਂ ਯਹੋਵਾਹ* ਦੀ ਦਾਸੀ ਹਾਂ! ਜਿਵੇਂ ਤੂੰ ਕਿਹਾ ਹੈ, ਮੇਰੇ ਨਾਲ ਉਸੇ ਤਰ੍ਹਾਂ ਹੋਵੇ।” ਇਸ ਤੋਂ ਬਾਅਦ ਦੂਤ ਉਸ ਕੋਲੋਂ ਚਲਾ ਗਿਆ।

39 ਇਸ ਲਈ ਉਨ੍ਹੀਂ ਦਿਨੀਂ ਮਰੀਅਮ ਫ਼ੌਰਨ ਪਹਾੜੀ ਇਲਾਕੇ ਵਿਚ ਯਹੂਦਾਹ ਦੇ ਇਕ ਸ਼ਹਿਰ ਵਿਚ ਗਈ। 40 ਉੱਥੇ ਉਸ ਨੇ ਜ਼ਕਰਯਾਹ ਦੇ ਘਰ ਜਾ ਕੇ ਇਲੀਸਬਤ ਨੂੰ ਨਮਸਕਾਰ ਕੀਤਾ। 41 ਜਿਉਂ ਹੀ ਇਲੀਸਬਤ ਦੇ ਕੰਨੀਂ ਮਰੀਅਮ ਦੀ ਆਵਾਜ਼ ਪਈ, ਤਾਂ ਇਲੀਸਬਤ ਦੀ ਕੁੱਖ ਵਿਚ ਬੱਚਾ ਉੱਛਲ਼ ਪਿਆ ਅਤੇ ਇਲੀਸਬਤ ਪਵਿੱਤਰ ਸ਼ਕਤੀ ਨਾਲ ਭਰ ਗਈ 42 ਅਤੇ ਉਸ ਨੇ ਉੱਚੀ ਆਵਾਜ਼ ਵਿਚ ਕਿਹਾ: “ਧੰਨ ਹੈਂ ਤੂੰ ਸਾਰੀਆਂ ਔਰਤਾਂ ਵਿੱਚੋਂ ਅਤੇ ਧੰਨ ਹੈ ਤੇਰੀ ਕੁੱਖ ਦਾ ਫਲ! 43 ਇਹ ਮਾਣ ਮੈਨੂੰ ਕਿਵੇਂ ਮਿਲ ਗਿਆ ਕਿ ਮੇਰੇ ਪ੍ਰਭੂ ਦੀ ਮਾਤਾ ਮੇਰੇ ਕੋਲ ਆਈ? 44 ਦੇਖ, ਜਦ ਤੇਰੀ ਆਵਾਜ਼ ਮੇਰੇ ਕੰਨੀਂ ਪਈ, ਤਾਂ ਮੇਰੀ ਕੁੱਖ ਵਿਚ ਬੱਚਾ ਖ਼ੁਸ਼ੀ ਨਾਲ ਉੱਛਲ਼ ਪਿਆ। 45 ਖ਼ੁਸ਼ ਹੈਂ ਤੂੰ ਕਿਉਂਕਿ ਜੋ ਗੱਲਾਂ ਤੈਨੂੰ ਦੱਸੀਆਂ ਗਈਆਂ ਸਨ, ਤੂੰ ਉਨ੍ਹਾਂ ʼਤੇ ਯਕੀਨ ਕੀਤਾ। ਯਹੋਵਾਹ* ਇਹ ਸਾਰੀਆਂ ਗੱਲਾਂ ਪੂਰੀਆਂ ਕਰੇਗਾ।”

46 ਮਰੀਅਮ ਨੇ ਕਿਹਾ: “ਮੈਂ* ਯਹੋਵਾਹ* ਦਾ ਗੁਣਗਾਨ ਕਰਦੀ ਹਾਂ+ 47 ਅਤੇ ਮੇਰਾ ਦਿਲ ਮੁਕਤੀ ਦੇਣ ਵਾਲੇ ਪਰਮੇਸ਼ੁਰ ਉੱਤੇ ਬਾਗ਼-ਬਾਗ਼ ਹੋ ਰਿਹਾ ਹੈ+ 48 ਕਿਉਂਕਿ ਉਸ ਨੇ ਆਪਣੀ ਇਸ ਮਾਮੂਲੀ ਜਿਹੀ ਦਾਸੀ ਵੱਲ ਧਿਆਨ ਦਿੱਤਾ ਹੈ।+ ਦੇਖੋ, ਹੁਣ ਤੋਂ ਸਾਰੀਆਂ ਪੀੜ੍ਹੀਆਂ ਮੈਨੂੰ ਮੁਬਾਰਕ ਕਹਿਣਗੀਆਂ+ 49 ਕਿਉਂਕਿ ਸ਼ਕਤੀਸ਼ਾਲੀ ਪਰਮੇਸ਼ੁਰ ਨੇ ਮੇਰੇ ਲਈ ਵੱਡੇ-ਵੱਡੇ ਕੰਮ ਕੀਤੇ ਹਨ ਅਤੇ ਉਸ ਦਾ ਨਾਂ ਪਵਿੱਤਰ ਹੈ।+ 50 ਜਿਹੜੇ ਉਸ ਤੋਂ ਡਰਦੇ ਹਨ, ਉਹ ਉਨ੍ਹਾਂ ਉੱਤੇ ਪੀੜ੍ਹੀਓ-ਪੀੜ੍ਹੀ ਦਇਆ ਕਰਦਾ ਹੈ।+ 51 ਉਸ ਨੇ ਆਪਣੀ ਬਾਂਹ ਦੇ ਜ਼ੋਰ ਨਾਲ ਵੱਡੇ-ਵੱਡੇ ਕੰਮ ਕੀਤੇ ਹਨ; ਉਸ ਨੇ ਮਨ ਵਿਚ ਘਮੰਡੀ ਸੋਚ ਰੱਖਣ ਵਾਲਿਆਂ ਨੂੰ ਖਿੰਡਾਇਆ ਹੈ।+ 52 ਉਸ ਨੇ ਸ਼ਕਤੀਸ਼ਾਲੀ ਲੋਕਾਂ ਦੇ ਸਿੰਘਾਸਣ ਉਲਟਾਏ ਹਨ+ ਅਤੇ ਮਾਮੂਲੀ ਲੋਕਾਂ ਨੂੰ ਉੱਚਾ ਕੀਤਾ ਹੈ;+ 53 ਉਸ ਨੇ ਭੁੱਖਿਆਂ ਨੂੰ ਚੰਗੀਆਂ ਚੀਜ਼ਾਂ ਨਾਲ ਰਜਾਇਆ ਹੈ+ ਅਤੇ ਅਮੀਰਾਂ ਨੂੰ ਖਾਲੀ ਹੱਥ ਤੋਰਿਆ ਹੈ। 54 ਉਹ ਆਪਣੇ ਸੇਵਕ ਇਜ਼ਰਾਈਲ ਦੀ ਮਦਦ ਕਰਨ ਆਇਆ ਹੈ ਅਤੇ ਜਿਵੇਂ ਉਸ ਨੇ ਸਾਡੇ ਪਿਉ-ਦਾਦਿਆਂ ਨਾਲ ਵਾਅਦਾ ਕੀਤਾ ਸੀ,+ 55 ਉਹ ਅਬਰਾਹਾਮ ਅਤੇ ਉਸ ਦੀ ਸੰਤਾਨ* ਉੱਤੇ ਹਮੇਸ਼ਾ ਦਇਆ ਕਰਦਾ ਰਹੇਗਾ।”+ 56 ਮਰੀਅਮ ਤਿੰਨ ਮਹੀਨੇ ਉਸ ਨਾਲ ਰਹੀ ਅਤੇ ਫਿਰ ਉਹ ਆਪਣੇ ਘਰ ਚਲੀ ਗਈ।

57 ਹੁਣ ਇਲੀਸਬਤ ਦੇ ਦਿਨ ਪੂਰੇ ਹੋ ਗਏ ਅਤੇ ਉਸ ਨੇ ਇਕ ਪੁੱਤਰ ਨੂੰ ਜਨਮ ਦਿੱਤਾ। 58 ਉਸ ਦੇ ਆਂਢੀਆਂ-ਗੁਆਂਢੀਆਂ ਤੇ ਰਿਸ਼ਤੇਦਾਰਾਂ ਨੇ ਸੁਣਿਆ ਕਿ ਯਹੋਵਾਹ* ਦੀ ਮਿਹਰ ਉਸ ਉੱਤੇ ਹੋਈ ਹੈ ਅਤੇ ਉਹ ਉਸ ਨਾਲ ਖ਼ੁਸ਼ੀਆਂ ਮਨਾਉਣ ਲੱਗ ਪਏ।+ 59 ਉਹ ਅੱਠਵੇਂ ਦਿਨ ਬੱਚੇ ਦੀ ਸੁੰਨਤ ਵੇਲੇ ਆਏ+ ਅਤੇ ਉਹ ਉਸ ਦਾ ਨਾਂ ਉਸ ਦੇ ਪਿਤਾ ਜ਼ਕਰਯਾਹ ਦੇ ਨਾਂ ਉੱਤੇ ਰੱਖਣ ਲੱਗੇ ਸਨ। 60 ਪਰ ਉਸ ਦੀ ਮਾਂ ਨੇ ਕਿਹਾ: “ਨਹੀਂ, ਬੱਚੇ ਦਾ ਨਾਂ ਯੂਹੰਨਾ ਰੱਖਿਆ ਜਾਵੇਗਾ।” 61 ਇਹ ਸੁਣ ਕੇ ਉਨ੍ਹਾਂ ਨੇ ਉਸ ਨੂੰ ਕਿਹਾ: “ਤੇਰੇ ਰਿਸ਼ਤੇਦਾਰਾਂ ਵਿਚ ਤਾਂ ਕਿਸੇ ਦਾ ਵੀ ਇਹ ਨਾਂ ਨਹੀਂ ਹੈ।” 62 ਫਿਰ ਉਨ੍ਹਾਂ ਨੇ ਇਸ਼ਾਰਿਆਂ ਨਾਲ ਬੱਚੇ ਦੇ ਪਿਤਾ ਨੂੰ ਪੁੱਛਿਆ ਕਿ ਉਹ ਉਸ ਦਾ ਕੀ ਨਾਂ ਰੱਖਣਾ ਚਾਹੁੰਦਾ ਸੀ। 63 ਇਸ ਲਈ ਉਸ ਨੇ ਇਕ ਫੱਟੀ ਮੰਗਵਾਈ ਅਤੇ ਉਸ ਉੱਤੇ ਲਿਖਿਆ: “ਇਸ ਦਾ ਨਾਂ ਯੂਹੰਨਾ ਹੈ।”+ ਇਹ ਦੇਖ ਕੇ ਸਭ ਹੈਰਾਨ ਹੋਏ। 64 ਉਸੇ ਵੇਲੇ ਜ਼ਕਰਯਾਹ ਦੀ ਜ਼ਬਾਨ ਖੁੱਲ੍ਹ ਗਈ ਅਤੇ ਉਹ ਬੋਲਣ ਲੱਗ ਪਿਆ+ ਅਤੇ ਪਰਮੇਸ਼ੁਰ ਦੀ ਮਹਿਮਾ ਕਰਨ ਲੱਗ ਪਿਆ। 65 ਉਨ੍ਹਾਂ ਦੇ ਆਂਢ-ਗੁਆਂਢ ਵਿਚ ਰਹਿਣ ਵਾਲੇ ਲੋਕਾਂ ਵਿਚ ਡਰ ਫੈਲ ਗਿਆ ਅਤੇ ਯਹੂਦਿਯਾ ਦੇ ਸਾਰੇ ਪਹਾੜੀ ਇਲਾਕਿਆਂ ਵਿਚ ਇਨ੍ਹਾਂ ਸਾਰੀਆਂ ਗੱਲਾਂ ਦੀ ਚਰਚਾ ਹੋਣ ਲੱਗੀ। 66 ਜਿਨ੍ਹਾਂ ਨੇ ਵੀ ਇਹ ਗੱਲਾਂ ਸੁਣੀਆਂ, ਉਨ੍ਹਾਂ ਨੇ ਆਪਣੇ ਦਿਲ ਵਿਚ ਰੱਖੀਆਂ ਅਤੇ ਕਿਹਾ: “ਇਹ ਮੁੰਡਾ ਵੱਡਾ ਹੋ ਕੇ ਕੀ ਬਣੇਗਾ?” ਉਨ੍ਹਾਂ ਨੇ ਇਹ ਇਸ ਲਈ ਕਿਹਾ ਕਿਉਂਕਿ ਯਹੋਵਾਹ* ਦਾ ਹੱਥ ਬੱਚੇ ʼਤੇ ਸੀ।

67 ਫਿਰ ਉਸ ਦਾ ਪਿਤਾ ਜ਼ਕਰਯਾਹ ਪਵਿੱਤਰ ਸ਼ਕਤੀ ਨਾਲ ਭਰ ਗਿਆ ਅਤੇ ਉਹ ਭਵਿੱਖਬਾਣੀ ਕਰਦੇ ਹੋਏ ਕਹਿਣ ਲੱਗਾ: 68 “ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ* ਦੀ ਮਹਿਮਾ ਹੋਵੇ+ ਕਿਉਂਕਿ ਉਸ ਨੇ ਆਪਣੇ ਲੋਕਾਂ ਨੂੰ ਬਚਾਉਣ ਲਈ ਉਨ੍ਹਾਂ ਵੱਲ ਧਿਆਨ ਦਿੱਤਾ ਹੈ।+ 69 ਉਸ ਨੇ ਆਪਣੇ ਸੇਵਕ ਦਾਊਦ ਦੀ ਪੀੜ੍ਹੀ ਵਿੱਚੋਂ+ ਸਾਡੇ ਲਈ ਸ਼ਕਤੀਸ਼ਾਲੀ ਮੁਕਤੀਦਾਤਾ ਪੈਦਾ ਕੀਤਾ ਹੈ,*+ 70 ਜਿਵੇਂ ਉਸ ਨੇ ਪੁਰਾਣੇ ਜ਼ਮਾਨੇ ਵਿਚ ਆਪਣੇ ਪਵਿੱਤਰ ਨਬੀਆਂ ਦੀ ਜ਼ਬਾਨੀ ਕਿਹਾ ਸੀ+ ਕਿ 71 ਉਹ ਸਾਨੂੰ ਸਾਡੇ ਦੁਸ਼ਮਣਾਂ ਅਤੇ ਸਾਡੇ ਨਾਲ ਨਫ਼ਰਤ ਕਰਨ ਵਾਲੇ ਸਾਰੇ ਲੋਕਾਂ ਦੇ ਹੱਥੋਂ ਬਚਾਵੇਗਾ;+ 72 ਉਹ ਸਾਡੇ ਪਿਉ-ਦਾਦਿਆਂ ਨਾਲ ਕੀਤੇ ਵਾਅਦੇ ਅਨੁਸਾਰ ਸਾਡੇ ਉੱਤੇ ਦਇਆ ਕਰੇਗਾ ਅਤੇ ਆਪਣੇ ਪਵਿੱਤਰ ਇਕਰਾਰ ਨੂੰ ਯਾਦ ਕਰੇਗਾ+ 73 ਯਾਨੀ ਉਹ ਸਹੁੰ ਜਿਹੜੀ ਉਸ ਨੇ ਸਾਡੇ ਪੂਰਵਜ ਅਬਰਾਹਾਮ ਨਾਲ ਖਾਧੀ ਸੀ+ 74 ਕਿ ਉਹ ਸਾਨੂੰ ਦੁਸ਼ਮਣਾਂ ਦੇ ਹੱਥੋਂ ਬਚਾ ਕੇ ਉਸ ਦੀ ਭਗਤੀ ਨਿਡਰਤਾ ਨਾਲ ਕਰਨ ਦਾ ਸਨਮਾਨ ਬਖ਼ਸ਼ੇਗਾ 75 ਤਾਂਕਿ ਅਸੀਂ ਆਪਣੀ ਪੂਰੀ ਜ਼ਿੰਦਗੀ ਉਸ ਦੀਆਂ ਨਜ਼ਰਾਂ ਵਿਚ ਵਫ਼ਾਦਾਰ ਅਤੇ ਧਰਮੀ ਰਹੀਏ। 76 ਪਰ ਤੂੰ, ਮੇਰੇ ਬੱਚੇ, ਅੱਤ ਮਹਾਨ ਦਾ ਨਬੀ ਕਹਾਏਂਗਾ ਅਤੇ ਤੂੰ ਯਹੋਵਾਹ* ਦੇ ਅੱਗੇ-ਅੱਗੇ ਜਾ ਕੇ ਉਸ ਦੇ ਰਾਹਾਂ ਨੂੰ ਤਿਆਰ ਕਰੇਂਗਾ+ 77 ਅਤੇ ਉਸ ਦੇ ਲੋਕਾਂ ਨੂੰ ਇਹ ਗਿਆਨ ਦੇਵੇਂਗਾ ਕਿ ਉਨ੍ਹਾਂ ਨੂੰ ਆਪਣੇ ਪਾਪਾਂ ਦੀ ਮਾਫ਼ੀ ਪਾ ਕੇ ਮੁਕਤੀ ਮਿਲੇਗੀ।+ 78 ਇਹ ਸਾਡੇ ਪਰਮੇਸ਼ੁਰ ਦੀ ਦਇਆ ਸਦਕਾ ਹੋਵੇਗਾ। ਇਹ ਦਇਆ ਸਵੇਰ ਦੇ ਚਾਨਣ ਵਾਂਗ ਸਾਡੇ ਉੱਤੇ ਸਵਰਗੋਂ ਚਮਕੇਗੀ 79 ਤਾਂਕਿ ਹਨੇਰੇ ਵਿਚ ਅਤੇ ਮੌਤ ਦੇ ਸਾਏ ਹੇਠ ਬੈਠੇ ਲੋਕਾਂ ਉੱਤੇ ਚਾਨਣ ਹੋਵੇ।+ ਇਹ ਚਾਨਣ ਸਾਨੂੰ ਦਿਖਾਵੇਗਾ ਕਿ ਸ਼ਾਂਤੀ ਪਾਉਣ ਲਈ ਸਾਨੂੰ ਕੀ ਕਰਨ ਦੀ ਲੋੜ ਹੈ।”

80 ਉਹ ਬੱਚਾ ਵੱਡਾ ਹੁੰਦਾ ਗਿਆ ਅਤੇ ਸਮਝਦਾਰ ਤੇ ਦਮਦਾਰ ਸੁਭਾਅ ਵਾਲਾ ਬਣਦਾ ਗਿਆ ਅਤੇ ਇਜ਼ਰਾਈਲੀਆਂ ਦੇ ਸਾਮ੍ਹਣੇ ਆਉਣ ਦੇ ਦਿਨ ਤਕ ਉਹ ਉਜਾੜ ਥਾਵਾਂ ਵਿਚ ਰਿਹਾ।

2 ਉਨ੍ਹਾਂ ਦਿਨਾਂ ਵਿਚ ਸਮਰਾਟ* ਅਗਸਤੁਸ ਨੇ ਫ਼ਰਮਾਨ ਜਾਰੀ ਕੀਤਾ ਕਿ ਸਾਮਰਾਜ ਦੇ ਸਾਰੇ ਲੋਕ ਆਪਣਾ-ਆਪਣਾ ਨਾਂ ਦਰਜ ਕਰਾਉਣ। 2 (ਕੁਰੇਨੀਅਸ ਦੇ ਸੀਰੀਆ ਦਾ ਰਾਜਪਾਲ ਹੁੰਦਿਆਂ ਇਹ ਪਹਿਲੀ ਵਾਰ ਸੀ ਜਦੋਂ ਲੋਕਾਂ ਨੂੰ ਆਪਣੇ ਨਾਂ ਦਰਜ ਕਰਾਉਣ ਲਈ ਕਿਹਾ ਗਿਆ ਸੀ।) 3 ਸਭ ਲੋਕ ਆਪਣਾ ਨਾਂ ਦਰਜ ਕਰਾਉਣ ਲਈ ਆਪੋ-ਆਪਣੇ ਜੱਦੀ ਸ਼ਹਿਰਾਂ ਨੂੰ ਤੁਰ ਪਏ ਜਿੱਥੇ ਉਨ੍ਹਾਂ ਦਾ ਜਨਮ ਹੋਇਆ ਸੀ। 4 ਯੂਸੁਫ਼+ ਗਲੀਲ ਦੇ ਨਾਸਰਤ ਸ਼ਹਿਰ ਵਿਚ ਰਹਿੰਦਾ ਸੀ। ਪਰ ਦਾਊਦ ਦੇ ਘਰਾਣੇ ਅਤੇ ਪਰਿਵਾਰ ਵਿੱਚੋਂ ਹੋਣ ਕਰਕੇ ਉਹ ਉੱਥੋਂ ਯਹੂਦਿਯਾ ਵਿਚ ਬੈਤਲਹਮ+ ਸ਼ਹਿਰ ਨੂੰ ਗਿਆ ਜੋ ਦਾਊਦ ਦਾ ਸ਼ਹਿਰ ਸੀ 5 ਤਾਂਕਿ ਉਹ ਆਪਣਾ ਅਤੇ ਮਰੀਅਮ, ਜੋ ਉਸ ਦੀ ਪਤਨੀ ਬਣ ਚੁੱਕੀ ਸੀ,+ ਦਾ ਨਾਂ ਦਰਜ ਕਰਾਏ। ਉਸ ਵੇਲੇ ਮਰੀਅਮ ਦੇ ਜਣਨ ਦਾ ਸਮਾਂ ਨੇੜੇ ਸੀ+ 6 ਅਤੇ ਬੈਤਲਹਮ ਵਿਚ ਹੁੰਦਿਆਂ ਬੱਚੇ ਨੂੰ ਜਨਮ ਦੇਣ ਦਾ ਸਮਾਂ ਆ ਗਿਆ। 7 ਉੱਥੇ ਉਸ ਨੇ ਆਪਣੇ ਜੇਠੇ ਪੁੱਤਰ ਨੂੰ ਜਨਮ ਦਿੱਤਾ+ ਅਤੇ ਉਸ ਨੂੰ ਕੱਪੜੇ ਵਿਚ ਲਪੇਟ ਕੇ ਖੁਰਲੀ ਵਿਚ ਲੰਮਾ ਪਾ ਦਿੱਤਾ+ ਕਿਉਂਕਿ ਉਨ੍ਹਾਂ ਨੂੰ ਮੁਸਾਫ਼ਰਖ਼ਾਨੇ ਵਿਚ ਰਹਿਣ ਲਈ ਜਗ੍ਹਾ ਨਹੀਂ ਮਿਲੀ ਸੀ।

8 ਉਸ ਇਲਾਕੇ ਵਿਚ ਕੁਝ ਚਰਵਾਹੇ ਘਰੋਂ ਬਾਹਰ ਰਹਿ ਰਹੇ ਸਨ ਅਤੇ ਰਾਤ ਨੂੰ ਆਪਣੇ ਇੱਜੜਾਂ ਦੀ ਰਖਵਾਲੀ ਕਰ ਰਹੇ ਸਨ। 9 ਅਚਾਨਕ ਯਹੋਵਾਹ* ਦਾ ਦੂਤ ਉਨ੍ਹਾਂ ਸਾਮ੍ਹਣੇ ਆ ਖੜ੍ਹਾ ਹੋਇਆ ਅਤੇ ਯਹੋਵਾਹ* ਦੀ ਮਹਿਮਾ ਦੇ ਨੂਰ ਨਾਲ ਉਨ੍ਹਾਂ ਦਾ ਆਲਾ-ਦੁਆਲਾ ਚਮਕ ਉੱਠਿਆ। ਇਸ ਕਰਕੇ ਚਰਵਾਹੇ ਬਹੁਤ ਡਰ ਗਏ। 10 ਪਰ ਦੂਤ ਨੇ ਉਨ੍ਹਾਂ ਨੂੰ ਕਿਹਾ: “ਡਰੋ ਨਾ, ਸੁਣੋ! ਮੈਂ ਤੁਹਾਨੂੰ ਖ਼ੁਸ਼ ਖ਼ਬਰੀ ਸੁਣਾਉਣ ਆਇਆ ਹਾਂ ਜਿਸ ਨੂੰ ਸੁਣ ਕੇ ਸਾਰੇ ਲੋਕਾਂ ਨੂੰ ਬੜੀ ਖ਼ੁਸ਼ੀ ਹੋਵੇਗੀ 11 ਕਿਉਂਕਿ ਅੱਜ ਦਾਊਦ ਦੇ ਸ਼ਹਿਰ+ ਵਿਚ ਤੁਹਾਡੇ ਲਈ ਇਕ ਮੁਕਤੀਦਾਤਾ ਪੈਦਾ ਹੋਇਆ ਹੈ,+ ਉਹੀ ਮਸੀਹ ਤੇ ਪ੍ਰਭੂ ਹੈ।+ 12 ਉਸ ਨੂੰ ਪਛਾਣਨ ਦੀ ਨਿਸ਼ਾਨੀ ਇਹ ਹੈ: ਤੁਸੀਂ ਬੱਚੇ ਨੂੰ ਕੱਪੜੇ ਵਿਚ ਲਪੇਟਿਆ ਹੋਇਆ ਤੇ ਖੁਰਲੀ ਵਿਚ ਪਿਆ ਦੇਖੋਗੇ।” 13 ਫਿਰ ਅਚਾਨਕ ਸਵਰਗੀ ਦੂਤਾਂ ਦੀ ਫ਼ੌਜ ਉਸ ਦੂਤ ਨਾਲ ਆ ਰਲ਼ੀ+ ਅਤੇ ਉਹ ਸਾਰੇ ਪਰਮੇਸ਼ੁਰ ਦੀ ਵਡਿਆਈ ਕਰਦੇ ਹੋਏ ਕਹਿਣ ਲੱਗੇ: 14 “ਸਵਰਗ ਵਿਚ ਪਰਮੇਸ਼ੁਰ ਦੀ ਜੈ-ਜੈ ਕਾਰ ਹੋਵੇ ਅਤੇ ਧਰਤੀ ਉੱਤੇ ਉਨ੍ਹਾਂ ਲੋਕਾਂ ਨੂੰ ਸ਼ਾਂਤੀ ਮਿਲੇ ਜਿਨ੍ਹਾਂ ਤੋਂ ਉਹ ਖ਼ੁਸ਼ ਹੈ।”

15 ਫਿਰ ਜਦੋਂ ਦੂਤ ਸਵਰਗ ਨੂੰ ਚਲੇ ਗਏ, ਤਾਂ ਚਰਵਾਹੇ ਇਕ-ਦੂਜੇ ਨੂੰ ਕਹਿਣ ਲੱਗੇ: “ਆਓ ਆਪਾਂ ਸਿੱਧੇ ਬੈਤਲਹਮ ਨੂੰ ਚੱਲੀਏ ਅਤੇ ਉੱਥੇ ਯਹੋਵਾਹ* ਦੇ ਕਹੇ ਮੁਤਾਬਕ ਜੋ ਹੋਇਆ ਹੈ, ਜਾ ਕੇ ਦੇਖੀਏ।” 16 ਉਹ ਫ਼ੌਰਨ ਗਏ ਅਤੇ ਮਰੀਅਮ ਤੇ ਯੂਸੁਫ਼ ਨੂੰ ਮਿਲ ਪਏ ਅਤੇ ਉਨ੍ਹਾਂ ਨੇ ਬੱਚੇ ਨੂੰ ਖੁਰਲੀ ਵਿਚ ਪਿਆ ਦੇਖਿਆ। 17 ਇਹ ਦੇਖਣ ਤੋਂ ਬਾਅਦ, ਉਨ੍ਹਾਂ ਨੇ ਸਾਰੀਆਂ ਗੱਲਾਂ ਲੋਕਾਂ ਨੂੰ ਦੱਸੀਆਂ ਜੋ ਦੂਤ ਨੇ ਉਨ੍ਹਾਂ ਨੂੰ ਬੱਚੇ ਬਾਰੇ ਕਹੀਆਂ ਸਨ। 18 ਜਿਨ੍ਹਾਂ ਨੇ ਵੀ ਚਰਵਾਹਿਆਂ ਦੀਆਂ ਗੱਲਾਂ ਸੁਣੀਆਂ, ਉਹ ਸਭ ਹੈਰਾਨ ਹੋਏ। 19 ਪਰ ਮਰੀਅਮ ਨੇ ਇਹ ਸਾਰੀਆਂ ਗੱਲਾਂ ਆਪਣੇ ਦਿਲ ਵਿਚ ਸਾਂਭ ਰੱਖੀਆਂ ਅਤੇ ਇਨ੍ਹਾਂ ਦੇ ਮਤਲਬ ਬਾਰੇ ਸੋਚਣ ਲੱਗੀ।+ 20 ਫਿਰ ਚਰਵਾਹੇ ਵਾਪਸ ਚਲੇ ਗਏ ਅਤੇ ਪਰਮੇਸ਼ੁਰ ਦੀ ਵਡਿਆਈ ਕਰਨ ਲੱਗੇ ਕਿਉਂਕਿ ਉਨ੍ਹਾਂ ਨੇ ਉਹੀ ਸੁਣਿਆ ਤੇ ਦੇਖਿਆ ਜੋ ਉਨ੍ਹਾਂ ਨੂੰ ਦੱਸਿਆ ਗਿਆ ਸੀ।

21 ਅੱਠਵੇਂ ਦਿਨ ਜਦੋਂ ਬੱਚੇ ਦੀ ਸੁੰਨਤ ਕਰਨ ਦਾ ਸਮਾਂ ਆਇਆ,+ ਤਾਂ ਉਸ ਦਾ ਨਾਂ ਯਿਸੂ ਰੱਖਿਆ ਗਿਆ। ਇਹ ਨਾਂ ਦੂਤ ਨੇ ਮਰੀਅਮ ਦੇ ਗਰਭਵਤੀ ਹੋਣ ਤੋਂ ਪਹਿਲਾਂ ਉਸ ਨੂੰ ਦੱਸਿਆ ਸੀ।+

22 ਫਿਰ ਮੂਸਾ ਦੇ ਕਾਨੂੰਨ ਅਨੁਸਾਰ ਜਦੋਂ ਉਨ੍ਹਾਂ ਦੇ ਸ਼ੁੱਧ ਹੋਣ ਦਾ ਸਮਾਂ ਆਇਆ,+ ਤਾਂ ਉਹ ਬੱਚੇ ਨੂੰ ਯਹੋਵਾਹ* ਅੱਗੇ ਪੇਸ਼ ਕਰਨ ਲਈ ਯਰੂਸ਼ਲਮ ਆਏ 23 ਕਿਉਂਕਿ ਯਹੋਵਾਹ* ਦੇ ਕਾਨੂੰਨ ਵਿਚ ਲਿਖਿਆ ਹੈ: “ਹਰ ਜੇਠਾ ਪੁੱਤਰ ਯਹੋਵਾਹ* ਨੂੰ ਅਰਪਿਤ ਕੀਤਾ ਜਾਵੇ।”+ 24 ਨਾਲੇ ਉਨ੍ਹਾਂ ਨੇ ਬਲ਼ੀ ਚੜ੍ਹਾਈ ਜਿਸ ਬਾਰੇ ਯਹੋਵਾਹ* ਦੇ ਕਾਨੂੰਨ ਵਿਚ ਲਿਖਿਆ ਹੈ: “ਘੁੱਗੀਆਂ ਦਾ ਇਕ ਜੋੜਾ ਜਾਂ ਕਬੂਤਰ ਦੇ ਦੋ ਬੱਚੇ।”+

25 ਦੇਖੋ! ਯਰੂਸ਼ਲਮ ਵਿਚ ਸ਼ਿਮਓਨ ਨਾਂ ਦਾ ਆਦਮੀ ਸੀ ਜੋ ਧਰਮੀ ਅਤੇ ਪਰਮੇਸ਼ੁਰ ਤੋਂ ਡਰਨ ਵਾਲਾ ਬੰਦਾ ਸੀ। ਉਹ ਇਜ਼ਰਾਈਲ ਦੇ ਛੁਟਕਾਰੇ ਦਾ ਇੰਤਜ਼ਾਰ ਕਰ ਰਿਹਾ ਸੀ+ ਅਤੇ ਪਵਿੱਤਰ ਸ਼ਕਤੀ ਉਸ ਉੱਤੇ ਸੀ। 26 ਨਾਲੇ ਪਵਿੱਤਰ ਸ਼ਕਤੀ ਰਾਹੀਂ ਪਰਮੇਸ਼ੁਰ ਨੇ ਉਸ ਨੂੰ ਦੱਸਿਆ ਸੀ ਕਿ ਉਹ ਯਹੋਵਾਹ* ਦੇ ਭੇਜੇ ਹੋਏ ਮਸੀਹ ਨੂੰ ਦੇਖੇ ਬਿਨਾਂ ਨਹੀਂ ਮਰੇਗਾ। 27 ਪਵਿੱਤਰ ਸ਼ਕਤੀ ਦੀ ਪ੍ਰੇਰਣਾ ਅਧੀਨ ਉਹ ਮੰਦਰ ਵਿਚ ਗਿਆ, ਉਸ ਵੇਲੇ ਮੂਸਾ ਦੇ ਕਾਨੂੰਨ ਮੁਤਾਬਕ ਰੀਤ ਪੂਰੀ ਕਰਨ ਲਈ ਬਾਲਕ ਯਿਸੂ ਨੂੰ ਉਸ ਦੇ ਮਾਤਾ-ਪਿਤਾ ਮੰਦਰ ਵਿਚ ਲੈ ਕੇ ਆਏ ਹੋਏ ਸਨ।+ 28 ਸ਼ਿਮਓਨ ਨੇ ਬੱਚੇ ਨੂੰ ਬਾਹਾਂ ਵਿਚ ਚੁੱਕਿਆ ਅਤੇ ਪਰਮੇਸ਼ੁਰ ਦੀ ਮਹਿਮਾ ਕਰਦੇ ਹੋਏ ਕਹਿਣ ਲੱਗਾ: 29 “ਹੇ ਸਾਰੇ ਜਹਾਨ ਦੇ ਮਾਲਕ, ਤੇਰੀ ਗੱਲ ਪੂਰੀ ਹੋ ਗਈ ਹੈ। ਹੁਣ ਤੇਰਾ ਦਾਸ ਸ਼ਾਂਤੀ ਨਾਲ ਮਰ ਸਕਦਾ ਹੈ+ 30 ਕਿਉਂਕਿ ਮੇਰੀਆਂ ਅੱਖਾਂ ਨੇ ਤੇਰੇ ਮੁਕਤੀ ਦੇ ਜ਼ਰੀਏ ਨੂੰ ਦੇਖ ਲਿਆ ਹੈ+ 31 ਜਿਸ ਨੂੰ ਤੂੰ ਸਾਰੇ ਲੋਕਾਂ ਸਾਮ੍ਹਣੇ ਜ਼ਾਹਰ ਕੀਤਾ ਹੈ।+ 32 ਇਹ ਕੌਮਾਂ ਉੱਤੇ ਛਾਏ ਹਨੇਰੇ ਨੂੰ ਦੂਰ ਕਰਨ ਵਾਲਾ+ ਚਾਨਣ+ ਅਤੇ ਤੇਰੀ ਪਰਜਾ ਇਜ਼ਰਾਈਲ ਦੀ ਸ਼ਾਨ ਹੈ।” 33 ਬੱਚੇ ਬਾਰੇ ਇਹ ਸਭ ਗੱਲਾਂ ਸੁਣ ਕੇ ਉਸ ਦੇ ਮਾਤਾ-ਪਿਤਾ ਨੂੰ ਹੈਰਾਨੀ ਹੋ ਰਹੀ ਸੀ। 34 ਸ਼ਿਮਓਨ ਨੇ ਉਨ੍ਹਾਂ ਨੂੰ ਅਸੀਸ ਦਿੱਤੀ ਅਤੇ ਬੱਚੇ ਦੀ ਮਾਂ ਮਰੀਅਮ ਨੂੰ ਕਿਹਾ: “ਸੁਣ! ਇਸ ਬੱਚੇ ਕਰਕੇ ਇਜ਼ਰਾਈਲ ਵਿਚ ਬਹੁਤ ਸਾਰੇ ਲੋਕ ਡਿਗਣਗੇ+ ਅਤੇ ਬਹੁਤ ਸਾਰੇ ਲੋਕ ਉੱਠਣਗੇ।+ ਲੋਕ ਉਸ ਖ਼ਿਲਾਫ਼ ਗੱਲਾਂ ਕਰਨਗੇ,+ 35 ਇਸ ਤਰ੍ਹਾਂ, ਲੋਕਾਂ ਦੇ ਮਨਾਂ ਦੀਆਂ ਸੋਚਾਂ ਪ੍ਰਗਟ ਹੋਣਗੀਆਂ। ਪਰ ਮਰੀਅਮ, ਇਕ ਲੰਬੀ ਤਲਵਾਰ ਤੇਰੇ ਕਲੇਜੇ ਨੂੰ ਵਿੰਨ੍ਹੇਗੀ।”+

36 ਆਸ਼ੇਰ ਦੇ ਗੋਤ ਵਿੱਚੋਂ ਫ਼ਨੂਏਲ ਦੀ ਧੀ ਅੱਨਾ ਨਬੀਆ ਸੀ। ਉਹ ਸਿਆਣੀ ਉਮਰ ਦੀ ਸੀ ਅਤੇ ਵਿਆਹ ਤੋਂ ਬਾਅਦ ਆਪਣੇ ਪਤੀ ਨਾਲ ਸੱਤ ਸਾਲ ਰਹਿਣ ਪਿੱਛੋਂ 37 ਵਿਧਵਾ ਹੋ ਗਈ ਸੀ ਅਤੇ ਹੁਣ ਉਹ 84 ਸਾਲਾਂ ਦੀ ਸੀ। ਉਹ ਹਮੇਸ਼ਾ ਮੰਦਰ ਵਿਚ ਆਉਂਦੀ ਸੀ ਅਤੇ ਦਿਨ-ਰਾਤ ਭਗਤੀ ਵਿਚ ਲੀਨ ਰਹਿੰਦੀ ਸੀ, ਨਾਲੇ ਵਰਤ ਰੱਖਦੀ ਅਤੇ ਫ਼ਰਿਆਦ ਕਰਦੀ ਹੁੰਦੀ ਸੀ। 38 ਉਸ ਵੇਲੇ ਉਹ ਵੀ ਉਨ੍ਹਾਂ ਕੋਲ ਆਈ ਅਤੇ ਪਰਮੇਸ਼ੁਰ ਦਾ ਧੰਨਵਾਦ ਕਰਨ ਲੱਗੀ ਅਤੇ ਯਰੂਸ਼ਲਮ ਦੇ ਛੁਟਕਾਰੇ ਦਾ ਇੰਤਜ਼ਾਰ ਕਰ ਰਹੇ ਲੋਕਾਂ+ ਨੂੰ ਬੱਚੇ ਬਾਰੇ ਦੱਸਣ ਲੱਗੀ।

39 ਫਿਰ ਯੂਸੁਫ਼ ਤੇ ਮਰੀਅਮ ਯਹੋਵਾਹ* ਦੇ ਕਾਨੂੰਨ ਅਨੁਸਾਰ ਸਾਰੀਆਂ ਰਸਮਾਂ ਪੂਰੀਆਂ ਕਰ ਕੇ+ ਗਲੀਲ ਵਿਚ ਆਪਣੇ ਸ਼ਹਿਰ ਨਾਸਰਤ ਵਾਪਸ ਚਲੇ ਗਏ।+ 40 ਉਹ ਬੱਚਾ ਵੱਡਾ ਤੇ ਤਕੜਾ ਹੁੰਦਾ ਗਿਆ। ਉਹ ਸਮਝਦਾਰ ਹੁੰਦਾ ਗਿਆ ਤੇ ਪਰਮੇਸ਼ੁਰ ਦੀ ਮਿਹਰ ਉਸ ਉੱਤੇ ਰਹੀ।+

41 ਉਸ ਦੇ ਮਾਤਾ-ਪਿਤਾ ਹਰ ਸਾਲ ਪਸਾਹ ਦਾ ਤਿਉਹਾਰ ਮਨਾਉਣ ਲਈ ਯਰੂਸ਼ਲਮ ਨੂੰ ਜਾਂਦੇ ਹੁੰਦੇ ਸਨ।+ 42 ਜਦ ਉਹ 12 ਸਾਲਾਂ ਦਾ ਸੀ, ਤਾਂ ਹਰ ਸਾਲ ਦੀ ਤਰ੍ਹਾਂ ਉਹ ਸਾਰੇ ਜਣੇ ਤਿਉਹਾਰ ਮਨਾਉਣ ਲਈ ਯਰੂਸ਼ਲਮ ਨੂੰ ਗਏ।+ 43 ਤਿਉਹਾਰ ਖ਼ਤਮ ਹੋਣ ਤੋਂ ਬਾਅਦ ਜਦ ਉਹ ਵਾਪਸ ਆ ਰਹੇ ਸਨ, ਤਾਂ ਬਾਲਕ ਯਿਸੂ ਪਿੱਛੇ ਯਰੂਸ਼ਲਮ ਵਿਚ ਰਹਿ ਗਿਆ ਅਤੇ ਉਸ ਦੇ ਮਾਤਾ-ਪਿਤਾ ਨੂੰ ਇਸ ਦਾ ਪਤਾ ਨਾ ਲੱਗਾ। 44 ਉਨ੍ਹਾਂ ਨੂੰ ਲੱਗਾ ਕਿ ਉਹ ਕਾਫ਼ਲੇ ਦੇ ਨਾਲ ਹੀ ਸੀ। ਪੂਰੇ ਦਿਨ ਦਾ ਸਫ਼ਰ ਤੈਅ ਕਰਨ ਤੋਂ ਬਾਅਦ ਉਹ ਆਪਣੇ ਰਿਸ਼ਤੇਦਾਰਾਂ ਅਤੇ ਜਾਣ-ਪਛਾਣ ਦੇ ਲੋਕਾਂ ਵਿਚ ਉਸ ਨੂੰ ਲੱਭਣ ਲੱਗੇ। 45 ਪਰ ਜਦ ਉਹ ਨਾ ਲੱਭਾ, ਤਾਂ ਉਹ ਯਰੂਸ਼ਲਮ ਵਾਪਸ ਆ ਕੇ ਸਾਰੇ ਪਾਸੇ ਉਸ ਦੀ ਤਲਾਸ਼ ਕਰਨ ਲੱਗੇ। 46 ਤਿੰਨਾਂ ਦਿਨਾਂ ਬਾਅਦ ਉਹ ਉਨ੍ਹਾਂ ਨੂੰ ਮੰਦਰ ਵਿਚ ਲੱਭਾ ਜਿੱਥੇ ਉਹ ਧਰਮ-ਗੁਰੂਆਂ ਵਿਚ ਬੈਠਾ ਉਨ੍ਹਾਂ ਦੀਆਂ ਗੱਲਾਂ ਸੁਣ ਰਿਹਾ ਸੀ ਅਤੇ ਉਨ੍ਹਾਂ ਨੂੰ ਸਵਾਲ ਪੁੱਛ ਰਿਹਾ ਸੀ। 47 ਸਾਰੇ ਲੋਕਾਂ ਨੂੰ ਉਸ ਦੀ ਸਮਝ ਦੇਖ ਕੇ ਅਤੇ ਉਸ ਦੇ ਜਵਾਬ ਸੁਣ ਕੇ ਅਚੰਭਾ ਹੋ ਰਿਹਾ ਸੀ।+ 48 ਜਦ ਉਸ ਦੇ ਮਾਤਾ-ਪਿਤਾ ਨੇ ਉਸ ਨੂੰ ਦੇਖਿਆ, ਤਾਂ ਉਹ ਬਹੁਤ ਹੈਰਾਨ ਹੋਏ ਅਤੇ ਉਸ ਦੀ ਮਾਂ ਨੇ ਉਸ ਨੂੰ ਕਿਹਾ: “ਪੁੱਤ, ਤੂੰ ਇਹ ਸਾਡੇ ਨਾਲ ਕਿਉਂ ਕੀਤਾ? ਤੈਨੂੰ ਪਤਾ, ਮੈਂ ਤੇ ਤੇਰਾ ਪਿਤਾ ਤੈਨੂੰ ਪਾਗਲਾਂ ਵਾਂਗ ਲੱਭਦੇ ਫਿਰ ਰਹੇ ਸੀ!” 49 ਪਰ ਉਸ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਮੈਨੂੰ ਕਿਉਂ ਲੱਭ ਰਹੇ ਸੀ? ਤੁਹਾਨੂੰ ਨਹੀਂ ਪਤਾ ਕਿ ਮੈਂ ਆਪਣੇ ਪਿਤਾ ਦੇ ਘਰ ਹੀ ਹੋਵਾਂਗਾ?”+ 50 ਪਰ ਉਹ ਉਸ ਦੀ ਗੱਲ ਨਾ ਸਮਝੇ।

51 ਫਿਰ ਉਹ ਉਨ੍ਹਾਂ ਨਾਲ ਚਲਾ ਗਿਆ ਅਤੇ ਨਾਸਰਤ ਵਾਪਸ ਆ ਗਿਆ ਤੇ ਉਨ੍ਹਾਂ ਦੇ ਅਧੀਨ ਰਿਹਾ।*+ ਉਸ ਦੀ ਮਾਂ ਨੇ ਉਹ ਸਭ ਗੱਲਾਂ ਆਪਣੇ ਦਿਲ ਵਿਚ ਸਾਂਭ ਕੇ ਰੱਖੀਆਂ।+ 52 ਯਿਸੂ ਵੱਡਾ ਹੁੰਦਾ ਗਿਆ ਅਤੇ ਸਮਝ ਵਿਚ ਵਧਦਾ ਗਿਆ। ਪਰਮੇਸ਼ੁਰ ਦੀ ਮਿਹਰ ਹਮੇਸ਼ਾ ਉਸ ਉੱਤੇ ਰਹੀ ਅਤੇ ਲੋਕ ਵੀ ਉਸ ਤੋਂ ਖ਼ੁਸ਼ ਸਨ।

3 ਰਾਜਾ ਤਾਈਬੀਰੀਅਸ ਦੇ ਰਾਜ ਦੇ 15ਵੇਂ ਸਾਲ ਵਿਚ ਪੁੰਤੀਅਸ ਪਿਲਾਤੁਸ ਯਹੂਦਿਯਾ ਦਾ ਰਾਜਪਾਲ ਸੀ, ਹੇਰੋਦੇਸ*+ ਗਲੀਲ ਜ਼ਿਲ੍ਹੇ ਦਾ ਹਾਕਮ ਸੀ, ਉਸ ਦਾ ਭਰਾ ਫ਼ਿਲਿੱਪੁਸ ਇਤੂਰੀਆ ਤੇ ਤ੍ਰਖੋਨੀਤਿਸ ਜ਼ਿਲ੍ਹੇ ਦਾ ਹਾਕਮ ਸੀ, ਲੁਸਾਨੀਅਸ ਅਬਿਲੇਨੇ ਜ਼ਿਲ੍ਹੇ ਦਾ ਹਾਕਮ ਸੀ 2 ਅਤੇ ਅੰਨਾਸ ਮੁੱਖ ਪੁਜਾਰੀ ਤੇ ਕਾਇਫ਼ਾ ਮਹਾਂ ਪੁਜਾਰੀ ਸੀ।+ ਉਨ੍ਹਾਂ ਦਿਨਾਂ ਵਿਚ ਪਰਮੇਸ਼ੁਰ ਨੇ ਜ਼ਕਰਯਾਹ ਦੇ ਪੁੱਤਰ ਯੂਹੰਨਾ+ ਨੂੰ ਉਜਾੜ ਵਿਚ ਸੰਦੇਸ਼ ਦਿੱਤਾ।+

3 ਇਸ ਲਈ ਉਹ ਯਰਦਨ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਆ ਕੇ ਲੋਕਾਂ ਨੂੰ ਪ੍ਰਚਾਰ ਕਰਨ ਲੱਗਾ। ਉਸ ਨੇ ਲੋਕਾਂ ਨੂੰ ਕਿਹਾ ਕਿ ਉਹ ਬਪਤਿਸਮਾ ਲੈ ਕੇ ਇਸ ਗੱਲ ਦਾ ਸਬੂਤ ਦੇਣ ਕਿ ਉਨ੍ਹਾਂ ਨੇ ਮਾਫ਼ੀ ਪਾਉਣ ਲਈ ਆਪਣੇ ਪਾਪਾਂ ਤੋਂ ਤੋਬਾ ਕੀਤੀ ਹੈ,+ 4 ਯੂਹੰਨਾ ਬਾਰੇ ਯਸਾਯਾਹ ਨਬੀ ਦੀ ਕਿਤਾਬ ਵਿਚ ਲਿਖਿਆ ਹੈ: “ਸੁਣੋ! ਉਜਾੜ ਵਿਚ ਕੋਈ ਉੱਚੀ ਆਵਾਜ਼ ਵਿਚ ਕਹਿ ਰਿਹਾ ਹੈ: ‘ਯਹੋਵਾਹ* ਦਾ ਰਸਤਾ ਤਿਆਰ ਕਰੋ! ਉਸ ਦੇ ਰਾਹਾਂ ਨੂੰ ਸਿੱਧਾ ਕਰੋ।+ 5 ਹਰ ਖਾਈ ਭਰੀ ਜਾਵੇ, ਹਰ ਪਹਾੜ ਤੇ ਪਹਾੜੀ ਪੱਧਰੀ ਕੀਤੀ ਜਾਵੇ; ਵਿੰਗੇ ਰਾਹ ਸਿੱਧੇ ਕੀਤੇ ਜਾਣ ਅਤੇ ਉੱਚੇ-ਨੀਵੇਂ ਰਾਹ ਪੱਧਰੇ ਕੀਤੇ ਜਾਣ 6 ਅਤੇ ਸਾਰੇ ਇਨਸਾਨਾਂ ਨੂੰ ਪਰਮੇਸ਼ੁਰ ਦੇ ਮੁਕਤੀ ਦੇਣ ਦੇ ਜ਼ਰੀਏ ਬਾਰੇ ਪਤਾ ਲੱਗੇਗਾ।’”+

7 ਭੀੜਾਂ ਦੀਆਂ ਭੀੜਾਂ ਉਸ ਤੋਂ ਬਪਤਿਸਮਾ ਲੈਣ ਆ ਰਹੀਆਂ ਸਨ। ਉਸ ਨੇ ਉਨ੍ਹਾਂ ਨੂੰ ਕਿਹਾ: “ਹੇ ਸੱਪਾਂ ਦੇ ਬੱਚਿਓ, ਤੁਹਾਨੂੰ ਕਿਸ ਨੇ ਚੇਤਾਵਨੀ ਦਿੱਤੀ ਕਿ ਤੁਸੀਂ ਪਰਮੇਸ਼ੁਰ ਦੇ ਕਹਿਰ ਦੇ ਦਿਨ ਤੋਂ ਬਚ ਜਾਓਗੇ?+ 8 ਆਪਣੇ ਕੰਮਾਂ ਰਾਹੀਂ ਆਪਣੀ ਤੋਬਾ ਦਾ ਸਬੂਤ ਦਿਓ। ਆਪਣੇ ਆਪ ਨੂੰ ਇਹ ਨਾ ਕਹੋ, ‘ਅਬਰਾਹਾਮ ਸਾਡਾ ਪਿਤਾ ਹੈ।’ ਮੈਂ ਤੁਹਾਨੂੰ ਦੱਸਦਾ ਹਾਂ ਕਿ ਪਰਮੇਸ਼ੁਰ ਇਨ੍ਹਾਂ ਪੱਥਰਾਂ ਤੋਂ ਵੀ ਅਬਰਾਹਾਮ ਲਈ ਸੰਤਾਨ ਪੈਦਾ ਕਰ ਸਕਦਾ ਹੈ। 9 ਵਾਕਈ, ਕੁਹਾੜਾ ਦਰਖ਼ਤਾਂ ਦੀਆਂ ਜੜ੍ਹਾਂ ਉੱਤੇ ਰੱਖਿਆ ਹੋਇਆ ਹੈ। ਜਿਹੜਾ ਵੀ ਦਰਖ਼ਤ ਵਧੀਆ ਫਲ ਨਹੀਂ ਦਿੰਦਾ, ਉਸ ਨੂੰ ਵੱਢ ਕੇ ਅੱਗ ਵਿਚ ਸੁੱਟ ਦਿੱਤਾ ਜਾਵੇਗਾ।”+

10 ਲੋਕ ਉਸ ਨੂੰ ਪੁੱਛਿਆ ਕਰਦੇ ਸਨ: “ਤਾਂ ਫਿਰ, ਅਸੀਂ ਕੀ ਕਰੀਏ?” 11 ਉਹ ਉਨ੍ਹਾਂ ਨੂੰ ਜਵਾਬ ਦਿੰਦਾ ਹੁੰਦਾ ਸੀ: “ਜਿਸ ਆਦਮੀ ਕੋਲ ਦੋ ਕੁੜਤੇ ਹੋਣ,* ਉਹ ਇਕ ਉਸ ਨੂੰ ਦੇ ਦੇਵੇ ਜਿਸ ਕੋਲ ਕੋਈ ਨਹੀਂ ਹੈ ਅਤੇ ਜਿਸ ਕੋਲ ਖਾਣ ਲਈ ਕੁਝ ਹੈ, ਉਹ ਵੀ ਇਸੇ ਤਰ੍ਹਾਂ ਕਰੇ।”+ 12 ਟੈਕਸ ਵਸੂਲਣ ਵਾਲੇ ਵੀ ਬਪਤਿਸਮਾ ਲੈਣ ਆਏ+ ਅਤੇ ਉਨ੍ਹਾਂ ਨੇ ਉਸ ਨੂੰ ਪੁੱਛਿਆ: “ਗੁਰੂ ਜੀ, ਸਾਨੂੰ ਦੱਸ ਅਸੀਂ ਕੀ ਕਰੀਏ?” 13 ਉਸ ਨੇ ਉਨ੍ਹਾਂ ਨੂੰ ਕਿਹਾ: “ਜਿੰਨਾ ਟੈਕਸ ਬਣਦਾ ਹੈ ਉਸ ਤੋਂ ਵੱਧ ਨਾ ਲਓ।”*+ 14 ਨਾਲੇ ਫ਼ੌਜੀ ਵੀ ਉਸ ਨੂੰ ਪੁੱਛਦੇ ਸਨ: “ਅਸੀਂ ਕੀ ਕਰੀਏ?” ਅਤੇ ਉਹ ਉਨ੍ਹਾਂ ਨੂੰ ਕਹਿੰਦਾ ਸੀ: “ਕਿਸੇ ਨੂੰ ਤੰਗ ਨਾ ਕਰੋ,* ਕਿਸੇ ʼਤੇ ਝੂਠਾ ਦੋਸ਼ ਨਾ ਲਾਓ+ ਅਤੇ ਜਿੰਨੀ ਰੋਜ਼ੀ-ਰੋਟੀ* ਕਮਾਉਂਦੇ ਹੋ, ਉਸੇ ਵਿਚ ਸੰਤੁਸ਼ਟ ਰਹੋ।”

15 ਉਸ ਵੇਲੇ ਲੋਕ ਮਸੀਹ ਦੇ ਆਉਣ ਦਾ ਇੰਤਜ਼ਾਰ ਕਰ ਰਹੇ ਸਨ। ਇਸ ਲਈ ਸਾਰੇ ਲੋਕ ਆਪਣੇ ਮਨਾਂ ਵਿਚ ਯੂਹੰਨਾ ਬਾਰੇ ਸੋਚਦੇ ਹੁੰਦੇ ਸਨ, “ਕਿਤੇ ਇਹੀ ਮਸੀਹ ਤਾਂ ਨਹੀਂ?”+ 16 ਯੂਹੰਨਾ ਨੇ ਉਨ੍ਹਾਂ ਸਾਰਿਆਂ ਨੂੰ ਜਵਾਬ ਦਿੰਦੇ ਹੋਏ ਕਿਹਾ: “ਮੈਂ ਤਾਂ ਤੁਹਾਨੂੰ ਪਾਣੀ ਨਾਲ ਬਪਤਿਸਮਾ ਦਿੰਦਾ ਹਾਂ, ਪਰ ਜਿਹੜਾ ਮੇਰੇ ਤੋਂ ਬਾਅਦ ਆ ਰਿਹਾ ਹੈ, ਉਸ ਕੋਲ ਮੇਰੇ ਨਾਲੋਂ ਜ਼ਿਆਦਾ ਅਧਿਕਾਰ ਹੈ। ਮੈਂ ਤਾਂ ਉਸ ਦੀ ਜੁੱਤੀ ਦੇ ਤਸਮੇ ਖੋਲ੍ਹਣ ਦੇ ਵੀ ਕਾਬਲ ਨਹੀਂ ਹਾਂ।+ ਉਹ ਤੁਹਾਨੂੰ ਪਵਿੱਤਰ ਸ਼ਕਤੀ ਅਤੇ ਅੱਗ ਨਾਲ ਬਪਤਿਸਮਾ ਦੇਵੇਗਾ।+ 17 ਉਸ ਦੀ ਤੰਗਲੀ ਉਸ ਦੇ ਹੱਥ ਵਿਚ ਹੈ ਅਤੇ ਉਹ ਪਿੜ* ਨੂੰ ਚੰਗੀ ਤਰ੍ਹਾਂ ਸਾਫ਼ ਕਰੇਗਾ ਅਤੇ ਕਣਕ ਨੂੰ ਆਪਣੀ ਕੋਠੀ ਵਿਚ ਸਾਂਭੇਗਾ ਤੇ ਤੂੜੀ ਨੂੰ ਅੱਗ ਲਾ ਦੇਵੇਗਾ ਜਿਸ ਨੂੰ ਬੁਝਾਇਆ ਨਹੀਂ ਜਾ ਸਕਦਾ।”

18 ਯੂਹੰਨਾ ਨੇ ਲੋਕਾਂ ਨੂੰ ਹੌਸਲਾ ਦੇਣ ਲਈ ਹੋਰ ਵੀ ਕਈ ਗੱਲਾਂ ਦੱਸੀਆਂ ਅਤੇ ਉਹ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਉਂਦਾ ਰਿਹਾ। 19 ਪਰ ਉਸ ਨੇ ਜ਼ਿਲ੍ਹੇ ਦੇ ਹਾਕਮ ਹੇਰੋਦੇਸ ਨੂੰ ਆਪਣੀ ਭਰਜਾਈ ਹੇਰੋਦਿਆਸ ਨੂੰ ਰੱਖਣ ਕਰਕੇ ਅਤੇ ਬਾਕੀ ਸਾਰੇ ਬੁਰੇ ਕੰਮਾਂ ਕਰਕੇ ਤਾੜਿਆ ਸੀ। 20 ਇਸ ਕਰਕੇ, ਹੇਰੋਦੇਸ ਨੇ ਇਕ ਹੋਰ ਬੁਰਾ ਕੰਮ ਕੀਤਾ: ਉਸ ਨੇ ਯੂਹੰਨਾ ਨੂੰ ਕੈਦ ਵਿਚ ਬੰਦ ਕਰ ਦਿੱਤਾ।+

21 ਜਦ ਸਭ ਲੋਕ ਬਪਤਿਸਮਾ ਲੈ ਹਟੇ, ਤਾਂ ਯਿਸੂ ਨੇ ਵੀ ਬਪਤਿਸਮਾ ਲਿਆ+ ਅਤੇ ਜਦ ਉਹ ਪ੍ਰਾਰਥਨਾ ਕਰ ਰਿਹਾ ਸੀ, ਤਾਂ ਆਕਾਸ਼ ਖੁੱਲ੍ਹ ਗਿਆ+ 22 ਅਤੇ ਕਬੂਤਰ ਦੇ ਰੂਪ ਵਿਚ ਪਵਿੱਤਰ ਸ਼ਕਤੀ ਉਸ ਉੱਤੇ ਆਈ ਅਤੇ ਸਵਰਗੋਂ ਇਕ ਆਵਾਜ਼ ਆਈ: “ਤੂੰ ਮੇਰਾ ਪਿਆਰਾ ਪੁੱਤਰ ਹੈਂ; ਮੈਂ ਤੇਰੇ ਤੋਂ ਖ਼ੁਸ਼ ਹਾਂ।”+

23 ਯਿਸੂ+ ਨੇ ਜਦ ਸਿੱਖਿਆ ਦੇਣ ਦਾ ਕੰਮ ਸ਼ੁਰੂ ਕੀਤਾ, ਤਾਂ ਉਦੋਂ ਉਹ 30 ਸਾਲਾਂ ਦਾ ਸੀ।+ ਇਹ ਮੰਨਿਆ ਜਾਂਦਾ ਸੀ ਕਿ ਉਹ

ਯੂਸੁਫ਼ ਦਾ ਪੁੱਤਰ ਸੀ,+

ਯੂਸੁਫ਼, ਹੇਲੀ ਦਾ ਪੁੱਤਰ ਸੀ,

24 ਹੇਲੀ, ਮੱਥਾਤ ਦਾ ਪੁੱਤਰ ਸੀ,

ਮੱਥਾਤ, ਲੇਵੀ ਦਾ ਪੁੱਤਰ ਸੀ,

ਲੇਵੀ, ਮਲਕੀ ਦਾ ਪੁੱਤਰ ਸੀ,

ਮਲਕੀ, ਯੰਨਾਈ ਦਾ ਪੁੱਤਰ ਸੀ,

ਯੰਨਾਈ, ਯੂਸੁਫ਼ ਦਾ ਪੁੱਤਰ ਸੀ,

25 ਯੂਸੁਫ਼, ਮੱਤਿਥਯਾਹ ਦਾ ਪੁੱਤਰ ਸੀ,

ਮੱਤਿਥਯਾਹ, ਆਮੋਸ ਦਾ ਪੁੱਤਰ ਸੀ,

ਆਮੋਸ, ਨਹੂਮ ਦਾ ਪੁੱਤਰ ਸੀ,

ਨਹੂਮ, ਹਸਲੀ ਦਾ ਪੁੱਤਰ ਸੀ,

ਹਸਲੀ, ਨੱਗਈ ਦਾ ਪੁੱਤਰ ਸੀ,

26 ਨੱਗਈ, ਮਾਹਥ ਦਾ ਪੁੱਤਰ ਸੀ,

ਮਾਹਥ, ਮੱਤਿਥਯਾਹ ਦਾ ਪੁੱਤਰ ਸੀ,

ਮੱਤਿਥਯਾਹ, ਸ਼ਿਮਈ ਦਾ ਪੁੱਤਰ ਸੀ,

ਸ਼ਿਮਈ, ਯੋਸੇਕ ਦਾ ਪੁੱਤਰ ਸੀ,

ਯੋਸੇਕ, ਯਹੂਦਾਹ ਦਾ ਪੁੱਤਰ ਸੀ,

27 ਯਹੂਦਾਹ, ਯੋਹਾਨਾਨ ਦਾ ਪੁੱਤਰ ਸੀ,

ਯੋਹਾਨਾਨ, ਰੇਸਾਹ ਦਾ ਪੁੱਤਰ ਸੀ,

ਰੇਸਾਹ, ਜ਼ਰੁਬਾਬਲ+ ਦਾ ਪੁੱਤਰ ਸੀ,

ਜ਼ਰੁਬਾਬਲ, ਸ਼ਾਲਤੀਏਲ+ ਦਾ ਪੁੱਤਰ ਸੀ,

ਸ਼ਾਲਤੀਏਲ, ਨੇਰੀ ਦਾ ਪੁੱਤਰ ਸੀ,

28 ਨੇਰੀ, ਮਲਕੀ ਦਾ ਪੁੱਤਰ ਸੀ,

ਮਲਕੀ, ਅੱਦੀ ਦਾ ਪੁੱਤਰ ਸੀ,

ਅੱਦੀ, ਕੋਸਾਮ ਦਾ ਪੁੱਤਰ ਸੀ,

ਕੋਸਾਮ, ਅਲਮੋਦਾਮ ਦਾ ਪੁੱਤਰ ਸੀ,

ਅਲਮੋਦਾਮ, ਏਰ ਦਾ ਪੁੱਤਰ ਸੀ,

29 ਏਰ, ਯਿਸੂ ਦਾ ਪੁੱਤਰ ਸੀ,

ਯਿਸੂ, ਅਲੀਅਜ਼ਰ ਦਾ ਪੁੱਤਰ ਸੀ,

ਅਲੀਅਜ਼ਰ, ਯੋਰਾਮ ਦਾ ਪੁੱਤਰ ਸੀ,

ਯੋਰਾਮ, ਮੱਥਾਤ ਦਾ ਪੁੱਤਰ ਸੀ,

ਮੱਥਾਤ, ਲੇਵੀ ਦਾ ਪੁੱਤਰ ਸੀ,

30 ਲੇਵੀ, ਸ਼ਿਮਓਨ ਦਾ ਪੁੱਤਰ ਸੀ

ਸ਼ਿਮਓਨ, ਯਹੂਦਾ ਦਾ ਪੁੱਤਰ ਸੀ,

ਯਹੂਦਾ, ਯੂਸੁਫ਼ ਦਾ ਪੁੱਤਰ ਸੀ,

ਯੂਸੁਫ਼, ਯੋਨਾਮ ਦਾ ਪੁੱਤਰ ਸੀ,

ਯੋਨਾਮ, ਅਲਯਾਕੀਮ ਦਾ ਪੁੱਤਰ ਸੀ,

31 ਅਲਯਾਕੀਮ, ਮਲੀਆ ਦਾ ਪੁੱਤਰ ਸੀ,

ਮਲੀਆ, ਮੇਨਾ ਦਾ ਪੁੱਤਰ ਸੀ,

ਮੇਨਾ, ਮੱਤਥੇ ਦਾ ਪੁੱਤਰ ਸੀ,

ਮੱਤਥੇ, ਨਾਥਾਨ+ ਦਾ ਪੁੱਤਰ ਸੀ,

ਨਾਥਾਨ, ਦਾਊਦ+ ਦਾ ਪੁੱਤਰ ਸੀ,

32 ਦਾਊਦ, ਯੱਸੀ ਦਾ ਪੁੱਤਰ ਸੀ,+

ਯੱਸੀ, ਓਬੇਦ ਦਾ ਪੁੱਤਰ ਸੀ,+

ਓਬੇਦ, ਬੋਅਜ਼+ ਦਾ ਪੁੱਤਰ ਸੀ,

ਬੋਅਜ਼, ਸਲਮੋਨ ਦਾ ਪੁੱਤਰ ਸੀ,+

ਸਲਮੋਨ, ਨਹਸ਼ੋਨ ਦਾ ਪੁੱਤਰ ਸੀ,+

33 ਨਹਸ਼ੋਨ, ਅਮੀਨਾਦਾਬ ਦਾ ਪੁੱਤਰ ਸੀ,

ਅਮੀਨਾਦਾਬ, ਅਰਨੀ ਦਾ ਪੁੱਤਰ ਸੀ,

ਅਰਨੀ, ਹਸਰੋਨ ਦਾ ਪੁੱਤਰ ਸੀ,

ਹਸਰੋਨ, ਪਰਸ ਦਾ ਪੁੱਤਰ ਸੀ,+

ਪਰਸ, ਯਹੂਦਾਹ ਦਾ ਪੁੱਤਰ ਸੀ,+

34 ਯਹੂਦਾਹ, ਯਾਕੂਬ+ ਦਾ ਪੁੱਤਰ ਸੀ,

ਯਾਕੂਬ, ਇਸਹਾਕ ਦਾ ਪੁੱਤਰ ਸੀ,+

ਇਸਹਾਕ, ਅਬਰਾਹਾਮ ਦਾ ਪੁੱਤਰ ਸੀ,+

ਅਬਰਾਹਾਮ, ਤਾਰਹ ਦਾ ਪੁੱਤਰ ਸੀ,+

ਤਾਰਹ, ਨਾਹੋਰ ਦਾ ਪੁੱਤਰ ਸੀ,+

35 ਨਾਹੋਰ, ਸਰੂਗ ਦਾ ਪੁੱਤਰ ਸੀ,+

ਸਰੂਗ, ਰਊ ਦਾ ਪੁੱਤਰ ਸੀ,+

ਰਊ, ਪਲਗ ਦਾ ਪੁੱਤਰ ਸੀ,+

ਪਲਗ, ਏਬਰ ਦਾ ਪੁੱਤਰ ਸੀ,+

ਏਬਰ, ਸ਼ੇਲਾਹ ਦਾ ਪੁੱਤਰ ਸੀ,+

36 ਸ਼ੇਲਾਹ, ਕੇਨਾਨ ਦਾ ਪੁੱਤਰ ਸੀ,

ਕੇਨਾਨ, ਅਰਪਕਸ਼ਦ ਦਾ ਪੁੱਤਰ ਸੀ,+

ਅਰਪਕਸ਼ਦ, ਸ਼ੇਮ ਦਾ ਪੁੱਤਰ ਸੀ,+

ਸ਼ੇਮ, ਨੂਹ ਦਾ ਪੁੱਤਰ ਸੀ,+

ਨੂਹ, ਲਾਮਕ ਦਾ ਪੁੱਤਰ ਸੀ,+

37 ਲਾਮਕ, ਮਥੂਸਲਹ ਦਾ ਪੁੱਤਰ ਸੀ,+

ਮਥੂਸਲਹ, ਹਨੋਕ ਦਾ ਪੁੱਤਰ ਸੀ,

ਹਨੋਕ, ਯਰਦ ਦਾ ਪੁੱਤਰ ਸੀ,+

ਯਰਦ, ਮਹਲਲੇਲ ਦਾ ਪੁੱਤਰ ਸੀ,+

ਮਹਲਲੇਲ, ਕੇਨਾਨ ਦਾ ਪੁੱਤਰ ਸੀ,+

38 ਕੇਨਾਨ, ਅਨੋਸ਼ ਦਾ ਪੁੱਤਰ ਸੀ,+

ਅਨੋਸ਼, ਸੇਥ ਦਾ ਪੁੱਤਰ ਸੀ,+

ਸੇਥ, ਆਦਮ ਦਾ ਪੁੱਤਰ ਸੀ,+

ਆਦਮ, ਪਰਮੇਸ਼ੁਰ ਦਾ ਪੁੱਤਰ ਸੀ।

4 ਫਿਰ ਪਵਿੱਤਰ ਸ਼ਕਤੀ ਨਾਲ ਭਰਪੂਰ ਯਿਸੂ ਯਰਦਨ ਦਰਿਆ ਤੋਂ ਚਲਾ ਗਿਆ। ਪਵਿੱਤਰ ਸ਼ਕਤੀ ਨੇ ਉਸ ਨੂੰ ਉਜਾੜ ਵਿਚ ਜਾਣ ਲਈ ਪ੍ਰੇਰਿਆ।+ 2 ਉਹ ਉੱਥੇ 40 ਦਿਨ ਰਿਹਾ ਅਤੇ ਸ਼ੈਤਾਨ ਨੇ ਉਸ ਦੀ ਪਰੀਖਿਆ ਲਈ।+ ਇਨ੍ਹਾਂ ਦਿਨਾਂ ਦੌਰਾਨ ਉਸ ਨੇ ਕੁਝ ਨਹੀਂ ਖਾਧਾ ਅਤੇ ਜਦੋਂ ਦਿਨ ਪੂਰੇ ਹੋਏ, ਤਾਂ ਉਸ ਨੂੰ ਭੁੱਖ ਲੱਗੀ। 3 ਸ਼ੈਤਾਨ ਨੇ ਆ ਕੇ ਉਸ ਨੂੰ ਕਿਹਾ: “ਜੇ ਤੂੰ ਪਰਮੇਸ਼ੁਰ ਦਾ ਪੁੱਤਰ ਹੈਂ, ਤਾਂ ਇਸ ਪੱਥਰ ਨੂੰ ਕਹਿ ਕਿ ਇਹ ਰੋਟੀ ਬਣ ਜਾਵੇ।” 4 ਪਰ ਉਸ ਨੇ ਜਵਾਬ ਦਿੱਤਾ: “ਇਹ ਲਿਖਿਆ ਹੈ: ‘ਇਨਸਾਨ ਨੂੰ ਜੀਉਂਦਾ ਰਹਿਣ ਵਾਸਤੇ ਸਿਰਫ਼ ਰੋਟੀ ਦੀ ਹੀ ਲੋੜ ਨਹੀਂ ਹੈ।’”+

5 ਫਿਰ ਸ਼ੈਤਾਨ ਉਸ ਨੂੰ ਇਕ ਪਹਾੜ ਉੱਤੇ ਲੈ ਗਿਆ ਅਤੇ ਉਸ ਨੂੰ ਉਸੇ ਪਲ ਦੁਨੀਆਂ ਦੀਆਂ ਸਾਰੀਆਂ ਬਾਦਸ਼ਾਹੀਆਂ ਦਿਖਾਈਆਂ।+ 6 ਫਿਰ ਸ਼ੈਤਾਨ ਨੇ ਉਸ ਨੂੰ ਕਿਹਾ: “ਮੈਂ ਤੈਨੂੰ ਇਨ੍ਹਾਂ ਸਾਰੀਆਂ ਬਾਦਸ਼ਾਹੀਆਂ ਉੱਤੇ ਅਧਿਕਾਰ ਅਤੇ ਇਨ੍ਹਾਂ ਦੀ ਸ਼ਾਨੋ-ਸ਼ੌਕਤ ਦੇ ਦਿਆਂਗਾ ਕਿਉਂਕਿ ਮੈਨੂੰ ਇਨ੍ਹਾਂ ਉੱਤੇ ਅਧਿਕਾਰ ਦਿੱਤਾ ਗਿਆ ਹੈ+ ਅਤੇ ਮੈਂ ਜਿਸ ਨੂੰ ਚਾਹਾਂ ਦੇ ਸਕਦਾ ਹਾਂ। 7 ਜੇ ਤੂੰ ਮੈਨੂੰ ਸਿਰਫ਼ ਇਕ ਵਾਰ ਮੱਥਾ ਟੇਕੇਂ, ਤਾਂ ਇਹ ਸਭ ਕੁਝ ਤੇਰਾ ਹੋ ਜਾਵੇਗਾ।” 8 ਯਿਸੂ ਨੇ ਉਸ ਨੂੰ ਜਵਾਬ ਦਿੱਤਾ: “ਇਹ ਲਿਖਿਆ ਹੈ: ‘ਤੂੰ ਸਿਰਫ਼ ਆਪਣੇ ਪਰਮੇਸ਼ੁਰ ਯਹੋਵਾਹ* ਨੂੰ ਮੱਥਾ ਟੇਕ ਅਤੇ ਉਸੇ ਇਕੱਲੇ ਦੀ ਹੀ ਭਗਤੀ ਕਰ।’”+

9 ਨਾਲੇ, ਸ਼ੈਤਾਨ ਉਸ ਨੂੰ ਯਰੂਸ਼ਲਮ ਵਿਚ ਲੈ ਗਿਆ ਅਤੇ ਉਸ ਨੂੰ ਮੰਦਰ ਦੀ ਇਕ ਬਹੁਤ ਉੱਚੀ ਕੰਧ* ਉੱਤੇ ਖੜ੍ਹਾ ਕਰ ਕੇ ਕਿਹਾ: “ਜੇ ਤੂੰ ਪਰਮੇਸ਼ੁਰ ਦਾ ਪੁੱਤਰ ਹੈਂ, ਤਾਂ ਇੱਥੋਂ ਥੱਲੇ ਛਾਲ ਮਾਰ ਦੇ+ 10 ਕਿਉਂਕਿ ਇਹ ਲਿਖਿਆ ਹੈ: ‘ਉਹ ਆਪਣੇ ਦੂਤਾਂ ਨੂੰ ਤੇਰੇ ਲਈ ਹੁਕਮ ਦੇਵੇਗਾ ਕਿ ਉਹ ਤੈਨੂੰ ਬਚਾਉਣ 11 ਅਤੇ ਉਹ ਤੈਨੂੰ ਆਪਣੇ ਹੱਥਾਂ ʼਤੇ ਚੁੱਕ ਲੈਣਗੇ ਤਾਂਕਿ ਪੱਥਰ ਵਿਚ ਵੱਜ ਕੇ ਤੇਰੇ ਪੈਰ ʼਤੇ ਸੱਟ ਨਾ ਲੱਗੇ।’”+ 12 ਯਿਸੂ ਨੇ ਉਸ ਨੂੰ ਜਵਾਬ ਦਿੱਤਾ: “ਇਹ ਵੀ ਲਿਖਿਆ ਹੈ: ‘ਤੂੰ ਆਪਣੇ ਪਰਮੇਸ਼ੁਰ ਯਹੋਵਾਹ* ਨੂੰ ਨਾ ਪਰਖ।’”+ 13 ਫਿਰ ਯਿਸੂ ਨੂੰ ਚੰਗੀ ਤਰ੍ਹਾਂ ਪਰਖ ਲੈਣ ਤੋਂ ਬਾਅਦ ਸ਼ੈਤਾਨ ਉਸ ਨੂੰ ਛੱਡ ਕੇ ਚਲਾ ਗਿਆ+ ਅਤੇ ਉਸ ਨੂੰ ਦੁਬਾਰਾ ਪਰਖਣ ਲਈ ਕਿਸੇ ਹੋਰ ਸਹੀ ਮੌਕੇ ਦੀ ਉਡੀਕ ਕਰਨ ਲੱਗਾ।

14 ਹੁਣ ਯਿਸੂ ਗਲੀਲ ਨੂੰ ਵਾਪਸ ਆਇਆ ਅਤੇ ਪਰਮੇਸ਼ੁਰ ਦੀ ਸ਼ਕਤੀ ਉਸ ਉੱਤੇ ਸੀ।+ ਆਲੇ-ਦੁਆਲੇ ਦੇ ਸਾਰੇ ਇਲਾਕਿਆਂ ਵਿਚ ਉਸ ਬਾਰੇ ਚੰਗੀਆਂ ਗੱਲਾਂ ਦੀ ਚਰਚਾ ਹੋਣ ਲੱਗ ਪਈ। 15 ਇਸ ਦੇ ਨਾਲ-ਨਾਲ ਉਸ ਨੇ ਉਨ੍ਹਾਂ ਦੇ ਸਭਾ ਘਰਾਂ ਵਿਚ ਸਿੱਖਿਆ ਦੇਣੀ ਸ਼ੁਰੂ ਕੀਤੀ ਅਤੇ ਸਾਰੇ ਉਸ ਦਾ ਆਦਰ-ਸਤਿਕਾਰ ਕਰਦੇ ਸਨ।

16 ਫਿਰ ਉਹ ਨਾਸਰਤ ਨੂੰ ਆਇਆ+ ਜਿੱਥੇ ਉਸ ਦੀ ਪਰਵਰਿਸ਼ ਹੋਈ ਸੀ ਅਤੇ ਹਮੇਸ਼ਾ ਵਾਂਗ ਸਬਤ ਦੇ ਦਿਨ ਉਹ ਸਭਾ ਘਰ ਨੂੰ ਗਿਆ+ ਅਤੇ ਧਰਮ-ਗ੍ਰੰਥ ਵਿੱਚੋਂ ਪੜ੍ਹਨ ਲਈ ਖੜ੍ਹਾ ਹੋਇਆ। 17 ਇਸ ਲਈ ਉਸ ਨੂੰ ਯਸਾਯਾਹ ਨਬੀ ਦੀ ਪੱਤਰੀ* ਦਿੱਤੀ ਗਈ ਅਤੇ ਉਸ ਨੇ ਪੱਤਰੀ ਉਸ ਜਗ੍ਹਾ ਖੋਲ੍ਹੀ ਜਿੱਥੇ ਲਿਖਿਆ ਸੀ: 18 “ਯਹੋਵਾਹ* ਦੀ ਸ਼ਕਤੀ ਮੇਰੇ ਉੱਤੇ ਹੈ ਕਿਉਂਕਿ ਉਸ ਨੇ ਮੈਨੂੰ ਚੁਣਿਆ* ਹੈ ਕਿ ਮੈਂ ਗ਼ਰੀਬਾਂ ਨੂੰ ਖ਼ੁਸ਼ ਖ਼ਬਰੀ ਸੁਣਾਵਾਂ। ਉਸ ਨੇ ਮੈਨੂੰ ਭੇਜਿਆ ਹੈ ਕਿ ਮੈਂ ਕੈਦੀਆਂ ਨੂੰ ਆਜ਼ਾਦੀ ਦੀ ਖ਼ਬਰ ਅਤੇ ਅੰਨ੍ਹਿਆਂ ਨੂੰ ਸੁਜਾਖੇ ਹੋਣ ਦੀ ਖ਼ਬਰ ਸੁਣਾਵਾਂ ਅਤੇ ਜ਼ੁਲਮਾਂ ਦੇ ਸਤਾਏ ਹੋਇਆਂ ਨੂੰ ਛੁਟਕਾਰਾ ਦੇਵਾਂ+ 19 ਅਤੇ ਯਹੋਵਾਹ* ਦੀ ਮਿਹਰ ਪਾਉਣ ਦੇ ਵਰ੍ਹੇ ਦਾ ਪ੍ਰਚਾਰ ਕਰਾਂ।”+ 20 ਪੜ੍ਹਨ ਤੋਂ ਬਾਅਦ ਉਸ ਨੇ ਪੱਤਰੀ ਲਪੇਟ ਕੇ ਸੇਵਾਦਾਰ ਨੂੰ ਫੜਾ ਦਿੱਤੀ ਅਤੇ ਬੈਠ ਗਿਆ; ਸਭਾ ਘਰ ਵਿਚ ਸਾਰਿਆਂ ਦੀਆਂ ਨਜ਼ਰਾਂ ਉਸ ʼਤੇ ਟਿਕੀਆਂ ਹੋਈਆਂ ਸਨ। 21 ਉਸ ਨੇ ਉਨ੍ਹਾਂ ਨੂੰ ਕਿਹਾ: “ਅੱਜ ਇਹ ਹਵਾਲਾ ਜੋ ਤੁਸੀਂ ਸੁਣਿਆ ਹੈ, ਪੂਰਾ ਹੋਇਆ।”+

22 ਸਾਰੇ ਉਸ ਦੀਆਂ ਸਿਫ਼ਤਾਂ ਕਰਨ ਲੱਗੇ ਅਤੇ ਉਸ ਦੀਆਂ ਦਿਲ ਨੂੰ ਜਿੱਤ ਲੈਣ ਵਾਲੀਆਂ ਗੱਲਾਂ ਸੁਣ ਕੇ ਲੋਕ ਹੈਰਾਨ ਰਹਿ ਗਏ+ ਅਤੇ ਕਹਿਣ ਲੱਗੇ: “ਕੀ ਇਹ ਯੂਸੁਫ਼ ਦਾ ਪੁੱਤਰ ਨਹੀਂ?”+ 23 ਯਿਸੂ ਨੇ ਉਨ੍ਹਾਂ ਨੂੰ ਕਿਹਾ: “ਇਸ ਵਿਚ ਕੋਈ ਸ਼ੱਕ ਨਹੀਂ ਕਿ ਤੁਸੀਂ ਇਹ ਕਹਾਵਤ ਮੇਰੇ ʼਤੇ ਲਾਗੂ ਕਰੋਗੇ: ‘ਹੇ ਹਕੀਮ, ਪਹਿਲਾਂ ਆਪਣਾ ਇਲਾਜ ਕਰ’ ਅਤੇ ਫਿਰ ਤੁਸੀਂ ਕਹੋਗੇ: ‘ਜਿਹੜੇ ਕੰਮ ਤੂੰ ਕਫ਼ਰਨਾਹੂਮ+ ਵਿਚ ਕੀਤੇ ਸਨ, ਅਸੀਂ ਉਨ੍ਹਾਂ ਬਾਰੇ ਸੁਣਿਆ ਹੈ, ਉਹੀ ਕੰਮ ਹੁਣ ਇੱਥੇ ਆਪਣੇ ਨਗਰ ਵਿਚ ਵੀ ਕਰ।’” 24 ਇਸ ਲਈ ਉਸ ਨੇ ਕਿਹਾ: “ਮੈਂ ਤੁਹਾਨੂੰ ਸੱਚ ਕਹਿੰਦਾ ਹਾਂ: ਨਬੀ ਦਾ ਆਪਣੇ ਇਲਾਕੇ ਨੂੰ ਛੱਡ ਹਰ ਜਗ੍ਹਾ ਆਦਰ ਕੀਤਾ ਜਾਂਦਾ ਹੈ।+ 25 ਮਿਸਾਲ ਲਈ, ਏਲੀਯਾਹ ਨਬੀ ਦੇ ਜ਼ਮਾਨੇ ਵਿਚ ਇਜ਼ਰਾਈਲ ਵਿਚ ਕਈ ਵਿਧਵਾਵਾਂ ਸਨ। ਉਸ ਵੇਲੇ ਸਾਢੇ ਤਿੰਨ ਸਾਲ ਮੀਂਹ ਨਾ ਪੈਣ ਕਰਕੇ ਸਾਰੇ ਦੇਸ਼ ਵਿਚ ਕਾਲ਼ ਪਿਆ ਸੀ।+ 26 ਪਰ ਏਲੀਯਾਹ ਨਬੀ ਨੂੰ ਸੀਦੋਨ ਦੇ ਇਲਾਕੇ ਵਿਚ ਪੈਂਦੇ ਸਾਰਫਥ ਸ਼ਹਿਰ ਦੀ ਵਿਧਵਾ ਤੋਂ ਸਿਵਾਇ ਹੋਰ ਕਿਸੇ ਵਿਧਵਾ ਦੀ ਮਦਦ ਕਰਨ ਲਈ ਨਹੀਂ ਭੇਜਿਆ ਗਿਆ ਸੀ।+ 27 ਇੱਦਾਂ ਹੀ ਅਲੀਸ਼ਾ ਨਬੀ ਦੇ ਜ਼ਮਾਨੇ ਵਿਚ ਇਜ਼ਰਾਈਲ ਵਿਚ ਕਈ ਕੋੜ੍ਹੀ ਸਨ; ਪਰ ਸੀਰੀਆ ਦੇ ਨਾਮਾਨ ਤੋਂ ਸਿਵਾਇ ਹੋਰ ਕਿਸੇ ਕੋੜ੍ਹੀ ਨੂੰ ਚੰਗਾ* ਨਹੀਂ ਕੀਤਾ ਗਿਆ ਸੀ।”+ 28 ਸਭਾ ਘਰ ਵਿਚ ਉਸ ਦੀਆਂ ਗੱਲਾਂ ਸੁਣ ਰਹੇ ਸਾਰੇ ਲੋਕ ਗੁੱਸੇ ਨਾਲ ਲਾਲ-ਪੀਲ਼ੇ ਹੋ ਗਏ+ 29 ਅਤੇ ਉਹ ਉੱਠ ਕੇ ਤੁਰੰਤ ਯਿਸੂ ਨੂੰ ਸ਼ਹਿਰੋਂ ਬਾਹਰ ਉਸ ਪਹਾੜ ਦੀ ਟੀਸੀ ਉੱਤੇ ਲੈ ਗਏ ਜਿਸ ਉੱਤੇ ਉਨ੍ਹਾਂ ਦਾ ਸ਼ਹਿਰ ਵੱਸਿਆ ਹੋਇਆ ਸੀ ਤਾਂਕਿ ਉਸ ਨੂੰ ਟੀਸੀ ਤੋਂ ਧੱਕਾ ਦੇ ਦੇਣ। 30 ਪਰ ਉਹ ਉਨ੍ਹਾਂ ਵਿੱਚੋਂ ਨਿਕਲ ਕੇ ਆਪਣੇ ਰਾਹ ਚਲਾ ਗਿਆ।+

31 ਫਿਰ ਉਹ ਗਲੀਲ ਦੇ ਸ਼ਹਿਰ ਕਫ਼ਰਨਾਹੂਮ ਵਿਚ ਗਿਆ। ਉਹ ਲੋਕਾਂ ਨੂੰ ਸਬਤ ਦੇ ਦਿਨ ਸਿੱਖਿਆ ਦੇ ਰਿਹਾ ਸੀ+ 32 ਅਤੇ ਲੋਕ ਉਸ ਦੇ ਸਿੱਖਿਆ ਦੇਣ ਦੇ ਢੰਗ ਤੋਂ ਹੈਰਾਨ ਰਹਿ ਗਏ+ ਕਿਉਂਕਿ ਉਹ ਪੂਰੇ ਅਧਿਕਾਰ ਨਾਲ ਸਿੱਖਿਆ ਦਿੰਦਾ ਸੀ। 33 ਉਸ ਵਕਤ ਸਭਾ ਘਰ ਵਿਚ ਇਕ ਆਦਮੀ ਸੀ ਜਿਸ ਨੂੰ ਦੁਸ਼ਟ ਦੂਤ ਚਿੰਬੜਿਆ ਹੋਇਆ ਸੀ ਤੇ ਉਸ ਨੇ ਉੱਚੀ-ਉੱਚੀ ਕਿਹਾ:+ 34 “ਹੇ ਯਿਸੂ ਨਾਸਰੀ,+ ਤੇਰਾ ਸਾਡੇ ਨਾਲ ਕੀ ਵਾਸਤਾ? ਕੀ ਤੂੰ ਸਾਨੂੰ ਖ਼ਤਮ ਕਰਨ ਆਇਆ ਹੈਂ? ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਤੂੰ ਕੌਣ ਹੈਂ, ਤੂੰ ਪਰਮੇਸ਼ੁਰ ਦਾ ਪਵਿੱਤਰ ਸੇਵਕ ਹੈਂ।”+ 35 ਪਰ ਯਿਸੂ ਨੇ ਉਸ ਨੂੰ ਝਿੜਕਦੇ ਹੋਏ ਕਿਹਾ: “ਚੁੱਪ ਰਹਿ ਤੇ ਇਸ ਵਿੱਚੋਂ ਨਿਕਲ ਜਾ!” ਇਸ ਲਈ ਦੁਸ਼ਟ ਦੂਤ ਨੇ ਉਨ੍ਹਾਂ ਦੇ ਸਾਮ੍ਹਣੇ ਉਸ ਆਦਮੀ ਨੂੰ ਜ਼ਮੀਨ ਉੱਤੇ ਸੁੱਟਿਆ, ਪਰ ਉਸ ਨੂੰ ਬਿਨਾਂ ਕੋਈ ਸੱਟ-ਚੋਟ ਲਾਏ ਉਸ ਵਿੱਚੋਂ ਨਿਕਲ ਗਿਆ। 36 ਇਹ ਦੇਖ ਕੇ ਲੋਕ ਹੱਕੇ-ਬੱਕੇ ਰਹਿ ਗਏ ਅਤੇ ਇਕ-ਦੂਜੇ ਨੂੰ ਕਹਿਣ ਲੱਗੇ: “ਇਹ ਦੀਆਂ ਗੱਲਾਂ ਵਿਚ ਕਿੰਨਾ ਦਮ ਹੈ, ਦੁਸ਼ਟ ਦੂਤ ਤਾਂ ਇਸ ਦਾ ਹੁਕਮ ਸੁਣ ਕੇ ਹੀ ਲੋਕਾਂ ਵਿੱਚੋਂ ਨਿਕਲ ਜਾਂਦੇ ਹਨ!” 37 ਇਸ ਕਰਕੇ, ਆਲੇ-ਦੁਆਲੇ ਦੇ ਸਾਰੇ ਇਲਾਕੇ ਵਿਚ ਉਸ ਦੇ ਚਰਚੇ ਹੋਣ ਲੱਗੇ।

38 ਫਿਰ ਉਹ ਸਭਾ ਘਰ ਤੋਂ ਸ਼ਮਊਨ* ਦੇ ਘਰ ਗਿਆ। ਸ਼ਮਊਨ ਦੀ ਸੱਸ ਤੇਜ਼ ਬੁਖ਼ਾਰ ਨਾਲ ਤੜਫ ਰਹੀ ਸੀ ਅਤੇ ਉਨ੍ਹਾਂ ਨੇ ਯਿਸੂ ਨੂੰ ਬੇਨਤੀ ਕੀਤੀ ਕਿ ਉਹ ਉਸ ਨੂੰ ਠੀਕ ਕਰ ਦੇਵੇ।+ 39 ਇਸ ਲਈ ਯਿਸੂ ਨੇ ਉਸ ਕੋਲ ਜਾ ਕੇ ਉਸ ਨੂੰ ਠੀਕ ਕਰ ਦਿੱਤਾ। ਉਹ ਉਸੇ ਵੇਲੇ ਉੱਠ ਕੇ ਉਨ੍ਹਾਂ ਦੀ ਸੇਵਾ-ਟਹਿਲ ਕਰਨ ਲੱਗ ਪਈ।

40 ਪਰ ਸ਼ਾਮ ਪੈ ਜਾਣ ਤੋਂ ਬਾਅਦ ਸਾਰੇ ਲੋਕ ਉਸ ਕੋਲ ਵੱਖ-ਵੱਖ ਤਰ੍ਹਾਂ ਦੀਆਂ ਬੀਮਾਰੀਆਂ ਦੇ ਮਰੀਜ਼ਾਂ ਨੂੰ ਲੈ ਕੇ ਆਉਣ ਲੱਗੇ। ਉਹ ਇਕੱਲੇ-ਇਕੱਲੇ ਉੱਤੇ ਆਪਣੇ ਹੱਥ ਰੱਖ ਕੇ ਉਨ੍ਹਾਂ ਨੂੰ ਠੀਕ ਕਰਦਾ ਸੀ।+ 41 ਨਾਲੇ ਦੁਸ਼ਟ ਦੂਤ ਵੀ ਲੋਕਾਂ ਵਿੱਚੋਂ ਨਿਕਲ ਜਾਂਦੇ ਸਨ ਅਤੇ ਉੱਚੀ-ਉੱਚੀ ਕਹਿੰਦੇ ਸਨ: “ਤੂੰ ਪਰਮੇਸ਼ੁਰ ਦਾ ਪੁੱਤਰ ਹੈਂ।”+ ਪਰ ਉਹ ਉਨ੍ਹਾਂ ਨੂੰ ਝਿੜਕ ਕੇ ਚੁੱਪ ਕਰਾ ਦਿੰਦਾ ਸੀ+ ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਉਹ ਮਸੀਹ ਹੈ।+

42 ਫਿਰ ਦਿਨ ਚੜ੍ਹੇ ਉਹ ਉੱਠ ਕੇ ਬਾਹਰ ਕਿਸੇ ਇਕਾਂਤ ਥਾਂ ਚਲਾ ਗਿਆ।+ ਪਰ ਲੋਕਾਂ ਨੇ ਉਸ ਨੂੰ ਲੱਭਣਾ ਸ਼ੁਰੂ ਕੀਤਾ। ਉਸ ਨੂੰ ਲੱਭ ਲੈਣ ਤੋਂ ਬਾਅਦ ਉਨ੍ਹਾਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਕਿ ਉਹ ਉਨ੍ਹਾਂ ਕੋਲੋਂ ਨਾ ਜਾਵੇ। 43 ਪਰ ਉਸ ਨੇ ਉਨ੍ਹਾਂ ਨੂੰ ਕਿਹਾ: “ਇਹ ਜ਼ਰੂਰੀ ਹੈ ਕਿ ਮੈਂ ਹੋਰਨਾਂ ਸ਼ਹਿਰਾਂ ਵਿਚ ਵੀ ਜਾ ਕੇ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਾਂ ਕਿਉਂਕਿ ਮੈਨੂੰ ਇਸੇ ਕੰਮ ਲਈ ਭੇਜਿਆ ਗਿਆ ਹੈ।”+ 44 ਇਸ ਲਈ ਉਹ ਯਹੂਦਿਯਾ ਦੇ ਸਭਾ ਘਰਾਂ ਵਿਚ ਪ੍ਰਚਾਰ ਕਰਨ ਚਲਾ ਗਿਆ।

5 ਇਕ ਵਾਰ ਗੰਨੇਸਰਤ ਦੀ ਝੀਲ*+ ਦੇ ਕੰਢੇ ਖੜ੍ਹੇ ਯਿਸੂ ਤੋਂ ਭੀੜ ਪਰਮੇਸ਼ੁਰ ਦੇ ਬਚਨ ਦੀਆਂ ਗੱਲਾਂ ਸੁਣ ਰਹੀ ਸੀ ਅਤੇ ਭੀੜ ਉਸ ਉੱਤੇ ਚੜ੍ਹੀ ਜਾਂਦੀ ਸੀ। 2 ਉਸ ਨੇ ਕੰਢੇ ʼਤੇ ਦੋ ਕਿਸ਼ਤੀਆਂ ਦੇਖੀਆਂ ਅਤੇ ਮਛੇਰੇ ਉਨ੍ਹਾਂ ਵਿੱਚੋਂ ਉੱਤਰ ਕੇ ਆਪਣੇ ਜਾਲ਼ ਧੋ ਰਹੇ ਸਨ।+ 3 ਉਹ ਸ਼ਮਊਨ ਦੀ ਕਿਸ਼ਤੀ ਵਿਚ ਚੜ੍ਹ ਗਿਆ ਅਤੇ ਉਸ ਨੂੰ ਕਿਸ਼ਤੀ ਕੰਢੇ ਤੋਂ ਥੋੜ੍ਹਾ ਦੂਰ ਲਿਜਾਣ ਲਈ ਕਿਹਾ। ਫਿਰ ਉਹ ਕਿਸ਼ਤੀ ਵਿਚ ਬੈਠ ਕੇ ਲੋਕਾਂ ਨੂੰ ਸਿੱਖਿਆ ਦੇਣ ਲੱਗਾ। 4 ਸਿੱਖਿਆ ਦੇਣ ਤੋਂ ਬਾਅਦ, ਉਸ ਨੇ ਸ਼ਮਊਨ ਨੂੰ ਕਿਹਾ: “ਕਿਸ਼ਤੀ ਨੂੰ ਡੂੰਘੇ ਪਾਣੀ ਵਿਚ ਲੈ ਚੱਲ ਅਤੇ ਮੱਛੀਆਂ ਫੜਨ ਲਈ ਤੁਸੀਂ ਆਪਣੇ ਜਾਲ਼ ਪਾਣੀ ਵਿਚ ਪਾਓ।” 5 ਪਰ ਸ਼ਮਊਨ ਨੇ ਕਿਹਾ: “ਗੁਰੂ ਜੀ, ਅਸੀਂ ਸਾਰੀ ਰਾਤ ਮੱਛੀਆਂ ਫੜਨ ਵਿਚ ਲੱਗੇ ਰਹੇ ਪਰ ਸਾਡੇ ਹੱਥ ਕੁਝ ਨਹੀਂ ਆਇਆ,+ ਫਿਰ ਵੀ ਤੇਰੇ ਕਹਿਣ ਤੇ ਮੈਂ ਜਾਲ਼ ਪਾ ਦਿੰਦਾ ਹਾਂ।” 6 ਜਦੋਂ ਉਨ੍ਹਾਂ ਨੇ ਜਾਲ਼ ਪਾਏ, ਤਾਂ ਜਾਲ਼ਾਂ ਵਿਚ ਬਹੁਤ ਸਾਰੀਆਂ ਮੱਛੀਆਂ ਫਸ ਗਈਆਂ ਜਿਸ ਕਰਕੇ ਜਾਲ਼ ਟੁੱਟਣ ਲੱਗ ਪਏ।+ 7 ਇਸ ਲਈ ਉਨ੍ਹਾਂ ਨੇ ਦੂਸਰੀ ਕਿਸ਼ਤੀ ਵਿਚ ਸਵਾਰ ਆਪਣੇ ਸਾਥੀਆਂ ਨੂੰ ਮਦਦ ਕਰਨ ਲਈ ਇਸ਼ਾਰਾ ਕੀਤਾ ਅਤੇ ਉਨ੍ਹਾਂ ਨੇ ਆ ਕੇ ਮਦਦ ਕੀਤੀ ਅਤੇ ਦੋਵੇਂ ਕਿਸ਼ਤੀਆਂ ਮੱਛੀਆਂ ਨਾਲ ਭਰ ਗਈਆਂ ਜਿਸ ਕਰਕੇ ਕਿਸ਼ਤੀਆਂ ਡੁੱਬਣ ਲੱਗ ਪਈਆਂ। 8 ਇਹ ਦੇਖ ਕੇ ਸ਼ਮਊਨ ਪਤਰਸ ਯਿਸੂ ਦੇ ਪੈਰੀਂ ਪੈ ਕੇ ਬੇਨਤੀ ਕਰਨ ਲੱਗਾ: “ਪ੍ਰਭੂ, ਮੇਰੇ ਕੋਲੋਂ ਚੱਲਿਆ ਜਾਹ ਕਿਉਂਕਿ ਮੈਂ ਪਾਪੀ ਇਨਸਾਨ ਹਾਂ।” 9 ਉਨ੍ਹਾਂ ਨੇ ਇੰਨੀਆਂ ਮੱਛੀਆਂ ਫੜੀਆਂ ਸਨ ਕਿ ਸ਼ਮਊਨ ਅਤੇ ਉਸ ਦੇ ਨਾਲ ਦੇ ਬੰਦੇ ਹੱਕੇ-ਬੱਕੇ ਰਹਿ ਗਏ। 10 ਜ਼ਬਦੀ ਦੇ ਪੁੱਤਰ+ ਯਾਕੂਬ ਅਤੇ ਯੂਹੰਨਾ ਦਾ ਵੀ ਇਹੀ ਹਾਲ ਸੀ ਜੋ ਇਸ ਕੰਮ ਵਿਚ ਸ਼ਮਊਨ ਦੇ ਹਿੱਸੇਦਾਰ ਸਨ। ਪਰ ਯਿਸੂ ਨੇ ਸ਼ਮਊਨ ਨੂੰ ਕਿਹਾ: “ਡਰ ਨਾ, ਹੁਣ ਤੋਂ ਤੂੰ ਇਨਸਾਨਾਂ ਨੂੰ ਫੜੇਂਗਾ ਜਿਵੇਂ ਤੂੰ ਮੱਛੀਆਂ ਫੜਦਾ ਹੈਂ।”+ 11 ਇਸ ਲਈ ਉਹ ਆਪਣੀਆਂ ਕਿਸ਼ਤੀਆਂ ਵਾਪਸ ਕੰਢੇ ʼਤੇ ਲੈ ਆਏ ਅਤੇ ਸਭ ਕੁਝ ਛੱਡ ਕੇ ਉਸ ਦੇ ਪਿੱਛੇ-ਪਿੱਛੇ ਤੁਰ ਪਏ।+

12 ਇਕ ਵਾਰ ਯਿਸੂ ਕਿਸੇ ਸ਼ਹਿਰ ਵਿਚ ਸੀ ਅਤੇ ਉੱਥੇ ਇਕ ਆਦਮੀ ਸੀ ਜਿਸ ਦਾ ਸਾਰਾ ਸਰੀਰ ਕੋੜ੍ਹ ਨਾਲ ਭਰਿਆ ਹੋਇਆ ਸੀ। ਉਸ ਨੇ ਯਿਸੂ ਨੂੰ ਦੇਖਿਆ ਅਤੇ ਉਸ ਦੇ ਸਾਮ੍ਹਣੇ ਗੋਡਿਆਂ ਭਾਰ ਬੈਠ ਕੇ ਬੇਨਤੀ ਕਰਨ ਲੱਗਾ: “ਪ੍ਰਭੂ, ਜੇ ਤੂੰ ਚਾਹੇਂ, ਤਾਂ ਤੂੰ ਮੈਨੂੰ ਸ਼ੁੱਧ ਕਰ ਸਕਦਾ ਹੈਂ।”+ 13 ਇਸ ਲਈ ਯਿਸੂ ਨੇ ਆਪਣਾ ਹੱਥ ਵਧਾ ਕੇ ਕੋੜ੍ਹੀ ਨੂੰ ਛੂਹਿਆ ਅਤੇ ਕਿਹਾ: “ਮੈਂ ਚਾਹੁੰਦਾ ਹਾਂ! ਤੂੰ ਸ਼ੁੱਧ ਹੋ ਜਾ।” ਉਸੇ ਵੇਲੇ ਉਸ ਦਾ ਕੋੜ੍ਹ ਗਾਇਬ ਹੋ ਗਿਆ।+ 14 ਫਿਰ ਯਿਸੂ ਨੇ ਉਸ ਆਦਮੀ ਨੂੰ ਇਸ ਬਾਰੇ ਕਿਸੇ ਨੂੰ ਵੀ ਦੱਸਣ ਤੋਂ ਵਰਜਿਆ ਅਤੇ ਕਿਹਾ: “ਤੂੰ ਪੁਜਾਰੀ ਕੋਲ ਜਾ ਕੇ ਆਪਣੇ ਆਪ ਨੂੰ ਦਿਖਾ ਅਤੇ ਸ਼ੁੱਧ ਹੋਣ ਕਰਕੇ ਚੜ੍ਹਾਵਾ ਚੜ੍ਹਾ ਜਿਵੇਂ ਮੂਸਾ ਨੇ ਹਿਦਾਇਤ ਦਿੱਤੀ ਹੈ+ ਤਾਂਕਿ ਪੁਜਾਰੀ ਤੇਰੇ ਸ਼ੁੱਧ ਹੋ ਜਾਣ ਦੇ ਗਵਾਹ ਹੋਣ।”+ 15 ਸਾਰੇ ਪਾਸੇ ਲੋਕਾਂ ਨੂੰ ਉਸ ਬਾਰੇ ਪਤਾ ਲੱਗਦਾ ਰਿਹਾ ਅਤੇ ਭੀੜਾਂ ਦੀਆਂ ਭੀੜਾਂ ਉਸ ਦੀਆਂ ਗੱਲਾਂ ਸੁਣਨ ਅਤੇ ਆਪਣੀਆਂ ਬੀਮਾਰੀਆਂ ਤੋਂ ਠੀਕ ਹੋਣ ਲਈ ਉਸ ਕੋਲ ਆਉਂਦੀਆਂ ਸਨ।+ 16 ਪਰ ਉਹ ਅਕਸਰ ਇਕਾਂਤ ਥਾਵਾਂ ਵਿਚ ਜਾ ਕੇ ਪ੍ਰਾਰਥਨਾ ਕਰਦਾ ਹੁੰਦਾ ਸੀ।

17 ਇਕ ਦਿਨ ਉਹ ਸਿੱਖਿਆ ਦੇ ਰਿਹਾ ਸੀ ਅਤੇ ਉੱਥੇ ਗਲੀਲ ਅਤੇ ਯਹੂਦਿਯਾ ਦੇ ਸਾਰੇ ਪਿੰਡਾਂ ਤੋਂ ਅਤੇ ਯਰੂਸ਼ਲਮ ਤੋਂ ਫ਼ਰੀਸੀ ਅਤੇ ਕਾਨੂੰਨ ਦੇ ਸਿੱਖਿਅਕ ਆਏ ਹੋਏ ਸਨ ਅਤੇ ਯਹੋਵਾਹ* ਨੇ ਉਸ ਨੂੰ ਬੀਮਾਰਾਂ ਨੂੰ ਠੀਕ ਕਰਨ ਦੀ ਸ਼ਕਤੀ ਦਿੱਤੀ ਸੀ।+ 18 ਦੇਖੋ! ਉੱਥੇ ਕੁਝ ਲੋਕ ਇਕ ਅਧਰੰਗੀ ਨੂੰ ਮੰਜੀ ਉੱਤੇ ਪਾ ਕੇ ਲਿਆਏ ਅਤੇ ਉਹ ਉਸ ਨੂੰ ਅੰਦਰ ਲਿਆ ਕੇ ਯਿਸੂ ਅੱਗੇ ਰੱਖਣਾ ਚਾਹੁੰਦੇ ਸਨ।+ 19 ਪਰ ਭੀੜ ਲੱਗੀ ਹੋਣ ਕਰਕੇ ਉਨ੍ਹਾਂ ਨੂੰ ਅੰਦਰ ਜਾਣ ਦਾ ਰਾਹ ਨਾ ਮਿਲਿਆ, ਇਸ ਲਈ ਉਹ ਛੱਤ ਉੱਤੇ ਚੜ੍ਹ ਗਏ ਤੇ ਉਨ੍ਹਾਂ ਨੇ ਛੱਤ ਪਾੜ ਕੇ ਉਸ ਆਦਮੀ ਨੂੰ ਮੰਜੀ ਸਮੇਤ ਯਿਸੂ ਸਾਮ੍ਹਣੇ ਉਤਾਰ ਦਿੱਤਾ। 20 ਉਨ੍ਹਾਂ ਦੀ ਨਿਹਚਾ ਦੇਖ ਕੇ ਯਿਸੂ ਨੇ ਕਿਹਾ: “ਤੇਰੇ ਪਾਪ ਮਾਫ਼ ਹੋ ਗਏ ਹਨ।”+ 21 ਇਹ ਸੁਣ ਕੇ ਗ੍ਰੰਥੀ ਤੇ ਫ਼ਰੀਸੀ ਸੋਚਣ ਲੱਗੇ ਅਤੇ ਇਕ-ਦੂਜੇ ਨੂੰ ਕਹਿਣ ਲੱਗੇ: “ਇਹ ਕੌਣ ਹੁੰਦਾ ਪਰਮੇਸ਼ੁਰ ਦੀ ਨਿੰਦਿਆ ਕਰਨ ਵਾਲਾ? ਪਰਮੇਸ਼ੁਰ ਤੋਂ ਸਿਵਾਇ ਹੋਰ ਕੌਣ ਪਾਪ ਮਾਫ਼ ਕਰ ਸਕਦਾ ਹੈ?”+ 22 ਪਰ ਯਿਸੂ ਜਾਣ ਗਿਆ ਕਿ ਉਹ ਕੀ ਸੋਚ ਰਹੇ ਸਨ। ਉਸ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਆਪਣੇ ਮਨਾਂ ਵਿਚ ਕੀ ਸੋਚ ਰਹੇ ਹੋ? 23 ਕੀ ਕਹਿਣਾ ਸੌਖਾ ਹੈ, ਇਹ ਕਿ ‘ਤੇਰੇ ਪਾਪ ਮਾਫ਼ ਹੋ ਗਏ ਹਨ’ ਜਾਂ ਇਹ ਕਿ ‘ਉੱਠ ਅਤੇ ਤੁਰ-ਫਿਰ’? 24 ਪਰ ਮੈਂ ਚਾਹੁੰਦਾ ਹਾਂ ਕਿ ਤੁਸੀਂ ਜਾਣ ਲਵੋ ਕਿ ਮਨੁੱਖ ਦੇ ਪੁੱਤਰ ਨੂੰ ਧਰਤੀ ਉੱਤੇ ਪਾਪ ਮਾਫ਼ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ . . .।” ਉਸ ਨੇ ਅਧਰੰਗੀ ਨੂੰ ਕਿਹਾ: “ਮੈਂ ਤੈਨੂੰ ਕਹਿੰਦਾ ਹਾਂ: ਉੱਠ, ਆਪਣੀ ਮੰਜੀ ਚੁੱਕ ਅਤੇ ਆਪਣੇ ਘਰ ਨੂੰ ਜਾਹ।”+ 25 ਤਦ ਉਹ ਆਦਮੀ ਉਨ੍ਹਾਂ ਦੇ ਸਾਮ੍ਹਣੇ ਉੱਠਿਆ ਅਤੇ ਆਪਣੀ ਮੰਜੀ ਚੁੱਕ ਕੇ ਪਰਮੇਸ਼ੁਰ ਦੀ ਮਹਿਮਾ ਕਰਦੇ ਹੋਏ ਆਪਣੇ ਘਰ ਚਲਾ ਗਿਆ। 26 ਇਹ ਦੇਖ ਕੇ ਸਾਰੇ ਦੰਗ ਰਹਿ ਗਏ ਅਤੇ ਪਰਮੇਸ਼ੁਰ ਦੀ ਮਹਿਮਾ ਕਰਨ ਲੱਗ ਪਏ। ਉਹ ਸ਼ਰਧਾ ਨਾਲ ਭਰ ਗਏ ਅਤੇ ਕਹਿਣ ਲੱਗੇ: “ਅਸੀਂ ਪਹਿਲਾਂ ਕਦੀ ਇੱਦਾਂ ਹੁੰਦਾ ਨਹੀਂ ਦੇਖਿਆ!”

27 ਇਸ ਤੋਂ ਬਾਅਦ ਉਹ ਉੱਥੋਂ ਬਾਹਰ ਚਲਾ ਗਿਆ ਅਤੇ ਉਸ ਨੇ ਲੇਵੀ ਨਾਂ ਦੇ ਬੰਦੇ ਨੂੰ ਟੈਕਸ ਵਸੂਲਣ ਵਾਲੀ ਜਗ੍ਹਾ ਬੈਠਾ ਦੇਖਿਆ। ਉਸ ਨੇ ਲੇਵੀ ਨੂੰ ਕਿਹਾ: “ਮੇਰਾ ਚੇਲਾ ਬਣ ਜਾ।”+ 28 ਉਹ ਆਪਣਾ ਸਾਰਾ ਕੁਝ ਛੱਡ ਕੇ ਉਸ ਦੇ ਪਿੱਛੇ-ਪਿੱਛੇ ਤੁਰ* ਪਿਆ। 29 ਫਿਰ ਲੇਵੀ ਨੇ ਆਪਣੇ ਘਰ ਵਿਚ ਉਸ ਲਈ ਵੱਡੀ ਦਾਅਵਤ ਰੱਖੀ ਅਤੇ ਉੱਥੇ ਉਨ੍ਹਾਂ ਨਾਲ ਬਹੁਤ ਸਾਰੇ ਟੈਕਸ ਵਸੂਲਣ ਵਾਲੇ ਅਤੇ ਹੋਰ ਲੋਕ ਮੇਜ਼ ਦੁਆਲੇ ਬੈਠੇ ਖਾਣਾ ਖਾ ਰਹੇ ਸਨ।+ 30 ਇਹ ਦੇਖ ਕੇ ਫ਼ਰੀਸੀ ਅਤੇ ਉਨ੍ਹਾਂ ਦੇ ਗ੍ਰੰਥੀ ਬੁੜ-ਬੁੜ ਕਰਦੇ ਹੋਏ ਉਸ ਦੇ ਚੇਲਿਆਂ ਨੂੰ ਕਹਿਣ ਲੱਗੇ: “ਤੁਸੀਂ ਟੈਕਸ ਵਸੂਲਣ ਵਾਲਿਆਂ ਅਤੇ ਪਾਪੀਆਂ ਨਾਲ ਕਿਉਂ ਖਾਂਦੇ-ਪੀਂਦੇ ਹੋ?”+ 31 ਯਿਸੂ ਨੇ ਉਨ੍ਹਾਂ ਨੂੰ ਜਵਾਬ ਦਿੱਤਾ: “ਹਕੀਮ ਦੀ ਲੋੜ ਤੰਦਰੁਸਤ ਲੋਕਾਂ ਨੂੰ ਨਹੀਂ, ਸਗੋਂ ਬੀਮਾਰਾਂ ਨੂੰ ਪੈਂਦੀ ਹੈ।+ 32 ਮੈਂ ਧਰਮੀਆਂ ਨੂੰ ਨਹੀਂ, ਸਗੋਂ ਪਾਪੀਆਂ ਨੂੰ ਤੋਬਾ ਕਰਨ ਲਈ ਕਹਿਣ ਆਇਆਂ ਹਾਂ।”+

33 ਫਿਰ ਉਨ੍ਹਾਂ ਨੇ ਉਸ ਨੂੰ ਕਿਹਾ: “ਯੂਹੰਨਾ ਦੇ ਚੇਲੇ ਅਤੇ ਫ਼ਰੀਸੀਆਂ ਦੇ ਚੇਲੇ ਅਕਸਰ ਵਰਤ ਰੱਖਦੇ ਹਨ ਅਤੇ ਅਰਦਾਸਾਂ ਕਰਦੇ ਹਨ, ਪਰ ਤੇਰੇ ਚੇਲੇ ਤਾਂ ਖਾਂਦੇ-ਪੀਂਦੇ ਰਹਿੰਦੇ ਹਨ।”+ 34 ਯਿਸੂ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਲਾੜੇ ਦੇ ਨਾਲ ਹੁੰਦਿਆਂ ਬਰਾਤੀਆਂ* ਨੂੰ ਵਰਤ ਰੱਖਣ ਲਈ ਕਿੱਦਾਂ ਕਹਿ ਸਕਦੇ ਹੋ? 35 ਪਰ ਉਹ ਦਿਨ ਵੀ ਆਉਣਗੇ ਜਦੋਂ ਲਾੜੇ+ ਨੂੰ ਉਨ੍ਹਾਂ ਤੋਂ ਦੂਰ ਕੀਤਾ ਜਾਵੇਗਾ; ਉਨ੍ਹਾਂ ਦਿਨਾਂ ਵਿਚ ਉਹ ਵਰਤ ਰੱਖਣਗੇ।”+

36 ਉਸ ਨੇ ਉਨ੍ਹਾਂ ਨੂੰ ਇਕ ਮਿਸਾਲ ਵੀ ਦਿੱਤੀ: “ਕੋਈ ਵੀ ਨਵੇਂ ਕੱਪੜੇ ਤੋਂ ਟਾਕੀ ਕੱਟ ਕੇ ਪੁਰਾਣੇ ਕੱਪੜੇ ਉੱਤੇ ਨਹੀਂ ਲਾਉਂਦਾ। ਜੇ ਉਹ ਲਾਉਂਦਾ ਹੈ, ਤਾਂ ਨਵੇਂ ਕੱਪੜੇ ਦੀ ਟਾਕੀ ਉਧੜ ਜਾਂਦੀ ਹੈ। ਨਾਲੇ ਨਵੇਂ ਕੱਪੜੇ ਦੀ ਟਾਕੀ ਪੁਰਾਣੇ ਕੱਪੜੇ ਉੱਤੇ ਨਹੀਂ ਫਬਦੀ।+ 37 ਨਾਲੇ ਕੋਈ ਵੀ ਨਵਾਂ ਦਾਖਰਸ ਪੁਰਾਣੀਆਂ ਮਸ਼ਕਾਂ ਵਿਚ ਨਹੀਂ ਪਾਉਂਦਾ। ਜੇ ਉਹ ਪਾਉਂਦਾ ਹੈ, ਤਾਂ ਨਵਾਂ ਦਾਖਰਸ ਮਸ਼ਕਾਂ ਨੂੰ ਪਾੜ ਦਿੰਦਾ ਹੈ ਅਤੇ ਦਾਖਰਸ ਡੁੱਲ੍ਹ ਜਾਂਦਾ ਹੈ ਤੇ ਮਸ਼ਕਾਂ ਖ਼ਰਾਬ ਹੋ ਜਾਂਦੀਆਂ ਹਨ। 38 ਪਰ ਨਵਾਂ ਦਾਖਰਸ ਨਵੀਆਂ ਮਸ਼ਕਾਂ ਵਿਚ ਪਾਇਆ ਜਾਣਾ ਚਾਹੀਦਾ ਹੈ। 39 ਜਿਸ ਨੇ ਪੁਰਾਣਾ ਦਾਖਰਸ ਪੀਤਾ ਹੋਵੇ, ਉਹ ਨਵਾਂ ਦਾਖਰਸ ਨਹੀਂ ਪੀਣਾ ਚਾਹੇਗਾ, ਸਗੋਂ ਕਹੇਗਾ, ‘ਪੁਰਾਣਾ ਵਧੀਆ ਹੁੰਦਾ ਹੈ।’”

6 ਫਿਰ ਜਦੋਂ ਉਹ ਸਬਤ ਦੇ ਦਿਨ ਕਣਕ ਦੇ ਖੇਤਾਂ ਵਿੱਚੋਂ ਦੀ ਲੰਘ ਰਿਹਾ ਸੀ, ਤਾਂ ਉਸ ਦੇ ਚੇਲਿਆਂ ਨੇ ਕਣਕ ਦੇ ਸਿੱਟੇ ਤੋੜੇ+ ਅਤੇ ਹੱਥਾਂ ਵਿਚ ਮਲ਼ ਕੇ ਦਾਣੇ ਕੱਢੇ ਤੇ ਚੱਬਣ ਲੱਗ ਪਏ।+ 2 ਇਹ ਦੇਖ ਕੇ ਕੁਝ ਫ਼ਰੀਸੀਆਂ ਨੇ ਕਿਹਾ: “ਤੁਸੀਂ ਉਹ ਕੰਮ ਕਿਉਂ ਕਰ ਰਹੇ ਜੋ ਸਬਤ ਦੇ ਦਿਨ ਕਰਨਾ ਜਾਇਜ਼ ਨਹੀਂ ਹੈ?”+ 3 ਪਰ ਯਿਸੂ ਨੇ ਉਨ੍ਹਾਂ ਨੂੰ ਜਵਾਬ ਦਿੱਤਾ: “ਕੀ ਤੁਸੀਂ ਕਦੀ ਇਹ ਨਹੀਂ ਪੜ੍ਹਿਆ ਕਿ ਦਾਊਦ ਨੇ ਕੀ ਕੀਤਾ ਸੀ ਜਦ ਉਸ ਨੂੰ ਅਤੇ ਉਸ ਦੇ ਆਦਮੀਆਂ ਨੂੰ ਭੁੱਖ ਲੱਗੀ ਸੀ?+ 4 ਉਹ ਪਰਮੇਸ਼ੁਰ ਦੇ ਘਰ ਵਿਚ ਗਿਆ ਸੀ ਅਤੇ ਉਸ ਨੂੰ ਚੜ੍ਹਾਵੇ ਦੀਆਂ ਰੋਟੀਆਂ ਦਿੱਤੀਆਂ ਗਈਆਂ ਸਨ। ਉਸ ਨੇ ਅਤੇ ਉਸ ਦੇ ਕੁਝ ਆਦਮੀਆਂ ਨੇ ਇਹ ਰੋਟੀਆਂ ਖਾਧੀਆਂ ਸਨ, ਭਾਵੇਂ ਕਿ ਪੁਜਾਰੀਆਂ ਤੋਂ ਸਿਵਾਇ ਹੋਰ ਕਿਸੇ ਲਈ ਵੀ ਇਹ ਰੋਟੀਆਂ ਖਾਣੀਆਂ ਜਾਇਜ਼ ਨਹੀਂ ਸੀ।”+ 5 ਫਿਰ ਯਿਸੂ ਨੇ ਉਨ੍ਹਾਂ ਨੂੰ ਕਿਹਾ: “ਮਨੁੱਖ ਦਾ ਪੁੱਤਰ ਸਬਤ ਦੇ ਦਿਨ ਦਾ ਪ੍ਰਭੂ ਹੈ।”+

6 ਫਿਰ ਇਕ ਹੋਰ ਸਬਤ ਦੇ ਦਿਨ,+ ਉਹ ਸਭਾ ਘਰ ਵਿਚ ਜਾ ਕੇ ਸਿਖਾਉਣ ਲੱਗਾ। ਉੱਥੇ ਇਕ ਆਦਮੀ ਸੀ ਜਿਸ ਦਾ ਸੱਜਾ ਹੱਥ ਸੁੱਕਿਆ ਹੋਇਆ ਸੀ।*+ 7 ਗ੍ਰੰਥੀ ਅਤੇ ਫ਼ਰੀਸੀ ਕਿਸੇ ਤਰ੍ਹਾਂ ਯਿਸੂ ਉੱਤੇ ਦੋਸ਼ ਲਾਉਣਾ ਚਾਹੁੰਦੇ ਸਨ, ਇਸ ਲਈ ਉਨ੍ਹਾਂ ਦੀਆਂ ਨਜ਼ਰਾਂ ਯਿਸੂ ਉੱਤੇ ਟਿਕੀਆਂ ਹੋਈਆਂ ਸਨ ਕਿ ਉਹ ਸਬਤ ਦੇ ਦਿਨ ਕਿਸੇ ਨੂੰ ਠੀਕ ਕਰੇਗਾ ਜਾਂ ਨਹੀਂ। 8 ਪਰ ਉਹ ਜਾਣਦਾ ਸੀ ਕਿ ਉਹ ਕੀ ਸੋਚ ਰਹੇ ਸਨ,+ ਇਸ ਲਈ ਉਸ ਨੇ ਸੁੱਕੇ ਹੱਥ ਵਾਲੇ ਆਦਮੀ ਨੂੰ* ਕਿਹਾ: “ਉੱਠ ਕੇ ਇੱਥੇ ਵਿਚਕਾਰ ਖੜ੍ਹਾ ਹੋ।” ਉਹ ਆਦਮੀ ਉੱਠਿਆ ਅਤੇ ਵਿਚਕਾਰ ਖੜ੍ਹਾ ਹੋ ਗਿਆ। 9 ਫਿਰ ਯਿਸੂ ਨੇ ਉਨ੍ਹਾਂ ਨੂੰ ਕਿਹਾ: “ਮੈਂ ਤੁਹਾਨੂੰ ਪੁੱਛਦਾ ਹਾਂ, ਕੀ ਸਬਤ ਦੇ ਦਿਨ ਕਿਸੇ ਦਾ ਭਲਾ ਕਰਨਾ ਠੀਕ ਹੈ ਜਾਂ ਬੁਰਾ ਕਰਨਾ, ਕੀ ਕਿਸੇ ਦੀ ਜਾਨ ਬਚਾਉਣੀ ਠੀਕ ਹੈ ਜਾਂ ਜਾਨ ਲੈਣੀ?”+ 10 ਉਨ੍ਹਾਂ ਸਾਰਿਆਂ ਵੱਲ ਦੇਖ ਕੇ ਉਸ ਨੇ ਆਦਮੀ ਨੂੰ ਕਿਹਾ: “ਆਪਣਾ ਹੱਥ ਅੱਗੇ ਕਰ।” ਉਸ ਆਦਮੀ ਨੇ ਆਪਣਾ ਹੱਥ ਅੱਗੇ ਕੀਤਾ ਅਤੇ ਉਸ ਦਾ ਹੱਥ ਠੀਕ ਹੋ ਗਿਆ। 11 ਪਰ ਉਹ ਗੁੱਸੇ ਵਿਚ ਪਾਗਲ ਹੋ ਗਏ ਅਤੇ ਆਪਸ ਵਿਚ ਸਲਾਹ ਕਰਨ ਲੱਗੇ ਕਿ ਯਿਸੂ ਨਾਲ ਕੀ ਕੀਤਾ ਜਾਵੇ।

12 ਇਕ ਦਿਨ ਯਿਸੂ ਪਹਾੜ ਉੱਤੇ ਪ੍ਰਾਰਥਨਾ ਕਰਨ ਗਿਆ+ ਅਤੇ ਸਾਰੀ ਰਾਤ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਦਾ ਰਿਹਾ।+ 13 ਫਿਰ ਦਿਨ ਚੜ੍ਹੇ ਉਸ ਨੇ ਆਪਣੇ ਚੇਲਿਆਂ ਨੂੰ ਬੁਲਾਇਆ ਅਤੇ ਉਨ੍ਹਾਂ ਵਿੱਚੋਂ 12 ਨੂੰ ਚੁਣ ਕੇ ਉਨ੍ਹਾਂ ਨੂੰ ਰਸੂਲ ਕਿਹਾ:+ 14 ਸ਼ਮਊਨ ਜਿਸ ਦਾ ਨਾਂ ਉਸ ਨੇ ਪਤਰਸ ਵੀ ਰੱਖਿਆ, ਉਸ ਦਾ ਭਰਾ ਅੰਦ੍ਰਿਆਸ, ਯਾਕੂਬ, ਯੂਹੰਨਾ, ਫ਼ਿਲਿੱਪੁਸ,+ ਬਰਥੁਲਮਈ, 15 ਮੱਤੀ, ਥੋਮਾ,+ ਹਲਫ਼ਈ ਦਾ ਪੁੱਤਰ ਯਾਕੂਬ, ਜੋਸ਼ੀਲਾ ਸ਼ਮਊਨ, 16 ਯਾਕੂਬ ਦਾ ਪੁੱਤਰ ਯਹੂਦਾ ਅਤੇ ਯਹੂਦਾ ਇਸਕਰਿਓਤੀ ਜਿਸ ਨੇ ਬਾਅਦ ਵਿਚ ਦਗ਼ਾ ਕੀਤਾ ਸੀ।

17 ਫਿਰ ਉਹ ਉਨ੍ਹਾਂ ਨਾਲ ਪਹਾੜੋਂ ਉੱਤਰ ਆਇਆ ਤੇ ਇਕ ਪੱਧਰੀ ਜਗ੍ਹਾ ਖੜ੍ਹ ਗਿਆ ਅਤੇ ਉੱਥੇ ਉਸ ਦੇ ਬਹੁਤ ਸਾਰੇ ਚੇਲੇ ਆਏ ਹੋਏ ਸਨ। ਨਾਲੇ ਯਹੂਦਿਯਾ ਦੇ ਪੂਰੇ ਇਲਾਕੇ, ਯਰੂਸ਼ਲਮ ਅਤੇ ਸਮੁੰਦਰ ਦੇ ਲਾਗੇ ਸੋਰ ਤੇ ਸੀਦੋਨ ਦੇ ਇਲਾਕਿਆਂ ਤੋਂ ਬਹੁਤ ਸਾਰੇ ਲੋਕ ਉਸ ਦੀਆਂ ਗੱਲਾਂ ਸੁਣਨ ਅਤੇ ਆਪਣੀਆਂ ਬੀਮਾਰੀਆਂ ਤੋਂ ਠੀਕ ਹੋਣ ਲਈ ਆਏ ਹੋਏ ਸਨ। 18 ਜਿਨ੍ਹਾਂ ਲੋਕਾਂ ਨੂੰ ਦੁਸ਼ਟ ਦੂਤ ਚਿੰਬੜੇ ਹੋਏ ਸਨ, ਉਸ ਨੇ ਉਨ੍ਹਾਂ ਨੂੰ ਵੀ ਚੰਗਾ ਕੀਤਾ। 19 ਉਸ ਦੇ ਅੰਦਰੋਂ ਸ਼ਕਤੀ ਨਿਕਲਦੀ ਸੀ+ ਜਿਸ ਨਾਲ ਲੋਕ ਠੀਕ ਹੋ ਜਾਂਦੇ ਸਨ, ਇਸ ਲਈ ਸਾਰੀ ਭੀੜ ਉਸ ਨੂੰ ਛੂਹਣ ਦੀ ਕੋਸ਼ਿਸ਼ ਕਰ ਰਹੀ ਸੀ।

20 ਫਿਰ ਉਸ ਨੇ ਆਪਣੇ ਚੇਲਿਆਂ ਨੂੰ ਦੇਖ ਕੇ ਕਹਿਣਾ ਸ਼ੁਰੂ ਕੀਤਾ:

“ਖ਼ੁਸ਼ ਹੋ ਤੁਸੀਂ ਜਿਹੜੇ ਗ਼ਰੀਬ ਹੋ ਕਿਉਂਕਿ ਪਰਮੇਸ਼ੁਰ ਦਾ ਰਾਜ ਤੁਹਾਡਾ ਹੈ।+

21 “ਖ਼ੁਸ਼ ਹੋ ਤੁਸੀਂ ਜਿਹੜੇ ਹੁਣ ਭੁੱਖੇ ਹੋ ਕਿਉਂਕਿ ਤੁਹਾਨੂੰ ਰਜਾਇਆ ਜਾਵੇਗਾ।+

“ਖ਼ੁਸ਼ ਹੋ ਤੁਸੀਂ ਜਿਹੜੇ ਹੁਣ ਰੋਂਦੇ ਹੋ ਕਿਉਂਕਿ ਤੁਸੀਂ ਹੱਸੋਗੇ।+

22 “ਖ਼ੁਸ਼ ਹੋ ਤੁਸੀਂ ਜਦੋਂ ਵੀ ਮਨੁੱਖ ਦੇ ਪੁੱਤਰ ਕਰਕੇ ਲੋਕ ਤੁਹਾਡੇ ਨਾਲ ਨਫ਼ਰਤ ਕਰਨ,+ ਤੁਹਾਨੂੰ ਆਪਣੇ ਵਿੱਚੋਂ ਛੇਕ ਦੇਣ,+ ਤੁਹਾਡੀ ਬੇਇੱਜ਼ਤੀ ਕਰਨ ਅਤੇ ਤੁਹਾਨੂੰ ਦੁਸ਼ਟ ਕਹਿ ਕੇ ਤੁਹਾਡਾ ਨਾਂ ਬਦਨਾਮ ਕਰਨ। 23 ਉਸ ਦਿਨ ਤੁਸੀਂ ਆਨੰਦ ਮਨਾਇਓ ਕਿਉਂਕਿ ਸਵਰਗ ਵਿਚ ਤੁਹਾਨੂੰ ਵੱਡਾ ਇਨਾਮ ਮਿਲੇਗਾ। ਉਨ੍ਹਾਂ ਦੇ ਪਿਉ-ਦਾਦਿਆਂ ਨੇ ਵੀ ਨਬੀਆਂ ਨਾਲ ਇਸੇ ਤਰ੍ਹਾਂ ਕੀਤਾ ਸੀ।+

24 “ਪਰ ਅਫ਼ਸੋਸ ਤੁਹਾਡੇ ਉੱਤੇ ਜਿਹੜੇ ਅਮੀਰ+ ਹੋ ਕਿਉਂਕਿ ਤੁਸੀਂ ਆਪਣੇ ਹਿੱਸੇ ਦਾ ਸੁੱਖ-ਆਰਾਮ ਪਾ ਚੁੱਕੇ ਹੋ।+

25 “ਅਫ਼ਸੋਸ ਤੁਹਾਡੇ ਉੱਤੇ ਜਿਹੜੇ ਹੁਣ ਰੱਜੇ ਹੋਏ ਹੋ ਕਿਉਂਕਿ ਤੁਸੀਂ ਭੁੱਖੇ ਰਹੋਗੇ।

“ਅਫ਼ਸੋਸ ਤੁਹਾਡੇ ਉੱਤੇ ਜਿਹੜੇ ਹੁਣ ਹੱਸਦੇ ਹੋ ਕਿਉਂਕਿ ਤੁਸੀਂ ਸੋਗ ਮਨਾਓਗੇ ਅਤੇ ਰੋਵੋਗੇ।+

26 “ਅਫ਼ਸੋਸ ਜਦੋਂ ਸਾਰੇ ਲੋਕ ਤੁਹਾਡੀ ਸ਼ਲਾਘਾ ਕਰਨ+ ਕਿਉਂਕਿ ਉਨ੍ਹਾਂ ਦੇ ਪਿਉ-ਦਾਦਿਆਂ ਨੇ ਵੀ ਝੂਠੇ ਨਬੀਆਂ ਦੀ ਸ਼ਲਾਘਾ ਕੀਤੀ ਸੀ।

27 “ਪਰ ਮੈਂ ਤੁਹਾਨੂੰ ਜਿਹੜੇ ਮੇਰੀਆਂ ਗੱਲਾਂ ਸੁਣ ਰਹੇ ਹੋ, ਕਹਿੰਦਾ ਹਾਂ: ਤੁਸੀਂ ਆਪਣੇ ਦੁਸ਼ਮਣਾਂ ਨਾਲ ਪਿਆਰ ਕਰਦੇ ਰਹੋ, ਜਿਹੜੇ ਤੁਹਾਡੇ ਨਾਲ ਨਫ਼ਰਤ ਕਰਦੇ ਹਨ, ਉਨ੍ਹਾਂ ਦਾ ਭਲਾ ਕਰਦੇ ਰਹੋ,+ 28 ਜਿਹੜੇ ਤੁਹਾਨੂੰ ਸਰਾਪ ਦਿੰਦੇ ਹਨ, ਉਨ੍ਹਾਂ ਨੂੰ ਅਸੀਸਾਂ ਦਿੰਦੇ ਰਹੋ ਅਤੇ ਜਿਹੜੇ ਤੁਹਾਡੀ ਬੇਇੱਜ਼ਤੀ ਕਰਦੇ ਹਨ, ਉਨ੍ਹਾਂ ਲਈ ਪ੍ਰਾਰਥਨਾ ਕਰਦੇ ਰਹੋ।+ 29 ਜਿਹੜਾ ਤੇਰੀ ਇਕ ਗੱਲ੍ਹ ʼਤੇ ਥੱਪੜ ਮਾਰਦਾ ਹੈ, ਉਸ ਵੱਲ ਆਪਣੀ ਦੂਜੀ ਗੱਲ੍ਹ ਵੀ ਕਰ ਦੇ; ਜਿਹੜਾ ਤੇਰੀ ਚਾਦਰ ਲੈ ਲੈਂਦਾ ਹੈ, ਉਸ ਨੂੰ ਆਪਣਾ ਕੁੜਤਾ ਲੈਣ ਤੋਂ ਵੀ ਨਾ ਰੋਕ।+ 30 ਹਰ ਕੋਈ ਜੋ ਤੇਰੇ ਤੋਂ ਕੁਝ ਮੰਗਦਾ ਹੈ,+ ਉਸ ਨੂੰ ਦੇ ਦੇ ਅਤੇ ਜਿਹੜਾ ਤੇਰੀਆਂ ਚੀਜ਼ਾਂ ਖੋਹ ਲੈਂਦਾ ਹੈ, ਉਸ ਤੋਂ ਆਪਣੀਆਂ ਚੀਜ਼ਾਂ ਵਾਪਸ ਨਾ ਮੰਗ।

31 “ਨਾਲੇ ਜਿਸ ਤਰ੍ਹਾਂ ਤੁਸੀਂ ਆਪ ਚਾਹੁੰਦੇ ਹੋ ਕਿ ਦੂਸਰੇ ਤੁਹਾਡੇ ਨਾਲ ਪੇਸ਼ ਆਉਣ, ਤੁਸੀਂ ਵੀ ਉਨ੍ਹਾਂ ਨਾਲ ਉਸੇ ਤਰ੍ਹਾਂ ਪੇਸ਼ ਆਓ।+

32 “ਜੇ ਤੁਸੀਂ ਸਿਰਫ਼ ਉਨ੍ਹਾਂ ਨਾਲ ਹੀ ਪਿਆਰ ਕਰਦੇ ਹੋ ਜੋ ਤੁਹਾਡੇ ਨਾਲ ਪਿਆਰ ਕਰਦੇ ਹਨ, ਤਾਂ ਇਹਦੇ ਵਿਚ ਕਿਹੜੀ ਵੱਡੀ ਗੱਲ ਹੈ? ਪਾਪੀ ਲੋਕ ਵੀ ਤਾਂ ਆਪਣੇ ਪਿਆਰ ਕਰਨ ਵਾਲਿਆਂ ਨਾਲ ਪਿਆਰ ਕਰਦੇ ਹਨ।+ 33 ਜੇ ਤੁਸੀਂ ਉਨ੍ਹਾਂ ਦਾ ਹੀ ਭਲਾ ਕਰਦੇ ਹੋ ਜਿਹੜੇ ਤੁਹਾਡਾ ਭਲਾ ਕਰਦੇ ਹਨ, ਤਾਂ ਇਹਦੇ ਵਿਚ ਕਿਹੜੀ ਵੱਡੀ ਗੱਲ ਹੈ? ਪਾਪੀ ਲੋਕ ਵੀ ਤਾਂ ਇਸੇ ਤਰ੍ਹਾਂ ਕਰਦੇ ਹਨ। 34 ਨਾਲੇ ਜੇ ਤੁਸੀਂ ਉਨ੍ਹਾਂ ਨੂੰ ਹੀ ਉਧਾਰ* ਦਿੰਦੇ ਹੋ ਜਿਨ੍ਹਾਂ ਤੋਂ ਤੁਹਾਨੂੰ ਪੈਸਾ ਵਾਪਸ ਮਿਲਣ ਦੀ ਆਸ ਹੈ, ਤਾਂ ਇਹਦੇ ਵਿਚ ਕਿਹੜੀ ਵੱਡੀ ਗੱਲ ਹੈ?+ ਪਾਪੀ ਲੋਕ ਵੀ ਤਾਂ ਦੂਸਰੇ ਪਾਪੀਆਂ ਨੂੰ ਉਧਾਰ ਦਿੰਦੇ ਹਨ ਜਿਨ੍ਹਾਂ ਤੋਂ ਉਨ੍ਹਾਂ ਨੂੰ ਪੂਰਾ ਪੈਸਾ ਵਾਪਸ ਮਿਲਣ ਦੀ ਆਸ ਹੁੰਦੀ ਹੈ। 35 ਪਰ ਤੁਸੀਂ ਆਪਣੇ ਦੁਸ਼ਮਣਾਂ ਨਾਲ ਪਿਆਰ ਕਰਦੇ ਰਹੋ ਅਤੇ ਉਨ੍ਹਾਂ ਦਾ ਭਲਾ ਕਰਦੇ ਰਹੋ, ਉਨ੍ਹਾਂ ਨੂੰ ਉਧਾਰ ਦਿੰਦੇ ਰਹੋ ਅਤੇ ਕੁਝ ਵਾਪਸ ਮਿਲਣ ਦੀ ਆਸ ਨਾ ਰੱਖੋ।+ ਤੁਹਾਨੂੰ ਵੱਡਾ ਇਨਾਮ ਮਿਲੇਗਾ ਅਤੇ ਤੁਸੀਂ ਅੱਤ ਮਹਾਨ ਦੇ ਪੁੱਤਰ ਬਣੋਗੇ ਕਿਉਂਕਿ ਉਹ ਤਾਂ ਨਾਸ਼ੁਕਰਿਆਂ ਅਤੇ ਦੁਸ਼ਟਾਂ ਉੱਤੇ ਵੀ ਦਇਆ ਕਰਦਾ ਹੈ।+ 36 ਤੁਸੀਂ ਦਇਆਵਾਨ ਬਣੇ ਰਹੋ ਜਿਵੇਂ ਤੁਹਾਡਾ ਪਿਤਾ ਦਇਆਵਾਨ ਹੈ।+

37 “ਇਸ ਤੋਂ ਇਲਾਵਾ, ਦੂਸਰਿਆਂ ਵਿਚ ਨੁਕਸ ਕੱਢਣੇ ਛੱਡ ਦਿਓ, ਤਾਂ ਤੁਹਾਡੇ ਵਿਚ ਵੀ ਕਦੇ ਨੁਕਸ ਨਹੀਂ ਕੱਢੇ ਜਾਣਗੇ।+ ਦੂਸਰਿਆਂ ਨੂੰ ਦੋਸ਼ੀ ਠਹਿਰਾਉਣਾ ਛੱਡ ਦਿਓ, ਤਾਂ ਤੁਹਾਨੂੰ ਵੀ ਕਦੇ ਦੋਸ਼ੀ ਨਹੀਂ ਠਹਿਰਾਇਆ ਜਾਵੇਗਾ। ਦੂਸਰਿਆਂ ਨੂੰ ਪੂਰੀ ਤਰ੍ਹਾਂ ਮਾਫ਼ ਕਰਦੇ ਰਹੋ, ਤਾਂ ਤੁਹਾਨੂੰ ਵੀ ਮਾਫ਼ ਕੀਤਾ ਜਾਵੇਗਾ।+ 38 ਦੂਸਰਿਆਂ ਨੂੰ ਦਿੰਦੇ ਰਹੋ, ਤਾਂ ਲੋਕ ਤੁਹਾਨੂੰ ਵੀ ਦੇਣਗੇ।+ ਉਹ ਦੱਬ-ਦੱਬ ਕੇ, ਹਿਲਾ-ਹਿਲਾ ਕੇ ਉੱਪਰ ਤਕ ਮਾਪ ਨੂੰ ਭਰਨਗੇ, ਸਗੋਂ ਜ਼ਿਆਦਾ ਭਰ ਕੇ ਤੁਹਾਡੀ ਝੋਲ਼ੀ ਵਿਚ ਪਾਉਣਗੇ। ਜਿਸ ਮਾਪ ਨਾਲ ਤੁਸੀਂ ਦੂਸਰਿਆਂ ਨੂੰ ਮਾਪ ਕੇ ਦਿੰਦੇ ਹੋ, ਉਸੇ ਮਾਪ ਨਾਲ ਉਹ ਤੁਹਾਨੂੰ ਵੀ ਮਾਪ ਕੇ ਦੇਣਗੇ।”

39 ਫਿਰ ਉਸ ਨੇ ਉਨ੍ਹਾਂ ਨੂੰ ਮਿਸਾਲਾਂ ਵੀ ਦਿੱਤੀਆਂ: “ਅੰਨ੍ਹਾ ਅੰਨ੍ਹੇ ਨੂੰ ਰਾਹ ਕਿਵੇਂ ਦਿਖਾ ਸਕਦਾ ਹੈ? ਜੇ ਦਿਖਾਉਂਦਾ ਹੈ, ਤਾਂ ਉਹ ਦੋਵੇਂ ਟੋਏ ਵਿਚ ਡਿਗ ਪੈਣਗੇ।+ 40 ਚੇਲਾ ਆਪਣੇ ਗੁਰੂ ਤੋਂ ਵੱਡਾ ਨਹੀਂ ਹੁੰਦਾ, ਪਰ ਜਿਸ ਚੇਲੇ ਨੂੰ ਚੰਗੀ ਤਰ੍ਹਾਂ ਸਿਖਾਇਆ ਜਾਂਦਾ ਹੈ, ਉਹ ਆਪਣੇ ਗੁਰੂ ਵਰਗਾ ਬਣ ਜਾਂਦਾ ਹੈ। 41 ਤਾਂ ਫਿਰ, ਤੂੰ ਆਪਣੇ ਭਰਾ ਦੀ ਅੱਖ ਵਿਚ ਪਏ ਕੱਖ ਨੂੰ ਕਿਉਂ ਦੇਖਦਾ ਹੈਂ, ਪਰ ਆਪਣੀ ਅੱਖ ਵਿਚਲੇ ਸ਼ਤੀਰ ਨੂੰ ਨਹੀਂ ਦੇਖਦਾ?+ 42 ਤੂੰ ਆਪਣੇ ਭਰਾ ਨੂੰ ਇਹ ਕਿਵੇਂ ਕਹਿ ਸਕਦਾ ਹੈਂ, ‘ਭਰਾ, ਲਿਆ ਮੈਂ ਤੇਰੀ ਅੱਖ ਵਿੱਚੋਂ ਕੱਖ ਕੱਢ ਦਿਆਂ,’ ਜਦ ਕਿ ਤੂੰ ਆਪਣੀ ਅੱਖ ਵਿਚਲੇ ਸ਼ਤੀਰ ਨੂੰ ਨਹੀਂ ਦੇਖਦਾ? ਪਖੰਡੀਆ, ਪਹਿਲਾਂ ਆਪਣੀ ਅੱਖ ਵਿਚ ਪਏ ਸ਼ਤੀਰ ਨੂੰ ਕੱਢ ਤੇ ਫਿਰ ਤੂੰ ਸਾਫ਼ ਦੇਖ ਸਕੇਂਗਾ ਕਿ ਆਪਣੇ ਭਰਾ ਦੀ ਅੱਖ ਵਿੱਚੋਂ ਕੱਖ ਕਿਵੇਂ ਕੱਢਣਾ ਹੈ।

43 “ਕਿਸੇ ਚੰਗੇ ਦਰਖ਼ਤ ਨੂੰ ਮਾੜਾ ਫਲ ਨਹੀਂ ਲੱਗਦਾ ਅਤੇ ਮਾੜੇ ਦਰਖ਼ਤ ਨੂੰ ਚੰਗਾ ਫਲ ਨਹੀਂ ਲੱਗਦਾ।+ 44 ਦਰਖ਼ਤ ਦੀ ਪਛਾਣ ਉਸ ਦੇ ਫਲਾਂ ਤੋਂ ਹੁੰਦੀ ਹੈ।+ ਮਿਸਾਲ ਲਈ, ਕੀ ਲੋਕ ਕਦੇ ਕੰਡਿਆਲ਼ੀਆਂ ਝਾੜੀਆਂ ਤੋਂ ਅੰਗੂਰ ਜਾਂ ਅੰਜੀਰ ਤੋੜਦੇ ਹਨ? 45 ਚੰਗਾ ਆਦਮੀ ਆਪਣੇ ਦਿਲ ਦੇ ਚੰਗੇ ਖ਼ਜ਼ਾਨੇ ਵਿੱਚੋਂ ਚੰਗੀਆਂ ਚੀਜ਼ਾਂ ਕੱਢਦਾ ਹੈ, ਜਦ ਕਿ ਦੁਸ਼ਟ ਆਦਮੀ ਆਪਣੇ ਦੁਸ਼ਟ ਖ਼ਜ਼ਾਨੇ ਵਿੱਚੋਂ ਦੁਸ਼ਟ ਚੀਜ਼ਾਂ ਕੱਢਦਾ ਹੈ। ਜੋ ਦਿਲ ਵਿਚ ਹੁੰਦਾ ਹੈ, ਉਹੀ ਮੂੰਹ ʼਤੇ ਆਉਂਦਾ ਹੈ।+

46 “ਤੁਸੀਂ ਮੈਨੂੰ ਪ੍ਰਭੂ ਕਿਉਂ ਕਹਿੰਦੇ ਹੋ, ਜਦ ਕਿ ਮੈਂ ਜੋ ਕਹਿੰਦਾ ਹਾਂ, ਉਹ ਤੁਸੀਂ ਨਹੀਂ ਕਰਦੇ?+ 47 ਮੈਂ ਤੁਹਾਨੂੰ ਦੱਸਦਾ ਹਾਂ ਕਿ ਹਰ ਕੋਈ ਜਿਹੜਾ ਮੇਰੇ ਕੋਲ ਆਉਂਦਾ ਹੈ ਅਤੇ ਮੇਰੀਆਂ ਗੱਲਾਂ ਸੁਣ ਕੇ ਉਨ੍ਹਾਂ ਉੱਤੇ ਚੱਲਦਾ ਹੈ, ਉਹ ਇਨਸਾਨ ਕਿਸ ਵਰਗਾ ਹੈ।+ 48 ਉਹ ਉਸ ਆਦਮੀ ਵਰਗਾ ਹੈ ਜਿਸ ਨੇ ਘਰ ਬਣਾਉਣ ਵੇਲੇ ਜ਼ਮੀਨ ਡੂੰਘੀ ਪੁੱਟ ਕੇ ਨੀਂਹਾਂ ਚਟਾਨ ਉੱਤੇ ਧਰੀਆਂ। ਇਸ ਕਰਕੇ, ਜਦੋਂ ਹੜ੍ਹ ਆਇਆ, ਤਾਂ ਦਰਿਆ ਦੇ ਪਾਣੀ ਦੀਆਂ ਛੱਲਾਂ ਉਸ ਘਰ ਨਾਲ ਟਕਰਾਈਆਂ, ਪਰ ਘਰ ਨੂੰ ਹਿਲਾ ਨਾ ਸਕੀਆਂ ਕਿਉਂਕਿ ਘਰ ਦੀਆਂ ਨੀਂਹਾਂ ਪੱਕੀਆਂ ਸਨ।+ 49 ਦੂਜੇ ਪਾਸੇ, ਜਿਹੜਾ ਮੇਰੀਆਂ ਗੱਲਾਂ ਸੁਣ ਕੇ ਉਨ੍ਹਾਂ ਉੱਤੇ ਨਹੀਂ ਚੱਲਦਾ,+ ਉਹ ਉਸ ਆਦਮੀ ਵਰਗਾ ਹੈ ਜਿਸ ਨੇ ਆਪਣਾ ਘਰ ਬਣਾਉਣ ਵੇਲੇ ਨੀਂਹਾਂ ਨਹੀਂ ਧਰੀਆਂ। ਦਰਿਆ ਦੇ ਪਾਣੀ ਦੇ ਜ਼ੋਰ ਨਾਲ ਘਰ ਝੱਟ ਡਿਗ ਗਿਆ ਅਤੇ ਪੂਰੀ ਤਰ੍ਹਾਂ ਤਬਾਹ ਹੋ ਗਿਆ।”

7 ਲੋਕਾਂ ਨੂੰ ਇਹ ਸਾਰੀਆਂ ਗੱਲਾਂ ਸਿਖਾਉਣ ਤੋਂ ਬਾਅਦ ਉਹ ਕਫ਼ਰਨਾਹੂਮ ਨੂੰ ਚਲਾ ਗਿਆ। 2 ਉੱਥੇ ਇਕ ਫ਼ੌਜੀ ਅਫ਼ਸਰ* ਦਾ ਨੌਕਰ ਇੰਨਾ ਬੀਮਾਰ ਸੀ ਕਿ ਉਹ ਮਰਨ ਕਿਨਾਰੇ ਸੀ।+ ਉਹ ਨੌਕਰ ਅਫ਼ਸਰ ਨੂੰ ਬਹੁਤ ਪਿਆਰਾ ਸੀ। 3 ਜਦੋਂ ਫ਼ੌਜੀ ਅਫ਼ਸਰ ਨੇ ਯਿਸੂ ਬਾਰੇ ਸੁਣਿਆ, ਤਾਂ ਉਸ ਨੇ ਯਹੂਦੀਆਂ ਦੇ ਕੁਝ ਬਜ਼ੁਰਗਾਂ ਨੂੰ ਉਸ ਕੋਲ ਘੱਲਿਆ ਕਿ ਯਿਸੂ ਉਨ੍ਹਾਂ ਦੇ ਨਾਲ ਆ ਕੇ ਉਸ ਦੇ ਨੌਕਰ ਨੂੰ ਠੀਕ ਕਰ ਦੇਵੇ। 4 ਬਜ਼ੁਰਗਾਂ ਨੇ ਆ ਕੇ ਯਿਸੂ ਦੀਆਂ ਬਹੁਤ ਮਿੰਨਤਾਂ ਕੀਤੀਆਂ ਤੇ ਕਿਹਾ: “ਫ਼ੌਜੀ ਅਫ਼ਸਰ ਇਸ ਲਾਇਕ ਹੈ ਕਿ ਤੂੰ ਉਸ ਦੀ ਮਦਦ ਕਰੇਂ 5 ਕਿਉਂਕਿ ਉਹ ਸਾਡੀ ਕੌਮ ਨਾਲ ਪਿਆਰ ਕਰਦਾ ਹੈ ਅਤੇ ਉਸ ਨੇ ਆਪ ਸਾਡਾ ਸਭਾ ਘਰ ਬਣਵਾਇਆ ਹੈ।” 6 ਇਸ ਲਈ ਯਿਸੂ ਉਨ੍ਹਾਂ ਨਾਲ ਤੁਰ ਪਿਆ। ਪਰ ਜਦੋਂ ਉਹ ਘਰ ਦੇ ਲਾਗੇ ਪਹੁੰਚਿਆ, ਤਾਂ ਉਸ ਫ਼ੌਜੀ ਅਫ਼ਸਰ ਨੇ ਆਪਣੇ ਦੋਸਤਾਂ ਦੇ ਹੱਥ ਉਸ ਕੋਲ ਸੁਨੇਹਾ ਘੱਲਿਆ: “ਸਾਹਬ ਜੀ, ਮੈਂ ਇਸ ਯੋਗ ਨਹੀਂ ਕਿ ਆਪਣੇ ਘਰ ਵਿਚ ਤੇਰਾ ਸੁਆਗਤ ਕਰਾਂ।+ 7 ਇਸੇ ਕਰਕੇ ਮੈਂ ਆਪਣੇ ਆਪ ਨੂੰ ਇਸ ਕਾਬਲ ਨਹੀਂ ਸਮਝਿਆ ਕਿ ਮੈਂ ਆਪ ਤੈਨੂੰ ਆ ਕੇ ਮਿਲਾਂ। ਤੂੰ ਬੱਸ ਆਪਣੇ ਮੂੰਹੋਂ ਕਹਿ ਦੇ ਤੇ ਮੇਰਾ ਨੌਕਰ ਠੀਕ ਹੋ ਜਾਵੇਗਾ। 8 ਕਿਉਂਕਿ ਮੈਂ ਵੀ ਕਿਸੇ ਹੋਰ ਦੇ ਅਧਿਕਾਰ ਅਧੀਨ ਕੰਮ ਕਰਦਾ ਹਾਂ ਅਤੇ ਮੇਰੇ ਅਧੀਨ ਵੀ ਫ਼ੌਜੀ ਹਨ। ਮੈਂ ਇਕ ਨੂੰ ਕਹਿੰਦਾ ਹਾਂ, ‘ਜਾਹ!’ ਤੇ ਉਹ ਚਲਾ ਜਾਂਦਾ ਹੈ ਅਤੇ ਦੂਸਰੇ ਨੂੰ ਕਹਿੰਦਾ ਹਾਂ, ‘ਇੱਧਰ ਆ!’ ਤੇ ਉਹ ਆ ਜਾਂਦਾ ਹੈ ਅਤੇ ਮੈਂ ਆਪਣੇ ਗ਼ੁਲਾਮ ਨੂੰ ਕਹਿੰਦਾ ਹਾਂ, ‘ਇਹ ਕੰਮ ਕਰ!’ ਤੇ ਉਹ ਕਰਦਾ ਹੈ।” 9 ਇਹ ਸੁਣ ਕੇ ਯਿਸੂ ਦੰਗ ਰਹਿ ਗਿਆ ਅਤੇ ਉਸ ਨੇ ਆਪਣੇ ਪਿੱਛੇ-ਪਿੱਛੇ ਆਉਣ ਵਾਲੇ ਲੋਕਾਂ ਨੂੰ ਕਿਹਾ: “ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਮੈਂ ਪੂਰੇ ਇਜ਼ਰਾਈਲ ਵਿਚ ਇੰਨੀ ਨਿਹਚਾ ਰੱਖਣ ਵਾਲਾ ਬੰਦਾ ਨਹੀਂ ਦੇਖਿਆ।”+ 10 ਜਿਨ੍ਹਾਂ ਬੰਦਿਆਂ ਨੂੰ ਫ਼ੌਜੀ ਅਫ਼ਸਰ ਨੇ ਭੇਜਿਆ ਸੀ, ਉਨ੍ਹਾਂ ਨੇ ਘਰ ਆ ਕੇ ਦੇਖਿਆ ਕਿ ਨੌਕਰ ਨੌਂ-ਬਰ-ਨੌਂ ਹੋ ਗਿਆ ਸੀ।+

11 ਇਸ ਤੋਂ ਜਲਦੀ ਬਾਅਦ, ਉਹ ਨਾਇਨ ਨਾਂ ਦੇ ਸ਼ਹਿਰ ਨੂੰ ਗਿਆ ਅਤੇ ਉਸ ਦੇ ਚੇਲੇ ਅਤੇ ਲੋਕਾਂ ਦੀ ਵੱਡੀ ਭੀੜ ਵੀ ਉਸ ਨਾਲ ਗਈ। 12 ਜਦੋਂ ਉਹ ਸ਼ਹਿਰ ਦੇ ਦਰਵਾਜ਼ੇ ਲਾਗੇ ਪਹੁੰਚਿਆ, ਤਾਂ ਦੇਖੋ! ਇਕ ਜਵਾਨ ਆਦਮੀ ਦੀ ਅਰਥੀ ਲਿਜਾਈ ਜਾ ਰਹੀ ਸੀ ਜੋ ਆਪਣੀ ਵਿਧਵਾ ਮਾਂ ਦਾ ਇੱਕੋ-ਇਕ ਪੁੱਤ ਸੀ।+ ਸ਼ਹਿਰ ਦੇ ਲੋਕਾਂ ਦੀ ਕਾਫ਼ੀ ਵੱਡੀ ਭੀੜ ਵੀ ਉਸ ਤੀਵੀਂ ਦੇ ਨਾਲ ਜਾ ਰਹੀ ਸੀ। 13 ਜਦੋਂ ਪ੍ਰਭੂ ਯਿਸੂ ਨੇ ਉਸ ਤੀਵੀਂ ਨੂੰ ਦੇਖਿਆ, ਤਾਂ ਉਸ ਨੂੰ ਉਸ ਉੱਤੇ ਬੜਾ ਤਰਸ ਆਇਆ+ ਅਤੇ ਉਸ ਨੂੰ ਕਿਹਾ: “ਨਾ ਰੋ।”+ 14 ਫਿਰ ਉਸ ਨੇ ਜਾ ਕੇ ਅਰਥੀ ਨੂੰ ਛੋਹਿਆ ਅਤੇ ਅਰਥੀ ਚੁੱਕਣ ਵਾਲੇ ਖੜ੍ਹ ਗਏ। ਫਿਰ ਉਸ ਨੇ ਕਿਹਾ: “ਜਵਾਨਾ, ਮੈਂ ਤੈਨੂੰ ਕਹਿੰਦਾ ਹਾਂ: ਉੱਠ!”+ 15 ਉਹ ਮਰਿਆ ਮੁੰਡਾ ਉੱਠ ਕੇ ਬੈਠ ਗਿਆ ਅਤੇ ਬੋਲਣ ਲੱਗ ਪਿਆ। ਯਿਸੂ ਨੇ ਮੁੰਡੇ ਨੂੰ ਉਸ ਦੀ ਮਾਂ ਦੇ ਹਵਾਲੇ ਕਰ ਦਿੱਤਾ।+ 16 ਇਹ ਦੇਖ ਕੇ ਸਾਰੇ ਡਰ ਗਏ ਅਤੇ ਪਰਮੇਸ਼ੁਰ ਦੀ ਮਹਿਮਾ ਕਰਦੇ ਹੋਏ ਕਹਿਣ ਲੱਗੇ: “ਇਕ ਵੱਡਾ ਨਬੀ ਸਾਡੇ ਵਿਚ ਆਇਆ ਹੈ”+ ਅਤੇ “ਪਰਮੇਸ਼ੁਰ ਨੇ ਆਪਣੇ ਲੋਕਾਂ ਵੱਲ ਧਿਆਨ ਦਿੱਤਾ ਹੈ।”+ 17 ਯਿਸੂ ਦੇ ਇਸ ਚਮਤਕਾਰ ਦੀ ਖ਼ਬਰ ਪੂਰੇ ਯਹੂਦਿਯਾ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਫੈਲ ਗਈ।

18 ਯੂਹੰਨਾ ਦੇ ਚੇਲਿਆਂ ਨੇ ਇਹ ਸਾਰੀਆਂ ਗੱਲਾਂ ਯੂਹੰਨਾ ਨੂੰ ਦੱਸੀਆਂ।+ 19 ਇਸ ਲਈ ਯੂਹੰਨਾ ਨੇ ਆਪਣੇ ਦੋ ਚੇਲਿਆਂ ਨੂੰ ਬੁਲਾਇਆ ਅਤੇ ਉਨ੍ਹਾਂ ਨੂੰ ਇਹ ਪੁੱਛਣ ਲਈ ਪ੍ਰਭੂ ਯਿਸੂ ਕੋਲ ਘੱਲਿਆ: “ਕੀ ਤੂੰ ਉਹੀ ਹੈਂ ਜਿਸ ਨੇ ਆਉਣਾ ਸੀ+ ਜਾਂ ਫਿਰ ਅਸੀਂ ਕਿਸੇ ਹੋਰ ਦੀ ਉਡੀਕ ਕਰੀਏ?” 20 ਉਨ੍ਹਾਂ ਨੇ ਆ ਕੇ ਯਿਸੂ ਨੂੰ ਕਿਹਾ: “ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਸਾਨੂੰ ਤੇਰੇ ਤੋਂ ਇਹ ਪੁੱਛਣ ਲਈ ਘੱਲਿਆ ਹੈ, ‘ਕੀ ਤੂੰ ਉਹੀ ਹੈਂ ਜਿਸ ਨੇ ਆਉਣਾ ਸੀ ਜਾਂ ਫਿਰ ਅਸੀਂ ਕਿਸੇ ਹੋਰ ਦੀ ਉਡੀਕ ਕਰੀਏ?’” 21 ਉਸ ਵੇਲੇ ਉਸ ਨੇ ਛੋਟੀਆਂ-ਮੋਟੀਆਂ ਬੀਮਾਰੀਆਂ ਅਤੇ ਗੰਭੀਰ ਬੀਮਾਰੀਆਂ ਦੇ ਰੋਗੀਆਂ ਨੂੰ ਠੀਕ ਕੀਤਾ+ ਅਤੇ ਲੋਕਾਂ ਵਿੱਚੋਂ ਦੁਸ਼ਟ ਦੂਤ ਕੱਢੇ ਅਤੇ ਬਹੁਤ ਸਾਰੇ ਅੰਨ੍ਹਿਆਂ ਨੂੰ ਸੁਜਾਖਾ ਕੀਤਾ। 22 ਫਿਰ ਉਸ ਨੇ ਉਨ੍ਹਾਂ ਨੂੰ ਕਿਹਾ: “ਜਾ ਕੇ ਯੂਹੰਨਾ ਨੂੰ ਉਹ ਸਾਰੀਆਂ ਗੱਲਾਂ ਦੱਸੋ ਜੋ ਤੁਸੀਂ ਦੇਖੀਆਂ ਅਤੇ ਸੁਣੀਆਂ ਹਨ: ਅੰਨ੍ਹੇ ਹੁਣ ਦੇਖ ਰਹੇ ਹਨ,+ ਲੰਗੜੇ ਤੁਰ ਰਹੇ ਹਨ, ਕੋੜ੍ਹੀ ਸ਼ੁੱਧ ਹੋ ਰਹੇ ਹਨ, ਬੋਲ਼ੇ ਸੁਣ ਰਹੇ ਹਨ,+ ਮਰ ਚੁੱਕੇ ਲੋਕ ਦੁਬਾਰਾ ਜੀਉਂਦੇ ਕੀਤੇ ਜਾ ਰਹੇ ਹਨ ਅਤੇ ਗ਼ਰੀਬਾਂ ਨੂੰ ਖ਼ੁਸ਼ ਖ਼ਬਰੀ ਸੁਣਾਈ ਜਾ ਰਹੀ ਹੈ।+ 23 ਖ਼ੁਸ਼ ਹੈ ਉਹ ਜਿਹੜਾ ਮੇਰੇ ਕਾਰਨ ਨਿਹਚਾ ਕਰਨੀ ਨਹੀਂ ਛੱਡਦਾ।”*+

24 ਜਦੋਂ ਯੂਹੰਨਾ ਦੇ ਚੇਲੇ ਚਲੇ ਗਏ, ਤਾਂ ਯਿਸੂ ਨੇ ਯੂਹੰਨਾ ਬਾਰੇ ਭੀੜ ਨੂੰ ਦੱਸਣਾ ਸ਼ੁਰੂ ਕੀਤਾ: “ਤੁਸੀਂ ਉਜਾੜ ਵਿਚ ਕੀ ਦੇਖਣ ਗਏ ਸੀ? ਕੀ ਹਵਾ ਵਿਚ ਝੂਲਦੇ ਸਰਕੰਡੇ ਨੂੰ?+ 25 ਫਿਰ ਤੁਸੀਂ ਕੀ ਦੇਖਣ ਗਏ ਸੀ? ਮੁਲਾਇਮ ਤੇ ਰੇਸ਼ਮੀ* ਕੱਪੜੇ ਪਾਈ ਆਦਮੀ ਨੂੰ?+ ਇਹੋ ਜਿਹੇ ਕੱਪੜੇ ਪਾਉਣ ਵਾਲੇ ਤੇ ਠਾਠ-ਬਾਠ ਵਾਲੀ ਜ਼ਿੰਦਗੀ ਜੀਉਣ ਵਾਲੇ ਲੋਕ ਤਾਂ ਰਾਜਿਆਂ ਦੇ ਮਹਿਲਾਂ ਵਿਚ ਹੁੰਦੇ ਹਨ। 26 ਤਾਂ ਫਿਰ, ਤੁਸੀਂ ਕੀ ਦੇਖਣ ਗਏ ਸੀ? ਕੀ ਨਬੀ ਨੂੰ ਦੇਖਣ? ਹਾਂ, ਉਹ ਤਾਂ ਦੂਸਰੇ ਨਬੀਆਂ ਤੋਂ ਵੀ ਵੱਡਾ ਹੈ।+ 27 ਉਸੇ ਬਾਰੇ ਇਹ ਲਿਖਿਆ ਗਿਆ ਹੈ: ‘ਦੇਖੋ! ਮੈਂ ਤੇਰੇ ਅੱਗੇ-ਅੱਗੇ ਆਪਣੇ ਸੰਦੇਸ਼ ਦੇਣ ਵਾਲੇ* ਨੂੰ ਘੱਲ ਰਿਹਾ ਹਾਂ ਜੋ ਤੇਰੇ ਲਈ ਰਾਹ ਤਿਆਰ ਕਰੇਗਾ!’+ 28 ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਜਿੰਨੇ ਵੀ ਤੀਵੀਆਂ ਦੀ ਕੁੱਖੋਂ ਪੈਦਾ ਹੋਏ ਹਨ, ਉਨ੍ਹਾਂ ਵਿੱਚੋਂ ਕੋਈ ਵੀ ਯੂਹੰਨਾ ਨਾਲੋਂ ਵੱਡਾ ਨਹੀਂ ਹੈ, ਪਰ ਪਰਮੇਸ਼ੁਰ ਦੇ ਰਾਜ ਵਿਚ ਜਿਹੜਾ ਛੋਟਾ ਵੀ ਹੈ, ਉਹ ਯੂਹੰਨਾ ਨਾਲੋਂ ਵੱਡਾ ਹੈ।”+ 29 (ਜਦੋਂ ਸਾਰੇ ਲੋਕਾਂ ਨੇ ਅਤੇ ਟੈਕਸ ਵਸੂਲਣ ਵਾਲਿਆਂ ਨੇ ਇਹ ਸੁਣਿਆ, ਤਾਂ ਉਨ੍ਹਾਂ ਨੇ ਪਰਮੇਸ਼ੁਰ ਨੂੰ ਸੱਚਾ ਕਿਹਾ ਕਿਉਂਕਿ ਉਨ੍ਹਾਂ ਨੇ ਯੂਹੰਨਾ ਤੋਂ ਬਪਤਿਸਮਾ ਲਿਆ ਸੀ।+ 30 ਪਰ ਫ਼ਰੀਸੀਆਂ ਅਤੇ ਕਾਨੂੰਨ ਦੇ ਮਾਹਰਾਂ ਨੇ ਪਰਮੇਸ਼ੁਰ ਦੇ ਮਕਸਦ ਨੂੰ ਨਕਾਰਿਆ+ ਜੋ ਉਨ੍ਹਾਂ ਵਾਸਤੇ ਰੱਖਿਆ ਸੀ ਕਿਉਂਕਿ ਉਨ੍ਹਾਂ ਨੇ ਯੂਹੰਨਾ ਤੋਂ ਬਪਤਿਸਮਾ ਨਹੀਂ ਲਿਆ ਸੀ।)

31 “ਇਸ ਲਈ ਮੈਂ ਇਸ ਪੀੜ੍ਹੀ ਦੀ ਤੁਲਨਾ ਕਿਸ ਨਾਲ ਕਰਾਂ ਅਤੇ ਇਹ ਲੋਕ ਕਿਨ੍ਹਾਂ ਵਰਗੇ ਹਨ?+ 32 ਇਹ ਲੋਕ ਬਾਜ਼ਾਰ ਵਿਚ ਬੈਠੇ ਉਨ੍ਹਾਂ ਨਿਆਣਿਆਂ ਵਰਗੇ ਹਨ ਜਿਹੜੇ ਆਪਣੇ ਸਾਥੀਆਂ ਨੂੰ ਉੱਚੀ ਆਵਾਜ਼ ਵਿਚ ਕਹਿੰਦੇ ਹਨ: ‘ਅਸੀਂ ਤੁਹਾਡੇ ਲਈ ਬੰਸਰੀ ਵਜਾਈ, ਪਰ ਤੁਸੀਂ ਨਾ ਨੱਚੇ; ਅਸੀਂ ਕੀਰਨੇ ਪਾਏ, ਪਰ ਤੁਸੀਂ ਨਾ ਰੋਏ।’ 33 ਇਸੇ ਤਰ੍ਹਾਂ, ਯੂਹੰਨਾ ਬਪਤਿਸਮਾ ਦੇਣ ਵਾਲਾ ਨਾ ਰੋਟੀ ਖਾਂਦਾ ਹੈ ਤੇ ਨਾ ਹੀ ਦਾਖਰਸ ਪੀਂਦਾ ਹੈ,+ ਪਰ ਤੁਸੀਂ ਕਹਿੰਦੇ ਹੋ: ‘ਉਸ ਨੂੰ ਦੁਸ਼ਟ ਦੂਤ ਚਿੰਬੜਿਆ ਹੋਇਆ ਹੈ।’ 34 ਮਨੁੱਖ ਦਾ ਪੁੱਤਰ ਖਾਂਦਾ-ਪੀਂਦਾ ਹੈ, ਤਾਂ ਤੁਸੀਂ ਕਹਿੰਦੇ ਹੋ: ‘ਦੇਖੋ! ਪੇਟੂ ਅਤੇ ਸ਼ਰਾਬੀ, ਟੈਕਸ ਵਸੂਲਣ ਵਾਲਿਆਂ ਅਤੇ ਪਾਪੀਆਂ ਦਾ ਯਾਰ।’+ 35 ਪਰ ਗੱਲ ਤਾਂ ਇਹ ਹੈ ਕਿ ਬੁੱਧ ਆਪਣੇ ਨਤੀਜਿਆਂ* ਤੋਂ ਜ਼ਾਹਰ ਹੁੰਦੀ ਹੈ।”+

36 ਹੁਣ ਇਕ ਫ਼ਰੀਸੀ ਯਿਸੂ ਦੇ ਪਿੱਛੇ ਪੈ ਗਿਆ ਕਿ ਉਹ ਉਸ ਨਾਲ ਰੋਟੀ ਖਾਵੇ। ਇਸ ਲਈ ਉਹ ਉਸ ਫ਼ਰੀਸੀ ਦੇ ਘਰ ਗਿਆ ਅਤੇ ਰੋਟੀ ਖਾਣ ਲਈ ਬੈਠ ਗਿਆ। 37 ਦੇਖੋ! ਉਸ ਸ਼ਹਿਰ ਦੀ ਇਕ ਬਦਨਾਮ ਤੀਵੀਂ ਨੂੰ ਪਤਾ ਲੱਗਾ ਕਿ ਯਿਸੂ ਫ਼ਰੀਸੀ ਦੇ ਘਰ ਰੋਟੀ ਖਾ ਰਿਹਾ ਸੀ, ਤਾਂ ਉਹ ਉੱਥੇ ਖ਼ੁਸ਼ਬੂਦਾਰ ਤੇਲ ਨਾਲ ਭਰੀ ਪੱਥਰ ਦੀ ਸ਼ੀਸ਼ੀ ਲੈ ਕੇ ਆਈ।+ 38 ਉਹ ਤੀਵੀਂ ਪਿੱਛਿਓਂ ਦੀ ਆ ਕੇ ਯਿਸੂ ਦੇ ਪੈਰਾਂ ਕੋਲ ਬੈਠ ਗਈ ਅਤੇ ਰੋਣ ਲੱਗ ਪਈ। ਉਸ ਨੇ ਰੋ-ਰੋ ਕੇ ਯਿਸੂ ਦੇ ਪੈਰ ਹੰਝੂਆਂ ਨਾਲ ਭਿਓਂ ਦਿੱਤੇ ਅਤੇ ਹੰਝੂਆਂ ਨੂੰ ਆਪਣੇ ਸਿਰ ਦੇ ਵਾਲ਼ਾਂ ਨਾਲ ਪੂੰਝਿਆ। ਨਾਲੇ ਉਸ ਨੇ ਉਸ ਦੇ ਪੈਰਾਂ ਨੂੰ ਚੁੰਮਿਆ ਅਤੇ ਉਨ੍ਹਾਂ ਉੱਤੇ ਖ਼ੁਸ਼ਬੂਦਾਰ ਤੇਲ ਪਾਇਆ। 39 ਇਹ ਦੇਖ ਕੇ ਫ਼ਰੀਸੀ ਜਿਸ ਨੇ ਉਸ ਨੂੰ ਸੱਦਿਆ ਸੀ, ਸੋਚਣ ਲੱਗਾ: “ਜੇ ਇਹ ਆਦਮੀ ਸੱਚ-ਮੁੱਚ ਨਬੀ ਹੁੰਦਾ, ਤਾਂ ਜਾਣ ਜਾਂਦਾ ਕਿ ਉਸ ਦੇ ਪੈਰਾਂ ਨੂੰ ਛੋਹਣ ਵਾਲੀ ਤੀਵੀਂ ਕੌਣ ਹੈ ਅਤੇ ਕਿਹੋ ਜਿਹੀ ਹੈ। ਇਸ ਨੂੰ ਪਤਾ ਲੱਗ ਜਾਂਦਾ ਕਿ ਇਹ ਤੀਵੀਂ ਪਾਪਣ ਹੈ।”+ 40 ਪਰ ਯਿਸੂ ਨੇ ਉਸ ਫ਼ਰੀਸੀ ਨੂੰ ਕਿਹਾ: “ਸ਼ਮਊਨ, ਮੈਂ ਤੈਨੂੰ ਕੁਝ ਦੱਸਣਾ ਚਾਹੁੰਦਾ ਹਾਂ।” ਉਸ ਨੇ ਕਿਹਾ: “ਦੱਸੋ ਗੁਰੂ ਜੀ!”

41 “ਦੋ ਆਦਮੀ ਇਕ ਸ਼ਾਹੂਕਾਰ ਦੇ ਕਰਜ਼ਦਾਰ ਸਨ। ਇਕ ਨੇ ਉਸ ਨੂੰ 500 ਦੀਨਾਰ* ਦੇਣੇ ਸਨ ਅਤੇ ਦੂਜੇ ਨੇ 50 ਦੀਨਾਰ। 42 ਜਦੋਂ ਉਨ੍ਹਾਂ ਕੋਲ ਕਰਜ਼ਾ ਮੋੜਨ ਲਈ ਕੁਝ ਵੀ ਨਹੀਂ ਸੀ, ਤਾਂ ਸ਼ਾਹੂਕਾਰ ਨੇ ਉਨ੍ਹਾਂ ਉੱਤੇ ਮਿਹਰਬਾਨੀ ਕਰ ਕੇ ਸਾਰਾ ਕਰਜ਼ਾ ਮਾਫ਼ ਕਰ ਦਿੱਤਾ। ਤਾਂ ਫਿਰ ਉਨ੍ਹਾਂ ਦੋਹਾਂ ਵਿੱਚੋਂ ਕੌਣ ਸ਼ਾਹੂਕਾਰ ਨਾਲ ਜ਼ਿਆਦਾ ਪਿਆਰ ਕਰੇਗਾ?” 43 ਸ਼ਮਊਨ ਨੇ ਜਵਾਬ ਦਿੱਤਾ: “ਮੇਰੇ ਖ਼ਿਆਲ ਨਾਲ ਜਿਸ ਦਾ ਜ਼ਿਆਦਾ ਕਰਜ਼ਾ ਮਾਫ਼ ਕੀਤਾ ਗਿਆ ਸੀ।” ਯਿਸੂ ਨੇ ਉਸ ਨੂੰ ਕਿਹਾ: “ਤੂੰ ਠੀਕ ਕਿਹਾ।” 44 ਇਸ ਤੋਂ ਬਾਅਦ ਉਸ ਨੇ ਤੀਵੀਂ ਵੱਲ ਦੇਖਦੇ ਹੋਏ ਸ਼ਮਊਨ ਨੂੰ ਕਿਹਾ: “ਇਸ ਤੀਵੀਂ ਨੂੰ ਦੇਖ। ਜਦੋਂ ਮੈਂ ਤੇਰੇ ਘਰ ਆਇਆ, ਤਾਂ ਤੂੰ ਮੈਨੂੰ ਪੈਰ ਧੋਣ ਲਈ ਪਾਣੀ ਨਹੀਂ ਦਿੱਤਾ। ਪਰ ਇਸ ਤੀਵੀਂ ਨੇ ਆਪਣੇ ਹੰਝੂਆਂ ਨਾਲ ਮੇਰੇ ਪੈਰ ਧੋਤੇ ਅਤੇ ਆਪਣੇ ਵਾਲ਼ਾਂ ਨਾਲ ਪੂੰਝੇ। 45 ਤੂੰ ਮੇਰਾ ਸੁਆਗਤ ਕਰਨ ਵੇਲੇ ਮੈਨੂੰ ਨਹੀਂ ਚੁੰਮਿਆ, ਪਰ ਇਹ ਤੀਵੀਂ, ਜਦੋਂ ਦਾ ਮੈਂ ਆਇਆ ਹਾਂ, ਮੇਰੇ ਪੈਰ ਚੁੰਮਣੋਂ ਨਹੀਂ ਹਟੀ। 46 ਤੂੰ ਮੇਰੇ ਸਿਰ ʼਤੇ ਤੇਲ ਨਹੀਂ ਪਾਇਆ, ਪਰ ਇਸ ਤੀਵੀਂ ਨੇ ਮੇਰੇ ਪੈਰਾਂ ʼਤੇ ਖ਼ੁਸ਼ਬੂਦਾਰ ਤੇਲ ਪਾਇਆ। 47 ਇਸ ਕਰਕੇ, ਮੈਂ ਤੈਨੂੰ ਕਹਿੰਦਾ ਹਾਂ ਕਿ ਭਾਵੇਂ ਇਸ ਤੀਵੀਂ ਨੇ ਬਹੁਤ* ਪਾਪ ਕੀਤੇ ਹਨ, ਪਰ ਉਹ ਸਾਰੇ ਪਾਪ ਮਾਫ਼ ਹੋ ਗਏ ਹਨ+ ਕਿਉਂਕਿ ਉਹ ਜ਼ਿਆਦਾ ਪਿਆਰ ਕਰਦੀ ਹੈ। ਪਰ ਜਿਸ ਦੇ ਥੋੜ੍ਹੇ ਪਾਪ ਮਾਫ਼ ਹੁੰਦੇ ਹਨ, ਉਹ ਘੱਟ ਪਿਆਰ ਕਰਦਾ ਹੈ।” 48 ਫਿਰ ਉਸ ਨੇ ਤੀਵੀਂ ਨੂੰ ਕਿਹਾ: “ਤੇਰੇ ਪਾਪ ਮਾਫ਼ ਹੋ ਗਏ ਹਨ।”+ 49 ਜਿਹੜੇ ਲੋਕ ਉਸ ਨਾਲ ਮੇਜ਼ ਦੁਆਲੇ ਬੈਠੇ ਸਨ, ਉਹ ਇਕ-ਦੂਜੇ ਨੂੰ ਕਹਿਣ ਲੱਗੇ: “ਇਹ ਆਦਮੀ ਹੈ ਕੌਣ ਜਿਹੜਾ ਪਾਪ ਵੀ ਮਾਫ਼ ਕਰਦਾ ਹੈ?”+ 50 ਪਰ ਯਿਸੂ ਨੇ ਤੀਵੀਂ ਨੂੰ ਕਿਹਾ: “ਤੇਰੀ ਨਿਹਚਾ ਨੇ ਤੈਨੂੰ ਬਚਾਇਆ ਹੈ;+ ਰਾਜ਼ੀ ਰਹਿ।”

8 ਫਿਰ ਇਸ ਤੋਂ ਜਲਦੀ ਬਾਅਦ ਉਹ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਲਈ ਸ਼ਹਿਰੋ-ਸ਼ਹਿਰ ਤੇ ਪਿੰਡੋ-ਪਿੰਡ ਗਿਆ+ ਅਤੇ 12 ਰਸੂਲ ਉਸ ਦੇ ਨਾਲ ਸਨ। 2 ਉਸ ਨਾਲ ਕੁਝ ਤੀਵੀਆਂ ਵੀ ਗਈਆਂ ਜਿਨ੍ਹਾਂ ਵਿੱਚੋਂ ਦੁਸ਼ਟ ਦੂਤ ਕੱਢੇ ਗਏ ਸਨ ਅਤੇ ਜਿਨ੍ਹਾਂ ਨੂੰ ਬੀਮਾਰੀਆਂ ਤੋਂ ਠੀਕ ਕੀਤਾ ਗਿਆ ਸੀ: ਮਰੀਅਮ ਮਗਦਲੀਨੀ ਜਿਸ ਵਿੱਚੋਂ ਸੱਤ ਦੁਸ਼ਟ ਦੂਤ ਕੱਢੇ ਗਏ ਸਨ; 3 ਹੇਰੋਦੇਸ ਦੇ ਘਰ ਦੇ ਨਿਗਰਾਨ ਖੂਜ਼ਾਹ ਦੀ ਪਤਨੀ ਯੋਆਨਾ;+ ਸੁਸੰਨਾ; ਅਤੇ ਕਈ ਹੋਰ ਤੀਵੀਆਂ ਜੋ ਆਪਣੇ ਪੈਸੇ ਨਾਲ ਯਿਸੂ ਅਤੇ ਰਸੂਲਾਂ ਦੀ ਸੇਵਾ ਕਰਦੀਆਂ ਸਨ।+

4 ਜਿਹੜੇ ਲੋਕ ਉਸ ਨਾਲ ਆਮ ਤੌਰ ਤੇ ਸ਼ਹਿਰੋ-ਸ਼ਹਿਰ ਜਾਂਦੇ ਹੁੰਦੇ ਸਨ, ਉਨ੍ਹਾਂ ਨਾਲ ਵੱਡੀ ਭੀੜ ਆ ਰਲ਼ੀ। ਉਸ ਨੇ ਉਨ੍ਹਾਂ ਨੂੰ ਸਿਖਾਉਂਦੇ ਹੋਏ ਇਹ ਮਿਸਾਲ ਦਿੱਤੀ:+ 5 “ਇਕ ਆਦਮੀ ਬੀ ਬੀਜਣ ਗਿਆ। ਜਦੋਂ ਉਹ ਬੀ ਬੀਜ ਰਿਹਾ ਸੀ, ਤਾਂ ਕੁਝ ਬੀ ਰਾਹ ਦੇ ਕੰਢੇ-ਕੰਢੇ ਡਿਗ ਪਏ। ਇਹ ਬੀ ਲੋਕਾਂ ਦੇ ਪੈਰਾਂ ਹੇਠ ਮਿੱਧੇ ਗਏ ਅਤੇ ਆਕਾਸ਼ ਦੇ ਪੰਛੀਆਂ ਨੇ ਆ ਕੇ ਇਨ੍ਹਾਂ ਨੂੰ ਚੁਗ ਲਿਆ।+ 6 ਕੁਝ ਬੀ ਪਥਰੀਲੀ ਜ਼ਮੀਨ ਉੱਤੇ ਡਿਗੇ ਅਤੇ ਉੱਗ ਪਏ, ਪਰ ਪਾਣੀ ਨਾ ਹੋਣ ਕਰਕੇ ਸੁੱਕ ਗਏ।+ 7 ਕੁਝ ਬੀ ਕੰਡਿਆਲ਼ੀਆਂ ਝਾੜੀਆਂ ਵਿਚ ਡਿਗੇ ਅਤੇ ਉਨ੍ਹਾਂ ਨਾਲ ਵਧੀਆਂ ਝਾੜੀਆਂ ਨੇ ਉਨ੍ਹਾਂ ਨੂੰ ਦਬਾ ਲਿਆ।+ 8 ਪਰ ਕੁਝ ਬੀ ਚੰਗੀ ਜ਼ਮੀਨ ʼਤੇ ਡਿਗੇ ਅਤੇ ਉੱਗਣ ਤੋਂ ਬਾਅਦ ਉਨ੍ਹਾਂ ਨੇ 100 ਗੁਣਾ ਫਲ ਦਿੱਤਾ।”+ ਇਹ ਗੱਲਾਂ ਕਹਿਣ ਤੋਂ ਬਾਅਦ ਉਸ ਨੇ ਉੱਚੀ ਆਵਾਜ਼ ਵਿਚ ਕਿਹਾ: “ਜਿਸ ਦੇ ਕੰਨ ਹਨ, ਉਹ ਮੇਰੀ ਗੱਲ ਸੁਣੇ।”+

9 ਫਿਰ ਚੇਲਿਆਂ ਨੇ ਉਸ ਤੋਂ ਇਸ ਮਿਸਾਲ ਦਾ ਮਤਲਬ ਪੁੱਛਿਆ।+ 10 ਉਸ ਨੇ ਕਿਹਾ: “ਪਰਮੇਸ਼ੁਰ ਦੇ ਰਾਜ ਦੇ ਪਵਿੱਤਰ ਭੇਤਾਂ ਦੀ ਸਮਝ ਤੁਹਾਨੂੰ ਦਿੱਤੀ ਗਈ ਹੈ, ਪਰ ਬਾਕੀਆਂ ਲਈ ਇਹ ਸਿਰਫ਼ ਮਿਸਾਲਾਂ ਹੀ ਹਨ+ ਤਾਂਕਿ ਉਹ ਮੇਰੇ ਕੰਮ ਦੇਖਦੇ ਹੋਏ ਵੀ ਨਾ ਦੇਖਣ ਅਤੇ ਮੇਰੀਆਂ ਗੱਲਾਂ ਸੁਣਦੇ ਹੋਏ ਵੀ ਇਨ੍ਹਾਂ ਦਾ ਮਤਲਬ ਨਾ ਸਮਝਣ।+ 11 ਇਸ ਮਿਸਾਲ ਦਾ ਮਤਲਬ ਇਹ ਹੈ: ਬੀ ਪਰਮੇਸ਼ੁਰ ਦਾ ਬਚਨ ਹੈ।+ 12 ਰਾਹ ਦੇ ਕੰਢੇ-ਕੰਢੇ ਡਿਗੇ ਬੀ ਉਹ ਲੋਕ ਹਨ ਜਿਹੜੇ ਬਚਨ ਨੂੰ ਸੁਣਦੇ ਹਨ ਅਤੇ ਫਿਰ ਸ਼ੈਤਾਨ ਆਉਂਦਾ ਹੈ ਤੇ ਉਨ੍ਹਾਂ ਦੇ ਦਿਲਾਂ ਵਿੱਚੋਂ ਬਚਨ ਕੱਢ ਕੇ ਲੈ ਜਾਂਦਾ ਹੈ ਤਾਂਕਿ ਉਹ ਬਚਨ ਉੱਤੇ ਨਿਹਚਾ ਕਰ ਕੇ ਬਚ ਨਾ ਜਾਣ।+ 13 ਪਥਰੀਲੀ ਜ਼ਮੀਨ ਉੱਤੇ ਡਿਗੇ ਬੀ ਉਹ ਹਨ ਜੋ ਬਚਨ ਨੂੰ ਸੁਣ ਕੇ ਇਸ ਨੂੰ ਖ਼ੁਸ਼ੀ-ਖ਼ੁਸ਼ੀ ਮੰਨ ਤਾਂ ਲੈਂਦੇ ਹਨ, ਪਰ ਬਚਨ ਉਨ੍ਹਾਂ ਦੇ ਦਿਲਾਂ ਵਿਚ ਜੜ੍ਹ ਨਹੀਂ ਫੜਦਾ। ਉਹ ਥੋੜ੍ਹੇ ਸਮੇਂ ਲਈ ਨਿਹਚਾ ਕਰਦੇ ਹਨ, ਫਿਰ ਮੁਸੀਬਤਾਂ ਆਉਣ ਤੇ ਨਿਹਚਾ ਕਰਨੀ ਛੱਡ ਦਿੰਦੇ ਹਨ।+ 14 ਜਿਹੜੇ ਕੰਡਿਆਲ਼ੀਆਂ ਝਾੜੀਆਂ ਵਿਚ ਡਿਗੇ, ਇਹ ਉਹ ਹਨ ਜੋ ਬਚਨ ਨੂੰ ਸੁਣਦੇ ਤਾਂ ਹਨ, ਪਰ ਜ਼ਿੰਦਗੀ ਦੀਆਂ ਚਿੰਤਾਵਾਂ, ਧਨ-ਦੌਲਤ+ ਤੇ ਐਸ਼ਪਰਸਤੀ ਕਰਕੇ ਉਨ੍ਹਾਂ ਦਾ ਧਿਆਨ ਭਟਕ ਜਾਂਦਾ ਹੈ।+ ਇਹ ਸਾਰੀਆਂ ਚੀਜ਼ਾਂ ਬਚਨ ਨੂੰ ਦਬਾ ਲੈਂਦੀਆਂ ਹਨ ਜਿਸ ਕਰਕੇ ਉਸ ਦੇ ਫਲ ਕਦੀ ਨਹੀਂ ਪੱਕਦੇ।+ 15 ਚੰਗੀ ਜ਼ਮੀਨ ਉੱਤੇ ਡਿਗੇ ਬੀ ਉਹ ਲੋਕ ਹਨ ਜੋ ਬਚਨ ਨੂੰ ਸੁਣਦੇ ਹਨ+ ਅਤੇ ਆਪਣੇ ਨੇਕ ਦਿਲਾਂ ਵਿਚ ਇਸ ਨੂੰ ਜੜ੍ਹ ਫੜਨ ਦਿੰਦੇ ਹਨ ਅਤੇ ਧੀਰਜ ਰੱਖਦੇ ਹੋਏ ਫਲ ਦਿੰਦੇ ਹਨ।+

16 “ਕੋਈ ਵੀ ਇਨਸਾਨ ਦੀਵਾ ਬਾਲ਼ ਕੇ ਭਾਂਡੇ ਜਾਂ ਮੰਜੇ ਹੇਠਾਂ ਨਹੀਂ ਰੱਖਦਾ, ਸਗੋਂ ਉੱਚੀ ਜਗ੍ਹਾ ਰੱਖਦਾ ਹੈ ਤਾਂਕਿ ਕਮਰੇ ਵਿਚ ਆਉਣ ਵਾਲੇ ਲੋਕ ਚਾਨਣ ਨੂੰ ਦੇਖ ਸਕਣ।+ 17 ਕਿਉਂਕਿ ਅਜਿਹੀ ਕੋਈ ਵੀ ਗੁਪਤ ਗੱਲ ਨਹੀਂ ਹੈ ਜੋ ਜ਼ਾਹਰ ਨਹੀਂ ਕੀਤੀ ਜਾਵੇਗੀ। ਅਤੇ ਚਾਹੇ ਕੋਈ ਚੀਜ਼ ਜਿੰਨੀ ਮਰਜ਼ੀ ਧਿਆਨ ਨਾਲ ਲੁਕੋ ਕੇ ਰੱਖੀ ਗਈ ਹੋਵੇ, ਉਸ ਬਾਰੇ ਕਦੇ-ਨਾ-ਕਦੇ ਪਤਾ ਲੱਗ ਜਾਵੇਗਾ ਅਤੇ ਉਹ ਕਦੇ-ਨਾ-ਕਦੇ ਸਾਮ੍ਹਣੇ ਆ ਜਾਵੇਗੀ।+ 18 ਇਸ ਲਈ ਧਿਆਨ ਦਿਓ ਕਿ ਤੁਸੀਂ ਕਿਵੇਂ ਸੁਣਦੇ ਹੋ ਕਿਉਂਕਿ ਜਿਸ ਕੋਲ ਹੈ, ਉਸ ਨੂੰ ਹੋਰ ਦਿੱਤਾ ਜਾਵੇਗਾ,+ ਪਰ ਜਿਸ ਕੋਲ ਨਹੀਂ ਹੈ, ਉਸ ਕੋਲੋਂ ਉਹ ਵੀ ਲੈ ਲਿਆ ਜਾਵੇਗਾ ਜੋ ਉਹ ਸੋਚਦਾ ਹੈ ਕਿ ਉਸ ਕੋਲ ਹੈ।”+

19 ਫਿਰ ਉਸ ਦੀ ਮਾਤਾ ਅਤੇ ਭਰਾ+ ਉਸ ਨੂੰ ਮਿਲਣ ਆਏ, ਪਰ ਭੀੜ ਹੋਣ ਕਰਕੇ ਉਸ ਕੋਲ ਅੰਦਰ ਨਾ ਜਾ ਸਕੇ।+ 20 ਇਸ ਲਈ ਕਿਸੇ ਨੇ ਉਸ ਨੂੰ ਦੱਸਿਆ: “ਤੇਰੀ ਮਾਤਾ ਤੇ ਤੇਰੇ ਭਰਾ ਬਾਹਰ ਖੜ੍ਹੇ ਹਨ ਅਤੇ ਤੈਨੂੰ ਮਿਲਣਾ ਚਾਹੁੰਦੇ ਹਨ।” 21 ਉਸ ਨੇ ਉਨ੍ਹਾਂ ਨੂੰ ਕਿਹਾ: “ਇਹ ਲੋਕ ਹੀ ਮੇਰੀ ਮਾਤਾ ਅਤੇ ਮੇਰੇ ਭਰਾ ਹਨ ਕਿਉਂਕਿ ਇਹ ਪਰਮੇਸ਼ੁਰ ਦਾ ਬਚਨ ਸੁਣਦੇ ਅਤੇ ਇਸ ਮੁਤਾਬਕ ਚੱਲਦੇ ਹਨ।”+

22 ਫਿਰ ਇਕ ਦਿਨ ਉਹ ਅਤੇ ਉਸ ਦੇ ਚੇਲੇ ਕਿਸ਼ਤੀ ਵਿਚ ਸਨ ਅਤੇ ਉਸ ਨੇ ਉਨ੍ਹਾਂ ਨੂੰ ਕਿਹਾ: “ਆਓ ਆਪਾਂ ਝੀਲ ਦੇ ਦੂਜੇ ਪਾਸੇ ਚੱਲੀਏ।” ਇਸ ਲਈ ਉਹ ਉੱਧਰ ਨੂੰ ਚੱਲ ਪਏ।+ 23 ਪਰ ਜਦੋਂ ਉਹ ਜਾ ਰਹੇ ਸਨ, ਤਾਂ ਯਿਸੂ ਸੌਂ ਗਿਆ। ਉਸ ਵੇਲੇ ਝੀਲ ਵਿਚ ਜ਼ਬਰਦਸਤ ਤੂਫ਼ਾਨ ਆਇਆ ਅਤੇ ਉਨ੍ਹਾਂ ਦੀ ਕਿਸ਼ਤੀ ਪਾਣੀ ਨਾਲ ਭਰਨ ਲੱਗ ਪਈ ਜਿਸ ਕਰਕੇ ਉਨ੍ਹਾਂ ਦੀ ਜਾਨ ਖ਼ਤਰੇ ਵਿਚ ਪੈ ਗਈ।+ 24 ਇਸ ਲਈ ਉਨ੍ਹਾਂ ਨੇ ਜਾ ਕੇ ਉਸ ਨੂੰ ਜਗਾਇਆ ਅਤੇ ਕਿਹਾ: “ਗੁਰੂ ਜੀ, ਗੁਰੂ ਜੀ, ਅਸੀਂ ਡੁੱਬਣ ਲੱਗੇ ਹਾਂ!” ਇਹ ਸੁਣ ਕੇ ਉਹ ਉੱਠ ਖੜ੍ਹਿਆ ਅਤੇ ਉਸ ਨੇ ਹਨੇਰੀ ਅਤੇ ਠਾਠਾਂ ਮਾਰਦੇ ਪਾਣੀ ਨੂੰ ਝਿੜਕਿਆ। ਤੂਫ਼ਾਨ ਥੰਮ੍ਹ ਗਿਆ ਅਤੇ ਸਭ ਕੁਝ ਸ਼ਾਂਤ ਹੋ ਗਿਆ।+ 25 ਫਿਰ ਉਸ ਨੇ ਉਨ੍ਹਾਂ ਨੂੰ ਕਿਹਾ: “ਤੁਹਾਡੀ ਨਿਹਚਾ ਕਿੱਥੇ ਗਈ?” ਪਰ ਉਹ ਸਾਰੇ ਡਰ ਗਏ ਸਨ ਅਤੇ ਹੈਰਾਨ ਹੋ ਕੇ ਇਕ-ਦੂਜੇ ਨੂੰ ਪੁੱਛ ਰਹੇ ਸਨ: “ਇਹ ਕੌਣ ਹੈ ਜਿਹੜਾ ਹਨੇਰੀ ਅਤੇ ਪਾਣੀ ਨੂੰ ਵੀ ਹੁਕਮ ਦਿੰਦਾ ਹੈ ਤੇ ਇਹ ਇਸ ਦਾ ਹੁਕਮ ਮੰਨਦੇ ਹਨ?”+

26 ਫਿਰ ਉਹ ਝੀਲ ਪਾਰ ਕਰ ਕੇ ਗਿਰਸੇਨੀਆਂ ਦੇ ਇਲਾਕੇ ਵਿਚ ਪਹੁੰਚੇ+ ਜਿਹੜਾ ਗਲੀਲ ਦੇ ਸਾਮ੍ਹਣੇ ਝੀਲ ਦੇ ਦੂਜੇ ਪਾਸੇ ਹੈ। 27 ਜਦੋਂ ਯਿਸੂ ਕਿਸ਼ਤੀ ਤੋਂ ਉੱਤਰਿਆ, ਤਾਂ ਲਾਗਲੇ ਸ਼ਹਿਰ ਦਾ ਇਕ ਆਦਮੀ ਜਿਸ ਨੂੰ ਦੁਸ਼ਟ ਦੂਤ ਚਿੰਬੜੇ ਹੋਏ ਸਨ, ਉਸ ਵੱਲ ਆਇਆ। ਉਸ ਆਦਮੀ ਨੇ ਕਾਫ਼ੀ ਸਮੇਂ ਤੋਂ ਕੱਪੜੇ ਨਹੀਂ ਪਾਏ ਸਨ ਅਤੇ ਉਹ ਆਪਣੇ ਘਰ ਨਹੀਂ, ਸਗੋਂ ਕਬਰਸਤਾਨ ਵਿਚ ਰਹਿੰਦਾ ਸੀ।+ 28 ਯਿਸੂ ਨੂੰ ਦੇਖ ਕੇ ਉਸ ਨੇ ਚੀਕ ਮਾਰੀ ਅਤੇ ਉਸ ਦੇ ਸਾਮ੍ਹਣੇ ਗੋਡੇ ਟੇਕ ਕੇ ਬੈਠ ਗਿਆ ਅਤੇ ਉੱਚੀ ਆਵਾਜ਼ ਵਿਚ ਕਿਹਾ: “ਹੇ ਯਿਸੂ, ਅੱਤ ਮਹਾਨ ਪਰਮੇਸ਼ੁਰ ਦੇ ਪੁੱਤਰ, ਤੇਰਾ ਮੇਰੇ ਨਾਲ ਕੀ ਵਾਸਤਾ? ਮੇਰੀ ਮਿੰਨਤ ਹੈ, ਮੈਨੂੰ ਨਾ ਸਤਾ।”+ 29 (ਕਿਉਂਕਿ ਯਿਸੂ ਦੁਸ਼ਟ ਦੂਤਾਂ ਨੂੰ ਉਸ ਆਦਮੀ ਵਿੱਚੋਂ ਨਿਕਲ ਜਾਣ ਦਾ ਹੁਕਮ ਦੇ ਰਿਹਾ ਸੀ। ਉਨ੍ਹਾਂ ਦੁਸ਼ਟ ਦੂਤਾਂ ਨੇ ਉਸ ਆਦਮੀ ਨੂੰ ਕਈ ਵਾਰ ਆਪਣੇ ਵੱਸ ਵਿਚ ਕੀਤਾ ਸੀ।*+ ਉਸ ਨੂੰ ਵਾਰ-ਵਾਰ ਸੰਗਲ਼ਾਂ ਤੇ ਬੇੜੀਆਂ ਨਾਲ ਬੰਨ੍ਹਿਆ ਜਾਂਦਾ ਸੀ ਅਤੇ ਉਸ ਉੱਤੇ ਨਿਗਰਾਨੀ ਰੱਖੀ ਜਾਂਦੀ ਸੀ, ਪਰ ਉਹ ਸੰਗਲ਼ਾਂ ਤੇ ਬੇੜੀਆਂ ਨੂੰ ਤੋੜ ਦਿੰਦਾ ਸੀ ਅਤੇ ਦੁਸ਼ਟ ਦੂਤ ਉਸ ਨੂੰ ਉਜਾੜ ਥਾਵਾਂ ਵਿਚ ਲੈ ਜਾਂਦੇ ਸਨ।) 30 ਯਿਸੂ ਨੇ ਉਸ ਨੂੰ ਪੁੱਛਿਆ: “ਤੇਰਾ ਨਾਂ ਕੀ ਹੈ?” ਉਸ ਨੇ ਕਿਹਾ: “ਪਲਟਣ” ਕਿਉਂਕਿ ਉਸ ਨੂੰ ਕਈ ਦੁਸ਼ਟ ਦੂਤ ਚਿੰਬੜੇ ਹੋਏ ਸਨ। 31 ਉਹ ਉਸ ਅੱਗੇ ਮਿੰਨਤਾਂ ਕਰਦੇ ਰਹੇ ਕਿ ਉਹ ਉਨ੍ਹਾਂ ਨੂੰ ਅਥਾਹ ਕੁੰਡ ਵਿਚ ਜਾਣ ਦਾ ਹੁਕਮ ਨਾ ਦੇਵੇ।+ 32 ਉਸ ਵੇਲੇ ਪਹਾੜ ਉੱਤੇ ਸੂਰਾਂ+ ਦਾ ਕਾਫ਼ੀ ਵੱਡਾ ਝੁੰਡ ਚਰ ਰਿਹਾ ਸੀ, ਇਸ ਲਈ ਉਨ੍ਹਾਂ ਨੇ ਉਸ ਅੱਗੇ ਬੇਨਤੀ ਕੀਤੀ ਕਿ ਉਹ ਉਨ੍ਹਾਂ ਨੂੰ ਸੂਰਾਂ ਵਿਚ ਜਾਣ ਦੀ ਇਜਾਜ਼ਤ ਦੇਵੇ ਅਤੇ ਉਸ ਨੇ ਉਨ੍ਹਾਂ ਨੂੰ ਇਜਾਜ਼ਤ ਦੇ ਦਿੱਤੀ।+ 33 ਫਿਰ ਦੁਸ਼ਟ ਦੂਤ ਉਸ ਆਦਮੀ ਵਿੱਚੋਂ ਨਿਕਲ ਕੇ ਸੂਰਾਂ ਨੂੰ ਜਾ ਚਿੰਬੜੇ। ਪੂਰਾ ਝੁੰਡ ਤੇਜ਼-ਤੇਜ਼ ਭੱਜਣ ਲੱਗ ਪਿਆ ਅਤੇ ਉਨ੍ਹਾਂ ਨੇ ਪਹਾੜੋਂ ਝੀਲ ਵਿਚ ਛਾਲਾਂ ਮਾਰ ਦਿੱਤੀਆਂ ਅਤੇ ਸਾਰੇ ਸੂਰ ਡੁੱਬ ਕੇ ਮਰ ਗਏ। 34 ਪਰ ਜਦੋਂ ਚਰਵਾਹਿਆਂ ਨੇ ਇਹ ਸਭ ਕੁਝ ਦੇਖਿਆ, ਤਾਂ ਉਹ ਭੱਜ ਗਏ ਅਤੇ ਉਨ੍ਹਾਂ ਨੇ ਸ਼ਹਿਰ ਤੇ ਪਿੰਡ ਦੇ ਲੋਕਾਂ ਨੂੰ ਸਾਰਾ ਕੁਝ ਦੱਸਿਆ।

35 ਫਿਰ ਲੋਕ ਦੇਖਣ ਆਏ ਕਿ ਕੀ ਹੋਇਆ ਸੀ। ਉਹ ਯਿਸੂ ਕੋਲ ਆਏ ਤੇ ਉਨ੍ਹਾਂ ਨੇ ਉਸ ਆਦਮੀ ਨੂੰ ਦੇਖਿਆ ਜਿਸ ਵਿੱਚੋਂ ਦੁਸ਼ਟ ਦੂਤ ਕੱਢੇ ਗਏ ਸਨ। ਉਸ ਆਦਮੀ ਨੇ ਕੱਪੜੇ ਪਾਏ ਹੋਏ ਸਨ ਅਤੇ ਉਹ ਪੂਰੇ ਹੋਸ਼-ਹਵਾਸ ਵਿਚ ਸੀ ਤੇ ਯਿਸੂ ਦੇ ਚਰਨੀਂ ਬੈਠਾ ਹੋਇਆ ਸੀ ਅਤੇ ਲੋਕ ਬਹੁਤ ਡਰ ਗਏ। 36 ਜਿਨ੍ਹਾਂ ਨੇ ਸਾਰਾ ਕੁਝ ਆਪਣੀ ਅੱਖੀਂ ਦੇਖਿਆ ਸੀ, ਉਨ੍ਹਾਂ ਨੇ ਲੋਕਾਂ ਨੂੰ ਦੱਸਿਆ ਕਿ ਦੁਸ਼ਟ ਦੂਤਾਂ ਦੇ ਵੱਸ ਵਿਚ ਪਏ ਆਦਮੀ ਨੂੰ ਕਿਵੇਂ ਠੀਕ ਕੀਤਾ ਗਿਆ ਸੀ। 37 ਫਿਰ ਗਿਰਸੇਨੀਆਂ ਦੇ ਆਲੇ-ਦੁਆਲੇ ਦੇ ਇਲਾਕੇ ਦੇ ਬਹੁਤ ਸਾਰੇ ਲੋਕਾਂ ਨੇ ਯਿਸੂ ਨੂੰ ਉੱਥੋਂ ਚਲੇ ਜਾਣ ਲਈ ਕਿਹਾ ਕਿਉਂਕਿ ਡਰ ਨਾਲ ਉਨ੍ਹਾਂ ਸਾਰਿਆਂ ਦੇ ਸਾਹ ਸੁੱਕੇ ਹੋਏ ਸਨ। ਇਸ ਲਈ ਉਹ ਉੱਥੋਂ ਜਾਣ ਲਈ ਕਿਸ਼ਤੀ ਵਿਚ ਬੈਠ ਗਿਆ। 38 ਪਰ ਜਿਸ ਆਦਮੀ ਵਿੱਚੋਂ ਦੁਸ਼ਟ ਦੂਤ ਕੱਢੇ ਗਏ ਸਨ, ਉਹ ਯਿਸੂ ਨੂੰ ਵਾਰ-ਵਾਰ ਬੇਨਤੀ ਕਰਦਾ ਰਿਹਾ ਕਿ ਯਿਸੂ ਉਸ ਨੂੰ ਆਪਣੇ ਨਾਲ ਲੈ ਜਾਵੇ। ਪਰ ਯਿਸੂ ਨੇ ਉਸ ਨੂੰ ਨਾਂਹ ਕਰਦਿਆਂ ਕਿਹਾ:+ 39 “ਆਪਣੇ ਘਰ ਨੂੰ ਮੁੜ ਜਾ ਅਤੇ ਸਭ ਨੂੰ ਦੱਸ ਕਿ ਪਰਮੇਸ਼ੁਰ ਨੇ ਤੇਰੇ ਲਈ ਕੀ ਕੁਝ ਕੀਤਾ ਹੈ।” ਇਸ ਲਈ ਉਹ ਚਲਾ ਗਿਆ ਅਤੇ ਪੂਰੇ ਸ਼ਹਿਰ ਵਿਚ ਦੱਸਦਾ ਰਿਹਾ ਕਿ ਯਿਸੂ ਨੇ ਉਸ ਲਈ ਕੀ ਕੀਤਾ ਸੀ।

40 ਜਦੋਂ ਯਿਸੂ ਵਾਪਸ ਗਲੀਲ ਪਹੁੰਚਿਆ, ਤਾਂ ਭੀੜ ਨੇ ਉਸ ਦਾ ਬੜੇ ਪਿਆਰ ਨਾਲ ਸੁਆਗਤ ਕੀਤਾ ਕਿਉਂਕਿ ਉਹ ਸਾਰੇ ਉਸ ਨੂੰ ਉਡੀਕ ਰਹੇ ਸਨ।+ 41 ਪਰ ਦੇਖੋ! ਉੱਥੇ ਜੈਰੁਸ ਨਾਂ ਦਾ ਇਕ ਆਦਮੀ ਆਇਆ; ਉਹ ਸਭਾ ਘਰ ਦਾ ਨਿਗਾਹਬਾਨ ਸੀ। ਉਹ ਯਿਸੂ ਦੇ ਪੈਰੀਂ ਪੈ ਗਿਆ ਅਤੇ ਉਸ ਦੀਆਂ ਮਿੰਨਤਾਂ ਕਰਨ ਲੱਗਾ ਕਿ ਉਹ ਉਸ ਦੇ ਘਰ ਆਵੇ+ 42 ਕਿਉਂਕਿ ਉਸ ਦੀ 12 ਕੁ ਸਾਲਾਂ ਦੀ ਇੱਕੋ-ਇਕ ਧੀ ਆਖ਼ਰੀ ਸਾਹਾਂ ʼਤੇ ਸੀ।

ਜਦੋਂ ਯਿਸੂ ਜਾ ਰਿਹਾ ਸੀ, ਤਾਂ ਭੀੜ ਉਸ ਦੇ ਨਾਲ-ਨਾਲ ਤੁਰਦੀ ਹੋਈ ਉਸ ʼਤੇ ਚੜ੍ਹੀ ਜਾ ਰਹੀ ਸੀ। 43 ਉੱਥੇ ਇਕ ਤੀਵੀਂ ਸੀ ਜਿਸ ਦੇ 12 ਸਾਲਾਂ ਤੋਂ ਖ਼ੂਨ ਵਹਿ ਰਿਹਾ ਸੀ+ ਅਤੇ ਉਸ ਨੇ ਬਹੁਤਿਆਂ ਤੋਂ ਇਲਾਜ ਕਰਵਾਇਆ, ਪਰ ਉਸ ਨੂੰ ਕਿਸੇ ਤੋਂ ਵੀ ਆਰਾਮ ਨਹੀਂ ਆਇਆ।+ 44 ਉਹ ਪਿੱਛਿਓਂ ਦੀ ਆਈ ਅਤੇ ਉਸ ਨੇ ਯਿਸੂ ਦੇ ਕੱਪੜੇ ਦੀ ਝਾਲਰ ਨੂੰ ਛੂਹਿਆ+ ਅਤੇ ਉਸੇ ਵੇਲੇ ਉਸ ਦੇ ਖ਼ੂਨ ਦਾ ਵਹਾਅ ਰੁਕ ਗਿਆ। 45 ਤਦ ਯਿਸੂ ਨੇ ਕਿਹਾ: “ਮੈਨੂੰ ਕਿਸ ਨੇ ਛੂਹਿਆ?” ਜਦੋਂ ਸਾਰੇ ਕਹਿਣ ਲੱਗੇ ਕਿ ਉਨ੍ਹਾਂ ਨੇ ਉਸ ਨੂੰ ਨਹੀਂ ਛੂਹਿਆ, ਤਾਂ ਪਤਰਸ ਨੇ ਕਿਹਾ: “ਗੁਰੂ ਜੀ, ਦੇਖ, ਭੀੜ ਤਾਂ ਤੇਰੇ ਉੱਤੇ ਚੜ੍ਹੀ ਜਾ ਰਹੀ ਹੈ ਅਤੇ ਤੈਨੂੰ ਦਬਾਈ ਜਾਂਦੀ ਹੈ।”+ 46 ਪਰ ਯਿਸੂ ਨੇ ਕਿਹਾ: “ਕਿਸੇ ਨੇ ਤਾਂ ਮੈਨੂੰ ਛੂਹਿਆ ਹੈ ਕਿਉਂਕਿ ਮੈਂ ਜਾਣਦਾ ਹਾਂ ਕਿ ਮੇਰੇ ਵਿੱਚੋਂ ਸ਼ਕਤੀ+ ਨਿਕਲੀ ਹੈ।” 47 ਉਹ ਤੀਵੀਂ ਜਾਣ ਗਈ ਕਿ ਉਹ ਹੁਣ ਲੁਕੀ ਨਹੀਂ ਰਹਿ ਸਕਦੀ, ਇਸ ਲਈ ਉਹ ਕੰਬਦੀ-ਕੰਬਦੀ ਅੱਗੇ ਆਈ ਅਤੇ ਯਿਸੂ ਦੇ ਪੈਰੀਂ ਪੈ ਕੇ ਸਾਰੇ ਲੋਕਾਂ ਸਾਮ੍ਹਣੇ ਦੱਸਿਆ ਕਿ ਉਸ ਨੇ ਯਿਸੂ ਨੂੰ ਕਿਉਂ ਛੂਹਿਆ ਸੀ ਅਤੇ ਉਹ ਕਿਵੇਂ ਉਸੇ ਵੇਲੇ ਠੀਕ ਹੋ ਗਈ ਸੀ। 48 ਪਰ ਯਿਸੂ ਨੇ ਉਸ ਨੂੰ ਕਿਹਾ: “ਧੀਏ, ਤੂੰ ਆਪਣੀ ਨਿਹਚਾ ਕਰਕੇ ਚੰਗੀ ਹੋਈ ਹੈਂ। ਰਾਜ਼ੀ ਰਹਿ।”+

49 ਅਜੇ ਉਹ ਗੱਲ ਕਰ ਹੀ ਰਿਹਾ ਸੀ ਕਿ ਸਭਾ ਘਰ ਦੇ ਨਿਗਾਹਬਾਨ ਦੇ ਘਰੋਂ ਕਿਸੇ ਨੇ ਆ ਕੇ ਦੱਸਿਆ: “ਤੇਰੀ ਧੀ ਮਰ ਗਈ ਹੈ! ਹੁਣ ਗੁਰੂ ਜੀ ਨੂੰ ਖੇਚਲ਼ ਨਾ ਦੇ।”+ 50 ਇਹ ਸੁਣ ਕੇ ਯਿਸੂ ਨੇ ਉਸ ਨੂੰ ਕਿਹਾ: “ਫ਼ਿਕਰ ਨਾ ਕਰ, ਨਿਹਚਾ ਰੱਖ। ਉਹ ਬਚ ਜਾਵੇਗੀ।”+ 51 ਜਦੋਂ ਉਹ ਘਰ ਪਹੁੰਚਿਆ, ਤਾਂ ਉਸ ਨੇ ਪਤਰਸ, ਯੂਹੰਨਾ, ਯਾਕੂਬ ਅਤੇ ਕੁੜੀ ਦੇ ਮਾਤਾ-ਪਿਤਾ ਤੋਂ ਸਿਵਾਇ ਹੋਰ ਕਿਸੇ ਨੂੰ ਵੀ ਆਪਣੇ ਨਾਲ ਅੰਦਰ ਨਾ ਆਉਣ ਦਿੱਤਾ। 52 ਸਾਰੇ ਲੋਕ ਰੋ ਰਹੇ ਸਨ ਅਤੇ ਗਮ ਦੇ ਮਾਰੇ ਆਪਣੀ ਛਾਤੀ ਪਿੱਟ ਰਹੇ ਸਨ। ਇਸ ਲਈ ਉਸ ਨੇ ਉਨ੍ਹਾਂ ਨੂੰ ਕਿਹਾ: “ਰੋਣਾ ਬੰਦ ਕਰੋ+ ਕਿਉਂਕਿ ਕੁੜੀ ਮਰੀ ਨਹੀਂ, ਸਗੋਂ ਸੁੱਤੀ ਪਈ ਹੈ।”+ 53 ਇਹ ਸੁਣ ਕੇ ਉਹ ਉਸ ਦਾ ਮਜ਼ਾਕ ਉਡਾਉਂਦੇ ਹੋਏ ਹੱਸਣ ਲੱਗੇ ਕਿਉਂਕਿ ਉਹ ਜਾਣਦੇ ਸਨ ਕਿ ਕੁੜੀ ਮਰ ਗਈ ਸੀ। 54 ਪਰ ਉਸ ਨੇ ਕੁੜੀ ਦਾ ਹੱਥ ਫੜ ਕੇ ਕਿਹਾ: “ਬੇਟੀ, ਉੱਠ!”+ 55 ਕੁੜੀ ਵਿਚ ਜਾਨ+ ਪੈ ਗਈ ਅਤੇ ਉਹ ਉਸੇ ਵੇਲੇ ਉੱਠ ਖੜ੍ਹੀ ਹੋਈ+ ਅਤੇ ਯਿਸੂ ਨੇ ਕਿਹਾ ਕਿ ਕੁੜੀ ਨੂੰ ਕੁਝ ਖਾਣ ਲਈ ਦਿੱਤਾ ਜਾਵੇ। 56 ਕੁੜੀ ਦੇ ਮਾਤਾ-ਪਿਤਾ ਤੋਂ ਆਪਣੀ ਖ਼ੁਸ਼ੀ ਸਾਂਭੀ ਨਹੀਂ ਜਾ ਰਹੀ ਸੀ, ਪਰ ਉਸ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਇਸ ਬਾਰੇ ਕਿਸੇ ਨੂੰ ਨਾ ਦੱਸਣ।+

9 ਫਿਰ ਯਿਸੂ ਨੇ 12 ਰਸੂਲਾਂ ਨੂੰ ਆਪਣੇ ਕੋਲ ਬੁਲਾਇਆ ਅਤੇ ਉਨ੍ਹਾਂ ਨੂੰ ਸਭ ਦੁਸ਼ਟ ਦੂਤਾਂ ਉੱਤੇ ਅਧਿਕਾਰ ਦਿੱਤਾ+ ਅਤੇ ਬੀਮਾਰੀਆਂ ਠੀਕ ਕਰਨ ਦੀ ਸ਼ਕਤੀ ਦਿੱਤੀ।+ 2 ਉਸ ਨੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਪ੍ਰਚਾਰ ਕਰਨ ਅਤੇ ਲੋਕਾਂ ਨੂੰ ਠੀਕ ਕਰਨ ਲਈ ਭੇਜਿਆ 3 ਅਤੇ ਉਨ੍ਹਾਂ ਨੂੰ ਕਿਹਾ: “ਸਫ਼ਰ ਵਾਸਤੇ ਆਪਣੇ ਨਾਲ ਕੁਝ ਵੀ ਲੈ ਕੇ ਨਾ ਜਾਓ, ਨਾ ਡੰਡਾ, ਨਾ ਝੋਲ਼ਾ, ਨਾ ਰੋਟੀ, ਨਾ ਪੈਸੇ;* ਅਤੇ ਨਾ ਹੀ ਦੋ-ਦੋ ਕੁੜਤੇ* ਲੈ ਕੇ ਜਾਓ।+ 4 ਜਿਸ ਘਰ ਵਿਚ ਤੁਸੀਂ ਜਾਓ, ਉੱਥੇ ਉੱਨਾ ਚਿਰ ਰਹੋ ਜਿੰਨਾ ਚਿਰ ਤੁਸੀਂ ਉਸ ਇਲਾਕੇ ਵਿਚ ਰਹਿੰਦੇ ਹੋ।+ 5 ਜਿੱਥੇ ਲੋਕ ਤੁਹਾਡਾ ਸੁਆਗਤ ਨਹੀਂ ਕਰਦੇ, ਉਸ ਸ਼ਹਿਰੋਂ ਨਿਕਲਣ ਵੇਲੇ ਉਨ੍ਹਾਂ ਦੇ ਖ਼ਿਲਾਫ਼ ਗਵਾਹੀ ਦੇ ਤੌਰ ਤੇ ਆਪਣੇ ਪੈਰਾਂ ਦੀ ਧੂੜ ਝਾੜ ਦਿਓ।”+ 6 ਫਿਰ ਚੇਲੇ ਤੁਰ ਪਏ ਅਤੇ ਪਿੰਡੋ-ਪਿੰਡ ਹੁੰਦੇ ਹੋਏ ਸਾਰੇ ਇਲਾਕੇ ਵਿਚ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਅਤੇ ਹਰ ਜਗ੍ਹਾ ਰੋਗੀਆਂ ਨੂੰ ਠੀਕ ਕਰਦੇ ਗਏ।+

7 ਜਦੋਂ ਜ਼ਿਲ੍ਹੇ ਦੇ ਹਾਕਮ ਹੇਰੋਦੇਸ* ਨੇ ਸੁਣਿਆ ਕਿ ਕੀ ਕੁਝ ਹੋ ਰਿਹਾ ਸੀ, ਤਾਂ ਉਹ ਬਹੁਤ ਪਰੇਸ਼ਾਨ ਹੋ ਗਿਆ ਕਿਉਂਕਿ ਕੁਝ ਲੋਕ ਕਹਿ ਰਹੇ ਸਨ ਕਿ ਯੂਹੰਨਾ ਮਰਿਆਂ ਵਿੱਚੋਂ ਦੁਬਾਰਾ ਜੀਉਂਦਾ ਹੋ ਗਿਆ ਸੀ,+ 8 ਪਰ ਕੁਝ ਲੋਕ ਕਹਿ ਰਹੇ ਸਨ ਕਿ ਏਲੀਯਾਹ ਪ੍ਰਗਟ ਹੋਇਆ ਸੀ ਅਤੇ ਕਈ ਹੋਰ ਕਹਿ ਰਹੇ ਸਨ ਕਿ ਪੁਰਾਣੇ ਜ਼ਮਾਨੇ ਦੇ ਨਬੀਆਂ ਵਿੱਚੋਂ ਕੋਈ ਨਬੀ ਦੁਬਾਰਾ ਜੀਉਂਦਾ ਹੋਇਆ ਸੀ।+ 9 ਹੇਰੋਦੇਸ ਨੇ ਕਿਹਾ: “ਮੈਂ ਆਪ ਯੂਹੰਨਾ ਦਾ ਸਿਰ ਵਢਵਾਇਆ ਸੀ,+ ਤਾਂ ਫਿਰ ਇਹ ਕੌਣ ਹੈ ਜਿਸ ਬਾਰੇ ਮੈਂ ਇਹ ਗੱਲਾਂ ਸੁਣ ਰਿਹਾ ਹਾਂ?” ਇਸ ਕਰਕੇ ਉਹ ਯਿਸੂ ਨੂੰ ਮਿਲਣਾ ਚਾਹੁੰਦਾ ਸੀ।+

10 ਰਸੂਲਾਂ ਨੇ ਵਾਪਸ ਆ ਕੇ ਯਿਸੂ ਨੂੰ ਉਨ੍ਹਾਂ ਸਾਰੇ ਕੰਮਾਂ ਬਾਰੇ ਦੱਸਿਆ ਜੋ ਉਨ੍ਹਾਂ ਨੇ ਕੀਤੇ ਸਨ।+ ਫਿਰ ਉਹ ਉਨ੍ਹਾਂ ਨੂੰ ਬੈਤਸੈਦਾ ਸ਼ਹਿਰ ਵਿਚ ਕਿਸੇ ਜਗ੍ਹਾ ਲੈ ਗਿਆ ਜਿੱਥੇ ਉਨ੍ਹਾਂ ਤੋਂ ਸਿਵਾਇ ਹੋਰ ਕੋਈ ਨਾ ਹੋਵੇ।+ 11 ਪਰ ਲੋਕਾਂ ਨੂੰ ਪਤਾ ਲੱਗ ਗਿਆ ਅਤੇ ਉਹ ਉਸ ਦੇ ਮਗਰ-ਮਗਰ ਆ ਗਏ। ਉਸ ਨੇ ਲੋਕਾਂ ਦਾ ਪਿਆਰ ਨਾਲ ਸੁਆਗਤ ਕੀਤਾ ਅਤੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਸਿਖਾਉਣ ਲੱਗਾ ਅਤੇ ਉਸ ਨੇ ਬੀਮਾਰਾਂ ਨੂੰ ਠੀਕ ਕੀਤਾ।+ 12 ਫਿਰ ਜਦ ਦਿਨ ਢਲ਼ਣ ਲੱਗਾ, ਤਾਂ ਉਸ ਦੇ 12 ਰਸੂਲਾਂ ਨੇ ਆ ਕੇ ਉਸ ਨੂੰ ਕਿਹਾ: “ਲੋਕਾਂ ਨੂੰ ਘੱਲ ਦੇ ਤਾਂਕਿ ਉਹ ਜਾ ਕੇ ਆਲੇ-ਦੁਆਲੇ ਦੇ ਪਿੰਡਾਂ ਵਿਚ ਆਪਣੇ ਰਹਿਣ ਅਤੇ ਖਾਣ ਦਾ ਇੰਤਜ਼ਾਮ ਕਰ ਸਕਣ ਕਿਉਂਕਿ ਆਪਾਂ ਇੱਥੇ ਉਜਾੜ ਥਾਂ ਵਿਚ ਬੈਠੇ ਹਾਂ।”+ 13 ਪਰ ਉਸ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਹੀ ਉਨ੍ਹਾਂ ਨੂੰ ਕੁਝ ਖਾਣ ਲਈ ਦਿਓ।”+ ਉਨ੍ਹਾਂ ਨੇ ਕਿਹਾ: “ਸਾਡੇ ਕੋਲ ਪੰਜ ਰੋਟੀਆਂ ਤੇ ਦੋ ਮੱਛੀਆਂ ਤੋਂ ਸਿਵਾਇ ਹੋਰ ਕੁਝ ਨਹੀਂ ਹੈ, ਜਾਂ ਫਿਰ ਸਾਨੂੰ ਜਾ ਕੇ ਇਨ੍ਹਾਂ ਸਾਰੇ ਲੋਕਾਂ ਲਈ ਖਾਣਾ ਖ਼ਰੀਦਣਾ ਪਵੇਗਾ।” 14 ਉੱਥੇ ਤਕਰੀਬਨ 5,000 ਆਦਮੀ ਸਨ। ਪਰ ਉਸ ਨੇ ਆਪਣੇ ਚੇਲਿਆਂ ਨੂੰ ਕਿਹਾ: “ਲੋਕਾਂ ਨੂੰ 50-50 ਦੀਆਂ ਟੋਲੀਆਂ ਬਣਾ ਕੇ ਬਿਠਾਓ।” 15 ਉਨ੍ਹਾਂ ਨੇ ਇਸੇ ਤਰ੍ਹਾਂ ਕੀਤਾ ਅਤੇ ਸਾਰਿਆਂ ਨੂੰ ਬਿਠਾ ਦਿੱਤਾ। 16 ਉਸ ਨੇ ਪੰਜ ਰੋਟੀਆਂ ਤੇ ਦੋ ਮੱਛੀਆਂ ਲਈਆਂ ਤੇ ਆਕਾਸ਼ ਵੱਲ ਦੇਖ ਕੇ ਪਰਮੇਸ਼ੁਰ ਦਾ ਧੰਨਵਾਦ ਕੀਤਾ। ਫਿਰ ਉਸ ਨੇ ਰੋਟੀਆਂ ਤੋੜ ਕੇ ਆਪਣੇ ਚੇਲਿਆਂ ਨੂੰ ਦਿੱਤੀਆਂ ਤਾਂਕਿ ਉਹ ਲੋਕਾਂ ਨੂੰ ਵੰਡਣ। 17 ਉਨ੍ਹਾਂ ਸਾਰਿਆਂ ਨੇ ਰੱਜ ਕੇ ਖਾਧਾ। ਫਿਰ ਉਨ੍ਹਾਂ ਨੇ ਬਚੇ ਹੋਏ ਟੁਕੜੇ ਇਕੱਠੇ ਕੀਤੇ ਜਿਨ੍ਹਾਂ ਨਾਲ 12 ਟੋਕਰੀਆਂ ਭਰ ਗਈਆਂ।+

18 ਇਕ ਦਿਨ ਜਦ ਉਹ ਇਕੱਲਾ ਪ੍ਰਾਰਥਨਾ ਕਰ ਰਿਹਾ ਸੀ, ਤਾਂ ਚੇਲੇ ਉਸ ਕੋਲ ਆਏ ਅਤੇ ਉਸ ਨੇ ਉਨ੍ਹਾਂ ਨੂੰ ਪੁੱਛਿਆ: “ਲੋਕਾਂ ਮੁਤਾਬਕ ਮੈਂ ਕੌਣ ਹਾਂ?”+ 19 ਉਨ੍ਹਾਂ ਨੇ ਕਿਹਾ: “ਕੁਝ ਕਹਿੰਦੇ ਹਨ ਯੂਹੰਨਾ ਬਪਤਿਸਮਾ ਦੇਣ ਵਾਲਾ, ਕੁਝ ਕਹਿੰਦੇ ਹਨ ਏਲੀਯਾਹ ਤੇ ਕਈ ਕਹਿੰਦੇ ਹਨ ਪੁਰਾਣੇ ਜ਼ਮਾਨੇ ਦੇ ਨਬੀਆਂ ਵਿੱਚੋਂ ਕੋਈ ਨਬੀ ਜੀਉਂਦਾ ਹੋਇਆ ਹੈ।”+ 20 ਫਿਰ ਉਸ ਨੇ ਉਨ੍ਹਾਂ ਨੂੰ ਪੁੱਛਿਆ: “ਪਰ ਤੁਹਾਡੇ ਮੁਤਾਬਕ ਮੈਂ ਕੌਣ ਹਾਂ?” ਪਤਰਸ ਨੇ ਜਵਾਬ ਦਿੱਤਾ: “ਪਰਮੇਸ਼ੁਰ ਦਾ ਭੇਜਿਆ ਹੋਇਆ ਮਸੀਹ।”+ 21 ਫਿਰ ਉਸ ਨੇ ਚੇਲਿਆਂ ਨੂੰ ਸਖ਼ਤੀ ਨਾਲ ਵਰਜਿਆ ਕਿ ਉਹ ਇਸ ਬਾਰੇ ਕਿਸੇ ਨੂੰ ਨਾ ਦੱਸਣ+ 22 ਅਤੇ ਕਿਹਾ: “ਮਨੁੱਖ ਦੇ ਪੁੱਤਰ ਨੂੰ ਬਹੁਤ ਅਤਿਆਚਾਰ ਸਹਿਣੇ ਪੈਣਗੇ ਅਤੇ ਬਜ਼ੁਰਗ, ਮੁੱਖ ਪੁਜਾਰੀ ਤੇ ਗ੍ਰੰਥੀ ਉਸ ਨੂੰ ਕਬੂਲ ਨਹੀਂ ਕਰਨਗੇ ਅਤੇ ਉਸ ਨੂੰ ਜਾਨੋਂ ਮਾਰਿਆ ਜਾਵੇਗਾ,+ ਪਰ ਉਸ ਨੂੰ ਤੀਜੇ ਦਿਨ ਜੀਉਂਦਾ ਕੀਤਾ ਜਾਵੇਗਾ।”+

23 ਫਿਰ ਉਸ ਨੇ ਸਾਰਿਆਂ ਨੂੰ ਕਿਹਾ: “ਜੇ ਕੋਈ ਮੇਰੇ ਪਿੱਛੇ ਆਉਣਾ ਚਾਹੁੰਦਾ ਹੈ, ਤਾਂ ਉਹ ਆਪਣੇ ਆਪ ਦਾ ਤਿਆਗ ਕਰੇ+ ਅਤੇ ਹਰ ਰੋਜ਼ ਆਪਣੀ ਤਸੀਹੇ ਦੀ ਸੂਲ਼ੀ* ਚੁੱਕ ਕੇ ਮੇਰੇ ਪਿੱਛੇ-ਪਿੱਛੇ ਚੱਲਦਾ ਰਹੇ।+ 24 ਕਿਉਂਕਿ ਜਿਹੜਾ ਇਨਸਾਨ ਆਪਣੀ ਜਾਨ ਬਚਾਉਣੀ ਚਾਹੁੰਦਾ ਹੈ, ਉਹ ਆਪਣੀ ਜਾਨ ਗੁਆ ਬੈਠੇਗਾ, ਪਰ ਜਿਹੜਾ ਇਨਸਾਨ ਮੇਰੀ ਖ਼ਾਤਰ ਆਪਣੀ ਜਾਨ ਗੁਆਉਂਦਾ ਹੈ, ਉਹ ਆਪਣੀ ਜਾਨ ਬਚਾ ਲਵੇਗਾ।+ 25 ਕੀ ਫ਼ਾਇਦਾ ਜੇ ਇਨਸਾਨ ਸਾਰੀ ਦੁਨੀਆਂ ਨੂੰ ਖੱਟ ਲਵੇ, ਪਰ ਆਪਣਾ ਹੀ ਨੁਕਸਾਨ ਕਰ ਬੈਠੇ ਜਾਂ ਆਪਣੀ ਜਾਨ ਗੁਆ ਬੈਠੇ?+ 26 ਜਿਹੜਾ ਇਨਸਾਨ ਮੇਰਾ ਚੇਲਾ ਹੋਣ ਅਤੇ ਮੇਰੀਆਂ ਸਿੱਖਿਆਵਾਂ ਉੱਤੇ ਚੱਲਣ ਵਿਚ ਸ਼ਰਮਿੰਦਗੀ ਮਹਿਸੂਸ ਕਰਦਾ ਹੈ, ਮਨੁੱਖ ਦਾ ਪੁੱਤਰ ਵੀ ਉਸ ਨੂੰ ਆਪਣਾ ਚੇਲਾ ਮੰਨਣ ਵਿਚ ਸ਼ਰਮਿੰਦਗੀ ਮਹਿਸੂਸ ਕਰੇਗਾ ਜਦੋਂ ਉਹ ਆਪਣੀ, ਆਪਣੇ ਪਿਤਾ ਦੀ ਅਤੇ ਪਵਿੱਤਰ ਦੂਤਾਂ ਦੀ ਸ਼ਾਨੋ-ਸ਼ੌਕਤ ਨਾਲ ਆਵੇਗਾ।+ 27 ਪਰ ਮੈਂ ਤੁਹਾਨੂੰ ਸੱਚ ਦੱਸਦਾ ਹਾਂ: ਇੱਥੇ ਖੜ੍ਹੇ ਕੁਝ ਜਣੇ ਉੱਨਾ ਚਿਰ ਨਹੀਂ ਮਰਨਗੇ ਜਿੰਨਾ ਚਿਰ ਉਹ ਪਰਮੇਸ਼ੁਰ ਦੇ ਰਾਜ ਨੂੰ ਨਾ ਦੇਖ ਲੈਣ।”+

28 ਇਹ ਗੱਲ ਕਹਿਣ ਤੋਂ ਅੱਠਾਂ ਕੁ ਦਿਨਾਂ ਬਾਅਦ ਯਿਸੂ ਪਹਾੜ ʼਤੇ ਪ੍ਰਾਰਥਨਾ ਕਰਨ ਗਿਆ ਅਤੇ ਪਤਰਸ, ਯੂਹੰਨਾ ਤੇ ਯਾਕੂਬ ਨੂੰ ਆਪਣੇ ਨਾਲ ਲੈ ਗਿਆ।+ 29 ਜਦ ਉਹ ਪ੍ਰਾਰਥਨਾ ਕਰ ਰਿਹਾ ਸੀ, ਤਾਂ ਉਸ ਦੇ ਚਿਹਰੇ ਦਾ ਰੂਪ ਬਦਲ ਗਿਆ ਅਤੇ ਉਸ ਦੇ ਕੱਪੜੇ ਇੰਨੇ ਚਿੱਟੇ ਹੋ ਗਏ ਕਿ ਇਹ ਚਮਕਣ ਲੱਗ ਪਏ 30 ਅਤੇ ਦੇਖੋ! ਦੋ ਆਦਮੀ ਉਸ ਨਾਲ ਗੱਲਾਂ ਕਰ ਰਹੇ ਸਨ; ਇਹ ਆਦਮੀ ਮੂਸਾ ਤੇ ਏਲੀਯਾਹ ਸਨ। 31 ਇਹ ਦੋਵੇਂ ਮਹਿਮਾ ਵਿਚ ਪ੍ਰਗਟ ਹੋਏ ਅਤੇ ਯਿਸੂ ਨਾਲ ਦੁਨੀਆਂ ਵਿੱਚੋਂ ਉਸ ਦੀ ਵਿਦਾਇਗੀ ਬਾਰੇ ਗੱਲਾਂ ਕਰਨ ਲੱਗੇ ਜੋ ਯਰੂਸ਼ਲਮ ਵਿੱਚੋਂ ਹੋਣੀ ਤੈਅ ਸੀ।+ 32 ਪਤਰਸ, ਯੂਹੰਨਾ ਅਤੇ ਯਾਕੂਬ ਗੂੜ੍ਹੀ ਨੀਂਦ ਸੁੱਤੇ ਪਏ ਸਨ, ਪਰ ਜਦ ਉਹ ਪੂਰੀ ਤਰ੍ਹਾਂ ਜਾਗ ਪਏ, ਤਾਂ ਉਨ੍ਹਾਂ ਨੇ ਯਿਸੂ ਨੂੰ ਆਪਣੀ ਮਹਿਮਾ ਵਿਚ ਦੇਖਿਆ+ ਅਤੇ ਉਸ ਨਾਲ ਦੋ ਆਦਮੀ ਖੜ੍ਹੇ ਸਨ। 33 ਜਦ ਉਹ ਦੋਵੇਂ ਯਿਸੂ ਨੂੰ ਛੱਡ ਕੇ ਜਾਣ ਲੱਗੇ, ਤਾਂ ਪਤਰਸ ਨੇ ਯਿਸੂ ਨੂੰ ਕਿਹਾ: “ਗੁਰੂ ਜੀ, ਕਿੰਨਾ ਚੰਗਾ ਹੈ ਕਿ ਅਸੀਂ ਇੱਥੇ ਹਾਂ। ਅਸੀਂ ਹੁਣ ਤਿੰਨ ਤੰਬੂ ਲਾ ਦਿੰਦੇ ਹਾਂ, ਇਕ ਤੇਰੇ ਲਈ, ਇਕ ਮੂਸਾ ਲਈ ਤੇ ਇਕ ਏਲੀਯਾਹ ਲਈ।” ਪਰ ਪਤਰਸ ਨੂੰ ਪਤਾ ਨਹੀਂ ਸੀ ਕਿ ਉਹ ਕੀ ਕਹਿ ਰਿਹਾ ਸੀ। 34 ਪਰ ਜਦ ਉਹ ਇਹ ਗੱਲਾਂ ਕਹਿ ਰਿਹਾ ਸੀ, ਤਾਂ ਉੱਥੇ ਬੱਦਲ ਛਾ ਗਿਆ ਜਿਸ ਨੇ ਉਨ੍ਹਾਂ ਨੂੰ ਢਕ ਲਿਆ ਅਤੇ ਉਹ ਬਹੁਤ ਡਰ ਗਏ। 35 ਫਿਰ ਬੱਦਲ ਵਿੱਚੋਂ ਆਵਾਜ਼+ ਆਈ: “ਇਹ ਮੇਰਾ ਪੁੱਤਰ ਹੈ ਜਿਸ ਨੂੰ ਮੈਂ ਚੁਣਿਆ ਹੈ।+ ਇਸ ਦੀ ਗੱਲ ਸੁਣੋ।”+ 36 ਜਿਉਂ ਹੀ ਇਹ ਆਵਾਜ਼ ਸੁਣਾਈ ਦਿੱਤੀ, ਉਨ੍ਹਾਂ ਨੇ ਦੇਖਿਆ ਕਿ ਯਿਸੂ ਉੱਥੇ ਇਕੱਲਾ ਹੀ ਸੀ। ਪਰ ਉਨ੍ਹਾਂ ਨੇ ਜੋ ਦੇਖਿਆ ਸੀ, ਉਸ ਬਾਰੇ ਕੁਝ ਸਮੇਂ ਲਈ ਕਿਸੇ ਨੂੰ ਕੁਝ ਨਾ ਦੱਸਿਆ, ਸਗੋਂ ਉਹ ਚੁੱਪ ਰਹੇ।+

37 ਅਗਲੇ ਦਿਨ ਜਦ ਉਹ ਪਹਾੜੋਂ ਥੱਲੇ ਆਏ, ਤਾਂ ਭੀੜ ਉਸ ਕੋਲ ਆਈ।+ 38 ਅਤੇ ਦੇਖੋ! ਭੀੜ ਵਿੱਚੋਂ ਇਕ ਆਦਮੀ ਉੱਚੀ ਆਵਾਜ਼ ਵਿਚ ਬੋਲਿਆ: “ਗੁਰੂ ਜੀ, ਮੈਂ ਤੇਰੀ ਮਿੰਨਤ ਕਰਦਾ ਹਾਂ ਕਿ ਆ ਕੇ ਮੇਰੇ ਪੁੱਤ ਨੂੰ ਦੇਖ ਕਿਉਂਕਿ ਉਹ ਮੇਰਾ ਇੱਕੋ-ਇਕ ਮੁੰਡਾ ਹੈ।+ 39 ਅਤੇ ਦੇਖ! ਇਕ ਦੁਸ਼ਟ ਦੂਤ ਮੁੰਡੇ ʼਤੇ ਆ ਪੈਂਦਾ ਹੈ ਤੇ ਮੁੰਡਾ ਅਚਾਨਕ ਚੀਕਾਂ ਮਾਰਨ ਲੱਗ ਪੈਂਦਾ ਹੈ ਅਤੇ ਦੁਸ਼ਟ ਦੂਤ ਇਸ ਨੂੰ ਥੱਲੇ ਸੁੱਟ ਕੇ ਮਰੋੜਦਾ-ਮਰਾੜਦਾ ਹੈ ਅਤੇ ਮੁੰਡਾ ਮੂੰਹੋਂ ਝੱਗ ਛੱਡਣ ਲੱਗ ਪੈਂਦਾ ਹੈ। ਦੁਸ਼ਟ ਦੂਤ ਮੁੰਡੇ ਨੂੰ ਸੱਟ-ਚੋਟ ਲਾਉਂਦਾ ਹੈ ਅਤੇ ਬੜੀ ਮੁਸ਼ਕਲ ਨਾਲ ਮੁੰਡੇ ਦਾ ਪਿੱਛਾ ਛੱਡਦਾ ਹੈ। 40 ਮੈਂ ਤੇਰੇ ਚੇਲਿਆਂ ਦੀਆਂ ਮਿੰਨਤਾਂ ਕੀਤੀਆਂ ਕਿ ਉਹ ਉਸ ਵਿੱਚੋਂ ਦੁਸ਼ਟ ਦੂਤ ਕੱਢ ਦੇਣ, ਪਰ ਉਹ ਕੱਢ ਨਾ ਸਕੇ।” 41 ਯਿਸੂ ਨੇ ਕਿਹਾ: “ਹੇ ਅਵਿਸ਼ਵਾਸੀ ਤੇ ਵਿਗੜੀ ਹੋਈ ਪੀੜ੍ਹੀ,+ ਮੈਂ ਹੋਰ ਕਿੰਨਾ ਚਿਰ ਤੁਹਾਡੇ ਨਾਲ ਰਹਾਂ ਤੇ ਤੁਹਾਨੂੰ ਸਹਿੰਦਾ ਰਹਾਂ? ਆਪਣੇ ਮੁੰਡੇ ਨੂੰ ਮੇਰੇ ਕੋਲ ਲੈ ਕੇ ਆ।”+ 42 ਪਰ ਜਦ ਮੁੰਡਾ ਉਸ ਵੱਲ ਆ ਰਿਹਾ ਸੀ, ਤਾਂ ਦੁਸ਼ਟ ਦੂਤ ਨੇ ਮੁੰਡੇ ਨੂੰ ਪਟਕਾ ਕੇ ਜ਼ਮੀਨ ਉੱਤੇ ਮਾਰਿਆ ਅਤੇ ਉਸ ਨੂੰ ਬੁਰੀ ਤਰ੍ਹਾਂ ਮਰੋੜਿਆ-ਮਰਾੜਿਆ। ਪਰ ਯਿਸੂ ਨੇ ਦੁਸ਼ਟ ਦੂਤ ਨੂੰ ਝਿੜਕ ਕੇ ਮੁੰਡੇ ਵਿੱਚੋਂ ਕੱਢ ਦਿੱਤਾ ਅਤੇ ਮੁੰਡਾ ਠੀਕ ਹੋ ਗਿਆ। ਯਿਸੂ ਨੇ ਮੁੰਡੇ ਨੂੰ ਉਸ ਦੇ ਪਿਤਾ ਦੇ ਹਵਾਲੇ ਕਰ ਦਿੱਤਾ। 43 ਸਭ ਲੋਕ ਪਰਮੇਸ਼ੁਰ ਦੀ ਮਹਾਂਸ਼ਕਤੀ ਦੇਖ ਕੇ ਹੱਕੇ-ਬੱਕੇ ਰਹਿ ਗਏ।

ਹੁਣ ਜਦ ਸਭ ਲੋਕ ਉਸ ਦੇ ਸਾਰੇ ਕੰਮਾਂ ਉੱਤੇ ਹੈਰਾਨੀ ਪ੍ਰਗਟ ਕਰ ਰਹੇ ਸਨ, ਤਾਂ ਉਸ ਨੇ ਆਪਣੇ ਚੇਲਿਆਂ ਨੂੰ ਕਿਹਾ: 44 “ਮੇਰੀ ਇਹ ਗੱਲ ਧਿਆਨ ਨਾਲ ਸੁਣ ਕੇ ਯਾਦ ਰੱਖੋ: ਮਨੁੱਖ ਦੇ ਪੁੱਤਰ ਨੂੰ ਧੋਖੇ ਨਾਲ ਲੋਕਾਂ ਦੇ ਹਵਾਲੇ ਕੀਤਾ ਜਾਵੇਗਾ।”+ 45 ਪਰ ਚੇਲੇ ਉਸ ਦੀ ਇਹ ਗੱਲ ਨਹੀਂ ਸਮਝੇ। ਅਸਲ ਵਿਚ ਉਨ੍ਹਾਂ ਤੋਂ ਇਸ ਗੱਲ ਦਾ ਮਤਲਬ ਲੁਕਿਆ ਰਿਹਾ ਅਤੇ ਉਹ ਉਸ ਨੂੰ ਇਸ ਬਾਰੇ ਪੁੱਛਣ ਤੋਂ ਡਰਦੇ ਸਨ।

46 ਫਿਰ ਉਸ ਦੇ ਚੇਲੇ ਆਪਸ ਵਿਚ ਇਸ ਗੱਲ ʼਤੇ ਬਹਿਸ ਕਰਨ ਲੱਗੇ ਕਿ ਉਨ੍ਹਾਂ ਵਿੱਚੋਂ ਕੌਣ ਵੱਡਾ ਸੀ।+ 47 ਯਿਸੂ ਜਾਣ ਗਿਆ ਕਿ ਉਹ ਆਪਣੇ ਮਨਾਂ ਵਿਚ ਕੀ ਸੋਚ ਰਹੇ ਸਨ। ਇਸ ਲਈ ਉਸ ਨੇ ਇਕ ਬੱਚੇ ਨੂੰ ਆਪਣੇ ਨਾਲ ਖੜ੍ਹਾ ਕਰ ਕੇ 48 ਚੇਲਿਆਂ ਨੂੰ ਕਿਹਾ: “ਜੋ ਕੋਈ ਮੇਰੀ ਖ਼ਾਤਰ ਇਸ ਬੱਚੇ ਨੂੰ ਕਬੂਲ ਕਰਦਾ ਹੈ, ਉਹ ਮੈਨੂੰ ਵੀ ਕਬੂਲ ਕਰਦਾ ਹੈ; ਅਤੇ ਜੋ ਮੈਨੂੰ ਕਬੂਲ ਕਰਦਾ ਹੈ, ਉਹ ਮੇਰੇ ਘੱਲਣ ਵਾਲੇ ਨੂੰ ਵੀ ਕਬੂਲ ਕਰਦਾ ਹੈ।+ ਤੁਹਾਡੇ ਸਾਰਿਆਂ ਵਿੱਚੋਂ ਜੋ ਆਪਣੇ ਆਪ ਨੂੰ ਸਭ ਤੋਂ ਛੋਟਾ ਸਮਝਦਾ ਹੈ, ਉਹੀ ਵੱਡਾ ਹੈ।”+

49 ਫਿਰ ਯੂਹੰਨਾ ਨੇ ਉਸ ਨੂੰ ਕਿਹਾ: “ਗੁਰੂ ਜੀ, ਅਸੀਂ ਇਕ ਆਦਮੀ ਨੂੰ ਤੇਰਾ ਨਾਂ ਲੈ ਕੇ ਦੁਸ਼ਟ ਦੂਤਾਂ ਨੂੰ ਕੱਢਦੇ ਦੇਖਿਆ ਅਤੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਕਿਉਂਕਿ ਉਹ ਸਾਡੇ ਵਿੱਚੋਂ ਨਹੀਂ ਹੈ।”+ 50 ਪਰ ਯਿਸੂ ਨੇ ਉਸ ਨੂੰ ਕਿਹਾ: “ਉਸ ਨੂੰ ਰੋਕਣ ਦੀ ਕੋਸ਼ਿਸ਼ ਨਾ ਕਰੋ ਕਿਉਂਕਿ ਜਿਹੜਾ ਤੁਹਾਡੇ ਖ਼ਿਲਾਫ਼ ਨਹੀਂ, ਉਹ ਤੁਹਾਡੇ ਵੱਲ ਹੈ।”

51 ਜਿਉਂ-ਜਿਉਂ ਯਿਸੂ ਦੇ ਸਵਰਗ ਜਾਣ ਦੇ ਦਿਨ ਨੇੜੇ ਆ ਰਹੇ ਸਨ,*+ ਉਸ ਨੇ ਯਰੂਸ਼ਲਮ ਨੂੰ ਜਾਣ ਦੀ ਠਾਣ ਲਈ ਸੀ। 52 ਇਸ ਲਈ ਉਸ ਨੇ ਆਪਣੇ ਚੇਲਿਆਂ ਨੂੰ ਆਪਣੇ ਅੱਗੇ-ਅੱਗੇ ਘੱਲ ਦਿੱਤਾ। ਉਹ ਤੁਰ ਪਏ ਅਤੇ ਸਾਮਰੀਆਂ ਦੇ ਇਕ ਪਿੰਡ ਵਿਚ ਪਹੁੰਚੇ ਤਾਂਕਿ ਉਹ ਉੱਥੇ ਉਸ ਲਈ ਸਭ ਕੁਝ ਤਿਆਰ ਕਰਨ। 53 ਪਰ ਪਿੰਡ ਦੇ ਲੋਕਾਂ ਨੇ ਉਸ ਦਾ ਸੁਆਗਤ ਨਾ ਕੀਤਾ+ ਕਿਉਂਕਿ ਉਸ ਨੇ ਯਰੂਸ਼ਲਮ ਨੂੰ ਜਾਣ ਦਾ ਮਨ ਬਣਾਇਆ ਹੋਇਆ ਸੀ। 54 ਇਹ ਦੇਖ ਕੇ ਚੇਲੇ ਯਾਕੂਬ ਅਤੇ ਯੂਹੰਨਾ+ ਨੇ ਪੁੱਛਿਆ: “ਪ੍ਰਭੂ, ਕੀ ਤੂੰ ਚਾਹੁੰਦਾ ਹੈਂ ਕਿ ਅਸੀਂ ਹੁਕਮ ਕਰੀਏ ਕਿ ਸਵਰਗੋਂ ਅੱਗ ਵਰ੍ਹੇ ਤੇ ਇਨ੍ਹਾਂ ਨੂੰ ਭਸਮ ਕਰ ਦੇਵੇ?”+ 55 ਪਰ ਯਿਸੂ ਮੁੜਿਆ ਅਤੇ ਉਨ੍ਹਾਂ ਦੋਹਾਂ ਨੂੰ ਝਿੜਕਿਆ। 56 ਫਿਰ ਉਹ ਅਤੇ ਉਸ ਦੇ ਚੇਲੇ ਕਿਸੇ ਹੋਰ ਪਿੰਡ ਨੂੰ ਚਲੇ ਗਏ।

57 ਜਦ ਉਹ ਰਾਹ ਵਿਚ ਜਾ ਰਹੇ ਸਨ, ਤਾਂ ਕਿਸੇ ਨੇ ਉਸ ਨੂੰ ਕਿਹਾ: “ਜਿੱਥੇ ਕਿਤੇ ਤੂੰ ਜਾਏਂਗਾ, ਮੈਂ ਤੇਰੇ ਪਿੱਛੇ-ਪਿੱਛੇ* ਆਵਾਂਗਾ।” 58 ਪਰ ਯਿਸੂ ਨੇ ਉਸ ਨੂੰ ਕਿਹਾ: “ਲੂੰਬੜੀਆਂ ਕੋਲ ਘੁਰਨੇ ਹਨ ਅਤੇ ਆਕਾਸ਼ ਦੇ ਪੰਛੀਆਂ ਕੋਲ ਆਲ੍ਹਣੇ, ਪਰ ਮਨੁੱਖ ਦੇ ਪੁੱਤਰ ਕੋਲ ਆਪਣਾ ਸਿਰ ਰੱਖਣ ਲਈ ਵੀ ਜਗ੍ਹਾ ਨਹੀਂ ਹੈ।”+ 59 ਫਿਰ ਉਸ ਨੇ ਕਿਸੇ ਹੋਰ ਨੂੰ ਕਿਹਾ: “ਮੇਰਾ ਚੇਲਾ ਬਣ ਜਾ।” ਉਸ ਆਦਮੀ ਨੇ ਉਸ ਨੂੰ ਕਿਹਾ: “ਪ੍ਰਭੂ, ਮੈਨੂੰ ਆਗਿਆ ਦੇ ਕਿ ਮੈਂ ਜਾ ਕੇ ਪਹਿਲਾਂ ਆਪਣੇ ਪਿਤਾ ਨੂੰ ਦਫ਼ਨਾ ਆਵਾਂ।”+ 60 ਪਰ ਯਿਸੂ ਨੇ ਉਸ ਨੂੰ ਕਿਹਾ: “ਮੁਰਦਿਆਂ+ ਨੂੰ ਆਪਣੇ ਮੁਰਦੇ ਦਫ਼ਨਾਉਣ ਦੇ, ਪਰ ਤੂੰ ਜਾ ਕੇ ਸਾਰੇ ਪਾਸੇ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕਰ।”+ 61 ਇਕ ਹੋਰ ਨੇ ਉਸ ਨੂੰ ਕਿਹਾ: “ਪ੍ਰਭੂ, ਮੈਂ ਤੇਰੇ ਪਿੱਛੇ-ਪਿੱਛੇ ਆਵਾਂਗਾ, ਪਰ ਮੈਨੂੰ ਇਜਾਜ਼ਤ ਦੇ ਕਿ ਮੈਂ ਪਹਿਲਾਂ ਆਪਣੇ ਘਰਦਿਆਂ ਨੂੰ ਜਾ ਕੇ ਆਖ਼ਰੀ ਵਾਰ ਮਿਲ ਆਵਾਂ।” 62 ਯਿਸੂ ਨੇ ਉਸ ਆਦਮੀ ਨੂੰ ਕਿਹਾ: “ਜਿਹੜਾ ਵੀ ਆਦਮੀ ਹਲ਼ ʼਤੇ ਹੱਥ ਰੱਖ ਕੇ ਪਿੱਛੇ ਛੱਡੀਆਂ ਚੀਜ਼ਾਂ ਨੂੰ ਦੇਖਦਾ ਹੈ,+ ਉਹ ਪਰਮੇਸ਼ੁਰ ਦੇ ਰਾਜ ਵਿਚ ਜਾਣ ਦੇ ਲਾਇਕ ਨਹੀਂ ਹੈ।”+

10 ਇਨ੍ਹਾਂ ਗੱਲਾਂ ਤੋਂ ਬਾਅਦ ਪ੍ਰਭੂ ਨੇ 70 ਹੋਰ ਚੇਲਿਆਂ ਨੂੰ ਦੋ-ਦੋ ਕਰ ਕੇ+ ਆਪਣੇ ਅੱਗੇ-ਅੱਗੇ ਹਰ ਉਸ ਸ਼ਹਿਰ ਤੇ ਜਗ੍ਹਾ ਘੱਲਿਆ ਜਿੱਥੇ ਉਹ ਆਪ ਜਾਣ ਵਾਲਾ ਸੀ। 2 ਫਿਰ ਉਸ ਨੇ ਉਨ੍ਹਾਂ ਨੂੰ ਕਿਹਾ: “ਸੱਚ-ਮੁੱਚ, ਫ਼ਸਲ ਤਾਂ ਬਹੁਤ ਹੈ, ਪਰ ਵਾਢੇ ਥੋੜ੍ਹੇ ਹਨ। ਇਸ ਲਈ ਖੇਤ ਦੇ ਮਾਲਕ ਅੱਗੇ ਬੇਨਤੀ ਕਰੋ ਕਿ ਉਹ ਫ਼ਸਲ ਵੱਢਣ ਲਈ ਹੋਰ ਵਾਢੇ ਘੱਲੇ।+ 3 ਜਾਓ! ਪਰ ਦੇਖੋ! ਮੈਂ ਤੁਹਾਨੂੰ ਲੇਲਿਆਂ ਵਾਂਗ ਬਘਿਆੜਾਂ ਵਿਚ ਘੱਲ ਰਿਹਾ ਹਾਂ।+ 4 ਤੁਸੀਂ ਆਪਣੇ ਨਾਲ ਨਾ ਪੈਸਿਆਂ ਦੀ ਗੁਥਲੀ, ਨਾ ਖਾਣੇ ਵਾਲਾ ਝੋਲ਼ਾ, ਨਾ ਜੁੱਤੀਆਂ ਦਾ ਜੋੜਾ ਲੈ ਕੇ ਜਾਓ+ ਅਤੇ ਨਾ ਹੀ ਰਾਹ ਵਿਚ ਕਿਸੇ ਨੂੰ ਨਮਸਕਾਰ ਕਰੋ।* 5 ਜਦੋਂ ਤੁਸੀਂ ਕਿਸੇ ਘਰ ਅੰਦਰ ਜਾਓ, ਤਾਂ ਪਹਿਲਾਂ ਕਹੋ: ‘ਰੱਬ ਇਸ ਘਰ ਨੂੰ ਸ਼ਾਂਤੀ ਬਖ਼ਸ਼ੇ।’+ 6 ਅਤੇ ਜੇ ਉਸ ਘਰ ਵਿਚ ਕੋਈ ਸ਼ਾਂਤੀ ਚਾਹੁਣ ਵਾਲਾ ਹੈ, ਤਾਂ ਤੁਹਾਡੀ ਸ਼ਾਂਤੀ ਉਸ ਉੱਤੇ ਰਹੇਗੀ। ਪਰ ਜੇ ਨਹੀਂ ਹੈ, ਤਾਂ ਤੁਹਾਡੀ ਸ਼ਾਂਤੀ ਤੁਹਾਡੇ ਕੋਲ ਹੀ ਰਹੇਗੀ। 7 ਇਸ ਲਈ ਉਸੇ ਘਰ ਵਿਚ ਰਹਿਓ+ ਅਤੇ ਜੋ ਵੀ ਉਹ ਤੁਹਾਨੂੰ ਖਾਣ-ਪੀਣ ਨੂੰ ਦੇਣ, ਖਾ-ਪੀ ਲਿਓ+ ਕਿਉਂਕਿ ਕਾਮਾ ਆਪਣੀ ਮਜ਼ਦੂਰੀ ਦਾ ਹੱਕਦਾਰ ਹੈ।+ ਐਵੇਂ ਘਰ ਨਾ ਬਦਲਦੇ ਰਹਿਓ।

8 “ਨਾਲੇ ਜਦੋਂ ਤੁਸੀਂ ਕਿਸੇ ਸ਼ਹਿਰ ਵਿਚ ਵੜਦੇ ਹੋ ਅਤੇ ਉੱਥੋਂ ਦੇ ਲੋਕ ਤੁਹਾਡਾ ਸੁਆਗਤ ਕਰਦੇ ਹਨ, ਤਾਂ ਤੁਹਾਡੇ ਸਾਮ੍ਹਣੇ ਜੋ ਵੀ ਖਾਣ ਵਾਲੀਆਂ ਚੀਜ਼ਾਂ ਰੱਖੀਆਂ ਜਾਣ, ਖਾ ਲਿਓ, 9 ਉਸ ਸ਼ਹਿਰ ਵਿਚ ਬੀਮਾਰਾਂ ਨੂੰ ਠੀਕ ਕਰੋ ਅਤੇ ਉਨ੍ਹਾਂ ਨੂੰ ਦੱਸੋ: ‘ਪਰਮੇਸ਼ੁਰ ਦਾ ਰਾਜ ਤੁਹਾਡੇ ਨੇੜੇ ਆ ਗਿਆ ਹੈ।’+ 10 ਪਰ ਜਦੋਂ ਤੁਸੀਂ ਕਿਸੇ ਸ਼ਹਿਰ ਵਿਚ ਵੜਦੇ ਹੋ ਅਤੇ ਉੱਥੋਂ ਦੇ ਲੋਕ ਤੁਹਾਡਾ ਸੁਆਗਤ ਨਹੀਂ ਕਰਦੇ, ਤਾਂ ਸ਼ਹਿਰ ਦੇ ਚੌਂਕ ਵਿਚ ਜਾ ਕੇ ਕਹੋ: 11 ‘ਤੁਹਾਡੇ ਸ਼ਹਿਰ ਦੀ ਜੋ ਧੂੜ ਸਾਡੇ ਪੈਰਾਂ ਨੂੰ ਲੱਗੀ ਹੈ, ਅਸੀਂ ਉਸ ਨੂੰ ਵੀ ਤੁਹਾਡੇ ਖ਼ਿਲਾਫ਼ ਗਵਾਹੀ ਦੇਣ ਲਈ ਝਾੜ ਰਹੇ ਹਾਂ।+ ਪਰ ਇਹ ਗੱਲ ਯਾਦ ਰੱਖੋ ਕਿ ਪਰਮੇਸ਼ੁਰ ਦਾ ਰਾਜ ਨੇੜੇ ਆ ਗਿਆ ਹੈ।’ 12 ਮੈਂ ਤੁਹਾਨੂੰ ਦੱਸਦਾ ਹਾਂ, ਉਸ ਸ਼ਹਿਰ ਨਾਲੋਂ ਸਦੂਮ ਲਈ ਨਿਆਂ ਦਾ ਦਿਨ ਜ਼ਿਆਦਾ ਸਹਿਣ ਯੋਗ ਹੋਵੇਗਾ।+

13 “ਲਾਹਨਤ ਹੈ ਤੇਰੇ ʼਤੇ, ਖੁਰਾਜ਼ੀਨ! ਲਾਹਨਤ ਹੈ ਤੇਰੇ ʼਤੇ, ਬੈਤਸੈਦਾ! ਕਿਉਂਕਿ ਜਿਹੜੀਆਂ ਕਰਾਮਾਤਾਂ ਤੁਹਾਡੇ ਵਿਚ ਕੀਤੀਆਂ ਗਈਆਂ ਸਨ, ਜੇ ਇਹੀ ਕਰਾਮਾਤਾਂ ਸੋਰ ਤੇ ਸੀਦੋਨ ਵਿਚ ਕੀਤੀਆਂ ਜਾਂਦੀਆਂ, ਤਾਂ ਇਨ੍ਹਾਂ ਸ਼ਹਿਰਾਂ ਦੇ ਲੋਕਾਂ ਨੇ ਬਹੁਤ ਚਿਰ ਪਹਿਲਾਂ ਹੀ ਤੱਪੜ ਪਾ ਕੇ ਅਤੇ ਸੁਆਹ ਵਿਚ ਬੈਠ ਕੇ ਤੋਬਾ ਕਰ ਲਈ ਹੁੰਦੀ।+ 14 ਇਸ ਲਈ ਤੁਹਾਡੇ ਨਾਲੋਂ ਸੋਰ ਤੇ ਸੀਦੋਨ ਲਈ ਨਿਆਂ ਦਾ ਦਿਨ ਜ਼ਿਆਦਾ ਸਹਿਣ ਯੋਗ ਹੋਵੇਗਾ। 15 ਅਤੇ ਹੇ ਕਫ਼ਰਨਾਹੂਮ, ਕੀ ਤੂੰ ਆਕਾਸ਼ ਤਕ ਉੱਚਾ ਕੀਤਾ ਜਾਏਂਗਾ? ਨਹੀਂ, ਸਗੋਂ ਤੂੰ ਕਬਰ* ਵਿਚ ਜਾਏਂਗਾ!

16 “ਜਿਹੜਾ ਤੁਹਾਡੀ ਗੱਲ ਸੁਣਦਾ ਹੈ, ਉਹ ਮੇਰੀ ਵੀ ਗੱਲ ਸੁਣਦਾ ਹੈ।+ ਅਤੇ ਜਿਹੜਾ ਤੁਹਾਡੀ ਗੱਲ ਦੀ ਪਰਵਾਹ ਨਹੀਂ ਕਰਦਾ, ਉਹ ਮੇਰੀ ਗੱਲ ਦੀ ਵੀ ਪਰਵਾਹ ਨਹੀਂ ਕਰਦਾ। ਇਸੇ ਤਰ੍ਹਾਂ, ਜਿਹੜਾ ਮੇਰੀ ਪਰਵਾਹ ਨਹੀਂ ਕਰਦਾ, ਉਹ ਮੇਰੇ ਘੱਲਣ ਵਾਲੇ ਦੀ ਵੀ ਪਰਵਾਹ ਨਹੀਂ ਕਰਦਾ।”+

17 ਫਿਰ 70 ਚੇਲੇ ਖ਼ੁਸ਼ੀ-ਖ਼ੁਸ਼ੀ ਮੁੜੇ ਅਤੇ ਉਨ੍ਹਾਂ ਨੇ ਦੱਸਿਆ: “ਪ੍ਰਭੂ, ਜਦੋਂ ਅਸੀਂ ਤੇਰਾ ਨਾਂ ਲੈ ਕੇ ਦੁਸ਼ਟ ਦੂਤਾਂ ਨੂੰ ਹੁਕਮ ਦਿੰਦੇ ਹਾਂ, ਤਾਂ ਉਹ ਵੀ ਸਾਡੀ ਆਗਿਆ ਮੰਨਦੇ ਹਨ।”+ 18 ਇਹ ਸੁਣ ਕੇ ਯਿਸੂ ਨੇ ਉਨ੍ਹਾਂ ਨੂੰ ਕਿਹਾ: “ਮੈਂ ਦੇਖ ਲਿਆ ਹੈ ਕਿ ਜਿਵੇਂ ਆਕਾਸ਼ੋਂ ਬਿਜਲੀ ਡਿਗਦੀ ਹੈ, ਉਸੇ ਤਰ੍ਹਾਂ ਸ਼ੈਤਾਨ ਉੱਪਰੋਂ ਡਿਗ ਚੁੱਕਾ ਹੈ।+ 19 ਦੇਖੋ! ਮੈਂ ਤੁਹਾਨੂੰ ਸੱਪਾਂ ਅਤੇ ਬਿੱਛੂਆਂ ਨੂੰ ਪੈਰਾਂ ਹੇਠ ਮਿੱਧਣ ਅਤੇ ਦੁਸ਼ਮਣਾਂ ਦੀ ਸਾਰੀ ਤਾਕਤ ਨੂੰ ਖ਼ਤਮ ਕਰਨ ਦਾ ਅਧਿਕਾਰ ਦਿੱਤਾ ਹੈ+ ਅਤੇ ਕੋਈ ਵੀ ਚੀਜ਼ ਤੁਹਾਡਾ ਰਤੀ ਭਰ ਨੁਕਸਾਨ ਨਹੀਂ ਕਰੇਗੀ। 20 ਫਿਰ ਵੀ, ਇਸ ਗੱਲ ʼਤੇ ਖ਼ੁਸ਼ ਨਾ ਹੋਵੋ ਕਿ ਦੁਸ਼ਟ ਦੂਤ ਤੁਹਾਡੇ ਅਧੀਨ ਕੀਤੇ ਗਏ ਹਨ, ਪਰ ਇਸ ਗੱਲ ʼਤੇ ਖ਼ੁਸ਼ੀਆਂ ਮਨਾਓ ਕਿ ਤੁਹਾਡੇ ਨਾਂ ਸਵਰਗ ਵਿਚ ਲਿਖੇ ਜਾ ਚੁੱਕੇ ਹਨ।”+ 21 ਉਸੇ ਵੇਲੇ ਯਿਸੂ ਪਵਿੱਤਰ ਸ਼ਕਤੀ ਨਾਲ ਭਰ ਗਿਆ ਅਤੇ ਖ਼ੁਸ਼ੀ ਦੇ ਮਾਰੇ ਉਸ ਨੇ ਕਿਹਾ: “ਹੇ ਪਿਤਾ, ਸਵਰਗ ਅਤੇ ਧਰਤੀ ਦੇ ਮਾਲਕ, ਮੈਂ ਸਾਰਿਆਂ ਸਾਮ੍ਹਣੇ ਤੇਰੀ ਵਡਿਆਈ ਕਰਦਾ ਹਾਂ ਕਿਉਂਕਿ ਤੂੰ ਇਹ ਗੱਲਾਂ ਬੁੱਧੀਮਾਨਾਂ ਅਤੇ ਗਿਆਨਵਾਨਾਂ+ ਤੋਂ ਧਿਆਨ ਨਾਲ ਲੁਕਾਈ ਰੱਖੀਆਂ, ਪਰ ਨਿਆਣਿਆਂ ਨੂੰ ਦੱਸੀਆਂ ਹਨ। ਹੇ ਪਿਤਾ, ਇਹ ਸਭ ਤੇਰੀ ਮਰਜ਼ੀ ਅਨੁਸਾਰ ਹੋਇਆ ਹੈ।+ 22 ਮੇਰੇ ਪਿਤਾ ਨੇ ਸਾਰਾ ਕੁਝ ਮੈਨੂੰ ਸੌਂਪ ਦਿੱਤਾ ਹੈ ਅਤੇ ਪਿਤਾ ਤੋਂ ਸਿਵਾਇ ਕੋਈ ਵੀ ਨਹੀਂ ਜਾਣਦਾ ਕਿ ਪੁੱਤਰ ਕੌਣ ਹੈ; ਨਾ ਹੀ ਕੋਈ ਜਾਣਦਾ ਹੈ ਕਿ ਪਿਤਾ ਕੌਣ ਹੈ, ਸਿਵਾਇ ਪੁੱਤਰ ਦੇ+ ਅਤੇ ਉਸ ਦੇ ਜਿਸ ਨੂੰ ਪੁੱਤਰ ਉਸ ਬਾਰੇ ਦੱਸਣਾ ਚਾਹੁੰਦਾ ਹੈ।”+

23 ਇਸ ਤੋਂ ਬਾਅਦ ਜਦੋਂ ਉਸ ਨਾਲ ਚੇਲਿਆਂ ਤੋਂ ਸਿਵਾਇ ਹੋਰ ਕੋਈ ਨਹੀਂ ਸੀ, ਤਾਂ ਉਸ ਨੇ ਉਨ੍ਹਾਂ ਨੂੰ ਕਿਹਾ: “ਖ਼ੁਸ਼ ਹਨ ਉਹ ਲੋਕ ਜਿਹੜੇ ਉਹ ਚੀਜ਼ਾਂ ਦੇਖਦੇ ਹਨ ਜੋ ਤੁਸੀਂ ਦੇਖ ਰਹੇ ਹੋ।+ 24 ਕਿਉਂਕਿ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਜਿਹੜੀਆਂ ਚੀਜ਼ਾਂ ਤੁਸੀਂ ਦੇਖ ਰਹੇ ਹੋ, ਉਨ੍ਹਾਂ ਚੀਜ਼ਾਂ ਨੂੰ ਬਹੁਤ ਸਾਰੇ ਨਬੀ ਅਤੇ ਰਾਜੇ ਦੇਖਣਾ ਚਾਹੁੰਦੇ ਸਨ, ਪਰ ਦੇਖ ਨਾ ਸਕੇ+ ਅਤੇ ਜਿਹੜੀਆਂ ਗੱਲਾਂ ਤੁਸੀਂ ਸੁਣ ਰਹੇ ਹੋ, ਉਹ ਉਨ੍ਹਾਂ ਨੂੰ ਸੁਣਨਾ ਚਾਹੁੰਦੇ ਸਨ, ਪਰ ਸੁਣ ਨਾ ਸਕੇ।”

25 ਦੇਖੋ! ਇਕ ਆਦਮੀ ਉੱਠਿਆ ਜਿਹੜਾ ਮੂਸਾ ਦੇ ਕਾਨੂੰਨ ਦਾ ਮਾਹਰ ਸੀ ਅਤੇ ਉਸ ਨੇ ਯਿਸੂ ਨੂੰ ਅਜ਼ਮਾਉਣ ਲਈ ਪੁੱਛਿਆ: “ਗੁਰੂ ਜੀ, ਮੈਂ ਹਮੇਸ਼ਾ ਦੀ ਜ਼ਿੰਦਗੀ ਪਾਉਣ ਲਈ ਕੀ ਕਰਾਂ?”+ 26 ਯਿਸੂ ਨੇ ਉਸ ਨੂੰ ਪੁੱਛਿਆ: “ਕਾਨੂੰਨ ਵਿਚ ਕੀ ਲਿਖਿਆ ਹੈ? ਤੂੰ ਕੀ ਪੜ੍ਹਿਆ ਹੈ?” 27 ਉਸ ਆਦਮੀ ਨੇ ਜਵਾਬ ਦਿੱਤਾ: “‘ਤੂੰ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਆਪਣੇ ਪੂਰੇ ਦਿਲ ਨਾਲ, ਆਪਣੀ ਪੂਰੀ ਜਾਨ ਨਾਲ, ਆਪਣੀ ਪੂਰੀ ਤਾਕਤ ਨਾਲ ਅਤੇ ਆਪਣੀ ਪੂਰੀ ਸਮਝ ਨਾਲ ਪਿਆਰ ਕਰ’+ ਅਤੇ ‘ਤੂੰ ਆਪਣੇ ਗੁਆਂਢੀ ਨੂੰ ਉਵੇਂ ਪਿਆਰ ਕਰ ਜਿਵੇਂ ਤੂੰ ਆਪਣੇ ਆਪ ਨੂੰ ਕਰਦਾ ਹੈਂ।’”+ 28 ਯਿਸੂ ਨੇ ਉਸ ਨੂੰ ਕਿਹਾ: “ਤੂੰ ਠੀਕ ਜਵਾਬ ਦਿੱਤਾ ਹੈ; ਇਸੇ ਤਰ੍ਹਾਂ ਕਰਦਾ ਰਹਿ ਅਤੇ ਤੈਨੂੰ ਹਮੇਸ਼ਾ ਦੀ ਜ਼ਿੰਦਗੀ ਮਿਲੇਗੀ।”+

29 ਪਰ ਉਹ ਆਦਮੀ ਆਪਣੇ ਆਪ ਨੂੰ ਧਰਮੀ ਸਾਬਤ ਕਰਨਾ ਚਾਹੁੰਦਾ ਸੀ,+ ਇਸ ਲਈ ਉਸ ਨੇ ਯਿਸੂ ਨੂੰ ਪੁੱਛਿਆ: “ਅਸਲ ਵਿਚ ਮੇਰਾ ਗੁਆਂਢੀ ਹੈ ਕੌਣ?” 30 ਯਿਸੂ ਨੇ ਜਵਾਬ ਦਿੰਦੇ ਹੋਏ ਕਿਹਾ: “ਇਕ ਆਦਮੀ ਯਰੂਸ਼ਲਮ ਤੋਂ ਯਰੀਹੋ ਜਾ ਰਿਹਾ ਸੀ ਅਤੇ ਰਾਹ ਵਿਚ ਲੁਟੇਰਿਆਂ ਦੇ ਹੱਥ ਆ ਗਿਆ। ਉਨ੍ਹਾਂ ਨੇ ਉਸ ਦਾ ਸਭ ਕੁਝ ਲੁੱਟ ਲਿਆ ਅਤੇ ਉਸ ਨੂੰ ਮਾਰਿਆ-ਕੁੱਟਿਆ ਤੇ ਅਧਮੋਇਆ ਛੱਡ ਕੇ ਚਲੇ ਗਏ। 31 ਫਿਰ ਸਬੱਬੀਂ ਇਕ ਪੁਜਾਰੀ ਉਸ ਰਸਤਿਓਂ ਥੱਲੇ ਨੂੰ ਜਾ ਰਿਹਾ ਸੀ, ਪਰ ਉਸ ਆਦਮੀ ਨੂੰ ਦੇਖ ਕੇ ਦੂਜੇ ਪਾਸਿਓਂ ਦੀ ਲੰਘ ਗਿਆ। 32 ਇਸੇ ਤਰ੍ਹਾਂ ਇਕ ਲੇਵੀ ਵੀ ਉੱਥੇ ਪਹੁੰਚਿਆ ਤੇ ਉਸ ਨੂੰ ਦੇਖ ਕੇ ਦੂਜੇ ਪਾਸਿਓਂ ਦੀ ਲੰਘ ਗਿਆ। 33 ਫਿਰ ਇਕ ਸਾਮਰੀ+ ਸਫ਼ਰ ਕਰਦਾ ਹੋਇਆ ਉੱਥੋਂ ਦੀ ਲੰਘ ਰਿਹਾ ਸੀ। ਜਦ ਉਸ ਨੇ ਉਸ ਆਦਮੀ ਨੂੰ ਦੇਖਿਆ, ਤਾਂ ਸਾਮਰੀ ਨੂੰ ਉਸ ʼਤੇ ਬੜਾ ਤਰਸ ਆਇਆ। 34 ਉਹ ਉਸ ਕੋਲ ਆਇਆ ਅਤੇ ਉਸ ਦੇ ਜ਼ਖ਼ਮਾਂ ਉੱਤੇ ਤੇਲ ਤੇ ਦਾਖਰਸ ਲਾ ਕੇ ਪੱਟੀਆਂ ਕਰ ਦਿੱਤੀਆਂ। ਫਿਰ ਉਸ ਨੂੰ ਆਪਣੇ ਗਧੇ ਉੱਤੇ ਬਿਠਾ ਕੇ ਮੁਸਾਫਰਖ਼ਾਨੇ ਲੈ ਗਿਆ ਅਤੇ ਉਸ ਦੀ ਦੇਖ-ਭਾਲ ਕੀਤੀ। 35 ਅਗਲੇ ਦਿਨ ਉਸ ਨੇ ਮੁਸਾਫਰਖ਼ਾਨੇ ਦੇ ਮਾਲਕ ਨੂੰ ਦੋ ਦੀਨਾਰ* ਦਿੰਦਿਆਂ ਕਿਹਾ: ‘ਇਸ ਦਾ ਖ਼ਿਆਲ ਰੱਖੀਂ। ਜੇ ਤੈਨੂੰ ਹੋਰ ਪੈਸੇ ਖ਼ਰਚਣੇ ਪਏ, ਤਾਂ ਜਦੋਂ ਮੈਂ ਵਾਪਸ ਆਵਾਂਗਾ, ਤੈਨੂੰ ਦੇ ਦਿਆਂਗਾ।’ 36 ਤੇਰੇ ਮੁਤਾਬਕ ਇਨ੍ਹਾਂ ਤਿੰਨਾਂ ਵਿੱਚੋਂ ਕਿਸ ਨੇ ਆਪਣੇ ਆਪ ਨੂੰ ਉਸ ਆਦਮੀ ਦਾ ਗੁਆਂਢੀ ਸਾਬਤ ਕੀਤਾ+ ਜੋ ਲੁਟੇਰਿਆਂ ਦੇ ਹੱਥ ਆ ਗਿਆ ਸੀ?” 37 ਉਸ ਨੇ ਕਿਹਾ: “ਉਹੀ ਜਿਸ ਨੇ ਉਸ ਆਦਮੀ ਉੱਤੇ ਦਇਆ ਕਰ ਕੇ ਉਸ ਦੀ ਮਦਦ ਕੀਤੀ ਸੀ।”+ ਫਿਰ ਯਿਸੂ ਨੇ ਉਸ ਨੂੰ ਕਿਹਾ: “ਜਾਹ ਅਤੇ ਤੂੰ ਵੀ ਇਸੇ ਤਰ੍ਹਾਂ ਕਰਦਾ ਰਹਿ।”+

38 ਜਦੋਂ ਉਹ ਰਾਹ ਵਿਚ ਤੁਰੇ ਜਾ ਰਹੇ ਸਨ, ਤਾਂ ਯਿਸੂ ਇਕ ਪਿੰਡ ਵਿਚ ਗਿਆ। ਉੱਥੇ ਮਾਰਥਾ+ ਨਾਂ ਦੀ ਇਕ ਤੀਵੀਂ ਨੇ ਆਪਣੇ ਘਰ ਉਸ ਦਾ ਸੁਆਗਤ ਕੀਤਾ। 39 ਉਸ ਤੀਵੀਂ ਦੀ ਇਕ ਭੈਣ ਵੀ ਸੀ ਜਿਸ ਦਾ ਨਾਂ ਮਰੀਅਮ ਸੀ। ਮਰੀਅਮ ਪ੍ਰਭੂ ਦੇ ਚਰਨੀਂ ਬੈਠ ਕੇ ਉਸ ਦੀਆਂ ਗੱਲਾਂ ਸੁਣ ਰਹੀ ਸੀ। 40 ਪਰ ਮਾਰਥਾ ਦਾ ਸਾਰਾ ਧਿਆਨ ਰੋਟੀ-ਪਾਣੀ ਤਿਆਰ ਕਰਨ ਵਿਚ ਲੱਗਾ ਹੋਇਆ ਸੀ। ਇਸ ਲਈ ਉਸ ਨੇ ਆ ਕੇ ਕਿਹਾ: “ਪ੍ਰਭੂ, ਤੈਨੂੰ ਜ਼ਰਾ ਵੀ ਖ਼ਿਆਲ ਨਹੀਂ ਆਇਆ ਕਿ ਮੇਰੀ ਭੈਣ ਨੇ ਸਾਰਾ ਕੰਮ ਮੇਰੇ ਸਿਰ ʼਤੇ ਛੱਡਿਆ ਹੋਇਆ ਹੈ? ਇਹਨੂੰ ਕਹਿ, ਆ ਕੇ ਮੇਰੀ ਮਦਦ ਕਰੇ।” 41 ਪ੍ਰਭੂ ਨੇ ਉਸ ਨੂੰ ਕਿਹਾ: “ਮਾਰਥਾ, ਮਾਰਥਾ, ਤੂੰ ਬਹੁਤੀਆਂ ਚੀਜ਼ਾਂ ਦੀ ਚਿੰਤਾ ਕਰ ਰਹੀ ਹੈਂ ਤੇ ਪਰੇਸ਼ਾਨ ਹੋ ਰਹੀ ਹੈਂ। 42 ਥੋੜ੍ਹੀਆਂ ਚੀਜ਼ਾਂ ਨਾਲ ਹੀ ਸਰ ਜਾਣਾ, ਸਗੋਂ ਇੱਕੋ ਬਥੇਰੀ ਹੈ। ਮਰੀਅਮ ਨੇ ਤਾਂ ਆਪਣੇ ਲਈ ਚੰਗਾ* ਹਿੱਸਾ ਚੁਣਿਆ ਹੈ+ ਜੋ ਉਸ ਤੋਂ ਖੋਹਿਆ ਨਹੀਂ ਜਾਵੇਗਾ।”

11 ਉਹ ਕਿਸੇ ਜਗ੍ਹਾ ਪ੍ਰਾਰਥਨਾ ਕਰ ਰਿਹਾ ਸੀ ਅਤੇ ਜਦੋਂ ਉਹ ਪ੍ਰਾਰਥਨਾ ਕਰ ਹਟਿਆ, ਤਾਂ ਉਸ ਦੇ ਇਕ ਚੇਲੇ ਨੇ ਉਸ ਨੂੰ ਕਿਹਾ: “ਪ੍ਰਭੂ, ਸਾਨੂੰ ਪ੍ਰਾਰਥਨਾ ਕਰਨੀ ਸਿਖਾ ਜਿਵੇਂ ਯੂਹੰਨਾ ਨੇ ਆਪਣੇ ਚੇਲਿਆਂ ਨੂੰ ਸਿਖਾਈ ਸੀ।”

2 ਇਸ ਲਈ ਉਸ ਨੇ ਉਨ੍ਹਾਂ ਨੂੰ ਕਿਹਾ: “ਜਦੋਂ ਵੀ ਤੁਸੀਂ ਪ੍ਰਾਰਥਨਾ ਕਰੋ, ਤਾਂ ਕਹਿਣਾ: ‘ਹੇ ਪਿਤਾ, ਤੇਰਾ ਨਾਂ ਪਵਿੱਤਰ ਕੀਤਾ ਜਾਵੇ।*+ ਤੇਰਾ ਰਾਜ ਆਵੇ।+ 3 ਸਾਨੂੰ ਰੋਜ਼ ਦੀ ਲੋੜ ਮੁਤਾਬਕ ਹਰ ਰੋਜ਼ ਰੋਟੀ ਦੇ।+ 4 ਸਾਡੇ ਪਾਪ ਮਾਫ਼ ਕਰ+ ਕਿਉਂਕਿ ਅਸੀਂ ਉਨ੍ਹਾਂ ਸਾਰਿਆਂ ਦੇ ਪਾਪ ਮਾਫ਼ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਖ਼ਿਲਾਫ਼ ਪਾਪ ਕੀਤੇ ਹਨ;*+ ਅਤੇ ਸਾਨੂੰ ਪਰੀਖਿਆ ਵਿਚ ਨਾ ਪੈਣ ਦੇ।’”+

5 ਫਿਰ ਉਸ ਨੇ ਉਨ੍ਹਾਂ ਨੂੰ ਕਿਹਾ: “ਮੰਨ ਲਓ ਤੁਹਾਡੇ ਵਿੱਚੋਂ ਕਿਸੇ ਦਾ ਇਕ ਦੋਸਤ ਹੈ ਤੇ ਤੁਸੀਂ ਅੱਧੀ ਰਾਤ ਨੂੰ ਉਸ ਕੋਲ ਜਾ ਕੇ ਕਹਿੰਦੇ ਹੋ, ‘ਯਾਰ, ਮੈਨੂੰ ਤਿੰਨ ਰੋਟੀਆਂ ਉਧਾਰੀਆਂ ਤਾਂ ਦੇਈਂ 6 ਕਿਉਂਕਿ ਮੇਰਾ ਇਕ ਮਿੱਤਰ ਸਫ਼ਰ ਕਰਦਾ ਹੋਇਆ ਮੇਰੇ ਕੋਲ ਆਇਆ ਹੈ ਅਤੇ ਉਸ ਨੂੰ ਖਿਲਾਉਣ ਲਈ ਮੇਰੇ ਕੋਲ ਕੁਝ ਨਹੀਂ ਹੈ।’ 7 ਪਰ ਉਸ ਦਾ ਦੋਸਤ ਅੰਦਰੋਂ ਜਵਾਬ ਦਿੰਦਾ ਹੈ: ‘ਮੈਨੂੰ ਪਰੇਸ਼ਾਨ ਨਾ ਕਰ। ਦਰਵਾਜ਼ੇ ਨੂੰ ਜਿੰਦਾ ਲੱਗਾ ਹੋਇਆ ਹੈ, ਨਾਲੇ ਮੇਰੇ ਬੱਚੇ ਮੇਰੇ ਨਾਲ ਸੁੱਤੇ ਪਏ ਹਨ। ਮੈਂ ਉੱਠ ਕੇ ਤੈਨੂੰ ਕੁਝ ਨਹੀਂ ਦੇ ਸਕਦਾ।’ 8 ਮੈਂ ਤੁਹਾਨੂੰ ਦੱਸਦਾ ਹਾਂ ਕਿ ਉਹ ਉੱਠ ਕੇ ਉਸ ਨੂੰ ਜੋ ਵੀ ਚਾਹੀਦਾ ਹੈ ਜ਼ਰੂਰ ਦੇਵੇਗਾ, ਪਰ ਇਸ ਕਰਕੇ ਨਹੀਂ ਕਿ ਉਹ ਉਸ ਦਾ ਦੋਸਤ ਹੈ, ਸਗੋਂ ਇਸ ਕਰਕੇ ਕਿ ਉਸ ਨੇ ਰੋਟੀਆਂ ਲਈ ਉਸ ਦਾ ਖਹਿੜਾ ਨਹੀਂ ਛੱਡਿਆ।+ 9 ਇਸ ਲਈ ਮੈਂ ਤੁਹਾਨੂੰ ਕਹਿੰਦਾ ਹਾਂ: ਮੰਗਦੇ ਰਹੋ,+ ਤਾਂ ਤੁਹਾਨੂੰ ਦਿੱਤਾ ਜਾਵੇਗਾ; ਲੱਭਦੇ ਰਹੋ, ਤਾਂ ਤੁਹਾਨੂੰ ਲੱਭ ਜਾਵੇਗਾ; ਦਰਵਾਜ਼ਾ ਖੜਕਾਉਂਦੇ ਰਹੋ, ਤਾਂ ਤੁਹਾਡੇ ਲਈ ਖੋਲ੍ਹਿਆ ਜਾਵੇਗਾ।+ 10 ਕਿਉਂਕਿ ਜੋ ਕੋਈ ਮੰਗਦਾ ਰਹਿੰਦਾ ਹੈ, ਉਸ ਨੂੰ ਮਿਲ ਜਾਂਦਾ ਹੈ+ ਅਤੇ ਜੋ ਕੋਈ ਲੱਭਦਾ ਰਹਿੰਦਾ ਹੈ, ਉਸ ਨੂੰ ਲੱਭ ਜਾਂਦਾ ਹੈ ਅਤੇ ਜੋ ਕੋਈ ਖੜਕਾਉਂਦਾ ਰਹਿੰਦਾ ਹੈ, ਉਸ ਲਈ ਖੋਲ੍ਹਿਆ ਜਾਵੇਗਾ। 11 ਦੱਸੋ ਤੁਹਾਡੇ ਵਿਚ ਕਿਹੜਾ ਅਜਿਹਾ ਪਿਤਾ ਹੈ ਜੋ ਆਪਣੇ ਪੁੱਤਰ ਨੂੰ ਮੱਛੀ ਮੰਗਣ ਤੇ ਸੱਪ ਫੜਾ ਦੇਵੇਗਾ?+ 12 ਜਾਂ ਆਂਡਾ ਮੰਗਣ ਤੇ ਬਿੱਛੂ ਫੜਾ ਦੇਵੇਗਾ? 13 ਇਸ ਲਈ, ਜੇ ਤੁਸੀਂ ਪਾਪੀ ਹੁੰਦੇ ਹੋਏ ਵੀ ਆਪਣੇ ਬੱਚਿਆਂ ਨੂੰ ਚੰਗੀਆਂ ਚੀਜ਼ਾਂ ਦੇਣੀਆਂ ਜਾਣਦੇ ਹੋ, ਤਾਂ ਇਸ ਗੱਲ ਦਾ ਪੂਰਾ ਭਰੋਸਾ ਰੱਖੋ ਕਿ ਸਵਰਗ ਵਿਚ ਰਹਿੰਦਾ ਪਿਤਾ ਉਨ੍ਹਾਂ ਨੂੰ ਪਵਿੱਤਰ ਸ਼ਕਤੀ ਜ਼ਰੂਰ ਦੇਵੇਗਾ ਜੋ ਉਸ ਤੋਂ ਮੰਗਦੇ ਹਨ!”+

14 ਬਾਅਦ ਵਿਚ ਯਿਸੂ ਨੇ ਇਕ ਗੁੰਗੇ ਆਦਮੀ ਵਿੱਚੋਂ ਦੁਸ਼ਟ ਦੂਤ ਨੂੰ ਕੱਢਿਆ।+ ਜਦੋਂ ਦੂਤ ਨਿਕਲ ਗਿਆ, ਤਾਂ ਉਹ ਗੁੰਗਾ ਬੋਲਣ ਲੱਗ ਪਿਆ ਅਤੇ ਇਹ ਦੇਖ ਕੇ ਭੀੜ ਨੂੰ ਬੜੀ ਹੈਰਾਨੀ ਹੋਈ।+ 15 ਪਰ ਭੀੜ ਵਿੱਚੋਂ ਕਈਆਂ ਨੇ ਕਿਹਾ: “ਉਹ ਦੁਸ਼ਟ ਦੂਤਾਂ ਦੇ ਸਰਦਾਰ ਬਆਲਜ਼ਬੂਲ* ਦੀ ਮਦਦ ਨਾਲ ਹੀ ਦੁਸ਼ਟ ਦੂਤਾਂ ਨੂੰ ਕੱਢਦਾ ਹੈ।”+ 16 ਪਰ ਹੋਰ ਕਈ ਜਣੇ ਉਸ ਨੂੰ ਅਜ਼ਮਾਉਣਾ ਚਾਹੁੰਦੇ ਸਨ, ਇਸ ਲਈ ਉਹ ਉਸ ਨੂੰ ਕਹਿਣ ਲੱਗੇ ਕਿ ਉਹ ਆਕਾਸ਼ੋਂ ਕੋਈ ਨਿਸ਼ਾਨੀ ਦਿਖਾਵੇ।+ 17 ਯਿਸੂ ਜਾਣ ਗਿਆ ਕਿ ਉਹ ਕੀ ਸੋਚ ਰਹੇ ਸਨ,+ ਇਸ ਲਈ ਉਸ ਨੇ ਉਨ੍ਹਾਂ ਨੂੰ ਕਿਹਾ: “ਜਿਸ ਰਾਜ ਵਿਚ ਫੁੱਟ ਪੈ ਜਾਵੇ, ਉਹ ਬਰਬਾਦ ਹੋ ਜਾਂਦਾ ਹੈ ਅਤੇ ਜਿਸ ਘਰ ਵਿਚ ਫੁੱਟ ਪੈ ਜਾਵੇ, ਉਹ ਤਬਾਹ ਹੋ ਜਾਂਦਾ ਹੈ। 18 ਇਸ ਲਈ ਜੇ ਸ਼ੈਤਾਨ ਆਪਣੇ ਹੀ ਖ਼ਿਲਾਫ਼ ਹੋ ਜਾਵੇ, ਤਾਂ ਉਸ ਦਾ ਰਾਜ ਕਿਵੇਂ ਕਾਇਮ ਰਹੇਗਾ? ਕਿਉਂਕਿ ਤੁਸੀਂ ਆਪ ਕਹਿੰਦੇ ਹੋ ਕਿ ਮੈਂ ਬਆਲਜ਼ਬੂਲ ਦੀ ਮਦਦ ਨਾਲ ਦੁਸ਼ਟ ਦੂਤ ਕੱਢਦਾ ਹਾਂ। 19 ਜੇ ਮੈਂ ਬਆਲਜ਼ਬੂਲ ਦੀ ਮਦਦ ਨਾਲ ਦੁਸ਼ਟ ਦੂਤ ਕੱਢਦਾ ਹਾਂ, ਤਾਂ ਤੁਹਾਡੇ ਚੇਲੇ ਕਿਸ ਦੀ ਮਦਦ ਨਾਲ ਉਨ੍ਹਾਂ ਨੂੰ ਕੱਢਦੇ ਹਨ? ਇਸ ਕਰਕੇ ਤੁਹਾਡੇ ਚੇਲੇ ਹੀ ਤੁਹਾਨੂੰ ਗ਼ਲਤ ਸਾਬਤ ਕਰਨਗੇ। 20 ਪਰ ਜੇ ਮੈਂ ਪਰਮੇਸ਼ੁਰ ਦੀ ਉਂਗਲ*+ ਨਾਲ ਦੁਸ਼ਟ ਦੂਤ ਕੱਢਦਾ ਹਾਂ, ਤਾਂ ਇਸ ਦਾ ਮਤਲਬ ਹੈ ਕਿ ਪਰਮੇਸ਼ੁਰ ਦਾ ਰਾਜ ਅਚਾਨਕ ਤੁਹਾਡੇ ਉੱਤੇ ਆ ਗਿਆ ਹੈ।+ 21 ਜਦੋਂ ਕੋਈ ਤਕੜਾ ਤੇ ਹਥਿਆਰਬੰਦ ਆਦਮੀ ਆਪਣੇ ਘਰ ਦੀ ਰਖਵਾਲੀ ਕਰਦਾ ਹੈ, ਤਾਂ ਉਸ ਦੇ ਘਰ ਦਾ ਸਾਮਾਨ ਸੁਰੱਖਿਅਤ ਰਹਿੰਦਾ ਹੈ। 22 ਪਰ ਜਦੋਂ ਉਸ ਤੋਂ ਵੀ ਤਕੜਾ ਆਦਮੀ ਆ ਕੇ ਉਸ ਨੂੰ ਹਰਾ ਦਿੰਦਾ ਹੈ, ਤਾਂ ਉਹ ਉਸ ਦੇ ਸਾਰੇ ਹਥਿਆਰ ਲੈ ਲੈਂਦਾ ਹੈ ਜਿਨ੍ਹਾਂ ਉੱਤੇ ਉਸ ਨੇ ਭਰੋਸਾ ਰੱਖਿਆ ਸੀ ਅਤੇ ਉਸ ਤੋਂ ਲੁੱਟੀਆਂ ਚੀਜ਼ਾਂ ਦੂਸਰਿਆਂ ਵਿਚ ਵੰਡ ਦਿੰਦਾ ਹੈ। 23 ਜਿਹੜਾ ਮੇਰੇ ਵੱਲ ਨਹੀਂ ਹੈ, ਉਹ ਮੇਰੇ ਖ਼ਿਲਾਫ਼ ਹੈ ਅਤੇ ਜਿਹੜਾ ਮੇਰੇ ਨਾਲ ਲੋਕਾਂ ਨੂੰ ਇਕੱਠਾ ਨਹੀਂ ਕਰਦਾ, ਉਹ ਲੋਕਾਂ ਨੂੰ ਖਿੰਡਾਉਂਦਾ ਹੈ।+

24 “ਜਦੋਂ ਕਿਸੇ ਆਦਮੀ ਵਿੱਚੋਂ ਦੁਸ਼ਟ ਦੂਤ ਨਿਕਲਦਾ ਹੈ, ਤਾਂ ਉਹ ਦੁਸ਼ਟ ਦੂਤ ਰਹਿਣ ਵਾਸਤੇ ਜਗ੍ਹਾ ਲੱਭਣ ਲਈ ਸੁੱਕੇ ਇਲਾਕਿਆਂ ਵਿਚ ਭਟਕਦਾ ਫਿਰਦਾ ਹੈ, ਪਰ ਉਸ ਨੂੰ ਕੋਈ ਜਗ੍ਹਾ ਨਹੀਂ ਮਿਲਦੀ। ਫਿਰ ਉਹ ਕਹਿੰਦਾ ਹੈ, ‘ਮੈਂ ਵਾਪਸ ਆਪਣੇ ਉਸੇ ਘਰ ਵਿਚ ਜਾਵਾਂਗਾ ਜਿਸ ਵਿੱਚੋਂ ਮੈਂ ਨਿਕਲਿਆ ਸੀ।’+ 25 ਉਹ ਵਾਪਸ ਆ ਕੇ ਦੇਖਦਾ ਹੈ ਕਿ ਘਰ ਝਾੜ-ਪੂੰਝ ਕੇ ਸਜਾਇਆ ਹੋਇਆ ਹੈ। 26 ਫਿਰ ਉਹ ਜਾ ਕੇ ਆਪਣੇ ਨਾਲ ਹੋਰ ਸੱਤ ਦੂਤਾਂ ਨੂੰ ਲਿਆਉਂਦਾ ਹੈ ਜਿਹੜੇ ਉਸ ਨਾਲੋਂ ਵੀ ਜ਼ਿਆਦਾ ਦੁਸ਼ਟ ਹਨ ਅਤੇ ਉਸ ਆਦਮੀ ਵਿਚ ਵੜ ਕੇ ਉੱਥੇ ਰਹਿਣ ਲੱਗ ਪੈਂਦੇ ਹਨ। ਫਿਰ ਉਸ ਆਦਮੀ ਦਾ ਹਾਲ ਪਹਿਲਾਂ ਨਾਲੋਂ ਵੀ ਜ਼ਿਆਦਾ ਬੁਰਾ ਹੋ ਜਾਂਦਾ ਹੈ।”

27 ਜਦੋਂ ਉਹ ਇਹ ਗੱਲ ਕਹਿ ਰਿਹਾ ਸੀ, ਤਾਂ ਭੀੜ ਵਿੱਚੋਂ ਇਕ ਔਰਤ ਉੱਠ ਕੇ ਉੱਚੀ-ਉੱਚੀ ਉਸ ਨੂੰ ਕਹਿਣ ਲੱਗੀ: “ਧੰਨ ਹੈ ਤੇਰੀ ਮਾਤਾ ਜਿਸ ਨੇ ਤੈਨੂੰ ਜਨਮ ਦਿੱਤਾ ਅਤੇ ਤੈਨੂੰ ਦੁੱਧ ਚੁੰਘਾਇਆ!”+ 28 ਪਰ ਯਿਸੂ ਨੇ ਕਿਹਾ: “ਨਹੀਂ, ਸਗੋਂ ਧੰਨ ਉਹ ਹਨ ਜਿਹੜੇ ਪਰਮੇਸ਼ੁਰ ਦਾ ਬਚਨ ਸੁਣਦੇ ਅਤੇ ਇਸ ਅਨੁਸਾਰ ਚੱਲਦੇ ਹਨ!”+

29 ਜਦੋਂ ਭੀੜ ਵਧਣ ਲੱਗੀ, ਤਾਂ ਉਸ ਨੇ ਕਹਿਣਾ ਸ਼ੁਰੂ ਕੀਤਾ: “ਇਹ ਪੀੜ੍ਹੀ ਦੁਸ਼ਟ ਪੀੜ੍ਹੀ ਹੈ ਜੋ ਨਿਸ਼ਾਨੀ ਦੇਖਣਾ ਚਾਹੁੰਦੀ ਹੈ, ਪਰ ਇਸ ਨੂੰ ਯੂਨਾਹ ਦੀ ਨਿਸ਼ਾਨੀ ਤੋਂ ਸਿਵਾਇ ਹੋਰ ਕੋਈ ਨਿਸ਼ਾਨੀ ਨਹੀਂ ਦਿਖਾਈ ਜਾਵੇਗੀ।+ 30 ਕਿਉਂਕਿ ਜਿਵੇਂ ਯੂਨਾਹ+ ਨੀਨਵਾਹ ਦੇ ਲੋਕਾਂ ਲਈ ਨਿਸ਼ਾਨੀ ਬਣਿਆ, ਉਸੇ ਤਰ੍ਹਾਂ ਮਨੁੱਖ ਦਾ ਪੁੱਤਰ ਵੀ ਇਸ ਪੀੜ੍ਹੀ ਲਈ ਨਿਸ਼ਾਨੀ ਬਣੇਗਾ। 31 ਨਿਆਂ ਦੇ ਦਿਨ ਦੱਖਣ ਦੀ ਰਾਣੀ+ ਨੂੰ ਇਸ ਪੀੜ੍ਹੀ ਦੇ ਲੋਕਾਂ ਨਾਲ ਦੁਬਾਰਾ ਜੀਉਂਦਾ ਕੀਤਾ ਜਾਵੇਗਾ ਅਤੇ ਉਹ ਉਨ੍ਹਾਂ ਨੂੰ ਦੋਸ਼ੀ ਠਹਿਰਾਵੇਗੀ ਕਿਉਂਕਿ ਉਹ ਧਰਤੀ ਦੀ ਦੂਰ-ਦੁਰੇਡੀ ਜਗ੍ਹਾ ਤੋਂ ਸੁਲੇਮਾਨ ਕੋਲੋਂ ਬੁੱਧ ਦੀਆਂ ਗੱਲਾਂ ਸੁਣਨ ਆਈ ਸੀ। ਪਰ ਦੇਖੋ! ਇੱਥੇ ਸੁਲੇਮਾਨ ਨਾਲੋਂ ਵੀ ਕੋਈ ਮਹਾਨ ਹੈ।+ 32 ਨਿਆਂ ਦੇ ਦਿਨ ਨੀਨਵਾਹ ਦੇ ਲੋਕਾਂ ਨੂੰ ਇਸ ਪੀੜ੍ਹੀ ਨਾਲ ਦੁਬਾਰਾ ਜੀਉਂਦਾ ਕੀਤਾ ਜਾਵੇਗਾ ਅਤੇ ਉਹ ਇਸ ਪੀੜ੍ਹੀ ਨੂੰ ਦੋਸ਼ੀ ਠਹਿਰਾਉਣਗੇ ਕਿਉਂਕਿ ਉਨ੍ਹਾਂ ਨੇ ਯੂਨਾਹ ਦੀਆਂ ਗੱਲਾਂ ਸੁਣ ਕੇ ਤੋਬਾ ਕੀਤੀ ਸੀ।+ ਪਰ ਦੇਖੋ! ਇੱਥੇ ਯੂਨਾਹ ਨਾਲੋਂ ਵੀ ਕੋਈ ਮਹਾਨ ਹੈ। 33 ਕੋਈ ਵੀ ਦੀਵਾ ਬਾਲ਼ ਕੇ ਲੁਕਾਉਂਦਾ ਨਹੀਂ ਜਾਂ ਟੋਕਰੀ ਹੇਠਾਂ ਨਹੀਂ ਰੱਖਦਾ, ਸਗੋਂ ਉੱਚੀ ਜਗ੍ਹਾ ਰੱਖਦਾ ਹੈ+ ਤਾਂਕਿ ਕਮਰੇ ਵਿਚ ਆਉਣ ਵਾਲੇ ਲੋਕ ਚਾਨਣ ਨੂੰ ਦੇਖ ਸਕਣ। 34 ਸਰੀਰ ਦਾ ਦੀਵਾ ਤੇਰੀ ਅੱਖ ਹੈ। ਜਦੋਂ ਤੇਰੀ ਅੱਖ ਇੱਕੋ ਨਿਸ਼ਾਨੇ ʼਤੇ ਟਿਕੀ ਹੁੰਦੀ ਹੈ, ਤਾਂ ਤੇਰਾ ਸਾਰਾ ਸਰੀਰ ਵੀ ਰੌਸ਼ਨ ਹੁੰਦਾ ਹੈ, ਪਰ ਜਦੋਂ ਤੇਰੀ ਅੱਖ ਲੋਭ ਨਾਲ ਭਰੀ ਹੁੰਦੀ ਹੈ, ਤਾਂ ਤੇਰਾ ਸਾਰਾ ਸਰੀਰ ਹਨੇਰੇ ਵਿਚ ਹੁੰਦਾ ਹੈ।+ 35 ਇਸ ਲਈ ਧਿਆਨ ਰੱਖ ਕਿ ਤੇਰੇ ਵਿਚ ਜੋ ਚਾਨਣ ਹੈ, ਉਹ ਕਿਤੇ ਹਨੇਰਾ ਨਾ ਹੋਵੇ। 36 ਇਸ ਕਰਕੇ ਜੇ ਤੇਰਾ ਸਾਰਾ ਸਰੀਰ ਚਾਨਣ ਨਾਲ ਭਰਿਆ ਹੋਇਆ ਹੈ ਅਤੇ ਇਸ ਦੇ ਕਿਸੇ ਵੀ ਹਿੱਸੇ ਵਿਚ ਹਨੇਰਾ ਨਹੀਂ ਹੈ, ਤਾਂ ਤੇਰਾ ਸਾਰਾ ਸਰੀਰ ਇੰਨਾ ਰੌਸ਼ਨ ਹੋਵੇਗਾ ਜਿਵੇਂ ਇਕ ਦੀਵਾ ਆਪਣੀਆਂ ਕਿਰਨਾਂ ਨਾਲ ਤੈਨੂੰ ਰੌਸ਼ਨ ਕਰਦਾ ਹੈ।”

37 ਜਦੋਂ ਉਹ ਇਹ ਗੱਲਾਂ ਕਹਿ ਹਟਿਆ, ਤਾਂ ਇਕ ਫ਼ਰੀਸੀ ਨੇ ਉਸ ਨੂੰ ਖਾਣਾ ਖਾਣ ਲਈ ਬੁਲਾਇਆ। ਉਹ ਫ਼ਰੀਸੀ ਨਾਲ ਉਸ ਦੇ ਘਰ ਚਲਾ ਗਿਆ ਤੇ ਖਾਣ ਲਈ ਬੈਠ ਗਿਆ। 38 ਪਰ ਫ਼ਰੀਸੀ ਇਹ ਦੇਖ ਕੇ ਹੈਰਾਨ ਹੋਇਆ ਕਿ ਉਸ ਨੇ ਰੋਟੀ ਖਾਣ ਤੋਂ ਪਹਿਲਾਂ ਆਪਣੇ ਹੱਥ ਨਹੀਂ ਧੋਤੇ।*+ 39 ਪਰ ਪ੍ਰਭੂ ਨੇ ਉਸ ਨੂੰ ਕਿਹਾ: “ਫ਼ਰੀਸੀਓ, ਤੁਸੀਂ ਕੱਪ ਅਤੇ ਥਾਲ਼ੀ ਨੂੰ ਬਾਹਰੋਂ ਤਾਂ ਸਾਫ਼ ਕਰਦੇ ਹੋ, ਪਰ ਤੁਸੀਂ ਅੰਦਰੋਂ ਲਾਲਚ ਤੇ ਬੁਰਾਈ ਨਾਲ ਭਰੇ ਹੋਏ ਹੋ।+ 40 ਅਕਲ ਦੇ ਵੈਰਿਓ! ਜਿਸ ਨੇ ਇਨਸਾਨ ਨੂੰ ਬਾਹਰੋਂ ਬਣਾਇਆ ਹੈ, ਕੀ ਉਸ ਨੇ ਇਨਸਾਨ ਨੂੰ ਅੰਦਰੋਂ ਨਹੀਂ ਬਣਾਇਆ? 41 ਇਸ ਲਈ ਤੁਹਾਡੇ ਦਿਲ ਵਿਚ ਜੋ ਵੀ ਹੈ, ਉਹ ਤੁਸੀਂ ਦਇਆ ਕਰ ਕੇ ਦੂਜਿਆਂ ਨੂੰ ਦਾਨ* ਕਰ ਦਿਓ, ਫਿਰ ਦੇਖਿਓ! ਬਾਕੀ ਗੱਲਾਂ ਵਿਚ ਵੀ ਤੁਸੀਂ ਸ਼ੁੱਧ ਹੋ ਜਾਓਗੇ। 42 ਲਾਹਨਤ ਹੈ ਤੁਹਾਡੇ ʼਤੇ ਫ਼ਰੀਸੀਓ! ਕਿਉਂਕਿ ਤੁਸੀਂ ਪੁਦੀਨੇ, ਹਰਮਲ* ਅਤੇ ਹੋਰ ਸਾਰੀਆਂ ਸਬਜ਼ੀਆਂ ਦਾ ਦਸਵਾਂ ਹਿੱਸਾ ਤਾਂ ਦਿੰਦੇ ਹੋ,+ ਪਰ ਤੁਸੀਂ ਪਰਮੇਸ਼ੁਰ ਵਾਂਗ ਨਿਆਂ ਅਤੇ ਪਿਆਰ ਨਹੀਂ ਕਰਦੇ! ਦਸਵਾਂ ਹਿੱਸਾ ਤਾਂ ਦੇਣਾ ਹੀ ਹੈ, ਪਰ ਇਨ੍ਹਾਂ ਜ਼ਰੂਰੀ ਗੱਲਾਂ ਨੂੰ ਵੀ ਨਜ਼ਰਅੰਦਾਜ਼ ਨਾ ਕਰੋ।+ 43 ਲਾਹਨਤ ਹੈ ਤੁਹਾਡੇ ʼਤੇ ਫ਼ਰੀਸੀਓ ਕਿਉਂਕਿ ਤੁਸੀਂ ਸਭਾ ਘਰਾਂ ਵਿਚ ਅੱਗੇ ਹੋ-ਹੋ ਕੇ* ਬੈਠਣਾ ਪਸੰਦ ਕਰਦੇ ਹੋ ਅਤੇ ਚਾਹੁੰਦੇ ਹੋ ਕਿ ਬਾਜ਼ਾਰਾਂ ਵਿਚ ਲੋਕ ਤੁਹਾਨੂੰ ਸਲਾਮਾਂ ਕਰਨ!+ 44 ਲਾਹਨਤ ਹੈ ਤੁਹਾਡੇ ʼਤੇ ਕਿਉਂਕਿ ਤੁਸੀਂ ਉਨ੍ਹਾਂ ਕਬਰਾਂ ਵਰਗੇ ਹੋ ਜਿਨ੍ਹਾਂ ਉੱਤੋਂ ਦੀ ਲੋਕ ਅਣਜਾਣੇ ਵਿਚ ਲੰਘਦੇ ਹਨ ਕਿਉਂਕਿ ਉਹ ਉੱਪਰੋਂ ਦਿਖਾਈ ਨਹੀਂ ਦਿੰਦੀਆਂ!”*+

45 ਇਹ ਸੁਣ ਕੇ ਮੂਸਾ ਦੇ ਕਾਨੂੰਨ ਦੇ ਇਕ ਮਾਹਰ ਨੇ ਉਸ ਨੂੰ ਕਿਹਾ: “ਗੁਰੂ ਜੀ, ਤੂੰ ਇਹ ਗੱਲਾਂ ਕਹਿ ਕੇ ਸਾਡੀ ਵੀ ਬੇਇੱਜ਼ਤੀ ਕਰ ਰਿਹਾ ਹੈਂ।” 46 ਫਿਰ ਉਸ ਨੇ ਕਿਹਾ: “ਲਾਹਨਤ ਹੈ ਤੁਹਾਡੇ ʼਤੇ ਵੀ, ਕਾਨੂੰਨ ਦੇ ਮਾਹਰੋ ਕਿਉਂਕਿ ਤੁਹਾਡੇ ਨਿਯਮ ਭਾਰੇ ਬੋਝ ਵਾਂਗ ਹਨ ਜਿਸ ਨੂੰ ਚੁੱਕਣਾ ਬਹੁਤ ਮੁਸ਼ਕਲ ਹੈ ਅਤੇ ਤੁਸੀਂ ਇਸ ਨੂੰ ਲੋਕਾਂ ਦੇ ਮੋਢਿਆਂ ʼਤੇ ਰੱਖਦੇ ਹੋ, ਪਰ ਤੁਸੀਂ ਆਪ ਇਸ ਨੂੰ ਆਪਣੀ ਉਂਗਲ ਵੀ ਨਹੀਂ ਲਾਉਂਦੇ!+

47 “ਲਾਹਨਤ ਹੈ ਤੁਹਾਡੇ ʼਤੇ ਕਿਉਂਕਿ ਤੁਸੀਂ ਨਬੀਆਂ ਦੀਆਂ ਸਮਾਧਾਂ ਬਣਾਉਂਦੇ ਹੋ, ਪਰ ਤੁਹਾਡੇ ਹੀ ਪਿਉ-ਦਾਦਿਆਂ ਨੇ ਉਨ੍ਹਾਂ ਦਾ ਕਤਲ ਕੀਤਾ ਸੀ!+ 48 ਤੁਸੀਂ ਆਪਣੇ ਪਿਉ-ਦਾਦਿਆਂ ਦੇ ਇਨ੍ਹਾਂ ਕਾਰਿਆਂ ਦੇ ਗਵਾਹ ਹੋ, ਫਿਰ ਵੀ ਤੁਸੀਂ ਉਨ੍ਹਾਂ ਨੂੰ ਸਹੀ ਠਹਿਰਾਉਂਦੇ ਹੋ। ਉਨ੍ਹਾਂ ਨੇ ਨਬੀਆਂ ਦਾ ਕਤਲ ਕੀਤਾ,+ ਪਰ ਤੁਸੀਂ ਉਨ੍ਹਾਂ ਦੀਆਂ ਕਬਰਾਂ ਬਣਾਉਂਦੇ ਹੋ। 49 ਇਸ ਕਰਕੇ ਬੁੱਧੀਮਾਨ ਪਰਮੇਸ਼ੁਰ* ਨੇ ਇਹ ਵੀ ਕਿਹਾ: ‘ਮੈਂ ਆਪਣੇ ਨਬੀਆਂ ਅਤੇ ਰਸੂਲਾਂ ਨੂੰ ਉਨ੍ਹਾਂ ਕੋਲ ਘੱਲਾਂਗਾ ਅਤੇ ਉਹ ਉਨ੍ਹਾਂ ਵਿੱਚੋਂ ਕਈਆਂ ਨੂੰ ਮਾਰ ਦੇਣਗੇ ਅਤੇ ਕਈਆਂ ਉੱਤੇ ਅਤਿਆਚਾਰ ਕਰਨਗੇ, 50 ਇਸ ਕਰਕੇ ਦੁਨੀਆਂ ਦੀ ਨੀਂਹ* ਰੱਖਣ ਦੇ ਸਮੇਂ ਤੋਂ ਸਾਰੇ ਨਬੀਆਂ ਦਾ ਖ਼ੂਨ ਇਸ ਪੀੜ੍ਹੀ ਦੇ ਲੋਕਾਂ ਸਿਰ ਲੱਗੇਗਾ,+ 51 ਯਾਨੀ ਹਾਬਲ ਦੇ ਖ਼ੂਨ ਤੋਂ ਲੈ ਕੇ ਜ਼ਕਰਯਾਹ ਦੇ ਖ਼ੂਨ ਤਕ,+ ਜਿਸ ਨੂੰ ਵੇਦੀ ਅਤੇ ਮੰਦਰ ਦੇ ਵਿਚਕਾਰ ਜਾਨੋਂ ਮਾਰਿਆ ਗਿਆ ਸੀ।’+ ਹਾਂ, ਮੈਂ ਤੁਹਾਨੂੰ ਕਹਿੰਦਾ ਹਾਂ: ਉਨ੍ਹਾਂ ਦਾ ਖ਼ੂਨ ਇਸ ਪੀੜ੍ਹੀ ਦੇ ਲੋਕਾਂ ਸਿਰ ਲੱਗੇਗਾ।

52 “ਲਾਹਨਤ ਹੈ ਤੁਹਾਡੇ ʼਤੇ ਮੂਸਾ ਦੇ ਕਾਨੂੰਨ ਦੇ ਮਾਹਰੋ ਕਿਉਂਕਿ ਤੁਸੀਂ ਪਰਮੇਸ਼ੁਰ ਦੇ ਗਿਆਨ ਦੇ ਦਰਵਾਜ਼ੇ ਦੀ ਚਾਬੀ ਦੱਬੀ ਬੈਠੇ ਹੋ; ਤੁਸੀਂ ਆਪ ਤਾਂ ਅੰਦਰ ਗਏ ਨਹੀਂ, ਸਗੋਂ ਤੁਸੀਂ ਉਨ੍ਹਾਂ ਨੂੰ ਵੀ ਰੋਕਣ ਦੀ ਕੋਸ਼ਿਸ਼ ਕਰਦੇ ਹੋ ਜਿਹੜੇ ਅੰਦਰ ਜਾ ਰਹੇ ਹਨ!”+

53 ਇਸ ਲਈ ਜਦੋਂ ਯਿਸੂ ਫ਼ਰੀਸੀ ਦੇ ਘਰੋਂ ਬਾਹਰ ਚਲਾ ਗਿਆ, ਤਾਂ ਗ੍ਰੰਥੀਆਂ ਅਤੇ ਫ਼ਰੀਸੀਆਂ ਨੇ ਉਸ ਨੂੰ ਡਰਾਉਣ-ਧਮਕਾਉਣ ਲਈ ਆ ਘੇਰਿਆ ਅਤੇ ਉਸ ਉੱਤੇ ਸਵਾਲਾਂ ਦੀ ਬੁਛਾੜ ਕਰਨ ਲੱਗ ਪਏ 54 ਤਾਂਕਿ ਉਹ ਉਸ ਦੇ ਮੂੰਹੋਂ ਨਿਕਲੀ ਕਿਸੇ ਗੱਲ ਨੂੰ ਫੜ ਕੇ ਉਸ ਨੂੰ ਫਸਾ ਲੈਣ।+

12 ਉਸ ਵੇਲੇ ਹਜ਼ਾਰਾਂ ਲੋਕਾਂ ਦੀ ਭੀੜ ਲੱਗ ਗਈ ਜਿਸ ਕਰਕੇ ਲੋਕ ਇਕ-ਦੂਜੇ ਉੱਤੇ ਡਿਗਣ ਲੱਗ ਪਏ। ਯਿਸੂ ਨੇ ਪਹਿਲਾਂ ਆਪਣੇ ਚੇਲਿਆਂ ਨੂੰ ਕਿਹਾ: “ਫ਼ਰੀਸੀਆਂ ਦੇ ਖਮੀਰ ਯਾਨੀ ਪਖੰਡ ਤੋਂ ਬਚ ਕੇ ਰਹੋ।+ 2 ਪਰ ਅਜਿਹੀ ਕੋਈ ਵੀ ਗੱਲ ਨਹੀਂ ਹੈ ਜਿਹੜੀ ਬੜੇ ਧਿਆਨ ਨਾਲ ਗੁਪਤ ਰੱਖੀ ਗਈ ਹੈ ਜੋ ਜ਼ਾਹਰ ਨਾ ਕੀਤੀ ਜਾਵੇਗੀ ਅਤੇ ਅਜਿਹਾ ਕੋਈ ਭੇਤ ਨਹੀਂ ਹੈ ਜੋ ਖੋਲ੍ਹਿਆ ਨਾ ਜਾਵੇਗਾ।+ 3 ਇਸ ਕਰਕੇ ਜਿਹੜੀਆਂ ਗੱਲਾਂ ਤੁਸੀਂ ਹਨੇਰੇ ਵਿਚ ਕਹਿੰਦੇ ਹੋ, ਉਹ ਚਾਨਣ ਵਿਚ ਸੁਣੀਆਂ ਜਾਣਗੀਆਂ ਅਤੇ ਜਿਹੜੀਆਂ ਗੱਲਾਂ ਤੁਸੀਂ ਪਰਦੇ ਓਹਲੇ ਕਿਸੇ ਦੇ ਕੰਨਾਂ ਵਿਚ ਕਹਿੰਦੇ ਹੋ, ਉਹ ਕੋਠਿਆਂ ਤੋਂ ਦੱਸੀਆਂ ਜਾਣਗੀਆਂ। 4 ਇਸ ਤੋਂ ਇਲਾਵਾ, ਦੋਸਤੋ,+ ਮੈਂ ਤੁਹਾਨੂੰ ਕਹਿੰਦਾ ਹਾਂ: ਤੁਸੀਂ ਉਨ੍ਹਾਂ ਤੋਂ ਨਾ ਡਰੋ ਜਿਹੜੇ ਤੁਹਾਨੂੰ ਜਾਨੋਂ ਤਾਂ ਮਾਰ ਸਕਦੇ ਹਨ, ਪਰ ਇਸ ਤੋਂ ਜ਼ਿਆਦਾ ਹੋਰ ਕੁਝ ਨਹੀਂ ਕਰ ਸਕਦੇ।+ 5 ਪਰ ਮੈਂ ਤੁਹਾਨੂੰ ਦੱਸਦਾ ਹਾਂ ਕਿ ਕਿਸ ਤੋਂ ਡਰਨਾ ਚਾਹੀਦਾ ਹੈ: ਉਸ ਤੋਂ ਡਰੋ ਜਿਸ ਕੋਲ ਮਾਰਨ ਤੋਂ ਬਾਅਦ ਤੁਹਾਨੂੰ ‘ਗ਼ਹੈਨਾ’* ਵਿਚ ਸੁੱਟਣ ਦਾ ਵੀ ਅਧਿਕਾਰ ਹੈ।+ ਹਾਂ, ਮੈਂ ਤੁਹਾਨੂੰ ਕਹਿੰਦਾ ਹਾਂ ਕਿ ਸਿਰਫ਼ ਉਸੇ ਤੋਂ ਡਰੋ।+ 6 ਕੀ ਦੋ ਪੈਸਿਆਂ* ਦੀਆਂ ਪੰਜ ਚਿੜੀਆਂ ਨਹੀਂ ਵਿਕਦੀਆਂ? ਪਰ ਪਰਮੇਸ਼ੁਰ ਇਨ੍ਹਾਂ ਵਿੱਚੋਂ ਇਕ ਨੂੰ ਵੀ ਨਹੀਂ ਭੁੱਲਦਾ।*+ 7 ਤੁਹਾਡੇ ਤਾਂ ਸਗੋਂ ਸਿਰ ਦੇ ਸਾਰੇ ਵਾਲ਼ ਵੀ ਗਿਣੇ ਹੋਏ ਹਨ।+ ਇਸ ਲਈ ਡਰੋ ਨਾ; ਤੁਸੀਂ ਇਨ੍ਹਾਂ ਸਾਰੀਆਂ ਚਿੜੀਆਂ ਨਾਲੋਂ ਕਿਤੇ ਜ਼ਿਆਦਾ ਅਨਮੋਲ ਹੋ।+

8 “ਇਸ ਲਈ ਮੈਂ ਤੁਹਾਨੂੰ ਕਹਿੰਦਾ ਹਾਂ, ਹਰ ਕੋਈ ਜੋ ਮੈਨੂੰ ਇਨਸਾਨਾਂ ਸਾਮ੍ਹਣੇ ਕਬੂਲ ਕਰਦਾ ਹੈ,+ ਮਨੁੱਖ ਦਾ ਪੁੱਤਰ ਵੀ ਉਸ ਨੂੰ ਪਰਮੇਸ਼ੁਰ ਦੇ ਦੂਤਾਂ ਸਾਮ੍ਹਣੇ ਕਬੂਲ ਕਰੇਗਾ।+ 9 ਪਰ ਜੋ ਮੈਨੂੰ ਇਨਸਾਨਾਂ ਸਾਮ੍ਹਣੇ ਕਬੂਲ ਨਹੀਂ ਕਰਦਾ, ਮੈਂ ਵੀ ਉਸ ਨੂੰ ਪਰਮੇਸ਼ੁਰ ਦੇ ਦੂਤਾਂ ਸਾਮ੍ਹਣੇ ਕਬੂਲ ਨਹੀਂ ਕਰਾਂਗਾ।+ 10 ਮਨੁੱਖ ਦੇ ਪੁੱਤਰ ਦੇ ਖ਼ਿਲਾਫ਼ ਬੋਲਣ ਵਾਲੇ ਨੂੰ ਮਾਫ਼ ਕੀਤਾ ਜਾਵੇਗਾ, ਪਰ ਪਵਿੱਤਰ ਸ਼ਕਤੀ ਦੀ ਨਿੰਦਿਆ ਕਰਨ ਵਾਲੇ ਨੂੰ ਮਾਫ਼ ਨਹੀਂ ਕੀਤਾ ਜਾਵੇਗਾ।+ 11 ਜਦੋਂ ਲੋਕ ਤੁਹਾਨੂੰ ਜਨਤਕ ਸਭਾਵਾਂ,* ਸਰਕਾਰੀ ਅਫ਼ਸਰਾਂ ਅਤੇ ਅਧਿਕਾਰ ਰੱਖਣ ਵਾਲਿਆਂ ਸਾਮ੍ਹਣੇ ਪੇਸ਼ ਕਰਨ, ਤਾਂ ਤੁਸੀਂ ਇਸ ਗੱਲ ਦੀ ਚਿੰਤਾ ਨਾ ਕਰਿਓ ਕਿ ਤੁਸੀਂ ਆਪਣੀ ਸਫ਼ਾਈ ਕਿਵੇਂ ਦਿਓਗੇ ਜਾਂ ਤੁਸੀਂ ਕੀ ਕਹੋਗੇ+ 12 ਕਿਉਂਕਿ ਪਵਿੱਤਰ ਸ਼ਕਤੀ ਤੁਹਾਨੂੰ ਉਸੇ ਵੇਲੇ ਦੱਸ ਦੇਵੇਗੀ ਕਿ ਤੁਸੀਂ ਕੀ ਕਹਿਣਾ ਹੈ।”+

13 ਫਿਰ ਭੀੜ ਵਿੱਚੋਂ ਇਕ ਆਦਮੀ ਨੇ ਉਸ ਨੂੰ ਕਿਹਾ: “ਗੁਰੂ ਜੀ, ਮੇਰੇ ਭਰਾ ਨੂੰ ਕਹਿ ਕਿ ਉਹ ਸਾਡੀ ਜਾਇਦਾਦ ਦਾ ਬਟਵਾਰਾ ਕਰ ਲਵੇ।” 14 ਉਸ ਨੇ ਉਸ ਆਦਮੀ ਨੂੰ ਕਿਹਾ: “ਕਿਸ ਨੇ ਮੈਨੂੰ ਤੁਹਾਡਾ ਨਿਆਂਕਾਰ ਜਾਂ ਜਾਇਦਾਦ ਵੰਡਣ ਵਾਲਾ ਨਿਯੁਕਤ ਕੀਤਾ ਹੈ?” 15 ਫਿਰ ਉਸ ਨੇ ਲੋਕਾਂ ਨੂੰ ਕਿਹਾ: “ਆਪਣੀਆਂ ਅੱਖਾਂ ਖੁੱਲ੍ਹੀਆਂ ਰੱਖੋ ਅਤੇ ਹਰ ਤਰ੍ਹਾਂ ਦੇ ਲੋਭ ਤੋਂ ਖ਼ਬਰਦਾਰ ਰਹੋ+ ਕਿਉਂਕਿ ਭਾਵੇਂ ਕਿਸੇ ਇਨਸਾਨ ਕੋਲ ਜਿੰਨੀਆਂ ਮਰਜ਼ੀ ਚੀਜ਼ਾਂ ਹੋਣ, ਪਰ ਉਸ ਦੀ ਜ਼ਿੰਦਗੀ ਇਨ੍ਹਾਂ ਚੀਜ਼ਾਂ ਉੱਤੇ ਨਿਰਭਰ ਨਹੀਂ ਕਰਦੀ।”+ 16 ਫਿਰ ਉਸ ਨੇ ਉਨ੍ਹਾਂ ਨੂੰ ਇਕ ਮਿਸਾਲ ਦਿੱਤੀ: “ਇਕ ਅਮੀਰ ਆਦਮੀ ਦੇ ਖੇਤਾਂ ਵਿਚ ਭਰਪੂਰ ਫ਼ਸਲ ਹੋਈ। 17 ਇਸ ਕਰਕੇ ਉਹ ਆਪਣੇ ਮਨ ਵਿਚ ਸੋਚਣ ਲੱਗਾ, ‘ਮੈਂ ਹੁਣ ਕੀ ਕਰਾਂ ਕਿਉਂਕਿ ਮੇਰੇ ਕੋਲ ਇੰਨੀ ਫ਼ਸਲ ਸਾਂਭਣ ਲਈ ਜਗ੍ਹਾ ਨਹੀਂ ਹੈ?’ 18 ਫਿਰ ਉਸ ਨੇ ਕਿਹਾ, ‘ਮੈਂ ਇੱਦਾਂ ਕਰਾਂਗਾ:+ ਮੈਂ ਦਾਣਿਆਂ ਦੀਆਂ ਕੋਠੀਆਂ ਢਾਹ ਕੇ ਵੱਡੀਆਂ ਬਣਾਵਾਂਗਾ ਅਤੇ ਮੈਂ ਆਪਣੇ ਸਾਰੇ ਦਾਣੇ ਅਤੇ ਆਪਣੀਆਂ ਸਾਰੀਆਂ ਚੀਜ਼ਾਂ ਉਨ੍ਹਾਂ ਵਿਚ ਰੱਖ ਦਿਆਂਗਾ 19 ਅਤੇ ਫਿਰ ਮੈਂ ਆਪਣੇ ਆਪ ਨੂੰ ਕਹਾਂਗਾ: “ਤੇਰੇ ਕੋਲ ਕਈ ਸਾਲਾਂ ਵਾਸਤੇ ਬਹੁਤ ਚੰਗੀਆਂ ਚੀਜ਼ਾਂ ਜਮ੍ਹਾ ਹਨ; ਹੁਣ ਤੂੰ ਆਰਾਮ ਕਰ, ਖਾ-ਪੀ ਤੇ ਮੌਜਾਂ ਮਾਣ।”’ 20 ਪਰ ਪਰਮੇਸ਼ੁਰ ਨੇ ਉਸ ਨੂੰ ਕਿਹਾ, ‘ਓਏ ਅਕਲ ਦੇ ਅੰਨ੍ਹਿਆ, ਅੱਜ ਰਾਤ ਨੂੰ ਹੀ ਉਹ ਤੇਰੀ ਜਾਨ ਲੈ ਲੈਣਗੇ। ਫਿਰ ਇਹ ਸਾਰੀਆਂ ਚੀਜ਼ਾਂ ਜੋ ਤੂੰ ਇਕੱਠੀਆਂ ਕੀਤੀਆਂ ਹਨ, ਕਿਸ ਦੀਆਂ ਹੋਣਗੀਆਂ?’+ 21 ਹਾਂ, ਅਜਿਹੇ ਆਦਮੀ ਦਾ ਇਹੋ ਅੰਜਾਮ ਹੁੰਦਾ ਹੈ ਜਿਹੜਾ ਆਪਣੇ ਲਈ ਧਨ-ਦੌਲਤ ਇਕੱਠੀ ਕਰਦਾ ਹੈ, ਪਰ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਅਮੀਰ ਨਹੀਂ ਹੁੰਦਾ।”+

22 ਫਿਰ ਉਸ ਨੇ ਆਪਣੇ ਚੇਲਿਆਂ ਨੂੰ ਕਿਹਾ: “ਇਸ ਕਰਕੇ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਤੁਸੀਂ ਆਪਣੀ ਜ਼ਿੰਦਗੀ ਦੀ ਚਿੰਤਾ ਕਰਨੀ ਛੱਡ ਦਿਓ ਕਿ ਤੁਸੀਂ ਕੀ ਖਾਓਗੇ ਜਾਂ ਆਪਣੇ ਸਰੀਰ ਦੀ ਕਿ ਤੁਸੀਂ ਕੀ ਪਹਿਨੋਗੇ।+ 23 ਜ਼ਿੰਦਗੀ ਭੋਜਨ ਨਾਲੋਂ ਅਤੇ ਸਰੀਰ ਕੱਪੜਿਆਂ ਨਾਲੋਂ ਕਿਤੇ ਜ਼ਿਆਦਾ ਕੀਮਤੀ ਹੈ। 24 ਜ਼ਰਾ ਕਾਂਵਾਂ ਵੱਲ ਧਿਆਨ ਦਿਓ: ਉਹ ਨਾ ਬੀਜਦੇ ਹਨ, ਨਾ ਵੱਢਦੇ ਹਨ; ਨਾ ਉਨ੍ਹਾਂ ਕੋਲ ਦਾਣਿਆਂ ਲਈ ਕੋਠੀਆਂ ਹਨ ਤੇ ਨਾ ਹੀ ਭੰਡਾਰ; ਫਿਰ ਵੀ ਪਰਮੇਸ਼ੁਰ ਉਨ੍ਹਾਂ ਦਾ ਢਿੱਡ ਭਰਦਾ ਹੈ।+ ਕੀ ਤੁਸੀਂ ਪੰਛੀਆਂ ਨਾਲੋਂ ਉੱਤਮ ਨਹੀਂ ਹੋ?+ 25 ਤੁਹਾਡੇ ਵਿੱਚੋਂ ਕੌਣ ਚਿੰਤਾ ਕਰ ਕੇ ਆਪਣੀ ਜ਼ਿੰਦਗੀ ਦਾ ਇਕ ਪਲ ਵੀ ਵਧਾ ਸਕਦਾ ਹੈ?* 26 ਇਸ ਲਈ ਜੇ ਤੁਸੀਂ ਇੰਨਾ ਵੀ ਨਹੀਂ ਕਰ ਸਕਦੇ, ਤਾਂ ਫਿਰ ਬਾਕੀ ਚੀਜ਼ਾਂ ਦਾ ਫ਼ਿਕਰ ਕਰਨ ਦੀ ਕੀ ਲੋੜ ਹੈ?+ 27 ਜ਼ਰਾ ਜੰਗਲੀ ਫੁੱਲਾਂ ਵੱਲ ਧਿਆਨ ਦਿਓ: ਉਹ ਨਾ ਤਾਂ ਮਿਹਨਤ ਕਰਦੇ ਹਨ ਅਤੇ ਨਾ ਹੀ ਕੱਤਦੇ ਹਨ; ਪਰ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਰਾਜਾ ਸੁਲੇਮਾਨ ਨੇ ਵੀ ਕਦੇ ਇਨ੍ਹਾਂ ਫੁੱਲਾਂ ਜਿੰਨੇ ਸ਼ਾਨਦਾਰ ਕੱਪੜੇ ਨਹੀਂ ਪਾਏ, ਭਾਵੇਂ ਕਿ ਉਸ ਦੀ ਇੰਨੀ ਸ਼ਾਨੋ-ਸ਼ੌਕਤ ਸੀ।+ 28 ਹੁਣ ਜੇ ਪਰਮੇਸ਼ੁਰ ਇਨ੍ਹਾਂ ਜੰਗਲੀ ਪੇੜ-ਪੌਦਿਆਂ ਨੂੰ ਇੰਨਾ ਸੋਹਣਾ ਬਣਾ ਸਕਦਾ ਹੈ ਜੋ ਅੱਜ ਹਰੇ-ਭਰੇ ਹਨ ਅਤੇ ਕੱਲ੍ਹ ਨੂੰ ਤੰਦੂਰ ਵਿਚ ਸੁੱਟੇ ਜਾਂਦੇ ਹਨ, ਤਾਂ ਹੇ ਥੋੜ੍ਹੀ ਨਿਹਚਾ ਕਰਨ ਵਾਲਿਓ, ਕੀ ਉਹ ਤੁਹਾਨੂੰ ਪਹਿਨਣ ਲਈ ਕੱਪੜੇ ਨਹੀਂ ਦੇਵੇਗਾ? 29 ਇਸ ਲਈ ਤੁਸੀਂ ਇਸ ਗੱਲ ਤੋਂ ਪਰੇਸ਼ਾਨ ਨਾ ਹੋਵੋ ਕਿ ਤੁਸੀਂ ਕੀ ਖਾਓਗੇ ਅਤੇ ਕੀ ਪੀਓਗੇ। ਇਨ੍ਹਾਂ ਚੀਜ਼ਾਂ ਦੀ ਹੱਦੋਂ ਵੱਧ ਚਿੰਤਾ ਕਰਨੀ ਛੱਡ ਦਿਓ+ 30 ਕਿਉਂਕਿ ਦੁਨੀਆਂ ਦੇ ਲੋਕ ਇਨ੍ਹਾਂ ਸਭ ਚੀਜ਼ਾਂ ਦੇ ਪਿੱਛੇ ਭੱਜਦੇ ਹਨ, ਪਰ ਤੁਹਾਡਾ ਪਿਤਾ ਜਾਣਦਾ ਹੈ ਕਿ ਤੁਹਾਨੂੰ ਇਨ੍ਹਾਂ ਚੀਜ਼ਾਂ ਦੀ ਲੋੜ ਹੈ।+ 31 ਇਸ ਦੀ ਬਜਾਇ, ਉਸ ਦੇ ਰਾਜ ਨੂੰ ਪਹਿਲ ਦਿੰਦੇ ਰਹੋ ਅਤੇ ਇਹ ਸਭ ਚੀਜ਼ਾਂ ਤੁਹਾਨੂੰ ਦਿੱਤੀਆਂ ਜਾਣਗੀਆਂ।+

32 “ਹੇ ਛੋਟੇ ਝੁੰਡ,+ ਨਾ ਡਰ ਕਿਉਂਕਿ ਤੁਹਾਡੇ ਪਿਤਾ ਨੇ ਤੁਹਾਨੂੰ ਰਾਜ ਦੇਣ ਦਾ ਫ਼ੈਸਲਾ ਕੀਤਾ ਹੈ।+ 33 ਆਪਣੀਆਂ ਚੀਜ਼ਾਂ ਵੇਚ ਦਿਓ ਅਤੇ ਪੈਸਾ ਦਾਨ* ਕਰ ਦਿਓ।+ ਆਪਣੇ ਲਈ ਪੈਸਿਆਂ ਵਾਸਤੇ ਗੁਥਲੀਆਂ ਬਣਾਓ ਜਿਹੜੀਆਂ ਕਦੀ ਘਸਣ ਨਾ, ਯਾਨੀ ਕਦੀ ਖ਼ਤਮ ਨਾ ਹੋਣ ਵਾਲਾ ਧਨ ਸਵਰਗ ਵਿਚ ਜੋੜੋ;+ ਉੱਥੇ ਨਾ ਕੋਈ ਚੋਰ ਆਉਂਦਾ ਹੈ ਅਤੇ ਨਾ ਹੀ ਧਨ ਨੂੰ ਕੀੜਾ ਲੱਗਦਾ ਹੈ। 34 ਕਿਉਂਕਿ ਜਿੱਥੇ ਤੁਹਾਡਾ ਧਨ ਹੈ ਉੱਥੇ ਹੀ ਤੁਹਾਡਾ ਮਨ ਹੈ।

35 “ਆਪਣੇ ਲੱਕ ਬੰਨ੍ਹ ਕੇ ਤਿਆਰ ਹੋਵੋ+ ਅਤੇ ਆਪਣੇ ਦੀਵੇ ਬਲ਼ਦੇ ਰੱਖੋ+ 36 ਅਤੇ ਤੁਸੀਂ ਉਨ੍ਹਾਂ ਆਦਮੀਆਂ ਵਰਗੇ ਬਣੋ ਜਿਹੜੇ ਆਪਣੇ ਮਾਲਕ ਦੇ ਆਉਣ ਦੀ ਉਡੀਕ ਵਿਚ ਹਨ+ ਕਿ ਜਦੋਂ ਉਹ ਵਿਆਹ ਤੋਂ ਵਾਪਸ ਆ ਕੇ+ ਦਰਵਾਜ਼ਾ ਖੜਕਾਏ, ਤਾਂ ਉਹ ਝੱਟ ਦਰਵਾਜ਼ਾ ਖੋਲ੍ਹ ਦੇਣ। 37 ਖ਼ੁਸ਼ ਹਨ ਉਹ ਨੌਕਰ ਜਿਨ੍ਹਾਂ ਦਾ ਮਾਲਕ ਵਾਪਸ ਆ ਕੇ ਉਨ੍ਹਾਂ ਨੂੰ ਜਾਗਦੇ ਹੋਏ ਪਾਵੇ! ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਮਾਲਕ ਆਪ ਆਪਣਾ ਲੱਕ ਬੰਨ੍ਹੇਗਾ ਅਤੇ ਨੌਕਰਾਂ ਨੂੰ ਖਾਣੇ ਲਈ ਮੇਜ਼ ਦੁਆਲੇ ਬਿਠਾ ਕੇ ਉਨ੍ਹਾਂ ਦੀ ਸੇਵਾ ਕਰੇਗਾ। 38 ਖ਼ੁਸ਼ ਹਨ ਉਹ ਨੌਕਰ ਜਿਨ੍ਹਾਂ ਦਾ ਮਾਲਕ ਰਾਤ ਦੇ ਦੂਸਰੇ ਪਹਿਰ* ਜਾਂ ਤੀਸਰੇ ਪਹਿਰ* ਵੀ ਆ ਕੇ ਉਨ੍ਹਾਂ ਨੂੰ ਜਾਗਦੇ ਹੋਏ ਪਾਵੇ! 39 ਪਰ ਇਹ ਗੱਲ ਪੱਕੀ ਹੈ ਕਿ ਜੇ ਘਰ ਦੇ ਮਾਲਕ ਨੂੰ ਪਤਾ ਹੁੰਦਾ ਕਿ ਚੋਰ ਨੇ ਕਦੋਂ ਆਉਣਾ ਸੀ, ਤਾਂ ਉਹ ਆਪਣੇ ਘਰ ਨੂੰ ਸੰਨ੍ਹ ਨਾ ਲੱਗਣ ਦਿੰਦਾ।+ 40 ਤੁਸੀਂ ਵੀ ਹਮੇਸ਼ਾ ਤਿਆਰ ਰਹੋ ਕਿਉਂਕਿ ਮਨੁੱਖ ਦਾ ਪੁੱਤਰ ਉਸ ਵੇਲੇ ਆਵੇਗਾ ਜਿਸ ਵੇਲੇ ਤੁਸੀਂ ਉਸ ਦੇ ਆਉਣ ਦੀ ਆਸ ਨਾ ਰੱਖੀ ਹੋਵੇ।”+

41 ਫਿਰ ਪਤਰਸ ਨੇ ਪੁੱਛਿਆ: “ਪ੍ਰਭੂ, ਕੀ ਤੂੰ ਇਹ ਮਿਸਾਲ ਸਾਡੇ ਵਾਸਤੇ ਦਿੱਤੀ ਹੈ ਜਾਂ ਸਾਰਿਆਂ ਵਾਸਤੇ?” 42 ਪ੍ਰਭੂ ਨੇ ਕਿਹਾ: “ਉਹ ਵਫ਼ਾਦਾਰ ਤੇ ਸਮਝਦਾਰ ਪ੍ਰਬੰਧਕ ਅਸਲ ਵਿਚ ਕੌਣ ਹੈ ਜਿਸ ਦਾ ਮਾਲਕ ਉਸ ਨੂੰ ਆਪਣੇ ਸਾਰੇ ਨੌਕਰਾਂ-ਚਾਕਰਾਂ ਦਾ ਮੁਖਤਿਆਰ ਬਣਾਵੇਗਾ ਕਿ ਉਹ ਉਨ੍ਹਾਂ ਨੂੰ ਸਹੀ ਸਮੇਂ ਤੇ ਲੋੜੀਂਦਾ ਭੋਜਨ ਦੇਵੇ?+ 43 ਖ਼ੁਸ਼ ਹੈ ਉਹ ਨੌਕਰ ਜਿਸ ਦਾ ਮਾਲਕ ਆ ਕੇ ਉਸ ਨੂੰ ਅਜਿਹਾ ਕਰਦਿਆਂ ਦੇਖੇ! 44 ਮੈਂ ਤੁਹਾਨੂੰ ਸੱਚ ਕਹਿੰਦਾ ਹਾਂ: ਉਹ ਉਸ ਨੌਕਰ ਨੂੰ ਆਪਣੀ ਸਾਰੀ ਮਲਕੀਅਤ ਦਾ ਮੁਖਤਿਆਰ ਬਣਾਵੇਗਾ। 45 ਪਰ ਜੇ ਕਦੇ ਉਹ ਨੌਕਰ ਆਪਣੇ ਦਿਲ ਵਿਚ ਕਹਿੰਦਾ ਹੈ, ‘ਮੇਰਾ ਮਾਲਕ ਆਉਣ ਵਿਚ ਦੇਰ ਲਾ ਰਿਹਾ ਹੈ’ ਅਤੇ ਦੂਸਰੇ ਨੌਕਰ-ਨੌਕਰਾਣੀਆਂ ਨੂੰ ਕੁੱਟਣ ਲੱਗ ਪਵੇ ਅਤੇ ਖਾਵੇ-ਪੀਵੇ ਅਤੇ ਸ਼ਰਾਬੀ ਹੋ ਜਾਵੇ,+ 46 ਤਾਂ ਉਸ ਦਾ ਮਾਲਕ ਕਿਸੇ ਦਿਨ ਉਸ ਸਮੇਂ ਆਵੇਗਾ ਜਦੋਂ ਉਸ ਨੇ ਮਾਲਕ ਦੇ ਆਉਣ ਦੀ ਆਸ ਨਾ ਰੱਖੀ ਹੋਵੇ ਅਤੇ ਉਹ ਉਸ ਨੌਕਰ ਨੂੰ ਸਖ਼ਤ ਸਜ਼ਾ ਦੇਵੇਗਾ ਅਤੇ ਉਸ ਦਾ ਉਹ ਹਸ਼ਰ ਕਰੇਗਾ ਜੋ ਵਿਸ਼ਵਾਸਘਾਤੀਆਂ ਦਾ ਹੁੰਦਾ ਹੈ। 47 ਫਿਰ ਜਿਹੜਾ ਨੌਕਰ ਆਪਣੇ ਮਾਲਕ ਦੀ ਇੱਛਾ ਜਾਣਦੇ ਹੋਏ ਵੀ ਤਿਆਰ ਨਹੀਂ ਹੋਇਆ ਅਤੇ ਆਪਣੇ ਮਾਲਕ ਦਾ ਦਿੱਤਾ ਕੰਮ ਨਹੀਂ ਕੀਤਾ,* ਤਾਂ ਉਸ ਦੇ ਬਹੁਤ ਕੋਰੜੇ ਮਾਰੇ ਜਾਣਗੇ।+ 48 ਪਰ ਜਿਹੜਾ ਨੌਕਰ ਆਪਣੇ ਮਾਲਕ ਦੀ ਇੱਛਾ ਨਹੀਂ ਜਾਣਦਾ ਸੀ ਤੇ ਉਸ ਨੇ ਕੋਰੜੇ ਮਾਰੇ ਜਾਣ ਦੇ ਲਾਇਕ ਕੰਮ ਕੀਤੇ, ਉਸ ਦੇ ਘੱਟ ਕੋਰੜੇ ਮਾਰੇ ਜਾਣਗੇ। ਦਰਅਸਲ, ਜਿਸ ਨੂੰ ਜ਼ਿਆਦਾ ਦਿੱਤਾ ਗਿਆ, ਉਸ ਤੋਂ ਜ਼ਿਆਦਾ ਦੀ ਮੰਗ ਕੀਤੀ ਜਾਵੇਗੀ ਅਤੇ ਜਿਸ ਨੂੰ ਲੋਕਾਂ ਨੇ ਜ਼ਿਆਦਾ ਚੀਜ਼ਾਂ ਦਾ ਮੁਖਤਿਆਰ ਬਣਾਇਆ, ਉਹ ਉਸ ਤੋਂ ਜ਼ਿਆਦਾ ਹਿਸਾਬ ਮੰਗਣਗੇ।+

49 “ਮੈਂ ਧਰਤੀ ਉੱਤੇ ਅੱਗ ਲਾਉਣ ਆਇਆ ਹਾਂ। ਅੱਗ ਲੱਗ ਚੁੱਕੀ ਹੈ, ਇਸ ਲਈ ਮੈਂ ਹੋਰ ਕੀ ਚਾਹਾਂ? 50 ਹਾਂ, ਮੈਂ ਇਕ ਬਪਤਿਸਮਾ ਲੈਣਾ ਹੈ ਅਤੇ ਮੈਂ ਉਦੋਂ ਤਕ ਪਰੇਸ਼ਾਨ ਰਹਾਂਗਾ ਜਦ ਤਕ ਮੈਂ ਉਹ ਬਪਤਿਸਮਾ ਲੈ ਨਹੀਂ ਲੈਂਦਾ!+ 51 ਕੀ ਤੁਹਾਨੂੰ ਲੱਗਦਾ ਕਿ ਮੈਂ ਧਰਤੀ ʼਤੇ ਸ਼ਾਂਤੀ ਕਾਇਮ ਕਰਨ ਆਇਆ ਹਾਂ? ਨਹੀਂ, ਸਗੋਂ ਮੈਂ ਤੁਹਾਨੂੰ ਦੱਸਦਾ ਹਾਂ ਕਿ ਮੈਂ ਫੁੱਟ ਪਾਉਣ ਆਇਆ ਹਾਂ।+ 52 ਹੁਣ ਤੋਂ ਘਰ ਦੇ ਪੰਜਾਂ ਜੀਆਂ ਵਿਚ ਫੁੱਟ ਪਈ ਰਹੇਗੀ, ਤਿੰਨ ਜਣੇ ਦੋ ਦੇ ਖ਼ਿਲਾਫ਼ ਅਤੇ ਦੋ ਜਣੇ ਤਿੰਨਾਂ ਦੇ ਖ਼ਿਲਾਫ਼ ਹੋਣਗੇ। 53 ਉਨ੍ਹਾਂ ਵਿਚ ਫੁੱਟ ਪਵੇਗੀ, ਪਿਤਾ ਪੁੱਤਰ ਦੇ ਖ਼ਿਲਾਫ਼ ਅਤੇ ਪੁੱਤਰ ਪਿਤਾ ਦੇ ਖ਼ਿਲਾਫ਼, ਮਾਂ ਧੀ ਦੇ ਖ਼ਿਲਾਫ਼ ਅਤੇ ਧੀ ਮਾਂ ਦੇ ਖ਼ਿਲਾਫ਼, ਸੱਸ ਨੂੰਹ ਦੇ ਖ਼ਿਲਾਫ਼ ਅਤੇ ਨੂੰਹ ਸੱਸ ਦੇ ਖ਼ਿਲਾਫ਼ ਹੋਵੇਗੀ।”+

54 ਫਿਰ ਉਸ ਨੇ ਭੀੜ ਨੂੰ ਇਹ ਵੀ ਕਿਹਾ: “ਜਦੋਂ ਤੁਸੀਂ ਪੱਛਮ ਵੱਲ ਬੱਦਲ ਹੁੰਦਾ ਦੇਖਦੇ ਹੋ, ਤਾਂ ਤੁਸੀਂ ਉਸੇ ਵੇਲੇ ਕਹਿੰਦੇ ਹੋ, ‘ਤੂਫ਼ਾਨ ਆ ਰਿਹਾ ਹੈ’ ਅਤੇ ਇਸੇ ਤਰ੍ਹਾਂ ਹੁੰਦਾ ਹੈ। 55 ਜਦੋਂ ਤੁਸੀਂ ਦੇਖਦੇ ਹੋ ਕਿ ਦੱਖਣ ਵੱਲੋਂ ਹਵਾ ਵਗਦੀ ਹੈ, ਤਾਂ ਤੁਸੀਂ ਕਹਿੰਦੇ ਹੋ, ‘ਲੂ ਚੱਲੇਗੀ’ ਅਤੇ ਇਸੇ ਤਰ੍ਹਾਂ ਹੁੰਦਾ ਹੈ। 56 ਪਖੰਡੀਓ, ਤੁਸੀਂ ਧਰਤੀ ਤੇ ਆਕਾਸ਼ ਦਾ ਹਾਲ ਦੇਖ ਕੇ ਮੌਸਮ ਦਾ ਹਾਲ ਜਾਣ ਲੈਂਦੇ ਹੋ, ਪਰ ਹੁਣ ਜੋ ਹੋ ਰਿਹਾ ਹੈ, ਤੁਸੀਂ ਉਸ ਦਾ ਮਤਲਬ ਕਿਉਂ ਨਹੀਂ ਸਮਝਦੇ?+ 57 ਤੁਸੀਂ ਆਪ ਇਹ ਫ਼ੈਸਲਾ ਕਿਉਂ ਨਹੀਂ ਕਰ ਸਕਦੇ ਕਿ ਸਹੀ ਕੀ ਹੈ? 58 ਉਦਾਹਰਣ ਲਈ, ਜੇ ਕਿਸੇ ਨੇ ਤੇਰੇ ਉੱਤੇ ਮੁਕੱਦਮਾ ਕੀਤਾ ਹੈ, ਤਾਂ ਅਦਾਲਤ ਨੂੰ ਜਾਂਦਿਆਂ ਰਾਹ ਵਿਚ ਹੀ ਉਸ ਨਾਲ ਮਸਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ; ਕਿਤੇ ਇੱਦਾਂ ਨਾ ਹੋਵੇ ਕਿ ਉਹ ਤੈਨੂੰ ਜੱਜ ਦੇ ਸਾਮ੍ਹਣੇ ਪੇਸ਼ ਕਰੇ ਅਤੇ ਜੱਜ ਤੈਨੂੰ ਸਿਪਾਹੀ ਦੇ ਹਵਾਲੇ ਕਰੇ ਅਤੇ ਸਿਪਾਹੀ ਤੈਨੂੰ ਕੈਦ ਵਿਚ ਸੁੱਟ ਦੇਵੇ।+ 59 ਮੈਂ ਤੈਨੂੰ ਦੱਸਦਾ ਹਾਂ ਕਿ ਤੂੰ ਉੱਨਾ ਚਿਰ ਨਹੀਂ ਛੁੱਟੇਂਗਾ ਜਿੰਨਾ ਚਿਰ ਤੂੰ ਇਕ-ਇਕ ਪੈਸਾ* ਨਹੀਂ ਮੋੜ ਦਿੰਦਾ।”

13 ਉਸ ਸਮੇਂ ਉੱਥੇ ਮੌਜੂਦ ਕੁਝ ਜਣਿਆਂ ਨੇ ਯਿਸੂ ਨੂੰ ਦੱਸਿਆ ਕਿ ਪਿਲਾਤੁਸ ਨੇ ਬਲ਼ੀਆਂ ਚੜ੍ਹਾ ਰਹੇ ਕਈ ਗਲੀਲੀਆਂ ਨੂੰ ਮਰਵਾ ਦਿੱਤਾ। 2 ਯਿਸੂ ਨੇ ਉਨ੍ਹਾਂ ਨੂੰ ਕਿਹਾ: “ਤੁਹਾਡੇ ਖ਼ਿਆਲ ਵਿਚ ਕੀ ਉਹ ਗਲੀਲੀ ਬਾਕੀ ਸਾਰੇ ਗਲੀਲੀਆਂ ਨਾਲੋਂ ਜ਼ਿਆਦਾ ਪਾਪੀ ਸਨ ਜਿਸ ਕਰਕੇ ਉਨ੍ਹਾਂ ਨਾਲ ਇਸ ਤਰ੍ਹਾਂ ਹੋਇਆ? 3 ਨਹੀਂ, ਮੈਂ ਤੁਹਾਨੂੰ ਕਹਿੰਦਾ ਹਾਂ, ਇਸ ਤਰ੍ਹਾਂ ਨਹੀਂ ਸੀ; ਪਰ ਜੇ ਤੁਸੀਂ ਤੋਬਾ ਨਹੀਂ ਕਰੋਗੇ, ਤਾਂ ਉਨ੍ਹਾਂ ਵਾਂਗ ਤੁਸੀਂ ਸਾਰੇ ਵੀ ਮਰ ਜਾਓਗੇ।+ 4 ਜਾਂ ਜਿਹੜੇ 18 ਲੋਕ ਸੀਲੋਮ ਦਾ ਬੁਰਜ ਡਿਗਣ ਕਰਕੇ ਮਰੇ ਸਨ, ਤੁਹਾਡੇ ਖ਼ਿਆਲ ਵਿਚ ਕੀ ਉਹ ਯਰੂਸ਼ਲਮ ਦੇ ਬਾਕੀ ਸਾਰੇ ਲੋਕਾਂ ਨਾਲੋਂ ਜ਼ਿਆਦਾ ਪਾਪੀ ਸਨ? 5 ਨਹੀਂ, ਮੈਂ ਤੁਹਾਨੂੰ ਕਹਿੰਦਾ ਹਾਂ, ਇਸ ਤਰ੍ਹਾਂ ਨਹੀਂ ਸੀ; ਪਰ ਜੇ ਤੁਸੀਂ ਤੋਬਾ ਨਹੀਂ ਕਰੋਗੇ, ਤਾਂ ਉਨ੍ਹਾਂ ਵਾਂਗ ਤੁਸੀਂ ਸਾਰੇ ਵੀ ਮਰ ਜਾਓਗੇ।”

6 ਫਿਰ ਉਸ ਨੇ ਇਹ ਮਿਸਾਲ ਦਿੱਤੀ: “ਇਕ ਆਦਮੀ ਦੇ ਅੰਗੂਰਾਂ ਦੇ ਬਾਗ਼ ਵਿਚ ਅੰਜੀਰ ਦਾ ਦਰਖ਼ਤ ਸੀ। ਜਦੋਂ ਉਹ ਉਸ ਤੋਂ ਫਲ ਤੋੜਨ ਗਿਆ, ਤਾਂ ਦਰਖ਼ਤ ਨੂੰ ਕੋਈ ਫਲ ਨਹੀਂ ਲੱਗਾ ਸੀ।+ 7 ਤਦ ਉਸ ਨੇ ਮਾਲੀ ਨੂੰ ਕਿਹਾ, ‘ਮੈਂ ਤਿੰਨਾਂ ਸਾਲਾਂ ਤੋਂ ਇਸ ਅੰਜੀਰ ਦੇ ਦਰਖ਼ਤ ਤੋਂ ਫਲ ਤੋੜਨ ਲਈ ਆ ਰਿਹਾ ਹਾਂ, ਪਰ ਇਸ ਨੂੰ ਕਦੀ ਫਲ ਲੱਗਾ ਨਹੀਂ ਦੇਖਿਆ। ਇਸ ਨੂੰ ਵੱਢ ਸੁੱਟ! ਇਸ ਨੇ ਐਵੇਂ ਜਗ੍ਹਾ ਰੋਕ ਰੱਖੀ ਹੈ।’ 8 ਮਾਲੀ ਨੇ ਜਵਾਬ ਦਿੰਦੇ ਹੋਏ ਕਿਹਾ, ‘ਸੁਆਮੀ ਜੀ, ਇਸ ਸਾਲ ਵੀ ਰਹਿਣ ਦੇ। ਮੈਂ ਇਸ ਦੇ ਆਲੇ-ਦੁਆਲੇ ਮਿੱਟੀ ਪੁੱਟਾਂਗਾ ਅਤੇ ਰੂੜੀ ਪਾਵਾਂਗਾ। 9 ਜੇ ਇਸ ਨੂੰ ਫਲ ਲੱਗੇਗਾ, ਤਾਂ ਬਹੁਤ ਵਧੀਆ ਹੋਵੇਗਾ; ਜੇ ਨਹੀਂ, ਤਾਂ ਤੂੰ ਇਸ ਨੂੰ ਵੱਢ ਦੇਈਂ।’”+

10 ਉਹ ਸਬਤ ਦੇ ਦਿਨ ਇਕ ਸਭਾ ਘਰ ਵਿਚ ਸਿੱਖਿਆ ਦੇ ਰਿਹਾ ਸੀ। 11 ਉੱਥੇ ਇਕ ਤੀਵੀਂ ਸੀ ਜਿਸ ਨੂੰ ਦੁਸ਼ਟ ਦੂਤ ਚਿੰਬੜਿਆ ਹੋਇਆ ਸੀ ਜਿਸ ਕਰਕੇ ਉਹ 18 ਸਾਲਾਂ ਤੋਂ ਬੀਮਾਰ ਸੀ; ਉਸ ਦਾ ਕੁੱਬ ਨਿਕਲਿਆ ਹੋਇਆ ਸੀ ਅਤੇ ਉਹ ਸਿੱਧੀ ਖੜ੍ਹੀ ਨਹੀਂ ਹੋ ਸਕਦੀ ਸੀ। 12 ਯਿਸੂ ਨੇ ਤੀਵੀਂ ਨੂੰ ਦੇਖ ਕੇ ਕਿਹਾ: “ਬੀਬੀ, ਤੂੰ ਆਪਣੀ ਬੀਮਾਰੀ ਤੋਂ ਛੁੱਟ ਗਈ ਹੈਂ।”+ 13 ਫਿਰ ਉਸ ਨੇ ਆਪਣੇ ਹੱਥ ਤੀਵੀਂ ਉੱਤੇ ਰੱਖੇ ਅਤੇ ਉਹ ਉਸੇ ਵੇਲੇ ਸਿੱਧੀ ਖੜ੍ਹੀ ਹੋ ਗਈ ਤੇ ਪਰਮੇਸ਼ੁਰ ਦੀ ਮਹਿਮਾ ਕਰਨ ਲੱਗ ਪਈ। 14 ਪਰ ਇਹ ਦੇਖ ਕੇ ਸਭਾ ਘਰ ਦਾ ਨਿਗਾਹਬਾਨ ਗੁੱਸੇ ਵਿਚ ਆ ਗਿਆ ਕਿਉਂਕਿ ਯਿਸੂ ਨੇ ਸਬਤ ਦੇ ਦਿਨ ਤੀਵੀਂ ਨੂੰ ਚੰਗਾ ਕੀਤਾ ਸੀ। ਨਿਗਾਹਬਾਨ ਨੇ ਲੋਕਾਂ ਨੂੰ ਕਿਹਾ: “ਛੇ ਦਿਨ ਹਨ ਜਿਨ੍ਹਾਂ ਦੌਰਾਨ ਕੰਮ ਕੀਤੇ ਜਾਣੇ ਚਾਹੀਦੇ ਹਨ;+ ਇਸ ਲਈ ਉਨ੍ਹਾਂ ਦਿਨਾਂ ਦੌਰਾਨ ਆ ਕੇ ਚੰਗੇ ਹੋਵੋ, ਨਾ ਕਿ ਸਬਤ ਦੇ ਦਿਨ।”+ 15 ਪ੍ਰਭੂ ਨੇ ਉਸ ਨੂੰ ਜਵਾਬ ਦਿੰਦੇ ਹੋਏ ਕਿਹਾ: “ਪਖੰਡੀਓ,+ ਕੀ ਤੁਸੀਂ ਸਾਰੇ ਜਣੇ ਸਬਤ ਦੇ ਦਿਨ ਆਪਣੇ ਬਲਦ ਜਾਂ ਗਧੇ ਨੂੰ ਖੁਰਲੀ ਤੋਂ ਖੋਲ੍ਹ ਕੇ ਪਾਣੀ ਪਿਲਾਉਣ ਲਈ ਨਹੀਂ ਲੈ ਜਾਂਦੇ?+ 16 ਇਹ ਤੀਵੀਂ ਅਬਰਾਹਾਮ ਦੀ ਧੀ ਹੈ ਅਤੇ ਇਸ ਨੂੰ ਸ਼ੈਤਾਨ ਨੇ 18 ਸਾਲਾਂ ਤੋਂ ਆਪਣੇ ਚੁੰਗਲ਼ ਵਿਚ ਰੱਖਿਆ ਸੀ। ਤਾਂ ਫਿਰ, ਕੀ ਇਸ ਤੀਵੀਂ ਨੂੰ ਸਬਤ ਦੇ ਦਿਨ ਇਸ ਚੁੰਗਲ਼ ਤੋਂ ਛੁਡਾਉਣਾ ਸਹੀ ਨਹੀਂ ਸੀ?” 17 ਜਦੋਂ ਉਸ ਨੇ ਇਹ ਗੱਲਾਂ ਕਹੀਆਂ, ਤਾਂ ਉਸ ਦੇ ਸਾਰੇ ਵਿਰੋਧੀ ਸ਼ਰਮਿੰਦੇ ਹੋ ਗਏ, ਪਰ ਬਾਕੀ ਲੋਕ ਉਸ ਦੇ ਸਾਰੇ ਸ਼ਾਨਦਾਰ ਕੰਮਾਂ ਨੂੰ ਦੇਖ ਕੇ ਬੜੇ ਖ਼ੁਸ਼ ਹੋਏ।+

18 ਉਸ ਨੇ ਅੱਗੇ ਕਿਹਾ: “ਪਰਮੇਸ਼ੁਰ ਦਾ ਰਾਜ ਕਿਸ ਵਰਗਾ ਹੈ ਅਤੇ ਮੈਂ ਇਸ ਦੀ ਤੁਲਨਾ ਕਿਸ ਚੀਜ਼ ਨਾਲ ਕਰਾਂ? 19 ਇਹ ਰਾਈ ਦੇ ਦਾਣੇ ਵਰਗਾ ਹੈ ਜਿਸ ਨੂੰ ਇਕ ਆਦਮੀ ਨੇ ਲੈ ਕੇ ਆਪਣੇ ਬਾਗ਼ ਵਿਚ ਬੀਜਿਆ ਅਤੇ ਇਹ ਵੱਡਾ ਹੋ ਕੇ ਰੁੱਖ ਬਣ ਗਿਆ ਅਤੇ ਆਕਾਸ਼ ਦੇ ਪੰਛੀਆਂ ਨੇ ਆ ਕੇ ਇਸ ਦੀਆਂ ਟਾਹਣੀਆਂ ਉੱਤੇ ਆਲ੍ਹਣੇ ਪਾਏ।”+

20 ਉਸ ਨੇ ਦੁਬਾਰਾ ਕਿਹਾ: “ਮੈਂ ਪਰਮੇਸ਼ੁਰ ਦੇ ਰਾਜ ਦੀ ਤੁਲਨਾ ਕਿਸ ਚੀਜ਼ ਨਾਲ ਕਰਾਂ? 21 ਇਹ ਖਮੀਰ ਵਰਗਾ ਹੈ ਜਿਸ ਨੂੰ ਇਕ ਤੀਵੀਂ ਨੇ ਲੈ ਕੇ ਦਸ ਕਿਲੋ* ਆਟੇ ਵਿਚ ਗੁੰਨ੍ਹਿਆ ਜਿਸ ਨਾਲ ਸਾਰੀ ਤੌਣ ਖਮੀਰੀ ਹੋ ਗਈ।”+

22 ਫਿਰ ਉਹ ਯਰੂਸ਼ਲਮ ਨੂੰ ਜਾਂਦਿਆਂ ਰਾਹ ਵਿਚ ਸ਼ਹਿਰੋ-ਸ਼ਹਿਰ ਤੇ ਪਿੰਡੋ-ਪਿੰਡ ਲੋਕਾਂ ਨੂੰ ਸਿੱਖਿਆ ਦਿੰਦਾ ਗਿਆ। 23 ਤਦ ਇਕ ਆਦਮੀ ਨੇ ਉਸ ਨੂੰ ਪੁੱਛਿਆ: “ਪ੍ਰਭੂ, ਕੀ ਇਹ ਸੱਚ ਹੈ ਕਿ ਥੋੜ੍ਹੇ ਹੀ ਲੋਕ ਬਚਾਏ ਜਾਣਗੇ?” ਉਸ ਨੇ ਉਨ੍ਹਾਂ ਨੂੰ ਕਿਹਾ: 24 “ਭੀੜੇ ਦਰਵਾਜ਼ੇ ਵਿੱਚੋਂ ਵੜਨ ਲਈ ਅੱਡੀ ਚੋਟੀ ਦਾ ਜ਼ੋਰ ਲਾਓ+ ਕਿਉਂਕਿ ਮੈਂ ਤੁਹਾਨੂੰ ਦੱਸਦਾ ਹਾਂ ਕਿ ਬਹੁਤ ਲੋਕ ਅੰਦਰ ਵੜਨ ਦੀ ਕੋਸ਼ਿਸ਼ ਕਰਨਗੇ, ਪਰ ਵੜ ਨਹੀਂ ਸਕਣਗੇ। 25 ਜਦੋਂ ਘਰ ਦਾ ਮਾਲਕ ਉੱਠ ਕੇ ਦਰਵਾਜ਼ੇ ਨੂੰ ਜਿੰਦਾ ਲਾ ਦੇਵੇਗਾ ਤੇ ਤੁਸੀਂ ਬਾਹਰ ਖੜ੍ਹ ਕੇ ਦਰਵਾਜ਼ਾ ਖੜਕਾਉਂਦੇ ਹੋਏ ਕਹੋਗੇ, ‘ਪ੍ਰਭੂ, ਸਾਡੇ ਲਈ ਦਰਵਾਜ਼ਾ ਖੋਲ੍ਹ,’+ ਤਾਂ ਮਾਲਕ ਤੁਹਾਨੂੰ ਜਵਾਬ ਦੇਵੇਗਾ: ‘ਮੈਂ ਨਹੀਂ ਜਾਣਦਾ ਤੁਸੀਂ ਕਿੱਥੋਂ ਆਏ ਹੋ।’ 26 ਫਿਰ ਤੁਸੀਂ ਕਹੋਗੇ: ‘ਅਸੀਂ ਤੇਰੇ ਨਾਲ ਬੈਠ ਕੇ ਖਾਧਾ-ਪੀਤਾ ਸੀ ਅਤੇ ਸਾਡੇ ਚੌਂਕਾਂ ਵਿਚ ਤੂੰ ਸਾਨੂੰ ਸਿੱਖਿਆ ਦਿੱਤੀ ਸੀ।’+ 27 ਪਰ ਮਾਲਕ ਤੁਹਾਨੂੰ ਕਹੇਗਾ, ‘ਮੈਂ ਨਹੀਂ ਜਾਣਦਾ ਤੁਸੀਂ ਕਿੱਥੋਂ ਆਏ ਹੋ। ਓਏ ਬੁਰੇ ਕੰਮ ਕਰਨ ਵਾਲਿਓ, ਮੇਰੀਆਂ ਨਜ਼ਰਾਂ ਤੋਂ ਦੂਰ ਹੋ ਜਾਓ!’ 28 ਜਦੋਂ ਤੁਸੀਂ ਅਬਰਾਹਾਮ, ਇਸਹਾਕ, ਯਾਕੂਬ ਤੇ ਸਾਰੇ ਨਬੀਆਂ ਨੂੰ ਪਰਮੇਸ਼ੁਰ ਦੇ ਰਾਜ ਵਿਚ ਦੇਖੋਗੇ, ਪਰ ਤੁਹਾਨੂੰ ਬਾਹਰ ਸੁੱਟਿਆ ਜਾਵੇਗਾ, ਤਾਂ ਤੁਸੀਂ ਆਪਣੀ ਮਾੜੀ ਹਾਲਤ ʼਤੇ ਰੋਵੋਗੇ ਅਤੇ ਕਚੀਚੀਆਂ ਵੱਟੋਗੇ।+ 29 ਇਸ ਤੋਂ ਇਲਾਵਾ, ਪੂਰਬ ਤੇ ਪੱਛਮ ਅਤੇ ਉੱਤਰ ਤੇ ਦੱਖਣ ਵੱਲੋਂ ਲੋਕ ਆ ਕੇ ਪਰਮੇਸ਼ੁਰ ਦੇ ਰਾਜ ਵਿਚ ਮੇਜ਼ ਦੁਆਲੇ ਬੈਠ ਕੇ ਖਾਣਾ ਖਾਣਗੇ। 30 ਅਤੇ ਦੇਖੋ! ਜਿਹੜੇ ਪਿਛਲੇ ਹਨ, ਉਨ੍ਹਾਂ ਵਿੱਚੋਂ ਕੁਝ ਲੋਕ ਅੱਗੇ ਹੋ ਜਾਣਗੇ ਅਤੇ ਜਿਹੜੇ ਅਗਲੇ ਹਨ, ਉਨ੍ਹਾਂ ਵਿੱਚੋਂ ਕੁਝ ਲੋਕ ਪਿੱਛੇ ਹੋ ਜਾਣਗੇ।”+

31 ਉਸ ਵੇਲੇ ਕੁਝ ਫ਼ਰੀਸੀਆਂ ਨੇ ਆ ਕੇ ਉਸ ਨੂੰ ਕਿਹਾ: “ਇੱਥੋਂ ਚਲਾ ਜਾਹ ਕਿਉਂਕਿ ਹੇਰੋਦੇਸ ਤੈਨੂੰ ਮਰਵਾਉਣਾ ਚਾਹੁੰਦਾ ਹੈ।” 32 ਉਸ ਨੇ ਉਨ੍ਹਾਂ ਨੂੰ ਕਿਹਾ: “ਜਾ ਕੇ ਉਸ ਚਾਲਬਾਜ਼* ਨੂੰ ਕਹਿ ਦਿਓ, ‘ਮੈਂ ਅੱਜ ਤੇ ਕੱਲ੍ਹ ਦੁਸ਼ਟ ਦੂਤਾਂ ਨੂੰ ਕੱਢਾਂਗਾ ਤੇ ਬੀਮਾਰਾਂ ਨੂੰ ਚੰਗਾ ਕਰਾਂਗਾ ਅਤੇ ਪਰਸੋਂ ਨੂੰ ਆਪਣਾ ਕੰਮ ਖ਼ਤਮ ਕਰਾਂਗਾ।’ 33 ਫਿਰ ਵੀ ਮੈਂ ਅੱਜ, ਕੱਲ੍ਹ ਤੇ ਪਰਸੋਂ ਨੂੰ ਸਫ਼ਰ ਕਰਦੇ ਹੋਏ ਯਰੂਸ਼ਲਮ ਜਾਣਾ ਹੈ ਕਿਉਂਕਿ ਇਹ ਹੋ ਹੀ ਨਹੀਂ ਸਕਦਾ ਕਿ ਕਿਸੇ ਨਬੀ ਨੂੰ ਯਰੂਸ਼ਲਮ ਤੋਂ ਬਾਹਰ ਜਾਨੋਂ ਮਾਰਿਆ ਜਾਵੇ।+ 34 ਹੇ ਯਰੂਸ਼ਲਮ, ਹੇ ਯਰੂਸ਼ਲਮ, ਨਬੀਆਂ ਦੇ ਕਾਤਲ, ਜਿਨ੍ਹਾਂ ਨੂੰ ਵੀ ਪਰਮੇਸ਼ੁਰ ਨੇ ਤੇਰੇ ਕੋਲ ਘੱਲਿਆ, ਤੂੰ ਉਨ੍ਹਾਂ ਸਾਰਿਆਂ ਨੂੰ ਪੱਥਰ ਮਾਰ-ਮਾਰ ਕੇ ਜਾਨੋਂ ਮਾਰ ਦਿੱਤਾ+​—ਮੈਂ ਕਿੰਨੀ ਵਾਰ ਚਾਹਿਆ ਕਿ ਮੈਂ ਤੇਰੇ ਬੱਚਿਆਂ ਨੂੰ ਇਕੱਠਾ ਕਰਾਂ ਜਿਵੇਂ ਕੁੱਕੜੀ ਆਪਣੇ ਚੂਚਿਆਂ ਨੂੰ ਆਪਣੇ ਖੰਭਾਂ ਹੇਠ ਇਕੱਠਾ ਕਰਦੀ ਹੈ! ਪਰ ਤੁਸੀਂ ਇਹ ਨਹੀਂ ਚਾਹਿਆ।+ 35 ਦੇਖੋ! ਤੁਹਾਡਾ ਮੰਦਰ ਤੁਹਾਡੇ ਸਹਾਰੇ ਛੱਡਿਆ ਗਿਆ ਹੈ।+ ਮੈਂ ਤੁਹਾਨੂੰ ਦੱਸਦਾ ਹਾਂ, ਤੁਸੀਂ ਮੈਨੂੰ ਅੱਜ ਤੋਂ ਬਾਅਦ ਉਦੋਂ ਤਕ ਨਹੀਂ ਦੇਖੋਗੇ ਜਦ ਤਕ ਤੁਸੀਂ ਇਹ ਨਹੀਂ ਕਹਿੰਦੇ: ‘ਧੰਨ ਹੈ ਉਹ ਜੋ ਯਹੋਵਾਹ* ਦੇ ਨਾਂ ʼਤੇ ਆਉਂਦਾ ਹੈ!’”+

14 ਇਕ ਵਾਰ ਯਿਸੂ ਸਬਤ ਦੇ ਦਿਨ ਫ਼ਰੀਸੀਆਂ ਵਿੱਚੋਂ ਇਕ ਆਗੂ ਦੇ ਘਰ ਖਾਣਾ ਖਾਣ ਗਿਆ। ਘਰ ਵਿਚ ਲੋਕ ਉਸ ਨੂੰ ਬੜੇ ਧਿਆਨ ਨਾਲ ਦੇਖ ਰਹੇ ਸਨ। 2 ਉੱਥੇ ਇਕ ਆਦਮੀ ਸੀ ਜਿਸ ਨੂੰ ਜਲੋਧਰ* ਰੋਗ ਲੱਗਾ ਹੋਇਆ ਸੀ। 3 ਯਿਸੂ ਨੇ ਮੂਸਾ ਦੇ ਕਾਨੂੰਨ ਦੇ ਮਾਹਰਾਂ ਅਤੇ ਫ਼ਰੀਸੀਆਂ ਨੂੰ ਪੁੱਛਿਆ: “ਕੀ ਸਬਤ ਦੇ ਦਿਨ ਕਿਸੇ ਨੂੰ ਠੀਕ ਕਰਨਾ ਜਾਇਜ਼ ਹੈ ਜਾਂ ਨਹੀਂ?”+ 4 ਪਰ ਉਹ ਸਾਰੇ ਚੁੱਪ ਰਹੇ। ਤਦ ਉਸ ਨੇ ਉਸ ਆਦਮੀ ਨੂੰ ਛੋਹਿਆ ਅਤੇ ਉਸ ਨੂੰ ਠੀਕ ਕਰ ਕੇ ਘੱਲ ਦਿੱਤਾ। 5 ਫਿਰ ਉਸ ਨੇ ਉਨ੍ਹਾਂ ਨੂੰ ਕਿਹਾ: “ਜੇ ਤੁਹਾਡਾ ਪੁੱਤਰ ਜਾਂ ਬਲਦ ਸਬਤ ਦੇ ਦਿਨ ਖੂਹ ਵਿਚ ਡਿਗ ਜਾਵੇ,+ ਤਾਂ ਤੁਹਾਡੇ ਵਿੱਚੋਂ ਕਿਹੜਾ ਹੈ ਜੋ ਉਸ ਨੂੰ ਉਸੇ ਵੇਲੇ ਨਹੀਂ ਕੱਢੇਗਾ?”+ 6 ਉਹ ਉਸ ਦੇ ਇਸ ਸਵਾਲ ਦਾ ਕੋਈ ਜਵਾਬ ਨਾ ਦੇ ਸਕੇ।

7 ਉਸ ਨੇ ਦੇਖਿਆ ਕਿ ਖਾਣੇ ਲਈ ਸੱਦੇ ਸਾਰੇ ਮਹਿਮਾਨ ਖ਼ਾਸ-ਖ਼ਾਸ ਥਾਵਾਂ ਮੱਲ ਰਹੇ ਸਨ,+ ਇਸ ਲਈ ਉਸ ਨੇ ਉਨ੍ਹਾਂ ਨੂੰ ਇਹ ਮਿਸਾਲ ਦਿੱਤੀ: 8 “ਜਦੋਂ ਤੈਨੂੰ ਕੋਈ ਵਿਆਹ ਦੀ ਦਾਅਵਤ ਵਿਚ ਬੁਲਾਵੇ, ਤਾਂ ਤੂੰ ਸਭ ਤੋਂ ਖ਼ਾਸ ਜਗ੍ਹਾ ʼਤੇ ਨਾ ਬੈਠ।+ ਸ਼ਾਇਦ ਕਿਸੇ ਹੋਰ ਨੂੰ ਵੀ ਸੱਦਿਆ ਗਿਆ ਹੋਵੇ ਜਿਹੜਾ ਤੇਰੇ ਤੋਂ ਵੀ ਵੱਡਾ ਹੈ। 9 ਅਤੇ ਜਿਸ ਨੇ ਤੁਹਾਨੂੰ ਦੋਹਾਂ ਨੂੰ ਸੱਦਿਆ ਹੈ, ਉਹ ਤੇਰੇ ਕੋਲ ਆ ਕੇ ਕਹੇ, ‘ਇਸ ਆਦਮੀ ਨੂੰ ਇਸ ਜਗ੍ਹਾ ਬੈਠਣ ਦੇ।’ ਫਿਰ ਤੈਨੂੰ ਸ਼ਰਮਿੰਦਾ ਹੋ ਕੇ ਸਭ ਤੋਂ ਪਿੱਛੇ ਬੈਠਣਾ ਪਵੇਗਾ। 10 ਪਰ ਜਦੋਂ ਤੈਨੂੰ ਸੱਦਿਆ ਜਾਂਦਾ ਹੈ, ਤਾਂ ਸਭ ਤੋਂ ਪਿੱਛੇ ਜਾ ਕੇ ਬੈਠ। ਫਿਰ ਜਿਸ ਨੇ ਤੈਨੂੰ ਸੱਦਿਆ ਹੈ, ਉਹ ਤੈਨੂੰ ਕਹੇਗਾ, ‘ਮਿੱਤਰਾ, ਉੱਥੇ ਅੱਗੇ ਜਾ ਕੇ ਬੈਠ।’ ਫਿਰ ਸਾਰੇ ਮਹਿਮਾਨਾਂ ਦੀਆਂ ਨਜ਼ਰਾਂ ਵਿਚ ਤੇਰੀ ਇੱਜ਼ਤ ਵਧੇਗੀ।+ 11 ਜਿਹੜਾ ਆਪਣੇ ਆਪ ਨੂੰ ਉੱਚਾ ਕਰਦਾ ਹੈ, ਉਸ ਨੂੰ ਨੀਵਾਂ ਕੀਤਾ ਜਾਵੇਗਾ ਅਤੇ ਜਿਹੜਾ ਆਪਣੇ ਆਪ ਨੂੰ ਨੀਵਾਂ ਕਰਦਾ ਹੈ, ਉਸ ਨੂੰ ਉੱਚਾ ਕੀਤਾ ਜਾਵੇਗਾ।”+

12 ਫਿਰ ਉਸ ਨੇ ਆਪਣੇ ਮੇਜ਼ਬਾਨ ਨੂੰ ਵੀ ਕਿਹਾ: “ਜਦੋਂ ਤੂੰ ਦੁਪਹਿਰ ਨੂੰ ਜਾਂ ਸ਼ਾਮ ਨੂੰ ਦਾਅਵਤ ਦਿੰਦਾ ਹੈਂ, ਤਾਂ ਆਪਣੇ ਦੋਸਤਾਂ, ਭਰਾਵਾਂ, ਰਿਸ਼ਤੇਦਾਰਾਂ ਜਾਂ ਆਪਣੇ ਅਮੀਰ ਗੁਆਂਢੀਆਂ ਨੂੰ ਨਾ ਸੱਦ। ਜੇ ਤੂੰ ਇੱਦਾਂ ਕੀਤਾ, ਤਾਂ ਉਹ ਵੀ ਸ਼ਾਇਦ ਤੈਨੂੰ ਬਦਲੇ ਵਿਚ ਦਾਅਵਤ ਲਈ ਸੱਦਣ ਅਤੇ ਇਸ ਤਰ੍ਹਾਂ ਹਿਸਾਬ ਬਰਾਬਰ ਕਰ ਦੇਣ। 13 ਪਰ ਜਦੋਂ ਤੂੰ ਦਾਅਵਤ ਦਿੰਦਾ ਹੈਂ, ਤਾਂ ਗ਼ਰੀਬਾਂ, ਲੰਗੜਿਆਂ, ਅੰਨ੍ਹਿਆਂ ਤੇ ਹੋਰ ਅਪਾਹਜਾਂ ਨੂੰ ਸੱਦ;+ 14 ਤਦ ਤੈਨੂੰ ਖ਼ੁਸ਼ੀ ਮਿਲੇਗੀ ਕਿਉਂਕਿ ਬਦਲੇ ਵਿਚ ਤੈਨੂੰ ਦੇਣ ਲਈ ਉਨ੍ਹਾਂ ਕੋਲ ਕੁਝ ਨਹੀਂ ਹੈ। ਇਸ ਦਾ ਫਲ ਤੈਨੂੰ ਉਦੋਂ ਮਿਲੇਗਾ ਜਦੋਂ ਧਰਮੀ ਲੋਕਾਂ ਨੂੰ ਮੁੜ ਜੀਉਂਦਾ ਕੀਤਾ ਜਾਵੇਗਾ।”+

15 ਇਹ ਸੁਣ ਕੇ ਇਕ ਮਹਿਮਾਨ ਨੇ ਉਸ ਨੂੰ ਕਿਹਾ: “ਖ਼ੁਸ਼ ਹੈ ਉਹ ਜਿਹੜਾ ਪਰਮੇਸ਼ੁਰ ਦੇ ਰਾਜ ਵਿਚ ਰੋਟੀ ਖਾਏਗਾ।”

16 ਯਿਸੂ ਨੇ ਉਸ ਨੂੰ ਕਿਹਾ: “ਇਕ ਆਦਮੀ ਨੇ ਸ਼ਾਮ ਨੂੰ ਬਹੁਤ ਹੀ ਸ਼ਾਨਦਾਰ ਦਾਅਵਤ ਦਿੱਤੀ+ ਅਤੇ ਉਸ ਨੇ ਬਹੁਤ ਸਾਰੇ ਲੋਕਾਂ ਨੂੰ ਸੱਦਿਆ ਸੀ। 17 ਉਸ ਨੇ ਖਾਣੇ ਦਾ ਸਮਾਂ ਹੋਣ ਤੇ ਸੱਦੇ ਲੋਕਾਂ ਨੂੰ ਇਹ ਕਹਿਣ ਲਈ ਆਪਣੇ ਨੌਕਰ ਨੂੰ ਘੱਲਿਆ: ‘ਤੁਸੀਂ ਆ ਜਾਓ ਕਿਉਂਕਿ ਖਾਣਾ ਤਿਆਰ ਹੈ।’ 18 ਪਰ ਉਹ ਸਾਰੇ ਬਹਾਨੇ ਬਣਾਉਣ ਲੱਗ ਪਏ।+ ਇਕ ਨੇ ਉਸ ਨੂੰ ਕਿਹਾ, ‘ਮੈਂ ਇਕ ਖੇਤ ਖ਼ਰੀਦਿਆ ਹੈ ਅਤੇ ਮੈਂ ਜਾ ਕੇ ਉਹ ਖੇਤ ਦੇਖਣਾ ਹੈ; ਮੈਨੂੰ ਮਾਫ਼ ਕਰੀਂ, ਮੈਂ ਨਹੀਂ ਆ ਸਕਦਾ।’ 19 ਦੂਜੇ ਨੇ ਕਿਹਾ, ‘ਮੈਂ ਬਲਦਾਂ ਦੀਆਂ ਪੰਜ ਜੋੜੀਆਂ ਖ਼ਰੀਦੀਆਂ ਹਨ ਅਤੇ ਮੈਂ ਉਨ੍ਹਾਂ ਦੀ ਜਾਂਚ ਕਰਨ ਜਾ ਰਿਹਾ ਹਾਂ; ਮੈਨੂੰ ਮਾਫ਼ ਕਰੀਂ, ਮੈਂ ਨਹੀਂ ਆ ਸਕਦਾ।’+ 20 ਹੋਰ ਕਿਸੇ ਨੇ ਕਿਹਾ, ‘ਮੇਰਾ ਨਵਾਂ-ਨਵਾਂ ਵਿਆਹ ਹੋਇਆ ਹੈ, ਇਸ ਲਈ ਮੈਂ ਨਹੀਂ ਆ ਸਕਦਾ।’ 21 ਨੌਕਰ ਨੇ ਵਾਪਸ ਆ ਕੇ ਇਹ ਸਾਰੀਆਂ ਗੱਲਾਂ ਆਪਣੇ ਮਾਲਕ ਨੂੰ ਦੱਸੀਆਂ। ਉਸ ਦੇ ਮਾਲਕ ਨੂੰ ਗੁੱਸਾ ਆ ਗਿਆ ਤੇ ਉਸ ਨੇ ਨੌਕਰ ਨੂੰ ਕਿਹਾ, ‘ਛੇਤੀ-ਛੇਤੀ ਜਾਹ ਅਤੇ ਸ਼ਹਿਰ ਦੇ ਚੌਂਕਾਂ ਅਤੇ ਗਲੀਆਂ ਵਿੱਚੋਂ ਗ਼ਰੀਬਾਂ, ਅੰਨ੍ਹਿਆਂ, ਲੰਗੜਿਆਂ ਅਤੇ ਅਪਾਹਜਾਂ ਨੂੰ ਲੈ ਕੇ ਆ।’ 22 ਥੋੜ੍ਹੇ ਚਿਰ ਬਾਅਦ ਨੌਕਰ ਨੇ ਵਾਪਸ ਆ ਕੇ ਕਿਹਾ, ‘ਸੁਆਮੀ ਜੀ, ਮੈਂ ਤੇਰਾ ਹੁਕਮ ਪੂਰਾ ਕਰ ਦਿੱਤਾ ਹੈ, ਪਰ ਅਜੇ ਹੋਰ ਲੋਕਾਂ ਲਈ ਥਾਂ ਹੈ।’ 23 ਤਦ ਮਾਲਕ ਨੇ ਨੌਕਰ ਨੂੰ ਕਿਹਾ, ‘ਸੜਕਾਂ ਅਤੇ ਖੇਤਾਂ ਵੱਲ ਜਾਹ ਅਤੇ ਲੋਕਾਂ ਨੂੰ ਆਉਣ ਲਈ ਮਜਬੂਰ ਕਰ ਤਾਂਕਿ ਮੇਰਾ ਘਰ ਭਰ ਜਾਵੇ।+ 24 ਮੈਂ ਤੁਹਾਨੂੰ ਕਹਿੰਦਾ ਹਾਂ: ਜਿਨ੍ਹਾਂ ਨੂੰ ਪਹਿਲਾਂ ਸੱਦਿਆ ਗਿਆ ਸੀ, ਉਨ੍ਹਾਂ ਵਿੱਚੋਂ ਕੋਈ ਵੀ ਮੇਰੇ ਭੋਜਨ ਦਾ ਸੁਆਦ ਨਹੀਂ ਚੱਖ ਸਕੇਗਾ।’”+

25 ਇਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਦੀ ਭੀੜ ਉਸ ਨਾਲ ਸਫ਼ਰ ਕਰ ਰਹੀ ਸੀ। ਉਸ ਨੇ ਮੁੜ ਕੇ ਉਨ੍ਹਾਂ ਨੂੰ ਕਿਹਾ: 26 “ਜੇ ਕੋਈ ਮੇਰੇ ਕੋਲ ਆਉਂਦਾ ਹੈ, ਪਰ ਆਪਣੇ ਮਾਤਾ-ਪਿਤਾ, ਪਤਨੀ, ਬੱਚਿਆਂ, ਭੈਣਾਂ-ਭਰਾਵਾਂ ਨਾਲ, ਇੱਥੋਂ ਤਕ ਕਿ ਆਪਣੀ ਜਾਨ ਨਾਲ ਵੀ ਨਫ਼ਰਤ ਨਹੀਂ ਕਰਦਾ,*+ ਤਾਂ ਉਹ ਇਨਸਾਨ ਮੇਰਾ ਚੇਲਾ ਨਹੀਂ ਬਣ ਸਕਦਾ।+ 27 ਜਿਹੜਾ ਆਪਣੀ ਤਸੀਹੇ ਦੀ ਸੂਲ਼ੀ* ਚੁੱਕ ਕੇ ਮੇਰੇ ਪਿੱਛੇ-ਪਿੱਛੇ ਨਹੀਂ ਆਉਂਦਾ, ਉਹ ਮੇਰਾ ਚੇਲਾ ਨਹੀਂ ਬਣ ਸਕਦਾ।+ 28 ਮਿਸਾਲ ਲਈ, ਤੁਹਾਡੇ ਵਿੱਚੋਂ ਅਜਿਹਾ ਕੌਣ ਹੈ ਜੋ ਬੁਰਜ ਬਣਾਉਣਾ ਚਾਹੁੰਦਾ ਹੋਵੇ ਅਤੇ ਪਹਿਲਾਂ ਬੈਠ ਕੇ ਪੂਰਾ ਹਿਸਾਬ ਨਾ ਲਾਵੇ ਕਿ ਉਸ ਕੋਲ ਬੁਰਜ ਬਣਾਉਣ ਲਈ ਪੈਸਾ ਹੈ ਜਾਂ ਨਹੀਂ? 29 ਨਹੀਂ ਤਾਂ ਹੋ ਸਕਦਾ ਹੈ ਕਿ ਤੁਸੀਂ ਨੀਂਹਾਂ ਪਾਉਣ ਤੋਂ ਬਾਅਦ ਇਸ ਨੂੰ ਪੂਰਾ ਨਾ ਕਰ ਸਕੋ ਅਤੇ ਦੇਖਣ ਵਾਲੇ ਸਾਰੇ ਲੋਕ ਤੁਹਾਡਾ ਮਜ਼ਾਕ ਉਡਾਉਣ 30 ਤੇ ਕਹਿਣ: ‘ਇਸ ਬੰਦੇ ਨੇ ਬੁਰਜ ਬਣਾਉਣਾ ਸ਼ੁਰੂ ਤਾਂ ਕਰ ਲਿਆ, ਪਰ ਪੂਰਾ ਨਾ ਕਰ ਸਕਿਆ।’ 31 ਜਾਂ ਕਿਹੜਾ ਅਜਿਹਾ ਰਾਜਾ ਹੈ ਜੋ ਯੁੱਧ ਵਿਚ ਜਾਣ ਤੋਂ ਪਹਿਲਾਂ ਬੈਠ ਕੇ ਸਲਾਹ ਨਾ ਕਰੇ ਕਿ ਉਹ ਆਪਣੇ 10,000 ਫ਼ੌਜੀਆਂ ਨਾਲ ਉਸ ਦੁਸ਼ਮਣ ਰਾਜੇ ਦਾ ਮੁਕਾਬਲਾ ਕਰ ਸਕੇਗਾ ਜਾਂ ਨਹੀਂ ਜੋ 20,000 ਫ਼ੌਜੀਆਂ ਨੂੰ ਲੈ ਕੇ ਲੜਨ ਆ ਰਿਹਾ ਹੈ? 32 ਜੇ ਉਸ ਨੂੰ ਲੱਗਦਾ ਹੈ ਕਿ ਉਹ ਮੁਕਾਬਲਾ ਨਹੀਂ ਕਰ ਸਕੇਗਾ, ਤਾਂ ਜਦੋਂ ਦੂਜਾ ਰਾਜਾ ਅਜੇ ਦੂਰ ਹੀ ਹੈ, ਉਹ ਉਸ ਕੋਲ ਆਪਣੇ ਰਾਜਦੂਤ ਘੱਲ ਕੇ ਉਸ ਨਾਲ ਸੁਲ੍ਹਾ ਕਰਨ ਦੀ ਕੋਸ਼ਿਸ਼ ਕਰੇਗਾ। 33 ਇਸੇ ਤਰ੍ਹਾਂ, ਯਾਦ ਰੱਖੋ, ਜਿਹੜਾ ਆਪਣੀਆਂ ਸਾਰੀਆਂ ਚੀਜ਼ਾਂ ਦਾ ਤਿਆਗ ਨਹੀਂ ਕਰਦਾ, ਉਹ ਮੇਰਾ ਚੇਲਾ ਨਹੀਂ ਬਣ ਸਕਦਾ।+

34 “ਲੂਣ ਚੰਗਾ ਹੁੰਦਾ ਹੈ। ਪਰ ਜੇ ਲੂਣ ਹੀ ਆਪਣਾ ਸੁਆਦ ਗੁਆ ਬੈਠੇ, ਤਾਂ ਫਿਰ ਤੁਸੀਂ ਇਸ ਨੂੰ ਕਿਸ ਚੀਜ਼ ਨਾਲ ਸੁਆਦੀ ਬਣਾਓਗੇ?+ 35 ਇਹ ਨਾ ਤਾਂ ਖੇਤਾਂ ਵਿਚ ਵਰਤਣ ਦੇ ਅਤੇ ਨਾ ਹੀ ਰੂੜੀ ਦੇ ਕੰਮ ਆਉਂਦਾ ਹੈ। ਲੋਕ ਇਸ ਨੂੰ ਬਾਹਰ ਸੁੱਟ ਦਿੰਦੇ ਹਨ। ਜਿਸ ਦੇ ਕੰਨ ਹਨ, ਉਹ ਮੇਰੀ ਗੱਲ ਸੁਣੇ।”+

15 ਯਿਸੂ ਦੀਆਂ ਗੱਲਾਂ ਸੁਣਨ ਲਈ ਸਾਰੇ ਟੈਕਸ ਵਸੂਲ ਕਰਨ ਵਾਲੇ ਅਤੇ ਪਾਪੀ ਆ ਰਹੇ ਸਨ।+ 2 ਇਹ ਦੇਖ ਕੇ ਫ਼ਰੀਸੀ ਅਤੇ ਗ੍ਰੰਥੀ ਬੁੜਬੁੜਾਉਂਦੇ ਰਹੇ: “ਇਹ ਬੰਦਾ ਪਾਪੀਆਂ ਨਾਲ ਮਿਲਦਾ-ਗਿਲ਼ਦਾ ਤੇ ਖਾਂਦਾ-ਪੀਂਦਾ ਹੈ।” 3 ਫਿਰ ਉਸ ਨੇ ਉਨ੍ਹਾਂ ਨੂੰ ਇਕ ਮਿਸਾਲ ਦਿੰਦੇ ਹੋਏ ਕਿਹਾ: 4 “ਜੇ ਤੁਹਾਡੇ ਵਿੱਚੋਂ ਕਿਸੇ ਕੋਲ 100 ਭੇਡਾਂ ਹੋਣ ਅਤੇ ਉਨ੍ਹਾਂ ਵਿੱਚੋਂ ਇਕ ਗੁਆਚ ਜਾਵੇ, ਤਾਂ ਕੀ ਉਹ 99 ਭੇਡਾਂ ਨੂੰ ਉਜਾੜ ਵਿਚ ਛੱਡ ਕੇ ਉਸ ਗੁਆਚੀ ਭੇਡ ਨੂੰ ਉਦੋਂ ਤਕ ਨਹੀਂ ਲੱਭਦਾ ਰਹੇਗਾ ਜਦੋਂ ਤਕ ਉਹ ਲੱਭ ਨਹੀਂ ਜਾਂਦੀ?+ 5 ਜਦੋਂ ਭੇਡ ਲੱਭ ਜਾਂਦੀ ਹੈ, ਤਾਂ ਉਹ ਉਸ ਨੂੰ ਆਪਣੇ ਮੋਢਿਆਂ ʼਤੇ ਰੱਖ ਲੈਂਦਾ ਹੈ ਅਤੇ ਬਹੁਤ ਖ਼ੁਸ਼ ਹੁੰਦਾ ਹੈ। 6 ਫਿਰ ਘਰ ਪਹੁੰਚ ਕੇ ਉਹ ਆਪਣੇ ਦੋਸਤਾਂ ਤੇ ਗੁਆਂਢੀਆਂ ਨੂੰ ਬੁਲਾ ਕੇ ਕਹਿੰਦਾ ਹੈ, ‘ਮੇਰੇ ਨਾਲ ਖ਼ੁਸ਼ੀਆਂ ਮਨਾਓ ਕਿਉਂਕਿ ਮੇਰੀ ਗੁਆਚੀ ਹੋਈ ਭੇਡ ਲੱਭ ਗਈ ਹੈ।’+ 7 ਮੈਂ ਤੁਹਾਨੂੰ ਕਹਿੰਦਾ ਹਾਂ, ਇਸੇ ਤਰ੍ਹਾਂ ਸਵਰਗ ਵਿਚ ਜਿੰਨੀ ਖ਼ੁਸ਼ੀ ਇਕ ਪਾਪੀ ਦੇ ਤੋਬਾ ਕਰਨ ʼਤੇ ਮਨਾਈ ਜਾਂਦੀ ਹੈ,+ ਉੱਨੀ ਖ਼ੁਸ਼ੀ 99 ਧਰਮੀਆਂ ਕਾਰਨ ਨਹੀਂ ਮਨਾਈ ਜਾਂਦੀ ਜਿਨ੍ਹਾਂ ਨੂੰ ਤੋਬਾ ਕਰਨ ਦੀ ਲੋੜ ਹੀ ਨਹੀਂ।

8 “ਜਾਂ ਅਜਿਹੀ ਕਿਹੜੀ ਤੀਵੀਂ ਹੈ ਜਿਸ ਕੋਲ ਚਾਂਦੀ ਦੇ ਦਸ ਸਿੱਕੇ* ਹੋਣ ਅਤੇ ਜੇ ਉਨ੍ਹਾਂ ਵਿੱਚੋਂ ਇਕ ਸਿੱਕਾ* ਗੁਆਚ ਜਾਵੇ, ਤਾਂ ਉਹ ਦੀਵਾ ਬਾਲ਼ ਕੇ ਉਦੋਂ ਤਕ ਆਪਣੇ ਘਰ ਦਾ ਖੂੰਜਾ-ਖੂੰਜਾ ਨਾ ਹੂੰਝੇ ਜਦੋਂ ਤਕ ਸਿੱਕਾ ਲੱਭ ਨਹੀਂ ਜਾਂਦਾ? 9 ਸਿੱਕਾ ਲੱਭ ਜਾਣ ਤੇ ਉਹ ਆਪਣੀਆਂ ਸਹੇਲੀਆਂ ਅਤੇ ਗੁਆਂਢਣਾਂ ਨੂੰ ਇਕੱਠਾ ਕਰ ਕੇ ਕਹੇਗੀ, ‘ਮੇਰੇ ਨਾਲ ਖ਼ੁਸ਼ੀਆਂ ਮਨਾਓ ਕਿਉਂਕਿ ਮੇਰਾ ਚਾਂਦੀ ਦਾ ਗੁਆਚਿਆ ਸਿੱਕਾ* ਲੱਭ ਗਿਆ ਹੈ।’ 10 ਮੈਂ ਤੁਹਾਨੂੰ ਕਹਿੰਦਾ ਹਾਂ, ਇਸੇ ਤਰ੍ਹਾਂ ਜਦੋਂ ਇਕ ਵੀ ਪਾਪੀ ਤੋਬਾ ਕਰਦਾ ਹੈ, ਤਾਂ ਪਰਮੇਸ਼ੁਰ ਦੇ ਦੂਤ ਖ਼ੁਸ਼ੀਆਂ ਮਨਾਉਂਦੇ ਹਨ।”+

11 ਫਿਰ ਉਸ ਨੇ ਕਿਹਾ: “ਇਕ ਆਦਮੀ ਦੇ ਦੋ ਪੁੱਤਰ ਸਨ। 12 ਛੋਟੇ ਨੇ ਆ ਕੇ ਆਪਣੇ ਪਿਤਾ ਨੂੰ ਕਿਹਾ, ‘ਪਿਤਾ ਜੀ, ਜਾਇਦਾਦ ਵਿੱਚੋਂ ਮੈਨੂੰ ਮੇਰਾ ਬਣਦਾ ਹਿੱਸਾ ਦੇ ਦੇ।’ ਇਸ ਲਈ ਪਿਤਾ ਨੇ ਦੋਵਾਂ ਮੁੰਡਿਆਂ ਵਿਚ ਆਪਣੀ ਜਾਇਦਾਦ ਵੰਡ ਦਿੱਤੀ। 13 ਫਿਰ ਕੁਝ ਦਿਨਾਂ ਬਾਅਦ ਛੋਟਾ ਪੁੱਤਰ ਆਪਣਾ ਸਾਰਾ ਕੁਝ ਸਮੇਟ ਕੇ ਕਿਸੇ ਦੂਰ ਦੇਸ਼ ਰਹਿਣ ਚਲਾ ਗਿਆ ਅਤੇ ਉੱਥੇ ਉਸ ਨੇ ਅਯਾਸ਼ੀ ਵਿਚ* ਆਪਣਾ ਸਾਰਾ ਪੈਸਾ ਉਡਾ ਦਿੱਤਾ। 14 ਜਦੋਂ ਉਹ ਕੰਗਾਲ ਹੋ ਗਿਆ, ਤਾਂ ਉਸ ਦੇਸ਼ ਵਿਚ ਡਾਢਾ ਕਾਲ਼ ਪੈ ਗਿਆ ਅਤੇ ਉਹ ਇਕ-ਇਕ ਪੈਸੇ ਦਾ ਮੁਥਾਜ ਹੋ ਗਿਆ। 15 ਉਹ ਉਸ ਦੇਸ਼ ਵਿਚ ਕਿਸੇ ਬੰਦੇ ਦੇ ਘਰ ਮੱਲੋ-ਮੱਲੀ ਮਜ਼ਦੂਰੀ ਕਰਨ ਲੱਗ ਪਿਆ ਅਤੇ ਉਸ ਬੰਦੇ ਨੇ ਉਸ ਨੂੰ ਆਪਣੇ ਖੇਤਾਂ ਵਿਚ ਸੂਰ+ ਚਾਰਨ ਲਈ ਭੇਜਿਆ। 16 ਜੋ ਫਲੀਆਂ* ਸੂਰ ਖਾ ਰਹੇ ਸਨ, ਉਹ ਵੀ ਖਾਣ ਲਈ ਤਰਸਦਾ ਸੀ। ਪਰ ਕਿਸੇ ਨੇ ਉਸ ਨੂੰ ਖਾਣ ਲਈ ਕੁਝ ਨਹੀਂ ਦਿੱਤਾ।

17 “ਜਦੋਂ ਉਸ ਦੀ ਅਕਲ ਟਿਕਾਣੇ ਆਈ, ਤਾਂ ਉਸ ਨੇ ਆਪਣੇ ਆਪ ਨੂੰ ਕਿਹਾ, ‘ਮੇਰੇ ਪਿਤਾ ਦੇ ਇੰਨੇ ਸਾਰੇ ਮਜ਼ਦੂਰ ਰੱਜ ਕੇ ਰੋਟੀ ਖਾਂਦੇ ਹਨ, ਜਦ ਕਿ ਮੈਂ ਇੱਥੇ ਕਾਲ਼ ਕਰਕੇ ਭੁੱਖਾ ਮਰ ਰਿਹਾ ਹਾਂ! 18 ਮੈਂ ਆਪਣੇ ਪਿਤਾ ਕੋਲ ਜਾਵਾਂਗਾ ਅਤੇ ਉਸ ਨੂੰ ਕਹਾਂਗਾ: “ਪਿਤਾ ਜੀ, ਮੈਂ ਪਰਮੇਸ਼ੁਰ* ਦੇ ਖ਼ਿਲਾਫ਼ ਅਤੇ ਤੇਰੇ ਖ਼ਿਲਾਫ਼ ਪਾਪ ਕੀਤਾ ਹੈ। 19 ਮੈਂ ਹੁਣ ਤੇਰਾ ਪੁੱਤਰ ਕਹਾਉਣ ਦੇ ਲਾਇਕ ਨਹੀਂ ਹਾਂ। ਮੈਨੂੰ ਆਪਣੇ ਕੋਲ ਮਜ਼ਦੂਰੀ ʼਤੇ ਰੱਖ ਲੈ।”’ 20 ਇਸ ਲਈ ਉਹ ਉੱਠਿਆ ਅਤੇ ਆਪਣੇ ਪਿਤਾ ਕੋਲ ਚਲਾ ਗਿਆ। ਜਦੋਂ ਅਜੇ ਉਹ ਦੂਰ ਹੀ ਸੀ, ਤਾਂ ਉਸ ਦੇ ਪਿਤਾ ਨੇ ਉਸ ਨੂੰ ਦੇਖ ਲਿਆ। ਪਿਤਾ ਨੂੰ ਉਸ ਦੀ ਹਾਲਤ ʼਤੇ ਬੜਾ ਤਰਸ ਆਇਆ ਅਤੇ ਉਸ ਨੇ ਭੱਜ ਕੇ ਉਸ ਨੂੰ ਗਲ਼ੇ ਲਾ ਲਿਆ ਅਤੇ ਪਿਆਰ ਨਾਲ ਉਸ ਨੂੰ ਚੁੰਮਿਆ। 21 ਫਿਰ ਪੁੱਤਰ ਨੇ ਆਪਣੇ ਪਿਤਾ ਨੂੰ ਕਿਹਾ, ‘ਪਿਤਾ ਜੀ, ਮੈਂ ਪਰਮੇਸ਼ੁਰ* ਦੇ ਖ਼ਿਲਾਫ਼ ਅਤੇ ਤੇਰੇ ਖ਼ਿਲਾਫ਼ ਪਾਪ ਕੀਤਾ ਹੈ।+ ਮੈਂ ਹੁਣ ਤੇਰਾ ਪੁੱਤਰ ਕਹਾਉਣ ਦੇ ਲਾਇਕ ਨਹੀਂ ਹਾਂ।’ 22 ਪਰ ਪਿਤਾ ਨੇ ਆਪਣੇ ਨੌਕਰਾਂ ਨੂੰ ਕਿਹਾ: ‘ਜਾਓ, ਫਟਾਫਟ ਸਭ ਤੋਂ ਵਧੀਆ ਚੋਗਾ ਲਿਆ ਕੇ ਇਸ ਦੇ ਪਾਓ ਅਤੇ ਇਸ ਦੇ ਹੱਥ ਵਿਚ ਅੰਗੂਠੀ ਪਾਓ ਅਤੇ ਪੈਰੀਂ ਜੁੱਤੀ ਪਾਓ। 23 ਨਾਲੇ, ਇਕ ਪਲ਼ਿਆ ਹੋਇਆ ਵੱਛਾ ਵੱਢੋ ਅਤੇ ਆਓ ਆਪਾਂ ਸਾਰੇ ਖਾਈਏ-ਪੀਏ ਤੇ ਖ਼ੁਸ਼ੀਆਂ ਮਨਾਈਏ 24 ਕਿਉਂਕਿ ਮੇਰਾ ਇਹ ਪੁੱਤਰ ਮਰ ਗਿਆ ਸੀ, ਪਰ ਹੁਣ ਦੁਬਾਰਾ ਜੀਉਂਦਾ ਹੋ ਗਿਆ ਹੈ;+ ਇਹ ਗੁਆਚ ਗਿਆ ਸੀ, ਪਰ ਹੁਣ ਲੱਭ ਗਿਆ ਹੈ।’ ਫਿਰ ਉਹ ਸਾਰੇ ਖ਼ੁਸ਼ੀਆਂ ਮਨਾਉਣ ਲੱਗ ਪਏ।

25 “ਉਸ ਵੇਲੇ ਉਸ ਦਾ ਵੱਡਾ ਪੁੱਤਰ ਖੇਤਾਂ ਵਿਚ ਸੀ। ਜਦੋਂ ਉਹ ਵਾਪਸ ਆਇਆ, ਤਾਂ ਘਰ ਦੇ ਨੇੜੇ ਪਹੁੰਚ ਕੇ ਉਸ ਨੇ ਗਾਉਣ-ਵਜਾਉਣ ਅਤੇ ਨੱਚਣ ਦੀ ਆਵਾਜ਼ ਸੁਣੀ। 26 ਇਸ ਲਈ ਉਸ ਨੇ ਇਕ ਨੌਕਰ ਨੂੰ ਆਪਣੇ ਕੋਲ ਬੁਲਾ ਕੇ ਪੁੱਛਿਆ ਕਿ ਇਹ ਸਭ ਕੀ ਹੋ ਰਿਹਾ ਸੀ। 27 ਨੌਕਰ ਨੇ ਉਸ ਨੂੰ ਦੱਸਿਆ, ‘ਤੇਰਾ ਭਰਾ ਮੁੜ ਆਇਆ ਹੈ ਅਤੇ ਤੇਰੇ ਪਿਤਾ ਨੇ ਪਲ਼ਿਆ ਹੋਇਆ ਵੱਛਾ ਵੱਢਿਆ ਹੈ ਕਿਉਂਕਿ ਉਸ ਦਾ ਪੁੱਤਰ ਉਸ ਨੂੰ ਸਹੀ-ਸਲਾਮਤ ਵਾਪਸ ਮਿਲ ਗਿਆ ਹੈ।’ 28 ਪਰ ਵੱਡੇ ਮੁੰਡੇ ਨੂੰ ਗੁੱਸਾ ਚੜ੍ਹ ਗਿਆ ਅਤੇ ਉਸ ਨੇ ਅੰਦਰ ਜਾਣ ਤੋਂ ਇਨਕਾਰ ਕਰ ਦਿੱਤਾ। ਫਿਰ ਉਸ ਦਾ ਪਿਤਾ ਬਾਹਰ ਆ ਕੇ ਉਸ ਦੀਆਂ ਮਿੰਨਤਾਂ ਕਰਨ ਲੱਗਾ। 29 ਉਸ ਨੇ ਆਪਣੇ ਪਿਤਾ ਨੂੰ ਕਿਹਾ, ‘ਮੈਂ ਇੰਨੇ ਸਾਲ ਤੇਰੀ ਗ਼ੁਲਾਮੀ ਕੀਤੀ ਅਤੇ ਤੇਰਾ ਕਿਹਾ ਕਦੀ ਨਹੀਂ ਮੋੜਿਆ, ਪਰ ਤੂੰ ਮੈਨੂੰ ਕਦੇ ਇਕ ਮੇਮਣਾ ਤਕ ਨਹੀਂ ਦਿੱਤਾ ਤਾਂਕਿ ਮੈਂ ਵੀ ਆਪਣੇ ਦੋਸਤਾਂ ਨਾਲ ਬੈਠ ਕੇ ਖ਼ੁਸ਼ੀਆਂ ਮਨਾਵਾਂ। 30 ਪਰ ਤੇਰੇ ਇਸ ਪੁੱਤਰ ਨੇ ਤੇਰਾ ਸਾਰਾ ਪੈਸਾ ਵੇਸਵਾਵਾਂ ʼਤੇ ਉਡਾ ਦਿੱਤਾ* ਤੇ ਤੂੰ ਇਹ ਦੇ ਆਉਂਦਿਆਂ ਹੀ ਪਲ਼ਿਆ ਹੋਇਆ ਵੱਛਾ ਵੱਢਿਆ।’ 31 ਪਿਤਾ ਨੇ ਉਸ ਨੂੰ ਕਿਹਾ, ‘ਬੇਟਾ, ਤੂੰ ਹਮੇਸ਼ਾ ਮੇਰੇ ਨਾਲ ਰਿਹਾ ਅਤੇ ਮੇਰਾ ਸਾਰਾ ਕੁਝ ਤੇਰਾ ਹੀ ਤਾਂ ਹੈ, 32 ਪਰ ਹੁਣ ਸਾਨੂੰ ਖ਼ੁਸ਼ੀ ਮਨਾਉਣੀ ਚਾਹੀਦੀ ਹੈ ਕਿਉਂਕਿ ਤੇਰਾ ਭਰਾ ਮਰ ਗਿਆ ਸੀ, ਪਰ ਦੁਬਾਰਾ ਜੀਉਂਦਾ ਹੋ ਗਿਆ ਹੈ; ਉਹ ਗੁਆਚ ਗਿਆ ਸੀ, ਪਰ ਹੁਣ ਲੱਭ ਗਿਆ ਹੈ।’”

16 ਫਿਰ ਉਸ ਨੇ ਆਪਣੇ ਚੇਲਿਆਂ ਨੂੰ ਵੀ ਕਿਹਾ: “ਇਕ ਅਮੀਰ ਆਦਮੀ ਸੀ ਅਤੇ ਕਿਸੇ ਨੇ ਉਸ ਦੇ ਘਰ ਦੇ ਪ੍ਰਬੰਧਕ ਉੱਤੇ ਇਲਜ਼ਾਮ ਲਾਇਆ ਕਿ ਉਹ ਆਪਣੇ ਮਾਲਕ ਦਾ ਮਾਲ ਬਰਬਾਦ ਕਰ ਰਿਹਾ ਸੀ। 2 ਇਸ ਲਈ ਮਾਲਕ ਨੇ ਉਸ ਨੂੰ ਬੁਲਾ ਕੇ ਕਿਹਾ, ‘ਮੈਂ ਤੇਰੇ ਬਾਰੇ ਇਹ ਕੀ ਸੁਣ ਰਿਹਾ ਹਾਂ? ਮੈਨੂੰ ਕੰਮ ਦਾ ਸਾਰਾ ਹਿਸਾਬ-ਕਿਤਾਬ ਦੇ ਦੇ ਕਿਉਂਕਿ ਹੁਣ ਤੋਂ ਤੂੰ ਮੇਰੇ ਘਰ ਦਾ ਪ੍ਰਬੰਧਕ ਨਹੀਂ ਰਹੇਂਗਾ।’ 3 ਫਿਰ ਪ੍ਰਬੰਧਕ ਨੇ ਆਪਣੇ ਆਪ ਨੂੰ ਕਿਹਾ, ‘ਹੁਣ ਮੈਂ ਕੀ ਕਰਾਂ, ਮਾਲਕ ਤਾਂ ਮੈਨੂੰ ਕੰਮ ਤੋਂ ਕੱਢਣ ਵਾਲਾ ਹੈ? ਮੇਰੇ ਤੋਂ ਖੇਤਾਂ ਵਿਚ ਮਿੱਟੀ ਨਹੀਂ ਪੁੱਟੀ ਜਾਣੀ ਤੇ ਭੀਖ ਮੰਗਣ ਵਿਚ ਮੈਨੂੰ ਸ਼ਰਮ ਆਉਂਦੀ ਹੈ। 4 ਮੈਨੂੰ ਪਤਾ ਮੈਨੂੰ ਕੀ ਕਰਨਾ ਚਾਹੀਦਾ ਹੈ ਤਾਂਕਿ ਜਦੋਂ ਮੈਨੂੰ ਪ੍ਰਬੰਧਕ ਦੇ ਕੰਮ ਤੋਂ ਹਟਾਇਆ ਜਾਵੇ, ਤਾਂ ਲੋਕ ਆਪਣੇ ਘਰਾਂ ਵਿਚ ਮੇਰਾ ਸੁਆਗਤ ਕਰਨ।’ 5 ਫਿਰ ਉਸ ਨੇ ਆਪਣੇ ਮਾਲਕ ਦੇ ਕਰਜ਼ਦਾਰਾਂ ਨੂੰ ਇਕ-ਇਕ ਕਰ ਕੇ ਸੱਦਿਆ। ਉਸ ਨੇ ਪਹਿਲੇ ਨੂੰ ਪੁੱਛਿਆ, ‘ਤੇਰੇ ਸਿਰ ਮੇਰੇ ਮਾਲਕ ਦਾ ਕਿੰਨਾ ਕੁ ਕਰਜ਼ਾ ਹੈ?’ 6 ਉਸ ਨੇ ਕਿਹਾ, ‘2,200 ਲੀਟਰ* ਜ਼ੈਤੂਨ ਦਾ ਤੇਲ।’ ਪ੍ਰਬੰਧਕ ਨੇ ਉਸ ਨੂੰ ਕਿਹਾ, ‘ਆਪਣਾ ਲਿਖਤੀ ਇਕਰਾਰਨਾਮਾ ਲੈ ਅਤੇ ਬੈਠ ਕੇ ਫਟਾਫਟ 1,100 ਲੀਟਰ* ਲਿਖ ਦੇ।’ 7 ਫਿਰ ਉਸ ਨੇ ਦੂਸਰੇ ਕਰਜ਼ਦਾਰ ਨੂੰ ਪੁੱਛਿਆ, ‘ਤੂੰ ਦੱਸ, ਤੇਰੇ ਸਿਰ ਮੇਰੇ ਮਾਲਕ ਦਾ ਕਿੰਨਾ ਕੁ ਕਰਜ਼ਾ ਹੈ?’ ਉਸ ਨੇ ਕਿਹਾ, ‘170 ਕੁਇੰਟਲ* ਕਣਕ।’ ਪ੍ਰਬੰਧਕ ਨੇ ਉਸ ਨੂੰ ਕਿਹਾ, ‘ਆਪਣਾ ਲਿਖਤੀ ਇਕਰਾਰਨਾਮਾ ਲੈ ਅਤੇ 136 ਕੁਇੰਟਲ* ਲਿਖ ਦੇ।’ 8 ਭਾਵੇਂ ਪ੍ਰਬੰਧਕ ਕੁਧਰਮੀ* ਸੀ, ਫਿਰ ਵੀ ਮਾਲਕ ਨੇ ਉਸ ਦੀ ਤਾਰੀਫ਼ ਕੀਤੀ ਕਿਉਂਕਿ ਉਸ ਨੇ ਅਕਲ ਤੋਂ ਕੰਮ ਲਿਆ ਸੀ; ਇਸ ਦੁਨੀਆਂ* ਦੇ ਲੋਕ ਆਪਣੀ ਪੀੜ੍ਹੀ ਦੇ ਲੋਕਾਂ ਨਾਲ ਲੈਣ-ਦੇਣ ਦੇ ਮਾਮਲੇ ਵਿਚ ਉਨ੍ਹਾਂ ਲੋਕਾਂ ਨਾਲੋਂ ਜ਼ਿਆਦਾ ਚਾਤਰ ਹਨ ਜਿਹੜੇ ਚਾਨਣ ਵਿਚ ਹਨ।+

9 “ਨਾਲੇ ਮੈਂ ਤੁਹਾਨੂੰ ਕਹਿੰਦਾ ਹਾਂ: ਇਸ ਕੁਧਰਮੀ ਦੁਨੀਆਂ ਦੇ ਧਨ ਨਾਲ ਆਪਣੇ ਲਈ ਦੋਸਤ ਬਣਾਓ।+ ਫਿਰ ਜਦੋਂ ਤੁਹਾਡਾ ਇਹ ਧਨ ਖ਼ਤਮ ਹੋ ਜਾਵੇਗਾ, ਤਾਂ ਇਹ ਦੋਸਤ ਹਮੇਸ਼ਾ ਕਾਇਮ ਰਹਿਣ ਵਾਲੇ ਘਰਾਂ ਵਿਚ ਤੁਹਾਡਾ ਸੁਆਗਤ ਕਰਨਗੇ।+ 10 ਜਿਹੜਾ ਇਨਸਾਨ ਛੋਟੀਆਂ-ਛੋਟੀਆਂ ਗੱਲਾਂ ਵਿਚ ਈਮਾਨਦਾਰ ਹੁੰਦਾ ਹੈ, ਉਹ ਵੱਡੀਆਂ ਗੱਲਾਂ ਵਿਚ ਵੀ ਈਮਾਨਦਾਰ ਹੁੰਦਾ ਹੈ ਅਤੇ ਜਿਹੜਾ ਇਨਸਾਨ ਛੋਟੀਆਂ-ਛੋਟੀਆਂ ਗੱਲਾਂ ਵਿਚ ਬੇਈਮਾਨ* ਹੁੰਦਾ ਹੈ, ਉਹ ਵੱਡੀਆਂ ਗੱਲਾਂ ਵਿਚ ਵੀ ਬੇਈਮਾਨ ਹੁੰਦਾ ਹੈ। 11 ਇਸ ਲਈ ਜੇ ਤੁਸੀਂ ਇਸ ਕੁਧਰਮੀ ਦੁਨੀਆਂ ਦੇ ਧਨ ਦੇ ਮਾਮਲੇ ਵਿਚ ਆਪਣੇ ਆਪ ਨੂੰ ਈਮਾਨਦਾਰ ਸਾਬਤ ਨਹੀਂ ਕਰਦੇ, ਤਾਂ ਤੁਹਾਨੂੰ ਸੱਚੇ ਧਨ ਦੀ ਜ਼ਿੰਮੇਵਾਰੀ ਕੌਣ ਸੌਂਪੇਗਾ? 12 ਅਤੇ ਜੇ ਤੁਸੀਂ ਕਿਸੇ ਹੋਰ ਦੀਆਂ ਚੀਜ਼ਾਂ ਨੂੰ ਸੰਭਾਲਣ ਵਿਚ ਆਪਣੇ ਆਪ ਨੂੰ ਈਮਾਨਦਾਰ ਸਾਬਤ ਨਹੀਂ ਕਰਦੇ, ਤਾਂ ਤੁਹਾਨੂੰ ਉਹ ਇਨਾਮ ਕੌਣ ਦੇਵੇਗਾ ਜੋ ਤੁਹਾਡੇ ਲਈ ਰੱਖਿਆ ਗਿਆ ਹੈ?+ 13 ਕੋਈ ਵੀ ਨੌਕਰ ਦੋ ਮਾਲਕਾਂ ਦੀ ਸੇਵਾ ਨਹੀਂ ਕਰ ਸਕਦਾ ਕਿਉਂਕਿ ਉਹ ਇਕ ਨੂੰ ਪਿਆਰ ਤੇ ਦੂਜੇ ਨੂੰ ਨਫ਼ਰਤ ਕਰੇਗਾ, ਜਾਂ ਇਕ ਪ੍ਰਤੀ ਵਫ਼ਾਦਾਰ ਰਹੇਗਾ ਅਤੇ ਦੂਜੇ ਨੂੰ ਤੁੱਛ ਸਮਝੇਗਾ। ਇਸੇ ਤਰ੍ਹਾਂ, ਤੁਸੀਂ ਪਰਮੇਸ਼ੁਰ ਅਤੇ ਪੈਸੇ ਦੋਹਾਂ ਦੀ ਸੇਵਾ ਨਹੀਂ ਕਰ ਸਕਦੇ।”+

14 ਹੁਣ ਫ਼ਰੀਸੀ, ਜਿਹੜੇ ਪੈਸੇ ਦੇ ਪ੍ਰੇਮੀ ਸਨ, ਉਸ ਦੀਆਂ ਇਹ ਸਾਰੀਆਂ ਗੱਲਾਂ ਸੁਣ ਕੇ ਉਸ ਦਾ ਮਜ਼ਾਕ ਉਡਾਉਣ ਲੱਗ ਪਏ।+ 15 ਇਸ ਲਈ ਉਸ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਲੋਕਾਂ ਸਾਮ੍ਹਣੇ ਧਰਮੀ ਹੋਣ ਦਾ ਦਿਖਾਵਾ ਕਰਦੇ ਹੋ,+ ਪਰ ਪਰਮੇਸ਼ੁਰ ਤੁਹਾਡੇ ਦਿਲਾਂ ਨੂੰ ਜਾਣਦਾ ਹੈ।+ ਕਿਉਂਕਿ ਇਨਸਾਨਾਂ ਦੀਆਂ ਨਜ਼ਰਾਂ ਵਿਚ ਜਿਹੜੀ ਚੀਜ਼ ਅਹਿਮ ਹੈ, ਉਹ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਘਿਣਾਉਣੀ ਹੈ।+

16 “ਮੂਸਾ ਦੇ ਕਾਨੂੰਨ ਅਤੇ ਨਬੀਆਂ ਦੀਆਂ ਲਿਖਤਾਂ ਯੂਹੰਨਾ ਦੇ ਸਮੇਂ ਤਕ ਸਨ। ਯੂਹੰਨਾ ਦੇ ਸਮੇਂ ਤੋਂ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਐਲਾਨ ਕੀਤਾ ਜਾ ਰਿਹਾ ਹੈ ਅਤੇ ਹਰ ਤਰ੍ਹਾਂ ਦਾ ਇਨਸਾਨ ਇਸ ਰਾਜ ਵਿਚ ਜਾਣ ਦਾ ਪੂਰਾ ਜਤਨ ਕਰ ਰਿਹਾ ਹੈ।+ 17 ਸਵਰਗ ਅਤੇ ਧਰਤੀ ਭਾਵੇਂ ਮਿਟ ਜਾਣ, ਪਰ ਮੂਸਾ ਦੇ ਕਾਨੂੰਨ ਦੇ ਇਕ ਵੀ ਅੱਖਰ ਦੀ ਬਿੰਦੀ ਨਹੀਂ ਮਿਟੇਗੀ, ਉਸ ਵਿਚ ਲਿਖੀਆਂ ਸਾਰੀਆਂ ਗੱਲਾਂ ਪੂਰੀਆਂ ਹੋਣਗੀਆਂ।+

18 “ਜਿਹੜਾ ਆਪਣੀ ਪਤਨੀ ਨੂੰ ਤਲਾਕ ਦੇ ਕੇ ਹੋਰ ਕਿਸੇ ਤੀਵੀਂ ਨਾਲ ਵਿਆਹ ਕਰਾਉਂਦਾ ਹੈ, ਉਹ ਹਰਾਮਕਾਰੀ ਕਰਦਾ ਹੈ ਅਤੇ ਜਿਹੜਾ ਆਦਮੀ ਅਜਿਹੀ ਤਲਾਕਸ਼ੁਦਾ ਤੀਵੀਂ ਨਾਲ ਵਿਆਹ ਕਰਾਉਂਦਾ ਹੈ, ਉਹ ਹਰਾਮਕਾਰੀ ਕਰਦਾ ਹੈ।+

19 “ਇਕ ਅਮੀਰ ਆਦਮੀ ਹੁੰਦਾ ਸੀ। ਉਹ ਬੈਂਗਣੀ ਰੰਗ ਦੇ ਮਹਿੰਗੇ-ਮਹਿੰਗੇ ਕੱਪੜੇ ਪਾਉਂਦਾ ਹੁੰਦਾ ਸੀ, ਠਾਠ-ਬਾਠ ਨਾਲ ਰਹਿੰਦਾ ਸੀ ਤੇ ਰੋਜ਼ ਐਸ਼ ਕਰਦਾ ਸੀ। 20 ਪਰ ਲਾਜ਼ਰ ਨਾਂ ਦਾ ਇਕ ਭਿਖਾਰੀ ਸੀ ਜਿਸ ਦਾ ਸਾਰਾ ਸਰੀਰ ਫੋੜਿਆਂ ਨਾਲ ਭਰਿਆ ਹੋਇਆ ਸੀ। ਉਸ ਨੂੰ ਲਿਆ ਕੇ ਅਮੀਰ ਆਦਮੀ ਦੇ ਘਰ ਦੇ ਦਰਵਾਜ਼ੇ ਲਾਗੇ ਬਿਠਾ ਦਿੱਤਾ ਜਾਂਦਾ ਸੀ। 21 ਉਹ ਅਮੀਰ ਆਦਮੀ ਦੇ ਮੇਜ਼ ਤੋਂ ਡਿਗਦੇ ਟੁਕੜਿਆਂ ਨਾਲ ਢਿੱਡ ਭਰਨ ਲਈ ਤਰਸਦਾ ਹੁੰਦਾ ਸੀ। ਨਾਲੇ ਕੁੱਤੇ ਆ ਕੇ ਉਸ ਦੇ ਫੋੜੇ ਚੱਟਦੇ ਹੁੰਦੇ ਸਨ। 22 ਕੁਝ ਸਮੇਂ ਬਾਅਦ ਉਹ ਭਿਖਾਰੀ ਮਰ ਗਿਆ ਅਤੇ ਦੂਤ ਉਸ ਨੂੰ ਚੁੱਕ ਕੇ ਅਬਰਾਹਾਮ ਦੇ ਕੋਲ* ਲੈ ਗਏ।

“ਨਾਲੇ ਉਹ ਅਮੀਰ ਆਦਮੀ ਵੀ ਮਰ ਗਿਆ ਅਤੇ ਉਸ ਨੂੰ ਦਫ਼ਨਾ ਦਿੱਤਾ ਗਿਆ। 23 ਉਹ ਕਬਰ* ਵਿਚ ਤੜਫ ਰਿਹਾ ਸੀ ਅਤੇ ਉਸ ਨੇ ਕਬਰ ਵਿੱਚੋਂ ਆਪਣੀਆਂ ਅੱਖਾਂ ਉਤਾਂਹ ਚੁੱਕ ਕੇ ਦੂਰ ਅਬਰਾਹਾਮ ਅਤੇ ਉਸ ਦੇ ਲਾਗੇ* ਲਾਜ਼ਰ ਨੂੰ ਦੇਖਿਆ। 24 ਇਸ ਲਈ ਉਸ ਆਦਮੀ ਨੇ ਉੱਚੀ ਆਵਾਜ਼ ਵਿਚ ਕਿਹਾ, ‘ਹੇ ਪਿਤਾ ਅਬਰਾਹਾਮ, ਮੇਰੇ ʼਤੇ ਦਇਆ ਕਰ ਅਤੇ ਲਾਜ਼ਰ ਨੂੰ ਕਹਿ ਕਿ ਉਹ ਆਪਣੀ ਉਂਗਲ ਦਾ ਪੋਟਾ ਪਾਣੀ ਨਾਲ ਭਿਓਂ ਕੇ ਮੇਰੀ ਜੀਭ ਨੂੰ ਲਾਵੇ ਤੇ ਮੇਰੀ ਪਿਆਸ ਬੁਝਾਵੇ ਕਿਉਂਕਿ ਮੈਂ ਇੱਥੇ ਅੱਗ ਦੇ ਭਾਂਬੜ ਵਿਚ ਤੜਫ ਰਿਹਾ ਹਾਂ।’ 25 ਪਰ ਅਬਰਾਹਾਮ ਨੇ ਉਸ ਨੂੰ ਕਿਹਾ, ‘ਬੱਚਾ, ਯਾਦ ਕਰ ਤੂੰ ਸਾਰੀ ਉਮਰ ਪੂਰਾ ਸੁੱਖ ਮਾਣਿਆ, ਜਦ ਕਿ ਲਾਜ਼ਰ ਨੇ ਸਾਰੀ ਉਮਰ ਦੁੱਖ ਭੋਗਿਆ। ਪਰ ਹੁਣ ਉਸ ਨੂੰ ਇੱਥੇ ਆਰਾਮ ਮਿਲਿਆ ਹੈ ਅਤੇ ਤੂੰ ਤੜਫ ਰਿਹਾ ਹੈਂ। 26 ਨਾਲੇ ਸਾਡੇ ਅਤੇ ਤੁਹਾਡੇ ਵਿਚਕਾਰ ਇਕ ਡੂੰਘੀ ਖਾਈ ਪੁੱਟੀ ਹੋਈ ਹੈ, ਇਸ ਲਈ ਜਿਹੜੇ ਲੋਕ ਇੱਥੋਂ ਤੁਹਾਡੇ ਕੋਲ ਜਾਣਾ ਚਾਹੁੰਦੇ ਹਨ, ਉਹ ਨਹੀਂ ਜਾ ਸਕਦੇ ਤੇ ਨਾ ਹੀ ਉੱਧਰੋਂ ਲੋਕ ਖਾਈ ਟੱਪ ਕੇ ਇੱਧਰ ਸਾਡੇ ਕੋਲ ਆ ਸਕਦੇ ਹਨ।’ 27 ਫਿਰ ਉਸ ਆਦਮੀ ਨੇ ਕਿਹਾ, ‘ਜੇ ਇਹ ਗੱਲ ਹੈ, ਤਾਂ ਹੇ ਪਿਤਾ, ਮੈਂ ਬੇਨਤੀ ਕਰਦਾ ਹਾਂ ਕਿ ਤੂੰ ਲਾਜ਼ਰ ਨੂੰ ਮੇਰੇ ਪਿਤਾ ਦੇ ਘਰ ਘੱਲ ਦੇ। 28 ਮੇਰੇ ਪੰਜ ਭਰਾ ਹਨ, ਲਾਜ਼ਰ ਉਨ੍ਹਾਂ ਨੂੰ ਜਾ ਕੇ ਚੰਗੀ ਤਰ੍ਹਾਂ ਸਮਝਾਵੇ, ਤਾਂਕਿ ਉਨ੍ਹਾਂ ਨੂੰ ਵੀ ਇਸ ਕਸ਼ਟ ਵਾਲੀ ਜਗ੍ਹਾ ਨਾ ਆਉਣਾ ਪਵੇ।’ 29 ਪਰ ਅਬਰਾਹਾਮ ਨੇ ਕਿਹਾ, ‘ਉਨ੍ਹਾਂ ਕੋਲ ਮੂਸਾ ਅਤੇ ਨਬੀਆਂ ਦੀਆਂ ਲਿਖਤਾਂ ਹਨ; ਉਹ ਉਨ੍ਹਾਂ ਦੀ ਗੱਲ ਸੁਣਨ।’+ 30 ਫਿਰ ਆਦਮੀ ਨੇ ਕਿਹਾ, ‘ਪਿਤਾ ਅਬਰਾਹਾਮ, ਇਹ ਤਾਂ ਠੀਕ ਹੈ, ਪਰ ਜੇ ਮਰ ਚੁੱਕੇ ਲੋਕਾਂ ਵਿੱਚੋਂ ਕੋਈ ਜੀਉਂਦਾ ਹੋ ਕੇ ਉਨ੍ਹਾਂ ਕੋਲ ਜਾਵੇ, ਤਾਂ ਉਹ ਜ਼ਰੂਰ ਤੋਬਾ ਕਰਨਗੇ।’ 31 ਪਰ ਅਬਰਾਹਾਮ ਨੇ ਉਸ ਨੂੰ ਕਿਹਾ, ‘ਜੇ ਉਹ ਮੂਸਾ ਅਤੇ ਨਬੀਆਂ ਦੀ ਗੱਲ ਨਹੀਂ ਸੁਣਦੇ,+ ਤਾਂ ਚਾਹੇ ਮਰਿਆਂ ਵਿੱਚੋਂ ਵੀ ਕੋਈ ਜੀਉਂਦਾ ਹੋ ਕੇ ਉਨ੍ਹਾਂ ਕੋਲ ਚਲਾ ਜਾਵੇ, ਉਹ ਉਸ ਦੀ ਵੀ ਗੱਲ ਨਹੀਂ ਮੰਨਣਗੇ।’”

17 ਫਿਰ ਉਸ ਨੇ ਆਪਣੇ ਚੇਲਿਆਂ ਨੂੰ ਕਿਹਾ: “ਤੁਹਾਡੀ ਨਿਹਚਾ ਨੂੰ ਕਮਜ਼ੋਰ ਕਰਨ ਵਾਲੀਆਂ ਰੁਕਾਵਟਾਂ* ਤਾਂ ਖੜ੍ਹੀਆਂ ਹੋਣਗੀਆਂ ਹੀ। ਪਰ ਲਾਹਨਤ ਹੈ ਉਸ ਇਨਸਾਨ ʼਤੇ ਜਿਹੜਾ ਰੁਕਾਵਟਾਂ ਖੜ੍ਹੀਆਂ ਕਰਦਾ ਹੈ! 2 ਉਸ ਇਨਸਾਨ ਲਈ ਚੰਗਾ ਹੋਵੇਗਾ ਕਿ ਉਸ ਦੇ ਗਲ਼ ਵਿਚ ਚੱਕੀ ਦਾ ਪੁੜ ਪਾ ਕੇ ਉਸ ਨੂੰ ਸਮੁੰਦਰ ਵਿਚ ਸੁੱਟ ਦਿੱਤਾ ਜਾਵੇ, ਬਜਾਇ ਇਸ ਦੇ ਕਿ ਉਹ ਇਨ੍ਹਾਂ ਨਿਮਾਣਿਆਂ ਵਿੱਚੋਂ ਕਿਸੇ ਦੀ ਨਿਹਚਾ ਕਮਜ਼ੋਰ ਕਰੇ।*+ 3 ਖ਼ਬਰਦਾਰ ਰਹੋ! ਜੇ ਤੇਰਾ ਭਰਾ ਤੇਰੇ ਖ਼ਿਲਾਫ਼ ਪਾਪ ਕਰਦਾ ਹੈ, ਤਾਂ ਉਸ ਨੂੰ ਝਿੜਕ।+ ਜੇ ਉਹ ਤੋਬਾ ਕਰਦਾ ਹੈ, ਤਾਂ ਉਸ ਨੂੰ ਮਾਫ਼ ਕਰ ਦੇ।+ 4 ਜੇ ਉਹ ਦਿਨ ਵਿਚ ਸੱਤ ਵਾਰੀ ਵੀ ਤੇਰੇ ਖ਼ਿਲਾਫ਼ ਪਾਪ ਕਰਦਾ ਹੈ ਅਤੇ ਸੱਤ ਵਾਰੀ ਤੇਰੇ ਕੋਲ ਆ ਕੇ ਕਹਿੰਦਾ ਹੈ, ‘ਮੈਂ ਤੋਬਾ ਕਰਦਾ ਹਾਂ,’ ਤਾਂ ਤੂੰ ਉਸ ਨੂੰ ਜ਼ਰੂਰ ਮਾਫ਼ ਕਰ ਦੇਈਂ।”+

5 ਹੁਣ ਰਸੂਲਾਂ ਨੇ ਪ੍ਰਭੂ ਨੂੰ ਕਿਹਾ: “ਸਾਨੂੰ ਹੋਰ ਨਿਹਚਾ ਦੇ।”+ 6 ਫਿਰ ਪ੍ਰਭੂ ਨੇ ਜਵਾਬ ਦਿੱਤਾ: “ਜੇ ਤੁਹਾਡੇ ਵਿਚ ਰਾਈ ਦੇ ਦਾਣੇ ਜਿੰਨੀ ਵੀ ਨਿਹਚਾ ਹੁੰਦੀ, ਤਾਂ ਤੁਸੀਂ ਇਸ ਤੂਤ ਨੂੰ ਕਹਿੰਦੇ, ‘ਇੱਥੋਂ ਉੱਖੜ ਕੇ ਸਮੁੰਦਰ ਵਿਚ ਲੱਗ ਜਾ!’ ਅਤੇ ਤੂਤ ਤੁਹਾਡੀ ਗੱਲ ਮੰਨ ਲੈਂਦਾ।+

7 “ਤੁਹਾਡੇ ਵਿੱਚੋਂ ਅਜਿਹਾ ਕੌਣ ਹੈ ਜਿਸ ਦਾ ਨੌਕਰ ਖੇਤਾਂ ਵਿਚ ਹਲ਼ ਵਾਹ ਕੇ ਜਾਂ ਭੇਡਾਂ-ਬੱਕਰੀਆਂ ਚਾਰ ਕੇ ਘਰ ਮੁੜੇ, ਤਾਂ ਉਹ ਨੌਕਰ ਨੂੰ ਕਹੇ, ‘ਛੇਤੀ-ਛੇਤੀ ਆਜਾ, ਇੱਥੇ ਬੈਠ ਕੇ ਖਾਣਾ ਖਾਹ’? 8 ਇਸ ਦੀ ਬਜਾਇ, ਕੀ ਉਹ ਇਹ ਨਹੀਂ ਕਹੇਗਾ, ‘ਸ਼ਾਮ ਦੇ ਖਾਣੇ ਵਾਸਤੇ ਮੇਰੇ ਲਈ ਕੁਝ ਪਕਾ ਅਤੇ ਜਦ ਤਕ ਮੈਂ ਖਾ-ਪੀ ਨਾ ਹਟਾਂ, ਉਦੋਂ ਤਕ ਲੱਕ ਬੰਨ੍ਹ ਕੇ ਮੇਰੀ ਸੇਵਾ ਕਰ, ਫਿਰ ਤੂੰ ਖਾ-ਪੀ ਲਈਂ’? 9 ਉਹ ਆਪਣੇ ਨੌਕਰ ਦਾ ਅਹਿਸਾਨ ਨਹੀਂ ਮੰਨੇਗਾ ਕਿਉਂਕਿ ਨੌਕਰ ਨੇ ਤਾਂ ਉਹੀ ਕੀਤਾ ਜੋ ਉਸ ਨੂੰ ਕਰਨ ਲਈ ਕਿਹਾ ਗਿਆ ਸੀ। 10 ਇਸ ਲਈ ਜਦੋਂ ਤੁਸੀਂ ਆਪਣੇ ਸਾਰੇ ਕੰਮ ਪੂਰੇ ਕਰ ਲਵੋ ਜੋ ਤੁਹਾਨੂੰ ਕਰਨ ਲਈ ਦਿੱਤੇ ਗਏ ਸਨ, ਤਾਂ ਤੁਸੀਂ ਕਹੋ: ‘ਅਸੀਂ ਤਾਂ ਨਿਕੰਮੇ ਜਿਹੇ ਨੌਕਰ ਹੀ ਹਾਂ। ਅਸੀਂ ਤਾਂ ਉਹੀ ਕੀਤਾ ਜੋ ਸਾਨੂੰ ਕਰਨਾ ਚਾਹੀਦਾ ਸੀ।’”+

11 ਯਿਸੂ ਸਾਮਰਿਯਾ ਅਤੇ ਗਲੀਲ ਦੇ ਇਲਾਕੇ ਵਿੱਚੋਂ ਦੀ ਹੁੰਦਾ ਹੋਇਆ ਯਰੂਸ਼ਲਮ ਜਾ ਰਿਹਾ ਸੀ। 12 ਜਦੋਂ ਉਹ ਇਕ ਪਿੰਡ ਵਿਚ ਵੜਿਆ, ਤਾਂ ਉਸ ਨੂੰ ਦੇਖ ਕੇ ਦਸ ਕੋੜ੍ਹੀ ਉੱਠ ਕੇ ਖੜ੍ਹੇ ਹੋ ਗਏ, ਪਰ ਉਸ ਤੋਂ ਦੂਰ ਰਹੇ।+ 13 ਉਨ੍ਹਾਂ ਨੇ ਉੱਚੀ ਆਵਾਜ਼ ਵਿਚ ਕਿਹਾ: “ਹੇ ਯਿਸੂ, ਗੁਰੂ ਜੀ, ਸਾਡੇ ʼਤੇ ਰਹਿਮ ਕਰ!” 14 ਉਨ੍ਹਾਂ ਨੂੰ ਦੇਖ ਕੇ ਉਸ ਨੇ ਕਿਹਾ: “ਪੁਜਾਰੀਆਂ ਕੋਲ ਜਾ ਕੇ ਆਪਣੇ ਆਪ ਨੂੰ ਦਿਖਾਓ।”+ ਫਿਰ ਜਦੋਂ ਉਹ ਜਾ ਰਹੇ ਸਨ, ਤਾਂ ਰਾਹ ਵਿਚ ਹੀ ਉਹ ਸ਼ੁੱਧ ਹੋ ਗਏ।+ 15 ਉਨ੍ਹਾਂ ਵਿੱਚੋਂ ਇਕ ਜਣੇ ਨੇ ਜਦੋਂ ਦੇਖਿਆ ਕਿ ਉਹ ਠੀਕ ਹੋ ਗਿਆ ਸੀ, ਤਾਂ ਉਹ ਵਾਪਸ ਮੁੜ ਪਿਆ ਅਤੇ ਉੱਚੀ-ਉੱਚੀ ਪਰਮੇਸ਼ੁਰ ਦੇ ਗੁਣ ਗਾਉਣ ਲੱਗ ਪਿਆ। 16 ਉਸ ਨੇ ਯਿਸੂ ਦੇ ਪੈਰੀਂ ਪੈ ਕੇ ਉਸ ਦਾ ਧੰਨਵਾਦ ਕੀਤਾ। ਨਾਲੇ ਇਹ ਵੀ ਧਿਆਨ ਦੇਣ ਵਾਲੀ ਗੱਲ ਹੈ ਕਿ ਉਹ ਕੋੜ੍ਹੀ ਸਾਮਰੀ ਸੀ।+ 17 ਯਿਸੂ ਨੇ ਜਵਾਬ ਦਿੰਦੇ ਹੋਏ ਕਿਹਾ: “ਕੀ ਦਸਾਂ ਦੇ ਦਸ ਕੋੜ੍ਹੀ ਸ਼ੁੱਧ ਨਹੀਂ ਕੀਤੇ ਗਏ ਸਨ? ਤਾਂ ਫਿਰ ਬਾਕੀ ਦੇ ਨੌਂ ਕਿੱਥੇ ਹਨ? 18 ਕੀ ਪਰਾਈ ਕੌਮ ਦੇ ਇਸ ਬੰਦੇ ਨੂੰ ਛੱਡ ਹੋਰ ਕੋਈ ਪਰਮੇਸ਼ੁਰ ਦੀ ਮਹਿਮਾ ਕਰਨ ਲਈ ਵਾਪਸ ਨਹੀਂ ਆਇਆ?” 19 ਫਿਰ ਉਸ ਨੇ ਉਸ ਆਦਮੀ ਨੂੰ ਕਿਹਾ: “ਉੱਠ ਅਤੇ ਜਾਹ; ਤੂੰ ਆਪਣੀ ਨਿਹਚਾ ਕਰਕੇ ਚੰਗਾ ਹੋਇਆ ਹੈਂ।”+

20 ਇਕ ਦਿਨ ਫ਼ਰੀਸੀਆਂ ਨੇ ਉਸ ਨੂੰ ਪੁੱਛਿਆ ਕਿ ਪਰਮੇਸ਼ੁਰ ਦਾ ਰਾਜ ਕਦੋਂ ਆਵੇਗਾ+ ਅਤੇ ਉਸ ਨੇ ਜਵਾਬ ਦਿੱਤਾ: “ਪਰਮੇਸ਼ੁਰ ਦਾ ਰਾਜ ਇਸ ਤਰ੍ਹਾਂ ਨਹੀਂ ਆਵੇਗਾ ਕਿ ਸਾਰਿਆਂ ਨੂੰ ਪਤਾ ਲੱਗ ਜਾਵੇ; 21 ਨਾਲੇ ਲੋਕ ਇਹ ਨਹੀਂ ਕਹਿਣਗੇ, ‘ਇੱਥੇ ਦੇਖੋ!’ ਜਾਂ ‘ਉੱਥੇ ਦੇਖੋ!’ ਕਿਉਂਕਿ ਪਰਮੇਸ਼ੁਰ ਦਾ ਰਾਜ ਤੁਹਾਡੇ ਵਿਚਕਾਰ ਹੈ।”+

22 ਫਿਰ ਉਸ ਨੇ ਚੇਲਿਆਂ ਨੂੰ ਕਿਹਾ: “ਉਹ ਸਮਾਂ ਵੀ ਆਵੇਗਾ ਜਦੋਂ ਤੁਸੀਂ ਮਨੁੱਖ ਦੇ ਪੁੱਤਰ ਦੇ ਦਿਨਾਂ ਵਿੱਚੋਂ ਇਕ ਦਿਨ ਦੇਖਣਾ ਚਾਹੋਗੇ, ਪਰ ਤੁਸੀਂ ਉਹ ਦਿਨ ਦੇਖ ਨਹੀਂ ਸਕੋਗੇ। 23 ਲੋਕ ਤੁਹਾਨੂੰ ਕਹਿਣਗੇ, ‘ਦੇਖੋ ਉੱਥੇ ਹੈ!’ ਜਾਂ ‘ਦੇਖੋ ਇੱਥੇ ਹੈ!’ ਪਰ ਤੁਸੀਂ ਬਾਹਰ ਨਾ ਜਾਇਓ ਜਾਂ ਉਨ੍ਹਾਂ ਦੇ ਮਗਰ ਨਾ ਲੱਗਿਓ।+ 24 ਕਿਉਂਕਿ ਜਿਵੇਂ ਆਕਾਸ਼ ਦੇ ਇਕ ਸਿਰੇ ਤੋਂ ਲੈ ਕੇ ਦੂਸਰੇ ਸਿਰੇ ਤਕ ਬਿਜਲੀ ਲਿਸ਼ਕਦੀ ਹੈ, ਉਵੇਂ ਮਨੁੱਖ ਦਾ ਪੁੱਤਰ+ ਉਸ* ਦਿਨ ਹੋਵੇਗਾ।+ 25 ਪਰ ਪਹਿਲਾਂ ਉਸ ਨੂੰ ਬਹੁਤ ਅਤਿਆਚਾਰ ਸਹਿਣੇ ਪੈਣਗੇ ਅਤੇ ਇਸ ਪੀੜ੍ਹੀ ਦੇ ਲੋਕ ਉਸ ਨੂੰ ਕਬੂਲ ਨਹੀਂ ਕਰਨਗੇ।+ 26 ਇਸ ਤੋਂ ਇਲਾਵਾ, ਜਿਵੇਂ ਨੂਹ ਦੇ ਦਿਨਾਂ ਵਿਚ ਹੋਇਆ ਸੀ,+ ਤਿਵੇਂ ਮਨੁੱਖ ਦੇ ਪੁੱਤਰ ਦੇ ਦਿਨਾਂ ਵਿਚ ਹੋਵੇਗਾ:+ 27 ਉਨ੍ਹਾਂ ਦਿਨਾਂ ਵਿਚ ਲੋਕ ਖਾਂਦੇ-ਪੀਂਦੇ, ਆਦਮੀ ਵਿਆਹ ਕਰਾਉਂਦੇ ਤੇ ਤੀਵੀਆਂ ਵਿਆਹੀਆਂ ਜਾਂਦੀਆਂ ਸਨ। ਇਹ ਸਭ ਕੁਝ ਨੂਹ ਦੇ ਕਿਸ਼ਤੀ* ਵਿਚ ਵੜਨ ਦੇ ਦਿਨ ਤਕ ਹੁੰਦਾ ਰਿਹਾ+ ਅਤੇ ਫਿਰ ਜਲ-ਪਰਲੋ ਆਈ ਅਤੇ ਸਾਰਿਆਂ ਨੂੰ ਖ਼ਤਮ ਕਰ ਗਈ।+ 28 ਨਾਲੇ ਜਿਵੇਂ ਲੂਤ ਦੇ ਦਿਨਾਂ ਵਿਚ ਹੋਇਆ ਸੀ:+ ਲੋਕ ਖਾਂਦੇ-ਪੀਂਦੇ, ਚੀਜ਼ਾਂ ਖ਼ਰੀਦਦੇ-ਵੇਚਦੇ, ਬੀ ਬੀਜਦੇ ਅਤੇ ਘਰ ਬਣਾਉਂਦੇ ਸਨ। 29 ਪਰ ਜਿਸ ਦਿਨ ਲੂਤ ਸਦੂਮ ਸ਼ਹਿਰ ਵਿੱਚੋਂ ਨਿਕਲਿਆ, ਉਸ ਦਿਨ ਆਕਾਸ਼ੋਂ ਅੱਗ ਅਤੇ ਗੰਧਕ* ਵਰ੍ਹੀ ਜਿਸ ਕਰਕੇ ਸਾਰੇ ਲੋਕ ਭਸਮ ਹੋ ਗਏ।+ 30 ਜਿਸ ਦਿਨ ਮਨੁੱਖ ਦਾ ਪੁੱਤਰ ਪ੍ਰਗਟ ਹੋਵੇਗਾ, ਉਸ ਦਿਨ ਵੀ ਇਸੇ ਤਰ੍ਹਾਂ ਹੋਵੇਗਾ।+

31 “ਉਸ ਦਿਨ, ਜਿਹੜਾ ਆਦਮੀ ਕੋਠੇ ʼਤੇ ਹੋਵੇ, ਪਰ ਉਸ ਦੀਆਂ ਚੀਜ਼ਾਂ ਥੱਲੇ ਘਰ ਵਿਚ ਹੋਣ, ਤਾਂ ਉਹ ਹੇਠਾਂ ਆ ਕੇ ਆਪਣੀਆਂ ਚੀਜ਼ਾਂ ਨਾ ਚੁੱਕੇ ਅਤੇ ਜਿਹੜਾ ਆਦਮੀ ਖੇਤਾਂ ਵਿਚ ਹੋਵੇ, ਉਹ ਘਰੋਂ ਆਪਣੀਆਂ ਚੀਜ਼ਾਂ ਲੈਣ ਵਾਪਸ ਨਾ ਜਾਵੇ। 32 ਲੂਤ ਦੀ ਪਤਨੀ ਨੂੰ ਯਾਦ ਰੱਖੋ!+ 33 ਜਿਹੜਾ ਇਨਸਾਨ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕਰਦਾ ਹੈ, ਉਹ ਆਪਣੀ ਜਾਨ ਗੁਆ ਬੈਠੇਗਾ, ਪਰ ਜਿਹੜਾ ਇਨਸਾਨ ਆਪਣੀ ਜਾਨ ਗੁਆਉਂਦਾ ਹੈ, ਉਹ ਆਪਣੀ ਜਾਨ ਬਚਾ ਲਵੇਗਾ।+ 34 ਮੈਂ ਤੁਹਾਨੂੰ ਕਹਿੰਦਾ ਹਾਂ: ਉਸ ਰਾਤ ਦੋ ਜਣੇ ਇੱਕੋ ਮੰਜੇ ʼਤੇ ਪਏ ਹੋਣਗੇ; ਉਨ੍ਹਾਂ ਵਿੱਚੋਂ ਇਕ ਨੂੰ ਨਾਲ ਲਿਜਾਇਆ ਜਾਵੇਗਾ, ਪਰ ਦੂਜੇ ਨੂੰ ਛੱਡ ਦਿੱਤਾ ਜਾਵੇਗਾ।+ 35 ਦੋ ਤੀਵੀਆਂ ਇੱਕੋ ਚੱਕੀ ਪੀਂਹਦੀਆਂ ਹੋਣਗੀਆਂ; ਇਕ ਨੂੰ ਨਾਲ ਲਿਜਾਇਆ ਜਾਵੇਗਾ ਅਤੇ ਦੂਜੀ ਨੂੰ ਛੱਡ ਦਿੱਤਾ ਜਾਵੇਗਾ।” 36 *— 37 ਇਹ ਗੱਲ ਸੁਣ ਕੇ ਚੇਲਿਆਂ ਨੇ ਉਸ ਨੂੰ ਪੁੱਛਿਆ: “ਪ੍ਰਭੂ ਕਿੱਥੇ?” ਉਸ ਨੇ ਉਨ੍ਹਾਂ ਨੂੰ ਕਿਹਾ: “ਉਕਾਬ ਉੱਥੇ ਇਕੱਠੇ ਹੁੰਦੇ ਹਨ ਜਿੱਥੇ ਲਾਸ਼ ਪਈ ਹੁੰਦੀ ਹੈ।”+

18 ਫਿਰ ਉਸ ਨੇ ਆਪਣੇ ਚੇਲਿਆਂ ਨੂੰ ਹਮੇਸ਼ਾ ਪ੍ਰਾਰਥਨਾ ਕਰਨ ਅਤੇ ਹੌਸਲਾ ਨਾ ਹਾਰਨ ਬਾਰੇ ਇਹ ਮਿਸਾਲ ਦਿੱਤੀ:+ 2 “ਇਕ ਸ਼ਹਿਰ ਵਿਚ ਇਕ ਜੱਜ ਰਹਿੰਦਾ ਸੀ ਜਿਹੜਾ ਨਾ ਤਾਂ ਰੱਬ ਤੋਂ ਡਰਦਾ ਸੀ ਤੇ ਨਾ ਕਿਸੇ ਬੰਦੇ ਦੀ ਇੱਜ਼ਤ ਕਰਦਾ ਸੀ। 3 ਉਸ ਸ਼ਹਿਰ ਵਿਚ ਇਕ ਵਿਧਵਾ ਵੀ ਰਹਿੰਦੀ ਸੀ ਜੋ ਉਸ ਜੱਜ ਕੋਲ ਵਾਰ-ਵਾਰ ਜਾ ਕੇ ਕਹਿੰਦੀ ਸੀ, ‘ਮੇਰੇ ਵਿਰੋਧੀ ਨੇ ਮੇਰੇ ਉੱਤੇ ਮੁਕੱਦਮਾ ਕੀਤਾ ਹੈ, ਮੇਰਾ ਇਨਸਾਫ਼ ਕਰ।’ 4 ਕੁਝ ਸਮੇਂ ਤਕ ਜੱਜ ਨੇ ਉਸ ਦੀ ਮਦਦ ਨਾ ਕਰਨੀ ਚਾਹੀ, ਪਰ ਬਾਅਦ ਵਿਚ ਉਸ ਨੇ ਆਪਣੇ ਆਪ ਨੂੰ ਕਿਹਾ, ‘ਭਾਵੇਂ ਮੈਂ ਰੱਬ ਤੋਂ ਨਹੀਂ ਡਰਦਾ ਅਤੇ ਕਿਸੇ ਬੰਦੇ ਦੀ ਵੀ ਇੱਜ਼ਤ ਨਹੀਂ ਕਰਦਾ, 5 ਫਿਰ ਵੀ ਮੈਂ ਇਸ ਨੂੰ ਇਨਸਾਫ਼ ਜ਼ਰੂਰ ਦੇਵਾਂਗਾ ਕਿਉਂਕਿ ਇਸ ਨੇ ਮੇਰੇ ਨੱਕ ਵਿਚ ਦਮ ਕੀਤਾ ਹੋਇਆ ਹੈ। ਨਹੀਂ ਤਾਂ ਇਹ ਮੁੜ-ਮੁੜ ਕੇ ਆਉਂਦੀ ਰਹੇਗੀ ਤੇ ਮੇਰਾ ਸਿਰ ਖਾਂਦੀ ਰਹੇਗੀ।’”+ 6 ਫਿਰ ਪ੍ਰਭੂ ਨੇ ਕਿਹਾ: “ਭਾਵੇਂ ਉਹ ਜੱਜ ਬੁਰਾ ਸੀ, ਪਰ ਤੁਸੀਂ ਸੁਣਿਆ ਉਸ ਨੇ ਕੀ ਕਿਹਾ? 7 ਤਾਂ ਫਿਰ, ਕੀ ਪਰਮੇਸ਼ੁਰ ਆਪਣੇ ਚੁਣੇ ਹੋਇਆਂ ਨਾਲ ਧੀਰਜ ਨਾਲ ਪੇਸ਼ ਆਉਂਦਿਆਂ+ ਉਨ੍ਹਾਂ ਨੂੰ ਇਨਸਾਫ਼ ਨਹੀਂ ਦੇਵੇਗਾ ਜੋ ਦਿਨ-ਰਾਤ ਉਸ ਅੱਗੇ ਦੁਹਾਈ ਦਿੰਦੇ ਹਨ?+ 8 ਮੈਂ ਤੁਹਾਨੂੰ ਕਹਿੰਦਾ ਹਾਂ: ਉਹ ਫਟਾਫਟ ਉਨ੍ਹਾਂ ਦਾ ਇਨਸਾਫ਼ ਕਰੇਗਾ। ਪਰ ਜਦੋਂ ਮਨੁੱਖ ਦਾ ਪੁੱਤਰ ਆਵੇਗਾ, ਤਾਂ ਕੀ ਉਦੋਂ ਉਹ ਧਰਤੀ ਉੱਤੇ ਅਜਿਹੀ ਨਿਹਚਾ ਪਾਵੇਗਾ?”

9 ਫਿਰ ਉਸ ਨੇ ਉਨ੍ਹਾਂ ਲੋਕਾਂ ਲਈ ਜਿਹੜੇ ਖ਼ੁਦ ਨੂੰ ਧਰਮੀ ਅਤੇ ਦੂਜਿਆਂ ਨੂੰ ਤੁੱਛ ਸਮਝਦੇ ਸਨ, ਇਹ ਮਿਸਾਲ ਦਿੱਤੀ: 10 “ਦੋ ਆਦਮੀ ਮੰਦਰ ਵਿਚ ਪ੍ਰਾਰਥਨਾ ਕਰਨ ਗਏ, ਇਕ ਫ਼ਰੀਸੀ ਸੀ ਅਤੇ ਦੂਜਾ ਟੈਕਸ ਵਸੂਲ ਕਰਨ ਵਾਲਾ। 11 ਫ਼ਰੀਸੀ ਖੜ੍ਹਾ ਹੋ ਕੇ ਆਪਣੇ ਮਨ ਵਿਚ ਇਹ ਕਹਿੰਦਾ ਹੋਇਆ ਪ੍ਰਾਰਥਨਾ ਕਰਨ ਲੱਗਾ, ‘ਰੱਬਾ, ਸ਼ੁਕਰ ਹੈ ਤੇਰਾ ਕਿ ਮੈਂ ਬਾਕੀ ਲੋਕਾਂ ਵਰਗਾ ਨਹੀਂ ਹਾਂ ਜਿਹੜੇ ਲੁਟੇਰੇ, ਕੁਧਰਮੀ ਤੇ ਹਰਾਮਕਾਰ ਹਨ, ਨਾ ਹੀ ਮੈਂ ਇਸ ਟੈਕਸ ਵਸੂਲਣ ਵਾਲੇ ਵਰਗਾ ਹਾਂ। 12 ਮੈਂ ਹਫ਼ਤੇ ਵਿਚ ਦੋ ਵਾਰ ਵਰਤ ਰੱਖਦਾ ਹਾਂ; ਮੈਨੂੰ ਜੋ ਵੀ ਮਿਲਦਾ ਹੈ, ਉਸ ਵਿੱਚੋਂ ਦਸਵਾਂ ਹਿੱਸਾ ਦਿੰਦਾ ਹਾਂ।’+ 13 ਪਰ ਟੈਕਸ ਵਸੂਲਣ ਵਾਲਾ ਥੋੜ੍ਹੀ ਦੂਰ ਖੜ੍ਹ ਗਿਆ ਅਤੇ ਉਸ ਨੇ ਆਕਾਸ਼ ਵੱਲ ਆਪਣੀਆਂ ਨਜ਼ਰਾਂ ਚੁੱਕਣ ਦਾ ਵੀ ਹੀਆ ਨਾ ਕੀਤਾ, ਪਰ ਵਾਰ-ਵਾਰ ਆਪਣੀ ਛਾਤੀ ਪਿੱਟਦਾ ਹੋਇਆ ਕਹਿਣ ਲੱਗਾ, ‘ਰੱਬਾ, ਮੈਂ ਪਾਪੀ ਹਾਂ, ਮੇਰੇ ʼਤੇ ਦਇਆ ਕਰ।’+ 14 ਮੈਂ ਤੁਹਾਨੂੰ ਕਹਿੰਦਾ ਹਾਂ: ਇਹ ਆਦਮੀ ਉਸ ਫ਼ਰੀਸੀ ਨਾਲੋਂ ਵੱਧ ਧਰਮੀ ਸਾਬਤ ਹੋ ਕੇ ਆਪਣੇ ਘਰ ਗਿਆ+ ਕਿਉਂਕਿ ਜਿਹੜਾ ਆਪਣੇ ਆਪ ਨੂੰ ਉੱਚਾ ਕਰਦਾ ਹੈ, ਉਸ ਨੂੰ ਨੀਵਾਂ ਕੀਤਾ ਜਾਵੇਗਾ, ਪਰ ਜਿਹੜਾ ਆਪਣੇ ਆਪ ਨੂੰ ਨੀਵਾਂ ਕਰਦਾ ਹੈ, ਉਸ ਨੂੰ ਉੱਚਾ ਕੀਤਾ ਜਾਵੇਗਾ।”+

15 ਹੁਣ ਲੋਕ ਉਸ ਕੋਲ ਆਪਣੇ ਨਿਆਣਿਆਂ ਨੂੰ ਲਿਆ ਰਹੇ ਸਨ ਤਾਂਕਿ ਉਹ ਉਨ੍ਹਾਂ ਦੇ ਸਿਰਾਂ ʼਤੇ ਹੱਥ ਰੱਖੇ, ਪਰ ਇਹ ਦੇਖ ਕੇ ਚੇਲੇ ਲੋਕਾਂ ਨੂੰ ਝਿੜਕਣ ਲੱਗ ਪਏ।+ 16 ਯਿਸੂ ਨੇ ਨਿਆਣਿਆਂ ਨੂੰ ਆਪਣੇ ਕੋਲ ਬੁਲਾਇਆ ਅਤੇ ਆਪਣੇ ਚੇਲਿਆਂ ਨੂੰ ਕਿਹਾ: “ਨਿਆਣਿਆਂ ਨੂੰ ਮੇਰੇ ਕੋਲ ਆਉਣ ਦਿਓ, ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਨਾ ਕਰੋ ਕਿਉਂਕਿ ਪਰਮੇਸ਼ੁਰ ਦਾ ਰਾਜ ਇਨ੍ਹਾਂ ਵਰਗਿਆਂ ਦਾ ਹੈ।+ 17 ਮੈਂ ਤੁਹਾਨੂੰ ਸੱਚ ਕਹਿੰਦਾ ਹਾਂ: ਜਿਹੜਾ ਇਨਸਾਨ ਇਕ ਬੱਚੇ ਵਾਂਗ ਪਰਮੇਸ਼ੁਰ ਦੇ ਰਾਜ ਨੂੰ ਕਬੂਲ ਨਹੀਂ ਕਰਦਾ, ਉਹ ਉਸ ਰਾਜ ਵਿਚ ਹਰਗਿਜ਼ ਨਹੀਂ ਜਾ ਸਕੇਗਾ।”+

18 ਯਹੂਦੀਆਂ ਦੇ ਇਕ ਆਗੂ ਨੇ ਉਸ ਨੂੰ ਪੁੱਛਿਆ: “ਚੰਗੇ ਗੁਰੂ ਜੀ, ਮੈਂ ਹਮੇਸ਼ਾ ਦੀ ਜ਼ਿੰਦਗੀ ਪਾਉਣ ਲਈ ਕੀ ਕਰਾਂ?”+ 19 ਯਿਸੂ ਨੇ ਉਸ ਨੂੰ ਕਿਹਾ: “ਤੂੰ ਮੈਨੂੰ ਚੰਗਾ ਕਿਉਂ ਕਹਿੰਦਾ ਹੈਂ? ਪਰਮੇਸ਼ੁਰ ਤੋਂ ਇਲਾਵਾ ਹੋਰ ਕੋਈ ਚੰਗਾ ਨਹੀਂ।+ 20 ਤੈਨੂੰ ਇਹ ਹੁਕਮ ਤਾਂ ਪਤਾ ਹੋਣੇ: ‘ਤੂੰ ਹਰਾਮਕਾਰੀ ਨਾ ਕਰ,+ ਤੂੰ ਖ਼ੂਨ ਨਾ ਕਰ,+ ਤੂੰ ਚੋਰੀ ਨਾ ਕਰ,+ ਤੂੰ ਝੂਠੀ ਗਵਾਹੀ ਨਾ ਦੇ,+ ਤੂੰ ਆਪਣੇ ਮਾਤਾ-ਪਿਤਾ ਦਾ ਆਦਰ ਕਰ।’”+ 21 ਫਿਰ ਉਸ ਅਧਿਕਾਰੀ ਨੇ ਕਿਹਾ: “ਮੈਂ ਜਵਾਨੀ ਤੋਂ ਹੀ ਇਨ੍ਹਾਂ ਸਾਰੇ ਹੁਕਮਾਂ ਨੂੰ ਮੰਨਦਾ ਆਇਆ ਹਾਂ।” 22 ਇਹ ਸੁਣ ਕੇ ਯਿਸੂ ਨੇ ਉਸ ਨੂੰ ਕਿਹਾ: “ਪਰ ਤੇਰੇ ਵਿਚ ਇਕ ਗੱਲ ਦੀ ਘਾਟ ਹੈ: ਆਪਣਾ ਸਾਰਾ ਕੁਝ ਵੇਚ ਦੇ ਅਤੇ ਪੈਸਾ ਗ਼ਰੀਬਾਂ ਵਿਚ ਵੰਡ ਦੇ, ਤਾਂ ਤੈਨੂੰ ਸਵਰਗ ਵਿਚ ਖ਼ਜ਼ਾਨਾ ਮਿਲੇਗਾ ਅਤੇ ਆ ਕੇ ਮੇਰਾ ਚੇਲਾ ਬਣ ਜਾ।”+ 23 ਜਦ ਉਸ ਨੇ ਇਹ ਗੱਲ ਸੁਣੀ, ਤਾਂ ਉਹ ਆਦਮੀ ਬਹੁਤ ਉਦਾਸ ਹੋ ਗਿਆ ਕਿਉਂਕਿ ਉਹ ਬਹੁਤ ਅਮੀਰ ਸੀ।+

24 ਯਿਸੂ ਨੇ ਉਸ ਵੱਲ ਦੇਖ ਕੇ ਕਿਹਾ: “ਅਮੀਰ ਲੋਕਾਂ ਲਈ ਪਰਮੇਸ਼ੁਰ ਦੇ ਰਾਜ ਵਿਚ ਜਾਣਾ ਕਿੰਨਾ ਔਖਾ ਹੋਵੇਗਾ!+ 25 ਕਿਸੇ ਅਮੀਰ ਲਈ ਪਰਮੇਸ਼ੁਰ ਦੇ ਰਾਜ ਵਿਚ ਜਾਣ ਨਾਲੋਂ ਊਠ ਵਾਸਤੇ ਸੂਈ ਦੇ ਨੱਕੇ ਵਿੱਚੋਂ ਲੰਘਣਾ ਜ਼ਿਆਦਾ ਸੌਖਾ ਹੈ।”+ 26 ਉਸ ਦੀ ਇਹ ਗੱਲ ਸੁਣ ਰਹੇ ਲੋਕਾਂ ਨੇ ਪੁੱਛਿਆ: “ਤਾਂ ਫਿਰ ਕੌਣ ਬਚੂ?”+ 27 ਉਸ ਨੇ ਕਿਹਾ: “ਜਿਹੜੇ ਕੰਮ ਇਨਸਾਨ ਲਈ ਨਾਮੁਮਕਿਨ ਹਨ, ਉਹ ਪਰਮੇਸ਼ੁਰ ਲਈ ਮੁਮਕਿਨ ਹਨ।”+ 28 ਪਰ ਪਤਰਸ ਨੇ ਕਿਹਾ: “ਦੇਖ! ਅਸੀਂ ਆਪਣਾ ਸਾਰਾ ਕੁਝ ਛੱਡ ਕੇ ਤੇਰੇ ਪਿੱਛੇ-ਪਿੱਛੇ ਤੁਰ ਪਏ ਹਾਂ।”+ 29 ਉਸ ਨੇ ਉਨ੍ਹਾਂ ਨੂੰ ਕਿਹਾ: “ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਜੋ ਵੀ ਪਰਮੇਸ਼ੁਰ ਦੇ ਰਾਜ ਦੀ ਖ਼ਾਤਰ ਘਰ ਜਾਂ ਪਤਨੀ ਜਾਂ ਭਰਾਵਾਂ ਜਾਂ ਮਾਂ-ਪਿਉ ਜਾਂ ਬੱਚਿਆਂ ਨੂੰ ਛੱਡਦਾ ਹੈ,+ 30 ਉਹ ਹੁਣ ਕਈ ਗੁਣਾ ਇਹ ਚੀਜ਼ਾਂ ਪਾਵੇਗਾ ਅਤੇ ਆਉਣ ਵਾਲੇ ਸਮੇਂ* ਵਿਚ ਹਮੇਸ਼ਾ ਦੀ ਜ਼ਿੰਦਗੀ।”+

31 ਫਿਰ ਉਸ ਨੇ 12 ਰਸੂਲਾਂ ਨੂੰ ਇਕ ਪਾਸੇ ਲਿਜਾ ਕੇ ਦੱਸਿਆ: “ਦੇਖੋ! ਅਸੀਂ ਯਰੂਸ਼ਲਮ ਨੂੰ ਜਾ ਰਹੇ ਹਾਂ ਅਤੇ ਮਨੁੱਖ ਦੇ ਪੁੱਤਰ ਬਾਰੇ ਨਬੀਆਂ ਨੇ ਜੋ ਵੀ ਗੱਲਾਂ ਲਿਖੀਆਂ ਸਨ, ਉਹ ਸਾਰੀਆਂ ਪੂਰੀਆਂ ਹੋਣਗੀਆਂ।+ 32 ਮਿਸਾਲ ਲਈ, ਉਸ ਨੂੰ ਗ਼ੈਰ-ਯਹੂਦੀ ਲੋਕਾਂ ਦੇ ਹਵਾਲੇ ਕੀਤਾ ਜਾਵੇਗਾ,+ ਉਸ ਦਾ ਮਜ਼ਾਕ ਉਡਾਇਆ ਜਾਵੇਗਾ,+ ਉਸ ਦੀ ਬੇਇੱਜ਼ਤੀ ਕੀਤੀ ਜਾਵੇਗੀ ਅਤੇ ਉਸ ʼਤੇ ਥੁੱਕਿਆ ਜਾਵੇਗਾ।+ 33 ਉਸ ਦੇ ਕੋਰੜੇ ਮਾਰਨ ਤੋਂ ਬਾਅਦ ਉਹ ਉਸ ਨੂੰ ਜਾਨੋਂ ਮਾਰ ਦੇਣਗੇ,+ ਪਰ ਤੀਜੇ ਦਿਨ ਉਹ ਦੁਬਾਰਾ ਜੀਉਂਦਾ ਹੋ ਜਾਵੇਗਾ।”+ 34 ਪਰ ਚੇਲੇ ਇਨ੍ਹਾਂ ਵਿੱਚੋਂ ਕੋਈ ਗੱਲ ਸਮਝ ਨਾ ਸਕੇ ਕਿਉਂਕਿ ਉਨ੍ਹਾਂ ਤੋਂ ਇਨ੍ਹਾਂ ਗੱਲਾਂ ਦਾ ਮਤਲਬ ਲੁਕਿਆ ਰਿਹਾ।

35 ਹੁਣ ਜਦੋਂ ਉਹ ਯਰੀਹੋ ਦੇ ਲਾਗੇ ਪਹੁੰਚਿਆ, ਤਾਂ ਇਕ ਅੰਨ੍ਹਾ ਭਿਖਾਰੀ ਰਾਹ ਵਿਚ ਬੈਠਾ ਭੀਖ ਮੰਗ ਰਿਹਾ ਸੀ।+ 36 ਉਸ ਨੇ ਉੱਥੋਂ ਲੰਘ ਰਹੀ ਭੀੜ ਦਾ ਰੌਲ਼ਾ ਸੁਣਿਆ ਤੇ ਉਸ ਨੇ ਇਸ ਬਾਰੇ ਕਿਸੇ ਨੂੰ ਪੁੱਛਿਆ ਕਿ ਕੀ ਹੋ ਰਿਹਾ ਸੀ। 37 ਲੋਕਾਂ ਨੇ ਉਸ ਨੂੰ ਦੱਸਿਆ: “ਯਿਸੂ ਨਾਸਰੀ ਉੱਧਰੋਂ ਦੀ ਲੰਘ ਰਿਹਾ ਹੈ!” 38 ਇਹ ਸੁਣ ਕੇ ਉਸ ਨੇ ਉੱਚੀ-ਉੱਚੀ ਕਿਹਾ: “ਹੇ ਯਿਸੂ, ਦਾਊਦ ਦੇ ਪੁੱਤਰ, ਮੇਰੇ ʼਤੇ ਰਹਿਮ ਕਰ!” 39 ਜਿਹੜੇ ਲੋਕ ਅੱਗੇ-ਅੱਗੇ ਜਾ ਰਹੇ ਸਨ, ਉਨ੍ਹਾਂ ਨੇ ਉਸ ਨੂੰ ਝਿੜਕਿਆ ਅਤੇ ਚੁੱਪ ਰਹਿਣ ਲਈ ਕਿਹਾ, ਪਰ ਉਹ ਹੋਰ ਵੀ ਉੱਚੀ-ਉੱਚੀ ਕਹਿਣ ਲੱਗ ਪਿਆ: “ਹੇ ਦਾਊਦ ਦੇ ਪੁੱਤਰ, ਮੇਰੇ ʼਤੇ ਰਹਿਮ ਕਰ!” 40 ਇਹ ਸੁਣ ਕੇ ਯਿਸੂ ਰੁਕ ਗਿਆ ਅਤੇ ਉਸ ਨੇ ਕਿਹਾ ਕਿ ਅੰਨ੍ਹੇ ਭਿਖਾਰੀ ਨੂੰ ਉਸ ਕੋਲ ਲਿਆਂਦਾ ਜਾਵੇ। ਜਦੋਂ ਉਹ ਭਿਖਾਰੀ ਉਸ ਕੋਲ ਆਇਆ, ਤਾਂ ਯਿਸੂ ਨੇ ਉਸ ਨੂੰ ਪੁੱਛਿਆ: 41 “ਦੱਸ, ਮੈਂ ਤੇਰੇ ਲਈ ਕੀ ਕਰਾਂ?” ਉਸ ਨੇ ਕਿਹਾ: “ਪ੍ਰਭੂ, ਮੈਨੂੰ ਸੁਜਾਖਾ ਕਰ ਦੇ।” 42 ਯਿਸੂ ਨੇ ਉਸ ਨੂੰ ਕਿਹਾ: “ਤੂੰ ਸੁਜਾਖਾ ਹੋ ਜਾ; ਤੂੰ ਆਪਣੀ ਨਿਹਚਾ ਕਰਕੇ ਚੰਗਾ ਹੋਇਆ ਹੈਂ।”+ 43 ਉਸੇ ਵੇਲੇ ਉਸ ਦੀਆਂ ਅੱਖਾਂ ਦੀ ਰੌਸ਼ਨੀ ਵਾਪਸ ਆ ਗਈ ਅਤੇ ਉਹ ਪਰਮੇਸ਼ੁਰ ਦੀ ਮਹਿਮਾ ਕਰਦਾ ਹੋਇਆ ਯਿਸੂ ਦੇ ਮਗਰ ਤੁਰ ਪਿਆ।+ ਨਾਲੇ ਸਾਰੇ ਲੋਕ ਇਹ ਸਭ ਕੁਝ ਦੇਖ ਕੇ ਪਰਮੇਸ਼ੁਰ ਦੀ ਵਡਿਆਈ ਕਰਨ ਲੱਗ ਪਏ।+

19 ਯਿਸੂ ਯਰੀਹੋ ਵਿਚ ਆਇਆ ਅਤੇ ਉਸ ਸ਼ਹਿਰ ਦੇ ਵਿੱਚੋਂ ਦੀ ਲੰਘ ਰਿਹਾ ਸੀ। 2 ਉੱਥੇ ਜ਼ੱਕੀ ਨਾਂ ਦਾ ਇਕ ਅਮੀਰ ਆਦਮੀ ਸੀ ਜਿਹੜਾ ਟੈਕਸ ਵਸੂਲਣ ਵਾਲਿਆਂ ਦਾ ਇਕ ਮੁਖੀ ਸੀ। 3 ਉਹ ਦੇਖਣਾ ਚਾਹੁੰਦਾ ਸੀ ਕਿ ਇਹ ਯਿਸੂ ਕੌਣ ਸੀ, ਪਰ ਭੀੜ ਲੱਗੀ ਹੋਣ ਕਰਕੇ ਦੇਖ ਨਾ ਸਕਿਆ ਕਿਉਂਕਿ ਉਹ ਮਧਰਾ ਸੀ। 4 ਇਸ ਲਈ ਉਹ ਭੱਜ ਕੇ ਅੱਗੇ ਨਿਕਲ ਗਿਆ ਅਤੇ ਯਿਸੂ ਨੂੰ ਦੇਖਣ ਲਈ ਅੰਜੀਰ ਦੇ ਦਰਖ਼ਤ ਉੱਤੇ ਚੜ੍ਹ ਗਿਆ ਕਿਉਂਕਿ ਉਸ ਨੇ ਉੱਧਰੋਂ ਦੀ ਲੰਘਣਾ ਸੀ। 5 ਜਦੋਂ ਯਿਸੂ ਉੱਥੇ ਪਹੁੰਚਿਆ, ਤਾਂ ਉਸ ਨੇ ਉੱਪਰ ਦੇਖ ਕੇ ਉਸ ਨੂੰ ਕਿਹਾ: “ਜ਼ੱਕੀ, ਛੇਤੀ-ਛੇਤੀ ਥੱਲੇ ਉੱਤਰ ਆ ਕਿਉਂਕਿ ਅੱਜ ਮੈਂ ਤੇਰੇ ਘਰ ਰਹਿਣਾ ਹੈ।” 6 ਇਹ ਸੁਣ ਕੇ ਜ਼ੱਕੀ ਫਟਾਫਟ ਥੱਲੇ ਉੱਤਰਿਆ ਅਤੇ ਆਪਣੇ ਘਰ ਵਿਚ ਖ਼ੁਸ਼ੀ-ਖ਼ੁਸ਼ੀ ਉਸ ਦਾ ਸੁਆਗਤ ਕੀਤਾ। 7 ਇਹ ਦੇਖ ਕੇ ਸਾਰੇ ਲੋਕ ਬੁੜ-ਬੁੜ ਕਰਦੇ ਹੋਏ ਕਹਿਣ ਲੱਗੇ: “ਦੇਖੋ ਤਾਂ ਸਹੀ, ਇਹ ਆਦਮੀ ਇਸ ਪਾਪੀ ਦੇ ਘਰ ਮਹਿਮਾਨ ਬਣ ਕੇ ਆਇਆ ਹੈ।”+ 8 ਪਰ ਜ਼ੱਕੀ ਨੇ ਉੱਠ ਕੇ ਪ੍ਰਭੂ ਨੂੰ ਕਿਹਾ: “ਸੁਣ ਪ੍ਰਭੂ, ਮੈਂ ਆਪਣੀ ਅੱਧੀ ਧਨ-ਦੌਲਤ ਗ਼ਰੀਬਾਂ ਨੂੰ ਦੇ ਰਿਹਾ ਹਾਂ ਅਤੇ ਮੈਂ ਜਿਨ੍ਹਾਂ ਨੂੰ ਲੁੱਟਿਆ ਹੈ,* ਉਨ੍ਹਾਂ ਨੂੰ ਚਾਰ ਗੁਣਾ ਵਾਪਸ ਦੇ ਰਿਹਾ ਹਾਂ।”+ 9 ਇਹ ਸੁਣ ਕੇ ਯਿਸੂ ਨੇ ਉਸ ਨੂੰ ਕਿਹਾ: “ਅੱਜ ਤੇਰੇ ਪਰਿਵਾਰ ਨੂੰ ਮੁਕਤੀ ਮਿਲੀ ਹੈ ਕਿਉਂਕਿ ਤੂੰ ਵੀ ਅਬਰਾਹਾਮ ਦਾ ਹੀ ਪੁੱਤਰ ਹੈਂ। 10 ਮਨੁੱਖ ਦਾ ਪੁੱਤਰ ਗੁਆਚੇ ਹੋਏ ਲੋਕਾਂ ਨੂੰ ਲੱਭਣ ਅਤੇ ਬਚਾਉਣ ਆਇਆ ਹੈ।”+

11 ਜਦੋਂ ਚੇਲੇ ਇਹ ਗੱਲਾਂ ਸੁਣ ਰਹੇ ਸਨ, ਤਾਂ ਉਸ ਨੇ ਇਕ ਮਿਸਾਲ ਦਿੱਤੀ ਕਿਉਂਕਿ ਉਹ ਯਰੂਸ਼ਲਮ ਦੇ ਨੇੜੇ ਸੀ ਅਤੇ ਚੇਲਿਆਂ ਨੇ ਸੋਚਿਆ ਕਿ ਪਰਮੇਸ਼ੁਰ ਦਾ ਰਾਜ ਇਕਦਮ ਪ੍ਰਗਟ ਹੋ ਜਾਵੇਗਾ।+ 12 ਇਸ ਲਈ ਉਸ ਨੇ ਕਿਹਾ: “ਇਕ ਉੱਚੇ ਖ਼ਾਨਦਾਨ ਦਾ ਆਦਮੀ ਕਿਸੇ ਦੂਰ ਦੇਸ਼ ਜਾਣ ਵਾਲਾ ਸੀ+ ਤਾਂਕਿ ਉੱਥੋਂ ਰਾਜ ਕਰਨ ਦਾ ਅਧਿਕਾਰ ਲੈ ਕੇ ਵਾਪਸ ਆਵੇ। 13 ਜਾਣ ਤੋਂ ਪਹਿਲਾਂ ਉਸ ਨੇ ਆਪਣੇ ਦਸ ਨੌਕਰਾਂ ਨੂੰ ਬੁਲਾ ਕੇ ਚਾਂਦੀ ਦੇ ਦਸ ਟੁਕੜੇ* ਦਿੰਦਿਆਂ ਕਿਹਾ, ‘ਮੇਰੇ ਵਾਪਸ ਆਉਣ ਤਕ ਵਪਾਰ ਕਰੋ।’+ 14 ਪਰ ਉਸ ਦੇ ਆਪਣੇ ਦੇਸ਼ ਦੇ ਲੋਕ ਉਸ ਨਾਲ ਨਫ਼ਰਤ ਕਰਦੇ ਸਨ ਅਤੇ ਉਨ੍ਹਾਂ ਨੇ ਇਹ ਸੰਦੇਸ਼ ਦੇਣ ਲਈ ਉਸ ਦੇ ਪਿੱਛੇ-ਪਿੱਛੇ ਰਾਜਦੂਤ ਘੱਲੇ, ‘ਅਸੀਂ ਨਹੀਂ ਚਾਹੁੰਦੇ ਕਿ ਇਹ ਆਦਮੀ ਸਾਡਾ ਰਾਜਾ ਬਣੇ।’

15 “ਫਿਰ ਜਦੋਂ ਉਹ ਰਾਜ ਕਰਨ ਦਾ ਅਧਿਕਾਰ ਲੈ ਕੇ ਵਾਪਸ ਆਇਆ, ਤਾਂ ਉਸ ਨੇ ਉਨ੍ਹਾਂ ਨੌਕਰਾਂ ਨੂੰ ਪੇਸ਼ ਹੋਣ ਦਾ ਹੁਕਮ ਦਿੱਤਾ ਜਿਨ੍ਹਾਂ ਨੂੰ ਉਸ ਨੇ ਚਾਂਦੀ ਦੇ ਟੁਕੜੇ ਦਿੱਤੇ ਸਨ। ਉਸ ਨੇ ਉਨ੍ਹਾਂ ਤੋਂ ਹਿਸਾਬ ਮੰਗਿਆ ਕਿ ਉਨ੍ਹਾਂ ਨੇ ਵਪਾਰ ਕਰ ਕੇ ਕਿੰਨੇ ਪੈਸੇ ਕਮਾਏ ਸਨ।+ 16 ਪਹਿਲੇ ਨੇ ਉਸ ਦੇ ਸਾਮ੍ਹਣੇ ਪੇਸ਼ ਹੋ ਕੇ ਕਿਹਾ, ‘ਸੁਆਮੀ ਜੀ, ਤੇਰੇ ਚਾਂਦੀ ਦੇ ਟੁਕੜੇ* ਨਾਲ ਮੈਂ ਦਸ ਹੋਰ ਚਾਂਦੀ ਦੇ ਟੁਕੜੇ ਕਮਾਏ ਹਨ।’+ 17 ਇਸ ਲਈ ਉਸ ਨੇ ਨੌਕਰ ਨੂੰ ਕਿਹਾ, ‘ਸ਼ਾਬਾਸ਼, ਚੰਗੇ ਨੌਕਰਾ! ਤੂੰ ਇਸ ਬਹੁਤ ਹੀ ਛੋਟੇ ਕੰਮ ਵਿਚ ਭਰੋਸੇਮੰਦ ਨਿਕਲਿਆ ਹੈਂ, ਇਸ ਲਈ ਮੈਂ ਤੈਨੂੰ ਦਸ ਸ਼ਹਿਰਾਂ ਦਾ ਮੁਖਤਿਆਰ ਬਣਾਉਂਦਾ ਹਾਂ।’+ 18 ਫਿਰ ਦੂਸਰੇ ਨੌਕਰ ਨੇ ਆ ਕੇ ਕਿਹਾ, ‘ਸੁਆਮੀ ਜੀ, ਤੇਰੇ ਚਾਂਦੀ ਦੇ ਟੁਕੜੇ ਨਾਲ ਮੈਂ ਪੰਜ ਹੋਰ ਚਾਂਦੀ ਦੇ ਟੁਕੜੇ ਕਮਾਏ ਹਨ।’+ 19 ਉਸ ਨੇ ਇਸ ਨੌਕਰ ਨੂੰ ਵੀ ਕਿਹਾ, ‘ਮੈਂ ਤੈਨੂੰ ਪੰਜ ਸ਼ਹਿਰਾਂ ਦਾ ਮੁਖਤਿਆਰ ਬਣਾਉਂਦਾ ਹਾਂ।’ 20 ਪਰ ਇਕ ਹੋਰ ਨੌਕਰ ਨੇ ਆ ਕੇ ਕਿਹਾ, ‘ਸੁਆਮੀ, ਆਹ ਲੈ ਆਪਣਾ ਚਾਂਦੀ ਦਾ ਟੁਕੜਾ। ਇਸ ਨੂੰ ਮੈਂ ਕੱਪੜੇ ਵਿਚ ਲਪੇਟ ਕੇ ਰੱਖ ਲਿਆ ਸੀ। 21 ਮੈਨੂੰ ਤੇਰੇ ਤੋਂ ਡਰ ਲੱਗਦਾ ਹੈ ਕਿਉਂਕਿ ਤੂੰ ਬੜੇ ਸਖ਼ਤ ਸੁਭਾਅ ਦਾ ਬੰਦਾ ਹੈਂ; ਤੂੰ ਉਹ ਪੈਸਾ ਕਢਾਉਂਦਾ ਹੈਂ ਜੋ ਤੂੰ ਜਮ੍ਹਾ ਨਹੀਂ ਕਰਾਇਆ ਅਤੇ ਤੂੰ ਉਸ ਫ਼ਸਲ ਨੂੰ ਹੜੱਪ ਲੈਂਦਾ ਹੈਂ ਜੋ ਤੂੰ ਨਹੀਂ ਬੀਜੀ।’+ 22 ਉਸ ਨੇ ਇਸ ਨੌਕਰ ਨੂੰ ਕਿਹਾ, ‘ਓਏ ਦੁਸ਼ਟ ਨੌਕਰਾ, ਤੇਰੇ ਮੂੰਹੋਂ ਨਿਕਲੀ ਇਸੇ ਗੱਲ ਨਾਲ ਹੀ ਮੈਂ ਤੈਨੂੰ ਦੋਸ਼ੀ ਠਹਿਰਾਉਂਦਾ ਹਾਂ। ਜੇ ਤੈਨੂੰ ਪਤਾ ਸੀ ਕਿ ਮੈਂ ਬੜੇ ਸਖ਼ਤ ਸੁਭਾਅ ਦਾ ਬੰਦਾ ਹਾਂ, ਮੈਂ ਉਹ ਪੈਸਾ ਕਢਾਉਂਦਾ ਹਾਂ ਜੋ ਮੈਂ ਜਮ੍ਹਾ ਨਹੀਂ ਕਰਾਇਆ ਅਤੇ ਮੈਂ ਉਹ ਫ਼ਸਲ ਹੜੱਪ ਲੈਂਦਾ ਹਾਂ ਜੋ ਮੈਂ ਨਹੀਂ ਬੀਜੀ,+ 23 ਤਾਂ ਤੂੰ ਮੇਰਾ ਚਾਂਦੀ ਦਾ ਟੁਕੜਾ ਸ਼ਾਹੂਕਾਰਾਂ ਨੂੰ ਕਿਉਂ ਨਹੀਂ ਦਿੱਤਾ? ਫਿਰ ਮੈਂ ਆ ਕੇ ਵਿਆਜ ਸਮੇਤ ਇਸ ਨੂੰ ਵਾਪਸ ਲੈ ਲੈਂਦਾ।’

24 “ਇਸ ਤੋਂ ਬਾਅਦ ਉਸ ਨੇ ਕੋਲ ਖੜ੍ਹੇ ਆਦਮੀਆਂ ਨੂੰ ਕਿਹਾ, ‘ਇਸ ਤੋਂ ਚਾਂਦੀ ਦਾ ਟੁਕੜਾ ਲੈ ਕੇ ਉਸ ਨੂੰ ਦੇ ਦਿਓ ਜਿਸ ਕੋਲ ਚਾਂਦੀ ਦੇ ਦਸ ਟੁਕੜੇ ਹਨ।’+ 25 ਪਰ ਉਨ੍ਹਾਂ ਨੇ ਉਸ ਨੂੰ ਕਿਹਾ, ‘ਸੁਆਮੀ ਜੀ, ਉਸ ਕੋਲ ਤਾਂ ਪਹਿਲਾਂ ਹੀ ਚਾਂਦੀ ਦੇ ਦਸ ਟੁਕੜੇ ਹਨ!’​— 26 ‘ਮੈਂ ਤੁਹਾਨੂੰ ਕਹਿੰਦਾ ਹਾਂ: ਜਿਸ ਕੋਲ ਹੈ, ਉਸ ਨੂੰ ਹੋਰ ਦਿੱਤਾ ਜਾਵੇਗਾ, ਪਰ ਜਿਸ ਕੋਲ ਨਹੀਂ ਹੈ, ਉਸ ਤੋਂ ਉਹ ਵੀ ਲੈ ਲਿਆ ਜਾਵੇਗਾ ਜੋ ਉਸ ਕੋਲ ਹੈ।+ 27 ਨਾਲੇ ਜਿਹੜੇ ਮੇਰੇ ਦੁਸ਼ਮਣ ਨਹੀਂ ਚਾਹੁੰਦੇ ਸਨ ਕਿ ਮੈਂ ਉਨ੍ਹਾਂ ਦਾ ਰਾਜਾ ਬਣਾ, ਉਨ੍ਹਾਂ ਨੂੰ ਇੱਥੇ ਲਿਆ ਕੇ ਮੇਰੇ ਸਾਮ੍ਹਣੇ ਮਾਰ ਸੁੱਟੋ।’”

28 ਇਹ ਗੱਲਾਂ ਕਹਿਣ ਤੋਂ ਬਾਅਦ ਉਸ ਨੇ ਯਰੂਸ਼ਲਮ ਵੱਲ ਨੂੰ ਆਪਣਾ ਸਫ਼ਰ ਜਾਰੀ ਰੱਖਿਆ। 29 ਜਦੋਂ ਉਹ ਜ਼ੈਤੂਨ ਪਹਾੜ+ ਉੱਤੇ ਵੱਸੇ ਬੈਤਫ਼ਗਾ ਤੇ ਬੈਥਨੀਆ ਲਾਗੇ ਪਹੁੰਚਿਆ, ਤਾਂ ਉਸ ਨੇ ਆਪਣੇ ਦੋ ਚੇਲਿਆਂ ਨੂੰ ਇਹ ਕਹਿ ਕੇ ਘੱਲਿਆ:+ 30 “ਉਹ ਪਿੰਡ ਜਿਹੜਾ ਤੁਸੀਂ ਦੇਖਦੇ ਹੋ, ਉੱਥੇ ਜਾਓ ਅਤੇ ਪਿੰਡ ਵਿਚ ਵੜਦਿਆਂ ਸਾਰ ਤੁਸੀਂ ਇਕ ਗਧੀ ਦਾ ਬੱਚਾ ਬੱਝਾ ਹੋਇਆ ਦੇਖੋਗੇ ਜਿਸ ʼਤੇ ਅਜੇ ਤਕ ਕੋਈ ਵੀ ਸਵਾਰ ਨਹੀਂ ਹੋਇਆ ਹੈ। ਉਸ ਨੂੰ ਖੋਲ੍ਹ ਕੇ ਇੱਥੇ ਲੈ ਆਓ। 31 ਪਰ ਜੇ ਕੋਈ ਤੁਹਾਨੂੰ ਪੁੱਛੇ, ‘ਤੁਸੀਂ ਇਸ ਨੂੰ ਕਿਉਂ ਖੋਲ੍ਹ ਰਹੇ ਹੋ?’ ਤਾਂ ਤੁਸੀਂ ਕਹਿਣਾ: ‘ਪ੍ਰਭੂ ਨੂੰ ਇਸ ਦੀ ਲੋੜ ਹੈ।’” 32 ਉਨ੍ਹਾਂ ਚੇਲਿਆਂ ਨੇ ਜਾ ਕੇ ਉਹੀ ਦੇਖਿਆ ਜੋ ਉਸ ਨੇ ਉਨ੍ਹਾਂ ਨੂੰ ਦੱਸਿਆ ਸੀ।+ 33 ਪਰ ਜਦੋਂ ਉਹ ਗਧੀ ਦੇ ਬੱਚੇ ਨੂੰ ਖੋਲ੍ਹ ਰਹੇ ਸਨ, ਤਾਂ ਉਸ ਦੇ ਮਾਲਕਾਂ ਨੇ ਉਨ੍ਹਾਂ ਨੂੰ ਪੁੱਛਿਆ: “ਤੁਸੀਂ ਗਧੀ ਦੇ ਬੱਚੇ ਨੂੰ ਕਿਉਂ ਖੋਲ੍ਹ ਰਹੇ ਹੋ?” 34 ਉਨ੍ਹਾਂ ਨੇ ਕਿਹਾ: “ਪ੍ਰਭੂ ਨੂੰ ਇਸ ਦੀ ਲੋੜ ਹੈ।” 35 ਅਤੇ ਉਹ ਗਧੀ ਦੇ ਬੱਚੇ ਨੂੰ ਯਿਸੂ ਕੋਲ ਲੈ ਆਏ ਅਤੇ ਉਨ੍ਹਾਂ ਨੇ ਆਪਣੇ ਕੱਪੜੇ ਗਧੀ ਦੇ ਬੱਚੇ ਉੱਤੇ ਪਾ ਦਿੱਤੇ ਅਤੇ ਯਿਸੂ ਉਸ ਉੱਤੇ ਬੈਠ ਗਿਆ।+

36 ਜਿੱਦਾਂ-ਜਿੱਦਾਂ ਉਹ ਅੱਗੇ ਵਧ ਰਿਹਾ ਸੀ, ਲੋਕ ਆਪਣੇ ਕੱਪੜੇ ਰਾਹ ਵਿਚ ਵਿਛਾਉਂਦੇ ਰਹੇ।+ 37 ਜਦੋਂ ਉਹ ਉਸ ਰਾਹ ʼਤੇ ਪਹੁੰਚਿਆ ਜਿਹੜਾ ਜ਼ੈਤੂਨ ਪਹਾੜ ਤੋਂ ਥੱਲੇ ਨੂੰ ਜਾਂਦਾ ਸੀ, ਤਾਂ ਚੇਲਿਆਂ ਦੀ ਸਾਰੀ ਭੀੜ ਖ਼ੁਸ਼ੀਆਂ ਮਨਾਉਣ ਲੱਗ ਪਈ ਅਤੇ ਉੱਚੀ-ਉੱਚੀ ਪਰਮੇਸ਼ੁਰ ਦੀ ਮਹਿਮਾ ਕਰਨ ਲੱਗੀ ਕਿਉਂਕਿ ਉਨ੍ਹਾਂ ਲੋਕਾਂ ਨੇ ਬਹੁਤ ਸਾਰੇ ਚਮਤਕਾਰ ਦੇਖੇ ਸਨ। 38 ਉਹ ਕਹਿਣ ਲੱਗੇ: “ਧੰਨ ਹੈ ਉਹ ਜਿਹੜਾ ਯਹੋਵਾਹ* ਦੇ ਨਾਂ ʼਤੇ ਰਾਜੇ ਵਜੋਂ ਆ ਰਿਹਾ ਹੈ! ਸਵਰਗ ਵਿਚ ਸ਼ਾਂਤੀ ਹੋਵੇ ਅਤੇ ਪਰਮੇਸ਼ੁਰ ਦੀ ਮਹਿਮਾ ਹੋਵੇ ਜਿਹੜਾ ਸਭ ਤੋਂ ਉੱਚੀਆਂ ਥਾਵਾਂ ਉੱਤੇ ਵੱਸਦਾ ਹੈ!”+ 39 ਪਰ ਭੀੜ ਵਿੱਚੋਂ ਕੁਝ ਫ਼ਰੀਸੀਆਂ ਨੇ ਉਸ ਨੂੰ ਕਿਹਾ: “ਗੁਰੂ ਜੀ, ਆਪਣੇ ਚੇਲਿਆਂ ਨੂੰ ਝਿੜਕ।”+ 40 ਪਰ ਉਸ ਨੇ ਕਿਹਾ: “ਮੈਂ ਤੁਹਾਨੂੰ ਕਹਿੰਦਾ ਹਾਂ: ਜੇ ਇਹ ਚੁੱਪ ਰਹੇ, ਤਾਂ ਪੱਥਰ ਬੋਲ ਉੱਠਣਗੇ।”

41 ਜਦੋਂ ਉਹ ਯਰੂਸ਼ਲਮ ਦੇ ਨੇੜੇ ਪਹੁੰਚਿਆ, ਤਾਂ ਉਹ ਸ਼ਹਿਰ ਨੂੰ ਦੇਖ ਕੇ ਰੋਇਆ+ 42 ਅਤੇ ਉਸ ਨੇ ਕਿਹਾ: “ਕਾਸ਼, ਤੂੰ ਉਨ੍ਹਾਂ ਗੱਲਾਂ ਨੂੰ ਸਮਝ ਗਿਆ ਹੁੰਦਾ ਜਿਨ੍ਹਾਂ ਰਾਹੀਂ ਸ਼ਾਂਤੀ ਮਿਲਣੀ ਸੀ​—ਪਰ ਹੁਣ ਇਹ ਗੱਲਾਂ ਤੇਰੀਆਂ ਨਜ਼ਰਾਂ ਤੋਂ ਲੁਕੀਆਂ ਹੋਈਆਂ ਹਨ।+ 43 ਕਿਉਂਕਿ ਤੇਰੇ ਉੱਤੇ ਉਹ ਦਿਨ ਆਉਣਗੇ ਜਦੋਂ ਤੇਰੇ ਦੁਸ਼ਮਣ ਤੇਰੇ ਆਲੇ-ਦੁਆਲੇ ਤਿੱਖੀਆਂ ਬੱਲੀਆਂ ਗੱਡ ਕੇ ਮੋਰਚਾ ਬੰਨ੍ਹਣਗੇ ਅਤੇ ਤੈਨੂੰ ਘੇਰ ਲੈਣਗੇ ਅਤੇ ਹਰ ਪਾਸਿਓਂ ਤੇਰੇ ਉੱਤੇ ਦਬਾਅ ਪਾਉਣਗੇ।+ 44 ਉਹ ਤੈਨੂੰ ਮਿੱਟੀ ਵਿਚ ਮਿਲਾ ਦੇਣਗੇ ਅਤੇ ਤੇਰੇ ਬੱਚਿਆਂ ਨੂੰ ਜ਼ਮੀਨ ਉੱਤੇ ਪਟਕਾ-ਪਟਕਾ ਕੇ ਮਾਰਨਗੇ+ ਅਤੇ ਉਹ ਤੇਰੇ ਵਿਚ ਪੱਥਰ ʼਤੇ ਪੱਥਰ ਨਹੀਂ ਛੱਡਣਗੇ+ ਕਿਉਂਕਿ ਤੂੰ ਉਸ ਸਮੇਂ ਨੂੰ ਨਹੀਂ ਪਛਾਣਿਆ ਜਦੋਂ ਤੈਨੂੰ ਪਰਖਿਆ ਗਿਆ ਸੀ।”

45 ਫਿਰ ਉਹ ਮੰਦਰ ਵਿਚ ਗਿਆ ਅਤੇ ਉਹ ਚੀਜ਼ਾਂ ਵੇਚਣ ਵਾਲਿਆਂ ਨੂੰ ਬਾਹਰ ਕੱਢਣ ਲੱਗਾ+ 46 ਅਤੇ ਉਨ੍ਹਾਂ ਨੂੰ ਕਿਹਾ: “ਇਹ ਲਿਖਿਆ ਹੈ, ‘ਮੇਰਾ ਘਰ ਪ੍ਰਾਰਥਨਾ ਦਾ ਘਰ ਕਹਾਵੇਗਾ,’+ ਪਰ ਤੁਸੀਂ ਇਸ ਨੂੰ ਲੁਟੇਰਿਆਂ ਦਾ ਅੱਡਾ ਬਣਾਈ ਬੈਠੇ ਹੋ।”+

47 ਉਹ ਰੋਜ਼ ਮੰਦਰ ਵਿਚ ਲੋਕਾਂ ਨੂੰ ਸਿੱਖਿਆ ਦਿੰਦਾ ਰਿਹਾ। ਪਰ ਮੁੱਖ ਪੁਜਾਰੀ, ਗ੍ਰੰਥੀ ਅਤੇ ਯਹੂਦੀਆਂ ਦੇ ਵੱਡੇ-ਵੱਡੇ ਲੋਕ ਉਸ ਨੂੰ ਜਾਨੋਂ ਮਾਰਨਾ ਚਾਹੁੰਦੇ ਸਨ;+ 48 ਪਰ ਉਨ੍ਹਾਂ ਨੂੰ ਉਸ ਨੂੰ ਮਾਰਨ ਦਾ ਕੋਈ ਤਰੀਕਾ ਨਹੀਂ ਮਿਲ ਰਿਹਾ ਸੀ ਕਿਉਂਕਿ ਸਾਰੇ ਲੋਕ ਉਸ ਦੀਆਂ ਗੱਲਾਂ ਸੁਣਨ ਲਈ ਉਸ ਦੇ ਨਾਲ-ਨਾਲ ਰਹਿੰਦੇ ਸਨ।+

20 ਇਕ ਦਿਨ ਉਹ ਮੰਦਰ ਵਿਚ ਲੋਕਾਂ ਨੂੰ ਸਿੱਖਿਆ ਦੇ ਰਿਹਾ ਸੀ ਅਤੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਰਿਹਾ ਸੀ। ਉਸ ਵੇਲੇ ਮੁੱਖ ਪੁਜਾਰੀ, ਗ੍ਰੰਥੀ ਤੇ ਬਜ਼ੁਰਗ ਆਏ 2 ਅਤੇ ਉਨ੍ਹਾਂ ਨੇ ਉਸ ਨੂੰ ਪੁੱਛਿਆ: “ਸਾਨੂੰ ਦੱਸ, ਤੂੰ ਕਿਸ ਅਧਿਕਾਰ ਨਾਲ ਇਹ ਕੰਮ ਕਰਦਾ ਹੈਂ? ਜਾਂ ਤੈਨੂੰ ਕਿਸ ਨੇ ਇਹ ਅਧਿਕਾਰ ਦਿੱਤਾ ਹੈ?”+ 3 ਉਸ ਨੇ ਕਿਹਾ: “ਮੈਂ ਵੀ ਤੁਹਾਨੂੰ ਇਕ ਸਵਾਲ ਪੁੱਛਦਾ ਹਾਂ। ਤੁਸੀਂ ਮੈਨੂੰ ਦੱਸੋ: 4 ਕੀ ਯੂਹੰਨਾ ਨੂੰ ਬਪਤਿਸਮਾ ਦੇਣ ਦਾ ਅਧਿਕਾਰ ਸਵਰਗੋਂ ਮਿਲਿਆ ਸੀ ਜਾਂ ਇਨਸਾਨਾਂ ਤੋਂ?” 5 ਉਹ ਸੋਚਣ ਲੱਗ ਪਏ ਅਤੇ ਇਕ-ਦੂਜੇ ਨੂੰ ਕਹਿਣ ਲੱਗੇ: “ਜੇ ਅਸੀਂ ਕਹੀਏ, ‘ਸਵਰਗੋਂ,’ ਤਾਂ ਉਹ ਕਹੇਗਾ, ‘ਫਿਰ ਤੁਸੀਂ ਉਸ ʼਤੇ ਯਕੀਨ ਕਿਉਂ ਨਹੀਂ ਕੀਤਾ?’ 6 ਪਰ ਜੇ ਅਸੀਂ ਕਹੀਏ, ‘ਇਨਸਾਨਾਂ ਤੋਂ,’ ਤਾਂ ਲੋਕ ਸਾਨੂੰ ਪੱਥਰ ਮਾਰ-ਮਾਰ ਕੇ ਜਾਨੋਂ ਮਾਰ ਦੇਣਗੇ ਕਿਉਂਕਿ ਉਹ ਸਾਰੇ ਮੰਨਦੇ ਹਨ ਕਿ ਯੂਹੰਨਾ ਇਕ ਨਬੀ ਸੀ।”+ 7 ਇਸ ਲਈ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਯੂਹੰਨਾ ਨੂੰ ਅਧਿਕਾਰ ਕਿਸ ਤੋਂ ਮਿਲਿਆ ਸੀ। 8 ਇਸ ਲਈ ਯਿਸੂ ਨੇ ਉਨ੍ਹਾਂ ਨੂੰ ਕਿਹਾ: “ਫਿਰ ਮੈਂ ਵੀ ਤੁਹਾਨੂੰ ਨਹੀਂ ਦੱਸਣਾ ਕਿ ਮੈਂ ਕਿਸ ਅਧਿਕਾਰ ਨਾਲ ਇਹ ਕੰਮ ਕਰਦਾ ਹਾਂ।”

9 ਫਿਰ ਉਸ ਨੇ ਲੋਕਾਂ ਨੂੰ ਇਹ ਮਿਸਾਲ ਦਿੱਤੀ: “ਇਕ ਆਦਮੀ ਨੇ ਅੰਗੂਰਾਂ ਦਾ ਬਾਗ਼ ਲਾਇਆ+ ਅਤੇ ਬਾਗ਼ ਠੇਕੇ ʼਤੇ ਦੇ ਕੇ ਲੰਬੇ ਸਮੇਂ ਲਈ ਆਪ ਕਿਸੇ ਹੋਰ ਦੇਸ਼ ਚਲਾ ਗਿਆ।+ 10 ਜਦ ਅੰਗੂਰਾਂ ਦਾ ਮੌਸਮ ਆਇਆ, ਤਾਂ ਉਸ ਨੇ ਠੇਕੇਦਾਰਾਂ ਕੋਲ ਆਪਣਾ ਇਕ ਨੌਕਰ ਘੱਲਿਆ ਤਾਂਕਿ ਉਹ ਬਾਗ਼ ਦੀ ਪੈਦਾਵਾਰ ਵਿੱਚੋਂ ਉਸ ਦਾ ਹਿੱਸਾ ਦੇਣ। ਪਰ ਠੇਕੇਦਾਰਾਂ ਨੇ ਨੌਕਰ ਨੂੰ ਕੁੱਟਿਆ ਅਤੇ ਖਾਲੀ ਹੱਥ ਮੋੜ ਦਿੱਤਾ।+ 11 ਮਾਲਕ ਨੇ ਇਕ ਹੋਰ ਨੌਕਰ ਨੂੰ ਘੱਲਿਆ। ਉਸ ਨੂੰ ਵੀ ਠੇਕੇਦਾਰਾਂ ਨੇ ਕੁੱਟਿਆ ਅਤੇ ਬੇਇੱਜ਼ਤ ਕਰ ਕੇ ਖਾਲੀ ਹੱਥ ਘੱਲ ਦਿੱਤਾ। 12 ਉਸ ਨੇ ਫਿਰ ਤੀਸਰੇ ਨੌਕਰ ਨੂੰ ਘੱਲਿਆ; ਉਨ੍ਹਾਂ ਨੇ ਉਸ ਨੂੰ ਵੀ ਜ਼ਖ਼ਮੀ ਕਰ ਕੇ ਭਜਾ ਦਿੱਤਾ। 13 ਇਹ ਦੇਖ ਕੇ ਬਾਗ਼ ਦੇ ਮਾਲਕ ਨੇ ਕਿਹਾ, ‘ਹੁਣ ਮੈਂ ਕੀ ਕਰਾਂ? ਮੈਂ ਆਪਣੇ ਪਿਆਰੇ ਪੁੱਤਰ ਨੂੰ ਘੱਲ ਦਿੰਦਾ ਹਾਂ।+ ਉਹ ਉਸ ਦੀ ਜ਼ਰੂਰ ਇੱਜ਼ਤ ਕਰਨਗੇ।’ 14 ਜਦੋਂ ਠੇਕੇਦਾਰਾਂ ਨੇ ਮਾਲਕ ਦੇ ਪੁੱਤਰ ਨੂੰ ਦੇਖਿਆ, ਤਾਂ ਉਹ ਆਪਸ ਵਿਚ ਸਲਾਹ ਕਰ ਕੇ ਕਹਿਣ ਲੱਗੇ, ‘ਇਹੀ ਹੈ ਵਾਰਸ। ਆਓ ਆਪਾਂ ਇਸ ਨੂੰ ਮਾਰ ਦੇਈਏ ਅਤੇ ਫਿਰ ਸਾਰੀ ਜ਼ਮੀਨ-ਜਾਇਦਾਦ ਸਾਡੀ ਹੋ ਜਾਵੇਗੀ।’ 15 ਇਸ ਲਈ ਉਨ੍ਹਾਂ ਨੇ ਉਸ ਨੂੰ ਬਾਗ਼ੋਂ ਬਾਹਰ ਲਿਜਾ ਕੇ ਜਾਨੋਂ ਮਾਰ ਦਿੱਤਾ।+ ਤਾਂ ਫਿਰ, ਬਾਗ਼ ਦਾ ਮਾਲਕ ਠੇਕੇਦਾਰਾਂ ਨਾਲ ਕੀ ਕਰੇਗਾ? 16 ਉਹ ਆ ਕੇ ਉਨ੍ਹਾਂ ਠੇਕੇਦਾਰਾਂ ਨੂੰ ਜਾਨੋਂ ਮਾਰ ਦੇਵੇਗਾ ਅਤੇ ਬਾਗ਼ ਦੂਸਰਿਆਂ ਨੂੰ ਠੇਕੇ ʼਤੇ ਦੇ ਦੇਵੇਗਾ।”

ਇਹ ਸੁਣ ਕੇ ਲੋਕਾਂ ਨੇ ਕਿਹਾ: “ਨਾ ਭਾਈ, ਇੱਦਾਂ ਨਾ ਹੋਵੇ!” 17 ਪਰ ਉਸ ਨੇ ਸਿੱਧਾ ਉਨ੍ਹਾਂ ਵੱਲ ਦੇਖ ਕੇ ਕਿਹਾ: “ਤਾਂ ਫਿਰ, ਇਹ ਜੋ ਲਿਖਿਆ ਹੈ ਇਸ ਦਾ ਕੀ ਮਤਲਬ ਹੈ: ‘ਜਿਸ ਪੱਥਰ ਨੂੰ ਰਾਜ ਮਿਸਤਰੀਆਂ ਨੇ ਨਿਕੰਮਾ ਕਿਹਾ,* ਉਹੀ ਕੋਨੇ ਦਾ ਮੁੱਖ ਪੱਥਰ* ਬਣ ਗਿਆ ਹੈ’?+ 18 ਜਿਹੜਾ ਵੀ ਇਸ ਪੱਥਰ ਉੱਤੇ ਡਿਗੇਗਾ, ਉਹ ਚੂਰ-ਚੂਰ ਹੋ ਜਾਵੇਗਾ।+ ਜਿਸ ਉੱਤੇ ਇਹ ਪੱਥਰ ਡਿਗੇਗਾ, ਉਹ ਕੁਚਲਿਆ ਜਾਵੇਗਾ।”

19 ਗ੍ਰੰਥੀ ਅਤੇ ਮੁੱਖ ਪੁਜਾਰੀ ਉਸੇ ਵੇਲੇ ਉਸ ਨੂੰ ਫੜ ਲੈਣਾ ਚਾਹੁੰਦੇ ਸਨ ਕਿਉਂਕਿ ਉਹ ਸਮਝ ਗਏ ਸਨ ਕਿ ਉਸ ਨੇ ਉਨ੍ਹਾਂ ਨੂੰ ਹੀ ਧਿਆਨ ਵਿਚ ਰੱਖ ਕੇ ਇਹ ਮਿਸਾਲ ਦਿੱਤੀ ਸੀ, ਪਰ ਉਹ ਲੋਕਾਂ ਤੋਂ ਡਰਦੇ ਸਨ।+ 20 ਉਹ ਉਸ ਨੂੰ ਫਸਾਉਣ ਲਈ ਮੌਕੇ ਦੀ ਭਾਲ ਵਿਚ ਸਨ। ਫਿਰ ਉਨ੍ਹਾਂ ਨੇ ਕੁਝ ਬੰਦਿਆਂ ਨੂੰ ਚੋਰੀ-ਛਿਪੇ ਪੈਸੇ ਦੇ ਕੇ ਘੱਲਿਆ ਕਿ ਉਹ ਨੇਕ ਹੋਣ ਦਾ ਦਿਖਾਵਾ ਕਰਨ ਅਤੇ ਉਸ ਨੂੰ ਉਸ ਦੀਆਂ ਗੱਲਾਂ ਵਿਚ ਫਸਾ ਕੇ+ ਸਰਕਾਰ ਅਤੇ ਰਾਜਪਾਲ ਦੇ ਅਧਿਕਾਰ ਦੇ ਹਵਾਲੇ ਕਰ ਦੇਣ। 21 ਉਨ੍ਹਾਂ ਬੰਦਿਆਂ ਨੇ ਉਸ ਨੂੰ ਪੁੱਛਿਆ: “ਗੁਰੂ ਜੀ, ਅਸੀਂ ਜਾਣਦੇ ਹਾਂ ਕਿ ਤੂੰ ਜੋ ਵੀ ਕਹਿੰਦਾ ਅਤੇ ਸਿਖਾਉਂਦਾ ਹੈਂ, ਉਹ ਬਿਲਕੁਲ ਸਹੀ ਹੁੰਦਾ ਹੈ ਅਤੇ ਤੂੰ ਕਿਸੇ ਨਾਲ ਪੱਖਪਾਤ ਨਹੀਂ ਕਰਦਾ, ਸਗੋਂ ਤੂੰ ਪਰਮੇਸ਼ੁਰ ਦੇ ਰਾਹ ਬਾਰੇ ਸੱਚ-ਸੱਚ ਸਿਖਾਉਂਦਾ ਹੈਂ: 22 ਕੀ ਸਾਡੇ ਲਈ ਰਾਜੇ* ਨੂੰ ਟੈਕਸ ਦੇਣਾ ਜਾਇਜ਼ ਹੈ ਜਾਂ ਨਹੀਂ?” 23 ਉਨ੍ਹਾਂ ਦੀ ਮੱਕਾਰੀ ਨੂੰ ਭਾਂਪਦੇ ਹੋਏ ਉਸ ਨੇ ਕਿਹਾ: 24 “ਮੈਨੂੰ ਇਕ ਦੀਨਾਰ* ਦਿਖਾਓ। ਇਸ ʼਤੇ ਕਿਸ ਦੀ ਸ਼ਕਲ ਅਤੇ ਕਿਸ ਦੇ ਨਾਂ ਦੀ ਛਾਪ ਹੈ?” ਉਨ੍ਹਾਂ ਨੇ ਕਿਹਾ: “ਰਾਜੇ ਦੀ।” 25 ਉਸ ਨੇ ਉਨ੍ਹਾਂ ਨੂੰ ਕਿਹਾ: “ਤਾਂ ਫਿਰ, ਰਾਜੇ ਦੀਆਂ ਚੀਜ਼ਾਂ ਰਾਜੇ ਨੂੰ ਦਿਓ,+ ਪਰ ਪਰਮੇਸ਼ੁਰ ਦੀਆਂ ਚੀਜ਼ਾਂ ਪਰਮੇਸ਼ੁਰ ਨੂੰ ਦਿਓ।”+ 26 ਇਸ ਤਰ੍ਹਾਂ ਉਹ ਉਸ ਨੂੰ ਲੋਕਾਂ ਸਾਮ੍ਹਣੇ ਉਸ ਦੀਆਂ ਗੱਲਾਂ ਵਿਚ ਫਸਾ ਨਾ ਸਕੇ, ਸਗੋਂ ਉਸ ਦਾ ਜਵਾਬ ਸੁਣ ਕੇ ਉਹ ਇੰਨੇ ਹੈਰਾਨ ਹੋਏ ਕਿ ਉਨ੍ਹਾਂ ਨੇ ਹੋਰ ਕੁਝ ਨਹੀਂ ਕਿਹਾ।

27 ਕੁਝ ਸਦੂਕੀ, ਜੋ ਮੰਨਦੇ ਸਨ ਕਿ ਮਰੇ ਹੋਏ ਲੋਕਾਂ ਨੂੰ ਦੁਬਾਰਾ ਜੀਉਂਦਾ ਨਹੀਂ ਕੀਤਾ ਜਾਵੇਗਾ,+ ਯਿਸੂ ਕੋਲ ਆਏ ਅਤੇ ਉਨ੍ਹਾਂ ਨੇ ਉਸ ਨੂੰ ਪੁੱਛਿਆ:+ 28 “ਗੁਰੂ ਜੀ, ਮੂਸਾ ਨੇ ਸਾਡੇ ਲਈ ਲਿਖਿਆ ਸੀ: ‘ਜੇ ਕੋਈ ਆਦਮੀ ਬੇਔਲਾਦ ਮਰ ਜਾਵੇ, ਤਾਂ ਉਸ ਦਾ ਭਰਾ ਉਸ ਦੀ ਪਤਨੀ ਨਾਲ ਵਿਆਹ ਕਰਾਵੇ ਅਤੇ ਆਪਣੇ ਮਰ ਚੁੱਕੇ ਭਰਾ ਲਈ ਔਲਾਦ ਪੈਦਾ ਕਰੇ।’+ 29 ਇਕ ਪਰਿਵਾਰ ਵਿਚ ਸੱਤ ਭਰਾ ਸਨ। ਪਹਿਲੇ ਨੇ ਵਿਆਹ ਕਰਾਇਆ, ਪਰ ਉਹ ਬੇਔਲਾਦ ਮਰ ਗਿਆ। 30 ਇਸ ਲਈ ਦੂਸਰੇ ਨੇ 31 ਅਤੇ ਫਿਰ ਤੀਸਰੇ ਨੇ ਉਸ ਤੀਵੀਂ ਨਾਲ ਵਿਆਹ ਕਰਾਇਆ। ਸੱਤਾਂ ਭਰਾਵਾਂ ਨਾਲ ਇਸੇ ਤਰ੍ਹਾਂ ਹੋਇਆ ਅਤੇ ਉਹ ਸਾਰੇ ਬੇਔਲਾਦ ਮਰ ਗਏ। 32 ਅਖ਼ੀਰ ਵਿਚ ਉਹ ਤੀਵੀਂ ਵੀ ਮਰ ਗਈ। 33 ਇਸ ਲਈ ਜਦ ਉਨ੍ਹਾਂ ਸਾਰਿਆਂ ਨੂੰ ਦੁਬਾਰਾ ਜੀਉਂਦਾ ਕੀਤਾ ਜਾਵੇਗਾ, ਤਾਂ ਉਹ ਤੀਵੀਂ ਉਨ੍ਹਾਂ ਵਿੱਚੋਂ ਕਿਸ ਦੀ ਪਤਨੀ ਹੋਵੇਗੀ? ਕਿਉਂਕਿ ਸੱਤਾਂ ਨੇ ਹੀ ਉਸ ਨਾਲ ਵਿਆਹ ਕਰਵਾਇਆ ਸੀ।”

34 ਯਿਸੂ ਨੇ ਉਨ੍ਹਾਂ ਨੂੰ ਕਿਹਾ: “ਇਸ ਯੁਗ* ਦੇ ਲੋਕ ਵਿਆਹ ਕਰਾਉਂਦੇ ਹਨ, 35 ਪਰ ਜਿਹੜੇ ਆਉਣ ਵਾਲੇ ਯੁਗ ਵਿਚ ਦੁਬਾਰਾ ਜੀਉਂਦੇ ਹੋਣ ਅਤੇ ਜ਼ਿੰਦਗੀ ਪਾਉਣ ਦੇ ਯੋਗ ਗਿਣੇ ਜਾਣਗੇ, ਉਹ ਵਿਆਹ ਨਹੀਂ ਕਰਾਉਣਗੇ।+ 36 ਅਸਲ ਵਿਚ, ਉਹ ਦੂਤਾਂ ਵਰਗੇ ਹੋਣ ਕਰਕੇ ਫਿਰ ਕਦੇ ਮਰ ਹੀ ਨਹੀਂ ਸਕਦੇ ਅਤੇ ਉਹ ਪਰਮੇਸ਼ੁਰ ਦੇ ਬੱਚੇ ਹੋਣਗੇ ਕਿਉਂਕਿ ਉਨ੍ਹਾਂ ਨੂੰ ਦੁਬਾਰਾ ਜੀਉਂਦਾ ਕੀਤਾ ਜਾਵੇਗਾ। 37 ਮੂਸਾ ਦੇ ਬਲ਼ਦੀ ਝਾੜੀ ਦੇ ਬਿਰਤਾਂਤ ਤੋਂ ਵੀ ਮਰੇ ਹੋਏ ਲੋਕਾਂ ਦੇ ਜੀਉਂਦਾ ਹੋਣ ਬਾਰੇ ਪਤਾ ਲੱਗਦਾ ਹੈ। ਇਸ ਵਿਚ ਮੂਸਾ ਨੇ ਯਹੋਵਾਹ* ਨੂੰ ‘ਅਬਰਾਹਾਮ ਦਾ ਪਰਮੇਸ਼ੁਰ, ਇਸਹਾਕ ਦਾ ਪਰਮੇਸ਼ੁਰ ਅਤੇ ਯਾਕੂਬ ਦਾ ਪਰਮੇਸ਼ੁਰ’ ਕਿਹਾ ਸੀ।+ 38 ਉਹ ਮਰਿਆਂ ਦਾ ਨਹੀਂ, ਸਗੋਂ ਜੀਉਂਦਿਆਂ ਦਾ ਪਰਮੇਸ਼ੁਰ ਹੈ ਕਿਉਂਕਿ ਉਸ ਦੀਆਂ ਨਜ਼ਰਾਂ ਵਿਚ ਉਹ ਸਾਰੇ ਜੀਉਂਦੇ ਹਨ।”+ 39 ਇਹ ਸੁਣ ਕੇ ਕੁਝ ਗ੍ਰੰਥੀਆਂ ਨੇ ਕਿਹਾ: “ਗੁਰੂ ਜੀ, ਤੂੰ ਵਧੀਆ ਜਵਾਬ ਦਿੱਤਾ।” 40 ਇਸ ਤੋਂ ਬਾਅਦ ਉਨ੍ਹਾਂ ਨੇ ਉਸ ਨੂੰ ਹੋਰ ਕੋਈ ਸਵਾਲ ਪੁੱਛਣ ਦਾ ਹੀਆ ਨਾ ਕੀਤਾ।

41 ਫਿਰ ਉਸ ਨੇ ਵੀ ਉਨ੍ਹਾਂ ਨੂੰ ਪੁੱਛਿਆ: “ਲੋਕ ਇਹ ਕਿਉਂ ਕਹਿੰਦੇ ਹਨ ਕਿ ਮਸੀਹ ਦਾਊਦ ਦਾ ਪੁੱਤਰ ਹੈ?+ 42 ਕਿਉਂਕਿ ਦਾਊਦ ਨੇ ਜ਼ਬੂਰਾਂ ਦੀ ਕਿਤਾਬ ਵਿਚ ਆਪ ਲਿਖਿਆ ਸੀ: ‘ਯਹੋਵਾਹ* ਨੇ ਮੇਰੇ ਪ੍ਰਭੂ ਨੂੰ ਕਿਹਾ: “ਤੂੰ ਉਦੋਂ ਤਕ ਮੇਰੇ ਸੱਜੇ ਹੱਥ ਬੈਠ 43 ਜਦ ਤਕ ਮੈਂ ਤੇਰੇ ਦੁਸ਼ਮਣਾਂ ਨੂੰ ਤੇਰੇ ਪੈਰਾਂ ਦੀ ਚੌਂਕੀ ਨਹੀਂ ਬਣਾ ਦਿੰਦਾ।”’+ 44 ਜੇ ਦਾਊਦ ਖ਼ੁਦ ਮਸੀਹ ਨੂੰ ਪ੍ਰਭੂ ਕਹਿੰਦਾ ਹੈ, ਤਾਂ ਫਿਰ, ਉਹ ਉਸ ਦਾ ਪੁੱਤਰ ਕਿਵੇਂ ਹੋ ਸਕਦਾ ਹੈ?”

45 ਫਿਰ ਜਦ ਸਾਰੇ ਲੋਕ ਉਸ ਦੀਆਂ ਗੱਲਾਂ ਸੁਣ ਰਹੇ ਸਨ, ਤਾਂ ਉਸ ਨੇ ਆਪਣੇ ਚੇਲਿਆਂ ਨੂੰ ਕਿਹਾ: 46 “ਗ੍ਰੰਥੀਆਂ ਤੋਂ ਖ਼ਬਰਦਾਰ ਰਹੋ ਜੋ ਲੰਬੇ-ਲੰਬੇ ਚੋਗੇ ਪਾ ਕੇ ਘੁੰਮਣਾ ਪਸੰਦ ਕਰਦੇ ਹਨ ਅਤੇ ਚਾਹੁੰਦੇ ਹਨ ਕਿ ਬਾਜ਼ਾਰਾਂ ਵਿਚ ਲੋਕ ਉਨ੍ਹਾਂ ਨੂੰ ਸਲਾਮਾਂ ਕਰਨ। ਉਹ ਸਭਾ ਘਰਾਂ ਵਿਚ ਅੱਗੇ ਹੋ-ਹੋ ਕੇ* ਬੈਠਣਾ ਅਤੇ ਦਾਅਵਤਾਂ ਵਿਚ ਖ਼ਾਸ ਥਾਵਾਂ ਉੱਤੇ ਬੈਠਣਾ ਪਸੰਦ ਕਰਦੇ ਹਨ।+ 47 ਉਹ ਵਿਧਵਾਵਾਂ ਦੇ ਘਰ* ਹੜੱਪ ਜਾਂਦੇ ਹਨ ਅਤੇ ਦਿਖਾਵੇ ਲਈ ਲੰਬੀਆਂ-ਲੰਬੀਆਂ ਪ੍ਰਾਰਥਨਾਵਾਂ ਕਰਦੇ ਹਨ। ਇਨ੍ਹਾਂ ਨੂੰ ਹੋਰ ਵੀ ਸਖ਼ਤ* ਸਜ਼ਾ ਮਿਲੇਗੀ।”

21 ਫਿਰ ਉਸ ਨੇ ਨਜ਼ਰ ਚੁੱਕ ਕੇ ਦੇਖਿਆ ਕਿ ਅਮੀਰ ਲੋਕ ਦਾਨ-ਪੇਟੀਆਂ ਵਿਚ ਪੈਸੇ ਪਾ ਰਹੇ ਸਨ।+ 2 ਫਿਰ ਉਸ ਨੇ ਇਕ ਗ਼ਰੀਬ ਵਿਧਵਾ ਨੂੰ ਦੋ ਸਿੱਕੇ* ਪਾਉਂਦਿਆਂ ਦੇਖਿਆ ਜਿਨ੍ਹਾਂ ਦੀ ਕੀਮਤ ਬਹੁਤ ਹੀ ਥੋੜ੍ਹੀ ਸੀ+ 3 ਅਤੇ ਉਸ ਨੇ ਕਿਹਾ: “ਮੈਂ ਤੁਹਾਨੂੰ ਸੱਚ ਦੱਸਦਾ ਹਾਂ ਕਿ ਸਭ ਲੋਕਾਂ ਨਾਲੋਂ ਜ਼ਿਆਦਾ ਪੈਸੇ ਇਸ ਗ਼ਰੀਬ ਵਿਧਵਾ ਨੇ ਪਾਏ।+ 4 ਕਿਉਂਕਿ ਉਨ੍ਹਾਂ ਸਾਰਿਆਂ ਨੇ ਆਪਣੇ ਵਾਧੂ ਪੈਸਿਆਂ ਵਿੱਚੋਂ ਕੁਝ ਪੈਸਾ ਪਾਇਆ, ਪਰ ਇਸ ਗ਼ਰੀਬ ਵਿਧਵਾ ਕੋਲ ਆਪਣੇ ਗੁਜ਼ਾਰੇ ਲਈ ਜੋ ਵੀ ਸੀ, ਇਸ ਨੇ ਉਹ ਸਾਰੇ ਦਾ ਸਾਰਾ ਦਾਨ-ਪੇਟੀ ਵਿਚ ਪਾ ਦਿੱਤਾ।”+

5 ਬਾਅਦ ਵਿਚ ਕੁਝ ਲੋਕ ਮੰਦਰ ਬਾਰੇ ਗੱਲਾਂ ਕਰ ਰਹੇ ਸਨ ਕਿ ਇਸ ਨੂੰ ਕਿੰਨੇ ਸੋਹਣੇ-ਸੋਹਣੇ ਪੱਥਰਾਂ ਅਤੇ ਦਾਨ ਕੀਤੀਆਂ ਸੁਗਾਤਾਂ ਨਾਲ ਸਜਾਇਆ ਗਿਆ ਸੀ।+ 6 ਪਰ ਉਸ ਨੇ ਕਿਹਾ: “ਤੁਸੀਂ ਇਹ ਜੋ ਇਮਾਰਤਾਂ ਦੇਖਦੇ ਹੋ, ਉਹ ਦਿਨ ਵੀ ਆਉਣਗੇ ਜਦੋਂ ਇੱਥੇ ਪੱਥਰ ʼਤੇ ਪੱਥਰ ਨਹੀਂ ਛੱਡਿਆ ਜਾਵੇਗਾ ਜਿਹੜਾ ਡੇਗਿਆ ਨਾ ਜਾਵੇ।”+ 7 ਫਿਰ ਉਨ੍ਹਾਂ ਨੇ ਉਸ ਨੂੰ ਪੁੱਛਿਆ: “ਗੁਰੂ ਜੀ, ਇਹ ਘਟਨਾਵਾਂ ਕਦੋਂ ਵਾਪਰਨਗੀਆਂ ਅਤੇ ਉਸ ਸਮੇਂ ਦੀ ਕੀ ਨਿਸ਼ਾਨੀ ਹੋਵੇਗੀ ਜਦੋਂ ਇਹ ਸਭ ਕੁਝ ਹੋਵੇਗਾ?”+ 8 ਉਸ ਨੇ ਕਿਹਾ: “ਖ਼ਬਰਦਾਰ ਰਹੋ ਕਿ ਤੁਹਾਨੂੰ ਕੋਈ ਗੁਮਰਾਹ ਨਾ ਕਰੇ+ ਕਿਉਂਕਿ ਮੇਰੇ ਨਾਂ ʼਤੇ ਬਹੁਤ ਸਾਰੇ ਲੋਕ ਆਉਣਗੇ ਅਤੇ ਕਹਿਣਗੇ, ‘ਮੈਂ ਹੀ ਮਸੀਹ ਹਾਂ’ ਅਤੇ ‘ਮਿਥਿਆ ਸਮਾਂ ਆ ਗਿਆ ਹੈ।’ ਤੁਸੀਂ ਉਨ੍ਹਾਂ ਦੇ ਪਿੱਛੇ ਨਾ ਜਾਇਓ।+ 9 ਇਸ ਤੋਂ ਇਲਾਵਾ, ਜਦੋਂ ਤੁਸੀਂ ਲੜਾਈਆਂ ਅਤੇ ਦੰਗੇ-ਫ਼ਸਾਦਾਂ* ਦੀਆਂ ਖ਼ਬਰਾਂ ਸੁਣੋਗੇ, ਤਾਂ ਡਰਿਓ ਨਾ। ਕਿਉਂਕਿ ਪਹਿਲਾਂ ਇਹ ਸਭ ਹੋਣਾ ਜ਼ਰੂਰੀ ਹੈ, ਪਰ ਅੰਤ ਫ਼ੌਰਨ ਨਹੀਂ ਆਵੇਗਾ।”+

10 ਫਿਰ ਉਸ ਨੇ ਉਨ੍ਹਾਂ ਨੂੰ ਦੱਸਿਆ: “ਕੌਮ ਕੌਮ ਉੱਤੇ+ ਅਤੇ ਦੇਸ਼ ਦੇਸ਼ ਉੱਤੇ ਹਮਲਾ ਕਰੇਗਾ।+ 11 ਵੱਡੇ-ਵੱਡੇ ਭੁਚਾਲ਼ ਆਉਣਗੇ, ਥਾਂ-ਥਾਂ ਕਾਲ਼ ਪੈਣਗੇ ਤੇ ਮਹਾਂਮਾਰੀਆਂ ਫੈਲਣਗੀਆਂ;+ ਅਤੇ ਲੋਕ ਖ਼ੌਫ਼ਨਾਕ ਨਜ਼ਾਰੇ ਅਤੇ ਆਕਾਸ਼ੋਂ ਵੱਡੀਆਂ-ਵੱਡੀਆਂ ਨਿਸ਼ਾਨੀਆਂ ਦੇਖਣਗੇ।

12 “ਪਰ ਇਹ ਸਾਰੀਆਂ ਗੱਲਾਂ ਹੋਣ ਤੋਂ ਪਹਿਲਾਂ, ਲੋਕ ਤੁਹਾਨੂੰ ਮੇਰੇ ਚੇਲੇ ਹੋਣ ਕਰਕੇ ਫੜਨਗੇ ਅਤੇ ਤੁਹਾਡੇ ਉੱਤੇ ਅਤਿਆਚਾਰ ਕਰਨਗੇ+ ਅਤੇ ਤੁਹਾਨੂੰ ਸਭਾ ਘਰਾਂ ਦੇ ਹਵਾਲੇ ਕਰਨਗੇ ਅਤੇ ਜੇਲ੍ਹਾਂ ਵਿਚ ਸੁੱਟ ਦੇਣਗੇ। ਨਾਲੇ ਤੁਹਾਨੂੰ ਰਾਜਿਆਂ ਅਤੇ ਸਰਕਾਰੀ ਅਧਿਕਾਰੀਆਂ ਦੇ ਸਾਮ੍ਹਣੇ ਪੇਸ਼ ਕਰਨਗੇ।+ 13 ਉੱਥੇ ਤੁਹਾਨੂੰ ਗਵਾਹੀ ਦੇਣ ਦਾ ਮੌਕਾ ਮਿਲੇਗਾ। 14 ਇਸ ਲਈ ਆਪਣੇ ਮਨਾਂ ਵਿਚ ਧਾਰ ਲਓ ਕਿ ਤੁਸੀਂ ਆਪਣੀ ਸਫ਼ਾਈ ਦੇਣ ਦੀ ਪਹਿਲਾਂ ਤੋਂ ਹੀ ਤਿਆਰੀ ਨਹੀਂ ਕਰੋਗੇ+ 15 ਕਿਉਂਕਿ ਮੈਂ ਤੁਹਾਨੂੰ ਅਜਿਹੀ ਬੁੱਧ ਅਤੇ ਕਹਿਣ ਲਈ ਅਜਿਹੇ ਸ਼ਬਦ ਬਖ਼ਸ਼ਾਂਗਾ ਕਿ ਤੁਹਾਡੇ ਸਾਰੇ ਵਿਰੋਧੀ ਇਕੱਠੇ ਹੋ ਕੇ ਵੀ ਤੁਹਾਡਾ ਮੁਕਾਬਲਾ ਨਹੀਂ ਕਰ ਸਕਣਗੇ ਜਾਂ ਤੁਹਾਡੇ ਵਿਰੋਧ ਵਿਚ ਕੁਝ ਨਹੀਂ ਕਹਿ ਸਕਣਗੇ।+ 16 ਇਸ ਤੋਂ ਇਲਾਵਾ, ਤੁਹਾਡੇ ਆਪਣੇ ਹੀ ਮਾਤਾ-ਪਿਤਾ, ਭਰਾ, ਰਿਸ਼ਤੇਦਾਰ ਤੇ ਦੋਸਤ ਤੁਹਾਨੂੰ ਅਦਾਲਤਾਂ ਦੇ ਹਵਾਲੇ ਕਰ ਦੇਣਗੇ* ਅਤੇ ਉਹ ਤੁਹਾਡੇ ਵਿੱਚੋਂ ਕਈਆਂ ਨੂੰ ਜਾਨੋਂ ਮਾਰ ਦੇਣਗੇ।+ 17 ਮੇਰੇ ਚੇਲੇ ਹੋਣ ਕਰਕੇ ਤੁਸੀਂ ਸਾਰੇ ਲੋਕਾਂ ਦੀ ਨਫ਼ਰਤ ਦੇ ਸ਼ਿਕਾਰ ਬਣੋਗੇ।+ 18 ਪਰ ਤੁਹਾਡੇ ਸਿਰ ਦਾ ਇਕ ਵਾਲ਼ ਵੀ ਵਿੰਗਾ ਨਹੀਂ ਹੋਵੇਗਾ।+ 19 ਧੀਰਜ ਰੱਖਣ ਕਰਕੇ ਹੀ ਤੁਸੀਂ ਆਪਣੀਆਂ ਜਾਨਾਂ ਬਚਾਓਗੇ।+

20 “ਪਰ ਜਦ ਤੁਸੀਂ ਯਰੂਸ਼ਲਮ ਨੂੰ ਫ਼ੌਜਾਂ ਨਾਲ ਘਿਰਿਆ ਹੋਇਆ ਦੇਖੋਗੇ,+ ਤਾਂ ਸਮਝ ਜਾਣਾ ਕਿ ਇਸ ਦੀ ਤਬਾਹੀ ਦਾ ਸਮਾਂ ਨੇੜੇ ਆ ਗਿਆ ਹੈ।+ 21 ਉਸ ਸਮੇਂ ਜਿਹੜੇ ਯਹੂਦਿਯਾ ਵਿਚ ਹੋਣ, ਉਹ ਪਹਾੜਾਂ ਨੂੰ ਭੱਜਣਾ ਸ਼ੁਰੂ ਕਰ ਦੇਣ+ ਅਤੇ ਜਿਹੜੇ ਯਰੂਸ਼ਲਮ ਵਿਚ ਹੋਣ, ਉਹ ਉੱਥੋਂ ਨਿਕਲ ਜਾਣ ਅਤੇ ਜਿਹੜੇ ਇਸ ਦੇ ਆਲੇ-ਦੁਆਲੇ ਦੇ ਪੇਂਡੂ ਇਲਾਕਿਆਂ ਵਿਚ ਹੋਣ, ਉਹ ਸ਼ਹਿਰ ਵਿਚ ਨਾ ਆਉਣ 22 ਕਿਉਂਕਿ ਉਹ ਦਿਨ ਨਿਆਂ ਕਰਨ ਦੇ ਦਿਨ ਹੋਣਗੇ ਤਾਂਕਿ ਧਰਮ-ਗ੍ਰੰਥ ਵਿਚ ਲਿਖੀਆਂ ਸਾਰੀਆਂ ਗੱਲਾਂ ਪੂਰੀਆਂ ਹੋਣ। 23 ਇਹ ਸਮਾਂ ਗਰਭਵਤੀ ਔਰਤਾਂ ਅਤੇ ਦੁੱਧ ਚੁੰਘਾਉਂਦੀਆਂ ਔਰਤਾਂ ਲਈ ਬਹੁਤ ਔਖਾ ਹੋਵੇਗਾ!+ ਕਿਉਂਕਿ ਇਸ ਦੇਸ਼ ਉੱਤੇ ਮੁਸੀਬਤਾਂ ਦਾ ਪਹਾੜ ਟੁੱਟੇਗਾ ਅਤੇ ਇਨ੍ਹਾਂ ਲੋਕਾਂ ਨੂੰ ਸਜ਼ਾ ਦਿੱਤੀ ਜਾਵੇਗੀ। 24 ਉਹ ਤਲਵਾਰ ਨਾਲ ਵੱਢੇ ਜਾਣਗੇ ਅਤੇ ਉਨ੍ਹਾਂ ਨੂੰ ਗ਼ੁਲਾਮ ਬਣਾ ਕੇ ਸਾਰੀਆਂ ਕੌਮਾਂ ਵਿਚ ਲਿਜਾਇਆ ਜਾਵੇਗਾ+ ਅਤੇ ਕੌਮਾਂ* ਉਦੋਂ ਤਕ ਯਰੂਸ਼ਲਮ ਨੂੰ ਪੈਰਾਂ ਹੇਠ ਮਿੱਧਣਗੀਆਂ ਜਿੰਨਾ ਚਿਰ ਕੌਮਾਂ* ਦਾ ਮਿਥਿਆ ਸਮਾਂ ਪੂਰਾ ਨਹੀਂ ਹੋ ਜਾਂਦਾ।+

25 “ਨਾਲੇ ਸੂਰਜ, ਚੰਦ ਅਤੇ ਤਾਰਿਆਂ ਵਿਚ ਨਿਸ਼ਾਨੀਆਂ ਦਿਖਾਈ ਦੇਣਗੀਆਂ+ ਅਤੇ ਧਰਤੀ ਉੱਤੇ ਕੌਮਾਂ ਕਸ਼ਟ ਦੇ ਮਾਰੇ ਤੜਫਣਗੀਆਂ ਅਤੇ ਸਮੁੰਦਰ ਦੀਆਂ ਤੂਫ਼ਾਨੀ ਲਹਿਰਾਂ ਦੀ ਗਰਜ ਕਰਕੇ ਉਨ੍ਹਾਂ ਨੂੰ ਬਚਣ ਦਾ ਕੋਈ ਰਾਹ ਨਹੀਂ ਲੱਭੇਗਾ। 26 ਇਸ ਦੁਨੀਆਂ ਉੱਤੇ ਜੋ ਬੀਤੇਗੀ, ਉਸ ਬਾਰੇ ਸੋਚ ਕੇ ਲੋਕ ਡਰ ਤੇ ਚਿੰਤਾ ਨਾਲ ਚਕਰਾ ਜਾਣਗੇ ਕਿਉਂਕਿ ਆਕਾਸ਼ ਦੀਆਂ ਸ਼ਕਤੀਆਂ ਹਿਲਾਈਆਂ ਜਾਣਗੀਆਂ। 27 ਫਿਰ ਉਹ ਮਨੁੱਖ ਦੇ ਪੁੱਤਰ+ ਨੂੰ ਬੱਦਲਾਂ ਵਿਚ ਸ਼ਕਤੀ ਅਤੇ ਵੱਡੀ ਮਹਿਮਾ ਨਾਲ ਆਉਂਦਾ ਦੇਖਣਗੇ।+ 28 ਪਰ ਜਦੋਂ ਇਹ ਗੱਲਾਂ ਹੋਣ ਲੱਗ ਪੈਣ, ਤਾਂ ਸਿਰ ਉੱਪਰ ਚੁੱਕ ਕੇ ਸਿੱਧੇ ਖੜ੍ਹੇ ਹੋ ਜਾਣਾ ਕਿਉਂਕਿ ਤੁਹਾਡਾ ਛੁਟਕਾਰਾ ਹੋਣ ਵਾਲਾ ਹੈ।”

29 ਫਿਰ ਉਸ ਨੇ ਉਨ੍ਹਾਂ ਨੂੰ ਇਹ ਮਿਸਾਲ ਦਿੱਤੀ: “ਅੰਜੀਰ ਦੇ ਦਰਖ਼ਤ ਅਤੇ ਹੋਰ ਦਰਖ਼ਤਾਂ ਵੱਲ ਧਿਆਨ ਦਿਓ।+ 30 ਜਦੋਂ ਇਨ੍ਹਾਂ ਦੇ ਪੱਤੇ ਨਿਕਲਣੇ ਸ਼ੁਰੂ ਹੁੰਦੇ ਹਨ, ਤਾਂ ਇਹ ਦੇਖ ਕੇ ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਗਰਮੀਆਂ ਦਾ ਮੌਸਮ ਆਉਣ ਵਾਲਾ ਹੈ। 31 ਇਸੇ ਤਰ੍ਹਾਂ, ਜਦ ਤੁਸੀਂ ਇਹ ਗੱਲਾਂ ਹੁੰਦੀਆਂ ਦੇਖੋ, ਤਾਂ ਸਮਝ ਜਾਣਾ ਕਿ ਪਰਮੇਸ਼ੁਰ ਦਾ ਰਾਜ ਨੇੜੇ ਆ ਗਿਆ ਹੈ। 32 ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਇਸ ਪੀੜ੍ਹੀ ਦੇ ਖ਼ਤਮ ਹੋਣ ਤੋਂ ਪਹਿਲਾਂ-ਪਹਿਲਾਂ ਇਹ ਸਾਰੀਆਂ ਘਟਨਾਵਾਂ ਜ਼ਰੂਰ ਵਾਪਰਨਗੀਆਂ।+ 33 ਆਸਮਾਨ ਅਤੇ ਧਰਤੀ ਮਿਟ ਜਾਣਗੇ, ਪਰ ਮੇਰੇ ਸ਼ਬਦ ਕਦੇ ਨਹੀਂ ਮਿਟਣਗੇ।+

34 “ਪਰ ਤੁਸੀਂ ਧਿਆਨ ਰੱਖੋ ਕਿ ਹੱਦੋਂ ਵੱਧ ਖਾਣ ਅਤੇ ਬੇਹਿਸਾਬੀ ਸ਼ਰਾਬ ਪੀਣ ਕਰਕੇ+ ਅਤੇ ਜ਼ਿੰਦਗੀ ਦੀਆਂ ਚਿੰਤਾਵਾਂ+ ਕਰਕੇ ਕਿਤੇ ਤੁਹਾਡੇ ਮਨ ਬੋਝ ਹੇਠ ਨਾ ਦੱਬੇ ਜਾਣ ਅਤੇ ਉਹ ਦਿਨ ਅਚਾਨਕ ਤੁਹਾਡੇ ਉੱਤੇ 35 ਫੰਦੇ ਵਾਂਗ ਨਾ ਆ ਪਵੇ।+ ਕਿਉਂਕਿ ਇਹ ਦਿਨ ਧਰਤੀ ਉੱਤੇ ਰਹਿਣ ਵਾਲੇ ਸਾਰੇ ਲੋਕਾਂ ਉੱਤੇ ਆਵੇਗਾ। 36 ਇਸ ਲਈ ਜਾਗਦੇ ਰਹੋ+ ਅਤੇ ਹਰ ਸਮੇਂ ਮਦਦ ਲਈ ਫ਼ਰਿਆਦ ਕਰਦੇ ਰਹੋ+ ਕਿ ਤੁਸੀਂ ਇਨ੍ਹਾਂ ਸਾਰੀਆਂ ਗੱਲਾਂ ਤੋਂ ਬਚ ਸਕੋ ਜੋ ਜ਼ਰੂਰ ਵਾਪਰਨਗੀਆਂ ਅਤੇ ਮਨੁੱਖ ਦੇ ਪੁੱਤਰ ਸਾਮ੍ਹਣੇ ਖੜ੍ਹੇ ਹੋ ਸਕੋ।”+

37 ਯਿਸੂ ਦਿਨੇ ਮੰਦਰ ਵਿਚ ਸਿੱਖਿਆ ਦਿੰਦਾ ਹੁੰਦਾ ਸੀ, ਪਰ ਰਾਤ ਨੂੰ ਜ਼ੈਤੂਨ ਪਹਾੜ ਉੱਤੇ ਜਾ ਕੇ ਰਹਿੰਦਾ ਸੀ। 38 ਲੋਕ ਉਸ ਦੀਆਂ ਗੱਲਾਂ ਸੁਣਨ ਲਈ ਸਵੇਰੇ-ਸਵੇਰੇ ਹੀ ਮੰਦਰ ਵਿਚ ਆ ਜਾਂਦੇ ਸਨ।

22 ਹੁਣ ਬੇਖਮੀਰੀ ਰੋਟੀ ਦਾ ਤਿਉਹਾਰ, ਜਿਸ ਨੂੰ ਪਸਾਹ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ,+ ਨੇੜੇ ਆ ਰਿਹਾ ਸੀ।+ 2 ਨਾਲੇ ਮੁੱਖ ਪੁਜਾਰੀ ਤੇ ਗ੍ਰੰਥੀ ਯਿਸੂ ਨੂੰ ਮਾਰਨਾ ਚਾਹੁੰਦੇ ਸਨ, ਪਰ ਲੋਕਾਂ ਤੋਂ ਡਰਦੇ ਸਨ।+ ਇਸ ਲਈ ਉਹ ਉਸ ਨੂੰ ਮਾਰਨ ਦਾ ਕੋਈ ਵਧੀਆ ਤਰੀਕਾ ਲੱਭ ਰਹੇ ਸਨ।+ 3 ਫਿਰ ਸ਼ੈਤਾਨ ਨੇ ਯਹੂਦਾ ਇਸਕਰਿਓਤੀ ਨੂੰ ਆਪਣੇ ਵੱਸ ਵਿਚ ਕਰ ਲਿਆ ਜਿਹੜਾ 12 ਰਸੂਲਾਂ ਵਿਚ ਗਿਣਿਆ ਜਾਂਦਾ ਸੀ।+ 4 ਯਹੂਦਾ ਨੇ ਜਾ ਕੇ ਮੁੱਖ ਪੁਜਾਰੀਆਂ ਅਤੇ ਮੰਦਰ ਦੇ ਪਹਿਰੇਦਾਰਾਂ ਦੇ ਮੁਖੀਆਂ ਨਾਲ ਇਸ ਬਾਰੇ ਗੱਲ ਕੀਤੀ ਕਿ ਉਸ ਨੂੰ ਧੋਖੇ ਨਾਲ ਕਿਵੇਂ ਉਨ੍ਹਾਂ ਦੇ ਹੱਥ ਫੜਵਾਉਣਾ ਹੈ।+ 5 ਇਹ ਸੁਣ ਕੇ ਉਹ ਬਹੁਤ ਖ਼ੁਸ਼ ਹੋਏ ਅਤੇ ਉਨ੍ਹਾਂ ਨੇ ਕਿਹਾ ਕਿ ਉਹ ਉਸ ਨੂੰ ਚਾਂਦੀ ਦੇ ਸਿੱਕੇ ਦੇਣਗੇ।+ 6 ਯਹੂਦਾ ਮੰਨ ਗਿਆ ਅਤੇ ਸਹੀ ਮੌਕੇ ਦੀ ਭਾਲ ਕਰਨ ਲੱਗਾ ਕਿ ਉਹ ਉਸ ਨੂੰ ਉਦੋਂ ਫੜਵਾਏਗਾ ਜਦੋਂ ਆਲੇ-ਦੁਆਲੇ ਭੀੜ ਨਾ ਹੋਵੇ।

7 ਹੁਣ ਬੇਖਮੀਰੀ ਰੋਟੀ ਦੇ ਤਿਉਹਾਰ ਦਾ ਦਿਨ ਆ ਗਿਆ ਅਤੇ ਉਸ ਦਿਨ ਪਸਾਹ ਦੇ ਜਾਨਵਰ ਦੀ ਬਲ਼ੀ ਚੜ੍ਹਾਉਣੀ ਜ਼ਰੂਰੀ ਹੁੰਦੀ ਸੀ;+ 8 ਯਿਸੂ ਨੇ ਪਤਰਸ ਅਤੇ ਯੂਹੰਨਾ ਨੂੰ ਇਹ ਕਹਿ ਕੇ ਘੱਲਿਆ: “ਜਾ ਕੇ ਸਾਡੇ ਲਈ ਪਸਾਹ ਦਾ ਖਾਣਾ ਤਿਆਰ ਕਰੋ।”+ 9 ਉਨ੍ਹਾਂ ਨੇ ਉਸ ਨੂੰ ਪੁੱਛਿਆ: “ਤੂੰ ਕਿੱਥੇ ਚਾਹੁੰਦਾ ਹੈਂ ਕਿ ਅਸੀਂ ਇਹ ਖਾਣਾ ਤਿਆਰ ਕਰੀਏ?” 10 ਉਸ ਨੇ ਉਨ੍ਹਾਂ ਨੂੰ ਕਿਹਾ: “ਜਦੋਂ ਤੁਸੀਂ ਸ਼ਹਿਰ ਵਿਚ ਵੜੋਗੇ, ਤਾਂ ਪਾਣੀ ਦਾ ਘੜਾ ਚੁੱਕੀ ਜਾਂਦਾ ਇਕ ਆਦਮੀ ਆ ਕੇ ਤੁਹਾਨੂੰ ਮਿਲੇਗਾ। ਤੁਸੀਂ ਉਸ ਦੇ ਪਿੱਛੇ-ਪਿੱਛੇ ਉਸ ਘਰ ਵਿਚ ਚਲੇ ਜਾਇਓ ਜਿਸ ਵਿਚ ਉਹ ਜਾਵੇਗਾ।+ 11 ਤੁਸੀਂ ਉਸ ਘਰ ਦੇ ਮਾਲਕ ਨੂੰ ਕਹਿਣਾ, ‘ਗੁਰੂ ਜੀ ਨੇ ਤੈਨੂੰ ਪੁੱਛਿਆ ਹੈ: “ਉਹ ਕਮਰਾ ਕਿੱਥੇ ਹੈ ਜਿੱਥੇ ਮੈਂ ਆਪਣੇ ਚੇਲਿਆਂ ਨਾਲ ਪਸਾਹ ਦਾ ਖਾਣਾ ਖਾ ਸਕਦਾ ਹਾਂ?”’ 12 ਅਤੇ ਉਹ ਤੁਹਾਨੂੰ ਇਕ ਵੱਡਾ ਚੁਬਾਰਾ ਦਿਖਾਵੇਗਾ ਜੋ ਸਾਡੇ ਵਾਸਤੇ ਤਿਆਰ ਕੀਤਾ ਗਿਆ ਹੈ। ਉੱਥੇ ਤੁਸੀਂ ਪਸਾਹ ਦਾ ਖਾਣਾ ਤਿਆਰ ਕਰੋ।” 13 ਇਸ ਲਈ ਉਹ ਚਲੇ ਗਏ ਅਤੇ ਸ਼ਹਿਰ ਵਿਚ ਉਨ੍ਹਾਂ ਦੇ ਜਾਣ ਤੇ ਉਹੀ ਹੋਇਆ ਜੋ ਯਿਸੂ ਨੇ ਉਨ੍ਹਾਂ ਨੂੰ ਕਿਹਾ ਸੀ ਅਤੇ ਉਨ੍ਹਾਂ ਨੇ ਪਸਾਹ ਦੀ ਤਿਆਰੀ ਕੀਤੀ।

14 ਜਦੋਂ ਪਸਾਹ ਦਾ ਖਾਣਾ ਖਾਣ ਦਾ ਸਮਾਂ ਆਇਆ, ਤਾਂ ਉਹ ਅਤੇ ਉਸ ਦੇ ਰਸੂਲ ਮੇਜ਼ ਦੁਆਲੇ ਬੈਠੇ ਹੋਏ ਸਨ।+ 15 ਉਸ ਨੇ ਉਨ੍ਹਾਂ ਨੂੰ ਕਿਹਾ: “ਮੇਰੀ ਬੜੀ ਤਮੰਨਾ ਸੀ ਕਿ ਦੁੱਖ ਝੱਲਣ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਇਹ ਪਸਾਹ ਦਾ ਖਾਣਾ ਖਾਵਾਂ; 16 ਕਿਉਂਕਿ ਮੈਂ ਤੁਹਾਨੂੰ ਦੱਸਦਾ ਹਾਂ: ਮੈਂ ਦੁਬਾਰਾ ਪਸਾਹ ਦਾ ਖਾਣਾ ਉੱਨਾ ਚਿਰ ਨਹੀਂ ਖਾਵਾਂਗਾ ਜਿੰਨਾ ਚਿਰ ਇਸ ਨਾਲ ਸੰਬੰਧਿਤ ਸਾਰੀਆਂ ਗੱਲਾਂ ਪਰਮੇਸ਼ੁਰ ਦੇ ਰਾਜ ਵਿਚ ਪੂਰੀਆਂ ਨਹੀਂ ਹੋ ਜਾਂਦੀਆਂ।” 17 ਫਿਰ ਉਸ ਨੇ ਪਿਆਲਾ ਲੈ ਕੇ ਪਰਮੇਸ਼ੁਰ ਦਾ ਧੰਨਵਾਦ ਕੀਤਾ ਅਤੇ ਕਿਹਾ: “ਇਸ ਨੂੰ ਲਓ ਅਤੇ ਸਾਰੇ ਜਣੇ ਇਕ-ਇਕ ਕਰ ਕੇ ਇਸ ਵਿੱਚੋਂ ਪੀਓ 18 ਕਿਉਂਕਿ ਮੈਂ ਤੁਹਾਨੂੰ ਦੱਸਦਾ ਹਾਂ: ਮੈਂ ਅੱਜ ਤੋਂ ਬਾਅਦ ਪਰਮੇਸ਼ੁਰ ਦੇ ਰਾਜ ਦੇ ਆਉਣ ਤਕ ਦੁਬਾਰਾ ਦਾਖਰਸ ਨਹੀਂ ਪੀਵਾਂਗਾ।”

19 ਨਾਲੇ ਉਸ ਨੇ ਇਕ ਰੋਟੀ ਲਈ+ ਅਤੇ ਪ੍ਰਾਰਥਨਾ ਵਿਚ ਧੰਨਵਾਦ ਕਰ ਕੇ ਤੋੜੀ ਅਤੇ ਉਨ੍ਹਾਂ ਨੂੰ ਦੇ ਕੇ ਕਿਹਾ: “ਇਹ ਰੋਟੀ ਮੇਰੇ ਸਰੀਰ ਨੂੰ ਦਰਸਾਉਂਦੀ ਹੈ+ ਜੋ ਤੁਹਾਡੇ ਲਈ ਕੁਰਬਾਨ ਕੀਤਾ ਜਾਵੇਗਾ।+ ਮੇਰੀ ਯਾਦ ਵਿਚ ਇਸ ਤਰ੍ਹਾਂ ਕਰਦੇ ਰਹੋ।”+ 20 ਫਿਰ ਉਸ ਨੇ ਪਸਾਹ ਦਾ ਖਾਣਾ ਖਾਣ ਤੋਂ ਬਾਅਦ ਦਾਖਰਸ ਦਾ ਪਿਆਲਾ ਲੈ ਕੇ ਇਸੇ ਤਰ੍ਹਾਂ ਕੀਤਾ ਅਤੇ ਕਿਹਾ: “ਇਹ ਪਿਆਲਾ ਮੇਰੇ ਲਹੂ ਦੁਆਰਾ+ ਕੀਤੇ ਗਏ ਨਵੇਂ ਇਕਰਾਰ ਨੂੰ ਦਰਸਾਉਂਦਾ ਹੈ+ ਜੋ ਤੁਹਾਡੇ ਲਈ ਵਹਾਇਆ ਜਾਵੇਗਾ।”+

21 “ਪਰ ਦੇਖੋ! ਮੈਨੂੰ ਫੜਵਾਉਣ ਵਾਲਾ ਮੇਰੇ ਨਾਲ ਬੈਠਾ ਹੋਇਆ ਹੈ।+ 22 ਮਨੁੱਖ ਦੇ ਪੁੱਤਰ ਨੇ ਤਾਂ ਜਾਣਾ ਹੀ ਹੈ, ਜਿਵੇਂ ਉਸ ਬਾਰੇ ਪਹਿਲਾਂ ਹੀ ਦੱਸਿਆ ਗਿਆ ਹੈ;+ ਪਰ ਅਫ਼ਸੋਸ ਉਸ ਆਦਮੀ ʼਤੇ ਜਿਹੜਾ ਉਸ ਨੂੰ ਧੋਖੇ ਨਾਲ ਫੜਵਾਉਂਦਾ ਹੈ!”+ 23 ਇਸ ਕਰਕੇ ਉਹ ਸਾਰੇ ਇਕ-ਦੂਜੇ ਨੂੰ ਪੁੱਛਣ ਲੱਗ ਪਏ ਕਿ ਉਨ੍ਹਾਂ ਵਿੱਚੋਂ ਕੌਣ ਹੋ ਸਕਦਾ ਹੈ ਜੋ ਉਸ ਨੂੰ ਫੜਵਾਏਗਾ।+

24 ਪਰ ਫਿਰ ਉਹ ਤੈਸ਼ ਵਿਚ ਆ ਕੇ ਇਸ ਗੱਲ ʼਤੇ ਆਪਸ ਵਿਚ ਬਹਿਸਣ ਲੱਗ ਪਏ ਕਿ ਉਨ੍ਹਾਂ ਵਿੱਚੋਂ ਵੱਡਾ ਕੌਣ ਸੀ।+ 25 ਉਸ ਨੇ ਉਨ੍ਹਾਂ ਨੂੰ ਕਿਹਾ: “ਦੁਨੀਆਂ ਦੇ ਰਾਜੇ ਲੋਕਾਂ ਉੱਤੇ ਹੁਕਮ ਚਲਾਉਂਦੇ ਹਨ ਅਤੇ ਲੋਕਾਂ ਉੱਤੇ ਅਧਿਕਾਰ ਰੱਖਣ ਵਾਲੇ ਆਦਮੀ ਦਾਤੇ ਕਹਾਉਂਦੇ ਹਨ।+ 26 ਪਰ ਤੁਹਾਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ,+ ਸਗੋਂ ਜਿਹੜਾ ਤੁਹਾਡੇ ਵਿਚ ਸਭ ਤੋਂ ਵੱਡਾ ਹੈ, ਉਹ ਸਾਰਿਆਂ ਤੋਂ ਛੋਟਾ ਬਣੇ+ ਅਤੇ ਜਿਹੜਾ ਅਗਵਾਈ ਕਰਦਾ ਹੈ, ਉਹ ਸੇਵਾਦਾਰ ਬਣੇ। 27 ਕੌਣ ਵੱਡਾ ਹੁੰਦਾ ਹੈ, ਜਿਹੜਾ ਬੈਠ ਕੇ ਖਾਣਾ ਖਾਂਦਾ ਹੈ ਜਾਂ ਜਿਹੜਾ ਸੇਵਾ ਕਰਦਾ ਹੈ? ਕੀ ਉਹ ਨਹੀਂ ਜਿਹੜਾ ਬੈਠ ਕੇ ਖਾਣਾ ਖਾਂਦਾ ਹੈ? ਪਰ ਦੇਖੋ! ਮੈਂ ਤੁਹਾਡਾ ਸਾਰਿਆਂ ਦਾ ਸੇਵਾਦਾਰ ਹਾਂ।+

28 “ਪਰ ਤੁਸੀਂ ਹੀ ਹੋ ਜਿਨ੍ਹਾਂ ਨੇ ਮੇਰੀਆਂ ਅਜ਼ਮਾਇਸ਼ਾਂ ਦੌਰਾਨ+ ਮੇਰਾ ਸਾਥ ਨਿਭਾਇਆ+ 29 ਅਤੇ ਮੈਂ ਤੁਹਾਨੂੰ ਰਾਜ ਦੇਣ ਦਾ ਇਕਰਾਰ ਕਰਦਾ ਹਾਂ, ਜਿਵੇਂ ਮੇਰੇ ਪਿਤਾ ਨੇ ਵੀ ਮੈਨੂੰ ਰਾਜ ਦੇਣ ਦਾ ਇਕਰਾਰ ਕੀਤਾ ਹੈ+ 30 ਤਾਂਕਿ ਤੁਸੀਂ ਮੇਰੇ ਰਾਜ ਵਿਚ ਮੇਰੇ ਮੇਜ਼ ਦੁਆਲੇ ਬੈਠ ਕੇ ਖਾਓ-ਪੀਓ+ ਅਤੇ ਸਿੰਘਾਸਣਾਂ ਉੱਤੇ ਬੈਠ ਕੇ+ ਇਜ਼ਰਾਈਲ ਦੇ 12 ਗੋਤਾਂ ਦਾ ਨਿਆਂ ਕਰੋ।+

31 “ਹੇ ਸ਼ਮਊਨ,* ਹੇ ਸ਼ਮਊਨ, ਸ਼ੈਤਾਨ ਨੇ ਕਿਹਾ ਹੈ ਕਿ ਉਹ ਤੁਹਾਨੂੰ ਸਾਰਿਆਂ ਨੂੰ ਕਣਕ ਵਾਂਗ ਛੱਟਣਾ ਚਾਹੁੰਦਾ ਹੈ।+ 32 ਪਰ ਮੈਂ ਤੇਰੇ ਲਈ ਅਰਦਾਸ ਕੀਤੀ ਹੈ ਕਿ ਤੂੰ ਨਿਹਚਾ ਕਰਨੀ ਨਾ ਛੱਡੇਂ;+ ਜਦੋਂ ਤੂੰ ਤੋਬਾ ਕਰ ਕੇ ਮੁੜ ਆਵੇਂ, ਤਾਂ ਆਪਣੇ ਭਰਾਵਾਂ ਨੂੰ ਤਕੜਾ ਕਰੀਂ।”+ 33 ਫਿਰ ਪਤਰਸ ਨੇ ਉਸ ਨੂੰ ਕਿਹਾ: “ਪ੍ਰਭੂ, ਮੈਂ ਤੇਰੇ ਨਾਲ ਜੇਲ੍ਹ ਜਾਣ ਅਤੇ ਮਰਨ ਲਈ ਵੀ ਤਿਆਰ ਹਾਂ।”+ 34 ਪਰ ਉਸ ਨੇ ਕਿਹਾ: “ਪਤਰਸ, ਮੈਂ ਤੈਨੂੰ ਕਹਿੰਦਾ ਹਾਂ ਕਿ ਅੱਜ ਕੁੱਕੜ ਦੇ ਬਾਂਗ ਦੇਣ ਤੋਂ ਪਹਿਲਾਂ ਤੂੰ ਤਿੰਨ ਵਾਰ ਇਸ ਗੱਲ ਤੋਂ ਇਨਕਾਰ ਕਰੇਂਗਾ ਕਿ ਤੂੰ ਮੈਨੂੰ ਜਾਣਦਾ ਹੈਂ।”+

35 ਉਸ ਨੇ ਉਨ੍ਹਾਂ ਨੂੰ ਇਹ ਵੀ ਕਿਹਾ: “ਜਦੋਂ ਮੈਂ ਤੁਹਾਨੂੰ ਪੈਸਿਆਂ ਦੀ ਗੁਥਲੀ, ਖਾਣੇ ਵਾਲੇ ਝੋਲ਼ੇ ਅਤੇ ਜੁੱਤੀਆਂ ਦੇ ਵਾਧੂ ਜੋੜੇ ਤੋਂ ਬਿਨਾਂ ਘੱਲਿਆ ਸੀ,+ ਤਾਂ ਕੀ ਤੁਹਾਨੂੰ ਕਿਸੇ ਚੀਜ਼ ਦੀ ਕਮੀ ਆਈ ਸੀ?” ਉਨ੍ਹਾਂ ਨੇ ਕਿਹਾ: “ਨਹੀਂ!” 36 ਫਿਰ ਉਸ ਨੇ ਉਨ੍ਹਾਂ ਨੂੰ ਕਿਹਾ: “ਪਰ ਹੁਣ ਜਿਸ ਕੋਲ ਪੈਸਿਆਂ ਦੀ ਗੁਥਲੀ ਹੈ ਉਹ ਗੁਥਲੀ ਨਾਲ ਲੈ ਜਾਵੇ, ਇਸੇ ਤਰ੍ਹਾਂ ਖਾਣੇ ਵਾਲਾ ਝੋਲ਼ਾ ਵੀ ਨਾਲ ਲੈ ਜਾਵੇ; ਜਿਸ ਕੋਲ ਤਲਵਾਰ ਨਹੀਂ ਹੈ, ਉਹ ਆਪਣਾ ਚੋਗਾ ਵੇਚ ਕੇ ਇਕ ਤਲਵਾਰ ਖ਼ਰੀਦ ਲਵੇ। 37 ਕਿਉਂਕਿ ਮੈਂ ਤੁਹਾਨੂੰ ਦੱਸਦਾ ਹਾਂ ਕਿ ਮੇਰੇ ਬਾਰੇ ਜੋ ਵੀ ਲਿਖਿਆ ਗਿਆ ਹੈ, ਉਹ ਜ਼ਰੂਰ ਪੂਰਾ ਹੋਵੇਗਾ, ਯਾਨੀ ‘ਉਹ ਅਪਰਾਧੀਆਂ ਵਿਚ ਗਿਣਿਆ ਗਿਆ।’+ ਮੇਰੇ ਬਾਰੇ ਲਿਖੀਆਂ ਗੱਲਾਂ ਪੂਰੀਆਂ ਹੋ ਰਹੀਆਂ ਹਨ।”+ 38 ਫਿਰ ਉਨ੍ਹਾਂ ਨੇ ਕਿਹਾ: “ਪ੍ਰਭੂ, ਆਹ ਦੇਖ, ਸਾਡੇ ਕੋਲ ਦੋ ਤਲਵਾਰਾਂ ਹਨ।” ਉਸ ਨੇ ਉਨ੍ਹਾਂ ਨੂੰ ਕਿਹਾ: “ਇੰਨੀਆਂ ਕਾਫ਼ੀ ਹਨ।”

39 ਫਿਰ ਉਹ ਉੱਥੋਂ ਨਿਕਲ ਕੇ ਹਮੇਸ਼ਾ ਵਾਂਗ ਜ਼ੈਤੂਨ ਪਹਾੜ ਉੱਤੇ ਚਲਾ ਗਿਆ ਅਤੇ ਚੇਲੇ ਵੀ ਉਸ ਦੇ ਨਾਲ ਸਨ।+ 40 ਉੱਥੇ ਜਾ ਕੇ ਉਸ ਨੇ ਉਨ੍ਹਾਂ ਨੂੰ ਕਿਹਾ: “ਪ੍ਰਾਰਥਨਾ ਕਰਦੇ ਰਹੋ ਤਾਂਕਿ ਤੁਸੀਂ ਕਿਸੇ ਪਰੀਖਿਆ ਦੌਰਾਨ ਡਿਗ ਨਾ ਪਓ।”+ 41 ਫਿਰ ਉਹ ਉਨ੍ਹਾਂ ਤੋਂ ਥੋੜ੍ਹੀ ਦੂਰ* ਚਲਾ ਗਿਆ ਅਤੇ ਜ਼ਮੀਨ ਉੱਤੇ ਗੋਡੇ ਟੇਕ ਕੇ ਪ੍ਰਾਰਥਨਾ ਕਰਦੇ ਹੋਏ 42 ਕਹਿਣ ਲੱਗਾ: “ਹੇ ਪਿਤਾ, ਜੇ ਤੂੰ ਚਾਹੇਂ, ਤਾਂ ਇਹ ਪਿਆਲਾ ਮੇਰੇ ਤੋਂ ਦੂਰ ਕਰ ਦੇ। ਪਰ ਜੋ ਮੈਂ ਚਾਹੁੰਦਾ ਹਾਂ, ਉਹ ਨਾ ਹੋਵੇ, ਸਗੋਂ ਉਹੀ ਹੋਵੇ ਜੋ ਤੂੰ ਚਾਹੁੰਦਾ ਹੈਂ।”+ 43 ਫਿਰ ਸਵਰਗੋਂ ਇਕ ਦੂਤ ਨੇ ਪ੍ਰਗਟ ਹੋ ਕੇ ਉਸ ਨੂੰ ਹੌਸਲਾ ਦਿੱਤਾ।+ 44 ਪਰ ਉਹ ਮਨੋਂ ਬੜਾ ਦੁਖੀ ਹੋਇਆ ਅਤੇ ਉਹ ਹੋਰ ਵੀ ਗਿੜਗਿੜਾ ਕੇ ਪ੍ਰਾਰਥਨਾ ਕਰਦਾ ਰਿਹਾ+ ਅਤੇ ਉਸ ਦਾ ਪਸੀਨਾ ਲਹੂ ਦੀਆਂ ਬੂੰਦਾਂ ਵਾਂਗ ਜ਼ਮੀਨ ਉੱਤੇ ਡਿਗ ਰਿਹਾ ਸੀ। 45 ਜਦੋਂ ਉਹ ਪ੍ਰਾਰਥਨਾ ਕਰ ਕੇ ਖੜ੍ਹਾ ਹੋਇਆ ਅਤੇ ਆਪਣੇ ਚੇਲਿਆਂ ਕੋਲ ਗਿਆ, ਤਾਂ ਉਸ ਨੇ ਦੇਖਿਆ ਕਿ ਉਹ ਗਮ ਦੇ ਮਾਰੇ ਚੂਰ ਹੋ ਕੇ ਸੁੱਤੇ ਪਏ ਸਨ।+ 46 ਉਸ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਕਿਉਂ ਸੌਂ ਰਹੇ ਹੋ? ਉੱਠੋ ਅਤੇ ਪ੍ਰਾਰਥਨਾ ਕਰਦੇ ਰਹੋ ਤਾਂਕਿ ਤੁਸੀਂ ਕਿਸੇ ਪਰੀਖਿਆ ਦੌਰਾਨ ਡਿਗ ਨਾ ਪਓ।”+

47 ਜਦੋਂ ਉਹ ਅਜੇ ਗੱਲ ਕਰ ਹੀ ਰਿਹਾ ਸੀ, ਤਾਂ ਦੇਖੋ! ਇਕ ਭੀੜ ਆਈ ਅਤੇ ਉਨ੍ਹਾਂ ਦੇ ਅੱਗੇ-ਅੱਗੇ ਯਹੂਦਾ ਆਇਆ ਜਿਹੜਾ 12 ਰਸੂਲਾਂ ਵਿੱਚੋਂ ਇਕ ਸੀ। ਉਹ ਯਿਸੂ ਨੂੰ ਚੁੰਮਣ ਲਈ ਕੋਲ ਆਇਆ।+ 48 ਪਰ ਯਿਸੂ ਨੇ ਉਸ ਨੂੰ ਪੁੱਛਿਆ: “ਯਹੂਦਾ, ਕੀ ਤੂੰ ਮਨੁੱਖ ਦੇ ਪੁੱਤਰ ਨੂੰ ਇਸ ਲਈ ਚੁੰਮ ਰਿਹਾ ਹੈਂ ਤਾਂਕਿ ਤੂੰ ਉਸ ਨੂੰ ਧੋਖੇ ਨਾਲ ਫੜਵਾ ਦੇਵੇਂ?” 49 ਜਦੋਂ ਯਿਸੂ ਦੇ ਨਾਲ ਆਏ ਚੇਲਿਆਂ ਨੇ ਦੇਖਿਆ ਕਿ ਕੀ ਹੋਣ ਵਾਲਾ ਸੀ, ਤਾਂ ਉਨ੍ਹਾਂ ਨੇ ਕਿਹਾ: “ਪ੍ਰਭੂ, ਕੀ ਅਸੀਂ ਆਪਣੀਆਂ ਤਲਵਾਰਾਂ ਕੱਢੀਏ?” 50 ਉਨ੍ਹਾਂ ਵਿੱਚੋਂ ਇਕ ਨੇ ਤਾਂ ਤਲਵਾਰ ਦਾ ਵਾਰ ਕਰ ਕੇ ਮਹਾਂ ਪੁਜਾਰੀ ਦੇ ਨੌਕਰ ਦਾ ਸੱਜਾ ਕੰਨ ਵੱਢ ਸੁੱਟਿਆ।+ 51 ਪਰ ਇਹ ਦੇਖ ਕੇ ਯਿਸੂ ਨੇ ਕਿਹਾ: “ਬੱਸ! ਬਹੁਤ ਹੋ ਗਿਆ।” ਫਿਰ ਉਸ ਨੇ ਨੌਕਰ ਦੇ ਕੰਨ ਨੂੰ ਹੱਥ ਲਾ ਕੇ ਠੀਕ ਕਰ ਦਿੱਤਾ। 52 ਫਿਰ ਜਿਹੜੇ ਮੁੱਖ ਪੁਜਾਰੀ, ਮੰਦਰ ਦੇ ਪਹਿਰੇਦਾਰਾਂ ਦੇ ਮੁਖੀ ਅਤੇ ਬਜ਼ੁਰਗ ਉਸ ਨੂੰ ਫੜਨ ਆਏ ਸਨ, ਉਨ੍ਹਾਂ ਨੂੰ ਉਸ ਨੇ ਕਿਹਾ: “ਕੀ ਤੁਸੀਂ ਤਲਵਾਰਾਂ ਤੇ ਡਾਂਗਾਂ ਲੈ ਕੇ ਮੈਨੂੰ ਫੜਨ ਆਏ ਹੋ, ਜਿਵੇਂ ਮੈਂ ਕੋਈ ਡਾਕੂ ਹੋਵਾਂ?+ 53 ਜਦੋਂ ਮੈਂ ਰੋਜ਼ ਮੰਦਰ ਵਿਚ ਤੁਹਾਡੇ ਨਾਲ ਹੁੰਦਾ ਸੀ,+ ਉਦੋਂ ਤਾਂ ਤੁਸੀਂ ਮੈਨੂੰ ਫੜਿਆ ਨਹੀਂ।+ ਪਰ ਇਹ ਸਮਾਂ ਤੁਹਾਡਾ ਹੈ ਅਤੇ ਹੁਣ ਹਨੇਰੇ ਦਾ ਰਾਜ ਚੱਲ ਰਿਹਾ ਹੈ।”+

54 ਫਿਰ ਉਨ੍ਹਾਂ ਨੇ ਯਿਸੂ ਨੂੰ ਗਿਰਫ਼ਤਾਰ ਕਰ ਲਿਆ+ ਅਤੇ ਮਹਾਂ ਪੁਜਾਰੀ ਦੇ ਘਰ ਲੈ ਗਏ; ਪਰ ਪਤਰਸ ਥੋੜ੍ਹਾ ਦੂਰ ਰਹਿ ਕੇ ਪਿੱਛੇ-ਪਿੱਛੇ ਆ ਗਿਆ।+ 55 ਜਦੋਂ ਲੋਕ ਵਿਹੜੇ ਵਿਚਕਾਰ ਅੱਗ ਬਾਲ਼ ਕੇ ਇਸ ਦੇ ਆਲੇ-ਦੁਆਲੇ ਬੈਠੇ ਹੋਏ ਸਨ, ਤਾਂ ਪਤਰਸ ਵੀ ਉਨ੍ਹਾਂ ਨਾਲ ਬੈਠਾ ਹੋਇਆ ਸੀ।+ 56 ਪਰ ਇਕ ਨੌਕਰਾਣੀ ਨੇ ਉਸ ਨੂੰ ਅੱਗ ਲਾਗੇ ਬੈਠਾ ਦੇਖ ਲਿਆ ਅਤੇ ਉਸ ਨੂੰ ਧਿਆਨ ਨਾਲ ਦੇਖ ਕੇ ਕਿਹਾ: “ਇਹ ਆਦਮੀ ਵੀ ਉਸ ਦੇ ਨਾਲ ਸੀ।” 57 ਪਰ ਉਸ ਨੇ ਇਸ ਗੱਲ ਦਾ ਇਨਕਾਰ ਕਰਦੇ ਹੋਏ ਕਿਹਾ: “ਮੈਂ ਨਹੀਂ ਜਾਣਦਾ ਉਸ ਬੰਦੇ ਨੂੰ।” 58 ਕੁਝ ਸਮੇਂ ਬਾਅਦ ਇਕ ਹੋਰ ਆਦਮੀ ਨੇ ਉਸ ਨੂੰ ਦੇਖ ਕੇ ਕਿਹਾ: “ਤੂੰ ਵੀ ਉਸੇ ਦਾ ਚੇਲਾ ਹੈਂ।” ਪਰ ਪਤਰਸ ਨੇ ਕਿਹਾ: “ਮੈਂ ਨਹੀਂ ਉਸ ਦਾ ਚੇਲਾ।”+ 59 ਫਿਰ ਲਗਭਗ ਇਕ ਘੰਟੇ ਬਾਅਦ ਇਕ ਹੋਰ ਆਦਮੀ ਨੇ ਜ਼ੋਰ ਦੇ ਕੇ ਕਿਹਾ: “ਇਹ ਪੱਕਾ ਉਸ ਦੇ ਨਾਲ ਸੀ ਕਿਉਂਕਿ ਇਹ ਵੀ ਗਲੀਲ ਤੋਂ ਹੈ!” 60 ਪਰ ਪਤਰਸ ਨੇ ਕਿਹਾ: “ਮੈਨੂੰ ਨਹੀਂ ਪਤਾ ਤੂੰ ਕੀ ਕਹਿ ਰਿਹਾ ਹੈਂ।” ਜਦੋਂ ਉਹ ਅਜੇ ਇਹ ਗੱਲ ਕਹਿ ਹੀ ਰਿਹਾ ਸੀ, ਉਸੇ ਵੇਲੇ ਕੁੱਕੜ ਨੇ ਬਾਂਗ ਦੇ ਦਿੱਤੀ। 61 ਤਦ ਪ੍ਰਭੂ ਨੇ ਮੁੜ ਕੇ ਪਤਰਸ ਨੂੰ ਦੇਖਿਆ ਅਤੇ ਪਤਰਸ ਨੂੰ ਪ੍ਰਭੂ ਦੀ ਇਹ ਗੱਲ ਯਾਦ ਆਈ: “ਅੱਜ ਕੁੱਕੜ ਦੇ ਬਾਂਗ ਦੇਣ ਤੋਂ ਪਹਿਲਾਂ ਤੂੰ ਤਿੰਨ ਵਾਰ ਇਸ ਗੱਲ ਤੋਂ ਇਨਕਾਰ ਕਰੇਂਗਾ ਕਿ ਤੂੰ ਮੈਨੂੰ ਜਾਣਦਾ ਹੈਂ।”+ 62 ਉਹ ਬਾਹਰ ਜਾ ਕੇ ਭੁੱਬਾਂ ਮਾਰ-ਮਾਰ ਰੋਇਆ।

63 ਜਿਨ੍ਹਾਂ ਨੇ ਯਿਸੂ ਨੂੰ ਹਿਰਾਸਤ ਵਿਚ ਰੱਖਿਆ ਹੋਇਆ ਸੀ, ਉਹ ਉਸ ਦਾ ਮਜ਼ਾਕ ਉਡਾਉਣ+ ਤੇ ਉਸ ਨੂੰ ਮਾਰਨ-ਕੁੱਟਣ ਲੱਗ ਪਏ;+ 64 ਉਹ ਉਸ ਦੇ ਮੂੰਹ ਉੱਤੇ ਕੱਪੜਾ ਪਾ ਕੇ ਉਸ ਨੂੰ ਪੁੱਛਦੇ ਰਹੇ: “ਜੇ ਤੂੰ ਨਬੀ ਹੈਂ, ਤਾਂ ਦੱਸ ਤੈਨੂੰ ਕਿਸ ਨੇ ਮਾਰਿਆ?” 65 ਉਹ ਹੋਰ ਵੀ ਗੱਲਾਂ ਕਹਿ ਕੇ ਉਸ ਦੀ ਨਿੰਦਿਆ ਕਰਨ ਲੱਗੇ।

66 ਫਿਰ ਦਿਨ ਚੜ੍ਹੇ ਬਜ਼ੁਰਗਾਂ ਦੀ ਸਭਾ ਯਾਨੀ ਮੁੱਖ ਪੁਜਾਰੀ ਤੇ ਗ੍ਰੰਥੀ ਇਕੱਠੇ ਹੋਏ।+ ਉਹ ਉਸ ਨੂੰ ਮਹਾਸਭਾ ਦੇ ਹਾਲ ਵਿਚ ਲੈ ਕੇ ਆਏ ਅਤੇ ਉਨ੍ਹਾਂ ਨੇ ਕਿਹਾ: 67 “ਜੇ ਤੂੰ ਮਸੀਹ ਹੈਂ, ਤਾਂ ਸਾਨੂੰ ਦੱਸ।”+ ਉਸ ਨੇ ਉਨ੍ਹਾਂ ਨੂੰ ਕਿਹਾ: “ਜੇ ਮੈਂ ਤੁਹਾਨੂੰ ਦੱਸ ਵੀ ਦੇਵਾਂ, ਤਾਂ ਤੁਸੀਂ ਕਿਹੜਾ ਮੇਰੀ ਗੱਲ ਦਾ ਵਿਸ਼ਵਾਸ ਕਰਨਾ। 68 ਇਸ ਤੋਂ ਇਲਾਵਾ, ਜੇ ਮੈਂ ਤੁਹਾਨੂੰ ਸਵਾਲ ਕਰਾਂ, ਤਾਂ ਤੁਸੀਂ ਮੈਨੂੰ ਕੋਈ ਜਵਾਬ ਨਹੀਂ ਦਿਓਗੇ। 69 ਪਰ ਅੱਜ ਤੋਂ ਬਾਅਦ ਮਨੁੱਖ ਦਾ ਪੁੱਤਰ+ ਸ਼ਕਤੀਸ਼ਾਲੀ ਪਰਮੇਸ਼ੁਰ ਦੇ ਸੱਜੇ ਹੱਥ ਬੈਠੇਗਾ।”+ 70 ਇਹ ਸੁਣ ਕੇ ਉਨ੍ਹਾਂ ਸਾਰਿਆਂ ਨੇ ਕਿਹਾ: “ਤਾਂ ਫਿਰ ਕੀ ਤੂੰ ਪਰਮੇਸ਼ੁਰ ਦਾ ਪੁੱਤਰ ਹੈਂ?” ਉਸ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਆਪੇ ਕਹਿ ਰਹੇ ਹੋ ਕਿ ਮੈਂ ਹਾਂ।” 71 ਫਿਰ ਉਨ੍ਹਾਂ ਨੇ ਕਿਹਾ: “ਸਾਨੂੰ ਹੁਣ ਹੋਰ ਗਵਾਹੀ ਦੀ ਕੀ ਲੋੜ ਹੈ? ਅਸੀਂ ਆਪ ਇਹ ਦੇ ਮੂੰਹੋਂ ਸੁਣ ਲਿਆ ਹੈ।”+

23 ਇਸ ਲਈ ਉਹ ਸਾਰੇ ਜਣੇ ਉੱਠੇ ਅਤੇ ਯਿਸੂ ਨੂੰ ਪਿਲਾਤੁਸ ਕੋਲ ਲੈ ਗਏ।+ 2 ਫਿਰ ਉਨ੍ਹਾਂ ਨੇ ਉਸ ਉੱਤੇ ਇਹ ਦੋਸ਼ ਲਾਉਣੇ ਸ਼ੁਰੂ ਕਰ ਦਿੱਤੇ:+ “ਇਹ ਬੰਦਾ ਸਾਡੀ ਕੌਮ ਨੂੰ ਬਗਾਵਤ ਕਰਨ ਲਈ ਭੜਕਾਉਂਦਾ ਹੈ, ਰਾਜੇ* ਨੂੰ ਟੈਕਸ ਦੇਣ ਤੋਂ ਲੋਕਾਂ ਨੂੰ ਰੋਕਦਾ ਹੈ+ ਅਤੇ ਆਪਣੇ ਆਪ ਨੂੰ ਮਸੀਹ ਤੇ ਰਾਜਾ ਕਹਿੰਦਾ ਹੈ।+ ਅਸੀਂ ਆਪ ਇਸ ਨੂੰ ਇਸ ਤਰ੍ਹਾਂ ਕਰਦਿਆਂ ਫੜਿਆ ਹੈ।” 3 ਹੁਣ ਪਿਲਾਤੁਸ ਨੇ ਉਸ ਨੂੰ ਪੁੱਛਿਆ: “ਕੀ ਤੂੰ ਯਹੂਦੀਆਂ ਦਾ ਰਾਜਾ ਹੈਂ?” ਉਸ ਨੇ ਜਵਾਬ ਦਿੱਤਾ: “ਤੂੰ ਆਪੇ ਕਹਿ ਰਿਹਾ ਹੈਂ।”+ 4 ਫਿਰ ਪਿਲਾਤੁਸ ਨੇ ਮੁੱਖ ਪੁਜਾਰੀਆਂ ਅਤੇ ਲੋਕਾਂ ਦੀ ਭੀੜ ਨੂੰ ਕਿਹਾ: “ਮੈਂ ਦੇਖ ਲਿਆ ਹੈ ਕਿ ਇਸ ਆਦਮੀ ਨੇ ਕੋਈ ਗੁਨਾਹ ਨਹੀਂ ਕੀਤਾ।”+ 5 ਪਰ ਉਨ੍ਹਾਂ ਨੇ ਜ਼ੋਰ ਪਾ ਕੇ ਕਿਹਾ: “ਇਹ ਬੰਦਾ ਸਾਰੇ ਯਹੂਦਿਯਾ ਵਿਚ ਲੋਕਾਂ ਨੂੰ ਸਿਖਾ-ਸਿਖਾ ਕੇ ਭੜਕਾਉਂਦਾ ਹੈ। ਇਸ ਨੇ ਗਲੀਲ ਤੋਂ ਇਹ ਕੰਮ ਸ਼ੁਰੂ ਕੀਤਾ ਸੀ ਤੇ ਹੁਣ ਇੱਥੇ ਆ ਗਿਆ ਹੈ।” 6 ਇਹ ਸੁਣ ਕੇ ਪਿਲਾਤੁਸ ਨੇ ਪੁੱਛਿਆ ਕਿ ਕੀ ਇਹ ਆਦਮੀ ਗਲੀਲੀ ਹੈ ਜਾਂ ਨਹੀਂ। 7 ਫਿਰ ਇਹ ਪਤਾ ਕਰਨ ਤੋਂ ਬਾਅਦ ਕਿ ਉਹ ਹੇਰੋਦੇਸ ਦੇ ਇਲਾਕੇ ਤੋਂ ਸੀ,+ ਪਿਲਾਤੁਸ ਨੇ ਉਸ ਨੂੰ ਹੇਰੋਦੇਸ ਕੋਲ ਘੱਲ ਦਿੱਤਾ ਜਿਹੜਾ ਉਨ੍ਹੀਂ ਦਿਨੀਂ ਯਰੂਸ਼ਲਮ ਵਿਚ ਸੀ।

8 ਜਦ ਹੇਰੋਦੇਸ ਨੇ ਯਿਸੂ ਨੂੰ ਦੇਖਿਆ, ਤਾਂ ਉਹ ਬੜਾ ਖ਼ੁਸ਼ ਹੋਇਆ। ਹੇਰੋਦੇਸ ਕਾਫ਼ੀ ਸਮੇਂ ਤੋਂ ਯਿਸੂ ਨੂੰ ਦੇਖਣਾ ਚਾਹੁੰਦਾ ਸੀ ਕਿਉਂਕਿ ਉਸ ਨੇ ਉਸ ਬਾਰੇ ਬਹੁਤ ਕੁਝ ਸੁਣਿਆ ਹੋਇਆ ਸੀ+ ਅਤੇ ਉਸ ਨੂੰ ਆਸ ਸੀ ਕਿ ਯਿਸੂ ਉਸ ਨੂੰ ਕੋਈ ਚਮਤਕਾਰ ਕਰ ਕੇ ਦਿਖਾਵੇਗਾ। 9 ਇਸ ਲਈ ਹੇਰੋਦੇਸ ਕਾਫ਼ੀ ਸਮੇਂ ਤਕ ਉਸ ਤੋਂ ਪੁੱਛ-ਗਿੱਛ ਕਰਦਾ ਰਿਹਾ; ਪਰ ਉਸ ਨੇ ਕੋਈ ਜਵਾਬ ਨਾ ਦਿੱਤਾ।+ 10 ਨਾਲੇ ਮੁੱਖ ਪੁਜਾਰੀ ਅਤੇ ਗ੍ਰੰਥੀ ਵਾਰ-ਵਾਰ ਖੜ੍ਹੇ ਹੋ ਕੇ ਗੁੱਸੇ ਵਿਚ ਉਸ ਉੱਤੇ ਦੋਸ਼ ਲਾ ਰਹੇ ਸਨ। 11 ਫਿਰ ਹੇਰੋਦੇਸ ਆਪਣੇ ਸਿਪਾਹੀਆਂ ਨਾਲ ਰਲ਼ ਕੇ ਉਸ ਦੀ ਬੇਇੱਜ਼ਤੀ ਕਰਨ ਲੱਗਾ+ ਅਤੇ ਉਸ ਨੇ ਉਸ ਦੇ ਸ਼ਾਨਦਾਰ ਕੱਪੜਾ ਪਾ ਕੇ ਉਸ ਦਾ ਮਜ਼ਾਕ ਉਡਾਇਆ+ ਅਤੇ ਉਸ ਨੂੰ ਵਾਪਸ ਪਿਲਾਤੁਸ ਕੋਲ ਘੱਲ ਦਿੱਤਾ। 12 ਹੇਰੋਦੇਸ ਅਤੇ ਪਿਲਾਤੁਸ ਵਿਚ ਪਹਿਲਾਂ ਦੁਸ਼ਮਣੀ ਹੁੰਦੀ ਸੀ, ਪਰ ਉਸ ਦਿਨ ਤੋਂ ਉਹ ਦੋਵੇਂ ਦੋਸਤ ਬਣ ਗਏ।

13 ਫਿਰ ਪਿਲਾਤੁਸ ਨੇ ਮੁੱਖ ਪੁਜਾਰੀਆਂ, ਆਗੂਆਂ ਅਤੇ ਲੋਕਾਂ ਨੂੰ ਸੱਦ ਕੇ 14 ਕਿਹਾ: “ਤੁਸੀਂ ਇਸ ਆਦਮੀ ਨੂੰ ਮੇਰੇ ਕੋਲ ਲੈ ਕੇ ਆਏ ਹੋ ਅਤੇ ਇਸ ਉੱਤੇ ਦੋਸ਼ ਲਾਇਆ ਹੈ ਕਿ ਇਹ ਲੋਕਾਂ ਨੂੰ ਬਗਾਵਤ ਕਰਨ ਲਈ ਭੜਕਾ ਰਿਹਾ ਹੈ। ਹੁਣ ਦੇਖੋ! ਮੈਂ ਤੁਹਾਡੇ ਸਾਮ੍ਹਣੇ ਇਸ ਤੋਂ ਪੁੱਛ-ਗਿੱਛ ਕੀਤੀ ਹੈ ਅਤੇ ਤੁਹਾਡੇ ਵੱਲੋਂ ਲਾਏ ਸਾਰੇ ਦੋਸ਼ ਬੇਬੁਨਿਆਦ ਸਾਬਤ ਹੋਏ ਹਨ।+ 15 ਅਸਲ ਵਿਚ ਹੇਰੋਦੇਸ ਨੂੰ ਵੀ ਇਸ ਵਿਚ ਕੋਈ ਦੋਸ਼ ਨਜ਼ਰ ਨਹੀਂ ਆਇਆ, ਇਸੇ ਕਰਕੇ ਉਸ ਨੇ ਇਸ ਨੂੰ ਵਾਪਸ ਸਾਡੇ ਕੋਲ ਘੱਲ ਦਿੱਤਾ ਅਤੇ ਦੇਖੋ! ਇਸ ਨੇ ਮੌਤ ਦੀ ਸਜ਼ਾ ਦੇ ਲਾਇਕ ਕੋਈ ਕੰਮ ਨਹੀਂ ਕੀਤਾ ਹੈ। 16 ਇਸ ਲਈ ਮੈਂ ਇਸ ਦੇ ਕੋਰੜੇ ਮਾਰ ਕੇ+ ਇਸ ਨੂੰ ਛੱਡ ਦਿਆਂਗਾ।” 17 *​— 18 ਪਰ ਸਾਰੀ ਭੀੜ ਉੱਚੀ-ਉੱਚੀ ਕਹਿਣ ਲੱਗ ਪਈ: “ਇਸ ਆਦਮੀ ਨੂੰ ਖ਼ਤਮ ਕਰ ਦਿਓ* ਅਤੇ ਬਰਬਾਸ ਨੂੰ ਸਾਡੇ ਲਈ ਰਿਹਾ ਕਰ ਦਿਓ!”+ 19 (ਬਰਬਾਸ ਨੂੰ ਸ਼ਹਿਰ ਵਿਚ ਸਰਕਾਰ ਦੇ ਖ਼ਿਲਾਫ਼ ਬਗਾਵਤ ਕਰਨ ਅਤੇ ਕਤਲ ਕਰਨ ਦੇ ਦੋਸ਼ ਵਿਚ ਜੇਲ੍ਹ ਵਿਚ ਸੁੱਟਿਆ ਗਿਆ ਸੀ।) 20 ਪਿਲਾਤੁਸ ਨੇ ਫਿਰ ਉਨ੍ਹਾਂ ਨਾਲ ਗੱਲ ਕੀਤੀ ਕਿਉਂਕਿ ਉਹ ਯਿਸੂ ਨੂੰ ਛੱਡਣਾ ਚਾਹੁੰਦਾ ਸੀ।+ 21 ਪਰ ਉਹ ਚੀਕ-ਚੀਕ ਕੇ ਕਹਿਣ ਲੱਗੇ: “ਉਸ ਨੂੰ ਸੂਲ਼ੀ ʼਤੇ ਟੰਗ ਦਿਓ! ਉਸ ਨੂੰ ਸੂਲ਼ੀ ʼਤੇ ਟੰਗ ਦਿਓ!”+ 22 ਪਿਲਾਤੁਸ ਨੇ ਤੀਸਰੀ ਵਾਰ ਉਨ੍ਹਾਂ ਨੂੰ ਪੁੱਛਿਆ: “ਪਰ ਕਿਉਂ? ਉਸ ਨੇ ਕੀ ਬੁਰਾ ਕੰਮ ਕੀਤਾ ਹੈ? ਇਸ ਨੇ ਮੌਤ ਦੀ ਸਜ਼ਾ ਦੇ ਲਾਇਕ ਕੋਈ ਕੰਮ ਨਹੀਂ ਕੀਤਾ। ਇਸ ਲਈ ਮੈਂ ਇਸ ਦੇ ਕੋਰੜੇ ਮਾਰ ਕੇ ਇਸ ਨੂੰ ਛੱਡ ਦਿਆਂਗਾ।” 23 ਇਹ ਸੁਣ ਕੇ ਉਹ ਹੋਰ ਵੀ ਉੱਚੀ-ਉੱਚੀ ਕਹਿਣ ਲੱਗੇ ਅਤੇ ਉਨ੍ਹਾਂ ਨੇ ਉਸ ਨੂੰ ਸੂਲ਼ੀ ʼਤੇ ਟੰਗਣ ਦੀ ਮੰਗ ਕੀਤੀ। ਉਨ੍ਹਾਂ ਨੇ ਇੰਨਾ ਰੌਲ਼ਾ ਪਾਇਆ ਕਿ ਪਿਲਾਤੁਸ ਨੂੰ ਉਨ੍ਹਾਂ ਦੀ ਗੱਲ ਮੰਨਣੀ ਹੀ ਪਈ।+ 24 ਇਸ ਲਈ ਪਿਲਾਤੁਸ ਨੇ ਉਨ੍ਹਾਂ ਦੀ ਮੰਗ ਮੁਤਾਬਕ ਸਜ਼ਾ ਸੁਣਾ ਦਿੱਤੀ। 25 ਉਸ ਨੇ ਬਰਬਾਸ ਨੂੰ ਛੱਡ ਦਿੱਤਾ ਜਿਸ ਨੂੰ ਸਰਕਾਰ ਦੇ ਖ਼ਿਲਾਫ਼ ਬਗਾਵਤ ਕਰਨ ਅਤੇ ਕਤਲ ਕਰਨ ਦੇ ਦੋਸ਼ ਵਿਚ ਜੇਲ੍ਹ ਵਿਚ ਸੁੱਟਿਆ ਗਿਆ ਸੀ ਅਤੇ ਜਿਸ ਦੀ ਰਿਹਾਈ ਦੀ ਉਹ ਮੰਗ ਕਰ ਰਹੇ ਸਨ, ਪਰ ਉਸ ਨੇ ਉਨ੍ਹਾਂ ਦੀ ਮਰਜ਼ੀ ਅਨੁਸਾਰ ਯਿਸੂ ਨੂੰ ਮੌਤ ਦੀ ਸਜ਼ਾ ਦੇ ਦਿੱਤੀ।

26 ਹੁਣ ਜਦੋਂ ਉਹ ਯਿਸੂ ਨੂੰ ਲਿਜਾ ਰਹੇ ਸਨ, ਤਾਂ ਕੁਰੇਨੇ ਦਾ ਰਹਿਣ ਵਾਲਾ ਸ਼ਮਊਨ ਖੇਤਾਂ ਵਿੱਚੋਂ ਆ ਰਿਹਾ ਸੀ। ਉਨ੍ਹਾਂ ਨੇ ਉਸ ਨੂੰ ਫੜ ਕੇ ਉਸ ਦੇ ਮੋਢਿਆਂ ਉੱਤੇ ਤਸੀਹੇ ਦੀ ਸੂਲ਼ੀ* ਰੱਖ ਦਿੱਤੀ ਅਤੇ ਯਿਸੂ ਦੇ ਪਿੱਛੇ-ਪਿੱਛੇ ਤੋਰ ਦਿੱਤਾ।+ 27 ਯਿਸੂ ਦੇ ਮਗਰ-ਮਗਰ ਲੋਕਾਂ ਦੀ ਵੱਡੀ ਭੀੜ ਵੀ ਜਾ ਰਹੀ ਸੀ ਜਿਨ੍ਹਾਂ ਵਿਚ ਤੀਵੀਆਂ ਵੀ ਸਨ। ਗਮ ਦੀਆਂ ਮਾਰੀਆਂ ਇਹ ਤੀਵੀਆਂ ਉਸ ਲਈ ਰੋ-ਰੋ ਕੇ ਆਪਣੀ ਛਾਤੀ ਪਿੱਟ ਰਹੀਆਂ ਸਨ। 28 ਯਿਸੂ ਨੇ ਮੁੜ ਕੇ ਉਨ੍ਹਾਂ ਤੀਵੀਆਂ ਨੂੰ ਕਿਹਾ: “ਯਰੂਸ਼ਲਮ ਦੀਓ ਧੀਓ, ਮੇਰੇ ਲਈ ਰੋਣਾ ਛੱਡ ਦਿਓ, ਸਗੋਂ ਆਪਣੇ ਲਈ ਅਤੇ ਆਪਣੇ ਬੱਚਿਆਂ ਲਈ ਰੋਵੋ;+ 29 ਕਿਉਂਕਿ ਦੇਖੋ! ਉਹ ਦਿਨ ਆ ਰਹੇ ਹਨ ਜਦੋਂ ਲੋਕ ਕਹਿਣਗੇ, ‘ਖ਼ੁਸ਼ ਹਨ ਬਾਂਝ ਤੀਵੀਆਂ ਅਤੇ ਉਹ ਤੀਵੀਆਂ ਜਿਨ੍ਹਾਂ ਨੇ ਬੱਚਿਆਂ ਨੂੰ ਜਨਮ ਨਹੀਂ ਦਿੱਤਾ ਅਤੇ ਦੁੱਧ ਨਹੀਂ ਚੁੰਘਾਇਆ!’+ 30 ਫਿਰ ਉਹ ਪਹਾੜਾਂ ਨੂੰ ਕਹਿਣਗੇ, ‘ਸਾਡੇ ਉੱਤੇ ਡਿਗ ਕੇ ਸਾਨੂੰ ਲੁਕਾ ਲਓ!’ ਅਤੇ ਪਹਾੜੀਆਂ ਨੂੰ ਕਹਿਣਗੇ, ‘ਸਾਨੂੰ ਢਕ ਲਓ!’+ 31 ਜੇ ਦਰਖ਼ਤ ਦੇ ਹਰੇ ਹੁੰਦਿਆਂ ਉਨ੍ਹਾਂ ਨੇ ਇਹ ਕੰਮ ਕੀਤੇ ਹਨ, ਤਾਂ ਉਦੋਂ ਕੀ ਹੋਵੇਗਾ ਜਦੋਂ ਦਰਖ਼ਤ ਸੁੱਕ ਜਾਵੇਗਾ?”

32 ਦੋ ਅਪਰਾਧੀਆਂ ਨੂੰ ਵੀ ਯਿਸੂ ਦੇ ਨਾਲ ਸੂਲ਼ੀ ʼਤੇ ਟੰਗਣ ਲਈ ਲਿਜਾਇਆ ਜਾ ਰਿਹਾ ਸੀ।+ 33 ਜਦੋਂ ਉਹ ਖੋਪੜੀ ਨਾਂ ਦੀ ਜਗ੍ਹਾ ਪਹੁੰਚੇ,+ ਤਾਂ ਉਨ੍ਹਾਂ ਨੇ ਉਸ ਨੂੰ ਅਪਰਾਧੀਆਂ ਦੇ ਨਾਲ ਸੂਲ਼ੀ ʼਤੇ ਟੰਗ ਦਿੱਤਾ, ਇਕ ਅਪਰਾਧੀ ਉਸ ਦੇ ਸੱਜੇ ਪਾਸੇ ਸੀ ਅਤੇ ਦੂਜਾ ਖੱਬੇ ਪਾਸੇ।+ 34 ਪਰ ਯਿਸੂ ਕਹਿ ਰਿਹਾ ਸੀ: “ਹੇ ਪਿਤਾ, ਇਨ੍ਹਾਂ ਨੂੰ ਮਾਫ਼ ਕਰ ਦੇ ਕਿਉਂਕਿ ਇਹ ਨਹੀਂ ਜਾਣਦੇ ਕਿ ਇਹ ਕੀ ਕਰ ਰਹੇ ਹਨ।” ਇਸ ਤੋਂ ਇਲਾਵਾ, ਉਨ੍ਹਾਂ ਨੇ ਉਸ ਦੇ ਕੱਪੜੇ ਆਪਸ ਵਿਚ ਵੰਡਣ ਲਈ ਗੁਣੇ ਪਾਏ।+ 35 ਲੋਕ ਖੜ੍ਹੇ ਇਹ ਸਭ ਕੁਝ ਦੇਖਦੇ ਰਹੇ। ਪਰ ਧਾਰਮਿਕ ਆਗੂ ਉਸ ਦਾ ਮਜ਼ਾਕ ਉਡਾਉਂਦੇ ਹੋਏ ਕਹਿ ਰਹੇ ਸਨ: “ਹੋਰਨਾਂ ਨੂੰ ਤਾਂ ਇਸ ਨੇ ਬਚਾਇਆ, ਪਰ ਜੇ ਇਹ ਪਰਮੇਸ਼ੁਰ ਵੱਲੋਂ ਭੇਜਿਆ ਹੋਇਆ ਮਸੀਹ ਅਤੇ ਉਸ ਦਾ ਚੁਣਿਆ ਹੋਇਆ ਹੈ, ਤਾਂ ਹੁਣ ਆਪਣੇ ਆਪ ਨੂੰ ਵੀ ਬਚਾਵੇ।”+ 36 ਫ਼ੌਜੀਆਂ ਨੇ ਵੀ ਉਸ ਦਾ ਮਜ਼ਾਕ ਉਡਾਇਆ ਅਤੇ ਉਸ ਕੋਲ ਆ ਕੇ ਉਸ ਨੂੰ ਪੀਣ ਲਈ ਸਿਰਕਾ ਪੇਸ਼ ਕੀਤਾ+ 37 ਅਤੇ ਕਿਹਾ: “ਜੇ ਤੂੰ ਯਹੂਦੀਆਂ ਦਾ ਰਾਜਾ ਹੈਂ, ਤਾਂ ਬਚਾ ਆਪਣੇ ਆਪ ਨੂੰ।” 38 ਉਸ ਦੇ ਸਿਰ ਦੇ ਉੱਪਰ ਸੂਲ਼ੀ ʼਤੇ ਲਾਈ ਫੱਟੀ ਉੱਤੇ ਇਹ ਲਿਖਿਆ ਸੀ: “ਇਹ ਯਹੂਦੀਆਂ ਦਾ ਰਾਜਾ ਹੈ।”+

39 ਫਿਰ ਉਸ ਨਾਲ ਟੰਗੇ ਅਪਰਾਧੀਆਂ ਵਿੱਚੋਂ ਇਕ ਉਸ ਦੀ ਬੇਇੱਜ਼ਤੀ ਕਰਦੇ ਹੋਏ ਕਹਿਣ ਲੱਗਾ:+ “ਭਲਾ ਤੂੰ ਮਸੀਹ ਨਹੀਂ ਹੈਂ? ਤਾਂ ਫਿਰ ਬਚਾ ਆਪਣੇ ਆਪ ਨੂੰ, ਨਾਲੇ ਸਾਨੂੰ ਵੀ ਬਚਾ!” 40 ਦੂਜੇ ਅਪਰਾਧੀ ਨੇ ਉਸ ਨੂੰ ਝਿੜਕਦੇ ਹੋਏ ਕਿਹਾ: “ਤੈਨੂੰ ਜ਼ਰਾ ਵੀ ਰੱਬ ਦਾ ਡਰ ਨਹੀਂ? ਤੈਨੂੰ ਵੀ ਤਾਂ ਉਹੀ ਸਜ਼ਾ ਮਿਲੀ ਹੈ ਜੋ ਇਸ ਨੂੰ ਮਿਲੀ ਹੈ। 41 ਸਾਨੂੰ ਮਿਲੀ ਸਜ਼ਾ ਜਾਇਜ਼ ਹੈ ਕਿਉਂਕਿ ਅਸੀਂ ਆਪਣੀ ਕੀਤੀ ਦਾ ਫਲ ਭੁਗਤ ਰਹੇ ਹਾਂ; ਪਰ ਇਸ ਨੇ ਤਾਂ ਕੋਈ ਜੁਰਮ ਨਹੀਂ ਕੀਤਾ।” 42 ਫਿਰ ਉਸ ਨੇ ਕਿਹਾ: “ਹੇ ਯਿਸੂ, ਜਦੋਂ ਤੂੰ ਰਾਜਾ ਬਣੇਂਗਾ,*+ ਤਾਂ ਮੈਨੂੰ ਯਾਦ ਰੱਖੀਂ।” 43 ਯਿਸੂ ਨੇ ਉਸ ਨੂੰ ਕਿਹਾ: “ਮੈਂ ਅੱਜ ਤੈਨੂੰ ਸੱਚ ਕਹਿੰਦਾ ਹਾਂ, ਤੂੰ ਮੇਰੇ ਨਾਲ ਜ਼ਿੰਦਗੀ ਦੇ ਬਾਗ਼* ਵਿਚ ਹੋਵੇਂਗਾ।”+

44 ਉਸ ਵੇਲੇ ਦੁਪਹਿਰ ਦੇ 12 ਕੁ ਵੱਜੇ* ਸਨ ਅਤੇ ਉਸ ਸਮੇਂ ਤੋਂ 3 ਕੁ ਵਜੇ* ਤਕ ਸਾਰੀ ਧਰਤੀ ʼਤੇ ਹਨੇਰਾ ਛਾਇਆ ਰਿਹਾ+ 45 ਕਿਉਂਕਿ ਸੂਰਜ ਦੀ ਰੌਸ਼ਨੀ ਨਹੀਂ ਰਹੀ; ਫਿਰ ਮੰਦਰ ਦਾ ਪਰਦਾ*+ ਉੱਪਰੋਂ ਲੈ ਕੇ ਹੇਠਾਂ ਤਕ ਵਿਚਕਾਰੋਂ ਪਾਟ ਗਿਆ।+ 46 ਯਿਸੂ ਨੇ ਉੱਚੀ ਆਵਾਜ਼ ਵਿਚ ਪੁਕਾਰ ਕੇ ਕਿਹਾ: “ਹੇ ਪਿਤਾ, ਮੈਂ ਆਪਣੀ ਜਾਨ ਤੇਰੇ ਹੱਥਾਂ ਵਿਚ ਸੌਂਪਦਾ ਹਾਂ।”+ ਇਹ ਕਹਿ ਕੇ ਉਸ ਨੇ ਦਮ ਤੋੜ ਦਿੱਤਾ।*+ 47 ਉਸ ਵੇਲੇ ਜੋ ਵੀ ਹੋਇਆ ਸੀ, ਉਸ ਨੂੰ ਦੇਖ ਕੇ ਫ਼ੌਜੀ ਅਫ਼ਸਰ ਪਰਮੇਸ਼ੁਰ ਦੀ ਮਹਿਮਾ ਕਰਦੇ ਹੋਏ ਕਹਿਣ ਲੱਗਾ: “ਇਹ ਸੱਚ-ਮੁੱਚ ਧਰਮੀ ਬੰਦਾ ਸੀ।”+ 48 ਉੱਥੇ ਖੜ੍ਹੀ ਭੀੜ ਨੇ ਜਦੋਂ ਇਹ ਸਭ ਕੁਝ ਦੇਖਿਆ, ਤਾਂ ਉਹ ਛਾਤੀ ਪਿੱਟਦੀ ਹੋਈ ਆਪਣੇ ਘਰਾਂ ਨੂੰ ਮੁੜ ਆਈ। 49 ਇਸ ਤੋਂ ਇਲਾਵਾ, ਉਸ ਨੂੰ ਜਾਣਨ ਵਾਲੇ ਲੋਕ ਦੂਰ ਖੜ੍ਹੇ ਸਨ। ਨਾਲੇ ਜਿਹੜੀਆਂ ਤੀਵੀਆਂ ਗਲੀਲ ਤੋਂ ਉਸ ਦੇ ਨਾਲ ਆਈਆਂ ਸਨ, ਉਹ ਵੀ ਉੱਥੇ ਖੜ੍ਹੀਆਂ ਇਹ ਸਾਰਾ ਕੁਝ ਦੇਖ ਰਹੀਆਂ ਸਨ।+

50 ਦੇਖੋ! ਉੱਥੇ ਯੂਸੁਫ਼ ਨਾਂ ਦਾ ਇਕ ਆਦਮੀ ਸੀ ਜਿਹੜਾ ਮਹਾਸਭਾ ਦਾ ਮੈਂਬਰ ਸੀ ਅਤੇ ਚੰਗਾ ਤੇ ਨੇਕ ਇਨਸਾਨ ਸੀ।+ 51 (ਉਸ ਨੇ ਮਹਾਸਭਾ ਦੁਆਰਾ ਘੜੀ ਸਾਜ਼ਸ਼ ਅਤੇ ਕਾਰਵਾਈ ਵਿਚ ਉਨ੍ਹਾਂ ਦਾ ਸਾਥ ਨਹੀਂ ਦਿੱਤਾ ਸੀ।) ਉਹ ਯਹੂਦਿਯਾ ਦੇ ਲੋਕਾਂ ਦੇ ਸ਼ਹਿਰ ਅਰਿਮਥੀਆ ਦਾ ਰਹਿਣ ਵਾਲਾ ਸੀ ਅਤੇ ਪਰਮੇਸ਼ੁਰ ਦੇ ਰਾਜ ਦੀ ਉਡੀਕ ਕਰ ਰਿਹਾ ਸੀ। 52 ਉਹ ਪਿਲਾਤੁਸ ਕੋਲ ਗਿਆ ਅਤੇ ਉਸ ਤੋਂ ਯਿਸੂ ਦੀ ਲਾਸ਼ ਮੰਗੀ। 53 ਉਸ ਨੇ ਲਾਸ਼ ਸੂਲ਼ੀ ਉੱਤੋਂ ਲਾਹ ਕੇ+ ਉਸ ਨੂੰ ਇਕ ਵਧੀਆ ਕੱਪੜੇ ਵਿਚ ਲਪੇਟਿਆ ਅਤੇ ਚਟਾਨ ਵਿਚ ਤਰਾਸ਼ ਕੇ ਬਣਾਈ ਗਈ ਕਬਰ ਵਿਚ ਰੱਖਿਆ+ ਜਿਸ ਵਿਚ ਪਹਿਲਾਂ ਕਿਸੇ ਦੀ ਵੀ ਲਾਸ਼ ਨਹੀਂ ਰੱਖੀ ਗਈ ਸੀ। 54 ਹੁਣ ਇਹ ਤਿਆਰੀ ਦਾ ਦਿਨ ਸੀ+ ਅਤੇ ਸਬਤ ਦਾ ਦਿਨ+ ਸ਼ੁਰੂ ਹੋਣ ਵਾਲਾ ਸੀ। 55 ਪਰ ਉਹ ਤੀਵੀਆਂ, ਜਿਹੜੀਆਂ ਗਲੀਲ ਤੋਂ ਯਿਸੂ ਨਾਲ ਆਈਆਂ ਸਨ, ਕਬਰ ਨੂੰ ਦੇਖਣ ਗਈਆਂ ਅਤੇ ਉੱਥੇ ਜਾ ਕੇ ਉਨ੍ਹਾਂ ਨੇ ਦੇਖਿਆ ਕਿ ਉਸ ਦੀ ਲਾਸ਼ ਨੂੰ ਕਿਸ ਤਰ੍ਹਾਂ ਰੱਖਿਆ ਗਿਆ ਸੀ।+ 56 ਫਿਰ ਉਹ ਮਸਾਲੇ* ਅਤੇ ਖ਼ੁਸ਼ਬੂਦਾਰ ਤੇਲ ਤਿਆਰ ਕਰਨ ਚੱਲੀਆਂ ਗਈਆਂ। ਪਰ ਮੂਸਾ ਦੇ ਕਾਨੂੰਨ ਵਿਚ ਦਿੱਤੇ ਹੁਕਮ ਮੁਤਾਬਕ ਉਨ੍ਹਾਂ ਨੇ ਸਬਤ ਦੇ ਦਿਨ ਆਰਾਮ ਕੀਤਾ।+

24 ਫਿਰ ਉਹ ਮਸਾਲੇ ਤਿਆਰ ਕਰ ਕੇ ਹਫ਼ਤੇ ਦੇ ਪਹਿਲੇ ਦਿਨ* ਸਵੇਰੇ-ਸਵੇਰੇ ਕਬਰ ʼਤੇ ਆਈਆਂ।+ 2 ਪਰ ਉਨ੍ਹਾਂ ਨੇ ਦੇਖਿਆ ਕਿ ਕਬਰ ਦੇ ਮੂੰਹ ਤੋਂ ਪੱਥਰ ਨੂੰ ਹਟਾ ਕੇ ਇਕ ਪਾਸੇ ਕੀਤਾ ਹੋਇਆ ਸੀ+ 3 ਅਤੇ ਜਦੋਂ ਉਹ ਕਬਰ ਦੇ ਅੰਦਰ ਵੜੀਆਂ, ਤਾਂ ਪ੍ਰਭੂ ਯਿਸੂ ਦੀ ਲਾਸ਼ ਉੱਥੇ ਨਹੀਂ ਸੀ।+ 4 ਇਸ ਕਰਕੇ ਉਹ ਪਰੇਸ਼ਾਨ ਹੋ ਗਈਆਂ। ਅਤੇ ਦੇਖੋ! ਉੱਥੇ ਦੋ ਆਦਮੀ ਉਨ੍ਹਾਂ ਕੋਲ ਖੜ੍ਹੇ ਸਨ ਜਿਨ੍ਹਾਂ ਦੇ ਕੱਪੜੇ ਚਮਕ ਰਹੇ ਸਨ। 5 ਉਨ੍ਹਾਂ ਨੂੰ ਦੇਖ ਕੇ ਉਹ ਤੀਵੀਆਂ ਬਹੁਤ ਡਰ ਗਈਆਂ ਅਤੇ ਸਿਰ ਝੁਕਾਈ ਥੱਲੇ ਨੂੰ ਦੇਖਦੀਆਂ ਰਹੀਆਂ। ਉਨ੍ਹਾਂ ਆਦਮੀਆਂ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਜੀਉਂਦੇ ਨੂੰ ਮਰਿਆਂ ਵਿੱਚੋਂ ਕਿਉਂ ਲੱਭ ਰਹੀਆਂ ਹੋ?+ 6 ਉਹ ਇੱਥੇ ਨਹੀਂ ਹੈ, ਉਸ ਨੂੰ ਦੁਬਾਰਾ ਜੀਉਂਦਾ ਕਰ ਦਿੱਤਾ ਗਿਆ ਹੈ। ਯਾਦ ਕਰੋ ਜਦੋਂ ਉਹ ਗਲੀਲ ਵਿਚ ਸੀ, ਤਾਂ ਉਸ ਨੇ ਤੁਹਾਨੂੰ ਕਿਹਾ ਸੀ 7 ਕਿ ਮਨੁੱਖ ਦੇ ਪੁੱਤਰ ਨੂੰ ਪਾਪੀ ਲੋਕਾਂ ਦੇ ਹਵਾਲੇ ਕੀਤਾ ਜਾਵੇਗਾ ਅਤੇ ਸੂਲ਼ੀ ʼਤੇ ਟੰਗ ਦਿੱਤਾ ਜਾਵੇਗਾ ਤੇ ਉਹ ਤੀਸਰੇ ਦਿਨ ਦੁਬਾਰਾ ਜੀਉਂਦਾ ਹੋ ਜਾਵੇਗਾ।”+ 8 ਫਿਰ ਉਨ੍ਹਾਂ ਨੂੰ ਉਸ ਦੀਆਂ ਗੱਲਾਂ ਚੇਤੇ ਆਈਆਂ+ 9 ਅਤੇ ਕਬਰ ਤੋਂ ਵਾਪਸ ਆ ਕੇ ਉਨ੍ਹਾਂ ਨੇ ਇਹ ਸਾਰਾ ਕੁਝ 11 ਰਸੂਲਾਂ ਅਤੇ ਬਾਕੀ ਸਾਰੇ ਚੇਲਿਆਂ ਨੂੰ ਦੱਸਿਆ।+ 10 ਜਿਨ੍ਹਾਂ ਤੀਵੀਆਂ ਨੇ ਰਸੂਲਾਂ ਨੂੰ ਇਹ ਸਭ ਕੁਝ ਦੱਸਿਆ ਸੀ, ਉਹ ਸਨ ਮਰੀਅਮ ਮਗਦਲੀਨੀ, ਯੋਆਨਾ ਅਤੇ ਯਾਕੂਬ ਦੀ ਮਾਤਾ ਮਰੀਅਮ ਅਤੇ ਉਨ੍ਹਾਂ ਦੇ ਨਾਲ ਹੋਰ ਵੀ ਤੀਵੀਆਂ ਸਨ। 11 ਪਰ ਰਸੂਲਾਂ ਤੇ ਦੂਸਰੇ ਚੇਲਿਆਂ ਨੂੰ ਤੀਵੀਆਂ ਦੀਆਂ ਗੱਲਾਂ ਬੇਕਾਰ ਲੱਗੀਆਂ ਅਤੇ ਉਨ੍ਹਾਂ ਨੇ ਇਨ੍ਹਾਂ ਤੀਵੀਆਂ ʼਤੇ ਯਕੀਨ ਨਾ ਕੀਤਾ।

12 ਪਰ ਪਤਰਸ ਉੱਠਿਆ ਅਤੇ ਭੱਜ ਕੇ ਕਬਰ ʼਤੇ ਚਲਾ ਗਿਆ। ਉਸ ਨੇ ਝੁਕ ਕੇ ਕਬਰ ਦੇ ਅੰਦਰ ਦੇਖਿਆ, ਪਰ ਉਸ ਨੂੰ ਉੱਥੇ ਸਿਰਫ਼ ਮਲਮਲ ਦੇ ਕੱਪੜੇ ਪਏ ਦਿਸੇ। ਇਸ ਕਰਕੇ ਉਹ ਉੱਥੋਂ ਚਲਾ ਗਿਆ ਅਤੇ ਜੋ ਵੀ ਹੋਇਆ ਸੀ, ਉਸ ਬਾਰੇ ਮਨ ਵਿਚ ਸੋਚਦਾ ਰਿਹਾ।

13 ਪਰ ਦੇਖੋ! ਉਸੇ ਦਿਨ ਦੋ ਚੇਲੇ ਇੰਮਊਸ ਨਾਂ ਦੇ ਪਿੰਡ ਨੂੰ ਜਾ ਰਹੇ ਸਨ ਜੋ ਯਰੂਸ਼ਲਮ ਤੋਂ ਲਗਭਗ 11 ਕਿਲੋਮੀਟਰ* ਦੂਰ ਸੀ 14 ਅਤੇ ਜੋ ਵੀ ਹੋਇਆ ਸੀ, ਉਸ ਬਾਰੇ ਉਹ ਆਪਸ ਵਿਚ ਗੱਲਾਂ ਕਰ ਰਹੇ ਸਨ।

15 ਜਦੋਂ ਉਹ ਗੱਲਾਂ ਕਰ ਰਹੇ ਸਨ, ਤਾਂ ਯਿਸੂ ਆਪ ਉਨ੍ਹਾਂ ਕੋਲ ਆਇਆ ਅਤੇ ਉਨ੍ਹਾਂ ਦੇ ਨਾਲ-ਨਾਲ ਤੁਰਨ ਲੱਗ ਪਿਆ, 16 ਪਰ ਉਹ ਉਸ ਨੂੰ ਪਛਾਣ ਨਾ ਸਕੇ।+ 17 ਉਸ ਨੇ ਉਨ੍ਹਾਂ ਨੂੰ ਪੁੱਛਿਆ: “ਤੁਸੀਂ ਤੁਰਦੇ-ਤੁਰਦੇ ਆਪਸ ਵਿਚ ਕਿਨ੍ਹਾਂ ਗੱਲਾਂ ਬਾਰੇ ਬਹਿਸ ਕਰ ਰਹੇ ਹੋ?” ਉਹ ਖੜ੍ਹ ਗਏ ਅਤੇ ਉਨ੍ਹਾਂ ਦੇ ਚਿਹਰੇ ਉਦਾਸੀ ਨਾਲ ਮੁਰਝਾਏ ਹੋਏ ਸਨ। 18 ਫਿਰ ਕਲਿਉਪਸ ਨਾਂ ਦੇ ਚੇਲੇ ਨੇ ਕਿਹਾ: “ਕੀ ਤੂੰ ਯਰੂਸ਼ਲਮ ਵਿਚ ਪਰਦੇਸੀ ਹੈਂ ਅਤੇ ਇਕੱਲਾ ਰਹਿੰਦਾਂ ਤੇ ਤੈਨੂੰ ਨਹੀਂ ਪਤਾ* ਕਿ ਇਨ੍ਹੀਂ ਦਿਨੀਂ ਉੱਥੇ ਕੀ-ਕੀ ਹੋਇਆ?” 19 ਫਿਰ ਉਸ ਨੇ ਉਨ੍ਹਾਂ ਨੂੰ ਪੁੱਛਿਆ: “ਕੀ ਕੁਝ ਹੋਇਆ?” ਉਨ੍ਹਾਂ ਨੇ ਦੱਸਿਆ: “ਜੋ ਕੁਝ ਯਿਸੂ ਨਾਸਰੀ+ ਨਾਲ ਹੋਇਆ। ਉਸ ਨੇ ਪਰਮੇਸ਼ੁਰ ਅਤੇ ਸਾਰੇ ਲੋਕਾਂ ਸਾਮ੍ਹਣੇ ਕਰਾਮਾਤਾਂ ਕਰ ਕੇ ਅਤੇ ਅਸਰਦਾਰ ਸਿੱਖਿਆ ਦੇ ਕੇ ਆਪਣੇ ਆਪ ਨੂੰ ਨਬੀ ਸਾਬਤ ਕੀਤਾ ਸੀ;+ 20 ਅਤੇ ਸਾਡੇ ਮੁੱਖ ਪੁਜਾਰੀਆਂ ਅਤੇ ਧਾਰਮਿਕ ਆਗੂਆਂ ਨੇ ਉਸ ਨੂੰ ਮੌਤ ਦੀ ਸਜ਼ਾ ਵਾਸਤੇ ਫੜਵਾ ਦਿੱਤਾ ਸੀ+ ਅਤੇ ਸੂਲ਼ੀ ʼਤੇ ਟੰਗਵਾ ਦਿੱਤਾ ਸੀ। 21 ਪਰ ਸਾਨੂੰ ਉਮੀਦ ਸੀ ਕਿ ਉਹ ਆਦਮੀ ਇਜ਼ਰਾਈਲ ਨੂੰ ਛੁਟਕਾਰਾ ਦਿਵਾਏਗਾ।+ ਨਾਲੇ ਇਨ੍ਹਾਂ ਗੱਲਾਂ ਨੂੰ ਹੋਇਆਂ ਅੱਜ ਤਿੰਨ ਦਿਨ ਹੋ ਚੁੱਕੇ ਹਨ। 22 ਇਸ ਤੋਂ ਇਲਾਵਾ, ਇੱਥੇ ਕੁਝ ਤੀਵੀਆਂ ਨੇ ਵੀ ਸਾਨੂੰ ਇਹ ਦੱਸ ਕੇ ਹੈਰਾਨੀ ਵਿਚ ਪਾ ਦਿੱਤਾ ਹੈ ਕਿ ਉਹ ਸਵੇਰੇ-ਸਵੇਰੇ ਉਸ ਦੀ ਕਬਰ ʼਤੇ ਗਈਆਂ ਸਨ+ 23 ਅਤੇ ਉਨ੍ਹਾਂ ਨੇ ਦੇਖਿਆ ਕਿ ਉੱਥੇ ਉਸ ਦੀ ਲਾਸ਼ ਨਹੀਂ ਸੀ ਅਤੇ ਆ ਕੇ ਦੱਸਿਆ ਕਿ ਉਨ੍ਹਾਂ ਨੇ ਦੂਤਾਂ ਨੂੰ ਵੀ ਦੇਖਿਆ ਸੀ ਜਿਨ੍ਹਾਂ ਨੇ ਦੱਸਿਆ ਕਿ ਉਹ ਜੀਉਂਦਾ ਹੋ ਗਿਆ ਹੈ। 24 ਫਿਰ ਸਾਡੇ ਵਿੱਚੋਂ ਕੁਝ ਚੇਲੇ ਕਬਰ ʼਤੇ ਗਏ+ ਤੇ ਉਨ੍ਹਾਂ ਨੇ ਦੇਖਿਆ ਕਿ ਤੀਵੀਆਂ ਦੀ ਗੱਲ ਸਹੀ ਸੀ, ਪਰ ਉਨ੍ਹਾਂ ਚੇਲਿਆਂ ਨੇ ਵੀ ਯਿਸੂ ਨੂੰ ਨਹੀਂ ਦੇਖਿਆ।”

25 ਇਸ ਲਈ ਉਸ ਨੇ ਉਨ੍ਹਾਂ ਨੂੰ ਕਿਹਾ: “ਬੇਸਮਝੋ, ਤੁਸੀਂ ਨਬੀਆਂ ਦੀਆਂ ਸਾਰੀਆਂ ਗੱਲਾਂ ਉੱਤੇ ਦਿਲੋਂ ਵਿਸ਼ਵਾਸ ਕਰਨ ਵਿਚ ਢਿੱਲ ਕਿਉਂ ਕਰ ਰਹੇ ਹੋ? 26 ਕੀ ਮਸੀਹ ਲਈ ਜ਼ਰੂਰੀ ਨਹੀਂ ਸੀ ਕਿ ਉਹ ਇਹ ਸਾਰਾ ਕੁਝ ਸਹੇ+ ਅਤੇ ਮਹਿਮਾ ਪਾਵੇ?”+ 27 ਫਿਰ ਉਸ ਨੇ ਉਨ੍ਹਾਂ ਨੂੰ ਮੂਸਾ ਦੇ ਕਾਨੂੰਨ ਅਤੇ ਨਬੀਆਂ ਦੀਆਂ ਸਾਰੀਆਂ ਲਿਖਤਾਂ ਤੋਂ ਸ਼ੁਰੂ ਕਰ ਕੇ+ ਪੂਰੇ ਧਰਮ-ਗ੍ਰੰਥ ਵਿਚ ਉਸ ਬਾਰੇ ਲਿਖੀਆਂ ਗੱਲਾਂ ਦਾ ਮਤਲਬ ਸਮਝਾਇਆ।

28 ਫਿਰ ਜਦੋਂ ਉਹ ਉਸ ਪਿੰਡ ਦੇ ਲਾਗੇ ਪਹੁੰਚੇ ਜਿੱਥੇ ਉਹ ਜਾ ਰਹੇ ਸਨ, ਤਾਂ ਉਸ ਨੇ ਇੱਦਾਂ ਦਿਖਾਇਆ ਜਿਵੇਂ ਉਹ ਉਸ ਪਿੰਡ ਤੋਂ ਵੀ ਅੱਗੇ ਜਾ ਰਿਹਾ ਹੋਵੇ। 29 ਪਰ ਉਨ੍ਹਾਂ ਨੇ ਉਸ ਉੱਤੇ ਜ਼ੋਰ ਪਾ ਕੇ ਕਿਹਾ: “ਆਜਾ, ਸਾਡੇ ਨਾਲ ਰਹਿ ਲੈ ਕਿਉਂਕਿ ਦਿਨ ਢਲ਼ ਗਿਆ ਹੈ ਅਤੇ ਸ਼ਾਮ ਪੈਣ ਵਾਲੀ ਹੈ।” ਇਸ ਲਈ ਉਹ ਉਨ੍ਹਾਂ ਨਾਲ ਚਲਾ ਗਿਆ। 30 ਜਦੋਂ ਉਹ ਖਾਣਾ ਖਾਣ ਬੈਠੇ ਹੋਏ ਸਨ, ਤਾਂ ਉਸ ਨੇ ਰੋਟੀ ਲੈ ਕੇ ਪ੍ਰਾਰਥਨਾ ਕੀਤੀ ਅਤੇ ਰੋਟੀ ਤੋੜ ਕੇ ਉਨ੍ਹਾਂ ਨੂੰ ਦੇਣ ਲੱਗਾ।+ 31 ਉਦੋਂ ਉਨ੍ਹਾਂ ਦੀਆਂ ਅੱਖਾਂ ਪੂਰੀ ਤਰ੍ਹਾਂ ਖੁੱਲ੍ਹ ਗਈਆਂ ਅਤੇ ਉਨ੍ਹਾਂ ਨੇ ਉਸ ਨੂੰ ਪਛਾਣ ਲਿਆ; ਪਰ ਉਹ ਉਨ੍ਹਾਂ ਦੇ ਸਾਮ੍ਹਣਿਓਂ ਗਾਇਬ ਹੋ ਗਿਆ।+ 32 ਉਹ ਦੋਵੇਂ ਇਕ-ਦੂਜੇ ਨੂੰ ਕਹਿਣ ਲੱਗੇ: “ਜਦੋਂ ਉਹ ਰਾਹ ਵਿਚ ਸਾਨੂੰ ਧਰਮ-ਗ੍ਰੰਥ ਵਿਚ ਲਿਖੀਆਂ ਗੱਲਾਂ ਖੋਲ੍ਹ ਕੇ ਸਮਝਾ ਰਿਹਾ ਸੀ, ਤਾਂ ਕੀ ਸਾਡੇ ਦਿਲ ਜੋਸ਼ ਨਾਲ ਨਹੀਂ ਭਰ ਰਹੇ ਸਨ?” 33 ਉਹ ਉਸੇ ਵੇਲੇ ਉੱਠੇ ਅਤੇ ਯਰੂਸ਼ਲਮ ਨੂੰ ਮੁੜ ਆਏ ਅਤੇ ਉਨ੍ਹਾਂ ਨੂੰ 11 ਰਸੂਲ ਅਤੇ ਹੋਰ ਚੇਲੇ ਇਕੱਠੇ ਮਿਲੇ 34 ਜਿਹੜੇ ਕਹਿ ਰਹੇ ਸਨ: “ਪ੍ਰਭੂ ਨੂੰ ਸੱਚੀਂ-ਮੁੱਚੀਂ ਜੀਉਂਦਾ ਕਰ ਦਿੱਤਾ ਗਿਆ ਹੈ ਅਤੇ ਉਹ ਸ਼ਮਊਨ* ਅੱਗੇ ਪ੍ਰਗਟ ਹੋਇਆ!”+ 35 ਫਿਰ ਉਨ੍ਹਾਂ ਦੋਹਾਂ ਨੇ ਦੱਸਿਆ ਕਿ ਰਾਹ ਵਿਚ ਕੀ ਹੋਇਆ ਸੀ ਅਤੇ ਜਦੋਂ ਉਸ ਨੇ ਰੋਟੀ ਤੋੜੀ ਸੀ, ਤਾਂ ਉਨ੍ਹਾਂ ਨੇ ਉਸ ਨੂੰ ਪਛਾਣ ਲਿਆ ਸੀ।+

36 ਉਹ ਇਹ ਗੱਲਾਂ ਕਰ ਹੀ ਰਹੇ ਸਨ ਕਿ ਯਿਸੂ ਉਨ੍ਹਾਂ ਦੇ ਵਿਚਕਾਰ ਪ੍ਰਗਟ ਹੋਇਆ ਅਤੇ ਉਨ੍ਹਾਂ ਨੂੰ ਕਿਹਾ: “ਰੱਬ ਤੁਹਾਨੂੰ ਸ਼ਾਂਤੀ ਬਖ਼ਸ਼ੇ।”+ 37 ਪਰ ਡਰ ਨਾਲ ਉਨ੍ਹਾਂ ਦੇ ਸਾਹ ਸੁੱਕ ਗਏ ਕਿਉਂਕਿ ਉਨ੍ਹਾਂ ਨੇ ਸੋਚਿਆ ਕਿ ਉਹ ਕਿਸੇ ਦੂਤ ਨੂੰ ਦੇਖ ਰਹੇ ਸਨ। 38 ਇਸ ਲਈ ਉਸ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਇੰਨੇ ਘਬਰਾਏ ਹੋਏ ਕਿਉਂ ਹੋ ਅਤੇ ਆਪਣੇ ਮਨਾਂ ਵਿਚ ਸ਼ੱਕ ਕਿਉਂ ਕਰ ਰਹੇ ਹੋ? 39 ਆਹ ਦੇਖੋ ਮੇਰੇ ਹੱਥ-ਪੈਰ, ਮੈਂ ਹੀ ਹਾਂ; ਮੈਨੂੰ ਛੂਹ ਕੇ ਦੇਖੋ ਕਿਉਂਕਿ ਦੂਤ ਹੱਡ-ਮਾਸ ਦਾ ਨਹੀਂ ਬਣਿਆ ਹੁੰਦਾ, ਪਰ ਜਿਵੇਂ ਤੁਸੀਂ ਦੇਖ ਰਹੇ ਹੋ, ਮੈਂ ਹੱਡ-ਮਾਸ ਦਾ ਬਣਿਆ ਹਾਂ।” 40 ਇਹ ਕਹਿ ਕੇ ਉਸ ਨੇ ਉਨ੍ਹਾਂ ਨੂੰ ਆਪਣੇ ਹੱਥ-ਪੈਰ ਦਿਖਾਏ। 41 ਪਰ ਖ਼ੁਸ਼ੀ ਅਤੇ ਹੈਰਾਨੀ ਦੇ ਮਾਰੇ ਉਨ੍ਹਾਂ ਨੂੰ ਯਕੀਨ ਹੀ ਨਹੀਂ ਸੀ ਆ ਰਿਹਾ, ਇਸ ਲਈ ਉਸ ਨੇ ਉਨ੍ਹਾਂ ਨੂੰ ਕਿਹਾ: “ਕੀ ਤੁਹਾਡੇ ਕੋਲ ਕੁਝ ਖਾਣ ਲਈ ਹੈ?” 42 ਉਨ੍ਹਾਂ ਨੇ ਉਸ ਨੂੰ ਭੁੰਨੀ ਹੋਈ ਮੱਛੀ ਦਿੱਤੀ 43 ਅਤੇ ਉਸ ਨੇ ਮੱਛੀ ਲੈ ਕੇ ਉਨ੍ਹਾਂ ਦੇ ਸਾਮ੍ਹਣੇ ਖਾਧੀ।

44 ਫਿਰ ਉਸ ਨੇ ਉਨ੍ਹਾਂ ਨੂੰ ਕਿਹਾ: “ਯਾਦ ਕਰੋ ਜਦੋਂ ਮੈਂ ਤੁਹਾਡੇ ਨਾਲ ਸੀ, ਤਾਂ ਮੈਂ ਤੁਹਾਨੂੰ ਦੱਸਿਆ ਸੀ+ ਕਿ ਮੂਸਾ ਦੇ ਕਾਨੂੰਨ ਅਤੇ ਨਬੀਆਂ ਦੀਆਂ ਲਿਖਤਾਂ ਅਤੇ ਜ਼ਬੂਰ ਵਿਚ ਜੋ ਕੁਝ ਵੀ ਮੇਰੇ ਬਾਰੇ ਲਿਖਿਆ ਗਿਆ ਹੈ, ਉਹ ਸਭ ਜ਼ਰੂਰ ਪੂਰਾ ਹੋਵੇਗਾ।”+ 45 ਫਿਰ ਉਸ ਨੇ ਧਰਮ-ਗ੍ਰੰਥ ਦਾ ਮਤਲਬ ਸਮਝਣ ਲਈ ਉਨ੍ਹਾਂ ਦੇ ਮਨ ਪੂਰੀ ਤਰ੍ਹਾਂ ਖੋਲ੍ਹ ਦਿੱਤੇ+ 46 ਅਤੇ ਉਨ੍ਹਾਂ ਨੂੰ ਕਿਹਾ: “ਇਹ ਲਿਖਿਆ ਹੋਇਆ ਹੈ: ਮਸੀਹ ਦੁੱਖ ਝੱਲੇਗਾ ਅਤੇ ਤੀਸਰੇ ਦਿਨ ਮਰੇ ਹੋਇਆਂ ਵਿੱਚੋਂ ਦੁਬਾਰਾ ਜੀਉਂਦਾ ਹੋ ਜਾਵੇਗਾ+ 47 ਅਤੇ ਯਰੂਸ਼ਲਮ ਤੋਂ ਸ਼ੁਰੂ ਕਰ ਕੇ ਸਾਰੀਆਂ ਕੌਮਾਂ+ ਵਿਚ ਉਸ ਦੇ ਨਾਂ ʼਤੇ ਇਹ ਸੰਦੇਸ਼ ਦਿੱਤਾ ਜਾਵੇਗਾ ਕਿ ਪਾਪਾਂ ਦੀ ਮਾਫ਼ੀ ਪਾਉਣ ਲਈ ਤੋਬਾ ਕੀਤੀ ਜਾਵੇ।+ 48 ਤੁਸੀਂ ਇਨ੍ਹਾਂ ਗੱਲਾਂ ਦੀ ਗਵਾਹੀ ਦੇਣੀ ਹੈ।+ 49 ਅਤੇ ਦੇਖੋ! ਮੇਰੇ ਪਿਤਾ ਨੇ ਜੋ ਚੀਜ਼ ਦੇਣ ਦਾ ਵਾਅਦਾ ਕੀਤਾ ਹੈ, ਉਹ ਮੈਂ ਤੁਹਾਨੂੰ ਦੇਵਾਂਗਾ। ਪਰ ਤੁਸੀਂ ਉੱਨਾ ਚਿਰ ਸ਼ਹਿਰ ਵਿਚ ਹੀ ਰਹਿਣਾ ਜਿੰਨਾ ਚਿਰ ਤੁਹਾਨੂੰ ਸਵਰਗੋਂ ਸ਼ਕਤੀ ਨਹੀਂ ਮਿਲ ਜਾਂਦੀ।”+

50 ਫਿਰ ਉਹ ਉਨ੍ਹਾਂ ਨੂੰ ਬੈਥਨੀਆ ਤਕ ਲੈ ਆਇਆ ਅਤੇ ਆਪਣੇ ਹੱਥ ਚੁੱਕ ਕੇ ਉਨ੍ਹਾਂ ਨੂੰ ਅਸੀਸ ਦਿੱਤੀ। 51 ਜਦੋਂ ਉਹ ਉਨ੍ਹਾਂ ਨੂੰ ਅਸੀਸ ਦੇ ਰਿਹਾ ਸੀ, ਤਾਂ ਉਹ ਉਨ੍ਹਾਂ ਤੋਂ ਵਿਦਾ ਹੋਣ ਲੱਗਾ ਅਤੇ ਉਸ ਨੂੰ ਸਵਰਗ ਨੂੰ ਉਠਾ ਲਿਆ ਗਿਆ।+ 52 ਉਨ੍ਹਾਂ ਨੇ ਝੁਕ ਕੇ ਉਸ ਅੱਗੇ ਸਿਰ ਨਿਵਾਇਆ ਅਤੇ ਖ਼ੁਸ਼ੀ-ਖ਼ੁਸ਼ੀ ਯਰੂਸ਼ਲਮ ਨੂੰ ਮੁੜ ਆਏ।+ 53 ਉਹ ਮੰਦਰ ਵਿਚ ਜਾਂਦੇ ਰਹੇ ਤੇ ਪਰਮੇਸ਼ੁਰ ਦੀ ਮਹਿਮਾ ਕਰਦੇ ਰਹੇ।+

ਸ਼ਬਦਾਵਲੀ ਦੇਖੋ।

ਵਧੇਰੇ ਜਾਣਕਾਰੀ 1.5 ਦੇਖੋ।

ਵਧੇਰੇ ਜਾਣਕਾਰੀ 1.5 ਦੇਖੋ।

ਵਧੇਰੇ ਜਾਣਕਾਰੀ 1.5 ਦੇਖੋ।

ਵਧੇਰੇ ਜਾਣਕਾਰੀ 1.5 ਦੇਖੋ।

ਜਾਂ, “ਆਪਣੀ ਮਾਂ ਦੀ ਕੁੱਖ ਤੋਂ ਹੀ।”

ਵਧੇਰੇ ਜਾਣਕਾਰੀ 1.5 ਦੇਖੋ।

ਯੂਨਾ, “ਪਨੈਵਮਾ।” ਸ਼ਬਦਾਵਲੀ, “ਰੂਆਖ; ਪਨੈਵਮਾ” ਦੇਖੋ।

ਜਾਂ, “ਪਿਤਾਵਾਂ ਦੇ ਦਿਲ ਬੱਚਿਆਂ ਵੱਲ ਮੋੜੇ।”

ਵਧੇਰੇ ਜਾਣਕਾਰੀ 1.5 ਦੇਖੋ।

ਵਧੇਰੇ ਜਾਣਕਾਰੀ 1.5 ਦੇਖੋ।

ਬਾਂਝ ਹੋਣ ਦਾ ਕਲੰਕ।

ਵਧੇਰੇ ਜਾਣਕਾਰੀ 1.5 ਦੇਖੋ।

ਵਧੇਰੇ ਜਾਣਕਾਰੀ 1.5 ਦੇਖੋ।

ਜਾਂ, “ਮੈਂ ਤਾਂ ਕਦੇ ਕਿਸੇ ਆਦਮੀ ਨਾਲ ਸਰੀਰਕ ਸੰਬੰਧ ਕਾਇਮ ਨਹੀਂ ਕੀਤੇ।”

ਜਾਂ, “ਪਰਮੇਸ਼ੁਰ ਲਈ ਕੁਝ ਵੀ ਨਾਮੁਮਕਿਨ ਨਹੀਂ।”

ਵਧੇਰੇ ਜਾਣਕਾਰੀ 1.5 ਦੇਖੋ।

ਵਧੇਰੇ ਜਾਣਕਾਰੀ 1.5 ਦੇਖੋ।

ਜਾਂ, “ਮੇਰਾ ਰੋਮ-ਰੋਮ।”

ਵਧੇਰੇ ਜਾਣਕਾਰੀ 1.5 ਦੇਖੋ।

ਯੂਨਾ, “ਬੀ।”

ਵਧੇਰੇ ਜਾਣਕਾਰੀ 1.5 ਦੇਖੋ।

ਵਧੇਰੇ ਜਾਣਕਾਰੀ 1.5 ਦੇਖੋ।

ਵਧੇਰੇ ਜਾਣਕਾਰੀ 1.5 ਦੇਖੋ।

ਯੂਨਾ, “ਮੁਕਤੀ ਦਾ ਸਿੰਗ ਖੜ੍ਹਾ ਕੀਤਾ ਹੈ।”

ਵਧੇਰੇ ਜਾਣਕਾਰੀ 1.5 ਦੇਖੋ।

ਯੂਨਾ, “ਕੈਸਰ।”

ਵਧੇਰੇ ਜਾਣਕਾਰੀ 1.5 ਦੇਖੋ।

ਵਧੇਰੇ ਜਾਣਕਾਰੀ 1.5 ਦੇਖੋ।

ਵਧੇਰੇ ਜਾਣਕਾਰੀ 1.5 ਦੇਖੋ।

ਵਧੇਰੇ ਜਾਣਕਾਰੀ 1.5 ਦੇਖੋ।

ਵਧੇਰੇ ਜਾਣਕਾਰੀ 1.5 ਦੇਖੋ।

ਵਧੇਰੇ ਜਾਣਕਾਰੀ 1.5 ਦੇਖੋ।

ਵਧੇਰੇ ਜਾਣਕਾਰੀ 1.5 ਦੇਖੋ।

ਵਧੇਰੇ ਜਾਣਕਾਰੀ 1.5 ਦੇਖੋ।

ਵਧੇਰੇ ਜਾਣਕਾਰੀ 1.5 ਦੇਖੋ।

ਜਾਂ, “ਆਗਿਆਕਾਰ ਰਿਹਾ।”

ਯਾਨੀ, ਹੇਰੋਦੇਸ ਅੰਤਿਪਾਸ। ਸ਼ਬਦਾਵਲੀ ਦੇਖੋ।

ਵਧੇਰੇ ਜਾਣਕਾਰੀ 1.5 ਦੇਖੋ।

ਜਾਂ, “ਇਕ ਵਾਧੂ ਕੁੜਤਾ ਹੋਵੇ।”

ਜਾਂ, “ਨਾ ਇਕੱਠਾ ਕਰੋ।”

ਜਾਂ, “ਲੁੱਟੋ ਨਾ।”

ਜਾਂ, “ਮਜ਼ਦੂਰੀ।”

ਸ਼ਬਦਾਵਲੀ ਦੇਖੋ।

ਵਧੇਰੇ ਜਾਣਕਾਰੀ 1.5 ਦੇਖੋ।

ਜਾਂ, “ਬਨੇਰੇ; ਸਭ ਤੋਂ ਉੱਚੀ ਜਗ੍ਹਾ।”

ਵਧੇਰੇ ਜਾਣਕਾਰੀ 1.5 ਦੇਖੋ।

ਜਾਂ, “ਲਪੇਟਵੀਂ ਪੱਤਰੀ।” ਸ਼ਬਦਾਵਲੀ ਦੇਖੋ।

ਵਧੇਰੇ ਜਾਣਕਾਰੀ 1.5 ਦੇਖੋ।

ਸ਼ਬਦਾਵਲੀ, “ਨਿਯੁਕਤ ਕਰਨਾ; ਚੁਣਨਾ” ਦੇਖੋ।

ਵਧੇਰੇ ਜਾਣਕਾਰੀ 1.5 ਦੇਖੋ।

ਜਾਂ, “ਸ਼ੁੱਧ।”

ਪਤਰਸ ਰਸੂਲ ਦਾ ਇਕ ਹੋਰ ਨਾਂ।

ਯਾਨੀ, ਗਲੀਲ ਦੀ ਝੀਲ।

ਵਧੇਰੇ ਜਾਣਕਾਰੀ 1.5 ਦੇਖੋ।

ਮੱਤੀ 4:​20, ਫੁਟਨੋਟ ਦੇਖੋ।

ਜਾਂ, “ਦੋਸਤਾਂ।”

ਜਾਂ, “ਜਿਸ ਦੇ ਸੱਜੇ ਹੱਥ ਨੂੰ ਲਕਵਾ ਮਾਰ ਗਿਆ ਸੀ।”

ਜਾਂ, “ਉਸ ਆਦਮੀ ਨੂੰ ਜਿਸ ਦੇ ਹੱਥ ਨੂੰ ਲਕਵਾ ਮਾਰ ਗਿਆ ਸੀ।”

ਯਾਨੀ, ਬਿਨਾਂ ਵਿਆਜ ਲਏ।

ਉਹ ਫ਼ੌਜੀ ਅਫ਼ਸਰ ਜਿਸ ਦੇ ਅਧੀਨ 100 ਫ਼ੌਜੀ ਹੁੰਦੇ ਸਨ।

ਯੂਨਾ, “ਮੇਰੇ ਕਾਰਨ ਠੋਕਰ ਨਹੀਂ ਖਾਂਦਾ।”

ਜਾਂ, “ਸ਼ਾਨਦਾਰ।”

ਜਾਂ, “ਦੂਤ।”

ਯੂਨਾ, “ਬੱਚਿਆਂ।”

ਵਧੇਰੇ ਜਾਣਕਾਰੀ 2.14 ਦੇਖੋ।

ਜਾਂ, “ਵੱਡੇ।”

ਜਾਂ ਸੰਭਵ ਹੈ, “ਲੰਬੇ ਸਮੇਂ ਤੋਂ ਆਪਣੇ ਵੱਸ ਵਿਚ ਕੀਤਾ ਹੋਇਆ ਸੀ।”

ਯੂਨਾ, “ਚਾਂਦੀ।”

ਜਾਂ, “ਵਾਧੂ ਕੁੜਤਾ।”

ਯਾਨੀ, ਹੇਰੋਦੇਸ ਅੰਤਿਪਾਸ। ਸ਼ਬਦਾਵਲੀ ਦੇਖੋ।

ਸ਼ਬਦਾਵਲੀ ਦੇਖੋ।

ਯੂਨਾ, “ਪੂਰੇ ਹੋਣ ਵਾਲੇ ਸਨ।”

ਮੱਤੀ 4:​20, ਫੁਟਨੋਟ ਦੇਖੋ।

ਜਾਂ, “ਨਮਸਕਾਰ ਕਰ ਕੇ ਕਿਸੇ ਨੂੰ ਗਲ਼ੇ ਲਗਾਓ।”

ਯੂਨਾ, “ਹੇਡੀਜ਼।” ਸ਼ਬਦਾਵਲੀ ਦੇਖੋ।

ਵਧੇਰੇ ਜਾਣਕਾਰੀ 2.14 ਦੇਖੋ।

ਜਾਂ, “ਸਭ ਤੋਂ ਵਧੀਆ।”

ਜਾਂ, “ਪਵਿੱਤਰ ਮੰਨਿਆ ਜਾਵੇ; ਸਮਝਿਆ ਜਾਵੇ।”

ਯੂਨਾ, “ਜਿਹੜੇ ਸਾਡੇ ਕਰਜ਼ਾਈ ਹਨ।”

ਸ਼ੈਤਾਨ ਦਾ ਇਕ ਹੋਰ ਨਾਂ।

ਜਾਂ, “ਸ਼ਕਤੀ।”

ਯਾਨੀ, ਰੀਤ ਮੁਤਾਬਕ ਹੱਥ ਨਹੀਂ ਧੋਤੇ।

ਜਾਂ, “ਗਰੀਬਾਂ ਨੂੰ ਦਾਨ।” ਸ਼ਬਦਾਵਲੀ ਦੇਖੋ।

ਇਸ ਪੌਦੇ ਨੂੰ ਦਵਾਈ ਬਣਾਉਣ ਅਤੇ ਖਾਣੇ ਨੂੰ ਸੁਆਦੀ ਬਣਾਉਣ ਲਈ ਵਰਤਿਆ ਜਾਂਦਾ ਹੈ।

ਜਾਂ, “ਸਭ ਤੋਂ ਵਧੀਆ ਥਾਵਾਂ ʼਤੇ।”

ਜਾਂ, “ਉਨ੍ਹਾਂ ʼਤੇ ਕੋਈ ਨਿਸ਼ਾਨੀ ਨਹੀਂ ਹੁੰਦੀ।”

ਯੂਨਾ, “ਪਰਮੇਸ਼ੁਰ ਦੀ ਬੁੱਧ।”

ਮੱਤੀ 13:​35, ਫੁਟਨੋਟ ਦੇਖੋ।

ਸ਼ਬਦਾਵਲੀ ਦੇਖੋ।

ਯੂਨਾ, “ਦੋ ਅਸੈਰੀਅਨ।” ਵਧੇਰੇ ਜਾਣਕਾਰੀ 2.14 ਦੇਖੋ।

ਜਾਂ, “ਨਜ਼ਰਅੰਦਾਜ਼ ਨਹੀਂ ਕਰਦਾ।”

ਜਾਂ, “ਸਭਾ ਘਰਾਂ ਸਾਮ੍ਹਣੇ।”

ਜਾਂ, “ਆਪਣੀ ਜ਼ਿੰਦਗੀ ਦੀ ਲੰਬਾਈ ਇਕ ਹੱਥ ਵੀ ਵਧਾ ਸਕਦਾ ਹੈ?” ਵਧੇਰੇ ਜਾਣਕਾਰੀ 2.14 ਦੇਖੋ।

ਜਾਂ, “ਗਰੀਬਾਂ ਨੂੰ ਦਾਨ।” ਸ਼ਬਦਾਵਲੀ ਦੇਖੋ।

ਰਾਤ ਦੇ 9 ਕੁ ਵਜੇ ਤੋਂ ਲੈ ਕੇ ਅੱਧੀ ਰਾਤ ਤਕ ਦਾ ਸਮਾਂ।

ਅੱਧੀ ਰਾਤ ਤੋਂ ਲੈ ਕੇ ਸਵੇਰੇ 3 ਕੁ ਵਜੇ ਤਕ ਦਾ ਸਮਾਂ।

ਜਾਂ, “ਉਸ ਦੀ ਇੱਛਾ ਅਨੁਸਾਰ ਨਹੀਂ ਕੀਤਾ।”

ਯੂਨਾ, “ਆਖ਼ਰੀ ਲੈਪਟਨ।” ਵਧੇਰੇ ਜਾਣਕਾਰੀ 2.14 ਦੇਖੋ।

ਯੂਨਾ, “ਸੇਆਹ ਮਾਪ।” ਇਕ ਸੇਆਹ 7.33 ਲੀਟਰ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।

ਯੂਨਾ, “ਲੂੰਬੜੀ।”

ਵਧੇਰੇ ਜਾਣਕਾਰੀ 1.5 ਦੇਖੋ।

ਸਰੀਰ ਵਿਚ ਪਾਣੀ ਭਰ ਜਾਣ ਦਾ ਰੋਗ ਜਿਸ ਕਰਕੇ ਸਾਰਾ ਸਰੀਰ ਸੁੱਜ ਜਾਂਦਾ ਹੈ।

ਜਾਂ, “ਘੱਟ ਪਿਆਰ ਨਹੀਂ ਕਰਦਾ।”

ਸ਼ਬਦਾਵਲੀ ਦੇਖੋ।

ਯੂਨਾ, “ਦਰਾਖਮਾ।” ਵਧੇਰੇ ਜਾਣਕਾਰੀ 2.14 ਦੇਖੋ।

ਯੂਨਾ, “ਦਰਾਖਮਾ।” ਵਧੇਰੇ ਜਾਣਕਾਰੀ 2.14 ਦੇਖੋ।

ਯੂਨਾ, “ਦਰਾਖਮਾ।” ਵਧੇਰੇ ਜਾਣਕਾਰੀ 2.14 ਦੇਖੋ।

ਜਾਂ, “ਫ਼ਜ਼ੂਲ ਵਿਚ; ਲਾਪਰਵਾਹੀ ਨਾਲ।”

ਖਰੂਬਾ ਦਰਖ਼ਤ ਦੀਆਂ ਫਲੀਆਂ।

ਯੂਨਾ, “ਸਵਰਗ।”

ਯੂਨਾ, “ਸਵਰਗ।”

ਯੂਨਾ, “ਪੈਸਾ ਖਾ ਗਿਆ।”

ਯੂਨਾ, “100 ਬਥ।” ਇਕ ਬਥ 22 ਲੀਟਰ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।

ਯੂਨਾ, “50 ਬਥ।”

ਯੂਨਾ, “100 ਕੋਰ।” ਇਕ ਕੋਰ 220 ਲੀਟਰ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।

ਯੂਨਾ, “80 ਕੋਰ।”

ਯਾਨੀ ਉਸ ਨੇ ਸਹੀ ਕੰਮ ਨਹੀਂ ਕੀਤਾ ਸੀ।

ਜਾਂ, “ਯੁਗ।” ਸ਼ਬਦਾਵਲੀ ਦੇਖੋ।

ਜਾਂ, “ਕੁਧਰਮੀ।”

ਯੂਨਾ, “ਅਬਰਾਹਾਮ ਦੀ ਗੋਦ ਵਿਚ।”

ਜਾਂ, “ਹੇਡੀਜ਼।” ਸ਼ਬਦਾਵਲੀ ਦੇਖੋ।

ਯੂਨਾ, “ਉਸ ਦੀ ਗੋਦ ਵਿਚ।”

ਯੂਨਾ, “ਠੋਕਰ ਖੁਆਉਣ ਦੀ ਵਜ੍ਹਾ।”

ਯੂਨਾ, “ਨੂੰ ਠੋਕਰ ਖੁਆਵੇ।”

ਯੂਨਾ, “ਆਪਣੇ।”

ਮੱਤੀ 24:​38, ਫੁਟਨੋਟ ਦੇਖੋ।

ਇਹ ਬਹੁਤ ਹੀ ਬਲ਼ਣਸ਼ੀਲ ਪਾਊਡਰ ਹੁੰਦਾ ਹੈ ਜੋ ਬਲ਼ਣ ਵੇਲੇ ਤਿੱਖੀ ਬਦਬੂ ਪੈਦਾ ਕਰਦਾ ਹੈ।

ਵਧੇਰੇ ਜਾਣਕਾਰੀ 1.3 ਦੇਖੋ।

ਜਾਂ, “ਯੁਗ।” ਸ਼ਬਦਾਵਲੀ ਦੇਖੋ।

ਜਾਂ, “ਝੂਠਾ ਦੋਸ਼ ਲਾ ਕੇ ਲੁੱਟਿਆ ਹੈ।”

ਯੂਨਾ, “ਮਾਈਨਾ।” ਇਕ ਮਾਈਨਾ 340 ਗ੍ਰਾਮ ਦਾ ਹੁੰਦਾ ਸੀ। ਇਕ ਮਾਈਨਾ 100 ਦਰਾਖਮਾ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।

ਯੂਨਾ, “ਮਾਈਨਾ।”

ਵਧੇਰੇ ਜਾਣਕਾਰੀ 1.5 ਦੇਖੋ।

ਜਾਂ, “ਠੁਕਰਾ ਦਿੱਤਾ।”

ਯੂਨਾ, “ਕੋਨੇ ਦਾ ਸਿਰਾ।”

ਯੂਨਾ, “ਕੈਸਰ।”

ਵਧੇਰੇ ਜਾਣਕਾਰੀ 2.14 ਦੇਖੋ।

ਸ਼ਬਦਾਵਲੀ ਦੇਖੋ।

ਵਧੇਰੇ ਜਾਣਕਾਰੀ 1.5 ਦੇਖੋ।

ਵਧੇਰੇ ਜਾਣਕਾਰੀ 1.5 ਦੇਖੋ।

ਜਾਂ, “ਸਭ ਤੋਂ ਵਧੀਆ ਥਾਵਾਂ ʼਤੇ।”

ਜਾਂ, “ਦੀ ਜ਼ਮੀਨ-ਜਾਇਦਾਦ।”

ਜਾਂ, “ਭਾਰੀ।”

ਯੂਨਾ, “ਦੋ ਲੈਪਟਨ।” ਵਧੇਰੇ ਜਾਣਕਾਰੀ 2.14 ਦੇਖੋ।

ਜਾਂ, “ਬਗਾਵਤਾਂ।”

ਜਾਂ, “ਧੋਖਾ ਦੇਣਗੇ।”

ਜਾਂ, “ਗ਼ੈਰ-ਯਹੂਦੀ।”

ਜਾਂ, “ਗ਼ੈਰ-ਯਹੂਦੀਆਂ।”

ਪਤਰਸ ਰਸੂਲ ਦਾ ਇਕ ਹੋਰ ਨਾਂ।

ਜਾਂ, “ਜਿੰਨੀ ਕੁ ਦੂਰ ਪੱਥਰ ਸੁੱਟਿਆ ਜਾ ਸਕਦਾ ਹੈ, ਉੱਨੀ ਦੂਰ।”

ਯੂਨਾ, “ਕੈਸਰ।”

ਵਧੇਰੇ ਜਾਣਕਾਰੀ 1.3 ਦੇਖੋ।

ਯੂਨਾ, “ਇਸ ਨੂੰ ਲੈ ਜਾਓ।”

ਸ਼ਬਦਾਵਲੀ ਦੇਖੋ।

ਯੂਨਾ, “ਜਦੋਂ ਤੂੰ ਆਪਣੇ ਰਾਜ ਵਿਚ ਆਵੇਂਗਾ।”

ਸ਼ਬਦਾਵਲੀ, “ਸੋਹਣਾ ਬਾਗ਼” ਦੇਖੋ।

ਯੂਨਾ, “ਛੇਵਾਂ ਘੰਟਾ।”

ਯੂਨਾ, “ਨੌਵਾਂ ਘੰਟਾ।”

ਇਹ ਪਰਦਾ ਮੰਦਰ ਵਿਚ ਅੱਤ ਪਵਿੱਤਰ ਕਮਰੇ ਤੇ ਪਵਿੱਤਰ ਕਮਰੇ ਵਿਚਕਾਰ ਲਾਇਆ ਹੋਇਆ ਸੀ।

ਜਾਂ, “ਆਖ਼ਰੀ ਸਾਹ ਲਿਆ।”

ਖ਼ੁਸ਼ਬੂਦਾਰ ਪੱਤਿਆਂ ਨੂੰ ਪੀਹ ਕੇ ਅਤੇ ਇਨ੍ਹਾਂ ਦਾ ਤੇਲ ਕੱਢ ਕੇ ਲੇਪ ਬਣਾਇਆ ਜਾਂਦਾ ਸੀ ਜੋ ਲਾਸ਼ ਉੱਤੇ ਦਫ਼ਨਾਉਣ ਤੋਂ ਪਹਿਲਾਂ ਲਾਇਆ ਜਾਂਦਾ ਸੀ।

ਮੱਤੀ 28:​1, ਫੁਟਨੋਟ ਦੇਖੋ।

ਯੂਨਾ, “60 ਸਟੇਡੀਅਮ।” ਇਕ ਸਟੇਡੀਅਮ 185 ਮੀਟਰ (606.95 ਫੁੱਟ) ਦੇ ਬਰਾਬਰ ਹੈ। ਵਧੇਰੇ ਜਾਣਕਾਰੀ 2.14 ਦੇਖੋ।

ਜਾਂ ਸੰਭਵ ਹੈ, “ਕੀ ਯਰੂਸ਼ਲਮ ਵਿਚ ਤੂੰ ਹੀ ਇਕ ਮੁਸਾਫ਼ਰ ਹੈਂ ਜਿਸ ਨੂੰ ਨਹੀਂ ਪਤਾ?”

ਪਤਰਸ ਰਸੂਲ ਦਾ ਇਕ ਹੋਰ ਨਾਂ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ