ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • nwt ਮੱਤੀ 1:1 - 28:20
  • ਮੱਤੀ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਮੱਤੀ
  • ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
ਮੱਤੀ

ਮੱਤੀ ਮੁਤਾਬਕ ਖ਼ੁਸ਼ ਖ਼ਬਰੀ

1 ਇਸ ਕਿਤਾਬ ਵਿਚ ਯਿਸੂ ਮਸੀਹ ਦੀ ਜ਼ਿੰਦਗੀ ਦੀ ਕਹਾਣੀ ਦੱਸੀ ਗਈ ਹੈ। ਉਹ ਦਾਊਦ ਦੀ ਪੀੜ੍ਹੀ+ ਵਿੱਚੋਂ ਸੀ ਅਤੇ ਦਾਊਦ ਅਬਰਾਹਾਮ ਦੀ ਪੀੜ੍ਹੀ+ ਵਿੱਚੋਂ ਸੀ। ਇਹ ਹੈ ਯਿਸੂ ਦੀ ਵੰਸ਼ਾਵਲੀ:

 2 ਅਬਰਾਹਾਮ ਤੋਂ ਇਸਹਾਕ ਪੈਦਾ ਹੋਇਆ;+

ਇਸਹਾਕ ਤੋਂ ਯਾਕੂਬ ਪੈਦਾ ਹੋਇਆ;+

ਯਾਕੂਬ ਤੋਂ ਯਹੂਦਾਹ+ ਤੇ ਉਸ ਦੇ ਭਰਾ ਪੈਦਾ ਹੋਏ;

 3 ਯਹੂਦਾਹ ਤੋਂ ਪਰਸ ਅਤੇ ਜ਼ਰਾਹ ਪੈਦਾ ਹੋਏ+ ਜਿਨ੍ਹਾਂ ਦੀ ਮਾਤਾ ਦਾ ਨਾਂ ਤਾਮਾਰ ਸੀ;

ਪਰਸ ਤੋਂ ਹਸਰੋਨ ਪੈਦਾ ਹੋਇਆ;+

ਹਸਰੋਨ ਤੋਂ ਰਾਮ ਪੈਦਾ ਹੋਇਆ;+

 4 ਰਾਮ ਤੋਂ ਅਮੀਨਾਦਾਬ ਪੈਦਾ ਹੋਇਆ;

ਅਮੀਨਾਦਾਬ ਤੋਂ ਨਹਸ਼ੋਨ ਪੈਦਾ ਹੋਇਆ;+

ਨਹਸ਼ੋਨ ਤੋਂ ਸਲਮੋਨ ਪੈਦਾ ਹੋਇਆ;

 5 ਸਲਮੋਨ ਤੋਂ ਬੋਅਜ਼ ਪੈਦਾ ਹੋਇਆ ਜਿਸ ਦੀ ਮਾਤਾ ਦਾ ਨਾਂ ਰਾਹਾਬ ਸੀ;+

ਬੋਅਜ਼ ਤੋਂ ਓਬੇਦ ਪੈਦਾ ਹੋਇਆ ਜਿਸ ਦੀ ਮਾਤਾ ਦਾ ਨਾਂ ਰੂਥ ਸੀ;+

ਓਬੇਦ ਤੋਂ ਯੱਸੀ ਪੈਦਾ ਹੋਇਆ;+

 6 ਯੱਸੀ ਤੋਂ ਰਾਜਾ ਦਾਊਦ+ ਪੈਦਾ ਹੋਇਆ।

ਦਾਊਦ ਤੋਂ ਸੁਲੇਮਾਨ ਪੈਦਾ ਹੋਇਆ,+ ਸੁਲੇਮਾਨ ਦੀ ਮਾਂ ਪਹਿਲਾਂ ਊਰੀਯਾਹ ਦੀ ਪਤਨੀ ਸੀ;

 7 ਸੁਲੇਮਾਨ ਤੋਂ ਰਹਬੁਆਮ ਪੈਦਾ ਹੋਇਆ;+

ਰਹਬੁਆਮ ਤੋਂ ਅਬੀਯਾਹ ਪੈਦਾ ਹੋਇਆ;

ਅਬੀਯਾਹ ਤੋਂ ਆਸਾ ਪੈਦਾ ਹੋਇਆ;+

 8 ਆਸਾ ਤੋਂ ਯਹੋਸ਼ਾਫ਼ਾਟ ਪੈਦਾ ਹੋਇਆ;+

ਯਹੋਸ਼ਾਫ਼ਾਟ ਤੋਂ ਯਹੋਰਾਮ ਪੈਦਾ ਹੋਇਆ;+

ਯਹੋਰਾਮ ਤੋਂ ਉਜ਼ੀਯਾਹ ਪੈਦਾ ਹੋਇਆ;

 9 ਉਜ਼ੀਯਾਹ ਤੋਂ ਯੋਥਾਮ ਪੈਦਾ ਹੋਇਆ;+

ਯੋਥਾਮ ਤੋਂ ਆਹਾਜ਼ ਪੈਦਾ ਹੋਇਆ;+

ਆਹਾਜ਼ ਤੋਂ ਹਿਜ਼ਕੀਯਾਹ ਪੈਦਾ ਹੋਇਆ;+

10 ਹਿਜ਼ਕੀਯਾਹ ਤੋਂ ਮਨੱਸ਼ਹ ਪੈਦਾ ਹੋਇਆ;+

ਮਨੱਸ਼ਹ ਤੋਂ ਆਮੋਨ ਪੈਦਾ ਹੋਇਆ;+

ਆਮੋਨ ਤੋਂ ਯੋਸੀਯਾਹ ਪੈਦਾ ਹੋਇਆ;+

11 ਯੋਸੀਯਾਹ+ ਤੋਂ ਯਕਾਨਯਾਹ+ ਅਤੇ ਉਸ ਦੇ ਭਰਾ ਪੈਦਾ ਹੋਏ। ਉਨ੍ਹਾਂ ਦੇ ਜ਼ਮਾਨੇ ਵਿਚ ਯਹੂਦੀਆਂ ਨੂੰ ਬੰਦੀ ਬਣਾ ਕੇ ਬਾਬਲ ਲਿਜਾਇਆ ਗਿਆ ਸੀ।+

12 ਬਾਬਲ ਵਿਚ ਯਕਾਨਯਾਹ ਤੋਂ ਸ਼ਾਲਤੀਏਲ ਪੈਦਾ ਹੋਇਆ;

ਸ਼ਾਲਤੀਏਲ ਤੋਂ ਜ਼ਰੁਬਾਬਲ ਪੈਦਾ ਹੋਇਆ;+

13 ਜ਼ਰੁਬਾਬਲ ਤੋਂ ਅਬੀਹੂਦ ਪੈਦਾ ਹੋਇਆ;

ਅਬੀਹੂਦ ਤੋਂ ਅਲਯਾਕੀਮ ਪੈਦਾ ਹੋਇਆ;

ਅਲਯਾਕੀਮ ਤੋਂ ਅਜ਼ੋਰ ਪੈਦਾ ਹੋਇਆ;

14 ਅਜ਼ੋਰ ਤੋਂ ਸਾਦੋਕ ਪੈਦਾ ਹੋਇਆ;

ਸਾਦੋਕ ਤੋਂ ਯਾਕੀਮ ਪੈਦਾ ਹੋਇਆ;

ਯਾਕੀਮ ਤੋਂ ਅਲੀਹੂਦ ਪੈਦਾ ਹੋਇਆ;

15 ਅਲੀਹੂਦ ਤੋਂ ਅਲਆਜ਼ਾਰ ਪੈਦਾ ਹੋਇਆ;

ਅਲਆਜ਼ਾਰ ਤੋਂ ਮੱਥਾਨ ਪੈਦਾ ਹੋਇਆ;

ਮੱਥਾਨ ਤੋਂ ਯਾਕੂਬ ਪੈਦਾ ਹੋਇਆ;

16 ਯਾਕੂਬ ਤੋਂ ਯੂਸੁਫ਼ ਪੈਦਾ ਹੋਇਆ ਜੋ ਮਰੀਅਮ ਦਾ ਪਤੀ ਸੀ, ਮਰੀਅਮ ਦੀ ਕੁੱਖੋਂ ਯਿਸੂ ਪੈਦਾ ਹੋਇਆ+ ਜੋ ਮਸੀਹ ਹੈ।+

17 ਅਬਰਾਹਾਮ ਤੋਂ ਲੈ ਕੇ ਦਾਊਦ ਤਕ ਕੁੱਲ 14 ਪੀੜ੍ਹੀਆਂ ਸਨ; ਦਾਊਦ ਤੋਂ ਲੈ ਕੇ ਯਹੂਦੀਆਂ ਨੂੰ ਬੰਦੀ ਬਣਾ ਕੇ ਬਾਬਲ ਲਿਜਾਏ ਜਾਣ ਦੇ ਸਮੇਂ ਤਕ ਕੁੱਲ 14 ਪੀੜ੍ਹੀਆਂ ਸਨ; ਬਾਬਲ ਵਿਚ ਬੰਦੀ ਬਣਾਏ ਜਾਣ ਤੋਂ ਲੈ ਕੇ ਮਸੀਹ ਤਕ ਕੁੱਲ 14 ਪੀੜ੍ਹੀਆਂ ਸਨ।

18 ਯਿਸੂ ਮਸੀਹ ਦਾ ਜਨਮ ਇਸ ਤਰ੍ਹਾਂ ਹੋਇਆ: ਜਦੋਂ ਉਸ ਦੀ ਮਾਤਾ ਮਰੀਅਮ ਦੀ ਕੁੜਮਾਈ ਯੂਸੁਫ਼ ਨਾਲ ਹੋਈ ਸੀ, ਤਾਂ ਵਿਆਹ ਤੋਂ ਪਹਿਲਾਂ ਹੀ ਉਹ ਪਵਿੱਤਰ ਸ਼ਕਤੀ* ਨਾਲ ਗਰਭਵਤੀ ਹੋ ਗਈ ਸੀ।+ 19 ਪਰ ਉਸ ਦਾ ਪਤੀ* ਯੂਸੁਫ਼ ਨੇਕ ਬੰਦਾ ਸੀ ਅਤੇ ਉਹ ਲੋਕਾਂ ਸਾਮ੍ਹਣੇ ਮਰੀਅਮ ਦਾ ਤਮਾਸ਼ਾ ਨਹੀਂ ਬਣਾਉਣਾ ਚਾਹੁੰਦਾ ਸੀ, ਇਸ ਲਈ ਉਸ ਨੇ ਮਰੀਅਮ ਨੂੰ ਚੁੱਪ-ਚੁਪੀਤੇ ਤਲਾਕ* ਦੇਣ ਦਾ ਫ਼ੈਸਲਾ ਕੀਤਾ।+ 20 ਫਿਰ ਇਨ੍ਹਾਂ ਗੱਲਾਂ ਬਾਰੇ ਸੋਚਣ ਤੋਂ ਬਾਅਦ ਜਦ ਉਹ ਸੌਂ ਰਿਹਾ ਸੀ, ਤਾਂ ਦੇਖੋ! ਯਹੋਵਾਹ* ਦਾ ਇਕ ਦੂਤ ਉਸ ਦੇ ਸੁਪਨੇ ਵਿਚ ਆਇਆ ਅਤੇ ਉਸ ਨੇ ਕਿਹਾ: “ਹੇ ਯੂਸੁਫ਼, ਦਾਊਦ ਦੇ ਪੁੱਤਰ, ਆਪਣੀ ਪਤਨੀ ਮਰੀਅਮ ਨੂੰ ਆਪਣੇ ਘਰ ਲਿਆਉਣ ਤੋਂ ਨਾ ਡਰ ਕਿਉਂਕਿ ਉਹ ਪਵਿੱਤਰ ਸ਼ਕਤੀ ਨਾਲ ਗਰਭਵਤੀ ਹੋਈ ਹੈ।+ 21 ਉਹ ਇਕ ਪੁੱਤਰ ਨੂੰ ਜਨਮ ਦੇਵੇਗੀ ਅਤੇ ਤੂੰ ਉਸ ਦਾ ਨਾਂ ਯਿਸੂ* ਰੱਖੀਂ+ ਕਿਉਂਕਿ ਉਹ ਲੋਕਾਂ ਨੂੰ ਉਨ੍ਹਾਂ ਦੇ ਪਾਪਾਂ ਤੋਂ ਬਚਾਵੇਗਾ।”+ 22 ਇਹ ਸਾਰਾ ਕੁਝ ਇਸ ਲਈ ਹੋਇਆ ਤਾਂਕਿ ਯਹੋਵਾਹ* ਦੀ ਉਹ ਗੱਲ ਪੂਰੀ ਹੋਵੇ ਜੋ ਉਸ ਨੇ ਆਪਣੇ ਨਬੀ ਰਾਹੀਂ ਦੱਸੀ ਸੀ: 23 “ਦੇਖੋ! ਇਕ ਕੁਆਰੀ ਗਰਭਵਤੀ ਹੋਵੇਗੀ ਅਤੇ ਇਕ ਪੁੱਤਰ ਨੂੰ ਜਨਮ ਦੇਵੇਗੀ ਅਤੇ ਉਹ ਉਸ ਦਾ ਨਾਂ ਇੰਮਾਨੂਏਲ ਰੱਖਣਗੇ,”+ ਜਿਸ ਦਾ ਮਤਲਬ ਹੈ: “ਪਰਮੇਸ਼ੁਰ ਸਾਡੇ ਨਾਲ ਹੈ।”+

24 ਫਿਰ ਯੂਸੁਫ਼ ਸੌਂ ਕੇ ਉੱਠਿਆ ਅਤੇ ਉਸ ਨੇ ਯਹੋਵਾਹ* ਦੇ ਦੂਤ ਦੇ ਕਹੇ ਅਨੁਸਾਰ ਕੀਤਾ ਅਤੇ ਉਹ ਆਪਣੀ ਪਤਨੀ ਨੂੰ ਘਰ ਲੈ ਆਇਆ। 25 ਪਰ ਉਸ ਨੇ ਮਰੀਅਮ ਨਾਲ ਉਦੋਂ ਤਕ ਸਰੀਰਕ ਸੰਬੰਧ ਨਹੀਂ ਬਣਾਏ ਜਦੋਂ ਤਕ ਉਸ ਨੇ ਪੁੱਤਰ ਨੂੰ ਜਨਮ+ ਨਹੀਂ ਦੇ ਦਿੱਤਾ ਅਤੇ ਯੂਸੁਫ਼ ਨੇ ਮੁੰਡੇ ਦਾ ਨਾਂ ਯਿਸੂ ਰੱਖਿਆ।+

2 ਰਾਜਾ ਹੇਰੋਦੇਸ*+ ਦੇ ਦਿਨਾਂ ਵਿਚ ਯਹੂਦਿਯਾ ਦੇ ਬੈਤਲਹਮ+ ਸ਼ਹਿਰ ਵਿਚ ਯਿਸੂ ਦਾ ਜਨਮ ਹੋਣ ਤੋਂ ਬਾਅਦ, ਦੇਖੋ! ਪੂਰਬ ਵੱਲੋਂ ਜੋਤਸ਼ੀ ਯਰੂਸ਼ਲਮ ਆਏ ਅਤੇ 2 ਉਨ੍ਹਾਂ ਨੇ ਪੁੱਛਿਆ: “ਉਹ ਬੱਚਾ ਕਿੱਥੇ ਹੈ ਜਿਹੜਾ ਯਹੂਦੀਆਂ ਦਾ ਰਾਜਾ ਬਣੇਗਾ?+ ਜਦੋਂ ਅਸੀਂ ਪੂਰਬ ਵਿਚ ਸਾਂ, ਤਾਂ ਅਸੀਂ ਉਸ ਦਾ ਤਾਰਾ ਦੇਖਿਆ ਸੀ ਅਤੇ ਅਸੀਂ ਬੱਚੇ ਨੂੰ ਨਮਸਕਾਰ ਕਰਨ* ਆਏ ਹਾਂ।” 3 ਇਹ ਸੁਣ ਕੇ ਰਾਜਾ ਹੇਰੋਦੇਸ ਅਤੇ ਯਰੂਸ਼ਲਮ ਦੇ ਸਾਰੇ ਲੋਕ ਘਬਰਾ ਗਏ। 4 ਰਾਜੇ ਨੇ ਸਾਰੇ ਮੁੱਖ ਪੁਜਾਰੀਆਂ ਅਤੇ ਗ੍ਰੰਥੀਆਂ ਨੂੰ ਇਕੱਠਾ ਕਰ ਕੇ ਪੁੱਛਿਆ ਕਿ ਮਸੀਹ* ਦਾ ਜਨਮ ਕਿੱਥੇ ਹੋਣਾ ਸੀ। 5 ਉਨ੍ਹਾਂ ਨੇ ਉਸ ਨੂੰ ਦੱਸਿਆ: “ਯਹੂਦਿਯਾ ਦੇ ਬੈਤਲਹਮ+ ਵਿਚ, ਕਿਉਂਕਿ ਨਬੀ ਰਾਹੀਂ ਇਹ ਲਿਖਵਾਇਆ ਗਿਆ ਹੈ: 6 ‘ਹੇ ਯਹੂਦਾਹ ਦੇ ਬੈਤਲਹਮ, ਤੂੰ ਯਹੂਦਾਹ ਦੇ ਹਾਕਮਾਂ ਦੀਆਂ ਨਜ਼ਰਾਂ ਵਿਚ ਕੋਈ ਛੋਟਾ-ਮੋਟਾ ਸ਼ਹਿਰ ਨਹੀਂ ਹੈਂ ਕਿਉਂਕਿ ਤੇਰੇ ਵਿੱਚੋਂ ਇਕ ਹਾਕਮ ਖੜ੍ਹਾ ਹੋਵੇਗਾ ਜੋ ਮੇਰੀ ਪਰਜਾ ਇਜ਼ਰਾਈਲ ਦੀ ਅਗਵਾਈ ਕਰੇਗਾ।’”+

7 ਫਿਰ ਹੇਰੋਦੇਸ ਨੇ ਚੁੱਪ-ਚੁਪੀਤੇ ਜੋਤਸ਼ੀਆਂ ਨੂੰ ਬੁਲਾਇਆ ਅਤੇ ਚੰਗੀ ਤਰ੍ਹਾਂ ਪੁੱਛ-ਗਿੱਛ ਕਰ ਕੇ ਪਤਾ ਲਾਇਆ ਕਿ ਉਨ੍ਹਾਂ ਨੇ ਤਾਰਾ ਕਦੋਂ ਦੇਖਿਆ ਸੀ। 8 ਇਸ ਤੋਂ ਬਾਅਦ ਉਸ ਨੇ ਉਨ੍ਹਾਂ ਨੂੰ ਇਹ ਕਹਿ ਕੇ ਬੈਤਲਹਮ ਘੱਲਿਆ: “ਜਾ ਕੇ ਚੰਗੀ ਤਰ੍ਹਾਂ ਬੱਚੇ ਦੀ ਤਲਾਸ਼ ਕਰੋ ਅਤੇ ਜਦੋਂ ਤੁਸੀਂ ਉਸ ਨੂੰ ਲੱਭ ਲਵੋਗੇ, ਤਾਂ ਆ ਕੇ ਮੈਨੂੰ ਦੱਸੋ ਤਾਂਕਿ ਮੈਂ ਵੀ ਜਾ ਕੇ ਉਸ ਨੂੰ ਨਮਸਕਾਰ ਕਰਾਂ।” 9 ਰਾਜੇ ਦੀ ਗੱਲ ਸੁਣ ਕੇ ਜੋਤਸ਼ੀ ਤੁਰ ਪਏ ਅਤੇ ਦੇਖੋ! ਜਿਹੜਾ ਤਾਰਾ ਉਨ੍ਹਾਂ ਨੇ ਪੂਰਬ ਵਿਚ ਦੇਖਿਆ ਸੀ,+ ਉਹੀ ਉਨ੍ਹਾਂ ਦੇ ਅੱਗੇ-ਅੱਗੇ ਚੱਲਣ ਲੱਗ ਪਿਆ ਅਤੇ ਉਸ ਜਗ੍ਹਾ ਜਾ ਕੇ ਰੁਕ ਗਿਆ ਜਿੱਥੇ ਬੱਚਾ ਸੀ। 10 ਤਾਰੇ ਨੂੰ ਰੁਕਦਿਆਂ ਦੇਖ ਕੇ ਉਹ ਬੇਹੱਦ ਖ਼ੁਸ਼ ਹੋਏ। 11 ਜਦ ਉਨ੍ਹਾਂ ਨੇ ਘਰ ਦੇ ਅੰਦਰ ਜਾ ਕੇ ਬੱਚੇ ਅਤੇ ਉਸ ਦੀ ਮਾਂ ਮਰੀਅਮ ਨੂੰ ਦੇਖਿਆ, ਤਾਂ ਉਨ੍ਹਾਂ ਨੇ ਜ਼ਮੀਨ ʼਤੇ ਗੋਡੇ ਟੇਕ ਕੇ ਬੱਚੇ ਨੂੰ ਨਮਸਕਾਰ ਕੀਤਾ।* ਨਾਲੇ ਉਨ੍ਹਾਂ ਨੇ ਆਪਣੇ ਖ਼ਜ਼ਾਨੇ ਖੋਲ੍ਹ ਕੇ ਬੱਚੇ ਨੂੰ ਤੋਹਫ਼ੇ ਵਿਚ ਸੋਨਾ, ਲੋਬਾਨ ਤੇ ਗੰਧਰਸ ਦਿੱਤਾ। 12 ਪਰ ਪਰਮੇਸ਼ੁਰ ਨੇ ਸੁਪਨੇ ਵਿਚ ਉਨ੍ਹਾਂ ਨੂੰ ਹੇਰੋਦੇਸ ਕੋਲ ਵਾਪਸ ਜਾਣ ਤੋਂ ਵਰਜਿਆ,+ ਇਸ ਕਰਕੇ ਉਹ ਹੋਰ ਰਸਤਿਓਂ ਆਪਣੇ ਦੇਸ਼ ਨੂੰ ਵਾਪਸ ਚਲੇ ਗਏ।

13 ਉਨ੍ਹਾਂ ਦੇ ਚਲੇ ਜਾਣ ਤੋਂ ਬਾਅਦ, ਦੇਖੋ! ਯਹੋਵਾਹ* ਦਾ ਦੂਤ ਯੂਸੁਫ਼ ਦੇ ਸੁਪਨੇ ਵਿਚ ਆਇਆ+ ਅਤੇ ਉਸ ਨੂੰ ਕਿਹਾ: “ਉੱਠ, ਬੱਚੇ ਤੇ ਉਸ ਦੀ ਮਾਂ ਨੂੰ ਲੈ ਕੇ ਮਿਸਰ ਨੂੰ ਭੱਜ ਜਾਹ ਅਤੇ ਉੱਨਾ ਚਿਰ ਉੱਥੇ ਰਹੀਂ ਜਿੰਨਾ ਚਿਰ ਮੈਂ ਤੈਨੂੰ ਵਾਪਸ ਆਉਣ ਲਈ ਨਾ ਕਹਾਂ, ਕਿਉਂਕਿ ਹੇਰੋਦੇਸ ਬੱਚੇ ਨੂੰ ਜਾਨੋਂ ਮਾਰਨ ਲਈ ਉਸ ਦੀ ਭਾਲ ਕਰਨ ਹੀ ਵਾਲਾ ਹੈ।” 14 ਇਸ ਲਈ ਯੂਸੁਫ਼ ਉੱਠਿਆ ਅਤੇ ਬੱਚੇ ਤੇ ਉਸ ਦੀ ਮਾਂ ਨੂੰ ਲੈ ਕੇ ਰਾਤੋ-ਰਾਤ ਮਿਸਰ ਚਲਾ ਗਿਆ। 15 ਉਹ ਹੇਰੋਦੇਸ ਦੇ ਮਰਨ ਤਕ ਉੱਥੇ ਹੀ ਰਿਹਾ। ਇਸ ਤਰ੍ਹਾਂ ਯਹੋਵਾਹ* ਦੀ ਇਹ ਗੱਲ ਪੂਰੀ ਹੋਈ ਜੋ ਉਸ ਨੇ ਆਪਣੇ ਨਬੀ ਦੁਆਰਾ ਕਹੀ ਸੀ: “ਮੈਂ ਆਪਣੇ ਪੁੱਤਰ ਨੂੰ ਮਿਸਰ ਤੋਂ ਸੱਦਿਆ।”+

16 ਫਿਰ ਜਦ ਹੇਰੋਦੇਸ ਨੇ ਦੇਖਿਆ ਕਿ ਜੋਤਸ਼ੀਆਂ ਨੇ ਉਸ ਨਾਲ ਚਲਾਕੀ ਕੀਤੀ ਸੀ, ਤਾਂ ਉਹ ਗੁੱਸੇ ਵਿਚ ਭੜਕ ਉੱਠਿਆ ਅਤੇ ਉਸ ਨੇ ਆਪਣੇ ਸੇਵਕਾਂ ਨੂੰ ਭੇਜ ਕੇ ਬੈਤਲਹਮ ਅਤੇ ਉਸ ਦੇ ਆਲੇ-ਦੁਆਲੇ ਦੇ ਸਾਰੇ ਇਲਾਕਿਆਂ ਵਿਚ ਸਾਰੇ ਮੁੰਡਿਆਂ ਨੂੰ ਮਰਵਾ ਦਿੱਤਾ ਜਿਹੜੇ ਦੋ ਸਾਲ ਦੇ ਜਾਂ ਇਸ ਤੋਂ ਛੋਟੇ ਸਨ। ਉਸ ਨੇ ਜੋਤਸ਼ੀਆਂ ਤੋਂ ਸਮੇਂ ਦਾ ਜੋ ਠੀਕ-ਠੀਕ ਪਤਾ ਲਗਾਇਆ ਸੀ,+ ਉਸ ਮੁਤਾਬਕ ਇਸ ਤਰ੍ਹਾਂ ਕੀਤਾ। 17 ਉਸ ਵੇਲੇ ਯਿਰਮਿਯਾਹ ਨਬੀ ਦੀ ਕਹੀ ਇਹ ਗੱਲ ਪੂਰੀ ਹੋਈ: 18 “ਰਾਮਾਹ ਵਿਚ ਰੋਣ-ਕੁਰਲਾਉਣ ਤੇ ਵੈਣ ਪਾਉਣ ਦੀ ਆਵਾਜ਼ ਸੁਣਾਈ ਦੇ ਰਹੀ ਹੈ, ਰਾਕੇਲ+ ਆਪਣੇ ਬੱਚਿਆਂ ਲਈ ਰੋ ਰਹੀ ਹੈ, ਉਸ ਦੇ ਬੱਚੇ ਨਹੀਂ ਰਹੇ, ਇਸ ਲਈ ਉਹ ਨਹੀਂ ਚਾਹੁੰਦੀ ਕਿ ਕੋਈ ਉਸ ਨੂੰ ਦਿਲਾਸਾ ਦੇਵੇ।”+

19 ਜਦੋਂ ਹੇਰੋਦੇਸ ਮਰ ਗਿਆ, ਤਾਂ ਦੇਖੋ! ਯਹੋਵਾਹ* ਦੇ ਦੂਤ ਨੇ ਮਿਸਰ ਵਿਚ ਯੂਸੁਫ਼ ਦੇ ਸੁਪਨੇ ਵਿਚ ਆ ਕੇ+ 20 ਕਿਹਾ: “ਉੱਠ, ਬੱਚੇ ਅਤੇ ਉਸ ਦੀ ਮਾਂ ਨੂੰ ਲੈ ਕੇ ਇਜ਼ਰਾਈਲ ਨੂੰ ਚਲਾ ਜਾਹ ਕਿਉਂਕਿ ਜੋ ਬੱਚੇ ਦੀ ਜਾਨ ਲੈਣੀ ਚਾਹੁੰਦੇ ਸਨ, ਉਹ ਮਰ ਗਏ ਹਨ।” 21 ਇਸ ਲਈ ਉਹ ਉੱਠਿਆ ਅਤੇ ਬੱਚੇ ਤੇ ਉਸ ਦੀ ਮਾਂ ਨੂੰ ਲੈ ਕੇ ਇਜ਼ਰਾਈਲ ਆ ਗਿਆ। 22 ਪਰ ਜਦੋਂ ਉਸ ਨੇ ਸੁਣਿਆ ਕਿ ਅਰਕਿਲਾਊਸ ਆਪਣੇ ਪਿਤਾ ਹੇਰੋਦੇਸ ਤੋਂ ਬਾਅਦ ਯਹੂਦਿਯਾ ਉੱਤੇ ਰਾਜ ਕਰਨ ਲੱਗ ਪਿਆ ਸੀ, ਤਾਂ ਉਹ ਉੱਥੇ ਜਾਣ ਤੋਂ ਡਰ ਗਿਆ। ਨਾਲੇ ਸੁਪਨੇ ਵਿਚ ਪਰਮੇਸ਼ੁਰ ਵੱਲੋਂ ਚੇਤਾਵਨੀ ਮਿਲਣ ਤੇ+ ਉਹ ਗਲੀਲ+ ਦੇ ਇਲਾਕੇ ਵਿਚ ਚਲਾ ਗਿਆ। 23 ਅਤੇ ਉਹ ਨਾਸਰਤ+ ਨਾਂ ਦੇ ਸ਼ਹਿਰ ਵਿਚ ਆ ਕੇ ਰਹਿਣ ਲੱਗ ਪਿਆ ਤਾਂਕਿ ਨਬੀਆਂ ਦੀ ਕਹੀ ਇਹ ਗੱਲ ਪੂਰੀ ਹੋਵੇ: “ਉਹ* ਨਾਸਰੀ* ਕਹਾਵੇਗਾ।”+

3 ਉਨ੍ਹੀਂ ਦਿਨੀਂ ਯੂਹੰਨਾ+ ਬਪਤਿਸਮਾ ਦੇਣ ਵਾਲਾ ਯਹੂਦਿਯਾ ਦੀ ਉਜਾੜ ਵਿਚ ਆ ਕੇ ਪ੍ਰਚਾਰ ਕਰਦੇ ਹੋਏ+ 2 ਲੋਕਾਂ ਨੂੰ ਕਹਿਣ ਲੱਗਾ: “ਤੋਬਾ ਕਰੋ ਕਿਉਂਕਿ ਸਵਰਗ ਦਾ ਰਾਜ ਨੇੜੇ ਆ ਗਿਆ ਹੈ।”+ 3 ਇਸੇ ਯੂਹੰਨਾ ਬਾਰੇ ਯਸਾਯਾਹ ਨਬੀ+ ਨੇ ਇਹ ਸ਼ਬਦ ਕਹੇ ਸਨ: “ਸੁਣੋ! ਉਜਾੜ ਵਿਚ ਕੋਈ ਉੱਚੀ ਆਵਾਜ਼ ਵਿਚ ਕਹਿ ਰਿਹਾ ਹੈ: ‘ਯਹੋਵਾਹ* ਦਾ ਰਸਤਾ ਤਿਆਰ ਕਰੋ! ਉਸ ਦੇ ਰਾਹਾਂ ਨੂੰ ਸਿੱਧਾ ਕਰੋ।’”+ 4 ਯੂਹੰਨਾ ਨੇ ਊਠ ਦੇ ਵਾਲ਼ਾਂ ਦਾ ਬਣਿਆ ਚੋਗਾ ਪਾਇਆ ਹੋਇਆ ਸੀ ਅਤੇ ਉਸ ਦੇ ਲੱਕ ਦੁਆਲੇ ਚਮੜੇ ਦਾ ਕਮਰਬੰਦ ਬੱਝਾ ਸੀ;+ ਉਹ ਟਿੱਡੀਆਂ ਅਤੇ ਜੰਗਲੀ ਸ਼ਹਿਦ ਖਾਂਦਾ ਹੁੰਦਾ ਸੀ।+ 5 ਫਿਰ ਯਰੂਸ਼ਲਮ ਅਤੇ ਸਾਰੇ ਯਹੂਦਿਯਾ ਅਤੇ ਯਰਦਨ ਦਰਿਆ ਦੇ ਆਲੇ-ਦੁਆਲੇ ਦੇ ਸਾਰੇ ਇਲਾਕਿਆਂ ਤੋਂ ਲੋਕ ਯੂਹੰਨਾ ਕੋਲ ਆ ਰਹੇ ਸਨ+ 6 ਅਤੇ ਉਨ੍ਹਾਂ ਨੇ ਆਪਣੇ ਪਾਪ ਖੁੱਲ੍ਹ ਕੇ ਕਬੂਲ ਕੀਤੇ ਅਤੇ ਯਰਦਨ ਦਰਿਆ ਵਿਚ ਉਸ ਤੋਂ ਬਪਤਿਸਮਾ ਲਿਆ।*+

7 ਜਦੋਂ ਉਸ ਨੇ ਕਈ ਫ਼ਰੀਸੀਆਂ ਅਤੇ ਸਦੂਕੀਆਂ+ ਨੂੰ ਬਪਤਿਸਮੇ ਵਾਲੀ ਜਗ੍ਹਾ ਆਉਂਦੇ ਦੇਖਿਆ, ਤਾਂ ਉਸ ਨੇ ਉਨ੍ਹਾਂ ਨੂੰ ਕਿਹਾ: “ਹੇ ਸੱਪਾਂ ਦੇ ਬੱਚਿਓ,+ ਤੁਹਾਨੂੰ ਕਿਸ ਨੇ ਚੇਤਾਵਨੀ ਦਿੱਤੀ ਕਿ ਤੁਸੀਂ ਪਰਮੇਸ਼ੁਰ ਦੇ ਕਹਿਰ ਦੇ ਦਿਨ ਤੋਂ ਬਚ ਜਾਓਗੇ?+ 8 ਆਪਣੇ ਕੰਮਾਂ ਰਾਹੀਂ ਆਪਣੀ ਤੋਬਾ ਦਾ ਸਬੂਤ ਦਿਓ। 9 ਆਪਣੇ ਮਨਾਂ ਵਿਚ ਇਹ ਨਾ ਕਹੋ, ‘ਅਬਰਾਹਾਮ ਸਾਡਾ ਪਿਤਾ ਹੈ।’+ ਮੈਂ ਤੁਹਾਨੂੰ ਦੱਸਦਾ ਹਾਂ ਕਿ ਪਰਮੇਸ਼ੁਰ ਇਨ੍ਹਾਂ ਪੱਥਰਾਂ ਤੋਂ ਵੀ ਅਬਰਾਹਾਮ ਲਈ ਸੰਤਾਨ ਪੈਦਾ ਕਰ ਸਕਦਾ ਹੈ। 10 ਕੁਹਾੜਾ ਦਰਖ਼ਤਾਂ ਦੀਆਂ ਜੜ੍ਹਾਂ ਉੱਤੇ ਰੱਖਿਆ ਹੋਇਆ ਹੈ। ਜਿਹੜਾ ਵੀ ਦਰਖ਼ਤ ਵਧੀਆ ਫਲ ਨਹੀਂ ਦਿੰਦਾ, ਉਸ ਨੂੰ ਵੱਢ ਕੇ ਅੱਗ ਵਿਚ ਸੁੱਟ ਦਿੱਤਾ ਜਾਵੇਗਾ।+ 11 ਮੈਂ ਤਾਂ ਤੁਹਾਨੂੰ ਪਾਣੀ ਨਾਲ ਬਪਤਿਸਮਾ ਦਿੰਦਾ ਹਾਂ ਜਦ ਤੁਸੀਂ ਤੋਬਾ ਕਰਦੇ ਹੋ,+ ਪਰ ਜਿਹੜਾ ਮੇਰੇ ਤੋਂ ਬਾਅਦ ਆ ਰਿਹਾ ਹੈ, ਉਸ ਕੋਲ ਮੇਰੇ ਨਾਲੋਂ ਜ਼ਿਆਦਾ ਅਧਿਕਾਰ ਹੈ ਅਤੇ ਮੈਂ ਤਾਂ ਉਸ ਦੀ ਜੁੱਤੀ ਲਾਹੁਣ ਦੇ ਵੀ ਕਾਬਲ ਨਹੀਂ ਹਾਂ।+ ਉਹ ਤੁਹਾਨੂੰ ਪਵਿੱਤਰ ਸ਼ਕਤੀ+ ਅਤੇ ਅੱਗ ਨਾਲ ਬਪਤਿਸਮਾ ਦੇਵੇਗਾ।+ 12 ਉਸ ਦੀ ਤੰਗਲੀ ਉਸ ਦੇ ਹੱਥ ਵਿਚ ਹੈ ਅਤੇ ਉਹ ਪਿੜ* ਨੂੰ ਚੰਗੀ ਤਰ੍ਹਾਂ ਸਾਫ਼ ਕਰੇਗਾ ਅਤੇ ਆਪਣੀ ਕਣਕ ਨੂੰ ਕੋਠੀ ਵਿਚ ਸਾਂਭੇਗਾ ਤੇ ਤੂੜੀ ਨੂੰ ਅੱਗ ਲਾ ਦੇਵੇਗਾ+ ਜਿਸ ਨੂੰ ਬੁਝਾਇਆ ਨਹੀਂ ਜਾ ਸਕਦਾ।”

13 ਫਿਰ ਗਲੀਲ ਤੋਂ ਯਿਸੂ ਬਪਤਿਸਮਾ ਲੈਣ ਯੂਹੰਨਾ ਕੋਲ ਯਰਦਨ ਦਰਿਆ ʼਤੇ ਆਇਆ।+ 14 ਪਰ ਯੂਹੰਨਾ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕਰਦਿਆਂ ਕਿਹਾ: “ਮੈਨੂੰ ਤਾਂ ਤੇਰੇ ਤੋਂ ਬਪਤਿਸਮਾ ਲੈਣ ਦੀ ਲੋੜ ਹੈ ਤੇ ਤੂੰ ਮੇਰੇ ਤੋਂ ਬਪਤਿਸਮਾ ਲੈਣ ਆਇਆ ਹੈਂ?” 15 ਯਿਸੂ ਨੇ ਉਸ ਨੂੰ ਕਿਹਾ: “ਹੁਣ ਇਸੇ ਤਰ੍ਹਾਂ ਹੋਣ ਦੇ ਕਿਉਂਕਿ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਵਾਸਤੇ ਸਾਡੇ ਲਈ ਇਸ ਤਰ੍ਹਾਂ ਕਰਨਾ ਠੀਕ ਹੈ।” ਫਿਰ ਯੂਹੰਨਾ ਨੇ ਉਸ ਨੂੰ ਨਾ ਰੋਕਿਆ। 16 ਬਪਤਿਸਮਾ ਲੈਣ ਤੋਂ ਫ਼ੌਰਨ ਬਾਅਦ ਯਿਸੂ ਪਾਣੀ ਵਿੱਚੋਂ ਉੱਪਰ ਆਇਆ ਅਤੇ ਦੇਖੋ! ਆਕਾਸ਼ ਖੁੱਲ੍ਹ ਗਿਆ+ ਤੇ ਯੂਹੰਨਾ ਨੇ ਪਰਮੇਸ਼ੁਰ ਦੀ ਸ਼ਕਤੀ ਨੂੰ ਕਬੂਤਰ ਦੇ ਰੂਪ ਵਿਚ ਯਿਸੂ ਉੱਤੇ ਉੱਤਰਦਿਆਂ ਦੇਖਿਆ।+ 17 ਦੇਖੋ! ਸਵਰਗੋਂ ਇਕ ਆਵਾਜ਼ ਆਈ:+ “ਇਹ ਮੇਰਾ ਪਿਆਰਾ ਪੁੱਤਰ ਹੈ+ ਜਿਸ ਤੋਂ ਮੈਂ ਖ਼ੁਸ਼ ਹਾਂ।”+

4 ਫਿਰ ਪਵਿੱਤਰ ਸ਼ਕਤੀ ਨੇ ਯਿਸੂ ਨੂੰ ਉਜਾੜ ਵਿਚ ਜਾਣ ਲਈ ਪ੍ਰੇਰਿਆ ਜਿੱਥੇ ਸ਼ੈਤਾਨ ਨੇ ਉਸ ਦੀ ਪਰੀਖਿਆ ਲਈ।+ 2 ਯਿਸੂ ਨੂੰ 40 ਦਿਨ ਤੇ 40 ਰਾਤਾਂ ਵਰਤ ਰੱਖਣ ਤੋਂ ਬਾਅਦ ਭੁੱਖ ਲੱਗੀ। 3 ਉਦੋਂ ਸ਼ੈਤਾਨ ਉਸ ਨੂੰ ਭਰਮਾਉਣ+ ਆਇਆ ਤੇ ਕਹਿਣ ਲੱਗਾ: “ਜੇ ਤੂੰ ਪਰਮੇਸ਼ੁਰ ਦਾ ਪੁੱਤਰ ਹੈਂ, ਤਾਂ ਇਨ੍ਹਾਂ ਪੱਥਰਾਂ ਨੂੰ ਕਹਿ ਕਿ ਇਹ ਰੋਟੀਆਂ ਬਣ ਜਾਣ।” 4 ਪਰ ਉਸ ਨੇ ਜਵਾਬ ਦਿੱਤਾ: “ਇਹ ਲਿਖਿਆ ਹੈ: ‘ਇਨਸਾਨ ਨੂੰ ਜੀਉਂਦਾ ਰਹਿਣ ਵਾਸਤੇ ਸਿਰਫ਼ ਰੋਟੀ ਦੀ ਹੀ ਲੋੜ ਨਹੀਂ, ਸਗੋਂ ਯਹੋਵਾਹ* ਦੇ ਮੂੰਹੋਂ ਨਿਕਲੇ ਹਰ ਬਚਨ ਦੀ ਲੋੜ ਹੈ।’”+

5 ਇਸ ਤੋਂ ਬਾਅਦ, ਸ਼ੈਤਾਨ ਉਸ ਨੂੰ ਪਵਿੱਤਰ ਸ਼ਹਿਰ+ ਵਿਚ ਲੈ ਗਿਆ ਅਤੇ ਉਸ ਨੂੰ ਮੰਦਰ ਦੀ ਇਕ ਬਹੁਤ ਉੱਚੀ ਕੰਧ* ਉੱਤੇ ਖੜ੍ਹਾ ਕਰ ਕੇ+ 6 ਕਿਹਾ: “ਜੇ ਤੂੰ ਪਰਮੇਸ਼ੁਰ ਦਾ ਪੁੱਤਰ ਹੈਂ, ਤਾਂ ਇੱਥੋਂ ਥੱਲੇ ਛਾਲ ਮਾਰ ਦੇ ਕਿਉਂਕਿ ਇਹ ਲਿਖਿਆ ਹੈ: ‘ਉਹ ਆਪਣੇ ਦੂਤਾਂ ਨੂੰ ਤੇਰੇ ਲਈ ਹੁਕਮ ਦੇਵੇਗਾ’ ਅਤੇ ‘ਉਹ ਤੈਨੂੰ ਆਪਣੇ ਹੱਥਾਂ ʼਤੇ ਚੁੱਕ ਲੈਣਗੇ ਤਾਂਕਿ ਪੱਥਰ ਵਿਚ ਵੱਜ ਕੇ ਤੇਰੇ ਪੈਰ ʼਤੇ ਸੱਟ ਨਾ ਲੱਗੇ।’”+ 7 ਯਿਸੂ ਨੇ ਉਸ ਨੂੰ ਕਿਹਾ: “ਇਹ ਵੀ ਲਿਖਿਆ ਹੈ: ‘ਤੂੰ ਆਪਣੇ ਪਰਮੇਸ਼ੁਰ ਯਹੋਵਾਹ* ਨੂੰ ਨਾ ਪਰਖ।’”+

8 ਫਿਰ ਸ਼ੈਤਾਨ ਉਸ ਨੂੰ ਆਪਣੇ ਨਾਲ ਬਹੁਤ ਹੀ ਉੱਚੇ ਪਹਾੜ ਉੱਤੇ ਲੈ ਗਿਆ ਅਤੇ ਉਸ ਨੂੰ ਦੁਨੀਆਂ ਦੀਆਂ ਸਾਰੀਆਂ ਬਾਦਸ਼ਾਹੀਆਂ ਅਤੇ ਉਨ੍ਹਾਂ ਦੀ ਸ਼ਾਨੋ-ਸ਼ੌਕਤ ਦਿਖਾਈ।+ 9 ਇਸ ਤੋਂ ਬਾਅਦ ਸ਼ੈਤਾਨ ਨੇ ਉਸ ਨੂੰ ਕਿਹਾ: “ਜੇ ਤੂੰ ਮੈਨੂੰ ਸਿਰਫ਼ ਇਕ ਵਾਰ ਮੱਥਾ ਟੇਕੇਂ, ਤਾਂ ਮੈਂ ਇਹ ਸਭ ਕੁਝ ਤੈਨੂੰ ਦੇ ਦਿਆਂਗਾ।” 10 ਪਰ ਯਿਸੂ ਨੇ ਉਸ ਨੂੰ ਕਿਹਾ: “ਹੇ ਸ਼ੈਤਾਨ, ਮੇਰੇ ਤੋਂ ਦੂਰ ਹੋ ਜਾ ਕਿਉਂਕਿ ਇਹ ਲਿਖਿਆ ਹੈ: ‘ਤੂੰ ਸਿਰਫ਼ ਆਪਣੇ ਪਰਮੇਸ਼ੁਰ ਯਹੋਵਾਹ* ਨੂੰ ਮੱਥਾ ਟੇਕ+ ਅਤੇ ਉਸੇ ਇਕੱਲੇ ਦੀ ਹੀ ਭਗਤੀ* ਕਰ।’”+ 11 ਫਿਰ ਸ਼ੈਤਾਨ ਉਸ ਨੂੰ ਛੱਡ ਕੇ ਚਲਾ ਗਿਆ+ ਅਤੇ ਦੇਖੋ! ਦੂਤ ਆ ਕੇ ਉਸ ਦੀ ਸੇਵਾ ਕਰਨ ਲੱਗ ਪਏ।+

12 ਜਦੋਂ ਯਿਸੂ ਨੇ ਸੁਣਿਆ ਕਿ ਯੂਹੰਨਾ ਨੂੰ ਗਿਰਫ਼ਤਾਰ ਕਰ ਲਿਆ ਗਿਆ ਸੀ,+ ਤਾਂ ਉਹ ਗਲੀਲ ਨੂੰ ਚਲਾ ਗਿਆ।+ 13 ਫਿਰ ਉਹ ਨਾਸਰਤ ਛੱਡ ਕੇ ਕਫ਼ਰਨਾਹੂਮ+ ਵਿਚ ਰਹਿਣ ਲੱਗ ਪਿਆ ਜੋ ਜ਼ਬੂਲੁਨ ਤੇ ਨਫ਼ਤਾਲੀ ਦੇ ਇਲਾਕਿਆਂ ਵਿਚ ਪੈਂਦੀ ਝੀਲ ਦੇ ਕੰਢੇ ਉੱਤੇ ਹੈ 14 ਤਾਂਕਿ ਯਸਾਯਾਹ ਨਬੀ ਦੀ ਕਹੀ ਇਹ ਗੱਲ ਪੂਰੀ ਹੋਵੇ: 15 “ਹੇ ਗ਼ੈਰ-ਯਹੂਦੀਆਂ ਦੇ ਗਲੀਲ, ਹਾਂ, ਜ਼ਬੂਲੁਨ ਤੇ ਨਫ਼ਤਾਲੀ ਦੇ ਇਲਾਕੇ, ਜੋ ਸਮੁੰਦਰ ਦੇ ਰਾਹ ʼਤੇ ਅਤੇ ਯਰਦਨ ਦੇ ਦੂਸਰੇ ਪਾਸੇ ਹੈਂ! 16 ਹਨੇਰੇ ਵਿਚ ਬੈਠੇ ਲੋਕਾਂ ਨੇ ਵੱਡਾ ਚਾਨਣ ਦੇਖਿਆ ਤੇ ਮੌਤ ਦੇ ਸਾਏ ਹੇਠ ਬੈਠੇ ਲੋਕਾਂ ਉੱਤੇ ਚਾਨਣ+ ਹੋਇਆ।”+ 17 ਉਸ ਸਮੇਂ ਤੋਂ ਯਿਸੂ ਨੇ ਇਹ ਪ੍ਰਚਾਰ ਕਰਨਾ ਸ਼ੁਰੂ ਕੀਤਾ: “ਤੋਬਾ ਕਰੋ ਕਿਉਂਕਿ ਸਵਰਗ ਦਾ ਰਾਜ ਨੇੜੇ ਆ ਗਿਆ ਹੈ।”+

18 ਗਲੀਲ ਦੀ ਝੀਲ ਦੇ ਕੰਢੇ ਉੱਤੇ ਤੁਰਦਿਆਂ ਉਸ ਨੇ ਦੋ ਮਛੇਰੇ+ ਭਰਾਵਾਂ ਨੂੰ ਪਾਣੀ ਵਿਚ ਜਾਲ਼ ਪਾਉਂਦਿਆਂ ਦੇਖਿਆ; ਇਕ ਦਾ ਨਾਂ ਸ਼ਮਊਨ ਉਰਫ਼ ਪਤਰਸ+ ਸੀ ਅਤੇ ਦੂਜੇ ਦਾ ਨਾਂ ਅੰਦ੍ਰਿਆਸ। 19 ਉਸ ਨੇ ਉਨ੍ਹਾਂ ਨੂੰ ਕਿਹਾ: “ਮੇਰੇ ਮਗਰ ਆਓ ਅਤੇ ਮੈਂ ਤੁਹਾਨੂੰ ਇਨਸਾਨਾਂ ਨੂੰ ਫੜਨਾ ਸਿਖਾਵਾਂਗਾ ਜਿਵੇਂ ਤੁਸੀਂ ਮੱਛੀਆਂ ਫੜਦੇ ਹੋ।”+ 20 ਉਹ ਉਸੇ ਵੇਲੇ ਆਪਣੇ ਜਾਲ਼ ਛੱਡ ਕੇ ਉਸ ਦੇ ਪਿੱਛੇ-ਪਿੱਛੇ ਤੁਰ* ਪਏ।+ 21 ਅੱਗੇ ਜਾ ਕੇ ਉਸ ਨੇ ਹੋਰ ਦੋ ਭਰਾਵਾਂ ਯਾਕੂਬ ਅਤੇ ਯੂਹੰਨਾ+ ਨੂੰ ਦੇਖਿਆ। ਉਹ ਆਪਣੇ ਪਿਤਾ ਜ਼ਬਦੀ ਨਾਲ ਕਿਸ਼ਤੀ ਵਿਚ ਆਪਣੇ ਜਾਲ਼ ਠੀਕ ਕਰ ਰਹੇ ਸਨ। ਉਸ ਨੇ ਉਨ੍ਹਾਂ ਨੂੰ ਬੁਲਾਇਆ।+ 22 ਉਹ ਉਸੇ ਵੇਲੇ ਕਿਸ਼ਤੀ ਅਤੇ ਆਪਣੇ ਪਿਤਾ ਨੂੰ ਛੱਡ ਕੇ ਉਸ ਦੇ ਪਿੱਛੇ-ਪਿੱਛੇ ਤੁਰ ਪਏ।

23 ਫਿਰ ਯਿਸੂ ਪੂਰੇ ਗਲੀਲ ਵਿਚ ਗਿਆ+ ਅਤੇ ਉਸ ਨੇ ਉਨ੍ਹਾਂ ਦੇ ਸਭਾ ਘਰਾਂ+ ਵਿਚ ਸਿੱਖਿਆ ਦਿੱਤੀ ਅਤੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ ਅਤੇ ਲੋਕਾਂ ਦੀ ਹਰ ਤਰ੍ਹਾਂ ਦੀ ਬੀਮਾਰੀ ਤੇ ਸਰੀਰ ਦੀ ਕਮਜ਼ੋਰੀ ਨੂੰ ਠੀਕ ਕੀਤਾ।+ 24 ਪੂਰੇ ਸੀਰੀਆ ਵਿਚ ਉਸ ਬਾਰੇ ਖ਼ਬਰ ਫੈਲ ਗਈ ਅਤੇ ਲੋਕ ਉਨ੍ਹਾਂ ਸਾਰਿਆਂ ਲੋਕਾਂ ਨੂੰ ਉਸ ਕੋਲ ਲੈ ਕੇ ਆਏ ਜੋ ਕਸ਼ਟ ਸਹਿ ਰਹੇ ਸਨ ਤੇ ਤਰ੍ਹਾਂ-ਤਰ੍ਹਾਂ ਦੀਆਂ ਬੀਮਾਰੀਆਂ ਤੋਂ ਦੁਖੀ ਸਨ,+ ਜਿਨ੍ਹਾਂ ਨੂੰ ਦੁਸ਼ਟ ਦੂਤ ਚਿੰਬੜੇ ਹੋਏ ਸਨ+ ਅਤੇ ਜਿਹੜੇ ਮਿਰਗੀ+ ਦੇ ਰੋਗੀ ਤੇ ਅਧਰੰਗੀ ਸਨ। ਉਸ ਨੇ ਉਨ੍ਹਾਂ ਸਾਰਿਆਂ ਨੂੰ ਠੀਕ ਕੀਤਾ। 25 ਇਸ ਕਰਕੇ ਗਲੀਲ, ਦਿਕਾਪੁਲਿਸ,* ਯਰੂਸ਼ਲਮ ਤੇ ਯਹੂਦਿਯਾ ਤੋਂ ਅਤੇ ਯਰਦਨ ਦਰਿਆ ਦੇ ਦੂਜੇ ਪਾਸਿਓਂ ਭੀੜਾਂ ਦੀਆਂ ਭੀੜਾਂ ਉਸ ਦੇ ਮਗਰ-ਮਗਰ ਤੁਰ ਪਈਆਂ।

5 ਜਦ ਉਸ ਨੇ ਲੋਕਾਂ ਦੀਆਂ ਭੀੜਾਂ ਦੇਖੀਆਂ, ਤਾਂ ਉਹ ਪਹਾੜ ʼਤੇ ਚਲਾ ਗਿਆ; ਉਸ ਦੇ ਬੈਠਣ ਤੋਂ ਬਾਅਦ ਉਸ ਦੇ ਚੇਲੇ ਉਸ ਕੋਲ ਆਏ। 2 ਫਿਰ ਉਹ ਉਨ੍ਹਾਂ ਨੂੰ ਸਿੱਖਿਆ ਦੇਣ ਲੱਗਾ:

3 “ਖ਼ੁਸ਼ ਹਨ ਜਿਹੜੇ ਪਰਮੇਸ਼ੁਰ ਦੀ ਅਗਵਾਈ ਲਈ ਤਰਸਦੇ ਹਨ*+ ਕਿਉਂਕਿ ਸਵਰਗ ਦਾ ਰਾਜ ਉਨ੍ਹਾਂ ਦਾ ਹੈ।

4 “ਖ਼ੁਸ਼ ਹਨ ਜਿਹੜੇ ਸੋਗ ਮਨਾਉਂਦੇ ਹਨ ਕਿਉਂਕਿ ਉਨ੍ਹਾਂ ਨੂੰ ਦਿਲਾਸਾ ਦਿੱਤਾ ਜਾਵੇਗਾ।+

5 “ਖ਼ੁਸ਼ ਹਨ ਨਰਮ ਸੁਭਾਅ ਵਾਲੇ+ ਕਿਉਂਕਿ ਉਹ ਧਰਤੀ ਦੇ ਵਾਰਸ ਹੋਣਗੇ।+

6 “ਖ਼ੁਸ਼ ਹਨ ਜਿਹੜੇ ਇਨਸਾਫ਼ ਦੇ ਭੁੱਖੇ ਅਤੇ ਪਿਆਸੇ ਹਨ*+ ਕਿਉਂਕਿ ਉਨ੍ਹਾਂ ਨੂੰ ਰਜਾਇਆ ਜਾਵੇਗਾ।+

7 “ਖ਼ੁਸ਼ ਹਨ ਦਇਆਵਾਨ+ ਕਿਉਂਕਿ ਉਨ੍ਹਾਂ ਉੱਤੇ ਦਇਆ ਕੀਤੀ ਜਾਵੇਗੀ।

8 “ਖ਼ੁਸ਼ ਹਨ ਸਾਫ਼ ਦਿਲ ਵਾਲੇ+ ਕਿਉਂਕਿ ਉਹ ਪਰਮੇਸ਼ੁਰ ਨੂੰ ਦੇਖਣਗੇ।

9 “ਖ਼ੁਸ਼ ਹਨ ਸ਼ਾਂਤੀ ਕਾਇਮ ਕਰਨ ਵਾਲੇ*+ ਕਿਉਂਕਿ ਉਹ ਪਰਮੇਸ਼ੁਰ ਦੇ ਪੁੱਤਰ ਕਹਾਉਣਗੇ।

10 “ਖ਼ੁਸ਼ ਹਨ ਜਿਹੜੇ ਸਹੀ ਕੰਮ ਕਰਨ ਕਰਕੇ ਸਤਾਏ ਜਾਂਦੇ ਹਨ+ ਕਿਉਂਕਿ ਸਵਰਗ ਦਾ ਰਾਜ ਉਨ੍ਹਾਂ ਦਾ ਹੈ।

11 “ਖ਼ੁਸ਼ ਹੋ ਤੁਸੀਂ ਜਦ ਲੋਕ ਇਸ ਕਰਕੇ ਤੁਹਾਡੀ ਬੇਇੱਜ਼ਤੀ ਕਰਦੇ ਹਨ+ ਅਤੇ ਤੁਹਾਡੇ ʼਤੇ ਅਤਿਆਚਾਰ ਕਰਦੇ ਹਨ+ ਅਤੇ ਤੁਹਾਡੇ ਵਿਰੁੱਧ ਬੁਰੀਆਂ ਤੇ ਝੂਠੀਆਂ ਗੱਲਾਂ ਕਹਿੰਦੇ ਹਨ ਕਿਉਂਕਿ ਤੁਸੀਂ ਮੇਰੇ ਚੇਲੇ ਹੋ।+ 12 ਆਨੰਦ ਮਨਾਓ ਤੇ ਖ਼ੁਸ਼ ਹੋਵੋ+ ਕਿਉਂਕਿ ਸਵਰਗ ਵਿਚ ਤੁਹਾਨੂੰ ਵੱਡਾ ਇਨਾਮ+ ਮਿਲੇਗਾ, ਕਿਉਂਜੋ ਤੁਹਾਡੇ ਤੋਂ ਪਹਿਲਾਂ ਉਨ੍ਹਾਂ ਨੇ ਨਬੀਆਂ ਨੂੰ ਵੀ ਇਸੇ ਤਰ੍ਹਾਂ ਸਤਾਇਆ ਸੀ।+

13 “ਤੁਸੀਂ ਧਰਤੀ ਦਾ ਲੂਣ+ ਹੋ। ਪਰ ਜੇ ਲੂਣ ਹੀ ਆਪਣਾ ਸੁਆਦ ਗੁਆ ਬੈਠੇ, ਤਾਂ ਫਿਰ ਇਸ ਨੂੰ ਦੁਬਾਰਾ ਕਿਵੇਂ ਸਲੂਣਾ ਕੀਤਾ ਜਾਵੇਗਾ? ਇਹ ਕਿਸੇ ਕੰਮ ਦਾ ਨਹੀਂ ਰਹਿੰਦਾ, ਇਹ ਬਾਹਰ ਸੁੱਟੇ+ ਜਾਣ ਤੇ ਇਨਸਾਨਾਂ ਦੇ ਪੈਰਾਂ ਹੇਠ ਮਿੱਧੇ ਜਾਣ ਦੇ ਲਾਇਕ ਹੁੰਦਾ ਹੈ।

14 “ਤੁਸੀਂ ਦੁਨੀਆਂ ਦਾ ਚਾਨਣ ਹੋ।+ ਪਹਾੜ ਉੱਤੇ ਵੱਸਿਆ ਸ਼ਹਿਰ ਲੁਕਿਆ ਨਹੀਂ ਰਹਿ ਸਕਦਾ। 15 ਲੋਕ ਦੀਵਾ ਬਾਲ਼ ਕੇ ਟੋਕਰੀ ਹੇਠਾਂ ਨਹੀਂ ਰੱਖਦੇ, ਸਗੋਂ ਉਸ ਨੂੰ ਉੱਚੀ ਜਗ੍ਹਾ ਰੱਖਦੇ ਹਨ ਅਤੇ ਉਹ ਘਰ ਵਿਚ ਸਾਰਿਆਂ ਨੂੰ ਚਾਨਣ ਦਿੰਦਾ ਹੈ।+ 16 ਇਸੇ ਤਰ੍ਹਾਂ ਤੁਸੀਂ ਵੀ ਆਪਣਾ ਚਾਨਣ ਲੋਕਾਂ ਸਾਮ੍ਹਣੇ ਚਮਕਾਓ+ ਤਾਂਕਿ ਉਹ ਤੁਹਾਡੇ ਚੰਗੇ ਕੰਮ+ ਦੇਖ ਕੇ ਤੁਹਾਡੇ ਪਿਤਾ ਦੀ, ਜੋ ਸਵਰਗ ਵਿਚ ਹੈ, ਵਡਿਆਈ ਕਰਨ।+

17 “ਇਹ ਨਾ ਸੋਚੋ ਕਿ ਮੈਂ ਮੂਸਾ ਦੇ ਕਾਨੂੰਨ ਜਾਂ ਨਬੀਆਂ ਦੀਆਂ ਗੱਲਾਂ ਨੂੰ ਰੱਦ ਕਰਨ ਆਇਆ ਹਾਂ। ਮੈਂ ਉਨ੍ਹਾਂ ਨੂੰ ਰੱਦ ਕਰਨ ਨਹੀਂ, ਸਗੋਂ ਪੂਰਾ ਕਰਨ ਆਇਆ ਹਾਂ।+ 18 ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਆਕਾਸ਼ ਅਤੇ ਧਰਤੀ ਤਾਂ ਮਿਟ ਸਕਦੇ ਹਨ, ਪਰ ਮੂਸਾ ਦੇ ਕਾਨੂੰਨ ਦਾ ਇਕ ਵੀ ਅੱਖਰ ਜਾਂ ਬਿੰਦੀ ਉਦੋਂ ਤਕ ਨਹੀਂ ਮਿਟੇਗੀ, ਜਦੋਂ ਤਕ ਉਸ ਵਿਚ ਲਿਖੀਆਂ ਸਾਰੀਆਂ ਗੱਲਾਂ ਪੂਰੀਆਂ ਨਾ ਹੋ ਜਾਣ।+ 19 ਇਸ ਲਈ ਜੇ ਕੋਈ ਕਾਨੂੰਨ ਦੇ ਛੋਟੇ ਤੋਂ ਛੋਟੇ ਹੁਕਮ ਨੂੰ ਤੋੜਦਾ ਹੈ ਅਤੇ ਹੋਰਨਾਂ ਨੂੰ ਵੀ ਇਸ ਤਰ੍ਹਾਂ ਕਰਨ ਦੀ ਸਿੱਖਿਆ ਦਿੰਦਾ ਹੈ, ਉਹ ਸਵਰਗ ਦੇ ਰਾਜ ਵਿਚ ਜਾਣ ਦੇ ਯੋਗ ਨਹੀਂ ਹੋਵੇਗਾ। ਇਸੇ ਤਰ੍ਹਾਂ ਜੇ ਕੋਈ ਇਸ ਦੇ ਹੁਕਮ ਮੰਨਦਾ ਹੈ ਅਤੇ ਹੋਰਨਾਂ ਨੂੰ ਵੀ ਇਸ ਤਰ੍ਹਾਂ ਕਰਨ ਦੀ ਸਿੱਖਿਆ ਦਿੰਦਾ ਹੈ, ਉਹ ਸਵਰਗ ਦੇ ਰਾਜ ਵਿਚ ਜਾਣ ਦੇ ਯੋਗ ਹੋਵੇਗਾ। 20 ਮੈਂ ਤੁਹਾਨੂੰ ਕਹਿੰਦਾ ਹਾਂ ਕਿ ਜੇ ਤੁਸੀਂ ਸੱਚੇ ਦਿਲੋਂ ਧਰਮੀ ਨਹੀਂ ਹੋ, ਤਾਂ ਤੁਸੀਂ ਗ੍ਰੰਥੀਆਂ ਅਤੇ ਫ਼ਰੀਸੀਆਂ+ ਵਰਗੇ ਹੋ ਅਤੇ ਤੁਸੀਂ ਸਵਰਗ ਦੇ ਰਾਜ ਵਿਚ ਹਰਗਿਜ਼ ਨਹੀਂ ਜਾਓਗੇ।+

21 “ਤੁਸੀਂ ਸੁਣਿਆ ਹੈ ਕਿ ਪੁਰਾਣੇ ਜ਼ਮਾਨੇ ਦੇ ਲੋਕਾਂ ਨੂੰ ਕਿਹਾ ਗਿਆ ਸੀ: ‘ਤੂੰ ਖ਼ੂਨ ਨਾ ਕਰ,+ ਜਿਹੜਾ ਖ਼ੂਨ ਕਰਦਾ ਹੈ, ਉਸ ਨੂੰ ਅਦਾਲਤ ਵਿਚ ਦੋਸ਼ੀ ਠਹਿਰਾਇਆ ਜਾਵੇਗਾ।’+ 22 ਪਰ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਜੇ ਕੋਈ ਆਪਣੇ ਭਰਾ ਦੇ ਖ਼ਿਲਾਫ਼ ਗੁੱਸੇ+ ਨਾਲ ਭਰਿਆ ਰਹਿੰਦਾ ਹੈ, ਉਸ ਨੂੰ ਅਦਾਲਤ ਵਿਚ ਦੋਸ਼ੀ ਠਹਿਰਾਇਆ ਜਾਵੇਗਾ ਅਤੇ ਜੇ ਕੋਈ ਬੁਰਾ-ਭਲਾ ਕਹਿ ਕੇ ਆਪਣੇ ਭਰਾ ਦੀ ਬੇਇੱਜ਼ਤੀ ਕਰਦਾ ਹੈ, ਉਸ ਨੂੰ ਸਰਬ-ਉੱਚ ਅਦਾਲਤ ਵਿਚ ਦੋਸ਼ੀ ਠਹਿਰਾਇਆ ਜਾਵੇਗਾ, ਪਰ ਜੇ ਕੋਈ ਆਪਣੇ ਭਰਾ ਨੂੰ ਕਹਿੰਦਾ ਹੈ, ‘ਓਏ ਨਿਕੰਮਿਆ ਅਤੇ ਮੂਰਖਾ!’ ਉਹ ‘ਗ਼ਹੈਨਾ’* ਦੀ ਅੱਗ ਵਿਚ ਸੁੱਟੇ ਜਾਣ ਦੇ ਲਾਇਕ ਹੋਵੇਗਾ।+

23 “ਇਸ ਲਈ ਜੇ ਤੂੰ ਵੇਦੀ ਉੱਤੇ ਚੜ੍ਹਾਵਾ ਚੜ੍ਹਾਉਣ ਆਇਆ ਹੈਂ+ ਤੇ ਉੱਥੇ ਤੈਨੂੰ ਚੇਤੇ ਆਉਂਦਾ ਹੈ ਕਿ ਤੇਰਾ ਭਰਾ ਕਿਸੇ ਗੱਲੋਂ ਤੇਰੇ ਨਾਲ ਨਾਰਾਜ਼ ਹੈ, 24 ਤਾਂ ਤੂੰ ਆਪਣਾ ਚੜ੍ਹਾਵਾ ਵੇਦੀ ਦੇ ਸਾਮ੍ਹਣੇ ਰੱਖ ਅਤੇ ਪਹਿਲਾਂ ਜਾ ਕੇ ਆਪਣੇ ਭਰਾ ਨਾਲ ਸੁਲ੍ਹਾ ਕਰ ਤੇ ਫਿਰ ਆ ਕੇ ਆਪਣਾ ਚੜ੍ਹਾਵਾ ਚੜ੍ਹਾ।+

25 “ਜੇ ਕਿਸੇ ਨੇ ਤੇਰੇ ਉੱਤੇ ਮੁਕੱਦਮਾ ਕੀਤਾ ਹੈ, ਤਾਂ ਅਦਾਲਤ ਨੂੰ ਜਾਂਦਿਆਂ ਰਾਹ ਵਿਚ ਹੀ ਤੂੰ ਜਲਦੀ ਤੋਂ ਜਲਦੀ ਉਸ ਨਾਲ ਸਮਝੌਤਾ ਕਰ ਲੈ। ਕਿਤੇ ਇੱਦਾਂ ਨਾ ਹੋਵੇ ਕਿ ਦੋਸ਼ ਲਾਉਣ ਵਾਲਾ ਤੈਨੂੰ ਜੱਜ ਦੇ ਹਵਾਲੇ ਕਰ ਦੇਵੇ ਤੇ ਜੱਜ ਸਿਪਾਹੀ ਦੇ ਹਵਾਲੇ ਕਰ ਦੇਵੇ ਅਤੇ ਤੈਨੂੰ ਕੈਦ ਵਿਚ ਸੁੱਟਿਆ ਜਾਵੇ।+ 26 ਮੈਂ ਤੈਨੂੰ ਸੱਚ ਕਹਿੰਦਾ ਹਾਂ: ਜਦ ਤਕ ਤੂੰ ਇਕ-ਇਕ ਪੈਸਾ* ਨਹੀਂ ਮੋੜ ਦਿੰਦਾ, ਉਦੋਂ ਤਕ ਤੈਨੂੰ ਕੈਦ ਵਿੱਚੋਂ ਰਿਹਾ ਨਹੀਂ ਕੀਤਾ ਜਾਵੇਗਾ।

27 “ਤੁਸੀਂ ਸੁਣਿਆ ਹੈ ਕਿ ਇਹ ਕਿਹਾ ਗਿਆ ਸੀ: ‘ਤੂੰ ਹਰਾਮਕਾਰੀ ਨਾ ਕਰ।’+ 28 ਪਰ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਜੇ ਕੋਈ ਕਿਸੇ ਔਰਤ ਵੱਲ ਗੰਦੀ ਨਜ਼ਰ ਨਾਲ ਦੇਖਦਾ ਰਹਿੰਦਾ ਹੈ,+ ਤਾਂ ਉਹ ਉਸ ਨਾਲ ਆਪਣੇ ਦਿਲ ਵਿਚ ਹਰਾਮਕਾਰੀ ਕਰ ਚੁੱਕਾ ਹੈ।+ 29 ਤਾਂ ਫਿਰ, ਜੇ ਤੇਰੀ ਸੱਜੀ ਅੱਖ ਤੇਰੇ ਤੋਂ ਪਾਪ ਕਰਵਾ ਰਹੀ ਹੈ,* ਤਾਂ ਉਸ ਨੂੰ ਕੱਢ ਕੇ ਆਪਣੇ ਤੋਂ ਦੂਰ ਸੁੱਟ ਦੇ+ ਕਿਉਂਕਿ ਤੇਰੇ ਲਈ ਇਹ ਚੰਗਾ ਹੈ ਕਿ ਤੇਰਾ ਇਕ ਅੰਗ ਨਾ ਰਹੇ, ਬਜਾਇ ਇਸ ਦੇ ਕਿ ਤੇਰਾ ਸਾਰਾ ਸਰੀਰ ‘ਗ਼ਹੈਨਾ’* ਵਿਚ ਸੁੱਟਿਆ ਜਾਵੇ।+ 30 ਨਾਲੇ ਜੇ ਤੇਰਾ ਸੱਜਾ ਹੱਥ ਤੇਰੇ ਤੋਂ ਪਾਪ ਕਰਵਾ ਰਿਹਾ ਹੈ, ਤਾਂ ਉਸ ਨੂੰ ਵੱਢ ਕੇ ਆਪਣੇ ਤੋਂ ਦੂਰ ਸੁੱਟ ਦੇ।+ ਕਿਉਂਕਿ ਤੇਰੇ ਲਈ ਇਹ ਚੰਗਾ ਹੈ ਕਿ ਤੇਰਾ ਇਕ ਅੰਗ ਨਾ ਰਹੇ, ਬਜਾਇ ਇਸ ਦੇ ਕਿ ਤੇਰਾ ਸਾਰਾ ਸਰੀਰ ‘ਗ਼ਹੈਨਾ’* ਵਿਚ ਜਾਵੇ।+

31 “ਇਹ ਵੀ ਕਿਹਾ ਗਿਆ ਸੀ: ‘ਜੇ ਕੋਈ ਆਪਣੀ ਪਤਨੀ ਨੂੰ ਤਲਾਕ ਦਿੰਦਾ ਹੈ, ਤਾਂ ਉਹ ਉਸ ਨੂੰ ਤਲਾਕਨਾਮਾ ਲਿਖ ਕੇ ਦੇਵੇ।’+ 32 ਪਰ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਜੇ ਕੋਈ ਆਦਮੀ ਆਪਣੀ ਪਤਨੀ ਨੂੰ ਹਰਾਮਕਾਰੀ* ਤੋਂ ਸਿਵਾਇ ਕਿਸੇ ਹੋਰ ਕਾਰਨ ਕਰਕੇ ਤਲਾਕ ਦਿੰਦਾ ਹੈ, ਤਾਂ ਉਹ ਉਸ ਨੂੰ ਹਰਾਮਕਾਰੀ ਕਰਨ ਦੇ ਖ਼ਤਰੇ ਵਿਚ ਪਾਉਂਦਾ ਹੈ ਅਤੇ ਜੋ ਆਦਮੀ ਅਜਿਹੀ ਤਲਾਕਸ਼ੁਦਾ ਤੀਵੀਂ ਨਾਲ ਵਿਆਹ ਕਰਾਉਂਦਾ ਹੈ, ਉਹ ਹਰਾਮਕਾਰੀ ਕਰਦਾ ਹੈ।+

33 “ਤੁਸੀਂ ਇਹ ਵੀ ਸੁਣਿਆ ਹੈ ਕਿ ਪੁਰਾਣੇ ਜ਼ਮਾਨੇ ਦੇ ਲੋਕਾਂ ਨੂੰ ਇਹ ਕਿਹਾ ਗਿਆ ਸੀ: ‘ਤੂੰ ਸਹੁੰ ਖਾ ਕੇ ਮੁੱਕਰ ਨਾ,+ ਸਗੋਂ ਯਹੋਵਾਹ* ਅੱਗੇ ਖਾਧੀਆਂ ਸਹੁੰਆਂ ਪੂਰੀਆਂ ਕਰ।’+ 34 ਪਰ ਮੈਂ ਤੁਹਾਨੂੰ ਕਹਿੰਦਾ ਹਾਂ: ਕਦੀ ਸਹੁੰ ਨਾ ਖਾਓ,+ ਨਾ ਸਵਰਗ ਦੀ ਕਿਉਂਕਿ ਉਹ ਪਰਮੇਸ਼ੁਰ ਦਾ ਸਿੰਘਾਸਣ ਹੈ; 35 ਨਾ ਧਰਤੀ ਦੀ ਕਿਉਂਕਿ ਉਹ ਉਸ ਦੇ ਪੈਰ ਰੱਖਣ ਦੀ ਚੌਂਕੀ ਹੈ;+ ਨਾ ਯਰੂਸ਼ਲਮ ਦੀ ਕਿਉਂਕਿ ਉਹ ਮਹਾਰਾਜੇ ਦਾ ਸ਼ਹਿਰ ਹੈ।+ 36 ਆਪਣੇ ਸਿਰ ਦੀ ਸਹੁੰ ਨਾ ਖਾਹ ਕਿਉਂਕਿ ਤੂੰ ਆਪਣੇ ਸਿਰ ਦਾ ਇਕ ਵੀ ਵਾਲ਼ ਚਿੱਟਾ ਜਾਂ ਕਾਲਾ ਨਹੀਂ ਕਰ ਸਕਦਾ। 37 ਬੱਸ ਤੁਹਾਡੀ ‘ਹਾਂ’ ਦੀ ਹਾਂ ਅਤੇ ਤੁਹਾਡੀ ‘ਨਾਂਹ’ ਦੀ ਨਾਂਹ ਹੋਵੇ+ ਕਿਉਂਕਿ ਇਸ ਤੋਂ ਜ਼ਿਆਦਾ ਜੋ ਵੀ ਕਿਹਾ ਜਾਂਦਾ ਹੈ ਉਹ ਸ਼ੈਤਾਨ* ਵੱਲੋਂ ਹੁੰਦਾ ਹੈ।+

38 “ਤੁਸੀਂ ਸੁਣਿਆ ਹੈ ਕਿ ਇਹ ਕਿਹਾ ਗਿਆ ਸੀ: ‘ਅੱਖ ਦੇ ਬਦਲੇ ਅੱਖ ਅਤੇ ਦੰਦ ਦੇ ਬਦਲੇ ਦੰਦ।’+ 39 ਪਰ ਮੈਂ ਤੁਹਾਨੂੰ ਕਹਿੰਦਾ ਹਾਂ: ਦੁਸ਼ਟ ਇਨਸਾਨ ਦਾ ਵਿਰੋਧ ਨਾ ਕਰ, ਸਗੋਂ ਜੇ ਕੋਈ ਤੇਰੀ ਸੱਜੀ ਗੱਲ੍ਹ ʼਤੇ ਥੱਪੜ ਮਾਰਦਾ ਹੈ, ਤਾਂ ਦੂਜੀ ਵੀ ਉਸ ਵੱਲ ਕਰ ਦੇ।+ 40 ਅਤੇ ਜੇ ਕੋਈ ਤੇਰੇ ʼਤੇ ਮੁਕੱਦਮਾ ਕਰ ਕੇ ਤੇਰਾ ਕੁੜਤਾ ਲੈਣਾ ਚਾਹੁੰਦਾ ਹੈ, ਤਾਂ ਉਸ ਨੂੰ ਆਪਣੀ ਚਾਦਰ ਵੀ ਦੇ ਦੇ+ 41 ਅਤੇ ਜੇ ਕੋਈ ਅਧਿਕਾਰ ਰੱਖਣ ਵਾਲਾ ਆਪਣਾ ਕੰਮ ਕਰਾਉਣ ਵਾਸਤੇ ਤੈਨੂੰ ਆਪਣੇ ਨਾਲ ਇਕ ਕਿਲੋਮੀਟਰ* ਚੱਲਣ ਲਈ ਮਜਬੂਰ ਕਰਦਾ ਹੈ, ਤਾਂ ਤੂੰ ਉਸ ਨਾਲ ਦੋ ਕਿਲੋਮੀਟਰ ਚਲਾ ਜਾਹ। 42 ਜੇ ਕੋਈ ਤੇਰੇ ਤੋਂ ਕੁਝ ਮੰਗਦਾ ਹੈ, ਤਾਂ ਉਸ ਨੂੰ ਦੇ ਦੇ, ਅਤੇ ਜੇ ਕੋਈ ਤੇਰੇ ਤੋਂ ਉਧਾਰ ਮੰਗੇ,* ਤਾਂ ਉਸ ਨੂੰ ਇਨਕਾਰ ਨਾ ਕਰ।+

43 “ਤੁਸੀਂ ਸੁਣਿਆ ਹੈ ਕਿ ਇਹ ਕਿਹਾ ਗਿਆ ਸੀ: ‘ਤੂੰ ਆਪਣੇ ਗੁਆਂਢੀ ਨੂੰ ਪਿਆਰ ਕਰ+ ਅਤੇ ਆਪਣੇ ਦੁਸ਼ਮਣ ਨਾਲ ਵੈਰ ਰੱਖ।’ 44 ਪਰ ਮੈਂ ਤੁਹਾਨੂੰ ਕਹਿੰਦਾ ਹਾਂ: ਤੁਸੀਂ ਆਪਣੇ ਦੁਸ਼ਮਣਾਂ ਨਾਲ ਪਿਆਰ ਕਰਦੇ ਰਹੋ+ ਅਤੇ ਜੋ ਤੁਹਾਨੂੰ ਸਤਾਉਂਦੇ ਹਨ, ਉਨ੍ਹਾਂ ਲਈ ਪ੍ਰਾਰਥਨਾ ਕਰਦੇ ਰਹੋ+ 45 ਤਾਂਕਿ ਤੁਸੀਂ ਆਪਣੇ ਸਵਰਗੀ ਪਿਤਾ ਦੇ ਪੁੱਤਰ ਬਣੋ+ ਕਿਉਂਕਿ ਉਹ ਆਪਣਾ ਸੂਰਜ ਬੁਰਿਆਂ ਅਤੇ ਚੰਗਿਆਂ ਦੋਹਾਂ ʼਤੇ ਚਾੜ੍ਹਦਾ ਹੈ ਅਤੇ ਨੇਕ ਤੇ ਦੁਸ਼ਟ ਦੋਹਾਂ ʼਤੇ ਮੀਂਹ ਵਰ੍ਹਾਉਂਦਾ ਹੈ।+ 46 ਜੇ ਤੁਸੀਂ ਸਿਰਫ਼ ਉਨ੍ਹਾਂ ਨਾਲ ਹੀ ਪਿਆਰ ਕਰਦੇ ਹੋ ਜੋ ਤੁਹਾਡੇ ਨਾਲ ਪਿਆਰ ਕਰਦੇ ਹਨ, ਤਾਂ ਤੁਹਾਨੂੰ ਇਸ ਦਾ ਕੀ ਇਨਾਮ ਮਿਲੇਗਾ?+ ਕੀ ਟੈਕਸ ਵਸੂਲਣ ਵਾਲੇ ਵੀ ਇਸੇ ਤਰ੍ਹਾਂ ਨਹੀਂ ਕਰਦੇ? 47 ਅਤੇ ਜੇ ਤੁਸੀਂ ਸਿਰਫ਼ ਆਪਣੇ ਭਰਾਵਾਂ ਨੂੰ ਹੀ ਨਮਸਕਾਰ ਕਰਦੇ ਹੋ, ਤਾਂ ਤੁਸੀਂ ਕਿਹੜਾ ਵੱਡਾ ਕੰਮ ਕਰਦੇ ਹੋ? ਕੀ ਦੁਨੀਆਂ ਦੇ ਲੋਕ ਵੀ ਇਸੇ ਤਰ੍ਹਾਂ ਨਹੀਂ ਕਰਦੇ? 48 ਇਸ ਲਈ, ਤੁਸੀਂ ਮੁਕੰਮਲ* ਬਣੋ ਜਿਵੇਂ ਤੁਹਾਡਾ ਸਵਰਗੀ ਪਿਤਾ ਮੁਕੰਮਲ ਹੈ।+

6 “ਇਸ ਗੱਲ ਦਾ ਧਿਆਨ ਰੱਖੋ ਕਿ ਤੁਸੀਂ ਨੇਕ ਕੰਮ ਦਿਖਾਵੇ ਲਈ ਨਾ ਕਰੋ;+ ਨਹੀਂ ਤਾਂ ਤੁਹਾਡੇ ਪਿਤਾ ਤੋਂ, ਜੋ ਸਵਰਗ ਵਿਚ ਹੈ, ਤੁਹਾਨੂੰ ਕੋਈ ਫਲ ਨਹੀਂ ਮਿਲੇਗਾ। 2 ਇਸ ਲਈ, ਪੁੰਨ-ਦਾਨ* ਕਰਨ ਵੇਲੇ ਇਸ ਬਾਰੇ ਢੰਡੋਰਾ ਨਾ ਪਿੱਟੋ* ਕਿਉਂਕਿ ਪਖੰਡੀ ਸਭਾ ਘਰਾਂ ਅਤੇ ਗਲੀਆਂ ਵਿਚ ਇਸ ਤਰ੍ਹਾਂ ਕਰਦੇ ਹਨ ਤਾਂਕਿ ਲੋਕ ਉਨ੍ਹਾਂ ਦੀ ਵਾਹ-ਵਾਹ ਕਰਨ। ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਉਹ ਆਪਣਾ ਫਲ ਪਾ ਚੁੱਕੇ ਹਨ। 3 ਪਰ ਜਦੋਂ ਤੂੰ ਪੁੰਨ-ਦਾਨ ਕਰੇਂ, ਉਦੋਂ ਆਪਣੇ ਖੱਬੇ ਹੱਥ ਨੂੰ ਪਤਾ ਨਾ ਲੱਗਣ ਦੇ ਕਿ ਤੇਰਾ ਸੱਜਾ ਹੱਥ ਕੀ ਕਰ ਰਿਹਾ ਹੈ 4 ਤਾਂਕਿ ਤੇਰਾ ਦਾਨ ਗੁਪਤ ਰਹੇ। ਫਿਰ ਤੇਰਾ ਪਿਤਾ, ਜੋ ਸਵਰਗੋਂ ਸਭ ਕੁਝ ਦੇਖ ਸਕਦਾ ਹੈ, ਤੈਨੂੰ ਫਲ ਦੇਵੇਗਾ।+

5 “ਨਾਲੇ ਜਦ ਤੁਸੀਂ ਪ੍ਰਾਰਥਨਾ ਕਰਦੇ ਹੋ, ਤਾਂ ਪਖੰਡੀਆਂ ਵਾਂਗ ਨਾ ਕਰੋ+ ਕਿਉਂਕਿ ਉਹ ਲੋਕਾਂ ਨੂੰ ਦਿਖਾਉਣ ਲਈ ਸਭਾ ਘਰਾਂ ਅਤੇ ਚੌਂਕਾਂ ਵਿਚ ਖੜ੍ਹ ਕੇ ਪ੍ਰਾਰਥਨਾ ਕਰਨੀ ਪਸੰਦ ਕਰਦੇ ਹਨ।+ ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਉਹ ਆਪਣਾ ਫਲ ਪਾ ਚੁੱਕੇ ਹਨ। 6 ਪਰ ਜਦ ਤੂੰ ਪ੍ਰਾਰਥਨਾ ਕਰੇਂ, ਤਾਂ ਆਪਣੇ ਕਮਰੇ ਵਿਚ ਜਾਹ ਅਤੇ ਦਰਵਾਜ਼ਾ ਬੰਦ ਕਰ ਕੇ ਆਪਣੇ ਸਵਰਗੀ ਪਿਤਾ ਨੂੰ ਪ੍ਰਾਰਥਨਾ ਕਰ ਜਿਸ ਨੂੰ ਕੋਈ ਦੇਖ ਨਹੀਂ ਸਕਦਾ।*+ ਫਿਰ ਤੇਰਾ ਪਿਤਾ ਜੋ ਸਭ ਕੁਝ ਦੇਖਦਾ ਹੈ,* ਤੈਨੂੰ ਫਲ ਦੇਵੇਗਾ। 7 ਪ੍ਰਾਰਥਨਾ ਕਰਦੇ ਹੋਏ ਤੂੰ ਦੁਨੀਆਂ ਦੇ ਲੋਕਾਂ ਵਾਂਗ ਰਟੀਆਂ-ਰਟਾਈਆਂ ਗੱਲਾਂ ਨਾ ਕਹਿ ਕਿਉਂਕਿ ਉਹ ਸੋਚਦੇ ਹਨ ਕਿ ਜ਼ਿਆਦਾ ਬੋਲਣ ਕਰਕੇ ਉਨ੍ਹਾਂ ਦੀ ਸੁਣੀ ਜਾਵੇਗੀ। 8 ਇਸ ਲਈ ਤੁਸੀਂ ਉਨ੍ਹਾਂ ਵਰਗੇ ਨਾ ਬਣੋ ਕਿਉਂਕਿ ਤੁਹਾਡਾ ਪਿਤਾ ਤੁਹਾਡੇ ਮੰਗਣ ਤੋਂ ਪਹਿਲਾਂ ਹੀ ਜਾਣਦਾ ਹੈ ਕਿ ਤੁਹਾਨੂੰ ਕਿਨ੍ਹਾਂ ਚੀਜ਼ਾਂ ਦੀ ਲੋੜ ਹੈ।+

9 “ਤੁਸੀਂ ਇਸ ਤਰ੍ਹਾਂ ਪ੍ਰਾਰਥਨਾ ਕਰੋ:+

“‘ਹੇ ਸਾਡੇ ਪਿਤਾ ਜਿਹੜਾ ਸਵਰਗ ਵਿਚ ਹੈ, ਤੇਰਾ ਨਾਂ+ ਪਵਿੱਤਰ ਕੀਤਾ ਜਾਵੇ।*+ 10 ਤੇਰਾ ਰਾਜ+ ਆਵੇ। ਤੇਰੀ ਇੱਛਾ+ ਜਿਵੇਂ ਸਵਰਗ ਵਿਚ ਪੂਰੀ ਹੁੰਦੀ ਹੈ, ਉਵੇਂ ਹੀ ਧਰਤੀ ਉੱਤੇ ਪੂਰੀ ਹੋਵੇ।+ 11 ਸਾਨੂੰ ਅੱਜ ਦੀ ਰੋਟੀ ਅੱਜ ਦੇ;+ 12 ਸਾਡੇ ਪਾਪ* ਮਾਫ਼ ਕਰ, ਜਿਵੇਂ ਅਸੀਂ ਉਨ੍ਹਾਂ ਨੂੰ ਮਾਫ਼ ਕੀਤਾ ਹੈ ਜਿਨ੍ਹਾਂ ਨੇ ਸਾਡੇ ਖ਼ਿਲਾਫ਼ ਪਾਪ* ਕੀਤੇ ਹਨ।+ 13 ਸਾਨੂੰ ਪਰੀਖਿਆ ਵਿਚ ਨਾ ਪੈਣ ਦੇ+ ਤੇ ਸਾਨੂੰ ਸ਼ੈਤਾਨ* ਤੋਂ ਬਚਾ।’+

14 “ਜੇ ਤੁਸੀਂ ਦੂਸਰਿਆਂ ਦੀਆਂ ਗ਼ਲਤੀਆਂ ਮਾਫ਼ ਕਰੋਗੇ, ਤਾਂ ਤੁਹਾਡਾ ਸਵਰਗੀ ਪਿਤਾ ਵੀ ਤੁਹਾਨੂੰ ਮਾਫ਼ ਕਰੇਗਾ;+ 15 ਪਰ ਜੇ ਤੁਸੀਂ ਦੂਸਰਿਆਂ ਦੀਆਂ ਗ਼ਲਤੀਆਂ ਮਾਫ਼ ਨਹੀਂ ਕਰਦੇ, ਤਾਂ ਤੁਹਾਡਾ ਸਵਰਗੀ ਪਿਤਾ ਵੀ ਤੁਹਾਨੂੰ ਮਾਫ਼ ਨਹੀਂ ਕਰੇਗਾ।+

16 “ਜਦ ਤੁਸੀਂ ਵਰਤ ਰੱਖਦੇ ਹੋ,+ ਤਾਂ ਪਖੰਡੀਆਂ ਵਾਂਗ ਮੂੰਹ ਲਟਕਾਉਣਾ ਛੱਡ ਦਿਓ ਕਿਉਂਕਿ ਉਹ ਆਪਣਾ ਹੁਲੀਆ ਵਿਗਾੜ ਕੇ ਰੱਖਦੇ ਹਨ* ਤਾਂਕਿ ਲੋਕ ਦੇਖਣ ਕਿ ਉਨ੍ਹਾਂ ਨੇ ਵਰਤ ਰੱਖਿਆ ਹੈ।+ ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਉਹ ਆਪਣਾ ਫਲ ਪਾ ਚੁੱਕੇ ਹਨ। 17 ਪਰ ਜਦ ਤੂੰ ਵਰਤ ਰੱਖੇਂ, ਤਾਂ ਆਪਣੇ ਸਿਰ ਨੂੰ ਤੇਲ ਲਾ ਅਤੇ ਮੂੰਹ ਧੋ 18 ਤਾਂਕਿ ਤੂੰ ਇਨਸਾਨਾਂ ਨੂੰ ਨਹੀਂ, ਬਲਕਿ ਆਪਣੇ ਸਵਰਗੀ ਪਿਤਾ ਨੂੰ ਦਿਖਾਵੇਂ ਕਿ ਤੂੰ ਵਰਤ ਰੱਖਿਆ ਹੈ। ਫਿਰ ਤੇਰਾ ਪਿਤਾ ਜੋ ਸਵਰਗੋਂ ਸਭ ਕੁਝ ਦੇਖਦਾ ਹੈ,* ਤੈਨੂੰ ਫਲ ਦੇਵੇਗਾ।

19 “ਧਰਤੀ ਉੱਤੇ ਆਪਣੇ ਲਈ ਧਨ ਜੋੜਨਾ ਛੱਡ ਦਿਓ+ ਜਿੱਥੇ ਕੀੜਾ ਤੇ ਜੰਗਾਲ ਇਸ ਨੂੰ ਖਾ ਜਾਂਦੇ ਹਨ ਅਤੇ ਚੋਰ ਸੰਨ੍ਹ ਲਾ ਕੇ ਚੋਰੀ ਕਰਦੇ ਹਨ। 20 ਇਸ ਦੀ ਬਜਾਇ, ਸਵਰਗ ਵਿਚ ਆਪਣੇ ਲਈ ਧਨ ਜੋੜੋ+ ਜਿੱਥੇ ਨਾ ਕੀੜਾ ਤੇ ਨਾ ਜੰਗਾਲ ਇਸ ਨੂੰ ਖਾਂਦੇ ਹਨ+ ਅਤੇ ਨਾ ਹੀ ਚੋਰ ਸੰਨ੍ਹ ਲਾ ਕੇ ਚੋਰੀ ਕਰਦੇ ਹਨ। 21 ਕਿਉਂਕਿ ਜਿੱਥੇ ਤੇਰਾ ਧਨ ਹੈ ਉੱਥੇ ਹੀ ਤੇਰਾ ਮਨ ਹੈ।

22 “ਸਰੀਰ ਦਾ ਦੀਵਾ ਅੱਖ ਹੈ।+ ਇਸ ਲਈ ਜੇ ਤੇਰੀ ਅੱਖ ਇੱਕੋ ਨਿਸ਼ਾਨੇ ʼਤੇ ਟਿਕੀ ਹੋਈ ਹੈ,* ਤਾਂ ਤੇਰਾ ਸਾਰਾ ਸਰੀਰ ਰੌਸ਼ਨ ਹੋਵੇਗਾ। 23 ਪਰ ਜੇ ਤੇਰੀ ਅੱਖ ਲੋਭ ਨਾਲ ਭਰੀ ਹੋਈ ਹੈ,*+ ਤਾਂ ਤੇਰਾ ਸਾਰਾ ਸਰੀਰ ਹਨੇਰੇ ਵਿਚ ਹੋਵੇਗਾ। ਤੇਰੇ ਵਿਚ ਜੋ ਚਾਨਣ ਹੈ, ਜੇ ਉਹ ਸੱਚ-ਮੁੱਚ ਹਨੇਰਾ ਹੈ, ਤਾਂ ਇਹ ਕਿੰਨਾ ਘੁੱਪ ਹਨੇਰਾ ਹੋਵੇਗਾ!

24 “ਕੋਈ ਵੀ ਇਨਸਾਨ ਦੋ ਮਾਲਕਾਂ ਦੀ ਗ਼ੁਲਾਮੀ ਨਹੀਂ ਕਰ ਸਕਦਾ ਕਿਉਂਕਿ ਉਹ ਇਕ ਨੂੰ ਪਿਆਰ ਤੇ ਦੂਜੇ ਨੂੰ ਨਫ਼ਰਤ ਕਰੇਗਾ+ ਜਾਂ ਉਹ ਇਕ ਦੀ ਦਿਲੋਂ ਸੇਵਾ ਕਰੇਗਾ ਅਤੇ ਦੂਜੇ ਨੂੰ ਤੁੱਛ ਸਮਝੇਗਾ। ਇਸੇ ਤਰ੍ਹਾਂ, ਤੁਸੀਂ ਪਰਮੇਸ਼ੁਰ ਅਤੇ ਪੈਸੇ ਦੋਹਾਂ ਦੀ ਗ਼ੁਲਾਮੀ ਨਹੀਂ ਕਰ ਸਕਦੇ।+

25 “ਇਸ ਲਈ ਮੈਂ ਤੁਹਾਨੂੰ ਕਹਿੰਦਾ ਹਾਂ: ਆਪਣੀ ਜ਼ਿੰਦਗੀ ਦੀ ਚਿੰਤਾ ਕਰਨੀ ਛੱਡ ਦਿਓ+ ਕਿ ਤੁਸੀਂ ਕੀ ਖਾਓਗੇ ਜਾਂ ਕੀ ਪੀਓਗੇ, ਜਾਂ ਆਪਣੇ ਸਰੀਰ ਦੀ ਕਿ ਤੁਸੀਂ ਕੀ ਪਹਿਨੋਗੇ।+ ਕੀ ਜ਼ਿੰਦਗੀ ਭੋਜਨ ਨਾਲੋਂ ਅਤੇ ਸਰੀਰ ਕੱਪੜਿਆਂ ਨਾਲੋਂ ਜ਼ਿਆਦਾ ਅਹਿਮੀਅਤ ਨਹੀਂ ਰੱਖਦਾ?+ 26 ਜ਼ਰਾ ਆਕਾਸ਼ ਦੇ ਪੰਛੀਆਂ ਵੱਲ ਧਿਆਨ ਨਾਲ ਦੇਖੋ;+ ਉਹ ਨਾ ਬੀਜਦੇ, ਨਾ ਵੱਢਦੇ ਤੇ ਨਾ ਹੀ ਭੰਡਾਰਾਂ ਵਿਚ ਇਕੱਠਾ ਕਰਦੇ ਹਨ, ਪਰ ਫਿਰ ਵੀ ਤੁਹਾਡਾ ਸਵਰਗੀ ਪਿਤਾ ਉਨ੍ਹਾਂ ਦਾ ਢਿੱਡ ਭਰਦਾ ਹੈ। ਕੀ ਤੁਸੀਂ ਉਨ੍ਹਾਂ ਨਾਲੋਂ ਉੱਤਮ ਨਹੀਂ ਹੋ? 27 ਤੁਹਾਡੇ ਵਿੱਚੋਂ ਕੌਣ ਚਿੰਤਾ ਕਰ ਕੇ ਆਪਣੀ ਜ਼ਿੰਦਗੀ ਦਾ ਇਕ ਪਲ ਵੀ ਵਧਾ ਸਕਦਾ ਹੈ?*+ 28 ਨਾਲੇ ਤੁਸੀਂ ਕੱਪੜਿਆਂ ਦੀ ਚਿੰਤਾ ਕਿਉਂ ਕਰਦੇ ਹੋ? ਜੰਗਲੀ ਫੁੱਲਾਂ ਤੋਂ ਸਿੱਖੋ, ਉਹ ਕਿਵੇਂ ਵਧਦੇ-ਫੁੱਲਦੇ ਹਨ; ਉਹ ਨਾ ਤਾਂ ਮਿਹਨਤ ਕਰਦੇ ਹਨ ਅਤੇ ਨਾ ਹੀ ਕੱਤਦੇ ਹਨ; 29 ਪਰ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਰਾਜਾ ਸੁਲੇਮਾਨ+ ਨੇ ਵੀ ਕਦੇ ਇਨ੍ਹਾਂ ਫੁੱਲਾਂ ਜਿੰਨੇ ਸ਼ਾਨਦਾਰ ਕੱਪੜੇ ਨਹੀਂ ਪਾਏ, ਭਾਵੇਂ ਕਿ ਉਸ ਦੀ ਇੰਨੀ ਸ਼ਾਨੋ-ਸ਼ੌਕਤ ਸੀ। 30 ਹੁਣ ਜੇ ਪਰਮੇਸ਼ੁਰ ਇਨ੍ਹਾਂ ਜੰਗਲੀ ਪੇੜ-ਪੌਦਿਆਂ ਨੂੰ ਇੰਨਾ ਸੋਹਣਾ ਬਣਾ ਸਕਦਾ ਹੈ ਜੋ ਅੱਜ ਹਰੇ-ਭਰੇ ਹਨ ਅਤੇ ਕੱਲ੍ਹ ਨੂੰ ਤੰਦੂਰ ਵਿਚ ਸੁੱਟ ਦਿੱਤੇ ਜਾਂਦੇ ਹਨ, ਤਾਂ ਹੇ ਥੋੜ੍ਹੀ ਨਿਹਚਾ ਕਰਨ ਵਾਲਿਓ, ਕੀ ਉਹ ਤੁਹਾਨੂੰ ਪਹਿਨਣ ਲਈ ਕੱਪੜੇ ਨਹੀਂ ਦੇਵੇਗਾ? 31 ਇਸ ਲਈ ਤੁਸੀਂ ਕਦੇ ਚਿੰਤਾ+ ਨਾ ਕਰੋ ਅਤੇ ਇਹ ਨਾ ਕਹੋ, ‘ਅਸੀਂ ਕੀ ਖਾਵਾਂਗੇ?’ ਜਾਂ ‘ਅਸੀਂ ਕੀ ਪੀਵਾਂਗੇ?’ ਜਾਂ ‘ਅਸੀਂ ਕੀ ਪਹਿਨਾਂਗੇ?’+ 32 ਕਿਉਂਕਿ ਦੁਨੀਆਂ ਦੇ ਲੋਕ ਇਨ੍ਹਾਂ ਸਭ ਚੀਜ਼ਾਂ ਦੇ ਪਿੱਛੇ ਭੱਜਦੇ ਹਨ। ਤੁਹਾਡਾ ਸਵਰਗੀ ਪਿਤਾ ਜਾਣਦਾ ਹੈ ਕਿ ਤੁਹਾਨੂੰ ਇਨ੍ਹਾਂ ਸਭ ਚੀਜ਼ਾਂ ਦੀ ਲੋੜ ਹੈ।

33 “ਇਸ ਲਈ ਪਰਮੇਸ਼ੁਰ ਦੇ ਰਾਜ ਅਤੇ ਉਸ ਦੇ ਉੱਚੇ-ਸੁੱਚੇ ਮਿਆਰਾਂ ਨੂੰ ਪਹਿਲ ਦਿੰਦੇ ਰਹੋ ਅਤੇ ਇਹ ਸਭ ਚੀਜ਼ਾਂ ਤੁਹਾਨੂੰ ਦਿੱਤੀਆਂ ਜਾਣਗੀਆਂ।+ 34 ਇਸ ਲਈ ਕਦੇ ਵੀ ਕੱਲ੍ਹ ਦੀ ਚਿੰਤਾ ਨਾ ਕਰੋ+ ਕਿਉਂਕਿ ਕੱਲ੍ਹ ਦੀਆਂ ਆਪਣੀਆਂ ਚਿੰਤਾਵਾਂ ਹੋਣਗੀਆਂ। ਅੱਜ ਦੀਆਂ ਪਰੇਸ਼ਾਨੀਆਂ ਅੱਜ ਲਈ ਬਹੁਤ ਹਨ।

7 “ਦੂਸਰਿਆਂ ਵਿਚ ਨੁਕਸ ਕੱਢਣੇ ਛੱਡ ਦਿਓ,+ ਤਾਂ ਤੁਹਾਡੇ ਵਿਚ ਵੀ ਨੁਕਸ ਨਹੀਂ ਕੱਢੇ ਜਾਣਗੇ; 2 ਕਿਉਂਕਿ ਜਿਸ ਆਧਾਰ ʼਤੇ ਤੁਸੀਂ ਦੂਸਰਿਆਂ ʼਤੇ ਦੋਸ਼ ਲਾਉਂਦੇ ਹੋ, ਉਸੇ ਆਧਾਰ ʼਤੇ ਤੁਹਾਡੇ ʼਤੇ ਵੀ ਦੋਸ਼ ਲਾਇਆ ਜਾਵੇਗਾ;+ ਜਿਸ ਮਾਪ ਨਾਲ ਤੁਸੀਂ ਦੂਸਰਿਆਂ ਨੂੰ ਮਾਪ ਕੇ ਦਿੰਦੇ ਹੋ, ਉਸੇ ਮਾਪ ਨਾਲ ਉਹ ਤੁਹਾਨੂੰ ਵੀ ਮਾਪ ਕੇ ਦੇਣਗੇ।+ 3 ਤਾਂ ਫਿਰ, ਤੂੰ ਆਪਣੇ ਭਰਾ ਦੀ ਅੱਖ ਵਿਚ ਪਏ ਕੱਖ ਨੂੰ ਕਿਉਂ ਦੇਖਦਾ ਹੈਂ, ਪਰ ਆਪਣੀ ਅੱਖ ਵਿਚਲੇ ਸ਼ਤੀਰ ਨੂੰ ਨਹੀਂ ਦੇਖਦਾ?+ 4 ਤੂੰ ਆਪਣੇ ਭਰਾ ਨੂੰ ਇਹ ਕਿਵੇਂ ਕਹਿ ਸਕਦਾ ਹੈਂ, ‘ਲਿਆ ਮੈਂ ਤੇਰੀ ਅੱਖ ਵਿੱਚੋਂ ਕੱਖ ਕੱਢ ਦਿਆਂ,’ ਜਦ ਕਿ ਦੇਖ! ਤੇਰੀ ਆਪਣੀ ਅੱਖ ਵਿਚ ਸ਼ਤੀਰ ਹੈ? 5 ਪਖੰਡੀਆ, ਪਹਿਲਾਂ ਆਪਣੀ ਅੱਖ ਵਿਚ ਪਏ ਸ਼ਤੀਰ ਨੂੰ ਕੱਢ ਤੇ ਫਿਰ ਤੂੰ ਸਾਫ਼ ਦੇਖ ਸਕੇਂਗਾ ਕਿ ਆਪਣੇ ਭਰਾ ਦੀ ਅੱਖ ਵਿੱਚੋਂ ਕੱਖ ਕਿਵੇਂ ਕੱਢਣਾ ਹੈ।

6 “ਤੁਸੀਂ ਪਵਿੱਤਰ ਚੀਜ਼ਾਂ ਕੁੱਤਿਆਂ ਨੂੰ ਨਾ ਪਾਓ ਤੇ ਨਾ ਹੀ ਆਪਣੇ ਮੋਤੀ ਸੂਰਾਂ ਅੱਗੇ ਸੁੱਟੋ,+ ਕਿਤੇ ਇਵੇਂ ਨਾ ਹੋਵੇ ਕਿ ਉਹ ਇਨ੍ਹਾਂ ਨੂੰ ਆਪਣੇ ਪੈਰਾਂ ਹੇਠ ਰੋਲਣ ਅਤੇ ਮੁੜ ਕੇ ਤੁਹਾਨੂੰ ਹੀ ਪਾੜ ਸੁੱਟਣ।

7 “ਮੰਗਦੇ ਰਹੋ, ਤਾਂ ਤੁਹਾਨੂੰ ਦਿੱਤਾ ਜਾਵੇਗਾ;+ ਲੱਭਦੇ ਰਹੋ, ਤਾਂ ਤੁਹਾਨੂੰ ਲੱਭ ਜਾਵੇਗਾ; ਦਰਵਾਜ਼ਾ ਖੜਕਾਉਂਦੇ ਰਹੋ, ਤਾਂ ਤੁਹਾਡੇ ਲਈ ਖੋਲ੍ਹਿਆ ਜਾਵੇਗਾ।+ 8 ਕਿਉਂਕਿ ਜੋ ਕੋਈ ਮੰਗਦਾ ਰਹਿੰਦਾ ਹੈ, ਉਸ ਨੂੰ ਮਿਲ ਜਾਂਦਾ ਹੈ+ ਅਤੇ ਜੋ ਕੋਈ ਲੱਭਦਾ ਰਹਿੰਦਾ ਹੈ, ਉਸ ਨੂੰ ਲੱਭ ਜਾਂਦਾ ਹੈ ਅਤੇ ਜੋ ਕੋਈ ਖੜਕਾਉਂਦਾ ਰਹਿੰਦਾ ਹੈ, ਉਸ ਲਈ ਖੋਲ੍ਹਿਆ ਜਾਵੇਗਾ। 9 ਤੁਹਾਡੇ ਵਿੱਚੋਂ ਕੌਣ ਆਪਣੇ ਪੁੱਤਰ ਨੂੰ ਰੋਟੀ ਮੰਗਣ ਤੇ ਪੱਥਰ ਦੇਵੇਗਾ? 10 ਜਾਂ ਮੱਛੀ ਮੰਗਣ ਤੇ ਉਸ ਨੂੰ ਸੱਪ ਦੇਵੇਗਾ? 11 ਇਸ ਲਈ, ਜੇ ਤੁਸੀਂ ਪਾਪੀ ਹੁੰਦੇ ਹੋਏ ਵੀ ਆਪਣੇ ਬੱਚਿਆਂ ਨੂੰ ਚੰਗੀਆਂ ਚੀਜ਼ਾਂ ਦੇਣੀਆਂ ਜਾਣਦੇ ਹੋ, ਤਾਂ ਇਸ ਗੱਲ ਦਾ ਪੂਰਾ ਭਰੋਸਾ ਰੱਖੋ ਕਿ ਤੁਹਾਡਾ ਪਿਤਾ, ਜੋ ਸਵਰਗ ਵਿਚ ਹੈ, ਉਨ੍ਹਾਂ ਨੂੰ ਚੰਗੀਆਂ ਚੀਜ਼ਾਂ ਜ਼ਰੂਰ ਦੇਵੇਗਾ+ ਜੋ ਉਸ ਤੋਂ ਮੰਗਦੇ ਹਨ!+

12 “ਇਸ ਲਈ, ਜਿਸ ਤਰ੍ਹਾਂ ਤੁਸੀਂ ਆਪ ਚਾਹੁੰਦੇ ਹੋ ਕਿ ਦੂਸਰੇ ਤੁਹਾਡੇ ਨਾਲ ਪੇਸ਼ ਆਉਣ, ਤੁਸੀਂ ਵੀ ਉਨ੍ਹਾਂ ਨਾਲ ਉਸੇ ਤਰ੍ਹਾਂ ਪੇਸ਼ ਆਓ।+ ਮੂਸਾ ਦੇ ਕਾਨੂੰਨ ਅਤੇ ਨਬੀਆਂ ਦੀ ਸਿੱਖਿਆ ਦਾ ਇਹੋ ਨਿਚੋੜ ਹੈ।+

13 “ਭੀੜੇ ਦਰਵਾਜ਼ੇ ਰਾਹੀਂ ਵੜੋ+ ਕਿਉਂਕਿ ਚੌੜਾ ਹੈ ਉਹ ਦਰਵਾਜ਼ਾ ਤੇ ਖੁੱਲ੍ਹਾ ਹੈ ਉਹ ਰਾਹ ਜਿਹੜਾ ਨਾਸ਼ ਵੱਲ ਜਾਂਦਾ ਹੈ ਅਤੇ ਬਹੁਤ ਸਾਰੇ ਲੋਕ ਇਸ ਰਾਹੀਂ ਜਾਂਦੇ ਹਨ; 14 ਪਰ ਭੀੜਾ ਦਰਵਾਜ਼ਾ ਅਤੇ ਤੰਗ ਰਾਹ ਹਮੇਸ਼ਾ ਦੀ ਜ਼ਿੰਦਗੀ ਵੱਲ ਜਾਂਦਾ ਹੈ ਅਤੇ ਥੋੜ੍ਹੇ ਹੀ ਲੋਕ ਇਸ ਨੂੰ ਲੱਭਦੇ ਹਨ।+

15 “ਝੂਠੇ ਨਬੀਆਂ ਤੋਂ ਖ਼ਬਰਦਾਰ ਰਹੋ+ ਜੋ ਭੇਡਾਂ ਦੇ ਭੇਸ ਵਿਚ ਤੁਹਾਡੇ ਕੋਲ ਆਉਂਦੇ ਹਨ,+ ਪਰ ਅੰਦਰੋਂ ਭੁੱਖੇ ਬਘਿਆੜ ਹੁੰਦੇ ਹਨ।+ 16 ਤੁਸੀਂ ਉਨ੍ਹਾਂ ਨੂੰ ਉਨ੍ਹਾਂ ਦੇ ਫਲਾਂ* ਤੋਂ ਪਛਾਣੋਗੇ। ਕੀ ਲੋਕ ਕਦੇ ਕੰਡਿਆਲ਼ੀਆਂ ਝਾੜੀਆਂ ਤੋਂ ਅੰਜੀਰਾਂ ਜਾਂ ਅੰਗੂਰ ਤੋੜਦੇ ਹਨ?+ 17 ਹਰ ਚੰਗਾ ਦਰਖ਼ਤ ਚੰਗਾ ਫਲ ਦਿੰਦਾ ਹੈ ਤੇ ਮਾੜਾ ਦਰਖ਼ਤ ਮਾੜਾ ਫਲ ਦਿੰਦਾ ਹੈ।+ 18 ਚੰਗਾ ਦਰਖ਼ਤ ਮਾੜਾ ਫਲ ਨਹੀਂ ਦੇ ਸਕਦਾ ਅਤੇ ਨਾ ਹੀ ਮਾੜਾ ਦਰਖ਼ਤ ਚੰਗਾ ਫਲ ਦੇ ਸਕਦਾ ਹੈ।+ 19 ਚੰਗਾ ਫਲ ਨਾ ਦੇਣ ਵਾਲੇ ਹਰ ਦਰਖ਼ਤ ਨੂੰ ਵੱਢ ਕੇ ਅੱਗ ਵਿਚ ਸੁੱਟ ਦਿੱਤਾ ਜਾਂਦਾ ਹੈ।+ 20 ਤੁਸੀਂ ਉਨ੍ਹਾਂ ਆਦਮੀਆਂ ਨੂੰ ਉਨ੍ਹਾਂ ਦੇ ਫਲਾਂ ਤੋਂ ਹੀ ਪਛਾਣੋਗੇ।+

21 “ਹਰ ਕੋਈ ਜੋ ਮੈਨੂੰ ‘ਪ੍ਰਭੂ, ਪ੍ਰਭੂ’ ਕਹਿੰਦਾ ਹੈ, ਸਵਰਗ ਦੇ ਰਾਜ ਵਿਚ ਨਹੀਂ ਜਾਵੇਗਾ, ਸਗੋਂ ਉਹੀ ਜਾਵੇਗਾ ਜਿਹੜਾ ਮੇਰੇ ਸਵਰਗੀ ਪਿਤਾ ਦੀ ਇੱਛਾ ਪੂਰੀ ਕਰਦਾ ਹੈ।+ 22 ਉਸ ਦਿਨ ਬਹੁਤ ਸਾਰੇ ਲੋਕ ਮੈਨੂੰ ਕਹਿਣਗੇ: ‘ਪ੍ਰਭੂ, ਪ੍ਰਭੂ,+ ਕੀ ਅਸੀਂ ਤੇਰਾ ਨਾਂ ਲੈ ਕੇ ਭਵਿੱਖਬਾਣੀਆਂ ਨਹੀਂ ਕੀਤੀਆਂ ਤੇ ਤੇਰਾ ਨਾਂ ਲੈ ਕੇ ਲੋਕਾਂ ਵਿੱਚੋਂ ਦੁਸ਼ਟ ਦੂਤਾਂ ਨੂੰ ਨਹੀਂ ਕੱਢਿਆ ਤੇ ਤੇਰਾ ਨਾਂ ਲੈ ਕੇ ਕਈ ਕਰਾਮਾਤਾਂ ਨਹੀਂ ਕੀਤੀਆਂ?’+ 23 ਉਦੋਂ ਮੈਂ ਉਨ੍ਹਾਂ ਨੂੰ ਸਾਫ਼-ਸਾਫ਼ ਕਹਾਂਗਾ: ‘ਮੈਂ ਤੁਹਾਨੂੰ ਨਹੀਂ ਜਾਣਦਾ! ਓਏ ਬੁਰੇ ਕੰਮ ਕਰਨ ਵਾਲਿਓ, ਮੇਰੀਆਂ ਨਜ਼ਰਾਂ ਤੋਂ ਦੂਰ ਹੋ ਜਾਓ!’+

24 “ਇਸ ਲਈ ਜਿਹੜਾ ਵੀ ਮੇਰੀਆਂ ਇਨ੍ਹਾਂ ਸਿੱਖਿਆਵਾਂ ਨੂੰ ਸੁਣਦਾ ਅਤੇ ਇਨ੍ਹਾਂ ʼਤੇ ਚੱਲਦਾ ਹੈ, ਉਹ ਉਸ ਸਮਝਦਾਰ ਆਦਮੀ ਵਰਗਾ ਹੈ ਜਿਸ ਨੇ ਆਪਣਾ ਘਰ ਚਟਾਨ ʼਤੇ ਬਣਾਇਆ।+ 25 ਅਤੇ ਮੀਂਹ ਪਿਆ, ਹੜ੍ਹ ਆਏ ਤੇ ਹਨੇਰੀਆਂ ਵਗੀਆਂ, ਪਰ ਇਨ੍ਹਾਂ ਦੇ ਜ਼ੋਰ ਨਾਲ ਘਰ ਨਾ ਡਿਗਿਆ ਕਿਉਂਕਿ ਇਸ ਦੀ ਨੀਂਹ ਚਟਾਨ ʼਤੇ ਰੱਖੀ ਗਈ ਸੀ। 26 ਨਾਲੇ ਹਰ ਕੋਈ ਜੋ ਮੇਰੀਆਂ ਇਨ੍ਹਾਂ ਸਿੱਖਿਆਵਾਂ ਨੂੰ ਸੁਣਦਾ ਹੈ, ਪਰ ਇਨ੍ਹਾਂ ʼਤੇ ਨਹੀਂ ਚੱਲਦਾ, ਉਹ ਉਸ ਮੂਰਖ ਆਦਮੀ ਵਰਗਾ ਹੈ ਜਿਸ ਨੇ ਆਪਣਾ ਘਰ ਰੇਤ ʼਤੇ ਬਣਾਇਆ।+ 27 ਅਤੇ ਮੀਂਹ ਪਿਆ, ਹੜ੍ਹ ਆਏ, ਹਨੇਰੀਆਂ ਵਗੀਆਂ ਅਤੇ ਇਨ੍ਹਾਂ ਦੀ ਜ਼ੋਰਦਾਰ ਮਾਰ ਘਰ ʼਤੇ ਪਈ+ ਜਿਸ ਨਾਲ ਇਹ ਪੂਰੀ ਤਰ੍ਹਾਂ ਢਹਿ-ਢੇਰੀ ਹੋ ਗਿਆ।”

28 ਜਦ ਯਿਸੂ ਸਿੱਖਿਆ ਦੇ ਹਟਿਆ, ਤਾਂ ਲੋਕਾਂ ਦੀ ਭੀੜ ਉਸ ਦੇ ਸਿੱਖਿਆ ਦੇਣ ਦੇ ਢੰਗ ਤੋਂ ਹੈਰਾਨ ਰਹਿ ਗਈ+ 29 ਕਿਉਂਕਿ ਉਹ ਉਨ੍ਹਾਂ ਦੇ ਗ੍ਰੰਥੀਆਂ ਵਾਂਗ ਨਹੀਂ, ਸਗੋਂ ਪੂਰਾ ਅਧਿਕਾਰ ਰੱਖਣ ਵਾਲੇ ਵਾਂਗ ਉਨ੍ਹਾਂ ਨੂੰ ਸਿੱਖਿਆ ਦਿੰਦਾ ਸੀ।+

8 ਜਦੋਂ ਯਿਸੂ ਪਹਾੜੋਂ ਉੱਤਰ ਆਇਆ, ਤਾਂ ਭੀੜਾਂ ਦੀਆਂ ਭੀੜਾਂ ਉਸ ਦੇ ਪਿੱਛੇ-ਪਿੱਛੇ ਤੁਰ ਪਈਆਂ। 2 ਅਤੇ ਦੇਖੋ! ਉਸ ਕੋਲ ਇਕ ਕੋੜ੍ਹੀ ਆਇਆ ਅਤੇ ਗੋਡਿਆਂ ਭਾਰ ਬੈਠ ਕੇ ਉਸ ਨੂੰ ਬੇਨਤੀ ਕਰਨ ਲੱਗਾ: “ਪ੍ਰਭੂ, ਜੇ ਤੂੰ ਚਾਹੇਂ, ਤਾਂ ਤੂੰ ਮੈਨੂੰ ਸ਼ੁੱਧ ਕਰ ਸਕਦਾ ਹੈਂ।”+ 3 ਇਸ ਲਈ ਯਿਸੂ ਨੇ ਆਪਣਾ ਹੱਥ ਵਧਾ ਕੇ ਕੋੜ੍ਹੀ ਨੂੰ ਛੂਹਿਆ ਅਤੇ ਕਿਹਾ: “ਮੈਂ ਚਾਹੁੰਦਾ ਹਾਂ! ਤੂੰ ਸ਼ੁੱਧ ਹੋ ਜਾ।”+ ਉਸੇ ਵੇਲੇ ਉਹ ਆਪਣੇ ਕੋੜ੍ਹ ਤੋਂ ਸ਼ੁੱਧ ਹੋ ਗਿਆ।+ 4 ਫਿਰ ਯਿਸੂ ਨੇ ਉਸ ਨੂੰ ਕਿਹਾ: “ਸੁਣ, ਕਿਸੇ ਨੂੰ ਇਹ ਗੱਲ ਨਾ ਦੱਸੀਂ।+ ਪਰ ਤੂੰ ਪੁਜਾਰੀ ਕੋਲ ਜਾ ਕੇ ਆਪਣੇ ਆਪ ਨੂੰ ਦਿਖਾ+ ਅਤੇ ਮੂਸਾ ਦੀ ਹਿਦਾਇਤ ਅਨੁਸਾਰ ਚੜ੍ਹਾਵਾ ਚੜ੍ਹਾ+ ਤਾਂਕਿ ਪੁਜਾਰੀ ਤੇਰੇ ਸ਼ੁੱਧ ਹੋ ਜਾਣ ਦੇ ਗਵਾਹ ਹੋਣ।”

5 ਜਦੋਂ ਉਹ ਕਫ਼ਰਨਾਹੂਮ ਗਿਆ, ਤਾਂ ਇਕ ਫ਼ੌਜੀ ਅਫ਼ਸਰ* ਉਸ ਕੋਲ ਆਇਆ ਤੇ ਮਿੰਨਤਾਂ ਕਰਦੇ ਹੋਏ+ 6 ਕਹਿਣ ਲੱਗਾ: “ਸਾਹਬ ਜੀ, ਮੇਰਾ ਨੌਕਰ ਅਧਰੰਗ ਕਰਕੇ ਘਰ ਵਿਚ ਪਿਆ ਤੜਫ ਰਿਹਾ ਹੈ।” 7 ਉਸ ਨੇ ਫ਼ੌਜੀ ਅਫ਼ਸਰ ਨੂੰ ਕਿਹਾ: “ਜਦੋਂ ਮੈਂ ਉੱਥੇ ਜਾਵਾਂਗਾ, ਤਾਂ ਮੈਂ ਉਸ ਨੂੰ ਠੀਕ ਕਰ ਦਿਆਂਗਾ।” 8 ਇਹ ਸੁਣ ਕੇ ਫ਼ੌਜੀ ਅਫ਼ਸਰ ਨੇ ਕਿਹਾ: “ਸਾਹਬ ਜੀ, ਮੈਂ ਇਸ ਯੋਗ ਨਹੀਂ ਕਿ ਆਪਣੇ ਘਰ ਵਿਚ ਤੇਰਾ ਸੁਆਗਤ ਕਰਾਂ। ਤੂੰ ਬੱਸ ਆਪਣੇ ਮੂੰਹੋਂ ਕਹਿ ਦੇ ਤੇ ਮੇਰਾ ਨੌਕਰ ਠੀਕ ਹੋ ਜਾਵੇਗਾ। 9 ਕਿਉਂਕਿ ਮੈਂ ਵੀ ਕਿਸੇ ਹੋਰ ਦੇ ਅਧਿਕਾਰ ਅਧੀਨ ਹਾਂ ਅਤੇ ਮੇਰੇ ਅਧੀਨ ਵੀ ਫ਼ੌਜੀ ਹਨ। ਮੈਂ ਇਕ ਨੂੰ ਕਹਿੰਦਾ ਹਾਂ, ‘ਜਾਹ!’ ਤੇ ਉਹ ਚਲਾ ਜਾਂਦਾ ਹੈ ਅਤੇ ਦੂਸਰੇ ਨੂੰ ਕਹਿੰਦਾ ਹਾਂ, ‘ਇੱਧਰ ਆ!’ ਤੇ ਉਹ ਆ ਜਾਂਦਾ ਹੈ ਅਤੇ ਮੈਂ ਆਪਣੇ ਗ਼ੁਲਾਮ ਨੂੰ ਕਹਿੰਦਾ ਹਾਂ, ‘ਇਹ ਕੰਮ ਕਰ!’ ਤੇ ਉਹ ਕਰਦਾ ਹੈ।” 10 ਇਹ ਸੁਣ ਕੇ ਯਿਸੂ ਦੰਗ ਰਹਿ ਗਿਆ ਅਤੇ ਉਸ ਨੇ ਆਪਣੇ ਪਿੱਛੇ-ਪਿੱਛੇ ਆਉਣ ਵਾਲੇ ਲੋਕਾਂ ਨੂੰ ਕਿਹਾ: “ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਮੈਂ ਪੂਰੇ ਇਜ਼ਰਾਈਲ ਵਿਚ ਇੰਨੀ ਨਿਹਚਾ ਰੱਖਣ ਵਾਲਾ ਬੰਦਾ ਨਹੀਂ ਦੇਖਿਆ।+ 11 ਪਰ ਮੈਂ ਤੁਹਾਨੂੰ ਦੱਸਦਾ ਹਾਂ ਕਿ ਪੂਰਬ ਤੇ ਪੱਛਮ ਵੱਲੋਂ ਬਹੁਤ ਸਾਰੇ ਲੋਕ ਆਣ ਕੇ ਅਬਰਾਹਾਮ, ਇਸਹਾਕ ਤੇ ਯਾਕੂਬ ਨਾਲ ਸਵਰਗ ਦੇ ਰਾਜ ਵਿਚ ਮੇਜ਼ ਦੁਆਲੇ ਬੈਠ ਕੇ ਖਾਣਾ ਖਾਣਗੇ;+ 12 ਜਦ ਕਿ ਰਾਜ ਦੇ ਪੁੱਤਰਾਂ ਨੂੰ ਬਾਹਰ ਹਨੇਰੇ ਵਿਚ ਸੁੱਟਿਆ ਜਾਵੇਗਾ। ਉੱਥੇ ਉਹ ਆਪਣੀ ਮਾੜੀ ਹਾਲਤ ʼਤੇ ਰੋਣਗੇ ਅਤੇ ਕਚੀਚੀਆਂ ਵੱਟਣਗੇ।”+ 13 ਫਿਰ ਯਿਸੂ ਨੇ ਫ਼ੌਜੀ ਅਫ਼ਸਰ ਨੂੰ ਕਿਹਾ: “ਜਾਹ। ਤੂੰ ਨਿਹਚਾ ਨਾਲ ਜੋ ਮੰਗਿਆ ਹੈ, ਉਹ ਤੈਨੂੰ ਮਿਲ ਜਾਵੇਗਾ।”+ ਉਸ ਦਾ ਨੌਕਰ ਉਸੇ ਵੇਲੇ ਠੀਕ ਹੋ ਗਿਆ।+

14 ਯਿਸੂ ਨੇ ਪਤਰਸ ਦੇ ਘਰ ਆ ਕੇ ਦੇਖਿਆ ਕਿ ਉਸ ਦੀ ਸੱਸ+ ਨੂੰ ਬੁਖ਼ਾਰ ਚੜ੍ਹਿਆ ਹੋਇਆ ਸੀ ਅਤੇ ਉਹ ਮੰਜੇ ʼਤੇ ਪਈ ਹੋਈ ਸੀ।+ 15 ਯਿਸੂ ਨੇ ਉਸ ਦੇ ਹੱਥ ਨੂੰ ਛੋਹਿਆ+ ਤੇ ਉਸ ਦਾ ਬੁਖ਼ਾਰ ਉੱਤਰ ਗਿਆ, ਫਿਰ ਉਹ ਉੱਠ ਕੇ ਉਸ ਦੀ ਸੇਵਾ-ਟਹਿਲ ਕਰਨ ਲੱਗ ਪਈ। 16 ਪਰ ਸ਼ਾਮ ਪੈ ਜਾਣ ਤੋਂ ਬਾਅਦ ਲੋਕ ਕਈ ਜਣਿਆਂ ਨੂੰ ਉਸ ਕੋਲ ਲਿਆਏ ਜਿਨ੍ਹਾਂ ਨੂੰ ਦੁਸ਼ਟ ਦੂਤ ਚਿੰਬੜੇ ਹੋਏ ਸਨ; ਉਸ ਨੇ ਦੁਸ਼ਟ ਦੂਤਾਂ ਨੂੰ ਉਨ੍ਹਾਂ ਵਿੱਚੋਂ ਨਿਕਲ ਜਾਣ ਦਾ ਹੁਕਮ ਦਿੱਤਾ ਅਤੇ ਸਾਰੇ ਬੀਮਾਰਾਂ ਨੂੰ ਚੰਗਾ ਕੀਤਾ। 17 ਉਸ ਵੇਲੇ ਯਸਾਯਾਹ ਨਬੀ ਦੀ ਕਹੀ ਇਹ ਗੱਲ ਪੂਰੀ ਹੋਈ: “ਉਸ ਨੇ ਸਾਡੀਆਂ ਬੀਮਾਰੀਆਂ ਅਤੇ ਦੁੱਖ ਦੂਰ ਕੀਤੇ।”+

18 ਜਦੋਂ ਯਿਸੂ ਨੇ ਆਪਣੇ ਆਲੇ-ਦੁਆਲੇ ਭੀੜ ਨੂੰ ਦੇਖਿਆ, ਤਾਂ ਉਸ ਨੇ ਆਪਣੇ ਚੇਲਿਆਂ ਨੂੰ ਹੁਕਮ ਦਿੱਤਾ ਕਿ ਉਹ ਕਿਸ਼ਤੀ ਝੀਲ ਦੇ ਦੂਜੇ ਪਾਸੇ ਲੈ ਜਾਣ।+ 19 ਅਤੇ ਇਕ ਗ੍ਰੰਥੀ ਨੇ ਉਸ ਕੋਲ ਆ ਕੇ ਕਿਹਾ: “ਗੁਰੂ ਜੀ, ਜਿੱਥੇ ਕਿਤੇ ਤੂੰ ਜਾਏਂਗਾ, ਮੈਂ ਤੇਰੇ ਪਿੱਛੇ-ਪਿੱਛੇ* ਆਵਾਂਗਾ।”+ 20 ਪਰ ਯਿਸੂ ਨੇ ਉਸ ਨੂੰ ਕਿਹਾ: “ਲੂੰਬੜੀਆਂ ਕੋਲ ਘੁਰਨੇ ਹਨ ਤੇ ਆਕਾਸ਼ ਦੇ ਪੰਛੀਆਂ ਕੋਲ ਆਲ੍ਹਣੇ, ਪਰ ਮਨੁੱਖ ਦੇ ਪੁੱਤਰ ਕੋਲ ਤਾਂ ਆਪਣਾ ਸਿਰ ਰੱਖਣ ਲਈ ਵੀ ਜਗ੍ਹਾ ਨਹੀਂ ਹੈ।”+ 21 ਫਿਰ ਚੇਲਿਆਂ ਵਿੱਚੋਂ ਇਕ ਨੇ ਉਸ ਨੂੰ ਕਿਹਾ: “ਪ੍ਰਭੂ, ਮੈਨੂੰ ਆਗਿਆ ਦੇ ਕਿ ਮੈਂ ਜਾ ਕੇ ਪਹਿਲਾਂ ਆਪਣੇ ਪਿਤਾ ਨੂੰ ਦਫ਼ਨਾ ਆਵਾਂ।”+ 22 ਯਿਸੂ ਨੇ ਉਸ ਨੂੰ ਕਿਹਾ: “ਮੇਰੇ ਪਿੱਛੇ-ਪਿੱਛੇ ਚੱਲਦਾ ਰਹਿ ਅਤੇ ਮੁਰਦਿਆਂ ਨੂੰ ਆਪਣੇ ਮੁਰਦੇ ਦਫ਼ਨਾਉਣ ਦੇ।”+

23 ਜਦੋਂ ਯਿਸੂ ਕਿਸ਼ਤੀ ਵਿਚ ਬੈਠ ਗਿਆ, ਤਾਂ ਉਸ ਦੇ ਚੇਲੇ ਵੀ ਉਸ ਨਾਲ ਆ ਗਏ।+ 24 ਉਸ ਵੇਲੇ ਝੀਲ ਵਿਚ ਬਹੁਤ ਵੱਡਾ ਤੂਫ਼ਾਨ ਆਇਆ ਅਤੇ ਲਹਿਰਾਂ ਉੱਠਣ ਕਰਕੇ ਕਿਸ਼ਤੀ ਪਾਣੀ ਨਾਲ ਭਰਨ ਲੱਗ ਪਈ; ਪਰ ਉਹ ਸੁੱਤਾ ਪਿਆ ਸੀ।+ 25 ਉਨ੍ਹਾਂ ਨੇ ਆ ਕੇ ਉਸ ਨੂੰ ਜਗਾਇਆ ਅਤੇ ਕਿਹਾ: “ਗੁਰੂ ਜੀ, ਸਾਨੂੰ ਬਚਾ ਲੈ, ਅਸੀਂ ਡੁੱਬਣ ਲੱਗੇ ਹਾਂ!” 26 ਪਰ ਉਸ ਨੇ ਉਨ੍ਹਾਂ ਨੂੰ ਕਿਹਾ: “ਹੇ ਘੱਟ ਨਿਹਚਾ ਰੱਖਣ ਵਾਲਿਓ, ਤੁਸੀਂ ਐਨੇ ਡਰੇ ਹੋਏ ਕਿਉਂ ਹੋ?”*+ ਫਿਰ ਉਸ ਨੇ ਉੱਠ ਕੇ ਹਨੇਰੀ ਅਤੇ ਝੀਲ ਨੂੰ ਝਿੜਕਿਆ ਅਤੇ ਸਭ ਕੁਝ ਸ਼ਾਂਤ ਹੋ ਗਿਆ।+ 27 ਚੇਲੇ ਬਹੁਤ ਹੈਰਾਨ ਹੋਏ ਅਤੇ ਕਹਿਣ ਲੱਗੇ: “ਇਹ ਕਿਹੋ ਜਿਹਾ ਇਨਸਾਨ ਹੈ? ਇਸ ਦਾ ਕਹਿਣਾ ਤਾਂ ਹਨੇਰੀ ਅਤੇ ਝੀਲ ਵੀ ਮੰਨਦੀਆਂ ਹਨ।”

28 ਜਦੋਂ ਉਹ ਝੀਲ ਦੇ ਦੂਜੇ ਪਾਸੇ ਗਦਰੀਨੀਆਂ* ਦੇ ਇਲਾਕੇ ਵਿਚ ਪਹੁੰਚਿਆ, ਤਾਂ ਦੋ ਆਦਮੀ ਕਬਰਸਤਾਨ ਵਿੱਚੋਂ ਨਿਕਲ ਕੇ ਉਸ ਵੱਲ ਆਏ ਜਿਨ੍ਹਾਂ ਨੂੰ ਦੁਸ਼ਟ ਦੂਤ ਚਿੰਬੜੇ ਹੋਏ ਸਨ।+ ਉਹ ਇੰਨੇ ਖੂੰਖਾਰ ਸਨ ਕਿ ਕੋਈ ਵੀ ਉਸ ਰਸਤਿਓਂ ਲੰਘਣ ਦੀ ਹਿੰਮਤ ਨਹੀਂ ਸੀ ਕਰਦਾ। 29 ਅਤੇ ਦੇਖੋ! ਉਨ੍ਹਾਂ ਨੇ ਉੱਚੀ ਆਵਾਜ਼ ਵਿਚ ਕਿਹਾ: “ਹੇ ਪਰਮੇਸ਼ੁਰ ਦੇ ਪੁੱਤਰ, ਤੇਰਾ ਸਾਡੇ ਨਾਲ ਕੀ ਵਾਸਤਾ?+ ਕੀ ਤੂੰ ਮਿਥੇ ਸਮੇਂ ਤੋਂ ਪਹਿਲਾਂ ਸਾਨੂੰ ਸਤਾਉਣ ਆਇਆ ਹੈਂ?”+ 30 ਉਨ੍ਹਾਂ ਤੋਂ ਕਾਫ਼ੀ ਦੂਰ ਸੂਰਾਂ ਦਾ ਵੱਡਾ ਸਾਰਾ ਝੁੰਡ ਚਰ ਰਿਹਾ ਸੀ।+ 31 ਅਤੇ ਉਨ੍ਹਾਂ ਨੇ ਉਸ ਅੱਗੇ ਬੇਨਤੀ ਕੀਤੀ: “ਜੇ ਤੂੰ ਸਾਨੂੰ ਕੱਢਣਾ ਹੈ, ਤਾਂ ਸਾਨੂੰ ਸੂਰਾਂ ਵਿਚ ਜਾਣ ਦੀ ਇਜਾਜ਼ਤ ਦੇ।”+ 32 ਇਸ ਲਈ ਉਸ ਨੇ ਉਨ੍ਹਾਂ ਨੂੰ ਕਿਹਾ: “ਜਾਓ!” ਅਤੇ ਦੁਸ਼ਟ ਦੂਤ ਨਿਕਲ ਕੇ ਸੂਰਾਂ ਨੂੰ ਜਾ ਚਿੰਬੜੇ, ਅਤੇ ਦੇਖੋ! ਸਾਰੇ ਸੂਰ ਤੇਜ਼-ਤੇਜ਼ ਭੱਜਣ ਲੱਗ ਪਏ ਅਤੇ ਉਨ੍ਹਾਂ ਨੇ ਪਹਾੜੋਂ ਝੀਲ ਵਿਚ ਛਾਲਾਂ ਮਾਰ ਦਿੱਤੀਆਂ ਅਤੇ ਪੂਰਾ ਝੁੰਡ ਪਾਣੀ ਵਿਚ ਡੁੱਬ ਕੇ ਮਰ ਗਿਆ। 33 ਪਰ ਚਰਵਾਹੇ ਉੱਥੋਂ ਭੱਜ ਗਏ ਅਤੇ ਸ਼ਹਿਰ ਵਿਚ ਜਾ ਕੇ ਉਨ੍ਹਾਂ ਨੇ ਲੋਕਾਂ ਨੂੰ ਸਾਰਾ ਕੁਝ ਦੱਸਿਆ, ਨਾਲੇ ਇਹ ਵੀ ਦੱਸਿਆ ਕਿ ਉਨ੍ਹਾਂ ਆਦਮੀਆਂ ਨਾਲ ਕੀ ਹੋਇਆ ਜਿਨ੍ਹਾਂ ਨੂੰ ਦੁਸ਼ਟ ਦੂਤ ਚਿੰਬੜੇ ਸਨ। 34 ਅਤੇ ਦੇਖੋ! ਸਾਰਾ ਸ਼ਹਿਰ ਯਿਸੂ ਨੂੰ ਮਿਲਣ ਆਇਆ ਅਤੇ ਜਦੋਂ ਉਨ੍ਹਾਂ ਨੇ ਉਸ ਨੂੰ ਦੇਖਿਆ, ਤਾਂ ਉਨ੍ਹਾਂ ਨੇ ਉਸ ਨੂੰ ਬੇਨਤੀ ਕੀਤੀ ਕਿ ਉਹ ਉਨ੍ਹਾਂ ਦੇ ਇਲਾਕੇ ਵਿੱਚੋਂ ਚਲਾ ਜਾਵੇ।+

9 ਇਸ ਲਈ ਉਹ ਕਿਸ਼ਤੀ ਵਿਚ ਬੈਠ ਕੇ ਝੀਲ ਦੇ ਦੂਜੇ ਪਾਸੇ ਆਪਣੇ ਸ਼ਹਿਰ* ਨੂੰ ਚਲਾ ਗਿਆ।+ 2 ਅਤੇ ਦੇਖੋ! ਕੁਝ ਲੋਕ ਇਕ ਅਧਰੰਗੀ ਨੂੰ ਮੰਜੀ ਉੱਤੇ ਲੈ ਕੇ ਆਏ। ਉਨ੍ਹਾਂ ਦੀ ਨਿਹਚਾ ਦੇਖ ਕੇ ਯਿਸੂ ਨੇ ਅਧਰੰਗੀ ਨੂੰ ਕਿਹਾ: “ਹੌਸਲਾ ਰੱਖ ਮੇਰੇ ਬੱਚੇ, ਤੇਰੇ ਪਾਪ ਮਾਫ਼ ਹੋ ਗਏ ਹਨ।”+ 3 ਅਤੇ ਦੇਖੋ! ਕੁਝ ਗ੍ਰੰਥੀ ਇਕ-ਦੂਜੇ ਨੂੰ ਕਹਿਣ ਲੱਗੇ: “ਇਹ ਬੰਦਾ ਪਰਮੇਸ਼ੁਰ ਦੀ ਨਿੰਦਿਆ ਕਰ ਰਿਹਾ ਹੈ।” 4 ਇਹ ਜਾਣਦੇ ਹੋਏ ਕਿ ਉਹ ਕੀ ਸੋਚ ਰਹੇ ਸਨ, ਯਿਸੂ ਨੇ ਕਿਹਾ: “ਤੁਸੀਂ ਆਪਣੇ ਮਨਾਂ ਵਿਚ ਬੁਰੇ ਵਿਚਾਰ ਕਿਉਂ ਲਿਆ ਰਹੇ ਹੋ?+ 5 ਕੀ ਕਹਿਣਾ ਸੌਖਾ ਹੈ: ਇਹ ਕਿ ‘ਤੇਰੇ ਪਾਪ ਮਾਫ਼ ਹੋ ਗਏ ਹਨ’ ਜਾਂ ਇਹ ਕਿ ‘ਉੱਠ ਅਤੇ ਤੁਰ-ਫਿਰ’?+ 6 ਪਰ ਮੈਂ ਚਾਹੁੰਦਾ ਹਾਂ ਕਿ ਤੁਸੀਂ ਜਾਣ ਲਵੋ ਕਿ ਮਨੁੱਖ ਦੇ ਪੁੱਤਰ ਨੂੰ ਧਰਤੀ ਉੱਤੇ ਪਾਪ ਮਾਫ਼ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ . . .” ਫਿਰ ਉਸ ਨੇ ਅਧਰੰਗੀ ਨੂੰ ਕਿਹਾ: “ਉੱਠ, ਆਪਣੀ ਮੰਜੀ ਚੁੱਕ ਅਤੇ ਆਪਣੇ ਘਰ ਨੂੰ ਜਾਹ।”+ 7 ਅਧਰੰਗੀ ਉੱਠ ਕੇ ਆਪਣੇ ਘਰ ਚਲਾ ਗਿਆ। 8 ਇਹ ਦੇਖ ਕੇ ਭੀੜ ਡਰ ਗਈ ਅਤੇ ਲੋਕਾਂ ਨੇ ਪਰਮੇਸ਼ੁਰ ਦੀ ਮਹਿਮਾ ਕੀਤੀ ਜਿਸ ਨੇ ਇਨਸਾਨਾਂ ਨੂੰ ਇਹ ਅਧਿਕਾਰ ਦਿੱਤਾ।

9 ਫਿਰ ਜਦੋਂ ਯਿਸੂ ਉੱਥੋਂ ਜਾ ਰਿਹਾ ਸੀ, ਤਾਂ ਉਸ ਨੇ ਮੱਤੀ ਨਾਂ ਦੇ ਇਕ ਆਦਮੀ ਨੂੰ ਟੈਕਸ ਵਸੂਲਣ ਵਾਲੀ ਜਗ੍ਹਾ ਬੈਠਾ ਦੇਖਿਆ। ਉਸ ਨੇ ਮੱਤੀ ਨੂੰ ਕਿਹਾ: “ਮੇਰਾ ਚੇਲਾ ਬਣ ਜਾ।” ਇਹ ਸੁਣ ਕੇ ਉਹ ਉੱਠਿਆ ਤੇ ਉਸ ਦੇ ਪਿੱਛੇ-ਪਿੱਛੇ ਤੁਰ* ਪਿਆ।+ 10 ਬਾਅਦ ਵਿਚ ਉਹ ਮੱਤੀ ਦੇ ਘਰ ਆਪਣੇ ਚੇਲਿਆਂ ਨਾਲ ਮੇਜ਼ ਦੁਆਲੇ ਬੈਠਾ ਖਾਣਾ ਖਾ ਰਿਹਾ ਸੀ ਅਤੇ ਦੇਖੋ! ਕਈ ਟੈਕਸ ਵਸੂਲਣ ਵਾਲੇ ਅਤੇ ਪਾਪੀ ਆਏ ਤੇ ਉਨ੍ਹਾਂ ਨਾਲ ਬੈਠ ਕੇ ਖਾਣਾ ਖਾਣ ਲੱਗੇ।+ 11 ਇਹ ਦੇਖ ਕੇ ਫ਼ਰੀਸੀ ਉਸ ਦੇ ਚੇਲਿਆਂ ਨੂੰ ਕਹਿਣ ਲੱਗੇ: “ਤੁਹਾਡਾ ਗੁਰੂ ਟੈਕਸ ਵਸੂਲਣ ਵਾਲਿਆਂ ਅਤੇ ਪਾਪੀਆਂ ਨਾਲ ਕਿਉਂ ਖਾਂਦਾ-ਪੀਂਦਾ ਹੈ?”+ 12 ਉਨ੍ਹਾਂ ਦੀ ਗੱਲ ਸੁਣ ਕੇ ਉਸ ਨੇ ਕਿਹਾ: “ਹਕੀਮ ਦੀ ਲੋੜ ਤੰਦਰੁਸਤ ਲੋਕਾਂ ਨੂੰ ਨਹੀਂ, ਸਗੋਂ ਬੀਮਾਰਾਂ ਨੂੰ ਪੈਂਦੀ ਹੈ।+ 13 ਜਾਓ ਤੇ ਪਹਿਲਾਂ ਇਸ ਦਾ ਮਤਲਬ ਜਾਣੋ: ‘ਮੈਂ ਦਇਆ ਚਾਹੁੰਦਾ ਹਾਂ, ਬਲੀਦਾਨ ਨਹੀਂ।’+ ਕਿਉਂਕਿ ਮੈਂ ਧਰਮੀਆਂ ਨੂੰ ਨਹੀਂ, ਸਗੋਂ ਪਾਪੀਆਂ ਨੂੰ ਤੋਬਾ ਕਰਨ ਲਈ ਕਹਿਣ ਆਇਆ ਹਾਂ।”

14 ਫਿਰ ਯੂਹੰਨਾ ਦੇ ਚੇਲਿਆਂ ਨੇ ਆ ਕੇ ਉਸ ਨੂੰ ਪੁੱਛਿਆ: “ਅਸੀਂ ਅਤੇ ਫ਼ਰੀਸੀ ਵਰਤ ਰੱਖਦੇ ਹਾਂ, ਪਰ ਤੇਰੇ ਚੇਲੇ ਵਰਤ ਕਿਉਂ ਨਹੀਂ ਰੱਖਦੇ?”+ 15 ਯਿਸੂ ਨੇ ਉਨ੍ਹਾਂ ਨੂੰ ਕਿਹਾ: “ਕੀ ਲਾੜੇ+ ਦੇ ਨਾਲ ਹੁੰਦਿਆਂ ਬਰਾਤੀਆਂ* ਨੂੰ ਸੋਗ ਮਨਾਉਣ ਦੀ ਲੋੜ ਹੈ? ਪਰ ਉਹ ਦਿਨ ਵੀ ਆਉਣਗੇ ਜਦੋਂ ਲਾੜੇ ਨੂੰ ਉਨ੍ਹਾਂ ਤੋਂ ਦੂਰ ਕੀਤਾ ਜਾਵੇਗਾ+ ਅਤੇ ਫਿਰ ਉਹ ਵਰਤ ਰੱਖਣਗੇ। 16 ਕੋਈ ਵੀ ਪੁਰਾਣੇ ਕੱਪੜੇ ਉੱਤੇ ਨਵੇਂ ਕੱਪੜੇ* ਦੀ ਟਾਕੀ ਨਹੀਂ ਲਾਉਂਦਾ ਕਿਉਂਕਿ ਨਵੇਂ ਕੱਪੜੇ ਦੇ ਜ਼ੋਰ ਨਾਲ ਪੁਰਾਣਾ ਕੱਪੜਾ ਹੋਰ ਵੀ ਫੱਟ ਜਾਂਦਾ ਹੈ।+ 17 ਨਾ ਹੀ ਲੋਕ ਨਵਾਂ ਦਾਖਰਸ ਪੁਰਾਣੀਆਂ ਮਸ਼ਕਾਂ ਵਿਚ ਪਾਉਂਦੇ ਹਨ। ਜੇ ਉਹ ਪਾਉਂਦੇ ਹਨ, ਤਾਂ ਮਸ਼ਕਾਂ ਪਾਟ ਜਾਂਦੀਆਂ ਹਨ ਅਤੇ ਦਾਖਰਸ ਡੁੱਲ੍ਹ ਜਾਂਦਾ ਹੈ ਤੇ ਮਸ਼ਕਾਂ ਖ਼ਰਾਬ ਹੋ ਜਾਂਦੀਆਂ ਹਨ। ਪਰ ਲੋਕ ਨਵਾਂ ਦਾਖਰਸ ਨਵੀਆਂ ਮਸ਼ਕਾਂ ਵਿਚ ਪਾਉਂਦੇ ਹਨ। ਇਸ ਤਰ੍ਹਾਂ ਦੋਵੇਂ ਚੀਜ਼ਾਂ ਬਚੀਆਂ ਰਹਿੰਦੀਆਂ ਹਨ।”

18 ਜਦੋਂ ਯਿਸੂ ਉਨ੍ਹਾਂ ਨਾਲ ਇਹ ਗੱਲਾਂ ਕਰ ਹੀ ਰਿਹਾ ਸੀ, ਤਾਂ ਦੇਖੋ! ਸਭਾ ਘਰ ਦਾ ਇਕ ਨਿਗਾਹਬਾਨ ਆਇਆ ਅਤੇ ਉਸ ਨੇ ਝੁਕ ਕੇ ਯਿਸੂ ਨੂੰ ਨਮਸਕਾਰ ਕੀਤਾ* ਤੇ ਕਿਹਾ: “ਹੁਣ ਤਕ ਤਾਂ ਮੇਰੀ ਧੀ ਮਰ ਵੀ ਗਈ ਹੋਣੀ, ਪਰ ਆ ਕੇ ਉਸ ਉੱਤੇ ਆਪਣਾ ਹੱਥ ਰੱਖ, ਤਾਂ ਉਹ ਦੁਬਾਰਾ ਜੀਉਂਦੀ ਹੋ ਜਾਵੇਗੀ।”+

19 ਫਿਰ ਯਿਸੂ ਉੱਠ ਕੇ ਆਪਣੇ ਚੇਲਿਆਂ ਸਮੇਤ ਨਿਗਾਹਬਾਨ ਦੇ ਨਾਲ ਚਲਾ ਗਿਆ। 20 ਅਤੇ ਦੇਖੋ! ਇਕ ਤੀਵੀਂ ਆਈ ਜਿਸ ਦੇ 12 ਸਾਲਾਂ ਤੋਂ ਖ਼ੂਨ ਵਹਿ ਰਿਹਾ ਸੀ।+ ਉਸ ਨੇ ਪਿੱਛਿਓਂ ਦੀ ਆ ਕੇ ਯਿਸੂ ਦੇ ਕੱਪੜੇ ਦੀ ਝਾਲਰ ਨੂੰ ਛੂਹਿਆ+ 21 ਕਿਉਂਕਿ ਉਹ ਮਨ ਹੀ ਮਨ ਕਹਿੰਦੀ ਰਹੀ: “ਜੇ ਮੈਂ ਉਸ ਦੇ ਕੱਪੜੇ ਨੂੰ ਹੀ ਛੂਹ ਲਵਾਂ, ਤਾਂ ਮੈਂ ਠੀਕ ਹੋ ਜਾਵਾਂਗੀ।” 22 ਯਿਸੂ ਨੇ ਪਿੱਛੇ ਮੁੜ ਕੇ ਉਸ ਨੂੰ ਦੇਖਿਆ ਅਤੇ ਕਿਹਾ: “ਹੌਸਲਾ ਰੱਖ ਧੀਏ, ਤੂੰ ਆਪਣੀ ਨਿਹਚਾ ਕਰਕੇ ਚੰਗੀ ਹੋਈ ਹੈਂ।”+ ਉਹ ਤੀਵੀਂ ਉਸੇ ਵੇਲੇ ਠੀਕ ਹੋ ਗਈ।+

23 ਨਿਗਾਹਬਾਨ ਦੇ ਘਰ ਪਹੁੰਚ ਕੇ ਉਸ ਨੇ ਲੋਕਾਂ ਨੂੰ ਬੰਸਰੀਆਂ ਉੱਤੇ ਮਾਤਮੀ ਧੁਨਾਂ ਵਜਾਉਂਦੇ ਅਤੇ ਚੀਕ-ਚਿਹਾੜਾ ਪਾਉਂਦੇ ਦੇਖਿਆ।+ 24 ਯਿਸੂ ਨੇ ਉਨ੍ਹਾਂ ਨੂੰ ਕਿਹਾ: “ਇੱਥੋਂ ਚਲੇ ਜਾਓ, ਕੁੜੀ ਮਰੀ ਨਹੀਂ, ਸਗੋਂ ਸੁੱਤੀ ਪਈ ਹੈ।”+ ਇਹ ਸੁਣ ਕੇ ਉਹ ਉਸ ਦਾ ਮਜ਼ਾਕ ਉਡਾਉਂਦੇ ਹੋਏ ਹੱਸਣ ਲੱਗੇ। 25 ਭੀੜ ਦੇ ਬਾਹਰ ਕੱਢੇ ਜਾਣ ਤੋਂ ਬਾਅਦ ਉਸ ਨੇ ਅੰਦਰ ਜਾ ਕੇ ਕੁੜੀ ਦਾ ਹੱਥ ਫੜਿਆ+ ਅਤੇ ਕੁੜੀ ਉੱਠ ਖੜ੍ਹੀ ਹੋਈ।+ 26 ਇਹ ਗੱਲ ਪੂਰੇ ਇਲਾਕੇ ਵਿਚ ਫੈਲ ਗਈ।

27 ਜਦ ਯਿਸੂ ਉੱਥੋਂ ਤੁਰ ਪਿਆ, ਤਾਂ ਦੋ ਅੰਨ੍ਹੇ+ ਉਸ ਦੇ ਮਗਰ-ਮਗਰ ਤੁਰ ਪਏ ਅਤੇ ਉਹ ਉੱਚੀ-ਉੱਚੀ ਕਹਿਣ ਲੱਗੇ: “ਹੇ ਦਾਊਦ ਦੇ ਪੁੱਤਰ, ਸਾਡੇ ʼਤੇ ਰਹਿਮ ਕਰ।” 28 ਯਿਸੂ ਜਦ ਘਰ ਦੇ ਅੰਦਰ ਵੜਿਆ, ਤਾਂ ਉਹ ਦੋਵੇਂ ਅੰਨ੍ਹੇ ਉਸ ਕੋਲ ਆਏ ਅਤੇ ਯਿਸੂ ਨੇ ਉਨ੍ਹਾਂ ਨੂੰ ਪੁੱਛਿਆ: “ਕੀ ਤੁਹਾਨੂੰ ਨਿਹਚਾ ਹੈ ਕਿ ਮੈਂ ਤੁਹਾਡੀਆਂ ਅੱਖਾਂ ਖੋਲ੍ਹ ਸਕਦਾ ਹਾਂ?”+ ਉਨ੍ਹਾਂ ਨੇ ਕਿਹਾ: “ਹਾਂ, ਪ੍ਰਭੂ।” 29 ਫਿਰ ਉਸ ਨੇ ਉਨ੍ਹਾਂ ਦੀਆਂ ਅੱਖਾਂ ਨੂੰ ਛੂਹਿਆ+ ਅਤੇ ਕਿਹਾ: “ਤੁਸੀਂ ਨਿਹਚਾ ਨਾਲ ਜੋ ਮੰਗਿਆ ਹੈ, ਉਹੀ ਤੁਹਾਡੇ ਲਈ ਹੋ ਜਾਵੇ।” 30 ਉਦੋਂ ਉਨ੍ਹਾਂ ਦੀਆਂ ਅੱਖਾਂ ਦੀ ਰੌਸ਼ਨੀ ਵਾਪਸ ਆ ਗਈ। ਪਰ ਯਿਸੂ ਨੇ ਉਨ੍ਹਾਂ ਨੂੰ ਸਖ਼ਤੀ ਨਾਲ ਵਰਜਿਆ: “ਸੁਣੋ, ਕਿਸੇ ਨੂੰ ਇਸ ਗੱਲ ਬਾਰੇ ਪਤਾ ਨਾ ਲੱਗੇ।”+ 31 ਪਰ ਉਨ੍ਹਾਂ ਦੋਵਾਂ ਨੇ ਬਾਹਰ ਜਾ ਕੇ ਸਾਰੇ ਇਲਾਕੇ ਵਿਚ ਯਿਸੂ ਬਾਰੇ ਰੌਲ਼ਾ ਪਾ ਦਿੱਤਾ।

32 ਜਦ ਉਹ ਦੋਵੇਂ ਚਲੇ ਗਏ, ਤਾਂ ਦੇਖੋ! ਲੋਕ ਯਿਸੂ ਕੋਲ ਇਕ ਗੁੰਗੇ ਆਦਮੀ ਨੂੰ ਲਿਆਏ ਜਿਸ ਨੂੰ ਦੁਸ਼ਟ ਦੂਤ ਚਿੰਬੜਿਆ ਹੋਇਆ ਸੀ;+ 33 ਜਦ ਯਿਸੂ ਨੇ ਗੁੰਗੇ ਵਿੱਚੋਂ ਦੁਸ਼ਟ ਦੂਤ ਨੂੰ ਕੱਢ ਦਿੱਤਾ, ਤਾਂ ਉਹ ਬੋਲਣ ਲੱਗ ਪਿਆ।+ ਇਹ ਦੇਖ ਕੇ ਸਾਰੇ ਜਣੇ ਹੱਕੇ-ਬੱਕੇ ਰਹਿ ਗਏ ਅਤੇ ਉਨ੍ਹਾਂ ਨੇ ਕਿਹਾ: “ਅਸੀਂ ਇਜ਼ਰਾਈਲ ਵਿਚ ਪਹਿਲਾਂ ਕਦੀ ਇਹੋ ਜਿਹੀ ਗੱਲ ਨਹੀਂ ਦੇਖੀ।”+ 34 ਪਰ ਫ਼ਰੀਸੀਆਂ ਨੇ ਕਿਹਾ: “ਉਹ ਦੁਸ਼ਟ ਦੂਤਾਂ ਦੇ ਸਰਦਾਰ ਦੀ ਮਦਦ ਨਾਲ ਹੀ ਦੁਸ਼ਟ ਦੂਤਾਂ ਨੂੰ ਕੱਢਦਾ ਹੈ।”+

35 ਫਿਰ ਯਿਸੂ ਸਾਰੇ ਸ਼ਹਿਰਾਂ ਤੇ ਪਿੰਡਾਂ ਵਿਚ ਗਿਆ ਅਤੇ ਉਸ ਨੇ ਉਨ੍ਹਾਂ ਦੇ ਸਭਾ ਘਰਾਂ ਵਿਚ ਸਿੱਖਿਆ ਦਿੱਤੀ ਅਤੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ ਅਤੇ ਲੋਕਾਂ ਦੀ ਹਰ ਤਰ੍ਹਾਂ ਦੀ ਬੀਮਾਰੀ ਤੇ ਸਰੀਰ ਦੀ ਕਮਜ਼ੋਰੀ ਨੂੰ ਠੀਕ ਕੀਤਾ।+ 36 ਭੀੜਾਂ ਨੂੰ ਦੇਖ ਕੇ ਉਸ ਨੂੰ ਉਨ੍ਹਾਂ ʼਤੇ ਤਰਸ ਆਇਆ+ ਕਿਉਂਕਿ ਉਹ ਉਨ੍ਹਾਂ ਭੇਡਾਂ ਵਰਗੇ ਸਨ ਜਿਨ੍ਹਾਂ ਦੀ ਚਮੜੀ ਉਧੇੜ ਦਿੱਤੀ ਗਈ ਹੋਵੇ ਅਤੇ ਜੋ ਚਰਵਾਹੇ ਤੋਂ ਬਿਨਾਂ ਇੱਧਰ-ਉੱਧਰ ਭਟਕ ਰਹੀਆਂ ਹੋਣ।+ 37 ਫਿਰ ਉਸ ਨੇ ਆਪਣੇ ਚੇਲਿਆਂ ਨੂੰ ਕਿਹਾ: “ਸੱਚ-ਮੁੱਚ, ਫ਼ਸਲ ਤਾਂ ਬਹੁਤ ਹੈ, ਪਰ ਵਾਢੇ ਥੋੜ੍ਹੇ ਹਨ।+ 38 ਇਸ ਲਈ ਖੇਤ ਦੇ ਮਾਲਕ ਅੱਗੇ ਬੇਨਤੀ ਕਰੋ ਕਿ ਉਹ ਫ਼ਸਲ ਵੱਢਣ ਲਈ ਹੋਰ ਵਾਢੇ ਘੱਲੇ।”+

10 ਉਸ ਨੇ ਆਪਣੇ 12 ਚੇਲਿਆਂ ਨੂੰ ਆਪਣੇ ਕੋਲ ਸੱਦਿਆ ਅਤੇ ਉਨ੍ਹਾਂ ਨੂੰ ਦੁਸ਼ਟ ਦੂਤਾਂ* ਉੱਤੇ ਅਧਿਕਾਰ ਦਿੱਤਾ+ ਤਾਂਕਿ ਉਹ ਇਨ੍ਹਾਂ ਨੂੰ ਲੋਕਾਂ ਵਿੱਚੋਂ ਕੱਢਣ ਅਤੇ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਬੀਮਾਰੀ ਤੇ ਸਰੀਰ ਦੀ ਕਮਜ਼ੋਰੀ ਠੀਕ ਕਰਨ ਦੀ ਸ਼ਕਤੀ ਵੀ ਦਿੱਤੀ।

2 ਇਨ੍ਹਾਂ 12 ਰਸੂਲਾਂ ਦੇ ਨਾਂ ਹਨ:+ ਸ਼ਮਊਨ ਉਰਫ਼ ਪਤਰਸ,*+ ਅਤੇ ਉਸ ਦਾ ਭਰਾ ਅੰਦ੍ਰਿਆਸ,+ ਜ਼ਬਦੀ ਦੇ ਪੁੱਤਰ ਯਾਕੂਬ ਅਤੇ ਯੂਹੰਨਾ,+ 3 ਫ਼ਿਲਿੱਪੁਸ, ਬਰਥੁਲਮਈ,*+ ਥੋਮਾ,+ ਟੈਕਸ ਵਸੂਲਣ ਵਾਲਾ ਮੱਤੀ,*+ ਹਲਫ਼ਈ ਦਾ ਪੁੱਤਰ ਯਾਕੂਬ, ਥੱਦਈ,* 4 ਜੋਸ਼ੀਲਾ ਸ਼ਮਊਨ ਅਤੇ ਯਹੂਦਾ ਇਸਕਰਿਓਤੀ ਜਿਸ ਨੇ ਬਾਅਦ ਵਿਚ ਯਿਸੂ ਨਾਲ ਦਗ਼ਾ ਕੀਤਾ ਸੀ।+

5 ਯਿਸੂ ਨੇ ਇਨ੍ਹਾਂ 12 ਨੂੰ ਇਹ ਹਿਦਾਇਤਾਂ ਦੇ ਕੇ ਭੇਜਿਆ:+ “ਤੁਸੀਂ ਗ਼ੈਰ-ਯਹੂਦੀ ਲੋਕਾਂ ਕੋਲ ਨਾ ਜਾਣਾ ਅਤੇ ਨਾ ਹੀ ਕਿਸੇ ਸਾਮਰੀ ਸ਼ਹਿਰ ਵਿਚ ਜਾਣਾ,+ 6 ਪਰ ਤੁਸੀਂ ਸਿਰਫ਼ ਇਜ਼ਰਾਈਲ ਦੇ ਘਰਾਣੇ ਦੀਆਂ ਗੁਆਚੀਆਂ ਹੋਈਆਂ ਭੇਡਾਂ ਕੋਲ ਜਾਣਾ।+ 7 ਤੁਸੀਂ ਜਾਂਦੇ-ਜਾਂਦੇ ਇਹ ਪ੍ਰਚਾਰ ਕਰਿਓ: ‘ਸਵਰਗ ਦਾ ਰਾਜ ਨੇੜੇ ਆ ਗਿਆ ਹੈ।’+ 8 ਬੀਮਾਰਾਂ ਨੂੰ ਠੀਕ ਕਰੋ,+ ਮਰ ਚੁੱਕੇ ਲੋਕਾਂ ਨੂੰ ਜੀਉਂਦਾ ਕਰੋ, ਕੋੜ੍ਹੀਆਂ ਨੂੰ ਸ਼ੁੱਧ ਕਰੋ ਅਤੇ ਲੋਕਾਂ ਵਿੱਚੋਂ ਦੁਸ਼ਟ ਦੂਤ ਕੱਢੋ। ਤੁਹਾਨੂੰ ਮੁਫ਼ਤ ਮਿਲਿਆ ਹੈ, ਤੁਸੀਂ ਵੀ ਮੁਫ਼ਤ ਦਿਓ। 9 ਤੁਸੀਂ ਆਪਣੇ ਕਮਰਬੰਦ ਵਿਚ ਸੋਨੇ, ਚਾਂਦੀ ਤੇ ਤਾਂਬੇ ਦੇ ਸਿੱਕੇ ਨਾ ਲੈ ਕੇ ਜਾਓ,+ 10 ਨਾ ਸਫ਼ਰ ਵਾਸਤੇ ਖਾਣੇ ਵਾਲਾ ਝੋਲ਼ਾ, ਨਾ ਦੋ-ਦੋ ਕੁੜਤੇ,* ਨਾ ਜੁੱਤੀਆਂ ਦਾ ਜੋੜਾ ਅਤੇ ਨਾ ਹੀ ਡੰਡਾ ਲੈ ਕੇ ਜਾਓ+ ਕਿਉਂਕਿ ਕਾਮਾ ਆਪਣੇ ਖਾਣੇ ਦਾ ਹੱਕਦਾਰ ਹੈ।+

11 “ਤੁਸੀਂ ਜਿਸ ਕਿਸੇ ਸ਼ਹਿਰ ਜਾਂ ਪਿੰਡ ਵਿਚ ਜਾਓ, ਉੱਥੇ ਉਸ ਇਨਸਾਨ ਨੂੰ ਲੱਭੋ ਜੋ ਲਾਇਕ ਹੋਵੇ। ਉੱਥੇ ਉਸ ਨਾਲ ਉੱਨਾ ਚਿਰ ਰਹੋ ਜਿੰਨਾ ਚਿਰ ਤੁਸੀਂ ਉਸ ਇਲਾਕੇ ਵਿਚ ਰਹਿੰਦੇ ਹੋ।+ 12 ਜਦ ਤੁਸੀਂ ਕਿਸੇ ਦੇ ਘਰ ਜਾਓ, ਤਾਂ ਘਰ ਦੇ ਜੀਆਂ ਨੂੰ ਨਮਸਕਾਰ ਕਰੋ। 13 ਜੇ ਉਹ ਤੁਹਾਡਾ ਸੁਆਗਤ ਕਰਨ, ਤਾਂ ਉਨ੍ਹਾਂ ਨੂੰ ਅਸੀਸ* ਮਿਲੇਗੀ।+ ਪਰ ਜੇ ਉਹ ਤੁਹਾਡਾ ਸੁਆਗਤ ਨਾ ਕਰਨ, ਤਾਂ ਤੁਹਾਡੀ ਅਸੀਸ ਤੁਹਾਡੇ ਕੋਲ ਹੀ ਰਹੇਗੀ। 14 ਜਿੱਥੇ ਕੋਈ ਤੁਹਾਡਾ ਸੁਆਗਤ ਨਹੀਂ ਕਰਦਾ ਜਾਂ ਤੁਹਾਡੀ ਗੱਲ ਨਹੀਂ ਸੁਣਦਾ, ਉਸ ਘਰੋਂ ਜਾਂ ਸ਼ਹਿਰੋਂ ਨਿਕਲਣ ਵੇਲੇ ਆਪਣੇ ਪੈਰਾਂ ਦੀ ਧੂੜ ਝਾੜ ਦਿਓ।+ 15 ਮੈਂ ਤੁਹਾਨੂੰ ਸੱਚ ਕਹਿੰਦਾ ਹਾਂ: ਉਸ ਸ਼ਹਿਰ ਨਾਲੋਂ ਸਦੂਮ ਤੇ ਗਮੋਰਾ*+ ਲਈ ਨਿਆਂ ਦਾ ਦਿਨ ਜ਼ਿਆਦਾ ਸਹਿਣ ਯੋਗ ਹੋਵੇਗਾ।

16 “ਦੇਖੋ! ਮੈਂ ਤੁਹਾਨੂੰ ਭੇਡਾਂ ਵਾਂਗ ਬਘਿਆੜਾਂ ਵਿਚ ਘੱਲ ਰਿਹਾ ਹਾਂ; ਇਸ ਲਈ ਤੁਸੀਂ ਸੱਪਾਂ ਵਾਂਗ ਸਾਵਧਾਨ ਰਹੋ ਅਤੇ ਕਬੂਤਰਾਂ ਵਾਂਗ ਮਾਸੂਮ ਬਣੋ।+ 17 ਲੋਕਾਂ ਤੋਂ ਖ਼ਬਰਦਾਰ ਰਹੋ ਕਿਉਂਕਿ ਉਹ ਤੁਹਾਨੂੰ ਅਦਾਲਤਾਂ ਵਿਚ ਘੜੀਸਣਗੇ+ ਅਤੇ ਸਭਾ ਘਰਾਂ ਵਿਚ ਕੁੱਟਣਗੇ।+ 18 ਉਹ ਤੁਹਾਨੂੰ ਮੇਰੇ ਚੇਲੇ ਹੋਣ ਕਰਕੇ ਸਰਕਾਰੀ ਅਧਿਕਾਰੀਆਂ ਅਤੇ ਰਾਜਿਆਂ ਸਾਮ੍ਹਣੇ ਪੇਸ਼ ਕਰਨਗੇ+ ਜਿੱਥੇ ਤੁਹਾਨੂੰ ਉਨ੍ਹਾਂ ਨੂੰ ਅਤੇ ਕੌਮਾਂ ਨੂੰ ਗਵਾਹੀ ਦੇਣ ਦਾ ਮੌਕਾ ਮਿਲੇਗਾ।+ 19 ਪਰ ਜਦ ਉਹ ਤੁਹਾਨੂੰ ਫੜਵਾਉਣ, ਤਾਂ ਚਿੰਤਾ ਨਾ ਕਰਿਓ ਕਿ ਤੁਸੀਂ ਕਿਵੇਂ ਗੱਲ ਕਰਨੀ ਹੈ ਜਾਂ ਕੀ ਕਹਿਣਾ ਹੈ ਕਿਉਂਕਿ ਤੁਸੀਂ ਜੋ ਕਹਿਣਾ ਹੈ ਉਹ ਤੁਹਾਨੂੰ ਉਸੇ ਵੇਲੇ ਦੱਸਿਆ ਜਾਵੇਗਾ।+ 20 ਕਿਉਂਕਿ ਬੋਲਣ ਵਾਲੇ ਸਿਰਫ਼ ਤੁਸੀਂ ਨਹੀਂ, ਸਗੋਂ ਤੁਹਾਡੇ ਸਵਰਗੀ ਪਿਤਾ ਦੀ ਸ਼ਕਤੀ ਤੁਹਾਡੇ ਰਾਹੀਂ ਬੋਲੇਗੀ।+ 21 ਨਾਲੇ ਭਰਾ ਭਰਾ ਨੂੰ ਤੇ ਪਿਉ ਪੁੱਤਰ ਨੂੰ ਮਰਵਾਉਣ ਲਈ ਫੜਵਾਏਗਾ ਅਤੇ ਬੱਚੇ ਆਪਣੇ ਮਾਪਿਆਂ ਦੇ ਖ਼ਿਲਾਫ਼ ਹੋ ਜਾਣਗੇ ਅਤੇ ਉਨ੍ਹਾਂ ਨੂੰ ਮਰਵਾਉਣਗੇ।+ 22 ਮੇਰੇ ਚੇਲੇ ਹੋਣ ਕਰਕੇ ਤੁਸੀਂ ਸਾਰੇ ਲੋਕਾਂ ਦੀ ਨਫ਼ਰਤ ਦੇ ਸ਼ਿਕਾਰ ਬਣੋਗੇ,+ ਪਰ ਜਿਹੜਾ ਇਨਸਾਨ ਅੰਤ ਤਕ ਧੀਰਜ ਨਾਲ ਸਹਿੰਦਾ ਰਹੇਗਾ, ਉਹੀ ਬਚਾਇਆ ਜਾਵੇਗਾ।+ 23 ਜਦ ਉਹ ਇਕ ਸ਼ਹਿਰ ਵਿਚ ਤੁਹਾਡੇ ʼਤੇ ਅਤਿਆਚਾਰ ਕਰਨ, ਤਾਂ ਤੁਸੀਂ ਦੂਸਰੇ ਸ਼ਹਿਰ ਨੂੰ ਭੱਜ ਜਾਇਓ;+ ਮੈਂ ਤੁਹਾਨੂੰ ਸੱਚ ਕਹਿੰਦਾ ਹਾਂ: ਇਜ਼ਰਾਈਲ ਦੇ ਸਾਰੇ ਸ਼ਹਿਰਾਂ ਤੇ ਪਿੰਡਾਂ ਵਿਚ ਪ੍ਰਚਾਰ ਦਾ ਕੰਮ ਪੂਰਾ ਹੋਣ ਤੋਂ ਪਹਿਲਾਂ ਹੀ ਮਨੁੱਖ ਦਾ ਪੁੱਤਰ ਆ ਜਾਵੇਗਾ।

24 “ਚੇਲਾ ਆਪਣੇ ਗੁਰੂ ਨਾਲੋਂ ਵੱਡਾ ਨਹੀਂ ਹੁੰਦਾ, ਨਾ ਹੀ ਗ਼ੁਲਾਮ ਆਪਣੇ ਮਾਲਕ ਨਾਲੋਂ ਵੱਡਾ ਹੁੰਦਾ ਹੈ।+ 25 ਇੰਨਾ ਬਹੁਤ ਹੈ ਕਿ ਚੇਲਾ ਆਪਣੇ ਗੁਰੂ ਵਰਗਾ ਅਤੇ ਗ਼ੁਲਾਮ ਆਪਣੇ ਮਾਲਕ ਵਰਗਾ ਬਣੇ।+ ਜੇ ਲੋਕਾਂ ਨੇ ਘਰ ਦੇ ਮਾਲਕ ਨੂੰ ਬਆਲਜ਼ਬੂਲ*+ ਕਿਹਾ ਹੈ, ਤਾਂ ਉਹ ਘਰ ਦੇ ਜੀਆਂ ਨੂੰ ਵੀ ਇਹੋ ਕਹਿਣਗੇ। 26 ਇਸ ਲਈ ਉਨ੍ਹਾਂ ਤੋਂ ਨਾ ਡਰੋ ਕਿਉਂਕਿ ਅਜਿਹੀ ਕੋਈ ਵੀ ਗੁਪਤ ਗੱਲ ਨਹੀਂ ਹੈ ਜੋ ਜ਼ਾਹਰ ਨਹੀਂ ਕੀਤੀ ਜਾਵੇਗੀ ਅਤੇ ਅਜਿਹਾ ਕੋਈ ਭੇਤ ਨਹੀਂ ਹੈ ਜੋ ਖੋਲ੍ਹਿਆ ਨਹੀਂ ਜਾਵੇਗਾ।+ 27 ਜੋ ਮੈਂ ਤੁਹਾਨੂੰ ਹਨੇਰੇ ਵਿਚ ਦੱਸਦਾ ਹਾਂ, ਤੁਸੀਂ ਚਾਨਣ ਵਿਚ ਜਾ ਕੇ ਦੱਸੋ ਅਤੇ ਜੋ ਮੈਂ ਤੁਹਾਡੇ ਕੰਨ ਵਿਚ ਕਹਿੰਦਾ ਹਾਂ, ਤੁਸੀਂ ਉਸ ਦਾ ਕੋਠੇ ਚੜ੍ਹ ਕੇ ਐਲਾਨ ਕਰੋ।+ 28 ਤੁਸੀਂ ਉਨ੍ਹਾਂ ਤੋਂ ਨਾ ਡਰੋ ਜੋ ਤੁਹਾਨੂੰ ਜਾਨੋਂ ਤਾਂ ਮਾਰ ਸਕਦੇ ਹਨ, ਪਰ ਤੁਹਾਡੇ ਤੋਂ ਭਵਿੱਖ ਵਿਚ ਮਿਲਣ ਵਾਲੀ ਜ਼ਿੰਦਗੀ ਨਹੀਂ ਖੋਹ ਸਕਦੇ;+ ਸਗੋਂ ਪਰਮੇਸ਼ੁਰ ਤੋਂ ਡਰੋ ਜੋ ਤੁਹਾਨੂੰ ‘ਗ਼ਹੈਨਾ’* ਵਿਚ ਨਾਸ਼ ਕਰ ਸਕਦਾ ਹੈ।+ 29 ਕੀ ਇਕ ਪੈਸੇ* ਦੀਆਂ ਦੋ ਚਿੜੀਆਂ ਨਹੀਂ ਵਿਕਦੀਆਂ? ਪਰ ਫਿਰ ਵੀ ਇਹ ਨਹੀਂ ਹੋ ਸਕਦਾ ਕਿ ਇਨ੍ਹਾਂ ਵਿੱਚੋਂ ਇਕ ਵੀ ਚਿੜੀ ਜ਼ਮੀਨ ʼਤੇ ਡਿਗੇ ਤੇ ਤੁਹਾਡੇ ਸਵਰਗੀ ਪਿਤਾ ਨੂੰ ਪਤਾ ਨਾ ਲੱਗੇ।+ 30 ਤੁਹਾਡੇ ਤਾਂ ਸਗੋਂ ਸਿਰ ਦੇ ਸਾਰੇ ਵਾਲ਼ ਵੀ ਗਿਣੇ ਹੋਏ ਹਨ। 31 ਇਸ ਲਈ ਡਰੋ ਨਾ; ਤੁਸੀਂ ਇਨ੍ਹਾਂ ਸਾਰੀਆਂ ਚਿੜੀਆਂ ਨਾਲੋਂ ਕਿਤੇ ਜ਼ਿਆਦਾ ਅਨਮੋਲ ਹੋ।+

32 “ਤਾਂ ਫਿਰ, ਹਰ ਕੋਈ ਜੋ ਮੈਨੂੰ ਇਨਸਾਨਾਂ ਸਾਮ੍ਹਣੇ ਕਬੂਲ ਕਰਦਾ ਹੈ,+ ਮੈਂ ਵੀ ਉਸ ਨੂੰ ਆਪਣੇ ਸਵਰਗੀ ਪਿਤਾ ਦੇ ਸਾਮ੍ਹਣੇ ਕਬੂਲ ਕਰਾਂਗਾ।+ 33 ਪਰ ਜੋ ਮੈਨੂੰ ਇਨਸਾਨਾਂ ਸਾਮ੍ਹਣੇ ਕਬੂਲ ਨਹੀਂ ਕਰਦਾ, ਮੈਂ ਵੀ ਉਸ ਨੂੰ ਆਪਣੇ ਸਵਰਗੀ ਪਿਤਾ ਦੇ ਸਾਮ੍ਹਣੇ ਕਬੂਲ ਨਹੀਂ ਕਰਾਂਗਾ।+ 34 ਇਹ ਨਾ ਸੋਚੋ ਕਿ ਮੈਂ ਧਰਤੀ ʼਤੇ ਸ਼ਾਂਤੀ ਕਾਇਮ ਕਰਨ ਆਇਆ ਹਾਂ; ਮੈਂ ਸ਼ਾਂਤੀ ਕਾਇਮ ਕਰਨ ਨਹੀਂ, ਸਗੋਂ ਤਲਵਾਰ ਚਲਾਉਣ ਆਇਆ ਹਾਂ।+ 35 ਮੈਂ ਪਿਉ-ਪੁੱਤਰ ਵਿਚ, ਮਾਂ-ਧੀ ਵਿਚ ਅਤੇ ਨੂੰਹ-ਸੱਸ ਵਿਚ ਫੁੱਟ ਪਾਉਣ ਆਇਆ ਹਾਂ।+ 36 ਵਾਕਈ, ਇਨਸਾਨ ਦੇ ਦੁਸ਼ਮਣ ਉਸ ਦੇ ਘਰ ਦੇ ਹੀ ਹੋਣਗੇ। 37 ਜੋ ਕੋਈ ਆਪਣੀ ਮਾਤਾ ਜਾਂ ਪਿਤਾ ਨੂੰ ਮੇਰੇ ਨਾਲੋਂ ਵੱਧ ਪਿਆਰ ਕਰਦਾ ਹੈ, ਉਹ ਮੇਰਾ ਚੇਲਾ ਬਣਨ ਦੇ ਲਾਇਕ ਨਹੀਂ ਅਤੇ ਜੋ ਕੋਈ ਆਪਣੀ ਧੀ ਜਾਂ ਪੁੱਤ ਨੂੰ ਮੇਰੇ ਨਾਲੋਂ ਵੱਧ ਪਿਆਰ ਕਰਦਾ ਹੈ, ਉਹ ਮੇਰਾ ਚੇਲਾ ਬਣਨ ਦੇ ਲਾਇਕ ਨਹੀਂ।+ 38 ਜੋ ਆਪਣੀ ਤਸੀਹੇ ਦੀ ਸੂਲ਼ੀ* ਚੁੱਕ ਕੇ ਮੇਰੇ ਪਿੱਛੇ-ਪਿੱਛੇ ਚੱਲਣ ਤੋਂ ਇਨਕਾਰ ਕਰਦਾ ਹੈ, ਉਹ ਮੇਰਾ ਚੇਲਾ ਬਣਨ ਦੇ ਲਾਇਕ ਨਹੀਂ।+ 39 ਜਿਹੜਾ ਇਨਸਾਨ ਆਪਣੀ ਜਾਨ ਬਚਾਉਣੀ ਚਾਹੁੰਦਾ ਹੈ, ਉਹ ਆਪਣੀ ਜਾਨ ਗੁਆ ਬੈਠੇਗਾ, ਪਰ ਜਿਹੜਾ ਇਨਸਾਨ ਮੇਰੀ ਖ਼ਾਤਰ ਆਪਣੀ ਜਾਨ ਗੁਆਉਂਦਾ ਹੈ, ਉਹ ਆਪਣੀ ਜਾਨ ਬਚਾ ਲਵੇਗਾ।+

40 “ਜਿਹੜਾ ਤੁਹਾਨੂੰ ਕਬੂਲ ਕਰਦਾ ਹੈ, ਉਹ ਮੈਨੂੰ ਵੀ ਕਬੂਲ ਕਰਦਾ ਹੈ ਅਤੇ ਜਿਹੜਾ ਮੈਨੂੰ ਕਬੂਲ ਕਰਦਾ ਹੈ, ਉਹ ਮੇਰੇ ਘੱਲਣ ਵਾਲੇ ਨੂੰ ਵੀ ਕਬੂਲ ਕਰਦਾ ਹੈ।+ 41 ਜਿਹੜਾ ਕਿਸੇ ਨਬੀ ਨੂੰ ਇਸ ਲਈ ਕਬੂਲ ਕਰਦਾ ਹੈ ਕਿਉਂਕਿ ਉਹ ਨਬੀ ਹੈ, ਤਾਂ ਉਸ ਨੂੰ ਉਹੀ ਇਨਾਮ ਮਿਲੇਗਾ ਜੋ ਇਕ ਨਬੀ ਨੂੰ ਮਿਲਦਾ ਹੈ+ ਅਤੇ ਜਿਹੜਾ ਕਿਸੇ ਨੇਕ ਇਨਸਾਨ ਨੂੰ ਇਸ ਲਈ ਕਬੂਲ ਕਰਦਾ ਹੈ ਕਿਉਂਕਿ ਉਹ ਨੇਕ ਹੈ, ਤਾਂ ਉਸ ਨੂੰ ਉਹੀ ਇਨਾਮ ਮਿਲੇਗਾ ਜੋ ਇਕ ਨੇਕ ਇਨਸਾਨ ਨੂੰ ਮਿਲਦਾ ਹੈ। 42 ਜੇ ਕੋਈ ਇਨ੍ਹਾਂ ਛੋਟਿਆਂ ਵਿੱਚੋਂ ਕਿਸੇ ਇਕ ਨੂੰ ਠੰਢੇ ਪਾਣੀ ਦਾ ਇਕ ਗਲਾਸ ਪਿਲਾਉਂਦਾ ਹੈ ਕਿਉਂਕਿ ਉਹ ਮੇਰਾ ਚੇਲਾ ਹੈ, ਤਾਂ ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਉਸ ਨੂੰ ਆਪਣਾ ਫਲ ਜ਼ਰੂਰ ਮਿਲੇਗਾ।”+

11 ਜਦੋਂ ਯਿਸੂ ਆਪਣੇ 12 ਚੇਲਿਆਂ ਨੂੰ ਹਿਦਾਇਤਾਂ ਦੇ ਹਟਿਆ, ਤਾਂ ਉਹ ਆਲੇ-ਦੁਆਲੇ ਦੇ ਸ਼ਹਿਰਾਂ ਵਿਚ ਸਿੱਖਿਆ ਦੇਣ ਅਤੇ ਪ੍ਰਚਾਰ ਕਰਨ ਤੁਰ ਪਿਆ।+

2 ਪਰ ਜੇਲ੍ਹ ਵਿਚ ਯੂਹੰਨਾ+ ਨੇ ਮਸੀਹ ਦੇ ਕੰਮਾਂ ਬਾਰੇ ਸੁਣ ਕੇ ਆਪਣੇ ਚੇਲਿਆਂ ਨੂੰ ਉਸ ਕੋਲ ਇਹ ਪੁੱਛਣ ਲਈ+ 3 ਭੇਜਿਆ: “ਕੀ ਤੂੰ ਉਹੀ ਹੈਂ ਜਿਸ ਨੇ ਆਉਣਾ ਸੀ ਜਾਂ ਫਿਰ ਅਸੀਂ ਕਿਸੇ ਹੋਰ ਦੀ ਉਡੀਕ ਕਰੀਏ?”+ 4 ਯਿਸੂ ਨੇ ਉਨ੍ਹਾਂ ਨੂੰ ਕਿਹਾ: “ਜਾ ਕੇ ਯੂਹੰਨਾ ਨੂੰ ਉਹ ਸਾਰੀਆਂ ਗੱਲਾਂ ਦੱਸੋ ਜੋ ਤੁਸੀਂ ਸੁਣਦੇ ਅਤੇ ਦੇਖਦੇ ਹੋ:+ 5 ਅੰਨ੍ਹੇ ਹੁਣ ਦੇਖ ਰਹੇ ਹਨ,+ ਲੰਗੜੇ ਤੁਰ ਰਹੇ ਹਨ, ਕੋੜ੍ਹੀ+ ਸ਼ੁੱਧ ਹੋ ਰਹੇ ਹਨ, ਬੋਲ਼ੇ ਸੁਣ ਰਹੇ ਹਨ, ਮਰ ਚੁੱਕੇ ਲੋਕ ਦੁਬਾਰਾ ਜੀਉਂਦੇ ਕੀਤੇ ਜਾ ਰਹੇ ਹਨ ਅਤੇ ਗ਼ਰੀਬਾਂ ਨੂੰ ਖ਼ੁਸ਼ ਖ਼ਬਰੀ ਸੁਣਾਈ ਜਾ ਰਹੀ ਹੈ।+ 6 ਖ਼ੁਸ਼ ਹੈ ਉਹ ਜਿਹੜਾ ਮੇਰੇ ਕਾਰਨ ਨਿਹਚਾ ਕਰਨੀ ਨਹੀਂ ਛੱਡਦਾ।”+

7 ਉਨ੍ਹਾਂ ਦੇ ਚਲੇ ਜਾਣ ਤੋਂ ਬਾਅਦ, ਯਿਸੂ ਨੇ ਯੂਹੰਨਾ ਬਾਰੇ ਭੀੜ ਨੂੰ ਦੱਸਣਾ ਸ਼ੁਰੂ ਕੀਤਾ: “ਤੁਸੀਂ ਉਜਾੜ ਵਿਚ ਕੀ ਦੇਖਣ ਗਏ ਸੀ?+ ਕੀ ਹਵਾ ਵਿਚ ਝੂਲਦੇ ਸਰਕੰਡੇ ਨੂੰ?+ 8 ਫਿਰ ਤੁਸੀਂ ਕੀ ਦੇਖਣ ਗਏ ਸੀ? ਮੁਲਾਇਮ ਤੇ ਰੇਸ਼ਮੀ* ਕੱਪੜੇ ਪਾਈ ਆਦਮੀ ਨੂੰ? ਇਹੋ ਜਿਹੇ ਕੱਪੜੇ ਪਾਉਣ ਵਾਲੇ ਲੋਕ ਰਾਜਿਆਂ ਦੇ ਮਹਿਲਾਂ ਵਿਚ ਹੁੰਦੇ ਹਨ। 9 ਤਾਂ ਫਿਰ, ਤੁਸੀਂ ਕਿਉਂ ਗਏ ਸੀ? ਕੀ ਨਬੀ ਨੂੰ ਦੇਖਣ? ਹਾਂ, ਉਹ ਤਾਂ ਦੂਸਰੇ ਨਬੀਆਂ ਤੋਂ ਵੀ ਵੱਡਾ ਹੈ।+ 10 ਉਸੇ ਬਾਰੇ ਇਹ ਲਿਖਿਆ ਗਿਆ ਹੈ: ‘ਦੇਖ! ਮੈਂ ਤੇਰੇ ਅੱਗੇ-ਅੱਗੇ ਆਪਣੇ ਸੰਦੇਸ਼ ਦੇਣ ਵਾਲੇ* ਨੂੰ ਘੱਲ ਰਿਹਾ ਹਾਂ ਜੋ ਤੇਰੇ ਲਈ ਰਾਹ ਤਿਆਰ ਕਰੇਗਾ!’+ 11 ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਤੀਵੀਆਂ ਦੀ ਕੁੱਖੋਂ ਪੈਦਾ ਹੋਏ ਲੋਕਾਂ ਵਿੱਚੋਂ ਕੋਈ ਵੀ ਯੂਹੰਨਾ ਬਪਤਿਸਮਾ ਦੇਣ ਵਾਲੇ ਨਾਲੋਂ ਵੱਡਾ ਨਹੀਂ ਹੈ, ਪਰ ਸਵਰਗ ਦੇ ਰਾਜ ਵਿਚ ਜਿਹੜਾ ਛੋਟਾ ਵੀ ਹੈ, ਉਹ ਯੂਹੰਨਾ ਨਾਲੋਂ ਵੱਡਾ ਹੈ।+ 12 ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਦਿਨਾਂ ਤੋਂ ਲੈ ਕੇ ਹੁਣ ਤਕ, ਲੋਕ ਸਵਰਗ ਦਾ ਰਾਜ ਹਾਸਲ ਕਰਨ ਲਈ ਬਹੁਤ ਜਤਨ ਕਰ ਰਹੇ ਹਨ ਅਤੇ ਜਿਹੜੇ ਪੂਰਾ ਜ਼ੋਰ ਲਾ ਕੇ ਜਤਨ ਕਰਦੇ ਹਨ, ਉਹੀ ਇਸ ਰਾਜ ਨੂੰ ਹਾਸਲ ਕਰਦੇ ਹਨ।+ 13 ਕਿਉਂਕਿ ਯੂਹੰਨਾ ਦੇ ਸਮੇਂ ਤਕ ਸਾਰੇ ਨਬੀਆਂ ਅਤੇ ਮੂਸਾ ਦੇ ਕਾਨੂੰਨ ਨੇ ਭਵਿੱਖ ਵਿਚ ਹੋਣ ਵਾਲੀਆਂ ਗੱਲਾਂ ਬਾਰੇ ਪਹਿਲਾਂ ਹੀ ਦੱਸਿਆ ਸੀ;+ 14 ਤੁਸੀਂ ਭਾਵੇਂ ਮੰਨੋ ਜਾਂ ਨਾ ਮੰਨੋ, ਯੂਹੰਨਾ ਹੀ ‘ਏਲੀਯਾਹ ਨਬੀ ਹੈ ਜਿਸ ਨੇ ਆਉਣਾ ਸੀ।’+ 15 ਜਿਸ ਦੇ ਕੰਨ ਹਨ, ਉਹ ਮੇਰੀ ਗੱਲ ਸੁਣੇ।

16 “ਮੈਂ ਇਸ ਪੀੜ੍ਹੀ ਦੀ ਤੁਲਨਾ ਕਿਸ ਨਾਲ ਕਰਾਂ?+ ਇਹ ਪੀੜ੍ਹੀ ਬਾਜ਼ਾਰਾਂ ਵਿਚ ਬੈਠੇ ਉਨ੍ਹਾਂ ਨਿਆਣਿਆਂ ਵਰਗੀ ਹੈ ਜਿਹੜੇ ਆਪਣੇ ਸਾਥੀਆਂ ਨੂੰ ਆਵਾਜ਼ ਮਾਰ ਕੇ 17 ਕਹਿੰਦੇ ਹਨ: ‘ਅਸੀਂ ਤੁਹਾਡੇ ਲਈ ਬੰਸਰੀ ਵਜਾਈ, ਪਰ ਤੁਸੀਂ ਨਾ ਨੱਚੇ; ਅਸੀਂ ਕੀਰਨੇ ਪਾਏ, ਪਰ ਤੁਸੀਂ ਸਿਆਪਾ ਨਾ ਕੀਤਾ।’ 18 ਇਸੇ ਤਰ੍ਹਾਂ, ਯੂਹੰਨਾ ਨਾ ਰੋਟੀ ਖਾਂਦਾ ਹੈ ਤੇ ਨਾ ਹੀ ਦਾਖਰਸ ਪੀਂਦਾ ਹੈ, ਪਰ ਲੋਕ ਕਹਿੰਦੇ ਹਨ, ‘ਉਸ ਨੂੰ ਦੁਸ਼ਟ ਦੂਤ ਚਿੰਬੜਿਆ ਹੋਇਆ ਹੈ।’ 19 ਮਨੁੱਖ ਦਾ ਪੁੱਤਰ ਖਾਂਦਾ-ਪੀਂਦਾ ਹੈ,+ ਤਾਂ ਲੋਕ ਕਹਿੰਦੇ ਹਨ, ‘ਦੇਖੋ! ਪੇਟੂ ਅਤੇ ਸ਼ਰਾਬੀ, ਟੈਕਸ ਵਸੂਲਣ ਵਾਲਿਆਂ ਅਤੇ ਪਾਪੀਆਂ ਦਾ ਯਾਰ।’+ ਪਰ ਗੱਲ ਤਾਂ ਇਹ ਹੈ ਕਿ ਬੁੱਧ ਆਪਣੇ ਕੰਮਾਂ* ਤੋਂ ਜ਼ਾਹਰ ਹੁੰਦੀ ਹੈ।”+

20 ਫਿਰ ਉਹ ਉਨ੍ਹਾਂ ਸ਼ਹਿਰਾਂ ਨੂੰ ਫਿਟਕਾਰਨ ਲੱਗਾ ਜਿੱਥੇ ਉਸ ਨੇ ਜ਼ਿਆਦਾ ਕਰਾਮਾਤਾਂ ਕੀਤੀਆਂ ਸਨ ਕਿਉਂਕਿ ਉੱਥੇ ਦੇ ਲੋਕਾਂ ਨੇ ਤੋਬਾ ਨਹੀਂ ਕੀਤੀ ਸੀ। 21 ਉਸ ਨੇ ਕਿਹਾ: “ਲਾਹਨਤ ਹੈ ਤੇਰੇ ʼਤੇ, ਖੁਰਾਜ਼ੀਨ! ਲਾਹਨਤ ਹੈ ਤੇਰੇ ʼਤੇ, ਬੈਤਸੈਦਾ! ਕਿਉਂਕਿ ਜਿਹੜੀਆਂ ਕਰਾਮਾਤਾਂ ਤੁਹਾਡੇ ਵਿਚ ਕੀਤੀਆਂ ਗਈਆਂ ਸਨ, ਜੇ ਇਹੀ ਕਰਾਮਾਤਾਂ ਸੋਰ ਅਤੇ ਸੀਦੋਨ ਵਿਚ ਕੀਤੀਆਂ ਜਾਂਦੀਆਂ, ਤਾਂ ਇਨ੍ਹਾਂ ਸ਼ਹਿਰਾਂ ਦੇ ਲੋਕਾਂ ਨੇ ਬਹੁਤ ਚਿਰ ਪਹਿਲਾਂ ਹੀ ਤੱਪੜ ਪਾ ਕੇ ਅਤੇ ਸੁਆਹ ਵਿਚ ਬੈਠ ਕੇ ਤੋਬਾ ਕਰ ਲਈ ਹੁੰਦੀ।+ 22 ਇਸ ਲਈ ਮੈਂ ਤੁਹਾਨੂੰ ਦੱਸਦਾ ਹਾਂ: ਤੁਹਾਡੇ ਨਾਲੋਂ ਸੋਰ ਅਤੇ ਸੀਦੋਨ ਲਈ ਨਿਆਂ ਦਾ ਦਿਨ ਜ਼ਿਆਦਾ ਸਹਿਣ ਯੋਗ ਹੋਵੇਗਾ।+ 23 ਅਤੇ ਹੇ ਕਫ਼ਰਨਾਹੂਮ,+ ਕੀ ਤੂੰ ਆਕਾਸ਼ ਤਕ ਉੱਚਾ ਕੀਤਾ ਜਾਏਂਗਾ? ਨਹੀਂ, ਸਗੋਂ ਤੂੰ ਕਬਰ* ਵਿਚ ਜਾਏਂਗਾ;+ ਕਿਉਂਕਿ ਜਿਹੜੀਆਂ ਕਰਾਮਾਤਾਂ ਤੇਰੇ ਵਿਚ ਕੀਤੀਆਂ ਗਈਆਂ ਸਨ, ਜੇ ਇਹੀ ਕਰਾਮਾਤਾਂ ਸਦੂਮ ਵਿਚ ਕੀਤੀਆਂ ਜਾਂਦੀਆਂ, ਤਾਂ ਉਸ ਸ਼ਹਿਰ ਨੇ ਅੱਜ ਦੇ ਦਿਨ ਤਕ ਹੋਣਾ ਸੀ। 24 ਇਸ ਲਈ ਮੈਂ ਤੁਹਾਨੂੰ ਦੱਸਦਾ ਹਾਂ: ਤੇਰੇ* ਨਾਲੋਂ ਸਦੂਮ ਲਈ ਨਿਆਂ ਦਾ ਦਿਨ ਜ਼ਿਆਦਾ ਸਹਿਣ ਯੋਗ ਹੋਵੇਗਾ।”+

25 ਉਸ ਵੇਲੇ ਯਿਸੂ ਨੇ ਕਿਹਾ: “ਹੇ ਪਿਤਾ, ਸਵਰਗ ਅਤੇ ਧਰਤੀ ਦੇ ਮਾਲਕ, ਮੈਂ ਸਾਰਿਆਂ ਸਾਮ੍ਹਣੇ ਤੇਰੀ ਵਡਿਆਈ ਕਰਦਾ ਹਾਂ ਕਿਉਂਕਿ ਤੂੰ ਇਹ ਗੱਲਾਂ ਬੁੱਧੀਮਾਨਾਂ ਅਤੇ ਗਿਆਨਵਾਨਾਂ ਤੋਂ ਲੁਕਾਈ ਰੱਖੀਆਂ, ਪਰ ਨਿਆਣਿਆਂ ਨੂੰ ਦੱਸੀਆਂ ਹਨ।+ 26 ਹੇ ਪਿਤਾ, ਇਹ ਸਭ ਤੇਰੀ ਮਰਜ਼ੀ ਅਨੁਸਾਰ ਹੋਇਆ ਹੈ। 27 ਮੇਰੇ ਪਿਤਾ ਨੇ ਸਾਰਾ ਕੁਝ ਮੈਨੂੰ ਸੌਂਪ ਦਿੱਤਾ ਹੈ+ ਅਤੇ ਪਿਤਾ ਤੋਂ ਸਿਵਾਇ ਕੋਈ ਵੀ ਪੁੱਤਰ ਨੂੰ ਪੂਰੀ ਤਰ੍ਹਾਂ ਨਹੀਂ ਜਾਣਦਾ;+ ਨਾ ਕੋਈ ਪਿਤਾ ਨੂੰ ਪੂਰੀ ਤਰ੍ਹਾਂ ਜਾਣਦਾ ਹੈ, ਸਿਵਾਇ ਪੁੱਤਰ ਦੇ ਅਤੇ ਉਸ ਦੇ ਜਿਸ ਨੂੰ ਪੁੱਤਰ ਉਸ ਬਾਰੇ ਦੱਸਣਾ ਚਾਹੁੰਦਾ ਹੈ।+ 28 ਹੇ ਥੱਕੇ ਅਤੇ ਭਾਰ ਹੇਠ ਦੱਬੇ ਹੋਏ ਲੋਕੋ, ਮੇਰੇ ਕੋਲ ਆਓ, ਮੈਂ ਤੁਹਾਨੂੰ ਤਰੋ-ਤਾਜ਼ਾ ਕਰਾਂਗਾ। 29 ਮੇਰਾ ਜੂਲਾ ਆਪਣੇ ਮੋਢਿਆਂ ਉੱਤੇ ਰੱਖ ਲਓ ਅਤੇ ਮੇਰੇ ਤੋਂ ਸਿੱਖੋ ਕਿਉਂਕਿ ਮੈਂ ਸੁਭਾਅ ਦਾ ਨਰਮ ਅਤੇ ਮਨ ਦਾ ਹਲੀਮ ਹਾਂ+ ਅਤੇ ਤੁਹਾਨੂੰ ਤਾਜ਼ਗੀ ਮਿਲੇਗੀ। 30 ਕਿਉਂਕਿ ਮੇਰਾ ਜੂਲਾ ਚੁੱਕਣਾ ਆਸਾਨ ਹੈ ਅਤੇ ਮੇਰਾ ਬੋਝ ਭਾਰਾ ਨਹੀਂ ਹੈ।”

12 ਇਕ ਵਾਰ ਸਬਤ ਦੇ ਦਿਨ ਯਿਸੂ ਕਣਕ ਦੇ ਖੇਤਾਂ ਵਿੱਚੋਂ ਦੀ ਲੰਘ ਰਿਹਾ ਸੀ। ਉਸ ਦੇ ਚੇਲਿਆਂ ਨੂੰ ਭੁੱਖ ਲੱਗੀ ਤੇ ਉਹ ਕਣਕ ਦੇ ਸਿੱਟੇ ਤੋੜ ਕੇ ਖਾਣ ਲੱਗ ਪਏ।+ 2 ਇਹ ਦੇਖ ਕੇ ਫ਼ਰੀਸੀਆਂ ਨੇ ਉਸ ਨੂੰ ਕਿਹਾ: “ਦੇਖ! ਤੇਰੇ ਚੇਲੇ ਉਹ ਕੰਮ ਕਰ ਰਹੇ ਹਨ ਜੋ ਸਬਤ ਦੇ ਦਿਨ ਕਰਨਾ ਜਾਇਜ਼ ਨਹੀਂ ਹੈ।”+ 3 ਉਸ ਨੇ ਉਨ੍ਹਾਂ ਨੂੰ ਕਿਹਾ: “ਕੀ ਤੁਸੀਂ ਇਹ ਨਹੀਂ ਪੜ੍ਹਿਆ ਕਿ ਦਾਊਦ ਨੇ ਕੀ ਕੀਤਾ ਸੀ ਜਦ ਉਸ ਨੂੰ ਅਤੇ ਉਸ ਦੇ ਆਦਮੀਆਂ ਨੂੰ ਭੁੱਖ ਲੱਗੀ ਸੀ?+ 4 ਉਹ ਪਰਮੇਸ਼ੁਰ ਦੇ ਘਰ ਵਿਚ ਗਿਆ ਸੀ ਅਤੇ ਉਨ੍ਹਾਂ ਨੇ ਚੜ੍ਹਾਵੇ ਦੀਆਂ ਰੋਟੀਆਂ ਖਾਧੀਆਂ ਸਨ+ ਜੋ ਨਾ ਉਸ ਲਈ ਤੇ ਨਾ ਉਸ ਦੇ ਆਦਮੀਆਂ ਲਈ ਖਾਣੀਆਂ ਜਾਇਜ਼ ਸਨ ਕਿਉਂਕਿ ਉਹ ਰੋਟੀਆਂ ਸਿਰਫ਼ ਪੁਜਾਰੀ ਹੀ ਖਾ ਸਕਦੇ ਸਨ।+ 5 ਜਾਂ ਕੀ ਤੁਸੀਂ ਮੂਸਾ ਦੇ ਕਾਨੂੰਨ ਵਿਚ ਨਹੀਂ ਪੜ੍ਹਿਆ ਕਿ ਪੁਜਾਰੀ ਸਬਤ ਦੇ ਦਿਨ ਵੀ ਮੰਦਰ ਵਿਚ ਕੰਮ ਕਰਦੇ ਸਨ ਅਤੇ ਫਿਰ ਵੀ ਨਿਰਦੋਸ਼ ਰਹਿੰਦੇ ਸਨ?+ 6 ਪਰ ਮੈਂ ਤੁਹਾਨੂੰ ਦੱਸਦਾ ਹਾਂ ਕਿ ਇੱਥੇ ਮੰਦਰ ਨਾਲੋਂ ਵੀ ਕੋਈ ਮਹਾਨ ਹੈ।+ 7 ਪਰ ਜੇ ਤੁਸੀਂ ਇਸ ਗੱਲ ਦਾ ਮਤਲਬ ਸਮਝਦੇ, ‘ਮੈਂ ਦਇਆ ਚਾਹੁੰਦਾ ਹਾਂ,+ ਬਲੀਦਾਨ ਨਹੀਂ,’+ ਤਾਂ ਤੁਸੀਂ ਨਿਰਦੋਸ਼ ਲੋਕਾਂ ਉੱਤੇ ਦੋਸ਼ ਨਾ ਲਾਉਂਦੇ। 8 ਕਿਉਂਕਿ ਮਨੁੱਖ ਦਾ ਪੁੱਤਰ ਸਬਤ ਦੇ ਦਿਨ ਦਾ ਪ੍ਰਭੂ ਹੈ।”+

9 ਉੱਥੋਂ ਯਿਸੂ ਉਨ੍ਹਾਂ ਦੇ ਸਭਾ ਘਰ ਵਿਚ ਗਿਆ 10 ਅਤੇ ਦੇਖੋ! ਉੱਥੇ ਇਕ ਆਦਮੀ ਸੀ ਜਿਸ ਦਾ ਹੱਥ ਸੁੱਕਿਆ ਹੋਇਆ ਸੀ।*+ ਕੁਝ ਲੋਕਾਂ ਨੇ ਯਿਸੂ ਉੱਤੇ ਦੋਸ਼ ਲਾਉਣ ਦਾ ਕਾਰਨ ਲੱਭਣ ਲਈ ਉਸ ਨੂੰ ਪੁੱਛਿਆ, “ਕੀ ਸਬਤ ਦੇ ਦਿਨ ਕਿਸੇ ਨੂੰ ਠੀਕ ਕਰਨਾ ਜਾਇਜ਼ ਹੈ ਜਾਂ ਨਹੀਂ?”+ 11 ਉਸ ਨੇ ਉਨ੍ਹਾਂ ਨੂੰ ਕਿਹਾ: “ਜੇ ਤੁਹਾਡੇ ਕੋਲ ਇਕ ਭੇਡ ਹੋਵੇ ਤੇ ਉਹ ਸਬਤ ਦੇ ਦਿਨ ਟੋਏ ਵਿਚ ਡਿਗ ਪਵੇ, ਤਾਂ ਤੁਹਾਡੇ ਵਿੱਚੋਂ ਕਿਹੜਾ ਹੈ ਜੋ ਉਸ ਨੂੰ ਫੜ ਕੇ ਟੋਏ ਵਿੱਚੋਂ ਬਾਹਰ ਨਹੀਂ ਕੱਢੇਗਾ?+ 12 ਇਨਸਾਨ ਦੀ ਕੀਮਤ ਤਾਂ ਭੇਡ ਨਾਲੋਂ ਕਿਤੇ ਜ਼ਿਆਦਾ ਹੁੰਦੀ ਹੈ! ਇਸ ਲਈ, ਸਬਤ ਦੇ ਦਿਨ ਚੰਗਾ ਕੰਮ ਕਰਨਾ ਠੀਕ ਹੈ।” 13 ਫਿਰ ਉਸ ਨੇ ਆਦਮੀ ਨੂੰ ਕਿਹਾ: “ਆਪਣਾ ਹੱਥ ਅੱਗੇ ਕਰ।” ਉਸ ਆਦਮੀ ਨੇ ਆਪਣਾ ਹੱਥ ਅੱਗੇ ਕੀਤਾ ਅਤੇ ਉਸ ਦਾ ਹੱਥ ਠੀਕ ਹੋ ਕੇ ਬਿਲਕੁਲ ਦੂਜੇ ਹੱਥ ਵਰਗਾ ਹੋ ਗਿਆ। 14 ਪਰ ਫ਼ਰੀਸੀ ਉੱਥੋਂ ਚਲੇ ਗਏ ਅਤੇ ਯਿਸੂ ਨੂੰ ਮਾਰਨ ਦੀ ਸਾਜ਼ਸ਼ ਘੜਨ ਲੱਗੇ। 15 ਇਹ ਗੱਲ ਪਤਾ ਲੱਗਣ ਤੇ ਯਿਸੂ ਉੱਥੋਂ ਚਲਾ ਗਿਆ। ਬਹੁਤ ਸਾਰੇ ਲੋਕ ਵੀ ਉਸ ਦੇ ਪਿੱਛੇ-ਪਿੱਛੇ ਚਲੇ ਗਏ+ ਅਤੇ ਉਸ ਨੇ ਸਾਰੇ ਬੀਮਾਰ ਲੋਕਾਂ ਨੂੰ ਠੀਕ ਕੀਤਾ, 16 ਪਰ ਉਸ ਨੇ ਉਨ੍ਹਾਂ ਨੂੰ ਸਖ਼ਤੀ ਨਾਲ ਇਹ ਦੱਸਣ ਤੋਂ ਵਰਜਿਆ ਕਿ ਉਹ ਕੌਣ ਹੈ+ 17 ਤਾਂਕਿ ਯਸਾਯਾਹ ਨਬੀ ਰਾਹੀਂ ਕਹੀ ਇਹ ਗੱਲ ਪੂਰੀ ਹੋਵੇ:

18 “ਦੇਖੋ! ਮੇਰਾ ਸੇਵਕ+ ਜਿਸ ਨੂੰ ਮੈਂ ਚੁਣਿਆ ਹੈ! ਉਹ ਮੇਰਾ ਪਿਆਰਾ ਹੈ ਅਤੇ ਮੈਂ ਉਸ ਤੋਂ ਖ਼ੁਸ਼ ਹਾਂ!+ ਮੈਂ ਉਸ ਨੂੰ ਆਪਣੀ ਸ਼ਕਤੀ ਦਿਆਂਗਾ+ ਅਤੇ ਉਹ ਕੌਮਾਂ ਨੂੰ ਦਿਖਾਵੇਗਾ ਕਿ ਸੱਚਾ ਨਿਆਂ ਕੀ ਹੁੰਦਾ ਹੈ। 19 ਉਹ ਕਿਸੇ ਨਾਲ ਝਗੜਾ ਨਹੀਂ ਕਰੇਗਾ,+ ਨਾ ਰੌਲ਼ਾ ਪਾਵੇਗਾ ਅਤੇ ਨਾ ਹੀ ਕਿਸੇ ਨੂੰ ਉਸ ਦੀ ਆਵਾਜ਼ ਸੜਕਾਂ ʼਤੇ ਸੁਣਾਈ ਦੇਵੇਗੀ। 20 ਉਹ ਦਰੜੇ ਹੋਏ ਕਾਨੇ ਨੂੰ ਨਹੀਂ ਮਿੱਧੇਗਾ ਅਤੇ ਦੀਵੇ ਦੀ ਧੁਖ ਰਹੀ ਬੱਤੀ ਨੂੰ ਨਹੀਂ ਬੁਝਾਏਗਾ+ ਜਦ ਤਕ ਉਹ ਨਿਆਂ ਕਾਇਮ ਕਰਨ ਵਿਚ ਕਾਮਯਾਬ ਨਹੀਂ ਹੋ ਜਾਂਦਾ। 21 ਵਾਕਈ, ਉਸ ਦੇ ਨਾਂ ʼਤੇ ਕੌਮਾਂ ਉਮੀਦ ਰੱਖਣਗੀਆਂ।”+

22 ਫਿਰ ਉਹ ਯਿਸੂ ਕੋਲ ਇਕ ਆਦਮੀ ਨੂੰ ਲਿਆਏ ਜਿਸ ਨੂੰ ਦੁਸ਼ਟ ਦੂਤ ਚਿੰਬੜਿਆ ਹੋਇਆ ਸੀ ਤੇ ਉਹ ਅੰਨ੍ਹਾ ਅਤੇ ਗੁੰਗਾ ਸੀ; ਯਿਸੂ ਨੇ ਦੁਸ਼ਟ ਦੂਤ ਨੂੰ ਕੱਢ ਕੇ ਆਦਮੀ ਨੂੰ ਠੀਕ ਕੀਤਾ ਅਤੇ ਉਹ ਗੁੰਗਾ ਆਦਮੀ ਬੋਲਣ ਤੇ ਦੇਖਣ ਲੱਗ ਪਿਆ। 23 ਇਹ ਦੇਖ ਕੇ ਭੀੜ ਹੱਕੀ-ਬੱਕੀ ਰਹਿ ਗਈ ਅਤੇ ਕਹਿਣ ਲੱਗੀ: “ਕਿਤੇ ਇਹ ਦਾਊਦ ਦਾ ਪੁੱਤਰ ਤਾਂ ਨਹੀਂ?” 24 ਇਹ ਸੁਣ ਕੇ ਫ਼ਰੀਸੀਆਂ ਨੇ ਕਿਹਾ: “ਇਹ ਬੰਦਾ ਦੁਸ਼ਟ ਦੂਤਾਂ ਦੇ ਸਰਦਾਰ ਬਆਲਜ਼ਬੂਲ* ਦੀ ਮਦਦ ਨਾਲ ਹੀ ਦੁਸ਼ਟ ਦੂਤਾਂ ਨੂੰ ਕੱਢਦਾ ਹੈ।”+ 25 ਯਿਸੂ ਜਾਣ ਗਿਆ ਕਿ ਉਹ ਕੀ ਸੋਚ ਰਹੇ ਸਨ, ਇਸ ਲਈ ਉਸ ਨੇ ਉਨ੍ਹਾਂ ਨੂੰ ਕਿਹਾ: “ਜਿਸ ਰਾਜ ਵਿਚ ਫੁੱਟ ਪੈ ਜਾਵੇ, ਉਹ ਬਰਬਾਦ ਹੋ ਜਾਂਦਾ ਹੈ ਅਤੇ ਜਿਸ ਸ਼ਹਿਰ ਜਾਂ ਘਰ ਵਿਚ ਫੁੱਟ ਪੈ ਜਾਵੇ, ਉਹ ਤਬਾਹ ਹੋ ਜਾਂਦਾ ਹੈ। 26 ਇਸੇ ਤਰ੍ਹਾਂ ਜੇ ਸ਼ੈਤਾਨ ਹੀ ਸ਼ੈਤਾਨ ਨੂੰ ਕੱਢਦਾ ਹੈ, ਇਸ ਦਾ ਮਤਲਬ ਹੈ ਕਿ ਉਹ ਆਪਣੇ ਹੀ ਖ਼ਿਲਾਫ਼ ਹੋ ਗਿਆ ਹੈ; ਤਾਂ ਫਿਰ ਉਸ ਦਾ ਰਾਜ ਕਿਵੇਂ ਕਾਇਮ ਰਹੇਗਾ? 27 ਨਾਲੇ ਜੇ ਮੈਂ ਬਆਲਜ਼ਬੂਲ ਦੀ ਮਦਦ ਨਾਲ ਦੁਸ਼ਟ ਦੂਤ ਕੱਢਦਾ ਹਾਂ, ਤਾਂ ਤੁਹਾਡੇ ਚੇਲੇ ਕਿਸ ਦੀ ਮਦਦ ਨਾਲ ਉਨ੍ਹਾਂ ਨੂੰ ਕੱਢਦੇ ਹਨ? ਇਸ ਕਰਕੇ ਤੁਹਾਡੇ ਚੇਲੇ ਹੀ ਤੁਹਾਨੂੰ ਗ਼ਲਤ ਸਾਬਤ ਕਰਨਗੇ। 28 ਪਰ ਜੇ ਮੈਂ ਪਰਮੇਸ਼ੁਰ ਦੀ ਸ਼ਕਤੀ* ਨਾਲ ਦੁਸ਼ਟ ਦੂਤ ਕੱਢਦਾ ਹਾਂ, ਤਾਂ ਇਸ ਦਾ ਮਤਲਬ ਹੈ ਕਿ ਪਰਮੇਸ਼ੁਰ ਦਾ ਰਾਜ ਅਚਾਨਕ ਤੁਹਾਡੇ ਉੱਤੇ ਆ ਗਿਆ ਹੈ।+ 29 ਜਾਂ ਕੌਣ ਕਿਸੇ ਤਾਕਤਵਰ ਆਦਮੀ ਦੇ ਘਰ ਵੜ ਕੇ ਉਸ ਦੀਆਂ ਚੀਜ਼ਾਂ ਖੋਹ ਸਕਦਾ ਹੈ ਜਦ ਤਕ ਉਹ ਉਸ ਤਾਕਤਵਰ ਆਦਮੀ ਨੂੰ ਫੜ ਕੇ ਬੰਨ੍ਹ ਨਾ ਦੇਵੇ? ਉਸ ਤੋਂ ਬਾਅਦ ਹੀ ਉਹ ਉਸ ਦਾ ਘਰ ਲੁੱਟ ਸਕਦਾ ਹੈ। 30 ਜਿਹੜਾ ਮੇਰੇ ਵੱਲ ਨਹੀਂ ਹੈ, ਉਹ ਮੇਰੇ ਖ਼ਿਲਾਫ਼ ਹੈ ਅਤੇ ਜਿਹੜਾ ਮੇਰੇ ਨਾਲ ਲੋਕਾਂ ਨੂੰ ਇਕੱਠਾ ਨਹੀਂ ਕਰਦਾ, ਉਹ ਲੋਕਾਂ ਨੂੰ ਖਿੰਡਾਉਂਦਾ ਹੈ।+

31 “ਇਸ ਕਰਕੇ ਮੈਂ ਤੁਹਾਨੂੰ ਕਹਿੰਦਾ ਹਾਂ: ਕਿਸੇ ਵੀ ਤਰ੍ਹਾਂ ਦਾ ਪਾਪ ਅਤੇ ਨਿੰਦਿਆ* ਕਰਨ ਵਾਲੇ ਇਨਸਾਨ ਨੂੰ ਮਾਫ਼ ਕੀਤਾ ਜਾਵੇਗਾ, ਪਰ ਜਿਹੜਾ ਪਵਿੱਤਰ ਸ਼ਕਤੀ ਦੀ ਨਿੰਦਿਆ ਕਰਦਾ ਹੈ, ਉਸ ਨੂੰ ਮਾਫ਼ ਨਹੀਂ ਕੀਤਾ ਜਾਵੇਗਾ।+ 32 ਉਦਾਹਰਣ ਲਈ, ਮਨੁੱਖ ਦੇ ਪੁੱਤਰ ਦੇ ਖ਼ਿਲਾਫ਼ ਬੋਲਣ ਵਾਲੇ ਨੂੰ ਮਾਫ਼ ਕੀਤਾ ਜਾਵੇਗਾ,+ ਪਰ ਪਵਿੱਤਰ ਸ਼ਕਤੀ ਦੇ ਖ਼ਿਲਾਫ਼ ਬੋਲਣ ਵਾਲੇ ਨੂੰ ਮਾਫ਼ ਨਹੀਂ ਕੀਤਾ ਜਾਵੇਗਾ, ਨਾ ਇਸ ਯੁਗ ਵਿਚ, ਨਾ ਹੀ ਆਉਣ ਵਾਲੇ ਯੁਗ ਵਿਚ।+

33 “ਜੇ ਤੁਹਾਡਾ ਦਰਖ਼ਤ ਚੰਗਾ ਹੈ, ਤਾਂ ਫਲ ਵੀ ਚੰਗਾ ਦੇਵੇਗਾ, ਪਰ ਜੇ ਤੁਹਾਡਾ ਦਰਖ਼ਤ ਮਾੜਾ ਹੈ, ਤਾਂ ਫਲ ਵੀ ਮਾੜਾ ਦੇਵੇਗਾ ਕਿਉਂਕਿ ਦਰਖ਼ਤ ਦੀ ਪਛਾਣ ਉਸ ਦੇ ਫਲਾਂ ਤੋਂ ਹੁੰਦੀ ਹੈ।+ 34 ਹੇ ਸੱਪਾਂ ਦੇ ਬੱਚਿਓ,+ ਤੁਸੀਂ ਦੁਸ਼ਟ ਹੁੰਦੇ ਹੋਏ ਚੰਗੀਆਂ ਗੱਲਾਂ ਕਿਵੇਂ ਕਰ ਸਕਦੇ ਹੋ? ਕਿਉਂਕਿ ਜੋ ਦਿਲ ਵਿਚ ਹੁੰਦਾ ਹੈ, ਉਹੀ ਮੂੰਹ ʼਤੇ ਆਉਂਦਾ ਹੈ।+ 35 ਚੰਗਾ ਆਦਮੀ ਆਪਣੇ ਦਿਲ ਦੇ ਚੰਗੇ ਖ਼ਜ਼ਾਨੇ ਵਿੱਚੋਂ ਚੰਗੀਆਂ ਚੀਜ਼ਾਂ ਕੱਢਦਾ ਹੈ, ਜਦ ਕਿ ਦੁਸ਼ਟ ਇਨਸਾਨ ਆਪਣੇ ਦੁਸ਼ਟ ਖ਼ਜ਼ਾਨੇ ਵਿੱਚੋਂ ਦੁਸ਼ਟ ਚੀਜ਼ਾਂ ਕੱਢਦਾ ਹੈ।+ 36 ਮੈਂ ਤੁਹਾਨੂੰ ਦੱਸਦਾ ਹਾਂ ਕਿ ਇਨਸਾਨ ਜਿਹੜੀ ਵੀ ਵਿਅਰਥ ਗੱਲ ਕਰਦੇ ਹਨ, ਉਸ ਹਰ ਗੱਲ ਲਈ ਉਨ੍ਹਾਂ ਨੂੰ ਨਿਆਂ ਦੇ ਦਿਨ ਲੇਖਾ ਦੇਣਾ ਪਵੇਗਾ;+ 37 ਕਿਉਂਕਿ ਤੁਸੀਂ ਜੋ ਕੁਝ ਕਹਿੰਦੇ ਹੋ, ਉਸੇ ਦੇ ਆਧਾਰ ʼਤੇ ਤੁਹਾਨੂੰ ਧਰਮੀ ਜਾਂ ਦੋਸ਼ੀ ਠਹਿਰਾਇਆ ਜਾਵੇਗਾ।”

38 ਫਿਰ ਉਸ ਨੂੰ ਜਵਾਬ ਦਿੰਦੇ ਹੋਏ ਕੁਝ ਗ੍ਰੰਥੀ ਅਤੇ ਫ਼ਰੀਸੀ ਕਹਿਣ ਲੱਗੇ: “ਗੁਰੂ ਜੀ, ਸਾਨੂੰ ਕੋਈ ਨਿਸ਼ਾਨੀ ਦਿਖਾ।”+ 39 ਉਸ ਨੇ ਉਨ੍ਹਾਂ ਨੂੰ ਜਵਾਬ ਦਿੱਤਾ: “ਦੁਸ਼ਟ ਤੇ ਹਰਾਮਕਾਰ* ਪੀੜ੍ਹੀ ਨਿਸ਼ਾਨੀ ਦਿਖਾਉਣ ਲਈ ਵਾਰ-ਵਾਰ ਕਹਿੰਦੀ ਹੈ, ਪਰ ਇਸ ਨੂੰ ਯੂਨਾਹ ਨਬੀ ਦੀ ਨਿਸ਼ਾਨੀ ਤੋਂ ਸਿਵਾਇ ਹੋਰ ਕੋਈ ਨਿਸ਼ਾਨੀ ਨਹੀਂ ਦਿਖਾਈ ਜਾਵੇਗੀ।+ 40 ਜਿਵੇਂ ਯੂਨਾਹ ਨਬੀ ਤਿੰਨ ਦਿਨ ਤੇ ਤਿੰਨ ਰਾਤਾਂ ਵੱਡੀ ਸਾਰੀ ਮੱਛੀ ਦੇ ਢਿੱਡ ਵਿਚ ਰਿਹਾ ਸੀ,+ ਉਸੇ ਤਰ੍ਹਾਂ ਮਨੁੱਖ ਦਾ ਪੁੱਤਰ ਵੀ ਤਿੰਨ ਦਿਨ ਤੇ ਤਿੰਨ ਰਾਤਾਂ ਧਰਤੀ ਦੇ ਗਰਭ ਵਿਚ ਰਹੇਗਾ।+ 41 ਨਿਆਂ ਦੇ ਦਿਨ ਨੀਨਵਾਹ ਦੇ ਲੋਕਾਂ ਨੂੰ ਇਸ ਪੀੜ੍ਹੀ ਨਾਲ ਦੁਬਾਰਾ ਜੀਉਂਦਾ ਕੀਤਾ ਜਾਵੇਗਾ ਅਤੇ ਉਹ ਇਸ ਪੀੜ੍ਹੀ ਨੂੰ ਦੋਸ਼ੀ ਠਹਿਰਾਉਣਗੇ ਕਿਉਂਕਿ ਉਨ੍ਹਾਂ ਨੇ ਯੂਨਾਹ ਦੀਆਂ ਗੱਲਾਂ ਸੁਣ ਕੇ ਤੋਬਾ ਕੀਤੀ ਸੀ।+ ਪਰ ਦੇਖੋ! ਇੱਥੇ ਯੂਨਾਹ ਨਾਲੋਂ ਵੀ ਕੋਈ ਮਹਾਨ ਹੈ।+ 42 ਨਿਆਂ ਦੇ ਦਿਨ ਦੱਖਣ ਦੀ ਰਾਣੀ ਨੂੰ ਇਸ ਪੀੜ੍ਹੀ ਨਾਲ ਦੁਬਾਰਾ ਜੀਉਂਦਾ ਕੀਤਾ ਜਾਵੇਗਾ ਅਤੇ ਉਹ ਇਸ ਨੂੰ ਦੋਸ਼ੀ ਠਹਿਰਾਵੇਗੀ ਕਿਉਂਕਿ ਉਹ ਧਰਤੀ ਦੀ ਦੂਰ-ਦੁਰੇਡੀ ਜਗ੍ਹਾ ਤੋਂ ਸੁਲੇਮਾਨ ਕੋਲੋਂ ਬੁੱਧ ਦੀਆਂ ਗੱਲਾਂ ਸੁਣਨ ਆਈ ਸੀ।+ ਪਰ ਦੇਖੋ! ਇੱਥੇ ਸੁਲੇਮਾਨ ਨਾਲੋਂ ਵੀ ਕੋਈ ਮਹਾਨ ਹੈ।+

43 “ਜਦੋਂ ਕਿਸੇ ਆਦਮੀ ਵਿੱਚੋਂ ਦੁਸ਼ਟ ਦੂਤ ਨਿਕਲਦਾ ਹੈ, ਤਾਂ ਉਹ ਦੁਸ਼ਟ ਦੂਤ ਰਹਿਣ ਵਾਸਤੇ ਜਗ੍ਹਾ ਲੱਭਣ ਲਈ ਸੁੱਕੇ ਇਲਾਕਿਆਂ ਵਿਚ ਭਟਕਦਾ ਫਿਰਦਾ ਹੈ, ਪਰ ਉਸ ਨੂੰ ਕੋਈ ਜਗ੍ਹਾ ਨਹੀਂ ਮਿਲਦੀ।+ 44 ਫਿਰ ਉਹ ਕਹਿੰਦਾ ਹੈ, ‘ਮੈਂ ਵਾਪਸ ਆਪਣੇ ਉਸੇ ਘਰ ਵਿਚ ਜਾਵਾਂਗਾ ਜਿਸ ਵਿੱਚੋਂ ਮੈਂ ਨਿਕਲਿਆ ਸੀ’ ਅਤੇ ਉਹ ਵਾਪਸ ਆ ਕੇ ਦੇਖਦਾ ਹੈ ਕਿ ਘਰ ਖਾਲੀ ਪਿਆ ਹੈ, ਨਾਲੇ ਝਾੜ-ਪੂੰਝ ਕੇ ਸਜਾਇਆ ਹੋਇਆ ਹੈ। 45 ਫਿਰ ਉਹ ਜਾ ਕੇ ਆਪਣੇ ਨਾਲ ਹੋਰ ਸੱਤ ਦੂਤਾਂ ਨੂੰ ਲਿਆਉਂਦਾ ਹੈ ਜਿਹੜੇ ਉਸ ਨਾਲੋਂ ਵੀ ਜ਼ਿਆਦਾ ਦੁਸ਼ਟ ਹਨ ਅਤੇ ਉਹ ਉਸ ਆਦਮੀ ਵਿਚ ਵੜ ਕੇ ਉੱਥੇ ਰਹਿਣ ਲੱਗ ਪੈਂਦੇ ਹਨ; ਫਿਰ ਉਸ ਆਦਮੀ ਦਾ ਹਾਲ ਪਹਿਲਾਂ ਨਾਲੋਂ ਵੀ ਜ਼ਿਆਦਾ ਬੁਰਾ ਹੋ ਜਾਂਦਾ ਹੈ।+ ਇਸ ਦੁਸ਼ਟ ਪੀੜ੍ਹੀ ਨਾਲ ਵੀ ਇਸੇ ਤਰ੍ਹਾਂ ਹੋਵੇਗਾ।”

46 ਜਦੋਂ ਅਜੇ ਉਹ ਭੀੜ ਨਾਲ ਗੱਲਾਂ ਕਰ ਹੀ ਰਿਹਾ ਸੀ, ਤਾਂ ਦੇਖੋ! ਉਸ ਦੀ ਮਾਤਾ ਤੇ ਭਰਾ+ ਬਾਹਰ ਖੜ੍ਹੇ ਸਨ ਅਤੇ ਉਸ ਨਾਲ ਗੱਲ ਕਰਨੀ ਚਾਹੁੰਦੇ ਸਨ।+ 47 ਕਿਸੇ ਨੇ ਉਸ ਨੂੰ ਕਿਹਾ: “ਦੇਖ! ਤੇਰੀ ਮਾਤਾ ਤੇ ਤੇਰੇ ਭਰਾ ਬਾਹਰ ਖੜ੍ਹੇ ਹਨ ਅਤੇ ਉਹ ਤੇਰੇ ਨਾਲ ਗੱਲ ਕਰਨੀ ਚਾਹੁੰਦੇ ਹਨ।” 48 ਉਸ ਨੂੰ ਜਵਾਬ ਦਿੰਦੇ ਹੋਏ ਯਿਸੂ ਨੇ ਕਿਹਾ: “ਕੌਣ ਹੈ ਮੇਰੀ ਮਾਤਾ ਅਤੇ ਕੌਣ ਹਨ ਮੇਰੇ ਭਰਾ?” 49 ਆਪਣੇ ਚੇਲਿਆਂ ਵੱਲ ਹੱਥ ਕਰ ਕੇ ਉਸ ਨੇ ਕਿਹਾ: “ਦੇਖੋ! ਮੇਰੀ ਮਾਤਾ ਅਤੇ ਮੇਰੇ ਭਰਾ!+ 50 ਜਿਹੜਾ ਮੇਰੇ ਸਵਰਗੀ ਪਿਤਾ ਦੀ ਇੱਛਾ ਪੂਰੀ ਕਰਦਾ ਹੈ, ਉਹੀ ਹੈ ਮੇਰਾ ਭਰਾ ਤੇ ਮੇਰੀ ਭੈਣ ਤੇ ਮੇਰੀ ਮਾਤਾ।”+

13 ਉਸ ਦਿਨ ਯਿਸੂ ਘਰੋਂ ਨਿਕਲਣ ਤੋਂ ਬਾਅਦ ਝੀਲ ਦੇ ਕੰਢੇ ਬੈਠਾ ਹੋਇਆ ਸੀ। 2 ਫਿਰ ਇਕ ਵੱਡੀ ਭੀੜ ਉਸ ਕੋਲ ਇਕੱਠੀ ਹੋ ਗਈ, ਇਸ ਲਈ ਉਹ ਕਿਸ਼ਤੀ ਵਿਚ ਬੈਠ ਗਿਆ ਅਤੇ ਸਾਰੀ ਭੀੜ ਕੰਢੇ ʼਤੇ ਖੜ੍ਹੀ ਰਹੀ।+ 3 ਫਿਰ ਉਸ ਨੇ ਮਿਸਾਲਾਂ ਵਰਤ ਕੇ ਉਨ੍ਹਾਂ ਨੂੰ ਕਈ ਗੱਲਾਂ ਸਿਖਾਈਆਂ।+ ਉਸ ਨੇ ਕਿਹਾ: “ਦੇਖੋ! ਇਕ ਆਦਮੀ ਬੀ ਬੀਜਣ ਗਿਆ।+ 4 ਜਦੋਂ ਉਹ ਬੀ ਬੀਜ ਰਿਹਾ ਸੀ, ਤਾਂ ਕੁਝ ਬੀ ਰਾਹ ਦੇ ਕੰਢੇ-ਕੰਢੇ ਡਿਗ ਪਏ ਅਤੇ ਪੰਛੀਆਂ ਨੇ ਆ ਕੇ ਉਨ੍ਹਾਂ ਨੂੰ ਚੁਗ ਲਿਆ।+ 5 ਕੁਝ ਬੀ ਪਥਰੀਲੀ ਜ਼ਮੀਨ ʼਤੇ ਡਿਗੇ ਜਿੱਥੇ ਜ਼ਿਆਦਾ ਮਿੱਟੀ ਨਹੀਂ ਸੀ ਅਤੇ ਡੂੰਘਾਈ ਤਕ ਮਿੱਟੀ ਨਾ ਹੋਣ ਕਰਕੇ ਉਹ ਝੱਟ ਉੱਗ ਪਏ।+ 6 ਪਰ ਜਦ ਸੂਰਜ ਚੜ੍ਹਿਆ, ਤਾਂ ਉਹ ਝੁਲ਼ਸ ਗਏ ਅਤੇ ਸੁੱਕ ਗਏ ਕਿਉਂਕਿ ਉਨ੍ਹਾਂ ਨੇ ਜੜ੍ਹ ਨਹੀਂ ਫੜੀ ਸੀ। 7 ਕੁਝ ਬੀ ਕੰਡਿਆਲ਼ੀਆਂ ਝਾੜੀਆਂ ਵਿਚ ਡਿਗੇ ਅਤੇ ਝਾੜੀਆਂ ਨੇ ਵਧ ਕੇ ਉਨ੍ਹਾਂ ਨੂੰ ਦਬਾ ਲਿਆ।+ 8 ਪਰ ਕੁਝ ਬੀ ਚੰਗੀ ਜ਼ਮੀਨ ʼਤੇ ਡਿਗੇ ਅਤੇ ਉਹ ਫਲ ਦੇਣ ਲੱਗ ਪਏ, ਕਿਸੇ ਨੇ 100 ਗੁਣਾ, ਕਿਸੇ ਨੇ 60 ਗੁਣਾ ਅਤੇ ਕਿਸੇ ਨੇ 30 ਗੁਣਾ ਦਿੱਤਾ।+ 9 ਜਿਸ ਦੇ ਕੰਨ ਹਨ, ਉਹ ਮੇਰੀ ਗੱਲ ਸੁਣੇ।”+

10 ਫਿਰ ਉਸ ਦੇ ਚੇਲਿਆਂ ਨੇ ਆ ਕੇ ਉਸ ਨੂੰ ਪੁੱਛਿਆ: “ਤੂੰ ਉਨ੍ਹਾਂ ਨਾਲ ਗੱਲ ਕਰਨ ਵੇਲੇ ਮਿਸਾਲਾਂ ਕਿਉਂ ਵਰਤਦਾ ਹੈਂ?”+ 11 ਉਸ ਨੇ ਜਵਾਬ ਦਿੱਤਾ: “ਸਵਰਗ ਦੇ ਰਾਜ ਦੇ ਪਵਿੱਤਰ ਭੇਤਾਂ+ ਦੀ ਸਮਝ ਤੁਹਾਨੂੰ ਦਿੱਤੀ ਗਈ ਹੈ, ਪਰ ਉਨ੍ਹਾਂ ਨੂੰ ਨਹੀਂ। 12 ਕਿਉਂਕਿ ਜਿਸ ਕੋਲ ਹੈ, ਉਸ ਨੂੰ ਹੋਰ ਦਿੱਤਾ ਜਾਵੇਗਾ ਅਤੇ ਉਸ ਕੋਲ ਬਹੁਤ ਹੋ ਜਾਵੇਗਾ; ਪਰ ਜਿਸ ਕੋਲ ਨਹੀਂ ਹੈ, ਉਸ ਕੋਲੋਂ ਉਹ ਵੀ ਲੈ ਲਿਆ ਜਾਵੇਗਾ ਜੋ ਕੁਝ ਉਸ ਕੋਲ ਹੈ।+ 13 ਮੈਂ ਇਸੇ ਕਰਕੇ ਉਨ੍ਹਾਂ ਨਾਲ ਗੱਲ ਕਰਦੇ ਵੇਲੇ ਮਿਸਾਲਾਂ ਵਰਤਦਾ ਹਾਂ ਕਿਉਂਕਿ ਉਹ ਮੇਰੇ ਕੰਮ ਦੇਖਦੇ ਹੋਏ ਵੀ ਨਹੀਂ ਦੇਖਦੇ ਅਤੇ ਮੇਰੀਆਂ ਗੱਲਾਂ ਸੁਣਦੇ ਹੋਏ ਵੀ ਨਹੀਂ ਸੁਣਦੇ, ਨਾ ਹੀ ਉਹ ਇਨ੍ਹਾਂ ਦਾ ਮਤਲਬ ਸਮਝਦੇ ਹਨ।+ 14 ਉਨ੍ਹਾਂ ਉੱਤੇ ਯਸਾਯਾਹ ਨਬੀ ਦੀ ਇਹ ਭਵਿੱਖਬਾਣੀ ਪੂਰੀ ਹੁੰਦੀ ਹੈ: ‘ਤੁਸੀਂ ਸੁਣੋਗੇ, ਪਰ ਇਸ ਦਾ ਮਤਲਬ ਨਹੀਂ ਸਮਝੋਗੇ ਅਤੇ ਤੁਸੀਂ ਦੇਖੋਗੇ, ਪਰ ਤੁਹਾਡੇ ਪੱਲੇ ਕੁਝ ਨਹੀਂ ਪਵੇਗਾ।+ 15 ਕਿਉਂਕਿ ਇਨ੍ਹਾਂ ਲੋਕਾਂ ਦੇ ਮਨ ਸੁੰਨ ਹੋ ਗਏ ਹਨ। ਇਹ ਆਪਣੇ ਕੰਨਾਂ ਨਾਲ ਸੁਣਦੇ ਤਾਂ ਹਨ, ਪਰ ਕਰਦੇ ਕੁਝ ਨਹੀਂ। ਇਨ੍ਹਾਂ ਨੇ ਆਪਣੀਆਂ ਅੱਖਾਂ ਮੀਟ ਲਈਆਂ ਹਨ ਤਾਂਕਿ ਨਾ ਕਦੇ ਇਹ ਆਪਣੀਆਂ ਅੱਖਾਂ ਨਾਲ ਦੇਖਣ, ਨਾ ਆਪਣੇ ਕੰਨਾਂ ਨਾਲ ਸੁਣਨ ਤੇ ਨਾ ਕਦੇ ਇਨ੍ਹਾਂ ਗੱਲਾਂ ਨੂੰ ਸਮਝ ਕੇ ਆਪਣੇ ਦਿਲਾਂ ʼਤੇ ਅਸਰ ਪੈਣ ਦੇਣ ਅਤੇ ਮੁੜ ਆਉਣ ਤੇ ਮੈਂ ਇਨ੍ਹਾਂ ਨੂੰ ਚੰਗਾ ਕਰਾਂ।’+

16 “ਪਰ ਧੰਨ ਹੋ ਤੁਸੀਂ ਕਿਉਂਕਿ ਤੁਹਾਡੀਆਂ ਅੱਖਾਂ ਦੇਖਦੀਆਂ ਹਨ ਅਤੇ ਤੁਹਾਡੇ ਕੰਨ ਸੁਣਦੇ ਹਨ।+ 17 ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਜਿਹੜੀਆਂ ਚੀਜ਼ਾਂ ਤੁਸੀਂ ਦੇਖ ਰਹੇ ਹੋ, ਉਨ੍ਹਾਂ ਚੀਜ਼ਾਂ ਨੂੰ ਬਹੁਤ ਸਾਰੇ ਨਬੀ ਅਤੇ ਧਰਮੀ ਬੰਦੇ ਦੇਖਣਾ ਚਾਹੁੰਦੇ ਸਨ, ਪਰ ਦੇਖ ਨਾ ਸਕੇ+ ਅਤੇ ਜਿਹੜੀਆਂ ਗੱਲਾਂ ਤੁਸੀਂ ਸੁਣ ਰਹੇ ਹੋ, ਉਹ ਉਨ੍ਹਾਂ ਨੂੰ ਸੁਣਨਾ ਚਾਹੁੰਦੇ ਸਨ, ਪਰ ਸੁਣ ਨਾ ਸਕੇ।

18 “ਹੁਣ ਤੁਸੀਂ ਬੀ ਬੀਜਣ ਵਾਲੇ ਦੀ ਮਿਸਾਲ ਧਿਆਨ ਨਾਲ ਸੁਣੋ।+ 19 ਰਾਹ ਦੇ ਕੰਢੇ-ਕੰਢੇ ਬੀ ਡਿਗਣ ਦਾ ਮਤਲਬ ਹੈ ਕਿ ਕੋਈ ਇਨਸਾਨ ਰਾਜ ਬਾਰੇ ਪਰਮੇਸ਼ੁਰ ਦਾ ਬਚਨ ਸੁਣਦਾ ਹੈ, ਪਰ ਬਚਨ ਦਾ ਮਤਲਬ ਨਹੀਂ ਸਮਝਦਾ ਅਤੇ ਉਸ ਦੇ ਦਿਲ ਵਿਚ ਜੋ ਬੀਜਿਆ ਗਿਆ ਸੀ,+ ਸ਼ੈਤਾਨ+ ਆ ਕੇ ਉਸ ਨੂੰ ਕੱਢ ਕੇ ਲੈ ਜਾਂਦਾ ਹੈ। 20 ਪਥਰੀਲੀ ਜ਼ਮੀਨ ਉੱਤੇ ਬੀ ਡਿਗਣ ਦਾ ਮਤਲਬ ਹੈ ਕਿ ਕੋਈ ਇਨਸਾਨ ਪਰਮੇਸ਼ੁਰ ਦਾ ਬਚਨ ਸੁਣ ਕੇ ਝੱਟ ਇਸ ਨੂੰ ਖ਼ੁਸ਼ੀ-ਖ਼ੁਸ਼ੀ ਮੰਨ ਲੈਂਦਾ ਹੈ।+ 21 ਪਰ ਬਚਨ ਨੇ ਉਸ ਦੇ ਦਿਲ ਵਿਚ ਜੜ੍ਹ ਨਹੀਂ ਫੜੀ, ਫਿਰ ਵੀ ਉਹ ਥੋੜ੍ਹਾ ਚਿਰ ਮੰਨਦਾ ਰਹਿੰਦਾ ਹੈ ਅਤੇ ਜਦੋਂ ਬਚਨ ਨੂੰ ਮੰਨਣ ਕਰਕੇ ਉਸ ਉੱਤੇ ਮੁਸੀਬਤਾਂ ਆਉਂਦੀਆਂ ਹਨ ਜਾਂ ਅਤਿਆਚਾਰ ਹੁੰਦੇ ਹਨ, ਤਾਂ ਉਹ ਇਕਦਮ ਬਚਨ ਉੱਤੇ ਨਿਹਚਾ ਕਰਨੀ ਛੱਡ ਦਿੰਦਾ ਹੈ। 22 ਕੰਡਿਆਲ਼ੀਆਂ ਝਾੜੀਆਂ ਵਿਚ ਬੀ ਡਿਗਣ ਦਾ ਮਤਲਬ ਹੈ ਕਿ ਕੋਈ ਇਨਸਾਨ ਬਚਨ ਨੂੰ ਸੁਣਦਾ ਤਾਂ ਹੈ, ਪਰ ਇਸ ਜ਼ਮਾਨੇ* ਦੀਆਂ ਚਿੰਤਾਵਾਂ+ ਅਤੇ ਧਨ ਦੀ ਧੋਖਾ ਦੇਣ ਵਾਲੀ ਤਾਕਤ ਬਚਨ ਨੂੰ ਦਬਾ ਦਿੰਦੀ ਹੈ ਅਤੇ ਉਹ ਕੋਈ ਫਲ ਨਹੀਂ ਦਿੰਦਾ।+ 23 ਚੰਗੀ ਜ਼ਮੀਨ ਵਿਚ ਬੀ ਡਿਗਣ ਦਾ ਮਤਲਬ ਹੈ ਕਿ ਕੋਈ ਇਨਸਾਨ ਬਚਨ ਨੂੰ ਸੁਣਦਾ ਹੈ ਅਤੇ ਇਸ ਦਾ ਮਤਲਬ ਸਮਝਦਾ ਹੈ ਅਤੇ ਉਹ ਜ਼ਰੂਰ ਫਲ ਦਿੰਦਾ ਹੈ, ਕੋਈ 100 ਗੁਣਾ, ਕੋਈ 60 ਗੁਣਾ ਅਤੇ ਕੋਈ 30 ਗੁਣਾ।”+

24 ਉਸ ਨੇ ਉਨ੍ਹਾਂ ਨੂੰ ਇਕ ਹੋਰ ਮਿਸਾਲ ਦਿੱਤੀ: “ਸਵਰਗ ਦੇ ਰਾਜ ਨੂੰ ਉਸ ਆਦਮੀ ਵਰਗਾ ਕਿਹਾ ਜਾ ਸਕਦਾ ਹੈ ਜਿਸ ਨੇ ਆਪਣੇ ਖੇਤ ਵਿਚ ਚੰਗਾ ਬੀ ਬੀਜਿਆ। 25 ਜਦੋਂ ਸਾਰੇ ਸੌਂ ਰਹੇ ਸਨ, ਤਾਂ ਉਸ ਦਾ ਦੁਸ਼ਮਣ ਆਇਆ ਅਤੇ ਕਣਕ ਵਿਚ ਜੰਗਲੀ ਬੂਟੀ ਦੇ ਬੀ ਬੀਜ ਕੇ ਚਲਾ ਗਿਆ। 26 ਜਦੋਂ ਕਣਕ ਦੇ ਬੂਟੇ ਵੱਡੇ ਹੋਏ ਤੇ ਉਨ੍ਹਾਂ ਨੂੰ ਸਿੱਟੇ ਲੱਗੇ, ਤਾਂ ਜੰਗਲੀ ਬੂਟੀ ਵੀ ਦਿਸ ਪਈ। 27 ਇਸ ਲਈ ਮਾਲਕ ਦੇ ਨੌਕਰਾਂ ਨੇ ਉਸ ਨੂੰ ਆ ਕੇ ਪੁੱਛਿਆ: ‘ਸੁਆਮੀ ਜੀ, ਤੂੰ ਤਾਂ ਆਪਣੇ ਖੇਤ ਵਿਚ ਚੰਗਾ ਬੀ ਬੀਜਿਆ ਸੀ, ਤਾਂ ਫਿਰ ਇਹ ਜੰਗਲੀ ਬੂਟੀ ਕਿੱਥੋਂ ਆ ਗਈ?’ 28 ਉਸ ਨੇ ਉਨ੍ਹਾਂ ਨੂੰ ਕਿਹਾ: ‘ਇਹ ਮੇਰੇ ਦੁਸ਼ਮਣ ਦਾ ਕੰਮ ਹੈ।’+ ਉਨ੍ਹਾਂ ਨੇ ਉਸ ਨੂੰ ਪੁੱਛਿਆ: ‘ਕੀ ਤੂੰ ਚਾਹੁੰਦਾ ਹੈਂ ਕਿ ਅਸੀਂ ਜਾ ਕੇ ਜੰਗਲੀ ਬੂਟੀ ਨੂੰ ਪੁੱਟ ਸੁੱਟੀਏ?’ 29 ਉਸ ਨੇ ਕਿਹਾ, ‘ਨਹੀਂ, ਕਿਤੇ ਇੱਦਾਂ ਨਾ ਹੋਵੇ ਕਿ ਤੁਸੀਂ ਜੰਗਲੀ ਬੂਟੀ ਪੁੱਟਦੇ-ਪੁੱਟਦੇ ਕਣਕ ਦੇ ਬੂਟੇ ਵੀ ਪੁੱਟ ਦਿਓ। 30 ਇਸ ਲਈ ਦੋਹਾਂ ਨੂੰ ਵਾਢੀ ਤਕ ਵਧਣ ਦਿਓ ਅਤੇ ਵਾਢੀ ਦੇ ਸਮੇਂ ਮੈਂ ਵਾਢਿਆਂ ਨੂੰ ਕਹਾਂਗਾ ਕਿ ਪਹਿਲਾਂ ਜੰਗਲੀ ਬੂਟੀ ਪੁੱਟ ਕੇ ਇਨ੍ਹਾਂ ਦੀਆਂ ਭਰੀਆਂ ਬੰਨ੍ਹੋ ਤੇ ਇਨ੍ਹਾਂ ਨੂੰ ਸਾੜ ਦਿਓ; ਫਿਰ ਕਣਕ ਵੱਢ ਕੇ ਮੇਰੀ ਕੋਠੀ ਵਿਚ ਰੱਖ ਦਿਓ।’”+

31 ਉਸ ਨੇ ਉਨ੍ਹਾਂ ਨੂੰ ਹੋਰ ਮਿਸਾਲ ਦਿੰਦੇ ਹੋਏ ਕਿਹਾ: “ਸਵਰਗ ਦਾ ਰਾਜ ਰਾਈ ਦੇ ਦਾਣੇ ਵਰਗਾ ਹੈ ਜਿਸ ਨੂੰ ਇਕ ਆਦਮੀ ਨੇ ਲੈ ਕੇ ਆਪਣੇ ਖੇਤ ਵਿਚ ਬੀਜਿਆ।+ 32 ਰਾਈ ਦਾ ਦਾਣਾ ਸਾਰੇ ਬੀਆਂ ਨਾਲੋਂ ਛੋਟਾ ਹੁੰਦਾ ਹੈ, ਪਰ ਜਦੋਂ ਇਹ ਵਧਦਾ ਹੈ, ਤਾਂ ਸਾਰੇ ਪੌਦਿਆਂ ਨਾਲੋਂ ਵੱਡਾ ਹੋ ਕੇ ਰੁੱਖ ਬਣ ਜਾਂਦਾ ਹੈ ਤੇ ਆਕਾਸ਼ ਦੇ ਪੰਛੀ ਆ ਕੇ ਇਸ ਦੀਆਂ ਟਾਹਣੀਆਂ ਉੱਤੇ ਆਲ੍ਹਣੇ ਪਾਉਂਦੇ ਹਨ।”

33 ਫਿਰ ਉਸ ਨੇ ਉਨ੍ਹਾਂ ਨੂੰ ਇਹ ਮਿਸਾਲ ਦਿੱਤੀ: “ਸਵਰਗ ਦਾ ਰਾਜ ਖਮੀਰ ਵਰਗਾ ਹੈ ਜਿਸ ਨੂੰ ਇਕ ਤੀਵੀਂ ਨੇ ਲੈ ਕੇ ਦਸ ਕਿਲੋ* ਆਟੇ ਵਿਚ ਗੁੰਨ੍ਹਿਆ ਜਿਸ ਨਾਲ ਸਾਰੀ ਤੌਣ ਖਮੀਰੀ ਹੋ ਗਈ।”+

34 ਯਿਸੂ ਨੇ ਮਿਸਾਲਾਂ ਵਰਤ ਕੇ ਭੀੜ ਨੂੰ ਇਹ ਸਾਰੀਆਂ ਗੱਲਾਂ ਦੱਸੀਆਂ। ਅਸਲ ਵਿਚ, ਉਹ ਮਿਸਾਲ ਵਰਤੇ ਬਿਨਾਂ ਉਨ੍ਹਾਂ ਨਾਲ ਗੱਲ ਨਹੀਂ ਸੀ ਕਰਦਾ+ 35 ਤਾਂਕਿ ਨਬੀ ਰਾਹੀਂ ਕਹੀ ਇਹ ਗੱਲ ਪੂਰੀ ਹੋਵੇ: “ਮੈਂ ਗੱਲ ਕਰਨ ਵੇਲੇ ਮਿਸਾਲਾਂ ਵਰਤਾਂਗਾ ਅਤੇ ਉਨ੍ਹਾਂ ਗੱਲਾਂ ਦਾ ਐਲਾਨ ਕਰਾਂਗਾ ਜਿਹੜੀਆਂ ਨੀਂਹ* ਰੱਖਣ ਦੇ ਸਮੇਂ ਤੋਂ ਲੁਕੀਆਂ ਹੋਈਆਂ ਹਨ।”+

36 ਫਿਰ ਭੀੜ ਨੂੰ ਘੱਲਣ ਤੋਂ ਬਾਅਦ ਉਹ ਘਰ ਨੂੰ ਚਲਾ ਗਿਆ। ਉਸ ਦੇ ਚੇਲਿਆਂ ਨੇ ਆ ਕੇ ਉਸ ਨੂੰ ਕਿਹਾ: “ਸਾਨੂੰ ਖੇਤ ਵਿਚਲੀ ਜੰਗਲੀ ਬੂਟੀ ਦੀ ਮਿਸਾਲ ਸਮਝਾ।” 37 ਉਸ ਨੇ ਉਨ੍ਹਾਂ ਨੂੰ ਕਿਹਾ: “ਚੰਗਾ ਬੀ ਬੀਜਣ ਵਾਲਾ ਆਦਮੀ ਮਨੁੱਖ ਦਾ ਪੁੱਤਰ ਹੈ; 38 ਖੇਤ ਦੁਨੀਆਂ ਹੈ।+ ਚੰਗੇ ਬੀ ਰਾਜ ਦੇ ਪੁੱਤਰ ਹਨ, ਪਰ ਜੰਗਲੀ ਬੂਟੀ ਸ਼ੈਤਾਨ* ਦੇ ਪੁੱਤਰ ਹਨ।+ 39 ਜੰਗਲੀ ਬੂਟੀ ਬੀਜਣ ਵਾਲਾ ਦੁਸ਼ਮਣ ਸ਼ੈਤਾਨ ਹੈ। ਵਾਢੀ ਦਾ ਸਮਾਂ ਯੁਗ* ਦਾ ਆਖ਼ਰੀ ਸਮਾਂ ਹੈ ਅਤੇ ਫ਼ਸਲ ਵੱਢਣ ਵਾਲੇ ਦੂਤ ਹਨ। 40 ਇਸ ਲਈ ਜਿਵੇਂ ਜੰਗਲੀ ਬੂਟੀ ਨੂੰ ਪੁੱਟ ਕੇ ਅੱਗ ਵਿਚ ਸਾੜ ਦਿੱਤਾ ਜਾਂਦਾ ਹੈ, ਉਸੇ ਤਰ੍ਹਾਂ ਯੁਗ* ਦੇ ਆਖ਼ਰੀ ਸਮੇਂ ਵਿਚ ਵੀ ਹੋਵੇਗਾ।+ 41 ਮਨੁੱਖ ਦਾ ਪੁੱਤਰ ਆਪਣੇ ਦੂਤਾਂ ਨੂੰ ਘੱਲੇਗਾ ਅਤੇ ਉਹ ਉਸ ਦੇ ਰਾਜ ਵਿੱਚੋਂ ਉਨ੍ਹਾਂ ਸਾਰੀਆਂ ਚੀਜ਼ਾਂ ਨੂੰ ਇਕੱਠਾ ਕਰਨਗੇ ਜੋ ਠੋਕਰ ਦਾ ਕਾਰਨ ਬਣਦੀਆਂ ਹਨ ਅਤੇ ਉਨ੍ਹਾਂ ਨੂੰ ਵੀ ਜਿਹੜੇ ਬੁਰੇ ਕੰਮ ਕਰਦੇ ਹਨ 42 ਅਤੇ ਦੂਤ ਉਨ੍ਹਾਂ ਨੂੰ ਬਲ਼ਦੀ ਭੱਠੀ ਵਿਚ ਸੁੱਟ ਦੇਣਗੇ।+ ਉੱਥੇ ਉਹ ਆਪਣੀ ਮਾੜੀ ਹਾਲਤ ʼਤੇ ਰੋਣਗੇ ਅਤੇ ਕਚੀਚੀਆਂ ਵੱਟਣਗੇ। 43 ਉਸ ਵੇਲੇ ਧਰਮੀ ਲੋਕ ਆਪਣੇ ਪਿਤਾ ਦੇ ਰਾਜ ਵਿਚ ਸੂਰਜ ਵਾਂਗ ਚਮਕਣਗੇ।+ ਜਿਸ ਦੇ ਕੰਨ ਹਨ, ਉਹ ਮੇਰੀ ਗੱਲ ਸੁਣੇ।

44 “ਸਵਰਗ ਦਾ ਰਾਜ ਖੇਤ ਵਿਚ ਲੁਕਾਏ ਹੋਏ ਖ਼ਜ਼ਾਨੇ ਵਰਗਾ ਹੈ ਜੋ ਇਕ ਆਦਮੀ ਨੂੰ ਲੱਭਿਆ ਅਤੇ ਉਸ ਨੇ ਦੁਬਾਰਾ ਉਸ ਨੂੰ ਲੁਕੋ ਦਿੱਤਾ; ਖ਼ੁਸ਼ੀ ਦੇ ਮਾਰੇ ਉਸ ਨੇ ਜਾ ਕੇ ਆਪਣਾ ਸਭ ਕੁਝ ਵੇਚ ਦਿੱਤਾ ਅਤੇ ਉਸ ਖੇਤ ਨੂੰ ਖ਼ਰੀਦ ਲਿਆ।+

45 “ਨਾਲੇ ਸਵਰਗ ਦਾ ਰਾਜ ਇਕ ਵਪਾਰੀ ਵਰਗਾ ਹੈ ਜਿਹੜਾ ਸੁੱਚੇ ਮੋਤੀਆਂ ਦੀ ਭਾਲ ਵਿਚ ਥਾਂ-ਥਾਂ ਘੁੰਮ ਰਿਹਾ ਹੈ। 46 ਇਕ ਬਹੁਤ ਕੀਮਤੀ ਮੋਤੀ ਮਿਲ ਜਾਣ ਤੇ ਉਸ ਨੇ ਜਾ ਕੇ ਉਸੇ ਵੇਲੇ ਆਪਣਾ ਸਭ ਕੁਝ ਵੇਚ ਦਿੱਤਾ ਅਤੇ ਉਹ ਮੋਤੀ ਖ਼ਰੀਦ ਲਿਆ।+

47 “ਨਾਲੇ ਸਵਰਗ ਦਾ ਰਾਜ ਇਕ ਜਾਲ਼ ਵਰਗਾ ਹੈ ਜਿਸ ਨੂੰ ਝੀਲ ਵਿਚ ਪਾਇਆ ਗਿਆ ਅਤੇ ਇਸ ਵਿਚ ਹਰ ਤਰ੍ਹਾਂ ਦੀਆਂ ਮੱਛੀਆਂ ਫਸ ਗਈਆਂ। 48 ਜਦ ਜਾਲ਼ ਭਰ ਗਿਆ, ਤਾਂ ਮਛੇਰਿਆਂ ਨੇ ਇਸ ਨੂੰ ਕੰਢੇ ਉੱਤੇ ਖਿੱਚਿਆ ਅਤੇ ਬੈਠ ਕੇ ਚੰਗੀਆਂ ਮੱਛੀਆਂ+ ਨੂੰ ਟੋਕਰੀਆਂ ਵਿਚ ਇਕੱਠਾ ਕਰ ਲਿਆ, ਪਰ ਉਨ੍ਹਾਂ ਮੱਛੀਆਂ ਨੂੰ ਸੁੱਟ ਦਿੱਤਾ ਜਿਨ੍ਹਾਂ ਨੂੰ ਖਾਧਾ ਨਹੀਂ ਜਾ ਸਕਦਾ ਸੀ।+ 49 ਯੁਗ* ਦੇ ਆਖ਼ਰੀ ਸਮੇਂ ਵਿਚ ਇਸੇ ਤਰ੍ਹਾਂ ਹੋਵੇਗਾ। ਦੂਤ ਜਾ ਕੇ ਦੁਸ਼ਟਾਂ ਨੂੰ ਧਰਮੀਆਂ ਤੋਂ ਵੱਖਰਾ ਕਰਨਗੇ 50 ਅਤੇ ਦੁਸ਼ਟਾਂ ਨੂੰ ਬਲ਼ਦੀ ਭੱਠੀ ਵਿਚ ਸੁੱਟ ਦੇਣਗੇ। ਉੱਥੇ ਉਹ ਆਪਣੀ ਮਾੜੀ ਹਾਲਤ ʼਤੇ ਰੋਣਗੇ ਅਤੇ ਕਚੀਚੀਆਂ ਵੱਟਣਗੇ।”

51 ਉਸ ਨੇ ਪੁੱਛਿਆ: “ਕੀ ਤੁਸੀਂ ਇਨ੍ਹਾਂ ਸਾਰੀਆਂ ਗੱਲਾਂ ਦਾ ਮਤਲਬ ਸਮਝਿਆ?” ਉਨ੍ਹਾਂ ਨੇ ਕਿਹਾ: “ਹਾਂਜੀ।” 52 ਫਿਰ ਉਸ ਨੇ ਉਨ੍ਹਾਂ ਨੂੰ ਕਿਹਾ: “ਜੇ ਹਾਂ, ਤਾਂ ਹਰ ਸਿੱਖਿਅਕ ਜਿਸ ਨੇ ਸਵਰਗ ਦੇ ਰਾਜ ਦੀ ਸਿੱਖਿਆ ਪਾਈ ਹੈ, ਉਸ ਘਰ ਦੇ ਮਾਲਕ ਵਰਗਾ ਹੈ ਜਿਹੜਾ ਆਪਣੇ ਖ਼ਜ਼ਾਨੇ ਵਿੱਚੋਂ ਨਵੀਆਂ ਅਤੇ ਪੁਰਾਣੀਆਂ ਚੀਜ਼ਾਂ ਕੱਢਦਾ ਹੈ।”

53 ਇਹ ਮਿਸਾਲਾਂ ਦੇਣ ਤੋਂ ਬਾਅਦ ਯਿਸੂ ਉੱਥੋਂ ਚਲਾ ਗਿਆ। 54 ਅਤੇ ਆਪਣੇ ਇਲਾਕੇ ਵਿਚ ਆ ਕੇ+ ਉਹ ਲੋਕਾਂ ਨੂੰ ਸਭਾ ਘਰ ਵਿਚ ਸਿੱਖਿਆ ਦੇਣ ਲੱਗਾ ਤੇ ਉਹ ਬਹੁਤ ਹੈਰਾਨ ਹੋਏ ਤੇ ਕਹਿਣ ਲੱਗੇ: “ਇਸ ਨੂੰ ਇੰਨੀ ਬੁੱਧ ਅਤੇ ਕਰਾਮਾਤਾਂ ਕਰਨ ਦੀ ਸ਼ਕਤੀ ਕਿੱਥੋਂ ਮਿਲੀ?+ 55 ਕੀ ਇਹ ਤਰਖਾਣ ਦਾ ਮੁੰਡਾ ਨਹੀਂ?+ ਕੀ ਇਸ ਦੀ ਮਾਤਾ ਮਰੀਅਮ ਨਹੀਂ ਤੇ ਇਸ ਦੇ ਭਰਾ ਯਾਕੂਬ, ਯੂਸੁਫ਼, ਸ਼ਮਊਨ ਤੇ ਯਹੂਦਾ ਨਹੀਂ ਹਨ?+ 56 ਕੀ ਇਸ ਦੀਆਂ ਸਾਰੀਆਂ ਭੈਣਾਂ ਸਾਡੇ ਨਾਲ ਇੱਥੇ ਨਹੀਂ ਰਹਿੰਦੀਆਂ? ਤਾਂ ਫਿਰ, ਇਸ ਨੂੰ ਇਹ ਬੁੱਧ ਤੇ ਸ਼ਕਤੀ ਕਿੱਥੋਂ ਮਿਲੀ?”+ 57 ਇਸ ਲਈ ਉਨ੍ਹਾਂ ਨੇ ਉਸ ਉੱਤੇ ਨਿਹਚਾ ਨਹੀਂ ਕੀਤੀ।+ ਪਰ ਯਿਸੂ ਨੇ ਉਨ੍ਹਾਂ ਨੂੰ ਕਿਹਾ: “ਆਪਣੇ ਇਲਾਕੇ ਦੇ ਲੋਕਾਂ ਅਤੇ ਆਪਣੇ ਪਰਿਵਾਰ ਤੋਂ ਛੁੱਟ ਹਰ ਕੋਈ ਨਬੀ ਦਾ ਆਦਰ ਕਰਦਾ ਹੈ।”+ 58 ਉਨ੍ਹਾਂ ਵਿਚ ਨਿਹਚਾ ਨਾ ਹੋਣ ਕਰਕੇ ਉਸ ਨੇ ਉੱਥੇ ਜ਼ਿਆਦਾ ਕਰਾਮਾਤਾਂ ਨਹੀਂ ਕੀਤੀਆਂ।

14 ਉਸ ਸਮੇਂ ਜ਼ਿਲ੍ਹੇ ਦੇ ਹਾਕਮ ਹੇਰੋਦੇਸ ਨੇ ਯਿਸੂ ਬਾਰੇ ਸੁਣਿਆ+ 2 ਅਤੇ ਆਪਣੇ ਸੇਵਕਾਂ ਨੂੰ ਕਿਹਾ: “ਇਹ ਯੂਹੰਨਾ ਬਪਤਿਸਮਾ ਦੇਣ ਵਾਲਾ ਹੈ। ਉਹ ਮਰਿਆਂ ਵਿੱਚੋਂ ਦੁਬਾਰਾ ਜੀਉਂਦਾ ਹੋ ਗਿਆ ਹੈ ਅਤੇ ਇਸੇ ਲਈ ਉਹ ਇਹ ਕਰਾਮਾਤਾਂ ਕਰ ਰਿਹਾ ਹੈ।”+ 3 ਹੇਰੋਦੇਸ* ਨੇ ਆਪਣੇ ਭਰਾ ਫ਼ਿਲਿੱਪੁਸ ਦੀ ਪਤਨੀ ਹੇਰੋਦਿਆਸ ਦੇ ਕਹਿਣ ʼਤੇ ਯੂਹੰਨਾ ਨੂੰ ਗਿਰਫ਼ਤਾਰ ਕਰ ਲਿਆ ਸੀ ਅਤੇ ਬੇੜੀਆਂ ਨਾਲ ਬੰਨ੍ਹ ਕੇ ਕੈਦ ਵਿਚ ਸੁੱਟ ਦਿੱਤਾ ਸੀ+ 4 ਕਿਉਂਕਿ ਯੂਹੰਨਾ ਉਸ ਨੂੰ ਵਾਰ-ਵਾਰ ਇਹ ਕਹਿ ਰਿਹਾ ਸੀ: “ਤੇਰੇ ਲਈ ਹੇਰੋਦਿਆਸ ਨੂੰ ਰੱਖਣਾ ਨਾਜਾਇਜ਼ ਹੈ।”+ 5 ਭਾਵੇਂ ਉਹ ਯੂਹੰਨਾ ਨੂੰ ਮਾਰਨਾ ਚਾਹੁੰਦਾ ਸੀ, ਪਰ ਲੋਕਾਂ ਤੋਂ ਡਰਦਾ ਸੀ ਕਿਉਂਕਿ ਲੋਕ ਯੂਹੰਨਾ ਨੂੰ ਨਬੀ ਮੰਨਦੇ ਸਨ।+ 6 ਪਰ ਜਦ ਹੇਰੋਦੇਸ ਆਪਣਾ ਜਨਮ-ਦਿਨ+ ਮਨਾ ਰਿਹਾ ਸੀ, ਤਾਂ ਉਸ ਮੌਕੇ ਹੇਰੋਦਿਆਸ ਦੀ ਧੀ ਨੇ ਮਹਿਮਾਨਾਂ ਅੱਗੇ ਨੱਚ ਕੇ ਹੇਰੋਦੇਸ ਨੂੰ ਇੰਨਾ ਖ਼ੁਸ਼ ਕੀਤਾ+ 7 ਕਿ ਉਸ ਨੇ ਸਹੁੰ ਖਾ ਕੇ ਵਾਅਦਾ ਕੀਤਾ ਕਿ ਉਹ ਜੋ ਵੀ ਮੰਗੇਗੀ, ਉਹ ਉਸ ਨੂੰ ਦੇਵੇਗਾ। 8 ਫਿਰ ਉਸ ਕੁੜੀ ਨੇ ਆਪਣੀ ਮਾਂ ਦੀ ਚੁੱਕ ਵਿਚ ਆ ਕੇ ਕਿਹਾ: “ਮੈਨੂੰ ਥਾਲ਼ ਵਿਚ ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਸਿਰ ਦਿੱਤਾ ਜਾਵੇ।”+ 9 ਭਾਵੇਂ ਰਾਜੇ ਨੂੰ ਦੁੱਖ ਹੋਇਆ, ਪਰ ਸਹੁੰਆਂ ਖਾਧੀਆਂ ਹੋਣ ਕਰਕੇ ਅਤੇ ਆਪਣੇ ਮਹਿਮਾਨਾਂ ਦੇ ਕਾਰਨ ਉਸ ਨੇ ਹੁਕਮ ਦਿੱਤਾ ਕਿ ਕੁੜੀ ਦੀ ਮੰਗ ਪੂਰੀ ਕੀਤੀ ਜਾਵੇ। 10 ਇਸ ਲਈ ਰਾਜੇ ਨੇ ਕਿਸੇ ਨੂੰ ਘੱਲ ਕੇ ਜੇਲ੍ਹ ਵਿਚ ਯੂਹੰਨਾ ਦਾ ਸਿਰ ਵਢਵਾ ਦਿੱਤਾ। 11 ਉਸ ਦਾ ਸਿਰ ਥਾਲ਼ ਵਿਚ ਰੱਖ ਕੇ ਕੁੜੀ ਨੂੰ ਦਿੱਤਾ ਗਿਆ ਅਤੇ ਕੁੜੀ ਨੇ ਆਪਣੀ ਮਾਂ ਨੂੰ ਦੇ ਦਿੱਤਾ। 12 ਬਾਅਦ ਵਿਚ ਯੂਹੰਨਾ ਦੇ ਚੇਲੇ ਆ ਕੇ ਉਸ ਦੀ ਲਾਸ਼ ਲੈ ਗਏ ਅਤੇ ਉਸ ਨੂੰ ਦਫ਼ਨਾ ਦਿੱਤਾ; ਫਿਰ ਉਨ੍ਹਾਂ ਨੇ ਆ ਕੇ ਯਿਸੂ ਨੂੰ ਸਾਰੀ ਗੱਲ ਦੱਸੀ। 13 ਇਹ ਸੁਣ ਕੇ ਯਿਸੂ ਕਿਸ਼ਤੀ ਵਿਚ ਬੈਠ ਕੇ ਕਿਸੇ ਇਕਾਂਤ ਜਗ੍ਹਾ ਚਲਾ ਗਿਆ। ਪਰ ਜਦੋਂ ਸ਼ਹਿਰਾਂ ਦੇ ਲੋਕਾਂ ਨੂੰ ਇਸ ਬਾਰੇ ਪਤਾ ਲੱਗਾ, ਤਾਂ ਉਹ ਵੀ ਪੈਦਲ ਉਸ ਦੇ ਪਿੱਛੇ ਚਲੇ ਗਏ।+

14 ਜਦ ਉਹ ਕਿਸ਼ਤੀ ਤੋਂ ਉੱਤਰਿਆ, ਤਾਂ ਉਸ ਨੇ ਵੱਡੀ ਭੀੜ ਦੇਖੀ ਅਤੇ ਉਸ ਨੂੰ ਲੋਕਾਂ ʼਤੇ ਤਰਸ ਆਇਆ+ ਤੇ ਉਸ ਨੇ ਬੀਮਾਰਾਂ ਨੂੰ ਠੀਕ ਕੀਤਾ।+ 15 ਫਿਰ ਸ਼ਾਮ ਹੋ ਜਾਣ ਤੇ ਉਸ ਦੇ ਚੇਲਿਆਂ ਨੇ ਉਸ ਕੋਲ ਆ ਕੇ ਕਿਹਾ: “ਇਹ ਜਗ੍ਹਾ ਉਜਾੜ ਹੈ ਅਤੇ ਦੁਪਹਿਰ ਵੀ ਢਲ਼ ਚੁੱਕੀ ਹੈ; ਲੋਕਾਂ ਨੂੰ ਘੱਲ ਦੇ ਤਾਂਕਿ ਉਹ ਪਿੰਡਾਂ ਵਿਚ ਜਾ ਕੇ ਆਪਣੇ ਖਾਣ ਵਾਸਤੇ ਕੁਝ ਖ਼ਰੀਦ ਲੈਣ।”+ 16 ਪਰ ਯਿਸੂ ਨੇ ਉਨ੍ਹਾਂ ਨੂੰ ਕਿਹਾ: “ਉਨ੍ਹਾਂ ਨੂੰ ਕਿਤੇ ਜਾਣ ਦੀ ਲੋੜ ਨਹੀਂ; ਤੁਸੀਂ ਹੀ ਉਨ੍ਹਾਂ ਨੂੰ ਕੁਝ ਖਾਣ ਲਈ ਦਿਓ।” 17 ਉਨ੍ਹਾਂ ਨੇ ਉਸ ਨੂੰ ਕਿਹਾ: “ਸਾਡੇ ਕੋਲ ਪੰਜ ਰੋਟੀਆਂ ਤੇ ਦੋ ਮੱਛੀਆਂ ਤੋਂ ਸਿਵਾਇ ਹੋਰ ਕੁਝ ਨਹੀਂ ਹੈ।” 18 ਉਸ ਨੇ ਕਿਹਾ: “ਲਿਆਓ ਮੈਨੂੰ ਦਿਓ।” 19 ਇਸ ਤੋਂ ਬਾਅਦ ਉਸ ਨੇ ਲੋਕਾਂ ਨੂੰ ਘਾਹ ʼਤੇ ਬੈਠਣ ਲਈ ਕਿਹਾ। ਫਿਰ ਉਸ ਨੇ ਪੰਜ ਰੋਟੀਆਂ ਤੇ ਦੋ ਮੱਛੀਆਂ ਲਈਆਂ ਅਤੇ ਆਕਾਸ਼ ਵੱਲ ਦੇਖ ਕੇ ਪਰਮੇਸ਼ੁਰ ਦਾ ਧੰਨਵਾਦ ਕੀਤਾ+ ਅਤੇ ਰੋਟੀਆਂ ਤੋੜ ਕੇ ਆਪਣੇ ਚੇਲਿਆਂ ਨੂੰ ਦਿੱਤੀਆਂ ਅਤੇ ਉਨ੍ਹਾਂ ਨੇ ਲੋਕਾਂ ਨੂੰ ਵੰਡੀਆਂ। 20 ਉਨ੍ਹਾਂ ਸਾਰਿਆਂ ਨੇ ਰੱਜ ਕੇ ਖਾਧਾ। ਫਿਰ ਉਨ੍ਹਾਂ ਨੇ ਬਚੇ ਹੋਏ ਟੁਕੜੇ ਇਕੱਠੇ ਕੀਤੇ ਜਿਨ੍ਹਾਂ ਨਾਲ 12 ਟੋਕਰੀਆਂ ਭਰ ਗਈਆਂ।+ 21 ਉਦੋਂ ਤੀਵੀਆਂ ਅਤੇ ਬੱਚਿਆਂ ਤੋਂ ਇਲਾਵਾ 5,000 ਆਦਮੀਆਂ ਨੇ ਖਾਣਾ ਖਾਧਾ ਸੀ।+ 22 ਫਿਰ ਉਸ ਨੇ ਉਸੇ ਵੇਲੇ ਆਪਣੇ ਚੇਲਿਆਂ ਨੂੰ ਕਿਹਾ ਕਿ ਉਹ ਕਿਸ਼ਤੀ ਵਿਚ ਬੈਠ ਕੇ ਉਸ ਤੋਂ ਪਹਿਲਾਂ ਝੀਲ ਦੇ ਦੂਜੇ ਪਾਸੇ ਚਲੇ ਜਾਣ ਜਦ ਕਿ ਉਹ ਆਪ ਭੀੜ ਨੂੰ ਵਿਦਾ ਕਰਨ ਲੱਗਾ।+

23 ਭੀੜ ਨੂੰ ਵਿਦਾ ਕਰਨ ਤੋਂ ਬਾਅਦ ਉਹ ਆਪ ਪਹਾੜ ʼਤੇ ਪ੍ਰਾਰਥਨਾ ਕਰਨ ਚਲਾ ਗਿਆ।+ ਹੁਣ ਰਾਤ ਪੈ ਚੁੱਕੀ ਸੀ ਤੇ ਉਹ ਪਹਾੜ ʼਤੇ ਇਕੱਲਾ ਸੀ। 24 ਉਸ ਵੇਲੇ ਕਿਸ਼ਤੀ ਝੀਲ ਦੇ ਕੰਢੇ ਤੋਂ ਬਹੁਤ ਦੂਰ* ਜਾ ਚੁੱਕੀ ਸੀ ਅਤੇ ਲਹਿਰਾਂ ਦੇ ਕਾਰਨ ਡਿੱਕੋ-ਡੋਲੇ ਖਾ ਰਹੀ ਸੀ ਕਿਉਂਕਿ ਸਾਮ੍ਹਣਿਓਂ ਹਨੇਰੀ ਚੱਲ ਰਹੀ ਸੀ। 25 ਪਰ ਰਾਤ ਦੇ ਚੌਥੇ ਪਹਿਰ* ਉਹ ਪਾਣੀ ਉੱਤੇ ਤੁਰ ਕੇ ਉਨ੍ਹਾਂ ਵੱਲ ਆਇਆ। 26 ਜਦ ਉਨ੍ਹਾਂ ਨੇ ਉਸ ਨੂੰ ਪਾਣੀ ਉੱਤੇ ਤੁਰਦਿਆਂ ਦੇਖਿਆ, ਤਾਂ ਉਹ ਬਹੁਤ ਘਬਰਾ ਗਏ ਅਤੇ ਕਹਿਣ ਲੱਗੇ: “ਆਹ ਕੀ ਆ ਰਿਹਾ?” ਅਤੇ ਉਹ ਡਰ ਦੇ ਮਾਰੇ ਚੀਕਾਂ ਮਾਰਨ ਲੱਗ ਪਏ। 27 ਪਰ ਉਦੋਂ ਹੀ ਯਿਸੂ ਨੇ ਉਨ੍ਹਾਂ ਨੂੰ ਕਿਹਾ: “ਹੌਸਲਾ ਰੱਖੋ! ਮੈਂ ਹਾਂ, ਡਰੋ ਨਾ।”+ 28 ਫਿਰ ਪਤਰਸ ਨੇ ਉਸ ਨੂੰ ਕਿਹਾ: “ਪ੍ਰਭੂ, ਜੇ ਤੂੰ ਹੀ ਹੈਂ, ਤਾਂ ਮੈਨੂੰ ਪਾਣੀ ʼਤੇ ਤੁਰ ਕੇ ਆਪਣੇ ਵੱਲ ਆਉਣ ਦਾ ਹੁਕਮ ਦੇ।” 29 ਉਸ ਨੇ ਕਿਹਾ: “ਆਜਾ!” ਇਸ ਲਈ ਪਤਰਸ ਕਿਸ਼ਤੀ ਤੋਂ ਉੱਤਰ ਕੇ ਪਾਣੀ ʼਤੇ ਤੁਰਦਾ ਹੋਇਆ ਯਿਸੂ ਵੱਲ ਚਲਾ ਗਿਆ। 30 ਪਰ ਤੂਫ਼ਾਨ ਨੂੰ ਦੇਖ ਕੇ ਪਤਰਸ ਡਰ ਗਿਆ। ਜਦੋਂ ਉਹ ਡੁੱਬਣ ਲੱਗਾ, ਤਾਂ ਉਹ ਉੱਚੀ-ਉੱਚੀ ਕਹਿਣ ਲੱਗਾ: “ਪ੍ਰਭੂ, ਮੈਨੂੰ ਬਚਾ ਲੈ!” 31 ਉਸੇ ਵੇਲੇ ਯਿਸੂ ਨੇ ਆਪਣਾ ਹੱਥ ਵਧਾ ਕੇ ਉਸ ਨੂੰ ਫੜ ਲਿਆ ਅਤੇ ਕਿਹਾ: “ਹੇ ਥੋੜ੍ਹੀ ਨਿਹਚਾ ਰੱਖਣ ਵਾਲਿਆ, ਤੂੰ ਸ਼ੱਕ ਕਿਉਂ ਕੀਤਾ?”+ 32 ਜਦੋਂ ਉਹ ਦੋਵੇਂ ਕਿਸ਼ਤੀ ʼਤੇ ਚੜ੍ਹ ਗਏ, ਤਾਂ ਤੂਫ਼ਾਨ ਸ਼ਾਂਤ ਹੋ ਗਿਆ। 33 ਫਿਰ ਕਿਸ਼ਤੀ ʼਤੇ ਸਵਾਰ ਸਾਰਿਆਂ ਨੇ ਗੋਡੇ ਟੇਕ ਕੇ ਕਿਹਾ: “ਤੂੰ ਵਾਕਈ ਪਰਮੇਸ਼ੁਰ ਦਾ ਪੁੱਤਰ ਹੈਂ।” 34 ਅਤੇ ਉਹ ਝੀਲ ਪਾਰ ਕਰ ਕੇ ਗੰਨੇਸਰਤ ਪਹੁੰਚੇ।+

35 ਉਸ ਜਗ੍ਹਾ ਦੇ ਲੋਕਾਂ ਨੇ ਉਸ ਨੂੰ ਪਛਾਣ ਲਿਆ ਅਤੇ ਉਨ੍ਹਾਂ ਨੇ ਆਲੇ-ਦੁਆਲੇ ਦੇ ਸਾਰੇ ਇਲਾਕਿਆਂ ਵਿਚ ਸੁਨੇਹਾ ਘੱਲਿਆ ਅਤੇ ਲੋਕ ਉਸ ਕੋਲ ਸਾਰੇ ਬੀਮਾਰਾਂ ਨੂੰ ਲੈ ਕੇ ਆਏ। 36 ਉਨ੍ਹਾਂ ਨੇ ਉਸ ਅੱਗੇ ਬੇਨਤੀ ਕੀਤੀ ਕਿ ਉਹ ਉਨ੍ਹਾਂ ਨੂੰ ਸਿਰਫ਼ ਆਪਣੇ ਚੋਗੇ ਦੀ ਝਾਲਰ ਨੂੰ ਹੀ ਛੂਹ ਲੈਣ ਦੇਵੇ।+ ਜਿੰਨਿਆਂ ਨੇ ਵੀ ਉਸ ਦੇ ਚੋਗੇ ਨੂੰ ਛੂਹਿਆ, ਉਹ ਸਭ ਬਿਲਕੁਲ ਠੀਕ ਹੋ ਗਏ।

15 ਫਿਰ ਯਰੂਸ਼ਲਮ ਤੋਂ ਫ਼ਰੀਸੀ ਤੇ ਗ੍ਰੰਥੀ ਆ ਕੇ ਯਿਸੂ ਨੂੰ ਕਹਿਣ ਲੱਗੇ:+ 2 “ਤੇਰੇ ਚੇਲੇ ਦਾਦਿਆਂ-ਪੜਦਾਦਿਆਂ ਦੀ ਰੀਤ ਦੀ ਉਲੰਘਣਾ ਕਿਉਂ ਕਰਦੇ ਹਨ? ਮਿਸਾਲ ਲਈ, ਖਾਣਾ ਖਾਣ ਤੋਂ ਪਹਿਲਾਂ ਉਹ ਹੱਥ ਨਹੀਂ ਧੋਂਦੇ।”*+

3 ਉਸ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਕਿਉਂ ਆਪਣੀ ਰੀਤ ਉੱਤੇ ਚੱਲਣ ਖ਼ਾਤਰ ਪਰਮੇਸ਼ੁਰ ਦੇ ਹੁਕਮਾਂ ਦੀ ਉਲੰਘਣਾ ਕਰਦੇ ਹੋ?+ 4 ਮਿਸਾਲ ਲਈ, ਪਰਮੇਸ਼ੁਰ ਨੇ ਕਿਹਾ ਸੀ: ‘ਤੂੰ ਆਪਣੇ ਮਾਤਾ-ਪਿਤਾ ਦਾ ਆਦਰ ਕਰ’+ ਅਤੇ ‘ਜੇ ਕੋਈ ਆਪਣੇ ਪਿਤਾ ਜਾਂ ਮਾਤਾ ਨੂੰ ਮੰਦਾ ਬੋਲੇ,* ਉਸ ਨੂੰ ਜਾਨੋਂ ਮਾਰ ਦਿੱਤਾ ਜਾਵੇ।’+ 5 ਪਰ ਤੁਸੀਂ ਕਹਿੰਦੇ ਹੋ, ‘ਜਿਹੜਾ ਇਨਸਾਨ ਆਪਣੇ ਪਿਤਾ ਜਾਂ ਮਾਤਾ ਨੂੰ ਕਹੇ: “ਮੇਰੀਆਂ ਜਿਨ੍ਹਾਂ ਚੀਜ਼ਾਂ ਤੋਂ ਤੁਹਾਨੂੰ ਕੋਈ ਫ਼ਾਇਦਾ ਹੋ ਸਕਦਾ ਸੀ, ਉਹ ਪਰਮੇਸ਼ੁਰ ਦੇ ਨਾਂ ਲੱਗ ਚੁੱਕੀਆਂ ਹਨ,”+ 6 ਉਸ ਇਨਸਾਨ ਨੂੰ ਆਪਣੇ ਪਿਤਾ ਜਾਂ ਮਾਤਾ ਦਾ ਆਦਰ ਕਰਨ ਦੀ ਕੋਈ ਲੋੜ ਨਹੀਂ।’ ਇਸ ਤਰ੍ਹਾਂ ਤੁਸੀਂ ਆਪਣੀਆਂ ਰੀਤਾਂ ਨਾਲ ਪਰਮੇਸ਼ੁਰ ਦੇ ਬਚਨ ਨੂੰ ਫ਼ਜ਼ੂਲ ਦੀ ਚੀਜ਼ ਬਣਾ ਦਿੱਤਾ ਹੈ।+ 7 ਪਖੰਡੀਓ, ਯਸਾਯਾਹ ਨਬੀ ਨੇ ਤੁਹਾਡੇ ਬਾਰੇ ਭਵਿੱਖਬਾਣੀ ਕਰਦੇ ਹੋਏ ਠੀਕ ਹੀ ਕਿਹਾ ਸੀ:+ 8 ‘ਇਹ ਲੋਕ ਬੁੱਲ੍ਹਾਂ ਨਾਲ ਤਾਂ ਮੇਰਾ ਆਦਰ ਕਰਦੇ ਹਨ, ਪਰ ਇਨ੍ਹਾਂ ਦੇ ਦਿਲ ਮੇਰੇ ਤੋਂ ਕਿਤੇ ਦੂਰ ਹਨ। 9 ਇਹ ਬੇਕਾਰ ਵਿਚ ਹੀ ਮੇਰੀ ਭਗਤੀ ਕਰਦੇ ਹਨ ਕਿਉਂਕਿ ਇਹ ਇਨਸਾਨਾਂ ਦੇ ਬਣਾਏ ਹੁਕਮਾਂ ਦੀ ਹੀ ਸਿੱਖਿਆ ਦਿੰਦੇ ਹਨ।’”+ 10 ਫਿਰ ਉਸ ਨੇ ਲੋਕਾਂ ਨੂੰ ਆਪਣੇ ਕੋਲ ਬੁਲਾ ਕੇ ਕਿਹਾ: “ਮੇਰੀ ਗੱਲ ਸੁਣੋ ਅਤੇ ਇਸ ਦਾ ਮਤਲਬ ਸਮਝੋ:+ 11 ਇਨਸਾਨ ਦੇ ਮੂੰਹ ਵਿਚ ਜੋ ਕੁਝ ਜਾਂਦਾ ਹੈ, ਉਸ ਨਾਲ ਉਹ ਭ੍ਰਿਸ਼ਟ ਨਹੀਂ ਹੁੰਦਾ, ਸਗੋਂ ਜੋ ਕੁਝ ਉਸ ਦੇ ਮੂੰਹੋਂ ਨਿਕਲਦਾ ਹੈ, ਉਸ ਨਾਲ ਉਹ ਭ੍ਰਿਸ਼ਟ ਹੁੰਦਾ ਹੈ।”+

12 ਫਿਰ ਉਸ ਦੇ ਚੇਲਿਆਂ ਨੇ ਆ ਕੇ ਉਸ ਨੂੰ ਕਿਹਾ: “ਕੀ ਤੈਨੂੰ ਪਤਾ ਫ਼ਰੀਸੀਆਂ ਨੂੰ ਤੇਰੀਆਂ ਗੱਲਾਂ ਦਾ ਗੁੱਸਾ ਲੱਗਾ?”+ 13 ਉਸ ਨੇ ਉਨ੍ਹਾਂ ਨੂੰ ਕਿਹਾ: “ਜਿਹੜਾ ਵੀ ਬੂਟਾ ਮੇਰੇ ਸਵਰਗੀ ਪਿਤਾ ਨੇ ਨਹੀਂ ਲਾਇਆ, ਉਹ ਪੁੱਟਿਆ ਜਾਵੇਗਾ। 14 ਫ਼ਰੀਸੀਆਂ ਨੂੰ ਛੱਡੋ। ਉਹ ਤਾਂ ਖ਼ੁਦ ਅੰਨ੍ਹੇ ਹਨ ਤੇ ਦੂਜਿਆਂ ਨੂੰ ਰਾਹ ਦਿਖਾਉਂਦੇ ਹਨ। ਜੇ ਅੰਨ੍ਹਾ ਅੰਨ੍ਹੇ ਨੂੰ ਰਾਹ ਦਿਖਾਵੇ, ਤਾਂ ਉਹ ਦੋਵੇਂ ਟੋਏ ਵਿਚ ਡਿਗਣਗੇ।”+ 15 ਫਿਰ ਪਤਰਸ ਨੇ ਉਸ ਨੂੰ ਕਿਹਾ: “ਤੂੰ ਪਹਿਲਾਂ ਜਿਹੜੀ ਮਿਸਾਲ ਦਿੱਤੀ ਸੀ, ਉਸ ਦਾ ਮਤਲਬ ਸਾਨੂੰ ਸਮਝਾ।” 16 ਉਸ ਨੇ ਕਿਹਾ: “ਕੀ ਤੁਸੀਂ ਵੀ ਅਜੇ ਨਹੀਂ ਸਮਝੇ?+ 17 ਕੀ ਤੁਸੀਂ ਨਹੀਂ ਜਾਣਦੇ ਕਿ ਇਨਸਾਨ ਦੇ ਮੂੰਹ ਵਿਚ ਜੋ ਕੁਝ ਜਾਂਦਾ ਹੈ, ਉਹ ਉਸ ਦੇ ਢਿੱਡ ਵਿਚ ਜਾਂਦਾ ਹੈ ਤੇ ਫਿਰ ਸਰੀਰ ਵਿੱਚੋਂ ਨਿਕਲ ਜਾਂਦਾ ਹੈ? 18 ਪਰ ਜਿਹੜੀਆਂ ਗੱਲਾਂ ਉਸ ਦੇ ਮੂੰਹੋਂ ਨਿਕਲਦੀਆਂ ਹਨ, ਉਹ ਅਸਲ ਵਿਚ ਉਸ ਦੇ ਦਿਲੋਂ ਨਿਕਲਦੀਆਂ ਹਨ ਅਤੇ ਉਹ ਉਸ ਨੂੰ ਭ੍ਰਿਸ਼ਟ ਕਰਦੀਆਂ ਹਨ।+ 19 ਮਿਸਾਲ ਲਈ, ਦਿਲ ਵਿੱਚੋਂ ਭੈੜੀਆਂ ਸੋਚਾਂ ਨਿਕਲਦੀਆਂ ਹਨ+ ਜਿਸ ਦਾ ਨਤੀਜਾ ਇਹ ਹੁੰਦਾ ਹੈ: ਕਤਲ, ਆਪਣੇ ਜੀਵਨ ਸਾਥੀ ਤੋਂ ਇਲਾਵਾ ਕਿਸੇ ਹੋਰ ਨਾਲ ਨਾਜਾਇਜ਼ ਸੰਬੰਧ, ਹਰਾਮਕਾਰੀਆਂ,* ਚੋਰੀਆਂ, ਝੂਠੀਆਂ ਗਵਾਹੀਆਂ ਅਤੇ ਨਿੰਦਿਆ।* 20 ਇਨ੍ਹਾਂ ਗੱਲਾਂ ਨਾਲ ਇਨਸਾਨ ਭ੍ਰਿਸ਼ਟ ਹੁੰਦਾ ਹੈ, ਨਾ ਕਿ ਹੱਥ ਧੋਤੇ ਬਿਨਾਂ* ਖਾਣਾ ਖਾਣ ਨਾਲ।”

21 ਉੱਥੋਂ ਯਿਸੂ ਸੋਰ ਤੇ ਸੀਦੋਨ ਦੇ ਇਲਾਕੇ ਵਿਚ ਚਲਾ ਗਿਆ।+ 22 ਅਤੇ ਦੇਖੋ! ਉਸ ਇਲਾਕੇ ਵਿਚ ਫੈਨੀਕੇ ਦੀ ਰਹਿਣ ਵਾਲੀ ਇਕ ਤੀਵੀਂ ਆ ਕੇ ਉਸ ਅੱਗੇ ਤਰਲੇ ਕਰਨ ਲੱਗੀ: “ਪ੍ਰਭੂ, ਦਾਊਦ ਦੇ ਪੁੱਤਰ, ਮੇਰੇ ʼਤੇ ਰਹਿਮ ਕਰ। ਮੇਰੀ ਧੀ ਨੂੰ ਦੁਸ਼ਟ ਦੂਤ ਚਿੰਬੜਿਆ ਹੋਇਆ ਹੈ ਅਤੇ ਉਸ ਨੇ ਕੁੜੀ ਦਾ ਬਹੁਤ ਬੁਰਾ ਹਾਲ ਕੀਤਾ ਹੋਇਆ ਹੈ।”+ 23 ਪਰ ਯਿਸੂ ਨੇ ਉਸ ਨੂੰ ਕੋਈ ਜਵਾਬ ਨਾ ਦਿੱਤਾ। ਤਦ ਚੇਲਿਆਂ ਨੇ ਆ ਕੇ ਉਸ ਨੂੰ ਕਿਹਾ: “ਇਸ ਤੀਵੀਂ ਨੂੰ ਕਹਿ ਕਿ ਇਹ ਚਲੀ ਜਾਵੇ, ਇਹ ਸਾਡਾ ਖਹਿੜਾ ਨਹੀਂ ਛੱਡਦੀ।” 24 ਯਿਸੂ ਨੇ ਜਵਾਬ ਦਿੱਤਾ: “ਮੈਨੂੰ ਸਿਰਫ਼ ਇਜ਼ਰਾਈਲ ਦੇ ਘਰਾਣੇ ਦੀਆਂ ਗੁਆਚੀਆਂ ਹੋਈਆਂ ਭੇਡਾਂ ਕੋਲ ਭੇਜਿਆ ਗਿਆ ਹੈ।”+ 25 ਪਰ ਉਹ ਤੀਵੀਂ ਆਈ ਅਤੇ ਉਸ ਅੱਗੇ ਗੋਡੇ ਟੇਕ ਕੇ ਕਹਿਣ ਲੱਗੀ: “ਪ੍ਰਭੂ, ਮੇਰੀ ਮਦਦ ਕਰ!” 26 ਯਿਸੂ ਨੇ ਉਸ ਨੂੰ ਕਿਹਾ: “ਨਿਆਣਿਆਂ ਤੋਂ ਰੋਟੀ ਲੈ ਕੇ ਕਤੂਰਿਆਂ ਨੂੰ ਪਾਉਣੀ ਠੀਕ ਨਹੀਂ।” 27 ਤੀਵੀਂ ਨੇ ਕਿਹਾ: “ਤੂੰ ਠੀਕ ਕਹਿੰਦਾ ਹੈਂ ਪ੍ਰਭੂ, ਪਰ ਕਤੂਰੇ ਆਪਣੇ ਮਾਲਕਾਂ ਦੇ ਮੇਜ਼ ਤੋਂ ਡਿਗਿਆ ਚੂਰਾ-ਭੂਰਾ ਹੀ ਖਾਂਦੇ ਹਨ।”+ 28 ਫਿਰ ਯਿਸੂ ਨੇ ਉਸ ਨੂੰ ਕਿਹਾ: “ਬੀਬੀ, ਤੇਰੀ ਨਿਹਚਾ ਕਿੰਨੀ ਜ਼ਿਆਦਾ ਹੈ! ਜਾਹ, ਤੇਰੇ ਦਿਲ ਦੀ ਮੁਰਾਦ ਪੂਰੀ ਹੋਵੇ।” ਉਸ ਦੀ ਧੀ ਉਸੇ ਵੇਲੇ ਠੀਕ ਹੋ ਗਈ।

29 ਉੱਥੋਂ ਯਿਸੂ ਗਲੀਲ ਦੀ ਝੀਲ ਲਾਗੇ ਚਲਾ ਗਿਆ+ ਅਤੇ ਪਹਾੜ ʼਤੇ ਜਾ ਕੇ ਬੈਠ ਗਿਆ। 30 ਫਿਰ ਭੀੜਾਂ ਦੀਆਂ ਭੀੜਾਂ ਨੇ ਆਪਣੇ ਨਾਲ ਲੰਗੜਿਆਂ-ਲੂਲ੍ਹਿਆਂ, ਅੰਨ੍ਹਿਆਂ, ਗੁੰਗਿਆਂ ਤੇ ਕਈ ਹੋਰ ਬੀਮਾਰਾਂ ਨੂੰ ਲਿਆ ਕੇ ਉਸ ਦੇ ਪੈਰਾਂ ਵਿਚ ਰੱਖ ਦਿੱਤਾ ਅਤੇ ਉਸ ਨੇ ਉਨ੍ਹਾਂ ਨੂੰ ਠੀਕ ਕੀਤਾ।+ 31 ਲੋਕ ਇਹ ਦੇਖ ਕੇ ਦੰਗ ਰਹਿ ਗਏ ਕਿ ਗੁੰਗੇ ਬੋਲਣ, ਲੰਗੜੇ ਤੁਰਨ ਤੇ ਅੰਨ੍ਹੇ ਦੇਖਣ ਲੱਗ ਪਏ ਸਨ ਅਤੇ ਉਨ੍ਹਾਂ ਨੇ ਇਜ਼ਰਾਈਲ ਦੇ ਪਰਮੇਸ਼ੁਰ ਦੀ ਮਹਿਮਾ ਕੀਤੀ।+

32 ਯਿਸੂ ਨੇ ਆਪਣੇ ਚੇਲਿਆਂ ਨੂੰ ਕੋਲ ਬੁਲਾ ਕੇ ਕਿਹਾ: “ਮੈਨੂੰ ਲੋਕਾਂ ʼਤੇ ਤਰਸ ਆ ਰਿਹਾ ਹੈ+ ਕਿਉਂਕਿ ਉਹ ਤਿੰਨਾਂ ਦਿਨਾਂ ਤੋਂ ਮੇਰੇ ਨਾਲ ਹਨ ਅਤੇ ਉਨ੍ਹਾਂ ਕੋਲ ਖਾਣ ਲਈ ਕੁਝ ਨਹੀਂ ਹੈ। ਮੈਂ ਇਨ੍ਹਾਂ ਨੂੰ ਭੁੱਖੇ ਨਹੀਂ ਘੱਲਣਾ ਚਾਹੁੰਦਾ, ਨਹੀਂ ਤਾਂ ਇਹ ਰਾਹ ਵਿਚ ਹੀ ਡਿਗ ਪੈਣਗੇ।”+ 33 ਪਰ ਚੇਲਿਆਂ ਨੇ ਉਸ ਨੂੰ ਕਿਹਾ: “ਅਸੀਂ ਇਸ ਉਜਾੜ ਵਿਚ ਇੰਨੀ ਵੱਡੀ ਭੀੜ ਨੂੰ ਰਜਾਉਣ ਲਈ ਇੰਨੀਆਂ ਰੋਟੀਆਂ ਕਿੱਥੋਂ ਲੈ ਕੇ ਆਈਏ?”+ 34 ਫਿਰ ਯਿਸੂ ਨੇ ਉਨ੍ਹਾਂ ਨੂੰ ਪੁੱਛਿਆ: “ਤੁਹਾਡੇ ਕੋਲ ਕਿੰਨੀਆਂ ਰੋਟੀਆਂ ਹਨ?” ਉਨ੍ਹਾਂ ਨੇ ਕਿਹਾ: “ਸੱਤ ਰੋਟੀਆਂ ਅਤੇ ਕੁਝ ਛੋਟੀਆਂ ਮੱਛੀਆਂ।” 35 ਉਸ ਨੇ ਭੀੜ ਨੂੰ ਜ਼ਮੀਨ ʼਤੇ ਬੈਠਣ ਲਈ ਕਿਹਾ ਅਤੇ 36 ਸੱਤ ਰੋਟੀਆਂ ਅਤੇ ਮੱਛੀਆਂ ਲੈ ਕੇ ਪਰਮੇਸ਼ੁਰ ਦਾ ਧੰਨਵਾਦ ਕੀਤਾ। ਫਿਰ ਉਸ ਨੇ ਰੋਟੀਆਂ ਤੋੜ ਕੇ ਆਪਣੇ ਚੇਲਿਆਂ ਨੂੰ ਦਿੱਤੀਆਂ ਅਤੇ ਉਨ੍ਹਾਂ ਨੇ ਲੋਕਾਂ ਨੂੰ ਵੰਡੀਆਂ।+ 37 ਸਾਰਿਆਂ ਨੇ ਰੱਜ ਕੇ ਖਾਧਾ ਅਤੇ ਉਨ੍ਹਾਂ ਨੇ ਬਚੇ ਹੋਏ ਟੁਕੜੇ ਇਕੱਠੇ ਕੀਤੇ ਜਿਨ੍ਹਾਂ ਨਾਲ ਸੱਤ ਵੱਡੀਆਂ ਟੋਕਰੀਆਂ ਭਰ ਗਈਆਂ।+ 38 ਤੀਵੀਆਂ ਤੇ ਨਿਆਣਿਆਂ ਤੋਂ ਇਲਾਵਾ 4,000 ਆਦਮੀਆਂ ਨੇ ਖਾਣਾ ਖਾਧਾ ਸੀ। 39 ਫਿਰ ਭੀੜ ਨੂੰ ਵਿਦਾ ਕਰ ਕੇ ਉਹ ਕਿਸ਼ਤੀ ਵਿਚ ਬੈਠ ਕੇ ਮਗਦਾਨ ਦੇ ਇਲਾਕੇ ਵਿਚ ਆ ਗਿਆ।+

16 ਫ਼ਰੀਸੀ ਤੇ ਸਦੂਕੀ ਉਸ ਕੋਲ ਆਏ ਅਤੇ ਉਸ ਨੂੰ ਪਰਖਣ ਲਈ ਕਹਿਣ ਲੱਗੇ ਕਿ ਉਹ ਉਨ੍ਹਾਂ ਨੂੰ ਆਕਾਸ਼ੋਂ ਕੋਈ ਨਿਸ਼ਾਨੀ ਦਿਖਾਵੇ।+ 2 ਉਸ ਨੇ ਉਨ੍ਹਾਂ ਨੂੰ ਕਿਹਾ: “ਜਦੋਂ ਸ਼ਾਮ ਪੈ ਜਾਂਦੀ ਹੈ, ਤਾਂ ਤੁਸੀਂ ਕਹਿੰਦੇ ਹੋ, ‘ਮੌਸਮ ਸੋਹਣਾ ਹੋਵੇਗਾ ਕਿਉਂਕਿ ਆਸਮਾਨ ਗੂੜ੍ਹਾ ਲਾਲ ਹੈ’ 3 ਅਤੇ ਸਵੇਰ ਨੂੰ ਕਹਿੰਦੇ ਹੋ, ‘ਅੱਜ ਮੌਸਮ ਠੰਢਾ ਹੋਵੇਗਾ ਤੇ ਮੀਂਹ ਪਵੇਗਾ ਕਿਉਂਕਿ ਭਾਵੇਂ ਆਸਮਾਨ ਗੂੜ੍ਹਾ ਲਾਲ ਹੈ, ਪਰ ਬੱਦਲ ਛਾਏ ਹੋਏ ਹਨ।’ ਤੁਸੀਂ ਆਸਮਾਨ ਨੂੰ ਦੇਖ ਕੇ ਮੌਸਮ ਦਾ ਹਾਲ ਤਾਂ ਦੱਸ ਸਕਦੇ ਹੋ, ਪਰ ਹੁਣ ਜੋ ਹੋ ਰਿਹਾ ਹੈ, ਤੁਸੀਂ ਉਸ ਦਾ ਮਤਲਬ ਨਹੀਂ ਸਮਝਦੇ, ਇਹ ਵੀ ਤਾਂ ਨਿਸ਼ਾਨੀਆਂ ਹਨ। 4 ਇਹ ਦੁਸ਼ਟ ਤੇ ਹਰਾਮਕਾਰ* ਪੀੜ੍ਹੀ ਨਿਸ਼ਾਨੀ ਦੀ ਤਾਕ ਵਿਚ ਰਹਿੰਦੀ ਹੈ, ਪਰ ਇਸ ਨੂੰ ਯੂਨਾਹ ਦੀ ਨਿਸ਼ਾਨੀ ਤੋਂ ਸਿਵਾਇ+ ਹੋਰ ਕੋਈ ਨਿਸ਼ਾਨੀ ਨਹੀਂ ਦਿਖਾਈ ਜਾਵੇਗੀ।”+ ਇਹ ਕਹਿ ਕੇ ਉਹ ਉਨ੍ਹਾਂ ਨੂੰ ਛੱਡ ਕੇ ਉੱਥੋਂ ਚਲਾ ਗਿਆ।

5 ਚੇਲੇ ਝੀਲ ਦੇ ਦੂਸਰੇ ਪਾਸੇ ਚਲੇ ਗਏ, ਪਰ ਉਹ ਆਪਣੇ ਨਾਲ ਰੋਟੀਆਂ ਲਿਆਉਣੀਆਂ ਭੁੱਲ ਗਏ।+ 6 ਯਿਸੂ ਨੇ ਉਨ੍ਹਾਂ ਨੂੰ ਕਿਹਾ: “ਖ਼ਬਰਦਾਰ ਰਹੋ ਅਤੇ ਫ਼ਰੀਸੀਆਂ ਤੇ ਸਦੂਕੀਆਂ ਦੇ ਖਮੀਰ ਤੋਂ ਬਚ ਕੇ ਰਹੋ।”+ 7 ਉਹ ਇਕ-ਦੂਜੇ ਨੂੰ ਕਹਿਣ ਲੱਗੇ: “ਉਸ ਨੇ ਸ਼ਾਇਦ ਇਸ ਕਰਕੇ ਇਹ ਕਿਹਾ ਕਿਉਂਕਿ ਅਸੀਂ ਆਪਣੇ ਨਾਲ ਰੋਟੀਆਂ ਨਹੀਂ ਲਿਆਂਦੀਆਂ।” 8 ਇਹ ਜਾਣਦੇ ਹੋਏ ਕਿ ਉਹ ਕੀ ਗੱਲ ਕਰ ਰਹੇ ਸਨ, ਯਿਸੂ ਨੇ ਉਨ੍ਹਾਂ ਨੂੰ ਕਿਹਾ: “ਹੇ ਘੱਟ ਨਿਹਚਾ ਰੱਖਣ ਵਾਲਿਓ, ਤੁਸੀਂ ਆਪਸ ਵਿਚ ਇਹ ਗੱਲ ਕਿਉਂ ਕਰ ਰਹੇ ਹੋ ਕਿ ਤੁਹਾਡੇ ਕੋਲ ਰੋਟੀਆਂ ਨਹੀਂ ਹਨ? 9 ਕੀ ਤੁਸੀਂ ਅਜੇ ਵੀ ਨਹੀਂ ਸਮਝੇ, ਜਾਂ ਤੁਹਾਨੂੰ ਯਾਦ ਨਹੀਂ ਕਿ ਜਦੋਂ ਮੈਂ ਪੰਜ ਰੋਟੀਆਂ 5,000 ਆਦਮੀਆਂ ਨੂੰ ਖੁਆਈਆਂ ਸਨ, ਤਾਂ ਉਸ ਵੇਲੇ ਬਚੇ ਹੋਏ ਟੁਕੜਿਆਂ ਨਾਲ ਕਿੰਨੀਆਂ ਟੋਕਰੀਆਂ ਭਰੀਆਂ ਸਨ?+ 10 ਤੇ ਜਦੋਂ ਮੈਂ ਸੱਤ ਰੋਟੀਆਂ 4,000 ਆਦਮੀਆਂ ਨੂੰ ਖੁਆਈਆਂ ਸਨ, ਤਾਂ ਉਸ ਵੇਲੇ ਬਚੇ ਹੋਏ ਟੁਕੜਿਆਂ ਨਾਲ ਕਿੰਨੀਆਂ ਟੋਕਰੀਆਂ ਭਰੀਆਂ ਸਨ?+ 11 ਤੁਸੀਂ ਕਿਉਂ ਨਹੀਂ ਸਮਝਦੇ ਕਿ ਮੈਂ ਰੋਟੀਆਂ ਦੀ ਗੱਲ ਨਹੀਂ ਕੀਤੀ? ਮੈਂ ਤਾਂ ਫ਼ਰੀਸੀਆਂ ਤੇ ਸਦੂਕੀਆਂ ਦੇ ਖਮੀਰ ਤੋਂ ਬਚ ਕੇ ਰਹਿਣ ਦੀ ਗੱਲ ਕੀਤੀ ਹੈ।”+ 12 ਫਿਰ ਉਹ ਸਮਝ ਗਏ ਕਿ ਉਸ ਨੇ ਰੋਟੀਆਂ ਦੇ ਖਮੀਰ ਤੋਂ ਨਹੀਂ, ਬਲਕਿ ਫ਼ਰੀਸੀਆਂ ਤੇ ਸਦੂਕੀਆਂ ਦੀਆਂ ਸਿੱਖਿਆਵਾਂ ਤੋਂ ਬਚ ਕੇ ਰਹਿਣ ਲਈ ਕਿਹਾ ਸੀ।

13 ਜਦ ਉਹ ਕੈਸਰੀਆ ਫ਼ਿਲਿੱਪੀ ਦੇ ਇਲਾਕੇ ਵਿਚ ਆਇਆ, ਤਾਂ ਯਿਸੂ ਨੇ ਆਪਣੇ ਚੇਲਿਆਂ ਨੂੰ ਪੁੱਛਿਆ: “ਲੋਕਾਂ ਮੁਤਾਬਕ ਮਨੁੱਖ ਦਾ ਪੁੱਤਰ ਕੌਣ ਹੈ?”+ 14 ਉਨ੍ਹਾਂ ਨੇ ਕਿਹਾ: “ਕੁਝ ਕਹਿੰਦੇ ਹਨ ਯੂਹੰਨਾ ਬਪਤਿਸਮਾ ਦੇਣ ਵਾਲਾ,+ ਕੁਝ ਕਹਿੰਦੇ ਹਨ ਏਲੀਯਾਹ+ ਤੇ ਕਈ ਕਹਿੰਦੇ ਹਨ ਯਿਰਮਿਯਾਹ ਜਾਂ ਨਬੀਆਂ ਵਿੱਚੋਂ ਕੋਈ ਨਬੀ।” 15 ਉਸ ਨੇ ਉਨ੍ਹਾਂ ਨੂੰ ਪੁੱਛਿਆ: “ਪਰ ਤੁਹਾਡੇ ਮੁਤਾਬਕ ਮੈਂ ਕੌਣ ਹਾਂ?” 16 ਸ਼ਮਊਨ ਪਤਰਸ ਨੇ ਜਵਾਬ ਦਿੱਤਾ: “ਤੂੰ ਮਸੀਹ ਹੈਂ,+ ਜੀਉਂਦੇ ਪਰਮੇਸ਼ੁਰ ਦਾ ਪੁੱਤਰ।”+ 17 ਯਿਸੂ ਨੇ ਉਸ ਨੂੰ ਕਿਹਾ: “ਖ਼ੁਸ਼ ਹੈਂ ਤੂੰ ਯੂਨਾਹ ਦੇ ਪੁੱਤਰ ਸ਼ਮਊਨ ਕਿਉਂਕਿ ਇਹ ਗੱਲ ਕਿਸੇ ਇਨਸਾਨ ਨੇ ਨਹੀਂ, ਬਲਕਿ ਮੇਰੇ ਸਵਰਗੀ ਪਿਤਾ ਨੇ ਤੇਰੇ ʼਤੇ ਪ੍ਰਗਟ ਕੀਤੀ ਹੈ।+ 18 ਨਾਲੇ ਮੈਂ ਤੈਨੂੰ ਕਹਿੰਦਾ ਹਾਂ: ਤੂੰ ਪਤਰਸ+ ਹੈਂ ਅਤੇ ਇਸ ਚਟਾਨ+ ʼਤੇ ਮੈਂ ਆਪਣੀ ਮੰਡਲੀ ਬਣਾਵਾਂਗਾ ਅਤੇ ਉਸ ʼਤੇ ਕਬਰ* ਦੇ ਦਰਵਾਜ਼ਿਆਂ ਦਾ ਵੀ ਕੋਈ ਵੱਸ ਨਾ ਚੱਲੇਗਾ। 19 ਮੈਂ ਤੈਨੂੰ ਸਵਰਗ ਦੇ ਰਾਜ ਦੀਆਂ ਚਾਬੀਆਂ ਦਿਆਂਗਾ; ਅਤੇ ਤੂੰ ਧਰਤੀ ʼਤੇ ਜੋ ਬੰਨ੍ਹੇਂਗਾ, ਉਹ ਪਹਿਲਾਂ ਹੀ ਸਵਰਗ ਵਿਚ ਬੰਨ੍ਹਿਆ ਹੋਇਆ ਹੋਵੇਗਾ ਅਤੇ ਤੂੰ ਧਰਤੀ ʼਤੇ ਜੋ ਖੋਲ੍ਹੇਂਗਾ, ਉਹ ਪਹਿਲਾਂ ਹੀ ਸਵਰਗ ਵਿਚ ਖੋਲ੍ਹਿਆ ਹੋਇਆ ਹੋਵੇਗਾ।” 20 ਫਿਰ ਉਸ ਨੇ ਚੇਲਿਆਂ ਨੂੰ ਸਖ਼ਤੀ ਨਾਲ ਵਰਜਿਆ ਕਿ ਉਹ ਕਿਸੇ ਨੂੰ ਨਾ ਦੱਸਣ ਕਿ ਉਹ ਮਸੀਹ ਹੈ।+

21 ਉਸ ਸਮੇਂ ਤੋਂ ਯਿਸੂ ਆਪਣੇ ਚੇਲਿਆਂ ਨੂੰ ਦੱਸਣ ਲੱਗਾ ਕਿ ਉਸ ਨੂੰ ਯਰੂਸ਼ਲਮ ਜਾਣਾ ਪਵੇਗਾ ਅਤੇ ਉੱਥੇ ਉਸ ਨੂੰ ਬਜ਼ੁਰਗਾਂ, ਮੁੱਖ ਪੁਜਾਰੀਆਂ ਤੇ ਗ੍ਰੰਥੀਆਂ ਤੋਂ ਬਹੁਤ ਅਤਿਆਚਾਰ ਸਹਿਣਾ ਪਵੇਗਾ ਅਤੇ ਉਸ ਨੂੰ ਜਾਨੋਂ ਮਾਰਿਆ ਜਾਵੇਗਾ, ਪਰ ਉਸ ਨੂੰ ਤੀਜੇ ਦਿਨ ਜੀਉਂਦਾ ਕੀਤਾ ਜਾਵੇਗਾ।+ 22 ਇਹ ਸੁਣ ਕੇ ਪਤਰਸ ਉਸ ਨੂੰ ਇਕ ਪਾਸੇ ਲੈ ਗਿਆ ਤੇ ਉਸ ਨੂੰ ਝਿੜਕਦੇ ਹੋਏ ਕਿਹਾ: “ਪ੍ਰਭੂ, ਆਪਣੇ ʼਤੇ ਤਰਸ ਖਾਹ, ਤੇਰੇ ਨਾਲ ਇੱਦਾਂ ਨਹੀਂ ਹੋਵੇਗਾ।”+ 23 ਪਰ ਯਿਸੂ ਨੇ ਪਤਰਸ ਤੋਂ ਮੂੰਹ ਮੋੜ ਕੇ ਕਿਹਾ: “ਹੇ ਸ਼ੈਤਾਨ, ਪਰੇ ਹਟ! ਮੇਰੇ ਰਾਹ ਵਿਚ ਰੋੜਾ ਨਾ ਬਣ ਕਿਉਂਕਿ ਤੂੰ ਪਰਮੇਸ਼ੁਰ ਵਾਂਗ ਨਹੀਂ, ਸਗੋਂ ਇਨਸਾਨਾਂ ਵਾਂਗ ਸੋਚਦਾ ਹੈਂ।”+

24 ਫਿਰ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ: “ਜੇ ਕੋਈ ਮੇਰੇ ਪਿੱਛੇ ਆਉਣਾ ਚਾਹੁੰਦਾ ਹੈ, ਤਾਂ ਉਹ ਆਪਣੇ ਆਪ ਦਾ ਤਿਆਗ ਕਰੇ ਅਤੇ ਆਪਣੀ ਤਸੀਹੇ ਦੀ ਸੂਲ਼ੀ* ਚੁੱਕ ਕੇ ਮੇਰੇ ਪਿੱਛੇ-ਪਿੱਛੇ ਚੱਲਦਾ ਰਹੇ।+ 25 ਜਿਹੜਾ ਇਨਸਾਨ ਆਪਣੀ ਜਾਨ ਬਚਾਉਣੀ ਚਾਹੁੰਦਾ ਹੈ, ਉਹ ਆਪਣੀ ਜਾਨ ਗੁਆ ਬੈਠੇਗਾ, ਪਰ ਜਿਹੜਾ ਇਨਸਾਨ ਮੇਰੀ ਖ਼ਾਤਰ ਆਪਣੀ ਜਾਨ ਗੁਆਉਂਦਾ ਹੈ, ਉਹ ਆਪਣੀ ਜਾਨ ਬਚਾ ਲਵੇਗਾ।+ 26 ਕੀ ਫ਼ਾਇਦਾ ਜੇ ਇਨਸਾਨ ਸਾਰੀ ਦੁਨੀਆਂ ਨੂੰ ਖੱਟ ਲਵੇ, ਪਰ ਆਪਣੀ ਜਾਨ ਗੁਆ ਬੈਠੇ?+ ਜਾਂ ਇਕ ਇਨਸਾਨ ਆਪਣੀ ਜਾਨ ਦੇ ਬਦਲੇ ਕੀ ਦੇ ਸਕਦਾ ਹੈ?+ 27 ਮਨੁੱਖ ਦਾ ਪੁੱਤਰ ਆਪਣੇ ਦੂਤਾਂ ਸਣੇ ਆਪਣੇ ਪਿਤਾ ਦੀ ਸ਼ਾਨੋ-ਸ਼ੌਕਤ ਨਾਲ ਆਵੇਗਾ ਅਤੇ ਫਿਰ ਉਹ ਹਰ ਕਿਸੇ ਨੂੰ ਉਸ ਦੇ ਕੰਮਾਂ ਦਾ ਫਲ ਦੇਵੇਗਾ।+ 28 ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਇੱਥੇ ਖੜ੍ਹੇ ਕੁਝ ਜਣੇ ਉੱਨਾ ਚਿਰ ਨਹੀਂ ਮਰਨਗੇ ਜਿੰਨਾ ਚਿਰ ਉਹ ਮਨੁੱਖ ਦੇ ਪੁੱਤਰ ਨੂੰ ਰਾਜੇ ਵਜੋਂ ਆਉਂਦਾ ਨਾ ਦੇਖ ਲੈਣ।”+

17 ਛੇ ਦਿਨਾਂ ਬਾਅਦ ਯਿਸੂ ਆਪਣੇ ਨਾਲ ਪਤਰਸ, ਯਾਕੂਬ ਅਤੇ ਉਸ ਦੇ ਭਰਾ ਯੂਹੰਨਾ ਨੂੰ ਇਕ ਉੱਚੇ ਪਹਾੜ ਉੱਤੇ ਲੈ ਗਿਆ ਅਤੇ ਉੱਥੇ ਉਨ੍ਹਾਂ ਤੋਂ ਸਿਵਾਇ ਹੋਰ ਕੋਈ ਨਹੀਂ ਸੀ।+ 2 ਉਨ੍ਹਾਂ ਸਾਮ੍ਹਣੇ ਉਸ ਦਾ ਰੂਪ ਬਦਲ ਗਿਆ; ਉਸ ਦਾ ਚਿਹਰਾ ਸੂਰਜ ਵਾਂਗ ਚਮਕਣ ਲੱਗ ਪਿਆ ਅਤੇ ਉਸ ਦੇ ਕੱਪੜੇ ਬਿਜਲੀ ਵਾਂਗ ਲਿਸ਼ਕਣ ਲੱਗ ਪਏ।*+ 3 ਅਤੇ ਦੇਖੋ! ਉਨ੍ਹਾਂ ਸਾਮ੍ਹਣੇ ਮੂਸਾ ਤੇ ਏਲੀਯਾਹ ਪ੍ਰਗਟ ਹੋਏ ਅਤੇ ਉਹ ਦੋਵੇਂ ਯਿਸੂ ਨਾਲ ਗੱਲ ਕਰ ਰਹੇ ਸਨ। 4 ਫਿਰ ਪਤਰਸ ਨੇ ਯਿਸੂ ਨੂੰ ਕਿਹਾ: “ਪ੍ਰਭੂ, ਕਿੰਨਾ ਚੰਗਾ ਹੈ ਕਿ ਅਸੀਂ ਇੱਥੇ ਹਾਂ। ਜੇ ਤੂੰ ਕਹੇਂ, ਤਾਂ ਮੈਂ ਤਿੰਨ ਤੰਬੂ ਲਾ ਦਿੰਦਾਂ, ਇਕ ਤੇਰੇ ਲਈ, ਇਕ ਮੂਸਾ ਲਈ ਤੇ ਇਕ ਏਲੀਯਾਹ ਲਈ।” 5 ਉਹ ਅਜੇ ਗੱਲ ਕਰ ਹੀ ਰਿਹਾ ਸੀ ਕਿ ਦੇਖੋ! ਇਕ ਚਮਕੀਲੇ ਬੱਦਲ ਨੇ ਉਨ੍ਹਾਂ ਨੂੰ ਢਕ ਲਿਆ ਅਤੇ ਬੱਦਲ ਵਿੱਚੋਂ ਆਵਾਜ਼ ਆਈ: “ਇਹ ਮੇਰਾ ਪਿਆਰਾ ਪੁੱਤਰ ਹੈ ਜਿਸ ਤੋਂ ਮੈਂ ਖ਼ੁਸ਼ ਹਾਂ।+ ਇਸ ਦੀ ਗੱਲ ਸੁਣੋ।”+ 6 ਇਹ ਸੁਣਦਿਆਂ ਸਾਰ ਚੇਲਿਆਂ ਨੇ ਗੋਡੇ ਟੇਕ ਕੇ ਆਪਣੇ ਸਿਰ ਨਿਵਾਏ ਅਤੇ ਉਹ ਬਹੁਤ ਹੀ ਡਰ ਗਏ। 7 ਫਿਰ ਯਿਸੂ ਨੇ ਕੋਲ ਆ ਕੇ ਉਨ੍ਹਾਂ ਨੂੰ ਛੋਹਿਆ ਤੇ ਕਿਹਾ: “ਉੱਠੋ-ਉੱਠੋ, ਡਰੋ ਨਾ।” 8 ਜਦ ਉਨ੍ਹਾਂ ਨੇ ਨਜ਼ਰਾਂ ਚੁੱਕ ਕੇ ਦੇਖਿਆ, ਤਾਂ ਉੱਥੇ ਯਿਸੂ ਤੋਂ ਸਿਵਾਇ ਹੋਰ ਕੋਈ ਨਹੀਂ ਸੀ। 9 ਪਹਾੜ ਤੋਂ ਥੱਲੇ ਆਉਂਦੇ ਵੇਲੇ ਯਿਸੂ ਨੇ ਉਨ੍ਹਾਂ ਨੂੰ ਹੁਕਮ ਦਿੱਤਾ: “ਇਸ ਦਰਸ਼ਣ ਬਾਰੇ ਉੱਨਾ ਚਿਰ ਕਿਸੇ ਨੂੰ ਨਾ ਦੱਸਿਓ ਜਿੰਨਾ ਚਿਰ ਮਨੁੱਖ ਦੇ ਪੁੱਤਰ ਨੂੰ ਮਰਿਆਂ ਵਿੱਚੋਂ ਦੁਬਾਰਾ ਜੀਉਂਦਾ ਨਾ ਕੀਤਾ ਜਾਵੇ।”+

10 ਪਰ ਚੇਲਿਆਂ ਨੇ ਉਸ ਨੂੰ ਪੁੱਛਿਆ: “ਫਿਰ ਗ੍ਰੰਥੀ ਇਹ ਕਿਉਂ ਕਹਿੰਦੇ ਹਨ ਕਿ ਪਹਿਲਾਂ ਏਲੀਯਾਹ ਦਾ ਆਉਣਾ ਜ਼ਰੂਰੀ ਹੈ?”+ 11 ਉਸ ਨੇ ਉਨ੍ਹਾਂ ਨੂੰ ਜਵਾਬ ਦਿੱਤਾ: “ਹਾਂ, ਏਲੀਯਾਹ ਪਹਿਲਾਂ ਜ਼ਰੂਰ ਆਵੇਗਾ ਅਤੇ ਸਭ ਕੁਝ ਠੀਕ ਕਰੇਗਾ।+ 12 ਪਰ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਏਲੀਯਾਹ ਤਾਂ ਆ ਚੁੱਕਾ ਹੈ ਅਤੇ ਉਨ੍ਹਾਂ ਨੇ ਉਸ ਨੂੰ ਪਛਾਣਿਆ ਨਹੀਂ, ਸਗੋਂ ਉਸ ਨਾਲ ਆਪਣੀ ਮਨ-ਮਰਜ਼ੀ ਮੁਤਾਬਕ ਸਲੂਕ ਕੀਤਾ।+ ਇਸੇ ਤਰ੍ਹਾਂ, ਮਨੁੱਖ ਦੇ ਪੁੱਤਰ ਨੂੰ ਉਨ੍ਹਾਂ ਦੇ ਹੱਥੋਂ ਦੁੱਖ ਝੱਲਣੇ ਪੈਣਗੇ।”+ 13 ਫਿਰ ਚੇਲੇ ਸਮਝ ਗਏ ਕਿ ਉਹ ਯੂਹੰਨਾ ਬਪਤਿਸਮਾ ਦੇਣ ਵਾਲੇ ਦੀ ਗੱਲ ਕਰ ਰਿਹਾ ਸੀ।

14 ਜਦ ਉਹ ਭੀੜ ਵੱਲ ਆਏ,+ ਤਾਂ ਇਕ ਆਦਮੀ ਆਇਆ ਤੇ ਉਸ ਅੱਗੇ ਗੋਡੇ ਟੇਕ ਕੇ ਕਹਿਣ ਲੱਗਾ: 15 “ਪ੍ਰਭੂ, ਮੇਰੇ ਪੁੱਤਰ ʼਤੇ ਦਇਆ ਕਰ ਕਿਉਂਕਿ ਉਸ ਨੂੰ ਮਿਰਗੀ ਦਾ ਦੌਰਾ ਪੈਂਦਾ ਹੈ ਤੇ ਉਸ ਦਾ ਬੁਰਾ ਹਾਲ ਹੋ ਜਾਂਦਾ ਹੈ। ਉਹ ਅਕਸਰ ਅੱਗ ਤੇ ਪਾਣੀ ਵਿਚ ਡਿਗ ਪੈਂਦਾ ਹੈ।+ 16 ਮੈਂ ਉਸ ਨੂੰ ਤੇਰੇ ਚੇਲਿਆਂ ਕੋਲ ਲਿਆਇਆ ਸੀ, ਪਰ ਉਹ ਉਸ ਨੂੰ ਠੀਕ ਨਹੀਂ ਕਰ ਪਾਏ।” 17 ਯਿਸੂ ਨੇ ਕਿਹਾ: “ਹੇ ਅਵਿਸ਼ਵਾਸੀ ਤੇ ਵਿਗੜੀ ਹੋਈ ਪੀੜ੍ਹੀ,+ ਮੈਂ ਹੋਰ ਕਿੰਨਾ ਚਿਰ ਤੁਹਾਡੇ ਨਾਲ ਰਹਾਂ? ਮੈਂ ਤੁਹਾਨੂੰ ਹੋਰ ਕਿੰਨਾ ਚਿਰ ਸਹਿੰਦਾ ਰਹਾਂ? ਉਸ ਨੂੰ ਮੇਰੇ ਕੋਲ ਲੈ ਕੇ ਆਓ।” 18 ਫਿਰ ਯਿਸੂ ਨੇ ਦੁਸ਼ਟ ਦੂਤ ਨੂੰ ਝਿੜਕਿਆ ਅਤੇ ਉਹ ਉਸ ਮੁੰਡੇ ਵਿੱਚੋਂ ਨਿਕਲ ਗਿਆ ਤੇ ਮੁੰਡਾ ਉਸੇ ਵੇਲੇ ਠੀਕ ਹੋ ਗਿਆ।+ 19 ਫਿਰ ਜਦੋਂ ਯਿਸੂ ਇਕੱਲਾ ਸੀ, ਤਾਂ ਉਸ ਦੇ ਚੇਲਿਆਂ ਨੇ ਆ ਕੇ ਪੁੱਛਿਆ: “ਅਸੀਂ ਉਸ ਦੁਸ਼ਟ ਦੂਤ ਨੂੰ ਕਿਉਂ ਨਹੀਂ ਕੱਢ ਸਕੇ?” 20 ਉਸ ਨੇ ਉਨ੍ਹਾਂ ਨੂੰ ਕਿਹਾ: “ਤੁਹਾਡੀ ਘੱਟ ਨਿਹਚਾ ਕਰਕੇ। ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਜੇ ਤੁਹਾਡੇ ਵਿਚ ਰਾਈ ਦੇ ਦਾਣੇ ਜਿੰਨੀ ਵੀ ਨਿਹਚਾ ਹੋਵੇ ਤੇ ਤੁਸੀਂ ਇਸ ਪਹਾੜ ਨੂੰ ਕਹੋ, ‘ਇੱਥੋਂ ਉੱਠ ਕੇ ਉੱਥੇ ਚਲਾ ਜਾਹ,’ ਤਾਂ ਉਹ ਚਲਾ ਜਾਵੇਗਾ। ਤੁਹਾਡੇ ਲਈ ਕੁਝ ਵੀ ਕਰਨਾ ਨਾਮੁਮਕਿਨ ਨਹੀਂ ਹੋਵੇਗਾ।”+ 21 *​—

22 ਜਦ ਯਿਸੂ ਅਤੇ ਉਸ ਦੇ ਚੇਲੇ ਗਲੀਲ ਵਿਚ ਸਨ, ਤਾਂ ਉਸ ਨੇ ਉਨ੍ਹਾਂ ਨੂੰ ਕਿਹਾ: “ਮਨੁੱਖ ਦੇ ਪੁੱਤਰ ਨੂੰ ਧੋਖੇ ਨਾਲ ਲੋਕਾਂ ਦੇ ਹਵਾਲੇ ਕੀਤਾ ਜਾਵੇਗਾ+ 23 ਅਤੇ ਉਹ ਉਸ ਨੂੰ ਜਾਨੋਂ ਮਾਰ ਦੇਣਗੇ, ਪਰ ਤੀਜੇ ਦਿਨ ਉਸ ਨੂੰ ਜੀਉਂਦਾ ਕੀਤਾ ਜਾਵੇਗਾ।”+ ਇਹ ਸੁਣ ਕੇ ਚੇਲੇ ਬਹੁਤ ਦੁਖੀ ਹੋਏ।

24 ਜਦ ਯਿਸੂ ਅਤੇ ਉਸ ਦੇ ਚੇਲੇ ਕਫ਼ਰਨਾਹੂਮ ਪਹੁੰਚੇ, ਤਾਂ ਮੰਦਰ ਦਾ ਟੈਕਸ* ਵਸੂਲਣ ਵਾਲਿਆਂ ਨੇ ਪਤਰਸ ਕੋਲ ਆ ਕੇ ਪੁੱਛਿਆ: “ਕੀ ਤੁਹਾਡਾ ਗੁਰੂ ਮੰਦਰ ਦਾ ਟੈਕਸ ਦਿੰਦਾ ਹੈ?”+ 25 ਉਸ ਨੇ ਕਿਹਾ: “ਹਾਂ, ਦਿੰਦਾ ਹੈ।” ਪਰ ਜਦ ਪਤਰਸ ਘਰ ਪਹੁੰਚਿਆ, ਤਾਂ ਉਸ ਦੇ ਕੁਝ ਕਹਿਣ ਤੋਂ ਪਹਿਲਾਂ ਹੀ ਯਿਸੂ ਨੇ ਉਸ ਨੂੰ ਪੁੱਛਿਆ: “ਸ਼ਮਊਨ, ਤੇਰੇ ਖ਼ਿਆਲ ਵਿਚ ਦੁਨੀਆਂ ਦੇ ਰਾਜੇ ਕਿਨ੍ਹਾਂ ਤੋਂ ਚੁੰਗੀ ਤੇ ਟੈਕਸ* ਵਸੂਲ ਕਰਦੇ ਹਨ? ਆਪਣੇ ਪੁੱਤਰਾਂ ਤੋਂ ਜਾਂ ਫਿਰ ਲੋਕਾਂ ਤੋਂ?” 26 ਜਦ ਪਤਰਸ ਨੇ ਕਿਹਾ: “ਲੋਕਾਂ ਤੋਂ,” ਤਾਂ ਯਿਸੂ ਨੇ ਉਸ ਨੂੰ ਕਿਹਾ: “ਤਾਂ ਫਿਰ ਪੁੱਤਰਾਂ ਨੂੰ ਟੈਕਸ ਦੇਣ ਦੀ ਲੋੜ ਨਹੀਂ। 27 ਪਰ ਇੱਦਾਂ ਨਾ ਹੋਵੇ ਕਿ ਉਹ ਸਾਡੇ ਕਾਰਨ ਠੋਕਰ ਖਾਣ,+ ਇਸ ਲਈ ਤੂੰ ਜਾ ਕੇ ਝੀਲ ਵਿਚ ਕੁੰਡੀ ਪਾ ਅਤੇ ਜਿਹੜੀ ਵੀ ਮੱਛੀ ਪਹਿਲਾਂ ਫਸੇ, ਉਸ ਦਾ ਮੂੰਹ ਖੋਲ੍ਹੀਂ, ਉਸ ਵਿੱਚੋਂ ਤੈਨੂੰ ਚਾਂਦੀ ਦਾ ਸਿੱਕਾ* ਮਿਲੇਗਾ। ਉਨ੍ਹਾਂ ਕੋਲ ਜਾਈਂ ਤੇ ਉਸ ਸਿੱਕੇ ਨਾਲ ਆਪਣਾ ਅਤੇ ਮੇਰਾ ਟੈਕਸ ਭਰ ਦੇਈਂ।”

18 ਉਸ ਵੇਲੇ ਚੇਲਿਆਂ ਨੇ ਆ ਕੇ ਯਿਸੂ ਨੂੰ ਪੁੱਛਿਆ: “ਸਵਰਗ ਦੇ ਰਾਜ ਵਿਚ ਸਭ ਤੋਂ ਵੱਡਾ ਕੌਣ ਹੋਵੇਗਾ?”+ 2 ਉਸ ਨੇ ਇਕ ਬੱਚੇ ਨੂੰ ਆਪਣੇ ਕੋਲ ਬੁਲਾ ਕੇ ਉਨ੍ਹਾਂ ਦੇ ਵਿਚਕਾਰ ਖੜ੍ਹਾ ਕੀਤਾ 3 ਅਤੇ ਕਿਹਾ: “ਮੈਂ ਤੁਹਾਨੂੰ ਸੱਚ ਕਹਿੰਦਾ ਹਾਂ: ਜੇ ਤੁਸੀਂ ਆਪਣੇ ਆਪ ਨੂੰ ਬਦਲ ਕੇ* ਬੱਚਿਆਂ ਵਰਗੇ ਨਹੀਂ ਬਣਾਉਂਦੇ,+ ਤਾਂ ਤੁਸੀਂ ਸਵਰਗ ਦੇ ਰਾਜ ਵਿਚ ਕਦੇ ਨਹੀਂ ਜਾ ਸਕਦੇ।+ 4 ਇਸ ਲਈ ਜਿਹੜਾ ਇਸ ਬੱਚੇ ਵਾਂਗ ਨਿਮਰ ਬਣੇਗਾ, ਉਹੀ ਸਵਰਗ ਦੇ ਰਾਜ ਵਿਚ ਸਭ ਤੋਂ ਵੱਡਾ ਹੋਵੇਗਾ+ 5 ਅਤੇ ਜੋ ਕੋਈ ਮੇਰੀ ਖ਼ਾਤਰ ਇਸ ਤਰ੍ਹਾਂ ਦੇ ਇਕ ਵੀ ਬੱਚੇ ਨੂੰ ਕਬੂਲ ਕਰਦਾ ਹੈ, ਉਹ ਮੈਨੂੰ ਵੀ ਕਬੂਲ ਕਰਦਾ ਹੈ। 6 ਪਰ ਜੇ ਕੋਈ ਇਨਸਾਨ ਮੇਰੇ ਉੱਤੇ ਨਿਹਚਾ ਕਰਨ ਵਾਲੇ ਇਨ੍ਹਾਂ ਨਿਮਾਣਿਆਂ ਵਿੱਚੋਂ ਕਿਸੇ ਦੀ ਨਿਹਚਾ ਨੂੰ ਖ਼ਤਮ ਕਰ ਦਿੰਦਾ ਹੈ,* ਤਾਂ ਉਸ ਇਨਸਾਨ ਲਈ ਚੰਗਾ ਹੋਵੇਗਾ ਕਿ ਉਸ ਦੇ ਗਲ਼ ਵਿਚ ਚੱਕੀ ਦਾ ਪੁੜ* ਪਾ ਕੇ ਡੂੰਘੇ ਸਮੁੰਦਰ ਵਿਚ ਸੁੱਟ ਦਿੱਤਾ ਜਾਵੇ।+

7 “ਇਸ ਦੁਨੀਆਂ ਦਾ ਹਾਲ ਬਹੁਤ ਬੁਰਾ ਹੋਵੇਗਾ ਕਿਉਂਕਿ ਇਹ ਨਿਹਚਾ ਦੇ ਰਾਹ ਵਿਚ ਰੁਕਾਵਟਾਂ ਪਾਉਂਦੀ ਹੈ। ਰੁਕਾਵਟਾਂ ਤਾਂ ਆਉਣੀਆਂ ਹੀ ਹਨ, ਪਰ ਅਫ਼ਸੋਸ ਉਸ ਇਨਸਾਨ ਉੱਤੇ ਜੋ ਦੂਜਿਆਂ ਦੀ ਨਿਹਚਾ ਦੇ ਰਾਹ ਵਿਚ ਰੁਕਾਵਟ ਖੜ੍ਹੀ ਕਰਦਾ ਹੈ! 8 ਜੇ ਤੇਰਾ ਹੱਥ ਜਾਂ ਪੈਰ ਤੇਰੇ ਤੋਂ ਪਾਪ ਕਰਾਵੇ,* ਤਾਂ ਉਸ ਨੂੰ ਵੱਢ ਸੁੱਟ।+ ਤੇਰੇ ਲਈ ਇਹ ਚੰਗਾ ਹੈ ਕਿ ਤੂੰ ਟੁੰਡਾ ਜਾਂ ਲੰਗੜਾ ਹੋ ਕੇ ਜੀਉਂਦਾ ਰਹੇਂ,* ਬਜਾਇ ਇਸ ਦੇ ਕਿ ਦੋਵੇਂ ਹੱਥਾਂ ਜਾਂ ਪੈਰਾਂ ਦੇ ਹੁੰਦੇ ਹੋਏ ਉਸ ਜਗ੍ਹਾ ਜਾਵੇਂ ਜਿੱਥੇ ਅੱਗ ਕਦੇ ਨਹੀਂ ਬੁਝਦੀ।+ 9 ਜੇ ਤੇਰੀ ਅੱਖ ਤੇਰੇ ਤੋਂ ਪਾਪ ਕਰਾਵੇ,* ਤਾਂ ਉਸ ਨੂੰ ਕੱਢ ਸੁੱਟ; ਤੇਰੇ ਲਈ ਕਾਣਾ ਹੋ ਕੇ ਜੀਉਂਦਾ ਰਹਿਣਾ ਇਸ ਨਾਲੋਂ ਚੰਗਾ ਹੈ ਕਿ ਦੋਵੇਂ ਅੱਖਾਂ ਦੇ ਹੁੰਦੇ ਹੋਏ ਤੂੰ ‘ਗ਼ਹੈਨਾ’* ਦੀ ਅੱਗ ਵਿਚ ਸੁੱਟਿਆ ਜਾਵੇਂ।+ 10 ਧਿਆਨ ਰੱਖੋ ਕਿ ਤੁਸੀਂ ਇਨ੍ਹਾਂ ਨਿਮਾਣਿਆਂ ਵਿੱਚੋਂ ਕਿਸੇ ਨੂੰ ਤੁੱਛ ਨਾ ਸਮਝੋ ਕਿਉਂਕਿ ਮੈਂ ਤੁਹਾਨੂੰ ਦੱਸਦਾ ਹਾਂ ਕਿ ਸਵਰਗ ਵਿਚ ਇਨ੍ਹਾਂ ਦੇ ਦੂਤ ਹਮੇਸ਼ਾ ਮੇਰੇ ਸਵਰਗੀ ਪਿਤਾ ਦੀ ਹਜ਼ੂਰੀ ਵਿਚ ਰਹਿੰਦੇ ਹਨ।+ 11 *​—

12 “ਤੁਸੀਂ ਕੀ ਸੋਚਦੇ ਹੋ? ਜੇ ਕਿਸੇ ਕੋਲ 100 ਭੇਡਾਂ ਹੋਣ ਤੇ ਉਨ੍ਹਾਂ ਵਿੱਚੋਂ ਇਕ ਭੇਡ ਭਟਕ ਜਾਵੇ,+ ਤਾਂ ਕੀ ਉਹ 99 ਭੇਡਾਂ ਨੂੰ ਪਹਾੜ ਉੱਤੇ ਛੱਡ ਕੇ ਉਸ ਭਟਕੀ ਹੋਈ ਭੇਡ ਨੂੰ ਲੱਭਣ ਨਹੀਂ ਜਾਵੇਗਾ?+ 13 ਅਤੇ ਜਦੋਂ ਉਸ ਨੂੰ ਭੇਡ ਲੱਭ ਪਵੇਗੀ, ਤਾਂ ਮੈਂ ਤੁਹਾਨੂੰ ਦੱਸਦਾ ਹਾਂ ਕਿ ਉਸ ਨੂੰ ਉਨ੍ਹਾਂ 99 ਭੇਡਾਂ ਕਰਕੇ ਜਿਹੜੀਆਂ ਨਹੀਂ ਗੁਆਚੀਆਂ ਸਨ, ਇੰਨੀ ਖ਼ੁਸ਼ੀ ਨਹੀਂ ਹੋਵੇਗੀ ਜਿੰਨੀ ਇਸ ਭੇਡ ਦੇ ਲੱਭ ਜਾਣ ਤੇ ਹੋਵੇਗੀ। 14 ਇਸੇ ਤਰ੍ਹਾਂ, ਮੇਰਾ* ਸਵਰਗੀ ਪਿਤਾ ਨਹੀਂ ਚਾਹੁੰਦਾ ਕਿ ਇਨ੍ਹਾਂ ਨਿਮਾਣਿਆਂ ਵਿੱਚੋਂ ਕਿਸੇ ਇਕ ਦਾ ਵੀ ਨਾਸ਼ ਹੋਵੇ।+

15 “ਨਾਲੇ ਜੇ ਤੇਰਾ ਭਰਾ ਪਾਪ ਕਰੇ, ਤਾਂ ਤੂੰ ਇਕੱਲਾ ਜਾ ਕੇ ਉਸ ਨੂੰ ਉਸ ਦੀ ਗ਼ਲਤੀ ਦੱਸ।*+ ਜੇ ਉਹ ਤੇਰੀ ਗੱਲ ਸੁਣਦਾ ਹੈ, ਤਾਂ ਤੂੰ ਆਪਣੇ ਭਰਾ ਨੂੰ ਸਹੀ ਰਾਹ ʼਤੇ ਮੋੜ ਲਿਆਂਦਾ ਹੈ।+ 16 ਪਰ ਜੇ ਉਹ ਤੇਰੀ ਗੱਲ ਨਹੀਂ ਸੁਣਦਾ, ਤਾਂ ਆਪਣੇ ਨਾਲ ਇਕ ਜਾਂ ਦੋ ਜਣਿਆਂ ਨੂੰ ਲੈ ਜਾ ਤਾਂਕਿ ਦੋ ਜਾਂ ਤਿੰਨ ਗਵਾਹਾਂ ਦੇ ਬਿਆਨ ਦੇ ਆਧਾਰ ʼਤੇ ਹੀ ਹਰ ਮਸਲੇ ਦਾ ਫ਼ੈਸਲਾ ਕੀਤਾ ਜਾਵੇ।+ 17 ਜੇ ਉਹ ਉਨ੍ਹਾਂ ਦੀ ਵੀ ਗੱਲ ਨਹੀਂ ਸੁਣਦਾ, ਤਾਂ ਮੰਡਲੀ ਨਾਲ ਗੱਲ ਕਰ। ਜੇ ਉਹ ਮੰਡਲੀ ਦੀ ਵੀ ਗੱਲ ਨਹੀਂ ਸੁਣਦਾ, ਤਾਂ ਉਹ ਤੇਰੀ ਨਜ਼ਰ ਵਿਚ ਦੁਨਿਆਵੀ ਲੋਕਾਂ ਵਰਗਾ+ ਜਾਂ ਟੈਕਸ ਵਸੂਲਣ ਵਾਲਿਆਂ ਵਰਗਾ ਹੋਵੇ।+

18 “ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਤੁਸੀਂ ਧਰਤੀ ਉੱਤੇ ਜੋ ਬੰਨ੍ਹੋਗੇ, ਉਹ ਪਹਿਲਾਂ ਹੀ ਸਵਰਗ ਵਿਚ ਬੰਨ੍ਹਿਆ ਹੋਇਆ ਹੋਵੇਗਾ ਅਤੇ ਤੁਸੀਂ ਧਰਤੀ ਉੱਤੇ ਜੋ ਖੋਲ੍ਹੋਗੇ, ਉਹ ਪਹਿਲਾਂ ਹੀ ਸਵਰਗ ਵਿਚ ਖੋਲ੍ਹਿਆ ਹੋਇਆ ਹੋਵੇਗਾ। 19 ਮੈਂ ਦੁਬਾਰਾ ਤੁਹਾਨੂੰ ਸੱਚ ਕਹਿੰਦਾ ਹਾਂ, ਧਰਤੀ ਉੱਤੇ ਜੇ ਤੁਹਾਡੇ ਵਿੱਚੋਂ ਦੋ ਜਣੇ ਸਹਿਮਤ ਹੋ ਕੇ ਕਿਸੇ ਖ਼ਾਸ ਗੱਲ ਲਈ ਬੇਨਤੀ ਕਰਨ, ਤਾਂ ਮੇਰਾ ਸਵਰਗੀ ਪਿਤਾ ਉਸ ਬੇਨਤੀ ਅਨੁਸਾਰ ਕਰੇਗਾ।+ 20 ਜਿੱਥੇ ਕਿਤੇ ਦੋ ਜਾਂ ਤਿੰਨ ਜਣੇ ਮੇਰੇ ਨਾਂ ʼਤੇ ਇਕੱਠੇ ਹੁੰਦੇ ਹਨ,+ ਮੈਂ ਉਨ੍ਹਾਂ ਦੇ ਨਾਲ ਹੁੰਦਾ ਹਾਂ।”

21 ਫਿਰ ਪਤਰਸ ਨੇ ਆ ਕੇ ਉਸ ਨੂੰ ਪੁੱਛਿਆ: “ਪ੍ਰਭੂ, ਮੇਰਾ ਭਰਾ ਕਿੰਨੀ ਵਾਰ ਮੇਰੇ ਖ਼ਿਲਾਫ਼ ਪਾਪ ਕਰੇ ਕਿ ਮੈਂ ਉਸ ਨੂੰ ਮਾਫ਼ ਕਰਾਂ? ਕੀ ਸੱਤ ਵਾਰ?” 22 ਯਿਸੂ ਨੇ ਉਸ ਨੂੰ ਕਿਹਾ: “ਮੈਂ ਤੈਨੂੰ ਕਹਿੰਦਾ ਹਾਂ, ਸੱਤ ਵਾਰ ਨਹੀਂ, ਸਗੋਂ 77 ਵਾਰ।+

23 “ਇਸ ਲਈ ਸਵਰਗ ਦਾ ਰਾਜ ਉਸ ਰਾਜੇ ਵਰਗਾ ਹੈ ਜੋ ਆਪਣੇ ਨੌਕਰਾਂ ਨਾਲ ਹਿਸਾਬ-ਕਿਤਾਬ ਕਰਨਾ ਚਾਹੁੰਦਾ ਸੀ। 24 ਜਦੋਂ ਉਹ ਹਿਸਾਬ-ਕਿਤਾਬ ਕਰ ਰਿਹਾ ਸੀ, ਤਾਂ ਉਸ ਅੱਗੇ ਇਕ ਨੌਕਰ ਨੂੰ ਪੇਸ਼ ਕੀਤਾ ਗਿਆ ਜਿਸ ਨੇ ਉਸ ਦੇ ਛੇ ਕਰੋੜ ਦੀਨਾਰ* ਦੇਣੇ ਸਨ। 25 ਪਰ ਉਸ ਨੌਕਰ ਕੋਲ ਕਰਜ਼ਾ ਮੋੜਨ ਲਈ ਕੁਝ ਵੀ ਨਹੀਂ ਸੀ, ਇਸ ਲਈ ਰਾਜੇ ਨੇ ਹੁਕਮ ਦਿੱਤਾ ਕਿ ਉਸ ਨੂੰ, ਉਸ ਦੀ ਘਰਵਾਲੀ ਨੂੰ, ਉਸ ਦੇ ਬੱਚਿਆਂ ਨੂੰ ਅਤੇ ਉਸ ਦੀਆਂ ਸਾਰੀਆਂ ਚੀਜ਼ਾਂ ਨੂੰ ਵੇਚ ਕੇ ਕਰਜ਼ਾ ਮੋੜਿਆ ਜਾਵੇ।+ 26 ਇਹ ਸੁਣ ਕੇ ਨੌਕਰ ਉਸ ਦੇ ਪੈਰੀਂ ਪੈ ਗਿਆ ਤੇ ਗਿੜਗਿੜਾ ਕੇ ਕਹਿਣ ਲੱਗਾ, ‘ਮੇਰੇ ਮਾਲਕ, ਮੈਨੂੰ ਥੋੜ੍ਹਾ ਸਮਾਂ ਦੇ, ਮੈਂ ਤੇਰਾ ਇਕ-ਇਕ ਪੈਸਾ ਮੋੜ ਦਿਆਂਗਾ।’ 27 ਰਾਜੇ ਨੇ ਤਰਸ ਖਾ ਕੇ ਉਸ ਨੂੰ ਛੱਡ ਦਿੱਤਾ ਤੇ ਉਸ ਦਾ ਸਾਰਾ ਕਰਜ਼ਾ ਮਾਫ਼ ਕਰ ਦਿੱਤਾ।+ 28 ਪਰ ਉਸ ਨੌਕਰ ਨੇ ਬਾਹਰ ਜਾ ਕੇ ਇਕ ਹੋਰ ਨੌਕਰ ਨੂੰ ਲੱਭਿਆ ਜਿਸ ਨੇ ਉਸ ਦੇ ਸਿਰਫ਼ 100 ਦੀਨਾਰ* ਦੇਣੇ ਸਨ, ਉਹ ਉਸ ਨੂੰ ਫੜ ਕੇ ਉਸ ਦਾ ਗਲ਼ਾ ਘੁੱਟਣ ਲੱਗਾ ਤੇ ਕਹਿਣ ਲੱਗਾ, ‘ਜੋ ਕੁਝ ਤੇਰੇ ਵੱਲ ਮੇਰਾ ਬਣਦਾ ਹੈ, ਮੈਨੂੰ ਹੁਣੇ ਦੇ।’ 29 ਉਹ ਨੌਕਰ ਉਸ ਦੇ ਪੈਰੀਂ ਪੈ ਗਿਆ ਤੇ ਮਿੰਨਤਾਂ-ਤਰਲੇ ਕਰਨ ਲੱਗਾ, ‘ਮੈਨੂੰ ਥੋੜ੍ਹਾ ਸਮਾਂ ਦੇ, ਮੈਂ ਤੇਰਾ ਇਕ-ਇਕ ਪੈਸਾ ਮੋੜ ਦਿਆਂਗਾ।’ 30 ਪਰ ਉਸ ਨੇ ਉਸ ਦੀ ਇਕ ਨਾ ਸੁਣੀ, ਸਗੋਂ ਜਾ ਕੇ ਉਸ ਨੂੰ ਉੱਨੇ ਚਿਰ ਲਈ ਜੇਲ੍ਹ ਵਿਚ ਬੰਦ ਕਰਵਾ ਦਿੱਤਾ ਜਿੰਨਾ ਚਿਰ ਉਹ ਉਸ ਦੇ ਪੈਸੇ ਨਹੀਂ ਮੋੜ ਦਿੰਦਾ। 31 ਦੂਸਰੇ ਨੌਕਰ ਇਹ ਸਭ ਦੇਖ ਕੇ ਬਹੁਤ ਦੁਖੀ ਹੋਏ ਅਤੇ ਉਨ੍ਹਾਂ ਨੇ ਜਾ ਕੇ ਰਾਜੇ ਨੂੰ ਸਾਰੀ ਗੱਲ ਦੱਸ ਦਿੱਤੀ। 32 ਫਿਰ ਰਾਜੇ ਨੇ ਉਸ ਨੌਕਰ ਨੂੰ ਬੁਲਾਇਆ ਤੇ ਕਿਹਾ: ‘ਓਏ ਦੁਸ਼ਟਾ, ਜਦ ਤੂੰ ਮੇਰੀਆਂ ਮਿੰਨਤਾਂ ਕੀਤੀਆਂ ਸਨ, ਤਾਂ ਮੈਂ ਤੇਰਾ ਸਾਰਾ ਕਰਜ਼ਾ ਮਾਫ਼ ਕਰ ਦਿੱਤਾ ਸੀ। 33 ਤਾਂ ਫਿਰ, ਕੀ ਤੇਰਾ ਫ਼ਰਜ਼ ਨਹੀਂ ਸੀ ਬਣਦਾ ਕਿ ਜਿਵੇਂ ਮੈਂ ਤੇਰੇ ʼਤੇ ਦਇਆ ਕੀਤੀ ਸੀ, ਤੂੰ ਵੀ ਆਪਣੇ ਸਾਥੀ ਉੱਤੇ ਦਇਆ ਕਰਦਾ?’+ 34 ਇਸ ਲਈ, ਰਾਜੇ ਨੇ ਕ੍ਰੋਧ ਵਿਚ ਆ ਕੇ ਉਸ ਨੂੰ ਉੱਨੇ ਚਿਰ ਲਈ ਜੇਲ੍ਹਰਾਂ ਦੇ ਹਵਾਲੇ ਕਰ ਦਿੱਤਾ ਜਿੰਨਾ ਚਿਰ ਉਹ ਇਕ-ਇਕ ਪੈਸਾ ਨਹੀਂ ਮੋੜ ਦਿੰਦਾ। 35 ਮੇਰਾ ਸਵਰਗੀ ਪਿਤਾ ਵੀ ਤੁਹਾਡੇ ਨਾਲ ਇਸੇ ਤਰ੍ਹਾਂ ਪੇਸ਼ ਆਵੇਗਾ+ ਜੇ ਤੁਸੀਂ ਆਪਣੇ ਭਰਾ ਨੂੰ ਦਿਲੋਂ ਮਾਫ਼ ਨਹੀਂ ਕਰਦੇ।”+

19 ਇਹ ਸਭ ਗੱਲਾਂ ਕਹਿਣ ਤੋਂ ਬਾਅਦ ਯਿਸੂ ਗਲੀਲ ਤੋਂ ਚਲਾ ਗਿਆ ਤੇ ਯਰਦਨ ਦਰਿਆ ਪਾਰ ਕਰ ਕੇ ਯਹੂਦਿਯਾ ਦੇ ਸਰਹੱਦੀ ਇਲਾਕਿਆਂ ਵਿਚ ਆਇਆ।+ 2 ਭੀੜਾਂ ਦੀਆਂ ਭੀੜਾਂ ਉਸ ਦੇ ਪਿੱਛੇ ਆਈਆਂ ਅਤੇ ਉਸ ਨੇ ਉਨ੍ਹਾਂ ਨੂੰ ਠੀਕ ਕੀਤਾ।

3 ਫਿਰ ਫ਼ਰੀਸੀ ਉੱਥੇ ਉਸ ਦੀ ਪਰੀਖਿਆ ਲੈਣ ਦੇ ਇਰਾਦੇ ਨਾਲ ਆਏ ਅਤੇ ਉਨ੍ਹਾਂ ਨੇ ਪੁੱਛਿਆ: “ਕੀ ਕਿਸੇ ਆਦਮੀ ਲਈ ਆਪਣੀ ਪਤਨੀ ਨੂੰ ਕਿਸੇ ਵੀ ਗੱਲ ʼਤੇ ਤਲਾਕ ਦੇਣਾ ਠੀਕ ਹੈ?”+ 4 ਉਸ ਨੇ ਜਵਾਬ ਦਿੱਤਾ: “ਕੀ ਤੁਸੀਂ ਨਹੀਂ ਪੜ੍ਹਿਆ ਕਿ ਜਿਸ ਨੇ ਇਨਸਾਨਾਂ ਨੂੰ ਬਣਾਇਆ ਸੀ, ਉਸ ਨੇ ਉਨ੍ਹਾਂ ਨੂੰ ਸ਼ੁਰੂ ਤੋਂ ਹੀ ਆਦਮੀ ਅਤੇ ਔਰਤ ਬਣਾਇਆ ਸੀ+ 5 ਅਤੇ ਕਿਹਾ ਸੀ: ‘ਇਸ ਕਰਕੇ ਆਦਮੀ ਆਪਣੇ ਮਾਂ-ਬਾਪ ਨੂੰ ਛੱਡ ਕੇ ਆਪਣੀ ਪਤਨੀ ਨਾਲ ਰਹੇਗਾ ਅਤੇ ਉਹ ਦੋਵੇਂ ਇਕ ਸਰੀਰ ਹੋਣਗੇ’?+ 6 ਇਸ ਲਈ ਉਹ ਦੋ ਨਹੀਂ, ਸਗੋਂ ਇਕ ਸਰੀਰ ਹਨ। ਇਸ ਕਰਕੇ ਜਿਨ੍ਹਾਂ ਨੂੰ ਪਰਮੇਸ਼ੁਰ ਨੇ ਇਸ ਬੰਧਨ* ਵਿਚ ਬੰਨ੍ਹਿਆ ਹੈ, ਕੋਈ ਵੀ ਇਨਸਾਨ ਉਨ੍ਹਾਂ ਨੂੰ ਅੱਡ ਨਾ ਕਰੇ।”+ 7 ਉਨ੍ਹਾਂ ਨੇ ਉਸ ਨੂੰ ਪੁੱਛਿਆ: “ਤਾਂ ਫਿਰ ਮੂਸਾ ਨੇ ਆਦਮੀ ਨੂੰ ਆਪਣੀ ਪਤਨੀ ਨੂੰ ਤਲਾਕਨਾਮਾ ਲਿਖ ਕੇ ਛੱਡਣ ਦੀ ਇਜਾਜ਼ਤ ਕਿਉਂ ਦਿੱਤੀ ਸੀ?”+ 8 ਉਸ ਨੇ ਉਨ੍ਹਾਂ ਨੂੰ ਕਿਹਾ: “ਮੂਸਾ ਨੇ ਤੁਹਾਡੀ ਪੱਥਰਦਿਲੀ ਕਰਕੇ ਤੁਹਾਨੂੰ ਆਪਣੀਆਂ ਪਤਨੀਆਂ ਨੂੰ ਤਲਾਕ ਦੇਣ ਦੀ ਇਜਾਜ਼ਤ ਦਿੱਤੀ ਸੀ,+ ਪਰ ਸ਼ੁਰੂਆਤ ਤੋਂ ਇਸ ਤਰ੍ਹਾਂ ਨਹੀਂ ਸੀ।+ 9 ਮੈਂ ਤੁਹਾਨੂੰ ਕਹਿੰਦਾ ਹਾਂ ਕਿ ਜਿਹੜਾ ਆਪਣੀ ਪਤਨੀ ਨੂੰ ਹਰਾਮਕਾਰੀ* ਤੋਂ ਸਿਵਾਇ ਕਿਸੇ ਹੋਰ ਕਾਰਨ ਕਰਕੇ ਤਲਾਕ ਦਿੰਦਾ ਹੈ ਅਤੇ ਕਿਸੇ ਹੋਰ ਨਾਲ ਵਿਆਹ ਕਰਾਉਂਦਾ ਹੈ, ਤਾਂ ਉਹ ਹਰਾਮਕਾਰੀ ਕਰਦਾ ਹੈ।”+

10 ਫਿਰ ਚੇਲਿਆਂ ਨੇ ਉਸ ਨੂੰ ਕਿਹਾ: “ਜੇ ਤੀਵੀਂ-ਆਦਮੀ ਦਾ ਇਹੀ ਹਾਲ ਹੁੰਦਾ ਹੈ, ਤਾਂ ਵਿਆਹ ਕਰਾਉਣਾ ਹੀ ਨਹੀਂ ਚਾਹੀਦਾ।” 11 ਉਸ ਨੇ ਉਨ੍ਹਾਂ ਨੂੰ ਕਿਹਾ: “ਹਰ ਕੋਈ ਇਸ ਗੱਲ ਨੂੰ ਕਬੂਲ ਨਹੀਂ ਕਰਦਾ, ਸਿਰਫ਼ ਉਹੀ ਕਰਦੇ ਹਨ ਜਿਨ੍ਹਾਂ ਕੋਲ ਇਹ ਦਾਤ ਹੈ।+ 12 ਕਿਉਂਕਿ ਕਈ ਲੋਕ ਜਨਮ ਤੋਂ ਹੀ ਨਾਮਰਦ ਹੁੰਦੇ ਹਨ, ਕਈਆਂ ਨੂੰ ਹੋਰ ਲੋਕ ਨਾਮਰਦ ਬਣਾ ਦਿੰਦੇ ਹਨ ਅਤੇ ਕਈ ਸਵਰਗ ਦੇ ਰਾਜ ਦੀ ਖ਼ਾਤਰ ਕੁਆਰੇ ਰਹਿੰਦੇ ਹਨ। ਜਿਹੜਾ ਕੁਆਰਾ ਰਹਿ ਸਕਦਾ ਹੈ, ਉਹ ਕੁਆਰਾ ਰਹੇ।”+

13 ਫਿਰ ਲੋਕ ਆਪਣੇ ਨਿਆਣਿਆਂ ਨੂੰ ਉਸ ਕੋਲ ਲਿਆਏ ਤਾਂਕਿ ਉਹ ਉਨ੍ਹਾਂ ਦੇ ਸਿਰਾਂ ʼਤੇ ਹੱਥ ਰੱਖੇ ਅਤੇ ਉਨ੍ਹਾਂ ਲਈ ਪ੍ਰਾਰਥਨਾ ਕਰੇ, ਪਰ ਚੇਲਿਆਂ ਨੇ ਲੋਕਾਂ ਨੂੰ ਝਿੜਕਿਆ।+ 14 ਤਦ ਯਿਸੂ ਨੇ ਕਿਹਾ: “ਨਿਆਣਿਆਂ ਨੂੰ ਕੁਝ ਨਾ ਕਹੋ, ਉਨ੍ਹਾਂ ਨੂੰ ਮੇਰੇ ਕੋਲ ਆਉਣ ਤੋਂ ਨਾ ਰੋਕੋ ਕਿਉਂਕਿ ਸਵਰਗ ਦਾ ਰਾਜ ਇਨ੍ਹਾਂ ਵਰਗਿਆਂ ਦਾ ਹੈ।”+ 15 ਅਤੇ ਉਸ ਨੇ ਉਨ੍ਹਾਂ ਦੇ ਸਿਰਾਂ ʼਤੇ ਹੱਥ ਰੱਖੇ। ਫਿਰ ਉਹ ਉੱਥੋਂ ਚਲਾ ਗਿਆ।

16 ਦੇਖੋ! ਇਕ ਨੌਜਵਾਨ ਨੇ ਉਸ ਕੋਲ ਆ ਕੇ ਪੁੱਛਿਆ: “ਗੁਰੂ ਜੀ, ਹਮੇਸ਼ਾ ਦੀ ਜ਼ਿੰਦਗੀ ਪਾਉਣ ਲਈ ਮੈਂ ਕਿਹੜੇ ਚੰਗੇ ਕੰਮ ਕਰਾਂ?”+ 17 ਉਸ ਨੇ ਨੌਜਵਾਨ ਨੂੰ ਕਿਹਾ: “ਤੂੰ ਮੇਰੇ ਤੋਂ ਕਿਉਂ ਪੁੱਛਦਾ ਹੈਂ ਕਿ ਚੰਗਾ ਕੀ ਹੈ? ਇਕੱਲਾ ਪਰਮੇਸ਼ੁਰ ਹੀ ਚੰਗਾ ਹੈ।+ ਪਰ ਜੇ ਤੂੰ ਜ਼ਿੰਦਗੀ ਪਾਉਣੀ ਚਾਹੁੰਦਾ ਹੈਂ, ਤਾਂ ਹੁਕਮਾਂ ਦੀ ਪਾਲਣਾ ਕਰਦਾ ਰਹਿ।”+ 18 ਨੌਜਵਾਨ ਨੇ ਉਸ ਨੂੰ ਪੁੱਛਿਆ: “ਕਿਹੜੇ ਹੁਕਮ?” ਯਿਸੂ ਨੇ ਕਿਹਾ: “ਇਹ ਕਿ ਤੂੰ ਖ਼ੂਨ ਨਾ ਕਰ,+ ਤੂੰ ਹਰਾਮਕਾਰੀ ਨਾ ਕਰ,+ ਤੂੰ ਚੋਰੀ ਨਾ ਕਰ,+ ਤੂੰ ਝੂਠੀ ਗਵਾਹੀ ਨਾ ਦੇ,+ 19 ਤੂੰ ਆਪਣੇ ਮਾਤਾ-ਪਿਤਾ ਦਾ ਆਦਰ ਕਰ+ ਅਤੇ ਆਪਣੇ ਗੁਆਂਢੀ ਨੂੰ ਉਵੇਂ ਪਿਆਰ ਕਰ ਜਿਵੇਂ ਤੂੰ ਆਪਣੇ ਆਪ ਨੂੰ ਕਰਦਾ ਹੈਂ।”+ 20 ਨੌਜਵਾਨ ਨੇ ਉਸ ਨੂੰ ਕਿਹਾ: “ਇਨ੍ਹਾਂ ਸਾਰੇ ਹੁਕਮਾਂ ਦੀ ਪਾਲਣਾ ਤਾਂ ਮੈਂ ਕਰਦਾ ਹਾਂ; ਫਿਰ ਮੇਰੇ ਵਿਚ ਕਿਸ ਗੱਲ ਦੀ ਕਮੀ ਹੈ?” 21 ਯਿਸੂ ਨੇ ਉਸ ਨੂੰ ਕਿਹਾ: “ਜੇ ਤੂੰ ਚਾਹੁੰਦਾ ਹੈਂ ਕਿ ਤੇਰੇ ਵਿਚ ਕੋਈ ਕਮੀ ਨਾ ਰਹੇ, ਤਾਂ ਜਾਹ, ਆਪਣਾ ਸਾਰਾ ਕੁਝ ਵੇਚ ਕੇ ਪੈਸੇ ਗ਼ਰੀਬਾਂ ਵਿਚ ਵੰਡ ਦੇ ਅਤੇ ਤੈਨੂੰ ਸਵਰਗ ਵਿਚ ਖ਼ਜ਼ਾਨਾ ਮਿਲੇਗਾ;+ ਅਤੇ ਆ ਕੇ ਮੇਰਾ ਚੇਲਾ ਬਣ ਜਾ।”+ 22 ਜਦ ਉਸ ਨੌਜਵਾਨ ਨੇ ਇਹ ਗੱਲ ਸੁਣੀ, ਤਾਂ ਉਹ ਉਦਾਸ ਹੋ ਕੇ ਚਲਾ ਗਿਆ ਕਿਉਂਕਿ ਉਸ ਕੋਲ ਬਹੁਤ ਧਨ-ਦੌਲਤ ਸੀ।+ 23 ਫਿਰ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ: “ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਕਿਸੇ ਅਮੀਰ ਆਦਮੀ ਲਈ ਸਵਰਗ ਦੇ ਰਾਜ ਵਿਚ ਜਾਣਾ ਬਹੁਤ ਔਖਾ ਹੋਵੇਗਾ।+ 24 ਮੈਂ ਤੁਹਾਨੂੰ ਫਿਰ ਕਹਿੰਦਾ ਹਾਂ, ਕਿਸੇ ਅਮੀਰ ਲਈ ਪਰਮੇਸ਼ੁਰ ਦੇ ਰਾਜ ਵਿਚ ਜਾਣ ਨਾਲੋਂ ਊਠ ਵਾਸਤੇ ਸੂਈ ਦੇ ਨੱਕੇ ਵਿੱਚੋਂ ਲੰਘਣਾ ਜ਼ਿਆਦਾ ਸੌਖਾ ਹੈ।”+

25 ਜਦੋਂ ਚੇਲਿਆਂ ਨੇ ਇਹ ਗੱਲ ਸੁਣੀ, ਤਾਂ ਉਨ੍ਹਾਂ ਨੇ ਬਹੁਤ ਹੈਰਾਨ ਹੋ ਕੇ ਪੁੱਛਿਆ: “ਤਾਂ ਫਿਰ ਕੌਣ ਬਚੂ?”+ 26 ਯਿਸੂ ਨੇ ਸਿੱਧਾ ਉਨ੍ਹਾਂ ਵੱਲ ਦੇਖਦੇ ਹੋਏ ਕਿਹਾ: “ਇਨਸਾਨਾਂ ਲਈ ਤਾਂ ਇਹ ਨਾਮੁਮਕਿਨ ਹੈ, ਪਰ ਪਰਮੇਸ਼ੁਰ ਸਭ ਕੁਝ ਕਰ ਸਕਦਾ ਹੈ।”+

27 ਫਿਰ ਪਤਰਸ ਨੇ ਉਸ ਨੂੰ ਕਿਹਾ: “ਦੇਖ! ਅਸੀਂ ਸਾਰਾ ਕੁਝ ਛੱਡ ਕੇ ਤੇਰੇ ਪਿੱਛੇ-ਪਿੱਛੇ ਤੁਰ ਪਏ ਹਾਂ; ਫਿਰ ਸਾਨੂੰ ਕੀ ਮਿਲੂ?”+ 28 ਯਿਸੂ ਨੇ ਉਨ੍ਹਾਂ ਨੂੰ ਕਿਹਾ: “ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਜਦੋਂ ਸਭ ਕੁਝ ਨਵਾਂ ਬਣਾਇਆ ਜਾਵੇਗਾ ਅਤੇ ਮਨੁੱਖ ਦਾ ਪੁੱਤਰ ਆਪਣੇ ਸ਼ਾਨਦਾਰ ਸਿੰਘਾਸਣ ਉੱਤੇ ਬੈਠੇਗਾ, ਤਾਂ ਤੁਸੀਂ ਵੀ ਜਿਹੜੇ ਮੇਰੇ ਪਿੱਛੇ-ਪਿੱਛੇ ਚੱਲ ਰਹੇ ਹੋ, 12 ਸਿੰਘਾਸਣਾਂ ਉੱਤੇ ਬੈਠ ਕੇ ਇਜ਼ਰਾਈਲ ਦੇ 12 ਗੋਤਾਂ ਦਾ ਨਿਆਂ ਕਰੋਗੇ।+ 29 ਜਿਸ ਨੇ ਵੀ ਮੇਰੇ ਨਾਂ ਦੀ ਖ਼ਾਤਰ ਘਰ ਜਾਂ ਭਰਾਵਾਂ ਜਾਂ ਭੈਣਾਂ ਜਾਂ ਮਾਂ ਜਾਂ ਪਿਉ ਜਾਂ ਬੱਚਿਆਂ ਜਾਂ ਜ਼ਮੀਨਾਂ ਨੂੰ ਛੱਡਿਆ ਹੈ, ਉਹ ਇਹ ਸਭ ਕੁਝ 100 ਗੁਣਾ ਪਾਵੇਗਾ, ਨਾਲੇ ਹਮੇਸ਼ਾ ਦੀ ਜ਼ਿੰਦਗੀ।+

30 “ਪਰ ਕਈ ਲੋਕ ਜਿਹੜੇ ਅੱਗੇ ਹਨ, ਉਹ ਪਿੱਛੇ ਹੋ ਜਾਣਗੇ ਅਤੇ ਪਿਛਲੇ ਅੱਗੇ ਹੋ ਜਾਣਗੇ।+

20 “ਸਵਰਗ ਦਾ ਰਾਜ ਇਕ ਆਦਮੀ ਵਰਗਾ ਹੈ ਜਿਸ ਕੋਲ ਅੰਗੂਰਾਂ ਦਾ ਬਾਗ਼ ਹੈ ਅਤੇ ਉਹ ਸਵੇਰੇ-ਸਵੇਰੇ ਉੱਠ ਕੇ ਆਪਣੇ ਬਾਗ਼ ਵਿਚ ਕੰਮ ਕਰਨ ਵਾਸਤੇ ਮਜ਼ਦੂਰਾਂ ਨੂੰ ਲੈਣ ਗਿਆ।+ 2 ਉਸ ਨੇ ਮਜ਼ਦੂਰਾਂ ਨਾਲ ਇਕ-ਇਕ ਦੀਨਾਰ* ਮਜ਼ਦੂਰੀ ਤੈਅ ਕੀਤੀ ਅਤੇ ਫਿਰ ਉਨ੍ਹਾਂ ਨੂੰ ਆਪਣੇ ਬਾਗ਼ ਵਿਚ ਕੰਮ ਕਰਨ ਲਈ ਘੱਲ ਦਿੱਤਾ। 3 ਫਿਰ ਜਦ ਉਹ ਸਵੇਰੇ 9 ਕੁ ਵਜੇ* ਬਾਹਰ ਗਿਆ, ਤਾਂ ਉਸ ਨੇ ਬਾਜ਼ਾਰ ਵਿਚ ਕਈ ਹੋਰ ਜਣਿਆਂ ਨੂੰ ਵਿਹਲੇ ਖੜ੍ਹੇ ਦੇਖਿਆ 4 ਅਤੇ ਉਸ ਨੇ ਉਨ੍ਹਾਂ ਨੂੰ ਕਿਹਾ, ‘ਤੁਸੀਂ ਵੀ ਬਾਗ਼ ਵਿਚ ਜਾ ਕੇ ਕੰਮ ਕਰੋ ਅਤੇ ਜੋ ਮਜ਼ਦੂਰੀ ਬਣੇਗੀ, ਮੈਂ ਤੁਹਾਨੂੰ ਦਿਆਂਗਾ।’ 5 ਤਦ ਉਹ ਵੀ ਕੰਮ ਕਰਨ ਚਲੇ ਗਏ। ਫਿਰ ਉਸ ਨੇ ਦੁਪਹਿਰ ਦੇ 12 ਕੁ ਵਜੇ* ਤੇ 3 ਕੁ ਵਜੇ* ਵੀ ਬਾਹਰ ਜਾ ਕੇ ਇਸੇ ਤਰ੍ਹਾਂ ਕੀਤਾ। 6 ਅਖ਼ੀਰ ਵਿਚ, ਉਸ ਨੇ ਸ਼ਾਮ ਦੇ 5 ਕੁ ਵਜੇ* ਬਾਹਰ ਜਾ ਕੇ ਹੋਰ ਕਈਆਂ ਨੂੰ ਖੜ੍ਹੇ ਦੇਖਿਆ ਤੇ ਪੁੱਛਿਆ, ‘ਤੁਸੀਂ ਇੱਥੇ ਸਾਰਾ ਦਿਨ ਵਿਹਲੇ ਕਿਉਂ ਖੜ੍ਹੇ ਰਹੇ?’ 7 ਉਨ੍ਹਾਂ ਨੇ ਜਵਾਬ ਦਿੱਤਾ, ‘ਕਿਉਂਕਿ ਸਾਨੂੰ ਕਿਸੇ ਨੇ ਕੰਮ ʼਤੇ ਨਹੀਂ ਲਾਇਆ।’ ਉਸ ਨੇ ਉਨ੍ਹਾਂ ਨੂੰ ਕਿਹਾ, ‘ਤੁਸੀਂ ਵੀ ਬਾਗ਼ ਵਿਚ ਜਾ ਕੇ ਕੰਮ ਕਰੋ।’

8 “ਜਦ ਸ਼ਾਮ ਹੋਈ, ਤਾਂ ਮਾਲਕ ਨੇ ਬਾਗ਼ ਦੀ ਦੇਖ-ਰੇਖ ਕਰਨ ਵਾਲੇ ਨੂੰ ਕਿਹਾ, ‘ਸਾਰੇ ਮਜ਼ਦੂਰਾਂ ਨੂੰ ਬੁਲਾ ਕੇ ਉਨ੍ਹਾਂ ਦੀ ਮਜ਼ਦੂਰੀ ਦੇ।+ ਜਿਹੜੇ ਅਖ਼ੀਰ ਵਿਚ ਆਏ ਸਨ, ਉਨ੍ਹਾਂ ਤੋਂ ਸ਼ੁਰੂ ਕਰ ਕੇ ਸਭ ਤੋਂ ਪਹਿਲਾਂ ਆਏ ਮਜ਼ਦੂਰਾਂ ਤਕ ਸਾਰਿਆਂ ਨੂੰ ਦੇ।’ 9 ਜਿਨ੍ਹਾਂ ਨੇ 5 ਕੁ ਵਜੇ* ਤੋਂ ਕੰਮ ਕੀਤਾ ਸੀ, ਉਨ੍ਹਾਂ ਸਾਰਿਆਂ ਨੂੰ ਇਕ-ਇਕ ਦੀਨਾਰ* ਮਜ਼ਦੂਰੀ ਮਿਲੀ। 10 ਜਦ ਸਾਰਿਆਂ ਤੋਂ ਪਹਿਲਾਂ ਕੰਮ ਸ਼ੁਰੂ ਕਰਨ ਵਾਲਿਆਂ ਦੀ ਵਾਰੀ ਆਈ, ਤਾਂ ਉਨ੍ਹਾਂ ਨੇ ਸੋਚਿਆ ਕਿ ਉਨ੍ਹਾਂ ਨੂੰ ਜ਼ਿਆਦਾ ਮਜ਼ਦੂਰੀ ਮਿਲੇਗੀ, ਪਰ ਉਨ੍ਹਾਂ ਨੂੰ ਵੀ ਇਕ-ਇਕ ਦੀਨਾਰ* ਹੀ ਮਿਲਿਆ। 11 ਮਜ਼ਦੂਰੀ ਮਿਲਣ ਤੇ ਉਹ ਮਾਲਕ ਦੇ ਖ਼ਿਲਾਫ਼ ਬੁੜ-ਬੁੜ ਕਰਨ ਲੱਗ ਪਏ। 12 ਉਨ੍ਹਾਂ ਨੇ ਕਿਹਾ, ‘ਇਹ ਜਿਹੜੇ ਅਖ਼ੀਰ ਵਿਚ ਆਏ ਸਨ, ਇਨ੍ਹਾਂ ਨੇ ਇੱਕੋ ਘੰਟਾ ਕੰਮ ਕੀਤਾ, ਜਦ ਕਿ ਅਸੀਂ ਸਾਰਾ ਦਿਨ ਧੁੱਪੇ ਟੁੱਟ-ਟੁੱਟ ਕੇ ਕੰਮ ਕੀਤਾ, ਫਿਰ ਵੀ ਤੂੰ ਉਨ੍ਹਾਂ ਨੂੰ ਸਾਡੇ ਜਿੰਨੀ ਮਜ਼ਦੂਰੀ ਦਿੱਤੀ!’ 13 ਪਰ ਉਸ ਨੇ ਉਨ੍ਹਾਂ ਵਿੱਚੋਂ ਇਕ ਨੂੰ ਕਿਹਾ, ‘ਭਰਾਵਾ, ਮੈਂ ਤੇਰੇ ਨਾਲ ਕੋਈ ਬੇਇਨਸਾਫ਼ੀ ਨਹੀਂ ਕੀਤੀ। ਕੀ ਤੂੰ ਇਕ ਦੀਨਾਰ* ਮਜ਼ਦੂਰੀ ਲਈ ਨਹੀਂ ਮੰਨਿਆ ਸੀ?+ 14 ਆਪਣੀ ਮਜ਼ਦੂਰੀ ਲੈ ਤੇ ਜਾਹ। ਜਿਨ੍ਹਾਂ ਨੇ ਇਕ ਘੰਟਾ ਕੰਮ ਕੀਤਾ, ਮੈਂ ਉਨ੍ਹਾਂ ਨੂੰ ਵੀ ਤੇਰੇ ਜਿੰਨੀ ਮਜ਼ਦੂਰੀ ਦੇਣੀ ਚਾਹੁੰਦਾ ਹਾਂ। 15 ਕੀ ਮੇਰਾ ਹੱਕ ਨਹੀਂ ਬਣਦਾ ਕਿ ਮੈਂ ਆਪਣੇ ਪੈਸੇ ਨਾਲ ਜੋ ਜੀਅ ਚਾਹੇ ਕਰਾਂ? ਕੀ ਤੈਨੂੰ ਇਸ ਗੱਲ ਦਾ ਸਾੜਾ ਹੈ* ਕਿ ਮੈਂ ਇਨ੍ਹਾਂ ਦਾ ਭਲਾ ਕੀਤਾ?’+ 16 ਇਸ ਤਰ੍ਹਾਂ, ਜਿਹੜੇ ਪਿੱਛੇ ਹਨ ਉਹ ਅੱਗੇ ਹੋ ਜਾਣਗੇ ਅਤੇ ਅਗਲੇ ਪਿੱਛੇ ਹੋ ਜਾਣਗੇ।”+

17 ਜਦ ਉਹ ਯਰੂਸ਼ਲਮ ਨੂੰ ਜਾ ਰਹੇ ਸਨ, ਤਾਂ ਰਾਹ ਵਿਚ ਯਿਸੂ ਨੇ ਆਪਣੇ 12 ਚੇਲਿਆਂ ਨੂੰ ਇਕ ਪਾਸੇ ਲੈ ਜਾ ਕੇ ਦੱਸਿਆ:+ 18 “ਦੇਖੋ! ਅਸੀਂ ਯਰੂਸ਼ਲਮ ਨੂੰ ਜਾ ਰਹੇ ਹਾਂ, ਉੱਥੇ ਮਨੁੱਖ ਦੇ ਪੁੱਤਰ ਨੂੰ ਮੁੱਖ ਪੁਜਾਰੀਆਂ ਅਤੇ ਗ੍ਰੰਥੀਆਂ ਦੇ ਹਵਾਲੇ ਕੀਤਾ ਜਾਵੇਗਾ। ਉਹ ਉਸ ਨੂੰ ਮੌਤ ਦੀ ਸਜ਼ਾ ਸੁਣਾਉਣਗੇ+ 19 ਅਤੇ ਉਹ ਉਸ ਨੂੰ ਗ਼ੈਰ-ਯਹੂਦੀ ਲੋਕਾਂ ਦੇ ਹਵਾਲੇ ਕਰਨਗੇ ਅਤੇ ਲੋਕ ਉਸ ਦਾ ਮਜ਼ਾਕ ਉਡਾਉਣਗੇ, ਉਸ ਨੂੰ ਕੋਰੜੇ ਮਾਰਨਗੇ ਅਤੇ ਸੂਲ਼ੀ ਉੱਤੇ ਟੰਗ ਦੇਣਗੇ;+ ਅਤੇ ਉਸ ਨੂੰ ਤੀਜੇ ਦਿਨ ਜੀਉਂਦਾ ਕੀਤਾ ਜਾਵੇਗਾ।”+

20 ਫਿਰ ਜ਼ਬਦੀ ਦੇ ਪੁੱਤਰ ਆਪਣੀ ਮਾਂ ਨਾਲ+ ਆਏ ਅਤੇ ਯਿਸੂ ਨੂੰ ਨਮਸਕਾਰ ਕੀਤਾ।* ਉਨ੍ਹਾਂ ਦੀ ਮਾਂ ਉਸ ਤੋਂ ਕੁਝ ਮੰਗਣ ਆਈ ਸੀ।+ 21 ਯਿਸੂ ਨੇ ਉਸ ਨੂੰ ਪੁੱਛਿਆ: “ਤੂੰ ਕੀ ਚਾਹੁੰਦੀ ਹੈਂ?” ਉਸ ਨੇ ਕਿਹਾ: “ਵਾਅਦਾ ਕਰ ਕਿ ਤੂੰ ਆਪਣੇ ਰਾਜ ਵਿਚ ਮੇਰੇ ਇਨ੍ਹਾਂ ਦੋਵਾਂ ਪੁੱਤਰਾਂ ਵਿੱਚੋਂ ਇਕ ਨੂੰ ਆਪਣੇ ਸੱਜੇ ਪਾਸੇ ਅਤੇ ਦੂਜੇ ਨੂੰ ਆਪਣੇ ਖੱਬੇ ਪਾਸੇ ਬਿਠਾਏਂਗਾ।”+ 22 ਯਿਸੂ ਨੇ ਜਵਾਬ ਦਿੱਤਾ: “ਤੁਹਾਨੂੰ ਨਹੀਂ ਪਤਾ ਕਿ ਤੁਸੀਂ ਕੀ ਮੰਗ ਰਹੇ ਹੋ। ਕੀ ਤੁਸੀਂ ਉਹ ਪਿਆਲਾ ਪੀ ਸਕਦੇ ਹੋ ਜੋ ਮੈਂ ਪੀਣ ਵਾਲਾ ਹਾਂ?”+ ਉਨ੍ਹਾਂ ਨੇ ਉਸ ਨੂੰ ਕਿਹਾ: “ਹਾਂ, ਅਸੀਂ ਪੀ ਸਕਦੇ ਹਾਂ।” 23 ਉਸ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਮੇਰਾ ਪਿਆਲਾ ਜ਼ਰੂਰ ਪੀਓਗੇ।+ ਪਰ ਇਹ ਫ਼ੈਸਲਾ ਕਰਨ ਦਾ ਅਧਿਕਾਰ ਮੇਰੇ ਕੋਲ ਨਹੀਂ ਹੈ ਕਿ ਕੌਣ ਮੇਰੇ ਸੱਜੇ ਪਾਸੇ ਅਤੇ ਕੌਣ ਖੱਬੇ ਪਾਸੇ ਬੈਠੇਗਾ, ਸਗੋਂ ਮੇਰਾ ਪਿਤਾ ਇਸ ਗੱਲ ਦਾ ਫ਼ੈਸਲਾ ਕਰੇਗਾ।”+

24 ਜਦੋਂ ਬਾਕੀ ਦਸਾਂ ਚੇਲਿਆਂ ਨੂੰ ਇਸ ਗੱਲ ਬਾਰੇ ਪਤਾ ਲੱਗਾ, ਤਾਂ ਉਹ ਦੋਹਾਂ ਭਰਾਵਾਂ ʼਤੇ ਬਹੁਤ ਗੁੱਸੇ ਹੋਏ।+ 25 ਪਰ ਯਿਸੂ ਨੇ ਉਨ੍ਹਾਂ ਨੂੰ ਆਪਣੇ ਕੋਲ ਬੁਲਾ ਕੇ ਕਿਹਾ: “ਤੁਸੀਂ ਜਾਣਦੇ ਹੋ ਕਿ ਦੁਨੀਆਂ ਦੇ ਹਾਕਮ ਲੋਕਾਂ ਉੱਤੇ ਹੁਕਮ ਚਲਾਉਂਦੇ ਹਨ ਅਤੇ ਦੁਨੀਆਂ ਦੇ ਵੱਡੇ-ਵੱਡੇ ਲੋਕ ਉਨ੍ਹਾਂ ਨੂੰ ਦਬਾ ਕੇ ਰੱਖਦੇ ਹਨ।+ 26 ਪਰ ਤੁਹਾਨੂੰ ਇੱਦਾਂ ਨਹੀਂ ਕਰਨਾ ਚਾਹੀਦਾ;+ ਸਗੋਂ ਤੁਹਾਡੇ ਵਿੱਚੋਂ ਜਿਹੜਾ ਵੱਡਾ ਬਣਨਾ ਚਾਹੁੰਦਾ ਹੈ, ਉਹ ਤੁਹਾਡਾ ਸੇਵਕ ਬਣੇ+ 27 ਅਤੇ ਜਿਹੜਾ ਤੁਹਾਡੇ ਵਿੱਚੋਂ ਮੋਹਰੀ ਬਣਨਾ ਚਾਹੁੰਦਾ ਹੈ ਉਹ ਤੁਹਾਡਾ ਨੌਕਰ ਬਣੇ।+ 28 ਠੀਕ ਜਿਵੇਂ ਮਨੁੱਖ ਦਾ ਪੁੱਤਰ ਵੀ ਆਪਣੀ ਸੇਵਾ ਕਰਾਉਣ ਨਹੀਂ, ਸਗੋਂ ਸੇਵਾ ਕਰਨ+ ਅਤੇ ਬਹੁਤ ਸਾਰੇ ਲੋਕਾਂ ਦੀ ਰਿਹਾਈ ਦੀ ਕੀਮਤ ਦੇਣ ਲਈ ਆਪਣੀ ਜਾਨ ਕੁਰਬਾਨ ਕਰਨ ਆਇਆ।”+

29 ਜਦੋਂ ਉਹ ਯਰੀਹੋ ਤੋਂ ਬਾਹਰ ਜਾ ਰਹੇ ਸਨ, ਉਦੋਂ ਇਕ ਵੱਡੀ ਭੀੜ ਉਸ ਦੇ ਪਿੱਛੇ-ਪਿੱਛੇ ਜਾ ਰਹੀ ਸੀ। 30 ਅਤੇ ਦੇਖੋ! ਰਾਹ ਵਿਚ ਬੈਠੇ ਦੋ ਅੰਨ੍ਹਿਆਂ ਨੇ ਜਦੋਂ ਸੁਣਿਆ ਕਿ ਯਿਸੂ ਉੱਧਰੋਂ ਦੀ ਲੰਘ ਰਿਹਾ ਸੀ, ਤਾਂ ਉਹ ਉੱਚੀ-ਉੱਚੀ ਕਹਿਣ ਲੱਗੇ: “ਹੇ ਪ੍ਰਭੂ, ਦਾਊਦ ਦੇ ਪੁੱਤਰ, ਸਾਡੇ ʼਤੇ ਰਹਿਮ ਕਰ!”+ 31 ਲੋਕਾਂ ਨੇ ਉਨ੍ਹਾਂ ਨੂੰ ਝਿੜਕਿਆ ਤੇ ਚੁੱਪ ਰਹਿਣ ਲਈ ਕਿਹਾ; ਪਰ ਉਹ ਹੋਰ ਵੀ ਉੱਚੀ-ਉੱਚੀ ਕਹਿਣ ਲੱਗ ਪਏ: “ਹੇ ਪ੍ਰਭੂ, ਦਾਊਦ ਦੇ ਪੁੱਤਰ, ਸਾਡੇ ʼਤੇ ਰਹਿਮ ਕਰ!” 32 ਇਹ ਸੁਣ ਕੇ ਯਿਸੂ ਰੁਕ ਗਿਆ ਤੇ ਉਨ੍ਹਾਂ ਨੂੰ ਕੋਲ ਬੁਲਾ ਕੇ ਪੁੱਛਿਆ: “ਦੱਸੋ, ਮੈਂ ਤੁਹਾਡੇ ਲਈ ਕੀ ਕਰਾਂ?” 33 ਉਨ੍ਹਾਂ ਨੇ ਕਿਹਾ: “ਪ੍ਰਭੂ, ਸਾਨੂੰ ਸੁਜਾਖੇ ਕਰ ਦੇ।” 34 ਯਿਸੂ ਨੂੰ ਉਨ੍ਹਾਂ ʼਤੇ ਦਇਆ ਆਈ ਅਤੇ ਉਸ ਨੇ ਉਨ੍ਹਾਂ ਦੀਆਂ ਅੱਖਾਂ ਨੂੰ ਛੂਹਿਆ+ ਤੇ ਉਸੇ ਵੇਲੇ ਉਨ੍ਹਾਂ ਦੀਆਂ ਅੱਖਾਂ ਦੀ ਰੌਸ਼ਨੀ ਵਾਪਸ ਆ ਗਈ ਅਤੇ ਉਹ ਉਸ ਦੇ ਮਗਰ ਤੁਰ ਪਏ।

21 ਜਦ ਉਹ ਯਰੂਸ਼ਲਮ ਦੇ ਨੇੜੇ ਜ਼ੈਤੂਨ ਪਹਾੜ ਉੱਤੇ ਵੱਸੇ ਬੈਤਫ਼ਗਾ ਲਾਗੇ ਪਹੁੰਚੇ, ਤਾਂ ਉਸ ਨੇ ਆਪਣੇ ਦੋ ਚੇਲਿਆਂ ਨੂੰ ਘੱਲਿਆ+ 2 ਅਤੇ ਕਿਹਾ: “ਉਹ ਪਿੰਡ ਜਿਹੜਾ ਤੁਸੀਂ ਦੇਖਦੇ ਹੋ, ਉੱਥੇ ਜਾਓ ਅਤੇ ਪਿੰਡ ਵਿਚ ਵੜਦਿਆਂ ਸਾਰ ਤੁਸੀਂ ਇਕ ਗਧੀ ਅਤੇ ਉਸ ਦੇ ਬੱਚੇ ਨੂੰ ਬੱਝਾ ਹੋਇਆ ਦੇਖੋਗੇ। ਉਨ੍ਹਾਂ ਨੂੰ ਖੋਲ੍ਹ ਕੇ ਮੇਰੇ ਕੋਲ ਲੈ ਆਓ। 3 ਜੇ ਕੋਈ ਤੁਹਾਨੂੰ ਕੁਝ ਪੁੱਛੇ, ਤਾਂ ਤੁਸੀਂ ਕਹਿਣਾ, ‘ਪ੍ਰਭੂ ਨੂੰ ਇਨ੍ਹਾਂ ਦੀ ਲੋੜ ਹੈ।’ ਉਹ ਉਸੇ ਵੇਲੇ ਤੁਹਾਨੂੰ ਉਨ੍ਹਾਂ ਨੂੰ ਲੈ ਜਾਣ ਦੇਵੇਗਾ।”

4 ਇਸ ਤਰ੍ਹਾਂ ਨਬੀ ਰਾਹੀਂ ਕਹੀ ਇਹ ਗੱਲ ਪੂਰੀ ਹੋਈ: 5 “ਸੀਓਨ ਦੀ ਧੀ ਨੂੰ ਦੱਸ: ‘ਦੇਖ! ਤੇਰਾ ਰਾਜਾ ਤੇਰੇ ਕੋਲ ਆ ਰਿਹਾ ਹੈ,+ ਉਸ ਦਾ ਸੁਭਾਅ ਬੜਾ ਨਰਮ ਹੈ+ ਅਤੇ ਉਹ ਗਧੇ ਉੱਤੇ ਯਾਨੀ ਭਾਰ ਢੋਣ ਵਾਲੀ ਗਧੀ ਦੇ ਬੱਚੇ ਉੱਤੇ ਸਵਾਰ ਹੋ ਕੇ ਆ ਰਿਹਾ ਹੈ।’”+

6 ਇਸ ਲਈ ਚੇਲਿਆਂ ਨੇ ਜਾ ਕੇ ਉਸੇ ਤਰ੍ਹਾਂ ਕੀਤਾ ਜਿਵੇਂ ਯਿਸੂ ਨੇ ਉਨ੍ਹਾਂ ਨੂੰ ਕਿਹਾ ਸੀ।+ 7 ਉਹ ਗਧੀ ਅਤੇ ਉਸ ਦੇ ਬੱਚੇ ਨੂੰ ਆਪਣੇ ਨਾਲ ਲੈ ਆਏ ਅਤੇ ਉਨ੍ਹਾਂ ਦੋਹਾਂ ʼਤੇ ਆਪਣੇ ਕੱਪੜੇ ਪਾਏ ਅਤੇ ਯਿਸੂ ਉਨ੍ਹਾਂ ਉੱਤੇ* ਬੈਠ ਗਿਆ।+ 8 ਭੀੜ ਵਿੱਚੋਂ ਬਹੁਤ ਸਾਰੇ ਲੋਕਾਂ ਨੇ ਰਾਹ ਵਿਚ ਆਪਣੇ ਕੱਪੜੇ ਵਿਛਾਏ+ ਅਤੇ ਕਈਆਂ ਨੇ ਦਰਖ਼ਤਾਂ ਦੀਆਂ ਟਾਹਣੀਆਂ ਤੋੜ ਕੇ ਰਾਹ ਵਿਚ ਵਿਛਾਈਆਂ। 9 ਉਸ ਦੇ ਅੱਗੇ-ਪਿੱਛੇ ਜਾ ਰਹੀ ਭੀੜ ਉੱਚੀ-ਉੱਚੀ ਕਹਿ ਰਹੀ ਸੀ: “ਸਾਡੀ ਦੁਆ ਹੈ, ਦਾਊਦ ਦੇ ਪੁੱਤਰ ਨੂੰ ਮੁਕਤੀ ਬਖ਼ਸ਼!+ ਧੰਨ ਹੈ ਉਹ ਜਿਹੜਾ ਯਹੋਵਾਹ* ਦੇ ਨਾਂ ʼਤੇ ਆਉਂਦਾ ਹੈ!+ ਹੇ ਸਵਰਗ ਵਿਚ ਰਹਿਣ ਵਾਲੇ, ਸਾਡੀ ਦੁਆ ਹੈ, ਉਸ ਨੂੰ ਮੁਕਤੀ ਬਖ਼ਸ਼!”+

10 ਜਦੋਂ ਉਹ ਯਰੂਸ਼ਲਮ ਵਿਚ ਵੜਿਆ, ਤਾਂ ਸਾਰੇ ਸ਼ਹਿਰ ਵਿਚ ਹਲਚਲ ਮਚੀ ਹੋਈ ਸੀ। ਲੋਕ ਪੁੱਛ ਰਹੇ ਸਨ: “ਇਹ ਕੌਣ ਹੈ?” 11 ਭੀੜ ਉਨ੍ਹਾਂ ਨੂੰ ਕਹਿ ਰਹੀ ਸੀ: “ਇਹ ਵਾਅਦਾ ਕੀਤਾ ਹੋਇਆ ਨਬੀ ਯਿਸੂ ਹੈ+ ਜੋ ਗਲੀਲ ਦੇ ਨਾਸਰਤ ਤੋਂ ਆਇਆ ਹੈ!”

12 ਫਿਰ ਯਿਸੂ ਮੰਦਰ ਵਿਚ ਗਿਆ ਅਤੇ ਉਸ ਨੇ ਮੰਦਰ ਵਿਚ ਚੀਜ਼ਾਂ ਵੇਚਣ ਤੇ ਖ਼ਰੀਦਣ ਵਾਲੇ ਸਾਰੇ ਲੋਕਾਂ ਨੂੰ ਬਾਹਰ ਕੱਢ ਦਿੱਤਾ ਅਤੇ ਪੈਸੇ ਬਦਲਣ ਵਾਲੇ ਦਲਾਲਾਂ ਦੇ ਮੇਜ਼ ਅਤੇ ਕਬੂਤਰ ਵੇਚਣ ਵਾਲਿਆਂ ਦੇ ਬੈਂਚ ਉਲਟਾ ਦਿੱਤੇ।+ 13 ਅਤੇ ਉਸ ਨੇ ਉਨ੍ਹਾਂ ਨੂੰ ਕਿਹਾ: “ਇਹ ਲਿਖਿਆ ਹੈ, ‘ਮੇਰਾ ਘਰ ਪ੍ਰਾਰਥਨਾ ਦਾ ਘਰ ਕਹਾਵੇਗਾ,’+ ਪਰ ਤੁਸੀਂ ਇਸ ਨੂੰ ਲੁਟੇਰਿਆਂ ਦਾ ਅੱਡਾ ਬਣਾਈ ਬੈਠੇ ਹੋ।”+ 14 ਫਿਰ ਮੰਦਰ ਵਿਚ ਉਸ ਕੋਲ ਕਈ ਅੰਨ੍ਹੇ ਤੇ ਲੰਗੜੇ ਆਏ ਅਤੇ ਉਸ ਨੇ ਉਨ੍ਹਾਂ ਨੂੰ ਠੀਕ ਕੀਤਾ।

15 ਜਦੋਂ ਮੁੱਖ ਪੁਜਾਰੀਆਂ ਅਤੇ ਗ੍ਰੰਥੀਆਂ ਨੇ ਉਸ ਦੇ ਚਮਤਕਾਰ ਦੇਖੇ ਅਤੇ ਮੁੰਡਿਆਂ ਨੂੰ ਮੰਦਰ ਵਿਚ ਇਹ ਕਹਿੰਦੇ ਸੁਣਿਆ, “ਸਾਡੀ ਦੁਆ ਹੈ, ਦਾਊਦ ਦੇ ਪੁੱਤਰ ਨੂੰ ਮੁਕਤੀ ਬਖ਼ਸ਼!”+ ਤਾਂ ਉਹ ਕ੍ਰੋਧ ਵਿਚ ਆ ਗਏ+ 16 ਅਤੇ ਉਨ੍ਹਾਂ ਨੇ ਯਿਸੂ ਨੂੰ ਕਿਹਾ: “ਤੈਨੂੰ ਸੁਣਦਾ ਨਹੀਂ ਇਹ ਕੀ ਕਹਿ ਰਹੇ ਹਨ?” ਯਿਸੂ ਨੇ ਉਨ੍ਹਾਂ ਨੂੰ ਕਿਹਾ: “ਹਾਂ, ਸੁਣਦਾ ਹੈ। ਕੀ ਤੁਸੀਂ ਇਹ ਨਹੀਂ ਪੜ੍ਹਿਆ, ‘ਤੂੰ ਬੱਚਿਆਂ ਅਤੇ ਦੁੱਧ ਚੁੰਘਦੇ ਨਿਆਣਿਆਂ ਦੇ ਮੂੰਹੋਂ ਆਪਣੀ ਵਡਿਆਈ ਕਰਾਈ’?”+ 17 ਫਿਰ ਉਹ ਯਰੂਸ਼ਲਮ ਤੋਂ ਬੈਥਨੀਆ ਚਲਾ ਗਿਆ ਅਤੇ ਉੱਥੇ ਰਾਤ ਕੱਟੀ।+

18 ਸਵੇਰੇ-ਸਵੇਰੇ ਯਰੂਸ਼ਲਮ ਨੂੰ ਵਾਪਸ ਜਾਂਦੇ ਵੇਲੇ ਉਸ ਨੂੰ ਭੁੱਖ ਲੱਗੀ।+ 19 ਅਤੇ ਉਸ ਨੇ ਰਾਹ ਵਿਚ ਅੰਜੀਰ ਦਾ ਦਰਖ਼ਤ ਦੇਖਿਆ। ਉਸ ਨੇ ਕੋਲ ਜਾ ਕੇ ਦੇਖਿਆ ਕਿ ਉਸ ਉੱਤੇ ਪੱਤਿਆਂ ਤੋਂ ਸਿਵਾਇ ਹੋਰ ਕੁਝ ਨਹੀਂ ਸੀ,+ ਇਸ ਲਈ ਉਸ ਨੇ ਦਰਖ਼ਤ ਨੂੰ ਕਿਹਾ: “ਹੁਣ ਤੋਂ ਤੈਨੂੰ ਕਦੀ ਫਲ ਨਾ ਲੱਗੇ।”+ ਅਤੇ ਅੰਜੀਰ ਦਾ ਦਰਖ਼ਤ ਉਸੇ ਵੇਲੇ ਸੁੱਕ ਗਿਆ। 20 ਜਦੋਂ ਚੇਲਿਆਂ ਨੇ ਇਹ ਦੇਖਿਆ, ਤਾਂ ਉਹ ਹੈਰਾਨ ਹੋ ਕੇ ਪੁੱਛਣ ਲੱਗੇ: “ਅੰਜੀਰ ਦਾ ਦਰਖ਼ਤ ਇੰਨੀ ਛੇਤੀ ਕਿੱਦਾਂ ਸੁੱਕ ਗਿਆ?”+ 21 ਯਿਸੂ ਨੇ ਉਨ੍ਹਾਂ ਨੂੰ ਕਿਹਾ: “ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਜੇ ਤੁਹਾਡੇ ਵਿਚ ਨਿਹਚਾ ਹੈ ਅਤੇ ਤੁਸੀਂ ਸ਼ੱਕ ਨਾ ਕਰੋ, ਤਾਂ ਤੁਸੀਂ ਨਾ ਸਿਰਫ਼ ਅੰਜੀਰ ਦੇ ਦਰਖ਼ਤ ਨਾਲ ਉਹ ਕਰ ਸਕੋਗੇ ਜੋ ਮੈਂ ਕੀਤਾ ਹੈ, ਸਗੋਂ ਜੇ ਤੁਸੀਂ ਇਸ ਪਹਾੜ ਨੂੰ ਕਹੋਗੇ, ‘ਇੱਥੋਂ ਉੱਠ ਕੇ ਸਮੁੰਦਰ ਵਿਚ ਚਲਾ ਜਾਹ,’ ਤਾਂ ਇਹ ਚਲਾ ਜਾਵੇਗਾ।+ 22 ਨਿਹਚਾ ਨਾਲ ਤੁਸੀਂ ਪ੍ਰਾਰਥਨਾ ਵਿਚ ਜੋ ਵੀ ਮੰਗੋਗੇ, ਉਹ ਸਭ ਕੁਝ ਤੁਹਾਨੂੰ ਮਿਲੇਗਾ।”+

23 ਜਦ ਉਹ ਮੰਦਰ ਵਿਚ ਆ ਕੇ ਲੋਕਾਂ ਨੂੰ ਸਿੱਖਿਆ ਦੇ ਰਿਹਾ ਸੀ, ਤਾਂ ਮੁੱਖ ਪੁਜਾਰੀਆਂ ਅਤੇ ਬਜ਼ੁਰਗਾਂ ਨੇ ਉਸ ਕੋਲ ਆ ਕੇ ਪੁੱਛਿਆ: “ਤੂੰ ਕਿਸ ਅਧਿਕਾਰ ਨਾਲ ਇਹ ਕੰਮ ਕਰਦਾ ਹੈਂ? ਅਤੇ ਤੈਨੂੰ ਕਿਸ ਨੇ ਇਹ ਅਧਿਕਾਰ ਦਿੱਤਾ ਹੈ?”+ 24 ਯਿਸੂ ਨੇ ਉਨ੍ਹਾਂ ਨੂੰ ਕਿਹਾ: “ਮੈਂ ਵੀ ਤੁਹਾਨੂੰ ਇਕ ਸਵਾਲ ਪੁੱਛਦਾ ਹਾਂ। ਜੇ ਤੁਸੀਂ ਜਵਾਬ ਦਿਓਗੇ, ਤਾਂ ਹੀ ਮੈਂ ਤੁਹਾਨੂੰ ਦੱਸਾਂਗਾ ਕਿ ਮੈਂ ਕਿਸ ਅਧਿਕਾਰ ਨਾਲ ਇਹ ਕੰਮ ਕਰਦਾ ਹਾਂ। 25 ਮੈਨੂੰ ਦੱਸੋ: ਕੀ ਯੂਹੰਨਾ ਨੂੰ ਬਪਤਿਸਮਾ ਦੇਣ ਦਾ ਅਧਿਕਾਰ ਸਵਰਗੋਂ ਮਿਲਿਆ ਸੀ ਜਾਂ ਇਨਸਾਨਾਂ ਤੋਂ?” ਉਹ ਸੋਚਣ ਲੱਗ ਪਏ ਤੇ ਇਕ-ਦੂਜੇ ਨੂੰ ਕਹਿਣ ਲੱਗੇ: “ਜੇ ਅਸੀਂ ਕਹੀਏ, ‘ਸਵਰਗੋਂ,’ ਤਾਂ ਉਹ ਸਾਨੂੰ ਕਹੇਗਾ, ‘ਫਿਰ ਤੁਸੀਂ ਉਸ ʼਤੇ ਯਕੀਨ ਕਿਉਂ ਨਹੀਂ ਕੀਤਾ?’+ 26 ਪਰ ਜੇ ਅਸੀਂ ਕਹੀਏ, ‘ਇਨਸਾਨਾਂ ਤੋਂ,’ ਤਾਂ ਲੋਕਾਂ ਨੇ ਸਾਨੂੰ ਨਹੀਂ ਛੱਡਣਾ ਕਿਉਂਕਿ ਉਹ ਸਾਰੇ ਯੂਹੰਨਾ ਨੂੰ ਨਬੀ ਮੰਨਦੇ ਹਨ।” 27 ਇਸ ਲਈ ਉਨ੍ਹਾਂ ਨੇ ਯਿਸੂ ਨੂੰ ਕਿਹਾ: “ਸਾਨੂੰ ਨਹੀਂ ਪਤਾ।” ਯਿਸੂ ਨੇ ਉਨ੍ਹਾਂ ਨੂੰ ਕਿਹਾ: “ਫਿਰ ਮੈਂ ਵੀ ਤੁਹਾਨੂੰ ਨਹੀਂ ਦੱਸਣਾ ਕਿ ਮੈਂ ਕਿਸ ਅਧਿਕਾਰ ਨਾਲ ਇਹ ਕੰਮ ਕਰਦਾ ਹਾਂ।”

28 “ਚਲੋ ਦੱਸੋ, ਤੁਹਾਡਾ ਇਸ ਬਾਰੇ ਕੀ ਖ਼ਿਆਲ ਹੈ: ਇਕ ਆਦਮੀ ਦੇ ਦੋ ਪੁੱਤਰ ਸਨ। ਉਸ ਨੇ ਜਾ ਕੇ ਵੱਡੇ ਪੁੱਤਰ ਨੂੰ ਕਿਹਾ, ‘ਪੁੱਤ, ਅੱਜ ਤੂੰ ਅੰਗੂਰਾਂ ਦੇ ਬਾਗ਼ ਵਿਚ ਜਾ ਕੇ ਕੰਮ ਕਰ।’ 29 ਉਸ ਪੁੱਤਰ ਨੇ ਕਿਹਾ, ‘ਮੈਂ ਨਹੀਂ ਜਾਣਾ,’ ਪਰ ਬਾਅਦ ਵਿਚ ਉਹ ਪਛਤਾਇਆ ਤੇ ਚਲਾ ਗਿਆ। 30 ਫਿਰ ਉਸ ਨੇ ਛੋਟੇ ਪੁੱਤਰ ਨੂੰ ਜਾ ਕੇ ਉਹੀ ਗੱਲ ਕਹੀ। ਉਸ ਪੁੱਤਰ ਨੇ ਕਿਹਾ, ‘ਜੀ ਪਿਤਾ ਜੀ,’ ਪਰ ਉਹ ਗਿਆ ਨਹੀਂ। 31 ਇਨ੍ਹਾਂ ਦੋਵਾਂ ਵਿੱਚੋਂ ਕਿਸ ਨੇ ਆਪਣੇ ਪਿਤਾ ਦਾ ਕਹਿਣਾ ਮੰਨਿਆ?” ਮੁੱਖ ਪੁਜਾਰੀਆਂ ਅਤੇ ਬਜ਼ੁਰਗਾਂ ਨੇ ਕਿਹਾ: “ਵੱਡੇ ਪੁੱਤਰ ਨੇ।” ਫਿਰ ਯਿਸੂ ਨੇ ਉਨ੍ਹਾਂ ਨੂੰ ਕਿਹਾ: “ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਟੈਕਸ ਵਸੂਲਣ ਵਾਲੇ ਅਤੇ ਵੇਸਵਾਵਾਂ ਪਰਮੇਸ਼ੁਰ ਦੇ ਰਾਜ ਵਿਚ ਜਾਣ ਲਈ ਤੁਹਾਡੇ ਤੋਂ ਅੱਗੇ ਨਿਕਲ ਰਹੇ ਹਨ। 32 ਕਿਉਂਕਿ ਯੂਹੰਨਾ ਨੇ ਆ ਕੇ ਤੁਹਾਨੂੰ ਧਾਰਮਿਕਤਾ* ਦੇ ਰਾਹ ਦੀ ਸਿੱਖਿਆ ਦਿੱਤੀ, ਪਰ ਤੁਸੀਂ ਉਸ ਦੀ ਗੱਲ ਉੱਤੇ ਵਿਸ਼ਵਾਸ ਨਹੀਂ ਕੀਤਾ। ਪਰ ਟੈਕਸ ਵਸੂਲਣ ਵਾਲਿਆਂ ਅਤੇ ਵੇਸਵਾਵਾਂ ਨੇ ਉਸ ਦੀ ਗੱਲ ਉੱਤੇ ਵਿਸ਼ਵਾਸ ਕੀਤਾ।+ ਤੁਸੀਂ ਉਨ੍ਹਾਂ ਨੂੰ ਇਸ ਤਰ੍ਹਾਂ ਕਰਦਿਆਂ ਦੇਖ ਕੇ ਵੀ ਪਛਤਾਵਾ ਤੇ ਵਿਸ਼ਵਾਸ ਨਾ ਕੀਤਾ।

33 “ਹੁਣ ਇਕ ਹੋਰ ਮਿਸਾਲ ਸੁਣੋ: ਇਕ ਆਦਮੀ ਨੇ ਅੰਗੂਰਾਂ ਦਾ ਬਾਗ਼ ਲਾ ਕੇ+ ਉਸ ਦੇ ਆਲੇ-ਦੁਆਲੇ ਵਾੜ ਲਾਈ ਅਤੇ ਰਸ ਕੱਢਣ ਲਈ ਚੁਬੱਚਾ ਬਣਾਇਆ ਅਤੇ ਇਕ ਬੁਰਜ ਖੜ੍ਹਾ ਕੀਤਾ;+ ਫਿਰ ਉਹ ਬਾਗ਼ ਠੇਕੇ ʼਤੇ ਦੇ ਕੇ ਆਪ ਕਿਸੇ ਹੋਰ ਦੇਸ਼ ਚਲਾ ਗਿਆ।+ 34 ਜਦ ਅੰਗੂਰਾਂ ਦਾ ਮੌਸਮ ਆਇਆ, ਤਾਂ ਉਸ ਨੇ ਪੈਦਾਵਾਰ ਵਿੱਚੋਂ ਆਪਣਾ ਹਿੱਸਾ ਲੈਣ ਲਈ ਆਪਣੇ ਨੌਕਰਾਂ ਨੂੰ ਠੇਕੇਦਾਰਾਂ ਕੋਲ ਘੱਲਿਆ। 35 ਪਰ ਠੇਕੇਦਾਰਾਂ ਨੇ ਉਸ ਦੇ ਨੌਕਰਾਂ ਨੂੰ ਫੜ ਕੇ ਇਕ ਨੂੰ ਕੁੱਟਿਆ, ਦੂਜੇ ਦੀ ਹੱਤਿਆ ਕਰ ਦਿੱਤੀ ਅਤੇ ਇਕ ਹੋਰ ਨੂੰ ਪੱਥਰ ਮਾਰ-ਮਾਰ ਕੇ ਜਾਨੋਂ ਮਾਰ ਦਿੱਤਾ।+ 36 ਫਿਰ ਮਾਲਕ ਨੇ ਪਹਿਲਾਂ ਨਾਲੋਂ ਜ਼ਿਆਦਾ ਨੌਕਰ ਘੱਲੇ, ਪਰ ਉਨ੍ਹਾਂ ਨੇ ਉਨ੍ਹਾਂ ਦਾ ਵੀ ਉਹੀ ਹਸ਼ਰ ਕੀਤਾ।+ 37 ਅਖ਼ੀਰ ਉਸ ਨੇ ਇਹ ਸੋਚ ਕੇ ਆਪਣੇ ਪੁੱਤਰ ਨੂੰ ਭੇਜਿਆ, ‘ਉਹ ਮੇਰੇ ਪੁੱਤਰ ਦੀ ਜ਼ਰੂਰ ਇੱਜ਼ਤ ਕਰਨਗੇ।’ 38 ਪੁੱਤਰ ਨੂੰ ਦੇਖ ਕੇ ਠੇਕੇਦਾਰਾਂ ਨੇ ਇਕ-ਦੂਜੇ ਨੂੰ ਕਿਹਾ, ‘ਇਹੀ ਹੈ ਵਾਰਸ।+ ਆਓ ਆਪਾਂ ਇਸ ਨੂੰ ਮਾਰ ਕੇ ਇਸ ਦੀ ਜ਼ਮੀਨ-ਜਾਇਦਾਦ ਉੱਤੇ ਕਬਜ਼ਾ ਕਰ ਲਈਏ!’ 39 ਇਸ ਲਈ ਉਨ੍ਹਾਂ ਨੇ ਉਸ ਨੂੰ ਬਾਗ਼ੋਂ ਬਾਹਰ ਲਿਜਾ ਕੇ ਜਾਨੋਂ ਮਾਰ ਦਿੱਤਾ।+ 40 ਤਾਂ ਫਿਰ ਬਾਗ਼ ਦਾ ਮਾਲਕ ਆ ਕੇ ਠੇਕੇਦਾਰਾਂ ਨਾਲ ਕੀ ਕਰੇਗਾ?” 41 ਮੁੱਖ ਪੁਜਾਰੀਆਂ ਅਤੇ ਬਜ਼ੁਰਗਾਂ ਨੇ ਉਸ ਨੂੰ ਕਿਹਾ: “ਉਹ ਉਨ੍ਹਾਂ ਦੁਸ਼ਟਾਂ ਨੂੰ ਭਿਆਨਕ ਤਰੀਕੇ ਨਾਲ ਖ਼ਤਮ ਕਰ ਦੇਵੇਗਾ ਅਤੇ ਬਾਗ਼ ਹੋਰ ਠੇਕੇਦਾਰਾਂ ਨੂੰ ਦੇ ਦੇਵੇਗਾ ਜਿਹੜੇ ਅੰਗੂਰਾਂ ਦਾ ਮੌਸਮ ਆਉਣ ਤੇ ਉਸ ਨੂੰ ਉਸ ਦਾ ਹਿੱਸਾ ਦੇਣਗੇ।”

42 ਫਿਰ ਯਿਸੂ ਨੇ ਉਨ੍ਹਾਂ ਨੂੰ ਕਿਹਾ: “ਕੀ ਤੁਸੀਂ ਕਦੇ ਧਰਮ-ਗ੍ਰੰਥ ਵਿਚ ਨਹੀਂ ਪੜ੍ਹਿਆ, ‘ਜਿਸ ਪੱਥਰ ਨੂੰ ਰਾਜ ਮਿਸਤਰੀਆਂ ਨੇ ਨਿਕੰਮਾ ਕਿਹਾ,* ਉਹੀ ਕੋਨੇ ਦਾ ਮੁੱਖ ਪੱਥਰ* ਬਣ ਗਿਆ ਹੈ।+ ਇਹ ਯਹੋਵਾਹ* ਵੱਲੋਂ ਆਇਆ ਹੈ ਅਤੇ ਇਹ ਸਾਡੀਆਂ ਨਜ਼ਰਾਂ ਵਿਚ ਸ਼ਾਨਦਾਰ ਹੈ’?+ 43 ਇਸੇ ਲਈ ਮੈਂ ਤੁਹਾਨੂੰ ਕਹਿੰਦਾ ਹਾਂ, ਪਰਮੇਸ਼ੁਰ ਦਾ ਰਾਜ ਤੁਹਾਡੇ ਤੋਂ ਲੈ ਲਿਆ ਜਾਵੇਗਾ ਅਤੇ ਉਸ ਕੌਮ ਨੂੰ ਦਿੱਤਾ ਜਾਵੇਗਾ ਜਿਹੜੀ ਇਸ ਰਾਜ ਦੇ ਯੋਗ ਫਲ ਪੈਦਾ ਕਰਦੀ ਹੈ। 44 ਨਾਲੇ ਜਿਹੜਾ ਵੀ ਇਸ ਪੱਥਰ ਉੱਤੇ ਡਿਗੇਗਾ, ਉਹ ਚੂਰ-ਚੂਰ ਹੋ ਜਾਵੇਗਾ।+ ਜਿਸ ਉੱਤੇ ਇਹ ਪੱਥਰ ਡਿਗੇਗਾ, ਉਹ ਕੁਚਲਿਆ ਜਾਵੇਗਾ।”+

45 ਜਦ ਮੁੱਖ ਪੁਜਾਰੀਆਂ ਅਤੇ ਫ਼ਰੀਸੀਆਂ ਨੇ ਉਸ ਦੀਆਂ ਮਿਸਾਲਾਂ ਸੁਣੀਆਂ, ਤਾਂ ਉਹ ਸਮਝ ਗਏ ਕਿ ਉਹ ਉਨ੍ਹਾਂ ਬਾਰੇ ਹੀ ਗੱਲ ਕਰ ਰਿਹਾ ਸੀ।+ 46 ਉਹ ਉਸ ਨੂੰ ਕਿਸੇ-ਨਾ-ਕਿਸੇ ਤਰੀਕੇ ਨਾਲ ਫੜਨਾ* ਚਾਹੁੰਦੇ ਸਨ, ਪਰ ਲੋਕਾਂ ਤੋਂ ਡਰਦੇ ਸਨ ਕਿਉਂਕਿ ਲੋਕ ਉਸ ਨੂੰ ਨਬੀ ਮੰਨਦੇ ਸਨ।+

22 ਯਿਸੂ ਨੇ ਇਕ ਵਾਰ ਫਿਰ ਮਿਸਾਲਾਂ ਦੇ ਕੇ ਉਨ੍ਹਾਂ ਨਾਲ ਗੱਲ ਕੀਤੀ। ਉਸ ਨੇ ਕਿਹਾ: 2 “ਸਵਰਗ ਦਾ ਰਾਜ ਇਕ ਰਾਜੇ ਵਰਗਾ ਹੈ ਜਿਸ ਨੇ ਆਪਣੇ ਪੁੱਤਰ ਦੇ ਵਿਆਹ ਦੀ ਦਾਅਵਤ ਦਿੱਤੀ।+ 3 ਉਸ ਨੇ ਦਾਅਵਤ ਵਿਚ ਸੱਦੇ ਲੋਕਾਂ ਨੂੰ ਬੁਲਾਉਣ ਲਈ ਆਪਣੇ ਨੌਕਰਾਂ ਨੂੰ ਘੱਲਿਆ, ਪਰ ਉਨ੍ਹਾਂ ਨੇ ਆਉਣਾ ਨਾ ਚਾਹਿਆ।+ 4 ਉਸ ਨੇ ਇਹ ਕਹਿ ਕੇ ਹੋਰ ਨੌਕਰ ਘੱਲੇ, ‘ਸੱਦੇ ਹੋਇਆਂ ਨੂੰ ਕਹਿਓ: “ਦੇਖੋ! ਮੈਂ ਖਾਣਾ ਤਿਆਰ ਕਰਾ ਲਿਆ ਹੈ, ਮੈਂ ਆਪਣੇ ਬਲਦ ਅਤੇ ਪਲ਼ੇ ਹੋਏ ਜਾਨਵਰ ਵੱਢ ਲਏ ਹਨ ਅਤੇ ਸਾਰਾ ਕੁਝ ਤਿਆਰ ਹੈ। ਇਸ ਲਈ ਵਿਆਹ ਦੀ ਦਾਅਵਤ ਵਿਚ ਆ ਜਾਓ।”’ 5 ਪਰ ਉਨ੍ਹਾਂ ਨੇ ਕੋਈ ਪਰਵਾਹ ਨਾ ਕੀਤੀ, ਸਗੋਂ ਇਕ ਜਣਾ ਆਪਣੇ ਖੇਤਾਂ ਨੂੰ ਚਲਾ ਗਿਆ, ਦੂਜਾ ਆਪਣਾ ਵਪਾਰ ਕਰਨ ਚਲਾ ਗਿਆ+ 6 ਤੇ ਬਾਕੀਆਂ ਨੇ ਨੌਕਰਾਂ ਨੂੰ ਫੜ ਕੇ ਬੇਇੱਜ਼ਤ ਕੀਤਾ ਅਤੇ ਉਨ੍ਹਾਂ ਨੂੰ ਮਾਰ ਸੁੱਟਿਆ।

7 “ਇਸ ਕਰਕੇ ਰਾਜੇ ਨੂੰ ਬਹੁਤ ਗੁੱਸਾ ਚੜ੍ਹਿਆ ਅਤੇ ਉਸ ਨੇ ਆਪਣੀਆਂ ਫ਼ੌਜਾਂ ਘੱਲ ਕੇ ਉਨ੍ਹਾਂ ਕਾਤਲਾਂ ਨੂੰ ਮਾਰ ਦਿੱਤਾ ਅਤੇ ਉਨ੍ਹਾਂ ਦੇ ਸ਼ਹਿਰ ਨੂੰ ਅੱਗ ਲਾ ਦਿੱਤੀ।+ 8 ਫਿਰ ਉਸ ਨੇ ਆਪਣੇ ਨੌਕਰਾਂ ਨੂੰ ਕਿਹਾ, ‘ਵਿਆਹ ਦੀ ਦਾਅਵਤ ਤਾਂ ਤਿਆਰ ਹੈ, ਪਰ ਜਿਹੜੇ ਸੱਦੇ ਗਏ ਸਨ, ਉਹ ਦਾਅਵਤ ਦੇ ਲਾਇਕ ਨਹੀਂ ਸਨ।+ 9 ਇਸ ਲਈ ਤੁਸੀਂ ਸ਼ਹਿਰੋਂ ਬਾਹਰ ਜਾਂਦੇ ਰਾਹਾਂ ʼਤੇ ਜਾਓ ਅਤੇ ਉੱਥੇ ਜਿਹੜਾ ਵੀ ਤੁਹਾਨੂੰ ਮਿਲੇ, ਉਸ ਨੂੰ ਦਾਅਵਤ ਲਈ ਸੱਦ ਲਿਆਓ।’+ 10 ਇਸ ਕਰਕੇ ਨੌਕਰ ਰਾਹਾਂ ਵਿਚ ਗਏ ਅਤੇ ਉਨ੍ਹਾਂ ਨੂੰ ਚੰਗੇ-ਮਾੜੇ ਜੋ ਵੀ ਲੋਕ ਮਿਲੇ, ਉਹ ਉਨ੍ਹਾਂ ਸਾਰਿਆਂ ਨੂੰ ਲੈ ਆਏ ਅਤੇ ਵਿਆਹ ਦੀ ਦਾਅਵਤ ਵਾਲਾ ਕਮਰਾ ਮਹਿਮਾਨਾਂ* ਨਾਲ ਭਰ ਗਿਆ।

11 “ਜਦੋਂ ਰਾਜਾ ਮਹਿਮਾਨਾਂ ਦੀ ਜਾਂਚ ਕਰਨ ਅੰਦਰ ਆਇਆ, ਤਾਂ ਉਸ ਨੇ ਇਕ ਆਦਮੀ ਨੂੰ ਦੇਖਿਆ ਜਿਸ ਨੇ ਦਾਅਵਤ ਵਾਲੇ ਕੱਪੜੇ ਨਹੀਂ ਪਾਏ ਹੋਏ ਸਨ। 12 ਇਸ ਲਈ ਰਾਜੇ ਨੇ ਉਸ ਨੂੰ ਕਿਹਾ: ‘ਹਾਂ ਬਈ, ਤੂੰ ਦਾਅਵਤ ਵਾਲੇ ਕੱਪੜੇ ਪਾਏ ਬਿਨਾਂ ਅੰਦਰ ਕਿੱਦਾਂ ਆ ਗਿਆ?’ ਉਸ ਆਦਮੀ ਨੂੰ ਕੋਈ ਜਵਾਬ ਨਾ ਸੁੱਝਿਆ। 13 ਫਿਰ ਰਾਜੇ ਨੇ ਆਪਣੇ ਸੇਵਾਦਾਰਾਂ ਨੂੰ ਕਿਹਾ, ‘ਇਸ ਦੇ ਹੱਥ-ਪੈਰ ਬੰਨ੍ਹ ਕੇ ਬਾਹਰ ਹਨੇਰੇ ਵਿਚ ਸੁੱਟ ਦਿਓ ਜਿੱਥੇ ਇਹ ਆਪਣੀ ਮਾੜੀ ਹਾਲਤ ʼਤੇ ਰੋਵੇਗਾ ਤੇ ਕਚੀਚੀਆਂ ਵੱਟੇਗਾ।’

14 “ਸੱਦਿਆ ਤਾਂ ਬਹੁਤ ਲੋਕਾਂ ਨੂੰ ਹੈ, ਪਰ ਥੋੜ੍ਹੇ ਹੀ ਚੁਣੇ ਗਏ ਹਨ।”

15 ਫਿਰ ਫ਼ਰੀਸੀ ਉੱਥੋਂ ਚਲੇ ਗਏ ਅਤੇ ਉਨ੍ਹਾਂ ਨੇ ਸਲਾਹ ਕੀਤੀ ਕਿ ਉਸ ਨੂੰ ਉਸ ਦੀਆਂ ਗੱਲਾਂ ਵਿਚ ਕਿਵੇਂ ਫਸਾਇਆ ਜਾਵੇ।+ 16 ਇਸ ਲਈ ਉਨ੍ਹਾਂ ਨੇ ਆਪਣੇ ਚੇਲਿਆਂ ਅਤੇ ਹੇਰੋਦੀਆਂ ਨੂੰ ਯਿਸੂ ਕੋਲ ਇਹ ਕਹਿ ਕੇ ਘੱਲਿਆ:+ “ਗੁਰੂ ਜੀ, ਅਸੀਂ ਜਾਣਦੇ ਹਾਂ ਕਿ ਤੂੰ ਸੱਚ ਬੋਲਦਾ ਹੈਂ ਅਤੇ ਪਰਮੇਸ਼ੁਰ ਦੇ ਰਾਹ ਬਾਰੇ ਸੱਚ-ਸੱਚ ਸਿਖਾਉਂਦਾ ਹੈਂ ਤੇ ਤੂੰ ਇਨਸਾਨਾਂ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਨਹੀਂ ਕਰਦਾ ਕਿਉਂਕਿ ਤੂੰ ਕਿਸੇ ਦਾ ਰੁਤਬਾ ਜਾਂ ਬਾਹਰੀ ਰੂਪ ਨਹੀਂ ਦੇਖਦਾ। 17 ਇਸ ਲਈ ਸਾਨੂੰ ਇਸ ਬਾਰੇ ਆਪਣੀ ਰਾਇ ਦੱਸ: ਕੀ ਰਾਜੇ* ਨੂੰ ਟੈਕਸ ਦੇਣਾ ਜਾਇਜ਼ ਹੈ ਜਾਂ ਨਹੀਂ?” 18 ਯਿਸੂ ਜਾਣਦਾ ਸੀ ਕਿ ਉਨ੍ਹਾਂ ਦੇ ਮਨਾਂ ਵਿਚ ਖੋਟ ਸੀ, ਇਸ ਲਈ ਉਸ ਨੇ ਉਨ੍ਹਾਂ ਨੂੰ ਕਿਹਾ: “ਓਏ ਪਖੰਡੀਓ, ਤੁਸੀਂ ਕਿਉਂ ਮੈਨੂੰ ਅਜ਼ਮਾ ਰਹੇ ਹੋ? 19 ਮੈਨੂੰ ਉਹ ਸਿੱਕਾ ਦਿਖਾਓ ਜੋ ਤੁਸੀਂ ਟੈਕਸ ਭਰਨ ਲਈ ਦਿੰਦੇ ਹੋ।” ਉਨ੍ਹਾਂ ਨੇ ਉਸ ਨੂੰ ਇਕ ਦੀਨਾਰ* ਲਿਆ ਕੇ ਦਿੱਤਾ। 20 ਉਸ ਨੇ ਉਨ੍ਹਾਂ ਨੂੰ ਪੁੱਛਿਆ: “ਇਸ ʼਤੇ ਕਿਸ ਦੀ ਸ਼ਕਲ ਅਤੇ ਕਿਸ ਦੇ ਨਾਂ ਦੀ ਛਾਪ ਹੈ?” 21 ਉਨ੍ਹਾਂ ਨੇ ਕਿਹਾ: “ਰਾਜੇ ਦੀ।” ਫਿਰ ਉਸ ਨੇ ਉਨ੍ਹਾਂ ਨੂੰ ਕਿਹਾ: “ਇਸ ਲਈ ਰਾਜੇ ਦੀਆਂ ਚੀਜ਼ਾਂ ਰਾਜੇ ਨੂੰ ਦਿਓ, ਪਰ ਪਰਮੇਸ਼ੁਰ ਦੀਆਂ ਚੀਜ਼ਾਂ ਪਰਮੇਸ਼ੁਰ ਨੂੰ ਦਿਓ।”+ 22 ਜਦੋਂ ਉਨ੍ਹਾਂ ਨੇ ਇਹ ਗੱਲ ਸੁਣੀ, ਤਾਂ ਉਹ ਹੈਰਾਨ ਰਹਿ ਗਏ ਅਤੇ ਉਸ ਨੂੰ ਛੱਡ ਕੇ ਚਲੇ ਗਏ।

23 ਉਸ ਦਿਨ ਸਦੂਕੀ, ਜੋ ਮੰਨਦੇ ਸਨ ਕਿ ਮਰੇ ਹੋਏ ਲੋਕਾਂ ਨੂੰ ਦੁਬਾਰਾ ਜੀਉਂਦਾ ਨਹੀਂ ਕੀਤਾ ਜਾਵੇਗਾ,+ ਯਿਸੂ ਕੋਲ ਆਏ ਅਤੇ ਉਨ੍ਹਾਂ ਨੇ ਉਸ ਨੂੰ ਪੁੱਛਿਆ:+ 24 “ਗੁਰੂ ਜੀ, ਮੂਸਾ ਨੇ ਕਿਹਾ ਸੀ: ‘ਜੇ ਕੋਈ ਆਦਮੀ ਬੇਔਲਾਦ ਮਰ ਜਾਵੇ, ਤਾਂ ਉਸ ਦਾ ਭਰਾ ਉਸ ਦੀ ਪਤਨੀ ਨਾਲ ਵਿਆਹ ਕਰਾਵੇ ਅਤੇ ਆਪਣੇ ਮਰ ਚੁੱਕੇ ਭਰਾ ਲਈ ਔਲਾਦ ਪੈਦਾ ਕਰੇ।’+ 25 ਸਾਡੇ ਇੱਥੇ ਸੱਤ ਭਰਾ ਸਨ। ਪਹਿਲੇ ਨੇ ਵਿਆਹ ਕਰਾਇਆ, ਪਰ ਉਹ ਬੇਔਲਾਦ ਮਰ ਗਿਆ। ਫਿਰ ਉਸ ਦੇ ਭਰਾ ਨੇ ਉਸ ਦੀ ਪਤਨੀ ਨਾਲ ਵਿਆਹ ਕਰਾ ਲਿਆ। 26 ਦੂਸਰੇ ਨਾਲ ਵੀ ਇਸੇ ਤਰ੍ਹਾਂ ਹੋਇਆ, ਫਿਰ ਤੀਸਰੇ ਨਾਲ ਵੀ। ਇਸ ਤਰ੍ਹਾਂ ਸੱਤੇ ਭਰਾ ਬੇਔਲਾਦ ਮਰ ਗਏ। 27 ਅਖ਼ੀਰ ਵਿਚ ਉਹ ਤੀਵੀਂ ਵੀ ਮਰ ਗਈ। 28 ਇਸ ਲਈ ਜਦ ਉਨ੍ਹਾਂ ਸਾਰਿਆਂ ਨੂੰ ਦੁਬਾਰਾ ਜੀਉਂਦਾ ਕੀਤਾ ਜਾਵੇਗਾ, ਤਾਂ ਉਹ ਤੀਵੀਂ ਉਨ੍ਹਾਂ ਸੱਤਾਂ ਵਿੱਚੋਂ ਕਿਸ ਦੀ ਪਤਨੀ ਹੋਵੇਗੀ? ਕਿਉਂਕਿ ਉਨ੍ਹਾਂ ਸਾਰਿਆਂ ਨੇ ਹੀ ਉਸ ਨਾਲ ਵਿਆਹ ਕਰਵਾਇਆ ਸੀ।”

29 ਜਵਾਬ ਵਿਚ ਯਿਸੂ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਗ਼ਲਤ ਹੋ ਕਿਉਂਕਿ ਤੁਸੀਂ ਨਾ ਤਾਂ ਧਰਮ-ਗ੍ਰੰਥ ਨੂੰ ਜਾਣਦੇ ਹੋ ਅਤੇ ਨਾ ਹੀ ਪਰਮੇਸ਼ੁਰ ਦੀ ਸ਼ਕਤੀ ਨੂੰ;+ 30 ਕਿਉਂਕਿ ਦੁਬਾਰਾ ਜੀਉਂਦੇ ਹੋਣ ਤੋਂ ਬਾਅਦ ਨਾ ਆਦਮੀ ਵਿਆਹ ਕਰਨਗੇ ਅਤੇ ਨਾ ਹੀ ਤੀਵੀਆਂ ਵਿਆਹੀਆਂ ਜਾਣਗੀਆਂ, ਸਗੋਂ ਉਹ ਦੂਤਾਂ ਵਰਗੇ ਹੋਣਗੇ।+ 31 ਰਹੀ ਮੁਰਦਿਆਂ ਦੇ ਜੀਉਂਦਾ ਹੋਣ ਦੀ ਗੱਲ, ਕੀ ਤੁਸੀਂ ਉਹ ਗੱਲ ਨਹੀਂ ਪੜ੍ਹੀ ਜੋ ਪਰਮੇਸ਼ੁਰ ਨੇ ਤੁਹਾਨੂੰ ਕਹੀ ਸੀ: 32 ‘ਮੈਂ ਅਬਰਾਹਾਮ ਦਾ ਪਰਮੇਸ਼ੁਰ, ਇਸਹਾਕ ਦਾ ਪਰਮੇਸ਼ੁਰ ਅਤੇ ਯਾਕੂਬ ਦਾ ਪਰਮੇਸ਼ੁਰ ਹਾਂ’?+ ਉਹ ਮਰਿਆਂ ਦਾ ਨਹੀਂ, ਸਗੋਂ ਜੀਉਂਦਿਆਂ ਦਾ ਪਰਮੇਸ਼ੁਰ ਹੈ।”+ 33 ਇਹ ਸੁਣ ਕੇ ਲੋਕ ਉਸ ਦੀ ਸਿੱਖਿਆ ਤੋਂ ਦੰਗ ਰਹਿ ਗਏ।+

34 ਜਦੋਂ ਫ਼ਰੀਸੀਆਂ ਨੇ ਸੁਣਿਆ ਕਿ ਉਸ ਨੇ ਸਦੂਕੀਆਂ ਦੇ ਮੂੰਹ ਬੰਦ ਕਰ ਦਿੱਤੇ ਸਨ, ਤਾਂ ਉਹ ਇਕੱਠੇ ਹੋ ਕੇ ਆਏ। 35 ਉਨ੍ਹਾਂ ਵਿੱਚੋਂ ਇਕ ਫ਼ਰੀਸੀ ਮੂਸਾ ਦੇ ਕਾਨੂੰਨ ਦਾ ਮਾਹਰ ਸੀ। ਉਸ ਨੇ ਯਿਸੂ ਨੂੰ ਪਰਖਣ ਲਈ ਪੁੱਛਿਆ: 36 “ਗੁਰੂ ਜੀ, ਮੂਸਾ ਦੇ ਕਾਨੂੰਨ ਵਿਚ ਸਭ ਤੋਂ ਵੱਡਾ ਹੁਕਮ ਕਿਹੜਾ ਹੈ?”+ 37 ਯਿਸੂ ਨੇ ਉਸ ਨੂੰ ਦੱਸਿਆ: “‘ਤੂੰ ਆਪਣੇ ਪਰਮੇਸ਼ੁਰ ਯਹੋਵਾਹ* ਨੂੰ ਆਪਣੇ ਪੂਰੇ ਦਿਲ ਨਾਲ, ਆਪਣੀ ਪੂਰੀ ਜਾਨ ਨਾਲ ਅਤੇ ਆਪਣੀ ਪੂਰੀ ਸਮਝ ਨਾਲ ਪਿਆਰ ਕਰ।’+ 38 ਇਹੀ ਸਭ ਤੋਂ ਵੱਡਾ ਅਤੇ ਪਹਿਲਾ ਹੁਕਮ ਹੈ। 39 ਅਤੇ ਦੂਸਰਾ ਹੁਕਮ ਇਹ ਹੈ: ‘ਤੂੰ ਆਪਣੇ ਗੁਆਂਢੀ ਨੂੰ ਉਵੇਂ ਪਿਆਰ ਕਰ ਜਿਵੇਂ ਤੂੰ ਆਪਣੇ ਆਪ ਨੂੰ ਕਰਦਾ ਹੈਂ।’+ 40 ਇਨ੍ਹਾਂ ਦੋਹਾਂ ਹੁਕਮਾਂ ਉੱਤੇ ਮੂਸਾ ਦਾ ਸਾਰਾ ਕਾਨੂੰਨ ਅਤੇ ਨਬੀਆਂ ਦੀਆਂ ਸਿੱਖਿਆਵਾਂ ਆਧਾਰਿਤ ਹਨ।”+

41 ਜਦੋਂ ਅਜੇ ਫ਼ਰੀਸੀ ਉੱਥੇ ਹੀ ਖੜ੍ਹੇ ਸਨ, ਤਾਂ ਯਿਸੂ ਨੇ ਉਨ੍ਹਾਂ ਨੂੰ ਪੁੱਛਿਆ:+ 42 “ਤੁਸੀਂ ਮਸੀਹ ਬਾਰੇ ਕੀ ਸੋਚਦੇ ਹੋ? ਉਹ ਕਿਹਦਾ ਪੁੱਤਰ ਹੈ?” ਉਨ੍ਹਾਂ ਨੇ ਜਵਾਬ ਦਿੱਤਾ: “ਦਾਊਦ ਦਾ।”+ 43 ਫਿਰ ਉਸ ਨੇ ਉਨ੍ਹਾਂ ਨੂੰ ਪੁੱਛਿਆ: “ਤਾਂ ਫਿਰ, ਦਾਊਦ ਨੇ ਪਵਿੱਤਰ ਸ਼ਕਤੀ ਦੀ ਪ੍ਰੇਰਣਾ ਅਧੀਨ+ ਉਸ ਨੂੰ ‘ਪ੍ਰਭੂ’ ਕਿਉਂ ਕਿਹਾ ਸੀ ਜਦ ਉਸ ਨੇ ਕਿਹਾ, 44 ‘ਯਹੋਵਾਹ* ਨੇ ਮੇਰੇ ਪ੍ਰਭੂ ਨੂੰ ਕਿਹਾ: “ਤੂੰ ਉਦੋਂ ਤਕ ਮੇਰੇ ਸੱਜੇ ਹੱਥ ਬੈਠ ਜਦ ਤਕ ਮੈਂ ਤੇਰੇ ਦੁਸ਼ਮਣਾਂ ਨੂੰ ਤੇਰੇ ਪੈਰਾਂ ਹੇਠ ਨਾ ਕਰ ਦਿਆਂ”’?+ 45 ਜੇ ਦਾਊਦ ਖ਼ੁਦ ਮਸੀਹ ਨੂੰ ਪ੍ਰਭੂ ਕਹਿੰਦਾ ਹੈ, ਤਾਂ ਫਿਰ, ਉਹ ਉਸ ਦਾ ਪੁੱਤਰ ਕਿਵੇਂ ਹੋ ਸਕਦਾ ਹੈ?”+ 46 ਕੋਈ ਵੀ ਉਸ ਨੂੰ ਜਵਾਬ ਨਾ ਦੇ ਸਕਿਆ ਅਤੇ ਨਾ ਹੀ ਉਸ ਦਿਨ ਤੋਂ ਬਾਅਦ ਕਿਸੇ ਨੇ ਉਸ ਨੂੰ ਸਵਾਲ ਪੁੱਛਣ ਦਾ ਹੀਆ ਕੀਤਾ।

23 ਫਿਰ ਯਿਸੂ ਨੇ ਭੀੜ ਅਤੇ ਆਪਣੇ ਚੇਲਿਆਂ ਨਾਲ ਗੱਲ ਕਰਦੇ ਹੋਏ ਕਿਹਾ: 2 “ਗ੍ਰੰਥੀ ਅਤੇ ਫ਼ਰੀਸੀ ਮੂਸਾ ਦੀ ਗੱਦੀ ਉੱਤੇ ਬੈਠੇ ਹੋਏ ਹਨ। 3 ਇਸ ਲਈ ਜੋ ਕੰਮ ਉਹ ਤੁਹਾਨੂੰ ਕਰਨ ਲਈ ਕਹਿੰਦੇ ਹਨ, ਉਹ ਸਾਰੇ ਕੰਮ ਕਰੋ। ਪਰ ਜਿਹੜੇ ਕੰਮ ਉਹ ਆਪ ਕਰਦੇ ਹਨ, ਉਹ ਤੁਸੀਂ ਨਾ ਕਰੋ ਕਿਉਂਕਿ ਉਹ ਕਹਿੰਦੇ ਕੁਝ ਹਨ, ਪਰ ਕਰਦੇ ਕੁਝ ਹੋਰ ਹਨ।+ 4 ਉਨ੍ਹਾਂ ਦੇ ਨਿਯਮ ਭਾਰੇ ਬੋਝ ਵਾਂਗ ਹਨ ਜੋ ਉਹ ਲੋਕਾਂ ਦੇ ਮੋਢਿਆਂ ਉੱਤੇ ਰੱਖਦੇ ਹਨ,+ ਪਰ ਆਪ ਉਸ ਨੂੰ ਚੁੱਕਣ ਲਈ ਆਪਣੀ ਉਂਗਲ ਵੀ ਨਹੀਂ ਲਾਉਂਦੇ।+ 5 ਉਹ ਜਿਹੜੇ ਵੀ ਕੰਮ ਕਰਦੇ ਹਨ, ਦਿਖਾਵੇ ਲਈ ਕਰਦੇ ਹਨ।+ ਉਹ ਉਨ੍ਹਾਂ ਤਵੀਤਾਂ* ਨੂੰ ਵੱਡਾ ਕਰਦੇ ਹਨ ਜਿਨ੍ਹਾਂ ਨੂੰ ਉਹ ਆਪਣੀ ਰਾਖੀ ਲਈ ਬੰਨ੍ਹਦੇ ਹਨ+ ਅਤੇ ਆਪਣੇ ਚੋਗਿਆਂ ਦੀਆਂ ਝਾਲਰਾਂ ਲੰਬੀਆਂ ਕਰਦੇ ਹਨ।+ 6 ਉਹ ਦਾਅਵਤਾਂ ਵਿਚ ਖ਼ਾਸ ਥਾਵਾਂ ਉੱਤੇ ਬੈਠਣਾ ਅਤੇ ਸਭਾ ਘਰਾਂ ਵਿਚ ਅੱਗੇ ਹੋ-ਹੋ ਕੇ* ਬੈਠਣਾ ਪਸੰਦ ਕਰਦੇ ਹਨ+ 7 ਅਤੇ ਚਾਹੁੰਦੇ ਹਨ ਕਿ ਬਾਜ਼ਾਰਾਂ ਵਿਚ ਲੋਕ ਉਨ੍ਹਾਂ ਨੂੰ ਸਲਾਮਾਂ ਕਰਨ ਅਤੇ ਗੁਰੂ ਜੀ* ਕਹਿ ਕੇ ਸਤਿਕਾਰਨ। 8 ਪਰ ਤੁਸੀਂ ਆਪਣੇ ਆਪ ਨੂੰ ਗੁਰੂ ਨਾ ਕਹਾਉਣਾ ਕਿਉਂਕਿ ਤੁਹਾਡਾ ਗੁਰੂ ਇੱਕੋ ਹੈ+ ਅਤੇ ਤੁਸੀਂ ਸਾਰੇ ਜਣੇ ਭਰਾ ਹੋ। 9 ਇਸ ਤੋਂ ਇਲਾਵਾ, ਧਰਤੀ ਉੱਤੇ ਕਿਸੇ ਨੂੰ ਆਪਣਾ ਪਿਤਾ* ਨਾ ਕਹਿਣਾ ਕਿਉਂਕਿ ਤੁਹਾਡਾ ‘ਪਿਤਾ’ ਇੱਕੋ ਹੈ+ ਜਿਹੜਾ ਸਵਰਗ ਵਿਚ ਹੈ। 10 ਅਤੇ ਨਾ ਹੀ ਆਗੂ ਕਹਾਉਣਾ ਕਿਉਂਕਿ ਤੁਹਾਡਾ ‘ਆਗੂ’ ਸਿਰਫ਼ ਮਸੀਹ ਹੈ। 11 ਤੁਹਾਡੇ ਵਿਚ ਜਿਹੜਾ ਸਾਰਿਆਂ ਤੋਂ ਵੱਡਾ ਹੈ, ਉਹ ਤੁਹਾਡਾ ਸੇਵਕ ਬਣੇ।+ 12 ਜਿਹੜਾ ਆਪਣੇ ਆਪ ਨੂੰ ਉੱਚਾ ਕਰਦਾ ਹੈ, ਉਸ ਨੂੰ ਨੀਵਾਂ ਕੀਤਾ ਜਾਵੇਗਾ+ ਅਤੇ ਜਿਹੜਾ ਆਪਣੇ ਆਪ ਨੂੰ ਨੀਵਾਂ ਕਰਦਾ ਹੈ, ਉਸ ਨੂੰ ਉੱਚਾ ਕੀਤਾ ਜਾਵੇਗਾ।+

13 “ਲਾਹਨਤ ਹੈ ਤੁਹਾਡੇ ʼਤੇ, ਪਖੰਡੀ ਗ੍ਰੰਥੀਓ ਅਤੇ ਫ਼ਰੀਸੀਓ! ਕਿਉਂਕਿ ਤੁਸੀਂ ਲੋਕਾਂ ਲਈ ਪਰਮੇਸ਼ੁਰ ਦੇ ਰਾਜ ਦੇ ਦਰਵਾਜ਼ੇ ਬੰਦ ਕਰਦੇ ਹੋ; ਤੁਸੀਂ ਨਾ ਤਾਂ ਆਪ ਅੰਦਰ ਜਾਂਦੇ ਹੋ ਅਤੇ ਨਾ ਹੀ ਉਨ੍ਹਾਂ ਨੂੰ ਅੰਦਰ ਜਾਣ ਦਿੰਦੇ ਹੋ ਜਿਹੜੇ ਰਾਜ ਵਿਚ ਜਾਣ ਦੀ ਕੋਸ਼ਿਸ਼ ਕਰਦੇ ਹਨ।+ 14 *​—

15 “ਲਾਹਨਤ ਹੈ ਤੁਹਾਡੇ ʼਤੇ, ਪਖੰਡੀ ਗ੍ਰੰਥੀਓ ਅਤੇ ਫ਼ਰੀਸੀਓ!+ ਕਿਉਂਕਿ ਤੁਸੀਂ ਕਿਸੇ ਨੂੰ ਯਹੂਦੀ ਧਰਮ ਵਿਚ ਲਿਆਉਣ ਲਈ ਸਮੁੰਦਰ ਅਤੇ ਜ਼ਮੀਨ ਉੱਤੇ ਦੂਰ-ਦੂਰ ਸਫ਼ਰ ਕਰਦੇ ਹੋ, ਪਰ ਜਦੋਂ ਉਹ ਯਹੂਦੀ ਧਰਮ ਵਿਚ ਆ ਜਾਂਦਾ ਹੈ, ਤਾਂ ਤੁਸੀਂ ਉਸ ਨੂੰ ਆਪਣੇ ਨਾਲੋਂ ਵੀ ਦੁਗਣਾ ‘ਗ਼ਹੈਨਾ’* ਦੀ ਸਜ਼ਾ ਦੇ ਲਾਇਕ ਬਣਾ ਦਿੰਦੇ ਹੋ।

16 “ਲਾਹਨਤ ਹੈ ਤੁਹਾਡੇ ʼਤੇ, ਅੰਨ੍ਹੇ ਆਗੂਓ!+ ਤੁਸੀਂ ਕਹਿੰਦੇ ਹੋ, ‘ਜੇ ਕੋਈ ਮੰਦਰ ਦੀ ਸਹੁੰ ਖਾਂਦਾ ਹੈ, ਤਾਂ ਕੋਈ ਗੱਲ ਨਹੀਂ, ਪਰ ਜੇ ਉਹ ਮੰਦਰ ਦੇ ਸੋਨੇ ਦੀ ਸਹੁੰ ਖਾਂਦਾ ਹੈ, ਤਾਂ ਉਸ ਨੂੰ ਆਪਣੀ ਸਹੁੰ ਜ਼ਰੂਰ ਪੂਰੀ ਕਰਨੀ ਪਵੇਗੀ।’+ 17 ਮੂਰਖੋ ਤੇ ਅੰਨ੍ਹਿਓ! ਕਿਹੜੀ ਚੀਜ਼ ਜ਼ਿਆਦਾ ਅਹਿਮ ਹੈ, ਸੋਨਾ ਜਾਂ ਮੰਦਰ ਜਿਸ ਕਰਕੇ ਸੋਨਾ ਪਵਿੱਤਰ ਹੁੰਦਾ ਹੈ? 18 ਨਾਲੇ ਤੁਸੀਂ ਕਹਿੰਦੇ ਹੋ, ‘ਜੇ ਕੋਈ ਵੇਦੀ ਦੀ ਸਹੁੰ ਖਾਂਦਾ ਹੈ, ਤਾਂ ਕੋਈ ਗੱਲ ਨਹੀਂ, ਪਰ ਜੇ ਵੇਦੀ ਉੱਤੇ ਚੜ੍ਹਾਈ ਭੇਟ ਦੀ ਸਹੁੰ ਖਾਂਦਾ ਹੈ, ਤਾਂ ਉਸ ਨੂੰ ਆਪਣੀ ਸਹੁੰ ਜ਼ਰੂਰ ਪੂਰੀ ਕਰਨੀ ਪਵੇਗੀ।’ 19 ਅੰਨ੍ਹਿਓ! ਕਿਹੜੀ ਚੀਜ਼ ਜ਼ਿਆਦਾ ਅਹਿਮ ਹੈ, ਭੇਟ ਜਾਂ ਵੇਦੀ ਜਿਸ ਕਰਕੇ ਭੇਟ ਪਵਿੱਤਰ ਹੁੰਦੀ ਹੈ? 20 ਅਸਲ ਵਿਚ, ਜਿਹੜਾ ਵੇਦੀ ਦੀ ਸਹੁੰ ਖਾਂਦਾ ਹੈ, ਉਹ ਇਸ ਦੀ ਅਤੇ ਇਸ ਉੱਤੇ ਚੜ੍ਹਾਈਆਂ ਭੇਟਾਂ ਦੀ ਵੀ ਸਹੁੰ ਖਾਂਦਾ ਹੈ; 21 ਜਿਹੜਾ ਮੰਦਰ ਦੀ ਸਹੁੰ ਖਾਂਦਾ ਹੈ, ਉਹ ਇਸ ਦੀ ਅਤੇ ਇਸ ਵਿਚ ਰਹਿਣ ਵਾਲੇ ਦੀ ਵੀ ਸਹੁੰ ਖਾਂਦਾ ਹੈ;+ 22 ਜਿਹੜਾ ਸਵਰਗ ਦੀ ਸਹੁੰ ਖਾਂਦਾ ਹੈ, ਉਹ ਪਰਮੇਸ਼ੁਰ ਦੇ ਸਿੰਘਾਸਣ ਦੀ ਅਤੇ ਇਸ ਉੱਤੇ ਬੈਠਣ ਵਾਲੇ ਦੀ ਵੀ ਸਹੁੰ ਖਾਂਦਾ ਹੈ।

23 “ਲਾਹਨਤ ਹੈ ਤੁਹਾਡੇ ʼਤੇ, ਪਖੰਡੀ ਗ੍ਰੰਥੀਓ ਅਤੇ ਫ਼ਰੀਸੀਓ! ਕਿਉਂਕਿ ਤੁਸੀਂ ਪੁਦੀਨੇ, ਕੌੜੀ ਸੌਂਫ ਅਤੇ ਜੀਰੇ ਦਾ ਦਸਵਾਂ ਹਿੱਸਾ ਤਾਂ ਦਿੰਦੇ ਹੋ,+ ਪਰ ਮੂਸਾ ਦੇ ਕਾਨੂੰਨ ਦੀਆਂ ਜ਼ਿਆਦਾ ਜ਼ਰੂਰੀ ਗੱਲਾਂ, ਜਿਵੇਂ ਕਿ ਨਿਆਂ,+ ਦਇਆ+ ਅਤੇ ਵਫ਼ਾਦਾਰੀ ਨੂੰ ਨਜ਼ਰਅੰਦਾਜ਼ ਕਰਦੇ ਹੋ। ਦਸਵਾਂ ਹਿੱਸਾ ਤਾਂ ਦੇਣਾ ਹੀ ਦੇਣਾ ਹੈ, ਪਰ ਇਨ੍ਹਾਂ ਜ਼ਰੂਰੀ ਗੱਲਾਂ ਨੂੰ ਵੀ ਨਜ਼ਰਅੰਦਾਜ਼ ਨਾ ਕਰੋ।+ 24 ਅੰਨ੍ਹੇ ਆਗੂਓ,+ ਤੁਸੀਂ ਮੱਛਰ ਨੂੰ ਤਾਂ ਪੁਣ ਕੇ ਕੱਢ ਦਿੰਦੇ ਹੋ,+ ਪਰ ਊਠ ਨੂੰ ਨਿਗਲ਼ ਜਾਂਦੇ ਹੋ!+

25 “ਲਾਹਨਤ ਹੈ ਤੁਹਾਡੇ ʼਤੇ, ਪਖੰਡੀ ਗ੍ਰੰਥੀਓ ਅਤੇ ਫ਼ਰੀਸੀਓ! ਕਿਉਂਕਿ ਤੁਸੀਂ ਕੱਪ ਅਤੇ ਥਾਲ਼ੀ ਨੂੰ ਬਾਹਰੋਂ ਤਾਂ ਸਾਫ਼ ਕਰਦੇ ਹੋ,+ ਪਰ ਅੰਦਰੋਂ ਇਹ ਲਾਲਚ*+ ਤੇ ਅਸੰਜਮ ਨਾਲ ਭਰੇ ਹੋਏ ਹਨ।+ 26 ਅੰਨ੍ਹੇ ਫ਼ਰੀਸੀਓ, ਪਹਿਲਾਂ ਕੱਪ ਤੇ ਥਾਲ਼ੀ ਨੂੰ ਅੰਦਰੋਂ ਸਾਫ਼ ਕਰੋ ਤਾਂਕਿ ਇਹ ਬਾਹਰੋਂ ਵੀ ਸਾਫ਼ ਹੋ ਜਾਣ।

27 “ਲਾਹਨਤ ਹੈ ਤੁਹਾਡੇ ʼਤੇ, ਪਖੰਡੀ ਗ੍ਰੰਥੀਓ ਅਤੇ ਫ਼ਰੀਸੀਓ!+ ਕਿਉਂਕਿ ਤੁਸੀਂ ਉਨ੍ਹਾਂ ਕਬਰਾਂ ਵਰਗੇ ਹੋ ਜਿਨ੍ਹਾਂ ʼਤੇ ਚਿੱਟੀ ਕਲੀ ਫੇਰੀ ਹੋਈ ਹੈ।+ ਇਹ ਬਾਹਰੋਂ ਤਾਂ ਸੋਹਣੀਆਂ ਦਿਖਾਈ ਦਿੰਦੀਆਂ ਹਨ, ਪਰ ਅੰਦਰੋਂ ਇਹ ਮੁਰਦਿਆਂ ਦੀਆਂ ਹੱਡੀਆਂ ਅਤੇ ਹਰ ਤਰ੍ਹਾਂ ਦੇ ਗੰਦ-ਮੰਦ ਨਾਲ ਭਰੀਆਂ ਹੁੰਦੀਆਂ ਹਨ। 28 ਇਸੇ ਤਰ੍ਹਾਂ ਤੁਸੀਂ ਵੀ ਲੋਕਾਂ ਨੂੰ ਧਰਮੀ ਨਜ਼ਰ ਆਉਂਦੇ ਹੋ, ਪਰ ਅੰਦਰੋਂ ਤੁਸੀਂ ਪਖੰਡ ਅਤੇ ਬੁਰਾਈ ਨਾਲ ਭਰੇ ਹੋਏ ਹੋ।+

29 “ਲਾਹਨਤ ਹੈ ਤੁਹਾਡੇ ʼਤੇ, ਪਖੰਡੀ ਗ੍ਰੰਥੀਓ ਅਤੇ ਫ਼ਰੀਸੀਓ!+ ਕਿਉਂਕਿ ਤੁਸੀਂ ਨਬੀਆਂ ਦੀਆਂ ਕਬਰਾਂ ਬਣਾਉਂਦੇ ਹੋ ਅਤੇ ਧਰਮੀ ਬੰਦਿਆਂ ਦੀਆਂ ਸਮਾਧਾਂ ਨੂੰ ਸਜਾਉਂਦੇ ਹੋ+ 30 ਅਤੇ ਤੁਸੀਂ ਕਹਿੰਦੇ ਹੋ, ‘ਜੇ ਅਸੀਂ ਆਪਣੇ ਪਿਉ-ਦਾਦਿਆਂ ਦੇ ਜ਼ਮਾਨੇ ਵਿਚ ਹੁੰਦੇ, ਤਾਂ ਅਸੀਂ ਉਨ੍ਹਾਂ ਵਾਂਗ ਨਬੀਆਂ ਦੇ ਖ਼ੂਨ ਨਾਲ ਆਪਣੇ ਹੱਥ ਨਾ ਰੰਗਦੇ।’ 31 ਇਸ ਤਰ੍ਹਾਂ ਤੁਸੀਂ ਆਪ ਹੀ ਆਪਣੇ ਖ਼ਿਲਾਫ਼ ਗਵਾਹੀ ਦਿੰਦੇ ਹੋ ਕਿ ਤੁਸੀਂ ਨਬੀਆਂ ਦੇ ਕਾਤਲਾਂ ਦੀ ਔਲਾਦ ਹੋ।+ 32 ਹੁਣ ਤੁਸੀਂ ਆਪਣੇ ਪਿਉ-ਦਾਦਿਆਂ ਦੇ ਪਾਪਾਂ ਦਾ ਘੜਾ ਭਰ ਦਿਓ।

33 “ਸੱਪੋ ਅਤੇ ਜ਼ਹਿਰੀਲੇ ਸਪੋਲ਼ੀਓ!+ ਤੁਸੀਂ ‘ਗ਼ਹੈਨਾ’* ਦੀ ਸਜ਼ਾ ਤੋਂ ਬਚ ਕੇ ਕਿੱਥੇ ਭੱਜੋਗੇ?+ 34 ਇਸੇ ਲਈ, ਮੈਂ ਤੁਹਾਡੇ ਕੋਲ ਨਬੀਆਂ,+ ਗਿਆਨੀਆਂ ਅਤੇ ਸਿੱਖਿਅਕਾਂ+ ਨੂੰ ਘੱਲ ਰਿਹਾ ਹਾਂ। ਤੁਸੀਂ ਉਨ੍ਹਾਂ ਵਿੱਚੋਂ ਕੁਝ ਦਾ ਕਤਲ ਕਰ ਦਿਓਗੇ,+ ਕੁਝ ਜਣਿਆਂ ਨੂੰ ਸੂਲ਼ੀ ʼਤੇ ਟੰਗ ਦਿਓਗੇ, ਕੁਝ ਨੂੰ ਆਪਣੇ ਸਭਾ ਘਰਾਂ ਵਿਚ ਕੋਰੜੇ ਮਾਰੋਗੇ+ ਅਤੇ ਸ਼ਹਿਰੋਂ-ਸ਼ਹਿਰ ਉਨ੍ਹਾਂ ਉੱਤੇ ਅਤਿਆਚਾਰ ਕਰੋਗੇ+ 35 ਤਾਂਕਿ ਦੁਨੀਆਂ ਵਿਚ ਜਿੰਨੇ ਵੀ ਧਰਮੀ ਬੰਦਿਆਂ ਦਾ ਖ਼ੂਨ ਵਹਾਇਆ ਗਿਆ ਹੈ, ਉਨ੍ਹਾਂ ਸਾਰਿਆਂ ਦਾ ਖ਼ੂਨ ਤੁਹਾਡੇ ਸਿਰ ਲੱਗੇ ਯਾਨੀ ਧਰਮੀ ਹਾਬਲ+ ਤੋਂ ਲੈ ਕੇ ਬਰਕਯਾਹ ਦੇ ਪੁੱਤਰ ਜ਼ਕਰਯਾਹ ਤਕ, ਜਿਸ ਨੂੰ ਤੁਸੀਂ ਪਵਿੱਤਰ ਕਮਰੇ ਅਤੇ ਵੇਦੀ ਦੇ ਵਿਚਕਾਰ ਜਾਨੋਂ ਮਾਰਿਆ ਸੀ।+ 36 ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਇਨ੍ਹਾਂ ਸਾਰੇ ਕੰਮਾਂ ਦਾ ਲੇਖਾ ਇਸ ਪੀੜ੍ਹੀ ਤੋਂ ਲਿਆ ਜਾਵੇਗਾ।

37 “ਹੇ ਯਰੂਸ਼ਲਮ, ਹੇ ਯਰੂਸ਼ਲਮ, ਨਬੀਆਂ ਦੇ ਕਾਤਲ, ਜਿਨ੍ਹਾਂ ਨੂੰ ਵੀ ਪਰਮੇਸ਼ੁਰ ਨੇ ਤੇਰੇ ਕੋਲ ਘੱਲਿਆ, ਤੂੰ ਉਨ੍ਹਾਂ ਸਾਰਿਆਂ ਨੂੰ ਪੱਥਰ ਮਾਰ-ਮਾਰ ਕੇ ਜਾਨੋਂ ਮਾਰ ਦਿੱਤਾ+—ਮੈਂ ਕਿੰਨੀ ਵਾਰ ਚਾਹਿਆ ਕਿ ਮੈਂ ਤੇਰੇ ਬੱਚਿਆਂ ਨੂੰ ਇਕੱਠਾ ਕਰਾਂ ਜਿਵੇਂ ਕੁੱਕੜੀ ਆਪਣੇ ਚੂਚਿਆਂ ਨੂੰ ਆਪਣੇ ਖੰਭਾਂ ਹੇਠ ਇਕੱਠਾ ਕਰਦੀ ਹੈ! ਪਰ ਤੁਸੀਂ ਇਹ ਨਹੀਂ ਚਾਹਿਆ।+ 38 ਦੇਖੋ! ਤੁਹਾਡਾ ਮੰਦਰ* ਤੁਹਾਡੇ ਸਹਾਰੇ ਛੱਡਿਆ ਗਿਆ ਹੈ।*+ 39 ਮੈਂ ਤੁਹਾਨੂੰ ਕਹਿੰਦਾ ਹਾਂ: ਤੁਸੀਂ ਮੈਨੂੰ ਅੱਜ ਤੋਂ ਬਾਅਦ ਉਦੋਂ ਤਕ ਨਹੀਂ ਦੇਖੋਗੇ ਜਦ ਤਕ ਤੁਸੀਂ ਇਹ ਨਹੀਂ ਕਹਿੰਦੇ, ‘ਧੰਨ ਹੈ ਉਹ ਜੋ ਯਹੋਵਾਹ* ਦੇ ਨਾਂ ʼਤੇ ਆਉਂਦਾ ਹੈ!’”+

24 ਜਦੋਂ ਯਿਸੂ ਮੰਦਰ ਤੋਂ ਬਾਹਰ ਜਾ ਰਿਹਾ ਸੀ, ਤਾਂ ਉਸ ਦੇ ਚੇਲੇ ਉਸ ਕੋਲ ਆਏ ਤਾਂਕਿ ਉਹ ਉਸ ਨੂੰ ਮੰਦਰ ਦੇ ਵੱਖੋ-ਵੱਖਰੇ ਹਿੱਸੇ ਦਿਖਾਉਣ। 2 ਉਸ ਨੇ ਉਨ੍ਹਾਂ ਨੂੰ ਕਿਹਾ: “ਕੀ ਤੁਸੀਂ ਇਹ ਸਭ ਦੇਖ ਕੇ ਹੈਰਾਨ ਹੋ ਰਹੇ ਹੋ? ਮੈਂ ਸੱਚ ਕਹਿੰਦਾ ਹਾਂ ਕਿ ਇੱਥੇ ਪੱਥਰ ʼਤੇ ਪੱਥਰ ਨਹੀਂ ਛੱਡਿਆ ਜਾਵੇਗਾ ਜਿਹੜਾ ਡੇਗਿਆ ਨਾ ਜਾਵੇ।”+

3 ਫਿਰ ਜਦ ਉਹ ਜ਼ੈਤੂਨ ਪਹਾੜ ਉੱਤੇ ਬੈਠਾ ਹੋਇਆ ਸੀ, ਤਾਂ ਉਸ ਦੇ ਚੇਲਿਆਂ ਨੇ ਆ ਕੇ ਉਸ ਨੂੰ ਪੁੱਛਿਆ: “ਸਾਨੂੰ ਦੱਸ, ਇਹ ਘਟਨਾਵਾਂ ਕਦੋਂ ਵਾਪਰਨਗੀਆਂ ਅਤੇ ਤੇਰੀ ਮੌਜੂਦਗੀ*+ ਦੀ ਅਤੇ ਇਸ ਯੁਗ* ਦੇ ਆਖ਼ਰੀ ਸਮੇਂ ਦੀ ਕੀ ਨਿਸ਼ਾਨੀ ਹੋਵੇਗੀ?”+

4 ਯਿਸੂ ਨੇ ਉਨ੍ਹਾਂ ਨੂੰ ਜਵਾਬ ਦਿੱਤਾ: “ਖ਼ਬਰਦਾਰ ਰਹੋ ਕਿ ਤੁਹਾਨੂੰ ਕੋਈ ਗੁਮਰਾਹ ਨਾ ਕਰੇ+ 5 ਕਿਉਂਕਿ ਮੇਰੇ ਨਾਂ ʼਤੇ ਬਹੁਤ ਸਾਰੇ ਲੋਕ ਆਉਣਗੇ ਅਤੇ ਕਹਿਣਗੇ, ‘ਮੈਂ ਹੀ ਮਸੀਹ ਹਾਂ’ ਅਤੇ ਕਈਆਂ ਨੂੰ ਗੁਮਰਾਹ ਕਰਨਗੇ।+ 6 ਤੁਸੀਂ ਲੜਾਈਆਂ ਦਾ ਰੌਲ਼ਾ ਅਤੇ ਲੜਾਈਆਂ ਦੀਆਂ ਖ਼ਬਰਾਂ ਸੁਣੋਗੇ। ਦੇਖਿਓ ਕਿਤੇ ਘਬਰਾ ਨਾ ਜਾਣਾ ਕਿਉਂਕਿ ਇਹ ਸਭ ਕੁਝ ਹੋਣਾ ਜ਼ਰੂਰੀ ਹੈ, ਪਰ ਅੰਤ ਹਾਲੇ ਨਹੀਂ ਆਵੇਗਾ।+

7 “ਕੌਮ ਕੌਮ ਉੱਤੇ ਅਤੇ ਦੇਸ਼ ਦੇਸ਼ ਉੱਤੇ ਹਮਲਾ ਕਰੇਗਾ,+ ਥਾਂ-ਥਾਂ ਕਾਲ਼ ਪੈਣਗੇ+ ਤੇ ਭੁਚਾਲ਼ ਆਉਣਗੇ।+ 8 ਇਹ ਸਭ ਕੁਝ ਪੀੜਾਂ* ਦੀ ਸ਼ੁਰੂਆਤ ਹੀ ਹੈ।

9 “ਫਿਰ ਲੋਕ ਤੁਹਾਡੇ ਉੱਤੇ ਅਤਿਆਚਾਰ ਕਰਨਗੇ+ ਅਤੇ ਤੁਹਾਨੂੰ ਮਾਰ ਦੇਣਗੇ।+ ਮੇਰੇ ਚੇਲੇ ਹੋਣ ਕਰਕੇ ਤੁਸੀਂ ਸਾਰੀਆਂ ਕੌਮਾਂ ਦੀ ਨਫ਼ਰਤ ਦੇ ਸ਼ਿਕਾਰ ਬਣੋਗੇ।+ 10 ਨਾਲੇ ਬਹੁਤ ਸਾਰੇ ਲੋਕ ਨਿਹਚਾ ਕਰਨੀ ਛੱਡ ਦੇਣਗੇ,* ਇਕ-ਦੂਜੇ ਨਾਲ ਦਗ਼ਾ ਅਤੇ ਨਫ਼ਰਤ ਕਰਨਗੇ। 11 ਬਹੁਤ ਸਾਰੇ ਝੂਠੇ ਨਬੀ ਆਉਣਗੇ ਤੇ ਕਈਆਂ ਨੂੰ ਗੁਮਰਾਹ ਕਰਨਗੇ।+ 12 ਅਤੇ ਬੁਰਾਈ ਦੇ ਵਧਣ ਕਰਕੇ ਜ਼ਿਆਦਾਤਰ ਲੋਕਾਂ ਦਾ ਪਿਆਰ ਠੰਢਾ ਪੈ ਜਾਵੇਗਾ। 13 ਪਰ ਜਿਹੜਾ ਇਨਸਾਨ ਅੰਤ ਤਕ ਧੀਰਜ ਨਾਲ ਸਹਿੰਦਾ ਰਹੇਗਾ, ਉਹੀ ਬਚਾਇਆ ਜਾਵੇਗਾ।+ 14 ਅਤੇ ਸਾਰੀਆਂ ਕੌਮਾਂ ਨੂੰ ਗਵਾਹੀ ਦੇਣ ਲਈ ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪ੍ਰਚਾਰ ਪੂਰੀ ਦੁਨੀਆਂ ਵਿਚ ਕੀਤਾ ਜਾਵੇਗਾ,+ ਫਿਰ ਅੰਤ ਆਵੇਗਾ।

15 “ਇਸ ਲਈ ਜਦ ਤੁਸੀਂ ਤਬਾਹੀ ਮਚਾਉਣ ਵਾਲੀ ਘਿਣਾਉਣੀ ਚੀਜ਼ ਨੂੰ ਪਵਿੱਤਰ ਥਾਂ ʼਤੇ ਖੜ੍ਹੀ ਦੇਖੋਗੇ,+ ਜਿਵੇਂ ਦਾਨੀਏਲ ਨਬੀ ਨੇ ਦੱਸਿਆ ਸੀ (ਇਸ ਬਿਰਤਾਂਤ ਨੂੰ ਪੜ੍ਹਨ ਵਾਲਾ ਸਮਝ ਤੋਂ ਕੰਮ ਲਵੇ), 16 ਤਾਂ ਜਿਹੜੇ ਯਹੂਦਿਯਾ ਵਿਚ ਹੋਣ, ਉਹ ਪਹਾੜਾਂ ਨੂੰ ਭੱਜਣਾ ਸ਼ੁਰੂ ਕਰ ਦੇਣ।+ 17 ਜਿਹੜਾ ਆਦਮੀ ਕੋਠੇ ʼਤੇ ਹੋਵੇ, ਉਹ ਹੇਠਾਂ ਆ ਕੇ ਕੋਈ ਚੀਜ਼ ਲੈਣ ਅੰਦਰ ਨਾ ਜਾਵੇ 18 ਅਤੇ ਜਿਹੜਾ ਆਦਮੀ ਖੇਤ ਵਿਚ ਹੋਵੇ, ਉਹ ਘਰੋਂ ਆਪਣਾ ਚੋਗਾ ਲੈਣ ਵਾਪਸ ਨਾ ਜਾਵੇ। 19 ਇਹ ਸਮਾਂ ਗਰਭਵਤੀ ਔਰਤਾਂ ਅਤੇ ਦੁੱਧ ਚੁੰਘਾਉਂਦੀਆਂ ਔਰਤਾਂ ਲਈ ਬਹੁਤ ਔਖਾ ਹੋਵੇਗਾ! 20 ਪ੍ਰਾਰਥਨਾ ਕਰਦੇ ਰਹੋ ਕਿ ਤੁਹਾਨੂੰ ਨਾ ਸਿਆਲ਼ ਵਿਚ ਤੇ ਨਾ ਹੀ ਸਬਤ ਦੇ ਦਿਨ ਭੱਜਣਾ ਪਵੇ; 21 ਕਿਉਂਕਿ ਉਦੋਂ ਅਜਿਹਾ ਮਹਾਂਕਸ਼ਟ ਆਵੇਗਾ+ ਜਿਹੋ ਜਿਹਾ ਦੁਨੀਆਂ ਦੀ ਸ੍ਰਿਸ਼ਟੀ ਤੋਂ ਲੈ ਕੇ ਹੁਣ ਤਕ ਨਾ ਕਦੇ ਆਇਆ ਹੈ ਤੇ ਨਾ ਦੁਬਾਰਾ ਕਦੇ ਆਵੇਗਾ।+ 22 ਜੇ ਮਹਾਂਕਸ਼ਟ ਦੇ ਦਿਨਾਂ ਨੂੰ ਘਟਾਇਆ ਨਾ ਗਿਆ, ਤਾਂ ਕੋਈ* ਵੀ ਨਹੀਂ ਬਚੇਗਾ। ਪਰ ਚੁਣੇ ਹੋਏ ਲੋਕਾਂ ਦੀ ਖ਼ਾਤਰ ਇਹ ਦਿਨ ਘਟਾਏ ਜਾਣਗੇ।+

23 “ਫਿਰ ਜੇ ਕੋਈ ਤੁਹਾਨੂੰ ਕਹੇ, ‘ਦੇਖੋ! ਮਸੀਹ ਇੱਥੇ ਹੈ’+ ਜਾਂ ‘ਉੱਥੇ ਹੈ,’ ਤਾਂ ਉਨ੍ਹਾਂ ਦੀ ਗੱਲ ਦਾ ਯਕੀਨ ਨਾ ਕਰਿਓ।+ 24 ਕਿਉਂਕਿ ਝੂਠੇ ਮਸੀਹ ਅਤੇ ਝੂਠੇ ਨਬੀ+ ਆਉਣਗੇ ਅਤੇ ਵੱਡੀਆਂ-ਵੱਡੀਆਂ ਨਿਸ਼ਾਨੀਆਂ ਤੇ ਕਰਾਮਾਤਾਂ ਦਿਖਾ ਕੇ ਚੁਣੇ ਹੋਇਆਂ ਨੂੰ ਵੀ ਗੁਮਰਾਹ ਕਰਨ ਦੀ ਕੋਸ਼ਿਸ਼ ਕਰਨਗੇ।+ 25 ਦੇਖੋ! ਮੈਂ ਤੁਹਾਨੂੰ ਪਹਿਲਾਂ ਹੀ ਖ਼ਬਰਦਾਰ ਕਰ ਦਿੱਤਾ ਹੈ। 26 ਇਸ ਲਈ, ਜੇ ਲੋਕ ਤੁਹਾਨੂੰ ਕਹਿਣ, ‘ਦੇਖੋ! ਉਹ ਉਜਾੜ ਵਿਚ ਹੈ,’ ਤਾਂ ਤੁਸੀਂ ਉੱਥੇ ਨਾ ਜਾਣਾ; ‘ਦੇਖੋ! ਉਹ ਅੰਦਰਲੇ ਕਮਰਿਆਂ ਵਿਚ ਹੈ,’ ਤਾਂ ਉਨ੍ਹਾਂ ਦੀ ਗੱਲ ਦਾ ਇਤਬਾਰ ਨਾ ਕਰਨਾ।+ 27 ਜਿਸ ਤਰ੍ਹਾਂ ਪੂਰਬ ਤੋਂ ਲੈ ਕੇ ਪੱਛਮ ਤਕ ਪੂਰੇ ਆਕਾਸ਼ ਵਿਚ ਬਿਜਲੀ ਲਿਸ਼ਕਦੀ ਹੈ, ਉਸੇ ਤਰ੍ਹਾਂ ਮਨੁੱਖ ਦੇ ਪੁੱਤਰ ਦੀ ਮੌਜੂਦਗੀ* ਹੋਵੇਗੀ।+ 28 ਉਕਾਬ ਉੱਥੇ ਇਕੱਠੇ ਹੁੰਦੇ ਹਨ ਜਿੱਥੇ ਲਾਸ਼ ਪਈ ਹੁੰਦੀ ਹੈ।+

29 “ਉਨ੍ਹਾਂ ਦਿਨਾਂ ਦੇ ਇਸ ਕਸ਼ਟ ਤੋਂ ਇਕਦਮ ਬਾਅਦ, ਸੂਰਜ ਹਨੇਰਾ ਹੋ ਜਾਵੇਗਾ,+ ਚੰਦ ਆਪਣੀ ਰੌਸ਼ਨੀ ਨਾ ਦੇਵੇਗਾ, ਤਾਰੇ ਆਕਾਸ਼ੋਂ ਹੇਠਾਂ ਡਿਗ ਪੈਣਗੇ ਅਤੇ ਆਕਾਸ਼ ਦੀਆਂ ਸ਼ਕਤੀਆਂ ਹਿਲਾਈਆਂ ਜਾਣਗੀਆਂ।+ 30 ਫਿਰ ਮਨੁੱਖ ਦੇ ਪੁੱਤਰ ਦੀ ਨਿਸ਼ਾਨੀ ਆਕਾਸ਼ ਵਿਚ ਦਿਖਾਈ ਦੇਵੇਗੀ ਅਤੇ ਧਰਤੀ ਦੀਆਂ ਸਾਰੀਆਂ ਕੌਮਾਂ ਦੁੱਖ ਦੇ ਮਾਰੇ ਆਪਣੀ ਛਾਤੀ ਪਿੱਟਣਗੀਆਂ+ ਅਤੇ ਉਹ ਮਨੁੱਖ ਦੇ ਪੁੱਤਰ+ ਨੂੰ ਬੱਦਲਾਂ ਵਿਚ ਸ਼ਕਤੀ ਅਤੇ ਵੱਡੀ ਮਹਿਮਾ ਨਾਲ ਆਉਂਦਾ ਦੇਖਣਗੀਆਂ।+ 31 ਉਹ ਤੁਰ੍ਹੀ ਦੀ ਉੱਚੀ ਆਵਾਜ਼ ਨਾਲ ਆਪਣੇ ਦੂਤਾਂ ਨੂੰ ਘੱਲੇਗਾ ਅਤੇ ਦੂਤ ਆਕਾਸ਼ ਦੇ ਇਕ ਸਿਰੇ ਤੋਂ ਲੈ ਕੇ ਦੂਜੇ ਸਿਰੇ ਤਕ, ਚੌਹਾਂ ਪਾਸਿਆਂ ਤੋਂ ਉਸ ਦੇ ਚੁਣੇ ਹੋਏ ਲੋਕਾਂ ਨੂੰ ਇਕੱਠਾ ਕਰਨਗੇ।+

32 “ਅੰਜੀਰ ਦੇ ਦਰਖ਼ਤ ਦੀ ਮਿਸਾਲ ਤੋਂ ਸਿੱਖੋ: ਜਦ ਉਸ ਦੀ ਟਾਹਣੀ ਨਰਮ ਹੋ ਜਾਂਦੀ ਹੈ ਅਤੇ ਪੱਤੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ, ਤਾਂ ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਗਰਮੀਆਂ ਦਾ ਮੌਸਮ ਆਉਣ ਵਾਲਾ ਹੈ।+ 33 ਇਸੇ ਤਰ੍ਹਾਂ, ਜਦ ਤੁਸੀਂ ਇਹ ਸਭ ਕੁਝ ਹੁੰਦਾ ਦੇਖੋ, ਤਾਂ ਸਮਝ ਜਾਣਾ ਕਿ ਮਨੁੱਖ ਦਾ ਪੁੱਤਰ ਲਾਗੇ ਆ ਗਿਆ ਹੈ, ਸਗੋਂ ਉਹ ਦਰਵਾਜ਼ੇ ʼਤੇ ਹੈ।+ 34 ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਇਸ ਪੀੜ੍ਹੀ ਦੇ ਖ਼ਤਮ ਹੋਣ ਤੋਂ ਪਹਿਲਾਂ-ਪਹਿਲਾਂ ਇਹ ਸਾਰੀਆਂ ਘਟਨਾਵਾਂ ਜ਼ਰੂਰ ਵਾਪਰਨਗੀਆਂ। 35 ਆਸਮਾਨ ਅਤੇ ਧਰਤੀ ਮਿਟ ਜਾਣਗੇ, ਪਰ ਮੇਰੇ ਸ਼ਬਦ ਕਦੇ ਨਹੀਂ ਮਿਟਣਗੇ!+

36 “ਉਸ ਦਿਨ ਜਾਂ ਉਸ ਘੜੀ ਨੂੰ ਕੋਈ ਨਹੀਂ ਜਾਣਦਾ,+ ਨਾ ਸਵਰਗੀ ਦੂਤ, ਨਾ ਪੁੱਤਰ, ਪਰ ਸਿਰਫ਼ ਪਿਤਾ ਜਾਣਦਾ ਹੈ।+ 37 ਜਿਵੇਂ ਨੂਹ ਦੇ ਦਿਨਾਂ ਵਿਚ ਹੋਇਆ ਸੀ,+ ਉਸੇ ਤਰ੍ਹਾਂ ਮਨੁੱਖ ਦੇ ਪੁੱਤਰ ਦੀ ਮੌਜੂਦਗੀ* ਦੌਰਾਨ ਹੋਵੇਗਾ।+ 38 ਜਲ-ਪਰਲੋ ਤੋਂ ਪਹਿਲਾਂ ਦੇ ਦਿਨਾਂ ਵਿਚ ਲੋਕ ਖਾਂਦੇ-ਪੀਂਦੇ, ਆਦਮੀ ਵਿਆਹ ਕਰਾਉਂਦੇ ਤੇ ਤੀਵੀਆਂ ਵਿਆਹੀਆਂ ਜਾਂਦੀਆਂ ਸਨ। ਇਹ ਸਭ ਕੁਝ ਨੂਹ ਦੇ ਕਿਸ਼ਤੀ* ਵਿਚ ਵੜਨ ਦੇ ਦਿਨ ਤਕ ਹੁੰਦਾ ਰਿਹਾ+ 39 ਅਤੇ ਲੋਕਾਂ ਨੇ ਉਦੋਂ ਤਕ ਕੋਈ ਧਿਆਨ ਨਾ ਦਿੱਤਾ ਜਦ ਤਕ ਜਲ-ਪਰਲੋ ਆ ਕੇ ਉਨ੍ਹਾਂ ਸਾਰਿਆਂ ਨੂੰ ਰੋੜ੍ਹ ਕੇ ਨਾ ਲੈ ਗਈ।+ ਮਨੁੱਖ ਦੇ ਪੁੱਤਰ ਦੀ ਮੌਜੂਦਗੀ ਦੌਰਾਨ ਵੀ ਇਸੇ ਤਰ੍ਹਾਂ ਹੋਵੇਗਾ। 40 ਤਦ ਦੋ ਆਦਮੀ ਖੇਤ ਵਿਚ ਹੋਣਗੇ; ਇਕ ਨੂੰ ਨਾਲ ਲਿਜਾਇਆ ਜਾਵੇਗਾ ਅਤੇ ਦੂਜੇ ਨੂੰ ਛੱਡ ਦਿੱਤਾ ਜਾਵੇਗਾ। 41 ਦੋ ਤੀਵੀਆਂ ਚੱਕੀ ਪੀਂਹਦੀਆਂ ਹੋਣਗੀਆਂ; ਇਕ ਨੂੰ ਨਾਲ ਲਿਜਾਇਆ ਜਾਵੇਗਾ ਅਤੇ ਦੂਜੀ ਨੂੰ ਛੱਡ ਦਿੱਤਾ ਜਾਵੇਗਾ।+ 42 ਇਸ ਲਈ ਖ਼ਬਰਦਾਰ ਰਹੋ ਕਿਉਂਕਿ ਤੁਸੀਂ ਨਹੀਂ ਜਾਣਦੇ ਕਿ ਤੁਹਾਡਾ ਪ੍ਰਭੂ ਕਿਹੜੇ ਦਿਨ ਆਵੇਗਾ।+

43 “ਪਰ ਇਕ ਗੱਲ ਤਾਂ ਪੱਕੀ ਹੈ: ਜੇ ਘਰ ਦੇ ਮਾਲਕ ਨੂੰ ਪਤਾ ਹੁੰਦਾ ਕਿ ਚੋਰ ਨੇ ਕਿਹੜੇ ਪਹਿਰ* ਆਉਣਾ ਸੀ,+ ਤਾਂ ਉਹ ਜਾਗਦਾ ਰਹਿੰਦਾ ਅਤੇ ਆਪਣੇ ਘਰ ਨੂੰ ਸੰਨ੍ਹ ਨਾ ਲੱਗਣ ਦਿੰਦਾ।+ 44 ਇਸ ਲਈ ਤੁਸੀਂ ਵੀ ਹਮੇਸ਼ਾ ਤਿਆਰ ਰਹੋ+ ਕਿਉਂਕਿ ਮਨੁੱਖ ਦਾ ਪੁੱਤਰ ਉਸ ਵੇਲੇ ਆਵੇਗਾ ਜਿਸ ਵੇਲੇ ਤੁਸੀਂ ਉਸ ਦੇ ਆਉਣ ਦੀ ਆਸ ਨਾ ਰੱਖੀ ਹੋਵੇ।

45 “ਉਹ ਵਫ਼ਾਦਾਰ ਅਤੇ ਸਮਝਦਾਰ ਨੌਕਰ ਅਸਲ ਵਿਚ ਕੌਣ ਹੈ ਜਿਸ ਨੂੰ ਉਸ ਦੇ ਮਾਲਕ ਨੇ ਆਪਣੇ ਸਾਰੇ ਨੌਕਰਾਂ-ਚਾਕਰਾਂ ਦਾ ਮੁਖਤਿਆਰ ਬਣਾਇਆ ਹੈ ਤਾਂਕਿ ਉਹ ਉਨ੍ਹਾਂ ਨੂੰ ਸਹੀ ਸਮੇਂ ਤੇ ਭੋਜਨ ਦੇਵੇ?+ 46 ਖ਼ੁਸ਼ ਹੈ ਉਹ ਨੌਕਰ ਜਿਸ ਦਾ ਮਾਲਕ ਆ ਕੇ ਉਸ ਨੂੰ ਅਜਿਹਾ ਕਰਦਿਆਂ ਦੇਖੇ!+ 47 ਮੈਂ ਤੁਹਾਨੂੰ ਸੱਚ ਕਹਿੰਦਾ ਹਾਂ: ਉਹ ਉਸ ਨੌਕਰ ਨੂੰ ਆਪਣੀ ਸਾਰੀ ਮਲਕੀਅਤ ਦਾ ਮੁਖਤਿਆਰ ਬਣਾਵੇਗਾ।

48 “ਪਰ ਜੇ ਕਦੇ ਬੁਰਾ ਨੌਕਰ ਆਪਣੇ ਦਿਲ ਵਿਚ ਕਹੇ, ‘ਮੇਰਾ ਮਾਲਕ ਤਾਂ ਦੇਰ ਲਾ ਰਿਹਾ ਹੈ’+ 49 ਅਤੇ ਦੂਸਰੇ ਨੌਕਰਾਂ ਨੂੰ ਕੁੱਟਣ ਲੱਗ ਪਵੇ ਅਤੇ ਪੱਕੇ ਸ਼ਰਾਬੀਆਂ ਨਾਲ ਖਾਵੇ-ਪੀਵੇ, 50 ਤਾਂ ਉਸ ਦਾ ਮਾਲਕ ਕਿਸੇ ਦਿਨ ਉਸ ਸਮੇਂ ਆਵੇਗਾ ਜਦੋਂ ਉਸ ਨੇ ਮਾਲਕ ਦੇ ਆਉਣ ਦੀ ਆਸ ਨਾ ਰੱਖੀ ਹੋਵੇ+ 51 ਅਤੇ ਉਹ ਉਸ ਨੌਕਰ ਨੂੰ ਸਖ਼ਤ ਸਜ਼ਾ ਦੇਵੇਗਾ ਅਤੇ ਉਸ ਦਾ ਉਹ ਹਸ਼ਰ ਕਰੇਗਾ ਜੋ ਪਖੰਡੀਆਂ ਦਾ ਹੁੰਦਾ ਹੈ। ਉੱਥੇ ਉਹ ਆਪਣੀ ਮਾੜੀ ਹਾਲਤ ʼਤੇ ਰੋਵੇਗਾ ਅਤੇ ਕਚੀਚੀਆਂ ਵੱਟੇਗਾ।”+

25 “ਸਵਰਗ ਦਾ ਰਾਜ ਉਨ੍ਹਾਂ ਦਸ ਕੁਆਰੀਆਂ ਵਰਗਾ ਹੈ ਜਿਹੜੀਆਂ ਆਪਣੇ ਦੀਵੇ ਲੈ ਕੇ+ ਲਾੜੇ ਦਾ ਸੁਆਗਤ ਕਰਨ ਗਈਆਂ।+ 2 ਉਨ੍ਹਾਂ ਵਿੱਚੋਂ ਪੰਜ ਮੂਰਖ ਸਨ ਅਤੇ ਪੰਜ ਸਮਝਦਾਰ।+ 3 ਕਿਉਂਕਿ ਮੂਰਖ ਕੁਆਰੀਆਂ ਆਪਣੇ ਦੀਵੇ ਤਾਂ ਲੈ ਗਈਆਂ, ਪਰ ਆਪਣੇ ਨਾਲ ਤੇਲ ਨਹੀਂ ਲੈ ਕੇ ਗਈਆਂ, 4 ਜਦ ਕਿ ਸਮਝਦਾਰ ਕੁਆਰੀਆਂ ਨੇ ਆਪਣੇ ਦੀਵਿਆਂ ਦੇ ਨਾਲ ਆਪਣੀਆਂ ਕੁੱਪੀਆਂ ਵਿਚ ਵਾਧੂ ਤੇਲ ਵੀ ਲਿਆ। 5 ਪਰ ਲਾੜਾ ਆਉਣ ਵਿਚ ਦੇਰ ਕਰ ਰਿਹਾ ਸੀ, ਇਸ ਲਈ ਉਨ੍ਹਾਂ ਸਾਰੀਆਂ ਨੂੰ ਨੀਂਦ ਆਉਣ ਲੱਗ ਪਈ ਤੇ ਉਹ ਸੌਂ ਗਈਆਂ। 6 ਫਿਰ ਅੱਧੀ ਰਾਤ ਨੂੰ ਰੌਲ਼ਾ ਪੈ ਗਿਆ: ‘ਲਾੜਾ ਆ ਰਿਹਾ ਹੈ! ਉਸ ਦਾ ਸੁਆਗਤ ਕਰਨ ਜਾਓ।’ 7 ਫਿਰ ਉਨ੍ਹਾਂ ਸਾਰੀਆਂ ਕੁਆਰੀਆਂ ਨੇ ਉੱਠ ਕੇ ਆਪਣੇ-ਆਪਣੇ ਦੀਵੇ ਤਿਆਰ ਕੀਤੇ।+ 8 ਮੂਰਖਾਂ ਨੇ ਸਮਝਦਾਰ ਕੁਆਰੀਆਂ ਨੂੰ ਕਿਹਾ, ‘ਸਾਨੂੰ ਆਪਣਾ ਥੋੜ੍ਹਾ ਜਿਹਾ ਤੇਲ ਦੇ ਦਿਓ ਕਿਉਂਕਿ ਸਾਡੇ ਦੀਵੇ ਬੁਝਣ ਵਾਲੇ ਹਨ।’ 9 ਪਰ ਸਮਝਦਾਰ ਕੁਆਰੀਆਂ ਨੇ ਜਵਾਬ ਦਿੱਤਾ: ‘ਜੇ ਅਸੀਂ ਤੁਹਾਨੂੰ ਤੇਲ ਦੇ ਦੇਈਏ, ਤਾਂ ਨਾ ਤੁਹਾਡਾ ਸਰਨਾ ਤੇ ਨਾ ਸਾਡਾ। ਇਸ ਕਰਕੇ ਤੁਸੀਂ ਜਾ ਕੇ ਤੇਲ ਵੇਚਣ ਵਾਲਿਆਂ ਤੋਂ ਆਪਣੇ ਲਈ ਖ਼ਰੀਦ ਲਿਆਓ।’ 10 ਜਦ ਮੂਰਖ ਕੁਆਰੀਆਂ ਤੇਲ ਖ਼ਰੀਦਣ ਚਲੀਆਂ ਗਈਆਂ, ਤਾਂ ਲਾੜਾ ਪਹੁੰਚ ਗਿਆ। ਜਿਹੜੀਆਂ ਕੁਆਰੀਆਂ ਤਿਆਰ ਸਨ, ਉਹ ਵਿਆਹ ਦੀ ਦਾਅਵਤ ਲਈ ਲਾੜੇ ਨਾਲ ਅੰਦਰ ਚਲੀਆਂ ਗਈਆਂ+ ਅਤੇ ਦਰਵਾਜ਼ਾ ਬੰਦ ਕਰ ਦਿੱਤਾ ਗਿਆ। 11 ਬਾਅਦ ਵਿਚ ਜਦੋਂ ਬਾਕੀ ਦੀਆਂ ਕੁਆਰੀਆਂ ਵਾਪਸ ਮੁੜੀਆਂ, ਤਾਂ ਉਨ੍ਹਾਂ ਨੇ ਕਿਹਾ: ‘ਹਜ਼ੂਰ! ਹਜ਼ੂਰ! ਸਾਡੇ ਲਈ ਦਰਵਾਜ਼ਾ ਖੋਲ੍ਹੋ।’+ 12 ਤਦ ਲਾੜੇ ਨੇ ਉਨ੍ਹਾਂ ਨੂੰ ਕਿਹਾ, ‘ਮੈਂ ਤੁਹਾਨੂੰ ਸੱਚ ਦੱਸਾਂ, ਮੈਂ ਤੁਹਾਨੂੰ ਨਹੀਂ ਜਾਣਦਾ।’

13 “ਇਸ ਲਈ ਖ਼ਬਰਦਾਰ ਰਹੋ+ ਕਿਉਂਕਿ ਤੁਸੀਂ ਨਾ ਉਸ ਦਿਨ ਨੂੰ ਤੇ ਨਾ ਉਸ ਘੜੀ ਨੂੰ ਜਾਣਦੇ ਹੋ।+

14 “ਸਵਰਗ ਦਾ ਰਾਜ ਉਸ ਆਦਮੀ ਵਰਗਾ ਹੈ ਜਿਸ ਨੇ ਪਰਦੇਸ ਜਾਣ ਤੋਂ ਪਹਿਲਾਂ ਆਪਣੇ ਨੌਕਰਾਂ ਨੂੰ ਬੁਲਾ ਕੇ ਉਨ੍ਹਾਂ ਨੂੰ ਆਪਣੀ ਜਾਇਦਾਦ ਦੀ ਜ਼ਿੰਮੇਵਾਰੀ ਸੌਂਪੀ।+ 15 ਉਸ ਨੇ ਹਰ ਨੌਕਰ ਨੂੰ ਉਸ ਦੀ ਯੋਗਤਾ ਅਨੁਸਾਰ ਪੈਸੇ ਦਿੱਤੇ, ਇਕ ਨੌਕਰ ਨੂੰ ਚਾਂਦੀ ਦੇ ਸਿੱਕਿਆਂ ਦੀਆਂ ਪੰਜ ਥੈਲੀਆਂ* ਦਿੱਤੀਆਂ, ਦੂਜੇ ਨੂੰ ਦੋ ਅਤੇ ਤੀਜੇ ਨੂੰ ਇਕ। ਫਿਰ ਉਹ ਪਰਦੇਸ ਚਲਾ ਗਿਆ। 16 ਜਿਸ ਨੌਕਰ ਨੂੰ ਪੰਜ ਥੈਲੀਆਂ ਮਿਲੀਆਂ ਸਨ, ਉਸ ਨੇ ਬਿਨਾਂ ਦੇਰ ਕੀਤਿਆਂ ਜਾ ਕੇ ਆਪਣੇ ਪੈਸਿਆਂ ਨਾਲ ਕਾਰੋਬਾਰ ਕੀਤਾ ਅਤੇ ਪੰਜ ਥੈਲੀਆਂ ਹੋਰ ਕਮਾ ਲਈਆਂ। 17 ਇਸੇ ਤਰ੍ਹਾਂ ਜਿਸ ਨੌਕਰ ਨੂੰ ਦੋ ਥੈਲੀਆਂ ਮਿਲੀਆਂ ਸਨ, ਉਸ ਨੇ ਵੀ ਕਾਰੋਬਾਰ ਕਰ ਕੇ ਦੋ ਥੈਲੀਆਂ ਹੋਰ ਕਮਾ ਲਈਆਂ। 18 ਪਰ ਜਿਸ ਨੌਕਰ ਨੂੰ ਇੱਕੋ ਥੈਲੀ ਮਿਲੀ ਸੀ, ਉਸ ਨੇ ਟੋਆ ਪੁੱਟ ਕੇ ਆਪਣੇ ਮਾਲਕ ਦੇ ਚਾਂਦੀ ਦੇ ਸਿੱਕੇ ਦੱਬ ਦਿੱਤੇ।

19 “ਲੰਬੇ ਸਮੇਂ ਬਾਅਦ ਉਨ੍ਹਾਂ ਨੌਕਰਾਂ ਦਾ ਮਾਲਕ ਵਾਪਸ ਆਇਆ ਅਤੇ ਉਨ੍ਹਾਂ ਤੋਂ ਹਿਸਾਬ ਮੰਗਿਆ।+ 20 ਜਿਸ ਨੂੰ ਪੰਜ ਥੈਲੀਆਂ ਮਿਲੀਆਂ ਸਨ, ਉਹ ਆਪਣੇ ਨਾਲ ਪੰਜ ਹੋਰ ਥੈਲੀਆਂ ਲੈ ਕੇ ਆਇਆ ਅਤੇ ਉਸ ਨੇ ਆਪਣੇ ਮਾਲਕ ਨੂੰ ਕਿਹਾ: ‘ਸਾਹਬ ਜੀ, ਤੂੰ ਮੈਨੂੰ ਪੰਜ ਥੈਲੀਆਂ ਦੇ ਕੇ ਗਿਆ ਸੀ; ਦੇਖੋ, ਮੈਂ ਪੰਜ ਹੋਰ ਕਮਾ ਲਈਆਂ।’+ 21 ਇਹ ਸੁਣ ਕੇ ਮਾਲਕ ਨੇ ਉਸ ਨੂੰ ਕਿਹਾ: ‘ਸ਼ਾਬਾਸ਼, ਚੰਗੇ ਤੇ ਭਰੋਸੇਮੰਦ ਨੌਕਰ! ਤੂੰ ਥੋੜ੍ਹੀਆਂ ਚੀਜ਼ਾਂ ਵਿਚ ਭਰੋਸੇਮੰਦ ਸਾਬਤ ਹੋਇਆ ਹੈਂ, ਇਸ ਲਈ ਮੈਂ ਤੈਨੂੰ ਬਹੁਤ ਸਾਰੀਆਂ ਚੀਜ਼ਾਂ ਦਾ ਮੁਖਤਿਆਰ ਬਣਾਵਾਂਗਾ।+ ਆਪਣੇ ਮਾਲਕ ਦੀ ਖ਼ੁਸ਼ੀ ਵਿਚ ਸ਼ਾਮਲ ਹੋ।’+ 22 ਫਿਰ ਜਿਸ ਨੂੰ ਦੋ ਥੈਲੀਆਂ ਮਿਲੀਆਂ ਸਨ, ਉਸ ਨੇ ਆ ਕੇ ਆਪਣੇ ਮਾਲਕ ਨੂੰ ਕਿਹਾ: ‘ਸਾਹਬ ਜੀ, ਤੂੰ ਮੈਨੂੰ ਦੋ ਥੈਲੀਆਂ ਦੇ ਕੇ ਗਿਆ ਸੀ; ਦੇਖੋ, ਮੈਂ ਦੋ ਹੋਰ ਕਮਾ ਲਈਆਂ।’+ 23 ਮਾਲਕ ਨੇ ਉਸ ਨੂੰ ਵੀ ਕਿਹਾ: ‘ਸ਼ਾਬਾਸ਼, ਚੰਗੇ ਤੇ ਭਰੋਸੇਮੰਦ ਨੌਕਰ! ਤੂੰ ਥੋੜ੍ਹੀਆਂ ਚੀਜ਼ਾਂ ਵਿਚ ਭਰੋਸੇਮੰਦ ਸਾਬਤ ਹੋਇਆ ਹੈਂ, ਇਸ ਲਈ ਮੈਂ ਤੈਨੂੰ ਬਹੁਤ ਸਾਰੀਆਂ ਚੀਜ਼ਾਂ ਦਾ ਮੁਖਤਿਆਰ ਬਣਾਵਾਂਗਾ। ਆਪਣੇ ਮਾਲਕ ਦੀ ਖ਼ੁਸ਼ੀ ਵਿਚ ਸ਼ਾਮਲ ਹੋ।’

24 “ਅਖ਼ੀਰ ਵਿਚ ਉਹ ਨੌਕਰ ਅੱਗੇ ਆਇਆ ਜਿਸ ਨੂੰ ਇਕ ਥੈਲੀ ਮਿਲੀ ਸੀ। ਉਸ ਨੇ ਕਿਹਾ: ‘ਸਾਹਬ ਜੀ, ਮੈਂ ਜਾਣਦਾ ਹਾਂ ਕਿ ਤੂੰ ਬੜੇ ਸਖ਼ਤ ਸੁਭਾਅ ਦਾ ਬੰਦਾ ਹੈਂ। ਤੂੰ ਉਸ ਫ਼ਸਲ ਨੂੰ ਹੜੱਪ ਲੈਂਦਾ ਹੈਂ ਜੋ ਤੂੰ ਨਹੀਂ ਬੀਜੀ ਅਤੇ ਜੋ ਅਨਾਜ ਤੂੰ ਨਹੀਂ ਛੱਟਿਆ, ਉਹ ਅਨਾਜ ਤੂੰ ਲੈ ਲੈਂਦਾ ਹੈਂ।+ 25 ਇਸ ਲਈ ਮੈਂ ਡਰ ਦੇ ਮਾਰੇ ਤੇਰੇ ਪੈਸੇ ਜ਼ਮੀਨ ਵਿਚ ਦੱਬ ਦਿੱਤੇ। ਆਹ ਲੈ ਆਪਣੇ ਪੈਸੇ।’ 26 ਮਾਲਕ ਨੇ ਉਸ ਨੂੰ ਜਵਾਬ ਦਿੰਦਿਆਂ ਕਿਹਾ: ‘ਓਏ ਦੁਸ਼ਟ ਤੇ ਆਲਸੀ ਨੌਕਰਾ, ਤੈਨੂੰ ਪਤਾ ਸੀ ਕਿ ਜੋ ਫ਼ਸਲ ਮੈਂ ਨਹੀਂ ਬੀਜੀ, ਉਹ ਫ਼ਸਲ ਮੈਂ ਹੜੱਪ ਲੈਂਦਾ ਹਾਂ ਅਤੇ ਜੋ ਅਨਾਜ ਮੈਂ ਨਹੀਂ ਛੱਟਿਆ, ਉਹ ਅਨਾਜ ਮੈਂ ਲੈ ਲੈਂਦਾ ਹਾਂ। 27 ਇਸ ਲਈ ਤੈਨੂੰ ਚਾਹੀਦਾ ਸੀ ਕਿ ਤੂੰ ਮੇਰੇ ਚਾਂਦੀ ਦੇ ਸਿੱਕੇ ਸ਼ਾਹੂਕਾਰਾਂ ਨੂੰ ਦੇ ਦਿੰਦਾ ਅਤੇ ਜਦੋਂ ਮੈਂ ਆਉਂਦਾ, ਤਾਂ ਮੈਨੂੰ ਵਿਆਜ ਸਮੇਤ ਆਪਣੇ ਪੈਸੇ ਵਾਪਸ ਮਿਲਦੇ।’

28 “‘ਇਸ ਲਈ ਇਸ ਨੌਕਰ ਤੋਂ ਇਹ ਥੈਲੀ ਲੈ ਕੇ ਉਸ ਨੌਕਰ ਨੂੰ ਦੇ ਦਿਓ ਜਿਸ ਕੋਲ ਦਸ ਥੈਲੀਆਂ ਹਨ।+ 29 ਕਿਉਂਕਿ ਜਿਸ ਕੋਲ ਹੈ, ਉਸ ਨੂੰ ਹੋਰ ਦਿੱਤਾ ਜਾਵੇਗਾ ਅਤੇ ਉਸ ਕੋਲ ਬਹੁਤ ਹੋ ਜਾਵੇਗਾ। ਪਰ ਜਿਸ ਕੋਲ ਨਹੀਂ ਹੈ, ਉਸ ਤੋਂ ਉਹ ਵੀ ਲੈ ਲਿਆ ਜਾਵੇਗਾ ਜੋ ਉਸ ਕੋਲ ਹੈ।+ 30 ਇਸ ਨਿਕੰਮੇ ਨੌਕਰ ਨੂੰ ਬਾਹਰ ਹਨੇਰੇ ਵਿਚ ਸੁੱਟ ਦਿਓ ਜਿੱਥੇ ਇਹ ਆਪਣੀ ਮਾੜੀ ਹਾਲਤ ʼਤੇ ਰੋਵੇਗਾ ਅਤੇ ਕਚੀਚੀਆਂ ਵੱਟੇਗਾ।’

31 “ਜਦੋਂ ਮਨੁੱਖ ਦਾ ਪੁੱਤਰ+ ਆਪਣੀ ਪੂਰੀ ਸ਼ਾਨੋ-ਸ਼ੌਕਤ ਨਾਲ ਆਪਣੇ ਸਾਰੇ ਦੂਤਾਂ ਸਣੇ ਆਵੇਗਾ,+ ਉਦੋਂ ਉਹ ਆਪਣੇ ਸ਼ਾਨਦਾਰ ਸਿੰਘਾਸਣ ਉੱਤੇ ਬੈਠੇਗਾ। 32 ਫਿਰ ਸਾਰੀਆਂ ਕੌਮਾਂ ਉਸ ਦੇ ਅੱਗੇ ਇਕੱਠੀਆਂ ਕੀਤੀਆਂ ਜਾਣਗੀਆਂ ਅਤੇ ਉਹ ਲੋਕਾਂ ਨੂੰ ਇਸ ਤਰ੍ਹਾਂ ਇਕ-ਦੂਸਰੇ ਤੋਂ ਅੱਡ ਕਰੇਗਾ, ਜਿਸ ਤਰ੍ਹਾਂ ਚਰਵਾਹਾ ਭੇਡਾਂ ਅਤੇ ਬੱਕਰੀਆਂ ਨੂੰ ਅੱਡੋ-ਅੱਡ ਕਰਦਾ ਹੈ। 33 ਉਹ ਭੇਡਾਂ+ ਨੂੰ ਆਪਣੇ ਸੱਜੇ ਪਾਸੇ, ਪਰ ਬੱਕਰੀਆਂ ਨੂੰ ਆਪਣੇ ਖੱਬੇ ਪਾਸੇ ਖੜ੍ਹਾ ਕਰੇਗਾ।+

34 “ਫਿਰ ਰਾਜਾ ਆਪਣੇ ਸੱਜੇ ਪਾਸੇ ਖੜ੍ਹੇ ਲੋਕਾਂ ਨੂੰ ਕਹੇਗਾ: ‘ਮੇਰਾ ਪਿਤਾ ਤੁਹਾਡੇ ʼਤੇ ਮਿਹਰਬਾਨ ਹੈ। ਆਓ, ਉਸ ਰਾਜ ਨੂੰ ਕਬੂਲ ਕਰੋ ਜੋ ਤੁਹਾਡੇ ਲਈ ਦੁਨੀਆਂ ਦੀ ਨੀਂਹ* ਰੱਖਣ ਦੇ ਸਮੇਂ ਤੋਂ ਤਿਆਰ ਕੀਤਾ ਹੋਇਆ ਹੈ। 35 ਕਿਉਂਕਿ ਜਦ ਮੈਂ ਭੁੱਖਾ ਸੀ, ਤਾਂ ਤੁਸੀਂ ਮੈਨੂੰ ਖਾਣ ਲਈ ਕੁਝ ਦਿੱਤਾ; ਜਦ ਮੈਂ ਪਿਆਸਾ ਸੀ, ਤਾਂ ਤੁਸੀਂ ਮੈਨੂੰ ਪੀਣ ਲਈ ਕੁਝ ਦਿੱਤਾ। ਮੈਂ ਅਜਨਬੀ ਸੀ ਤੇ ਤੁਸੀਂ ਮੈਨੂੰ ਆਪਣੇ ਘਰ ਰੱਖਿਆ;+ 36 ਜਦ ਮੈਂ ਨੰਗਾ ਸੀ,* ਤਾਂ ਤੁਸੀਂ ਮੈਨੂੰ ਪਾਉਣ ਲਈ ਕੱਪੜੇ ਦਿੱਤੇ।+ ਜਦ ਮੈਂ ਬੀਮਾਰ ਹੋਇਆ, ਤਾਂ ਤੁਸੀਂ ਮੇਰੀ ਦੇਖ-ਭਾਲ ਕੀਤੀ। ਜਦ ਮੈਂ ਜੇਲ੍ਹ ਵਿਚ ਸੀ, ਤਾਂ ਤੁਸੀਂ ਮੈਨੂੰ ਮਿਲਣ ਆਏ।’+ 37 ਫਿਰ ਧਰਮੀ ਲੋਕ ਉਸ ਨੂੰ ਕਹਿਣਗੇ: ‘ਪ੍ਰਭੂ, ਅਸੀਂ ਕਦੋਂ ਤੈਨੂੰ ਭੁੱਖਾ ਦੇਖਿਆ ਤੇ ਕੁਝ ਖਾਣ ਲਈ ਦਿੱਤਾ ਜਾਂ ਪਿਆਸਾ ਦੇਖਿਆ ਤੇ ਤੈਨੂੰ ਪੀਣ ਲਈ ਕੁਝ ਦਿੱਤਾ?+ 38 ਅਸੀਂ ਤੈਨੂੰ ਕਦੋਂ ਅਜਨਬੀ ਦੇਖਿਆ ਤੇ ਤੈਨੂੰ ਆਪਣੇ ਘਰ ਰੱਖਿਆ? ਜਾਂ ਨੰਗਾ ਦੇਖਿਆ ਤੇ ਤੈਨੂੰ ਪਾਉਣ ਲਈ ਕੱਪੜੇ ਦਿੱਤੇ? 39 ਅਤੇ ਅਸੀਂ ਤੈਨੂੰ ਕਦੋਂ ਬੀਮਾਰ ਦੇਖਿਆ ਜਾਂ ਜੇਲ੍ਹ ਵਿਚ ਦੇਖਿਆ ਤੇ ਤੈਨੂੰ ਮਿਲਣ ਗਏ?’ 40 ਫਿਰ ਰਾਜਾ ਉਨ੍ਹਾਂ ਨੂੰ ਕਹੇਗਾ, ‘ਮੈਂ ਤੁਹਾਨੂੰ ਸੱਚ ਕਹਿੰਦਾ ਹਾਂ: ਜੇ ਤੁਸੀਂ ਮੇਰੇ ਇਨ੍ਹਾਂ ਭਰਾਵਾਂ ਵਿੱਚੋਂ ਛੋਟੇ ਤੋਂ ਛੋਟੇ ਲਈ ਇਸ ਤਰ੍ਹਾਂ ਕੀਤਾ ਹੈ, ਤਾਂ ਸਮਝੋ ਤੁਸੀਂ ਮੇਰੇ ਲਈ ਕੀਤਾ ਹੈ।’+

41 “ਫਿਰ ਉਹ ਆਪਣੇ ਖੱਬੇ ਪਾਸੇ ਖੜ੍ਹੇ ਲੋਕਾਂ ਨੂੰ ਕਹੇਗਾ: ‘ਹੇ ਸਰਾਪੇ ਹੋਏ ਲੋਕੋ, ਮੇਰੇ ਤੋਂ ਦੂਰ ਹੋ ਜਾਓ+ ਅਤੇ ਹਮੇਸ਼ਾ ਬਲ਼ਦੀ ਰਹਿਣ ਵਾਲੀ ਅੱਗ ਵਿਚ ਜਾਓ+ ਜੋ ਸ਼ੈਤਾਨ ਅਤੇ ਉਸ ਦੇ ਦੂਤਾਂ ਲਈ ਬਾਲ਼ ਕੇ ਰੱਖੀ ਗਈ ਹੈ।+ 42 ਕਿਉਂਕਿ ਜਦ ਮੈਂ ਭੁੱਖਾ ਸੀ, ਤਾਂ ਤੁਸੀਂ ਮੈਨੂੰ ਖਾਣ ਲਈ ਕੁਝ ਨਹੀਂ ਦਿੱਤਾ; ਮੈਂ ਪਿਆਸਾ ਸੀ ਤੇ ਤੁਸੀਂ ਮੈਨੂੰ ਪੀਣ ਲਈ ਕੁਝ ਨਹੀਂ ਦਿੱਤਾ। 43 ਮੈਂ ਅਜਨਬੀ ਸੀ ਤੇ ਤੁਸੀਂ ਮੈਨੂੰ ਆਪਣੇ ਘਰ ਨਹੀਂ ਰੱਖਿਆ; ਜਦ ਮੈਂ ਨੰਗਾ ਸੀ, ਤਾਂ ਤੁਸੀਂ ਮੈਨੂੰ ਪਾਉਣ ਲਈ ਕੱਪੜੇ ਨਹੀਂ ਦਿੱਤੇ; ਜਦੋਂ ਮੈਂ ਬੀਮਾਰ ਹੋਇਆ ਤੇ ਜਦੋਂ ਮੈਂ ਜੇਲ੍ਹ ਵਿਚ ਸੀ, ਤਾਂ ਤੁਸੀਂ ਮੇਰੀ ਦੇਖ-ਭਾਲ ਨਹੀਂ ਕੀਤੀ।’ 44 ਫਿਰ ਉਹ ਵੀ ਉਸ ਨੂੰ ਕਹਿਣਗੇ: ‘ਪ੍ਰਭੂ, ਅਸੀਂ ਕਦੋਂ ਤੈਨੂੰ ਭੁੱਖਾ, ਪਿਆਸਾ, ਅਜਨਬੀ, ਨੰਗਾ, ਬੀਮਾਰ ਜਾਂ ਜੇਲ੍ਹ ਵਿਚ ਦੇਖਿਆ ਤੇ ਤੇਰੀ ਸੇਵਾ ਨਹੀਂ ਕੀਤੀ?’ 45 ਫਿਰ ਉਹ ਉਨ੍ਹਾਂ ਨੂੰ ਜਵਾਬ ਦੇਵੇਗਾ, ‘ਮੈਂ ਤੁਹਾਨੂੰ ਸੱਚ ਕਹਿੰਦਾ ਹਾਂ: ਜੇ ਤੁਸੀਂ ਮੇਰੇ ਇਨ੍ਹਾਂ ਭਰਾਵਾਂ ਵਿੱਚੋਂ ਛੋਟੇ ਤੋਂ ਛੋਟੇ ਲਈ ਇਸ ਤਰ੍ਹਾਂ ਨਹੀਂ ਕੀਤਾ, ਤਾਂ ਸਮਝੋ ਤੁਸੀਂ ਮੇਰੇ ਲਈ ਵੀ ਨਹੀਂ ਕੀਤਾ।’+ 46 ਇਹ ਲੋਕ ਹਮੇਸ਼ਾ ਲਈ ਖ਼ਤਮ ਹੋ ਜਾਣਗੇ,*+ ਪਰ ਧਰਮੀ ਲੋਕ ਹਮੇਸ਼ਾ ਦੀ ਜ਼ਿੰਦਗੀ ਪਾਉਣਗੇ।”+

26 ਜਦੋਂ ਯਿਸੂ ਇਹ ਸਾਰੀਆਂ ਗੱਲਾਂ ਕਹਿ ਹਟਿਆ, ਤਾਂ ਉਸ ਨੇ ਆਪਣੇ ਚੇਲਿਆਂ ਨੂੰ ਕਿਹਾ: 2 “ਤੁਸੀਂ ਜਾਣਦੇ ਹੋ ਕਿ ਅੱਜ ਤੋਂ ਦੋ ਦਿਨਾਂ ਬਾਅਦ ਪਸਾਹ ਦਾ ਤਿਉਹਾਰ ਹੈ+ ਅਤੇ ਮਨੁੱਖ ਦੇ ਪੁੱਤਰ ਨੂੰ ਸੂਲ਼ੀ ʼਤੇ ਟੰਗ ਕੇ ਮਾਰਨ ਲਈ ਫੜਵਾਇਆ ਜਾਵੇਗਾ।”+

3 ਉਸ ਵੇਲੇ ਕਾਇਫ਼ਾ ਨਾਂ ਦੇ ਮਹਾਂ ਪੁਜਾਰੀ ਦੇ ਘਰ ਦੇ ਵਿਹੜੇ ਵਿਚ ਮੁੱਖ ਪੁਜਾਰੀ ਅਤੇ ਬਜ਼ੁਰਗ ਇਕੱਠੇ ਹੋਏ+ 4 ਅਤੇ ਉਨ੍ਹਾਂ ਨੇ ਯਿਸੂ ਨੂੰ ਚਲਾਕੀ ਨਾਲ ਫੜ ਕੇ* ਮਾਰਨ ਦੀ ਸਾਜ਼ਸ਼ ਘੜੀ।+ 5 ਪਰ ਉਹ ਕਹਿ ਰਹੇ ਸਨ: “ਤਿਉਹਾਰ ʼਤੇ ਨਹੀਂ; ਕਿਤੇ ਲੋਕ ਭੜਕ ਨਾ ਉੱਠਣ।”

6 ਯਿਸੂ ਬੈਥਨੀਆ ਵਿਚ ਸ਼ਮਊਨ ਦੇ ਘਰ ਸੀ ਜੋ ਪਹਿਲਾਂ ਕੋੜ੍ਹੀ ਹੁੰਦਾ ਸੀ।+ 7 ਉੱਥੇ ਇਕ ਤੀਵੀਂ ਪੱਥਰ ਦੀ ਸ਼ੀਸ਼ੀ ਵਿਚ ਬਹੁਤ ਮਹਿੰਗਾ ਖ਼ੁਸ਼ਬੂਦਾਰ ਤੇਲ ਲੈ ਕੇ ਆਈ ਅਤੇ ਜਿਸ ਵੇਲੇ ਯਿਸੂ ਰੋਟੀ ਖਾਣ ਬੈਠਾ ਹੋਇਆ ਸੀ, ਉਹ ਤੀਵੀਂ ਉਸ ਦੇ ਸਿਰ ʼਤੇ ਖ਼ੁਸ਼ਬੂਦਾਰ ਤੇਲ ਪਾਉਣ ਲੱਗ ਪਈ। 8 ਇਹ ਦੇਖ ਕੇ ਚੇਲੇ ਖਿਝ ਗਏ ਅਤੇ ਕਹਿਣ ਲੱਗੇ: “ਇਹ ਖ਼ੁਸ਼ਬੂਦਾਰ ਤੇਲ ਕਿਉਂ ਖ਼ਰਾਬ ਕੀਤਾ? 9 ਇਸ ਨੂੰ ਵੇਚ ਕੇ ਬਹੁਤ ਪੈਸੇ ਮਿਲ ਸਕਦੇ ਸਨ ਅਤੇ ਗ਼ਰੀਬਾਂ ਨੂੰ ਦਿੱਤੇ ਜਾ ਸਕਦੇ ਸਨ!” 10 ਯਿਸੂ ਜਾਣਦਾ ਸੀ ਕਿ ਉਹ ਕੀ ਗੱਲ ਕਰ ਰਹੇ ਸਨ, ਇਸ ਲਈ ਉਸ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਕਿਉਂ ਉਸ ਨੂੰ ਪਰੇਸ਼ਾਨ ਕਰ ਰਹੇ ਹੋ? ਉਸ ਨੇ ਮੇਰੇ ਲਈ ਇਹ ਵਧੀਆ ਕੰਮ ਕੀਤਾ ਹੈ। 11 ਗ਼ਰੀਬ ਤਾਂ ਹਮੇਸ਼ਾ ਤੁਹਾਡੇ ਨਾਲ ਰਹਿਣਗੇ,+ ਪਰ ਮੈਂ ਹਮੇਸ਼ਾ ਤੁਹਾਡੇ ਨਾਲ ਨਹੀਂ ਰਹਿਣਾ।+ 12 ਉਸ ਨੇ ਮੈਨੂੰ ਦਫ਼ਨਾਉਣ ਦੀ ਤਿਆਰੀ ਵਿਚ ਪਹਿਲਾਂ ਹੀ ਮੇਰੇ ਸਰੀਰ ʼਤੇ ਖ਼ੁਸ਼ਬੂਦਾਰ ਤੇਲ ਮਲ਼ਿਆ ਹੈ।+ 13 ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਸਾਰੀ ਦੁਨੀਆਂ ਵਿਚ ਜਿੱਥੇ ਕਿਤੇ ਵੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ ਜਾਵੇਗਾ, ਉੱਥੇ ਇਸ ਤੀਵੀਂ ਦੀ ਯਾਦ ਵਿਚ ਇਸ ਕੰਮ ਦਾ ਵੀ ਜ਼ਿਕਰ ਕੀਤਾ ਜਾਵੇਗਾ।”+

14 ਫਿਰ ਉਸ ਦੇ 12 ਰਸੂਲਾਂ ਵਿੱਚੋਂ ਇਕ ਰਸੂਲ, ਯਹੂਦਾ ਇਸਕਰਿਓਤੀ+ ਮੁੱਖ ਪੁਜਾਰੀਆਂ ਕੋਲ ਗਿਆ+ 15 ਅਤੇ ਕਿਹਾ: “ਜੇ ਮੈਂ ਉਸ ਨੂੰ ਤੁਹਾਡੇ ਹੱਥ ਫੜਵਾ ਦੇਵਾਂ, ਤਾਂ ਤੁਸੀਂ ਮੈਨੂੰ ਕੀ ਦਿਓਗੇ?”+ ਉਨ੍ਹਾਂ ਨੇ ਉਸ ਨੂੰ ਚਾਂਦੀ ਦੇ 30 ਸਿੱਕੇ ਦੇਣ ਦਾ ਵਾਅਦਾ ਕੀਤਾ।+ 16 ਉਦੋਂ ਤੋਂ ਹੀ ਉਹ ਯਿਸੂ ਨੂੰ ਧੋਖੇ ਨਾਲ ਫੜਵਾਉਣ ਲਈ ਸਹੀ ਮੌਕੇ ਦੀ ਭਾਲ ਕਰਨ ਲੱਗਾ।

17 ਬੇਖਮੀਰੀ ਰੋਟੀ ਦੇ ਤਿਉਹਾਰ+ ਦੇ ਪਹਿਲੇ ਦਿਨ ਚੇਲਿਆਂ ਨੇ ਆ ਕੇ ਯਿਸੂ ਨੂੰ ਪੁੱਛਿਆ: “ਤੂੰ ਕਿੱਥੇ ਚਾਹੁੰਦਾ ਹੈਂ ਕਿ ਅਸੀਂ ਤੇਰੇ ਲਈ ਪਸਾਹ ਦਾ ਖਾਣਾ ਤਿਆਰ ਕਰੀਏ?”+ 18 ਉਸ ਨੇ ਕਿਹਾ: “ਸ਼ਹਿਰ ਵਿਚ ਫਲਾਨੇ ਬੰਦੇ ਨੂੰ ਜਾ ਕੇ ਕਹੋ, ‘ਗੁਰੂ ਜੀ ਨੇ ਕਿਹਾ ਹੈ: “ਮੇਰੇ ਮਰਨ ਦਾ ਮਿਥਿਆ ਸਮਾਂ ਆ ਗਿਆ ਹੈ; ਮੈਂ ਤੇਰੇ ਘਰ ਆਪਣੇ ਚੇਲਿਆਂ ਨਾਲ ਪਸਾਹ ਦਾ ਤਿਉਹਾਰ ਮਨਾਵਾਂਗਾ।”’” 19 ਇਸ ਲਈ ਚੇਲਿਆਂ ਨੇ ਉਵੇਂ ਕੀਤਾ ਜਿਵੇਂ ਯਿਸੂ ਨੇ ਕਿਹਾ ਸੀ ਅਤੇ ਉਨ੍ਹਾਂ ਨੇ ਪਸਾਹ ਦੀ ਤਿਆਰੀ ਕੀਤੀ।

20 ਸ਼ਾਮ ਨੂੰ+ ਉਹ ਅਤੇ ਉਸ ਦੇ 12 ਚੇਲੇ ਮੇਜ਼ ਦੁਆਲੇ ਬੈਠੇ ਹੋਏ ਸਨ।+ 21 ਜਦੋਂ ਉਹ ਖਾਣਾ ਖਾ ਰਹੇ ਸਨ, ਤਾਂ ਉਸ ਨੇ ਕਿਹਾ: “ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਤੁਹਾਡੇ ਵਿੱਚੋਂ ਇਕ ਜਣਾ ਮੈਨੂੰ ਧੋਖੇ ਨਾਲ ਫੜਵਾਏਗਾ।”+ 22 ਇਹ ਸੁਣ ਕੇ ਚੇਲੇ ਬਹੁਤ ਦੁਖੀ ਹੋਏ ਅਤੇ ਵਾਰੀ-ਵਾਰੀ ਪੁੱਛਣ ਲੱਗੇ: “ਪ੍ਰਭੂ, ਕਿਤੇ ਮੈਂ ਤਾਂ ਨਹੀਂ?” 23 ਜਵਾਬ ਵਿਚ ਉਸ ਨੇ ਕਿਹਾ: “ਜਿਹੜਾ ਮੇਰੇ ਨਾਲ ਇੱਕੋ ਕੌਲੀ ਵਿਚ ਬੁਰਕੀ ਡੋਬਦਾ ਹੈ, ਉਹੀ ਮੈਨੂੰ ਧੋਖੇ ਨਾਲ ਫੜਵਾਏਗਾ।+ 24 ਇਹ ਸੱਚ ਹੈ ਕਿ ਮਨੁੱਖ ਦੇ ਪੁੱਤਰ ਨੇ ਤਾਂ ਜਾਣਾ ਹੀ ਹੈ, ਜਿਵੇਂ ਉਸ ਬਾਰੇ ਲਿਖਿਆ ਹੋਇਆ ਹੈ, ਪਰ ਅਫ਼ਸੋਸ+ ਉਸ ਆਦਮੀ ʼਤੇ ਜਿਹੜਾ ਮਨੁੱਖ ਦੇ ਪੁੱਤਰ ਨੂੰ ਧੋਖੇ ਨਾਲ ਫੜਵਾਉਂਦਾ ਹੈ!+ ਇਸ ਨਾਲੋਂ ਤਾਂ ਚੰਗਾ ਹੁੰਦਾ ਕਿ ਉਹ ਆਦਮੀ ਜੰਮਦਾ ਹੀ ਨਾ।”+ 25 ਯਹੂਦਾ ਨੇ, ਜਿਸ ਨੇ ਉਸ ਨੂੰ ਧੋਖਾ ਦੇਣਾ ਸੀ, ਪੁੱਛਿਆ: “ਗੁਰੂ ਜੀ,* ਕੀ ਉਹ ਬੰਦਾ ਮੈਂ ਤਾਂ ਨਹੀਂ?” ਯਿਸੂ ਨੇ ਉਸ ਨੂੰ ਕਿਹਾ: “ਤੂੰ ਆਪੇ ਕਹਿ ਦਿੱਤਾ ਹੈ।”

26 ਜਦੋਂ ਉਹ ਖਾ ਰਹੇ ਸਨ, ਤਾਂ ਯਿਸੂ ਨੇ ਇਕ ਰੋਟੀ ਲਈ ਅਤੇ ਪ੍ਰਾਰਥਨਾ ਕਰ ਕੇ ਤੋੜੀ+ ਤੇ ਆਪਣੇ ਚੇਲਿਆਂ ਨੂੰ ਦੇ ਕੇ ਕਿਹਾ: “ਲਓ ਖਾਓ, ਇਹ ਰੋਟੀ ਮੇਰੇ ਸਰੀਰ ਨੂੰ ਦਰਸਾਉਂਦੀ ਹੈ।”+ 27 ਫਿਰ ਉਸ ਨੇ ਦਾਖਰਸ ਦਾ ਪਿਆਲਾ ਲੈ ਕੇ ਪਰਮੇਸ਼ੁਰ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਦੇ ਕੇ ਕਿਹਾ: “ਲਓ ਤੁਸੀਂ ਸਾਰੇ ਇਸ ਵਿੱਚੋਂ ਪੀਓ,+ 28 ਇਹ ਦਾਖਰਸ ਮੇਰੇ ਲਹੂ+ ਨੂੰ ਯਾਨੀ ‘ਇਕਰਾਰ ਦੇ ਲਹੂ’+ ਨੂੰ ਦਰਸਾਉਂਦਾ ਹੈ ਜੋ ਬਹੁਤ ਸਾਰੇ ਲੋਕਾਂ ਦੇ ਪਾਪਾਂ ਦੀ ਮਾਫ਼ੀ ਲਈ ਵਹਾਇਆ ਜਾਵੇਗਾ।+ 29 ਪਰ ਮੈਂ ਤੁਹਾਨੂੰ ਕਹਿੰਦਾ ਹਾਂ: ਮੈਂ ਹੁਣ ਤੋਂ ਇਹ ਦਾਖਰਸ ਉਸ ਦਿਨ ਤਕ ਹਰਗਿਜ਼ ਨਹੀਂ ਪੀਵਾਂਗਾ ਜਿਸ ਦਿਨ ਮੈਂ ਆਪਣੇ ਪਿਤਾ ਦੇ ਰਾਜ ਵਿਚ ਤੁਹਾਡੇ ਨਾਲ ਨਵਾਂ ਦਾਖਰਸ ਨਾ ਪੀਵਾਂ।”+ 30 ਅਖ਼ੀਰ ਵਿਚ ਪਰਮੇਸ਼ੁਰ ਦੀ ਮਹਿਮਾ ਦੇ ਗੀਤ* ਗਾਉਣ ਤੋਂ ਬਾਅਦ ਉਹ ਜ਼ੈਤੂਨ ਪਹਾੜ ਉੱਤੇ ਚਲੇ ਗਏ।+

31 ਫਿਰ ਯਿਸੂ ਨੇ ਉਨ੍ਹਾਂ ਨੂੰ ਕਿਹਾ: “ਅੱਜ ਰਾਤ ਮੇਰੇ ਨਾਲ ਜੋ ਵੀ ਹੋਵੇਗਾ, ਉਸ ਨੂੰ ਦੇਖ ਕੇ ਤੁਸੀਂ ਸਾਰੇ ਮੈਨੂੰ ਛੱਡ ਜਾਓਗੇ* ਕਿਉਂਕਿ ਲਿਖਿਆ ਹੋਇਆ ਹੈ: ‘ਮੈਂ ਚਰਵਾਹੇ ਨੂੰ ਮਾਰਾਂਗਾ ਅਤੇ ਝੁੰਡ ਦੀਆਂ ਭੇਡਾਂ ਖਿੰਡ-ਪੁੰਡ ਜਾਣਗੀਆਂ।’+ 32 ਪਰ ਦੁਬਾਰਾ ਜੀਉਂਦਾ ਹੋਣ ਤੋਂ ਬਾਅਦ ਮੈਂ ਤੁਹਾਡੇ ਤੋਂ ਪਹਿਲਾਂ ਗਲੀਲ ਨੂੰ ਜਾਵਾਂਗਾ।”+ 33 ਪਰ ਪਤਰਸ ਨੇ ਉਸ ਨੂੰ ਜਵਾਬ ਦਿੰਦਿਆਂ ਕਿਹਾ: “ਤੇਰੇ ਨਾਲ ਜੋ ਵੀ ਹੋਵੇਗਾ, ਉਸ ਕਰਕੇ ਬਾਕੀ ਸਾਰੇ ਭਾਵੇਂ ਤੈਨੂੰ ਛੱਡ ਜਾਣ,* ਪਰ ਮੈਂ ਤੈਨੂੰ ਕਦੀ ਵੀ ਨਹੀਂ ਛੱਡਾਂਗਾ!”*+ 34 ਯਿਸੂ ਨੇ ਉਸ ਨੂੰ ਕਿਹਾ: “ਮੈਂ ਤੈਨੂੰ ਸੱਚ ਕਹਿੰਦਾ ਹਾਂ: ਅੱਜ ਰਾਤ ਨੂੰ ਹੀ ਕੁੱਕੜ ਦੇ ਬਾਂਗ ਦੇਣ ਤੋਂ ਪਹਿਲਾਂ ਤੂੰ ਤਿੰਨ ਵਾਰ ਇਸ ਗੱਲ ਤੋਂ ਇਨਕਾਰ ਕਰੇਂਗਾ ਕਿ ਤੂੰ ਮੈਨੂੰ ਜਾਣਦਾ ਹੈਂ।”+ 35 ਪਤਰਸ ਨੇ ਉਸ ਨੂੰ ਕਿਹਾ: “ਜੇ ਮੈਨੂੰ ਤੇਰੇ ਨਾਲ ਮਰਨਾ ਵੀ ਪਵੇ, ਤਾਂ ਵੀ ਮੈਂ ਇਸ ਗੱਲ ਤੋਂ ਇਨਕਾਰ ਨਹੀਂ ਕਰਾਂਗਾ ਕਿ ਮੈਂ ਤੈਨੂੰ ਜਾਣਦਾ ਹਾਂ।”+ ਬਾਕੀ ਸਾਰੇ ਚੇਲਿਆਂ ਨੇ ਵੀ ਇਹੀ ਕਿਹਾ।

36 ਫਿਰ ਯਿਸੂ ਉਨ੍ਹਾਂ ਨਾਲ ਗਥਸਮਨੀ+ ਨਾਂ ਦੀ ਜਗ੍ਹਾ ਆਇਆ ਅਤੇ ਉਸ ਨੇ ਆਪਣੇ ਚੇਲਿਆਂ ਨੂੰ ਕਿਹਾ: “ਜਦ ਤਕ ਮੈਂ ਉੱਥੇ ਜਾ ਕੇ ਪ੍ਰਾਰਥਨਾ ਕਰਦਾ ਹਾਂ, ਤਦ ਤਕ ਤੁਸੀਂ ਇੱਥੇ ਬੈਠੋ।”+ 37 ਅਤੇ ਉਹ ਆਪਣੇ ਨਾਲ ਪਤਰਸ ਅਤੇ ਜ਼ਬਦੀ ਦੇ ਦੋ ਪੁੱਤਰਾਂ ਨੂੰ ਲੈ ਗਿਆ। ਫਿਰ ਉਸ ਨਾਲ ਜੋ ਹੋਣ ਵਾਲਾ ਸੀ, ਉਸ ਬਾਰੇ ਸੋਚ ਕੇ ਉਹ ਬਹੁਤ ਪਰੇਸ਼ਾਨ ਅਤੇ ਦੁਖੀ ਹੋਣ ਲੱਗਾ।+ 38 ਫਿਰ ਉਸ ਨੇ ਉਨ੍ਹਾਂ ਨੂੰ ਕਿਹਾ: “ਮੇਰਾ ਮਨ ਬਹੁਤ ਦੁਖੀ ਹੈ, ਮੇਰੀ ਜਾਨ ਨਿਕਲਦੀ ਜਾ ਰਹੀ ਹੈ। ਇੱਥੇ ਠਹਿਰੋ ਅਤੇ ਮੇਰੇ ਨਾਲ ਜਾਗਦੇ ਰਹੋ।”+ 39 ਉਹ ਥੋੜ੍ਹਾ ਹੋਰ ਅੱਗੇ ਜਾ ਕੇ ਜ਼ਮੀਨ ʼਤੇ ਗੋਡਿਆਂ ਭਾਰ ਬੈਠ ਗਿਆ ਅਤੇ ਪ੍ਰਾਰਥਨਾ ਕਰਨ ਲੱਗਾ:+ “ਹੇ ਮੇਰੇ ਪਿਤਾ, ਜੇ ਹੋ ਸਕੇ, ਤਾਂ ਇਹ ਪਿਆਲਾ*+ ਮੇਰੇ ਤੋਂ ਦੂਰ ਕਰ ਦੇ। ਪਰ ਜੋ ਮੈਂ ਚਾਹੁੰਦਾ ਹਾਂ, ਉਹ ਨਾ ਹੋਵੇ, ਸਗੋਂ ਉਹੀ ਹੋਵੇ ਜੋ ਤੂੰ ਚਾਹੁੰਦਾ ਹੈਂ।”+

40 ਉਸ ਨੇ ਆ ਕੇ ਦੇਖਿਆ ਕਿ ਚੇਲੇ ਸੌਂ ਰਹੇ ਸਨ। ਉਸ ਨੇ ਪਤਰਸ ਨੂੰ ਕਿਹਾ: “ਕੀ ਤੁਸੀਂ ਮੇਰੇ ਨਾਲ ਥੋੜ੍ਹਾ ਚਿਰ ਵੀ ਜਾਗਦੇ ਨਾ ਰਹਿ ਸਕੇ?+ 41 ਜਾਗਦੇ ਰਹੋ+ ਅਤੇ ਪ੍ਰਾਰਥਨਾ ਕਰਦੇ ਰਹੋ+ ਤਾਂਕਿ ਤੁਸੀਂ ਕਿਸੇ ਪਰੀਖਿਆ ਦੌਰਾਨ ਡਿਗ ਨਾ ਪਓ।+ ਦਿਲ ਤਾਂ ਤਿਆਰ* ਹੈ, ਪਰ ਸਰੀਰ ਕਮਜ਼ੋਰ ਹੈ।”+ 42 ਉਸ ਨੇ ਜਾ ਕੇ ਦੂਸਰੀ ਵਾਰ ਪ੍ਰਾਰਥਨਾ ਕਰਦੇ ਹੋਏ ਕਿਹਾ: “ਹੇ ਪਿਤਾ, ਜੇ ਇਹ ਪਿਆਲਾ ਮੇਰੇ ਤੋਂ ਹਟਾਉਣਾ ਮੁਮਕਿਨ ਨਹੀਂ ਹੈ ਅਤੇ ਮੈਨੂੰ ਪੀਣਾ ਹੀ ਪੈਣਾ ਹੈ, ਤਾਂ ਜਿਵੇਂ ਤੂੰ ਚਾਹੁੰਦਾ ਹੈਂ, ਉਸੇ ਤਰ੍ਹਾਂ ਹੋਵੇ।”+ 43 ਉਸ ਨੇ ਵਾਪਸ ਆ ਕੇ ਦੇਖਿਆ ਕਿ ਉਹ ਸੁੱਤੇ ਪਏ ਸਨ ਕਿਉਂਕਿ ਉਨ੍ਹਾਂ ਦੀਆਂ ਅੱਖਾਂ ਨੀਂਦ ਨਾਲ ਭਰੀਆਂ ਹੋਈਆਂ ਸਨ। 44 ਇਸ ਲਈ ਉਹ ਉਨ੍ਹਾਂ ਨੂੰ ਛੱਡ ਕੇ ਦੁਬਾਰਾ ਚਲਾ ਗਿਆ ਅਤੇ ਤੀਸਰੀ ਵਾਰ ਪ੍ਰਾਰਥਨਾ ਵਿਚ ਉਹੀ ਗੱਲਾਂ ਕਹੀਆਂ। 45 ਫਿਰ ਉਸ ਨੇ ਵਾਪਸ ਆ ਕੇ ਚੇਲਿਆਂ ਨੂੰ ਕਿਹਾ: “ਤੁਸੀਂ ਇਹੋ ਜਿਹੇ ਸਮੇਂ ਸੌਂ ਰਹੇ ਹੋ ਤੇ ਆਰਾਮ ਕਰ ਰਹੇ ਹੋ! ਦੇਖੋ! ਮਨੁੱਖ ਦੇ ਪੁੱਤਰ ਨੂੰ ਪਾਪੀਆਂ ਦੇ ਹੱਥ ਧੋਖੇ ਨਾਲ ਫੜਾਏ ਜਾਣ ਦੀ ਘੜੀ ਆ ਗਈ ਹੈ। 46 ਉੱਠੋ, ਚਲੋ ਚਲੀਏ। ਔਹ ਦੇਖੋ! ਮੈਨੂੰ ਫੜਵਾਉਣ ਵਾਲਾ ਧੋਖੇਬਾਜ਼ ਆ ਗਿਆ ਹੈ।” 47 ਜਦੋਂ ਉਹ ਅਜੇ ਗੱਲ ਕਰ ਹੀ ਰਿਹਾ ਸੀ, ਤਾਂ ਦੇਖੋ! ਯਹੂਦਾ ਆ ਗਿਆ ਜਿਹੜਾ 12 ਰਸੂਲਾਂ ਵਿੱਚੋਂ ਇਕ ਸੀ। ਉਸ ਦੇ ਨਾਲ ਤਲਵਾਰਾਂ ਤੇ ਡਾਂਗਾਂ ਫੜੀ ਇਕ ਵੱਡੀ ਭੀੜ ਵੀ ਆਈ ਜਿਸ ਨੂੰ ਮੁੱਖ ਪੁਜਾਰੀਆਂ ਅਤੇ ਬਜ਼ੁਰਗਾਂ ਨੇ ਘੱਲਿਆ ਸੀ।+

48 ਉਸ ਧੋਖੇਬਾਜ਼ ਨੇ ਉਨ੍ਹਾਂ ਨੂੰ ਇਹ ਨਿਸ਼ਾਨੀ ਦਿੱਤੀ ਸੀ: “ਜਿਸ ਨੂੰ ਵੀ ਮੈਂ ਚੁੰਮਾਂ, ਉਹੀ ਯਿਸੂ ਹੈ; ਉਸ ਨੂੰ ਗਿਰਫ਼ਤਾਰ ਕਰ ਲੈਣਾ।” 49 ਉਹ ਸਿੱਧਾ ਯਿਸੂ ਕੋਲ ਗਿਆ ਅਤੇ ਉਸ ਨੂੰ ਕਿਹਾ: “ਨਮਸਕਾਰ ਗੁਰੂ ਜੀ!” ਫਿਰ ਉਸ ਨੇ ਯਿਸੂ ਨੂੰ ਚੁੰਮਿਆ। 50 ਪਰ ਯਿਸੂ ਨੇ ਉਸ ਨੂੰ ਪੁੱਛਿਆ: “ਤੂੰ ਇੱਥੇ ਕੀ ਕਰਨ ਆਇਆ ਹੈਂ?”+ ਫਿਰ ਲੋਕ ਅੱਗੇ ਆਏ ਅਤੇ ਉਨ੍ਹਾਂ ਨੇ ਯਿਸੂ ਨੂੰ ਫੜ ਕੇ ਗਿਰਫ਼ਤਾਰ ਕਰ ਲਿਆ। 51 ਪਰ ਦੇਖੋ! ਯਿਸੂ ਦੇ ਨਾਲ ਆਏ ਬੰਦਿਆਂ ਵਿੱਚੋਂ ਇਕ ਜਣੇ ਨੇ ਹੱਥ ਵਧਾ ਕੇ ਆਪਣੀ ਤਲਵਾਰ ਕੱਢੀ ਤੇ ਵਾਰ ਕਰ ਕੇ ਮਹਾਂ ਪੁਜਾਰੀ ਦੇ ਨੌਕਰ ਦਾ ਕੰਨ ਵੱਢ ਸੁੱਟਿਆ।+ 52 ਫਿਰ ਯਿਸੂ ਨੇ ਉਸ ਨੂੰ ਕਿਹਾ: “ਆਪਣੀ ਤਲਵਾਰ ਮਿਆਨ ਵਿਚ ਪਾ,+ ਕਿਉਂਕਿ ਜਿਹੜੇ ਤਲਵਾਰ ਚਲਾਉਂਦੇ ਹਨ, ਉਹ ਤਲਵਾਰ ਨਾਲ ਹੀ ਵੱਢੇ ਜਾਣਗੇ।+ 53 ਕੀ ਤੇਰੇ ਖ਼ਿਆਲ ਵਿਚ ਮੈਂ ਆਪਣੇ ਪਿਤਾ ਨੂੰ ਬੇਨਤੀ ਕਰ ਕੇ ਇਸੇ ਵੇਲੇ ਦੂਤਾਂ ਦੀਆਂ 12 ਪਲਟਣਾਂ ਨਹੀਂ ਮੰਗਵਾ ਸਕਦਾ?+ 54 ਜੇ ਮੈਂ ਇੱਦਾਂ ਕਰਾਂ, ਤਾਂ ਫਿਰ ਧਰਮ-ਗ੍ਰੰਥ ਦੀ ਗੱਲ ਕਿਵੇਂ ਪੂਰੀ ਹੋਵੇਗੀ ਕਿ ਸਾਰਾ ਕੁਝ ਇਸੇ ਤਰ੍ਹਾਂ ਹੀ ਹੋਣਾ ਹੈ?” 55 ਫਿਰ ਯਿਸੂ ਨੇ ਭੀੜ ਨੂੰ ਕਿਹਾ: “ਕੀ ਤੁਸੀਂ ਮੈਨੂੰ ਤਲਵਾਰਾਂ ਤੇ ਡਾਂਗਾਂ ਲੈ ਕੇ ਗਿਰਫ਼ਤਾਰ ਕਰਨ ਆਏ ਹੋ, ਜਿਵੇਂ ਮੈਂ ਕੋਈ ਡਾਕੂ ਹੋਵਾਂ? ਮੈਂ ਰੋਜ਼ ਮੰਦਰ ਵਿਚ ਸਿਖਾਉਂਦਾ ਹੁੰਦਾ ਸੀ,+ ਉੱਥੇ ਤਾਂ ਤੁਸੀਂ ਮੈਨੂੰ ਗਿਰਫ਼ਤਾਰ ਨਹੀਂ ਕੀਤਾ।+ 56 ਪਰ ਇਹ ਸਭ ਇਸੇ ਕਰਕੇ ਹੋਇਆ ਤਾਂਕਿ ਨਬੀਆਂ ਦੀਆਂ ਲਿਖਤਾਂ ਵਿਚ ਲਿਖੀਆਂ ਗੱਲਾਂ ਪੂਰੀਆਂ ਹੋਣ।”+ ਫਿਰ ਸਾਰੇ ਚੇਲੇ ਉਸ ਨੂੰ ਛੱਡ ਕੇ ਭੱਜ ਗਏ।+

57 ਜਿਨ੍ਹਾਂ ਨੇ ਯਿਸੂ ਨੂੰ ਗਿਰਫ਼ਤਾਰ ਕੀਤਾ ਸੀ, ਉਹ ਉਸ ਨੂੰ ਮਹਾਂ ਪੁਜਾਰੀ ਕਾਇਫ਼ਾ+ ਦੇ ਘਰ ਲੈ ਗਏ ਜਿੱਥੇ ਗ੍ਰੰਥੀ ਤੇ ਬਜ਼ੁਰਗ ਵੀ ਇਕੱਠੇ ਹੋਏ ਸਨ।+ 58 ਪਰ ਪਤਰਸ ਥੋੜ੍ਹਾ ਜਿਹਾ ਦੂਰ ਰਹਿ ਕੇ ਉਸ ਦੇ ਪਿੱਛੇ-ਪਿੱਛੇ ਮਹਾਂ ਪੁਜਾਰੀ ਦੇ ਵਿਹੜੇ ਤਕ ਚਲਾ ਗਿਆ ਅਤੇ ਫਿਰ ਅੰਦਰ ਜਾ ਕੇ ਘਰ ਦੇ ਨੌਕਰਾਂ ਨਾਲ ਬੈਠ ਕੇ ਉਡੀਕ ਕਰਨ ਲੱਗਾ ਕਿ ਯਿਸੂ ਨਾਲ ਕੀ ਹੋਵੇਗਾ।+

59 ਉਸ ਵੇਲੇ ਮੁੱਖ ਪੁਜਾਰੀ ਅਤੇ ਸਾਰੀ ਮਹਾਸਭਾ ਯਿਸੂ ਨੂੰ ਜਾਨੋਂ ਮਾਰਨ ਲਈ ਉਸ ਦੇ ਖ਼ਿਲਾਫ਼ ਝੂਠੀ ਗਵਾਹੀ ਲੱਭ ਰਹੀ ਸੀ।+ 60 ਪਰ ਉਨ੍ਹਾਂ ਨੂੰ ਕੋਈ ਗਵਾਹੀ ਨਾ ਮਿਲੀ, ਭਾਵੇਂ ਕਈ ਝੂਠੇ ਗਵਾਹ ਅੱਗੇ ਆਏ।+ ਬਾਅਦ ਵਿਚ ਦੋ ਜਣੇ ਅੱਗੇ ਆਏ 61 ਅਤੇ ਕਿਹਾ: “ਇਸ ਆਦਮੀ ਨੇ ਕਿਹਾ ਸੀ, ‘ਮੈਂ ਪਰਮੇਸ਼ੁਰ ਦਾ ਮੰਦਰ ਢਾਹ ਕੇ ਇਸ ਨੂੰ ਤਿੰਨਾਂ ਦਿਨਾਂ ਵਿਚ ਦੁਬਾਰਾ ਬਣਾ ਸਕਦਾ ਹਾਂ।’”+ 62 ਇਹ ਸੁਣ ਕੇ ਮਹਾਂ ਪੁਜਾਰੀ ਖੜ੍ਹਾ ਹੋ ਗਿਆ ਤੇ ਉਸ ਨੂੰ ਪੁੱਛਿਆ: “ਕੀ ਤੂੰ ਆਪਣੀ ਸਫ਼ਾਈ ਵਿਚ ਕੁਝ ਨਹੀਂ ਕਹੇਂਗਾ? ਇਹ ਤੇਰੇ ਖ਼ਿਲਾਫ਼ ਜਿਹੜੀਆਂ ਗਵਾਹੀਆਂ ਦੇ ਰਹੇ ਹਨ, ਉਨ੍ਹਾਂ ਬਾਰੇ ਤੇਰਾ ਕੀ ਕਹਿਣਾ?”+ 63 ਪਰ ਯਿਸੂ ਚੁੱਪ ਰਿਹਾ।+ ਇਸ ਲਈ ਮਹਾਂ ਪੁਜਾਰੀ ਨੇ ਉਸ ਨੂੰ ਕਿਹਾ: “ਤੈਨੂੰ ਜੀਉਂਦੇ ਪਰਮੇਸ਼ੁਰ ਦੀ ਸਹੁੰ, ਜੇ ਤੂੰ ਪਰਮੇਸ਼ੁਰ ਦਾ ਪੁੱਤਰ ਅਤੇ ਮਸੀਹ ਹੈਂ, ਤਾਂ ਸਾਨੂੰ ਦੱਸ!”+ 64 ਯਿਸੂ ਨੇ ਉਸ ਨੂੰ ਕਿਹਾ: “ਤੂੰ ਆਪ ਹੀ ਕਹਿ ਦਿੱਤਾ ਹੈ। ਪਰ ਮੈਂ ਤੁਹਾਨੂੰ ਦੱਸਦਾ ਹਾਂ: ਅੱਜ ਤੋਂ ਬਾਅਦ ਤੁਸੀਂ ਮਨੁੱਖ ਦੇ ਪੁੱਤਰ+ ਨੂੰ ਸਰਬਸ਼ਕਤੀਮਾਨ ਦੇ ਸੱਜੇ ਹੱਥ ਬੈਠਾ ਹੋਇਆ+ ਅਤੇ ਆਕਾਸ਼ ਦੇ ਬੱਦਲਾਂ ਉੱਤੇ ਆਉਂਦਾ ਦੇਖੋਗੇ।”+ 65 ਫਿਰ ਮਹਾਂ ਪੁਜਾਰੀ ਨੇ ਆਪਣੇ ਕੱਪੜੇ ਪਾੜੇ ਅਤੇ ਕਿਹਾ: “ਇਸ ਨੇ ਪਰਮੇਸ਼ੁਰ ਦੀ ਨਿੰਦਿਆ ਕੀਤੀ ਹੈ! ਹੁਣ ਸਾਨੂੰ ਹੋਰ ਗਵਾਹਾਂ ਦੀ ਕੀ ਲੋੜ ਹੈ? ਦੇਖੋ! ਤੁਸੀਂ ਆਪ ਸੁਣ ਲਿਆ ਹੈ ਕਿ ਇਸ ਨੇ ਪਰਮੇਸ਼ੁਰ ਦੀ ਨਿੰਦਿਆ ਕੀਤੀ ਹੈ। 66 ਹੁਣ ਤੁਹਾਡਾ ਕੀ ਕਹਿਣਾ?” ਉਨ੍ਹਾਂ ਨੇ ਜਵਾਬ ਦਿੱਤਾ: “ਇਹ ਮੌਤ ਦੀ ਸਜ਼ਾ ਦੇ ਲਾਇਕ ਹੈ।”+ 67 ਫਿਰ ਉਨ੍ਹਾਂ ਨੇ ਉਸ ਦੇ ਮੂੰਹ ʼਤੇ ਥੁੱਕਿਆ+ ਅਤੇ ਉਸ ਦੇ ਮੁੱਕੇ ਮਾਰੇ।+ ਕਈਆਂ ਨੇ ਉਸ ਦੇ ਥੱਪੜ ਮਾਰ ਕੇ+ 68 ਕਿਹਾ: “ਓਏ ਵੱਡਿਆ ਮਸੀਹਿਆ, ਜੇ ਤੂੰ ਨਬੀ ਹੈ, ਤਾਂ ਦੱਸ ਤੈਨੂੰ ਕਿਸ ਨੇ ਮਾਰਿਆ?”

69 ਉਸ ਵੇਲੇ ਪਤਰਸ ਬਾਹਰ ਵਿਹੜੇ ਵਿਚ ਬੈਠਾ ਹੋਇਆ ਸੀ ਅਤੇ ਇਕ ਨੌਕਰਾਣੀ ਨੇ ਉਸ ਕੋਲ ਆ ਕੇ ਕਿਹਾ: “ਤੂੰ ਵੀ ਉਸ ਯਿਸੂ ਗਲੀਲੀ ਦੇ ਨਾਲ ਸੀ!”+ 70 ਪਰ ਉਸ ਨੇ ਉਨ੍ਹਾਂ ਸਾਰਿਆਂ ਸਾਮ੍ਹਣੇ ਇਸ ਗੱਲ ਦਾ ਇਨਕਾਰ ਕਰਦੇ ਹੋਏ ਕਿਹਾ: “ਮੈਨੂੰ ਨਹੀਂ ਪਤਾ ਤੂੰ ਕੀ ਕਹਿ ਰਹੀਂ ਹੈਂ।” 71 ਜਦੋਂ ਉਹ ਬਾਹਰ ਡਿਓੜ੍ਹੀ ਵਿਚ ਚਲਾ ਗਿਆ, ਤਾਂ ਇਕ ਹੋਰ ਕੁੜੀ ਨੇ ਉਸ ਨੂੰ ਦੇਖ ਕੇ ਉੱਥੇ ਖੜ੍ਹੇ ਲੋਕਾਂ ਨੂੰ ਕਿਹਾ: “ਇਹ ਵੀ ਉਸ ਯਿਸੂ ਨਾਸਰੀ ਨਾਲ ਸੀ।”+ 72 ਪਤਰਸ ਨੇ ਸਹੁੰ ਖਾ ਕੇ ਦੁਬਾਰਾ ਇਨਕਾਰ ਕਰਦੇ ਹੋਏ ਕਿਹਾ: “ਮੈਂ ਉਸ ਬੰਦੇ ਨੂੰ ਨਹੀਂ ਜਾਣਦਾ!” 73 ਥੋੜ੍ਹੇ ਚਿਰ ਬਾਅਦ ਉੱਥੇ ਖੜ੍ਹੇ ਲੋਕਾਂ ਨੇ ਆ ਕੇ ਪਤਰਸ ਨੂੰ ਕਿਹਾ: “ਤੂੰ ਪੱਕਾ ਉਨ੍ਹਾਂ ਵਿੱਚੋਂ ਹੈਂ ਕਿਉਂਕਿ ਤੇਰੀ ਬੋਲੀ* ਤੋਂ ਪਤਾ ਲੱਗਦਾ ਹੈ।” 74 ਫਿਰ ਉਹ ਆਪਣੇ ਆਪ ਨੂੰ ਸਰਾਪ ਦੇਣ ਲੱਗਾ ਅਤੇ ਸਹੁੰ ਖਾ ਕੇ ਕਹਿਣ ਲੱਗਾ: “ਮੈਂ ਨਹੀਂ ਜਾਣਦਾ ਉਸ ਬੰਦੇ ਨੂੰ!” ਉਸੇ ਵੇਲੇ ਕੁੱਕੜ ਨੇ ਬਾਂਗ ਦੇ ਦਿੱਤੀ। 75 ਉਦੋਂ ਪਤਰਸ ਨੂੰ ਯਾਦ ਆਇਆ ਕਿ ਯਿਸੂ ਨੇ ਕਿਹਾ ਸੀ: “ਕੁੱਕੜ ਦੇ ਬਾਂਗ ਦੇਣ ਤੋਂ ਪਹਿਲਾਂ ਤੂੰ ਤਿੰਨ ਵਾਰ ਇਸ ਗੱਲ ਤੋਂ ਇਨਕਾਰ ਕਰੇਂਗਾ ਕਿ ਤੂੰ ਮੈਨੂੰ ਜਾਣਦਾ ਹੈਂ।”+ ਉਹ ਬਾਹਰ ਜਾ ਕੇ ਭੁੱਬਾਂ ਮਾਰ-ਮਾਰ ਰੋਇਆ।

27 ਸਵੇਰਾ ਹੋਣ ਤੇ ਸਾਰੇ ਮੁੱਖ ਪੁਜਾਰੀਆਂ ਅਤੇ ਬਜ਼ੁਰਗਾਂ ਨੇ ਯਿਸੂ ਨੂੰ ਜਾਨੋਂ ਮਾਰਨ ਲਈ ਸਲਾਹ-ਮਸ਼ਵਰਾ ਕੀਤਾ।+ 2 ਉਹ ਉਸ ਦੇ ਹੱਥ ਬੰਨ੍ਹ ਕੇ ਲੈ ਗਏ ਤੇ ਉਸ ਨੂੰ ਰਾਜਪਾਲ ਪਿਲਾਤੁਸ ਦੇ ਹਵਾਲੇ ਕਰ ਦਿੱਤਾ।+

3 ਫਿਰ ਜਦੋਂ ਯਿਸੂ ਨੂੰ ਧੋਖੇ ਨਾਲ ਫੜਵਾਉਣ ਵਾਲੇ ਯਹੂਦਾ ਨੇ ਦੇਖਿਆ ਕਿ ਯਿਸੂ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਹੈ, ਤਾਂ ਉਸ ਨੂੰ ਆਪਣੀ ਕੀਤੀ ʼਤੇ ਅਫ਼ਸੋਸ ਹੋਇਆ। ਉਸ ਨੇ ਮੁੱਖ ਪੁਜਾਰੀਆਂ ਅਤੇ ਬਜ਼ੁਰਗਾਂ ਨੂੰ ਚਾਂਦੀ ਦੇ 30 ਸਿੱਕੇ ਵਾਪਸ ਕਰਦੇ ਹੋਏ+ 4 ਕਿਹਾ: “ਮੈਂ ਉਸ ਧਰਮੀ ਬੰਦੇ ਦੇ ਖ਼ੂਨ ਦਾ ਸੌਦਾ ਕਰ ਕੇ ਪਾਪ ਕੀਤਾ ਹੈ।” ਉਨ੍ਹਾਂ ਨੇ ਕਿਹਾ: “ਸਾਨੂੰ ਕੀ? ਤੂੰ ਜਾਣੇ ਤੇ ਤੇਰਾ ਕੰਮ ਜਾਣੇ!” 5 ਤਦ ਉਹ ਚਾਂਦੀ ਦੇ ਸਿੱਕੇ ਮੰਦਰ ਵਿਚ ਸੁੱਟ ਕੇ ਚਲਾ ਗਿਆ ਅਤੇ ਜਾ ਕੇ ਫਾਹਾ ਲੈ ਲਿਆ।+ 6 ਪਰ ਮੁੱਖ ਪੁਜਾਰੀਆਂ ਨੇ ਉਹ ਚਾਂਦੀ ਦੇ ਸਿੱਕੇ ਲੈ ਕੇ ਕਿਹਾ: “ਇਨ੍ਹਾਂ ਨੂੰ ਮੰਦਰ ਦੇ ਖ਼ਜ਼ਾਨੇ ਵਿਚ ਪਾਉਣਾ ਠੀਕ ਨਹੀਂ ਹੈ ਕਿਉਂਕਿ ਇਹ ਖ਼ੂਨ ਦੀ ਕੀਮਤ ਹੈ।” 7 ਉਨ੍ਹਾਂ ਨੇ ਸਲਾਹ ਕਰ ਕੇ ਅਜਨਬੀਆਂ ਨੂੰ ਦਫ਼ਨਾਉਣ ਲਈ ਉਨ੍ਹਾਂ ਸਿੱਕਿਆਂ ਨਾਲ ਇਕ ਘੁਮਿਆਰ ਦੀ ਜ਼ਮੀਨ ਖ਼ਰੀਦ ਲਈ। 8 ਇਸ ਲਈ ਅੱਜ ਵੀ ਉਸ ਜ਼ਮੀਨ ਨੂੰ “ਖ਼ੂਨ ਦੀ ਜ਼ਮੀਨ”+ ਕਿਹਾ ਜਾਂਦਾ ਹੈ। 9 ਇਸ ਤਰ੍ਹਾਂ ਯਿਰਮਿਯਾਹ ਨਬੀ ਰਾਹੀਂ ਕਹੀ ਇਹ ਗੱਲ ਪੂਰੀ ਹੋਈ: “ਉਨ੍ਹਾਂ ਨੇ ਚਾਂਦੀ ਦੇ 30 ਸਿੱਕੇ ਲਏ ਜੋ ਕਿ ਇਜ਼ਰਾਈਲ ਦੇ ਕੁਝ ਪੁੱਤਰਾਂ ਨੇ ਉਸ ਦੀ ਕੀਮਤ ਰੱਖੀ ਸੀ 10 ਅਤੇ ਉਨ੍ਹਾਂ ਨੇ ਉਹ ਸਿੱਕੇ ਘੁਮਿਆਰ ਦੀ ਜ਼ਮੀਨ ਲਈ ਦਿੱਤੇ, ਜਿਵੇਂ ਯਹੋਵਾਹ* ਨੇ ਮੈਨੂੰ ਹੁਕਮ ਦਿੱਤਾ ਸੀ।”+

11 ਹੁਣ ਯਿਸੂ ਪਿਲਾਤੁਸ ਦੇ ਸਾਮ੍ਹਣੇ ਖੜ੍ਹਾ ਸੀ ਅਤੇ ਉਸ ਨੇ ਯਿਸੂ ਨੂੰ ਪੁੱਛਿਆ: “ਕੀ ਤੂੰ ਯਹੂਦੀਆਂ ਦਾ ਰਾਜਾ ਹੈਂ?” ਯਿਸੂ ਨੇ ਜਵਾਬ ਦਿੱਤਾ: “ਤੂੰ ਆਪੇ ਕਹਿ ਰਿਹਾ ਹੈਂ।”+ 12 ਪਰ ਜਦੋਂ ਮੁੱਖ ਪੁਜਾਰੀ ਅਤੇ ਬਜ਼ੁਰਗ ਉਸ ਉੱਤੇ ਇਲਜ਼ਾਮ ਲਾ ਰਹੇ ਸਨ, ਤਾਂ ਉਸ ਨੇ ਕੋਈ ਜਵਾਬ ਨਾ ਦਿੱਤਾ।+ 13 ਫਿਰ ਪਿਲਾਤੁਸ ਨੇ ਉਸ ਨੂੰ ਪੁੱਛਿਆ: “ਕੀ ਤੈਨੂੰ ਸੁਣਾਈ ਨਹੀਂ ਦਿੰਦਾ, ਉਹ ਤੇਰੇ ਖ਼ਿਲਾਫ਼ ਕਿੰਨਾ ਕੁਝ ਕਹਿ ਰਹੇ ਹਨ?” 14 ਫਿਰ ਵੀ ਉਸ ਨੇ ਉਸ ਨੂੰ ਕੋਈ ਜਵਾਬ ਨਾ ਦਿੱਤਾ ਜਿਸ ਕਰਕੇ ਪਿਲਾਤੁਸ ਨੂੰ ਬਹੁਤ ਹੈਰਾਨੀ ਹੋਈ।

15 ਹਰ ਪਸਾਹ ਦੇ ਤਿਉਹਾਰ ʼਤੇ ਪਿਲਾਤੁਸ ਇਕ ਕੈਦੀ ਨੂੰ ਰਿਹਾ ਕਰਦਾ ਹੁੰਦਾ ਸੀ ਜਿਸ ਨੂੰ ਲੋਕ ਰਿਹਾ ਕਰਾਉਣਾ ਚਾਹੁੰਦੇ ਸਨ।+ 16 ਉਸ ਵੇਲੇ ਬਰਬਾਸ ਨਾਂ ਦਾ ਇਕ ਬਦਨਾਮ ਮੁਜਰਮ ਜੇਲ੍ਹ ਵਿਚ ਸੀ। 17 ਇਸ ਲਈ ਜਦੋਂ ਲੋਕ ਪਿਲਾਤੁਸ ਕੋਲ ਇਕੱਠੇ ਹੋਏ, ਤਾਂ ਉਸ ਨੇ ਉਨ੍ਹਾਂ ਨੂੰ ਪੁੱਛਿਆ: “ਮੈਂ ਤੁਹਾਡੇ ਲਈ ਕਿਸ ਨੂੰ ਰਿਹਾ ਕਰਾਂ, ਬਰਬਾਸ ਨੂੰ ਜਾਂ ਯਿਸੂ ਨੂੰ ਜੋ ਮਸੀਹ ਕਹਾਉਂਦਾ ਹੈ?” 18 ਪਿਲਾਤੁਸ ਜਾਣਦਾ ਸੀ ਕਿ ਲੋਕ ਯਿਸੂ ਨਾਲ ਖਾਰ ਖਾਂਦੇ ਸਨ ਅਤੇ ਇਸੇ ਕਰਕੇ ਉਨ੍ਹਾਂ ਨੇ ਉਸ ਨੂੰ ਫੜਵਾਇਆ ਸੀ। 19 ਇਸ ਤੋਂ ਇਲਾਵਾ, ਜਦੋਂ ਪਿਲਾਤੁਸ ਨਿਆਂ ਦੀ ਕੁਰਸੀ ʼਤੇ ਬੈਠਾ ਹੋਇਆ ਸੀ, ਤਾਂ ਉਸ ਦੀ ਪਤਨੀ ਨੇ ਉਸ ਨੂੰ ਇਹ ਸੁਨੇਹਾ ਘੱਲਿਆ ਸੀ: “ਉਸ ਨੇਕ ਬੰਦੇ ਨੂੰ ਹੱਥ ਨਾ ਲਾਈਂ ਕਿਉਂਕਿ ਅੱਜ ਮੈਂ ਉਸ ਕਰਕੇ ਇਕ ਭੈੜਾ ਸੁਪਨਾ ਦੇਖਿਆ ਸੀ ਜਿਸ ਨੇ ਮੈਨੂੰ ਬਹੁਤ ਪਰੇਸ਼ਾਨ ਕੀਤਾ।” 20 ਪਰ ਮੁੱਖ ਪੁਜਾਰੀਆਂ ਅਤੇ ਬਜ਼ੁਰਗਾਂ ਨੇ ਲੋਕਾਂ ਨੂੰ ਉਕਸਾਇਆ ਕਿ ਉਹ ਬਰਬਾਸ ਨੂੰ ਰਿਹਾ ਕਰਨ ਦੀ ਮੰਗ ਕਰਨ,+ ਪਰ ਯਿਸੂ ਨੂੰ ਜਾਨੋਂ ਮਾਰਨ ਦੀ।+ 21 ਪਿਲਾਤੁਸ ਨੇ ਉਨ੍ਹਾਂ ਨੂੰ ਜਵਾਬ ਦਿੰਦੇ ਹੋਏ ਕਿਹਾ: “ਮੈਂ ਤੁਹਾਡੇ ਲਈ ਇਨ੍ਹਾਂ ਦੋਹਾਂ ਵਿੱਚੋਂ ਕਿਸ ਨੂੰ ਰਿਹਾ ਕਰਾਂ?” ਉਨ੍ਹਾਂ ਨੇ ਕਿਹਾ: “ਬਰਬਾਸ ਨੂੰ।” 22 ਪਿਲਾਤੁਸ ਨੇ ਉਨ੍ਹਾਂ ਨੂੰ ਕਿਹਾ: “ਤਾਂ ਫਿਰ ਯਿਸੂ ਜਿਹੜਾ ਮਸੀਹ ਕਹਾਉਂਦਾ ਹੈ, ਮੈਂ ਉਸ ਨਾਲ ਕੀ ਕਰਾਂ?” ਉਨ੍ਹਾਂ ਸਾਰਿਆਂ ਨੇ ਕਿਹਾ: “ਉਸ ਨੂੰ ਸੂਲ਼ੀ ʼਤੇ ਟੰਗ ਦਿਓ!”+ 23 ਪਿਲਾਤੁਸ ਨੇ ਕਿਹਾ: “ਪਰ ਕਿਉਂ? ਉਸ ਨੇ ਕੀ ਬੁਰਾ ਕੰਮ ਕੀਤਾ ਹੈ?” ਪਰ ਉਹ ਹੋਰ ਵੀ ਉੱਚੀ-ਉੱਚੀ ਕਹਿਣ ਲੱਗੇ: “ਉਸ ਨੂੰ ਸੂਲ਼ੀ ʼਤੇ ਟੰਗ ਦਿਓ!”+

24 ਪਿਲਾਤੁਸ ਨੇ ਦੇਖਿਆ ਕਿ ਉਸ ਦੇ ਕਹਿਣ ਦਾ ਕੋਈ ਫ਼ਾਇਦਾ ਨਹੀਂ ਸੀ, ਸਗੋਂ ਰੌਲ਼ਾ ਵਧਦਾ ਹੀ ਜਾ ਰਿਹਾ ਸੀ। ਇਸ ਕਰਕੇ ਉਸ ਨੇ ਪਾਣੀ ਲਿਆ ਅਤੇ ਸਾਰੀ ਭੀੜ ਸਾਮ੍ਹਣੇ ਆਪਣੇ ਹੱਥ ਧੋ ਕੇ ਕਿਹਾ: “ਮੈਂ ਇਸ ਆਦਮੀ ਦੇ ਖ਼ੂਨ ਤੋਂ ਨਿਰਦੋਸ਼ ਹਾਂ। ਇਸ ਦੇ ਜ਼ਿੰਮੇਵਾਰ ਤੁਸੀਂ ਹੋ।” 25 ਇਹ ਸੁਣ ਕੇ ਸਾਰੇ ਲੋਕਾਂ ਨੇ ਕਿਹਾ: “ਇਸ ਦਾ ਖ਼ੂਨ ਸਾਡੇ ਸਿਰ ਅਤੇ ਸਾਡੇ ਬੱਚਿਆਂ ਦੇ ਸਿਰ ਪਵੇ।”+ 26 ਫਿਰ ਉਸ ਨੇ ਬਰਬਾਸ ਨੂੰ ਰਿਹਾ ਕਰ ਦਿੱਤਾ, ਪਰ ਯਿਸੂ ਦੇ ਕੋਰੜੇ ਮਰਵਾ ਕੇ+ ਉਸ ਨੂੰ ਸੂਲ਼ੀ ʼਤੇ ਟੰਗਣ ਲਈ ਫ਼ੌਜੀਆਂ ਦੇ ਹਵਾਲੇ ਕਰ ਦਿੱਤਾ।+

27 ਇਸ ਤੋਂ ਬਾਅਦ, ਫ਼ੌਜੀ ਉਸ ਨੂੰ ਰਾਜਪਾਲ ਦੇ ਮਹਿਲ ਵਿਚ ਲੈ ਗਏ ਅਤੇ ਉਨ੍ਹਾਂ ਨੇ ਬਾਕੀ ਸਾਰੇ ਫ਼ੌਜੀਆਂ ਨੂੰ ਉੱਥੇ ਇਕੱਠਾ ਕਰ ਲਿਆ।+ 28 ਉਨ੍ਹਾਂ ਨੇ ਉਸ ਦੇ ਕੱਪੜੇ ਲਾਹ ਕੇ ਉਸ ਨੂੰ ਗੂੜ੍ਹੇ ਲਾਲ ਰੰਗ ਦਾ ਕੱਪੜਾ ਪਹਿਨਾਇਆ+ 29 ਅਤੇ ਕੰਡਿਆਂ ਦਾ ਮੁਕਟ ਗੁੰਦ ਕੇ ਉਸ ਦੇ ਸਿਰ ʼਤੇ ਰੱਖਿਆ ਅਤੇ ਇਕ ਕਾਨਾ ਉਸ ਦੇ ਸੱਜੇ ਹੱਥ ਵਿਚ ਫੜਾ ਦਿੱਤਾ। ਫਿਰ ਉਸ ਦੇ ਸਾਮ੍ਹਣੇ ਗੋਡੇ ਟੇਕ ਕੇ ਉਸ ਦਾ ਮਜ਼ਾਕ ਉਡਾਉਂਦੇ ਹੋਏ ਕਹਿਣ ਲੱਗੇ: “ਯਹੂਦੀਆਂ ਦੇ ਰਾਜੇ ਦੀ ਜੈ ਹੋਵੇ!”* 30 ਉਨ੍ਹਾਂ ਨੇ ਉਸ ʼਤੇ ਥੁੱਕਿਆ+ ਅਤੇ ਕਾਨਾ ਲੈ ਕੇ ਉਸ ਦੇ ਸਿਰ ਉੱਤੇ ਮਾਰਨ ਲੱਗ ਪਏ। 31 ਅਖ਼ੀਰ ਵਿਚ, ਜਦ ਉਹ ਉਸ ਦਾ ਮਜ਼ਾਕ ਉਡਾ ਚੁੱਕੇ, ਤਾਂ ਉਨ੍ਹਾਂ ਨੇ ਉਸ ਤੋਂ ਉਹ ਕੱਪੜਾ ਲਾਹ ਕੇ ਉਸ ਦੇ ਆਪਣੇ ਕੱਪੜੇ ਪੁਆ ਦਿੱਤੇ ਅਤੇ ਉਸ ਨੂੰ ਸੂਲ਼ੀ ʼਤੇ ਟੰਗਣ ਲਈ ਲੈ ਗਏ।+

32 ਜਦੋਂ ਫ਼ੌਜੀ ਉਸ ਨੂੰ ਲੈ ਕੇ ਜਾ ਰਹੇ ਸਨ, ਤਾਂ ਰਾਹ ਵਿਚ ਉਨ੍ਹਾਂ ਨੇ ਕੁਰੇਨੇ ਦੇ ਰਹਿਣ ਵਾਲੇ ਸ਼ਮਊਨ ਨੂੰ ਦੇਖਿਆ ਅਤੇ ਉਸ ਨੂੰ ਧੱਕੇ ਨਾਲ ਯਿਸੂ ਦੀ ਤਸੀਹੇ ਦੀ ਸੂਲ਼ੀ* ਚੁਕਾ ਦਿੱਤੀ।+ 33 ਜਦੋਂ ਉਹ “ਗਲਗਥਾ” ਨਾਂ ਦੀ ਜਗ੍ਹਾ ਯਾਨੀ “ਖੋਪੜੀ ਦੀ ਜਗ੍ਹਾ” ਆਏ,+ 34 ਤਾਂ ਉਨ੍ਹਾਂ ਨੇ ਦਾਖਰਸ ਵਿਚ ਪਿੱਤ* ਰਲ਼ਾ ਕੇ ਯਿਸੂ ਨੂੰ ਪੀਣ ਲਈ ਦਿੱਤਾ,+ ਪਰ ਚੱਖਣ ਤੋਂ ਬਾਅਦ ਉਸ ਨੇ ਪੀਣ ਤੋਂ ਇਨਕਾਰ ਕਰ ਦਿੱਤਾ। 35 ਫਿਰ ਉਸ ਨੂੰ ਸੂਲ਼ੀ ʼਤੇ ਟੰਗਣ ਤੋਂ ਬਾਅਦ ਉਨ੍ਹਾਂ ਨੇ ਗੁਣੇ ਪਾ ਕੇ ਉਸ ਦੇ ਕੱਪੜੇ ਆਪਸ ਵਿਚ ਵੰਡ ਲਏ+ 36 ਅਤੇ ਉਸ ʼਤੇ ਨਜ਼ਰ ਰੱਖਣ ਲਈ ਉੱਥੇ ਬੈਠ ਗਏ। 37 ਨਾਲੇ ਉਨ੍ਹਾਂ ਨੇ ਉਸ ਦੇ ਸਿਰ ਦੇ ਉੱਪਰ ਸੂਲ਼ੀ ʼਤੇ ਇਕ ਫੱਟੀ ਲਾ ਦਿੱਤੀ ਜਿਸ ਉੱਤੇ ਉਸ ਦਾ ਜੁਰਮ ਲਿਖਿਆ ਹੋਇਆ ਸੀ: “ਇਹ ਯਹੂਦੀਆਂ ਦਾ ਰਾਜਾ ਯਿਸੂ ਹੈ।”+

38 ਫਿਰ ਉਸ ਦੇ ਨਾਲ ਦੋ ਲੁਟੇਰਿਆਂ ਨੂੰ ਵੀ ਸੂਲ਼ੀਆਂ ʼਤੇ ਟੰਗਿਆ ਗਿਆ, ਇਕ ਨੂੰ ਉਸ ਦੇ ਸੱਜੇ ਪਾਸੇ ਅਤੇ ਦੂਜੇ ਨੂੰ ਖੱਬੇ ਪਾਸੇ।+ 39 ਉੱਥੋਂ ਲੰਘਣ ਵਾਲੇ ਲੋਕ ਉਸ ਦੀ ਬੇਇੱਜ਼ਤੀ ਕਰਦੇ ਸਨ+ ਅਤੇ ਨਫ਼ਰਤ ਨਾਲ ਸਿਰ ਹਿਲਾ ਕੇ+ 40 ਕਹਿੰਦੇ ਸਨ: “ਓਏ ਮੰਦਰ ਨੂੰ ਢਾਹੁਣ ਵਾਲਿਆ ਤੇ ਤਿੰਨਾਂ ਦਿਨਾਂ ਵਿਚ ਇਸ ਨੂੰ ਬਣਾਉਣ ਵਾਲਿਆ,+ ਆਪਣੇ ਆਪ ਨੂੰ ਬਚਾ! ਜੇ ਤੂੰ ਪਰਮੇਸ਼ੁਰ ਦਾ ਪੁੱਤਰ ਹੈਂ, ਤਾਂ ਤਸੀਹੇ ਦੀ ਸੂਲ਼ੀ* ਤੋਂ ਥੱਲੇ ਉੱਤਰ ਆ!”+ 41 ਇਸੇ ਤਰ੍ਹਾਂ, ਗ੍ਰੰਥੀਆਂ ਤੇ ਬਜ਼ੁਰਗਾਂ ਨਾਲ ਮਿਲ ਕੇ ਮੁੱਖ ਪੁਜਾਰੀ ਉਸ ਦਾ ਮਜ਼ਾਕ ਉਡਾਉਂਦੇ ਹੋਏ ਕਹਿਣ ਲੱਗੇ:+ 42 “ਹੋਰਨਾਂ ਨੂੰ ਤਾਂ ਇਸ ਨੇ ਬਚਾਇਆ, ਪਰ ਆਪਣੇ ਆਪ ਨੂੰ ਨਹੀਂ ਬਚਾ ਸਕਦਾ! ਇਹ ਤਾਂ ਇਜ਼ਰਾਈਲ ਦਾ ਰਾਜਾ ਹੈ;+ ਹੁਣ ਜੇ ਇਹ ਤਸੀਹੇ ਦੀ ਸੂਲ਼ੀ* ਤੋਂ ਉੱਤਰ ਕੇ ਦਿਖਾਵੇ, ਤਾਂ ਅਸੀਂ ਇਸ ʼਤੇ ਵਿਸ਼ਵਾਸ ਕਰਾਂਗੇ। 43 ਇਹਦਾ ਭਰੋਸਾ ਤਾਂ ਪਰਮੇਸ਼ੁਰ ʼਤੇ ਹੈ; ਜੇ ਪਰਮੇਸ਼ੁਰ ਵਾਕਈ ਇਸ ਤੋਂ ਖ਼ੁਸ਼ ਹੈ, ਤਾਂ ਉਹੀ ਇਸ ਨੂੰ ਬਚਾਵੇ।+ ਇਹ ਨੇ ਆਪੇ ਕਿਹਾ ਸੀ, ‘ਮੈਂ ਪਰਮੇਸ਼ੁਰ ਦਾ ਪੁੱਤਰ ਹਾਂ।’”+ 44 ਇੱਥੋਂ ਤਕ ਕਿ ਉਸ ਦੇ ਨਾਲ ਸੂਲ਼ੀਆਂ ʼਤੇ ਟੰਗੇ ਲੁਟੇਰੇ ਵੀ ਉਸ ਦੀ ਬੇਇੱਜ਼ਤੀ ਕਰ ਰਹੇ ਸਨ।+

45 ਫਿਰ ਦੁਪਹਿਰ ਦੇ 12 ਕੁ ਵਜੇ* ਤੋਂ ਲੈ ਕੇ 3 ਕੁ ਵਜੇ* ਤਕ ਸਾਰੀ ਧਰਤੀ ʼਤੇ ਹਨੇਰਾ ਛਾਇਆ ਰਿਹਾ।+ 46 ਯਿਸੂ ਨੇ 3 ਕੁ ਵਜੇ ਉੱਚੀ-ਉੱਚੀ ਕਿਹਾ: “ਏਲੀ ਏਲੀ ਲਾਮਾ ਸਬਕਤਾਨੀ?” ਇਸ ਦਾ ਮਤਲਬ ਹੈ, “ਹੇ ਮੇਰੇ ਪਰਮੇਸ਼ੁਰ, ਹੇ ਮੇਰੇ ਪਰਮੇਸ਼ੁਰ, ਤੂੰ ਮੈਨੂੰ ਕਿਉਂ ਤਿਆਗ ਦਿੱਤਾ ਹੈ?”+ 47 ਇਹ ਸੁਣ ਕੇ ਉੱਥੇ ਖੜ੍ਹੇ ਕੁਝ ਜਣੇ ਕਹਿਣ ਲੱਗੇ: “ਇਹ ਏਲੀਯਾਹ ਨੂੰ ਬੁਲਾ ਰਿਹਾ ਹੈ।”+ 48 ਅਤੇ ਉਸੇ ਵੇਲੇ ਉਨ੍ਹਾਂ ਵਿੱਚੋਂ ਇਕ ਜਣੇ ਨੇ ਭੱਜ ਕੇ ਸਿਰਕੇ* ਵਿਚ ਸਪੰਜ ਨੂੰ ਡੁਬੋ ਕੇ ਲਿਆਂਦਾ ਅਤੇ ਕਾਨੇ ਉੱਤੇ ਲਾ ਕੇ ਉਸ ਨੂੰ ਪੀਣ ਲਈ ਦਿੱਤਾ।+ 49 ਪਰ ਬਾਕੀ ਸਾਰੇ ਕਹਿਣ ਲੱਗੇ: “ਰਹਿਣ ਦੇ! ਚਲੋ ਦੇਖਦੇ ਹਾਂ ਕਿ ਏਲੀਯਾਹ ਉਸ ਨੂੰ ਬਚਾਉਣ ਆਉਂਦਾ ਹੈ ਜਾਂ ਨਹੀਂ।” 50 ਦੁਬਾਰਾ ਯਿਸੂ ਨੇ ਉੱਚੀ ਆਵਾਜ਼ ਵਿਚ ਪੁਕਾਰਿਆ ਤੇ ਦਮ ਤੋੜ ਦਿੱਤਾ।+

51 ਅਤੇ ਦੇਖੋ! ਮੰਦਰ ਦਾ ਪਰਦਾ*+ ਉੱਪਰੋਂ ਲੈ ਕੇ ਹੇਠਾਂ ਤਕ ਪਾਟ ਕੇ ਦੋ ਹਿੱਸੇ ਹੋ ਗਿਆ+ ਅਤੇ ਭੁਚਾਲ਼ ਆਇਆ ਤੇ ਚਟਾਨਾਂ ਪਾਟ ਗਈਆਂ। 52 ਕਬਰਾਂ ਵੀ ਖੁੱਲ੍ਹ ਗਈਆਂ ਤੇ ਮਰ ਚੁੱਕੇ ਕਈ ਪਵਿੱਤਰ ਸੇਵਕਾਂ ਦੀਆਂ ਲੋਥਾਂ ਬਾਹਰ ਆ ਡਿਗੀਆਂ 53 ਅਤੇ ਕਈ ਲੋਕਾਂ ਨੇ ਇਹ ਲੋਥਾਂ ਦੇਖੀਆਂ (ਅਤੇ ਜਿਹੜੇ ਲੋਕ ਕਬਰਸਤਾਨ ਵਿਚ ਗਏ ਸਨ, ਉਹ ਯਿਸੂ ਦੇ ਜੀ ਉੱਠਣ ਤੋਂ ਬਾਅਦ ਪਵਿੱਤਰ ਸ਼ਹਿਰ* ਵਿਚ ਗਏ)। 54 ਪਰ ਜਦੋਂ ਯਿਸੂ ਉੱਤੇ ਨਿਗਰਾਨੀ ਰੱਖ ਰਹੇ ਫ਼ੌਜੀ ਅਫ਼ਸਰ ਤੇ ਉਸ ਦੇ ਬੰਦਿਆਂ ਨੇ ਭੁਚਾਲ਼ ਅਤੇ ਹੋਰ ਘਟਨਾਵਾਂ ਦੇਖੀਆਂ, ਤਾਂ ਉਹ ਬਹੁਤ ਹੀ ਡਰ ਗਏ ਅਤੇ ਕਹਿਣ ਲੱਗੇ: “ਇਹ ਵਾਕਈ ਪਰਮੇਸ਼ੁਰ ਦਾ ਪੁੱਤਰ ਸੀ।”+

55 ਉਨ੍ਹਾਂ ਤੋਂ ਇਲਾਵਾ, ਉੱਥੇ ਕਈ ਤੀਵੀਆਂ ਵੀ ਦੂਰੋਂ ਸਭ ਕੁਝ ਦੇਖ ਰਹੀਆਂ ਸਨ। ਉਹ ਤੀਵੀਆਂ ਯਿਸੂ ਦੀ ਸੇਵਾ ਕਰਨ ਉਸ ਦੇ ਨਾਲ ਹੀ ਗਲੀਲ ਤੋਂ ਆਈਆਂ ਸਨ;+ 56 ਇਨ੍ਹਾਂ ਤੀਵੀਆਂ ਵਿਚ ਮਰੀਅਮ ਮਗਦਲੀਨੀ ਅਤੇ ਯਾਕੂਬ ਤੇ ਯੋਸੇਸ ਦੀ ਮਾਂ ਮਰੀਅਮ ਅਤੇ ਜ਼ਬਦੀ ਦੇ ਪੁੱਤਰਾਂ ਦੀ ਮਾਂ ਵੀ ਸੀ।+

57 ਦੁਪਹਿਰ ਢਲ਼ ਚੁੱਕੀ ਸੀ। ਉਦੋਂ ਅਰਿਮਥੀਆ ਦਾ ਰਹਿਣ ਵਾਲਾ ਇਕ ਅਮੀਰ ਆਦਮੀ ਯੂਸੁਫ਼ ਆਇਆ। ਉਹ ਵੀ ਯਿਸੂ ਦਾ ਚੇਲਾ ਸੀ+ 58 ਅਤੇ ਉਸ ਨੇ ਪਿਲਾਤੁਸ ਕੋਲ ਜਾ ਕੇ ਯਿਸੂ ਦੀ ਲਾਸ਼ ਮੰਗੀ।+ ਪਿਲਾਤੁਸ ਨੇ ਹੁਕਮ ਦਿੱਤਾ ਕਿ ਉਸ ਨੂੰ ਲਾਸ਼ ਦਿੱਤੀ ਜਾਵੇ।+ 59 ਯੂਸੁਫ਼ ਨੇ ਲਾਸ਼ ਲੈ ਕੇ ਉਸ ਨੂੰ ਇਕ ਵਧੀਆ ਕੱਪੜੇ ਵਿਚ ਲਪੇਟਿਆ+ 60 ਅਤੇ ਆਪਣੀ ਨਵੀਂ ਕਬਰ ਵਿਚ ਰੱਖਿਆ+ ਜੋ ਉਸ ਨੇ ਇਕ ਚਟਾਨ ਨੂੰ ਤਰਾਸ਼ ਕੇ ਬਣਵਾਈ ਸੀ। ਇਕ ਵੱਡਾ ਪੱਥਰ ਕਬਰ ਦੇ ਮੂੰਹ ʼਤੇ ਰੱਖਣ ਤੋਂ ਬਾਅਦ ਉਹ ਚਲਾ ਗਿਆ। 61 ਪਰ ਮਰੀਅਮ ਮਗਦਲੀਨੀ ਤੇ ਦੂਸਰੀ ਮਰੀਅਮ ਕਬਰ ਦੇ ਸਾਮ੍ਹਣੇ ਬੈਠੀਆਂ ਰਹੀਆਂ।+

62 ਤਿਆਰੀ ਦੇ ਦਿਨ ਤੋਂ ਇਕ ਦਿਨ ਬਾਅਦ+ ਮੁੱਖ ਪੁਜਾਰੀ ਤੇ ਫ਼ਰੀਸੀ ਪਿਲਾਤੁਸ ਅੱਗੇ ਇਕੱਠੇ ਹੋਏ ਅਤੇ 63 ਉਸ ਨੂੰ ਕਿਹਾ: “ਜਨਾਬ, ਸਾਨੂੰ ਯਾਦ ਹੈ ਕਿ ਉਸ ਫਰੇਬੀ ਨੇ ਆਪਣੇ ਜੀਉਂਦੇ-ਜੀ ਕਿਹਾ ਸੀ, ‘ਮੈਨੂੰ ਤਿੰਨਾਂ ਦਿਨਾਂ ਬਾਅਦ ਦੁਬਾਰਾ ਜੀਉਂਦਾ ਕੀਤਾ ਜਾਵੇਗਾ।’+ 64 ਇਸ ਲਈ ਤੀਸਰੇ ਦਿਨ ਤਕ ਕਬਰ ਉੱਤੇ ਨਿਗਰਾਨੀ ਰੱਖਣ ਦਾ ਹੁਕਮ ਦਿਓ ਤਾਂਕਿ ਉਸ ਦੇ ਚੇਲੇ ਆ ਕੇ ਉਸ ਦੀ ਲਾਸ਼ ਚੋਰੀ ਕਰ ਕੇ ਨਾ ਲੈ ਜਾਣ+ ਤੇ ਫਿਰ ਲੋਕਾਂ ਨੂੰ ਕਹਿਣ, ‘ਉਹ ਮਰਿਆਂ ਵਿੱਚੋਂ ਜੀਉਂਦਾ ਹੋ ਗਿਆ ਹੈ!’ ਫਿਰ ਸਾਨੂੰ ਇਸ ਝੂਠ ਦਾ ਪਹਿਲੇ ਝੂਠ ਨਾਲੋਂ ਵੀ ਜ਼ਿਆਦਾ ਨੁਕਸਾਨ ਹੋਵੇਗਾ।” 65 ਪਿਲਾਤੁਸ ਨੇ ਉਨ੍ਹਾਂ ਨੂੰ ਕਿਹਾ: “ਆਪਣੇ ਨਾਲ ਪਹਿਰੇਦਾਰ ਲੈ ਜਾਓ ਤੇ ਜਿਵੇਂ ਤੁਸੀਂ ਚਾਹੁੰਦੇ ਹੋ, ਕਬਰ ʼਤੇ ਪਹਿਰਾ ਲਾ ਦਿਓ।” 66 ਅਤੇ ਉਨ੍ਹਾਂ ਨੇ ਜਾ ਕੇ ਕਬਰ ਅੱਗੇ ਰੱਖੇ ਪੱਥਰ ਨੂੰ ਸੀਲਬੰਦ ਕਰ ਦਿੱਤਾ ਅਤੇ ਪਹਿਰੇਦਾਰਾਂ ਨੂੰ ਖੜ੍ਹਾ ਕਰ ਦਿੱਤਾ।

28 ਸਬਤ ਦੇ ਦਿਨ ਤੋਂ ਬਾਅਦ, ਹਫ਼ਤੇ ਦੇ ਪਹਿਲੇ ਦਿਨ* ਪਹੁ ਫੁੱਟਦਿਆਂ ਹੀ ਮਰੀਅਮ ਮਗਦਲੀਨੀ ਅਤੇ ਦੂਸਰੀ ਮਰੀਅਮ ਕਬਰ ਨੂੰ ਦੇਖਣ ਆਈਆਂ।+

2 ਅਤੇ ਦੇਖੋ! ਇਕ ਜ਼ੋਰਦਾਰ ਭੁਚਾਲ਼ ਆਇਆ ਕਿਉਂਕਿ ਯਹੋਵਾਹ* ਦਾ ਦੂਤ ਸਵਰਗੋਂ ਆਇਆ ਸੀ ਅਤੇ ਉਹ ਕਬਰ ਦੇ ਮੂੰਹ ਤੋਂ ਪੱਥਰ ਹਟਾ ਕੇ ਉਸ ਉੱਤੇ ਬੈਠਾ ਹੋਇਆ ਸੀ।+ 3 ਉਸ ਦਾ ਰੂਪ ਬਿਜਲੀ ਵਾਂਗ ਲਿਸ਼ਕ ਰਿਹਾ ਸੀ ਅਤੇ ਉਸ ਦੇ ਕੱਪੜੇ ਬਰਫ਼ ਵਰਗੇ ਚਿੱਟੇ ਸਨ।+ 4 ਉਸ ਨੂੰ ਦੇਖ ਕੇ ਪਹਿਰੇਦਾਰ ਡਰ ਨਾਲ ਥਰ-ਥਰ ਕੰਬਣ ਲੱਗੇ ਅਤੇ ਮਰਿਆਂ ਵਰਗੇ ਹੋ ਗਏ।

5 ਪਰ ਦੂਤ ਨੇ ਉਨ੍ਹਾਂ ਤੀਵੀਆਂ ਨੂੰ ਕਿਹਾ: “ਤੁਸੀਂ ਨਾ ਡਰੋ ਕਿਉਂਕਿ ਮੈਨੂੰ ਪਤਾ ਹੈ ਕਿ ਤੁਸੀਂ ਯਿਸੂ ਨੂੰ ਲੱਭ ਰਹੀਆਂ ਹੋ ਜਿਸ ਨੂੰ ਸੂਲ਼ੀ ʼਤੇ ਟੰਗਿਆ ਗਿਆ ਸੀ।+ 6 ਉਹ ਹੁਣ ਇੱਥੇ ਨਹੀਂ ਹੈ ਕਿਉਂਕਿ ਜਿਵੇਂ ਉਸ ਨੇ ਕਿਹਾ ਸੀ, ਉਸ ਨੂੰ ਜੀਉਂਦਾ ਕੀਤਾ ਗਿਆ ਹੈ।+ ਆਓ, ਉਹ ਜਗ੍ਹਾ ਦੇਖੋ ਜਿੱਥੇ ਉਸ ਨੂੰ ਰੱਖਿਆ ਗਿਆ ਸੀ। 7 ਹੁਣ ਤੁਸੀਂ ਫਟਾਫਟ ਜਾ ਕੇ ਉਸ ਦੇ ਚੇਲਿਆਂ ਨੂੰ ਦੱਸੋ ਕਿ ਉਹ ਮਰਿਆਂ ਵਿੱਚੋਂ ਜੀਉਂਦਾ ਹੋ ਗਿਆ ਹੈ। ਉਹ ਤੁਹਾਡੇ ਤੋਂ ਪਹਿਲਾਂ ਗਲੀਲ ਨੂੰ ਜਾ ਰਿਹਾ ਹੈ।+ ਤੁਸੀਂ ਉਸ ਨੂੰ ਉੱਥੇ ਮਿਲੋਗੇ। ਮੈਂ ਜੋ ਤੁਹਾਨੂੰ ਦੱਸਿਆ ਹੈ, ਉਹ ਯਾਦ ਰੱਖਿਓ।”+

8 ਉਹ ਬਹੁਤ ਡਰੀਆਂ ਹੋਈਆਂ ਸਨ, ਨਾਲੇ ਬੜੀਆਂ ਖ਼ੁਸ਼ ਵੀ ਸਨ। ਉਹ ਝੱਟ ਕਬਰ ਵਿੱਚੋਂ ਬਾਹਰ ਨਿਕਲੀਆਂ ਅਤੇ ਉਸ ਦੇ ਚੇਲਿਆਂ ਨੂੰ ਖ਼ਬਰ ਦੇਣ ਲਈ ਭੱਜੀਆਂ ਗਈਆਂ।+ 9 ਫਿਰ ਅਚਾਨਕ ਯਿਸੂ ਉਨ੍ਹਾਂ ਨੂੰ ਮਿਲਿਆ ਅਤੇ ਉਸ ਨੇ ਕਿਹਾ: “ਖ਼ੁਸ਼ ਰਹੋ!” ਉਨ੍ਹਾਂ ਨੇ ਆ ਕੇ ਉਸ ਦੇ ਪੈਰ ਫੜ ਲਏ ਅਤੇ ਉਸ ਨੂੰ ਨਮਸਕਾਰ ਕੀਤਾ।* 10 ਫਿਰ ਯਿਸੂ ਨੇ ਉਨ੍ਹਾਂ ਨੂੰ ਕਿਹਾ: “ਡਰੋ ਨਾ! ਜਾ ਕੇ ਮੇਰੇ ਭਰਾਵਾਂ* ਨੂੰ ਦੱਸੋ ਤਾਂਕਿ ਉਹ ਗਲੀਲ ਨੂੰ ਜਾਣ, ਮੈਂ ਉਨ੍ਹਾਂ ਨੂੰ ਉੱਥੇ ਮਿਲਾਂਗਾ।”

11 ਜਦੋਂ ਉਹ ਜਾ ਰਹੀਆਂ ਸਨ, ਤਾਂ ਕੁਝ ਪਹਿਰੇਦਾਰਾਂ+ ਨੇ ਸ਼ਹਿਰ ਵਿਚ ਜਾ ਕੇ ਮੁੱਖ ਪੁਜਾਰੀਆਂ ਨੂੰ ਸਾਰਾ ਕੁਝ ਦੱਸਿਆ ਜੋ ਕਬਰ ʼਤੇ ਹੋਇਆ ਸੀ। 12 ਫਿਰ ਮੁੱਖ ਪੁਜਾਰੀ ਤੇ ਬਜ਼ੁਰਗ ਇਕੱਠੇ ਹੋਏ ਤੇ ਆਪਸ ਵਿਚ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਪਹਿਰੇਦਾਰਾਂ ਨੂੰ ਚਾਂਦੀ ਦੇ ਬਹੁਤ ਸਾਰੇ ਸਿੱਕੇ ਦਿੱਤੇ 13 ਅਤੇ ਕਿਹਾ: “ਤੁਸੀਂ ਇੱਦਾਂ ਕਹਿਓ, ‘ਜਦੋਂ ਰਾਤ ਨੂੰ ਅਸੀਂ ਸੁੱਤੇ ਪਏ ਸੀ, ਤਾਂ ਉਸ ਦੇ ਚੇਲੇ ਆਏ ਅਤੇ ਉਸ ਦੀ ਲਾਸ਼ ਚੋਰੀ ਕਰ ਕੇ ਲੈ ਗਏ।’+ 14 ਅਤੇ ਜੇ ਇਹ ਗੱਲ ਰਾਜਪਾਲ ਦੇ ਕੰਨੀਂ ਪਈ, ਤਾਂ ਅਸੀਂ ਗੱਲ ਕਰ ਕੇ ਉਸ ਨੂੰ ਸਮਝਾ ਦਿਆਂਗੇ।* ਤੁਹਾਨੂੰ ਫ਼ਿਕਰ ਕਰਨ ਦੀ ਕੋਈ ਲੋੜ ਨਹੀਂ ਪਵੇਗੀ।” 15 ਇਸ ਲਈ ਪਹਿਰੇਦਾਰਾਂ ਨੇ ਚਾਂਦੀ ਦੇ ਸਿੱਕੇ ਲਏ ਅਤੇ ਉਵੇਂ ਹੀ ਕੀਤਾ ਜਿਵੇਂ ਉਨ੍ਹਾਂ ਨੂੰ ਸਿਖਾਇਆ ਗਿਆ ਸੀ। ਉਨ੍ਹਾਂ ਵੱਲੋਂ ਸਾਰੇ ਪਾਸੇ ਫੈਲਾਈ ਇਸ ਗੱਲ ਨੂੰ ਯਹੂਦੀ ਅੱਜ ਤਕ ਸੱਚ ਮੰਨਦੇ ਹਨ।

16 ਫਿਰ 11 ਚੇਲੇ ਗਲੀਲ ਨੂੰ ਗਏ+ ਅਤੇ ਉਸ ਪਹਾੜ ਉੱਤੇ ਚਲੇ ਗਏ ਜਿੱਥੇ ਯਿਸੂ ਨੇ ਉਨ੍ਹਾਂ ਨੂੰ ਆਉਣ ਲਈ ਕਿਹਾ ਸੀ।+ 17 ਜਦੋਂ ਉਨ੍ਹਾਂ ਨੇ ਉਸ ਨੂੰ ਦੇਖਿਆ, ਤਾਂ ਗੋਡੇ ਟੇਕ ਕੇ ਉਸ ਨੂੰ ਨਮਸਕਾਰ ਕੀਤਾ, ਪਰ ਕੁਝ ਚੇਲਿਆਂ ਨੂੰ ਸ਼ੱਕ ਸੀ। 18 ਯਿਸੂ ਨੇ ਉਨ੍ਹਾਂ ਕੋਲ ਆ ਕੇ ਕਿਹਾ: “ਸਵਰਗ ਵਿਚ ਅਤੇ ਧਰਤੀ ਉੱਤੇ ਸਾਰਾ ਅਧਿਕਾਰ ਮੈਨੂੰ ਦਿੱਤਾ ਗਿਆ ਹੈ।+ 19 ਇਸ ਲਈ ਜਾਓ ਅਤੇ ਸਾਰੀਆਂ ਕੌਮਾਂ ਦੇ ਲੋਕਾਂ ਨੂੰ ਚੇਲੇ ਬਣਾਓ+ ਅਤੇ ਉਨ੍ਹਾਂ ਨੂੰ ਪਿਤਾ ਦੇ ਨਾਂ ʼਤੇ, ਪੁੱਤਰ ਦੇ ਨਾਂ ʼਤੇ ਅਤੇ ਪਵਿੱਤਰ ਸ਼ਕਤੀ ਦੇ ਨਾਂ ʼਤੇ ਬਪਤਿਸਮਾ ਦਿਓ+ 20 ਅਤੇ ਉਨ੍ਹਾਂ ਨੂੰ ਸਾਰੇ ਹੁਕਮਾਂ ਦੀ ਪਾਲਣਾ ਕਰਨੀ ਸਿਖਾਓ ਜਿਹੜੇ ਹੁਕਮ ਮੈਂ ਤੁਹਾਨੂੰ ਦਿੱਤੇ ਹਨ।+ ਅਤੇ ਦੇਖੋ! ਮੈਂ ਯੁਗ* ਦੇ ਆਖ਼ਰੀ ਸਮੇਂ+ ਤਕ ਹਰ ਵੇਲੇ ਤੁਹਾਡੇ ਨਾਲ ਰਹਾਂਗਾ।”

ਯੂਨਾ, “ਪਨੈਵਮਾ।” ਸ਼ਬਦਾਵਲੀ, “ਰੂਆਖ; ਪਨੈਵਮਾ” ਦੇਖੋ।

ਯਹੂਦੀਆਂ ਵਿਚ ਮੰਗੇਤਰ ਨੂੰ ਪਤੀ ਕਿਹਾ ਜਾਂਦਾ ਸੀ।

ਯਹੂਦੀਆਂ ਵਿਚ ਕੁੜਮਾਈ ਨੂੰ ਤੋੜਨ ਲਈ ਤਲਾਕ ਦੇਣਾ ਪੈਂਦਾ ਸੀ।

ਇਹ 237 ਥਾਵਾਂ ਵਿੱਚੋਂ ਪਹਿਲੀ ਥਾਂ ਹੈ ਜਿੱਥੇ ਪਰਮੇਸ਼ੁਰ ਦਾ ਨਾਂ “ਯਹੋਵਾਹ” ਇਸ ਤਰਜਮੇ ਦੇ ਮੁੱਖ ਪਾਠ ਵਿਚ ਵਰਤਿਆ ਗਿਆ ਹੈ। ਵਧੇਰੇ ਜਾਣਕਾਰੀ 1.5 ਦੇਖੋ।

ਇਹ ਨਾਂ ਇਬਰਾਨੀ ਨਾਂ “ਯੇਸ਼ੂਆ” ਅਤੇ “ਯਹੋਸ਼ੁਆ” ਵਰਗਾ ਹੈ ਜਿਸ ਦਾ ਮਤਲਬ ਹੈ, “ਯਹੋਵਾਹ ਮੁਕਤੀਦਾਤਾ ਹੈ।”

ਵਧੇਰੇ ਜਾਣਕਾਰੀ 1.5 ਦੇਖੋ।

ਵਧੇਰੇ ਜਾਣਕਾਰੀ 1.5 ਦੇਖੋ।

ਸ਼ਬਦਾਵਲੀ ਦੇਖੋ।

ਜਾਂ, “ਅੱਗੇ ਸਿਰ ਝੁਕਾਉਣ।”

ਜਾਂ, “ਚੁਣੇ ਹੋਏ।”

ਜਾਂ, “ਅੱਗੇ ਸਿਰ ਝੁਕਾਇਆ।”

ਵਧੇਰੇ ਜਾਣਕਾਰੀ 1.5 ਦੇਖੋ।

ਵਧੇਰੇ ਜਾਣਕਾਰੀ 1.5 ਦੇਖੋ।

ਵਧੇਰੇ ਜਾਣਕਾਰੀ 1.5 ਦੇਖੋ।

ਯਾਨੀ, ਮਸੀਹ।

ਇਹ ਸ਼ਬਦ ਸ਼ਾਇਦ “ਟਾਹਣੀ” ਲਈ ਇਸਤੇਮਾਲ ਹੋਣ ਵਾਲੇ ਇਬਰਾਨੀ ਸ਼ਬਦ ਤੋਂ ਨਿਕਲਿਆ ਹੈ।

ਵਧੇਰੇ ਜਾਣਕਾਰੀ 1.5 ਦੇਖੋ।

ਜਾਂ, “ਡੁਬਕੀ ਲਈ।”

ਸ਼ਬਦਾਵਲੀ ਦੇਖੋ।

ਵਧੇਰੇ ਜਾਣਕਾਰੀ 1.5 ਦੇਖੋ।

ਜਾਂ, “ਬਨੇਰੇ; ਸਭ ਤੋਂ ਉੱਚੀ ਜਗ੍ਹਾ।”

ਵਧੇਰੇ ਜਾਣਕਾਰੀ 1.5 ਦੇਖੋ।

ਵਧੇਰੇ ਜਾਣਕਾਰੀ 1.5 ਦੇਖੋ।

ਜਾਂ, “ਪਵਿੱਤਰ ਸੇਵਾ।”

“ਯਿਸੂ ਦੇ ਪਿੱਛੇ-ਪਿੱਛੇ ਤੁਰਨ” ਦਾ ਮਤਲਬ ਹੈ ਉਸ ਦਾ ਚੇਲਾ ਬਣਨਾ।

ਜਾਂ, “10 ਸ਼ਹਿਰਾਂ ਦਾ ਗੁੱਟ।”

ਜਾਂ, “ਜੋ ਪਵਿੱਤਰ ਸ਼ਕਤੀ ਦੀ ਭੀਖ ਮੰਗਦੇ ਹਨ।”

ਜਾਂ, “ਪਰਮੇਸ਼ੁਰ ਦੀ ਇੱਛਾ ਪੂਰੀ ਕਰਨੀ ਅਤੇ ਉਸ ਦੇ ਹੁਕਮ ਮੰਨਣੇ ਚਾਹੁੰਦੇ ਹਨ।” ਸ਼ਬਦਾਵਲੀ, “ਧਾਰਮਿਕਤਾ” ਦੇਖੋ।

ਜਾਂ, “ਸ਼ਾਂਤੀ-ਪਸੰਦ।”

ਯਰੂਸ਼ਲਮ ਦੇ ਬਾਹਰ ਕੂੜਾ-ਕਰਕਟ ਸਾੜਨ ਲਈ ਜਗ੍ਹਾ। ਸ਼ਬਦਾਵਲੀ ਦੇਖੋ।

ਯੂਨਾ, “ਆਖ਼ਰੀ ਕੁਆਡਰੰਸ।” ਵਧੇਰੇ ਜਾਣਕਾਰੀ 2.14 ਦੇਖੋ।

ਯੂਨਾ, “ਤੈਨੂੰ ਠੋਕਰ ਖੁਆ ਰਹੀ ਹੈ।”

ਸ਼ਬਦਾਵਲੀ ਦੇਖੋ।

ਸ਼ਬਦਾਵਲੀ ਦੇਖੋ।

ਯੂਨਾ, “ਪੋਰਨੀਆ।” ਸ਼ਬਦਾਵਲੀ ਦੇਖੋ।

ਵਧੇਰੇ ਜਾਣਕਾਰੀ 1.5 ਦੇਖੋ।

ਯੂਨਾ, “ਉਸ ਦੁਸ਼ਟ।”

ਵਧੇਰੇ ਜਾਣਕਾਰੀ 2.14 ਦੇਖੋ।

ਯਾਨੀ, ਬਿਨਾਂ ਵਿਆਜ ਤੋਂ ਉਧਾਰ ਮੰਗਣਾ।

ਜਾਂ, “ਪੂਰੇ।”

ਜਾਂ, “ਗ਼ਰੀਬਾਂ ਨੂੰ ਦਾਨ।” ਸ਼ਬਦਾਵਲੀ ਦੇਖੋ।

ਯੂਨਾ, “ਆਪਣੇ ਅੱਗੇ-ਅੱਗੇ ਤੁਰ੍ਹੀ ਨਾ ਵਜਵਾਓ।”

ਯੂਨਾ, “ਜੋ ਗੁਪਤ ਵਿਚ ਹੈ।”

ਯੂਨਾ, “ਜੋ ਗੁਪਤ ਵਿਚ ਦੇਖਦਾ ਹੈ।”

ਜਾਂ, “ਪਵਿੱਤਰ ਮੰਨਿਆ ਜਾਵੇ; ਸਮਝਿਆ ਜਾਵੇ।”

ਯੂਨਾ, “ਕਰਜ਼।”

ਯੂਨਾ, “ਆਪਣੇ ਕਰਜ਼ਾਈਆਂ।”

ਯੂਨਾ, “ਉਸ ਦੁਸ਼ਟ।”

ਜਾਂ, “ਚਿਹਰਾ ਗੰਦਾ ਰੱਖਦੇ ਹਨ।”

ਯੂਨਾ, “ਜੋ ਗੁਪਤ ਵਿਚ ਦੇਖਦਾ ਹੈ।”

ਜਾਂ, “ਸਾਫ਼ ਹੈ।” ਯੂਨਾ, “ਸਾਦੀ ਹੈ।”

ਯੂਨਾ, “ਬੁਰੀ ਹੈ; ਦੁਸ਼ਟ ਹੈ।”

ਜਾਂ, “ਆਪਣੀ ਜ਼ਿੰਦਗੀ ਦੀ ਲੰਬਾਈ ਇਕ ਹੱਥ ਵੀ ਵਧਾ ਸਕਦਾ ਹੈ।” ਵਧੇਰੇ ਜਾਣਕਾਰੀ 2.14 ਦੇਖੋ।

ਜਾਂ, “ਕੰਮਾਂ।”

ਉਹ ਫ਼ੌਜੀ ਅਫ਼ਸਰ ਜਿਸ ਦੇ ਅਧੀਨ 100 ਫ਼ੌਜੀ ਹੁੰਦੇ ਸਨ।

ਮੱਤੀ 4:​20, ਫੁਟਨੋਟ ਦੇਖੋ।

ਜਾਂ, “ਤੁਹਾਡੇ ਦਿਲ ਇੰਨੇ ਕਮਜ਼ੋਰ ਕਿਉਂ ਹਨ?”

ਮਰ 5:1 ਅਤੇ ਲੂਕਾ 8:26 ਵਿਚ ਗਿਰਸੇਨੀਆਂ ਦਾ ਇਲਾਕਾ।

ਯਾਨੀ, ਕਫ਼ਰਨਾਹੂਮ ਜਿੱਥੇ ਯਿਸੂ ਗਲੀਲ ਵਿਚ ਪ੍ਰਚਾਰ ਕਰਦਿਆਂ ਅਕਸਰ ਠਹਿਰਿਆ ਕਰਦਾ ਸੀ।

ਮੱਤੀ 4:​20, ਫੁਟਨੋਟ ਦੇਖੋ।

ਜਾਂ, “ਦੋਸਤਾਂ।”

ਯਾਨੀ, ਅਣਧੋਤਾ ਤੇ ਅਣਸੁੰਗੜਿਆ ਕੱਪੜਾ।

ਜਾਂ, “ਅੱਗੇ ਸਿਰ ਝੁਕਾਇਆ।”

ਯੂਨਾ, “ਪਨੈਵਮਾ।” ਸ਼ਬਦਾਵਲੀ, “ਰੂਆਖ; ਪਨੈਵਮਾ” ਦੇਖੋ।

“ਪਤਰਸ” ਦੇ ਪੰਜ ਵੱਖੋ-ਵੱਖਰੇ ਨਾਂ ਹਨ: ਇੱਥੇ “ਸ਼ਮਊਨ ਉਰਫ਼ ਪਤਰਸ”; ਮੱਤੀ 16:16: “ਸ਼ਮਊਨ ਪਤਰਸ”; ਰਸੂ 15:14: “ਸ਼ਿਮਓਨ”; ਯੂਹੰ 1:42: ਕੇਫ਼ਾਸ; ਅਤੇ ਆਮ ਤੌਰ ਤੇ “ਪਤਰਸ,” ਜਿਵੇਂ ਕਿ ਮੱਤੀ 14:28 ਵਿਚ।

ਬਰਥੁਲਮਈ ਨੂੰ ਨਥਾਨਿਏਲ ਵੀ ਕਿਹਾ ਜਾਂਦਾ ਹੈ। ਯੂਹੰ 1:46; 21:2 ਦੇਖੋ।

ਮੱਤੀ ਨੂੰ ਲੇਵੀ ਵੀ ਕਿਹਾ ਜਾਂਦਾ ਹੈ। ਲੂਕਾ 5:27 ਦੇਖੋ।

ਥੱਦਈ ਨੂੰ “ਯਹੂਦਾ ਜੋ ਯਾਕੂਬ ਦਾ ਪੁੱਤਰ ਹੈ” ਵੀ ਕਿਹਾ ਜਾਂਦਾ ਹੈ। ਲੂਕਾ 6:16; ਯੂਹੰ 14:22; ਰਸੂ 1:13 ਦੇਖੋ।

ਜਾਂ, “ਵਾਧੂ ਕੁੜਤਾ।”

ਜਾਂ, “ਸ਼ਾਂਤੀ।”

ਜਾਂ, “ਅਮੂਰਾਹ।”

ਦੁਸ਼ਟ ਦੂਤਾਂ ਦੇ ਸਰਦਾਰ ਸ਼ੈਤਾਨ ਦਾ ਇਕ ਹੋਰ ਨਾਂ।

ਸ਼ਬਦਾਵਲੀ ਦੇਖੋ।

ਯੂਨਾ, “ਇਕ ਅਸੈਰੀਅਨ।” ਵਧੇਰੇ ਜਾਣਕਾਰੀ 2.14 ਦੇਖੋ।

ਸ਼ਬਦਾਵਲੀ ਦੇਖੋ।

ਜਾਂ, “ਸ਼ਾਨਦਾਰ।”

ਜਾਂ, “ਦੂਤ।”

ਜਾਂ, “ਨਤੀਜਿਆਂ।”

ਜਾਂ, “ਹੇਡੀਜ਼।” ਸ਼ਬਦਾਵਲੀ ਦੇਖੋ।

ਯਾਨੀ, ਕਫ਼ਰਨਾਹੂਮ ਸ਼ਹਿਰ।

ਜਾਂ, “ਜਿਸ ਦੇ ਹੱਥ ਨੂੰ ਲਕਵਾ ਮਾਰ ਗਿਆ ਸੀ।”

ਸ਼ੈਤਾਨ ਦਾ ਇਕ ਹੋਰ ਨਾਂ।

ਯੂਨਾ, “ਪਨੈਵਮਾ।” ਸ਼ਬਦਾਵਲੀ, “ਰੂਆਖ; ਪਨੈਵਮਾ” ਦੇਖੋ।

ਸ਼ਾਇਦ ਪਰਮੇਸ਼ੁਰ ਜਾਂ ਪਵਿੱਤਰ ਚੀਜ਼ਾਂ ਦੀ ਨਿੰਦਿਆ।

ਜਾਂ, “ਬੇਵਫ਼ਾ।”

ਜਾਂ, “ਯੁਗ।” ਸ਼ਬਦਾਵਲੀ ਦੇਖੋ।

ਯੂਨਾ, “ਸੇਆਹ ਮਾਪ।” ਇਕ ਸੇਆਹ 7.33 ਲੀਟਰ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।

ਜਾਂ ਸੰਭਵ ਹੈ, “ਦੁਨੀਆਂ ਦੀ ਨੀਂਹ।” ਯੂਨਾ, “ਬੀ ਖਿਲਾਰਨਾ।” ਇੱਥੇ ਆਦਮ ਅਤੇ ਹੱਵਾਹ ਦੇ ਬੱਚਿਆਂ ਦੀ ਗੱਲ ਹੋ ਰਹੀ ਹੈ।

ਯੂਨਾ, “ਉਸ ਦੁਸ਼ਟ।”

ਸ਼ਬਦਾਵਲੀ ਦੇਖੋ।

ਸ਼ਬਦਾਵਲੀ ਦੇਖੋ।

ਸ਼ਬਦਾਵਲੀ ਦੇਖੋ।

ਯਾਨੀ, ਹੇਰੋਦੇਸ ਅੰਤਿਪਾਸ। ਸ਼ਬਦਾਵਲੀ ਦੇਖੋ।

ਯੂਨਾ, “ਕਈ ਸਟੇਡੀਅਮ।” ਇਕ ਸਟੇਡੀਅਮ 185 ਮੀਟਰ (606.95 ਫੁੱਟ) ਹੁੰਦਾ ਹੈ।

ਯਾਨੀ, ਸਵੇਰੇ ਲਗਭਗ 3 ਵਜੇ ਤੋਂ ਲੈ ਕੇ ਸਵੇਰ ਦੇ ਲਗਭਗ 6 ਵਜੇ ਤਕ ਜਦੋਂ ਸੂਰਜ ਚੜ੍ਹਦਾ ਹੈ।

ਯਾਨੀ, ਰੀਤ ਮੁਤਾਬਕ ਹੱਥ ਨਹੀਂ ਧੋਂਦੇ।

ਜਾਂ, “ਗਾਲ਼ਾਂ ਕੱਢੇ।”

ਯੂਨਾਨੀ ਸ਼ਬਦ “ਪੋਰਨੀਆ” ਦਾ ਬਹੁਵਚਨ। ਸ਼ਬਦਾਵਲੀ ਦੇਖੋ।

ਮੱਤੀ 12:​31, ਫੁਟਨੋਟ ਦੇਖੋ।

ਯਾਨੀ, ਰੀਤ ਮੁਤਾਬਕ ਹੱਥ ਧੋਤੇ ਬਿਨਾਂ।

ਜਾਂ, “ਬੇਵਫ਼ਾ।”

ਜਾਂ, “ਹੇਡੀਜ਼।” ਸ਼ਬਦਾਵਲੀ ਦੇਖੋ।

ਸ਼ਬਦਾਵਲੀ ਦੇਖੋ।

ਯੂਨਾ, “ਰੌਸ਼ਨੀ ਵਾਂਗ ਚਿੱਟੇ ਹੋ ਗਏ।”

ਵਧੇਰੇ ਜਾਣਕਾਰੀ 1.3 ਦੇਖੋ।

ਯੂਨਾ, “ਦੋ ਦਰਾਖਮਾ ਸਿੱਕੇ।” ਵਧੇਰੇ ਜਾਣਕਾਰੀ 2.14 ਦੇਖੋ।

ਇਹ ਟੈਕਸ ਹਰ ਕਿਸੇ ਤੋਂ ਲਿਆ ਜਾਂਦਾ ਸੀ।

ਯੂਨਾ, “ਸਟੇਟਰ ਸਿੱਕਾ” ਜੋ 4 ਦਰਾਖਮਾ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।

ਯੂਨਾ, “ਨਾ ਮੁੜੋ।”

ਯੂਨਾ, “ਕਿਸੇ ਨੂੰ ਠੋਕਰ ਖੁਆਵੇ।”

ਜਾਂ, “ਜਿਹੋ ਜਿਹਾ ਚੱਕੀ ਦਾ ਪੁੜ ਗਧਾ ਖਿੱਚਦਾ ਹੈ।”

ਯੂਨਾ, “ਤੈਨੂੰ ਠੋਕਰ ਖੁਆਵੇ।”

ਯਾਨੀ, ਹਮੇਸ਼ਾ ਦੀ ਜ਼ਿੰਦਗੀ ਪਾਵੇਂ।

ਯੂਨਾ, “ਤੈਨੂੰ ਠੋਕਰ ਖੁਆਵੇ।”

ਸ਼ਬਦਾਵਲੀ ਦੇਖੋ।

ਵਧੇਰੇ ਜਾਣਕਾਰੀ 1.3 ਦੇਖੋ।

ਜਾਂ ਸੰਭਵ ਹੈ, “ਤੁਹਾਡਾ।”

ਯੂਨਾ, “ਉਸ ਨੂੰ ਸੁਧਾਰ।”

ਯੂਨਾ, “10,000 ਟੈਲੰਟ,” ਜੋ ਕਿ 6 ਕਰੋੜ ਦੀਨਾਰ ਹੁੰਦਾ ਸੀ। ਦੀਨਾਰ ਚਾਂਦੀ ਦਾ ਇਕ ਰੋਮੀ ਸਿੱਕਾ ਸੀ ਜਿਸ ਦਾ ਭਾਰ 3.85 ਗ੍ਰਾਮ ਸੀ। ਇਕ ਦੀਨਾਰ ਇਕ ਦਿਨ ਦੀ ਮਜ਼ਦੂਰੀ ਹੁੰਦੀ ਸੀ। ਵਧੇਰੇ ਜਾਣਕਾਰੀ 2.14 ਦੇਖੋ।

ਵਧੇਰੇ ਜਾਣਕਾਰੀ 2.14 ਦੇਖੋ।

ਯੂਨਾ, “ਇੱਕੋ ਜੂਲੇ ਹੇਠ।”

ਯੂਨਾ, “ਪੋਰਨੀਆ।” ਸ਼ਬਦਾਵਲੀ ਦੇਖੋ।

ਵਧੇਰੇ ਜਾਣਕਾਰੀ 2.14 ਦੇਖੋ।

ਯੂਨਾ, “ਤੀਸਰਾ ਘੰਟਾ।” ਦਿਨ ਦੇ ਘੰਟੇ ਸੂਰਜ ਚੜ੍ਹਨ ਦੇ ਸਮੇਂ ਤੋਂ ਗਿਣੇ ਜਾਂਦੇ ਸਨ।

ਯੂਨਾ, “ਛੇਵਾਂ ਘੰਟਾ।”

ਯੂਨਾ, “ਨੌਵਾਂ ਘੰਟਾ।”

ਯੂਨਾ, “ਗਿਆਰਵਾਂ ਘੰਟਾ।”

ਯੂਨਾ, “ਗਿਆਰਵਾਂ ਘੰਟਾ।”

ਵਧੇਰੇ ਜਾਣਕਾਰੀ 2.14 ਦੇਖੋ।

ਵਧੇਰੇ ਜਾਣਕਾਰੀ 2.14 ਦੇਖੋ।

ਵਧੇਰੇ ਜਾਣਕਾਰੀ 2.14 ਦੇਖੋ।

ਯੂਨਾ, “ਤੇਰੀ ਅੱਖ ਦੁਸ਼ਟ ਹੈ।”

ਜਾਂ, “ਅੱਗੇ ਸਿਰ ਝੁਕਾਇਆ।”

ਜ਼ਾਹਰ ਹੈ ਕੱਪੜਿਆਂ ਉੱਤੇ।

ਵਧੇਰੇ ਜਾਣਕਾਰੀ 1.5 ਦੇਖੋ।

ਸ਼ਬਦਾਵਲੀ ਦੇਖੋ।

ਜਾਂ, “ਠੁਕਰਾ ਦਿੱਤਾ।”

ਯੂਨਾ, “ਕੋਨੇ ਦਾ ਸਿਰਾ।”

ਵਧੇਰੇ ਜਾਣਕਾਰੀ 1.5 ਦੇਖੋ।

ਜਾਂ, “ਗਿਰਫ਼ਤਾਰ ਕਰਨਾ।”

ਜਾਂ, “ਮੇਜ਼ ਦੁਆਲੇ ਬੈਠੇ ਲੋਕਾਂ।”

ਯੂਨਾ, “ਕੈਸਰ।”

ਵਧੇਰੇ ਜਾਣਕਾਰੀ 2.14 ਦੇਖੋ।

ਵਧੇਰੇ ਜਾਣਕਾਰੀ 1.5 ਦੇਖੋ।

ਵਧੇਰੇ ਜਾਣਕਾਰੀ 1.5 ਦੇਖੋ।

ਇਹ ਛੋਟੀ ਜਿਹੀ ਡੱਬੀ ਹੁੰਦੀ ਸੀ ਜਿਸ ਵਿਚ ਮੂਸਾ ਦੇ ਕਾਨੂੰਨ ਦੇ ਚਾਰ ਹਿੱਸੇ ਰੱਖੇ ਜਾਂਦੇ ਸਨ ਅਤੇ ਯਹੂਦੀ ਆਦਮੀ ਇਨ੍ਹਾਂ ਨੂੰ ਆਪਣੇ ਮੱਥਿਆਂ ਅਤੇ ਖੱਬੀਆਂ ਬਾਹਾਂ ʼਤੇ ਬੰਨ੍ਹਦੇ ਸਨ।

ਜਾਂ, “ਸਭ ਤੋਂ ਵਧੀਆ ਥਾਵਾਂ ʼਤੇ।”

ਯੂਨਾ, “ਰੱਬੀ।”

ਯਿਸੂ ਇੱਥੇ ਕਹਿ ਰਿਹਾ ਸੀ ਕਿ “ਪਿਤਾ” ਸ਼ਬਦ ਨੂੰ ਧਾਰਮਿਕ ਖ਼ਿਤਾਬ ਵਜੋਂ ਨਹੀਂ ਵਰਤਿਆ ਜਾਣਾ ਚਾਹੀਦਾ, ਜਿਵੇਂ ਅੰਗ੍ਰੇਜ਼ੀ ਵਿਚ “ਫਾਦਰ।”

ਵਧੇਰੇ ਜਾਣਕਾਰੀ 1.3 ਦੇਖੋ।

ਸ਼ਬਦਾਵਲੀ ਦੇਖੋ।

ਜਾਂ, “ਲੁੱਟ ਦੇ ਮਾਲ।”

ਸ਼ਬਦਾਵਲੀ ਦੇਖੋ।

ਯੂਨਾ, “ਘਰ।”

ਜਾਂ ਸੰਭਵ ਹੈ, “ਤੁਹਾਡੇ ਲਈ ਉਜਾੜ ਛੱਡਿਆ ਗਿਆ ਹੈ।”

ਵਧੇਰੇ ਜਾਣਕਾਰੀ 1.5 ਦੇਖੋ।

ਸ਼ਬਦਾਵਲੀ ਦੇਖੋ।

ਸ਼ਬਦਾਵਲੀ ਦੇਖੋ।

ਜਿਵੇਂ ਬੱਚੇ ਨੂੰ ਜਨਮ ਦੇਣ ਵੇਲੇ ਔਰਤ ਨੂੰ ਪੀੜਾਂ ਲੱਗਦੀਆਂ ਹਨ।

ਯੂਨਾ, “ਠੋਕਰ ਖਾਣਗੇ।”

ਯੂਨਾ, “ਸਰੀਰ।”

ਸ਼ਬਦਾਵਲੀ ਦੇਖੋ।

ਸ਼ਬਦਾਵਲੀ ਦੇਖੋ।

ਮੰਨਿਆ ਜਾਂਦਾ ਹੈ ਕਿ ਇਹ ਕਿਸ਼ਤੀ ਇਕ ਬਕਸੇ ਵਰਗੀ ਸੀ ਅਤੇ ਇਸ ਦਾ ਹੇਠਲਾ ਪਾਸਾ ਚਪਟਾ ਸੀ।

ਜਾਂ, “ਰਾਤ ਨੂੰ ਕਿਸ ਸਮੇਂ।”

ਯੂਨਾਨੀ ਵਿਚ ਇਕ ਟੈਲੰਟ 20.4 ਕਿਲੋਗ੍ਰਾਮ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।

ਮੱਤੀ 13:​35, ਫੁਟਨੋਟ ਦੇਖੋ।

ਜਾਂ, “ਮੇਰਾ ਤਨ ਪੂਰੀ ਤਰ੍ਹਾਂ ਨਹੀਂ ਢਕਿਆ ਸੀ।”

ਯੂਨਾ, “ਕੱਟ ਦਿੱਤੇ ਜਾਣਗੇ।”

ਜਾਂ, “ਗਿਰਫ਼ਤਾਰ ਕਰ ਕੇ।”

ਯੂਨਾ, “ਰੱਬੀ।”

ਜਾਂ, “ਭਜਨ; ਜ਼ਬੂਰ।”

ਯੂਨਾ, “ਠੋਕਰ ਖਾਓਗੇ।”

ਯੂਨਾ, “ਠੋਕਰ ਖਾਣ।”

ਯੂਨਾ, “ਠੋਕਰ ਨਹੀਂ ਖਾਵਾਂਗਾ।”

ਮੱਤੀ 20:​22, ਫੁਟਨੋਟ ਦੇਖੋ।

ਜਾਂ, “ਉਤਾਵਲਾ।”

ਜਾਂ, “ਬੋਲਣ ਦੇ ਲਹਿਜੇ।”

ਵਧੇਰੇ ਜਾਣਕਾਰੀ 1.5 ਦੇਖੋ।

ਜਾਂ, “ਨੂੰ ਸਲਾਮ।”

ਸ਼ਬਦਾਵਲੀ ਦੇਖੋ।

ਇਹ ਕੌੜਾ ਨਸ਼ੀਲਾ ਪਦਾਰਥ ਪੌਦਿਆਂ ਦੇ ਰਸ ਤੋਂ ਬਣਾਇਆ ਜਾਂਦਾ ਸੀ।

ਸ਼ਬਦਾਵਲੀ ਦੇਖੋ।

ਸ਼ਬਦਾਵਲੀ ਦੇਖੋ।

ਯੂਨਾ, “ਛੇਵਾਂ ਘੰਟਾ।”

ਯੂਨਾ, “ਨੌਵਾਂ ਘੰਟਾ।”

ਯੂਨਾ, “ਖੱਟਾ ਦਾਖਰਸ।”

ਇਹ ਪਰਦਾ ਮੰਦਰ ਵਿਚ ਅੱਤ ਪਵਿੱਤਰ ਕਮਰੇ ਤੇ ਪਵਿੱਤਰ ਕਮਰੇ ਦੇ ਵਿਚਕਾਰ ਲਾਇਆ ਹੋਇਆ ਸੀ।

ਯਾਨੀ, ਯਰੂਸ਼ਲਮ।

ਇਸ ਦਿਨ ਨੂੰ ਅਸੀਂ ਐਤਵਾਰ ਕਹਿੰਦੇ ਹਾਂ। ਯਹੂਦੀਆਂ ਲਈ ਇਹ ਦਿਨ ਹਫ਼ਤੇ ਦਾ ਪਹਿਲਾ ਦਿਨ ਹੁੰਦਾ ਸੀ।

ਵਧੇਰੇ ਜਾਣਕਾਰੀ 1.5 ਦੇਖੋ।

ਜਾਂ, “ਉਸ ਅੱਗੇ ਸਿਰ ਝੁਕਾਇਆ।”

ਜਾਂ, “ਚੇਲਿਆਂ।”

ਯੂਨਾ, “ਮਨਾ ਲਵਾਂਗੇ।”

ਸ਼ਬਦਾਵਲੀ ਦੇਖੋ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ