ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • nwt ਰਸੂਲਾਂ ਦੇ ਕੰਮ 1:1 - 28:31
  • ਰਸੂਲਾਂ ਦੇ ਕੰਮ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਰਸੂਲਾਂ ਦੇ ਕੰਮ
  • ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
ਰਸੂਲਾਂ ਦੇ ਕੰਮ

ਰਸੂਲਾਂ ਦੇ ਕੰਮ

1 ਪਿਆਰੇ ਥਿਉਫ਼ਿਲੁਸ, ਮੈਂ ਪਹਿਲੀ ਕਿਤਾਬ ਵਿਚ ਉਹ ਸਭ ਕੁਝ ਲਿਖਿਆ ਸੀ ਜੋ ਯਿਸੂ ਨੇ ਸ਼ੁਰੂ ਤੋਂ ਕੀਤਾ ਅਤੇ ਸਿਖਾਇਆ ਸੀ+ 2 ਯਾਨੀ ਯਿਸੂ ਦੇ ਸਵਰਗ ਨੂੰ ਉਠਾ ਲਏ ਜਾਣ ਦੇ ਦਿਨ ਤਕ ਦੀਆਂ ਗੱਲਾਂ।+ ਇਸ ਤੋਂ ਪਹਿਲਾਂ ਉਸ ਨੇ ਆਪਣੇ ਚੁਣੇ ਹੋਏ ਰਸੂਲਾਂ ਨੂੰ ਪਵਿੱਤਰ ਸ਼ਕਤੀ ਰਾਹੀਂ ਹਿਦਾਇਤਾਂ ਦਿੱਤੀਆਂ ਸਨ।+ 3 ਮੌਤ ਤਕ ਦੁੱਖ ਝੱਲਣ ਤੋਂ ਬਾਅਦ, ਉਸ ਨੇ ਕਈ ਤਰੀਕਿਆਂ ਨਾਲ ਰਸੂਲਾਂ ਸਾਮ੍ਹਣੇ ਪ੍ਰਗਟ ਹੋ ਕੇ ਪੱਕਾ ਸਬੂਤ ਦਿੱਤਾ ਕਿ ਉਹ ਦੁਬਾਰਾ ਜੀਉਂਦਾ ਹੋ ਗਿਆ ਸੀ।+ ਉਹ ਉਨ੍ਹਾਂ ਨੂੰ 40 ਦਿਨ ਦਿਖਾਈ ਦਿੰਦਾ ਰਿਹਾ ਅਤੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਦੱਸਦਾ ਰਿਹਾ।+ 4 ਜਦੋਂ ਉਹ ਉਨ੍ਹਾਂ ਨੂੰ ਮਿਲਿਆ, ਤਾਂ ਉਸ ਨੇ ਉਨ੍ਹਾਂ ਨੂੰ ਹੁਕਮ ਦਿੱਤਾ: “ਯਰੂਸ਼ਲਮ ਛੱਡ ਕੇ ਨਾ ਜਾਇਓ,+ ਪਰ ਉਸ ਚੀਜ਼ ਦੀ ਉਡੀਕ ਕਰਦੇ ਰਹਿਓ ਜਿਸ ਨੂੰ ਦੇਣ ਦਾ ਵਾਅਦਾ ਪਿਤਾ ਨੇ ਕੀਤਾ ਹੈ,+ ਜਿਸ ਬਾਰੇ ਤੁਸੀਂ ਮੇਰੇ ਤੋਂ ਵੀ ਸੁਣਿਆ ਸੀ; 5 ਕਿਉਂਕਿ ਯੂਹੰਨਾ ਨੇ ਪਾਣੀ ਨਾਲ ਬਪਤਿਸਮਾ ਦਿੱਤਾ ਸੀ, ਪਰ ਤੁਹਾਨੂੰ ਕੁਝ ਦਿਨਾਂ ਬਾਅਦ ਪਵਿੱਤਰ ਸ਼ਕਤੀ ਨਾਲ ਬਪਤਿਸਮਾ ਦਿੱਤਾ ਜਾਵੇਗਾ।”+

6 ਜਦੋਂ ਉਹ ਦੁਬਾਰਾ ਇਕੱਠੇ ਹੋਏ, ਤਾਂ ਉਨ੍ਹਾਂ ਨੇ ਉਸ ਨੂੰ ਪੁੱਛਿਆ: “ਪ੍ਰਭੂ, ਕੀ ਤੂੰ ਇਸੇ ਸਮੇਂ ਇਜ਼ਰਾਈਲ ਦਾ ਰਾਜ ਮੁੜ ਸਥਾਪਿਤ ਕਰ ਰਿਹਾ ਹੈਂ?”+ 7 ਉਸ ਨੇ ਉਨ੍ਹਾਂ ਨੂੰ ਕਿਹਾ: “ਤੁਹਾਡੇ ਲਈ ਇਹ ਜਾਣਨਾ ਜ਼ਰੂਰੀ ਨਹੀਂ ਹੈ ਕਿ ਮਿਥਿਆ ਹੋਇਆ ਸਮਾਂ ਕਿਹੜਾ ਹੈ। ਸਿਰਫ਼ ਪਿਤਾ ਕੋਲ ਹੀ ਇਹ ਫ਼ੈਸਲਾ ਕਰਨ ਦਾ ਹੱਕ ਹੈ ਕਿ ਕਿਹੜਾ ਕੰਮ ਕਿਸ ਵੇਲੇ ਕਰਨਾ ਹੈ।+ 8 ਪਰ ਜਦੋਂ ਪਵਿੱਤਰ ਸ਼ਕਤੀ* ਤੁਹਾਡੇ ਉੱਤੇ ਆਵੇਗੀ, ਤਾਂ ਤੁਹਾਨੂੰ ਤਾਕਤ ਮਿਲੇਗੀ+ ਅਤੇ ਤੁਸੀਂ ਯਰੂਸ਼ਲਮ,+ ਪੂਰੇ ਯਹੂਦਿਯਾ, ਸਾਮਰਿਯਾ+ ਅਤੇ ਧਰਤੀ ਦੇ ਕੋਨੇ-ਕੋਨੇ ਵਿਚ+ ਮੇਰੇ ਬਾਰੇ ਗਵਾਹੀ ਦਿਓਗੇ।”+ 9 ਉਸ ਦੇ ਇਹ ਗੱਲਾਂ ਕਹਿਣ ਤੋਂ ਬਾਅਦ, ਉਨ੍ਹਾਂ ਦੇ ਦੇਖਦੇ-ਦੇਖਦੇ ਉਸ ਨੂੰ ਉੱਪਰ ਸਵਰਗ ਨੂੰ ਉਠਾ ਲਿਆ ਗਿਆ ਅਤੇ ਇਕ ਬੱਦਲ ਨੇ ਉਸ ਨੂੰ ਢਕ ਲਿਆ ਅਤੇ ਉਹ ਉਨ੍ਹਾਂ ਦੀਆਂ ਨਜ਼ਰਾਂ ਤੋਂ ਓਹਲੇ ਹੋ ਗਿਆ।+ 10 ਜਦੋਂ ਉਹ ਉਸ ਨੂੰ ਆਕਾਸ਼ ਵਿਚ ਜਾਂਦੇ ਹੋਏ ਦੇਖ ਰਹੇ ਸਨ, ਤਾਂ ਅਚਾਨਕ ਚਿੱਟੇ ਕੱਪੜੇ ਪਾਈ+ ਦੋ ਆਦਮੀ ਉਨ੍ਹਾਂ ਦੇ ਨਾਲ ਆ ਖੜ੍ਹੇ ਹੋਏ 11 ਅਤੇ ਕਹਿਣ ਲੱਗੇ: “ਗਲੀਲ ਦੇ ਰਹਿਣ ਵਾਲਿਓ, ਤੁਸੀਂ ਆਕਾਸ਼ ਵੱਲ ਕਿਉਂ ਦੇਖੀ ਜਾਂਦੇ ਹੋ? ਇਹ ਯਿਸੂ ਜਿਸ ਨੂੰ ਤੁਹਾਡੇ ਕੋਲੋਂ ਉੱਪਰ ਆਕਾਸ਼ ਨੂੰ ਉਠਾ ਲਿਆ ਗਿਆ ਹੈ, ਉਸੇ ਤਰ੍ਹਾਂ ਵਾਪਸ ਆਵੇਗਾ ਜਿਸ ਤਰ੍ਹਾਂ ਤੁਸੀਂ ਉਸ ਨੂੰ ਆਕਾਸ਼ ਨੂੰ ਜਾਂਦਿਆਂ ਦੇਖਿਆ ਹੈ।”

12 ਫਿਰ ਉਹ ਉਸ ਪਹਾੜ ਤੋਂ, ਜਿਸ ਨੂੰ ਜ਼ੈਤੂਨ ਪਹਾੜ ਕਿਹਾ ਜਾਂਦਾ ਹੈ, ਯਰੂਸ਼ਲਮ ਨੂੰ ਮੁੜ ਆਏ।+ ਇਹ ਪਹਾੜ ਯਰੂਸ਼ਲਮ ਦੇ ਨੇੜੇ ਹੈ ਤੇ ਸਿਰਫ਼ ਇਕ ਸਬਤ ਦੇ ਦਿਨ ਦੀ ਦੂਰੀ ʼਤੇ ਹੈ। 13 ਉੱਥੇ ਪਹੁੰਚ ਕੇ ਉਹ ਚੁਬਾਰੇ ਵਿਚ ਚਲੇ ਗਏ ਜਿੱਥੇ ਉਹ ਠਹਿਰੇ ਹੋਏ ਸਨ। ਇਹ ਰਸੂਲ ਸਨ ਪਤਰਸ, ਯੂਹੰਨਾ, ਯਾਕੂਬ, ਅੰਦ੍ਰਿਆਸ, ਫ਼ਿਲਿੱਪੁਸ, ਥੋਮਾ, ਬਰਥੁਲਮਈ, ਮੱਤੀ, ਹਲਫ਼ਈ ਦਾ ਪੁੱਤਰ ਯਾਕੂਬ, ਜੋਸ਼ੀਲਾ ਸ਼ਮਊਨ ਅਤੇ ਯਾਕੂਬ ਦਾ ਪੁੱਤਰ ਯਹੂਦਾ।+ 14 ਇਹ ਸਾਰੇ ਕੁਝ ਤੀਵੀਆਂ+ ਅਤੇ ਯਿਸੂ ਦੇ ਭਰਾਵਾਂ ਅਤੇ ਉਸ ਦੀ ਮਾਤਾ ਮਰੀਅਮ+ ਨਾਲ ਇਕ ਮਨ ਹੋ ਕੇ ਪ੍ਰਾਰਥਨਾ ਕਰਨ ਵਿਚ ਲੱਗੇ ਰਹੇ।

15 ਉਨ੍ਹਾਂ ਦਿਨਾਂ ਵਿਚ ਇਕ ਵਾਰ ਪਤਰਸ ਉਨ੍ਹਾਂ ਭਰਾਵਾਂ (ਲਗਭਗ 120 ਜਣਿਆਂ) ਵਿਚਕਾਰ ਖੜ੍ਹਾ ਹੋਇਆ ਅਤੇ ਕਹਿਣ ਲੱਗਾ: 16 “ਭਰਾਵੋ, ਇਹ ਜ਼ਰੂਰੀ ਸੀ ਕਿ ਧਰਮ-ਗ੍ਰੰਥ ਦੀਆਂ ਉਹ ਗੱਲਾਂ ਪੂਰੀਆਂ ਹੋਣ ਜਿਨ੍ਹਾਂ ਦੀ ਭਵਿੱਖਬਾਣੀ ਦਾਊਦ ਨੇ ਪਵਿੱਤਰ ਸ਼ਕਤੀ ਦੀ ਪ੍ਰੇਰਣਾ ਨਾਲ ਯਹੂਦਾ ਬਾਰੇ ਕੀਤੀ ਸੀ+ ਜੋ ਯਿਸੂ ਨੂੰ ਗਿਰਫ਼ਤਾਰ ਕਰਾਉਣ ਲਈ ਸਿਪਾਹੀਆਂ ਨੂੰ ਲੈ ਕੇ ਗਿਆ ਸੀ।+ 17 ਉਹ ਸਾਡੇ ਵਿਚ ਗਿਣਿਆ ਜਾਂਦਾ ਸੀ+ ਅਤੇ ਉਸ ਨੇ ਸਾਡੇ ਵਾਂਗ ਇਸ ਸੇਵਾ ਵਿਚ ਹਿੱਸਾ ਲਿਆ ਸੀ। 18 (ਉਸੇ ਨੇ ਆਪਣੇ ਬੁਰੇ ਕੰਮ ਦੀ ਮਜ਼ਦੂਰੀ ਨਾਲ ਜ਼ਮੀਨ ਖ਼ਰੀਦੀ+ ਅਤੇ ਉਹ ਸਿਰ ਦੇ ਭਾਰ ਡਿਗਿਆ ਅਤੇ ਉਸ ਦਾ ਢਿੱਡ ਪਾਟ ਗਿਆ ਅਤੇ ਉਸ ਦੀਆਂ ਆਂਦਰਾਂ ਬਾਹਰ ਆ ਗਈਆਂ।+ 19 ਇਸ ਬਾਰੇ ਯਰੂਸ਼ਲਮ ਦੇ ਸਾਰੇ ਲੋਕਾਂ ਨੂੰ ਵੀ ਪਤਾ ਲੱਗਾ ਅਤੇ ਉਨ੍ਹਾਂ ਦੀ ਭਾਸ਼ਾ ਵਿਚ ਉਸ ਜ਼ਮੀਨ ਦਾ ਨਾਂ “ਅਕਲਦਮਾ” ਯਾਨੀ “ਖ਼ੂਨ ਦੀ ਜ਼ਮੀਨ” ਪੈ ਗਿਆ।) 20 ਕਿਉਂਕਿ ਜ਼ਬੂਰਾਂ ਦੀ ਕਿਤਾਬ ਵਿਚ ਲਿਖਿਆ ਹੈ, ‘ਉਸ ਦਾ ਘਰ ਉੱਜੜ ਜਾਵੇ ਅਤੇ ਉਸ ਵਿਚ ਕੋਈ ਨਾ ਰਹੇ’+ ਅਤੇ ‘ਉਸ ਦੀ ਨਿਗਾਹਬਾਨ ਦੀ ਜ਼ਿੰਮੇਵਾਰੀ ਕਿਸੇ ਹੋਰ ਨੂੰ ਮਿਲ ਜਾਵੇ।’+ 21 ਇਸ ਲਈ ਇਹ ਜ਼ਰੂਰੀ ਹੈ ਕਿ ਅਜਿਹੇ ਆਦਮੀਆਂ ਵਿੱਚੋਂ ਹੀ ਕਿਸੇ ਨੂੰ ਉਸ ਦੀ ਜਗ੍ਹਾ ਚੁਣਿਆ ਜਾਵੇ ਜਿਹੜੇ ਉਸ ਪੂਰੇ ਸਮੇਂ ਦੌਰਾਨ ਸਾਡੇ ਨਾਲ ਸਨ ਜਦੋਂ ਪ੍ਰਭੂ ਯਿਸੂ ਨੇ ਸਾਡੇ ਵਿਚ ਰਹਿੰਦਿਆਂ ਸੇਵਾ ਕੀਤੀ ਸੀ* 22 ਯਾਨੀ ਜਿਹੜੇ ਆਦਮੀ ਯੂਹੰਨਾ ਦੁਆਰਾ ਯਿਸੂ ਨੂੰ ਬਪਤਿਸਮਾ ਦੇਣ ਦੇ+ ਦਿਨ ਤੋਂ ਲੈ ਕੇ ਸਾਡੇ ਵਿੱਚੋਂ ਉਸ ਦੇ ਉੱਪਰ ਉਠਾਏ ਜਾਣ ਤਕ ਸਾਡੇ ਨਾਲ ਸਨ+ ਅਤੇ ਜਿਨ੍ਹਾਂ ਨੇ ਸਾਡੇ ਵਾਂਗ ਉਸ ਨੂੰ ਜੀਉਂਦਾ ਹੋਣ ਤੋਂ ਬਾਅਦ ਦੇਖਿਆ ਸੀ।”+

23 ਇਸ ਲਈ ਉਨ੍ਹਾਂ ਨੇ ਦੋ ਜਣਿਆਂ ਦੇ ਨਾਂ ਦੱਸੇ, ਯੂਸੁਫ਼ ਜਿਸ ਨੂੰ ਬਾਰਸਬੱਸ ਤੇ ਯੂਸਤੁਸ ਵੀ ਸੱਦਿਆ ਜਾਂਦਾ ਹੈ ਅਤੇ ਮੱਥਿਆਸ। 24 ਫਿਰ ਉਨ੍ਹਾਂ ਨੇ ਪ੍ਰਾਰਥਨਾ ਕੀਤੀ: “ਯਹੋਵਾਹ,* ਤੂੰ ਸਾਰਿਆਂ ਦੇ ਦਿਲਾਂ ਨੂੰ ਜਾਣਦਾ ਹੈਂ।+ ਸਾਨੂੰ ਦੱਸ ਕਿ ਤੂੰ ਇਨ੍ਹਾਂ ਦੋਹਾਂ ਆਦਮੀਆਂ ਵਿੱਚੋਂ ਕਿਸ ਨੂੰ ਚੁਣਿਆ ਹੈ 25 ਜਿਹੜਾ ਇਹ ਸੇਵਾ ਕਰੇ ਤੇ ਰਸੂਲ ਦੀ ਪਦਵੀ ਸੰਭਾਲੇ ਜਿਸ ਨੂੰ ਯਹੂਦਾ ਨੇ ਠੁਕਰਾ ਦਿੱਤਾ ਤੇ ਆਪਣੇ ਰਾਹ ਚਲਾ ਗਿਆ।”+ 26 ਇਸ ਲਈ ਉਨ੍ਹਾਂ ਨੇ ਦੋਹਾਂ ਆਦਮੀਆਂ ʼਤੇ ਗੁਣੇ ਪਾਏ+ ਅਤੇ ਗੁਣਾ ਮੱਥਿਆਸ ਦੇ ਨਾਂ ʼਤੇ ਨਿਕਲਿਆ ਅਤੇ ਉਹ 11 ਰਸੂਲਾਂ ਨਾਲ ਗਿਣਿਆ ਗਿਆ।*

2 ਹੁਣ ਪੰਤੇਕੁਸਤ ਦੇ ਤਿਉਹਾਰ ਦੇ ਦਿਨ+ ਸਾਰੇ ਚੇਲੇ ਇਕ ਜਗ੍ਹਾ ਇਕੱਠੇ ਹੋਏ ਸਨ। 2 ਅਚਾਨਕ ਉਨ੍ਹਾਂ ਨੂੰ ਆਕਾਸ਼ੋਂ ਇਕ ਆਵਾਜ਼ ਸੁਣਾਈ ਦਿੱਤੀ ਜਿਵੇਂ ਤੇਜ਼ ਹਨੇਰੀ ਦੀ ਹੁੰਦੀ ਹੈ ਅਤੇ ਸਾਰਾ ਘਰ ਜਿੱਥੇ ਉਹ ਬੈਠੇ ਹੋਏ ਸਨ, ਉਸ ਆਵਾਜ਼ ਨਾਲ ਗੂੰਜ ਉੱਠਿਆ।+ 3 ਨਾਲੇ ਉਨ੍ਹਾਂ ਨੂੰ ਅੱਗ ਦੀਆਂ ਲਾਟਾਂ ਵਰਗੀਆਂ ਜੀਭਾਂ ਦਿਖਾਈ ਦਿੱਤੀਆਂ ਅਤੇ ਲਾਟਾਂ ਵੱਖ-ਵੱਖ ਹੋ ਗਈਆਂ ਅਤੇ ਇਕ-ਇਕ ਲਾਟ ਹਰ ਇਕ ਉੱਤੇ ਠਹਿਰ ਗਈ 4 ਅਤੇ ਉਹ ਸਾਰੇ ਪਵਿੱਤਰ ਸ਼ਕਤੀ ਨਾਲ ਭਰ ਗਏ+ ਅਤੇ ਪਵਿੱਤਰ ਸ਼ਕਤੀ ਨੇ ਉਨ੍ਹਾਂ ਨੂੰ ਵੱਖੋ-ਵੱਖਰੀਆਂ ਭਾਸ਼ਾਵਾਂ ਬੋਲਣ ਦੀ ਯੋਗਤਾ ਦਿੱਤੀ ਅਤੇ ਉਹ ਉਨ੍ਹਾਂ ਬੋਲੀਆਂ ਵਿਚ ਬੋਲਣ ਲੱਗ ਪਏ।+

5 ਉਸ ਵੇਲੇ ਦੁਨੀਆਂ ਭਰ ਦੇ ਸਾਰੇ ਦੇਸ਼ਾਂ ਤੋਂ ਯਹੂਦੀ ਭਗਤ ਆ ਕੇ ਯਰੂਸ਼ਲਮ ਵਿਚ ਠਹਿਰੇ ਹੋਏ ਸਨ।+ 6 ਜਦੋਂ ਉਹ ਆਵਾਜ਼ ਸੁਣਾਈ ਦਿੱਤੀ, ਤਾਂ ਭੀੜ ਇਕੱਠੀ ਹੋ ਗਈ ਅਤੇ ਹਰ ਜਣਾ ਆਪੋ-ਆਪਣੀ ਭਾਸ਼ਾ ਵਿਚ ਚੇਲਿਆਂ ਨੂੰ ਗੱਲ ਕਰਦਿਆਂ ਸੁਣ ਕੇ ਦੰਗ ਰਹਿ ਗਿਆ। 7 ਉਹ ਹੈਰਾਨ ਹੋ ਕੇ ਕਹਿਣ ਲੱਗੇ: “ਦੇਖੋ, ਕੀ ਇਹ ਗੱਲਾਂ ਕਰ ਰਹੇ ਸਾਰੇ ਲੋਕ ਗਲੀਲੀ+ ਨਹੀਂ ਹਨ? 8 ਤਾਂ ਫਿਰ, ਇਹ ਕਿਵੇਂ ਹੋ ਗਿਆ ਕਿ ਸਾਡੇ ਵਿੱਚੋਂ ਹਰ ਕਿਸੇ ਨੂੰ ਆਪੋ-ਆਪਣੀ ਮਾਂ-ਬੋਲੀ ਸੁਣਾਈ ਦੇ ਰਹੀ ਹੈ? 9 ਪਾਰਥੀ, ਮਾਦੀ+ ਤੇ ਏਲਾਮੀ+ ਅਤੇ ਜਿਹੜੇ ਲੋਕ ਮੈਸੋਪੋਟਾਮੀਆ, ਯਹੂਦਿਯਾ, ਕੱਪਦੋਕੀਆ, ਪੁੰਤੁਸ ਅਤੇ ਏਸ਼ੀਆ ਜ਼ਿਲ੍ਹੇ ਦੇ+ 10 ਅਤੇ ਫ਼ਰੂਗੀਆ, ਪਮਫੀਲੀਆ, ਮਿਸਰ, ਕੁਰੇਨੇ ਨੇੜੇ ਲਿਬੀਆ ਦੇ ਇਲਾਕਿਆਂ ਦੇ ਰਹਿਣ ਵਾਲੇ ਹਨ ਅਤੇ ਰੋਮ ਦੇ ਮੁਸਾਫ਼ਰ, ਯਹੂਦੀ ਅਤੇ ਯਹੂਦੀ ਧਰਮ ਨੂੰ ਅਪਣਾਉਣ ਵਾਲੇ,+ 11 ਕ੍ਰੀਟ ਅਤੇ ਅਰਬ ਦੇ ਰਹਿਣ ਵਾਲੇ ਯਾਨੀ ਅਸੀਂ ਸਾਰੇ ਲੋਕ ਆਪੋ-ਆਪਣੀ ਬੋਲੀ ਵਿਚ ਪਰਮੇਸ਼ੁਰ ਦੇ ਸ਼ਾਨਦਾਰ ਕੰਮਾਂ ਬਾਰੇ ਸੁਣ ਰਹੇ ਹਾਂ।” 12 ਹਾਂ, ਉਹ ਸਾਰੇ ਦੰਗ ਰਹਿ ਗਏ ਤੇ ਉਲਝਣ ਵਿਚ ਪੈ ਗਏ ਅਤੇ ਇਕ-ਦੂਜੇ ਨੂੰ ਪੁੱਛਣ ਲੱਗੇ: “ਇਹ ਕੀ ਹੋ ਰਿਹਾ ਹੈ?” 13 ਪਰ ਕਈ ਹੋਰ ਲੋਕ ਚੇਲਿਆਂ ਦਾ ਮਖੌਲ ਉਡਾਉਂਦੇ ਹੋਏ ਕਹਿ ਰਹੇ ਸਨ: “ਇਹ ਸਾਰੇ ਸ਼ਰਾਬ ਦੇ ਨਸ਼ੇ ਵਿਚ ਹਨ।”

14 ਪਰ ਪਤਰਸ ਨੇ ਬਾਕੀ 11 ਰਸੂਲਾਂ+ ਨਾਲ ਖੜ੍ਹਾ ਹੋ ਕੇ ਉੱਚੀ ਆਵਾਜ਼ ਵਿਚ ਲੋਕਾਂ ਨੂੰ ਕਿਹਾ: “ਯਹੂਦਿਯਾ ਦੇ ਲੋਕੋ ਅਤੇ ਯਰੂਸ਼ਲਮ ਦੇ ਰਹਿਣ ਵਾਲਿਓ, ਮੇਰੀਆਂ ਗੱਲਾਂ ਧਿਆਨ ਨਾਲ ਸੁਣੋ। 15 ਇਹ ਲੋਕ ਨਸ਼ੇ ਵਿਚ ਨਹੀਂ ਹਨ ਜਿਵੇਂ ਕਿ ਤੁਸੀਂ ਸੋਚਦੇ ਹੋ, ਕਿਉਂਕਿ ਅਜੇ ਤਾਂ ਸਵੇਰ ਦੇ 9 ਕੁ ਵੱਜੇ* ਹਨ। 16 ਇਸ ਦੇ ਉਲਟ, ਜੋ ਕੁਝ ਵੀ ਹੋ ਰਿਹਾ ਹੈ, ਉਹ ਯੋਏਲ ਨਬੀ ਦੁਆਰਾ ਦੱਸਿਆ ਗਿਆ ਸੀ: 17 ‘“ਆਖ਼ਰੀ ਦਿਨਾਂ ਵਿਚ,” ਪਰਮੇਸ਼ੁਰ ਕਹਿੰਦਾ ਹੈ, “ਮੈਂ ਹਰ ਤਰ੍ਹਾਂ ਦੇ ਲੋਕਾਂ ਉੱਤੇ ਆਪਣੀ ਪਵਿੱਤਰ ਸ਼ਕਤੀ ਪਾਵਾਂਗਾ ਅਤੇ ਤੁਹਾਡੇ ਪੁੱਤਰ ਤੇ ਤੁਹਾਡੀਆਂ ਧੀਆਂ ਭਵਿੱਖਬਾਣੀਆਂ ਕਰਨਗੀਆਂ, ਤੁਹਾਡੇ ਜਵਾਨ ਦਰਸ਼ਣ ਦੇਖਣਗੇ ਅਤੇ ਤੁਹਾਡੇ ਬਜ਼ੁਰਗ ਖ਼ਾਸ ਸੁਪਨੇ ਦੇਖਣਗੇ,+ 18 ਉਨ੍ਹਾਂ ਦਿਨਾਂ ਵਿਚ ਮੈਂ ਆਪਣੇ ਦਾਸਾਂ ਅਤੇ ਦਾਸੀਆਂ ਉੱਤੇ ਵੀ ਆਪਣੀ ਪਵਿੱਤਰ ਸ਼ਕਤੀ ਪਾਵਾਂਗਾ ਅਤੇ ਉਹ ਭਵਿੱਖਬਾਣੀਆਂ ਕਰਨਗੇ।+ 19 ਮੈਂ ਆਕਾਸ਼ ਵਿਚ ਚਮਤਕਾਰ ਅਤੇ ਧਰਤੀ ਉੱਤੇ ਇਹ ਨਿਸ਼ਾਨੀਆਂ ਦਿਖਾਵਾਂਗਾ​—ਖ਼ੂਨ, ਅੱਗ ਅਤੇ ਧੂੰਏਂ ਦੇ ਬੱਦਲ। 20 ਯਹੋਵਾਹ* ਦੇ ਮਹਾਨ ਅਤੇ ਸ਼ਾਨਦਾਰ ਦਿਨ ਦੇ ਆਉਣ ਤੋਂ ਪਹਿਲਾਂ ਸੂਰਜ ਹਨੇਰਾ ਹੋ ਜਾਵੇਗਾ ਅਤੇ ਚੰਦ ਦਾ ਰੰਗ ਖ਼ੂਨ ਵਾਂਗ ਲਾਲ ਹੋ ਜਾਵੇਗਾ। 21 ਅਤੇ ਹਰ ਕੋਈ ਜਿਹੜਾ ਯਹੋਵਾਹ* ਦਾ ਨਾਂ ਲੈਂਦਾ ਹੈ, ਬਚਾਇਆ ਜਾਵੇਗਾ।”’+

22 “ਇਜ਼ਰਾਈਲ ਦੇ ਲੋਕੋ, ਇਹ ਗੱਲ ਸੁਣੋ: ਯਿਸੂ ਨਾਸਰੀ ਨੂੰ ਪਰਮੇਸ਼ੁਰ ਨੇ ਘੱਲਿਆ ਸੀ ਅਤੇ ਇਸ ਗੱਲ ਦਾ ਸਬੂਤ ਦੇਣ ਲਈ ਪਰਮੇਸ਼ੁਰ ਨੇ ਉਸ ਰਾਹੀਂ ਤੁਹਾਡੇ ਵਿਚ ਕਰਾਮਾਤਾਂ ਤੇ ਚਮਤਕਾਰ ਕੀਤੇ ਅਤੇ ਨਿਸ਼ਾਨੀਆਂ ਦਿਖਾਈਆਂ,+ ਜਿਵੇਂ ਕਿ ਤੁਸੀਂ ਆਪ ਜਾਣਦੇ ਹੋ। 23 ਪਰਮੇਸ਼ੁਰ ਨੂੰ ਪਹਿਲਾਂ ਹੀ ਪਤਾ ਸੀ ਕਿ ਯਿਸੂ ਨੂੰ ਫੜਵਾਇਆ ਜਾਵੇਗਾ ਅਤੇ ਉਸ ਦੀ ਇਸ ਇੱਛਾ* ਅਨੁਸਾਰ ਇਸੇ ਤਰ੍ਹਾਂ ਹੋਇਆ।+ ਤੁਸੀਂ ਦੁਸ਼ਟ ਲੋਕਾਂ ਦੇ ਹੱਥੀਂ ਉਸ ਨੂੰ ਸੂਲ਼ੀ ਉੱਤੇ ਟੰਗ ਕੇ ਜਾਨੋਂ ਮਾਰ ਦਿੱਤਾ।+ 24 ਪਰ ਪਰਮੇਸ਼ੁਰ ਨੇ ਉਸ ਨੂੰ ਮੌਤ ਦੇ ਪੰਜੇ* ਤੋਂ ਛੁਡਾ ਕੇ ਜੀਉਂਦਾ ਕੀਤਾ+ ਕਿਉਂਕਿ ਮੌਤ ਲਈ ਉਸ ਨੂੰ ਆਪਣੇ ਪੰਜੇ ਵਿਚ ਜਕੜੀ ਰੱਖਣਾ ਨਾਮੁਮਕਿਨ ਸੀ।+ 25 ਦਾਊਦ ਨੇ ਉਸ ਬਾਰੇ ਕਿਹਾ ਸੀ: ‘ਮੈਂ ਯਹੋਵਾਹ* ਨੂੰ ਹਮੇਸ਼ਾ ਆਪਣੇ ਸਾਮ੍ਹਣੇ* ਰੱਖਦਾ ਹਾਂ, ਉਹ ਮੇਰੇ ਸੱਜੇ ਹੱਥ ਹੈ, ਇਸ ਕਰਕੇ ਮੈਨੂੰ ਕਦੇ ਹਿਲਾਇਆ ਨਹੀਂ ਜਾ ਸਕਦਾ। 26 ਇਸ ਕਰਕੇ ਮੇਰਾ ਦਿਲ ਬਾਗ਼-ਬਾਗ਼ ਹੋ ਰਿਹਾ ਹੈ ਅਤੇ ਮੇਰੀ ਜ਼ਬਾਨ ਬੇਹੱਦ ਖ਼ੁਸ਼ ਹੈ। ਅਤੇ ਮੈਂ* ਉਮੀਦ ਨਾਲ ਜ਼ਿੰਦਗੀ ਜੀਵਾਂਗਾ; 27 ਕਿਉਂਕਿ ਤੂੰ ਮੈਨੂੰ ਕਬਰ* ਵਿਚ ਨਹੀਂ ਛੱਡੇਂਗਾ ਅਤੇ ਨਾ ਹੀ ਤੂੰ ਆਪਣੇ ਵਫ਼ਾਦਾਰ ਸੇਵਕ ਦਾ ਸਰੀਰ ਗਲ਼ਣ ਦੇਵੇਂਗਾ।+ 28 ਤੂੰ ਮੈਨੂੰ ਜ਼ਿੰਦਗੀ ਦਾ ਰਾਹ ਦਿਖਾਇਆ ਹੈ; ਤੂੰ ਆਪਣੀ ਹਜ਼ੂਰੀ ਵਿਚ ਮੇਰੇ ਦਿਲ ਨੂੰ ਬੇਹੱਦ ਖ਼ੁਸ਼ੀ ਨਾਲ ਭਰ ਦੇਵੇਂਗਾ।’+

29 “ਭਰਾਵੋ, ਮੈਂ ਆਪਣੇ ਪੂਰਵਜ ਦਾਊਦ ਬਾਰੇ ਬਿਨਾਂ ਝਿਜਕੇ ਕਹਿ ਸਕਦਾ ਹਾਂ ਕਿ ਉਹ ਮਰਿਆ ਅਤੇ ਉਸ ਨੂੰ ਦਫ਼ਨਾਇਆ ਗਿਆ+ ਅਤੇ ਉਸ ਦੀ ਕਬਰ ਅੱਜ ਤਕ ਇਸ ਸ਼ਹਿਰ ਵਿਚ ਹੈ। 30 ਦਾਊਦ ਇਕ ਨਬੀ ਸੀ ਅਤੇ ਉਹ ਜਾਣਦਾ ਸੀ ਕਿ ਪਰਮੇਸ਼ੁਰ ਨੇ ਉਸ ਨਾਲ ਸਹੁੰ ਖਾਧੀ ਸੀ ਕਿ ਉਹ ਉਸ ਦੀ ਸੰਤਾਨ ਵਿੱਚੋਂ ਇਕ ਜਣੇ ਨੂੰ ਉਸ ਦੇ ਸਿੰਘਾਸਣ ਉੱਤੇ ਬਿਠਾਵੇਗਾ।+ 31 ਨਾਲੇ ਦਾਊਦ ਪਹਿਲਾਂ ਤੋਂ ਜਾਣਦਾ ਸੀ ਕਿ ਮਸੀਹ ਨੂੰ ਮਰੇ ਹੋਇਆਂ ਵਿੱਚੋਂ ਜੀਉਂਦਾ ਕੀਤਾ ਜਾਵੇਗਾ ਅਤੇ ਉਸ ਨੇ ਦੱਸਿਆ ਸੀ ਕਿ ਪਰਮੇਸ਼ੁਰ ਮਸੀਹ ਨੂੰ ਕਬਰ* ਵਿਚ ਨਹੀਂ ਛੱਡੇਗਾ ਅਤੇ ਉਸ ਦਾ ਸਰੀਰ ਗਲ਼ਣ ਨਹੀਂ ਦੇਵੇਗਾ।+ 32 ਇਸੇ ਯਿਸੂ ਨੂੰ ਪਰਮੇਸ਼ੁਰ ਨੇ ਜੀਉਂਦਾ ਕੀਤਾ ਅਤੇ ਅਸੀਂ ਸਾਰੇ ਇਸ ਗੱਲ ਦੇ ਗਵਾਹ ਹਾਂ।+ 33 ਇਸ ਲਈ ਉਸ ਨੂੰ ਪਰਮੇਸ਼ੁਰ ਦੇ ਸੱਜੇ ਹੱਥ ਬੈਠਣ ਦਾ ਮਾਣ ਬਖ਼ਸ਼ਿਆ ਗਿਆ+ ਅਤੇ ਉਸ ਨੂੰ ਪਵਿੱਤਰ ਸ਼ਕਤੀ* ਦਿੱਤੀ ਗਈ ਜਿਸ ਦਾ ਵਾਅਦਾ ਪਿਤਾ ਨੇ ਕੀਤਾ ਸੀ। ਉਸ ਨੇ ਇਹ ਪਵਿੱਤਰ ਸ਼ਕਤੀ ਸਾਨੂੰ ਦਿੱਤੀ ਹੈ+ ਜਿਸ ਨੂੰ ਤੁਸੀਂ ਦੇਖਦੇ ਅਤੇ ਸੁਣਦੇ ਹੋ। 34 ਦਾਊਦ ਸਵਰਗ ਨੂੰ ਨਹੀਂ ਗਿਆ ਸੀ, ਪਰ ਉਸ ਨੇ ਆਪ ਕਿਹਾ ਸੀ, ‘ਯਹੋਵਾਹ* ਨੇ ਮੇਰੇ ਪ੍ਰਭੂ ਨੂੰ ਕਿਹਾ: “ਤੂੰ ਉਦੋਂ ਤਕ ਮੇਰੇ ਸੱਜੇ ਹੱਥ ਬੈਠ 35 ਜਦ ਤਕ ਮੈਂ ਤੇਰੇ ਦੁਸ਼ਮਣਾਂ ਨੂੰ ਤੇਰੇ ਪੈਰਾਂ ਦੀ ਚੌਂਕੀ ਨਹੀਂ ਬਣਾ ਦਿੰਦਾ।”’+ 36 ਇਸ ਲਈ ਇਜ਼ਰਾਈਲ ਦਾ ਪੂਰਾ ਘਰਾਣਾ ਪੱਕੇ ਤੌਰ ਤੇ ਇਹ ਜਾਣ ਲਵੇ ਕਿ ਜਿਸ ਯਿਸੂ ਨੂੰ ਤੁਸੀਂ ਸੂਲ਼ੀ ʼਤੇ ਟੰਗਿਆ ਸੀ, ਉਸੇ ਯਿਸੂ ਨੂੰ ਪਰਮੇਸ਼ੁਰ ਨੇ ਪ੍ਰਭੂ+ ਅਤੇ ਮਸੀਹ ਬਣਾਇਆ ਹੈ।”+

37 ਜਦੋਂ ਉਨ੍ਹਾਂ ਨੇ ਇਹ ਸਾਰੀਆਂ ਗੱਲਾਂ ਸੁਣੀਆਂ, ਤਾਂ ਉਨ੍ਹਾਂ ਦੇ ਦਿਲ ਵਿੰਨ੍ਹੇ ਗਏ ਅਤੇ ਉਨ੍ਹਾਂ ਨੇ ਪਤਰਸ ਤੇ ਬਾਕੀ ਰਸੂਲਾਂ ਨੂੰ ਪੁੱਛਿਆ: “ਭਰਾਵੋ, ਸਾਨੂੰ ਦੱਸੋ, ਅਸੀਂ ਕੀ ਕਰੀਏ?” 38 ਪਤਰਸ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਸਾਰੇ ਤੋਬਾ ਕਰੋ+ ਅਤੇ ਆਪਣੇ ਪਾਪਾਂ ਦੀ ਮਾਫ਼ੀ ਲਈ+ ਯਿਸੂ ਮਸੀਹ ਦੇ ਨਾਂ ʼਤੇ ਬਪਤਿਸਮਾ ਲਓ+ ਅਤੇ ਤੁਹਾਨੂੰ ਪਵਿੱਤਰ ਸ਼ਕਤੀ ਦੀ ਦਾਤ ਮਿਲੇਗੀ। 39 ਕਿਉਂਕਿ ਪਵਿੱਤਰ ਸ਼ਕਤੀ ਦੇਣ ਦਾ ਵਾਅਦਾ ਤੁਹਾਡੇ ਨਾਲ,+ ਤੁਹਾਡੇ ਬੱਚਿਆਂ ਨਾਲ ਅਤੇ ਉਨ੍ਹਾਂ ਸਾਰਿਆਂ ਨਾਲ ਕੀਤਾ ਗਿਆ ਹੈ ਜਿਹੜੇ ਦੂਰ ਹਨ, ਹਾਂ, ਉਨ੍ਹਾਂ ਸਾਰਿਆਂ ਨਾਲ ਜਿਨ੍ਹਾਂ ਨੂੰ ਸਾਡਾ ਪਰਮੇਸ਼ੁਰ ਯਹੋਵਾਹ* ਆਪਣੇ ਕੋਲ ਸੱਦੇਗਾ।”+ 40 ਉਸ ਨੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਕਰ ਕੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਗਵਾਹੀ ਦਿੱਤੀ ਅਤੇ ਉਨ੍ਹਾਂ ਨੂੰ ਇਹ ਹੱਲਾਸ਼ੇਰੀ ਦਿੰਦਾ ਰਿਹਾ: “ਇਸ ਵਿਗੜੀ ਹੋਈ ਪੀੜ੍ਹੀ ਤੋਂ ਵੱਖ ਹੋ ਕੇ ਆਪਣੇ ਆਪ ਨੂੰ ਬਚਾਓ।”+ 41 ਇਸ ਲਈ ਜਿਨ੍ਹਾਂ ਨੇ ਉਸ ਦੇ ਬਚਨ ਨੂੰ ਖ਼ੁਸ਼ੀ ਨਾਲ ਮੰਨਿਆ, ਉਨ੍ਹਾਂ ਨੇ ਬਪਤਿਸਮਾ ਲਿਆ+ ਅਤੇ ਉਸ ਦਿਨ ਲਗਭਗ 3,000 ਲੋਕ ਚੇਲਿਆਂ ਨਾਲ ਰਲ਼ ਗਏ।+ 42 ਉਹ ਰਸੂਲਾਂ ਤੋਂ ਸਿੱਖਿਆ ਲੈਣ ਵਿਚ, ਇਕ-ਦੂਜੇ ਨਾਲ ਇਕੱਠੇ ਹੋਣ,* ਰਲ਼ ਕੇ ਭੋਜਨ ਕਰਨ+ ਅਤੇ ਪ੍ਰਾਰਥਨਾ ਕਰਨ ਵਿਚ ਲੱਗੇ ਰਹੇ।+

43 ਰਸੂਲਾਂ ਨੇ ਬਹੁਤ ਸਾਰੇ ਚਮਤਕਾਰ ਕੀਤੇ ਅਤੇ ਨਿਸ਼ਾਨੀਆਂ ਦਿਖਾਈਆਂ ਅਤੇ ਜਿਨ੍ਹਾਂ ਨੇ ਵੀ ਇਹ ਸਭ ਕੁਝ ਦੇਖਿਆ, ਉਨ੍ਹਾਂ ਦੇ ਦਿਲਾਂ ਵਿਚ ਪਰਮੇਸ਼ੁਰ ਦਾ ਡਰ ਬੈਠ ਗਿਆ।+ 44 ਸਾਰੇ ਨਵੇਂ ਬਣੇ ਚੇਲੇ ਇਕੱਠੇ ਹੁੰਦੇ ਸਨ ਅਤੇ ਆਪਣਾ ਸਭ ਕੁਝ ਦੂਸਰਿਆਂ ਨਾਲ ਸਾਂਝਾ ਕਰਦੇ ਸਨ। 45 ਉਹ ਆਪਣੀ ਜ਼ਮੀਨ-ਜਾਇਦਾਦ ਤੇ ਚੀਜ਼ਾਂ ਵੇਚ ਕੇ+ ਪੈਸਾ ਸਾਰਿਆਂ ਨੂੰ ਉਨ੍ਹਾਂ ਦੀ ਲੋੜ ਅਨੁਸਾਰ ਵੰਡ ਦਿੰਦੇ ਸਨ।+ 46 ਉਹ ਰੋਜ਼ ਮੰਦਰ ਵਿਚ ਇਕ ਮਨ ਹੋ ਕੇ ਇਕੱਠੇ ਹੁੰਦੇ ਸਨ, ਇਕ-ਦੂਸਰੇ ਦੇ ਘਰ ਖ਼ੁਸ਼ੀ-ਖ਼ੁਸ਼ੀ ਭੋਜਨ ਖਾਂਦੇ ਸਨ ਅਤੇ ਸਾਰੇ ਕੰਮ ਸਾਫ਼ਦਿਲੀ ਨਾਲ ਕਰਦੇ ਸਨ 47 ਤੇ ਪਰਮੇਸ਼ੁਰ ਦਾ ਗੁਣਗਾਨ ਕਰਦੇ ਸਨ। ਨਾਲੇ ਸਾਰੇ ਲੋਕ ਉਨ੍ਹਾਂ ਦੀ ਪ੍ਰਸ਼ੰਸਾ ਕਰਦੇ ਸਨ। ਇਸ ਦੌਰਾਨ ਯਹੋਵਾਹ ਰੋਜ਼ ਹੋਰ ਲੋਕਾਂ ਨੂੰ ਬਚਾ ਕੇ ਚੇਲਿਆਂ ਨਾਲ ਰਲ਼ਾਉਂਦਾ ਰਿਹਾ।+

3 ਇਕ ਦਿਨ ਪਤਰਸ ਤੇ ਯੂਹੰਨਾ ਪ੍ਰਾਰਥਨਾ ਦੇ ਸਮੇਂ, ਦੁਪਹਿਰ ਦੇ 3 ਕੁ ਵਜੇ* ਮੰਦਰ ਨੂੰ ਜਾ ਰਹੇ ਸਨ। 2 ਉਸ ਵੇਲੇ ਲੋਕ ਇਕ ਜਮਾਂਦਰੂ ਲੰਗੜੇ ਨੂੰ ਚੁੱਕੀ ਲਿਜਾ ਰਹੇ ਸਨ। ਉਸ ਨੂੰ ਹਰ ਰੋਜ਼ ਮੰਦਰ ਦੇ “ਸੁੰਦਰ” ਨਾਂ ਦੇ ਦਰਵਾਜ਼ੇ ਕੋਲ ਬਿਠਾ ਦਿੱਤਾ ਜਾਂਦਾ ਸੀ ਤਾਂਕਿ ਉਹ ਮੰਦਰ ਵਿਚ ਆਉਣ ਵਾਲਿਆਂ ਤੋਂ ਭੀਖ ਮੰਗ ਸਕੇ। 3 ਜਦੋਂ ਉਸ ਨੇ ਪਤਰਸ ਤੇ ਯੂਹੰਨਾ ਨੂੰ ਮੰਦਰ ਵਿਚ ਵੜਦਿਆਂ ਦੇਖਿਆ, ਤਾਂ ਉਹ ਉਨ੍ਹਾਂ ਤੋਂ ਭੀਖ ਮੰਗਣ ਲੱਗਾ। 4 ਪਤਰਸ ਅਤੇ ਯੂਹੰਨਾ ਨੇ ਸਿੱਧਾ ਉਸ ਵੱਲ ਦੇਖਿਆ ਅਤੇ ਪਤਰਸ ਨੇ ਕਿਹਾ: “ਸਾਡੇ ਵੱਲ ਦੇਖ।” 5 ਇਸ ਲਈ ਉਸ ਨੇ ਕੁਝ ਮਿਲਣ ਦੀ ਆਸ ਨਾਲ ਉਨ੍ਹਾਂ ਵੱਲ ਧਿਆਨ ਨਾਲ ਦੇਖਿਆ। 6 ਪਰ ਪਤਰਸ ਨੇ ਕਿਹਾ: “ਨਾ ਤਾਂ ਮੇਰੇ ਕੋਲ ਚਾਂਦੀ ਹੈ ਤੇ ਨਾ ਹੀ ਸੋਨਾ, ਪਰ ਜੋ ਮੇਰੇ ਕੋਲ ਹੈ, ਉਹ ਮੈਂ ਤੈਨੂੰ ਦਿੰਦਾ ਹਾਂ। ਮੈਂ ਤੈਨੂੰ ਯਿਸੂ ਮਸੀਹ ਨਾਸਰੀ ਦੇ ਨਾਂ ʼਤੇ ਕਹਿੰਦਾ ਹਾਂ, ਉੱਠ ਅਤੇ ਤੁਰ!”+ 7 ਇਹ ਕਹਿ ਕੇ ਪਤਰਸ ਨੇ ਉਸ ਦਾ ਸੱਜਾ ਹੱਥ ਫੜ ਕੇ ਉਸ ਨੂੰ ਖੜ੍ਹਾ ਕੀਤਾ।+ ਉਸੇ ਵੇਲੇ ਉਸ ਦੇ ਪੈਰਾਂ ਅਤੇ ਗਿੱਟਿਆਂ ਵਿਚ ਜਾਨ ਆ ਗਈ;+ 8 ਉਹ ਫੁਰਤੀ ਨਾਲ ਖੜ੍ਹਾ ਹੋਇਆ+ ਅਤੇ ਤੁਰਨ-ਫਿਰਨ ਲੱਗ ਪਿਆ। ਫਿਰ ਉਹ ਉਨ੍ਹਾਂ ਨਾਲ ਮੰਦਰ ਵਿਚ ਚਲਾ ਗਿਆ ਅਤੇ ਤੁਰਦਾ ਤੇ ਨੱਚਦਾ-ਟੱਪਦਾ ਪਰਮੇਸ਼ੁਰ ਦੀ ਵਡਿਆਈ ਕਰਨ ਲੱਗਾ। 9 ਸਾਰੇ ਲੋਕਾਂ ਨੇ ਉਸ ਨੂੰ ਤੁਰਦਿਆਂ ਤੇ ਪਰਮੇਸ਼ੁਰ ਦੀ ਵਡਿਆਈ ਕਰਦਿਆਂ ਦੇਖਿਆ। 10 ਨਾਲੇ ਉਨ੍ਹਾਂ ਨੇ ਉਸ ਨੂੰ ਪਛਾਣ ਲਿਆ ਕਿ ਇਹ ਉਹੀ ਆਦਮੀ ਸੀ ਜਿਹੜਾ ਮੰਦਰ ਦੇ “ਸੁੰਦਰ” ਨਾਂ ਦੇ ਦਰਵਾਜ਼ੇ ਲਾਗੇ ਬੈਠਾ ਭੀਖ ਮੰਗਦਾ ਹੁੰਦਾ ਸੀ+ ਅਤੇ ਉਸ ਨੂੰ ਤੁਰਦਾ-ਫਿਰਦਾ ਦੇਖ ਕੇ ਉਹ ਦੰਗ ਰਹਿ ਗਏ ਤੇ ਉਨ੍ਹਾਂ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ।

11 ਉਸ ਆਦਮੀ ਨੇ ਅਜੇ ਤਕ ਪਤਰਸ ਤੇ ਯੂਹੰਨਾ ਦਾ ਹੱਥ ਫੜਿਆ ਹੋਇਆ ਸੀ ਅਤੇ ਹੱਕੇ-ਬੱਕੇ ਹੋਏ ਸਾਰੇ ਲੋਕ ਭੱਜ ਕੇ ਉਨ੍ਹਾਂ ਕੋਲ ਸੁਲੇਮਾਨ ਦੇ ਬਰਾਂਡੇ ਵਿਚ ਆ ਗਏ।+ 12 ਪਤਰਸ ਨੇ ਉਨ੍ਹਾਂ ਨੂੰ ਦੇਖ ਕੇ ਕਿਹਾ: “ਇਜ਼ਰਾਈਲ ਦੇ ਲੋਕੋ, ਤੁਸੀਂ ਇਸ ਗੱਲ ʼਤੇ ਇੰਨੇ ਹੈਰਾਨ ਕਿਉਂ ਹੋ ਅਤੇ ਤੁਸੀਂ ਸਾਡੇ ਵੱਲ ਇਸ ਤਰ੍ਹਾਂ ਕਿਉਂ ਦੇਖ ਰਹੇ ਹੋ, ਜਿਵੇਂ ਕਿ ਅਸੀਂ ਆਪਣੀ ਤਾਕਤ ਜਾਂ ਸ਼ਰਧਾ ਸਦਕਾ ਇਸ ਆਦਮੀ ਨੂੰ ਤੁਰਨ-ਫਿਰਨ ਦੇ ਕਾਬਲ ਬਣਾਇਆ ਹੋਵੇ? 13 ਸਾਡੇ ਪਿਉ-ਦਾਦਿਆਂ ਯਾਨੀ ਅਬਰਾਹਾਮ, ਇਸਹਾਕ ਤੇ ਯਾਕੂਬ ਦੇ ਪਰਮੇਸ਼ੁਰ+ ਨੇ ਆਪਣੇ ਸੇਵਕ+ ਯਿਸੂ ਨੂੰ ਮਹਿਮਾ ਦਿੱਤੀ।+ ਇਸੇ ਯਿਸੂ ਨੂੰ ਤੁਸੀਂ ਠੁਕਰਾ ਦਿੱਤਾ+ ਅਤੇ ਉਸ ਨੂੰ ਜਾਨੋਂ ਮਾਰਨ ਲਈ ਦੂਸਰਿਆਂ ਦੇ ਹੱਥ ਵਿਚ ਦੇ ਦਿੱਤਾ, ਭਾਵੇਂ ਪਿਲਾਤੁਸ ਨੇ ਉਸ ਨੂੰ ਛੱਡਣ ਦਾ ਫ਼ੈਸਲਾ ਕਰ ਲਿਆ ਸੀ। 14 ਹਾਂ, ਤੁਸੀਂ ਉਸ ਪਵਿੱਤਰ ਅਤੇ ਧਰਮੀ ਇਨਸਾਨ ਨੂੰ ਠੁਕਰਾ ਦਿੱਤਾ ਅਤੇ ਤੁਸੀਂ ਮੰਗ ਕੀਤੀ ਕਿ ਤੁਹਾਡੇ ਲਈ ਇਕ ਕਾਤਲ ਨੂੰ ਛੱਡਿਆ ਜਾਵੇ,+ 15 ਜਦ ਕਿ ਤੁਸੀਂ ਉਸ ਜੀਵਨ ਦੇਣ ਵਾਲੇ ਮੁੱਖ ਆਗੂ ਨੂੰ ਮਾਰ ਸੁੱਟਿਆ।+ ਪਰ ਪਰਮੇਸ਼ੁਰ ਨੇ ਉਸ ਨੂੰ ਮਰੇ ਹੋਇਆਂ ਵਿੱਚੋਂ ਜੀਉਂਦਾ ਕੀਤਾ ਅਤੇ ਅਸੀਂ ਇਸ ਗੱਲ ਦੇ ਗਵਾਹ ਹਾਂ।+ 16 ਇਸ ਲਈ ਉਸ ਦੇ ਨਾਂ ਸਦਕਾ ਅਤੇ ਉਸ ਦੇ ਨਾਂ ʼਤੇ ਸਾਡੀ ਨਿਹਚਾ ਕਰਕੇ ਇਸ ਆਦਮੀ ਨੂੰ ਤਕੜਾ ਕੀਤਾ ਗਿਆ ਹੈ ਜਿਸ ਨੂੰ ਤੁਸੀਂ ਦੇਖਦੇ ਅਤੇ ਜਾਣਦੇ ਹੋ। ਹਾਂ, ਯਿਸੂ ʼਤੇ ਸਾਡੀ ਨਿਹਚਾ ਸਦਕਾ ਹੀ ਇਸ ਆਦਮੀ ਨੂੰ ਤੁਹਾਡੇ ਸਾਰਿਆਂ ਸਾਮ੍ਹਣੇ ਪੂਰੀ ਤਰ੍ਹਾਂ ਤੰਦਰੁਸਤ ਕੀਤਾ ਗਿਆ ਹੈ। 17 ਭਰਾਵੋ, ਮੈਂ ਜਾਣਦਾ ਹਾਂ ਕਿ ਤੁਸੀਂ ਇਹ ਸਭ ਅਣਜਾਣੇ ਵਿਚ ਕੀਤਾ,+ ਠੀਕ ਜਿਵੇਂ ਤੁਹਾਡੇ ਧਾਰਮਿਕ ਆਗੂਆਂ ਨੇ ਵੀ ਕੀਤਾ ਸੀ।+ 18 ਪਰ ਇਸ ਤਰ੍ਹਾਂ ਪਰਮੇਸ਼ੁਰ ਨੇ ਉਹ ਗੱਲਾਂ ਪੂਰੀਆਂ ਕੀਤੀਆਂ ਜੋ ਉਸ ਨੇ ਆਪਣੇ ਸਾਰੇ ਨਬੀਆਂ ਰਾਹੀਂ ਕਹੀਆਂ ਸਨ ਯਾਨੀ ਮਸੀਹ ਨੂੰ ਦੁੱਖ ਝੱਲਣੇ ਪੈਣਗੇ।+

19 “ਇਸ ਲਈ ਤੋਬਾ ਕਰੋ+ ਅਤੇ ਪਰਮੇਸ਼ੁਰ ਵੱਲ ਮੁੜ ਆਓ+ ਤਾਂਕਿ ਤੁਹਾਡੇ ਪਾਪ ਮਿਟਾਏ ਜਾਣ+ ਅਤੇ ਯਹੋਵਾਹ* ਵੱਲੋਂ ਰਾਹਤ ਦੇ ਦਿਨ ਆਉਣ 20 ਅਤੇ ਉਹ ਮਸੀਹ ਨੂੰ ਘੱਲੇ ਜਿਸ ਨੂੰ ਉਸ ਨੇ ਤੁਹਾਡੇ ਲਈ ਨਿਯੁਕਤ ਕੀਤਾ ਹੈ ਯਾਨੀ ਯਿਸੂ ਨੂੰ। 21 ਉਸ ਵਾਸਤੇ ਉਦੋਂ ਤਕ ਸਵਰਗ ਵਿਚ ਰਹਿਣਾ ਜ਼ਰੂਰੀ ਹੈ ਜਦੋਂ ਤਕ ਸਾਰੀਆਂ ਚੀਜ਼ਾਂ ਨੂੰ ਮੁੜ ਬਹਾਲ ਨਹੀਂ ਕਰ ਦਿੱਤਾ ਜਾਂਦਾ। ਇਸ ਮੁੜ ਬਹਾਲੀ ਬਾਰੇ ਪਰਮੇਸ਼ੁਰ ਨੇ ਬੀਤੇ ਸਮੇਂ ਵਿਚ ਆਪਣੇ ਪਵਿੱਤਰ ਨਬੀਆਂ ਰਾਹੀਂ ਦੱਸਿਆ ਸੀ। 22 ਅਸਲ ਵਿਚ, ਮੂਸਾ ਨੇ ਕਿਹਾ ਸੀ, ‘ਤੁਹਾਡਾ ਪਰਮੇਸ਼ੁਰ ਯਹੋਵਾਹ* ਤੁਹਾਡੇ ਭਰਾਵਾਂ ਵਿੱਚੋਂ ਤੁਹਾਡੇ ਲਈ ਮੇਰੇ ਵਰਗਾ ਇਕ ਨਬੀ ਖੜ੍ਹਾ ਕਰੇਗਾ।+ ਉਹ ਜੋ ਵੀ ਤੁਹਾਨੂੰ ਕਹੇ, ਉਸ ਦੀ ਗੱਲ ਸੁਣਿਓ।+ 23 ਜਿਹੜਾ ਇਨਸਾਨ ਉਸ ਨਬੀ ਦੀ ਗੱਲ ਨਹੀਂ ਸੁਣੇਗਾ, ਉਸ ਨੂੰ ਲੋਕਾਂ ਵਿੱਚੋਂ ਮਿਟਾ ਦਿੱਤਾ ਜਾਵੇਗਾ।’+ 24 ਸਮੂਏਲ ਤੋਂ ਲੈ ਕੇ ਸਾਰੇ ਨਬੀਆਂ ਨੇ, ਜਿਨ੍ਹਾਂ ਨੇ ਵੀ ਭਵਿੱਖਬਾਣੀ ਕੀਤੀ ਸੀ, ਇਨ੍ਹਾਂ ਦਿਨਾਂ ਬਾਰੇ ਸਾਫ਼-ਸਾਫ਼ ਦੱਸਿਆ ਸੀ।+ 25 ਤੁਸੀਂ ਨਬੀਆਂ ਦੇ ਪੁੱਤਰ ਅਤੇ ਉਸ ਇਕਰਾਰ ਦੇ ਵਾਰਸ ਹੋ ਜੋ ਪਰਮੇਸ਼ੁਰ ਨੇ ਤੁਹਾਡੇ ਪਿਉ-ਦਾਦਿਆਂ ਨਾਲ ਕੀਤਾ ਸੀ।+ ਉਸ ਨੇ ਅਬਰਾਹਾਮ ਨੂੰ ਕਿਹਾ ਸੀ: ‘ਤੇਰੀ ਸੰਤਾਨ* ਦੇ ਰਾਹੀਂ ਧਰਤੀ ਦੀਆਂ ਸਾਰੀਆਂ ਕੌਮਾਂ ਨੂੰ ਬਰਕਤਾਂ ਮਿਲਣਗੀਆਂ।’+ 26 ਪਰਮੇਸ਼ੁਰ ਨੇ ਆਪਣੇ ਸੇਵਕ ਨੂੰ ਚੁਣ ਕੇ ਸਭ ਤੋਂ ਪਹਿਲਾਂ ਤੁਹਾਡੇ ਕੋਲ ਘੱਲਿਆ+ ਕਿ ਉਹ ਤੁਹਾਨੂੰ ਸਾਰਿਆਂ ਨੂੰ ਬੁਰੇ ਕੰਮਾਂ ਤੋਂ ਮੋੜੇ ਤੇ ਬਰਕਤ ਦੇਵੇ।”

4 ਜਦੋਂ ਪਤਰਸ ਅਤੇ ਯੂਹੰਨਾ ਲੋਕਾਂ ਨੂੰ ਸਿੱਖਿਆ ਦੇ ਰਹੇ ਸਨ, ਤਾਂ ਅਚਾਨਕ ਪੁਜਾਰੀ, ਮੰਦਰ ਦੇ ਪਹਿਰੇਦਾਰਾਂ ਦਾ ਮੁਖੀ ਅਤੇ ਸਦੂਕੀ+ ਉੱਥੇ ਆ ਧਮਕੇ। 2 ਉਹ ਇਸ ਗੱਲੋਂ ਚਿੜ੍ਹੇ ਹੋਏ ਸਨ ਕਿ ਇਹ ਰਸੂਲ ਲੋਕਾਂ ਨੂੰ ਸਿੱਖਿਆ ਦੇ ਰਹੇ ਸਨ ਅਤੇ ਖੁੱਲ੍ਹੇ-ਆਮ ਦੱਸ ਰਹੇ ਸਨ ਕਿ ਯਿਸੂ ਮਰੇ ਹੋਇਆਂ ਵਿੱਚੋਂ ਜੀਉਂਦਾ ਹੋ ਗਿਆ ਸੀ।*+ 3 ਇਸ ਕਰਕੇ ਉਨ੍ਹਾਂ ਨੇ ਦੋਹਾਂ ਨੂੰ ਫੜ ਕੇ* ਅਗਲੇ ਦਿਨ ਤਕ ਹਿਰਾਸਤ ਵਿਚ ਰੱਖ ਲਿਆ+ ਕਿਉਂਕਿ ਸ਼ਾਮ ਪੈ ਗਈ ਸੀ। 4 ਪਰ ਜਿਨ੍ਹਾਂ ਨੇ ਉਨ੍ਹਾਂ ਦੋਵਾਂ ਦੀਆਂ ਗੱਲਾਂ ਸੁਣੀਆਂ ਸਨ, ਉਨ੍ਹਾਂ ਵਿੱਚੋਂ ਬਹੁਤ ਸਾਰੇ ਲੋਕਾਂ ਨੇ ਵਿਸ਼ਵਾਸ ਕੀਤਾ ਅਤੇ ਚੇਲਿਆਂ ਵਿਚ ਆਦਮੀਆਂ ਦੀ ਗਿਣਤੀ ਲਗਭਗ 5,000 ਹੋ ਗਈ।+

5 ਅਗਲੇ ਦਿਨ ਯਰੂਸ਼ਲਮ ਵਿਚ ਯਹੂਦੀਆਂ ਦੇ ਧਾਰਮਿਕ ਆਗੂ, ਬਜ਼ੁਰਗ ਅਤੇ ਗ੍ਰੰਥੀ ਇਕੱਠੇ ਹੋਏ। 6 ਉਨ੍ਹਾਂ ਵਿਚ ਮੁੱਖ ਪੁਜਾਰੀ ਅੰਨਾਸ,+ ਕਾਇਫ਼ਾ,+ ਯੂਹੰਨਾ, ਸਿਕੰਦਰ ਅਤੇ ਮੁੱਖ ਪੁਜਾਰੀ ਦੇ ਬਹੁਤ ਸਾਰੇ ਰਿਸ਼ਤੇਦਾਰ ਵੀ ਸਨ। 7 ਉਹ ਪਤਰਸ ਤੇ ਯੂਹੰਨਾ ਨੂੰ ਆਪਣੇ ਵਿਚਕਾਰ ਖੜ੍ਹੇ ਕਰ ਕੇ ਪੁੱਛਣ ਲੱਗੇ: “ਤੁਸੀਂ ਇਹ ਕੰਮ ਕਿਸ ਦੇ ਅਧਿਕਾਰ ਨਾਲ ਜਾਂ ਕਿਸ ਦੇ ਨਾਂ ʼਤੇ ਕਰਦੇ ਹੋ?” 8 ਫਿਰ ਪਤਰਸ ਪਵਿੱਤਰ ਸ਼ਕਤੀ ਨਾਲ ਭਰ ਗਿਆ+ ਅਤੇ ਉਸ ਨੇ ਉਨ੍ਹਾਂ ਨੂੰ ਕਿਹਾ:

“ਕੌਮ ਦੇ ਆਗੂਓ ਅਤੇ ਬਜ਼ੁਰਗੋ, 9 ਜੇ ਇਸ ਲੰਗੜੇ ਦਾ ਭਲਾ ਕਰਨ ਕਰਕੇ ਅੱਜ ਸਾਡੇ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ+ ਅਤੇ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਕਿਸ ਨੇ ਇਸ ਨੂੰ ਚੰਗਾ ਕੀਤਾ ਹੈ, 10 ਤਾਂ ਤੁਹਾਨੂੰ ਅਤੇ ਇਜ਼ਰਾਈਲ ਦੇ ਸਾਰੇ ਲੋਕਾਂ ਨੂੰ ਇਹ ਗੱਲ ਪਤਾ ਲੱਗ ਜਾਵੇ ਕਿ ਯਿਸੂ ਮਸੀਹ ਨਾਸਰੀ ਦੇ ਨਾਂ ʼਤੇ,+ ਹਾਂ, ਉਸੇ ਰਾਹੀਂ ਇਹ ਆਦਮੀ ਇੱਥੇ ਤੁਹਾਡੇ ਸਾਮ੍ਹਣੇ ਤੰਦਰੁਸਤ ਖੜ੍ਹਾ ਹੈ। ਤੁਸੀਂ ਉਸੇ ਯਿਸੂ ਨੂੰ ਸੂਲ਼ੀ ʼਤੇ ਟੰਗ ਦਿੱਤਾ ਸੀ,+ ਪਰ ਪਰਮੇਸ਼ੁਰ ਨੇ ਉਸ ਨੂੰ ਮਰਿਆਂ ਵਿੱਚੋਂ ਦੁਬਾਰਾ ਜੀਉਂਦਾ ਕੀਤਾ।+ 11 ਉਹੀ ਯਿਸੂ ‘ਉਹ ਪੱਥਰ ਹੈ ਜਿਸ ਨੂੰ ਰਾਜ ਮਿਸਤਰੀਆਂ ਨੇ ਯਾਨੀ ਤੁਸੀਂ ਨਿਕੰਮਾ ਕਿਹਾ,* ਉਹੀ ਕੋਨੇ ਦਾ ਮੁੱਖ ਪੱਥਰ* ਬਣ ਗਿਆ ਹੈ।’+ 12 ਨਾਲੇ ਹੋਰ ਕਿਸੇ ਰਾਹੀਂ ਮੁਕਤੀ ਨਹੀਂ ਮਿਲੇਗੀ ਕਿਉਂਕਿ ਪਰਮੇਸ਼ੁਰ ਨੇ ਧਰਤੀ ਉੱਤੇ ਹੋਰ ਕਿਸੇ ਨੂੰ ਨਹੀਂ ਚੁਣਿਆ+ ਜਿਸ ਦੇ ਨਾਂ ʼਤੇ ਸਾਨੂੰ ਬਚਾਇਆ ਜਾਵੇਗਾ।”+

13 ਜਦੋਂ ਉਨ੍ਹਾਂ ਨੇ ਗੱਲ ਕਰਨ ਵਿਚ ਪਤਰਸ ਤੇ ਯੂਹੰਨਾ ਦੀ ਦਲੇਰੀ ਦੇਖੀ ਅਤੇ ਜਾਣ ਲਿਆ ਕਿ ਉਹ ਦੋਵੇਂ ਘੱਟ ਪੜ੍ਹੇ-ਲਿਖੇ* ਅਤੇ ਆਮ ਆਦਮੀ ਸਨ,+ ਤਾਂ ਉਨ੍ਹਾਂ ਨੂੰ ਬੜੀ ਹੈਰਾਨੀ ਹੋਈ। ਉਨ੍ਹਾਂ ਨੇ ਪਛਾਣ ਲਿਆ ਕਿ ਉਹ ਦੋਵੇਂ ਯਿਸੂ ਨਾਲ ਹੁੰਦੇ ਸਨ।+ 14 ਉਨ੍ਹਾਂ ਨੇ ਉਸ ਆਦਮੀ ਨੂੰ ਵੀ ਉਨ੍ਹਾਂ ਦੋਵਾਂ ਨਾਲ ਖੜ੍ਹਾ ਦੇਖਿਆ ਜਿਸ ਨੂੰ ਚੰਗਾ ਕੀਤਾ ਗਿਆ ਸੀ+ ਜਿਸ ਕਰਕੇ ਉਨ੍ਹਾਂ ਨੂੰ ਕੋਈ ਜਵਾਬ ਨਾ ਸੁੱਝਿਆ।+ 15 ਇਸ ਕਰਕੇ ਉਨ੍ਹਾਂ ਨੇ ਤਿੰਨਾਂ ਨੂੰ ਮਹਾਸਭਾ ਦੇ ਹਾਲ ਤੋਂ ਬਾਹਰ ਜਾਣ ਦਾ ਹੁਕਮ ਦਿੱਤਾ ਅਤੇ ਉਹ ਆਪਸ ਵਿਚ ਸਲਾਹ-ਮਸ਼ਵਰਾ ਕਰਦੇ ਹੋਏ 16 ਕਹਿਣ ਲੱਗੇ: “ਆਪਾਂ ਇਨ੍ਹਾਂ ਦੋਵਾਂ ਦਾ ਕੀ ਕਰੀਏ?+ ਵਾਕਈ, ਇਨ੍ਹਾਂ ਨੇ ਇਕ ਅਨੋਖਾ ਕੰਮ ਕੀਤਾ ਹੈ ਅਤੇ ਯਰੂਸ਼ਲਮ ਦੇ ਸਾਰੇ ਲੋਕਾਂ ਨੂੰ ਇਸ ਬਾਰੇ ਪਤਾ ਹੈ+ ਤੇ ਅਸੀਂ ਵੀ ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕਦੇ। 17 ਪਰ ਆਪਾਂ ਇਨ੍ਹਾਂ ਨੂੰ ਡਰਾ-ਧਮਕਾ ਕੇ ਕਹਿ ਦਿੰਦੇ ਹਾਂ ਕਿ ਇਹ ਕਿਸੇ ਨਾਲ ਵੀ ਇਸ ਨਾਂ* ʼਤੇ ਬਿਲਕੁਲ ਗੱਲ ਨਾ ਕਰਨ ਤਾਂਕਿ ਇਹ ਗੱਲ ਦੂਰ-ਦੂਰ ਰਹਿਣ ਵਾਲੇ ਲੋਕਾਂ ਵਿਚ ਨਾ ਫੈਲੇ।”+

18 ਫਿਰ ਉਨ੍ਹਾਂ ਨੇ ਉਨ੍ਹਾਂ ਦੋਹਾਂ ਨੂੰ ਬੁਲਾ ਕੇ ਹੁਕਮ ਦਿੱਤਾ ਕਿ ਉਹ ਯਿਸੂ ਦੇ ਨਾਂ ਬਾਰੇ ਨਾ ਤਾਂ ਗੱਲ ਕਰਨ ਅਤੇ ਨਾ ਹੀ ਸਿੱਖਿਆ ਦੇਣ। 19 ਪਰ ਪਤਰਸ ਤੇ ਯੂਹੰਨਾ ਨੇ ਜਵਾਬ ਦਿੱਤਾ: “ਤੁਸੀਂ ਆਪ ਸੋਚੋ, ਕੀ ਪਰਮੇਸ਼ੁਰ ਦੀ ਨਜ਼ਰ ਵਿਚ ਇਹ ਸਹੀ ਹੋਵੇਗਾ ਕਿ ਅਸੀਂ ਉਸ ਦੀ ਗੱਲ ਸੁਣਨ ਦੀ ਬਜਾਇ ਤੁਹਾਡੀ ਗੱਲ ਸੁਣੀਏ? 20 ਪਰ ਅਸੀਂ ਜੋ ਦੇਖਿਆ ਅਤੇ ਸੁਣਿਆ ਹੈ, ਉਸ ਬਾਰੇ ਗੱਲ ਕਰਨੋਂ ਹਟ ਨਹੀਂ ਸਕਦੇ।”+ 21 ਇਸ ਲਈ, ਉਨ੍ਹਾਂ ਨੇ ਦੋਵਾਂ ਨੂੰ ਡਰਾ-ਧਮਕਾ ਕੇ ਛੱਡ ਦਿੱਤਾ ਕਿਉਂਕਿ ਉਨ੍ਹਾਂ ਕੋਲ ਉਨ੍ਹਾਂ ਦੋਹਾਂ ਨੂੰ ਸਜ਼ਾ ਦੇਣ ਦਾ ਕੋਈ ਕਾਰਨ ਨਹੀਂ ਸੀ ਅਤੇ ਉਹ ਲੋਕਾਂ ਤੋਂ ਵੀ ਡਰਦੇ ਸਨ+ ਕਿਉਂਕਿ ਜੋ ਵੀ ਹੋਇਆ ਸੀ, ਉਸ ਕਰਕੇ ਸਾਰੇ ਲੋਕ ਪਰਮੇਸ਼ੁਰ ਦੀ ਵਡਿਆਈ ਕਰ ਰਹੇ ਸਨ। 22 ਜਿਸ ਆਦਮੀ ਨੂੰ ਚਮਤਕਾਰ ਕਰ ਕੇ ਚੰਗਾ ਕੀਤਾ ਗਿਆ ਸੀ, ਉਸ ਦੀ ਉਮਰ 40 ਸਾਲਾਂ ਤੋਂ ਉੱਪਰ ਸੀ।

23 ਉਹ ਦੋਵੇਂ ਰਿਹਾ ਹੋਣ ਤੋਂ ਬਾਅਦ ਦੂਸਰੇ ਚੇਲਿਆਂ ਕੋਲ ਚਲੇ ਗਏ ਅਤੇ ਉਨ੍ਹਾਂ ਨੂੰ ਉਹ ਸਾਰੀਆਂ ਗੱਲਾਂ ਦੱਸੀਆਂ ਜੋ ਮੁੱਖ ਪੁਜਾਰੀਆਂ ਤੇ ਬਜ਼ੁਰਗਾਂ ਨੇ ਉਨ੍ਹਾਂ ਨੂੰ ਕਹੀਆਂ ਸਨ। 24 ਇਹ ਸੁਣਨ ਤੋਂ ਬਾਅਦ ਉਹ ਰਲ਼ ਕੇ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਨ ਲੱਗੇ:

“ਸਾਰੇ ਜਹਾਨ ਦੇ ਮਾਲਕ, ਤੂੰ ਹੀ ਆਕਾਸ਼, ਧਰਤੀ, ਸਮੁੰਦਰ ਤੇ ਉਨ੍ਹਾਂ ਵਿਚਲੀਆਂ ਸਾਰੀਆਂ ਚੀਜ਼ਾਂ ਬਣਾਈਆਂ ਹਨ+ 25 ਅਤੇ ਪਵਿੱਤਰ ਸ਼ਕਤੀ ਦੀ ਪ੍ਰੇਰਣਾ ਨਾਲ ਤੂੰ ਸਾਡੇ ਪੂਰਵਜ ਤੇ ਆਪਣੇ ਸੇਵਕ ਦਾਊਦ ਦੇ ਮੂੰਹੋਂ ਕਹਾਇਆ ਸੀ:+ ‘ਕੌਮਾਂ ਕਿਉਂ ਕ੍ਰੋਧਵਾਨ ਹੋਈਆਂ ਅਤੇ ਦੇਸ਼-ਦੇਸ਼ ਦੇ ਲੋਕਾਂ ਨੇ ਵਿਅਰਥ ਗੱਲਾਂ ਉੱਤੇ ਧਿਆਨ ਕਿਉਂ ਲਾਇਆ? 26 ਧਰਤੀ ਦੇ ਰਾਜੇ ਉੱਠ ਖੜ੍ਹੇ ਹੋਏ ਹਨ ਅਤੇ ਹਾਕਮ ਯਹੋਵਾਹ* ਅਤੇ ਉਸ ਦੇ ਚੁਣੇ ਹੋਏ* ਦੇ ਖ਼ਿਲਾਫ਼ ਇਕੱਠੇ ਹੋਏ ਹਨ।’+ 27 ਇਹ ਸਭ ਗੱਲਾਂ ਉਦੋਂ ਪੂਰੀਆਂ ਹੋਈਆਂ ਜਦੋਂ ਹੇਰੋਦੇਸ, ਪੁੰਤੀਅਸ ਪਿਲਾਤੁਸ,+ ਗ਼ੈਰ-ਯਹੂਦੀ ਕੌਮਾਂ ਅਤੇ ਇਜ਼ਰਾਈਲ ਦੇ ਲੋਕ ਤੇਰੇ ਚੁਣੇ ਹੋਏ ਪਵਿੱਤਰ ਸੇਵਕ ਯਿਸੂ ਦੇ ਖ਼ਿਲਾਫ਼ ਇਸ ਸ਼ਹਿਰ ਵਿਚ ਇਕੱਠੇ ਹੋਏ ਸਨ+ 28 ਤਾਂਕਿ ਉਹ ਉਹੀ ਕੁਝ ਕਰਨ ਜੋ ਤੂੰ ਆਪਣੀ ਤਾਕਤ* ਅਤੇ ਇੱਛਾ ਨਾਲ ਪਹਿਲਾਂ ਹੀ ਤੈਅ ਕੀਤਾ ਹੋਇਆ ਸੀ।+ 29 ਹੁਣ ਹੇ ਯਹੋਵਾਹ,* ਉਨ੍ਹਾਂ ਦੀਆਂ ਧਮਕੀਆਂ ਵੱਲ ਧਿਆਨ ਦੇ ਅਤੇ ਆਪਣੇ ਦਾਸਾਂ ਨੂੰ ਇਸ ਕਾਬਲ ਬਣਾ ਕਿ ਅਸੀਂ ਦਲੇਰੀ ਨਾਲ ਤੇਰੇ ਬਚਨ ਦਾ ਐਲਾਨ ਕਰਦੇ ਰਹੀਏ 30 ਅਤੇ ਤੂੰ ਆਪਣਾ ਹੱਥ ਵਧਾ ਕੇ ਬੀਮਾਰਾਂ ਨੂੰ ਚੰਗਾ ਕਰਦਾ ਰਹਿ ਅਤੇ ਤੇਰੇ ਪਵਿੱਤਰ ਸੇਵਕ ਯਿਸੂ ਦੇ ਨਾਂ ਰਾਹੀਂ+ ਨਿਸ਼ਾਨੀਆਂ ਤੇ ਚਮਤਕਾਰ ਹੁੰਦੇ ਰਹਿਣ।”+

31 ਜਦੋਂ ਉਹ ਫ਼ਰਿਆਦ* ਕਰ ਹਟੇ, ਤਾਂ ਜਿਸ ਘਰ ਵਿਚ ਉਹ ਸਾਰੇ ਇਕੱਠੇ ਹੋਏ ਸਨ, ਉਹ ਘਰ ਹਿੱਲਣ ਲੱਗ ਪਿਆ ਅਤੇ ਉਹ ਸਾਰੇ ਪਵਿੱਤਰ ਸ਼ਕਤੀ ਨਾਲ ਭਰ ਗਏ+ ਅਤੇ ਦਲੇਰੀ ਨਾਲ ਪਰਮੇਸ਼ੁਰ ਦੇ ਬਚਨ ਦਾ ਐਲਾਨ ਕਰਨ ਲੱਗੇ।+

32 ਵਿਸ਼ਵਾਸ ਕਰਨ ਵਾਲੇ ਸਾਰੇ ਲੋਕ ਇਕ ਦਿਲ ਅਤੇ ਇਕ ਜਾਨ ਸਨ ਅਤੇ ਉਨ੍ਹਾਂ ਵਿੱਚੋਂ ਇਕ ਵੀ ਜਣਾ ਆਪਣੀਆਂ ਚੀਜ਼ਾਂ ਨੂੰ ਆਪਣੀਆਂ ਨਹੀਂ ਕਹਿੰਦਾ ਸੀ, ਸਗੋਂ ਉਹ ਸਾਰੇ ਇਕ-ਦੂਜੇ ਨਾਲ ਆਪਣੀਆਂ ਸਾਰੀਆਂ ਚੀਜ਼ਾਂ ਸਾਂਝੀਆਂ ਕਰਦੇ ਸਨ।+ 33 ਅਤੇ ਰਸੂਲ ਅਸਰਦਾਰ ਢੰਗ ਨਾਲ ਗਵਾਹੀ ਦਿੰਦੇ ਰਹੇ ਕਿ ਪ੍ਰਭੂ ਯਿਸੂ ਦੁਬਾਰਾ ਜੀਉਂਦਾ ਹੋ ਗਿਆ ਸੀ+ ਅਤੇ ਪਰਮੇਸ਼ੁਰ ਦੀ ਬੇਅੰਤ ਅਪਾਰ ਕਿਰਪਾ ਉਨ੍ਹਾਂ ਸਾਰਿਆਂ ਉੱਤੇ ਸੀ। 34 ਅਸਲ ਵਿਚ, ਉਨ੍ਹਾਂ ਵਿੱਚੋਂ ਕਿਸੇ ਨੂੰ ਵੀ ਕਿਸੇ ਚੀਜ਼ ਦੀ ਤੰਗੀ ਨਹੀਂ ਸੀ+ ਕਿਉਂਕਿ ਜਿਨ੍ਹਾਂ ਕੋਲ ਖੇਤ ਜਾਂ ਘਰ ਸਨ, ਉਹ ਸਾਰੇ ਉਨ੍ਹਾਂ ਨੂੰ ਵੇਚ ਦਿੰਦੇ ਸਨ ਅਤੇ ਪੈਸੇ ਲਿਆ ਕੇ 35 ਰਸੂਲਾਂ ਦੇ ਚਰਨਾਂ ਵਿਚ ਰੱਖ ਦਿੰਦੇ ਸਨ।+ ਫਿਰ ਸਾਰਿਆਂ ਨੂੰ ਉਨ੍ਹਾਂ ਦੀ ਲੋੜ ਅਨੁਸਾਰ ਪੈਸਾ ਵੰਡ ਦਿੱਤਾ ਜਾਂਦਾ ਸੀ।+ 36 ਸਾਈਪ੍ਰਸ ਵਿਚ ਪੈਦਾ ਹੋਏ ਯੂਸੁਫ਼ ਨਾਂ ਦੇ ਇਕ ਲੇਵੀ ਨੇ ਵੀ ਇਸੇ ਤਰ੍ਹਾਂ ਕੀਤਾ। ਰਸੂਲਾਂ ਨੇ ਉਸ ਦਾ ਨਾਂ ਬਰਨਾਬਾਸ+ (ਜਿਸ ਦਾ ਮਤਲਬ ਹੈ “ਦਿਲਾਸੇ ਦਾ ਪੁੱਤਰ”) ਰੱਖਿਆ ਸੀ। 37 ਉਸ ਕੋਲ ਥੋੜ੍ਹੀ ਜਿਹੀ ਜ਼ਮੀਨ ਸੀ ਜਿਸ ਨੂੰ ਉਸ ਨੇ ਵੇਚ ਦਿੱਤਾ ਅਤੇ ਪੈਸਾ ਲਿਆ ਕੇ ਰਸੂਲਾਂ ਦੇ ਚਰਨਾਂ ਵਿਚ ਰੱਖ ਦਿੱਤਾ।+

5 ਦੂਜੇ ਪਾਸੇ, ਹਨਾਨਿਆ ਨਾਂ ਦੇ ਇਕ ਆਦਮੀ ਨੇ ਆਪਣੀ ਪਤਨੀ ਸਫ਼ੀਰਾ ਨਾਲ ਮਿਲ ਕੇ ਆਪਣੀ ਕੁਝ ਜ਼ਮੀਨ ਵੇਚੀ। 2 ਪਰ ਉਸ ਨੇ ਚੁੱਪ-ਚੁਪੀਤੇ ਕੁਝ ਪੈਸਾ ਆਪਣੇ ਕੋਲ ਰੱਖ ਲਿਆ ਜਿਸ ਬਾਰੇ ਉਸ ਦੀ ਪਤਨੀ ਨੂੰ ਪਤਾ ਸੀ ਅਤੇ ਉਸ ਨੇ ਬਾਕੀ ਪੈਸਾ ਜਾ ਕੇ ਰਸੂਲਾਂ ਦੇ ਚਰਨਾਂ ਵਿਚ ਰੱਖ ਦਿੱਤਾ।+ 3 ਪਤਰਸ ਨੇ ਉਸ ਨੂੰ ਪੁੱਛਿਆ: “ਹਨਾਨਿਆ, ਕੀ ਸ਼ੈਤਾਨ ਨੇ ਤੈਨੂੰ ਇੰਨੀ ਹਿੰਮਤ ਦੇ ਦਿੱਤੀ ਹੈ ਕਿ ਤੂੰ ਪਵਿੱਤਰ ਸ਼ਕਤੀ+ ਨਾਲ ਝੂਠ ਬੋਲੇਂ+ ਅਤੇ ਆਪਣੀ ਜ਼ਮੀਨ ਦਾ ਕੁਝ ਪੈਸਾ ਚੁੱਪ-ਚਪੀਤੇ ਆਪਣੇ ਕੋਲ ਰੱਖ ਲਵੇਂ? 4 ਕੀ ਵੇਚੇ ਜਾਣ ਤੋਂ ਪਹਿਲਾਂ ਜ਼ਮੀਨ ਤੇਰੀ ਨਹੀਂ ਸੀ? ਨਾਲੇ ਜ਼ਮੀਨ ਵੇਚ ਕੇ ਮਿਲੇ ਪੈਸੇ ਵੀ ਤੇਰੇ ਹੀ ਨਹੀਂ ਸਨ? ਤਾਂ ਫਿਰ, ਤੂੰ ਇੰਨਾ ਘਟੀਆ ਕੰਮ ਕਰਨ ਬਾਰੇ ਸੋਚਿਆ ਹੀ ਕਿਉਂ? ਤੂੰ ਇਨਸਾਨਾਂ ਨਾਲ ਨਹੀਂ, ਸਗੋਂ ਪਰਮੇਸ਼ੁਰ ਨਾਲ ਝੂਠ ਬੋਲਿਆ ਹੈ।” 5 ਇਹ ਸੁਣਦਿਆਂ ਸਾਰ ਹਨਾਨਿਆ ਡਿਗ ਕੇ ਮਰ ਗਿਆ। ਜਿੰਨਿਆਂ ਨੇ ਵੀ ਇਸ ਬਾਰੇ ਸੁਣਿਆ, ਉਨ੍ਹਾਂ ਸਾਰਿਆਂ ਦੇ ਦਿਲਾਂ ਵਿਚ ਪਰਮੇਸ਼ੁਰ ਦਾ ਡਰ ਬੈਠ ਗਿਆ। 6 ਫਿਰ ਨੌਜਵਾਨਾਂ ਨੇ ਉੱਠ ਕੇ ਉਸ ਦੀ ਲਾਸ਼ ਨੂੰ ਕਫ਼ਨ ਵਿਚ ਲਪੇਟਿਆ ਅਤੇ ਬਾਹਰ ਲਿਜਾ ਕੇ ਦਫ਼ਨਾ ਦਿੱਤਾ।

7 ਤਕਰੀਬਨ ਤਿੰਨ ਘੰਟਿਆਂ ਬਾਅਦ ਉਸ ਦੀ ਪਤਨੀ ਸਫ਼ੀਰਾ ਅੰਦਰ ਆਈ ਤੇ ਉਸ ਨੂੰ ਪਤਾ ਨਹੀਂ ਸੀ ਕਿ ਕੀ ਹੋਇਆ ਸੀ। 8 ਪਤਰਸ ਨੇ ਉਸ ਨੂੰ ਪੁੱਛਿਆ: “ਮੈਨੂੰ ਦੱਸ, ਕੀ ਤੁਸੀਂ ਦੋਹਾਂ ਨੇ ਜ਼ਮੀਨ ਐਨੇ ਦੀ ਵੇਚੀ ਹੈ?” ਉਸ ਨੇ ਕਿਹਾ: “ਹਾਂ, ਐਨੇ ਦੀ ਹੀ ਵੇਚੀ ਹੈ।” 9 ਇਸ ਲਈ ਪਤਰਸ ਨੇ ਉਸ ਨੂੰ ਕਿਹਾ: “ਤੁਸੀਂ ਦੋਹਾਂ ਨੇ ਯਹੋਵਾਹ* ਦੀ ਸ਼ਕਤੀ ਦੀ ਪਰੀਖਿਆ ਲੈਣ ਦੀ ਆਪਸ ਵਿਚ ਸਲਾਹ ਕਿਉਂ ਕੀਤੀ? ਦੇਖ! ਤੇਰੇ ਪਤੀ ਨੂੰ ਦਫ਼ਨਾਉਣ ਵਾਲੇ ਬੂਹੇ ʼਤੇ ਹਨ ਅਤੇ ਉਹ ਤੈਨੂੰ ਵੀ ਚੁੱਕ ਕੇ ਲੈ ਜਾਣਗੇ।” 10 ਉਹ ਉਸੇ ਵੇਲੇ ਪਤਰਸ ਦੇ ਪੈਰਾਂ ਵਿਚ ਡਿਗ ਕੇ ਮਰ ਗਈ। ਨੌਜਵਾਨਾਂ ਨੇ ਅੰਦਰ ਆ ਕੇ ਦੇਖਿਆ ਕਿ ਉਹ ਮਰੀ ਪਈ ਸੀ ਅਤੇ ਉਨ੍ਹਾਂ ਨੇ ਉਸ ਨੂੰ ਲਿਜਾ ਕੇ ਉਸ ਦੇ ਪਤੀ ਕੋਲ ਦਫ਼ਨਾ ਦਿੱਤਾ। 11 ਇਸ ਕਰਕੇ ਯਰੂਸ਼ਲਮ ਦੇ ਸਾਰੇ ਚੇਲਿਆਂ ਦੇ ਦਿਲਾਂ ਵਿਚ ਅਤੇ ਜਿੰਨਿਆਂ ਨੇ ਵੀ ਇਸ ਬਾਰੇ ਸੁਣਿਆ, ਉਨ੍ਹਾਂ ਸਾਰਿਆਂ ਦੇ ਦਿਲਾਂ ਵਿਚ ਪਰਮੇਸ਼ੁਰ ਦਾ ਡਰ ਬੈਠ ਗਿਆ।

12 ਇਸ ਤੋਂ ਇਲਾਵਾ, ਰਸੂਲ ਲੋਕਾਂ ਸਾਮ੍ਹਣੇ ਬਹੁਤ ਸਾਰੀਆਂ ਨਿਸ਼ਾਨੀਆਂ ਦਿਖਾਉਂਦੇ ਰਹੇ ਅਤੇ ਚਮਤਕਾਰ ਕਰਦੇ ਰਹੇ;+ ਉਹ ਸਾਰੇ ਸੁਲੇਮਾਨ ਦੇ ਬਰਾਂਡੇ ਵਿਚ ਇਕੱਠੇ ਹੁੰਦੇ ਸਨ।+ 13 ਇਹ ਸੱਚ ਹੈ ਕਿ ਦੂਸਰੇ* ਉਨ੍ਹਾਂ ਨਾਲ ਰਲ਼ਣ ਤੋਂ ਡਰਦੇ ਸਨ; ਪਰ ਲੋਕ ਉਨ੍ਹਾਂ ਦੀ ਸ਼ਲਾਘਾ ਕਰਦੇ ਸਨ। 14 ਨਾਲੇ, ਪ੍ਰਭੂ ਉੱਤੇ ਨਿਹਚਾ ਕਰਨ ਵਾਲੇ ਆਦਮੀਆਂ ਤੇ ਤੀਵੀਆਂ ਦੀ ਗਿਣਤੀ ਵਧਦੀ ਜਾ ਰਹੀ ਸੀ।+ 15 ਉਹ ਬੀਮਾਰਾਂ ਨੂੰ ਵੀ ਚੌਂਕਾਂ ਵਿਚ ਲਿਆਉਂਦੇ ਸਨ ਅਤੇ ਉਨ੍ਹਾਂ ਨੂੰ ਛੋਟੇ ਪਲੰਘਾਂ ਅਤੇ ਚਟਾਈਆਂ ਉੱਤੇ ਪਾ ਦਿੰਦੇ ਸਨ ਤਾਂਕਿ ਜਦੋਂ ਪਤਰਸ ਉੱਧਰੋਂ ਦੀ ਲੰਘੇ, ਤਾਂ ਉਸ ਦਾ ਪਰਛਾਵਾਂ ਹੀ ਉਨ੍ਹਾਂ ਉੱਤੇ ਪੈ ਜਾਵੇ।+ 16 ਨਾਲੇ ਯਰੂਸ਼ਲਮ ਦੇ ਆਲੇ-ਦੁਆਲੇ ਦੇ ਸ਼ਹਿਰਾਂ ਤੋਂ ਵੀ ਭੀੜਾਂ ਦੀਆਂ ਭੀੜਾਂ ਬੀਮਾਰਾਂ ਨੂੰ ਅਤੇ ਉਨ੍ਹਾਂ ਨੂੰ ਲੈ ਕੇ ਆਉਂਦੀਆਂ ਸਨ ਜਿਨ੍ਹਾਂ ਨੂੰ ਦੁਸ਼ਟ ਦੂਤ ਚਿੰਬੜੇ ਹੋਏ ਸਨ ਅਤੇ ਉਨ੍ਹਾਂ ਸਾਰਿਆਂ ਨੂੰ ਚੰਗਾ ਕੀਤਾ ਜਾਂਦਾ ਸੀ।

17 ਪਰ ਮਹਾਂ ਪੁਜਾਰੀ ਅਤੇ ਉਸ ਦੇ ਨਾਲ ਸਦੂਕੀਆਂ ਦੇ ਪੰਥ ਦੇ ਲੋਕ ਈਰਖਾ ਨਾਲ ਭਰੇ ਹੋਏ ਉੱਠੇ। 18 ਉਨ੍ਹਾਂ ਨੇ ਰਸੂਲਾਂ ਨੂੰ ਫੜ ਕੇ* ਜੇਲ੍ਹ ਵਿਚ ਸੁੱਟ ਦਿੱਤਾ।+ 19 ਪਰ ਉਸੇ ਰਾਤ ਯਹੋਵਾਹ* ਦੇ ਦੂਤ ਨੇ ਆ ਕੇ ਜੇਲ੍ਹ ਦੇ ਦਰਵਾਜ਼ੇ ਖੋਲ੍ਹ ਦਿੱਤੇ+ ਅਤੇ ਉਨ੍ਹਾਂ ਨੂੰ ਬਾਹਰ ਕੱਢ ਕੇ ਕਿਹਾ: 20 “ਤੁਸੀਂ ਮੰਦਰ ਨੂੰ ਚਲੇ ਜਾਓ ਅਤੇ ਲੋਕਾਂ ਨੂੰ ਇਸ ਜ਼ਿੰਦਗੀ ਬਾਰੇ ਸਭ ਕੁਝ ਦੱਸਦੇ ਰਹੋ।” 21 ਇਹ ਸੁਣ ਕੇ ਉਹ ਤੜਕੇ ਮੰਦਰ ਵਿਚ ਚਲੇ ਗਏ ਅਤੇ ਲੋਕਾਂ ਨੂੰ ਸਿਖਾਉਣ ਲੱਗੇ।

ਫਿਰ ਮਹਾਂ ਪੁਜਾਰੀ ਅਤੇ ਉਸ ਦੇ ਨਾਲ ਜੋ ਵੀ ਸਨ ਆਏ ਅਤੇ ਉਨ੍ਹਾਂ ਨੇ ਮਹਾਸਭਾ ਨੂੰ ਤੇ ਇਜ਼ਰਾਈਲ ਕੌਮ ਦੇ ਬਜ਼ੁਰਗਾਂ ਦੀ ਸਾਰੀ ਸਭਾ ਨੂੰ ਇਕੱਠਾ ਕੀਤਾ ਅਤੇ ਉਨ੍ਹਾਂ ਨੇ ਰਸੂਲਾਂ ਨੂੰ ਜੇਲ੍ਹ ਵਿੱਚੋਂ ਲਿਆਉਣ ਲਈ ਪਹਿਰੇਦਾਰਾਂ ਨੂੰ ਘੱਲਿਆ। 22 ਪਰ ਜਦੋਂ ਪਹਿਰੇਦਾਰ ਉੱਥੇ ਪਹੁੰਚੇ, ਤਾਂ ਉਨ੍ਹਾਂ ਨੇ ਦੇਖਿਆ ਕਿ ਰਸੂਲ ਜੇਲ੍ਹ ਵਿਚ ਨਹੀਂ ਸਨ। ਇਸ ਲਈ ਉਨ੍ਹਾਂ ਨੇ ਵਾਪਸ ਆ ਕੇ ਦੱਸਿਆ: 23 “ਅਸੀਂ ਜਾ ਕੇ ਦੇਖਿਆ ਕਿ ਜੇਲ੍ਹ ਨੂੰ ਜਿੰਦਾ ਲੱਗਾ ਹੋਇਆ ਸੀ ਅਤੇ ਦਰਵਾਜ਼ਿਆਂ ʼਤੇ ਪਹਿਰੇਦਾਰ ਖੜ੍ਹੇ ਸਨ, ਪਰ ਜਦ ਅਸੀਂ ਦਰਵਾਜ਼ੇ ਖੋਲ੍ਹ ਕੇ ਦੇਖਿਆ, ਤਾਂ ਅੰਦਰ ਕੋਈ ਵੀ ਨਹੀਂ ਸੀ।” 24 ਜਦੋਂ ਮੰਦਰ ਦੇ ਪਹਿਰੇਦਾਰਾਂ ਦੇ ਮੁਖੀ ਅਤੇ ਮੁੱਖ ਪੁਜਾਰੀਆਂ ਨੇ ਇਹ ਸੁਣਿਆ, ਤਾਂ ਉਹ ਉਲਝਣ ਵਿਚ ਪੈ ਗਏ ਕਿ ਹੁਣ ਕੀ ਹੋਊ? 25 ਪਰ ਕਿਸੇ ਨੇ ਆ ਕੇ ਉਨ੍ਹਾਂ ਨੂੰ ਦੱਸਿਆ: “ਜਿਨ੍ਹਾਂ ਆਦਮੀਆਂ ਨੂੰ ਤੁਸੀਂ ਜੇਲ੍ਹ ਵਿਚ ਬੰਦ ਕੀਤਾ ਸੀ, ਉਹ ਮੰਦਰ ਵਿਚ ਖੜ੍ਹੇ ਹਨ ਅਤੇ ਲੋਕਾਂ ਨੂੰ ਸਿੱਖਿਆ ਦੇ ਰਹੇ ਹਨ।” 26 ਫਿਰ ਪਹਿਰੇਦਾਰਾਂ ਦੇ ਮੁਖੀ ਨੇ ਆਪਣੇ ਪਹਿਰੇਦਾਰਾਂ ਨਾਲ ਜਾ ਕੇ ਰਸੂਲਾਂ ਨੂੰ ਫੜ ਲਿਆਂਦਾ, ਪਰ ਉਨ੍ਹਾਂ ਨੇ ਰਸੂਲਾਂ ਨਾਲ ਕੋਈ ਜ਼ੋਰ-ਜ਼ਬਰਦਸਤੀ ਨਹੀਂ ਕੀਤੀ ਕਿਉਂਕਿ ਉਹ ਡਰਦੇ ਸਨ ਕਿ ਕਿਤੇ ਲੋਕ ਉਨ੍ਹਾਂ ਨੂੰ ਪੱਥਰ ਮਾਰ-ਮਾਰ ਕੇ ਜਾਨੋਂ ਨਾ ਮਾਰ ਦੇਣ।+

27 ਉਨ੍ਹਾਂ ਨੇ ਰਸੂਲਾਂ ਨੂੰ ਲਿਆ ਕੇ ਮਹਾਸਭਾ ਸਾਮ੍ਹਣੇ ਖੜ੍ਹਾ ਕਰ ਦਿੱਤਾ। ਫਿਰ ਮਹਾਂ ਪੁਜਾਰੀ ਨੇ ਉਨ੍ਹਾਂ ਤੋਂ ਪੁੱਛ-ਗਿੱਛ ਕੀਤੀ 28 ਅਤੇ ਕਿਹਾ: “ਅਸੀਂ ਤੁਹਾਨੂੰ ਸਖ਼ਤੀ ਨਾਲ ਹੁਕਮ ਦਿੱਤਾ ਸੀ ਕਿ ਇਸ ਨਾਂ ʼਤੇ ਸਿੱਖਿਆ ਦੇਣੀ ਬੰਦ ਕਰੋ,+ ਪਰ ਤੁਸੀਂ ਯਰੂਸ਼ਲਮ ਨੂੰ ਆਪਣੀ ਸਿੱਖਿਆ ਨਾਲ ਭਰ ਦਿੱਤਾ ਹੈ ਅਤੇ ਤੁਸੀਂ ਪੱਕਾ ਧਾਰ ਲਿਆ ਹੈ ਕਿ ਤੁਸੀਂ ਇਸ ਆਦਮੀ ਦਾ ਖ਼ੂਨ ਸਾਡੇ ਸਿਰ ਪਾਓਗੇ।”+ 29 ਪਤਰਸ ਤੇ ਦੂਸਰੇ ਰਸੂਲਾਂ ਨੇ ਜਵਾਬ ਦਿੱਤਾ: “ਪਰਮੇਸ਼ੁਰ ਹੀ ਸਾਡਾ ਰਾਜਾ ਹੈ, ਇਸ ਕਰਕੇ ਅਸੀਂ ਇਨਸਾਨਾਂ ਦੀ ਬਜਾਇ ਉਸ ਦਾ ਹੀ ਹੁਕਮ ਮੰਨਾਂਗੇ।+ 30 ਸਾਡੇ ਪਿਉ-ਦਾਦਿਆਂ ਦੇ ਪਰਮੇਸ਼ੁਰ ਨੇ ਯਿਸੂ ਨੂੰ ਜੀਉਂਦਾ ਕੀਤਾ ਜਿਸ ਨੂੰ ਤੁਸੀਂ ਸੂਲ਼ੀ* ਉੱਤੇ ਟੰਗ ਕੇ ਮਾਰ ਦਿੱਤਾ ਸੀ।+ 31 ਪਰਮੇਸ਼ੁਰ ਨੇ ਉਸ ਨੂੰ ਮੁੱਖ ਆਗੂ+ ਅਤੇ ਮੁਕਤੀਦਾਤੇ+ ਵਜੋਂ ਆਪਣੇ ਸੱਜੇ ਹੱਥ ਬੈਠਣ ਦਾ ਮਾਣ ਬਖ਼ਸ਼ਿਆ ਹੈ+ ਤਾਂਕਿ ਇਜ਼ਰਾਈਲ ਦੇ ਲੋਕਾਂ ਨੂੰ ਤੋਬਾ ਕਰਨ ਅਤੇ ਆਪਣੇ ਪਾਪਾਂ ਦੀ ਮਾਫ਼ੀ ਪਾਉਣ ਦਾ ਮੌਕਾ ਮਿਲੇ।+ 32 ਅਤੇ ਅਸੀਂ ਇਨ੍ਹਾਂ ਗੱਲਾਂ ਦੇ ਗਵਾਹ ਹਾਂ+ ਅਤੇ ਪਵਿੱਤਰ ਸ਼ਕਤੀ+ ਵੀ ਗਵਾਹੀ ਦਿੰਦੀ ਹੈ ਜੋ ਪਰਮੇਸ਼ੁਰ ਨੇ ਉਨ੍ਹਾਂ ਲੋਕਾਂ ਨੂੰ ਦਿੱਤੀ ਹੈ ਜਿਹੜੇ ਉਸ ਨੂੰ ਆਪਣਾ ਰਾਜਾ ਮੰਨ ਕੇ ਉਸ ਦੇ ਹੁਕਮਾਂ ਦੀ ਪਾਲਣਾ ਕਰਦੇ ਹਨ।”

33 ਜਦੋਂ ਉਨ੍ਹਾਂ ਨੇ ਇਹ ਸੁਣਿਆ, ਤਾਂ ਉਹ ਗੁੱਸੇ ਨਾਲ ਲਾਲ-ਪੀਲ਼ੇ ਹੋ ਗਏ ਅਤੇ ਉਹ ਰਸੂਲਾਂ ਨੂੰ ਜਾਨੋਂ ਮਾਰ ਦੇਣਾ ਚਾਹੁੰਦੇ ਸਨ। 34 ਪਰ ਗਮਲੀਏਲ+ ਨਾਂ ਦਾ ਇਕ ਫ਼ਰੀਸੀ ਮਹਾਸਭਾ ਵਿਚ ਖੜ੍ਹਾ ਹੋਇਆ। ਉਹ ਕਾਨੂੰਨ ਦਾ ਸਿੱਖਿਅਕ ਸੀ ਅਤੇ ਲੋਕ ਉਸ ਦਾ ਬਹੁਤ ਆਦਰ-ਮਾਣ ਕਰਦੇ ਸਨ। ਉਸ ਨੇ ਰਸੂਲਾਂ ਨੂੰ ਥੋੜ੍ਹੇ ਸਮੇਂ ਲਈ ਬਾਹਰ ਲੈ ਜਾਣ ਦਾ ਹੁਕਮ ਦਿੱਤਾ। 35 ਫਿਰ ਉਸ ਨੇ ਮਹਾਸਭਾ ਨੂੰ ਕਿਹਾ: “ਇਜ਼ਰਾਈਲ ਦੇ ਲੋਕੋ, ਇਸ ਗੱਲ ਵਿਚ ਖ਼ਬਰਦਾਰ ਰਹੋ ਕਿ ਤੁਸੀਂ ਇਨ੍ਹਾਂ ਆਦਮੀਆਂ ਨਾਲ ਕੀ ਕਰਨਾ ਚਾਹੁੰਦੇ ਹੋ। 36 ਮਿਸਾਲ ਲਈ, ਕੁਝ ਸਮਾਂ ਪਹਿਲਾਂ ਥਿਉਦਾਸ ਨਾਂ ਦਾ ਇਕ ਬੰਦਾ ਹੁੰਦਾ ਸੀ ਜੋ ਕਹਿੰਦਾ ਸੀ ਕਿ ਉਹ ਵੀ ਕੁਝ ਹੈ ਅਤੇ ਲਗਭਗ 400 ਲੋਕ ਉਸ ਨਾਲ ਰਲ਼ ਗਏ। ਪਰ ਉਸ ਦੇ ਮਾਰੇ ਜਾਣ ਤੋਂ ਬਾਅਦ ਉਸ ਮਗਰ ਲੱਗੇ ਸਾਰੇ ਲੋਕ ਖਿੰਡ-ਪੁੰਡ ਗਏ ਤੇ ਉਸ ਦੀ ਟੋਲੀ ਖ਼ਤਮ ਹੋ ਗਈ। 37 ਉਸ ਤੋਂ ਬਾਅਦ ਮਰਦਮਸ਼ੁਮਾਰੀ ਦੇ ਦਿਨਾਂ ਵਿਚ ਯਹੂਦਾ ਗਲੀਲੀ ਖੜ੍ਹਾ ਹੋਇਆ ਅਤੇ ਉਸ ਨੇ ਲੋਕਾਂ ਨੂੰ ਆਪਣੇ ਪਿੱਛੇ ਲਾ ਲਿਆ। ਪਰ ਉਹ ਆਦਮੀ ਵੀ ਮਰ ਗਿਆ ਤੇ ਉਸ ਦੇ ਪਿੱਛੇ ਚੱਲਣ ਵਾਲੇ ਸਾਰੇ ਲੋਕ ਖਿੰਡ-ਪੁੰਡ ਗਏ। 38 ਇਸ ਮਾਮਲੇ ਵਿਚ ਵੀ, ਮੈਂ ਤੁਹਾਨੂੰ ਇਹੀ ਕਹਿੰਦਾ ਹਾਂ ਕਿ ਇਨ੍ਹਾਂ ਆਦਮੀਆਂ ਦੇ ਕੰਮ ਵਿਚ ਦਖ਼ਲ ਨਾ ਦਿਓ, ਸਗੋਂ ਇਨ੍ਹਾਂ ਨੂੰ ਜਾਣ ਦਿਓ। ਕਿਉਂਕਿ ਜੇ ਇਹ ਯੋਜਨਾ ਜਾਂ ਕੰਮ ਇਨਸਾਨਾਂ ਦਾ ਹੈ, ਤਾਂ ਇਹ ਖ਼ਤਮ ਹੋ ਜਾਵੇਗਾ; 39 ਪਰ ਜੇ ਇਹ ਪਰਮੇਸ਼ੁਰ ਵੱਲੋਂ ਹੈ, ਤਾਂ ਤੁਸੀਂ ਇਸ ਨੂੰ ਖ਼ਤਮ ਨਹੀਂ ਕਰ ਸਕੋਗੇ।+ ਕਿਤੇ ਇੱਦਾਂ ਨਾ ਹੋਵੇ ਕਿ ਤੁਸੀਂ ਪਰਮੇਸ਼ੁਰ ਨਾਲ ਲੜਾਈ ਮੁੱਲ ਲੈ ਲਓ।”+ 40 ਉਨ੍ਹਾਂ ਨੇ ਉਸ ਦੀ ਸਲਾਹ ਮੰਨ ਲਈ ਅਤੇ ਉਨ੍ਹਾਂ ਨੇ ਰਸੂਲਾਂ ਨੂੰ ਬੁਲਾ ਕੇ ਉਨ੍ਹਾਂ ਦੇ ਕੋਰੜੇ ਮਰਵਾਏ+ ਅਤੇ ਉਨ੍ਹਾਂ ਨੂੰ ਹੁਕਮ ਦਿੱਤਾ ਕਿ ਉਹ ਯਿਸੂ ਦੇ ਨਾਂ ʼਤੇ ਸਿੱਖਿਆ ਨਾ ਦੇਣ ਅਤੇ ਫਿਰ ਉਨ੍ਹਾਂ ਨੂੰ ਛੱਡ ਦਿੱਤਾ।

41 ਇਸ ਲਈ ਰਸੂਲ ਮਹਾਸਭਾ ਸਾਮ੍ਹਣਿਓਂ ਚਲੇ ਗਏ ਅਤੇ ਇਸ ਗੱਲੋਂ ਖ਼ੁਸ਼ ਸਨ+ ਕਿ ਪਰਮੇਸ਼ੁਰ ਨੇ ਉਨ੍ਹਾਂ ਨੂੰ ਯਿਸੂ ਦੇ ਨਾਂ ਦੀ ਖ਼ਾਤਰ ਬੇਇੱਜ਼ਤ ਕੀਤੇ ਜਾਣ ਦਾ ਸਨਮਾਨ ਬਖ਼ਸ਼ਿਆ। 42 ਉਹ ਹਰ ਰੋਜ਼ ਬਿਨਾਂ ਰੁਕੇ ਮੰਦਰ ਵਿਚ ਤੇ ਘਰ-ਘਰ ਜਾ ਕੇ ਸਿੱਖਿਆ ਦਿੰਦੇ ਰਹੇ+ ਅਤੇ ਯਿਸੂ ਮਸੀਹ ਬਾਰੇ ਖ਼ੁਸ਼ ਖ਼ਬਰੀ ਦਾ ਐਲਾਨ ਕਰਦੇ ਰਹੇ।+

6 ਹੁਣ ਉਨ੍ਹਾਂ ਦਿਨਾਂ ਵਿਚ, ਜਦੋਂ ਚੇਲਿਆਂ ਦੀ ਗਿਣਤੀ ਵਧਦੀ ਜਾ ਰਹੀ ਸੀ, ਯੂਨਾਨੀ ਬੋਲਣ ਵਾਲੇ ਯਹੂਦੀ ਚੇਲੇ, ਇਬਰਾਨੀ ਬੋਲਣ ਵਾਲੇ ਯਹੂਦੀ ਚੇਲਿਆਂ ਦੇ ਖ਼ਿਲਾਫ਼ ਸ਼ਿਕਾਇਤ ਲਾਉਣ ਲੱਗੇ ਕਿਉਂਕਿ ਰੋਜ਼ ਭੋਜਨ ਵੰਡਣ ਵੇਲੇ ਯੂਨਾਨੀ ਬੋਲਣ ਵਾਲੀਆਂ ਵਿਧਵਾਵਾਂ ਨੂੰ ਉਨ੍ਹਾਂ ਦਾ ਹਿੱਸਾ ਨਹੀਂ ਦਿੱਤਾ ਜਾਂਦਾ ਸੀ।+ 2 ਇਸ ਲਈ 12 ਰਸੂਲਾਂ ਨੇ ਸਾਰੇ ਚੇਲਿਆਂ ਨੂੰ ਇਕੱਠਾ ਕਰ ਕੇ ਕਿਹਾ: “ਇਹ ਠੀਕ ਨਹੀਂ ਹੈ ਕਿ ਅਸੀਂ ਪਰਮੇਸ਼ੁਰ ਦੇ ਬਚਨ ਦੀ ਸਿੱਖਿਆ ਦੇਣੀ ਛੱਡ ਕੇ ਭੋਜਨ ਵੰਡਣ ਦਾ ਕੰਮ ਕਰੀਏ।+ 3 ਇਸ ਲਈ ਭਰਾਵੋ, ਤੁਸੀਂ ਆਪਣੇ ਵਿੱਚੋਂ ਸੱਤ ਨੇਕਨਾਮ ਆਦਮੀ ਚੁਣ ਲਓ+ ਜਿਹੜੇ ਪਵਿੱਤਰ ਸ਼ਕਤੀ ਅਤੇ ਬੁੱਧ ਨਾਲ ਭਰਪੂਰ ਹੋਣ+ ਅਤੇ ਅਸੀਂ ਉਨ੍ਹਾਂ ਨੂੰ ਇਸ ਜ਼ਰੂਰੀ ਕੰਮ ਦੀ ਜ਼ਿੰਮੇਵਾਰੀ ਸੌਂਪ ਦਿਆਂਗੇ;+ 4 ਪਰ ਅਸੀਂ ਆਪਣਾ ਪੂਰਾ ਧਿਆਨ ਪ੍ਰਾਰਥਨਾ ਕਰਨ ਅਤੇ ਪਰਮੇਸ਼ੁਰ ਦੇ ਬਚਨ ਦੀ ਸਿੱਖਿਆ ਦੇਣ ਵਿਚ ਲਾਵਾਂਗੇ।” 5 ਸਾਰੇ ਚੇਲਿਆਂ ਨੂੰ ਉਨ੍ਹਾਂ ਦੀ ਇਹ ਗੱਲ ਚੰਗੀ ਲੱਗੀ ਅਤੇ ਉਨ੍ਹਾਂ ਨੇ ਇਨ੍ਹਾਂ ਨੂੰ ਚੁਣਿਆ: ਇਸਤੀਫ਼ਾਨ, ਜਿਹੜਾ ਨਿਹਚਾ ਤੇ ਪਵਿੱਤਰ ਸ਼ਕਤੀ ਨਾਲ ਭਰਪੂਰ ਸੀ ਅਤੇ ਫ਼ਿਲਿੱਪੁਸ,+ ਪ੍ਰੋਖੋਰੁਸ, ਨਿਕਾਨੋਰ, ਤੀਮੋਨ, ਪਰਮਨਾਸ ਤੇ ਅੰਤਾਕੀਆ ਦਾ ਨਿਕਲਾਉਸ ਜਿਸ ਨੇ ਯਹੂਦੀ ਧਰਮ ਅਪਣਾਇਆ ਸੀ। 6 ਉਨ੍ਹਾਂ ਨੇ ਸੱਤਾਂ ਨੂੰ ਰਸੂਲਾਂ ਕੋਲ ਲਿਆਂਦਾ ਅਤੇ ਰਸੂਲਾਂ ਨੇ ਪ੍ਰਾਰਥਨਾ ਕਰਨ ਤੋਂ ਬਾਅਦ ਉਨ੍ਹਾਂ ਉੱਤੇ ਆਪਣੇ ਹੱਥ ਰੱਖੇ।+

7 ਇਸ ਕਰਕੇ ਪਰਮੇਸ਼ੁਰ ਦੇ ਬਚਨ ਦਾ ਸੰਦੇਸ਼ ਫੈਲਦਾ ਗਿਆ+ ਅਤੇ ਯਰੂਸ਼ਲਮ ਵਿਚ ਚੇਲਿਆਂ ਦੀ ਗਿਣਤੀ ਬਹੁਤ ਵਧਦੀ ਗਈ;+ ਬਹੁਤ ਸਾਰੇ ਪੁਜਾਰੀ ਵੀ ਨਿਹਚਾ ਕਰਨ ਲੱਗ ਪਏ।+

8 ਇਸਤੀਫ਼ਾਨ ਲੋਕਾਂ ਵਿਚ ਵੱਡੇ-ਵੱਡੇ ਚਮਤਕਾਰ ਕਰਦਾ ਸੀ ਅਤੇ ਨਿਸ਼ਾਨੀਆਂ ਦਿਖਾਉਂਦਾ ਸੀ ਕਿਉਂਕਿ ਉਸ ਉੱਤੇ ਪਰਮੇਸ਼ੁਰ ਦੀ ਮਿਹਰ ਸੀ ਅਤੇ ਉਹ ਉਸ ਦੀ ਤਾਕਤ ਨਾਲ ਭਰਪੂਰ ਸੀ। 9 ਪਰ “ਆਜ਼ਾਦ ਲੋਕਾਂ ਦੇ ਸਭਾ ਘਰ”* ਦੇ ਕੁਝ ਆਦਮੀ ਅਤੇ ਕੁਰੇਨੇ, ਸਿਕੰਦਰੀਆ, ਕਿਲਿਕੀਆ ਤੇ ਏਸ਼ੀਆ ਦੇ ਕੁਝ ਆਦਮੀ ਇਸਤੀਫ਼ਾਨ ਨਾਲ ਬਹਿਸ ਕਰਨ ਲੱਗੇ। 10 ਪਰ ਉਹ ਇਸਤੀਫ਼ਾਨ ਦਾ ਮੁਕਾਬਲਾ ਨਾ ਕਰ ਸਕੇ ਕਿਉਂਕਿ ਉਸ ਨੇ ਬੁੱਧ ਅਤੇ ਪਵਿੱਤਰ ਸ਼ਕਤੀ ਦੀ ਮਦਦ ਨਾਲ ਗੱਲ ਕੀਤੀ।+ 11 ਫਿਰ ਉਨ੍ਹਾਂ ਨੇ ਚੋਰੀ-ਛਿਪੇ ਕੁਝ ਆਦਮੀਆਂ ਨੂੰ ਇਹ ਕਹਿਣ ਲਈ ਉਕਸਾਇਆ: “ਅਸੀਂ ਇਸ ਨੂੰ ਮੂਸਾ ਅਤੇ ਪਰਮੇਸ਼ੁਰ ਦੀ ਨਿੰਦਿਆ ਕਰਦੇ ਸੁਣਿਆ ਹੈ।” 12 ਉਨ੍ਹਾਂ ਨੇ ਲੋਕਾਂ ਨੂੰ, ਬਜ਼ੁਰਗਾਂ ਅਤੇ ਗ੍ਰੰਥੀਆਂ ਨੂੰ ਭੜਕਾਇਆ ਅਤੇ ਉਨ੍ਹਾਂ ਸਾਰਿਆਂ ਨੇ ਅਚਾਨਕ ਉਸ ਉੱਤੇ ਹਮਲਾ ਕੀਤਾ ਅਤੇ ਉਸ ਨੂੰ ਜ਼ਬਰਦਸਤੀ ਮਹਾਸਭਾ ਕੋਲ ਲੈ ਗਏ। 13 ਅਤੇ ਉਨ੍ਹਾਂ ਨੇ ਝੂਠੇ ਗਵਾਹ ਲਿਆਂਦੇ ਜਿਨ੍ਹਾਂ ਨੇ ਕਿਹਾ: “ਇਹ ਆਦਮੀ ਇਸ ਪਵਿੱਤਰ ਜਗ੍ਹਾ ਅਤੇ ਮੂਸਾ ਦੇ ਕਾਨੂੰਨ ਦੇ ਖ਼ਿਲਾਫ਼ ਬੋਲਣੋਂ ਨਹੀਂ ਹਟਦਾ। 14 ਮਿਸਾਲ ਲਈ, ਅਸੀਂ ਇਸ ਨੂੰ ਇਹ ਕਹਿੰਦੇ ਸੁਣਿਆ ਹੈ ਕਿ ਯਿਸੂ ਨਾਸਰੀ ਆ ਕੇ ਇਸ ਪਵਿੱਤਰ ਜਗ੍ਹਾ ਨੂੰ ਢਾਹ ਦੇਵੇਗਾ ਅਤੇ ਉਨ੍ਹਾਂ ਸਾਰੀਆਂ ਰੀਤਾਂ ਨੂੰ ਬਦਲ ਦੇਵੇਗਾ ਜੋ ਮੂਸਾ ਨੇ ਸਾਨੂੰ ਦਿੱਤੀਆਂ ਹਨ।”

15 ਮਹਾਸਭਾ ਵਿਚ ਬੈਠੇ ਸਾਰੇ ਲੋਕਾਂ ਨੇ ਇਸਤੀਫ਼ਾਨ ਨੂੰ ਟਿਕਟਿਕੀ ਲਾ ਕੇ ਦੇਖਿਆ ਅਤੇ ਉਨ੍ਹਾਂ ਨੂੰ ਉਸ ਦਾ ਚਿਹਰਾ ਦੂਤ ਦੇ ਚਿਹਰੇ ਵਰਗਾ ਦਿਖਾਈ ਦਿੱਤਾ।

7 ਪਰ ਮਹਾਂ ਪੁਜਾਰੀ ਨੇ ਉਸ ਨੂੰ ਪੁੱਛਿਆ: “ਕੀ ਇਹ ਸੱਚ ਹੈ?” 2 ਇਸਤੀਫ਼ਾਨ ਨੇ ਜਵਾਬ ਦਿੱਤਾ: “ਭਰਾਵੋ ਅਤੇ ਪਿਤਾ ਸਮਾਨ ਬਜ਼ੁਰਗੋ, ਮੇਰੀ ਗੱਲ ਸੁਣੋ। ਹਾਰਾਨ ਵਿਚ ਵੱਸਣ ਤੋਂ ਪਹਿਲਾਂ, ਮੈਸੋਪੋਟਾਮੀਆ ਵਿਚ ਰਹਿੰਦੇ ਵੇਲੇ ਸਾਡੇ ਪੂਰਵਜ ਅਬਰਾਹਾਮ+ ਨੂੰ ਮਹਿਮਾਵਾਨ ਪਰਮੇਸ਼ੁਰ ਨੇ ਦਰਸ਼ਣ ਦਿੱਤਾ ਸੀ 3 ਅਤੇ ਪਰਮੇਸ਼ੁਰ ਨੇ ਉਸ ਨੂੰ ਕਿਹਾ: ‘ਤੂੰ ਆਪਣਾ ਦੇਸ਼ ਅਤੇ ਆਪਣੇ ਰਿਸ਼ਤੇਦਾਰਾਂ ਨੂੰ ਛੱਡ ਕੇ ਉਸ ਦੇਸ਼ ਨੂੰ ਚਲਾ ਜਾਹ ਜੋ ਮੈਂ ਤੈਨੂੰ ਦਿਖਾਵਾਂਗਾ।’+ 4 ਫਿਰ ਉਹ ਕਸਦੀਆਂ ਦਾ ਦੇਸ਼ ਛੱਡ ਕੇ ਹਾਰਾਨ ਵਿਚ ਵੱਸ ਗਿਆ। ਉੱਥੇ ਉਸ ਦੇ ਪਿਤਾ ਦੇ ਮਰਨ ਤੋਂ ਬਾਅਦ+ ਪਰਮੇਸ਼ੁਰ ਨੇ ਉਸ ਨੂੰ ਇਸ ਦੇਸ਼ ਵਿਚ ਆ ਕੇ ਰਹਿਣ ਲਈ ਕਿਹਾ ਜਿੱਥੇ ਹੁਣ ਤੁਸੀਂ ਵੱਸਦੇ ਹੋ।+ 5 ਉਸ ਸਮੇਂ ਪਰਮੇਸ਼ੁਰ ਨੇ ਉਸ ਨੂੰ ਵਿਰਾਸਤ ਦੇ ਤੌਰ ਤੇ ਇਸ ਦੇਸ਼ ਵਿਚ ਕੋਈ ਜ਼ਮੀਨ ਨਾ ਦਿੱਤੀ, ਇੱਥੋਂ ਤਕ ਕਿ ਪੈਰ ਰੱਖਣ ਜੋਗੀ ਵੀ ਥਾਂ ਨਾ ਦਿੱਤੀ; ਪਰ ਪਰਮੇਸ਼ੁਰ ਨੇ ਉਸ ਨਾਲ ਵਾਅਦਾ ਕੀਤਾ ਸੀ ਕਿ ਇਹ ਦੇਸ਼ ਉਸ ਨੂੰ ਅਤੇ ਉਸ ਤੋਂ ਬਾਅਦ ਉਸ ਦੀ ਸੰਤਾਨ* ਨੂੰ ਦਿੱਤਾ ਜਾਵੇਗਾ,+ ਭਾਵੇਂ ਕਿ ਉਸ ਵੇਲੇ ਉਸ ਦੇ ਕੋਈ ਔਲਾਦ ਨਹੀਂ ਸੀ। 6 ਇਸ ਤੋਂ ਇਲਾਵਾ, ਪਰਮੇਸ਼ੁਰ ਨੇ ਉਸ ਨੂੰ ਦੱਸਿਆ ਸੀ ਕਿ ਉਸ ਦੀ ਸੰਤਾਨ* ਇਕ ਬੇਗਾਨੇ ਦੇਸ਼ ਵਿਚ ਜਾ ਕੇ ਪਰਦੇਸੀਆਂ ਵਜੋਂ ਰਹੇਗੀ ਅਤੇ ਲੋਕ ਉਸ ਨੂੰ ਗ਼ੁਲਾਮ ਬਣਾ ਕੇ ਉਸ ʼਤੇ 400 ਸਾਲ ਅਤਿਆਚਾਰ* ਕਰਨਗੇ।+ 7 ‘ਜਿਹੜੀ ਕੌਮ ਉਨ੍ਹਾਂ ਨੂੰ ਗ਼ੁਲਾਮ ਬਣਾਵੇਗੀ, ਉਸ ਨੂੰ ਮੈਂ ਸਜ਼ਾ ਦਿਆਂਗਾ,’+ ਪਰਮੇਸ਼ੁਰ ਨੇ ਕਿਹਾ, ‘ਅਤੇ ਇਸ ਤੋਂ ਬਾਅਦ ਉਹ ਉਸ ਦੇਸ਼ ਵਿੱਚੋਂ ਨਿਕਲ ਆਉਣਗੇ ਅਤੇ ਇਸ ਜਗ੍ਹਾ ਆ ਕੇ ਮੇਰੀ ਭਗਤੀ ਕਰਨਗੇ।’+

8 “ਪਰਮੇਸ਼ੁਰ ਨੇ ਅਬਰਾਹਾਮ ਨਾਲ ਸੁੰਨਤ ਦਾ ਇਕਰਾਰ ਵੀ ਕੀਤਾ+ ਅਤੇ ਉਸ ਤੋਂ ਇਸਹਾਕ ਪੈਦਾ ਹੋਇਆ+ ਤੇ ਅੱਠਵੇਂ ਦਿਨ ਉਸ ਦੀ ਸੁੰਨਤ ਕੀਤੀ ਗਈ+ ਅਤੇ ਇਸਹਾਕ ਤੋਂ ਯਾਕੂਬ ਪੈਦਾ ਹੋਇਆ* ਅਤੇ ਯਾਕੂਬ ਤੋਂ 12 ਗੋਤਾਂ ਦੇ ਮੁਖੀ* ਪੈਦਾ ਹੋਏ। 9 ਉਹ ਮੁਖੀ ਯੂਸੁਫ਼ ਨਾਲ ਈਰਖਾ ਕਰਨ ਲੱਗ ਪਏ+ ਅਤੇ ਉਨ੍ਹਾਂ ਨੇ ਉਸ ਨੂੰ ਮਿਸਰੀਆਂ ਦੇ ਹੱਥ ਵੇਚ ਦਿੱਤਾ।+ ਪਰ ਪਰਮੇਸ਼ੁਰ ਉਸ ਦੇ ਨਾਲ ਸੀ+ 10 ਅਤੇ ਉਸ ਨੂੰ ਉਸ ਦੇ ਸਾਰੇ ਕਸ਼ਟਾਂ ਤੋਂ ਛੁਡਾਇਆ ਅਤੇ ਉਸ ਨੂੰ ਇਸ ਯੋਗ ਬਣਾਇਆ ਕਿ ਉਹ ਮਿਸਰ ਦੇ ਰਾਜੇ ਫ਼ਿਰਊਨ ਦੀ ਮਿਹਰ ਪਾਵੇ ਅਤੇ ਉਸ ਅੱਗੇ ਬੁੱਧੀਮਾਨ ਸਾਬਤ ਹੋਵੇ। ਫ਼ਿਰਊਨ ਨੇ ਉਸ ਨੂੰ ਮਿਸਰ ਅਤੇ ਆਪਣੇ ਸਾਰੇ ਘਰਾਣੇ ਦਾ ਮੁਖੀ ਬਣਾਇਆ।+ 11 ਪਰ ਫਿਰ ਪੂਰੇ ਮਿਸਰ ਅਤੇ ਕਨਾਨ ਵਿਚ ਕਾਲ਼ ਪਿਆ ਜਿਸ ਕਰਕੇ ਲੋਕਾਂ ਉੱਤੇ ਮੁਸੀਬਤਾਂ ਦਾ ਪਹਾੜ ਟੁੱਟਿਆ ਅਤੇ ਸਾਡੇ ਪਿਉ-ਦਾਦਿਆਂ ਨੂੰ ਖਾਣ ਲਈ ਕੁਝ ਵੀ ਨਹੀਂ ਸੀ ਲੱਭਦਾ।+ 12 ਪਰ ਜਦ ਯਾਕੂਬ ਨੇ ਸੁਣਿਆ ਕਿ ਮਿਸਰ ਵਿਚ ਅਨਾਜ ਸੀ, ਤਾਂ ਉਸ ਨੇ ਆਪਣੇ ਪੁੱਤਰਾਂ ਨੂੰ ਉੱਥੇ ਘੱਲਿਆ।+ 13 ਜਦੋਂ ਉਹ ਦੂਸਰੀ ਵਾਰ ਗਏ, ਤਾਂ ਯੂਸੁਫ਼ ਨੇ ਆਪਣੇ ਭਰਾਵਾਂ ਨੂੰ ਦੱਸ ਦਿੱਤਾ ਕਿ ਉਹ ਕੌਣ ਸੀ। ਫ਼ਿਰਊਨ ਨੂੰ ਵੀ ਯੂਸੁਫ਼ ਦੇ ਘਰਾਣੇ ਬਾਰੇ ਪਤਾ ਲੱਗ ਗਿਆ।+ 14 ਫਿਰ ਯੂਸੁਫ਼ ਨੇ ਸੁਨੇਹਾ ਘੱਲ ਕੇ ਆਪਣੇ ਪਿਤਾ ਯਾਕੂਬ ਨੂੰ ਅਤੇ ਆਪਣੇ ਸਾਰੇ ਰਿਸ਼ਤੇਦਾਰਾਂ ਨੂੰ ਕਨਾਨ ਤੋਂ ਬੁਲਾ ਲਿਆ+ ਜੋ ਕੁੱਲ 75 ਜਣੇ ਸਨ।+ 15 ਤਦ ਯਾਕੂਬ ਮਿਸਰ ਨੂੰ ਚਲਾ ਗਿਆ+ ਅਤੇ ਉੱਥੇ ਉਹ ਮਰ ਗਿਆ+ ਤੇ ਉਸ ਦੇ ਪੁੱਤਰ ਵੀ।+ 16 ਫਿਰ ਉਨ੍ਹਾਂ ਦੀਆਂ ਹੱਡੀਆਂ ਲਿਜਾ ਕੇ ਸ਼ਕਮ ਵਿਚ ਉਸ ਕਬਰ ਵਿਚ ਰੱਖ ਦਿੱਤੀਆਂ ਗਈਆਂ ਜਿਹੜੀ ਅਬਰਾਹਾਮ ਨੇ ਸ਼ਕਮ ਵਿਚ ਚਾਂਦੀ ਦੇ ਪੈਸਿਆਂ ਨਾਲ ਹਮੋਰ ਦੇ ਪੁੱਤਰਾਂ ਤੋਂ ਖ਼ਰੀਦੀ ਸੀ।+

17 “ਜਿਉਂ-ਜਿਉਂ ਅਬਰਾਹਾਮ ਨਾਲ ਕੀਤੇ ਪਰਮੇਸ਼ੁਰ ਦੇ ਵਾਅਦੇ ਦੇ ਪੂਰੇ ਹੋਣ ਦਾ ਸਮਾਂ ਨੇੜੇ ਆ ਰਿਹਾ ਸੀ, ਮਿਸਰ ਵਿਚ ਇਜ਼ਰਾਈਲ ਦੇ ਲੋਕਾਂ ਦੀ ਗਿਣਤੀ ਵਧਦੀ ਗਈ। 18 ਫਿਰ ਮਿਸਰ ਉੱਤੇ ਇਕ ਹੋਰ ਰਾਜਾ ਰਾਜ ਕਰਨ ਲੱਗਾ ਜੋ ਯੂਸੁਫ਼ ਨੂੰ ਨਹੀਂ ਜਾਣਦਾ ਸੀ।+ 19 ਉਹ ਸਾਡੀ ਕੌਮ ਨਾਲ ਬੜੀ ਮੱਕਾਰੀ ਨਾਲ ਪੇਸ਼ ਆਇਆ ਅਤੇ ਉਸ ਨੇ ਸਾਡੇ ਪਿਉ-ਦਾਦਿਆਂ ਨੂੰ ਮਜਬੂਰ ਕੀਤਾ ਕਿ ਉਹ ਆਪਣੇ ਬੱਚਿਆਂ ਨੂੰ ਜੰਮਦਿਆਂ ਸਾਰ ਬੇਸਹਾਰਾ ਛੱਡ ਦੇਣ ਤਾਂਕਿ ਉਨ੍ਹਾਂ ਨੂੰ ਜਾਨੋਂ ਮਾਰ ਦਿੱਤਾ ਜਾਵੇ।+ 20 ਉਸ ਸਮੇਂ ਮੂਸਾ ਦਾ ਜਨਮ ਹੋਇਆ ਅਤੇ ਉਹ ਬਹੁਤ ਹੀ ਸੋਹਣਾ* ਸੀ। ਉਸ ਦੇ ਮਾਤਾ-ਪਿਤਾ ਨੇ ਤਿੰਨ ਮਹੀਨੇ ਘਰ ਵਿਚ ਉਸ ਦਾ ਪਾਲਣ-ਪੋਸ਼ਣ ਕੀਤਾ।+ 21 ਫਿਰ ਜਦੋਂ ਉਸ ਨੂੰ ਬੇਸਹਾਰਾ ਛੱਡ ਦਿੱਤਾ ਗਿਆ,+ ਤਾਂ ਫ਼ਿਰਊਨ ਦੀ ਧੀ ਨੇ ਉਸ ਨੂੰ ਚੁੱਕ ਲਿਆ ਅਤੇ ਆਪਣੇ ਪੁੱਤਰ ਵਾਂਗ ਪਾਲ਼ਿਆ।+ 22 ਮੂਸਾ ਨੂੰ ਮਿਸਰੀਆਂ ਦਾ ਹਰ ਤਰ੍ਹਾਂ ਦਾ ਗਿਆਨ ਦਿੱਤਾ ਗਿਆ। ਉਸ ਦੀਆਂ ਗੱਲਾਂ ਵਿਚ ਦਮ ਸੀ ਅਤੇ ਉਸ ਦੇ ਕੰਮ ਪ੍ਰਭਾਵਸ਼ਾਲੀ ਸਨ।+

23 “ਫਿਰ ਜਦੋਂ ਉਹ 40 ਸਾਲਾਂ ਦਾ ਹੋਇਆ, ਤਾਂ ਉਸ ਦੇ ਮਨ ਵਿਚ ਆਇਆ* ਕਿ ਉਹ ਜਾ ਕੇ ਆਪਣੇ ਇਜ਼ਰਾਈਲੀ ਭਰਾਵਾਂ ਦੀ ਹਾਲਤ ਦੇਖੇ।+ 24 ਇਕ ਵਾਰ ਉਸ ਨੇ ਦੇਖਿਆ ਕਿ ਇਕ ਮਿਸਰੀ ਇਕ ਇਜ਼ਰਾਈਲੀ ਨਾਲ ਬਦਸਲੂਕੀ ਕਰ ਰਿਹਾ ਸੀ। ਉਸ ਨੇ ਆਪਣੇ ਇਜ਼ਰਾਈਲੀ ਭਰਾ ਨੂੰ ਬਚਾਇਆ ਅਤੇ ਉਸ ਮਿਸਰੀ ਨੂੰ ਜਾਨੋਂ ਮਾਰ ਕੇ ਬਦਲਾ ਲਿਆ। 25 ਉਸ ਨੇ ਸੋਚਿਆ ਕਿ ਉਸ ਦੇ ਭਰਾ ਇਸ ਤੋਂ ਸਮਝ ਜਾਣਗੇ ਕਿ ਪਰਮੇਸ਼ੁਰ ਉਸ ਦੇ ਰਾਹੀਂ ਉਨ੍ਹਾਂ ਨੂੰ ਛੁਟਕਾਰਾ ਦੇ ਰਿਹਾ ਸੀ, ਪਰ ਉਹ ਇਹ ਗੱਲ ਨਹੀਂ ਸਮਝੇ। 26 ਅਗਲੇ ਦਿਨ ਉਹ ਉਨ੍ਹਾਂ ਕੋਲ ਆਇਆ ਅਤੇ ਉਸ ਨੇ ਦੇਖਿਆ ਕਿ ਦੋ ਜਣੇ ਆਪਸ ਵਿਚ ਲੜ ਰਹੇ ਸਨ ਅਤੇ ਉਸ ਨੇ ਉਨ੍ਹਾਂ ਵਿਚ ਸੁਲ੍ਹਾ ਕਰਾਉਣ ਦੀ ਕੋਸ਼ਿਸ਼ ਕੀਤੀ ਤੇ ਕਿਹਾ: ‘ਤੁਸੀਂ ਭਰਾ ਹੁੰਦੇ ਹੋਏ ਵੀ ਇਕ-ਦੂਜੇ ਨਾਲ ਕਿਉਂ ਲੜ ਰਹੇ ਹੋ?’ 27 ਪਰ ਜਿਹੜਾ ਆਪਣੇ ਗੁਆਂਢੀ ਨਾਲ ਬਦਸਲੂਕੀ ਕਰ ਰਿਹਾ ਸੀ, ਉਸ ਨੇ ਮੂਸਾ ਨੂੰ ਧੱਕਾ ਦੇ ਕੇ ਕਿਹਾ: ‘ਕਿਸ ਨੇ ਤੈਨੂੰ ਸਾਡਾ ਹਾਕਮ ਤੇ ਨਿਆਂਕਾਰ ਬਣਾਇਆ ਹੈ? 28 ਕੀ ਤੂੰ ਮੈਨੂੰ ਵੀ ਉਸੇ ਤਰ੍ਹਾਂ ਜਾਨੋਂ ਮਾਰਨਾ ਚਾਹੁੰਦਾ ਹੈ ਜਿਵੇਂ ਤੂੰ ਕੱਲ੍ਹ ਉਸ ਮਿਸਰੀ ਨੂੰ ਮਾਰਿਆ ਸੀ?’ 29 ਜਦੋਂ ਮੂਸਾ ਨੇ ਇਹ ਸੁਣਿਆ, ਤਾਂ ਉਹ ਉੱਥੋਂ ਭੱਜ ਕੇ ਮਿਦਿਆਨ ਦੇਸ਼ ਵਿਚ ਆ ਗਿਆ ਅਤੇ ਉੱਥੇ ਪਰਦੇਸੀਆਂ ਵਜੋਂ ਰਹਿਣ ਲੱਗ ਪਿਆ। ਉੱਥੇ ਉਸ ਨੇ ਵਿਆਹ ਕਰਾਇਆ ਅਤੇ ਉਸ ਦੇ ਦੋ ਮੁੰਡੇ ਪੈਦਾ ਹੋਏ।+

30 “40 ਸਾਲਾਂ ਬਾਅਦ, ਸੀਨਈ ਪਹਾੜ ਦੇ ਲਾਗੇ ਉਜਾੜ ਵਿਚ ਇਕ ਬਲ਼ਦੀ ਕੰਡਿਆਲ਼ੀ ਝਾੜੀ ਦੀਆਂ ਲਪਟਾਂ ਵਿਚ ਇਕ ਦੂਤ ਉਸ ਸਾਮ੍ਹਣੇ ਪ੍ਰਗਟ ਹੋਇਆ।+ 31 ਜਦੋਂ ਮੂਸਾ ਨੇ ਉਹ ਬਲ਼ਦੀ ਹੋਈ ਝਾੜੀ ਦੇਖੀ, ਤਾਂ ਉਹ ਹੱਕਾ-ਬੱਕਾ ਰਹਿ ਗਿਆ। ਫਿਰ ਜਦੋਂ ਉਹ ਹੋਰ ਧਿਆਨ ਨਾਲ ਦੇਖਣ ਲਈ ਨੇੜੇ ਗਿਆ, ਤਾਂ ਯਹੋਵਾਹ* ਦੀ ਆਵਾਜ਼ ਆਈ: 32 ‘ਮੈਂ ਤੇਰੇ ਪਿਉ-ਦਾਦਿਆਂ ਯਾਨੀ ਅਬਰਾਹਾਮ, ਇਸਹਾਕ ਅਤੇ ਯਾਕੂਬ ਦਾ ਪਰਮੇਸ਼ੁਰ ਹਾਂ।’+ ਇਹ ਸੁਣ ਕੇ ਮੂਸਾ ਦਾ ਸਾਹ ਸੁੱਕ ਗਿਆ ਅਤੇ ਉਸ ਦਾ ਹੌਸਲਾ ਨਾ ਪਿਆ ਕਿ ਉਹ ਦੇਖਣ ਲਈ ਹੋਰ ਅੱਗੇ ਜਾਵੇ। 33 ਯਹੋਵਾਹ* ਨੇ ਉਸ ਨੂੰ ਕਿਹਾ, ‘ਆਪਣੀ ਜੁੱਤੀ ਲਾਹ ਦੇ ਕਿਉਂਕਿ ਤੂੰ ਪਵਿੱਤਰ ਜ਼ਮੀਨ ʼਤੇ ਖੜ੍ਹਾ ਹੈਂ। 34 ਮੈਂ ਦੇਖਿਆ ਹੈ ਕਿ ਮਿਸਰ ਵਿਚ ਮੇਰੇ ਲੋਕਾਂ ਉੱਤੇ ਕਿੰਨੇ ਅਤਿਆਚਾਰ ਹੋ ਰਹੇ ਹਨ ਅਤੇ ਮੈਂ ਉਨ੍ਹਾਂ ਦੇ ਹਉਕਿਆਂ ਨੂੰ ਸੁਣਿਆ ਹੈ,+ ਇਸ ਲਈ ਮੈਂ ਉਨ੍ਹਾਂ ਨੂੰ ਛੁਡਾਉਣ ਵਾਸਤੇ ਥੱਲੇ ਆਇਆ ਹਾਂ। ਇਸ ਲਈ ਮੈਂ ਤੈਨੂੰ ਮਿਸਰ ਨੂੰ ਘੱਲਾਂਗਾ।’ 35 ਜਿਸ ਮੂਸਾ ਨੂੰ ਉਨ੍ਹਾਂ ਨੇ ਇਹ ਕਹਿ ਕੇ ਠੁਕਰਾ ਦਿੱਤਾ ਸੀ: ‘ਕਿਸ ਨੇ ਤੈਨੂੰ ਸਾਡਾ ਹਾਕਮ ਤੇ ਨਿਆਂਕਾਰ ਬਣਾਇਆ ਹੈ?’+ ਉਸੇ ਮੂਸਾ ਨੂੰ ਪਰਮੇਸ਼ੁਰ ਨੇ ਦੂਤ ਦੇ ਰਾਹੀਂ ਹਾਕਮ ਅਤੇ ਮੁਕਤੀਦਾਤੇ ਦੇ ਤੌਰ ਤੇ ਘੱਲਿਆ+ ਜਿਹੜਾ ਦੂਤ ਕੰਡਿਆਲ਼ੀ ਝਾੜੀ ਵਿਚ ਉਸ ਦੇ ਸਾਮ੍ਹਣੇ ਪ੍ਰਗਟ ਹੋਇਆ ਸੀ। 36 ਉਹੀ ਮੂਸਾ ਮਿਸਰ ਵਿਚ ਤੇ ਲਾਲ ਸਮੁੰਦਰ ਵਿਚ+ ਚਮਤਕਾਰ ਕਰ ਕੇ ਅਤੇ ਨਿਸ਼ਾਨੀਆਂ ਦਿਖਾ ਕੇ+ ਇਜ਼ਰਾਈਲੀਆਂ ਨੂੰ ਮਿਸਰ ਵਿੱਚੋਂ ਕੱਢ ਲਿਆਇਆ।+ ਉਸ ਨੇ 40 ਸਾਲਾਂ ਦੌਰਾਨ ਉਜਾੜ ਵਿਚ ਵੀ ਚਮਤਕਾਰ ਕੀਤੇ ਅਤੇ ਨਿਸ਼ਾਨੀਆਂ ਦਿਖਾਈਆਂ।+

37 “ਉਸੇ ਮੂਸਾ ਨੇ ਇਜ਼ਰਾਈਲ ਦੇ ਲੋਕਾਂ ਨੂੰ ਕਿਹਾ: ‘ਪਰਮੇਸ਼ੁਰ ਤੁਹਾਡੇ ਭਰਾਵਾਂ ਵਿੱਚੋਂ ਤੁਹਾਡੇ ਲਈ ਮੇਰੇ ਵਰਗਾ ਇਕ ਨਬੀ ਖੜ੍ਹਾ ਕਰੇਗਾ।’+ 38 ਮੂਸਾ ਹੀ ਉਜਾੜ ਵਿਚ ਇਜ਼ਰਾਈਲ ਦੇ ਲੋਕਾਂ ਨਾਲ ਸੀ ਅਤੇ ਉਸ ਨੇ ਸੀਨਈ ਪਹਾੜ ਉੱਤੇ ਦੂਤ ਨਾਲ+ ਅਤੇ ਸਾਡੇ ਪਿਉ-ਦਾਦਿਆਂ ਨਾਲ ਗੱਲਾਂ ਕੀਤੀਆਂ ਸਨ+ ਅਤੇ ਉਸ ਨੂੰ ਸਾਡੇ ਵਾਸਤੇ ਪਰਮੇਸ਼ੁਰ ਦੇ ਪਵਿੱਤਰ ਬਚਨ ਸੌਂਪੇ ਗਏ ਸਨ।+ 39 ਸਾਡੇ ਪਿਉ-ਦਾਦਿਆਂ ਨੇ ਉਸ ਦਾ ਕਹਿਣਾ ਮੰਨਣ ਤੋਂ ਇਨਕਾਰ ਕੀਤਾ+ ਅਤੇ ਉਸ ਨੂੰ ਠੁਕਰਾ ਕੇ ਮਿਸਰ ਮੁੜ ਜਾਣ ਦੇ ਸੁਪਨੇ ਦੇਖਣ ਲੱਗ ਪਏ।+ 40 ਉਨ੍ਹਾਂ ਨੇ ਹਾਰੂਨ ਨੂੰ ਕਿਹਾ: ‘ਸਾਡੇ ਲਈ ਦੇਵਤੇ ਬਣਾ ਜੋ ਸਾਡੀ ਅਗਵਾਈ ਕਰਨਗੇ ਕਿਉਂਕਿ ਸਾਨੂੰ ਨਹੀਂ ਪਤਾ ਮੂਸਾ ਨੂੰ ਕੀ ਹੋ ਗਿਆ ਹੈ ਜੋ ਸਾਨੂੰ ਮਿਸਰ ਵਿੱਚੋਂ ਕੱਢ ਲਿਆਇਆ ਸੀ।’+ 41 ਇਸ ਲਈ ਉਨ੍ਹਾਂ ਦਿਨਾਂ ਵਿਚ ਉਨ੍ਹਾਂ ਨੇ ਵੱਛੇ ਦੀ ਇਕ ਮੂਰਤ ਬਣਾਈ ਅਤੇ ਉਨ੍ਹਾਂ ਨੇ ਮੂਰਤ ਅੱਗੇ ਬਲ਼ੀ ਚੜ੍ਹਾਈ ਅਤੇ ਉਹ ਆਪਣੇ ਹੱਥਾਂ ਦੀ ਬਣਾਈ ਇਸ ਮੂਰਤ ਦੇ ਸਾਮ੍ਹਣੇ ਜਸ਼ਨ ਮਨਾਉਣ ਲੱਗੇ।+ 42 ਇਸ ਲਈ ਪਰਮੇਸ਼ੁਰ ਨੇ ਉਨ੍ਹਾਂ ਨੂੰ ਤਿਆਗ ਦਿੱਤਾ ਅਤੇ ਆਕਾਸ਼ ਦੀ ਫ਼ੌਜ ਦੀ ਭਗਤੀ ਕਰਨ ਲਈ ਛੱਡ ਦਿੱਤਾ,+ ਠੀਕ ਜਿਵੇਂ ਨਬੀਆਂ ਦੀ ਕਿਤਾਬ ਵਿਚ ਲਿਖਿਆ ਹੈ, ‘ਹੇ ਇਜ਼ਰਾਈਲ ਦੇ ਘਰਾਣੇ, 40 ਸਾਲਾਂ ਦੌਰਾਨ ਉਜਾੜ ਵਿਚ ਕੀ ਤੁਸੀਂ ਮੈਨੂੰ ਜਾਨਵਰਾਂ ਦੀਆਂ ਬਲ਼ੀਆਂ ਚੜ੍ਹਾਈਆਂ ਸਨ? ਨਹੀਂ। 43 ਪਰ ਤੁਸੀਂ ਮੋਲੋਖ ਦਾ ਤੰਬੂ+ ਅਤੇ ਰਿਫ਼ਾਨ ਦੇਵਤੇ ਦੇ ਤਾਰੇ ਦੀ ਮੂਰਤੀ ਨੂੰ ਚੁੱਕ ਲਿਆ ਜਿਨ੍ਹਾਂ ਨੂੰ ਤੁਸੀਂ ਭਗਤੀ ਕਰਨ ਵਾਸਤੇ ਬਣਾਇਆ ਸੀ। ਇਸ ਕਰਕੇ ਮੈਂ ਤੁਹਾਨੂੰ ਤੁਹਾਡੇ ਦੇਸ਼ ਵਿੱਚੋਂ ਕੱਢ ਕੇ ਬਾਬਲ ਤੋਂ ਵੀ ਪਰੇ ਭੇਜ ਦੇਵਾਂਗਾ।’+

44 “ਸਾਡੇ ਪਿਉ-ਦਾਦਿਆਂ ਕੋਲ ਉਜਾੜ ਵਿਚ ਗਵਾਹੀ ਦਾ ਤੰਬੂ ਸੀ ਜੋ ਕਿ ਪਰਮੇਸ਼ੁਰ ਦੇ ਹੁਕਮ ਨਾਲ ਮੂਸਾ ਨੂੰ ਦਿਖਾਏ ਗਏ ਨਮੂਨੇ ਅਨੁਸਾਰ ਬਣਾਇਆ ਗਿਆ ਸੀ।+ 45 ਫਿਰ ਇਹ ਤੰਬੂ ਸਾਡੇ ਪਿਉ-ਦਾਦਿਆਂ ਨੂੰ ਮਿਲਿਆ। ਉਹ ਆਪਣੇ ਨਾਲ ਇਹ ਤੰਬੂ ਇਸ ਦੇਸ਼ ਵਿਚ ਵੀ ਲੈ ਕੇ ਆਏ ਜਦੋਂ ਉਹ ਸਾਰੇ ਜਣੇ ਯਹੋਸ਼ੁਆ ਨਾਲ ਇੱਥੇ ਆਏ ਸਨ ਜਿੱਥੇ ਹੋਰ ਕੌਮਾਂ ਦੇ ਲੋਕ ਵੱਸੇ ਹੋਏ ਸਨ+ ਅਤੇ ਪਰਮੇਸ਼ੁਰ ਨੇ ਉਨ੍ਹਾਂ ਲੋਕਾਂ ਨੂੰ ਸਾਡੇ ਪਿਉ-ਦਾਦਿਆਂ ਸਾਮ੍ਹਣਿਓਂ ਕੱਢ ਦਿੱਤਾ ਸੀ।+ ਇਹ ਤੰਬੂ ਦਾਊਦ ਦੇ ਦਿਨਾਂ ਤਕ ਇੱਥੇ ਹੀ ਰਿਹਾ। 46 ਦਾਊਦ ਉੱਤੇ ਪਰਮੇਸ਼ੁਰ ਦੀ ਮਿਹਰ ਹੋਈ ਅਤੇ ਉਸ ਨੇ ਪਰਮੇਸ਼ੁਰ ਨੂੰ ਬੇਨਤੀ ਕੀਤੀ ਕਿ ਉਸ ਨੂੰ ਯਾਕੂਬ ਦੇ ਪਰਮੇਸ਼ੁਰ ਵਾਸਤੇ ਇਕ ਨਿਵਾਸ-ਸਥਾਨ ਬਣਾਉਣ ਦਾ ਮਾਣ ਬਖ਼ਸ਼ਿਆ ਜਾਵੇ।+ 47 ਪਰ ਉਸ ਲਈ ਇਹ ਘਰ ਸੁਲੇਮਾਨ ਨੇ ਬਣਾਇਆ।+ 48 ਪਰ ਅੱਤ ਮਹਾਨ ਪਰਮੇਸ਼ੁਰ ਹੱਥਾਂ ਦੇ ਬਣਾਏ ਘਰਾਂ ਵਿਚ ਨਹੀਂ ਵੱਸਦਾ।+ ਇਕ ਨਬੀ ਨੇ ਵੀ ਇਹੀ ਕਿਹਾ: 49 ‘ਯਹੋਵਾਹ* ਕਹਿੰਦਾ ਹੈ, ਸਵਰਗ ਮੇਰਾ ਸਿੰਘਾਸਣ ਹੈ+ ਅਤੇ ਧਰਤੀ ਮੇਰੇ ਪੈਰ ਰੱਖਣ ਦੀ ਚੌਂਕੀ।+ ਤੁਸੀਂ ਮੇਰੇ ਲਈ ਕਿਹੋ ਜਿਹਾ ਘਰ ਬਣਾਓਗੇ? ਜਾਂ ਮੇਰੇ ਆਰਾਮ ਕਰਨ ਦੀ ਥਾਂ ਕਿੱਥੇ ਹੋਵੇਗੀ? 50 ਕੀ ਮੇਰੇ ਹੀ ਹੱਥ ਨੇ ਇਹ ਸਾਰੀਆਂ ਚੀਜ਼ਾਂ ਨਹੀਂ ਬਣਾਈਆਂ?’+

51 “ਢੀਠ, ਪੱਥਰ-ਦਿਲ ਤੇ ਅਣਆਗਿਆਕਾਰ ਲੋਕੋ,* ਤੁਸੀਂ ਹਮੇਸ਼ਾ ਪਵਿੱਤਰ ਸ਼ਕਤੀ ਦਾ ਵਿਰੋਧ ਕਰਦੇ ਹੋ; ਜਿਵੇਂ ਤੁਹਾਡੇ ਪਿਉ-ਦਾਦਿਆਂ ਨੇ ਕੀਤਾ ਸੀ, ਤੁਸੀਂ ਵੀ ਉਸੇ ਤਰ੍ਹਾਂ ਕਰਦੇ ਹੋ।+ 52 ਤੁਹਾਡੇ ਪਿਉ-ਦਾਦਿਆਂ ਨੇ ਕਿਹੜੇ ਨਬੀ ਉੱਤੇ ਜ਼ੁਲਮ ਨਹੀਂ ਕੀਤੇ?+ ਹਾਂ, ਉਨ੍ਹਾਂ ਨੇ ਉਨ੍ਹਾਂ ਨਬੀਆਂ ਨੂੰ ਜਾਨੋਂ ਮਾਰ ਦਿੱਤਾ ਜਿਨ੍ਹਾਂ ਨੇ ਉਸ ਧਰਮੀ ਇਨਸਾਨ ਦੇ ਆਉਣ ਦੀ ਭਵਿੱਖਬਾਣੀ ਕੀਤੀ ਸੀ।+ ਉਸੇ ਧਰਮੀ ਇਨਸਾਨ ਨਾਲ ਤੁਸੀਂ ਧੋਖਾ ਕੀਤਾ ਅਤੇ ਉਸ ਨੂੰ ਜਾਨੋਂ ਮਾਰ ਸੁੱਟਿਆ।+ 53 ਤੁਹਾਨੂੰ ਮੂਸਾ ਦਾ ਕਾਨੂੰਨ ਮਿਲਿਆ ਜੋ ਦੂਤਾਂ ਰਾਹੀਂ ਦਿੱਤਾ ਗਿਆ ਸੀ,+ ਪਰ ਤੁਸੀਂ ਇਸ ਕਾਨੂੰਨ ਦੀ ਪਾਲਣਾ ਨਹੀਂ ਕੀਤੀ।”

54 ਇਹ ਗੱਲਾਂ ਸੁਣ ਕੇ ਉਨ੍ਹਾਂ ਦੀਆਂ ਅੱਖਾਂ ਵਿਚ ਖ਼ੂਨ ਉੱਤਰ ਆਇਆ ਅਤੇ ਉਹ ਗੁੱਸੇ ਵਿਚ ਉਸ ʼਤੇ ਦੰਦ ਪੀਹਣ ਲੱਗ ਪਏ। 55 ਪਰ ਇਸਤੀਫ਼ਾਨ ਪਵਿੱਤਰ ਸ਼ਕਤੀ ਨਾਲ ਭਰਪੂਰ ਸੀ ਅਤੇ ਉਸ ਨੇ ਆਕਾਸ਼ ਵੱਲ ਦੇਖਿਆ ਅਤੇ ਉਸ ਨੇ ਪਰਮੇਸ਼ੁਰ ਦੀ ਮਹਿਮਾ ਦੇਖੀ ਅਤੇ ਯਿਸੂ ਨੂੰ ਪਰਮੇਸ਼ੁਰ ਦੇ ਸੱਜੇ ਹੱਥ ਖੜ੍ਹਾ ਦੇਖਿਆ।+ 56 ਉਸ ਨੇ ਕਿਹਾ: “ਦੇਖੋ! ਮੈਂ ਆਕਾਸ਼ ਨੂੰ ਖੁੱਲ੍ਹਾ ਹੋਇਆ ਅਤੇ ਮਨੁੱਖ ਦੇ ਪੁੱਤਰ ਨੂੰ+ ਪਰਮੇਸ਼ੁਰ ਦੇ ਸੱਜੇ ਪਾਸੇ+ ਖੜ੍ਹਾ ਦੇਖ ਰਿਹਾ ਹਾਂ।” 57 ਇਹ ਸੁਣ ਕੇ ਉਹ ਉੱਚੀ ਆਵਾਜ਼ ਵਿਚ ਚੀਕੇ ਅਤੇ ਉਨ੍ਹਾਂ ਨੇ ਆਪਣੇ ਹੱਥਾਂ ਨਾਲ ਆਪਣੇ ਕੰਨ ਬੰਦ ਕਰ ਲਏ ਅਤੇ ਉਹ ਸਾਰੇ ਇਕੱਠੇ ਹੋ ਕੇ ਉਸ ਉੱਤੇ ਟੁੱਟ ਪਏ। 58 ਉਨ੍ਹਾਂ ਨੇ ਉਸ ਨੂੰ ਧੂਹ ਕੇ ਸ਼ਹਿਰੋਂ ਬਾਹਰ ਲਿਆਂਦਾ ਅਤੇ ਉਸ ਦੇ ਪੱਥਰ ਮਾਰਨ ਲੱਗ ਪਏ।+ ਉਸ ਖ਼ਿਲਾਫ਼ ਝੂਠੀ ਗਵਾਹੀ ਦੇਣ ਵਾਲਿਆਂ+ ਨੇ ਆਪਣੇ ਚੋਗੇ ਲਾਹ ਕੇ ਸੌਲੁਸ ਨਾਂ ਦੇ ਇਕ ਨੌਜਵਾਨ ਦੇ ਪੈਰਾਂ ਵਿਚ ਰੱਖ ਦਿੱਤੇ।+ 59 ਜਦੋਂ ਉਹ ਇਸਤੀਫ਼ਾਨ ਦੇ ਪੱਥਰ ਮਾਰ ਰਹੇ ਸਨ, ਤਾਂ ਉਸ ਨੇ ਇਹ ਫ਼ਰਿਆਦ ਕੀਤੀ: “ਪ੍ਰਭੂ ਯਿਸੂ, ਮੈਂ ਆਪਣੀ ਜਾਨ* ਤੇਰੇ ਹਵਾਲੇ ਕਰਦਾ ਹਾਂ।” 60 ਫਿਰ ਉਸ ਨੇ ਗੋਡੇ ਟੇਕ ਕੇ ਉੱਚੀ ਆਵਾਜ਼ ਵਿਚ ਕਿਹਾ: “ਯਹੋਵਾਹ,* ਇਨ੍ਹਾਂ ਲੋਕਾਂ ਨੂੰ ਇਸ ਪਾਪ ਦੀ ਸਜ਼ਾ ਨਾ ਦੇਈਂ।”+ ਇਹ ਕਹਿਣ ਤੋਂ ਬਾਅਦ ਉਹ ਮੌਤ ਦੀ ਨੀਂਦ ਸੌਂ ਗਿਆ।

8 ਸੌਲੁਸ ਇਸਤੀਫ਼ਾਨ ਦੇ ਕਤਲ ਨਾਲ ਸਹਿਮਤ ਸੀ।+

ਉਸ ਦਿਨ ਤੋਂ ਯਰੂਸ਼ਲਮ ਦੀ ਮੰਡਲੀ ਉੱਤੇ ਬਹੁਤ ਅਤਿਆਚਾਰ ਹੋਣ ਲੱਗਾ; ਰਸੂਲਾਂ ਨੂੰ ਛੱਡ ਕੇ ਬਾਕੀ ਸਾਰੇ ਚੇਲੇ ਯਹੂਦਿਯਾ ਅਤੇ ਸਾਮਰਿਯਾ ਦੇ ਇਲਾਕਿਆਂ ਵਿਚ ਖਿੰਡ-ਪੁੰਡ ਗਏ।+ 2 ਪਵਿੱਤਰ ਸੇਵਕਾਂ ਨੇ ਇਸਤੀਫ਼ਾਨ ਦੀ ਲਾਸ਼ ਨੂੰ ਲਿਜਾ ਕੇ ਦਫ਼ਨਾ ਦਿੱਤਾ ਅਤੇ ਉਨ੍ਹਾਂ ਨੇ ਉਸ ਦੇ ਮਰਨ ʼਤੇ ਬਹੁਤ ਸੋਗ ਮਨਾਇਆ। 3 ਦੂਜੇ ਪਾਸੇ, ਸੌਲੁਸ ਮੰਡਲੀ ਉੱਤੇ ਕਹਿਰ ਢਾਹੁਣ ਲੱਗਾ। ਉਹ ਘਰ-ਘਰ ਜਾ ਕੇ ਆਦਮੀਆਂ ਤੇ ਤੀਵੀਆਂ ਨੂੰ ਘੜੀਸ ਲਿਆਉਂਦਾ ਸੀ ਅਤੇ ਜੇਲ੍ਹ ਵਿਚ ਬੰਦ ਕਰਵਾ ਦਿੰਦਾ ਸੀ।+

4 ਪਰ ਜਿਹੜੇ ਚੇਲੇ ਖਿੰਡ-ਪੁੰਡ ਗਏ ਸਨ, ਉਹ ਪੂਰੇ ਇਲਾਕੇ ਵਿਚ ਬਚਨ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਰਹੇ।+ 5 ਫ਼ਿਲਿੱਪੁਸ ਸਾਮਰਿਯਾ ਸ਼ਹਿਰ*+ ਨੂੰ ਚਲਾ ਗਿਆ ਅਤੇ ਉਸ ਨੇ ਉੱਥੇ ਲੋਕਾਂ ਨੂੰ ਮਸੀਹ ਬਾਰੇ ਦੱਸਣਾ ਸ਼ੁਰੂ ਕੀਤਾ। 6 ਭੀੜਾਂ ਦੀਆਂ ਭੀੜਾਂ ਇਕ ਮਨ ਹੋ ਕੇ ਧਿਆਨ ਨਾਲ ਫ਼ਿਲਿੱਪੁਸ ਦੀਆਂ ਗੱਲਾਂ ਸੁਣਦੀਆਂ ਸਨ ਅਤੇ ਉਸ ਦੁਆਰਾ ਦਿਖਾਈਆਂ ਨਿਸ਼ਾਨੀਆਂ ਦੇਖਦੀਆਂ ਸਨ। 7 ਉੱਥੇ ਬਹੁਤ ਸਾਰੇ ਲੋਕਾਂ ਨੂੰ ਦੁਸ਼ਟ ਦੂਤ ਚਿੰਬੜੇ ਹੋਏ ਸਨ ਅਤੇ ਦੁਸ਼ਟ ਦੂਤ ਉੱਚੀ-ਉੱਚੀ ਰੌਲ਼ਾ ਪਾ ਕੇ ਉਨ੍ਹਾਂ ਵਿੱਚੋਂ ਨਿਕਲ ਆਉਂਦੇ ਸਨ।+ ਇਸ ਤੋਂ ਇਲਾਵਾ, ਕਈ ਅਧਰੰਗੀਆਂ ਅਤੇ ਲੰਗੜਿਆਂ ਨੂੰ ਠੀਕ ਕੀਤਾ ਗਿਆ ਸੀ। 8 ਇਸ ਲਈ ਉਸ ਸ਼ਹਿਰ ਦੇ ਲੋਕ ਬੜੇ ਖ਼ੁਸ਼ ਸਨ।

9 ਉਸ ਸ਼ਹਿਰ ਵਿਚ ਸ਼ਮਊਨ ਨਾਂ ਦਾ ਇਕ ਆਦਮੀ ਸੀ ਜਿਹੜਾ ਪਹਿਲਾਂ ਜਾਦੂਗਰੀ ਕਰਦਾ ਹੁੰਦਾ ਸੀ ਅਤੇ ਉਸ ਨੂੰ ਦੇਖ ਕੇ ਸਾਮਰੀ ਲੋਕ ਅਚੰਭੇ ਵਿਚ ਸਨ। ਉਹ ਆਪਣੇ ਆਪ ਨੂੰ ਮਹਾਨ ਹਸਤੀ ਕਹਿੰਦਾ ਸੀ। 10 ਛੋਟੇ ਤੋਂ ਲੈ ਕੇ ਵੱਡੇ ਲੋਕਾਂ ਤਕ ਸਾਰੇ ਉਸ ਵੱਲ ਧਿਆਨ ਦਿੰਦੇ ਸਨ ਅਤੇ ਕਹਿੰਦੇ ਸਨ: “ਇਹ ਆਦਮੀ ਤਾਂ ਪਰਮੇਸ਼ੁਰ ਦੀ ਮਹਾਂਸ਼ਕਤੀ ਹੈ।” 11 ਇਸ ਲਈ ਉਹ ਸਾਰੇ ਉਸ ਵੱਲ ਧਿਆਨ ਦਿੰਦੇ ਸਨ ਕਿਉਂਕਿ ਉਸ ਨੇ ਆਪਣੀ ਜਾਦੂਗਰੀ ਨਾਲ ਕਾਫ਼ੀ ਸਮੇਂ ਤੋਂ ਉਨ੍ਹਾਂ ਨੂੰ ਕਾਇਲ ਕੀਤਾ ਹੋਇਆ ਸੀ। 12 ਪਰ ਜਦੋਂ ਫ਼ਿਲਿੱਪੁਸ ਨੇ ਪਰਮੇਸ਼ੁਰ ਦੇ ਰਾਜ ਦੀ ਅਤੇ ਯਿਸੂ ਮਸੀਹ ਦੇ ਨਾਂ ਦੀ ਖ਼ੁਸ਼ ਖ਼ਬਰੀ ਸੁਣਾਈ,+ ਤਾਂ ਬਹੁਤ ਸਾਰੇ ਲੋਕਾਂ ਨੇ ਉਸ ʼਤੇ ਯਕੀਨ ਕੀਤਾ ਅਤੇ ਆਦਮੀਆਂ ਤੇ ਤੀਵੀਆਂ ਨੇ ਬਪਤਿਸਮਾ ਲਿਆ।+ 13 ਸ਼ਮਊਨ ਵੀ ਨਿਹਚਾ ਕਰਨ ਲੱਗ ਪਿਆ ਅਤੇ ਬਪਤਿਸਮਾ ਲੈਣ ਤੋਂ ਬਾਅਦ ਉਹ ਫ਼ਿਲਿੱਪੁਸ ਦੇ ਨਾਲ-ਨਾਲ ਰਿਹਾ+ ਅਤੇ ਫ਼ਿਲਿੱਪੁਸ ਨੂੰ ਨਿਸ਼ਾਨੀਆਂ ਦਿਖਾਉਂਦਿਆਂ ਅਤੇ ਵੱਡੇ-ਵੱਡੇ ਚਮਤਕਾਰ ਕਰਦਿਆਂ ਦੇਖ ਕੇ ਹੈਰਾਨ ਰਹਿ ਗਿਆ।

14 ਜਦੋਂ ਯਰੂਸ਼ਲਮ ਵਿਚ ਰਸੂਲਾਂ ਨੇ ਸੁਣਿਆ ਕਿ ਸਾਮਰਿਯਾ ਦੇ ਲੋਕ ਪਰਮੇਸ਼ੁਰ ਦੇ ਬਚਨ ਨੂੰ ਮੰਨਣ ਲੱਗ ਪਏ ਸਨ,+ ਤਾਂ ਰਸੂਲਾਂ ਨੇ ਪਤਰਸ ਅਤੇ ਯੂਹੰਨਾ ਨੂੰ ਉਨ੍ਹਾਂ ਕੋਲ ਘੱਲਿਆ। 15 ਉਨ੍ਹਾਂ ਨੇ ਜਾ ਕੇ ਉਨ੍ਹਾਂ ਲਈ ਪਵਿੱਤਰ ਸ਼ਕਤੀ ਵਾਸਤੇ ਪ੍ਰਾਰਥਨਾ ਕੀਤੀ।+ 16 ਕਿਉਂਕਿ ਉਨ੍ਹਾਂ ਨੇ ਪ੍ਰਭੂ ਯਿਸੂ ਦੇ ਨਾਂ ʼਤੇ ਬਪਤਿਸਮਾ ਤਾਂ ਲਿਆ ਸੀ, ਪਰ ਉਨ੍ਹਾਂ ਵਿੱਚੋਂ ਕਿਸੇ ਉੱਤੇ ਵੀ ਅਜੇ ਤਕ ਪਵਿੱਤਰ ਸ਼ਕਤੀ ਨਹੀਂ ਆਈ ਸੀ।+ 17 ਫਿਰ ਪਤਰਸ ਅਤੇ ਯੂਹੰਨਾ ਨੇ ਉਨ੍ਹਾਂ ਉੱਤੇ ਆਪਣੇ ਹੱਥ ਰੱਖੇ+ ਅਤੇ ਉਨ੍ਹਾਂ ਨੂੰ ਪਵਿੱਤਰ ਸ਼ਕਤੀ ਮਿਲਣ ਲੱਗੀ।

18 ਜਦੋਂ ਸ਼ਮਊਨ ਨੇ ਦੇਖਿਆ ਕਿ ਰਸੂਲਾਂ ਵੱਲੋਂ ਹੱਥ ਰੱਖਣ ਨਾਲ ਪਵਿੱਤਰ ਸ਼ਕਤੀ ਮਿਲ ਜਾਂਦੀ ਸੀ, ਤਾਂ ਸ਼ਮਊਨ ਨੇ ਉਨ੍ਹਾਂ ਨੂੰ ਪੈਸੇ ਦਿੰਦਿਆਂ 19 ਕਿਹਾ: “ਮੈਨੂੰ ਵੀ ਇਹ ਅਧਿਕਾਰ ਦਿਓ ਤਾਂਕਿ ਜਿਸ ਉੱਤੇ ਮੈਂ ਹੱਥ ਰੱਖਾਂ, ਉਸ ਨੂੰ ਪਵਿੱਤਰ ਸ਼ਕਤੀ ਮਿਲ ਜਾਵੇ।” 20 ਪਰ ਪਤਰਸ ਨੇ ਉਸ ਨੂੰ ਕਿਹਾ: “ਤੂੰ ਅਤੇ ਤੇਰੇ ਚਾਂਦੀ ਦੇ ਪੈਸੇ ਨਾਸ਼ ਹੋ ਜਾਣ ਕਿਉਂਕਿ ਤੂੰ ਉਸ ਦਾਤ ਨੂੰ ਪੈਸਿਆਂ ਨਾਲ ਖ਼ਰੀਦਣ ਬਾਰੇ ਸੋਚਿਆ ਜੋ ਪਰਮੇਸ਼ੁਰ ਮੁਫ਼ਤ ਵਿਚ ਦਿੰਦਾ ਹੈ।+ 21 ਤੇਰਾ ਇਸ ਕੰਮ ਵਿਚ ਕੋਈ ਹਿੱਸਾ ਜਾਂ ਸਾਂਝ ਨਹੀਂ ਹੈ ਕਿਉਂਕਿ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਤੇਰਾ ਦਿਲ ਸਾਫ਼ ਨਹੀਂ ਹੈ। 22 ਇਸ ਲਈ ਆਪਣੀ ਇਸ ਬੁਰਾਈ ਤੋਂ ਤੋਬਾ ਕਰ ਅਤੇ ਆਪਣੀ ਬੁਰੀ ਸੋਚ ਨੂੰ ਬਦਲ ਅਤੇ ਯਹੋਵਾਹ* ਨੂੰ ਫ਼ਰਿਆਦ ਕਰ ਕਿ ਜੇ ਹੋ ਸਕੇ, ਤਾਂ ਉਹ ਤੈਨੂੰ ਮਾਫ਼ ਕਰ ਦੇਵੇ; 23 ਮੈਂ ਜਾਣ ਗਿਆ ਹਾਂ ਕਿ ਤੇਰੇ ਦਿਲ ਵਿਚ ਜ਼ਹਿਰ* ਭਰਿਆ ਹੋਇਆ ਹੈ ਅਤੇ ਤੂੰ ਬੁਰਾਈ ਦਾ ਗ਼ੁਲਾਮ ਹੈਂ।” 24 ਸ਼ਮਊਨ ਨੇ ਜਵਾਬ ਦਿੱਤਾ: “ਕਿਰਪਾ ਕਰ ਕੇ ਤੁਸੀਂ ਹੀ ਮੇਰੇ ਲਈ ਯਹੋਵਾਹ* ਨੂੰ ਫ਼ਰਿਆਦ ਕਰੋ ਕਿ ਤੁਸੀਂ ਜੋ ਕਿਹਾ ਹੈ, ਉਹ ਮੈਨੂੰ ਭੁਗਤਣਾ ਨਾ ਪਵੇ।”

25 ਫਿਰ ਜਦੋਂ ਉਹ ਯਹੋਵਾਹ* ਦੇ ਬਚਨ ਬਾਰੇ ਸਿੱਖਿਆ ਦੇ ਹਟੇ ਅਤੇ ਪੂਰੇ ਇਲਾਕੇ ਵਿਚ ਗਵਾਹੀ ਦੇ ਹਟੇ, ਤਾਂ ਉਹ ਯਰੂਸ਼ਲਮ ਨੂੰ ਮੁੜ ਪਏ ਅਤੇ ਰਾਹ ਵਿਚ ਉਹ ਸਾਮਰੀਆਂ ਦੇ ਬਹੁਤ ਸਾਰੇ ਪਿੰਡਾਂ ਵਿਚ ਵੀ ਖ਼ੁਸ਼ ਖ਼ਬਰੀ ਸੁਣਾਉਂਦੇ ਗਏ।+

26 ਪਰ ਯਹੋਵਾਹ* ਦੇ ਦੂਤ+ ਨੇ ਫ਼ਿਲਿੱਪੁਸ ਨੂੰ ਕਿਹਾ: “ਉੱਠ ਅਤੇ ਦੱਖਣ ਵਾਲੇ ਪਾਸੇ ਉਸ ਰਾਹ ਵੱਲ ਚਲਾ ਜਾਹ ਜਿਹੜਾ ਯਰੂਸ਼ਲਮ ਤੋਂ ਗਾਜ਼ਾ ਨੂੰ ਜਾਂਦਾ ਹੈ।” (ਇਹ ਰਾਹ ਸੁੰਨਾ ਹੈ।) 27 ਦੂਤ ਦੀ ਗੱਲ ਸੁਣ ਕੇ ਉਹ ਉੱਠਿਆ ਅਤੇ ਚਲਾ ਗਿਆ। ਅਤੇ ਉਸ ਰਾਹ ʼਤੇ ਉਸ ਨੇ ਇਥੋਪੀਆ ਦੀ ਰਾਣੀ ਕੰਦਾਕੇ ਦੇ ਦਰਬਾਰ ਦਾ ਇਕ ਮੰਤਰੀ ਦੇਖਿਆ ਜਿਹੜਾ ਰਾਣੀ ਦੇ ਸਾਰੇ ਖ਼ਜ਼ਾਨੇ ਦਾ ਮੁਖਤਿਆਰ ਸੀ। ਉਹ ਯਰੂਸ਼ਲਮ ਵਿਚ ਭਗਤੀ ਕਰਨ ਗਿਆ ਸੀ।+ 28 ਮੁੜਦੇ ਵੇਲੇ ਉਹ ਆਪਣੇ ਰਥ ਵਿਚ ਬੈਠਾ ਯਸਾਯਾਹ ਨਬੀ ਦੀ ਕਿਤਾਬ ਪੜ੍ਹ ਰਿਹਾ ਸੀ। 29 ਫਿਰ ਪਵਿੱਤਰ ਸ਼ਕਤੀ ਨੇ ਫ਼ਿਲਿੱਪੁਸ ਨੂੰ ਕਿਹਾ: “ਜਾਹ, ਉਸ ਰਥ ਦੇ ਨੇੜੇ ਚਲਾ ਜਾ।” 30 ਫ਼ਿਲਿੱਪੁਸ ਰਥ ਦੇ ਨਾਲ-ਨਾਲ ਭੱਜਣ ਲੱਗਾ ਅਤੇ ਉਸ ਨੇ ਮੰਤਰੀ ਨੂੰ ਯਸਾਯਾਹ ਨਬੀ ਦੀ ਕਿਤਾਬ ਵਿੱਚੋਂ ਪੜ੍ਹਦੇ ਹੋਏ ਸੁਣਿਆ। ਫ਼ਿਲਿੱਪੁਸ ਨੇ ਉਸ ਨੂੰ ਪੁੱਛਿਆ: “ਜੋ ਤੂੰ ਪੜ੍ਹ ਰਿਹਾ ਹੈਂ, ਕੀ ਉਹ ਤੈਨੂੰ ਸਮਝ ਵੀ ਆਉਂਦਾ ਹੈ?” 31 ਉਸ ਨੇ ਕਿਹਾ: “ਜਦ ਤਕ ਕੋਈ ਮੈਨੂੰ ਨਾ ਸਮਝਾਵੇ, ਤਾਂ ਮੈਨੂੰ ਕਿਵੇਂ ਸਮਝ ਆਵੇਗਾ?” ਉਸ ਨੇ ਫ਼ਿਲਿੱਪੁਸ ਨੂੰ ਬੇਨਤੀ ਕੀਤੀ ਕਿ ਉਹ ਰਥ ਵਿਚ ਚੜ੍ਹ ਕੇ ਉਸ ਦੇ ਨਾਲ ਬੈਠ ਜਾਵੇ। 32 ਉਹ ਧਰਮ-ਗ੍ਰੰਥ ਦਾ ਇਹ ਹਿੱਸਾ ਪੜ੍ਹ ਰਿਹਾ ਸੀ: “ਉਸ ਨੂੰ ਭੇਡ ਵਾਂਗ ਵੱਢੇ ਜਾਣ ਲਈ ਲਿਆਂਦਾ ਗਿਆ ਅਤੇ ਉਸ ਨੇ ਆਪਣਾ ਮੂੰਹ ਨਹੀਂ ਖੋਲ੍ਹਿਆ ਜਿਵੇਂ ਲੇਲਾ ਉੱਨ ਕਤਰਨ ਵਾਲੇ ਸਾਮ੍ਹਣੇ ਚੁੱਪ ਰਹਿੰਦਾ ਹੈ।+ 33 ਉਸ ਨੂੰ ਬੇਇੱਜ਼ਤ ਕੀਤਾ ਗਿਆ ਅਤੇ ਉਸ ਨਾਲ ਨਿਆਂ ਨਹੀਂ ਕੀਤਾ ਗਿਆ।+ ਕੌਣ ਉਸ ਦੀ ਵੰਸ਼ਾਵਲੀ ਬਾਰੇ ਦੱਸੇਗਾ? ਕਿਉਂਕਿ ਧਰਤੀ ਉੱਤੋਂ ਉਸ ਦੀ ਜਾਨ ਲੈ ਲਈ ਗਈ।”+

34 ਉਸ ਮੰਤਰੀ ਨੇ ਫ਼ਿਲਿੱਪੁਸ ਨੂੰ ਕਿਹਾ: “ਕਿਰਪਾ ਕਰ ਕੇ ਮੈਨੂੰ ਦੱਸ ਕਿ ਨਬੀ ਨੇ ਇਹ ਗੱਲ ਕਿਸ ਬਾਰੇ ਕਹੀ ਸੀ? ਆਪਣੇ ਬਾਰੇ ਜਾਂ ਕਿਸੇ ਹੋਰ ਬਾਰੇ?” 35 ਫ਼ਿਲਿੱਪੁਸ ਨੇ ਬੋਲਣਾ ਸ਼ੁਰੂ ਕੀਤਾ ਅਤੇ ਧਰਮ-ਗ੍ਰੰਥ ਦੇ ਇਸ ਹਿੱਸੇ ਤੋਂ ਸ਼ੁਰੂ ਕਰ ਕੇ ਯਿਸੂ ਬਾਰੇ ਉਸ ਨੂੰ ਖ਼ੁਸ਼ ਖ਼ਬਰੀ ਸੁਣਾਈ। 36 ਰਾਹ ਵਿਚ ਜਾਂਦੇ ਹੋਏ ਉਹ ਇਕ ਜਗ੍ਹਾ ਪਹੁੰਚੇ ਜਿੱਥੇ ਬਹੁਤ ਸਾਰਾ ਪਾਣੀ ਸੀ ਅਤੇ ਮੰਤਰੀ ਨੇ ਕਿਹਾ: “ਦੇਖ! ਇੱਥੇ ਪਾਣੀ ਹੈ। ਹੁਣ ਮੈਨੂੰ ਬਪਤਿਸਮਾ ਲੈਣ ਤੋਂ ਕਿਹੜੀ ਗੱਲ ਰੋਕਦੀ ਹੈ?” 37 *— 38 ਫਿਰ ਮੰਤਰੀ ਨੇ ਰਥ ਰੋਕਣ ਦਾ ਹੁਕਮ ਦਿੱਤਾ ਅਤੇ ਫ਼ਿਲਿੱਪੁਸ ਤੇ ਮੰਤਰੀ ਦੋਵੇਂ ਪਾਣੀ ਵਿਚ ਚਲੇ ਗਏ ਅਤੇ ਫ਼ਿਲਿੱਪੁਸ ਨੇ ਉਸ ਨੂੰ ਬਪਤਿਸਮਾ ਦੇ ਦਿੱਤਾ। 39 ਜਦੋਂ ਉਹ ਪਾਣੀ ਵਿੱਚੋਂ ਬਾਹਰ ਆਏ, ਤਾਂ ਯਹੋਵਾਹ* ਦੀ ਪਵਿੱਤਰ ਸ਼ਕਤੀ ਤੁਰੰਤ ਫ਼ਿਲਿੱਪੁਸ ਨੂੰ ਕਿਸੇ ਹੋਰ ਜਗ੍ਹਾ ਲੈ ਗਈ ਅਤੇ ਮੰਤਰੀ ਨੇ ਉਸ ਨੂੰ ਦੁਬਾਰਾ ਨਾ ਦੇਖਿਆ, ਪਰ ਉਹ ਖ਼ੁਸ਼ੀ-ਖ਼ੁਸ਼ੀ ਆਪਣੇ ਰਾਹ ਚਲਾ ਗਿਆ। 40 ਇਸ ਤੋਂ ਬਾਅਦ ਫ਼ਿਲਿੱਪੁਸ ਨੇ ਆਪਣੇ ਆਪ ਨੂੰ ਅਸ਼ਦੋਦ ਵਿਚ ਪਾਇਆ ਅਤੇ ਕੈਸਰੀਆ+ ਪਹੁੰਚਣ ਤਕ ਉਹ ਸਾਰੇ ਸ਼ਹਿਰਾਂ ਵਿਚ ਖ਼ੁਸ਼ ਖ਼ਬਰੀ ਸੁਣਾਉਂਦਾ ਗਿਆ।

9 ਪਰ ਸੌਲੁਸ ਉੱਤੇ ਅਜੇ ਵੀ ਪ੍ਰਭੂ ਦੇ ਚੇਲਿਆਂ ਨੂੰ ਧਮਕਾਉਣ ਅਤੇ ਉਨ੍ਹਾਂ ਦਾ ਕਤਲ ਕਰਨ ਦਾ ਜਨੂਨ ਸਵਾਰ ਸੀ।+ ਉਸ ਨੇ ਜਾ ਕੇ ਮਹਾਂ ਪੁਜਾਰੀ ਨੂੰ 2 ਦਮਿਸਕ ਦੇ ਸਭਾ ਘਰਾਂ ਦੇ ਨਾਂ ਚਿੱਠੀਆਂ ਲਿਖ ਕੇ ਦੇਣ ਲਈ ਕਿਹਾ ਤਾਂਕਿ ਉਹ “ਪ੍ਰਭੂ ਦੇ ਰਾਹ” ਉੱਤੇ ਚੱਲਣ ਵਾਲਿਆਂ ਨੂੰ, ਭਾਵੇਂ ਉਹ ਆਦਮੀ ਹੋਣ ਜਾਂ ਤੀਵੀਆਂ, ਬੰਨ੍ਹ ਕੇ ਯਰੂਸ਼ਲਮ ਨੂੰ ਲਿਆਵੇ।+

3 ਜਦੋਂ ਉਹ ਸਫ਼ਰ ਕਰਦਾ ਹੋਇਆ ਦਮਿਸਕ ਪਹੁੰਚਣ ਵਾਲਾ ਸੀ, ਤਾਂ ਅਚਾਨਕ ਆਕਾਸ਼ੋਂ ਉਸ ਦੇ ਚਾਰੇ ਪਾਸੇ ਤੇਜ਼ ਰੌਸ਼ਨੀ ਚਮਕੀ।+ 4 ਉਹ ਜ਼ਮੀਨ ਉੱਤੇ ਡਿਗ ਪਿਆ ਅਤੇ ਇਕ ਆਵਾਜ਼ ਨੇ ਉਸ ਨੂੰ ਕਿਹਾ: “ਸੌਲੁਸ, ਸੌਲੁਸ, ਤੂੰ ਕਿਉਂ ਮੇਰੇ ਉੱਤੇ ਜ਼ੁਲਮ ਕਰਦਾ ਹੈਂ?” 5 ਸੌਲੁਸ ਨੇ ਪੁੱਛਿਆ: “ਪ੍ਰਭੂ, ਤੂੰ ਕੌਣ ਹੈਂ?” ਉਸ ਨੇ ਕਿਹਾ: “ਮੈਂ ਯਿਸੂ ਹਾਂ+ ਜਿਸ ਉੱਤੇ ਤੂੰ ਜ਼ੁਲਮ ਕਰਦਾ ਹੈਂ।+ 6 ਪਰ ਹੁਣ ਉੱਠ ਅਤੇ ਸ਼ਹਿਰ ਨੂੰ ਚਲਾ ਜਾਹ ਅਤੇ ਤੈਨੂੰ ਦੱਸਿਆ ਜਾਵੇਗਾ ਕਿ ਤੂੰ ਕੀ ਕਰਨਾ ਹੈ।” 7 ਜਿਹੜੇ ਆਦਮੀ ਉਸ ਨਾਲ ਸਫ਼ਰ ਕਰ ਰਹੇ ਸਨ, ਉਹ ਹੱਕੇ-ਬੱਕੇ ਹੋ ਕੇ ਖੜ੍ਹੇ ਰਹੇ। ਉਨ੍ਹਾਂ ਨੇ ਆਵਾਜ਼ ਤਾਂ ਸੁਣੀ ਸੀ, ਪਰ ਕਿਸੇ ਨੂੰ ਦੇਖਿਆ ਨਹੀਂ।+ 8 ਫਿਰ ਸੌਲੁਸ ਜ਼ਮੀਨ ਤੋਂ ਉੱਠਿਆ। ਭਾਵੇਂ ਉਸ ਦੀਆਂ ਅੱਖਾਂ ਖੁੱਲ੍ਹੀਆਂ ਹੋਈਆਂ ਸਨ, ਪਰ ਉਸ ਨੂੰ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਸੀ। ਇਸ ਲਈ ਉਹ ਆਦਮੀ ਉਸ ਦਾ ਹੱਥ ਫੜ ਕੇ ਉਸ ਨੂੰ ਦਮਿਸਕ ਲੈ ਆਏ। 9 ਉਸ ਨੂੰ ਤਿੰਨ ਦਿਨ ਕੁਝ ਵੀ ਦਿਖਾਈ ਨਹੀਂ ਦਿੱਤਾ+ ਅਤੇ ਨਾ ਹੀ ਉਸ ਨੇ ਕੁਝ ਖਾਧਾ-ਪੀਤਾ।

10 ਦਮਿਸਕ ਵਿਚ ਹਨਾਨਿਆ ਨਾਂ ਦਾ ਇਕ ਚੇਲਾ ਸੀ।+ ਪ੍ਰਭੂ ਨੇ ਇਕ ਦਰਸ਼ਣ ਵਿਚ ਪ੍ਰਗਟ ਹੋ ਕੇ ਉਸ ਨੂੰ ਕਿਹਾ: “ਹਨਾਨਿਆ!” ਉਸ ਨੇ ਕਿਹਾ: “ਪ੍ਰਭੂ, ਮੈਂ ਹਾਜ਼ਰ ਹਾਂ।” 11 ਪ੍ਰਭੂ ਨੇ ਉਸ ਨੂੰ ਕਿਹਾ: “ਉੱਠ ਅਤੇ ‘ਸਿੱਧੀ’ ਨਾਂ ਦੀ ਗਲੀ ਵਿਚ ਜਾਹ ਅਤੇ ਉੱਥੇ ਯਹੂਦਾ ਦੇ ਘਰ ਵਿਚ ਤਰਸੁਸ+ ਦੇ ਸੌਲੁਸ ਬਾਰੇ ਪੁੱਛ। ਉਹ ਇਸ ਵੇਲੇ ਪ੍ਰਾਰਥਨਾ ਕਰ ਰਿਹਾ ਹੈ। 12 ਉਸ ਨੇ ਦਰਸ਼ਣ ਵਿਚ ਦੇਖਿਆ ਹੈ ਕਿ ਹਨਾਨਿਆ ਨਾਂ ਦਾ ਇਕ ਆਦਮੀ ਆ ਕੇ ਉਸ ਉੱਤੇ ਹੱਥ ਰੱਖਦਾ ਹੈ ਤਾਂਕਿ ਉਸ ਦੀਆਂ ਅੱਖਾਂ ਦੀ ਰੌਸ਼ਨੀ ਵਾਪਸ ਆ ਜਾਵੇ।”+ 13 ਪਰ ਹਨਾਨਿਆ ਨੇ ਕਿਹਾ: “ਪ੍ਰਭੂ, ਮੈਂ ਬਹੁਤ ਸਾਰੇ ਲੋਕਾਂ ਤੋਂ ਇਸ ਆਦਮੀ ਬਾਰੇ ਸੁਣਿਆ ਹੈ ਕਿ ਇਸ ਨੇ ਯਰੂਸ਼ਲਮ ਵਿਚ ਤੇਰੇ ਪਵਿੱਤਰ ਸੇਵਕਾਂ ਉੱਤੇ ਕਿੰਨੇ ਜ਼ੁਲਮ ਕੀਤੇ ਹਨ। 14 ਅਤੇ ਮੁੱਖ ਪੁਜਾਰੀਆਂ ਨੇ ਇਸ ਨੂੰ ਇੱਥੇ ਵੀ ਤੇਰਾ ਨਾਂ ਲੈਣ ਵਾਲੇ ਸਾਰੇ ਜਣਿਆਂ ਨੂੰ ਗਿਰਫ਼ਤਾਰ ਕਰਨ* ਦਾ ਅਧਿਕਾਰ ਦਿੱਤਾ ਹੈ।”+ 15 ਪਰ ਪ੍ਰਭੂ ਨੇ ਉਸ ਨੂੰ ਕਿਹਾ: “ਤੂੰ ਉੱਥੇ ਜਾਹ ਕਿਉਂਕਿ ਉਸ ਆਦਮੀ ਨੂੰ ਮੈਂ ਚੁਣਿਆ ਹੈ*+ ਤਾਂਕਿ ਉਸ ਦੇ ਜ਼ਰੀਏ ਮੇਰਾ ਨਾਂ ਗ਼ੈਰ-ਯਹੂਦੀ ਲੋਕਾਂ,+ ਰਾਜਿਆਂ+ ਅਤੇ ਇਜ਼ਰਾਈਲੀ ਲੋਕਾਂ ਤਕ ਪਹੁੰਚੇ। 16 ਮੈਂ ਉਸ ਨੂੰ ਸਾਫ਼-ਸਾਫ਼ ਦੱਸਾਂਗਾ ਕਿ ਉਸ ਨੂੰ ਮੇਰੇ ਨਾਂ ਦੀ ਖ਼ਾਤਰ ਕਿੰਨੀਆਂ ਮੁਸੀਬਤਾਂ ਦਾ ਸਾਮ੍ਹਣਾ ਕਰਨਾ ਪਵੇਗਾ।”+

17 ਇਸ ਲਈ ਹਨਾਨਿਆ ਉਸ ਘਰ ਨੂੰ ਗਿਆ ਅਤੇ ਅੰਦਰ ਜਾ ਕੇ ਸੌਲੁਸ ਉੱਤੇ ਆਪਣੇ ਹੱਥ ਰੱਖੇ ਅਤੇ ਕਿਹਾ: “ਸੌਲੁਸ ਮੇਰੇ ਭਰਾ, ਰਾਹ ਵਿਚ ਆਉਂਦਿਆਂ ਤੈਨੂੰ ਪ੍ਰਭੂ ਯਿਸੂ ਦਿਖਾਈ ਦਿੱਤਾ ਸੀ, ਉਸ ਨੇ ਹੀ ਮੈਨੂੰ ਘੱਲਿਆ ਹੈ ਕਿ ਤੇਰੀਆਂ ਅੱਖਾਂ ਦੀ ਰੌਸ਼ਨੀ ਵਾਪਸ ਆ ਜਾਵੇ ਅਤੇ ਤੂੰ ਪਵਿੱਤਰ ਸ਼ਕਤੀ ਨਾਲ ਭਰ ਜਾਵੇਂ।”+ 18 ਉਸੇ ਵੇਲੇ ਸੌਲੁਸ ਦੀਆਂ ਅੱਖਾਂ ਤੋਂ ਛਿਲਕੇ ਜਿਹੇ ਡਿਗੇ ਅਤੇ ਉਸ ਨੂੰ ਦਿਸਣ ਲੱਗ ਪਿਆ। ਉਸ ਨੇ ਉੱਠ ਕੇ ਬਪਤਿਸਮਾ ਲਿਆ 19 ਅਤੇ ਖਾਧਾ-ਪੀਤਾ ਅਤੇ ਉਸ ਵਿਚ ਜਾਨ ਆਈ।

ਸੌਲੁਸ ਦਮਿਸਕ ਵਿਚ ਕੁਝ ਦਿਨ ਚੇਲਿਆਂ ਨਾਲ ਰਿਹਾ+ 20 ਅਤੇ ਉਸ ਨੇ ਤੁਰੰਤ ਸਭਾ ਘਰਾਂ ਵਿਚ ਯਿਸੂ ਬਾਰੇ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਕਿ ਉਹੀ ਪਰਮੇਸ਼ੁਰ ਦਾ ਪੁੱਤਰ ਹੈ। 21 ਪਰ ਉਸ ਦੀਆਂ ਗੱਲਾਂ ਸੁਣਨ ਵਾਲੇ ਸਾਰੇ ਲੋਕ ਹੱਕੇ-ਬੱਕੇ ਰਹਿ ਗਏ ਅਤੇ ਕਹਿਣ ਲੱਗੇ: “ਕੀ ਇਹ ਉਹੀ ਆਦਮੀ ਨਹੀਂ ਜੋ ਯਰੂਸ਼ਲਮ ਵਿਚ ਯਿਸੂ ਦਾ ਨਾਂ ਲੈਣ ਵਾਲਿਆਂ ਉੱਤੇ ਕਹਿਰ ਢਾਹੁੰਦਾ ਸੀ?+ ਇਹ ਇਸੇ ਕਰਕੇ ਇੱਥੇ ਨਹੀਂ ਆਇਆ ਕਿ ਇਹ ਉਨ੍ਹਾਂ ਨੂੰ ਗਿਰਫ਼ਤਾਰ ਕਰ ਕੇ* ਮੁੱਖ ਪੁਜਾਰੀਆਂ ਕੋਲ ਲੈ ਜਾਵੇ?”+ 22 ਪਰ ਸੌਲੁਸ ਪ੍ਰਚਾਰ ਕਰਨ ਵਿਚ ਅਸਰਦਾਰ ਹੁੰਦਾ ਗਿਆ ਅਤੇ ਉਹ ਦਲੀਲਾਂ ਦੇ ਕੇ ਸਾਬਤ ਕਰਦਾ ਸੀ ਕਿ ਯਿਸੂ ਹੀ ਮਸੀਹ ਹੈ ਅਤੇ ਉਸ ਦੀਆਂ ਗੱਲਾਂ ਸੁਣ ਕੇ ਦਮਿਸਕ ਦੇ ਯਹੂਦੀ ਬੌਂਦਲ ਜਾਂਦੇ ਸਨ।+

23 ਜਦ ਕਈ ਦਿਨ ਬੀਤ ਗਏ, ਤਾਂ ਯਹੂਦੀਆਂ ਨੇ ਮਿਲ ਕੇ ਉਸ ਨੂੰ ਜਾਨੋਂ ਮਾਰਨ ਦੀ ਸਾਜ਼ਸ਼ ਘੜੀ।+ 24 ਪਰ ਉਨ੍ਹਾਂ ਦੀ ਇਸ ਸਾਜ਼ਸ਼ ਬਾਰੇ ਸੌਲੁਸ ਨੂੰ ਪਤਾ ਲੱਗ ਗਿਆ। ਯਹੂਦੀ ਉਸ ਨੂੰ ਜਾਨੋਂ ਮਾਰਨ ਲਈ ਦਿਨ-ਰਾਤ ਸ਼ਹਿਰ ਦੇ ਦਰਵਾਜ਼ਿਆਂ ʼਤੇ ਨਜ਼ਰ ਰੱਖਦੇ ਸਨ। 25 ਇਸ ਲਈ ਉਸ ਦੇ ਚੇਲਿਆਂ ਨੇ ਰਾਤ ਨੂੰ ਉਸ ਨੂੰ ਇਕ ਵੱਡੀ ਸਾਰੀ ਟੋਕਰੀ ਵਿਚ ਬਿਠਾ ਕੇ ਕੰਧ ਵਿਚ ਰੱਖੀ ਬਾਰੀ ਥਾਣੀਂ ਥੱਲੇ ਉਤਾਰ ਦਿੱਤਾ।+

26 ਯਰੂਸ਼ਲਮ ਵਿਚ ਆ ਕੇ+ ਉਸ ਨੇ ਚੇਲਿਆਂ ਨਾਲ ਮਿਲਣ-ਗਿਲਣ ਦੀ ਕੋਸ਼ਿਸ਼ ਕੀਤੀ, ਪਰ ਉਹ ਸਾਰੇ ਉਸ ਤੋਂ ਡਰਦੇ ਸਨ ਕਿਉਂਕਿ ਉਨ੍ਹਾਂ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਉਹ ਵੀ ਚੇਲਾ ਬਣ ਗਿਆ ਸੀ। 27 ਇਸ ਲਈ ਬਰਨਾਬਾਸ+ ਨੇ ਉਸ ਦੀ ਮਦਦ ਕੀਤੀ ਅਤੇ ਉਹ ਉਸ ਨੂੰ ਰਸੂਲਾਂ ਕੋਲ ਲੈ ਗਿਆ। ਬਰਨਾਬਾਸ ਨੇ ਉਨ੍ਹਾਂ ਨੂੰ ਸਾਰਾ ਕੁਝ ਖੋਲ੍ਹ ਕੇ ਦੱਸਿਆ ਕਿ ਕਿਵੇਂ ਰਾਹ ਵਿਚ ਸੌਲੁਸ ਨੇ ਪ੍ਰਭੂ ਨੂੰ ਦੇਖਿਆ ਸੀ+ ਅਤੇ ਪ੍ਰਭੂ ਨੇ ਉਸ ਨਾਲ ਗੱਲ ਕੀਤੀ ਸੀ ਅਤੇ ਕਿਵੇਂ ਉਸ ਨੇ ਦਮਿਸਕ ਵਿਚ ਦਲੇਰੀ ਨਾਲ ਯਿਸੂ ਦੇ ਨਾਂ ʼਤੇ ਪ੍ਰਚਾਰ ਕੀਤਾ ਸੀ।+ 28 ਉਹ ਉਨ੍ਹਾਂ ਨਾਲ ਰਿਹਾ ਅਤੇ ਯਰੂਸ਼ਲਮ ਵਿਚ ਖੁੱਲ੍ਹੇ-ਆਮ ਘੁੰਮਦਾ ਹੋਇਆ ਨਿਡਰਤਾ ਨਾਲ ਪ੍ਰਭੂ ਦੇ ਨਾਂ ʼਤੇ ਗੱਲ ਕਰਦਾ ਰਿਹਾ। 29 ਉਹ ਯੂਨਾਨੀ ਭਾਸ਼ਾ ਬੋਲਣ ਵਾਲੇ ਯਹੂਦੀਆਂ ਨਾਲ ਗੱਲਬਾਤ ਅਤੇ ਬਹਿਸ ਕਰਦਾ ਸੀ। ਪਰ ਉਨ੍ਹਾਂ ਨੇ ਉਸ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ।+ 30 ਜਦੋਂ ਭਰਾਵਾਂ ਨੂੰ ਇਸ ਬਾਰੇ ਪਤਾ ਲੱਗਾ, ਤਾਂ ਉਹ ਉਸ ਨੂੰ ਕੈਸਰੀਆ ਲੈ ਆਏ ਅਤੇ ਉਸ ਨੂੰ ਤਰਸੁਸ ਘੱਲ ਦਿੱਤਾ।+

31 ਫਿਰ ਯਹੂਦਿਯਾ, ਗਲੀਲ ਅਤੇ ਸਾਮਰਿਯਾ ਦੀ ਪੂਰੀ ਮੰਡਲੀ ਲਈ ਸ਼ਾਂਤੀ ਦਾ ਸਮਾਂ ਆ ਗਿਆ+ ਅਤੇ ਮੰਡਲੀ ਨਿਹਚਾ ਵਿਚ ਮਜ਼ਬੂਤ ਹੁੰਦੀ ਗਈ; ਅਤੇ ਇਸ ਵਿਚ ਵਾਧਾ ਹੁੰਦਾ ਗਿਆ ਕਿਉਂਕਿ ਇਹ ਯਹੋਵਾਹ* ਦਾ ਡਰ ਰੱਖਦੀ ਅਤੇ ਪਵਿੱਤਰ ਸ਼ਕਤੀ+ ਤੋਂ ਦਿਲਾਸਾ ਪਾਉਂਦੀ ਰਹੀ।

32 ਹੁਣ ਪਤਰਸ ਸਾਰੇ ਇਲਾਕਿਆਂ ਵਿੱਚੋਂ ਦੀ ਹੁੰਦਾ ਹੋਇਆ ਲੁੱਦਾ ਵਿਚ ਰਹਿੰਦੇ ਪਵਿੱਤਰ ਸੇਵਕਾਂ ਕੋਲ ਆਇਆ।+ 33 ਉੱਥੇ ਉਸ ਨੇ ਐਨੀਆਸ ਨਾਂ ਦਾ ਇਕ ਆਦਮੀ ਦੇਖਿਆ ਜਿਹੜਾ ਅਧਰੰਗ ਹੋਣ ਕਰਕੇ ਅੱਠ ਸਾਲਾਂ ਤੋਂ ਮੰਜੀ ʼਤੇ ਪਿਆ ਹੋਇਆ ਸੀ। 34 ਪਤਰਸ ਨੇ ਉਸ ਨੂੰ ਕਿਹਾ: “ਐਨੀਆਸ, ਯਿਸੂ ਮਸੀਹ ਤੈਨੂੰ ਚੰਗਾ ਕਰਦਾ ਹੈ।+ ਉੱਠ ਕੇ ਆਪਣਾ ਬਿਸਤਰਾ ਸੁਆਰ।”+ ਅਤੇ ਉਹ ਉਸੇ ਵੇਲੇ ਉੱਠ ਖੜ੍ਹਾ ਹੋਇਆ। 35 ਲੁੱਦਾ ਅਤੇ ਸ਼ਾਰੋਨ ਵਿਚ ਰਹਿਣ ਵਾਲੇ ਸਾਰੇ ਲੋਕਾਂ ਨੇ ਉਸ ਆਦਮੀ ਨੂੰ ਦੇਖਿਆ ਅਤੇ ਉਹ ਪ੍ਰਭੂ ਵੱਲ ਹੋ ਗਏ।

36 ਯਾਪਾ ਵਿਚ ਪ੍ਰਭੂ ਨੂੰ ਮੰਨਣ ਵਾਲੀ ਇਕ ਤੀਵੀਂ ਰਹਿੰਦੀ ਸੀ। ਉਸ ਦਾ ਨਾਂ ਤਬਿਥਾ ਉਰਫ਼ “ਦੋਰਕਸ”* ਸੀ ਅਤੇ ਉਹ ਦੂਜਿਆਂ ਲਈ ਭਲੇ ਕੰਮ ਕਰਨ ਅਤੇ ਪੁੰਨ-ਦਾਨ ਕਰਨ ਵਿਚ ਲੱਗੀ ਰਹਿੰਦੀ ਸੀ। 37 ਪਰ ਉਨ੍ਹਾਂ ਦਿਨਾਂ ਵਿਚ ਉਹ ਬੀਮਾਰ ਹੋ ਕੇ ਮਰ ਗਈ। ਇਸ ਲਈ ਉਨ੍ਹਾਂ ਨੇ ਉਸ ਦੀ ਦੇਹ ਨੂੰ ਨਲ੍ਹਾ ਕੇ ਚੁਬਾਰੇ ਵਿਚ ਰੱਖ ਦਿੱਤਾ। 38 ਲੁੱਦਾ ਯਾਪਾ ਦੇ ਨੇੜੇ ਸੀ। ਇਸ ਲਈ ਜਦੋਂ ਚੇਲਿਆਂ ਨੇ ਸੁਣਿਆ ਕਿ ਪਤਰਸ ਲੁੱਦਾ ਵਿਚ ਸੀ, ਤਾਂ ਉਨ੍ਹਾਂ ਨੇ ਦੋ ਬੰਦੇ ਘੱਲ ਕੇ ਉਸ ਨੂੰ ਬੇਨਤੀ ਕੀਤੀ: “ਕਿਰਪਾ ਕਰ ਕੇ ਜਲਦੀ-ਜਲਦੀ ਸਾਡੇ ਕੋਲ ਆ।” 39 ਪਤਰਸ ਉੱਠ ਕੇ ਉਨ੍ਹਾਂ ਨਾਲ ਚਲਾ ਗਿਆ। ਜਦੋਂ ਉਹ ਉੱਥੇ ਪਹੁੰਚਿਆ, ਤਾਂ ਉਹ ਉਸ ਨੂੰ ਚੁਬਾਰੇ ਵਿਚ ਲੈ ਗਏ; ਸਾਰੀਆਂ ਵਿਧਵਾਵਾਂ ਉਸ ਕੋਲ ਰੋਂਦੀਆਂ ਹੋਈਆਂ ਆਈਆਂ ਅਤੇ ਉਸ ਨੂੰ ਉਹ ਸਾਰੇ ਕੱਪੜੇ ਦਿਖਾਏ ਜਿਹੜੇ ਦੋਰਕਸ ਨੇ ਸੀਤੇ ਸੀ ਜਦੋਂ ਉਹ ਉਨ੍ਹਾਂ ਨਾਲ ਹੁੰਦੀ ਸੀ। 40 ਫਿਰ ਪਤਰਸ ਨੇ ਸਾਰਿਆਂ ਨੂੰ ਬਾਹਰ ਜਾਣ ਲਈ ਕਿਹਾ+ ਅਤੇ ਗੋਡੇ ਟੇਕ ਕੇ ਪ੍ਰਾਰਥਨਾ ਕੀਤੀ। ਇਸ ਤੋਂ ਬਾਅਦ ਉਸ ਨੇ ਦੋਰਕਸ ਦੀ ਦੇਹ ਵੱਲ ਮੁੜ ਕੇ ਕਿਹਾ: “ਤਬਿਥਾ ਉੱਠ!” ਅਤੇ ਤਬਿਥਾ ਨੇ ਆਪਣੀਆਂ ਅੱਖਾਂ ਖੋਲ੍ਹੀਆਂ ਤੇ ਪਤਰਸ ਨੂੰ ਦੇਖਦਿਆਂ ਸਾਰ ਉੱਠ ਕੇ ਬੈਠ ਗਈ।+ 41 ਫਿਰ ਪਤਰਸ ਨੇ ਉਸ ਨੂੰ ਆਪਣੇ ਹੱਥ ਦਾ ਸਹਾਰਾ ਦੇ ਕੇ ਖੜ੍ਹਾ ਕੀਤਾ ਅਤੇ ਪਵਿੱਤਰ ਸੇਵਕਾਂ ਤੇ ਵਿਧਵਾਵਾਂ ਨੂੰ ਬੁਲਾਇਆ ਅਤੇ ਉਨ੍ਹਾਂ ਅੱਗੇ ਤਬਿਥਾ ਨੂੰ ਜੀਉਂਦੀ-ਜਾਗਦੀ ਪੇਸ਼ ਕੀਤਾ।+ 42 ਪੂਰੇ ਯਾਪਾ ਵਿਚ ਇਹ ਗੱਲ ਫੈਲ ਗਈ ਅਤੇ ਬਹੁਤ ਸਾਰੇ ਲੋਕ ਪ੍ਰਭੂ ਉੱਤੇ ਨਿਹਚਾ ਕਰਨ ਲੱਗ ਪਏ।+ 43 ਪਤਰਸ ਯਾਪਾ ਵਿਚ ਕਈ ਦਿਨ ਚਮੜਾ ਰੰਗਣ ਵਾਲੇ ਸ਼ਮਊਨ ਦੇ ਘਰ ਰਿਹਾ।+

10 ਕੈਸਰੀਆ ਵਿਚ ਕੁਰਨੇਲੀਅਸ ਨਾਂ ਦਾ ਇਕ ਆਦਮੀ ਰਹਿੰਦਾ ਸੀ ਅਤੇ ਉਹ ਇਤਾਲਵੀ ਫ਼ੌਜੀ ਟੁਕੜੀ* ਦਾ ਇਕ ਅਫ਼ਸਰ* ਸੀ। 2 ਉਹ ਧਰਮੀ ਇਨਸਾਨ ਸੀ ਅਤੇ ਉਹ ਤੇ ਉਸ ਦਾ ਪਰਿਵਾਰ ਪਰਮੇਸ਼ੁਰ ਦਾ ਡਰ ਮੰਨਦਾ ਸੀ ਤੇ ਉਹ ਲੋਕਾਂ ਨੂੰ ਦਾਨ ਕਰਨ ਅਤੇ ਪਰਮੇਸ਼ੁਰ ਨੂੰ ਫ਼ਰਿਆਦਾਂ ਕਰਨ ਵਿਚ ਲੀਨ ਰਹਿੰਦਾ ਸੀ। 3 ਇਕ ਵਾਰ ਦੁਪਹਿਰ ਦੇ 3 ਕੁ ਵਜੇ*+ ਉਸ ਨੇ ਦਰਸ਼ਣ ਵਿਚ ਪਰਮੇਸ਼ੁਰ ਦੇ ਇਕ ਦੂਤ ਨੂੰ ਸਾਫ਼-ਸਾਫ਼ ਦੇਖਿਆ ਜਿਸ ਨੇ ਆ ਕੇ ਉਸ ਨੂੰ ਕਿਹਾ: “ਕੁਰਨੇਲੀਅਸ!” 4 ਕੁਰਨੇਲੀਅਸ ਦੂਤ ਨੂੰ ਦੇਖ ਕੇ ਬਹੁਤ ਹੀ ਡਰ ਗਿਆ ਅਤੇ ਉਸ ਨੇ ਪੁੱਛਿਆ: “ਪ੍ਰਭੂ, ਦੱਸ ਮੈਂ ਕੀ ਕਰਾਂ?” ਦੂਤ ਨੇ ਉਸ ਨੂੰ ਕਿਹਾ: “ਤੇਰੀਆਂ ਪ੍ਰਾਰਥਨਾਵਾਂ ਅਤੇ ਪੁੰਨ-ਦਾਨ ਪਰਮੇਸ਼ੁਰ ਦੀ ਹਜ਼ੂਰੀ ਵਿਚ ਮਨਜ਼ੂਰ ਹੋਏ ਹਨ ਅਤੇ ਉਸ ਨੇ ਉਨ੍ਹਾਂ ਨੂੰ ਯਾਦ ਰੱਖਿਆ ਹੈ।+ 5 ਇਸ ਲਈ ਹੁਣ ਯਾਪਾ ਨੂੰ ਆਦਮੀ ਘੱਲ ਕੇ ਸ਼ਮਊਨ ਨੂੰ ਬੁਲਾ ਜੋ ਪਤਰਸ ਕਹਾਉਂਦਾ ਹੈ। 6 ਪਤਰਸ ਚਮੜਾ ਰੰਗਣ ਵਾਲੇ ਸ਼ਮਊਨ ਦੇ ਘਰ ਮਹਿਮਾਨ ਵਜੋਂ ਠਹਿਰਿਆ ਹੋਇਆ ਹੈ ਅਤੇ ਉਸ ਦਾ ਘਰ ਸਮੁੰਦਰ ਦੇ ਲਾਗੇ ਹੈ।” 7 ਇਹ ਕਹਿ ਕੇ ਦੂਤ ਚਲਾ ਗਿਆ ਅਤੇ ਕੁਰਨੇਲੀਅਸ ਨੇ ਫ਼ੌਰਨ ਆਪਣੇ ਦੋ ਨੌਕਰਾਂ ਨੂੰ ਅਤੇ ਉਸ ਦੀ ਸੇਵਾ ਵਿਚ ਹਾਜ਼ਰ ਰਹਿੰਦੇ ਫ਼ੌਜੀਆਂ ਵਿੱਚੋਂ ਇਕ ਫ਼ੌਜੀ ਨੂੰ ਬੁਲਾਇਆ ਜਿਹੜਾ ਰੱਬ ਨੂੰ ਮੰਨਦਾ ਸੀ 8 ਅਤੇ ਉਸ ਨੇ ਉਨ੍ਹਾਂ ਨੂੰ ਸਾਰਾ ਕੁਝ ਦੱਸ ਕੇ ਯਾਪਾ ਨੂੰ ਘੱਲ ਦਿੱਤਾ।

9 ਅਗਲੇ ਦਿਨ ਉਹ ਸਫ਼ਰ ਕਰਦਿਆਂ ਯਾਪਾ ਦੇ ਲਾਗੇ ਪਹੁੰਚ ਗਏ। ਉਸ ਵੇਲੇ ਦੁਪਹਿਰ ਦੇ 12 ਕੁ ਵੱਜੇ* ਸਨ ਅਤੇ ਪਤਰਸ ਪ੍ਰਾਰਥਨਾ ਕਰਨ ਲਈ ਕੋਠੇ ਉੱਤੇ ਚਲਾ ਗਿਆ। 10 ਪਰ ਉਸ ਨੂੰ ਬਹੁਤ ਭੁੱਖ ਲੱਗੀ ਅਤੇ ਉਸ ਦਾ ਕੁਝ ਖਾਣ ਨੂੰ ਜੀਅ ਕੀਤਾ। ਜਦੋਂ ਖਾਣਾ ਤਿਆਰ ਹੋ ਰਿਹਾ ਸੀ, ਤਾਂ ਉਸ ਨੇ ਇਕ ਦਰਸ਼ਣ ਦੇਖਿਆ।+ 11 ਉਸ ਨੇ ਦੇਖਿਆ ਕਿ ਆਕਾਸ਼ ਖੁੱਲ੍ਹਾ ਹੋਇਆ ਸੀ ਅਤੇ ਆਕਾਸ਼ੋਂ ਚਾਦਰ ਵਰਗੀ ਇਕ ਚੀਜ਼* ਨੂੰ ਚਾਰੇ ਕੋਨਿਆਂ ਤੋਂ ਫੜ ਕੇ ਥੱਲੇ ਧਰਤੀ ਉੱਤੇ ਲਿਆਂਦਾ ਜਾ ਰਿਹਾ ਸੀ। 12 ਉਸ ਚਾਦਰ ਉੱਤੇ ਹਰ ਕਿਸਮ ਦੇ ਚਾਰ ਪੈਰਾਂ ਵਾਲੇ ਜਾਨਵਰ, ਘਿਸਰਨ ਵਾਲੇ ਜੀਵ-ਜੰਤੂ ਅਤੇ ਆਕਾਸ਼ ਦੇ ਪੰਛੀ ਸਨ। 13 ਫਿਰ ਇਕ ਆਵਾਜ਼ ਨੇ ਉਸ ਨੂੰ ਕਿਹਾ: “ਪਤਰਸ, ਉੱਠ ਕੇ ਇਨ੍ਹਾਂ ਨੂੰ ਵੱਢ ਅਤੇ ਖਾਹ!” 14 ਪਰ ਪਤਰਸ ਨੇ ਕਿਹਾ: “ਨਹੀਂ ਨਹੀਂ ਪ੍ਰਭੂ, ਮੈਂ ਕਦੇ ਵੀ ਭ੍ਰਿਸ਼ਟ ਅਤੇ ਅਸ਼ੁੱਧ ਚੀਜ਼ ਨਹੀਂ ਖਾਧੀ।”+ 15 ਫਿਰ ਉਸ ਆਵਾਜ਼ ਨੇ ਉਸ ਨੂੰ ਦੂਸਰੀ ਵਾਰ ਕਿਹਾ: “ਜਿਸ ਚੀਜ਼ ਨੂੰ ਪਰਮੇਸ਼ੁਰ ਨੇ ਸ਼ੁੱਧ ਕੀਤਾ ਹੈ, ਉਸ ਚੀਜ਼ ਨੂੰ ਅਸ਼ੁੱਧ ਕਹਿਣਾ ਛੱਡ ਦੇ।” 16 ਤੀਸਰੀ ਵਾਰ ਵੀ ਇਸੇ ਤਰ੍ਹਾਂ ਹੋਇਆ ਅਤੇ ਫਿਰ ਤੁਰੰਤ ਇਸ* ਨੂੰ ਆਕਾਸ਼ ਵੱਲ ਨੂੰ ਚੁੱਕ ਲਿਆ ਗਿਆ।

17 ਪਤਰਸ ਜਦੋਂ ਅਜੇ ਇਸ ਗੱਲੋਂ ਉਲਝਣ ਵਿਚ ਸੀ ਕਿ ਦਰਸ਼ਣ ਦਾ ਕੀ ਮਤਲਬ ਸੀ, ਉਸੇ ਵੇਲੇ ਕੁਰਨੇਲੀਅਸ ਦੇ ਭੇਜੇ ਆਦਮੀ ਸ਼ਮਊਨ ਦੇ ਘਰ ਦਾ ਪਤਾ ਪੁੱਛਦੇ-ਪੁੱਛਦੇ ਦਰਵਾਜ਼ੇ ʼਤੇ ਆ ਖੜ੍ਹੇ ਹੋਏ।+ 18 ਉਨ੍ਹਾਂ ਨੇ ਘਰਦਿਆਂ ਨੂੰ ਆਵਾਜ਼ ਮਾਰ ਕੇ ਪੁੱਛਿਆ ਕਿ ਸ਼ਮਊਨ, ਜੋ ਪਤਰਸ ਕਹਾਉਂਦਾ ਹੈ, ਉੱਥੇ ਠਹਿਰਿਆ ਹੋਇਆ ਸੀ ਜਾਂ ਨਹੀਂ। 19 ਪਤਰਸ ਅਜੇ ਵੀ ਮਨ ਵਿਚ ਉਸ ਦਰਸ਼ਣ ਬਾਰੇ ਸੋਚ ਰਿਹਾ ਸੀ ਅਤੇ ਪਵਿੱਤਰ ਸ਼ਕਤੀ+ ਨੇ ਉਸ ਨੂੰ ਕਿਹਾ: “ਦੇਖ! ਤਿੰਨ ਆਦਮੀ ਤੇਰੇ ਬਾਰੇ ਪੁੱਛ ਰਹੇ ਹਨ। 20 ਤੂੰ ਉੱਠ ਕੇ ਥੱਲੇ ਜਾਹ ਅਤੇ ਉਨ੍ਹਾਂ ਨਾਲ ਬੇਫ਼ਿਕਰ ਹੋ ਕੇ ਚਲਾ ਜਾਹ ਕਿਉਂਕਿ ਮੈਂ ਹੀ ਉਨ੍ਹਾਂ ਨੂੰ ਘੱਲਿਆ ਹੈ।” 21 ਫਿਰ ਪਤਰਸ ਨੇ ਥੱਲੇ ਜਾ ਕੇ ਉਨ੍ਹਾਂ ਆਦਮੀਆਂ ਨੂੰ ਕਿਹਾ: “ਮੈਂ ਹੀ ਹਾਂ ਜਿਸ ਨੂੰ ਤੁਸੀਂ ਲੱਭ ਰਹੇ ਹੋ। ਦੱਸੋ ਕਿਵੇਂ ਆਉਣਾ ਹੋਇਆ?” 22 ਉਨ੍ਹਾਂ ਨੇ ਕਿਹਾ: “ਫ਼ੌਜੀ ਅਫ਼ਸਰ ਕੁਰਨੇਲੀਅਸ+ ਨੇ ਸਾਨੂੰ ਤੇਰੇ ਕੋਲ ਘੱਲਿਆ ਹੈ। ਉਹ ਪਰਮੇਸ਼ੁਰ ਤੋਂ ਡਰਨ ਵਾਲਾ ਧਰਮੀ ਇਨਸਾਨ ਹੈ ਅਤੇ ਪੂਰੀ ਯਹੂਦੀ ਕੌਮ ਉਸ ਦੀਆਂ ਸਿਫ਼ਤਾਂ ਕਰਦੀ ਹੈ। ਇਕ ਪਵਿੱਤਰ ਦੂਤ ਦੇ ਰਾਹੀਂ ਪਰਮੇਸ਼ੁਰ ਨੇ ਉਸ ਨੂੰ ਕਿਹਾ ਕਿ ਉਹ ਤੈਨੂੰ ਆਪਣੇ ਘਰ ਬੁਲਾਵੇ ਅਤੇ ਤੇਰੀਆਂ ਗੱਲਾਂ ਸੁਣੇ।” 23 ਇਸ ਲਈ ਪਤਰਸ ਨੇ ਉਨ੍ਹਾਂ ਨੂੰ ਅੰਦਰ ਬੁਲਾ ਲਿਆ ਅਤੇ ਉਨ੍ਹਾਂ ਦੀ ਪਰਾਹੁਣਚਾਰੀ ਕੀਤੀ।

ਅਗਲੇ ਦਿਨ ਉਹ ਉੱਠ ਕੇ ਉਨ੍ਹਾਂ ਨਾਲ ਚਲਾ ਗਿਆ ਅਤੇ ਯਾਪਾ ਦੇ ਕੁਝ ਭਰਾ ਵੀ ਉਸ ਨਾਲ ਗਏ। 24 ਦੂਜੇ ਦਿਨ ਉਹ ਕੈਸਰੀਆ ਪਹੁੰਚ ਗਿਆ। ਕੁਰਨੇਲੀਅਸ ਉਨ੍ਹਾਂ ਦੀ ਉਡੀਕ ਕਰ ਰਿਹਾ ਸੀ ਅਤੇ ਉਸ ਨੇ ਆਪਣੇ ਰਿਸ਼ਤੇਦਾਰ ਅਤੇ ਜਿਗਰੀ ਦੋਸਤ ਵੀ ਸੱਦੇ ਹੋਏ ਸਨ। 25 ਜਦੋਂ ਪਤਰਸ ਉਸ ਦੇ ਘਰ ਪਹੁੰਚਿਆ, ਤਾਂ ਕੁਰਨੇਲੀਅਸ ਆ ਕੇ ਉਸ ਨੂੰ ਮਿਲਿਆ ਅਤੇ ਉਸ ਦੇ ਪੈਰੀਂ ਪੈ ਕੇ ਉਸ ਨੂੰ ਮੱਥਾ ਟੇਕਿਆ। 26 ਪਰ ਪਤਰਸ ਨੇ ਉਸ ਨੂੰ ਉਠਾ ਕੇ ਕਿਹਾ: “ਉੱਠ, ਮੈਂ ਵੀ ਤਾਂ ਤੇਰੇ ਵਾਂਗ ਇਨਸਾਨ ਹੀ ਹਾਂ।”+ 27 ਉਹ ਕੁਰਨੇਲੀਅਸ ਨਾਲ ਗੱਲਾਂ ਕਰਦਾ-ਕਰਦਾ ਅੰਦਰ ਆ ਗਿਆ ਅਤੇ ਦੇਖਿਆ ਕਿ ਉੱਥੇ ਬਹੁਤ ਸਾਰੇ ਲੋਕ ਇਕੱਠੇ ਹੋਏ ਸਨ। 28 ਉਸ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਇਕ ਯਹੂਦੀ ਦਾ ਕਿਸੇ ਹੋਰ ਕੌਮ ਦੇ ਆਦਮੀ ਨਾਲ ਮਿਲਣਾ-ਗਿਲਣਾ ਜਾਂ ਉਸ ਕੋਲ ਜਾਣਾ ਵੀ ਕਾਨੂੰਨ ਦੇ ਖ਼ਿਲਾਫ਼ ਹੈ,+ ਪਰ ਪਰਮੇਸ਼ੁਰ ਨੇ ਮੈਨੂੰ ਦਿਖਾ ਦਿੱਤਾ ਹੈ ਕਿ ਮੈਂ ਕਿਸੇ ਵੀ ਇਨਸਾਨ ਨੂੰ ਭ੍ਰਿਸ਼ਟ ਜਾਂ ਅਸ਼ੁੱਧ ਨਾ ਕਹਾਂ।+ 29 ਇਸ ਲਈ ਜਦੋਂ ਮੈਨੂੰ ਇੱਥੇ ਸੱਦਿਆ ਗਿਆ, ਤਾਂ ਮੈਨੂੰ ਆਉਣ ਵਿਚ ਕੋਈ ਇਤਰਾਜ਼ ਨਹੀਂ ਹੋਇਆ। ਹੁਣ ਮੈਨੂੰ ਦੱਸੋ ਕਿ ਤੁਸੀਂ ਮੈਨੂੰ ਇੱਥੇ ਕਿਉਂ ਬੁਲਾਇਆ ਹੈ।”

30 ਫਿਰ ਕੁਰਨੇਲੀਅਸ ਨੇ ਕਿਹਾ: “ਚਾਰ ਦਿਨ ਪਹਿਲਾਂ ਇਸੇ ਸਮੇਂ ਦੁਪਹਿਰ ਦੇ 3 ਕੁ ਵਜੇ* ਮੈਂ ਆਪਣੇ ਘਰ ਵਿਚ ਪ੍ਰਾਰਥਨਾ ਕਰ ਰਿਹਾ ਸੀ; ਉਸ ਵੇਲੇ ਚਮਕਦੇ ਕੱਪੜੇ ਪਾਈ ਇਕ ਆਦਮੀ ਮੇਰੇ ਸਾਮ੍ਹਣੇ ਆ ਖੜ੍ਹਾ ਹੋਇਆ 31 ਅਤੇ ਮੈਨੂੰ ਕਹਿਣ ਲੱਗਾ: ‘ਕੁਰਨੇਲੀਅਸ, ਪਰਮੇਸ਼ੁਰ ਨੇ ਤੇਰੀ ਪ੍ਰਾਰਥਨਾ ਸੁਣ ਲਈ ਹੈ ਅਤੇ ਉਸ ਨੇ ਤੇਰੇ ਪੁੰਨ-ਦਾਨ ਯਾਦ ਰੱਖੇ ਹਨ। 32 ਇਸ ਲਈ ਯਾਪਾ ਨੂੰ ਆਦਮੀ ਘੱਲ ਕੇ ਸ਼ਮਊਨ ਨੂੰ ਬੁਲਾ ਜੋ ਪਤਰਸ ਕਹਾਉਂਦਾ ਹੈ। ਉਹ ਚਮੜਾ ਰੰਗਣ ਵਾਲੇ ਸ਼ਮਊਨ ਦੇ ਘਰ ਮਹਿਮਾਨ ਵਜੋਂ ਠਹਿਰਿਆ ਹੋਇਆ ਹੈ ਜਿਸ ਦਾ ਘਰ ਸਮੁੰਦਰ ਲਾਗੇ ਹੈ।’+ 33 ਇਸ ਕਰਕੇ ਮੈਂ ਉਸੇ ਵੇਲੇ ਤੈਨੂੰ ਬੁਲਾਉਣ ਲਈ ਆਦਮੀ ਘੱਲੇ। ਤੇਰੀ ਬੜੀ ਮਿਹਰਬਾਨੀ ਕਿ ਤੂੰ ਇੱਥੇ ਆਇਆਂ। ਹੁਣ ਅਸੀਂ ਸਾਰੇ ਇੱਥੇ ਪਰਮੇਸ਼ੁਰ ਦੇ ਸਾਮ੍ਹਣੇ ਉਹ ਸਾਰੀਆਂ ਗੱਲਾਂ ਸੁਣਨ ਲਈ ਹਾਜ਼ਰ ਹਾਂ ਜਿਹੜੀਆਂ ਯਹੋਵਾਹ* ਨੇ ਤੈਨੂੰ ਦੱਸਣ ਦਾ ਹੁਕਮ ਦਿੱਤਾ ਹੈ।”

34 ਇਹ ਸੁਣ ਕੇ ਪਤਰਸ ਨੇ ਕਿਹਾ: “ਹੁਣ ਮੈਂ ਵਾਕਈ ਸਮਝ ਗਿਆ ਹਾਂ ਕਿ ਪਰਮੇਸ਼ੁਰ ਕਿਸੇ ਨਾਲ ਪੱਖਪਾਤ ਨਹੀਂ ਕਰਦਾ,+ 35 ਪਰ ਹਰ ਕੌਮ ਵਿਚ ਜਿਹੜਾ ਵੀ ਇਨਸਾਨ ਉਸ ਤੋਂ ਡਰਦਾ ਹੈ ਅਤੇ ਸਹੀ ਕੰਮ ਕਰਦਾ ਹੈ, ਪਰਮੇਸ਼ੁਰ ਉਸ ਨੂੰ ਕਬੂਲ ਕਰਦਾ ਹੈ।+ 36 ਪਰਮੇਸ਼ੁਰ ਨੇ ਇਜ਼ਰਾਈਲੀਆਂ ਨੂੰ ਸ਼ਾਂਤੀ* ਦੀ ਖ਼ੁਸ਼ ਖ਼ਬਰੀ ਸੁਣਾਈ ਸੀ।+ ਇਹ ਸ਼ਾਂਤੀ ਯਿਸੂ ਮਸੀਹ ਰਾਹੀਂ ਮਿਲਣੀ ਸੀ ਜਿਹੜਾ ਸਾਰਿਆਂ ਦਾ ਪ੍ਰਭੂ ਹੈ।+ 37 ਯੂਹੰਨਾ ਦੁਆਰਾ ਬਪਤਿਸਮੇ ਦਾ ਪ੍ਰਚਾਰ ਕਰਨ ਤੋਂ ਬਾਅਦ ਜਿਸ ਗੱਲ ਦੀ ਚਰਚਾ ਗਲੀਲ+ ਤੋਂ ਸ਼ੁਰੂ ਹੋ ਕੇ ਸਾਰੇ ਯਹੂਦਿਯਾ ਵਿਚ ਹੋਣ ਲੱਗ ਪਈ ਸੀ, ਉਹ ਗੱਲ ਤੁਸੀਂ ਜਾਣਦੇ ਹੋ: 38 ਉਹ ਗੱਲ ਯਿਸੂ ਨਾਸਰੀ ਬਾਰੇ ਸੀ ਕਿ ਪਰਮੇਸ਼ੁਰ ਨੇ ਕਿਵੇਂ ਉਸ ਨੂੰ ਪਵਿੱਤਰ ਸ਼ਕਤੀ+ ਨਾਲ ਚੁਣਿਆ ਅਤੇ ਉਸ ਨੂੰ ਤਾਕਤ ਦਿੱਤੀ ਅਤੇ ਉਸ ਨੇ ਪੂਰੇ ਇਲਾਕੇ ਵਿਚ ਜਾ ਕੇ ਚੰਗੇ ਕੰਮ ਕੀਤੇ ਅਤੇ ਸ਼ੈਤਾਨ ਦੁਆਰਾ ਸਤਾਏ ਲੋਕਾਂ ਨੂੰ ਚੰਗਾ ਕੀਤਾ+ ਕਿਉਂਕਿ ਪਰਮੇਸ਼ੁਰ ਉਸ ਦੇ ਨਾਲ ਸੀ।+ 39 ਅਸੀਂ ਉਨ੍ਹਾਂ ਸਾਰੇ ਕੰਮਾਂ ਦੇ ਗਵਾਹ ਹਾਂ ਜਿਹੜੇ ਉਸ ਨੇ ਯਹੂਦੀਆਂ ਦੇ ਇਲਾਕਿਆਂ ਵਿਚ ਅਤੇ ਯਰੂਸ਼ਲਮ ਵਿਚ ਕੀਤੇ ਸਨ; ਪਰ ਉਨ੍ਹਾਂ ਨੇ ਉਸ ਨੂੰ ਸੂਲ਼ੀ* ਉੱਤੇ ਟੰਗ ਕੇ ਜਾਨੋਂ ਮਾਰ ਦਿੱਤਾ। 40 ਫਿਰ ਪਰਮੇਸ਼ੁਰ ਨੇ ਉਸ ਨੂੰ ਤੀਜੇ ਦਿਨ ਜੀਉਂਦਾ ਕੀਤਾ+ ਅਤੇ ਉਸ ਨੂੰ ਲੋਕਾਂ ਸਾਮ੍ਹਣੇ ਪ੍ਰਗਟ ਹੋਣ ਦਿੱਤਾ, 41 ਪਰ ਸਾਰੇ ਲੋਕਾਂ ਸਾਮ੍ਹਣੇ ਨਹੀਂ, ਸਗੋਂ ਪਰਮੇਸ਼ੁਰ ਦੇ ਪਹਿਲਾਂ ਤੋਂ ਹੀ ਚੁਣੇ ਹੋਏ ਗਵਾਹਾਂ ਸਾਮ੍ਹਣੇ ਯਾਨੀ ਸਾਡੇ ਸਾਮ੍ਹਣੇ ਜਿਨ੍ਹਾਂ ਨੇ ਉਸ ਦੇ ਮਰੇ ਹੋਇਆਂ ਵਿੱਚੋਂ ਜੀਉਂਦੇ ਹੋਣ ਤੋਂ ਬਾਅਦ ਉਸ ਨਾਲ ਖਾਧਾ-ਪੀਤਾ ਸੀ।+ 42 ਉਸ ਨੇ ਸਾਨੂੰ ਇਹ ਵੀ ਹੁਕਮ ਦਿੱਤਾ ਕਿ ਅਸੀਂ ਲੋਕਾਂ ਨੂੰ ਪ੍ਰਚਾਰ ਕਰੀਏ ਅਤੇ ਇਸ ਗੱਲ ਦੀ ਚੰਗੀ ਤਰ੍ਹਾਂ ਗਵਾਹੀ ਦੇਈਏ+ ਕਿ ਪਰਮੇਸ਼ੁਰ ਨੇ ਜੀਉਂਦਿਆਂ ਅਤੇ ਮਰਿਆਂ ਦਾ ਨਿਆਂ ਕਰਨ ਲਈ ਉਸੇ ਨੂੰ ਚੁਣਿਆ ਹੈ।+ 43 ਸਾਰੇ ਨਬੀ ਉਸ ਬਾਰੇ ਗਵਾਹੀ ਦਿੰਦੇ ਹਨ+ ਕਿ ਜਿਹੜਾ ਇਨਸਾਨ ਉਸ ਉੱਤੇ ਨਿਹਚਾ ਕਰੇਗਾ, ਉਸ ਦੇ ਨਾਂ ʼਤੇ ਉਸ ਇਨਸਾਨ ਦੇ ਪਾਪ ਮਾਫ਼ ਕਰ ਦਿੱਤੇ ਜਾਣਗੇ।”+

44 ਜਦੋਂ ਪਤਰਸ ਇਹ ਗੱਲਾਂ ਕਰ ਹੀ ਰਿਹਾ ਸੀ, ਤਾਂ ਬਚਨ ਸੁਣ ਰਹੇ ਸਾਰੇ ਲੋਕਾਂ ਉੱਤੇ ਪਵਿੱਤਰ ਸ਼ਕਤੀ ਆਈ।+ 45 ਪਤਰਸ ਨਾਲ ਆਏ ਯਹੂਦੀ ਚੇਲੇ* ਇਹ ਦੇਖ ਕੇ ਹੱਕੇ-ਬੱਕੇ ਰਹਿ ਗਏ ਕਿ ਗ਼ੈਰ-ਯਹੂਦੀ ਕੌਮਾਂ ਦੇ ਲੋਕਾਂ ਨੂੰ ਵੀ ਪਵਿੱਤਰ ਸ਼ਕਤੀ ਦੀ ਦਾਤ ਮਿਲ ਰਹੀ ਸੀ। 46 ਚੇਲਿਆਂ ਨੇ ਉਨ੍ਹਾਂ ਨੂੰ ਹੋਰ ਭਾਸ਼ਾਵਾਂ ਵਿਚ ਗੱਲ ਕਰਦਿਆਂ ਅਤੇ ਪਰਮੇਸ਼ੁਰ ਦੀ ਵਡਿਆਈ ਕਰਦਿਆਂ ਸੁਣਿਆ।+ ਫਿਰ ਪਤਰਸ ਨੇ ਕਿਹਾ: 47 “ਹੁਣ ਕਿਉਂਕਿ ਸਾਡੇ ਵਾਂਗ ਇਨ੍ਹਾਂ ਨੂੰ ਵੀ ਪਵਿੱਤਰ ਸ਼ਕਤੀ ਮਿਲ ਗਈ ਹੈ, ਤਾਂ ਫਿਰ ਕੌਣ ਇਨ੍ਹਾਂ ਨੂੰ ਪਾਣੀ ਵਿਚ ਬਪਤਿਸਮਾ ਲੈਣ ਤੋਂ ਰੋਕ ਸਕਦਾ ਹੈ?”+ 48 ਇਹ ਕਹਿ ਕੇ ਉਸ ਨੇ ਉਨ੍ਹਾਂ ਨੂੰ ਯਿਸੂ ਮਸੀਹ ਦੇ ਨਾਂ ʼਤੇ ਬਪਤਿਸਮਾ ਲੈਣ ਦਾ ਹੁਕਮ ਦਿੱਤਾ।+ ਫਿਰ ਉਨ੍ਹਾਂ ਨੇ ਉਸ ਨੂੰ ਕੁਝ ਦਿਨ ਉੱਥੇ ਰਹਿਣ ਦੀ ਬੇਨਤੀ ਕੀਤੀ।

11 ਯਹੂਦਿਯਾ ਵਿਚ ਰਸੂਲਾਂ ਅਤੇ ਹੋਰ ਭਰਾਵਾਂ ਨੇ ਸੁਣਿਆ ਕਿ ਗ਼ੈਰ-ਯਹੂਦੀ ਕੌਮਾਂ ਦੇ ਲੋਕਾਂ ਨੇ ਵੀ ਪਰਮੇਸ਼ੁਰ ਦੇ ਬਚਨ ਨੂੰ ਕਬੂਲ ਕਰ ਲਿਆ ਸੀ। 2 ਇਸ ਲਈ ਜਦੋਂ ਪਤਰਸ ਯਰੂਸ਼ਲਮ ਨੂੰ ਆਇਆ, ਤਾਂ ਸੁੰਨਤ ਦੀ ਰੀਤ ਦਾ ਸਮਰਥਨ ਕਰਨ ਵਾਲੇ+ ਉਸ ਦੀ ਨੁਕਤਾਚੀਨੀ* ਕਰਦਿਆਂ 3 ਕਹਿਣ ਲੱਗੇ: “ਤੂੰ ਬੇਸੁੰਨਤੇ ਲੋਕਾਂ ਦੇ ਘਰ ਗਿਆ ਅਤੇ ਉਨ੍ਹਾਂ ਨਾਲ ਖਾਧਾ-ਪੀਤਾ।” 4 ਇਹ ਸੁਣ ਕੇ ਪਤਰਸ ਨੇ ਉਨ੍ਹਾਂ ਨੂੰ ਸਾਰੀ ਗੱਲ ਖੋਲ੍ਹ ਕੇ ਸਮਝਾਈ:

5 “ਜਦੋਂ ਮੈਂ ਯਾਪਾ ਸ਼ਹਿਰ ਵਿਚ ਪ੍ਰਾਰਥਨਾ ਕਰ ਰਿਹਾ ਸੀ, ਤਾਂ ਮੈਂ ਬੇਸੁਧ ਹੋ ਗਿਆ ਤੇ ਮੈਂ ਇਕ ਦਰਸ਼ਣ ਦੇਖਿਆ। ਮੈਂ ਦੇਖਿਆ ਕਿ ਇਕ ਵੱਡੀ ਸਾਰੀ ਚਾਦਰ ਵਰਗੀ ਚੀਜ਼* ਨੂੰ ਚਾਰੇ ਕੋਨਿਆਂ ਤੋਂ ਫੜ ਕੇ ਆਕਾਸ਼ੋਂ ਥੱਲੇ ਮੇਰੇ ਕੋਲ ਲਿਆਂਦਾ ਗਿਆ।+ 6 ਮੈਂ ਧਿਆਨ ਨਾਲ ਦੇਖਿਆ ਕਿ ਉਸ ਚਾਦਰ ਉੱਤੇ ਚਾਰ ਪੈਰਾਂ ਵਾਲੇ ਜਾਨਵਰ, ਜੰਗਲੀ ਜਾਨਵਰ, ਘਿਸਰਨ ਵਾਲੇ ਜੀਵ-ਜੰਤੂ ਅਤੇ ਆਕਾਸ਼ ਦੇ ਪੰਛੀ ਸਨ। 7 ਨਾਲੇ ਇਕ ਆਵਾਜ਼ ਨੇ ਮੈਨੂੰ ਕਿਹਾ: ‘ਪਤਰਸ, ਉੱਠ ਕੇ ਇਨ੍ਹਾਂ ਨੂੰ ਵੱਢ ਅਤੇ ਖਾਹ!’ 8 ਪਰ ਮੈਂ ਕਿਹਾ: ‘ਨਹੀਂ ਨਹੀਂ ਪ੍ਰਭੂ, ਮੈਂ ਕਦੇ ਵੀ ਕਿਸੇ ਭ੍ਰਿਸ਼ਟ ਜਾਂ ਅਸ਼ੁੱਧ ਚੀਜ਼ ਨੂੰ ਮੂੰਹ ਨਹੀਂ ਲਾਇਆ।’ 9 ਉਸ ਆਵਾਜ਼ ਨੇ ਦੂਸਰੀ ਵਾਰ ਆਕਾਸ਼ੋਂ ਕਿਹਾ: ‘ਜਿਸ ਚੀਜ਼ ਨੂੰ ਪਰਮੇਸ਼ੁਰ ਨੇ ਸ਼ੁੱਧ ਕੀਤਾ ਹੈ, ਉਸ ਚੀਜ਼ ਨੂੰ ਅਸ਼ੁੱਧ ਕਹਿਣਾ ਛੱਡ ਦੇ।’ 10 ਤੀਸਰੀ ਵਾਰ ਵੀ ਇਸੇ ਤਰ੍ਹਾਂ ਹੋਇਆ ਅਤੇ ਫਿਰ ਸਾਰਾ ਕੁਝ ਉੱਪਰ ਆਕਾਸ਼ ਵੱਲ ਨੂੰ ਚੁੱਕ ਲਿਆ ਗਿਆ। 11 ਨਾਲੇ ਉਸੇ ਵੇਲੇ ਤਿੰਨ ਆਦਮੀ ਉਸ ਘਰ ਆਏ ਜਿੱਥੇ ਅਸੀਂ ਠਹਿਰੇ ਹੋਏ ਸੀ। ਇਕ ਆਦਮੀ ਨੇ ਉਨ੍ਹਾਂ ਨੂੰ ਕੈਸਰੀਆ ਤੋਂ ਮੇਰੇ ਕੋਲ ਘੱਲਿਆ ਸੀ।+ 12 ਇਸ ਲਈ ਪਵਿੱਤਰ ਸ਼ਕਤੀ ਨੇ ਮੈਨੂੰ ਕਿਹਾ ਕਿ ਮੈਂ ਬੇਫ਼ਿਕਰ ਹੋ ਕੇ ਉਨ੍ਹਾਂ ਨਾਲ ਚਲਾ ਜਾਵਾਂ। ਪਰ ਇਹ ਛੇ ਭਰਾ ਵੀ ਮੇਰੇ ਨਾਲ ਉਸ ਆਦਮੀ ਦੇ ਘਰ ਗਏ ਸਨ।

13 “ਉਸ ਆਦਮੀ ਨੇ ਸਾਨੂੰ ਦੱਸਿਆ ਕਿ ਉਸ ਨੇ ਇਕ ਦੂਤ ਨੂੰ ਆਪਣੇ ਘਰ ਖੜ੍ਹਾ ਦੇਖਿਆ ਸੀ ਅਤੇ ਉਸ ਦੂਤ ਨੇ ਕਿਹਾ: ‘ਯਾਪਾ ਨੂੰ ਆਦਮੀ ਘੱਲ ਕੇ ਸ਼ਮਊਨ ਨੂੰ ਆਪਣੇ ਕੋਲ ਸੱਦ ਜੋ ਪਤਰਸ ਕਹਾਉਂਦਾ ਹੈ।+ 14 ਪਤਰਸ ਤੈਨੂੰ ਉਹ ਗੱਲਾਂ ਦੱਸੇਗਾ ਜਿਨ੍ਹਾਂ ਰਾਹੀਂ ਤੂੰ ਅਤੇ ਤੇਰਾ ਪੂਰਾ ਪਰਿਵਾਰ ਬਚਾਇਆ ਜਾ ਸਕਦਾ ਹੈ।’ 15 ਪਰ ਜਦੋਂ ਮੈਂ ਗੱਲ ਕਰਨੀ ਸ਼ੁਰੂ ਕੀਤੀ, ਤਾਂ ਉਨ੍ਹਾਂ ਉੱਤੇ ਪਵਿੱਤਰ ਸ਼ਕਤੀ ਆਈ ਜਿਵੇਂ ਸ਼ੁਰੂ ਵਿਚ ਸਾਡੇ ਉੱਤੇ ਆਈ ਸੀ।+ 16 ਉਸ ਸਮੇਂ ਮੈਨੂੰ ਪ੍ਰਭੂ ਦੀ ਉਹ ਗੱਲ ਚੇਤੇ ਆਈ ਜਿਹੜੀ ਉਸ ਨੇ ਕਈ ਵਾਰ ਕਹੀ ਸੀ, ‘ਯੂਹੰਨਾ ਨੇ ਤਾਂ ਪਾਣੀ ਨਾਲ ਬਪਤਿਸਮਾ ਦਿੱਤਾ,+ ਪਰ ਤੁਹਾਨੂੰ ਪਵਿੱਤਰ ਸ਼ਕਤੀ ਨਾਲ ਬਪਤਿਸਮਾ ਦਿੱਤਾ ਜਾਵੇਗਾ।’+ 17 ਇਸ ਲਈ ਜੇ ਪਰਮੇਸ਼ੁਰ ਨੇ ਉਨ੍ਹਾਂ ਨੂੰ ਵੀ ਉਹੀ ਦਾਤ ਦਿੱਤੀ ਹੈ ਜੋ ਉਸ ਨੇ ਸਾਨੂੰ ਦਿੱਤੀ ਸੀ ਜਿਨ੍ਹਾਂ ਨੇ ਪ੍ਰਭੂ ਯਿਸੂ ਮਸੀਹ ਉੱਤੇ ਨਿਹਚਾ ਕੀਤੀ ਹੈ, ਤਾਂ ਫਿਰ ਮੈਂ ਕੌਣ ਹੁੰਦਾਂ ਪਰਮੇਸ਼ੁਰ ਨੂੰ ਰੋਕਣ ਵਾਲਾ?”*+

18 ਜਦੋਂ ਉਨ੍ਹਾਂ ਨੇ ਇਹ ਗੱਲਾਂ ਸੁਣੀਆਂ, ਤਾਂ ਉਹ ਇਤਰਾਜ਼ ਕਰਨੋਂ ਹਟ ਗਏ* ਅਤੇ ਉਨ੍ਹਾਂ ਨੇ ਪਰਮੇਸ਼ੁਰ ਦੀ ਵਡਿਆਈ ਕਰਦਿਆਂ ਕਿਹਾ: “ਹੁਣ ਇਹ ਗੱਲ ਸਾਫ਼ ਹੈ ਕਿ ਪਰਮੇਸ਼ੁਰ ਨੇ ਗ਼ੈਰ-ਯਹੂਦੀ ਕੌਮਾਂ ਦੇ ਲੋਕਾਂ ਨੂੰ ਵੀ ਤੋਬਾ ਕਰਨ ਦਾ ਮੌਕਾ ਦਿੱਤਾ ਹੈ ਤਾਂਕਿ ਉਨ੍ਹਾਂ ਨੂੰ ਵੀ ਜ਼ਿੰਦਗੀ ਮਿਲੇ।”+

19 ਇਸਤੀਫ਼ਾਨ ਦੀ ਮੌਤ ਤੋਂ ਬਾਅਦ ਅਤਿਆਚਾਰ ਹੋਣ ਕਰਕੇ ਚੇਲੇ ਖਿੰਡ-ਪੁੰਡ ਗਏ ਸਨ+ ਅਤੇ ਉਹ ਫੈਨੀਕੇ, ਸਾਈਪ੍ਰਸ ਅਤੇ ਅੰਤਾਕੀਆ ਤਕ ਚਲੇ ਗਏ ਸਨ, ਪਰ ਉਹ ਯਹੂਦੀਆਂ ਤੋਂ ਸਿਵਾਇ ਹੋਰ ਕਿਸੇ ਨੂੰ ਬਚਨ ਨਹੀਂ ਸੁਣਾਉਂਦੇ ਸਨ।+ 20 ਦੂਜੇ ਪਾਸੇ, ਉਨ੍ਹਾਂ ਵਿੱਚੋਂ ਕੁਝ ਆਦਮੀ, ਜੋ ਸਾਈਪ੍ਰਸ ਅਤੇ ਕੁਰੇਨੇ ਦੇ ਸਨ, ਅੰਤਾਕੀਆ ਆਏ ਅਤੇ ਉਹ ਯੂਨਾਨੀ ਭਾਸ਼ਾ ਬੋਲਣ ਵਾਲੇ ਲੋਕਾਂ ਨੂੰ ਪ੍ਰਭੂ ਯਿਸੂ ਦੀ ਖ਼ੁਸ਼ ਖ਼ਬਰੀ ਸੁਣਾਉਣ ਲੱਗੇ। 21 ਇਸ ਤੋਂ ਇਲਾਵਾ, ਯਹੋਵਾਹ* ਦਾ ਹੱਥ ਉਨ੍ਹਾਂ ʼਤੇ ਸੀ ਅਤੇ ਬਹੁਤ ਸਾਰੇ ਲੋਕਾਂ ਨੇ ਪ੍ਰਭੂ ਉੱਤੇ ਨਿਹਚਾ ਕੀਤੀ ਅਤੇ ਉਹ ਉਸ ਵੱਲ ਹੋ ਗਏ।+

22 ਫਿਰ ਉਨ੍ਹਾਂ ਦੀ ਖ਼ਬਰ ਯਰੂਸ਼ਲਮ ਦੀ ਮੰਡਲੀ ਦੇ ਕੰਨੀਂ ਪਈ ਅਤੇ ਉਨ੍ਹਾਂ ਨੇ ਬਰਨਾਬਾਸ+ ਨੂੰ ਅੰਤਾਕੀਆ ਘੱਲਿਆ। 23 ਉੱਥੇ ਪਹੁੰਚ ਕੇ ਜਦੋਂ ਉਸ ਨੇ ਪਰਮੇਸ਼ੁਰ ਦੀ ਅਪਾਰ ਕਿਰਪਾ ਦੇਖੀ, ਤਾਂ ਉਹ ਬਹੁਤ ਖ਼ੁਸ਼ ਹੋਇਆ ਅਤੇ ਸਾਰਿਆਂ ਨੂੰ ਹੱਲਾਸ਼ੇਰੀ ਦੇਣ ਲੱਗਾ ਕਿ ਉਹ ਮਨ ਦੇ ਪੱਕੇ ਇਰਾਦੇ ਨਾਲ ਪ੍ਰਭੂ ਦੇ ਵਫ਼ਾਦਾਰ ਰਹਿਣ;+ 24 ਬਰਨਾਬਾਸ ਇਕ ਨੇਕ ਇਨਸਾਨ ਸੀ ਅਤੇ ਉਸ ਦੀ ਨਿਹਚਾ ਪੱਕੀ ਸੀ ਅਤੇ ਉਹ ਪਵਿੱਤਰ ਸ਼ਕਤੀ ਨਾਲ ਭਰਪੂਰ ਸੀ। ਉਸ ਵੇਲੇ ਬਹੁਤ ਸਾਰੇ ਲੋਕ ਪ੍ਰਭੂ ਉੱਤੇ ਨਿਹਚਾ ਕਰਨ ਲੱਗ ਪਏ।+ 25 ਇਸ ਲਈ ਉਸ ਨੇ ਤਰਸੁਸ ਜਾ ਕੇ ਥਾਂ-ਥਾਂ ਸੌਲੁਸ ਦੀ ਭਾਲ ਕੀਤੀ।+ 26 ਉਹ ਉਸ ਨੂੰ ਲੱਭ ਕੇ ਆਪਣੇ ਨਾਲ ਅੰਤਾਕੀਆ ਲੈ ਆਇਆ। ਉਹ ਪੂਰਾ ਸਾਲ ਮੰਡਲੀ ਵਿਚ ਉਨ੍ਹਾਂ ਨਾਲ ਇਕੱਠੇ ਹੁੰਦੇ ਰਹੇ ਅਤੇ ਉਨ੍ਹਾਂ ਨੇ ਬਹੁਤ ਸਾਰੇ ਲੋਕਾਂ ਨੂੰ ਸਿੱਖਿਆ ਦਿੱਤੀ। ਅੰਤਾਕੀਆ ਹੀ ਪਹਿਲੀ ਜਗ੍ਹਾ ਹੈ ਜਿੱਥੇ ਚੇਲੇ ਪਰਮੇਸ਼ੁਰ ਦੀ ਸੇਧ ਨਾਲ ਮਸੀਹੀ ਕਹਾਏ ਜਾਣ ਲੱਗੇ।+

27 ਉਨ੍ਹੀਂ ਦਿਨੀਂ ਯਰੂਸ਼ਲਮ ਤੋਂ ਕੁਝ ਨਬੀ+ ਅੰਤਾਕੀਆ ਆਏ। 28 ਉਨ੍ਹਾਂ ਵਿੱਚੋਂ ਆਗਬੁਸ+ ਨਾਂ ਦੇ ਇਕ ਨਬੀ ਨੇ ਪਵਿੱਤਰ ਸ਼ਕਤੀ ਦੀ ਪ੍ਰੇਰਣਾ ਅਧੀਨ ਦੱਸਿਆ ਕਿ ਪੂਰੀ ਦੁਨੀਆਂ ਵਿਚ ਵੱਡਾ ਕਾਲ਼ ਪੈਣ ਵਾਲਾ ਸੀ।+ ਇਹ ਕਾਲ਼ ਕਲੋਡੀਉਸ ਦੇ ਸਮੇਂ ਪਿਆ ਸੀ। 29 ਇਸ ਲਈ ਚੇਲਿਆਂ ਨੇ ਫ਼ੈਸਲਾ ਕੀਤਾ ਕਿ ਹਰੇਕ ਜਣਾ ਆਪਣੀ ਹੈਸੀਅਤ ਅਨੁਸਾਰ+ ਯਹੂਦਿਯਾ ਦੇ ਲੋੜਵੰਦ ਭਰਾਵਾਂ ਲਈ ਚੀਜ਼ਾਂ*+ ਘੱਲੇ। 30 ਉਨ੍ਹਾਂ ਨੇ ਇਸੇ ਤਰ੍ਹਾਂ ਕੀਤਾ ਅਤੇ ਬਰਨਾਬਾਸ ਤੇ ਸੌਲੁਸ ਦੇ ਹੱਥੀਂ ਬਜ਼ੁਰਗਾਂ ਨੂੰ ਚੀਜ਼ਾਂ ਘੱਲੀਆਂ।+

12 ਉਸ ਸਮੇਂ ਰਾਜਾ ਹੇਰੋਦੇਸ ਮੰਡਲੀ ਦੇ ਕੁਝ ਚੇਲਿਆਂ ਉੱਤੇ ਅਤਿਆਚਾਰ ਕਰਨ ਲੱਗਾ।+ 2 ਉਸ ਨੇ ਯੂਹੰਨਾ ਦੇ ਭਰਾ ਯਾਕੂਬ+ ਨੂੰ ਤਲਵਾਰ ਨਾਲ ਜਾਨੋਂ ਮਾਰ ਦਿੱਤਾ।+ 3 ਜਦੋਂ ਉਸ ਨੇ ਦੇਖਿਆ ਕਿ ਯਹੂਦੀਆਂ ਨੂੰ ਇਸ ਤੋਂ ਖ਼ੁਸ਼ੀ ਹੋਈ ਸੀ, ਤਾਂ ਉਸ ਨੇ ਪਤਰਸ ਨੂੰ ਵੀ ਗਿਰਫ਼ਤਾਰ ਕਰ ਲਿਆ। (ਇਹ ਬੇਖਮੀਰੀ ਰੋਟੀ ਦੇ ਤਿਉਹਾਰ ਦੌਰਾਨ ਹੋਇਆ ਸੀ।)+ 4 ਉਸ ਨੇ ਪਤਰਸ ਨੂੰ ਫੜ ਕੇ ਜੇਲ੍ਹ ਵਿਚ ਬੰਦ ਕਰ ਦਿੱਤਾ।+ ਚਾਰ-ਚਾਰ ਪਹਿਰੇਦਾਰਾਂ ਦੀਆਂ ਚਾਰ ਟੋਲੀਆਂ ਵਾਰੀ-ਵਾਰੀ ਉਸ ਉੱਤੇ ਪਹਿਰਾ ਦਿੰਦੀਆਂ ਸਨ। ਹੇਰੋਦੇਸ ਦਾ ਇਰਾਦਾ ਸੀ ਕਿ ਉਹ ਪਤਰਸ ਨੂੰ ਪਸਾਹ ਦੇ ਤਿਉਹਾਰ ਤੋਂ ਬਾਅਦ ਲੋਕਾਂ ਸਾਮ੍ਹਣੇ ਪੇਸ਼ ਕਰੇਗਾ। 5 ਜਦੋਂ ਪਤਰਸ ਜੇਲ੍ਹ ਵਿਚ ਸੀ, ਉਦੋਂ ਮੰਡਲੀ ਉਸ ਲਈ ਪਰਮੇਸ਼ੁਰ ਨੂੰ ਦਿਲੋਂ ਪ੍ਰਾਰਥਨਾ ਕਰਨ ਵਿਚ ਲੱਗੀ ਰਹੀ।+

6 ਜਿਸ ਦਿਨ ਹੇਰੋਦੇਸ ਨੇ ਪਤਰਸ ਨੂੰ ਲੋਕਾਂ ਸਾਮ੍ਹਣੇ ਪੇਸ਼ ਕਰਨਾ ਸੀ, ਉਸ ਤੋਂ ਇਕ ਰਾਤ ਪਹਿਲਾਂ, ਪਤਰਸ ਦੋ ਫ਼ੌਜੀਆਂ ਦੇ ਵਿਚਕਾਰ ਸੁੱਤਾ ਪਿਆ ਸੀ। ਉਹ ਉਨ੍ਹਾਂ ਦੋਵਾਂ ਨਾਲ ਬੇੜੀਆਂ ਨਾਲ ਬੱਝਾ ਹੋਇਆ ਸੀ ਅਤੇ ਪਹਿਰੇਦਾਰ ਜੇਲ੍ਹ ਦੇ ਦਰਵਾਜ਼ੇ ʼਤੇ ਪਹਿਰਾ ਦੇ ਰਹੇ ਸਨ। 7 ਪਰ ਅਚਾਨਕ, ਯਹੋਵਾਹ* ਦਾ ਦੂਤ ਜੇਲ੍ਹ ਦੀ ਕੋਠੜੀ ਵਿਚ ਆ ਖੜ੍ਹਾ ਹੋਇਆ+ ਅਤੇ ਕੋਠੜੀ ਚਾਨਣ ਨਾਲ ਭਰ ਗਈ। ਦੂਤ ਨੇ ਪਤਰਸ ਦੀ ਵੱਖੀ ਨੂੰ ਥਾਪੜ ਕੇ ਉਸ ਨੂੰ ਜਗਾਇਆ ਅਤੇ ਕਿਹਾ: “ਫਟਾਫਟ ਉੱਠ।” ਤਦ ਪਤਰਸ ਦੇ ਹੱਥਾਂ ਤੋਂ ਬੇੜੀਆਂ ਆਪਣੇ ਆਪ ਖੁੱਲ੍ਹ ਗਈਆਂ।+ 8 ਦੂਤ ਨੇ ਉਸ ਨੂੰ ਕਿਹਾ: “ਤਿਆਰ ਹੋ* ਅਤੇ ਆਪਣੀ ਜੁੱਤੀ ਪਾ ਲੈ।” ਉਸ ਨੇ ਇਸੇ ਤਰ੍ਹਾਂ ਕੀਤਾ। ਫਿਰ ਦੂਤ ਨੇ ਉਸ ਨੂੰ ਕਿਹਾ: “ਆਪਣਾ ਚੋਗਾ ਪਾ ਕੇ ਮੇਰੇ ਪਿੱਛੇ-ਪਿੱਛੇ ਆਜਾ।” 9 ਉਹ ਦੂਤ ਦੇ ਪਿੱਛੇ-ਪਿੱਛੇ ਬਾਹਰ ਆ ਗਿਆ। ਪਰ ਉਸ ਨੂੰ ਪਤਾ ਨਹੀਂ ਸੀ ਕਿ ਦੂਤ ਦੇ ਰਾਹੀਂ ਜੋ ਵੀ ਹੋ ਰਿਹਾ ਸੀ, ਉਹ ਸੱਚ-ਮੁੱਚ ਹੋ ਰਿਹਾ ਸੀ। ਉਸ ਨੂੰ ਲੱਗਾ ਕਿ ਉਹ ਦਰਸ਼ਣ ਦੇਖ ਰਿਹਾ ਸੀ। 10 ਉਹ ਪਹਿਰੇਦਾਰਾਂ ਦੀ ਪਹਿਲੀ ਤੇ ਦੂਜੀ ਚੌਂਕੀ ਕੋਲੋਂ ਨਿਕਲ ਕੇ ਸ਼ਹਿਰ ਵੱਲ ਨੂੰ ਖੁੱਲ੍ਹਦੇ ਲੋਹੇ ਦੇ ਦਰਵਾਜ਼ੇ ਕੋਲ ਆਏ ਅਤੇ ਦਰਵਾਜ਼ਾ ਆਪਣੇ ਆਪ ਖੁੱਲ੍ਹ ਗਿਆ। ਬਾਹਰ ਆ ਕੇ ਉਹ ਇਕ ਗਲੀ ਵਿਚ ਤੁਰਦੇ ਗਏ ਅਤੇ ਅਚਾਨਕ ਦੂਤ ਉਸ ਨੂੰ ਛੱਡ ਕੇ ਚਲਾ ਗਿਆ। 11 ਪਤਰਸ ਨੂੰ ਜਦੋਂ ਹੋਸ਼ ਆਈ, ਤਾਂ ਉਸ ਨੇ ਆਪਣੇ ਆਪ ਨੂੰ ਕਿਹਾ: “ਹੁਣ ਮੈਂ ਜਾਣ ਗਿਆ ਹਾਂ ਕਿ ਯਹੋਵਾਹ* ਨੇ ਆਪਣਾ ਦੂਤ ਘੱਲ ਕੇ ਮੈਨੂੰ ਹੇਰੋਦੇਸ ਦੇ ਹੱਥੋਂ ਅਤੇ ਉਨ੍ਹਾਂ ਸਾਰੀਆਂ ਗੱਲਾਂ ਤੋਂ ਬਚਾਇਆ ਹੈ ਜੋ ਯਹੂਦੀ ਮੇਰੇ ਨਾਲ ਹੋਣ ਦੀ ਆਸ ਲਾਈ ਬੈਠੇ ਸਨ।”+

12 ਇਸ ਗੱਲ ਦਾ ਅਹਿਸਾਸ ਹੋਣ ਤੋਂ ਬਾਅਦ, ਉਹ ਯੂਹੰਨਾ ਉਰਫ਼ ਮਰਕੁਸ+ ਦੀ ਮਾਤਾ ਮਰੀਅਮ ਦੇ ਘਰ ਚਲਾ ਗਿਆ ਅਤੇ ਉੱਥੇ ਕਈ ਚੇਲੇ ਇਕੱਠੇ ਹੋ ਕੇ ਪ੍ਰਾਰਥਨਾ ਕਰ ਰਹੇ ਸਨ। 13 ਜਦੋਂ ਉਸ ਨੇ ਬਾਹਰਲਾ ਦਰਵਾਜ਼ਾ ਖੜਕਾਇਆ, ਤਾਂ ਰੋਦੇ ਨਾਂ ਦੀ ਨੌਕਰਾਣੀ ਦੇਖਣ ਆਈ ਕਿ ਦਰਵਾਜ਼ਾ ਕਿਸ ਨੇ ਖੜਕਾਇਆ ਸੀ। 14 ਜਦੋਂ ਉਸ ਨੇ ਪਤਰਸ ਦੀ ਆਵਾਜ਼ ਪਛਾਣੀ, ਤਾਂ ਉਹ ਇੰਨੀ ਖ਼ੁਸ਼ ਹੋ ਗਈ ਕਿ ਦਰਵਾਜ਼ਾ ਖੋਲ੍ਹੇ ਬਿਨਾਂ ਹੀ ਭੱਜ ਕੇ ਅੰਦਰ ਚਲੀ ਗਈ ਅਤੇ ਉਸ ਨੇ ਸਾਰਿਆਂ ਨੂੰ ਦੱਸਿਆ ਕਿ ਦਰਵਾਜ਼ੇ ʼਤੇ ਪਤਰਸ ਖੜ੍ਹਾ ਹੈ। 15 ਉਨ੍ਹਾਂ ਨੇ ਉਸ ਨੂੰ ਕਿਹਾ: “ਤੂੰ ਤਾਂ ਕਮਲ਼ੀ ਹੋ ਗਈ ਹੈਂ।” ਪਰ ਉਹ ਜ਼ੋਰ ਦੇ ਕੇ ਕਹਿੰਦੀ ਰਹੀ ਕਿ ਬਾਹਰ ਪਤਰਸ ਖੜ੍ਹਾ ਹੈ। ਉਹ ਕਹਿਣ ਲੱਗੇ: “ਉਹ ਉਸ ਦਾ ਦੂਤ ਹੋਣਾ।” 16 ਪਰ ਪਤਰਸ ਬਾਹਰ ਖੜ੍ਹਾ ਦਰਵਾਜ਼ਾ ਖੜਕਾਉਂਦਾ ਰਿਹਾ। ਜਦੋਂ ਉਨ੍ਹਾਂ ਨੇ ਦਰਵਾਜ਼ਾ ਖੋਲ੍ਹਿਆ, ਤਾਂ ਉਹ ਉਸ ਨੂੰ ਦੇਖ ਕੇ ਦੰਗ ਰਹਿ ਗਏ। 17 ਉਸ ਨੇ ਉਨ੍ਹਾਂ ਨੂੰ ਹੱਥ ਨਾਲ ਇਸ਼ਾਰਾ ਕਰ ਕੇ ਚੁੱਪ ਰਹਿਣ ਲਈ ਕਿਹਾ ਅਤੇ ਸਾਰਾ ਕੁਝ ਖੋਲ੍ਹ ਕੇ ਦੱਸਿਆ ਕਿ ਯਹੋਵਾਹ* ਨੇ ਉਸ ਨੂੰ ਜੇਲ੍ਹ ਵਿੱਚੋਂ ਕਿਵੇਂ ਛੁਡਾਇਆ ਸੀ। ਫਿਰ ਉਸ ਨੇ ਕਿਹਾ: “ਇਹ ਸਾਰੀਆਂ ਗੱਲਾਂ ਯਾਕੂਬ+ ਅਤੇ ਭਰਾਵਾਂ ਨੂੰ ਦੱਸ ਦਿਓ।” ਇਹ ਕਹਿ ਕੇ ਉਹ ਕਿਸੇ ਹੋਰ ਜਗ੍ਹਾ ਚਲਾ ਗਿਆ।

18 ਜਦੋਂ ਦਿਨ ਚੜ੍ਹਿਆ, ਤਾਂ ਸਿਪਾਹੀਆਂ ਵਿਚ ਹਲਚਲ ਮੱਚ ਗਈ ਕਿ ਪਤਰਸ ਕਿੱਥੇ ਚਲਾ ਗਿਆ ਹੈ। 19 ਹੇਰੋਦੇਸ ਨੇ ਹਰ ਜਗ੍ਹਾ ਉਸ ਦੀ ਭਾਲ ਕਰਵਾਈ ਅਤੇ ਜਦੋਂ ਉਹ ਨਾ ਮਿਲਿਆ, ਤਾਂ ਉਸ ਨੇ ਪਹਿਰੇਦਾਰਾਂ ਤੋਂ ਪੁੱਛ-ਗਿੱਛ ਕੀਤੀ ਅਤੇ ਹੁਕਮ ਦਿੱਤਾ ਕਿ ਪਹਿਰੇਦਾਰਾਂ ਨੂੰ ਲਿਜਾ ਕੇ ਸਜ਼ਾ ਦਿੱਤੀ ਜਾਵੇ।+ ਫਿਰ ਹੇਰੋਦੇਸ ਯਹੂਦਿਯਾ ਤੋਂ ਕੈਸਰੀਆ ਨੂੰ ਚਲਾ ਗਿਆ ਅਤੇ ਉੱਥੇ ਕੁਝ ਸਮਾਂ ਰਿਹਾ।

20 ਹੁਣ ਰਾਜਾ ਹੇਰੋਦੇਸ ਸੋਰ ਅਤੇ ਸੀਦੋਨ ਦੇ ਲੋਕਾਂ ਨਾਲ ਬਹੁਤ ਹੀ ਗੁੱਸੇ ਸੀ।* ਇਸ ਲਈ ਉਹ ਲੋਕ ਇਕ ਮਨ ਹੋ ਕੇ ਉਸ ਕੋਲ ਆਏ ਅਤੇ ਉਨ੍ਹਾਂ ਨੇ ਰਾਜੇ ਦੇ ਮਹਿਲ ਦੀ ਦੇਖ-ਰੇਖ ਕਰਨ ਵਾਲੇ ਬਲਾਸਤੁਸ ਨੂੰ ਮਨਾ ਲਿਆ ਕਿ ਉਹ ਰਾਜੇ ਨਾਲ ਉਨ੍ਹਾਂ ਦੀ ਸੁਲ੍ਹਾ ਕਰਾ ਦੇਵੇ ਕਿਉਂਕਿ ਉਨ੍ਹਾਂ ਦੇ ਦੇਸ਼ ਵਿਚ ਖਾਣ-ਪੀਣ ਦੀਆਂ ਚੀਜ਼ਾਂ ਰਾਜੇ ਦੇ ਦੇਸ਼ ਤੋਂ ਹੀ ਆਉਂਦੀਆਂ ਸਨ। 21 ਫਿਰ ਇਕ ਖ਼ਾਸ ਦਿਨ ʼਤੇ ਹੇਰੋਦੇਸ ਸ਼ਾਹੀ ਲਿਬਾਸ ਪਾ ਕੇ ਨਿਆਂ ਦੇ ਸਿੰਘਾਸਣ ਉੱਤੇ ਬੈਠ ਗਿਆ ਅਤੇ ਪਰਜਾ ਨੂੰ ਭਾਸ਼ਣ ਦੇਣ ਲੱਗਾ। 22 ਤਦ ਇਕੱਠੇ ਹੋਏ ਸਾਰੇ ਲੋਕ ਉੱਚੀ-ਉੱਚੀ ਕਹਿਣ ਲੱਗ ਪਏ: “ਇਹ ਇਨਸਾਨ ਦੀ ਆਵਾਜ਼ ਨਹੀਂ, ਸਗੋਂ ਦੇਵਤੇ ਦੀ ਆਵਾਜ਼ ਹੈ!” 23 ਉਸੇ ਵੇਲੇ ਯਹੋਵਾਹ* ਦੇ ਦੂਤ ਨੇ ਉਸ ਨੂੰ ਸਜ਼ਾ ਦਿੱਤੀ ਕਿਉਂਕਿ ਉਸ ਨੇ ਪਰਮੇਸ਼ੁਰ ਦੀ ਮਹਿਮਾ ਨਹੀਂ ਕੀਤੀ ਅਤੇ ਉਹ ਕੀੜੇ ਪੈ ਕੇ ਮਰ ਗਿਆ।

24 ਪਰ ਯਹੋਵਾਹ* ਦਾ ਬਚਨ ਫੈਲਦਾ ਗਿਆ ਅਤੇ ਨਵੇਂ ਚੇਲਿਆਂ ਦੀ ਗਿਣਤੀ ਵਧਦੀ ਗਈ।+

25 ਬਰਨਾਬਾਸ+ ਤੇ ਸੌਲੁਸ ਯਰੂਸ਼ਲਮ ਵਿਚ ਲੋੜਵੰਦ ਭਰਾਵਾਂ ਲਈ ਚੀਜ਼ਾਂ ਪਹੁੰਚਾਉਣ ਦਾ ਕੰਮ ਮੁਕਾ ਕੇ+ ਵਾਪਸ ਅੰਤਾਕੀਆ ਨੂੰ ਚਲੇ ਗਏ ਅਤੇ ਆਪਣੇ ਨਾਲ ਯੂਹੰਨਾ ਨੂੰ ਵੀ ਲੈ ਗਏ+ ਜੋ ਮਰਕੁਸ ਕਹਾਉਂਦਾ ਹੈ।

13 ਅੰਤਾਕੀਆ ਦੀ ਮੰਡਲੀ ਵਿਚ ਇਹ ਨਬੀ ਅਤੇ ਸਿੱਖਿਅਕ ਸਨ:+ ਬਰਨਾਬਾਸ, ਸ਼ਿਮਓਨ ਜੋ ਕਾਲਾ* ਕਹਾਉਂਦਾ ਹੈ, ਕੁਰੇਨੇ ਦਾ ਲੂਕੀਉਸ, ਮਨਏਨ ਜਿਹੜਾ ਜ਼ਿਲ੍ਹੇ ਦੇ ਹਾਕਮ ਹੇਰੋਦੇਸ ਨਾਲ ਪੜ੍ਹਿਆ ਸੀ ਅਤੇ ਸੌਲੁਸ। 2 ਜਦੋਂ ਉਹ ਯਹੋਵਾਹ* ਦੀ ਸੇਵਾ* ਕਰ ਰਹੇ ਸਨ ਅਤੇ ਵਰਤ ਰੱਖ ਰਹੇ ਸਨ, ਉਦੋਂ ਪਵਿੱਤਰ ਸ਼ਕਤੀ ਨੇ ਕਿਹਾ: “ਮੇਰੇ ਲਈ ਬਰਨਾਬਾਸ ਅਤੇ ਸੌਲੁਸ ਨੂੰ ਅਲੱਗ ਰੱਖੋ+ ਕਿਉਂਕਿ ਮੈਂ ਉਨ੍ਹਾਂ ਨੂੰ ਖ਼ਾਸ ਕੰਮ ਲਈ ਬੁਲਾਇਆ ਹੈ।”+ 3 ਫਿਰ ਵਰਤ ਰੱਖਣ ਤੇ ਪ੍ਰਾਰਥਨਾ ਕਰਨ ਤੋਂ ਬਾਅਦ ਉਨ੍ਹਾਂ ਨੇ ਬਰਨਾਬਾਸ ਅਤੇ ਸੌਲੁਸ ਉੱਤੇ ਆਪਣੇ ਹੱਥ ਰੱਖ ਕੇ ਉਨ੍ਹਾਂ ਨੂੰ ਘੱਲ ਦਿੱਤਾ।

4 ਫਿਰ ਇਹ ਆਦਮੀ ਪਵਿੱਤਰ ਸ਼ਕਤੀ ਦੀ ਪ੍ਰੇਰਣਾ ਅਧੀਨ ਸਿਲੂਕੀਆ ਨੂੰ ਚਲੇ ਗਏ ਅਤੇ ਉੱਥੋਂ ਸਮੁੰਦਰੀ ਜਹਾਜ਼ ਵਿਚ ਬੈਠ ਕੇ ਸਾਈਪ੍ਰਸ ਟਾਪੂ ਨੂੰ ਚਲੇ ਗਏ। 5 ਜਦੋਂ ਉਹ ਸਲਮੀਸ ਸ਼ਹਿਰ ਪਹੁੰਚੇ, ਤਾਂ ਉਨ੍ਹਾਂ ਨੇ ਯਹੂਦੀਆਂ ਦੇ ਸਭਾ ਘਰਾਂ ਵਿਚ ਪਰਮੇਸ਼ੁਰ ਦੇ ਬਚਨ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਯੂਹੰਨਾ* ਵੀ ਉਨ੍ਹਾਂ ਦੇ ਨਾਲ ਸੀ ਜੋ ਉਨ੍ਹਾਂ ਦੀ ਸੇਵਾ ਕਰਦਾ ਸੀ।*+

6 ਜਦ ਉਹ ਪੂਰੇ ਟਾਪੂ ਦਾ ਸਫ਼ਰ ਕਰ ਕੇ ਪਾਫੁਸ ਸ਼ਹਿਰ ਪਹੁੰਚੇ, ਤਾਂ ਉੱਥੇ ਉਹ ਬਰਯੇਸੂਸ ਨਾਂ ਦੇ ਇਕ ਯਹੂਦੀ ਨੂੰ ਮਿਲੇ ਜਿਹੜਾ ਜਾਦੂਗਰ ਅਤੇ ਝੂਠਾ ਨਬੀ ਸੀ। 7 ਉਹ ਜਾਦੂਗਰ ਪ੍ਰਾਂਤ ਦੇ ਰਾਜਪਾਲ* ਸਰਗੀਉਸ ਪੌਲੂਸ ਲਈ ਕੰਮ ਕਰਦਾ ਸੀ ਜੋ ਇਕ ਸਮਝਦਾਰ ਇਨਸਾਨ ਸੀ ਅਤੇ ਉਸ ਦੇ ਦਿਲ ਵਿਚ ਪਰਮੇਸ਼ੁਰ ਦਾ ਬਚਨ ਸੁਣਨ ਦੀ ਬੜੀ ਤਮੰਨਾ ਸੀ। ਇਸ ਲਈ ਉਸ ਨੇ ਬਰਨਾਬਾਸ ਅਤੇ ਸੌਲੁਸ ਨੂੰ ਆਪਣੇ ਕੋਲ ਸੱਦਿਆ। 8 ਪਰ ਜਾਦੂਗਰ ਏਲੀਮਸ (ਏਲੀਮਸ ਦਾ ਮਤਲਬ ਹੈ ਜਾਦੂਗਰ) ਉਨ੍ਹਾਂ ਦਾ ਵਿਰੋਧ ਕਰਨ ਲੱਗ ਪਿਆ ਅਤੇ ਉਸ ਨੇ ਰਾਜਪਾਲ ਨੂੰ ਨਿਹਚਾ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ। 9 ਫਿਰ ਸੌਲੁਸ, ਜਿਸ ਦਾ ਨਾਂ ਪੌਲੁਸ ਵੀ ਸੀ, ਪਵਿੱਤਰ ਸ਼ਕਤੀ ਨਾਲ ਭਰ ਗਿਆ ਅਤੇ ਉਸ ਨੇ ਏਲੀਮਸ ਨੂੰ ਬੜੇ ਧਿਆਨ ਨਾਲ ਦੇਖ ਕੇ 10 ਕਿਹਾ: “ਓਏ ਸ਼ੈਤਾਨ ਦਿਆ ਬੱਚਿਆ,+ ਤੂੰ ਹਰ ਤਰ੍ਹਾਂ ਦੇ ਛਲ-ਕਪਟ ਅਤੇ ਬੁਰਾਈ ਨਾਲ ਭਰਿਆ ਹੋਇਆ ਹੈਂ ਅਤੇ ਹਰ ਨੇਕ ਕੰਮ ਦਾ ਦੁਸ਼ਮਣ ਹੈਂ! ਕੀ ਤੂੰ ਯਹੋਵਾਹ* ਦੇ ਸਿੱਧੇ ਰਾਹਾਂ ਨੂੰ ਵਿਗਾੜਨ ਤੋਂ ਬਾਜ਼ ਨਹੀਂ ਆਏਂਗਾ? 11 ਹੁਣ ਦੇਖ! ਯਹੋਵਾਹ* ਦਾ ਹੱਥ ਤੇਰੇ ਵਿਰੁੱਧ ਉੱਠਿਆ ਹੈ ਅਤੇ ਤੂੰ ਅੰਨ੍ਹਾ ਹੋ ਜਾਏਂਗਾ ਅਤੇ ਕੁਝ ਸਮੇਂ ਲਈ ਸੂਰਜ ਦੀ ਰੌਸ਼ਨੀ ਨਹੀਂ ਦੇਖ ਸਕੇਂਗਾ।” ਉਸੇ ਵੇਲੇ ਏਲੀਮਸ ਦੀਆਂ ਅੱਖਾਂ ਅੱਗੇ ਸੰਘਣੀ ਧੁੰਦ ਅਤੇ ਹਨੇਰਾ ਛਾ ਗਿਆ ਅਤੇ ਉਹ ਲੋਕਾਂ ਨੂੰ ਟੋਹਣ ਲੱਗਾ ਕਿ ਕੋਈ ਉਸ ਦਾ ਹੱਥ ਫੜ ਕੇ ਉਸ ਨੂੰ ਲੈ ਜਾਵੇ। 12 ਰਾਜਪਾਲ ਇਹ ਸਭ ਕੁਝ ਦੇਖ ਕੇ ਨਿਹਚਾ ਕਰਨ ਲੱਗ ਪਿਆ ਕਿਉਂਕਿ ਉਹ ਯਹੋਵਾਹ* ਬਾਰੇ ਸਿੱਖ ਕੇ ਦੰਗ ਰਹਿ ਗਿਆ ਸੀ।

13 ਫਿਰ ਪੌਲੁਸ ਅਤੇ ਉਸ ਦੇ ਸਾਥੀ ਸਮੁੰਦਰੀ ਜਹਾਜ਼ ਵਿਚ ਬੈਠ ਕੇ ਪਾਫੁਸ ਤੋਂ ਪਮਫੀਲੀਆ ਦੇ ਸ਼ਹਿਰ ਪਰਗਾ ਆ ਗਏ। ਪਰ ਯੂਹੰਨਾ+ ਉਨ੍ਹਾਂ ਨੂੰ ਛੱਡ ਕੇ ਯਰੂਸ਼ਲਮ ਵਾਪਸ ਚਲਾ ਗਿਆ।+ 14 ਪਰ ਉਹ ਪਰਗਾ ਤੋਂ ਪਸੀਦੀਆ ਦੇ ਸ਼ਹਿਰ ਅੰਤਾਕੀਆ ਵਿਚ ਆ ਗਏ। ਸਬਤ ਦੇ ਦਿਨ ਉਹ ਸਭਾ ਘਰ ਵਿਚ+ ਜਾ ਕੇ ਬੈਠ ਗਏ। 15 ਸਾਰਿਆਂ ਸਾਮ੍ਹਣੇ ਮੂਸਾ ਦੇ ਕਾਨੂੰਨ ਅਤੇ ਨਬੀਆਂ ਦੀਆਂ ਲਿਖਤਾਂ ਦੇ ਪੜ੍ਹੇ ਜਾਣ ਤੋਂ ਬਾਅਦ+ ਸਭਾ ਘਰ ਦੇ ਨਿਗਾਹਬਾਨਾਂ ਨੇ ਉਨ੍ਹਾਂ ਨੂੰ ਕਿਹਾ: “ਭਰਾਵੋ, ਜੇ ਤੁਹਾਡੇ ਕੋਲ ਲੋਕਾਂ ਨੂੰ ਹੱਲਾਸ਼ੇਰੀ ਦੇਣ ਵਾਲੀਆਂ ਗੱਲਾਂ ਹਨ, ਤਾਂ ਦੱਸੋ।” 16 ਪੌਲੁਸ ਉੱਠਿਆ ਅਤੇ ਆਪਣੇ ਹੱਥ ਨਾਲ ਸਾਰਿਆਂ ਨੂੰ ਚੁੱਪ ਰਹਿਣ ਦਾ ਇਸ਼ਾਰਾ ਕਰਦਿਆਂ ਕਿਹਾ:

“ਇਜ਼ਰਾਈਲੀ ਭਰਾਵੋ ਅਤੇ ਪਰਮੇਸ਼ੁਰ ਤੋਂ ਡਰਨ ਵਾਲੇ ਹੋਰ ਲੋਕੋ, ਮੇਰੀ ਗੱਲ ਸੁਣੋ। 17 ਇਜ਼ਰਾਈਲ ਦੇ ਪਰਮੇਸ਼ੁਰ ਨੇ ਸਾਡੇ ਪਿਉ-ਦਾਦਿਆਂ ਨੂੰ ਚੁਣਿਆ ਸੀ ਅਤੇ ਜਦੋਂ ਉਹ ਮਿਸਰ ਵਿਚ ਪਰਦੇਸੀਆਂ ਵਜੋਂ ਰਹਿ ਰਹੇ ਸਨ, ਉਦੋਂ ਉਸ ਨੇ ਉਨ੍ਹਾਂ ਨੂੰ ਉੱਚਾ ਕੀਤਾ ਅਤੇ ਉਹ ਆਪਣੀ ਬਾਂਹ ਦੇ ਜ਼ੋਰ ਨਾਲ ਉਨ੍ਹਾਂ ਨੂੰ ਮਿਸਰ ਵਿੱਚੋਂ ਕੱਢ ਲਿਆਇਆ।+ 18 ਉਸ ਨੇ ਉਜਾੜ ਵਿਚ ਲਗਭਗ 40 ਸਾਲ ਉਨ੍ਹਾਂ ਨੂੰ ਝੱਲਿਆ।+ 19 ਫਿਰ ਕਨਾਨ ਦੇਸ਼ ਵਿਚ ਸੱਤ ਕੌਮਾਂ ਨੂੰ ਨਾਸ਼ ਕਰਨ ਤੋਂ ਬਾਅਦ ਉਸ ਨੇ ਉਹ ਦੇਸ਼ ਇਜ਼ਰਾਈਲੀਆਂ ਨੂੰ ਵਿਰਾਸਤ ਵਜੋਂ ਦੇ ਦਿੱਤਾ।+ 20 ਇਹ ਸਭ ਕੁਝ ਲਗਭਗ 450 ਸਾਲਾਂ ਦੌਰਾਨ ਹੋਇਆ।

“ਇਨ੍ਹਾਂ ਗੱਲਾਂ ਤੋਂ ਬਾਅਦ ਉਸ ਨੇ ਉਨ੍ਹਾਂ ਲਈ ਸਮੂਏਲ ਨਬੀ ਦੇ ਸਮੇਂ ਤਕ ਨਿਆਂਕਾਰਾਂ ਦਾ ਪ੍ਰਬੰਧ ਕੀਤਾ।+ 21 ਪਰ ਬਾਅਦ ਵਿਚ ਉਨ੍ਹਾਂ ਨੇ ਇਕ ਰਾਜੇ ਦੀ ਮੰਗ ਕੀਤੀ।+ ਪਰਮੇਸ਼ੁਰ ਨੇ ਬਿਨਯਾਮੀਨ ਦੇ ਗੋਤ ਵਿੱਚੋਂ ਕੀਸ਼ ਦੇ ਪੁੱਤਰ ਸ਼ਾਊਲ ਨੂੰ ਉਨ੍ਹਾਂ ਦਾ ਰਾਜਾ ਬਣਾਇਆ+ ਜਿਸ ਨੇ 40 ਸਾਲ ਰਾਜ ਕੀਤਾ। 22 ਫਿਰ ਉਸ ਨੂੰ ਗੱਦੀ ਤੋਂ ਹਟਾ ਕੇ ਉਸ ਨੇ ਦਾਊਦ ਨੂੰ ਉਨ੍ਹਾਂ ਦਾ ਰਾਜਾ ਬਣਾਇਆ+ ਜਿਸ ਬਾਰੇ ਉਸ ਨੇ ਇਹ ਗਵਾਹੀ ਦਿੱਤੀ ਸੀ: ‘ਮੈਂ ਯੱਸੀ ਦੇ ਪੁੱਤਰ ਦਾਊਦ ਨੂੰ ਲੱਭਿਆ ਹੈ+ ਜੋ ਮੇਰੇ ਦਿਲ ਨੂੰ ਭਾਉਂਦਾ ਹੈ;+ ਉਹ ਮੇਰੀ ਇੱਛਾ ਦੇ ਮੁਤਾਬਕ ਸਾਰੇ ਕੰਮ ਕਰੇਗਾ।’ 23 ਪਰਮੇਸ਼ੁਰ ਨੇ ਆਪਣੇ ਵਾਅਦੇ ਅਨੁਸਾਰ ਦਾਊਦ ਦੀ ਸੰਤਾਨ* ਵਿੱਚੋਂ ਯਿਸੂ ਨੂੰ ਇਜ਼ਰਾਈਲ ਦਾ ਮੁਕਤੀਦਾਤਾ ਬਣਾਇਆ।+ 24 ਯਿਸੂ ਦੇ ਆਉਣ ਤੋਂ ਪਹਿਲਾਂ ਯੂਹੰਨਾ ਨੇ ਇਜ਼ਰਾਈਲ ਦੇ ਸਾਰੇ ਲੋਕਾਂ ਨੂੰ ਖੁੱਲ੍ਹੇ-ਆਮ ਪ੍ਰਚਾਰ ਕੀਤਾ ਸੀ ਕਿ ਉਹ ਬਪਤਿਸਮਾ ਲੈ ਕੇ ਇਸ ਗੱਲ ਦਾ ਸਬੂਤ ਦੇਣ ਕਿ ਉਨ੍ਹਾਂ ਨੇ ਤੋਬਾ ਕੀਤੀ ਹੈ।+ 25 ਪਰ ਜਦੋਂ ਯੂਹੰਨਾ ਆਪਣੀ ਸੇਵਾ ਖ਼ਤਮ ਕਰਨ ਵਾਲਾ ਸੀ, ਤਾਂ ਉਹ ਕਹਿੰਦਾ ਹੁੰਦਾ ਸੀ: ‘ਤੁਹਾਡੇ ਖ਼ਿਆਲ ਵਿਚ ਮੈਂ ਕੌਣ ਹਾਂ? ਮੈਂ ਉਹ* ਨਹੀਂ ਹਾਂ। ਪਰ ਦੇਖੋ! ਜਿਹੜਾ ਮੇਰੇ ਤੋਂ ਬਾਅਦ ਆ ਰਿਹਾ ਹੈ, ਮੈਂ ਤਾਂ ਉਸ ਦੀ ਜੁੱਤੀ ਦੇ ਤਸਮੇ ਖੋਲ੍ਹਣ ਦੇ ਵੀ ਲਾਇਕ ਨਹੀਂ ਹਾਂ।’+

26 “ਭਰਾਵੋ, ਅਬਰਾਹਾਮ ਦੀ ਪੀੜ੍ਹੀ ਦੇ ਲੋਕੋ ਅਤੇ ਪਰਮੇਸ਼ੁਰ ਤੋਂ ਡਰਨ ਵਾਲੇ ਹੋਰ ਲੋਕੋ, ਇਸ ਮੁਕਤੀ ਦਾ ਸੰਦੇਸ਼ ਸਾਨੂੰ ਸਾਰਿਆਂ ਨੂੰ ਸੁਣਾਇਆ ਗਿਆ ਹੈ।+ 27 ਯਰੂਸ਼ਲਮ ਦੇ ਵਾਸੀਆਂ ਅਤੇ ਧਾਰਮਿਕ ਆਗੂਆਂ ਨੇ ਉਸ ਨੂੰ ਮਸੀਹ ਵਜੋਂ ਕਬੂਲ ਨਹੀਂ ਕੀਤਾ, ਸਗੋਂ ਉਨ੍ਹਾਂ ਨੇ ਨਿਆਂਕਾਰ ਬਣ ਕੇ ਨਬੀਆਂ ਦੀਆਂ ਲਿਖਤਾਂ ਵਿਚ ਦੱਸੀਆਂ ਸਾਰੀਆਂ ਗੱਲਾਂ ਪੂਰੀਆਂ ਕੀਤੀਆਂ+ ਜਿਹੜੀਆਂ ਹਰ ਸਬਤ ਦੇ ਦਿਨ ਉੱਚੀ ਆਵਾਜ਼ ਵਿਚ ਪੜ੍ਹੀਆਂ ਜਾਂਦੀਆਂ ਹਨ। 28 ਭਾਵੇਂ ਉਨ੍ਹਾਂ ਨੂੰ ਉਸ ਨੂੰ ਜਾਨੋਂ ਮਾਰਨ ਦਾ ਕੋਈ ਕਾਰਨ ਨਹੀਂ ਮਿਲਿਆ,+ ਫਿਰ ਵੀ ਉਨ੍ਹਾਂ ਨੇ ਪਿਲਾਤੁਸ ਉੱਤੇ ਜ਼ੋਰ ਪਾਇਆ ਕਿ ਉਸ ਨੂੰ ਜਾਨੋਂ ਮਾਰ ਦਿੱਤਾ ਜਾਵੇ।+ 29 ਫਿਰ ਜਦੋਂ ਉਹ ਸਾਰੀਆਂ ਗੱਲਾਂ ਪੂਰੀਆਂ ਕਰ ਹਟੇ ਜਿਹੜੀਆਂ ਉਸ ਬਾਰੇ ਲਿਖੀਆਂ ਗਈਆਂ ਸਨ, ਤਾਂ ਉਨ੍ਹਾਂ ਨੇ ਉਸ ਨੂੰ ਸੂਲ਼ੀ* ਤੋਂ ਲਾਹ ਕੇ ਕਬਰ ਵਿਚ ਰੱਖ ਦਿੱਤਾ।+ 30 ਪਰ ਪਰਮੇਸ਼ੁਰ ਨੇ ਉਸ ਨੂੰ ਮਰੇ ਹੋਇਆਂ ਵਿੱਚੋਂ ਜੀਉਂਦਾ ਕੀਤਾ+ 31 ਅਤੇ ਉਹ ਕਈ ਦਿਨ ਉਨ੍ਹਾਂ ਲੋਕਾਂ ਨੂੰ ਦਿਖਾਈ ਦਿੰਦਾ ਰਿਹਾ ਜਿਹੜੇ ਉਸ ਨਾਲ ਗਲੀਲ ਤੋਂ ਯਰੂਸ਼ਲਮ ਨੂੰ ਗਏ ਸਨ। ਉਹੀ ਲੋਕ ਹੁਣ ਸਾਰਿਆਂ ਸਾਮ੍ਹਣੇ ਉਸ ਬਾਰੇ ਗਵਾਹੀ ਦੇ ਰਹੇ ਹਨ।+

32 “ਇਸ ਲਈ ਅਸੀਂ ਤੁਹਾਨੂੰ ਉਸ ਵਾਅਦੇ ਦੀ ਖ਼ੁਸ਼ ਖ਼ਬਰੀ ਸੁਣਾ ਰਹੇ ਹਾਂ ਜਿਹੜਾ ਵਾਅਦਾ ਸਾਡੇ ਪਿਉ-ਦਾਦਿਆਂ ਨਾਲ ਕੀਤਾ ਗਿਆ ਸੀ। 33 ਪਰਮੇਸ਼ੁਰ ਨੇ ਯਿਸੂ ਮਸੀਹ ਨੂੰ ਮਰੇ ਹੋਇਆਂ ਵਿੱਚੋਂ ਜੀਉਂਦਾ ਕਰ ਕੇ+ ਇਹ ਵਾਅਦਾ ਉਨ੍ਹਾਂ ਦੇ ਬੱਚਿਆਂ ਲਈ ਯਾਨੀ ਸਾਡੇ ਲਈ ਪੂਰਾ ਕੀਤਾ; ਠੀਕ ਜਿਵੇਂ ਦੂਸਰੇ ਜ਼ਬੂਰ ਵਿਚ ਲਿਖਿਆ ਹੈ: ‘ਤੂੰ ਮੇਰਾ ਪੁੱਤਰ ਹੈਂ; ਮੈਂ ਅੱਜ ਤੇਰਾ ਪਿਤਾ ਬਣਿਆ ਹਾਂ।’+ 34 ਪਰਮੇਸ਼ੁਰ ਨੇ ਉਸ ਨੂੰ ਮਰੇ ਹੋਇਆਂ ਵਿੱਚੋਂ ਜੀਉਂਦਾ ਕੀਤਾ ਹੈ ਅਤੇ ਉਹ ਦੁਬਾਰਾ ਕਦੇ ਵੀ ਇਨਸਾਨੀ ਸਰੀਰ ਨਹੀਂ ਧਾਰੇਗਾ ਜਿਹੜਾ ਮਰ ਕੇ ਗਲ਼-ਸੜ ਜਾਂਦਾ ਹੈ। ਇਹ ਗੱਲ ਸੱਚ ਹੈ, ਇਸ ਬਾਰੇ ਪਰਮੇਸ਼ੁਰ ਨੇ ਇਸ ਤਰ੍ਹਾਂ ਕਿਹਾ: ‘ਦਾਊਦ ਨਾਲ ਕੀਤੇ ਭਰੋਸੇਯੋਗ ਵਾਅਦੇ ਅਨੁਸਾਰ ਮੈਂ ਤੁਹਾਡੇ ਨਾਲ ਅਟੱਲ ਪਿਆਰ ਕਰਾਂਗਾ।’+ 35 ਉਸ ਨੇ ਇਕ ਹੋਰ ਜ਼ਬੂਰ ਵਿਚ ਕਿਹਾ ਸੀ: ‘ਤੂੰ ਆਪਣੇ ਵਫ਼ਾਦਾਰ ਸੇਵਕ ਦਾ ਸਰੀਰ ਗਲ਼ਣ ਨਹੀਂ ਦੇਵੇਂਗਾ।’+ 36 ਇਕ ਪਾਸੇ ਦਾਊਦ ਸੀ ਜਿਸ ਨੇ ਆਪਣੀ ਜ਼ਿੰਦਗੀ ਦੌਰਾਨ ਪਰਮੇਸ਼ੁਰ ਦੀ ਸੇਵਾ ਕੀਤੀ* ਅਤੇ ਉਹ ਮੌਤ ਦੀ ਨੀਂਦ ਸੌਂ ਗਿਆ ਅਤੇ ਉਸ ਨੂੰ ਉਸ ਦੇ ਪਿਉ-ਦਾਦਿਆਂ ਨਾਲ ਦਫ਼ਨਾ ਦਿੱਤਾ ਗਿਆ ਅਤੇ ਉਸ ਦਾ ਸਰੀਰ ਗਲ਼ ਗਿਆ।+ 37 ਦੂਜੇ ਪਾਸੇ ਉਹ ਸੀ ਜਿਸ ਨੂੰ ਪਰਮੇਸ਼ੁਰ ਨੇ ਜੀਉਂਦਾ ਕੀਤਾ ਸੀ ਅਤੇ ਜਿਸ ਦਾ ਸਰੀਰ ਨਾ ਗਲ਼ਿਆ।+

38 “ਭਰਾਵੋ, ਤੁਸੀਂ ਜਾਣ ਲਓ ਕਿ ਉਸੇ ਦੇ ਰਾਹੀਂ ਪਾਪਾਂ ਦੀ ਮਾਫ਼ੀ ਮਿਲੇਗੀ ਅਤੇ ਇਹੀ ਖ਼ਬਰ ਤੁਹਾਨੂੰ ਸੁਣਾਈ ਜਾ ਰਹੀ ਹੈ+ 39 ਅਤੇ ਮੂਸਾ ਦਾ ਕਾਨੂੰਨ ਜਿਨ੍ਹਾਂ ਗੱਲਾਂ ਵਿਚ ਤੁਹਾਨੂੰ ਨਿਰਦੋਸ਼ ਨਹੀਂ ਠਹਿਰਾ ਸਕਿਆ,+ ਉਨ੍ਹਾਂ ਗੱਲਾਂ ਵਿਚ ਉਹ ਹਰ ਇਨਸਾਨ ਯਿਸੂ ਦੇ ਜ਼ਰੀਏ ਨਿਰਦੋਸ਼ ਠਹਿਰਾਇਆ ਜਾਂਦਾ ਹੈ ਜੋ ਨਿਹਚਾ ਕਰਦਾ ਹੈ।+ 40 ਇਸ ਲਈ ਖ਼ਬਰਦਾਰ ਰਹੋ ਕਿ ਨਬੀਆਂ ਦੀਆਂ ਲਿਖਤਾਂ ਵਿਚ ਜੋ ਲਿਖਿਆ ਹੈ, ਉਹ ਤੁਹਾਡੇ ਉੱਤੇ ਨਾ ਆ ਪਵੇ: 41 ‘ਘਿਰਣਾ ਕਰਨ ਵਾਲਿਓ, ਦੇਖੋ, ਦੰਗ ਰਹਿ ਜਾਓ ਅਤੇ ਮਿਟ ਜਾਓ ਕਿਉਂਕਿ ਮੈਂ ਜਿਹੜਾ ਕੰਮ ਤੁਹਾਡੇ ਦਿਨਾਂ ਵਿਚ ਕਰ ਰਿਹਾ ਹਾਂ, ਉਸ ਉੱਤੇ ਤੁਸੀਂ ਕਦੇ ਵੀ ਯਕੀਨ ਨਹੀਂ ਕਰੋਗੇ, ਭਾਵੇਂ ਕੋਈ ਤੁਹਾਨੂੰ ਇਸ ਬਾਰੇ ਖੋਲ੍ਹ ਕੇ ਹੀ ਕਿਉਂ ਨਾ ਦੱਸੇ।’”+

42 ਫਿਰ ਜਦੋਂ ਉਹ ਬਾਹਰ ਆ ਰਹੇ ਸਨ, ਤਾਂ ਲੋਕਾਂ ਨੇ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਉਹ ਅਗਲੇ ਸਬਤ ਦੇ ਦਿਨ ਵੀ ਆ ਕੇ ਉਨ੍ਹਾਂ ਨੂੰ ਇਹ ਗੱਲਾਂ ਦੱਸਣ। 43 ਇਸ ਲਈ, ਸਭਾ ਖ਼ਤਮ ਹੋਣ ਤੋਂ ਬਾਅਦ, ਪਰਮੇਸ਼ੁਰ ਦੀ ਭਗਤੀ ਕਰਨ ਵਾਲੇ ਬਹੁਤ ਸਾਰੇ ਯਹੂਦੀ ਅਤੇ ਯਹੂਦੀ ਧਰਮ ਨੂੰ ਅਪਣਾਉਣ ਵਾਲੇ ਲੋਕ ਪੌਲੁਸ ਅਤੇ ਬਰਨਾਬਾਸ ਦੇ ਪਿੱਛੇ-ਪਿੱਛੇ ਤੁਰ ਪਏ। ਪੌਲੁਸ ਅਤੇ ਬਰਨਾਬਾਸ ਨੇ ਉਨ੍ਹਾਂ ਨਾਲ ਗੱਲ ਕਰ ਕੇ ਉਨ੍ਹਾਂ ਨੂੰ ਹੱਲਾਸ਼ੇਰੀ ਦਿੱਤੀ ਕਿ ਉਹ ਆਪਣੇ ਆਪ ਨੂੰ ਪਰਮੇਸ਼ੁਰ ਦੀ ਅਪਾਰ ਕਿਰਪਾ ਦੇ ਲਾਇਕ ਬਣਾਈ ਰੱਖਣ।+

44 ਅਗਲੇ ਸਬਤ ਦੇ ਦਿਨ ਯਹੋਵਾਹ* ਦਾ ਬਚਨ ਸੁਣਨ ਲਈ ਲਗਭਗ ਸਾਰਾ ਸ਼ਹਿਰ ਹੀ ਇਕੱਠਾ ਹੋ ਗਿਆ ਸੀ। 45 ਜਦੋਂ ਯਹੂਦੀਆਂ ਨੇ ਭੀੜਾਂ ਦੀਆਂ ਭੀੜਾਂ ਦੇਖੀਆਂ, ਤਾਂ ਉਹ ਸੜ-ਬਲ਼ ਗਏ ਅਤੇ ਉਨ੍ਹਾਂ ਨੇ ਬੁਰਾ-ਭਲਾ ਕਹਿ ਕੇ ਪੌਲੁਸ ਦੀਆਂ ਗੱਲਾਂ ਦਾ ਵਿਰੋਧ ਕੀਤਾ।+ 46 ਫਿਰ ਪੌਲੁਸ ਅਤੇ ਬਰਨਾਬਾਸ ਨੇ ਦਲੇਰੀ ਨਾਲ ਉਨ੍ਹਾਂ ਨੂੰ ਕਿਹਾ: “ਇਹ ਜ਼ਰੂਰੀ ਸੀ ਕਿ ਪਰਮੇਸ਼ੁਰ ਦਾ ਬਚਨ ਪਹਿਲਾਂ ਤੁਹਾਨੂੰ ਸੁਣਾਇਆ ਜਾਵੇ।+ ਪਰ ਹੁਣ ਕਿਉਂਕਿ ਤੁਸੀਂ ਇਸ ਨੂੰ ਠੁਕਰਾ ਰਹੇ ਹੋ ਅਤੇ ਦਿਖਾ ਰਹੇ ਹੋ ਕਿ ਤੁਸੀਂ ਹਮੇਸ਼ਾ ਦੀ ਜ਼ਿੰਦਗੀ ਦੇ ਲਾਇਕ ਨਹੀਂ ਹੋ, ਇਸ ਲਈ ਅਸੀਂ ਗ਼ੈਰ-ਯਹੂਦੀ ਕੌਮਾਂ ਕੋਲ ਜਾ ਰਹੇ ਹਾਂ।+ 47 ਯਹੋਵਾਹ* ਨੇ ਸਾਨੂੰ ਇਹ ਹੁਕਮ ਦਿੱਤਾ ਹੈ: ‘ਮੈਂ ਤੈਨੂੰ ਗ਼ੈਰ-ਯਹੂਦੀ ਕੌਮਾਂ ਲਈ ਚਾਨਣ ਠਹਿਰਾਇਆ ਹੈ ਤਾਂਕਿ ਤੂੰ ਧਰਤੀ ਦੇ ਕੋਨੇ-ਕੋਨੇ ਤਕ ਮੇਰੇ ਮੁਕਤੀ ਦੇ ਜ਼ਰੀਏ ਦਾ ਐਲਾਨ ਕਰੇਂ।’”+

48 ਇਹ ਗੱਲ ਸੁਣ ਕੇ ਗ਼ੈਰ-ਯਹੂਦੀ ਲੋਕ ਬੜੇ ਖ਼ੁਸ਼ ਹੋਏ ਅਤੇ ਯਹੋਵਾਹ* ਦੇ ਬਚਨ ਦੀ ਵਡਿਆਈ ਕਰਨ ਲੱਗ ਪਏ। ਅਤੇ ਜਿਹੜੇ ਲੋਕ ਹਮੇਸ਼ਾ ਦੀ ਜ਼ਿੰਦਗੀ ਦੇ ਰਾਹ ʼਤੇ ਚੱਲਣ ਲਈ ਦਿਲੋਂ ਤਿਆਰ ਸਨ, ਉਹ ਸਾਰੇ ਨਿਹਚਾ ਕਰਨ ਲੱਗ ਪਏ। 49 ਇਸ ਤੋਂ ਇਲਾਵਾ, ਯਹੋਵਾਹ* ਦਾ ਬਚਨ ਪੂਰੇ ਇਲਾਕੇ ਵਿਚ ਫੈਲਦਾ ਗਿਆ। 50 ਪਰ ਯਹੂਦੀਆਂ ਨੇ ਪਰਮੇਸ਼ੁਰ ਦਾ ਡਰ ਮੰਨਣ ਵਾਲੀਆਂ ਸ਼ਹਿਰ ਦੀਆਂ ਮੰਨੀਆਂ-ਪ੍ਰਮੰਨੀਆਂ ਤੀਵੀਆਂ ਅਤੇ ਵੱਡੇ-ਵੱਡੇ ਆਦਮੀਆਂ ਨੂੰ ਭੜਕਾਇਆ+ ਅਤੇ ਉਨ੍ਹਾਂ ਨੇ ਪੌਲੁਸ ਅਤੇ ਬਰਨਾਬਾਸ ਨੂੰ ਮਾਰ-ਕੁੱਟ ਕੇ ਸ਼ਹਿਰੋਂ ਬਾਹਰ ਸੁੱਟ ਦਿੱਤਾ। 51 ਫਿਰ ਪੌਲੁਸ ਅਤੇ ਬਰਨਾਬਾਸ ਨੇ ਉਨ੍ਹਾਂ ਨੂੰ ਚੇਤਾਵਨੀ ਦੇਣ ਲਈ ਆਪਣੇ ਪੈਰਾਂ ਦੀ ਧੂੜ ਝਾੜੀ ਅਤੇ ਉੱਥੋਂ ਇਕੁਨਿਉਮ ਨੂੰ ਚਲੇ ਗਏ।+ 52 ਅਤੇ ਚੇਲਿਆਂ ਦੀ ਖ਼ੁਸ਼ੀ ਬਰਕਰਾਰ ਰਹੀ+ ਅਤੇ ਉਹ ਪਵਿੱਤਰ ਸ਼ਕਤੀ ਨਾਲ ਭਰੇ ਰਹੇ।

14 ਇਕੁਨਿਉਮ ਵਿਚ ਆ ਕੇ ਪੌਲੁਸ ਅਤੇ ਬਰਨਾਬਾਸ ਯਹੂਦੀਆਂ ਦੇ ਸਭਾ ਘਰ ਵਿਚ ਗਏ ਅਤੇ ਉਨ੍ਹਾਂ ਨੇ ਇੰਨੇ ਵਧੀਆ ਢੰਗ ਨਾਲ ਗੱਲ ਕੀਤੀ ਕਿ ਬਹੁਤ ਸਾਰੇ ਯਹੂਦੀ ਅਤੇ ਯੂਨਾਨੀ* ਨਿਹਚਾ ਕਰਨ ਲੱਗ ਪਏ। 2 ਪਰ ਜਿਨ੍ਹਾਂ ਯਹੂਦੀਆਂ ਨੇ ਨਿਹਚਾ ਨਹੀਂ ਕੀਤੀ ਸੀ, ਉਨ੍ਹਾਂ ਨੇ ਗ਼ੈਰ-ਯਹੂਦੀ ਲੋਕਾਂ ਨੂੰ ਭੜਕਾਇਆ ਅਤੇ ਉਨ੍ਹਾਂ ਦੇ ਮਨਾਂ ਵਿਚ ਭਰਾਵਾਂ ਦੇ ਖ਼ਿਲਾਫ਼ ਜ਼ਹਿਰ ਭਰ ਦਿੱਤਾ।+ 3 ਇਸ ਲਈ ਪੌਲੁਸ ਅਤੇ ਬਰਨਾਬਾਸ ਕਾਫ਼ੀ ਸਮਾਂ ਇਕੁਨਿਉਮ ਵਿਚ ਰਹੇ ਅਤੇ ਯਹੋਵਾਹ* ਤੋਂ ਮਿਲੇ ਅਧਿਕਾਰ ਨਾਲ ਉਹ ਨਿਡਰ ਹੋ ਕੇ ਗੱਲ ਕਰਦੇ ਰਹੇ। ਪਰਮੇਸ਼ੁਰ ਨੇ ਉਨ੍ਹਾਂ ਦੇ ਹੱਥੀਂ ਨਿਸ਼ਾਨੀਆਂ ਦਿਖਾ ਕੇ ਅਤੇ ਚਮਤਕਾਰ ਕਰ ਕੇ ਇਸ ਗੱਲ ਦਾ ਸਬੂਤ ਦਿੱਤਾ ਕਿ ਉਹ ਉਸ ਦੀ ਅਪਾਰ ਕਿਰਪਾ ਦਾ ਸੰਦੇਸ਼ ਦੇ ਰਹੇ ਸਨ।+ 4 ਪਰ ਸ਼ਹਿਰ ਦੇ ਬਹੁਤ ਸਾਰੇ ਲੋਕਾਂ ਵਿਚ ਫੁੱਟ ਪੈ ਗਈ; ਕੁਝ ਯਹੂਦੀਆਂ ਵੱਲ ਹੋ ਗਏ ਅਤੇ ਬਾਕੀ ਰਸੂਲਾਂ ਵੱਲ। 5 ਫਿਰ ਗ਼ੈਰ-ਯਹੂਦੀ ਲੋਕਾਂ ਅਤੇ ਯਹੂਦੀਆਂ ਤੇ ਉਨ੍ਹਾਂ ਦੇ ਧਾਰਮਿਕ ਆਗੂਆਂ ਨੇ ਮਿਲ ਕੇ ਉਨ੍ਹਾਂ ਦੋਹਾਂ ਨੂੰ ਬੇਇੱਜ਼ਤ ਕਰਨ ਅਤੇ ਪੱਥਰ ਮਾਰ-ਮਾਰ ਕੇ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ।+ 6 ਪਰ ਉਨ੍ਹਾਂ ਨੂੰ ਇਸ ਦੀ ਖ਼ਬਰ ਮਿਲ ਗਈ ਅਤੇ ਉਹ ਭੱਜ ਕੇ ਲੁਕਾਉਨਿਆ ਦੇ ਸ਼ਹਿਰਾਂ ਲੁਸਤ੍ਰਾ ਤੇ ਦਰਬੇ ਅਤੇ ਆਲੇ-ਦੁਆਲੇ ਦੇ ਇਲਾਕੇ ਵਿਚ ਚਲੇ ਗਏ।+ 7 ਉੱਥੇ ਉਹ ਖ਼ੁਸ਼ ਖ਼ਬਰੀ ਸੁਣਾਉਂਦੇ ਰਹੇ।

8 ਲੁਸਤ੍ਰਾ ਵਿਚ ਇਕ ਆਦਮੀ ਬੈਠਾ ਹੋਇਆ ਸੀ ਜੋ ਪੈਰਾਂ ਤੋਂ ਅਪਾਹਜ ਸੀ। ਉਹ ਜਨਮ ਤੋਂ ਲੰਗੜਾ ਸੀ ਅਤੇ ਕਦੀ ਵੀ ਤੁਰਿਆ ਨਹੀਂ ਸੀ। 9 ਉਹ ਆਦਮੀ ਪੌਲੁਸ ਦੀਆਂ ਗੱਲਾਂ ਸੁਣ ਰਿਹਾ ਸੀ। ਉਸ ਨੂੰ ਧਿਆਨ ਨਾਲ ਦੇਖ ਕੇ ਪੌਲੁਸ ਜਾਣ ਗਿਆ ਕਿ ਉਸ ਆਦਮੀ ਵਿਚ ਨਿਹਚਾ ਹੈ ਅਤੇ ਉਸ ਨੂੰ ਯਕੀਨ ਹੈ ਕਿ ਉਹ ਠੀਕ ਹੋ ਸਕਦਾ ਹੈ।+ 10 ਇਸ ਲਈ ਪੌਲੁਸ ਨੇ ਉੱਚੀ ਆਵਾਜ਼ ਵਿਚ ਕਿਹਾ: “ਆਪਣੇ ਪੈਰਾਂ ʼਤੇ ਖੜ੍ਹਾ ਹੋ ਜਾ।” ਉਹ ਆਦਮੀ ਉਸੇ ਵੇਲੇ ਉੱਠ ਖੜ੍ਹਾ ਹੋਇਆ ਅਤੇ ਤੁਰਨ ਲੱਗ ਪਿਆ।+ 11 ਲੋਕਾਂ ਨੇ ਜਦੋਂ ਪੌਲੁਸ ਦੀ ਕਰਾਮਾਤ ਦੇਖੀ, ਤਾਂ ਉਹ ਲੁਕਾਉਨੀ ਭਾਸ਼ਾ ਵਿਚ ਉੱਚੀ-ਉੱਚੀ ਕਹਿਣ ਲੱਗ ਪਏ: “ਦੇਵਤੇ ਇਨਸਾਨਾਂ ਦਾ ਰੂਪ ਧਾਰ ਕੇ ਸਾਡੇ ਕੋਲ ਉੱਤਰ ਆਏ ਹਨ!”+ 12 ਉਨ੍ਹਾਂ ਨੇ ਬਰਨਾਬਾਸ ਨੂੰ ਜ਼ੂਸ ਦੇਵਤਾ, ਪਰ ਪੌਲੁਸ ਨੂੰ ਹਰਮੇਸ ਦੇਵਤਾ ਕਹਿਣਾ ਸ਼ੁਰੂ ਕਰ ਦਿੱਤਾ ਕਿਉਂਕਿ ਉਹੀ ਜ਼ਿਆਦਾ ਗੱਲ ਕਰਦਾ ਸੀ। 13 ਜ਼ੂਸ ਦੇਵਤੇ ਦਾ ਮੰਦਰ ਸ਼ਹਿਰ ਦੇ ਲਾਂਘੇ ਕੋਲ ਸੀ ਅਤੇ ਮੰਦਰ ਦਾ ਪੁਜਾਰੀ ਬਲਦ ਅਤੇ ਫੁੱਲਾਂ ਦੇ ਹਾਰ* ਲੈ ਕੇ ਦਰਵਾਜ਼ੇ ਕੋਲ ਆਇਆ ਅਤੇ ਉਹ ਲੋਕਾਂ ਨਾਲ ਮਿਲ ਕੇ ਪੌਲੁਸ ਅਤੇ ਬਰਨਾਬਾਸ ਅੱਗੇ ਬਲ਼ੀਆਂ ਚੜ੍ਹਾਉਣੀਆਂ ਚਾਹੁੰਦਾ ਸੀ।

14 ਪਰ ਜਦੋਂ ਰਸੂਲਾਂ ਯਾਨੀ ਬਰਨਾਬਾਸ ਅਤੇ ਪੌਲੁਸ ਨੇ ਇਸ ਬਾਰੇ ਸੁਣਿਆ, ਤਾਂ ਉਨ੍ਹਾਂ ਨੇ ਆਪਣੇ ਕੱਪੜੇ ਪਾੜੇ ਅਤੇ ਭੱਜ ਕੇ ਭੀੜ ਵਿਚ ਜਾ ਖੜ੍ਹੇ ਹੋਏ ਅਤੇ ਉੱਚੀ ਆਵਾਜ਼ ਵਿਚ ਕਿਹਾ: 15 “ਭਰਾਵੋ, ਤੁਸੀਂ ਇਹ ਸਭ ਕੁਝ ਕਿਉਂ ਕਰ ਰਹੇ ਹੋ? ਅਸੀਂ ਵੀ ਤੁਹਾਡੇ ਵਾਂਗ ਦੁੱਖ-ਸੁੱਖ ਭੋਗਣ ਵਾਲੇ ਆਮ ਇਨਸਾਨ ਹਾਂ।+ ਅਸੀਂ ਤੁਹਾਨੂੰ ਖ਼ੁਸ਼ ਖ਼ਬਰੀ ਸੁਣਾ ਰਹੇ ਹਾਂ ਤਾਂਕਿ ਤੁਸੀਂ ਇਨ੍ਹਾਂ ਵਿਅਰਥ ਚੀਜ਼ਾਂ ਨੂੰ ਛੱਡ ਕੇ ਜੀਉਂਦੇ ਪਰਮੇਸ਼ੁਰ ਵੱਲ ਮੁੜੋ ਜਿਸ ਨੇ ਆਕਾਸ਼, ਧਰਤੀ, ਸਮੁੰਦਰ ਅਤੇ ਉਨ੍ਹਾਂ ਵਿਚਲੀਆਂ ਸਾਰੀਆਂ ਚੀਜ਼ਾਂ ਬਣਾਈਆਂ ਹਨ।+ 16 ਬੀਤੇ ਸਮੇਂ ਵਿਚ ਉਸ ਨੇ ਸਾਰੀਆਂ ਕੌਮਾਂ ਨੂੰ ਆਪੋ-ਆਪਣੇ ਰਾਹ ਚੱਲਣ ਦਿੱਤਾ,+ 17 ਫਿਰ ਵੀ ਉਹ ਭਲਾਈ ਕਰਦਾ ਰਿਹਾ ਅਤੇ ਇਸ ਤਰ੍ਹਾਂ ਆਪਣੇ ਬਾਰੇ ਗਵਾਹੀ ਦਿੰਦਾ ਰਿਹਾ।+ ਉਹ ਤੁਹਾਡੇ ਲਈ ਆਕਾਸ਼ੋਂ ਮੀਂਹ ਵਰ੍ਹਾ ਕੇ ਤੇ ਚੰਗੀ ਪੈਦਾਵਾਰ ਵਾਲੀਆਂ ਰੁੱਤਾਂ ਦੇ ਕੇ+ ਤੁਹਾਨੂੰ ਖਾਣ-ਪੀਣ ਵਾਲੀਆਂ ਚੀਜ਼ਾਂ ਨਾਲ ਰਜਾਉਂਦਾ ਰਿਹਾ ਅਤੇ ਤੁਹਾਡੇ ਦਿਲਾਂ ਨੂੰ ਖ਼ੁਸ਼ੀਆਂ ਨਾਲ ਭਰਦਾ ਰਿਹਾ।”+ 18 ਇਹ ਸਭ ਕਹਿਣ ਦੇ ਬਾਵਜੂਦ ਉਹ ਭੀੜ ਨੂੰ ਬਲ਼ੀਆਂ ਚੜ੍ਹਾਉਣ ਤੋਂ ਮਸਾਂ ਰੋਕ ਪਾਏ।

19 ਪਰ ਅੰਤਾਕੀਆ ਅਤੇ ਇਕੁਨਿਉਮ ਤੋਂ ਯਹੂਦੀ ਆਏ ਅਤੇ ਉਨ੍ਹਾਂ ਨੇ ਭੀੜ ਨੂੰ ਭੜਕਾ ਕੇ ਆਪਣੇ ਮਗਰ ਲਾ ਲਿਆ+ ਅਤੇ ਉਨ੍ਹਾਂ ਨੇ ਪੌਲੁਸ ਨੂੰ ਪੱਥਰ ਮਾਰੇ ਅਤੇ ਮਰਿਆ ਸਮਝ ਕੇ ਉਸ ਨੂੰ ਘਸੀਟ ਕੇ ਸ਼ਹਿਰੋਂ ਬਾਹਰ ਲੈ ਗਏ।+ 20 ਪਰ ਜਦੋਂ ਚੇਲੇ ਆ ਕੇ ਉਸ ਦੇ ਆਲੇ-ਦੁਆਲੇ ਖੜ੍ਹੇ ਹੋਏ, ਤਾਂ ਉਹ ਉੱਠਿਆ ਅਤੇ ਸ਼ਹਿਰ ਨੂੰ ਚਲਾ ਗਿਆ। ਅਗਲੇ ਦਿਨ ਉਹ ਬਰਨਾਬਾਸ ਨਾਲ ਦਰਬੇ ਨੂੰ ਚਲਾ ਗਿਆ।+ 21 ਉਸ ਸ਼ਹਿਰ ਵਿਚ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਕੇ ਅਤੇ ਬਹੁਤ ਸਾਰੇ ਚੇਲੇ ਬਣਾ ਕੇ ਉਹ ਲੁਸਤ੍ਰਾ, ਇਕੁਨਿਉਮ ਤੇ ਅੰਤਾਕੀਆ ਨੂੰ ਮੁੜ ਆਏ। 22 ਉੱਥੇ ਉਨ੍ਹਾਂ ਨੇ ਚੇਲਿਆਂ ਨੂੰ ਹੌਸਲਾ ਦਿੱਤਾ+ ਅਤੇ ਉਨ੍ਹਾਂ ਨੂੰ ਆਪਣੀ ਨਿਹਚਾ ਮਜ਼ਬੂਤ ਰੱਖਣ ਦੀ ਹੱਲਾਸ਼ੇਰੀ ਦਿੰਦਿਆਂ ਕਿਹਾ: “ਪਰਮੇਸ਼ੁਰ ਦੇ ਰਾਜ ਵਿਚ ਜਾਣ ਲਈ ਸਾਨੂੰ ਬਹੁਤ ਸਾਰੀਆਂ ਮੁਸੀਬਤਾਂ ਝੱਲਣੀਆਂ ਪੈਣਗੀਆਂ।”+ 23 ਇਸ ਤੋਂ ਇਲਾਵਾ, ਉਨ੍ਹਾਂ ਨੇ ਹਰ ਮੰਡਲੀ ਵਿਚ ਉਨ੍ਹਾਂ ਲਈ ਬਜ਼ੁਰਗ ਨਿਯੁਕਤ ਕੀਤੇ,+ ਪ੍ਰਾਰਥਨਾ ਕੀਤੀ, ਵਰਤ ਰੱਖਿਆ+ ਅਤੇ ਉਨ੍ਹਾਂ ਨੂੰ ਯਹੋਵਾਹ* ਦੇ ਹੱਥ ਸੌਂਪ ਦਿੱਤਾ ਜਿਸ ਉੱਤੇ ਉਨ੍ਹਾਂ ਨੇ ਨਿਹਚਾ ਕੀਤੀ ਸੀ।

24 ਫਿਰ ਉਹ ਪਸੀਦੀਆ ਵਿੱਚੋਂ ਦੀ ਹੁੰਦੇ ਹੋਏ ਪਮਫੀਲੀਆ ਆਏ+ 25 ਅਤੇ ਪਰਗਾ ਵਿਚ ਬਚਨ ਦਾ ਪ੍ਰਚਾਰ ਕਰਨ ਤੋਂ ਬਾਅਦ ਉਹ ਅੱਤਲੀਆ ਨੂੰ ਚਲੇ ਗਏ। 26 ਉੱਥੋਂ ਉਹ ਸਮੁੰਦਰੀ ਜਹਾਜ਼ ਵਿਚ ਬੈਠ ਕੇ ਅੰਤਾਕੀਆ ਨੂੰ ਤੁਰ ਪਏ। ਅੰਤਾਕੀਆ ਵਿਚ ਹੀ ਪਰਮੇਸ਼ੁਰ ਨੇ ਅਪਾਰ ਕਿਰਪਾ ਕਰ ਕੇ ਉਨ੍ਹਾਂ ਨੂੰ ਕੰਮ ਸੌਂਪਿਆ ਸੀ ਜੋ ਹੁਣ ਉਨ੍ਹਾਂ ਨੇ ਪੂਰਾ ਕਰ ਲਿਆ ਸੀ।+

27 ਜਦੋਂ ਉਹ ਅੰਤਾਕੀਆ ਵਿਚ ਪਹੁੰਚੇ, ਤਾਂ ਉਨ੍ਹਾਂ ਨੇ ਪੂਰੀ ਮੰਡਲੀ ਨੂੰ ਇਕੱਠਾ ਕਰ ਕੇ ਦੱਸਿਆ ਕਿ ਪਰਮੇਸ਼ੁਰ ਨੇ ਉਨ੍ਹਾਂ ਦੇ ਰਾਹੀਂ ਕੀ-ਕੀ ਕੀਤਾ ਸੀ ਅਤੇ ਉਸ ਨੇ ਗ਼ੈਰ-ਯਹੂਦੀ ਕੌਮਾਂ ਦੇ ਲੋਕਾਂ ਲਈ ਵੀ ਨਿਹਚਾ ਕਰਨ ਦਾ ਰਾਹ ਖੋਲ੍ਹ ਦਿੱਤਾ ਸੀ।+ 28 ਅਤੇ ਉਨ੍ਹਾਂ ਨੇ ਚੇਲਿਆਂ ਨਾਲ ਕਾਫ਼ੀ ਸਮਾਂ ਬਿਤਾਇਆ।

15 ਫਿਰ ਯਹੂਦਿਯਾ ਤੋਂ ਕੁਝ ਆਦਮੀ ਆਏ ਅਤੇ ਭਰਾਵਾਂ ਨੂੰ ਇਹ ਸਿਖਾਉਣ ਲੱਗ ਪਏ: “ਜੇ ਤੁਸੀਂ ਮੂਸਾ ਦੇ ਕਾਨੂੰਨ ਅਨੁਸਾਰ ਸੁੰਨਤ ਨਹੀਂ ਕਰਾਓਗੇ,+ ਤਾਂ ਤੁਸੀਂ ਬਚਾਏ ਨਹੀਂ ਜਾਓਗੇ।” 2 ਪੌਲੁਸ ਤੇ ਬਰਨਾਬਾਸ ਦਾ ਉਨ੍ਹਾਂ ਨਾਲ ਬਹੁਤ ਝਗੜਾ ਅਤੇ ਬਹਿਸ ਹੋਈ। ਇਸ ਲਈ ਪੌਲੁਸ, ਬਰਨਾਬਾਸ ਤੇ ਹੋਰ ਚੇਲਿਆਂ ਨੂੰ ਇਸ ਮਸਲੇ ਬਾਰੇ ਯਰੂਸ਼ਲਮ+ ਵਿਚ ਰਸੂਲਾਂ ਅਤੇ ਬਜ਼ੁਰਗਾਂ ਨਾਲ ਗੱਲ ਕਰਨ ਲਈ ਘੱਲਿਆ ਗਿਆ।

3 ਮੰਡਲੀ ਕੁਝ ਦੂਰ ਤਕ ਉਨ੍ਹਾਂ ਨਾਲ ਗਈ ਅਤੇ ਫਿਰ ਪੌਲੁਸ, ਬਰਨਾਬਾਸ ਅਤੇ ਹੋਰ ਚੇਲੇ ਫੈਨੀਕੇ ਤੇ ਸਾਮਰਿਯਾ ਵਿੱਚੋਂ ਦੀ ਲੰਘੇ ਅਤੇ ਉੱਥੋਂ ਦੇ ਭਰਾਵਾਂ ਨੂੰ ਖੋਲ੍ਹ ਕੇ ਦੱਸਿਆ ਕਿ ਗ਼ੈਰ-ਯਹੂਦੀ ਕੌਮਾਂ ਦੇ ਲੋਕ ਖ਼ੁਦ ਨੂੰ ਬਦਲ ਕੇ ਪਰਮੇਸ਼ੁਰ ਦੀ ਭਗਤੀ ਕਰਨ ਲੱਗ ਪਏ ਸਨ ਅਤੇ ਇਹ ਸੁਣ ਕੇ ਸਾਰੇ ਭਰਾ ਬੜੇ ਖ਼ੁਸ਼ ਹੋਏ। 4 ਜਦੋਂ ਉਹ ਯਰੂਸ਼ਲਮ ਪਹੁੰਚੇ, ਤਾਂ ਮੰਡਲੀ ਅਤੇ ਰਸੂਲਾਂ ਅਤੇ ਬਜ਼ੁਰਗਾਂ ਨੇ ਉਨ੍ਹਾਂ ਦਾ ਖ਼ੁਸ਼ੀ-ਖ਼ੁਸ਼ੀ ਸੁਆਗਤ ਕੀਤਾ ਅਤੇ ਪੌਲੁਸ ਤੇ ਬਰਨਾਬਾਸ ਨੇ ਉਨ੍ਹਾਂ ਸਾਰੇ ਕੰਮਾਂ ਬਾਰੇ ਦੱਸਿਆ ਜੋ ਪਰਮੇਸ਼ੁਰ ਨੇ ਉਨ੍ਹਾਂ ਰਾਹੀਂ ਕੀਤੇ ਸਨ। 5 ਪਰ ਕੁਝ ਚੇਲੇ, ਜਿਹੜੇ ਪਹਿਲਾਂ ਫ਼ਰੀਸੀਆਂ ਦੇ ਪੰਥ ਵਿਚ ਹੁੰਦੇ ਸਨ, ਉੱਠ ਕੇ ਕਹਿਣ ਲੱਗੇ: “ਗ਼ੈਰ-ਯਹੂਦੀ ਲੋਕਾਂ ਲਈ ਸੁੰਨਤ ਕਰਾਉਣੀ ਜ਼ਰੂਰੀ ਹੈ ਅਤੇ ਉਨ੍ਹਾਂ ਨੂੰ ਹੁਕਮ ਦਿੱਤਾ ਜਾਵੇ ਕਿ ਉਹ ਮੂਸਾ ਦੇ ਕਾਨੂੰਨ ਦੀ ਪਾਲਣਾ ਕਰਨ।”+

6 ਇਸ ਲਈ ਰਸੂਲ ਅਤੇ ਬਜ਼ੁਰਗ ਇਸ ਮਸਲੇ ਉੱਤੇ ਗੱਲ ਕਰਨ ਲਈ ਇਕੱਠੇ ਹੋਏ। 7 ਇਸ ਮਸਲੇ ਉੱਤੇ ਕਾਫ਼ੀ ਚਰਚਾ* ਹੋਣ ਤੋਂ ਬਾਅਦ ਪਤਰਸ ਖੜ੍ਹਾ ਹੋਇਆ ਅਤੇ ਉਸ ਨੇ ਉਨ੍ਹਾਂ ਨੂੰ ਕਿਹਾ: “ਭਰਾਵੋ, ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਪਰਮੇਸ਼ੁਰ ਨੇ ਸਾਡੇ ਵਿੱਚੋਂ ਪਹਿਲਾਂ ਮੈਨੂੰ ਚੁਣਿਆ ਸੀ ਕਿ ਮੇਰੇ ਰਾਹੀਂ ਗ਼ੈਰ-ਯਹੂਦੀ ਕੌਮਾਂ ਖ਼ੁਸ਼ ਖ਼ਬਰੀ ਸੁਣਨ ਅਤੇ ਨਿਹਚਾ ਕਰਨ।+ 8 ਅਤੇ ਪਰਮੇਸ਼ੁਰ ਨੇ, ਜਿਹੜਾ ਦਿਲਾਂ ਨੂੰ ਜਾਣਦਾ ਹੈ,+ ਸਾਡੇ ਵਾਂਗ ਉਨ੍ਹਾਂ ਨੂੰ ਵੀ ਪਵਿੱਤਰ ਸ਼ਕਤੀ ਦੇ ਕੇ ਇਸ ਗੱਲ ਦੀ ਗਵਾਹੀ ਦਿੱਤੀ+ ਕਿ ਉਸ ਨੇ ਉਨ੍ਹਾਂ ਨੂੰ ਕਬੂਲ ਕਰ ਲਿਆ ਹੈ। 9 ਉਸ ਨੇ ਸਾਡੇ ਵਿਚ ਅਤੇ ਉਨ੍ਹਾਂ ਵਿਚ ਕੋਈ ਫ਼ਰਕ ਨਹੀਂ ਕੀਤਾ,+ ਪਰ ਉਨ੍ਹਾਂ ਦੀ ਨਿਹਚਾ ਕਰਕੇ ਉਨ੍ਹਾਂ ਦੇ ਦਿਲਾਂ ਨੂੰ ਸ਼ੁੱਧ ਕੀਤਾ।+ 10 ਇਸ ਲਈ ਜਿਹੜਾ ਬੋਝ ਨਾ ਤਾਂ ਸਾਡੇ ਪਿਉ-ਦਾਦੇ ਤੇ ਨਾ ਹੀ ਅਸੀਂ ਚੁੱਕ ਸਕੇ,+ ਉਹੀ ਬੋਝ ਹੁਣ ਚੇਲਿਆਂ ਦੀਆਂ ਧੌਣਾਂ ਉੱਤੇ ਰੱਖ ਕੇ ਤੁਸੀਂ ਪਰਮੇਸ਼ੁਰ ਨੂੰ ਕਿਉਂ ਪਰਖ ਰਹੇ ਹੋ?+ 11 ਇਸ ਦੀ ਬਜਾਇ, ਸਾਨੂੰ ਭਰੋਸਾ ਹੈ ਕਿ ਅਸੀਂ ਪ੍ਰਭੂ ਯਿਸੂ ਦੀ ਅਪਾਰ ਕਿਰਪਾ ਕਰਕੇ ਬਚਾਏ ਜਾਂਦੇ ਹਾਂ+ ਅਤੇ ਗ਼ੈਰ-ਯਹੂਦੀ ਲੋਕ ਵੀ ਇਹੀ ਭਰੋਸਾ ਰੱਖਦੇ ਹਨ।”+

12 ਇਹ ਸੁਣ ਕੇ ਸਾਰੇ ਜਣੇ ਚੁੱਪ ਕਰ ਗਏ ਅਤੇ ਫਿਰ ਉਹ ਬਰਨਾਬਾਸ ਅਤੇ ਪੌਲੁਸ ਦੀ ਗੱਲ ਸੁਣਨ ਲੱਗ ਪਏ ਕਿ ਪਰਮੇਸ਼ੁਰ ਨੇ ਉਨ੍ਹਾਂ ਦੇ ਰਾਹੀਂ ਗ਼ੈਰ-ਯਹੂਦੀ ਕੌਮਾਂ ਵਿਚ ਕਿੰਨੀਆਂ ਨਿਸ਼ਾਨੀਆਂ ਦਿਖਾਈਆਂ ਅਤੇ ਚਮਤਕਾਰ ਕੀਤੇ। 13 ਜਦੋਂ ਉਹ ਗੱਲ ਕਰ ਹਟੇ, ਤਾਂ ਯਾਕੂਬ ਨੇ ਕਿਹਾ: “ਭਰਾਵੋ, ਮੇਰੀ ਗੱਲ ਸੁਣੋ। 14 ਸ਼ਿਮਓਨ*+ ਨੇ ਖੋਲ੍ਹ ਕੇ ਦੱਸਿਆ ਕਿ ਕਿਵੇਂ ਪਰਮੇਸ਼ੁਰ ਨੇ ਪਹਿਲੀ ਵਾਰ ਗ਼ੈਰ-ਯਹੂਦੀ ਕੌਮਾਂ ਵੱਲ ਧਿਆਨ ਦਿੱਤਾ ਤਾਂਕਿ ਉਹ ਉਨ੍ਹਾਂ ਵਿੱਚੋਂ ਆਪਣੇ ਨਾਂ ਲਈ ਲੋਕਾਂ ਨੂੰ ਚੁਣੇ।+ 15 ਨਬੀਆਂ ਦੀਆਂ ਲਿਖਤਾਂ ਵੀ ਇਸ ਗੱਲ ਨਾਲ ਸਹਿਮਤ ਹਨ ਜਿਨ੍ਹਾਂ ਵਿਚ ਲਿਖਿਆ ਹੈ: 16 ‘ਇਨ੍ਹਾਂ ਗੱਲਾਂ ਪਿੱਛੋਂ ਮੈਂ ਵਾਪਸ ਆ ਕੇ ਦਾਊਦ ਦੇ ਡਿਗੇ ਹੋਏ ਘਰ* ਨੂੰ ਮੁੜ ਬਣਾਵਾਂਗਾ; ਮੈਂ ਇਸ ਦੇ ਖੰਡਰਾਂ ਦੀ ਮੁਰੰਮਤ ਕਰਾਂਗਾ ਅਤੇ ਇਸ ਨੂੰ ਦੁਬਾਰਾ ਬਣਾਵਾਂਗਾ 17 ਤਾਂਕਿ ਬਚੇ ਹੋਏ ਲੋਕ ਮੇਰੇ ਨਾਂ ਤੋਂ ਜਾਣੀਆਂ ਜਾਂਦੀਆਂ ਸਾਰੀਆਂ ਕੌਮਾਂ ਦੇ ਲੋਕਾਂ ਨਾਲ ਮਿਲ ਕੇ ਦਿਲੋਂ ਯਹੋਵਾਹ* ਦੀ ਭਾਲ ਕਰਨ, ਯਹੋਵਾਹ* ਕਹਿੰਦਾ ਹੈ ਜੋ ਇਹ ਸਾਰੇ ਕੰਮ ਕਰ ਰਿਹਾ ਹੈ+ 18 ਅਤੇ ਉਸ ਨੇ ਬਹੁਤ ਸਮਾਂ ਪਹਿਲਾਂ ਹੀ ਇਹ ਕੰਮ ਕਰਨ ਦਾ ਫ਼ੈਸਲਾ ਕੀਤਾ ਸੀ।’+ 19 ਇਸ ਲਈ ਮੇਰੀ ਸਲਾਹ ਇਹੀ ਹੈ ਕਿ ਪਰਮੇਸ਼ੁਰ ਵੱਲ ਮੁੜ ਰਹੇ ਗ਼ੈਰ-ਯਹੂਦੀ ਲੋਕਾਂ ਲਈ ਮੁਸੀਬਤਾਂ ਖੜ੍ਹੀਆਂ ਨਾ ਕੀਤੀਆਂ ਜਾਣ,+ 20 ਪਰ ਉਨ੍ਹਾਂ ਨੂੰ ਲਿਖ ਕੇ ਦੱਸਿਆ ਜਾਵੇ ਕਿ ਉਹ ਮੂਰਤੀ-ਪੂਜਾ ਨਾਲ ਭ੍ਰਿਸ਼ਟ ਹੋਈਆਂ ਚੀਜ਼ਾਂ ਤੋਂ,+ ਹਰਾਮਕਾਰੀ*+ ਤੋਂ, ਗਲ਼ਾ ਘੁੱਟ ਕੇ ਮਾਰੇ ਜਾਨਵਰਾਂ ਦੇ ਮਾਸ ਤੋਂ* ਅਤੇ ਖ਼ੂਨ ਤੋਂ ਦੂਰ ਰਹਿਣ।+ 21 ਪੁਰਾਣੇ ਸਮਿਆਂ ਤੋਂ ਲੋਕ ਹਰ ਸ਼ਹਿਰ ਵਿਚ ਮੂਸਾ ਦੀਆਂ ਗੱਲਾਂ ਦਾ ਪ੍ਰਚਾਰ ਕਰਦੇ ਆਏ ਹਨ ਕਿਉਂਕਿ ਉਸ ਦੀਆਂ ਲਿਖੀਆਂ ਗੱਲਾਂ ਸਭਾ ਘਰਾਂ ਵਿਚ ਹਰ ਸਬਤ ਦੇ ਦਿਨ ਉੱਚੀ ਆਵਾਜ਼ ਵਿਚ ਪੜ੍ਹੀਆਂ ਜਾਂਦੀਆਂ ਹਨ।”+

22 ਫਿਰ ਰਸੂਲਾਂ ਅਤੇ ਬਜ਼ੁਰਗਾਂ ਨੇ ਪੂਰੀ ਮੰਡਲੀ ਨਾਲ ਮਿਲ ਕੇ ਫ਼ੈਸਲਾ ਕੀਤਾ ਕਿ ਆਪਣੇ ਵਿੱਚੋਂ ਚੁਣੇ ਹੋਏ ਆਦਮੀਆਂ ਨੂੰ ਪੌਲੁਸ ਅਤੇ ਬਰਨਾਬਾਸ ਨਾਲ ਅੰਤਾਕੀਆ ਨੂੰ ਘੱਲਿਆ ਜਾਵੇ; ਉਨ੍ਹਾਂ ਨੇ ਭਰਾਵਾਂ ਦੀ ਅਗਵਾਈ ਕਰਨ ਵਾਲੇ ਯਹੂਦਾ ਉਰਫ਼ ਬਾਰਸਬੱਸ ਅਤੇ ਸੀਲਾਸ ਨੂੰ ਚੁਣਿਆ।+ 23 ਰਸੂਲਾਂ ਤੇ ਬਜ਼ੁਰਗਾਂ ਨੇ ਚਿੱਠੀ ਲਿਖ ਕੇ ਉਨ੍ਹਾਂ ਦੇ ਹੱਥੀਂ ਘੱਲੀ:

“ਰਸੂਲਾਂ ਤੇ ਬਜ਼ੁਰਗਾਂ ਵੱਲੋਂ ਅੰਤਾਕੀਆ,+ ਸੀਰੀਆ ਤੇ ਕਿਲਿਕੀਆ ਦੇ ਭਰਾਵਾਂ ਨੂੰ, ਜਿਹੜੇ ਗ਼ੈਰ-ਯਹੂਦੀ ਕੌਮਾਂ ਵਿੱਚੋਂ ਹਨ, ਨਮਸਕਾਰ! 24 ਅਸੀਂ ਸੁਣਿਆ ਹੈ ਕਿ ਸਾਡੇ ਵਿੱਚੋਂ ਕੁਝ ਜਣਿਆਂ ਨੇ ਆ ਕੇ ਆਪਣੀਆਂ ਸਿੱਖਿਆਵਾਂ ਦੁਆਰਾ ਤੁਹਾਡੇ ਵਾਸਤੇ ਮੁਸੀਬਤ ਖੜ੍ਹੀ ਕੀਤੀ+ ਅਤੇ ਤੁਹਾਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ, ਭਾਵੇਂ ਕਿ ਅਸੀਂ ਉਨ੍ਹਾਂ ਨੂੰ ਇਹ ਸਿੱਖਿਆ ਦੇਣ ਦੀ ਕੋਈ ਹਿਦਾਇਤ ਨਹੀਂ ਦਿੱਤੀ ਸੀ। 25 ਅਸੀਂ ਸਾਰਿਆਂ ਨੇ ਸਹਿਮਤ ਹੋ ਕੇ ਫ਼ੈਸਲਾ ਲਿਆ ਹੈ ਕਿ ਕੁਝ ਆਦਮੀਆਂ ਨੂੰ ਚੁਣ ਕੇ ਸਾਡੇ ਪਿਆਰੇ ਭਰਾਵਾਂ ਬਰਨਾਬਾਸ ਤੇ ਪੌਲੁਸ ਨਾਲ ਤੁਹਾਡੇ ਕੋਲ ਘੱਲਿਆ ਜਾਵੇ। 26 ਇਨ੍ਹਾਂ ਦੋਹਾਂ ਭਰਾਵਾਂ ਨੇ ਸਾਡੇ ਪ੍ਰਭੂ ਯਿਸੂ ਮਸੀਹ ਦੇ ਨਾਂ ਦੀ ਖ਼ਾਤਰ ਆਪਣੀ ਜਾਨ ਖ਼ਤਰੇ ਵਿਚ ਪਾਈ ਹੈ।+ 27 ਅਸੀਂ ਯਹੂਦਾ ਅਤੇ ਸੀਲਾਸ ਨੂੰ ਇਸ ਲਈ ਘੱਲ ਰਹੇ ਹਾਂ ਤਾਂਕਿ ਉਹ ਵੀ ਚਿੱਠੀ ਵਿਚ ਲਿਖੀਆਂ ਗੱਲਾਂ ਦੀ ਗਵਾਹੀ ਦੇਣ।+ 28 ਪਵਿੱਤਰ ਸ਼ਕਤੀ+ ਦੀ ਮਦਦ ਨਾਲ ਅਸੀਂ ਇਹ ਫ਼ੈਸਲਾ ਕੀਤਾ ਹੈ ਕਿ ਇਨ੍ਹਾਂ ਜ਼ਰੂਰੀ ਗੱਲਾਂ ਤੋਂ ਸਿਵਾਇ ਅਸੀਂ ਤੁਹਾਡੇ ਉੱਤੇ ਵਾਧੂ ਬੋਝ ਨਾ ਪਾਈਏ: 29 ਤੁਸੀਂ ਮੂਰਤੀਆਂ ਨੂੰ ਚੜ੍ਹਾਈਆਂ ਚੀਜ਼ਾਂ ਤੋਂ,+ ਖ਼ੂਨ ਤੋਂ,+ ਗਲ਼ਾ ਘੁੱਟ ਕੇ ਮਾਰੇ ਜਾਨਵਰਾਂ ਦੇ ਮਾਸ ਤੋਂ*+ ਅਤੇ ਹਰਾਮਕਾਰੀ* ਤੋਂ ਦੂਰ ਰਹੋ।+ ਜੇ ਤੁਸੀਂ ਧਿਆਨ ਨਾਲ ਇਨ੍ਹਾਂ ਗੱਲਾਂ ਦੀ ਪਾਲਣਾ ਕਰੋਗੇ, ਤਾਂ ਤੁਹਾਡਾ ਭਲਾ ਹੋਵੇਗਾ। ਰਾਜ਼ੀ ਰਹੋ!”*

30 ਫਿਰ ਵਿਦਾ ਹੋਣ ਤੋਂ ਬਾਅਦ ਉਹ ਆਦਮੀ ਉੱਥੋਂ ਅੰਤਾਕੀਆ ਨੂੰ ਚਲੇ ਗਏ ਅਤੇ ਉੱਥੇ ਉਨ੍ਹਾਂ ਨੇ ਚੇਲਿਆਂ ਨੂੰ ਇਕੱਠਾ ਕੀਤਾ ਤੇ ਉਨ੍ਹਾਂ ਨੂੰ ਚਿੱਠੀ ਦੇ ਦਿੱਤੀ। 31 ਚਿੱਠੀ ਪੜ੍ਹ ਕੇ ਉਨ੍ਹਾਂ ਨੂੰ ਹੌਸਲਾ ਮਿਲਿਆ ਤੇ ਬੇਹੱਦ ਖ਼ੁਸ਼ੀ ਹੋਈ। 32 ਯਹੂਦਾ ਅਤੇ ਸੀਲਾਸ ਆਪ ਵੀ ਨਬੀ ਸਨ, ਇਸ ਲਈ ਉਨ੍ਹਾਂ ਨੇ ਵੀ ਆਪਣੀਆਂ ਗੱਲਾਂ ਨਾਲ ਭਰਾਵਾਂ ਨੂੰ ਹੌਸਲਾ ਦਿੱਤਾ ਅਤੇ ਉਨ੍ਹਾਂ ਨੂੰ ਤਕੜਾ ਕੀਤਾ।+ 33 ਕੁਝ ਸਮੇਂ ਬਾਅਦ ਭਰਾਵਾਂ ਨੇ ਉਨ੍ਹਾਂ ਨੂੰ ਸੁੱਖ-ਸਾਂਦ ਨਾਲ ਵਿਦਾ ਕੀਤਾ ਕਿ ਉਹ ਆਪਣੇ ਘੱਲਣ ਵਾਲਿਆਂ ਕੋਲ ਵਾਪਸ ਜਾਣ। 34 *​— 35 ਪਰ ਪੌਲੁਸ ਅਤੇ ਬਰਨਾਬਾਸ ਅੰਤਾਕੀਆ ਵਿਚ ਰਹਿ ਕੇ ਸਿੱਖਿਆ ਦਿੰਦੇ ਰਹੇ ਅਤੇ ਦੂਸਰਿਆਂ ਨਾਲ ਮਿਲ ਕੇ ਯਹੋਵਾਹ* ਦੇ ਬਚਨ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਰਹੇ।

36 ਫਿਰ ਕੁਝ ਦਿਨਾਂ ਬਾਅਦ ਪੌਲੁਸ ਨੇ ਬਰਨਾਬਾਸ ਨੂੰ ਕਿਹਾ: “ਚਲੋ ਹੁਣ* ਆਪਾਂ ਉਨ੍ਹਾਂ ਸਾਰੇ ਸ਼ਹਿਰਾਂ ਵਿਚ ਵਾਪਸ ਜਾ ਕੇ ਭਰਾਵਾਂ ਦਾ ਹਾਲ-ਚਾਲ ਪਤਾ ਕਰੀਏ ਜਿੱਥੇ ਅਸੀਂ ਯਹੋਵਾਹ* ਦੇ ਬਚਨ ਦਾ ਪ੍ਰਚਾਰ ਕੀਤਾ ਸੀ।”+ 37 ਬਰਨਾਬਾਸ ਨੇ ਯੂਹੰਨਾ, ਜੋ ਮਰਕੁਸ ਕਹਾਉਂਦਾ ਹੈ, ਨੂੰ ਆਪਣੇ ਨਾਲ ਲਿਜਾਣ ਦਾ ਮਨ ਬਣਾਇਆ ਹੋਇਆ ਸੀ।+ 38 ਪਰ ਪੌਲੁਸ ਉਸ ਨੂੰ ਆਪਣੇ ਨਾਲ ਨਹੀਂ ਲਿਜਾਣਾ ਚਾਹੁੰਦਾ ਸੀ ਕਿਉਂਕਿ ਉਹ ਪਮਫੀਲੀਆ ਵਿਚ ਉਨ੍ਹਾਂ ਨੂੰ ਛੱਡ ਕੇ ਵਾਪਸ ਆ ਗਿਆ ਸੀ ਅਤੇ ਪ੍ਰਚਾਰ ਦਾ ਕੰਮ ਕਰਨ ਲਈ ਉਨ੍ਹਾਂ ਦੇ ਨਾਲ ਨਹੀਂ ਗਿਆ ਸੀ।+ 39 ਇਸ ਗੱਲ ʼਤੇ ਉਨ੍ਹਾਂ ਦੋਹਾਂ ਵਿਚ ਬਹੁਤ ਝਗੜਾ ਹੋਇਆ ਅਤੇ ਉਹ ਇਕ-ਦੂਜੇ ਤੋਂ ਵੱਖ ਹੋ ਗਏ; ਬਰਨਾਬਾਸ+ ਨੇ ਆਪਣੇ ਨਾਲ ਮਰਕੁਸ ਨੂੰ ਲਿਆ ਅਤੇ ਸਮੁੰਦਰੀ ਜਹਾਜ਼ ਵਿਚ ਬੈਠ ਕੇ ਸਾਈਪ੍ਰਸ ਨੂੰ ਚਲਾ ਗਿਆ। 40 ਭਰਾਵਾਂ ਨੇ ਪੌਲੁਸ ਨੂੰ ਯਹੋਵਾਹ* ਦੇ ਸਹਾਰੇ ਛੱਡ ਦਿੱਤਾ ਕਿ ਉਹ ਉਸ ਉੱਤੇ ਆਪਣੀ ਅਪਾਰ ਕਿਰਪਾ ਕਰੇ। ਇਸ ਤੋਂ ਬਾਅਦ ਪੌਲੁਸ ਨੇ ਸੀਲਾਸ ਨੂੰ ਚੁਣਿਆ।+ 41 ਉਹ ਸੀਰੀਆ ਅਤੇ ਕਿਲਿਕੀਆ ਵਿੱਚੋਂ ਜਾਂਦਾ ਹੋਇਆ ਮੰਡਲੀਆਂ ਦਾ ਹੌਸਲਾ ਵਧਾਉਂਦਾ ਗਿਆ।

16 ਇਸ ਤੋਂ ਬਾਅਦ ਪੌਲੁਸ ਦਰਬੇ ਅਤੇ ਫਿਰ ਲੁਸਤ੍ਰਾ+ ਆਇਆ। ਉੱਥੇ ਤਿਮੋਥਿਉਸ+ ਨਾਂ ਦਾ ਇਕ ਚੇਲਾ ਸੀ ਜਿਹੜਾ ਨਿਹਚਾ ਕਰਨ ਵਾਲੀ ਯਹੂਦਣ ਦਾ ਪੁੱਤਰ ਸੀ, ਪਰ ਉਸ ਦਾ ਪਿਤਾ ਯੂਨਾਨੀ ਸੀ। 2 ਲੁਸਤ੍ਰਾ ਅਤੇ ਇਕੁਨਿਉਮ ਦੇ ਭਰਾ ਉਸ ਦੀਆਂ ਬਹੁਤ ਸਿਫ਼ਤਾਂ ਕਰਦੇ ਸਨ। 3 ਪੌਲੁਸ ਉਸ ਨੂੰ ਸਫ਼ਰ ʼਤੇ ਆਪਣੇ ਨਾਲ ਲਿਜਾਣਾ ਚਾਹੁੰਦਾ ਸੀ। ਪੌਲੁਸ ਨੇ ਉਸ ਨੂੰ ਲਿਜਾ ਕੇ ਉਸ ਦੀ ਸੁੰਨਤ ਕੀਤੀ ਕਿਉਂਕਿ ਉਨ੍ਹਾਂ ਇਲਾਕਿਆਂ ਦੇ ਸਾਰੇ ਯਹੂਦੀ ਜਾਣਦੇ ਸਨ+ ਕਿ ਉਸ ਦਾ ਪਿਤਾ ਯੂਨਾਨੀ ਸੀ। 4 ਉਹ ਸ਼ਹਿਰ-ਸ਼ਹਿਰ ਜਾ ਕੇ ਭਰਾਵਾਂ ਨੂੰ ਯਰੂਸ਼ਲਮ ਦੇ ਰਸੂਲਾਂ ਅਤੇ ਬਜ਼ੁਰਗਾਂ ਦੇ ਫ਼ੈਸਲੇ ਸੁਣਾਉਂਦੇ ਸਨ ਜਿਨ੍ਹਾਂ ʼਤੇ ਚੱਲਣਾ ਉਨ੍ਹਾਂ ਲਈ ਜ਼ਰੂਰੀ ਸੀ।+ 5 ਇਸ ਕਰਕੇ ਮੰਡਲੀਆਂ ਦੀ ਨਿਹਚਾ ਪੱਕੀ ਹੁੰਦੀ ਗਈ ਅਤੇ ਇਨ੍ਹਾਂ ਵਿਚ ਭੈਣਾਂ-ਭਰਾਵਾਂ ਦੀ ਗਿਣਤੀ ਵੀ ਦਿਨ-ਬਦਿਨ ਵਧਦੀ ਗਈ।

6 ਇਸ ਤੋਂ ਇਲਾਵਾ, ਉਹ ਫ਼ਰੂਗੀਆ ਅਤੇ ਗਲਾਤੀਆ+ ਦੇ ਇਲਾਕਿਆਂ ਵਿੱਚੋਂ ਦੀ ਲੰਘੇ ਕਿਉਂਕਿ ਪਵਿੱਤਰ ਸ਼ਕਤੀ ਨੇ ਉਨ੍ਹਾਂ ਨੂੰ ਏਸ਼ੀਆ ਜ਼ਿਲ੍ਹੇ ਵਿਚ ਬਚਨ ਦਾ ਪ੍ਰਚਾਰ ਕਰਨ ਤੋਂ ਰੋਕਿਆ ਸੀ। 7 ਫਿਰ ਜਦੋਂ ਉਹ ਮੁਸੀਆ ਪਹੁੰਚੇ, ਤਾਂ ਉਨ੍ਹਾਂ ਨੇ ਬਿਥੁਨੀਆ+ ਵਿਚ ਜਾਣ ਦੀਆਂ ਕੋਸ਼ਿਸ਼ਾਂ ਕੀਤੀਆਂ, ਪਰ ਪਵਿੱਤਰ ਸ਼ਕਤੀ ਦੇ ਰਾਹੀਂ ਯਿਸੂ ਨੇ ਉਨ੍ਹਾਂ ਨੂੰ ਉੱਥੇ ਜਾਣ ਨਾ ਦਿੱਤਾ। 8 ਇਸ ਲਈ ਉਹ ਮੁਸੀਆ ਲੰਘ ਕੇ ਤ੍ਰੋਆਸ ਆ ਗਏ। 9 ਰਾਤ ਨੂੰ ਪੌਲੁਸ ਨੇ ਇਕ ਦਰਸ਼ਣ ਦੇਖਿਆ। ਮਕਦੂਨੀਆ ਦਾ ਇਕ ਆਦਮੀ ਉੱਥੇ ਖੜ੍ਹਾ ਪੌਲੁਸ ਨੂੰ ਬੇਨਤੀ ਕਰ ਰਿਹਾ ਸੀ: “ਇਸ ਪਾਰ ਮਕਦੂਨੀਆ ਵਿਚ ਆ ਕੇ ਸਾਡੀ ਮਦਦ ਕਰ।” 10 ਪੌਲੁਸ ਦੁਆਰਾ ਇਹ ਦਰਸ਼ਣ ਦੇਖਣ ਤੋਂ ਬਾਅਦ ਅਸੀਂ ਜਲਦੀ ਤੋਂ ਜਲਦੀ ਮਕਦੂਨੀਆ ਜਾਣ ਦੀ ਕੋਸ਼ਿਸ਼ ਕੀਤੀ ਕਿਉਂਕਿ ਅਸੀਂ ਹੁਣ ਜਾਣ ਗਏ ਸੀ ਕਿ ਪਰਮੇਸ਼ੁਰ ਉਨ੍ਹਾਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਵਾਸਤੇ ਸਾਨੂੰ ਕਹਿ ਰਿਹਾ ਸੀ।

11 ਇਸ ਲਈ ਅਸੀਂ ਤ੍ਰੋਆਸ ਤੋਂ ਸਮੁੰਦਰੀ ਜਹਾਜ਼ ਵਿਚ ਬੈਠ ਕੇ ਸਿੱਧੇ ਸਮੁਤ੍ਰਾਕੇ ਨੂੰ ਤੇ ਫਿਰ ਅਗਲੇ ਦਿਨ ਨਿਯਾਪੁਲਿਸ ਨੂੰ ਆ ਗਏ; 12 ਉੱਥੋਂ ਅਸੀਂ ਫ਼ਿਲਿੱਪੈ+ ਸ਼ਹਿਰ ਨੂੰ ਚਲੇ ਗਏ ਜੋ ਰੋਮ ਦੇ ਅਧੀਨ ਹੈ ਅਤੇ ਮਕਦੂਨੀਆ ਜ਼ਿਲ੍ਹੇ ਦਾ ਮੁੱਖ ਸ਼ਹਿਰ ਹੈ। ਅਸੀਂ ਇਸ ਸ਼ਹਿਰ ਵਿਚ ਕੁਝ ਦਿਨ ਰਹੇ। 13 ਸਬਤ ਦੇ ਦਿਨ ਅਸੀਂ ਇਹ ਸੋਚ ਕੇ ਸ਼ਹਿਰ ਦੇ ਦਰਵਾਜ਼ੇ ਵਿੱਚੋਂ ਨਿਕਲ ਕੇ ਦਰਿਆ ਕੰਢੇ ਆਏ ਕਿ ਉੱਥੇ ਪ੍ਰਾਰਥਨਾ ਕਰਨ ਦੀ ਜਗ੍ਹਾ ਹੋਵੇਗੀ ਅਤੇ ਅਸੀਂ ਬੈਠ ਕੇ ਉੱਥੇ ਇਕੱਠੀਆਂ ਹੋਈਆਂ ਤੀਵੀਆਂ ਨੂੰ ਪ੍ਰਚਾਰ ਕਰਨਾ ਸ਼ੁਰੂ ਕੀਤਾ। 14 ਉੱਥੇ ਪਰਮੇਸ਼ੁਰ ਦੀ ਭਗਤੀ ਕਰਨ ਵਾਲੀ ਲੀਡੀਆ ਨਾਂ ਦੀ ਇਕ ਤੀਵੀਂ ਸੀ ਜਿਹੜੀ ਥੂਆਤੀਰਾ+ ਸ਼ਹਿਰ ਦੀ ਸੀ ਅਤੇ ਉਹ ਬੈਂਗਣੀ ਰੰਗ ਦੇ ਕੱਪੜੇ ਵੇਚਦੀ ਸੀ।* ਉਹ ਸਾਡੀਆਂ ਗੱਲਾਂ ਸੁਣ ਰਹੀ ਸੀ ਅਤੇ ਯਹੋਵਾਹ* ਨੇ ਉਸ ਦੇ ਮਨ ਨੂੰ ਖੋਲ੍ਹ ਦਿੱਤਾ ਕਿ ਉਹ ਪੌਲੁਸ ਦੀਆਂ ਗੱਲਾਂ ਨੂੰ ਕਬੂਲ ਕਰੇ। 15 ਜਦੋਂ ਉਸ ਨੇ ਅਤੇ ਉਸ ਦੇ ਪਰਿਵਾਰ ਨੇ ਬਪਤਿਸਮਾ ਲੈ ਲਿਆ,+ ਤਾਂ ਉਹ ਸਾਡੀਆਂ ਮਿੰਨਤਾਂ ਕਰਨ ਲੱਗੀ: “ਜੇ ਤੁਸੀਂ ਮੈਨੂੰ ਯਹੋਵਾਹ* ਦੀ ਵਫ਼ਾਦਾਰ ਮੰਨਦੇ ਹੋ, ਤਾਂ ਮੇਰੇ ਘਰ ਆ ਕੇ ਰਹੋ।” ਉਹ ਸਾਨੂੰ ਮੱਲੋ-ਮੱਲੀ ਆਪਣੇ ਨਾਲ ਲੈ ਗਈ।

16 ਇਕ ਦਿਨ ਜਦੋਂ ਅਸੀਂ ਪ੍ਰਾਰਥਨਾ ਕਰਨ ਦੀ ਜਗ੍ਹਾ ਜਾ ਰਹੇ ਸੀ, ਤਾਂ ਸਾਨੂੰ ਇਕ ਨੌਕਰਾਣੀ ਮਿਲੀ ਜਿਸ ਨੂੰ ਦੁਸ਼ਟ ਦੂਤ ਚਿੰਬੜਿਆ ਹੋਇਆ ਸੀ+ ਅਤੇ ਇਸ ਦੂਤ ਦੀ ਮਦਦ ਨਾਲ ਉਹ ਭਵਿੱਖ ਦੱਸ ਕੇ ਆਪਣੇ ਮਾਲਕਾਂ ਲਈ ਬਹੁਤ ਪੈਸੇ ਕਮਾ ਲਿਆਉਂਦੀ ਸੀ। 17 ਉਹ ਕੁੜੀ ਪੌਲੁਸ ਦੇ ਅਤੇ ਸਾਡੇ ਪਿੱਛੇ-ਪਿੱਛੇ ਆਉਂਦੀ ਰਹੀ ਅਤੇ ਉੱਚੀ-ਉੱਚੀ ਕਹਿੰਦੀ ਰਹੀ: “ਇਹ ਆਦਮੀ ਅੱਤ ਮਹਾਨ ਪਰਮੇਸ਼ੁਰ ਦੇ ਦਾਸ ਹਨ+ ਜਿਹੜੇ ਤੁਹਾਨੂੰ ਮੁਕਤੀ ਦੇ ਰਾਹ ਦੀ ਸਿੱਖਿਆ ਦੇ ਰਹੇ ਹਨ।” 18 ਉਹ ਕਈ ਦਿਨ ਇਸ ਤਰ੍ਹਾਂ ਕਰਦੀ ਰਹੀ। ਇਕ ਦਿਨ ਪੌਲੁਸ ਉਸ ਤੋਂ ਅੱਕ ਗਿਆ ਅਤੇ ਉਸ ਨੇ ਪਿੱਛੇ ਮੁੜ ਕੇ ਉਸ ਦੁਸ਼ਟ ਦੂਤ ਨੂੰ ਕਿਹਾ: “ਮੈਂ ਯਿਸੂ ਮਸੀਹ ਦੇ ਨਾਂ ʼਤੇ ਤੈਨੂੰ ਇਸ ਕੁੜੀ ਵਿੱਚੋਂ ਨਿਕਲ ਜਾਣ ਦਾ ਹੁਕਮ ਦਿੰਦਾ ਹਾਂ।” ਉਹ ਦੁਸ਼ਟ ਦੂਤ ਉਸੇ ਵੇਲੇ ਨਿਕਲ ਗਿਆ।+

19 ਜਦੋਂ ਉਸ ਕੁੜੀ ਦੇ ਮਾਲਕਾਂ ਨੇ ਦੇਖਿਆ ਕਿ ਉਨ੍ਹਾਂ ਦੀ ਕਮਾਈ ਦਾ ਜ਼ਰੀਆ ਖ਼ਤਮ ਹੋ ਗਿਆ ਸੀ,+ ਤਾਂ ਉਨ੍ਹਾਂ ਨੇ ਪੌਲੁਸ ਅਤੇ ਸੀਲਾਸ ਨੂੰ ਫੜਿਆ ਅਤੇ ਉਨ੍ਹਾਂ ਨੂੰ ਘਸੀਟ ਕੇ ਬਾਜ਼ਾਰ ਵਿਚ ਅਧਿਕਾਰੀਆਂ ਕੋਲ ਲੈ ਗਏ।+ 20 ਉਨ੍ਹਾਂ ਨੇ ਪੌਲੁਸ ਤੇ ਸੀਲਾਸ ਨੂੰ ਸ਼ਹਿਰ ਦੇ ਹਾਕਮਾਂ* ਕੋਲ ਲਿਜਾ ਕੇ ਕਿਹਾ: “ਇਹ ਆਦਮੀ ਸਾਡੇ ਸ਼ਹਿਰ ਵਿਚ ਬਹੁਤ ਹਲਚਲ ਮਚਾ ਰਹੇ ਹਨ।+ ਇਹ ਆਦਮੀ ਯਹੂਦੀ ਹਨ 21 ਅਤੇ ਅਜਿਹੇ ਰੀਤੀ-ਰਿਵਾਜਾਂ ਦਾ ਪ੍ਰਚਾਰ ਕਰ ਰਹੇ ਹਨ ਜਿਨ੍ਹਾਂ ਨੂੰ ਕਬੂਲ ਕਰਨਾ ਜਾਂ ਜਿਨ੍ਹਾਂ ʼਤੇ ਚੱਲਣਾ ਸਾਡੇ ਲਈ ਜਾਇਜ਼ ਨਹੀਂ ਹੈ ਕਿਉਂਕਿ ਅਸੀਂ ਰੋਮੀ ਹਾਂ।” 22 ਭੀੜ ਉਨ੍ਹਾਂ ਦੇ ਖ਼ਿਲਾਫ਼ ਭੜਕ ਉੱਠੀ ਅਤੇ ਸ਼ਹਿਰ ਦੇ ਹਾਕਮਾਂ ਨੇ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਉਹ ਉਨ੍ਹਾਂ ਦੇ ਚੋਗੇ ਪਾੜਨ ਅਤੇ ਉਨ੍ਹਾਂ ਨੂੰ ਡੰਡੇ ਮਾਰਨ।+ 23 ਉਨ੍ਹਾਂ ਨੇ ਉਨ੍ਹਾਂ ਦੋਹਾਂ ਨੂੰ ਬੁਰੀ ਤਰ੍ਹਾਂ ਕੁੱਟਣ ਤੋਂ ਬਾਅਦ ਜੇਲ੍ਹ ਵਿਚ ਸੁੱਟ ਦਿੱਤਾ ਅਤੇ ਜੇਲ੍ਹਰ ਨੂੰ ਹੁਕਮ ਦਿੱਤਾ ਕਿ ਉਨ੍ਹਾਂ ʼਤੇ ਸਖ਼ਤੀ ਨਾਲ ਪਹਿਰਾ ਦਿੱਤਾ ਜਾਵੇ।+ 24 ਇਸ ਸਖ਼ਤ ਹੁਕਮ ਕਰਕੇ ਜੇਲ੍ਹਰ ਨੇ ਉਨ੍ਹਾਂ ਨੂੰ ਜੇਲ੍ਹ ਦੀ ਅੰਦਰਲੀ ਕੋਠੜੀ ਵਿਚ ਬੰਦ ਕਰ ਦਿੱਤਾ ਅਤੇ ਉਨ੍ਹਾਂ ਦੇ ਪੈਰ ਸ਼ਿਕੰਜਿਆਂ ਵਿਚ ਜਕੜ ਦਿੱਤੇ।

25 ਪਰ ਅੱਧੀ ਕੁ ਰਾਤ ਨੂੰ ਪੌਲੁਸ ਤੇ ਸੀਲਾਸ ਪ੍ਰਾਰਥਨਾ ਕਰ ਰਹੇ ਸਨ ਅਤੇ ਪਰਮੇਸ਼ੁਰ ਦੀ ਮਹਿਮਾ ਦੇ ਗੀਤ ਗਾ ਰਹੇ ਸਨ+ ਅਤੇ ਦੂਸਰੇ ਕੈਦੀ ਸੁਣ ਰਹੇ ਸਨ। 26 ਅਚਾਨਕ ਇੰਨਾ ਜ਼ਬਰਦਸਤ ਭੁਚਾਲ਼ ਆਇਆ ਕਿ ਜੇਲ੍ਹ ਦੀਆਂ ਨੀਂਹਾਂ ਤਕ ਹਿੱਲ ਗਈਆਂ। ਨਾਲੇ ਜੇਲ੍ਹ ਦੇ ਸਾਰੇ ਦਰਵਾਜ਼ੇ ਇਕਦਮ ਖੁੱਲ੍ਹ ਗਏ ਅਤੇ ਸਾਰਿਆਂ ਦੀਆਂ ਬੇੜੀਆਂ ਖੁੱਲ੍ਹ ਗਈਆਂ।+ 27 ਜਦੋਂ ਜੇਲ੍ਹਰ ਦੀ ਨੀਂਦ ਖੁੱਲ੍ਹੀ ਅਤੇ ਉਸ ਨੇ ਜੇਲ੍ਹ ਦੇ ਦਰਵਾਜ਼ੇ ਖੁੱਲ੍ਹੇ ਦੇਖੇ, ਤਾਂ ਉਸ ਨੂੰ ਲੱਗਿਆ ਕਿ ਸਾਰੇ ਕੈਦੀ ਭੱਜ ਗਏ ਸਨ, ਇਸ ਲਈ ਉਸ ਨੇ ਆਪਣੇ ਆਪ ਨੂੰ ਜਾਨੋਂ ਮਾਰਨ ਲਈ ਆਪਣੀ ਤਲਵਾਰ ਕੱਢੀ।+ 28 ਪਰ ਪੌਲੁਸ ਨੇ ਉੱਚੀ ਆਵਾਜ਼ ਵਿਚ ਕਿਹਾ: “ਆਪਣੀ ਜਾਨ ਨਾ ਲੈ ਕਿਉਂਕਿ ਅਸੀਂ ਸਾਰੇ ਇੱਥੇ ਹੀ ਹਾਂ!” 29 ਜੇਲ੍ਹਰ ਨੇ ਦੀਵੇ ਲਿਆਉਣ ਲਈ ਕਿਹਾ ਅਤੇ ਦੌੜ ਕੇ ਅੰਦਰ ਗਿਆ। ਉਹ ਡਰ ਨਾਲ ਥਰ-ਥਰ ਕੰਬਦਾ ਹੋਇਆ ਪੌਲੁਸ ਤੇ ਸੀਲਾਸ ਦੇ ਪੈਰਾਂ ਵਿਚ ਡਿਗ ਗਿਆ। 30 ਫਿਰ ਉਸ ਨੇ ਉਨ੍ਹਾਂ ਨੂੰ ਬਾਹਰ ਲਿਆ ਕੇ ਕਿਹਾ: “ਮੈਨੂੰ ਦੱਸੋ ਕਿ ਮੈਂ ਮੁਕਤੀ ਪਾਉਣ ਲਈ ਕੀ ਕਰਾਂ?” 31 ਉਨ੍ਹਾਂ ਨੇ ਕਿਹਾ: “ਪ੍ਰਭੂ ਯਿਸੂ ਉੱਤੇ ਵਿਸ਼ਵਾਸ ਕਰ, ਫਿਰ ਤੂੰ ਅਤੇ ਤੇਰਾ ਪਰਿਵਾਰ ਬਚਾਇਆ ਜਾਵੇਗਾ।”+ 32 ਫਿਰ ਉਨ੍ਹਾਂ ਨੇ ਉਸ ਨੂੰ ਅਤੇ ਉਸ ਦੇ ਘਰ ਰਹਿਣ ਵਾਲੇ ਸਾਰੇ ਜੀਆਂ ਨੂੰ ਯਹੋਵਾਹ* ਦੇ ਬਚਨ ਦੀ ਸਿੱਖਿਆ ਦਿੱਤੀ। 33 ਜੇਲ੍ਹਰ ਨੇ ਰਾਤ ਨੂੰ ਉਸੇ ਵੇਲੇ ਉਨ੍ਹਾਂ ਨੂੰ ਆਪਣੇ ਨਾਲ ਲਿਜਾ ਕੇ ਉਨ੍ਹਾਂ ਦੇ ਜ਼ਖ਼ਮ ਸਾਫ਼ ਕੀਤੇ। ਫਿਰ ਉਸ ਨੇ ਅਤੇ ਉਸ ਦੇ ਪੂਰੇ ਪਰਿਵਾਰ ਨੇ ਬਿਨਾਂ ਦੇਰ ਕੀਤਿਆਂ ਬਪਤਿਸਮਾ ਲੈ ਲਿਆ।+ 34 ਫਿਰ ਜੇਲ੍ਹਰ ਉਨ੍ਹਾਂ ਨੂੰ ਆਪਣੇ ਘਰ ਲੈ ਆਇਆ ਅਤੇ ਉਨ੍ਹਾਂ ਸਾਮ੍ਹਣੇ ਖਾਣਾ ਪਰੋਸਿਆ। ਹੁਣ ਉਸ ਨੂੰ ਅਤੇ ਉਸ ਦੇ ਘਰ ਦੇ ਸਾਰੇ ਜੀਆਂ ਨੂੰ ਇਸ ਗੱਲੋਂ ਬਹੁਤ ਹੀ ਖ਼ੁਸ਼ੀ ਸੀ ਕਿ ਉਸ ਨੇ ਪਰਮੇਸ਼ੁਰ ਉੱਤੇ ਨਿਹਚਾ ਕੀਤੀ ਸੀ।

35 ਜਦੋਂ ਦਿਨ ਚੜ੍ਹਿਆ, ਤਾਂ ਸ਼ਹਿਰ ਦੇ ਹਾਕਮਾਂ ਨੇ ਸਿਪਾਹੀਆਂ ਨੂੰ ਘੱਲ ਕੇ ਹੁਕਮ ਦਿੱਤਾ: “ਉਨ੍ਹਾਂ ਆਦਮੀਆਂ ਨੂੰ ਰਿਹਾ ਕਰ ਦਿੱਤਾ ਜਾਵੇ।” 36 ਜੇਲ੍ਹਰ ਨੇ ਜਾ ਕੇ ਪੌਲੁਸ ਨੂੰ ਦੱਸਿਆ: “ਸ਼ਹਿਰ ਦੇ ਹਾਕਮਾਂ ਨੇ ਆਦਮੀਆਂ ਨੂੰ ਘੱਲ ਕੇ ਹੁਕਮ ਦਿੱਤਾ ਹੈ ਕਿ ਤੁਹਾਨੂੰ ਰਿਹਾ ਕਰ ਦਿੱਤਾ ਜਾਵੇ। ਇਸ ਲਈ ਤੁਸੀਂ ਬਾਹਰ ਆਓ ਅਤੇ ਸ਼ਾਂਤੀ ਨਾਲ ਚਲੇ ਜਾਓ।” 37 ਪਰ ਪੌਲੁਸ ਨੇ ਉਨ੍ਹਾਂ ਨੂੰ ਕਿਹਾ: “ਭਾਵੇਂ ਕਿ ਅਸੀਂ ਰੋਮੀ ਨਾਗਰਿਕ ਹਾਂ,+ ਫਿਰ ਵੀ ਉਨ੍ਹਾਂ ਨੇ ਸਾਡਾ ਦੋਸ਼ ਸਾਬਤ ਕੀਤੇ ਬਿਨਾਂ ਸਾਰਿਆਂ ਸਾਮ੍ਹਣੇ ਸਾਨੂੰ ਮਾਰਿਆ-ਕੁੱਟਿਆ ਤੇ ਜੇਲ੍ਹ ਵਿਚ ਸੁੱਟ ਦਿੱਤਾ। ਤੇ ਹੁਣ ਉਹ ਸਾਨੂੰ ਚੋਰੀ-ਛਿਪੇ ਕਿਉਂ ਛੱਡ ਰਹੇ ਹਨ? ਨਹੀਂ, ਅਸੀਂ ਇੱਦਾਂ ਨਹੀਂ ਜਾਣਾ। ਉਹ ਆਪ ਆ ਕੇ ਸਾਨੂੰ ਜੇਲ੍ਹ ਵਿੱਚੋਂ ਬਾਹਰ ਲੈ ਜਾਣ।” 38 ਸਿਪਾਹੀਆਂ ਨੇ ਜਾ ਕੇ ਸਾਰੀ ਗੱਲ ਸ਼ਹਿਰ ਦੇ ਹਾਕਮਾਂ ਨੂੰ ਦੱਸੀ। ਜਦੋਂ ਉਨ੍ਹਾਂ ਨੇ ਸੁਣਿਆ ਕਿ ਉਹ ਆਦਮੀ ਰੋਮੀ ਨਾਗਰਿਕ ਸਨ, ਤਾਂ ਉਹ ਬਹੁਤ ਡਰ ਗਏ।+ 39 ਇਸ ਕਰਕੇ ਉਨ੍ਹਾਂ ਨੇ ਆ ਕੇ ਪੌਲੁਸ ਅਤੇ ਸੀਲਾਸ ਤੋਂ ਮਾਫ਼ੀ ਮੰਗੀ ਅਤੇ ਉਨ੍ਹਾਂ ਨੂੰ ਬਾਹਰ ਲਿਆ ਕੇ ਮਿੰਨਤਾਂ ਕੀਤੀਆਂ ਕਿ ਉਹ ਸ਼ਹਿਰ ਛੱਡ ਕੇ ਚਲੇ ਜਾਣ। 40 ਪਰ ਉਹ ਜੇਲ੍ਹ ਵਿੱਚੋਂ ਬਾਹਰ ਆ ਕੇ ਲੀਡੀਆ ਦੇ ਘਰ ਚਲੇ ਗਏ; ਉੱਥੇ ਉਨ੍ਹਾਂ ਨੇ ਭਰਾਵਾਂ ਨੂੰ ਮਿਲ ਕੇ ਉਨ੍ਹਾਂ ਨੂੰ ਹੱਲਾਸ਼ੇਰੀ ਦਿੱਤੀ+ ਅਤੇ ਫਿਰ ਉਹ ਉੱਥੋਂ ਚਲੇ ਗਏ।

17 ਫਿਰ ਉਹ ਅਮਫ਼ੀਪੁਲਿਸ ਤੇ ਅਪੁਲੋਨੀਆ ਸ਼ਹਿਰਾਂ ਵਿੱਚੋਂ ਦੀ ਸਫ਼ਰ ਕਰਦੇ ਹੋਏ ਥੱਸਲੁਨੀਕਾ+ ਆਏ ਜਿੱਥੇ ਯਹੂਦੀਆਂ ਦਾ ਇਕ ਸਭਾ ਘਰ ਸੀ। 2 ਪੌਲੁਸ ਆਪਣੀ ਰੀਤ ਅਨੁਸਾਰ+ ਸਭਾ ਘਰ ਵਿਚ ਉਨ੍ਹਾਂ ਕੋਲ ਗਿਆ ਅਤੇ ਉਸ ਨੇ ਲਗਾਤਾਰ ਤਿੰਨ ਹਫ਼ਤੇ ਸਬਤ ਦੇ ਦਿਨ ਯਹੂਦੀਆਂ ਨਾਲ ਧਰਮ-ਗ੍ਰੰਥ ਵਿੱਚੋਂ ਦਲੀਲਾਂ ਦੇ ਕੇ ਚਰਚਾ ਕੀਤੀ+ 3 ਅਤੇ ਹਵਾਲੇ ਦੇ ਦੇ ਕੇ ਉਨ੍ਹਾਂ ਨੂੰ ਸਮਝਾਇਆ ਤੇ ਸਾਬਤ ਕੀਤਾ ਕਿ ਮਸੀਹ ਲਈ ਦੁੱਖ ਝੱਲਣਾ+ ਅਤੇ ਮਰੇ ਹੋਇਆਂ ਵਿੱਚੋਂ ਜੀਉਂਦਾ ਹੋਣਾ ਜ਼ਰੂਰੀ ਸੀ+ ਅਤੇ ਉਸ ਨੇ ਇਹ ਵੀ ਕਿਹਾ: “ਯਿਸੂ ਹੀ ਮਸੀਹ ਹੈ ਜਿਸ ਬਾਰੇ ਮੈਂ ਤੁਹਾਨੂੰ ਦੱਸ ਰਿਹਾ ਹਾਂ।” 4 ਨਤੀਜੇ ਵਜੋਂ ਕੁਝ ਯਹੂਦੀ ਯਿਸੂ ਉੱਤੇ ਨਿਹਚਾ ਕਰਨ ਲੱਗ ਪਏ ਅਤੇ ਪੌਲੁਸ ਤੇ ਸੀਲਾਸ ਨਾਲ ਰਲ਼ ਗਏ+ ਅਤੇ ਪਰਮੇਸ਼ੁਰ ਦੀ ਭਗਤੀ ਕਰਨ ਵਾਲੇ ਬਹੁਤ ਸਾਰੇ ਯੂਨਾਨੀ* ਅਤੇ ਕਈ ਮੰਨੀਆਂ-ਪ੍ਰਮੰਨੀਆਂ ਤੀਵੀਆਂ ਵੀ ਨਿਹਚਾ ਕਰਨ ਲੱਗ ਪਈਆਂ।

5 ਪਰ ਇਹ ਦੇਖ ਕੇ ਯਹੂਦੀ ਸੜ-ਬਲ਼ ਗਏ+ ਅਤੇ ਉਨ੍ਹਾਂ ਨੇ ਬਾਜ਼ਾਰ ਵਿਚ ਆਵਾਰਾ ਘੁੰਮਣ ਵਾਲੇ ਦੁਸ਼ਟ ਬੰਦਿਆਂ ਦੀ ਭੀੜ ਇਕੱਠੀ ਕਰ ਲਈ ਅਤੇ ਉਨ੍ਹਾਂ ਨੇ ਰਲ਼ ਕੇ ਸ਼ਹਿਰ ਵਿਚ ਹਲਚਲ ਮਚਾ ਦਿੱਤੀ। ਉਹ ਪੌਲੁਸ ਅਤੇ ਸੀਲਾਸ ਦੀ ਤਲਾਸ਼ ਵਿਚ ਸਨ ਤਾਂਕਿ ਉਨ੍ਹਾਂ ਨੂੰ ਫੜ ਕੇ ਭੀੜ ਦੇ ਹਵਾਲੇ ਕਰ ਦੇਣ। ਇਸ ਲਈ ਉਨ੍ਹਾਂ ਨੇ ਯਸੋਨ ਦੇ ਘਰ ʼਤੇ ਹਮਲਾ ਕਰ ਦਿੱਤਾ। 6 ਜਦੋਂ ਉਹ ਨਾ ਲੱਭੇ, ਤਾਂ ਉਹ ਯਸੋਨ ਤੇ ਕੁਝ ਹੋਰ ਭਰਾਵਾਂ ਨੂੰ ਘਸੀਟ ਕੇ ਸ਼ਹਿਰ ਦੇ ਅਧਿਕਾਰੀਆਂ ਕੋਲ ਲੈ ਗਏ ਅਤੇ ਉੱਚੀ-ਉੱਚੀ ਕਹਿਣ ਲੱਗੇ: “ਜਿਨ੍ਹਾਂ ਆਦਮੀਆਂ ਨੇ ਸਾਰੀ ਦੁਨੀਆਂ ਵਿਚ ਉਥਲ-ਪੁਥਲ ਮਚਾਈ ਹੋਈ ਹੈ, ਉਹ ਇੱਥੇ ਵੀ ਆ ਗਏ ਹਨ।+ 7 ਯਸੋਨ ਨੇ ਉਨ੍ਹਾਂ ਨੂੰ ਆਪਣੇ ਘਰ ਮਹਿਮਾਨਾਂ ਵਜੋਂ ਠਹਿਰਾਇਆ ਹੋਇਆ ਹੈ। ਇਹ ਸਾਰੇ ਆਦਮੀ ਸਮਰਾਟ* ਦੇ ਹੁਕਮਾਂ ਦੀ ਉਲੰਘਣਾ ਕਰਦੇ ਹੋਏ ਕਹਿ ਰਹੇ ਹਨ ਕਿ ਇਕ ਹੋਰ ਰਾਜਾ ਹੈ ਜਿਸ ਦਾ ਨਾਂ ਯਿਸੂ ਹੈ।”+ 8 ਜਦੋਂ ਸ਼ਹਿਰ ਦੇ ਅਧਿਕਾਰੀਆਂ ਤੇ ਭੀੜ ਨੇ ਇਹ ਗੱਲ ਸੁਣੀ, ਤਾਂ ਉਹ ਹੋਰ ਵੀ ਭੜਕ ਉੱਠੇ; 9 ਉਨ੍ਹਾਂ ਨੇ ਯਸੋਨ ਅਤੇ ਹੋਰ ਭਰਾਵਾਂ ਤੋਂ ਜ਼ਮਾਨਤ ਦੇ ਤੌਰ ਤੇ ਬਹੁਤ ਸਾਰਾ ਪੈਸਾ ਲੈ ਕੇ ਉਨ੍ਹਾਂ ਨੂੰ ਛੱਡ ਦਿੱਤਾ।

10 ਫਿਰ ਰਾਤੋ-ਰਾਤ ਹੀ ਭਰਾਵਾਂ ਨੇ ਪੌਲੁਸ ਤੇ ਸੀਲਾਸ ਨੂੰ ਬਰੀਆ ਸ਼ਹਿਰ ਨੂੰ ਘੱਲ ਦਿੱਤਾ। ਉੱਥੇ ਪਹੁੰਚ ਕੇ ਉਹ ਯਹੂਦੀਆਂ ਦੇ ਸਭਾ ਘਰ ਵਿਚ ਗਏ। 11 ਬਰੀਆ ਦੇ ਯਹੂਦੀ ਥੱਸਲੁਨੀਕਾ ਦੇ ਯਹੂਦੀਆਂ ਨਾਲੋਂ ਸਿੱਖਣ ਵਿਚ ਜ਼ਿਆਦਾ ਰੁਚੀ ਰੱਖਦੇ ਸਨ, ਇਸ ਲਈ ਉਨ੍ਹਾਂ ਨੇ ਬਚਨ ਨੂੰ ਬੜੇ ਉਤਸ਼ਾਹ ਨਾਲ ਕਬੂਲ ਕਰ ਲਿਆ ਸੀ ਅਤੇ ਉਹ ਰੋਜ਼ ਧਰਮ-ਗ੍ਰੰਥ ਦੀ ਬੜੇ ਧਿਆਨ ਨਾਲ ਜਾਂਚ ਕਰ ਕੇ ਦੇਖਦੇ ਸਨ ਕਿ ਜਿਹੜੀਆਂ ਗੱਲਾਂ ਉਨ੍ਹਾਂ ਨੇ ਸੁਣੀਆਂ ਸਨ, ਉਹ ਗੱਲਾਂ ਸੱਚ ਵੀ ਸਨ ਜਾਂ ਨਹੀਂ। 12 ਇਸ ਲਈ ਉਨ੍ਹਾਂ ਵਿੱਚੋਂ ਬਹੁਤ ਸਾਰੇ ਲੋਕ ਨਿਹਚਾ ਕਰਨ ਲੱਗ ਪਏ, ਨਾਲੇ ਕਈ ਮੰਨੀਆਂ-ਪ੍ਰਮੰਨੀਆਂ ਯੂਨਾਨੀ ਤੀਵੀਆਂ ਅਤੇ ਕੁਝ ਆਦਮੀ ਵੀ ਨਿਹਚਾ ਕਰਨ ਲੱਗ ਪਏ। 13 ਪਰ ਜਦੋਂ ਥੱਸਲੁਨੀਕਾ ਦੇ ਯਹੂਦੀਆਂ ਨੂੰ ਪਤਾ ਲੱਗਾ ਕਿ ਪੌਲੁਸ ਬਰੀਆ ਵਿਚ ਵੀ ਪਰਮੇਸ਼ੁਰ ਦੇ ਬਚਨ ਦਾ ਪ੍ਰਚਾਰ ਕਰ ਰਿਹਾ ਸੀ, ਤਾਂ ਉਹ ਭੀੜ ਨੂੰ ਉਨ੍ਹਾਂ ਦੇ ਖ਼ਿਲਾਫ਼ ਭੜਕਾਉਣ ਲਈ ਉੱਥੇ ਆ ਗਏ।+ 14 ਭਰਾਵਾਂ ਨੇ ਤੁਰੰਤ ਪੌਲੁਸ ਨੂੰ ਸਮੁੰਦਰ ਕਿਨਾਰੇ ਘੱਲ ਦਿੱਤਾ,+ ਪਰ ਸੀਲਾਸ ਤੇ ਤਿਮੋਥਿਉਸ ਉੱਥੇ ਹੀ ਰਹੇ। 15 ਜਿਹੜੇ ਭਰਾ ਪੌਲੁਸ ਨੂੰ ਛੱਡਣ ਐਥਿਨਜ਼ ਤਕ ਆਏ ਸਨ, ਉਨ੍ਹਾਂ ਨੂੰ ਪੌਲੁਸ ਨੇ ਕਿਹਾ ਕਿ ਸੀਲਾਸ ਤੇ ਤਿਮੋਥਿਉਸ+ ਜਲਦੀ ਤੋਂ ਜਲਦੀ ਉਸ ਕੋਲ ਆ ਜਾਣ ਤੇ ਫਿਰ ਉਹ ਭਰਾ ਉੱਥੋਂ ਤੁਰ ਪਏ।

16 ਜਦੋਂ ਪੌਲੁਸ ਐਥਿਨਜ਼ ਵਿਚ ਉਨ੍ਹਾਂ ਦੀ ਉਡੀਕ ਕਰ ਰਿਹਾ ਸੀ, ਤਾਂ ਇਹ ਦੇਖ ਕੇ ਉਸ ਦਾ ਜੀਅ* ਖਿਝ ਗਿਆ ਕਿ ਸ਼ਹਿਰ ਮੂਰਤੀਆਂ ਨਾਲ ਭਰਿਆ ਹੋਇਆ ਸੀ। 17 ਫਿਰ ਉਹ ਸਭਾ ਘਰ ਵਿਚ ਯਹੂਦੀਆਂ ਨਾਲ ਅਤੇ ਪਰਮੇਸ਼ੁਰ ਦੀ ਭਗਤੀ ਕਰਨ ਵਾਲੇ ਹੋਰ ਲੋਕਾਂ ਨਾਲ ਧਰਮ-ਗ੍ਰੰਥ ਵਿੱਚੋਂ ਚਰਚਾ ਕਰਨ ਲੱਗਾ। ਅਤੇ ਉਹ ਹਰ ਰੋਜ਼ ਬਾਜ਼ਾਰ ਵਿਚ ਜਾ ਕੇ ਵੀ ਦੂਸਰੇ ਲੋਕਾਂ ਨਾਲ ਚਰਚਾ ਕਰਦਾ ਸੀ। 18 ਪਰ ਕੁਝ ਐਪੀਕਿਊਰੀ ਤੇ ਸਤੋਇਕੀ ਫ਼ਿਲਾਸਫ਼ਰ ਉਸ ਨਾਲ ਬਹਿਸ ਕਰਨ ਲੱਗ ਪਏ ਅਤੇ ਕੁਝ ਕਹਿਣ ਲੱਗੇ: “ਇਹ ਬਕਵਾਸ ਕਰਨ ਵਾਲਾ ਕੀ ਕਹਿਣਾ ਚਾਹੁੰਦਾ ਹੈ?” ਹੋਰ ਕਹਿਣ ਲੱਗੇ: “ਲੱਗਦਾ ਇਹ ਪਰਾਏ ਦੇਵੀ-ਦੇਵਤਿਆਂ ਦਾ ਪ੍ਰਚਾਰ ਕਰ ਰਿਹਾ ਹੈ।” ਉਨ੍ਹਾਂ ਨੇ ਇਸ ਕਰਕੇ ਇਹ ਕਿਹਾ ਕਿਉਂਕਿ ਪੌਲੁਸ ਯਿਸੂ ਮਸੀਹ ਦੀ ਖ਼ੁਸ਼ ਖ਼ਬਰੀ ਸੁਣਾਉਂਦਾ ਸੀ ਅਤੇ ਦੱਸਦਾ ਸੀ ਕਿ ਮਰੇ ਹੋਏ ਲੋਕ ਜੀਉਂਦੇ ਹੋਣਗੇ।+ 19 ਉਹ ਉਸ ਨੂੰ ਫੜ ਕੇ ਐਰੀਆਪਗਸ ਲੈ ਗਏ ਅਤੇ ਕਿਹਾ: “ਕੀ ਅਸੀਂ ਜਾਣ ਸਕਦੇ ਹਾਂ ਕਿ ਤੂੰ ਇਹ ਕਿਹੜੀ ਨਵੀਂ ਸਿੱਖਿਆ ਦੇ ਰਿਹਾ ਹੈਂ? 20 ਕਿਉਂਕਿ ਜਿਹੜੀਆਂ ਗੱਲਾਂ ਤੂੰ ਦੱਸ ਰਿਹਾ ਹੈਂ, ਉਹ ਸਾਨੂੰ ਸੁਣਨ ਨੂੰ ਅਜੀਬ ਲੱਗਦੀਆਂ ਹਨ। ਇਸ ਲਈ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਇਨ੍ਹਾਂ ਗੱਲਾਂ ਦਾ ਕੀ ਮਤਲਬ ਹੈ।” 21 ਅਸਲ ਵਿਚ, ਐਥਿਨਜ਼ ਦੇ ਸਾਰੇ ਲੋਕ ਅਤੇ ਉੱਥੇ ਠਹਿਰਨ* ਵਾਲੇ ਪਰਦੇਸੀ ਆਪਣਾ ਵਿਹਲਾ ਸਮਾਂ ਨਵੀਆਂ-ਨਵੀਆਂ ਗੱਲਾਂ ਦੱਸਣ ਤੇ ਸੁਣਨ ਵਿਚ ਹੀ ਲਾਉਂਦੇ ਸਨ। 22 ਤਦ ਪੌਲੁਸ ਨੇ ਐਰੀਆਪਗਸ+ ਦੀ ਸਭਾ ਵਿਚ ਖੜ੍ਹਾ ਹੋ ਕੇ ਕਿਹਾ:

“ਐਥਿਨਜ਼ ਦੇ ਵਾਸੀਓ, ਮੈਂ ਦੇਖਿਆ ਹੈ ਕਿ ਤੁਸੀਂ ਹਰ ਗੱਲ ਵਿਚ ਦੂਸਰੇ ਲੋਕਾਂ ਨਾਲੋਂ ਦੇਵੀ-ਦੇਵਤਿਆਂ ਦਾ ਜ਼ਿਆਦਾ ਡਰ ਮੰਨਦੇ ਹੋ।*+ 23 ਮਿਸਾਲ ਲਈ, ਮੈਂ ਸ਼ਹਿਰ ਵਿਚ ਘੁੰਮਦੇ ਹੋਏ ਉਨ੍ਹਾਂ ਚੀਜ਼ਾਂ ਨੂੰ ਧਿਆਨ ਨਾਲ ਦੇਖਿਆ ਹੈ ਜਿਨ੍ਹਾਂ ਦੀ ਤੁਸੀਂ ਭਗਤੀ ਕਰਦੇ ਹੋ। ਮੈਂ ਇਕ ਵੇਦੀ ਦੇਖੀ ਜਿਸ ਉੱਤੇ ਲਿਖਿਆ ਹੋਇਆ ਸੀ, ‘ਅਣਜਾਣ ਪਰਮੇਸ਼ੁਰ ਲਈ।’ ਤੁਸੀਂ ਜਿਸ ਪਰਮੇਸ਼ੁਰ ਦੀ ਅਣਜਾਣੇ ਵਿਚ ਭਗਤੀ ਕਰ ਰਹੇ ਹੋ, ਮੈਂ ਉਸ ਬਾਰੇ ਤੁਹਾਨੂੰ ਦੱਸ ਰਿਹਾ ਹਾਂ। 24 ਪਰਮੇਸ਼ੁਰ ਜਿਸ ਨੇ ਦੁਨੀਆਂ ਅਤੇ ਇਸ ਵਿਚਲੀਆਂ ਸਾਰੀਆਂ ਚੀਜ਼ਾਂ ਬਣਾਈਆਂ, ਉਹੀ ਸਵਰਗ ਅਤੇ ਧਰਤੀ ਦਾ ਮਾਲਕ ਹੈ+ ਅਤੇ ਉਹ ਇਨਸਾਨ ਦੇ ਹੱਥਾਂ ਦੇ ਬਣਾਏ ਮੰਦਰਾਂ ਵਿਚ ਨਹੀਂ ਰਹਿੰਦਾ;+ 25 ਨਾ ਹੀ ਉਹ ਇਨਸਾਨਾਂ ਦੇ ਹੱਥੋਂ ਆਪਣੀ ਸੇਵਾ-ਟਹਿਲ ਕਰਾਉਂਦਾ ਹੈ ਜਿਵੇਂ ਕਿ ਉਸ ਨੂੰ ਕਿਸੇ ਚੀਜ਼ ਦੀ ਲੋੜ ਹੋਵੇ+ ਕਿਉਂਕਿ ਉਹ ਆਪ ਸਾਰੇ ਇਨਸਾਨਾਂ ਨੂੰ ਜ਼ਿੰਦਗੀ ਅਤੇ ਸਾਹ+ ਤੇ ਹੋਰ ਸਾਰੀਆਂ ਚੀਜ਼ਾਂ ਬਖ਼ਸ਼ਦਾ ਹੈ। 26 ਉਸ ਨੇ ਇਕ ਆਦਮੀ ਤੋਂ ਸਾਰੀਆਂ ਕੌਮਾਂ ਬਣਾਈਆਂ ਹਨ+ ਕਿ ਉਹ ਪੂਰੀ ਧਰਤੀ ਉੱਤੇ ਵੱਸਣ+ ਅਤੇ ਉਸ ਨੇ ਸਮੇਂ ਮਿਥੇ ਹਨ ਅਤੇ ਇਨਸਾਨਾਂ ਦੇ ਰਹਿਣ ਦੀਆਂ ਹੱਦਾਂ ਕਾਇਮ ਕੀਤੀਆਂ ਹਨ+ 27 ਤਾਂਕਿ ਉਹ ਪਰਮੇਸ਼ੁਰ ਦੀ ਤਲਾਸ਼ ਕਰਨ ਅਤੇ ਪੂਰਾ ਜਤਨ ਕਰ ਕੇ ਉਸ ਦੀ ਭਾਲ ਕਰਨ+ ਅਤੇ ਉਸ ਨੂੰ ਲੱਭ ਲੈਣ ਕਿਉਂਕਿ ਸੱਚ ਤਾਂ ਇਹ ਹੈ ਕਿ ਉਹ ਸਾਡੇ ਵਿੱਚੋਂ ਕਿਸੇ ਤੋਂ ਵੀ ਦੂਰ ਨਹੀਂ ਹੈ। 28 ਉਸੇ ਰਾਹੀਂ ਸਾਨੂੰ ਜ਼ਿੰਦਗੀ ਮਿਲੀ ਹੈ, ਉਸੇ ਦੇ ਸਹਾਰੇ ਅਸੀਂ ਤੁਰਦੇ-ਫਿਰਦੇ ਹਾਂ ਤੇ ਉਸੇ ਕਰਕੇ ਅਸੀਂ ਹੋਂਦ ਵਿਚ ਹਾਂ, ਜਿਵੇਂ ਤੁਹਾਡੇ ਵੀ ਕੁਝ ਕਵੀਆਂ ਨੇ ਕਿਹਾ ਹੈ: ‘ਅਸੀਂ ਸਾਰੇ ਉਸ ਦੇ ਬੱਚੇ ਹਾਂ।’

29 “ਇਸ ਲਈ ਪਰਮੇਸ਼ੁਰ ਦੇ ਬੱਚੇ ਹੋਣ ਕਰਕੇ+ ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਪਰਮੇਸ਼ੁਰ ਸੋਨੇ, ਚਾਂਦੀ ਜਾਂ ਪੱਥਰ ਦੀ ਕਿਸੇ ਚੀਜ਼ ਵਰਗਾ ਹੈ ਜਿਹੜੀ ਇਨਸਾਨਾਂ ਨੇ ਆਪਣੀ ਕਲਪਨਾ ਅਨੁਸਾਰ ਆਪਣੇ ਹੱਥੀਂ ਘੜੀ ਹੈ।+ 30 ਇਹ ਸੱਚ ਹੈ ਕਿ ਪਰਮੇਸ਼ੁਰ ਨੇ ਉਨ੍ਹਾਂ ਸਮਿਆਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਹੈ+ ਜਦੋਂ ਲੋਕ ਅਣਜਾਣ ਹੁੰਦੇ ਸਨ; ਪਰ ਹੁਣ ਉਹ ਸਾਰੀ ਦੁਨੀਆਂ ਨੂੰ ਤੋਬਾ ਕਰਨ ਲਈ ਕਹਿ ਰਿਹਾ ਹੈ। 31 ਕਿਉਂਕਿ ਉਸ ਨੇ ਇਕ ਦਿਨ ਮਿਥਿਆ ਹੈ ਜਦੋਂ ਉਹ ਇਕ ਆਦਮੀ ਰਾਹੀਂ, ਜਿਸ ਨੂੰ ਉਸ ਨੇ ਚੁਣਿਆ ਹੈ, ਸਾਰੀ ਦੁਨੀਆਂ ਦਾ ਸਹੀ ਨਿਆਂ ਕਰੇਗਾ+ ਅਤੇ ਉਸ ਨੇ ਉਸ ਆਦਮੀ ਨੂੰ ਮਰੇ ਹੋਇਆਂ ਵਿੱਚੋਂ ਜੀਉਂਦਾ ਕਰ ਕੇ ਸਾਰਿਆਂ ਨੂੰ ਇਸ ਗੱਲ ਦੀ ਗਾਰੰਟੀ ਦਿੱਤੀ ਹੈ ਕਿ ਉਹ ਦਿਨ ਜ਼ਰੂਰ ਆਵੇਗਾ।”+

32 ਜਦੋਂ ਉਨ੍ਹਾਂ ਨੇ ਮਰੇ ਹੋਇਆਂ ਦੇ ਜੀਉਂਦਾ ਹੋਣ ਦੀ ਗੱਲ ਸੁਣੀ, ਤਾਂ ਕੁਝ ਲੋਕ ਮਜ਼ਾਕ ਉਡਾਉਣ ਲੱਗ ਪਏ+ ਅਤੇ ਕੁਝ ਕਹਿਣ ਲੱਗੇ: “ਅਸੀਂ ਫੇਰ ਕਦੇ ਤੇਰੀ ਗੱਲ ਸੁਣਾਂਗੇ।” 33 ਫਿਰ ਪੌਲੁਸ ਉੱਥੋਂ ਚਲਾ ਗਿਆ, 34 ਪਰ ਕੁਝ ਆਦਮੀ ਉਸ ਨਾਲ ਰਲ਼ ਗਏ ਅਤੇ ਨਿਹਚਾ ਕਰਨ ਲੱਗ ਪਏ ਜਿਨ੍ਹਾਂ ਵਿਚ ਐਰੀਆਪਗਸ ਦੀ ਅਦਾਲਤ ਦਾ ਇਕ ਜੱਜ ਦਿਆਨੀਸੀਉਸ, ਦਾਮਰਿਸ ਨਾਂ ਦੀ ਇਕ ਤੀਵੀਂ ਅਤੇ ਇਨ੍ਹਾਂ ਤੋਂ ਇਲਾਵਾ ਹੋਰ ਵੀ ਲੋਕ ਸਨ।

18 ਇਸ ਤੋਂ ਬਾਅਦ ਪੌਲੁਸ ਐਥਿਨਜ਼ ਤੋਂ ਚੱਲ ਕੇ ਕੁਰਿੰਥੁਸ ਸ਼ਹਿਰ ਵਿਚ ਆ ਗਿਆ। 2 ਉੱਥੇ ਉਸ ਨੂੰ ਅਕੂਲਾ+ ਨਾਂ ਦਾ ਇਕ ਯਹੂਦੀ ਮਿਲਿਆ ਜਿਸ ਦਾ ਜਨਮ ਪੁੰਤੁਸ ਵਿਚ ਹੋਇਆ ਸੀ। ਉਹ ਥੋੜ੍ਹਾ ਸਮਾਂ ਪਹਿਲਾਂ ਹੀ ਆਪਣੀ ਪਤਨੀ ਪ੍ਰਿਸਕਿੱਲਾ ਨਾਲ ਇਟਲੀ ਤੋਂ ਆਇਆ ਸੀ ਕਿਉਂਕਿ ਸਮਰਾਟ ਕਲੋਡੀਉਸ ਨੇ ਸਾਰੇ ਯਹੂਦੀਆਂ ਨੂੰ ਰੋਮ ਵਿੱਚੋਂ ਨਿਕਲ ਜਾਣ ਦਾ ਹੁਕਮ ਦਿੱਤਾ ਸੀ। ਪੌਲੁਸ ਉਨ੍ਹਾਂ ਕੋਲ ਚਲਾ ਗਿਆ 3 ਅਤੇ ਉਨ੍ਹਾਂ ਦੇ ਘਰ ਠਹਿਰ ਗਿਆ ਕਿਉਂਕਿ ਪੌਲੁਸ ਤੇ ਉਨ੍ਹਾਂ ਦਾ ਕਿੱਤਾ ਇੱਕੋ ਸੀ, ਉਹ ਤੰਬੂ ਬਣਾਉਣ ਦਾ ਕੰਮ ਕਰਦੇ ਸਨ। ਪੌਲੁਸ ਨੇ ਉਨ੍ਹਾਂ ਨਾਲ ਮਿਲ ਕੇ ਇਹ ਕੰਮ ਕੀਤਾ।+ 4 ਉਹ ਹਰ ਸਬਤ ਦੇ ਦਿਨ+ ਸਭਾ ਘਰ+ ਵਿਚ ਭਾਸ਼ਣ ਦਿੰਦਾ ਹੁੰਦਾ ਸੀ* ਅਤੇ ਯਹੂਦੀਆਂ ਅਤੇ ਯੂਨਾਨੀਆਂ ਨੂੰ ਕਾਇਲ ਕਰ ਲੈਂਦਾ ਸੀ।

5 ਜਦੋਂ ਸੀਲਾਸ+ ਤੇ ਤਿਮੋਥਿਉਸ+ ਮਕਦੂਨੀਆ ਤੋਂ ਆ ਗਏ, ਤਾਂ ਪੌਲੁਸ ਬਚਨ ਦਾ ਪ੍ਰਚਾਰ ਜ਼ੋਰ-ਸ਼ੋਰ ਨਾਲ ਕਰਨ ਵਿਚ ਰੁੱਝ ਗਿਆ ਅਤੇ ਉਹ ਇਹ ਸਾਬਤ ਕਰਨ ਲਈ ਯਹੂਦੀਆਂ ਨੂੰ ਗਵਾਹੀ ਦਿੰਦਾ ਸੀ ਕਿ ਯਿਸੂ ਹੀ ਮਸੀਹ ਹੈ।+ 6 ਪਰ ਜਦੋਂ ਉਹ ਉਸ ਦਾ ਵਿਰੋਧ ਕਰਦੇ ਰਹੇ ਅਤੇ ਉਸ ਦੇ ਖ਼ਿਲਾਫ਼ ਬੁਰਾ-ਭਲਾ ਕਹਿੰਦੇ ਰਹੇ, ਤਾਂ ਉਸ ਨੇ ਆਪਣੇ ਕੱਪੜੇ ਝਾੜ ਕੇ+ ਉਨ੍ਹਾਂ ਨੂੰ ਕਿਹਾ: “ਤੁਹਾਡਾ ਖ਼ੂਨ ਤੁਹਾਡੇ ਸਿਰ।+ ਮੈਂ ਨਿਰਦੋਸ਼ ਹਾਂ।+ ਹੁਣ ਤੋਂ ਮੈਂ ਗ਼ੈਰ-ਯਹੂਦੀ ਕੌਮਾਂ ਦੇ ਲੋਕਾਂ ਕੋਲ ਜਾਵਾਂਗਾ।”+ 7 ਇਸ ਲਈ ਪੌਲੁਸ ਉੱਥੋਂ* ਤੀਤੁਸ ਯੂਸਤੁਸ ਨਾਂ ਦੇ ਆਦਮੀ ਦੇ ਘਰ ਚਲਾ ਗਿਆ ਜਿਹੜਾ ਪਰਮੇਸ਼ੁਰ ਦੀ ਭਗਤੀ ਕਰਦਾ ਸੀ। ਉਸ ਦਾ ਘਰ ਯਹੂਦੀਆਂ ਦੇ ਸਭਾ ਘਰ ਦੇ ਨਾਲ ਲੱਗਦਾ ਸੀ। 8 ਪਰ ਸਭਾ ਘਰ ਦਾ ਨਿਗਾਹਬਾਨ ਕਰਿਸਪੁਸ+ ਅਤੇ ਉਸ ਦਾ ਪੂਰਾ ਪਰਿਵਾਰ ਪ੍ਰਭੂ ਉੱਤੇ ਨਿਹਚਾ ਕਰਨ ਲੱਗ ਪਿਆ। ਬਹੁਤ ਸਾਰੇ ਕੁਰਿੰਥੀ ਲੋਕ ਵੀ ਖ਼ੁਸ਼ ਖ਼ਬਰੀ ਸੁਣ ਕੇ ਨਿਹਚਾ ਕਰਨ ਲੱਗ ਪਏ ਅਤੇ ਉਨ੍ਹਾਂ ਨੇ ਬਪਤਿਸਮਾ ਲਿਆ। 9 ਇਸ ਤੋਂ ਇਲਾਵਾ, ਰਾਤ ਨੂੰ ਪ੍ਰਭੂ ਨੇ ਦਰਸ਼ਣ ਵਿਚ ਪੌਲੁਸ ਨੂੰ ਕਿਹਾ: “ਡਰੀਂ ਨਾ, ਪ੍ਰਚਾਰ ਕਰਦਾ ਰਹੀਂ, ਹਟੀਂ ਨਾ 10 ਕਿਉਂਕਿ ਮੈਂ ਤੇਰੇ ਨਾਲ ਹਾਂ+ ਅਤੇ ਕੋਈ ਵੀ ਤੇਰੇ ਉੱਤੇ ਹਮਲਾ ਕਰ ਕੇ ਤੈਨੂੰ ਸੱਟ-ਚੋਟ ਨਹੀਂ ਲਾਵੇਗਾ; ਇਸ ਸ਼ਹਿਰ ਵਿਚ ਅਜਿਹੇ ਬਹੁਤ ਸਾਰੇ ਲੋਕ ਹਨ ਜਿਹੜੇ ਮੇਰੇ ਉੱਤੇ ਨਿਹਚਾ ਕਰਨਗੇ।” 11 ਇਸ ਲਈ ਉਹ ਕੁਰਿੰਥੁਸ ਵਿਚ ਡੇਢ ਸਾਲ ਰਹਿ ਕੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਬਚਨ ਦੀ ਸਿੱਖਿਆ ਦਿੰਦਾ ਰਿਹਾ।

12 ਜਦੋਂ ਗਾਲੀਓ ਅਖਾਯਾ ਪ੍ਰਾਂਤ ਦਾ ਰਾਜਪਾਲ* ਸੀ, ਉਸ ਵੇਲੇ ਯਹੂਦੀਆਂ ਨੇ ਰਲ਼ ਕੇ ਪੌਲੁਸ ਉੱਤੇ ਹਮਲਾ ਕੀਤਾ ਅਤੇ ਉਸ ਨੂੰ ਫੜ ਕੇ ਉਸ ਜਗ੍ਹਾ ਲੈ ਗਏ ਜਿੱਥੇ ਨਿਆਂ ਕੀਤਾ ਜਾਂਦਾ ਸੀ। 13 ਉਨ੍ਹਾਂ ਨੇ ਕਿਹਾ: “ਇਹ ਆਦਮੀ ਲੋਕਾਂ ਨੂੰ ਆਪਣੇ ਮਗਰ ਲਾ ਕੇ ਪਰਮੇਸ਼ੁਰ ਦੀ ਭਗਤੀ ਇਸ ਢੰਗ ਨਾਲ ਕਰਨ ਲਈ ਕਹਿੰਦਾ ਹੈ ਜੋ ਕਾਨੂੰਨ ਦੇ ਖ਼ਿਲਾਫ਼ ਹੈ।” 14 ਪਰ ਜਦੋਂ ਪੌਲੁਸ ਕੁਝ ਕਹਿਣ ਹੀ ਲੱਗਾ ਸੀ, ਤਾਂ ਗਾਲੀਓ ਨੇ ਯਹੂਦੀਆਂ ਨੂੰ ਕਿਹਾ: “ਯਹੂਦੀਓ, ਜੇ ਇਸ ਆਦਮੀ ਨੇ ਕੋਈ ਗ਼ਲਤੀ ਕੀਤੀ ਹੈ ਜਾਂ ਫਿਰ ਕੋਈ ਗੰਭੀਰ ਜੁਰਮ ਕੀਤਾ ਹੈ, ਤਾਂ ਹੀ ਮੈਂ ਧੀਰਜ ਨਾਲ ਤੁਹਾਡੀ ਗੱਲ ਸੁਣਾਂਗਾ। 15 ਪਰ ਜੇ ਝਗੜਾ ਸ਼ਬਦਾਂ, ਨਾਵਾਂ ਅਤੇ ਤੁਹਾਡੇ ਕਾਨੂੰਨ ਦਾ ਹੈ,+ ਤਾਂ ਤੁਸੀਂ ਆਪੇ ਇਸ ਮਸਲੇ ਨੂੰ ਨਜਿੱਠ ਲਓ। ਮੈਂ ਇਸ ਝਗੜੇ ਵਿਚ ਨਹੀਂ ਪੈਣਾ ਚਾਹੁੰਦਾ।” 16 ਇਹ ਕਹਿ ਕੇ ਉਸ ਨੇ ਯਹੂਦੀਆਂ ਨੂੰ ਨਿਆਂ ਦੇ ਸਿੰਘਾਸਣ ਦੇ ਸਾਮ੍ਹਣਿਓਂ ਭਜਾ ਦਿੱਤਾ। 17 ਇਸ ਕਰਕੇ ਉਨ੍ਹਾਂ ਸਾਰਿਆਂ ਨੇ ਸਭਾ ਘਰ ਦੇ ਨਿਗਾਹਬਾਨ ਸੋਸਥਨੇਸ+ ਨੂੰ ਫੜ ਕੇ ਨਿਆਂ ਦੇ ਸਿੰਘਾਸਣ ਦੇ ਸਾਮ੍ਹਣੇ ਕੁੱਟਿਆ। ਪਰ ਗਾਲੀਓ ਨੇ ਇਨ੍ਹਾਂ ਗੱਲਾਂ ਵੱਲ ਕੋਈ ਧਿਆਨ ਨਾ ਦਿੱਤਾ।

18 ਪੌਲੁਸ ਕੁਰਿੰਥੁਸ ਵਿਚ ਹੋਰ ਕਈ ਦਿਨ ਰਿਹਾ ਅਤੇ ਫਿਰ ਭਰਾਵਾਂ ਨੂੰ ਅਲਵਿਦਾ ਕਹਿਣ ਤੋਂ ਬਾਅਦ ਸਮੁੰਦਰੀ ਜਹਾਜ਼ ਵਿਚ ਬੈਠ ਕੇ ਸੀਰੀਆ ਨੂੰ ਚਲਾ ਗਿਆ। ਪ੍ਰਿਸਕਿੱਲਾ ਤੇ ਅਕੂਲਾ ਵੀ ਉਸ ਨਾਲ ਸਨ। ਕੰਖਰਿਆ+ ਵਿਚ ਉਸ ਨੇ ਆਪਣੇ ਵਾਲ਼ ਕਟਵਾ ਲਏ ਸਨ ਕਿਉਂਕਿ ਉਸ ਨੇ ਸੁੱਖਣਾ ਸੁੱਖੀ ਸੀ। 19 ਫਿਰ ਉਹ ਅਫ਼ਸੁਸ ਵਿਚ ਆਏ ਅਤੇ ਉਨ੍ਹਾਂ ਨੂੰ ਉੱਥੇ ਛੱਡ ਕੇ ਪੌਲੁਸ ਆਪ ਸਭਾ ਘਰ ਵਿਚ ਚਲਾ ਗਿਆ ਅਤੇ ਯਹੂਦੀਆਂ ਨਾਲ ਚਰਚਾ ਕੀਤੀ।+ 20 ਭਾਵੇਂ ਉਹ ਉਸ ਨੂੰ ਹੋਰ ਕੁਝ ਸਮਾਂ ਰਹਿਣ ਲਈ ਬੇਨਤੀ ਕਰਦੇ ਰਹੇ, ਪਰ ਉਹ ਨਾ ਮੰਨਿਆ 21 ਅਤੇ ਉਨ੍ਹਾਂ ਨੂੰ ਕਿਹਾ: “ਜੇ ਯਹੋਵਾਹ* ਨੇ ਚਾਹਿਆ, ਤਾਂ ਮੈਂ ਦੁਬਾਰਾ ਤੁਹਾਡੇ ਕੋਲ ਆਵਾਂਗਾ।” ਫਿਰ ਉਹ ਉਨ੍ਹਾਂ ਨੂੰ ਅਲਵਿਦਾ ਕਹਿਣ ਤੋਂ ਬਾਅਦ ਸਮੁੰਦਰੀ ਜਹਾਜ਼ ਵਿਚ ਬੈਠ ਕੇ ਅਫ਼ਸੁਸ ਤੋਂ ਤੁਰ ਪਿਆ 22 ਅਤੇ ਕੈਸਰੀਆ ਵਿਚ ਆਇਆ। ਫਿਰ ਉਹ ਉਤਾਂਹ* ਜਾ ਕੇ ਮੰਡਲੀ ਦੇ ਭੈਣਾਂ-ਭਰਾਵਾਂ ਨੂੰ ਮਿਲਿਆ ਅਤੇ ਉੱਥੋਂ ਅੰਤਾਕੀਆ ਨੂੰ ਚਲਾ ਗਿਆ।+

23 ਉੱਥੇ ਕੁਝ ਸਮਾਂ ਰਹਿ ਕੇ ਉਹ ਤੁਰ ਪਿਆ ਅਤੇ ਗਲਾਤੀਆ ਤੇ ਫ਼ਰੂਗੀਆ+ ਦੇ ਇਲਾਕਿਆਂ ਵਿਚ ਸ਼ਹਿਰੋ-ਸ਼ਹਿਰ ਜਾਂਦਾ ਹੋਇਆ ਚੇਲਿਆਂ ਦਾ ਹੌਸਲਾ ਵਧਾਉਂਦਾ ਗਿਆ।+

24 ਅਪੁੱਲੋਸ+ ਨਾਂ ਦਾ ਇਕ ਯਹੂਦੀ, ਜਿਸ ਦਾ ਜਨਮ ਸਿਕੰਦਰੀਆ ਵਿਚ ਹੋਇਆ ਸੀ, ਅਫ਼ਸੁਸ ਆਇਆ; ਉਹ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਗੱਲ ਕਰਦਾ ਸੀ ਅਤੇ ਉਸ ਨੂੰ ਧਰਮ-ਗ੍ਰੰਥ ਦਾ ਕਾਫ਼ੀ ਗਿਆਨ ਸੀ। 25 ਉਸ ਨੂੰ ਯਹੋਵਾਹ* ਦੇ ਰਾਹ ਦੀ ਸਿੱਖਿਆ* ਦਿੱਤੀ ਗਈ ਸੀ। ਉਹ ਪਵਿੱਤਰ ਸ਼ਕਤੀ ਕਰਕੇ ਜੋਸ਼ ਨਾਲ ਭਰਿਆ ਹੋਇਆ ਸੀ ਅਤੇ ਉਹ ਯਿਸੂ ਬਾਰੇ ਸਹੀ-ਸਹੀ ਦੱਸਣ ਅਤੇ ਸਿਖਾਉਣ ਲੱਗਾ, ਪਰ ਉਸ ਨੂੰ ਸਿਰਫ਼ ਉਸੇ ਬਪਤਿਸਮੇ ਬਾਰੇ ਪਤਾ ਸੀ ਜਿਸ ਦਾ ਯੂਹੰਨਾ ਨੇ ਪ੍ਰਚਾਰ ਕੀਤਾ ਸੀ। 26 ਉਹ ਸਭਾ ਘਰ ਵਿਚ ਜਾ ਕੇ ਦਲੇਰੀ ਨਾਲ ਗੱਲ ਕਰਨ ਲੱਗਾ ਅਤੇ ਜਦੋਂ ਪ੍ਰਿਸਕਿੱਲਾ ਤੇ ਅਕੂਲਾ+ ਨੇ ਉਸ ਨੂੰ ਗੱਲ ਕਰਦਿਆਂ ਸੁਣਿਆ, ਤਾਂ ਉਹ ਉਸ ਨੂੰ ਆਪਣੇ ਨਾਲ ਲੈ ਗਏ ਅਤੇ ਉਸ ਨੂੰ ਪਰਮੇਸ਼ੁਰ ਦੇ ਰਾਹ ਬਾਰੇ ਹੋਰ ਚੰਗੀ ਤਰ੍ਹਾਂ ਸਮਝਾਇਆ। 27 ਫਿਰ ਉਹ ਅਖਾਯਾ ਨੂੰ ਜਾਣਾ ਚਾਹੁੰਦਾ ਸੀ, ਇਸ ਲਈ ਭਰਾਵਾਂ ਨੇ ਉੱਥੇ ਦੇ ਚੇਲਿਆਂ ਨੂੰ ਚਿੱਠੀ ਲਿਖ ਕੇ ਬੇਨਤੀ ਕੀਤੀ ਕਿ ਉਹ ਉਸ ਦਾ ਖ਼ੁਸ਼ੀ-ਖ਼ੁਸ਼ੀ ਸੁਆਗਤ ਕਰਨ। ਫਿਰ ਉੱਥੇ ਪਹੁੰਚ ਕੇ ਉਸ ਨੇ ਉਨ੍ਹਾਂ ਲੋਕਾਂ ਦੀ ਬਹੁਤ ਮਦਦ ਕੀਤੀ ਜਿਨ੍ਹਾਂ ਨੇ ਪਰਮੇਸ਼ੁਰ ਦੀ ਅਪਾਰ ਕਿਰਪਾ ਸਦਕਾ ਯਿਸੂ ਉੱਤੇ ਨਿਹਚਾ ਕੀਤੀ ਸੀ; 28 ਕਿਉਂਕਿ ਉਸ ਨੇ ਜ਼ੋਰਾਂ-ਸ਼ੋਰਾਂ ਨਾਲ ਖੁੱਲ੍ਹੇ-ਆਮ ਯਹੂਦੀਆਂ ਨੂੰ ਪੂਰੀ ਤਰ੍ਹਾਂ ਗ਼ਲਤ ਸਾਬਤ ਕੀਤਾ ਅਤੇ ਧਰਮ-ਗ੍ਰੰਥ ਵਿੱਚੋਂ ਦਿਖਾਇਆ ਕਿ ਯਿਸੂ ਹੀ ਮਸੀਹ ਹੈ।+

19 ਫਿਰ ਇਸ ਤਰ੍ਹਾਂ ਹੋਇਆ ਕਿ ਜਦੋਂ ਅਪੁੱਲੋਸ+ ਕੁਰਿੰਥੁਸ ਸ਼ਹਿਰ ਵਿਚ ਸੀ, ਤਾਂ ਪੌਲੁਸ ਪਹਾੜੀ ਇਲਾਕਿਆਂ ਵਿੱਚੋਂ ਦੀ ਸਫ਼ਰ ਕਰਦਾ ਹੋਇਆ ਅਫ਼ਸੁਸ+ ਆਇਆ। ਉੱਥੇ ਉਸ ਨੂੰ ਕੁਝ ਚੇਲੇ ਮਿਲੇ। 2 ਉਸ ਨੇ ਉਨ੍ਹਾਂ ਨੂੰ ਪੁੱਛਿਆ: “ਜਦੋਂ ਤੁਸੀਂ ਯਿਸੂ ਉੱਤੇ ਨਿਹਚਾ ਕਰਨ ਲੱਗੇ ਸੀ, ਤਾਂ ਕੀ ਤੁਹਾਨੂੰ ਪਵਿੱਤਰ ਸ਼ਕਤੀ ਮਿਲੀ ਸੀ?”+ ਉਨ੍ਹਾਂ ਨੇ ਉਸ ਨੂੰ ਜਵਾਬ ਦਿੱਤਾ: “ਅਸੀਂ ਤਾਂ ਪਵਿੱਤਰ ਸ਼ਕਤੀ ਬਾਰੇ ਕਦੇ ਕੁਝ ਸੁਣਿਆ ਹੀ ਨਹੀਂ।” 3 ਉਸ ਨੇ ਕਿਹਾ: “ਤਾਂ ਫਿਰ ਤੁਸੀਂ ਕਿਹੜਾ ਬਪਤਿਸਮਾ ਲਿਆ ਸੀ?” ਉਨ੍ਹਾਂ ਨੇ ਕਿਹਾ: “ਜਿਹੜਾ ਯੂਹੰਨਾ ਦਿੰਦਾ ਸੀ।”+ 4 ਫਿਰ ਪੌਲੁਸ ਨੇ ਕਿਹਾ: “ਯੂਹੰਨਾ ਨੇ ਲੋਕਾਂ ਨੂੰ ਪਾਪਾਂ ਦੀ ਤੋਬਾ ਦੇ ਸਬੂਤ ਵਜੋਂ ਬਪਤਿਸਮਾ ਦਿੱਤਾ ਸੀ+ ਅਤੇ ਉਨ੍ਹਾਂ ਨੂੰ ਦੱਸਿਆ ਸੀ ਕਿ ਉਹ ਉਸ ਉੱਤੇ ਨਿਹਚਾ ਕਰਨ ਜਿਹੜਾ ਉਸ ਤੋਂ ਬਾਅਦ ਆ ਰਿਹਾ ਸੀ+ ਯਾਨੀ ਯਿਸੂ ਉੱਤੇ।” 5 ਇਹ ਸੁਣ ਕੇ ਉਨ੍ਹਾਂ ਨੇ ਪ੍ਰਭੂ ਯਿਸੂ ਦੇ ਨਾਂ ʼਤੇ ਬਪਤਿਸਮਾ ਲਿਆ। 6 ਜਦੋਂ ਪੌਲੁਸ ਨੇ ਉਨ੍ਹਾਂ ਉੱਤੇ ਆਪਣੇ ਹੱਥ ਰੱਖੇ, ਤਾਂ ਉਨ੍ਹਾਂ ਉੱਤੇ ਪਵਿੱਤਰ ਸ਼ਕਤੀ ਆਈ+ ਅਤੇ ਉਹ ਵੱਖੋ-ਵੱਖਰੀਆਂ ਬੋਲੀਆਂ ਬੋਲਣ ਤੇ ਭਵਿੱਖਬਾਣੀਆਂ ਕਰਨ ਲੱਗ ਪਏ।+ 7 ਉੱਥੇ ਲਗਭਗ 12 ਚੇਲੇ ਸਨ।

8 ਫਿਰ ਪੌਲੁਸ ਨੇ ਤਿੰਨ ਮਹੀਨੇ ਸਭਾ ਘਰ+ ਵਿਚ ਜਾ ਕੇ ਦਲੇਰੀ ਨਾਲ ਪਰਮੇਸ਼ੁਰ ਦੇ ਰਾਜ ਬਾਰੇ ਉਪਦੇਸ਼ ਦਿੱਤੇ ਅਤੇ ਦਲੀਲਾਂ ਦੇ ਕੇ ਲੋਕਾਂ ਨੂੰ ਕਾਇਲ ਕੀਤਾ।+ 9 ਪਰ ਜਦੋਂ ਕੁਝ ਯਹੂਦੀਆਂ ਨੇ ਢੀਠ ਹੋ ਕੇ ਨਿਹਚਾ ਕਰਨ ਤੋਂ ਇਨਕਾਰ ਕੀਤਾ ਅਤੇ ਬਹੁਤ ਸਾਰੇ ਲੋਕਾਂ ਸਾਮ੍ਹਣੇ “ਪ੍ਰਭੂ ਦੇ ਰਾਹ”+ ਬਾਰੇ ਬੁਰਾ-ਭਲਾ ਕਿਹਾ, ਤਾਂ ਪੌਲੁਸ ਉਨ੍ਹਾਂ ਨੂੰ ਛੱਡ ਕੇ ਚਲਾ ਗਿਆ+ ਅਤੇ ਚੇਲਿਆਂ ਨੂੰ ਆਪਣੇ ਨਾਲ ਲੈ ਗਿਆ ਅਤੇ ਉਹ ਰੋਜ਼ ਤੁਰੰਨੁਸ ਦੇ ਸਕੂਲ ਵਿਚ ਉਪਦੇਸ਼ ਦੇਣ ਲੱਗ ਪਿਆ। 10 ਉਹ ਦੋ ਸਾਲ ਉਪਦੇਸ਼ ਦਿੰਦਾ ਰਿਹਾ ਜਿਸ ਕਰਕੇ ਏਸ਼ੀਆ ਜ਼ਿਲ੍ਹੇ ਦੇ ਸਾਰੇ ਯਹੂਦੀਆਂ ਅਤੇ ਯੂਨਾਨੀਆਂ* ਨੂੰ ਪ੍ਰਭੂ ਦਾ ਬਚਨ ਸੁਣਨ ਦਾ ਮੌਕਾ ਮਿਲਿਆ।

11 ਪਰਮੇਸ਼ੁਰ ਪੌਲੁਸ ਦੇ ਹੱਥੀਂ ਵੱਡੀਆਂ-ਵੱਡੀਆਂ ਕਰਾਮਾਤਾਂ ਕਰਦਾ ਰਿਹਾ,+ 12 ਇੱਥੋਂ ਤਕ ਕਿ ਜਦੋਂ ਪੌਲੁਸ ਦੇ ਰੁਮਾਲ ਤੇ ਕੱਪੜੇ ਬੀਮਾਰਾਂ ਕੋਲ ਲਿਜਾਏ ਜਾਂਦੇ ਸਨ,+ ਤਾਂ ਉਨ੍ਹਾਂ ਦੀਆਂ ਬੀਮਾਰੀਆਂ ਠੀਕ ਹੋ ਜਾਂਦੀਆਂ ਸਨ ਅਤੇ ਦੁਸ਼ਟ ਦੂਤ ਲੋਕਾਂ ਵਿੱਚੋਂ ਨਿਕਲ ਆਉਂਦੇ ਸਨ।+ 13 ਪਰ ਕੁਝ ਯਹੂਦੀ ਥਾਂ-ਥਾਂ ਘੁੰਮ-ਫਿਰ ਕੇ ਲੋਕਾਂ ਵਿੱਚੋਂ ਦੁਸ਼ਟ ਦੂਤ ਕੱਢਦੇ ਹੁੰਦੇ ਸਨ। ਉਹ ਵੀ ਦੁਸ਼ਟ ਦੂਤ ਕੱਢਣ ਲਈ ਪ੍ਰਭੂ ਯਿਸੂ ਦਾ ਨਾਂ ਵਰਤਣ ਦੀ ਕੋਸ਼ਿਸ਼ ਕਰਦੇ ਸਨ; ਉਹ ਕਹਿੰਦੇ ਸਨ: “ਮੈਂ ਤੁਹਾਨੂੰ ਯਿਸੂ ਦੇ ਨਾਂ ʼਤੇ ਹੁਕਮ ਦਿੰਦਾ ਹਾਂ ਜਿਸ ਦਾ ਪ੍ਰਚਾਰ ਪੌਲੁਸ ਕਰਦਾ ਹੈ।”+ 14 ਸਕੇਵਾ ਨਾਂ ਦੇ ਇਕ ਯਹੂਦੀ ਮੁੱਖ ਪੁਜਾਰੀ ਦੇ ਸੱਤ ਪੁੱਤਰ ਇਸ ਤਰ੍ਹਾਂ ਕਰਦੇ ਸਨ। 15 ਪਰ ਦੁਸ਼ਟ ਦੂਤ ਨੇ ਉਨ੍ਹਾਂ ਨੂੰ ਕਿਹਾ: “ਮੈਂ ਯਿਸੂ ਨੂੰ ਜਾਣਦਾ ਹਾਂ+ ਅਤੇ ਮੈਨੂੰ ਪੌਲੁਸ ਬਾਰੇ ਵੀ ਪਤਾ ਹੈ;+ ਪਰ ਤੁਸੀਂ ਕੌਣ ਹੋ?” 16 ਇਹ ਕਹਿ ਕੇ ਉਹ ਆਦਮੀ ਜਿਸ ਨੂੰ ਦੁਸ਼ਟ ਦੂਤ ਚਿੰਬੜਿਆ ਹੋਇਆ ਸੀ, ਉਨ੍ਹਾਂ ਉੱਤੇ ਟੁੱਟ ਪਿਆ ਅਤੇ ਇਕ-ਇਕ ਕਰ ਕੇ ਉਨ੍ਹਾਂ ਸਾਰਿਆਂ ਉੱਤੇ ਹਾਵੀ ਹੋ ਕੇ ਉਨ੍ਹਾਂ ਦਾ ਇੰਨਾ ਬੁਰਾ ਹਾਲ ਕੀਤਾ ਕਿ ਉਹ ਨੰਗੇ ਅਤੇ ਜ਼ਖ਼ਮੀ ਹਾਲਤ ਵਿਚ ਉਸ ਘਰੋਂ ਬਾਹਰ ਭੱਜ ਗਏ। 17 ਇਸ ਗੱਲ ਬਾਰੇ ਅਫ਼ਸੁਸ ਵਿਚ ਰਹਿਣ ਵਾਲੇ ਸਾਰੇ ਯਹੂਦੀਆਂ ਅਤੇ ਯੂਨਾਨੀਆਂ ਨੂੰ ਪਤਾ ਲੱਗ ਗਿਆ; ਉਹ ਸਾਰੇ ਡਰ ਗਏ ਅਤੇ ਪ੍ਰਭੂ ਯਿਸੂ ਦੇ ਨਾਂ ਦੀ ਵਡਿਆਈ ਹੁੰਦੀ ਰਹੀ। 18 ਜਿਨ੍ਹਾਂ ਲੋਕਾਂ ਨੇ ਨਿਹਚਾ ਕੀਤੀ ਸੀ, ਉਨ੍ਹਾਂ ਵਿੱਚੋਂ ਬਹੁਤ ਸਾਰੇ ਆ ਕੇ ਆਪਣੇ ਪਾਪ ਕਬੂਲ ਕਰਦੇ ਸਨ ਅਤੇ ਇਨ੍ਹਾਂ ਬਾਰੇ ਖੁੱਲ੍ਹ ਕੇ ਦੱਸਦੇ ਸਨ। 19 ਬਹੁਤ ਸਾਰੇ ਲੋਕ ਜਿਹੜੇ ਪਹਿਲਾਂ ਜਾਦੂਗਰੀ ਕਰਦੇ ਹੁੰਦੇ ਸਨ, ਉਨ੍ਹਾਂ ਨੇ ਆਪਣੀਆਂ ਕਿਤਾਬਾਂ ਇਕੱਠੀਆਂ ਕਰ ਕੇ ਸਾਰਿਆਂ ਸਾਮ੍ਹਣੇ ਸਾੜ ਦਿੱਤੀਆਂ।+ ਅਤੇ ਉਨ੍ਹਾਂ ਨੇ ਕਿਤਾਬਾਂ ਦੇ ਮੁੱਲ ਦਾ ਹਿਸਾਬ ਲਾ ਕੇ ਦੇਖਿਆ ਕਿ ਉਨ੍ਹਾਂ ਦਾ ਮੁੱਲ ਚਾਂਦੀ ਦੇ 50,000 ਸਿੱਕੇ ਸਨ। 20 ਇਸ ਤਰ੍ਹਾਂ ਯਹੋਵਾਹ* ਦਾ ਬਚਨ ਸ਼ਕਤੀਸ਼ਾਲੀ ਢੰਗ ਨਾਲ ਰੁਕਾਵਟਾਂ ਪਾਰ ਕਰਦਾ ਹੋਇਆ ਸਾਰੇ ਪਾਸੇ ਫੈਲਦਾ ਗਿਆ।+

21 ਇਨ੍ਹਾਂ ਗੱਲਾਂ ਤੋਂ ਬਾਅਦ, ਪੌਲੁਸ ਨੇ ਆਪਣੇ ਮਨ ਵਿਚ ਧਾਰਿਆ ਕਿ ਮਕਦੂਨੀਆ+ ਅਤੇ ਅਖਾਯਾ ਜਾਣ ਤੋਂ ਬਾਅਦ ਉਹ ਯਰੂਸ਼ਲਮ ਨੂੰ ਜਾਵੇਗਾ।+ ਉਸ ਨੇ ਕਿਹਾ: “ਯਰੂਸ਼ਲਮ ਜਾਣ ਤੋਂ ਬਾਅਦ ਮੈਂ ਰੋਮ ਨੂੰ ਵੀ ਜਾਵਾਂਗਾ।”+ 22 ਇਸ ਲਈ ਉਸ ਨੇ ਤਿਮੋਥਿਉਸ+ ਤੇ ਅਰਾਸਤੁਸ+ ਨੂੰ ਜਿਹੜੇ ਉਸ ਦੀ ਸੇਵਾ ਕਰਦੇ ਸਨ, ਮਕਦੂਨੀਆ ਨੂੰ ਘੱਲ ਦਿੱਤਾ, ਪਰ ਉਹ ਆਪ ਏਸ਼ੀਆ ਜ਼ਿਲ੍ਹੇ ਵਿਚ ਕੁਝ ਸਮਾਂ ਰਿਹਾ।

23 ਉਸ ਸਮੇਂ “ਪ੍ਰਭੂ ਦੇ ਰਾਹ”+ ਦੇ ਵਿਰੁੱਧ ਬੜਾ ਹੰਗਾਮਾ ਖੜ੍ਹਾ ਹੋਇਆ।+ 24 ਦੇਮੇਤ੍ਰਿਉਸ ਨਾਂ ਦਾ ਇਕ ਸੁਨਿਆਰਾ ਅਰਤਿਮਿਸ ਦੇਵੀ ਦੇ ਚਾਂਦੀ ਦੇ ਛੋਟੇ-ਛੋਟੇ ਮੰਦਰ ਬਣਾਉਂਦਾ ਹੁੰਦਾ ਸੀ ਅਤੇ ਉਸ ਦੇ ਇਸ ਕੰਮ ਤੋਂ ਕਾਰੀਗਰਾਂ ਨੂੰ ਬਹੁਤ ਮੁਨਾਫ਼ਾ ਹੁੰਦਾ ਸੀ।+ 25 ਉਸ ਨੇ ਕਾਰੀਗਰਾਂ ਨੂੰ ਅਤੇ ਇਸ ਕਾਰੋਬਾਰ ਵਿਚ ਲੱਗੇ ਲੋਕਾਂ ਨੂੰ ਇਕੱਠਾ ਕਰ ਕੇ ਕਿਹਾ: “ਭਰਾਵੋ, ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਇਸ ਕਾਰੋਬਾਰ ਤੋਂ ਸਾਨੂੰ ਕਿੰਨਾ ਮੁਨਾਫ਼ਾ ਹੁੰਦਾ ਹੈ। 26 ਤੁਸੀਂ ਇਹ ਵੀ ਦੇਖਦੇ ਤੇ ਸੁਣਦੇ ਹੋ ਕਿ ਸਿਰਫ਼ ਅਫ਼ਸੁਸ+ ਵਿਚ ਹੀ ਨਹੀਂ, ਸਗੋਂ ਲਗਭਗ ਪੂਰੇ ਏਸ਼ੀਆ ਜ਼ਿਲ੍ਹੇ ਵਿਚ ਪੌਲੁਸ ਬਹੁਤ ਸਾਰੇ ਲੋਕਾਂ ਨੂੰ ਕਾਇਲ ਕਰ ਕੇ ਕਿਸੇ ਹੋਰ ਧਰਮ ਵਿਚ ਲੈ ਗਿਆ ਹੈ ਅਤੇ ਕਹਿੰਦਾ ਫਿਰਦਾ ਹੈ ਕਿ ਹੱਥਾਂ ਦੇ ਬਣਾਏ ਦੇਵਤੇ ਅਸਲ ਵਿਚ ਦੇਵਤੇ ਨਹੀਂ ਹਨ।+ 27 ਇਸ ਲਈ ਸਿਰਫ਼ ਇਹੀ ਖ਼ਤਰਾ ਨਹੀਂ ਹੈ ਕਿ ਸਾਡੇ ਕਾਰੋਬਾਰ ਦੀ ਬਦਨਾਮੀ ਹੋਵੇਗੀ, ਸਗੋਂ ਇਹ ਵੀ ਖ਼ਤਰਾ ਹੈ ਕਿ ਮਹਾਨ ਦੇਵੀ ਅਰਤਿਮਿਸ ਦੇ ਮੰਦਰ ਨੂੰ ਤੁੱਛ ਸਮਝਿਆ ਜਾਵੇਗਾ ਅਤੇ ਅਰਤਿਮਿਸ ਦੇਵੀ ਦੀ ਮਹਿਮਾ ਵੀ ਖ਼ਤਮ ਹੋ ਜਾਵੇਗੀ ਜਿਸ ਨੂੰ ਪੂਰਾ ਏਸ਼ੀਆ ਜ਼ਿਲ੍ਹਾ ਅਤੇ ਪੂਰੀ ਦੁਨੀਆਂ ਪੂਜਦੀ ਹੈ।” 28 ਇਹ ਸੁਣ ਕੇ ਲੋਕ ਗੁੱਸੇ ਵਿਚ ਭੜਕ ਉੱਠੇ ਅਤੇ ਉਹ ਉੱਚੀ-ਉੱਚੀ ਨਾਅਰੇ ਲਾਉਣ ਲੱਗ ਪਏ: “ਅਫ਼ਸੁਸ ਦੇ ਲੋਕਾਂ ਦੀ ਦੇਵੀ ਅਰਤਿਮਿਸ ਮਹਾਨ ਹੈ!”

29 ਇਸ ਕਰਕੇ ਪੂਰੇ ਸ਼ਹਿਰ ਵਿਚ ਹਲਚਲ ਮੱਚ ਗਈ ਅਤੇ ਲੋਕ ਇਕੱਠੇ ਹੋ ਕੇ ਤਮਾਸ਼ਾ ਘਰ ਵਿਚ ਚਲੇ ਗਏ ਅਤੇ ਪੌਲੁਸ ਦੇ ਸਫ਼ਰੀ ਸਾਥੀਆਂ, ਮਕਦੂਨੀਆ ਦੇ ਗਾਉਸ ਤੇ ਅਰਿਸਤਰਖੁਸ+ ਨੂੰ ਘੜੀਸ ਕੇ ਆਪਣੇ ਨਾਲ ਲੈ ਗਏ। 30 ਪੌਲੁਸ ਆਪ ਲੋਕਾਂ ਕੋਲ ਅੰਦਰ ਜਾਣਾ ਚਾਹੁੰਦਾ ਸੀ, ਪਰ ਚੇਲਿਆਂ ਨੇ ਉਸ ਨੂੰ ਜਾਣ ਨਾ ਦਿੱਤਾ। 31 ਇੱਥੋਂ ਤਕ ਕਿ ਤਿਉਹਾਰਾਂ ਅਤੇ ਖੇਡਾਂ ਦੇ ਕੁਝ ਪ੍ਰਬੰਧਕਾਂ ਨੇ, ਜਿਹੜੇ ਉਸ ਦਾ ਭਲਾ ਚਾਹੁੰਦੇ ਸਨ, ਸੁਨੇਹਾ ਘੱਲ ਕੇ ਬੇਨਤੀ ਕੀਤੀ ਕਿ ਉਹ ਤਮਾਸ਼ਾ ਘਰ ਵਿਚ ਜਾ ਕੇ ਆਪਣੀ ਜਾਨ ਖ਼ਤਰੇ ਵਿਚ ਨਾ ਪਾਵੇ। 32 ਅਸਲ ਵਿਚ, ਕੋਈ ਜਣਾ ਉੱਚੀ ਆਵਾਜ਼ ਵਿਚ ਕੁਝ ਕਹਿ ਰਿਹਾ ਸੀ ਤੇ ਕੋਈ ਜਣਾ ਕੁਝ ਹੋਰ; ਭੀੜ ਨੇ ਇੰਨਾ ਰੌਲ਼ਾ ਪਾਇਆ ਹੋਇਆ ਸੀ ਕਿ ਜ਼ਿਆਦਾਤਰ ਲੋਕਾਂ ਨੂੰ ਪਤਾ ਹੀ ਨਹੀਂ ਸੀ ਕਿ ਉਹ ਕਿਉਂ ਇਕੱਠੇ ਹੋਏ ਸਨ। 33 ਇਸ ਲਈ ਉਨ੍ਹਾਂ ਨੇ ਭੀੜ ਵਿੱਚੋਂ ਸਿਕੰਦਰ ਨੂੰ ਲਿਆਂਦਾ ਅਤੇ ਯਹੂਦੀਆਂ ਨੇ ਉਸ ਨੂੰ ਧੱਕ ਕੇ ਅੱਗੇ ਕਰ ਦਿੱਤਾ। ਫਿਰ ਸਿਕੰਦਰ ਨੇ ਹੱਥ ਨਾਲ ਇਸ਼ਾਰਾ ਕਰ ਕੇ ਲੋਕਾਂ ਨੂੰ ਚੁੱਪ ਰਹਿਣ ਲਈ ਕਿਹਾ। ਉਹ ਲੋਕਾਂ ਸਾਮ੍ਹਣੇ ਸਫ਼ਾਈ ਪੇਸ਼ ਕਰਨੀ ਚਾਹੁੰਦਾ ਸੀ। 34 ਪਰ ਜਦੋਂ ਉਨ੍ਹਾਂ ਨੇ ਪਛਾਣਿਆ ਕਿ ਉਹ ਯਹੂਦੀ ਸੀ, ਤਾਂ ਉਹ ਸਾਰੇ ਇੱਕੋ ਆਵਾਜ਼ ਵਿਚ ਲਗਭਗ ਦੋ ਘੰਟੇ ਉੱਚੀ-ਉੱਚੀ ਨਾਅਰੇ ਲਾਉਂਦੇ ਰਹੇ: “ਅਫ਼ਸੁਸ ਦੇ ਲੋਕਾਂ ਦੀ ਦੇਵੀ ਅਰਤਿਮਿਸ ਮਹਾਨ ਹੈ!”

35 ਅਖ਼ੀਰ ਵਿਚ ਜਦੋਂ ਨਗਰ-ਪ੍ਰਧਾਨ ਨੇ ਭੀੜ ਨੂੰ ਚੁੱਪ ਕਰਾ ਦਿੱਤਾ, ਤਾਂ ਉਸ ਨੇ ਕਿਹਾ: “ਅਫ਼ਸੁਸ ਦੇ ਲੋਕੋ, ਦੁਨੀਆਂ ਵਿਚ ਕਿਹੜਾ ਇਨਸਾਨ ਹੈ ਜਿਹੜਾ ਇਹ ਨਹੀਂ ਜਾਣਦਾ ਕਿ ਅਫ਼ਸੀ ਲੋਕਾਂ ਦਾ ਸ਼ਹਿਰ ਮਹਾਨ ਅਰਤਿਮਿਸ ਦੇਵੀ ਦੇ ਮੰਦਰ ਅਤੇ ਸਵਰਗੋਂ ਡਿਗੀ ਮੂਰਤੀ ਦਾ ਰਖਵਾਲਾ ਹੈ? 36 ਕੋਈ ਵੀ ਇਨ੍ਹਾਂ ਗੱਲਾਂ ਨੂੰ ਗ਼ਲਤ ਸਾਬਤ ਨਹੀਂ ਕਰ ਸਕਦਾ, ਇਸ ਕਰਕੇ ਤੁਹਾਡੇ ਲਈ ਚੰਗਾ ਹੈ ਕਿ ਤੁਸੀਂ ਸ਼ਾਂਤ ਰਹੋ ਅਤੇ ਜਲਦਬਾਜ਼ੀ ਵਿਚ ਕੁਝ ਨਾ ਕਰੋ। 37 ਤੁਸੀਂ ਇਨ੍ਹਾਂ ਆਦਮੀਆਂ ਨੂੰ ਇੱਥੇ ਲੈ ਕੇ ਆਏ ਹੋ ਜਿਹੜੇ ਨਾ ਤਾਂ ਮੰਦਰਾਂ ਨੂੰ ਲੁੱਟਣ ਵਾਲੇ ਹਨ ਅਤੇ ਨਾ ਹੀ ਸਾਡੀ ਦੇਵੀ ਦੀ ਨਿੰਦਿਆ ਕਰਨ ਵਾਲੇ ਹਨ। 38 ਇਸ ਲਈ ਜੇ ਦੇਮੇਤ੍ਰਿਉਸ+ ਅਤੇ ਉਸ ਨਾਲ ਆਏ ਕਾਰੀਗਰਾਂ ਦਾ ਕਿਸੇ ਨਾਲ ਕੋਈ ਝਗੜਾ ਹੈ, ਤਾਂ ਉਹ ਉਨ੍ਹਾਂ ਦਿਨਾਂ ਦੌਰਾਨ ਆ ਕੇ ਇਕ-ਦੂਜੇ ਉੱਤੇ ਦੋਸ਼ ਲਾਉਣ ਜਿਨ੍ਹਾਂ ਦਿਨਾਂ ਦੌਰਾਨ ਅਦਾਲਤਾਂ ਲੱਗਦੀਆਂ ਹਨ ਅਤੇ ਪ੍ਰਾਂਤ ਦੇ ਰਾਜਪਾਲ* ਸੁਣਵਾਈ ਕਰਦੇ ਹਨ। 39 ਪਰ ਜੇ ਤੁਸੀਂ ਕਿਸੇ ਹੋਰ ਮਸਲੇ ʼਤੇ ਗੱਲ ਕਰਨੀ ਹੈ, ਤਾਂ ਇਸ ਦਾ ਫ਼ੈਸਲਾ ਅਧਿਕਾਰੀਆਂ ਵੱਲੋਂ ਸੱਦੇ ਜਾਂਦੇ ਜਨਤਾ ਦੇ ਇਕੱਠ ਵਿਚ ਹੀ ਕੀਤਾ ਜਾਵੇਗਾ। 40 ਹੁਣ ਇਹ ਖ਼ਤਰਾ ਹੈ ਕਿ ਅੱਜ ਦੇ ਇਸ ਹੰਗਾਮੇ ਕਰਕੇ ਸਾਡੇ ਉੱਤੇ ਸਰਕਾਰ ਖ਼ਿਲਾਫ਼ ਬਗਾਵਤ ਕਰਨ ਦਾ ਦੋਸ਼ ਲੱਗ ਸਕਦਾ ਹੈ ਕਿਉਂਕਿ ਅਸੀਂ ਇਹ ਫ਼ਸਾਦੀ ਭੀੜ ਇਕੱਠੀ ਕਰਨ ਦਾ ਕੋਈ ਕਾਰਨ ਨਹੀਂ ਦੇ ਸਕਦੇ।” 41 ਇਹ ਗੱਲਾਂ ਕਹਿ ਕੇ ਉਸ ਨੇ ਇਕੱਠੇ ਹੋਏ ਸਾਰੇ ਲੋਕਾਂ ਨੂੰ ਉੱਥੋਂ ਘੱਲ ਦਿੱਤਾ।

20 ਜਦੋਂ ਰੌਲ਼ਾ-ਰੱਪਾ ਖ਼ਤਮ ਹੋ ਗਿਆ, ਤਾਂ ਪੌਲੁਸ ਨੇ ਚੇਲਿਆਂ ਨੂੰ ਸੱਦ ਕੇ ਹੱਲਾਸ਼ੇਰੀ ਦਿੱਤੀ। ਫਿਰ ਉਨ੍ਹਾਂ ਨੂੰ ਅਲਵਿਦਾ ਕਹਿ ਕੇ ਉਹ ਮਕਦੂਨੀਆ ਜਾਣ ਲਈ ਤੁਰ ਪਿਆ। 2 ਮਕਦੂਨੀਆ ਦੇ ਇਲਾਕਿਆਂ ਵਿੱਚੋਂ ਦੀ ਲੰਘਦੇ ਹੋਏ ਉਸ ਨੇ ਚੇਲਿਆਂ ਨੂੰ ਬਹੁਤ ਸਾਰੀਆਂ ਗੱਲਾਂ ਨਾਲ ਹੌਸਲਾ ਦਿੱਤਾ ਅਤੇ ਫਿਰ ਉਹ ਯੂਨਾਨ ਵਿਚ ਆ ਗਿਆ। 3 ਉੱਥੇ ਉਹ ਤਿੰਨ ਮਹੀਨੇ ਰਿਹਾ। ਫਿਰ ਜਦੋਂ ਉਸ ਨੇ ਸਮੁੰਦਰੀ ਜਹਾਜ਼ ਵਿਚ ਬੈਠ ਕੇ ਸੀਰੀਆ ਨੂੰ ਜਾਣਾ ਸੀ, ਤਾਂ ਉਸ ਨੂੰ ਪਤਾ ਲੱਗਾ ਕਿ ਯਹੂਦੀਆਂ ਨੇ ਉਸ ਦੇ ਖ਼ਿਲਾਫ਼ ਸਾਜ਼ਸ਼ ਘੜੀ ਸੀ,+ ਇਸ ਲਈ ਉਸ ਨੇ ਮਕਦੂਨੀਆ ਰਾਹੀਂ ਵਾਪਸ ਜਾਣ ਦਾ ਫ਼ੈਸਲਾ ਕੀਤਾ। 4 ਉਸ ਦੇ ਨਾਲ ਬਰੀਆ ਸ਼ਹਿਰ ਦੇ ਪੁੱਰਸ ਦਾ ਪੁੱਤਰ ਸੋਪਤਰੁਸ, ਥੱਸਲੁਨੀਕਾ ਸ਼ਹਿਰ ਦੇ ਅਰਿਸਤਰਖੁਸ+ ਤੇ ਸਿਕੁੰਦੁਸ, ਦਰਬੇ ਸ਼ਹਿਰ ਦਾ ਗਾਉਸ, ਤਿਮੋਥਿਉਸ+ ਤੇ ਏਸ਼ੀਆ ਜ਼ਿਲ੍ਹੇ ਤੋਂ ਤੁਖੀਕੁਸ+ ਤੇ ਤ੍ਰੋਫ਼ਿਮੁਸ+ ਵੀ ਸਨ। 5 ਉਹ ਆਦਮੀ ਸਾਡੇ ਅੱਗੇ-ਅੱਗੇ ਚਲੇ ਗਏ ਅਤੇ ਉਨ੍ਹਾਂ ਨੇ ਤ੍ਰੋਆਸ ਵਿਚ ਜਾ ਕੇ ਸਾਡੀ ਉਡੀਕ ਕੀਤੀ; 6 ਪਰ ਅਸੀਂ ਬੇਖਮੀਰੀ ਰੋਟੀ ਦੇ ਤਿਉਹਾਰ+ ਦੇ ਦਿਨਾਂ ਤੋਂ ਬਾਅਦ ਫ਼ਿਲਿੱਪੈ ਵਿਚ ਜਹਾਜ਼ੇ ਚੜ੍ਹ ਕੇ ਪੰਜਾਂ ਦਿਨਾਂ ਵਿਚ ਉਨ੍ਹਾਂ ਕੋਲ ਤ੍ਰੋਆਸ ਆ ਗਏ ਅਤੇ ਅਸੀਂ ਉੱਥੇ ਸੱਤ ਦਿਨ ਰਹੇ।

7 ਹਫ਼ਤੇ ਦੇ ਪਹਿਲੇ ਦਿਨ* ਜਦੋਂ ਅਸੀਂ ਰੋਟੀ ਖਾਣ ਲਈ ਇਕੱਠੇ ਹੋਏ, ਤਾਂ ਪੌਲੁਸ ਨੇ ਉੱਥੇ ਇਕੱਠੇ ਹੋਏ ਲੋਕਾਂ ਨੂੰ ਉਪਦੇਸ਼ ਦੇਣਾ ਸ਼ੁਰੂ ਕੀਤਾ ਕਿਉਂਕਿ ਉਹ ਅਗਲੇ ਦਿਨ ਉੱਥੋਂ ਜਾ ਰਿਹਾ ਸੀ; ਉਹ ਅੱਧੀ ਰਾਤ ਤਕ ਉਪਦੇਸ਼ ਦਿੰਦਾ ਰਿਹਾ। 8 ਇਸ ਕਰਕੇ ਜਿਸ ਚੁਬਾਰੇ ਵਿਚ ਅਸੀਂ ਇਕੱਠੇ ਹੋਏ ਸੀ, ਉੱਥੇ ਬਹੁਤ ਸਾਰੇ ਦੀਵੇ ਬਲ਼ ਰਹੇ ਸਨ। 9 ਯੂਤਖੁਸ ਨਾਂ ਦਾ ਇਕ ਨੌਜਵਾਨ ਖਿੜਕੀ ʼਤੇ ਬੈਠਾ ਹੋਇਆ ਸੀ। ਜਦੋਂ ਪੌਲੁਸ ਦੇਰ ਤਕ ਉਪਦੇਸ਼ ਦਿੰਦਾ ਰਿਹਾ, ਤਾਂ ਯੂਤਖੁਸ ਗੂੜ੍ਹੀ ਨੀਂਦ ਸੌਂ ਗਿਆ ਅਤੇ ਸੁੱਤਾ-ਸੁੱਤਾ ਤੀਜੀ ਮੰਜ਼ਲ ਤੋਂ ਡਿਗ ਗਿਆ ਤੇ ਜਦੋਂ ਉਸ ਨੂੰ ਚੁੱਕਿਆ ਗਿਆ, ਤਾਂ ਉਹ ਮਰਿਆ ਹੋਇਆ ਸੀ। 10 ਪਰ ਪੌਲੁਸ ਥੱਲੇ ਗਿਆ ਅਤੇ ਉਸ ਨੇ ਝੁਕ ਕੇ ਮੁੰਡੇ ਨੂੰ ਗਲ਼ੇ ਨਾਲ ਲਾਇਆ+ ਅਤੇ ਕਿਹਾ: “ਰੌਲ਼ਾ ਨਾ ਪਾਓ ਕਿਉਂਕਿ ਮੁੰਡਾ ਜੀਉਂਦਾ ਹੋ ਗਿਆ ਹੈ।”+ 11 ਫਿਰ ਪੌਲੁਸ ਉੱਪਰ ਜਾ ਕੇ ਰੋਟੀ ਖਾਣ ਲੱਗਾ* ਅਤੇ ਉਹ ਕਾਫ਼ੀ ਦੇਰ ਤਕ ਗੱਲਾਂ ਕਰਦਾ ਰਿਹਾ ਤੇ ਗੱਲਾਂ ਕਰਦੇ-ਕਰਦੇ ਦਿਨ ਚੜ੍ਹ ਗਿਆ ਅਤੇ ਫਿਰ ਉਹ ਉੱਥੋਂ ਤੁਰ ਪਿਆ। 12 ਉਹ ਮੁੰਡੇ ਨੂੰ ਲੈ ਗਏ ਅਤੇ ਇਸ ਗੱਲ ਤੋਂ ਉਨ੍ਹਾਂ ਨੂੰ ਬਹੁਤ ਹੀ ਦਿਲਾਸਾ ਮਿਲਿਆ ਕਿ ਮੁੰਡਾ ਜੀਉਂਦਾ ਹੋ ਗਿਆ ਸੀ।

13 ਅਸੀਂ ਸਮੁੰਦਰੀ ਜਹਾਜ਼ ਵਿਚ ਬੈਠ ਕੇ ਅੱਸੁਸ ਨੂੰ ਤੁਰ ਪਏ, ਪਰ ਪੌਲੁਸ ਨੇ ਅੱਸੁਸ ਨੂੰ ਪੈਦਲ ਜਾਣ ਦਾ ਮਨ ਬਣਾਇਆ ਹੋਇਆ ਸੀ। ਉਸ ਨੇ ਸਾਨੂੰ ਕਿਹਾ ਸੀ ਕਿ ਅਸੀਂ ਉੱਥੇ ਪਹੁੰਚ ਕੇ ਉਸ ਨੂੰ ਜਹਾਜ਼ ਵਿਚ ਚੜ੍ਹਾ ਲਈਏ। 14 ਇਸ ਲਈ ਜਦੋਂ ਉਹ ਸਾਨੂੰ ਅੱਸੁਸ ਵਿਚ ਮਿਲਿਆ, ਤਾਂ ਅਸੀਂ ਉਸ ਨੂੰ ਜਹਾਜ਼ ਵਿਚ ਚੜ੍ਹਾ ਕੇ ਮਿਤੁਲੇਨੇ ਨੂੰ ਚਲੇ ਗਏ। 15 ਉੱਥੋਂ ਚੱਲ ਕੇ ਅਸੀਂ ਅਗਲੇ ਦਿਨ ਖੀਓਸ ਦੇ ਲਾਗੇ ਪਹੁੰਚੇ, ਪਰ ਦੂਜੇ ਦਿਨ ਅਸੀਂ ਥੋੜ੍ਹੇ ਸਮੇਂ ਲਈ ਸਾਮੁਸ ਵਿਚ ਰੁਕੇ ਅਤੇ ਫਿਰ ਅਗਲੇ ਦਿਨ ਮਿਲੇਤੁਸ ਪਹੁੰਚ ਗਏ। 16 ਪੌਲੁਸ ਨੇ ਅਫ਼ਸੁਸ+ ਜਾਣ ਦੀ ਬਜਾਇ ਸਿੱਧਾ ਅੱਗੇ ਜਾਣ ਦਾ ਫ਼ੈਸਲਾ ਕੀਤਾ ਸੀ ਤਾਂਕਿ ਉਸ ਨੂੰ ਏਸ਼ੀਆ ਜ਼ਿਲ੍ਹੇ ਵਿਚ ਸਮਾਂ ਨਾ ਗੁਜ਼ਾਰਨਾ ਪਵੇ। ਉਹ ਇਸ ਲਈ ਛੇਤੀ ਕਰ ਰਿਹਾ ਸੀ ਕਿ ਜੇ ਹੋ ਸਕੇ, ਤਾਂ ਉਹ ਪੰਤੇਕੁਸਤ ਦੇ ਤਿਉਹਾਰ ਦੇ ਦਿਨ ਯਰੂਸ਼ਲਮ+ ਪਹੁੰਚ ਜਾਵੇ।

17 ਪਰ ਮਿਲੇਤੁਸ ਤੋਂ ਉਸ ਨੇ ਸੁਨੇਹਾ ਘੱਲ ਕੇ ਅਫ਼ਸੁਸ ਦੀ ਮੰਡਲੀ ਦੇ ਬਜ਼ੁਰਗਾਂ ਨੂੰ ਬੁਲਾ ਲਿਆ। 18 ਜਦੋਂ ਬਜ਼ੁਰਗ ਉਸ ਕੋਲ ਆਏ, ਤਾਂ ਉਸ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਏਸ਼ੀਆ ਜ਼ਿਲ੍ਹੇ ਵਿਚ ਕਦਮ ਰੱਖਣ ਦੇ ਪਹਿਲੇ ਦਿਨ ਤੋਂ ਹੀ ਮੈਂ ਤੁਹਾਡੇ ਨਾਲ ਰਹਿੰਦਿਆਂ ਆਪਣਾ ਸਾਰਾ ਸਮਾਂ ਕਿਵੇਂ ਗੁਜ਼ਾਰਿਆ+ 19 ਯਾਨੀ ਮੈਂ ਪੂਰੀ ਨਿਮਰਤਾ ਨਾਲ+ ਅਤੇ ਹੰਝੂ ਵਹਾ-ਵਹਾ ਕੇ ਅਤੇ ਯਹੂਦੀਆਂ ਦੀਆਂ ਸਾਜ਼ਸ਼ਾਂ ਕਰਕੇ ਖੜ੍ਹੀਆਂ ਹੋਈਆਂ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਦੇ ਹੋਏ ਪ੍ਰਭੂ ਦੀ ਸੇਵਾ ਕੀਤੀ। 20 ਨਾਲੇ ਮੈਂ ਅਜਿਹੀ ਕੋਈ ਵੀ ਗੱਲ ਜਿਹੜੀ ਤੁਹਾਡੇ ਫ਼ਾਇਦੇ ਲਈ ਸੀ, ਤੁਹਾਨੂੰ ਦੱਸਣ ਤੋਂ ਪਿੱਛੇ ਨਹੀਂ ਹਟਿਆ ਅਤੇ ਨਾ ਹੀ ਤੁਹਾਨੂੰ ਖੁੱਲ੍ਹੇ-ਆਮ+ ਤੇ ਘਰ-ਘਰ ਜਾ ਕੇ ਸਿਖਾਉਣ ਤੋਂ ਹਟਿਆ।+ 21 ਪਰ ਮੈਂ ਯਹੂਦੀਆਂ ਅਤੇ ਯੂਨਾਨੀਆਂ* ਨੂੰ ਚੰਗੀ ਤਰ੍ਹਾਂ ਗਵਾਹੀ ਦਿੱਤੀ ਕਿ ਉਹ ਤੋਬਾ ਕਰ ਕੇ+ ਪਰਮੇਸ਼ੁਰ ਵੱਲ ਮੁੜਨ ਅਤੇ ਸਾਡੇ ਪ੍ਰਭੂ ਯਿਸੂ ਉੱਤੇ ਨਿਹਚਾ ਕਰਨ।+ 22 ਹੁਣ ਮੈਂ ਪਵਿੱਤਰ ਸ਼ਕਤੀ ਦੀ ਪ੍ਰੇਰਣਾ ਅਧੀਨ ਯਰੂਸ਼ਲਮ ਨੂੰ ਜਾ ਰਿਹਾ ਹਾਂ, ਭਾਵੇਂ ਕਿ ਮੈਨੂੰ ਪਤਾ ਨਹੀਂ ਕਿ ਉੱਥੇ ਮੇਰੇ ਨਾਲ ਕੀ-ਕੀ ਹੋਵੇਗਾ। 23 ਮੈਨੂੰ ਸਿਰਫ਼ ਇਹੀ ਪਤਾ ਹੈ ਕਿ ਹਰ ਸ਼ਹਿਰ ਵਿਚ ਪਵਿੱਤਰ ਸ਼ਕਤੀ ਵਾਰ-ਵਾਰ ਮੈਨੂੰ ਚੇਤਾਵਨੀ ਦੇ ਰਹੀ ਹੈ ਕਿ ਉੱਥੇ ਕੈਦ ਅਤੇ ਮੁਸੀਬਤਾਂ ਮੇਰੀ ਉਡੀਕ ਕਰ ਰਹੀਆਂ ਹਨ।+ 24 ਫਿਰ ਵੀ ਮੈਂ ਆਪਣੀ ਜਾਨ ਨੂੰ ਕਿਸੇ ਵੀ ਤਰ੍ਹਾਂ ਅਹਿਮ ਨਹੀਂ ਸਮਝਦਾ, ਸਗੋਂ ਮੈਂ ਇਹੀ ਚਾਹੁੰਦਾ ਹਾਂ ਕਿ ਮੈਂ ਇਹ ਦੌੜ ਅਤੇ ਸੇਵਾ ਦਾ ਕੰਮ ਪੂਰਾ ਕਰ ਲਵਾਂ।+ ਇਹ ਕੰਮ ਪ੍ਰਭੂ ਯਿਸੂ ਨੇ ਮੈਨੂੰ ਸੌਂਪਿਆ ਸੀ ਕਿ ਮੈਂ ਪਰਮੇਸ਼ੁਰ ਦੀ ਅਪਾਰ ਕਿਰਪਾ ਦੀ ਖ਼ੁਸ਼ ਖ਼ਬਰੀ ਦੀ ਚੰਗੀ ਤਰ੍ਹਾਂ ਗਵਾਹੀ ਦਿਆਂ।

25 “ਹੁਣ ਦੇਖੋ! ਮੈਂ ਜਾਣਦਾ ਹਾਂ ਕਿ ਤੁਸੀਂ ਸਾਰੇ, ਜਿਨ੍ਹਾਂ ਨੂੰ ਮੈਂ ਰਾਜ ਦਾ ਪ੍ਰਚਾਰ ਕੀਤਾ ਸੀ, ਦੁਬਾਰਾ ਮੇਰਾ ਮੂੰਹ ਨਹੀਂ ਦੇਖੋਗੇ। 26 ਇਸ ਲਈ ਅੱਜ ਦੇ ਦਿਨ ਤੁਸੀਂ ਇਸ ਗੱਲ ਦੇ ਗਵਾਹ ਹੋ ਕਿ ਮੈਂ ਸਾਰੇ ਲੋਕਾਂ ਦੇ ਲਹੂ ਤੋਂ ਨਿਰਦੋਸ਼ ਹਾਂ+ 27 ਕਿਉਂਕਿ ਮੈਂ ਤੁਹਾਨੂੰ ਪਰਮੇਸ਼ੁਰ ਦੀ ਇੱਛਾ* ਬਾਰੇ ਸਭ ਕੁਝ ਦੱਸਣ ਤੋਂ ਕਦੇ ਪਿੱਛੇ ਨਹੀਂ ਹਟਿਆ।+ 28 ਆਪਣਾ ਅਤੇ ਪਰਮੇਸ਼ੁਰ ਦੀਆਂ ਸਾਰੀਆਂ ਭੇਡਾਂ ਦਾ ਧਿਆਨ ਰੱਖੋ+ ਜਿਨ੍ਹਾਂ ਵਿਚ ਪਵਿੱਤਰ ਸ਼ਕਤੀ ਨੇ ਤੁਹਾਨੂੰ ਨਿਗਾਹਬਾਨ ਬਣਾਇਆ ਹੈ+ ਤਾਂਕਿ ਤੁਸੀਂ ਪਰਮੇਸ਼ੁਰ ਦੀ ਮੰਡਲੀ ਦੀ ਚਰਵਾਹੀ ਕਰੋ+ ਜਿਸ ਨੂੰ ਪਰਮੇਸ਼ੁਰ ਨੇ ਆਪਣੇ ਪੁੱਤਰ ਦੇ ਖ਼ੂਨ ਨਾਲ ਖ਼ਰੀਦਿਆ ਹੈ।+ 29 ਮੈਂ ਜਾਣਦਾ ਹਾਂ ਕਿ ਮੇਰੇ ਜਾਣ ਤੋਂ ਬਾਅਦ ਖੂੰਖਾਰ ਬਘਿਆੜ ਤੁਹਾਡੇ ਵਿਚ ਆ ਜਾਣਗੇ+ ਅਤੇ ਭੇਡਾਂ ਨਾਲ ਕੋਮਲਤਾ ਨਾਲ ਪੇਸ਼ ਨਹੀਂ ਆਉਣਗੇ 30 ਅਤੇ ਤੁਹਾਡੇ ਵਿੱਚੋਂ ਹੀ ਅਜਿਹੇ ਆਦਮੀ ਉੱਠ ਖੜ੍ਹੇ ਹੋਣਗੇ ਜਿਹੜੇ ਚੇਲਿਆਂ ਨੂੰ ਆਪਣੇ ਮਗਰ ਲਾਉਣ ਲਈ ਗੱਲਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਨਗੇ।+

31 “ਇਸ ਲਈ ਜਾਗਦੇ ਰਹੋ ਅਤੇ ਇਹ ਗੱਲ ਯਾਦ ਰੱਖੋ ਕਿ ਤਿੰਨ ਸਾਲ+ ਦਿਨ-ਰਾਤ ਮੈਂ ਹੰਝੂ ਵਹਾ-ਵਹਾ ਕੇ ਤੁਹਾਨੂੰ ਉਪਦੇਸ਼ ਦੇਣ ਤੋਂ ਨਹੀਂ ਰੁਕਿਆ। 32 ਹੁਣ ਮੈਂ ਤੁਹਾਨੂੰ ਪਰਮੇਸ਼ੁਰ ਤੇ ਉਸ ਦੇ ਬਚਨ ਦੀ ਅਪਾਰ ਕਿਰਪਾ ਦੇ ਸਹਾਰੇ ਛੱਡਦਾ ਹਾਂ। ਇਹ ਬਚਨ ਤੁਹਾਨੂੰ ਮਜ਼ਬੂਤ ਕਰ ਸਕਦਾ ਹੈ ਅਤੇ ਤੁਹਾਨੂੰ ਉਹ ਵਿਰਾਸਤ ਦੇ ਸਕਦਾ ਹੈ ਜੋ ਸਾਰੇ ਪਵਿੱਤਰ ਸੇਵਕਾਂ ਲਈ ਰੱਖੀ ਗਈ ਹੈ।+ 33 ਮੈਂ ਕਿਸੇ ਵੀ ਇਨਸਾਨ ਦੀ ਚਾਂਦੀ ਜਾਂ ਸੋਨੇ ਜਾਂ ਕੱਪੜਿਆਂ ਦਾ ਲਾਲਚ ਨਹੀਂ ਕੀਤਾ।+ 34 ਤੁਸੀਂ ਆਪ ਜਾਣਦੇ ਹੋ ਕਿ ਮੈਂ ਆਪਣੇ ਹੱਥੀਂ ਆਪਣੀਆਂ ਅਤੇ ਆਪਣੇ ਸਾਥੀਆਂ ਦੀਆਂ ਲੋੜਾਂ ਪੂਰੀਆਂ ਕੀਤੀਆਂ।+ 35 ਮੈਂ ਸਾਰੀਆਂ ਗੱਲਾਂ ਵਿਚ ਤੁਹਾਨੂੰ ਦਿਖਾਇਆ ਹੈ ਕਿ ਤੁਸੀਂ ਵੀ ਇਸ ਤਰ੍ਹਾਂ ਮਿਹਨਤ ਕਰ ਕੇ+ ਕਮਜ਼ੋਰ ਲੋਕਾਂ ਦੀ ਮਦਦ ਕਰੋ ਅਤੇ ਪ੍ਰਭੂ ਯਿਸੂ ਦੀ ਇਹ ਗੱਲ ਯਾਦ ਰੱਖੋ ਜੋ ਉਸ ਨੇ ਆਪ ਕਹੀ ਸੀ: ‘ਲੈਣ ਨਾਲੋਂ ਦੇਣ ਵਿਚ ਜ਼ਿਆਦਾ ਖ਼ੁਸ਼ੀ ਮਿਲਦੀ ਹੈ।’”+

36 ਇਹ ਗੱਲਾਂ ਕਹਿ ਕੇ ਪੌਲੁਸ ਸਾਰਿਆਂ ਨਾਲ ਮਿਲ ਕੇ ਗੋਡਿਆਂ ਭਾਰ ਬੈਠ ਗਿਆ ਅਤੇ ਉਸ ਨੇ ਪ੍ਰਾਰਥਨਾ ਕੀਤੀ। 37 ਉਸ ਵੇਲੇ ਸਾਰੇ ਜਣੇ ਭੁੱਬਾਂ ਮਾਰ-ਮਾਰ ਰੋਏ ਅਤੇ ਉਨ੍ਹਾਂ ਨੇ ਪੌਲੁਸ ਦੇ ਗਲ਼ ਲੱਗ-ਲੱਗ ਕੇ ਉਸ ਨੂੰ ਚੁੰਮਿਆ। 38 ਉਹ ਖ਼ਾਸ ਤੌਰ ਤੇ ਪੌਲੁਸ ਦੀ ਇਸ ਗੱਲ ਕਰਕੇ ਦੁਖੀ ਸਨ ਕਿ ਉਹ ਉਸ ਦਾ ਮੂੰਹ ਦੁਬਾਰਾ ਨਹੀਂ ਦੇਖਣਗੇ।+ ਫਿਰ ਉਹ ਉਸ ਨੂੰ ਵਿਦਾ ਕਰਨ ਲਈ ਸਮੁੰਦਰੀ ਜਹਾਜ਼ ਤਕ ਆਏ।

21 ਫਿਰ ਅਸੀਂ ਬਜ਼ੁਰਗਾਂ ਤੋਂ ਹੰਝੂਆਂ ਭਰੀ ਵਿਦਾਈ ਲੈ ਕੇ ਸਮੁੰਦਰੀ ਜਹਾਜ਼ ਵਿਚ ਤੁਰ ਪਏ ਅਤੇ ਅਸੀਂ ਸਿੱਧੇ ਕੋਸ ਆ ਗਏ, ਪਰ ਅਗਲੇ ਦਿਨ ਰੋਦੁਸ ਤੇ ਫਿਰ ਉੱਥੋਂ ਪਾਤਰਾ ਆ ਗਏ। 2 ਜਦੋਂ ਸਾਨੂੰ ਇਕ ਸਮੁੰਦਰੀ ਜਹਾਜ਼ ਮਿਲਿਆ ਜਿਹੜਾ ਫੈਨੀਕੇ ਨੂੰ ਜਾ ਰਿਹਾ ਸੀ, ਤਾਂ ਅਸੀਂ ਉਸ ਵਿਚ ਬੈਠ ਕੇ ਚੱਲ ਪਏ। 3 ਰਾਹ ਵਿਚ ਸਾਨੂੰ ਆਪਣੇ ਖੱਬੇ ਪਾਸੇ* ਸਾਈਪ੍ਰਸ ਟਾਪੂ ਦਿਖਾਈ ਦਿੱਤਾ ਜਿਸ ਨੂੰ ਅਸੀਂ ਪਿੱਛੇ ਛੱਡ ਕੇ ਸੀਰੀਆ ਵੱਲ ਵਧਦੇ ਗਏ ਅਤੇ ਸੋਰ ਦੇ ਕੰਢੇ ਜਾ ਉੱਤਰੇ ਜਿੱਥੇ ਜਹਾਜ਼ ਤੋਂ ਮਾਲ ਉਤਾਰਿਆ ਜਾਣਾ ਸੀ। 4 ਅਸੀਂ ਉੱਥੇ ਚੇਲਿਆਂ ਦੀ ਭਾਲ ਕੀਤੀ ਤੇ ਉਨ੍ਹਾਂ ਦੇ ਮਿਲ ਜਾਣ ਤੇ ਅਸੀਂ ਉਨ੍ਹਾਂ ਨਾਲ ਸੱਤ ਦਿਨ ਰਹੇ। ਪਰ ਪਵਿੱਤਰ ਸ਼ਕਤੀ ਰਾਹੀਂ ਪਤਾ ਲੱਗਣ ਤੇ ਚੇਲਿਆਂ ਨੇ ਪੌਲੁਸ ਨੂੰ ਵਾਰ-ਵਾਰ ਕਿਹਾ ਕਿ ਉਹ ਯਰੂਸ਼ਲਮ ਨਾ ਜਾਵੇ।+ 5 ਜਦੋਂ ਸਾਡਾ ਉੱਥੋਂ ਤੁਰਨ ਦਾ ਵੇਲਾ ਆਇਆ, ਤਾਂ ਉਹ ਸਾਰੇ, ਤੀਵੀਆਂ ਤੇ ਬੱਚੇ ਵੀ, ਸਾਨੂੰ ਸ਼ਹਿਰੋਂ ਬਾਹਰ ਤਕ ਛੱਡਣ ਆਏ। ਅਸੀਂ ਸਮੁੰਦਰ ਕੰਢੇ ਗੋਡਿਆਂ ਭਾਰ ਬੈਠ ਕੇ ਪ੍ਰਾਰਥਨਾ ਕੀਤੀ। 6 ਫਿਰ ਇਕ-ਦੂਜੇ ਨੂੰ ਅਲਵਿਦਾ ਕਹਿ ਕੇ ਅਸੀਂ ਜਹਾਜ਼ੇ ਚੜ੍ਹ ਗਏ ਅਤੇ ਉਹ ਆਪੋ-ਆਪਣੇ ਘਰਾਂ ਨੂੰ ਮੁੜ ਗਏ।

7 ਅਸੀਂ ਸੋਰ ਤੋਂ ਸਮੁੰਦਰੀ ਜਹਾਜ਼ ਵਿਚ ਸਫ਼ਰ ਕਰ ਕੇ ਤੁਲਮਾਇਸ ਪਹੁੰਚੇ ਅਤੇ ਉੱਥੇ ਭਰਾਵਾਂ ਨੂੰ ਮਿਲੇ ਤੇ ਉਨ੍ਹਾਂ ਨਾਲ ਇਕ ਦਿਨ ਰਹੇ। 8 ਅਗਲੇ ਦਿਨ ਅਸੀਂ ਤੁਰ ਪਏ ਅਤੇ ਕੈਸਰੀਆ ਵਿਚ ਪਹੁੰਚੇ। ਉੱਥੇ ਅਸੀਂ ਫ਼ਿਲਿੱਪੁਸ ਨਾਂ ਦੇ ਪ੍ਰਚਾਰਕ ਦੇ ਘਰ ਗਏ ਜਿਹੜਾ ਸੱਤਾਂ ਆਦਮੀਆਂ+ ਵਿੱਚੋਂ ਸੀ। ਅਸੀਂ ਉਸ ਦੇ ਨਾਲ ਰਹੇ। 9 ਉਸ ਦੀਆਂ ਚਾਰ ਕੁਆਰੀਆਂ ਧੀਆਂ ਸਨ ਜੋ ਭਵਿੱਖਬਾਣੀਆਂ ਕਰਦੀਆਂ ਸਨ।+ 10 ਜਦੋਂ ਸਾਨੂੰ ਉੱਥੇ ਰਹਿੰਦਿਆਂ ਕਈ ਦਿਨ ਹੋ ਗਏ, ਤਾਂ ਯਹੂਦਿਯਾ ਤੋਂ ਆਗਬੁਸ+ ਨਾਂ ਦਾ ਇਕ ਨਬੀ ਆਇਆ। 11 ਉਸ ਨੇ ਸਾਡੇ ਕੋਲ ਆ ਕੇ ਪੌਲੁਸ ਦਾ ਕਮਰਬੰਦ ਲਿਆ ਅਤੇ ਆਪਣੇ ਹੱਥ-ਪੈਰ ਬੰਨ੍ਹ ਕੇ ਕਿਹਾ: “ਪਵਿੱਤਰ ਸ਼ਕਤੀ ਇਹ ਕਹਿੰਦੀ ਹੈ, ‘ਜਿਸ ਇਨਸਾਨ ਦਾ ਇਹ ਕਮਰਬੰਦ ਹੈ, ਉਸ ਨੂੰ ਯਹੂਦੀ ਯਰੂਸ਼ਲਮ ਵਿਚ ਇਸੇ ਤਰ੍ਹਾਂ ਬੰਨ੍ਹਣਗੇ+ ਅਤੇ ਗ਼ੈਰ-ਯਹੂਦੀ ਕੌਮਾਂ ਦੇ ਲੋਕਾਂ ਦੇ ਹਵਾਲੇ ਕਰ ਦੇਣਗੇ।’”+ 12 ਜਦੋਂ ਅਸੀਂ ਇਹ ਗੱਲ ਸੁਣੀ, ਤਾਂ ਅਸੀਂ ਅਤੇ ਉੱਥੇ ਮੌਜੂਦ ਹੋਰ ਲੋਕ ਪੌਲੁਸ ਦੀਆਂ ਮਿੰਨਤਾਂ ਕਰਨ ਲੱਗ ਪਏ ਕਿ ਉਹ ਯਰੂਸ਼ਲਮ ਨਾ ਜਾਵੇ। 13 ਪਰ ਪੌਲੁਸ ਨੇ ਕਿਹਾ: “ਤੁਸੀਂ ਰੋ-ਰੋ ਕੇ ਮੇਰਾ ਇਰਾਦਾ* ਕਮਜ਼ੋਰ ਕਿਉਂ ਕਰ ਰਹੇ ਹੋ? ਫ਼ਿਕਰ ਨਾ ਕਰੋ। ਮੈਂ ਪ੍ਰਭੂ ਯਿਸੂ ਦੇ ਨਾਂ ਦੀ ਖ਼ਾਤਰ ਯਰੂਸ਼ਲਮ ਵਿਚ ਸਿਰਫ਼ ਬੰਨ੍ਹੇ ਜਾਣ ਲਈ ਹੀ ਨਹੀਂ, ਸਗੋਂ ਮਰਨ ਲਈ ਵੀ ਤਿਆਰ ਹਾਂ।”+ 14 ਜਦ ਉਹ ਨਾ ਮੰਨਿਆ, ਤਾਂ ਅਸੀਂ ਇਹ ਕਹਿ ਕੇ ਚੁੱਪ ਕਰ ਗਏ: “ਯਹੋਵਾਹ* ਦੀ ਇੱਛਾ ਪੂਰੀ ਹੋਵੇ।”

15 ਇਸ ਤੋਂ ਬਾਅਦ, ਅਸੀਂ ਸਫ਼ਰ ਦੀ ਤਿਆਰੀ ਕਰ ਕੇ ਯਰੂਸ਼ਲਮ ਨੂੰ ਤੁਰ ਪਏ। 16 ਕੈਸਰੀਆ ਤੋਂ ਕੁਝ ਚੇਲੇ ਵੀ ਸਾਡੇ ਨਾਲ ਆਏ ਤਾਂਕਿ ਉਹ ਸਾਨੂੰ ਸਾਈਪ੍ਰਸ ਦੇ ਮਨਾਸੋਨ ਦੇ ਘਰ ਲੈ ਆਉਣ ਜਿੱਥੇ ਅਸੀਂ ਠਹਿਰਨਾ ਸੀ। ਮਨਾਸੋਨ ਸ਼ੁਰੂ-ਸ਼ੁਰੂ ਵਿਚ ਬਣੇ ਚੇਲਿਆਂ ਵਿੱਚੋਂ ਇਕ ਸੀ। 17 ਜਦੋਂ ਅਸੀਂ ਯਰੂਸ਼ਲਮ ਪਹੁੰਚੇ, ਤਾਂ ਭਰਾਵਾਂ ਨੇ ਖ਼ੁਸ਼ੀ-ਖ਼ੁਸ਼ੀ ਸਾਡਾ ਸੁਆਗਤ ਕੀਤਾ। 18 ਪਰ ਅਗਲੇ ਦਿਨ ਪੌਲੁਸ ਸਾਡੇ ਨਾਲ ਯਾਕੂਬ+ ਨੂੰ ਮਿਲਣ ਗਿਆ ਅਤੇ ਉੱਥੇ ਸਾਰੇ ਬਜ਼ੁਰਗ ਮੌਜੂਦ ਸਨ। 19 ਪੌਲੁਸ ਨੇ ਉਨ੍ਹਾਂ ਨੂੰ ਨਮਸਕਾਰ ਕੀਤਾ ਅਤੇ ਉਨ੍ਹਾਂ ਸਾਰੇ ਕੰਮਾਂ ਦੀ ਪੂਰੀ ਜਾਣਕਾਰੀ ਦਿੱਤੀ ਜੋ ਪਰਮੇਸ਼ੁਰ ਨੇ ਗ਼ੈਰ-ਯਹੂਦੀ ਕੌਮਾਂ ਵਿਚ ਉਸ ਦੇ ਪ੍ਰਚਾਰ ਰਾਹੀਂ ਕੀਤੇ ਸਨ।

20 ਇਹ ਸਭ ਕੁਝ ਸੁਣ ਕੇ ਉਨ੍ਹਾਂ ਨੇ ਪਰਮੇਸ਼ੁਰ ਦੀ ਮਹਿਮਾ ਕੀਤੀ ਅਤੇ ਉਨ੍ਹਾਂ ਨੇ ਉਸ ਨੂੰ ਕਿਹਾ: “ਭਰਾ, ਤੈਨੂੰ ਪਤਾ ਹੈ ਕਿ ਹਜ਼ਾਰਾਂ ਯਹੂਦੀਆਂ ਨੇ ਯਿਸੂ ਉੱਤੇ ਨਿਹਚਾ ਕੀਤੀ ਹੈ ਅਤੇ ਉਹ ਸਾਰੇ ਜੋਸ਼ ਨਾਲ ਮੂਸਾ ਦੇ ਕਾਨੂੰਨ ਦੀ ਪਾਲਣਾ ਕਰਦੇ ਹਨ।+ 21 ਪਰ ਉਨ੍ਹਾਂ ਨੇ ਤੇਰੇ ਬਾਰੇ ਇਹ ਅਫ਼ਵਾਹ ਸੁਣੀ ਹੈ ਕਿ ਤੂੰ ਗ਼ੈਰ-ਯਹੂਦੀ ਕੌਮਾਂ ਵਿਚ ਵੱਸੇ ਸਾਰੇ ਯਹੂਦੀਆਂ ਨੂੰ ਸਿੱਖਿਆ ਦੇ ਰਿਹਾ ਹੈਂ ਕਿ ਉਹ ਮੂਸਾ ਦੇ ਕਾਨੂੰਨ ਨੂੰ ਤਿਆਗ ਦੇਣ ਅਤੇ ਉਹ ਨਾ ਤਾਂ ਆਪਣੇ ਬੱਚਿਆਂ ਦੀ ਸੁੰਨਤ ਕਰਨ ਅਤੇ ਨਾ ਹੀ ਸਦੀਆਂ ਤੋਂ ਚੱਲਦੇ ਆ ਰਹੇ ਰੀਤੀ-ਰਿਵਾਜਾਂ ਨੂੰ ਮੰਨਣ।+ 22 ਤਾਂ ਫਿਰ ਇਸ ਬਾਰੇ ਕੀ ਕੀਤਾ ਜਾਵੇ? ਲੋਕਾਂ ਨੂੰ ਪਤਾ ਲੱਗ ਹੀ ਜਾਣਾ ਕਿ ਤੂੰ ਇੱਥੇ ਆਇਆ ਹੋਇਆ ਹੈਂ। 23 ਇਸ ਲਈ ਜਿਵੇਂ ਅਸੀਂ ਕਹਿੰਦੇ ਹਾਂ, ਉਵੇਂ ਕਰ: ਸਾਡੇ ਕੋਲ ਚਾਰ ਆਦਮੀ ਹਨ ਜਿਨ੍ਹਾਂ ਨੇ ਸੁੱਖਣਾ ਸੁੱਖੀ ਹੈ। 24 ਤੂੰ ਉਨ੍ਹਾਂ ਨੂੰ ਆਪਣੇ ਨਾਲ ਲੈ ਜਾ ਅਤੇ ਰੀਤ ਅਨੁਸਾਰ ਤੁਸੀਂ ਸਾਰੇ ਜਣੇ ਆਪਣੇ ਆਪ ਨੂੰ ਸ਼ੁੱਧ ਕਰੋ ਅਤੇ ਉਹ ਆਪਣੇ ਸਿਰ ਮੁਨਾਉਣ ਅਤੇ ਤੂੰ ਉਨ੍ਹਾਂ ਦਾ ਖ਼ਰਚਾ ਕਰੀਂ। ਫਿਰ ਸਾਰਿਆਂ ਨੂੰ ਪਤਾ ਲੱਗ ਜਾਵੇਗਾ ਕਿ ਉਨ੍ਹਾਂ ਨੇ ਤੇਰੇ ਬਾਰੇ ਜਿਹੜੀਆਂ ਅਫ਼ਵਾਹਾਂ ਸੁਣੀਆਂ ਹਨ, ਉਹ ਸੱਚ ਨਹੀਂ ਹਨ ਅਤੇ ਤੂੰ ਵੀ ਮੂਸਾ ਦੇ ਕਾਨੂੰਨ ਮੁਤਾਬਕ ਸਹੀ-ਸਹੀ ਚੱਲਦਾ ਹੈਂ।+ 25 ਰਹੀ ਗੱਲ ਨਿਹਚਾ ਕਰਨ ਵਾਲੇ ਗ਼ੈਰ-ਯਹੂਦੀਆਂ ਦੀ, ਅਸੀਂ ਚਿੱਠੀਆਂ ਲਿਖ ਕੇ ਉਨ੍ਹਾਂ ਨੂੰ ਆਪਣੇ ਇਸ ਫ਼ੈਸਲੇ ਤੋਂ ਜਾਣੂ ਕਰਾ ਦਿੱਤਾ ਹੈ ਕਿ ਉਹ ਮੂਰਤੀਆਂ ਨੂੰ ਚੜ੍ਹਾਈਆਂ ਚੀਜ਼ਾਂ ਤੋਂ,+ ਖ਼ੂਨ ਤੋਂ,+ ਗਲ਼ਾ ਘੁੱਟ ਕੇ ਮਾਰੇ ਗਏ ਜਾਨਵਰਾਂ ਦੇ ਮਾਸ ਤੋਂ*+ ਅਤੇ ਹਰਾਮਕਾਰੀ* ਤੋਂ ਦੂਰ ਰਹਿਣ।”+

26 ਫਿਰ ਅਗਲੇ ਦਿਨ ਪੌਲੁਸ ਨੇ ਉਨ੍ਹਾਂ ਆਦਮੀਆਂ ਨੂੰ ਆਪਣੇ ਨਾਲ ਲਿਆ ਅਤੇ ਉਸ ਨੇ ਉਨ੍ਹਾਂ ਸਣੇ ਰੀਤ ਅਨੁਸਾਰ ਆਪਣੇ ਆਪ ਨੂੰ ਸ਼ੁੱਧ ਕੀਤਾ+ ਅਤੇ ਉਹ ਇਹ ਦੱਸਣ ਲਈ ਮੰਦਰ ਵਿਚ ਗਿਆ ਕਿ ਉਨ੍ਹਾਂ ਦੀ ਸ਼ੁੱਧਤਾ ਦੇ ਦਿਨ ਕਦੋਂ ਪੂਰੇ ਹੋਣਗੇ ਤਾਂਕਿ ਉਸ ਦਿਨ ਉਨ੍ਹਾਂ ਵਿੱਚੋਂ ਹਰੇਕ ਲਈ ਭੇਟ ਚੜ੍ਹਾਈ ਜਾਵੇ।

27 ਜਦੋਂ ਉਨ੍ਹਾਂ ਦੀ ਸ਼ੁੱਧਤਾ ਦੇ ਸੱਤ ਦਿਨ ਪੂਰੇ ਹੋਣ ਵਾਲੇ ਸਨ, ਤਾਂ ਏਸ਼ੀਆ ਤੋਂ ਆਏ ਯਹੂਦੀਆਂ ਨੇ ਉਸ ਨੂੰ ਮੰਦਰ ਵਿਚ ਦੇਖ ਲਿਆ ਅਤੇ ਉਨ੍ਹਾਂ ਨੇ ਭੀੜ ਨੂੰ ਭੜਕਾਇਆ ਅਤੇ ਉਨ੍ਹਾਂ ਨੇ ਉਸ ਨੂੰ ਫੜ ਕੇ 28 ਉੱਚੀ-ਉੱਚੀ ਕਿਹਾ: “ਇਜ਼ਰਾਈਲ ਦੇ ਮਰਦੋ, ਆ ਕੇ ਸਾਡੀ ਮਦਦ ਕਰੋ! ਇਹ ਆਦਮੀ ਜਗ੍ਹਾ-ਜਗ੍ਹਾ ਜਾ ਕੇ ਹਰ ਕਿਸੇ ਨੂੰ ਸਾਡੇ ਲੋਕਾਂ, ਸਾਡੇ ਕਾਨੂੰਨ ਅਤੇ ਇਸ ਜਗ੍ਹਾ ਖ਼ਿਲਾਫ਼ ਸਿੱਖਿਆ ਦਿੰਦਾ ਹੈ। ਹੋਰ ਤਾਂ ਹੋਰ, ਇਹ ਯੂਨਾਨੀਆਂ ਨੂੰ ਵੀ ਮੰਦਰ ਵਿਚ ਲੈ ਕੇ ਆਇਆ ਅਤੇ ਇਸ ਪਵਿੱਤਰ ਜਗ੍ਹਾ ਨੂੰ ਭ੍ਰਿਸ਼ਟ ਕਰ ਦਿੱਤਾ ਹੈ।”+ 29 ਉਨ੍ਹਾਂ ਨੇ ਇਹ ਗੱਲ ਇਸ ਕਰਕੇ ਕਹੀ ਸੀ ਕਿਉਂਕਿ ਉਨ੍ਹਾਂ ਨੇ ਪਹਿਲਾਂ ਅਫ਼ਸੁਸ ਦੇ ਤ੍ਰੋਫ਼ਿਮੁਸ+ ਨੂੰ ਪੌਲੁਸ ਨਾਲ ਸ਼ਹਿਰ ਵਿਚ ਦੇਖਿਆ ਸੀ ਅਤੇ ਉਨ੍ਹਾਂ ਨੇ ਸੋਚਿਆ ਕਿ ਉਹ ਉਸ ਨੂੰ ਮੰਦਰ ਵਿਚ ਵੀ ਲਿਆਇਆ ਸੀ। 30 ਫਿਰ ਸਾਰੇ ਸ਼ਹਿਰ ਵਿਚ ਖਲਬਲੀ ਮੱਚ ਗਈ ਅਤੇ ਲੋਕ ਇਕੱਠੇ ਹੋ ਕੇ ਦੌੜੇ ਆਏ ਅਤੇ ਉਨ੍ਹਾਂ ਨੇ ਪੌਲੁਸ ਨੂੰ ਫੜ ਲਿਆ ਅਤੇ ਉਸ ਨੂੰ ਘੜੀਸ ਕੇ ਮੰਦਰ ਤੋਂ ਬਾਹਰ ਲੈ ਗਏ ਅਤੇ ਦਰਵਾਜ਼ੇ ਉਸੇ ਵੇਲੇ ਬੰਦ ਕਰ ਦਿੱਤੇ ਗਏ। 31 ਉਹ ਉਸ ਨੂੰ ਜਾਨੋਂ ਮਾਰ ਦੇਣਾ ਚਾਹੁੰਦੇ ਸਨ। ਉਸ ਵੇਲੇ ਫ਼ੌਜੀ ਟੁਕੜੀ ਦੇ ਸੈਨਾਪਤੀ ਨੂੰ ਸੂਚਨਾ ਮਿਲੀ ਕਿ ਪੂਰੇ ਯਰੂਸ਼ਲਮ ਵਿਚ ਖਲਬਲੀ ਮਚੀ ਹੋਈ ਸੀ। 32 ਉਸ ਨੇ ਤੁਰੰਤ ਫ਼ੌਜੀਆਂ ਅਤੇ ਅਫ਼ਸਰਾਂ ਨੂੰ ਆਪਣੇ ਨਾਲ ਲਿਆ ਅਤੇ ਭੱਜ ਕੇ ਉਨ੍ਹਾਂ ਕੋਲ ਚਲਾ ਗਿਆ। ਜਦੋਂ ਯਹੂਦੀਆਂ ਨੇ ਫ਼ੌਜ ਦੇ ਸੈਨਾਪਤੀ ਅਤੇ ਫ਼ੌਜੀਆਂ ਨੂੰ ਦੇਖਿਆ, ਤਾਂ ਉਹ ਪੌਲੁਸ ਨੂੰ ਕੁੱਟਣੋਂ ਹਟ ਗਏ।

33 ਫਿਰ ਫ਼ੌਜ ਦਾ ਸੈਨਾਪਤੀ ਲਾਗੇ ਆਇਆ ਅਤੇ ਉਸ ਨੇ ਪੌਲੁਸ ਨੂੰ ਗਿਰਫ਼ਤਾਰ ਕਰ ਲਿਆ ਤੇ ਹੁਕਮ ਦਿੱਤਾ ਕਿ ਉਸ ਨੂੰ ਦੋ ਬੇੜੀਆਂ ਨਾਲ ਬੰਨ੍ਹਿਆ ਜਾਵੇ;+ ਫਿਰ ਉਸ ਨੇ ਪੁੱਛ-ਗਿੱਛ ਕੀਤੀ ਕਿ ਉਹ ਕੌਣ ਸੀ ਅਤੇ ਉਸ ਨੇ ਕੀ ਕੀਤਾ ਸੀ। 34 ਪਰ ਭੀੜ ਵਿਚ ਕਈ ਲੋਕ ਕੁਝ ਕਹਿ ਰਹੇ ਸਨ ਅਤੇ ਕਈ ਕੁਝ ਹੋਰ। ਰੌਲ਼ਾ ਪਿਆ ਹੋਣ ਕਰਕੇ ਉਸ ਨੂੰ ਕੁਝ ਵੀ ਪਤਾ ਨਾ ਲੱਗਾ ਤੇ ਉਸ ਨੇ ਹੁਕਮ ਦਿੱਤਾ ਕਿ ਪੌਲੁਸ ਨੂੰ ਫ਼ੌਜੀਆਂ ਦੇ ਰਹਿਣ ਦੀ ਜਗ੍ਹਾ ਲਿਜਾਇਆ ਜਾਵੇ। 35 ਜਦੋਂ ਉਹ ਪੌੜੀਆਂ ਕੋਲ ਪਹੁੰਚੇ, ਤਾਂ ਫ਼ੌਜੀਆਂ ਨੂੰ ਪੌਲੁਸ ਨੂੰ ਚੁੱਕ ਕੇ ਲਿਜਾਣਾ ਪਿਆ ਕਿਉਂਕਿ ਭੀੜ ਹਿੰਸਾ ਕਰਨ ʼਤੇ ਉੱਤਰ ਆਈ ਸੀ। 36 ਭੀੜ ਉਨ੍ਹਾਂ ਦੇ ਮਗਰ-ਮਗਰ ਆ ਕੇ ਉੱਚੀ-ਉੱਚੀ ਕਹਿੰਦੀ ਰਹੀ: “ਖ਼ਤਮ ਕਰ ਦਿਓ ਇਹਨੂੰ!”

37 ਜਦੋਂ ਉਹ ਉਸ ਨੂੰ ਫ਼ੌਜੀਆਂ ਦੇ ਰਹਿਣ ਦੀ ਜਗ੍ਹਾ ਵਿਚ ਲਿਜਾਣ ਲੱਗੇ, ਤਾਂ ਪੌਲੁਸ ਨੇ ਫ਼ੌਜ ਦੇ ਸੈਨਾਪਤੀ ਨੂੰ ਕਿਹਾ: “ਕੀ ਮੈਂ ਤੇਰੇ ਨਾਲ ਗੱਲ ਕਰ ਸਕਦਾ ਹਾਂ?” ਉਸ ਨੇ ਕਿਹਾ: “ਅੱਛਾ ਤੂੰ ਯੂਨਾਨੀ ਵੀ ਬੋਲ ਸਕਦਾ ਹੈਂ? 38 ਕੀ ਤੂੰ ਉਹ ਮਿਸਰੀ ਨਹੀਂ ਜਿਸ ਨੇ ਕੁਝ ਦਿਨ ਪਹਿਲਾਂ ਸਰਕਾਰ ਦੇ ਖ਼ਿਲਾਫ਼ ਬਗਾਵਤ ਦੀ ਅੱਗ ਭੜਕਾਈ ਸੀ ਤੇ ਜਿਹੜਾ 4,000 ਹਤਿਆਰਿਆਂ* ਨੂੰ ਆਪਣੇ ਨਾਲ ਉਜਾੜ ਵਿਚ ਲੈ ਗਿਆ ਸੀ?” 39 ਫਿਰ ਪੌਲੁਸ ਨੇ ਕਿਹਾ: “ਮੈਂ ਤਾਂ ਯਹੂਦੀ ਹਾਂ+ ਅਤੇ ਕਿਲਿਕੀਆ ਦੇ ਤਰਸੁਸ+ ਸ਼ਹਿਰ ਤੋਂ ਹਾਂ ਜੋ ਕੋਈ ਛੋਟਾ-ਮੋਟਾ ਸ਼ਹਿਰ ਨਹੀਂ ਹੈ। ਇਸ ਲਈ ਮੈਂ ਤੈਨੂੰ ਬੇਨਤੀ ਕਰਦਾ ਹਾਂ ਕਿ ਮੈਨੂੰ ਲੋਕਾਂ ਨਾਲ ਗੱਲ ਕਰਨ ਦੀ ਇਜਾਜ਼ਤ ਦੇ।” 40 ਜਦੋਂ ਉਸ ਨੇ ਇਜਾਜ਼ਤ ਦੇ ਦਿੱਤੀ, ਤਾਂ ਪੌਲੁਸ ਨੇ ਪੌੜੀਆਂ ਵਿਚ ਖੜ੍ਹ ਕੇ ਹੱਥ ਨਾਲ ਲੋਕਾਂ ਨੂੰ ਚੁੱਪ ਕਰਨ ਦਾ ਇਸ਼ਾਰਾ ਕੀਤਾ। ਸਾਰੇ ਪਾਸੇ ਸੰਨਾਟਾ ਛਾ ਗਿਆ ਤੇ ਉਸ ਨੇ ਉਨ੍ਹਾਂ ਨਾਲ ਇਬਰਾਨੀ ਭਾਸ਼ਾ ਵਿਚ ਗੱਲ ਕਰਨੀ ਸ਼ੁਰੂ ਕੀਤੀ।+ ਉਸ ਨੇ ਕਿਹਾ:

22 “ਭਰਾਵੋ ਤੇ ਪਿਤਾ ਸਮਾਨ ਬਜ਼ੁਰਗੋ, ਹੁਣ ਮੇਰੀ ਗੱਲ ਸੁਣੋ।”+ 2 ਜਦੋਂ ਉਨ੍ਹਾਂ ਨੇ ਉਸ ਨੂੰ ਇਬਰਾਨੀ ਭਾਸ਼ਾ ਵਿਚ ਬੋਲਦੇ ਹੋਏ ਸੁਣਿਆ, ਤਾਂ ਉਹ ਸਾਰੇ ਬਿਲਕੁਲ ਚੁੱਪ ਹੋ ਗਏ ਅਤੇ ਉਸ ਨੇ ਕਿਹਾ: 3 “ਮੈਂ ਇਕ ਯਹੂਦੀ ਹਾਂ+ ਅਤੇ ਮੈਂ ਕਿਲਿਕੀਆ ਦੇ ਤਰਸੁਸ ਸ਼ਹਿਰ ਵਿਚ ਪੈਦਾ ਹੋਇਆ ਸੀ,+ ਪਰ ਮੈਂ ਇਸ ਸ਼ਹਿਰ ਵਿਚ ਗਮਲੀਏਲ+ ਦੇ ਚਰਨਾਂ ਵਿਚ ਬੈਠ ਕੇ ਸਿੱਖਿਆ ਲਈ ਸੀ। ਮੈਨੂੰ ਸਾਡੇ ਪਿਉ-ਦਾਦਿਆਂ ਦੇ ਕਾਨੂੰਨ ਉੱਤੇ ਸਖ਼ਤੀ ਨਾਲ ਚੱਲਣ ਦੀ ਸਿਖਲਾਈ ਦਿੱਤੀ ਗਈ ਸੀ+ ਅਤੇ ਮੈਂ ਵੀ ਪੂਰੇ ਜੋਸ਼ ਨਾਲ ਪਰਮੇਸ਼ੁਰ ਦੀ ਸੇਵਾ ਕਰਦਾ ਸੀ ਜਿਵੇਂ ਅੱਜ ਤੁਸੀਂ ਸਾਰੇ ਕਰਦੇ ਹੋ।+ 4 ਮੈਂ “ਪ੍ਰਭੂ ਦੇ ਰਾਹ” ਉੱਤੇ ਚੱਲਣ ਵਾਲੇ ਆਦਮੀਆਂ ਤੇ ਤੀਵੀਆਂ ਨੂੰ ਬੰਨ੍ਹ ਕੇ ਜੇਲ੍ਹ ਵਿਚ ਸੁਟਵਾ ਦਿੰਦਾ ਸੀ ਅਤੇ ਉਨ੍ਹਾਂ ਉੱਤੇ ਅਤਿਆਚਾਰ ਕਰਦਾ ਸੀ ਤੇ ਉਨ੍ਹਾਂ ਨੂੰ ਜਾਨੋਂ ਮਰਵਾ ਦਿੰਦਾ ਸੀ।+ 5 ਮਹਾਂ ਪੁਜਾਰੀ ਅਤੇ ਬਜ਼ੁਰਗਾਂ ਦੀ ਪੂਰੀ ਸਭਾ ਇਸ ਗੱਲ ਦੀ ਗਵਾਹੀ ਦੇ ਸਕਦੀ ਹੈ। ਮੈਂ ਉਨ੍ਹਾਂ ਤੋਂ ਦਮਿਸਕ ਵਿਚ ਰਹਿੰਦੇ ਯਹੂਦੀ ਆਗੂਆਂ ਦੇ ਨਾਂ ਚਿੱਠੀਆਂ ਲੈ ਕੇ ਦਮਿਸਕ ਨੂੰ ਤੁਰ ਪਿਆ ਤਾਂਕਿ ਮੈਂ ਉੱਥੋਂ ਵੀ “ਪ੍ਰਭੂ ਦੇ ਰਾਹ” ਉੱਤੇ ਚੱਲਣ ਵਾਲੇ ਲੋਕਾਂ ਨੂੰ ਸਜ਼ਾ ਦੇਣ ਵਾਸਤੇ ਬੰਨ੍ਹ ਕੇ ਯਰੂਸ਼ਲਮ ਨੂੰ ਲਿਆਵਾਂ।

6 “ਪਰ ਜਦੋਂ ਮੈਂ ਸਫ਼ਰ ਕਰਦਾ ਹੋਇਆ ਦਮਿਸਕ ਦੇ ਲਾਗੇ ਪਹੁੰਚਿਆ, ਤਾਂ ਦੁਪਹਿਰ ਦੇ ਸਮੇਂ ਅਚਾਨਕ ਮੇਰੇ ਆਲੇ-ਦੁਆਲੇ ਆਕਾਸ਼ੋਂ ਤੇਜ਼ ਰੌਸ਼ਨੀ ਚਮਕੀ+ 7 ਅਤੇ ਮੈਂ ਜ਼ਮੀਨ ʼਤੇ ਡਿਗ ਗਿਆ ਅਤੇ ਇਕ ਆਵਾਜ਼ ਨੇ ਮੈਨੂੰ ਕਿਹਾ: ‘ਸੌਲੁਸ, ਸੌਲੁਸ, ਤੂੰ ਕਿਉਂ ਮੇਰੇ ਉੱਤੇ ਜ਼ੁਲਮ ਕਰਦਾ ਹੈਂ?’ 8 ਮੈਂ ਪੁੱਛਿਆ: ‘ਪ੍ਰਭੂ ਤੂੰ ਕੌਣ ਹੈਂ?’ ਉਸ ਨੇ ਮੈਨੂੰ ਕਿਹਾ: ‘ਮੈਂ ਯਿਸੂ ਨਾਸਰੀ ਹਾਂ ਜਿਸ ਉੱਤੇ ਤੂੰ ਜ਼ੁਲਮ ਕਰਦਾ ਹੈਂ।’ 9 ਜਿਹੜੇ ਆਦਮੀ ਮੇਰੇ ਨਾਲ ਸਨ, ਉਨ੍ਹਾਂ ਨੇ ਵੀ ਰੌਸ਼ਨੀ ਦੇਖੀ ਸੀ, ਪਰ ਉਸ ਆਵਾਜ਼ ਨੇ ਮੈਨੂੰ ਜੋ ਕਿਹਾ ਸੀ, ਉਹ ਉਸ ਦਾ ਮਤਲਬ ਨਹੀਂ ਸਮਝੇ। 10 ਫਿਰ ਮੈਂ ਕਿਹਾ: ‘ਪ੍ਰਭੂ ਮੈਂ ਕੀ ਕਰਾਂ?’ ਪ੍ਰਭੂ ਨੇ ਮੈਨੂੰ ਕਿਹਾ: ‘ਉੱਠ ਅਤੇ ਦਮਿਸਕ ਨੂੰ ਚਲਾ ਜਾਹ, ਉੱਥੇ ਤੈਨੂੰ ਦੱਸਿਆ ਜਾਵੇਗਾ ਕਿ ਤੈਨੂੰ ਕਿਹੜੇ ਕੰਮ ਕਰਨ ਲਈ ਚੁਣਿਆ ਗਿਆ ਹੈ।’+ 11 ਰੌਸ਼ਨੀ ਇੰਨੀ ਤੇਜ਼ ਸੀ ਕਿ ਮੈਨੂੰ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਸੀ, ਇਸ ਲਈ ਜਿਹੜੇ ਆਦਮੀ ਮੇਰੇ ਨਾਲ ਸਨ, ਮੈਂ ਉਨ੍ਹਾਂ ਦਾ ਹੱਥ ਫੜ ਕੇ ਦਮਿਸਕ ਨੂੰ ਚਲਾ ਗਿਆ।

12 “ਉੱਥੇ ਹਨਾਨਿਆ ਨਾਂ ਦਾ ਇਕ ਆਦਮੀ ਸੀ ਜਿਹੜਾ ਮੂਸਾ ਦੇ ਕਾਨੂੰਨ ਮੁਤਾਬਕ ਚੱਲਦਾ ਸੀ ਅਤੇ ਉੱਥੇ ਰਹਿਣ ਵਾਲੇ ਸਾਰੇ ਯਹੂਦੀਆਂ ਵਿਚ ਉਸ ਦੀ ਨੇਕਨਾਮੀ ਸੀ। 13 ਉਹ ਆ ਕੇ ਮੇਰੇ ਕੋਲ ਖੜ੍ਹਾ ਹੋਇਆ ਅਤੇ ਮੈਨੂੰ ਕਿਹਾ, ‘ਸੌਲੁਸ ਮੇਰੇ ਭਰਾ, ਸੁਜਾਖਾ ਹੋ ਜਾ!’ ਉਸੇ ਵੇਲੇ ਮੇਰੀਆਂ ਅੱਖਾਂ ਦੀ ਰੌਸ਼ਨੀ ਵਾਪਸ ਆ ਗਈ ਅਤੇ ਮੈਂ ਉਸ ਨੂੰ ਦੇਖਿਆ।+ 14 ਉਸ ਨੇ ਕਿਹਾ: ‘ਸਾਡੇ ਪਿਉ-ਦਾਦਿਆਂ ਦੇ ਪਰਮੇਸ਼ੁਰ ਨੇ ਤੈਨੂੰ ਚੁਣਿਆ ਹੈ ਕਿ ਤੈਨੂੰ ਉਸ ਦੀ ਇੱਛਾ ਦਾ ਗਿਆਨ ਹੋਵੇ ਅਤੇ ਤੂੰ ਧਰਮੀ ਸੇਵਕ ਨੂੰ ਦੇਖੇਂ+ ਅਤੇ ਉਸ ਦੀ ਆਵਾਜ਼ ਸੁਣੇਂ 15 ਕਿਉਂਕਿ ਤੂੰ ਉਸ ਦਾ ਗਵਾਹ ਬਣ ਕੇ ਸਾਰਿਆਂ ਨੂੰ ਉਹ ਗੱਲਾਂ ਦੱਸਣੀਆਂ ਹਨ ਜੋ ਤੂੰ ਦੇਖੀਆਂ ਅਤੇ ਸੁਣੀਆਂ ਹਨ।+ 16 ਤੂੰ ਹੁਣ ਦੇਰ ਕਿਉਂ ਲਾ ਰਿਹਾ ਹੈਂ? ਉੱਠ ਕੇ ਬਪਤਿਸਮਾ ਲੈ ਅਤੇ ਉਸ ਦਾ ਨਾਂ ਲੈ ਕੇ+ ਆਪਣੇ ਪਾਪ ਧੋ।’+

17 “ਪਰ ਜਦੋਂ ਮੈਂ ਯਰੂਸ਼ਲਮ ਵਾਪਸ ਆਇਆ+ ਤੇ ਮੰਦਰ ਵਿਚ ਪ੍ਰਾਰਥਨਾ ਕਰ ਰਿਹਾ ਸੀ, ਤਾਂ ਮੈਂ ਦਰਸ਼ਣ ਵਿਚ 18 ਪ੍ਰਭੂ ਨੂੰ ਦੇਖਿਆ ਅਤੇ ਉਸ ਨੇ ਮੈਨੂੰ ਕਿਹਾ: ‘ਛੇਤੀ ਕਰ ਅਤੇ ਤੁਰੰਤ ਯਰੂਸ਼ਲਮ ਤੋਂ ਚਲਿਆ ਜਾਹ ਕਿਉਂਕਿ ਉਹ ਮੇਰੇ ਬਾਰੇ ਤੇਰੀ ਗਵਾਹੀ ਨੂੰ ਨਹੀਂ ਸੁਣਨਗੇ।’+ 19 ਤਦ ਮੈਂ ਕਿਹਾ: ‘ਪ੍ਰਭੂ, ਉਹ ਆਪ ਚੰਗੀ ਤਰ੍ਹਾਂ ਜਾਣਦੇ ਹਨ ਕਿ ਮੈਂ ਇਕ ਤੋਂ ਬਾਅਦ ਇਕ ਸਭਾ ਘਰ ਵਿਚ ਜਾਂਦਾ ਸੀ ਅਤੇ ਜਿਹੜੇ ਲੋਕ ਤੇਰੇ ਉੱਤੇ ਨਿਹਚਾ ਕਰਦੇ ਸਨ, ਉਨ੍ਹਾਂ ਨੂੰ ਫੜ ਕੇ ਜੇਲ੍ਹ ਵਿਚ ਸੁੱਟ ਦਿੰਦਾ ਸੀ ਅਤੇ ਉਨ੍ਹਾਂ ਨੂੰ ਕੋਰੜੇ ਮਾਰਦਾ ਸੀ।+ 20 ਜਦੋਂ ਤੇਰੇ ਗਵਾਹ ਇਸਤੀਫ਼ਾਨ ਦਾ ਖ਼ੂਨ ਵਹਾਇਆ ਗਿਆ ਸੀ, ਤਾਂ ਉਸ ਵੇਲੇ ਮੈਂ ਉੱਥੇ ਹੀ ਖੜ੍ਹਾ ਸੀ ਅਤੇ ਉਸ ਦੇ ਕਤਲ ਨਾਲ ਸਹਿਮਤ ਸੀ ਅਤੇ ਮੈਂ ਹੀ ਉਸ ਦੇ ਕਾਤਲਾਂ ਦੇ ਕੱਪੜਿਆਂ ਦੀ ਰਾਖੀ ਕੀਤੀ ਸੀ।’+ 21 ਫਿਰ ਵੀ ਪ੍ਰਭੂ ਨੇ ਮੈਨੂੰ ਕਿਹਾ: ‘ਇੱਥੋਂ ਚਲਾ ਜਾਹ ਕਿਉਂਕਿ ਮੈਂ ਤੈਨੂੰ ਦੂਰ-ਦੂਰ ਗ਼ੈਰ-ਯਹੂਦੀ ਕੌਮਾਂ ਕੋਲ ਘੱਲਾਂਗਾ।’”+

22 ਉਹ ਹੁਣ ਤਕ ਉਸ ਦੀ ਗੱਲ ਸੁਣਦੇ ਰਹੇ। ਪਰ ਫਿਰ ਉਹ ਉੱਚੀ-ਉੱਚੀ ਕਹਿਣ ਲੱਗੇ: “ਇਹੋ ਜਿਹੇ ਇਨਸਾਨ ਨੂੰ ਧਰਤੀ ਉੱਤੋਂ ਖ਼ਤਮ ਕਰ ਦਿਓ ਕਿਉਂਕਿ ਇਹ ਜੀਉਂਦਾ ਰਹਿਣ ਦੇ ਲਾਇਕ ਨਹੀਂ ਹੈ!” 23 ਉਹ ਉੱਚੀ-ਉੱਚੀ ਰੌਲ਼ਾ ਪਾ ਰਹੇ ਸਨ, ਆਪਣੇ ਕੱਪੜੇ ਹਵਾ ਵਿਚ ਇੱਧਰ-ਉੱਧਰ ਉਛਾਲ਼ ਰਹੇ ਸਨ ਤੇ ਮਿੱਟੀ-ਘੱਟਾ ਉਡਾ ਰਹੇ ਸਨ,+ 24 ਇਸ ਲਈ ਫ਼ੌਜ ਦੇ ਸੈਨਾਪਤੀ ਨੇ ਹੁਕਮ ਦਿੱਤਾ ਕਿ ਪੌਲੁਸ ਨੂੰ ਉੱਥੇ ਲਿਜਾਇਆ ਜਾਵੇ ਜਿੱਥੇ ਫ਼ੌਜੀ ਰਹਿੰਦੇ ਹਨ ਅਤੇ ਕੋਰੜੇ ਮਾਰ ਕੇ ਉਸ ਤੋਂ ਪੁੱਛ-ਗਿੱਛ ਕੀਤੀ ਜਾਵੇ। ਸੈਨਾਪਤੀ ਪੂਰੀ ਗੱਲ ਜਾਣਨੀ ਚਾਹੁੰਦਾ ਸੀ ਕਿ ਲੋਕ ਪੌਲੁਸ ਦੇ ਖ਼ਿਲਾਫ਼ ਇੰਨਾ ਰੌਲ਼ਾ ਕਿਉਂ ਪਾ ਰਹੇ ਸਨ। 25 ਜਦੋਂ ਉਨ੍ਹਾਂ ਨੇ ਕੋਰੜੇ ਮਾਰਨ ਲਈ ਪੌਲੁਸ ਨੂੰ ਬੰਨ੍ਹ ਲਿਆ, ਤਾਂ ਉਸ ਨੇ ਉੱਥੇ ਖੜ੍ਹੇ ਫ਼ੌਜੀ ਅਫ਼ਸਰ ਨੂੰ ਕਿਹਾ: “ਕੀ ਦੋਸ਼ ਸਾਬਤ ਕੀਤੇ ਬਿਨਾਂ* ਕਿਸੇ ਰੋਮੀ ਨਾਗਰਿਕ ਨੂੰ ਕੋਰੜੇ ਮਾਰਨੇ ਜਾਇਜ਼ ਹਨ?”+ 26 ਜਦੋਂ ਫ਼ੌਜੀ ਅਫ਼ਸਰ ਨੇ ਇਹ ਗੱਲ ਸੁਣੀ, ਤਾਂ ਉਸ ਨੇ ਜਾ ਕੇ ਫ਼ੌਜ ਦੇ ਸੈਨਾਪਤੀ ਨੂੰ ਇਹ ਗੱਲ ਦੱਸੀ ਅਤੇ ਪੁੱਛਿਆ: “ਤੂੰ ਹੁਣ ਕੀ ਕਰੇਂਗਾ? ਇਹ ਆਦਮੀ ਤਾਂ ਰੋਮੀ ਹੈ।” 27 ਇਸ ਲਈ ਫ਼ੌਜ ਦੇ ਸੈਨਾਪਤੀ ਨੇ ਜਾ ਕੇ ਪੌਲੁਸ ਨੂੰ ਪੁੱਛਿਆ: “ਮੈਨੂੰ ਦੱਸ, ਕੀ ਤੂੰ ਰੋਮੀ ਨਾਗਰਿਕ ਹੈਂ?” ਉਸ ਨੇ ਕਿਹਾ: “ਹਾਂ।” 28 ਫਿਰ ਫ਼ੌਜ ਦੇ ਸੈਨਾਪਤੀ ਨੇ ਕਿਹਾ: “ਮੈਂ ਬਹੁਤ ਸਾਰਾ ਪੈਸਾ ਖ਼ਰਚ ਕੇ ਰੋਮੀ ਨਾਗਰਿਕ ਦੇ ਹੱਕ ਪ੍ਰਾਪਤ ਕੀਤੇ ਹਨ।” ਪੌਲੁਸ ਨੇ ਕਿਹਾ: “ਮੈਨੂੰ ਤਾਂ ਇਹ ਹੱਕ ਜਨਮ ਤੋਂ ਪ੍ਰਾਪਤ ਹੋਏ ਹਨ।”+

29 ਇਸ ਲਈ ਜਿਹੜੇ ਫ਼ੌਜੀ ਤਸੀਹੇ ਦੇ ਕੇ ਉਸ ਤੋਂ ਪੁੱਛ-ਗਿੱਛ ਕਰਨ ਵਾਲੇ ਸਨ, ਉਹ ਸਾਰੇ ਉਸੇ ਵੇਲੇ ਪਿੱਛੇ ਹਟ ਗਏ। ਫ਼ੌਜ ਦਾ ਸੈਨਾਪਤੀ ਇਹ ਜਾਣ ਕੇ ਡਰ ਗਿਆ ਕਿ ਉਹ ਰੋਮੀ ਨਾਗਰਿਕ ਸੀ ਅਤੇ ਉਸ ਨੇ ਉਸ ਨੂੰ ਬੇੜੀਆਂ ਨਾਲ ਬੰਨ੍ਹਿਆ ਸੀ।+

30 ਉਹ ਪੂਰੀ ਜਾਣਕਾਰੀ ਲੈਣੀ ਚਾਹੁੰਦਾ ਸੀ ਕਿ ਯਹੂਦੀ ਉਸ ਉੱਤੇ ਦੋਸ਼ ਕਿਉਂ ਲਾ ਰਹੇ ਸਨ, ਇਸ ਲਈ ਅਗਲੇ ਦਿਨ ਉਸ ਨੇ ਪੌਲੁਸ ਦੀਆਂ ਬੇੜੀਆਂ ਖੋਲ੍ਹ ਦਿੱਤੀਆਂ ਅਤੇ ਮੁੱਖ ਪੁਜਾਰੀਆਂ ਤੇ ਪੂਰੀ ਮਹਾਸਭਾ ਨੂੰ ਇਕੱਠੇ ਹੋਣ ਦਾ ਹੁਕਮ ਦਿੱਤਾ। ਫਿਰ ਉਸ ਨੇ ਪੌਲੁਸ ਨੂੰ ਲਿਆ ਕੇ ਉਨ੍ਹਾਂ ਦੇ ਵਿਚਕਾਰ ਖੜ੍ਹਾ ਕਰ ਦਿੱਤਾ।+

23 ਪੌਲੁਸ ਨੇ ਮਹਾਸਭਾ ਵੱਲ ਧਿਆਨ ਨਾਲ ਦੇਖ ਕੇ ਕਿਹਾ: “ਭਰਾਵੋ, ਮੈਂ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਅੱਜ ਦੇ ਦਿਨ ਤਕ ਬਿਲਕੁਲ ਸਾਫ਼ ਜ਼ਮੀਰ+ ਨਾਲ ਜੀਵਨ ਗੁਜ਼ਾਰਿਆ ਹੈ।” 2 ਇਹ ਸੁਣ ਕੇ ਮਹਾਂ ਪੁਜਾਰੀ ਹਨਾਨਿਆ ਨੇ ਪੌਲੁਸ ਲਾਗੇ ਖੜ੍ਹੇ ਲੋਕਾਂ ਨੂੰ ਕਿਹਾ ਕਿ ਉਹ ਉਸ ਦੇ ਮੂੰਹ ʼਤੇ ਚਪੇੜ ਮਾਰਨ। 3 ਫਿਰ ਪੌਲੁਸ ਨੇ ਉਸ ਨੂੰ ਕਿਹਾ: “ਓਏ ਪਖੰਡੀਆ,* ਪਰਮੇਸ਼ੁਰ ਤੈਨੂੰ ਮਾਰੇਗਾ। ਇਕ ਪਾਸੇ ਤੂੰ ਬੈਠ ਕੇ ਮੂਸਾ ਦੇ ਕਾਨੂੰਨ ਅਨੁਸਾਰ ਮੇਰਾ ਨਿਆਂ ਕਰਦਾ ਹੈਂ ਤੇ ਦੂਜੇ ਪਾਸੇ ਮੇਰੇ ਚਪੇੜ ਮਾਰਨ ਦਾ ਹੁਕਮ ਦੇ ਕੇ ਇਸੇ ਕਾਨੂੰਨ ਦੀ ਉਲੰਘਣਾ ਕਰਦਾ ਹੈਂ!” 4 ਉਸ ਦੇ ਲਾਗੇ ਖੜ੍ਹੇ ਲੋਕਾਂ ਨੇ ਕਿਹਾ: “ਤੂੰ ਪਰਮੇਸ਼ੁਰ ਦੇ ਮਹਾਂ ਪੁਜਾਰੀ ਦੀ ਬੇਇੱਜ਼ਤੀ ਕਰ ਰਿਹਾ ਹੈਂ?” 5 ਪੌਲੁਸ ਨੇ ਕਿਹਾ: “ਭਰਾਵੋ, ਮੈਨੂੰ ਨਹੀਂ ਪਤਾ ਸੀ ਕਿ ਇਹ ਮਹਾਂ ਪੁਜਾਰੀ ਹੈ। ਕਿਉਂਕਿ ਲਿਖਿਆ ਹੈ, ‘ਤੂੰ ਆਪਣੇ ਲੋਕਾਂ ਦੇ ਧਾਰਮਿਕ ਆਗੂ ਦੇ ਖ਼ਿਲਾਫ਼ ਬੁਰਾ-ਭਲਾ ਨਾ ਕਹਿ।’”+

6 ਜਦੋਂ ਪੌਲੁਸ ਨੇ ਦੇਖਿਆ ਕਿ ਮਹਾਸਭਾ ਵਿਚ ਅੱਧੇ ਸਦੂਕੀ ਸਨ ਅਤੇ ਅੱਧੇ ਫ਼ਰੀਸੀ, ਤਾਂ ਉਸ ਨੇ ਉੱਚੀ ਆਵਾਜ਼ ਵਿਚ ਕਿਹਾ: “ਭਰਾਵੋ, ਮੈਂ ਇਕ ਫ਼ਰੀਸੀ ਹਾਂ+ ਅਤੇ ਮੈਂ ਫ਼ਰੀਸੀਆਂ ਦਾ ਪੁੱਤਰ ਹਾਂ। ਮੇਰੇ ਉੱਤੇ ਇਸ ਕਰਕੇ ਮੁਕੱਦਮਾ ਚਲਾਇਆ ਜਾ ਰਿਹਾ ਹੈ ਕਿਉਂਕਿ ਮੈਂ ਮਰੇ ਹੋਏ ਲੋਕਾਂ ਦੇ ਜੀਉਂਦਾ ਹੋਣ ਦੀ ਉਮੀਦ ਉੱਤੇ ਵਿਸ਼ਵਾਸ ਕਰਦਾ ਹਾਂ।” 7 ਉਸ ਦੀ ਇਸ ਗੱਲ ਕਰਕੇ ਫ਼ਰੀਸੀਆਂ ਅਤੇ ਸਦੂਕੀਆਂ ਦਾ ਆਪਸ ਵਿਚ ਝਗੜਾ ਹੋ ਗਿਆ ਅਤੇ ਉਨ੍ਹਾਂ ਸਾਰਿਆਂ ਵਿਚ ਫੁੱਟ ਪੈ ਗਈ। 8 ਕਿਉਂਕਿ ਸਦੂਕੀ ਕਹਿੰਦੇ ਹਨ ਕਿ ਮਰੇ ਹੋਏ ਜੀਉਂਦੇ ਨਹੀਂ ਹੋਣਗੇ ਅਤੇ ਦੂਤ ਤੇ ਸਵਰਗੀ ਪ੍ਰਾਣੀ ਨਹੀਂ ਹੁੰਦੇ, ਪਰ ਫ਼ਰੀਸੀ ਇਨ੍ਹਾਂ ਸਾਰੀਆਂ ਗੱਲਾਂ ਨੂੰ ਮੰਨਦੇ ਹਨ।+ 9 ਇਸ ਲਈ ਉੱਥੇ ਬਹੁਤ ਜ਼ਿਆਦਾ ਰੌਲ਼ਾ-ਰੱਪਾ ਪੈਣ ਲੱਗ ਪਿਆ ਅਤੇ ਫ਼ਰੀਸੀਆਂ ਵਿੱਚੋਂ ਕੁਝ ਗ੍ਰੰਥੀ ਉੱਠੇ ਤੇ ਗੁੱਸੇ ਵਿਚ ਲਾਲ-ਪੀਲ਼ੇ ਹੋ ਕੇ ਕਹਿਣ ਲੱਗੇ: “ਅਸੀਂ ਦੇਖ ਲਿਆ ਹੈ ਕਿ ਇਸ ਆਦਮੀ ਨੇ ਕੋਈ ਗੁਨਾਹ ਨਹੀਂ ਕੀਤਾ, ਪਰ ਜੇ ਕਿਸੇ ਸਵਰਗੀ ਪ੍ਰਾਣੀ ਜਾਂ ਦੂਤ ਨੇ ਇਸ ਨਾਲ ਗੱਲ ਕੀਤੀ ਹੈ,+ ਤਾਂ ਫਿਰ . . .।” 10 ਜਦੋਂ ਝਗੜਾ ਬਹੁਤ ਜ਼ਿਆਦਾ ਵਧ ਗਿਆ, ਤਾਂ ਫ਼ੌਜ ਦਾ ਸੈਨਾਪਤੀ ਡਰ ਗਿਆ ਕਿ ਕਿਤੇ ਉਹ ਪੌਲੁਸ ਦੇ ਟੋਟੇ-ਟੋਟੇ ਨਾ ਕਰ ਦੇਣ। ਇਸ ਲਈ ਉਸ ਨੇ ਫ਼ੌਜੀਆਂ ਨੂੰ ਹੁਕਮ ਦਿੱਤਾ ਕਿ ਉਹ ਜਾ ਕੇ ਪੌਲੁਸ ਨੂੰ ਉਨ੍ਹਾਂ ਦੇ ਵਿੱਚੋਂ ਕੱਢ ਲਿਆਉਣ ਅਤੇ ਫ਼ੌਜੀਆਂ ਦੇ ਰਹਿਣ ਦੀ ਜਗ੍ਹਾ ਲੈ ਜਾਣ।

11 ਉਸੇ ਰਾਤ ਪ੍ਰਭੂ ਨੇ ਉਸ ਕੋਲ ਆ ਕੇ ਕਿਹਾ: “ਹੌਸਲਾ ਰੱਖ!+ ਜਿਵੇਂ ਤੂੰ ਯਰੂਸ਼ਲਮ ਵਿਚ ਮੇਰੇ ਬਾਰੇ ਚੰਗੀ ਤਰ੍ਹਾਂ ਗਵਾਹੀ ਦਿੱਤੀ ਹੈ, ਉਸੇ ਤਰ੍ਹਾਂ ਤੂੰ ਰੋਮ ਵਿਚ ਵੀ ਗਵਾਹੀ ਦੇਣੀ ਹੈ।”+

12 ਫਿਰ ਜਦੋਂ ਦਿਨ ਚੜ੍ਹਿਆ, ਤਾਂ ਯਹੂਦੀਆਂ ਨੇ ਸਾਜ਼ਸ਼ ਘੜੀ ਅਤੇ ਇਹ ਸਹੁੰ ਖਾਧੀ ਕਿ ਜਦ ਤਕ ਉਹ ਪੌਲੁਸ ਨੂੰ ਮਾਰ ਨਹੀਂ ਦਿੰਦੇ, ਉਦੋਂ ਤਕ ਜੇ ਉਨ੍ਹਾਂ ਨੇ ਕੁਝ ਖਾਧਾ-ਪੀਤਾ, ਤਾਂ ਉਨ੍ਹਾਂ ਨੂੰ ਸਰਾਪ ਲੱਗੇ। 13 ਇਹ ਸਹੁੰ ਖਾ ਕੇ ਸਾਜ਼ਸ਼ ਘੜਨ ਵਾਲੇ 40 ਤੋਂ ਵੱਧ ਆਦਮੀ ਸਨ। 14 ਉਨ੍ਹਾਂ ਨੇ ਮੁੱਖ ਪੁਜਾਰੀਆਂ ਅਤੇ ਬਜ਼ੁਰਗਾਂ ਕੋਲ ਜਾ ਕੇ ਕਿਹਾ: “ਅਸੀਂ ਸਹੁੰ ਖਾਧੀ ਹੈ ਕਿ ਜੇ ਅਸੀਂ ਉਦੋਂ ਤਕ ਕੁਝ ਖਾਈਏ ਜਦ ਤਕ ਅਸੀਂ ਪੌਲੁਸ ਨੂੰ ਮਾਰ ਨਾ ਦੇਈਏ, ਤਾਂ ਸਾਨੂੰ ਸਰਾਪ ਲੱਗੇ। 15 ਇਸ ਲਈ ਤੁਸੀਂ ਹੁਣ ਮਹਾਸਭਾ ਨਾਲ ਰਲ਼ ਕੇ ਫ਼ੌਜ ਦੇ ਸੈਨਾਪਤੀ ਨੂੰ ਕਹੋ ਕਿ ਉਹ ਪੌਲੁਸ ਨੂੰ ਤੁਹਾਡੇ ਕੋਲ ਲੈ ਆਵੇ, ਮਾਨੋ ਤੁਸੀਂ ਪੌਲੁਸ ਤੋਂ ਚੰਗੀ ਤਰ੍ਹਾਂ ਪੁੱਛ-ਗਿੱਛ ਕਰਨੀ ਚਾਹੁੰਦੇ ਹੋ। ਪਰ ਤੁਹਾਡੇ ਕੋਲ ਉਸ ਦੇ ਪਹੁੰਚਣ ਤੋਂ ਪਹਿਲਾਂ ਹੀ ਅਸੀਂ ਉਸ ਨੂੰ ਖ਼ਤਮ ਕਰਨ ਲਈ ਤਿਆਰ ਬੈਠੇ ਹੋਵਾਂਗੇ।”

16 ਪਰ ਪੌਲੁਸ ਦੇ ਭਾਣਜੇ ਨੇ ਸੁਣ ਲਿਆ ਕਿ ਉਹ ਘਾਤ ਲਾ ਕੇ ਪੌਲੁਸ ʼਤੇ ਹਮਲਾ ਕਰਨਗੇ, ਇਸ ਕਰਕੇ ਉਸ ਨੇ ਫ਼ੌਜੀਆਂ ਦੇ ਰਹਿਣ ਵਾਲੀ ਜਗ੍ਹਾ ਜਾ ਕੇ ਪੌਲੁਸ ਨੂੰ ਸਾਰੀ ਗੱਲ ਦੱਸ ਦਿੱਤੀ। 17 ਫਿਰ ਪੌਲੁਸ ਨੇ ਇਕ ਫ਼ੌਜੀ ਅਫ਼ਸਰ ਨੂੰ ਕੋਲ ਸੱਦ ਕੇ ਕਿਹਾ: “ਇਸ ਨੌਜਵਾਨ ਨੂੰ ਫ਼ੌਜ ਦੇ ਸੈਨਾਪਤੀ ਕੋਲ ਲੈ ਜਾ, ਇਹ ਉਸ ਨੂੰ ਕੁਝ ਦੱਸਣਾ ਚਾਹੁੰਦਾ ਹੈ।” 18 ਇਸ ਲਈ ਉਹ ਉਸ ਨੂੰ ਫ਼ੌਜ ਦੇ ਸੈਨਾਪਤੀ ਕੋਲ ਲੈ ਗਿਆ ਅਤੇ ਉਸ ਨੇ ਕਿਹਾ: “ਕੈਦੀ ਪੌਲੁਸ ਨੇ ਮੈਨੂੰ ਸੱਦ ਕੇ ਬੇਨਤੀ ਕੀਤੀ ਕਿ ਮੈਂ ਇਸ ਨੌਜਵਾਨ ਨੂੰ ਤੇਰੇ ਕੋਲ ਲੈ ਆਵਾਂ ਕਿਉਂਕਿ ਇਹ ਤੈਨੂੰ ਕੁਝ ਦੱਸਣਾ ਚਾਹੁੰਦਾ ਹੈ।” 19 ਫ਼ੌਜ ਦਾ ਸੈਨਾਪਤੀ ਉਸ ਨੂੰ ਹੱਥੋਂ ਫੜ ਕੇ ਇਕ ਪਾਸੇ ਲੈ ਗਿਆ ਅਤੇ ਪੁੱਛਿਆ: “ਤੂੰ ਮੈਨੂੰ ਕੀ ਦੱਸਣਾ ਚਾਹੁੰਦਾ ਹੈਂ?” 20 ਉਸ ਨੇ ਕਿਹਾ: “ਯਹੂਦੀਆਂ ਨੇ ਤੈਅ ਕੀਤਾ ਹੈ ਕਿ ਉਹ ਤੈਨੂੰ ਬੇਨਤੀ ਕਰਨਗੇ ਕਿ ਤੂੰ ਕੱਲ੍ਹ ਪੌਲੁਸ ਨੂੰ ਮਹਾਸਭਾ ਵਿਚ ਲਿਆਵੇਂ, ਮਾਨੋ ਉਹ ਉਸ ਦੇ ਮਾਮਲੇ ਬਾਰੇ ਹੋਰ ਜਾਣਨਾ ਚਾਹੁੰਦੇ ਹੋਣ।+ 21 ਪਰ ਤੂੰ ਉਨ੍ਹਾਂ ਦੀ ਗੱਲ ਨਾ ਮੰਨੀ ਕਿਉਂਕਿ ਉਨ੍ਹਾਂ ਦੇ 40 ਤੋਂ ਜ਼ਿਆਦਾ ਆਦਮੀ ਘਾਤ ਲਾ ਕੇ ਉਸ ਉੱਤੇ ਹਮਲਾ ਕਰਨਗੇ ਅਤੇ ਉਨ੍ਹਾਂ ਨੇ ਸਹੁੰ ਖਾਧੀ ਹੈ ਕਿ ਜੇ ਉਹ ਉਦੋਂ ਤਕ ਕੁਝ ਖਾਣ-ਪੀਣ ਜਦੋਂ ਤਕ ਉਹ ਪੌਲੁਸ ਨੂੰ ਜਾਨੋਂ ਨਹੀਂ ਮਾਰ ਦਿੰਦੇ, ਤਾਂ ਉਨ੍ਹਾਂ ਨੂੰ ਸਰਾਪ ਲੱਗੇ;+ ਉਹ ਤਿਆਰ-ਬਰ-ਤਿਆਰ ਬੈਠੇ ਹਨ ਅਤੇ ਉਡੀਕ ਕਰ ਰਹੇ ਹਨ ਕਿ ਤੂੰ ਉਨ੍ਹਾਂ ਦੀ ਬੇਨਤੀ ਨੂੰ ਮਨਜ਼ੂਰ ਕਰੇਂ।” 22 ਇਸ ਲਈ ਫ਼ੌਜ ਦੇ ਸੈਨਾਪਤੀ ਨੇ ਇਹ ਹੁਕਮ ਦੇ ਕੇ ਉਸ ਨੌਜਵਾਨ ਨੂੰ ਘੱਲ ਦਿੱਤਾ: “ਤੂੰ ਕਿਸੇ ਨੂੰ ਵੀ ਇਹ ਨਾ ਦੱਸੀਂ ਕਿ ਤੂੰ ਮੈਨੂੰ ਇਹ ਖ਼ਬਰ ਦਿੱਤੀ ਹੈ।”

23 ਫਿਰ ਉਸ ਨੇ ਦੋ ਫ਼ੌਜੀ ਅਫ਼ਸਰਾਂ ਨੂੰ ਬੁਲਾ ਕੇ ਕਿਹਾ: “ਆਪਣੇ ਨਾਲ 200 ਫ਼ੌਜੀ, 70 ਘੋੜਸਵਾਰ ਤੇ 200 ਬਰਛਾਧਾਰੀ ਲੈ ਕੇ ਰਾਤ ਨੂੰ 9 ਵਜੇ* ਸਿੱਧੇ ਕੈਸਰੀਆ ਨੂੰ ਚਲੇ ਜਾਓ। 24 ਨਾਲੇ ਪੌਲੁਸ ਦੀ ਸਵਾਰੀ ਵਾਸਤੇ ਵੀ ਘੋੜੇ ਲਓ ਅਤੇ ਉਸ ਨੂੰ ਰਾਜਪਾਲ ਫ਼ੇਲਿਕਸ ਕੋਲ ਸੁਰੱਖਿਅਤ ਲੈ ਜਾਓ।” 25 ਅਤੇ ਉਸ ਨੇ ਇਕ ਚਿੱਠੀ ਵਿਚ ਇਸ ਤਰ੍ਹਾਂ ਲਿਖਿਆ:

26 “ਮੈਂ ਕਲੋਡੀਉਸ ਲੁਸੀਅਸ, ਹਜ਼ੂਰ ਰਾਜਪਾਲ ਫ਼ੇਲਿਕਸ ਨੂੰ ਚਿੱਠੀ ਲਿਖ ਰਿਹਾ ਹਾਂ: ਨਮਸਕਾਰ! 27 ਯਹੂਦੀਆਂ ਨੇ ਇਸ ਆਦਮੀ ਨੂੰ ਫੜਿਆ ਹੋਇਆ ਸੀ ਅਤੇ ਉਹ ਇਸ ਨੂੰ ਜਾਨੋਂ ਮਾਰਨ ਹੀ ਵਾਲੇ ਸਨ ਕਿ ਮੈਂ ਉੱਥੇ ਫਟਾਫਟ ਆਪਣੇ ਫ਼ੌਜੀਆਂ ਨਾਲ ਪਹੁੰਚ ਗਿਆ ਅਤੇ ਇਸ ਨੂੰ ਬਚਾ ਲਿਆ+ ਕਿਉਂਕਿ ਮੈਨੂੰ ਪਤਾ ਲੱਗਾ ਕਿ ਇਹ ਰੋਮੀ ਨਾਗਰਿਕ ਹੈ।+ 28 ਮੈਂ ਜਾਣਨਾ ਚਾਹੁੰਦਾ ਸੀ ਕਿ ਯਹੂਦੀ ਇਸ ਉੱਤੇ ਕਿਹੜਾ ਦੋਸ਼ ਲਾ ਰਹੇ ਸਨ, ਇਸ ਲਈ ਮੈਂ ਇਸ ਨੂੰ ਉਨ੍ਹਾਂ ਦੀ ਮਹਾਸਭਾ ਸਾਮ੍ਹਣੇ ਪੇਸ਼ ਕੀਤਾ।+ 29 ਮੈਂ ਦੇਖਿਆ ਕਿ ਉਹ ਇਸ ਉੱਤੇ ਆਪਣੇ ਕਾਨੂੰਨ ਸੰਬੰਧੀ ਦੋਸ਼ ਲਾ ਰਹੇ ਸਨ,+ ਪਰ ਅਜਿਹਾ ਕੋਈ ਦੋਸ਼ ਸਾਬਤ ਨਹੀਂ ਕਰ ਸਕੇ ਜਿਸ ਕਰਕੇ ਇਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ ਜਾਂ ਕੈਦ ਵਿਚ ਸੁੱਟਿਆ ਜਾਵੇ। 30 ਪਰ ਮੈਨੂੰ ਸੂਚਨਾ ਮਿਲੀ ਕਿ ਇਸ ਨੂੰ ਜਾਨੋਂ ਮਾਰਨ ਦੀ ਸਾਜ਼ਸ਼ ਘੜੀ ਗਈ ਹੈ,+ ਇਸ ਲਈ ਮੈਂ ਤੁਰੰਤ ਇਸ ਨੂੰ ਤੇਰੇ ਕੋਲ ਘੱਲ ਰਿਹਾ ਹਾਂ ਅਤੇ ਇਸ ਉੱਤੇ ਦੋਸ਼ ਲਾਉਣ ਵਾਲਿਆਂ ਨੂੰ ਵੀ ਹੁਕਮ ਦਿੱਤਾ ਹੈ ਕਿ ਉਹ ਤੇਰੇ ਸਾਮ੍ਹਣੇ ਪੇਸ਼ ਹੋ ਕੇ ਇਸ ਉੱਤੇ ਦੋਸ਼ ਲਾਉਣ।”

31 ਇਸ ਲਈ ਫ਼ੌਜੀ ਇਸ ਹੁਕਮ ਅਨੁਸਾਰ ਪੌਲੁਸ+ ਨੂੰ ਨਾਲ ਲੈ ਕੇ ਰਾਤੋ-ਰਾਤ ਅੰਤਿਪਤ੍ਰਿਸ ਆ ਗਏ। 32 ਅਗਲੇ ਦਿਨ ਉਨ੍ਹਾਂ ਨੇ ਘੋੜਸਵਾਰਾਂ ਨੂੰ ਉਸ ਨਾਲ ਅੱਗੇ ਜਾਣ ਦਿੱਤਾ, ਪਰ ਉਹ ਆਪ ਫ਼ੌਜੀਆਂ ਦੇ ਰਹਿਣ ਦੀ ਜਗ੍ਹਾ ਵਾਪਸ ਮੁੜ ਗਏ। 33 ਘੋੜਸਵਾਰਾਂ ਨੇ ਕੈਸਰੀਆ ਪਹੁੰਚ ਕੇ ਰਾਜਪਾਲ ਨੂੰ ਚਿੱਠੀ ਦੇ ਦਿੱਤੀ ਅਤੇ ਪੌਲੁਸ ਨੂੰ ਵੀ ਉਸ ਅੱਗੇ ਪੇਸ਼ ਕੀਤਾ। 34 ਰਾਜਪਾਲ ਨੇ ਚਿੱਠੀ ਪੜ੍ਹੀ ਅਤੇ ਉਸ ਤੋਂ ਪੁੱਛਿਆ ਕਿ ਉਹ ਕਿਹੜੇ ਜ਼ਿਲ੍ਹੇ ਤੋਂ ਸੀ ਅਤੇ ਜਾਣਿਆ ਕਿ ਉਹ ਕਿਲਿਕੀਆ ਜ਼ਿਲ੍ਹੇ ਤੋਂ ਸੀ।+ 35 ਫਿਰ ਉਸ ਨੇ ਕਿਹਾ: “ਜਦੋਂ ਤੇਰੇ ਉੱਤੇ ਦੋਸ਼ ਲਾਉਣ ਵਾਲੇ ਲੋਕ ਆ ਜਾਣਗੇ,+ ਉਦੋਂ ਮੈਂ ਤੈਨੂੰ ਆਪਣੀ ਸਫ਼ਾਈ ਪੇਸ਼ ਕਰਨ ਦਾ ਪੂਰਾ-ਪੂਰਾ ਮੌਕਾ ਦਿਆਂਗਾ।” ਉਸ ਨੇ ਹੁਕਮ ਦਿੱਤਾ ਕਿ ਉਸ ਨੂੰ ਹੇਰੋਦੇਸ ਦੇ ਮਹਿਲ ਵਿਚ ਪਹਿਰੇ ਅਧੀਨ ਰੱਖਿਆ ਜਾਵੇ।

24 ਪੰਜਾਂ ਦਿਨਾਂ ਬਾਅਦ ਮਹਾਂ ਪੁਜਾਰੀ ਹਨਾਨਿਆ+ ਤੇ ਕੁਝ ਬਜ਼ੁਰਗ ਤਰਤੁੱਲੁਸ ਨਾਂ ਦੇ ਵਕੀਲ ਨੂੰ ਲੈ ਕੇ ਕੈਸਰੀਆ ਆਏ ਅਤੇ ਉਨ੍ਹਾਂ ਨੇ ਪੌਲੁਸ ਦੇ ਖ਼ਿਲਾਫ਼ ਰਾਜਪਾਲ ਫ਼ੇਲਿਕਸ ਸਾਮ੍ਹਣੇ ਮੁਕੱਦਮਾ ਪੇਸ਼ ਕੀਤਾ।+ 2 ਜਦੋਂ ਤਰਤੁੱਲੁਸ ਨੂੰ ਬੋਲਣ ਲਈ ਕਿਹਾ ਗਿਆ, ਤਾਂ ਉਸ ਨੇ ਪੌਲੁਸ ਉੱਤੇ ਦੋਸ਼ ਲਾਉਣੇ ਸ਼ੁਰੂ ਕੀਤੇ:

“ਹਜ਼ੂਰ ਫ਼ੇਲਿਕਸ, ਤੇਰੇ ਕਰਕੇ ਅਸੀਂ ਬਹੁਤ ਹੀ ਅਮਨ-ਚੈਨ ਨਾਲ ਰਹਿੰਦੇ ਹਾਂ ਅਤੇ ਤੇਰੇ ਚੰਗੇ ਪ੍ਰਬੰਧਾਂ ਕਰਕੇ ਇਸ ਕੌਮ ਵਿਚ ਬੜੇ ਸੁਧਾਰ ਹੋ ਰਹੇ ਹਨ। 3 ਸਾਨੂੰ ਹਰ ਸਮੇਂ ਅਤੇ ਹਰ ਜਗ੍ਹਾ ਇਨ੍ਹਾਂ ਦਾ ਫ਼ਾਇਦਾ ਹੁੰਦਾ ਹੈ ਅਤੇ ਇਸ ਵਾਸਤੇ ਅਸੀਂ ਤੇਰੇ ਬਹੁਤ ਹੀ ਸ਼ੁਕਰਗੁਜ਼ਾਰ ਹਾਂ। 4 ਪਰ ਮੈਂ ਤੇਰਾ ਹੋਰ ਸਮਾਂ ਬਰਬਾਦ ਨਹੀਂ ਕਰਨਾ ਚਾਹੁੰਦਾ, ਇਸ ਲਈ ਮੈਂ ਥੋੜ੍ਹੇ ਸ਼ਬਦਾਂ ਵਿਚ ਆਪਣੀ ਗੱਲ ਕਹਾਂਗਾ ਤੇ ਸਾਡੀ ਗੱਲ ਸੁਣਨ ਦੀ ਕਿਰਪਾਲਤਾ ਕਰਨੀ। 5 ਅਸੀਂ ਦੇਖਿਆ ਹੈ ਕਿ ਇਹ ਆਦਮੀ ਸਾਰੇ ਫ਼ਸਾਦ ਦੀ ਜੜ੍ਹ* ਹੈ+ ਅਤੇ ਇਹ ਸਾਰੀ ਦੁਨੀਆਂ ਵਿਚ ਰਹਿੰਦੇ ਯਹੂਦੀਆਂ ਨੂੰ ਸਰਕਾਰ ਦੇ ਖ਼ਿਲਾਫ਼ ਭੜਕਾਉਂਦਾ ਹੈ+ ਅਤੇ ਇਹ ਨਾਸਰੀਆਂ ਦੇ ਪੰਥ ਦਾ ਇਕ ਆਗੂ ਹੈ।+ 6 ਇਸ ਨੇ ਮੰਦਰ ਨੂੰ ਵੀ ਭ੍ਰਿਸ਼ਟ ਕਰਨ ਦੀ ਕੋਸ਼ਿਸ਼ ਕੀਤੀ ਸੀ, ਇਸੇ ਕਰਕੇ ਅਸੀਂ ਇਸ ਨੂੰ ਫੜ ਲਿਆ।+ 7 *— 8 ਜਦੋਂ ਤੂੰ ਆਪ ਇਸ ਤੋਂ ਪੁੱਛ-ਗਿੱਛ ਕਰੇਂਗਾ, ਤਾਂ ਤੈਨੂੰ ਪਤਾ ਲੱਗ ਜਾਵੇਗਾ ਕਿ ਸਾਡੇ ਵੱਲੋਂ ਇਸ ਉੱਤੇ ਲਾਏ ਸਾਰੇ ਦੋਸ਼ ਸਹੀ ਹਨ।”

9 ਫਿਰ ਯਹੂਦੀ ਵੀ ਉਸ ਉੱਤੇ ਦੋਸ਼ ਲਾਉਣ ਲੱਗ ਪਏ ਅਤੇ ਜ਼ੋਰ ਦੇ ਕੇ ਕਹਿਣ ਲੱਗੇ ਕਿ ਇਹ ਦੋਸ਼ ਸਹੀ ਹਨ। 10 ਜਦੋਂ ਰਾਜਪਾਲ ਨੇ ਸਿਰ ਹਿਲਾ ਕੇ ਪੌਲੁਸ ਨੂੰ ਬੋਲਣ ਦਾ ਇਸ਼ਾਰਾ ਕੀਤਾ, ਤਾਂ ਪੌਲੁਸ ਨੇ ਕਿਹਾ:

“ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਤੂੰ ਕਈ ਸਾਲਾਂ ਤੋਂ ਇਸ ਕੌਮ ਦਾ ਨਿਆਂਕਾਰ ਹੈਂ, ਇਸ ਲਈ ਮੈਂ ਬਿਨਾਂ ਝਿਜਕੇ ਆਪਣੀ ਸਫ਼ਾਈ ਪੇਸ਼ ਕਰ ਰਿਹਾ ਹਾਂ।+ 11 ਤੂੰ ਆਪ ਇਸ ਮਾਮਲੇ ਦੀ ਪੜਤਾਲ ਕਰ ਸਕਦਾ ਹੈਂ ਕਿ ਲਗਭਗ 12 ਦਿਨ ਪਹਿਲਾਂ ਹੀ ਮੈਂ ਯਰੂਸ਼ਲਮ ਵਿਚ ਭਗਤੀ ਕਰਨ ਗਿਆ ਸੀ;+ 12 ਅਤੇ ਇਨ੍ਹਾਂ ਨੇ ਮੈਨੂੰ ਨਾ ਤਾਂ ਮੰਦਰ ਵਿਚ ਕਿਸੇ ਨਾਲ ਬਹਿਸ ਕਰਦੇ ਹੋਏ ਦੇਖਿਆ ਅਤੇ ਨਾ ਹੀ ਸਭਾ ਘਰਾਂ ਵਿਚ ਜਾਂ ਸ਼ਹਿਰ ਵਿਚ ਲੋਕਾਂ ਨੂੰ ਭੜਕਾਉਂਦੇ ਹੋਏ ਦੇਖਿਆ। 13 ਨਾਲੇ ਇਹ ਆਦਮੀ ਜਿਹੜੇ ਦੋਸ਼ ਹੁਣ ਮੇਰੇ ਉੱਤੇ ਲਾ ਰਹੇ ਹਨ, ਉਨ੍ਹਾਂ ਨੂੰ ਵੀ ਸੱਚ ਸਾਬਤ ਨਹੀਂ ਕਰ ਸਕਦੇ। 14 ਪਰ ਮੈਂ ਇਹ ਮੰਨਦਾ ਹਾਂ ਕਿ ਭਗਤੀ ਕਰਨ ਦੇ ਜਿਸ ਤਰੀਕੇ ਨੂੰ ਇਹ ਲੋਕ ਪੰਥ ਕਹਿ ਰਹੇ ਹਨ, ਉਸੇ ਤਰੀਕੇ ਅਨੁਸਾਰ ਮੈਂ ਆਪਣੇ ਪਿਉ-ਦਾਦਿਆਂ ਦੇ ਪਰਮੇਸ਼ੁਰ ਦੀ ਭਗਤੀ ਕਰਦਾ ਹਾਂ+ ਅਤੇ ਮੂਸਾ ਦੇ ਕਾਨੂੰਨ ਅਤੇ ਨਬੀਆਂ ਦੀਆਂ ਲਿਖਤਾਂ ਵਿਚ ਲਿਖੀਆਂ ਗੱਲਾਂ ਨੂੰ ਮੰਨਦਾ ਹਾਂ।+ 15 ਇਨ੍ਹਾਂ ਆਦਮੀਆਂ ਵਾਂਗ ਮੈਨੂੰ ਵੀ ਇਹ ਆਸ਼ਾ ਹੈ ਕਿ ਪਰਮੇਸ਼ੁਰ ਮਰ ਚੁੱਕੇ ਧਰਮੀ ਅਤੇ ਕੁਧਰਮੀ+ ਲੋਕਾਂ ਨੂੰ ਦੁਬਾਰਾ ਜੀਉਂਦਾ ਕਰੇਗਾ।+ 16 ਇਸ ਕਰਕੇ ਮੈਂ ਪਰਮੇਸ਼ੁਰ ਅਤੇ ਇਨਸਾਨਾਂ ਦੇ ਸਾਮ੍ਹਣੇ ਆਪਣੀ ਜ਼ਮੀਰ ਨੂੰ ਹਮੇਸ਼ਾ ਸਾਫ਼* ਰੱਖਣ ਦੀ ਕੋਸ਼ਿਸ਼ ਕਰਦਾ ਹਾਂ।+ 17 ਇਸ ਲਈ ਕਈ ਸਾਲਾਂ ਬਾਅਦ ਮੈਂ ਆਪਣੀ ਕੌਮ ਵਾਸਤੇ ਦਾਨ+ ਅਤੇ ਪਰਮੇਸ਼ੁਰ ਨੂੰ ਭੇਟਾਂ ਚੜ੍ਹਾਉਣ ਲਈ ਯਰੂਸ਼ਲਮ ਆਇਆ ਸੀ। 18 ਜਦੋਂ ਮੈਂ ਇਹ ਕੰਮ ਕਰ ਰਿਹਾ ਸਾਂ, ਉਦੋਂ ਇਨ੍ਹਾਂ ਨੇ ਮੈਨੂੰ ਮੰਦਰ ਵਿਚ ਦੇਖਿਆ ਸੀ ਅਤੇ ਉਸ ਵੇਲੇ ਮੈਂ ਰੀਤ ਅਨੁਸਾਰ ਸ਼ੁੱਧ ਸੀ।+ ਪਰ ਉਸ ਵੇਲੇ ਨਾ ਤਾਂ ਮੈਂ ਕਿਸੇ ਭੀੜ ਦੇ ਨਾਲ ਸੀ ਤੇ ਨਾ ਹੀ ਕੋਈ ਫ਼ਸਾਦ ਖੜ੍ਹਾ ਕਰ ਰਿਹਾ ਸੀ। ਪਰ ਉੱਥੇ ਏਸ਼ੀਆ ਜ਼ਿਲ੍ਹੇ ਦੇ ਕੁਝ ਯਹੂਦੀ ਸਨ, 19 ਜੇ ਉਨ੍ਹਾਂ ਨੇ ਮੇਰੇ ਖ਼ਿਲਾਫ਼ ਕੁਝ ਕਹਿਣਾ ਹੈ, ਤਾਂ ਉਨ੍ਹਾਂ ਨੂੰ ਇਸ ਵੇਲੇ ਤੇਰੇ ਸਾਮ੍ਹਣੇ ਹਾਜ਼ਰ ਹੋ ਕੇ ਮੇਰੇ ਉੱਤੇ ਦੋਸ਼ ਲਾਉਣੇ ਚਾਹੀਦੇ ਹਨ।+ 20 ਜਾਂ ਫਿਰ ਇੱਥੇ ਹਾਜ਼ਰ ਇਹ ਆਦਮੀ ਦੱਸਣ ਕਿ ਜਦੋਂ ਮੈਨੂੰ ਮਹਾਸਭਾ ਸਾਮ੍ਹਣੇ ਪੇਸ਼ ਕੀਤਾ ਗਿਆ ਸੀ, ਤਾਂ ਉਸ ਵੇਲੇ ਇਨ੍ਹਾਂ ਨੇ ਮੇਰੇ ਵਿਚ ਕੀ ਦੋਸ਼ ਪਾਇਆ ਸੀ, 21 ਸਿਵਾਇ ਇਕ ਗੱਲ ਦੇ ਜੋ ਮੈਂ ਇਨ੍ਹਾਂ ਸਾਮ੍ਹਣੇ ਉੱਚੀ ਆਵਾਜ਼ ਵਿਚ ਕਹੀ ਸੀ: ‘ਮਰੇ ਹੋਏ ਲੋਕਾਂ ਦੇ ਦੁਬਾਰਾ ਜੀਉਂਦਾ ਹੋਣ ਦੀ ਗੱਲ ਨੂੰ ਲੈ ਕੇ ਅੱਜ ਮੇਰੇ ਉੱਤੇ ਤੁਹਾਡੇ ਸਾਮ੍ਹਣੇ ਮੁਕੱਦਮਾ ਚਲਾਇਆ ਜਾ ਰਿਹਾ ਹੈ।’”+

22 ਪਰ ਫ਼ੇਲਿਕਸ ਨੂੰ “ਪ੍ਰਭੂ ਦੇ ਰਾਹ”+ ਬਾਰੇ ਸਹੀ ਜਾਣਕਾਰੀ ਸੀ, ਇਸ ਲਈ ਉਸ ਨੇ ਉਨ੍ਹਾਂ ਨੂੰ ਟਾਲਣ ਲਈ ਕਿਹਾ: “ਜਦੋਂ ਵੀ ਫ਼ੌਜ ਦਾ ਸੈਨਾਪਤੀ ਲੁਸੀਅਸ ਇੱਥੇ ਆਏਗਾ, ਉਦੋਂ ਮੈਂ ਤੁਹਾਡੇ ਇਨ੍ਹਾਂ ਮਸਲਿਆਂ ਨੂੰ ਨਜਿੱਠਾਂਗਾ।” 23 ਫਿਰ ਉਸ ਨੇ ਫ਼ੌਜੀ ਅਫ਼ਸਰ ਨੂੰ ਹੁਕਮ ਦਿੱਤਾ ਕਿ ਪੌਲੁਸ ਨੂੰ ਹਿਰਾਸਤ ਵਿਚ ਰੱਖਿਆ ਜਾਵੇ, ਪਰ ਉਸ ਨੂੰ ਕੁਝ ਖੁੱਲ੍ਹ ਦਿੱਤੀ ਜਾਵੇ ਅਤੇ ਉਸ ਦੇ ਦੋਸਤਾਂ-ਮਿੱਤਰਾਂ ਨੂੰ ਉਸ ਦੀ ਸੇਵਾ-ਟਹਿਲ ਕਰਨ ਤੋਂ ਨਾ ਰੋਕਿਆ ਜਾਵੇ।

24 ਕੁਝ ਦਿਨਾਂ ਬਾਅਦ ਫ਼ੇਲਿਕਸ ਆਪਣੀ ਯਹੂਦਣ ਪਤਨੀ ਦਰੂਸਿੱਲਾ ਨਾਲ ਆਇਆ ਅਤੇ ਉਸ ਨੇ ਪੌਲੁਸ ਨੂੰ ਸੱਦ ਕੇ ਉਸ ਤੋਂ ਮਸੀਹ ਯਿਸੂ ਉੱਤੇ ਨਿਹਚਾ ਕਰਨ ਬਾਰੇ ਸੁਣਿਆ।+ 25 ਪਰ ਜਦੋਂ ਪੌਲੁਸ ਨੇ ਧਾਰਮਿਕਤਾ,* ਸੰਜਮ ਅਤੇ ਅਗਾਹਾਂ ਹੋਣ ਵਾਲੇ ਨਿਆਂ ਬਾਰੇ ਗੱਲ ਕੀਤੀ,+ ਤਾਂ ਫ਼ੇਲਿਕਸ ਡਰ ਗਿਆ ਅਤੇ ਉਸ ਨੇ ਕਿਹਾ: “ਹੁਣ ਤੂੰ ਚਲਾ ਜਾਹ, ਫਿਰ ਜਦੋਂ ਮੈਨੂੰ ਸਮਾਂ ਮਿਲਿਆ, ਤਾਂ ਮੈਂ ਤੈਨੂੰ ਦੁਬਾਰਾ ਸੱਦਾਂਗਾ।” 26 ਉਸ ਵੇਲੇ ਉਹ ਪੌਲੁਸ ਤੋਂ ਰਿਸ਼ਵਤ ਦੀ ਆਸ ਰੱਖ ਰਿਹਾ ਸੀ। ਇਸੇ ਕਰਕੇ ਉਹ ਉਸ ਨੂੰ ਵਾਰ-ਵਾਰ ਬੁਲਾ ਕੇ ਉਸ ਨਾਲ ਗੱਲਾਂ ਕਰਦਾ ਸੀ। 27 ਪਰ ਦੋ ਸਾਲਾਂ ਬਾਅਦ ਫ਼ੇਲਿਕਸ ਦੀ ਜਗ੍ਹਾ ਪੁਰਕੀਅਸ ਫ਼ੇਸਤੁਸ ਰਾਜਪਾਲ ਬਣ ਗਿਆ; ਫ਼ੇਲਿਕਸ ਯਹੂਦੀਆਂ ਨੂੰ ਖ਼ੁਸ਼ ਕਰਨਾ ਚਾਹੁੰਦਾ ਸੀ,+ ਇਸ ਲਈ ਉਹ ਪੌਲੁਸ ਨੂੰ ਕੈਦ ਵਿਚ ਹੀ ਛੱਡ ਗਿਆ ਸੀ।

25 ਫਿਰ ਫ਼ੇਸਤੁਸ+ ਨੇ ਸੂਬੇ ਵਿਚ ਆ ਕੇ ਰਾਜਪਾਲ ਦਾ ਅਹੁਦਾ ਸੰਭਾਲਿਆ ਅਤੇ ਤਿੰਨਾਂ ਦਿਨਾਂ ਬਾਅਦ ਕੈਸਰੀਆ ਤੋਂ ਯਰੂਸ਼ਲਮ ਨੂੰ ਗਿਆ। 2 ਤਦ ਮੁੱਖ ਪੁਜਾਰੀਆਂ ਅਤੇ ਯਹੂਦੀਆਂ ਦੇ ਵੱਡੇ-ਵੱਡੇ ਬੰਦਿਆਂ ਨੇ ਉਸ ਨਾਲ ਪੌਲੁਸ ਦੇ ਖ਼ਿਲਾਫ਼ ਗੱਲ ਕੀਤੀ।+ ਉਹ ਬੰਦੇ ਫ਼ੇਸਤੁਸ ਨੂੰ ਬੇਨਤੀ ਕਰਨ ਲੱਗੇ ਕਿ 3 ਉਹ ਮਿਹਰਬਾਨੀ ਕਰ ਕੇ ਪੌਲੁਸ ਨੂੰ ਯਰੂਸ਼ਲਮ ਸੱਦ ਲਵੇ। ਪਰ ਉਨ੍ਹਾਂ ਨੇ ਪੌਲੁਸ ਨੂੰ ਰਾਹ ਵਿਚ ਹੀ ਘਾਤ ਲਾ ਕੇ ਜਾਨੋਂ ਮਾਰਨ ਦੀ ਯੋਜਨਾ ਬਣਾਈ ਹੋਈ ਸੀ।+ 4 ਪਰ ਫ਼ੇਸਤੁਸ ਨੇ ਜਵਾਬ ਦਿੱਤਾ ਕਿ ਪੌਲੁਸ ਨੂੰ ਕੈਸਰੀਆ ਵਿਚ ਹੀ ਰੱਖਿਆ ਜਾਵੇਗਾ ਅਤੇ ਉਹ ਆਪ ਵੀ ਛੇਤੀ ਉੱਥੇ ਵਾਪਸ ਜਾਵੇਗਾ। 5 ਉਸ ਨੇ ਕਿਹਾ: “ਜੇ ਇਸ ਬੰਦੇ ਨੇ ਵਾਕਈ ਕੋਈ ਗ਼ਲਤ ਕੰਮ ਕੀਤਾ ਹੈ, ਤਾਂ ਤੁਹਾਡੇ ਵਿੱਚੋਂ ਮੋਹਰੀ ਬੰਦੇ ਮੇਰੇ ਨਾਲ ਚੱਲ ਕੇ ਉਸ ਉੱਤੇ ਦੋਸ਼ ਲਾਉਣ।”+

6 ਇਸ ਲਈ ਫ਼ੇਸਤੁਸ ਉਨ੍ਹਾਂ ਵਿਚ ਅੱਠ-ਦਸ ਦਿਨ ਰਹਿ ਕੇ ਕੈਸਰੀਆ ਚਲਾ ਗਿਆ ਅਤੇ ਅਗਲੇ ਦਿਨ ਨਿਆਂ ਦੇ ਸਿੰਘਾਸਣ ʼਤੇ ਬੈਠ ਗਿਆ ਅਤੇ ਪੌਲੁਸ ਨੂੰ ਪੇਸ਼ ਕਰਨ ਦਾ ਹੁਕਮ ਦਿੱਤਾ। 7 ਜਦੋਂ ਪੌਲੁਸ ਪੇਸ਼ ਹੋਇਆ, ਤਾਂ ਯਰੂਸ਼ਲਮ ਤੋਂ ਆਏ ਯਹੂਦੀਆਂ ਨੇ ਉਸ ਦੇ ਆਲੇ-ਦੁਆਲੇ ਖੜ੍ਹੇ ਹੋ ਕੇ ਉਸ ਉੱਤੇ ਬਹੁਤ ਸਾਰੇ ਗੰਭੀਰ ਦੋਸ਼ ਲਾਏ ਜਿਨ੍ਹਾਂ ਦਾ ਉਹ ਕੋਈ ਸਬੂਤ ਨਾ ਦੇ ਸਕੇ।+

8 ਪਰ ਪੌਲੁਸ ਨੇ ਆਪਣੀ ਸਫ਼ਾਈ ਪੇਸ਼ ਕਰਦਿਆਂ ਕਿਹਾ: “ਮੈਂ ਨਾ ਤਾਂ ਯਹੂਦੀਆਂ ਦੇ ਕਾਨੂੰਨ ਦੇ ਖ਼ਿਲਾਫ਼, ਨਾ ਮੰਦਰ ਦੇ ਖ਼ਿਲਾਫ਼ ਅਤੇ ਨਾ ਹੀ ਸਮਰਾਟ* ਦੇ ਖ਼ਿਲਾਫ਼ ਕੋਈ ਪਾਪ ਕੀਤਾ ਹੈ।”+ 9 ਫ਼ੇਸਤੁਸ ਯਹੂਦੀਆਂ ਨੂੰ ਖ਼ੁਸ਼ ਕਰਨਾ ਚਾਹੁੰਦਾ ਸੀ,+ ਇਸ ਲਈ ਉਸ ਨੇ ਪੌਲੁਸ ਨੂੰ ਪੁੱਛਿਆ: “ਕੀ ਤੂੰ ਯਰੂਸ਼ਲਮ ਜਾਣਾ ਚਾਹੁੰਦਾ ਹੈਂ ਤਾਂਕਿ ਉੱਥੇ ਮੇਰੀ ਹਾਜ਼ਰੀ ਵਿਚ ਇਨ੍ਹਾਂ ਮਸਲਿਆਂ ਬਾਰੇ ਤੇਰਾ ਨਿਆਂ ਕੀਤਾ ਜਾਵੇ?” 10 ਪਰ ਪੌਲੁਸ ਨੇ ਕਿਹਾ: “ਮੈਂ ਸਮਰਾਟ ਦੇ ਨਿਆਂ ਦੇ ਸਿੰਘਾਸਣ ਸਾਮ੍ਹਣੇ ਖੜ੍ਹਾ ਹਾਂ, ਇਸ ਲਈ ਇੱਥੇ ਹੀ ਮੇਰਾ ਨਿਆਂ ਕੀਤਾ ਜਾਣਾ ਚਾਹੀਦਾ ਹੈ। ਮੈਂ ਯਹੂਦੀਆਂ ਦਾ ਕੁਝ ਨਹੀਂ ਵਿਗਾੜਿਆ ਜਿਵੇਂ ਕਿ ਤੈਨੂੰ ਵੀ ਚੰਗੀ ਤਰ੍ਹਾਂ ਪਤਾ ਲੱਗ ਰਿਹਾ ਹੈ। 11 ਜੇ ਮੈਂ ਸੱਚੀਂ ਗੁਨਾਹਗਾਰ ਹਾਂ ਅਤੇ ਵਾਕਈ ਮੌਤ ਦੀ ਸਜ਼ਾ ਦੇ ਲਾਇਕ ਕੋਈ ਕੰਮ ਕੀਤਾ ਹੈ,+ ਤਾਂ ਮੈਂ ਮਰਨ ਤੋਂ ਨਹੀਂ ਡਰਦਾ; ਪਰ ਜੇ ਇਨ੍ਹਾਂ ਆਦਮੀਆਂ ਵੱਲੋਂ ਮੇਰੇ ਉੱਤੇ ਲਾਏ ਦੋਸ਼ ਸੱਚੇ ਨਹੀਂ ਹਨ, ਤਾਂ ਕਿਸੇ ਕੋਲ ਵੀ ਇਹ ਹੱਕ ਨਹੀਂ ਕਿ ਉਹ ਇਨ੍ਹਾਂ ਨੂੰ ਖ਼ੁਸ਼ ਕਰਨ ਲਈ ਮੈਨੂੰ ਇਨ੍ਹਾਂ ਦੇ ਹਵਾਲੇ ਕਰੇ। ਮੈਂ ਸਮਰਾਟ ਨੂੰ ਫ਼ਰਿਆਦ ਕਰਦਾ ਹਾਂ!”+ 12 ਫਿਰ ਫ਼ੇਸਤੁਸ ਨੇ ਆਪਣੇ ਸਲਾਹਕਾਰਾਂ ਨਾਲ ਗੱਲ ਕਰ ਕੇ ਕਿਹਾ: “ਤੂੰ ਸਮਰਾਟ* ਨੂੰ ਫ਼ਰਿਆਦ ਕੀਤੀ ਹੈ; ਤੂੰ ਸਮਰਾਟ ਕੋਲ ਹੀ ਜਾਵੇਂਗਾ।”

13 ਫਿਰ ਕੁਝ ਦਿਨਾਂ ਬਾਅਦ ਰਾਜਾ ਅਗ੍ਰਿੱਪਾ ਅਤੇ ਬਰਨੀਕੇ ਫ਼ੇਸਤੁਸ ਦੇ ਦਰਸ਼ਣ ਕਰਨ ਲਈ ਕੈਸਰੀਆ ਆਏ। 14 ਉਨ੍ਹਾਂ ਨੇ ਉੱਥੇ ਕਈ ਦਿਨ ਰਹਿਣਾ ਸੀ, ਇਸ ਲਈ ਫ਼ੇਸਤੁਸ ਨੇ ਰਾਜੇ ਨਾਲ ਪੌਲੁਸ ਦੇ ਮੁਕੱਦਮੇ ਬਾਰੇ ਗੱਲ ਕਰਦਿਆਂ ਕਿਹਾ:

“ਫ਼ੇਲਿਕਸ ਇਕ ਆਦਮੀ ਨੂੰ ਕੈਦ ਵਿਚ ਛੱਡ ਗਿਆ ਸੀ 15 ਅਤੇ ਜਦੋਂ ਮੈਂ ਯਰੂਸ਼ਲਮ ਵਿਚ ਸੀ, ਤਾਂ ਮੁੱਖ ਪੁਜਾਰੀਆਂ ਅਤੇ ਯਹੂਦੀਆਂ ਦੇ ਬਜ਼ੁਰਗਾਂ ਨੇ ਮੇਰੇ ਨਾਲ ਉਸ ਬਾਰੇ ਗੱਲ ਕੀਤੀ ਸੀ+ ਅਤੇ ਉਨ੍ਹਾਂ ਨੇ ਬੇਨਤੀ ਕੀਤੀ ਕਿ ਮੈਂ ਉਸ ਨੂੰ ਸਜ਼ਾ ਦਾ ਹੁਕਮ ਸੁਣਾਵਾਂ। 16 ਪਰ ਮੈਂ ਉਨ੍ਹਾਂ ਨੂੰ ਕਿਹਾ ਕਿ ਰੋਮੀ ਕਾਨੂੰਨ ਮੁਤਾਬਕ ਜਦੋਂ ਤਕ ਦੋਸ਼ੀ ਨੂੰ ਦੋਸ਼ ਲਾਉਣ ਵਾਲਿਆਂ ਦੀ ਹਾਜ਼ਰੀ ਵਿਚ ਆਪਣੀ ਸਫ਼ਾਈ ਪੇਸ਼ ਕਰਨ ਦਾ ਮੌਕਾ ਨਹੀਂ ਦਿੱਤਾ ਜਾਂਦਾ, ਉਦੋਂ ਤਕ ਦੋਸ਼ੀ ਨੂੰ ਉਨ੍ਹਾਂ ਦੇ ਹਵਾਲੇ ਨਹੀਂ ਕੀਤਾ ਜਾਂਦਾ।+ 17 ਇਸ ਲਈ ਜਦੋਂ ਉਹ ਇੱਥੇ ਆਏ, ਤਾਂ ਮੈਂ ਬਿਨਾਂ ਦੇਰ ਕੀਤੇ ਅਗਲੇ ਹੀ ਦਿਨ ਨਿਆਂ ਦੇ ਸਿੰਘਾਸਣ ਉੱਤੇ ਬੈਠ ਗਿਆ ਅਤੇ ਉਸ ਕੈਦੀ ਨੂੰ ਪੇਸ਼ ਕਰਨ ਦਾ ਹੁਕਮ ਦਿੱਤਾ। 18 ਦੋਸ਼ ਲਾਉਣ ਵਾਲਿਆਂ ਨੇ ਖੜ੍ਹੇ ਹੋ ਕੇ ਉਸ ਉੱਤੇ ਅਜਿਹੇ ਕਿਸੇ ਬੁਰੇ ਕੰਮ ਦਾ ਦੋਸ਼ ਨਹੀਂ ਲਾਇਆ ਜਿਸ ਦੀ ਮੈਨੂੰ ਉਮੀਦ ਸੀ।+ 19 ਉਹ ਆਪਣੇ ਈਸ਼ਵਰ ਦੀ ਭਗਤੀ*+ ਅਤੇ ਯਿਸੂ ਨਾਂ ਦੇ ਇਕ ਆਦਮੀ ਦੇ ਸੰਬੰਧ ਵਿਚ ਪੌਲੁਸ ਨਾਲ ਝਗੜ ਰਹੇ ਹਨ। ਇਹ ਯਿਸੂ ਮਰ ਚੁੱਕਾ ਹੈ, ਪਰ ਪੌਲੁਸ ਕਹਿ ਰਿਹਾ ਹੈ ਕਿ ਉਹ ਜੀਉਂਦਾ ਹੈ।+ 20 ਮੈਨੂੰ ਪਤਾ ਨਹੀਂ ਲੱਗ ਰਿਹਾ ਸੀ ਕਿ ਇਨ੍ਹਾਂ ਮਸਲਿਆਂ ਨੂੰ ਕਿਵੇਂ ਹੱਲ ਕੀਤਾ ਜਾਵੇ, ਇਸ ਲਈ ਮੈਂ ਉਸ ਨੂੰ ਪੁੱਛਿਆ ਕਿ ਕੀ ਉਹ ਯਰੂਸ਼ਲਮ ਜਾਣਾ ਚਾਹੁੰਦਾ ਹੈ ਤਾਂਕਿ ਉੱਥੇ ਇਨ੍ਹਾਂ ਮਸਲਿਆਂ ਬਾਰੇ ਉਸ ਦਾ ਨਿਆਂ ਕੀਤਾ ਜਾਵੇ।+ 21 ਪਰ ਪੌਲੁਸ ਨੇ ਬੇਨਤੀ ਕੀਤੀ ਕਿ ਸਮਰਾਟ* ਦਾ ਫ਼ੈਸਲਾ ਮਿਲ ਜਾਣ ਤਕ ਉਸ ਨੂੰ ਹਿਰਾਸਤ ਵਿਚ ਰੱਖਿਆ ਜਾਵੇ।+ ਇਸ ਲਈ ਮੈਂ ਉਸ ਨੂੰ ਉਦੋਂ ਤਕ ਹਿਰਾਸਤ ਵਿਚ ਰੱਖਣ ਦਾ ਹੁਕਮ ਦਿੱਤਾ ਹੈ ਜਦ ਤਕ ਮੈਂ ਉਸ ਨੂੰ ਸਮਰਾਟ ਦੇ ਸਾਮ੍ਹਣੇ ਪੇਸ਼ ਹੋਣ ਲਈ ਨਹੀਂ ਘੱਲ ਦਿੰਦਾ।”

22 ਫਿਰ ਅਗ੍ਰਿੱਪਾ ਨੇ ਫ਼ੇਸਤੁਸ ਨੂੰ ਕਿਹਾ: “ਮੈਂ ਆਪ ਉਸ ਆਦਮੀ ਦੀ ਗੱਲ ਸੁਣਨੀ ਚਾਹਾਂਗਾ।”+ ਫ਼ੇਸਤੁਸ ਨੇ ਕਿਹਾ: “ਕੱਲ੍ਹ ਨੂੰ ਤੂੰ ਉਸ ਆਦਮੀ ਦੀ ਗੱਲ ਸੁਣ ਲਵੀਂ।” 23 ਇਸ ਲਈ ਅਗਲੇ ਦਿਨ ਅਗ੍ਰਿੱਪਾ ਅਤੇ ਬਰਨੀਕੇ ਬੜੀ ਠਾਠ-ਬਾਠ ਨਾਲ ਦਰਬਾਰ ਵਿਚ ਆਏ ਅਤੇ ਉਨ੍ਹਾਂ ਨਾਲ ਫ਼ੌਜ ਦੇ ਸੈਨਾਪਤੀ ਅਤੇ ਸ਼ਹਿਰ ਦੇ ਮੰਨੇ-ਪ੍ਰਮੰਨੇ ਆਦਮੀ ਵੀ ਸਨ; ਫ਼ੇਸਤੁਸ ਦੇ ਹੁਕਮ ʼਤੇ ਪੌਲੁਸ ਨੂੰ ਪੇਸ਼ ਕੀਤਾ ਗਿਆ। 24 ਫ਼ੇਸਤੁਸ ਨੇ ਕਿਹਾ: “ਹੇ ਰਾਜਾ ਅਗ੍ਰਿੱਪਾ ਅਤੇ ਇੱਥੇ ਸਾਡੇ ਨਾਲ ਹਾਜ਼ਰ ਸਾਰੇ ਲੋਕੋ, ਤੁਸੀਂ ਇਸ ਆਦਮੀ ਨੂੰ ਦੇਖ ਰਹੇ ਹੋ ਜਿਸ ਦੇ ਖ਼ਿਲਾਫ਼ ਯਰੂਸ਼ਲਮ ਵਿਚ ਅਤੇ ਇੱਥੇ ਵੀ ਸਾਰੇ ਯਹੂਦੀਆਂ ਨੇ ਉੱਚੀ-ਉੱਚੀ ਰੌਲ਼ਾ ਪਾ ਕੇ ਮੇਰੇ ਤੋਂ ਮੰਗ ਕੀਤੀ ਹੈ ਕਿ ਇਸ ਆਦਮੀ ਨੂੰ ਮਾਰ ਦਿੱਤਾ ਜਾਵੇ।+ 25 ਪਰ ਮੈਂ ਦੇਖਿਆ ਹੈ ਕਿ ਇਸ ਨੇ ਮੌਤ ਦੀ ਸਜ਼ਾ ਦੇ ਲਾਇਕ ਕੋਈ ਕੰਮ ਨਹੀਂ ਕੀਤਾ।+ ਇਸ ਲਈ ਜਦੋਂ ਇਸ ਨੇ ਸਮਰਾਟ ਅੱਗੇ ਫ਼ਰਿਆਦ ਕੀਤੀ, ਤਾਂ ਮੈਂ ਇਸ ਨੂੰ ਸਮਰਾਟ ਕੋਲ ਘੱਲਣ ਦਾ ਫ਼ੈਸਲਾ ਕੀਤਾ। 26 ਪਰ ਇਸ ਆਦਮੀ ਬਾਰੇ ਸਮਰਾਟ* ਨੂੰ ਲਿਖਣ ਲਈ ਮੇਰੇ ਕੋਲ ਕੁਝ ਨਹੀਂ ਹੈ। ਇਸ ਲਈ ਮੈਂ ਇਸ ਨੂੰ ਤੁਹਾਡੇ ਸਾਰਿਆਂ ਸਾਮ੍ਹਣੇ, ਖ਼ਾਸ ਕਰਕੇ ਰਾਜਾ ਅਗ੍ਰਿੱਪਾ ਤੇਰੇ ਸਾਮ੍ਹਣੇ ਪੇਸ਼ ਕੀਤਾ ਕਿ ਕਾਨੂੰਨੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਮੈਂ ਇਸ ਬਾਰੇ ਕੁਝ ਲਿਖ ਸਕਾਂ। 27 ਕਿਉਂਕਿ ਮੈਨੂੰ ਇਹ ਠੀਕ ਨਹੀਂ ਲੱਗਦਾ ਕਿ ਮੈਂ ਇਕ ਕੈਦੀ ਨੂੰ ਰੋਮ ਵਿਚ ਤਾਂ ਘੱਲਾਂ, ਪਰ ਇਸ ਦੇ ਦੋਸ਼ ਨਾ ਲਿਖਾਂ।”

26 ਅਗ੍ਰਿੱਪਾ+ ਨੇ ਪੌਲੁਸ ਨੂੰ ਕਿਹਾ: “ਤੈਨੂੰ ਆਪਣੀ ਸਫ਼ਾਈ ਵਿਚ ਬੋਲਣ ਦੀ ਇਜਾਜ਼ਤ ਹੈ।” ਫਿਰ ਪੌਲੁਸ ਨੇ ਆਪਣਾ ਹੱਥ ਚੁੱਕ ਕੇ ਕਹਿਣਾ ਸ਼ੁਰੂ ਕੀਤਾ:

2 “ਰਾਜਾ ਅਗ੍ਰਿੱਪਾ, ਮੈਂ ਇਸ ਗੱਲੋਂ ਖ਼ੁਸ਼ ਹਾਂ ਕਿ ਜਿਨ੍ਹਾਂ ਸਾਰੀਆਂ ਗੱਲਾਂ ਸੰਬੰਧੀ ਯਹੂਦੀਆਂ ਨੇ ਮੇਰੇ ਉੱਤੇ ਦੋਸ਼ ਲਾਇਆ ਹੈ,+ ਮੈਂ ਉਨ੍ਹਾਂ ਬਾਰੇ ਅੱਜ ਤੇਰੇ ਸਾਮ੍ਹਣੇ ਆਪਣੀ ਸਫ਼ਾਈ ਦੇ ਰਿਹਾ ਹਾਂ, 3 ਖ਼ਾਸ ਕਰਕੇ ਇਸ ਲਈ ਕਿ ਤੂੰ ਯਹੂਦੀਆਂ ਦੇ ਸਾਰੇ ਰੀਤੀ-ਰਿਵਾਜਾਂ ਅਤੇ ਉਨ੍ਹਾਂ ਦੇ ਝਗੜਿਆਂ ਨੂੰ ਚੰਗੀ ਤਰ੍ਹਾਂ ਜਾਣਦਾ ਹੈਂ। ਇਸ ਲਈ ਮੈਂ ਬੇਨਤੀ ਕਰਦਾ ਹਾਂ ਕਿ ਤੂੰ ਮੇਰੀ ਗੱਲ ਧੀਰਜ ਨਾਲ ਸੁਣੀਂ।

4 “ਸਾਰੇ ਯਹੂਦੀ ਚੰਗੀ ਤਰ੍ਹਾਂ ਜਾਣਦੇ ਹਨ ਕਿ ਮੈਂ ਆਪਣੀ ਜਵਾਨੀ ਤੋਂ ਆਪਣੇ ਲੋਕਾਂ ਵਿਚ ਅਤੇ ਯਰੂਸ਼ਲਮ ਵਿਚ ਰਹਿੰਦਿਆਂ ਕਿਹੋ ਜਿਹੀ ਜ਼ਿੰਦਗੀ ਜੀਉਂਦਾ ਸੀ।+ 5 ਇਹ ਯਹੂਦੀ ਮੈਨੂੰ ਪਹਿਲਾਂ ਤੋਂ ਹੀ ਜਾਣਦੇ ਹਨ ਅਤੇ ਜੇ ਇਹ ਚਾਹੁਣ, ਤਾਂ ਇਹ ਇਸ ਗੱਲ ਦੀ ਗਵਾਹੀ ਦੇ ਸਕਦੇ ਹਨ ਕਿ ਮੈਂ ਆਪਣੇ ਧਰਮ ਦੇ ਸਭ ਤੋਂ ਕੱਟੜ ਪੰਥ ਅਨੁਸਾਰ ਫ਼ਰੀਸੀ ਦੇ ਤੌਰ ਤੇ+ ਭਗਤੀ ਕਰਦਾ ਸੀ।+ 6 ਪਰ ਹੁਣ ਮੇਰੇ ਉੱਤੇ ਉਸ ਉਮੀਦ ਕਰਕੇ ਮੁਕੱਦਮਾ ਚਲਾਇਆ ਜਾ ਰਿਹਾ ਹੈ ਜਿਸ ਦਾ ਵਾਅਦਾ ਪਰਮੇਸ਼ੁਰ ਨੇ ਸਾਡੇ ਪਿਉ-ਦਾਦਿਆਂ ਨਾਲ ਕੀਤਾ ਸੀ;+ 7 ਸਾਡੇ 12 ਗੋਤ ਵੀ ਇਸੇ ਵਾਅਦੇ ਦੇ ਪੂਰਾ ਹੋਣ ਦੀ ਉਮੀਦ ਰੱਖਦੇ ਹਨ, ਇਸ ਲਈ ਉਹ ਵੱਡੇ ਜਤਨ ਨਾਲ ਦਿਨ-ਰਾਤ ਭਗਤੀ ਕਰਦੇ ਹਨ। ਹੇ ਮਹਾਰਾਜ, ਯਹੂਦੀਆਂ ਨੇ ਮੇਰੇ ਉੱਤੇ ਇਸੇ ਵਾਅਦੇ ਕਰਕੇ ਦੋਸ਼ ਲਾਇਆ ਹੈ।+

8 “ਤੁਹਾਨੂੰ ਇਸ ਗੱਲ ʼਤੇ ਵਿਸ਼ਵਾਸ ਕਰਨਾ ਕਿਉਂ ਮੁਸ਼ਕਲ ਲੱਗਦਾ ਹੈ ਕਿ ਪਰਮੇਸ਼ੁਰ ਮਰੇ ਹੋਇਆਂ ਨੂੰ ਜੀਉਂਦਾ ਕਰਦਾ ਹੈ? 9 ਮੈਂ ਇਹ ਦਿਲੋਂ ਮੰਨਦਾ ਹੁੰਦਾ ਸੀ ਕਿ ਮੈਨੂੰ ਯਿਸੂ ਨਾਸਰੀ ਦੇ ਨਾਂ ਦੇ ਵਿਰੁੱਧ ਬਹੁਤ ਕੁਝ ਕਰਨਾ ਚਾਹੀਦਾ ਸੀ। 10 ਮੈਂ ਯਰੂਸ਼ਲਮ ਵਿਚ ਇਸੇ ਤਰ੍ਹਾਂ ਕੀਤਾ ਅਤੇ ਮੁੱਖ ਪੁਜਾਰੀਆਂ ਵੱਲੋਂ ਦਿੱਤੇ ਅਧਿਕਾਰ ਨੂੰ ਵਰਤ ਕੇ+ ਬਹੁਤ ਸਾਰੇ ਪਵਿੱਤਰ ਸੇਵਕਾਂ ਨੂੰ ਜੇਲ੍ਹ ਵਿਚ ਸੁੱਟ ਦਿੱਤਾ।+ ਜਦੋਂ ਉਨ੍ਹਾਂ ਨੂੰ ਜਾਨੋਂ ਮਾਰਨ ਦਾ ਫ਼ੈਸਲਾ ਕਰਨਾ ਹੁੰਦਾ ਸੀ, ਤਾਂ ਮੈਂ ਵੀ ਸਹਿਮਤ ਹੁੰਦਾ ਸੀ। 11 ਮੈਂ ਸਾਰੇ ਸਭਾ ਘਰਾਂ ਵਿਚ ਉਨ੍ਹਾਂ ਨੂੰ ਕਈ ਵਾਰ ਸਜ਼ਾ ਦੇ ਕੇ ਮਜਬੂਰ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹ ਮਸੀਹ ਨੂੰ ਤਿਆਗ ਦੇਣ। ਮੈਂ ਉਨ੍ਹਾਂ ਉੱਤੇ ਇੰਨਾ ਕ੍ਰੋਧਵਾਨ ਸੀ ਕਿ ਮੈਂ ਦੂਸਰੇ ਸ਼ਹਿਰਾਂ ਵਿਚ ਵੀ ਜਾ ਕੇ ਉਨ੍ਹਾਂ ਉੱਤੇ ਅਤਿਆਚਾਰ ਕਰਦਾ ਸੀ।

12 “ਇਸੇ ਮਕਸਦ ਨਾਲ ਮੈਂ ਮੁੱਖ ਪੁਜਾਰੀਆਂ ਤੋਂ ਅਧਿਕਾਰ ਅਤੇ ਹੁਕਮ ਲੈ ਕੇ ਦਮਿਸਕ ਨੂੰ ਤੁਰ ਪਿਆ। 13 ਹੇ ਮਹਾਰਾਜ, ਮੈਂ ਰਾਹ ਵਿਚ ਸਿਖਰ ਦੁਪਹਿਰੇ ਆਪਣੇ ਆਲੇ-ਦੁਆਲੇ ਅਤੇ ਮੇਰੇ ਨਾਲ ਸਫ਼ਰ ਕਰ ਰਹੇ ਬੰਦਿਆਂ ਦੇ ਆਲੇ-ਦੁਆਲੇ ਸੂਰਜ ਤੋਂ ਵੀ ਤੇਜ਼ ਰੌਸ਼ਨੀ ਆਕਾਸ਼ੋਂ ਚਮਕਦੀ ਦੇਖੀ।+ 14 ਜਦੋਂ ਅਸੀਂ ਸਾਰੇ ਜ਼ਮੀਨ ਉੱਤੇ ਡਿਗ ਪਏ, ਤਾਂ ਇਕ ਆਵਾਜ਼ ਨੇ ਮੈਨੂੰ ਇਬਰਾਨੀ ਭਾਸ਼ਾ ਵਿਚ ਇਹ ਕਿਹਾ: ‘ਸੌਲੁਸ, ਸੌਲੁਸ, ਤੂੰ ਕਿਉਂ ਮੇਰੇ ਉੱਤੇ ਜ਼ੁਲਮ ਕਰਦਾ ਹੈਂ? ਪਰਮੇਸ਼ੁਰ ਦੇ ਕੰਮ ਦਾ ਵਿਰੋਧ ਕਰ ਕੇ* ਤੂੰ ਆਪਣਾ ਹੀ ਨੁਕਸਾਨ ਕਰ ਰਿਹਾ ਹੈਂ।’ 15 ਪਰ ਮੈਂ ਪੁੱਛਿਆ: ‘ਪ੍ਰਭੂ, ਤੂੰ ਕੌਣ ਹੈਂ?’ ਅਤੇ ਪ੍ਰਭੂ ਨੇ ਕਿਹਾ, ‘ਮੈਂ ਯਿਸੂ ਹਾਂ ਜਿਸ ਉੱਤੇ ਤੂੰ ਜ਼ੁਲਮ ਕਰਦਾ ਹੈਂ। 16 ਹੁਣ ਉੱਠ ਕੇ ਆਪਣੇ ਪੈਰਾਂ ʼਤੇ ਖੜ੍ਹਾ ਹੋ ਜਾਹ। ਮੈਂ ਇਸ ਕਰਕੇ ਤੇਰੇ ਸਾਮ੍ਹਣੇ ਪ੍ਰਗਟ ਹੋਇਆ ਹਾਂ ਕਿ ਮੈਂ ਤੈਨੂੰ ਆਪਣਾ ਸੇਵਕ ਅਤੇ ਗਵਾਹ ਚੁਣਾਂ ਤਾਂਕਿ ਤੂੰ ਉਨ੍ਹਾਂ ਸਾਰੀਆਂ ਗੱਲਾਂ ਦਾ ਐਲਾਨ ਕਰੇਂ ਜੋ ਤੂੰ ਦੇਖੀਆਂ ਹਨ ਅਤੇ ਜਿਹੜੀਆਂ ਮੈਂ ਤੈਨੂੰ ਆਪਣੇ ਬਾਰੇ ਦਿਖਾਵਾਂਗਾ।+ 17 ਮੈਂ ਤੈਨੂੰ ਯਹੂਦੀਆਂ ਤੋਂ ਅਤੇ ਗ਼ੈਰ-ਯਹੂਦੀਆਂ ਤੋਂ ਬਚਾਵਾਂਗਾ ਜਿਨ੍ਹਾਂ ਕੋਲ ਮੈਂ ਤੈਨੂੰ ਘੱਲ ਰਿਹਾ ਹਾਂ+ 18 ਤਾਂਕਿ ਤੂੰ ਉਨ੍ਹਾਂ ਦੀਆਂ ਅੱਖਾਂ ਖੋਲ੍ਹੇਂ+ ਅਤੇ ਉਨ੍ਹਾਂ ਨੂੰ ਹਨੇਰੇ ਵਿੱਚੋਂ ਕੱਢ ਕੇ+ ਚਾਨਣ ਵਿਚ ਲਿਆਵੇਂ+ ਅਤੇ ਸ਼ੈਤਾਨ ਦੇ ਵੱਸ ਵਿੱਚੋਂ ਛੁਡਾ ਕੇ+ ਪਰਮੇਸ਼ੁਰ ਕੋਲ ਲਿਆਵੇਂ। ਫਿਰ ਮੇਰੇ ਉੱਤੇ ਨਿਹਚਾ ਕਰਨ ਕਰਕੇ ਉਨ੍ਹਾਂ ਨੂੰ ਆਪਣੇ ਪਾਪਾਂ ਦੀ ਮਾਫ਼ੀ ਮਿਲੇਗੀ+ ਅਤੇ ਹੋਰ ਪਵਿੱਤਰ ਸੇਵਕਾਂ ਦੇ ਨਾਲ ਉਨ੍ਹਾਂ ਨੂੰ ਵੀ ਵਿਰਾਸਤ ਮਿਲੇਗੀ।’

19 “ਇਸ ਕਰਕੇ ਹੇ ਰਾਜਾ ਅਗ੍ਰਿੱਪਾ, ਮੈਂ ਇਸ ਸਵਰਗੀ ਦਰਸ਼ਣ ਵਿਚ ਮਿਲੀ ਆਗਿਆ ਦੀ ਉਲੰਘਣਾ ਨਹੀਂ ਕੀਤੀ, 20 ਪਰ ਮੈਂ ਜਾ ਕੇ ਪਹਿਲਾਂ ਦਮਿਸਕ+ ਦੇ ਲੋਕਾਂ ਨੂੰ ਤੇ ਫਿਰ ਯਰੂਸ਼ਲਮ+ ਅਤੇ ਯਹੂਦਿਯਾ ਦੇ ਪੂਰੇ ਇਲਾਕੇ ਵਿਚ ਰਹਿਣ ਵਾਲੇ ਲੋਕਾਂ ਨੂੰ ਅਤੇ ਗ਼ੈਰ-ਯਹੂਦੀਆਂ ਨੂੰ ਸੰਦੇਸ਼ ਦਿੱਤਾ ਕਿ ਉਹ ਤੋਬਾ ਕਰਨ ਅਤੇ ਆਪਣੇ ਕੰਮਾਂ ਰਾਹੀਂ ਤੋਬਾ ਦਾ ਸਬੂਤ ਦੇ ਕੇ ਪਰਮੇਸ਼ੁਰ ਵੱਲ ਮੁੜਨ।+ 21 ਇਸੇ ਕਾਰਨ ਯਹੂਦੀਆਂ ਨੇ ਮੰਦਰ ਵਿਚ ਮੈਨੂੰ ਫੜ ਕੇ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ।+ 22 ਪਰ ਪਰਮੇਸ਼ੁਰ ਦੀ ਮਦਦ ਨਾਲ ਮੈਂ ਹੁਣ ਤਕ ਛੋਟੇ-ਵੱਡੇ ਸਾਰਿਆਂ ਨੂੰ ਗਵਾਹੀ ਦੇ ਰਿਹਾ ਹਾਂ। ਪਰ ਮੈਂ ਉਨ੍ਹਾਂ ਗੱਲਾਂ ਦੀ ਹੀ ਗਵਾਹੀ ਦੇ ਰਿਹਾ ਹਾਂ ਜਿਨ੍ਹਾਂ ਦੇ ਹੋਣ ਬਾਰੇ ਨਬੀਆਂ ਦੀਆਂ ਲਿਖਤਾਂ ਅਤੇ ਮੂਸਾ ਦੇ ਕਾਨੂੰਨ ਵਿਚ ਲਿਖਿਆ ਹੋਇਆ ਹੈ,+ 23 ਯਾਨੀ ਮਸੀਹ ਨੂੰ ਦੁੱਖ ਝੱਲਣਾ ਪਵੇਗਾ,+ ਉਹ ਪਹਿਲਾ ਇਨਸਾਨ ਹੋਵੇਗਾ ਜਿਸ ਨੂੰ ਮਰੇ ਹੋਇਆਂ ਵਿੱਚੋਂ ਜੀਉਂਦਾ ਕੀਤਾ ਜਾਵੇਗਾ+ ਤੇ ਉਹ ਪ੍ਰਚਾਰ ਕਰ ਕੇ ਯਹੂਦੀ ਅਤੇ ਗ਼ੈਰ-ਯਹੂਦੀ ਲੋਕਾਂ ਵਿਚ ਚਾਨਣ ਫੈਲਾਏਗਾ।”+

24 ਜਦੋਂ ਪੌਲੁਸ ਆਪਣੀ ਸਫ਼ਾਈ ਵਿਚ ਇਹ ਗੱਲਾਂ ਕਹਿ ਰਿਹਾ ਸੀ, ਤਾਂ ਫ਼ੇਸਤੁਸ ਨੇ ਉੱਚੀ ਆਵਾਜ਼ ਵਿਚ ਕਿਹਾ: “ਪੌਲੁਸ, ਤੂੰ ਪਾਗਲ ਹੋ ਗਿਆ ਹੈਂ! ਬਹੁਤੇ ਗਿਆਨ ਨੇ ਤੈਨੂੰ ਪਾਗਲ ਕਰ ਦਿੱਤਾ ਹੈ!” 25 ਪਰ ਪੌਲੁਸ ਨੇ ਕਿਹਾ: “ਹਜ਼ੂਰ ਫ਼ੇਸਤੁਸ, ਮੈਂ ਪਾਗਲ ਨਹੀਂ ਹਾਂ, ਸਗੋਂ ਮੈਂ ਸੱਚਾਈ ਦੀਆਂ ਅਤੇ ਸਮਝਦਾਰੀ ਦੀਆਂ ਗੱਲਾਂ ਦੱਸ ਰਿਹਾ ਹਾਂ। 26 ਅਸਲ ਵਿਚ, ਰਾਜਾ ਅਗ੍ਰਿੱਪਾ ਜਿਸ ਨਾਲ ਮੈਂ ਬੇਝਿਜਕ ਹੋ ਕੇ ਗੱਲ ਕਰ ਰਿਹਾ ਹਾਂ, ਇਨ੍ਹਾਂ ਗੱਲਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ; ਮੈਨੂੰ ਪੂਰਾ ਯਕੀਨ ਹੈ ਕਿ ਇਨ੍ਹਾਂ ਵਿੱਚੋਂ ਕੋਈ ਵੀ ਗੱਲ ਉਸ ਤੋਂ ਲੁਕੀ ਹੋਈ ਨਹੀਂ ਹੈ ਕਿਉਂਕਿ ਇਹ ਗੱਲਾਂ ਲੁਕ-ਛਿਪ ਕੇ ਨਹੀਂ ਕੀਤੀਆਂ ਗਈਆਂ।+ 27 ਰਾਜਾ ਅਗ੍ਰਿੱਪਾ, ਕੀ ਤੂੰ ਨਬੀਆਂ ਉੱਤੇ ਵਿਸ਼ਵਾਸ ਕਰਦਾ ਹੈਂ? ਮੈਂ ਜਾਣਦਾ ਹਾਂ ਕਿ ਤੂੰ ਵਿਸ਼ਵਾਸ ਕਰਦਾ ਹੈਂ।” 28 ਪਰ ਅਗ੍ਰਿੱਪਾ ਨੇ ਪੌਲੁਸ ਨੂੰ ਕਿਹਾ: “ਮੈਨੂੰ ਤਾਂ ਲੱਗਦਾ ਕਿ ਥੋੜ੍ਹੇ ਹੀ ਸਮੇਂ ਵਿਚ ਤੂੰ ਆਪਣੀਆਂ ਦਲੀਲਾਂ ਨਾਲ ਮੈਨੂੰ ਵੀ ਕਾਇਲ ਕਰ ਕੇ ਮਸੀਹੀ ਬਣਾ ਦੇਵੇਂਗਾ।” 29 ਇਹ ਸੁਣ ਕੇ ਪੌਲੁਸ ਨੇ ਕਿਹਾ: “ਮੇਰੀ ਤਾਂ ਪਰਮੇਸ਼ੁਰ ਨੂੰ ਇਹੀ ਦੁਆ ਹੈ ਕਿ ਚਾਹੇ ਥੋੜ੍ਹੀ ਦੇਰ ਵਿਚ ਜਾਂ ਜ਼ਿਆਦਾ ਸਮੇਂ ਵਿਚ ਸਿਰਫ਼ ਤੂੰ ਹੀ ਨਹੀਂ, ਸਗੋਂ ਅੱਜ ਇੱਥੇ ਮੇਰੀ ਗੱਲ ਸੁਣ ਰਹੇ ਸਾਰੇ ਲੋਕ ਮੇਰੇ ਵਰਗੇ ਬਣ ਜਾਣ, ਪਰ ਮੇਰੇ ਵਾਂਗ ਬੇੜੀਆਂ ਨਾਲ ਬੱਝੇ ਨਾ ਹੋਣ।”

30 ਫਿਰ ਰਾਜਾ ਉੱਠ ਖੜ੍ਹਾ ਹੋਇਆ ਅਤੇ ਨਾਲ ਹੀ ਰਾਜਪਾਲ ਤੇ ਬਰਨੀਕੇ ਅਤੇ ਉਨ੍ਹਾਂ ਨਾਲ ਬੈਠੇ ਹੋਰ ਆਦਮੀ ਵੀ ਉੱਠ ਖੜ੍ਹੇ ਹੋਏ। 31 ਪਰ ਜਾਂਦੇ ਹੋਏ ਉਹ ਆਪਸ ਵਿਚ ਗੱਲਾਂ ਕਰ ਰਹੇ ਸਨ ਅਤੇ ਕਹਿ ਰਹੇ ਸਨ: “ਇਸ ਆਦਮੀ ਨੇ ਅਜਿਹਾ ਕੋਈ ਕੰਮ ਨਹੀਂ ਕੀਤਾ ਜਿਸ ਕਰਕੇ ਇਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ ਜਾਂ ਜੇਲ੍ਹ ਵਿਚ ਸੁੱਟਿਆ ਜਾਵੇ।”+ 32 ਫਿਰ ਅਗ੍ਰਿੱਪਾ ਨੇ ਫ਼ੇਸਤੁਸ ਨੂੰ ਕਿਹਾ: “ਜੇ ਇਸ ਨੇ ਸਮਰਾਟ* ਨੂੰ ਫ਼ਰਿਆਦ ਨਾ ਕੀਤੀ ਹੁੰਦੀ, ਤਾਂ ਇਹ ਛੁੱਟ ਜਾਂਦਾ।”+

27 ਫਿਰ ਫ਼ੈਸਲਾ ਹੋਇਆ ਕਿ ਸਾਨੂੰ ਸਮੁੰਦਰੀ ਜਹਾਜ਼ ਰਾਹੀਂ ਇਟਲੀ ਘੱਲਿਆ ਜਾਵੇ,+ ਇਸ ਲਈ ਉਨ੍ਹਾਂ ਨੇ ਪੌਲੁਸ ਅਤੇ ਹੋਰ ਕੁਝ ਕੈਦੀਆਂ ਨੂੰ ਅਗਸਟਸ ਦੀ ਫ਼ੌਜੀ ਟੁਕੜੀ ਦੇ ਇਕ ਫ਼ੌਜੀ ਅਫ਼ਸਰ ਯੂਲਿਉਸ ਦੇ ਹਵਾਲੇ ਕਰ ਦਿੱਤਾ। 2 ਅਸੀਂ ਅਦ੍ਰਮੁੱਤਿਉਮ ਸ਼ਹਿਰ ਦੇ ਇਕ ਜਹਾਜ਼ ਵਿਚ ਬੈਠ ਕੇ ਚੱਲ ਪਏ ਜਿਸ ਨੇ ਏਸ਼ੀਆ ਜ਼ਿਲ੍ਹੇ ਦੇ ਸਮੁੰਦਰੀ ਕੰਢੇ ਨਾਲ ਲੱਗਦੀਆਂ ਬੰਦਰਗਾਹਾਂ ਵੱਲ ਜਾਣਾ ਸੀ। ਸਾਡੇ ਨਾਲ ਥੱਸਲੁਨੀਕਾ ਸ਼ਹਿਰ ਦਾ ਅਰਿਸਤਰਖੁਸ+ ਮਕਦੂਨੀ ਵੀ ਸੀ। 3 ਅਸੀਂ ਅਗਲੇ ਦਿਨ ਸੀਦੋਨ ਪਹੁੰਚ ਗਏ ਅਤੇ ਯੂਲਿਉਸ ਨੇ ਇਨਸਾਨੀਅਤ ਦੇ ਨਾਤੇ ਪੌਲੁਸ ਨਾਲ ਚੰਗਾ ਸਲੂਕ ਕੀਤਾ ਅਤੇ ਉਸ ਨੂੰ ਆਪਣੇ ਦੋਸਤਾਂ-ਮਿੱਤਰਾਂ ਕੋਲ ਜਾਣ ਦੀ ਇਜਾਜ਼ਤ ਦਿੱਤੀ ਤਾਂਕਿ ਉਹ ਉਨ੍ਹਾਂ ਦੀ ਸੇਵਾ-ਟਹਿਲ ਦਾ ਆਨੰਦ ਮਾਣ ਸਕੇ।

4 ਫਿਰ ਅਸੀਂ ਉੱਥੋਂ ਜਹਾਜ਼ ʼਤੇ ਚੜ੍ਹ ਕੇ ਚੱਲ ਪਏ ਅਤੇ ਤੇਜ਼ ਹਵਾ ਸਾਮ੍ਹਣਿਓਂ ਚੱਲ ਰਹੀ ਸੀ, ਇਸ ਕਰਕੇ ਇਸ ਤੋਂ ਬਚਣ ਲਈ ਅਸੀਂ ਸਾਈਪ੍ਰਸ ਟਾਪੂ ਦੇ ਨਾਲ-ਨਾਲ ਚੱਲਦੇ ਗਏ। 5 ਫਿਰ ਅਸੀਂ ਖੁੱਲ੍ਹੇ ਸਮੁੰਦਰ ਵਿਚ ਸਫ਼ਰ ਕਰਦਿਆਂ ਕਿਲਿਕੀਆ ਤੇ ਪਮਫੀਲੀਆ ਦੇ ਲਾਗਿਓਂ ਦੀ ਲੰਘ ਕੇ ਲੁਕੀਆ ਦੇ ਮੂਰਾ ਸ਼ਹਿਰ ਦੀ ਬੰਦਰਗਾਹ ਉੱਤੇ ਪਹੁੰਚ ਗਏ। 6 ਉੱਥੇ ਯੂਲਿਉਸ ਨੂੰ ਸਿਕੰਦਰੀਆ ਸ਼ਹਿਰ ਦਾ ਇਕ ਜਹਾਜ਼ ਮਿਲਿਆ ਜਿਹੜਾ ਇਟਲੀ ਜਾਣ ਵਾਲਾ ਸੀ ਅਤੇ ਉਸ ਨੇ ਸਾਨੂੰ ਆਪਣੇ ਨਾਲ ਉਸ ਜਹਾਜ਼ ਵਿਚ ਚੜ੍ਹਾ ਲਿਆ। 7 ਫਿਰ ਹੌਲੀ-ਹੌਲੀ ਚੱਲਦੇ ਹੋਏ ਅਸੀਂ ਕਈ ਦਿਨਾਂ ਬਾਅਦ ਬੜੀ ਮੁਸ਼ਕਲ ਨਾਲ ਕਨੀਦੁਸ ਪਹੁੰਚੇ। ਹਨੇਰੀ ਸਾਨੂੰ ਅੱਗੇ ਨਹੀਂ ਵਧਣ ਦੇ ਰਹੀ ਸੀ, ਇਸ ਲਈ ਅਸੀਂ ਹਨੇਰੀ ਤੋਂ ਬਚਣ ਵਾਸਤੇ ਸਲਮੋਨੇ ਦੇ ਲਾਗਿਓਂ ਕ੍ਰੀਟ ਦੇ ਨਾਲ-ਨਾਲ ਚੱਲਦੇ ਗਏ। 8 ਇਸ ਦੇ ਨਾਲ-ਨਾਲ ਚੱਲਦੇ ਹੋਏ ਅਸੀਂ ਬੜੀ ਮੁਸ਼ਕਲ ਨਾਲ “ਸੁਰੱਖਿਅਤ ਬੰਦਰਗਾਹ” ਨਾਂ ਦੀ ਜਗ੍ਹਾ ਪਹੁੰਚੇ ਜਿਸ ਦੇ ਲਾਗੇ ਹੀ ਲਸਾਯਾ ਨਾਂ ਦਾ ਸ਼ਹਿਰ ਸੀ।

9 ਉੱਥੇ ਕਈ ਦਿਨ ਬੀਤ ਗਏ ਅਤੇ ਉਦੋਂ ਤਕ ਸਮੁੰਦਰੀ ਸਫ਼ਰ ਕਰਨਾ ਵੀ ਖ਼ਤਰਨਾਕ ਹੋ ਗਿਆ ਸੀ ਕਿਉਂਕਿ ਪਾਪ ਮਿਟਾਉਣ ਦੇ ਦਿਨ+ ਦਾ ਵਰਤ ਵੀ ਲੰਘ ਚੁੱਕਾ ਸੀ। ਇਸ ਲਈ ਪੌਲੁਸ ਨੇ ਸਲਾਹ ਦਿੰਦਿਆਂ 10 ਉਨ੍ਹਾਂ ਨੂੰ ਕਿਹਾ: “ਭਰਾਵੋ, ਮੈਨੂੰ ਲੱਗਦਾ ਹੈ ਕਿ ਹੁਣ ਸਫ਼ਰ ਕਰਨ ਨਾਲ ਸਿਰਫ਼ ਸਾਮਾਨ ਦਾ ਅਤੇ ਜਹਾਜ਼ ਦਾ ਹੀ ਨੁਕਸਾਨ ਨਹੀਂ ਹੋਵੇਗਾ, ਸਗੋਂ ਅਸੀਂ ਆਪਣੀਆਂ ਜਾਨਾਂ ਤੋਂ ਵੀ ਹੱਥ ਧੋ ਬੈਠਾਂਗੇ।” 11 ਪਰ ਫ਼ੌਜੀ ਅਫ਼ਸਰ ਨੇ ਪੌਲੁਸ ਦੀ ਸਲਾਹ ਮੰਨਣ ਦੀ ਬਜਾਇ ਜਹਾਜ਼ ਦੇ ਕਪਤਾਨ ਅਤੇ ਮਾਲਕ ਦੀ ਗੱਲ ਸੁਣੀ। 12 ਉਸ ਬੰਦਰਗਾਹ ʼਤੇ ਸਿਆਲ਼ ਕੱਟਣਾ ਬਹੁਤ ਔਖਾ ਸੀ, ਇਸ ਲਈ ਜ਼ਿਆਦਾਤਰ ਲੋਕਾਂ ਨੇ ਸਲਾਹ ਦਿੱਤੀ ਕਿ ਉੱਥੋਂ ਚੱਲ ਕੇ ਕਿਸੇ ਤਰ੍ਹਾਂ ਫ਼ੈਨੀਕੁਸ ਪਹੁੰਚਿਆ ਜਾਵੇ ਅਤੇ ਉੱਥੇ ਸਿਆਲ਼ ਕੱਟਿਆ ਜਾਵੇ। ਫ਼ੈਨੀਕੁਸ ਕ੍ਰੀਟ ਦੀ ਇਕ ਬੰਦਰਗਾਹ ਹੈ ਅਤੇ ਇਸ ਦਾ ਇਕ ਕੰਢਾ ਉੱਤਰ-ਪੂਰਬ ਵੱਲ ਹੈ ਅਤੇ ਦੂਜਾ ਕੰਢਾ ਦੱਖਣ-ਪੂਰਬ ਵੱਲ ਹੈ।

13 ਜਦੋਂ ਦੱਖਣ ਵੱਲੋਂ ਮੱਧਮ-ਮੱਧਮ ਹਵਾ ਵਗਣੀ ਸ਼ੁਰੂ ਹੋਈ, ਤਾਂ ਉਨ੍ਹਾਂ ਨੇ ਸੋਚਿਆ ਕਿ ਉਹ ਫ਼ੈਨੀਕੁਸ ਪਹੁੰਚ ਜਾਣਗੇ ਅਤੇ ਉਨ੍ਹਾਂ ਨੇ ਲੰਗਰ ਚੁੱਕ ਲਿਆ ਅਤੇ ਕ੍ਰੀਟ ਦੇ ਕੰਢੇ ਦੇ ਨਾਲ-ਨਾਲ ਚੱਲਣਾ ਸ਼ੁਰੂ ਕਰ ਦਿੱਤਾ। 14 ਪਰ ਥੋੜ੍ਹੇ ਸਮੇਂ ਬਾਅਦ ਹੀ ਉੱਤਰ-ਪੂਰਬ ਵੱਲੋਂ ਤੂਫ਼ਾਨ ਆ ਗਿਆ ਜੋ ਯੂਰਾਕਲੋਨ ਕਹਾਉਂਦਾ ਹੈ। 15 ਜਹਾਜ਼ ਤੂਫ਼ਾਨ ਦੀ ਲਪੇਟ ਵਿਚ ਆ ਗਿਆ ਅਤੇ ਤੂਫ਼ਾਨ ਦਾ ਸਾਮ੍ਹਣਾ ਨਾ ਕਰ ਸਕਿਆ। ਇਸ ਲਈ ਅਸੀਂ ਬੇਬੱਸ ਹੋ ਕੇ ਹਵਾ ਦੇ ਨਾਲ ਹੀ ਵਹਿਣ ਲੱਗੇ। 16 ਹੁਣ ਅਸੀਂ ਸਿੱਧੇ ਕੌਦਾ ਨਾਂ ਦੇ ਛੋਟੇ ਜਿਹੇ ਟਾਪੂ ਦੇ ਓਹਲੇ ਆ ਗਏ, ਪਰ ਅਸੀਂ ਜਹਾਜ਼ ਦੇ ਪਿਛਲੇ ਪਾਸੇ ਬੱਝੀ ਛੋਟੀ ਕਿਸ਼ਤੀ* ਨੂੰ ਮਸਾਂ ਕਾਬੂ ਕਰ ਪਾਏ। 17 ਫਿਰ ਕਿਸ਼ਤੀ ਨੂੰ ਜਹਾਜ਼ ਵਿਚ ਉੱਪਰ ਖਿੱਚ ਕੇ ਉਨ੍ਹਾਂ ਨੇ ਜਹਾਜ਼ ਨੂੰ ਉੱਪਰੋਂ-ਥੱਲਿਓਂ ਰੱਸਿਆਂ ਨਾਲ ਕੱਸਣਾ ਸ਼ੁਰੂ ਕੀਤਾ। ਉਨ੍ਹਾਂ ਨੂੰ ਡਰ ਸੀ ਕਿ ਜਹਾਜ਼ ਕਿਤੇ ਸਿਰਟਿਸ* ਵਿਚ ਫਸ ਨਾ ਜਾਵੇ, ਇਸ ਲਈ ਉਨ੍ਹਾਂ ਨੇ ਬਾਦਬਾਨਾਂ ਦੀਆਂ ਰੱਸੀਆਂ ਖੋਲ੍ਹ ਦਿੱਤੀਆਂ ਅਤੇ ਜਹਾਜ਼ ਹਵਾ ਦੇ ਨਾਲ ਹੀ ਵਹਿਣ ਲੱਗਾ। 18 ਤੂਫ਼ਾਨ ਕਰਕੇ ਸਾਨੂੰ ਬਹੁਤ ਹੁਝਕੇ ਲੱਗ ਰਹੇ ਸਨ, ਇਸ ਲਈ ਅਗਲੇ ਦਿਨ ਉਨ੍ਹਾਂ ਨੇ ਜਹਾਜ਼ ਨੂੰ ਹਲਕਾ ਕਰਨ ਲਈ ਸਾਮਾਨ ਕੱਢ ਕੇ ਪਾਣੀ ਵਿਚ ਸੁੱਟਣਾ ਸ਼ੁਰੂ ਕਰ ਦਿੱਤਾ। 19 ਤੀਸਰੇ ਦਿਨ ਉਨ੍ਹਾਂ ਨੇ ਆਪਣੇ ਹੱਥੀਂ ਜਹਾਜ਼ ਦੇ ਰੱਸੇ ਤੇ ਹੋਰ ਸਾਮਾਨ ਸੁੱਟ ਦਿੱਤਾ।

20 ਕਈ ਦਿਨ ਨਾ ਤਾਂ ਸੂਰਜ ਨਿਕਲਿਆ ਅਤੇ ਨਾ ਹੀ ਤਾਰੇ ਅਤੇ ਨਾ ਹੀ ਤੂਫ਼ਾਨ ਦਾ ਜ਼ੋਰ ਘਟਿਆ, ਇਸ ਲਈ ਸਾਨੂੰ ਲੱਗਾ ਕਿ ਹੁਣ ਸਾਡੇ ਬਚਣ ਦੀ ਕੋਈ ਉਮੀਦ ਨਹੀਂ ਸੀ। 21 ਜਦੋਂ ਮੁਸਾਫ਼ਰਾਂ ਨੇ ਕਈ ਦਿਨਾਂ ਤਕ ਕੁਝ ਨਾ ਖਾਧਾ, ਤਾਂ ਪੌਲੁਸ ਨੇ ਉਨ੍ਹਾਂ ਵਿਚਕਾਰ ਖੜ੍ਹੇ ਹੋ ਕੇ ਕਿਹਾ: “ਭਰਾਵੋ, ਜੇ ਤੁਸੀਂ ਮੇਰੀ ਸਲਾਹ ਮੰਨੀ ਹੁੰਦੀ ਅਤੇ ਕ੍ਰੀਟ ਤੋਂ ਨਾ ਤੁਰੇ ਹੁੰਦੇ, ਤਾਂ ਤੁਹਾਡਾ ਇੰਨਾ ਨੁਕਸਾਨ ਨਹੀਂ ਸੀ ਹੋਣਾ।+ 22 ਪਰ ਹੁਣ ਮੈਂ ਤੁਹਾਨੂੰ ਹੌਸਲਾ ਰੱਖਣ ਨੂੰ ਕਹਿੰਦਾ ਹਾਂ ਕਿਉਂਕਿ ਤੁਹਾਡੇ ਵਿੱਚੋਂ ਕਿਸੇ ਦੀ ਵੀ ਜਾਨ ਨਹੀਂ ਜਾਵੇਗੀ, ਸਿਰਫ਼ ਜਹਾਜ਼ ਤਬਾਹ ਹੋਵੇਗਾ। 23 ਕਿਉਂਕਿ ਜਿਸ ਪਰਮੇਸ਼ੁਰ ਦੀ ਮੈਂ ਭਗਤੀ ਕਰਦਾ ਹਾਂ ਅਤੇ ਜੋ ਮੇਰਾ ਮਾਲਕ ਹੈ, ਉਸ ਦੇ ਦੂਤ+ ਨੇ ਰਾਤੀਂ ਆ ਕੇ ਮੈਨੂੰ 24 ਕਿਹਾ ਸੀ: ‘ਪੌਲੁਸ ਨਾ ਡਰ, ਤੂੰ ਜ਼ਰੂਰ ਸਮਰਾਟ* ਦੇ ਸਾਮ੍ਹਣੇ ਪੇਸ਼ ਹੋਵੇਂਗਾ+ ਅਤੇ ਦੇਖ! ਪਰਮੇਸ਼ੁਰ ਤੇਰੇ ਕਰਕੇ ਤੇਰੇ ਨਾਲ ਸਫ਼ਰ ਕਰਨ ਵਾਲੇ ਸਾਰੇ ਲੋਕਾਂ ਦੀਆਂ ਜਾਨਾਂ ਵੀ ਬਚਾਵੇਗਾ।’ 25 ਇਸ ਲਈ ਭਰਾਵੋ, ਹੌਸਲਾ ਰੱਖੋ ਕਿਉਂਕਿ ਮੈਨੂੰ ਪਰਮੇਸ਼ੁਰ ʼਤੇ ਪੂਰਾ ਯਕੀਨ ਹੈ ਕਿ ਜਿਵੇਂ ਮੈਨੂੰ ਕਿਹਾ ਗਿਆ ਹੈ, ਉਵੇਂ ਹੀ ਹੋਵੇਗਾ। 26 ਪਰ ਸਾਡਾ ਜਹਾਜ਼ ਕਿਸੇ ਟਾਪੂ ਨਾਲ ਜਾ ਟਕਰਾਏਗਾ।”+

27 ਜਦੋਂ 14ਵੀਂ ਰਾਤ ਨੂੰ ਅਸੀਂ ਅਦਰੀਆ ਸਮੁੰਦਰ ਵਿਚ ਡਿੱਕੋ-ਡੋਲੇ ਖਾ ਰਹੇ ਸਾਂ, ਤਾਂ ਅੱਧੀ ਰਾਤ ਨੂੰ ਮਲਾਹਾਂ ਨੂੰ ਲੱਗਾ ਕਿ ਉਹ ਜ਼ਮੀਨ ਦੇ ਲਾਗੇ ਪਹੁੰਚ ਰਹੇ ਸਨ। 28 ਉਨ੍ਹਾਂ ਨੇ ਪਾਣੀ ਦੀ ਡੂੰਘਾਈ ਮਾਪ ਕੇ ਦੇਖੀ ਅਤੇ ਇਹ 120 ਫੁੱਟ* ਸੀ ਅਤੇ ਫਿਰ ਥੋੜ੍ਹਾ ਹੋਰ ਅੱਗੇ ਜਾ ਕੇ ਡੂੰਘਾਈ ਮਾਪੀ ਅਤੇ ਇਹ 90 ਫੁੱਟ* ਸੀ। 29 ਇਸ ਡਰੋਂ ਕਿ ਕਿਤੇ ਜਹਾਜ਼ ਚਟਾਨਾਂ ਨਾਲ ਨਾ ਟਕਰਾ ਜਾਵੇ, ਉਨ੍ਹਾਂ ਨੇ ਜਹਾਜ਼ ਦੇ ਪਿਛਲੇ ਪਾਸਿਓਂ ਚਾਰ ਲੰਗਰ ਪਾਣੀ ਵਿਚ ਸੁੱਟ ਦਿੱਤੇ ਅਤੇ ਦਿਨ ਚੜ੍ਹਨ ਦੀ ਉਡੀਕ ਕਰਨ ਲੱਗੇ। 30 ਪਰ ਫਿਰ ਮਲਾਹਾਂ ਨੇ ਜਹਾਜ਼ ਦੇ ਅਗਲੇ ਪਾਸਿਓਂ ਪਾਣੀ ਵਿਚ ਲੰਗਰ ਸੁੱਟਣ ਦੇ ਬਹਾਨੇ ਛੋਟੀ ਕਿਸ਼ਤੀ ਪਾਣੀ ਵਿਚ ਉਤਾਰੀ। ਅਸਲ ਵਿਚ, ਉਹ ਜਹਾਜ਼ ਛੱਡ ਕੇ ਕਿਸ਼ਤੀ ਰਾਹੀਂ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ। 31 ਪੌਲੁਸ ਨੇ ਫ਼ੌਜੀ ਅਫ਼ਸਰ ਅਤੇ ਫ਼ੌਜੀਆਂ ਨੂੰ ਕਿਹਾ: “ਜੇ ਇਹ ਬੰਦੇ ਜਹਾਜ਼ ʼਤੇ ਨਾ ਰਹੇ, ਤਾਂ ਤੁਸੀਂ ਬਚ ਨਹੀਂ ਸਕੋਗੇ।”+ 32 ਇਸ ਲਈ ਫ਼ੌਜੀਆਂ ਨੇ ਛੋਟੀ ਕਿਸ਼ਤੀ ਦੇ ਰੱਸੇ ਵੱਢ ਦਿੱਤੇ ਅਤੇ ਕਿਸ਼ਤੀ ਪਾਣੀ ਵਿਚ ਜਾ ਡਿਗੀ।

33 ਜਦੋਂ ਦਿਨ ਚੜ੍ਹਨ ਵਾਲਾ ਸੀ, ਤਾਂ ਪੌਲੁਸ ਨੇ ਸਾਰਿਆਂ ਨੂੰ ਕੁਝ ਖਾਣ ਦੀ ਹੱਲਾਸ਼ੇਰੀ ਦਿੰਦਿਆਂ ਕਿਹਾ: “ਅੱਜ ਤੁਹਾਨੂੰ ਉਡੀਕ ਕਰਦੇ-ਕਰਦੇ 14 ਦਿਨ ਹੋ ਗਏ ਹਨ ਅਤੇ ਤੁਸੀਂ ਉਦੋਂ ਤੋਂ ਕੁਝ ਨਹੀਂ ਖਾਧਾ। 34 ਇਸ ਲਈ ਮੇਰੀ ਗੱਲ ਮੰਨੋ ਤੇ ਕੁਝ ਖਾ ਲਓ; ਇਸ ਤੋਂ ਤੁਹਾਨੂੰ ਹੀ ਫ਼ਾਇਦਾ ਹੋਵੇਗਾ ਕਿਉਂਕਿ ਤੁਹਾਡੇ ਸਿਰ ਦਾ ਵਾਲ਼ ਵੀ ਵਿੰਗਾ ਨਹੀਂ ਹੋਵੇਗਾ।” 35 ਇਹ ਕਹਿ ਕੇ ਉਸ ਨੇ ਰੋਟੀ ਲਈ ਅਤੇ ਉਨ੍ਹਾਂ ਸਾਰਿਆਂ ਸਾਮ੍ਹਣੇ ਪਰਮੇਸ਼ੁਰ ਦਾ ਧੰਨਵਾਦ ਕੀਤਾ ਤੇ ਰੋਟੀ ਤੋੜ ਕੇ ਖਾਣੀ ਸ਼ੁਰੂ ਕੀਤੀ। 36 ਫਿਰ ਉਨ੍ਹਾਂ ਸਾਰਿਆਂ ਨੂੰ ਹੌਸਲਾ ਮਿਲਿਆ ਅਤੇ ਰੋਟੀ ਖਾਣ ਲੱਗ ਪਏ। 37 ਜਹਾਜ਼ ਵਿਚ ਅਸੀਂ ਕੁੱਲ 276 ਜਣੇ ਸੀ। 38 ਜਦੋਂ ਉਹ ਰੱਜ ਕੇ ਖਾ ਹਟੇ, ਤਾਂ ਉਨ੍ਹਾਂ ਨੇ ਜਹਾਜ਼ ਨੂੰ ਹਲਕਾ ਕਰਨ ਲਈ ਕਣਕ ਚੁੱਕ ਕੇ ਸਮੁੰਦਰ ਵਿਚ ਸੁੱਟ ਦਿੱਤੀ।+

39 ਅਖ਼ੀਰ ਜਦੋਂ ਦਿਨ ਚੜ੍ਹਿਆ, ਤਾਂ ਉਹ ਉਸ ਜਗ੍ਹਾ ਨੂੰ ਪਛਾਣ ਨਾ ਸਕੇ,+ ਪਰ ਉਨ੍ਹਾਂ ਨੇ ਇਕ ਖਾੜੀ ਦੇਖੀ ਜਿਸ ਦਾ ਕੰਢਾ ਰੇਤਲਾ ਸੀ। ਉਨ੍ਹਾਂ ਨੇ ਹਰ ਹਾਲ ਵਿਚ ਜਹਾਜ਼ ਨੂੰ ਕੰਢੇ ʼਤੇ ਲਿਜਾਣ ਦਾ ਫ਼ੈਸਲਾ ਕੀਤਾ। 40 ਇਸ ਲਈ ਉਨ੍ਹਾਂ ਨੇ ਲੰਗਰਾਂ ਦੇ ਰੱਸੇ ਵੱਢ ਦਿੱਤੇ ਅਤੇ ਲੰਗਰ ਸਮੁੰਦਰ ਵਿਚ ਜਾ ਡਿਗੇ। ਨਾਲੇ ਉਨ੍ਹਾਂ ਨੇ ਪਤਵਾਰਾਂ ਦੇ ਰੱਸੇ ਵੀ ਢਿੱਲੇ ਕਰ ਦਿੱਤੇ। ਫਿਰ ਜਹਾਜ਼ ਦੇ ਅਗਲੇ ਪਾਸੇ ਦੇ ਛੋਟੇ ਬਾਦਬਾਨ ਨੂੰ ਖੋਲ੍ਹ ਦਿੱਤਾ ਤਾਂਕਿ ਹਵਾ ਦੇ ਨਾਲ ਜਹਾਜ਼ ਕੰਢੇ ʼਤੇ ਚਲਾ ਜਾਵੇ। 41 ਜਦੋਂ ਉਹ ਘੱਟ ਡੂੰਘੇ ਪਾਣੀ ਵਿਚ ਗਏ, ਤਾਂ ਜਹਾਜ਼ ਦਾ ਅਗਲਾ ਹਿੱਸਾ ਦਲਦਲੀ ਰੇਤ ਵਿਚ ਇੰਨਾ ਖੁੱਭ ਗਿਆ ਕਿ ਉੱਥੋਂ ਹਿੱਲ ਨਾ ਸਕਿਆ, ਪਰ ਦੋਵਾਂ ਪਾਸਿਆਂ ਤੋਂ ਲਹਿਰਾਂ ਦੀ ਮਾਰ ਨਾਲ ਜਹਾਜ਼ ਦਾ ਪਿਛਲਾ ਪਾਸਾ ਟੋਟੇ-ਟੋਟੇ ਹੋ ਗਿਆ।+ 42 ਉਦੋਂ ਫ਼ੌਜੀਆਂ ਨੇ ਕੈਦੀਆਂ ਨੂੰ ਜਾਨੋਂ ਮਾਰਨ ਦਾ ਫ਼ੈਸਲਾ ਕੀਤਾ ਤਾਂਕਿ ਕੋਈ ਵੀ ਕੈਦੀ ਤੈਰ ਕੇ ਭੱਜ ਨਾ ਜਾਵੇ। 43 ਪਰ ਫ਼ੌਜੀ ਅਫ਼ਸਰ ਪੌਲੁਸ ਨੂੰ ਬਚਾਉਣਾ ਚਾਹੁੰਦਾ ਸੀ, ਇਸ ਲਈ ਉਸ ਨੇ ਫ਼ੌਜੀਆਂ ਨੂੰ ਰੋਕ ਦਿੱਤਾ ਕਿ ਉਹ ਕੈਦੀਆਂ ਨੂੰ ਜਾਨੋਂ ਨਾ ਮਾਰਨ। ਉਸ ਨੇ ਹੁਕਮ ਦਿੱਤਾ ਕਿ ਜਿਹੜੇ ਤੈਰ ਸਕਦੇ ਹਨ, ਉਹ ਸਮੁੰਦਰ ਵਿਚ ਛਾਲ ਮਾਰਨ ਤੇ ਪਹਿਲਾਂ ਕੰਢੇ ʼਤੇ ਚਲੇ ਜਾਣ 44 ਅਤੇ ਬਾਕੀ ਜਣੇ ਜਹਾਜ਼ ਦੇ ਫੱਟਿਆਂ ਜਾਂ ਹੋਰ ਚੀਜ਼ਾਂ ਦੇ ਸਹਾਰੇ ਤੈਰ ਕੇ ਕੰਢੇ ʼਤੇ ਪਹੁੰਚ ਜਾਣ। ਇਸ ਤਰ੍ਹਾਂ ਸਾਰੇ ਬਚ ਕੇ ਸਹੀ-ਸਲਾਮਤ ਕੰਢੇ ʼਤੇ ਪਹੁੰਚ ਗਏ।+

28 ਕੰਢੇ ਉੱਤੇ ਸਹੀ-ਸਲਾਮਤ ਪਹੁੰਚ ਕੇ ਸਾਨੂੰ ਪਤਾ ਲੱਗਾ ਕਿ ਉਸ ਟਾਪੂ ਦਾ ਨਾਂ ਮਾਲਟਾ ਸੀ।+ 2 ਉਸ ਵੇਲੇ ਮੀਂਹ ਪੈ ਰਿਹਾ ਸੀ ਅਤੇ ਠੰਢ ਵੀ ਸੀ, ਇਸ ਲਈ ਟਾਪੂ ਉੱਤੇ ਰਹਿਣ ਵਾਲੇ ਲੋਕਾਂ* ਨੇ ਇਨਸਾਨੀਅਤ ਦੇ ਨਾਤੇ ਸਾਡੇ ਉੱਤੇ ਬੜੀ ਦਇਆ ਕਰ ਕੇ ਅੱਗ ਬਾਲ਼ੀ ਅਤੇ ਸਾਨੂੰ ਬੁਲਾ ਲਿਆ। 3 ਪਰ ਜਦੋਂ ਪੌਲੁਸ ਨੇ ਲੱਕੜਾਂ ਇਕੱਠੀਆਂ ਕਰ ਕੇ ਅੱਗ ਉੱਤੇ ਰੱਖੀਆਂ, ਤਾਂ ਅੱਗ ਦੇ ਸੇਕ ਨਾਲ ਇਕ ਜ਼ਹਿਰੀਲਾ ਸੱਪ ਨਿਕਲ ਆਇਆ ਅਤੇ ਉਸ ਦੇ ਹੱਥ ਨੂੰ ਲਪੇਟਾ ਮਾਰ ਲਿਆ। 4 ਜਦੋਂ ਟਾਪੂ ਦੇ ਲੋਕਾਂ ਨੇ ਪੌਲੁਸ ਦੇ ਹੱਥ ਨਾਲ ਜ਼ਹਿਰੀਲੇ ਸੱਪ ਨੂੰ ਲਟਕਦੇ ਹੋਏ ਦੇਖਿਆ, ਤਾਂ ਉਹ ਇਕ-ਦੂਜੇ ਨੂੰ ਕਹਿਣ ਲੱਗ ਪਏ: “ਇਹ ਆਦਮੀ ਜ਼ਰੂਰ ਕਾਤਲ ਹੋਣਾ। ਭਾਵੇਂ ਇਹ ਸਮੁੰਦਰ ਤੋਂ ਤਾਂ ਬਚ ਗਿਆ, ਪਰ ਨਿਆਂ* ਨੇ ਇਸ ਦੀ ਜਾਨ ਨਹੀਂ ਬਖ਼ਸ਼ੀ।” 5 ਪਰ ਪੌਲੁਸ ਨੂੰ ਕੁਝ ਨਹੀਂ ਹੋਇਆ ਅਤੇ ਉਸ ਨੇ ਆਪਣਾ ਹੱਥ ਝਟਕ ਕੇ ਸੱਪ ਨੂੰ ਅੱਗ ਵਿਚ ਸੁੱਟ ਦਿੱਤਾ। 6 ਫਿਰ ਵੀ ਲੋਕਾਂ ਨੂੰ ਲੱਗ ਰਿਹਾ ਸੀ ਕਿ ਪੌਲੁਸ ਦਾ ਸਾਰਾ ਸਰੀਰ ਸੁੱਜ ਜਾਵੇਗਾ ਜਾਂ ਫਿਰ ਉਹ ਅਚਾਨਕ ਮਰ ਜਾਵੇਗਾ। ਕਾਫ਼ੀ ਸਮੇਂ ਤਕ ਉਡੀਕ ਕਰਨ ਤੋਂ ਬਾਅਦ ਜਦੋਂ ਉਨ੍ਹਾਂ ਨੇ ਦੇਖਿਆ ਕਿ ਉਸ ਨੂੰ ਕੁਝ ਵੀ ਨਾ ਹੋਇਆ, ਤਾਂ ਉਨ੍ਹਾਂ ਨੇ ਆਪਣਾ ਮਨ ਬਦਲ ਲਿਆ ਅਤੇ ਕਹਿਣ ਲੱਗੇ ਕਿ ਉਹ ਕੋਈ ਦੇਵਤਾ ਹੋਣਾ।

7 ਉਸ ਜਗ੍ਹਾ ਦੇ ਲਾਗੇ ਉਸ ਟਾਪੂ ਦੇ ਸਰਦਾਰ ਪੁਬਲੀਉਸ ਦੇ ਖੇਤ ਸਨ। ਉਸ ਨੇ ਪਿਆਰ ਨਾਲ ਸਾਡਾ ਸੁਆਗਤ ਕੀਤਾ ਅਤੇ ਤਿੰਨ ਦਿਨ ਸਾਡੀ ਪਰਾਹੁਣਚਾਰੀ ਕੀਤੀ। 8 ਉਸ ਵੇਲੇ ਪੁਬਲੀਉਸ ਦਾ ਪਿਤਾ ਮੰਜੀ ʼਤੇ ਪਿਆ ਹੋਇਆ ਸੀ ਕਿਉਂਕਿ ਉਸ ਨੂੰ ਬੁਖ਼ਾਰ ਚੜ੍ਹਿਆ ਹੋਇਆ ਸੀ ਅਤੇ ਉਸ ਨੂੰ ਮਰੋੜ ਲੱਗੇ ਹੋਏ ਸਨ। ਪੌਲੁਸ ਨੇ ਉਸ ਕੋਲ ਜਾ ਕੇ ਪ੍ਰਾਰਥਨਾ ਕੀਤੀ ਅਤੇ ਉਸ ਉੱਤੇ ਆਪਣੇ ਹੱਥ ਰੱਖ ਕੇ ਉਸ ਨੂੰ ਠੀਕ ਕੀਤਾ।+ 9 ਇਹ ਦੇਖ ਕੇ ਟਾਪੂ ਦੇ ਹੋਰ ਲੋਕ ਵੀ ਜਿਨ੍ਹਾਂ ਨੂੰ ਬੀਮਾਰੀਆਂ ਲੱਗੀਆਂ ਹੋਈਆਂ ਸਨ, ਉਸ ਕੋਲ ਆਉਣੇ ਸ਼ੁਰੂ ਹੋ ਗਏ ਅਤੇ ਉਸ ਨੇ ਉਨ੍ਹਾਂ ਨੂੰ ਠੀਕ ਕੀਤਾ।+ 10 ਉਨ੍ਹਾਂ ਨੇ ਬੜੇ ਆਦਰ ਨਾਲ ਸਾਨੂੰ ਬਹੁਤ ਸਾਰੇ ਤੋਹਫ਼ੇ ਦਿੱਤੇ ਅਤੇ ਜਦੋਂ ਅਸੀਂ ਸਮੁੰਦਰੀ ਜਹਾਜ਼ ਵਿਚ ਬੈਠ ਕੇ ਜਾਣ ਲੱਗੇ, ਤਾਂ ਉਨ੍ਹਾਂ ਨੇ ਸਾਡੇ ਲਈ ਸਾਰੀਆਂ ਲੋੜੀਂਦੀਆਂ ਚੀਜ਼ਾਂ ਵੀ ਲੱਦ ਦਿੱਤੀਆਂ।

11 ਤਿੰਨ ਮਹੀਨਿਆਂ ਬਾਅਦ ਅਸੀਂ ਸਿਕੰਦਰੀਆ ਦੇ ਜਹਾਜ਼ ਵਿਚ ਬੈਠ ਕੇ ਰਵਾਨਾ ਹੋਏ ਜਿਸ ਦੇ ਅੱਗੇ “ਜ਼ੂਸ ਦੇ ਪੁੱਤਰਾਂ” ਦਾ ਨਿਸ਼ਾਨ ਸੀ। ਇਹ ਜਹਾਜ਼ ਸਾਰਾ ਸਿਆਲ਼ ਮਾਲਟਾ ਟਾਪੂ ਉੱਤੇ ਖੜ੍ਹਾ ਰਿਹਾ ਸੀ। 12 ਸੈਰਾਕੁਸ ਪਹੁੰਚ ਕੇ ਅਸੀਂ ਉੱਥੇ ਤਿੰਨ ਦਿਨ ਰਹੇ; 13 ਉੱਥੋਂ ਰਵਾਨਾ ਹੋ ਕੇ ਅਸੀਂ ਰੇਗਿਉਨ ਪਹੁੰਚੇ। ਅਗਲੇ ਦਿਨ ਦੱਖਣ ਵੱਲੋਂ ਹਵਾ ਵਗਣੀ ਸ਼ੁਰੂ ਹੋ ਗਈ ਅਤੇ ਅਸੀਂ ਦੂਸਰੇ ਦਿਨ ਪਤਿਉਲੇ ਪਹੁੰਚ ਗਏ। 14 ਉੱਥੇ ਸਾਨੂੰ ਭਰਾ ਮਿਲੇ ਅਤੇ ਉਨ੍ਹਾਂ ਦੇ ਮਿੰਨਤਾਂ ਕਰਨ ਤੇ ਅਸੀਂ ਉਨ੍ਹਾਂ ਕੋਲ ਸੱਤ ਦਿਨ ਰਹੇ। ਫਿਰ ਅਸੀਂ ਰੋਮ ਵੱਲ ਨੂੰ ਤੁਰ ਪਏ। 15 ਜਦੋਂ ਰੋਮ ਦੇ ਭਰਾਵਾਂ ਨੂੰ ਸਾਡੇ ਆਉਣ ਦੀ ਖ਼ਬਰ ਮਿਲੀ, ਤਾਂ ਕੁਝ ਭਰਾ ਸਾਨੂੰ ਮਿਲਣ “ਤਿੰਨ ਸਰਾਂਵਾਂ” ਨਾਂ ਦੀ ਜਗ੍ਹਾ ਆਏ ਅਤੇ ਕੁਝ ਭਰਾ ਤਾਂ ਐਪੀਅਸ ਬਾਜ਼ਾਰ ਤਕ ਆਏ। ਉਨ੍ਹਾਂ ਨੂੰ ਦੇਖ ਕੇ ਪੌਲੁਸ ਨੇ ਪਰਮੇਸ਼ੁਰ ਦਾ ਧੰਨਵਾਦ ਕੀਤਾ ਅਤੇ ਉਸ ਨੂੰ ਹੌਸਲਾ ਮਿਲਿਆ।+ 16 ਅਖ਼ੀਰ ਜਦੋਂ ਅਸੀਂ ਰੋਮ ਪਹੁੰਚ ਗਏ, ਤਾਂ ਪੌਲੁਸ ਨੂੰ ਇਕ ਫ਼ੌਜੀ ਦੀ ਨਿਗਰਾਨੀ ਅਧੀਨ ਇਕੱਲੇ ਰਹਿਣ ਦੀ ਇਜਾਜ਼ਤ ਦੇ ਦਿੱਤੀ ਗਈ।

17 ਪਰ ਤਿੰਨਾਂ ਦਿਨਾਂ ਬਾਅਦ ਉਸ ਨੇ ਯਹੂਦੀਆਂ ਦੇ ਮੰਨੇ-ਪ੍ਰਮੰਨੇ ਬੰਦਿਆਂ ਨੂੰ ਸੱਦਿਆ। ਜਦੋਂ ਉਹ ਇਕੱਠੇ ਹੋਏ, ਤਾਂ ਉਸ ਨੇ ਉਨ੍ਹਾਂ ਨੂੰ ਕਿਹਾ: “ਭਰਾਵੋ, ਭਾਵੇਂ ਮੈਂ ਆਪਣੇ ਲੋਕਾਂ ਦੇ ਖ਼ਿਲਾਫ਼ ਜਾਂ ਆਪਣੇ ਪਿਉ-ਦਾਦਿਆਂ ਦੇ ਰੀਤੀ-ਰਿਵਾਜਾਂ ਦੇ ਉਲਟ ਕੁਝ ਵੀ ਨਹੀਂ ਕੀਤਾ ਹੈ,+ ਫਿਰ ਵੀ ਮੈਨੂੰ ਯਰੂਸ਼ਲਮ ਵਿਚ ਕੈਦ ਕਰ ਕੇ ਰੋਮੀਆਂ ਦੇ ਹਵਾਲੇ ਕਰ ਦਿੱਤਾ ਗਿਆ।+ 18 ਪੁੱਛ-ਪੜਤਾਲ ਕਰਨ ਤੋਂ ਬਾਅਦ+ ਰੋਮੀ ਮੈਨੂੰ ਰਿਹਾ ਕਰਨਾ ਚਾਹੁੰਦੇ ਸਨ ਕਿਉਂਕਿ ਮੈਂ ਮੌਤ ਦੀ ਸਜ਼ਾ ਦੇ ਲਾਇਕ ਕੋਈ ਕੰਮ ਨਹੀਂ ਕੀਤਾ ਸੀ।+ 19 ਪਰ ਯਹੂਦੀਆਂ ਨੇ ਇਤਰਾਜ਼ ਕੀਤਾ, ਇਸ ਲਈ ਮੈਨੂੰ ਮਜਬੂਰ ਹੋ ਕੇ ਸਮਰਾਟ* ਨੂੰ ਫ਼ਰਿਆਦ ਕਰਨੀ ਪਈ,+ ਪਰ ਇਸ ਕਰਕੇ ਨਹੀਂ ਕਿ ਮੈਂ ਆਪਣੀ ਕੌਮ ਉੱਤੇ ਕੋਈ ਦੋਸ਼ ਲਾਉਣਾ ਸੀ। 20 ਮੈਂ ਤੁਹਾਨੂੰ ਸੱਦ ਕੇ ਇਸ ਬਾਰੇ ਗੱਲ ਕਰਨੀ ਚਾਹੁੰਦਾ ਸੀ ਕਿਉਂਕਿ ਜਿਸ ਉੱਤੇ ਇਜ਼ਰਾਈਲ ਨੇ ਉਮੀਦ ਰੱਖੀ ਹੈ, ਮੈਂ ਉਸੇ ਦੀ ਖ਼ਾਤਰ ਬੇੜੀਆਂ ਨਾਲ ਬੱਝਾ ਹੋਇਆ ਹਾਂ।”+ 21 ਉਨ੍ਹਾਂ ਨੇ ਉਸ ਨੂੰ ਕਿਹਾ: “ਸਾਨੂੰ ਯਹੂਦਿਯਾ ਤੋਂ ਤੇਰੇ ਬਾਰੇ ਨਾ ਤਾਂ ਕੋਈ ਚਿੱਠੀ ਮਿਲੀ ਹੈ ਅਤੇ ਨਾ ਹੀ ਉੱਥੋਂ ਆਏ ਸਾਡੇ ਯਹੂਦੀ ਭਰਾਵਾਂ ਨੇ ਤੇਰੇ ਬਾਰੇ ਕੋਈ ਬੁਰੀ ਗੱਲ ਦੱਸੀ ਜਾਂ ਕਹੀ ਹੈ। 22 ਪਰ ਅਸੀਂ ਇਹ ਠੀਕ ਸਮਝਦੇ ਹਾਂ ਕਿ ਤੇਰੇ ਮੂੰਹੋਂ ਤੇਰੇ ਵਿਚਾਰ ਸੁਣੇ ਜਾਣ ਕਿਉਂਕਿ ਅਸੀਂ ਸੁਣਿਆ ਹੈ+ ਕਿ ਇਸ ਪੰਥ ਦੀ ਹਰ ਜਗ੍ਹਾ ਨਿੰਦਿਆ ਕੀਤੀ ਜਾਂਦੀ ਹੈ।”+

23 ਉਨ੍ਹਾਂ ਨੇ ਉਸ ਨਾਲ ਮਿਲਣ ਲਈ ਇਕ ਦਿਨ ਰੱਖਿਆ ਅਤੇ ਉਸ ਦਿਨ ਹੋਰ ਵੀ ਜ਼ਿਆਦਾ ਲੋਕ ਉਸ ਦੇ ਘਰ ਇਕੱਠੇ ਹੋਏ। ਸਵੇਰ ਤੋਂ ਲੈ ਕੇ ਸ਼ਾਮ ਤਕ ਪੌਲੁਸ ਉਨ੍ਹਾਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਚੰਗੀ ਤਰ੍ਹਾਂ ਗਵਾਹੀ ਦਿੰਦਾ ਰਿਹਾ ਅਤੇ ਮੂਸਾ ਦੇ ਕਾਨੂੰਨ+ ਅਤੇ ਨਬੀਆਂ ਦੀਆਂ ਲਿਖਤਾਂ+ ਵਿੱਚੋਂ ਦਲੀਲਾਂ ਦੇ ਕੇ ਉਸ ਨੇ ਉਨ੍ਹਾਂ ਨੂੰ ਕਾਇਲ ਕਰਨ ਦੀ ਕੋਸ਼ਿਸ਼ ਕੀਤੀ ਤਾਂਕਿ ਉਹ ਯਿਸੂ ਉੱਤੇ ਨਿਹਚਾ ਕਰਨ।+ 24 ਕੁਝ ਲੋਕ ਉਸ ਦੀਆਂ ਗੱਲਾਂ ਉੱਤੇ ਵਿਸ਼ਵਾਸ ਕਰਨ ਲੱਗ ਪਏ; ਪਰ ਕਈਆਂ ਨੇ ਵਿਸ਼ਵਾਸ ਨਾ ਕੀਤਾ। 25 ਕਿਉਂਕਿ ਉਹ ਇਕ-ਦੂਜੇ ਨਾਲ ਸਹਿਮਤ ਨਹੀਂ ਸਨ, ਇਸ ਲਈ ਜਦੋਂ ਉਹ ਉੱਠ ਕੇ ਤੁਰਨ ਲੱਗੇ, ਤਾਂ ਪੌਲੁਸ ਨੇ ਬੱਸ ਇਹੀ ਕਿਹਾ:

“ਯਸਾਯਾਹ ਨਬੀ ਦੇ ਰਾਹੀਂ ਤੁਹਾਡੇ ਪਿਉ-ਦਾਦਿਆਂ ਨੂੰ ਕਹੀ ਪਵਿੱਤਰ ਸ਼ਕਤੀ ਦੀ ਇਹ ਗੱਲ ਬਿਲਕੁਲ ਸਹੀ ਹੈ, 26 ‘ਜਾ ਕੇ ਇਸ ਪਰਜਾ ਨੂੰ ਕਹਿ: “ਤੁਸੀਂ ਸੁਣੋਗੇ, ਪਰ ਇਸ ਦਾ ਮਤਲਬ ਨਹੀਂ ਸਮਝੋਗੇ; ਤੁਸੀਂ ਦੇਖੋਗੇ, ਪਰ ਤੁਹਾਡੇ ਪੱਲੇ ਕੁਝ ਨਹੀਂ ਪਵੇਗਾ।+ 27 ਕਿਉਂਕਿ ਇਨ੍ਹਾਂ ਲੋਕਾਂ ਦੇ ਮਨ ਸੁੰਨ ਹੋ ਗਏ ਹਨ। ਇਹ ਆਪਣੇ ਕੰਨਾਂ ਨਾਲ ਸੁਣਦੇ ਤਾਂ ਹਨ, ਪਰ ਕਰਦੇ ਕੁਝ ਨਹੀਂ। ਇਨ੍ਹਾਂ ਨੇ ਆਪਣੀਆਂ ਅੱਖਾਂ ਮੀਟ ਲਈਆਂ ਹਨ ਤਾਂਕਿ ਨਾ ਕਦੇ ਇਹ ਆਪਣੀਆਂ ਅੱਖਾਂ ਨਾਲ ਦੇਖਣ, ਨਾ ਆਪਣੇ ਕੰਨਾਂ ਨਾਲ ਸੁਣਨ ਤੇ ਨਾ ਇਨ੍ਹਾਂ ਗੱਲਾਂ ਨੂੰ ਸਮਝ ਕੇ ਆਪਣੇ ਦਿਲਾਂ ʼਤੇ ਅਸਰ ਪੈਣ ਦੇਣ ਅਤੇ ਮੁੜ ਆਉਣ ਤੇ ਮੈਂ ਇਨ੍ਹਾਂ ਨੂੰ ਚੰਗਾ ਕਰਾਂ।”’+ 28 ਇਸ ਲਈ ਤੁਸੀਂ ਜਾਣ ਲਓ ਕਿ ਗ਼ੈਰ-ਯਹੂਦੀ ਕੌਮਾਂ ਨੂੰ ਪਰਮੇਸ਼ੁਰ ਵੱਲੋਂ ਮੁਕਤੀ ਦਾ ਸੰਦੇਸ਼ ਸੁਣਾਇਆ ਗਿਆ ਹੈ;+ ਉਹ ਕੌਮਾਂ ਜ਼ਰੂਰ ਇਹ ਸੰਦੇਸ਼ ਸੁਣਨਗੀਆਂ।”+ 29 *​—

30 ਉਹ ਪੂਰੇ ਦੋ ਸਾਲ ਆਪਣੇ ਕਿਰਾਏ ਦੇ ਘਰ ਵਿਚ ਰਿਹਾ+ ਅਤੇ ਜਿਹੜੇ ਵੀ ਉਸ ਨੂੰ ਮਿਲਣ ਆਉਂਦੇ ਸਨ, ਉਹ ਉਨ੍ਹਾਂ ਸਾਰਿਆਂ ਦਾ ਪਿਆਰ ਨਾਲ ਸੁਆਗਤ ਕਰਦਾ ਸੀ। 31 ਉਹ ਬੇਝਿਜਕ ਹੋ ਕੇ* ਅਤੇ ਬਿਨਾਂ ਕਿਸੇ ਰੁਕਾਵਟ ਦੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕਰਦਾ ਸੀ ਅਤੇ ਪ੍ਰਭੂ ਯਿਸੂ ਮਸੀਹ ਬਾਰੇ ਸਿਖਾਉਂਦਾ ਸੀ।+

ਯੂਨਾ, “ਪਨੈਵਮਾ।” ਸ਼ਬਦਾਵਲੀ, “ਰੂਆਖ; ਪਨੈਵਮਾ” ਦੇਖੋ।

ਯੂਨਾ, “ਆਇਆ-ਜਾਇਆ ਕਰਦਾ ਸੀ।”

ਵਧੇਰੇ ਜਾਣਕਾਰੀ 1.5 ਦੇਖੋ।

ਜਾਂ, “ਮੰਨਿਆ ਗਿਆ,” ਯਾਨੀ ਬਾਕੀ 11 ਦੇ ਬਰਾਬਰ ਸਮਝਿਆ ਗਿਆ।

ਯੂਨਾ, “ਤੀਸਰਾ ਘੰਟਾ।” ਦਿਨ ਦੇ ਘੰਟੇ ਸੂਰਜ ਚੜ੍ਹਨ ਦੇ ਸਮੇਂ ਤੋਂ ਗਿਣੇ ਜਾਂਦੇ ਸਨ।

ਵਧੇਰੇ ਜਾਣਕਾਰੀ 1.5 ਦੇਖੋ।

ਵਧੇਰੇ ਜਾਣਕਾਰੀ 1.5 ਦੇਖੋ।

ਜਾਂ, “ਦੇ ਮਕਸਦ।”

ਜਾਂ ਸੰਭਵ ਹੈ, “ਦੀਆਂ ਰੱਸੀਆਂ।”

ਵਧੇਰੇ ਜਾਣਕਾਰੀ 1.5 ਦੇਖੋ।

ਜਾਂ, “ਆਪਣੀਆਂ ਨਜ਼ਰਾਂ ਸਾਮ੍ਹਣੇ।”

ਜਾਂ, “ਮੇਰਾ ਸਰੀਰ।”

ਜਾਂ, “ਹੇਡੀਜ਼।” ਸ਼ਬਦਾਵਲੀ ਦੇਖੋ।

ਜਾਂ, “ਹੇਡੀਜ਼।” ਸ਼ਬਦਾਵਲੀ ਦੇਖੋ।

ਯੂਨਾ, “ਪਨੈਵਮਾ।” ਸ਼ਬਦਾਵਲੀ, “ਰੂਆਖ; ਪਨੈਵਮਾ” ਦੇਖੋ।

ਵਧੇਰੇ ਜਾਣਕਾਰੀ 1.5 ਦੇਖੋ।

ਵਧੇਰੇ ਜਾਣਕਾਰੀ 1.5 ਦੇਖੋ।

ਜਾਂ, “ਆਪਣਾ ਸਭ ਕੁਝ ਸਾਂਝਾ ਕਰਨ ਵਿਚ।”

ਯੂਨਾ, “ਨੌਵਾਂ ਘੰਟਾ।” ਘੰਟੇ ਸੂਰਜ ਚੜ੍ਹਨ ਦੇ ਸਮੇਂ ਤੋਂ ਗਿਣੇ ਜਾਂਦੇ ਸਨ।

ਯੂਨਾ, “ਯਹੋਵਾਹ ਦੇ ਮੂੰਹ।” ਵਧੇਰੇ ਜਾਣਕਾਰੀ 1.5 ਦੇਖੋ।

ਵਧੇਰੇ ਜਾਣਕਾਰੀ 1.5 ਦੇਖੋ।

ਯੂਨਾ, “ਬੀ।”

ਜਾਂ, “ਯਿਸੂ ਦੀ ਮਿਸਾਲ ਦੇ ਕੇ ਮਰੇ ਹੋਇਆਂ ਦੇ ਜੀਉਂਦੇ ਹੋਣ ਦਾ ਐਲਾਨ ਕਰ ਰਹੇ ਸਨ।”

ਜਾਂ, “ਗਿਰਫ਼ਤਾਰ ਕਰ ਕੇ।”

ਜਾਂ, “ਠੁਕਰਾ ਦਿੱਤਾ।”

ਯੂਨਾ, “ਕੋਨੇ ਦਾ ਸਿਰਾ।”

ਜਾਂ, “ਅਨਪੜ੍ਹ,” ਯਾਨੀ ਉਨ੍ਹਾਂ ਨੇ ਰੱਬੀਆਂ ਦੇ ਸਕੂਲਾਂ ਵਿਚ ਪੜ੍ਹਾਈ ਨਹੀਂ ਕੀਤੀ ਸੀ; ਉਹ ਸੱਚ-ਮੁੱਚ ਅਨਪੜ੍ਹ ਨਹੀਂ ਸਨ।

ਯਾਨੀ, ਯਿਸੂ ਦੇ ਨਾਂ।

ਵਧੇਰੇ ਜਾਣਕਾਰੀ 1.5 ਦੇਖੋ।

ਜਾਂ, “ਮਸੀਹ।”

ਯੂਨਾ, “ਹੱਥ।”

ਵਧੇਰੇ ਜਾਣਕਾਰੀ 1.5 ਦੇਖੋ।

ਜਾਂ, “ਦਿਲੋਂ ਪ੍ਰਾਰਥਨਾ।”

ਵਧੇਰੇ ਜਾਣਕਾਰੀ 1.5 ਦੇਖੋ।

ਉਹ ਲੋਕ ਜਿਨ੍ਹਾਂ ਦੀ ਹਨਾਨਿਆ ਅਤੇ ਸਫ਼ੀਰਾ ਵਾਂਗ ਮਾੜੀ ਨੀਅਤ ਸੀ।

ਜਾਂ, “ਗਿਰਫ਼ਤਾਰ ਕਰ ਕੇ।”

ਵਧੇਰੇ ਜਾਣਕਾਰੀ 1.5 ਦੇਖੋ।

ਜਾਂ, “ਰੁੱਖ।”

ਸ਼ਾਇਦ ਉਨ੍ਹਾਂ ਯਹੂਦੀਆਂ ਜਾਂ ਯਹੂਦੀ ਧਰਮ ਅਪਣਾਉਣ ਵਾਲੇ ਲੋਕਾਂ ਦਾ ਸਭਾ ਘਰ ਜੋ ਪਹਿਲਾਂ ਕੈਦੀ ਜਾਂ ਗ਼ੁਲਾਮ ਹੁੰਦੇ ਸਨ, ਪਰ ਇਨ੍ਹਾਂ ਨੂੰ ਆਜ਼ਾਦ ਕਰ ਦਿੱਤਾ ਗਿਆ ਸੀ।

ਯੂਨਾ, “ਬੀ।”

ਯੁਨਾ, “ਬੀ।”

ਜਾਂ, “ਬੁਰਾ ਸਲੂਕ।”

ਜਾਂ ਸੰਭਵ ਹੈ, “ਨੇ ਯਾਕੂਬ ਨਾਲ ਵੀ ਇਸੇ ਤਰ੍ਹਾਂ ਕੀਤਾ।”

ਜਾਂ, “ਪੂਰਵਜ।”

ਯੂਨਾ, “ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਸੋਹਣਾ।”

ਜਾਂ, “ਨੇ ਫ਼ੈਸਲਾ ਕੀਤਾ।”

ਵਧੇਰੇ ਜਾਣਕਾਰੀ 1.5 ਦੇਖੋ।

ਵਧੇਰੇ ਜਾਣਕਾਰੀ 1.5 ਦੇਖੋ।

ਵਧੇਰੇ ਜਾਣਕਾਰੀ 1.5 ਦੇਖੋ।

ਯੂਨਾ, “ਮਨ ਅਤੇ ਕੰਨ ਦੇ ਬੇਸੁੰਨਤੇ ਲੋਕੋ।”

ਯੂਨਾ, “ਪਨੈਵਮਾ।” ਸ਼ਬਦਾਵਲੀ, “ਰੂਆਖ; ਪਨੈਵਮਾ” ਦੇਖੋ।

ਵਧੇਰੇ ਜਾਣਕਾਰੀ 1.5 ਦੇਖੋ।

ਜਾਂ ਸੰਭਵ ਹੈ, “ਇਕ ਸ਼ਹਿਰ।”

ਵਧੇਰੇ ਜਾਣਕਾਰੀ 1.5 ਦੇਖੋ।

ਯੂਨਾ, “ਕੌੜਾ ਪਿੱਤ।”

ਵਧੇਰੇ ਜਾਣਕਾਰੀ 1.5 ਦੇਖੋ।

ਵਧੇਰੇ ਜਾਣਕਾਰੀ 1.5 ਦੇਖੋ।

ਵਧੇਰੇ ਜਾਣਕਾਰੀ 1.5 ਦੇਖੋ।

ਵਧੇਰੇ ਜਾਣਕਾਰੀ 1.3 ਦੇਖੋ।

ਵਧੇਰੇ ਜਾਣਕਾਰੀ 1.5 ਦੇਖੋ।

ਯੂਨਾ, “ਬੰਨ੍ਹਣ; ਕੈਦ ਵਿਚ ਸੁੱਟਣ।”

ਯੂਨਾ, “ਇਹ ਆਦਮੀ ਮੇਰਾ ਚੁਣਿਆ ਹੋਇਆ ਭਾਂਡਾ ਹੈ।”

ਯੂਨਾ, “ਬੰਨ੍ਹ ਕੇ।”

ਵਧੇਰੇ ਜਾਣਕਾਰੀ 1.5 ਦੇਖੋ।

ਤਬਿਥਾ ਅਰਾਮੀ ਨਾਂ ਹੈ ਅਤੇ ਦੋਰਕਸ ਯੂਨਾਨੀ ਨਾਂ ਹੈ ਅਤੇ ਇਨ੍ਹਾਂ ਦੋਵਾਂ ਦਾ ਮਤਲਬ ਹੈ ਹਿਰਨੀ।

ਜਾਂ, “ਟੋਲੀ,” 600 ਫ਼ੌਜੀਆਂ ਨਾਲ ਬਣੀ ਰੋਮੀ ਟੁਕੜੀ।

ਉਹ ਫ਼ੌਜੀ ਅਫ਼ਸਰ ਜਿਸ ਦੇ ਅਧੀਨ 100 ਫ਼ੌਜੀ ਹੁੰਦੇ ਸਨ।

ਯੂਨਾ, “ਨੌਵਾਂ ਘੰਟਾ।” ਦਿਨ ਦੇ ਘੰਟੇ ਸੂਰਜ ਚੜ੍ਹਨ ਦੇ ਸਮੇਂ ਤੋਂ ਗਿਣੇ ਜਾਂਦੇ ਸਨ।

ਯੂਨਾ, “ਛੇਵਾਂ ਘੰਟਾ।” ਦਿਨ ਦੇ ਘੰਟੇ ਸੂਰਜ ਚੜ੍ਹਨ ਦੇ ਸਮੇਂ ਤੋਂ ਗਿਣੇ ਜਾਂਦੇ ਸਨ।

ਯੂਨਾ, “ਇਕ ਤਰ੍ਹਾਂ ਦਾ ਭਾਂਡਾ।”

ਯੂਨਾ, “ਭਾਂਡਾ।”

ਯੂਨਾ, “ਨੌਵਾਂ ਘੰਟਾ।”

ਵਧੇਰੇ ਜਾਣਕਾਰੀ 1.5 ਦੇਖੋ।

ਇੱਥੇ ਸ਼ਾਂਤੀ ਦਾ ਮਤਲਬ ਹੈ ਪਰਮੇਸ਼ੁਰ ਨਾਲ ਸੁਲ੍ਹਾ ਕਰਨੀ।

ਜਾਂ, “ਰੁੱਖ।”

ਯੂਨਾ, “ਉਹ ਵਫ਼ਾਦਾਰ ਚੇਲੇ ਜਿਨ੍ਹਾਂ ਦੀ ਸੁੰਨਤ ਹੋਈ ਸੀ।”

ਜਾਂ, “ਉਸ ਨਾਲ ਬਹਿਸ।”

ਯੂਨਾ, “ਇਕ ਤਰ੍ਹਾਂ ਦਾ ਭਾਂਡਾ।”

ਜਾਂ, “ਪਰਮੇਸ਼ੁਰ ਦਾ ਰਸਤਾ ਰੋਕਣ ਵਾਲਾ?”

ਜਾਂ, “ਉਹ ਚੁੱਪ ਹੋ ਗਏ।”

ਵਧੇਰੇ ਜਾਣਕਾਰੀ 1.5 ਦੇਖੋ।

ਜਾਂ, “ਰਾਹਤ ਦਾ ਸਾਮਾਨ।”

ਵਧੇਰੇ ਜਾਣਕਾਰੀ 1.5 ਦੇਖੋ।

ਜਾਂ, “ਕਮਰ ਕੱਸ।”

ਵਧੇਰੇ ਜਾਣਕਾਰੀ 1.5 ਦੇਖੋ।

ਵਧੇਰੇ ਜਾਣਕਾਰੀ 1.5 ਦੇਖੋ।

ਜਾਂ, “ਝਗੜਣ ʼਤੇ ਤੁਲਿਆ ਹੋਇਆ ਸੀ।”

ਵਧੇਰੇ ਜਾਣਕਾਰੀ 1.5 ਦੇਖੋ।

ਵਧੇਰੇ ਜਾਣਕਾਰੀ 1.5 ਦੇਖੋ।

ਯੂਨਾ, “ਨੀਗਰ।”

ਵਧੇਰੇ ਜਾਣਕਾਰੀ 1.5 ਦੇਖੋ।

ਜਾਂ, “ਖੁੱਲ੍ਹੇ-ਆਮ ਸੇਵਾ।”

ਯਾਨੀ, ਮਰਕੁਸ।

ਜਾਂ, “ਸਹਾਇਕ ਸੀ।”

ਸ਼ਬਦਾਵਲੀ ਦੇਖੋ।

ਵਧੇਰੇ ਜਾਣਕਾਰੀ 1.5 ਦੇਖੋ।

ਵਧੇਰੇ ਜਾਣਕਾਰੀ 1.5 ਦੇਖੋ।

ਵਧੇਰੇ ਜਾਣਕਾਰੀ 1.5 ਦੇਖੋ।

ਯੂਨਾ, “ਬੀ।”

ਯਾਨੀ, ਮਸੀਹ।

ਜਾਂ, “ਰੁੱਖ।”

ਜਾਂ, “ਪਰਮੇਸ਼ੁਰ ਦੀ ਇੱਛਾ ਪੂਰੀ ਕੀਤੀ।”

ਵਧੇਰੇ ਜਾਣਕਾਰੀ 1.5 ਦੇਖੋ।

ਵਧੇਰੇ ਜਾਣਕਾਰੀ 1.5 ਦੇਖੋ।

ਵਧੇਰੇ ਜਾਣਕਾਰੀ 1.5 ਦੇਖੋ।

ਵਧੇਰੇ ਜਾਣਕਾਰੀ 1.5 ਦੇਖੋ।

ਇੱਥੇ ਯੂਨਾਨੀ ਭਾਸ਼ਾ ਬੋਲਣ ਵਾਲੇ ਗ਼ੈਰ-ਯਹੂਦੀ ਲੋਕਾਂ ਦੀ ਗੱਲ ਕੀਤੀ ਗਈ ਹੈ।

ਵਧੇਰੇ ਜਾਣਕਾਰੀ 1.5 ਦੇਖੋ।

ਜਾਂ, “ਫੁੱਲਾਂ ਦੇ ਤਾਜ।”

ਵਧੇਰੇ ਜਾਣਕਾਰੀ 1.5 ਦੇਖੋ।

ਜਾਂ, “ਬਹਿਸ।”

ਜਾਂ, “ਪਤਰਸ।”

ਜਾਂ, “ਤੰਬੂ।”

ਵਧੇਰੇ ਜਾਣਕਾਰੀ 1.5 ਦੇਖੋ।

ਵਧੇਰੇ ਜਾਣਕਾਰੀ 1.5 ਦੇਖੋ।

ਯੂਨਾ, “ਪੋਰਨੀਆ।” ਸ਼ਬਦਾਵਲੀ ਦੇਖੋ।

ਜਾਂ, “ਉਨ੍ਹਾਂ ਜਾਨਵਰਾਂ ਦੇ ਮਾਸ ਤੋਂ ਜਿਨ੍ਹਾਂ ਦਾ ਖ਼ੂਨ ਚੰਗੀ ਤਰ੍ਹਾਂ ਨਹੀਂ ਵਹਾਇਆ ਗਿਆ।”

ਜਾਂ, “ਉਨ੍ਹਾਂ ਜਾਨਵਰਾਂ ਦੇ ਮਾਸ ਤੋਂ ਜਿਨ੍ਹਾਂ ਦਾ ਖ਼ੂਨ ਚੰਗੀ ਤਰ੍ਹਾਂ ਨਹੀਂ ਵਹਾਇਆ ਗਿਆ।”

ਯੂਨਾ, “ਪੋਰਨੀਆ।” ਸ਼ਬਦਾਵਲੀ ਦੇਖੋ।

ਜਾਂ, “ਅਲਵਿਦਾ।”

ਵਧੇਰੇ ਜਾਣਕਾਰੀ 1.3 ਦੇਖੋ।

ਵਧੇਰੇ ਜਾਣਕਾਰੀ 1.5 ਦੇਖੋ।

ਜਾਂ ਸੰਭਵ ਹੈ, “ਹਰ ਹਾਲ ਵਿਚ।”

ਵਧੇਰੇ ਜਾਣਕਾਰੀ 1.5 ਦੇਖੋ।

ਵਧੇਰੇ ਜਾਣਕਾਰੀ 1.5 ਦੇਖੋ।

ਜਾਂ, “ਬੈਂਗਣੀ ਰੰਗ ਵੇਚਦੀ ਸੀ।”

ਵਧੇਰੇ ਜਾਣਕਾਰੀ 1.5 ਦੇਖੋ।

ਵਧੇਰੇ ਜਾਣਕਾਰੀ 1.5 ਦੇਖੋ।

ਜਾਂ, “ਮੈਜਿਸਟ੍ਰੇਟਾਂ।”

ਵਧੇਰੇ ਜਾਣਕਾਰੀ 1.5 ਦੇਖੋ।

ਰਸੂ 14:​1, ਫੁਟਨੋਟ ਦੇਖੋ।

ਯੂਨਾ, “ਕੈਸਰ।”

ਯੂਨਾ, “ਪਨੈਵਮਾ।” ਸ਼ਬਦਾਵਲੀ, “ਰੂਆਖ; ਪਨੈਵਮਾ” ਦੇਖੋ।

ਜਾਂ, “ਆਉਣ।”

ਜਾਂ, “ਜ਼ਿਆਦਾ ਧਰਮੀ ਹੋ।”

ਜਾਂ, “ਦਲੀਲਾਂ ਦੇ ਕੇ ਸਮਝਾਉਂਦਾ ਹੁੰਦਾ ਸੀ।”

ਯਾਨੀ, ਸਭਾ ਘਰ ਤੋਂ।

ਸ਼ਬਦਾਵਲੀ ਦੇਖੋ।

ਵਧੇਰੇ ਜਾਣਕਾਰੀ 1.5 ਦੇਖੋ।

ਜ਼ਾਹਰ ਹੈ ਕਿ ਯਰੂਸ਼ਲਮ ਨੂੰ।

ਵਧੇਰੇ ਜਾਣਕਾਰੀ 1.5 ਦੇਖੋ।

ਜਾਂ, “ਜ਼ਬਾਨੀ ਸਿੱਖਿਆ।”

ਰਸੂ 14:​1, ਫੁਟਨੋਟ ਦੇਖੋ।

ਵਧੇਰੇ ਜਾਣਕਾਰੀ 1.5 ਦੇਖੋ।

ਸ਼ਬਦਾਵਲੀ ਦੇਖੋ।

ਮੱਤੀ 28:​1, ਫੁਟਨੋਟ ਦੇਖੋ।

ਯੂਨਾ, “ਰੋਟੀ ਤੋੜੀ।”

ਰਸੂ 14:​1, ਫੁਟਨੋਟ ਦੇਖੋ।

ਜਾਂ, “ਦੇ ਮਕਸਦ।”

ਜਾਂ, “ਬੰਦਰਗਾਹ ਵੱਲ।”

ਜਾਂ, “ਦਿਲ।”

ਵਧੇਰੇ ਜਾਣਕਾਰੀ 1.5 ਦੇਖੋ।

ਜਾਂ, “ਉਨ੍ਹਾਂ ਜਾਨਵਰਾਂ ਦੇ ਮਾਸ ਤੋਂ ਜਿਨ੍ਹਾਂ ਦਾ ਖ਼ੂਨ ਚੰਗੀ ਤਰ੍ਹਾਂ ਨਹੀਂ ਵਹਾਇਆ ਗਿਆ।”

ਯੂਨਾ, “ਪੋਰਨੀਆ।” ਸ਼ਬਦਾਵਲੀ ਦੇਖੋ।

ਪਹਿਲੀ ਸਦੀ ਈਸਵੀ ਵਿਚ ਇਹ ਹਤਿਆਰੇ ਕੱਟੜ ਯਹੂਦੀ ਰਾਜਨੀਤਿਕ ਧੜੇ ਦੇ ਮੈਂਬਰ ਹੁੰਦੇ ਸਨ ਅਤੇ ਇਹ ਆਪਣੇ ਰਾਜਨੀਤਿਕ ਵਿਰੋਧੀਆਂ ਦਾ ਕਤਲ ਕਰਦੇ ਸਨ।

ਜਾਂ, “ਮੁਕੱਦਮਾ ਚਲਾਏ ਬਿਨਾਂ।”

ਜਾਂ, “ਤੂੰ ਗੰਦੀ ਕੰਧ ਹੈਂ ਜਿਸ ਉੱਤੇ ਕਲੀ ਫੇਰੀ ਹੋਈ ਹੈ।”

ਯੂਨਾ, “ਤੀਸਰਾ ਘੰਟਾ।” ਰਾਤ ਦੇ ਘੰਟੇ ਸੂਰਜ ਡੁੱਬਣ ਦੇ ਸਮੇਂ ਤੋਂ ਗਿਣੇ ਜਾਂਦੇ ਸਨ।

ਯੂਨਾ, “ਮਹਾਂਮਾਰੀ।”

ਵਧੇਰੇ ਜਾਣਕਾਰੀ 1.3 ਦੇਖੋ।

ਜਾਂ, “ਨਿਰਦੋਸ਼।”

ਸ਼ਬਦਾਵਲੀ ਦੇਖੋ।

ਯੂਨਾ, “ਕੈਸਰ।”

ਯੂਨਾ, “ਕੈਸਰ।”

ਜਾਂ, “ਆਪਣੇ ਧਰਮ।”

ਜਾਂ, “ਅਗਸਟਸ।” ਇਹ ਸਮਰਾਟ ਨੀਰੋ ਦਾ ਖ਼ਿਤਾਬ ਸੀ। ਸਭ ਤੋਂ ਪਹਿਲਾਂ ਇਹ ਖ਼ਿਤਾਬ ਸਮਰਾਟ ਆਕਟੇਵੀਅਨ ਨੂੰ ਦਿੱਤਾ ਗਿਆ ਸੀ।

ਯੂਨਾ, “ਆਪਣੇ ਮਾਲਕ।”

ਯੂਨਾ, “ਪ੍ਰੈਣ ਦੀ ਆਰ ਨੂੰ ਲੱਤ ਮਾਰ ਕੇ।”

ਯੂਨਾ, “ਕੈਸਰ।”

ਇਕ ਛੋਟੀ ਕਿਸ਼ਤੀ ਜੋ ਜਾਨ ਬਚਾਉਣ ਦੇ ਕੰਮ ਆਉਂਦੀ ਹੈ।

ਸ਼ਬਦਾਵਲੀ ਦੇਖੋ।

ਯੂਨਾ, “ਕੈਸਰ।”

ਯੂਨਾ, “20 ਫੈਦਮ।” ਵਧੇਰੇ ਜਾਣਕਾਰੀ 2.14 ਦੇਖੋ।

ਯੂਨਾ, “15 ਫੈਦਮ।” ਵਧੇਰੇ ਜਾਣਕਾਰੀ 2.14 ਦੇਖੋ।

ਯੂਨਾ, “ਹੋਰ ਭਾਸ਼ਾ ਬੋਲਣ ਵਾਲੇ ਲੋਕਾਂ।”

ਯੂਨਾ, “ਡਾਇਕੀ।” ਇੱਥੇ ਸ਼ਾਇਦ ਬਦਲਾ ਲੈਣ ਵਾਲੀ ਨਿਆਂ ਦੀ ਦੇਵੀ ਦੀ ਗੱਲ ਕੀਤੀ ਹੈ ਜਾਂ ਫਿਰ ਨਿਆਂ ਨੂੰ ਇਨਸਾਨ ਦੇ ਰੂਪ ਵਿਚ ਦਰਸਾਇਆ ਗਿਆ ਹੈ।

ਯੂਨਾ, “ਕੈਸਰ।”

ਵਧੇਰੇ ਜਾਣਕਾਰੀ 1.3 ਦੇਖੋ।

ਜਾਂ, “ਦਲੇਰੀ ਨਾਲ।”

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ